ਤਾਜਾ ਖ਼ਬਰਾਂ


ਯਮੁਨਾ 'ਚ 2 ਵਿਦਿਆਰਥੀਆਂ ਦੇ ਡੁੱਬਣ ਨਾਲ ਮੌਤ
. . .  54 minutes ago
ਪੁਲਵਾਮਾ 'ਚ ਸੀ ਆਰ ਪੀ ਐਫ ਕੈਂਪ 'ਤੇ ਅੱਤਵਾਦੀਆਂ ਦਾ ਹਮਲਾ
. . .  55 minutes ago
ਇੰਡੋ-ਨੇਪਾਲ ਬਾਰਡਰ ਤੋਂ 50 ਲੱਖ ਦੀ ਹੈਰੋਇਨ ਨਾਲ 2 ਤਸਕਰ ਕਾਬੂ
. . .  about 2 hours ago
ਅਫ਼ਗ਼ਾਨਿਸਤਾਨ: ਗੱਠਜੋੜ ਸੈਨਾ ਦੇ ਹਵਾਈ ਹਮਲੇ 'ਚ ਮਾਰੇ ਗਏ 13 ਅੱਤਵਾਦੀ
. . .  about 3 hours ago
ਕਾਬੁਲ, 15 ਅਕਤੂਬਰ - ਅਫ਼ਗ਼ਾਨਿਸਤਾਨ ਦੇ ਦੱਖਣ-ਪੂਰਬੀ ਗਜਨੀ ਸੂਬੇ 'ਚ ਸੋਮਵਾਰ ਨੂੰ ਗੱਠਜੋੜ ਸੈਨਾ ਦੇ ਹਵਾਈ ਹਮਲਿਆਂ 'ਚ ਘੱਟ ਤੋਂ ਘੱਟ 13 ਅੱਤਵਾਦੀ ਮਾਰੇ ਗਏ । ਇਹ ਜਾਣਕਾਰੀ ਅਫ਼ਗਾਨੀ ਰੱਖਿਆ ਮੰਤਰਾਲੇ ਦੇ ਸੂਤਰਾਂ ਵੱਲੋਂ ਦਿੱਤੀ ਗਈ....
10 ਕਿੱਲੋ ਅਫ਼ੀਮ ਸਮੇਤ ਦੋ ਕਾਬੂ
. . .  about 4 hours ago
ਰਾਏਕੋਟ, 15 ਅਕਤੂਬਰ (ਨਾਮਪ੍ਰੀਤ ਸਿੰਘ ਗੋਗੀ, ਸੁਸ਼ੀਲ) - ਪੁਲਿਸ ਜ਼ਿਲ੍ਹਾ ਲੁਧਿਆਣਾ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਰਾਏਕੋਟ ਪੁਲਿਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਥਾਨਾ ਸਦਰ ਰਾਏਕੋਟ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ 10 ਕਿੱਲੋ ....
ਰੂਸ 'ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ
. . .  about 4 hours ago
ਮਾਸਕੋ, 15 ਅਕਤੂਬਰ - ਰੂਸ ਦੇ ਪੂਰਬੀ ਤਟ 'ਤੇ ਅੱਜ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਸਕੇਲ 'ਤੇ ਇਸ ਭੂਚਾਲ ਦੀ ਤੀਬਰਤਾ 5.8 ਮਾਪੀ ਗਈ ਹੈ। ਹਾਲਾਂਕਿ ਇਸ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ....
ਕੋਲਕਾਤਾ 'ਚ ਕੈਮੀਕਲ ਫ਼ੈਕਟਰੀ ਨੂੰ ਲੱਗੀ ਭਿਆਨਕ ਅੱਗ
. . .  about 5 hours ago
ਬੈਂਗਲੁਰੂ, 15 ਅਕਤੂਬਰ - ਕੋਲਕਾਤਾ ਦੇ ਟਾਂਗਰਾ ਇਲਾਕੇ 'ਚ ਕੈਮੀਕਲ ਫ਼ੈਕਟਰੀ ਨੂੰ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ । ਮੌਕੇ 'ਤੋ ਪਹੁੰਚੀਆਂ ਅੱਗ ਬੁਝਾਊ ਦਸਤੇ ਦੀਆਂ ਤਿੰਨ ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਫਿਲਹਾਲ ਕਿਸੇ ਜਾਨੀ ....
ਉਤਰਾਖੰਡ : ਨਗਰ ਨਿਗਮ ਚੋਣਾਂ ਦਾ ਐਲਾਨ
. . .  about 5 hours ago
ਦੇਹਰਾਦੂਨ, 15 ਅਕਤੂਬਰ - ਉਤਰਾਖੰਡ 'ਚ ਨਗਰ ਨਿਗਮ ਦੀਆਂ ਚੋਣਾਂ ਦੀ ਤਾਰੀਕ ਦਾ ਐਲਾਨ ਹੋ ਚੁੱਕਾ ਹੈ। 18 ਨਵੰਬਰ ਨੂੰ ਇਨ੍ਹਾਂ ਚੋਣਾਂ ਲਈ ਵੋਟਿੰਗ ਹੋਵੇਗੀ ਅਤੇ 20 ਨਵੰਬਰ ਨੂੰ ਨਤੀਜੇ ਐਲਾਨੇ ਜਾਣਗੇ। ਜਾਣਕਾਰੀ ਲਈ ਦੱਸ ਦੇਈਏ ਕਿ 92 'ਚੋਂ 84 ਨਗਰ ...
ਮੰਤਰੀ ਸਿੰਗਲਾ ਨੇ ਹਲਕਾ ਰਾਏਕੋਟ ਦੀਆਂ ਦੋ ਸੜਕਾਂ ਦੀ ਮੁਰੰਮਤ ਦੇ ਕੰਮਾਂ ਦਾ ਰੱਖਿਆ ਨੀਂਹ ਪੱਥਰ
. . .  about 5 hours ago
ਰਾਏਕੋਟ, 15 ਅਕਤੂਬਰ (ਨਾਮ ਪ੍ਰੀਤ ਸਿੰਘ ਗੋਗੀ, ਸੁਸ਼ੀਲ) - ਹਲਕਾ ਰਾਏਕੋਟ ਦੀਆਂ ਦੋ ਮਹੱਤਵਪੂਰਨ ਸੜਕਾਂ ਰਾਏਕੋਟ ਤੋਂ ਜਗਰਾਉਂ ਅਤੇ ਹਲਵਾਰਾ ਤੋਂ ਪੱਖੋਵਾਲ ਤੱਕ ਦਾ ਨਿਰਮਾਣ ਕਾਰਜ ਅੱਜ ਲੋਕ ਨਿਰਮਾਣ ਅਤੇ ਸੂਚਨਾ ਤਕਨਾਲੋਜੀ ਮੰਤਰੀ ਵਿਜੈ ਇੰਦਰਾ ਸਿੰਗਲਾ....
ਭਾਜਪਾ ਦਾ ਅਸਲ ਨਾਅਰਾ 'ਬੇਟੀ ਪੜ੍ਹਾਓ ਤੇ ਬੇਟੀ ਨੂੰ ਭਾਜਪਾ ਦੇ ਐੱਮ. ਐੱਲ. ਏ. ਤੋਂ ਬਚਾਓ' ਹੋਣਾ ਚਾਹੀਦੈ- ਰਾਹੁਲ
. . .  about 6 hours ago
ਭੋਪਾਲ, 15 ਅਕਤੂਬਰ- ਮੱਧ ਪ੍ਰਦੇਸ਼ 'ਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ 'ਤੇ ਨਿਕਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤਿੱਖਾ ਹਮਲਾ ਬੋਲਿਆ। ਰਾਹੁਲ ਨੇ ਕਿਹਾ ਕਿ ਮੋਦੀ ਦੇ ਦਿਲ 'ਚ ਦੱਬੇ-ਕੁਚਲੇ ਲੋਕਾਂ ਲਈ ਥਾਂ ਨਹੀਂ ਹੈ। ਉਹ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਤੀਆਂ ਤੋਂ ਰੱਖੜੀ ਤੱਕ ਦਾ ਪੰਜਾਬ

ਪੰਜਾਬ ਦੇ ਦੇਸੀ ਮਹੀਨਿਆਂ ਵਿਚ ਸਾਉਣ (ਸਾਵਣ) ਦਾ ਮਹੀਨਾ ਇਕ ਵੱਖਰੀ ਤਬੀਅਤ ਦਾ ਮਹੀਨਾ ਹੁੰਦਾ ਹੈ, ਜਿਸ ਨਾਲ ਪੰਜਾਬੀਆਂ ਦੇ ਬਹੁ-ਅਨੁਭਵੀ ਚਾਅ-ਮਲਾਰ ਜੁੜੇ ਹੋਏ ਹਨ | ਜੇਠ-ਹਾੜ ਦੀਆਂ ਤਪਦੀਆਂ ਲੂਆਂ ਤੇ ਭਖਦੇ ਤੰਦੂਰ ਵਰਗੇ ਤਪਸ਼ੀ ਦਿਨਾਂ ਤੋਂ ਬਾਅਦ ਜਦ ਬੱਦਲਾਂ ਦੀਆਂ ਠੰਢੀਆਂ ਮਿੱਠੀਆਂ ਫੁਹਾਰਾਂ ਧਰਤੀ ਤੱਕ ਪਹੁੰਚਦੀਆਂ ਹਨ ਤਾਂ ਇਕ ਅਲੌਕਿਕ ਸੁਖਾਵਾਂ ਵਾਤਾਵਰਨ ਸਿਰਜਿਆ ਜਾਂਦਾ ਹੈ | ਵਰਖਾ ਦੀਆਂ ਇਹ ਰਹਿਮਤਾਂ ਜਿਸਮਾਂ ਨੂੰ ਤਾਂ ਧੁਰ ਅੰਦਰ ਤੱਕ ਤਿ੍ਪਤੀ ਬਖਸ਼ਦੀਆਂ ਹੀ ਹਨ, ਇਹ ਉਪਜੀਵਕਾ ਦੇ ਸਾਧਨਾਂ 'ਚ ਵੀ ਵੱਡਾ ਰੋਲ ਅਦਾ ਕਰਦੀਆਂ ਹਨ | ਪੰਜਾਬ ਦੀ ਸੰਭਾਵਨਾਵਾਂ-ਭਰਪੂਰ, ਜਰਖੇਜ਼ ਧਰਤੀ ਇੰਜ ਮੌਲਦੀ ਹੈ ਜਿਵੇਂ ਨਵ-ਵਿਆਹੀ ਨਵੇਂ ਵਸਤਰਾਂ ਵਿਚ, ਗਹਿਣਿਆਂ-ਲੱਦੀ, ਮਹਿਕਦੀ-ਚਹਿਕਦੀ-ਟਹਿਕਦੀ, ਪੱਬ ਭੁੰਜੇ ਨਹੀਂ ਲਾਉਂਦੀ | ਜਿਵੇਂ ਸਿਰਜਣਾ-ਪ੍ਰਕਿਰਿਆ ਵਿਚ ਸੁਆਣੀ ਦਾ ਮੱਥਾ ਨੂਰੋ-ਨੂਰ ਹੁੰਦਾ ਹੈ | ਧਰਤੀ ਹੀ ਨਹੀਂ, ਆਸਮਾਨ ਵੀ ਪੁਰ-ਜਲੌਅ ਹੁੰਦਾ ਹੈ | ਉਹ ਅਕਾਸ਼ ਜਿੱਥੇ ਪੰਜਾਬੀਆਂ ਦਾ ਰੱਬ ਵੱਸਦੈ, ਸਵੇਰ ਤੋਂ ਸ਼ਾਮ ਤੱਕ ਕਈ ਰੰਗ-ਰੂਪ ਬਦਲਦੈ, ਦਿ੍ਸ਼ਟ-ਇੰਦਰੀਆਂ ਨੂੰ ਤਿ੍ਪਤ ਕਰਦੈ | ਕਾਲੇ-ਸਿਆਹ ਬੱਦਲਾਂ ਵਿਚ ਚਮਕਦੀਆਂ ਚਾਂਦੀ-ਰੰਗੀਆਂ ਬਿਜਲੀ ਦੀਆਂ ਤਾਰਾਂ ਕਿਆ ਇਲਾਹੀ ਨਜ਼ਾਰਾ ਬੰਨ੍ਹਦੀਆਂ ਹਨ | ਚਮਕਣ ਦੇ ਤਲਿਸਮੀ ਝਲਕਾਰਿਆਂ ਦੇ ਨਾਲ ਜਦ ਗੜ-ਗੜ ਕਰਦੀ ਗਰਜਾਹਟ ਮਿਲਦੀ ਹੈ ਤਾਂ ਮਨ-ਮਸਤਕ ਵਿਸਮਾਦੀ ਹੋ ਉਠਦੈ | ਅਕਾਸ਼ੋਂ ਵਰ੍ਹਦੀਆਂ ਕਣੀਆਂ ਜਦ ਧਰਤੀ 'ਤੇ ਡਿੱਗਦੀਆਂ ਹਨ ਤਾਂ ਡਿੱਗਣ ਵਾਲੀ ਵਸਤੂ ਦੇ ਅਨੁਸਾਰ ਕਈ ਕਿਸਮ ਦੀਆਂ ਸੰਗੀਤਕ ਲੈਆਂ ਪੈਦਾ ਕਰਦੀਆਂ ਹਨ | ਸਹਿਜ-ਭਾ ਡਿੱਗਦੀਆਂ ਫੁਹਾਰਾਂ ਦੀ ਲੈਅ ਹੋਰ ਅਤੇ ਤਾਬੜ-ਤੋੜ ਮੂਸਲਾਧਾਰ ਬਾਰਸ਼ ਦੀ ਹੋਰ | ਕਣੀਆਂ ਦਾ ਆਪਣਾ ਰਾਗ, ਪ੍ਰਣਾਲਿਆਂ ਦਾ ਆਪਣਾ | ਖਾਣ-ਪੀਣ, ਸੁੰਘਣ, ਦੇਖਣ ਅਤੇ ਮਹਿਸੂਸ ਕਰਨ ਦੀਆਂ ਸਭੋ ਇੰਦਰੀਆਂ ਤਿ੍ਪਤ ਹੋ ਹੋ ਜਾਂਦੀਆਂ ਹਨ |
ਇਸ ਸਮੇਂ ਦੌਰਾਨ ਜਿੱਥੇ ਕੁਦਰਤ ਆਪਣੇ ਰਹੱਸਮਈ ਸੰਸਾਰ ਵਿਚੋਂ ਕਈ ਨੇਹਮਤਾਂ ਪ੍ਰਦਾਨ ਕਰਦੀ ਹੈ, ਉਥੇ ਪੰਜਾਬੀ ਵੀ ਕੁਦਰਤ ਸੰਗ ਹੇਲ-ਮੇਲ ਹੋਣ ਵਿਚ ਕੋਈ ਕਸਰ ਨਹੀਂ ਛੱਡਦੇ, ਖਾਸ ਤੌਰ 'ਤੇ ਪੰਜਾਬਣਾਂ | ਪੰਜਾਬਣਾਂ ਨੇ ਸਾਉਣ ਦੇ ਮਹੀਨੇ ਵਿਚ ਰਲ ਬੈਠਣ ਅਤੇ ਖੁਸ਼ੀਆਂ ਮਨਾਉਣ ਲਈ ਰਿਸ਼ਤੇਦਾਰੀਆਂ ਦੇ ਮੋਹ-ਮੱਤੇ ਮੌਕੇ ਸੰਜੋਅ ਰੱਖੇ ਹਨ | ਅੱਜ ਦੇ ਕਾਰੋਬਾਰੀ-ਕੇਂਦਰਿਤ, ਗਲੋਬਲ ਸੰਸਾਰ ਨੂੰ ਦੇਣ ਲਈ ਜੇ ਪੰਜਾਬੀ ਵਿਰਾਸਤ ਕੋਲ ਕੁਝ ਹੈ ਤਾਂ ਉਹ ਹੈ ਪਰਿਵਾਰ- ਪ੍ਰਤੀਬੱਧਤਾ ਅਤੇ ਰਿਸ਼ਤੇਦਾਰੀਆਂ ਕਾਇਮ ਰੱਖਣ ਅਤੇ ਨਿਭਾਉਣ ਦੀ ਪਰੰਪਰਾ; ਆਪਸੀ ਮੋਹ-ਪਿਆਰ ਦੀਆਂ ਪੀਡੀਆਂ ਗੰਢਾਂ ਅਤੇ ਨਰੋਈਆਂ ਤੰਦਾਂ | ਇਸ ਦੀ ਮਿਸਾਲ ਹੈ ਸਾਉਣ ਮਹੀਨੇ ਵਿਚ ਮਨਾਏ ਜਾਂਦੇ ਦੋ ਤਿਉਹਾਰ ਜੋ ਮੁੱਖ ਤੌਰ 'ਤੇ ਔਰਤਾਂ ਨਾਲ ਸੰਬੰਧਤ ਹਨ: ਤੀਆਂ ਅਤੇ ਰੱਖੜੀ |
ਔਰਤ ਹਰ ਸਮਾਜ ਵਿਚ ਹੀ ਆਪਸੀ ਸਬੰਧਾਂ ਦੀ ਮਹਿਕ ਕਾਇਮ ਰੱਖਣ ਵਿਚ ਮਹੱਤਵਪੂਰਨ ਰੋਲ ਅਦਾ ਕਰਦੀ ਰਹੀ ਹੈ | ਸਮਾਜ ਵਿਚਲੇ ਖੂੁਨ ਦੇ ਸਾਰੇ ਰਿਸ਼ਤੇ ਜਨਨੀ ਤੋਂ ਹੀ ਬਣਦੇ-ਵਿਗਸਦੇ ਹਨ | ਜਨਮ ਦਾਤੀ ਹੀ ਰਿਸ਼ਤਿਆਂ ਦਾ ਪੰਘੂੜਾ ਅਤੇ ਪ੍ਰਤੀ-ਪਾਲਕ ਹੈ | ਪੰਜਾਬੀਆਂ ਨੇ ਹਮੇਸ਼ਾਂ ਹੀ ਧੀ-ਭੈਣ ਦੇ ਰਿਸ਼ਤੇ ਨੂੰ ਪਾਕ-ਪਵਿੱਤਰ ਰਿਸ਼ਤਾ ਗਿਣਿਆ ਹੈ | ਰਿਸ਼ਤਿਆਂ ਪੱਖੋਂ ਅਜੋਕੇ ਧੁੰਦੂਕਾਰੇ ਵਾਲੇ ਵਰਤਾਰਿਆਂ ਨੂੰ ਕੇਂਦਰ ਵਿਚ ਰੱਖ ਕੇ ਵੇਖਦਿਆਂ, ਇਹ ਅਹਿਸਾਸ ਨਿੱਤਰ ਆਉਂਦੇ ਹਨ ਕਿ ਪੰਜਾਬੀ ਸਮਾਜ ਮੁੱਖ ਤੌਰ 'ਤੇ ਹਯਾਈ ਮਰਿਆਦਾਵਾਂ ਕਾਇਮ ਰੱਖਣ ਵਾਲਾ ਸਮਾਜ ਹੈ | ਇਹ ਅਜਿਹਾ ਸਮਾਜ ਹੈ ਜਿਸ ਵਿਚ ਕੇਂਦਰੀ ਧੁਰੇ ਤੇ ਫਰਾਇਡੀਅਨ ਮਨੋ-ਵੇਗ ਅਤੇ ਮਨੋ-ਬਿਰਤੀਆਂ ਨਹੀਂ ਸਗੋਂ ਸਮਰਪਣ ਅਤੇ ਸ਼ਰਹ; ਪਾਕੀਜ਼ਗੀ ਅਤੇ ਪਵਿੱਤਰਤਾ; ਉੱਚਤਮ ਅਤੇ ਸੁੱਚਤਮ ਦੇ ਅਹਿਸਾਸ ਹਨ | ਪੰਜਾਬਣ ਦੇ ਮਨ ਵਿਚ ਵੀ ਕੰਤ-ਕਲੋਲ ਅਤੇ ਮਾਹੀ-ਮਿਲਣ ਦੇ ਅਨੇਕਾਂ ਚਾਵ-ਭਾਵ ਉੱਸਲਵੱਟੇ ਤਾਂ ਲੈਂਦੇ ਹਨ, ਪਰ ਉਸ ਲਈ ਬਾਬਲ ਦੀ ਇੱਜ਼ਤ, ਅੰਬੜੀ ਦਾ ਵਿਹੜਾ, ਚਾਚੇ-ਤਾਏ ਦੀਆਂ ਮੋਹ-ਪਿਆਰ ਦੀਆਂ ਤੰਦਾਂ, ਆਪਣੇ ਖੇਤਾਂ ਦੀ ਖੁਸ਼ਹਾਲੀ ਅਤੇ ਆਪਣੇ ਪਿੰਡ ਦੇ ਜੂਹਾਂ-ਬੇਲਿਆਂ ਦੀਆਂ ਅਦਭੁਤ ਖਿੱਚਾਂ, ਵੱਧ ਮਹੱਤਵਪੂਰਨ ਹਨ | ਇਹੀ ਵਜ੍ਹਾ ਹੈ ਕਿ ਪਹਿਲੇ ਸਮਿਆਂ ਵਿਚ ਵਿਆਹ ਤੋਂ ਬਾਅਦ ਸਖੀਆਂ ਸਹੇਲੀਆਂ, ਚਾਚੀਆਂ-ਤਾਈਆਂ, ਭਰਾ-ਭਰਜਾਈਆਂ ਏਥੋਂ ਤੱਕ ਕਿ ਮੱਝੀਆਂ-ਗਾਈਆਂ ਯਾਦਾਂ ਵਿਚ ਆਉਂਦੀਆਂ ਸਨ ਅਤੇ ਪੇਕਾ ਪਿੰਡ ਸੈਨਤਾਂ ਹੀ ਨਹੀਂ ਸੀ ਮਾਰਦਾ, ਕੂਕ ਕੂਕ ਕੇ ਪੁਕਾਰਦਾ ਸੀ | ਖਾਸ ਤੌਰ 'ਤੇ ਸਾਉਣ ਦੇ ਦਿਨਾਂ ਵਿਚ.
ਸਾਉਣ ਮਹੀਨਾ ਆਉਣ ਤੋਂ ਪਹਿਲਾਂ ਪਿੰਡ ਦੀ ਕੀ ਕੁਆਰੀ ਤੇ ਕੀ ਵਿਆਹੀ, ਕੀ ਬੇਬੇ ਤੇ ਕੀ ਬੀਬੀ, ਸਭ ਦੁਪਹਿਰ ਵੇਲੇ ਗਰਮੀ ਤੋਂ ਬਚਣ ਲਈ, ਹਵਾ-ਵਾਰੇ, ਪਿੰਡ ਦੇ ਬਾਹਰ ਵੱਲ, ਕਿਸੇ ਰੁੱਖ ਦੀ ਝੰਗੀ ਥੱਲੇ ਆ ਡੇਰੇ ਲਾਉਂਦੀਆਂ ਸਨ | ਕੋਈ ਚਰਖਾ ਡਾਹ ਲੈਂਦੀ, ਕੋਈ ਅਟੇਰਨ 'ਤੇ ਕੰਮ ਕਰਨ ਲੱਗਦੀ, ਕੋਈ ਪੱਖੀ ਬੁਣਨ ਲੱਗਦੀ, ਕੋਈ ਛੱਜ ਛੱਟਣ ਲੱਗਦੀ, ਕੋਈ ਫੁੱਲਕਾਰੀ 'ਤੇ ਫੁੱਲ-ਬੂਟੇ ਪਾਉਣ ਲੱਗਦੀ | ਵਿਚੇ ਹੀ ਦੁੱਖ-ਸੁੱਖ ਫੋਲੇ ਜਾਂਦੇ, ਚੁਗਲੀ-ਬੁਖਾਲੀ ਵੀ ਹੋ ਜਾਂਦੀ | ਵਿਚੋਂ ਹੀ ਕੋਈ ਜਣੀ ਗੀਤ ਗੁਣਗੁਣਾਉਣ ਲੱਗਦੀ, ਕੋਈ ਹੋਰ ਨਾਲ ਆਵਾਜ਼ ਰਲਾ ਦਿੰਦੀ | ਚਰਖੇ ਦੀ ਘੂਕਰ ਰੁੱਕ ਜਾਂਦੀ, ਸੂਈ ਫੁਲਕਾਰੀ ਦੇ ਵਿਚੇ ਖੁੱਭੀ ਰਹਿ ਜਾਂਦੀ | ਕੋਈ ਮਾਂਗਾ ਮਾਰਨ ਲੱਗਦੀ ਤੇ ਕੋਈ ਉੱਠ ਕੇ ਗਿੱਧਾ ਪਾਉਣ ਲੱਗਦੀ | ਹੌਲੀ-ਹੌਲੀ ਪਿੜ ਬੱਝ ਜਾਂਦਾ | ਗਿੱਧਾ ਮਘ ਉੱਠਦਾ | ਗੋਡਿਆਂ-ਗਿੱਟਿਆਂ ਤੱਕ ਜਿਸਮ ਪਸੀਨੋ-ਪਸੀਨੀ ਹੋ ਜਾਂਦੇ | ਕੋਈ ਹਿੰਮਤੀ ਕੁੜੀ ਪਿੰਡ ਦੇ ਕਿਸੇ ਲੰਘਦੇ-ਜਾਂਦੇ ਨੂੰ ਪੀਂਘ ਪਾਉਣ ਦਾ ਤਰਲਾ ਕਰਦੀ | ਅਗਲਾ ਤਾਂ ਦੌੜਿਆ ਆਉਂਦਾ ਤੇ ਕਿਸੇ ਮਜ਼ਬੂਤ ਟਾਹਣੇ 'ਤੇ ਪੀਂਘ ਪਾ ਦਿੰਦਾ | ਕਿਆ ਨਜ਼ਾਰਾ ਬੱਝਦਾ! ਕੁਦਰਤ ਦੀ ਗੋਦ ਵਿਚ ਪੀਂਘ ਝੂਟਣਾ ਕਿਸੇ ਮਾੜੀ-ਮੋਟੀ ਦਾ ਕੰਮ ਥੋੜ੍ਹਾ ਹੁੰਦੈ! | ਟਾਹਣੀਆਂ ਨੂੰ ਪੈਰ ਲਾਉਣ, ਮੂੰਹ ਨਾਲ ਪੱਤੇ ਤੋੜ ਲਿਆਉਣ ਜਾਂ ਇਕ ਹੱਥ ਨਾਲ ਪੱਤੇ ਤੋੜ ਲਿਆਉਣ ਦੇ ਮੁਕਾਬਲੇ ਚੱਲ ਪੈਂਦੇ | ਚੁੰਨੀਆਂ ਉੱਡ-ਪੁੱਡ ਜਾਂਦੀਆਂ, ਗੁੱਤਾਂ ਨਾਗਣਾਂ ਬਣ ਜਾਂਦੀਆਂ | ਮਨ ਹੋਰ ਉੱਚਾ, ਹੋਰ ਉੱਚਾ, ਕਿਤੇ ਦੂਰ-ਦੁਰੇਡੇ ਪਹੁੰਚ ਜਾਣਾ ਲੋਚਦਾ | ਸਿਆਣੀ ਉਮਰ ਦੀਆਂ ਔਰਤਾਂ ਉੱਚੀ ਉੱਚੀ ਡਰਾਵੇ ਦਿੰਦੀਆਂ, ਜਵਾਨੀ ਹੋਰ ਚਾਂਭਲਦੀ | ਓਧਰੋਂ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ | ਪੀਘਾਂ ਝੂਟਣ ਵਾਲੀਆਂ ਦੀਆਂ ਵਾਰੀਆਂ ਨਾ ਟੁੱਟਦੀਆਂ | ਓਧਰੋਂ ਫੁਹਾਰ ਆਣ ਲੱਥਦੀ | ਸਿਆਣੀ ਉਮਰ ਦੀਆਂ ਆਪਦਾ ਸਾਜ਼ੋ-ਸਾਮਾਨ ਲੈ ਘਰੀਂ ਪਹੁੰਚਦੀਆਂ | ਅੱਲ੍ਹੜਾਂ ਨੂੰ ਪਹਿਲੇ-ਪਹਿਲੇ ਮੀਂਹ ਵਿਚ ਭਿੱਜਣਾ ਚੰਗਾ-ਚੰਗਾ ਲੱਗਦਾ |
ਸਹੁਰੇ ਪਿੰਡ ਜਾ ਕੇ ਅਜਿਹੀਆਂ ਯਾਦਾਂ ਆਉਂਦੀਆਂ ਵੀ ਤੇ ਸਤਾਉਂਦੀਆਂ ਵੀ | ਖਾਸ ਤੌਰ 'ਤੇ ਸ਼ੁਰੂ-ਸ਼ੁਰੂ ਵਿਚ | ਇਸ ਲਈ ਮਾਪੇ ਕੁੜੀ ਨੂੰ ਥੋੜ੍ਹੇ ਥੋੜੇ ਸਮੇਂ ਬਾਦ ਪਿੰਡ ਲੈ ਆਉਂਦੇ | ਤੀਆਂ ਦੇ ਦਿਨਾਂ ਵਿਚ ਤਾਂ ਉਚੇਚੇ ਤੌਰ 'ਤੇ ਪਿਤਾ ਜਾਂ ਭਰਾ ਕੁੜੀ ਨੂੰ ਲੈਣ ਜਾਂਦਾ | ਖਾਲੀ ਹੱਥੀਂ ਤਾਂ ਧੀ-ਭੈਣ ਕੋਲ ਕਦੀ ਵੀ ਨਹੀਂ ਸੀ ਜਾਣਾ ਹੁੰਦਾ | ਬਾਪ ਜਾਂ ਭਰਾ ਕੱਪੜਾ-ਲੱਤਾ, ਫਲ-ਫਰੂਟ ਅਤੇ ਮਿਠਿਆਈ ਵਗੈਰਾ ਜ਼ਰੂਰ ਲੈ ਕੇ ਜਾਂਦਾ | ਸਹੁਰੇ ਜਦੋਂ ਲੈਣ ਆਉਂਦੇ ਉਹ ਵੀ ਘੱਟ ਨਾ ਕਰਦੇ | ਖਾਸ ਤੌਰ ਤੇ ਪਹਿਲੀ ਵਾਰ ਤਾਂ ਕਿੰਨਾਂ ਕੁਝ ਲੈ ਕੇ ਆਉਂਦੇ, ਜਿਸ ਨੂੰ ਪੜੇ੍ਹ-ਲਿਖੇ ਲੋਕ 'ਸੰਧਾਰਾ' ਆਖਦੇ ਹਨ | ਪੁਰਾਣੀਆਂ ਬੀਬੀਆਂ ਉਨ੍ਹਾਂ ਨੂੰ ਸਾਉਣ ਦੇ ਨਾਂਅ ਤੇ 'ਸਾਂਵਾੇ' ਹੀ ਕਹਿੰਦੀਆਂ ਸਨ | ਇਨ੍ਹਾਂ ਸਾਵਿਆਂ ਦਾ ਖਾਸ ਤੌਰ 'ਤੇ ਛੋਟੇ ਪਿੰਡਾਂ ਵਿਚ ਬੜਾ ਚਾਅ ਚੜਿ੍ਹਆ ਹੁੰਦਾ ਸੀ | ਸਹੁਰਿਆਂ ਨੇ ਕੁੜੀ ਲਈ ਅਤੇ ਉਸ ਦੇ ਪਰਿਵਾਰ ਲਈ ਤਾਂ ਕੱਪੜਾ-ਟਾਕੀ, ਗਹਿਣਾ-ਗੱਟਾ, ਫਲ-ਫਰੂਟ, ਮਠਿਆਈ ਵਗੈਰਾ ਲਿਆਉਣੀ ਹੀ ਹੁੰਦੀ ਸੀ, ਸਾਰੇ ਪਿੰਡ ਵਿਚ ਜਾਂ ਭਾਈਚਾਰੇ ਵਿਚ ਵੰਡਣ ਲਈ ਵੀ ਕੁਝ ਨਾਂ ਕੁਝ ਲੈ ਕੇ ਆਉਂਦੇ |
'ਸਾਵੇਂ' ਕਈ ਵਾਰੀ ਪਰਾਹੁਣਾ ਲੈ ਕੇ ਆਉਂਦਾ ਪਰ ਬਹੁਤੀ ਵਾਰ ਉਹਦੇ ਮਾਂ-ਪਿਉ ਵੀ ਆਣ ਢੁੱਕਦੇ | ਨਵੇਂ ਨਵੇਂ ਸਾਕਾਂ ਦੀ ਪਰਾਹੁਣਾਚਾਰੀ ਦਾ ਚਾਅ ਚੜ੍ਹ ਜਾਂਦਾ | ਸਾਉਣ ਵਿਚ ਘਾਹ-ਪੱਠਾ ਵਾਧੂ ਹੋਣ ਕਰਕੇ ਮੱਝੀਂ-ਗਾਈਾ ਵਲੋਂ ਚੋਖੇ ਦਿੱਤੇ ਦੁੱਧ ਦੀਆਂ ਖੀਰਾਂ ਬਣਨ ਲੱਗਦੀਆਂ, ਘਰ ਦੇ ਗੁੜ ਦੇ ਪੂੜੇ ਬਣਨ ਲੱਗਦੇ, ਗਰਮੀਆਂ ਵਿਚ ਦੁਪਹਿਰੇ ਆਪਣੇ ਹੱਥੀਂ ਵੱਟੀਆਂ ਸੇਵੀਆਂ ਰਿੱਝਣ ਲੱਗਦੀਆਂ | ਖੂਬ ਮਹਿਮਾਨ-ਨਿਵਾਜ਼ੀ ਹੁੰਦੀ | ਪਰਾਹੁਣੇ ਪਿੰਡ ਵਿਚ ਘੁੰਮਦੇ-ਫਿਰਦੇ, ਖੇਤਾਂ ਵਿਚ ਜਾਂਦੇ, ਹਰ ਕਿਸੇ ਦੇ ਵਾਕਫ ਬਣ ਬਣ ਬਹਿੰਦੇ.
ਪੇਕੇ ਪਿੰਡ ਤੀਆਂ ਦੇ ਮੌਕੇ 'ਤੇ ਉਚੇਚੇ ਤੌਰ 'ਤੇ ਆਈਆਂ ਕੁੜੀਆਂ ਇਕ-ਦੂਜੀ ਨੂੰ ਘੁੱਟ-ਘੁੱਟ ਕੇ ਮਿਲਦੀਆਂ | ਰਲ ਮਿਲ ਖੁੱਲ੍ਹੇ ਪਿੜਾਂ ਵਿਚ ਖੂਬ ਧਮੱਚੜ ਪਾਉਂਦੀਆਂ; ਰੁੱਖਾਂ ਤੇ ਪੀਘਾਂ ਝੂਟਦੀਆਂ, ਗਿੱਧੇ ਪਾਉਂਦੀਆਂ, ਗੀਤ ਗਾਉਂਦੀਆਂ, ਮਸ਼ਕਰੀਆਂ ਕਰਦੀਆਂ, ਇਕ-ਦੂਜੀ ਦੇ ਘਰ ਵਾਲੇ ਦਾ ਨਾਂਅ ਲੈ-ਲੈ ਮਖੌਲਾਂ ਕਰਦੀਆਂ, ਇਸ਼ਾਰਿਆਂ 'ਚ ਕਈ ਕੁਝ ਕਹਿੰਦੀਆਂ ਤੇ ਲੋਟ-ਪੋਟ ਹੋਈ ਜਾਂਦੀਆਂ | ਕੁਝ ਦਿਨਾਂ 'ਚ ਹੀ ਪੂਰਨਮਾਸ਼ੀ ਆ ਜਾਂਦੀ | ਸਵੇਰੇ ਸਵੇਰੇ ਨਹਾ-ਧੋ ਕੇ, ਵਾਹਿਗੁਰੂ-ਵਾਹਿਗੁਰੂ ਕਰਦੀਆਂ, ਸੁੱਚੇ ਮੂੰਹ ਆਪਣੇ ਵੀਰਾਂ ਨੂੰ ਰੱਖੜੀ ਬੰਨ੍ਹਦੀਆਂ ਤੇ ਮੂੰਹ ਮਿੱਠਾ ਕਰਾਉਂਦੀਆਂ | ਆਪਣੇ ਪਿਉ ਅਤੇ ਚਾਚੇ-ਤਾਇਆਂ ਨੂੰ ਵੀ ਰੱਖੜੀ ਬੰਨ੍ਹਦੀਆਂ, ਹੋਰ ਤਾਂ ਹੋਰ ਵੀਰ ਦੇ ਬਲਦਾਂ ਦੇ ਸਿੰਗਾਂ ਨੂੰ ਵੀ ਮੌਲੀ ਬੰਨ ਦਿੰਦੀਆਂ | ਸੁੱਖਣਾ ਮੰਗਦੀਆਂ | ਅਸੀਸਾਂ ਤੇ 'ਪਿਆਰ' ਪ੍ਰਾਪਤ ਕਰਦੀਆਂ | ਤੁਰਨ ਲੱਗਿਆਂ ਫਿਰ ਦੌੜ ਕੇ ਆਪਦੀਆਂ ਸਹੇਲੀਆਂ ਨੂੰ ਮਿਲਣ ਜਾਂਦੀਆਂ | ਕਈ ਸਹੇਲੀਆਂ ਤਾਂ ਉਨ੍ਹਾਂ ਨੂੰ ਪਿੰਡ ਦੀ ਜੂਹ ਤੱਕ ਤੋਰਣ ਆਉਂਦੀਆਂ | ਬੜੀ ਹਸਰਤ ਨਾਲ ਪਿਛਾਂਹ ਨੂੰ ਵੇਖਦੀਆਂ, ਹਉਕਾ ਜਿਹਾ ਭਰਦੀਆਂ ਤੇ ਮੂੰਹੋਂ ਬਿਰਕਦੀਆਂ, 'ਮੁੜ ਫਿਰ/ਪਿੰਡ ਆਂਵਾਂਗੇ, ਵਰ੍ਹੇ ਦਿਨਾਂ ਨੂੰ ਫੇਰ |'
ਉਨ੍ਹਾਂ ਦੀ ਜਾਣੇ ਬਲ੍ਹਾ ਸੁਦੀਆਂ ਕੀ ਹੁੰਦੀਆਂ ਨੇ ਤੇ ਵਦੀਆਂ ਕੀ ਹੁੰਦੀਆਂ ਨੇ | ਉਹ ਤਾਂ ਬੱਸ ਇਹ ਜਾਣਦੀਆਂ ਸਨ : 'ਕੁੜੀਓ ਆ ਜਾਓ ਨੀ, ਸਾਉਣ ਸੈਨਤਾਂ ਮਾਰੇ' | ਉਹ ਤਾਂ ਇਹ ਜਾਣਦੀਆਂ ਸਨ ਕਿ ਸਾਉਣ ਸਾਂਝਾਂ ਦਾ ਮਹੀਨਾ ਹੈ | ਆਪਣਿਆਂ ਮੁੱਢਾਂ ਨਾਲ ਜੁੜਣ ਦਾ ਮਹੀਨਾ ਹੈ | ਕਈ ਵਾਰ ਟਾਈਮ ਹੋਵੇ ਤਾਂ ਸਾਰਾ ਸਾਉਣ ਹੀ ਰਹਿ ਜਾਂਦੀਆਂ ਤੇ ਕਈ ਵਾਰੀ ਜੇ ਟਾਈਮ ਨਾ ਹੋਵੇ ਤਾਂ ਵੀਰ ਨੂੰ ਪਹਿਲਾਂ ਹੀ ਰੱਖੜੀ ਬੰਨ੍ਹ ਵਿਦਿਆ ਹੋ ਜਾਂਦੀਆਂ | ਉਨ੍ਹਾਂ ਦੀਆਂ ਤਾਂ ਮਾਵਾਂ-ਦਾਦੀਆਂ-ਨਾਨੀਆਂ ਨੂੰ ਵੀ ਨਹੀਂ ਸੀ ਪਤਾ ਕਿ ਸੁਖਣਾਂ-ਲੱਧਾ ਧਾਗਾ ਜੋ ਉਹ ਬੰਨ੍ਹਦੀਆਂ ਸਨ ਉਸਨੂੰ 'ਰਾਖੀ' ਜਾਂ 'ਰਕਸ਼ਾ-ਬੰਧਨ' ਕਹਿੰਦੇ ਨੇ | ਅਖੇ ਜੀ ਰਾਖੀ ਬੰਨ੍ਹਣ ਦਾ ਮਤਲਬ ਹੈ ਕਿ ਵੀਰ ਭੈਣਾਂ ਦੀ ਰਾਖੀ ਕਰਨਗੇ | ਬੰਦਾ ਪੁੱਛੇ ਭਰਾਵਾਂ, ਮਾਂ-ਪਿਉ, ਚਾਚੇ-ਤਾਇਆਂ ਨੇ ਰਾਖੀ ਭਲਾ ਰੱਖੜੀ ਬੰਨਿ੍ਹਆਂ ਹੀ ਕਰਣੀ ਸੀ! ਤੁਰਨ ਲੱਗਿਆਂ ਆਪਣੇ ਮੁੱਢ ਨੂੰ 'ਰੱਬ ਦੀਆਂ ਰੱਖਾਂ' ਦਾ ਧਾਗਾ ਬੰਨ੍ਹਣਾ ਤਾਂ ਆਪਣੀਆਂ ਭਾਵਨਾਵਾਂ ਨੂੰ ਕਿਸੇ ਸਥੂਲ ਵਸਤੂ ਰਾਹੀਂ ਦਰਸਾਉਣ ਬਰੋਬਰ ਸੀ | ਮਹੱਤਵਪੂਰਨ ਤਾਂ ਆਪਦੀ ਪੇਕੇ-ਭੌਇੰ ਲਈ ਕੀਤੀਆਂ ਜਾਂਦੀਆਂ ਅਰਦਾਸਾਂ ਹੀ ਸਨ |
ਰੱਬ ਖੈਰ ਕਰੇ! ਤੀਆਂ ਲੱਗਦੀਆਂ ਰਹਿਣ | ਖੀਰ-ਪੂੜੇ ਪੱਕਦੇ ਰਹਿਣ! ਧੀਆਂ ਹੱਸਦੀਆਂ ਰਹਿਣ! ਭੈਣਾਂ ਵੱਸਦੀਆਂ ਰਹਿਣ! ਪੇਕੀਂ ਆਉਂਦੀਆਂ ਰਹਿਣ! ਖੌਰੇ ਉਨ੍ਹਾਂ ਦੀਆਂ ਦੁਆਵਾਂ ਸਦਕਾ ਹੀ ਬਾਬਲ-ਭਾਈ, ਚਾਚੇ-ਤਾਏ, ਪਿੰਡ ਦੇ ਜਾਏ, ਆਪਣੀਆਂ ਇੱਜ਼ਤਾਂ ਦੇ ਅਤੇ ਆਪਣੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੇ ਰਖਵਾਲੇ ਬਣੇ ਰਹਿਣ!

-ਪਿੰਡ ਤੇ ਡਾਕ: ਨਡਾਲਾ, ਜ਼ਿਲ੍ਹਾ ਕਪੂਰਥਲਾ |
ਮੋਬਾਈਲ : 98152-53245.


ਖ਼ਬਰ ਸ਼ੇਅਰ ਕਰੋ

ਸਾਡਾ ਤਾਂ ਸੁਲਤਾਨ ਹੈ: ਬਾਹੂ

ਹਜ਼ਰਤ ਸੁਲਤਾਨ ਬਾਹੂ ਪੰਜਾਬੀ ਸ਼ਾਇਰੀ ਦਾ ਧੰਨਭਾਗ ਸਨ | ਉਨ੍ਹਾਂ ਦੀ ਰਚਨਾ ਜ਼ਿੰਦਗੀ ਦਾ ਅਰਕ ਕਹੀ ਜਾ ਸਕਦੀ ਹੈ | ਸੂਫ਼ੀ ਰਵਾਇਤ ਦਾ ਤੀਸਰਾ ਵੱਡਾ ਥੰਮ੍ਹ ਸੁਲਤਾਨ ਬਾਹੂ ਜੀ ਨੂੰ ਮੰਨਿਆ ਜਾ ਸਕਦਾ ਹੈ | ਸ਼ਾਹ ਹੁਸੈਨ ਅਤੇ ਬੁੱਲ੍ਹੇ ਸ਼ਾਹ ਵਾਂਗ ਉਨ੍ਹਾਂ ਨੇ ਵੀ ਦੀਨੀ ਰਵਾਇਤ ਦਾ ਫਰੇਮ ਤੋੜਦਿਆਂ ਮਨੁੱਖ ਨੂੰ ਉਸ ਦੀਆਂ ਵਹਿਬਤਾਂ ਤੋਂ ਆਜ਼ਾਦ ਕਰਵਾਉਣ ਲਈ ਜਿਥੇ ਸ਼ਾਇਰੀ ਕੀਤੀ ਉਥੇ ਆਪਣੀਆਂ ਹਕਾਇਤਾਂ ਅਤੇ ਜੀਵਨ ਵਿਹਾਰ ਰਾਹੀਂ ਵੀ ਚੰਗਾ ਬੀਜਿਆ | 1629 ਈਸਵੀ ਨੂੰ ਜਨਮੇ ਅਤੇ 1690 ਈਸਵੀ ਨੂੰ ਸਾਨੂੰ ਅਲਵਿਦਾ ਕਹਿ ਗਏ ਸੁਲਤਾਨ ਬਾਹੂ ਸਾਹਿਬ ਦੇ ਬੋਲ ਅੱਜ ਵੀ ਜੇ ਪੌਣਾਂ ਵਿਚ ਮਿਸ਼ਰੀ ਘੋਲਦੇ ਹਨ ਤਾਂ ਇਸ ਦਾ ਇਕੋ-ਇਕ ਕਾਰਨ ਉਨ੍ਹਾਂ ਦੀ ਜੀਵਨ ਦੀ ਹਕੀਕਤ ਨੂੰ ਪੱਕੀ ਪੀਢੀ ਪਕੜ ਹੀ ਕਹੀ ਜਾ ਸਕਦੀ ਹੈ | ਉਹ ਸਾਨੂੰ ਸੱਚੇ ਇਸ਼ਕ ਦਾ ਮਾਰਗ ਸਮਝਾਉਂਦੇ ਹੋਏ ਇਹੀ ਕਹਿੰਦੇ ਹਨ ਕਿ ਕਣ-ਕਣ ਵਿਚ ਭਗਵਾਨ, ਅੱਲ੍ਹਾ, ਵਾਹਿਗੁਰੂ ਜਾਂ ਕੋਈ ਵੀ ਦੀਨੀ ਸੰਬੋਧਨ ਮੰਨਣ ਵਾਲਿਓ, ਅਸਲ ਵਿਚ ਇਹ ਸਾਰੇ ਇਸ਼ਕ ਦੇ ਹੀ ਨਾਂਅ ਹਨ ਅਤੇ ਇਸ਼ਕ ਦੀ ਬੂਟੀ ਚੰਬੇ ਵਾਂਗ ਸਾਡੇ ਮਨ ਅੰਦਰ ਮਹਿਕਦੀ ਅਤੇ ਸਾਨੂੰ ਸੁਗੰਧਤ ਕਰਦੀ ਹੈ |
ਅਲਫ਼ ਅੱਲ੍ਹਾ ਚੰਬੇ ਦੀ ਬੂਟੀ,
ਮੁਰਸ਼ਦ ਮਨ ਮੇਰੇ ਵਿਚ ਲਾਈ ਹੂ
ਨਫ਼ੀ, ਅਸਬਾਤ ਦਾ ਪਾਣੀ ਮਿਲੇ ਸੁ,
ਹਰ ਰੰਗੇ ਹਰ ਜਾਈ ਹੂ |
ਅੰਦਰ ਬੂਟੀ ਮੁਸ਼ਕ ਮਚਾਇਆ,
ਜਾਂ ਫੁੱਲਣ ਪਰ ਆਈ ਹੂ |
ਜੀਵੇ ਮੁਰਸ਼ਦ ਕਾਮਲ ਬਾਹੂ,
ਜੈ ਇਹ ਬੂਟੀ ਲਾਈ ਹੂ |
ਮੁਹੱਬਤ ਦਾ ਬੂਟਾ ਸਾਡੇ ਅੰਦਰ ਸਿਰਫ਼ ਕਾਮਲ ਮੁਰਸ਼ਦ ਹੀ ਲਾ ਸਕਦਾ ਹੈ ਅਤੇ ਕਾਮਲ ਮੁਰਸ਼ਦ ਦੀ ਤਲਾਸ਼ ਵਾਸਤੇ ਉਹ ਸਾਨੂੰ ਉਂਗਲੀ ਫੜ ਕੇ ਨਾਲ-ਨਾਲ ਤੋਰਦੇ ਹਨ | ਇਸਲਾਮ ਦੇ ਧਾਰਨੀ ਲੋਕਾਂ ਤੋਂ ਬਾਹਰ ਵੀ ਜੇ ਅੱਜ ਸੁਲਤਾਨ ਬਾਹੂ ਦੀਆਂ ਲਿਖਤਾਂ ਕਦਮ-ਕਦਮ 'ਤੇ ਰਾਹ ਦਿਸੇਰਾ ਬਣ ਰਹੀਆਂ ਹਨ ਤਾਂ ਇਸ ਦਾ ਇਕੋ ਇਕ ਕਾਰਨ ਇਹੀ ਹੈ ਕਿ ਉਨ੍ਹਾਂ ਦਾ ਸੰਬੋਧਨ ਸਰਬੱਤ ਵਾਸਤੇ ਹੈ, ਕਿਸੇ ਖਿੱਤਾ ਵਿਸ਼ੇਸ਼ ਦੇ ਕਿਸੇ ਖਾਸ ਧਰਮ ਲਈ ਨਹੀਂ | ਸੂਫ਼ੀ ਰਵਾਇਤ ਦਾ ਆਧਾਰ ਹੀ ਖੁੱਲ੍ਹ ਕੇ ਵਿਚਰਨ ਵਿਚ ਹੈ, ਬੰਧਨ ਵਿਚ ਨਹੀਂ | ਸੂਫ਼ੀਆਂ ਦੇ ਪੁਰਾਣੇ ਅਤੇ ਪ੍ਰਮੁੱਖ ਕੇਂਦਰਾਂ ਬਸਰਾ, ਬਗਦਾਦ, ਕੂਫ਼ਾ ਅਤੇ ਦਮਿਸ਼ਕ ਤੋਂ ਬਾਹਰ ਜੇਕਰ ਇਸ ਦਾ ਵਾਸ ਅੱਜ ਦੱਖਣੀ ਭਾਰਤ ਤੱਕ ਵੀ ਹੋ ਗਿਆ ਤਾਂ ਸੰਦੇਸ਼ ਦੀ ਸ਼ਕਤੀ ਹੀ ਆਖੀ ਜਾ ਸਕਦੀ ਹੈ | ਸੂਫ਼ੀਵਾਦ ਕੋਈ ਵਿਸ਼ੇਸ਼ ਧਰਮ ਨਹੀਂ, ਰੂਹਾਨੀ ਜੀਵਨ ਵਿਹਾਰ ਦਾ ਅੰਦਾਜ਼ ਹੈ ਅਤੇ ਹਿੰਦੁਸਤਾਨ ਵਿਚ ਸੂਫ਼ੀ ਫਿਰਕਿਆਂ ਦਾ ਆਦਰਮਾਣ ਆਮ ਲੋਕ ਤਾਂ ਕਰਦੇ ਹੀ ਸਨ, ਖਾਸ ਆਦਮੀ ਵੀ ਸੂਫ਼ੀ ਰਵਾਇਤ ਨੂੰ ਆਪਣੇ ਸਾਹਾਂ ਵਿਚ ਰਮਾਈ ਬੈਠਾ ਹੈ | ਬਾਬਾ ਫ਼ਰੀਦ ਤੋਂ ਲੈ ਕੇ ਖਵਾਜ਼ਾ ਗੁਲਾਮ ਫਰੀਦ ਤੱਕ ਸਾਰਾ ਪੈਂਡਾ ਸੂਫ਼ੀ ਰਵਾਇਤ ਦੇ ਸਥਾਪਨ ਦਾ ਹੀ ਤਾਂ ਹੈ | ਅੱਜ ਵੀ ਬਾਬਾ ਬੁੱਲ੍ਹੇ ਸ਼ਾਹ, ਹਜ਼ਰਤ ਸੁਲਤਾਨ ਬਾਹੂ ਅਤੇ ਸ਼ਾਹ ਹੁਸੈਨ ਦੇ ਬੋਲਾਂ ਦਾ ਅਸਰ ਇਧਰਲੇ ਪੰਜਾਬ ਵਿਚ ਲਿਖੀ ਜਾਂਦੀ ਸ਼ਾਇਰੀ 'ਤੇ ਪ੍ਰਧਾਨ ਹੈ | ਈਸ਼ਵਰ ਦਾਸ ਫਕੀਰ ਅਤੇ ਜਨਕ ਸ਼ਰਮੀਲਾ ਵਲੋਂ ਕਾਫੀਆਂ ਦੀਆਂ ਦੋ-ਦੋ ਪੁਸਤਕਾਂ ਲਿਖਣਾ ਇਸੇ ਰਵਾਇਤ ਦਾ ਮੁੜ ਸੁਰਜੀਤ ਹੋਣਾ ਕਿਹਾ ਜਾ ਸਕਦਾ ਹੈ | ਪੀਰਾਂ ਦੀਆਂ ਮਜ਼ਾਰਾਂ ਤੇ ਸੂਫੀਆਂ ਦੇ ਕਲਾਮ ਅੱਜ ਵੀ ਜੇ ਚਿਰਾਗਾਂ ਵਾਂਗ ਮਚਦੇ ਹਨ ਤਾਂ ਇਹ ਬੋਲਾਂ ਦੀ ਸ਼ਕਤੀ ਸੂਫ਼ੀ ਸ਼ਾਇਰਾਂ ਦੇ ਸੱਚ ਦੀ ਸ਼ਕਤੀ ਹੈ |
ਵਹਿਦਤ ਦਾ ਦਰਿਆ ਇਲਾਹੀ
ਜਿਥੇ ਆਸ਼ਕ ਲੌਾਦੇ ਤਾਰੀ ਹੂ |
ਮਾਰਨ ਚੁੱਭੀਆਂ ਕੱਢਣ ਮੋਤੀ
ਆਪੋ ਆਪਣੀ ਵਾਰੀ ਹੂ |
ਦੁਰ ਯਤੀਮ ਵਿਚ ਲਏ ਲਿਸ਼ਕਾਰੇ
ਜਿਉਂ ਚੰਦ ਲਾਟਾਂ ਮਾਰੇ ਹੂ |
ਸੋ ਕਿਉਂ ਨਹੀਂ ਹਾਸਲ ਭਰਦੇ ਬਾਹੂ
ਜਿਹੜੇ ਨੌਕਰ ਨੇ ਸਰਕਾਰੀ ਹੂ |
ਸਰਕਾਰ ਇਥੇ ਕੋਈ ਹਕੂਮਤ ਦੇ ਰੂਪ ਵਿਚ ਨਹੀਂ ਸਗੋਂ ਫਰੇਮ ਅੰਦਰ ਵਿਚਰਦੇ ਧਰਮ ਦੀ ਵਲਗਣ ਹੈ, ਜਿਨ੍ਹਾਂ ਨੂੰ ਨਿਸਚਿਤ ਸੀਮਾ ਅੰਦਰ ਹੀ ਵਿਚਰਨ ਦੀ ਇਜਾਜ਼ਤ ਹੈ | ਇਸੇ ਕਰਕੇ ਸੁਲਤਾਨ ਬਾਹੂ ਸਾਨੂੰ ਫਰੇਮ ਤੋੜ ਕੇ ਬਾਹਰ ਵਿਚਰਨ ਦੀ ਪ੍ਰੇਰਨਾ ਦਿੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਧਰਮਾਂ ਦੀ ਸਰਕਾਰ ਦੇ ਗੁਲਾਮ ਜਾਂ ਨੌਕਰ ਕੁਝ ਵੀ ਹਾਸਲ ਨਹੀਂ ਕਰ ਸਕਦੇ | ਪਾਕਿਸਤਾਨ ਹੋਵੇ ਜਾਂ ਹਿੰਦੁਸਤਾਨ ਸ਼ਾਇਰ ਦੀ ਦੁਨੀਆ ਹੀ ਵੱਖਰੀ ਹੈ | ਸਮੁੱਚੇ ਵਿਸ਼ਵ ਵਿਚ ਵਸਦੇ ਪੰਜਾਬੀਆਂ ਲਈ ਸਾਂਝਾ ਸੁਲਤਾਨ ਬਾਹੂ ਹੈ ਜਿਹੜਾ ਕਿਸੇ ਵੀਜ਼ੇ ਜਾਂ ਪ੍ਰਵਾਨਗੀ ਦਾ ਗੁਲਾਮ ਨਹੀਂ | ਉਸ ਦੇ ਬੋਲਾਂ ਵਿਚ ਚੰਦਰਮਾ ਦੀ ਰੌਸ਼ਨੀ ਵਰਗੀ ਠੰਢਕ ਹੈ, ਚਾਨਣਾ ਹੈ, ਤਾਰਿਆਂ ਵਾਂਗ ਲਿਸ਼ਕਣ ਦੀ ਸ਼ਕਤੀ ਹੈ ਅਤੇ ਗਲੀਆਂ ਵਿਚ ਨਿਮਾਣੇ ਫਿਰਦੇ ਲਾਲਾਂ ਦੇ ਵਣਜਾਰਿਆਂ ਨੂੰ ਸਹੀ ਮਾਰਗ ਤੇ ਤੁਰਨ ਦੀ ਅਗਵਾਈ ਦੇਣਯੋਗ ਹਿੰਮਤ ਹੈ | ਇਸੇ ਕਰਕੇ ਉਹ ਉਸ ਠੰਢੀ ਚਾਨਣੀ ਨੂੰ ਚੰਦਰਮਾ ਤੋਂ ਹੀ ਮੰਗਦਾ ਹੈ |
ਚੇ ਚੜ ਚੰਨਾ ਤੇ ਕਰ ਰੁਸ਼ਨਾਈ
ਤੇ ਜ਼ਿਕਰ ਕਰੇਂਦੇ ਤਾਰੇ ਹੂ |
ਗਲੀਆਂ ਦੇ ਵਿਚ ਫਿਰਨ ਨਿਮਾਣੇ
ਲਾਲਾਂ ਦੇ ਵਣਜਾਰੇ ਹੂ |
ਸ਼ਾਲਾ ਮੁਸਾਫਰ ਕੋਈ ਨਾ ਥੀਵੇ
ਕੱਖ ਜਿਨ੍ਹਾਂ ਤੋਂ ਭਾਰੇ ਹੂ |
ਤਾੜੀ ਮਾਰ ਉਡਾ ਨਾ ਬਾਹੂ
ਅਸੀਂ ਆਪੇ ਉੱਡਣ ਹਾਰੇ ਹੂ |
ਇਸ਼ਕ ਹਕੀਕੀ ਅਤੇ ਇਸ਼ਕ ਮਜਾਜ਼ੀ ਵਿਚਕਾਰ ਫਰਕ ਮਿਟਾਉਣ ਲਈ ਇਨ੍ਹਾਂ ਫ਼ਕੀਰਾਂ ਨੇ ਸਾਨੂੰ ਬੋਲਾਂ ਦਾ ਸਾਥ ਦਿੱਤਾ ਹੈ | ਉਹ ਆਪਣੀ ਮੁਹੱਬਤ ਨੂੰ ਬਾਹਾਂ ਵਿਚ ਸਮੇਟਣ ਦੀ ਥਾਂ ਸਾਹਾਂ ਵਿਚ ਸਮੋਣ ਦੀ ਪ੍ਰੇਰਨਾ ਦਿੰਦੇ ਹਨ | ਉਨ੍ਹਾਂ ਨੂੰ ਇਹ ਗੱਲ ਕਿਸੇ ਤਰ੍ਹਾਂ ਵੀ ਪ੍ਰਭਾਵਿਤ ਨਹੀਂ ਕਰਦੀ ਕਿ ਉਨ੍ਹਾਂ ਦਾ ਸੰਬੋਧਨ ਜਨੇਊ ਵਾਲੇ ਨੂੰ ਜਾਂ ਸੰੁਨਤ ਵਾਲੇ ਨੂੰ | ਉਨ੍ਹਾਂ ਨੂੰ ਤਾਂ ਮੋਮਨ ਵੀ ਕਾਫ਼ਰ ਲੱਗਦੇ ਹਨ ਅਤੇ ਕਾਫ਼ਰ ਮੋਮਨ | ਦੋਵਾਂ ਵਿਚਕਾਰ ਫਰਕ ਮਿਟਾਉਣ ਦੇ ਰਵਾਇਤ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਅਤੇ ਸੁਲਤਾਨ ਬਾਹੂ ਦੇ ਸਮਕਾਲੀ ਸਿੱਖ ਗੁਰੂ ਕਵੀਆਂ ਨੇ ਵੀ ਨਿਭਾਈ | ਸ਼ਾਇਦ ਇਸੇ ਕਰਕੇ ਉਨ੍ਹਾਂ ਦਾ ਸਾਂਝਾ ਉਪਦੇਸ਼ ਸਰਬੱਤ ਦਾ ਭਲਾ ਬਣਿਆ | ਸਿੱਖਣ ਸਿਖਾਉਣ ਦੀ ਰਵਾਇਤ ਵਿਚ ਵਿਚੋਲਾ ਨਹੀਂ ਹੁੰਦਾ ਅਤੇ ਕਾਜ਼ੀ, ਮੁੱਲਾਂ, ਮੌਲਵੀ ਜਾਂ ਭਾਈ ਸਿਰਫ਼ ਲੜਾਈ ਦਾ ਵਸੀਲਾ ਹਨ ਪੜ੍ਹਾਈ ਦਾ ਨਹੀਂ | ਇਹ ਸੰਦੇਸ਼ ਸਾਨੂੰ ਸੁਲਤਾਨ ਬਾਹੂ ਸਾਹਿਬ ਵੀ ਦੱਸਦੇ ਹਨ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਸਾਬਕਾ ਪ੍ਰਧਾਨ, ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ |
ਫੋਨ : 98726-31199.

ਪੰਜਾਬੀਆਂ ਦਾ ਮਾਣ ਆਕਾਸ਼ਵਾਣੀ ਜਲੰਧਰ

ਅੰਗਰੇਜ਼ੀ ਦਾ ਇਕ ਲਫ਼ਜ਼ ਹੈ ਪੈਨੇਸ਼ੀਆ | ਇਸ ਦਾ ਅਰਥ ਹੁੰਦਾ ਹੈ ਕਿ ਸਾਰੇ ਮਰਜ਼ਾਂ ਦੀ ਇਕ ਦਵਾ | ਠੀਕ ਇਹੋ ਗੱਲ ਆਲ ਇੰਡੀਆ ਰੇਡੀਓ ਜਲੰਧਰ 'ਤੇ ਲਾਗੂ ਹੁੰਦੀ ਹੈ | ਕਿੳਾੁਕਿ ਇਹ ਦੁਨੀਆ ਦੇ ਹਰ ਹਿੱਸੇ ਵਿਚ ਵਸਣ ਵਾਲੇ ਪੰਜਾਬੀਆਂ ਦੀਆਂ ਧਾਰਮਿਕ, ਸਮਾਜਿਕ, ਆਰਥਿਕ, ਸੱਭਿਆਚਾਰਕ, ਸੂਚਨਾ, ਖਬਰਾਂ, ਸੰਗੀਤਮਈ, ਖੇਤੀਬਾੜੀ ਯਾਨੀ ਕਿ ਹਰੇਕ ਲੋੜ ਨੂੰ ਪੂਰਾ ਕਰਦਾ ਹੈ | ਇਹੋ ਕਾਰਨ ਹੈ ਕਿ ਇਸ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੁਨੀਆ-ਭਰ ਵਿਚ ਵਸਦੇ ਪੰਜਾਬੀ ਅਕਾਸ਼ਵਾਣੀ ਜਲੰਧਰ ਨਾਲ ਨੇੜਿਉਂ ਜੁੜੇ ਹੋਏ ਹਨ |
ਆਕਾਸ਼ਵਾਣੀ ਜਲੰਧਰ ਦੀ ਸਥਾਪਨਾ : ਆਕਾਸ਼ਵਾਣੀ ਜਲੰਧਰ ਦੀ ਸਥਾਪਨਾ ਸੰਨ 1947 ਵਿਚ ਕੀਤੀ ਗਈ ਅਤੇ ਪੰਜਾਬੀ ਦੇ ਮਹਾਨ ਸਾਹਿਤਕਾਰ ਸ: ਕਰਤਾਰ ਸਿੰਘ ਦੁੱਗਲ ਨੂੰ ਇਸ ਦਾ ਬਾਨੀ ਡਾਇਰੈਕਟਰ ਨਿਯੁਕਤ ਕੀਤਾ ਗਿਆ | ਉਹੋ ਹੀ ਉੱਦਮ ਕਰ ਕੇ ਸਟੇਸ਼ਨ ਲਈ ਲੋੜੀਂਦਾ ਸਾਰਾ ਸਾਮਾਨ ਲੈ ਕੇ ਆਏ | ਇਸ ਦੇ ਨਾਲ ਹੀ ਇਸ ਕੇਂਦਰ ਦੀ ਚੜ੍ਹਦੀ ਕਲਾ ਦੀ ਨੀਂਹ ਰੱਖੀ ਗਈ | ਇਸ ਦੇ ਸਥਾਪਨਾ ਦੇ ਦੋ ਮਕਸਦ ਸਨ | ਇਕ ਪਾਕਿਸਤਾਨ ਦੇ ਲਾਹੌਰ ਰੇਡੀਓ ਦੇ ਭਾਰਤ ਵਿਰੋਧੀ ਭੰਡੀ ਪ੍ਰਚਾਰ ਦਾ ਟਾਕਰਾ ਕਰਨਾ ਅਤੇ ਦੂਸਰਾ ਦੁਨੀਆ-ਭਰ ਵਿਚ ਵਸਦੇ ਪੰਜਾਬੀਆਂ ਨਾਲ ਨਿੱਘਾ ਰਾਬਤਾ ਕਾਇਮ ਕਰਨਾ | ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਕੇਂਦਰ ਨੇ ਜੋ ਮੱਲਾਂ ਮਾਰੀਆਂ ਹਨ, ਉਨ੍ਹਾਂ 'ਤੇ ਜਿੰਨਾ ਵੀ ਮਾਣ ਕੀਤਾ ਜਾਵੇ, ਉਹ ਥੋੜ੍ਹਾ ਹੈ | ਸਮਾਜ ਦੇ ਹਰ ਵਰਗ ਲਈ ਆਕਾਸ਼ਵਾਣੀ ਜਲੰਧਰ ਤੋਂ ਨਰੋਏ, ਸਾਫ਼-ਸੁਥਰੇ ਤੇ ਮਿਆਰੀ ਪੋ੍ਰਗਰਾਮ ਤਿਆਰ ਕੀਤੇ ਜਾਂਦੇ ਹਨ | ਜੇ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਦਿਹਾਤੀ ਪੋ੍ਰਗਰਾਮ, ਬਾਲਵਾੜੀ, ਤਿ੍ੰਝਣ, ਗੁਰਬਾਣੀ ਵਿਚਾਰ, ਯੁਵ ਵਾਣੀ, ਨਾਰੀ ਸੰਸਾਰ, ਸਿਰਜਣਾ, ਸ਼ਬਦ-ਗਾਇਨ, ਕਵੀ ਦਰਬਾਰ, ਲੋਕ ਸੰਗੀਤ, ਢਾਡੀ ਵਾਰਾਂ, ਕਵੀਸ਼ਰੀ, ਰੇਡੀਓ ਨਾਟਕ ਅਤੇ ਨੇਤਰਹੀਣਾਂ ਲਈ ਅੱਖਰ ਆਵਾਜ਼ਾਂ ਵਰਗੇ ਵੱਖ-ਵੱਖ ਵਿਸ਼ਿਆਂ 'ਤੇ ਚਰਚਾਵਾਂ ਤੋਂ ਇਲਾਵਾ, ਕਵੀ ਦਰਬਾਰ, ਚਲੰਤ ਮਾਮਲਿਆਂ 'ਤੇ ਚਰਚਾ, ਭਗਤੀ ਸੰਗੀਤ ਦਾ ਪੋ੍ਰਗਰਾਮ ਅਰਾਧਨਾ, ਦੁਪਹਿਰ ਸਮੇਂ ਫ਼ੌਜੀ ਵੀਰਾਂ ਲਈ ਸੰਗੀਤ ਦਾ ਪੋ੍ਰਗਰਾਮ ਪ੍ਰਮੁੱਖ ਹਨ | ਇਹ ਪੋ੍ਰਗਰਾਮ ਹੁਣ ਵੀ ਉਸੇ ਮਿਆਰ 'ਤੇ ਖਰੇ ਉਤਰਦੇ ਹਨ | ਕਦੇ ਸਮਾਂ ਸੀ ਕਿ ਦਿਹਾਤੀ ਪੋ੍ਰਗਰਾਮ ਦੇ ਚਾਚਾ ਕੁਮੇਦਾਨ, ਠੰਢੂ ਰਾਮ, ਭਾਈਆ ਜੀ, ਸੰਤ ਰਾਮ, ਫ਼ੌਜਾ ਸਿੰਘ, ਮਾਸਟਰ ਜੀ, ਠੁਣੀਆ ਰਾਮ ਵਰਗੇ ਨਾਮੀ ਕਲਾਕਾਰਾਂ ਦੀ ਇਕ ਝਲਕ ਵੇਖਣ ਨੂੰ ਸ਼ਾਮ ਨੂੰ ਲੋਕ ਦੂਰ-ਦੁਰਾਡੇ ਤੋਂ ਰੇਡੀਓ ਦੇ ਗੇਟ ਮੂਹਰੇ ਖੜ੍ਹੇ ਹੁੰਦੇ ਸਨ | ਇਸੇ ਤਰ੍ਹਾਂ ਮਿਸ ਲਾਈ, ਮੋਤੀ ਸੂਦ, ਪਿ੍ਥਵੀ ਰਾਜ ਕਪੂਰ, ਪ੍ਰਕਾਸ਼ ਸੇਠੀ, ਦੇਵ ਸ਼ਰਮਾ, ਸੁਖਜੀਤ ਕੌਰ ਅਤੇ ਬੀਰਇੰਦਰ ਸਿੰਘ ਅਤੇ ਪ੍ਰੋਮਿਲਾ ਵਰਮਾ ਵਰਗੇ ਅਨਾਊਾਸਰ ਇਸੇ ਕੇਂਦਰ ਨੇ ਪੈਦਾ ਕੀਤੇ | ਬੀਬੀ ਪ੍ਰਕਾਸ਼ ਢਿੱਲੋਂ, ਬੀਬੀ ਹਰਬੰਸ ਢਿੱਲੋਂ (ਢਿੱਲੋਂ ਭੈਣ) ਅਤੇ ਹਰਬੰਸ ਸਿੰਘ ਖੁਰਾਣਾ ਵਰਗੇ ਨਾਟਕ ਖੇਤਰ ਦੇ ਮਹਾਨ ਕਲਾਕਾਰ ਇਸ ਕੇਂਦਰ ਦੀ ਸ਼ਾਨ ਰਹੇ ਹਨ |
ਰੇਡੀਓ ਨੇ ਸਮੇਂ-ਸਮੇਂ 'ਤੇ ਬਦਲਦੇ ਹਾਲਾਤ 'ਤੇ ਖਰਾ ਉਤਰਨ ਲਈ ਪੁਰਾਣੇ ਪੋ੍ਰਗਰਾਮਾਂ ਦੇ ਨਾਲ-ਨਾਲ ਨਵੇਂ-ਨਿਵੇਕਲੇ ਤੇ ਮਿਆਰੀ ਪੋ੍ਰਗਰਾਮ ਵੀ ਸ਼ੁਰੂ ਕੀਤੇ ਹਨ | ਜੇ ਕਿਸੇ ਕੇਂਦਰ ਦਾ ਮੁਖੀ ਸੰਗੀਤ ਨਾਲ ਜੁੜਿਆ ਹੋਵੇ ਤਾਂ ਉਸ ਤੋਂ ਹੋਰ ਵੀ ਚੰਗੇਰੀ ਕਾਰਗੁਜ਼ਾਰੀ ਦੀ ਆਸ ਕੀਤੀ ਜਾ ਸਕਦੀ ਹੈ ਅਤੇ ਇਸ ਆਸ 'ਤੇ ਪੂਰੀ ਤਰ੍ਹਾਂ ਖਰੇ ਉਤਰ ਰਹੇ ਹਨ | ਜਲੰਧਰ ਰੇਡੀਓ ਸਟੇਸ਼ਨ ਦੇ ਮੌਜੂਦਾ ਮੁਖੀ ਬੀਬੀ ਸੰਤੋਸ਼ ਰਿਸ਼ੀ | ਉਨ੍ਹਾਂ ਦੀ ਦੇਖ-ਰੇਖ ਹੇਠ ਬਹੁਤ ਮਾਣ-ਮੱਤਾ ਕੰਮ ਹੋਇਆ, ਜਿਸ ਦਾ ਕੁੱਝ ਵੇਰਵਾ ਮੈਂ ਦੇਣਾ ਚਾਹਵਾਂਗਾ | ਜਲੰਧਰ ਕੇਂਦਰ ਹੀ ਇਕ ਇਹੋ ਜਿਹਾ ਸਟੇਸ਼ਨ ਹੈ, ਜਿੱਥੇ ਕੇਵਲ ਢੋਲਕ ਅਤੇ ਤੂੰਬੀ ਵਰਗੇ ਲੋਕ ਸਾਜ਼ਾਂ ਨਾਲ ਸੰਗੀਤ ਸੁਣਨ ਨੂੰ ਮਿਲਦਾ ਹੈ | ਐਫ.ਐਮ. 'ਤੇ ਇਕ ਪੋ੍ਰਗਰਾਮ ਗੁਦਗੁਦੀ ਡਾਟ ਕਾਮ ਹੈ, ਬੁਝਾਰਤਾਂ, ਪੰਜਾਬੀ ਵਿਰਸੇ ਨਾਲ ਸਬੰਧਿਤ ਗੱਲਾਂ, ਅਖਾਣਾਂ ਅਤੇ ਗੀਤਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ | ਐਫ.ਐਮ. ਕਸੌਲੀ 100.9 ਮੈਗਾ ਹਰਟਜ਼ ਅਤੇ ਫ਼ਾਜ਼ਿਲਕਾ 100.8 ਮੈਗਾ ਹਰਟਜ਼ 'ਤੇ ਪੂਰੇ ਹਿੱਸੇ ਨੂੰ ਕਵਰ ਕਰ ਰਿਹਾ ਹੈ | ਇਸੇ ਤਰ੍ਹਾਂ ਐਪ ਏਆਈਆਰ ਪੰਜਾਬੀ ਦੇ ਪ੍ਰੋਗਰਾਮ ਦੁਬਈ ਸਮੇਤ ਆਲ ਇੰਡੀਆ ਰੇਡੀਓ ਲਾਈਵ ਤਹਿਤ ਫ਼ਰਾਂਸ, ਸਪੇਨ, ਆਸਟ੍ਰੇਲੀਆ ਅਤੇ ਅਮਰੀਕਾ ਤੱਕ ਅੱਪੜਦੇ ਹਨ |
ਆਕਾਸ਼ਵਾਣੀ ਜਲੰਧਰ ਨੇ ਦੇਸ਼ ਦੀ ਵੰਡ ਅਤੇ ਫੇਰ 1965 ਅਤੇ 1971 ਦੀਆਂ ਜੰਗਾਂ ਸਮੇਂ ਵਿੱਛੜੇ ਪਰਿਵਾਰਾਂ ਸਮੇਤ ਫੌਜੀਆਂ ਦੇ ਸੁਨੇਹੇ ਪ੍ਰਸਾਰਤ ਕਰ ਕੇ ਜਿਵੇਂ ਅਨਗਿਣਤ ਲੋਕਾਂ ਨੂੰ ਲੱਭਿਆ ਅਤੇ ਪਰਿਵਾਰਾਂ ਦੇ ਮੁੜ ਮੇਲੇ ਕਰਵਾਏ ਅਤੇ ਜਿਵੇਂ ਕੁਦਰਤੀ ਆਫ਼ਤਾਂ ਦੌਰਾਨ ਸਹਾਇਤਾ ਕਾਰਜ ਵਿੱਢੇ ਉਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਓਨੀ ਥੋੜ੍ਹੀ ਹੈ | ਕਦੇ ਸਮਾਂ ਸੀ ਰੇਡੀਓ ਦੇ ਜਲੰਧਰ ਕੇਂਦਰ ਦੇ ਪ੍ਰੋਗਰਾਮ 'ਸਦਾ-ਏ-ਵਤਨ' ਦੀਆਂ ਗੱਲਾਂ ਘਰ ਘਰ ਹੁੰਦੀਆਂ ਸਨ | ਪ੍ਰੋਗਰਾਮ ਦੇਸ਼ ਪੰਜਾਬ ਅਤੇ ਸਦਾ-ਏ-ਵਤਨ ਪਾਕਿਸਤਾਨੀ ਪੰਜਾਬ ਵਿਚ ਵੀ ਸੁਣੇ ਜਾਂਦੇ ਸਨ | ਭਾਈ ਸੁਰਜਨ ਸਿੰਘ ਵਰਗੇ ਮਹਾਨ ਰਾਗੀ ਦੀ ਆਵਾਜ਼ ਵਿਚ ਸਭ ਤੋਂ ਪਹਿਲਾਂ 'ਆਸਾ ਦੀ ਵਾਰ' ਦਾ ਕੀਰਤਨ ਜਲੰਧਰ ਰੇਡੀਓ ਨੇ ਹੀ ਪ੍ਰਸਾਰਤ ਕਰਨਾ ਸ਼ੁਰੂ ਕੀਤਾ ਸੀ | ਉਸ ਤੋਂ ਉਪਰੰਤ ਭਾਈ ਬਖ਼ਸ਼ੀਸ਼ ਸਿੰਘ, ਪ੍ਰੋਫੈਸਰ ਹਰਚੰਦ ਸਿੰਘ ਅਤੇ ਭਾਈ ਦੇਵਿੰਦਰ ਸਿੰਘ ਗੁਰਦਾਸਪੁਰ ਦੀਆਂ ਆਵਾਜ਼ਾਂ ਵਿਚ ਵੀ 'ਆਸਾ ਦੀ ਵਾਰ' ਰਿਕਾਰਡ ਕੀਤੀ ਗਈ | ਸੰਨ 1984 ਤੋਂ ਲੈ ਕੇ ਤੜਕੇ ਚਾਰ ਵਜੇ ਤੋਂ ਸਵੇਰੇ ਛੇ ਵਜੇ ਤੱਕ ਅਤੇ ਸ਼ਾਮ ਸਾਢੇ ਚਾਰ ਤੋਂ ਸਾਢੇ ਪੰਜ ਵਜੇ ਤੱਕ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਹਰ ਰੋਜ਼ ਗੁਰਬਾਣੀ ਦਾ ਲਾਈਵ ਪ੍ਰਸਾਰਨ ਹੁੰਦਾ ਹੈ | ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤੋਂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਉੱਤੇ ਤਰਤੀਬਵਾਰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਤਖ਼ਤ ਸ੍ਰੀ ਪਟਨਾ ਸਾਹਿਬ ਬਿਹਾਰ, ਗੁ: ਮੰਜੀ ਸਾਹਿਬ ਅੰਬਾਲਾ ਅਤੇ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਤੋਂ ਇਕ-ਇਕ ਘੰਟੇ ਦਾ ਸਿੱਧਾ ਗੁਰਬਾਣੀ ਪ੍ਰਸਾਰਨ ਹੁੰਦਾ ਹੈ | ਲੋਕ ਮਸਲਿਆਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਦੌਰਾਨ ਸਰੋਤਿਆਂ ਨੂੰ ਵੀ ਫੋਨ ਇੰਨ ਪ੍ਰੋਗਰਾਮ ਰਾਹੀਂ ਸ਼ਾਮਿਲ ਕੀਤਾ ਜਾਂਦਾ ਹੈ |
ਜਲੰਧਰ ਕੇਂਦਰ ਨੇ ਸੰਤੋਸ਼ ਰਿਸ਼ੀ ਦੇ ਵਿਸ਼ੇਸ਼ ਉੱਦਮ ਸਦਕਾ ਪਿੰਡ-ਪਿੰਡ ਜਾ ਕੇ 500 ਤੋਂ ਵੱਧ ਸਿੱਠਣੀਆਂ, ਸੁਹਾਗ, ਘੋੜੀਆਂ ਅਤੇ ਵਿਆਹ-ਸ਼ਾਦੀਆਂ ਦੇ ਬਿਨਾਂ ਸਾਜ਼ਾਂ ਤੋਂ ਗਾਏ ਜਾਂਦੇ ਲੰਮੀਆਂ ਹੇਕਾਂ ਵਾਲੇ ਗੀਤ ਰਿਕਾਰਡ ਕੀਤੇ ਹਨ | ਇਸੇ ਤਰ੍ਹਾਂ ਪੰਜਾਬੀ ਲੋਕ ਸੰਗੀਤ ਤਹਿਤ 200 ਪੋ੍ਰਗਰਾਮ ਪ੍ਰਸਾਰਤ ਕੀਤੇ ਗਏ, ਜਿਨ੍ਹਾਂ ਵਿਚੋਂ 100 ਪੰਜਾਬੀਆਂ ਦੇ ਮਨਭਾਉਦੇ ਹੀਰ ਦੇ ਕਿੱਸੇ ਉੱਤੇ ਆਧਾਰਤ ਸਨ | ਸੰਤੋਸ਼ ਰਿਸ਼ੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਸੀ ਕਿ ਵਾਰਿਸ ਸ਼ਾਹ ਅਤੇ ਦਮੋਦਰ ਦੋਵਾਂ ਵਲੋਂ ਰਚਿਤ ਹੀਰ ਦੇ ਕਿੱਸੇ ਰਿਕਾਰਡ ਕੀਤੇ ਗਏ | ਆਕਾਸ਼ਵਾਣੀ ਜਲੰਧਰ ਦੀ ਸਭ ਤੋਂ ਵੱਡੀ ਦੇਣ ਪੰਜਾਬ ਵਿਚ ਖੇਤੀਬਾੜੀ ਦੇ ਵਿਕਾਸ ਲਈ ਪਾਇਆ ਸੁਨਹਿਰੀ ਯੋਗਦਾਨ ਹੈ | ਸਵੇਰੇ ਦੁਪਹਿਰੇ ਅਤੇ ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਵਿਚ ਨਿਰੰਤਰ ਤੌਰ ਉੱਤੇ ਖੇਤੀ ਖੋਜਾਂ ਨਾਲ ਸਬੰਧਤ ਵੱਡਮੁੱਲੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਦੌਰਾਨ ਸ਼ਾਮ ਦਾ ਦਿਹਾਤੀ ਪ੍ਰੋਗਰਾਮ ਯੂਨੀਵਰਸਿਟੀ ਤੋਂ ਦਰਸ਼ਕਾਂ ਨੂੰ ਸਾਹਮਣੇ ਬਿਠਾ ਕੇ ਨਸ਼ਰ ਕੀਤਾ ਜਾਂਦਾ ਹੈ |
ਜਲੰਧਰ ਕੇਂਦਰ ਦੇ ਅਦੀਬ: ਆਕਾਸ਼ਵਾਣੀ ਜਲੰਧਰ ਨੇ ਸ਼੍ਰੋਮਣੀ ਕਵੀ ਸੋਹਨ ਸਿੰਘ ਮੀਸ਼ਾ, ਜਸਵੰਤ ਦੀਦ, ਸਾਧੂ ਸਿੰਘ ਗੋਬਿੰਦਪੁਰੀ, ਇੰਦਰਜੀਤ ਕੁਮਾਰ ਨਿਰਾਲਾ ਵਰਗੇ ਵੱਡੇ ਸਾਹਿਤਕਾਰ ਪੈਦਾ ਕੀਤੇ ਹਨ | ਰੇਡੀਓ ਨਾਟਕਾਂ ਦੇ ਮਹਾਂਰਥੀ ਸ: ਹਰਬੰਸ ਸਿੰਘ ਬੇਦੀ ਨੂੰ ਭਲਾ ਕੌਣ ਭੁੱਲ ਸਕਦਾ ਹੈ | ਇਸੇ ਕੇਂਦਰ ਦੇ ਸਰਦਾਰ ਅਲਬੇਲ ਸਿੰਘ ਗਰੇਵਾਲ ਦੂਰਦਰਸ਼ਨ ਦੇ ਡਿਪਟੀ ਡਾਇਰੈਕਟਰ ਜਨਰਲ ਰਹੇ ਅਤੇ ਇਸੇ ਕੇਂਦਰ ਦੇ ਅਮਰਜੀਤ ਸਿੰਘ ਵੜੈਚ ਅੱਜਕਲ੍ਹ ਅਕਾਸ਼ਵਾਣੀ ਪਟਿਆਲਾ ਦੇ ਮੁਖੀ ਹਨ | ਤਕਨੀਕੀ ਤੌਰ ਉੱਤੇ ਪਹਿਲਾਂ ਇਕੋ ਚੈਨਲ ਸੀ ਪਰ ਹੁਣ ਆਕਾਸ਼ਵਾਣੀ ਦੇ ਪ੍ਰੋਗਰਾਮ ਵਿਵਿਧ ਭਾਰਤੀ, ਦੇਸ਼ ਪੰਜਾਬ, ਐਫ.ਐਮ. ਰੇਨਬੋ ਅਤੇ ਡੀ.ਟੀ.ਐਚ. ਉੱਤੇ ਚੌਵੀ ਘੰਟੇ ਉਪਲਬਧ ਹਨ | ਆਕਾਸ਼ਵਾਣੀ ਕੇਂਦਰ ਦੀ ਇਕ ਹੋਰ ਖਾਸ ਗੱਲ ਇਹ ਵੀ ਹੈ ਕਿ ਚੌਵੀ ਘੰਟਿਆਂ ਅੰਦਰ-ਅੰਦਰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਕੁੱਲ 80 ਘੰਟਿਆਂ ਦੇ ਪ੍ਰੋਗਰਾਮ ਪ੍ਰਸਾਰਤ ਕਰਨ ਦਾ ਰਿਕਾਰਡ ਵੀ ਸਿਰਫ ਇਸ ਦੇ ਨਾਂਅ ਹੀ ਦਰਜ ਹੈ ਜੋ ਕਿ ਆਪਣੇ ਆਪ ਵਿਚ ਇਕ ਨਿਵੇਕਲਾ ਕੀਰਤੀਮਾਨ ਵੀ ਹੈ |
ਸ਼ਾਸਤਰੀ ਸੰਗੀਤ ਦੀ ਸੰਭਾਲ-ਜਲੰਧਰ ਕੇਂਦਰ ਕੋਲ ਸ਼ਾਸਤਰੀ ਸੰਗੀਤ ਦਾ ਵਡਮੁੱਲਾ ਖ਼ਜ਼ਾਨਾ ਹੈ | ਇਥੇ ਉਸਤਾਦ ਬੜੇ ਗੁਲਾਮ ਅਲੀ ਖਾਨ ਤੋਂ ਲੈ ਕੇ ਪਦਮਸ੍ਰੀ ਸੋਹਨ ਸਿੰਘ ਤੱਕ ਮਹਾਨ ਕਲਾਕਾਰਾਂ ਦੀਆਂ ਰਿਕਾਰਡਿੰਗਜ਼ ਹਨ | ਇਹ ਪਹਿਲੀ ਵਾਰ ਹੋਇਆ ਹੈ ਕਿ ਪਿੰਡਾਂ ਵਿਚ ਘੁੰਮ ਕੇ ਅਜਿਹੇ ਸੁਰੀਲੇ ਕਲਾਕਾਰ ਲੱਭੇ ਗਏ ਹਨ, ਜਿਨ੍ਹਾਂ ਦੀ ਕੋਈ ਸਾਰ ਨਹੀਂ ਸੀ ਲੈਂਦਾ | ਉਨ੍ਹਾਂ ਨੂੰ ਰੇਡੀਓ ਤੋਂ ਗਵਾ ਕੇ ਮਾਣ ਦਿੱਤਾ ਗਿਆ | ਪ੍ਰਧਾਨ ਮੰਤਰੀ ਦੇ ਪੋ੍ਰਗਰਾਮ 'ਮਨ ਕੀ ਬਾਤ' ਦਾ ਪੰਜਾਬੀ ਤਰਜਮਾ ਰੇਡੀਓ ਦੇ ਨਾਲ-ਨਾਲ ਐਪ 'ਤੇ ਵੀ ਨਸ਼ਰ ਕੀਤਾ ਜਾਂਦਾ ਹੈ | ਸਵੱਛਤਾ ਅਭਿਆਨ ਬਾਰੇ ਸਾਰਥਿਕ ਗੀਤ ਤਿਆਰ ਕੀਤੇ ਗਏ ਹਨ | ਸਮਾਜਿਕ ਸੁਨੇਹੇ ਦੇਣ ਲਈ ਮੰਨੇ-ਪ੍ਰਮੰਨੇ ਕਲਾਕਾਰਾਂ ਦੀ ਆਵਾਜ਼ ਵਿਚ ਸੰਦੇਸ਼ ਰਿਕਾਰਡ ਕੀਤੇ ਗਏ ਹਨ | ਹਰ ਹਫ਼ਤੇ ਕਵੀ-ਦਰਾਬਰ ਕੀਤਾ ਜਾਂਦਾ ਹੈ, ਜਿਸ ਵਿਚ ਨਾਮੀ ਕਵੀ ਹਿੱਸਾ ਲੈਂਦੇ ਹਨ | ਇਨ੍ਹਾਂ ਵਿਚ ਸਾਵਣ ਸਪੈਸ਼ਲ ਕਵੀ ਦਰਬਾਰ ਵੀ ਸ਼ਾਮਿਲ ਹੈ | ਪਹਿਲੀ ਵਾਰ ਬਾਲ-ਖੇਡਾਂ ਬਾਰੇ ਗੀਤਾਂ ਦਾ ਇਕ ਪੋ੍ਰਗਰਾਮ ਸ਼ੁਰੂ ਕੀਤਾ ਗਿਆ ਹੈ | ਇਸ ਕੇਂਦਰ ਨੂੰ ਮਾਣ ਹੈ ਕਿ ਆਲ ਇੰਡੀਆ ਰੇਡੀਓ ਦੇ ਮੌਜੂਦਾ ਡਾਇਰੈਕਟਰ ਜਨਰਲ ਫਯਾਜ਼ ਸ਼ਹਿਰਯਾਰ, ਗਿਰਜਾ ਕੁਮਾਰ ਮਾਥੁਰ, ਕੈਸਰ ਕਲੰਦਰ, ਲਾਸਾ ਕੌਲ, ਸ੍ਰੀ ਲਕਸ਼ਮਿੰਦਰ, ਸੁਖਜਿੰਦਰ ਕੌਰ ਅਤੇ ਡਾ: ਦਲਜੀਤ ਸਿੰਘ ਵਰਗੇ ਮਹਾਂਰਥੀ ਇਸ ਕੇਂਦਰ ਦੇ ਡਾਇਰੈਕਟਰ ਰਹਿ ਚੁੱਕੇ ਹਨ | ਇਸ ਸਮੇਂ ਵੀ ਸੋਹਨ ਕੁਮਾਰ, ਗੁਰਵਿੰਦਰ ਸਿੰਘ ਸੰਧੂ, ਮੋਨਿਕਾ ਦੱਤ, ਸ਼ਹਿਨਾਜ਼ ਜੌਲੀ ਕੌੜਾ, ਸ: ਮਨਜੀਤ ਸਿੰਘ, ਸ: ਪਰਮਜੀਤ ਸਿੰਘ, ਸੁਖਵਿੰਦਰ ਸੁੱਖੀ, ਸਰਬਜੀਤ ਰਿਸ਼ੀ, ਰਾਜ ਕੁਮਾਰ ਤੁਲੀ ਅਤੇ ਸ੍ਰੀਮਤੀ ਕਮਲੇਸ਼ ਵਰਗੇ ਹੰਢੇ-ਵਰਤੇ ਕਲਾਕਾਰ ਅਤੇ ਅਧਿਕਾਰੀ ਅਕਾਸ਼ਵਾਣੀ ਦੀ ਸ਼ਾਨ ਹਨ |
ਰੇਡੀਓ ਨੂੰ ਬੇਹੱਦ ਪਿਆਰ ਕਰਨ ਵਾਲੇ ਤਿੰਨ ਮਹਾਰਥੀਆਂ ਦੇ ਕਥਨ ਦਰਜ ਕਰ ਕੇ ਮੈਂ ਇਸ ਲੇਖ ਨੂੰ ਸਮਾਪਤ ਕਰਨਾ ਚਾਹਾਂਗਾ | ਇਹ ਹਨ ਪੰਜਾਬੀਅਤ ਦੇ ਮਹਾਨ ਝੰਡਾਬਰਦਾਰ ਸ: ਹਰਜਾਪ ਸਿੰਘ ਔਜਲਾ (ਯੂ.ਐਸ.ਏ.) ਸ਼੍ਰੋਮਣੀ ਸਾਹਿਤਕਾਰ ਸੁਰਜੀਤ ਸਿੰਘ ਮਰਜਾਰਾ ਅਤੇ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀਂ | ਇਨ੍ਹਾਂ ਦੇ ਲਫ਼ਜ਼ਾਂ ਮੁਤਾਬਕ 'ਆਕਾਸ਼ਵਾਣੀ ਜਲੰਧਰ ਦੁਨੀਆਂ ਭਰ ਵਿਚ ਰਹਿੰਦੇ ਪੰਜਾਬੀਆਂ ਦੀ ਰੂਹ ਦੇ ਧੁਰ ਅੰਦਰ ਵਸਦਾ ਹੈ ਅਤੇ ਹਮੇਸ਼ਾ ਵਸਦਾ ਰਹੇਗਾ' | ਆਕਾਸ਼ਵਾਣੀ ਜਲੰਧਰ ਦਾ ਸਫ਼ਰ ਨਿਰੰਤਰ ਜਾਰੀ ਰਹਿੰਦਾ ਹੈ, ਤੜਕੇ ਚਾਰ ਵਜੇ ਤੋਂ ਰਾਤ 12 ਵਜੇ ਤੱਕ | ਫਿਰ ਚਾਰ ਘੰਟੇ ਇਹ ਕੁਝ ਅੰਗੜਾਈ ਭਰਦਾ ਹੈ ਨਵੇਂ ਸਫਰ ਲਈ | ਇਸ ਲਈ ਇਸ ਬਾਰੇ ਇਹ ਸ਼ੇਅਰ ਕਹਿਣਾ ਹੀ ਪਵੇਗਾ:
ਜਬ ਸੇ ਮੈਂ ਚਲਾ ਹੂੰ, ਮੇਰੀ ਮੰਜ਼ਿਲ ਪੈ ਹੈ ਨਜ਼ਰ
ਆਖੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ |

-ਪਿੰਡ: ਢਿਲਵਾਂ, ਡਾਕ: ਦਕੋਹਾ, ਜ਼ਿਲਾ: ਜਲੰਧਰ-144023.
ਮੋਬਾਈਲ : 98154-61710.

ਦਇਆ ਵਿਚ ਭਿੱਜਾ ਨਿਆਂ

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਸੰਨ 1935 ਦੇ ਜਨਵਰੀ ਦੇ ਠੰਢੇ ਮਹੀਨੇ ਦੀ ਇਕ ਸਰਦ ਸ਼ਾਮ ਨੂੰ ਇਕ ਅਦਾਲਤ ਲੱਗੀ ਹੋਈ ਸੀ | ਇਕ ਬਜ਼ੁਰਗ ਔਰਤ ਦੇ ਮੁਕੱਦਮੇ ਦੀ ਸੁਣਵਾਈ ਹੋ ਰਹੀ ਸੀ | ਉਸ ਦੇ ਮੈਲੇ ਕੱਪੜਿਆਂ ਤੋਂ ਅਤੇ ਉਸ ਦੇ ਰੁੱਖੇ ਅਤੇ ਖਿੰਡਰੇ ਵਾਲਾਂ ਤੋਂ ਲਗਦਾ ਸੀ ਕਿ ਉਹ ਦਰਮਾਂਦਗੀ ਦੀ ਅਤੇ ਖਸਤਾ ਹਾਲਤ ਵਿਚ ਹੈ | ਉਸ ਉੱਤੇ ਇਕ ਸਟੋਰ ਤੋਂ ਇਕ ਡਬਲ ਰੋਟੀ ਚੋਰੀ ਕਰਨ ਦਾ ਇਲਜ਼ਾਮ ਸੀ | ਸਟੋਰ ਦੇ ਮਾਲਕ ਨੇ ਉਸ ਨੂੰ ਡਬਲ ਰੋਟੀ ਚੁਕਦਿਆਂ ਰੰਗੇ ਹੱਥੀਂ ਫੜ ਲਿਆ ਸੀ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਸੀ | ਪੁਲਸ ਨੂੰ ਸਟੋਰ ਤੋਂ ਚੋਰੀ ਕੀਤੀ ਡਬਲ ਰੋਟੀ ਵੀ ਉਸ ਕੋਲੋਂ ਬਰਾਮਦ ਹੋ ਗਈ ਸੀ | ਇਸ ਤੋਂ ਵੱਡਾ ਹੋਰ ਸਬੂਤ ਕੀ ਹੋ ਸਕਦਾ ਸੀ? ਪੁਲਸ ਨੇ ਉਸ ਔਰਤ ਉੱਤੇ ਚੋਰੀ ਦਾ ਕੇਸ ਪਾ ਦਿੱਤਾ ਸੀ ਅਤੇ ਉਸ ਦਿਨ ਉਸ ਦੇ ਮੁਕੱਦਮੇ ਦੀ ਸੁਣਵਾਈ ਹੋਣੀ ਸੀ | ਉਹ ਔਰਤ ਚੋਰੀ ਦੇ ਇਲਜ਼ਾਮ ਕਰਕੇ ਹੀ ਸ਼ਾਇਦ ਸ਼ਰਮਸਾਰ ਹੋਈ ਅਤੇ ਖੁੱਲ੍ਹੇ ਆਮ ਨਸ਼ਰ ਹੋਣ ਦੇ ਅਹਿਸਾਸ ਨਾਲ ਆਪਣੇ ਆਪ ਉੱਤੇ ਹੀ ਝੁਕ ਕੇ ਸਿਰ ਸੁੱਟੀ ਬੜੀ ਨਿਮੋਂਝੂੁਣੀ ਅਵਸਥਾ ਵਿਚ ਬੈਠੀ ਹੋਈ ਸੀ | ਲਗਦਾ ਸੀ ਕਿ ਉਹ ਆਪਣੇ ਆਪ ਵਿਚ ਹੀ ਲੁਕ ਜਾਣਾ ਚਾਹੁੰਦੀ ਸੀ ਅਤੇ ਕਚਹਿਰੀ ਵਿਚ ਬੈਠੇ ਲੋਕਾਂ ਦੀਆਂ ਉਸ ਵੱਲ ਵੇਖਦੀਆਂ ਪੈਨੀਆਂ ਨਜ਼ਰਾਂ ਤੋਂ ਉਹ ਆਪਣੇ ਆਪ ਨੂੰ ਬਚਾਉਣਾ ਚਾਹੁੰਦੀ ਸੀ ਪਰ ਖੁੱਲ੍ਹੀ ਅਦਾਲਤ ਵਿਚ ਤਾਂ ਇਹ ਮੁਮਕਿਨ ਨਹੀਂ ਸੀ |
ਦੁਨੀਆ ਦੀ ਪਹਿਲੀ ਵਿਸ਼ਵ ਜੰਗ 1914 ਤੋਂ 1919 ਤੱਕ ਲੜੀ ਗਈ ਸੀ | ਇਸ ਵਿਚ ਜਰਮਨੀ ਅਤੇ ਉਸ ਦੇ ਸਾਥੀ ਦੇਸ਼ ਹਾਰ ਗਏ ਸਨ ਅਤੇ ਬਰਤਾਨੀਆ, ਰੂਸ, ਫ਼ਰਾਂਸ, ਅਮਰੀਕਾ ਅਤੇ ਉਨ੍ਹਾਂ ਦੇ ਮਿੱਤਰ ਦੇਸ਼ ਜਿੱਤ ਗਏ ਸਨ | ਸਵਾ ਚਾਰ ਸਾਲ ਚੱਲੀ ਇਸ ਲੜਾਈ ਵਿਚ ਦੋਵਾਂ ਧਿਰਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ | ਦੋਹਾਂ ਪਾਸਿਆਂ ਤੋਂ ਕੋਈ ਚਾਰ ਕਰੋੜ ਲੋਕ ਮਾਰੇ ਗਏ ਸਨ ਜਾਂ ਗੰਭੀਰ ਰੂਪ ਵਿਚ ਫ਼ੱਟੜ ਹੋ ਗਏ ਸਨ ਜਾਂ ਅਪਾਹਜ ਹੋ ਗਏ ਸਨ | ਸ਼ਹਿਰ, ਕਸਬੇ ਅਤੇ ਬਸਤੀਆਂ 'ਚ ਅੱਗਜ਼ਨੀ, ਬੰਬਾਰੀ, ਟੈਂਕਾਂ ਅਤੇ ਤੋਪਾਂ ਦੇ ਗੋਲਿਆਂ ਅਤੇ ਹਵਾਈ ਹਮਲਿਆਂ ਨਾਲ ਖੰਡਰਾਂ ਵਿਚ ਤਬਦੀਲ ਹੋ ਗਏ ਸਨ ਅਤੇ ਹੁਣ ਪਛਾਣੇ ਹੀ ਨਹੀਂ ਸਨ ਜਾਂਦੇ | ਸਕੂਲ, ਫ਼ੈਕਟਰੀਆਂ, ਕਾਰਖਾਨੇ, ਹਸਪਤਾਲ, ਬੰਦਰਗਾਹਾਂ, ਹਵਾਈ ਅੱਡੇ, ਆਵਾਜਾਈ ਦੇ ਸਾਧਨ, ਸਮੁੰਦਰੀ ਜਹਾਜ਼ਰਾਨੀ, ਰੇਲਵੇ ਲਾਈਨਾਂ, ਰੇਲਵੇ ਸਟੇਸ਼ਨ, ਸੜਕਾਂ, ਪੁਲ ਆਦਿ ਤਬਾਹ ਹੋ ਚੁੱਕੇ ਸਨ | ਦੁਨੀਆ ਦੇ ਕੁੱਲ ਦੇਸ਼ਾਂ ਦੀ ਆਰਥਿਕ ਸਥਿਤੀ ਵਿਗੜ ਗਈ ਸੀ |
ਇਸ ਲੜਾਈ ਦੇ ਮੁੱਕਣ ਤੋਂ ਦਸ ਸਾਲ ਬਾਅਦ, ਅਕਤੂਬਰ 1929 ਦੇ ਇਕ ਦਿਨ ਅਮਰੀਕਾ ਦੀ ਸਟਾਕ ਮਾਰਕੀਟ ਵਿਚ ਬਹੁਤ ਭਾਰੀ ਗਿਰਾਵਟ ਆ ਗਈ | ਇਕ ਦਿਨ ਵਿਚ ਹੀ ਲੋਕਾਂ ਦਾ ਲਾਇਆ ਪੈਸਾ ਬਰਬਾਦ ਹੋ ਗਿਆ ਅਤੇ ਉਹ ਅਰਸ਼ ਤੋਂ ਫ਼ਰਸ਼ 'ਤੇ ਆ ਗਏ | ਉਸ ਤੋਂ ਬਾਅਦ ਸਥਿਤੀ ਸੁਧਰੀ ਨਹੀਂ ਸਗੋਂ ਦਿਨ ਬ ਦਿਨ ਵਿਗੜਦੀ ਹੀ ਗਈ | ਕੋਈ 9000 ਬੈਂਕ ਡੁੱਬ ਗਏ ਅਤੇ ਉਨ੍ਹਾਂ ਵਿਚ ਰੱਖਿਆ ਲੋਕਾਂ ਦਾ ਪੈਸਾ ਵੀ ਡੁੱਬ ਗਿਆ | ਬੈਂਕਾਂ ਨੇ ਲੋਕਾਂ ਨੂੰ , ਉਦਯੋਗ ਨੂੰ ਅਤੇ ਵਪਾਰ ਨੂੰ ਪੈਸਾ ਕਰਜ 'ਤੇ ਦੇਣਾ ਬੰਦ ਕਰ ਦਿੱਤਾ | ਲੋਕਾਂ ਕੋਲ ਸਾਮਾਨ ਖਰੀਦਣ ਲਈ ਪੈਸਾ ਹੀ ਨਹੀਂ ਸੀ | ਕਾਰਖਾਨੇ, ਦੁਕਾਨਾਂ, ਵਪਾਰ ਬੰਦ ਹੋ ਗਏ ਅਤੇ ਉਨ੍ਹਾਂ ਵਿਚ ਬਣਦਾ ਸਾਮਾਨ ਵੀ ਬਣਨੋਂ ਰੁਕ ਗਿਆ | ਜੋ ਸਮਾਨ ਗੁਦਾਮਾਂ ਵਿਚ ਬਣਿਆ ਪਿਆ ਸੀ ਉਸ ਲਈ ਹੁਣ ਕੋਈ ਖਰੀਦਦਾਰ ਹੀ ਨਹੀਂ ਸੀ | ਲੋਕ ਭਾਰੀ ਗਿਣਤੀ ਵਿਚ ਬੇਰੁਜ਼ਗਾਰ ਹੋ ਗਏ |
ਬਦਕਿਸਮਤੀ ਨੂੰ ਇਸ ਸਮੇਂ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਭਾਰੀ ਔੜ ਵੀ ਲੱਗ ਗਈ | ਮੀਂਹ ਹੀ ਨਹੀਂ ਪਿਆ | ਬੀਜੀ ਹੋਈ ਅਤੇ ਖੜ੍ਹੀ ਫ਼ਸਲ ਬਰਬਾਦ ਹੋ ਗਈ ਅਤੇ ਹੋਰ ਫ਼ਸਲ ਪਾਣੀ ਦੀ ਅਣਹੋਂਦ ਕਰਕੇ ਅਤੇ ਜ਼ਮੀਨ ਤਿਆਰ ਨਾ ਹੋਣ ਕਰਕੇ ਬੀਜੀ ਹੀ ਨਹੀਂ ਗਈ | ਪੈਦਾਵਾਰ ਨਾ ਹੋਣ ਕਰਕੇ ਮੁਲਕ ਵਿਚ ਅਨਾਜ ਦੀ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਭਾਰੀ ਥੁੜ ਹੋ ਗਈ ਅਤੇ ਲੋਕਾਂ ਵਿਚ ਭੁੱਖਮਰੀ ਤੱਕ ਦੀ ਨੌਬਤ ਆ ਗਈ | ਇਸ 1929 ਤੋਂ 1938 ਤੱਕ ਦੇ ਸਮੇਂ ਨੂੰ ਅਮਰੀਕਾ ਦੀ 'ਗ੍ਰੇਟ ਡਿਪਰੈਸ਼ਨ' ਜਾ ਮਹਾਂ ਮੰਦੀ ਦਾ ਸਮਾਂ ਕਿਹਾ ਜਾਂਦਾ ਹੈ | ਇਸ ਮੰਦੀ ਨੂੰ ਸੰਸਾਰ ਵਿਚ ਆਧੁਨਿਕ ਸਮਿਆਂ ਦੀ ਸਭ ਤੋਂ ਭੈੜੀ ਮੰਦੀ ਅਤੇ ਸਭ ਤੋਂ ਭੀਸ਼ਣ ਆਰਥਿਕ ਸੰਕਟ ਮੰਨਿਆ ਗਿਆ ਹੈ | ਅਮਰੀਕਾ ਵਿਚ ਬੇਰੁਜ਼ਗਾਰੀ ਚਰਮ ਸੀਮਾ 'ਤੇ ਪਹੁੰਚ ਗਈ ਸੀ | ਸਰਕਾਰ ਕਈ ਕਦਮ ਪੁੱਟ ਰਹੀ ਸੀ ਪਰ ਹਾਲਾਤ ਸਨ ਕਿ ਕਾਬੂ ਵਿਚ ਹੀ ਨਹੀਂ ਆ ਰਹੇ ਸਨ | ਸਥਿਤੀ ਅਮਰੀਕੀ ਸਰਕਾਰ ਦੇ ਵੱਸ ਤੋਂ ਬਾਹਰ ਹੋ ਗਈ ਸੀ | ਲੋਕਾਂ ਨੂੰ ਜਾਨ ਦੇ ਲਾਲੇ ਪਏ ਹੋਏ ਸਨ | ਆਪਣੇ ਪਰਿਵਾਰਾਂ ਦੀ ਰੋਜ਼ੀ-ਰੋਟੀ ਲਈ ਜ਼ਿੰਮੇਦਾਰ ਕਈ ਲੋਕ ਬੇਵੱਸ ਹੋ ਗਏ ਸਨ ਅਤੇ ਵੱਡੀ ਸੰਖਿਆ ਵਿਚ ਅਜਿਹੇ ਲੋਕ ਆਪਣੇ ਪਰਿਵਾਰਾਂ ਨੂੰ ਤਿਲਾਂਜਲੀ ਦੇ ਕੇ ਉਨ੍ਹਾਂ ਨੂੰ ਆਪਣੀ ਤਕਦੀਰ 'ਤੇ ਅਤੇ ਰੱਬ ਆਸਰੇ ਛੱਡ ਕੇ ਘਰ ਛੱਡ ਕੇ ਚਲੇ ਗਏ ਸਨ | ਉਨ੍ਹਾਂ ਦਾ ਕੋਈ ਅਤਾਪਤਾ ਹੀ ਨਹੀਂ ਸੀ | ਸੰਨ 1935 ਵਿਚ ਅਮਰੀਕਾ ਦੀ ਇਹ ਮਹਾਂਮੰਦੀ ਦੀ ਸਥਿਤੀ ਆਪਣੇ ਭਿਅੰਕਰ ਰੂਪ ਵਿਚ ਪੂਰੇ ਜੋਬਨ 'ਤੇ ਸੀ | ਇਹ ਘਟਨਾ ਉਸ ਸਮੇਂ ਦੀ ਹੀ ਹੈ |
ਸੰਨ 1935 ਦੇ ਜਿਸ ਦਿਨ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਿਨ ਨਿਊਯਾਰਕ ਸ਼ਹਿਰ ਦੇ ਮੇਅਰ ਫ਼ਿਵਰੇਲੋ ਲਾਗ਼ਾਰਦੀਆ ਉਸ ਅਦਾਲਤ ਦੀ ਜੱਜ ਦੀ ਕੁਰਸੀ 'ਤੇ ਬੈਠੇ ਸਨ | ਮੁਕੱਦਮਾ ਸ਼ੁਰੂ ਹੋ ਗਿਆ | ਜੱਜ ਸਾਹਬ ਨੇ ਉਸ ਔਰਤ ਨੂੰ ਪੁੱਛਿਆ, 'ਬੀਬੀ, ਤੂੰ ਡਬਲ ਰੋਟੀ ਚੁਰਾਈ ਸੀ?' ਉਹ ਬਜ਼ੁਰਗ ਔਰਤ ਨੀਵੀਂ ਪਾ ਕੇ ਖੜ੍ਹੀ ਸੀ | ਉਸ ਨੇ ਆਪਣਾ ਝੁਕਿਆ ਸਿਰ ਬਿਨਾਂ ਉਤਾਂਹ ਚੁੱਕਿਆਂ ਅਤੇ ਆਪਣੇ ਪੈਰਾਂ ਵੱਲ ਵੇਖਦੀ ਹੋਈ ਨੇ, ਨਿੰਮ੍ਹੀਂ ਜੇਹੀ ਆਵਾਜ਼ ਵਿਚ ਜਵਾਬ ਦਿੱਤਾ, 'ਜੀ ਹਾਂ, ਜੱਜ ਸਾਹਬ, ਤੁਸੀਂ ਠੀਕ ਕਹਿੰਦੇ ਹੋ | ਮੈਂ ਉਹ ਡਬਲ ਰੋਟੀ ਚੁਰਾਈ ਸੀ |' ਹੁਣ ਜੱਜ ਸਾਹਬ ਨੇ ਪੁੱਛਿਆ, 'ਬੀਬੀ, ਤੂੰ ਉਹ ਡਬਲ ਰੋਟੀ ਕਿਉਂ ਅਤੇ ਕਿਸ ਮੰਸ਼ੇ ਨਾਲ ਚੁਰਾਈ ਸੀ? ਕੀ ਤੂੰ ਭੁੱਖੀ ਸੈਂ?' ਉਸ ਬਜ਼ੁਰਗ ਔਰਤ ਨੇ ਆਪਣਾ ਸਿਰ ਚੁੱਕਿਆ ਅਤੇ ਜੱਜ ਸਾਹਬ ਵੱਲ ਵੇਖਦੀ ਹੋਈ ਬੋਲੀ, 'ਜੀ ਹਾਂ, ਮੈਂ ਭੁੱਖੀ ਸਾਂ ਪਰ ਮੈਂ ਉਹ ਡਬਲ ਰੋਟੀ ਆਪਣੇ ਲਈ ਨਹੀਂ ਚੁਰਾਈ ਸੀ | ਮੇਰਾ ਜਵਾਈ ਆਪਣੇ ਪਰਿਵਾਰ ਨੂੰ ਤਿਲਾਂਜਲੀ ਦੇ ਕੇ ਅਤੇ ਛੱਡ ਕੇ ਬਿਨਾਂ ਦੱਸਿਆਂ ਹੀ ਕਿਤੇ ਚਲਾ ਗਿਆ ਹੈ | ਮੇਰੀ ਧੀ ਬੀਮਾਰ ਹੋ ਗਈ ਹੈ ਅਤੇ ਉਸ ਦੇ ਦੋ ਬੱਚੇ ਭੁੱਖੇ ਸਨ ਅਤੇ ਭੁੱਖ ਨਾਲ ਵਿਲਕ ਰਹੇ ਸਨ | ਉਨ੍ਹਾਂ ਨੇ ਪਿਛਲੇ ਦੋ ਦਿਨਾਂ ਤੋਂ ਕੁਝ ਨਹੀਂ ਖਾਧਾ ਸੀ | ਮੇਰੇ ਕੋਲੋਂ ਉਨ੍ਹਾਂ ਬੱਚਿਆਂ ਨੂੰ ਭੁੱਖ ਨਾਲ ਵਿਲਕਦਿਆਂ ਨੂੰ ਵੇਖ ਕੇ ਜਰਿਆ ਨਹੀਂ ਗਿਆ | ਉਹ ਹਾਲੀ ਬਹੁਤ ਹੀ ਛੋਟੀ ਉਮਰ ਦੇ ਅੰਞਾਣੇ ਹਨ |'
ਜਦੋਂ ਉਹ ਵਡੇਰੀ ਉਮਰ ਦੀ ਬਜ਼ੁਰਗ ਔਰਤ ਏਨਾਂ ਬੋਲ ਕੇ ਹਟੀ, ਅਦਾਲਤ ਵਿਚ ਪੂਰੀ ਤਰ੍ਹਾਂ ਸੰਨਾਟਾ ਛਾ ਗਿਆ ਅਤੇ ਖੜ੍ਹੇ ਅਤੇ ਬੈਠੇ ਸਾਰੇ ਲੋਕਾਂ ਵਿਚ ਚੁੱਪ ਛਾ ਗਈ | ਜੋ ਜਿੱਥੇ ਖੜ੍ਹਾ ਜਾਂ ਬੈਠਾ ਸੀ, ਲਗਦਾ ਸੀ ਕਿ ਉਹ ਉਥੇ ਹੀ ਜੰਮ ਗਿਆ ਹੈ | ਹੁਣ ਜੱਜ ਸਾਹਬ ਨੇ ਉਸ ਔਰਤ ਨੂੰ ਕਿਹਾ, 'ਬੀਬੀ, ਕਾਨੂੰਨ ਦੀਆਂ ਨਜ਼ਰਾਂ ਵਿਚ ਸਭ ਬਰਾਬਰ ਹੁੰਦੇ ਹਨ | ਡਬਲ ਰੋਟੀ ਚੋਰੀ ਕਰਨ ਲਈ ਜਾਂ ਤਾਂ ਤੂੰ ਦਸ ਡਾਲਰਾਂ ਦਾ ਜੁਰਮਾਨਾ ਭਰ ਦੇ, ਨਹੀਂ ਤਾਂ ਤੈਨੂੰ ਦਸ ਦਿਨ ਲਈ ਜੇਲ੍ਹ ਜਾਣਾ ਪਵੇਗਾ |' ਕੁਝ ਦੇਰ ਚੁੱਪ ਰਹਿਣ ਉਪਰੰਤ ਉਸ ਔਰਤ ਨੇ ਜਵਾਬ ਦਿੱਤਾ, 'ਜੱਜ ਸਾਹਬ, ਮੈਂ ਆਪਣੇ ਕੀਤੇ ਦੀ ਸਜ਼ਾ ਭੁਗਤਣ ਨੂੰ ਤਿਆਰ ਹਾਂ | ਪਰ ਮੈਂ ਨਿਮਰਤਾ ਪੂਰਵਕ ਕਹਿੰਦੀ ਹਾਂ ਕਿ ਜੇ ਮੇਰੇ ਕੋਲ ਦਸ ਡਾਲਰ ਹੁੰਦੇ ਤਾਂ ਮੈਂ ਉਹ ਡਬਲ ਰੋਟੀ ਕਿਉਂ ਚੋਰੀ ਕਰਨੀ ਸੀ? ਮੈਂ ਜੇਲ੍ਹ ਜਾਣ ਲਈ ਤਿਆਰ ਹਾਂ | ਮੈਨੂੰ ਸਿਰਫ਼ ਇਕ ਹੀ ਚਿੰਤਾ ਹੈ ਕਿ ਮੈਂ ਜਦੋਂ ਜੇਲ੍ਹ ਵਿਚ ਹੋਵਾਂਗੀ ਤਾਂ ਮੇਰੇ ਪਿੱਛੋਂ ਮੇਰੀ ਬੀਮਾਰ ਧੀ ਅਤੇ ਉਸ ਦੇ ਦੋ ਅੰਞਾਣੇ ਬਾਲਾਂ ਦੀ ਦੇਖਭਾਲ ਕੌਣ ਕਰੇਗਾ?' ਇਹ ਕਹਿ ਕੇ ਉਹ ਔਰਤ ਚੁੱਪ ਹੋ ਗਈ |
ਜੱਜ ਸਾਹਬ ਕੁਝ ਦੇਰ ਕੁਝ ਨਾ ਬੋਲੇ ਅਤੇ ਆਪਣੀ ਕੁਰਸੀ ਉੱਤੇ ਹੀ ਥੋੜ੍ਹਾ ਜਿਹਾ ਪਿਛਾਂਹ ਵੱਲ ਨੂੰ ਝੁਕ ਗਏ | ਫ਼ਿਰ ਉਨ੍ਹਾਂ ਨੇ ਆਪਣਾ ਹੱਥ ਆਪਣੇ ਕੋਟ ਦੀ ਜੇਬ ਵਿਚ ਪਾਇਆ ਅਤੇ ਦਸ ਡਾਲਰਾਂ ਦਾ ਇਕ ਨੋਟ ਬਾਹਰ ਕੱਢ ਲਿਆ | ਉਨ੍ਹਾਂ ਨੇ ਆਪਣੀ ਬਾਂਹ ਉੱਪਰ ਚੱੁਕ ਕੇ ਆਪਣੇ ਹੱਥ ਵਿਚ ਫ਼ੜਿਆ ਉਹ ਨੋਟ ਅਦਾਲਤ ਵਿਚ ਬੈਠੇ ਸਾਰੇ ਲੋਕਾਂ ਨੂੰ ਵਿਖਾਇਆ | ਫ਼ਿਰ ਉਹ ਉੱਚੀ ਆਵਾਜ਼ ਵਿਚ ਕਹਿਣ ਲੱਗੇ, 'ਬੀਬੀ, ਇਸ ਦਸ ਡਾਲਰ ਦੇ ਨੋਟ ਨਾਲ ਮੈਂ ਆਪਣੇ ਵਲੋਂ ਤੈਨੂੰ ਅਦਾਲਤ ਵਲੋਂ ਮਿਲੀ ਜੁਰਮਾਨੇ ਦੀ ਸਜ਼ਾ ਦਾ ਭੁਗਤਾਨ ਕਰਦਾ ਹਾਂ | ਤੂੰ ਹੁਣ ਅਦਾਲਤ ਤੋਂ ਜਾਣ ਲਈ ਆਜ਼ਾਦ ਹੈਂ |'
ਫ਼ਿਰ ਜੱਜ ਸਾਹਬ ਅਦਾਲਤ ਵਿਚ ਹਾਜ਼ਰ ਲੋਕਾਂ ਨੂੰ ਮੁਖਾਤਿਬ ਹੋਏ ਅਤੇ ਆਪਣਾ ਫ਼ੈਸਲਾ ਸੁਣਾਉਣਾ ਜਾਰੀ ਰਖਦਿਆਂ ਕਿਹਾ, 'ਇਸ ਤੋਂ ਇਲਾਵਾ, ਮੈਂ ਇਸ ਅਦਾਲਤ ਵਿਚ ਹਾਜ਼ਰ ਹਰ ਵਿਅਕਤੀ ਨੂੰ ਸਮਾਜ ਵੱਲ ਉਸ ਦੀ ਬੇਰੁਖੀ, ਅਗਿਆਨਤਾ, ਗ਼ੈਰ-ਜ਼ਿੰਮੇਦਾਰ ਵਤੀਰੇ, ਬੇਧਿਆਨੀ ਅਤੇ ਬੇਸਮਝੀ ਲਈ ਪੰਜਾਹ ਸੈਂਟ ਦਾ ਜੁਰਮਾਨਾ ਲਾਉਂਦਾ ਹਾਂ | ਅਜਿਹਾ ਕਦੀ ਹੋਣਾ ਹੀ ਨਹੀਂ ਚਾਹੀਦਾ ਅਤੇ ਇਥੋਂ ਤਕ ਕਦੀ ਨੌਬਤ ਆਉਣੀ ਹੀ ਨਹੀਂ ਚਾਹੀਦੀ ਕਿ ਸਾਡੇ ਸਮਾਜ ਦੀ ਇਕ ਬਜ਼ੁਰਗ ਔਰਤ ਨੂੰ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਚੋਰੀ ਕਰਨੀ ਪਵੇ |' ਫ਼ਿਰ ਜੱਜ ਸਾਹਬ ਅਦਾਲਤ ਦੇ ਮੁਨਸ਼ੀ ਨੂੰ ਮੁਖਾਤਬ ਹੋਏ, 'ਮੁਨਸ਼ੀ ਜੀ, ਜਾਓ ਅਤੇ ਸਾਰਿਆਂ ਤੋਂ ਪੈਸੇ ਇਕੱਠੇ ਕਰੋ ਅਤੇ ਇਸ ਬਜ਼ੁਰਗ ਔਰਤ ਨੂੰ ਦੇ ਦਿਓ |'
ਅਦਾਲਤ ਵਿਚ ਜਿੰਨੇ ਵੀ ਲੋਕ ਸਨ ਉਨ੍ਹਾਂ ਤੋਂ ਹਰ ਇਕ ਕੋਲੋਂ ਪੰਜਾਹ ਪੰਜਾਹ ਸੈਂਟ (ਅੱਧਾ ਡਾਲਰ) ਇਕੱਠੇ ਕੀਤੇ ਗਏ | ਜਿਸ ਸਟੋਰ ਵਿਚੋਂ ਉਸ ਔਰਤ ਨੇ ਡਬਲ ਰੋਟੀ ਚੋਰੀ ਕੀਤੀ ਸੀ ਉਸ ਦੇ ਮਾਲਕ ਨੇ ਵੀ ਦਿੱਤੇ, ਇਕ ਦਰਜਨ ਦੇ ਲਗਭਗ ਉਨ੍ਹਾਂ ਮੁਜਰਮਾਂ ਨੇ ਵੀ ਦਿੱਤੇ ਜਿਨ੍ਹਾਂ ਦੇ ਮੁਕੱਦਮਿਆਂ ਦੀ ਸੁਣਵਾਈ ਉਸ ਦਿਨ ਹਾਲੀ ਹੋਣੀ ਸੀ ਅਤੇ ਜਿਹੜੇ ਉਸ ਵੇਲੇ ਅਦਾਲਤ ਵਿਚ ਮੌਜੂਦ ਸਨ, ਅਦਾਲਤ ਵਿਚ ਬਾਕੀ ਹਾਜ਼ਰ ਲੋਕਾਂ ਨੇ ਵੀ ਦਿੱਤੇ | ਅਦਾਲਤ ਵਿਚ ਆਪਣੀ ਡਿਊਟੀ ਉੱਤੇ ਲੱਗੇ ਪੁਲਿਸ ਦੇ ਸਿਪਾਹੀਆਂ ਅਤੇ ਅਫ਼ਸਰਾਂ ਨੇ ਵੀ ਜੁਰਮਾਨੇ ਦੇ ਉਹ ਪੰਜਾਹ ਸੈਂਟ ਦਿੱਤੇ | ਉਨ੍ਹਾਂ ਸਾਰਿਆਂ ਨੂੰ ਅਦਾਲਤ ਵਲੋਂ ਲਾਇਆ ਉਹ ਪੰਜਾਹ ਸੈਂਟ ਦਾ ਜੁਰਮਾਨਾ ਦੇਣ ਵਿਚ ਬੜੀ ਚੰਗੀ ਅਨੁਭੂਤੀ ਹੋ ਰਹੀ ਸੀ, ਇਕ ਸੋਹਣੀ ਤਰ੍ਹਾਂ ਦੀ ਦਿਲੀ ਖੁਸ਼ੀ ਵੀ ਹੋ ਰਹੀ ਸੀ ਅਤੇ ਅਜਿਹਾ ਕਰਦਿਆਂ ਉਨ੍ਹਾਂ ਨੂੰ ਆਪਣੇ ਆਪ ਉੱਤੇ ਫ਼ਖ਼ਰ ਵੀ ਮਹਿਸੂਸ ਹੋ ਰਿਹਾ ਸੀ | ਉਨ੍ਹਾਂ ਸਾਰਿਆਂ ਨੇ ਖੜੇ੍ਹ ਹੋ ਕੇ ਜੱਜ ਸਾਹਬ ਨੂੰ ਅਤੇ ਉਨ੍ਹਾਂ ਦੇ ਉਸ ਮੁਕੱਦਮੇ ਦੇ ਇਸ ਦਇਆ ਨਾਲ ਭਿੱਜੇ ਨਿਆਂ ਦੇ ਫ਼ੈਸਲੇ ਨੂੰ ਸਲਾਹੁੰਦਿਆਂ ਤਾੜੀਆਂ ਮਾਰ ਕੇ ਆਪਣੀ ਪ੍ਰਸੰਨਤਾ ਦਾ ਇਜ਼ਹਾਰ ਕੀਤਾ |
ਅਗਲੇ ਦਿਨ ਇਸ ਕਹਾਣੀ ਨੂੰ ਨਿਊਯਾਰਕ ਸ਼ਹਿਰ ਦੇ ਇਕ ਅਖ਼ਬਾਰ ਨੇ ਛਾਪਿਆ ਅਤੇ ਦੱਸਿਆ ਕਿ ਉਸ ਦਿਨ ਉਸ ਬਜ਼ੁਰਗ ਮੁਫ਼ਲਿਸ ਔਰਤ ਨੂੰ ਸੰਤਾਲੀ ਡਾਲਰ ਅਤੇ ਪੰਜਾਹ ਸੈਂਟ ਇਕੱਠੇ ਕਰ ਕੇ ਦਿੱਤੇ ਗਏ ਸਨ | ਜੱਜ ਸਾਹਬ ਦੇ ਉਸ ਦਿਨ ਦੇ ਫ਼ੈਸਲੇ ਨੇ ਇਕ ਨੁਕਤੇ ਨੂੰ ਲੋਕਾਂ ਦੇ ਧਿਆਨ ਵਿਚ ਲਿਆਂਦਾ ਸੀ ਜੋ ਇਹ ਸੀ ਕਿ ਸ਼ਹਿਰ ਅਤੇ ਸਮਾਜ ਵਿਚ ਜੋ ਮਾੜਾ ਹੁੰਦਾ ਹੈ ਉਸ ਲਈ ਸਾਰਾ ਸਮਾਜ ਕਿਸੇ ਨਾ ਕਿਸੇ ਰੂਪ ਵਿਚ ਜ਼ਿੰਮੇਦਾਰ ਹੁੰਦਾ ਹੈ | ਉਨ੍ਹਾਂ ਨੇ ਇਸ ਵੱਲ ਵੀ ਤਵੱਜੋ ਦਿਵਾਈ ਕਿ ਸਮਾਜ ਵਿਚ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਲਈ ਅਤੇ ਸਮਾਜ ਵਿਚ ਪਨਪਦੇ ਜੁਰਮ ਲਈ ਵੀ ਸਮਾਜ ਦੇ ਲੋਕਾਂ ਦੀ ਜ਼ਿੰਮੇਦਾਰੀ ਬਣਦੀ ਹੈ | ਸੰਦੇਸ਼ ਬੜਾ ਸਟੀਕ ਅਤੇ ਸੰਵੇਦਨਸ਼ੀਲ ਸੀ ਅਤੇ ਸਾਰੇ ਨਿਊਯਾਰਕ ਸ਼ਹਿਰ ਵਿਚ ਉਸ ਦੀ ਭਰਪੂਰ ਗੂੰਜ ਸੁਣਾਈ ਦਿੱਤੀ | ਅੱਜ ਦੀ ਦੁਨੀਆ ਵਿਚ ਅਸੀਂ ਸਾਰੇ ਇਕ ਦੂਜੇ ਨਾਲ ਜੁੜੇ ਹੋਏ ਹਾਂ | ਜੇਕਰ ਕਿਸੇ ਇਕ ਨੂੰ ਕੋਈ ਦੁੱਖ ਪਹੁੰਚਦਾ ਹੈ ਤਾਂ ਉਸ ਦਾ ਅਸਰ ਸਭ 'ਤੇ ਹੁੰਦਾ ਹੈ ਅਤੇ ਉਸ ਦੀ ਪੀੜ ਵੀ ਸਭ ਨੂੰ ਹੁੰਦੀ ਹੈ | ਅਸੀਂ ਹੀ ਇਹ ਨਿਸਚਿਤ ਕਰਨਾ ਹੈ ਕਿ ਕੋਈ ਵਿਅਕਤੀ, ਕੋਈ ਪਰਿਵਾਰ ਜਾਂ ਕੋਈ ਵਰਗ ਅਜਿਹਾ ਨਾ ਹੋਵੇ ਜੋ ਸਾਡੇ ਧਿਆਨ ਤੋਂ ਬਾਹਰ ਹੋਵੇ | ਇਹ ਬੜਾ ਸਹਿਜ ਅਤੇ ਸੌਖਾ ਹੈ ਕਿ ਅਸੀਂ ਆਪਣੀਆਂ ਪਦਾਰਥਕ ਲੋੜਾਂ ਅਤੇ ਫ਼ਾਇਦਿਆਂ ਦਾ ਤਾਂ ਧਿਆਨ ਰੱਖੀਏ ਪਰ ਦੂਸਰਿਆਂ ਦੀਆਂ ਲੋੜਾਂ ਦੀ ਅਣਦੇਖੀ ਕਰ ਦੇਈਏ | ਪ੍ਰਸਿੱਧ ਲਿਖਾਰੀ ਮਾਰਕ ਟਵੇਨ ਨੇ ਇਕ ਥਾਂ 'ਤੇ ਬੜਾ ਸੋਹਣਾ ਲਿਖਿਆ ਹੈ, 'ਚੰਗਿਆਈ ਇਕ ਅਜਿਹੀ ਭਾਸ਼ਾ ਹੈ ਜਿਸ ਨੂੰ ਕੰਨਾਂ ਤੋਂ ਬੋਲੇ ਸੁਣ ਸਕਦੇ ਹਨ ਅਤੇ ਨੇਤਰਹੀਣ ਵੇਖ ਸਕਦੇ ਹਨ |'

(ਰਿਟਾਇਰਡ, ਇੰਡੀਅਨ ਨੇਵੀ)
-ਮੋਬਾਈਲ : 098181-59944.

ਲਲਵਰਥ : ਕਿਲ੍ਹੇ ਦੀ ਸ਼ਾਂਤਮਈ ਸੁੰਦਰਤਾ

ਮੀਲਾਂ ਤੱਕ ਹਰਿਆਲੀ ਵਿਚੀਂ ਲੰਘਦਿਆਂ ਅਸੀਂ ਮਨਮੋਹਕ ਲਲਵਰਥ ਕਿਲ੍ਹੇ ਤੱਕ ਪਹੁੰਚੇ | ਹਵਾ ਬੜੀ ਸਾਫ਼ ਸੀ | ਇੰਜ ਲਗਦਾ ਸੀ ਕਿ ਕਿਸੇ ਆਕਸੀਜਨ ਗੈਸ ਦੇ ਚੈਂਬਰ ਵਿਚ ਆ ਗਏ ਹੋਈਏ | ਅਸੀਂ ਇੰਗਲੈਂਡ ਦੇ ਜੁਰਾਸਿਕ ਤਟ ਤੱਕ ਟਿ੍ਪ ਲਈ ਗਏ ਸੀ, ਜਿਸ ਦਾ ਹਿੱਸਾ ਲਲਵਰਥ ਕਿਲ੍ਹਾ ਵੀ ਹੈ | ਕਾਰ ਪਾਰਕ ਤੋਂ ਹਰੀ-ਹਰੀ ਘਾਹ 'ਤੇ ਤੁਰਦੇ ਹੋਏ ਅਸੀਂ ਕਿਲ੍ਹੇ ਤੱਕ ਪਹੁੰਚੇ ਜਿਸ ਦੀ ਕੰਧ ਚਾਰ ਮੀਲ ਲੰਮੀ ਹੈ | ਏਨੀ ਲੰਮੀ ਕੰਧ ਬਣਾਉਣ ਵਿਚ ਇਕ ਕਰੋੜ ਇੱਟ ਵਰਤੀ ਗਈ ਜੋ ਮੱਧ ਕਾਲ ਵਿਚ ਸੌਖਾ ਕੰਮ ਨਹੀਂ ਸੀ |
ਲਲਵਰਥ ਕਾਸਲ ਦੇ ਮੁੱਖ ਦੁਆਰ ਦੇ ਬਾਹਰ ਬੋਰਡ ਉੱਪਰ ਲਲਵਰਥ ਐਸਟੇਟ ਨਾਲ ਸਬੰਧਿਤ ਖੇਤੀ ਤੱਥ ਲਿਖੇ ਹੋਏ ਸਨ : 150 ਏਕੜ ਜ਼ਮੀਨ ਵਿਚ ਫ਼ਸਲ ਉਗਾਈ ਜਾਂਦੀ ਹੈ, ਪ੍ਰਸਿੱਧ ਬਰੈੱਡ ਮਾਰਕਸ ਐਾਡ ਸਪੈਂਸਰ ਲਈ ਉੱਚ ਪੱਧਰ ਦੇ ਦੁੱਧ ਦਾ ਉਤਪਾਦਨ ਕੀਤਾ ਜਾਂਦਾ ਹੈ, ਵੱਡੀ ਮਾਤਰਾ ਵਿਚ ਉੱਨ, ਚਮੜਾ, ਮੀਟ, ਆਟਾ ਅਤੇ ਰੇਪਸੀਡ ਨਾਲ ਤੇਲ ਦਾ ਉਤਪਾਦਨ ਕੀਤਾ ਜਾਂਦਾ ਹੈ | ਲਲਵਰਥ ਕਿਲ੍ਹੇ ਦੀ ਐਸਟੇਟ ਵਿਚ ਇਹ ਸਭ ਖੇਤੀ ਨਾਲ ਸਬੰਧਿਤ ਕੰਮ ਆਧੁਨਿਕ ਤਰੀਕੇ ਨਾਲ ਕੀਤੇ ਜਾਂਦੇ ਹਨ |
ਸਾਨੂੰ ਇਹ ਵੀ ਪਤਾ ਲੱਗਾ ਕਿ ਐਸਟੇਟ ਵਿਚ ਚਰਾਗਾਹ ਵੀ ਹੈ ਅਤੇ ਇਕ ਜੰਗਲੀ ਥਾਂ ਵੀ ਹੈ, ਜਿਥੇ ਅਨੋਖੇ ਤੇ ਪੁਰਾਤਨ ਰੁੱਖ ਪਾਏ ਜਾਂਦੇ ਹਨ | ਇਥੇ 168 ਕਿਸਮ ਦੇ ਵਿਸ਼ੇਸ਼ ਲਾਈਕੇਨ (ਰੁੱਖ ਜਾਂ ਚੱਟਾਨ ਉੱਪਰ ਉੱਗਣ ਵਾਲੀ ਇਕ ਕਿਸਮ ਦੀ ਕਾਈ) ਪਾਈ ਜਾਂਦੀ ਹੈ, ਜੋ ਬਿਲਕੁਲ ਪ੍ਰਦੂਸ਼ਣ-ਰਹਿਤ ਥਾਂ ਉੱਪਰ ਹੀ ਉੱਗਦੀ ਹੈ, ਜਿਥੇ ਹਵਾ ਤੇ ਵਰਖਾ ਵੀ ਪ੍ਰਦੂਸ਼ਣ ਮੁਕਤ ਹੁੰਦੀ ਹੈ |
ਇਤਿਹਾਸ ਦੇ ਪੰਨੇ
ਫਿਰ ਅਸੀਂ 80 ਫੁੱਟ ਉੱਚੇ, 116 ਫੁੱਟ ਚੌੜੇ, ਚਾਰ ਮੰਜ਼ਿਲਾ ਲਲਵਰਥ ਕਿਲ੍ਹੇ ਵਿਚ ਦਾਖ਼ਲ ਹੋਏ ਤਾਂ ਇੰਜ ਜਾਪਿਆ ਜਿਵੇਂ ਅਸੀਂ ਮੱਧ ਕਾਲੀਨ ਕਹਾਣੀ ਦੇ ਪਾਤਰ ਹੋਈਏ | ਸਭ ਤੋਂ ਪਹਿਲਾਂ ਸੂਚਨਾ ਪੈਨਲ ਉੱਤੇ ਕਿਲ੍ਹੇ ਦੇ ਪਹਿਲੇ ਮਾਲਕ ਪਰਿਵਾਰ ਹਾਵਰਡਜ਼ ਆਫ਼ ਬਿਨਡਨ ਦੇ ਜੀਵਨ ਘਟਨਾਕ੍ਰਮ ਅਤੇ ਬਰਤਾਨੀਆ ਰਾਜ ਪਰਿਵਾਰ ਨਾਲ ਨੇੜਲੇ ਸਬੰਧਾਂ ਦੀ ਰੌਚਿਕ ਜਾਣਕਾਰੀ ਦਰਜ ਸੀ | ਫਿਰ 16ਵੀਂ ਸਦੀ ਦੇ ਅੰਤ ਵਿਚ ਪਰਿਵਾਰ ਦੇ ਮੈਂਬਰ ਥਾਮਸ ਹਾਵਰਡ ਨੂੰ ਵਿਸਕਾਊਾਟ ਬਿਨਡਨ ਦੀ ਉਪਾਧੀ ਨਾਲ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਸਨਮਾਨਿਤ ਕੀਤਾ | ਸ਼ਕਤੀਸ਼ਾਲੀ ਹਾਵਰਡਜ਼ ਆਫ਼ ਬਿਨਡਨ ਪਰਿਵਾਰ ਨੇ ਵਿਸ਼ਾਲ, ਸਾਂਝੇ ਲਲਵਰਥ ਐਸਟੇਟ ਦੀ ਰਚਨਾ ਕੀਤੀ | 1608-10 ਏ.ਡੀ. ਵਿਚ ਥਾਮਸ ਹਾਵਰਡ ਨੇ ਲਲਵਰਥ ਕਿਲ੍ਹਾ ਬਣਵਾਇਆ ਸੀ | ਇਥੇ ਬਰਤਾਨੀਆ ਦੇ ਰਾਜ ਪਰਿਵਾਰਾਂ ਦਾ ਭੋਜਨ ਆਦਿ ਤੋਂ ਲੈ ਕੇ ਮਹਿਮਾਨਾਂ ਦਾ ਸਤਿਕਾਰ ਅਤੇ ਮਨੋਰੰਜਨ ਕੀਤਾ ਜਾਂਦਾ ਸੀ | ਉਨ੍ਹਾਂ ਦੇ ਵਡੇਰਿਆਂ 'ਚੋਂ ਲਾਰਡ ਬਿਨਡਨ ਤੀਜੇ ਨੇ ਇਥੇ ਬਰਤਾਨੀਆ ਦੇ ਮਹਾਰਾਜਾ ਜੇਮਸ-ਪਹਿਲੇ ਨੂੰ ਸ਼ਿਕਾਰ ਲਈ ਸੱਦਿਆ ਸੀ |
ਇਸ ਤੋਂ ਅਗਲੇ ਸੂਚਨਾ ਪੈਨਲ 'ਤੇ ਅਸੀਂ ਪੜਿ੍ਹਆ ਕਿ 1641 ਵਿਚ ਲਲਵਰਥ ਕਿਲ੍ਹਾ ਇਕ ਹੰਟਿੰਗ ਲੌਜ (ਸ਼ਿਕਾਰਗਾਹ) ਦੇ ਰੂਪ ਵਿਚ ਵਿਕ ਗਿਆ ਅਤੇ ਲਲਵਰਥ ਕਾਸਲ ਦੇ ਨਵੇਂ ਮਾਲਕ ਹਫ਼ਰੀ ਵੇਲਡ ਦਾ ਇਸ ਮੱਧ ਕਾਲੀਨ ਕਥਾ ਵਿਚ ਪ੍ਰਵੇਸ਼ ਹੋਇਆ | ਉਨ੍ਹਾਂ ਨੇ ਕਦੇ ਵੀ ਅਜਿਹਾ ਨਹੀਂ ਸੋਚਿਆ ਸੀ ਕਿ ਆਉਣ ਵਾਲੀਆਂ ਸਦੀਆਂ ਵਿਚ ਇਹ ਕਿਲ੍ਹਾ ਪੁਸ਼ਤੈਨੀ ਘਰ ਹੋਵੇਗਾ ਜੋ ਅੱਜ ਇਕ ਹਰਮਨ ਭਾਉਂਦੇ ਸੈਰ-ਸਪਾਟੇ ਦੀ ਥਾਂ ਵੀ ਹੈ | ਬਾਅਦ ਵਿਚ ਸਿਵਲ ਵਾਰ ਵਿਚ ਜਦ ਵੇਲਡ ਪਰਿਵਾਰ ਦਾ ਘਰ ਸਾੜ ਦਿੱਤਾ ਗਿਆ ਤਾਂ ਉਹ ਸਾਰੇ ਕਿਲ੍ਹੇ ਵਿਚ ਆ ਕੇ ਰਹਿਣ ਲੱਗੇ | ਅਨੇਕ ਤਬਦੀਲੀਆਂ ਤੋਂ ਬਾਅਦ 'ਕਿਲ੍ਹੇ ਤੋਂ ਘਰ ਦੀ ਰਚਨਾ ਕੀਤੀ ਗਈ |' ਪੈਨਲ ਉੱਤੇ ਵੇਲਡ ਪਰਿਵਾਰ ਦੇ ਮੱਧ ਕਾਲੀਨ ਵਡੇਰਿਆਂ ਦਾ ਖੁੱਲ੍ਹਾ ਵੇਰਵਾ ਦਰਜ ਸੀ, ਜਿਨ੍ਹਾਂ ਦੇ ਜੀਵਨ ਵਿਚ ਪਰਿਵਾਰਕ, ਵਿੱਤੀ ਅਤੇ ਰਾਜਨੀਤਕ ਉਤਾਰ-ਚੜ੍ਹਾਅ ਆਏ ਜੋ ਉਨ੍ਹਾਂ ਦੇ ਮੁਕੱਦਰ ਦਾ ਹਿੱਸਾ ਬਣ ਗਏ ਹਨ |

ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਈਮੇਲ : seemaanandchopra@gmail.com

ਭੁੱਲੀਆਂ ਵਿਸਰੀਆਂ ਯਾਦਾਂ

1978 ਵਿਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਚ ਧਾਰਮਿਕ ਪ੍ਰੋਗਰਾਮ ਵਿਚ ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ: ਗੁਰਚਰਨ ਸਿੰਘ ਟੌਹੜਾ, ਅਕਾਲੀ ਦਲ ਦੇ ਪ੍ਰਧਾਨ ਜ: ਜਗਦੇਵ ਸਿੰਘ ਤਲਵੰਡੀ, ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਆਏ ਸਨ | ਉਸ ਵਕਤ ਇਹ ਤਿੰਨੇ ਸ਼ਖ਼ਸੀਅਤਾਂ ਸਿੱਖਾਂ ਦੇ ਹਰ ਪ੍ਰੋਗਰਾਮ 'ਤੇ ਇਕੱਠੀਆਂ ਜਾਂਦੀਆਂ ਸਨ |

-ਮੋਬਾਈਲ : 98767-41231

ਗੁਲ-ਗੁਲਸ਼ਨ-ਗੁਲਫਾਮ: ਜਾਪਾਨੀ ਬਗੀਚਿਆਂ ਦੀ ਵਿਲੱਖਣਤਾ

ਜਾਪਾਨ ਦੇਸ਼ ਅਤੇ ਉਸ ਦੇ ਵਾਸੀਆਂ ਨੂੰ ਪੂਰੇ ਵਿਸ਼ਵ ਵਿਚ ਅਨੇਕਾਂ ਹੀ ਗੱਲਾਂ ਅਤੇ ਗੁਣਾਂ ਕਰਕੇ ਜਾਣਿਆ ਜਾਂਦਾ ਹੈ ਜਿਨ੍ਹਾਂ ਵਿਚ ਸਭ ਤੋਂ ਪਹਿਲਾ ਨਾਂਅ ਤਕਨਾਲੋਜੀ ਵਿਚ ਮੁਹਾਰਤ ਦਾ ਹੈ ਅਤੇ ਉਸ ਉਪਰੰਤ ਜਾਪਾਨੀ ਸਟਾਈਲ ਬਗੀਚੇ ਸੰਸਾਰ ਪੱਧਰ 'ਤੇ ਪ੍ਰਸਿੱਧ ਹਨ | ਜਾਪਾਨੀ ਲੋਕਾਂ ਦੀ 'ਟੀ ਸੈਰਮਨੀ' ਬੋਨਸਾਈ ਅਤੇ ਫੁੱਲਾਂ ਨੂੰ ਸਜਾ ਕੇ ਪੇਸ਼ ਕਰਨ ਦਾ 'ਇਕੇਬਾਨਾ' ਸਟਾਈਲ ਸਮੁੱਚਾ ਜਗਤ ਜਾਣਦਾ ਹੈ | ਜਾਪਾਨੀ ਬਗੀਚਿਆਂ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਅਤੇ ਇਸ ਸਟਾਈਲ ਵਿਚ ਜਾਪਾਨੀ ਲੋਕਾਂ ਦੀ ਫ਼ਿਲਾਸਫੀ, ਧਾਰਨਾ, ਧਰਮ ਅਤੇ ਸੱਭਿਆਚਾਰ ਆਦਿ ਸਾਫ਼ ਝਲਕਦੇ ਵੀ ਹਨ ਅਤੇ ਇਨ੍ਹਾਂ ਦਾ ਪ੍ਰਭਾਵ ਵੀ ਵਿਖਾਈ ਦਿੰਦਾ ਹੈ | ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਾਪਾਨੀ ਬਗੀਚਿਆਂ ਦਾ ਮੁੱਢ ਸਾਡੇ ਦੇਸ਼ ਭਾਰਤ ਤੋਂ ਹੀ ਬੋਧੀ ਲੋਕਾਂ ਰਾਹੀਂ ਬੱਝਾ | ਭਾਰਤੀ ਬਾਗਬਾਨੀ ਪ੍ਰਭਾਵ ਵਾਲਾ ਸਟਾਈਲ ਚੀਨ, ਕੋਰੀਆ ਹੁੰਦਾ ਹੋਇਆ ਜਾਪਾਨ ਪੁੱਜ ਕੇ ਖੂਬ ਵਧਿਆ-ਫੁਲਿਆ, ਜਿਸਨੂੰ ਵਿਸ਼ਵ ਦੇ ਵੱਖ-ਵੱਖ ਖਿੱਤਿਆਂ ਵਿਚ ਪਹੁੰਚਾਉਣ ਦਾ ਸਿਹਰਾ ਬੋਧੀ ਧਰਮ ਨਾਲ ਜੁੜੀਆਂ ਸ਼ਖ਼ਸੀਅਤਾਂ ਜਾਂ ਫਿਰ ਯਾਤਰੀਆਂ ਦੇ ਸਿਰ ਬੱਝਦਾ ਹੈ |
ਸ਼ਿੰਨਤੋ, ਤਾਉ ਅਤੇ ਬੁੱਧ ਧਰਮ ਦੀ ਫਿਲਾਸਫੀ ਦਾ ਪ੍ਰਭਾਵ ਪਿਆ ਹੋਣ ਕਰਕੇ ਬਗੀਚੇ ਵਿਚ ਰੂਹਾਨੀ ਮਾਹੌਲ ਨੂੰ ਸਿਰਜਿਆ ਜਾਂਦਾ ਹੈ | ਜਾਪਾਨੀ ਲੋਕਾਂ ਦੇ ਵਿਕਾਸ ਦੇ ਨਾਲ-ਨਾਲ ਇਨ੍ਹਾਂ ਦੇ ਬਗੀਚਿਆਂ ਦਾ ਵਿਕਾਸ ਵੀ ਹੁੰਦਾ ਗਿਆ | ਅਸ਼ੋਕਾ ਕਾਲ ਤੋਂ ਲੈ ਕੇ ਅਜੋਕੇ ਸਮੇਂ ਤੱਕ ਅਨੇਕਾਂ ਹੀ ਤਬਦੀਲੀਆਂ ਹੁੰਦੀਆਂ ਗਈਆਂ ਅਤੇ ਬਗੀਚਿਆਂ ਦਾ ਰੂਪ ਨਿਖਰਦਾ ਅਤੇ ਬਦਲਦਾ ਹੋਇਆ ਸਾਡੇ ਸਾਹਮਣੇ ਪੇਸ਼ ਹੋਇਆ | ਪਹਿਲਾਂ ਪਹਿਲ ਇਹ ਬਗੀਚੇ ਸਿਰਫ਼ ਬੋਧੀ ਮੰਦਿਰਾਂ ਦੇ ਆਸ-ਪਾਸ ਹੀ ਬਣਾਏ ਜਾਂਦੇ ਸਨ ਪਰ ਸਮੇਂ ਦੇ ਚਲਦਿਆਂ ਇਹ ਹੌਲੀ-ਹੌਲੀ ਘਰਾਂ ਵਿਚ ਵੀ ਪ੍ਰਵੇਸ਼ ਕਰ ਗਏ | ਕੁਦਰਤ ਦੇ ਹਰ ਪੱਖ ਨੂੰ ਇਨ੍ਹਾਂ ਬਗੀਚਿਆਂ ਵਿਚ ਸ਼ਾਮਿਲ ਕੀਤਾ ਹੋਣ ਕਰਕੇ ਹੀ ਦੁਨੀਆ ਨੇ ਇਸ ਸਟਾਈਲ ਨੂੰ ਪਸੰਦ ਕੀਤਾ ਅਤੇ ਹੌਲੀ-ਹੌਲੀ ਧਰਤੀ ਦੇ ਹਰ ਕੋਨੇ ਤੱਕ ਪਹੁੰਚ ਗਿਆ | ਜਾਪਾਨੀ ਬਗੀਚਿਆਂ ਦੇ ਵਿਕਾਸ ਉੱਪਰ ਅਨੇਕਾਂ ਹੀ ਧਰਮਾਂ, ਸੱਭਿਆਚਾਰ ਅਤੇ ਸ਼ਾਸਕਾਂ ਆਦਿ ਦਾ ਪ੍ਰਭਾਵ ਪਿਆ | ਜਾਪਾਨੀ ਬਗੀਚਿਆਂ ਦੇ ਲੰਮੇ ਪੈਂਡੇ ਅਤੇ ਲੰਮੇ ਸਮੇਂ ਦੀ ਘਾਲਣਾ ਨੇ ਇਸ ਨੂੰ ਬਾਖੂਬੀ ਨਿਖਾਰਿਆ ਅਤੇ ਇਹ ਸਟਾਈਲ ਵਿਸ਼ਵ ਪ੍ਰਸਿੱਧ ਹੋ ਗਿਆ |
ਜਾਪਾਨੀ ਬਗੀਚਿਆਂ ਬਾਰੇ ਜੇਕਰ ਮੁੱਖ ਤੌਰ 'ਤੇ ਵੇਖਿਆ ਜਾਏ ਤਾਂ ਇਨ੍ਹਾਂ ਬਗੀਚਿਆਂ ਵਿਚ ਅਤੇ ਆਲੇ-ਦੁਆਲੇ ਦੇ ਕੁਦਰਤੀ ਮਾਹੌਲ ਨੂੰ ਅਲੱਗ ਨਹੀਂ ਰੱਖਿਆ ਜਾਂਦਾ ਅਤੇ ਦਿ੍ਸ਼ ਨੂੰ ਇਕ ਫੋਟੋ ਫਰੇਮ ਦੀ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਬਗੀਚੇ ਬਣਾਉਣ ਦੇ ਮੁਢਲੇ ਨਿਯਮਾਂ ਅਨੁਸਾਰ ਬਗੀਚਾ ਕੁਦਰਤੀ, ਸਾਦਗੀ, ਖੁੱਲ੍ਹਾਪਣ, ਤਿਕੋਣਾਪਨ ਆਦਿ ਦੇ ਤਹਿਤ ਬਣਿਆ ਹੋਣਾ ਚਾਹੀਦਾ ਹੈ | ਜਾਪਾਨੀ ਬਗੀਚਿਆਂ ਦੇ ਮੁਢਲੇ ਤੱਤ ਯਾਨੀ ਐਲੀਮੈਂਟਸ ਪੱਥਰ ਦੀ ਲਾਲਟੈਨ, ਬੁੱਤ ਖਾਸ ਕਰ ਸ਼ੇਰ ਦੇ, ਪਾਣੀ, ਮੱਛੀ, ਬਿ੍ਜ, ਪੁਲ, ਰਸਤੇ, ਟੀ. ਹਾਊਸ, ਰੁੱਖ ਝਾੜੀਆਂ, ਲੈਂਪ ਆਦਿ ਮੰਨੇ ਜਾਂਦੇ ਹਨ | ਪਾਣੀ ਜਾਪਾਨੀ ਬਗੀਚਿਆਂ ਦਾ ਬੜਾ ਹੀ ਅਹਿਮ ਅੰਗ ਗਿਣਿਆ ਜਾਂਦਾ ਹੈ, ਜਿਸ ਤਹਿਤ ਛੱਪੜ/ਪੂਲ, ਝਰਨੇ, ਖੂਹ ਆਦਿ ਬਣਾਏ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਇਸ ਬਗੀਚੇ ਵਿਚ ਪੱਥਰਾਂ ਦੀ ਵਰਤੋਂ ਵੀ ਖੂਬ ਕੀਤੀ ਜਾਂਦੀ ਹੈ |
ਜਾਪਾਨੀ ਬਗੀਚੇ ਬਣਾਉਣ ਖਾਤਰ ਇਕ ਸਟਾਈਲ/ਤਰੀਕਾ ਨਾ ਹੋ ਕੇ ਅਨੇਕਾਂ ਹੀ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ ਜਿਨ੍ਹਾਂ ਵਿਚੋਂ ਮੁੱਖ ਰੂਪ ਵਿਚ ਹਿੱਲ ਗਾਰਡਨ, ਟੀ-ਗਾਰਡਨ, ਡਰਾਈ ਗਾਰਡਨ, ਫਲੈਟ ਗਾਰਡਨ, ਸੈਂਡ ਗਾਰਡਨ ਆਦਿ ਮੁੱਖ ਰੂਪ ਵਿਚ ਮੰਨੇ ਜਾਂਦੇ ਹਨ | ਹਿੱਲ ਗਾਰਡਨ ਸਟਾਈਲ ਵਿਚ ਪਹਾੜੀਆਂ 'ਤੇ ਪਾਣੀ ਦੀ ਬਹੁਤਾਤ ਹੁੰਦੀ ਹੈ | ਪਾਣੀ ਨੂੰ ਵਗਦਾ ਅਤੇ ਖੜ੍ਹਾ ਵੀ ਵਰਤਿਆ ਜਾਂਦਾ ਹੈ ਅਤੇ ਵੱਖ-ਵੱਖ ਆਕਾਰ ਦੇ ਪੱਥਰਾਂ ਦੀ ਵਰਤੋਂ ਉਨ੍ਹਾਂ ਦੀ ਦਿੱਖ ਅਨੁਸਾਰ ਕੀਤੀ ਜਾਂਦੀ ਹੈ ਜੋ ਕਈ ਚੀਜ਼ਾਂ ਨੂੰ ਦਰਸਾਉਂਦੇ ਮੰਨੇ ਜਾਂਦੇ ਹਨ | ਇਕ ਪਾਸੇ ਤੋਂ ਦੂਸਰੇ ਪਾਸੇ, ਪਾਣੀ ਵਿਚ ਦੀ ਜਾਣ ਲਈ ਸਟੈਪਿੰਗ ਸਟੋਨ ਦੀ ਵਰਤੋਂ ਵੀ ਕੀਤੀ ਜਾਂਦੀ ਹੈ | ਇਸ ਤੋਂ ਇਲਾਵਾ ਰੁੱਖ, ਪੁਲ, ਲਾਲਟੈਨ, ਪੈਗੋਡਾ ਆਦਿ ਤਾਂ ਹੁੰਦੇ ਹੀ ਹਨ | ਟੀ-ਗਾਰਡਨ ਨੂੰ ਮੁੱਖ ਤੌਰ 'ਤੇ ਟੀ-ਹਾਊਸ ਨਾਲ ਜੋੜਿਆ ਜਾਂਦਾ ਹੈ, ਜਿਥੇ ਭਿਕਸ਼ੂ ਲੋਕਾਂ ਨੂੰ ਚਾਹ ਦਵਾਈ ਵਜੋਂ ਵੀ ਪਿਆਈ ਜਾਂਦੀ ਸੀ ਜੋ ਕਿ ਤਪ-ਭਗਤੀ ਵਿਚ ਸਹਾਈ ਹੁੰਦੀ ਸੀ | ਟੀ-ਗਾਰਡਨ ਮਹਿਮਾਨਾਂ ਨੂੰ ਮਿਲਣ ਵਾਲੇ ਸਥਾਨ, ਜਿਥੇ ਉਹ ਘਰ ਵਾਲੇ ਇੰਤਜ਼ਾਰ ਕਰਦੇ ਸਨ, ਉਸ ਦੇ ਆਸ-ਪਾਸ ਬਣਾਇਆ ਜਾਂਦਾ ਸੀ | ਇਸ ਬਗੀਚੇ ਦੀ ਦਿੱਖ ਬੜੀ ਸ਼ਾਂਤਮਈ ਅਤੇ ਇਕਾਗਰਤਾ ਮਾਹੌਲ ਵਾਲੀ ਸਿਰਜੀ ਜਾਂਦੀ ਸੀ | ਫਲੈਟ ਗਾਰਡਨ ਜ਼ਿਆਦਾਤਰ ਪਹਾੜੀਆਂ, ਪੂਲ ਆਦਿ ਤੋਂ ਹਟ ਕੇ ਬਣਾਏ ਜਾਂਦੇ ਸਨ | ਇਹ ਜ਼ਿਆਦਾਤਰ ਇਮਾਰਤਾਂ ਦੇ ਸਾਹਮਣੇ ਵਾਲੇ ਪਾਸੇ ਬਣਦੇ ਹਨ | ਪਾਣੀ ਦੀ ਘਾਟ ਜਾਂ ਅਣਹੋਂਦ ਸਮੇਂ ਪਾਣੀ ਦਾ ਪ੍ਰਭਾਵ ਰੇਤੇ, ਬੱਜਰੀ, ਛੋਟੇ-ਛੋਟੇ ਪੱਥਰਾਂ ਤੋਂ ਲਿਆ ਜਾਂਦਾ ਹੈ |
ਅਜੋਕੇ ਦਿਨਾਂ ਵਿਚ ਬਗੀਚੇ ਤਿਆਰ ਕਰਨ ਵਾਲੇ ਵੱਖ-ਵੱਖ ਸਟਾਈਲਾਂ ਨੂੰ ਮਿਲਾ ਕੇ ਵੀ ਬਗੀਚੇ ਤਿਆਰ ਕਰਦੇ ਹਨ, ਜਿਨ੍ਹਾਂ ਵਿਚ ਹਿੱਲ, ਟੀ ਅਤੇ ਫਲੈਟ ਗਾਰਡਨ ਆਦਿ ਸਭਨਾਂ ਦਾ ਪ੍ਰਭਾਵ ਨਜ਼ਰ ਆਉਂਦਾ ਹੈ | ਜਾਪਾਨ ਵਿਚ ਜਗ੍ਹਾ ਦੀ ਕਮੀ ਅਤੇ ਵਧਦੀ ਜਨ-ਸੰਖਿਆ ਨੇ ਬਗੀਚਿਆਂ ਦਾ ਆਕਾਰ ਦਿਨ-ਬਦਿਨ ਛੋਟਾ ਕਰ ਦਿੱਤਾ ਹੈ | ਜਾਪਾਨੀ ਬਗੀਚਿਆਂ ਵਿਚ ਕੁਦਰਤ ਦੇ ਵੱਖ-ਵੱਖ ਰੂਪਾਂ ਜਾਂ ਦਿ੍ਸ਼ਾਂ ਨੂੰ ਛੋਟੇ ਰੂਪ ਵਿਚ ਪੇਸ਼ ਕੀਤਾ ਜਾਣ ਕਰਕੇ ਇਨ੍ਹਾਂ ਬਗੀਚਿਆਂ ਨੂੰ 'ਨੇਚਰ ਇਨ ਮਿਨੀਏਚਰ' ਵਜੋਂ ਵੀ ਜਾਣਿਆ ਜਾਂਦਾ ਹੈ |
ਜਾਪਾਨੀ ਬਗੀਚਿਆਂ ਵਿਚ ਨੁਕੀਲੇ ਪੱਤਿਆਂ ਵਾਲੇ ਪੌਦੇ ਜਿਵੇਂ ਪਾਈਨ ਯਾਨੀ ਚੀਲ੍ਹ ਆਦਿ ਨੂੰ ਲਾਇਆ ਜਾਂਦਾ ਹੈ | ਚੀਲ੍ਹ ਨੂੰ ਖਾਸ ਤੌਰ 'ਤੇ ਬਗੀਚੇ ਦੇ ਗੇਟ ਕੋਲ ਲਾਇਆ ਜਾਂਦਾ ਹੈ | ਇਸ ਤੋਂ ਇਲਾਵਾ ਚੈਰੀ, ਸਫੇਦ ਰੰਗ ਦੇ ਫੁੱਲਾਂ ਵਾਲੇ ਪੌਦੇ, ਆੜੂ, ਆਨਾਰ, ਆਲੂ ਬੁਖਾਰਾ, ਵਿਸਟੀਰੀਆ ਵਰਗੇ ਪੌਦੇ ਵਰਤੇ ਜਾਂਦੇ ਹਨ | ਗਲਦਾਉਦੀ, ਕਾਰਨੇਸ਼ਨ, ਕੰਵਲ, ਆਰਕਿਡ, ਫਰੇਸ਼ੀਆ ਆਦਿ ਵਰਗੇ ਖੂਬਸੂਰਤ ਫੁੱਲ ਜਾਪਾਨੀ ਬਗੀਚਿਆਂ ਨੂੰ ਹੋਰ ਵੀ ਰੰਗਦਾਰ ਬਣਾਉਂਦੇ ਹਨ | ਬਾਂਸ ਦੀ ਵਰਤੋਂ ਵੀ ਇਨ੍ਹਾਂ ਬਗੀਚਿਆਂ ਵਿਚ ਖੂਬ ਕੀਤੀ ਜਾਂਦੀ ਹੈ | ਚੰਡੀਗੜ੍ਹ ਦੇ 31 ਸੈਕਟਰ ਵਿਚ ਸਰਕਾਰ ਵਲੋਂ ਇਕ ਨਮੂਨੇ ਵਜੋਂ ਬੜਾ ਖੂਬਸੂਰਤ ਜਾਪਾਨੀ ਬਗੀਚਾ ਬਣਾਇਆ ਗਿਆ ਹੈ ਜੋ ਕਿ ਵੇਖਣਯੋਗ ਹੈ | ਸੰਨ 2014 ਵਿਚ ਇਸ ਬਗੀਚੇ ਦਾ ਉਦਘਾਟਨ ਰਾਜਪਾਲ ਸ਼ਿਵ ਰਾਜ ਪਾਟਿਲ ਵਲੋਂ ਕੀਤਾ ਗਿਆ ਸੀ ਜੋ ਕਿ ਆਮ ਜਨਤਾ ਲਈ ਖੁੱਲ੍ਹਾ ਹੈ | ਜਾਪਾਨੀ ਸਟਾਈਲ ਬਗੀਚੀ ਦੇ ਤਕਨੀਕੀ ਨੁਕਤਿਆਂ 'ਤੇ ਆਧਾਰਿਤ ਬਣਿਆ ਇਹ ਬਗੀਚਾ ਕਾਫ਼ੀ ਸੰੁਦਰ ਅਤੇ ਮਨਮੋਹਕ ਹੈ |

-ਮੋਬਾਈਲ : 98142-39041.
landscapingpeople@rediffmail.com

ਰਾਬਿੰਦਰ ਨਾਥ ਟੈਗੋਰ ਬਾਰੇ ਬਲਰਾਜ ਸਾਹਨੀ ਦੀਆਂ ਦਿਲਚਸਪ ਯਾਦਾਂ

'ਜਦੋਂ ਗੁਰਦੇਵ ਨੇ ਮੈਨੂੰ ਕਿਹਾ ਤੁਸੀਂ ਪੰਜਾਬੀ ਹੋ ਕੇ ਪੰਜਾਬੀ ਵਿਚ ਕਿਉਂ ਨਹੀਂ ਲਿਖਦੇ'

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰ ਵਾਰ ਉਨ੍ਹਾਂ ਦਾ ਇਹ ਸਵਾਲ ਮੇਰੇ ਅੰਦਰ ਤਲਖੀ ਪੈਦਾ ਕਰ ਦਿੰਦਾ | ਮੈਨੂੰ ਜਾਪਦਾ ਕਿ ਟੈਗੋਰ ਖੇਤਰੀਅਤਾ ਦੇ ਸ਼ਿਕਾਰ ਹਨ | ਪਰ ਦੂਜੇ ਪਾਸੇ ਉਹ 'ਵਿਸ਼ਵਭਾਰਤੀ' ਵਿਸ਼ਵ ਦੇ ਆਦਰਸ਼ਾ ਦੀ ਗੱਲ ਕਰਦੇ ਸਨ | ਉਹ ਸ਼ਾਂਤੀ ਨਿਕੇਤਨ ਨੂੰ ਭਾਰਤੀ ਸੰਸਕਿ੍ਤੀ ਦਾ ਹੀ ਨਹੀਂ ਵਿਸ਼ਵ ਸੰਸਕਿ੍ਤੀ ਦਾ ਕੇਂਦਰ ਬਣਾਉਣਾ ਚਾਹੁੰਦੇ ਸਨ | ਪਰ ਨਾਲ ਹੀ ਮੇਰੇ ਉੱਤੇ ਆਪਣੇ ਖੇਤਰ ਦੀ ਭਾਸ਼ਾ ਥੋਪਣਾ ਚਾਹੁੰਦੇ ਸਨ | ਇਹ ਕਿਹੋ ਜਿਹਾ ਢੋਂਗ ਸੀ |
ਇਕ ਦਿਨ ਮੈਂ ਉਨ੍ਹਾਂ ਨੂੰ ਸਾਲਾਨਾ ਹਿੰਦੀ ਸੰਮੇਲਨ ਦਾ ਬੁਲਾਵਾ ਦੇਣ ਗਿਆ | ਉਨ੍ਹਾਂ ਮੈਨੂੰ ਬੈਠਣ ਲਈ ਕਿਹਾ ਅਤੇ ਮੇਰੇ ਨਾਲ ਗੱਲਾਂ ਕਰਨ ਲੱਗ ਪਏ |
'ਤੁਸੀਂ ਇਥੇ ਕੁਝ ਮਹੀਨਿਆਂ ਲਈ ਰਹਿਣਾ ਚਾਹੁੰਦੇ ਸੀ, ਹੁਣ ਤੁਹਾਨੂੰ ਇਥੇ ਸਾਲ ਤੋਂ ਉੱਤੇ ਹੋ ਗਿਆ ਹੈ, ਤੁਸੀਂ ਇਥੋਂ ਜਾਂਦੇ ਕਿਉਂ ਨਹੀਂ |'
ਮੈਨੂੰ ਧੱਕਾ ਜਿਹਾ ਲੱਗਾ | ਅਧਿਆਪਕ ਦੇ ਤੌਰ ਤੇ ਮੇਰਾ ਕੰਮ ਤੱਸਲੀ ਬਖ਼ਸ਼ ਸੀ, ਮੇਰੇ ਨਾਲ ਕੰਮ ਕਰਨ ਵਾਲਿਆਂ ਦੀ ਮੇਰੇ ਬਾਰੇ ਚੰਗੀ ਸੋਚ ਸੀ ਅਤੇ ਮੇਰੇ ਵਿਦਿਆਰਥੀ ਵੀ ਮੈਨੂੰ ਚਾਹੁੰਦੇ ਸਨ | ਪਰ ਗੁਰੂਦੇਵ ਮੈਨੂੰ ਉਥੋਂ ਜਾਣ ਲਈ ਕਿਉਂ ਕਹਿ ਰਹੇ ਸਨ?
'ਮੈਂ ਇੱਥੇ ਖੁਸ਼ ਹਾਂ, ਮੈਂ ਇਥੋਂ ਬਿਲਕੁਲ ਜਾਣਾ ਨਹੀਂ ਚਾਹੁੰਦਾ', ਮੈਂ ਕਿਹਾ |
'ਪਰ ਇਹ ਥਾਂ ਅਜਿਹੀ ਨਹੀਂ ਕਿ ਤੁਸੀਂ ਹਮੇਸ਼ਾ ਲਈ ਇੱਥੇ ਹੀ ਟਿਕ ਜਾਵੋ | ਹੁਣ ਤੱਕ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਅਸੀਂ ਇਥੇ ਕੀ ਕਰਨਾ ਚਾਹੁੰਦੇ ਹਾਂ | ਹੁਣ ਤੁਹਾਨੂੰ ਆਪਣੇ ਪ੍ਰਦੇਸ਼ ਵਿਚ ਜਾ ਕੇ ਇਸੇ ਤਰ੍ਹਾਂ ਦਾ ਸਿਰਜਣਾਤਮਕ ਕੰਮ ਕਰਨਾ ਚਾਹੀਦਾ ਹੈ |'
'ਮੈਂ ਇੱਥੇ ਕਾਫੀ ਸਿਰਜਣਸ਼ੀਲ ਹਾਂ | ਮੈਂ ਉਸ ਵਿਚ ਕੋਈ ਤਬਦੀਲੀ ਨਹੀਂ ਲਿਆਉਣਾ ਚਾਹੁੰਦਾ | ਮੈਂ ਇੱਥੇ ਖੁਸ਼ ਹਾਂ, ਮੇਰੀ ਪਤਨੀ ਵੀ ਖੁਸ਼ ਹੈ |'
'ਪੜ੍ਹਾਉਣ ਤੋਂ ਬਿਨਾਂ ਇੱਥੇ ਹੋਰ ਕੀ ਕੁਝ ਕਰਦੇ ਹੋ?' ਉਨ੍ਹਾਂ ਪੁੱਛਿਆ |
'ਮੈਂ ਹਿੰਦੀ ਵਿਚ ਕਹਾਣੀਆਂ ਲਿਖਦਾ ਹਾਂ, ਅਤੇ ਕਾਫੀ ਨਾਂ ਕਮਾਇਆ ਹੈ |'
'ਪਰ ਤੁਹਾਡੀ ਭਾਸ਼ਾ ਹਿੰਦੀ ਨਹੀਂ | ਤੁਸੀਂ ਪੰਜਾਬੀ ਹੋ | ਤੁਸੀਂ ਪੰਜਾਬੀ ਵਿਚ ਕਿਉਂ ਨਹੀਂ ਲਿਖਦੇ?'
ਮੈਨੂੰ ਫਿਰ ਲੱਗਾ ਕਿ ਗੁਰੂਦੇਵ ਸੌੜੇ ਵਿਚਾਰ ਵਾਲੇ ਪ੍ਰਦੇਸ਼ਵਾਦੀ ਹਨ | ਉਦੋਂ ਮੈਂ ਇਹ ਨਹੀਂ ਜਾਣਦਾ ਸਾਂ ਕਿ ਕਲਾਕਾਰ ਉਦੋਂ ਹੀ ਅੰਤਰਰਾਸ਼ਟਰੀ ਬਣ ਸਕਦਾ ਹੈ ਜੇ ਉਹ ਸਹੀ ਅਰਥਾਂ ਵਿਚ ਪਹਿਲਾਂ ਰਾਸ਼ਟਰੀ ਬਣੇ |
'ਪਰ ਹਿੰਦੀ ਰਾਸ਼ਟਰੀ ਭਾਸ਼ਾ ਹੈ | ਇਹ ਪੂਰੇ ਮੁਲਕ ਦੀ ਭਾਸ਼ਾ ਹੈ | ਮੈਂ ਕਿਸੇ ਇਕ ਖਿੱਤੇ ਦੀ ਭਾਸ਼ਾ ਵਿਚ ਕਿਉਂ ਲਿਖਾਂ, ਜਦੋਂ ਕਿ ਮੈਂ ਪੂਰੇ ਦੇਸ਼ ਲਈ ਲਿਖ ਸਕਦਾ ਹਾਂ?'
'ਮੈਂ ਬਾਂਗਲਾ ਵਿਚ ਲਿਖਦਾ ਹਾਂ ਜੋ ਇਕ ਖੇਤਰੀ ਭਾਸ਼ਾ ਹੈ ਪਰ ਸਾਰਾ ਹਿੰਦੁਸਤਾਨ ਹੀ ਨਹੀਂ ਸਾਰਾ ਸੰਸਾਰ ਮੈਨੂੰ ਪੜ੍ਹਦਾ ਹੈ |'
'ਮੈਂ ਤੁਹਾਡੇ ਵਰਗਾ ਮਹਾਨ ਲੇਖਕ ਨਹੀਂ, ਇਕ ਨਿੱਕਾ ਜਿਹਾ ਲੇਖਕ ਹਾਂ', ਮੈਂ ਕਿਹਾ |
'ਵੱਡੇ ਛੋਟੇ ਦਾ ਸਵਾਲ ਨਹੀਂ | ਲੇਖਕ ਦਾ ਸੰਬੰਧ ਆਪਣੀ ਧਰਤੀ ਨਾਲ ਹੈ, ਆਪਣੇ ਲੋਕਾਂ ਨਾਲ ਹੈ, ਆਪਣੀ ਭਾਸ਼ਾ ਨਾਲ ਹੈ, ਉਸੇ ਵਿਚ ਹੀ ਤੁਹਾਨੂੰ ਅਪਣੱਤ ਦਾ ਅਹਿਸਾਸ ਹੋਵੇਗਾ |'
'ਸ਼ਾਇਦ ਆਪ ਜੀ ਨੂੰ ਮੇਰੇ ਪ੍ਰਦੇਸ਼ ਦੇ ਹਾਲਾਤ ਦੀ ਜਾਣਕਾਰੀ ਨਹੀਂ ਹੈ | ਪੰਜਾਬ ਵਿਚ ਅਸੀਂ ਜਾਂ ਤਾਂ ਹਿੰਦੀ ਵਿਚ ਲਿਖਦੇ ਹਾਂ ਜਾਂ ਫਿਰ ਉਰਦੂ ਵਿਚ | ਕੋਈ ਵੀ ਪੰਜਾਬੀ ਵਿਚ ਨਹੀਂ ਲਿਖਦਾ | ਪੰਜਾਬੀ ਬਹੁਤ ਹੀ ਪਿਛੜੀ ਹੋਈ ਭਾਸ਼ਾ ਹੈ | ਸੱਚ ਪੁੱਛੋ ਤਾਂ ਉਸ ਨੂੰ ਭਾਸ਼ਾ ਨਹੀਂ ਕਿਹਾ ਜਾ ਸਕਦਾ | ਉਹ ਹਿੰਦੀ ਦੀ ਹੀ ਇਕ ਉਪਭਾਸ਼ਾ ਕਹੀ ਜਾ ਸਕਦੀ ਹੈ |'
'ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ | ਪੰਜਾਬੀ ਸਾਹਿਤ ਬਾਂਗਲਾ ਸਾਹਿਤ ਜਿੰਨਾ ਹੀ ਪੁਰਾਣਾ ਹੈ | ਕੀ ਤੁਸੀਂ ਇਸ ਨੂੰ ਪਿਛੜੀ ਹੋਈ ਭਾਸ਼ਾ ਆਖਦੇ ਹੋ ਜਿਸ ਵਿਚ ਗੁਰੂ ਨਾਨਕ ਵਰਗੇ ਕਵੀਆਂ ਨੇ ਲਿਖਿਆ ਹੈ?'
ਅਤੇ ਉਨ੍ਹਾਂ ਮੈਨੂੰ ਗੁਰੂ ਨਾਨਕ ਸਾਹਿਬ ਦੀਆਂ ਕੁਝ ਸਤਰਾਂ ਪੜ੍ਹ ਕੇ ਸੁਣਾਈਆਂ ਜੋ ਅੱਜ ਵੀ ਮੈਨੂੰ ਜੁਬਾਨੀ ਯਾਦ ਹਨ, ਪਰ ਉਸ ਸਮੇਂ ਮੈਂ ਉਨ੍ਹਾਂ ਬਾਰੇ ਬਿਲਕੁਲ ਹੀ ਅਣਜਾਣ ਸਾਂ | ਉਹ ਸਤਰਾਂ ਸਨ |
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ¨
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ¨1¨
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ¨
ਅਨਹਤਾ ਸਬਦ ਵਾਜੰਤ ਭੇਰੀ¨1¨
ਇਹ ਸਤਰਾਂ ਸੁਣਾਉਣ ਮਗਰੋਂ ਗੁਰੂਦੇਵ ਨੇ ਕਿਹਾ 'ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਕਿ ਗੁਰੂ ਨਾਨਕ ਦੀ ਇਸ ਮਹਾਨ ਕਵਿਤਾ ਦੇ ਕੁਝ ਅੰਸ਼ ਮੈਂ ਬਾਂਗਲਾ ਵਿਚ ਅਨੁਵਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ | ਪਰ ਮੈਨੂੰ ਲਗਦਾ ਹੈ ਕਿ ਮੈਂ ਉਸ ਨਾਲ ਨਿਆਂ ਨਹੀਂ ਕਰ ਸਕਾਂਗਾ |'
'ਇਹ ਤਾਂ ਸਿੱਖਾਂ ਦੀ ਧਾਰਮਿਕ ਬਾਣੀ ਹੈ', ਮੈਂ ਕਿਹਾ 'ਮੈਂ ਤਾਂ ਅਜਿਹੇ ਸਾਹਿਤ ਦੀ ਗੱਲ ਕਰ ਰਿਹਾ ਹਾਂ ਜੋ ਧਰਮਾਂ ਤੋਂ, ਜਾਤ-ਪਾਤ ਤੋਂ ਉੱਤੇ ਹੈ | ਅਜਿਹਾ ਸਾਹਿਤ ਪੰਜਾਬੀ ਵਿਚ ਨਹੀਂ ਹੈ | ਇਸਦਾ ਕਾਰਨ ਹੈ ਕਿ ਅਜੋਕੀ ਪੰਜਾਬੀ ਬਹੁਤ ਪਿਛੜੀ ਹੋਈ ਭਾਸ਼ਾ ਹੈ |'
'ਇਸੇ ਤਰ੍ਹਾਂ ਦੀਆਂ ਗੱਲਾਂ ਅੰਗਰੇਜ਼ੀ ਪੜ੍ਹੇ ਲਿਖੇ ਬੰਗਾਲੀ ਬੁੱਧੀਜੀਵੀ ਅੱਜ ਤੋਂ ਸੌ ਸਾਲ ਪਹਿਲਾਂ ਬਾਂਗਲਾ ਦੇ ਬਾਰੇ ਕਰਦੇ ਸਨ | ਆਪਣੀ ਭਾਸ਼ਾ ਨੂੰ ਅਮੀਰ ਬਣਾਉਣਾ ਔਖਾ ਨਹੀਂ ਹੈ | ਬੰਕਿਮ ਬਾਬੂ ਨੇ ਵੀ ਬਾਂਗਲਾ ਭਾਸ਼ਾ ਨੂੰ ਵੀਹ ਹਜ਼ਾਰ ਨਵੇਂ ਸ਼ਬਦ ਦਿੱਤੇ ਸਨ | ਮੈਂ ਖੁਦ ਅੱਸੀ ਹਜ਼ਾਰ ਨਵੇਂ ਸ਼ਬਦ ਦਿੱਤੇ ਹਨ | ਮੈਂ ਬਾਂਗਲਾ ਭਾਸ਼ਾ ਨੂੰ ਬਣਾਇਆ ਹੈ,' ਉਨ੍ਹਾਂ ਮਾਣ ਨਾਲ ਕਿਹਾ, ਅੱਜ ਇਹ ਭਾਸ਼ਾ ਸੰਸਾਰ ਦੀ ਕਿਸੇ ਭਾਸ਼ਾ ਤੋਂ ਪਿਛਾਂਹ ਨਹੀਂ ਹੈ |
(ਬਾਕੀ ਅਗੇਲ ਐਤਵਾਰ ਦੇ ਅੰਕ 'ਚ)

-ਮੂਲ ਲੇਖਕ : ਬਲਰਾਜ ਸਾਹਨੀ

ਮੋਮਬੱਤੀਆਂ ਦਾ ਸਫ਼ਰ

ਦੇਸ਼ ਦੀ ਆਜ਼ਾਦੀ ਦੇ 71 ਸਾਲ ਪੂਰੇ ਹੋ ਗਏ ਹਨ | ਇਸ ਵਾਰ ਦੇਸ਼ ਦੇ ਲੋਕਾਂ ਨੇ ਆਜ਼ਾਦੀ ਦੀ 72ਵੀਂ ਵਰ੍ਹੇਗੰਢ ਮਨਾਈ ਹੈ | ਜਦੋਂ ਵੀ ਆਜ਼ਾਦੀ ਦੀ ਵਰ੍ਹੇਗੰਢ ਆਉਂਦੀ ਹੈ ਤਾਂ ਇਕ ਪਾਸੇ ਤਾਂ ਲੋਕਾਂ ਦੇ ਮਨਾਂ ਵਿਚ ਇਸ ਦਿਨ ਪ੍ਰਤੀ ਉਤਸ਼ਾਹ ਹੁੰਦਾ ਹੈ, ਆਜ਼ਾਦੀ ਦੇ ਸੰਘਰਸ਼ ਲਈ ਵੱਡੀਆਂ ਕੁਰਬਾਨੀਆਂ ਕਰਨ ਵਾਲੇ ਦੇਸ਼ ਭਗਤਾਂ ਪ੍ਰਤੀ ਸ਼ਰਧਾ ਤੇ ਸਤਿਕਾਰ ਦੇ ਭਾਵ ਹੁੰਦੇ ਹਨ ਅਤੇ ਦੂਜੇ ਪਾਸੇ ਆਜ਼ਾਦੀ ਮਿਲਣ ਦੇ ਨਾਲ ਹੀ ਦੇਸ਼ ਦੀ ਹੋਈ ਵੰਡ ਅਤੇ ਇਸ ਵੰਡ ਦੌਰਾਨ ਫ਼ਿਰਕੂ ਹਿੰਸਾ ਵਿਚ ਮਾਰੇ ਗਏ 10 ਲੱਖ ਲੋਕਾਂ ਅਤੇ ਇਕ ਕਰੋੜ ਉੱਜੜ-ਪੁੱਜੜ ਗਏ ਲੋਕਾਂ ਦੀਆਂ ਦੁਖਦਾਈ ਯਾਦਾਂ ਵੀ ਸਾਡੇ ਮਨ ਨੂੰ ਸਤਾਉਣ ਲਗਦੀਆਂ ਹਨ | ਖ਼ਾਸ ਕਰਕੇ ਪੰਜਾਬੀ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿਚ 80 ਫ਼ੀਸਦੀ ਕੁਰਬਾਨੀਆਂ ਦਾ ਵੱਡਾ ਯੋਗਦਾਨ ਪਾਇਆ ਸੀ ਅਤੇ ਦੇਸ਼ ਦੀ ਵੰਡ ਦੇ ਨਾਲ ਹੀ ਪੰਜਾਬ ਦੀ ਵੰਡ ਹੋਣ ਨਾਲ ਸਭ ਤੋਂ ਵੱਧ ਦੁੱਖ ਵੀ ਪੰਜਾਬੀਆਂ ਨੇ ਉਠਾਇਆ ਸੀ, ਦੇ ਮਨਾਂ ਵਿਚ ਇਕ ਵੱਡੀ ਦੁਬਿਧਾ ਪੈਦਾ ਹੁੰਦੀ ਹੈ | ਬਹੁਤ ਸਾਰੇ ਪੰਜਾਬੀ ਨੌਜਵਾਨ ਇਤਿਹਾਸ ਪੜ੍ਹਨ ਤੋਂ ਬਾਅਦ ਹੁਣ ਇਹ ਸਵਾਲ ਉਠਾਉਣ ਲੱਗੇ ਹਨ ਕਿ 15 ਅਗਸਤ ਵਾਲੇ ਦਿਨ ਅਸੀਂ ਆਜ਼ਾਦੀ ਦੇ ਜਸ਼ਨ ਮਨਾਈਏ ਜਾਂ ਪੰਜਾਬ ਦੀ ਹੋਈ ਵੰਡ ਅਤੇ ਤਬਾਹੀ ਦਾ ਸ਼ੋਕ ਮਨਾਈਏ?
ਇਸ ਸਬੰਧ ਵਿਚ ਸਾਡੀ ਰਾਇ ਇਹ ਹੈ ਕਿ ਬਿਨਾਂ ਸ਼ੱਕ 1947 ਦੇ ਘਟਨਾਕ੍ਰਮ ਨੇ ਪੰਜਾਬ ਅਤੇ ਪੰਜਾਬੀਆਂ ਦੀ ਵੱਡੀ ਤਬਾਹੀ ਕੀਤੀ ਹੈ | ਦੇਸ਼ ਦੀ ਵੰਡ ਇਕ ਪਹਾੜ ਜਿੱਡੀ ਗ਼ਲਤੀ ਸੀ, ਜਿਸ ਲਈ ਕਿ ਬਰਤਾਨਵੀ ਹਕੂਮਤ, ਕਾਂਗਰਸ ਅਤੇ ਮੁਸਲਿਮ ਲੀਗ ਤਿੰਨੋਂ ਇਕੋ ਜਿੰਨੇ ਜ਼ਿੰਮੇਵਾਰ ਸਨ | ਪੰਡਿਤ ਜਵਾਹਰ ਲਾਲ ਨਹਿਰੂ ਨੂੰ ਤਾਂ ਬਾਅਦ ਵਿਚ ਇਹ ਅਹਿਸਾਸ ਵੀ ਹੋ ਗਿਆ ਸੀ ਕਿ ਮੁਸਲਿਮ ਲੀਗ ਅਤੇ ਅੰਗਰੇਜ਼ਾਂ ਦੇ ਦਬਾਅ ਹੇਠ ਵੰਡ ਨੂੰ ਸਵੀਕਾਰ ਕਰਨਾ ਇਕ ਵੱਡੀ ਗ਼ਲਤੀ ਸੀ | ਇਸ ਦੀ ਥਾਂ ਕੋਈ ਹੋਰ ਚੰਗੇ ਬਦਲ ਵੀ ਹੋ ਸਕਦੇ ਸਨ | ਪਰ ਜੋ ਇਤਿਹਾਸ ਬੀਤ ਗਿਆ ਹੈ, ਇਤਿਹਾਸ ਨੇ ਜੋ ਨੁਕਸਾਨ ਦੇਸ਼ ਦਾ ਅਤੇ ਖ਼ਾਸ ਕਰਕੇ ਪੰਜਾਬੀਆਂ ਦਾ ਕਰ ਦਿੱਤਾ ਹੈ, ਉਸ ਦੀ ਮੁਕੰਮਲ ਪੂਰਤੀ ਤਾਂ ਨਹੀਂ ਹੋ ਸਕਦੀ ਪਰ ਇਸ ਨੁਕਸਾਨ ਨੂੰ ਘਟਾਇਆ ਕਿਸ ਤਰ੍ਹਾਂ ਜਾ ਸਕਦਾ ਹੈ ਅਤੇ ਇਸ ਖਿੱਤੇ ਦੇ ਜੋ ਲੋਕ ਹਜ਼ਾਰਾਂ ਸਾਲਾਂ ਤੱਕ ਇਕੱਠੇ ਵਸਦੇ ਰਹੇ ਸਨ, ਉਨ੍ਹਾਂ ਦੇ ਮਿਲਣ-ਗਿਲਣ ਲਈ ਅਤੇ ਹਰ ਖੇਤਰ ਵਿਚ ਸਹਿਯੋਗ ਲਈ ਰਸਤੇ ਕਿਸ ਤਰ੍ਹਾਂ ਖੋਲ੍ਹੇ ਜਾ ਸਕਦੇ ਹਨ ਅਤੇ ਇਹ ਖਿੱਤਾ ਵੀ ਦੁਨੀਆ ਦੇ ਹੋਰ ਦੇਸ਼ਾਂ ਵਾਂਗ ਕਿਵੇਂ ਵਿਕਾਸ ਕਰ ਸਕਦਾ ਹੈ, ਇਥੇ ਅਮਨ ਤੇ ਸਦਭਾਵਨਾ ਕਿਵੇਂ ਬਹਾਲ ਕੀਤੀ ਜਾ ਸਕਦੀ ਹੈ, ਇਹ ਸਵਾਲ ਇਸ ਖਿੱਤੇ ਦੇ ਜਾਗਰੂਕ ਲੋਕਾਂ ਦੇ ਸਾਹਮਣੇ ਆਜ਼ਾਦੀ ਦੇ ਬਾਅਦ ਤੋਂ ਹੀ ਨਿਰੰਤਰ ਖੜ੍ਹੇ ਰਹੇ ਹਨ ਤੇ ਅੱਜ ਵੀ ਇਹ ਸਵਾਲ ਬਰਕਰਾਰ ਹਨ | ਕਿਉਂਕਿ ਦੇਸ਼ ਦੀ ਵੰਡ ਦੇ ਨਾਲ ਹੀ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਦੁਸ਼ਮਣੀ ਦੀ ਅਜਿਹੀ ਬੁਨਿਆਦ ਰੱਖੀ ਗਈ, ਜਿਸ ਨੂੰ ਅੱਜ ਤੱਕ ਵੀ ਹਿਲਾਇਆ ਨਹੀਂ ਜਾ ਸਕਿਆ, ਖ਼ਾਸ ਕਰਕੇ ਕਸ਼ਮੀਰ ਦਾ ਵਿਵਾਦ ਅਜਿਹਾ ਮਸਲਾ ਬਣ ਗਿਆ ਹੈ, ਜੋ ਸਾਨੂੰ ਬਿਹਤਰ ਭਵਿੱਖ ਵੱਲ ਵਧਣ ਨਹੀਂ ਦੇ ਰਿਹਾ |
ਇਸੇ ਤਰ੍ਹਾਂ ਦੇ ਅਹਿਸਾਸਾਂ ਅਤੇ ਸਥਿਤੀਆਂ ਨੂੰ ਧਿਆਨ ਵਿਚ ਰੱਖਦਿਆਂ ਦੇਸ਼ ਦੇ ਪ੍ਰਸਿੱਧ ਪੱਤਰਕਾਰ ਕੁਲਦੀਪ ਨਈਅਰ ਨੇ ਅਟਾਰੀ-ਵਾਹਗੇ ਦੀ ਸਰਹੱਦ 'ਤੇ 14 ਅਗਸਤ ਦੀ ਰਾਤ ਨੂੰ ਮੋਮਬੱਤੀਆਂ ਜਗਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਸੀ ਤੇ ਇਸ ਮਕਸਦ ਲਈ ਹਿੰਦ-ਪਾਕਿ ਦੋਸਤੀ ਮੰਚ ਦੀ ਸਥਾਪਨਾ ਕੀਤੀ ਗਈ ਸੀ | ਮਕਸਦ ਇਹ ਸੀ ਕਿ ਭਾਰਤ ਤੇ ਪਾਕਿਸਤਾਨ ਦੇ ਕਰੋੜਾਂ ਲੋਕ ਜੋ ਖਿੱਤੇ ਵਿਚ ਅਮਨ ਤੇ ਵਿਕਾਸ ਚਾਹੁੰਦੇ ਹਨ ਅਤੇ ਸਰਹੱਦਾਂ ਦੇ ਆਰ-ਪਾਰ ਆ ਜਾ ਕੇ ਜ਼ਿੰਦਗੀ ਦੇ ਹਰ ਖੇਤਰ ਵਿਚ ਮਿਲਵਰਤਣ ਕਰਨਾ ਚਾਹੁੰਦੇ ਹਨ, ਉਨ੍ਹਾਂ ਦੇ ਵਿਚਾਰਾਂ ਨੂੰ ਇਕ ਮਾਧਿਅਮ ਅਤੇ ਇਕ ਆਵਾਜ਼ ਮੁਹੱਈਆ ਕੀਤੀ ਜਾ ਸਕੇ | ਹੌਲੀ-ਹੌਲੀ ਇਸ ਕਾਫ਼ਲੇ ਵਿਚ ਫੋਕਲੋਰ ਰੀਸਰਚ ਅਕਾਦਮੀ, ਸਾਊਥ ਏਸ਼ੀਆ ਫਰੀ ਮੀਡੀਆ ਐਸੋਸੀਏਸ਼ਨ, ਪਾਕਿਸਤਾਨ-ਇੰਡੀਆ ਪੀਪਲਜ਼ ਫੋਰਮ ਫਾਰ ਪੀਸ ਐਾਡ ਡੈਮੋਕ੍ਰੇਸੀ, ਸਾਫਮਾ, ਸਰਬੱਤ ਦਾ ਭਲਾ ਟਰੱਸਟ, ਨਾਟਸ਼ਾਲਾ ਅੰਮਿ੍ਤਸਰ ਤੇ ਪੰਜਾਬ ਜਾਗਿ੍ਤੀ ਮੰਚ ਆਦਿ ਜਥੇਬੰਦੀਆਂ ਵੀ ਸ਼ਾਮਿਲ ਹੋ ਗਈਆਂ |
ਪਿਛਲੇ 22 ਸਾਲਾਂ ਤੋਂ ਇਹ ਸਿਲਸਿਲਾ ਚਲਦਾ ਆ ਰਿਹਾ ਹੈ | ਇਸ ਵਾਰ 23ਵਾਂ ਹਿੰਦ-ਪਾਕਿ ਦੋਸਤੀ ਮੇਲਾ ਅੰਮਿ੍ਤਸਰ ਵਿਚ ਮਨਾਇਆ ਗਿਆ ਹੈ | ਪਹਿਲੇ ਦਿਨ 13 ਅਗਸਤ ਦੀ ਸ਼ਾਮ ਨੂੰ ਪ੍ਰਸਿੱਧ ਪਾਕਿਸਤਾਨੀ ਨਾਟਕ ਨਿਰਦੇਸ਼ਕਾ ਮਦੀਹਾ ਗੌਹਰ ਨੂੰ ਸ਼ਰਧਾਂਜਲੀ ਦੇਣ ਲਈ ਨਾਟਸ਼ਾਲਾ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ ਨੂੰ ਪ੍ਰਸਿੱਧ ਨਾਟਕਕਾਰ ਕੇਵਲ ਧਾਲੀਵਾਲ, ਗਿਆਨ ਸਿੰਘ (ਜਰਮਨੀ), ਅੰਮਿ੍ਤਸਰ ਤੋਂ ਲੋਕ ਸਭਾ ਦੇ ਮੈਂਬਰ ਗੁਰਜੀਤ ਸਿੰਘ ਔਜਲਾ, ਲਾਲਾ ਲਾਜਪਤ ਰਾਏ ਸੁਸਾਇਟੀ ਨਵੀਂ ਦਿੱਲੀ ਦੇ ਸਕੱਤਰ ਸਤਿਆਪਾਲ, ਦੀਪਕ ਬਾਲੀ ਤੇ ਫੋਕਲੋਰ ਰੀਸਰਚ ਅਕਾਦਮੀ ਦੇ ਚੇਅਰਮੈਨ ਰਮੇਸ਼ ਯਾਦਵ ਵਲੋਂ ਸੰਬੋਧਨ ਕੀਤਾ ਗਿਆ | ਉਸ ਤੋਂ ਬਾਅਦ 14 ਅਗਸਤ ਦੀ ਸਵੇਰ ਨੂੰ ਭਾਰਤ ਤੇ ਪਾਕਿਸਤਾਨ ਦੇ ਸਬੰਧਾਂ ਬਾਰੇ ਸੈਮੀਨਾਰ ਹੋਇਆ, ਜਿਸ ਵਿਚ ਰਾਜਸਥਾਨ ਪੱਤਿ੍ਕਾ ਦੇ ਸਲਾਹਕਾਰ ਸੰਪਾਦਕ ਓਮ ਥਾਨਵੀ, ਯੋਜਨਾ ਕਮਿਸ਼ਨ ਦੀ ਸਾਬਕ ਚੇਅਰਮੈਨ ਸਾਈਦਾ ਹਮੀਦ, ਪ੍ਰੋ: ਕੁਲਦੀਪ ਸਿੰਘ, ਰਾਮ ਮੋਹਨ ਰਾਇ, ਜਤਿਨ ਦੇਸਾਈ ਤੇ ਦੱਖਣੀ ਏਸ਼ੀਆ ਦੇ ਮਾਮਲਿਆਂ ਬਾਰੇ ਉੱਘੇ ਵਿਦਵਾਨ ਕਮਰਆਗਾ ਵਰਗੀਆਂ ਸ਼ਖ਼ਸੀਅਤਾਂ ਵਲੋਂ ਸੰਬੋਧਨ ਕੀਤਾ ਗਿਆ | ਇਸ ਸੈਮੀਨਾਰ ਵਿਚ ਫੋਕਲੋਰ ਰੀਸਰਚ ਅਕਾਦਮੀ ਵਲੋਂ ਵਿਸ਼ੇਸ਼ ਤੌਰ 'ਤੇ ਪ੍ਰਕਾਸ਼ਿਤ ਕੀਤਾ ਗਿਆ ਮੈਗਜ਼ੀਨ 'ਪੰਜ ਪਾਣੀ' ਵੀ ਰਿਲੀਜ਼ ਕੀਤਾ ਗਿਆ | ਸ਼ਾਮ ਨੂੰ ਨਾਟਸ਼ਾਲਾ ਵਿਚ ਹੀ ਇਕ ਪ੍ਰਭਾਵਸ਼ਾਲੀ ਸੱਭਿਆਚਾਰਕ ਪ੍ਰੋਗਰਾਮ ਹੋਇਆ, ਜਿਸ ਵਿਚ ਨੌਜਵਾਨ ਸੂਫ਼ੀ ਗਾਇਕ ਖਾਨ ਸਾਅਬ ਅਤੇ ਅਨਾਦੀ ਮਿਸ਼ਰਾ ਨੇ ਆਪਣੀ ਗਾਇਕੀ ਨਾਲ ਲੋਕਾਂ ਨੂੰ ਅਮਨ ਤੇ ਦੋਸਤੀ ਦਾ ਪੈਗਾਮ ਦਿੱਤਾ | ਰਾਤ 12 ਵਜੇ ਸਰਹੱਦ 'ਤੇ ਦੋਵਾਂ ਦੇਸ਼ਾਂ ਦੇ ਲੋਕਾਂ ਨੂੰ ਅਮਨ ਤੇ ਦੋਸਤੀ ਦਾ ਪੈਗਾਮ ਦੇਣ ਲਈ ਮੋਮਬੱਤੀਆਂ ਜਗਾਈਆਂ ਗਈਆਂ | ਪਰ ਇਸ ਵਾਰ ਪਾਕਿਸਤਾਨ ਤੋਂ ਸਾਊਥ ਏਸ਼ੀਆ ਫਰੀ ਮੀਡੀਆ ਐਸੋਸੀਏਸ਼ਨ ਦੇ ਕਾਰਕੁਨਾਂ ਨੂੰ ਸਰਹੱਦ 'ਤੇ ਆਉਣ ਲਈ ਇਜਾਜ਼ਤ ਨਾ ਮਿਲਣ ਕਾਰਨ ਪਾਕਿਸਤਾਨ ਵਾਲੇ ਪਾਸੇ ਤੋਂ ਇਸ ਅਮਲ ਵਿਚ ਕੋਈ ਸ਼ਾਮਿਲ ਨਹੀਂ ਹੋ ਸਕਿਆ | ਪਰ ਪਾਕਿਸਤਾਨ ਵਿਚ ਅਮਨ ਤੇ ਦੋਸਤੀ ਲਈ ਕੰਮ ਕਰਨ ਵਾਲੇ ਸ਼ਾਂਤੀ ਪ੍ਰੇਮੀਆਂ ਨੇ ਇਹ ਸੁਨੇਹਾ ਜ਼ਰੂਰ ਭੇਜਿਆ ਕਿ ਉਹ ਅਗਲੀ ਵਾਰ ਬਣਨ ਵਾਲੀ ਨਵੀਂ ਸਰਕਾਰ ਤੋਂ ਪ੍ਰਵਾਨਗੀ ਲੈ ਕੇ ਮੋਮਬੱਤੀਆਂ ਜਗਾਉਣ ਲਈ ਜ਼ਰੂਰ ਆਉਣਗੇ |
ਲੇਖਕ 1996 ਤੋਂ ਹੀ ਇਸ ਅਮਲ ਨਾਲ ਜੁੜਿਆ ਰਿਹਾ ਹੈ | ਪਿੱਛੇ ਵੱਲ ਪਰਤ ਕੇ ਜਦੋਂ ਇਸ ਸਾਰੇ ਸਿਲਸਿਲੇ 'ਤੇ ਝਾਤ ਪਾਉਂਦੇ ਹਾਂ ਤਾਂ ਇਹ ਸਫ਼ਰ ਕਾਫੀ ਔਖਾ ਲਗਦਾ ਹੈ | ਕਿਉਂਕਿ ਇਨ੍ਹਾਂ ਸਾਰੇ ਸਾਲਾਂ ਦੌਰਾਨ ਦੋਵਾਂ ਦੇਸ਼ਾਂ ਦਰਮਿਆਨ ਬੇਹੱਦ ਟਕਰਾਅ ਬਣਿਆ ਰਿਹਾ ਹੈ | ਸੰਸਦ 'ਤੇ ਹਮਲਾ ਹੋਣ ਤੋਂ ਬਾਅਦ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ 'ਤੇ ਜੰਗ ਵਰਗੀ ਸਥਿਤੀ ਬਣ ਗਈ ਸੀ | ਇਸੇ ਤਰ੍ਹਾਂ ਜੰਮੂ-ਕਸ਼ਮੀਰ ਦੀ ਵਿਧਾਨ ਸਭਾ 'ਤੇ ਹਮਲਾ ਹੋਣ ਅਤੇ ਦੇਸ਼ ਦੇ ਹੋਰ ਵੱਖ-ਵੱਖ ਹਿੱਸਿਆਂ ਵਿਚ ਵਾਰ-ਵਾਰ ਬੰਬ ਧਮਾਕੇ ਹੋਣ ਕਾਰਨ ਦੇਸ਼ ਵਿਚ ਅਜਿਹੇ ਹਾਲਾਤ ਬਣ ਗਏ ਸਨ ਕਿ ਕਈ ਵਾਰ ਭਾਰਤ ਤੇ ਪਾਕਿਸਤਾਨ ਦੀ ਦੋਸਤੀ ਦੀ ਗੱਲ ਕਰਨਾ ਜੋਖ਼ਮ ਵਾਲਾ ਕੰਮ ਬਣ ਗਿਆ ਸੀ | ਇਸ ਤਰ੍ਹਾਂ ਦੇ ਹਾਲਾਤ ਵਿਚ ਕਈ ਵਾਰ ਸਾਡੇ ਸਮਰਥਕ ਵੀ ਇਹ ਕਹਿਣ ਲੱਗ ਪੈਂਦੇ ਸਨ ਕਿ ਮੋਮਬੱਤੀਆਂ ਜਗਾਉਣ ਦੇ ਸਿਲਸਿਲੇ ਨੂੰ ਆਰਜ਼ੀ ਤੌਰ 'ਤੇ ਮੁਲਤਵੀ ਕਰ ਦਿੱਤਾ ਜਾਏ | ਅਜਿਹੇ ਸਮਿਆਂ ਵਿਚ ਪ੍ਰਸਿੱਧ ਸ਼ਾਇਰ ਤਾਰਾ ਸਿੰਘ ਕੋਮਲ ਦੀਆਂ ਇਹ ਸਤਰਾਂ ਵੀ ਯਾਦ ਆਉਂਦੀਆਂ ਸਨ :
ਕਾਹਨੂੰ ਬਾਲਦਾਂ ਬਨੇਰਿਆਂ 'ਤੇ ਮੋਮਬੱਤੀਆਂ
ਲੰਘ ਜਾਣ ਦੇ ਬਾਜ਼ਾਰਾਂ 'ਚੋਂ ਹਵਾਵਾਂ ਤੱਤੀਆਂ |
ਫਿਰ ਸਾਡੇ ਕਈ ਹੋਰ ਸਮਰਥਕ ਇਹ ਰਾਇ ਵੀ ਦਿੰਦੇ ਸਨ ਕਿ ਜਦੋਂ ਦੋਵਾਂ ਦੇਸ਼ਾਂ ਵਿਚ ਜ਼ਿਆਦਾ ਤਣਾਅ ਬਣਿਆ ਹੋਵੇ, ਜੰਗ ਦਾ ਖ਼ਤਰਾ ਹੋਵੇ, ਉਸ ਸਮੇਂ ਤਾਂ ਅਮਨ ਤੇ ਦੋਸਤੀ ਦੀ ਗੱਲ ਕਰਨ ਦੀ ਵਧੇਰੇ ਲੋੜ ਹੁੰਦੀ ਹੈ | ਅੱਗੇ-ਪਿੱਛੇ ਅਮਨ ਤੇ ਦੋਸਤੀ ਦੀ ਗੱਲ ਕਰਨਾ ਕੋਈ ਜ਼ਿਆਦਾ ਮਹੱਤਵ ਨਹੀਂ ਰੱਖਦਾ | ਇਸ ਤਰ੍ਹਾਂ ਦੀਆਂ ਸਲਾਹਾਂ ਤੋਂ ਬਾਅਦ ਅਸੀਂ ਆਪਣੇ ਹਰਮਨ-ਪਿਆਰੇ ਸ਼ਾਇਰ ਸੁਰਜੀਤ ਪਾਤਰ ਦੀ ਇਸ ਨਜ਼ਮ ਤੋਂ ਪ੍ਰੇਰਨਾ ਲੈਣ ਦੀ ਕੋਸ਼ਿਸ਼ ਕਰਦੇ ਸਾਂ :
ਜਗਾ ਦੇ ਮੋਮਬੱਤੀਆਂ
ਉੱਠ ਜਗਾ ਦੇ ਮੋਮਬੱਤੀਆਂ |
ਇਹ ਤਾਂ ਇਥੇ ਵਗਦੀਆਂ ਹੀ ਰਹਿਣਗੀਆਂ,
ਪੌਣਾਂ ਕੁਪੱਤੀਆਂ, ਤੂੰ ਜਗਾ ਦੇ ਮੋਮਬੱਤੀਆਂ |
ਨੇਰ੍ਹ ਨਾ ਸਮਝੇ ਕਿ ਚਾਨਣ ਡਰ ਗਿਆ ਹੈ,
ਰਾਤ ਨਾ ਸੋਚੇ ਕਿ ਸੂਰਜ ਮਰ ਗਿਆ ਹੈ,
ਬਾਲ ਜੋਤਾਂ ਆਸ ਭਰੀਆਂ,
ਮਾਣਮੱਤੀਆਂ, ਉੱਠ ਜਗਾ ਦੇ ਮੋਮਬੱਤੀਆਂ |
ਸੋ, ਇਸ ਤਰ੍ਹਾਂ ਦੀਆਂ ਸਥਿਤੀਆਂ ਵਿਚ ਕਿਸੇ ਨਾ ਕਿਸੇ ਤਰ੍ਹਾਂ ਅਸੀਂ ਇਸ ਸਿਲਸਿਲੇ ਨੂੰ ਜਾਰੀ ਰੱਖਣ ਵਿਚ ਸਫ਼ਲ ਹੋਏ ਹਾਂ | ਭਾਵੇਂ ਅਜੇ ਦੋਵਾਂ ਦੇਸ਼ਾਂ ਦਰਮਿਆਨ ਸਬੰਧਾਂ ਵਿਚ ਕੋਈ ਵੱਡੀ ਹਾਂ-ਪੱਖੀ ਤਬਦੀਲੀ ਨਹੀਂ ਆਈ ਪਰ ਹਰ ਸਾਲ ਅਟਾਰੀ-ਵਾਹਗੇ ਦੀ ਸਰਹੱਦ 'ਤੇ ਮੋਮਬੱਤੀਆਂ ਜਗਾਉਣ ਨਾਲ ਹੁਣ ਭਾਰਤ ਅਤੇ ਪਾਕਿਸਤਾਨ ਅਤੇ ਦੁਨੀਆ ਦੇ ਹੋਰ ਦੇਸ਼ਾਂ ਵਿਚ ਰਹਿੰਦੇ ਭਾਰਤੀਆਂ ਤੇ ਪਾਕਿਸਤਾਨੀਆਂ ਤੱਕ ਇਹ ਸੰਦੇਸ਼ ਜ਼ਰੂਰ ਚਲਾ ਗਿਆ ਹੈ ਕਿ ਹਰ ਸਾਲ 14 ਅਗਸਤ ਦੀ ਰਾਤ ਨੂੰ ਸਰਹੱਦ 'ਤੇ ਮੋਮਬੱਤੀਆਂ ਜਗਾ ਕੇ ਕੁਝ ਲੋਕ ਅਮਨ ਤੇ ਦੋਸਤੀ ਦੀ ਕਾਮਨਾ ਕਰਦੇ ਹਨ, ਉਨ੍ਹਾਂ ਦਾ ਸਾਥ ਦਿੱਤਾ ਜਾਣਾ ਚਾਹੀਦਾ ਹੈ | ਇਸ ਵਾਰ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਵਿਚ ਵੀ ਭਾਰਤ ਅਤੇ ਪਾਕਿਸਤਾਨ ਦੇ ਲੋਕਾਂ ਨੇ ਰਲ ਕੇ ਇਕ ਹਾਲ ਵਿਚ ਦੋਵਾਂ ਦੇਸ਼ਾਂ ਦੇ ਲੋਕਾਂ ਅਤੇ ਸਰਕਾਰਾਂ ਨੂੰ ਅਮਨ ਤੇ ਦੋਸਤੀ ਦਾ ਪੈਗਾਮ ਦੇਣ ਲਈ ਮੋਮਬੱਤੀਆਂ ਜਗਾਈਆਂ ਹਨ | ਇਸ ਨਾਲ ਇਹ ਸਿਲਸਿਲਾ ਕੌਮਾਂਤਰੀ ਰੂਪ ਧਾਰਦਾ ਨਜ਼ਰ ਆ ਰਿਹਾ ਹੈ | ਆਸ ਹੈ ਕਿ ਹੋਰ ਦੇਸ਼ਾਂ ਵਿਚ ਵਸਦੇ ਭਾਰਤੀ ਤੇ ਪਾਕਿਸਤਾਨੀ ਵੀ ਇਸ ਤਰ੍ਹਾਂ ਦੇ ਆਯੋਜਨਾਂ ਲਈ ਮਿਲ ਕੇ ਅੱਗੇ ਆਉਣਗੇ | ਇਸ ਵਾਰ ਦੀ ਇਕ ਵਿਸ਼ੇਸ਼ ਵਿਲੱਖਣਤਾ ਇਹ ਵੀ ਰਹੀ ਕਿ ਰਾਮ ਮੋਹਨ ਰਾਇ ਪਾਣੀਪਤ ਦਿੱਲੀ ਰਾਜਘਾਟ ਤੋਂ ਇਕ ਬੱਸ ਲੈ ਕੇ ਸ਼ਾਂਤੀ ਪ੍ਰੇਮੀਆਂ ਦੇ ਇਕ ਵੱਡੇ ਕਾਫਲੇ ਨਾਲ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਏ |
ਅਸੀਂ ਸਮਝਦੇ ਹਾਂ ਕਿ ਇਸ ਖਿੱਤੇ ਵਿਚ ਇਕ ਸ਼ਕਤੀਸ਼ਾਲੀ ਅਮਨ ਲਹਿਰ ਖੜ੍ਹੀ ਕਰਨ ਅਤੇ ਅੱਤਵਾਦੀ ਤਨਜ਼ੀਮਾਂ ਦਾ ਵਿਰੋਧ ਕਰਨ ਲਈ ਭਾਰਤ ਤੇ ਪਾਕਿਸਤਾਨ ਦੇ ਕਰੋੜਾਂ ਲੋਕਾਂ ਨੂੰ ਜਾਗਿ੍ਤ ਹੋ ਕੇ ਅੱਗੇ ਆਉਣ ਦੀ ਲੋੜ ਹੈ | ਜਦੋਂ ਤੱਕ ਇਕ ਸ਼ਕਤੀਸ਼ਾਲੀ ਲਹਿਰ ਨਹੀਂ ਉਸਰਦੀ, ਉਦੋਂ ਤੱਕ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਇਸ ਦਿਸ਼ਾ ਵਿਚ ਵੱਡੇ ਹਾਂ-ਪੱਖੀ ਕਦਮਾਂ ਦੀ ਆਸ ਨਹੀਂ ਕੀਤੀ ਜਾ ਸਕਦੀ |

ਏਸ਼ੀਆਈ ਖੇਡਾਂ: ਕੀ ਹਨ ਭਾਰਤ ਦੀਆਂ ਸੰਭਾਵਨਾਵਾਂ?

18ਵੀਆਂ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਇੰਡੋਨੇਸ਼ੀਆ ਕਰ ਰਿਹਾ ਹੈ, ਮੁਕਾਬਲੇ ਜਕਾਰਤਾ ਅਤੇ ਪਲੇਮਬੈਂਗ ਸ਼ਹਿਰਾਂ ਵਿਚ ਹੋ ਰਹੇ ਹਨ | ਇਸ ਤੋਂ ਪਹਿਲਾਂ ਇੰਡੋਨੇਸ਼ੀਆ ਨੇ 1962 ਦੀਆਂ ਏਸ਼ੀਆਈ ਖੇਡਾਂ ਦੀ ਮੇਜ਼ਬਾਨੀ ਕੀਤੀ ਸੀ | 18 ਅਗਸਤ ਤੋਂ 2 ਸਤੰਬਰ ਤੱਕ ਹੋਣ ਵਾਲੀਆਂ ਇਨ੍ਹਾਂ ਖੇਡਾਂ ਵਿਚ ਭਾਰਤ ਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੇਗੀ, ਅਜਿਹੀਆਂ ਕਿਆਸ ਅਰਾਈਆਂ ਵੀ ਜ਼ੋਰਾਂ 'ਤੇ ਹੋ ਰਹੀਆਂ ਹਨ | ਇਸੇ ਸਾਲ ਆਸਟ੍ਰੇਲੀਆ ਦੇ ਗੋਲਡ ਕੋਸਟ 'ਚ ਹੋਈਆਂ ਰਾਸ਼ਟਰਮੰਡਲ ਖੇਡਾਂ ਵਿਚ ਭਾਰਤ ਦੇ ਬਿਹਤਰ ਪ੍ਰਦਰਸ਼ਨ ਨੂੰ ਵੇਖਦਿਆਂ ਉਮੀਦ ਕੀਤੀ ਜਾ ਰਹੀ ਹੈ ਕਿ ਏਸ਼ੀਆਈ ਖੇਡਾਂ ਤੋਂ ਭਾਰਤੀ ਖਿਡਾਰੀਆਂ ਦੀ ਵਾਪਸੀ ਸਨਮਾਨਜਨਕ ਰਹੇਗੀ | ਗੋਲਡ ਕੋਸਟ ਵਿਚ ਭਾਰਤ 26 ਸੋਨ ਤਗਮਿਆਂ ਸਮੇਤ ਕੁੱਲ 66 ਤਗਮੇ ਜਿੱਤ ਕੇ ਤੀਸਰੇ ਨੰਬਰ 'ਤੇ ਰਿਹਾ ਸੀ | ਹਾਲਾਂਕਿ ਰਾਸ਼ਟਰਮੰਡਲ ਖੇਡਾਂ ਨਾਲੋਂ ਏਸ਼ੀਆਈ ਖੇਡਾਂ ਦੇ ਮੁਕਾਬਲੇ ਜ਼ਿਆਦਾ ਫਸਵੇਂ ਅਤੇ ਬੇਹੱਦ ਸਖ਼ਤ ਹੁੰਦੇ ਹਨ | ਭਾਰਤੀ ਖਿਡਾਰੀਆਂ ਦੇ ਵੱਖ-ਵੱਖ ਖੇਡਾਂ 'ਚ ਵਿਸ਼ਵ ਪੱਧਰੀ ਮੁਕਾਬਲਿਆਂ ਵਿਚ ਸੁਰਖੀਆਂ ਬਟੋਰਨ ਨੂੰ ਵੇਖਦਿਆਂ ਕਿਹਾ ਜਾ ਰਿਹਾ ਹੈ ਕਿ ਭਾਰਤ ਇਸ ਵਾਰ ਇੰਚੀਉਨ (2014) ਦੀਆਂ ਏਸ਼ੀਆਈ ਖੇਡਾਂ ਤੋਂ ਬਿਹਤਰ ਰੁਤਬਾ ਹਾਸਿਲ ਕਰੇਗਾ | ਉਤਸ਼ਾਹਿਤ ਪ੍ਰਬੰਧਕਾਂ ਦਾ ਦਾਅਵਾ ਹੈ ਕਿ ਭਾਰਤ ਇਸ ਵਾਰ ਇਨ੍ਹਾਂ ਖੇਡਾਂ 'ਚ ਚੌਥੇ ਪਾਏਦਾਨ 'ਤੇ ਖੜ੍ਹਾ ਜ਼ਰੂਰ ਨਜ਼ਰ ਆਵੇਗਾ, ਪਰ ਅਜਿਹੀ ਪ੍ਰਾਪਤੀ ਅਗਰ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ |
ਦੱਸਦਾ ਜਾਵਾਂ ਕਿ ਭਾਰਤੀ ਖਿਡਾਰੀ ਕੁੱਲ 37 ਖੇਡਾਂ ਵਿਚ ਹਿੱਸਾ ਲੈ ਰਹੇ ਹਨ | ਕੁੱਲ 541 ਭਾਰਤੀ ਖਿਡਾਰੀ ਇਨ੍ਹਾਂ ਖੇਡਾਂ 'ਚ ਉਤਾਰੇ ਜਾਣਗੇ, ਜਿਨ੍ਹਾਂ ਵਿਚ 297 ਪੁਰਸ਼ ਅਤੇ 244 ਮਹਿਲਾ ਖਿਡਾਰੀ ਸ਼ਾਮਿਲ ਹਨ | ਜਿਥੇ ਖੇਡਾਂ ਦੇ 18ਵੇਂ ਸੰਸਕਰਣ 'ਚ ਕਈ ਗੁੰਮਨਾਮ ਖਿਡਾਰੀ ਇਸ ਵਾਰ ਕ੍ਰਿਸ਼ਮੇ ਕਰਦੇ ਨਜ਼ਰ ਆਉਣਗੇ, ਉਥੇ ਭਾਰਤ ਅਥਲੈਟਿਕ, ਕਬੱਡੀ, ਮੁੱਕੇਬਾਜ਼ੀ, ਸ਼ੂਟਿੰਗ ਅਤੇ ਟੈਨਿਸ 'ਚ ਮੈਡਲ ਦੇ ਦਾਅਵੇਦਾਰਾਂ ਵਜੋਂ ਉਭਰੇਗਾ | ਕੁਸ਼ਤੀ, ਤੀਰਅੰਦਾਜ਼ੀ, ਸੁਕਐਸ਼, ਬੈਡਮਿੰਟਨ ਅਤੇ ਫੀਲਡ ਹਾਕੀ ਤੋਂ ਵੀ ਵੱਡੀ ਉਮੀਦ ਜਾਗੀ ਹੈ | ਅਥਲੈਟਿਕ 'ਚ ਇਕ ਵਾਰ ਫਿਰ ਭਾਰਤੀ ਖਿਡਾਰੀਆਂ ਤੋਂ 2010 ਦੀਆਂ ਏਸ਼ੀਆਈ ਖੇਡਾਂ ਵਾਲੀ ਉਮੀਦ ਲਗਾਈ ਜਾ ਰਹੀ ਹੈ, ਜਿਥੇ ਭਾਰਤ ਨੇ 12 ਮੈਡਲ ਜਿੱਤੇ ਸਨ, ਜਿਨ੍ਹਾਂ ਵਿਚ ਪੰਜ ਗੋਲਡ ਮੈਡਲ ਵੀ ਸ਼ਾਮਿਲ ਸਨ | 2014 'ਚ ਭਾਰਤ ਨੇ 13 ਤਗਮੇ ਜਿੱਤੇ ਸਨ, ਪਰ ਇਨ੍ਹਾਂ ਵਿਚ ਸਿਰਫ਼ ਦੋ ਹੀ ਸੋਨ ਤਗਮੇ ਸਨ | ਇਸ ਵਾਰ ਨੀਰਜ ਕੁਮਾਰ ਨੂੰ ਸੋਨ ਤਗਮੇ ਦੀ ਉਮੀਦ ਵਜੋਂ ਵੇਖਿਆ ਜਾ ਰਿਹਾ ਹੈ | ਕਬੱਡੀ 'ਚ ਹਾਲਾਂਕਿ ਭਾਰਤ ਨੂੰ ਇਰਾਨ ਸਮੇਤ ਕੁਝ ਦੇਸ਼ਾਂ ਤੋਂ ਚੁਣੌਤੀ ਜ਼ਰੂਰ ਮਿਲੇਗੀ, ਪਰ ਸੋਨ ਤਗਮਾ ਭਾਰਤ ਦੀ ਝੋਲੀ ਪੈਣਾ ਤੈਅ ਹੈ | ਕਬੱਡੀ ਨੂੰ ਬੀਜਿੰਗ 1990 ਦੀਆਂ ਖੇਡਾਂ ਵਿਚ ਸ਼ਾਮਲ ਕੀਤਾ ਗਿਆ ਸੀ, ਤੇ ਹੁਣ ਤੱਕ ਸਾਰੇ ਸੋਨ ਤਗਮੇ ਭਾਰਤ ਦੇ ਨਾਂਅ ਨਾਲ ਹੀ ਜੁੜੇ ਰਹੇ ਹਨ | ਨਿਸ਼ਾਨੇਬਾਜ਼ੀ 'ਚ ਕਈ ਮੌਕਿਆਂ 'ਤੇ ਭਾਰਤ ਦਾ ਪ੍ਰਦਰਸ਼ਨ ਸ਼ਲਾਘਾਯੋਗ ਰਿਹਾ ਹੈ, ਪਰ ਨਿਰਸੰਦੇਹ ਏਸ਼ੀਆਈ ਖੇਡਾਂ 'ਚ ਭਾਰਤ ਨੂੰ ਚੀਨ ਅਤੇ ਕੋਰੀਆ ਦੇ ਨਿਸ਼ਾਨੇਬਾਜ਼ਾਂ ਨੂੰ ਚੁਣੌਤੀ ਦੇਣਾ ਬੇਹੱਦ ਕਠਿਨ ਸਮਝਿਆ ਜਾ ਰਿਹਾ ਹੈ | ਪਰ ਹਿਨਾ ਸਿੱਧੂ, ਅਪੂਰਵੀ ਚੰਦੇਲਾ ਅਤੇ ਉਭਰ ਰਹੀ ਨਿਸ਼ਾਨੇਬਾਜ਼ ਮਨੂ ਭਾਕੁਰ ਤੋਂ ਕਿਸੇ ਤਗਮੇ ਦੀ ਉਮੀਦ ਜ਼ਰੂਰ ਰੱਖੀ ਗਈ ਹੈ | ਭਾਰਤ ਨੇ ਇਸ ਵਾਰ ਟੈਨਿਸ ਅਤੇ ਸੁਕਐਸ਼ ਵਿਚ ਮਜ਼ਬੂਤ ਟੀਮ ਉਤਾਰੀ ਹੈ ਅਤੇ ਲਿਏਾਡਰ ਪੇਸ ਦੀ ਵਾਪਸੀ ਨਾਲ ਟੈਨਿਸ ਨੂੰ ਵੱਡਾ ਹੁਲਾਰਾ ਮਿਲਿਆ ਹੈ ਅਤੇ ਖਿਡਾਰੀਆਂ ਦੇ ਹੌਸਲੇ ਬੁਲੰਦ ਹਨ |
ਤੀਰਅੰਦਾਜ਼ੀ 'ਚ ਸਮੇਂ-ਸਮੇਂ ਸਿਰ ਭਾਰਤੀ ਖਿਡਾਰੀਆਂ ਨੇ ਸਟੀਕ ਨਿਸ਼ਾਨੇ ਲਾ ਕੇ ਵੱਡਾ ਉਲਟ-ਫੇਰ ਕਰ ਦਿਖਾਇਆ ਹੈ ਪਰ ਕੋਰੀਅਨ ਤੀਰਅੰਦਾਜ਼ਾਂ ਦੀ ਹਾਜ਼ਰੀ 'ਚ ਭਾਰਤ ਲਈ ਚੁਣੌਤੀ ਕਿਸੇ ਅਗਨੀ ਪ੍ਰੀਖਿਆ ਤੋਂ ਘੱਟ ਨਹੀਂ ਹੈ, ਕਿਉਂਕਿ ਜਗ ਜ਼ਾਹਰ ਹੈ ਕਿ ਕੋਰੀਅਨ ਤੀਰ ਅੰਦਾਜ਼ ਸਭ ਤੋਂ ਅੱਗੇ ਚਲਦੇ ਹਨ, ਕਿਉਂਕਿ ਕਈ ਵਿਸ਼ਵ ਰਿਕਾਰਡ, ਉਲੰਪਿਕ ਰਿਕਾਰਡ ਅਤੇ ਏਸ਼ੀਆਡ ਰਿਕਾਰਡ, ਕੋਰਿਆਈ ਤੀਰ ਅੰਦਾਜ਼ਾਂ ਦੇ ਨਾਂਅ ਹੀ ਦਰਜ ਹਨ | ਇਹੀ ਹਾਲ ਬੈਡਮਿੰਟਨ ਅਤੇ ਟੇਬਲ ਟੈਨਿਸ, ਇਨ੍ਹਾਂ ਦੋਵਾਂ ਖੇਡਾਂ 'ਚ ਵੀ ਚੀਨ ਦੀ ਦਬੰਗੀ ਚਲਦੀ ਹੈ ਪਰ ਇਥੇ ਸਾਇਨਾ ਨੇਹਵਾਲ, ਪੀ.ਵੀ. ਸਿੰਧੂ, ਸਿੰਗਲਜ਼ 'ਚ ਅਤੇ ਅਸ਼ਵਨੀ ਪੋਨੱਪਾ ਅਤੇ ਐਨ ਸਿਕੀ ਰੈਡੀ, ਡਬਲਜ਼ 'ਚ ਉਲਟ-ਫੇਰ ਕਰਨ ਦੇ ਸਮਰੱਥ ਹਨ | ਕੁਸ਼ਤੀ ਦੇ ਅਖਾੜੇ ਦਾ ਮਜਾਜ਼ ਭਾਰਤੀ ਖਿਡਾਰੀਆਂ ਲਈ ਰਾਸ਼ਟਰਮੰਡਲ ਖੇਡਾਂ ਤੋਂ ਬੇਹੱਦ ਸਖ਼ਤ ਹੋਵੇਗਾ | ਕੁਸ਼ਤੀ 'ਚ ਭਾਵੇਂ ਇਕ ਵਾਰ ਫਿਰ ਭਾਰਤ ਨੇ ਕੁਝ ਤਜਰਬੇਕਾਰ ਪਹਿਲਵਾਨ ਸੁਸ਼ੀਲ ਕੁਮਾਰ ਅਤੇ ਬਜਰੰਗ ਪੂਨੀਆ ਨੂੰ ਮੈਟ 'ਤੇ ਉਤਾਰਿਆ ਹੈ ਪਰ ਚੀਨ, ਇਰਾਨ, ਕਜ਼ਾਕਿਸਤਾਨ ਅਤੇ ਕੋਰੀਆਈ ਪਹਿਲਵਾਨਾਂ ਦੀ ਪਿੱਠ ਲਾਉਣਾ, ਭਾਰਤ ਲਈ ਟੇਢੀ ਖੀਰ ਸਾਬਤ ਹੋ ਸਕਦੀ ਹੈ | ਕੁੱਲ ਮਿਲਾ ਕੇ ਭਾਰਤੀ ਪਹਿਲਵਾਨਾਂ ਤੋਂ ਇਕ ਸੋਨ ਤਗਮੇ ਦੀ ਉਮੀਦ ਰੱਖੀ ਜਾ ਸਕਦੀ ਹੈ | ਪਿਛਲੀ ਵਾਰ ਇੰਚੀਉਨ ਖੇਡਾਂ 'ਚ ਜੁਗੇਸ਼ਵਰ ਦੱਤ ਨੇ 28 ਸਾਲਾਂ ਬਾਅਦ ਭਾਰਤ ਲਈ ਸੋਨ ਤਗਮਾ ਜਿੱਤਿਆ ਸੀ | ਮੁੱਕੇਬਾਜ਼ੀ ਵਿਚ ਭਾਰਤੀ ਖਿਡਾਰੀਆਂ ਤੋਂ ਇਕ ਵਾਰ ਫਿਰ 2010 ਏਸ਼ਿਆਈ ਖੇਡਾਂ ਵਾਲੀ ਉਮੀਦ ਰੱਖੀ ਗਈ ਹੈ | ਇਥੇ ਭਾਰਤ ਨੇ 9 ਮੈਡਲ ਜਿੱਤੇ ਸਨ, ਜਿਨ੍ਹਾਂ 'ਚ ਦੋ ਸੋਨ ਤਗਮੇ ਸਨ | ਭਾਰਤੀ ਮੁੱਕੇਬਾਜ਼ ਵਿਕਾਸ ਕ੍ਰਿਸ਼ਨ ਯਾਦਵ ਅਤੇ ਸ਼ਿਵਾ ਥਾਪਾ ਦੇ ਘਸੁੰਨ ਕਿਸੇ ਮੈਡਲ 'ਤੇ ਲੱਗ ਸਦੇ ਹਨ | ਫੀਲਡ ਹਾਕੀ 'ਚ ਭਾਰਤ ਨੂੰ ਸੋਨ ਤਗਮੇ ਦੇ ਵੱਡੇ ਦਾਅਦੇਵਾਰ ਵਜੋਂ ਦੇਖਿਆ ਜਾ ਰਿਹਾ ਹੈ, ਹਾਲਾਂਕਿ ਰਵਾਇਤੀ ਵਿਰੋਧੀ ਪਾਕਿਸਤਾਨ, ਮਲੇਸ਼ੀਆ, ਕੋਰੀਆ ਅਤੇ ਜਾਪਾਨ ਭਾਰਤ ਲਈ ਚੁਣੌਤੀ ਬਣਨਗੇ | ਜਕਾਰਤਾ ਤੋਂ ਸੁਨਹਿਰੀ ਸੁਨੇਹੇ ਦੀ ਉਮੀਦ ਰੱਖੀ ਗਈ ਹੈ | ਏਸ਼ਿਆਈ ਖੇਡਾਂ 'ਚ ਵੇਟ ਲਿਫਟਿੰਗ 'ਚ ਮੀਰਾਂਬਾਈ ਚਾਨੂ ਨੂੰ ਮੈਡਲ ਦੀ ਉਮੀਦ ਵਜੋਂ ਦੇਖਿਆ ਜਾ ਰਿਹਾ ਹੈ | ਖ਼ੈਰ ਕੁੱਲ ਮਿਲਾ ਕੇ ਜੇਕਰ ਵੇਖਿਆ ਜਾਵੇ ਕਿ ਖੇਡਾਂ ਦੀ ਦੁਨੀਆ ਵਿਚ ਜਿਥੇ ਜ਼ਿਆਦਾਤਰ ਦੇਸ਼ਾਂ ਦਾ ਪ੍ਰਦਰਸ਼ਨ ਬਿਹਤਰ ਹੋ ਰਿਹਾ ਹੈ, ਉਥੇ ਭਾਰਤੀ ਖਿਡਾਰੀਆਂ ਦਾ ਹੁਨਰ ਵੀ ਨਿੱਖਰਿਆ ਹੈ | 1990 ਦੀਆਂ ਬੀਜਿੰਗ ਏਸ਼ਿਆਈ ਖੇਡਾਂ 'ਚ ਭਾਰਤ 11ਵੇਂ ਸਥਾਨ 'ਤੇ ਰਿਹਾ ਸੀ, ਉਸ ਤੋਂ ਬਾਅਦ ਅੱਜ ਤੱਕ ਭਾਰਤ ਪਹਿਲੇ 10 ਦੇਸ਼ਾਂ ਵਿਚ ਸ਼ਾਮਿਲ ਰਿਹਾ ਹੈ | ਪਿਛਲੀ ਵਾਰ 2014 ਦੀਆਂ ਇੰਚੀਉਨ ਖੇਡਾਂ 'ਚ ਭਾਰਤ 11 ਸੋਨ ਤਗਮਿਆਂ ਸਮੇਤ ਕੁੱਲ 57 ਮੈਡਲ ਜਿੱਤ ਕੇ ਅੱਠਵੇਂ ਸਥਾਨ 'ਤੇ ਰਿਹਾ ਸੀ |

-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ | ਮੋਬਾ : 94636-12204.

ਆਓ, ਰਲ ਕੇ ਪੰਜਾਬ ਬਚਾਈਏ

ਰੁੱਖੀ-ਸੁੱਖੀ ਨੂੰ ਸਬਰ ਤੇ ਸੰਤੋਖ ਮੰਨਣ ਵਾਲਾ ਪੰਜਾਬ ਅੱਜਕਲ੍ਹ ਨਸ਼ਿਆਂ ਦੀ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਦੇ ਮਾਤਮ ਨੂੰ ਸਿਆਸਤੀ ਜੋੜ-ਤੋੜ ਦੇ ਮੈਰਾਥਨੀ, ਜੋਸ਼ ਤੇ ਜਜ਼ਬੇ ਨਾਲ ਪਰਚਾਉਣ ਵਿਚ ਮਸਰੂਫ਼ ਹੈ | ਹਰ ਕੋਈ ਇਸ ਚਿੰਤਾਗ੍ਰਸਤ ਮਾਹੌਲ ਤੇ ਮਾਤਮ ਨੂੰ ਕੈਸ਼ ਕਰਨ ਦੇ ਆਹਰ ਲੱਗਾ ਹੋਇਆ ਹੈ | ਵੱਖ-ਵੱਖ ਜਥੇਬੰਦੀਆਂ ਤੇ ਜਮਾਤਾਂ ਦੇ ਲੋਕ ਬਿਆਨਾਂ, ਤਸਵੀਰਾਂ, ਤਕਰੀਰਾਂ, ਜਲਸਿਆਂ, ਮੋਮਬੱਤੀਆਂ ਤੇ ਹਫ਼ਤਿਆਂ ਦੇ ਹਮਲਾਵਰ ਤੇ ਹਵਾਈ ਮਧਿਅਮ ਨਾਲ ਖੁਦ ਨੂੰ ਅਸਲੀ ਤੇ ਵੱਡਾ ਹਮਦਰਦ ਤੇ ਹਮਾਇਤੀ ਸਿੱਧ ਤੇ ਸਾਬਤ ਕਰਨ ਦੀ ਕਾਹਲ ਕਰ ਰਹੇ ਹਨ | ਕਿਸੇ ਸਰਗਰਮ ਤੇ ਸੰਗਠਿਤ ਲਹਿਰ, ਵਿਚਾਰਧਾਰਕ ਪਕਿਆਈ ਅਤੇ ਮਾਨਵਵਾਦੀ ਸੁਹਿਰਦਤਾ ਦੀ ਅਣਹੋਂਦ ਕਾਰਨ ਹਰ ਕੋਈ ਆਗੂ ਤੇ ਅਦਾਰਾ ਆਪਣੇ-ਆਪ ਨੂੰ ਨਾਇਕ ਤਸਲੀਮ ਕਰਾਉਣ ਲਈ ਤਰਲੋਮੱਛੀ ਹੋ ਰਿਹਾ ਹੈ | ਐਸੇ ਸ਼ੋਹਰਤੀ ਤੇ ਸਜਾਵਟੀ ਵਾਤਾਵਰਨ ਵਿਚ ਬੇਮੁੱਖਾਂ, ਮਨਮੁੱਖਾਂ, ਬੇਅਦਬਾਂ ਤੇ ਬੇਬਹਿਰਿਆਂ ਦੀ ਖੂਬ ਚਾਂਦੀ ਹੈ | ਆਪਣੀਆਂ-ਆਪਣੀਆਂ ਪਾਰਟੀਆਂ, ਸੰਸਥਾਵਾਂ ਤੇ ਅਦਾਰਿਆਂ ਦੇ ਸਿਧਾਂਤਾਂ, ਸੰਵਿਧਾਨ ਤੇ ਸੰਜਮ ਦੀ ਉਲੰਘਣਾ ਕਰਕੇ ਨਾਇਕ ਬਣਨ ਦੀ ਹੋੜ ਵਿਚ ਕੋਈ ਵੀ ਸ਼ਖ਼ਸ ਤੱਤੇ-ਤੱਤੇ ਤੇ ਤਾਕਤਵਰ ਬਿਆਨਾਂ ਨਾਲ ਖ਼ੁਦ ਨੂੰ ਚਮਕਾਉਣ ਵਿਚ ਫਾਡੀ ਨਹੀਂ ਰਹਿਣਾ ਚਾਹੁੰਦਾ | ਸੁਹਿਰਦ, ਸੂਝਵਾਨ, ਸੰਜਮੀ ਤੇ ਸੰਵੇਦਨਸ਼ੀਲ ਆਵਾਜ਼ਾਂ ਖ਼ਾਮੋਸ਼ ਹਨ | ਪੀਰ, ਫ਼ਕੀਰ, ਗੁਰੂ ਤੇ ਪੈਗ਼ੰਬਰ ਸਿਰਫ਼ ਕਾਗਜ਼ੀ ਕਾਰਵਾਈ ਲਈ ਰਹਿ ਗਏ ਹਨ | ਜ਼ਹਾਲਤ ਇਹ ਹੈ ਪਿਛੇ ਜਿਹੇ ਹਰ ਕੋਈ ਆਪਣੇ-ਆਪ ਨੂੰ ਨਸ਼ਾ-ਮੁਕਤ ਸਾਬਤ ਕਰਨ ਲਈ ਡੋਪ ਟੈਸਟ ਕਰਾਉਣ ਵਾਸਤੇ ਇੰਜ ਕਾਹਲਾ ਨਜ਼ਰ ਆਇਆ ਜਿਵੇਂ ਮੁਫ਼ਤ ਦਾ ਰਾਸ਼ਨ ਲੈਣ ਲਈ ਲੋੜਵੰਦ ਲੋਕ ਰਾਸ਼ਨ ਵੰਡਦੀਆਂ ਦੁਕਾਨਾਂ ਵੱਲ ਭੱਜਦੇ ਹਨ |
ਡੋਪ ਟੈਸਟ ਮੁਹਿੰਮ ਰਾਜਨੀਤਕ ਨੇਤਾਵਾਂ ਦੇ ਅੰਦਰੂਨੀ ਖੋਖਲੇਪਨ ਤੇ ਖਬਤ ਦਾ ਸਿਆਸੀ ਤੁੱਕਾ ਸੀ | ਇਸ ਮੰੂਹ-ਬੋਲੀ ਤੇ ਮਹਾਂਬਲੀ ਮੁਹਿੰਮ ਨਾਲ ਕਰਮਚਾਰੀਆਂ ਦੀ ਸ਼ਾਮਤ ਲਾਜ਼ਮੀ ਹੈ | ਇਸ ਮੁਹਿੰਮ ਨਾਲ ਡੋਪ ਏਜੰਸੀਆਂ ਦਾ ਰੁਜ਼ਗਾਰ ਚਮਕਣ ਦੀ ਸੰਭਾਵਨਾ ਹੈ | ਡੋਪ ਟੈਸਟ ਦਾ ਸ਼ੋਰ ਮੌਸਮੀ ਮਹਾਂਮਾਰੀ ਹੈ, ਜਿਸ ਨਾਲ ਮੂਲ ਤੇ ਮੁੱਲਵਾਨ ਮੁੱਦੇ ਕੁਝ ਚਿਰ ਲਈ ਆਰਾਮ ਕਰਨ ਦਾ ਲਾਹਾ ਲੈਣਗੇ | ਅਜੋਕਾ ਮੀਡੀਆ ਮੌਸਮੀ, ਮਤਲਬੀ, ਮਕਸਦੀ ਤੇ ਮਹਾਂਬਾਜ਼ਾਰੂ ਹੋ ਗਿਆ ਹੈ | ਕਾਬੂ ਆਏ ਮਸਲਿਆਂ ਨੂੰ ਤੇਜ਼-ਤੇਜ਼ ਤੇ ਤੱਤੇ ਅੰਦਾਜ਼ ਵਿਚ ਉਛਾਲਣਾ, ਉਬਾਲਣਾ ਤੇ ਉਧੇੜਨਾ ਮੀਡੀਏ ਦੀ ਚਮਤਕਾਰੀ ਪਹੁੰਚ ਤੇ ਪ੍ਰਾਪਤੀ ਹੈ | ਵਾਰ-ਵਾਰ ਘਟਨਾਵਾਂ ਦੀ ਛਿੱਲ ਲਾਹੁਣੀ, ਵਾਰ-ਵਾਰ ਮਾਵਾਂ ਦਾ ਵਿਰਲਾਪ ਦਿਖਾਉਣਾ ਅਤੇ ਵਾਰ-ਵਾਰ ਬਿਆਨਾਂ ਨੂੰ ਮਨਚਾਹੇ ਢੰਗ ਨਾਲ ਦਿਖਾਏ ਜਾਣ ਨਾਲ ਕਈ ਵਾਰ ਸਮਾਧਾਨ ਤੇ ਸੰਜੀਦਗੀ ਦੀ ਬਜਾਇ ਸਮੱਸਿਆਵਾਂ ਨੂੰ ਸਨਸਨੀਖੇਜ਼ ਤੇ ਸੁਆਦਲੇ ਬਣਾਉਣ ਦੀ ਰੁਚੀ ਭਾਰੂ ਹੋ ਜਾਂਦੀ ਹੈ | ਵਾਸਤਵ ਵਿਚ ਅਜੋਕਾ ਕਲਯੁਗੀ ਤੇ ਬਿਨ ਕਰਤੂਤ ਜ਼ਮਾਨਾ ਆਪਣੀ ਪੇਸ਼ਾਵਰ ਪਹੁੰਚ ਤੇ ਪਰਦਾਦਾਰੀ ਨਾਲ ਸਮਾਜ ਨੂੰ ਦੋਹੀਂ ਹੱਥੀਂ ਲੁੱਟਣਾ ਚਾਹੁੰਦਾ ਹੈ | ਸਮਾਜ ਦਾ ਹਰ ਵਰਗ ਦੋਵੀਂ ਹੱਥੀਂ ਲੁੱਟਣ ਦੀ ਲਾਲਚੀ ਤੇ ਲਾਹੇਵੰਦ ਲੋੜ ਕਾਰਨ ਗੱਲੀਂ ਅਸੀਂ ਚੰਗੀਆਂ, ਆਚਾਰੀ ਬੁਰੀਆਂ ਦੇ ਕਥਨ ਨੂੰ ਹੂ-ਬਹੂ ਹਾਸਲ ਕਰਨਾ ਧਰਮ ਸਮਝਣ ਲੱਗ ਪਿਆ ਹੈ | ਨੇਤਾਵਾਂ, ਲੇਖਕਾਂ, ਅਧਿਆਪਕਾਂ, ਅਫ਼ਸਰਾਂ, ਧਰਮ ਦੇ ਰਖਵਾਲਿਆਂ ਤੇ ਸੁਰੱਖਿਆ ਕਰਮੀਆਂ ਦੇ ਹਜ਼ੂਮ ਵਿਚੋਂ ਚੰਦ ਇਕ ਲੋਕ ਲੱਭਦੇ ਹਨ ਜੋ ਸਹੀ ਅਰਥਾਂ ਵਿਚ ਪੰਜਾਬ ਦੇ ਹਮਾਇਤੀ ਤੇ ਹਮਦਰਦ ਹਨ | ਅਜਿਹੇ ਸਵੈ-ਰੋਗੀ ਤੇ ਸਵੈ-ਭੋਗੀ ਮਾਹੌਲ ਵਿਚ ਪੰਜਾਬ ਨੂੰ ਬਚਾਉਣ ਦੀ ਆਵਾਜ਼ ਤੇ ਆਸਥਾ ਬਹੁਤ ਕਮਜ਼ੋਰ ਹੋ ਗਈ ਹੈ-
ਆਓ ਜਾਗੀਏ, ਰਲ ਮਿਲ ਕੇ ਪੰਜਾਬ ਬਚਾਈਏ
ਬੀਜਿਆ ਗੁਰੂਆਂ ਅੱਖਰਾਂ ਵਿਚ ਜੋ ਖ਼ਾਬ ਬਚਾਈਏ |
ਨਿੱਕੇ-ਨਿੱਕੇ ਹੰਭਲਿਆਂ ਤੇ ਹਰਕਤਾਂ ਨੂੰ ਸੁਹਿਰਦ ਤੇ ਸੁਦਿ੍ਸ਼ਟ ਲੋਕਾਂ ਦੀ ਲਹਿਰ ਵਿਚ ਪਰਿਵਰਤਤ ਕਰਨ ਦੀ ਲੋੜ ਹੈ | ਪੰਜਾਬ ਦੀ ਤਿੰਨ ਧਿਰੀ ਰਾਜਨੀਤਕ ਲੜਾਈ ਆਪਣਾ-ਆਪਣਾ ਰਾਜਨੀਤਕ ਲਾਹਾ ਲੈਣ ਵਿਚ ਮਘਨ ਤੇ ਮਸਰੂਫ਼ ਹੈ | ਪੰਜਾਬ ਕੋਲ ਚੌਥਾ ਕੋਈ ਬਦਲ ਨਹੀਂ | ਤੀਜੀ ਧਿਰ ਦੇ ਆਉਣ ਨਾਲ ਪੰਜਾਬੀਆਂ ਅੰਦਰ ਆਸ ਜਾਗੀ ਸੀ ਪਰ ਉਹ ਵੀ ਪਾਣੀ ਨਾਲੋਂ ਪਤਲੇ ਹੋ ਗਏ | ਨਿੱਕੇ-ਨਿੱਕੇ ਕੁਝ ਹੋਰ ਧੜੇ ਕਦੇ-ਕਦੇ ਆਪਣੀਆਂ-ਆਪਣੀਆਂ ਟੱਲੀਆਂ ਵਜਾਉਂਦੇ ਹਨ ਪਰ ਟੱਲੀਆਂ ਦੀ ਆਵਾਜ਼ ਬਹੁਤੀ ਦੂਰ ਤੱਕ ਨਹੀਂ ਪਹੁੰਚਦੀ | ਕਿਸਾਨ ਜਥੇਬੰਦੀਆਂ, ਲੇਖਕ ਸਭਾਵਾਂ, ਧਾਰਮਿਕ ਸੰਸਥਾਵਾਂ ਦੇ ਨਿੱਕੇ-ਨਿੱਕੇ ਧੜੇ ਤੇ ਧਰਮ ਹਨ | ਹਰ ਕੋਈ ਅਲਹਿਦਾ, ਅੱਥਰੀ ਤੇ ਆਪਹੁਦਰੀ ਰਾਜਨੀਤੀ ਕਰਨਾ ਚਾਹੁੰਦਾ ਹੈ | ਮਿਸਲਾਂ ਤੋਂ ਵੱਧ ਖੰਡ-ਖੰਡ ਹੋਏ ਪੰਜਾਬੀਆਂ ਕੋਲ ਏਕਤਾ ਤੇ ਇਕੱਠਤਾ ਲਈ ਕੋਈ ਮਹਾਂਬਲੀ ਨਹੀਂ | ਸਰਕਾਰੀ, ਧਾਰਮਿਕ ਤੇ ਵਪਾਰਕ ਸਹੂਲਤਾਂ ਤੇ ਸਦਾਰਤਾਂ ਭੋਗਦੇ ਲੋਕ ਕਦੇ ਵੀ ਸਰਬ ਸਾਂਝੇ, ਸਮੂਹਿਕ ਤੇ ਸਮਾਜਿਕ ਮੁੱਦਿਆਂ ਲਈ ਇਕ ਮਤ ਨਹੀਂ ਹੋ ਸਕਦੇ | ਸਰਕਾਰਾਂ ਵੱਲ ਝਾਕੀ ਜਾਣ ਨਾਲ ਪੰਜਾਬ ਦੀ ਅੱਖ ਕਾਲੇ ਮੋਤੀਏ ਦਾ ਸ਼ਿਕਾਰ ਹੋ ਗਈ ਹੈ | ਅਗਵਾਈ ਕਰਨ ਲਈ ਦੂਰਦਿ੍ਸ਼ਟ, ਦਿਆਨਤਦਾਰ ਤੇ ਦਰਿਆਦਿਲ ਬੰਦਾ ਲੱਭਦਾ ਨਹੀਂ | 'ਆਪੇ ਮੈਂ ਰੱਜੀ-ਪੁੱਜੀ, ਆਪੇ ਮੇਰੇ ਬੱਚੇ ਜੀਣ' ਦੇ ਧਾਰਨੀ ਲੋਕਾਂ ਤੋਂ ਪੰਜਾਬ ਲਈ ਸੱਚੀਮੁੱਚੀ ਦੀ ਲੜਾਈ ਲੜਨ ਬਾਰੇ ਸੋਚਣਾ ਦਿਲ ਬਹਿਲਾਉਣ ਵਰਗੀ ਬਾਤ ਹੈ | ਹੁਣ ਤਾਂ ਪੰਜਾਬ ਕੋਲ ਹਾਅ ਦਾ ਨਾਅਰਾ ਮਾਰਨ ਵਾਲਾ ਕੋਈ ਨਵਾਬ ਵੀ ਨਹੀਂ ਬਚਿਆ ਜਿਊਣ ਦੇ ਜਜ਼ਬੇ ਤੇ ਜਾਨ ਦੀ ਘਾਟ ਕਰਕੇ ਖੁਦਕੁਸ਼ੀਆਂ ਦਾ ਸੰਤਾਪ ਤੇ ਸੰਕਟ ਭੋਗਣਾ ਪੈ ਰਿਹਾ ਹੈ | ਮਹਾਂਬਾਜ਼ਾਰ ਨੇ ਵਿਰਸਾ ਤੇ ਵਿਰਾਸਤ ਜ਼ੀਰ-ਜ਼ੀਰ ਕੇ ਖਾ ਲਏ ਹਨ | ਕਿਤੇ-ਕਿਤੇ ਫਿਰ ਵੀ ਆਸ ਤੇ ਉਮੀਦ ਦੀਆਂ ਸੁਰਾਂ ਉਠਦੀਆਂ ਹਨ, ਪੰਜਾਬ ਬੋਲਣਾ ਚਾਹੁੰਦਾ ਹੈ:
ਸੱਚ ਕਹਿਣ ਤੋਂ ਕਦੇ ਨਾ ਜੀਭ ਥਿੜਕੇ
ਬੇਗਮਪੁਰੇ ਦਾ ਸ਼ਾਇਰੀ ਵਿਚ ਖ਼ਾਬ ਹੋਵੇ
ਚਿਣੇ ਜਾਣ ਲਈ ਹੋਣ ਮਾਸੂਮ ਜਿੰਦਾਂ
ਨਾਅਰੇ ਹਾਅ ਦੇ ਲਈ ਨਵਾਬ ਹੋਵੇ
ਜੂਝ ਮਰਨ ਦੇ ਆਉਣ ਹਮੇਸ਼ ਸੁਪਨੇ
ਜਜ਼ਬਾ ਜਿਊਣ ਦਾ ਬੇਹਿਸਾਬ ਹੋਵੇ |
ਪੰਜਾਬ ਦਾ ਰਾਜਨੀਤਕ ਤੇ ਪ੍ਰਸ਼ਾਸਨਿਕ ਢਾਂਚਾ ਬੇਸੁਰਾ, ਬੇਬਹਿਰਾ ਤੇ ਬੇਅਦਬ ਹੋ ਗਿਆ ਜਾਪਦਾ ਹੈ | ਮਸਲਿਆਂ ਦੀਆਂ ਜੜ੍ਹਾਂ ਤੇ ਜ਼ਮੀਨ ਫਰੋਲਣ ਦੀ ਥਾਂ ਸਿਰਫ਼ ਥੋੜਚਿਰੇ ਐਕਸ਼ਨਾਂ ਤੇ ਐਲਾਨਾਂ ਨਾਲ ਡੰਗ ਟਪਾਉਣ ਦੀ ਕੋਸ਼ਿਸ਼ ਹੋ ਰਹੀ ਹੈ | ਇਸ ਡੰਗ-ਟਪਾਊ ਤੇ ਡਮਰੂ ਖੇਡ ਵਿਚ ਸਾਰੀਆਂ ਧਿਰਾਂ ਸਿਰਫ਼ ਜਿਊਾਦੇ ਹੋਣ ਦੇ ਪ੍ਰਮਾਣ ਦੇਣ ਤੋਂ ਵੱਧ ਕੁਝ ਨਹੀਂ ਕਰ ਰਹੀਆਂ | ਪੰਜਾਬ ਨੂੰ ਗੰਭੀਰ, ਗਗਨਮੁਖੀ ਤੇ ਗਹਿਰੇ ਬਦਲਾਅ ਦੀ ਲੋੜ ਹੈ | ਅਜਿਹੇ ਗੁਣਾਤਮਕ ਤੇ ਗੁਣਵੰਤ ਪਰਿਵਰਤਨ ਲਈ ਸਰਬੰਸ ਵਾਰਨ ਲਈ ਕੋਈ ਵੀ ਤਿਆਰ ਨਹੀਂ | ਸਰਬੰਸ ਪਾਲਣੇ ਤੇ ਸੰਭਾਲਣੇ ਹਰ ਸ਼ਖ਼ਸ ਦਾ ਪਹਿਲਾ ਤੇ ਪੱਕਾ ਧਰਮ ਬਣ ਗਿਆ ਹੈ | ਅਜਿਹੇ ਸਰਬੰਸ ਪਾਲਕ ਲੋਕਾਂ ਨੂੰ ਸੰਭਾਲਣ ਤੇ ਸੰਤੋਖਣ ਦੇ ਭਿਆਨਕ ਜ਼ੋਖਮ ਨੇ ਸਰਕਾਰੀ ਮਸ਼ੀਨਰੀ ਨੂੰ ਹੰਭਾ ਦਿੱਤਾ ਹੈ | ਲੋਕ ਮੰੂਹ ਵਿਚ ਗਾਲ੍ਹਾਂ ਕੱਢਦੇ ਹਨ | ਕਦੇ-ਕਦੇ ਕੋਈ ਆਖਦਾ ਹੈ ਕਿਥੇ ਗਿਆ ਉਹ ਪੰਜਾਬ ਜਿਸ ਦੇ ਨੇਤਾ ਬੱਸ ਵਿਚ ਸਫ਼ਰ ਕਰਦੇ ਸਨ ਤੇ ਪੱਲੇ ਰੋਟੀ ਬੰਨ੍ਹ ਕੇ ਘਰੋਂ ਨਿਕਲਦੇ ਸਨ | ਅਜੋਕੀ ਸਿਆਸਤ ਪੈਸੇ ਤੇ ਪਕੜ ਦੇ ਬਾਹੂਬਲ ਨਾਲ ਚਲਦੀ ਹੈ | ਆਪਣਾ ਢਿੱਡ ਭਰਦੇ-ਭਰਦੇ ਪੰਜ ਸਾਲ ਲੰਘ ਜਾਂਦੇ ਹਨ | ਕੁਝ ਬਦਲੀਆਂ, ਕੁਝ ਕੇਸ ਨਿਪਟਾਰੇ ਤੇ ਕੁਝ ਸਹੂਲਤਾਂ ਲੋਕਾਂ ਨੂੰ ਨਸੀਬ ਹੁੰਦੀਆਂ ਹਨ | ਨੇਤਾ ਲੋਕ ਹੁਣ ਲੋਕਾਂ ਨੂੰ ਪਰਜਾ ਨਹੀਂ ਵੋਟਾਂ ਸਮਝਦੇ ਹਨ | ਇਮਾਨਦਾਰੀ, ਇਖ਼ਲਾਕ ਤੇ ਇਮਾਨ ਨੂੰ ਕੋਈ ਵੋਟ ਨਹੀਂ ਪਾਉਂਦਾ | ਲੋਕ ਵੀ ਮੌਕਾਪ੍ਰਸਤ, ਮੌਸਮੀ ਤੇ ਮਨਮੱਤੇ ਹੋ ਗਏ ਹਨ |
ਨਾਨਕ ਦੇ ਵਾਰਿਸਾਂ, ਬੁੱਲ੍ਹੇ ਦੇ ਆਸ਼ਿਕਾਂ ਤੇ ਵਾਰਿਸ ਦੇ ਮੁਹੱਬਤੀਆਂ ਕੋਲ ਕੋਈ ਬਦਲ ਨਹੀਂ ਬਚਿਆ | ਕਰਜ਼ਿਆਂ, ਬੇਰੁਜ਼ਗਾਰੀ, ਗ਼ਰੀਬੀ ਤੇ ਨਸ਼ਿਆਂ ਨਾਲ ਖ਼ੁਦ ਨੂੰ ਮਾਰਨਾ ਆਖ਼ਰੀ ਬਦਲ ਹੈ | ਜਿਊਣ ਦੇ ਜਜ਼ਬੇ ਦਾ ਫ਼ੌਤ ਹੋ ਜਾਣਾ ਕਿਸੇ ਕੌਮ, ਖਿੱਤੇ ਜਾਂ ਭਾਸ਼ਾ ਲਈ ਬਹੁਤ ਖ਼ਤਰਨਾਕ ਵਰਤਾਰਾ ਹੁੰਦਾ ਹੈ | ਡੋਪ ਟੈਸਟਾਂ ਤੇ ਹੋਰ ਅਡੰਬਰੀ ਨੌਟੰਕੀਆਂ ਤੋਂ ਮੁਕਤ ਹੋ ਕੇ ਆਓ ਪੰਜਾਬੀਓ ਆਪਾਂ ਸਾਰੇ ਜਾਗੀਏ ਤੇ ਪੰਜਾਬ ਨੂੰ ਬਚਾਈਏ:
'ਡੋਪ ਡੋਪ ਦਾ ਸ਼ੋਰ ਮਚਾ ਕੇ ਸਰਨਾ ਨਹੀਂ,
ਫੋਕਿਆਂ ਅਮਲਾਂ ਨਾਲ ਬਦੀ ਨੇ ਮਰਨਾ ਨਹੀਂ
ਹੱਥੀਂ ਬਾਝ ਕਰਾਰਿਆਂ ਤਸਕਰ ਡਰਨਾ ਨਹੀਂ,
ਰਿਜਕ ਤੇ ਰੋਜ਼ਗਾਰ ਬਿਨਾਂ ਢਿੱਡ ਭਰਨਾ ਨਹੀਂ |'

-97, ਮਾਡਲ ਟਾਊਨ, ਕਪੂਰਥਲਾ |
ਮੋਬਾਈਲ : 84377-88856.

ਚੰਨ ਉੱਤੇ ਬਸਤੀ ਬਣਾਉਣ ਦੀਆਂ ਤਿਆਰੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹੁਣ ਆਓ ਪੁਲਾੜ ਵਿਚ/ਚੰਨ ਉਤੇ ਕੁਝ ਘੰਟਿਆਂ ਦੀ ਥਾਂ ਕੁਝ ਹਫ਼ਤਿਆਂ ਜਾਂ ਮਹੀਨਿਆਂ ਤੱਕ ਰਹਿਣ ਨਾਲ ਜੁੜੀਆਂ ਸਮੱਸਿਆਵਾਂ ਵਲ | ਪੁਲਾੜ ਵਿਚ ਤਾਂ ਇਕ ਦੋ ਰਾਤਾਂ ਦਾ ਸਫ਼ਰ ਕਰਨ ਦਾ ਤਜਰਬਾ ਮਨੁੱਖ ਨੂੰ ਹੈ | ਚੰਨ ਉਤੇ ਲੰਬੇ ਸਮੇਂ ਦੀ ਠਾਹਰ ਬਾਰੇ ਪਹਿਲਾ ਸਵਾਲ ਹੈ ਕਿ ਬੰਦਾ ਕਿੰਨੀ ਦੇਰ ਚੰਨ ਉਤੇ ਰਹਿ ਸਕੇਗਾ | ਸਿੱਧਾ ਜਵਾਬ ਹੈ ਜਿੰਨੀ ਦੇਰ ਲਈ ਉਸ ਕੋਲ ਅੰਨ, ਪਾਣੀ, ਹਵਾ ਹੋਣਗੇ | ਸ਼ੁਰੂ ਵਿਚ ਹਰ ਸ਼ੈਅ ਉਨ੍ਹਾਂ ਨੂੰ ਧਰਤੀ ਤੋਂ ਹੀ ਢੋਅ ਕੇ ਲਿਜਾਣੀ ਪਵੇਗੀ | ਇਨ੍ਹਾਂ ਚੀਜ਼ਾਂ ਦਾ ਰਾਸ਼ਨ ਮੁੱਕਣ ਤੋਂ ਪਹਿਲਾਂ ਮਨੁੱਖ ਸਹਿਤ, ਮਨੁੱਖ ਰਹਿਤ ਪੁਲਾੜੀ ਜਹਾਜ਼ਾਂ ਨਾਲ ਇਨ੍ਹਾਂ ਦੀ ਤਾਜ਼ਾ ਸਪਲਾਈ ਕਰਨੀ ਪਵੇਗੀ | ਇਕ ਵਾਰ ਆਰਜ਼ੀ ਕੈਂਪ ਬਣ ਜਾਣ ਉਪਰੰਤ ਇਹ ਲੋਕ ਪਾਣੀ ਤੋੜ ਕੇ ਆਕਸੀਜਨ ਜਾਂ ਹਾਈਡ੍ਰੋਜਨ ਬਣਾ ਸਕਦੇ ਹਨ | ਮਾੜੀ ਮੋਟੀ ਖੇਤੀ ਕਰ ਸਕਦੇ ਹਨ | ਸਾਹ ਲੈਣ ਜੋਗੇ ਹਾਲਾਤ ਸਿਰਜਣ ਦੇ ਤਜਰਬੇ ਕਰ ਸਕਦੇ ਹਨ | ਵਾਹਨ ਚਲਾ ਕੇ ਇਧਰ-ਉਧਰ ਜਾ ਸਕਦੇ ਹਨ | ਚੰਨ ਧਰਤੀ ਤੋਂ ਬਹੁਤ ਦੂਰ ਨਹੀਂ | ਇਸ ਲਈ ਸੈੱਲ ਫੋਨ, ਇੰਟਰਨੈੱਟ ਦੇ ਜ਼ਰੀਏ ਧਰਤੀ ਉਤਲੇ ਰਿਸ਼ਤੇਦਾਰਾਂ ਅਤੇ ਚੰਨ ਵਾਸੀਆਂ ਵਿਚ ਸੰਪਰਕ ਔਖਾ ਨਹੀਂ | ਡੇਢ ਸਕਿੰਟ ਵੀ ਨਹੀਂ ਲਗਦਾ ਧਰਤੀ ਤੋਂ ਚੰਨ ਤੱਕ ਰੇਡੀਓ, ਟੀ.ਵੀ. ਸਿਗਨਲ ਪਹੁੰਚਣ ਨੂੰ | ਹਰ ਖ਼ਬਰ ਉਨ੍ਹਾਂ ਨੂੰ ਇਕ-ਦੂਜੇ ਦੀ ਝਟ ਮਿਲ ਸਕਦੀ ਹੈ | ਸ਼ੁਰੂ ਵਿਚ ਇਹ ਲੋਕ ਸਪੇਸ ਕੈਪਸੂਲ ਵਿਚ ਹੀ ਰਹਿਣਗੇ | ਬਾਹਰ ਨਿਕਲ ਕੇ ਉਨ੍ਹਾਂ ਨੂੰ ਛੇਤੀ ਤੋਂ ਛੇਤੀ ਸੂਰਜੀ ਊਰਜਾ ਦੀ ਵਰਤੋਂ ਲਈ ਸੋਲਰ ਪੈਨਲ ਗੱਡਣੇ ਪੈਣਗੇ | ਚੰਨ ਉਤੇ ਦਿਨ ਤੇ ਰਾਤ ਬਾਰਾਂ-ਬਾਰਾਂ ਘੰਟੇ ਦੇ ਨਹੀਂ | ਉਥੇ ਸਾਡੀ ਧਰਤੀ ਦੇ ਪੰਦਰਾਂ ਦਿਨਾਂ ਜਿੰਨਾ ਲੰਬਾ ਸਮਾਂ ਸੂਰਜ ਚਮਕਦਾ ਹੈ ਅਤੇ ਫਿਰ ਪੂਰੇ ਦੋ ਹਫ਼ਤੇ ਰਾਤ ਰਹਿੰਦੀ ਹੈ | ਇਸ ਲਈ ਦੋ ਹਫ਼ਤੇ ਲਈ ਸੂਰਜੀ ਊਰਜਾ ਇਕੱਠੀ ਕਰਨ ਲਈ ਵਿਸ਼ਾਲ ਪੈਨਲਾਂ ਦੀ ਲੋੜ ਪਵੇਗੀ | ਯਾਤਰੀਆਂ ਦੇ ਰਹਿਣ ਲਈ ਭਾਵੇਂ ਨਾ ਸਹੀ, ਸੋਲਰ ਪਾਵਰ ਲਈ ਉੱਤਰੀ ਧਰੁਵੀ ਖੇਤਰ ਜ਼ਰੂਰ ਵਧੀਆ ਹੋਵੇਗਾ | ਇਕ ਤਾਂ ਉਥੇ ਲਗਪਗ 60 ਕਰੋੜ ਮੀਟਰਿਕ ਟਨ ਬਰਫ਼ ਦੇ ਭੰਡਾਰ ਹਨ | ਦੂਜੇ ਉਥੇ ਕਈ ਥਾਵਾਂ ਐਸੀਆਂ ਹਨ, ਜਿਥੇ ਸੂਰਜ ਕਦੇ ਹੀ ਛਿਪਦਾ ਹੋਵੇਗਾ | ਉਥੇ ਹਜ਼ਾਰਾਂ ਸੋਲਰ ਪੈਨਲ ਲਾ ਕੇ ਭਾਰੀ ਮਾਤਰਾ ਵਿਚ ਨਿਰੰਤਰ ਊਰਜਾ, ਬਿਜਲੀ ਹਾਸਲ ਕਰਨੀ ਸੰਭਵ ਹੈ | ਇਕ ਗੱਲ ਹੋਰ ਕਮਾਲ ਦੀ ਪਤਾ ਲੱਗੀ ਹੈ | ਇਹ ਹੈ ਚੰਨ ਦੀ ਮਿੱਟੀ ਵਿਚ ਭਾਰੀ ਮਾਤਰਾ ਵਿਚ ਆਕਸੀਜਨ | ਚੰਨ ਦੀ ਇਕ ਹਜ਼ਾਰ ਪੌਾਡ ਜ਼ਮੀਨ ਵਿਚੋਂ ਇਕ ਸੌ ਪੌਾਡ ਆਕਸੀਜਨ ਕੱਢੀ ਜਾ ਸਕਦੀ ਹੈ |
ਚੰਨ ਉਤੇ ਗੁਰੂਤਾ ਖਿੱਚ ਧਰਤੀ ਦੀ ਗੁਰੂਤਾ ਦਾ 6ਵਾਂ ਹਿੱਸਾ ਹੀ ਹੈ | ਇਸ ਲਈ ਵੱਡੇ ਵਾਹਨ ਖਿੱਚਣੇ ਸੌਖੇ ਹੋਣਗੇ | ਤੁਰਨਾ ਅਜੀਬ ਲੱਗੇਗਾ | ਡੱਡੂ ਵਾਂਗ ਛਲਾਂਗਾਂ ਮਾਰਨੀਆਂ ਸੌਖੀਆਂ ਲੱਗਣਗੀਆਂ | ਚੰਨ ਦਾ ਪਲਾਇਨ ਵੇਗ (ਅਸਕੇਪ ਵੈਲਾਸਿਟੀ) ਬਹੁਤ ਘੱਟ ਹੋਣ ਕਰਕੇ ਉਥੇ ਰਾਕਟ ਲਾਂਚ/ਲੈਂਡ ਕਰਨੇ ਸੌਖੇ ਹਨ | ਇਸ ਲਈ ਭਵਿੱਖ ਵਿਚ ਚੰਨ ਉਤੇ ਕੋਈ ਪੁਲਾੜੀ ਅੱਡਾ, ਬੰਦਰਗਾਹ ਬਣਾਉਣ ਦੀ ਸੰਭਾਵਨਾ ਹੈ | ਚੰਨ ਉਤੇ ਰੇਡੀਏਸ਼ਨ ਦੇ ਖਤਰੇ ਜ਼ਰੂਰ ਹਨ | ਇਕ ਦੋ ਦਿਨਾਂ ਵਿਚ ਤਾਂ ਰੇਡੀਏਸ਼ਨ ਕੁਝ ਨਹੀਂ ਕਹੇਗੀ | ਪਰ ਹਫ਼ਤਿਆਂ, ਮਹੀਨਿਆਂ ਬੱਧੀ ਚੰਨ ਉਤੇ ਰਹਿਣ ਵਾਲਿਆਂ ਨੂੰ ਰੇਡੀਏਸ਼ਨ ਨਾਲ ਕੈਂਸਰ ਹੋ ਸਕਦਾ ਹੈ | ਧਰਤੀ ਉਤਲੀਆਂ ਸਾਧਾਰਨ ਬਿਮਾਰੀਆਂ ਚੰਨ ਉਤੇ ਵਧੇਰੇ ਪ੍ਰੇਸ਼ਾਨ ਕਰ ਸਕਦੀਆਂ ਹਨ | ਹਰ ਯਾਤਰੀ ਨੂੰ ਫਸਟ ਏਡ ਤੇ ਨਿੱਕੀ-ਮੋਟੀ ਡਾਕਟਰੀ ਆਪੇ ਕਰਨੀ ਸਿੱਖਣੀ ਪਵੇਗੀ | ਜੇ ਕਿਸੇ ਨੂੰ ਅਪੈਂਡੇਸਾਈਟਸ ਜਾਂ ਹਾਰਟ ਅਟੈਕ ਹੋ ਜਾਏ ਤਾਂ ਅਜਿਹੀ ਸੂਰਤ ਵਿਚ ਉਥੇ ਦਾ ਕੋਈ ਡਾਕਟਰ ਧਰਤੀ ਦੇ ਮਾਹਰਾਂ ਨਾਲ ਟੈਲੀਕਾਨਫਰੰਸ ਕਰਕੇ ਸਲਾਹ ਮਸ਼ਵਰਾ ਕਰ ਸਕੇਗਾ | ਰੋਬੋਟਾਂ, ਰੀਮੋਟ ਕੰਟਰੋਲ ਨਾਲ ਸਰਜਰੀ ਬਾਰੇ ਵੀ ਸਕੀਮਾਂ ਬਣ ਰਹੀਆਂ ਹਨ | ਚੰਨ ਉਤੇ ਮੌਸਮ ਜਾਂ ਰੇਡੀਏਸ਼ਨ ਬਾਰੇ ਰੋਜ਼ਾਨਾ ਮੌਸਮੀ ਬੁਲੇਟਿਨ ਦੀ ਲੋੜ ਯਾਤਰੀਆਂ ਨੂੰ ਰਹੇਗੀ ਤਾਂ ਜੋ ਇਹ ਕਿਸੇ ਵੀ ਖਤਰੇ ਸਮੇਂ ਸਾਵਧਾਨ ਰਹਿਣ ਅਤੇ ਕਿਸੇ ਸੁਰੱਖਿਅਤ ਥਾਂ ਉਤੇ ਪਨਾਹ ਲੈ ਸਕਣ |
ਚੰਨ ਉਤੇ ਵੱਡੀਆਂ-ਵੱਡੀਆਂ ਜ਼ਮੀਨਦੋਜ਼ ਖੋਖਲੀਆਂ ਲਾਵਾ ਸੁਰੰਗਾਂ ਹਨ | ਯਾਤਰੀ ਇਨ੍ਹਾਂ ਨੂੰ ਸੁਰੱਖਿਅਤ ਪਨਾਹਗਾਹਾਂ ਦੇ ਰੂਪ ਵਿਚ ਵਿਕਸਤ ਕਰ ਸਕਦੇ ਹਨ | ਅਸਥਾਈ ਪਨਾਹਗਾਹਾਂ ਬਣਾਉਣ ਪਿੱਛੋਂ ਯਾਤਰੀਆਂ ਨੂੰ ਪੱਕੇ ਟਿਕਾਣੇ ਬਣਾਉਣੇ ਪੈਣਗੇ | ਇਸ ਲਈ ਢੇਰ ਸਾਰੀ ਭਵਨ ਉਸਾਰੀ ਸਮੱਗਰੀ ਦੀ ਲੋੜ ਪਵੇਗੀ | ਇਹ ਧਰਤੀ ਤੋਂ ਹੀ ਢੋਣੀ ਪਵੇਗੀ | ਪਰੀਫੈਬਰੀਕੇਟਿਡ ਯਾਨੀ ਬਣੇ ਬਣਾਏ ਢਾਂਚੇ ਵੱਧ ਤੋਂ ਵੱਧ ਵਰਤੇ ਜਾਣਗੇ | ਮਾੜੇ-ਮੋਟੇ ਨਿਰਮਾਣ, ਉਤਪਾਦਨ, ਰੀਪੇਅਰ, ਢੋਆ-ਢੁਆਈ, ਉਸਾਰੀ ਲਈ ਮਸ਼ੀਨਾਂ, ਕਰੇਨਾਂ, ਬੁਲਡੋਜ਼ਰ, ਵਰਕਸ਼ਾਪ ਦਾ ਪ੍ਰਬੰਧ ਕਰਨਾ ਪਏਗਾ | ਤਜਰਬਿਆਂ ਨਾਲ ਪਤਾ ਲੱਗਾ ਹੈ ਕਿ ਚੰਨ ਦੀ ਮਿੱਟੀ ਨੂੰ ਗਰਮ ਕਰਕੇ ਜਾਂ ਪਿਘਲਾ ਕੇ ਚੱਟਾਨ ਵਰਗੀਆਂ ਸਖਤ ਸੈਰਾਮਿਕ ਇੱਟਾਂ ਬਣ ਸਕਦੀਆਂ ਹਨ | ਚੰਨ ਉਤੇ ਹਫ਼ਤਿਆਂ ਬੱਧੀ ਰਹਿਣ ਵਾਲਿਆਂ ਦੀ ਤਫ਼ਰੀਹ ਤੇ ਮਨੋਰੰਜਨ ਬਾਰੇ ਵੀ ਸੋਚਣਾ ਪਵੇਗਾ | ਵਿਸ਼ੇਸ਼ ਕਿਸਮ ਦੀਆਂ ਖੇਡਾਂ ਚੰਨ ਉਤੇ ਹੋ ਸਕਦੀਆਂ ਹਨ | ਚੰਨ ਉਤੇ ਰੋਵਰ ਬੱਘੀਆਂ ਰਾਹੀਂ ਸੈਰ ਆਪਣੇ-ਆਪ ਵਿਚ ਮਨੋਰੰਜਨ ਦਾ ਸਾਧਨ ਹੈ | ਚੰਨ ਦੇ ਖੱਡਿਆਂ, ਪਹਾੜੀਆਂ ਤੇ ਸਮੁੱਚੇ ਦਿ੍ਸ਼ ਨੂੰ ਜਾਣਨ ਦੀ ਜਗਿਆਸਾ ਯਾਤਰੀਆਂ ਦਾ ਦਿਲ ਲਾ ਸਕਦੀ ਹੈ | ਚੰਨ ਉਤੇ ਤੁਰਦੇ-ਫਿਰਦੇ ਯਾਤਰੀ ਨੂੰ ਹਰ ਸਮੇਂ ਸਪੇਸ ਸੂਟ ਵਿਚ ਰਹਿਣਾ ਪਵੇਗਾ | ਸੂਟ ਲਾਹੁੰਦੇ ਸਾਰ ਖ਼ੂਨ ਉਬਾਲੇ ਮਾਰ ਕੇ ਸਰੀਰ ਵਿਚੋਂ ਬਾਹਰ ਨਿਕਲਣ ਲਈ ਰਾਹ ਲੱਭੇਗਾ | ਸਾਹ ਲਈ ਵੀ ਬਨਾਵਟੀ ਪ੍ਰਬੰਧ ਨਿਰੰਤਰ ਚੁੱਕੀ ਫਿਰਨੇ ਪੈਣਗੇ | ਕੁੱਲ ਮਿਲਾ ਕੇ ਚੰਨ ਉਤੇ ਕੋਈ ਨਿੱਕੀ-ਮੋਟੀ ਕਾਲੋਨੀ ਵਸਾਉਣ ਲਈ ਭਾਂਤ-ਭਾਂਤ ਦੀਆਂ ਸਮੱਸਿਆਵਾਂ ਹਨ | ਵਿਗਿਆਨੀ ਬਾਰੀਕੀ ਨਾਲ ਇਨ੍ਹਾਂ ਦਾ ਵਿਸ਼ਲੇਸ਼ਣ ਕਰ ਕੇ, ਇਨ੍ਹਾਂ ਦੇ ਹੱਲ ਲੱਭ ਰਹੇ ਹਨ | ਬਹੁਤ ਕੁਝ ਹੋ ਗਿਆ ਹੈ | ਬਹੁਤ ਕੁਝ ਹੋਣਾ ਬਾਕੀ ਹੈ | ਤੇਲ ਵੇਖੋ, ਤੇਲ ਦੀ ਧਾਰ ਵੇਖੋ | (ਸਮਾਪਤ)

ਮੋਬਾਈਲ : 98722-60550. ਫੋਨ : 0175-2372010, 2372998

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-5: ਕਿਵੇਂ ਵਿਕਸਿਤ ਹੋਈ ਨਿਰਦੇਸ਼ਨ ਕਲਾ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮਨਮੋਹਨ ਸਿੰਘ ਨੇ ਹਰਭਜਨ ਮਾਨ ਨਾਲ ਮਿਲ ਕੇ 'ਜੀ ਆਇਆਂ ਨੂੰ ' ਫ਼ਿਲਮ ਦਾ ਨਿਰਦੇਸ਼ਨ ਕੀਤਾ | ਇਹ ਫ਼ਿਲਮ ਜ਼ਬਰਦਸਤ ਹਿੱਟ ਸਿਧ ਹੋਈ | ਇਸ ਤੋਂ ਬਾਅਦ ਵੀ ਮਨਮੋਹਨ ਸਿੰਘ ਨੇ ਆਪਣਾ ਇਹ ਸਫ਼ਰ ਜਾਰੀ ਰੱਖਿਆ | ਪਰ ਇਸ ਨਿਰਦੇਸ਼ਕ ਦੀ ਕਮਜ਼ੋਰੀ ਇਹ ਸੀ ਕਿ ਇਸ ਨੇ ਘੜੀ-ਮੁੜੀ ਐਨ.ਆਰ.ਆਈ. ਨੂੰ ਲੈ ਕੇ ਪਟਕਥਾਵਾਂ ਦਾ ਦੁਹਰਾਓ ਕੀਤਾ ਸੀ | ਇਸ ਲਈ ਉਸ ਦੀ ਸਫ਼ਲਤਾ ਦਾ ਗ੍ਰਾਫ ਵੀ ਥੱਲੇ ਜਾਣ ਲੱਗਾ ਪਿਆ ਸੀ | ਲਿਹਾਜ਼ਾ ਉਸ ਦੁਆਰਾ ਨਿਰਦੇਸ਼ਤ ਕੁਝ ਹੋਰ ਫ਼ਿਲਮਾਂ 'ਮੇਰਾ ਪਿੰਡ', 'ਮੰੁਡੇ ਯੂ. ਕੇ. ਦੇ' ਉਸ ਦਾ ਪੁਰਾਣਾ ਤਲਿੱਸਮ ਕਾਇਮ ਕਰਨ 'ਚ ਅਸਫ਼ਲ ਰਹੀਆਂ ਸਨ |
ਬਾਵਜੂਦ ਇਸ ਦੇ, ਮਨਮੋਹਨ ਸਿੰਘ ਨੇ ਰਾਣਾ ਰਣਬੀਰ ਅਤੇ ਗੁਰਪ੍ਰੀਤ ਘੁੱਗੀ ਵਰਗਿਆਂ ਕਈ ਕਲਾਕਾਰਾਂ ਨੂੰ ਅੱਗੇ ਵਧਣ ਦਾ ਮੌਕਾ ਦਿੱਤਾ ਹੈ | ਇਸੇ ਹੀ ਤਰ੍ਹਾਂ ਸੰਗੀਤ ਦੇ ਖੇਤਰ 'ਚ ਵੀ ਉਸ ਨੇ ਕੁਝ ਨਵੇਂ ਗਾਇਕਾਂ, ਗੀਤਕਾਰਾਂ ਅਤੇ ਸੰਗੀਤਕਾਰਾਂ ਨੂੰ ਵੀ ਸਥਾਪਤ ਕਰਨ 'ਚ ਮਦਦ ਕੀਤੀ ਹੈ |
ਇਸ ਦੌਰਾਨ ਕੁਝ ਹੋਰ ਨਵੇਂ ਸਫ਼ਲ ਨਿਰਦੇਸ਼ਕਾਂ ਨੇ ਵੀ ਆਪਣੀ ਆਮਦ ਦਰਜ ਕਰਵਾਈ ਹੈ | ਇਨ੍ਹਾਂ 'ਚੋਂ ਮੁਕੇਸ਼ ਗੌਤਮ 'ਅੱਖੀਆਂ ਉਡੀਕਦੀਆਂ', ਬਲਜੀਤ ਸਿੰਘ ਦਿਓ 'ਜਗ ਜਿਊਾਦਿਆਂ ਦੇ ਮੇਲੇ', ਸਮੰੁਦਰੀ 'ਸਾਕਾ ਨਨਕਾਣਾ ਸਾਹਿਬ', ਸਮੀਪ ਕੰਗ 'ਕੈਰੀ ਆਨ ਜੱਟਾ', ਢੀਂਗਰਾ 'ਲਵ ਪੰਜਾਬ' ਅਤੇ ਨਵਨੀਅਤ ਸਿੰਘ 'ਮੇਲ ਕਰਾ ਦੇ ਰੱਬਾ' ਆਦਿ ਦੇ ਨਾਂਅ ਪ੍ਰਮੁੱਖ ਤੌਰ 'ਤੇ ਲਏ ਜਾ ਸਕਦੇ ਹਨ |
ਪਰ ਇਨ੍ਹਾਂ ਸਾਰਿਆਂ 'ਚੋਂ ਵੀ ਅਨੁਰਾਗ ਸਿੰਘ ਨੂੰ ਤੁਲਨਾਤਮਿਕ ਰੂਪ 'ਚ ਵਧੇਰੇ ਸਫ਼ਲਤਾ ਮਿਲੀ ਹੈ | ਕਪੂਰਥਲੇ ਦੇ ਰਹਿਣ ਵਾਲੇ ਅਨੁਰਾਗ ਸਿੰਘ ਨੇ 12ਵੀਂ ਜਮਾਤ ਤੋਂ ਬਾਅਦ ਆਸਟ੍ਰੇਲੀਆ ਜਾ ਕੇ ਮਲਟੀ ਮੀਡੀਆ ਦੇ ਖੇਤਰ 'ਚ ਗਰੈਜੂਏਸ਼ਨ ਕੀਤੀ ਸੀ | ਇਸ ਤੋਂ ਬਾਅਦ ਉਹ ਭਾਰਤ ਵਾਪਸ ਆ ਕੇ, ਨਿਰਦੇਸ਼ਕ ਰਾਜ ਕੰਵਰ ਦਾ ਸਹਾਇਕ ਬਣ ਗਿਆ | 'ਯਾਰ ਅਣਮੁੱਲੇ', ਉਸ ਦੀ ਪਹਿਲੀ ਫ਼ਿਲਮ ਸੀ ਜਿਹੜੀ ਕਿ ਹਿੰਦੀ ਫ਼ਿਲਮ 'ਥ੍ਰੀ ਈਡੀਅਟਸ' ਤੋਂ ਪ੍ਰੇਰਿਤ ਸੀ | ਪਰ ਅਸਲੀ ਸਫ਼ਲਤਾ ਅਨੁਰਾਗ ਸਿੰਘ ਨੂੰ 'ਜੱਟ ਐਾਡ ਜੂਲੀਅਟ-1', 'ਜੱਟ ਐਾਡ ਜੂਲੀਅਟ-2' ਅਤੇ 'ਪੰਜਾਬ 1984' ਆਦਿ ਤੋਂ ਹੀ ਮਿਲੀ ਸੀ |
ਦੂਜੇ ਪਾਸੇ ਸਮਾਨਾਂਤਰ ਪੰਜਾਬੀ ਸਿਨੇਮਾ ਦੇ ਸੰਦਰਭ 'ਚ ਗੁਰਵਿੰਦਰ ਸਿੰਘ ਨੇ ਇਸ ਪ੍ਰਾਂਤਿਕ ਸਿਨੇਮਾ ਨੂੰ ਨਵੀਆਂ ਸਾਹਿਤਕ ਕਲਾਤਮਿਕ ਬੁਲੰਦੀਆਂ ਛੂਹਣ 'ਚ ਕਾਫ਼ੀ ਮਦਦ ਕੀਤੀ ਹੈ | ਉਸ ਦੁਆਰਾ ਨਿਰਦੇਸ਼ਤ 'ਅੰਨ੍ਹੇ ਘੋੜੇ ਦਾ ਦਾਨ' ਅਤੇ 'ਚੌਥੀ ਕੂਟ' ਨੇ ਅੰਤਰਰਾਸ਼ਟਰੀ ਫ਼ਿਲਮ ਉਤਸਵਾਂ ਵਿਚ ਕਾਫ਼ੀ ਪ੍ਰਸੰਸਾ ਹਾਸਲ ਕੀਤੀ ਸੀ | ਗੁਰਵਿੰਦਰ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਹਿਤਕ ਖਜ਼ਾਨੇ ਨੂੰ ਫ਼ਿਲਮਾਂ ਦੇ ਮਾਧਿਅਮ ਦੁਆਰਾ ਆਮ ਜਨ-ਜੀਵਨ 'ਚ ਵੰਡਣ ਨੂੰ ਹੀ ਆਪਣਾਓ ਦੇਸ਼ ਸਮਝਦਾ ਹੈ |
ਪਰ ਮਨੋਜ ਪੰੁਜ ਦਾ ਜ਼ਿਕਰ ਕੀਤੇ ਬਗੈਰ ਸ਼ਾਇਦ ਪੰਜਾਬੀ ਸਿਨੇਮਾ ਦਾ ਇਤਿਹਾਸ ਅਧੂਰਾ ਹੀ ਰਹੇਗਾ | ਉਸ ਨੇ ਗੁਰਦਾਸ ਮਾਨ ਦੇ ਨਾਲ ਰਲ ਕੇ ਪੰਜਾਬੀ ਸਿਨੇਮਾ ਦਾ ਮੁਹਾਂਦਰਾ ਬਦਲਣ ਦੇ ਸਫ਼ਲ ਯਤਨ ਕੀਤੇ ਸਨ | ਉਸ ਦੁਆਰਾ ਨਿਰਦੇਸ਼ਤ ਕਈ ਫ਼ਿਲਮਾਂ 'ਸ਼ਹੀਦ-ਏ-ਮੁਹੱਬਤ : ਬੂਟਾ ਸਿੰਘ', 'ਵਾਰਿਸਸ਼ਾਹ' ਤਾਂ ਕਲਾਸੀਕਲ ਹੋਣ ਦਾ ਦਰਜਾ ਰੱਖਦੀਆਂ ਹਨ | ਅਫਸੋਸ ਇਹ ਕਿ ਇਸ ਮਹਾਨ ਤਕਨੀਸ਼ੀਅਨ ਦੀ ਬੇਵਕਤ ਮੌਤ ਨੇ ਪੰਜਾਬੀ ਸਿਨੇਮਾ ਤੋਂ ਇਕ ਵਿਲੱਖਣ ਸ਼ਖ਼ਸੀਅਤ ਖੋਹ ਲਈ | ਗੁਰਦਾਸ ਮਾਨ ਦਾ ਬੈਨਰ 'ਸਾੲੀਂ ਪ੍ਰੋਡਕਸ਼ਨਜ਼' ਅਜੇ ਤੱਕ ਮਨੋਜ ਦੇ ਸਦਮੇ ਤੋਂ ਉੱਭਰ ਨਹੀਂ ਸਕਿਆ ਹੈ | ਪਰ ਮਰ ਕੇ ਵੀ ਪੰੁਜ ਪੰਜਾਬੀ ਸਿਨੇਮਾ ਦੀ ਨਿਰਦੇਸ਼ਨ ਕਲਾ ਨੂੰ ਸਦਾ ਲਈ ਅਮਰ ਕਰ ਗਿਆ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

1995 ਵਿਚ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਸਿੱਖ ਕੌਮ ਦੇ ਹਿਤਾਂ ਨੂੰ ਧਿਆਨ 'ਚ ਰੱਖਦੇ ਹੋਏ ਸਾਰੇ ਅਕਾਲੀ ਦਲਾਂ ਦੀ ਏਕਤਾ ਕਰਵਾਈ ਸੀ | ਉਸ ਸਮੇਂ ਬਹੁਤ ਸਾਰੇ ਅਕਾਲੀ ਦਲ ਇਕੱਠੇ ਹੋ ਗਏ ਸਨ, ਇਕ ਅੱਧ ਦਲ ਨੂੰ ਛੱਡ ਕੇ | ਉਸ ਸਮੇਂ ਸਾਰੇ ਅਕਾਲੀ ਆਗੂਆਂ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਬਰਤਨ ਸਾਫ਼ ਕਰਨ ਦੀ ਸੇਵਾ ਕੀਤੀ ਸੀ | ਇਹ ਤਸਵੀਰ ਉਨ੍ਹਾਂ ਦੀ ਏਕਤਾ ਦੀ ਯਾਦ ਕਰਵਾਉਂਦੀ ਹੈ |

ਮੋਬਾਈਲ : 98767-41231

ਅੱਜ ਜਨਮ ਦਿਨ 'ਤੇ ਵਿਸ਼ੇਸ਼: ਪੇਂਡੂ ਮੁਹਾਵਰੇ ਦੀ ਸਹਿਜ ਤਕਨੀਕ-ਅਜਮੇਰ ਔਲਖ

ਨਾਟਕਕਾਰ ਅਜਮੇਰ ਔਲਖ ਦੇ ਲਗਪਗ ਸਾਰੇ ਹੀ ਨਾਟਕਾਂ ਵਿਚ ਹਕੀਕੀ ਪੇਂਡੂ ਜੀਵਨ ਦੀ ਕਹਾਣੀ ਪੇਸ਼ ਹੁੰਦੀ ਹੈ, ਘਟਨਾਵਾਂ ਤੇ ਪਾਤਰ ਵੀ ਜਿਊਾਦੇ-ਜਾਗਦੇ ਮਿਲਦੇ ਹਨ | 'ਇਕ ਰਾਮਾਇਣ ਹੋਰ' ਵਿਚ ਸਾਡੇ ਪੁਰਾਤਨ ਮਾਲਵੇ ਦੇ ਪਿੰਡਾਂ ਦੀ ਤਸਵੀਰ ਪੇਸ਼ ਹੁੰਦੀ ਹੈ ਜਦ ਘੱਟ ਜ਼ਮੀਨ ਦੇ ਵੰਡ ਵਰਤਾਰੇ ਦੇ ਮਸਲੇ ਦਾ ਹੱਲ ਸਿੱਧੇ ਸਾਦੇ ਜਟਕੇ ਅੰਦਾਜ਼ ਨਾਲ ਕੱਢ ਲਿਆ ਜਾਂਦਾ ਸੀ | ਅਜਮੇਰ ਔਲਖ ਦੇ ਸਾਰੇ ਹੀ ਨਾਟਕਾਂ ਵਿਚ ਆਰਥਿਕ, ਸਮਾਜਿਕ ਮਸਲੇ ਪਾਠਕ, ਦਰਸ਼ਕਾਂ ਨਾਲ ਸਾਂਝੇ ਹੁੰਦੇ ਹਨ | ਕਿਤੇ-ਕਿਤੇ ਰਾਜਸੀ ਵਰਤਾਰੇ ਦਾ ਵੀ ਸਿੱਧੇ ਜਾਂ ਵਲਵੇਂ ਢੰਗ ਨਾਲ ਚੈਲਿੰਜ ਦਰਸਾਇਆ ਗਿਆ ਹੁੰਦਾ ਹੈ | ਚੂੰ ਕਿ ਨਾਟਕਕਾਰ ਪਛੜੇ ਮਲਵਈ ਪੇਂਡੂ ਪਿਛੋਕੜ ਨਾਲ ਸਬੰਧਿਤ ਸੀ, ਇਸ ਲਈ ਅਜਿਹਾ ਹੋਣਾ, ਵਾਪਰਨਾ ਸੁਭਾਵਿਕ ਹੀ ਸੀ | ਇਹੋ ਨਾਟ ਸ਼ੈਲੀ ਨਾਟਕਕਾਰ ਦੇ ਕੰਮ ਆਈ ਤੇ ਅਵਾਮ (ਪਾਠਕ, ਦਰਸ਼ਕ) ਦੀਆਂ ਭਾਵਨਾਵਾਂ ਨਾਲ ਇਕਮਿਕ ਹੋਣ ਤੇ ਸੰਦੇਸ਼ ਦੇਣ ਦਾ ਇਕ ਕਾਰਗਰ ਹਥਿਆਰ ਵੀ ਸਾਬਤ ਹੋਈ | ਪਿੰਡਾਂ ਦਾ ਰਹਿਣ-ਸਹਿਣ, ਬੋਲ-ਚਾਲ, ਖਾਣ-ਪੀਣ ਨੂੰ ਅਤਿ ਨੇੜਿਓਾ ਦਰਸਾਉਣਾ ਹੀ ਔਲਖ ਦੀ ਕਾਮਯਾਬੀ ਦੀ ਨਿਸ਼ਾਨਦੇਹੀ ਕਰਦੇ ਪ੍ਰਤੀਤ ਹੋਏ |
ਔਲਖ ਨੇ ਕੇਵਲ ਇਕੱਲੇ ਨੇ ਹੀ ਨਹੀਂ, ਬਲਕਿ ਆਪਣੀ ਪਤਨੀ, ਬੇਟੀਆਂ ਤੇ ਜਵਾਈਆਂ ਨੂੰ ਵੀ ਇਸ ਰਾਹ ਪਾਇਆ ਤੇ ਵਿਭਿੰਨ ਨਾਟਕਾਂ ਵਿਚ ਦਮਦਾਰ ਭੂਮਿਕਾਵਾਂ ਦੇ ਕੇ ਆਪਣੇ ਘਰੇਲੂ ਰੰਗਮੰਚ ਦਾ ਮੁਜ਼ਾਹਰਾ ਕੀਤਾ | ਸਾਹਿਤ ਸਿਰਜਣਾ ਜਾਂ ਨਾਟ ਲੇਖਣ ਤਾਂ ਇਕ ਸੁੁਭਾਵਿਕ ਤੇ ਕੁਦਰਤੀ ਕਾਰਜ ਹੈ, ਪਰ ਰੰਗਮੰਚ ਲਈ ਕੁਝ ਤਕਨੀਕਾਂ ਦੀ ਜ਼ਰੂਰਤ ਹੁੰਦੀ ਹੈ ਜਿਸ ਲਈ ਕਈ ਅਦਾਰੇ ਤੇ ਯੂਨੀਵਰਸਿਟੀਆਂ ਟ੍ਰੇਨਿੰਗ ਦਿੰਦੀਆਂ ਹਨ | ਪਰ ਸਾਡੇ ਇਸ ਯੋਧੇ ਨਾਟਕਕਾਰ ਤੇ ਰੰਗਕਰਮੀ ਨੇ ਕਿਸੇ ਅਦਾਰੇ ਜਾਂ ਵਿਦਿਆਲੇ ਤੋਂ ਐਕਟਿੰਗ, ਨਿਰਦੇਸ਼ਨ ਜਾਂ ਕੋਈ ਹੋਰ ਰੰਗਮੰਚੀ ਟ੍ਰੇਨਿੰਗ ਨਹੀਂ ਲਈ | ਆਪਣੇ ਨੇੜੇ ਦੇ ਪਿੰਡਾਂ ਤੋਂ ਪਾਤਰ ਲੈ ਕੇ ਉਨ੍ਹਾਂ ਨੂੰ ਆਪਣੇ ਹੀ ਢੰਗ ਨਾਲ ਆਪਣੇ ਨਾਟਕਾਂ ਦੇ ਯੋਗ ਬਣਾਇਆ | ਦਰਅਸਲ ਉਸ ਦੇ ਨਾਟਕਾਂ ਦਾ ਪੇਂਡੂ ਧਰਾਤਲ ਉਸ ਨੂੰ ਬਹੁਤ ਰਾਸ ਆਇਆ ਤੇ ਪਿੰਡਾਂ ਦੇ ਮੁੰਡੇ ਕੁੜੀਆਂ ਉਸ ਦੇ ਨਾਟਕਾਂ ਦੇ ਬਹੁਤ ਮੇਚ ਆਏ |
ਬੇਸ਼ੱਕ ਔਲਖ ਦੇ ਇਕ ਨਾਟਕ 'ਇਸ਼ਕ ਬਾਝੋਂ ਨਮਾਜ ਦਾ ਹੱਜ ਨਾਹੀ' ਨੂੰ ਭਾਰਤੀ ਸਾਹਿਤ ਅਕਾਦਮੀ ਨੇ ਸਨਮਾਨ ਦਿੱਤਾ ਪ੍ਰੰਤੂ ਉਸਦੇ ਤਕਰੀਬਨ ਸਾਰੇ ਹੀ ਨਾਟਕ ਸਨਮਾਨ ਦਾ ਹੱਕ ਰੱਖਦੇ ਹਨ | ਇਕ ਰੰਗਕਰਮੀ ਹੋਣ ਦੇ ਨਾਤੇ ਉਸ ਦੇ ਨਾਟਕਾਂ ਨੇ ਪਿੰਡਾਂ ਦੇ ਇਕ ਵੱਡੇ ਦਰਸ਼ਕ ਵਰਗ ਨੂੰ ਵੀ ਸਹਿਜਤਾ ਨਾਲ ਆਪਣੇ ਕਰੀਬ ਲੈ ਆਂਦਾ | ਉਨ੍ਹਾਂ ਨੇ ਲੋਕਾਂ ਦਾ ਚਿਹਰਾ ਮੋਹਰਾ, ਹਾਲਾਤ ਤੇ ਸਮੱਸਿਆਵਾਂ ਉਨ੍ਹਾਂ ਦੇ ਮੂਹਰੇ ਹੀ ਪਰੋਸੀਆਂ ਤਾਂ ਕਿ ਉਹ ਆਪਣੇ ਅੰਦਰ ਝਾਕਦਿਆਂ ਆਪਣੇ ਹਾਲਾਤ ਨੂੰ ਬਦਲਣ ਲਈ ਨਿਜ਼ਾਮ ਨਾਲ ਟਕਰਾ ਸਕਣ ਤੇ ਜੂਝ ਕੇ ਕਹਿ ਸਕਣ ਹੁਣ ਨੀਓ ਸਰਨਾ, ਅਸੀਂ ਆਪਣਾ ਹੱਕ ਲੈ ਕੇ ਈ ਰਹਾਂਗੇ |

-ਹਾਊਸ 5, ਸਟਰੀਟ 8, ਘੁੰਮਣ ਨਗਰ ਸਰਹਿੰਦ ਰੋਡ, ਪਟਿਆਲਾ |
ਮੋਬਾਈਲ : 98145-07693.

ਸੰਸਾਰ ਜੇਤੂ ਸਿਕੰਦਰ ਦੀ ਅੰਤਿਮ ਇੱਛਾ ਵੀ ਪੂਰੀ ਨਾ ਹੋਈ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸਿਕੰਦਰ ਨੇ 331 ਪੂਰਬ ਈਸਵੀ ਦੀ ਬਸੰਤ ਰੁੱਤ ਵਿਚ ਈਰਾਨ ਉਤੇ ਵੱਡਾ ਹਮਲਾ ਕੀਤਾ | ਇਸ ਸਮੇਂ ਯੂਨਾਨੀ ਫ਼ੌਜ ਵਿਚ 50 ਹਜ਼ਾਰ ਦੇ ਲਗਪਗ ਸਿਪਾਹੀ ਸਨ ਅਤੇ ਦੂਜੇ ਪਾਸੇ ਦਾਰਾ ਦੀ ਫ਼ੌਜ ਵਿਚ 5 ਲੱਖ ਜਵਾਨ ਸਨ | ਇਸ ਲੜਾਈ ਵਿਚ ਸਿਕੰਦਰ ਦੇ ਘੋੜ ਸਵਾਰਾਂ ਨੇ ਈਰਾਨੀਆਂ ਨੂੰ ਮਾਰ ਭਜਾਇਆ ਅਤੇ ਦਾਰਾ ਜਾਨ ਬਚਾਅ ਕੇ ਭੱਜ ਗਿਆ | ਬਾਬਲ ਅਤੇ ਸੂਸਾ ਦੇ ਪ੍ਰਸਿੱਧ ਸ਼ਹਿਰਾਂ ਉੱਪਰ ਕਬਜ਼ਾ ਕਰ ਲਿਆ ਅਤੇ ਈਰਾਨ ਦੀ ਰਾਜਧਾਨੀ ਪਰਸੀਪੌਲਿਸ ਉਤੇ ਵੀ ਸਿਕੰਦਰ ਦਾ ਕਬਜ਼ਾ ਹੋ ਗਿਆ | ਇਥੇ ਉਨ੍ਹਾਂ ਦੇ ਬੇਅੰਤ ਧਨ ਹੱਥ ਆਇਆ ਅਤੇ ਉਨ੍ਹਾਂ ਨੇ ਬਾਦਸ਼ਾਹ ਦਾਰਾ ਦਾ ਰਾਜ ਮਹੱਲ ਸਾੜ ਦਿੱਤਾ |
328 ਪੂਰਬ ਈਸਵੀ ਵਿਚ ਸਾਰਾ ਈਰਾਨੀ ਸਾਮਰਾਜ ਸਿਕੰਦਰ ਦੇ ਅਧੀਨ ਹੋ ਚੁੱਕਾ ਸੀ | ਹੁਣ ਸਿਕੰਦਰ ਨੇ ਹਿੰਦ ਵੱਲ ਮੰੂਹ ਕੀਤਾ | ਉਹ ਕਾਬਲ ਤੋਂ ਦਰਾ ਖੈਬਰ ਵਿਚੋਂ ਹੁੰਦਾ ਹੋਇਆ ਭਾਰਤ ਦੇਸ਼ ਪਹੁੰਚਿਆ | ਉਥੇ ਸਿੰਧ ਨਦੀ ਦੇ ਕੰਢੇ ਭਾਰਤੀ ਰਾਜੇ ਪੋਰਸ ਨਾਲ ਤਕੜੀ ਲੜਾਈ ਹੋਈ | ਪੋਰਸ ਆਪ 50 ਹਜ਼ਾਰ ਪੈਦਲ, 3 ਹਜ਼ਾਰ ਘੋੜ ਸਵਾਰ, ਇਕ ਹਜ਼ਾਰ ਰੱਥ ਤੇ 130 ਹਾਥੀ ਲੈ ਕੇ ਸਿਕੰਦਰ ਦਾ ਮੁਕਾਬਲਾ ਕਰਨ ਲਈ ਅੱਗੇ ਵਧਿਆ | ਜਦੋਂ ਸਿਕੰਦਰ ਨੇ ਕਰੀ ਦੇ ਮੈਦਾਨ ਵਿਚ ਭਾਰਤੀ ਸੈਨਾ ਦੇ ਸਾਜ਼ੋ-ਸਾਮਾਨ ਤੇ ਵਿਉਂਤਬੰਦੀ ਨੂੰ ਵੇਖਿਆ ਤਾਂ ਉਹ ਇਹ ਕਹਿਣ ਲਈ ਮਜਬੂਰ ਹੋ ਗਿਆ, 'ਮੈਂ ਵੇਖਦਾ ਹਾਂ ਕਿ ਮੇਰੇ ਸਾਹਮਣੇ ਅਜਿਹਾ ਖ਼ਤਰਾ ਆ ਰਿਹਾ ਹੈ, ਜੋ ਮੇਰੀ ਦਲੇਰੀ ਨੂੰ ਲਲਕਾਰ ਰਿਹਾ ਹੈ | ਹੁਣ ਜੰਗਲੀ ਜਾਨਵਰਾਂ ਤੇ ਅਸਾਧਾਰਨ ਹੌਸਲੇ ਵਾਲੇ ਮਨੁੱਖਾਂ ਨਾਲ ਮੇਰਾ ਮੁਕਾਬਲਾ ਹੈ |' ਦੋਵੇਂ ਪਾਸਿਓਾ ਜਵਾਨ ਬੜੀ ਬਹਾਦਰੀ ਦੇ ਨਾਲ ਪੂਰੇ ਅੱਠ ਘੰਟੇ ਲੜਦੇ ਰਹੇ | ਜਿਵੇਂ ਪਲੂਟਾਰਕ ਲਿਖਦਾ ਹੈ, 'ਦਿ੍ੜ੍ਹਤਾ ਸਹਿਤ ਡਟੇ ਰਹੇ, ਪੰ੍ਰਤੂ ਅੰਤ ਵਿਚ ਕਿਸਮਤ ਨੇ ਸਾਥ ਨਾ ਦਿੱਤਾ |' ਇਸ ਲੜਾਈ ਵਿਚ ਪੋਰਸ ਹਾਰ ਗਿਆ | ਅੰਤ ਪੋਰਸ ਨੂੰ ਫੜ ਕੇ ਸਿਕੰਦਰ ਦੇ ਸਾਹਮਣੇ ਲਿਆਂਦਾ ਗਿਆ ਤਾਂ ਸਿਕੰਦਰ ਪੋਰਸ ਨੂੰ ਪੂਰੇ ਉਤਸ਼ਾਹ ਨਾਲ ਮਿਲਿਆ, ਜਿਵੇਂ ਬਹਾਦਰ ਜ਼ੋਰ ਅਜ਼ਮਾਈ ਉਪਰੰਤ ਦੂਜੇ ਬਹਾਦਰ ਨੂੰ ਮਿਲਦਾ ਹੈ | ਸਿਕੰਦਰ ਨੇ ਰਾਜਾ ਪੋਰਸ ਨੂੰ ਪੁੱਛਿਆ ਕਿ ਉਸ ਨਾਲ ਕਿਹੋ ਜਿਹਾ ਵਰਤਾਓ ਕੀਤਾ ਜਾਵੇ | ਰਾਜਾ ਪੋਰਸ ਨੇ ਕਿਹਾ ਕਿ ਜਿਹੋ-ਜਿਹਾ ਬਾਦਸ਼ਾਹ ਬਾਦਸ਼ਾਹਾਂ ਨਾਲ ਕਰਦੇ ਹਨ | ਇਹ ਉੱਤਰ ਸੁਣ ਕੇ ਸਿਕੰਦਰ ਬਹੁਤ ਪ੍ਰਸੰਨ ਹੋਇਆ | ਜਸਟਨ ਲਿਖਦਾ ਹੈ ਕਿ, 'ਸਿਕੰਦਰ ਨੇ ਉਸ ਦੀ ਬਹਾਦਰੀ ਦਾ ਸਨਮਾਨ ਕਰਦਿਆਂ ਪੋਰਸ ਨੂੰ ਉਸ ਦਾ ਸੁਰੱਖਿਅਤ ਰਾਜ-ਭਾਗ ਵਾਪਸ ਕਰ ਦਿੱਤਾ |' ਸਿਕੰਦਰ ਨੇ ਇਸ ਜੰਗ ਅਤੇ ਮਿੱਤਰਤਾ ਤੋਂ ਬਹੁਤ ਕੁਝ ਸਿੱਖਿਆ | ਉਹ ਇਹ ਜਾਣ ਗਿਆ ਕਿ ਦੂਰ ਯੂਨਾਨ ਦੇ ਰਹਿਣ ਵਾਲੇ ਲਈ ਇਹ ਅਤਿ ਅਸੰਭਵ ਹੋਵੇਗਾ ਕਿ ਉਹ ਆਪਣੇ ਜਿੱਤੇ ਹੋਏ ਦੇਸ਼ਾਂ ਦੇ ਰਾਜਿਆਂ ਤੋਂ ਲਗਾਤਾਰ ਆਤਮ ਸਮਰਪਣ ਦੀ ਆਸ ਰੱਖੇ, ਜਦ ਤੱਕ ਸਥਾਨਕ ਵਫ਼ਾਦਾਰੀ, ਸਹਾਇਤਾ ਤੇ ਮਿਲਵਰਤਨ ਪ੍ਰਾਪਤ ਨਾ ਹੋਵੇ | ਇਸ ਤੋਂ ਇਲਾਵਾ ਉਸ ਦੀ ਪੂਰਬ ਵਿਚ ਇਕ ਪੱਕਾ ਰਾਜ ਕਾਇਮ ਕਰਨ ਦੀ ਇੱਛਾ ਪੂਰੀ ਨਾ ਹੋ ਸਕੀ |

ਸਿਕੰਦਰ ਆਪਣੀਆਂ ਫ਼ੌਜਾਂ ਨਾਲ ਮਾਰਾਂ ਮਾਰਦਾ ਹੋਇਆ ਬਿਆਸ ਨਦੀ ਦੇ ਕੰਢੇ ਪੁੱਜਾ ਤਾਂ ਉਸ ਦੀ ਯੁੱਧ ਤੋਂ ਥੱਕ ਟੁੱਟੀ ਫ਼ੌਜ ਨੇ ਅੱਗੇ ਵਧਣ ਤੋਂ ਨਾਂਹ ਕਰ ਦਿੱਤੀ | ਇਕ ਸ਼ਾਨਦਾਰ ਫ਼ੌਜੀ ਨੇਤਾ ਤੇ ਇਕ ਸੌ ਲੜਾਈਆਂ ਦਾ ਜੇਤੂ ਸੂਰਮਾ ਆਪਣੇ ਸਿਪਾਹੀਆਂ ਸਾਹਮਣੇ ਝੁਕ ਗਿਆ | ਫ਼ੌਜ ਨੇ ਯੂਨਾਨ ਤੋਂ ਚੱਲ ਕੇ 12 ਹਜ਼ਾਰ ਮੀਲ ਰਸਤਾ ਪੂਰਾ ਤੈਅ ਕਰ ਲਿਆ ਸੀ | ਨਿਰਾਸ਼ ਹੋ ਕੇ ਸਿਕੰਦਰ ਨੇ ਪਿੱਛੇ ਮੁੜਨ ਦਾ ਹੁਕਮ ਦੇ ਦਿੱਤਾ | ਸਤੰਬਰ 325 ਪੂਰਬ ਈਸਵੀ ਵਿਚ ਸਿਕੰਦਰ ਨੇ ਆਪਣੇ ਯਾਦਗਾਰੀ ਬਹਾਦਰੀ ਸਥਾਨ ਨੂੰ ਛੱਡਿਆ | ਉਸ ਨੇ ਫ਼ੌਜ ਦੇ ਦੋ ਭਾਗ ਕਰ ਦਿੱਤੇ | ਇਕ ਹਿੱਸਾ ਸਮੰੁਦਰ ਦੇ ਰਸਤੇ ਜਨਰਲ ਨਿਆਰਕਸ ਦੀ ਕਮਾਨ ਹੇਠ ਭੇਜ ਦਿੱਤਾ ਤੇ ਦੂਜੇ ਹਿੱਸੇ ਨੇ ਸਿਕੰਦਰ ਦੀ ਕਮਾਨ ਹੇਠ ਗੇਦਰੋਸੀਆ (ਬਲੋਚਿਸਤਾਨ) ਦੇ ਦੱਖਣੀ ਤੱਟ ਦੇ ਨਾਲ-ਨਾਲ ਕੂਚ ਕੀਤਾ | ਸਿਕੰਦਰ 326 ਪੂਰਬ ਈਸਵੀ ਦੀ ਬਸੰਤ ਰੁੱਤ ਤੋਂ ਲੈ ਕੇ 325 ਪੂਰਬ ਈਸਵੀ ਦੇ ਸਤੰਬਰ ਤੱਕ 19 ਮਹੀਨੇ ਦੇ ਕਰੀਬ ਭਾਰਤ ਵਿਚ ਰਿਹਾ |
ਜਦ ਸਿਕੰਦਰ ਪੱਛਮੀ ਫਾਰਸ ਦੇ ਸੀਸਤਾਨ ਦੇ ਰੇਗਿਸਤਾਨ 'ਚੋਂ ਗੁਜ਼ਰ ਰਿਹਾ ਸੀ ਤਾਂ ਉਸ ਨੂੰ ਮਲੇਰੀਆ ਹੋ ਗਿਆ | ਉਹ ਆਪ ਆਪਣੇ ਵਜ਼ੀਰ ਨਾਲ ਅੱਗੇ ਚੱਲ ਰਿਹਾ ਸੀ ਅਤੇ ਫ਼ੌਜ ਪਿੱਛੇ ਆ ਰਹੀ ਸੀ | ਸਿਕੰਦਰ ਜਿਵੇਂ-ਜਿਵੇਂ ਅੱਗੇ ਵਧਦਾ ਗਿਆ, ਉਸੇ ਤਰ੍ਹਾਂ ਬੁਖਾਰ ਤੇਜ਼ ਹੋਈ ਗਿਆ ਅਤੇ ਫ਼ੌਜ ਪਿੱਛੇ ਰਹਿ ਗਈ | ਅਖੀਰ ਸਿਕੰਦਰ ਨੇ ਵਜ਼ੀਰ ਨੂੰ ਕਿਹਾ ਕਿ ਮੈਨੂੰ ਬੁਖਾਰ ਹੋ ਗਿਆ ਹੈ | ਵਜ਼ੀਰ ਕਹਿਣ ਲੱਗਾ ਬਾਦਸ਼ਾਹ ਸਲਾਮਤ, ਦੋ-ਚਾਰ ਮੀਲ ਅੱਗੇ ਚਲੋ, ਕੋਈ ਦਰੱਖਤ ਆ ਜਾਏ ਜਿਥੇ ਆਰਾਮ ਕੀਤਾ ਜਾ ਸਕੇ | ਜਦ ਹੋਰ ਅੱਗੇ ਗਏ ਤਾਂ ਬੁਖਾਰ ਹੋਰ ਤੇਜ਼ ਹੋ ਗਿਆ |
ਜਦ ਦੋ-ਚਾਰ ਮੀਲ ਹੋਰ ਅੱਗੇ ਚਲੇ ਗਏ ਤਾਂ ਬੁਖਾਰ ਏਨਾ ਤੇਜ਼ ਹੋ ਗਿਆ ਕਿ ਸਿਕੰਦਰ ਤੋਂ ਬਰਦਾਸ਼ਤ ਕਰਨਾ ਔਖਾ ਸੀ | ਸਿਕੰਦਰ ਅਖੀਰ ਘੋੜੇ ਤੋਂ ਹੇਠਾਂ ਉੱਤਰ ਖੜੋਤਾ ਤੇ ਕਹਿਣ ਲੱਗਾ ਕਿ ਮੈਂ ਠੀਕ ਨਹੀਂ, ਮੇਰੇ ਤੋਂ ਇਕ ਕਦਮ ਵੀ ਜਾਇਆ ਨਹੀਂ ਜਾ ਸਕਦਾ | ਹੁਣ ਵਜ਼ੀਰ ਕੀ ਕਰ ਸਕਦਾ ਸੀ, ਉਸ ਕੋਲ ਹੈ ਵੀ ਕੀ ਸੀ ਜੋ ਸਿਕੰਦਰ ਦੇ ਲਈ ਹੇਠਾਂ ਵਿਛਾ ਦੇਵੇ | ਅਖੀਰ ਵਜ਼ੀਰ ਨੇ ਆਪਣੀ ਸੰਜੋਅ ਉਤਾਰ ਕੇ ਹੇਠਾਂ ਵਿਛਾ ਦਿੱਤੀ | ਸਿਕੰਦਰ ਉਸ 'ਤੇ ਲੇਟ ਗਿਆ | ਸੰਜੋਅ ਇਕ ਲੋਹੇ ਦਾ ਕੋਟ ਹੁੰਦਾ ਹੈ ਜੋ ਜੰਗ ਸਮੇਂ ਰਾਜਾ ਤੇ ਵਜੀਰ ਆਦਿ ਪਹਿਨਦੇ ਹਨ | ਸੰਜੋਅ ਦੇ ਅੰਦਰ ਮਖਮਲੀ ਕੱਪੜਾ ਲੱਗਿਆ ਹੁੰਦਾ ਹੈ, ਜਿਸ ਨਾਲ ਲੋਹਾ ਸਰੀਰ ਨੂੰ ਪ੍ਰੇਸ਼ਾਨ ਨਹੀਂ ਕਰਦਾ ਅਤੇ ਸੰਜੋਅ ਉਤੇ ਦੁਸ਼ਮਣ ਦਾ ਵਾਰ ਵੀ ਅਸਰ ਨਹੀਂ ਕਰਦਾ | ਦੁਪਹਿਰ ਦਾ ਸਮਾਂ ਸੀ, ਗਰਮੀ ਜ਼ੋਰਾਂ ਦੀ ਸੀ, ਨਾ ਕੋਈ ਦਰੱਖਤ ਸੀ, ਨਾ ਕੋਈ ਛਾਂ ਸੀ, ਵਜ਼ੀਰ ਕੀ ਕਰਦਾ? ਧੁੱਪ ਸਿਖ਼ਰ ਦੀ ਸੀ, ਜੋ ਚਿਹਰੇ ਨੂੰ ਸਾੜ ਰਹੀ ਸੀ | ਵਜ਼ੀਰ ਨੇ ਛਾਂ ਲਈ ਸਿਕੰਦਰ ਦੀ ਸੋਨੇ ਦੀ ਢਾਲ ਉੱਪਰ ਕਰ ਦਿੱਤੀ, ਜਦ ਮੌਤ ਆਉਂਦੀ ਹੈ ਤਾਂ ਮਨੁੱਖ ਨੂੰ ਪਤਾ ਲੱਗ ਜਾਂਦਾ ਹੈ | ਜੋਤਸ਼ੀਆਂ ਦਾ ਕਿਹਾ ਸੱਚ ਹੋ ਗਿਆ | ਇਸ ਸਮੇਂ ਸੱਚਮੁੱਚ ਜ਼ਮੀਨ ਲੋਹੇ ਦੀ ਅਤੇ ਅਸਮਾਨ ਸੋਨੇ ਦਾ ਸੀ, ਹੁਣ ਮੌਤ ਅਵੱਸ਼ ਹੋਵੇਗੀ |
ਇਸ ਸਮੇਂ ਪਿੱਛੇ ਆ ਰਹੀ ਫ਼ੌਜ ਅਤੇ ਹਕੀਮ ਵੀ ਪਹੁੰਚ ਗਏ | ਸਿਕੰਦਰ ਨੇ ਕਿਹਾ, 'ਮੇਰੀ ਨਬਜ਼ ਦੇਖੋ | ਹਕੀਮ ਨੇ ਨਬਜ਼ ਦੇਖੀ ਤੇ ਕਿਹਾ ਕਿ ਬਾਦਸ਼ਾਹ ਸਲਾਮਤ! ਆਪ ਹੁਣ ਬਚ ਨਹੀਂ ਸਕਦੇ |' ਰਾਜੇ ਨੇ ਕਿਹਾ ਕਿ, 'ਮੈਂ ਆਪਣਾ ਅੱਧਾ ਰਾਜ ਦੇ ਦੇਵਾਂਗਾ, ਮੈਨੂੰ ਇਕ ਵਾਰ ਮੇਰੀ ਮਾਂ ਨਾਲ ਮਿਲਾ ਦੇਵੋ |' ਹਕੀਮਾਂ ਨੇ ਕਿਹਾ ਕਿ, 'ਹੁਣ ਕੁਝ ਨਹੀਂ ਹੋ ਸਕਦਾ, ਇਸ ਤੋਂ ਵੱਧ ਸਾਡੇ ਕੋਲ ਹੋਰ ਕੋਈ ਇਲਾਜ ਨਹੀਂ |' ਫਿਰ ਕਿਹਾ ਕਿ, 'ਮੈਂ ਸਾਰਾ ਰਾਜ ਦੇ ਦਿੰਦਾ ਹਾਂ, ਮੈਨੂੰ ਇਕ ਵਾਰ ਮੇਰੀ ਮਾਂ ਨਾਲ ਮਿਲਾ ਦਿਓ | ਮੈਂ ਮੰਗ ਕੇ ਰੋਟੀ ਖਾ ਲਵਾਂਗਾ ਪਰ ਮੇਰੀ ਮਾਂ ਨੂੰ ਇਕ ਵਾਰ ਜ਼ਰੂਰ ਮਿਲਵਾ ਦਿਓ |' ਹਕੀਮਾਂ ਨੇ ਕਿਹਾ ਕਿ, 'ਤੁਹਾਡੀ ਉਮਰ ਪੂਰੀ ਹੋ ਚੁੱਕੀ ਹੈ, ਹੁਣ ਇਕ ਸਾਹ ਵੀ ਨਹੀਂ ਮਿਲ ਸਕਦਾ |' ਇਹ ਸੁਣ ਕੇ ਮਹਾਨ ਸਿਕੰਦਰ ਬੱਚਿਆਂ ਦੀ ਤਰ੍ਹਾਂ ਉੱਚੀ-ਉੱਚੀ ਰੋਇਆ | ਸਿਕੰਦਰ 33 ਸਾਲ ਦੀ ਉਮਰ ਵਿਚ ਜੂਨ 323 ਪੂਰਬ ਈਸਵੀ ਨੂੰ ਬਾਬਿਲ ਵਿਖੇ ਅਕਾਲ ਚਲਾਣਾ ਕਰ ਗਿਆ | (ਸਮਾਪਤ)

-ਮੋਬਾਈਲ : 98155-33725.

ਰਾਬਿੰਦਰ ਨਾਥ ਟੈਗੋਰ ਬਾਰੇ ਬਲਰਾਜ ਸਾਹਨੀ ਦੀਆਂ ਦਿਲਚਸਪ ਯਾਦਾਂ: ਜਦੋਂ ਮੈਨੂੰ ਅਹਿਸਾਸ ਹੋਇਆ ਕਿ ਮੈਂ ਮਾਤ ਭਾਸ਼ਾ ਤੋਂ ਮੂੰਹ ਮੋੜਿਆ ਹੈ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਸੋ, ਸ਼ਾਂਤੀ ਨਿਕੇਤਨ ਨੂੰ ਜਾਨਣ ਸਮਝਣ ਦੀ ਥਾਂ ਤੇ ਮੈਂ ਉਸ ਨੂੰ ਇਕ 'ਤਜਰਬਾ' ਜਾਣ ਕੇ ਸਬਰ ਕਰ ਲਿਆ | ਮੈਂ ਵੇਖਿਆ ਕਿ ਉਥੋਂ ਦਾ ਵਾਤਾਵਰਨ ਬਹੁਤ ਹੀ ਮਨ ਨੂੰ ਮੋਹਣ ਵਾਲਾ ਅਤੇ ਅਪਣੱਤ ਨਾਲ ਭਰਿਆ ਸੀ | ਉਸ ਵਿਚ ਗੁਰੂਦੇਵ ਦੇ ਲੈਅ ਭਰਪੂਰ ਗੀਤਾਂ ਦੇ ਸੁਰ ਗੂੰਜਦੇ ਅਤੇ ਝਾਂਜਰਾਂ ਦੇ ਬੋਰ ਛਣਕਦੇ | ਉਨ੍ਹਾਂ ਦਿਨਾਂ ਵਿਚ ਮੈਨੂੰ ਹਿੰਦੀ ਵਿਚ ਕਹਾਣੀਆਂ ਲਿਖਣ ਦਾ ਸ਼ੌਕ ਸੀ | ਹਿੰਦੀ ਸੰਸਾਰ ਵਿਚ ਮੈਂ ਥੋੜ੍ਹਾ ਨਾਂਅ ਕਮਾਇਆ ਸੀ | ਉਦੋਂ ਮੈਂ ਪਹਿਲਾਂ ਤੋਂ ਵੀ ਜ਼ਿਆਦਾ ਕਹਾਣੀਆਂ ਲਿਖਣ ਲੱਗ ਪਿਆ ਅਤੇ ਕਿਸੇ ਨਾ ਕਿਸੇ ਹਿੰਦੀ ਨਾਟਕ ਦੀ ਤਿਆਰੀ ਵਿਚ ਵੀ ਭਾਗ ਲੈਂਦਾ | ਇਹ ਨਾਟਕ ਕਿਸੇ ਵਿਦੇਸ਼ੀ ਨਾਟਕ ਦਾ ਰੁਪਾਂਤਰਨ ਹੁੰਦਾ ਜੋ ਮੇਰੇ ਲਈ ਕਾਫੀ ਸਿਰਜਣਾਤਮਕ ਕੰਮ ਸੀ |
ਪਰ ਜੇ ਮੈਂ ਕੁਝ ਹੋਰ ਮਿਹਨਤ ਕਰਨ ਦੀ ਕੋਸ਼ਿਸ਼ ਸਹੀ ਢੰਗ ਨਾਲ ਕੀਤੀ ਹੁੰਦੀ ਤਾਂ ਮੈਂ ਉਨ੍ਹਾਂ ਮੌਕਿਆਂ ਦਾ ਜ਼ਿਆਦਾ ਫ਼ਾਇਦਾ ਚੁੱਕ ਸਕਦਾ ਸੀ | ਜਿਵੇਂ ਕਿ ਮੈਨੂੰ ਇਸ ਗੱਲ ਦਾ ਪਤਾ ਲੱਗਾ ਕਿ ਰਾਬਿੰਦਰ ਨਾਥ ਨੇ ਅੰਗਰੇਜ਼ੀ ਅਤੇ ਯੂਰੋਪੀਅਨ ਸਾਹਿਤ ਦੀ ਪੜ੍ਹਾਈ ਕੀਤੀ ਸੀ ਅਤੇ ਉਨ੍ਹਾਂ ਦਾ ਸਾਹਿਤਕ ਕੱਦ ਉਨ੍ਹਾਂ ਲੋਕਾਂ ਤੋਂ ਕਿਤੇ ਉੱਚਾ ਸੀ ਜੋ ਸਿਰਫ਼ ਹਿੰਦੀ ਸਾਹਿਤ ਦੀਆਂ ਵਲਗਣਾਂ ਵਿਚ ਘਿਰੇ ਹੋਏ ਸਨ | ਮੈਨੂੰ ਇਹ ਵੀ ਪਤਾ ਲੱਗਾ ਕਿ ਜਿੱਥੇ ਮੈਂ ਆਪਣੀ ਮਾਤਭਾਸ਼ਾ ਤੋਂ ਮੂੰਹ ਮੋੜਿਆ ਹੋਇਆ ਸੀ, ਉਥੇ ਗੁਰੂਦੇਵ ਨੇ ਆਪਣੀ ਮਾਤਭਾਸ਼ਾ ਨੂੰ ਅਪਣਾਇਆ ਹੋਇਆ ਸੀ | ਉਨ੍ਹਾਂ ਜੋ ਕੁਝ ਵਿਸ਼ਵ ਸਾਹਿਤ ਤੋਂ ਸਿੱਖਿਆ ਸੀ ਉਸ ਨੂੰ ਸਾਹਿਤ ਸਿਰਜਣ ਲਈ ਵਰਤਿਆ ਸੀ | ਉਦੋਂ ਮੈਨੂੰ ਮਹਿਸੂਸ ਹੁੰਦਾ ਕਿ ਮੈਂ ਲੇਖਕ ਦੇ ਰੂਪ ਵਿਚ ਸਹੀ ਰਾਹ ਤੇ ਅੱਗੇ ਨਹੀਂ ਵਧ ਰਿਹਾ ਸੀ | ਉਦੋਂ ਮੈਂ ਬਾਂਗਲਾ ਭਾਸ਼ਾ ਸਿੱਖਦਾ, ਰਾਬਿੰਦਰ ਸਾਹਿਤ ਨੂੰ ਨਿੱਠ ਕੇ ਪੜ੍ਹਦਾ ਅਤੇ ਮੈਨੂੰ ਆਪਣੀਆਂ ਕੁਝ ਬੁਨਿਆਦੀ ਉਲਝਣਾਂ ਅਤੇ ਗ਼ਲਤ-ਫਹਿਮੀਆਂ ਨੂੰ ਦੂਰ ਕਰਨ ਵਿਚ ਮਦਦ ਮਿਲਦੀ |
ਗੁਰੂਦੇਵ ਬੁਜ਼ੁਰਗ ਸਨ, ਫਿਰ ਵੀ ਉਹ ਸ਼ਾਂਤੀ ਨਿਕੇਤਨ ਦੀਆਂ ਸਰਗਰਮੀਆਂ ਵਿਚ ਭਾਗ ਲੈਂਦੇ ਰਹੇ, ਸੋ ਉਨ੍ਹਾਂ ਨਾਲ ਮੇਰੀ ਮੁਲਾਕਾਤ ਹੁੰਦੀ ਰਹਿੰਦੀ | ਉਹ ਪੁੱਛਦੇ 'ਬਾਂਗਲਾ ਸਿੱਖ ਰਹੇ ਹੋ ਨਾ?' ਮੈਂ ਕਹਿੰਦਾ 'ਸਿੱਖ ਰਿਹਾ ਹਾਂ |' ਪਰ ਇਹ ਝੂਠ ਸੀ | ਮੈਂ ਸੱਚੇ ਦਿਲੋਂ ਬਾਂਗਲਾ ਨਹੀਂ ਸਿੱਖ ਰਿਹਾ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੂਲ ਲੇਖਕ : ਬਲਰਾਜ ਸਾਹਨੀ





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX