ਤਾਜਾ ਖ਼ਬਰਾਂ


ਲੁਟੇਰਿਆ ਵੱਲੋਂ ਟਰੱਕ ਡਰਾਈਵਰ ਨਾਲ ਲੁੱਟ
. . .  1 day ago
ਨਾਭਾ, 17 ਫਰਵਰੀ (ਅਮਨਦੀਪ ਸਿੰਘ ਲਵਲੀ) - ਨਾਭਾ ਵਿਖੇ 4-5 ਅਣਪਛਾਤੇ ਲੁਟੇਰੇ ਇੱਕ ਟਰੱਕ ਡਰਾਈਵਰ ਨਾਲ ਮਾਰਕੁੱਟ ਕਰਨ ਤੋਂ ਬਾਅਦ ਉਸ ਕੋਲੋਂ 5ਹਜਾਰ ਦੀ ਨਗਦੀ, ਮੋਬਾਈਲ ਫ਼ੋਨ...
ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਮੌਤਾਂ
. . .  1 day ago
ਜੈਪੁਰ, 17 ਫਰਵਰੀ - ਰਾਜਸਥਾਨ 'ਚ ਸਵਾਈਨ ਫਲੂ ਕਾਰਨ ਇਸ ਸਾਲ 127 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਵਾਈਨ ਫਲੂ ਦੇ 3508 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ...
ਦਿਲਜੀਤ ਦੁਸਾਂਝ ਵਲੋਂ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮਦਦ
. . .  1 day ago
ਨਵੀਂ ਦਿੱਲੀ, 17 ਫਰਵਰੀ - ਮੀਡੀਆ ਰਿਪੋਰਟਾਂ ਮੁਤਾਬਿਕ ਦੇਸ਼ ਵਿਦੇਸ਼ ਵਿਚ ਮਕਬੂਲ ਪੰਜਾਬੀ ਸਿੰਗਰ ਦਿਲਜੀਤ ਦੁਸਾਂਝ ਨੇ ਪੁਲਵਾਮਾਂ ਦੇ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਲਈ ਆਰਥਿਕ ਮਦਦ ਦਾ ਐਲਾਨ ਕੀਤਾ ਹੈ। ਦਿਲਜੀਤ ਦੁਸਾਂਝ ਨੇ ਸੀ.ਆਰ.ਪੀ.ਐਫ. ਵਾਈਫਜ਼ ਵੈਲਫੇਅਰ...
ਪੁਲਵਾਮਾ ਹਮਲੇ 'ਤੇ ਜਸ਼ਨ ਮਨਾਉਣ 'ਤੇ 4 ਵਿਦਿਆਰਥਣਾਂ ਨੂੰ ਸਿੱਖਿਆ ਅਦਾਰੇ ਤੋਂ ਕੀਤਾ ਸਸਪੈਂਡ
. . .  1 day ago
ਜੈਪੁਰ, 17 ਫਰਵਰੀ - ਪੁਲਵਾਮਾ 'ਚ ਸੀ.ਆਰ.ਪੀ.ਐਫ. ਜਵਾਨਾਂ ਦੇ ਕਾਫ਼ਲੇ 'ਤੇ ਹੋਏ ਕਾਇਰਤਾ ਭਰੇ ਅੱਤਵਾਦੀ ਹਮਲੇ ਤੋਂ ਬਾਅਦ ਇੱਥੇ ਇਕ ਨਿੱਜੀ ਸੰਸਥਾ ਦੀਆਂ 4 ਕਸ਼ਮੀਰੀ ਵਿਦਿਆਰਥਣਾਂ ਵੱਲੋਂ ਜਸ਼ਨ ਮਨਾਏ ਜਾਣ 'ਤੇ ਸੰਸਥਾ ਨੇ ਇਨ੍ਹਾਂ ਚਾਰ ਪੈਰਾਮੈਡੀਕਲ ਵਿਦਿਆਰਥਣਾਂ...
ਔਰਤ ਦਾ ਕਤਲ, ਪਤੀ ਦੀ ਕੀਤੀ ਜਾ ਰਹੀ ਹੈ ਤਲਾਸ਼
. . .  1 day ago
ਜਲੰਧਰ, 17 ਫਰਵਰੀ - ਜਲੰਧਰ ਦੀ ਬਸਤੀ ਪੀਰ ਦਾਦ 'ਚ ਇਕ ਪਤੀ ਆਪਣੀ ਪਤਨੀ ਨੂੰ ਕਥਿਤ ਤੌਰ 'ਤੇ ਕਤਲ ਕਰਕੇ ਘਰ ਨੂੰ ਕੁੰਡੀ ਲਗਾ ਕੇ ਭੱਜ ਗਿਆ। ਘਟਨਾ ਦਾ ਖੁਲਾਸਾ ਉਸ ਵਕਤ ਹੋਇਆ। ਜਦੋਂ ਘਰ ਤੋਂ ਬਦਬੂ ਆਈ। ਫਿਲਹਾਲ ਥਾਣਾ ਬਸਤੀ ਬਾਵਾ ਖੇਲ ਦੀ ਪੁਲਿਸ...
ਚੀਫ਼ ਖ਼ਾਲਸਾ ਦੀਵਾਨ ਦੇ ਸ. ਨਿਰਮਲ ਸਿੰਘ ਬਣੇ ਨਵੇਂ ਪ੍ਰਧਾਨ
. . .  1 day ago
ਅੰਮ੍ਰਿਤਸਰ, 17 ਫਰਵਰੀ (ਜੱਸ) - ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਦੀਆਂ ਹੋਈਆਂ ਚੋਣਾਂ ਵਿਚ ਅਣਖੀ ਮਜੀਠਾ ਗਰੁੱਪ ਦੇ ਸ. ਨਿਰਮਲ ਸਿੰਘ ਜੇਤੂ ਕਰਾਰ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਵਿਰੋਧੀ ਸਰਬਜੀਤ ਸਿੰਘ ਨੂੰ 33 ਵੋਟਾਂ ਦੇ ਫ਼ਰਕ ਨਾਲ ਹਰਾਇਆ...
ਭਾਰਤ 'ਚ ਦੇਖਣ ਨੂੰ ਨਹੀਂ ਮਿਲੇਗਾ 'ਪਾਕਿਸਤਾਨ ਸੁਪਰ ਲੀਗ' ਦਾ ਪ੍ਰਸਾਰਨ, ਡੀ ਸਪੋਰਟ ਨੇ ਲਗਾਈ ਰੋਕ
. . .  1 day ago
ਨਵੀਂ ਦਿੱਲੀ, 17 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਸਰਕਾਰ ਇਸ ਦਾ ਮੂੰਹ ਤੋੜ ਜਵਾਬ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਦਾ ਅਸਰ ਹੁਣ ਸਪੋਰਟਸ 'ਤੇ ਦੇਖਣ ਨੂੰ ਮਿਲ ਰਿਹਾ ....
ਖੰਨਾ 'ਚ ਸਵਾਈਨ ਫਲੂ ਕਾਰਨ ਔਰਤ ਦੀ ਹੋਈ ਮੌਤ
. . .  1 day ago
ਖੰਨਾ, 17 ਫਰਵਰੀ (ਹਰਜਿੰਦਰ ਸਿੰਘ ਲਾਲ)- ਸਵਾਈਨ ਫਲੂ ਕਾਰਨ ਮਰਨ ਵਾਲਿਆਂ ਦੀ ਗਿਣਤੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਜਿਹਾ ਹੀ ਮਾਮਲਾ ਖੰਨਾ 'ਚ ਸਾਹਮਣੇ ਆਇਆ ਹੈ ਜਿੱਥੇ ਇਸ ਬਿਮਾਰੀ ਕਾਰਨ ਬੀਤੀ ਰਾਤ 56 ਸਾਲ ਦੀ ਸੁਰਿੰਦਰ ਕੌਰ ....
ਇਟਲੀ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਇੱਕ ਜ਼ਖਮੀ
. . .  1 day ago
ਮਿਲਾਨ(ਇਟਲੀ)17 ਫਰਵਰੀ ( ਇੰਦਰਜੀਤ ਸਿੰਘ ਲੁਗਾਣਾ) - ਇਟਲੀ 'ਚ ਬੀਤੇ ਦਿਨੀਂ ਇਕ ਪੰਜਾਬੀ ਦੇ ਹੋਏ ਕਤਲ ਦਾ ਮਾਮਲਾ ਅਜੇ ਠੰਢਾ ਨਹੀ ਸੀ ਪਿਆ ਕਿ ਕਲ ਇਕ ਹੋਰ ਆਪਸੀ ਝਗੜੇ 'ਚ ਇਕ ਪੰਜਾਬੀ ਵੱਲੋਂ ਆਪਣੇ ਹੀ ਇਕ ਪੰਜਾਬੀ ਭਰਾ ਨੂੰ ਬੇਦਰਦੀ ਨਾਲ ....
'ਆਪ' ਵਿਧਾਇਕਾ ਬਲਜਿੰਦਰ ਕੌਰ ਦੇ ਵਿਆਹ ਸਮਾਗਮ 'ਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਕੀਤੀ ਸ਼ਮੂਲੀਅਤ
. . .  1 day ago
ਬਠਿੰਡਾ, 17 ਫਰਵਰੀ (ਕਮਲਜੀਤ ਸਿੰਘ) - ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਬਲਜਿੰਦਰ ਕੌਰ ਦਾ ਅੱਜ ਮਾਝਾ ਜ਼ੋਨ ਦੇ ਪ੍ਰਧਾਨਸੁਖਰਾਜ ਸਿੰਘ ਬਲ ਨਾਲ ਵਿਆਹ ਹੋ ਗਿਆ ਹੈ। ਉਨ੍ਹਾਂ ਦਾ ਵਿਆਹ ਸਮਾਗਮ ਬਹੁਤ ਹੀ ਸਾਦੇ ਢੰਗ ਨਾਲ ਸੰਪੂਰਨ ਹੋਇਆ। ਇਸ ਮੌਕੇ ਵੱਖ-ਵੱਖ .....
ਹੋਰ ਖ਼ਬਰਾਂ..

ਲੋਕ ਮੰਚ

ਆਮ ਲੋਕਾਂ ਤੋਂ ਦੂਰ ਹੋ ਰਹੀਆਂ ਡਾਕਟਰੀ ਸਹੂਲਤਾਂ

ਡਾਕਟਰ ਨੂੰ ਰੱਬ ਦਾ ਰੂਪ ਮੰਨ ਕੇ ਸਮਾਜ ਉਸਨੂੰ ਬਹੁਤ ਇੱਜ਼ਤ ਮਾਣ ਦਿੰਦਾ ਹੈ। ਡਾਕਟਰ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਦੇ ਕੇ ਤੰਦਰੁਸਤ ਰੱਖਦਾ ਹੈ। ਆਪਣੇ ਪੇਸ਼ੇ ਵਿਚ ਇਮਾਨਦਾਰ ਅਤੇ ਸੇਵਾ ਭਾਵਨਾ ਵਾਲੇ ਡਾਕਟਰ ਸਹਿਬਾਨਾਂ ਨੂੰ ਖਾਸ ਮੌਕਿਆਂ 'ਤੇ ਸਨਮਾਨਿਤ ਵੀ ਕੀਤਾ ਜਾਂਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੌਦੀ ਨੇ ਅਪ੍ਰੈਲ ਮਹੀਨੇ ਲੰਡਨ ਵਿਚ ਸੰਬੋਧਨ ਕਰਦਿਆਂ ਭਾਰਤ ਦੇਸ਼ ਦੀਆਂ ਸਿਹਤ ਸੇਵਾਵਾਂ ਲਈ ਕੰਮ ਕਰਦੇ ਡਾਕਟਰਾਂ ਦੀ ਕਾਰਗੁਜ਼ਾਰੀ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦਿਆਂ ਕਿਹਾ ਸੀ ਕਿ ਭਾਰਤੀ ਡਾਕਟਰ ਆਪਣੇ ਨਿੱਜੀ ਸੁਆਰਥ ਲਈ ਮਰੀਜ਼ਾਂ ਨੂੰ ਬਿਮਾਰੀਆਂ ਦੇ ਅੰਗਰੇਜ਼ੀ ਵਿਚ ਵੱਡੇ-ਵੱਡੇ ਨਾਂਅ ਦੱਸ ਕੇ ਬੁਰੀ ਤਰ੍ਹਾਂ ਨਾਲ ਡਰਾਉਂਦੇ ਹਨ। ਬੇਲੋੜੇ ਟੈਸਟ, ਆਪ੍ਰੇਸ਼ਨ ਲਈ ਮਹਿੰਗਾ ਸਾਮਾਨ ਅਤੇ ਮਹਿੰਗੀਆਂ ਦਵਾਈਆਂ ਲਿਖੀਆਂ ਜਾਂਦੀਆਂ ਹਨ। ਨਿੱਜੀ ਹਸਪਤਾਲਾਂ ਵਿਚ ਵਿਅਕਤੀ ਦੇ ਟੈਸਟ ਲਈ ਲੈਬੋਰਟਰੀਆਂ ਆਮ ਗੱਲ ਹੈ, ਜਿਨ੍ਹਾਂ ਵਿਚ ਮਰੀਜ਼ਾਂ ਨੂੰ ਟੈਸਟ ਕਰਵਾਉਣ ਲਈ ਕਿਹਾ ਜਾਂਦਾ ਹੈ, ਜਿਨ੍ਹਾਂ ਵਿਚੋਂ ਕਈ ਟੈਸਟ ਉਹ ਵੀ ਹੁੰਦੇ ਹਨ, ਜਿਨ੍ਹਾਂ ਦੀ ਕੋਈ ਲੋੜ ਨਹੀਂ ਹੁੰਦੀ। ਕਮਿਸ਼ਨ ਨੇ ਸਿਹਤ ਪ੍ਰਣਾਲੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਇਨ੍ਹਾਂ ਦੀ ਮਿਲੀਭੁਗਤ ਦਾ ਖਮਿਆਜ਼ਾ ਆਮ ਜਨਤਾ ਨੂੰ ਭੁਗਤਣਾ ਪੈ ਰਿਹਾ ਹੈ। ਇਨ੍ਹਾਂ ਗੱਲਾਂ 'ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੌਦੀ ਕਾਫੀ ਹੱਦ ਤੱਕ ਸਹੀ ਹੋ ਸਕਦੇ ਹਨ। ਵੱਖ-ਵੱਖ ਥਾਵਾਂ 'ਤੇ ਸਸਤੀਆਂ ਦਵਾਈਆਂ ਦੀਆਂ ਦੁਕਾਨਾਂ ਵੀ ਖੋਲ੍ਹੀਆਂ ਗਈਆਂ ਹਨ, ਜਿਨ੍ਹਾਂ ਦਾ ਗਰੀਬ ਲੋਕ ਲਾਭ ਉਠਾ ਰਹੇ ਹਨ।
ਆਮ ਜਨਤਾ ਦੇ ਮਹਿੰਗੇ ਇਲਾਜ ਲਈ ਸਮੇਂ-ਸਮੇਂ ਦੀਆਂ ਸਰਕਾਰਾਂ ਵੀ ਜ਼ਿੰਮੇਵਾਰ ਹਨ। ਸਿਹਤ ਪ੍ਰਣਾਲੀ ਨਾਲ ਸਬੰਧਤ ਸਾਰੇ ਪ੍ਰਬੰਧ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਣ ਲੱਗਾ ਹੈ। ਪਿੰਡਾਂ ਦੇ ਲੋਕ ਅਜੇ ਵੀ ਮੁਢਲੀਆਂ ਸਹੂਲਤਾਂ ਤੋਂ ਬਿਨਾਂ ਇਲਾਜ ਤੋਂ ਸੱਖਣੇ ਹਨ। ਹਸਪਤਾਲ ਦੇ ਪ੍ਰਬੰਧਕਾਂ ਵਲੋਂ ਡਾਕਟਰਾਂ ਨੂੰ ਕਿਹਾ ਜਾਂਦਾ ਹੈ ਕਿ ਮਰੀਜ਼ਾਂ ਨੂੰ ਉਹ ਦਵਾਈਆਂ ਲਿਖੀਆਂ ਜਾਣ ਜਿਸ ਵਿਚ ਉਨ੍ਹਾਂ ਨੂੰ ਜ਼ਿਆਦਾ ਕਮਿਸ਼ਨ ਆਉਂਦਾ ਹੋਵੇ ਪਰ ਸਾਰੇ ਡਾਕਟਰ ਇਹੋ ਜਿਹੇ ਨਹੀਂ ਹਨ, ਕਈ ਡਾਕਟਰ ਇਹੋ ਜਿਹੇ ਵੀ ਹਨ ਜੋ ਗਰੀਬ ਮਰੀਜ਼ਾਂ ਨੂੰ ਮੁਫਤ ਦਵਾਈ ਵੀ ਦਿੰਦੇ ਹਨ।
1972 ਵਿਚ ਅਰਥ ਸ਼ਾਸਤਰ ਦੇ ਨੋਬਲ ਪੁਰਸਕਾਰ ਵਿਜੇਤਾ ਕੈਨੇਥ, ਜੋ ਕਿ ਅਮਰੀਕਾ ਵਿਚ ਰਹਿੰਦੇ ਸਨ, ਨੇ 1963 ਵਿਚ ਸਿਹਤ ਸੇਵਾਵਾਂ ਸਬੰਧੀ ਚਿਤਾਵਨੀ ਦਿੱਤੀ ਸੀ ਕਿ ਜੇਕਰ ਸਿਹਤ ਸਹੂਲਤਾਂ ਨੂੰ ਪ੍ਰਾਈਵੇਟ ਹੱਥਾਂ ਵਿਚ ਦੇ ਦਿੱਤਾ ਗਿਆ ਤਾਂ ਆਮ ਜਨਤਾ ਲਈ ਘਾਤਕ ਸਿੱਧ ਹੋਵੇਗਾ। ਅੱਜ ਇਹ ਗੱਲ ਸੱਚ ਸਾਬਤ ਹੋ ਰਹੀ ਹੈ। ਕਾਫੀ ਲੋਕ ਮਹਿੰਗਾ ਇਲਾਜ ਸੁਣ ਕੇ ਉਮਰ ਪੂਰੀ ਭੋਗਣ ਤੋਂ ਪਹਿਲਾ ਹੀ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਹਨ। ਸਿਹਤ ਵਿਭਾਗ ਦੇ ਵੱਖ-ਵੱਖ ਅਦਾਰਿਆਂ ਵਿਚ ਇਲਾਜ ਦਾ ਪੂਰਾ ਪ੍ਰਬੰਧ, ਪੂਰਾ ਸਟਾਫ ਅਤੇ ਸਰਕਾਰੀ ਦਵਾਈਆਂ ਦੀਆਂ ਸਸਤੀਆਂ ਦੁਕਾਨਾਂ ਅਤੇ ਲੈਬੋਰਟਰੀਆਂ ਖੋਲ੍ਹਣੀਆਂ ਚਾਹੀਦੀਆਂ ਹਨ, ਤਾਂ ਕਿ ਆਮ ਜਨਤਾ ਆਪਣਾ ਸਮੇਂ ਸਿਰ ਅਤੇ ਸਸਤਾ ਇਲਾਜ ਕਰਵਾ ਸਕੇ ਅਤੇ ਪਰਮਾਤਮਾ ਵਲੋਂ ਦਿੱਤੀ ਹੋਈ ਜ਼ਿੰਦਗੀ ਨੂੰ ਨਿਰੋਗ ਰਹਿ ਕੇ ਬਤੀਤ ਕਰ ਸਕੇ।

-ਸ.ਸ. ਮਾਸਟਰ, ਸ: ਹਾ: ਸਕੂਲ, ਮਟੌਰ (ਅਨੰਦਪੁਰ ਸਾਹਿਬ)। ਮੋਬਾ: 94631-48284


ਖ਼ਬਰ ਸ਼ੇਅਰ ਕਰੋ

ਮਾਣ-ਮੱਤੇ ਅਧਿਆਪਕ-7

ਰਾਜ ਮਿਸਤਰੀ ਤੋਂ ਕੌਮੀ ਪੁਰਸਕਾਰ ਜੇਤੂ ਅਧਿਆਪਕ-ਜਸਵੰਤ ਸਿੰਘ ਸਰਾਭਾ

ਆਪਣੇ ਕਿੱਤੇ ਅਤੇ ਸੰਸਥਾ ਪ੍ਰਤੀ ਸਮਰਪਿਤ ਭਾਵਨਾ ਨਾਲ ਕੰਮ ਕਰਨ ਵਾਲਿਆਂ ਤੱਕ ਸਫਲਤਾ ਖੁਦ ਚੱਲ ਕੇ ਆਉਂਦੀ ਹੈ, ਇਸ ਕਹਾਵਤ ਨੂੰ ਸਿੱਧ ਕਰ ਦਿੱਤਾ ਹੈ ਸਾਡੇ ਮਾਣਮੱਤੇ ਅਧਿਆਪਕ ਜਸਵੰਤ ਸਿੰਘ ਸਰਾਭਾ ਨੇ। ਗਦਰੀ ਯੋਧੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਪਿੰਡ ਸਰਾਭਾ ਵਿਖੇ ਪਿਤਾ ਮਿਸਤਰੀ ਗੁਰਦੇਵ ਸਿੰਘ ਦੇ ਘਰ ਮਾਤਾ ਸ੍ਰੀਮਤੀ ਬਲਦੇਵ ਕੌਰ ਦੀ ਕੁੱਖੋਂ ਜਨਮੇ ਜਸਵੰਤ ਸਿੰਘ ਦਾ ਮੁਢਲਾ ਕੰਮ ਰਾਜ ਮਿਸਤਰੀ ਸੀ। ਹੁਣ ਬਤੌਰ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਰਾਜਗੜ੍ਹ, ਜ਼ਿਲ੍ਹਾ ਲੁਧਿਆਣਾ ਵਿਖੇ ਸੇਵਾਵਾਂ ਨਿਭਾਅ ਰਹੇ ਜਸਵੰਤ ਸਿੰਘ ਨੇ ਆਪਣੀ ਮੁਢਲੀ ਪੜ੍ਹਾਈ ਕਰਨ ਉਪਰੰਤ ਡਬਲ ਐਮ.ਏ., ਬੀ.ਐੱਡ. ਕਰਕੇ ਅਧਿਆਪਨ ਦਾ ਸਫਰ ਸਰਕਾਰੀ ਮਿਡਲ ਸਕੂਲ ਕਲਾਲਾ ਜ਼ਿਲ੍ਹਾ ਸੰਗਰੂਰ ਤੋਂ 5 ਦਸੰਬਰ, 1997 ਤੋਂ ਸ਼ੁਰੂ ਕੀਤਾ ਅਤੇ ਫਿਰ ਸਰਕਾਰੀ ਹਾਈ ਸਕੂਲ ਜੌਹਲਾਂ ਵਿਖੇ ਤੇ 2001 ਤੋਂ ਮੌਜੂਦਾ ਸਕੂਲ ਰਾਜਗੜ੍ਹ ਵਿਖੇ ਆਪਣੀਆਂ ਵਿਲੱਖਣ ਸੇਵਾਵਾਂ ਨਿਭਾ ਰਹੇ ਹਨ।
ਇਕ ਚੰਗਾ ਅਧਿਆਪਕ ਕਿਸੇ ਇਕ ਖੇਤਰ ਨਹੀਂ, ਬਲਕਿ ਪੂਰੇ ਵਿਸ਼ਵ ਦੇ ਸੰਦਰਭ ਵਿਚ ਸੋਚਦਾ ਹੈ। ਅਜਿਹੀ ਤਾਂਘ ਕਰਕੇ ਹੀ ਜਸਵੰਤ ਸਿੰਘ ਨੇ ਪੰਜਾਬੀ ਮਾਂ-ਬੋਲੀ ਨੂੰ ਸੰਗੀਤਮਈ ਢੰਗ ਨਾਲ ਬੱਚਿਆਂ ਅੱਗੇ ਪੇਸ਼ ਕੀਤਾ, ਜਿਸ ਦਾ ਨਤੀਜਾ ਇਹ ਹੋਇਆ ਕਿ ਜਿਹੜੇ ਬੱਚਿਆਂ ਲਈ ਪੰਜਾਬੀ ਸਿੱਖਣੀ ਔਖੀ ਹੋਇਆ ਕਰਦੀ ਸੀ, ਉਨ੍ਹਾਂ ਨੇ ਬਹੁਤ ਜਲਦੀ ਪੰਜਾਬੀ ਵਿਚ ਅੱਗੇ ਵਧਣਾ ਸ਼ੁਰੂ ਕਰ ਦਿੱਤਾ। ਇਸ ਨਤੀਜੇ ਨੇ ਜਸਵੰਤ ਸਿੰਘ ਦੇ ਕਦਮਾਂ ਨੂੰ ਹੋਰ ਜਾਨ ਤੇ ਹੌਸਲਾ ਦਿੱਤਾ। ਉਨ੍ਹਾਂ ਨੇ ਪੰਜਾਬੀ ਦੀਆਂ ਚਾਰ ਪੁਸਤਕਾਂ ਲਿਖੀਆਂ ਅਤੇ ਨੈਤਿਕ ਗੀਤ 'ਬਣਦੇ ਉਹੀ ਮਹਾਨ' ਤਿਆਰ ਕੀਤਾ। ਸਿਲੇਬਸ ਦੇ ਵੀਹ ਲੇਖਾਂ ਨੂੰ ਕਾਵਿ ਰੂਪ ਦਿੱਤਾ, ਗੀਤ 'ਦੇਸ਼ ਦਾ ਭਵਿੱਖ ਬੱਚੇ' ਤੇ 'ਕੌਮੀ ਸ਼ਹੀਦ' ਲਿਖ ਕੇ ਉਨ੍ਹਾਂ ਨੂੰ ਸੰਗੀਤਕ ਰੂਪ ਦਿੱਤਾ। ਜਸਵੰਤ ਸਿੰਘ ਨੇ ਆਪਣੀ ਸੁਰੀਲੀ ਆਵਾਜ਼ ਵਿਚ 'ਸੋਹਣਾ ਆਪਣਾ ਦੇਸ਼ ਬਣਾਈਏ', 'ਸ਼ਹੀਦ ਕਰਤਾਰ ਸਿੰਘ ਸਰਾਭਾ', 'ਸਾੜੋ ਨਾ ਪਰਾਲੀਆਂ', 'ਮਾਂ ਬੋਲੀ ਨਾਲ ਪਿਆਰ', 'ਮੁਹਾਰਨੀ' ਗਾਏ।
ਵਿੱਦਿਆ ਦੇ ਨਾਲ-ਨਾਲ ਜਸਵੰਤ ਸਿੰਘ ਨੇ ਸਹਿ ਵਿੱਦਿਅਕ ਤੇ ਖੇਡਾਂ ਵਿਚ ਵਿਚ ਮੱਲਾਂ ਮਾਰੀਆਂ ਹਨ। ਨੈਸ਼ਨਲ ਕਬੱਡੀ ਵਿਚ ਪੰਜਾਬ ਪੱਧਰ ਤੱਕ ਉਸ ਦੀਆਂ ਪ੍ਰਾਪਤੀਆਂ ਹਨ ਅਤੇ ਸੁੰਦਰ ਲਿਖਾਈ ਤੇ ਚਿੱਤਰਕਾਰੀ ਵਿਚ ਪੰਜਾਬ ਪੱਧਰ ਤੱਕ ਉਨ੍ਹਾਂ ਦੇ ਵਿਦਿਆਰਥੀ ਨਾਮਣਾ ਖੱਟ ਚੁੱਕੇ ਹਨ। ਬੱਚਿਆਂ ਵਿਚ ਘੁਲ-ਮਿਲ ਕੇ ਰਹਿਣ ਵਾਲੇ ਜਸਵੰਤ ਸਿੰਘ ਨੇ ਆਪਣੇ ਬੱਚਿਆਂ ਅੰਦਰ ਭੰਗੜਾ, ਕੋਰੀਓਗ੍ਰਾਫੀ, ਗੀਤ, ਕਵਿਤਾ, ਭਾਸ਼ਣ ਵਰਗੀਆਂ ਕਲਾਵਾਂ ਨੂੰ ਵੀ ਵਧਾਇਆ ਹੈ। ਛੁੱਟੀਆਂ ਵਿਚ ਵਾਧੂ ਸਮਾਂ ਲਗਾ ਕੇ ਬੱਚਿਆਂ ਨੂੰ ਤਿਆਰੀ ਕਰਾਉਣ ਵਾਲੇ ਜਸਵੰਤ ਸਿੰਘ ਨੇ ਪਿਛਲੇ 20 ਸਾਲ ਤੋਂ 100 ਫੀਸਦੀ ਨਤੀਜਾ ਦੇ ਕੇ ਇਹ ਸਿੱਧ ਕਰ ਦਿੱਤਾ ਕਿ ਇਕ ਚੰਗਾ ਅਧਿਆਪਕ ਚਾਹੇ ਤਾਂ ਉਹ ਖੁਦ ਲੋਹੇ ਵਾਂਗ ਤਪ ਕੇ ਆਪਣੇ ਵਿਦਿਆਰਥੀਆਂ ਨੂੰ ਸੋਨਾ ਬਣਾ ਸਕਦਾ ਹੈ। ਪੰਜਾਬ ਭਰ ਦੇ ਅਧਿਆਪਕਾਂ ਲਈ ਪ੍ਰੇਰਨਾ ਸਰੋਤ ਬਣੇ ਜਸਵੰਤ ਸਿੰਘ ਨੂੰ ਉਨ੍ਹਾਂ ਦੀਆਂ ਵਿਲੱਖਣ ਸੇਵਾਵਾਂ ਬਦਲੇ ਪੰਜਾਬ ਸਰਕਾਰ ਵਲੋਂ 5 ਸਤੰਬਰ, 2016 ਵਿਚ ਅਧਿਆਪਕ ਰਾਜ ਪੁਰਸਕਾਰ ਅਤੇ ਭਾਰਤ ਸਰਕਾਰ ਵਲੋਂ ਕੌਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਜਸਵੰਤ ਸਿੰਘ ਦੀ ਜੀਵਨ ਸਾਥਣ ਸ੍ਰੀਮਤੀ ਰਛਪਾਲ ਕੌਰ ਵੀ ਸਿੱਖਿਆ ਜਗਤ ਵਿਚ ਸੇਵਾਵਾਂ ਨਿਭਾਅ ਰਹੇ ਹਨ ਅਤੇ ਉਨ੍ਹਾਂ ਦਾ ਸਪੁੱਤਰ ਸ਼ੁਭਪ੍ਰੀਤ ਸਿੰਘ ਬਾਰ੍ਹਵੀਂ ਜਮਾਤ ਵਿਚ ਸਿੱਖਿਆ ਲੈ ਰਿਹਾ ਹੈ। ਜਸਵੰਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਪ੍ਰਾਪਤੀਆਂ ਪਿੱਛੇ ਸਕੂਲ ਮੁਖੀ ਦਰਸ਼ਨ ਸਿੰਘ ਡਾਂਗੋ, ਸਮੂਹ ਸਟਾਫ, ਗ੍ਰਾਮ ਪੰਚਾਇਤ ਤੇ ਸਕੂਲ ਕਮੇਟੀ ਦਾ ਵੱਡਾ ਹੱਥ ਹੈ, ਕਿਉਂਕਿ ਆਪਸੀ ਸਾਂਝ ਤੇ ਪਿਆਰ ਤੋਂ ਬਿਨਾਂ ਚੰਗੀ ਸਿੱਖਿਆ ਦੇਣੀ ਮੁਸ਼ਕਿਲ ਹੈ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)।
ਮੋਬਾ: 93565-52000

 

ਚਿੰਤਾ ਦਾ ਵਿਸ਼ਾ ਬੱਚਿਆਂ ਦੇ ਅਗਵਾ ਹੋਣ ਦੀਆਂ ਘਟਨਾਵਾਂ

ਪਿਛਲੇ ਕੁਝ ਸਮੇਂ ਤੋਂ ਸਾਡੇ ਸਮਾਜ ਵਿਚ ਬੱਚਿਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਵਿਚ ਦਿਨ-ਬ-ਦਿਨ ਵਾਧਾ ਹੁੰਦਾ ਜਾ ਰਿਹਾ ਹੈ, ਜੋ ਗੰਭੀਰ ਚਿੰਤਾ ਦਾ ਵਿਸ਼ਾ ਹੈ। ਬੱਚਿਆਂ ਨੂੰ ਅਗਵਾ ਬਹੁਤੀ ਵਾਰ ਪੈਸੇ ਦੀ ਪ੍ਰਾਪਤੀ ਲਈ ਕੀਤਾ ਜਾਂਦਾ ਹੈ ਅਤੇ ਬਹੁਤੀਆਂ ਹਾਲਤਾਂ ਵਿਚ ਅਗਵਾਕਾਰਾਂ ਦੀ ਮਨਸ਼ਾ ਪੂਰੀ ਨਾ ਹੋਣ ਕਰਕੇ ਅਗਵਾ ਹੋਏ ਮਾਸੂਮ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਹੈ। ਅਗਲੀ ਕੜੀ ਵਜੋਂ ਅਗਵਾ ਕੀਤੇ ਬੱਚਿਆਂ ਨੂੰ ਦੂਰ-ਦੁਰਾਡੀਆਂ ਥਾਂਵਾ 'ਤੇ ਲਿਜਾ ਕੇ ਉਨ੍ਹਾਂ ਨੂੰ ਵੇਚ ਦਿੱਤਾ ਜਾਂਦਾ ਹੈ, ਜੋ ਜੀਵਨ ਭਰ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹੋ ਜਾਂਦੇ ਹਨ। ਅਜਿਹੇ ਮਾਮਲਿਆਂ ਵਿਚ ਇਹ ਵੀ ਸਾਹਮਣੇ ਆ ਚੁੱਕਾ ਹੈ ਕਿ ਅਗਵਾ ਕੀਤੇ ਗਏ ਬੱਚਿਆਂ ਨੂੰ ਬਹੁਤ ਦਰਿੰਦਗੀ ਨਾਲ ਅੰਗਹੀਣ ਬਣਾ ਕੇ ਉਨ੍ਹਾਂ ਤੋਂ ਭੀਖ ਮੰਗਵਾਉਣ ਦਾ ਘਿਨੌਣਾ ਕੰਮ ਵੀ ਕਰਵਾਇਆ ਜਾਂਦਾ ਹੈ। ਅਜਿਹੀਆਂ ਸਬੰਧਤ ਪਰਿਵਾਰਾਂ ਨੂੰ ਜਿਨ੍ਹਾਂ ਦੁਸ਼ਵਾਰੀਆਂ ਅਤੇ ਮਾਨਸਿਕ ਮੁਸ਼ਕਿਲਾਂ ਨਾਲ ਜੂਝਣਾ ਪੈਂਦਾ ਹੈ, ਇਹ ਉਹੀ ਜਾਣ ਸਕਦੇ ਹਨ।
ਸਮਾਜ ਵਿਚ ਹੋ ਰਹੇ ਇਹੋ ਜਿਹੇ ਅਪਰਾਧਾਂ ਕਾਰਨ ਸਕੂਲ ਗਏ ਬੱਚੇ ਦੇ ਘਰ ਵਾਪਸ ਆਉਣ ਤੱਕ ਮਾਪੇ ਚਿੰਤਤ ਰਹਿੰਦੇ ਹਨ। 2013-14 'ਚ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਵਿਚ ਲਗਾਤਾਰ ਦਰਜਨਾਂ ਬੱਚਿਆਂ ਨੂੰ ਅਗਵਾ ਕੀਤੇ ਜਾਣ ਦੀਆਂ ਘਟਨਾਵਾਂ ਨੇ ਪੂਰੇ ਸਮਾਜ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਦਸੰਬਰ, 2014 ਨੂੰ ਵਿਧਾਨ ਸਭਾ ਸੈਸ਼ਨ ਵਿਚ ਵੀ ਬੱਚਿਆਂ ਦੇ ਅਗਵਾ ਦਾ ਇਹ ਮਾਮਲਾ ਜਦੋਂ ਉੱਭਰਿਆ ਤਾਂ ਕਿਤੇ ਜਾ ਕੇ ਗ੍ਰਹਿ ਵਿਭਾਗ ਨੇ ਇਸ ਗੰਭੀਰ ਮਾਮਲੇ ਦੀ ਪੜਤਾਲ ਕਰਨ ਦੇ ਹੁਕਮ ਜਾਰੀ ਕੀਤੇ ਸਨ ਤਾਂ ਇਹ ਸਾਹਮਣੇ ਆਇਆ ਕਿ ਲੋਕਾਂ ਵਲੋਂ ਪੇਸ਼ ਕੀਤੇ ਅਗਵਾ ਦੀਆਂ ਘਟਨਾਵਾਂ ਦੇ ਅੰਕੜੇ ਸਹੀ ਸਨ, ਜਦੋਂ ਕਿ ਇਸ ਤੋਂ ਪਹਿਲਾਂ ਪੁਲਿਸ ਅਜਿਹੇ ਮਾਮਲਿਆਂ ਨੂੰ ਬਹੁਤੀ ਗੰਭੀਰਤਾ ਨਾਲ ਨਹੀਂ ਸੀ ਲੈ ਰਹੀ।
2014 ਤੋਂ ਪਿੱਛੋਂ ਵੀ ਅੱਜ ਤੱਕ ਅਜਿਹੀਆਂ ਘਟਨਾਵਾਂ ਰੁਕਣ ਦਾ ਨਾਂਅ ਨਹੀਂ ਲੈ ਰਹੀਆਂ, ਸਗੋਂ ਅਜਿਹੀਆਂ ਘਟਨਾਵਾਂ ਵਿਚ ਵਾਧਾ ਹੀ ਦਰਜ ਹੋਇਆ ਹੈ। ਇਥੋਂ ਤੱਕ ਕਿ ਪਿੱਛੇ ਜਿਹੇ ਬਠਿੰਡਾ ਜ਼ਿਲ੍ਹੇ ਵਿਚ ਵਾਪਰੀ ਇਕ ਘਟਨਾ ਅਖ਼ਬਾਰਾਂ ਦੀ ਸੁਰਖੀ ਬਣੀ। ਘਰੋਂ ਹੀ ਅਗਵਾ ਕੀਤੇ ਗਏ ਬੱਚੇ ਪਿੱਛੇ ਕਹਾਣੀ ਇਹ ਸਾਹਮਣੇ ਆਈ ਕਿ ਅਗਵਾਕਾਰਾਂ ਦਾ ਬੱਚੇ ਨੂੰ ਚੁੱਕਣ ਦਾ ਮਨੋਰਥ ਆਪਣੀ ਬੇਔਲਾਦ ਭੈਣ ਦਾ ਘਰ ਵਸਾਉਣ ਲਈ ਇਹ ਬੱਚਾ ਉਸ ਨੂੰ ਦੇਣਾ ਸੀ। ਅਜਿਹੀਆਂ ਘਟਨਾਵਾਂ ਸਾਬਤ ਕਰਦੀਆਂ ਹਨ ਕਿ ਸਮਾਜ ਵਿਰੋਧੀ ਲੋਕਾਂ ਨੂੰ ਪੁਲਿਸ ਜਾਂ ਦੇਸ਼ ਦੀ ਨਿਆਂ ਪ੍ਰਣਾਲੀ ਦਾ ਕੋਈ ਡਰ ਹੀ ਨਹੀਂ ਹੈ? ਜੇਕਰ ਸਾਡੇ ਬੱਚੇ ਘਰਾਂ ਵਿਚ ਹੀ ਅਸੁਰੱਖਿਅਤ ਹਨ, ਜੋ ਸਮੁੱਚੇ ਸਮਾਜ ਅਤੇ ਸਰਕਾਰਾਂ ਲਈ ਚਿੰਤਾ ਦਾ ਵਿਸ਼ਾ ਹੈ। ਇਹੋ ਜਿਹੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ ਅਨਸਰਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਲਈ ਕਾਨੂੰਨਾਂ ਵਿਚ ਵੱਡੀ ਸੋਧ ਕੀਤੇ ਜਾਣ ਦੀ ਲੋੜ ਮਹਿਸੂਸ ਕੀਤੀ ਜਾਣ ਲੱਗੀ ਹੈ।

-ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ-151102. ਮੋਬਾ: 94170-79435
ਮੇਲ : jivansidhus@gmail.com

ਭੀੜਤੰਤਰ ਅੱਗੇ ਕਾਨੂੰਨ ਬੇਵੱਸ ਕਿਉਂ ਹੈ?

ਦੇਸ਼ ਅੰਦਰ ਆਏ ਦਿਨ ਹਿੰਸਕ ਘਟਨਾਵਾਂ ਵਿਚ ਹੋ ਰਿਹਾ ਵਾਧਾ ਇਸ ਗੱਲ ਦਾ ਗਵਾਹ ਹੈ ਕਿ ਲੋਕਤੰਤਰ ਹੁਣ ਡਾਂਗਤੰਤਰ ਦੀ ਤਰਫ ਵਧਦਾ ਜਾ ਰਿਹਾ ਹੈ। ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਹਟਾਉਣ ਲਈ ਧਾਰਮਿਕ ਪਾਖੰਡਵਾਦ ਨੂੰ ਸ਼ਰੇਆਮ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਇਸ ਵਰਤਾਰੇ ਪਿੱਛੇ ਸੱਤਾ ਦੀ ਮੂਕ ਸਹਿਮਤੀ ਕੰਮ ਕਰ ਰਹੀ ਹੈ। ਪੂਰੇ ਦੇਸ਼ ਅੰਦਰ ਅਜਿਹੀਆਂ ਘਟਨਾਵਾਂ ਆਮ ਹੋਣ ਲੱਗ ਪਈਆਂ ਹਨ। ਗਊ ਰੱਖਿਆ ਦੇ ਨਾਂਅ 'ਤੇ ਹਰ ਪਾਸੇ ਡਾਂਗਤੰਤਰ ਦਾ ਬੋਲਬਾਲਾ ਹੈ। ਉੱਤਰ ਪ੍ਰਦੇਸ਼ ਵਿਚ ਅਖਲਾਕ ਦੀ ਹੱਤਿਆ ਤੋਂ ਬਾਅਦ ਰਾਜਸਥਾਨ, ਹਰਿਆਣਾ ਅਤੇ ਦੂਜੇ ਰਾਜਾਂ ਵਿਚ ਅਖੌਤੀ ਗਊ ਰੱਖਿਅਕਾਂ ਵਲੋਂ ਚਿੱਟੇ ਦਿਨ ਲੋਕਾਂ ਦੀ ਮਾਰਕੁਟਾਈ ਅਤੇ ਹੱਤਿਆ ਤੱਕ ਕੀਤੀ ਗਈ ਸੀ। ਸਾਲ 2008 ਦੌਰਾਨ ਗੁੱਜਰ ਸਮਾਜ ਨੇ ਖੁਦ ਨੂੰ ਦਲਿਤ ਜਾਤੀ ਦਾ ਦਰਜਾ ਦਿੱਤੇ ਜਾਣ ਦੀ ਮੰਗ ਨੂੰ ਲੈ ਕੇ ਅੰਦੋਲਨ ਕੀਤਾ ਸੀ। ਉਸ ਸਮੇਂ ਅੰਦੋਲਨਕਾਰੀਆਂ ਅਤੇ ਪੁਲਿਸ ਦਰਮਿਆਨ ਹੋਈਆਂ ਝੜਪਾਂ ਦੇ ਨਤੀਜੇ ਵਜੋਂ ਤਕਰੀਬਨ 37 ਲੋਕ ਮਾਰੇ ਗਏ ਸਨ। ਸਾਲ 2015 ਦੌਰਾਨ ਗੁਜਰਾਤ ਦੇ ਪਾਟੀਦਾਰ ਸਮਾਜ ਨੇ ਰਾਖਵੇਂਕਰਨ ਦੇ ਮੁੱਦੇ 'ਤੇ ਅੰਦੋਲਨ ਕੀਤਾ ਸੀ। ਸਾਲ 2016 ਦੌਰਾਨ ਜਾਟ ਸਮਾਜ ਨੇ ਵੀ ਰਾਖਵੇਂਕਰਨ ਦੇ ਮੁੱਦੇ 'ਤੇ ਅੰਦੋਲਨ ਆਰੰਭ ਕੀਤਾ ਸੀ। ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ ਵਿਚ 340 ਅਰਬ ਰੁਪਏ ਦਾ ਨੁਕਸਾਨ ਹੋਇਆ ਸੀ।
ਇਸ ਆਪਮੁਹਾਰੇ ਅੰਦੋਲਨ ਦੌਰਾਨ ਤਕਰੀਬਨ 30 ਲੋਕਾਂ ਨੂੰ ਜਾਨ ਗੁਆਉਣੀ ਪਈ ਸੀ। ਔਰਤਾਂ ਨਾਲ ਬਦਤਮੀਜ਼ੀ ਦੇ ਕਿੱਸੇ ਵੀ ਸਾਹਮਣੇ ਆਏ ਸਨ। ਦੇਸ਼ ਅੰਦਰ ਆਏ ਦਿਨ ਹਿੰਸਕ ਘਟਨਾਵਾਂ ਵਿਚ ਹੋ ਰਿਹਾ ਵਾਧਾ ਇਸ ਗੱਲ ਦਾ ਗਵਾਹ ਹੈ ਕਿ ਲੋਕਤੰਤਰ ਹੁਣ ਭੀੜਤੰਤਰ ਅਤੇ ਡਾਂਗਤੰਤਰ ਦੀ ਤਰਫ ਵਧਦਾ ਜਾ ਰਿਹਾ ਹੈ। ਨਵੰਬਰ, 1984 ਦੇ ਸਿੱਖ ਵਿਰੋਧੀ ਦੰਗਿਆਂ ਦੌਰਾਨ ਜੇ ਕਾਨੂੰਨ ਨੇ ਆਪਣਾ ਫਰਜ਼ ਨਿਭਾਇਆ ਹੁੰਦਾ ਤਾਂ ਨਾ ਬਾਬਰੀ ਮਸਜਿਦ ਵਾਲਾ ਕਾਂਡ ਹੋਣਾ ਸੀ ਅਤੇ ਨਾ ਗੁਜਰਾਤ ਦੰਗਿਆਂ ਵਾਲੀ ਹੋਣੀ ਵਰਤਣੀ ਸੀ। ਸਰਕਾਰਾਂ ਦੀ ਬਦਨੀਤੀ ਕਾਰਨ ਦੰਗਈਆਂ ਦੇ ਹੌਸਲੇ ਪਸਤ ਹੋਣ ਦੀ ਥਾਂ ਬੁਲੰਦ ਹੋ ਰਹੇ ਹਨ। 1992 ਦੌਰਾਨ ਤੱਤਕਾਲੀਨ ਸਰਕਾਰ ਨੇ ਕੋਰਟ ਸਾਹਮਣੇ ਹਲਫਨਾਮਾ ਦੇ ਕੇ ਕਿਹਾ ਸੀ ਕਿ ਅਯੁੱਧਿਆ ਵਿਖੇ ਕੁਝ ਨਹੀਂ ਹੋਵੇਗਾ, ਪਰ ਭੀੜਤੰਤਰ ਨੇ ਡਾਂਗਾਂ ਦੇ ਜ਼ੋਰ ਨਾਲ ਵਿਵਾਦਿਤ ਢਾਂਚਾ ਤੋੜ ਦਿੱਤਾ ਸੀ। 26 ਸਾਲ ਬੀਤ ਜਾਣ ਤੋਂ ਬਾਅਦ ਵੀ ਮਾਮਲਾ ਹੱਲ ਨਹੀਂ ਹੋਇਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਭਾਰਤ ਨੂੰ ਲੋਕਤੰਤਰਿਕ ਦੇਸ਼ ਦਾ ਦਰਜਾ ਮਿਲਿਆ। ਸ਼ਾਂਤੀ ਅਤੇ ਅਹਿੰਸਾ ਨੂੰ ਦੇਸ਼ ਦਾ ਮੂਲ ਸਵਰੂਪ ਮੰਨਿਆ ਗਿਆ, ਜਿਸ ਦਾ ਅਧਾਰ ਧਰਮ-ਨਿਰਪੱਖਤਾ ਹੈ। ਪਰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਲਗਪਗ 4 ਦਹਾਕਿਆਂ ਤੋਂ ਸ਼ੁਰੂ ਹੋਈ ਸੌੜੀ ਚੋਣ ਰਾਜਨੀਤੀ ਨੇ ਸੰਵਿਧਾਨ ਦੇ ਮਾਪਦੰਡਾਂ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ। ਵੋਟ ਬੈਂਕ ਵਧਾਉਣ ਦੀ ਹੋੜ ਵਿਚ ਰਾਜਸੀ ਪਾਰਟੀਆਂ ਵਲੋਂ ਹਰ ਵਰਗ ਨੂੰ ਤਰ੍ਹਾਂ-ਤਰ੍ਹਾਂ ਦਾ ਚਾਰਾ ਪਾਇਆ ਜਾਣ ਲੱਗਾ। ਜਾਇਜ਼-ਨਜਾਇਜ਼ ਕੰਮਾਂ ਲਈ ਉਨ੍ਹਾਂ ਦੀ ਪਿੱਠ ਠੋਕਣੀ ਸ਼ੁਰੂ ਕਰ ਦਿੱਤੀ। ਵੋਟ ਬੈਂਕ ਵਧਾਉਣ ਦੇ ਚੱਕਰ ਵਿਚ ਸਹੀ ਅਤੇ ਗਲਤ ਦਾ ਅੰਤਰ ਭੁਲਾ ਦਿੱਤਾ ਗਿਆ।
ਕਾਨੂੰਨ ਦਾ ਖੌਫ ਖੰਭ ਲਾ ਕੇ ਉਡ ਗਿਆ। ਹਰ ਵਰਗ ਇਹ ਮੰਨ ਕੇ ਚੱਲਣ ਲੱਗਾ ਕਿ ਉਹ ਹਿੰਸਕ ਅੰਦੋਲਨਾਂ ਰਾਹੀਂ ਹੀ ਆਪਣੀਆਂ ਮੰਗਾਂ ਮੰਨਵਾ ਸਕਦੇ ਹਨ। ਲੋਕਤੰਤਰ ਲਈ ਇਹ ਰੁਝਾਨ ਬੜੀ ਚਿੰਤਾ ਦਾ ਵਿਸ਼ਾ ਹੈ। ਭਾਜਪਾ ਦੇ ਰਾਜਕਾਲ ਦੌਰਾਨ ਇਸ ਵਰਤਾਰੇ ਦਾ ਘੇਰਾ ਬਹੁਤ ਵਧ ਗਿਆ ਹੈ। ਭੀੜ ਅਤੇ ਮਾਰਕੁੱਟ ਇਕ-ਦੂਜੇ ਦੇ ਪੂਰਕ ਬਣ ਗਏ ਹਨ। ਇਸ ਪਿੱਛੇ ਸੋਸ਼ਲ ਮੀਡੀਆ ਰਾਹੀਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਦੀ ਵੀ ਵੱਡੀ ਭੂਮਿਕਾ ਹੈ। ਜਦੋਂ ਤੱਕ ਵੋਟ ਬੈਂਕ ਅਤੇ ਉਸ ਤੋਂ ਹੋਣ ਵਾਲੇ ਨਫਾ-ਨੁਕਸਾਨ ਨੂੰ ਦੇਖ ਕੇ ਫੈਸਲੇ ਹੋਣਗੇ, ਉਦੋਂ ਤੱਕ ਆਮ ਲੋਕਾਂ ਨੂੰ ਇਨਸਾਫ ਮਿਲਣਾ ਨਾਮੁਮਕਿਨ ਹੈ। ਦੇਸ਼ ਅੰਦਰ ਕਾਨੂੰਨ ਦਾ ਰਾਜ ਸਥਾਪਤ ਕਰਨ ਲਈ ਮਜ਼ਬੂਤ ਇੱਛਾ ਸ਼ਕਤੀ ਵਾਲੀ ਸਰਕਾਰ ਦਾ ਹੋਣਾ ਲਾਜ਼ਮੀ ਸ਼ਰਤ ਹੈ।

-ਮੋਬਾ: 98722-38981

ਤੇਜ਼ ਰਫ਼ਤਾਰ ਮੌਤ ਨੂੰ ਸੱਦਾ...

ਵਧ ਰਹੇ ਹਾਦਸਿਆਂ ਲਈ ਸਰਕਾਰਾਂ, ਪ੍ਰਸ਼ਾਸਨ ਅਤੇ ਲੋਕ ਬਰਾਬਰ ਦੇ ਹੀ ਕਸੂਰਵਾਰ ਹਨ। ਸੜਕਾਂ ਵਿਚ ਤਕਨੀਕੀ ਖਰਾਬੀ ਲਈ ਸਰਕਾਰਾਂ ਜ਼ਿੰਮੇਵਾਰ ਹਨ। ਨਿਰਸੰਦੇਹ ਸਮੁੱਚੇ ਦੇਸ਼ ਵਿਚ ਚੰਗੀਆਂ, ਖੁੱਲ੍ਹੀਆਂ ਸੜਕਾਂ ਦਾ ਨਿਰਮਾਣ ਬਹੁਤ ਹੀ ਤੇਜ਼ੀ ਨਾਲ ਚਾਰ-ਚੁਫੇਰੇ ਹੋ ਰਿਹਾ ਹੈ, ਜਿਸ ਨਾਲ ਹੁਣ ਸਫਰ ਪਹਿਲਾਂ ਨਾਲੋਂ ਆਸਾਨ ਅਤੇ ਆਰਾਮ ਨਾਲ ਕੀਤਾ ਜਾ ਸਕਦਾ ਹੈ। ਕਈ ਵਾਰ ਸਿਰਫਿਰੇ ਲੋਕ ਤਾਂ ਸ਼ਰਤਾਂ ਲਾ ਕੇ ਵਾਹਨ ਚਲਾਉਂਦੇ ਹੋਏ ਆਪਣੀਆਂ ਜਾਨਾਂ ਤੱਕ ਜ਼ੋਖਮ ਵਿਚ ਪਾ ਦਿੰਦੇ ਹਨ। ਤੇਜ਼ ਰਫ਼ਤਾਰ ਵਾਹਨ ਚਲਾਉਣਾ, ਇਕ-ਦੂਜੇ ਤੋਂ ਅੱਗੇ ਲੰਘ ਜਾਣ ਦੀ ਹੋੜ ਨੇ ਤਾਂ ਅਨਮੋਲ ਜ਼ਿੰਦਗੀ ਦੇ ਮਾਅਨਿਆਂ ਨੂੰ ਹੀ ਬਦਲ ਕੇ ਰੱਖ ਦਿੱਤਾ ਹੈ। ਮਸ਼ੀਨ ਕਿਸੇ ਵੇਲੇ ਵੀ ਸਾਨੂੰ ਧੋਖਾ ਦੇ ਸਕਦੀ ਹੈ। ਗ਼ਲਤ ਦਿਸ਼ਾ 'ਚ ਵਾਹਨ ਚਲਾਉਣਾ, ਵਾਹਨ ਚਲਾਉਣ ਲੱਗਿਆਂ ਮੋਬਾਈਲ 'ਤੇ ਗੱਲਬਾਤ ਕਰਨੀ ਵੀ ਦੁਰਘਟਨਾਵਾਂ ਦਾ ਕਾਰਨ ਬਣਦੀਆਂ ਹਨ। ਵਧ ਰਹੀਆਂ ਦੁਰਘਟਨਾਵਾਂ ਨੂੰ ਰੋਕਿਆ ਜਾ ਸਕਦਾ, ਜੇਕਰ ਸਮਾਜ ਅਤੇ ਸਰਕਾਰ ਵਲੋਂ ਸਾਰਥਕ ਤੇ ਗੰਭੀਰ ਪਹਿਲ ਹੋਵੇ। ਯੂਰਪੀਅਨ ਦੇਸ਼ਾਂ ਵਾਂਗ ਸੜਕਾਂ 'ਤੇ ਵਾਹਨਾਂ ਦੀ ਵਿਗਿਆਨਕ ਢੰਗ ਨਾਲ ਚਲਾਉਣ ਲਈ ਵੰਡ ਕੀਤੀ ਜਾਵੇ। ਭਾਰੀ ਵਾਹਨ, ਬੱਸ, ਕਾਰ, ਦੋਪਹੀਆ ਵਾਹਨਾਂ ਲਈ ਅਲੱਗ-ਅਲੱਗ ਸੜਕਾਂ ਅਤੇ ਉਨ੍ਹਾਂ ਦੀ ਸਪੀਡ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ। ਅਵਾਰਾ ਜਾਨਵਰਾਂ ਤੋਂ ਸੜਕਾਂ ਨੂੰ ਮੁਕਤ ਰੱਖਿਆ ਜਾਣਾ ਵੀ ਬਹੁਤ ਜ਼ਰੂਰੀ ਹੈ। ਵਾਹਨਾਂ 'ਤੇ ਰਿਫਲੈਕਟਰ ਜ਼ਰੂਰੀ ਲੱਗੇ ਹੋਣੇ ਚਾਹੀਦੇ ਹਨ।
ਟ੍ਰੈਫਿਕ ਨਿਯਮਾਂ ਦੀ ਬੁਨਿਆਦੀ ਜਾਣਕਾਰੀ ਲੋਕਾਂ ਨੂੰ ਦਿੱਤੀ ਜਾਵੇ। ਨਿਯਮਾਂ ਨੂੰ ਤੋੜਨ 'ਤੇ ਜੁਰਮਾਨਾ ਲਗਾਉਣ ਨਾਲ ਲਾਈਸੈਂਸ ਰੱਦ ਕੀਤਾ ਜਾਵੇ। ਨਾਬਾਲਗ ਬੱਚਿਆਂ ਨੂੰ ਵਾਹਨ ਚਲਾਉਣ ਦੀ ਆਗਿਆ ਨਾ ਦਿੱਤੀ ਜਾਵੇ। ਵਾਹਨ ਚਾਲਕ ਸ਼ਰਾਬ, ਨਸ਼ੇ ਆਦਿ ਦਾ ਸੇਵਨ ਨਾ ਕਰਨ। ਮੰਜ਼ਿਲ 'ਤੇ ਕਦੇ ਵੀ ਨਾ ਪਹੁੰਚਣ ਤੋਂ ਦੇਰ ਭਲੀ ਵਾਲੀ ਗੱਲ ਜ਼ਰੂਰ ਆਪਣੇ ਧਿਆਨ ਵਿਚ ਰੱਖਣੀ ਚਾਹੀਦੀ ਹੈ। ਆਖਰ ਇਹੀ ਕਿਹਾ ਜਾ ਸਕਦਾ ਹੈ ਕਿ ਤੇਜ਼ ਰਫ਼ਤਾਰ ਵਾਹਨਾਂ 'ਤੇ ਰੋਕ ਲਗਾਉਣਾ ਸਿਰਫ ਸਰਕਾਰ ਦਾ ਹੀ ਕੰਮ ਨਹੀਂ ਹੈ, ਬਲਕਿ ਇਸ ਲਈ ਸਾਰਿਆਂ ਨੂੰ ਖੁਦ ਜਾਗਰੂਕ ਹੋਣ ਦੀ ਲੋੜ ਹੈ। ਸੜਕਾਂ 'ਤੇ ਦਿਸ਼ਾ-ਨਿਰਦੇਸ਼ ਸਾਈਨ ਬੋਰਡਾਂ 'ਤੇ ਲਿਖੀ ਰਫ਼ਤਾਰ ਦਾ ਪਾਲਣ ਕਰਨਾ ਚਾਹੀਦਾ ਹੈ। ਟ੍ਰੈਫਿਕ ਪੁਲਿਸ ਕਰਮਚਾਰੀ ਸੰਜੀਦਗੀ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ।

-ਮੁਹੱਲਾ ਪੱਬੀਆਂ, ਧਰਮਕੋਟ, ਜ਼ਿਲ੍ਹਾ ਮੋਗਾ। ਮੋਬਾ: 94172-80333

ਪਸ਼ੂ ਸਿਹਤ ਸੰਸਥਾਵਾਂ ਦੀ ਵਿਵਸਥਾ 'ਚ ਬਦਲਾਅ ਦੀ ਲੋੜ

ਪਸ਼ੂ ਪਾਲਣ ਵਿਭਾਗ, ਪੰਜਾਬ ਸਰਕਾਰ ਦਾ ਇਕ ਅਹਿਮ ਅਤੇ ਮਹੱਤਵਪੂਰਨ ਵਿਭਾਗ ਹੈ, ਜਿਸ ਦਾ ਸਿੱਧਾ ਸੰਬੰਧ ਰਾਜ ਦੀ ਕਿਸਾਨੀ ਅਤੇ ਆਮ ਪਸ਼ੂ ਪਾਲਕ ਲੋਕਾਂ ਨਾਲ ਹੈ। ਇਸ ਵਿਭਾਗ ਨੇ ਹੁਣ ਤੱਕ ਅਨੇਕ ਸਰਕਾਰੀ ਘਾਟਾਂ ਦੇ ਬਾਵਜੂਦ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਹੈ ਪਰ ਜ਼ਮੀਨੀ ਪੱਧਰ 'ਤੇ ਲੋਕਾਂ ਨਾਲ ਜੁੜੇ ਇਸ ਵਿਭਾਗ ਵੱਲ ਹੁਣ ਤੱਕ ਕਿਸੇ ਸਰਕਾਰ ਦੀ ਸਵੱਲੀ ਨਜ਼ਰ ਨਹੀਂ ਪਈ। ਸਾਫ਼-ਸਫ਼ਾਈ ਅਤੇ ਸਾਂਭ-ਸੰਭਾਲ ਦੇ ਮਾਮਲੇ ਵਿਚ ਸਿੱਖਿਆ ਵਿਭਾਗ ਵਾਂਗ ਰਾਜ ਦੇ ਪਸ਼ੂ ਪਾਲਣ ਵਿਭਾਗ ਵੱਲ ਤਵੱਜੋ ਦੇਣਾ ਵੀ ਵਕਤ ਦੀ ਲੋੜ ਹੈ। ਪਸ਼ੂ ਪਾਲਣ ਵਿਭਾਗ ਦੀਆਂ ਬਹੁਤੀਆਂ ਸੰਸਥਾਵਾਂ ਵਿਚ ਸਫ਼ਾਈ ਸੇਵਕ ਹੀ ਨਹੀਂ ਹਨ। ਪਿਛਲੇ ਕਾਫੀ ਸਾਲਾਂ ਤੋਂ ਵਿਭਾਗੀ ਅਧਿਕਾਰੀ ਵਾਤਾਵਰਨ-ਅਨੁਕੂਲ ਕਮਰਿਆਂ ਵਿਚ ਬੈਠ ਕੇ ਸਫ਼ਾਈ ਪ੍ਰਬੰਧਾਂ ਨੂੰ ਸੁਚਾਰੂ ਬਣਾਉਣ, ਨਵੇਂ-ਨਵੇਂ ਰਜਿਸਟਰ ਲਗਾਉਣ, ਨਵੇਂ-ਨਵੇਂ ਜਾਣਕਾਰੀ ਸੂਚਕ ਬੋਰਡ ਲਗਾਉਣ ਵਰਗੇ ਹੁਕਮ ਤਾਂ ਜਾਰੀ ਕਰ ਦਿੰਦੇ ਹਨ ਪਰ ਸਫ਼ਾਈ ਵਿਵਸਥਾ ਅਤੇ ਅਜਿਹੇ ਕੰਮਾਂ 'ਤੇ ਖਰਚਾ ਕੌਣ ਕਰੇਗਾ, ਇਸ ਬਾਰੇ ਆਪਣੇ ਤੋਂ ਉਪਰਲੀ ਆਲਾ-ਕਮਾਨ ਦੇ 'ਜਬਰੀ ਹੁਕਮਾਂ' ਦਾ ਹਵਾਲਾ ਦੇ ਕੇ ਚੁੱਪੀ ਧਾਰ ਲੈਂਦੇ ਹਨ। ਇਨ੍ਹਾਂ ਸੰਸਥਾਵਾਂ ਵਿਚ ਨਿਯੁਕਤ ਸਫ਼ਾਈ ਸੇਵਕ ਸਫ਼ਾਈ ਵਿਵਸਥਾ ਵੱਲ ਧਿਆਨ ਨੂੰ ਵੀ ਬਹੁਤੀ ਗੰਭੀਰਤਾ ਨਾਲ ਲੈਣਾ ਜ਼ਰੂਰੀ ਨਹੀਂ ਸਮਝਦੇ, ਕਿਉਂਕਿ ਡਿਸਪੈਂਸਰੀ ਵਿਚ ਨਿਯੁਕਤ ਕਰਮਚਾਰੀ ਦੀ ਸਾਲਾਨਾ ਗੁਪਤ ਰਿਪੋਰਟ ਲਿਖਣ ਦਾ ਅਧਿਕਾਰ ਪਸ਼ੂ ਪਾਲਣ ਵਿਭਾਗ ਵਲੋਂ ਚੁੱਪ-ਚੁਪੀਤੇ ਨੇੜੇ ਦੇ ਵੈਟਰਨਰੀ ਅਫਸਰ ਨੂੰ ਦਿੱਤਾ ਗਿਆ ਹੈ। ਅਚਨਚੇਤੀ ਜਾਂਚ ਦੇ ਨਾਂਅ ਹੇਠ ਜ਼ਿਲ੍ਹਾ ਦਫ਼ਤਰਾਂ ਅਤੇ ਮੁੱਖ ਦਫ਼ਤਰਾਂ ਵਲੋਂ ਹਰ ਮਹੀਨੇ ਹਜ਼ਾਰਾਂ ਰੁਪਏ ਦਾ ਸਰਕਾਰੀ ਤੇਲ ਫੂਕਣ ਵਾਲੇ ਵਿਭਾਗੀ ਅਧਿਕਾਰੀ ਵਰਗ ਨੇ ਕਦੇ ਵੀ ਵਿਭਾਗ ਦੀ ਇਸ ਮੁਸ਼ਕਿਲ ਨੂੰ ਹੱਲ ਕਰਨ, ਸਰਕਾਰੀ ਪੱਧਰ 'ਤੇ ਅਹਿਮੀਅਤ ਦੇਣ ਜਾਂ ਉਠਾਉਣ ਦਾ ਯਤਨ ਨਹੀਂ ਕੀਤਾ ਹੈ। ਸੋ ਲੋੜ ਹੈ ਵਿਭਾਗ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦੀ, ਮਿਹਨਤੀ ਕਰਮਚਾਰੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਕਰਨ ਦੀ। ਹੁਣ ਜਦਕਿ ਪਸ਼ੂ ਪਾਲਣ ਵਿਭਾਗ ਦੇ ਨਵੇਂ ਮੰਤਰੀ ਮਾਣਯੋਗ ਬਲਵੀਰ ਸਿੰਘ ਸਿੱਧੂ ਨੇ ਸਮੁੱਚੇ ਜ਼ਿਲ੍ਹਿਆਂ ਦਾ ਦੌਰਾ ਕਰੀਬ ਮੁਕੰਮਲ ਕਰ ਲਿਆ ਹੈ ਅਤੇ ਵਿਭਾਗ ਦੀ ਸਮੁੱਚੀ ਕਾਰਗੁਜ਼ਾਰੀ ਦਾ ਲਗਾਤਾਰ ਮੁਲਾਂਕਣ ਕਰ ਰਹੇ ਹਨ ਤਾਂ ਰਾਜ ਦੇ ਅਗਾਂਹਵਧੂ ਪਸ਼ੂ ਪਾਲਕ ਅਤੇ ਵਿਭਾਗੀ ਕਰਮਚਾਰੀ ਉਨ੍ਹਾਂ ਤੋਂ ਕ੍ਰਾਂਤੀਕਾਰੀ ਤਬਦੀਲੀਆਂ ਦੀ ਆਸ ਕਰਦੇ ਹਨ। ਅਜਿਹੀਆਂ ਤਬਦੀਲੀਆਂ ਪਸ਼ੂ ਪਾਲਣ ਵਿਭਾਗ ਲਈ ਇਕ ਨਵੀਂ ਸਵੇਰ ਦੇ ਸੰਕੇਤ ਵਾਂਗ ਹੋਣਗੀਆਂ।

-ਬਾਬਾ ਦੀਪ ਸਿੰਘ ਨਗਰ, ਗਲੀ ਨੰ: 6, ਹੰਡਿਆਇਆ ਰੋਡ, ਬਰਨਾਲਾ। ਮੋਬਾ: 85588-76251

ਧਰਮ ਅਤੇ ਇਤਿਹਾਸ ਦੇ ਪ੍ਰਸਾਰ ਲਈ ਨਾਟਕ ਅਤੇ ਫ਼ਿਲਮਾਂ ਪ੍ਰਭਾਵਸ਼ਾਲੀ ਮਾਧਿਅਮ

ਵੈਸੇ ਤਾਂ ਫ਼ਿਲਮ ਜਾਂ ਨਾਟਕ ਆਪਣੇ-ਆਪ ਵਿਚ ਸਾਹਿਤ ਦੀਆਂ ਹੋਰ ਵਿਧਾਵਾਂ ਨਾਲੋਂ ਕਠਿਨ ਵਿਧਾ ਹੈ ਪਰ ਧਾਰਮਿਕ ਅਤੇ ਇਤਿਹਾਸਕ ਫ਼ਿਲਮ ਜਾਂ ਨਾਟਕ ਲਿਖਣਾ ਬਹੁਤ ਹੀ ਜੋਖ਼ਮ ਭਰਿਆ ਕਾਰਜ ਹੈ, ਤਲਵਾਰ ਦੀ ਧਾਰ 'ਤੇ ਤੁਰਨ ਸਮਾਨ ਹੈ।
ਮੇਰੇ ਵਿਚਾਰ ਅਨੁਸਾਰ ਪਹਿਲਾਂ ਜਿਹੜੀਆਂ ਧਾਰਮਿਕ ਫ਼ਿਲਮਾਂ ਬਣੀਆਂ ਹਨ। ਉਨ੍ਹਾਂ ਦੀ ਕਹਾਣੀ ਸਾਡੇ ਗੁਰੂ ਸਾਹਿਬਾਨਾਂ ਬਾਰੇ ਨਾ ਹੋ ਕੇ ਇਕ ਸ਼ਰਧਾਵਾਨ ਪਰਿਵਾਰ ਨਾਲ ਵਾਪਰਦੀਆਂ ਘਟਨਾਵਾਂ ਦੇ ਇਰਧ-ਗਿਰਧ ਵਾਪਰਦੀ ਸੀ। 'ਨਾਨਕ ਸ਼ਾਹ ਫਕੀਰ' ਅਤੇ 'ਚਾਰ ਸਾਹਿਬਜ਼ਾਦੇ' ਗੁਰੂ ਨਾਨਕ ਦੇਵ ਜੀ ਅਤੇ ਸਾਹਿਬਜ਼ਾਦਿਆਂ ਦੇ ਜੀਵਨ ਨੂੰ ਵਿਅਕਤ ਕਰਦੀਆਂ ਫ਼ਿਲਮਾਂ ਹਨ। ਸਿੱਖ ਧਰਮ ਦੀ ਰਹਿਤ-ਮਰਿਆਦਾ ਮੁਤਾਬਿਕ ਗੁਰੂੁ ਸਾਹਿਬਾਨਾਂ ਦੇ ਕਿਰਦਾਰ ਨੂੰ ਫ਼ਿਲਮਾਂ ਜਾਂ ਨਾਟਕਾਂ ਵਿਚ ਕੋਈ ਵੀ ਮਨੁੱਖ ਨਹੀਂ ਨਿਭਾਅ ਸਕਦਾ।
ਤਕਰੀਬਨ ਡੇਢ-ਦੋ ਸਾਲ ਪਹਿਲਾਂ ਫ਼ਿਲਮ 'ਨਾਨਕ ਸ਼ਾਹ ਫਕੀਰ' ਕੁਝ ਥਾਵਾਂ 'ਤੇ ਰਿਲੀਜ਼ ਹੋ ਚੁੱਕੀ ਹੈ। ੳਦੋਂ ਮੈਂ ਇਹ ਫ਼ਿਲਮ ਵੇਖੀ ਸੀ। ਕੁਝ ਕਮੀਆਂ ਜੋ ਮੈਂ ਵੀ ਮਹਿਸੂਸ ਕੀਤੀਆਂ ਸਨ। ਭਾਈ ਬਾਲਾ ਅਤੇ ਭਾਈ ਮਰਦਾਨਾ ਦੋਵੇਂ ਗੁਰੂ ਨਾਨਕ ਦੇਵ ਜੀ ਨਾਲ ਲੰਮਾ ਸਮਾਂ ਰਹੇ। ਇਨ੍ਹਾਂ ਵਿਚੋਂ ਇਕ ਦਾ ਤਾਂ ਸਾਰੀ ਫ਼ਿਲਮ ਵਿਚ ਕਿਤੇ ਵੀ ਜ਼ਿਕਰ ਤੱਕ ਨਹੀਂ ਹੈ। ਅਜਿਹੀਆਂ ਕੁਤਾਹੀਆਂ ਤੋਂ ਬਚਣਾ ਚਾਹੀਦਾ ਸੀ। ਕਿਸੇ ਵੀ ਸਮਾਜ ਦੇ ਧਾਰਿਮਕ ਜਾਂ ਇਤਿਹਾਸਕ ਪੱਖ ਨੂੰ ਉਜਾਗਰ ਕਰਨ ਤੋਂ ਪਹਿਲਾਂ ਹਰ ਪਹਿਲੂ ਅਤੇ ਪੱਖ ਤੋਂ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ।
ਧਰਮ ਅਤੇ ਇਤਿਹਾਸ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਨਾਟਕ ਅਤੇ ਫ਼ਿਲਮਾਂ ਸਭ ਤੋਂ ਕਾਰਗਰ ਅਤੇ ਪ੍ਰਭਾਵਸ਼ਾਲੀ ਮਾਧਿਅਮ ਹਨ। ਪਰ ਜੇ ਧਾਰਮਿਕ ਅਤੇ ਇਤਿਹਾਸਕ ਰਵਾਇਤਾਂ ਅਤੇ ਬੰਦਿਸ਼ਾਂ ਅਨੁਸਾਰ ਕਾਰਜ ਕੀਤਾ ਜਾਵੇ। ਬਿਨਾਂ ਧਾਰਮਿਕ ਵਿਦਵਾਨਾਂ ਅਤੇ ਇਤਿਹਾਕਾਰਾਂ ਨਾਲ ਸਲਾਹ-ਮਸ਼ਵਰੇ ਕੀਤੇ ਕਿਸੇ ਵੀ ਨਾਟਕ ਅਤੇ ਫ਼ਿਲਮ ਬਾਰੇ ਵਿਵਾਦ ਪੈਦਾ ਹੋਣ ਦੀ ਸੰਭਾਵਨਾ ਹੁੰਦੀ ਹੀ ਹੈ। ਨਾਟਕਕਾਰ ਅਤੇ ਫ਼ਿਲਮਕਾਰ ਨੂੰ ਵੀ ਥੋੜ੍ਹੀ-ਬਹੁਤ ਖੁੱਲ੍ਹ ਮਿਲਣੀ ਹੀ ਚਾਹੀਦੀ ਹੈ। ਕਲਾ ਅਤੇ ਕਲਮ ਕਿਸੇ ਵੀ ਖਿੱਤੇ ਦੇ ਧਰਮ ਅਤੇ ਇਤਿਹਾਸ ਦੇ ਵਿਸਥਾਰ, ਪ੍ਰਚਾਰ ਅਤੇ ਪ੍ਰਸਾਰ ਦੇ ਨਾਲ-ਨਾਲ ਸੱਤਾ ਪ੍ਰਾਪਤੀ ਲਈ ਜ਼ਮੀਨ ਵੀ ਤਿਆਰ ਕਰ ਸਕਦੀ ਹੈ।

-ਮੋਬਾਈਲ : 94174-60656

ਮਾਪਿਆਂ ਤੇ ਬੱਚਿਆਂ ਵਿਚਕਾਰ ਵਧ ਰਹੀਆਂ ਦੂਰੀਆਂ

ਇਨਸਾਨੀ ਰਿਸ਼ਤਿਆਂ ਦੀ ਟੁੱਟ ਰਹੀ ਕਮਰ ਨੇ ਸਮਾਜ ਅੰਦਰ ਇਕ ਬੇਗ਼ਾਨਗੀ ਦਾ ਆਲਮ ਸਿਰਜ ਦਿੱਤਾ ਹੈ। ਪੈਸੇ ਤੇ ਸ਼ੋਹਰਤ ਨਾਂਅ ਦੀ ਸ਼ੈਅ ਨੇ ਇਨਸਾਨੀ ਜ਼ਿੰਦਗੀ ਵਿਚੋਂ ਸਾਦਗੀ ਤੇ ਸ਼ਾਂਤੀ ਨਾਂਅ ਦੇ ਸ਼ਬਦ ਨੂੰ ਹਾਸ਼ੀਏ 'ਤੇ ਧੱਕ ਦਿੱਤੈ। ਇਨਸਾਨ ਅੱਜ ਇਕ ਲੰਮੀ ਦੌੜ 'ਤੇ ਨਿਕਲ ਚੁੱਕਿਐ, ਜਿਸ ਦਾ ਦੂਜਾ ਸਿਰਾ ਕਿਸੇ ਨੇ ਵੇਖਿਆ ਤੱਕ ਨਹੀਂ।
ਮਨੁੱਖੀ ਜੀਵਨ ਦੀ ਕੜੀ ਦੌਰਾਨ ਮਾਪਿਆਂ ਤੇ ਬੱਚਿਆਂ ਵਿਚਕਾਰ ਮੋਹ ਦੀਆਂ ਤੰਦਾਂ ਦਾ ਬੱਝਵਾਂ ਰਿਸ਼ਤਾ ਵੀ ਕੁੜੱਤਣ ਵਿਚ ਬਦਲਣ ਲੱਗਾ ਹੈ। ਸਮੇਂ ਦੀ ਬਦਲੀ ਦਸ਼ਾ ਤੇ ਦਿਸ਼ਾ ਨੇ ਅੱਜ ਬਹੁਤ ਸਾਰੇ ਮਾਪਿਆਂ ਅਤੇ ਬੱਚਿਆਂ ਵਿਚਕਾਰ ਇਕ ਅਣਕਹੀ ਲਕੀਰ ਖਿੱਚ ਦਿੱਤੀ ਹੈ। ਮਾਂ-ਪਿਓ ਭਾਵੇਂ ਆਪਣੀ ਉਮਰ ਦੇ ਤਕਾਜ਼ੇ ਦੇ ਆਧਾਰ 'ਤੇ ਔਲਾਦ ਦੀਆਂ ਆਪਹੁਦਰੀਆਂ ਨੂੰ ਮਾਨਤਾ ਦੇਣੋ ਇਨਕਾਰੀ ਹਨ ਤੇ ਔਲਾਦ ਮਾਂ-ਪਿਓ ਦੀਆਂ ਲੰਘ ਚੁੱਕੇ ਵੇਲੇ ਦੀਆਂ ਗੱਲਾਂ ਨੂੰ ਤਰਕਹੀਣ ਦੱਸ ਨਵੇਂ ਭਵਿੱਖ ਦੀ ਤਲਾਸ਼ ਦੇ ਰਸਤੇ 'ਤੇ ਜਾਣ ਲਈ ਤਰਲੋਮੱਛੀ ਹੋ ਰਹੀ ਹੈ। ਉਹ ਨਹੀਂ ਚਾਹੁੰਦੀ ਕਿ ਮਾਪੇ ਉਨ੍ਹਾਂ ਦੀ ਜ਼ਿੰਦਗੀ ਵਿਚ ਦਖ਼ਲਅੰਦਾਜ਼ੀ ਕਰਨ।
ਆਪਣੇ ਵਤਨ ਤੋਂ ਬੱਚਿਆਂ ਦੀ ਵਿਦੇਸ਼ੀ ਪਰਵਾਜ਼ ਨੇ ਵੀ ਮਾਪਿਆਂ ਨੂੰ ਬੇਵੱਸੀ ਦੇ ਸਮੁੰਦਰ ਵਿਚ ਗੋਤੇ ਖਾਣ ਲਈ ਮਜਬੂਰ ਕੀਤੈ। ਭਾਵੇਂ ਕਈ ਹੁਨਰਮੰਦ ਤੇ ਸੂਝਬੂਝ ਵਾਲੇ ਬੱਚੇ ਆਪਣੀ ਲਿਆਕਤ ਦੇ ਬਲਬੂਤੇ 'ਤੇ ਮੰਜ਼ਿਲ ਜ਼ਰੂਰ ਹਾਸਲ ਕਰ ਲੈਂਦੇ ਹਨ ਪਰ ਉਨ੍ਹਾਂ ਨੂੰ ਦੇਖੋ-ਦੇਖੀ ਕਈ ਅਨਾੜੀ ਆਪਣੇ ਮਾਪਿਆਂ ਲਈ ਵੱਡੀ ਖਲਜਗਣ ਦਾ ਰਾਹ ਖੋਲ੍ਹ ਦਿੰਦੇ ਹਨ। ਅੱਜ ਹਰ ਮਾਪਾ ਇਕੋ ਸਵਾਲ ਨੂੰ ਲੈ ਕੇ ਚਿੰਤਾ ਦੀ ਘੁੰਮਣਘੇਰੀ ਵਿਚ ਪਿਆ, ਬੱਚਿਆਂ ਦੇ ਭਵਿੱਖ ਨੂੰ ਨਿਹਾਰ ਆਖਦੈ ਕਿ ਆਖ਼ਰ ਮੇਰੇ ਬੱਚਿਆਂ ਦਾ ਬਣੇਗਾ ਕੀ? ਇਹ ਸੋਚ ਵਾਜਬ ਵੀ ਹੈ, ਕਿਉਂਕਿ ਮਾਪੇ ਦਾ ਫ਼ਰਜ਼ ਹੈ ਕਿ ਉਹ ਆਪਣੇ ਢਿੱਡੋਂ ਜੰਮਿਆਂ ਦਾ ਮਾੜਾ-ਚੰਗਾ ਸੋਚੇ। ਦੂਜੇ ਪਾਸੇ ਔਲਾਦ ਦਾ ਵੀ ਮੋੜਵੇਂ ਰੂਪ ਵਿਚ ਹਾਂ-ਪੱਖੀ ਹੁੰਗਾਰਾ ਆਉਣਾ ਚਾਹੀਦਾ ਹੈ। ਕੋਈ ਮਾਪਾ ਇਹ ਨਹੀਂ ਚਾਹੁੰਦਾ ਕਿ ਉਸ ਦੇ ਬੱਚੇ ਸਹੀ ਮੰਜ਼ਿਲ ਅਤੇ ਸਹੀ ਰਸਤੇ ਦੀ ਚੋਣ ਨਾ ਕਰ ਸਕਣ।
ਮਾਪਿਆਂ ਦਾ ਤਜਰਬਾ ਅਤੇ ਜ਼ਿੰਦਗੀ ਚੰਗੇ-ਮਾੜੇ ਹਾਲਾਤ ਦੀ ਕਗ਼ਾਰ 'ਤੇ ਬੀਤੀ ਹੁੰਦੀ ਹੈ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਉਹ ਲੰਬੀ ਤੇ ਨਾ ਮੁੱਕਣ ਵਾਲੀ ਦੌੜ ਦੇ ਚਲਦਿਆਂ ਕੁਝ ਸਮਾਂ ਬੱਚਿਆਂ ਵਿਚ ਬੈਠ ਕੇ ਜ਼ਿੰਦਗੀ ਦੇ ਦੁੱਖ-ਸੁੱਖ ਨੂੰ ਸਾਂਝਾ ਕਰਨ ਤੇ ਉਨ੍ਹਾਂ ਨੂੰ ਨੇੜਿਓਂ ਹੋ ਕੇ ਜਾਣਨ ਦੀ ਕੋਸ਼ਿਸ਼ ਕਰਨ। ਇਸ ਵਿਸ਼ੇ ਨੂੰ ਲੈ ਕੇ ਸਕੂਲਾਂ-ਕਾਲਜਾਂ ਵਿਚ ਵੱਧ ਤੋਂ ਵੱਧ ਸੈਮੀਨਾਰ ਕਰਵਾਉਣ ਦੀ ਲੋੜ ਵੀ ਹੈ। ਬਿਨਾਂ ਸ਼ੱਕ ਮਾਪਿਆਂ ਤੇ ਬੱਚਿਆਂ ਵਿਚ ਵਧ ਰਹੀਆਂ ਦੂਰੀਆਂ ਸਾਡੇ ਸਮਾਜ ਲਈ ਬੇਹੱਦ ਘਾਤਕ ਸਾਬਤ ਹੋ ਰਹੀਆਂ ਹਨ ਤੇ ਆਉਣ ਵਾਲੇ ਸਮੇਂ ਵਿਚ ਸਾਨੂੰ ਸਾਰਿਆਂ ਨੂੰ ਵੱਡੀਆਂ-ਵੱਡੀਆਂ ਕਠਿਨਾਈਆਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ।

ਮੁੱਖ ਪ੍ਰਚਾਰ ਸਕੱਤਰ, ਵਿਸ਼ਵ ਪੰਜਾਬੀ ਲੇਖਕ ਮੰਚ। ਮੋਬਾ: 94634-63136

ਪਾਣੀਆਂ ਨੂੰ ਜ਼ਹਿਰੀਲਾ ਬਣਾਉਣ ਵਾਲਿਆਂ ਵਿਰੁੱਧ ਹੋਵੇ ਕਾਰਵਾਈ

ਸਰਕਾਰਾਂ ਵਲੋਂ ਕੁਦਰਤੀ ਜਲ ਸੋਮਿਆਂ, ਦਰਿਆਵਾਂ, ਨਦੀਆਂ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਨ ਦੇ ਜ਼ਿੰਮੇਵਾਰ ਲੋਕਾਂ ਖਿਲਾਫ ਕੀਤੀ ਜਾਣ ਵਾਲੀ ਕਾਰਵਾਈ ਵਿਚ ਢਿਲਮੱਠ ਕਾਰਨ ਉਦਯੋਗਪਤੀਆਂ ਦੇ ਨਾਲ-ਨਾਲ ਕਿਸਾਨਾਂ ਵਲੋਂ ਵੀ ਬਹੁਤ ਵੱਡੇ ਪੱਧਰ ਉਪਰ ਕੁਦਰਤੀ ਜਲ ਸੋਮਿਆਂ, ਦਰਿਆਵਾਂ, ਨਹਿਰਾਂ ਅਤੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਅਤੇ ਜ਼ਹਿਰੀਲਾ ਕੀਤਾ ਜਾ ਰਿਹਾ ਹੈ। ਕਿਸੇ ਸਮੇਂ ਦਰਿਆਵਾਂ ਸਮੇਤ ਪੰਜਾਬ ਦੀਆਂ ਨਦੀਆਂ ਅਤੇ ਚੋਆਂ ਦਾ ਪਾਣੀ ਅੰਮ੍ਰਿਤ ਵਰਗਾ ਸਮਝਿਆ ਜਾਂਦਾ ਸੀ ਪਰ ਹੁਣ ਇਨ੍ਹਾਂ ਸਭ ਦਾ ਪਾਣੀ ਏਨਾ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਹੋ ਗਿਆ ਹੈ ਕਿ ਮਨੁੱਖਾਂ ਦੀ ਗੱਲ ਹੀ ਛੱਡੋ, ਹੁਣ ਤਾਂ ਡੰਗਰ ਵੀ ਇਸ ਪਾਣੀ ਨੂੰ ਪੀਣ ਦੀ ਥਾਂ ਆਪਣਾ ਮੂੰਹ ਪਾਸੇ ਕਰ ਲੈਂਦੇ ਹਨ।
ਪਾਣੀ ਨੂੰ ਪ੍ਰਦੂਸ਼ਿਤ ਅਤੇ ਜ਼ਹਿਰੀਲਾ ਬਣਾਉਣ ਵਿਚ ਕਿਸਾਨ ਵੀ ਪਿੱਛੇ ਨਹੀਂ ਰਹੇ। ਕੁਝ ਕਿਸਾਨਾਂ ਵਲੋਂ ਹੁਣ ਖੇਤਾਂ ਵਿਚ ਫਸਲਾਂ ਉਪਰ ਜ਼ਹਿਰੀਲੀਆਂ ਦਵਾਈਆਂ ਦਾ ਛਿੜਕਾਓ ਕਰਨ ਦੀ ਥਾਂ ਸਿੱਧਾ ਧਰਤੀ ਹੇਠੋਂ ਪਾਣੀ ਕੱਢਣ ਵਾਲੇ ਬੋਰਾਂ ਦੇ ਪਾਈਪਾਂ ਵਿਚ ਹੀ ਯੂਰੀਆ ਅਤੇ ਹੋਰ ਕੀਟਨਾਸ਼ਕ ਦਵਾਈਆਂ ਪਾ ਦਿੱਤੀਆਂ ਜਾਂਦੀਆਂ ਹਨ, ਤਾਂ ਕਿ ਬੋਰਾਂ ਵਿਚੋਂ ਪਾਣੀ ਨਿਕਲਣ ਦੇ ਨਾਲ ਹੀ ਯੂਰੀਆ ਅਤੇ ਕੀਟਨਾਸ਼ਕ ਦਵਾਈਆਂ ਵੀ ਘੁਲ ਕੇ ਪਾਣੀ ਦੇ ਨਾਲ-ਨਾਲ ਫਸਲ ਨੂੰ ਲੱਗ ਜਾਣ। ਇਸ ਤਰ੍ਹਾਂ ਧਰਤੀ ਹੇਠਲਾ ਪਾਣੀ ਵੀ ਕਿਸਾਨਾਂ ਦੀ ਅਣਗਹਿਲੀ ਕਾਰਨ ਜ਼ਹਿਰੀਲਾ ਹੋ ਰਿਹਾ ਹੈ। ਕਿਸਾਨਾਂ ਨੂੰ ਬੋਰ ਦੇ ਪਾਈਪਾਂ ਵਿਚ ਯੂਰੀਆ ਅਤੇ ਹੋਰ ਕੀਟਨਾਸ਼ਕ ਦਵਾਈਆਂ ਪਾਉਂਦਿਆਂ ਦੀਆਂ ਵੀਡੀਓ ਵੀ ਸੋਸ਼ਲ ਮੀਡੀਆ ਉਪਰ ਘੁੰਮ ਰਹੀਆਂ ਹਨ, ਇਸ ਦੇ ਬਾਵਜੂਦ ਅਜਿਹੇ ਕੰਮ ਕਰਨ ਵਾਲੇ ਕਿਸਾਨਾਂ ਦਾ ਪਤਾ ਲਗਾ ਕੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਵਿਚ ਸਰਕਾਰ ਅਜੇ ਵੀ ਢਿੱਲਮੱਠ ਦਿਖਾ ਰਹੀ ਹੈ।
ਚਾਹੀਦਾ ਤਾਂ ਇਹ ਹੈ ਕਿ ਪੰਜਾਬ ਦੇ ਕੁਦਰਤੀ ਜਲ ਸੋਮਿਆਂ ਦੀ ਸੰਭਾਲ ਕੀਤੀ ਜਾਵੇ, ਦਰਿਆਵਾਂ, ਨਦੀਆਂ ਦੇ ਪਾਣੀਆਂ ਵਿਚ ਪ੍ਰਦੂਸ਼ਿਤ ਪਾਣੀ ਛੱਡਣ ਵਾਲੇ ਉਦਯੋਗਾਂ, ਫੈਕਟਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਟ੍ਰੀਟਮੈਂਟ ਪਲਾਂਟ ਲਾਉਣ ਲਈ ਕਿਹਾ ਜਾਵੇ। ਜੇ ਹੁਣ ਵੀ ਪੰਜਾਬ ਦੇ ਕੁਦਰਤੀ ਜਲ ਸੋਮਿਆਂ ਅਤੇ ਧਰਤੀ ਹੇਠਲੇ ਪਾਣੀ ਦੀ ਸੰਭਾਲ ਨਾ ਕੀਤੀ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਵਸਨੀਕ ਬੂੰਦ-ਬੂੰਦ ਪਾਣੀ ਨੂੰ ਤਰਸਣਗੇ।

-ਲੱਕੀ ਨਿਵਾਸ, 61-ਏ, ਵਿਦਿਆ ਨਗਰ, ਪਟਿਆਲਾ।

ਪੁਰਾਣੀ ਸਾਂਝ ਅਤੇ ਸਾਡਾ ਖ਼ਤਮ ਹੋ ਰਿਹਾ ਅਜੋਕਾ ਵਜੂਦ

ਅੱਜ ਸਾਡੇ ਵਰਗੇ ਨੌਜਵਾਨ ਅਕਸਰ ਪੜ੍ਹ-ਲਿਖ ਕੇ ਜਦੋਂ ਬਾਪ ਦੀ ਕਮਾਈ ਜਾਂ ਚੰਗੀ ਨੌਕਰੀ ਕਰਕੇ ਚਾਰ ਪੈਸਿਆਂ 'ਚ ਹੋ ਜਾਂਦੇ ਹਨ ਤਾਂ ਮਾੜੇ ਗਰੀਬ ਬੰਦੇ ਜਾਂ ਗਰੀਬ ਰਿਸ਼ਤੇਦਾਰ ਵੱਲ ਦੇਖਣ 'ਚ ਵੀ ਬੇਇੱਜ਼ਤੀ ਮਹਿਸੂਸ ਕਰਦੇ ਹਨ। ਇਥੋਂ ਤੱਕ ਕਿ ਮਾਂ-ਬਾਪ, ਭੈਣ-ਭਰਾ, ਹਰ ਰਿਸ਼ਤਾ ਅੱਜ ਸਾਡੇ ਲਈ ਫਾਇਦੇ-ਨੁਕਸਾਨ ਦੀ ਬੁਨਿਆਦ ਬਣ ਕੇ ਰਹਿ ਚੁੱਕਾ ਹੈ, ਫਿਰ ਭਾਵੇਂ ਇਹ ਸਭ ਲੱਖ ਸਾਡੀ ਇੱਜ਼ਤ ਹੀ ਕਿਉਂ ਨਾ ਕਰਦੇ ਹੋਣ। ਭਾਵੇਂ ਕਿ ਪਹਿਲਾਂ ਹਰ ਬੰਦਾ ਸਾਂਝਾ ਹੁੰਦਾ ਸੀ, ਕੋਈ ਆਪਣੇ-ਬੇਗਾਨੇ ਵਿਚ ਫਰਕ ਨਹੀਂ ਸੀ, ਸਭ ਦੇ ਦੁੱਖ-ਸੁਖ ਇਕ ਸਨ, ਪਰ ਹੁਣ ਬੇਗਾਨਿਆਂ ਨੂੰ ਅਸੀਂ ਦਿਖਾਵੇ ਲਈ ਆਪਣਾ ਬਣਾ ਰਹੇ ਹਾਂ ਤੇ ਆਪਣਿਆਂ ਦੀ ਬੇਕਦਰੀ ਕਰਕੇ ਉਨ੍ਹਾਂ ਤੋਂ ਦੂਰ ਭੱਜ ਰਹੇ ਹਾਂ, ਜੋ ਕਿ ਅੱਜ ਦਾ ਕੌੜਾ ਸੱਚ ਹੈ। ਅੱਜ ਸਾਡੀ ਮਾਨਸਿਕਤਾ ਆਪਣੇ ਅਤੇ ਬਿਗਾਨੇ ਨੂੰ ਲੱਭ ਰਹੀ ਹੈ ਪਰ ਅਫਸੋਸ ਕਿ ਉਹ ਆਪਣਾਪਨ ਨਜ਼ਰੀਂ ਆਉਣਾ ਹੁਣ ਬਹੁਤ ਔਖਾ ਜਿਹਾ ਹੋ ਚੁੱਕਾ ਹੈ।
ਕੀ ਅਸੀਂ ਐਨੇ ਗਿਰ ਗਏ ਹਾਂ ਕਿ ਕਿਸੇ ਦੀ ਮਜਬੂਰੀ, ਕਿਸੇ ਦਾ ਔਖਾ ਵੇਲਾ ਵੀ ਸਾਨੂੰ ਖੇਡ ਵਾਂਗ ਲਗਦਾ ਹੈ? ਆਖਰ ਚਾਹੁੰਦੇ ਕੀ ਹਾਂ ਅਸੀਂ? ਕਿਸੇ ਔਖੇ ਵੇਲੇ 'ਚ ਡਿੱਗੇ ਨੂੰ ਅਸੀਂ ਨਹੀਂ ਚੁੱਕ ਸਕਦੇ, ਕਿਉਂਕਿ ਉਸ ਦਾ ਫਾਇਦਾ ਚੁੱਕਣਾ ਵੀ ਅਸੀਂ ਆਪਣਾ ਕਾਰੋਬਾਰ ਬਣਾ ਚੱਕੇ ਹਾਂ ਤੇ ਰਹੀ ਗੱਲ ਕਿਸੇ ਨੂੰ ਕਾਮਯਾਬ ਹੁੰਦੇ ਦੇਖਣ ਦੀ, ਤਾਂ ਉਹ ਵੀ ਸਾਡੇ ਲਈ ਅਸਹਿ ਹੁੰਦਾ ਹੈ। ਕਦੀ ਸੋਚਿਆ ਦੋਸਤੋ ਅਸੀਂ ਕਿਸ ਦੁਨੀਆ 'ਚ ਜਿਉ ਰਹੇ ਹਾਂ ਤੇ ਕਿਉਂ ਜਿਉ ਰਹੇ ਹਾਂ? ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਦੁਨੀਆ ਦਾ ਹਰ ਰਿਸ਼ਤਾ ਅੱਜ ਅਸੀਂ ਆਪਣੇ ਫਾਇਦੇ-ਨੁਕਸਾਨ ਨਾਲ ਜੋੜ ਚੁੱਕੇ ਹਾਂ।
ਅੱਜ ਤੁਸੀਂ ਜਦੋਂ ਵੀ ਘਰੋਂ ਪੈਰ ਪੁੱਟੋ ਤਾਂ ਜੇ ਤੁਸੀਂ ਆਪਣੇ ਪਿੰਡ ਜਾਂ ਸ਼ਹਿਰ ਦੇ ਸੌ ਲੋਕਾਂ ਤੋਂ ਵੀ ਅਨਜਾਣ ਬਣ ਕੇ ਆਪਣੇ ਬਾਪ-ਦਾਦੇ ਬਾਰੇ ਪੁੱਛੋਗੇ ਤਾਂ ਹਰ ਕੋਈ ਤੁਹਾਨੂੰ ਉਨ੍ਹਾਂ ਦੀ ਚੰਗਿਆਈ ਨੂੰ ਸਲਾਹੁੰਦਾ ਨਜ਼ਰ ਆਵੇਗਾ, ਪਰ ਇਸ ਦੇ ਉਲਟ ਜੇ ਅਸੀਂ ਆਪਣੀ ਅਜੋਕੀ ਫੋਕੀ ਦੁਨੀਆ 'ਤੇ ਨਜ਼ਰ ਮਾਰੀਏ ਤਾਂ ਪਤਾ ਨਹੀਂ ਕਿੰਨੇ ਲੋਕ ਸਾਡੇ ਖ਼ਿਲਾਫ਼ ਤੇ ਕਿੰਨੇ ਸਾਡੇ ਨਾਲ ਖੜ੍ਹੇ ਨਜ਼ਰੀਂ ਪੈਣਗੇ, ਜਿਸ ਦੀ ਤਸੱਲੀ ਅਤੇ ਅੰਦਾਜ਼ਾ ਸਾਨੂੰ ਖੁਦ ਨੂੰ ਲਗਾਉਣਾ ਬੜਾ ਔਖਾ ਹੋਵੇਗਾ।
ਅੱਜ ਲੋੜ ਹੈ ਕਿ ਅਸੀਂ ਝੂਠੀ ਮਾਨਸਿਕਤਾ ਨੂੰ ਛੱਡ ਕੇ ਮੁੜ ਆਪਣੇ ਅਨਮੋਲ ਆਪਸੀ ਰਿਸ਼ਤਿਆਂ ਨੂੰ ਸਮਝੀਏ। ਆਓ ਉਨ੍ਹਾਂ ਕਦਰਾਂ-ਕੀਮਤਾਂ ਨੂੰ ਉਸੇ ਪਿਆਰ ਦੇ ਧਾਗੇ 'ਚ ਪਿਰੋਈਏ ਤੇ ਉਸ ਫਰਕ ਨੂੰ ਖ਼ਤਮ ਕਰੀਏ, ਜੋ ਸਾਡੀ ਅਜੋਕੀ ਸਾਂਝ ਦੀ ਬੁਨਿਆਦ ਨੂੰ ਡੂੰਘੀ ਸੱਟ ਲਗਾ ਰਿਹਾ ਹੈ।

-ਕੋਟਕਪੂਰਾ। ਮੋਬਾ: 99143-12618

ਖ਼ਤਰੇ ਵਿਚ ਹਨ ਸਾਡੇ ਜੰਗਲੀ ਸੋਮੇ

ਜੰਗਲ ਮਨੁੱਖੀ ਜੀਵਨ ਦਾ ਆਧਾਰ ਹਨ। ਜੰਗਲਾਂ ਤੋਂ ਬਿਨਾਂ ਮਨੁੱਖੀ ਜ਼ਿੰਦਗੀ ਦਾ ਕਿਆਸ ਨਹੀਂ ਕੀਤਾ ਜਾ ਸਕਦਾ, ਪਰ ਕਿੰਨਾ ਵੱਡਾ ਦੁਖਾਂਤ ਹੈ ਕਿ ਅੱਜ ਦੀ ਮਨੁੱਖ ਜਾਤੀ ਇਸ ਬਖਸ਼ਿੰਦ ਜੀਵਨ ਵਰਧਕ ਸੋਮੇ ਨੂੰ ਬੁਰੀ ਤਰ੍ਹਾਂ ਨਸ਼ਟ ਕਰ ਰਹੀ ਹੈ। ਵਿਸ਼ਵ ਦੇ ਤਪਤ-ਖੰਡੀ ਖੇਤਰਾਂ ਵਿਚ ਪ੍ਰਤੀ ਮਿੰਟ 60 ਤੋਂ 65 ਏਕੜ ਭੂਮੀ ਜੰਗਲਾਂ ਕੋਲੋਂ ਖੋਹੀ ਜਾ ਰਹੀ ਹੈ। ਜਦੋਂ ਇਸ ਭਿਆਨਕ ਗਤੀ ਨਾਲ ਜੰਗਲ ਕੱਟੇ ਜਾ ਰਹੇ ਹੋਣ ਤਾਂ ਅਨੁਮਾਨ ਲਗਾਓ ਕਿ ਇਸ ਸ਼ਰਨਗਾਹ ਵਿਚ ਵਸਦੇ ਹਜ਼ਾਰਾਂ ਜੀਵਾਂ ਦਾ ਕੀ ਬਣੇਗਾ? ਸੱਚ ਪੁੱਛੋ, ਇਹ ਸਾਰੇ ਵਾਤਾਵਰਨੀ-ਪਨਾਹਗੀਰ ਬਣਦੇ ਜਾ ਰਹੇ ਹਨ ਅਤੇ ਜਿਹੜੇ ਜੀਵ ਨਵੀਆਂ ਸ਼ਰਨਗਾਹਾਂ ਨਹੀਂ ਲੱਭ ਸਕਦੇ ਜਾਂ ਨਵੇਂ ਵਾਤਾਵਰਨ ਅਨੁਸਾਰ ਆਪਣੇ-ਆਪ ਨੂੰ ਨਹੀਂ ਢਾਲ ਸਕਦੇ, ਉਨ੍ਹਾਂ ਦੀ ਨਸਲਕੁਸ਼ੀ ਹੋਣੀ ਲਾਜ਼ਮੀ ਹੈ। ਜੰਗਲ ਅਤੇ ਜੰਗਲੀ ਜੀਵਾਂ ਤੋਂ ਵਿਹੂਣੀ ਧਰਤੀ ਨੂੰ ਭੂ-ਵਿਗਿਆਨੀ ਮਾਰੂਥਲ ਦਾ ਨਾਂਅ ਦਿੰਦੇ ਹਨ। ਇਕਲੋਜਿਸਟ ਇਸੇ ਨੂੰ ਹੀ ਜੀਵੀ-ਭਿੰਨਤਾ ਦਾ ਵਿਨਾਸ਼ ਕਹਿੰਦੇ ਹਨ। ਇਸ ਨਾਲ ਕੁਦਰਤ ਦਾ ਸਮੁੱਚਾ ਸਮਤੋਲ ਵਿਗੜ ਜਾਂਦਾ ਹੈ, ਜਿਸ ਦੇ ਸਿੱਟੇ ਬਹੁਤ ਭਿਆਨਕ ਨਿਕਲਦੇ ਹਨ। ਸੰਯੁਕਤ ਰਾਸ਼ਟਰ ਸੰਘ ਦੇ ਮਾਹਿਰਾਂ ਨੇ ਅੰਕੜਿਆਂ ਅਤੇ ਪ੍ਰਾਪਤ ਤੱਥਾਂ ਦੇ ਆਧਾਰ 'ਤੇ ਸਾਨੂੰ ਚਿਤਾਵਨੀ ਦਿੱਤੀ ਹੈ ਕਿ ਸੰਨ 2025 ਤੱਕ ਸਾਡੀ ਪ੍ਰਿਥਵੀ ਭਿਆਨਕ ਤਪਸ਼ ਦਾ ਸ਼ਿਕਾਰ ਹੋ ਜਾਵੇਗੀ। ਜੇਕਰ ਨਿੱਘ ਦੇ ਵਾਧੇ ਦੀ ਇਹੋ ਦਰ ਹੀ ਮਿੱਥ ਲਈ ਜਾਵੇ ਤਾਂ ਆਉਣ ਵਾਲੇ ਸਮੇਂ ਵਿਚ ਇਸ ਨਿੱਘ ਨੇ ਧਰੁਵੀ ਬਰਫਾਂ ਨੂੰ ਉੱਕਾ ਹੀ ਪਿਘਲਾਅ ਦੇਣਾ ਹੈ। ਇਸ ਹੜ੍ਹ ਨੂੰ ਫਿਰ ਕੋਈ ਨਹੀਂ ਰੋਕ ਸਕੇਗਾ, ਜਿਸ ਨਾਲ ਸਮੁੱਚੀ ਪ੍ਰਿਥਵੀ ਦਾ ਜਲਵਾਯੂ ਬਦਲ ਜਾਵੇਗਾ।
ਦੇਸ਼ ਦੀ ਵਣ ਨੀਤੀ ਅਨੁਸਾਰ ਦੇਸ਼ ਦੇ ਕੁਲ ਰਕਬੇ ਦਾ ਘੱਟੋ-ਘੱਟ 33 ਫੀਸਦੀ ਹਿੱਸਾ ਜੰਗਲਾਂ ਹੇਠ ਚਾਹੀਦਾ ਹੈ, ਜਦ ਕਿ ਪੰਜਾਬ ਵਿਚ ਇਹ ਕੇਵਲ 4.60 ਫੀਸਦੀ ਹੀ ਬਣਦਾ ਹੈ। ਆਰਥਿਕ ਉੱਨਤੀ ਅਤੇ ਕੁਦਰਤ ਦੀ ਸੰਭਾਲ ਇਕ-ਦੂਸਰੇ ਨਾਲ ਪ੍ਰਣਾਏ ਮੁੱਦੇ ਹਨ। ਵਾਤਾਵਰਨੀ ਮੁੱਦਿਆਂ ਨੂੰ ਅੱਖੋਂ ਪ੍ਰੋਖਿਆਂ ਰੱਖ ਕੇ ਆਰਥਿਕ ਯੋਜਨਾਵਾਂ ਘੜੀਆਂ ਤਾਂ ਜਾ ਸਕਦੀਆਂ ਹਨ, ਪਰ ਲੋੜੀਂਦੇ ਸਿੱਟੇ ਨਹੀਂ ਦੇ ਸਕਦੀਆਂ। ਸਾਨੂੰ ਅਜਿਹੇ ਵਿਕਾਸ ਦੀ ਲੋੜ ਹੈ, ਜਿਹੜਾ ਮਨੁੱਖਤਾ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਹੋਇਆ ਵੀ ਪ੍ਰਿਥਵੀ ਦੇ ਪੇਚੀਦਾ ਪਰ ਮਲੂਕ ਜੀਵੀ ਮੰਡਲ ਨੂੰ ਹੋਰ ਅਮੀਰ ਕਰੇ। ਇਸ ਦੀ ਸ਼ੁਰੂਆਤ ਰੁੱਖਾਂ ਤੋਂ ਕਰਨੀ ਪਵੇਗੀ, ਕਿਉਂਕਿ ਮਨੁੱਖੀ ਜੀਵਨ ਦੀ ਸਫਲਤਾ ਜੰਗਲਾਂ ਨਾਲ ਜੁੜੀ ਹੋਈ ਹੈ।

-ਪਿੰਡ ਤੇ ਡਾਕ: ਖੋਸਾ ਪਾਂਡੋ
(ਮੋਗਾ)-142048.

ਮਾਣ-ਮੱਤੇ ਅਧਿਆਪਕ-6

ਸਾਹਿਤ-ਸੰਗੀਤ ਤੇ ਸਿੱਖਿਆ ਦਾ ਸੁਮੇਲ-ਕਰਮਜੀਤ ਗਰੇਵਾਲ

ਇਕ ਅਧਿਆਪਕ ਜੇਕਰ ਬਹੁਪੱਖੀ ਗੁਣਾਂ ਦਾ ਮਾਲਕ ਹੋਵੇ ਤਾਂ ਇਹ ਸੋਨੇ 'ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਅਜਿਹੇ ਹੀ ਦਰਜਨਾਂ ਗੁਣਾਂ ਦੇ ਮਾਲਕ ਅਧਿਆਪਕ ਕਰਮਜੀਤ ਸਿੰਘ ਗਰੇਵਾਲ ਸਿੱਖਿਆ ਜਗਤ ਨੂੰ ਆਪਣੀਆਂ ਵਡਮੁੱਲੀਆਂ ਸੇਵਾਵਾਂ ਦੇ ਰਹੇ ਹਨ। ਆਪਣੀ ਸੁਰੀਲੀ ਆਵਾਜ਼ ਤੇ ਵਿਲੱਖਣ ਅੰਦਾਜ਼ ਅਤੇ ਸਿੱਖਿਆ ਨੂੰ ਸੰਗੀਤ ਦਾ ਰੂਪ ਦੇਣ ਕਰਕੇ ਦੁਨੀਆ ਭਰ ਵਿਚ ਜਾਣੇ ਜਾਂਦੇ ਕਰਮਜੀਤ ਗਰੇਵਾਲ ਦਾ ਜਨਮ 1 ਅਗਸਤ, 1975 ਨੂੰ ਪਿਤਾ ਸ: ਦਲੀਪ ਸਿੰਘ ਦੇ ਘਰ ਮਾਤਾ ਹਰਬੰਸ ਕੌਰ ਦੀ ਕੁੱਖੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਲਲਤੋਂ ਕਲਾਂ ਵਿਖੇ ਹੋਇਆ। ਕਰਮਜੀਤ ਗਰੇਵਾਲ ਦੀਆਂ ਹੈਰਾਨ ਕਰਨ ਵਾਲੀਆਂ ਕਲਾਵਾਂ ਨੇ ਬਚਪਨ ਤੋਂ ਹੀ ਸੰਕੇਤ ਦੇ ਦਿੱਤਾ ਸੀ ਕਿ ਉਹ ਇਕ ਦਿਨ ਸਮਾਜ ਲਈ ਚਾਨਣ ਮੁਨਾਰਾ ਬਣੇਗਾ। ਕਰਮਜੀਤ ਗਰੇਵਾਲ ਨੂੰ ਬਚਪਨ ਤੋਂ ਗੀਤ-ਸੰਗੀਤ ਦਾ ਚੰਗਾ ਸ਼ੌਕ ਸੀ। ਸਰਕਾਰੀ ਹਾਈ ਸਕੂਲ ਲਲਤੋਂ ਕਲਾਂ ਤੋਂ ਦਸਵੀਂ ਪਾਸ ਕੀਤੀ ਅਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਗ੍ਰੈਜੂਏਸ਼ਨ ਤੇ ਫਿਰ ਐਮ.ਏ. ਇਤਿਹਾਸ, ਪੰਜਾਬੀ ਤੇ ਆਪਣੀ ਅੰਦਰਲੀ ਕਲਾ ਨੂੰ ਹੋਰ ਨਿਖਾਰਨ ਲਈ ਸੰਗੀਤ ਦੀ ਐਮ.ਏ. ਕੀਤੀ ਅਤੇ ਅਧਿਆਪਨ ਦੇ ਪਾਕ ਪਵਿੱਤਰ ਕਿੱਤੇ ਨੂੰ ਅਪਣਾਉਣ ਲਈ ਬੀ.ਐੱਡ. ਦਾ ਕੋਰਸ ਕੀਤਾ ਅਤੇ ਸਾਲ 1996 ਵਿਚ ਉਨ੍ਹਾਂ ਨੇ ਬਤੌਰ ਪੰਜਾਬੀ ਅਧਿਆਪਕ ਆਪਣਾ ਸਫਰ ਸ਼ੁਰੂ ਕੀਤਾ।
ਲੰਬੇ ਸਮੇਂ ਤੋਂ ਸਰਕਾਰੀ ਹਾਈ ਸਕੂਲ ਖੇੜੀ ਝਮੇੜੀ, ਜ਼ਿਲ੍ਹਾ ਲੁਧਿਆਣਾ ਵਿਖੇ ਸੇਵਾਵਾਂ ਨਿਭਾ ਰਹੇ ਕਰਮਜੀਤ ਗਰੇਵਾਲ ਨੇ ਆਪਣੀ ਸਾਹਿਤ ਅਤੇ ਸੰਗੀਤ ਦੀ ਕਲਾ ਨੂੰ ਪੈਸੇ ਕਮਾਉਣ ਤੇ ਰਾਤੋ-ਰਾਤ ਸਟਾਰ ਬਣ ਜਾਣ ਦੀ ਪ੍ਰਚਲਤ ਪ੍ਰਥਾ ਨੂੰ ਛੱਡ ਕੇ ਸਿੱਖਿਆ ਦੀ ਬਿਹਤਰੀ ਲਈ ਹੀ ਵਰਤਿਆ ਤੇ ਖੁਦ ਨਾਟਕ, ਗੀਤ ਲਿਖ ਕੇ ਉਨ੍ਹਾਂ ਨੂੰ ਸੰਗੀਤ ਰੂਪ ਦੇਣ ਵਾਲੇ ਗਰੇਵਾਲ ਵਲੋਂ ਤਿਆਰ ਸੀ.ਡੀ. 'ਆਓ ਪੰਜਾਬੀ ਸਿੱਖੀਏ' ਵਰਣਮਾਲਾ ਦੇ ਹਰ ਅੱਖਰ ਨੂੰ ਸੰਗੀਤਮਈ ਰੂਪ ਵਿਚ ਵਿਦਿਆਰਥੀਆਂ ਨੂੰ ਪੜ੍ਹਾਈ ਲਈ ਰਾਮ ਬਾਣ ਸਿੱਧ ਹੋ ਰਹੀ ਹੈ। ਆਪਣੀ ਕਲਾ ਦਾ ਰਾਸ਼ਟਰੀ-ਅੰਤਰਰਾਸ਼ਟਰੀ ਪੱਧਰ ਤੱਕ ਲੋਹਾ ਮੰਨਵਾਉਣ ਵਾਲੇ ਕਰਮਜੀਤ ਦਾ ਦਿਲ ਸਮਾਜ ਦੇ ਲੋੋੜਵੰਦਾਂ ਤੇ ਅਪਾਹਜ ਬੱਚਿਆਂ ਲਈ ਦਿਨ ਰਾਤ ਧੜਕਦਾ ਰਹਿੰਦਾ ਹੈ, ਇਸੇ ਕਰਕੇ ਉਸ ਨੇ ਨੇਤਰਹੀਣ ਖਿਡਾਰੀਆਂ ਲਈ ਸੀ.ਡੀ. ਤਿਆਰ ਕਰਕੇ ਉਨ੍ਹਾਂ ਦਾ ਮਨੋਬਲ ਉੱਚਾ ਚੁੱਕਣ ਦਾ ਉਪਰਾਲਾ ਕੀਤਾ ਅਤੇ ਨੇਤਰਹੀਣ ਤੇ ਅਪਾਹਜ ਬੱਚਿਆਂ ਨਾਲ ਘੁਲ-ਮਿਲ ਕੇ ਉਨ੍ਹਾਂ ਨੂੰ ਸੰਗੀਤ ਨਾਲ ਜੋੜਦੇ ਹੋਏ ਕਿੰਨੇ ਹੀ ਗੀਤ ਤੇ ਕੋਰੀਓਗ੍ਰਾਫੀਆਂ ਤਿਆਰ ਕਰਵਾਈਆਂ। ਦਰਜਨਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸੰਸਥਾਵਾਂ ਤੋਂ ਮਾਣ-ਸਨਮਾਨ ਪ੍ਰਾਪਤ ਕਰ ਚੁੱਕੇ ਕਰਮਜੀਤ ਗਰੇਵਾਲ ਸਿੱਖਿਆ ਜਗਤ ਲਈ ਦਿਨ-ਰਾਤ ਤਤਪਰ ਹਨ। ਉਹ ਕਦੇ ਛੁੱਟੀਆਂ ਵਿਚ ਵੀ ਘਰ ਨਹੀਂ ਬੈਠਦਾ, ਹਮੇਸ਼ਾ ਬੱਚਿਆਂ ਵਿਚ ਸਿੱਖਿਆਦਾਇਕ ਕਾਰਜ ਕਰਦਾ ਨਜ਼ਰ ਆਉਂਦਾ ਹੈ। ਛੁੱਟੀਆਂ ਵਿਚ ਵਰਕਸ਼ਾਪ ਲਗਾਉਣਾ, ਬੱਚਿਆਂ ਨੂੰ ਨਵੀਆਂ ਤਕਨੀਕਾਂ ਸਿਖਾਉਣਾ ਉਸ ਦਾ ਪਹਿਲਾ ਕੰਮ ਹੈ। ਉਨ੍ਹਾਂ ਨੇ 9 ਕਿਤਾਬਾਂ ਪੰਜਾਬੀ ਸਾਹਿਤ ਦੀ ਝੋਲੀ ਪਾਈਆਂ ਹਨ। ਉਨ੍ਹਾਂ ਦੀ ਪੁਸਤਕ 'ਛੱਡ ਕੇ ਸਕੂਲ ਮੈਨੂੰ ਆ' ਨੂੰ 2005 ਵਿਚ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵਲੋਂ ਸਰਬੋਤਮ ਬਾਲ ਸਾਹਿਤ ਪੁਰਸਕਾਰ ਨਾਲ ਨਿਵਾਜਿਆ ਗਿਆ। ਉਨ੍ਹਾਂ ਦੇ ਸੈਂਕੜੇ ਲੇਖ, ਕਵਿਤਾਵਾਂ ਛਪ ਚੁੱਕੀਆਂ ਹਨ। ਕਰਮਜੀਤ ਗਰੇਵਾਲ ਦੀਆਂ ਪ੍ਰਾਪਤੀਆਂ ਕਰਕੇ ਉਨ੍ਹਾਂ ਨੂੰ 5 ਸਤੰਬਰ, 2009 ਨੂੰ ਅਧਿਆਪਕ ਦਿਵਸ ਮੌਕੇ ਪੰਜਾਬ ਸਰਕਾਰ ਵਲੋਂ ਰਾਜ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਅਤੇ 2010 ਵਿਚ ਨਹਿਰੂ ਯੁਵਾ ਕੇਂਦਰ ਸੰਗਰੂਰ ਵਲੋਂ ਜ਼ਿਲ੍ਹਾ ਯੂਥ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਨਵੀਆਂ ਤਕਨੀਕਾਂ ਨਾਲ ਸਿੱਖਿਆ ਨੂੰ ਜੋੜਨ ਵਾਲੇ ਇਸ ਆਦਰਸ਼ ਤੇ ਮੱਤੇ ਅਧਿਆਪਕ ਨੂੰ 5 ਸਤੰਬਰ, 2013 ਵਿਚ ਭਾਰਤ ਸਰਕਾਰ ਵਲੋਂ ਕੌਮੀ ਪੁਰਸਕਾਰ ਨਾਲ ਤਤਕਾਲੀ ਰਾਸ਼ਟਰਪਤੀ ਸ੍ਰੀ ਪ੍ਰਣਬ ਮੁਖਰਜੀ ਵਲੋਂ ਸਨਮਾਨਿਤ ਕੀਤਾ ਗਿਆ। ਹਮੇਸ਼ਾ ਫੁੱਲਾਂ ਵਾਂਗ ਖਿੜਿਆ ਰਹਿਣ ਵਾਲਾ ਸਭ ਦਾ ਪਿਆਰਾ ਕਰਮਜੀਤ ਗਰੇਵਾਲ ਆਪਣੇ ਪਿੰਡ ਲਲਤੋਂ ਕਲਾਂ ਵਿਖੇ ਆਪਣੀ ਜੀਵਨ ਸਾਥਣ ਭਵਨਪ੍ਰੀਤ ਕੌਰ ਤੇ ਦੋ ਪੁੱਤਰਾਂ ਦਿਲਨੂਰ ਸਿੰਘ ਤੇ ਅਵੀਨੂਰ ਸਿੰਘ ਨਾਲ ਜੀਵਨ ਦੀਆਂ ਨਵੀਆਂ ਪੁਲਾਂਘਾਂ ਪੁੱਟ ਰਿਹਾ ਹੈ। ਅਕਾਲ ਪੁਰਖ ਅੱਗੇ ਅਰਦਾਸ ਹੈ ਕਿ ਇਸ ਮਾਣਮੱਤੇ ਅਧਿਆਪਕ ਨੂੰ ਹਮੇਸ਼ਾ ਤੰਦਰੁਸਤੀ ਬਖਸ਼ੇ, ਤਾਂ ਜੋ ਉਹ ਬੱਚਿਆਂ ਦੀ ਭਲਾਈ ਲਈ ਹੋਰ ਮਿਹਨਤ ਕਰਦੇ ਰਹਿਣ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)।
ਮੋਬਾ: 93565-52000

ਇਕ ਗੰਭੀਰ ਸਮੱਸਿਆ ਬੇਰੁਜ਼ਗਾਰੀ

ਉਂਜ ਤਾਂ ਭਾਰਤ ਨੂੰ ਸਮੱਸਿਆਵਾਂ ਦੇ ਦੇਸ਼ ਨਾਲ ਜਾਣਿਆ ਜਾਂਦਾ ਹੈ ਪਰ ਜੇ ਸਮੱਸਿਆਵਾਂ ਦੀ ਘੋਖ ਕੀਤੀ ਜਾਵੇ ਤਾਂ ਇਸ ਸਮੇਂ ਦੀ ਸਭ ਤੋਂ ਗੰਭੀਰ ਸਮੱਸਿਆ ਬੇਰੁਜ਼ਗਾਰੀ ਹੈ। ਇਸ ਕਾਰਨ ਹੀ ਅਨੇਕਾਂ ਗੁੰਝਲਦਾਰ ਸਮੱਸਿਆਵਾਂ ਜਨਮ ਲੈ ਰਹੀਆਂ ਹਨ। ਇਸ ਦਾ ਕਾਰਨ ਮੰਗ ਅਤੇ ਪੂਰਤੀ ਦਾ ਸਿਧਾਂਤ ਹੈ। ਜਦ ਪੂਰਤੀ ਵੱਧ ਹੋਵੇ ਅਤੇ ਮੰਗ ਘੱਟ ਹੋਵੇ ਤਾਂ ਇਕ ਤਰ੍ਹਾਂ ਖੱਪਾ ਪੈਦਾ ਹੋ ਜਾਂਦਾ ਹੈ। ਅੱਜ ਥਾਂ-ਥਾਂ 'ਤੇ ਪ੍ਰਾਈਵੇਟ ਯੂਨੀਵਰਸਿਟੀਆਂ, ਕਾਲਜ ਅਤੇ ਸਕੂਲ ਖੁੱਲ੍ਹ ਗਏ ਹਨ ਜੋ ਕਿ ਬਿਨਾਂ ਕਿਸੇ ਸ਼ਰਤਾਂ ਦੇ ਵਿਦਿਆਰਥੀਆਂ ਨੂੰ ਦਾਖ਼ਲਾ ਦੇ ਰਹੇ ਹਨ। ਦੁਕਾਨਾਂ ਵਾਂਗ ਖੁੱਲ੍ਹੇ ਸਕੂਲ ਵੱਖ-ਵੱਖ ਢੰਗਾਂ/ਇਸ਼ਤਿਹਾਰਾਂ ਰਾਹੀਂ ਲੋਕਾਂ ਨੂੰ ਆਪਣੇ ਵੱਲ ਆਕਰਸ਼ਤ ਕਰ ਰਹੇ ਹਨ। ਪੜ੍ਹੇ-ਲਿਖੇ ਬੇਰੁਜ਼ਗਾਰ ਦੀ ਕਾਬਲੀਅਤ ਦੇ ਅਨੁਸਾਰ ਰੁਜ਼ਗਾਰ ਦੇ ਮੌਕੇ ਪੈਦਾ ਨਹੀਂ ਕੀਤੇ ਜਾ ਰਹੇ। ਸਵੈ-ਰੁਜ਼ਗਾਰ ਅਤੇ ਖੇਤੀਬਾੜੀ 'ਚ ਨੌਜਵਾਨਾਂ ਦੀ ਕੋਈ ਵੀ ਦਿਲਚਸਪੀ ਨਹੀਂ ਹੈ। ਉਹ ਚਿੱਟ ਕੱਪੜੀਏ ਵਾਲੀਆਂ ਨੌਕਰੀਆਂ ਜਾਂ ਹੋਰ ਸਰਕਾਰੀ/ਅਰਧ-ਸਰਕਾਰੀ ਨੌਕਰੀਆਂ ਨੂੰ ਤਰਜੀਹ ਦੇ ਰਹੇ ਹਨ। 'ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ'। ਬੇਰੁਜ਼ਗਾਰ ਨੌਜਵਾਨ ਉਦਾਸੀ ਦੇ ਆਲਮ 'ਚ ਗੁਜ਼ਰ ਰਹੇ ਹਨ। ਫਲਸਰੂਪ ਉਹ ਨਾਜਾਇਜ਼ ਕਿਰਿਆਵਾਂ 'ਚ ਲਿਪਤ ਹੋ ਜਾਂਦੇ ਹਨ। ਨਸ਼ਿਆਂ ਦੇ ਆਦੀ ਹੋ ਰਹੇ ਹਨ। ਲੁੱਟ-ਖਸੁੱਟ, ਚੋਰੀ, ਡਾਕੇ ਅਤੇ ਇਥੋਂ ਤੱਕ ਕਿ ਕਤਲਾਂ ਤੱਕ ਪਹੁੰਚ ਜਾਂਦੇ ਹਨ।
ਅੱਜ ਸਰਕਾਰ ਵਲੋਂ ਵਿਕਾਸ ਕਾਰਜਾਂ ਦੀਆਂ ਟਾਹਰਾਂ ਮਾਰੀਆਂ ਜਾਂਦੀਆਂ ਹਨ। ਚਾਰ-ਛੇ ਮਾਰਗੀ ਸੜਕਾਂ, ਫਲਾਈਓਵਰ, ਅੰਡਰਬ੍ਰਿਜ, ਸਮਾਰਟ ਸਿਟੀ ਵਿਕਾਸ ਦਾ ਪੈਮਾਨਾ ਨਹੀਂ ਹੋ ਸਕਦੇ, ਜੇਕਰ ਲੋਕਾਂ ਨੂੰ ਰੁਜ਼ਗਾਰ ਹੀ ਨਹੀਂ ਪ੍ਰਦਾਨ ਕੀਤਾ ਜਾਂਦਾ। ਰੁਜ਼ਗਾਰ ਰਹਿਤ ਵਿਕਾਸ ਅਸਲੀ ਉੱਨਤੀ ਨਹੀਂ ਹੁੰਦਾ। ਸ਼ਹਿਰਾਂ ਵਿਚ ਪਿੰਡਾਂ ਦੇ ਮੁਕਾਬਲੇ ਜ਼ਿਆਦਾ ਲੋਕ ਬੇਰੁਜ਼ਗਾਰ ਹਨ। ਪਰ ਪਿੰਡਾਂ 'ਚ ਵੀ ਲੋਕੀਂ ਖੇਤੀਬਾੜੀ ਦੇ ਰੁਜ਼ਗਾਰ 'ਚ ਲੱਗੇ ਹਨ ਜੋ ਕਿ ਫੁੱਲ-ਟਾਈਮ ਰੁਜ਼ਗਾਰ ਨਹੀਂ ਹੈ। ਖੇਤੀਬਾੜੀ 'ਚ ਲਗਾਤਾਰਤਾ ਵਾਲਾ ਰੁਜ਼ਗਾਰ ਨਹੀਂ ਹੈ। ਸੀਜ਼ਨਲ ਰੁਜ਼ਗਾਰ ਹੀ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਮਸ਼ੀਨੀਕਰਨ ਨੇ ਵੀ ਰੁਜ਼ਗਾਰ 'ਤੇ ਅਸਰ ਪਾਇਆ ਹੈ। ਕੰਮ ਸੱਭਿਆਚਾਰ ਤੋਂ ਵੀ ਲੋਕ ਦੂਰ ਹੋ ਗਏ ਹਨ। ਪ੍ਰਵਾਸੀ ਮਜ਼ਦੂਰਾਂ ਨੇ ਪੰਜਾਬ ਦੇ ਹਰ ਖੇਤਰ 'ਚ ਪ੍ਰਵੇਸ਼ ਕਰ ਲਿਆ ਹੈ। ਛੋਟੇ ਤੋਂ ਲੈ ਕੇ ਵੱਡੇ-ਵੱਡੇ ਕੰਮਾਂ 'ਤੇ ਕਾਬਜ਼ ਹੋ ਗਏ ਹਨ। ਇਕ ਮੋਟੇ ਅੰਦਾਜ਼ੇ ਮੁਤਾਬਿਕ ਖੇਤੀਬਾੜੀ 'ਚ 35 ਫੀਸਦੀ ਅਤੇ ਵਪਾਰਕ/ਸੇਵਾ/ਉਸਾਰੀ ਆਦਿ ਦੇ ਖੇਤਰ 'ਚ 30 ਫੀਸਦੀ ਪ੍ਰਵਾਸੀ ਮਜ਼ਦੂਰਾਂ ਦੀ ਸ਼ਮੂਲੀਅਤ ਹੈ ਜੋ ਕਿ ਖ਼ਤਰੇ ਦੀ ਘੰਟੀ ਹੈ। ਇਸ ਤੋਂ ਇਲਾਵਾ ਸਮਾਜਿਕ, ਸੱਭਿਆਚਾਰਕ ਸੰਕਟ ਦਾ ਵੀ ਖ਼ਤਰਾ ਮੰਡਰਾਅ ਰਿਹਾ ਹੈ।
ਸਰਕਾਰਾਂ ਵੀ ਰੁਜ਼ਗਾਰ ਪ੍ਰਦਾਨ ਕਰਨ 'ਚ ਫੇਲ੍ਹ ਸਾਬਤ ਹੋਈਆਂ ਹਨ। ਇਹ ਅਵੇਸਲਾਪਨ ਭਵਿੱਖ ਲਈ ਖ਼ਤਰਨਾਕ ਸਾਬਤ ਹੋਵੇਗਾ। ਸੋ, ਪਹਿਲ ਦੇ ਆਧਾਰ 'ਤੇ ਬੇਰੁਜ਼ਗਾਰੀ ਦੀ ਸਮੱਸਿਆ ਹੱਲ ਕਰਨੀ ਸਮੇਂ ਦੀ ਸਖ਼ਤ ਲੋੜ ਹੈ। ਰੁਜ਼ਗਾਰ ਵਿਭਾਗ ਵੀ ਸਿਰਫ ਅੰਕੜਿਆਂ ਦੀ ਪੰਡ ਬਣ ਕੇ ਰਹਿ ਗਿਆ ਹੈ। ਰਜਿਸਟ੍ਰੇਸ਼ਨ ਕਰਨਾ ਕੋਈ ਪ੍ਰਗਤੀ ਵਾਲਾ ਕੰਮ ਨਹੀਂ। ਇਸ ਵਿਭਾਗ ਨੂੰ ਰੁਜ਼ਗਾਰ ਜਨਰੇਸ਼ਨ ਦਾ ਕੰਮ ਸੌਂਪਿਆ ਗਿਆ ਹੈ ਪਰ ਕੋਈ ਪ੍ਰਾਪਤੀ ਨਹੀਂ ਕੀਤੀ ਗਈ।
ਸੋ, ਬੇਰੁਜ਼ਗਾਰਾਂ ਦੀ ਫੌਜ ਨੂੰ ਕਾਬੂ ਕਰਨਾ/ਨੌਕਰੀਆਂ ਦੇਣਾ ਸਰਕਾਰ ਦੀ ਪ੍ਰਮੁੱਖ ਚੁਣੌਤੀ ਹੈ। ਦੇਸ਼/ਪ੍ਰਾਂਤ ਦੀ ਭਲਾਈ ਲਈ ਇਸ ਸਮੱਸਿਆ ਦਾ ਹੱਲ ਸਰਕਾਰ ਨੂੰ ਤੁਰੰਤ ਕਰਨਾ ਚਾਹੀਦਾ ਹੈ ਤਾਂ ਕਿ ਭਵਿੱਖ ਨੂੰ ਸੰਵਾਰਿਆ ਜਾ ਸਕੇ।

-ਡਿਪਟੀ ਇਕਨਾਮਿਕ ਐਡਵਾਈਜ਼ਰ (ਸੇਵਾਮੁਕਤ), ਗਰੀਨ ਫੀਲਡ ਕਾਲੋਨੀ, ਮੋਗਾ। ਮੋਬਾ: 98147-33796

ਕਿਹੋ ਜਿਹਾ ਹੋਵੇ ਪਿੰਡ ਦਾ ਸਰਪੰਚ

ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ 30 ਸਤੰਬਰ ਨੂੰ ਪੰਚਾਇਤੀ ਚੋਣਾਂ ਕਰਵਾਉਣ ਦੇ ਐਲਾਨ ਤੋਂ ਬਾਅਦ ਪੰਜਾਬ ਦੇ 13 ਹਜ਼ਾਰ ਤੋਂ ਵੱਧ ਪਿੰਡਾਂ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਮਾਹੌਲ ਪੂਰੀ ਤਰ੍ਹਾਂ ਸਰਗਰਮ ਹੋ ਚੁੱਕਾ ਹੈ। ਆਉਣ ਵਾਲੇ ਦੋ ਮਹੀਨਿਆਂ ਤੱਕ ਹਰੇਕ ਵਿਅਕਤੀ ਦੀ ਜ਼ਬਾਨ 'ਤੇ ਇਹੋ ਗੱਲ ਹੋਵੇਗੀ ਕਿ ਮੇਰੇ ਪਿੰਡ ਦਾ ਅਗਲਾ ਸਰਪੰਚ ਕੌਣ ਹੋਵੇਗਾ ਜਾਂ ਇਸ ਵਾਰ ਕਿਹੜੀ ਪਾਰਟੀ ਨਾਲ ਸਬੰਧਤ ਸਰਪੰਚ ਚੋਣ ਜਿੱਤੇਗਾ? ਪਰ ਇਹ ਬਹੁਤ ਘੱਟ ਲੋਕ ਸੋਚਣਗੇ ਕਿ ਸਰਪੰਚ ਹੋਵੇ ਕਿਹੋ ਜਿਹਾ? ਪੰਚਾਇਤ ਜਮਹੂਰੀਅਤ ਦੀ ਸਭ ਤੋਂ ਛੋਟੀ ਅਹਿਮ ਇਕਾਈ ਹੈ ਤੇ ਸਰਪੰਚ ਪਿੰਡ ਦਾ ਮੁਖੀਆ ਜਾਂ ਇੰਜ ਕਹਿ ਲਓ ਕਿ ਸਰਪੰਚ ਪਿੰਡ ਦੀ ਅਦਾਲਤ ਤੇ ਛੋਟੀ ਸਰਕਾਰ ਹੁੰਦਾ ਹੈ। ਬੇਸ਼ੱਕ ਇਕ ਅਨਪੜ੍ਹ ਸਰਪੰਚ ਵੀ ਆਪਣੇ ਤਜਰਬੇ ਨਾਲ ਸਰਪੰਚੀ ਵਧੀਆ ਤਰੀਕੇ ਨਾਲ ਨਿਭਾਅ ਲੈਂਦਾ ਹੈ ਪਰ ਅੱਜ ਦੇ ਸਾਇੰਸ ਯੁੱਗ ਦੀ ਗੱਲ ਕਰੀਏ ਤਾਂ ਅੱਜ ਲੋੜ ਹੈ ਕਿ ਹਰੇਕ ਪਿੰਡ ਦਾ ਸਰਪੰਚ ਪੜ੍ਹਿਆ-ਲਿਖਿਆ ਤੇ ਸੂਝਵਾਨ ਹੋਵੇ। ਸਰਪੰਚ ਦੇ ਨਾਲ ਜੇ ਪੰਚਾਇਤ ਮੈਂਬਰ ਵੀ ਪੜ੍ਹੇ-ਲਿਖੇ ਹੋਣ ਤਾਂ ਉਸ ਪਿੰਡ ਲਈ ਹੋਰ ਵਧੀਆ ਹੋਵੇਗਾ।
ਪਿੰਡ ਦਾ ਸਰਪੰਚ ਖੁਦ ਨਸ਼ੇ ਤੋਂ ਰਹਿਤ ਹੋਣਾ ਚਾਹੀਦਾ ਹੈ, ਤਾਂ ਹੀ ਉਹ ਆਪਣੇ ਪਿੰਡ ਦੇ ਨੌਜਵਾਨ ਮੁੰਡਿਆਂ ਨੂੰ ਕੁਰਾਹੇ ਪੈਣ ਤੋਂ ਰੋਕ ਸਕਦਾ ਹੈ। ਪਿੰਡ ਦੇ ਸਰਬਪੱਖੀ ਵਿਕਾਸ ਲਈ ਸਰਪੰਚ ਆਪਣੇ ਪਿੰਡ ਦੇ ਬਜ਼ੁਰਗਾਂ ਤੋਂ ਸਲਾਹ ਲੈ ਕੇ ਤੇ ਪਿੰਡ ਦੀਆਂ ਔਰਤਾਂ ਤੇ ਨੌਜਵਾਨਾਂ ਦੀ ਸਹਾਇਤਾ ਨਾਲ ਪਿੰਡ ਦਾ ਵਿਕਾਸ ਕਰ ਸਕਦਾ ਹੈ। ਜਿਨ੍ਹਾਂ ਪਿੰਡਾਂ ਵਿਚ ਔਰਤਾਂ ਸਰਪੰਚ ਹਨ, ਉਹ ਨਾਂਅ ਦੀਆਂ ਸਰਪੰਚ ਨਾ ਹੋ ਕੇ ਪਿੰਡ ਦੇ ਵਿਕਾਸ ਦਾ ਕੰਮ ਖੁਦ ਹੀ ਕਰਨ। ਸਰਪੰਚ ਨੂੰ ਚਾਹੀਦਾ ਹੈ ਕਿ ਪਿੰਡ ਦੀ ਜੱਦੀ ਜਾਇਦਾਦ ਜਿਵੇਂ ਛੱਪੜ, ਪੰਚਾਇਤੀ ਜ਼ਮੀਨ ਤੇ ਸ਼ਮਸ਼ਾਨਘਾਟ ਆਦਿ 'ਤੇ ਕਿਸੇ ਵੀ ਪਿੰਡ ਵਾਸੀ ਦਾ ਨਾਜਾਇਜ਼ ਕਬਜ਼ਾ ਨਾ ਹੋਣ ਦੇਵੇ।
ਪਿੰਡ ਦਾ ਸਰਪੰਚ ਕਿਸੇ ਵੀ ਰਾਜਨੀਤਕ ਪਾਰਟੀ ਦੇ ਦਬਾਅ ਹੇਠ ਨਾ ਆ ਕੇ ਸਗੋਂ ਪਿੰਡ ਦੇ ਹਰ ਮਸਲੇ ਦਾ ਹੱਲ ਪਿੰਡ ਵਿਚ ਹੀ ਕਰੇ, ਤਾਂ ਕਿ ਥਾਣੇ ਜਾਣ ਦੀ ਜ਼ਰੂਰਤ ਹੀ ਨਾ ਪਵੇ। ਪਿੰਡ ਦਾ ਸਰਪੰਚ ਨਿਮਰਤਾ ਵਾਲਾ ਹੋਵੇ ਤੇ ਪਿੰਡ ਦੇ ਹਰੇਕ ਵਿਅਕਤੀ ਦੀ ਗੱਲ ਸੁਣਨ ਵਾਲਾ ਹੋਵੇ, ਭਾਵੇਂ ਕਿ ਉਹ ਕਿਸੇ ਵੀ ਪਾਰਟੀ ਨਾਲ ਸਬੰਧਤ ਕਿਉਂ ਨਾ ਹੋਵੇ। ਪਿੰਡ ਦਾ ਸਰਪੰਚ ਇਮਾਨਦਾਰੀ ਨਾਲ ਪੰਚਾਇਤੀ ਫੰਡ ਤੇ ਗ੍ਰਾਂਟ ਦਾ ਪੈਸਾ ਖਰਚਣ ਵਾਲਾ ਹੋਵੇ ਤੇ ਸਰਕਾਰ ਵਲੋਂ ਆਉਂਦੀਆਂ ਲਾਹੇਵੰਦ ਸਕੀਮਾਂ ਤੋਂ ਲੋਕਾਂ ਨੂੰ ਜਾਣੂ ਕਰਵਾ ਸਕੇ। ਪਿੰਡ ਵਾਸੀਆਂ ਨੂੰ ਚਾਹੀਦਾ ਹੈ ਕਿ ਧੜੇਬੰਦੀ ਤੋਂ ਉੱਪਰ ਉੱਠ ਕੇ ਹੀ ਪੰਚਾਇਤਾਂ ਚੁਣਨ ਤੇ ਇਕ ਪੜ੍ਹਿਆ-ਲਿਖਿਆ, ਸੂਝਵਾਨ, ਇਮਾਨਦਾਰ, ਦੂਰਅੰਦੇਸ਼ੀ ਤੇ ਨਿਰਪੱਖ ਵਿਅਕਤੀ ਨੂੰ ਹੀ ਅੱਗੇ ਲਿਆਉਣ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਸਰਬਸੰਮਤੀ ਨਾਲ ਚੁਣੇ ਹੋਏ ਸਰਪੰਚਾਂ ਨੂੰ ਵਧੇਰੇ ਮਾਲੀ ਮਦਦ ਦਿੱਤੀ ਜਾਵੇ ਤੇ ਸਰਪੰਚਾਂ ਨੂੰ ਮਿਲਣ ਵਾਲਾ ਮਾਣ-ਭੱਤਾ ਦਿੱਤਾ ਜਾਵੇ। ਜੇਕਰ ਹਰ ਪਿੰਡ ਵਿਚ ਇਸ ਤਰ੍ਹਾਂ ਦੀ ਉਸਾਰੂ ਸੋਚ ਵਾਲਾ ਸਰਪੰਚ ਚੁਣਿਆ ਜਾਵੇਗਾ ਤਾਂ ਆਉਣ ਵਾਲੇ ਸਮੇਂ 'ਚ ਹਰੇਕ ਪਿੰਡ ਦੀ ਨੁਹਾਰ ਬਦਲ ਸਕਦੀ ਹੈ ਤੇ ਸਾਡੇ ਪੰਜਾਬ ਦੇ ਪਿੰਡ ਵੀ ਸਵਰਗ ਬਣ ਸਕਦੇ ਹਨ ਤੇ ਪੰਜਾਬ ਦੇ ਹਰੇਕ ਪਿੰਡ ਵਾਸੀ ਦੀ ਜ਼ਬਾਨ 'ਤੇ ਇਹੋ ਬੋਲ ਹੋਣਗੇ ਕਿ 'ਆਜਾ ਮੇਰੇ ਪਿੰਡ ਦੀ ਨੁਹਾਰ ਵੇਖ ਲੈ'।

ਪਿੰਡ ਸੋਹੀਆਂ, ਡਾਕ: ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ
sohianshamsher@gmail.com

ਆਤਮ-ਵਿਸ਼ਵਾਸ ਦੀ ਕਮੀ ਕਾਰਨ ਹੀ ਉਪਜਦੀ ਹੈ ਚਾਪਲੂਸੀ

ਨਿੰਦਾ ਅਤੇ ਪ੍ਰਸੰਸਾ ਇਕ ਸਿੱਕੇ ਦੇ ਦੋ ਪਹਿਲੂ ਹਨ, ਜੋ ਕਿਸੇ ਵੀ ਮਨੁੱਖ ਦੇ ਵਿਚ ਪਾਏ ਜਾਂਦੇ ਹਨ ਪਰ ਕਲਜੁਗ ਵਿਚ ਮਨੁੱਖ ਦੇ ਸੁਭਾਅ ਦੇ ਬਦਲਾਅ ਦੇ ਨਾਲ-ਨਾਲ ਨਿੰਦਾ ਅਤੇ ਪ੍ਰਸੰਸਾ ਦੇ ਸੰਕਲਪ ਵਿਚ ਵੀ ਬਦਲਾਅ ਆਇਆ ਹੈ, ਨਿੰਦਾ ਨੇ ਨਫਰਤ ਅਤੇ ਪ੍ਰਸੰਸਾ ਨੇ ਚਾਪਲੂਸੀ ਦਾ ਰੂਪ ਧਾਰ ਲਿਆ ਹੈ। ਚਮਚਾ ਇਕ ਕਿਸਮ ਦਾ ਭਾਂਡਾ ਹੈ, ਜੋ ਰੋਟੀ ਖਾਣ ਦੇ ਸਮੇਂ ਵਰਤਿਆ ਜਾਂਦਾ ਹੈ ਪਰ ਜੇ ਚਮਚਾ ਦੂਜੇ ਭਾਂਡੇ 'ਤੇ ਵੱਜੇ ਤਾਂ ਆਵਾਜ਼ ਕਰਨ ਦੇ ਨਾਲ-ਨਾਲ ਉਸ ਭਾਂਡੇ ਨੂੰ ਭੰਡਣ ਦਾ ਕੰਮ ਵੀ ਕਰਦਾ ਹੈ। ਠੀਕ ਇਸ ਤਰ੍ਹਾਂ ਦੇ ਕੁਝ ਗੁਣ ਬੰਦਿਆਂ ਵਿਚ ਵੀ ਹੁੰਦੇ ਹਨ, ਜਿਨ੍ਹਾਂ ਨੂੰ ਮਨੁੱਖ ਪ੍ਰਜਾਤੀ ਵਿਚ 'ਚਮਚੇ' ਦੀ ਹੀ ਉਪਾਧੀ ਨਾਲ ਨਿਵਾਜਿਆ ਜਾਂਦਾ ਹੈ। ਚਮਚੇ ਪ੍ਰਕਾਰ ਦੇ ਬੰਦੇ ਆਪਣੀ ਸੋਚਣ ਸ਼ਕਤੀ ਨੂੰ ਖ਼ਤਮ ਕਰਕੇ ਕਿਸੇ ਇਨਾਮ ਜਾਂ ਟੀਚੇ ਨੂੰ ਹਾਸਲ ਕਰਨ ਲਈ ਆਪਣੇ ਮਾਲਕ ਦੇ ਪਿੱਛੇ-ਪਿੱਛੇ ਤੁਰ ਪੈਂਦੇ ਹਨ। ਇਨ੍ਹਾਂ ਦੀ ਇਕ ਵਿਸ਼ੇਸ਼ਤਾ ਆਪਣੇ-ਆਪ 'ਤੇ ਘੱਟ ਵਿਸ਼ਵਾਸ ਹੋਣਾ ਹੁੰਦਾ ਹੈ। ਮੇਰੇ ਅਨੁਸਾਰ ਕਿਸੇ ਵਿਅਕਤੀ ਦੀ ਵੱਧ ਪ੍ਰਸੰਸਾ ਕਰਨਾ ਬੁਰੀ ਗੱਲ ਨਹੀਂ ਹੈ। ਪ੍ਰਸਿੱਧ ਲੇਖਕ ਡਾ: ਨਰਿੰਦਰ ਸਿੰਘ ਕਪੂਰ ਨੇ ਆਪਣੀ ਕਿਤਾਬ 'ਮਾਲਾ ਮਣਕੇ' ਵਿਚ ਲਿਖਿਆ ਹੈ ਕਿ ਚਮਚਾ ਬਣਨਾ ਇੰਨਾ ਸੌਖਾ ਨਹੀਂ ਹੈ, ਆਪਣੇ-ਆਪ ਨੂੰ ਅਤੇ ਆਪਣੀਆਂ ਇੱਛਾਵਾਂ ਨੂੰ ਮਾਰ ਕੇ ਦੂਜੇ ਦੀ ਹਾਂ ਵਿਚ ਹਾਂ ਮਿਲਾਉਣੀ ਪੈਂਦੀ ਹੈ। ਆਮ ਲੋਕਾਂ ਨਾਲੋਂ ਚਮਚਿਆਂ ਵਿਚ ਦੋ ਗੱਲਾਂ ਦੀ ਘਾਟ ਹੁੰਦੀ ਹੈ, ਪਹਿਲੀ ਆਤਮ-ਵਿਸ਼ਵਾਸ ਅਤੇ ਦੂਜਾ ਆਤਮ-ਸਨਮਾਨ। ਵੈਸੇ ਤਾਂ ਸਾਡੇ ਦੇਸ਼ ਵਿਚ ਇਹ ਬਿਮਾਰੀ ਜ਼ੁਕਾਮ ਦੀ ਤਰ੍ਹਾਂ ਫੈਲੀ ਹੋਈ ਹੈ, ਜਿਸ ਬੰਦੇ ਨੂੰ ਨਹੀਂ ਵੀ ਹੁੰਦੀ ਉਸ ਨੂੰ ਵੀ ਬਿਮਾਰ ਬੰਦੇ ਦੇ ਸੰਪਰਕ ਵਿਚ ਆਉਣ ਕਰਕੇ ਬਿਮਾਰੀ ਲੱਗਣ ਦੀ ਸੰਭਾਵਨਾ ਵਧ ਜਾਂਦੀ ਹੈ। ਮਿਡਲ ਲੈਵਲ ਮੈਨੇਜਮੈਂਟ ਵਿਚ ਇਹ ਬਿਮਾਰੀ ਆਮ ਤੌਰ 'ਤੇ ਵੇਖੀ ਜਾ ਸਕਦੀ ਹੈ।
ਹਾਲੇ ਤੱਕ ਕੰਮਕਾਜੀ ਲੋਕ ਆਪਣੇ 'ਨਿੱਜੀ ਹੁਨਰ' ਜਾਂ 'ਨਿੱਜੀ ਤਖ਼ਤ' ਭਾਵ 'ਪਰਸਨਲ ਸਟਰੈਂਥ' ਦੇ ਖਾਨੇ ਵਿਚ ਕਾਫੀ ਪ੍ਰਭਾਵਿਤ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਲਿਖਦੇ ਹਨ, ਜਿਵੇਂ ਦ੍ਰਿੜ੍ਹ ਅਗਵਾਈ ਕਰਨ ਵਾਲਾ, ਉਤਸ਼ਾਹੀ ਬੁਲਾਰਾ ਆਦਿ ਪਰ ਬਦਲਦੇ ਸਮੇਂ ਨਾਲ ਇਹਦੇ ਵਿਚ ਵੀ ਬਦਲਾਅ ਲਿਆਉਣੇ ਚਾਹੀਦੇ ਹਨ।
ਇਹ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਸੰਤ ਕਬੀਰ ਦਾਸ ਨੇ ਕਿਹਾ ਹੈ 'ਨਿੰਦਕ ਨੀਰੇ ਰਾਖੀਐ' ਇਹ ਦੋਹਾ 'ਚਮਚੇ ਨੀਰੇ ਰਾਖੀਐ' ਨਾਲ ਬਦਲਦੀ ਜਾ ਰਹੀ ਹੈ, ਇਹ ਵੀ ਮਨੁੱਖੀ ਸੁਭਾਅ ਦੀ ਇਕ ਉਦਾਹਰਨ ਹੈ ਕਿ ਕੋਈ ਵਿਅਕਤੀ ਆਪਣੀ ਨਿੰਦਾ ਜਾਂ ਆਪਣੀ ਗਲਤੀ ਸੁਣਨਾ ਪਸੰਦ ਨਹੀਂ ਕਰਦਾ, ਇਹ ਗੱਲ ਚਾਪਲੂਸੀ ਦੀ ਜਨਮਭੂਮੀ ਹੈ। ਇਤਿਹਾਸ ਗਵਾਹ ਹੈ ਕਿ ਅਜਿਹੇ ਬੰਦੇ ਚਾਹੇ ਜਿੰਨੇ ਵੱਡੇ ਹੋਣ ਪਰ ਸਾਰੀ ਦਵਾਰਕਾ ਨੂੰ 'ਕੱਠੇ ਲੈ ਕੇ ਡੁੱਬਦੇ ਹਨ।

-ਫ਼ਰੀਦਾਬਾਦ। ਮੋਬਾ: 96463-05592

ਵਕੀਲ ਸਮਾਜ ਨੂੰ ਸੁਧਾਰਨ ਲਈ ਅੱਗੇ ਆਉਣ

ਅੱਜ ਫਿਰ ਮੈਨੂੰ ਨਾਨਾ ਜੀ ਦੀ ਸੁਣਾਈ ਕਹਾਣੀ ਯਾਦ ਆਈ ਕਿ ਦੋ ਆਦਮੀਆਂ ਨੇ ਰਲ ਕੇ ਠੱਗੀ ਮਾਰਨ ਦਾ ਮਨ ਬਣਾਇਆ ਪਰ ਇਕ ਆਦਮੀ ਥੋੜ੍ਹਾ ਡਰਾਕਲ ਕਿਸਮ ਦਾ ਸੀ ਤੇ ਇਕ ਬਹੁਤ ਚਲਾਕ। ਦੋਵੇਂ ਆਦਮੀ ਸ਼ਾਹੂਕਾਰ ਦੀ ਦੁਕਾਨ 'ਤੇ ਗਏ। ਮਨ ਭਾਉਂਦਾ ਸਾਮਾਨ ਲੈ ਲਿਆ। ਚਲਾਕ ਆਦਮੀ ਨੇ ਕਿਹਾ ਸ਼ਾਹੂਕਾਰ ਜੀ, 'ਇਹ ਮੇਰਾ ਨੌਕਰ ਤੁਹਾਡੇ ਕੋਲ ਬੈਠਾ ਹੈ, ਮੈਂ ਜਾ ਕੇ ਘਰੋਂ ਪੈਸੇ ਲੈ ਆਵਾਂ ਤੇ ਨਾਲੇ ਸਾਮਾਨ ਰੱਖ ਆਵਾਂ। ਚਲਾਕ ਆਦਮੀ ਸ਼ਾਮ ਤੱਕ ਨਾ ਮੁੜਿਆ। ਸ਼ਾਹੂਕਾਰ ਦਾ ਦਿਲ ਵੀ ਬੈਠਦਾ ਜਾਵੇ ਕਿ ਸ਼ਾਇਦ ਠੱਗੀ ਵੱਜ ਗਈ। ਜਦ ਸ਼ਾਹੂਕਾਰ ਉਸ ਨੌਕਰ ਨੂੰ ਕੁਝ ਪੁੱਛੇ ਤਾਂ ਅੱਗੋਂ ਉਹ 'ਹੁਰਰਰ' ਕਹਿ ਦੇਵੇ। ਅਖੀਰ ਸ਼ਾਹੂਕਾਰ ਨੇ ਉਸ ਨੂੰ ਪੁਲਿਸ ਨੂੰ ਫੜਾ ਦਿੱਤਾ। ਉਹ ਪੁਲਿਸ ਕੋਲ ਹੀ 'ਹੁਰਰਰ' ਕਹਿ ਕੇ ਜਵਾਬ ਦੇਵੇ। ਸੋ, ਉਸ ਨੂੰ ਪੁਲਿਸ ਨੇ ਘਰ ਭੇਜ ਦਿੱਤਾ। ਸੱਪ ਵੀ ਮਰ ਗਿਆ ਤੇ ਸੋਟਾ ਵੀ ਬਚ ਗਿਆ ਪਰ ਵਿਚਾਰਾ ਸ਼ਾਹੂਕਾਰ। ਸੋ, ਗੱਲ ਤਾਂ ਯਾਦ ਆਈ ਕਿ ਵਕੀਲ ਦੀ ਅਸਾਮੀ ਕਦੋਂ ਹੋਂਦ ਵਿਚ ਆਈ ਹੋਵੇਗੀ?
ਪੰਚਾਇਤਾਂ ਵਿਚ ਹੁਣ ਵੀ ਬਿਨਾਂ ਡਿਗਰੀ ਅਜਿਹੇ ਵਕੀਲ ਮਿਲ ਜਾਣਗੇ, ਜਿਹੜੇ ਸੱਚ ਅਤੇ ਝੂਠ ਦੀ ਪਰਖ ਕਰਨਾ ਵੀ ਜਾਣਦੇ ਹਨ ਤੇ ਸੱਚ 'ਤੇ ਪਹਿਰਾ ਵੀ ਦਿੰਦੇ ਹਨ, ਤਾਂ ਹੀ ਤਾਂ ਸ਼ਾਂਤੀ ਬਣੀ ਰਹਿੰਦੀ ਸੀ। ਹੁਣ ਡਿਗਰੀਆਂ ਵਾਲੇ ਵਕੀਲ ਝੂਠ ਨੂੰ ਸਹਾਰਾ ਦਿੰਦੇ ਹਨ। ਝੂਠ ਨੂੰ ਬਚਾਉਣ ਦੇ ਦਾਅ-ਪੇਚ ਦੱਸਦੇ ਹਨ ਤੇ ਝੂਠ ਬਚ ਜਾਂਦਾ ਹੈ। ਫਿਰ ਉਸ ਤੋਂ ਵੱਡਾ ਗੁਨਾਹ ਹੁੰਦਾ ਹੈ। ਠੀਕ ਹੈ ਕਿਸੇ ਤੋਂ ਜਾਣੇ-ਅਣਜਾਣੇ ਹੋਈ ਗ਼ਲਤੀ ਤੋਂ ਉਸ ਨੂੰ ਬਚਾ ਲਵੋ ਪਰ ਗ਼ਲਤੀ ਅਤੇ ਗੁਨਾਹ ਦੀ ਪਛਾਣ ਕਰੋ। ਜੱਜਾਂ ਅਤੇ ਵਕੀਲਾਂ ਨੂੰ ਆਪਣਾ ਫਰਜ਼ ਪਛਾਨਣਾ ਪਵੇਗਾ। ਉਨ੍ਹਾਂ ਨੂੰ ਆਪਣੇ ਅਹੁਦੇ ਦੇ ਮਾਣ ਨੂੰ ਬਰਕਰਾਰ ਰੱਖਣ ਲਈ ਪੈਸੇ ਦਾ ਮੋਹ-ਲਾਲਚ ਤਿਆਗਣਾ ਪਵੇਗਾ। ਵਕੀਲਾਂ ਅਤੇ ਜੱਜਾਂ ਨੂੰ ਨੁਕਸਾਨੇ ਲੋਕਾਂ ਦੀ ਜਗ੍ਹਾ 'ਤੇ ਆਪਣੇ-ਆਪ ਨੂੰ ਰੱਖ ਕੇ ਦੇਖਣ ਦੀ ਪ੍ਰਵਿਰਤੀ ਹੋਣੀ ਚਾਹੀਦੀ ਹੈ। ਜੋ ਗੱਲ ਤੁਸੀਂ ਆਪਣੇ 'ਤੇ ਸਹਿਣ ਨਹੀਂ ਕਰ ਸਕਦੇ ਤਾਂ ਦੂਜੇ ਲੋਕਾਂ 'ਤੇ ਕਿਵੇਂ?
ਸੋ, ਵਕੀਲ ਭੈਣ-ਭਰਾਵੋ ਵਕਤ ਰਹਿੰਦਿਆਂ ਵਾਪਸ ਪਰਤ ਆਵੋ। ਤੁਸੀਂ ਸਮਾਜ ਨੂੰ ਚੰਗਾ ਬਣਾਉਣ ਵਿਚ ਅਹਿਮ ਰੋਲ ਅਦਾ ਕਰ ਸਕਦੇ ਹੋ। ਸੋ ਕਰੋ। ਜੇਕਰ ਕੋਈ ਗੁਨਾਹ ਕਰਕੇ ਤੁਹਾਡੇ ਕੋਲ ਆ ਕੇ ਤੁਹਾਨੂੰ ਬਚਾਉਣ ਲਈ ਕਹਿੰਦਾ ਹੈ ਤਾਂ ਤੁਸੀਂ ਸਿਰਫ ਦੂਜੀ ਧਿਰ ਨਾਲ ਉਨ੍ਹਾਂ ਦੇ ਹੋਏ ਨੁਕਸਾਨ ਦੀ ਪੂਰਤੀ ਕਰਵਾਉਣ ਲਈ ਕਹੋ ਨਾ ਕਿ ਗੁਨਾਹਗਾਰ ਨੂੰ ਬਚਾਓ। ਹੋ ਸਕਦਾ ਨੁਕਸਾਨੀ ਧਿਰ ਉਸ ਨੂੰ ਮੁਆਫ਼ ਕਰ ਦੇਵੇ। ਪਰ ਤੁਸੀਂ ਸੱਚ ਨੂੰ ਝੂਠ ਸਾਬਤ ਕਰਨਾ ਬੰਦ ਕਰੋ। ਝੂਠ ਦੇ ਪੱਖ ਵਿਚ ਖੜ੍ਹਨਾ ਬੰਦ ਕਰੋ। ਇਹੀ ਸਮੇਂ ਦੀ ਅਤੇ ਸਮਾਜ ਦੀ ਮੰਗ ਹੈ। ਸਰਕਾਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਹਰ ਸਾਲ ਚੰਗੇ ਵਕੀਲਾਂ ਲਈ ਕਿਸੇ ਵੱਡੇ ਪੁਰਸਕਾਰ ਦਾ ਇੰਤਜ਼ਾਮ ਲੜੀਬੱਧ ਕਰਨਾ ਚਾਹੀਦਾ ਹੈ, ਤਾਂ ਜੋ ਸੱਚ ਨਾਲ ਖੜ੍ਹਨ ਵਾਲੇ ਵਕੀਲਾਂ ਦਾ ਹੌਸਲਾ ਵਧੇ।

-ਮੋਬਾ: 94656-06210

ਮਾਪਿਆਂ ਦਾ ਖ਼ੌਫ ਬਣਿਆ ਨਸ਼ਿਆਂ ਦਾ ਵਧਦਾ ਰੁਝਾਨ

ਜੰਮਣ ਤੋਂ ਬਾਅਦ ਅਨੇਕਾਂ ਤਰ੍ਹਾਂ ਦੇ ਚਾਅ-ਮਲਾਰ ਅਤੇ ਗਿਣਤੀਆਂ-ਮਿਣਤੀਆਂ ਕਰਕੇ ਆਪਣੇ ਬੱਚੇ ਨੂੰ ਜੀਵਨ ਜਾਚ ਸਿਖਾਈ ਜਾਂਦੀ ਹੈ। ਇਸ ਤੋਂ ਬਾਅਦ ਵੀ ਜੇ ਬੱਚਾ ਕੁਰਾਹੇ ਪੈ ਜਾਵੇ ਤਾਂ ਇਸ ਦਾ ਸੰਤਾਪ ਵੀ ਪੀੜਤ ਮਾਪੇ ਹੀ ਮਾਪ ਸਕਦੇ ਹਨ। 1990 ਤੋਂ ਬਾਅਦ ਬੇਰੁਜ਼ਗਾਰੀ ਨੇ ਮਾਪਿਆਂ ਦੇ ਮਨ ਵਿਚ ਖੌਫ ਪੈਦਾ ਕੀਤਾ। ਇਸ ਬੇਰੁਜ਼ਗਾਰੀ ਦੀ ਅਲਾਮਤ ਨੇ ਕਈ ਤਰ੍ਹਾਂ ਦੇ ਸਮਾਜਿਕ ਸੰਕਟ ਪੈਦਾ ਕੀਤੇ। ਇਸ ਪਿੱਛੇ ਹੁਨਰਮੰਦ ਸਿੱਖਿਆ ਦਾ ਨਾ ਹੋਣਾ ਵੱਡਾ ਕਾਰਨ ਸੀ। ਬੇਰੁਜ਼ਗਾਰੀ ਦਾ ਸੰਤਾਪ ਮਾਪਿਆਂ ਦੀ ਹਾਲਤ ਬਦਤਰ ਕਰ ਦਿੰਦਾ ਹੈ। ਮਾਪਿਆਂ ਵਲੋਂ ਬੱਚਿਆਂ ਨੂੰ ਕਾਰ ਕਿੱਤੇ ਲਾਉਣਾ ਵੱਡਾ ਭਾਰ ਬਣ ਗਿਆ ਹੈ।
ਹੁਣ ਪਿਛਲੇ 10 ਕੁ ਸਾਲਾਂ ਤੋਂ ਮਾਪਿਆਂ ਦੇ ਖੌਫ ਵਿਚ ਨਸ਼ੇ ਦਾ ਵਾਧਾ ਹੋਇਆ ਹੈ। ਇਸ ਨਸ਼ੇ ਵਿਚ ਮੁੰਡਿਆਂ ਦੇ ਨਾਲ ਕੁੜੀਆਂ ਵੀ ਭਾਗੀਦਾਰ ਬਣਦੀਆਂ ਹਨ। ਇਹ ਖੌਫ ਮਾਪਿਆਂ ਲਈ ਮੌਤ ਸਮਾਨ ਹੈ। ਅੱਜ ਨਸ਼ੇ ਨੇ ਆਪਣਾ ਜਾਲ ਇਸ ਤਰ੍ਹਾਂ ਬੁਣ ਲਿਆ ਹੈ, ਜਿਸ ਵਿਚ ਸਮਾਜਿਕ ਅਤੇ ਸਰਕਾਰੀ ਉਪਰਾਲੇ ਫਿੱਕੇ ਪੈ ਜਾਂਦੇ ਹਨ। ਇਹ ਦਸ਼ਾ ਸਾਡੇ ਢਾਂਚੇ ਦਾ ਮੂੰਹ ਚਿੜਾਉਂਦੀ ਹੈ। ਅੱਜ ਰੋਜ਼ਾਨਾ ਨਸ਼ੇ ਨਾਲ ਮੌਤ ਦੀ ਸੁਰਖੀ ਸੰਕੇਤ ਦਿੰਦੀ ਹੈ। ਇਹ ਅਲਾਮਤ ਥੋੜ੍ਹਾ ਕੀਤੇ ਪਿੱਛੇ ਨਹੀਂ ਹਟਦੀ। ਸਰਕਾਰੀ ਉਪਰਾਲਿਆਂ ਨੂੰ ਹੁਲਾਰਾ ਦੇਣ ਲਈ ਨਸ਼ੇ ਦੇ ਵਿਸ਼ੇ 'ਤੇ ਸਮਾਜਿਕ ਚੇਤਨਤਾ ਬਹੁਤ ਜ਼ਰੂਰੀ ਹੈ। ਨਸ਼ੇ ਦੇ ਖੌਫ ਨੇ ਆਦਮੀ ਦੀ ਜਾਤ ਨੂੰ ਹਨੇਰੀ ਵਿਚ ਭਟਕੇ ਪੰਛੀ ਦੇ ਸਮਾਨ ਬਣਾ ਦਿੱਤਾ ਹੈ। ਹਾਂ, ਇਕ ਗੱਲ ਹੋਰ ਵੀ ਹੈ ਕਿ ਨਸ਼ੇ ਨੇ ਬੇਰੁਜ਼ਗਾਰੀ ਅਤੇ ਹਿੰਸਾ ਨੂੰ ਪਿੱਛੇ ਕਰਕੇ ਆਪਣਾ ਖੌਫ ਰੂਪੀ ਰੁਤਬਾ ਵੱਡਾ ਕਰ ਲਿਆ ਹੈ।
ਖੌਫਨਾਕ ਹਲਾਤ ਵਿਚੋਂ ਗੁਜ਼ਰਨ ਕਰਕੇ ਅੱਜ ਮਾਪਿਆਂ ਨੂੰ ਬੱਚਿਆਂ ਦੀ ਹਿਜ਼ਰਤ ਲਈ ਮਜਬੂਰ ਕਰ ਦਿੱਤਾ ਹੈ। ਇਸ ਹਿਜ਼ਰਤ ਦੀ ਬੇਰੁਜ਼ਗਾਰੀ ਅਤੇ ਨਸ਼ੇ ਨਾਲ ਦੁਸ਼ਮਣੀ ਸਮਝੀ ਜਾ ਸਕਦੀ ਹੈ। ਇਸ ਖੌਫ ਵਿਚੋਂ ਉਪਜੇ ਹਲਾਤ ਨੇ ਸਾਡਾ ਸੱਭਿਆਚਾਰ ਘਸਮੈਲਾ ਕੀਤਾ ਹੈ। ਅੱਜ ਮਾਪਿਆਂ ਦੀ ਮਮਤਾ ਸੀਨੇ 'ਤੇ ਪੱਥਰ ਰੱਖ ਕੇ ਵਿਰਲਾਪ ਕਰਦੀ ਫਿਰਦੀ ਹੈ। ਇਸ ਸਭ ਕਾਸੇ ਦਾ ਕਾਰਨ ਲੱਭਣ ਲਈ ਲੋਕ ਕਚਹਿਰੀ ਵੀ ਅਜੇ ਤੱਕ ਬਣਦਾ ਯੋਗਦਾਨ ਨਹੀਂ ਪਾ ਸਕੀ। ਸਾਨੂੰ ਸਭ ਨੂੰ ਮਿਲ-ਜੁਲ ਕੇ ਇਨ੍ਹਾਂ ਅਲਾਮਤਾਂ ਪ੍ਰਤੀ ਲੋਕ ਲਹਿਰ ਅਤੇ ਸਮਾਜਿਕ ਚੇਤਨਤਾ ਪੈਦਾ ਕਰਨੀ ਚਾਹੀਦੀ ਹੈ, ਤਾਂ ਜੋ ਖੁਸ਼ਹਾਲ ਭਵਿੱਖ ਦੀ ਆਸ ਬੱਝੇ।

-ਅਬਿਆਣਾ ਕਲਾਂ। ਮੋਬਾ: 98781-11445

ਕਿਸਾਨਾਂ ਨੂੰ ਸਮਾਜ ਦਾ ਸਾਥ ਮਿਲਣਾ ਵੀ ਜ਼ਰੂਰੀ

ਸਮੇਂ ਨਾਲ ਬਦਲੇ ਸਮਾਜਿਕ ਮਾਹੌਲ ਵਿਚ ਜਿਥੇ ਕਿਸਾਨਾਂ ਦੀ ਸਥਿਤੀ ਤਰਸਯੋਗ ਹੁੰਦੀ ਜਾ ਰਹੀ ਹੈ, ਉਥੇ ਸਰਕਾਰੀ ਅਣਡਿੱਠਤਾ ਕਾਰਨ ਕਿਸਾਨ ਖੁਦ ਨੂੰ ਖੇਤੀਬਾੜੀ ਤੋਂ ਦੂਰ ਕਰਦੇ ਜਾ ਰਹੇ ਹਨ। ਇਹ ਇਕ ਚਿੰਤਾਜਨਕ ਵਿਸ਼ਾ ਹੈ।
ਜਿਥੇ ਖੇਤੀਬਾੜੀ ਦਾ ਘਟਦਾ ਰਕਬਾ ਇਕ ਵੱਡਾ ਸਵਾਲ ਹੈ, ਉਥੇ ਵਧਦੀ ਲਾਗਤ ਤੇ ਫਸਲ ਦੀ ਘਟਦੀ ਕੀਮਤ ਕਾਰਨ ਬਦਹਾਲ ਕਿਸਾਨ ਹੈਰਾਨ-ਪ੍ਰੇਸ਼ਾਨ ਹੈ। ਹਾਲਾਤ ਕੁਝ ਅਜਿਹੇ ਹਨ ਕਿ ਖੁਦ ਨੂੰ ਖਤਰੇ ਵਿਚ ਦੇਖ ਕੇ ਕਿਸਾਨ ਖੁਦਕੁਸ਼ੀ ਦਾ ਰਾਹ ਅਪਣਾ ਕੇ ਮੁਕਤੀ ਪਾਉਣੀ ਚਾਹੁੰਦਾ ਹੈ।
ਅੱਜ ਜਿਥੇ ਨਵੀਂ ਪੀੜ੍ਹੀ ਖੇਤੀ ਦੀ ਬਜਾਏ ਸ਼ਹਿਰਾਂ ਵੱਲ ਰੁਖ਼ ਕਰਕੇ ਮਜ਼ਦੂਰੀ ਨੂੰ ਬਿਹਤਰ ਮੰਨਣ ਲੱਗੀ ਹੈ, ਉਥੇ ਹੀ ਜ਼ਮੀਨ ਦੇ ਮੋਹ ਵਿਚ ਫਸਿਆ ਲਾਚਾਰ ਕਿਸਾਨ ਕਦੇ ਬਰਸਾਤ ਤਾਂ ਕਦੇ ਸੋਕੇ ਦੀ ਮਾਰ ਝੱਲ ਰਿਹਾ ਹੈ। ਕਦੇ ਭਰਪੂਰ ਫਸਲ ਹੋਣ 'ਤੇ ਢੁਕਵੀਂ ਕੀਮਤ ਨਾ ਮਿਲਣ ਤੇ ਪੁਰਾਣਾ ਕਰਜ਼ਾ ਨਾ ਮੋੜ ਸਕਣ ਕਾਰਨ ਘਬਰਾ ਕੇ ਕਿਸਾਨ ਖੁਦਕੁਸ਼ੀ ਨੂੰ ਹੀ ਸੌਖਾ ਰਾਹ ਮੰਨ ਰਿਹਾ ਹੈ। ਭਾਰਤੀ ਕਿਸਾਨ ਦੀ ਇਹ ਬਹੁਤ ਵੱਡੀ ਤ੍ਰਾਸਦੀ ਹੈ। ਕਿਸਾਨਾਂ ਦੇ ਨਾਂਅ 'ਤੇ ਸਿਆਸਤਦਾਨ ਸਿਆਸੀ ਰੋਟੀਆਂ ਸੇਕ ਰਹੇ ਹਨ। ਨੌਕਰਸ਼ਾਹਾਂ ਅਤੇ ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੇ ਕੇ ਸਰਕਾਰਾਂ ਉਨ੍ਹਾਂ ਦੇ ਚਿਹਰਿਆਂ 'ਤੇ ਸ਼ਿਕਨ ਤੱਕ ਨਹੀਂ ਆਉਣ ਦਿੰਦੀਆਂ ਪਰ ਕਿਸਾਨ ਕਰਜ਼ੇ ਤੇ ਵਿਆਜ ਮੁਆਫ਼ੀ ਲਈ ਸੜਕਾਂ 'ਤੇ ਭੋਜਨ ਪਰੋਸ ਕੇ ਖਾਣ, ਤਪਦੇ ਅਸਮਾਨ ਹੇਠਾਂ ਨੰਗੇ ਧੜ ਅੰਦੋਲਨ ਕਰਨ ਅਤੇ ਪਾਣੀ ਵਿਚ ਗਲ ਤੱਕ ਡੁੱਬ ਕੇ ਜਲ ਸੱਤਿਆਗ੍ਰਹਿ ਕਰਨ ਵਰਗੇ ਮੁਸ਼ਕਿਲ ਫੈਸਲੇ ਲੈਣ ਲਈ ਮਜਬੂਰ ਹੈ।
ਇਸ ਵਿਚ ਹੈਰਾਨ ਕਰਨ ਵਾਲਾ ਤੱਥ ਇਹ ਸੀ ਕਿ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀ ਖੁਦਕੁਸ਼ੀ ਦਾ ਕਾਰਨ ਕਰਜ਼ਾ, ਕੰਗਾਲੀ ਤੇ ਖੇਤੀ ਨਾਲ ਜੁੜੀਆਂ ਦਿੱਕਤਾਂ ਹੀ ਸਨ। ਇਸ ਤੋਂ ਇਲਾਵਾ ਖੁਦਕੁਸ਼ੀਆਂ ਕਰਨ ਵਾਲੇ 73 ਫੀਸਦੀ ਕਿਸਾਨਾਂ ਕੋਲ 2 ਏਕੜ ਜਾਂ ਉਸ ਨਾਲੋਂ ਘੱਟ ਜ਼ਮੀਨ ਸੀ ਭਾਵ ਛੋਟਾ ਤੇ ਅਮਲੀ ਕਿਸਾਨ ਬੇਹੱਦ ਟੁੱਟਦਾ ਜਾ ਰਿਹਾ ਹੈ।
ਕਿਸਾਨਾਂ ਨੂੰ ਲੈ ਕੇ ਲੋਕਾਂ ਵਿਚ ਸੰਵੇਦਨਾ ਜਗਾਉਣੀ ਪਵੇਗੀ। ਸਾਰੇ ਵਪਾਰਕ ਤੇ ਗ਼ੈਰ-ਸਰਕਾਰੀ ਸੰਗਠਨਾਂ ਦੀ ਵੀ ਜ਼ਿੰਮੇਵਾਰੀ ਹੈ ਕਿ ਉਹ ਕਿਸਾਨਾਂ ਨਾਲ ਜੁੜਨ, ਉਨ੍ਹਾਂ ਨੂੰ ਕਾਰੋਬਾਰ ਤੇ ਸਮਾਜ ਦਾ ਹਿੱਸਾ ਸਮਝਣ, ਤਾਂ ਹੀ ਟੁੱਟਦੇ ਜਾ ਰਹੇ ਕਿਸਾਨਾਂ ਨੂੰ ਨਵਾਂ ਮੰਚ ਮਿਲੇਗਾ। ਸਰਕਾਰੀ ਮਦਦ ਲਈ ਮੁਥਾਜ ਕਿਸਾਨ ਵੱਖ-ਵੱਖ ਸੰਗਠਨਾਂ ਦਾ ਸਾਥ ਮਿਲਣ ਨਾਲ ਮਾਨਸਿਕ ਤੌਰ 'ਤੇ ਮਜ਼ਬੂਤ ਹੋਵੇਗਾ, ਤਣਾਅ 'ਚੋਂ ਬਾਹਰ ਆਵੇਗਾ ਤੇ ਖੇਤੀਬਾੜੀ ਨੂੰ ਵਪਾਰਕ ਨਜ਼ਰੀਏ ਤੋਂ ਦੇਖੇਗਾ। ਇਸ ਦਾ ਫਾਇਦੇ ਜਿਥੇ ਉਸ ਦੀ ਜ਼ਿੰਦਗੀ ਬਚਾਉਣ ਵਿਚ ਮਿਲੇਗਾ, ਉਥੇ ਹੀ ਵਪਾਰਕ ਸੰਗਠਨ ਨਾਲ ਜੁੜੇ ਹੋਣ 'ਤੇ ਖੇਤੀ ਉਤਪਾਦਾਂ ਦੀ ਵਿਕਰੀ ਤੇ ਮਾਰਕੀਟਿੰਗ ਲਈ ਦੋਸਤਾਨਾ ਮਾਹੌਲ ਬਣੇਗਾ।

-ਪਿੰਡ ਕੋਟਲੀ ਅਬਲੂ। ਮੋਬਾ: 73077-36899


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX