ਤਾਜਾ ਖ਼ਬਰਾਂ


ਮੋਦੀ ਦੇ ਮੰਤਰੀ ਦਾ ਬਿਆਨ, ਕਿਹਾ- ਭਾਜਪਾ ਵਰਕਰਾਂ 'ਤੇ ਉਂਗਲ ਚੁੱਕੀ ਤਾਂ ਖ਼ੈਰ ਨਹੀਂ
. . .  34 minutes ago
ਨਵੀਂ ਦਿੱਲੀ, 19 ਅਪ੍ਰੈਲ- ਕੇਂਦਰੀ ਮੰਤਰੀ ਮਨੋਜ ਸਿਨਹਾ ਨੇ ਧਮਕੀ ਦਿੱਤੀ ਹੈ ਕਿ ਜਿਹੜਾ ਵੀ ਵਿਅਕਤੀ ਕਿਸੇ ਭਾਜਪਾ ਵਰਕਰ ਵਿਰੁੱਧ ਉਂਗਲੀ ਚੁੱਕੇਗਾ, ਉਸ ਨੂੰ ਸਿਰਫ਼ 'ਚਾਰ ਘੰਟਿਆਂ' 'ਚ ਹੀ ਇਸ ਦੀ ਕੀਮਤ ਚੁਕਾਉਣੀ ਪਵੇਗੀ। ਉੱਤਰ ਪ੍ਰਦੇਸ਼ ਦੀ ਗਾਜੀਪੁਰ ਸੀਟ ਤੋਂ ਮੁੜ...
ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਦੀ ਮੌਤ ਦਾ ਮਾਮਲਾ ਕ੍ਰਾਇਮ ਬ੍ਰਾਂਚ ਨੂੰ ਸੌਂਪਿਆ ਗਿਆ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ - ਯੂਪੀ-ਉਤਰਾਖੰਡ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਐਨ.ਡੀ. ਤਿਵਾੜੀ ਦੇ ਬੇਟੇ ਰੋਹਿਤ ਸ਼ੇਖਰ ਤਿਵਾੜੀ ਦੀ ਸ਼ੱਕੀ ਹਾਲਤ 'ਚ ਹੋਈ ਮੌਤ ਦੇ ਮਾਮਲੇ ਦੀ ਜਾਂਚ ਨੂੰ ਕ੍ਰਾਇਮ ਬਰਾਂਚ ਨੂੰ ਸੌਂਪਿਆ ਗਿਆ ਹੈ। ਕ੍ਰਾਇਮ ਬ੍ਰਾਂਚ ਦੇ ਕੋਲ ਮਾਮਲਾ ਪਹੁੰਚਣ ਤੋਂ ਬਾਅਦ...
ਪਾਕਿਸਤਾਨ 'ਚ ਯਾਤਰੀ ਬੱਸ ਦੇ ਪਲਟਣ ਕਾਰਨ 8 ਲੋਕਾਂ ਦੀ ਮੌਤ
. . .  about 1 hour ago
ਇਸਲਾਮਾਬਾਦ, 19 ਅਪ੍ਰੈਲ- ਪਾਕਿਸਤਾਨ ਦੇ ਸਿੰਧ ਸੂਬੇ 'ਚ ਅੱਜ ਇੱਕ ਯਾਤਰੀ ਬੱਸ ਦੇ ਪਲਟਣ ਕਾਰਨ ਅੱਠ ਲੋਕਾਂ ਦੀ ਮੌਤ ਹੋ ਗਈ, ਜਦਕਿ 44 ਹੋਰ ਜ਼ਖ਼ਮੀ ਹੋ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਸਿੰਧ ਸੂਬੇ ਦੇ ਬਦੀਨ 'ਚ ਮਾਰਝਾਰ ਇਲਾਕੇ ਨੇੜੇ ਵਾਪਰਿਆ...
ਜਲੰਧਰ : ਇਸ ਕਾਰਨ ਹੋਇਆ ਸੀ ਬਾਲਕ ਨਾਥ ਮੰਦਰ ਦੇ ਪੁਜਾਰੀ ਦਾ ਕਤਲ, ਪੁਲਿਸ ਨੇ ਸੁਲਝਾਈ ਗੁੱਥੀ
. . .  about 1 hour ago
ਜਲੰਧਰ, 19 ਅਪ੍ਰੈਲ- ਨਸ਼ਿਆਂ ਅਤੇ ਕਤਲ ਦੇ ਕਈ ਮਾਮਲਿਆਂ ਨੂੰ ਸੁਲਝਾਉਣ ਵਾਲੀ ਦਿਹਾਤੀ ਪੁਲਿਸ ਦੇ ਹੱਥ 'ਚ ਇੱਕ ਹੋਰ ਵੱਡੀ ਸਫ਼ਲਤਾ ਲੱਗੀ ਹੈ। ਕੁਝ ਦਿਨ ਪਹਿਲਾਂ ਬਾਬਾ ਬਾਲਕ ਨਾਥ ਮੰਦਰ ਕਰਤਾਰਪੁਰ ਦੇ ਪੁਜਾਰੀ ਦੇ ਅੰਨ੍ਹੇ ਕਤਲ ਦੀ ਗੁੱਥੀ ਨੂੰ ਵੀ ਪੁਲਿਸ ਨੇ...
ਦੱਖਣੀ ਅਫ਼ਰੀਕਾ 'ਚ ਚਰਚ ਦੀ ਛੱਤ ਡਿੱਗਣ ਕਾਰਨ 13 ਲੋਕਾਂ ਦੀ ਮੌਤ
. . .  about 1 hour ago
ਜੋਹਨਸਬਰਗ, 19 ਅਪ੍ਰੈਲ- ਦੱਖਣੀ ਅਫ਼ਰੀਕਾ ਦੇ ਪੂਰਬੀ ਸ਼ਹਿਰ ਡਰਬਨ ਦੇ ਨੇੜੇ ਪ੍ਰਾਰਥਨਾ ਦੌਰਾਨ ਇੱਕ ਚਰਚ ਦੀ ਛੱਤ ਡਿੱਗਣ ਕਾਰਨ 13 ਲੋਕਾਂ ਦੀ ਮੌਤ ਹੋ ਗਈ, ਜਦਕਿ 16 ਹੋਰ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਲੰਘੇ ਦਿਨ ਡਰਬਨ ਦੇ...
ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋਏ ਜਗਮੀਤ ਸਿੰਘ ਬਰਾੜ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਤੇਜ਼ ਤਰਾਰ ਆਗੂ ਅਤੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਆਪਣੇ ਘਰ 'ਚ ਹੋਏ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ਼੍ਰੋਮਣੀ ਅਕਾਲੀ 'ਚ ਸ਼ਾਮਲ ਹੋ ਗਏ...
ਗੈਸਟ ਹਾਊਸ ਕਾਂਡ ਤੋਂ ਬਾਅਦ ਪਹਿਲੀ ਵਾਰ ਇੱਕੋ ਮੰਚ 'ਤੇ ਨਜ਼ਰ ਆਏ ਮੁਲਾਇਮ ਯਾਦਵ ਅਤੇ ਮਾਇਆਵਤੀ
. . .  about 2 hours ago
ਲਖਨਊ, 19 ਅਪ੍ਰੈਲ- ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਰਾਸ਼ਟਰੀ ਲੋਕ ਦਲ (ਰਾਲੋਦ) ਦੀ ਅੱਜ ਸਾਂਝੀ ਰੈਲੀ ਹੋਈ। ਇਸ ਰੈਲੀ 'ਚ ਸਪਾ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਅਤੇ ਬਸਪਾ ਮੁਖੀ...
ਸ਼ਿਵ ਸੈਨਾ 'ਚ ਸ਼ਾਮਲ ਹੋਈ ਪ੍ਰਿਅੰਕਾ ਚਤੁਰਵੇਦੀ
. . .  about 2 hours ago
ਮੁੰਬਈ, 19 ਅਪ੍ਰੈਲ- ਪ੍ਰਿਅੰਕਾ ਚਤੁਰਵੇਦੀ ਅੱਜ ਸ਼ਿਵ ਸੈਨਾ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਮੁੰਬਈ 'ਚ ਪਾਰਟੀ ਪ੍ਰਧਾਨ ਊਧਵ ਠਾਕਰੇ ਦੀ ਮੌਜੂਦਗੀ 'ਚ ਸ਼ਿਵ ਸੈਨਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਜ਼ਿਕਰਯੋਗ ਹੈ ਕਿ ਕਾਂਗਰਸ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼...
ਬਰਾਤੀਆਂ ਨੂੰ ਲਿਜਾ ਰਹੀ ਬੱਸ ਪਲਟੀ, ਸੱਤ ਦੀ ਮੌਤ
. . .  about 3 hours ago
ਰਾਏਪੁਰ, 19 ਅਪ੍ਰੈਲ- ਛੱਤੀਸਗੜ੍ਹ ਦੇ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬਰਾਤੀਆਂ ਨੂੰ ਲੈ ਕੇ ਜਾ ਰਹੇ ਇੱਕ ਬੱਸ ਦੇ ਪਲਟਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬੀਤੀ ਰਾਤ ਕਸਡੋਰ...
ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ. ਮੁਖੀ ਹੇਮੰਤ ਕਰਕਰੇ ਨੂੰ ਲੈ ਕੇ ਸਾਧਵੀ ਨੇ ਦਿੱਤਾ ਵਿਵਾਦਤ ਬਿਆਨ
. . .  about 3 hours ago
ਭੋਪਾਲ, 19 ਅਪ੍ਰੈਲ- ਲੋਕ ਸਭਾ ਹਲਕੇ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਵਲੋਂ ਮਹਾਰਾਸ਼ਟਰ ਦੇ ਸ਼ਹੀਦ ਅਤੇ ਸੀਨੀਅਰ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ। ਇਸ ਸੰਬੰਧੀ ਸਾਧਵੀ ਦੀ ਅੱਜ ਸੋਸ਼ਲ ਮੀਡੀਆ...
ਹੋਰ ਖ਼ਬਰਾਂ..

ਸਾਡੀ ਸਿਹਤ

ਚੁਸਤੀ-ਫੁਰਤੀ ਲਈ ਕਰੋ ਐਰੋਬਿਕਸ

ਜਦੋਂ ਤੋਂ ਔਰਤਾਂ ਵਿਚ ਜਾਗ੍ਰਿਤੀ ਆਈ ਹੈ, ਉਨ੍ਹਾਂ ਨੇ ਹਰ ਪੱਖੋਂ ਆਪਣੇ-ਆਪ ਨੂੰ ਸੰਵਾਰਨ ਦੀ ਠਾਣ ਲਈ ਹੈ। ਚਾਹੇ ਦਿਮਾਗੀ ਰੂਪ ਨਾਲ ਹੋਵੇ ਜਾਂ ਸਰੀਰਕ ਰੂਪ ਨਾਲ। ਅੱਜ ਦੀ ਔਰਤ ਮਲਟੀ ਡਾਇਮੈਂਸ਼ਨਲ ਪਰਸਨੈਲਿਟੀ ਵਿਚ ਵਿਸ਼ਵਾਸ ਰੱਖਦੀ ਹੈ। ਏਰੋਬਿਕਸ, ਸਵਿਮਿੰਗ, ਸਕੇਟਿੰਗ, ਟੈਨਿਸ, ਬੈਡਮਿੰਟਨ, ਟੇਬਲ ਟੈਨਿਸ, ਗਾਲਫ ਵਰਗੇ ਸਪੋਰਟਸ ਅਤੇ ਕਸਰਤ ਦੁਆਰਾ ਉਹ ਆਪਣੇ-ਆਪ ਨੂੰ ਫਿੱਟ ਰੱਖਣ ਦੀ ਕੋਸ਼ਿਸ਼ ਕਰਦੀ ਹੈ।
ਅੱਜ ਦੀਆਂ ਔਰਤਾਂ ਸੁੰਦਰਤਾ ਦਾ ਧਿਆਨ ਵੀ ਖੂਬ ਰੱਖਦੀਆਂ ਹਨ। ਸੁੰਦਰਤਾ ਲਈ ਉਹ ਸਰਜਰੀ ਵਰਗੀ ਕਸ਼ਟਦਾਇਕ ਪ੍ਰਕਿਰਿਆ ਵਿਚੋਂ ਵੀ ਲੰਘਣ ਨੂੰ ਤਿਆਰ ਰਹਿੰਦੀਆਂ ਹਨ। ਉਨ੍ਹਾਂ ਨੂੰ ਫਿੱਗਰ ਦੀ ਬਹੁਤ ਚਿੰਤਾ ਰਹਿੰਦੀ ਹੈ। ਇਸ ਵਾਸਤੇ ਉਹ ਡਾਇਟਿੰਗ ਅਤੇ ਕਸਰਤ 'ਤੇ ਪੂਰਾ ਧਿਆਨ ਦਿੰਦੀਆਂ ਹਨ। ਮਾਡਲਿੰਗ ਦਾ ਵਧਦਾ ਕ੍ਰੇਜ ਇਸ ਗੱਲ ਦਾ ਗਵਾਹ ਹੈ। ਬਚਪਨ ਤੋਂ ਲੈ ਕੇ ਜਵਾਨੀ ਦੀ ਦਹਿਲੀਜ਼ ਤੱਕ ਪਹੁੰਚਣ ਦੇ ਨਾਲ ਹੀ ਸਰੀਰਕ ਤਬਦੀਲੀਆਂ ਹੋਣ ਲਗਦੀਆਂ ਹਨ। ਇਸ ਸਮੇਂ ਦਾ ਪਪੀ ਕੈਟ ਵੈਸੇ ਤਾਂ ਜਵਾਨੀ ਤੱਕ ਪਹੁੰਚਦੇ ਸਮੇਂ ਹੀ ਪਿਘਲ ਜਾਂਦਾ ਹੈ ਪਰ ਕਸਰਤ ਅਤੇ ਖੇਡ-ਕੁੱਦ ਨਾਲ ਜਿਥੇ ਹੱਡੀਆਂ ਮਜ਼ਬੂਤ ਬਣਦੀਆਂ ਹਨ, ਸਰੀਰ ਸੰਗਠਿਤ ਬਣਦਾ ਹੈ, ਬਿਮਾਰੀਆਂ ਨਾਲ ਲੜਨ ਦੀ ਤਾਕਤ ਵਧਦੀ ਹੈ, ਉਥੇ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਮਜ਼ਬੂਤ ਹੁੰਦੀ ਹੈ। ਹਰ ਮੁਟਿਆਰ ਚਾਹੁੰਦੀ ਹੈ ਕਿ ਉਸ ਦੇ ਕੋਲ ਇਕ ਪ੍ਰਫੈਕਟ ਫਿੱਗਰ ਹੋਵੇ। ਇਸ ਦਾ ਆਦਰਸ਼ ਐਸ਼ਵਰਿਆ ਰਾਏ ਅਤੇ ਸੁਸ਼ਮਿਤਾ ਸੇਨ ਵਰਗੀ ਪ੍ਰਫੈਕਟ ਫਿਗਰ ਵਾਲੀਆਂ ਸਿਨੇ ਸਟਾਰ ਹੁੰਦੀਆਂ ਹਨ। ਇਸ ਦੇ ਲਈ ਇਹ ਹਰ ਸੁਝਾਅ ਮੰਨਣ ਨੂੰ ਤਿਆਰ ਰਹਿੰਦੀਆਂ ਹਨ, ਕਿਉਂਕਿ ਇਸ ਉਮਰ ਵਿਚ ਹਰ ਗੱਲ ਲਈ ਪੂਰਾ ਜੋਸ਼ੋ-ਖਰੋਸ਼ ਹੁੰਦਾ ਹੈ। ਮਨ ਵਿਚ ਲਗਨ ਹੁੰਦੀ ਹੈ। ਸਰੀਰ ਨੂੰ ਚੁਸਤ-ਦਰੁਸਤ ਰੱਖਣ ਲਈ ਅੱਜਕਲ੍ਹ ਏਰੋਬਿਕਸ ਇਕ ਅਤਿਅੰਤ ਹਰਮਨ ਪਿਆਰੀ ਕਸਰਤ ਮੰਨੀ ਜਾਂਦੀ ਹੈ। ਏਰੋਬਿਕ ਕਸਰਤ ਦੀ ਇਕ ਵਿਗਿਆਨਕ ਸ਼ੈਲੀ ਹੈ। ਏਰੋਬਿਕ ਸ਼ਬਦ ਏਅਰ ਤੋਂ ਬਣਿਆ ਹੈ। ਇਸ ਦਾ ਵਿਗਿਆਨਕ ਅਰਥ ਹੈ ਸਰੀਰ ਵਿਚ ਆਕਸੀਜਨ ਦੀ ਜ਼ਿਆਦਾ ਮਾਤਰਾ ਭਾਵ ਸ਼ੁੱਧ ਹਵਾ ਨੂੰ ਸਹਿ ਰਾਹੀਂ ਸਰੀਰ ਵਿਚ ਪਹੁੰਚਾਉਣਾ।
ਏਰੋਬਿਕਸ ਨਾਲ ਜਦੋਂ ਆਕਸੀਜਨ ਦੀ ਜ਼ਿਆਦਾ ਮਾਤਰਾ ਸਰੀਰ ਵਿਚ ਪਹੁੰਚਦੀ ਹੈ ਤਾਂ ਇਸ ਨਾਲ ਖੂਨ ਦਾ ਦਬਾਅ ਨਾਰਮਲ ਹੁੰਦਾ ਹੈ। ਦਿਲ ਦੀ ਧੜਕਣ ਠੀਕ ਹੁੰਦੀ ਹੈ, ਫੇਫੜੇ ਮਜ਼ਬੂਤ ਹੁੰਦੇ ਹਨ, ਕਿਸੇ ਵੀ ਤਰ੍ਹਾਂ ਦਾ ਮਾਨਸਿਕ ਸੰਤਾਪ ਦੂਰ ਹੁੰਦਾ ਹੈ। ਸੋਚਣ ਦੀ ਸ਼ਕਤੀ ਤੇਜ਼ ਹੁੰਦੀ ਹੈ। ਸੁਸਤੀ ਦੂਰ ਹੁੰਦੀ ਹੈ। ਕਸਰਤ ਇਕ ਸਜ਼ਾ ਨਾ ਲੱਗੇ, ਇਸ ਦੇ ਲਈ ਪੱਛਮੀ ਧੁਨਾਂ ਦੇ ਨਾਲ ਤਾਲ ਮਿਲਾ ਕੇ ਇਸ ਨੂੰ ਕੀਤਾ ਜਾਂਦਾ ਹੈ, ਜਿਸ ਨਾਲ ਇਹ ਕਸਰਤ-ਕਮ-ਡਾਂਸ ਦਾ ਆਭਾਸ ਦਿੰਦੀ ਹੈ। ਇਸ ਦੇ ਬਾਕਾਇਦਾ ਸਕੂਲ ਹੁੰਦੇ ਹਨ ਜਿਥੇ ਪ੍ਰੀਖਿਅਕ ਕਸਰਤ ਦੀਆਂ ਵੱਖ-ਵੱਖ ਮੁਦਰਾਵਾਂ ਦਾ ਪ੍ਰਦਰਸ਼ਨ ਕਰਦੇ ਹਨ ਜਿਸ ਨੂੰ ਪ੍ਰੀਖਣਾਰਥੀ ਫਾਲੋ ਕਰਦੇ ਹਨ। ਕਰੀਬ ਇਕ ਘੰਟਾ ਇਸ ਦੀ ਕਲਾਸ ਚਲਦੀ ਹੈ। ਸ਼ੁਰੂ ਦੇ 15 ਮਿੰਟ ਸਰੀਰ ਗਰਮ ਕਰਨ ਦੇ ਹੁੰਦੇ ਹਨ। ਐਰੋਬਿਕ ਦੇ ਕੁਝ ਐਕਸ਼ਨ ਪੀ. ਟੀ., ਡਰਿੱਲ ਆਦਿ ਵਰਗੇ ਹੀ ਹੁੰਦੇ ਹਨ। ਏਰੋਬਿਕ ਕੈਲੋਰੀਜ਼ ਖ਼ਤਮ ਕਰਨ ਦਾ ਚੰਗਾ ਤਰੀਕਾ ਹੈ। ਇਸ ਨਾਲ ਦਿਲ ਦੀ ਗਤੀ ਤੀਬਰ ਹੁੰਦੀ ਹੈ ਅਤੇ ਸਰੀਰ ਜ਼ਿਆਦਾ ਤੋਂ ਜ਼ਿਆਦਾ ਆਕਸੀਜਨ ਗ੍ਰਹਿਣ ਕਰਦਾ ਹੈ।
ਇਸ ਕਸਰਤ ਦੀ ਖਾਸੀਅਤ ਇਹ ਹੈ ਕਿ ਇਸ ਵਿਚ ਇਹ ਧਿਆਨ ਰੱਖਿਆ ਜਾਂਦਾ ਹੈ ਕਿ ਇਸ ਨੂੰ ਕਰਨ ਵਾਲਾ ਬੋਰ ਨਾ ਹੋਵੇ। ਸੰਗੀਤ ਦੀ ਧੁਨ 'ਤੇ ਕੀਤੇ ਜਾਣ ਦੇ ਕਾਰਨ ਇਹ ਨਾਚ ਦਾ ਅਨੰਦ ਦਿੰਦਾ ਹੈ। ਇਸ ਦੇ ਨਾਲ ਹੀ ਵਿਚ-ਵਿਚਾਲੇ ਅਧਿਆਪਕ ਐਕਸ਼ਨ ਵਿਚ ਬਦਲਾਅ ਕਰਦੇ ਰਹਿੰਦੇ ਹਨ, ਜਿਸ ਨਾਲ ਕਿ ਪ੍ਰੀਖਣ ਲੈਣ ਵਾਲਿਆਂ ਨੂੰ ਉਕਤਾਊਪਣ ਅਤੇ ਥਕਾਨ ਮਹਿਸੂਸ ਨਹੀਂ ਹੁੰਦੀ, ਦਿਲਚਸਪੀ ਬਣੀ ਰਹਿੰਦੀ ਹੈ। ਏਰੋਬਿਕਸ ਵਿਚ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਹੱਥ, ਪੈਰ, ਪੇਟ, ਕਮਰ, ਮੋਢੇ, ਹਿਪਸ, ਸਰੀਰ ਦੇ ਸਾਰੇ ਅੰਗ ਪੁਸ਼ਟ ਹੁੰਦੇ ਹਨ। ਬੇਸਿਕ ਕਿਰਿਆਵਾਂ ਦੇ ਨਾਲ ਹੀ ਉਨ੍ਹਾਂ ਵਿਚ ਕੁਝ ਅਜਿਹੀਆਂ ਕਿਰਿਆਵਾਂ ਕਰਾਈਆਂ ਜਾਂਦੀਆਂ ਹਨ ਤਾਂ ਕਿ ਸਰੀਰ ਆਪਣੀ ਆਮ ਸਥਿਤੀ ਵਿਚ ਆ ਜਾਵੇ। ਹਰ ਕਸਰਤ ਦੀ ਤਰ੍ਹਾਂ ਏਰੋਬਿਕਸ ਦੇ ਵੀ ਕੁਝ ਨਿਯਮ ਹਨ, ਜਿਨ੍ਹਾਂ ਦਾ ਪਾਲਣ ਕਰਨਾ ਬੇਹੱਦ ਜ਼ਰੂਰੀ ਹੈ, ਨਹੀਂ ਤਾਂ ਇਸ ਨਾਲ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ। ਇਕ ਤਾਂ ਛੋਟੇ ਬੱਚਿਆਂ ਅਤੇ ਬਹੁਤ ਬੁੱਢੇ ਲੋਕਾਂ ਲਈ ਇਹ ਨਿਬਿਧ ਹੈ, ਇਹ ਗੱਲ ਧਿਆਨ ਰੱਖਣ ਵਾਲੀ ਹੈ। ਦੂਜਾ ਕਿਸੇ ਗੰਭੀਰ ਰੋਗ ਦੇ ਰੋਗੀ ਜਿਵੇਂ ਅਸਥਮਾ ਹੋਣ 'ਤੇ, ਦਿਲ ਦੀ ਬਿਮਾਰੀ ਜਾਂ ਕੋਈ ਹੋਰ ਗੰਭੀਰ ਰੋਗ ਦੇ ਰੋਗੀ ਲਈ ਇਹ ਕਸਰਤ ਨਹੀਂ ਹੈ।
ਏਰੋਬਿਕ ਮਾਹਿਰ ਦੇ ਅਨੁਸਾਰ ਏਰੋਬਿਕ ਸ਼ੁਰੂ ਕਰਨ ਦੀ ਉਮਰ 13-14 ਸਾਲ ਤੋਂ ਠੀਕ ਮੰਨੀ ਜਾਂਦੀ ਹੈ। ਅਭਿਆਸ ਦੇ ਸਮੇਂ ਪੈਰਾਂ ਵਿਚ ਜੁੱਤੀ ਹੋਣੀ ਚਾਹੀਦੀ ਹੈ। ਭਾਰ ਪੰਜਿਆਂ ਦੀ ਬਜਾਏ ਅੱਡੀ 'ਤੇ ਦਿੱਤਾ ਜਾਣਾ ਚਾਹੀਦਾ ਹੈ ਤਾਂ ਕਿ ਪੈਰਾਂ ਵਿਚ ਮੋਚ ਨਾ ਆ ਜਾਵੇ ਅਤੇ ਲਿਗਾਮੈਂਟਸ ਨੂੰ ਕੋਈ ਨੁਕਸਾਨ ਨਾ ਪਹੁੰਚੇ। ਏਰੋਬਿਕ ਨਾਲ ਤੁਹਾਡਾ ਇਕ ਤੰਦਰੁਸਤ, ਮਜ਼ਬੂਤ ਸਰੀਰ ਦਾ ਸੁਪਨਾ ਪੂਰਾ ਹੋ ਸਕਦਾ ਹੈ, ਅਜਿਹਾ ਸਰੀਰ ਜੋ ਬਿਮਾਰੀਆਂ ਨੂੰ ਨੇੜੇ ਨਾ ਫਟਕਣ ਦੇਵੇ ਅਤੇ ਤੁਹਾਨੂੰ ਜੀਵਨ ਜਿਊਣ ਦਾ ਭਰਪੂਰ ਲੁਤਫ ਦੇਵੇ।


ਖ਼ਬਰ ਸ਼ੇਅਰ ਕਰੋ

ਡੇਂਗੂ ਦੇ ਡੰਗ ਦਾ ਬੁਖਾਰ

ਡੇਂਗੂ ਬੁਖਾਰ ਮੱਛਰਾਂ ਰਾਹੀਂ ਫੈਲਣ ਵਾਲਾ ਇਕ ਰੋਗ ਹੈ। ਇਹ ਡੇਂਗੂ ਨਾਮਕ ਵਾਇਰਸ ਦੇ ਕਾਰਨ ਹੁੰਦਾ ਹੈ। ਸਾਧਾਰਨ ਬੋਲਚਾਲ ਦੀ ਭਾਸ਼ਾ ਵਿਚ ਇਸ ਨਾਲ ਹੋਣ ਵਾਲੇ ਬੁਖਾਰ ਨੂੰ ਲੰਗੜਾ ਜਾਂ ਹੱਡੀਤੋੜ ਬੁਖਾਰ ਕਿਹਾ ਜਾਂਦਾ ਹੈ। ਮੱਛਰ ਦੇ ਕੱਟਣ ਨਾਲ ਮਿਲੇ ਡੇਂਗੂ ਵਾਇਰਸ ਜੋ ਬੁਖਾਰ ਚੜ੍ਹਾਉਂਦਾ ਹੈ, ਉਸ ਵਿਚ ਪੀੜਤ ਦੇ ਸਰੀਰ ਅਤੇ ਜੋੜਾਂ ਵਿਚ ਦਰਦ ਹੁੰਦੀ ਹੈ। ਇਹ ਤੇਜ਼ ਬੁਖਾਰ ਦੇ ਰੂਪ ਵਿਚ ਚੜ੍ਹਦਾ ਹੈ ਅਤੇ ਬਹੁਤ ਜ਼ਿਆਦਾ ਸਰੀਰ ਦਰਦ ਅਤੇ ਸਿਰਦਰਦ ਹੁੰਦੀ ਹੈ। ਸਮੁੰਦਰ ਕਿਨਾਰੇ, ਨਾਲੀ, ਕੂਲਰ, ਟਾਇਰ ਆਦਿ ਵਿਚ ਲੰਮੇ ਸਮੇਂ ਤੱਕ ਜਮ੍ਹਾਂ ਪਾਣੀ ਵਿਚ ਡੇਂਗੂ ਵਾਇਰਸ ਦਾ ਸੰਵਾਹਕ ਮਾਦਾ ਏਡੀਜ਼ ਮੱਛਰ ਪੈਦਾ ਹੁੰਦਾ ਹੈ ਅਤੇ ਇਸ ਨੂੰ ਫੈਲਾਉਂਦਾ ਹੈ। ਇਸ ਦਾ ਪ੍ਰਭਾਵ ਮਲੇਰੀਆ ਦੇ ਬਰਾਬਰ ਪਰ ਤੇਜ਼ ਅਤੇ ਜ਼ਿਆਦਾ ਤੜਫਾਉਣ ਵਾਲਾ ਹੁੰਦਾ ਹੈ। ਇਹ ਪੀੜਤ ਵਿਅਕਤੀ ਦਾ ਦਮ ਵਿਗਾੜ ਦਿੰਦਾ ਹੈ। ਉਸ ਨੂੰ ਨਿਢਾਲ ਕਰ ਦਿੰਦਾ ਹੈ।
ਕਿਸਮਾਂ ਅਤੇ ਪ੍ਰਭਾਵ : ਡੇਂਗੂ ਬੁਖਾਰ ਤਿੰਨ ਤਰ੍ਹਾਂ ਦਾ ਹੁੰਦਾ ਹੈ। ਕਲਾਸਿਕ ਅਰਥਾਤ ਸਾਧਾਰਨ ਡੇਂਗੂ ਬੁਖਾਰ ਜੋ ਆਪਣੇ-ਆਪ ਠੀਕ ਹੋ ਜਾਂਦਾ ਹੈ। ਇਸ ਤੋਂ ਪੀੜਤ ਦੀ ਮੌਤ ਨਹੀਂ ਹੁੰਦੀ ਪਰ ਡੇਂਗੂ ਦੀ ਹੇਮਰੇਜਿਕ ਅਤੇ ਸ਼ਾਕ ਸਿੰਡ੍ਰੋਮ ਨਾਮਕ ਕਿਸਮ ਛੇਤੀ ਇਲਾਜ ਨਾ ਕਰਾਉਣ 'ਤੇ ਜਾਨਲੇਵਾ ਸਿੱਧ ਹੋ ਸਕਦੀ ਹੈ। ਡੇਂਗੂ ਦਾ ਵਾਇਰਸ ਮੱਛਰ ਦੇ ਕੱਟਣ ਨਾਲ ਉਸ ਦੇ ਰਾਹੀਂ ਫੈਲਦਾ ਹੈ। ਇਹ ਡੰਗ ਮਾਰਨ ਦੇ 3 ਤੋਂ 5 ਦਿਨਾਂ ਦੇ ਵਿਚ ਬੁਖਾਰ ਚੜ੍ਹ ਕੇ ਅਤੇ ਜੋੜਾਂ ਵਿਚ ਦਰਦ ਪ੍ਰਗਟ ਕਰਕੇ ਆਪਣੇ ਲੱਛਣ ਦਿਖਾਉਣ ਲਗਦਾ ਹੈ। ਇਸ ਦੀ ਸੰਕ੍ਰਾਮਕ ਅਵਧੀ 3 ਤੋਂ 10 ਦਿਨਾਂ ਤੱਕ ਹੋ ਸਕਦੀ ਹੈ। ਪੀੜਤ ਦੀ ਡਾਕਟਰੀ ਜਾਂਚ ਅਤੇ ਰੋਗ ਦੀ ਪਹਿਚਾਣ ਸਮੇਂ ਸਿਰ ਕਰਨੀ ਜ਼ਰੂਰੀ ਹੁੰਦੀ ਹੈ।
ਲੱਛਣ : ਠੰਢ ਦੇ ਨਾਲ ਤੇਜ਼ ਬੁਖਾਰ ਚੜ੍ਹਨਾ, ਸਿਰ, ਮਾਸਪੇਸ਼ੀਆਂ ਅਤੇ ਸਾਰੇ ਜੋੜਾਂ ਵਿਚ ਦਰਦ ਹੋਣਾ, ਕਮਜ਼ੋਰੀ ਮਹਿਸੂਸ ਹੋਣੀ, ਮੂਤਰ ਵਿਚ ਕਮੀ, ਗਲੇ ਵਿਚ ਦਰਦ, ਮੂੰਹ ਦਾ ਸਵਾਦ ਵਿਗੜ ਜਾਣਾ, ਸਰੀਰ ਵਿਚ ਦਰਦ ਹੋਣਾ, ਮਰੀਜ਼ ਦਾ ਦੁਖੀ ਹੋਣਾ ਆਦਿ ਲੱਛਣ ਇਕੱਠੇ ਦਿਸਣ ਲਗਦੇ ਹਨ। ਬੁਖਾਰ ਅਤਿਅੰਤ ਤੇਜ਼ 102 ਤੋਂ 104 ਤੱਕ ਪਹੁੰਚ ਜਾਂਦਾ ਹੈ ਅਤੇ ਨਾੜੀ ਦੀ ਗਤੀ ਹੌਲੀ ਹੋ ਜਾਂਦੀ ਹੈ।
ਇਲਾਜ : ਪੀੜਤ ਦੀ ਡਾਕਟਰੀ ਜਾਂਚ ਕਰਾ ਕੇ ਦਵਾਈ ਦਿਓ। ਉਸ ਨੂੰ ਭੋਜਨ ਜ਼ਰੂਰ ਕਰਾਓ। ਜੇ ਬੁਖਾਰ ਤੇਜ਼ ਹੋਵੇ ਤਾਂ ਪਾਣੀ ਨਾਲ ਸਰੀਰ 'ਤੇ ਸਪੰਜ ਕਰਕੇ ਉਸ ਨੂੰ ਉਤਾਰਨ ਦੀ ਕੋਸ਼ਿਸ਼ ਕਰੋ। ਡਾਕਟਰ ਦੇ ਕਹਿਣ ਮੁਤਾਬਿਕ ਰੋਗੀ ਨੂੰ ਦੇਖਭਾਲ, ਇਲਾਜ ਘਰ ਵਿਚ ਕੀਤਾ ਜਾ ਸਕਦਾ ਹੈ। ਸ਼ੁਰੂਆਤ ਵਿਚ ਪਕੜ ਵਿਚ ਆ ਜਾਵੇ ਤਾਂ ਇਹ ਬਿਮਾਰੀ ਛੇਤੀ ਅਤੇ ਆਪਣੇ-ਆਪ ਠੀਕ ਹੋ ਜਾਂਦੀ ਹੈ।
ਕਿਤੇ ਵੀ ਪਾਣੀ ਦੇ ਲੰਬੇ ਸਮੇਂ ਤੱਕ ਜਮ੍ਹਾਂ ਹੋਣ ਅਤੇ ਮੱਛਰ ਨੂੰ ਪਨਪਣ ਨਾ ਦਿਓ। ਮਾਦਾ ਏਡੀਜ਼ ਮੱਛਰ ਲੰਬੀ ਉਮਰ ਤੋਂ ਬਾਅਦ ਇਸ ਡੇਂਗੂ ਵਾਇਰਸ ਦਾ ਸੰਵਾਹਕ ਬਣਦਾ ਹੈ। ਇਹ ਮੱਛਰ ਇਕਦਮ ਕਾਲਾ ਹੁੰਦਾ ਹੈ। ਪੈਰਾਂ ਵਿਚ ਧਾਰੀਆਂ ਹੁੰਦੀਆਂ ਹਨ, ਇਸ ਲਈ ਇਸ ਨੂੰ ਟਾਈਗਰ ਮੱਛਰ ਵੀ ਕਿਹਾ ਜਾਂਦਾ ਹੈ।

ਹਿਚਕੀ : ਕੁਝ ਘਰੇਲੂ ਉਪਾਅ

ਨਿੰਬੂ : ਹਿਚਕੀ ਆਉਣ 'ਤੇ ਨਿੰਬੂ ਦਾ ਰਸ ਇਕ ਚਮਚ ਸ਼ਹਿਦ ਵਿਚ ਥੋੜ੍ਹਾ ਨਮਕ ਮਿਲਾ ਕੇ ਲੈਣ ਨਾਲ ਹਿਚਕੀ ਰੁਕ ਜਾਂਦੀ ਹੈ।
ਮੂਲੀ : ਹਿਚਕੀ ਵਾਲੇ ਰੋਗੀ ਨੂੰ ਮੂਲੀ ਦੇ ਪੱਤੇ ਖਵਾ ਦੇਣ ਨਾਲ ਹਿਚਕੀ ਰੁਕ ਜਾਂਦੀ ਹੈ।
ਪਿਆਜ਼ : ਪਿਆਜ਼ ਨੂੰ ਬਰੀਕ ਚੀਰ ਕੇ ਉਸ 'ਤੇ ਨਿੰਬੂ ਅਤੇ ਕਾਲੀ ਮਿਰਚ ਛਿੜਕ ਕੇ ਹਿਚਕੀ ਰੋਗੀ ਨੂੰ ਖਵਾਉਣ ਨਾਲ ਹਿਚਕੀ ਰੁਕ ਜਾਂਦੀ ਹੈ।
ਉੜਦ : ਕੋਲਿਆਂ ਦੀ ਅੱਗ 'ਤੇ ਸਾਬਤ ਉੜਦ ਦਾਲ ਪਾ ਕੇ ਉਸ ਦਾ ਧੂੰਆਂ ਹਿਚਕੀ ਰੋਗੀ ਸੁੰਘ ਲਵੇ ਤਾਂ ਹਿਚਕੀ ਰੁਕ ਜਾਵੇਗੀ।
ਨਮਕ : ਸੇਂਧਾ ਨਮਕ, ਕਾਲਾ ਨਮਕ ਅਤੇ ਆਮ ਘਰਾਂ ਵਿਚ ਕੰਮ ਆਉਣ ਵਾਲਾ ਨਮਕ ਇਨ੍ਹਾਂ ਤਿੰਨਾਂ ਨੂੰ ਬਰਾਬਰ ਮਾਤਰਾ ਵਿਚ ਲੈ ਕੇ ਪੀਸ ਲਓ। ਜਿਵੇਂ ਹੀ ਕਿਸੇ ਨੂੰ ਹਿਚਕੀ ਰੋਗ ਲੱਗੇ ਤਾਂ ਅੱਧਾ ਚਮਚ ਗਰਮ ਪਾਣੀ ਦੇ ਨਾਲ ਲੈਣ ਨਾਲ ਹਿਚਕੀ ਰੁਕ ਜਾਵੇਗੀ।
ਪੁਦੀਨਾ : ਪੁਦੀਨੇ ਦੇ ਪੱਤੇ ਨਿੰਬੂ ਦੇ ਰਸ ਵਿਚ ਮਿਲਾ ਕੇ ਕੁੱਟ ਕੇ ਖਾ ਲੈਣ ਨਾਲ ਵੀ ਹਿਚਕੀ ਰੁਕ ਜਾਂਦੀ ਹੈ।
ਅਦਰਕ : ਅਦਰਕ ਨੂੰ ਪਾਣੀ ਵਿਚ ਮਿਲਾ ਕੇ ਚੰਗੀ ਤਰ੍ਹਾਂ ਪੀਸ ਲਓ ਅਤੇ ਇਸ ਨੂੰ ਅੱਗ 'ਤੇ ਪਾ ਕੇ ਸੁੰਘ ਲੈਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ।
ਘਿਓ : ਥੋੜ੍ਹੇ ਜਿਹੇ ਦੇਸੀ ਘਿਓ ਨੂੰ ਗਰਮ ਕਰਕੇ ਨੱਕ ਅਤੇ ਕੰਨਾਂ ਵਿਚ ਪਾਓ ਅਤੇ ਧੁੰਨੀ ਵਿਚ ਲਗਾਓ ਤਾਂ ਹਿਚਕੀ ਰੋਗ ਦੂਰ ਹੋ ਜਾਵੇਗਾ।
ਕਾਲੀ ਮਿਰਚ : ਕਾਲੀ ਮਿਰਚ ਨੂੰ ਅੱਗ 'ਤੇ ਪਾ ਕੇ ਉਸ ਦਾ ਧੂੰਆਂ ਸੁੰਘਣ ਨਾਲ ਵੀ ਹਿਚਕੀ ਠੀਕ ਹੋ ਜਾਂਦੀ ਹੈ।

ਕੀ ਤੁਸੀਂ ਜਾਣਦੇ ਹੋ ਕੋਲੈਸਟ੍ਰੋਲ ਬਾਰੇ?

ਕੋਲੈਸਟ੍ਰੋਲ ਦੇ ਪੱਧਰ ਨੂੰ ਚੈੱਕ ਕਰਦੇ ਰਹਿਣਾ ਚਾਹੀਦਾ ਹੈ। ਇਸ ਦਾ ਘੱਟ ਪੱਧਰ ਸਿਹਤ ਲਈ ਚੰਗਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਕੋਲੈਸਟ੍ਰੋਲ ਹੈ ਕੀ ਅਤੇ ਇਸ ਦਾ ਘੱਟ ਪੱਧਰ ਕਿਉਂ ਸੁਰੱਖਿਅਤ ਹੈ? ਕੋਲੈਸਟ੍ਰੋਲ ਇਕ ਫੈਟੀ ਪਦਾਰਥ ਹੁੰਦਾ ਹੈ ਜਿਸ ਦਾ ਨਿਰਮਾਣ ਮਨੁੱਖ ਦੇ ਜਿਗਰ ਵਿਚ ਹੁੰਦਾ ਹੈ। ਇਹ ਡੇਅਰੀ ਉਤਪਾਦਾਂ ਅਤੇ ਮੀਟ ਆਦਿ ਵਿਚ ਵੀ ਪਾਇਆ ਜਾਂਦਾ ਹੈ।
ਕੋਲੈਸਟ੍ਰੋਲ ਦੀ ਕੁਝ ਮਾਤਰਾ ਦੀ ਸਰੀਰ ਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਸੈੱਲਾਂ ਦੇ ਕੰਮ ਕਰਨ ਦੀ ਸਮਰੱਥਾ ਅਤੇ ਮੁਰੰਮਤ ਲਈ ਇਸ ਦੀ ਲੋੜ ਹੁੰਦੀ ਹੈ। ਸਰੀਰ ਵਿਚ ਵਿਟਾਮਿਨ 'ਡੀ' ਦੇ ਨਿਰਮਾਣ ਲਈ ਅਤੇ ਕਈ ਮਹੱਤਵਪੂਰਨ ਹਾਰਮੋਨ ਜਿਵੇਂ ਇਸਟ੍ਰੋਜਨ, ਟੇਸਟੋਸਟੀਰੋਨ ਆਦਿ ਦੇ ਨਿਰਮਾਣ ਲਈ ਵੀ ਇਸ ਦੀ ਲੋੜ ਹੁੰਦੀ ਹੈ। ਸਾਡਾ ਸਰੀਰ ਆਪਣੀ ਲੋੜ ਦੇ ਮੁਤਾਬਿਕ ਇਸ ਦਾ ਨਿਰਮਾਣ ਕਰ ਲੈਂਦਾ ਹੈ। ਚਾਹੇ ਤੁਸੀਂ ਸ਼ਾਕਾਹਾਰੀ ਹੋ ਤਾਂ ਵੀ ਤੁਹਾਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਨਹੀਂ ਪੈਂਦੀ।
ਕੋਲੈਸਟ੍ਰੋਲ ਇਕ ਲਿਪਿਡ ਹੈ ਜੋ ਪ੍ਰੋਟੀਨ ਦੇ ਨਾਲ ਮਿਸ਼ਰਤ ਹੋ ਕੇ ਲਿਪੋਪ੍ਰੋਟੀਨ ਬਣ ਜਾਂਦਾ ਹੈ।
ਲੋ ਡੇਨਿਸਟੀ ਲਿਪੋਪ੍ਰੋਟੀਨ ਜਾਂ ਐਲ. ਡੀ. ਐਲ. ਕੋਲੈਸਟ੍ਰੋਲ ਨੂੰ ਬੁਰਾ ਕੋਲੈਸਟ੍ਰੋਲ ਮੰਨਿਆ ਜਾਂਦਾ ਹੈ ਕਿਉਂਕਿ ਇਹ ਖੂਨ ਵਹਿਣੀਆਂ ਦੀਆਂ ਦੀਵਾਰਾਂ ਨਾਲ ਇਕ ਪਲਾਸਟਰ ਦੇ ਰੂਪ ਵਿਚ ਚਿਪਕ ਜਾਂਦਾ ਹੈ। ਇਸ ਨਾਲ ਖੂਨ ਦੇ ਪ੍ਰਵਾਹ ਵਿਚ ਰੁਕਾਵਟ ਆਉਂਦੀ ਹੈ ਅਤੇ ਦਿਲ ਦੇ ਰੋਗ ਅਤੇ ਅਧਰੰਗ ਦੀ ਸੰਭਾਵਨਾ ਵਧ ਜਾਂਦੀ ਹੈ। ਹਾਈ ਡੈਂਸਿਟੀ ਲਿਪੋਪ੍ਰੋਟੀਨ ਜਾਂ ਐਚ. ਡੀ. ਐਲ. ਕੋਲੈਸਟ੍ਰੋਲ ਚੰਗਾ ਹੁੰਦਾ ਹੈ, ਕਿਉਂਕਿ ਇਹ ਉਸ ਪਲਾਸਟਰ ਨੂੰ ਉਤਾਰ ਕੇ ਵਾਪਸ ਜਿਗਰ ਤੱਕ ਪਹੁੰਚਾਉਂਦਾ ਹੈ ਅਤੇ ਖੂਨ ਵਹਿਣੀਆਂ ਨੂੰ ਸਾਫ਼ ਰੱਖਣ ਵਿਚ ਮਦਦ ਕਰਦਾ ਹੈ।
ਕੋਲੈਸਟ੍ਰੋਲ ਦੇ ਪੱਧਰ ਦੀ ਜਾਂਚ ਖੂਨ ਟੈਸਟ ਰਾਹੀਂ ਕੀਤੀ ਜਾਂਦੀ ਹੈ ਪਰ ਕੋਲੈਸਟ੍ਰੋਲ ਦੀ ਕੁੱਲ ਜਾਂਚ ਸਭ ਕੁਝ ਪੂਰੀ ਤਰ੍ਹਾਂ ਨਹੀਂ ਦੱਸ ਸਕਦੀ, ਕਿਉਂਕਿ ਜੇ ਐਲ. ਡੀ. ਐਲ. ਦਾ ਪੱਧਰ ਜ਼ਿਆਦਾ ਹੋਵੇ ਅਤੇ ਐਚ. ਡੀ. ਐਲ. ਘੱਟ ਤਾਂ ਪਲਾਸਟਰ ਖੂਨ ਵਹਿਣੀਆਂ ਵਿਚ ਆਪਣੀ ਜਗ੍ਹਾ ਬਣਾ ਹੀ ਰਿਹਾ ਹੁੰਦਾ ਹੈ। ਜੇ ਐਲ. ਡੀ.ਐਲ. ਦਾ ਪੱਧਰ ਖੂਨ ਦੀ ਪ੍ਰਤੀ ਡੈਸਿਲਿਟਰ ਮਾਤਰਾ ਵਿਚ 130 ਮਿਲੀਗ੍ਰਾਮ ਤੋਂ ਜ਼ਿਆਦਾ ਹੋਵੇ ਤਾਂ ਦਿਲ ਦੇ ਰੋਗ ਅਤੇ ਸ਼ੂਗਰ ਦੀ ਸੰਭਾਵਨਾ ਵਧਦੀ ਹੈ। ਜਿਨ੍ਹਾਂ ਲੋਕਾਂ ਨੂੰ ਦਿਲ ਦੇ ਰੋਗ ਅਤੇ ਸ਼ੂਗਰ ਹੈ, ਉਨ੍ਹਾਂ ਵਿਚ ਇਹ ਪੱਧਰ 70 ਜਾਂ ਇਸ ਤੋਂ ਘੱਟ ਹੋਣਾ ਚਾਹੀਦਾ ਹੈ।
ਔਰਤਾਂ ਵਿਚ ਐਚ. ਡੀ. ਐਲ. ਦਾ ਪੱਧਰ 50 ਜਾਂ ਇਸ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ ਅਤੇ ਮਰਦਾਂ ਵਿਚ 40 ਜਾਂ ਇਸ ਤੋਂ ਜ਼ਿਆਦਾ। ਬੱਚਿਆਂ ਨੂੰ ਆਮ ਤੌਰ 'ਤੇ ਕੋਲੈਸਟ੍ਰੋਲ ਦੀ ਜਾਂਚ ਦੀ ਲੋੜ ਨਹੀਂ ਹੁੰਦੀ। ਹਾਂ, ਜੇ ਖਾਨਦਾਨੀ ਗੰਭੀਰ ਸਮੱਸਿਆ ਹੋਵੇ ਤਾਂ ਜਾਂਚ ਕਰਾਈ ਜਾ ਸਕਦੀ ਹੈ ਪਰ ਜੇ ਤੁਸੀਂ 20 ਸਾਲ ਦੀ ਉਮਰ ਵਿਚ ਹੋ ਅਤੇ ਟੀ. ਵੀ. ਜਾਂ ਕੰਪਿਊਟਰ ਨਾਲ ਚਿਪਕੇ ਬੈਠੇ ਰਹਿੰਦੇ ਹੋ, ਸਰੀਰਕ ਕਸਰਤ ਨਹੀਂ ਕਰਦੇ ਤਾਂ ਤੁਹਾਨੂੰ ਵੀ ਇਸ 'ਤੇ ਧਿਆਨ ਦੇਣ ਦੀ ਲੋੜ ਪੈ ਸਕਦੀ ਹੈ। ਹਰ 5 ਸਾਲ ਬਾਅਦ ਕੋਲੈਸਟ੍ਰੋਲ ਦੀ ਜਾਂਚ ਕਰਾਓ ਅਤੇ 40 ਸਾਲ ਦੀ ਉਮਰ ਤੋਂ ਬਾਅਦ ਸਾਲ ਵਿਚ ਇਕ ਵਾਰ ਜ਼ਰੂਰ ਜਾਂਚ ਕਰਾਓ।
ਕੋਲੈਸਟ੍ਰੋਲ ਦੇ ਪੱਧਰ ਨੂੰ ਘੱਟ ਕਰਨ ਦੀਆਂ ਦਵਾਈਆਂ ਹਨ ਪਰ ਮਾਹਿਰਾਂ ਦੀ ਰਾਏ ਤੋਂ ਬਿਨਾਂ ਇਨ੍ਹਾਂ ਦਾ ਸੇਵਨ ਨਾ ਕਰੋ। ਦਵਾਈਆਂ ਤੋਂ ਇਲਾਵਾ ਵੀ ਤੁਸੀਂ ਇਨ੍ਹਾਂ ਤਰੀਕਿਆਂ ਨੂੰ ਵੀ ਅਜ਼ਮਾ ਸਕਦੇ ਹੋ-
* ਫਾਈਬਰ ਦਾ ਸੇਵਨ ਜ਼ਿਆਦਾ ਕਰੋ। ਫਲਾਂ ਅਤੇ ਸਬਜ਼ੀਆਂ ਵਿਚ ਮੌਜੂਦ ਰੇਸ਼ਿਆਂ ਦੀ ਮਾਤਰਾ ਤੁਹਾਡੇ ਸਰੀਰ ਵਿਚੋਂ ਹਾਨੀਕਾਰਕ ਪਦਾਰਥਾਂ ਨੂੰ ਬਾਹਰ ਕੱਢਣ ਵਿਚ ਸਹਾਇਤਾ ਕਰਦੀ ਹੈ।
* ਸਿਕਮੰਡ ਮਿਲਕ ਜਾਂ ਘੱਟ ਚਰਬੀ ਵਾਲੇ ਡੇਅਰੀ ਉਤਪਾਦਾਂ ਦਾ ਸੇਵਨ ਕਰੋ।
* ਮੋਨੋਸੇਚੂਰੇਟਿਡ ਚਰਬੀ ਦਾ ਸੇਵਨ ਕਰੋ ਜਿਵੇਂ ਆਲਿਵ, ਕੇਨੋਲਾ ਆਇਲ।
* ਮੱਛੀ ਵਰਗੇ ਟਿਊਨਾ, ਸਾਲਮਨ, ਮੇਕਰੇਲ ਦਾ ਸੇਵਨ ਕਰੋ, ਕਿਉਂਕਿ ਇਨ੍ਹਾਂ ਵਿਚ ਓਮੇਗਾ 3 ਫੈਟੀ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਅਤੇ ਇਸ ਦਾ ਪ੍ਰਭਾਵ ਸੁਰੱਖਿਆਤਮਿਕ ਹੁੰਦਾ ਹੈ।
* ਕਸਰਤ ਸਰੀਰਕ ਅਤੇ ਮਾਨਸਿਕ ਤੰਦਰੁਸਤੀ, ਦੋਵਾਂ ਲਈ ਫਾਇਦੇਮੰਦ ਹੈ। ਕਸਰਤ ਨਾਲ ਐਲ. ਡੀ. ਐਲ. ਦਾ ਪੱਧਰ ਘੱਟ ਹੁੰਦਾ ਹੈ ਅਤੇ ਐਚ. ਡੀ. ਐਲ. ਦਾ ਪੱਧਰ ਵਧਦਾ ਹੈ। ਨਾਲ ਹੀ ਦਿਲ ਅਤੇ ਫੇਫੜਿਆਂ ਦੇ ਕੰਮ ਕਰਨ ਦੀ ਸਮਰੱਥਾ ਵਿਚ ਸੁਧਾਰ ਆਉਂਦਾ ਹੈ।

ਸਰੀਰ ਨੂੰ ਰੋਗੀ ਬਣਾਉਂਦੇ ਹਨ ਮਨੋਵਿਕਾਰ

ਸਾਡੇ ਸਰੀਰ 'ਤੇ ਸਿਰਫ ਖਾਣ-ਪੀਣ ਵਿਚ ਹੋਣ ਵਾਲੀ ਅਨਿਯਮਤਤਾ ਅਤੇ ਜੀਵਨ ਸ਼ੈਲੀ ਦੇ ਪ੍ਰਤੀ ਸਾਡੀ ਲਾਪ੍ਰਵਾਹੀ ਦਾ ਹੀ ਪ੍ਰਭਾਵ ਨਹੀਂ ਪੈਂਦਾ, ਸਗੋਂ ਸਾਡੇ ਆਚਾਰ-ਵਿਚਾਰ ਵੀ ਸਾਡੀ ਕਾਇਆ ਨੂੰ ਬਹੁਤ ਹੱਦ ਤੱਕ ਪ੍ਰਭਾਵਿਤ ਕਰਦੇ ਹਨ। ਮਨੋਵਿਕਾਰਾਂ ਦੀ ਪ੍ਰਤੀਕਿਰਿਆ ਕਿਸੇ ਨਾ ਕਿਸੇ ਰੋਗ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਉਂਦੀ ਹੈ। ਜੋ ਵਿਅਕਤੀ ਬਹੁਤ ਛੇਤੀ ਉਤੇਜਿਤ, ਆਤੁਰ ਜਾਂ ਕ੍ਰੋਧਿਤ ਹੋ ਜਾਂਦੇ ਹਨ, ਉਨ੍ਹਾਂ ਦਾ ਖੂਨ ਪ੍ਰਵਾਹ ਲੋੜ ਤੋਂ ਜ਼ਿਆਦਾ ਦੌੜਨ ਲਗਦਾ ਹੈ ਅਤੇ ਦਿਲ ਦੇ ਦੌਰੇ ਦੀ ਸੰਭਾਵਨਾ ਤੇਜ਼ ਹੋ ਜਾਂਦੀ ਹੈ ਜੋ ਮਾਨਸਿਕ ਤਣਾਅ ਦੇ ਨਾਲ-ਨਾਲ ਹੀ ਸਰੀਰ ਵਿਚ ਹੋਰ ਵਿਕਾਰਾਂ ਨੂੰ ਵੀ ਜਨਮ ਦੇ ਦਿੰਦੀ ਹੈ।
ਜੇ ਅਸੀਂ ਆਪਣੇ ਸੁਭਾਅ ਨੂੰ ਬਦਲ ਕੇ ਬੇਲੋੜੀ ਉਤੇਜਨਾ ਨੂੰ ਦੂਰ ਭਜਾ ਦਈਏ ਅਤੇ ਮਨ ਨੂੰ ਸ਼ਾਂਤ ਅਤੇ ਖੁਸ਼ ਰੱਖੀਏ, ਦੂਜਿਆਂ ਦੀ ਤਰ੍ਹਾਂ ਖੁਸ਼ ਰਹੀਏ ਤਾਂ ਅਜਿਹੀ ਹਾਲਤ ਸ਼ਾਇਦ ਹੀ ਆਵੇ।
ਜਿਨ੍ਹਾਂ ਦੇ ਮਨ ਵਿਚ ਡਰ, ਚਿੰਤਾ ਅਤੇ ਸ਼ੱਕ ਹਰ ਸਮੇਂ ਘਰ ਕਰੀ ਰੱਖਦੀ ਹੈ, ਉਨ੍ਹਾਂ ਦੇ ਦਿਲ ਦੀ ਗਤੀ ਵੀ ਵੱਧ-ਘੱਟ ਹੋ ਜਾਂਦੀ ਹੈ। ਇਹ ਅਚਾਨਕ ਵਧ ਜਾਂਦੀ ਹੈ ਅਤੇ ਅਚਾਨਕ ਹੀ ਘਟ ਜਾਂਦੀ ਹੈ। ਬਹੁਤੇ ਲੋਕ ਇਸ ਨੂੰ ਦਿਲ ਦੀ ਬਿਮਾਰੀ ਸਮਝਦੇ ਹਨ।
ਅਜਿਹੀ ਹਾਲਤ ਨੂੰ ਟਾਲਣ ਲਈ ਜੀਵਨ ਵਿਚ ਆਪਣੇ ਅੰਦਰ ਨਿਸਚਿਤਤਾ, ਸਥਿਰਤਾ, ਧੀਰਜ ਅਤੇ ਖੁਸ਼ਮਿਜਾਜ਼ੀ ਨੂੰ ਜਗ੍ਹਾ ਦੇ ਕੇ ਜਿਊਣਾ ਸਿੱਖਣਾ ਚਾਹੀਦਾ ਹੈ। ਇਹ ਗੱਲ ਵੀ ਭਲੀਭਾਂਤ ਯਾਦ ਰੱਖਣੀ ਚਾਹੀਦੀ ਹੈ ਕਿ ਚੰਗੇ ਵਿਚਾਰ ਹੀ ਵਧੀਆ ਜੀਵਨ ਦਾ ਨਿਰਮਾਣ ਕਰਦੇ ਹਨ। ਮਹਾਂਪੁਰਸ਼ਾਂ ਦੇ ਜੀਵਨ ਤੋਂ ਅਸੀਂ ਪ੍ਰੇਰਨਾ ਲੈ ਸਕਦੇ ਹਾਂ। ਈਰਖਾ ਮਨ ਦੀ ਸਭ ਤੋਂ ਵੱਡੀ ਦੁਸ਼ਮਣ ਹੈ। ਇਸ ਲਈ ਜੀਵਨ ਦੇ ਕਿਸੇ ਵੀ ਖੇਤਰ ਵਿਚ ਇਸ ਨੂੰ ਜਗ੍ਹਾ ਨਾ ਦਿਓ।
ਤੁਸੀਂ ਦੇਖਦੇ ਹੋਵੋਗੇ ਕਿ ਸਰੀਰ ਪੱਖੋਂ ਤੰਦਰੁਸਤ ਅਤੇ ਮੋਟੇ-ਤਾਜ਼ੇ ਦਿਖਾਈ ਦੇਣ ਵਾਲੇ ਲੋਕ ਵੀ ਸਰੀਰ ਦੀ ਕਮਜ਼ੋਰੀ, ਅੱਖਾਂ ਦੇ ਸਾਹਮਣੇ ਹਨੇਰਾ ਆਉਣ, ਪ੍ਰਮੇਹ, ਬਹੁਮੂਤਰ, ਗੁਰਦੇ ਆਦਿ ਰੋਗਾਂ ਅਤੇ ਸਰੀਰਕ ਵੇਦਨਾ ਦੇ ਸ਼ਿਕਾਰ ਰਹਿੰਦੇ ਹਨ। ਉਹ ਵੀ ਰੋਗਾਂ ਤੋਂ ਮੁਕਤੀ ਪਾਉਣ ਲਈ ਅਨੇਕ ਦਵਾਈਆਂ ਅਤੇ ਪੌਸ਼ਟਿਕ ਰਸ-ਰਸਾਇਣਾਂ ਦਾ ਸੇਵਨ ਕਰਦੇ ਹਨ।
ਜੋ ਮਨੁੱਖ ਈਰਖਾਲੂ ਸੁਭਾਅ ਦੇ ਹੁੰਦੇ ਹਨ ਅਤੇ ਦੂਜਿਆਂ ਦੀ ਤਰੱਕੀ ਜਾਂ ਕੰਮ ਕਰਨ ਦੇ ਢੰਗ ਨੂੰ ਦੇਖ ਕੇ ਮੀਨ-ਮੇਖ ਕੱਢਦੇ ਅਤੇ ਕਿਲਸਦੇ ਰਹਿੰਦੇ ਹਨ, ਅਜਿਹੇ ਵਿਅਕਤੀ ਸੁਭਾਵਿਕ ਦੂਜਿਆਂ ਦੇ ਪ੍ਰਤੀ ਮਾੜੇ ਵਿਚਾਰ ਮਨ ਵਿਚ ਰੱਖ ਕੇ ਮਾਨਸਿਕ ਤਣਾਅ ਵਧਾਉਂਦੇ ਹਨ। ਅਜਿਹੇ ਵਿਅਕਤੀਆਂ ਦਾ ਪਾਚਣ ਤੰਤਰ ਖਰਾਬ ਰਹਿੰਦਾ ਹੈ ਅਤੇ ਉਹ ਉਦਰ ਰੋਗੀ ਬਣੇ ਰਹਿੰਦੇ ਹਨ। ਦਸਤ, ਪੇਟ ਫੁੱਲਣਾ, ਥਕਾਨ, ਉਦਾਸੀ ਵਰਗੇ ਵਿਕਾਰ ਉਨ੍ਹਾਂ ਵਿਚ ਵਿਸ਼ੇਸ਼ ਰੂਪ ਨਾਲ ਮੌਜੂਦ ਰਹਿੰਦੇ ਹਨ।
ਕੁਝ ਲੋਕ ਰੱਬ ਦਾ ਦਿੱਤਾ ਸਭ ਕੁਝ ਹੋਣ 'ਤੇ ਵੀ ਹੱਥ ਦੇ ਬੜੇ ਤੰਗ ਹੁੰਦੇ ਹਨ। ਉਹ ਬੜੇ ਕੰਜੂਸ ਹੁੰਦੇ ਹਨ। ਜ਼ਰੂਰੀ ਲੋੜਾਂ ਦੀ ਪੂਰਤੀ ਲਈ ਵੀ ਸਦਾ ਹੱਥ ਘੁੱਟੀ ਰੱਖਦੇ ਹਨ ਅਤੇ ਪੈਸੇ ਬਟੋਰਨ ਦੇ ਚੱਕਰ ਵਿਚ ਪ੍ਰੇਸ਼ਾਨ ਰਹਿ ਕੇ ਆਪਣੀ ਪਾਚਣ ਸ਼ਕਤੀ ਗਵਾ ਬੈਠਦੇ ਹਨ। ਪਾਚਕ ਚੂਰਨ, ਗੋਲੀ, ਅਰਿਸ਼ਟ ਅਤੇ ਆਸਵ ਆਦਿ ਲੈਣ 'ਤੇ ਵੀ ਪੇਟ ਠੀਕ ਨਹੀਂ ਰਹਿੰਦਾ। ਅਜਿਹੇ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਆਪਣੀ ਆਦਤ ਅਤੇ ਜੀਵਨ ਸ਼ੈਲੀ ਨੂੰ ਸੁਧਾਰਨ, ਤਾਂ ਹੀ ਇਨ੍ਹਾਂ ਸ਼ਿਕਾਇਤਾਂ ਤੋਂ ਛੁਟਕਾਰਾ ਪਾ ਸਕਦੇ ਹਨ। ਪੈਸੇ ਕਮਾਉਣਾ ਕੋਈ ਬੁਰੀ ਗੱਲ ਨਹੀਂ ਪਰ ਸਿਹਤ ਗਵਾ ਕੇ ਕਮਾਉਣਾ ਬੁਰਾ ਹੈ।
ਜਦੋਂ ਮਨੁੱਖ ਦੇ ਮਨ ਵਿਚ ਦੂਜਿਆਂ ਦੇ ਪ੍ਰਤੀ ਦੁਸ਼ਮਣੀ, ਈਰਖਾ, ਦਵੇਸ਼, ਡਰ, ਸ਼ੱਕ ਅਤੇ ਬਦਲੇ ਦੀ ਭਾਵਨਾ ਸਮਾਈ ਰਹਿੰਦੀ ਹੈ ਤਾਂ ਉਹ ਉਤਾਵਲਾ ਅਤੇ ਚਿੰਤਾਤੁਰ ਬਣਿਆ ਰਹਿੰਦਾ ਹੈ। ਇਸ ਦੇ ਕਾਰਨ ਸਰੀਰ ਵਿਚ ਖੂਨ ਵਿਕਾਰ ਵਰਗੇ ਰੋਗ ਪੈਦਾ ਹੋ ਜਾਂਦੇ ਹਨ। ਉਨੀਂਦਰਾ ਇਸ ਦਾ ਮੁੱਖ ਕਾਰਨ ਹੁੰਦਾ ਹੈ। ਅਜਿਹੇ ਵਿਅਕਤੀਆਂ ਨੂੰ ਚਾਹੀਦਾ ਹੈ ਕਿ ਅਜਿਹੀਆਂ ਸਾਰੀਆਂ ਬੁਰਾਈਆਂ ਨੂੰ ਛੱਡ ਕੇ ਆਪਣੇ-ਆਪ ਵਿਚ ਨਿਡਰਤਾ, ਹੌਸਲਾ ਅਤੇ ਹਿੰਮਤ ਬਟੋਰਨੇ ਦੀ ਆਦਤ ਪਾਉਣ। ਇਸ ਨਾਲ ਰੋਗ ਆਪਣੇ-ਆਪ ਠੀਕ ਹੋ ਜਾਵੇਗਾ।
ਕਿਸੇ-ਕਿਸੇ ਵਿਚ ਇਹ ਆਦਤ ਹੁੰਦੀ ਹੈ ਕਿ ਉਹ ਨਿੱਕੀ-ਨਿੱਕੀ ਗੱਲ 'ਤੇ ਬਦਲਾ ਲੈਣ, ਨੀਚਾ ਦਿਖਾਉਣਾ, ਮਜ਼ਾਕ ਉਡਾਉਣਾ, ਵਿਅੰਗ ਕੱਸਣਾ ਜਾਂ ਸਾਜ਼ਿਸ਼ ਰਚਣਾ ਸ਼ੁਰੂ ਕਰ ਦਿੰਦਾ ਹੈ। ਅਜਿਹੀਆਂ ਹਰਕਤਾਂ ਅਤੇ ਯੋਜਨਾਵਾਂ ਬਣਾਉਣ ਵਾਲਾ ਭਿਆਨਕ ਸਿਰਦਰਦ ਅਤੇ ਦੂਜੀਆਂ ਬਿਮਾਰੀਆਂ ਦਾ ਸ਼ਿਕਾਰ ਬਣ ਜਾਂਦਾ ਹੈ। ਇਸ ਲਈ ਅਜਿਹੇ ਲੋਕਾਂ ਨੂੰ ਚਾਹੀਦਾ ਹੈ ਕਿ ਆਪਣੇ ਮਨ ਨੂੰ ਹਮੇਸ਼ਾ ਹਲਕਾ-ਫੁਲਕਾ ਰੱਖਣ ਦੀ ਕੋਸ਼ਿਸ਼ ਕਰਨ। ਮਨ ਵਿਚੋਂ ਵੈਰ ਦੀ ਭਾਵਨਾ ਨੂੰ ਕੱਢ ਕੇ ਸੁੱਟ ਦੇਣ ਅਤੇ ਹੱਸਦੇ-ਹਸਾਉਂਦੇ ਰਹਿਣ ਤਾਂ ਅਨੇਕ ਬਿਮਾਰੀਆਂ ਤੋਂ ਤੋਂ ਛੁਟਕਾਰਾ ਮਿਲ ਜਾਵੇਗਾ।
ਤੰਦਰੁਸਤ ਜੀਵਨ ਅਤੇ ਰੋਗਮੁਕਤੀ ਦੀ ਇਕ ਮਹੱਤਵਪੂਰਨ ਕੁੰਜੀ ਹੈ ਕਿ ਮਨ ਨੂੰ ਸਦਾ ਹਲਕਾ ਰੱਖਿਆ ਜਾਵੇ। ਦੂਜਿਆਂ ਦੇ ਪ੍ਰਤੀ ਮਨ ਵਿਚ ਪ੍ਰੇਮ ਰੱਖੋ। ਮੁਸਕਰਾਉਣ ਅਤੇ ਖੁਸ਼ ਰਹਿਣ ਦੀ ਆਦਤ ਪਾਉਣ ਨਾਲ ਜੀਵਨ ਸੁਖੀ ਹੋ ਜਾਂਦਾ ਹੈ।

ਦਿਲ ਦਾ ਦੌਰਾ ਅਤੇ ਉਸ ਤੋਂ ਬਚਾਅ

ਅਨਿਯਮਤ ਖਾਣ-ਪੀਣ ਅਤੇ ਰੋਜ਼ਮਰਾ ਦੀ ਤਣਾਅਪੂਰਨ ਜ਼ਿੰਦਗੀ ਦੇ ਕਾਰਨ ਦਿਲ ਸਬੰਧੀ ਰੋਗ ਬਹੁਤਾਤ ਵਿਚ ਹੋ ਰਹੇ ਹਨ, ਜਿਸ ਨੂੰ ਦੇਖੋ, ਉਹੀ ਦਿਲ ਦਾ ਮਰੀਜ਼ ਨਜ਼ਰ ਆਉਂਦਾ ਹੈ। ਪਹਿਲਾਂ ਇਹ ਬਿਮਾਰੀ ਜ਼ਿਆਦਾਤਰ ਅੱਧਖੜ ਉਮਰ ਵਿਚ ਜਾ ਕੇ ਕਿਸੇ-ਕਿਸੇ ਨੂੰ ਹੁੰਦੀ ਸੀ ਪਰ ਹੁਣ ਤਾਂ ਮੌਤ ਦਾ ਸਭ ਤੋਂ ਵੱਡਾ ਕਾਰਨ ਦਿਲ ਦਾ ਦੌਰਾ ਹੋ ਗਿਆ ਹੈ।
ਦਿਲ ਦੇ ਰੋਗ ਤੋਂ ਬਚਾਅ ਦਾ ਸਭ ਤੋਂ ਵਧੀਆ ਤਰੀਕਾ ਨਿਯਮਤ ਖਾਣ-ਪੀਣ, ਨਿਯਮਤ ਕਸਰਤ ਅਤੇ ਸੰਜਮਤ ਜੀਵਨ ਹੈ। ਦਿਲ ਦਾ ਰੋਗ ਹੋਣ 'ਤੇ ਜੇ ਲੋੜੀਂਦੀ ਸਾਵਧਾਨੀ ਵਰਤੀ ਜਾਵੇ ਤਾਂ ਦਿਲ ਦੇ ਰੋਗ 'ਤੇ ਕਾਬੂ ਪਾਇਆ ਜਾ ਸਕਦਾ ਹੈ ਅਤੇ ਦਿਲ ਦਾ ਰੋਗੀ ਲੰਮੀ ਉਮਰ ਤੱਕ ਜਿਊਂਦਾ ਰਹਿ ਸਕਦਾ ਹੈ। ਦਿਲ ਦੇ ਰੋਗੀ ਹੇਠ ਲਿਖੀਆਂ ਸਾਵਧਾਨੀਆਂ ਵਰਤ ਕੇ ਤੰਦਰੁਸਤ ਅਤੇ ਲੰਮੀ ਉਮਰ ਜਿਉ ਸਕਦੇ ਹਨ-
* ਕਿਉਂਕਿ ਦਿਲ 'ਤੇ ਖੂਨ ਦਾ ਦਬਾਅ ਵਧਣ ਅਤੇ ਖੂਨ ਦੇ ਸੰਚਾਰ ਵਿਚ ਰੁਕਾਵਟ ਪੈਦਾ ਹੋਣ ਕਾਰਨ ਹੀ ਦਿਲ ਦੇ ਦੌਰੇ ਦੀ ਸੰਭਾਵਨਾ ਹੁੰਦੀ ਹੈ, ਇਸ ਲਈ ਤੇਲੀ ਖਾਧ ਪਦਾਰਥ, ਮਾਸ, ਆਂਡਾ ਆਦਿ ਦਾ ਸੇਵਨ ਨਾ ਕਰੋ।
* ਦਿਲ ਦੇ ਰੋਗ ਵਿਚ ਸੋਡੀਅਮ ਵਾਲੇ ਖਾਧ ਪਦਾਰਥ ਵੀ ਹਾਨੀਕਾਰਕ ਹੁੰਦੇ ਹਨ। ਇਸ ਲਈ ਖੱਟੀ ਖਾਧ ਸਮੱਗਰੀ ਅਤੇ ਪਾਪੜ ਵਰਗੀਆਂ ਚੀਜ਼ਾਂ ਤੋਂ ਪ੍ਰਹੇਜ਼ ਕਰੋ।
* ਦਿਲ ਦੇ ਰੋਗੀਆਂ ਨੂੰ ਕਾਰ, ਸਕੂਟਰ ਆਦਿ ਵਾਹਨ ਨਹੀਂ ਚਲਾਉਣੇ ਚਾਹੀਦੇ, ਕਿਉਂਕਿ ਵਾਹਨ ਚਲਾਉਣ ਨਾਲ ਦਿਮਾਗ 'ਤੇ ਦਬਾਅ ਪੈਣ ਨਾਲ ਰੋਗੀ ਦੇ ਤਣਾਅਗ੍ਰਸਤ ਹੋਣ ਦੀ ਸੰਭਾਵਨਾ ਰਹਿੰਦੀ ਹੈ, ਜੋ ਦਿਲ ਦੇ ਰੋਗੀਆਂ ਲਈ ਘਾਤਕ ਸਿੱਧ ਹੋ ਸਕਦੀ ਹੈ।
* ਦਿਲ ਦੇ ਰੋਗੀ ਬਹੁਤ ਜ਼ਿਆਦਾ ਭਾਰੀ ਕੰਮ ਨਾ ਕਰਨ, ਨਾ ਹੀ ਜ਼ਿਆਦਾ ਕਸਰਤ ਕਰਨ। ਜੇ ਥੋੜ੍ਹੀ-ਬਹੁਤ ਮਿਹਨਤ ਕਰਨ ਜਾਂ ਕਸਰਤ ਕਰਨ 'ਤੇ ਥਕਾਨ ਮਹਿਸੂਸ ਹੋਵੇ ਤਾਂ ਤੁਰੰਤ ਆਰਾਮ ਕਰਨਾ ਚਾਹੀਦਾ ਹੈ।
* ਜੇ ਹਲਕੇ ਕੰਮ ਜਾਂ ਕਸਰਤ ਨਾਲ ਸਰੀਰ ਗਰਮ ਹੋਵੇ ਤਾਂ ਤੁਰੰਤ ਬਾਅਦ ਬਿਲਕੁਲ ਗਰਮ ਜਾਂ ਬਿਲਕੁਲ ਠੰਢੇ ਪਾਣੀ ਨਾਲ ਨਹਾਉਣਾ ਨਹੀਂ ਚਾਹੀਦਾ।
* ਦਿਲ ਦੇ ਰੋਗੀਆਂ ਲਈ ਸਿਗਰਟਨੋਸ਼ੀ ਬਹੁਤ ਖ਼ਤਰਨਾਕ ਹੈ। ਇਸ ਲਈ ਸਿਗਰਟਨੋਸ਼ੀ ਦਾ ਤਿਆਗ ਕਰਨਾ ਹੀ ਠੀਕ ਰਹਿੰਦਾ ਹੈ।
* ਦਿਲ ਦੇ ਰੋਗ ਵਿਚ ਸ਼ੂਗਰ ਅਤੇ ਖੂਨ ਦੇ ਸੰਚਾਰ ਦਾ ਠੀਕ ਅਰਥਾਤ ਕਾਬੂ ਵਿਚ ਰਹਿਣਾ ਬਹੁਤ ਜ਼ਰੂਰੀ ਹੈ, ਨਹੀਂ ਤਾਂ ਹਾਲਤ ਵਿਗੜ ਸਕਦੀ ਹੈ।
* ਬਹੁਤ ਜ਼ਿਆਦਾ ਠੰਢ ਤੋਂ ਦਿਲ ਦੇ ਰੋਗੀਆਂ ਨੂੰ ਹਮੇਸ਼ਾ ਬਚਣਾ ਚਾਹੀਦਾ ਹੈ, ਕਿਉਂਕਿ ਠੰਢ ਦੇ ਕਾਰਨ ਖੂਨ ਵਹਿਣੀਆਂ ਸੁੰਗੜ ਜਾਣ ਕਾਰਨ ਖੂਨ ਦੇ ਪ੍ਰਵਾਹ ਵਿਚ ਰੁਕਾਵਟ ਪੈਦਾ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ।
* ਦਿਲ ਦੇ ਰੋਗੀ ਲਈ ਇਕਾਂਤ ਖ਼ਤਰਨਾਕ ਸਿੱਧ ਹੋ ਸਕਦੀ ਹੈ। ਇਸ ਲਈ ਜਾਣੂਆਂ ਦੇ ਜ਼ਿਆਦਾ ਨੇੜੇ ਰਹੋ, ਖੁਸ਼ ਰਹੋ। ਇਹੀ ਦਿਲ ਦੇ ਰੋਗ ਦੀ ਰਾਮਬਾਣ ਦਵਾਈ ਹੈ।


-ਸ੍ਰੀਗੋਪਾਲ ਨਾਰਮਨ

ਸਿਹਤ ਖ਼ਬਰਨਾਮਾ

ਪਲਾਸਟਿਕ ਦੀ ਵਰਤੋਂ ਨਾਲ ਖੂਨ ਦੀ ਕਮੀ

ਰੋਜ਼ਾਨਾ ਵਰਤੋਂ ਵਿਚ ਪਲਾਸਟਿਕ ਤੋਂ ਬਣੀਆਂ ਚੀਜ਼ਾਂ ਦਾ ਪ੍ਰਚਲਨ ਵਧ ਗਿਆ ਹੈ। ਬਚਪਨ ਵਿਚ ਪਲਾਸਟਿਕ ਦੀ ਬੋਤਲ ਨਾਲ ਬੱਚਿਆਂ ਨੂੰ ਦੁੱਧ ਪਿਲਾਇਆ ਜਾਂਦਾ ਹੈ। ਵੱਡੇ ਹੋ ਕੇ ਅਜਿਹੀ ਹੀ ਬੋਤਲ ਨਾਲ ਉਹ ਪਾਣੀ ਜਾਂ ਹੋਰ ਪੀਣ ਵਾਲੀਆਂ ਚੀਜ਼ਾਂ ਪੀਂਦੇ ਹਨ। ਪਲਾਸਟਿਕ ਖ਼ਤਰਨਾਕ ਰਸਾਇਣਾਂ ਨਾਲ ਬਣੀ ਹੁੰਦੀ ਹੈ ਜੋ ਕਈ ਚੀਜ਼ਾਂ ਦੇ ਸੰਪਰਕ ਵਿਚ ਆਉਣ 'ਤੇ ਮਾੜੇ ਪ੍ਰਭਾਵ ਦਾ ਕਾਰਨ ਬਣਦੀ ਹੈ। ਇਸ ਦੀ ਜ਼ਿਆਦਾ ਵਰਤੋਂ ਨਾਲ ਮਰਦਾਂ ਨੂੰ ਪ੍ਰੋਸਟੇਟ ਕੈਂਸਰ ਹੋਣ ਦਾ ਖ਼ਤਰਾ ਵਧ ਜਾਂਦਾ ਹੈ। ਔਰਤਾਂ ਨੂੰ ਬ੍ਰੇਸਟ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ। ਇਹ ਬੱਚਿਆਂ ਵਿਚ ਖੂਨ ਦੀ ਕਮੀ ਵਾਲੀ ਸਥਿਤੀ ਪੈਦਾ ਕਰਦੀ ਹੈ। ਪਲਾਸਟਿਕ ਦੇ ਟਿਫਨ ਵਿਚ ਰੱਖਿਆ ਗਿਆ ਭੋਜਨ ਪੇਟ ਨੂੰ ਪ੍ਰੇਸ਼ਾਨੀ ਵਿਚ ਪਾ ਦਿੰਦਾ ਹੈ। ਇਸ ਨਾਲ ਪੇਟ ਵਿਚ ਗੈਸ ਭਰ ਜਾਂਦੀ ਹੈ, ਦਰਦ ਹੁੰਦੀ ਹੈ ਜਾਂ ਗੈਸ ਪਾਸ ਹੁੰਦੀ ਹੈ। ਇਸ ਲਈ ਪਲਾਸਟਿਕ ਦੀਆਂ ਚੀਜ਼ਾਂ ਦੀ ਘੱਟ ਵਰਤੋਂ ਕਰਕੇ ਇਸ ਤੋਂ ਬਚੋ।

ਸਿਹਤ ਖ਼ਬਰਨਾਮਾ

ਸਨਸਕ੍ਰੀਨ ਲੋਸ਼ਣ ਅਤੇ ਕ੍ਰੀਮ ਦੇ ਨੁਕਸਾਨ

ਸੂਰਜ ਦੀ ਧੁੱਪ ਤੋਂ ਬਚਣ ਲਈ ਸਨਸਕ੍ਰੀਨ ਕ੍ਰੀਮ ਜਾਂ ਲੋਸ਼ਣ ਲਗਾਇਆ ਜਾਂਦਾ ਹੈ। ਇਹ ਚਮੜੀ ਨੂੰ ਝੁਲਸਣ ਤੋਂ ਰੋਕਦਾ ਹੈ ਪਰ ਇਸ ਦੀ ਵਰਤੋਂ ਨਾਲ ਚਮੜੀ ਦੀ ਕੁਦਰਤੀ ਰੱਖਿਆ ਪ੍ਰਣਾਲੀ ਪ੍ਰਭਾਵਿਤ ਹੋ ਕੇ ਘੱਟ ਜਾਂ ਖਤਮ ਹੋ ਜਾਂਦੀ ਹੈ ਜਦੋਂ ਕਿ ਚਮੜੀ ਦੀ ਕੁਦਰਤੀ ਰੱਖਿਆ ਪ੍ਰਣਾਲੀ ਚਮੜੀ ਅਤੇ ਸਰੀਰ ਨੂੰ ਕਈ ਰੋਗਾਂ ਤੋਂ ਬਚਾਉਂਦੀ ਹੈ। ਇਹ ਧੁੱਪ ਤੇਜ਼ ਹੋਣ 'ਤੇ ਆਪਣੇ-ਆਪ ਕਾਲੀ ਸਾਂਵਲੀ ਹੋ ਕੇ ਪੈਰਾਬੈਂਗਣੀ ਕਿਰਨਾਂ ਤੋਂ ਬਚਾਅ ਕਰਦੀ ਹੈ। ਸਨਸਕ੍ਰੀਨ ਕ੍ਰੀਮ, ਲੋਸ਼ਨ ਦੀ ਵਰਤੋਂ ਨਾਲ ਚਮੜੀ ਦੀ ਕੁਦਰਤੀ ਰੱਖਿਆ ਪ੍ਰਣਾਲੀ ਖ਼ਤਮ ਹੋ ਜਾਂਦੀ ਹੈ, ਜਿਸ ਨਾਲ ਚਮੜੀ ਅਤੇ ਸਰੀਰ ਨੂੰ ਹੋਰ ਰੋਗ ਲੱਗਣ ਦਾ ਖ਼ਤਰਾ ਵਧ ਜਾਂਦਾ ਹੈ। ਇਸ ਲਈ ਸਨਸਕ੍ਰੀਨ ਕ੍ਰੀਮ, ਲੋਸ਼ਨ ਦੀ ਘੱਟ ਵਰਤੋਂ ਕਰਕੇ ਚਮੜੀ ਦੀ ਕੁਦਰਤੀ ਰੱਖਿਆ ਪ੍ਰਣਾਲੀ ਨੂੰ ਬਰਕਰਾਰ ਰੱਖੋ। ਸਰੀਰ ਦੇ ਖੁੱਲ੍ਹੇ ਹਿੱਸੇ ਨੂੰ ਢਕਣ ਲਈ ਪਤਲੇ ਹਲਕੇ ਸੂਤੀ ਕੱਪੜਿਆਂ ਦੀ ਵਰਤੋਂ ਕਰੋ ਜੋ ਤੰਗ ਨਾ ਹੋਣ ਸਗੋਂ ਹਵਾਦਾਰ ਹੋਣ।

ਕੌੜੇ ਕਰੇਲੇ ਦਾ ਕਮਾਲ

ਦੇਸ਼ ਭਰ ਵਿਚ ਮਿਲਣ ਵਾਲਾ ਸਸਤਾ ਜਿਹਾ ਕਰੇਲਾ ਬਹੁਤ ਜ਼ਿਆਦਾ ਗੁਣਕਾਰੀ ਸਬਜ਼ੀ ਹੈ। ਇਸ ਵਿਚ ਦਵਾਈ ਵਾਲੇ ਗੁਣ ਕੁੱਟ-ਕੁੱਟ ਕੇ ਭਰੇ ਹੁੰਦੇ ਹਨ। ਕਰੇਲਾ ਸ਼ੂਗਰ ਅਤੇ ਦਿਲ ਦੇ ਰੋਗੀਆਂ ਲਈ ਲਾਭਦਾਇਕ ਹੈ। ਆਮ ਤੌਰ 'ਤੇ ਇਸ ਦੀ ਵਰਤੋਂ ਤਾਂ ਸਬਜ਼ੀ ਦੇ ਰੂਪ ਵਿਚ ਹੁੰਦੀ ਹੈ ਪਰ ਇਸ ਦੀਆਂ ਛਿੱਲਾਂ, ਪੱਤੇ, ਜੜ੍ਹ, ਲਤਾਵਾਂ ਅਤੇ ਫੁੱਲਾਂ ਦੀ ਵੀ ਦਵਾਈ ਲਈ ਵਰਤੋਂ ਕੀਤੀ ਜਾਂਦੀ ਹੈ।
ਆਯੁਰਵੈਦ ਦੇ ਮੁਤਾਬਿਕ ਕਰੇਲਾ ਗਰਮ, ਹਲਕਾ ਅਤੇ ਸਵਾਦ ਵਿਚ ਪ੍ਰਚੰਡ ਕੌੜਾ ਹੁੰਦਾ ਹੈ। ਇਹ ਦਸਤਾਵਰ, ਵਾਤਦੋਸ਼ ਨਾਸ਼ਕ, ਜਵਰ, ਕਫ, ਪਿੱਤ, ਪ੍ਰਮੇਹ, ਪਾਂਡੁਰੋਗ ਅਤੇ ਕ੍ਰਮਿਨਾਸ਼ਕ ਹੁੰਦਾ ਹੈ। ਇਹ ਰੁਚੀਕਰ ਅਤੇ ਪਾਚਕ ਹੁੰਦਾ ਹੈ। ਇਸ ਵਿਚ ਪ੍ਰੋਟੀਨ, ਫਾਸਫੋਰਸ, ਲੋਹ, ਕੈਲਸ਼ੀਅਮ ਆਦਿ ਰਸਾਇਣਕ ਤੱਤ ਭਰਪੂਰ ਮਾਤਰਾ ਵਿਚ ਹੁੰਦੇ ਹਨ। ਵਿਟਾਮਿਨ 'ਸੀ' ਦੀ ਭਰਪੂਰਤਾ ਕਾਰਨ ਇਹ ਭੋਜਨ ਪਚਾਉਣ ਵਿਚ ਸਹਾਇਕ ਹੁੰਦਾ ਹੈ।
ਕਰੇਲੇ ਦਾ ਕੌੜਾਪਨ ਮਨੁੱਖੀ ਸਿਹਤ ਲਈ ਲਾਭਦਾਇਕ ਹੁੰਦਾ ਹੈ। ਕੌੜੇ ਰਸ ਕਾਰਨ ਸ਼ੂਗਰ ਰੋਗ ਵਿਚ ਵਿਸ਼ੇਸ਼ ਲਾਭਦਾਇਕ ਹੁੰਦਾ ਹੈ। ਜੇ ਕਰੇਲੇ ਦੇ ਰਸ ਦਾ ਨਿਯਮਤ ਸੇਵਨ ਕੀਤਾ ਜਾਵੇ ਤਾਂ ਖੂਨ ਸ਼ਰਕਰਾ ਨੂੰ ਕਾਬੂ ਕੀਤਾ ਜਾ ਸਕਦਾ ਹੈ। ਇਸ ਲਈ ਬ੍ਰਿਟਿਸ਼ ਵਿਗਿਆਨੀਆਂ ਨੇ ਕਰੇਲੇ ਨੂੰ ਪਲਾਂਟ ਇਨਸੁਲਿਨ ਦੀ ਉਪਾਧੀ ਦਿੱਤੀ ਹੈ। ਇਸ ਦੇ ਸੇਵਨ ਨਾਲ ਕੋਲੈਸਟ੍ਰੋਲ ਨੂੰ ਵੀ ਕਾਬੂ ਕੀਤਾ ਜਾ ਸਕਦਾ ਹੈ।
ਕਰੇਲਾ ਮਾਂ ਦੇ ਦੁੱਧ ਵਿਚ ਵਿਯਾਪਤ ਮੋਟਾਪੇ ਅਤੇ ਕਈ ਵਿਕਾਰਾਂ ਨੂੰ ਦੂਰ ਕਰਦਾ ਹੈ। ਗਰਮ ਹੋਣ ਕਾਰਨ ਔਰਤਾਂ ਦੇ ਪੀੜਾਦਾਇਕ ਮਾਸਕ ਸ੍ਰਾਵ ਵਿਚ ਲਾਭਦਾਇਕ ਹੁੰਦਾ ਹੈ। ਇਸ ਤੋਂ ਇਲਾਵਾ ਗਠੀਆ ਰੋਗੀ ਨੂੰ ਕਰੇਲੇ ਦਾ ਰਸ ਲਗਾਉਣਾ ਚਾਹੀਦਾ ਹੈ ਅਤੇ ਰੋਗੀਆਂ ਨੂੰ ਉਬਲਿਆ ਕਰੇਲਾ ਖਵਾਉਣਾ ਚਾਹੀਦਾ ਹੈ। ਕਰੇਲਾ ਨਾ ਮਿਲੇ ਤਾਂ ਇਸ ਦੇ ਪੱਤੇ ਅਤੇ ਲਤਾਵਾਂ ਨੂੰ ਵੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਦਸਤਾਵਰ ਹੋਣ ਦੇ ਕਾਰਨ ਕਰੇਲਾ ਕਬਜ਼ ਰੋਗਨਾਸ਼ਕ ਹੁੰਦਾ ਹੈ। ਇਹ ਦਿਲ ਦੀ ਕਿਰਿਆਸ਼ੀਲਤਾ ਵਧਾ ਕੇ ਪਾਚਕ ਪਿੱਤ ਦਾ ਸ੍ਰਾਵ ਵਧਾਉਂਦਾ ਹੈ। ਬਵਾਸੀਰ ਦੇ ਰੋਗੀ ਨੂੰ ਕਰੇਲੇ ਦੇ ਪੱਤਿਆਂ ਦੇ ਨਾਲ ਦਹੀਂ ਦਾ ਸੇਵਨ ਕਰਨਾ ਚਾਹੀਦਾ ਹੈ। ਖੂਨੀ ਬਵਾਸੀਰ ਵਿਚ ਇਕ ਚਮਚ ਕਰੇਲੇ ਦੇ ਰਸ ਵਿਚ ਸ਼ੱਕਰ ਮਿਲਾ ਕੇ ਕੁਝ ਦਿਨਾਂ ਤੱਕ ਸੇਵਨ ਕਰਨ ਨਾਲ ਲਾਭ ਹੁੰਦਾ ਹੈ। ਯਕ੍ਰਤ ਰੋਗ ਵਿਚ ਇਸ ਦਾ ਰਸ ਲਾਭਕਾਰੀ ਹੁੰਦਾ ਹੈ। ਤਿੱਲੀ ਵਧ ਜਾਣ 'ਤੇ 25 ਮਿਲੀ: ਕਰੇਲੇ ਦਾ ਰਸ ਪਾਣੀ ਵਿਚ ਮਿਲਾ ਕੇ ਪੀਣ ਨਾਲ ਸੋਜ ਘੱਟ ਹੋ ਜਾਂਦੀ ਹੈ।
ਕਰੇਲਾ ਚਮੜੀ ਰੋਗਾਂ ਜਿਵੇਂ ਫੋੜੇ, ਫਿਨਸੀਆਂ, ਖੁਜਲੀ ਅਤੇ ਖੂਨ ਦੀ ਖਰਾਬੀ ਵਿਚ ਬਹੁਤ ਗੁਣਕਾਰੀ ਹੁੰਦਾ ਹੈ। ਇਹ ਖੂਨ ਨੂੰ ਸਾਫ ਕਰਦਾ ਹੈ। ਦਾਦ-ਖਾਜ ਦੇ ਰੋਗੀ ਉਬਲੇ ਹੋਏ ਕਰੇਲੇ ਨੂੰ ਨਿੰਬੂ ਰਸ, ਸ਼ਹਿਦ ਅਤੇ ਅਜ਼ਵਾਇਣ ਦੇ ਨਾਲ ਹਰ ਰੋਜ਼ ਸਵੇਰੇ-ਸ਼ਾਮ ਸੇਵਨ ਕਰਨ। ਕਾਫੀ ਲਾਭਦਾਇਕ ਹੋਵੇਗਾ।

ਬਰਸਾਤੀ ਮੌਸਮ ਵਿਚ ਸਿਹਤ ਦਾ ਰੱਖੋ ਖ਼ਿਆਲ

ਗਰਮੀ ਰੁੱਤ ਦੇ ਤਾਪਮਾਨ ਤੋਂ ਰਾਹਤ ਦਿਵਾਉਣ ਅਤੇ ਉਸ ਨੂੰ ਵਿਦਾ ਕਰਨ ਵਾਲੇ ਕਾਲੇ, ਸਫ਼ੈਦ ਬੱਦਲ ਅਸਮਾਨ ਵਿਚ ਛਾਅ ਰਹੇ ਹਨ। ਸੁਹਾਵਨੇ ਮੌਸਮ ਵਾਲਾ ਬਰਸਾਤ ਦਾ ਮੌਸਮ ਗਰਜ-ਚਮਕ ਦੇ ਨਾਲ ਹਾਜ਼ਰ ਹੋ ਗਿਆ ਹੈ। ਮੌਸਮ ਦੇ ਅਨੁਸਾਰ ਭੋਜਨ ਲੈਣ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ। ਮੌਸਮ ਅਨੁਸਾਰ ਖਾਣ-ਪਾਣ ਕਰ ਕੇ ਸਿਹਤ ਅਤੇ ਸਰੀਰ ਨਾਲ ਬਰਸਾਤ ਦੀ ਰੁੱਤ ਮਜ਼ਾ ਲਿਆ ਜਾ ਸਕਦਾ ਹੈ।
ਇਸ ਮੌਸਮ ਵਿਚ ਫਰਿੱਜ ਵਿਚ ਰੱਖੇ ਪਦਾਰਥਾਂ ਨੂੰ ਥੋੜ੍ਹਾ ਸੰਭਾਲ ਕੇ ਖਾਣਾ ਚਾਹੀਦਾ ਹੈ। ਫਰਿੱਜ ਵਿਚ ਰੱਖਿਆ ਖਾਣਾ ਇਕਦਮ ਨਹੀਂ ਖਾਣਾ ਚਾੀਹਦਾ। ਖਾਣ ਤੋਂ ਪਹਿਲਾਂ ਚੀਜ਼ਾਂ ਨੂੰ ਫਰਿੱਜ 'ਚੋਂ ਕੱਢ ਕੇ ਕੁਝ ਸਮੇਂ ਲਈ ਬਾਹਰ ਰੱਖੋ। ਇਸ ਮੌਸਮ ਵਿਚ ਖੁੱਲ੍ਹੇ ਵਿਚ ਰੱਖੇ ਹੋਏ ਬਾਜ਼ਾਰੂ ਭੋਜਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜਿੰਨਾ ਹੋ ਸਕੇ, ਤਾਜ਼ਾ, ਸਾਫ਼ ਪਾਣੀ ਪੀਉ। ਬਰਸਾਤ ਦੇ ਮੌਸਮ ਵਿਚ ਨਮਕੀਨ, ਚਟਪਟਾ ਅਤੇ ਜ਼ਿਆਦਾ ਗਰਮ ਖਾਣਾ ਨਹੀਂ ਖਾਣਾ ਚਾਹੀਦਾ। ਬਰਸਾਤ ਦੀਆਂ ਜ਼ਿਆਦਾਤਰ ਬਿਮਾਰੀਆਂ ਪਾਣੀ ਅਤੇ ਬਾਜ਼ਾਰੂ ਨਮਕੀਨ, ਚਟਪਟੀਆਂ ਚੀਜ਼ਾਂ ਕਾਰਨ ਫੈਲਦੀਆਂ ਹਨ। ਇਹ ਚੀਜ਼ਾਂ ਸੇਵਨਕਰਤਾ ਨੂੰ ਤਰ੍ਹਾਂ-ਤਰ੍ਹਾਂ ਦੀਆਂ ਬਿਮਾਰੀਆਂ ਮੁਫ਼ਤ ਵਿਚ ਦਿੰਦੀਆਂ ਹਨ।
ਇਸ ਮੌਸਮ ਵਿਚ ਬਾਜ਼ਾਰੀ ਅਤੇ ਖੁੱਲ੍ਹੇ ਵਿਚ ਰੱਖੀਆਂ ਵਿਕਣ ਵਾਲੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਬਚੋ। ਚੰਗਾ ਹੋਵੇਗਾ ਕਿ ਬਾਜ਼ਾਰ ਦਾ ਪਾਣੀ ਅਤੇ ਹੋਰ ਪੀਣ ਵਾਲੇ ਪਦਾਰਥ ਨਾ ਪੀਉ। ਫਲ-ਸਬਜ਼ੀਆਂ ਤਾਜ਼ੀਆਂ ਅਤੇ ਧੋਤੀਆਂ ਹੋਈਆਂ ਹੋਣ। ਇਹ ਸੜੀ-ਗਲੀ, ਕੱਟੀ-ਵੱਢੀ ਨਾ ਹੋਵੇ। ਇਸ ਮੌਸਮ ਵਿਚ ਹਰਾ ਸਾਗ-ਸਬਜ਼ੀ ਨਾ ਖਾਓ। ਪੱਤੇਦਾਰ ਹਰੀਆਂ ਸਬਜ਼ੀਆਂ ਵਿਚ ਸੈਲਿਊਲੋਜ਼ ਹੁੰਦਾ ਹੈ ਜੋ ਠੀਕ ਤਰ੍ਹਾਂ ਹਜ਼ਮ ਨਹੀਂ ਹੁੰਦਾ। ਇਸ ਮੌਸਮ ਵਿਚ ਜ਼ਿਆਦਾ ਖੱਟੇ ਪਦਾਰਥ ਜਿਵੇਂ ਦਹੀਂ, ਇਮਲੀ, ਅਚਾਰ, ਚਟਣੀ ਨਹੀਂ ਖਾਣੇ ਚਾਹੀਦੇ ਹਨ।
ਤਲਿਆ ਖਾਣਾ ਵੀ ਇਸ ਤਰ੍ਹਾਂ ਦੇ ਮੌਸਮ ਵਿਚ ਜਲਦੀ ਹਜ਼ਮ ਨਹੀਂ ਹੁੰਦਾ। ਇਸ ਮੌਸਮ ਵਿਚ ਸੁੱਕੀਆਂ ਚੀਜ਼ਾਂ ਮੱਕੀ, ਛੋਲੇ, ਵੇਸਣ ਆਦਿ ਖਾਣਾ ਚਾਹੀਦਾ। ਬਰਸਾਤ ਵਿਚ ਰੋਗ ਪ੍ਰਤੀਰੋਧੀ ਸ਼ਕਤੀ ਘੱਟ ਹੋ ਜਾਂਦੀ ਹੈ ਜਿਸ ਨਾਲ ਵਾਰ-ਵਾਰ ਬਿਮਾਰੀ ਹੋਣ ਦੀ ਨੌਬਤ ਆਉਂਦੀ ਹੈ। ਉਹ ਜਲਦੀ ਸੰਕ੍ਰਮਿਤ ਹੁੰਦਾ ਹੈ। ਇਸ ਮੌਸਮ ਦੀਆਂ ਬਿਮਾਰੀਆਂ ਗੰਦੇ ਪਾਣੀ, ਬੇਹੇ ਭੋਜਨ, ਸੜੇ-ਗਲੇ ਫਲ, ਸਬਜ਼ੀ, ਗੰਦੀਆਂ ਥਾਵਾਂ ਅਤੇ ਮੱਛਰਾਂ ਕਾਰਨ ਜ਼ਿਆਦਾ ਫੈਲਦੀਆਂ ਹਨ।
ਬਰਸਾਤ ਰੁੱਤ ਦੇ ਮੁੱਖ ਰੋਗ :
* ਇਸ ਮੌਸਮ ਵਿਚ ਵਾਇਰਸ ਦੇ ਕਾਰਨ ਵਾਇਰਲ ਬੁਖਾਰ ਚੜਦਾ ਹੈ। * ਇਸ ਮੌਸਮ ਵਿਚ ਮੱਛਰਾਂ ਕਾਰਨ ਮਲੇਰੀਆ, ਡੇਂਗੂ, ਫਾਈਲੇਰੀਆ ਵਰਗੀਆਂ ਬਿਮਾਰੀਆਂ ਫੈਲਦੀਆਂ ਹਨ। * ਇਸ ਸਮੇਂ ਜੀਵਾਣੂਆਂ ਦੇ ਕਾਰਨ ਟਾਈਫਾਈਡ ਬੁਖਾਰ ਚੜਦਾ ਹੈ। * ਭੋਜਨ ਪਾਣੀ ਨਾਲ ਜੁੜੀਆਂ ਖ਼ਰਾਬੀਆਂ ਦੇ ਕਾਰਨ ਗੈਸਟ੍ਰੋ ਐਂਟਰਾਈਟਿਸਟ, ਡਾਇਰੀਆ, ਦਸਤ, ਪੀਲੀਆ ਆਦਿ ਕਾਰਨ ਬਿਮਾਰੀਆਂ ਦੀ ਭਿਆਨਕ ਸਥਿਤੀ ਪੈਦਾ ਹੁੰਦੀ ਹੈ। * ਹੈਜ਼ਾ ਜਾਂ ਕਾਲਰਾ ਵਰਗੀਆਂ ਸੰਕ੍ਰਾਮਕ ਬਿਮਾਰੀਆਂ ਫੈਲਦੀਆਂ ਹਨ। * ਅੱਖਾਂ ਸਬੰਧੀ ਬਿਮਾਰੀਆਂ ਫੈਲਦੀਆਂ ਹਨ। * ਗੰਦਗੀ ਕਾਰਨ ਖਾਰਸ਼ ਜਾਂ ਫੰਗਸ ਵਰਗੇ ਸੰਕ੍ਰਮਣ ਹੁੰਦੇ ਹਨ।
ਬਿਮਾਰੀਆਂ ਤੋਂ ਬਚਾਅ :
* ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਵਧਾਉਣ ਲਈ ਰੋਜ਼ ਨਿੰਬ, ਸ਼ਹਿਦ ਜਾਂ ਹਲਦੀ ਦਾ ਸੇਵਨ ਕਰੋ। * ਮੱਛਰ ਨੂੰ ਵਧਣ ਤੋਂ ਰੋਕੋ। ਕੂਲਰ ਦਾ ਪਾਣੀ ਖਾਲ੍ਹੀ ਕਰ ਦਿਉ। ਘਰ ਦੇ ਆਲੇ-ਦੁਆਲੇ ਪਾਣੀ ਜਮ੍ਹਾਂ ਨਾ ਹੋਣ ਦਿਉ। * ਬੇਹਾ ਭੋਜਨ ਨਾ ਕਰੋ। * ਸੜੇ-ਗਲੇ ਅਤੇ ਖੁੱਲ੍ਹੇ ਵਿਚ ਰੱਖੇ ਕੱਟੇ ਫਲ ਨਾ ਖਾਓ। * ਸਾਰੀਆਂ ਤਰ੍ਹਾਂ ਦੀਆਂ ਖੱਟੀਆਂ ਚੀਜ਼ਾਂ ਤੋਂ ਬਚੋ। * ਪਾਣੀ ਸਾਫ਼ ਹੋਵੇ। ਪਾਣੀ ਨੂੰ ਉਬਾਲ ਕੇ, ਛਾਣ ਕੇ ਅਤੇ ਠੰਡਾ ਕਰ ਕੇ ਪੀਉ। ਪਾਣੀ ਜ਼ਿਆਦਾ ਤੋਂ ਜ਼ਿਆਦਾ ਪੀਉ। * ਹਰੀਆਂ ਸਬਜ਼ੀਆਂ ਨਾ ਖਾਉ। * ਆਪਣਾ ਆਲਾ-ਦੁਆਲਾ ਸਾਫ਼-ਸੁਥਰਾ ਰੱਖੋ। * ਕੱਪੜੇ ਸਾਫ਼-ਸੁਥਰੇ ਤੇ ਸੁੱਕੇ ਹੋਣ। * ਭਿੱਜੇ ਸਰੀਰ ਨੂੰ ਜਲਦੀ ਸੁਕਾ ਲਉ। ਸਿਰ ਗਿੱਲਾ ਨਾ ਰਹੇ। * ਘਰ ਅਤੇ ਆਲੇ-ਦੁਆਲੇ ਫਿਨਾਇਲ ਦਾ ਛਿੜਕਾਅ ਕਰੋ। * ਕੱਪੜਿਆਂ ਨੂੰ ਧੋਣ ਅਤੇ ਨਹਾਉਣ ਲਈ ਪਾਣੀ ਵਿਚ ਕੁਝ ਮਾਤਰਾ ਵਿਚ ਡਿਟੋਲ ਪਾਉ। * ਹਮੇਸ਼ਾ ਸਿਹਤਮੰਦੀ ਦਾ ਖ਼ਿਆਲ ਰੱਖੋ। ਸੰਕ੍ਰਮਿਤ ਵਿਅਕਤੀ ਤੋਂ ਦੂਰ ਰਹੋ। * ਭੋਜਨ ਤਾਜ਼ਾ, ਸਾਦਾ, ਹਲਕਾ, ਘੱਟ ਮਾਤਰਾ ਵਿਚ ਅਤੇ ਹਜ਼ਮਯੋਗ ਹੋਵੇ।

ਡਰ ਇਕ ਮਾਨਸਿਕ ਰੋਗ ਹੈ

ਡਰ ਦਾ ਰੂਪ ਅੱਜ ਏਨਾ ਵਿਕਰਾਲ ਹੋ ਚੁੱਕਾ ਹੈ ਕਿ ਸ਼ਾਇਦ ਹੀ ਕੋਈ ਵਿਅਕਤੀ ਅਜਿਹਾ ਹੋਵੇ ਜੋ ਕਿਸੇ ਨਾ ਕਿਸੇ ਕਾਰਨ ਕਰਕੇ ਨਾ ਡਰ ਰਿਹਾ ਹੋਵੇ। ਕਿਸੇ ਨੂੰ ਮੌਤ ਦਾ ਡਰ ਤੇ ਕਿਸੇ ਨੂੰ ਚੋਰੀ ਦਾ, ਕਿਸੇ ਨੂੰ ਸਿਹਤ ਦਾ, ਕਿਸੇ ਨੂੰ ਦੁਸ਼ਮਣ ਦਾ ਡਰ ਹੈ ਤੇ ਕਿਸੇ ਨੂੰ ਯਸ਼ ਜਾਂ ਅਪਯਸ਼ ਦਾ।
ਮਨੋਵਿਗਿਆਨੀਆਂ ਦਾ ਮੰਨਣਾ ਹੈ ਕਿ ਡਰ ਇਕ ਮਾਨਸਿਕ ਰੋਗ ਹੈ ਅਤੇ ਇਸ ਦਾ ਜਨਮ ਜੀਵਨ ਦੀ ਸਹਿਜ ਪ੍ਰਵਿਰਤੀ ਦੇ ਕਾਰਨ ਹੁੰਦਾ ਹੈ। ਇਸ ਦਾ ਕੰਮ ਵਿਅਕਤੀ ਨੂੰ ਡਰਾਉਣਾ ਹੀ ਨਹੀਂ, ਸਗੋਂ ਕਦੇ-ਕਦੇ ਉਸ ਦੀ ਰੱਖਿਆ ਕਰਨਾ ਵੀ ਹੁੰਦਾ ਹੈ। ਕਿਉਂਕਿ ਡਰਿਆ ਹੋਇਆ ਵਿਅਕਤੀ ਜ਼ਿਆਦਾ ਸੁਚੇਤ ਰਹਿੰਦਾ ਹੈ ਪਰ ਇਸ ਵਿਚ ਵੀ ਕੋਈ ਸ਼ੱਕ ਨਹੀਂ ਹੈ ਕਿ ਡਰਪੋਕ ਵਿਅਕਤੀ ਦੀ ਉਮਰ ਦਲੇਰ ਵਿਅਕਤੀ ਨਾਲੋਂ ਘੱਟ ਹੁੰਦੀ ਹੈ, ਕਿਉਂਕਿ ਉਸ ਦੀ ਮੌਤ ਦਾ ਕਾਰਨ ਡਰ ਜ਼ਿਆਦਾ ਹੁੰਦਾ ਹੈ। ਉਦਾਹਰਨ ਵਜੋਂ ਜਦੋਂ ਕਿਸੇ ਵਿਅਕਤੀ ਨੂੰ ਇਹ ਦੱਸ ਦਿੱਤਾ ਜਾਵੇ ਕਿ ਉਸ ਦੀ ਉਮਰ ਘੱਟ ਹੈ ਤਾਂ ਉਹ ਉਸ ਚਿੰਤਾ ਨਾਲ ਹਰ ਸਮੇਂ ਡਰਿਆ ਰਹੇਗਾ ਅਤੇ ਫਿਰ ਉਸ ਨੂੰ ਕਈ ਮਾਨਸਿਕ ਰੋਗ ਜਕੜ ਲੈਣਗੇ ਜੋ ਬਾਅਦ ਵਿਚ ਉਸ ਦੀ ਮੌਤ ਦਾ ਕਾਰਨ ਬਣ ਜਾਂਦੇ ਹਨ।
ਇਹ ਹੋਰ ਉਦਾਹਰਨ ਅਨੁਸਾਰ ਜੇ ਕਿਸੇ ਦੇ ਭੋਜਨ ਵਿਚ ਕਿਰਲੀ, ਬਿੱਛੂ ਜਾਂ ਹੋਰ ਕੋਈ ਜ਼ਹਿਰੀਲਾ ਜੀਵ ਡਿਗ ਜਾਵੇ ਅਤੇ ਉਸ ਨੂੰ ਪਤਾ ਨਾ ਹੋਵੇ ਤਾਂ ਸ਼ਾਇਦ ਉਹ ਖਾਣ ਤੋਂ ਬਾਅਦ ਬਚ ਵੀ ਜਾਵੇ ਪਰ ਜੇ ਬਾਅਦ ਵਿਚ ਉਸ ਨੂੰ ਪਤਾ ਲੱਗੇ ਕਿ ਉਸ ਨੇ ਜ਼ਹਿਰੀਲਾ ਭੋਜਨ ਕੀਤਾ ਹੈ ਤਾਂ ਡਰ ਦੇ ਕਾਰਨ ਉਸ ਦੀ ਮੌਤ ਹੋ ਸਕਦੀ ਹੈ।
ਡਰ ਬਹੁਤ ਭਿਅੰਕਰ ਹੁੰਦਾ ਹੈ। ਜਦੋਂ ਉਹ ਮਨੁੱਖੀ ਸਰੀਰ 'ਤੇ ਪੂਰੀ ਤਰ੍ਹਾਂ ਭਾਰੂ ਹੋ ਜਾਂਦਾ ਹੈ ਤਾਂ ਸਰੀਰ ਦੇ ਅੰਗ ਆਪਣੀ ਅਸਲ ਕਿਰਿਆ ਦੇ ਉਲਟ ਕੰਮ ਕਰਨ ਲਗਦੇ ਹਨ। ਹੱਥ-ਪੈਰ ਕੰਬਣ ਲੱਗ ਜਾਂਦੇ ਹਨ ਅਤੇ ਠੰਢੇ ਪੈ ਜਾਂਦੇ ਹਨ, ਦਿਮਾਗ ਦੀ ਸ਼ਕਤੀ ਨੁਕਸਾਨੀ ਜਾਂਦੀ ਹੈ, ਅੱਖਾਂ ਚੜ੍ਹ ਜਾਂਦੀਆਂ ਹਨ ਅਤੇ ਦਿਲ 'ਤੇ ਦਬਾਅ ਪੈਣ ਲਗਦਾ ਹੈ ਅਤੇ ਇਹ ਸਭ ਕਰਾਉਂਦਾ ਹੈ ਡਰ। ਇਸ ਸਥਿਤੀ ਵਿਚ ਮਾਨਸਿਕ ਤਣਾਅ ਇਸ ਹੱਦ ਤੱਕ ਡਰਾ ਦਿੰਦਾ ਹੈ ਕਿ ਮਨੁੱਖ ਕਈ ਅਸਾਧ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ। ਅਜਿਹੇ ਵਿਚ ਉਹ ਜਾਣਕਾਰੀ ਦੀ ਕਮੀ ਕਾਰਨ ਉਲਟੀਆਂ-ਸਿੱਧੀਆਂ ਦਵਾਈਆਂ ਦਾ ਸੇਵਨ ਕਰਨ ਲਗਦਾ ਹੈ, ਜਿਸ ਨਾਲ ਉਸ ਦੀ ਸਿਹਤ ਦਿਨੋ-ਦਿਨ ਵਿਗੜਦੀ ਹੀ ਰਹਿੰਦੀ ਹੈ।
ਮਨੋਵਿਗਿਆਨੀਆਂ ਦੁਆਰਾ ਕੀਤੇ ਗਏ ਇਕ ਸਰਵੇਖਣ ਅਨੁਸਾਰ ਵਿਅਕਤੀ ਵਿਚ ਡਰ ਦੀ ਸ਼ੁਰੂਆਤ ਬਚਪਨ ਤੋਂ ਹੀ ਹੋ ਜਾਂਦੀ ਹੈ। ਬੱਚੇ ਦੇ ਵਾਰਸ ਉਸ ਦੇ ਕੋਮਲ ਮਨ ਨੂੰ ਅੰਧਵਿਸ਼ਵਾਸ ਦੁਆਰਾ ਡਰਾਉਂਦੇ ਹਨ, ਉਸ ਨੂੰ ਭੂਤ-ਪ੍ਰੇਤ ਅਤੇ ਹੋਰ ਕਲਪਨਿਕ ਭਿਆਨਕ ਕਿੱਸੇ-ਕਹਾਣੀਆਂ ਨਾਲ ਡਰਾਉਂਦੇ ਹਨ। ਹਾਲਾਂਕਿ ਉਨ੍ਹਾਂ ਦੇ ਉਦੇਸ਼ ਬੱਚਿਆਂ ਨੂੰ ਬੁਰੇ ਕੰਮਾਂ ਤੋਂ ਰੋਕਣਾ ਹੁੰਦਾ ਹੈ ਪਰ ਇਸ ਦਾ ਅਸਰ ਬੱਚਿਆਂ 'ਤੇ ਉਲਟਾ ਪੈਂਦਾ ਹੈ ਅਤੇ ਉਹ ਆਪਣੇ ਜੀਵਨ ਦੇ ਸ਼ੁਰੂਆਤੀ ਦੌਰ ਵਿਚ ਹੀ ਡਰ ਤੋਂ ਪੀੜਤ ਹੋ ਜਾਂਦੇ ਹਨ, ਜਿਸ ਨਾਲ ਉਸ ਦੇ ਵਿਕਾਸਕ੍ਰਮ ਵਿਚ ਰੁਕਾਵਟ ਪੈਦਾ ਹੋ ਜਾਂਦੀ ਹੈ। ਇਸ ਹਾਲਤ ਵਿਚ ਉਨ੍ਹਾਂ ਦੇ ਸੁਭਾਅ ਵਿਚ ਚਿੜਚਿੜਾਪਨ ਆ ਜਾਂਦਾ ਹੈ। ਉਸ ਦੇ ਕੋਮਲ ਦਿਲ ਨੂੰ ਡਰ ਏਨਾ ਕਮਜ਼ੋਰ ਬਣਾ ਦਿੰਦਾ ਹੈ ਕਿ ਰਾਤ ਨੂੰ ਥੋੜ੍ਹੀ ਜਿਹੀ ਆਵਾਜ਼ ਨਾਲ ਵੀ ਉਸ ਦਾ ਦਿਲ ਕੰਬ ਜਾਂਦਾ ਹੈ। ਸੌਣ 'ਤੇ ਉਸ ਨੂੰ ਬੁਰੇ ਸੁਪਨੇ ਪ੍ਰੇਸ਼ਾਨ ਕਰਦੇ ਹਨ।
ਡਰ ਦਾ ਇਲਾਜ ਤਾਂ ਹੀ ਸੰਭਵ ਹੈ, ਜੇ ਮਾਂ-ਬਾਪ ਆਪਣੇ ਬੱਚੇ ਨੂੰ ਡਰ ਤੋਂ ਮੁਕਤ ਬਣਾਉਣ, ਉਸ ਨੂੰ ਏਨਾ ਮਨੋਬਲ ਪ੍ਰਦਾਨ ਕਰਨ ਕਿ ਉਹ ਭੂਤ-ਪ੍ਰੇਤ ਜਾਂ ਫਿਰ ਹੋਰ ਕਿਸੇ ਵੀ ਕਾਰਨ ਕਰਕੇ ਡਰੇ ਨਾ, ਕਿਉਂਕਿ ਚੰਗੀ ਸਿੱਖਿਆ ਹੀ ਚੰਗੇ ਭਵਿੱਖ ਦਾ ਆਧਾਰ ਹੈ।
ਡਰ ਇਕ ਨਿਸ਼ੇਧਾਤਮਕ ਅਨੁਭੂਤੀ ਮਾਤਰ ਹੈ, ਕਿਉਂਕਿ ਨਾਕਾਰਾਤਮਕ ਚਿੰਤਨ ਅਤੇ ਕਲਪਨਾਵਾਂ ਨਾਲ ਇਸ ਵਿਚ ਵਾਧਾ ਹੁੰਦਾ ਹੈ, ਇਸ ਲਈ ਆਪਣੇ ਮਨੋਬਲ ਅਤੇ ਵਿਵੇਕ ਦੁਆਰਾ ਇਸ ਤੋਂ ਮੁਕਤੀ ਪਾਉਣ ਦੀ ਕੋਸ਼ਿਸ਼ ਕਰੋ। ਆਪਣੇ-ਆਪ ਵਿਚ ਹਰ ਸੰਕਟ ਦਾ ਸਾਹਮਣਾ ਕਰਨ ਦੀ ਸਮਰੱਥਾ ਦਾ ਵਿਕਾਸ ਕਰੋ। ਜੇ ਇਕਾਂਤ ਵਿਚ ਡਰ ਸਤਾਵੇ ਤਾਂ ਮਿੱਤਰਾਂ, ਜਾਣੂਆਂ ਅਤੇ ਕੁਟੰਬਿਆਂ ਆਦਿ ਦੀ ਸੰਗਤ ਕਰੋ ਅਤੇ ਸਤਿਸੰਗ ਵਿਚ ਮਨ ਰਮਾਓ।
ਅਧਿਆਤਮ ਨੂੰ ਡਰ ਭਜਾਉਣ ਦਾ ਸਭ ਤੋਂ ਵਧੀਆ ਉਪਾਅ ਮੰਨਿਆ ਗਿਆ ਹੈ। ਇਸ ਲਈ ਚੰਗੀਆਂ ਕਿਤਾਬਾਂ ਅਤੇ ਸੰਤਾਂ ਦੇ ਪ੍ਰਵਚਨਾਂ ਦੁਆਰਾ ਮਨ ਵਿਚ ਸਾਤਵਿਕ ਅਤੇ ਨਿਸ਼ਚਲ ਵਿਚਾਰਧਾਰਾ ਗ੍ਰਹਿਣ ਕਰੋ, ਫਿਰ ਡਰ ਖੁਦ ਹੀ ਡਰ ਕੇ ਦੂਰ-ਦੂਰ ਰਹੇਗਾ।
**

'ਬਾਕੀ ਦੇ ਕੰਮ ਬਾਅਦ 'ਚ ਪਹਿਲਾਂ ਸਿਹਤ ਜ਼ਰੂਰੀ'

ਯੋਗ ਇਕ ਪੁਰਾਤਨ ਭਾਰਤੀ ਜੀਵਨ ਸਲੀਕਾ (ਪੱਧਤੀ) ਜਿਸ ਰਾਹੀਂ ਸਰੀਰ ਅਤੇ ਮਨ ਨੂੰ ਪੂਰੀ ਤਰ੍ਹਾਂ ਤੰਦਰੁਸਤ ਰੱਖਿਆ ਜਾ ਸਕਦਾ ਹੈ। ਅੱਜ ਦੇ ਸਮੇਂ ਵਿਚ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿਣ ਲਈ ਇਹ ਪੱਧਤੀ ਬੜੀ ਲਾਹੇਵੰਦ ਸਾਬਤ ਹੋ ਰਹੀ ਹੈ। ਇਸੇ ਪੱਖ ਨੂੰ ਧਿਆਨ ਵਿਚ ਰੱਖ ਕੇ ਪਾਠਕਾਂ ਦੀ ਜਾਣਕਾਰੀ ਲਈ ਯੋਗ ਮਾਹਿਰ ਸ੍ਰੀ ਰਜਨੀਸ਼ ਮੱਲ੍ਹਣ ਨਾਲ 'ਅਜੀਤ' ਵਲੋਂ ਕੀਤੀ ਗਈ ਇਕ ਵਿਸ਼ੇਸ਼ ਮੁਲਾਕਾਤ ਇਨ੍ਹਾਂ ਕਾਲਮਾਂ ਵਿਚ ਛਾਪੀ ਜਾ ਰਹੀ ਹੈ।
? ਯੋਗ ਕੀ ਹੈ? ਇਸ ਦੇ ਇਤਿਹਾਸ ਅਤੇ ਇਸ ਦੇ ਵਿਕਾਸ 'ਤੇ ਚਾਨਣਾ ਪਾਓ ?
-ਸੰਖੇਪ ਰੂਪ ਵਿਚ ਕਹੀਏ ਤਾਂ ਯੋਗ ਅਧਿਆਤਮਕ ਅਨੁਸ਼ਾਸਨ ਅਤੇ ਅਤਿਅੰਤ ਸੂਖ਼ਮ ਵਿਗਿਆਨ 'ਤੇ ਆਧਾਰਿਤ ਗਿਆਨ ਹੈ, ਜੋ ਮਨ ਅਤੇ ਸਰੀਰ ਵਿਚ ਸਬੰਧ ਸਥਾਪਿਤ ਕਰਦਾ ਹੈ । ਇਹ ਸਿਹਤਮੰਦ ਜੀਵਨ ਦੀ ਕਲਾ ਅਤੇ ਵਿਗਿਆਨ ਹੈ। 'ਯੋਗ' ਸ਼ਬਦ ਸੰਸਕ੍ਰਿਤ ਦੇ 'ਯੁੱਜ' ਸ਼ਬਦ ਤੋ ਲਿਆ ਗਿਆ ਹੈ, ਜਿਸ ਦਾ ਅਰਥ ਹੈ ਜੋੜਨਾ। ਆਧੁਨਿਕ ਵਿਗਿਆਨਕਾਂ ਅਨੁਸਾਰ ਬ੍ਰਹਿਮੰਡ ਵਿਚ ਜੋ ਕੁਝ ਵੀ ਹੈ ਉਹ ਪ੍ਰਮਾਣੂ ਦਾ ਪ੍ਰਗਤੀਕਰਨ ਮਾਤਰ ਹੈ, ਜਿਸ ਨੇ ਯੋਗ ਵਿਚ ਇਸ ਅਸਤਿਤਵ ਦੇ ਏਕਤਵ ਦਾ ਅਨੁਭਵ ਕਰ ਲਿਆ, ਉਸ ਨੂੰ ਯੋਗੀ ਕਿਹਾ ਜਾਂਦਾ ਹੈ। 'ਯੋਗ' ਦਾ ਪ੍ਰਯੋਗ ਅੰਦਰੂਨੀ ਵਿਗਿਆਨ ਦੇ ਰੂਪ ਵਿਚ ਵੀ ਕੀਤਾ ਜਾਂਦਾ ਹੈ। ਯੋਗ ਅਭਿਆਸ (ਸਾਧਨਾ) ਦਾ ਉਦੇਸ਼ ਸਾਰੇ ਪ੍ਰਕਾਰ ਦੇ ਦੁੱਖਾਂ ਤੋਂ ਮੁਕਤੀ ਪ੍ਰਾਪਤ ਕਰਨਾ ਹੈ।
ਯੋਗ ਵਿੱਦਿਆ ਹਜ਼ਾਰਾਂ ਸਾਲ ਪੁਰਾਣੀ ਹੈ। ਸ਼ਰੂਤੀ ਪ੍ਰੰਪਰਾ ਅਨੁਸਾਰ ਭਗਵਾਨ ਸ਼ਿਵ ਯੋਗ ਵਿੱਦਿਆ ਦੇ ਪਹਿਲੇ ਆਦਿ ਗੁਰੂ, ਯੋਗੀ ਜਾਂ ਆਦਿਯੋਗੀ ਹਨ। ਹਜ਼ਾਰਾਂ ਸਾਲ ਪਹਿਲਾਂ ਹਿਮਾਲਿਆ ਵਿਚ ਆਦਿਯੋਗੀ ਨੇ ਯੋਗ ਦਾ ਗੂੜ੍ਹ ਗਿਆਨ ਪੁਰਾਣਿਕ ਸਪਤ ਰਿਸ਼ੀਆਂ ਨੂੰ ਦਿੱਤਾ ਸੀ। ਇਨ੍ਹਾਂ ਸਪਤ ਰਿਸ਼ੀਆਂ ਨੇ ਇਸ ਅਤਿਅੰਤ ਮਹੱਤਵਪੂਰਨ ਯੋਗ ਵਿੱਦਿਆ ਨੂੰ ਏਸ਼ੀਆ, ਮੱਧ ਪੂਰਬ, ਉੱਤਰੀ ਅਫ਼ਰੀਕਾ ਅਤੇ ਦੱਖਣੀ ਅਮਰੀਕਾ ਸਮੇਤ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿਚ ਪ੍ਰਸਾਰਿਤ ਕੀਤਾ। ਇਹ ਭਾਰਤ ਦੀ ਧਰਤੀ ਹੀ ਹੈ, ਜਿਥੇ ਯੋਗ ਦੀ ਵਿੱਦਿਆ ਪੂਰੀ ਤਰ੍ਹਾਂ ਪ੍ਰਗਟ ਹੋਈ। ਅਗਸਤ ਮੁਨੀ ਨੇ ਇਸ ਯੋਗ ਸੰਸਕ੍ਰਿਤੀ ਨੂੰ ਜੀਵਨ ਦੇ ਰੂਪ ਵਿਚ ਸੰਸਾਰ ਦੇ ਹਰੇਕ ਭਾਗ ਵਿਚ ਪ੍ਰਸਾਰਿਤ ਕੀਤਾ। ਵੈਦਿਕ ਅਤੇ ਉਪਨਿਸ਼ਦ ਪ੍ਰੰਪਰਾ, ਸ਼ੈਵ, ਵੈਸ਼ਨਵ ਪ੍ਰੰਪਰਾ, ਭਾਰਤੀ ਦਰਸ਼ਨ, ਰਾਮਾਇਣ ਅਤੇ ਭਗਵਤ ਗੀਤਾ ਸਮੇਤ ਮਹਾਂਭਾਰਤ ਵਰਗੇ ਮਹਾਂਕਾਵਿ, ਬੁੱਧ ਅਤੇ ਜੈਨ ਪ੍ਰੰਪਰਾ ਦੇ ਨਾਲ-ਨਾਲ ਸੰਸਾਰ ਦੀ ਲੋਕ ਵਿਰਾਸਤ ਵਿਚ ਵੀ ਯੋਗ ਮਿਲਦਾ ਹੈ। ਵੈਦਿਕ ਕਾਲ ਵਿਚ ਮਹਾਂਰਿਸ਼ੀ ਪਤੰਜਲੀ ਨੇ ਉਸ ਸਮੇਂ ਦੇ ਪ੍ਰਚਲਿਤ ਪੁਰਾਤਨ ਯੋਗ ਅਭਿਆਸਾਂ ਨੂੰ ਵਿਵਸਥਿਤ ਅਤੇ ਵਰਗੀਕ੍ਰਿਤ ਕੀਤਾ ਅਤੇ ਉਸ ਤੋਂ ਹੋਣ ਵਾਲੇ ਫ਼ਾਇਦਿਆਂ ਅਤੇ ਗਿਆਨ ਨੂੰ ਪਾਤੰਜਲਯੋਗਸੂਤਰ ਨਾਂਅ ਦੇ ਗ੍ਰੰਥ ਵਿਚ ਲੜੀਵਾਰ ਪਰੋਇਆ। ਮਹਾਂਰਿਸ਼ੀ ਪਤੰਜਲੀ ਦੇ ਬਾਅਦ ਵੀ ਅਨੇਕ ਰਿਸ਼ੀਆਂ ਅਤੇ ਯੋਗ ਆਚਾਰਿਆਂ ਨੇ ਯੋਗ ਅਭਿਆਸਾਂ ਅਤੇ ਯੋਗਿਕ ਕ੍ਰਿਆਵਾਂ ਅਤੇ ਸਾਹਿਤ ਦੇ ਮਾਧਿਆਮ ਨਾਲ ਇਸ ਖੇਤਰ ਦੀ ਸਾਂਭ-ਸੰਭਾਲ ਅਤੇ ਵਿਕਾਸ ਵਿਚ ਮਹੱਤਵਪੂਰਨ ਯੋਗਦਾਨ ਦਿੱਤਾ। ਇਹੀ ਕਾਰਨ ਹੈ ਕਿ ਅੱਜ ਸਾਰਿਆਂ ਨੂੰ ਯੋਗ ਅਭਿਆਸ ਨਾਲ ਬਿਮਾਰੀਆਂ ਦੀ ਰੋਕਥਾਮ, ਚੰਗੀ ਦੇਖਭਾਲ ਅਤੇ ਸਿਹਤ ਲਾਭ ਮਿਲਣ ਦਾ ਦ੍ਰਿੜ੍ਹ ਵਿਸ਼ਵਾਸ ਹੈ। ਯੋਗ ਦਿਨ-ਪ੍ਰਤੀ ਦਿਨ ਵਿਕਸਤ ਅਤੇ ਵਿਸ਼ਾਲ ਹੁੰਦਾ ਜਾ ਰਿਹਾ ਹੈ। ਅੱਜ ਦੇ ਸਮੇਂ ਵਿਚ ਯੋਗਿਕ ਅਭਿਆਸ ਜ਼ਿਆਦਾ ਮਹੱਤਵਪੂਰਨ ਹੁੰਦਾ ਜਾ ਰਿਹਾ ਹੈ।
? ਪ੍ਰੰਪਰਿਕ ਯੋਗ ਬਾਰੇ ਕੁਝ ਜਾਣਕਾਰੀ ਸਾਡੇ ਪਾਠਕਾਂ ਨਾਲ ਸਾਂਝਾ ਕਰੋ?
-ਯੋਗ ਦੇ ਵੱਖ-ਵੱਖ ਸੰਪ੍ਰਦਾਵਾਂ, ਪ੍ਰੰਪਰਾਵਾਂ, ਦਰਸ਼ਨਾਂ, ਧਰਮਾਂ ਅਤੇ ਗੁਰੂ-ਚੇਲੇ ਦੀਆਂ ਪ੍ਰੰਪਰਾਵਾਂ ਦੇ ਚਲਦੇ ਵੱਖ-ਵੱਖ ਪਾਠਸ਼ਾਲਾਵਾਂ ਦਾ ਰਸਤਾ ਖੁੱਲ੍ਹਿਆ। ਇਨ੍ਹਾਂ ਵਿਚ ਗਿਆਨਯੋਗ, ਭਗਤੀਯੋਗ, ਕਰਮਯੋਗ, ਪਾਤੰਜਲਯੋਗ, ਕੁੰਡਲਿਨੀਯੋਗ, ਹੱਠਯੋਗ, ਧਿਆਨਯੋਗ, ਮੰਤਰਯੋਗ, ਲੈਅਯੋਗ, ਰਾਜਯੋਗ, ਜੈਨਯੋਗ, ਬੁੱਧਯੋਗ ਆਦਿ ਸ਼ਾਮਿਲ ਹਨ। ਹਰੇਕ ਸੰਪ੍ਰਦਾਇ ਦੇ ਆਪਣੇ ਵੱਖਰੇ ਵੱਖਰੇ ਦ੍ਰਿਸ਼ਟੀਕੋਣ ਅਤੇ ਅਭਿਆਸਕ੍ਰਮ ਹਨ, ਜਿਸ ਦੇ ਮਾਧਿਅਮ ਨਾਲ ਹਰੇਕ ਯੋਗ ਸੰਪ੍ਰਦਾਇ ਨੇ ਯੋਗ ਦੇ ਮੂਲ ਉਦੇਸ਼ਾਂ ਅਤੇ ਟੀਚਿਆਂ ਤੱਕ ਪਹੁੰਚਣ ਵਿਚ ਸਫਲਤਾ ਪ੍ਰਾਪਤ ਕੀਤੀ ਹੈ।
? ਅੱਜ ਦੀ ਜ਼ਿੰਦਗੀ ਵਿਚ ਯੋਗ ਦੀ ਏਨੀ ਜ਼ਰੂਰਤ ਕਿਉਂ ਹੈ?
-ਬਹੁਤ ਹੀ ਚੰਗਾ ਸਵਾਲ। ਅੱਜ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਤਣਾਅ ਨੇ ਆਪਣੀ ਜਗ੍ਹਾ ਬਣਾ ਲਈ ਹੈ, ਜਿਸ ਕਿਸੇ ਨੂੰ ਪੁੱਛੋ ਚਾਹੇ ਉਹ ਛੋਟਾ ਹੋਵੇ ਜਾਂ ਵੱਡਾ ਹੋਵੇ ਹਰ ਵਰਗ ਦਾ ਵਿਅਕਤੀ ਤਣਾਅ ਦਾ ਸ਼ਿਕਾਰ ਹੈ। ਭੱਜ-ਦੌੜ ਭਰੀ ਜ਼ਿੰਦਗੀ 'ਚ ਅੱਜ ਇਨਸਾਨ ਕੋਲ ਆਪਣੇ ਲਈ ਵੀ ਸਮਾਂ ਨਹੀਂ ਰਿਹਾ। ਸਵੇਰੇ ਕੰਮ 'ਤੇ ਜਾਣ ਦੀ ਕਾਹਲੀ ਅਤੇ ਸ਼ਾਮ ਨੂੰ ਕੰਮ ਤੋਂ ਥੱਕੇ ਹੋਏ ਇਨਸਾਨ ਕੋਲ ਸੈਰ ਜਾਂ ਫਿਰ ਕਸਰਤ ਆਦਿ ਦਾ ਸਮਾਂ ਹੀ ਨਹੀਂ ਹੁੰਦਾ। ਇਥੇ ਹੀ ਬਸ ਨਹੀਂ ਹੱਥੀਂ ਕੰਮ ਨਾ ਕਰਨ ਦੀ ਆਦਤ ਅਤੇ ਆਰਾਮਦਾਇਕ ਰਹਿਣ-ਸਹਿਣ ਤੋਂ ਇਲਾਵਾ ਫਾਸਟ-ਫੂਡ ਦੀ ਲੋੜ ਤੋਂ ਵਧੇਰੇ ਵਰਤੋਂ ਕਾਰਨ ਇਨਸਾਨ ਹੌਲੀ-ਹੌਲੀ ਕਈ ਤਰ੍ਹਾਂ ਦੀਆਂ ਬਿਮਾਰੀਆਂ 'ਚ ਘਿਰਦਾ ਜਾ ਰਿਹਾ ਹੈ। ਸ਼ੁਰੂਆਤ ਮੋਟਾਪੇ ਤੋਂ ਹੁੰਦੀ ਹੈ ਤੇ ਫਿਰ ਸ਼ੂਗਰ ਆਦਿ ਕਈ ਨਾਮੁਰਾਦ ਬਿਮਾਰੀਆਂ ਜਨਮ ਲੈਣ ਲੱਗਦੀਆਂ ਹਨ। ਇਸ ਲਈ ਅੱਜ ਦੀ ਜਿੰਦਗੀ ਵਿਚ ਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਯੋਗ ਰਾਹੀਂ ਹੀ ਅਸੀਂ ਇਸ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾ ਸਕਦੇ ਹਾਂ।
? ਯੋਗ ਅਭਿਆਸ ਕਰਦੇ ਸਮੇਂ ਸਾਨੂੰ ਕਿੰਨ੍ਹਾ-ਕਿੰਨ੍ਹਾਂ ਸਾਵਧਾਨੀਆਂ ਦਾ ਖਿਆਲ ਰੱਖਣਾ ਚਾਹੀਦਾ ਹੈ?
-ਯੋਗ ਅਭਿਆਸ ਸਾਨੂੰ ਸ਼ਾਂਤ ਵਾਤਾਵਰਨ ਵਿਚ ਆਰਾਮ ਨਾਲ ਸਰੀਰ ਅਤੇ ਮਨ ਨੂੰ ਸ਼ਾਂਤ ਕਰਕੇ ਕਰਨਾ ਚਾਹੀਦਾ ਹੈ। ਯੋਗ ਅਭਿਆਸ ਮਲ ਅਤੇ ਮੂਤਰ ਦਾ ਤਿਆਗ ਕਰਨ ਉਪਰੰਤ ਸ਼ੁਰੂ ਕਰਨਾ ਚਾਹੀਦਾ ਹੈ। ਯੋਗ ਅਭਿਆਸ ਖਾਲੀ ਪੇਟ ਕਰਨਾ ਵਧੇਰੇ ਫ਼ਾਇਦੇਮੰਦ ਹੈ। ਅਭਿਆਸ ਕਰਨ ਲਈ ਚਟਾਈ, ਦਰੀ, ਕੰਬਲ ਜਾਂ ਯੋਗ ਮੈਟ ਦਾ ਇਸਤੇਮਾਲ ਕਰਨਾ ਚਾਹੀਦਾ ਹੈ। ਸਰੀਰ ਦੀ ਗਤੀਵਿਧੀ ਆਸਾਨੀ ਨਾਲ ਹੋਵੇ ਇਸ ਲਈ ਸੂਤੀ, ਹਲਕੇ ਅਤੇ ਆਰਾਮਦਾਇਕ ਕੱਪੜੇ ਪਹਿਨ ਕੇ ਯੋਗ ਅਭਿਆਸ ਕਰਨਾ ਚਾਹੀਦਾ ਹੈ। ਬਿਮਾਰੀ, ਤਣਾਅ ਅਤੇ ਥਕਾਵਟ ਦੀ ਹਾਲਤ ਵਿਚ ਕਦੇ ਵੀ ਯੋਗ ਨਹੀਂ ਕਰਨਾ ਚਾਹੀਦਾ। ਗਰਭ-ਅਵਸਥਾ ਅਤੇ ਮਾਸਿਕ ਧਰਮ ਤੋਂ ਇਲਾਵਾ ਜੇਕਰ ਕੋਈ ਪੁਰਾਣਾ ਰੋਗ ਹੋਵੇ, ਦਿਲ ਦੇ ਰੋਗ ਸਬੰਧੀ ਕੋਈ ਸਮੱਸਿਆ ਹੋਵੇ ਅਤੇ ਅਜਿਹੀ ਹਾਲਤ ਵਿਚ ਯੋਗ ਕਰਨ ਤੋਂ ਪਹਿਲਾਂ ਡਾਕਟਰ ਜਾਂ ਯੋਗ ਮਾਹਿਰ ਨਾਲ ਸਲਾਹ ਜ਼ਰੂਰ ਕਰੋ।
ਯੋਗ ਕਰਨ ਨਾਲ ਜਿਥੇ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ, ਉਥੇ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਵਧਦੀ ਹੈ। ਸਾਨੂੰ ਪੂਰੀ ਆਸ ਹੈ ਕਿ ਤੁਸੀਂ ਸਾਰੇ ਉਪਰੋਕਤ ਦੱਸੀਆਂ ਗੱਲਾਂ ਦਾ ਵਿਸ਼ੇਸ਼ ਧਿਆਨ ਰੱਖਦੇ ਹੋਏ ਯੋਗ ਦਾ ਤਨ-ਮਨ ਤੋਂ ਪੂਰੀ ਤਰ੍ਹਾਂ ਅਨੰਦ ਮਾਣੋਗੇ ਅਤੇ ਆਪਣੇ ਸਰੀਰ ਨੂੰ ਰੋਗ ਮੁਕਤ ਰੱਖਣ ਵਿਚ ਕਾਮਯਾਬ ਹੋਵੋਗੇ।


-ਐਫ.ਐਮ.70, ਮਾਡਲ ਹਾਊਸ, ਜਲੰਧਰ।

ਸ਼ੂਗਰ : ਕੀ ਖਾਈਏ, ਕੀ ਨਾ

ਸ਼ੂਗਰ ਦੇ ਰੋਗੀਆਂ ਨੂੰ ਆਪਣੇ ਖਾਣ-ਪੀਣ 'ਤੇ ਪੂਰਾ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਅਜਿਹੇ ਰੋਗੀਆਂ ਨੂੰ ਜ਼ਿਆਦਾ ਖਾਣਾ ਵੀ ਨੁਕਸਾਨ ਪਹੁੰਚਾਉਂਦਾ ਹੈ ਅਤੇ ਘੱਟ ਖਾਣਾ ਵੀ। ਸ਼ੂਗਰ ਰੋਗੀ ਤਿੰਨ ਮੁੱਖ ਆਹਾਰਾਂ ਤੋਂ ਇਲਾਵਾ ਦੋ ਵਾਰ ਸਨੈਕਸ ਵੀ ਲੈਣ। ਅਜਿਹੇ ਰੋਗੀਆਂ ਨੂੰ ਪ੍ਰੋਟੀਨ ਅਤੇ ਕਾਰਬੋਹਾਈਡ੍ਰੇਟ ਦੇ ਸਹੀ ਮੇਲ 'ਤੇ ਧਿਆਨ ਰੱਖਣਾ ਚਾਹੀਦਾ ਹੈ।
ਨਾਸ਼ਤੇ ਵਿਚ ਅਜਿਹੇ ਰੋਗੀ ਦੁੱਧ ਵਾਲਾ ਦਲੀਆ ਜਾਂ ਆਂਡਾ, ਬ੍ਰੈੱਡ ਲੈ ਸਕਦੇ ਹਨ। ਦੁਪਹਿਰ ਦੇ ਖਾਣੇ ਦੇ ਨਾਲ ਸਬਜ਼ੀ, ਦਾਲ ਅਤੇ ਦੋ ਰੋਟੀਆਂ ਲੈ ਸਕਦੇ ਹਨ। ਇਸੇ ਤਰ੍ਹਾਂ ਰਾਤ ਦੇ ਖਾਣੇ ਵਿਚ ਵੀ ਲਓ। ਇਸ ਤਰ੍ਹਾਂ ਦੀ ਖੁਰਾਕ ਨਾਲ ਸ਼ੂਗਰ ਦਾ ਪੱਧਰ ਠੀਕ ਰਹਿੰਦਾ ਹੈ। ਕਾਰਬੋਹਾਈਡ੍ਰੇਟ ਸਰੀਰ ਵਿਚ ਛੇਤੀ ਸ਼ੂਗਰ ਦੇ ਰੂਪ ਵਿਚ ਬਦਲ ਜਾਂਦਾ ਹੈ ਅਤੇ ਪ੍ਰੋਟੀਨ ਸ਼ੂਗਰ ਨੂੰ ਹੌਲੀ-ਹੌਲੀ ਰਿਲੀਜ਼ ਕਰਦਾ ਹੈ। ਇਸ ਨਾਲ ਪੇਟ ਭਰਿਆ-ਭਰਿਆ ਰਹਿੰਦਾ ਹੈ ਅਤੇ ਵਾਰ-ਵਾਰ ਖਾਣ ਦੀ ਇੱਛਾ ਵੀ ਨਹੀਂ ਹੁੰਦੀ। ਜ਼ਿਆਦਾ ਤਲਿਆ ਭੋਜਨ ਨੁਕਸਾਨ ਪਹੁੰਚਾਉਂਦਾ ਹੈ।
ਕੀ ਖਾਈਏ
* ਦਿਨ ਵਿਚ ਜੋ ਵੀ ਖਾਓ, ਥੋੜ੍ਹਾ-ਥੋੜ੍ਹਾ ਕਰਕੇ ਕਈ ਵਾਰ ਖਾਓ। ਫਲ ਅਤੇ ਸਬਜ਼ੀਆਂ ਵਿਚ ਚੈਰੀ, ਸਟ੍ਰਾਬੇਰੀ, ਸੰਤਰਾ, ਅਨਾਰ, ਜਾਮਣ, ਪਪੀਤਾ, ਮੌਸੰਮੀ ਅਤੇ ਕਰੇਲਾ, ਘੀਆ, ਤੋਰੀ, ਖੀਰਾ, ਟਮਾਟਰ ਆਦਿ ਨਿਯਮਤ ਲਓ।
* ਸ਼ੂਗਰ ਦੇ ਰੋਗੀਆਂ ਨੂੰ ਲੋ ਗਲਾਈਸਿਮਿਕ ਇੰਡੈਕਸ ਵਾਲੀਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ, ਕਿਉਂਕਿ ਇਹ ਸਰੀਰ ਵਿਚ ਹੌਲੀ-ਹੌਲੀ ਗੁਲੂਕੋਜ਼ ਵਿਚ ਬਦਲਦੀਆਂ ਹਨ। ਇਨ੍ਹਾਂ ਵਿਚ ਸੋਇਆ, ਮੂੰਗੀ ਦੀ ਦਾਲ, ਕਾਲੇ ਛੋਲੇ, ਰਾਜਮਾਂਹ, ਭੂਰੇ ਚੌਲ, ਆਂਡੇ ਦਾ ਸਫੈਦ ਹਿੱਸਾ, ਹਰੀਆਂ ਸਬਜ਼ੀਆਂ ਆਉਂਦੀਆਂ ਹਨ।
* ਖਾਣਾ ਅਜਿਹਾ ਖਾਓ, ਜਿਸ ਵਿਚ ਰੇਸ਼ੇ ਦੀ ਮਾਤਰਾ ਜ਼ਿਆਦਾ ਹੋਵੇ ਭਾਵ ਕਿ 20 ਫੀਸਦੀ ਰੇਸ਼ਾ ਹੋਵੇ। ਸਪਰਾਊਟਸ ਦਾ ਸੇਵਨ ਨਿਯਮਤ ਕਰੋ, ਇਨ੍ਹਾਂ ਵਿਚ ਐਂਟੀ-ਆਕਸੀਡੈਂਟ ਕਾਫੀ ਹੁੰਦੇ ਹਨ। ਚੋਕਰਯੁਕਤ ਆਟੇ ਦੀ ਰੋਟੀ, ਦਲੀਆ, ਓਟਸ ਬ੍ਰਾਨ, ਰਾਜਮਾਂਹ, ਲੋਭੀਆ ਆਦਿ ਲਓ।
* ਵੈਸੇ ਤਾਂ ਸ਼ੂਗਰ ਰੋਗੀਆਂ ਲਈ ਰਸ ਓਨਾ ਲਾਭਦਾਇਕ ਨਹੀਂ ਹੈ। ਪਰ ਰਸ ਪੀਣਾ ਵੀ ਹੋਵੇ ਤਾਂ ਕਰੇਲਾ, ਖੀਰਾ, ਟਮਾਟਰ, ਔਲਾ ਅਤੇ ਐਲੋਵੇਰਾ ਦਾ ਰਸ ਲੈ ਸਕਦੇ ਹੋ।
* ਸੁੱਕੇ ਮੇਵੇ ਦਾ ਸੇਵਨ ਸਰੀਰ ਵਿਚ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਂਦਾ ਹੈ ਅਤੇ ਕੁਝ ਰੇਸ਼ਾ ਵੀ ਸਰੀਰ ਨੂੰ ਦਿੰਦਾ ਹੈ। ਇਕ ਮੁੱਠੀ ਸੁੱਕੇ ਮੇਵੇ ਦਾ ਸੇਵਨ ਕਰ ਸਕਦੇ ਹੋ, ਜਿਨ੍ਹਾਂ ਵਿਚ 5-7 ਬਦਾਮ ਅਤੇ 3-4 ਅਖਰੋਟ ਲੈ ਸਕਦੇ ਹੋ।
* ਸ਼ੂਗਰ ਰੋਗੀ ਨੂੰ ਚਾਹ ਦੇ ਨਾਲ ਉੱਚ ਰੇਸ਼ੇ ਵਾਲੇ ਬਿਸਕੁਟ ਲੈਣੇ ਚਾਹੀਦੇ ਹਨ। ਵੈਸੇ ਗ੍ਰੀਨ ਟੀ ਜ਼ਿਆਦਾ ਲਾਭਦਾਇਕ ਹੁੰਦੀ ਹੈ। ਦੁੱਧ ਡਬਲ ਟੋਂਡ ਲਓ। ਡਬਲ ਟੋਂਡ ਦੁੱਧ ਦਾ ਦਹੀਂ ਨਿਯਮਤ ਲਓ। * ਨਾਰੀਅਲ ਪਾਣੀ, ਤਾਜ਼ੀਆਂ ਸਬਜ਼ੀਆਂ ਦਾ ਸੂਪ, ਲੱਸੀ ਦਾ ਸੇਵਨ ਕਾਲਾਲੂਣ ਪਾ ਕੇ ਕਰ ਸਕਦੇ ਹੋ।
* ਕਣਕ ਦੇ ਆਟੇ ਵਿਚ ਜੌਂ ਦਾ ਆਟਾ ਮਿਲਾ ਕੇ ਵੀ ਰੋਟੀ ਦਾ ਸੇਵਨ ਸਿਹਤ ਲਈ ਬਿਹਤਰ ਹੈ, ਕਿਉਂਕਿ ਜੌਂ ਵੀ ਲੋ ਗਲਾਈਸਿਮਿਕ ਇੰਡੈਕਸ ਵਿਚ ਆਉਂਦੇ ਹਨ।
* ਮੇਥੀਦਾਣਾ ਰਾਤ ਵਿਚ ਧੋ ਕੇ ਭਿਉਂ ਕੇ ਰੱਖ ਦਿਓ। ਸਵੇਰੇ ਉਸ ਦਾ ਪਾਣੀ ਪੁਣ ਕੇ ਬਾਕੀ ਮੇਥੀ ਦਾਣਾ ਸਬਜ਼ੀ ਵਿਚ ਵਰਤ ਸਕਦੇ ਹੋ। ਨਿੰਮ, ਕਰੇਲੇ ਦਾ ਪਾਊਡਰ ਲੰਬੇ ਸਮੇਂ ਤੱਕ ਪਾਣੀ ਨਾਲ ਲੈਣ 'ਤੇ ਲਾਭ ਪਹੁੰਚਦਾ ਹੈ। ਭੁੰਨੇ ਛੋਲੇ ਦਿਨ ਵਿਚ ਭੁੱਖ ਲੱਗਣ 'ਤੇ ਖਾਓ।
ਕੀ ਨਾ ਖਾਈਏ
* ਮੱਖਣ, ਪਨੀਰ, ਮੀਟ, ਚੀਜ਼ ਦਾ ਸੇਵਨ ਘੱਟ ਤੋਂ ਘੱਟ ਕਰੋ।
* ਸਫੈਦ ਚੌਲਾਂ ਦਾ ਸੇਵਨ ਨਾ ਕਰੋ। ਜੇ ਕਦੇ ਸਫੈਦ ਚੌਲ ਖਾਣੇ ਵੀ ਪੈਣ ਤਾਂ ਉਬਾਲ ਕੇ ਨਾ ਖਾਓ, ਕਿਉਂਕਿ ਸਾਰੇ ਵਿਟਾਮਿਨ ਅਤੇ ਮਿਨਰਲਜ਼ ਵਾਧੂ ਪਾਣੀ ਵਿਚ ਨਿਕਲ ਜਾਣਗੇ।
* ਖੰਡ, ਸ਼ੱਕਰ, ਗੁੜ, ਸ਼ਹਿਦ, ਗੰਨਾ, ਚਾਕਲੇਟ, ਪੇਸਟਰੀ, ਕੇਕ, ਕੁਲਫੀ, ਆਈਸਕ੍ਰੀਮ ਦਾ ਸੇਵਨ ਨਾ ਕਰੋ।
* ਆਲੂ, ਕਚਾਲੂ, ਅਰਬੀ, ਕਟਹਲ, ਜਿਮੀਕੰਦ, ਸ਼ਕਰਕੰਦੀ, ਚੁਕੰਦਰ ਦਾ ਸੇਵਨ ਨਾ ਕਰੋ। ਜੇ ਬਹੁਤ ਮਨ ਕਰੇ ਤਾਂ ਇਨ੍ਹਾਂ ਨੂੰ ਉਬਾਲ ਕੇ ਥੋੜ੍ਹਾ ਜਿਹਾ ਖਾ ਸਕਦੇ ਹੋ। ਫ੍ਰਾਈਡ ਤਾਂ ਬਿਲਕੁਲ ਨਾ ਖਾਓ, ਕਿਉਂਕਿ ਇਨ੍ਹਾਂ ਵਿਚ ਸਟਾਰਚ ਅਤੇ ਕਾਰਬੋਹਾਈਡ੍ਰੇਟਸ ਜ਼ਿਆਦਾ ਹੁੰਦੇ ਹਨ।
* ਪੈਕਡ ਰਸ ਬਿਲਕੁਲ ਨਾ ਲਓ, ਨਾ ਹੀ ਸਾਫਟ ਡ੍ਰਿੰਕਸ ਆਦਿ ਲਓ, ਕਿਉਂਕਿ ਇਨ੍ਹਾਂ ਵਿਚ ਖੰਡ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ।
* ਹਾਰਡ ਡ੍ਰਿੰਕਸ ਦਾ ਸੇਵਨ ਵੀ ਨਾ ਕਰੋ। ਕਦੇ ਪੀਣੀ ਵੀ ਪਵੇ ਤਾਂ ਖਾਲੀ ਪੇਟ ਇਸ ਦਾ ਸੇਵਨ ਨਾ ਕਰੋ, ਕਿਉਂਕਿ ਸ਼ਰਾਬ ਨਾਲ ਸ਼ੂਗਰ ਦਾ ਪੱਧਰ ਇਕਦਮ ਡਿੱਗ ਜਾਂਦਾ ਹੈ। ਜ਼ਿਆਦਾ ਸ਼ਰਾਬ ਪੀਣ ਵਾਲਿਆਂ ਦਾ ਸ਼ੂਗਰ ਪੱਧਰ ਕੰਟਰੋਲ ਕਰਨਾ ਮੁਸ਼ਕਿਲ ਹੁੰਦਾ ਹੈ।
* ਮੈਦਾ, ਮੱਕੀ ਦਾ ਆਟਾ ਨਾ ਖਾਓ, ਕਿਉਂਕਿ ਇਹ ਹਾਈ ਗਲਾਈਸਿਮਿਕ ਇੰਡੈਕਸ ਦੇ ਅੰਤਰਗਤ ਆਉਂਦੇ ਹਨ ਅਤੇ ਇਸ ਤੋਂ ਇਲਾਵਾ ਬਹੁਤ ਫਾਈਨ ਵੀ ਹੁੰਦੇ ਹਨ।
* ਪੂੜੀ, ਪਰੌਂਠੇ, ਪਕੌੜੇ ਵੀ ਨਾ ਖਾਓ, ਕਿਉਂਕਿ ਇਹ ਭਾਰ ਵੀ ਵਧਾਉਂਦੇ ਹਨ ਅਤੇ ਕੋਲੈਸਟ੍ਰੋਲ ਵੀ।
* ਫਲਾਂ ਵਿਚ ਅੰਬ, ਕੇਲਾ, ਚੀਕੂ, ਅਨਾਨਾਸ, ਅੰਗੂਰ, ਸ਼ਰੀਫਾ ਨਾ ਖਾਓ, ਕਿਉਂਕਿ ਇਨ੍ਹਾਂ ਵਿਚ ਵੀ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ। * ਮੈਦੇ ਦੀ ਬ੍ਰੈੱਡ, ਨੂਡਲਸ, ਪੀਜ਼ਾ, ਬਿਸਕੁਟ, ਸੂਜੀ, ਸਫੈਦ ਚੌਲ ਦਾ ਸੇਵਨ ਵੀ ਨਾ ਕਰੋ। ਇਸ ਨਾਲ ਸ਼ੂਗਰ ਦਾ ਪੱਧਰ ਵਧ ਜਾਂਦਾ ਹੈ।
ਖੁਰਾਕ ਦੇ ਨਾਲ ਹਲਕੀ ਕਸਰਤ ਅਤੇ ਲੰਬੀ ਸੈਰ ਜ਼ਰੂਰ ਕਰੋ।

ਵਿਟਾਮਿਨ 'ਸੀ' ਨਾਲ ਭਰਪੂਰ : ਨਿੰਬੂ

ਵਿਟਾਮਿਨ 'ਸੀ' ਨਾਲ ਭਰਪੂਰ ਨਿੰਬੂ ਪੂਰਾ ਸਾਲ ਉਪਲਬਧ ਰਹਿੰਦਾ ਹੈ। ਨਿੰਬੂ ਇਕ ਹੈ ਪਰ ਇਸ ਦੀ ਵਰਤੋਂ ਅਸੀਂ ਕਈ ਤਰੀਕਿਆਂ ਨਾਲ ਕਰਕੇ ਅਨੇਕ ਰੋਗਾਂ ਵਿਚ ਇਸ ਦਾ ਲਾਭ ਲੈ ਸਕਦੇ ਹਾਂ। ਨਿੰਬੂ ਇਕ ਦਵਾਈ ਦੇ ਨਾਲ-ਨਾਲ ਸੁੰਦਰਤਾ ਪ੍ਰਸਾਧਨ ਦੇ ਰੂਪ ਵਿਚ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ।
ਪੱਥਰੀ ਹੋਣ 'ਤੇ : ਇਕ ਗਿਲਾਸ ਪਾਣੀ ਵਿਚ ਇਕ ਨਿੰਬੂ ਨਿਚੋੜ ਕੇ ਸੇਂਧਾ ਨਮਕ ਮਿਲਾ ਕੇ ਸਵੇਰੇ-ਸ਼ਾਮ ਦੋ ਵਾਰ ਹਰ ਰੋਜ਼ ਇਕ ਮਹੀਨੇ ਤੱਕ ਪੀਣ ਨਾਲ ਪੱਥਰੀ ਗਲ ਕੇ ਨਿਕਲ ਜਾਵੇਗੀ।
ਅਪਚ ਹੋਣ 'ਤੇ : ਖਾਣੇ ਤੋਂ ਪਹਿਲਾਂ ਨਿੰਬੂ 'ਤੇ ਸੇਂਧਾ ਨਮਕ ਪਾ ਕੇ ਚੂਸੋ। ਨਿੰਬੂ 'ਤੇ ਕਾਲਾ ਨਮਕ, ਕਾਲੀ ਮਿਰਚ ਪਾ ਕੇ ਦਿਨ ਵਿਚ ਦੋ-ਤਿੰਨ ਵਾਰ ਚੂਸੋ। ਭੁੱਖ ਵੀ ਲੱਗੇਗੀ ਅਤੇ ਪੇਟ ਦੇ ਕਈ ਰੋਗ ਵੀ ਦੂਰ ਹੋਣਗੇ। ਪਪੀਤੇ 'ਤੇ ਨਿੰਬੂ, ਕਾਲੀ ਮਿਰਚ ਪਾ ਕੇ ਸਵੇਰੇ ਲਗਾਤਾਰ ਸੱਤ ਦਿਨ ਤੱਕ ਖਾਓ।
ਸਰਦੀਆਂ ਵਿਚ ਭੋਜਨ ਦੇ ਨਾਲ ਮੂਲੀ 'ਤੇ ਲੂਣ ਅਤੇ ਨਿੰਬੂ ਪਾ ਕੇ ਖਾਓ।
ਵਾਲ ਕਾਲੇ ਕਰਨ ਲਈ : ਇਕ ਨਿੰਬੂ ਦੇ ਰਸ ਵਿਚ ਦੋ ਚਮਚ ਪਾਣੀ, ਚਾਰ ਚਮਚ ਪੀਸਿਆ ਹੋਇਆ ਔਲਾ ਮਿਲਾ ਲਓ। ਇਸ ਦਾ ਪੇਸਟ ਬਣਾਓ, ਪੇਸਟ ਨੂੰ ਇਕ ਘੰਟੇ ਤੱਕ ਭਿੱਜਣ ਦਿਓ, ਫਿਰ ਸਿਰ 'ਤੇ ਲੇਪ ਕਰੋ। ਇਕ ਘੰਟੇ ਬਾਅਦ ਸਿਰ ਧੋਵੋ। ਸਿਰ ਧੋਣ ਸਮੇਂ ਸਾਬਣ, ਸ਼ੈਂਪੂ ਦੀ ਵਰਤੋਂ ਨਾ ਕਰੋ। ਬਾਲ ਧੋਂਦੇ ਸਮੇਂ ਅੱਖਾਂ ਬੰਦ ਰੱਖੋ, ਹਰ ਚੌਥੇ ਦਿਨ ਇਸ ਪੇਸਟ ਨੂੰ ਬਣਾ ਕੇ ਲਗਾਓ। ਕੁਝ ਮਹੀਨੇ ਤੱਕ ਨਿਯਮਤ ਵਰਤੋਂ ਨਾਲ ਵਾਲ ਕਾਲੇ ਹੋਣਗੇ।
ਗੈਸ ਹੋਣ 'ਤੇ : * ਇਕ ਗਿਲਾਸ ਪਾਣੀ ਵਿਚ ਇਕ ਨਿੰਬੂ ਨਿਚੋੜ ਕੇ ਚੌਥਾਈ ਚਮਚ ਮਿੱਠਾ ਸੋਢਾ ਮਿਲਾ ਕੇ ਪੀਓ।
* ਨਿੰਬੂ ਚੀਰ ਕੇ ਇਸ ਦੀਆਂ ਫਾੜੀਆਂ ਵਿਚ ਨਮਕ ਅਤੇ ਪੀਸੀ ਹੋਈ ਕਾਲੀ ਮਿਰਚ ਪਾ ਕੇ ਗਰਮ ਕਰਕੇ ਚੂਸਣ ਨਾਲ ਗੈਸ ਵਿਚ ਲਾਭ ਹੁੰਦਾ ਹੈ।
* ਇਕ ਚਮਚ ਨਿੰਬੂ ਦਾ ਰਸ, ਇਕ ਚਮਚ ਪੀਸੀ ਅਜ਼ਵਾਇਣ, ਅੱਧਾ ਕੱਪ ਗਰਮ ਪਾਣੀ ਵਿਚ ਪਾ ਕੇ ਸਵੇਰੇ-ਸ਼ਾਮ ਪੀਓ।
ਮੂੰਹ ਦੀ ਬਦਬੂ : ਇਕ ਗਿਲਾਸ ਪਾਣੀ ਵਿਚ ਇਕ ਨਿੰਬੂ ਨਿਚੋੜ ਕੇ ਦੋ ਚਮਚ ਗੁਲਾਬਜਲ ਪਾ ਕੇ ਭੋਜਨ ਤੋਂ ਬਾਅਦ ਇਸ ਪਾਣੀ ਨਾਲ 2-3 ਵਾਰ ਕੁਰਲੀ ਕਰਕੇ ਬਾਕੀ ਬਚਿਆ ਪਾਣੀ ਪੀ ਲਓ। ਲਾਭ ਹੋਵੇਗਾ।


-ਸੁਦਰਸ਼ਨ ਚੌਧਰੀ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX