ਤਾਜਾ ਖ਼ਬਰਾਂ


ਝੋਨੇ ਦੀ ਬਿਜਾਈ ਨੂੰ ਲੈ ਕੇ ਪੰਜਾਬ 'ਚ ਕਿਸਾਨਾਂ ਨੇ ਡਿਪਟੀ ਕਮਿਸ਼ਨਰਾਂ ਨੂੰ ਦਿੱਤੇ ਮੰਗ ਪੱਤਰ
. . .  14 minutes ago
ਸੰਗਰੂਰ, 25 ਮਾਰਚ (ਧੀਰਜ ਪਸ਼ੋਰੀਆ)- ਪੰਜਾਬ ਦੀਆਂ ਸੱਤ ਕਿਸਾਨ ਜਥੇਬੰਦੀਆਂ ਦੇ ਵਫ਼ਦਾਂ ਨੇ ਅੱਜ ਪੂਰੇ ਪੰਜਾਬ 'ਚ ਡਿਪਟੀ ਕਮਿਸ਼ਨਰਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ ਪੱਤਰ ਦੇ ਕੇ ਇਹ ਮੰਗ ਕੀਤੀ 1 ਜੂਨ ਤੋਂ ਝੋਨੇ ਦੀ ਬਿਜਾਈ ਕਰਨ ਲਈ ਖੇਤੀ...
ਦਿੱਲੀ 'ਚ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਜਾਰੀ
. . .  33 minutes ago
ਨਵੀਂ ਦਿੱਲੀ, 25 ਮਾਰਚ- ਦਿੱਲੀ 'ਚ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋ ਰਹੀ ਹੈ। ਇਹ ਬੈਠਕ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਪ੍ਰਧਾਨਗੀ ਹੇਠ ਪਾਰਟੀ ਹੈੱਡਕੁਆਟਰ...
'ਆਪ' ਨੇ ਪੰਜਾਬ 'ਚ ਕਾਂਗਰਸ ਨਾਲ ਚੋਣ ਸਮਝੌਤੇ ਨੂੰ ਸਿਰੇ ਤੋਂ ਨਕਾਰਿਆ
. . .  50 minutes ago
ਸੰਗਰੂਰ, 25 ਮਾਰਚ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੀ ਪੰਜਾਬ ਕੋਰ ਕਮੇਟੀ ਦੇ ਚੇਅਰਮੈਨ ਪ੍ਰਿੰਸੀਪਲ ਬੁੱਧ ਰਾਮ ਨੇ 'ਆਪ' ਦੇ ਪੰਜਾਬ 'ਚ ਲੋਕ ਸਭਾ ਚੋਣਾਂ ਲਈ ਕਾਂਗਰਸ ਨਾਲ ਸਮਝੌਤੇ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਦਿੱਲੀ 'ਚ ਕੀ ਹੁੰਦਾ ਹੈ, ਇਸ ਦਾ...
ਜੰਮੂ-ਕਸ਼ਮੀਰ 'ਚ ਜੈਸ਼ ਦੇ ਤਿੰਨ ਅੱਤਵਾਦੀ ਗ੍ਰਿਫ਼ਤਾਰ
. . .  about 1 hour ago
ਸ੍ਰੀਨਗਰ, 25 ਮਾਰਚ- ਸ੍ਰੀਨਗਰ ਦੇ ਬਾਹਰੀ ਇਲਾਕੇ 'ਚ ਸੁਰੱਖਿਆ ਬਲਾਂ ਨੇ ਜੈਸ਼-ਏ-ਮੁਹੰਮਦ ਦੇ ਤਿੰਨ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਦੀ ਗ੍ਰਿਫ਼ਤਾਰੀ ਲੰਘੇ ਦਿਨ ਹੋਈ। ਇਸ ਸੰਬੰਧੀ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਪੁਲਿਸ ਅਤੇ ਸੁਰੱਖਿਆ ਬਲਾਂ ਨੇ...
ਟਰੱਕ ਅਤੇ ਬੋਲੈਰੋ ਵਿਚਾਲੇ ਹੋਈ ਜ਼ਬਰਦਸਤ ਟੱਕਰ, ਤਿੰਨ ਨੌਜਵਾਨਾਂ ਦੀ ਮੌਤ
. . .  about 1 hour ago
ਸ੍ਰੀ ਚਮਕੌਰ ਸਾਹਿਬ, 25 ਮਾਰਚ (ਜਗਮੋਹਣ ਸਿੰਘ ਨਾਰੰਗ)- ਬੀਤੀ ਦੇਰ ਰਾਤ ਸ੍ਰੀ ਚਮਕੌਰ ਸਾਹਿਬ-ਨੀਲੋਂ ਮਾਰਗ 'ਤੇ ਸਥਾਨਕ ਨਹਿਰੀ ਵਿਸ਼ਰਾਮ ਘਰ ਨੇੜੇ ਇੱਕ ਟਰੱਕ ਅਤੇ ਮਹਿੰਦਰਾ ਬੋਲੈਰੋ (ਪਿਕਅਪ) ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ 'ਚ ਬੋਲੈਰੋ...
ਸਾਬਕਾ ਐਨ.ਸੀ.ਪੀ ਕਾਰਪੋਰੇਟਰ ਪਾਡੂਂਗਰੰਗ ਗਾਇਕਵਾੜ ਦੀ ਹੱਤਿਆ
. . .  about 2 hours ago
ਮੁੰਬਈ, 25 ਮਾਰਚ - ਐਨ.ਸੀ.ਪੀ ਦੇ ਸਾਬਕਾ ਕਾਰਪੋਰੇਟਰ ਪਾਡੂਂਗਰੰਗ ਗਾਇਕਵਾੜ ਦੀ ਬੀਤੀ ਰਾਤ ਅਣਪਛਾਤੇ ਹਮਲਾਵਰਾਂ ਨੇ ਹੱਤਿਆ ਕਰ...
ਬੱਸ ਨੂੰ ਲੱਗੀ ਅੱਗ 'ਚ 4 ਮੌਤਾਂ
. . .  about 2 hours ago
ਲਖਨਊ, 25 ਮਾਰਚ - ਦਿੱਲੀ ਤੋਂ ਲਖਨਊ ਜਾ ਰਹੀ ਏ.ਸੀ ਬੱਸ ਨੂੰ ਆਗਰਾ-ਲਖਨਊ ਐਕਸਪ੍ਰੈੱਸ ਵੇਅ 'ਤੇ ਕਰਹਲ ਥਾਣੇ ਅਧੀਨ ਆਉਂਦੇ ਮੀਟੇਪੁਰ ਨੇੜੇ ਡਿਵਾਈਡਰ ਨਾਲ ਟਕਰਾਉਣ...
'ਆਪ' ਨਾਲ ਗੱਠਜੋੜ ਬਾਰੇ ਫ਼ੈਸਲੇ ਨੂੰ ਲੈ ਕੇ ਰਾਹੁਲ ਗਾਂਧੀ ਨੇ ਬੁਲਾਈ ਬੈਠਕ
. . .  about 2 hours ago
ਨਵੀਂ ਦਿੱਲੀ, 25 ਮਾਰਚ - ਆਮ ਆਦਮੀ ਪਾਰਟੀ ਨਾਲ ਗੱਠਜੋੜ ਨੂੰ ਲੈ ਕੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਆਪਣੇ ਗ੍ਰਹਿ ਵਿਖੇ 10 ਵਜੇ ਬੈਠਕ ਬੁਲਾਈ ਹੈ, ਜਿਸ ਵਿਚ ਦਿੱਲੀ ਕਾਂਗਰਸ ਦੀ...
ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਅੱਜ ਅਦਾਲਤ ਚ ਕੀਤਾ ਜਾਵੇਗਾ ਪੇਸ਼
. . .  about 2 hours ago
ਫ਼ਰੀਦਕੋਟ, 25 ਮਾਰਚ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਵਿਸ਼ੇਸ਼ ਜਾਂਚ ਟੀਮ ਵੱਲੋਂ ਸਾਬਕਾ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸ਼ਰਮਾ ਨੂੰ ਕੋਟਕਪੂਰਾ ਗੋਲੀ ਕਾਂਡ ਵਿਚ ਅੱਜ ਫ਼ਰੀਦਕੋਟ...
ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਵੱਲੋਂ ਕ੍ਰਾਈਸਚਰਚ ਮਸਜਿਦ ਗੋਲੀਬਾਰੀ ਦੀ ਉੱਚ ਪੱਧਰੀ ਜਾਂਚ ਦੇ ਹੁਕਮ
. . .  about 3 hours ago
ਨਵੀਂ ਦਿੱਲੀ, 25 ਮਾਰਚ - ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਕਿੰਡਾ ਅਰਡਨ ਨੇ ਬੀਤੇ ਦਿਨੀਂ ਕ੍ਰਾਈਸਚਰਚ ਵਿਖੇ 2 ਮਸਜਿਦਾਂ ਵਿਚ ਹੋਈ ਗੋਲੀਬਾਰੀ ਦੀ ਉੱਚ ਪੱਧਰੀ ਜਾਂਚ ਦੇ ਹੁਕਮ...
ਹੋਰ ਖ਼ਬਰਾਂ..

ਨਾਰੀ ਸੰਸਾਰ

ਭੈਣ ਕੋਲੋਂ ਵੀਰ ਤੂੰ ਬੰਨ੍ਹਾ ਲੈ ਰੱਖੜੀ

ਮਨੁੱਖ ਨੂੰ ਜਿਉਣ ਲਈ ਰਿਸ਼ਤਿਆਂ ਰੂਪੀ ਆਸਰੇ ਦੀ ਲੋੜ ਹੁੰਦੀ ਹੈ। ਇਨ੍ਹਾਂ ਰਿਸ਼ਤਿਆਂ ਵਿਚੋਂ ਬਹੁਤ ਮਹੱਤਵਪੂਰਨ ਰਿਸ਼ਤਾ ਹੈ ਭੈਣ-ਭਰਾ ਦਾ। ਅੱਜ ਭਾਰਤੀ ਸਮਾਜ ਵਿਚ ਤੇਜ਼ੀ ਨਾਲ ਕਈ ਤਰ੍ਹਾਂ ਦੇ ਬਦਲਾਅ ਆ ਰਹੇ ਹਨ। ਬਦਲਾਅ ਨਾਲ ਬੇਸ਼ੱਕ ਰਿਸ਼ਤਿਆਂ ਦੀ ਪਰਿਭਾਸ਼ਾ ਵੀ ਬਦਲੀ ਹੈ ਪਰ ਭਰਾ-ਭੈਣ ਦੇ ਰਿਸ਼ਤੇ ਵਿਚ ਖਾਸ ਸਨੇਹ ਤੇ ਮੋਹ ਦੀ ਭਾਵਨਾ ਹੁੰਦੀ ਹੈ। ਪਹਿਲਾਂ-ਪਹਿਲ ਪਰਿਵਾਰਾਂ ਵਿਚ ਲੜਕਿਆਂ ਜਾਂ ਪੁੱਤਰਾਂ ਨੂੰ ਵਧੇਰੇ ਮਹੱਤਵ ਦਿੱਤਾ ਜਾਂਦਾ ਸੀ। ਪੁਰਾਣੇ ਸਮੇਂ ਤੋਂ ਹੀ ਭੈਣ ਨੂੰ ਭਰਾ ਦੇ ਸਾਹਮਣੇ ਕਮਜ਼ੋਰ ਸਮਝਿਆ ਜਾਂਦਾ ਸੀ ਪਰ ਬਦਲਦੀਆਂ ਪ੍ਰਸਥਿਤੀਆਂ ਵਿਚ ਲੜਕੀਆਂ ਦੇ ਰੁਤਬੇ ਵਿਚ ਵੀ ਅੰਤਰ ਆਇਆ ਹੈ। ਹੁਣ ਪਰਿਵਾਰ ਵਿਚ ਬੱਚਿਆਂ ਦੀ ਗਿਣਤੀ ਵੀ ਪਹਿਲਾਂ ਦੇ ਮੁਕਾਬਲੇ ਘੱਟ ਹੋਣ ਕਾਰਨ ਹਰ ਬੱਚੇ ਨੂੰ ਬਣਦਾ ਅਧਿਕਾਰ ਮਿਲਦਾ ਹੈ ਤੇ ਭੈਣ-ਭਰਾ ਦੀ ਵੀ ਬਰਾਬਰਤਾ ਸਮਝੀ ਜਾਂਦੀ ਹੈ।
ਅਜੋਕੇ ਯੁੱਗ ਦੀਆਂ ਬਦਲਦੀਆਂ ਲੋੜਾਂ ਵਿਚ ਭੈਣ-ਭਰਾ ਦੇ ਰਿਸ਼ਤੇ ਵਿਚ ਦੋਸਤਾਨਾ ਸਬੰਧ ਵਧੇ ਹਨ। ਹੁਣ ਭਰਾ ਭੈਣ ਉੱਪਰ ਬਿਨਾਂ ਵਜ੍ਹਾ ਰੋਹਬ ਨਹੀਂ ਪਾਉਂਦੇ, ਸਗੋਂ ਅੱਜ ਆਰਥਿਕ ਤੌਰ 'ਤੇ ਆਤਮਨਿਰਭਰ ਹੋਣ ਦੇ ਕਾਰਨ ਭੈਣ ਵੀ ਭਰਾ ਨਾਲ ਮਿਲ ਕੇ ਮਾਂ-ਬਾਪ ਦੀ ਦੇਖ-ਰੇਖ ਕਰਦੀ ਹੈ। ਅਜੋਕੇ ਸਮੇਂ ਵਿਚ ਪਰਿਵਾਰ ਦਾ ਮਾਹੌਲ ਵੀ ਪਹਿਲਾਂ ਨਾਲੋਂ ਖੁੱਲ੍ਹਾ ਅਤੇ ਆਜ਼ਾਦ ਹੈ। ਭੈਣ-ਭਰਾ ਇਕ-ਦੂਜੇ ਦੇ ਵਿਅਕਤੀਤਵ ਨੂੰ ਚੰਗੀ ਤਰ੍ਹਾਂ ਸਮਝ ਰਹੇ ਹਨ। ਮਾਂ-ਬਾਪ ਨੌਕਰੀਪੇਸ਼ਾ ਹੋਣ ਕਾਰਨ ਬਹੁਤ ਘਰਾਂ ਵਿਚ ਬੱਚਿਆਂ ਨੂੰ ਇਕੱਲੇ ਰਹਿਣਾ ਪੈਂਦਾ ਹੈ, ਜਿਸ ਕਾਰਨ ਭੈਣ-ਭਰਾ ਅੰਦਰ ਭਾਵਨਾਤਮਿਕ ਅਤੇ ਜਜ਼ਬਾਤੀ ਸਾਂਝ ਵਧੇਰੇ ਹੋ ਜਾਂਦੀ ਹੈ। ਇਕ-ਦੂਜੇ ਦੀ ਰੱਖਿਆ ਕਰਨੀ, ਇਕੱਠੇ ਖਾਣਾ-ਪੀਣਾ ਉਨ੍ਹਾਂ ਦਾ ਨੇਮ ਬਣ ਗਿਆ ਹੈ, ਜਿਸ ਕਾਰਨ ਉਨ੍ਹਾਂ ਵਿਚ ਨੇੜਤਾ ਵਧੀ ਹੈ।
ਭੈਣ-ਭਰਾ ਦਾ ਆਪਸੀ ਰਿਸ਼ਤਾ ਰੱਖੜੀ ਦੀਆਂ ਮੋਹ ਤੰਦਾਂ ਨਾਲ ਹੋਰ ਮਜ਼ਬੂਤ ਹੁੰਦਾ ਹੈ। ਰੱਖੜੀ ਵਾਲੇ ਦਿਨ ਭੈਣ ਆਪਣੇ ਭਰਾ ਦੇ ਗੁੱਟ 'ਤੇ ਰੱਖੜੀ ਸਜਾ ਕੇ ਉਸ ਨੂੰ ਆਪਣੇ ਪਿਆਰ ਦਾ ਅਹਿਸਾਸ ਕਰਵਾਉਂਦੀ ਹੈ।
ਭੈਣ-ਭਰਾ ਵਿਚ ਬੇਸ਼ੱਕ ਜੱਦੀ-ਪੁਸ਼ਤੀ ਜਾਇਦਾਦ ਦੇ ਹਿੱਸੇ ਦੀ ਸਾਂਝ ਹੁੰਦੀ ਹੈ ਪਰ ਭੈਣਾਂ ਆਪਣੇ ਭਰਾਵਾਂ ਦੀ ਜਾਇਦਾਦ 'ਚੋਂ ਹਿੱਸਾ ਲੈਣ ਦੀ ਇੱਛਾ ਬਹੁਤ ਘੱਟ ਹਾਲਤਾਂ ਵਿਚ ਜ਼ਾਹਿਰ ਕਰਦੀਆਂ ਹਨ, ਕਿਉਂ ਜੋ ਰਿਸ਼ਤਿਆਂ ਵਿਚ ਕੋਈ ਕੁੜੱਤਣ ਨਾ ਆ ਜਾਵੇ। ਭਰਾ ਹਰ ਮੌਕੇ ਆਰਥਿਕ ਅਤੇ ਸਮਾਜਿਕ ਤੌਰ 'ਤੇ ਭੈਣ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦਾ ਹੈ। ਭੈਣ-ਭਰਾ ਦੇ ਸਬੰਧ ਨੂੰ ਵਧੇਰੇ ਸੁਖਾਵਾਂ ਬਣਾਉਣ ਵਿਚ ਮਾਂ-ਬਾਪ ਦਾ ਵੀ ਯੋਗਦਾਨ ਹੁੰਦਾ ਹੈ। ਚੰਗੇ ਮਾਂ-ਪਿਓ ਧੀ-ਪੁੱਤ ਵਿਚ ਭੇਦ-ਭਾਵ ਨਹੀਂ ਕਰਦੇ। ਉਨ੍ਹਾਂ ਦਾ ਪਾਲਣ-ਪੋਸ਼ਣ ਇਕੋ ਢੰਗ ਨਾਲ ਕਰਦੇ ਹਨ ਤਾਂ ਜੋ ਉਨ੍ਹਾਂ ਵਿਚ ਬਰਾਬਰਤਾ ਬਣੀ ਰਹੇ।
ਅੱਜਕਲ੍ਹ ਭਾਵੇਂ ਰੱਖੜੀ ਮਨਾਉਣ ਦੇ ਢੰਗ ਬਦਲ ਗਏ ਹਨ, ਤੋਹਫ਼ਿਆਂ ਦੇ ਲੈਣ-ਦੇਣ ਵਿਚ ਤਬਦੀਲੀ ਆ ਗਈ ਹੈ ਪਰ ਭਰਾ-ਭੈਣ ਦੇ ਪਿਆਰ ਦਾ ਪ੍ਰਤੀਕ ਰੱਖੜੀ ਅੱਜ ਵੀ ਉਸ ਨਿੱਘ ਅਤੇ ਪਿਆਰ ਨਾਲ ਭਰਾ ਦੇ ਗੁੱਟ 'ਤੇ ਸਜਾਈ ਜਾਂਦੀ ਹੈ। ਆਓ ਇਸ ਦਿਨ 'ਤੇ ਦੁਆ ਕਰੀਏ ਕਿ ਭੈਣ-ਭਰਾ ਦੇ ਮਿੱਠੇ ਪਾਕਿ-ਪਵਿੱਤਰ ਰਿਸ਼ਤੇ ਦੀ ਮਜ਼ਬੂਤੀ ਅਤੇ ਸਨੇਹ ਬਣਿਆ ਰਹੇ। ਭੈਣ-ਭਰਾ ਜੇਕਰ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਤਾਂ ਰਿਸ਼ਤਾ ਹੋਰ ਪੱਕਾ ਹੋ ਸਕਦਾ ਹੈ। ਰੱਖੜੀ ਦਾ ਦਿਨ ਭੈਣ-ਭਰਾ ਦੇ ਪਿਆਰ ਨੂੰ ਹੋਰ ਪੱਕਾ ਕਰਦਾ ਹੈ।


-ਐਚ. ਐਮ. ਵੀ., ਜਲੰਧਰ।


ਖ਼ਬਰ ਸ਼ੇਅਰ ਕਰੋ

ਵਿਆਹ ਤੋਂ ਪਹਿਲਾਂ ਧਿਆਨ ਰੱਖਣ ਵਾਲੀਆਂ ਗੱਲਾਂ

ਵਿਆਹ ਇਕ ਅਜਿਹਾ ਬੰਧਨ ਹੈ ਜੋ ਦੋ ਦਿਲਾਂ ਨੂੰ ਪੂਰੀ ਉਮਰ ਲਈ ਜੋੜਦਾ ਹੈ। ਦੋ ਪਰਿਵਾਰ, ਦੋ ਦਿਲ ਇਕ ਸੰਸਕਾਰ ਵਿਚ ਬੱਝਦੇ ਹਨ ਅਤੇ ਉਮੀਦ ਕਰਦੇ ਹਨ ਕਿ ਇਹ ਰਿਸ਼ਤਾ ਅਟੁੱਟ ਰਹੇ, ਪਰ ਫਿਰ ਵੀ ਕੁਝ ਲੋਕ ਅਜਿਹੇ ਦੇਖੇ ਜਾ ਸਕਦੇ ਹਨ ਜਿਨ੍ਹਾਂ ਲਈ ਵਿਆਹ ਇਕ ਅਜਿਹਾ ਨਿਵਾਲਾ ਬਣ ਜਾਂਦਾ ਹੈ, ਜਿਸ ਨੂੰ ਨਾ ਉਗਲਿਆ ਜਾ ਸਕਦਾ ਹੈ ਅਤੇ ਨਾ ਹੀ ਰੱਖਿਆ ਜਾ ਸਕਦਾ ਹੈ।
ਆਖਰ ਅਜਿਹਾ ਕਿਉਂ ਹੁੰਦਾ ਹੈ? ਦਰਅਸਲ ਵਿਆਹ ਤੋਂ ਪਹਿਲਾਂ ਅਸੀਂ ਕੁਝ ਗੱਲਾਂ ਨੂੰ ਅਣਡਿੱਠ ਕਰ ਜਾਂਦੇ ਹਾਂ ਜੋ ਬਾਅਦ ਵਿਚ ਦੁੱਖਦਾਈ ਸਾਬਤ ਹੁੰਦੀਆਂ ਹਨ। ਜੇ ਵਿਆਹ ਤੋਂ ਪਹਿਲਾਂ ਕੁਝ ਗੱਲਾਂ 'ਤੇ ਧਿਆਨ ਦਿੱਤਾ ਜਾਵੇ ਤਾਂ ਵਿਆਹ ਦੁਆਰਾ ਇਕ ਸੁੰਦਰ, ਸੁਗੰਧਿਤ ਅਤੇ ਖੁਸ਼ਨੁਮਾ ਜੀਵਨ ਦਾ ਨਿਰਮਾਣ ਕੀਤਾ ਜਾ ਸਕਦਾ ਹੈ।
* ਵਿਆਹ ਤੋਂ ਪਹਿਲਾਂ ਜਦੋਂ ਵੀ ਤੁਸੀਂ ਕੁੜੀ ਜਾਂ ਮੁੰਡੇ ਨੂੰ ਦੇਖਣ ਜਾਓ, ਉਸ ਤੋਂ ਪਹਿਲਾਂ ਉਨ੍ਹਾਂ ਦੇ ਚਰਿੱਤਰ, ਕੰਮਕਾਜ, ਵਿਵਹਾਰ ਆਦਿ ਸਬੰਧੀ ਪੂਰੀ ਜਾਣਕਾਰੀ ਲੈ ਲਓ। ਇਹ ਵੀ ਦੇਖ ਲਓ ਕਿ ਮੁੰਡੇ ਨੇ ਆਪਣਾ ਜੋ ਕੰਮ ਦੱਸਿਆ ਹੈ, ਉਹ ਸਹੀ ਹੈ ਜਾਂ ਨਹੀਂ?
* ਕਦੇ ਵੀ ਕੁੜੀ-ਮੁੰਡੇ ਦੀ ਕਮੀ ਨੂੰ ਨਾ ਛੁਪਾਓ, ਕਿਉਂਕਿ ਉਹ ਕਮੀਆਂ ਬਾਅਦ ਵਿਚ ਉੱਭਰ ਕੇ ਸਾਹਮਣੇ ਆਉਂਦੀਆਂ ਹਨ ਅਤੇ ਫਿਰ ਲੋਕ ਉਨ੍ਹਾਂ ਨੂੰ ਸਹਿਣ ਨਹੀਂ ਕਰਦੇ।
* ਕੁੜੀ-ਮੁੰਡੇ ਨੂੰ ਕੁਝ ਸਮਾਂ ਮਿਲਣ, ਗੱਲ ਕਰਨ ਅਤੇ ਉਨ੍ਹਾਂ ਦੇ ਆਪਸੀ ਆਚਾਰ-ਵਿਚਾਰ ਨੂੰ ਸਮਝਣ ਦਾ ਮੌਕਾ ਜ਼ਰੂਰ ਦਿਓ। ਉਸ ਤੋਂ ਬਾਅਦ ਉਨ੍ਹਾਂ ਦੀ ਰਾਏ ਪੁੱਛ ਕੇ ਕੋਈ ਫ਼ੈਸਲਾ ਲਓ। * ਬੇਟੀ-ਬੇਟੇ ਦੀ ਪਸੰਦ, ਉਨ੍ਹਾਂ ਦੇ ਸੁਭਾਅ ਅਤੇ ਉਨ੍ਹਾਂ ਦੀ ਇੱਛਾ ਦੇ ਅਨੁਸਾਰ ਹੀ ਜੀਵਨ ਸਾਥੀ ਦੀ ਚੋਣ ਕਰਨ ਦੀ ਕੋਸ਼ਿਸ਼ ਕਰੋ। ਜ਼ਿੰਦਗੀ ਦੀ ਗੱਡੀ ਅੱਗੇ ਵਧਾਉਣ ਲਈ ਜ਼ਰੂਰੀ ਹੈ ਕਿ ਉਨ੍ਹਾਂ ਦੋਵਾਂ ਦੇ ਵਿਚਾਰਾਂ ਵਿਚ ਤਾਲਮੇਲ ਹੋਵੇ।
* ਵਿਆਹ ਤੋਂ ਪਹਿਲਾਂ ਇਕ-ਦੂਜੇ ਦੇ ਘਰ-ਪਰਿਵਾਰ ਦੀ ਜਾਣਕਾਰੀ ਚੰਗੀ ਤਰ੍ਹਾਂ ਲੈ ਲਓ ਅਤੇ ਯਕੀਨੀ ਬਣਾ ਲਏ ਕਿ ਉਹ ਤੁਹਾਡੇ ਪਰਿਵਾਰ ਦੇ ਯੋਗ ਹਨ ਜਾਂ ਨਹੀਂ? * ਲੈਣ-ਦੇਣ ਦੀ ਗੱਲ ਹਮੇਸ਼ਾ ਆਪਣੀ ਸਥਿਤੀ ਦੇ ਅਨੁਰੂਪ ਹੀ ਕਰੋ ਅਤੇ ਕਿਸੇ ਵਿਅਕਤੀ ਨੂੰ ਮਾਧਿਅਮ ਬਣਾ ਲਓ। ਚਾਹੋ ਤਾਂ ਇਸ ਨੂੰ ਲਿਖਤ ਵਿਚ ਵੀ ਰੱਖ ਸਕਦੇ ਹੋ।
ਉਪਰੋਕਤ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਜੇ ਤੁਸੀਂ ਨੂੰਹ-ਜਵਾਈ ਦੀ ਚੋਣ ਕਰੋਗੇ ਤਾਂ ਜ਼ਿੰਦਗੀ ਵਿਚ ਕਦੇ ਧੋਖਾ ਨਹੀਂ ਖਾਓਗੇ ਅਤੇ ਸਦਾ ਆਪਣੇ ਗੁਲਸ਼ਨ ਨੂੰ ਮਹਿਕਦਾ ਹੋਇਆ ਰੱਖੋਗੇ।


-ਅੰਜਲੀ ਗੰਗਲ

ਬੱਚਿਆਂ ਨੂੰ ਦੱਸੋ ਖਾਣੇ ਦੇ ਤੌਰ-ਤਰੀਕੇ

ਮੇਜ਼-ਕੁਰਸੀ 'ਤੇ ਬੈਠ ਕੇ ਜਾਂ ਜ਼ਮੀਨ 'ਤੇ ਬੈਠ ਕੇ ਖਾ ਰਹੇ ਹੋ ਤਾਂ ਸਭ ਤੋਂ ਪਹਿਲਾਂ ਨੈਪਕਿਨ ਨੂੰ ਆਪਣੇ ਗੋਡਿਆਂ 'ਤੇ ਵਿਛਾਓ ਅਤੇ ਗੋਡੇ ਮੇਜ਼ ਦੇ ਅੰਦਰ। ਆਪਣਾ ਖਾਣਾ ਆਰਾਮ ਨਾਲ ਇਕ-ਇਕ ਹੋਰ ਲੈ ਕੇ ਖਾਓ ਅਤੇ ਹੌਲੀ-ਹੌਲੀ ਚਬਾ ਕੇ ਖਾਓ। ਚਾਹੇ ਭੁੱਖ ਜਿੰਨੀ ਮਰਜ਼ੀ ਤੇਜ਼ ਹੋਵੇ, ਖਾਣਾ ਜਿੰਨਾ ਮਰਜ਼ੀ ਸਵਾਦ ਹੋਵੇ, ਖਾਣੇ ਦਾ ਮਜ਼ਾ ਲਓ।
ਪੀਣ ਵਾਲੇ ਪਦਾਰਥਾਂ ਦਾ ਕਿਵੇਂ ਕਰੀਏ ਸੇਵਨ
ਖਾਣੇ ਦੇ ਨਾਲ ਬੱਚੇ ਅਕਸਰ ਸਾਫਟ ਡ੍ਰਿੰਕ ਲੈਣਾ ਪਸੰਦ ਕਰਦੇ ਹਨ, ਖਾਸ ਕਰਕੇ ਸਮਾਰੋਹਾਂ 'ਤੇ, ਰੇਸਤਰਾਂ ਵਿਚ ਆਦਿ। ਉਨ੍ਹਾਂ ਨੂੰ ਸਿਖਾਓ ਕਿ ਖਾਣੇ ਦੇ ਨਾਲ-ਨਾਲ ਡ੍ਰਿੰਕਸ ਦਾ ਘੁੱਟ ਵੀ ਭਰਦੇ ਰਹਿਣ। ਸਿਪ ਆਰਾਮ-ਆਰਾਮ ਨਾਲ ਲਓ। ਇਕ ਹੀ ਵਾਰ ਵਿਚ ਬਹੁਤ ਜ਼ਿਆਦਾ ਡ੍ਰਿੰਕ ਨਾ ਪੀਓ। ਜੇ ਖਾਣਾ ਬੁੱਲ੍ਹਾਂ ਦੇ ਆਸ-ਪਾਸ ਜਾਂ ਕੋਨਿਆਂ 'ਤੇ ਲੱਗਾ ਮਹਿਸੂਸ ਹੋਵੇ ਤਾਂ ਉਸ ਨੂੰ ਨੈਪਕਿਨ ਨਾਲ ਸਾਫ਼ ਕਰੋ। ਜੀਭ ਅਤੇ ਹੱਥ ਦੀ ਵਰਤੋਂ ਨਾ ਕਰੋ। ਖਾਣਾ ਜੇ ਮੇਜ਼ 'ਤੇ ਤੁਹਾਡੀ ਪਹੁੰਚ ਤੋਂ ਦੂਰ ਹੈ ਤਾਂ ਖੁਦ ਉਸ ਬਾਉਲ ਨੂੰ ਆਪਣੇ ਵੱਲ ਨਾ ਘੜੀਸੋ। ਕਿਸੇ ਵੱਡੇ ਨੂੰ ਕਹੋ ਕਿ 'ਕਿਰਪਾ ਕਰਕੇ ਉਹ ਖਾਣਾ ਮੇਰੇ ਕੋਲ ਕਰ ਦਿਓ' ਅਤੇ ਬਾਅਦ ਵਿਚ 'ਧੰਨਵਾਦ' ਬੋਲਣਾ ਨਾ ਭੁੱਲੋ।
ਸਭ ਦੇ ਨਾਲ ਖਾਣ ਲੱਗੇ ਹੋ ਤਾਂ
ਵੱਡੇ ਗਰੁੱਪ ਵਿਚ ਜੇ ਤੁਸੀਂ ਖਾਣਾ ਖਾ ਰਹੇ ਹੋ ਤਾਂ ਬੱਚਿਆਂ ਨੂੰ ਦੱਸੋ ਕਿ ਆਪਣਾ ਖਾਣਾ ਖ਼ਤਮ ਹੋਣ 'ਤੇ ਇਕਦਮ ਨਾ ਉੱਠ ਜਾਣ। ਦੂਜਿਆਂ ਦੇ ਖਾਣੇ ਦੇ ਖ਼ਤਮ ਹੋਣ ਦੀ ਉਡੀਕ ਕਰੋ। ਵਿਚੋਂ ਹੀ ਉੱਠ ਜਾਣਾ ਗ਼ਲਤ ਆਦਤ ਹੈ। ਖਾਣੇ ਦੀ ਖਾਲੀ ਪਲੇਟ ਮੇਜ਼ 'ਤੇ ਨਾ ਖਿਸਕਾਓ। ਆਪਣੀ ਗੋਦੀ 'ਤੇ ਹੀ ਰੱਖੋ। ਨੈਪਕਿਨ ਵੀ ਵਿਛਿਆ ਰਹਿਣ ਦਿਓ। ਜੇ ਤੁਸੀਂ ਜ਼ਰੂਰੀ ਉੱਠਣਾ ਹੋਵੇ ਤਾਂ 'ਐਕਸਕਿਊਜ ਮੀ' ਕਹਿ ਕੇ ਉੱਠੋ। ਘਰ ਹੀ ਹੋ ਤਾਂ ਪਲੇਟ ਰਸੋਈ ਵਿਚ ਰੱਖੋ। ਬਾਹਰ ਕਿਸੇ ਦੇ ਘਰ ਖਾਣੇ 'ਤੇ ਗਏ ਹੋ ਤਾਂ ਪਲੇਟ ਰਸੋਈ ਵਿਚ ਜੂਠੇ ਭਾਂਡਿਆਂ ਵਾਲੀ ਜਗ੍ਹਾ 'ਤੇ ਰੱਖੋ।
ਜੂਠ ਨਾ ਛੱਡੋ
ਵੱਡੇ ਹੋਣ ਜਾਂ ਬੱਚੇ, ਪਲੇਟ ਵਿਚ ਓਨਾ ਹੀ ਖਾਣਾ ਲਓ ਜਿੰਨਾ ਤੁਸੀਂ ਖਾਣਾ ਹੈ। ਸਬਜ਼ੀ ਇਕ-ਇਕ ਕਰਕੇ ਦੋ ਤੋਂ ਜ਼ਿਆਦਾ ਪਲੇਟਾਂ ਵਿਚ ਨਾ ਪਾਓ। ਸਬਜ਼ੀ ਦੀ ਮਾਤਰਾ ਘੱਟ ਲਓ। ਖ਼ਤਮ ਹੋਣ 'ਤੇ ਹੀ ਦੁਬਾਰਾ ਲਓ। ਕਈ ਵਾਰ ਬੱਚੇ ਨੇ ਪਲੇਟ ਵਿਚ ਖਾਣਾ ਪਾ ਲਿਆ ਹੈ ਅਤੇ ਉਸ ਨੂੰ ਮਜ਼ਾ ਨਹੀਂ ਆ ਰਿਹਾ ਤਾਂ ਬੱਚੇ ਨੂੰ ਅਜਿਹੀ ਹਾਲਤ ਵਿਚ ਛੋਟ ਦੇ ਦਿਓ ਕਿ ਉਹ ਖਾਣਾ ਛੱਡ ਸਕਦਾ ਹੈ।
ਆਪਣੀ ਪਲੇਟ ਵਿਚੋਂ ਉਸ ਦੀ ਪਸੰਦ ਦੀ ਚੀਜ਼ ਦਾ ਸਵਾਦ ਦਿਖਾ ਕੇ ਹੀ ਦੁਬਾਰਾ ਪਲੇਟ ਵਿਚ ਖਾਣਾ ਪਾਉਣ ਨੂੰ ਕਹੋ। ਖਾਣੇ ਦੀ ਪਲੇਟ ਨੂੰ ਵੱਖ-ਵੱਖ ਪਦਾਰਥਾਂ ਨਾਲ ਨਾ ਭਰੋ, ਨਹੀਂ ਤਾਂ ਤੁਸੀਂ ਖਾਣੇ ਦੇ ਸਵਾਦ ਦਾ ਮਜ਼ਾ ਨਹੀਂ ਲੈ ਸਕੋਗੇ। ਖਾਣੇ ਦੀ ਪਲੇਟ ਨੂੰ ਕਦੇ ਨੈਪਕਿਨ ਨਾਲ ਨਾ ਢਕੋ। ਖਾਣਾ ਜੇ ਹੱਥਾਂ ਨਾਲ ਖਾ ਰਹੇ ਹੋ ਤਾਂ ਵਿਚ-ਵਿਚ ਉਂਗਲੀਆਂ ਨੈਪਕਿਨ ਨਾਲ ਸਾਫ਼ ਕਰਦੇ ਰਹੋ।
ਇਨ੍ਹਾਂ ਸਭ ਸੱਭਿਅਕ ਆਦਤਾਂ ਤੋਂ ਇਲਾਵਾ ਹੋਰ ਵੀ ਬਹੁਤ ਕੁਝ ਧਿਆਨ ਰੱਖਣ ਲਈ ਹੁੰਦਾ ਹੈ, ਜਿਵੇਂ ਤੁਸੀਂ ਰੇਸਤਰਾਂ ਵਿਚ ਖਾਣਾ ਖਾ ਰਹੇ ਹੋ ਅਤੇ ਜੇ ਖਾਣੇ ਵਿਚ ਵਾਲ ਆ ਜਾਵੇ ਤਾਂ ਤੁਰੰਤ ਵੇਟਰ ਨੂੰ ਬੁਲਾ ਕੇ ਦਿਖਾਓ। ਜੇ ਤੁਸੀਂ ਕਿਸੇ ਦੇ ਘਰ ਖਾਣਾ ਖਾਣ ਗਏ ਹੋ ਤਾਂ ਵਾਲ ਨੂੰ ਹੌਲੀ ਜਿਹੇ ਖਾਣੇ ਨਾਲੋਂ ਅਲੱਗ ਕਰ ਦਿਓ। ਸ਼ੋਰ ਨਾ ਮਚਾਓ, ਨਹੀਂ ਤਾਂ ਹੋਸਟ ਮਾੜਾ ਮਹਿਸੂਸ ਕਰੇਗਾ। ਕਿਸੇ ਦੇ ਘਰ ਖਾਣੇ 'ਤੇ ਗਏ ਹੋ ਜਾਂ ਬਾਹਰ, ਗੱਲ ਆਰਾਮ ਨਾਲ ਕਰੋ। ਹੱਸੋ ਵੀ ਸੀਮਤ। ਬਹੁਤ ਸ਼ੋਰ-ਸ਼ਰਾਬਾ ਨਾ ਕਰੋ।
ਬੱਚਿਆਂ ਨੂੰ ਕਿਸੇ ਗ਼ਲਤ ਗੱਲ 'ਤੇ ਟੋਕਣਾ ਪਵੇ ਤਾਂ ਪਿਆਰ ਨਾਲ ਟੋਕੋ। ਖਾਣਾ ਆਵਾਜ਼ ਕਰਦੇ ਹੋਏ ਨਾ ਖਾਓ। ਖਾਂਦੇ ਸਮੇਂ ਗੱਲਾਂ ਘੱਟ ਕਰੋ, ਨਹੀਂ ਤਾਂ ਖਾਣੇ ਦੇ ਕਣ ਦੂਜਿਆਂ 'ਤੇ ਡਿੱਗ ਸਕਦੇ ਹਨ। ਬੱਚਿਆਂ ਤੋਂ ਵੀ ਖਾਣੇ ਦੀ ਇੱਛਾ ਪੁੱਛੋ ਅਤੇ ਧਿਆਨ ਦਿਓ ਕਿ ਉਨ੍ਹਾਂ ਦੀ ਪਸੰਦ ਪੂਰੀ ਹੋਵੇ ਪਰ ਬੱਚਿਆਂ ਦੀ ਨਾਜਾਇਜ਼ ਮੰਗ ਪੂਰੀ ਨਾ ਕਰੋ। ਅੰਤ ਵਿਚ ਉਨ੍ਹਾਂ ਨੂੰ ਉਨ੍ਹਾਂ ਦੀ ਪਸੰਦ ਦਾ ਡੇਜ਼ਰਟ ਵੀ ਖਿਲਾਓ।


-ਸੁਨੀਤਾ ਗਾਬਾ

ਤੁਹਾਡੀ ਸਫ਼ਲਤਾ ਦਾ ਰਾਜ਼ ਕੀ ਹੈ?

ਅਕਸਰ ਸਾਡੀ ਸਫਲਤਾ ਵਿਚੋਂ ਦੁਨੀਆ ਸਾਨੂੰ ਪਹਿਚਾਣਦੀ ਹੈ ਅਤੇ ਆਪਣੀ ਅਸਫਲਤਾ ਵਿਚੋਂ ਅਸੀਂ ਆਪਣੇ-ਆਪ ਨੂੰ ਪਹਿਚਾਣਦੇ ਹਾਂ। ਸਾਡੀ ਜ਼ਿੰਦਗੀ ਦੇ ਰੋਜ਼ਮਰ੍ਹਾ ਦੇ ਕੰਮ ਹੀ ਦੱਸ ਦਿੰਦੇ ਹਨ ਕਿ ਸਾਡਾ ਭਵਿੱਖ ਕੀ ਹੋਵੇਗਾ? ਕਿਸੇ ਵੀ ਕੰਮ ਪ੍ਰਤੀ ਸਾਡੀ ਸ਼ੁਰੂਆਤ ਹੀ ਦੱਸਦੀ ਹੈ ਕਿ ਸਾਡਾ ਇਰਾਦਾ ਕੀ ਹੈ? ਜ਼ਿੰਦਗੀ ਦੇ ਕਿਸੇ ਵੀ ਰਸਤੇ ਦੇ ਅੱਧ ਵਿਚਕਾਰੋਂ ਵਾਪਸ ਮੁੜਨ ਦਾ ਮਤਲਬ ਹੈ ਕਿ ਅਸੀਂ ਤੁਰ ਤਾਂ ਰਹੇ ਹਾਂ ਪਰ ਪਹੁੰਚ ਕਿਤੇ ਨਹੀਂ ਰਹੇ। ਇਹ ਇਕ ਰੱਬੀ ਅਸੂਲ ਹੈ ਕਿ ਜੇਕਰ ਤੁਸੀਂ ਦੂਜਿਆਂ ਦੀ ਮਦਦ ਕਰੋਗੇ ਤਾਂ ਤੁਸੀਂ ਖੁਦ ਆਪਣੀ ਮਦਦ ਆਪ ਕਰਦੇ ਹੋ। ਇਕ ਸੱਚਾ ਇਰਾਦਾ ਹੀ ਪੱਕਾ ਇਰਾਦਾ ਹੁੰਦਾ ਹੈ। ਆਪਣੀਆਂ ਗ਼ਲਤੀਆਂ ਦਾ ਗਿਆਨ ਹੀ ਕਾਫੀ ਨਹੀਂ, ਬਲਕਿ ਉਨ੍ਹਾਂ ਨੂੰ ਸਵੀਕਾਰ ਕਰ ਲੈਣਾ ਵੀ ਜ਼ਰੂਰੀ ਹੈ ਤਾਂ ਕਿ ਤੁਸੀਂ ਭਵਿੱਖ ਵਿਚ ਹੋਰ ਗ਼ਲਤੀਆਂ ਤੋਂ ਬਚ ਸਕੋ। ਗ਼ਲਤੀਆਂ ਪ੍ਰਤੀ ਪਛਤਾਵਾ ਸੱਚਾ ਹੋਣਾ ਚਾਹੀਦਾ ਹੈ। ਅਕਸਰ ਜਦੋਂ ਅਸਫਲਤਾ ਦੀ ਸੱਟ ਦਿਲ 'ਤੇ ਲਗਦੀ ਹੈ ਤਾਂ ਅਗਲੀ ਸਫਲਤਾ ਲਈ ਰਾਹ ਆਪਣੇ-ਆਪ ਪੱਧਰਾ ਹੋ ਜਾਂਦਾ ਹੈ। ਦੋਸ਼ ਦੇਣ ਨਾਲ ਹਾਲਾਤ ਕਦੇ ਬਦਲਦੇ ਨਹੀਂ ਅਤੇ ਇਹ ਵੀ ਸੱਚ ਹੈ ਕਿ ਸਾਡੀਆਂ ਆਪਣੀਆਂ ਕਮਜ਼ੋਰੀਆਂ ਹੀ ਸਾਡੀਆਂ ਵਿਰੋਧੀ ਹੁੰਦੀਆਂ ਹਨ। ਦੂਰੋਂ ਦੇਖਣ ਨਾਲ ਹਰ ਸਮੱਸਿਆ ਮੁਸੀਬਤ ਹੀ ਨਜ਼ਰ ਆਉਂਦੀ ਹੈ।
ਵੱਡੀ ਜਿੱਤ ਆਸਾਨ ਨਹੀਂ ਹੁੰਦੀ ਅਤੇ ਆਸਾਨ ਜਿੱਤ ਕਦੇ ਵੱਡੀ ਨਹੀਂ ਹੁੰਦੀ। ਇਸ ਗੱਲ ਦੀ ਸਮਝ ਜ਼ਰੂਰੀ ਹੈ ਕਿ ਸਮਾਂ ਸਾਡੇ ਤੋਂ ਕਿਸ ਚੀਜ਼ ਦੀ ਮੰਗ ਕਰ ਰਿਹਾ ਹੈ। ਤੁਹਾਡੀ ਮਿਹਨਤ ਤੁਹਾਡੀ ਕਿਸਮਤ ਅਤੇ ਤੁਹਾਡਾ ਸਲੀਕਾ ਤੁਹਾਡੀ ਖੂਬਸੂਰਤੀ। ਤੁਹਾਡਾ ਚਰਿੱਤਰ ਤੁਹਾਡੀ ਪਹਿਚਾਣ ਅਤੇ ਤੁਹਾਡੀ ਸਮਝ ਤੁਹਾਡੀ ਦੋਸਤ। ਤੁਹਾਡੀ ਗੱਲਬਾਤ ਤੁਹਾਡਾ ਗਹਿਣਾ ਅਤੇ ਤੁਹਾਡੇ ਕੰਮ ਤੁਹਾਡੀ ਪੂਜਾ। ਕੋਈ ਵੀ ਮੁਸ਼ਕਿਲ ਤੁਹਾਡੇ ਤੋਂ ਵੱਡੀ ਨਹੀਂ ਹੋ ਸਕਦੀ ਅਤੇ ਉਹ ਮੁਸ਼ਕਿਲ ਹੀ ਨਹੀਂ ਹੁੰਦੀ, ਜਿਸ ਦਾ ਕੋਈ ਹੱਲ ਨਾ ਹੋਵੇ।
ਉਹ ਵੀ ਸਮਾਂ ਸੀ ਜਦੋਂ ਔਰਤ ਨੂੰ ਸਿਰਫ ਘਰ ਦੀ ਸਹਾਇਕ ਸਮਝਿਆ ਜਾਂਦਾ ਸੀ। ਉਸ ਦਾ ਨਾ ਕੋਈ ਆਪਣਾ ਸੁਪਨਾ ਹੁੰਦਾ ਸੀ ਅਤੇ ਨਾ ਕੋਈ ਮਨੋਰਥ। ਉਸ ਦੀ ਜ਼ਿੰਦਗੀ ਦੀਆਂ ਸਾਰੀਆਂ ਸੰਭਾਵਨਾਵਾਂ ਦੂਜਿਆਂ 'ਤੇ ਨਿਰਭਰ ਹੁੰਦੀਆਂ ਹਨ। ਉਸ ਦੀ ਸਾਰੀ ਜ਼ਿੰਦਗੀ ਡਰ, ਚਿੰਤਾ, ਸੰਸੇ ਅਤੇ ਤੌਖਲਿਆਂ ਵਿਚ ਲਪੇਟੀ ਲੰਘ ਜਾਂਦੀ ਸੀ। ਉਸ ਦੇ ਚਾਅ, ਉਸ ਦੇ ਸੁਪਨੇ, ਸ਼ੌਕ ਅਤੇ ਖੁਸ਼ੀਆਂ ਅਧੂਰੇ ਰਹਿ ਜਾਂਦੇ ਸਨ। ਨਾ ਉਹ ਆਪਣੀ ਮਰਜ਼ੀ ਦਾ ਖਾ ਸਕਦੀ ਸੀ ਅਤੇ ਨਾ ਮਰਜ਼ੀ ਦਾ ਪਹਿਨ ਸਕਦੀ ਸੀ। ਇਕ-ਇਕ ਰੁਪਏ ਲਈ ਉਸ ਨੂੰ ਦੂਜਿਆਂ ਅੱਗੇ ਹੱਥ ਅੱਡਣੇ ਪੈਂਦੇ ਸਨ। ਨਾ ਉਹ ਆਪਣੀ ਮਰਜ਼ੀ ਨਾਲ ਪੜ੍ਹ-ਲਿਖ ਸਕਦੀ ਸੀ ਅਤੇ ਨਾ ਹੀ ਉਹ ਆਪਣੀ ਮਰਜ਼ੀ ਦਾ ਕੋਈ ਫੈਸਲਾ ਲੈ ਸਕਦੀ ਸੀ। ਅਜਿਹੇ ਸਮਾਜ ਵਿਚ ਅਸੀਂ ਕਿਸੇ ਔਰਤ ਦੀ ਨਿਵੇਕਲੀ ਤੇ ਵੱਖਰੀ ਪਛਾਣ ਦੀ ਕਲਪਨਾ ਨਹੀਂ ਕਰ ਸਕਦੇ ਸਾਂ।
ਯਾਦ ਰਹੇ ਕਿ ਜ਼ਿੰਦਗੀ ਦੀ ਹਰ ਜੰਗ ਤੁਹਾਡੇ ਆਪਣੇ-ਆਪ ਤੋਂ ਆਰੰਭ ਹੁੰਦੀ ਹੈ। ਹਰ ਜਿੱਤ ਦੀ ਸ਼ੁਰੂਆਤ ਆਪਣੇ-ਆਪ ਤੋਂ ਹੁੰਦੀ ਹੈ। ਜ਼ਿੰਦਗੀ ਦੇ ਕਈ ਧੋਖੇ ਤੁਹਾਨੂੰ ਤੁਹਾਡੇ ਪੈਰਾਂ 'ਤੇ ਖਲੋਣਾ ਸਿਖਾ ਦਿੰਦੇ ਹਨ। ਵੱਖਰੇ ਰਹਿਣਾ ਤੁਹਾਡਾ ਘੁਮੰਡ ਹੈ ਅਤੇ ਵੱਖਰੇ ਨਜ਼ਰ ਆਉਣਾ ਤੁਹਾਡੀ ਪ੍ਰਾਪਤੀ। ਸ਼ਬਦ ਘੱਟ ਪਰ ਗੱਲ ਵੱਡੀ। ਹਰ ਵੱਡੀ ਸਫਲਤਾ ਇਕ ਲੰਮੇ ਸੰਘਰਸ਼ ਦੀ ਕਹਾਣੀ ਹੁੰਦੀ ਹੈ ਅਤੇ ਇਸ ਕਹਾਣੀ ਦਾ ਸਿਰਜਕ ਉਹ ਮਨੁੱਖ ਹੁੰਦਾ ਹੈ, ਜਿਸ ਕੋਲ ਇਕ ਸਪੱਸ਼ਟ ਸੋਚ, ਪੱਕਾ ਇਰਾਦਾ, ਸੱਚੇ ਯਤਨ, ਉਸਾਰੂ ਯੋਜਨਾ, ਮਾਨਸਿਕ ਸ਼ਕਤੀ, ਸਹੀ ਸਮਝ ਅਤੇ ਇਮਾਨਦਾਰੀ, ਲਗਨ ਹੁੰਦੀ ਹੈ। ਹਰ ਸਮੱਸਿਆ ਦੇ ਅੰਦਰ ਹੱਲ ਹੁੰਦਾ ਹੈ ਅਤੇ ਹਰ ਦਰਦ ਦੇ ਪਿੱਛੇ ਇਕ ਮੁਸਕਰਾਹਟ ਛੁਪੀ ਹੁੰਦੀ ਹੈ। ਹਰ ਅਸਫਲਤਾ ਦੇ ਪਿੱਛੇ ਇਕ ਜਿੱਤ ਲੁਕੀ ਹੁੰਦੀ ਹੈ। ਜੇਕਰ ਤੁਰੋਗੇ ਤਾਂ ਕਦੇ ਠੋਕਰ ਵੀ ਜ਼ਰੂਰ ਲੱਗੇਗੀ। ਮਿਹਨਤ ਕਰੋਗੇ ਤਾਂ ਥਕਾਵਟ ਵੀ ਹੋਵੇਗੀ। ਜੇਕਰ ਲਗਨ ਸੱਚੀ ਤਾਂ ਸਫਲਤਾ ਦੀ ਸਮਝੋ ਪੱਕੀ। ਜੇਕਰ ਤੁਸੀਂ ਆਪਣੀ ਸਫਲਤਾ ਲਈ ਆਪਣੇ-ਆਪ ਨੂੰ ਸਿਹਰਾ ਦਿੰਦੇ ਹੋ ਤਾਂ ਤੁਸੀਂ ਆਪਣੀ ਅਸਫਲਤਾ ਦੀ ਜ਼ਿੰਮੇਵਾਰੀ ਨੂੰ ਵੀ ਕਬੂਲੋ। ਇਕ ਚੰਗੀ ਸਫਲਤਾ ਲਈ ਇਹ ਦੱਸਣਾ ਨਹੀਂ ਪੈਂਦਾ ਕਿ ਤੁਸੀਂ ਸਫਲ ਹੋ, ਤੁਹਾਡੀ ਸਫਲਤਾ ਖੁਦ ਹੀ ਦੱਸਦੀ ਹੈ ਕਿ ਤੁਸੀਂ ਸਫਲ ਹੋ। ਜ਼ਿਆਦਾਤਰ ਅਸੀਂ ਦੂਜਿਆਂ ਤੋਂ ਨਹੀਂ, ਸਗੋਂ ਅਸੀਂ ਆਪਣੇ-ਆਪ ਤੋਂ ਹਾਰਦੇ ਹਾਂ।
ਆਪਸੀ ਮਿਲਵਰਤਣ ਦੀ ਭਾਵਨਾ ਤੋਂ ਬਗੈਰ ਸਾਨੂੰ ਇਹ ਪਤਾ ਨਹੀਂ ਲਗਦਾ ਕਿ ਅਸੀਂ ਕਿਥੇ ਖੜ੍ਹੇ ਹਾਂ, ਸਾਡੇ ਵਿਚ ਕੀ ਕਮੀਆਂ ਹਨ ਅਤੇ ਉਨ੍ਹਾਂ ਕਮੀਆਂ ਨੂੰ ਦੂਰ ਕਿਵੇਂ ਕੀਤਾ ਜਾ ਸਕਦਾ ਹੈ। ਔਰਤ ਲਈ ਇਹ ਜ਼ਰੂਰੀ ਹੈ ਕਿ ਉਹ ਦੂਜਿਆਂ ਦੇ ਨਾਪਾਕ ਬਦਨੀਤ ਇਰਾਦਿਆਂ ਨੂੰ ਚਿਹਰਿਆਂ ਤੋਂ ਪੜ੍ਹ ਸਕੇ। ਘੁਮੰਡੀ ਅਤੇ ਜ਼ਿੱਦੀ ਵਿਅਕਤੀ ਹਮੇਸ਼ਾ ਇਕੱਲੇ ਅਤੇ ਦੁਖੀ ਰਹਿੰਦੇ ਹਨ। ਅਕਸਰ ਉਹ ਲੜਕੀਆਂ ਜ਼ਿੰਦਗੀ ਵਿਚ ਬਹੁਤ ਪਿੱਛੇ ਰਹਿ ਜਾਂਦੀਆਂ ਹਨ ਜੋ ਆਪਣੀ ਯੋਗਤਾ ਅਤੇ ਸਿਆਣਪ ਨੂੰ ਦੂਜਿਆਂ ਤੋਂ ਵੱਡਾ ਸਮਝਦੀਆਂ ਹਨ। ਸਾਡੀ ਸਫਲਤਾ ਕਿੰਨੀ ਕੁ ਵੱਡੀ ਹੈ, ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਸਾਡਾ ਮੁਕਾਬਲਾ ਕਿਨ੍ਹਾਂ ਨਾਲ ਸੀ। ਕਿਸੇ ਲੜਕੀ ਦਾ ਪੜ੍ਹ-ਲਿਖ ਕੇ ਆਰਥਿਕ ਤੌਰ 'ਤੇ ਆਪਣੇ ਪੈਰਾਂ 'ਤੇ ਖਲੋਣਾ ਉਸ ਦੇ ਆਤਮਵਿਸ਼ਵਾਸ ਵਿਚ ਵਾਧਾ ਕਰਦਾ ਹੈ ਅਤੇ ਜ਼ਿੰਦਗੀ ਦੇ ਖਜ਼ਾਨੇ ਵਿਚ ਭਰੋਸੇ ਦੀ ਪੂੰਜੀ ਵਧਦੀ ਹੈ। ਬਹੁਤ ਵੱਡਾ ਅਹੁਦਾ ਜਾਂ ਡਿਗਰੀ ਹੀ ਸਿਰਫ ਸਫਲਤਾ ਦੀ ਨਿਸ਼ਾਨੀ ਨਹੀਂ ਹੈ, ਤੁਹਾਡੀ ਸਫਲਤਾ ਤਾਂ ਇਸ ਗੱਲ ਵਿਚ ਵੀ ਹੈ ਕਿ ਤੁਹਾਡੇ ਯਤਨਾਂ ਕਰਕੇ, ਤੁਹਾਡੀ ਸੋਚ ਅਤੇ ਸਮਝ ਕਰਕੇ ਕਿੰਨੇ ਹੋਰ ਲੋਕ ਵੀ ਸਫਲ ਹੋਏ ਹਨ। ਸਫਲਤਾ ਤੋਂ ਬਾਅਦ ਸਫਲਤਾ ਦਾ ਘੁਮੰਡ ਤੁਹਾਡੇ ਕੱਦ ਨੂੰ ਬੌਣਾ ਕਰਦਾ ਹੈ।


-ਪਿੰਡ ਗੋਲੇਵਾਲਾ (ਫ਼ਰੀਦਕੋਟ)।
ਮੋਬਾ: 94179-49079

ਕਾਇਆ ਨੂੰ ਸੁੰਦਰ ਕਰਨ ਦੇ ਨੁਸਖ਼ੇ

ਫਰੂਟ ਮਾਸਕ : ਕੇਲਾ, ਸੇਬ, ਪਪੀਤਾ ਮਿਲਾ ਕੇ ਇਸ ਮਿਸ਼ਰਣ ਨੂੰ ਅੱਧੇ ਘੰਟੇ ਤੱਕ ਚਿਹਰੇ 'ਤੇ ਲਗਾ ਕੇ ਚਿਹਰੇ ਨੂੰ ਤਾਜ਼ੇ ਠੰਢੇ ਪਾਣੀ ਨਾਲ ਧੋ ਦਿਓ। ਇਹ ਚਮੜੀ ਨੂੰ ਠੰਢਕ ਦਿੰਦਾ ਹੈ, ਮ੍ਰਿਤਕ ਕੋਸ਼ਿਕਾਵਾਂ ਨੂੰ ਸਾਫ਼ ਕਰਦਾ ਹੈ ਅਤੇ ਚਮੜੀ 'ਤੇ ਕਾਲੇ ਧੱਬਿਆਂ ਨੂੰ ਦੂਰ ਕਰਦਾ ਹੈ।
ਕੁਲਿੰਗ ਮਾਸਕ : ਖੀਰੇ ਦੇ ਰਸ ਵਿਚ ਦੋ ਚਮਚ ਪਾਊਡਰ ਦੁੱਧ ਅਤੇ ਆਂਡੇ ਦਾ ਚਿੱਟਾ ਹਿੱਸਾ ਮਿਲਾ ਕੇ ਮਿਸ਼ਰਣ ਬਣਾ ਲਓ। ਇਸ ਪੇਸਟ ਨੂੰ ਚਿਹਰੇ ਅਤੇ ਗਰਦਨ 'ਤੇ ਅੱਧਾ ਘੰਟਾ ਤੱਕ ਲਗਾ ਕੇ ਬਾਅਦ ਵਿਚ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਦਿਓ।
ਤੇਲੀ ਚਮੜੀ ਲਈ ਮਾਸਕ : ਇਕ ਚਮਚ ਮੁਲਤਾਨੀ ਮਿੱਟੀ ਵਿਚ ਗੁਲਾਬ ਜਲ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ 'ਤੇ ਲਗਾ ਕੇ ਅੱਧਾ ਘੰਟਾ ਬਾਅਦ ਚਿਹਰੇ ਨੂੰ ਸਾਫ਼ ਪਾਣੀ ਨਾਲ ਧੋ ਦਿਓ।
ਫੇਸਕ ਮਾਸਕ ਲਗਾਉਣ ਤੋਂ ਬਾਅਦ ਦੋ ਕਾਟਨਵੂਲ ਪੈਡਾਂ ਨੂੰ ਗੁਲਾਬ ਜਲ ਵਿਚ ਭਿਉਂ ਦਿਓ ਅਤੇ ਇਨ੍ਹਾਂ ਨੂੰ ਆਈ ਪੈਡ ਦੀ ਤਰ੍ਹਾਂ ਵਰਤੋ। ਕਾਟਨਵੂਲ ਪੈਡ ਵਿਚੋਂ ਗੁਲਾਬ ਜਲ ਨਿਚੋੜ ਕੇ ਇਸ ਨੂੰ ਬੰਦ ਪਲਕਾਂ 'ਤੇ ਰੱਖ ਕੇ ਲੰਮੇ ਪੈ ਜਾਓ ਅਤੇ ਆਰਾਮ ਕਰੋ। ਵਰਤੋਂ ਵਿਚ ਲਿਆਂਦੇ ਗਏ ਟੀ-ਬੈਗ ਵੀ ਸੁੰਦਰਤਾ ਵਿਚ ਚਾਰ ਚੰਦ ਲਾ ਸਕਦੇ ਹਨ। ਵਰਤੇ ਗਏ ਟੀ-ਬੈਗ ਨੂੰ ਕੋਸੇ ਪਾਣੀ ਵਿਚ ਭਿਉਂ ਕੇ ਪਾਣੀ ਨੂੰ ਨਿਚੋੜ ਲਓ ਅਤੇ ਬਾਅਦ ਵਿਚ ਇਨ੍ਹਾਂ ਨੂੰ ਆਈ-ਪੈਡ ਦੀ ਤਰ੍ਹਾਂ ਵਰਤੋਂ ਵਿਚ ਲਿਆਓ। ਖੁਰਦਰੇ, ਉਲਝੇ ਅਤੇ ਘੁੰਗਰਾਲੇ ਵਾਲਾਂ ਨੂੰ ਮੁਲਾਇਮ ਅਤੇ ਚਮਕਦਾਰ ਕਰਨ ਲਈ ਕ੍ਰੀਮੀ ਹੇਅਰ ਕੰਡੀਸ਼ਨਰ ਵਿਚ ਸਾਫ਼ ਪਾਣੀ ਮਿਲਾ ਕੇ ਇਸ ਨੂੰ ਸਪਰੇਅ ਬੋਤਲ ਵਿਚ ਪਾ ਦਿਓ। ਇਸ ਮਿਸ਼ਰਣ ਨੂੰ ਵਾਲਾਂ 'ਤੇ ਛਿੜਕਾਉਣ ਤੋਂ ਬਾਅਦ ਵਾਲਾਂ ਨੂੰ ਕੰਘੀ ਕਰ ਲਓ ਤਾਂ ਕਿ ਇਹ ਵਾਲਾਂ 'ਤੇ ਪੂਰੀ ਤਰ੍ਹਾਂ ਫੈਲ ਜਾਵੇ। ਬਾਅਦ ਵਿਚ ਇਕ ਘੰਟਾ ਬਾਅਦ ਵਾਲਾਂ ਨੂੰ ਤਾਜ਼ੇ ਅਤੇ ਸਾਫ਼ ਪਾਣੀ ਨਾਲ ਧੋ ਦਿਓ। ਰੱਖੜੀ ਦਾ ਤਿਉਹਾਰ ਦਿਨ ਵਿਚ ਮਨਾਇਆ ਜਾਂਦਾ ਹੈ। ਦਿਨ ਦੇ ਸਮੇਂ ਦਾ ਮੇਕਅੱਪ ਹਲਕਾ ਅਤੇ ਸਾਵਧਾਨੀ ਨਾਲ ਕੀਤਾ ਜਾਣਾ ਚਾਹੀਦਾ ਹੈ। ਜੇ ਤੁਹਾਡੀ ਚਮੜੀ ਸਾਫ਼ ਹੈ ਤਾਂ ਫਾਊਂਡੇਸ਼ਨ ਤੋਂ ਪ੍ਰਹੇਜ਼ ਕਰੋ। ਚਮੜੀ ਨੂੰ ਸਾਫ਼ ਕਰਨ ਤੋਂ ਬਾਅਦ ਚਮੜੀ 'ਤੇ ਮਾਇਸਚਰਾਈਜ਼ਰ ਸਹਿਤ ਸਨਸਕ੍ਰੀਨ ਦੀ ਵਰਤੋਂ ਕਰਨ ਤੋਂ ਬਾਅਦ ਪਾਊਡਰ ਲਗਾਓ।
ਬੇਬੀ ਪਾਊਡਰ ਵਰਗਾ ਸਾਫ਼ ਅਤੇ ਨਿਰਮਲ ਪਾਊਡਰ ਇਸ ਵਿਚ ਜ਼ਿਆਦਾ ਫਾਇਦੇਮੰਦ ਸਾਬਤ ਹੋ ਸਕਦਾ ਹੈ। ਤੇਲੀ ਚਮੜੀ ਲਈ ਮਾਇਸਚਰਾਈਜ਼ਰ ਦੀ ਜਗ੍ਹਾ ਆਸਟ੍ਰੀਜੈਂਟ ਲੋਸ਼ਨ ਦੀ ਵਰਤੋਂ ਕਰੋ ਅਤੇ ਇਸ ਤੋਂ ਬਾਅਦ ਕੰਪੈਕਟ ਪਾਊਡਰ ਦੀ ਵਰਤੋਂ ਕਰੋ। ਚਿਹਰੇ ਦੇ ਨੱਕ, ਮੱਥੇ ਅਤੇ ਠੋਡੀ ਵਰਗੈ ਤੇਲੀ ਭਾਗਾਂ ਵੱਲ ਵਿਸ਼ੇਸ਼ ਧਿਆਨ ਦਿਓ। ਇਸ ਪਾਊਡਰ ਨੂੰ ਹਲਕੀ ਗਿੱਲੀ ਸਪਾਂਜ ਨਾਲ ਚਿਹਰੇ ਅਤੇ ਗਰਦਨ 'ਤੇ ਲਗਾਓ। ਇਸ ਨਾਲ ਪਾਊਡਰ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ। ਜੇ ਤੁਸੀਂ ਬਲਸ਼ਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਓ।
ਅੱਖਾਂ ਦੀ ਸੁੰਦਰਤਾ ਲਈ ਦਿਨ ਵਿਚ ਆਈ ਪੈਨਸਿਲ ਦੀ ਵਰਤੋਂ ਕਾਫੀ ਹੋਵੇਗੀ। ਤੁਸੀਂ ਆਪਣੀਆਂ ਅੱਖਾਂ ਦੀਆਂ ਪਲਕਾਂ ਨੂੰ ਭੂਰੇ ਅਤੇ ਸਲੇਟੀ ਆਈ ਸ਼ੈਡੋ ਨਾਲ ਵੀ ਲਾਈਨ ਕਰ ਸਕਦੇ ਹੋ। ਇਸ ਨਾਲ ਕਾਫੀ ਵਧੀਆ ਪ੍ਰਭਾਵ ਦਿਖਣ ਲੱਗੇਗਾ। ਇਸ ਤੋਂ ਬਾਅਦ ਮਸਕਾਰੇ ਦਾ ਇਕ ਕੋਟ ਲਗਾਉਣ ਨਾਲ ਅੱਖਾਂ ਵਿਚ ਚਮਕ ਆ ਜਾਵੇਗੀ। ਲਿਪਸਟਿਕ ਲਈ ਗੂੜ੍ਹੇ ਭੂਰੇ ਰੰਗ ਦੀ ਵਰਤੋਂ ਤੋਂ ਪ੍ਰਹੇਜ਼ ਕਰੋ। ਤੁਸੀਂ ਹਲਕਾ ਗੁਲਾਬੀ, ਹਲਕਾ ਬੈਂਗਣੀ, ਹਲਕੇ ਭੂਰੇ, ਕਾਂਸਯ ਜਾਂ ਤਾਂਬੇ ਦੇ ਰੰਗ ਦੀ ਲਿਪਸਟਿਕ ਦੀ ਵਰਤੋਂ ਕਰ ਸਕਦੇ ਹੋ। ਲਿਪਸਟਿਕ ਦੇ ਰੰਗ ਬਹੁਤ ਤੇਜ਼ ਅਤੇ ਗੂੜ੍ਹੇ ਜਾਂ ਚਮਕੀਲੇ ਨਹੀਂ ਹੋਣੇ ਚਾਹੀਦੇ। ਪਹਿਲਾਂ ਆਪਣੇ ਬੁੱਲ੍ਹਾਂ ਨੂੰ ਲਿਪਸਟਿਕ ਨਾਲ ਸੀਮਾਂਕਿਤ ਕਰੋ ਅਤੇ ਉਸ ਤੋਂ ਬਾਅਦ ਉਸੇ ਰੰਗ ਦੀ ਲਿਪਸਟਿਕ ਬੁੱਲ੍ਹਾਂ 'ਤੇ ਲਗਾਓ। ਬੁੱਲ੍ਹਾਂ 'ਤੇ ਲਿਪਸਟਿਕ ਬੁਰਸ਼ ਦੀ ਮਦਦ ਨਾਲ ਰੰਗਾਂ ਨੂੰ ਭਰੋ ਤੇ ਨਾਲ ਹੀ ਆਕਰਸ਼ਕ ਹੇਅਰ ਸਟਾਈਲ ਅਪਣਾ ਸਕਦੇ ਹੋ। ਤੁਸੀਂ ਆਪਣੇ ਵਾਲਾਂ ਨੂੰ ਫੈਂਸੀ ਹੇਅਰ ਕਲਿਪ ਜਾਂ ਆਕਰਸ਼ਕ ਰਿਬਨ ਨਾਲ ਬੰਨ੍ਹ ਸਕਦੇ ਹੋ। ਵਾਲਾਂ ਵਿਚ ਫੁੱਲ ਜੜਨ ਨਾਲ ਤੁਹਾਡੀ ਸ਼ਖ਼ਸੀਅਤ ਵਿਚ ਆਕਰਸ਼ਣ ਪੈਦਾ ਹੋ ਸਕਦਾ ਹੈ।
ਘੁੰਗਰਾਲੇ, ਲੰਬੇ ਅਤੇ ਉਛਾਲਦਾਰ ਵਾਲਾਂ ਦਾ ਖਾਸ ਮੌਕਿਆਂ 'ਤੇ ਇਕ ਵਿਸ਼ੇਸ਼ ਫੈਸ਼ਨ ਦੇਖਣ ਨੂੰ ਮਿਲਦਾ ਹੈ। ਵਾਲਾਂ ਦੇ ਹੇਠਲੇ ਹਿੱਸੇ ਨੂੰ ਮੁਲਾਇਮ ਬਣਾ ਕੇ ਉਨ੍ਹਾਂ ਨੂੰ ਘੁੰਗਰਾਲੇ ਬਣਾਓ। ਵਾਲਾਂ ਦੀ ਪਰੰਪਰਾਗਤ ਗੁੱਤ ਵੀ ਮੌਕੇ ਅਨੁਸਾਰ ਚਾਰ ਚੰਦ ਲਗਾਉਂਦੀ ਹੈ। ਵਾਲਾਂ ਦੀ ਗੁੱਤ ਲਗਪਗ ਸਾਰੇ ਚਿਹਰਿਆਂ 'ਤੇ ਆਕਰਸ਼ਕ ਲਗਦੀ ਹੈ ਅਤੇ ਕੁਝ ਚਿਹਰਿਆਂ 'ਤੇ ਲੰਬੀ ਅਤੇ ਕੁਝ ਚਿਹਰਿਆਂ 'ਤੇ ਛੋਟੀ ਘੁਮਾਓਦਾਰ ਗੁੱਤ ਖੂਬਸੂਰਤੀ ਨੂੰ ਵਧਾਉਂਦੀ ਹੈ। ਗੁੱਤ ਨੂੰ ਰਿਬਨ ਨਾਲ ਬੰਨ੍ਹਣ ਨਾਲ ਇਸ ਦੀ ਖਿੱਚ ਵਧ ਜਾਂਦੀ ਹੈ। ਲੰਬੇ ਚਿਹਰੇ ਲਈ ਛੋਟੀ ਗੁੱਤ ਰੱਖੋ।

ਚਮੜੇ ਦੀਆਂ ਜੁੱਤੀਆਂ ਅਤੇ ਉਨ੍ਹਾਂ ਦੀ ਦੇਖਭਾਲ

ਚਮੜੇ ਦੀਆਂ ਜੁੱਤੀਆਂ ਫਾਰਮਲ ਜੁੱਤੀਆਂ ਹੁੰਦੀਆਂ ਹਨ। ਇਨ੍ਹਾਂ ਨੂੰ ਦਫ਼ਤਰ ਵਿਚ ਕੰਮ ਕਰਨ ਵਾਲੇ ਲੋਕ ਅਕਸਰ ਪਹਿਨਦੇ ਹਨ ਜਾਂ ਵਿਆਹ-ਸ਼ਾਦੀ ਵਰਗੇ ਹੋਰ ਸਮਾਗਮਾਂ ਮੌਕੇ ਇਨ੍ਹਾਂ ਨੂੰ ਪਹਿਨਿਆ ਜਾਂਦਾ ਹੈ। ਜੇ ਤੁਸੀਂ ਕੁਝ ਲੰਬੇ ਸਮੇਂ ਲਈ ਜੁੱਤੀਆਂ ਨੂੰ ਪੈਕ ਕਰਕੇ ਰੱਖਣਾ ਚਾਹੁੰਦੇ ਹੋ ਅਤੇ ਉਨ੍ਹਾਂ ਦੀ ਉਮਰ ਵਧਾਈ ਰੱਖਣਾ ਚਾਹੁੰਦੇ ਹੋ ਤਾਂ ਕੁਝ ਟਿਪਸ 'ਤੇ ਧਿਆਨ ਦਿਓ ਤਾਂ ਕਿ ਉਨ੍ਹਾਂ ਨੂੰ ਸੁਰੱਖਿਅਤ ਰੱਖਿਆ ਜਾਵੇ।
* ਜੁੱਤੀ ਵਿਚ ਕਦੇ ਵੀ ਜੁਰਾਬਾਂ ਪਾ ਕੇ ਨਾ ਰੱਖੋ। ਅਜਿਹਾ ਕਰਨ ਨਾਲ ਜੁੱਤੀ ਵਿਚ ਬਦਬੂ ਵਧਦੀ ਹੈ ਅਤੇ ਜੁੱਤੀ ਦਾ ਆਕਾਰ ਵੀ ਖਰਾਬ ਹੁੰਦਾ ਹੈ।
* ਚਮੜੇ ਦੀ ਜੁੱਤੀ ਨੂੰ ਕਦੇ ਵੀ ਸਿੱਧੀ ਸੂਰਜ ਦੀ ਰੌਸ਼ਨੀ ਵਿਚ ਨਾ ਰੱਖੋ। ਇਸ ਨਾਲ ਜੁੱਤੀ ਦਾ ਰੰਗ ਖਰਾਬ ਹੁੰਦਾ ਹੈ ਅਤੇ ਚਮੜਾ ਸੁੱਕਣ ਦੇ ਕਾਰਨ ਛੇਤੀ ਟੁੱਟ ਜਾਂਦਾ ਹੈ। ਜੁੱਤੀ ਨੂੰ ਰੱਖਣ ਲਈ ਵਧੀਆ ਜਗ੍ਹਾ ਉਹ ਹੈ ਜਿਥੇ ਰੌਸ਼ਨੀ ਨਾ ਹੋਵੇ, ਉਸ ਜਗ੍ਹਾ ਥੋੜ੍ਹੀ ਹਵਾ ਆਉਂਦੀ-ਜਾਂਦੀ ਹੋਵੇ ਤਾਂ ਕਿ ਜੁੱਤੀ 'ਤੇ ਫਫੂੰਦੀ ਨਾ ਲੱਗੇ। * ਹਰ ਰੋਜ਼ ਇਕ ਹੀ ਜੁੱਤੀ ਦੇ ਜੋੜੇ ਨੂੰ ਨਾ ਪਹਿਨੋ, ਕਿਉਂਕਿ ਚਮੜੇ ਦੀ ਜੁੱਤੀ ਪੈਰਾਂ ਦੀ ਨਮੀ ਸੋਖਦੀ ਹੈ ਅਤੇ ਇਸ ਨਮੀ ਨੂੰ ਸੁੱਕਣ ਵਿਚ ਸਮਾਂ ਲਗਦਾ ਹੈ। ਜੇ ਹਰ ਰੋਜ਼ ਇਨ੍ਹਾਂ ਨੂੰ ਪਹਿਨੋਗੇ ਤਾਂ ਜੁੱਤੀ ਛੇਤੀ ਫਟ ਜਾਵੇਗੀ।
* ਚਮੜੇ ਦੀ ਜੁੱਤੀ ਨੂੰ ਪਲਾਸਟਿਕ ਬੈਗ ਵਿਚ ਨਾ ਰੱਖੋ, ਕਿਉਂਕਿ ਜੁੱਤੀ ਨੂੰ ਹਵਾ ਨਹੀਂ ਲੱਗ ਸਕੇਗੀ। ਜੁੱਤੀ ਨੂੰ ਅਜਿਹੇ ਬੈਗ ਵਿਚ ਪਾ ਕੇ ਰੱਖੋ ਕਿ ਉਸ ਨੂੰ ਹਵਾ ਲਗਦੀ ਰਹੇ।
* ਚਮੜੇ ਦੀ ਜੁੱਤੀ ਨੂੰ ਪਹਿਨਣ ਤੋਂ ਪਹਿਲਾਂ ਨਰਮ ਕੱਪੜੇ ਨਾਲ ਸਾਫ਼ ਕਰੋ, ਫਿਰ ਚਾਹੋ ਤਾਂ ਪਾਲਿਸ਼ ਕਰੋ। ਚਮੜੇ ਦੀ ਜੁੱਤੀ ਦੀ ਸਫ਼ਾਈ ਨਿਯਮਤ ਕਰਨੀ ਚਾਹੀਦੀ ਹੈ ਤਾਂ ਹੀ ਇਨ੍ਹਾਂ ਦੀ ਉਮਰ ਵਧਾਈ ਜਾ ਸਕਦੀ ਹੈ।
* ਚਮੜੇ ਦੀ ਜੁੱਤੀ ਨੂੰ ਪਾਣੀ ਤੋਂ ਬਚਾ ਕੇ ਰੱਖੋ।


-ਸੁਨੀਤਾ ਗਾਬਾ

ਆਜ਼ਾਦ ਸੋਚ ਨਾਲ ਹੀ ਹੋਵੇਗੀ ਔਰਤ ਆਜ਼ਾਦ

ਪੰਜਾਬ ਗੁਰੂਆਂ, ਪੀਰਾਂ ਦੀ ਧਰਤੀ ਹੈ। ਪੰਜਾਬੀਆਂ ਨੇ ਹਮੇਸ਼ਾ ਵੈਰੀ ਦਾ ਸਾਹਮਣਾ ਡਟ ਕੇ ਅਤੇ ਹੱਸਦਿਆਂ ਕੀਤਾ ਹੈ। ਸਾਨੂੰ ਮਾਣ ਹੈ ਕਿ ਪੰਜਾਬ ਦੀ ਧਰਤੀ ਅਤੇ ਪੰਜਾਬੀਆਂ ਨੂੰ ਬਾਬਾ ਫ਼ਰੀਦ ਜੀ ਤੋਂ ਲੈ ਕੇ ਗੁਰੂ ਸਾਹਿਬਾਨ ਜੀ ਦੀ ਬਾਣੀ ਦੀ ਰੂਹਾਨੀਅਤ ਨਸੀਬ ਹੋਈ। ਸਾਡੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੁਰਬਾਣੀ ਵਿਚ ਸ਼ਬਦ ਉਚਾਰਿਆ 'ਸੋ ਕਿਉ ਮੰਦਾ ਆਖੀਐ, ਜਿਤੁ ਜੰਮਹਿ ਰਾਜਾਨ॥' ਗੁਰੂ ਜੀ ਨੇ ਭਾਰਤ ਵਿਚ ਸਦੀਆਂ ਤੋਂ ਹੋ ਰਹੇ ਔਰਤਾਂ ਨਾਲ ਪਸ਼ੂਆਂ ਸਮਾਨ ਜ਼ੁਲਮਾਂ ਵਿਰੁੱਧ ਆਵਾਜ਼ ਬੁਲੰਦ ਹੀ ਨਹੀਂ ਕੀਤੀ, ਸਗੋਂ ਔਰਤਾਂ ਨੂੰ ਬਣਦਾ ਮਾਣ-ਸਤਿਕਾਰ ਬਖਸ਼ਿਆ ਵੀ ਹੈ। ਇਸੇ ਕਰਕੇ ਸਿੱਖ ਧਰਮ ਵਿਚ ਜਿੱਥੇ ਮਰਦ ਭਗਤ ਤੇ ਸੂਰਮੇ ਹੋਏ, ਉੱਥੇ ਬੇਬੇ ਨਾਨਕੀ ਜੀ, ਮਾਈ ਭਾਗੋ ਜੀ, ਬੀਬੀ ਭਾਨੀ ਜੀ, ਬੀਬੀ ਖੀਵੀ ਜੀ, ਮਾਤਾ ਸੁੰਦਰੀ ਜੀ, ਮਾਤਾ ਪੰਜਾਬ ਕੌਰ ਜੀ, ਮਾਤਾ ਗੁਜਰੀ ਜੀ ਵਰਗੀਆਂ ਮਹਾਨ ਸਤਿਕਾਰਯੋਗ ਔਰਤਾਂ ਨੇ ਵੀ ਬਹੁਮੁੱਲਾ ਯੋਗਦਾਨ ਪਾ ਕੇ ਸਿੱਖ ਧਰਮ ਨੂੰ ਮਜ਼ਬੂਤ ਕੀਤਾ ਹੈ।
ਪਰ ਅੱਜਕਲ੍ਹ ਭਾਰਤ ਹੀ ਨਹੀਂ, ਪੂਰੇ ਵਿਸ਼ਵ ਅੰਦਰ ਔਰਤਾਂ 'ਤੇ ਹੋ ਰਹੇ ਅੱਤਿਆਚਾਰਾਂ ਦੀ ਕੋਈ ਕਮੀ ਨਹੀਂ, ਜੋ ਸੋਸ਼ਲ ਮੀਡੀਆ ਕਰਕੇ ਸਭ ਦੇ ਸਾਹਮਣੇ ਆ ਰਹੇ ਹਨ। ਪਰ ਭਾਰਤ ਵਰਗੇ ਮੁਲਕ ਵਿਚ ਔਰਤਾਂ 'ਤੇ ਜ਼ੁਲਮ ਦਾ ਹੋਣਾ ਇਕ ਸ਼ਰਮਨਾਕ ਵਰਤਾਰਾ ਹੈ, ਕਿਉਂਕਿ ਇੱਥੇ ਔਰਤ ਨੂੰ ਹੀ ਦੇਵੀ ਮੰਨ ਕੇ ਪੂਜਿਆ ਜਾਂਦਾ ਹੈ। ਕੁਝ ਮੌਕਿਆਂ 'ਤੇ ਔਰਤ ਹੀ ਔਰਤ ਦੀ ਵੈਰੀ ਬਣਦੀ ਨਜ਼ਰੀਂ ਪੈਂਦੀ ਹੈ। ਪਰ ਫਿਰ ਵੀ ਔਰਤਾਂ ਪ੍ਰਤੀ ਭਾਰਤੀ ਕਾਨੂੰਨ ਵੀ ਘੱਟ ਜਾਪਦਾ ਹੈ, ਕਿਉਂਕਿ ਅਦਾਲਤਾਂ ਵਿਚ ਫ਼ੈਸਲੇ ਜਲਦੀ ਨਹੀਂ ਹੁੰਦੇ, ਜਿਸ ਕਰਕੇ ਦੋਸ਼ੀ ਬਿਨਾਂ ਸਜ਼ਾ ਦੇ ਹੀ ਬਰੀ ਹੋ ਜਾਂਦੇ ਹਨ। ਨਤੀਜੇ ਵਜੋਂ ਸ਼ਰਾਰਤੀ ਅਨਸਰਾਂ ਨੂੰ ਦੁਸ਼ਕਰਮ ਕਰਨ ਦਾ ਬਲ ਮਿਲਦਾ ਹੈ। ਇਸ ਲਈ ਸਾਨੂੰ ਸਾਡੇ ਸਿੱਖਿਆ ਤੰਤਰ ਅਤੇ ਲੋਕਤੰਤਰ ਵਿਚ ਔਰਤਾਂ ਦੇ ਮਾਣ-ਸਨਮਾਨ ਲਈ ਠੋਸ ਤਬਦੀਲੀ ਕਰਨੀ ਚਾਹੀਦੀ ਹੈ। ਸਿੱਖਿਆ ਦੇ ਖੇਤਰ ਵਿਚ ਇਹ ਉਪਰਾਲੇ ਹੋਣੇ ਚਾਹੀਦੇ ਹਨ :
ਪ੍ਰਾਇਮਰੀ ਪੱਧਰ ਦੀ ਪੜ੍ਹਾਈ ਵਿਚ ਸਿਲੇਬਸ ਵਿਚ ਮਹਾਨ ਔਰਤਾਂ ਦੇ ਜੀਵਨ ਬਾਰੇ ਪਾਠ ਸ਼ਾਮਿਲ ਹੋਣ। ਬੱਚਿਆਂ ਨੂੰ ਮਾਵਾਂ, ਭੈਣਾਂ ਪ੍ਰਤੀ ਆਦਰ ਭਾਵ ਪੈਦਾ ਕਰਨ ਅਤੇ ਹੋਰ ਕੁੜੀਆਂ ਲਈ ਇੱਜ਼ਤ ਦੀ ਭਾਵਨਾ ਪੈਦਾ ਕਰਨ ਲਈ ਮਾਂ ਦਿਵਸ ਮੌਕੇ ਜਾਂ ਔਰਤ ਦਿਵਸ ਮੌਕੇ ਹਰ ਸਕੂਲ ਵਿਚ ਬੱਚਿਆਂ ਕੋਲੋਂ ਉਨ੍ਹਾਂ ਦੀਆਂ ਮਾਵਾਂ, ਭੈਣਾਂ ਦੇ ਚਰਨ ਧੁਆਏ ਜਾਣ। ਆਪਣੀ ਮਾਤਾ, ਭੈਣ ਦਾ ਕਹਿਣਾ ਮੰਨਣ ਵਾਲੇ ਬੱਚਿਆਂ ਨੂੰ ਇਨਾਮ ਦਿੱਤੇ ਜਾਣ। ਕਾਲਜ ਪੱਧਰ ਤੱਕ ਦੇ ਸਿਲੇਬਸ ਵਿਚ ਵੀ ਔਰਤਾਂ ਦੇ ਹੱਕਾਂ ਅਤੇ ਮਾੜੇ ਵਰਤਾਰੇ ਦੀ ਸਜ਼ਾ ਬਾਰੇ ਪਾਠ ਸ਼ਾਮਿਲ ਹੋਵੇ। ਕੁੜੀਆਂ ਲਈ ਸਵੈ-ਰੱਖਿਆ ਲਈ ਗਤਕਾ ਜਾਂ ਮਾਰਸ਼ਲ ਆਰਟ ਦੀ ਟ੍ਰੇਨਿੰਗ ਲਾਜ਼ਮੀ ਤੌਰ 'ਤੇ ਪ੍ਰਾਇਮਰੀ ਤੋਂ ਕਾਲਜ ਪੱਧਰ ਤੱਕ ਹੋਵੇ, ਜਿਸ ਨਾਲ ਕੁੜੀਆਂ ਅੰਦਰ ਸਵੈ-ਮਾਣ ਅਤੇ ਆਤਮ-ਵਿਸ਼ਵਾਸ ਵਧੇਗਾ। ਲੜਕਿਆਂ ਨੂੰ ਵੀ ਕੁੜੀਆਂ ਪ੍ਰਤੀ ਹਾਂ-ਪੱਖੀ ਸੋਚ ਵਿਕਸਤ ਕਰਨੀ ਪਵੇਗੀ। ਮੁੰਡੇ ਕੁੜੀਆਂ ਨੂੰ ਹਵਸ ਦੀ ਭਾਵਨਾ ਨਾਲੋਂ ਕੁਦਰਤ ਦੇ ਬਣਾਏ ਜੀਵਾਂ ਵਾਂਗ ਬਰਾਬਰ ਸਮਝਣ ਕਿ ਕੁੜੀਆਂ ਤੇ ਮੁੰਡੇ ਇਕ ਸਮਾਨ ਹਨ, ਪਰ ਦੋਹਾਂ ਵਿਚ ਸਰੀਰਕ ਤੌਰ 'ਤੇ ਕੁਝ ਅੰਤਰ ਹੈ, ਜੋ ਕੁਦਰਤ ਵਲੋਂ ਜ਼ਰੂਰਤ ਅਨੁਸਾਰ ਬਖਸ਼ਿਆ ਹੈ।
ਜੇਕਰ ਕੋਈ ਮਰਦ ਕਿਸੇ ਵੀ ਥਾਂ 'ਤੇ ਔਰਤ ਪ੍ਰਤੀ ਮਾੜੀ ਸੋਚ ਜਾਂ ਹਰਕਤ ਕਰਦਾ ਹੈ ਤਾਂ ਬਿਨਾਂ ਕਿਸੇ ਰਾਜਨੀਤਕ ਦਖ਼ਲ ਤੋਂ ਜਲਦੀ ਕਾਨੂੰਨ ਅਨੁਸਾਰ ਸਜ਼ਾ ਮਿਲੇ। ਇਕ ਜਾਂ ਦੋ ਮਹੀਨੇ ਅੰਦਰ ਜਬਰ ਜਨਾਹ ਵਰਗੀ ਘਟੀਆ ਹਰਕਤ ਕਰਨ ਵਾਲੇ ਮੁਲਜ਼ਮ ਨੂੰ ਜਾਂਚ ਕਰਕੇ ਦੋਸ਼ੀ ਪਾਏ ਜਾਣ 'ਤੇ ਮੌਤ ਦੀ ਹੀ ਸਜ਼ਾ ਦਿੱਤੀ ਜਾਵੇ। ਦੇਰੀ ਨਾਲ ਫੈਸਲਾ ਦੇਣ ਵਾਲੇ ਜੱਜ, ਝੂਠਾ ਕੇਸ ਲੜਨ ਵਾਲੇ ਵਕੀਲ ਅਤੇ ਪੁਲਿਸ ਰਿਪੋਰਟ ਦਰਜ ਨਾ ਕਰਨ ਵਾਲੇ ਪੁਲਿਸ ਕਰਮਚਾਰੀ ਖ਼ਿਲਾਫ਼ ਵੀ ਵਿਭਾਗੀ ਕਾਰਵਾਈ ਯਕੀਨੀ ਹੋਵੇ। ਜੇਕਰ ਕੋਈ ਨੇਤਾ, ਅਧਿਕਾਰੀ ਜਬਰ ਜਨਾਹ ਦੇ ਦੋਸ਼ੀ ਦੀ ਮਦਦ ਕਰਦਾ ਸਾਬਤ ਹੋਵੇ ਤਾਂ ਉਸ ਨੂੰ ਭਾਰੀ ਜੁਰਮਾਨਾ ਕਰਨ ਦੇ ਨਾਲ-ਨਾਲ ਉਮਰ ਭਰ ਲਈ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ। ਇਸ ਦੇ ਨਾਲ ਔਰਤਾਂ ਦੇ ਨਾਲ-ਨਾਲ ਬੱਚੀਆਂ ਦੇ ਮਾਪਿਆਂ ਅੰਦਰ ਵੀ ਸੁਰੱਖਿਆ ਦੀ ਭਾਵਨਾ ਪੈਦਾ ਹੋਵੇਗੀ ਅਤੇ ਔਰਤਾਂ ਖ਼ਿਲਾਫ਼ ਹੋ ਰਹੇ ਅੱਤਿਆਚਾਰਾਂ ਨੂੰ ਠੱਲ੍ਹ ਪਵੇਗੀ। ਨਤੀਜੇ ਵਜੋਂ ਕੋਈ ਵੀ ਨਿਰਭੈਆ ਤੇ ਆਸਿਫ਼ਾ ਬਾਨੋ ਨੂੰ ਇਸ ਸ਼ਰਮਨਾਕ ਘਟਨਾ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ। ਹੁਣ ਲੋੜ ਹੈ ਕਿ ਅਦਾਲਤਾਂ ਅੰਦਰ ਲੱਗੀ ਅੱਖਾਂ ਉੱਤੇ ਪੱਟੀ ਬੰਨ੍ਹੀ ਇਨਸਾਫ ਦੀ ਦੇਵੀ ਨੂੰ ਅੱਖਾਂ ਉੱਪਰਲੀ ਪੱਟੀ ਖੋਲ੍ਹ ਕੇ ਸਬੂਤਾਂ ਦੇ ਆਧਾਰ 'ਤੇ ਸੱਚ ਤੇ ਝੂਠ ਦਾ ਫੈਸਲਾ ਹਫਤੇ ਅੰਦਰ ਕਰਨ ਦੀ। ਹੋਰ ਕਾਨੂੰਨ ਬਣਾਉਣ ਨਾਲੋਂ ਬਣੇ ਹੋਏ ਕਾਨੂੰਨਾਂ ਨੂੰ ਹੀ ਇਮਾਨਦਾਰੀ ਨਾਲ ਲਾਗੂ ਕਰਨਾ ਚਾਹੀਦਾ ਹੈ। ਇਸ ਲਈ ਹਰ ਭਾਰਤੀ ਨੂੰ ਸਿੱਖਿਅਤ ਹੋਣਾ ਪੈਣਾ ਹੈ ਅਤੇ ਜ਼ੁਲਮ ਖਿਲਾਫ਼ ਡਟ ਕੇ, ਨਿਡਰ ਹੋ ਕੇ ਆਵਾਜ਼ ਬੁਲੰਦ ਕਰਨੀ ਪੈਣੀ ਹੈ, ਕਿਉਂਕਿ ਸਾਡੇ ਸਭ ਦੇ ਘਰਾਂ ਅੰਦਰ ਧੀਆਂ ਹਨ। ਘਰ ਅੰਦਰ ਹੀ ਧੀਆਂ ਨੂੰ ਪੁੱਤਾਂ ਸਮਾਨ ਪਿਆਰ, ਝਿੜਕ, ਸਨਮਾਨ ਦੇਣਾ ਪਵੇਗਾ।


-ਨੰਗਲ ਅੰਬੀਆ (ਸ਼ਾਹਕੋਟ)। ਮੋਬਾ: 97791-91447

ਸਾਵਧਾਨੀ ਵਰਤੋਂ ਸਬਜ਼ੀ ਖਰੀਦਦੇ ਸਮੇਂ

ਬੈਂਗਣ : ਖਰੀਦਦੇ ਸਮੇਂ ਧਿਆਨ ਰੱਖੋ ਕਿ ਉਹ ਗੋਲ, ਵੱਡੇ ਅਤੇ ਹਲਕੇ ਭਾਰ ਵਾਲੇ ਹੀ ਹੋਣ। ਛੋਟੇ-ਲੰਬੇ ਬੈਂਗਣ ਖਰੀਦਦੇ ਸਮੇਂ ਧਿਆਨ ਹੋਵੇ ਕਿ ਸੁਰਾਖ ਵਾਲੇ ਬੈਂਗਣ ਨਾ ਖਰੀਦੋ। ਉਨ੍ਹਾਂ ਵਿਚ ਕੀੜੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ। ਜ਼ਿਆਦਾ ਚਮਕ ਵਾਲੇ ਬੈਂਗਣ ਨਾ ਖਰੀਦੋ। ਬੇਹੇ ਬੈਂਗਣ 'ਤੇ ਤੇਲ ਲਗਾ ਕੇ ਦੁਕਾਨਦਾਰ ਤਾਜ਼ਾ ਕਹਿ ਕੇ ਵੇਚਦੇ ਹਨ ਜਾਂ ਫਿਰ ਅਜਿਹੇ ਬੈਂਗਣ 'ਤੇ ਰਸਾਇਣਕ ਤੱਤ ਲੱਗੇ ਹੋ ਸਕਦੇ ਹਨ।
ਫੁੱਲ ਗੋਭੀ : ਹਮੇਸ਼ਾ ਹਲਕੇ ਪੀਲੇ ਰੰਗ ਵਾਲੀ, ਗਠੀ ਹੋਈ, ਘੱਟ ਡੰਡਲ ਵਾਲੀ ਗੋਭੀ ਖਰੀਦੋ। ਪੀਲੀ, ਛਿਤਰੀ ਹੋਈ, ਮੁਰਝਾਈ ਗੋਭੀ ਨਾ ਖਰੀਦੋ। ਗੋਭੀ ਦਾ ਫੁੱਲ ਜ਼ਿਆਦਾ ਵੱਡਾ ਨਹੀਂ ਹੋਣਾ ਚਾਹੀਦਾ। ਦਰਮਿਆਨੇ ਆਕਾਰ ਦੇ ਫੁੱਲ ਠੀਕ ਰਹਿੰਦੇ ਹਨ। ਫੁੱਲ ਨੂੰ ਚਾਰ-ਚੁਫੇਰਿਓਂ ਚੰਗੀ ਤਰ੍ਹਾਂ ਦੇਖ ਲਓ। ਕਿਤੇ ਕੀੜੇ ਦਿਖਾਈ ਦੇਣ ਤਾਂ ਉਸ ਨੂੰ ਕਦੇ ਨਾ ਖਰੀਦੋ।
ਟਮਾਟਰ : ਹਮੇਸ਼ਾ ਸਖ਼ਤ, ਲਾਲ ਖਰੀਦੋ। ਹਰੇ ਟਮਾਟਰ ਗਲੇ ਵਿਚ ਖਰਾਸ਼ ਪੈਦਾ ਕਰਦੇ ਹਨ। ਮੋਟੀ ਛਿੱਲ ਵਾਲੇ ਟਮਾਟਰ ਕੱਟਣ ਵਿਚ ਔਖ ਮਹਿਸੂਸ ਹੁੰਦੀ ਹੈ। ਢਿੱਲੇ ਟਮਾਟਰ ਨਾ ਖਰੀਦੋ।
ਆਲੂ : ਆਲੂ ਕਦੇ ਵੀ ਬਹੁਤ ਮੋਟੇ ਨਾ ਖਰੀਦੋ। ਦਰਮਿਆਨੇ ਆਕਾਰ ਵਾਲੇ ਖਰੀਦੋ। ਆਲੂ ਜੋ ਹਰੀ ਛਿੱਲ ਵਾਲੇ ਹੁੰਦੇ ਹਨ ਜਾਂ ਪੁੰਗਰੇ ਹੁੰਦੇ ਹਨ, ਉਹ ਨਾ ਖਰੀਦੋ। ਚਪਟਾ ਆਲੂ ਵਧੀਆ ਮੰਨਿਆ ਜਾਂਦਾ ਹੈ।
ਪਿਆਜ਼ ਖਰੀਦਦੇ ਸਮੇਂ ਧਿਆਨ ਦਿਓ ਕਿ ਪਿਆਜ਼ ਸੁੱਕਾ, ਲਾਲ, ਪਤਲੀ ਛਿੱਲ ਅਤੇ ਇਕ ਗੰਢ ਵਾਲਾ ਹੋਣਾ ਚਾਹੀਦਾ ਹੈ। ਗਿੱਲਾ ਪਿਆਜ਼ ਨਾ ਖਰੀਦੋ। ਉਹ ਛੇਤੀ ਗਲ਼ ਜਾਂਦਾ ਹੈ।
ਜ਼ਿਆਦਾ ਗੰਢਾਂ ਵਾਲਾ, ਟੇਢਾ-ਮੇਢਾ ਅਦਰਕ ਨਾ ਖਰੀਦੋ। ਪਤਲੀ ਛਿੱਲ ਵਾਲਾ, ਬਿਨਾਂ ਦਾਗ ਵਾਲਾ, ਚਿਕਨਾ ਨਿੰਬੂ ਚੰਗਾ ਹੁੰਦਾ ਹੈ। ਇਸੇ ਤਰ੍ਹਾਂ ਘੀਆ, ਟਿੰਡਾ ਹਲਕੇ-ਹਲਕੇ ਰੋਂਏ ਵਾਲਾ, ਹਰੇ ਰੰਗ ਦਾ ਦੇਖਣ ਵਿਚ ਨਰਮ ਹੋਵੇ, ਤਾਂ ਹੀ ਖਰੀਦੋ। ਟੇਢੀ-ਮੇਢੀ ਪੀਲੀ ਲੌਕੀ, ਟਿੰਡਾ ਨਾ ਖਰੀਦੋ।
ਫਰਿੱਜ ਵਿਚ ਸਬਜ਼ੀਆਂ ਧੋ ਕੇ, ਪੂੰਝ ਕੇ, ਲਿਫਾਫਿਆਂ ਵਿਚ ਪਾ ਕੇ ਰੱਖੋ। ਆਲੂ, ਪਿਆਜ ਵੱਖ-ਵੱਖ ਖੁੱਲ੍ਹੀਆਂ ਟੋਕਰੀਆਂ ਵਿਚ ਰੱਖੋ। ਲੋੜ ਅਨੁਸਾਰ ਸਬਜ਼ੀ ਖਰੀਦੋ। ਸਾਗ ਵਗੈਰਾ ਇਕ ਵਾਰ ਵਿਚ ਉਬਾਲ ਕੇ ਫਰਿੱਜ ਵਿਚ ਰੱਖ ਸਕਦੇ ਹੋ। ਛੇਤੀ ਖਰਾਬ ਹੋਣ ਵਾਲੀਆਂ ਸਬਜ਼ੀਆਂ ਦੀ ਵਰਤੋਂ ਛੇਤੀ ਕਰ ਲਓ।
ਸਬਜ਼ੀ ਖਰੀਦਣ ਜਾਣ ਸਮੇਂ ਘਰੋਂ ਥੈਲਾ ਲੈ ਕੇ ਜਾਓ। ਕੱਟੀਆਂ ਹੋਈਆਂ ਸਬਜ਼ੀਆਂ ਜਿਵੇਂ ਪੇਠਾ, ਕਟਹਿਲ ਜਦੋਂ ਵੀ ਖ਼ਰੀਦੋ, ਉਨ੍ਹਾਂ ਨੂੰ ਚੰਗੀ ਤਰ੍ਹਾਂ ਧੋ ਕੇ ਉਸੇ ਦਿਨ ਵਰਤੋਂ ਵਿਚ ਲਿਆਓ। ਜ਼ਿਆਦਾ ਦਿਨ ਤੱਕ ਰੱਖਣ ਨਾਲ ਰੋਗ ਦੇ ਕੀਟਾਣੂ ਪੈਦਾ ਹੋ ਸਕਦੇ ਹਨ। ਮਸ਼ਰੂਮ ਆਦਿ ਵੀ ਛੇਤੀ ਵਰਤ ਲਓ। ਮਟਰ, ਹਰਾ ਛੋਲੀਆ ਛਿੱਲ ਕੇ ਥੈਲੀਆਂ ਵਿਚ ਪਾ ਕੇ ਰੱਖ ਸਕਦੇ ਹੋ।


-ਨੀਤੂ ਗੁਪਤਾ

ਬਾਰਿਸ਼ ਵਿਚ ਅੱਖਾਂ ਦਾ ਰੱਖੋ ਖਾਸ ਖਿਆਲ

ਮੌਨਸੂਨ ਵਿਚ ਬਾਰਿਸ਼ ਬੱਚਿਆਂ ਅਤੇ ਨੌਜਵਾਨਾਂ ਦੇ ਚਿਹਰੇ 'ਤੇ ਖੁਸ਼ੀ ਹੀ ਨਹੀਂ, ਵਾਇਰਲ ਅਤੇ ਬੈਕਟੀਰੀਅਲ ਰੋਗ ਦੀਆਂ ਸੰਭਾਵਨਾਵਾਂ ਵੀ ਨਾਲ ਲਿਆਉਂਦੀ ਹੈ। ਇਸ ਤਰ੍ਹਾਂ ਮੌਨਸੂਨ ਸਾਡੇ ਸਰੀਰ ਦੇ ਸਭ ਤੋਂ ਸੰਵੇਦਨਸ਼ੀਲ ਹਿੱਸੇ 'ਅੱਖਾਂ' ਵਿਚ ਕੁਝ ਹਾਨੀਕਾਰਕ ਸਮੱਸਿਆਵਾਂ ਵੀ ਪੈਦਾ ਕਰਦੀ ਹੈ।
* ਤੰਦਰੁਸਤ ਰਹੋ : ਹਮੇਸ਼ਾ ਆਪਣੀਆਂ ਅੱਖਾਂ ਦੇ ਨੇੜੇ ਆਉਣ ਵਾਲੇ ਕੱਪੜਿਆਂ ਅਤੇ ਆਪਣੇ ਹੱਥਾਂ ਨੂੰ ਸਾਫ਼ ਰੱਖੋ। ਆਪਣੇ ਨਿੱਜੀ ਸਾਮਾਨ ਜਿਵੇਂ ਤੌਲੀਆ, ਚਸ਼ਮਾ, ਕੰਟੈਕਟ ਲੈਂਜ਼ ਆਦਿ ਕਿਸੇ ਦੇ ਨਾਲ ਸਾਂਝੇ ਨਾ ਕਰੋ। ਜਦੋਂ ਵੀ ਤੁਸੀਂ ਆਪਣੇ ਘਰੋਂ ਬਾਹਰ ਜਾਂਦੇ ਹੋ ਤਾਂ ਧੁੱਪ ਦਾ ਚਸ਼ਮਾ ਜਾਂ ਚਸ਼ਮਾ ਪਹਿਨੋ। ਉਹ ਬਾਹਰੀ ਤੱਤਾਂ ਨੂੰ ਸਾਡੀਆਂ ਅੱਖਾਂ ਵਿਚ ਦਾਖ਼ਲ ਹੋਣ ਤੋਂ ਰੋਕਦੇ ਹਨ।
* ਆਪਣੀਆਂ ਅੱਖਾਂ ਦਾ ਬਹੁਤ ਸਾਵਧਾਨੀ ਨਾਲ ਇਲਾਜ ਕਰੋ : ਰੋਜ਼ਾਨਾ ਠੰਢੇ ਪਾਣੀ ਨਾਲ ਆਪਣੀਆਂ ਅੱਖਾਂ ਧੋਵੋ। ਜਾਗਣ ਜਾਂ ਕੰਟੈਕਟ ਲੈਂਜ਼ ਨੂੰ ਹਟਾਉਣ ਤੋਂ ਬਾਅਦ ਆਪਣੀਆਂ ਅੱਖਾਂ ਨੂੰ ਜ਼ੋਰ ਨਾਲ ਨਾ ਰਗੜੋ, ਕਿਉਂਕਿ ਇਹ ਕਾਰਨੀਆ ਨੂੰ ਸਥਾਈ ਰੂਪ ਨਾਲ ਨੁਕਸਾਨ ਪਹੁੰਚਾ ਸਕਦਾ ਹੈ।
* ਕੰਟੈਕਟ ਲੈਂਜ਼ ਨਾ ਪਹਿਨੋ : ਮੌਨਸੂਨ ਦੌਰਾਨ ਕੰਟੈਕਟ ਲੈਂਜ਼ ਨਾ ਪਹਿਨੋ, ਕਿਉਂਕਿ ਇਹ ਅੱਖਾਂ ਵਿਚ ਬਹੁਤ ਜ਼ਿਆਦਾ ਸੁੱਕੇਪਣ ਦਾ ਕਾਰਨ ਬਣ ਸਕਦੇ ਹਨ, ਜਿਸ ਨਾਲ ਅੱਖਾਂ ਲਾਲ ਹੋ ਸਕਦੀਆਂ ਹਨ ਅਤੇ ਉਨ੍ਹਾਂ ਵਿਚ ਜਲਣ ਹੋ ਸਕਦੀ ਹੈ। ਆਪਣੇ ਚਸ਼ਮੇ ਨੂੰ ਸਾਫ਼ ਅਤੇ ਸੁੱਕਾ ਰੱਖੋ।
* ਪਾਣੀ ਵਾਲੇ ਖੇਤਰਾਂ ਤੋਂ ਬਚੋ : ਪਾਣੀ ਵਾਲੇ ਖੇਤਰਾਂ ਤੋਂ ਬਚੋ, ਕਿਉਂਕਿ ਉਨ੍ਹਾਂ ਵਿਚ ਬਹੁਤ ਸਾਰੇ ਵਾਇਰਸ, ਬੈਕਟੀਰੀਆ ਅਤੇ ਫੰਗਸ ਹੁੰਦੇ ਹਨ ਜੋ ਆਸਾਨੀ ਨਾਲ ਸੰਕ੍ਰਮਿਤ ਹੋ ਸਕਦੇ ਹਨ ਅਤੇ ਨੁਕਸਾਨ ਪਹੁੰਚਾ ਸਕਦੇ ਹਨ।
* ਭੋਜਨ ਦਾ ਖਿਆਲ ਰੱਖੋ : ਕਿਸੇ ਵੀ ਰੋਗ ਨਾਲ ਲੜਨ ਲਈ ਆਪਣੇ ਸਰੀਰ ਨੂੰ ਤੰਦਰੁਸਤ ਅਤੇ ਪ੍ਰਤੀਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਬਣਾਈ ਰੱਖਣ ਲਈ ਸੰਤੁਲਤ ਅਤੇ ਸਿਹਤਦਾਇਕ ਭੋਜਨ ਲਓ।
ਆਮ ਤੌਰ 'ਤੇ ਬਰਸਾਤ ਦੇ ਮੌਸਮ ਦੌਰਾਨ ਹੋਣ ਵਾਲੇ ਰੋਗ ਨਾ ਸਿਰਫ ਡਰਾਉਣ ਵਾਲੇ, ਸਗੋਂ ਬਹੁਤ ਹਾਨੀਕਾਰਕ ਵੀ ਹੁੰਦੇ ਹਨ। ਸਾਡੀਆਂ ਅੱਖਾਂ ਵਿਚ ਹੋਣ ਵਾਲੇ ਸਭ ਤੋਂ ਆਮ ਰੋਗ ਹਨ 'ਕੰਜ਼ਕਿਟਵਾਇਟਿਸ' ਜਾਂ ਆਮ ਤੌਰ 'ਤੇ ਆਈ ਫਲੂ, ਸਟਾਈ ਅਤੇ ਕਾਰਨੀਅਲ ਅਲਸਰ।


-ਆਈ.ਏ.ਐਨ.ਐਸ.
ਨਵੀਂ ਦਿੱਲੀ।

ਘਰ ਵਿਚ ਬਿਜਲੀ ਦੀ ਵਰਤੋਂ ਕਰਦਿਆਂ ਕਦੀ ਲਾਪ੍ਰਵਾਹ ਨਾ ਹੋਵੋ

ਅੱਜ ਬਿਜਲੀ ਸਾਡੇ ਜੀਵਨ ਦਾ ਇਕ ਅਹਿਮ ਹਿੱਸਾ ਬਣ ਗਈ ਹੈ। ਰੋਜ਼ਾਨਾ ਕੰਮ-ਕਾਰ ਵਿਚ ਜੇਕਰ ਸਾਵਧਾਨੀ ਨਾ ਵਰਤੀ ਜਾਵੇ ਤਾਂ ਕਰੰਟ ਲੱਗਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਕਦੇ-ਕਦੇ ਇਹ ਕਰੰਟ ਜਾਨਲੇਵਾ ਵੀ ਹੋ ਸਕਦਾ ਹੈ। ਬਿਜਲੀ ਦੇ ਕਰੰਟ ਤੋਂ ਬਚਣ ਲਈ ਸਾਨੂੰ ਹੇਠ ਲਿਖੀਆਂ ਹਦਾਇਤਾਂ ਵੱਲ ਧਿਆਨ ਦੇਣਾ ਹੀ ਹੋਵੇਗਾ :
* ਬਿਜਲੀ ਦੇ ਕੁਨੈਕਸ਼ਨ ਦਾ ਅਰਥ ਠੀਕ ਹੋਣਾ ਚਾਹੀਦਾ ਹੈ। ਅਰਥ ਠੀਕ ਹੋਣ ਨਾਲ ਬਿਜਲੀ ਦੇ ਲੀਕ ਹੋਣ 'ਤੇ ਕਰੰਟ ਧਰਤੀ ਦੇ ਥੱਲੇ ਚਲਿਆ ਜਾਂਦਾ ਹੈ। ਜੇਕਰ ਅਰਥ ਠੀਕ ਨਹੀਂ ਹੈ ਤਾਂ ਇਹ ਕਰੰਟ ਤੁਹਾਡੇ ਅੰਦਰ ਦੀ ਲੰਘ ਕੇ ਧਰਤੀ ਦੇ ਥੱਲੇ ਜਾਵੇਗਾ। ਇਸ ਤਰ੍ਹਾਂ ਅਰਥ ਠੀਕ ਨਾ ਹੋਣ 'ਤੇ ਇਹ ਕਰੰਟ ਤੁਹਾਡੇ ਲਈ ਖ਼ਤਰਨਾਕ ਹੋ ਸਕਦਾ ਹੈ।
* ਚੱਲਦੇ ਬਿਜਲੀ ਦੇ ਕਿਸੇ ਵੀ ਸਾਮਾਨ ਜਾਂ ਬਟਨ ਨੂੰ ਛੂੰਹਦੇ ਸਮੇਂ ਪੈਰਾਂ ਆਦਿ ਵਿਚ ਰਬੜ ਦੀਆਂ ਚੱਪਲਾਂ ਜਾਂ ਬੂਟ ਪਹਿਨੇ ਹੋਣੇ ਚਾਹੀਦੇ ਹਨ। ਇਸ ਤਰ੍ਹਾਂ ਕਰੰਟ ਦਾ ਖ਼ਤਰਾ ਟਲ ਜਾਵੇਗਾ।
* ਗਿੱਲੀ ਥਾਂ ਜਾਂ ਫਰਸ਼ ਆਦਿ 'ਤੇ ਖੜ੍ਹੇ ਹੋ ਕੇ ਬਿਜਲੀ ਦੀ ਤਾਰ ਨੂੰ ਕਦੀ ਵੀ ਨਾ ਛੂਹੋ। ਇਸ ਤਰ੍ਹਾਂ ਕਰਨਾ ਖ਼ਤਰੇ ਤੋਂ ਖਾਲੀ ਨਹੀਂ ਹੈ।
* ਪਾਣੀ ਵਿਚ ਪਈ ਤਾਰ ਨੂੰ ਚੁੱਕਣ ਤੋਂ ਪਹਿਲਾਂ ਮੇਨ ਸਵਿਚ ਨੂੰ ਬੰਦ ਕਰ ਦਿਓ। ਇਸ ਤਰ੍ਹਾਂ ਕਰੰਟ ਲੱਗਣ ਦਾ ਖ਼ਤਰਾ ਟਲ ਜਾਵੇਗਾ।
* ਘਰ ਵਿਚ ਨੰਗੀਆਂ ਤਾਰਾ ਨੂੰ ਤੁਰੰਤ ਬਦਲਾ ਦਿਓ। * ਨੰਗੀਆਂ ਤਾਰਾਂ ਨੂੰ ਕਦੇ ਵੀ ਲੋਹੇ ਦੀ ਪਾਈਪ ਜਾਂ ਰਾਡ ਆਦਿ ਨਾਲ ਨਾ ਛੂਹਣ ਦਿਓ। ਇਸ ਤਰ੍ਹਾਂ ਕਰੰਟ ਲੱਗ ਸਕਦਾ ਹੈ। * ਛੱਤ ਉੱਤੇ ਖੇਡਦੇ ਸਮੇਂ ਮਕਾਨ ਦੇ ਨੇੜੇ ਤੋਂ ਲੰਘਦੀਆਂ ਤਾਰਾਂ ਦਾ ਧਿਆਨ ਰੱਖੋ। * ਘਰ ਵਿਚ ਬਿਜਲੀ ਦਾ ਕੰਮ ਕਰਦੇ ਸਮੇਂ ਸਭ ਤੋਂ ਪਹਿਲਾਂ ਮੇਨ ਸਵਿੱਚ ਬੰਦ ਕਰਕੇ ਪਲੱਗ ਕੱਢ ਦਿਓ। * ਬਿਜਲੀ ਨਾਲ ਚਿੰਬੜਨ ਦੀ ਹਾਲਤ ਵਿਚ ਕਦੇ ਵੀ ਪ੍ਰਭਾਵਿਤ ਵਿਅਕਤੀ ਨੂੰ ਹੱਥ ਨਾਲ ਖਿੱਚ ਕੇ ਛੁਡਾਉਣ ਦੀ ਕੋਸ਼ਿਸ਼ ਨਾ ਕਰੋ। ਇਸ ਤਰ੍ਹਾਂ ਕਰੰਟ ਤੁਹਾਨੂੰ ਵੀ ਲੱਗ ਸਕਦਾ ਹੈ। * ਜਦ ਕੋਈ ਵਿਅਕਤੀ ਬਿਜਲੀ ਨਾਲ ਚਿੰਬੜ ਜਾਂਦਾ ਹੈ ਤਾਂ ਤੁਰੰਤ ਮੇਨ ਸਵਿੱਚ ਬੰਦ ਕਰ ਦੇਣਾ ਚਾਹੀਦਾ ਹੈ। ਮੇਨ ਸਵਿੱਚ ਬੰਦ ਹੋਣ ਨਾਲ ਉਹ ਉਸ ਸਮੇਂ ਹੀ ਬਿਜਲੀ ਤੋਂ ਛੁੱਟ ਜਾਵੇਗਾ।
* ਗਿੱਲੇ ਹੱਥਾਂ ਨਾਲ ਬਿਜਲੀ ਦੇ ਬਟਨ ਜਾਂ ਸਵਿੱਚ ਨੂੰ ਕਦੇ ਵੀ ਨਾ ਛੂਹੋ।
* ਚੱਲਦੇ ਕੂਲਰ ਵਿਚ ਕਦੇ ਵੀ ਪਾਣੀ ਨਾ ਪਾਓ। ਇਸ ਤਰ੍ਹਾਂ ਵੀ ਕਰੰਟ ਲੱਗਣ ਦਾ ਖ਼ਤਰਾ ਰਹਿੰਦਾ ਹੈ।
* ਜਿੱਥੋਂ ਤੱਕ ਹੋ ਸਕੇ, ਪਲਾਸਟਿਕ ਦੇ ਕੂਲਰ ਹੀ ਵਰਤੋਂ ਵਿਚ ਲਿਆਓ। ਇਸ ਨਾਲ ਬਿਜਲੀ ਦੇ ਕਰੰਟ ਲੱਗਣ ਤੋਂ ਬਚਾਅ ਰਹਿੰਦਾ ਹੈ। * ਨੰਗੇ ਪੈਰਾਂ ਨਾਲ ਵਾਸ਼ਿੰਗ ਮਸ਼ੀਨ ਦੀ ਵਰਤੋਂ ਨਾ ਕਰੋ। * ਇੰਨਾ ਧਿਆਨ ਜ਼ਰੂਰ ਰੱਖੋ ਕਿ ਕੱਪੜੇ ਸੁਕਾਉਣ ਲਈ ਵਰਤੀ ਜਾਂਦੀ ਲੋਹੇ ਦੀ ਤਾਰ ਬਿਜਲੀ ਦੀ ਤਾਰ ਨੂੰ ਨਾ ਛੂਹੇ। ਨਹੀਂ ਤਾਂ ਕਰੰਟ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। * ਜਦ ਕਿਸੇ ਕਾਰਨ ਚੱਲਦੀ ਬਿਜਲੀ ਦੀ ਤਾਰ ਟੁੱਟ ਗਈ ਹੋਵੇ ਤਾਂ ਆਪ ਜੋੜਨ ਦੀ ਬਜਾਏ ਕਿਸੇ ਬਿਜਲੀ ਮਕੈਨਿਕ ਦੀ ਸਹਾਇਤਾ ਲਓ। * ਬਿਜਲੀ ਦੇ ਜੋੜ ਨੂੰ ਨੰਗੇ ਪੈਰ ਜਾਂ ਹੱਥ ਨਾ ਲਾਓ। ਇਸ ਤਰ੍ਹਾਂ ਕਰਨਾ ਖ਼ਤਰੇ ਤੋਂ ਖਾਲੀ ਨਹੀਂ। * ਬਿਜਲੀ ਦੀ ਵਰਤੋਂ ਕਰਦੇ ਸਮੇਂ ਹਰ ਸਮੇਂ ਸਾਵਧਾਨ ਰਹੋ।


-ਪਿੰਡ ਤੇ ਡਾਕ: ਖੋਸਾ ਪਾਂਡੋ (ਮੋਗਾ)-142048.

ਕੀ ਤੁਸੀਂ ਵੀ ਨਾਂਹ-ਨੁੱਕਰ ਕਰਦੇ ਹੋ?

ਭਾਵੇਂ ਜ਼ਮਾਨਾ ਬਦਲ ਗਿਆ ਹੋਵੇ ਪਰ ਹਾਲੇ ਵੀ ਅਜਿਹੀਆਂ ਲੜਕੀਆਂ ਨੂੰ ਲੱਭਣਾ ਮੁਸ਼ਕਿਲ ਨਹੀਂ ਹੈ ਜੋ ਵਿਆਹ ਦਾ ਨਾਂਅ ਸੁਣ ਕੇ ਦੌੜਦੀਆਂ ਹਨ? ਵਿਆਹ ਕਰਨ ਦੀ ਗੱਲ 'ਤੇ ਇਨ੍ਹਾਂ ਦੇ ਕੋਲ ਨਾਂਹ-ਨੁੱਕਰ ਦੀ ਇਕ ਲੰਬੀ ਫੇਹਰਿਸਤ ਹੁੰਦੀ ਹੈ। ਕਿਤੇ ਤੁਸੀਂ ਵੀ ਇਨ੍ਹਾਂ ਵਿਚੋਂ ਇਕ ਤਾਂ ਨਹੀਂ ਹੋ? ਆਓ ਪਰਖਦੇ ਹਾਂ-
1. ਵਿਆਹ ਦਾ ਨਾਂਅ ਲੈਂਦੇ ਹੀ ਜ਼ਿਹਨ ਵਿਚ ਖਿਆਲ ਆਉਂਦਾ ਹੈ- (ਕ) ਇਕ ਦਿਨ ਵਿਚ ਘਰ ਬਦਲ ਜਾਵੇਗਾ, ਰਿਸ਼ਤੇਦਾਰ ਬਦਲ ਜਾਣਗੇ, ਦੋਸਤ ਬਦਲ ਜਾਣਗੇ, ਨਾ ਬਾਬਾ ਨਾ... ਵਿਆਹ ਨਹੀਂ ਕਰਾਉਣਾ। (ਖ) ਪਿਆਰ ਕਰਨ ਵਾਲਾ ਪਤੀ ਮਿਲੇਗਾ, ਨਵਾਂ ਘਰ ਅਤੇ ਨਵੇਂ ਰਿਸ਼ਤੇਦਾਰ ਮਿਲਣਗੇ। ਸਭ ਕੁਝ ਨਵਾਂ-ਨਵਾਂ ਅਤੇ ਚੰਗਾ-ਚੰਗਾ ਹੈ। (ਗ) ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨੀ ਪਵੇਗੀ।
2. ਜਦੋਂ ਵੀ ਆਪਣੇ ਕਰੀਅਰ ਬਾਰੇ ਸੋਚਦੇ ਹੋ-(ਕ) ਵਿਆਹ ਇਕ ਵੱਡੀ ਰੁਕਾਵਟ ਦਿਸਦੀ ਹੈ, ਕਿਉਂਕਿ ਪਤਾ ਨਹੀਂ ਵਿਆਹ ਤੋਂ ਬਾਅਦ ਪਤੀ ਕੰਮ ਕਰਨ ਦੇਵੇ ਜਾਂ ਨਾ ਕਰਨ ਦੇਵੇ। (ਖ) ਦਿਲ-ਦਿਮਾਗ ਤੋਂ ਬਿਲਕੁਲ ਸਪੱਸ਼ਟ ਹੋ ਕਿ ਵਿਆਹ ਲਈ ਕਰੀਅਰ ਨਾਲ ਖਿਲਵਾੜ ਨਹੀਂ ਕਰਨਾ। (ਗ) ਹਾਲੇ ਤੱਕ ਕਿਸੇ ਫੈਸਲੇ ਤੱਕ ਨਹੀਂ ਪਹੁੰਚੇ। ਸੋਚਦੇ ਹੋ ਜਦੋਂ ਸਮਾਂ ਆਵੇਗਾ, ਉਦੋਂ ਦੇਖਿਆ ਜਾਵੇਗਾ।
3. ਵਿਆਹ ਇਕ ਬੇਹੱਦ ਖੂਬਸੂਰਤ ਸੁਪਨਾ ਹੈ, ਜੋ ਤੁਹਾਡੇ ਦਿਲੋ-ਦਿਮਾਗ ਵਿਚ ਹਮੇਸ਼ਾ-(ਕ) ਸੁਪਨਿਆਂ ਦੀ ਦੁਨੀਆ ਰਚਦਾ ਰਿਹਾ ਹੈ। (ਖ) ਡਰ ਪੈਦਾ ਕਰਦਾ ਰਿਹਾ ਹੈ। (ਗ) ਕਦੇ ਅਜਿਹਾ ਕੋਈ ਸੁਪਨਾ ਹੀ ਨਹੀਂ ਆਇਆ।
4. ਤੁਹਾਡੇ ਖਿਆਲ ਮੁਤਾਬਿਕ ਵਿਆਹ ਔਰਤਾਂ ਦੀ ਆਜ਼ਾਦੀ 'ਤੇ ਹਮੇਸ਼ਾ- (ਕ) ਲਗਾਮ ਲਗਾਉਂਦਾ ਹੈ। (ਖ) ਵਿਆਹ ਦਾ ਆਜ਼ਾਦੀ ਨਾਲ ਕੋਈ ਵੈਰ-ਭਾਵ ਨਹੀਂ ਹੈ। (ਗ) ਆਜ਼ਾਦੀ ਅਤੇ ਸ਼ਾਦੀ ਹਮੇਸ਼ਾ ਦੋ ਵੱਖ-ਵੱਖ ਗੱਲਾਂ ਹਨ।
5. ਤੁਹਾਡੇ ਮੁਤਾਬਿਕ ਵਿਆਹ- (ਕ) ਸਾਡੀ ਸਫਲਤਾ ਦੀਆਂ ਸੰਭਾਵਨਾਵਾਂ ਨੂੰ ਸੀਮਤ ਕਰ ਦਿੰਦਾ ਹੈ। (ਖ) ਸਾਡੀ ਸਫਲਤਾ ਦੀਆਂ ਸੰਭਾਵਨਾਵਾਂ ਨੂੰ ਵਧਾ ਦਿੰਦਾ ਹੈ। (ਗ) ਵਿਆਹ ਦਾ ਸਾਡੀ ਸਫਲਤਾ ਨਾਲ ਕੋਈ ਰਿਸ਼ਤਾ ਨਹੀਂ ਹੈ।
ਨਤੀਜਾ : ਜੇ ਤੁਸੀਂ ਬਿਨਾਂ ਅੰਕ ਸੂਚੀ ਦੇ ਅੰਕਾਂ ਨੂੰ ਦੇਖੋ, ਉਨ੍ਹਾਂ ਜਵਾਬਾਂ ਨਾਲ ਆਪਣੀ ਸਹਿਮਤੀ ਪ੍ਰਗਟਾਈ ਹੈ, ਜੋ ਇਮਾਨਦਾਰੀ ਨਾਲ ਤੁਹਾਡੇ ਜਵਾਬ ਹੋ ਸਕਦੇ ਹਨ ਤਾਂ ਅਸੀਂ ਇਸ ਤਰ੍ਹਾਂ ਇਸ ਨਤੀਜੇ 'ਤੇ ਪਹੁੰਚ ਸਕਦੇ ਹਾਂ ਕਿ ਤੁਸੀਂ ਵਿਆਹ ਲਈ ਨਾਂਹ-ਨੁੱਕਰ ਕਰਨ ਵਾਲੇ ਹੋ ਜਾਂ ਨਹੀਂ।
ਕ-ਜੇ ਤੁਹਾਡੇ ਹਾਸਲ ਅੰਕ 10 ਜਾਂ 10 ਤੋਂ ਘੱਟ ਹਨ ਤਾਂ ਅਜੇ ਤੁਸੀਂ ਵਿਆਹ ਲਈ ਮਾਨਸਿਕ ਰੂਪ ਨਾਲ ਤਿਆਰ ਨਹੀਂ ਹੋਏ ਹੋ। ਅਜਿਹੇ ਵਿਚ ਨਾਂਹ-ਨੁੱਕਰ ਕਰਨਾ ਲਾਜ਼ਮੀ ਹੈ ਪਰ ਦੇਖਣਾ ਇਹ ਹੈ ਕਿ ਤੁਹਾਡੀ ਨਾਂਹ-ਨੁੱਕਰ ਦੀ ਕੋਈ ਵੱਡੀ ਵਜ੍ਹਾ ਤਾਂ ਨਹੀਂ ਹੈ?
ਖ-ਜੇ ਤੁਸੀਂ 10 ਤੋਂ ਵੱਧ ਪਰ 25 ਤੋਂ ਘੱਟ ਅੰਕ ਹਾਸਲ ਕੀਤੇ ਹਨ ਤਾਂ ਇਸ ਦਾ ਸਾਫ਼ ਜਿਹਾ ਮਤਲਬ ਹੈ ਕਿ ਤੁਹਾਡਾ ਵਿਆਹ ਦੇ ਪੱਖ ਵਿਚ ਝੁਕਾਅ ਹੈ। ਹਾਂ, ਇਹ ਵੱਖਰੀ ਗੱਲ ਹੈ ਕਿ ਤੁਹਾਡੇ ਸਾਰੇ ਫੈਸਲੇ ਤਤਕਾਲਿਕ ਪ੍ਰਸਥਿਤੀਆਂ ਤੋਂ ਹੀ ਪ੍ਰਭਾਵਿਤ ਹੁੰਦੇ ਹਨ।
ਗ-ਜੇ ਤੁਹਾਡੇ ਕੁੱਲ ਹਾਸਲ ਅੰਕ 15 ਤੋਂ ਜ਼ਿਆਦਾ ਹਨ ਤਾਂ ਬਿਨਾਂ ਕਿਸੇ ਜੋੜ-ਘਟਾਓ ਦੇ ਇਹ ਅਸਾਨੀ ਨਾਲ ਕਿਹਾ ਜਾ ਸਕਦਾ ਹੈ ਕਿ ਤੁਹਾਡੀ ਵਿਆਹ ਨਾਮੀ ਸੰਸਥਾ 'ਤੇ ਆਸਥਾ ਹੈ ਅਤੇ ਤੁਸੀਂ ਵਿਆਹ ਨੂੰ ਲੈ ਕੇ ਨਾਂਹ-ਨੁੱਕਰ ਕਰਨ ਵਾਲੇ ਬਿਲਕੁਲ ਨਹੀਂ ਹੋ।


-ਇਮੇਜ ਰਿਫਲੈਕਸ਼ਨ ਸੈਂਟਰ

ਇੰਜ ਬਣਾਓ ਆਪਣੇ ਬਾਥਰੂਮ ਨੂੰ ਸਾਫ਼-ਸਫ਼ਾਈ ਕਰਕੇ ਆਕਰਸ਼ਕ

* ਸਭ ਤੋਂ ਪਹਿਲਾਂ ਟਾਇਲਟ ਸਾਫ਼ ਕਰਦੇ ਸਮੇਂ ਕਲੀਨਰ ਜਾਂ ਪਾਣੀ ਤੋਂ ਬਚਣ ਲਈ ਹੱਥ ਵਿਚ ਗਲਵਸ ਪਹਿਨੋ। ਸਪੰਜ ਦੀ ਵਰਤੋਂ ਕਦੇ ਨਾ ਕਰੋ, ਕਿਉਂਕਿ ਸਪੰਜ ਵਿਚ ਬੈਕਟੀਰੀਆ ਜ਼ਿਆਦਾ ਪੈਦਾ ਹੁੰਦੇ ਹਨ।
* ਵੈਸਟਰਨ ਟਾਇਲਟ ਦਾ ਢੱਕਣ ਲਗਾ ਕੇ ਫਲੱਸ਼ ਕਰਨ ਨਾਲ ਪਾਣੀ ਬਾਹਰ ਨਹੀਂ ਉੱਛਲਦਾ। ਪੂੰਝਣ ਲਈ ਪੇਪਰ ਟਾਵਲ ਦੀ ਵਰਤੋਂ ਕੀਤੀ ਜਾ ਸਕਦੀ ਹੈ ਤਾਂ ਕਿ ਉਨ੍ਹਾਂ ਨੂੰ ਸੁੱਟ ਸਕੋ।
* ਜੇ ਟਾਇਲਟ ਦੇ ਅੰਦਰ ਵਾਲਾ ਪੱਖਾ ਸਾਫ਼ ਨਹੀਂ ਹੈ ਤਾਂ ਉਸ ਨੂੰ ਵੀ ਸਾਫ਼ ਕਰ ਦਿਓ ਅਤੇ ਹਫ਼ਤੇ ਵਿਚ ਇਕ ਵਾਰ ਲਾਈਟ 'ਤੇ ਵੀ ਜ਼ਰੂਰ ਧਿਆਨ ਦਿਓ।
* ਜੇ ਟਾਇਲਟ ਵਿਚ ਜ਼ਰੂਰਤ ਤੋਂ ਜ਼ਿਆਦਾ ਗੰਦਗੀ ਹੋ ਗਈ ਹੈ ਤਾਂ ਥੋੜ੍ਹਾ ਬਲੀਚਿੰਗ ਪਾਊਡਰ ਛਿੜਕ ਦਿਓ। ਥੋੜ੍ਹੀ ਦੇਰ ਬਾਅਦ ਬਰੱਸ਼ ਨਾਲ ਰਗੜ ਕੇ ਧੋ ਦਿਓ। ਦਾਗ ਸਾਫ਼ ਹੋ ਜਾਣਗੇ ਪਰ ਇਥੇ ਧਿਆਨ ਰੱਖੋ ਕਿ ਪਾਊਡਰ ਟੂਟੀ 'ਤੇ ਨਾ ਲੱਗੇ, ਨਹੀਂ ਤਾਂ ਉਸ ਦੀ ਪਾਲਿਸ਼ ਖਰਾਬ ਹੋ ਸਕਦੀ ਹੈ ਅਤੇ ਦੇਖਣ ਵਿਚ ਵੀ ਭੱਦੀ ਲੱਗਣ ਲੱਗੇਗੀ।
* ਹਾਈਡ੍ਰੋਜਨ ਪਰਾਕਸਾਈਡ ਦੀ ਸਪਰੇਅ ਕਰਕੇ ਪੂੰਝਣ ਨਾਲ ਵੀ ਸਫ਼ਾਈ ਚੰਗੀ ਤਰ੍ਹਾਂ ਹੋ ਜਾਂਦੀ ਹੈ ਅਤੇ ਬਦਬੂ ਵੀ ਕੋਹਾਂ ਦੂਰ ਚਲੀ ਜਾਂਦੀ ਹੈ।
* ਕਈ ਵਾਰ ਦੇਖਣ ਵਿਚ ਆਉਂਦਾ ਹੈ ਕਿ ਬੱਚੇ ਠੀਕ ਤਰੀਕੇ ਨਾਲ ਫਲੱਸ਼ ਨਹੀਂ ਕਰਦੇ, ਇਸ ਲਈ ਉਨ੍ਹਾਂ ਦੇ ਬਾਹਰ ਨਿਕਲਣ ਤੋਂ ਬਾਅਦ ਚੈੱਕ ਕਰ ਲਓ ਕਿ ਫਲੱਸ਼ ਚੰਗੀ ਤਰ੍ਹਾਂ ਨਾਲ ਹੋਇਆ ਹੈ ਜਾਂ ਨਹੀਂ। ਨਾਲ ਹੀ ਉਨ੍ਹਾਂ ਨੂੰ ਇਸ ਦੇ ਸਹੀ ਤਰੀਕਿਆਂ ਤੋਂ ਵੀ ਜਾਣੂ ਕਰਾਓ ਤਾਂ ਕਿ ਭਵਿੱਖ ਵਿਚ ਜਾ ਕੇ ਦੂਜੇ ਲੋਕਾਂ ਦੇ ਸਾਹਮਣੇ ਮਜ਼ਾਕ ਦਾ ਪਾਤਰ ਨਾ ਬਣਨਾ ਪੈ ਜਾਵੇ।
* ਅਖੀਰ ਵਿਚ ਇਹ ਗੱਲ ਚੇਤੇ ਰੱਖੋ ਕਿ ਦਿਨ ਵਿਚ ਇਕ ਵਾਰ ਬਾਲਟੀ ਭਰ ਕੇ ਪਾਣੀ ਪ੍ਰੈਸ਼ਰ ਨਾਲ ਡੋਲ੍ਹਣਾ ਹੈ, ਕਿਉਂਕਿ ਤੁਹਾਡੇ ਵਲੋਂ ਅਜਿਹਾ ਕਰਨ ਨਾਲ ਅੱਗੇ ਤੱਕ ਪਾਈਪ ਸਾਫ਼ ਹੋ ਜਾਵੇਗੀ ਅਤੇ ਟਾਇਲਟ ਬਲਾਕ ਹੋਣ ਦੀ ਸਮੱਸਿਆ ਤੋਂ ਕਾਫੀ ਹੱਦ ਤੱਕ ਛੁਟਕਾਰਾ ਮਿਲ ਜਾਵੇਗਾ।


-ਅਨੂਪ ਮਿਸ਼ਰਾ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX