ਤਾਜਾ ਖ਼ਬਰਾਂ


ਠੇਕੇ ਦੇ ਕਰਿੰਦੇ ਨੂੰ ਗੋਲੀਆਂ ਮਾਰ ਕੇ 21.32 ਲੱਖ ਦੀ ਲੁੱਟ
. . .  19 minutes ago
ਜਲੰਧਰ, 24 ਸਤੰਬਰ - ਜਲੰਧਰ ਦੇ ਟਰਾਂਸਪੋਰਟ ਨਗਰ ਵਿਖੇ ਦੋ ਕਾਰਾਂ ਵਿਚ ਸਵਾਰ ਲੁਟੇਰੇ ਠੇਕੇ ਦੇ ਕਰਿੰਦੇ ਨੂੰ ਗੋਲੀਆਂ ਮਾਰਨ ਤੋਂ ਬਾਅਦ 21 ਲੱਖ 32 ਹਜ਼ਾਰ ਦੀ ਨਗਦੀ ਲੁੱਟ...
ਏਸ਼ੀਆ ਕੱਪ 2018 : ਭਾਰਤ ਨੇ ਪਾਕਿਸਤਾਨ ਨੂੰ 9 ਵਿਕਟਾਂ ਨਾਲ ਚਟਾਈ ਧੂੜ
. . .  1 day ago
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਦੀਆਂ ਵੀ 100 ਦੌੜਾਂ ਪੂਰੀਆਂ, ਭਾਰਤ 220/1
. . .  1 day ago
ਏਸ਼ੀਆ ਕੱਪ 2018 : ਭਾਰਤ ਨੂੰ ਪਹਿਲਾ ਝਟਕਾ, ਸ਼ਿਖਰ ਧਵਨ 114 ਦੌੜਾਂ ਬਣਾ ਕੇ ਆਊਟ
. . .  1 day ago
ਰਿਹਾਇਸ਼ੀ ਇਲਾਕੇ 'ਚ ਵੜਿਆ ਉੱਝ ਦਰਿਆ ਦਾ ਪਾਣੀ
. . .  1 day ago
ਬਮਿਆਲ, 23 ਸਤੰਬਰ (ਰਾਕੇਸ਼ ਕੁਮਾਰ) - ਸਰਹੱਦੀ ਕਸਬਾ ਬਮਿਆਲ 'ਚ ਵਹਿਣ ਵਾਲੇ ਉੱਝ ਦਰਿਆ 'ਚ 1,60,000 ਕਿਊਸਿਕ ਪਾਣੀ ਆਉਣ ਕਰਕੇ ਪਾਣੀ ਬਮਿਆਲ ਦੇ ਰਿਹਾਇਸ਼ੀ...
ਏਸ਼ੀਆ ਕੱਪ 2018 : ਸ਼ਿਖਰ ਧਵਨ ਦੀਆਂ 100 ਦੌੜਾਂ ਪੂਰੀਆਂ, ਭਾਰਤ 198/0
. . .  1 day ago
ਏਸ਼ੀਆ ਕੱਪ 2018 : ਕਪਤਾਨ ਰੋਹਿਤ ਸ਼ਰਮਾ ਦੀਆਂ ਵੀ 50 ਦੌੜਾਂ ਪੂਰੀਆਂ, ਭਾਰਤ 119/0
. . .  1 day ago
ਏਸ਼ੀਆ ਕੱਪ 2018 : ਸ਼ਿਖਰ ਧਵਨ ਦੀਆਂ 50 ਦੌੜਾਂ ਪੂਰੀਆਂ, ਭਾਰਤ 96/0
. . .  1 day ago
ਏਸ਼ੀਆ ਕੱਪ 2018 : 10 ਓਵਰਾਂ ਤੋਂ ਬਾਅਦ ਭਾਰਤ 53/0
. . .  1 day ago
ਜਲਾਲਾਬਾਦ 'ਚ ਨਹੀ ਰੁਕ ਰਿਹਾ ਮੀਂਹ
. . .  1 day ago
ਜਲਾਲਾਬਾਦ ,23 ਸਤੰਬਰ (ਕਰਨ ਚੁਚਰਾ ) ਜਲਾਲਾਬਾਦ ਅਤੇ ਆਸ ਪਾਸ ਦੇ ਇਲਾਕਿਆਂ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਜਾਣਕਾਰੀ ਅਨੁਸਾਰ ਅੱਜ ਜਲਾਲਾਬਾਦ ਵਿੱਚ ਸਵੇਰ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਦੋ ਕਿਸ਼ਤਾਂ ਵਿਚ ਛਪਣ ਵਾਲੀ ਕਹਾਣੀ: ਦਾਨਿਸ਼ਮੰਦੀ

'ਤੂੰ ਇਕ ਵਾਰੀ ਦੋਵਾਂ ਭਰਾਵਾਂ ਨੂੰ ਕੋਲੇ ਬਹਾ ਕੇ ਸਮਝਾ ਕੇ ਦੇਖ ਲੈਂਦਾ, ਸ਼ਾਇਦ 'ਕੱਠੇ ਰਹਿਣ ਲਈ ਮੰਨ ਜਾਂਦੇ' ਨਾਜਰ ਸਿੰਘ ਨੇ ਸਲਾਹ ਦਿੱਤੀ |
'ਬਈ ਛੋਹਰਾਂ 'ਚ ਤਾਂ ਕੋਈ ਨੁਕਸ ਨੀਂ ਉਹ ਤਾਂ ਗਊ ਦੇ ਜਾਏ ਆ, ਏਹ ਤਾਂ ਬਹੂਆਂ ਹੀ ਨੀਂ ਮੰਨਦੀਆਂ | ਵੱਡੀ ਤਾਂ ਸ਼ੈਂਤ ਆਖੇ ਲੱਗ ਈ ਜਾਵੇ ਪਰ ਛੋਟੀ ਤਾਂ ਪੈਰਾਂ 'ਤੇ ਪਾਣੀ ਨੀਂ ਪੈਣ ਦਿੰਦੀ, ਅਖੇ ਮੇਰਾ ਤਾਂ ਅੱਡ ਹੋਏ ਬਿਨਾਂ ਡੰਗ ਨੀਂ ਲਹਿੰਦਾ, ਮੈਂ ਕੀ ਕਰਾਂ ਨਾਜਰ ਸਿੰਹਾਂ, ਮੈਂ ਤਾਂ ਅੱਕਿਆ ਪਿਆਂ', ਕਰਤਾਰ ਸਿੰਘ ਮੱਥਾ ਫੜ ਕੇ ਬੈਠਾ ਸੀ |
'ਮੈਂ ਦੁੱਖ ਤਾਂ ਤੇਰਾ ਸਮਝਦਾ ਹਾਂ ਕਰਤਾਰ ਸਿਹਾਂ ਤੇ ਮੈਂ ਤੇਰੇ ਨਾਲ ਚੱਲ ਵੀ ਪੈਨਾਂ, ਪਰ ਮੇਰੀ ਕਿਹੜਾ ਉਹ ਮੰਨ ਲੈਣਗੇ, ਤੂੰ ਇਉਂ ਕਰ, ਕਰਨੈਲ ਸਿੰਹੁ ਫ਼ੌਜੀ ਕੋਲ ਜਾ, ਉਹਨੂੰ ਸਾਰੀ ਕਹਾਣੀ ਦੱਸ, ਬੰਦਾ ਉਹ ਸਕੀਮੀ ਹੈ ਨਾਲੇ ਕਿਸੇ ਦੀ ਝੇਪ ਨਹੀਂ ਮੰਨਦਾ, ਮੂੰਹ 'ਤੇ ਖਰੀ ਗੱਲ ਕਰਦਾ | ਜੇਕਰ ਉਹ ਮੰਨ ਗਿਆ ਤਾਂ ਸੌ ਵਿਸਵੇ ਤੇਰਾ ਕੰਮ ਫ਼ਤਹਿ ਹੋਜੂ' ਨਾਜਰ ਸਿੰਹੁ ਨੇ ਆਪਣੇ ਵਲੋਂ ਮਿੱਤਰਤਾ ਵੀ ਦਿਖਾਈ ਤੇ ਹੱਥ ਵੀ ਖੜ੍ਹੇ ਕਰ ਦਿੱਤੇ |
ਕਰਤਾਰ ਸਿੰਘ ਹੋਰੀਂ ਚਾਰ ਭਰਾ ਸਨ | ਉਹ ਸਾਰਿਆਂ ਤੋਂ ਛੋਟਾ ਸੀ ਅਤੇ ਸਾਰਿਆਂ ਦਾ ਲਾਡਲਾ ਸੀ | ਅੱਡ ਹੋਣ 'ਤੇ ਉਸ ਦੇ ਹਿੱਸੇ ਕੁੱਲ ਸੱਤ ਕਿੱਲੇ ਜ਼ਮੀਨ ਆਈ ਸੀ ਜਿਨ੍ਹਾਂ 'ਚੋਂ ਵਿਆਹ ਵੇਲੇ ਤਿੰਨ ਕਿੱਲੇ ਗਹਿਣੇ ਪਈ ਸੀ | ਉਹਦੀ ਘਰ ਵਾਲੀ ਹਰਬੰਸ ਕੌਰ ਉਰਫ਼ ਬੰਸੋ ਵੀ ਬਹੁਤ ਅਕਲਮੰਦ, ਸੋਹਣੀ-ਸੁਨੱਖੀ ਅਤੇ ਦਾਨੀ ਔਰਤ ਸੀ | ਉਹਦੀ ਦਾਨਿਸ਼ਮੰਦੀ ਅਤੇ ਕਰਤਾਰ ਸਿੰਘ ਦੀ ਮਿਹਨਤ ਰੰਗ ਲਿਆਈ | ਉਨ੍ਹਾਂ ਨੇ ਦੋ ਸਾਲਾਂ ਵਿਚ ਸਾਰੀ ਜ਼ਮੀਨ ਛੁਡਾ ਲਈ, ਰੱਬ ਨੇ ਹਰਬੰਸ ਕੌਰ ਵਰਗੇ ਦੋ ਸੋਹਣੇ ਮੁੰਡੇ ਦੇ ਦਿੱਤੇ | ਕਰਤਾਰ ਸਿੰਘ ਨਸ਼ੇ ਪੱਤੇ ਨੂੰ ਹੱਥ ਨਹੀਂ ਸੀ ਲਾਉਂਦਾ, ਬੱਸ ਉਸ ਨੂੰ ਤਾਂ ਆਪਣੇ ਖੇਤਾਂ ਦਾ ਹੀ ਇਸ਼ਕ ਲੱਗਾ ਸੀ, ਸਾਝਰੇ ਹੀ ਹਲ ਜੋੜ ਕੇ ਖੇਤਾਂ ਦਾ ਰਾਹ ਫੜ ਲੈਂਦਾ | ਉਹ ਆਪਣੀਆਂ ਫਸਲਾਂ ਨੂੰ ਪੁੱਤਾਂ ਵਾਂਗ ਸੰਭਾਲਦਾ ਅਤੇ ਉਨ੍ਹਾਂ ਨੂੰ ਮਣਾਂ-ਮੂੰਹੀ ਪਿਆਰ ਕਰਦਾ ਸੀ | ਹਰਬੰਸ ਕੌਰ ਨੇ ਤਿੰਨ ਚਾਰ ਪਸ਼ੂ ਰੱਖੇ ਸਨ, ਉਹ ਨਿੱਤ ਸਾਝਰੇ ਉਠਦੀ ਅਤੇ ਫਿਰ ਸ਼ਾਮ ਤੱਕ ਚੱਲ ਸੋ ਚੱਲ, ਆਪਣੇ ਪਸ਼ੂਆਂ ਦੀ ਟਹਿਲ ਸੇਵਾ ਖੁਦ ਕਰਦੀ, ਹਰ ਛੇ ਮਹੀਨਿਆਂ ਬਾਅਦ ਇਕ ਸੂਈ ਮੱਝ ਵੇਚ ਦਿੰਦੀ | ਗਰਮੀ ਵਿਚ ਵੀ ਦੁੱਧ ਨਾ ਮੁੱਕਣ ਦਿੰਦੀ | ਇੰਨਾ ਲਵੇਰਾ ਤਾਂ ਪਿੰਡ ਵਿਚ ਕਹਿੰਦੇ ਕਹਾਉਂਦਿਆਂ ਦੇ ਨਹੀਂ ਸੀ | ਇਸ ਤਰ੍ਹਾਂ ਅਗਲੇ ਚਾਰ ਪੰਜ ਸਾਲਾਂ ਵਿਚ ਉਨ੍ਹਾਂ ਨੇ ਕਾਫ਼ੀ ਰਕਮ ਜੋੜ ਲਈ ਅਤੇ ਕੁਝ ਹਰਬੰਸ ਕੌਰ ਨੇ ਆਪਣਾ ਗਹਿਣਾ-ਗੱਟਾ ਵੇਚ ਦਿੱਤਾ, ਇਸ ਰਕਮ ਨਾਲ ਕਰਤਾਰ ਸਿੰਘ ਨੇ ਨਾਲ ਲਗਦੀ ਤਿੰਨ ਕਿੱਲੇ ਜ਼ਮੀਨ ਹੋਰ ਖਰੀਦ ਲਈ | ਉਹਦਾ ਕੰਮ ਸਾਰੇ ਪਿੰਡ 'ਚੋਂ ਚੰਗਾ ਚੱਲ ਪਿਆ | ਹੱਠੀ-ਭੱਠੀ ਉਹਦੀ ਕਮਾਈ ਦੀਆਂ ਹੀ ਗੱਲਾਂ ਹੁੰਦੀਆਂ |
ਵੱਡੇ ਮੁੰਡੇ ਗੁਰਜੀਤ ਸਿੰਘ ਨੇ ਜਦੋਂ ਦਸਵੀਂ ਪਾਸ ਕਰਨ ਤੋਂ ਬਾਅਦ ਅੱਗੇ ਪੜ੍ਹਨ ਤੋਂ ਨਾਂਹ ਕਰ ਦਿੱਤੀ ਤਾਂ ਕਰਤਾਰ ਸਿੰਘ ਨੇ ਉਸ ਨੂੰ ਆਪਣੇ ਨਾਲ ਖੇਤੀ ਦੇ ਕੰਮ 'ਤੇ ਹੀ ਲਾ ਲਿਆ, ਉਂਜ ਵੀ ਉਹਨੂੰ ਬੰਦੇ ਦੀ ਲੋੜ ਸੀ, ਉਹ ਸੋਚਦਾ ਸੀ ਬਈ ਹਿਸਾਬ-ਕਿਤਾਬ ਕਰਨ ਜੋਗਾ ਹੋ ਗਿਆ, ਬਾਹਲੇ ਪੜਿ੍ਹਆਂ ਨੂੰ ਕਿਹੜਾ ਕੋਈ ਨੌਕਰੀ ਮਿਲਦੀ ਏ, ਨਾਲੇ ਕੱਲ੍ਹ ਨੂੰ ਵੀ ਇਹੀ ਕਹੀ ਕੁਹਾੜਾ ਕਰਨੈ ਫਿਰ ਅੱਜ ਤੋਂ ਹੀ ਕਿਉਂ ਨਾ ਕਰਲੇ | ਖੁਦ ਤਾਂ ਉਹ ਜਮ੍ਹਾਂ ਈ ਦੇਸੀ ਬੰਦਾ ਸੀ ਅਤੇ ਸਾਰੀ ਉਮਰ ਊਠ ਦਾ ਹੀ ਹਲ ਵਾਹੁੰਦਾ ਰਿਹਾ ਸੀ ਪਰ ਹੁਣ ਮੁੰਡੇ ਨੂੰ ਉਹਨੇ ਟਰੈਕਟਰ ਅਤੇ ਉਹਦਾ ਸਾਰਾ ਸੰਦ-ਪੈੜਾ ਵੀ ਲੈ ਦਿੱਤਾ |
ਚੰਗਾ ਕੰਮ ਦੇਖ ਕੇ ਅਤੇ ਮੁੰਡੇ ਦੀ ਸ਼ਕਲ ਸੂਰਤ ਦੇਖ ਕੇ ਸਾਕਾਂ ਵਾਲੇ ਨਿੱਤ ਗੇੜੇ ਮਾਰਦੇ ਸਨ | ਦੋਨੇਂ ਜੀਅ ਇਹੀ ਸੋਚਦੇ ਸਨ ਕਿ ਮੁੰਡਾ ਜ਼ਰਾ ਕੁ ਹੋਰ ਸਿਆਣਾ ਹੋ ਜਾਵੇ ਤਾਂ ਹੀ ਇਹਦਾ ਵਿਆਹ ਕਰਾਂਗੇ ਪਰ ਸੰਜੋਗ ਜ਼ੋਰਾਵਰ ਨਿਕਲੇ, ਹਾਲੇ ਵੀਹ ਸਾਲ ਮਸਾਂ ਪੂਰੇ ਹੀ ਹੋਏ ਸਨ ਕਿ ਇਕ ਥਾਂ ਗੁਰਜੀਤ ਦਾ ਰਿਸ਼ਤਾ ਪੱਕਾ ਹੋ ਗਿਆ ਅਤੇ ਫਿਰ ਅਗਲੇ ਦੋ ਮਹੀਨਿਆਂ ਵਿਚ ਨਵੀਂ ਵਹੁਟੀ ਘਰ ਆ ਗਈ | ਘਰ ਮਿਡਲ ਕਲਾਸ ਸੀ ਪਰ ਕੁੜੀ ਸਿਆਣੀ ਲਗਦੀ ਸੀ | ਵਿਹੜੇ ਵਿਚ ਹੁੰਦੀ ਨਵੀਂ ਵਹੁਟੀ ਛਿੰਦਰ ਦੀ ਛਣਕ ਛਣਕ ਨਾਲ ਬੰਸੋ ਦੀ ਰੂਹ ਨਸ਼ਿਆ ਜਾਂਦੀ ਸੀ, ਉਹਦੇ ਆਉਣ ਨਾਲ ਬੰਸੋ ਦਾ ਚੁੱਲ੍ਹੇ ਚੌਕੇ ਦਾ ਕੰਮ ਕਾਫ਼ੀ ਘਟ ਗਿਆ ਸੀ | ਸਾਲ ਬਾਅਦ ਛਿੰਦਰ ਨੂੰ ਰੱਬ ਨੇ ਪੁੱਤ ਦੀ ਦਾਤ ਬਖਸ਼ ਦਿੱਤੀ ਅਤੇ ਕਰਤਾਰ ਸਿੰਘ ਦਾਦਾ ਬਣ ਗਿਆ | ਛੋਟਾ ਮੁੰਡਾ ਹਰਜੀਤ ਨੌਵੀਂ 'ਚੋਂ ਨਹੀਂ ਟੱਪਿਆ, ਕਰਤਾਰ ਸਿੰਘ ਨੇ ਬਥੇਰਾ ਸਮਝਾਇਆ ਬਈ ਦਸਵੀਂ ਤਾਂ ਪਾਸ ਕਰ ਲੈ, ਅੱਗੇ ਦੇਖੀ ਜਾਊ ਪਰ ਉਹ ਨੌਵੀਂ 'ਚ ਹੀ ਦੋ ਵਾਰ ਬਰੇਕਾਂ ਮਾਰ ਗਿਆ, ਪੜ੍ਹਾਈ ਤੋਂ ਹਟਣ ਦਾ ਇਕ ਕਾਰਨ ਕੁਝ ਹੱਦ ਤੱਕ ਉਹਨੂੰ ਟਰੈਕਟਰ ਚਲਾਉਣ ਦਾ ਝੱਸ ਵੀ ਸੀ, ਇਸੇ ਕਰਕੇ ਜਦੋਂ ਕਰਤਾਰ ਸਿੰਘ ਨੇ ਉਸ ਨੂੰ ਵੀ ਖੇਤੀ ਦੇ ਕੰਮ ਵਿਚ ਅੜਾ ਲਿਆ ਤਾਂ ਉਹ ਹੋਰਨਾਂ ਕੰਮਾਂ ਦੀ ਬਜਾਇ ਟਰੈਕਟਰ ਵਾਹੁਣ ਵਿਚ ਹੀ ਜ਼ਿਆਦਾ ਦਿਲਚਸਪੀ ਲੈਂਦਾ ਸੀ | ਜਦੋਂ ਉਹ ਇੱਕੀ ਸਾਲ ਨੂੰ ਢੁੱਕਿਆ ਤਾਂ ਉਸ ਦੀ ਵੀ ਸ਼ਾਦੀ ਕਰ ਕੇ ਕਰਤਾਰ ਸਿੰਘ ਇਸ ਪਾਸਿਉਂ ਇਕ ਤਰ੍ਹਾਂ ਨਾਲ ਸੁਰਖੁਰੂ ਹੋ ਗਿਆ |
ਇਕ ਸਾਲ ਤੱਕ ਤਾਂ ਦੋਵੇਂ ਨੂੰ ਹਾਂ ਦੀ ਚੰਗੀ ਬਣਦੀ ਰਹੀ ਅਤੇ ਘਰ ਦਾ ਮਾਹੌਲ ਸਾਵਾਂ ਰਿਹਾ, ਪਰ ਉਸ ਤੋਂ ਬਾਅਦ ਕੰਮ ਕਰਨ ਅਤੇ ਖ਼ਰਚ ਦੇ ਮਾਮਲੇ ਵਿਚ ਉਨ੍ਹਾਂ ਵਿਚ ਘੁਸਰ-ਮੁਸਰ ਹੋਣ ਲੱਗ ਪਈ ਅਤੇ ਆਹਿਸਤਾ-ਆਹਿਸਤਾ ਅਖ਼ੀਰ ਨੂੰ ਗੱਲ ਅੱਡ ਹੋਣ ਤੱਕ ਪਹੁੰਚ ਗਈ, ਇਸੇ ਮਸਲੇ ਦੇ ਹੱਲ ਵਾਸਤੇ ਅੱਜ ਕਰਤਾਰ ਸਿੰਘ ਆਪਣੇ ਮਿੱਤਰ ਨਾਜਰ ਸਿੰਘ ਕੋਲ ਆਇਆ ਸੀ ਜੀਹਦੇ ਨਾਲ ਉਹ ਅਕਸਰ ਹੀ ਆਪਣੀ ਹਰ ਗੱਲ ਸਾਂਝੀ ਕਰਦਾ ਸੀ |
ਨਾਜਰ ਸਿੰਘ ਦੀ ਗੱਲ ਮੰਨ ਕੇ ਕਰਤਾਰ ਸਿੰਘ ਉਸੇ ਵੇਲੇ ਕਰਨੈਲ ਸਿੰਘ ਫ਼ੌਜੀ ਦੇ ਘਰ ਵੱਲ ਨੂੰ ਹੋ ਤੁਰਿਆ | ਘਰ ਨਾ ਹੋ ਕੇ ਉਹ ਉਸ ਵੇਲੇ ਆਪਣੇ ਨਿਆਈਾ ਵਾਲੇ ਖੇਤ ਵਿਚ ਗੇੜਾ ਮਾਰਨ ਗਿਆ ਸੀ | ਕਰਤਾਰ ਸਿੰਘ ਨੇ ਸੋਚਿਆ ਬਈ ਇਹ ਤਾਂ ਹੋਰ ਵੀ ਚੰਗਾ ਹੈ, ਮੈਂ ਉੱਥੇ ਨਿਆਈਾ 'ਚ ਹੀ ਜਾਨੈ, ਉੱਥੇ ਤਾਂ ਗੱਲ ਖੁੱਲ੍ਹ ਕੇ ਹੋ ਜੂ ਗੀ |
ਫ਼ੌਜੀ ਕਰਨੈਲ ਸਿੰਘ ਨੇ ਉਸ ਨੂੰ ਦੇਖਣ ਸਾਰ ਦੂਰੋਂ ਹੀ ਪੁੱਛ ਲਿਆ, 'ਆ ਬਈ ਕਰਤਾਰ ਸਿਹਾਂ, ਅੱਜ ਕਿਵੇਂ ਟਾਈਮ ਕੱਢ ਲਿਆ ਮਿਲਣ ਦਾ, ਜਨਾਬ ਤਾਂ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਣਾ ਹੀ ਜਾਣਦੇ ਨੇ |' 'ਤੁਹਾਨੂੰ ਪਤਾ ਹੀ ਹੈ ਭਾਈ ਸਾਹਿਬ, ਬਿਨਾਂ ਕੰਮ ਤੋਂ ਕਬੀਲਦਾਰੀ 'ਚੋਂ ਕਿੱਥੇ ਨਿਕਲਿਆ ਜਾਂਦੈ |' ਕਰਨੈਲ ਸਿੰਘ ਨੇ ਉਹਦੇ ਨਾਲ ਹੱਥ ਮਿਲਾਉਂਦੇ ਹੋਏ ਕਿਹਾ |
ਪਿੰਡ ਦੇ ਨਾਲ ਹੀ ਇਸ ਨਿਆਈਾ ਵਾਲੇ ਖੇਤ ਵਿਚ ਕਰਨੈਲ ਸਿੰਘ ਨੇ ਫ਼ੌਜ ਤੋਂ ਸੇਵਾ-ਮੁਕਤ ਹੋਣ ਪਿੱਛੋਂ, ਫ਼ੌਜੀ ਕੋਟੇ 'ਚੋਂ ਇਕ ਟਿਊਬਵੈੱਲ ਕੁਨੈਕਸ਼ਨ ਲਵਾ ਲਿਆ ਸੀ, ਉੱਥੇ ਇਕ ਸੋਹਣਾ ਕਮਰਾ ਅਤੇ ਉਹਦੇ ਅੱਗੇ ਵਰਾਂਡਾ ਵੀ ਉਸਾਰ ਲਿਆ ਸੀ, ਇਕ ਮੰਜਾ ਅਤੇ ਚਾਰ ਕੁ ਕੁਰਸੀਆਂ ਵੀ ਰੱਖੀਆਂ ਹੋਈਆਂ ਸਨ | ਪਿੰਡ ਦੇ ਲੋਕ ਉਸ ਨੂੰ ਕਰਨੈਲ ਸਿੰਘ ਦੀ ਬਜਾਇ 'ਕਰਨੈਲ ਸਿੰਘ ਫ਼ੌਜੀ' ਜਾਂ ਸਿਰਫ਼ 'ਫ਼ੌਜੀ ਸਾਹਿਬ' ਕਹਿ ਕੇ ਬੁਲਾਉਂਦੇ ਸਨ | ਇਸ ਮੋਟਰ 'ਤੇ ਉਹ ਆਪਣੇ ਜੋਗੀ ਸਬਜ਼ੀ ਭਾਜੀ ਬੀਜ ਲੈਂਦਾ ਸੀ ਅਤੇ ਦਿਨ ਦਾ ਬਹੁਤਾ ਵਕਤ ਉਹ ਉੱਥੇ ਹੀ ਗੁਜ਼ਾਰਦਾ ਸੀ | ਉਹ ਇਕ ਸੱਚਾ-ਸੁੱਚਾ ਅਤੇ ਇਮਾਨਦਾਰ ਬੰਦਾ ਸੀ, ਮੂੰਹ 'ਤੇ ਖ਼ਰੀ ਗੱਲ ਕਰਦਾ ਸੀ | ਇਸੇ ਕਰਕੇ ਪਿੰਡ ਦੇ ਬਹੁਤੇ ਘਰੇਲੂ ਮਸਲੇ ਉਹ ਝੱਟ-ਪੱਟ ਨਿਬੇੜ ਦਿੰਦਾ ਸੀ | ਲੋਕ ਉਹਦੀ ਗੱਲ 'ਤੇ ਵਿਸ਼ਵਾਸ ਕਰਦੇ ਸਨ |
'ਹੋਰ ਸੁਣਾ ਫੇਰ ਕਿਵੇਂ ਆਉਣੇ ਹੋਏ ਕਰਤਾਰ ਸਿਆਂ?' ਇਕ ਕੁਰਸੀ 'ਤੇ ਬੈਠਣ ਦਾ ਇਸ਼ਾਰਾ ਕਰਦੇ ਹੋਏ ਫ਼ੌਜੀ ਸਾਹਿਬ ਨੇ ਪੁੱਛਿਆ | ਏਨਾ ਪੁੱਛਣ 'ਤੇ ਕਰਤਾਰ ਸਿੰਘ ਨੇ ਉਸ ਨੂੰ ਹੁਣ ਤੱਕ ਦੀ ਸਾਰੀ ਰਾਮ ਕਹਾਣੀ ਸੁਣਾ ਦਿੱਤੀ ਅਤੇ ਫਿਰ ਕਹਿਣ ਲੱਗਿਆ, ਤੈਨੂੰ ਤਾਂ ਪਤਾ ਹੀ ਹੈ, ਫ਼ੌਜੀ ਸਾਹਿਬ ਅਸੀਂ ਕਿੰਨੀ ਹੱਡ-ਭੰਨਵੀਂ ਮਿਹਨਤ ਕੀਤੀ ਹੈ, ਦੋਵਾਂ ਜੀਆਂ ਨੇ ਫੂਹੀ-ਫੂਹੀ ਕਰ ਕੇ ਮਸਾਂ ਘਰ ਬੰਨਿ੍ਹਐ | ਸੁਖ ਨਾਲ ਹੁਣ ਸਾਰਾ ਸੰਦ-ਪੈੜਾ ਕੋਲ ਐ, ਕਿਸੇ ਦੇ ਮੁਥਾਜ ਨ੍ਹੀਂ, ਹੁਣ ਤਾਂ ਸਾਡੇ ਸੁੱਖ ਭੋਗਣ ਦੇ ਦਿਨ ਆਏ ਆ, ਪਹਿਲਾਂ ਤਾਂ ਸਾਲਾ ਘੱਟਾ ਹੀ ਢੋਇਆ | ਹੁਣ ਆਹ ਨੂੰ ਹਾਂ ਅੱਡ ਹੋਣ 'ਤੇ ਬੀਚਰੀਆਂ ਬੈਠੀਆਂ, ਵੱਡੇ ਭਾਈ ਤੂੰ ਚੱਲ ਕੇ ਉਨ੍ਹਾਂ ਨੂੰ ਜ਼ਰਾ ਸਮਝਾ | '
ਇਹਦੇ ਵਿਚ ਤਾਂ ਕੋਈ ਸ਼ੱਕ ਨ੍ਹੀਂ, ਘਰ ਬੰਨ੍ਹਣ ਦੀ ਖ਼ਾਤਰ ਤੁਸੀਂ ਦੋਵੇਂ ਜੀਆਂ ਨੇ ਦਿਨ ਰਾਤ ਇਕ ਕਰ ਦਿੱਤਾ, ਲੋਕ ਥੋਡੀ ਸਰ-ਬੁਲੰਦੀ ਦੀਆਂ ਮਿਸਾਲਾਂ ਦਿੰਦੇ ਨੇ ਬਈ ਦੇਖੋ ਕਰਤਾਰ ਸਿੰਹੁ ਅਤੇ ਉਨ੍ਹਾਂ ਦੇ ਟੱਬਰ ਨੇ ਕਿੰਨੀ ਤਰੱਕੀ ਕੀਤੀ ਹੈ | ਪਿੰਡ ਦੇ ਚੰਗੇ-ਚੰਗੇ ਸਰਦਾਰ ਘਰ ਵੀ ਇਸ ਵਕਤ ਕਰਜ਼ੇ ਥੱਲੇ ਦੱਬੇ ਪਏ ਆ, ਪਟਵਾਰੀ ਦਸਦਾ ਸੀ ਬਈ ਸਾਰਿਆਂ ਦੀਆਂ ਜ਼ਮੀਨਾਂ 'ਤੇ ਲਾਲ ਸਿਆਹੀ ਫਿਰੀ ਪਈ ਆ, ਮੈਨੂੰ ਤੂੰ ਈਾ ਇਕ ਗੁਜ਼ਾਰੇ ਵਾਲਾ ਬੰਦਾ ਦਿਸਦਾ ਏਾ | ਕੋਈ ਗੱਲ ਨ੍ਹੀਂ, ਹੁਣ ਤਾਂ ਦਿਨ ਛਿਪਣ ਵਾਲਾ ਏ, ਮੈਂ ਕੱਲ੍ਹ ਨੂੰ ਸਵੇਰੇ-ਸਵੇਰੇ ਆਊਾਗਾ ਥੋਡੇ ਘਰੇ ਤੇ ਆਪਣੀ ਹਰ ਸੰਭਵ ਕੋਸ਼ਿਸ਼ ਕਰੂੰਗਾ, ਬਈ ਥੋਡਾ 'ਕੱਠ ਬਣਿਆ ਰਹੇ |' (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-1016, ਫੇਜ਼-3 ਭਾਗ-2, ਮਾਡਲ ਟਾਊਨ ਬਠਿੰਡਾ-151001.
ਮੋਬਾਈਲ : 96461-14221.


ਖ਼ਬਰ ਸ਼ੇਅਰ ਕਰੋ

ਆਸ ਤੇ ਨਿਰਾਸ਼ਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਬੀਤੇ ਤੋਂ ਸਿੱਖੋ, ਵਰਤਮਾਨ 'ਚ ਜੀਓ ਤੇ ਭਲਕ ਲਈ ਆਸਵੰਦ ਰਹੋ |
• ਭਾਵੇਂ ਸਭ ਕੁਝ ਮਾੜਾ ਹੋ ਰਿਹਾ ਹੋਵੇ, ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋਵੇ, ਆਪਣੇ ਵੀ ਪਰਾਏ ਹੋ ਜਾਣ ਤਾਂ ਫਿਰ ਵੀ ਆਸ ਨਾ ਛੱਡੋ ਕਿਉਂਕਿ ਆਸ ਵਿਚ ਇੰਨੀ ਸ਼ਕਤੀ ਹੈ ਕਿ ਇਹ ਹਰ ਗੁਆਚੀ ਹੋਈ ਚੀਜ਼ ਤੁਹਾਨੂੰ ਮੁੜ ਦਿਵਾ ਸਕਦੀ ਹੈ |
• ਉਨ੍ਹਾਂ ਲੋਕਾਂ ਦੀ ਆਸ ਕਦੇ ਨਾ ਟੁੱਟਣ ਦਿਓ, ਜਿਨ੍ਹਾਂ ਦੀ ਆਖਰੀ ਉਮੀਦ ਤੁਸੀਂ ਹੀ ਹੋ | ਹਰ ਆਏ ਮਹਿਮਾਨ ਨਾਲ ਇਸ ਤਰ੍ਹਾਂ ਵਰਤਾਓ ਕਰੋ ਕਿ ਉਹ ਫਿਰ ਵਾਪਸ ਆਉਣ ਦੀ ਆਸ ਨਾਲ ਜਾਵੇ |
• ਸਿੱਖਿਆ ਨਾਲ ਵਿਸ਼ਵਾਸ ਆਉਂਦਾ ਹੈ | ਵਿਸ਼ਵਾਸ ਨਾਲ ਆਸ ਆਉਂਦੀ ਹੈ ਅਤੇ ਆਸ ਨਾਲ ਸ਼ਾਂਤੀ ਆਉਂਦੀ ਹੈ |
• ਪੰਜਾਬੀ ਦਾ ਪ੍ਰਸਿੱਧ ਸ਼ਾਇਰ ਹਰਮਿੰਦਰ ਸਿੰਘ 'ਆਸ' ਬਾਰੇ ਇੰਜ ਲਿਖਦਾ ਹੈ:
ਮੱਲਾਂ ਮਾਰਨ ਨਾ ਕਦੇ, ਜਿਹੜੇ ਰਹਿਣ ਉਦਾਸ,
ਅੱਗੇ ਵਧਣਾ ਜੇ ਤੁਸੀਂ, ਮਰਨ ਨਾ ਦਿਓ ਆਸ |
• ਇਨਸਾਨ ਨੂੰ ਇਨਸਾਨ ਧੋਖਾ ਨਹੀਂ ਦਿੰਦਾ ਬਲਕਿ ਉਹ ਆਸਾਂ ਧੋਖਾ ਦੇ ਜਾਂਦੀਆਂ ਹਨ, ਜੋ ਉਹ ਦੂਸਰਿਆਂ 'ਤੇ ਰੱਖਦਾ ਹੈ |
• ਆਸ ਤੇ ਅਰਦਾਸ ਕਦੇ ਨਹੀਂ ਛੱਡੀਦੀ |
• ਆਸ ਨਾ ਹੁੰਦੀ ਤਾਂ ਇਹ ਦੁਨੀਆ ਨੀਰਸ ਅਤੇ ਬੋਝਲ ਹੁੰਦੀ | ਇਹ ਆਸ ਦਾ ਹੀ ਕਮਾਲ ਹੁੰਦਾ ਹੈ ਕਿ ਮਨੁੱਖ ਵੱਡੀਆਂ-ਵੱਡੀਆਂ ਮੁਸੀਬਤਾਂ ਨੂੰ ਹੱਸਦਾ ਹੋਇਆ ਝੱਲ ਲੈਂਦਾ ਹੈ | ਮਾਹਿਰਾਂ ਅਨੁਸਾਰ ਆਸ਼ਾਵਾਦੀ ਹੋਣਾ ਅਤੇ ਖੁਸ਼ ਰਹਿਣਾ ਬਿਮਾਰੀ ਦੇ ਹਮਲੇ ਦੀ ਸੰਭਾਵਨਾ ਨੂੰ ਘੱਟ ਕਰਨ ਦੀ ਸਭ ਤੋਂ ਸ਼ਕਤੀਸ਼ਾਲੀ ਦਵਾਈ ਹੈ | ਅਜਿਹਾ ਅਧਿਐਨ ਯੂਨੀਵਰਸਿਟੀ ਆਫ਼ ਟੈਕਸਾਸ ਮੈਡੀਕਲ ਬਰਾਂਚ ਦੇ ਮਾਹਿਰਾਂ ਨੇ ਕੀਤਾ ਹੈ |
• ਹੁਸੀਨ ਸੁਪਨਿਆਂ ਦੀ ਖੁੱਲ੍ਹੀ ਜ਼ਿੰਦਗੀ ਜਿਊਣ ਲਈ ਹਮੇਸ਼ਾ ਨਿਰਾਸ਼ਾ ਤੋਂ ਬਚੋ ਤੇ ਆਸ਼ਾਵਾਦੀ ਰਹੋ |
• ਜ਼ਿੰਦਗੀ ਨੂੰ ਸਾਵੀਂ ਪੱਧਰੀ ਜਿਊਣ ਲਈ ਹੌਸਲਾ, ਚੜ੍ਹਦੀਕਲਾ, ਸਹਿਜ ਜ਼ਰੂਰੀ ਹੈ ਪਰ ਆਸ਼ਾਵਾਦੀ ਹੋਣਾ ਵੀ ਬਹੁਤ ਜ਼ਰੂਰੀ ਹੈ |
• ਆਸ਼ਾਵਾਦ ਨੂੰ ਅਪਣਾਓ ਅਤੇ ਇਸ ਨੂੰ ਆਪਣੇ ਕੰਮ ਤੇ ਸਮਾਜਿਕ ਜੀਵਨ ਨਾਲ ਜੋੜੋ |
• ਨਿਰਾਸ਼ਾਵਾਦੀ ਵਿਚਾਰਧਾਰਾ ਇਨਸਾਨ ਨੂੰ ਅਸਫ਼ਲਤਾ ਵੱਲ ਭੇਜਦੀ ਹੈ | ਆਸ਼ਾਵਾਦੀ ਲੋਕ ਜ਼ਿੰਦਗੀ ਨਾਲ ਪਿਆਰ ਕਰਦੇ ਹਨ, ਇਸ ਲਈ ਹਮੇਸ਼ਾ ਸਾਕਾਰਾਤਮਕ ਸੋਚ ਅਪਣਾਓ, ਆਸ਼ਾਵਾਦੀ ਬਣੋ ਕਿਉਂਕਿ ਇਸ ਦੁਨੀਆ ਵਿਚ ਜੋ ਵੀ ਹੋਇਆ ਹੈ, ਆਸ ਨਾਲ ਹੀ ਹੋਇਆ ਹੈ |
• ਜ਼ਿੰਦਗੀ ਵਿਚ ਦੋ ਚੀਜ਼ਾਂ ਭਾਵ ਮੁਸਕਰਾਉਣਾ ਤੇ ਆਸ ਕਦੇ ਨਾ ਛੱਡਣਾ, ਇਹ ਹੀ ਜੀਵਨ ਹੈ | ਜਿਸ ਨੇ ਆਸ ਛੱਡ ਦਿੱਤੀ ਅਤੇ ਕਿਸਮਤ ਦੇ ਭਰੋਸੇ ਬੈਠ ਗਿਆ, ਸਮਝੋ ਉਸ ਦੀ ਕਿਸਮਤ ਵੀ ਉਸ ਦੇ ਨਾਲ ਹੀ ਬੈਠ ਗਈ |

-ਮੋਬਾਈਲ : 99155-63406.

ਪੁਲਾੜ ਤੇ ਪਕੌੜੇ

15 ਅਗਸਤ ਨੂੰ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਭਾਰਤ 2022 ਵਿਚ ਪੁਲਾੜ ਵਿਚ ਚੱਕਰ ਕੱਟਣ ਲਈ ਰਾਕਟ ਆਦਿ 'ਚ ਕਿਸੇ ਭਾਰਤੀ ਬੀਬੀ ਜਾਂ ਬੰਦੇ ਨੂੰ ਭੇਜੇਗਾ |
ਇਸੇ ਭਾਸ਼ਣ 'ਚ ਉਨ੍ਹਾਂ ਭਾਰਤ ਦੀਆਂ ਉਨ੍ਹਾਂ ਨੇਵੀ ਦੀਆਂ ਅਫ਼ਸਰ ਬੀਬੀਆਂ ਦੀ ਉਸਤਤ ਕੀਤੀ, ਜਿਨ੍ਹਾਂ ਨੇ 'ਤਾਰਨੀ' ਅਭਿਆਨ ਰਾਹੀਂ ਸੱਤ ਸਮੰੁਦਰ ਪਾਰ ਦੀ ਸੈਰ ਕਰ ਕੇ ਸੁਰੱਖਿਅਤ ਵਾਪਸ ਆ ਕੇ ਭਾਰਤ ਦਾ ਨਾਂਅ ਉੱਚਾ ਕੀਤਾ ਹੈ | ਉਨ੍ਹਾਂ ਮਾਊਾਟ ਐਵਰੈਸਟ ਸਰ ਕਰਨ ਵਾਲੀ ਕੁੜੀ ਦੀ ਵੀ ਉਸਤੁਤ ਕੀਤੀ ਹੈ ਤੇ ਮੁਸਲਮਾਨ ਔਰਤਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਤਿੰਨ ਤਲਾਕ ਵਿਰੁੱਧ ਕਾਨੂੰਨ ਬਣਾਉਣ ਵਾਲਾ ਬਿੱਲ ਪਾਸ ਕਰਵਾ ਕੇ ਹੀ ਰਹਿਣਗੇ ਤੇ ਉਨ੍ਹਾਂ ਨੂੰ ਇਸ ਨਰਕ 'ਚ ਕੱਟਣ ਵਾਲੇ ਅਜ਼ਾਬ ਤੋਂ ਨਿਜਾਤ ਦਿਵਾ ਕੇ ਹੀ ਰਹਿਣਗੇ |
ਉਨ੍ਹਾਂ ਫਿਰ ਦੁਹਰਾਇਆ, 'ਸਭ ਕਾ ਸਾਥ, ਸਭ ਕਾ ਵਿਕਾਸ', ਇਸ ਤੋਂ ਭਾਰਤ ਦੀਆਂ ਬੀਬੀਆਂ ਨੂੰ ਇਕ ਆਸ ਜਾਗੀ ਕਿ ਭਾਰਤ ਵਲੋਂ ਕੋਈ ਬੀਬੀ ਹੀ ਪੁਲਾੜ ਵਿਚ ਭੇਜੀ ਜਾਏਗੀ | ਉਹ ਖਾਸ ਪ੍ਰਸਿੱਧ ਬੀਬੀਆਂ ਜਿਹੜੀਆਂ ਇਸ ਸਮੇਂ 'ਨਾ ਮੋਦੀ', 'ਮੋਦੀ ਨਾ' ਉੱਚਰ ਕੇ ਉਨ੍ਹਾਂ ਨਾਲ ਚਿੜ੍ਹੀਆਂ ਹੋਈਆਂ ਹਨ, ਉਨ੍ਹਾਂ ਨੂੰ ਆਸ ਜਾਗੀ ਹੈ ਕਿ ਮੋਦੀ ਪਾਸਾ ਪਲਟਣ 'ਚ ਮਾਹਿਰ ਹਨ, ਉਹ ਕਿਸੇ ਰੁੱਸੀ ਬੀਬੀ ਨੂੰ ਖ਼ੁਸ਼ ਕਰਨ ਲਈ ਸ਼ਾਇਦ ਉਸੇ ਨੂੰ ਪੁਲਾੜ ਵਿਚ ਭੇਜਣਗੇ | ਪਹਿਲੀ ਆਸ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਹੋ ਸਕਦੀ ਹੈ | ਫਿਰ ਆਪਣੀ ਬਹੁਜਨ ਸਮਾਜ ਵਾਲੀ ਮਾਇਆਵਤੀ ਵੀ ਉਮੀਦਵਾਰ ਹੋ ਸਕਦੀ ਹੈ, ਕਾਂਗਰਸ 'ਚੋਂ ਤੇਜ਼-ਤਰਾਰ ਐਮ.ਪੀ. ਰੇਣੁਕਾ ਚੌਧਰੀ ਵੀ ਉਮੀਦ ਲਾ ਸਕਦੀ ਹੈ |
ਭਾਰਤੀ ਜਨਤਾ ਪਾਰਟੀ 'ਚੋਂ ਬੰਗਾਲ ਦੀ ਰੂਪਾ ਗਾਂਗੁਲੀ (ਮਮਤਾ ਨੂੰ ਟੱਕਰ ਦੇਣ ਵਾਲੀ) ਤੇ ਉਹਦੇ ਮੁਕਾਬਲੇ ਵਾਲੀ ਸਮਿ੍ਤੀ ਇਰਾਨੀ ਤੇ ਦਿੱਲੀ ਦੀ ਮੀਨਾਕਸ਼ੀ ਲੇਖੀ ਵੀ ਉਚਿਤ ਉਮੀਦਵਾਰ ਹੋ ਸਕਦੀਆਂ ਹਨ | ਪਰ ਕੀ ਪਤਾ ਆਖਰੀ ਵਕਤ ਕਿਸੇ ਹੋਰ ਦੀ ਕਿਸਮਤ ਹੀ ਜਾਗ ਪਏ |
ਮਰਦਾਂ ਵਿਚੋਂ ਸਭ ਤੋਂ ਉੱਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਨੰਬਰ ਹੋ ਸਕਦਾ ਹੈ ਕਿਉਂਕਿ ਹੁਣ ਤਾਂ ਉਨ੍ਹਾਂ ਨੇ ਇਕ ਸਰਪ੍ਰਾਈਜ਼ ਦਿੱਤਾ ਹੈ, ਪਾਰਲੀਮੈਂਟ 'ਚ ਮੋਦੀ ਨੂੰ ਅਚਾਨਕ ਜੱਫੀ ਪਾ ਕੇ... ਹੋ ਸਕਦਾ ਹੈ ਮੋਦੀ ਵੀ ਰਾਹੁਲ ਨੂੰ ਇਹ ਸਰਪ੍ਰਾਈਜ਼ ਦੇ ਦੇਣ | ਸਰਪ੍ਰਾਈਜ਼ ਦੇਣਾ ਮੋਦੀ ਦਾ ਸੁਭਾਅ ਹੈ | ਉਹ ਸੁਬਰਾਮਨੀਅਮ ਸੁਆਮੀ ਤੇ ਯੋਗੀ ਅਦਿਤਿਯਾ ਨਾਥ ਨੂੰ ਵੀ ਇਹ ਮਾਣ ਦੇ ਸਕਦੇ ਹਨ, ਹੋ ਸਕਦਾ ਹੈ ਐਨ ਆਖਰੀ ਮੌਕੇ 'ਤੇ ਸ਼ਤਰੂਘਨ ਸਿਨਹਾ ਦਾ ਨਾਂਅ ਵੀ ਲੈ ਦੇਣ | ਜੇਕਰ ਛੇਤੀ ਹੀ ਹੋਣ ਵਾਲੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ 'ਚ ਅਸੰਬਲੀ ਚੋਣਾਂ 'ਚ, ਭਾਜਪਾ ਦੇ ਮੁੜ ਜਿੱਤਣ ਦੀ ਕੋਈ ਕੁਦਰਤੀ ਰਹਿਮਤ ਹੋ ਗਈ ਤਾਂ ਹੋ ਸਕਦਾ ਹੈ ਅਮਿਤ ਸ਼ਾਹ ਨੂੰ ਵੀ ਪੁਲਾੜ ਘੰੁਮਣ ਦਾ ਇਹ ਮਾਣ ਪ੍ਰਾਪਤ ਹੋ ਜਾਏ | ਸਰਪ੍ਰਾਈਜ਼ 'ਚ ਸੋਨੀਆ ਦਾ ਦਾਮਾਦ ਵਾਡਰਾ ਤੇ ਅਮਿਤ ਸ਼ਾਹ ਦੇ ਸਪੁੱਤਰ ਦਾ ਨਾਂਅ ਵੀ ਹੋ ਸਕਦਾ ਹੈ, ਜਿਨ੍ਹਾਂ ਨੇ ਕਰਾਮਾਤ ਵਿਖਾਈ ਹੈ ਕਿ ਦਿਨਾਂ ਵਿਚ ਥੋੜ੍ਹੇ ਪੈਸੇ ਖਰਚ ਕੇ ਜਾਂ ਬਿਨਾਂ ਪੈਸੇ ਖਰਚਿਆਂ ਕਿੱਦਾਂ ਲੱਖਾਂਪਤੀ ਤੇ ਅਰਬਪਤੀ ਬਣ ਜਾਈਦਾ ਹੈ |
ਚਲੋ ਜੀ, 2022 ਅਜੇ ਬੜੀ ਦੂਰ ਹੈ, ਹੋਰ ਵੀ ਬੜੇ ਉਮੀਦਵਾਰ ਹਨ ਪਤਾ ਨਹੀਂ ਕਿਸ ਦੀ ਵਾਰੀ ਆਏਗੀ | ਪਰ ਸ਼ੁਕਰ ਹੈ ਇਸ ਵਾਰ ਮੋਦੀ ਨੇ ਪੁਲਾੜ 'ਚ ਭਾਰਤ ਦੀ ਪਲਾਂਘ ਚੁੱਕਣ ਵਾਲੀ ਗੱਲ ਕਹਿ ਕੇ, ਆਪਣੀ ਸ਼ੋਭਾ ਵਧਾ ਲਈ ਹੈ, ਕਿਤੇ ਬੇਕਾਰ ਨੌਜਵਾਨਾਂ ਨੂੰ ਪਕੌੜੇ ਤਲਣ ਦੀ ਸਲਾਹ ਨਹੀਂ ਦੁਹਰਾਈ |
ਪਰ ਮੈਂ ਹੈਰਾਨ ਹਾਂ ਕਿ ਸਾਡੇ ਭਾਰਤੀ ਲੋਕਾਂ 'ਚ ਪਕੌੜੇ, ਸਮੋਸੇ ਤਲਣ ਵਾਲਿਆਂ ਲਈ ਕਿੰਨੀ ਦੁਰਭਾਵਨਾ ਹੈ | ਭਲਾ ਮਿਹਨਤ ਕਰਨ ਵਿਚ ਕੀ ਹਰਜ ਹੈ?
ਮੈਂ ਦੱਸ ਦਿਆਂ ਕਿ ਅਮਰੀਕਾ ਦੇ ਕੁਝ ਪਿਛਲੇ ਰਾਸ਼ਟਰਪਤੀ, ਬਚਪਨ 'ਚ ਅਖ਼ਬਾਰਾਂ ਵੰਡਣ ਦਾ ਕੰਮ ਕਰਿਆ ਕਰਦੇ ਸਨ | ਅਮਰੀਕਨ ਲੋਕਾਂ ਨੇ ਕਦੇ ਵੀ ਉਨ੍ਹਾਂ ਦੀ ਇਸ ਕਿਰਤ ਨੂੰ ਛੋਟਾ ਨਹੀਂ ਸਮਝਿਆ ਤੇ ਕਿਸੇ ਨੇ ਵੀ ਉਨ੍ਹਾਂ ਦੀ ਇਸ ਕਿਰਤ ਨੂੰ ਹਾਸੋ ਹੀਣਾ ਜਾਣ ਕੇ ਨਿਗੂਣਾ ਨਹੀਂ ਸਮਝਿਆ, ਸਗੋਂ ਮਾਣ ਕੀਤਾ ਕਿ ਬਚਪਨ 'ਚ ਮਿਹਨਤ ਕਰਨ ਵਾਲੇ ਇਹ ਸ਼ਖ਼ਸ ਦੇਸ਼ ਦੇ ਰਾਸ਼ਟਰਪਤੀ ਅਹੁਦੇ ਤੱਕ ਪਹੁੰਚੇ |
ਆਪਣੇ ਦੇਸ਼ 'ਚ, ਪਹਿਲੀ ਵਾਰ ਬਚਪਨ 'ਚ ਚਾਹ ਵੇਚਣ ਵਾਲਾ ਉਹ ਵੀ ਰੇਲਵੇ ਸਟੇਸ਼ਨ 'ਤੇ, ਜਦ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਪ੍ਰਤੀ ਕਿੰਨੀਆਂ ਨੀਵੀਆਂ ਤੇ ਹਾਸੋਹੀਣੀਆਂ ਟਿੱਪਣੀਆਂ ਕੀਤੀਆਂ ਗਈਆਂ | ਕਾਂਗਰਸ ਦੇ ਆਪਣੇ-ਆਪ ਨੂੰ ਬਹੁਤ ਹੀ ਜ਼ਹੀਨ ਸਮਝਣ ਵਾਲੇ ਨੇਤਾ ਮਣੀਸ਼ੰਕਰ ਅਈਅਰ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਘਟੀਆ ਸ਼ਬਦ ਕਹੇ | ਮੈਂ ਬਹੁਤ ਸਾਲ ਪਹਿਲਾਂ ਹਿੰਦੀ ਦੇ ਪ੍ਰਸਿੱਧ ਮੈਗਜ਼ੀਨ 'ਸਰਿਤਾ' 'ਚ ਇਕ ਸੱਚੀ ਹੈਰਾਨਕੁੰਨ ਖ਼ਬਰ ਪੜ੍ਹੀ ਸੀ, ਜੋ ਮੈਨੂੰ ਤਾ-ਜ਼ਿੰਦਗੀ ਕਦੇ ਨਹੀਂ ਭੁੱਲੇਗੀ... 'ਹਿੰਦੁਸਤਾਨ 'ਚੋਂ ਸਾਡੇ ਕਾਲਜ ਵਿਦਿਆਰਥੀਆਂ ਦਾ ਇਕ ਜਥਾ ਆਪਣੇ ਪਿੰ੍ਰਸੀਪਲ ਦੇ ਨਾਲ ਅਮਰੀਕਾ ਦੀ ਇਕ ਯੂਨੀਵਰਸਿਟੀ ਦੇ ਦੌਰੇ 'ਤੇ ਗਿਆ | ਉਨ੍ਹਾਂ ਨੂੰ ਲੈਣ, ਸਵਾਗਤ ਹਿਤ, ਰੇਲਵੇ ਸਟੇਸ਼ਨ 'ਤੇ ਇਕ ਯੂਨੀਵਰਸਿਟੀ ਦਾ ਨੁਮਾਇੰਦਾ ਖੜ੍ਹਾ ਸੀ, ਬਿਲਕੁਲ ਸਾਦੇ ਕੱਪੜਿਆਂ 'ਚ ਸੀ | ਜਦੋਂ ਸਾਡੇ ਵਿਦਿਆਰਥੀ ਪਿੰ੍ਰਸੀਪਲ ਦੀ ਅਗਵਾਈ 'ਚ, ਰੇਲ ਗੱਡੀ ਦੇ ਆਪਣੇ ਡੱਬੇ 'ਚੋਂ ਬਾਹਰ ਨਿਕਲੇ ਤਾਂ ਉਸ ਸ਼ਖ਼ਸ ਨੇ ਉਨ੍ਹਾਂ ਦਾ ਸਵਾਗਤ ਹੱਥ ਮਿਲਾ ਕੇ ਹੀ ਨਹੀਂ ਕੀਤਾ ਸਗੋਂ ਪਿੰ੍ਰਸੀਪਲ ਦਾ ਸੂਟਕੇਸ ਆਪ ਚੁੱਕ ਲਿਆ, ਦੂਜੇ ਵਿਦਿਆਰਥੀ ਦੇ ਸਾਮਾਨ ਵੀ ਝੱਟ ਉਸ ਸ਼ਖ਼ਸ ਦੇ ਨਾਲ ਆਏ, ਦੂਜੇ ਲੋਕਾਂ ਨੇ ਚੁੱਕ ਲਿਆ | ਪਤਾ ਲੱਗਾ ਕਿ ਉਨ੍ਹਾਂ ਦਾ ਸਵਾਗਤ ਕਰਨ ਵਾਲੇ ਤੇ ਸਾਮਾਨ ਚੁੱਕਣ ਵਾਲੇ ਉਸ ਯੂਨੀਵਰਸਿਟੀ ਦੇ ਚਾਂਸਲਰ (ਕੁਲਪਤੀ) ਸਨ ਤੇ ਬਾਕੀ ਦੇ ਉਨ੍ਹਾਂ ਦੇ ਪ੍ਰੋਫੈਸਰ | ਉਥੇ ਕਿਸੇ ਨੂੰ ਕਿਸੇ ਕੁਲੀ ਦੀ ਉਡੀਕ ਨਹੀਂ ਕਰਨੀ ਪਈ |
ਐਨੀ ਵੱਡੀ ਹਸਤੀ ਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਐਨੀ ਨਿਮਰਤਾ ਵੇਖ ਕੇ ਸਾਡੇ ਭਾਰਤੀ ਨੁਮਾਇੰਦਿਆਂ ਦੀ ਹਾਲਤ ਖਰਾਬ ਹੋ ਗਈ, ਕਿਉਂਕਿ ਸਾਡੇ ਭਾਰਤ ਵਿਚ ਤਾਂ 'ਸਸਤੀ' ਤਾਂ ਬਹੁਤ ਵੱਡੀ ਹਸਤੀ ਹੁੰਦੀ ਹੈ, ਆਪਣਾ ਸਾਮਾਨ ਆਪ ਚੁੱਕਣ, ਹੋ ਹੀ ਨਹੀਂ ਸਕਦਾ | ਉਹ ਇਸ ਹੀਣ-ਭਾਵਨਾ ਦੇ ਸ਼ਿਕਾਰ ਹਨ | ਹਸਤੀ, ਅਹੁਦੇ ਨਾਲ ਬਣਦੀ ਹੈ, ਏਥੇ ਤਾਂ ਅਹੁਦੇ ਸਾਹਮਣੇ ਸਭ ਝੁਕਦੇ ਹਨ | ਮਾਨਤਾ ਹੈ ਕਿ ਹਰ ਛੋਟਾ ਝੁਕਦਾ ਹੈ, ਝੁਕਾਉਣ ਵਾਲਾ ਚਾਹੀਦਾ ਹੈ |
ਅਮਰੀਕਾ ਦੇ ਪ੍ਰਸਿੱਧ ਰਾਸ਼ਟਰਪਤੀ ਅਬਰਾਹਮ ਲਿੰਕਨ ਬੜੀ ਹਲੀਮੀ ਵਾਲੀ ਸ਼ਖ਼ਸੀਅਤ ਸਨ | ਉਹ ਹਰ ਰੋਜ਼ ਘਰ ਜਾਣ ਤੋਂ ਪਹਿਲਾਂ ਆਪਣੀ ਆਈ ਹੋਈ ਡਾਕ ਨੂੰ , ਜਿਸ 'ਚੋਂ ਕੁਝ ਉਨ੍ਹਾਂ ਦੇ 'ਸੈਕਟਰੀ' ਬੇਕਾਰ ਜਾਣ ਕੇ ਕੁਝ ਚਿੱਠੀਆਂ ਵੇਸਟ ਪੇਪਰ ਬਾਸਕਟ 'ਚ ਸੁੱਟ ਦਿਆ ਕਰਦੇ ਸਨ, ਉਹ ਇਸ ਬਾਕਸ 'ਚੋਂ ਸਭ ਚਿੱਠੀਆਂ ਚੁੱਕ ਕੇ ਮੁੜ ਪੜਿ੍ਹਆ ਕਰਦੇ ਸਨ | ਇਕ ਚਿੱਠੀ ਇਕ ਸਕੂਲੀ ਬੱਚੇ ਦੀ ਸੀ, ਜਿਸ ਨੇ ਸੁਝਾਅ ਦਿੱਤਾ ਸੀ ਕਿ ਉਨ੍ਹਾਂ ਦਾ ਚਿਹਰਾ ਬਹੁਤ ਪਤਲਾ ਹੈ, ਇਸ ਲਈ ਉਹ ਦਾੜ੍ਹੀ ਰੱਖ ਲੈਣ ਤਾਂ ਜੋ ਉਨ੍ਹਾਂ ਦਾ ਚਿਹਰਾ ਅੱਛਾ ਲੱਗਣ ਲੱਗੇ | ਸੱਚਮੁੱਚ ਉਨ੍ਹਾਂ ਨੇ ਉਸੇ ਦਿਨ ਤੋਂ ਦਾੜ੍ਹੀ ਰੱਖਣੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੀ ਸ਼ਖ਼ਸੀਅਤ ਲੁਭਾਉਣੀ ਨਿਖਰ ਆਈ | ਬਾਰਿਸ਼ਾਂ ਦਾ ਮੌਸਮ ਹੈ ਇਹ, ਇਸ ਮੌਸਮ ਦੀ ਸਭ ਤੋਂ ਵੱਡੀ ਪਾਪੂਲਰ ਸ਼ੈਅ ਕੀ ਹੈ ਘਰਾਂ ਵਿਚ...?
ਗਰਮਾ ਗਰਮ ਚਾਹ ਤੇ ਗਰਮਾ ਗਰਮ ਪਕੌੜੇ |
ਇਸੇ ਨਾਲ ਸਵਾਗਤ ਕੀਤਾ ਜਾਂਦਾ ਹੈ ਆਏ-ਗਏ ਦਾ | ਆਏ ਗਏ ਨਾ ਵੀ ਹੋਣ ਤਾਂ ਵੀ ਅਕਸਰ ਸਭਨਾਂ ਲਈ ਗਰਮਾ-ਗਰਮ ਪਕੌੜੇ ਪਰੋਸੇ ਜਾਂਦੇ ਹਨ | ਅਕਸਰ ਘਰ ਦੀ ਸੁਆਣੀ ਹੀ ਪਕੌੜੇ ਤਲ ਕੇ ਲਿਆਉਂਦੀ ਹੈ | ਲੋਕੀਂ ਛਕ ਕੇ ਕਿੱਦਾਂ ਤਾਰੀਫ਼ ਕਰਦੇ ਹਨ | 'ਵਾਹ ਭਾਬੀ ਜੀ ਵਾਹ, ਪਕੌੜੇ ਤਲਣੇ ਤਾਂ ਕੋਈ ਤੁਹਾਡੇ ਤੋਂ ਸਿੱਖੇ |'
'ਚਾਹ ਤੇ ਪਕੌੜੇ ਤਾਂ ਭਾਬੀ ਜੀ ਦੇ ਹੱਥੀਂ ਬਣਾਏ ਹੋਏ ਹੀ ਖਾਣ ਦਾ ਮਜ਼ਾ ਹੈ',
'ਭਾਬੀ ਜੀ, ਐਨੇ ਸੁਆਦੀ ਪੌਕੜੇ ਨਾ ਖਵਾਇਆ ਕਰੋ, ਨਹੀਂ ਤਾਂ ਅਸੀਂ ਰੋਜ਼-ਰੋਜ਼ ਆ ਜਾਇਆ ਕਰਾਂਗੇ |' ਭਾਬੀ ਜੀ ਵੀ ਖੁਸ਼ੀ ਨਾਲ ਖੀਵੀ ਹੋਈ ਕਹਿੰਦੀ ਹੈ, ਜਮ ਜਮ ਆਓ, ਨਿੱਤ ਨਿੱਤ ਆਓ, ਤੁਹਾਡੇ ਨਾਲੋਂ ਪਕੌੜੇ ਚੰਗੇ ਨੇ?
ਚਾਹ-ਪਕੌੜੇ ਤੇ ਸਮੋਸੇ ਸਾਡੇ ਸੱਭਿਆਚਾਰ ਦਾ ਅਟੁੱਟ ਹਿੱਸਾ ਨੇ, ਕੋਈ ਪਾਰਟੀ ਐਸੀ ਨਹੀਂ, ਜਿਸ 'ਚ ਬਰਫੀ, ਪਕੌੜੇ ਤੇ ਸਮੋਸੇ ਮਹਿਮਾਨ-ਨਿਵਾਜ਼ੀ ਦਾ ਵਿਸ਼ੇਸ਼ ਹਿੱਸਾ ਨਾ ਬਣਨ |
ਐਥੇ ਮੰੁਬਈ ਤੇ ਮਹਾਰਾਸ਼ਟਰ ਵਿਚ ਹਰ ਖਾਸ-ਓ-ਆਮ ਦੀ ਪਸੰਦ ਹੈ, ਵੜਾ ਪਾਓ ਤੇ ਸਮੋਸਾ-ਵੜਾ, ਆਲੂਆਂ ਦਾ ਵੇਸਣ ਵਿਚ ਗੋਲ ਜਿਹਾ ਤਲਿਆ ਹਇਆ ਪਕੌੜਾ ਹੀ ਹੈ | ਦੂਜੀ ਪਸੰਦ ਲੋਕਾਂ ਦੀ ਆਲੂਆਂ ਦਾ ਪਕੌੜਾ ਤੇ ਪਿਆਜ਼ਾਂ ਦਾ ਤਲਿਆ ਪਕੌੜਾ ਪਾਓ ਹੈ | ਪਾਓ, ਬੇਕਰੀ ਦੇ ਛੋਟੇ ਆਕਾਰ ਦੇ ਬੰਦ ਵਰਗਾ ਹੁੰਦਾ ਹੈ |
ਪਕੌੜੇ ਆਲੂਆਂ ਦੇ, ਮੇਥੀ ਦੇ, ਪਾਲਕ ਦੇ, ਪਿਆਜ ਦੇ, ਗੋਭੀ ਦੇ, ਭਾਂਤ-ਭਾਂਤ ਤਰ੍ਹਾਂ ਦੇ ਬਣਦੇ ਹਨ |
ਕੱਲ੍ਹ ਮੈਂ ਘਰੋਂ ਨਿਕਲਿਆ, ਬਾਜ਼ਾਰ ਵਿਚ ਵੇਖਿਆ ਇਕ ਥਾਂ ਤੋਂ ਲੈ ਕੇ ਬਾਜ਼ਾਰ ਦੇ ਦੂਜੇ ਸਿਰੇ ਤੱਕ ਘੱਟੋ-ਘੱਟ ਵੀਹ ਸਟਾਲ ਪਕੌੜਿਆਂ ਦੇ ਸਨ, ਜਿਥੇ ਤਾਜ਼ੇ ਪਕੌੜੇ ਤਲੇ ਜਾ ਰਹੇ ਸਨ ਤੇ ਖਾਣ ਵਾਲੇ ਗਾਹਕਾਂ ਦੀਆਂ ਭੀੜਾਂ ਲੱਗੀਆਂ ਸਨ | ਪੰਜਾਬ 'ਚ ਵੀ ਵੇਖੋ, ਪਕੌੜੇ ਤਲਣ ਵਾਲੀਆਂ, ਹਲਵਾਈਆਂ ਦੀਆਂ ਦੁਕਾਨਾਂ ਤੇ ਰੇਹੜੀਆਂ ਦੀ ਕਿੰਨੀ ਗਿਣਤੀ ਹੈ, ਭਰਮਾਰ ਹੈ | ਹਜ਼ਾਰਾਂ, ਲੱਖਾਂ ਪਰਿਵਾਰਾਂ ਦਾ ਗੁਜ਼ਰ-ਬਸਰ, ਉਹ ਵੀ ਵਧੀਆ ਅਮੀਰਾਨਾ ਹੁੰਦਾ ਹੈ |
ਫਿਰ 'ਪਕੌੜੇ' ਤਲਣ 'ਚ ਸ਼ਰਮ ਕਾਹਦੀ? ਇਹ ਵੀ ਰੁਜ਼ਗਾਰ ਹੈ, ਇਸ ਕਰਮ ਲਈ ਡਿਗਰੀਆਂ ਵੀ ਨਹੀਂ ਚਾਹੀਦੀਆਂ, ਇਨ੍ਹਾਂ ਵਾਲੀ ਕਿਰਤ ਕਰਨ ਵਾਲਿਆਂ ਦਾ ਮਜ਼ਾਕ ਕਿਉਂ? ਕਿਰਤ ਕਰਨ 'ਚ ਸ਼ਰਮ ਨਹੀਂ ਹੋਣੀ ਚਾਹੀਦੀ, ਇਸ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਆਪਣੇ ਕੀਤੇ 'ਤੇ ਪਛਤਾਵਾ ਜ਼ਰੂਰ ਹੋਣਾ ਚਾਹੀਦਾ ਹੈ |

ਅਭੁੱਲ ਯਾਦ ਕੰਡਿਆਲੇ ਰਾਹ ਦਾ ਸਫ਼ਰ

ਸ਼ੇਖੂਪੁਰਾ ਦੇ ਰਾਮਗੜ੍ਹੀਆ ਮੁਹੱਲੇ ਵਿਚ ਰਾਮਗੜ੍ਹੀਆ ਭਵਨ ਵਿਖੇ ਮੈਂ ਅਤੇ ਮੇਰੀ ਢਾਈ ਕੁ ਸਾਲ ਦੀ ਭੈਣ ਦੋ ਦਿਨ ਹੀ ਰਹੇ ਸਾਂ ਕਿ ਸਾਨੂੰ ਮਿਲਟਰੀ ਦੇ ਨੌਜਵਾਨਾਂ ਨੇ ਆਪਣੇ ਟਰੱਕ 'ਚ ਬਿਠਾ ਲਿਆ | ਸਾਡੇ ਨਾਲ ਹੋਰ ਵੀ ਕਈ ਲੋਕ ਸਨ ਜੋ ਹਿੰਦੂ ਸਿੱਖ ਹੋਣ ਦੇ ਨਾਤੇ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਵੱਲ ਜਾ ਰਹੇ ਸਨ | ਇਨ੍ਹਾਂ ਵਿਚ ਬੱਚੇ, ਬੁੱਢੇ, ਜਵਾਨ ਬੰਦੇ ਅਤੇ ਛੋਟੀਆਂ ਬੱਚੀਆਂ ਅਤੇ ਹਰ ਉਮਰ ਦੀਆਂ ਇਸਤਰੀਆਂ ਸਨ | ਸਾਨੂੰ ਲਾਹੌਰ ਤੋਂ ਅਗਲੇ ਸਟੇਸ਼ਨ ਮੁਗਲ ਸਰਾਏ ਤੋਂ ਹਿੰਦੁਸਤਾਨ ਜਾਣ ਵਾਲੀ ਮਾਲ ਗੱਡੀ ਵਿਚ ਬਿਠਾ ਦਿੱਤਾ ਗਿਆ | ਇਸ ਮਾਲ ਗੱਡੀ ਨੂੰ ਪਾਕਿਸਤਾਨ ਦੇ ਡਰਾਈਵਰ ਚਲਾ ਰਹੇ ਸਨ | ਹਿੰਦੁਸਤਾਨ ਦੀ ਸਰਹੱਦ ਤੋਂ ਪਹਿਲਾਂ ਸਟੇਸ਼ਨ ਜੱਲੋ ਸੀ | ਉਸ ਸਟੇਸ਼ਨ ਤੋਂ ਪਹਿਲਾਂ ਗੱਡੀ ਰੋਕ ਲਈ ਗਈ ਅਤੇ ਡਰਾਈਵਰ ਗੱਡੀ ਦਾ ਹਾਰਨ ਜ਼ੋਰ-ਜ਼ੋਰ ਦੀ ਵਜਾਈ ਜਾਂਦਾ ਸੀ, ਤਾਂ ਕਿ ਲਾਗੇ ਦੇ ਪਿੰਡਾਂ ਦੇ ਲੋਕ ਆ ਕੇ ਗੱਡੀ ਵਿਚ ਬੈਠੇ ਹਿੰਦੂਆਂ ਅਤੇ ਸਿੱਖਾਂ ਨੂੰ ਲੁੱਟ ਲੈਣ ਅਤੇ ਇਨ੍ਹਾਂ ਨੂੰ ਮਾਰ ਦੇਣ | ਕੁੜੀਆਂ ਨੂੰ ਕੈਦ ਕਰਕੇ ਆਪਣੇ ਨਾਲ ਲੈ ਜਾਣ |
ਮਾਲ ਗੱਡੀ ਵਿਚ ਬੈਠੇ ਵੀ ਤਲਵਾਰਾਂ, ਡਾਂਗਾਂ ਲਈ ਬੈਠੇ ਸਨ | ਉਨ੍ਹਾਂ ਨੇ ਗੱਡੀ ਤੋਂ ਥੱਲੇ ਉੱਤਰ ਕੇ ਤਲਵਾਰਾਂ ਹਿਲਾ-ਹਿਲਾ ਕੇ ਲੁੱਟਣ ਲਈ ਆਏ ਲੋਕਾਂ ਨੂੰ ਏਨਾ ਡਰਾ ਦਿੱਤਾ ਕਿ ਪੂਰਾ ਅੱਧਾ ਘੰਟਾ ਉਨ੍ਹਾਂ ਦੀ ਗੱਡੀ ਲਾਗੇ ਆਉਣ ਦੀ ਹਿੰਮਤ ਨਹੀਂ ਹੋਈ | ਅਖੀਰ ਡਰਾਈਵਰ ਨੇ ਗੱਡੀ ਚਲਾ ਦਿੱਤੀ | ਬਾਰਡਰ ਪਾਰ ਹੁੰਦਿਆਂ ਹੀ ਮਾਲ ਗੱਡੀ ਵਿਚ ਬੈਠੇ ਬੰਦਿਆਂ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ | ਮਾਲ ਗੱਡੀ ਦੇ ਅੰਮਿ੍ਤਸਰ ਪੁੱਜਣ 'ਤੇ ਵੀ ਉੱਚੀ-ਉੱਚੀ ਜੈਕਾਰੇ ਗੰੂਜਦੇ ਰਹੇ | ਅੰਮਿ੍ਤਸਰ ਵਿਖੇ ਵੱਖ-ਵੱਖ ਸੰਸਥਾਵਾਂ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ | ਰਾਤ ਨੂੰ ਸੌਣ ਦਾ ਵੀ ਚੰਗਾ ਪ੍ਰਬੰਧ ਕੀਤਾ ਗਿਆ ਸੀ | ਥਾਂ-ਥਾਂ 'ਤੇ ਲਾਊਡ ਸਪੀਕਰਾਂ 'ਤੇ ਆਏ ਲੋਕਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ ਤਾਂ ਕਿ ਪਰਿਵਾਰਾਂ ਦੇ ਵਿਛੜੇ ਜੀਅ ਆਪਣੇ ਪਰਿਵਾਰ ਨੂੰ ਮਿਲ ਸਕਣ |

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਮਿੰਨੀ ਕਹਾਣੀ : ਜ਼ਮੀਰ

ਪਿੰਡ ਵਿਚ ਕਰਤਾਰ ਸਿੰਘ ਸਰਾਭੇ ਦਾ ਸ਼ਹੀਦੀ ਦਿਵਸ ਬੜੇ ਜੋਸ਼ੋ- ਖਰੋਸ਼ ਨਾਲ ਮਨਾਇਆ ਜਾ ਰਿਹਾ ਸੀ | ਉਪਕਾਰ ਸਿੰਘ ਵੀ ਕੁਦਰਤੀ ਵਿਦੇਸ਼ ਤੋਂ ਆਇਆ ਹੋਇਆ ਸੀ, ਜੋ ਕਿ ਇਲਾਕੇ ਦਾ ਚੋਟੀ ਦਾ ਬੁਲਾਰਾ ਸੀ | ਉਸ ਨੂੰ ਵੀ ਪ੍ਰਬੰਧਕਾਂ ਨੇ ਸੱਦਾ ਦਿੱਤਾ ਹੋਇਆ ਸੀ | ਉਸ ਦੇ ਆਉਣ 'ਤੇ ਸਟੇਜ ਸੈਕਟਰੀ ਨੇ ਉਸਦੀ ਭਰਪੂਰ ਪ੍ਰਸੰਸਾ ਕੀਤੀ | ਉਸ ਨੂੰ ਚੋਟੀ ਦਾ ਬੁਲਾਰਾ ਅਤੇ ਗਿਆਨ ਦਾ ਭੰਡਾਰਾ ਦੱਸਿਆ | ਕੁਝ ਸਮੇਂ ਬਾਅਦ ਸਟੇਜ ਸੈਕਟਰੀ ਨੇ ਉਪਕਾਰ ਸਿੰਘ ਨੂੰ ਸਨਿਮਰ ਬੇਨਤੀ ਕਰਦਿਆਂ ਹੋਇਆਂ ਸਟੇਜ ਤੇ ਬੁਲਾਇਆ ਅਤੇ ਆਪਣੇ ਵਿਚਾਰ ਪੇਸ਼ ਕਰਨ ਦੀ ਬੇਨਤੀ ਦੇ ਨਾਲ ਹੀ ਸਰੋਤਿਆਂ ਨੂੰ ਜ਼ੋਰਦਾਰ ਤਾੜੀਆਂ ਵਜਾ ਕੇ ਸਵਾਗਤ ਕਰਨ ਲਈ ਕਿਹਾ | ਉਪਕਾਰ ਸਿੰਘ ਸਟੇਜ 'ਤੇ ਆਇਆ, ਬੋਲਿਆ ਤਾਂ ਨਾਲ ਹੀ ਸਰੋਤਿਆਂ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ, 'ਅੱਜ ਇਹ ਨੂੰ ਕੀ ਹੋ ਗਿਆ? ਕੀ ਇਹਦੀ ਸਿਹਤ ਤਾਂ ਠੀਕ ਹੈ? ਅੱਜ ਪਹਿਲੀ ਵੇਰ ਇਹ ਐਨਾ ਕਿਲ੍ਹ-ਕਿਲ੍ਹ ਕੇ ਬੋਲਦਾ ਵੇਖਿਆ | ' ਸ਼ਾਮੀਂ ਉਸ ਦੇ ਦੋਸਤਾਂ-ਮਿੱਤਰਾਂ ਨੇ ਪੁੱਛ ਹੀ ਲਿਆ ਕਹਿੰਦੇ, 'ਉਪਕਾਰ ਸਿਓੁਾ ਅੱਜ ਪਹਿਲਾਂ ਵਾਲੀ ਗੱਲ ਨਹੀਂ ਬਣੀ ?' 'ਪਹਿਲਾਂ ਵਾਲੀ ਗੱਲ ਬਣਨੀ ਵੀ ਨਹੀਂ ਸੀ | ਮੈਂ ਸਾਰੀ ਉਮਰ ਤਾਂ ਸਰਾਭੇ ਵਰਗੇ ਦੇਸ਼ ਭਗਤਾਂ ਦੇ ਗੁਣ ਗਾਉਂਦਾ ਰਿਹਾ, ਕਿਵੇਂ ਉਨ੍ਹਾਂ ਨੇ ਹੱਸ-ਹੱਸ ਕੇ ਫਾਂਸੀਆਂ ਦੇ ਫੰਦੇ ਚੁੰਮ- ਚੁੰਮ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ | ਕਿਵੇਂ ਉਸ ਨੇ ਆਪਣੇ ਦੇਸ਼ ਲਈ ਅਮਰੀਕਾ ਜਿਹਾ ਸੋਹਣਾ ਮੁਲਕ ਠੁਕਰਾਇਆ | ਓਧਰ ਹੁਣ ਓਹਦੀ ਦੇਸ਼ ਭਗਤੀ ਵੇਖ ਲਵੋ ਤੇ ਏਧਰ ਸਾਡਾ ਦੇਸ਼ ਪ੍ਰੇਮ ਵੇਖ ਲਵੋ | ਗੋਰਿਆਂ ਨੂੰ ਦੇਸ਼ ਵਿਚੋਂ ਕੱਢਿਆ, ਜਿਨ੍ਹਾਂ ਸਾਨੂੰ ਗੁਲਾਮ ਬਣਾਇਆ ਹੋਇਆ ਸੀ ਅਤੇ ਸਾਡੇ ਦੇਸ਼ ਦਾ ਸਰਮਾਇਆ ਲੁੱਟ ਕੇ ਆਪਣੇ ਦੇਸ਼ ਲਿਜਾ ਰਹੇ ਸਨ | ਪਰ ਹੁਣ ਮੈਂ ਓਹੀ ਗੋਰਿਆਂ ਦੀ ਗੁਲਾਮੀ ਕਰ ਰਿਹਾ ਹਾਂ, ਉਹ ਵੀ ਲੱਖਾਂ ਰੁਪਏ ਲਾ ਕੇ ਉਨ੍ਹਾਂ ਦੇ ਦੇਸ਼ ਜਾ ਕੇ ਮੈਂ ਉਨ੍ਹਾਂ ਦੀ ਰਾਖੀ ਕਰ ਰਿਹਾ ਹਾਂ | ਭਾਵ ਸਕਿਉਰਟੀ ਗਾਰਡ ਲੱਗਾ ਹਾਂ | ਮੈਂ ਵੀ ਇਨਸਾਨ ਹਾਂ, ਮੇਰੇ ਵਿਚ ਵੀ ਜ਼ਮੀਰ ਹੈ | ਮੇਰੀ ਜ਼ਮੀਰ ਅੱਜ ਮੈਨੂੰ ਅੰਦਰੋਂ ਫਿੱਟ ਲਾਹਣਤਾਂ ਪਾ ਰਹੀ ਸੀ | ਮੈਂ ਕਾਹਦਾ ਬੋਲਣਾ ਸੀ, ਮੈਂ ਤਾਂ ਟਾਈਮ ਪਾਸ ਕੀਤਾ ਹੈ | ਹੁਣ ਕਿਹੜਾ ਫਾਂਸੀ ਦਾ ਫੰਦਾ ਚੁੰਮਣਾ ਸੀ ਜਾਂ ਕਾਲੇ ਪਾਣੀਆਂ ਦੀ ਕੈਦ ਹੋਣੀ ਸੀ ਜਾਂ ਜਾਇਦਾਦ ਕੁਰਕ ਹੋਣੀ ਸੀ ਸਿਰਫ ਤੇ ਸਿਰਫ ਸਮਾਜ ਸੇਵਾ ਹੀ ਸੀ | ਉਪਕਾਰ ਸਿੰਘ ਨੇ ਹਓਕਾ ਲੈਂਦਿਆਂ ਆਖਿਆ, 'ਮੇਰੀ ਬੇਟੀ ਦੇ ਬਾਹਰ ਜਾਣ ਦੀ ਜ਼ਿੱਦ ਨੇ ਮੈਨੂੰ ਵੀ ਬੇ-ਅਣਖਾ, ਬੇਗ਼ੈਰਤ ਅਤੇ ਮਰੀ ਜ਼ਮੀਰ ਵਾਲਾ ਇਨਸਾਨ ਬਣਾ ਦਿੱਤਾ ਹੈ | ਮੇਰੀ ਆਤਮਾ ਮੈਨੂੰ ਹਰ ਰੋਜ਼ ਕੋਸਦੀ ਰਹਿੰਦੀ ਹੈ, ਕਈ ਵੇਰ ਤਾਂ ਮੈਨੂੰ ਅਕਿ੍ਤਘਣ ਵੀ ਆਖ ਦਿੰਦੀ ਹੈ | ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ, ਧੰਨਵਾਦ' |

-ਗਿੱਲ ਨਗਰ ਗਲੀ ਨੰ^13. ਮੁੱਲਾਂਪੁਰ ਦਾਖ਼ਾ (ਲੁਧਿਆਣਾ) |

ਮਿੰਨੀ ਕਹਾਣੀ: ਇੱਜ਼ਤ

ਮਨਦੀਪ ਕਾਲਜ ਤੋਂ ਘਰ ਵੱਲ ਜਾ ਰਹੀ ਸੀ | ਅੱਜ ਉਸ ਦੀ ਸਹੇਲੀ ਆਪਣੀ ਮਾਸੀ ਦੀ ਧੀ ਦੇ ਵਿਆਹ 'ਤੇ ਗਈ ਹੋਈ ਸੀ | ਤਾਂ ਹੀ ਤਾਂ ਮਨਦੀਪ 'ਕੱਲੀ ਜਾ ਰਹੀ ਸੀ | ਉਹ ਘਰ ਵੱਲ ਆ ਰਹੀ ਸੀ | ਬਹੁਤ ਗਰਮੀ ਸੀ | ਰਸਤਾ ਸੁੰਨਸਾਨ ਸੀ |
ਮਨਦੀਪ ਨੂੰ ਇਵੇਂ ਮਹਿਸੂਸ ਹੋਇਆ ਕਿ ਉਸ ਦਾ ਪਿੱਛਾ ਕੋਈ ਕਰ ਰਿਹਾ ਹੈ | ਉਸ ਨੇ ਪਿੱਛੇ ਮੁੜ ਕੇ ਦੇਖਿਆ | ਦੋ ਲੜਕੇ ਗੰਦਾ ਜਿਹਾ ਗਾਣਾ ਗਾਉਂਦੇ ਆ ਰਹੇ ਸਨ | ਉਨ੍ਹਾਂ ਦੀਆਂ ਹਰਕਤਾਂ ਦੇਖ ਕੇ ਮਨਦੀਪ ਨੇ ਜਲਦੀ ਨਾਲ ਖਾਲੀ ਮੈਸਜ ਕਰ ਦਿੱਤਾ ਤੇ ਬੈਲ ਦੇ ਦਿੱਤੀ |
ਉਹ ਮੁੰਡੇ ਉਸ ਨਾਲ ਛੇੜਖਾਨੀ ਕਰਨ ਲੱਗੇ | ਉਸ ਨੇ ਇਕ-ਇਕ ਲੱਫੜ ਦੋਵਾਂ ਦੇ ਮਾਰਿਆ | ਮਨਦੀਪ ਨੇ ਪੈਰਾਂ ਤੇ ਹੱਥਾਂ ਨਾਲ ਮਾਰ-ਮਾਰ ਕੇ ਉਨ੍ਹਾਂ ਮੁੰਡਿਆਂ ਦਾ ਬੁਰਾ ਹਾਲ ਕਰ ਦਿੱਤਾ |
ਉਸ ਸਮੇਂ ਤੱਕ ਪੁਲਿਸ ਦੀ ਜੀਪ ਪਹੁੰਚ ਗਈ | ਦੋਵੇਂ ਭੱਜਣ ਲੱਗੇ | ਮਨਦੀਪ ਨੇ ਇਕ ਨੂੰ ਲੱਤ ਮਾਰ ਕੇ ਥੱਲੇ ਸੁੱਟ ਦਿੱਤਾ | ਉਸੇ ਸਮੇਂ ਥਾਣੇਦਾਰ ਨੇ ਕਿਹਾ 'ਸ਼ਾਬਾਸ਼ ਇਵੇਂ ਦੀਆਂ ਬਹਾਦਰ ਬੇਟੀਆਂ ਹੋਣੀਆਂ ਚਾਹੀਦੀਆਂ ਹਨ | ਵਾਹ ! ਵਾਹ! ਕਮਾਲ ਕਰ ਦਿੱਤੀ!'
ਅੰਕਲ ਜੀ! ਮੇਰੀ ਦਾਦੀ ਨੇ ਮੈਨੂੰ ਲੜਕਿਆਂ ਦੀ ਤਰ੍ਹਾਂ ਪਾਲਿਆ | ਉਨ੍ਹਾਂ ਮੈਨੂੰ ਦੁੱਧ ਮੱਖਣ ਨਾਲ ਤੇ ਪਿਆਰ ਨਾਲ ਪਾਲਿਆ ਹੈ | ਮੈਨੂੰ ਕਰਾਟਿਆਂ ਦੀ ਟ੍ਰੇਨਿੰਗ ਦਵਾਈ | ਮੈਂ ਕਾਲਜ ਦਾਖਲਾ ਲੈਣਾ ਸੀ | ਦਾਦੀ ਕਹਿਣ ਲੱਗੇ ਜ਼ਮਾਨਾ ਬਹੁਤ ਖਰਾਬ ਹੈ | ਉਨ੍ਹਾਂ ਨੇ ਸਾਰੀਆਂ ਗੱਲਾਂ ਸਮਝਾਈਆਂ | ਉਨ੍ਹਾ ਕਿਹਾ, 'ਜੇ ਕੋਈ ਤੈਨੂੰ ਬੇਵਜ੍ਹਾ ਤੰਗ ਕਰੇ ਤਾਂ ਉਸ ਨੂੰ ਸੋਧ ਦੇਵੀਂ |'
ਪੁਲਿਸ ਵਾਲੇ ਨੇ ਦੋਵਾਂ ਮੁੰਡਿਆ ਨੂੰ ਹੱਥਕੜੀ ਲਗਾ ਦਿੱਤੀ | ਪੁਲਿਸ ਵਾਲੇ ਨੇ ਕਿਹਾ 'ਤੇਰੇ ਵਰਗੀਆਂ ਬਹਾਦਰ ਲੜਕੀਆਂ ਸਵੈ-ਰੱਖਿਆ ਕਰ ਸਕਣ ਤਾਂ ਪੱਤ ਲੁੱਟਣ ਦੀਆਂ ਘਟਨਾਵਾਂ ਬਹੁਤ ਘੱਟ ਜਾਣਗੀਆਂ |'

-195, ਗਲੀ ਨੰਬਰ 4, ਆਜ਼ਾਦ ਨਗਰ, ਯਮਨਾ ਨਗਰ, ਹਰਿਆਣਾ-135001.
ਮੋਬਾਈਲ : 90507-56757.

ਹੱਥੋਂ ਤਿਲਕੀ ਟਰਾਫ਼ੀ ਦਾ ਵੈਰਾਗ

ਖੇਡਾਂ ਤੇ ਪੜ੍ਹਾਈ ਵਿਚ ਟਰਾਫ਼ੀਆਂ ਜਿੱਤਣ ਦੀ ਖੁਸ਼ੀ ਦਾ ਅੰਦਾਜ਼ਾ ਤਾਂ ਜਿੱਤਣ ਵਾਲੇ ਹੀ ਲਾ ਸਕਦੇ ਹਨ ਪ੍ਰੰਤੂ ਸਕੂਲ ਪੜ੍ਹਦਿਆਂ ਜਿੱਤੀਆਂ ਟਰਾਫੀਆਂ ਹੱਥਾਂ ਵਿਚੋਂ ਤਿਲਕ ਜਾਣ ਦੇ ਗ਼ਮ ਦਾ ਬੋਝ ਕਈ ਦਹਾਕਿਆਂ ਬਾਅਦ ਵੀ ਮਹਿਸੂਸ ਹੁੰਦਾ ਰਹਿੰਦਾ ਹੈ | ਸ਼ਾਇਦ ਉਦੋਂ ਮੈਂ ਸੱਤਵੀਂ ਜਮਾਤ ਵਿਚ ਪੜ੍ਹਦਾ ਸਾਂ ਜਦੋਂ ਸਕੂਲ ਦੀ ਖੋ-ਖੋ ਟੀਮ ਦਾ ਤੇਜ਼ਤਰਾਰ ਖਿਡਾਰੀ ਹੋਣ ਦੇ ਬਾਵਜੂਦ ਜੋਨ ਪੱਧਰੀ ਮੁਕਾਬਲਾ ਨਹੀਂ ਸੀ ਖੇਡ ਸਕਿਆ | ਮੰਡੀ ਅਹਿਮਦਗੜ੍ਹ ਦੇ ਗਾਂਧੀ ਸਕੂਲ ਵਿਚ ਸਕੂਲਾਂ ਦੀਆਂ ਜੋਨ ਪੱਧਰੀ ਖੇਡਾਂ ਹੋ ਰਹੀਆਂ ਸਨ | ਅਸੀਂ ਸਾਰੇ ਖਿਡਾਰੀ ਸਾਈਕਲਾਂ 'ਤੇ ਸਵੇਰੇ ਹੀ ਪਿੰਡ ਤੋਂ ਅਹਿਮਦਗੜ੍ਹ ਲਈ ਚੱਲ ਪਏ | ਮੇਰੇ ਕੋਲ ਸਾਈਕਲ ਨਾ ਹੋਣ ਕਰਕੇ ਮੈਨੂੰ ਦੂਜਾ ਸਾਥੀ ਖਿਡਾਰੀ ਸਾਈਕਲ ਚਲਾਉਣ ਦੀ ਸ਼ਰਤ 'ਤੇ ਨਾਲ ਲਿਜਾਣ ਲਈ ਰਾਜ਼ੀ ਹੋ ਗਿਆ | ਪਿੰਡ ਤੋਂ ਮੰਡੀ ਅਹਿਮਦਗੜ੍ਹ ਦਾ ਪੈਂਡਾ ਕਰੀਬ 18 ਕਿਲੋਮੀਟਰ ਸੀ | ਪਿੰਡੋਂ ਸਾਰੇ ਖਿਡਾਰੀਆਂ ਨੇ ਸਾਈਕਲਾਂ 'ਤੇ ਸਵੱਖਤੇ ਹੀ ਅਹਿਮਦਗੜ੍ਹ ਲਈ ਚਾਲੇ ਪਾ ਦਿੱਤੇ | ਇਕ ਦੂਜੇ ਨਾਲੋਂ ਅੱਗੇ ਨਿਕਲਣ ਦੀ ਦੌੜ ਵਿਚ ਸਾਈਕਲ ਪੂਰੇ ਜ਼ੋਰ ਨਾਲ ਚਲਾ ਰਹੇ ਸਨ | ਸਾਰੇ ਮੁੰਡਿਆਂ ਨੇ ਸਕੂਲ ਦੀ ਵਰਦੀ ਮੁਤਾਬਿਕ ਖਾਕੀ ਰੰਗ ਦੀਆਂ ਪੈਂਟਾਂ ਤੇ ਸਰਦਈ ਰੰਗ ਦੇ ਕਮੀਜ਼ਾਂ ਦੇ ਨਾਲ ਫੀਤਿਆਂ ਵਾਲੇ ਚਿੱਟੇ ਬੂਟ ਪਹਿਨੇ ਹੋਏ ਸਨ | ਪ੍ਰੰਤੂ ਮੇਰੇ ਪਜਾਮੇ-ਕਮੀਜ਼ ਨਾਲ ਪਾਈਆਂ ਚੱਪਲਾਂ ਦੀ ਮੇਖ ਲਾ ਕੇ ਅਟਕਾਈ ਟੁੱਟੀ ਹੋਈ ਬੱਧਰੀ ਸਾਈਕਲ ਚਲਾਉਂਦਿਆਂ ਬਾਰ-ਬਾਰ ਨਿਕਲ ਜਾਂਦੀ | ਅੱਕ ਕੇ ਮੈਂ ਚੱਪਲਾਂ ਲਾਹ ਕੇ ਹੱਥ ਵਿਚ ਫੜ ਲਈਆਂ ਤੇ ਵਾਹੋ ਦਾਹੀ ਸਾਈਕਲ ਭਜਾ ਕੇ ਦੂਜੇ ਮੁੰਡਿਆਂ ਦੇ ਬਰਾਬਰ ਜਾ ਪਹੁੰਚਿਆ | ਹਾਲੇ ਅਸੀਂ ਝੁਨੇਰ ਪਿੰਡ ਤੋਂ ਸੂਏ ਦੀ ਪਟੜੀ 'ਤੇ ਚੜ੍ਹੇ ਹੀ ਸੀ ਕਿ ਮੇਰਾ ਘਸਿਆ ਹੋਇਆ ਪਜਾਮਾ ਦੋਵੇਂ ਗੋਡਿਆਂ ਤੋਂ ਫਟ ਗਿਆ | ਸਾਈਕਲ ਰੋਕ ਕੇ ਪਜਾਮੇ ਨੂੰ ਮੂਹਰੀਆਂ ਤੋਂ ਗੋਡਿਆਂ ਤੱਕ ਇਕਠਾ ਜਿਹਾ ਕਰ ਕੇ ਮੈਂ ਫਿਰ ਚਾਲੇ ਪਾ ਦਿੱਤੇ | ਸਾਡੇ ਨਾਲ ਦੇ ਮੁੰਡੇ ਧਲੇਰ ਪਿੰਡ ਦਾ ਪੁਲ ਲੰਘ ਚੁੱਕੇ ਸਨ | ਸਾਥੀਆਂ ਨਾਲ ਰਲਣ ਦੀ ਕਾਹਲੀ ਵਿਚ ਮੈਂ ਜਿਉਂ ਹੀ ਸਾਈਕਲ ਨੂੰ ਭਜਾਉਣਾ ਸੁਰੂ ਕੀਤਾ ਤਾਂ ਮੇਰੀ ਘਸੀ ਹੋਈ ਕਮੀਜ਼ ਵੀ ਮੌਰਾਂ ਤੋਂ ਫਟ ਕੇ ਲੰਗਾਰ ਹੋ ਗਈ | ਘਰੇ ਅੰਤਾਂ ਦੀ ਗ਼ਰੀਬੀ ਹੋਣ ਕਰਕੇ ਉਨ੍ਹੀਂ ਦਿਨੀਂ ਹੇਠਾਂ ਨਿੱਕਰਾਂ ਬੁਨੈਣ ਵੀ ਪਾਉਣਾ ਵੱਸ ਦੀ ਗੱਲ ਨਹੀਂ ਸੀ | ਜ਼ੋਨ ਪੱਧਰ ਦੀਆਂ ਖੇਡਾਂ ਵਿਚ ਆਮ ਪੇਂਡੂ ਸਕੂਲਾਂ ਦੇ ਖਿਡਾਰੀ ਹੋਣ ਕਰਕੇ ਕਿਸੇ ਖਾਸ ਵਰਦੀ ਦੀ ਜਗ੍ਹਾ ਕੁੜਤੇ ਪਜਾਮੇ ਪਹਿਨ ਕੇ ਖੇਡਣ ਤੋਂ ਕੋਈ ਨਹੀਂ ਸੀ ਰੋਕਦਾ | ਪਰ ਮੇਰੇ ਲਈ ਅਜੀਬ ਸਥਿਤੀ ਪੈਦਾ ਹੋ ਗਈ | ਪਜਾਮਾ ਗੋਡਿਆਂ ਤੋਂ ਫਟ ਗਿਆ ਅਤੇ ਕਮੀਜ਼ ਪਿਛਿਓਾ ਲੰਗਾਰ ਹੋ ਗਿਆ | ਧਲੇਰ ਦੇ ਪੁਲ ਨੇੜੇ ਜਾ ਕੇ ਮੈਂ ਸਾਈਕਲ ਰੋਕ ਲਿਆ ਤੇ ਸਾਈਕਲ ਆਪਣੇ ਸਾਥੀ ਨੂੰ ਫੜਾ ਕੇ ਰਸਤੇ ਵਿਚੋਂ ਹੀ ਵਾਪਸ ਪਿੰਡ ਮੁੜਨ ਦਾ ਫੈਸਲਾ ਕਰ ਲਿਆ | ਕਮੀਜ਼ ਪਜਾਮਾ ਫਟ ਜਾਣ ਤੇ ਚੱਪਲਾਂ ਦੀ ਬੱਧਰੀ ਟੁੱਟ ਜਾਣ ਕਾਰਨ ਉਹ ਮੇਰੀ ਬੇਵਸੀ ਨੂੰ ਸਮਝ ਗਿਆ |
'ਵੀਰ ਬਣ ਕੇ ਨਾਲ ਦਿਆਂ ਨੂੰ ਆਹ ਕੁੱਛ ਨਾ ਦੱਸੀਂ, ਕਹਿ ਦੇਈਾ ਉਹਨੂੰ ਤਾਪ ਚੜ੍ਹ ਗਿਆ ਸੀ |' ਵਾਪਸ ਪਰਤਣ ਤੋਂ ਪਹਿਲਾਂ ਮੈਂ ਆਪਣੇ ਸਾਥੀ ਅੱਗੇ ਤਰਲਾ ਜਿਹਾ ਕੀਤਾ | ਮੈਨੂੰ ਡਰ ਸੀ ਕਿਤੇ ਦੂਜੇ ਮੁੰਡੇ ਸਕੂਲ ਪਰਤ ਕੇ ਰਸਤੇ ਵਿਚ ਮੇਰਾ ਪਜਾਮਾ ਕਮੀਜ਼ ਫਟਣ ਦਾ ਰੌਲਾ ਨਾ ਪਾ ਦੇਣ |
ਲੰਗਾਰ ਹੋਏ ਕਮੀਜ਼ ਪਜਾਮੇ ਨਾਲ ਗ਼ਰੀਬੀ ਦਾ ਬੋਝ ਚੁੱਕੀ ਮੈਂ ਰਸਤੇ ਵਿਚ ਰੱਬ ਨੂੰ ਕੋਸਦਾ ਭੁੱਖਣ-ਭਾਣਾ ਸੂਰਜ ਢਲਦੇ ਤੱਕ ਮਸਾਂ ਘਰ ਪਹੁੰਚਿਆ | ਪਜਾਮੇ ਕਮੀਜ਼ ਦੇ ਲੰਗਾਰ ਦੇਖ ਕੇ ਮਾਂ ਦਾ ਪਾਰਾ ਚੜ੍ਹ ਗਿਆ |
'ਤੈਨੂੰ ਕਿੰਨੀ ਬਾਰ ਕਿਹਾ ਬਈ ਖੇਡਣ ਨੂੰ ਰਹਿਣ ਦੇਹ, ਅੱਜ ਫੇਰ ਝੱਗਾ ਤੰਬੀ ਪਾੜ ਲਿਆਇਆ' | ਉਨ੍ਹੀ ਦਿਨੀਂ ਸਾਡੇ ਘਰਾਂ 'ਚ ਪਜਾਮੇ ਨੂੰ ਤੰਬੀ ਤੇ ਕਮੀਜ਼ ਨੂੰ ਝੱਗਾ ਕਿਹਾ ਜਾਂਦਾ ਸੀ | ਮੈਂ ਨਿਮੋਝੂਣੇ ਹੋਏ ਨੇ ਮਾਂ ਨੂੰ ਰਸਤੇ ਵਿਚ ਹੀ ਪਾਟ ਗਏ ਕੱਪੜਿਆਂ ਦੀ ਸਾਰੀ ਗੱਲ ਦੱਸੀ | ਮਾਂ ਨੇ ਲੰਬਾ ਹੌਕਾ ਭਰਦਿਆਂ ਐਤਕੀਂ ਮੂੰਗਫਲੀ ਚੁਗ ਕੇ ਨਵੇਂ ਕੱਪੜੇ ਸਿਲਾ ਦੇਣ ਦਾ ਹੌਸਲਾ ਦਿੱਤਾ ਅਤੇ ਸੂਈ ਨਾਲ ਝੱਗੇ ਤੰਬੀ ਦੇ ਲੰਗਾਰ ਸਿਉਂਣ ਲੱਗ ਗਈ | ਉੁੱਧਰ ਅਹਿਮਦਗੜ੍ਹ ਦੇ ਗਾਂਧੀ ਸਕੂਲ ਵਿਚ ਸਾਡੇ ਸਕੂਲ ਦੀ ਖੋ ਖੋ ਟੀਮ ਮੇਰੇ ਤੋਂ ਬਗੈਰ ਵੀ ਜ਼ੋਨ ਮੁਕਾਬਲਾ ਜਿੱਤ ਗਈ | ਅਗਲੇ ਦਿਨ ਸਵੇਰੇ ਦੀ ਸਭਾ ਵਿਚ ਮੁੱਖ ਅਧਿਆਪਕ ਨੇ ਜਿੱਤਣ ਵਾਲੀ ਟੀਮ ਦੇ ਸਾਰੇ ਖਿਡਾਰੀਆਂ ਨੂੰ ਸਟੇਜ 'ਤੇ ਬੁਲਾ ਕੇ ਸਾਬਾਸ਼ ਦਿੱਤੀ | ਜਦੋਂ ਸਾਰੇ ਸਕੂਲ ਦੇ ਸਾਹਮਣੇ ਜੇਤੂ ਟੀਮ ਦੇ ਖਿਡਾਰੀਆਂ ਨੇ ਬੱਠਲ ਜਿੱਡੀ ਦਾਖੀ ਰੰਗ ਦੀ ਟਰਾਫ਼ੀ ਮੁੱਖ ਅਧਿਆਪਕ ਨੂੰ ਫੜਾਈ ਤਾਂ ਸਾਰੇ ਵਿਦਿਆਰਥੀਆਂ ਨੇ ਤਾੜੀਆਂ ਵਜਾ ਕੇ ਸਵਾਗਤ ਕੀਤਾ | ਮੈਂ ਕਤਾਰ ਵਿਚ ਇਕ ਮੁੰਡੇ ਦੇ ਪਿੱਛੇ ਮੂੰਹ ਲਟਕਾਈ ਲੁਕ ਕੇ ਬੈਠਾ ਮਾਂ ਵਲੋਂ ਸੂਈ ਨਾਲ ਸਿਉਂਤੇ ਟਾਂਕਿਆਂ ਨੂੰ ਟੋਂਹਦਾ ਇਹੀ ਅਰਦਾਸ ਕਰਦਾ ਰਿਹਾ ਕਿ ਕਿਤੇ ਕੋਈ ਮਾਸਟਰ ਜਾਂ ਖਿਡਾਰੀ ਰਸਤੇ ਵਿਚ ਫਟ ਗਏ ਮੇਰੇ ਕਮੀਜ਼ ਪਜਾਮੇ ਦਾ ਪਾਜ ਸਾਰੇ ਸਕੂਲ ਦੇ ਸਾਹਮਣੇ ਨਾ ਉੱਧੇੜ ਦੇਵੇ | ਉਸ ਦਿਨ ਤੋਂ ਬਾਅਦ ਖੇਡਣ ਤੋਂ ਤੋਬਾ ਕਰ ਕੇ ਸਾਰਾ ਜ਼ੋਰ ਪੜ੍ਹਾਈ ਕਰਨ 'ਤੇ ਲਾ ਦਿੱਤਾ | ਸਾਰੀਆਂ ਜਮਾਤਾਂ ਵਿਚੋਂ ਫਸਟ ਆਉਂਦਾ ਰਿਹਾ | ਸਾਇੰਸ ਮਾਸਟਰ ਕਮਲਜੀਤ ਸਿੰਘ ਤੇ ਸਾਧੂ ਸਿੰਘ ਵਲੋਂ ਸਾਇੰਸ ਪ੍ਰਯੋਗਸ਼ਾਲਾ ਦੀ ਚਾਬੀ ਹੀ ਮੇਰੇ ਹਵਾਲੇ ਕਰ ਦਿੱਤੀ ਗਈ | ਅਗਲੇ ਦੋ ਸਾਲ ਮੇਰੇ ਬਣਾਏ ਸਾਇੰਸ ਮਾਡਲ ਜ਼ਿਲ੍ਹੇ ਵਿਚੋਂ ਫਸਟ ਆਉਂਦੇ ਰਹੇ ਅਤੇ ਬਠਿੰਡੇ ਤੇ ਹੁਸ਼ਿਆਰਪੁਰ ਦੇ ਰਾਜ ਪੱਧਰੀ ਸਾਇੰਸ ਮੇਲਿਆਂ 'ਚ ਸਾਡੇ ਮਾਡਲਾਂ ਦੀ ਪੂਰੀ ਧਾਕ ਰਹੀ | ਬਠਿੰਡੇ ਸਾਇੰਸ ਮੇਲੇ ਤੋਂ ਜਿੱਤੀ ਟਰਾਫੀ ਪਹਿਲੀ ਬਾਰ ਆਪਣੀ ਮਾਂ ਨੂੰ ਲਿਆ ਕੇ ਦਿਖਾਈ |
'ਭਲਾ ਇਹ ਕਿੰਨੇ ਕੁ ਦੀ ਵਿਕ ਜੂ?' ਮਾਂ ਨੇ ਲੱਕੜ ਦੀ ਟਰਾਫ਼ੀ ਨੂੰ ਹੱਥ 'ਚ ਫੜ ਕੇ ਤੋਲਦਿਆਂ ਜਿਹਾ ਪੁੱਛਿਆ |
'ਇਹ ਵੇਚਣ ਨੂੰ ਥੋੜ੍ਹਾ ਹੁੰਦੀ ਆ, ਇਹ ਤਾਂ ਘਰੇ ਸਜਾ ਕੇ ਰੱਖਣ ਨੂੰ ਇਨਾਮ 'ਚ ਦਿੰਦੇ ਨੇ |
ਮੇਰਾ ਜਵਾਬ ਸੁਣ ਕੇ ਮਾਂ ਨੇ ਫਿਰ ਲੰਬਾ ਹੌਕਾ ਭਰਿਆ, 'ਪੁੱਤ ਕਿੱਥੇ ਰੱਖੇਂਗਾ ਇਹ ਨੂੰ ? ਰੱਖਣ ਨੂੰ ਥਾਂ ਵੀ ਤਾਂ ਹੋਵੇ' | ਮਾਂ ਤੋਂ ਟਰਾਫ਼ੀ ਫੜ ਕੇ ਮੈਂ ਝੋਲੇ ਵਿਚ ਪਾ ਲਈ ਅਤੇ ਅਗਲੇ ਦਿਨ ਸਕੂਲ ਜਾ ਕੇ ਸਾਇੰਸ ਮਾਸਟਰ ਨੂੰ ਸੌਾਪ ਦਿੱਤੀ |

-ਪਿੰਡ ਕੁਠਾਲਾ , ਤਹਿਸੀਲ ਮਲੇਰਕੋਟਲਾ, ਜ਼ਿਲ੍ਹਾ ਸੰਗਰੂਰ ( ਪੰਜਾਬ )
ਮੋਬਾਈਲ : 98153-47904.

ਮਿੰਨੀ ਕਹਾਣੀਆਂ

ਬਲਾ
ਸਵੇਰ ਦਾ ਵੇਲਾ ਸੀ। ਹਰ ਰੋਜ਼ ਦੀ ਤਰ੍ਹਾਂ ਜਿਉਂ ਹੀ ਉਹ ਆਪਣੇ ਕੰਮ 'ਤੇ ਜਾ ਰਹੀ ਸੀ ਕਿ ਅਚਾਨਕ ਉਸ ਦੇ ਪਰਸ ਦੀ ਜੰਜ਼ੀਰ ਖਰਾਬ ਹੋ ਗਈ। ਉਸ ਨੇ ਸੋਚਿਆ ਕਿਉਂ ਨਾ ਮੈਂ ਆਪਣੀ ਮਕਾਨ ਮਾਲਕਣ ਤੋਂ ਮੰਗ ਲਵਾਂ। ਗੱਲ ਕੁਝ ਦੇਰ ਦੀ ਏ। ਔਰਤ ਤਾਂ ਭਲੀ ਜਾਪਦੀ ਏ। ਨਾਲੇ ਆਪਾਂ ਕਿਹੜਾ ਕਦੇ ਉਸ ਤੋਂ ਕੋਈ ਚੀਜ਼ ਮੰਗੀ ਏ। ਉਸ ਦੇ ਕਹਿਣ 'ਤੇ ਉਸ ਨੇ ਉਸ ਨੂੰ ਪਰਸ ਲਿਆ ਕੇ ਉਸ ਦੇ ਹੱਥ ਫੜਾ ਦਿੱਤਾ ਤੇ ਫਿਰ ਆਪਣੇ ਕਮਰੇ 'ਚ ਚਲੇ ਗਈ।
ਅਜੇ ਉਹ ਆਪਣੇ ਕੰਮ 'ਤੇ ਪਹੁੰਚੀ ਹੀ ਸੀ ਕਿ ਉਸ ਦੇ ਫੋਨ 'ਤੇ ਇਕ ਘੰਟੀ ਵੱਜੀ। ਧੀਏ, ਪਰਸ ਸਾਂਭ ਕੇ ਰੱਖੀਂ ਮੇਰੇ ਇਸ 'ਚ ਪੰਜ ਹਜ਼ਾਰ ਰੁਪਏ ਸਨ।
'ਅੱਛਾ! ਅੰਟੀ ਜੀ, ਮੈਨੂੰ ਪੂਰੀ ਤਰ੍ਹਾਂ ਨਾਲ ਯਾਦ ਐ, ਮੈਂ ਤੁਹਾਡੇ ਪਰਸ ਦੇ ਸਾਰੇ ਕਾਗਜ਼ਾਤ ਤੁਹਾਡੀ ਡਰੈਸਿੰਗ ਟੇਬਲ 'ਤੇ ਰੱਖ ਆਈ ਸਾਂ। ਉਸ 'ਤੇ ਕਿਤੇ ਇਧਰ-ਉਧਰ ਪਏ ਹੋਣਗੇ, ਮਿਲ ਜਾਣਗੇ ਧੀਰਜ ਰੱਖੋ।' ਕਹਿ ਆਪਣੇ ਸਿਰ ਤੋਂ ਬਿਨ ਬੁਲਾਈ ਬਲਾ ਟਾਲ ਦਿੱਤੀ।

ਪਕੜ
'ਤੂੰ ਖੜ੍ਹਾ-ਖੜ੍ਹਾ ਇਥੇ ਥੱਕ ਜਾਏਂਗਾ, ਪਰ ਤੈਨੂੰ ਕਿਸੇ ਨੇ ਨਹੀਂ ਪੁੱਛਣਾ।'
'ਕਿਉਂ ਨਹੀਂ ਪੁੱਛਣਾ?'
'ਉਹ ਆਪਣੀ ਕਿਸਮ ਦਾ ਇਕੋ-ਇਕ ਬੰਦਾ ਹੈ, ਕਿਸੇ ਦੀ ਨਹੀਂ ਸੁਣਦਾ, ਚਾਹੇ ਆਪਣਾ ਸਕਾ-ਸਬੰਧੀ ਕਿਉਂ ਨਾ ਹੋਵੇ।'
'ਫੇਰ ਕੀ ਹੋਇਆ। ਆਪਣੇ ਕੋਲ ਵੀ ਉਸ ਦੀ ਇਕੋ ਇਕ ਪਕੜ ਹੈ।'
'ਉਹ ਕਿਹੜੀ?'
'ਹੈ ਬੱਸ...'
'ਫਿਰ ਵੀ ਉਸਤਾਦ ਸਾਡੇ ਪਾਸੋਂ ਲੁਕੋ।'
'ਪਾਸੇ ਲਿਜਾ ਕੇ ਬੰਦਾ ਬਣਾਉਣ ਦੀ ਜਨਾਬ।'

-ਡਾ: ਮਨੋਹਰ ਸਿੰਗਲ

ਆਸ ਤੇ ਨਿਰਾਸ਼ਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਜੇਕਰ ਆਸ ਦੀ ਮੋਮਬੱਤੀ ਜਗਦੀ ਹੈ ਤਾਂ ਉਹ ਸ਼ਾਂਤੀ, ਵਿਸ਼ਵਾਸ ਤੇ ਪਿਆਰ ਦੀਆਂ ਬੁਝ ਚੁੱਕੀਆਂ ਮੋਮਬੱਤੀਆਂ ਨੂੰ ਵੀ ਦੁਬਾਰਾ ਜਗਾ ਸਕਦੀ ਹੈ |
• ਆਸ ਦੇ ਬਿਨਾਂ ਕੋਈ ਵੀ ਕੰਮ ਕੀਤਾ ਨਹੀਂ ਜਾ ਸਕਦਾ |
• ਆਸਵੰਦ ਲੋਕ ਹਰ ਕਠਿਨਾਈ 'ਚ ਮੌਕੇ ਭਾਲਦੇ ਹਨ |
• ਕਈ ਅਧਿਐਨ (ਪ੍ਰੀਖਣਾਂ) ਤੋਂ ਪਤਾ ਲੱਗਾ ਹੈ ਕਿ ਆਸ਼ਾਵਾਦੀ ਵਿਅਕਤੀ, ਨਿਰਾਸ਼ਾਵਾਦੀ ਵਿਅਕਤੀਆਂ ਨਾਲੋਂ ਜ਼ਿਆਦਾ ਉਮਰ ਜਿਊਾਦੇ ਹਨ |
• ਮਨੁੱਖ ਆਸ਼ਾਵਾਦੀ ਹੋ ਕੇ ਵੀ ਸੰਘਰਸ਼ ਕਰਦਾ ਹੈ | ਆਸ ਹੀ ਉਸ ਨੂੰ ਸਫ਼ਲਤਾ, ਸੁੱਖ ਤੇ ਆਨੰਦ ਸਭ ਕੁਝ ਦਿਵਾਉਂਦੀ ਹੈ |
• ਮਾਂ ਆਪਣੇ ਬੱਚਿਆਂ ਨੂੰ ਕਿਸੇ ਅਦਿੱਖ ਖੁਸ਼ੀ ਤੇ ਆਸ ਵਿਚ ਪਾਲਦੀ ਹੈ ਤੇ ਸਾਡੀ ਜ਼ਿੰਦਗੀ ਦਾ ਹਰ ਦੁੱਖ-ਸੁੱਖ ਆਪਣੇ ਪਿੰਡੇ 'ਤੇ ਜਰਦੀ ਹੈ |
• ਅੱਜ ਸਾਡੇ ਰਿਸ਼ਤੇ ਸਵਾਰਥ ਨਾਲ ਭਰੇ ਪਏ ਹਨ | ਮਾਂ ਦੇ ਰੂਪ ਵਿਚ 'ਚ ਬੱਚੇ ਨੂੰ ਬਿਨਾਂ ਸਵਾਰਥ ਵਾਲੇ ਪਿਆਰ ਤੇ ਤਿਆਗ ਦੀ ਪ੍ਰਾਪਤੀ ਹੁੰਦੀ ਹੈ | ਸਿਰਫ਼ ਮਾਂ ਹੀ ਹੈ ਜੋ ਬਿਨਾਂ ਕਿਸੇ ਆਸ ਜਾਂ ਲਾਲਚ ਦੇ ਆਪਣੀ ਔਲਾਦ ਨੂੰ ਭਰਪੂਰ ਪਿਆਰ ਦਿੰਦੀ ਹੈ |
• ਜਿਸ ਕੋਲ ਉਮੀਦ ਹੈ ਉਹ ਹਜ਼ਾਰਾਂ ਵਾਰ ਠੋਕਰ ਖਾ ਕੇ ਵੀ ਹਿੰਮਤ ਨਹੀਂ ਹਾਰਦਾ | ਲੇਕਿਨ ਕਿਸੇ ਹੋਰ ਤੋਂ ਉਮੀਦ ਰੱਖ ਕੇ ਵਾਰ-ਵਾਰ ਸੱਟ ਖਾਣਾ ਬੇਵਕੂਫ਼ੀ ਹੈ |
• ਦੁਨੀਆ ਵਿਅਕਤੀ ਨੂੰ ਹਾਰ ਮੰਨਣ ਲਈ ਮਜਬੂਰ ਕਰਦੀ ਹੈ ਪਰ ਆਸ ਕਹਿੰਦੀ ਹੈ ਕਿ ਨਹੀਂ ਇਕ ਮੌਕਾ ਹੋਰ ਦਿਓ |
• ਆਸ ਦੀ ਬਾਰੀਕ ਕਿਰਨ ਵੀ ਇਰਾਦੇ ਮਜ਼ਬੂਤ ਕਰ ਸਕਦੀ ਹੈ | ਤਿੰਨ ਚੀਜ਼ਾਂ ਕਦੇ ਨਾ ਗੁਆਓ, ਆਸ, ਸ਼ਾਂਤੀ ਤੇ ਇਮਾਨਦਾਰੀ |
• ਹਿੰਮਤ ਪਿਆਰ ਵਾਂਗ ਹੁੰਦੀ ਹੈ | ਇਸ ਦੀ ਖੁਰਾਕ ਆਸ ਹੈ |
• ਪੰਜਾਬੀ ਦਾ ਪ੍ਰਸਿੱਧ ਸ਼ਾਇਰ ਰਾਜਿੰਦਰਜੀਤ ਆਸ ਬਾਰੇ ਲਿਖਦਾ ਹੈ ਕਿ:
ਖੁਦੀ ਨੂੰ ਆਸਰਾ ਦਿੱਤਾ, ਬੇਗਾਨੀ ਆਸ ਤੋਂ ਪਹਿਲਾਂ,
ਮੈਂ ਅਥਰੂ ਪੂੰਝ ਚੁੱਕਾ ਸੀ, ਤੇਰੇ ਧਰਵਾਸ ਤੋਂ ਪਹਿਲਾਂ |
• ਜੇ ਕਰੋਗੇ ਪ੍ਰਯਾਸ ਤਾਂ ਪੂਰੀ ਹੋਵੇਗੀ ਆਸ |
• ਪਿਆਰ ਭਾਵੇਂ ਖਤਮ ਹੋ ਜਾਵੇ, ਵਿਸ਼ਵਾਸ ਭਾਵੇਂ ਖਤਮ ਹੋ ਜਾਵੇ, ਸ਼ਾਂਤੀ ਭਾਵੇਂ ਨਾ ਰਹੇ ਪਰ ਬੰਦੇ ਦੀ ਆਸ ਖਤਮ ਨਹੀਂ ਹੋਣੀ ਚਾਹੀਦੀ | ਆਸ ਖਤਮ ਹੋਣ ਦਾ ਮਤਲਬ ਜ਼ਿੰਦਗੀ ਨੀਰਸ ਹੋਣਾ ਹੈ |
• ਜਿਵੇਂ ਚਾਨਣ ਦੀ ਇਕ ਛੋਟੀ ਜਿਹੀ ਕਿਰਨ ਸੰਘਣੇ ਤੋਂ ਗਹਿਰੇ ਹਨੇਰੇ ਨੂੰ ਚੀਰ ਜਾਂਦੀ ਹੈ, ਇਸੇ ਤਰ੍ਹਾਂ ਆਸ ਦੀ ਇਕ ਕਿਰਨ ਦੁੱਖਾਂ ਭਰੀ ਜ਼ਿੰਦਗੀ ਰੂਪੀ ਬੇੜੀ ਨੂੰ ਤੂਫਾਨਾਂ ਵਿਚੋਂ ਸਫ਼ਲਤਾ ਨਾਲ ਕੱਢਣ ਲਈ ਕਾਫੀ ਹੁੰਦੀ ਹੈ | ਇਸ ਲਈ ਬੰਦੇ ਨੂੰ ਚਾਹੀਦਾ ਹੈ ਕਿ ਉਹ ਆਸ ਦਾ ਕਦੀ ਪੱਲਾ ਨਾ ਛੱਡੇ |
• ਜਿਥੇ ਹਿੰਮਤ ਖਤਮ ਹੁੰਦੀ ਹੈ, ਉਥੋਂ ਹੀ ਹਾਰ ਦੀ ਸ਼ੁਰੂਆਤ ਹੁੰਦੀ ਹੈ | ਇਸ ਲਈ ਆਸ ਤੇ ਧੀਰਜ ਕਦੀ ਵੀ ਨਹੀਂ ਛੱਡਣਾ ਚਾਹੀਦਾ ਅਤੇ ਬੰਦੇ ਨੂੰ ਦੁਬਾਰਾ ਫਿਰ ਕਦਮ ਚੁੱਕਣੇ ਚਾਹੀਦੇ ਹਨ |
• ਛੋਟੀਆਂ-ਛੋਟੀਆਂ ਜਿੱਤਾਂ ਤੇ ਹਾਰਾਂ ਵਿਚੋਂ ਆਸ਼ਾਵਾਦੀ ਸੋਚ ਨਾਲ ਵਧਦੇ ਜਾਓ, ਪੂਰਨ ਸਹੂਲਤਾਂ ਤੁਹਾਡੀ ਹੋਵੇਗੀ |
• ਸੁੱਖ 'ਚ ਔਕਾਤ ਨਾ ਛੱਡੋ ਤੇ ਦੁੱਖ 'ਚ ਆਸ ਨਾ ਛੱਡੋ |
• ਹਮੇਸ਼ਾ ਯਾਦ ਰੱਖੋ, ਬੁਰੇ, ਮਾੜੇ, ਔਖੇ ਸਮੇਂ ਆਉਂਦੇ ਹਨ ਅਤੇ ਚਲੇ ਵੀ ਜਾਂਦੇ ਹਨ | ਜਿਵੇਂ ਤੂਫਾਨ, ਹਨੇਰੀ, ਝੱਖੜ, ਸਦਾ ਲਗਾਤਾਰ ਨਹੀਂ ਆਉਂਦਾ ਅਤੇ ਜਦੋਂ ਇਹ ਤੂਫਾਨ ਚਲਾ ਜਾਂਦਾ ਹੈ ਜਾਂ ਬੰਦ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਦਾ ਮੌਸਮ ਬੜਾ ਸੁਹਾਵਣਾ ਹੁੰਦਾ ਹੈ |
• ਰਾਤ ਕਿੰਨੀ ਵੀ ਹਨੇਰੀ ਤੇ ਡਰਾਉਣੀ ਕਿਉਂ ਨਾ ਹੋਵੇ, ਉਸ ਦਾ ਅੰਤ ਹਮੇਸ਼ਾ ਚਾਨਣ ਭਰੀ ਸਵੇਰ 'ਚ ਹੀ ਹੁੰਦਾ ਹੈ | (ਚਲਦਾ)

-ਮੋਬਾਈਲ : 99155-63406.

... ਪੱਤਾ-ਪੱਤਾ ਹਾਲ ਤੁਮ੍ਹਾਰਾ ਜਾਨੇ ਹੈ

ਇਕ ਬੰਦਾ ਸੀ ਜਲੰਧਰ ਵਿਚ, ਉਹਦੀ ਬੜੀ ਅਜੀਬ ਆਦਤ ਸੀ, ਕੋਈ ਵੀ ਜੰਝ ਚੜ੍ਹਦੀ ਉਹ ਉਹਦੇ ਵਿਚ ਸ਼ਾਮਿਲ ਹੋ ਜਾਂਦਾ | ਇਉਂ ਨਹੀਂ ਸੀ ਕਿ ਉਹ ਬੇਗਾਨੀ ਸ਼ਾਦੀ 'ਚ ਅਬਦੁੱਲਾ ਦੀਵਾਨਾ ਵਧਾਈਆਂ ਦੇਣ ਜਾਂਦਾ ਸੀ, ਸਗੋਂ ਜਦ ਘੋੜੀ ਚੜ੍ਹੇ ਲਾੜੇ ਦੀ ਜੰਝ ਕੁੜੀ ਦੇ ਘਰ ਦੇ ਨੇੜੇ ਪੁੱਜਦੀ, ਉਹ ਦਾਅ ਲਾ ਕੇ ਘੋੜੀ ਦੇ ਕੋਲ ਪਹੁੰਚ ਜਾਂਦਾ ਤੇ ਲਾੜੀ ਦੇ ਮਿਲਾਪ ਦੀ ਆਸ 'ਚ ਖੁਸ਼ੀ ਨਾਲ ਖੀਵੇ ਹੋਏ ਲਾੜੇ ਨੂੰ ਕਹਿੰਦਾ, 'ਓਏ ਕਾਕਾ, ਜ਼ਰਾ ਸਿਹਰਾ ਚਿਹਰੇ ਤੋਂ ਹਟਾ ਕੇ ਮੇਰੀ ਗੱਲ ਧਿਆਨ ਨਾਲ ਸੁਣ |' ਜਦ ਲਾੜਾ ਇਕ ਹੱਥ ਨਾਲ ਸਿਹਰਾ ਚਿਹਰੇ ਤੋਂ ਉੱਪਰ ਚੁੱਕ ਕੇ, ਰਤਾ ਝੁਕ ਕੇ ਕਹਿੰਦਾ, 'ਹਾਂ ਦਸ ਭਾਈ ਕੀ ਗੱਲ ਏ?' ਉਹ ਉਹਨੂੰ ਕਹਿੰਦਾ, 'ਓਏ ਅਜੇ ਵੀ ਵੇਲਾ ਈ, ਘੋੜੀ ਤੋਂ ਥੱਲੇ ਕੁੱਦ ਤੇ ਘਰ ਨੂੰ ਵਾਪਸ ਭੱਜ ਜਾ, ਨਹੀਂ ਤਾਂ ਸਾਰੀ ਉਮਰ ਪਛਤਾਏਾਗਾ |' ਇਹ ਵੱਖਰੀ ਏ ਗੱਲ ਕਿ ਕੋਈ ਇਕ ਲਾੜਾ ਵੀ ਉਹਦੀ ਸਲਾਹ ਨਾ ਮੰਨਦਾ ਤੇ ਉਹ ਸਲਾਹਕਾਰ, ਸਿਰ ਝਟਕ ਕੇ ਇਹ ਬੋਲਦਾ ਜੰਝ ਤੋਂ ਖਿਸਕ ਕੇ ਤਿੱਤਰ ਹੋ ਜਾਂਦਾ:
'ਵਿਆਹ ਤੋਂ ਪਹਿਲਾਂ ਕਬੀਰਾ ਹਸਿਆ,
ਵਿਆਹ ਮਗਰੋਂ ਹਰ ਦਿਨ ਕਬੀਰਾ ਰੋਇਆ |'
ਉਹ ਬੰਦਾ ਪਤਾ ਨਹੀਂ ਕਦੋਂ ਮਰ ਮੁੱਕ ਗਿਆ, ਵਿਆਹ ਹੁੰਦੇ ਰਹੇ, ਅੱਜ ਵੀ ਹੋ ਰਹੇ ਹਨ ਪਰ ਉਹ ਸਲਾਹਕਾਰ, ਅਬਦੁੱਲਾ ਮੁੜ ਨਜ਼ਰ ਨਹੀਂ ਆਇਆ | ਇਹ ਬਹੁਤ ਸਾਲ ਪਹਿਲਾਂ ਦੀ ਗੱਲ ਹੈ, ਪਰ ਅੱਜ ਮੈਂ ਅਜਿਹੀ ਖ਼ਬਰ ਪੜ੍ਹੀ ਹੈ ਕਿ ਆਪਣੇ-ਆਪ ਅੰਦਰੋਂ ਉਪਜਿਆ ਹਾਸਾ ਬੁੱਲ੍ਹੀਆਂ 'ਤੇ ਆ ਗਿਆ... ਉਹ ਬੰਦਾ ਤੇ ਉਹਦੀ ਨੇਕ-ਸਲਾਹ ਯਾਦ ਆ ਗਈ | ਖ਼ਬਰ ਇਉਂ ਹੈ—ਬੰਗਲੂਰੂ (ਬੰਗਲੌਰ) ਦੀ ਹੈ ਅੰਗਰਜ਼ੀ 'ਚ ਇਹਦੀ ਹੈੱਡਲਾਈਨ ਹੀ ਰੂਹ 'ਚ ਖੇੜਾ ਲਿਆਉਣ ਵਾਲੀ ਹੈ, '1s two men fight over ‘wife’ on highway, she leaves with a third. (ਹਾਈਵੇ 'ਤੇ ਜਦ ਦੋ ਆਦਮੀ ਆਪਣੀ ਬੀਵੀ ਲਈ ਆਪਸ 'ਚ ਲੜ ਰਹੇ ਸਨ ਤਾਂ ਉਹ ਤੀਜੇ ਨਾਲ ਭੱਜ ਗਈ) ਅੱਗੋਂ ਤਫਸੀਲ ਇਉਂ ਹੈ: ਬੰਗਲੌਰ ਦੇ ਹਾਈਵੇ 'ਤੇ ਲੋਕੀਂ ਆਪਣੀਆਂ ਕਾਰਾਂ ਤੇ ਵਾਹਨ ਖੜ੍ਹੇ ਕਰਕੇ, ਇਕ ਅਜੀਬ ਡਰਾਮਾ ਦੇਖ ਕੇ ਮਜ਼ਾ ਲੈ ਰਹੇ ਸਨ, ਇਕ ਔਰਤ ਖੜ੍ਹੀ ਸੀ, ਉਹਦੀ ਮੌਜੂਦਗੀ 'ਚ ਦੋ ਬੰਦੇ ਉਹਦਾ ਪਤੀ ਹੋਣ ਦਾ ਦਾਅਵਾ ਕਰਦੇ ਆਪਸ 'ਚ ਲੜ ਰਹੇ ਸਨ, ਪਰ ਡਰਾਮੇ ਦਾ ਕਲਾਈਮੈਕਸ ਇਹ ਸੀ ਕਿ ਉਹ ਔਰਤ ਸਾਫ਼ ਕਹਿ ਰਹੀ ਸੀ ਕਿ ਉਹ ਇਨ੍ਹਾਂ ਦੋਵਾਂ ਵਿਚੋਂ ਕਿਸੇ ਨਾਲ ਵੀ ਵਿਆਹੀ ਨਹੀਂ ਹੋਈ ਹੈ, ਸਗੋਂ ਕਿ ਹੋਰ ਨਾਲ ਵਿਆਹੀ ਹੋਈ ਹੈ |
38 ਸਾਲਾਂ ਦੀ ਇਹ ਔਰਤ ਸ਼ਸ਼ੀਕਲਾ ਸੰਨ 2000 ਵਿਚ ਰੰਗਾਸੁਆਮੀ ਨਾਲ ਵਿਆਹੀ ਗਈ ਸੀ, ਪਰ 2010 'ਚ ਹੀ ਇਸ ਵਿਆਹ ਦਾ ਨਬੇੜਾ ਹੋ ਗਿਆ, ਭਾਵ ਟੁੱਟ ਗਿਆ ਤੇ ਸ਼ਸ਼ੀਕਲਾ ਇਕ ਕੱਪੜਾ ਫੈਕਟਰੀ 'ਚ ਕੰਮ ਕਰ ਰਹੇ ਸੁਪਰਵਾਈਜ਼ਰ ਰਮੇਸ਼ ਕੁਮਾਰ ਨਾਲ 'ਰਹਿਣ' ਲੱਗੀ | ਐਥੇ ਵੀ ਵਧੇਰੇ ਦਿਨ ਟਿਕ ਨਾ ਸਕੀ, 2015 'ਚ ਉਹਨੇ ਇਕ ਨਵਾਂ ਪਤੀ ਕਰ ਲਿਆ, ਕੁਮਾਰ ਨਾਂਅ ਦਾ | ਪਰ ਉਹਦੇ ਨਾਲ ਵੀ ਛੇ ਮਹੀਨਿਆਂ ਤੋਂ ਵੀ ਵੱਧ ਰਹਿ ਨਾ ਸਕੀ, ਉਹਦੇ ਨਾਲੋਂ ਵੱਖ ਹੋ ਕੇ ਫਿਰ 2017 ਤੋਂ ਉਹ ਇਕ ਪਹਿਲਾਂ ਹੀ ਵਿਆਹੇ ਹੋਏ ਦੋ ਬੱਚਿਆਂ ਦੇ ਪਿਤਾ ਚਿਕਾਬਿਦਾਰੂਕਲੂ ਮੂਰਥੀ ਨਾਂਅ ਦੇ ਬੰਦੇ ਨਾਲ ਰਹਿਣ ਲੱਗੀ | ਫਿਰ, ਇਕ ਕੱਪੜਿਆਂ ਦੀ ਫੈਕਟਰੀ ਵਿਚ ਜਿਥੇ ਸ਼ਸ਼ੀਕਲਾ ਕੰਮ ਕਰਦੀ ਸੀ, ਉਥੇ ਇਕ ਟੈਕਸੀ ਡਰਾਈਵਰ ਸਿੱਧਾਰਾਜੂ ਨੇ ਉਹਦੇ ਨਾਲ ਵਿਆਹ ਕਰਨ ਲਈ ਉਹਦੇ ਅੱਗੇ ਪ੍ਰਸਤਾਵ ਰੱਖਿਆ | ਕਿਉਂ ਜੋ ਮੂਰਥੀ ਪਹਿਲਾਂ ਹੀ ਵਿਆਹਿਆ ਹੋਇਆ ਸੀ ਤੇ ਸਿੱਧਾਰਾਜੂ ਅਣਵਿਆਹਿਆ ਛੜਾ ਸੀ, ਸ਼ਸ਼ੀਕਲਾ ਨੇ ਸਿੱਧਾਰਾਜੂ ਨਾਲ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ | ਸੁੱਖ ਨਾਲ ਮੂਰਥੀ ਤੇ ਸਿੱਧਾਰਾਜੂ ਦੋਵੇਂ ਆਪਸ 'ਚ ਦੋਸਤ ਸਨ, ਪਰ ਇਕ ਛੈਲ-ਛਬੀਲੀ ਨਾਰ ਖਾਤਰ ਦੋਸਤ-ਦੋਸਤ ਨਾ ਰਹੇ | ਪਿਆਰ-ਪਿਆਰ ਨਾ ਰਹਾ | ਬੱਸ ਸਟੈਂਡ 'ਤੇ ਦੋਵੇਂ ਇਕ-ਦੂਜੇ ਦੇ ਸਾਹਮਣੇ ਆ ਕੇ ਆਪਸ 'ਚ ਲੱਗੇ ਇਕ-ਦੂਜੇ ਨੂੰ ਗਾਲ੍ਹਾਂ ਕੱਢਣ... ਲੜ ਪਏ ਸਨ | ਹਾਈਵੇ 'ਤੇ ਲੋਕਾਂ ਦੀਆਂ ਭੀੜਾਂ ਲੱਗ ਗਈਆਂ, ਲੋਕੀਂ ਇਹ ਮੁਫ਼ਤ ਵਾਲਾ ਤਮਾਸ਼ਾ ਵੇਖ ਨਿਹਾਲ ਹੋ ਰਹੇ ਸਨ ਕਿ ਪੁਲਿਸ ਆ ਗਈ | ਪੁਲਿਸ ਨੇ ਆ ਕੇ ਸ਼ਸ਼ੀਕਲਾ ਨੂੰ ਪੁੱਛਿਆ ਕਿ ਇਹ ਮਾਜਰਾ ਕੀ ਹੈ? ਤਾਂ ਸ਼ਸ਼ੀਕਲਾ ਨੇ ਦੱਸਿਆ ਕਿ ਇਹ ਦੋਵੇਂ ਹੀ ਮੇਰੇ ਦੋਸਤ ਹਨ ਤੇ ਮੇਰੇ ਕਾਰਨ ਦੋਵਾਂ ਨੂੰ ਇਕ-ਦੂਜੇ ਨਾਲ ਸਾੜਾ ਹੈ, ਇਸ ਲਈ ਆਪਸ 'ਚ ਲੜ ਰਹੇ ਹਨ |
ਨਾ ਜੀ, ਬਿਲਕੁਲ ਨਹੀਂ, ਮੇਰਾ ਫਰੈਂਡ ਤਾਂ ਕੋਈ ਹੋਰ ਹੈ | ਉਸੇ ਵੇਲੇ ਇਕ ਹੋਰ ਆਦਮੀ ਆ ਪਹੁੰਚਿਆ ਤੇ ਦਾਅਵਾ ਕੀਤਾ ਕਿ ਸ਼ਸ਼ੀਕਲਾ ਉਹਦੀ ਦੋਸਤ ਹੈ | ਤੇ ਸਭਨਾਂ ਦੇ ਸਾਹਮਣੇ ਸ਼ਸ਼ੀਕਲਾ ਉਹਦਾ ਹੱਥ ਫੜ ਕੇ ਉਹਦੇ ਨਾਲ ਤੁਰ ਗਈ | ਮਿਰਜ਼ਾ ਗਾਲਿਬ ਦਾ ਸ਼ਿਅਰ ਇਸ ਮੌਕੇ 'ਤੇ ਕਿੰਨਾ ਢੁਕਦਾ ਹੈ:
ਇਸ਼ਕ ਨੇ ਗਾਲਿਬ ਨਿਕੰਮਾ ਕਰ ਦੀਆ,
ਵਰਨਾ ਆਦਮੀ ਥੇ ਹਮ ਭੀ ਕਾਮ ਕੇ |
ਮੈਨੂੰ ਇਕ ਹਾਸਾ ਭਰਿਆ ਵਿਅੰਗ, ਕਥਾ ਯਾਦ ਆ ਗਈ ਹੈ:
ਇਕ ਚੋਰ ਸੀ, ਉਹ ਹਰ ਰੋਜ਼ ਰਾਤ ਨੂੰ ਕਿਸੇ ਨਾ ਕਿਸੇ ਘਰ ਚੋਰੀ ਕਰਦਾ ਸੀ, ਇਕ ਦਿਨ ਵੇਲੇ ਉਹ ਚੰਗੀ ਤਰ੍ਹਾਂ ਉਹ ਜਗ੍ਹਾ ਤੇ ਘਰ ਦੀ ਰੈਕੀ ਕਰ ਲੈਂਦਾ ਕਿ ਅੱਜ ਇਸ ਘਰ ਚੋਰੀ ਕਰਨੀ ਹੈ | ਇਕ ਦਿਨ ਉਸ ਨੇ ਦਿਨੇ ਪੂਰੀ ਤਰ੍ਹਾਂ ਪਤਾ ਕਰ ਲਿਆ ਕਿ ਫਲਾਣੇ ਘਰ ਚੋਰੀ ਕਰਨੀ ਹੈ, ਇਹ ਘਰ ਇਕ ਸੇਠ ਜੀ ਦਾ ਹੈ, ਜਿਨ੍ਹਾਂ ਦੀਆਂ ਦੋ ਵਹੁਟੀਆਂ ਹਨ, ਉਹ ਜਾਣ-ਬੁੱਝ ਕੇ ਹਰ ਰੋਜ਼ ਰਾਤੀਂ ਦੇਰ ਨਾਲ ਆਪਣੀ ਦੁਕਾਨ ਬੰਦ ਕਰਕੇ ਘਰ ਵਾਪਸ ਪਰਤਦੇ ਹਨ | ਬੜੀ ਸਾਵਧਾਨੀ ਨਾਲ ਅੰਦਰ ਕੁਦ ਗਿਆ | ਐਧਰ ਉਹ ਅੰਦਰ ਕੁੱਦਿਆ ਉਧਰੋਂ ਦਰਵਾਜ਼ੇ ਦੀ ਘੰਟੀ ਵੱਜ ਗਈ, ਨਾਲ ਹੀ ਨਾਲ ਦੇ ਕਮਰੇ 'ਚੋਂ ਸੇਠ ਜੀ ਦੀਆਂ ਦੋਵੇਂ ਵਹੁਟੀਆਂ ਦੇ ਬਾਹਰ ਆਉਣ ਦੀ ਆਵਾਜ਼ ਆਈ, ਇਕ ਦੂਜੀ ਨੂੰ ਕਹਿ ਰਹੀ ਸੀ, ਨੀਂ ਤੂੰ ਕਿਉਂ ਜਾਗ ਰਹੀ ਏਾ, ਅੱਜ ਦਰਵਾਜ਼ਾ ਮੈਂ ਖੋਲ੍ਹਾਂਗੀ, ਅੱਜ ਮੇਰੀ ਵਾਰੀ ਏ, ਸੇਠ ਜੀ ਨੂੰ ਰੋਟੀ ਵੀ ਮੈਂ ਖਵਾਵਾਂਗੀ | ਦੂਜੀ ਨੇ ਗੁੱਸੇ ਨਾਲ ਜਵਾਬ ਦਿੱਤਾ, ਚੁੱਪ ਰਹਿ ਨੀ, ਅੱਜ ਬੁੱਧਵਾਰ ਏ, ਤੇਰੀ ਵਾਰੀ ਮੰਗਲਵਾਰ ਨੂੰ ਸੀ, ਅੱਜ ਮੇਰੀ ਵਾਰੀ ਏ, ਕੈਲੰਡਰ ਵੇਖ ਲੈ, ਉਥੇ ਮੈਂ ਟਿਕ ਮਾਰ ਕੀਤਾ ਐ | ਪਹਿਲੀ ਨੇ ਤੜਾਕ ਕੇ ਕਿਹਾ, 'ਤੂੰ ਬੁੱਢੀ ਹੋ ਗੲੀਂ ਏਾ ਤੇਰਾ ਦਿਮਾਗ ਕਮਜ਼ੋਰ ਹੋ ਗਿਆ ਹੈ, ਤੂੰ ਐਵੇਂ ਟਿਕ ਮਾਰੇ ਕਰ ਦਿੱਤੈ ਆਪਣੇ ਕੈਲੰਡਰ 'ਤੇ, ਅੱਜ ਮੇਰੀ ਵਾਰੀ ਏ | ਦਰਵਾਜ਼ੇ ਦੀ ਘੰਟੀ ਫਿਰ ਵੱਜੀ, ਦੋਵੇਂ ਦਰਵਾਜ਼ੇ ਵੱਲ ਭੱਜੀਆਂ, ਚੋਰ ਫਟਾਫਟ ਇਕ ਥਾਂ ਲੁਕ ਗਿਆ | ਦਰਵਾਜ਼ਾ ਇਕ ਨੇ ਖੋਲਿ੍ਹਆ, ਸੇਠ ਜੀ ਅੰਦਰ ਕੀ ਆਏ ਦੋਵਾਂ ਨੇ ਇਕ ਨੇ ਇਕ ਪਾਸਿਉਂ ਦੂਜੀ ਨੇ ਦੂਜੇ ਪਾਸਿਉਂ, ਉਨ੍ਹਾਂ ਦੇ ਦੋਵਾਂ ਹੱਥਾਂ ਨੂੰ ਕਾਬੂ ਕਰ ਲਿਆ | ਇਕ ਸੇਠ ਜੀ ਨੂੰ ਇਕ ਪਾਸੇ ਖਿੱਚੇ, ਦੂਜੀ ਦੂਜੇ ਪਾਸੇ | ਸੇਠ ਜੀ ਦੋਵਾਂ ਕੋਲੋਂ ਜਾਨ ਛੁਡਾਉਣ ਦੀ ਕੋਸ਼ਿਸ਼ ਕਰਦੇ ਕਮਰੇ ਤੱਕ ਪਹੁੰਚ ਗਏ | ਹੁਣ ਚੋਰ ਨੂੰ ਇਹ ਨਜ਼ਾਰਾ ਦਿਸ ਰਿਹਾ ਸੀ | ਇਸ ਕਸ਼ਮਕਸ਼ ਵਿਚ ਸੇਠ ਜੀ ਦੀ ਧੋਤੀ ਖੁੱਲ੍ਹ ਗਈ, ਚੋਰ ਹੋਰ ਜ਼ਬਤ ਨਾ ਕਰ ਸਕਿਆ, ਉਹਦਾ ਜ਼ੋਰ ਨਾਲ ਹਾਸਾ ਨਿਕਲ ਗਿਆ | ਤਿੰਨਾਂ ਸੇਠ ਜੀ ਤੇ ਉਨ੍ਹਾਂ ਦੀਆਂ ਦੋਵਾਂ ਵਹੁਟੀਆਂ ਨੂੰ ਅਹਿਸਾਸ ਹੋ ਗਿਆ ਕਿ ਕਮਰੇ 'ਚ ਕੋਈ ਚੋਰ ਹੈ, ਉਨ੍ਹਾਂ ਆਪਸੀ ਖਿੱਚੋਤਾਣ ਛੱਡ ਕੇ ਚੋਰ ਨੂੰ ਦਬੋਚ ਲਿਆ ਤੇ ਸੇਠ ਜੀ ਨੇ ਆਪਣੇ ਮੋਬਾਈਲ ਫੋਨ 'ਤੇ 100 ਦਾ ਨੰਬਰ ਘੁਮਾ ਕੇ ਪੁਲਿਸ ਨੂੰ ਸੱਦ ਲਿਆ | ਪੁਲਿਸ ਨੇ ਆ ਕੇ ਚੋਰ ਕਾਬੂ ਕਰ ਲਿਆ ਤੇ ਥਾਣੇ ਲੈ ਗਈ | ਦੂਜੇ ਦਿਨ ਪੁਲਿਸ ਉਹਨੂੰ ਅਦਾਲਤ 'ਚ ਲੈ ਗਈ | ਮੈਜਿਸਟ੍ਰੇਟ ਨੇ ਚੋਰ ਨੂੰ ਪੁੱਛਿਆ, 'ਕੀ ਤੂੰ ਚੋਰ ਹੈਾ?'
'ਹਾਂ ਜਨਾਬ ਮੈਂ ਚੋਰ ਹਾਂ, ਸੇਠ ਜੀ ਦੇ ਘਰ ਚੋਰੀ ਕਰਨ ਦੀ ਨੀਅਤ ਨਾਲ ਹੀ ਗਿਆ ਸਾਂ |'
ਮੈਜਿਸਟ੍ਰੇਟ ਨੇ ਕਿਹਾ, 'ਯਾਰ ਤੂੰ ਬੜਾ ਸੱਚਾ ਆਦਮੀ ਏਾ | ਚਲ ਤੂੰ ਆਪੇ ਦੱਸ ਤੈਨੂੰ ਕੀ ਸਜ਼ਾ ਦਿੱਤੀ ਜਾਏ?'
ਚੋਰ ਨੇ ਦੋਵੇਂ ਹੱਥ 'ਜੋੜ ਕੇ ਅਰਜ ਕੀਤੀ, ਜਨਾਬ ਜੋ ਮਰਜ਼ੀ ਐ ਸਜ਼ਾ ਦੇਣਾ, ਪਰ ਦੋ ਵਹੁਟੀਆਂ ਨਾਲ ਵਿਆਹ ਕਰਨ ਦਾ ਹੁਕਮ ਬਿਲਕੁਲ ਨਾ ਦੇਣਾ |'
••

ਸਾਹਿਤਕ ਸਰਗਰਮੀਆਂ: ਕਾਰਲ ਮਾਰਕਸ ਅਤੇ ਰਾਹੁਲ ਸੰਕਰਤਾਇਨ 'ਤੇ ਪਟਨਾ ਵਿਖੇ ਹੋਇਆ ਦੋ ਦਿਨਾ ਸੈਮੀਨਾਰ

ਪ੍ਰਗਤੀਸ਼ੀਲ ਲੇਖਕ ਸੰਘ ਦੀ ਬਿਹਾਰ ਇਕਾਈ ਵਲੋਂ ਕਾਰਲ ਮਾਰਕਸ ਦੇ 200 ਸਾਲਾ ਅਤੇ ਰਾਹੁਲ ਸੰਕਰਤਾਇਨ ਦੇ 125ਵੇਂ ਸਾਲ 'ਤੇ ਪਟਨਾ ਵਿਚ ਦੋ ਦਿਨਾ ਸੈਮੀਨਾਰ ਕਰਾਇਆ ਗਿਆ | ਇਸ ਸੈਮੀਨਾਰ ਵਿਚ ਨਾਅਰਾ ਦਿੱਤਾ ਗਿਆ, ਦੁਨੀਆ ਨੂੰ ਜਾਣੋ! ਦੁਨੀਆ ਨੂੰ ਬਦਲੋ | ਸੈਮੀਨਾਰ ਦੇ ਉਦਘਾਟਨੀ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਪ੍ਰਲੇਸ ਦੇ ਕਾਰਜਕਾਰੀ ਪ੍ਰਧਾਨ ਅਲੀ ਜਾਵੇਦ ਦੇ ਨਾਲ ਖਾਗੇਂਦਰ ਠਾਕੁਰ, ਉਘੇ ਅਰਥ-ਸ਼ਾਸਤਰੀ ਪ੍ਰੋ: ਨਵਲ ਕਿਸ਼ੋਰ, ਪ੍ਰੋ: ਦੇਵੀ ਨਾਰਾਇਣ, ਸਾਬਕਾ ਉਪ-ਕੁਲਪਤੀ ਅਤੇ ਅਰਥ-ਸ਼ਾਸਤਰੀ ਪ੍ਰਭਾਤ ਪਟਨਾਇਕ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ (ਜੇ.ਐਨ.ਯੂ.) ਤੋਂ ਡਾ: ਸੁਬੋਧ ਮਾਲਾਕਾਰ, ਰਾਹੁਲ ਸੰਕਰਤਾਇਨ ਦੀ ਸਪੁੱਤਰੀ ਜਯਾ ਪੜਾਕ ਪੰਜਾਬ ਤੋਂ ਕੌਮੀ ਸਕੱਤਰੇਤ ਮੈਂਬਰ ਡਾ: ਸੁਖਦੇਵ ਸਿੰਘ ਅਤੇ ਸੈਮੀਨਾਰ ਦੇ ਕਨਵੀਨਰ ਡਾ: ਬ੍ਰਜ ਕੁਮਾਰ ਪਾਂਡੇ ਹਾਜ਼ਰ ਸਨ | ਉੱਘੇ ਕਵੀ ਅਲੋਕ ਧਨਵਾ ਅਤੇ ਨਰੇਸ਼ ਸਕਸੈਨਾ ਨੇ ਵੀ ਸ਼ਮੂਲੀਅਤ ਕੀਤੀ | ਇਸ ਸੈਸ਼ਨ ਦਾ ਮੰਚ ਸੰਚਾਲਨ ਬਿਹਾਰ ਇਕਾਈ ਦੇ ਪ੍ਰਧਾਨ ਸ੍ਰੀ ਰਬਿੰਦਰ ਨਾਥ ਰਾਏ ਨੇ ਕੀਤਾ | ਸਭ ਤੋਂ ਪਹਿਲਾਂ ਡਾ: ਨਾਮਵਰ ਸਿੰਘ ਜੀ ਦਾ ਸ਼ੁਭ ਕਾਮਨਾ ਸੰਦੇਸ਼ ਪੜ੍ਹ ਕੇ ਸੁਣਾਇਆ ਗਿਆ |
ਸੈਮੀਨਾਰ ਵਿਚ ਉੱਘੇ ਵਿਦਵਾਨ ਪ੍ਰਭਾਤ ਪਟਨਾਇਕ ਨੇ ਸਾਡੇ ਸਮਾਜ ਨੂੰ ਦਰਪੇਸ਼ ਸੰਕਟ ਬਾਰੇ ਬੋਲਦਿਆਂ ਕਿਹਾ ਕਿ ਭਾਰਤੀ ਫਾਸੀਵਾਦ 'ਤੇ ਕਾਬੂ ਪਾਉਣ ਲਈ ਸਾਨੂੰ ਭਾਰਤੀ ਪ੍ਰੰਪਰਾ ਵੱਲ ਵੇਖਣਾ ਹੋਵੇਗਾ |
ਸੈਮੀਨਾਰ ਦੇ ਦੂਜੇ ਮਹੱਤਵਪੂਰਨ ਬੁਲਾਰੇ ਪ੍ਰੋ: ਮਨੇਂਦਰ ਨਾਥ ਠਾਕੁਰ ਨੇ ਅਜੋਕੇ ਸਮੇਂ ਦਾ ਵਿਸਤਰਿਤ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ 2008 ਤੋਂ ਬਾਅਦ ਪੂੰਜੀਵਾਦ ਕਿਸੇ ਵੀ ਤਰੀਕੇ ਨਾਲ ਪ੍ਰਗਤੀਸ਼ੀਲ ਨਹੀਂ ਰਿਹਾ | ਜੇ.ਐਨ.ਯੂ. (ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ) ਤੋਂ ਆਏ ਵਿਦਵਾਨ ਸੁਬੋਧ ਮਾਲੇਕਰ ਨੇ ਕਿਹਾ ਕਿ ਰਾਹੁਲ ਸੰਕਰਤਾਇਨ ਦਲਿਤ ਅੰਦੋਲਨ ਦਾ ਮਿਲਣ ਬਿੰਦੂ ਹੈ ਖੱਬੇ ਪੱਖੀਆਂ ਨੂੰ ਦਲਿਤ ਅੰਦੋਲਨ ਕੇਂਦਰ ਵਿਚ ਰੱਖ ਕੇ ਅੱਗੇ ਵਧਣਾ ਚਾਹੀਦਾ ਹੈ |
ਰਾਹੁਲ ਸੰਕਰਤਾਇਨ ਦੀ ਸਪੁੱਤਰੀ ਜਯਾ ਪੜ੍ਹਾਕ ਨੇ ਕਿਹਾ ਕਿ ਮੇਰੇ ਪਿਤਾ ਜੀ ਵੱਡੇ ਲੇਖਕਾਂ ਤੋਂ ਊਰਜਾ ਲੈਂਦੇ ਰਹੇ ਹਨ | ਬਿਹਾਰ ਦੀ ਧਰਤੀ 'ਤੇ ਘੰੁਮ ਕੇ ਲੋਕਾਂ ਨੂੰ ਚੇਤੰਨ ਕਰ ਕੇ ਅਗਵਾਈ ਦੇਣ ਦਾ ਕਾਰਜ ਵੀ ਕੀਤਾ | ਉਨ੍ਹਾਂ ਪਾਂਡੂ ਲਿਪੀਆਂ ਅਤੇ ਹੋਰ ਬੋਧੀ ਵਿਰਾਸਤ ਖੋਜ ਕਰ ਕੇ ਵੱਡਮੁੱਲਾ ਖਜ਼ਾਨਾ ਪਟਨਾ ਮਿਊਜ਼ੀਅਮ ਵਿਚ ਰਖਵਾਇਆ | ਪੰਜਾਬ ਅਤੇ ਚੰਡੀਗੜ੍ਹ ਤੋਂ ਕੌਮੀ ਨੋਬਲ ਸੱਕਤਰੇਤ ਮੈਂਬਰ ਡਾ: ਸੁਖਦੇਵ ਸਿਰਸਾ ਦੀ ਅਗਵਾਈ ਵਿਚ ਨੌਾ ਮੈਂਬਰੀ ਡੈਲੀਗੇਸ਼ਨ ਪੁੱਜਾ ਜਿਸ ਵਿਚ ਡਾ:ਸਰਬਜੀਤ ਸਿੰਘ, ਸੁਰਜੀਤ ਜੱਜ, ਡਾ: ਗੁਲਜ਼ਾਰ ਸਿੰਘ ਪੰਧੇਰ, ਸੁਰਿੰਦਰ ਕੈਲੇ, ਜਸਵੀਰ ਝੱਜ, ਮੇਜਰ ਸਿੰਘ, ਡਾ: ਗੁਰਮੇਲ ਸਿੰਘ ਅਤੇ ਡਾ: ਬਲਵਿੰਦਰ ਚਾਹਲ ਸ਼ਾਮਿਲ ਸਨ | ਇਸ ਤੋਂ ਇਲਾਵਾ ਪ੍ਰੋ: ਤਰੁਣ ਕੁਮਾਰ, ਅਸੀਸ ਤਿ੍ਪਾਠੀ ਪੰਜਾਬ ਤੋਂ ਡਾ: ਸਰਬਜੀਤ, ਡਾ: ਸੁਖਦੇਵ ਸਿੰਘ, ਰਾਜਿੰਦਰ ਰਾਜਨ ਨੇ ਵਿਚਾਰ ਪੇਸ਼ ਕੀਤੇ |
ਪ੍ਰਲੇਸ ਦੇ ਜਨਰਲ ਸਕੱਤਰ ਰਜਿੰਦਰ ਰਾਜਨ ਨੇ ਦੱਸਿਆ ਕਿ 17 ਸੂਬਿਆਂ ਦੇ ਡੈਲੀਗੇਟ ਇਸ ਸੈਮੀਨਾਰ ਵਿਚ ਭਾਗ ਲੈਣ ਲਈ ਆਏ | ਕਾਰਜਕਾਰੀ ਪ੍ਰਧਾਨ ਅਲੀ ਜਾਵੇਦ ਨੇ ਕਿਹਾ ਕਿ ਅਜਿਹੇ ਸਮਾਗਮ ਹੋਰ ਕਰਵਾਏ ਜਾਣਗੇ, ਜੋ ਅਜਿਹੇ ਸਮਿਆਂ ਵਿਚ ਅਤਿ ਜ਼ਰੂਰੀ ਹਨ | ਡਾ: ਬਿ੍ਜ ਕੁਮਾਰ ਪਾਂਡੇ ਨੇ ਸਮਾਗਮ ਦੀ ਸਫ਼ਲਤਾ ਲਈ ਸਭ ਨੂੰ ਵਧਾਈ ਦਿੱਤੀ | ਖਚਾਖਚ ਭਰੇ ਹਾਲ ਵਿਚ ਦੋ ਦਿਨ ਚੱਲੇ ਸੈਮੀਨਾਰ ਦੇ ਕਵੀ ਦਰਬਾਰ ਸਮੇਤ ਸੱਤ ਸੈਸ਼ਨ ਲਗਾਤਾਰਤਾ ਵਿਚ ਚੱਲੇ |

-ਡਾ: ਗੁਲਜ਼ਾਰ ਸਿੰਘ ਪੰਧੇਰ
ਸਕੱਤਰ ਪ੍ਰਗਤੀਵਾਦੀ ਲੇਖਕ ਸੰਘ ਪੰਜਾਬ |

ਵਿੱਛੜੇ ਪਰਿਵਾਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਮੈਨੂੰ ਅਜੇ ਵੀ ਯਾਦ ਹੈ ਪਿੰਡ ਦੇ ਮੁਸਲਮਾਨ ਅਤੇ ਸਿੱਖ ਵੱਖ-ਵੱਖ ਥਾਵਾਂ ਤੇ ਰੋਜ਼ ਇਕੱਠੇ ਹੁੰਦੇ ਸਨ, ਉਹ ਕਈ ਮਤੇ ਪਕਾਉਂਦੇ ਸਨ ਅਤੇ ਗੁਪਤ ਤੌਰ 'ਤੇ ਹਥਿਆਰ ਵੀ ਇਕੱਠੇ ਕਰਦੇ ਰਹਿੰਦੇ ਸਨ | ਪਰ ਪਿੰਡ ਦੇ ਮੁਸਲਮਾਨ ਅਤੇ ਸਿੱਖ ਇਕ ਦੂਜੇ ਦੀ ਮਦਦ ਵੀ ਕਰਦੇ ਸਨ | ਉਨ੍ਹਾਂ ਨੇ ਇਕ-ਦੂਜੇ ਦੀ ਮਦਦ ਕੀਤੀ ਵੀ | ਜਦੋਂ ਇਹ ਤਹਿ ਹੋ ਗਿਆ ਕਿ ਸਾਡਾ ਪਿੰਡ ਹੁਣ ਪਾਕਿਸਤਾਨ ਵਿਚ ਆਉਣਾ ਹੈ ਤਾਂ ਪਿੰਡ ਦੇ ਸਿੱਖ, ਹਿੰਦੂ ਉਥੋਂ ਜਾਣ ਲਈ ਤਿਆਰ ਹੋਣ ਲਗ ਪਏ ਪਿੰਡ ਦੇ ਮੁਸਲਮਾਨ ਉਨ੍ਹਾਂ ਨੂੰ ਕੈਂਪ ਵਿਚ ਛੱਡਣ ਲਈ ਜਾਂਦੇ ਸਨ | ਜਿਸ ਦਿਨ ਅਸੀਂ ਆਏ ਕਈ ਮੁਸਲਮਾਨ ਛੱਡਣ ਆ ਰਹੇ ਸਨ, ਉਨ੍ਹਾਂ ਨੇ ਸਾਡਾ ਸਾਮਾਨ ਚੁੱਕਿਆ ਹੋਇਆ ਸੀ ਪਰ ਰਸਤੇ ਵਿਚ ਹੋਰ ਪਿੰਡਾਂ ਦੇ ਮੁੰਡਿਆਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ | ਮੇਰਾ ਬਾਪ, ਦੋ ਭਰਾ ਮਾਰੇ ਗਏ, ਮੇਰੀ ਮਾਂ ਜਦੋਂ ਅੱਗੇ ਹੋ ਕੇ ਆਪਣੇ ਬੱਚਿਆਂ ਨੂੰ ਬਚਾਉਣ ਲੱਗੀ ਤਾਂ ਉਸ ਦੀ ਵੱਖੀ ਵਿਚ ਵੀ ਬਰਛੀ ਵਜੀ, ਉਹ ਲਹੂ ਲੁਹਾਨ ਹੋ ਗਈ ਅਤੇ ਉਸ ਨੇ ਮੈਨੂੰ ਏਨਾ ਹੀ ਕਿਹਾ ਕਿ ਭੱਜ ਜਾ ਅਤੇ ਦਮ ਤੋੜ ਦਿਤੇ | ਉਨ੍ਹਾਂ ਗੁੰਡਿਆਂ ਨੇ ਮੇਰੀ ਭੂਆ ਅਤੇ ਭੈਣਾਂ ਨੂੰ ਘੋੜੀਆਂ 'ਤੇ ਬਿਠਾ ਲਿਆ | ਸਾਡੇ ਪਿੰਡ ਦੇ ਮੁਸਲਮਾਨ ਲੜਕਿਆਂ ਨੇ ਸਾਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਫਿਰ ਵੀ ਚਾਰ ਲੜਕੇ ਸਾਡੀ ਮਦਦ ਕਰਦੇ ਮਾਰੇ ਗਏ |' ਉਹ ਇਕ ਸਾਹੇ ਹੀ ਏਨਾ ਕੁਝ ਦੱਸ ਗਿਆ |
'ਤੁਸੀਂ ਕਿੰਨੇ ਆਦਮੀ ਬਚ ਗਏ ਸੀ |' ਮੈਂ ਪੁਛਿਆ
'ਸਾਡੇ ਪਰਿਵਾਰ ਵਿਚੋਂ ਸਿਰਫ ਮੈਂ ਅਤੇ ਮੇਰਾ ਚਾਚਾ ਅਸੀਂ ਤਾਂ ਆਪਣੇ ਜੀਆਂ ਦੀਆਂ ਲਾਸ਼ਾਂ ਦਾ ਸਸਕਾਰ ਵੀ ਨਹੀਂ ਸੀ ਕਰ ਸਕੇ | ਮਿਲਟਰੀ ਵਾਲਿਆਂ ਨੇ ਸਾਨੂੰ ਸੁਰੱਖਿਅਤ ਜਗ੍ਹਾ ਪਹੁੰਚਣ ਦੀ ਕਾਹਲੀ ਪਾਈ ਹੋਈ ਸੀ | ਪਤਾ ਨਹੀਂ ਉਸ ਹਮਲੇ ਵਿਚ ਮਾਰੇ ਗਏ 25-30 ਮਰਦਾਂ ਔਰਤਾਂ ਦਾ ਸਸਕਾਰ ਕਿਸ ਨੇ ਕੀਤਾ, ਕੀਤਾ ਵੀ ਕਿ ਨਹੀਂ ਕੀਤਾ, ਮੈਨੂੰ ਅੱਜ ਤਕ ਵੀ ਉਹ ਸੀਨ ਨਹੀਂ ਭੁੱਲਿਆ | ਮੇਰੀ ਭੂਆ ਅਤੇ ਭੈਣਾਂ ਨੇ ਬੜੇ ਦੁੱਖ ਵੇਖੇ, ਸਾਰੇ ਬੱਚੇ ਇਕੋ ਜਿਹੇ ਨਹੀਂ ਹੁੰਦੇ ਫਿਰ ਇਕ ਮੁਸਲਮਾਨ ਚੌਧਰੀ ਨੇ ਇਨ੍ਹਾਂ ਦੇ ਵਿਆਹ ਕਰਵਾ ਦਿੱਤੇ | ਜਦੋਂ ਸਰਕਾਰ ਵਲੋਂ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਵਾਪਿਸ ਭੇਜਣ ਦੇ ਯਤਨ ਹੋ ਰਹੇ ਸਨ ਤਾਂ ਚਾਚੇ ਨੇ ਕੋਸ਼ਿਸ਼ ਤਾਂ ਕੀਤੀ ਪਰ ਅੱਧੇ ਜਿਹੇ ਮਨ ਨਾਲ, ਉਹ ਜ਼ਿਆਦਾ ਹੀ ਡਿਪਰੈਸ਼ਨ ਵਿਚ ਸੀ, ਮੈਂ ਛੋਟਾ ਸਾਂ |'
'ਕੋਈ ਪੰਜ ਸਾਲ ਤੋਂ ਮੇਰੀ ਭੂਆ ਅਤੇ ਭੈਣਾਂ ਬਾਰੇ ਮੈਨੂੰ ਪਤਾ ਲੱਗਾ, ਅਤੇ ਇੰਨੀਆਂ ਕੋਸ਼ਿਸ਼ਾਂ ਤੋਂ ਬਾਅਦ ਮੈਂ ਪਹਿਲੀ ਵਾਰ ਉਨ੍ਹਾਂ ਨੂੰ ਮਿਲਣ ਆਇਆ ਸਾਂ | ਮੈਂ ਤਾਂ ਭੂਆ ਨੂੰ ਪਹਿਚਾਣ ਲਿਆ ਪਰ ਉਨ੍ਹਾਂ ਦੇ ਬੱਚਿਆਂ, ਜਿੰਨਾਂ ਨੂੰ ਮੈਂ ਪਹਿਲੀ ਵਾਰ ਮਿਲਿਆ, ਉਹ ਤਾਂ ਇਸ ਤਰ੍ਹਾਂ ਜਾਪਦਾ ਸੀ ਜਿਵੇਂ ਕਈ ਸਦੀਆਂ ਤੋਂ ਵਾਕਫ ਹੋਣ | ਬਾਰ-ਬਾਰ ਕਹਿੰਦੇ ਸਨ, 'ਮਾਮਾ ਇੱਥੇ ਹੀ ਰਹੋ, ਹਰ ਘਰ ਵਿਚ ਮੈਂ ਜਾਂਦਾ ਸਾਂ, ਹਰ ਘਰ ਵਿਚ ਸ਼ਾਮ ਨੂੰ ਪਤਾ ਨਹੀਂ ਕਿਵੇਂ ਸ਼ਰਾਬ ਦਾ ਇੰਤਜ਼ਾਮ ਕੀਤਾ ਹੁੰਦਾ ਸੀ, ਰੋਜ਼ਾਨਾ ਵੱਖ-ਵੱਖ ਘਰ ਵਿਚ ਬੁਲਾਉਂਦੇ, ਪਰ ਸਾਰੇ ਰਿਸ਼ਤੇਦਾਰ ਸ਼ਾਮ ਨੂੰ ਇਕੱਠੇ ਹੋ ਜਾਂਦੇ ਸਨ, ਦੂਸਰੇ ਪਿੰਡਾਂ ਤੋਂ ਵੀ ਆ ਜਾਂਦੇ ਸਨ | ਰਾਤ ਨੂੰ ਤਕਰੀਬਨ ਇਕ-ਦੋ, ਵੱਜ ਜਾਂਦੇ ਸਨ, ਗੱਲਾਂ ਹੀ ਨਹੀਂ ਸਨ ਮੱੁਕਦੀਆਂ |'
ਫਿਰ ਉਸ ਨੇ ਸਾਮਾਨ ਵੱਲ ਉਂਗਲ ਕਰ ਕੇ ਦਸਿਆ ਇਹ ਜਿਹੜਾ ਸਮਾਨ ਪਿਆ ਹੈ, ਇਸ ਤੋਂ ਦੱੁਗਣਾ ਮੈਂ ਛੱਡ ਆਇਆ ਹਾਂ | ਏਨਾਂ ਤਾਂ ਮੈਂ ਲਿਜਾ ਵੀ ਨਹੀਂ ਸਾਂ ਸਕਦਾ | ਸਾਮਾਨ ਵਿਚ ਕੱਪੜੇ, ਭਾਂਡੇ, ਖਾਣ ਦੀਆਂ ਚੀਜ਼ਾਂ, ਖੋਏ ਦੀਆਂ ਪਿੰਨੀਆਂ, ਗੁੜ ਜਿਸ ਵਿਚ ਮੇਵੇ, ਬਦਾਮਾਂ ਦੀਆਂ ਗਿਰੀਆਂ, ਸੌਾਫ ਆਦਿ ਕਈ ਕੁਝ ਪਿਆ ਹੋਇਆ ਸੀ ਅਤੇ ਇਥੋਂ ਤੱਕ ਕਿ ਤਿਲ ਸਨ |
'ਮੈਂ ਬਹੁਤ ਮਨ੍ਹਾ ਕੀਤਾ ਪਰ ਉਨ੍ਹਾਂ ਨੇ ਬਦੋ ਬਦੀ ਇਹ ਸਾਮਾਨ ਨਾਲ ਖੜਨ ਦੀ ਜ਼ਿੱਦ ਕੀਤੀ ਅਤੇ ਮੈਂ ਵੀ ਨਾਂਹ ਨਹੀਂ ਕਰ ਸਕਿਆ ਜਿਸ ਪਿਆਰ ਨਾਲ ਉਹ ਸਾਮਾਨ ਲੈ ਕੇ ਆਈਆਂ ਸਨ, ਜੇ ਮੈਂ ਨਾ ਖੜਦਾ ਤਾਂ ਚੰਗਾ ਨਾ ਲੱਗਦਾ |
ਉਸ ਵਕਤ ਮੈਂ ਉਸ ਗੁੜ ਦਾ ਆਪਣੇ ਕੋਲ ਪਏ ਕੇਕਾਂ ਨਾਲ ਮੁਕਾਬਲਾ ਕਰ ਰਿਹਾ ਸਾਂਾ ਅਤੇ ਮੈਨੂੰ ਉਨ੍ਹਾਂ ਦਾ ਭਾਰ ਇਸ ਸਾਮਾਨ ਦੇ ਭਾਰ ਤੋਂ ਕਿਤੇ ਜ਼ਿਆਦਾ ਲੱਗ ਰਿਹਾ ਸੀ | ਇਨ੍ਹਾਂ ਮਗਰ ਛਿਪੇ ਜਜ਼ਬਾਤਾਂ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਸੀ |
ਪਤਾ ਨਹੀਂ ਲਗਾ ਜਦੋਂ ਗੱਡੀ ਆ ਕੇ ਵਾਹਗਾ ਦੇ ਸਟੇਸ਼ਨ ਤੇ ਖੜੋ ਗਈ | ਉਸ ਨੇ ਦੋਹਾਂ ਹੱਥਾਂ ਵਿਚ ਕੁਝ ਸਾਮਾਨ ਵਾਲੇ ਕੱਪੜੇ ਦੇ ਝੋਲੇ ਚੁਕ ਲਏ ਅਤੇ ਇਕ ਤੋੜਾ ਸਿਰ ਤੇ ਚੁੱਕ ਲਿਆ |
ਜਦੋਂ ਅਸੀਂ ਪਾਸਪੋਰਟ ਚੈਕ ਕਰਵਾ ਕੇ ਸਾਮਾਨ ਨੂੰ ਐਕਸਰੇ ਵਾਲੀ ਮਸ਼ੀਨ ਤੇ ਰੱਖਿਆ ਅਤੇ ਦੂਸਰੇ ਪਾਸੇ ਸਾਮਾਨ ਲੈਣ ਆਏ ਤਾਂ ਐਕਸਰੇ ਨੂੰ ਵੇਖ ਰਿਹਾ ਕਰਮਚਾਰੀ ਦਲੀਪ ਸਿੰਘ ਨੂੰ ਸੰਬੋਧਿਤ ਹੋ ਕੇ ਕਹਿਣ ਲੱਗਾ 'ਸਰਦਾਰ ਜੀ ਇਹ ਗੁੜ, ਤਿਲ ਭਾਰਤ ਵਿਚ ਨਹੀਂ ਮਿਲਦੇ?' |
'ਸਭ ਕੁਝ ਹੀ ਮਿਲਦਾ ਹੈ ਭਾਰਤ ਵਿਚ, ਪਰ ਭੈਣਾਂ ਅਤੇ ਭੂਆ ਵਲੋਂ ਦਿੱਤਾ ਇਹ ਗੁੜ ਅਤੇ ਤਿਲ ਨਹੀਂ ਮਿਲਦੇ' ਨਾਲ ਦੇ ਖੜ੍ਹੇ ਕਰਮਚਾਰੀ ਨੇ ਦਲੀਪ ਸਿੰਘ ਵੱਲ ਇਸ ਤਰ੍ਹਾਂ ਵੇਖਿਆ, ਜਿਵੇਂ ਉਸ ਨੂੰ ਸ਼ੱਕ ਹੋਵੇ ਕਿ ਇਸ ਸਰਦਾਰ ਦੀਆਂ ਭੈਣਾਂ ਅਤੇ ਭੂਆ ਪਾਕਿਸਤਾਨ ਵਿਚ ਹੋ’ ਸਕਦੀਆਂ ਹਨ | ਪਰ ਦਲੀਪ ਸਿੰਘ ਦੀਆਂ ਅੱਖਾਂ ਵਿਚ ਇਸ ਦੁਖਾਂਤ ਦਾ ਵੱਡਾ ਇਤਿਹਾਸ ਲੁਕਿਆ ਨਜ਼ਰ ਆ ਰਿਹਾ ਸੀ | (ਸਮਾਪਤ)






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX