ਤਾਜਾ ਖ਼ਬਰਾਂ


ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ ਬ੍ਰਾਜ਼ੀਲ ਰਵਾਨਾ ਹੋਏ ਪ੍ਰਧਾਨ ਮੰਤਰੀ ਮੋਦੀ
. . .  9 minutes ago
ਨਵੀਂ ਦਿੱਲੀ, 12 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 11ਵੇਂ ਬ੍ਰਿਕਸ ਸੰਮੇਲਨ 'ਚ ਸ਼ਾਮਲ ਹੋਣ ਲਈ...
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ
. . .  25 minutes ago
550ਵੇਂ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਪਹੁੰਚੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਦੀਆਂ ਕੁੱਝ ਤਸਵੀਰਾਂ...
ਬਾਬੇ ਨਾਨਕ ਦੀਆਂ ਸਿੱਖਿਆਵਾਂ ਸਮੁੱਚੀ ਮਾਨਵਤਾ ਲਈ ਕਲਿਆਣਕਾਰੀ- ਕੋਵਿੰਦ
. . .  21 minutes ago
ਸੁਲਤਾਨਪੁਰ ਲੋਧੀ, 12 ਨਵੰਬਰ- ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸੰਗਤ ਨੂੰ ਵਧਾਈ ਦਿੱਤੀ। ਇਸ ਮਗਰੋਂ ਪੰਜਾਬ...
ਮਹਾਰਾਸ਼ਟਰ 'ਚ ਰਾਜਪਾਲ ਵੱਲੋਂ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼
. . .  54 minutes ago
ਮੁੰਬਈ, 12 ਨਵੰਬਰ- ਮਹਾਰਾਸ਼ਟਰ ਦੇ ਰਾਜਪਾਲ ਨੇ ਸੂਬੇ 'ਚ ਰਾਸ਼ਟਰਪਤੀ ਸ਼ਾਸਨ ਲਾਗੂ ਕਰਨ ਦੀ ਸਿਫ਼ਾਰਸ਼ ਕੀਤੀ ਹੈ। ਇਹ ਖ਼ਬਰ ਸਾਹਮਣੇ ਆਉਂਦਿਆਂ ਹੀ ਸ਼ਿਵ ਸੈਨਾ ਨੇ ਸੁਪਰੀਮ ਕੋਰਟ 'ਚ ਜਾਣ ਦੀ ਤਿਆਰੀ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਮੌਕੇ ਸਿਸੋਦੀਆ ਨੇ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਟੇਕਿਆ ਮੱਥਾ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ....
ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਸੱਦੀ ਕੈਬਨਿਟ ਦੀ ਬੈਠਕ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਕਸ ਸੰਮੇਲਨ ਲਈ ਬ੍ਰਾਜ਼ੀਲ ਰਵਾਨਾ ਹੋਣ ਤੋਂ ਪਹਿਲਾਂ...
ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਵਿਖੇ ਨਤਮਸਤਕ ਹੋਏ ਕੇਜਰੀਵਾਲ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਯੋਗ ਗੁਰੂ ਬਾਬਾ ਰਾਮਦੇਵ ਅਤੇ ਸ਼੍ਰੋਮਣੀ ਅਕਾਲੀ ਦਲ ਦੇ...
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਸੋਨੀਆ ਗਾਂਧੀ ਨੇ ਦਿੱਤੀ ਵਧਾਈ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਦੇਸ਼ ਵਾਸੀਆਂ ਵਧਾਈ ਦਿੱਤੀ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਬਾਬੇ ਨਾਨਕ ਨੇ ਆਪਸੀ ...
ਸੋਨੀਆ ਗਾਂਧੀ ਨੇ ਅੱਜ ਸ਼ਰਦ ਪਵਾਰ ਨਾਲ ਕੀਤੀ ਗੱਲਬਾਤ- ਖੜਗੇ
. . .  about 1 hour ago
ਨਵੀਂ ਦਿੱਲੀ, 12 ਨਵੰਬਰ- ਕਾਂਗਰਸ ਨੇਤਾ ਮਲਿਕਾਰਜੁਨ ਖੜਗ ਨੇ ਦੱਸਿਆ ਕਿ ਮਹਾਰਾਸ਼ਟਰ 'ਚ ਸਰਕਾਰ ਬਣਾਉਣ 'ਤੇ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਰਾਸ਼ਟਰਵਾਦੀ ਕਾਂਗਰਸ ਪਾਰਟੀ...
ਅਜਨਾਲਾ 'ਚ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ 550 ਸਾਲਾ ਪ੍ਰਕਾਸ਼ ਪੁਰਬ
. . .  about 2 hours ago
ਅਜਨਾਲਾ, 12 ਨਵੰਬਰ (ਗੁਰਪ੍ਰੀਤ ਸਿੰਘ)- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਅੱਜ ਅਜਨਾਲਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰਦੁਆਰਾ ਸਾਹਿਬ...
ਹੋਰ ਖ਼ਬਰਾਂ..

ਨਾਰੀ ਸੰਸਾਰ

ਪਰਿਵਾਰ ਵਿਚ ਹੀ ਸੁਲਝਾਓ ਪਰਿਵਾਰਕ ਝਗੜੇ

ਪਰਿਵਾਰ ਸਾਡੇ ਸਮਾਜ ਦੀ ਮੁਢਲੀ ਇਕਾਈ ਹੈ। ਇਸ ਵਿਚ ਹੀ ਆਪਣੇ ਰਿਸ਼ਤਿਆਂ ਨੂੰ ਨਿਭਾਉਣ ਤੇ ਸਮਾਜ ਵਿਚ ਵਿਚਰਨ ਬਾਰੇ ਸਿੱਖਦੇ ਹਾਂ। ਸਾਡੇ ਸਮਾਜ ਵਿਚ ਪ੍ਰਾਚੀਨ ਸਮੇਂ ਤੋਂ ਹੀ ਸਾਂਝੇ ਪਰਿਵਾਰਾਂ ਦੀ ਪਰੰਪਰਾ ਚੱਲੀ ਆ ਰਹੀ ਹੈ ਪਰ ਆਧੁਨਿਕ ਯੁੱਗ ਦੀ ਸੋਚ ਤੇ ਦੌੜ-ਭੱਜ ਵਿਚ ਸਾਂਝੇ ਪਰਿਵਾਰਾਂ ਦੀ ਸਾਖ ਨੂੰ ਖੋਰਾ ਲੱਗਾ ਹੈ। ਅੱਜਕਲ੍ਹ ਹਰ ਇਕ ਪਰਿਵਾਰ ਵਿਚ ਕੋਈ ਨਾ ਕੋਈ ਗਿਲਾ-ਸ਼ਿਕਵਾ ਤੇ ਝਗੜਾ ਦੇਖਣ ਨੂੰ ਮਿਲਦਾ ਹੈ ਤੇ ਕੋਈ ਖੁਸ਼ਕਿਸਮਤ ਪਰਿਵਾਰ ਹੀ ਇਸ ਭੈੜੀ ਅਲਾਮਤ ਤੋਂ ਬਚਿਆ ਹੋਵੇਗਾ। ਇਨ੍ਹਾਂ ਸਾਰੇ ਮਸਲਿਆਂ ਦਾ ਕਾਰਨ ਸਾਡੀ ਆਪਣੀ ਨਿੱਜਤਾ ਨਾਲ ਭਰਪੂਰ ਸੋਚ ਹੈ। ਇਕ ਪਰਿਵਾਰ ਤੇ ਇਕੋ ਘਰ ਵਿਚ ਰਹਿਣ ਦੇ ਬਾਵਜੂਦ ਪਰਿਵਾਰਿਕ ਮੈਂਬਰ ਕਿਰਾਏਦਾਰਾਂ ਵਾਲੀ ਜ਼ਿੰਦਗੀ ਬਤੀਤ ਕਰਦੇ ਹਨ। ਕਹਿਣ ਦਾ ਭਾਵ ਉਨ੍ਹਾਂ ਦੀ ਜ਼ਿੰਦਗੀ ਉਨ੍ਹਾਂ ਦੇ ਆਪਣੇ ਕਮਰੇ ਤੱਕ ਹੀ ਸੀਮਤ ਹੋ ਗਈ ਹੈ ਤੇ ਇਕ-ਦੂਜੇ ਨਾਲ ਸਿਰਫ਼ ਰਸਮੀ ਵਰਤਾਰਾ ਹੈ। ਅੱਜਕਲ੍ਹ ਮਾੜੇ-ਮੋਟੇ ਝਗੜੇ ਤੇ ਗਿਲ੍ਹੇ-ਸ਼ਿਕਵੇ ਤਾਂ ਹਰ ਇਕ ਪਰਿਵਾਰ ਵਿਚ ਹੀ ਚੱਲਦੇ ਰਹਿੰਦੇ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਰਿਸ਼ਤਿਆਂ ਵਲੋਂ ਹਮੇਸ਼ਾ ਲਈ ਮੁੱਖ ਮੋੜ ਲਿਆ ਜਾਵੇ, ਕਿਉਂਕਿ ਸਾਡੀ ਜ਼ਿੰਦਗੀ ਵਿਚ ਹਰ ਰਿਸ਼ਤਾ ਅਨਮੋਲ ਹੈ।
ਕਈ ਵਾਰ ਕਈ ਚੁਗਲਖੋਰ ਕਿਸਮ ਦੇ ਵਿਅਕਤੀ ਪਰਿਵਾਰਿਕ ਮੈਂਬਰਾਂ ਨੂੰ ਇਕ-ਦੂਜੇ ਬਾਰੇ ਮਨਘੜਤ ਗੱਲਾਂ ਦੱਸ ਕੇ ਘਰ ਦਾ ਮਾਹੌਲ ਵਿਗਾੜਨ ਦਾ ਪੂਰਾ ਯਤਨ ਕਰਦੇ ਹਨ। ਜੇਕਰ ਏਦਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਸ ਚੁਗਲਖੋਰ ਵਿਅਕਤੀ ਬਾਰੇ ਪਰਿਵਾਰਿਕ ਮੈਂਬਰਾਂ ਨਾਲ ਗੱਲ ਕਰਕੇ ਤੁਰੰਤ ਉਸ ਦਾ ਭਾਂਡਾ ਭੰਨਣਾ ਚਾਹੀਦਾ ਹੈ ਤੇ ਹੋਰ ਲੋਕਾਂ ਨੂੰ ਵੀ ਉਸ ਤੋਂ ਸੁਚੇਤ ਰਹਿਣ ਬਾਰੇ ਕਹਿਣਾ ਚਾਹੀਦਾ ਹੈ।
ਘਰੇਲੂ ਜਾਂ ਪਰਿਵਾਰਿਕ ਝਗੜੇ ਨੂੰ ਜ਼ਿਆਦਾ ਤੂਲ ਨਹੀਂ ਦੇਣੀ ਚਾਹੀਦੀ ਤੇ ਉਸ ਨੂੰ ਪਰਿਵਾਰ ਵਿਚ ਬੈਠ ਕੇ ਹੀ ਸੁਲਝਾ ਲੈਣਾ ਚਾਹੀਦਾ ਹੈ। ਪਰ ਕਈ ਵਾਰ ਇਸ ਦੇ ਉਲਟ ਕੋਈ ਪਰਿਵਾਰਿਕ ਮੈਂਬਰ ਆਪਣੇ ਘਰ ਦੇ ਕਿਸੇ ਛੋਟੇ ਜਿਹੇ ਝਗੜੇ ਨੂੰ ਆਪਣੇ ਪਰਿਵਾਰ ਤੋਂ ਬਾਹਰ ਕਿਸੇ ਗੈਰ-ਵਿਅਕਤੀ ਨੂੰ ਦੱਸਦਾ ਹੈ ਤਾਂ ਕੋਈ ਵਿਰਲਾ ਵਿਅਕਤੀ ਹੀ ਹੋਵੇਗਾ, ਜਿਹੜਾ ਉਸ ਨੂੰ ਸਹੀ ਸਲਾਹ ਦੇਵੇ, ਨਹੀਂ ਤਾਂ ਬਹੁਤੇ ਲੋਕ ਏਦਾਂ ਦੇ ਮੌਕੇ ਦੀ ਤਾਕ ਵਿਚ ਰਹਿੰਦੇ ਹਨ ਕਿ ਕਿਵੇਂ ਕਿਸੇ ਹੱਸਦੇ-ਵਸਦੇ ਘਰ ਨੂੰ ਉਜਾੜਿਆ ਜਾਵੇ ਤੇ ਉਹ ਕਈ ਤਰ੍ਹਾਂ ਦੇ ਹੱਥਕੰਡੇ ਵਰਤ ਕੇ ਪਰਿਵਾਰਿਕ ਝਗੜੇ ਨੂੰ ਗੁੰਝਲਦਾਰ ਬਣਾ ਦਿੰਦਾ ਹੈ। ਏਦਾਂ ਦੇ ਵਿਅਕਤੀਆਂ ਤੋਂ ਬਚਣ ਦੀ ਲੋੜ ਹੈ। ਪਰਿਵਾਰਾਂ ਵਿਚ ਮਾੜਾ-ਮੋਟਾ ਝਗੜਾ ਤਾਂ ਸੱਸ-ਨੂੰਹ, ਦਰਾਣੀ-ਜਠਾਣੀ ਤੇ ਨਣਾਨ-ਭਰਜਾਈ ਦੇ ਵਿਚਕਾਰ ਚੱਲਦਾ ਰਹਿੰਦਾ ਹੈ ਪਰ ਪੁਰਸ਼ਾਂ ਨੂੰ ਅਜਿਹੇ ਮਾਮਲਿਆਂ ਵਿਚ ਬਹੁਤ ਸਮਝਦਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਤੇ ਘਰ ਦੀ ਏਕਤਾ ਨੂੰ ਬਣਾਈ ਰੱਖਣ ਲਈ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤੇ ਪਰਿਵਾਰਿਕ ਝਗੜਿਆਂ ਨੂੰ ਵਧਾਉਣ ਵਾਲੀਆਂ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਵਾਰ-ਵਾਰ ਵਾਪਰਨ ਤੋਂ ਰੋਕਣਾ ਚਾਹੀਦਾ ਹੈ।
ਕਈ ਵਾਰ ਘਰਾਂ ਦੇ ਝਗੜੇ ਘਰਾਂ ਦੀ ਦਹਿਲੀਜ਼ ਪਾਰ ਕਰਕੇ ਥਾਣਿਆਂ ਜਾਂ ਕੋਰਟ-ਕਚਹਿਰੀਆਂ ਤੱਕ ਵੀ ਪਹੁੰਚ ਜਾਂਦੇ ਹਨ, ਜਿਸ ਕਾਰਨ ਸਾਡੇ ਬਜ਼ੁਰਗਾਂ ਦੀ ਵਰ੍ਹਿਆਂ ਦੀ ਕਮਾਈ ਇੱਜ਼ਤ ਤੇ ਮਾਣ-ਸਨਮਾਨ ਮਿੱਟੀ ਵਿਚ ਮਿਲ ਜਾਂਦਾ ਹੈ ਤੇ ਕੋਰਟ-ਕਚਹਿਰੀਆਂ ਵਿਚ ਪਹੁੰਚੇ ਰਿਸ਼ਤੇ ਕਦੇ ਵੀ ਮੁੜ ਕੇ ਪਹਿਲਾਂ ਵਰਗੇ ਸੁਖਾਵੇਂ ਨਹੀਂ ਹੋ ਸਕਦੇ। ਜਿਵੇਂ ਸ਼ੀਸ਼ਾ ਟੁੱਟਣ ਤੋਂ ਬਾਅਦ ਤਰੇੜ ਰਹਿ ਜਾਂਦੀ ਹੈ, ਬਿਲਕੁੱਲ ਉਸੇ ਤਰ੍ਹਾਂ ਹੀ ਦਿਲਾਂ ਵਿਚ ਫ਼ਰਕ ਰਹਿੰਦਾ ਹੀ ਹੈ। ਇਸ ਲਈ ਇਨ੍ਹਾਂ ਝਗੜਿਆਂ ਨੂੰ ਸੁਲਝਾਉਣ ਲਈ ਘਰਾਂ ਦੇ ਸਿਆਣੇ ਬਜ਼ੁਰਗਾਂ ਦੀ ਅਹਿਮ ਭੂਮਿਕਾ ਹੋਣੀ ਚਾਹੀਦੀ ਹੈ। ਉਨ੍ਹਾਂ ਨੂੰ ਚਾਹੀਦਾ ਹੈ ਕਿ ਪਰਿਵਾਰ ਨੂੰ ਪਿਆਰ ਤੇ ਅਪਣੱਤ ਦੀ ਡੋਰ ਨਾਲ ਬੰਨ੍ਹ ਕੇ ਰੱਖਣ ਤੇ ਮਾੜੀ-ਮੋਟੀ ਗੱਲ ਨਾਲ ਇਹ ਡੋਰ ਟੁੱਟ ਨਾ ਸਕੇ। ਕਿਸੇ ਵੀ ਝਗੜੇ ਨੂੰ ਸੁਲਝਾਉਣ ਲਈ ਪਰਿਵਾਰਿਕ ਮੈਂਬਰਾਂ ਨੂੰ ਝਗੜੇ ਦੀ ਤਹਿ ਤੱਕ ਜਾ ਕੇ ਅਸਲੀ ਕਾਰਨ ਦਾ ਪਤਾ ਲਗਾ ਕੇ ਉਸ ਉੱਪਰ ਠੋਸ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਭਵਿੱਖ ਵਿਚ ਇਸ ਤਰ੍ਹਾਂ ਦੀ ਸਥਿਤੀ ਦੁਬਾਰਾ ਪੈਦਾ ਨਾ ਹੋਵੇ।
ਇਸ ਤਰ੍ਹਾਂ ਸਾਨੂੰ ਆਪਣੇ ਪਰਿਵਾਰਿਕ ਗਿਲੇ-ਸ਼ਿਕਵੇ ਤੇ ਝਗੜੇ ਘਰ ਦੀ ਦਹਿਲੀਜ਼ ਤੋਂ ਬਾਹਰ ਉਛਾਲਣ ਦੀ ਥਾਂ 'ਤੇ ਘਰ ਵਿਚ ਬੈਠ ਕੇ ਹੀ ਗੱਲਬਾਤ ਰਾਹੀਂ ਸੁਝਾਉਣਾ ਚਾਹੀਦਾ ਹੈ ਤਾਂ ਕਿ ਪਿਆਰ ਤੇ ਮੁਹੱਬਤ ਬਣੀ ਰਹੇ ਤੇ ਰਿਸ਼ਤੇ ਲੰਮੇ ਸਮੇਂ ਤੱਕ ਨਿਭ ਸਕਣ।


ਪਿੰਡ ਤੇ ਡਾਕ ਮਲੌਦ (ਲੁਧਿਆਣਾ)। ਮੋਬਾ: 78887-61607


ਖ਼ਬਰ ਸ਼ੇਅਰ ਕਰੋ

ਦੂਸਰੇ ਬੱਚਿਆਂ ਨਾਲ ਨਾ ਕਰੋ ਤੁਲਨਾ

ਬੱਚਿਆਂ ਦਾ ਪਾਲਣ-ਪੋਸ਼ਣ ਕਰਨਾ ਮਾਤਾ-ਪਿਤਾ ਲਈ ਇਕ ਵੱਡੀ ਜ਼ਿੰਮੇਵਾਰੀ ਹੈ। ਬੱਚਿਆਂ ਨੂੰ ਚੰਗੀ ਸਿੱਖਿਆ ਦਿਵਾਉਣ ਦੇ ਨਾਲ-ਨਾਲ ਉਨ੍ਹਾਂ ਨੂੰ ਦੇਸ਼ ਦੇ ਚੰਗੇ ਨਾਗਰਿਕ ਬਣਾਉਣਾ ਬਹੁਤ ਜ਼ਰੂਰੀ ਹੈ। ਬਚਪਨ ਤੋਂ ਲੈ ਕੇ ਵਧਦੀ ਉਮਰ ਤੱਕ ਕਈ ਵਾਰ ਅਜਿਹੇ ਮੌਕੇ ਆਉਂਦੇ ਹਨ, ਜਦ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਲਈ ਕੁਝ ਸਖ਼ਤੀ ਵਰਤਣੀ ਪੈਂਦੀ ਹੈ ਅਤੇ ਬੱਚਿਆਂ ਨੂੰ ਲੱਗਦਾ ਹੈ ਕਿ ਉਨ੍ਹਾਂ ਦੇ ਮਾਤਾ-ਪਿਤਾ ਉਨ੍ਹਾਂ ਦੇ ਸਭ ਤੋਂ ਵੱਡੇ ਦੁਸ਼ਮਣ ਹਨ, ਜਦਕਿ ਮਾਤਾ-ਪਿਤਾ ਵਲੋਂ ਸਖ਼ਤੀ ਕਰਨ ਦਾ ਮੁੱਖ ਕਾਰਨ ਬੱਚਿਆਂ ਦੀ ਭਲਾਈ ਕਰਨਾ ਹੀ ਹੁੰਦਾ ਹੈ। ਕਈ ਸਥਿਤੀਆਂ ਵਿਚ ਮਾਤਾ-ਪਿਤਾ ਨੂੰ ਲੱਗਦਾ ਹੈ ਕਿ ਬੱਚੇ ਉਨ੍ਹਾਂ ਦੀ ਗੱਲ ਬਿਲਕੁਲ ਨਹੀਂ ਮੰਨਦੇ, ਜਦਕਿ ਗੁਆਂਢ ਵਿਚ ਰਹਿੰਦੇ ਬੱਚੇ ਆਪਣੇ ਮਾਪਿਆਂ ਦਾ ਵੱਧ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੀ ਹਰ ਗੱਲ ਮੰਨਦੇ ਹਨ। ਜ਼ਿਆਦਾਤਰ ਦੇਖਣ ਵਿਚ ਆਉਂਦਾ ਹੈ ਕਿ ਮਾਤਾ-ਪਿਤਾ ਆਪਣੇ ਬੱਚਿਆਂ ਦੀ ਤੁਲਨਾ ਦੂਸਰੇ ਬੱਚਿਆਂ ਨਾਲ ਕਰਦੇ ਹਨ, ਫਿਰ ਉਹ ਪੜ੍ਹਾਈ ਵਿਚ ਚੰਗੇ ਅੰਕ ਲੈਣ ਦੀ ਗੱਲ ਹੋਵੇ ਜਾਂ ਫਿਰ ਖੇਡਾਂ ਵਿਚ ਵਧੀਆ ਪ੍ਰਦਰਸ਼ਨ ਕਰਨ ਦੀ ਗੱਲ ਹੋਵੇ।
ਦੂਸਰੇ ਬੱਚਿਆਂ ਨਾਲ ਤੁਲਨਾ ਕਰਦੇ ਸਮੇਂ ਮਾਤਾ-ਪਿਤਾ ਇਸ ਗੱਲ ਨੂੰ ਭੁੱਲ ਜਾਂਦੇ ਹਨ ਕਿ ਹਰ ਇਕ ਬੱਚੇ ਵਿਚ ਕੁਝ ਨਾ ਕੁਝ ਖਾਸ ਗੁਣ ਹੁੰਦੇ ਹਨ, ਕੋਈ ਪੜ੍ਹਾਈ ਵਿਚ ਵਧੀਆ ਹੋ ਸਕਦਾ ਹੈ ਅਤੇ ਕੋਈ ਖੇਡਾਂ ਜਾਂ ਹੋਰ ਕਿਸੇ ਗਤੀਵਿਧੀ ਵਿਚ। ਇਸ ਲਈ ਬੱਚੇ ਦੀ ਰੁਚੀ ਜਿਸ ਖੇਤਰ ਵਿਚ ਹੈ, ਉਸ ਖੇਤਰ ਵਿਚ ਉਸ ਨੂੰ ਹੋਰ ਵਧੀਆ ਕਰਨ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ, ਨਾ ਕਿ ਕਿਸੇ ਦੂਸਰੇ ਬੱਚੇ ਨਾਲ ਉਸ ਦੀ ਤੁਲਨਾ ਕਰਕੇ ਨੀਵਾਂ ਦਿਖਾਉਣ ਦਾ ਯਤਨ ਕਰਨਾ ਚਾਹੀਦਾ ਹੈ। ਸਾਡੇ ਦੇਸ਼ ਦੇ ਮਾਪਿਆਂ ਦੀ ਇਹ ਦਿਲੀ ਇੱਛਾ ਹੁੰਦੀ ਹੈ ਕਿ ਉਨ੍ਹਾਂ ਦੇ ਬੱਚੇ ਹਰ ਖੇਤਰ ਵਿਚ ਚੰਗਾ ਕਰਕੇ ਦਿਖਾਉਣ ਅਤੇ ਉਹ ਕਦੇ ਵੀ ਇਸ ਗੱਲ ਨੂੰ ਸਹਿਣ ਨਹੀਂ ਕਰਦੇ ਕਿ ਉਨ੍ਹਾਂ ਦਾ ਬੱਚਾ ਦੂਸਰੇ ਜਾਂ ਤੀਸਰੇ ਸਥਾਨ 'ਤੇ ਆਵੇ। ਉਨ੍ਹਾਂ ਨੂੰ ਹਰ ਹਾਲਤ ਵਿਚ ਆਪਣਾ ਬੱਚਾ ਅੱਵਲ ਨੰਬਰ 'ਤੇ ਹੀ ਚਾਹੀਦਾ ਹੈ। ਬਿਨਾਂ ਸ਼ੱਕ ਪੜ੍ਹਾਈ ਦੀ ਮਹੱਤਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਇਹ ਵੀ ਕਿਵੇਂ ਸੰਭਵ ਹੈ ਕਿ ਹਰ ਬੱਚਾ ਪਹਿਲੇ ਸਥਾਨ 'ਤੇ ਆਵੇ? ਬਿਨਾਂ ਸ਼ੱਕ ਮਾਤਾ-ਪਿਤਾ ਬੱਚਿਆਂ ਨੂੰ ਆਪਣੇ ਵਲੋਂ ਹਰ ਸੁੱਖ ਸਹੂਲਤ ਦੇਣ ਦੀ ਕੋਸ਼ਿਸ਼ ਕਰਦੇ ਹਨ ਅਤੇ ਬੱਚਿਆਂ ਨੂੰ ਪ੍ਰੀਖਿਆਵਾਂ ਵਿਚ ਵੱਧ ਤੋਂ ਵੱਧ ਨੰਬਰ ਲਿਆਉਣ ਲਈ ਉਤਸ਼ਾਹਿਤ ਵੀ ਕਰਦੇ ਹਨ ਪਰ ਜੇਕਰ ਬੱਚਾ ਮਾਤਾ-ਪਿਤਾ ਦੀ ਉਮੀਦ ਅਨੁਸਾਰ ਨੰਬਰ ਨਹੀਂ ਲੈ ਪਾਉਂਦਾ ਤਾਂ ਕਈ ਵਾਰ ਮਾਤਾ-ਪਿਤਾ ਵਲੋਂ ਬੱਚਿਆਂ ਲਈ ਅਜਿਹੇ ਸ਼ਬਦ ਪ੍ਰਯੋਗ ਕੀਤੇ ਜਾਂਦੇ ਹਨ, ਜਿਸ ਦਾ ਬੱਚੇ ਦੇ ਕੋਮਲ ਮਨ 'ਤੇ ਭੈੜਾ ਅਸਰ ਪੈਂਦਾ ਹੈ।
ਮਨੋਵਿਗਿਆਨੀਆਂ ਨੇ ਇਹ ਗੱਲ ਮੰਨੀ ਹੈ ਕਿ ਜੇਕਰ ਅਸੀਂ ਆਪਣੇ ਬੱਚੇ ਦੀ ਤੁਲਨਾ ਕਿਸੇ ਵੀ ਦੂਸਰੇ ਬੱਚੇ ਨਾਲ ਕਰਦੇ ਹਾਂ ਤਾਂ ਇਸ ਨਾਲ ਉਸ ਦੀ ਸ਼ਖ਼ਸੀਅਤ ਉੱਤੇ ਮਾੜਾ ਅਸਰ ਪੈਂਦਾ ਹੈ। ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਹ ਆਪਣੇ ਬੱਚੇ ਦੀ ਤੁਲਨਾ ਕਿਸੇ ਨਾਲ ਨਾ ਕਰਕੇ ਉਨ੍ਹਾਂ ਨੂੰ ਚੰਗਾ ਪਾਲਣ-ਪੋਸ਼ਣ ਦੇਣ ਦੀ ਕੋਸ਼ਿਸ਼ ਕਰਨ। ਨਾਲੋ-ਨਾਲ ਆਪਣੇ ਬੱਚਿਆਂ ਦੇ ਆਤਮਵਿਸ਼ਵਾਸ ਵਿਚ ਕਿਸੇ ਪ੍ਰਕਾਰ ਦੀ ਕਮੀ ਨਹੀਂ ਆਉਣ ਦੇਣੀ ਚਾਹੀਦੀ, ਤਾਂ ਜੋ ਬੱਚੇ ਆਪਣੇ ਵਲੋਂ ਵਧੀਆ ਕੰਮ ਕਰ ਸਕਣ। ਇਕ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਮਾਤਾ-ਪਿਤਾ ਆਪਣੇ ਬੱਚਿਆਂ ਦੀ ਤੁਲਨਾ ਦੂਸਰੇ ਬੱਚਿਆਂ ਨਾਲ ਕਰਦੇ ਹਨ ਅਤੇ ਉਮੀਦ ਮੁਤਾਬਿਕ ਨਤੀਜਾ ਨਾ ਮਿਲਣ 'ਤੇ ਆਪਣੇ ਬੱਚਿਆਂ ਨੂੰ ਕੋਸਦੇ ਹਨ, ਅਜਿਹੇ ਬੱਚਿਆਂ ਦੀ ਮਾਨਸਿਕ ਸਿਹਤ 'ਤੇ ਇਸ ਗੱਲ ਦਾ ਬਹੁਤ ਬੁਰਾ ਅਸਰ ਹੁੰਦਾ ਹੈ, ਜਿਸ ਨੂੰ ਠੀਕ ਹੋਣ ਵਿਚ ਕਾਫੀ ਸਮਾਂ ਲੱਗ ਜਾਂਦਾ ਹੈ। ਨਾਲੋ-ਨਾਲ ਬੱਚੇ ਦੀ ਸਕਾਰਾਤਮਕ ਸ਼ਕਤੀ ਵੀ ਨਸ਼ਟ ਹੁੰਦੀ ਹੈ। ਇਸ ਗੱਲ ਵਿਚ ਕੋਈ ਦੋ ਰਾਇ ਨਹੀਂ ਕਿ ਕਿਸੇ ਵੀ ਕੰਮ ਵਿਚ ਸਫਲਤਾ ਹਾਸਲ ਕਰਨ ਲਈ ਸਕਾਰਾਤਮਕ ਰਹਿਣਾ ਅਤਿ ਜ਼ਰੂਰੀ ਹੈ, ਤਾਂ ਹੀ ਮਨਪਸੰਦ ਨਤੀਜੇ ਪਾਏ ਜਾ ਸਕਦੇ ਹਨ। ਆਪਣੇ ਬੱਚਿਆਂ ਦੀ ਦੂਜੇ ਬੱਚਿਆਂ ਨਾਲ ਤੁਲਨਾ ਕਰਕੇ ਮਾਤਾ-ਪਿਤਾ ਜਾਣੇ-ਅਣਜਾਣੇ ਵਿਚ ਆਪਣੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੇ ਹੁੰਦੇ ਹਨ। ਮਾਤਾ-ਪਿਤਾ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਜਿਸ ਤਰ੍ਹਾਂ ਹੱਥ ਦੀਆਂ ਪੰਜੇ ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਉਸੇ ਤਰ੍ਹਾਂ ਹਰ ਇਕ ਬੱਚੇ ਦੀ ਕੰਮ ਕਰਨ ਦੀ ਸ਼ਕਤੀ ਵੱਖੋ-ਵੱਖਰੀ ਹੁੰਦੀ ਹੈ। ਇੱਥੋਂ ਤੱਕ ਕਿ ਸਕੇ ਭੈਣ-ਭਰਾਵਾਂ ਵਿਚ ਵੀ ਸੋਚਣ-ਸਮਝਣ ਦੀ ਕਾਬਲੀਅਤ ਵੱਖੋ-ਵੱਖਰੀ ਹੁੰਦੀ ਹੈ। ਇਸ ਲਈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦੀ ਤੁਲਨਾ ਕਿਸੇ ਵੀ ਦੂਸਰੇ ਬੱਚੇ ਨਾਲ ਨਹੀਂ ਕਰਨੀ ਚਾਹੀਦੀ, ਬਲਕਿ ਬੱਚੇ ਦੀ ਕਾਬਲੀਅਤ ਦੇ ਅਨੁਸਾਰ ਉਨ੍ਹਾਂ ਨੂੰ ਕੰਮ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ।


-ਮਲੌਦ (ਲੁਧਿਆਣਾ)।
ਮੋਬਾ: 98554-83000

ਵਧੀਆ ਸੂਪ ਬਣਾਉਂਦੇ ਸਮੇਂ ਕੁਝ ਧਿਆਨ ਰੱਖਣਯੋਗ ਗੱਲਾਂ

* ਹੌਲੀ-ਹੌਲੀ ਹਿਲਾਉਂਦੇ ਹੋਏ ਆਲੂ ਨੂੰ ਓਨੀ ਦੇਰ ਤੱਕ ਮੈਸ਼ ਕਰੋ ਜਦੋਂ ਤੱਕ ਇਹ ਤਰੀ ਜਾਂ ਸੂਪ ਨੂੰ ਗਾੜ੍ਹਾ ਕਰਨ ਵਾਲਾ ਨਾ ਬਣ ਜਾਵੇ।
* ਜੇਕਰ ਸੂਪ ਵਿਚ ਨਮਕ ਜ਼ਿਆਦਾ ਪੈ ਜਾਵੇ ਤਾਂ ਤੁਸੀਂ ਇਸ ਲਈ ਇਕ ਕੱਚਾ ਆਲੂ ਵਰਤ ਸਕਦੇ ਹੋ। ਇਕ ਵੱਡੇ ਆਲੂ ਨੂੰ ਛਿੱਲ ਕੇ ਉਸ ਦੇ ਚਾਰ ਟੁਕੜੇ ਕਰ ਲਓ। ਇਸ ਨੂੰ ਸੂਪ ਵਿਚ ਪਾ ਕੇ 15 ਤੋਂ 20 ਮਿੰਟ ਤੱਕ ਪਕਾਓ। ਹੁਣ ਇਸ ਵਿਚੋਂ ਆਲੂ ਬਾਹਰ ਕੱਢ ਲਓ। ਤੁਸੀਂ ਦੇਖੋਗੇ ਕਿ ਨਮਕ ਘਟ ਜਾਵੇਗਾ। ਇਸ ਤਰ੍ਹਾਂ ਪਕਾਇਆ ਆਲੂ ਵੀ ਅਕਸਰ ਸਵਾਦ ਹੁੰਦਾ ਹੈ।
* ਸੂਪ ਨੂੰ ਮਨਮੋਹਕ ਬਣਾਉਣ ਲਈ ਇਸ ਦੀ ਚੰਗੀ ਤਰ੍ਹਾਂ ਸਜਾਵਟ ਵੀ ਕਰ ਸਕਦੇ ਹੋ।
ਸੂਪ ਬਣਾਉਣ ਦਾ ਸਭ ਤੋਂ ਵੱਡਾ ਲਾਭ ਇਹ ਹੁੰਦਾ ਹੈ ਕਿ ਇਹ ਮਿੰਟਾਂ ਵਿਚ ਕਿਸੇ ਵੀ ਚੀਜ਼ ਤੋਂ ਬਣਾਇਆ ਜਾ ਸਕਦਾ ਹੈ। ਕਿਸੇ ਵੀ ਤਰ੍ਹਾਂ ਦੇ ਮੀਟ ਜਾਂ ਸਬਜ਼ੀ ਨੂੰ ਥੋੜ੍ਹਾ ਪਿਆਜ਼, ਆਲੂ ਦੇ ਟੁਕੜੇ, ਥੋੜ੍ਹਾ ਜਿਹਾ ਨਮਕ ਅਤੇ ਕਾਲੀ ਮਿਰਚ ਨੂੰ ਇਕ ਭਾਂਡੇ ਵਿਚ ਪਾਣੀ ਪਾ ਕੇ ਉਬਾਲੋ। 30 ਮਿੰਟ ਜਾਂ ਇਸ ਤੋਂ ਵੀ ਘੱਟ ਸਮੇਂ ਵਿਚ ਤੁਹਾਡੇ ਕੋਲ ਵਧੀਆ ਸੂਪ ਤਿਆਰ ਹੋ ਜਾਵੇਗਾ। ਇਸ ਤਰ੍ਹਾਂ ਦੇ ਸੂਪ ਨਾਲ ਤੁਸੀਂ ਪੈਸੇ, ਸਮੇਂ ਅਤੇ ਸਿਹਤ ਦਾ ਖਿਆਲ ਰੱਖ ਸਕਦੇ ਹੋ। ਇਸ ਸੂਪ ਨੂੰ ਬੇਝਿਜਕ ਪਰੋਸੋ।
ਸੂਪ ਆਮ ਤੌਰ 'ਤੇ ਪਰੰਪਰਿਕ ਸੂਪ ਕੱਪ ਜਾਂ ਸੂਪ ਪਲੇਟ (ਸੂਪ ਪਲੇਟ ਚੌੜੀ ਹੁੰਦੀ ਹੈ ਅਤੇ ਕੱਪ ਡੂੰਘਾ ਹੁੰਦਾ ਹੈ) ਵਿਚ ਪਰੋਸੇ ਜਾਂਦੇ ਹਨ। ਇਸ ਦੇ ਹੇਠਾਂ ਪਲੇਟ ਰੱਖਦੇ ਹਾਂ। ਸੂਪ ਲਈ ਵਿਸ਼ੇਸ਼ ਕਿਸਮ ਦਾ ਚਮਚਾ ਹੁੰਦਾ ਹੈ। ਆਮ ਤੌਰ 'ਤੇ ਗਾੜ੍ਹਾ ਸੂਪ ਪਲੇਟ ਵਿਚ ਅਤੇ ਪਤਲਾ ਇਕ ਕੱਪ ਵਿਚ ਪੇਸ਼ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਵੱਖ-ਵੱਖ ਢੰਗ ਨਾਲ ਸਜਾਇਆ ਜਾਂਦਾ ਹੈ। ਸੂਪ ਨੂੰ ਵੱਖ-ਵੱਖ ਢੰਗਾਂ ਨਾਲ ਪਰੋਸਿਆ ਜਾਂਦਾ ਹੈ। ਕੋਈ ਕੱਪ ਵਰਤਦਾ ਹੈ, ਕੋਈ ਗਿਲਾਸ ਵਰਗਾ ਬਾਊਲ ਜਾਂ ਕੋਈ ਕੌਫੀ ਮੱਘ, ਤਾਂ ਜੋ ਇਸ ਦਾ ਵੱਧ ਤੋਂ ਵੱਧ ਅਨੰਦ ਮਾਣਿਆ ਜਾ ਸਕੇ।
ਭਾਰਤੀ ਸੂਪਾਂ ਨੂੰ ਪਰੋਸਣਾ : ਬਹੁਤ ਸਾਰੇ ਭਾਰਤੀ ਸੂਪ ਸਟੀਮਡ ਕੀਤੇ ਚੌਲ ਜਾਂ ਡਬਲਰੋਟੀ ਦੇ ਟੁਕੜਿਆਂ ਨਾਲ ਪੇਸ਼ ਕਰਦੇ ਹਨ। ਇਸ ਦੇ ਨਾਲ ਨਿੰਬੂ ਦਾ ਰਸ, ਪਿਆਜ਼ ਦੇ ਸਿਰਕੇ ਵਾਲੇ ਟੁਕੜੇ, ਨਮਕ ਅਤੇ ਕਾਲੀ ਮਿਰਚ ਆਦਿ ਨਾਲ ਤੁਸੀਂ ਆਪਣੇ ਨਿੱਜੀ ਸਵਾਦ ਮੁਤਾਬਿਕ ਹਰੇਕ ਰਾਤ ਦੇ ਖਾਣੇ (ਡਿਨਰ) 'ਤੇ ਪਰੋਸ ਸਕਦੇ ਹੋ। ਸਵਾਦਾਂ ਵਿਚ ਭਾਰਤੀ ਭਿੰਨਤਾ ਕਾਰਨ ਸਾਡੇ ਦੇਸ਼ ਵਿਚ ਕਈ ਕਿਸਮਾਂ ਦੇ ਸਵਾਦੀ ਸੂਪ ਤਿਆਰ ਕਰ ਕੇ ਪਰੋਸੇ ਜਾਂਦੇ ਹਨ।

ਜਦੋਂ ਤੁਸੀਂ ਖੁਦ ਬਣਵਾਓ ਆਪਣੀ ਰਸੋਈ

ਇਨ੍ਹਾਂ ਗੱਲਾਂ ਦਾ ਰੱਖੋ ਵਿਸ਼ੇਸ਼ ਧਿਆਨ
ਤੁਹਾਨੂੰ ਕਿਸੇ ਵੀ ਸਥਿਤੀ ਵਿਚ ਜਦੋਂ ਖੁਦ ਆਪਣੀ ਰਸੋਈ ਨੂੰ ਬਣਾਉਣ ਜਾਂ ਉਸ ਨੂੰ ਨਵਾਂ ਰੂਪ-ਸਵਰੂਪ ਦੇਣ ਦਾ ਮੌਕਾ ਮਿਲੇ ਤਾਂ ਇਸ ਨੂੰ ਕੁਝ ਇਉਂ ਸ਼ਕਲ ਦਿਓ।
ਕਿਹੋ ਜਿਹਾ ਹੋਵੇ ਕੈਬਿਨੇਟ? : ਕੈਬਿਨੇਟ ਨੂੰ ਕਦੇ ਵੀ ਗੈਸ ਦੇ ਉੱਪਰ ਨਾ ਬਣਵਾਓ। ਕਿਉਂਕਿ ਨਾ ਸਿਰਫ ਧੂੰਏਂ ਨਾਲ ਕੈਬਿਨੇਟ ਦੀ ਲੱਕੜੀ ਕਾਲੀ ਪੈ ਜਾਂਦੀ ਹੈ, ਸਗੋਂ ਅਜਿਹੀ ਸਥਿਤੀ ਵਿਚ ਅੱਗ ਲੱਗਣ ਦਾ ਵੀ ਡਰ ਜ਼ਿਆਦਾ ਹੁੰਦਾ ਹੈ। ਕੈਬਿਨੇਟ ਲੈਮੀਨੇਟਿਡ ਫਿਨਿਸ਼ (ਸਨਮਾਈਕਾ) ਦੇ ਬਣਵਾਓ। ਕੈਬਿਨੇਟ ਦੇ ਅੰਦਰਲੀਆਂ ਲੱਕੜ ਦੀਆਂ ਸੈਲਫਾਂ ਨੂੰ ਰੰਗ ਕਰਵਾ ਲਓ। ਜੇ ਪਲੇਟਫਾਰਮ ਦੇ ਹੇਠਾਂ ਕੈਬਿਨੇਟ ਬਣਵਾ ਰਹੇ ਹੋ ਤਾਂ ਇਸ ਵਿਚ ਸ਼ਟਰ ਦੇ ਨਾਲ-ਨਾਲ 4 ਇੰਚ ਦੀਆਂ ਟਾਇਲਾਂ ਲਗਵਾ ਲਓ। ਇਸ ਨਾਲ ਕੈਬਿਨੇਟ ਦੇ ਅੰਦਰ ਨਮੀ ਨਹੀਂ ਰਹੇਗੀ।
ਸਿੰਕ 'ਤੇ ਵੀ ਧਿਆਨ ਦਿਓ : ਇਕ ਜ਼ਮਾਨਾ ਸੀ ਜਦੋਂ ਔਰਤਾਂ ਰਸੋਈ ਦੀ ਸਿੰਕ 'ਤੇ ਜ਼ਿਆਦਾ ਧਿਆਨ ਨਹੀਂ ਦਿੰਦੀਆਂ ਸਨ ਜਾਂ ਕਹਿਣਾ ਚਾਹੀਦਾ ਹੈ ਕਿ ਉਨ੍ਹਾਂ ਨੂੰ ਸਿੰਕ 'ਤੇ ਧਿਆਨ ਦੇਣਾ ਯਾਦ ਹੀ ਨਹੀਂ ਰਹਿੰਦਾ ਸੀ ਅਤੇ ਜਦੋਂ ਧਿਆਨ ਦੇਣ ਦੀ ਵਾਰੀ ਆਉਂਦੀ ਸੀ, ਉਦੋਂ ਤੱਕ ਰਸੋਈ ਬਣ ਚੁੱਕੀ ਹੁੰਦੀ ਸੀ। ਪਰ ਹੁਣ ਸਿੰਕ ਰਸੋਈ ਦੀ ਮਹੱਤਵਪੂਰਨ ਜਗ੍ਹਾ ਬਣ ਚੁੱਕੀ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਇਨ੍ਹੀਂ ਦਿਨੀਂ ਬਾਜ਼ਾਰ ਵਿਚ ਤਰ੍ਹਾਂ-ਤਰ੍ਹਾਂ ਦੇ ਅਤੇ ਵੱਖ-ਵੱਖ ਆਕਾਰਾਂ ਦੇ ਬਣੇ-ਬਣਾਏ ਸਿੰਕ ਮੌਜੂਦ ਹਨ। ਸੰਗਮਰਮਰ, ਪੱਥਰ, ਗ੍ਰੇਨਾਈਟ ਅਤੇ ਸਟੀਲ ਦੇ ਸਿੰਕ ਵਿਚ ਇਕ ਤੋਂ ਵਧ ਕੇ ਇਕ ਡਿਜ਼ਾਈਨ ਇਨ੍ਹਾਂ ਦਿਨਾਂ ਵਿਚ ਬਾਜ਼ਾਰ ਵਿਚ ਮੌਜੂਦ ਹਨ ਪਰ ਜੇ ਖੂਬਸੂਰਤੀ ਨਾਲ ਜ਼ਿਆਦਾ ਸਫ਼ਾਈ ਨੂੰ ਮਹੱਤਵ ਦਿੰਦੇ ਹੋ ਤਾਂ ਅੱਖਾਂ ਬੰਦ ਕਰ ਕੇ ਸਟੀਲ ਦੇ ਸਿੰਕ ਨੂੰ ਆਪਣੀ ਰਸੋਈ ਵਿਚ ਲਗਵਾਓ। ਇਹ ਨਾ ਸਿਰਫ ਮਜ਼ਬੂਤ ਹੁੰਦਾ ਹੈ, ਸਗੋਂ ਬਹੁਤ ਅਸਾਨੀ ਨਾਲ ਸਾਫ਼ ਰਹਿੰਦਾ ਹੈ, ਇਸ ਨਾਲ ਰਸੋਈ ਨੂੰ ਕੀੜੇ-ਮਕੌੜਿਆਂ ਤੋਂ ਮੁਕਤੀ ਮਿਲਦੀ ਹੈ। ਸਿੰਕ ਦੇ ਕੋਲ ਹੀ ਥੋੜ੍ਹਾ ਉੱਚਾ ਇਕ ਕਾਊਂਟਰ ਬਣਵਾਉਣਾ ਠੀਕ ਰਹੇਗਾ, ਜਿਸ 'ਤੇ ਧੋਤੇ ਭਾਂਡੇ ਰੱਖੇ ਜਾ ਸਕਣ। ਸਿੰਕ ਦੇ ਕੋਲ ਹੀ ਇਕਵਾਗਾਰਡ ਵੀ ਲਗਵਾਓ। ਇਕ ਗੱਲ 'ਤੇ ਜ਼ਰੂਰ ਧਿਆਨ ਦਿਓ ਕਿ ਜੇ ਤੁਹਾਡੀ ਰਸੋਈ ਛੋਟੀ ਹੈ ਤਾਂ ਬਹੁਤ ਵੱਡਾ ਸਿੰਕ ਨਾ ਲਗਾਓ। ਇਹ ਰਸੋਈ ਦੇ ਅਨੁਪਾਤ ਮੁਤਾਬਿਕ ਵੱਡਾ ਹੋਵੇਗਾ ਤਾਂ ਖਰਾਬ ਲੱਗੇਗਾ।
ਕਿਹੋ ਜਿਹਾ ਹੋਵੇ ਪਲੇਟਫਾਰਮ : ਵੈਸੇ ਤਾਂ ਤੁਹਾਡੇ ਦਿਲ ਵਿਚ ਜਿਸ ਕਿਸਮ ਦੇ ਪਲੇਟਫਾਰਮ ਦੀ ਜਗ੍ਹਾ ਹੋਵੇ, ਆਪਣੀ ਰਸੋਈ ਨੂੰ ਉਹੋ ਜਿਹਾ ਹੀ ਪਲੇਟਫਾਰਮ ਦਿਓ। ਪਰ ਅੱਜਕਲ੍ਹ ਐਲ ਆਕਾਰ ਅਤੇ ਯੂ ਆਕਾਰ ਦੇ ਕਾਊਂਟਰ ਦਾ ਰੁਝਾਨ ਹੈ। ਪਲੇਟਫਾਰਮ ਉਦੈਪੁਰ ਗ੍ਰੀਨ ਜਾਂ ਬਲੈਕ ਗ੍ਰੇਨਾਈਟ ਦਾ ਬਣਵਾਓ। ਇਸ ਦੀ ਉਮਰ ਲੰਮੀ ਹੁੰਦੀ ਹੈ। ਸੰਗਮਰਮਰ ਦੇ ਕਾਊਂਟਰ ਅੱਜਕਲ੍ਹ ਚਲਨ ਵਿਚ ਨਹੀਂ ਹਨ। ਇਕ ਤਾਂ ਸੰਗਮਰਮਰ ਕੱਚਾ ਹੁੰਦਾ ਹੈ, ਜਿਸ ਕਾਰਨ ਕਈ ਵਾਰ ਇਸ ਵਿਚ ਦਰਾੜ ਆ ਜਾਂਦੀ ਹੈ ਅਤੇ ਅੰਦਰ ਪਾਣੀ ਜਾਂਦਾ ਰਹਿੰਦਾ ਹੈ, ਜਿਸ ਨਾਲ ਰਸੋਈ ਵਿਚ ਸਿੱਲ੍ਹ ਆ ਜਾਂਦੀ ਹੈ।
ਜ਼ਰੂਰੀ ਹੈ ਪਾਣੀ ਦਾ ਨਿਕਾਸ : ਰਸੋਈ ਦਾ ਜ਼ਰੂਰੀ ਹਿੱਸਾ ਹੈ ਪਾਣੀ ਦਾ ਨਿਕਾਸ। ਜੇ ਸਿੰਕ ਵਿਚ ਪਾਣੀ ਰੁਕਦਾ ਹੋਵੇ, ਨਾਲੀ ਬੰਦ ਹੋ ਜਾਂਦੀ ਹੋਵੇ, ਤਾਂ ਗ੍ਰਹਿਣੀ ਲਈ ਸਮੱਸਿਆ ਖੜ੍ਹੀ ਹੋ ਜਾਂਦੀ ਹੈ। ਰਸੋਈ ਵਿਚ ਕਦੇ ਵੀ ਬੋਤਲ ਟ੍ਰੈਪ ਨਾ ਲਗਵਾਓ। ਪੀ.ਵੀ.ਸੀ. ਦੇ ਸਿੱਧੇ ਪਾਈਪ ਲਗਵਾਓ, ਜਿਸ ਵਿਚੋਂ ਵੇਸਟ ਤੱਕ ਸਿੱਧਾ ਪਾਈਪ ਜਾਂਦਾ ਹੈ।
ਇਨ੍ਹਾਂ ਗੱਲਾਂ ਦਾ ਵੀ ਧਿਆਨ ਰੱਖੋ :
* ਰਸੋਈ ਘਰ ਦੀ ਖਿੜਕੀ ਕੁਕਿੰਗ ਕਾਊਂਟਰ ਦੇ ਉੱਪਰ ਨਾ ਹੋਵੇ।
* ਮਾਈਕ੍ਰੋਵੇਵ, ਫੂਡ ਪ੍ਰੋਸੈਸਰ, ਮਿਕਸਰ ਗ੍ਰਾਇੰਡਰ ਆਦਿ ਉਪਕਰਨਾਂ ਨੂੰ ਕਾਊਂਟਰ 'ਤੇ ਅਜਿਹੀ ਜਗ੍ਹਾ ਰੱਖੋ, ਜਿਥੇ ਤੁਸੀਂ ਖੜ੍ਹੇ ਹੋ ਕੇ ਆਰਾਮ ਨਾਲ ਕੰਮ ਕਰ ਸਕੋ ਤਾਂ ਕਿ ਉਚਕਨ ਜਾਂ ਝੁਕਣ ਦੀ ਲੋੜ ਨਾ ਪਵੇ।
* ਮਾਈਕ੍ਰੋਵੇਵ ਅਤੇ ਗੈਸ ਦੇ ਵਿਚ ਘੱਟ ਤੋਂ ਘੱਟ 3 ਫੁੱਟ ਦੀ ਦੂਰੀ ਹੋਣੀ ਚਾਹੀਦੀ ਹੈ। ਜੇ ਤੁਹਾਡੀ ਰਸੋਈ ਵਿਚ ਜਗ੍ਹਾ ਹੋਵੇ ਤਾਂ ਫਰਿੱਜ ਨੂੰ ਰਸੋਈ ਵਿਚ ਹੀ ਰੱਖੋ। ਇਸ ਨਾਲ ਤੁਹਾਨੂੰ ਚੀਜ਼ਾਂ ਸਟੋਰ ਕਰਨ, ਕੱਢਣ ਵਿਚ ਸਹੂਲਤ ਹੋਵੇਗੀ।
* ਫਰਿੱਜ ਨੂੰ ਦੀਵਾਰ ਤੋਂ 10 ਇੰਚ ਅਤੇ ਗੈਸ ਤੋਂ 3 ਫੁੱਟ ਦੂਰ ਰੱਖੋ।
* ਸਿਲੰਡਰ ਅਜਿਹੀ ਜਗ੍ਹਾ 'ਤੇ ਰੱਖੋ, ਜੋ ਹਵਾਦਾਰ ਹੋਵੇ।
* ਰਸੋਈ ਵਿਚ ਬਿਜਲੀ ਦੀਆਂ ਤਾਰਾਂ ਪਲਾਸਟਿਕ ਕੋਟਿਡ ਹੋਣੀਆਂ ਚਾਹੀਦੀਆਂ ਹਨ।

ਜੋ ਦਿਲ ਕਹੇ , ਸੁਣੋ ,ਕਰੋ !

ਸੁਖੀ ਜੀਵਨ ਲਈ ਕੁਝ ਗੱਲਾਂ ਬਹੁਤ ਜ਼ਰੂਰੀ ਹਨ, ਜੋ ਪਤੀ-ਪਤਨੀ ਦੋਵਾਂ ਨੂੰ ਅਪਣਾਉਣੀਆਂ ਚਾਹੀਦੀਆਂ ਹਨ। ਇਹ ਗੱਲਾਂ ਸਿਰਫ ਕਾਗਜ਼ 'ਤੇ ਲਿਖਣ ਲਈ ਨਹੀਂ ਹੁੰਦੀਆਂ, ਇਨ੍ਹਾਂ ਨੂੰ ਜੀਵਨਸ਼ੈਲੀ ਵਿਚ ਸ਼ਾਮਿਲ ਕਰਨ ਦੀ ਲੋੜ ਹੈ।
* ਤੁਸੀਂ ਹਮੇਸ਼ਾ ਖੁਦ ਨੂੰ ਜ਼ਿੰਦਾਦਿਲ ਰੱਖਣ ਦੀ ਕੋਸ਼ਿਸ ਕਰੋ। ਗੱਲ-ਗੱਲ 'ਤੇ ਹੱਸਣਾ-ਮੁਸਕਰਾਉਣਾ ਅਤੇ ਹਾਸਾ-ਮਜ਼ਾਕ ਆਪਣੇ ਸਾਥੀ ਨੂੰ ਤੁਹਾਡੇ ਇਰਦ-ਗਿਰਦ ਮੰਡਰਾਉਣ ਲਈ ਮਜਬੂਰ ਕਰ ਦੇਵੇਗਾ।
* ਖੁਦ ਨੂੰ ਸਮਾਰਟ ਅਤੇ ਚੁਸਤ ਰੱਖੋ। ਜੈਸੇ-ਤੈਸੇ ਕੱਪੜੇ ਪਹਿਨਣ ਅਤੇ ਬੁਝੇ-ਬੁਝੇ ਰਹਿਣ ਨਾਲ ਸਾਥੀ ਦਾ ਤੁਹਾਡੇ ਪ੍ਰਤੀ ਆਕਰਸ਼ਣ ਘੱਟ ਹੁੰਦਾ ਹੈ।
* 'ਸਾਡੇ ਵਿਆਹ ਨੂੰ ਇੰਨੇ ਸਾਲ ਹੋ ਗਏ, ਅਸੀਂ ਕੀ ਸਜਣਾ-ਸੰਵਰਨਾ' ਵਰਗੀਆਂ ਨਕਾਰਾਤਮਕ ਗੱਲਾਂ ਤੁਹਾਡੀ ਜ਼ਿੰਦਾਦਿਲੀ ਘੱਟ ਕਰ ਦੇਣਗੀਆਂ। ਹਮੇਸ਼ਾ ਨਵੇਂ ਰਿਵਾਜ ਦੇ ਕੱਪੜੇ-ਜੁੱਤੀ ਖ਼ਰੀਦੋ।
* ਅਜਿਹਾ ਨਹੀਂ ਹੈ ਕਿ ਸਿਰਫ ਪਤਨੀ ਹੀ ਬਣ-ਸਜ ਕੇ ਖਿੜੀ-ਖਿੜੀ ਨਜ਼ਰ ਆਵੇ, ਪਤੀ ਦਾ ਅਪ-ਟੂ-ਡੇਟ ਰਹਿਣਾ ਵੀ ਪਤਨੀ ਨੂੰ ਆਕਰਸ਼ਤ ਕਰਦਾ ਹੈ।
* ਹਰ ਵੇਲੇ ਬੱਚਿਆਂ ਦੀ ਚਿੰਤਾ ਵਿਚ ਹੀ ਨਾ ਰਹੋ, ਕੁਝ ਸਮਾਂ ਇਕ-ਦੂਜੇ ਲਈ ਵੀ ਕੱਢੋ।
* ਜੀਵਨ ਸਾਥੀ ਦੀ ਪ੍ਰਸੰਸਾ ਵਿਚ ਕੰਜੂਸੀ ਕਦੇ ਨਾ ਕਰੋ। ਪਤਨੀ ਨੇ ਚੰਗਾ ਖਾਣਾ ਬਣਾਇਆ ਹੋਵੇ ਜਾਂ ਫਿਰ ਚੰਗੀ ਪੋਸ਼ਾਕ ਪਹਿਨੀ ਹੋਵੇ, ਦਿਲ ਖੋਲ੍ਹ ਕੇ ਤਾਰੀਫ ਕਰੋ। ਸ਼ਾਇਦ ਹੀ ਤੁਹਾਨੂੰ ਪਤਾ ਹੋਵੇ ਕਿ ਤੁਹਾਡੇ ਦੋ ਮਿੱਠੇ ਬੋਲ ਉਸ ਨੂੰ ਕਿੰਨਾ ਸਕੂਨ ਦੇਣਗੇ।
* ਤੁਸੀਂ ਸੈਰ ਕਰ ਰਹੇ ਹੋ ਜਾਂ ਖਰੀਦਦਾਰੀ ਕਰ ਰਹੇ ਹੋ ਜਾਂ ਟ੍ਰੇਨ ਵਿਚ ਸਫ਼ਰ ਕਰ ਰਹੇ ਹੋ, ਇਕ-ਦੂਜੇ ਦੇ ਕਰੀਬ ਰਹੋ। ਇਕ-ਦੂਜੇ ਦੀ ਪਸੰਦ ਦਾ ਖਿਆਲ ਰੱਖੋ।
**

ਸਰਦੀਆਂ ਵਿਚ ਵਾਲਾਂ ਦੀ ਦੇਖਭਾਲ

ਹਾਲਾਂਕਿ ਵਾਲਾਂ ਦੀਆਂ ਸਮੱਸਿਆਵਾਂ ਹਰ ਮੌਸਮ ਵਿਚ ਰਹਿੰਦੀਆਂ ਹਨ ਪਰ ਸਰਦੀਆਂ ਵਿਚ ਵਾਲਾਂ ਦਾ ਰੁੱਖਾਪਨ ਅਤੇ ਵਾਲਾਂ ਦਾ ਝੜਨਾ ਆਦਿ ਕਈ ਅਜਿਹੀਆਂ ਸਮੱਸਿਆਵਾਂ ਆਉਂਦੀਆਂ ਹਨ, ਜੋ ਕਿ ਮੌਸਮ ਨਾਲ ਸਿੱਧੇ ਤੌਰ 'ਤੇ ਜੁੜੀਆਂ ਹੁੰਦੀਆਂ ਹਨ। ਇਸ ਮੌਸਮ ਵਿਚ ਅਸੀਂ ਇਸ਼ਨਾਨ ਅਤੇ ਵਾਲਾਂ ਨੂੰ ਧੋਣ ਲਈ ਗਰਮ ਪਾਣੀ ਦੀ ਵਰਤੋਂ ਕਰਦੇ ਹਾਂ, ਜਿਸ ਨਾਲ ਵਾਲ ਖੁਸ਼ਕ ਹੋ ਜਾਂਦੇ ਹਨ। ਦਰਅਸਲ ਸਰਦੀਆਂ ਵਿਚ ਠੰਢੀਆਂ ਹਵਾਵਾਂ ਦੇ ਚੱਲਣ ਨਾਲ ਵਾਤਾਵਰਨ ਵਿਚ ਆਈ ਨਮੀ ਦੀ ਵਜ੍ਹਾ ਨਾਲ ਸਾਡੀ ਖੋਪੜੀ ਖੁਸ਼ਕ ਹੋ ਜਾਂਦੀ ਹੈ, ਜਿਸ ਨਾਲ ਵਾਲਾਂ ਵਿਚ ਰੁੱਖਾਪਨ ਆ ਜਾਂਦਾ ਹੈ ਅਤੇ ਵਾਲ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਸਿੱਕਰੀ ਅਤੇ ਦੋ-ਮੂੰਹੋਂ ਵਾਲਾਂ ਦੀ ਸਮੱਸਿਆ ਨਾਲ ਨਿਪਟਣ ਲਈ ਗਰਮ ਤੇਲ ਨਾਲ ਮਾਲਿਸ਼ ਕਾਫੀ ਲਾਭਦਾਇਕ ਸਾਬਤ ਹੁੰਦੀ ਹੈ। ਹਫ਼ਤੇ ਵਿਚ ਇਕ ਜਾਂ ਦੋ ਵਾਰ ਸ਼ੁੱਧ ਨਾਰੀਅਲ ਤੇਲ ਨੂੰ ਗਰਮ ਕਰ ਕੇ ਇਸ ਨੂੰ ਸਿਰ ਅਤੇ ਖੋਪੜੀ 'ਤੇ ਲਗਾਓ। ਇਸ ਤੋਂ ਬਾਅਦ ਇਕ ਤੌਲੀਏ ਨੂੰ ਗਰਮ ਪਾਣੀ ਵਿਚ ਡੁਬੋ ਕੇ ਨਿਚੋੜ ਲਓ ਅਤੇ ਗਰਮ ਤੌਲੀਏ ਨੂੰ 5 ਮਿੰਟ ਤੱਕ ਸਿਰ 'ਤੇ ਬੰਨ੍ਹ ਲਓ।
ਇਕ ਕੱਪ ਔਲਾ ਪਾਊਡਰ, 2 ਚਮਚ ਕੈਸਟ੍ਰਾਲ ਆਇਲ ਅਤੇ ਇਕ ਆਂਡੇ ਨੂੰ ਫੈਂਟ ਕੇ ਮਿਸ਼ਰਣ ਬਣਾ ਕੇ ਇਸ ਨੂੰ ਸਿਰ ਅਤੇ ਵਾਲਾਂ 'ਤੇ ਅੱਧਾ ਘੰਟਾ ਲਗਾਉਣ ਤੋਂ ਬਾਅਦ ਵਾਲਾਂ ਨੂੰ ਹਲਕੇ ਕੋਸੇ ਪਾਣੀ ਨਾਲ ਧੋ ਦਿਓ। ਸਰਦੀਆਂ ਵਿਚ ਨਾਰੀਅਲ ਤੇਲ ਤੋਂ ਇਲਾਵਾ ਬ੍ਰਹਮੀ, ਬਦਾਮ, ਤਿਲ ਆਦਿ ਰਸਾਇਣ ਰਹਿਤ ਤੇਲ ਵਾਲਾਂ ਲਈ ਕਾਫੀ ਫਾਇਦੇਮੰਦ ਸਾਬਤ ਹੁੰਦਾ ਹੈ।
ਵਾਲਾਂ ਨੂੰ ਜੈਤੂਨ, ਬਦਾਮ, ਸਰ੍ਹੋਂ ਜਾਂ ਨਾਰੀਅਲ ਤੇਲ ਨਾਲ ਹਫ਼ਤੇ ਵਿਚ 3 ਦਿਨ ਤੱਕ ਉਂਗਲੀਆਂ ਨਾਲ ਹੌਲੀ-ਹੌਲੀ ਖੋਪੜੀ 'ਤੇ ਘੁਮਾਅਦਾਰ ਤਰੀਕੇ ਨਾਲ ਮਾਲਿਸ਼ ਕਰਨ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਹੈ। ਔਸਤਨ ਅੱਧਾ ਘੰਟਾ ਮਸਾਜ ਕਰਨ ਤੋਂ ਬਾਅਦ ਵਾਲਾਂ ਨੂੰ ਤਾਜ਼ੇ ਪਾਣੀ ਨਾਲ ਧੋ ਸਕਦੇ ਹੋ। ਦਹੀਂ ਅਤੇ ਨਿੰਬੂ ਦੀ ਵਰਤੋਂ ਸਰਦੀਆਂ ਵਿਚ ਵਾਲਾਂ ਨੂੰ ਸਿੱਕਰੀ ਤੋਂ ਛੁਟਕਾਰਾ ਦਿਵਾਉਣ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ। ਦਹੀਂ ਵਿਚ ਨਿੰਬੂ ਦੀਆਂ ਬੂੰਦਾਂ ਪਾ ਕੇ ਪੇਸਟ ਬਣਾ ਕੇ ਇਸ ਪੇਸਟ ਨੂੰ ਵਾਲਾਂ ਦੀਆਂ ਜੜ੍ਹਾਂ 'ਤੇ ਹੌਲੀ-ਹੌਲੀ ਅੱਧਾ ਘੰਟਾ ਲਗਾ ਕੇ ਬਾਅਦ ਵਿਚ ਕੋਸੇ ਪਾਣੀ ਨਾਲ ਧੋ ਦਿਓ।
ਇਕ ਕੱਪ ਦੁੱਧ ਵਿਚ ਆਂਡਾ ਫੈਂਟੋ ਅਤੇ ਇਸ ਮਿਸ਼ਰਣ ਨੂੰ ਖੋਪੜੀ 'ਤੇ ਲਗਾ ਕੇ 5 ਮਿੰਟ ਤੱਕ ਰਹਿਣ ਦਿਓ। ਇਸ ਤੋਂ ਬਾਅਦ ਵਾਲਾਂ ਨੂੰ ਸਾਦੇ ਪਾਣੀ ਨਾਲ ਧੋ ਦਿਓ। ਇਸ ਵਿਧੀ ਨੂੰ ਹਫ਼ਤੇ ਵਿਚ ਦੋ ਵਾਰ ਵਰਤੋ।
ਵਾਲਾਂ ਦੀ ਰੰਗਤ ਅਤੇ ਬਨਾਵਟ ਸੁਧਾਰਨ ਲਈ ਇਕ ਚਮਚ ਅਰੰਡੀ ਦੇ ਤੇਲ ਅਤੇ ਇਕ ਚਮਚ ਨਾਰੀਅਲ ਦੇ ਤੇਲ ਨੂੰ ਮਿਲਾ ਕੇ ਗਰਮ ਕਰ ਲਓ ਅਤੇ ਇਸ ਨੂੰ ਵਾਲਾਂ ਅਤੇ ਖੋਪੜੀ 'ਤੇ ਲਗਾ ਕੇ ਰਾਤ ਭਰ ਲੱਗਾ ਰਹਿਣ ਦਿਓ। ਅਰੰਡੀ ਦਾ ਤੇਲ ਵਾਲਾਂ ਨੂੰ ਕਾਲਾ ਕਰਨ ਵਿਚ ਮਦਦ ਕਰਦਾ ਹੈ, ਜੋ ਕਿ ਤੇਜ਼ ਧੁੱਪ ਜਾਂ ਹੋਰ ਕਾਰਨਾਂ ਕਰਕੇ ਭੂਰੇ ਪੈ ਜਾਂਦੇ ਹਨ। ਰਾਤ ਭਰ ਲੱਗਾ ਰਹਿਣ ਤੋਂ ਬਾਅਦ ਇਸ ਨੂੰ ਸਵੇਰੇ ਤਾਜ਼ੇ ਸਾਫ਼ ਪਾਣੀ ਨਾਲ ਧੋ ਦਿਓ।
ਜਦੋਂ ਵੀ ਤੁਸੀਂ ਧੁੱਪ ਵਿਚ ਬੈਠੋ ਤਾਂ ਆਪਣੇ ਵਾਲਾਂ ਨੂੰ ਹਮੇਸ਼ਾ ਢਕ ਕੇ ਰੱਖੋ, ਨਹੀਂ ਤਾਂ ਵਾਲ ਰੁੱਖੇ ਹੋ ਸਕਦੇ ਹਨ। ਸਿਰ 'ਤੇ ਸਕਾਰਫ ਦੀ ਵਰਤੋਂ ਕਰਨ ਦੀ ਨਿਯਮਤ ਆਦਤ ਪਾਓ ਅਤੇ ਜੂੜਾ, ਵਿਗਸ ਆਦਿ ਸਟਾਈਲ ਬਣਾ ਕੇ ਵਾਲਾਂ ਨੂੰ ਨਿਯਮਤ ਰੂਪ ਨਾਲ ਢਕ ਕੇ ਰੱਖੋ।

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX