ਤਾਜਾ ਖ਼ਬਰਾਂ


ਇਮਰਾਨ ਖਾਨ ਪਠਾਣ ਹਨ ਤਾਂ ਸਾਬਤ ਕਰਨ ਦਾ ਵਕਤ ਆ ਗਿਐ - ਮੋਦੀ
. . .  29 minutes ago
ਟੋਂਕ, 23 ਫਰਵਰੀ - ਰਾਜਸਥਾਨ ਦੇ ਟੋਂਕ ਵਿਚ ਇਕ ਰੈਲੀ ਨੂੰ ਸੰਬੋਧਨ ਕਰਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਵੱਡਾ ਹਮਲਾ ਸਾਧਿਆ। ਉਨ੍ਹਾਂ ਕਿਹਾ...
ਕਸ਼ਮੀਰ 'ਚ ਤਾਇਨਾਤ ਹੋਈਆਂ ਬੀ.ਐਸ.ਐਫ. ਤੇ ਆਈ.ਟੀ.ਬੀ.ਪੀ. ਦੀਆਂ 100 ਕੰਪਨੀਆਂ
. . .  about 1 hour ago
ਸ੍ਰੀਨਗਰ, 23 ਫਰਵਰੀ - ਸਰਕਾਰ ਤੇ ਸੁਰੱਖਿਆ ਬਲ ਕਸ਼ਮੀਰ ਦੀ ਸਥਿਤੀ ਨਾਲ ਨਜਿੱਠਣ ਲਈ ਸਖ਼ਤੀ ਨਾਲ ਤਿਆਰ ਹੋ ਰਹੇ ਹਨ। ਇਸ ਲਈ ਸੂਬੇ 'ਚ ਸੁਰੱਖਿਆ ਬਲਾਂ ਦੀ 100 ਵਾਧੂ ਕੰਪਨੀਆਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੱਖਵਾਦੀਆਂ ਨੇਤਾਵਾਂ ਦੀ ਸੁਰੱਖਿਆ...
ਸ੍ਰੀਲੰਕਾ ਨੇ ਦੱਖਣੀ ਅਫ਼ਰੀਕਾ 'ਚ ਰਚਿਆ ਇਤਿਹਾਸ
. . .  about 2 hours ago
ਪੋਰਟ ਐਲੀਜਾਬੇਥ, 23 ਫਰਵਰੀ - ਕੁਸ਼ਲ ਮੈਂਡਿਸ ਤੇ ਓਸ਼ਾਡਾ ਫਰਨਾਡੋ ਵਿਚਕਾਰ ਤੀਸਰੇ ਵਿਕਟ ਲਈ 163 ਦੌੜਾਂ ਦੀ ਸਾਂਝੇਦਾਰੀ ਦੇ ਦਮ 'ਤੇ ਸ੍ਰੀਲੰਕਾ ਨੇ ਇਥੇ ਦੱਖਣੀ ਅਫਰੀਕਾ ਨੂੰ ਦੂਸਰੇ ਟੈਸਟ ਮੈਚ 'ਚ 8 ਵਿਕਟਾਂ ਨਾਲ ਹਰਾ ਦਿੱਤਾ। ਇੰਗਲੈਂਡ ਤੇ ਆਸਟ੍ਰੇਲੀਆ ਤੋਂ ਬਾਅਦ...
ਪਾਕਿਸਤਾਨ ਵੱਲੋਂ ਗੋਲੀਬਾਰੀ ਦੀ ਉਲੰਘਣਾ
. . .  about 2 hours ago
ਸ੍ਰੀਨਗਰ, 23 ਫਰਵਰੀ - ਜੰਮੂ ਕਸ਼ਮੀਰ ਦੇ ਰਾਜੌਰੀ ਸਥਿਤ ਨੌਸ਼ਹਿਰਾ ਸੈਕਟਰ 'ਚ ਅੱਜ 4.30 ਵਜੇ ਦੇ ਕਰੀਬ ਪਾਕਿਸਤਾਨ ਵਲੋਂ ਸੀਜ਼ਫਾਈਰ ਦਾ ਉਲੰਘਣ ਕੀਤਾ...
ਸੱਤਾ 'ਚ ਆਉਣ 'ਤੇ ਅਰਧ ਸੈਨਿਕ ਜਵਾਨਾਂ ਨੂੰ ਮਿਲੇਗਾ ਸ਼ਹੀਦ ਦਾ ਦਰਜਾ - ਰਾਹੁਲ ਗਾਂਧੀ
. . .  about 2 hours ago
ਨਵੀਂ ਦਿੱਲੀ, 23 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਸਰਕਾਰ ਵਿਚ ਆਉਣ 'ਤੇ ਕਾਰਵਾਈਆਂ ਦੌਰਾਨ ਹਲਾਕ ਹੋਣ ਵਾਲੇ ਨੀਮ ਫ਼ੌਜੀ ਜਵਾਨਾਂ ਨੂੰ ਸ਼ਹੀਦ ਦਾ ਦਰਜਾ ਮਿਲੇਗਾ। ਉਨ੍ਹਾਂ ਨੇ ਇਹ ਗੱਲ ਜੇ.ਐਲ.ਐਨ. ਸਟੇਡੀਅਮ ਵਿਚ...
ਭਾਰਤ ਦੀ ਕੁੱਝ ਜ਼ੋਰਦਾਰ ਕਰਨ ਦੀ ਇੱਛਾ ਨੂੰ ਸਮਝ ਸਕਦਾ ਹਾਂ - ਟਰੰਪ
. . .  about 3 hours ago
ਵਾਸ਼ਿੰਗਟਨ, 23 ਫਰਵਰੀ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਭਾਰਤ ਪਾਕਿਸਤਾਨ ਵਿਚਕਾਰ ਹਾਲਾਤ ਅਤਿ ਪ੍ਰਚੰਡ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਪੁਲਵਾਮਾ ਅੱਤਵਾਦੀ ਹਮਲੇ ਮਗਰੋਂ ਉਹ ਨਵੀਂ ਦਿੱਲੀ ਦੀ ਕੁੱਝ ਜ਼ੋਰਦਾਰ ਕਰਨ...
ਓ.ਆਈ.ਸੀ. ਦੀ ਬੈਠਕ 'ਚ ਭਾਰਤ ਨੂੰ 'ਗੈੱਸਟ ਆਫ਼ ਆਨਰ' ਵਜੋਂ ਦਿੱਤਾ ਗਿਆ ਸੱਦਾ
. . .  1 minute ago
ਨਵੀਂ ਦਿੱਲੀ, 23 ਫਰਵਰੀ- ਇਸਲਾਮਿਕ ਸਹਿਯੋਗ ਸੰਗਠਨ ਦੇ ਵਿਦੇਸ਼ ਮੰਤਰੀਆਂ ਦੀ ਬੈਠਕ 'ਚ ਭਾਗ ਲੈਣ ਲਈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਬੁਲਾਇਆ ਗਿਆ ਹੈ। ਸੁਸ਼ਮਾ ਸਵਰਾਜ ਨੂੰ 'ਗੈੱਸਟ ਆਫ਼ ਆਨਰ' ਦੇ ਰੂਪ ...
ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੀ ਮੰਗ ਨੂੰ ਲੈ ਕੇ ਕੇਜਰੀਵਾਲ ਵੱਲੋਂ ਭੁੱਖ ਹੜਤਾਲ ਦਾ ਐਲਾਨ
. . .  about 4 hours ago
ਨਵੀ ਦਿੱਲੀ, 23 ਫਰਵਰੀ(ਜਗਤਾਰ ਸਿੰਘ)- ਦਿੱਲੀ ਨੂੰ ਪੂਰਨ ਰਾਜ ਦਾ ਦਰਜਾ ਦਿਵਾਉਣ ਦੇ ਮੁੱਦੇ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ 1 ਮਾਰਚ ਤੋਂ ਬੇਮਿਆਦੀ ਭੁੱਖ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ....
ਕਸ਼ਮੀਰੀ ਵਿਦਿਆਰਥੀਆਂ ਦੀ ਸਹਾਇਤਾ ਲਈ ਕੈਪਟਨ ਸਰਕਾਰ ਨੇ ਜਾਰੀ ਕੀਤਾ ਹੈਲਪਲਾਈਨ ਨੰਬਰ
. . .  about 4 hours ago
ਚੰਡੀਗੜ੍ਹ, 23 ਫਰਵਰੀ- ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਸੀ.ਆਰ.ਪੀ.ਐਫ. ਦੇ ਕਾਫ਼ਲੇ 'ਤੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਸ਼ਮੀਰੀ ਵਿਦਿਆਰਥੀਆਂ ਨੂੰ ਪੂਰਾ ਸਮਰਥਨ ਦੇਣ ਭਰੋਸਾ ਦਿਵਾਇਆ ....
ਆਮ ਆਦਮੀ ਪਾਰਟੀ ਦਾ ਕੋਈ ਵੀ ਵਿਧਾਇਕ ਨਹੀਂ ਲੜੇਗਾ ਲੋਕ ਸਭਾ ਦੀ ਚੋਣ - ਮਾਨ
. . .  about 4 hours ago
ਨੂਰਪੁਰ ਬੇਦੀ, 23 ਫਰਵਰੀ (ਹਰਦੀਪ ਸਿੰਘ ਢੀਂਡਸਾ) - ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਲੋਕ ਸਭਾ ਸਾਂਸਦ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕੋਈ ਵੀ ਮੌਜੂਦਾ ਵਿਧਾਇਕ ਲੋਕ ਸਭਾ ਦੀਆਂ ਚੋਣਾਂ ਨਹੀਂ....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਤੀਆਂ ਤੋਂ ਰੱਖੜੀ ਤੱਕ ਦਾ ਪੰਜਾਬ

ਪੰਜਾਬ ਦੇ ਦੇਸੀ ਮਹੀਨਿਆਂ ਵਿਚ ਸਾਉਣ (ਸਾਵਣ) ਦਾ ਮਹੀਨਾ ਇਕ ਵੱਖਰੀ ਤਬੀਅਤ ਦਾ ਮਹੀਨਾ ਹੁੰਦਾ ਹੈ, ਜਿਸ ਨਾਲ ਪੰਜਾਬੀਆਂ ਦੇ ਬਹੁ-ਅਨੁਭਵੀ ਚਾਅ-ਮਲਾਰ ਜੁੜੇ ਹੋਏ ਹਨ | ਜੇਠ-ਹਾੜ ਦੀਆਂ ਤਪਦੀਆਂ ਲੂਆਂ ਤੇ ਭਖਦੇ ਤੰਦੂਰ ਵਰਗੇ ਤਪਸ਼ੀ ਦਿਨਾਂ ਤੋਂ ਬਾਅਦ ਜਦ ਬੱਦਲਾਂ ਦੀਆਂ ਠੰਢੀਆਂ ਮਿੱਠੀਆਂ ਫੁਹਾਰਾਂ ਧਰਤੀ ਤੱਕ ਪਹੁੰਚਦੀਆਂ ਹਨ ਤਾਂ ਇਕ ਅਲੌਕਿਕ ਸੁਖਾਵਾਂ ਵਾਤਾਵਰਨ ਸਿਰਜਿਆ ਜਾਂਦਾ ਹੈ | ਵਰਖਾ ਦੀਆਂ ਇਹ ਰਹਿਮਤਾਂ ਜਿਸਮਾਂ ਨੂੰ ਤਾਂ ਧੁਰ ਅੰਦਰ ਤੱਕ ਤਿ੍ਪਤੀ ਬਖਸ਼ਦੀਆਂ ਹੀ ਹਨ, ਇਹ ਉਪਜੀਵਕਾ ਦੇ ਸਾਧਨਾਂ 'ਚ ਵੀ ਵੱਡਾ ਰੋਲ ਅਦਾ ਕਰਦੀਆਂ ਹਨ | ਪੰਜਾਬ ਦੀ ਸੰਭਾਵਨਾਵਾਂ-ਭਰਪੂਰ, ਜਰਖੇਜ਼ ਧਰਤੀ ਇੰਜ ਮੌਲਦੀ ਹੈ ਜਿਵੇਂ ਨਵ-ਵਿਆਹੀ ਨਵੇਂ ਵਸਤਰਾਂ ਵਿਚ, ਗਹਿਣਿਆਂ-ਲੱਦੀ, ਮਹਿਕਦੀ-ਚਹਿਕਦੀ-ਟਹਿਕਦੀ, ਪੱਬ ਭੁੰਜੇ ਨਹੀਂ ਲਾਉਂਦੀ | ਜਿਵੇਂ ਸਿਰਜਣਾ-ਪ੍ਰਕਿਰਿਆ ਵਿਚ ਸੁਆਣੀ ਦਾ ਮੱਥਾ ਨੂਰੋ-ਨੂਰ ਹੁੰਦਾ ਹੈ | ਧਰਤੀ ਹੀ ਨਹੀਂ, ਆਸਮਾਨ ਵੀ ਪੁਰ-ਜਲੌਅ ਹੁੰਦਾ ਹੈ | ਉਹ ਅਕਾਸ਼ ਜਿੱਥੇ ਪੰਜਾਬੀਆਂ ਦਾ ਰੱਬ ਵੱਸਦੈ, ਸਵੇਰ ਤੋਂ ਸ਼ਾਮ ਤੱਕ ਕਈ ਰੰਗ-ਰੂਪ ਬਦਲਦੈ, ਦਿ੍ਸ਼ਟ-ਇੰਦਰੀਆਂ ਨੂੰ ਤਿ੍ਪਤ ਕਰਦੈ | ਕਾਲੇ-ਸਿਆਹ ਬੱਦਲਾਂ ਵਿਚ ਚਮਕਦੀਆਂ ਚਾਂਦੀ-ਰੰਗੀਆਂ ਬਿਜਲੀ ਦੀਆਂ ਤਾਰਾਂ ਕਿਆ ਇਲਾਹੀ ਨਜ਼ਾਰਾ ਬੰਨ੍ਹਦੀਆਂ ਹਨ | ਚਮਕਣ ਦੇ ਤਲਿਸਮੀ ਝਲਕਾਰਿਆਂ ਦੇ ਨਾਲ ਜਦ ਗੜ-ਗੜ ਕਰਦੀ ਗਰਜਾਹਟ ਮਿਲਦੀ ਹੈ ਤਾਂ ਮਨ-ਮਸਤਕ ਵਿਸਮਾਦੀ ਹੋ ਉਠਦੈ | ਅਕਾਸ਼ੋਂ ਵਰ੍ਹਦੀਆਂ ਕਣੀਆਂ ਜਦ ਧਰਤੀ 'ਤੇ ਡਿੱਗਦੀਆਂ ਹਨ ਤਾਂ ਡਿੱਗਣ ਵਾਲੀ ਵਸਤੂ ਦੇ ਅਨੁਸਾਰ ਕਈ ਕਿਸਮ ਦੀਆਂ ਸੰਗੀਤਕ ਲੈਆਂ ਪੈਦਾ ਕਰਦੀਆਂ ਹਨ | ਸਹਿਜ-ਭਾ ਡਿੱਗਦੀਆਂ ਫੁਹਾਰਾਂ ਦੀ ਲੈਅ ਹੋਰ ਅਤੇ ਤਾਬੜ-ਤੋੜ ਮੂਸਲਾਧਾਰ ਬਾਰਸ਼ ਦੀ ਹੋਰ | ਕਣੀਆਂ ਦਾ ਆਪਣਾ ਰਾਗ, ਪ੍ਰਣਾਲਿਆਂ ਦਾ ਆਪਣਾ | ਖਾਣ-ਪੀਣ, ਸੁੰਘਣ, ਦੇਖਣ ਅਤੇ ਮਹਿਸੂਸ ਕਰਨ ਦੀਆਂ ਸਭੋ ਇੰਦਰੀਆਂ ਤਿ੍ਪਤ ਹੋ ਹੋ ਜਾਂਦੀਆਂ ਹਨ |
ਇਸ ਸਮੇਂ ਦੌਰਾਨ ਜਿੱਥੇ ਕੁਦਰਤ ਆਪਣੇ ਰਹੱਸਮਈ ਸੰਸਾਰ ਵਿਚੋਂ ਕਈ ਨੇਹਮਤਾਂ ਪ੍ਰਦਾਨ ਕਰਦੀ ਹੈ, ਉਥੇ ਪੰਜਾਬੀ ਵੀ ਕੁਦਰਤ ਸੰਗ ਹੇਲ-ਮੇਲ ਹੋਣ ਵਿਚ ਕੋਈ ਕਸਰ ਨਹੀਂ ਛੱਡਦੇ, ਖਾਸ ਤੌਰ 'ਤੇ ਪੰਜਾਬਣਾਂ | ਪੰਜਾਬਣਾਂ ਨੇ ਸਾਉਣ ਦੇ ਮਹੀਨੇ ਵਿਚ ਰਲ ਬੈਠਣ ਅਤੇ ਖੁਸ਼ੀਆਂ ਮਨਾਉਣ ਲਈ ਰਿਸ਼ਤੇਦਾਰੀਆਂ ਦੇ ਮੋਹ-ਮੱਤੇ ਮੌਕੇ ਸੰਜੋਅ ਰੱਖੇ ਹਨ | ਅੱਜ ਦੇ ਕਾਰੋਬਾਰੀ-ਕੇਂਦਰਿਤ, ਗਲੋਬਲ ਸੰਸਾਰ ਨੂੰ ਦੇਣ ਲਈ ਜੇ ਪੰਜਾਬੀ ਵਿਰਾਸਤ ਕੋਲ ਕੁਝ ਹੈ ਤਾਂ ਉਹ ਹੈ ਪਰਿਵਾਰ- ਪ੍ਰਤੀਬੱਧਤਾ ਅਤੇ ਰਿਸ਼ਤੇਦਾਰੀਆਂ ਕਾਇਮ ਰੱਖਣ ਅਤੇ ਨਿਭਾਉਣ ਦੀ ਪਰੰਪਰਾ; ਆਪਸੀ ਮੋਹ-ਪਿਆਰ ਦੀਆਂ ਪੀਡੀਆਂ ਗੰਢਾਂ ਅਤੇ ਨਰੋਈਆਂ ਤੰਦਾਂ | ਇਸ ਦੀ ਮਿਸਾਲ ਹੈ ਸਾਉਣ ਮਹੀਨੇ ਵਿਚ ਮਨਾਏ ਜਾਂਦੇ ਦੋ ਤਿਉਹਾਰ ਜੋ ਮੁੱਖ ਤੌਰ 'ਤੇ ਔਰਤਾਂ ਨਾਲ ਸੰਬੰਧਤ ਹਨ: ਤੀਆਂ ਅਤੇ ਰੱਖੜੀ |
ਔਰਤ ਹਰ ਸਮਾਜ ਵਿਚ ਹੀ ਆਪਸੀ ਸਬੰਧਾਂ ਦੀ ਮਹਿਕ ਕਾਇਮ ਰੱਖਣ ਵਿਚ ਮਹੱਤਵਪੂਰਨ ਰੋਲ ਅਦਾ ਕਰਦੀ ਰਹੀ ਹੈ | ਸਮਾਜ ਵਿਚਲੇ ਖੂੁਨ ਦੇ ਸਾਰੇ ਰਿਸ਼ਤੇ ਜਨਨੀ ਤੋਂ ਹੀ ਬਣਦੇ-ਵਿਗਸਦੇ ਹਨ | ਜਨਮ ਦਾਤੀ ਹੀ ਰਿਸ਼ਤਿਆਂ ਦਾ ਪੰਘੂੜਾ ਅਤੇ ਪ੍ਰਤੀ-ਪਾਲਕ ਹੈ | ਪੰਜਾਬੀਆਂ ਨੇ ਹਮੇਸ਼ਾਂ ਹੀ ਧੀ-ਭੈਣ ਦੇ ਰਿਸ਼ਤੇ ਨੂੰ ਪਾਕ-ਪਵਿੱਤਰ ਰਿਸ਼ਤਾ ਗਿਣਿਆ ਹੈ | ਰਿਸ਼ਤਿਆਂ ਪੱਖੋਂ ਅਜੋਕੇ ਧੁੰਦੂਕਾਰੇ ਵਾਲੇ ਵਰਤਾਰਿਆਂ ਨੂੰ ਕੇਂਦਰ ਵਿਚ ਰੱਖ ਕੇ ਵੇਖਦਿਆਂ, ਇਹ ਅਹਿਸਾਸ ਨਿੱਤਰ ਆਉਂਦੇ ਹਨ ਕਿ ਪੰਜਾਬੀ ਸਮਾਜ ਮੁੱਖ ਤੌਰ 'ਤੇ ਹਯਾਈ ਮਰਿਆਦਾਵਾਂ ਕਾਇਮ ਰੱਖਣ ਵਾਲਾ ਸਮਾਜ ਹੈ | ਇਹ ਅਜਿਹਾ ਸਮਾਜ ਹੈ ਜਿਸ ਵਿਚ ਕੇਂਦਰੀ ਧੁਰੇ ਤੇ ਫਰਾਇਡੀਅਨ ਮਨੋ-ਵੇਗ ਅਤੇ ਮਨੋ-ਬਿਰਤੀਆਂ ਨਹੀਂ ਸਗੋਂ ਸਮਰਪਣ ਅਤੇ ਸ਼ਰਹ; ਪਾਕੀਜ਼ਗੀ ਅਤੇ ਪਵਿੱਤਰਤਾ; ਉੱਚਤਮ ਅਤੇ ਸੁੱਚਤਮ ਦੇ ਅਹਿਸਾਸ ਹਨ | ਪੰਜਾਬਣ ਦੇ ਮਨ ਵਿਚ ਵੀ ਕੰਤ-ਕਲੋਲ ਅਤੇ ਮਾਹੀ-ਮਿਲਣ ਦੇ ਅਨੇਕਾਂ ਚਾਵ-ਭਾਵ ਉੱਸਲਵੱਟੇ ਤਾਂ ਲੈਂਦੇ ਹਨ, ਪਰ ਉਸ ਲਈ ਬਾਬਲ ਦੀ ਇੱਜ਼ਤ, ਅੰਬੜੀ ਦਾ ਵਿਹੜਾ, ਚਾਚੇ-ਤਾਏ ਦੀਆਂ ਮੋਹ-ਪਿਆਰ ਦੀਆਂ ਤੰਦਾਂ, ਆਪਣੇ ਖੇਤਾਂ ਦੀ ਖੁਸ਼ਹਾਲੀ ਅਤੇ ਆਪਣੇ ਪਿੰਡ ਦੇ ਜੂਹਾਂ-ਬੇਲਿਆਂ ਦੀਆਂ ਅਦਭੁਤ ਖਿੱਚਾਂ, ਵੱਧ ਮਹੱਤਵਪੂਰਨ ਹਨ | ਇਹੀ ਵਜ੍ਹਾ ਹੈ ਕਿ ਪਹਿਲੇ ਸਮਿਆਂ ਵਿਚ ਵਿਆਹ ਤੋਂ ਬਾਅਦ ਸਖੀਆਂ ਸਹੇਲੀਆਂ, ਚਾਚੀਆਂ-ਤਾਈਆਂ, ਭਰਾ-ਭਰਜਾਈਆਂ ਏਥੋਂ ਤੱਕ ਕਿ ਮੱਝੀਆਂ-ਗਾਈਆਂ ਯਾਦਾਂ ਵਿਚ ਆਉਂਦੀਆਂ ਸਨ ਅਤੇ ਪੇਕਾ ਪਿੰਡ ਸੈਨਤਾਂ ਹੀ ਨਹੀਂ ਸੀ ਮਾਰਦਾ, ਕੂਕ ਕੂਕ ਕੇ ਪੁਕਾਰਦਾ ਸੀ | ਖਾਸ ਤੌਰ 'ਤੇ ਸਾਉਣ ਦੇ ਦਿਨਾਂ ਵਿਚ.
ਸਾਉਣ ਮਹੀਨਾ ਆਉਣ ਤੋਂ ਪਹਿਲਾਂ ਪਿੰਡ ਦੀ ਕੀ ਕੁਆਰੀ ਤੇ ਕੀ ਵਿਆਹੀ, ਕੀ ਬੇਬੇ ਤੇ ਕੀ ਬੀਬੀ, ਸਭ ਦੁਪਹਿਰ ਵੇਲੇ ਗਰਮੀ ਤੋਂ ਬਚਣ ਲਈ, ਹਵਾ-ਵਾਰੇ, ਪਿੰਡ ਦੇ ਬਾਹਰ ਵੱਲ, ਕਿਸੇ ਰੁੱਖ ਦੀ ਝੰਗੀ ਥੱਲੇ ਆ ਡੇਰੇ ਲਾਉਂਦੀਆਂ ਸਨ | ਕੋਈ ਚਰਖਾ ਡਾਹ ਲੈਂਦੀ, ਕੋਈ ਅਟੇਰਨ 'ਤੇ ਕੰਮ ਕਰਨ ਲੱਗਦੀ, ਕੋਈ ਪੱਖੀ ਬੁਣਨ ਲੱਗਦੀ, ਕੋਈ ਛੱਜ ਛੱਟਣ ਲੱਗਦੀ, ਕੋਈ ਫੁੱਲਕਾਰੀ 'ਤੇ ਫੁੱਲ-ਬੂਟੇ ਪਾਉਣ ਲੱਗਦੀ | ਵਿਚੇ ਹੀ ਦੁੱਖ-ਸੁੱਖ ਫੋਲੇ ਜਾਂਦੇ, ਚੁਗਲੀ-ਬੁਖਾਲੀ ਵੀ ਹੋ ਜਾਂਦੀ | ਵਿਚੋਂ ਹੀ ਕੋਈ ਜਣੀ ਗੀਤ ਗੁਣਗੁਣਾਉਣ ਲੱਗਦੀ, ਕੋਈ ਹੋਰ ਨਾਲ ਆਵਾਜ਼ ਰਲਾ ਦਿੰਦੀ | ਚਰਖੇ ਦੀ ਘੂਕਰ ਰੁੱਕ ਜਾਂਦੀ, ਸੂਈ ਫੁਲਕਾਰੀ ਦੇ ਵਿਚੇ ਖੁੱਭੀ ਰਹਿ ਜਾਂਦੀ | ਕੋਈ ਮਾਂਗਾ ਮਾਰਨ ਲੱਗਦੀ ਤੇ ਕੋਈ ਉੱਠ ਕੇ ਗਿੱਧਾ ਪਾਉਣ ਲੱਗਦੀ | ਹੌਲੀ-ਹੌਲੀ ਪਿੜ ਬੱਝ ਜਾਂਦਾ | ਗਿੱਧਾ ਮਘ ਉੱਠਦਾ | ਗੋਡਿਆਂ-ਗਿੱਟਿਆਂ ਤੱਕ ਜਿਸਮ ਪਸੀਨੋ-ਪਸੀਨੀ ਹੋ ਜਾਂਦੇ | ਕੋਈ ਹਿੰਮਤੀ ਕੁੜੀ ਪਿੰਡ ਦੇ ਕਿਸੇ ਲੰਘਦੇ-ਜਾਂਦੇ ਨੂੰ ਪੀਂਘ ਪਾਉਣ ਦਾ ਤਰਲਾ ਕਰਦੀ | ਅਗਲਾ ਤਾਂ ਦੌੜਿਆ ਆਉਂਦਾ ਤੇ ਕਿਸੇ ਮਜ਼ਬੂਤ ਟਾਹਣੇ 'ਤੇ ਪੀਂਘ ਪਾ ਦਿੰਦਾ | ਕਿਆ ਨਜ਼ਾਰਾ ਬੱਝਦਾ! ਕੁਦਰਤ ਦੀ ਗੋਦ ਵਿਚ ਪੀਂਘ ਝੂਟਣਾ ਕਿਸੇ ਮਾੜੀ-ਮੋਟੀ ਦਾ ਕੰਮ ਥੋੜ੍ਹਾ ਹੁੰਦੈ! | ਟਾਹਣੀਆਂ ਨੂੰ ਪੈਰ ਲਾਉਣ, ਮੂੰਹ ਨਾਲ ਪੱਤੇ ਤੋੜ ਲਿਆਉਣ ਜਾਂ ਇਕ ਹੱਥ ਨਾਲ ਪੱਤੇ ਤੋੜ ਲਿਆਉਣ ਦੇ ਮੁਕਾਬਲੇ ਚੱਲ ਪੈਂਦੇ | ਚੁੰਨੀਆਂ ਉੱਡ-ਪੁੱਡ ਜਾਂਦੀਆਂ, ਗੁੱਤਾਂ ਨਾਗਣਾਂ ਬਣ ਜਾਂਦੀਆਂ | ਮਨ ਹੋਰ ਉੱਚਾ, ਹੋਰ ਉੱਚਾ, ਕਿਤੇ ਦੂਰ-ਦੁਰੇਡੇ ਪਹੁੰਚ ਜਾਣਾ ਲੋਚਦਾ | ਸਿਆਣੀ ਉਮਰ ਦੀਆਂ ਔਰਤਾਂ ਉੱਚੀ ਉੱਚੀ ਡਰਾਵੇ ਦਿੰਦੀਆਂ, ਜਵਾਨੀ ਹੋਰ ਚਾਂਭਲਦੀ | ਓਧਰੋਂ ਕਾਲੀਆਂ ਘਟਾਵਾਂ ਚੜ੍ਹ ਆਉਂਦੀਆਂ | ਪੀਘਾਂ ਝੂਟਣ ਵਾਲੀਆਂ ਦੀਆਂ ਵਾਰੀਆਂ ਨਾ ਟੁੱਟਦੀਆਂ | ਓਧਰੋਂ ਫੁਹਾਰ ਆਣ ਲੱਥਦੀ | ਸਿਆਣੀ ਉਮਰ ਦੀਆਂ ਆਪਦਾ ਸਾਜ਼ੋ-ਸਾਮਾਨ ਲੈ ਘਰੀਂ ਪਹੁੰਚਦੀਆਂ | ਅੱਲ੍ਹੜਾਂ ਨੂੰ ਪਹਿਲੇ-ਪਹਿਲੇ ਮੀਂਹ ਵਿਚ ਭਿੱਜਣਾ ਚੰਗਾ-ਚੰਗਾ ਲੱਗਦਾ |
ਸਹੁਰੇ ਪਿੰਡ ਜਾ ਕੇ ਅਜਿਹੀਆਂ ਯਾਦਾਂ ਆਉਂਦੀਆਂ ਵੀ ਤੇ ਸਤਾਉਂਦੀਆਂ ਵੀ | ਖਾਸ ਤੌਰ 'ਤੇ ਸ਼ੁਰੂ-ਸ਼ੁਰੂ ਵਿਚ | ਇਸ ਲਈ ਮਾਪੇ ਕੁੜੀ ਨੂੰ ਥੋੜ੍ਹੇ ਥੋੜੇ ਸਮੇਂ ਬਾਦ ਪਿੰਡ ਲੈ ਆਉਂਦੇ | ਤੀਆਂ ਦੇ ਦਿਨਾਂ ਵਿਚ ਤਾਂ ਉਚੇਚੇ ਤੌਰ 'ਤੇ ਪਿਤਾ ਜਾਂ ਭਰਾ ਕੁੜੀ ਨੂੰ ਲੈਣ ਜਾਂਦਾ | ਖਾਲੀ ਹੱਥੀਂ ਤਾਂ ਧੀ-ਭੈਣ ਕੋਲ ਕਦੀ ਵੀ ਨਹੀਂ ਸੀ ਜਾਣਾ ਹੁੰਦਾ | ਬਾਪ ਜਾਂ ਭਰਾ ਕੱਪੜਾ-ਲੱਤਾ, ਫਲ-ਫਰੂਟ ਅਤੇ ਮਿਠਿਆਈ ਵਗੈਰਾ ਜ਼ਰੂਰ ਲੈ ਕੇ ਜਾਂਦਾ | ਸਹੁਰੇ ਜਦੋਂ ਲੈਣ ਆਉਂਦੇ ਉਹ ਵੀ ਘੱਟ ਨਾ ਕਰਦੇ | ਖਾਸ ਤੌਰ ਤੇ ਪਹਿਲੀ ਵਾਰ ਤਾਂ ਕਿੰਨਾਂ ਕੁਝ ਲੈ ਕੇ ਆਉਂਦੇ, ਜਿਸ ਨੂੰ ਪੜੇ੍ਹ-ਲਿਖੇ ਲੋਕ 'ਸੰਧਾਰਾ' ਆਖਦੇ ਹਨ | ਪੁਰਾਣੀਆਂ ਬੀਬੀਆਂ ਉਨ੍ਹਾਂ ਨੂੰ ਸਾਉਣ ਦੇ ਨਾਂਅ ਤੇ 'ਸਾਂਵਾੇ' ਹੀ ਕਹਿੰਦੀਆਂ ਸਨ | ਇਨ੍ਹਾਂ ਸਾਵਿਆਂ ਦਾ ਖਾਸ ਤੌਰ 'ਤੇ ਛੋਟੇ ਪਿੰਡਾਂ ਵਿਚ ਬੜਾ ਚਾਅ ਚੜਿ੍ਹਆ ਹੁੰਦਾ ਸੀ | ਸਹੁਰਿਆਂ ਨੇ ਕੁੜੀ ਲਈ ਅਤੇ ਉਸ ਦੇ ਪਰਿਵਾਰ ਲਈ ਤਾਂ ਕੱਪੜਾ-ਟਾਕੀ, ਗਹਿਣਾ-ਗੱਟਾ, ਫਲ-ਫਰੂਟ, ਮਠਿਆਈ ਵਗੈਰਾ ਲਿਆਉਣੀ ਹੀ ਹੁੰਦੀ ਸੀ, ਸਾਰੇ ਪਿੰਡ ਵਿਚ ਜਾਂ ਭਾਈਚਾਰੇ ਵਿਚ ਵੰਡਣ ਲਈ ਵੀ ਕੁਝ ਨਾਂ ਕੁਝ ਲੈ ਕੇ ਆਉਂਦੇ |
'ਸਾਵੇਂ' ਕਈ ਵਾਰੀ ਪਰਾਹੁਣਾ ਲੈ ਕੇ ਆਉਂਦਾ ਪਰ ਬਹੁਤੀ ਵਾਰ ਉਹਦੇ ਮਾਂ-ਪਿਉ ਵੀ ਆਣ ਢੁੱਕਦੇ | ਨਵੇਂ ਨਵੇਂ ਸਾਕਾਂ ਦੀ ਪਰਾਹੁਣਾਚਾਰੀ ਦਾ ਚਾਅ ਚੜ੍ਹ ਜਾਂਦਾ | ਸਾਉਣ ਵਿਚ ਘਾਹ-ਪੱਠਾ ਵਾਧੂ ਹੋਣ ਕਰਕੇ ਮੱਝੀਂ-ਗਾਈਾ ਵਲੋਂ ਚੋਖੇ ਦਿੱਤੇ ਦੁੱਧ ਦੀਆਂ ਖੀਰਾਂ ਬਣਨ ਲੱਗਦੀਆਂ, ਘਰ ਦੇ ਗੁੜ ਦੇ ਪੂੜੇ ਬਣਨ ਲੱਗਦੇ, ਗਰਮੀਆਂ ਵਿਚ ਦੁਪਹਿਰੇ ਆਪਣੇ ਹੱਥੀਂ ਵੱਟੀਆਂ ਸੇਵੀਆਂ ਰਿੱਝਣ ਲੱਗਦੀਆਂ | ਖੂਬ ਮਹਿਮਾਨ-ਨਿਵਾਜ਼ੀ ਹੁੰਦੀ | ਪਰਾਹੁਣੇ ਪਿੰਡ ਵਿਚ ਘੁੰਮਦੇ-ਫਿਰਦੇ, ਖੇਤਾਂ ਵਿਚ ਜਾਂਦੇ, ਹਰ ਕਿਸੇ ਦੇ ਵਾਕਫ ਬਣ ਬਣ ਬਹਿੰਦੇ.
ਪੇਕੇ ਪਿੰਡ ਤੀਆਂ ਦੇ ਮੌਕੇ 'ਤੇ ਉਚੇਚੇ ਤੌਰ 'ਤੇ ਆਈਆਂ ਕੁੜੀਆਂ ਇਕ-ਦੂਜੀ ਨੂੰ ਘੁੱਟ-ਘੁੱਟ ਕੇ ਮਿਲਦੀਆਂ | ਰਲ ਮਿਲ ਖੁੱਲ੍ਹੇ ਪਿੜਾਂ ਵਿਚ ਖੂਬ ਧਮੱਚੜ ਪਾਉਂਦੀਆਂ; ਰੁੱਖਾਂ ਤੇ ਪੀਘਾਂ ਝੂਟਦੀਆਂ, ਗਿੱਧੇ ਪਾਉਂਦੀਆਂ, ਗੀਤ ਗਾਉਂਦੀਆਂ, ਮਸ਼ਕਰੀਆਂ ਕਰਦੀਆਂ, ਇਕ-ਦੂਜੀ ਦੇ ਘਰ ਵਾਲੇ ਦਾ ਨਾਂਅ ਲੈ-ਲੈ ਮਖੌਲਾਂ ਕਰਦੀਆਂ, ਇਸ਼ਾਰਿਆਂ 'ਚ ਕਈ ਕੁਝ ਕਹਿੰਦੀਆਂ ਤੇ ਲੋਟ-ਪੋਟ ਹੋਈ ਜਾਂਦੀਆਂ | ਕੁਝ ਦਿਨਾਂ 'ਚ ਹੀ ਪੂਰਨਮਾਸ਼ੀ ਆ ਜਾਂਦੀ | ਸਵੇਰੇ ਸਵੇਰੇ ਨਹਾ-ਧੋ ਕੇ, ਵਾਹਿਗੁਰੂ-ਵਾਹਿਗੁਰੂ ਕਰਦੀਆਂ, ਸੁੱਚੇ ਮੂੰਹ ਆਪਣੇ ਵੀਰਾਂ ਨੂੰ ਰੱਖੜੀ ਬੰਨ੍ਹਦੀਆਂ ਤੇ ਮੂੰਹ ਮਿੱਠਾ ਕਰਾਉਂਦੀਆਂ | ਆਪਣੇ ਪਿਉ ਅਤੇ ਚਾਚੇ-ਤਾਇਆਂ ਨੂੰ ਵੀ ਰੱਖੜੀ ਬੰਨ੍ਹਦੀਆਂ, ਹੋਰ ਤਾਂ ਹੋਰ ਵੀਰ ਦੇ ਬਲਦਾਂ ਦੇ ਸਿੰਗਾਂ ਨੂੰ ਵੀ ਮੌਲੀ ਬੰਨ ਦਿੰਦੀਆਂ | ਸੁੱਖਣਾ ਮੰਗਦੀਆਂ | ਅਸੀਸਾਂ ਤੇ 'ਪਿਆਰ' ਪ੍ਰਾਪਤ ਕਰਦੀਆਂ | ਤੁਰਨ ਲੱਗਿਆਂ ਫਿਰ ਦੌੜ ਕੇ ਆਪਦੀਆਂ ਸਹੇਲੀਆਂ ਨੂੰ ਮਿਲਣ ਜਾਂਦੀਆਂ | ਕਈ ਸਹੇਲੀਆਂ ਤਾਂ ਉਨ੍ਹਾਂ ਨੂੰ ਪਿੰਡ ਦੀ ਜੂਹ ਤੱਕ ਤੋਰਣ ਆਉਂਦੀਆਂ | ਬੜੀ ਹਸਰਤ ਨਾਲ ਪਿਛਾਂਹ ਨੂੰ ਵੇਖਦੀਆਂ, ਹਉਕਾ ਜਿਹਾ ਭਰਦੀਆਂ ਤੇ ਮੂੰਹੋਂ ਬਿਰਕਦੀਆਂ, 'ਮੁੜ ਫਿਰ/ਪਿੰਡ ਆਂਵਾਂਗੇ, ਵਰ੍ਹੇ ਦਿਨਾਂ ਨੂੰ ਫੇਰ |'
ਉਨ੍ਹਾਂ ਦੀ ਜਾਣੇ ਬਲ੍ਹਾ ਸੁਦੀਆਂ ਕੀ ਹੁੰਦੀਆਂ ਨੇ ਤੇ ਵਦੀਆਂ ਕੀ ਹੁੰਦੀਆਂ ਨੇ | ਉਹ ਤਾਂ ਬੱਸ ਇਹ ਜਾਣਦੀਆਂ ਸਨ : 'ਕੁੜੀਓ ਆ ਜਾਓ ਨੀ, ਸਾਉਣ ਸੈਨਤਾਂ ਮਾਰੇ' | ਉਹ ਤਾਂ ਇਹ ਜਾਣਦੀਆਂ ਸਨ ਕਿ ਸਾਉਣ ਸਾਂਝਾਂ ਦਾ ਮਹੀਨਾ ਹੈ | ਆਪਣਿਆਂ ਮੁੱਢਾਂ ਨਾਲ ਜੁੜਣ ਦਾ ਮਹੀਨਾ ਹੈ | ਕਈ ਵਾਰ ਟਾਈਮ ਹੋਵੇ ਤਾਂ ਸਾਰਾ ਸਾਉਣ ਹੀ ਰਹਿ ਜਾਂਦੀਆਂ ਤੇ ਕਈ ਵਾਰੀ ਜੇ ਟਾਈਮ ਨਾ ਹੋਵੇ ਤਾਂ ਵੀਰ ਨੂੰ ਪਹਿਲਾਂ ਹੀ ਰੱਖੜੀ ਬੰਨ੍ਹ ਵਿਦਿਆ ਹੋ ਜਾਂਦੀਆਂ | ਉਨ੍ਹਾਂ ਦੀਆਂ ਤਾਂ ਮਾਵਾਂ-ਦਾਦੀਆਂ-ਨਾਨੀਆਂ ਨੂੰ ਵੀ ਨਹੀਂ ਸੀ ਪਤਾ ਕਿ ਸੁਖਣਾਂ-ਲੱਧਾ ਧਾਗਾ ਜੋ ਉਹ ਬੰਨ੍ਹਦੀਆਂ ਸਨ ਉਸਨੂੰ 'ਰਾਖੀ' ਜਾਂ 'ਰਕਸ਼ਾ-ਬੰਧਨ' ਕਹਿੰਦੇ ਨੇ | ਅਖੇ ਜੀ ਰਾਖੀ ਬੰਨ੍ਹਣ ਦਾ ਮਤਲਬ ਹੈ ਕਿ ਵੀਰ ਭੈਣਾਂ ਦੀ ਰਾਖੀ ਕਰਨਗੇ | ਬੰਦਾ ਪੁੱਛੇ ਭਰਾਵਾਂ, ਮਾਂ-ਪਿਉ, ਚਾਚੇ-ਤਾਇਆਂ ਨੇ ਰਾਖੀ ਭਲਾ ਰੱਖੜੀ ਬੰਨਿ੍ਹਆਂ ਹੀ ਕਰਣੀ ਸੀ! ਤੁਰਨ ਲੱਗਿਆਂ ਆਪਣੇ ਮੁੱਢ ਨੂੰ 'ਰੱਬ ਦੀਆਂ ਰੱਖਾਂ' ਦਾ ਧਾਗਾ ਬੰਨ੍ਹਣਾ ਤਾਂ ਆਪਣੀਆਂ ਭਾਵਨਾਵਾਂ ਨੂੰ ਕਿਸੇ ਸਥੂਲ ਵਸਤੂ ਰਾਹੀਂ ਦਰਸਾਉਣ ਬਰੋਬਰ ਸੀ | ਮਹੱਤਵਪੂਰਨ ਤਾਂ ਆਪਦੀ ਪੇਕੇ-ਭੌਇੰ ਲਈ ਕੀਤੀਆਂ ਜਾਂਦੀਆਂ ਅਰਦਾਸਾਂ ਹੀ ਸਨ |
ਰੱਬ ਖੈਰ ਕਰੇ! ਤੀਆਂ ਲੱਗਦੀਆਂ ਰਹਿਣ | ਖੀਰ-ਪੂੜੇ ਪੱਕਦੇ ਰਹਿਣ! ਧੀਆਂ ਹੱਸਦੀਆਂ ਰਹਿਣ! ਭੈਣਾਂ ਵੱਸਦੀਆਂ ਰਹਿਣ! ਪੇਕੀਂ ਆਉਂਦੀਆਂ ਰਹਿਣ! ਖੌਰੇ ਉਨ੍ਹਾਂ ਦੀਆਂ ਦੁਆਵਾਂ ਸਦਕਾ ਹੀ ਬਾਬਲ-ਭਾਈ, ਚਾਚੇ-ਤਾਏ, ਪਿੰਡ ਦੇ ਜਾਏ, ਆਪਣੀਆਂ ਇੱਜ਼ਤਾਂ ਦੇ ਅਤੇ ਆਪਣੀਆਂ ਧੀਆਂ-ਭੈਣਾਂ ਦੀਆਂ ਇੱਜ਼ਤਾਂ ਦੇ ਰਖਵਾਲੇ ਬਣੇ ਰਹਿਣ!

-ਪਿੰਡ ਤੇ ਡਾਕ: ਨਡਾਲਾ, ਜ਼ਿਲ੍ਹਾ ਕਪੂਰਥਲਾ |
ਮੋਬਾਈਲ : 98152-53245.


ਖ਼ਬਰ ਸ਼ੇਅਰ ਕਰੋ

ਸਾਡਾ ਤਾਂ ਸੁਲਤਾਨ ਹੈ: ਬਾਹੂ

ਹਜ਼ਰਤ ਸੁਲਤਾਨ ਬਾਹੂ ਪੰਜਾਬੀ ਸ਼ਾਇਰੀ ਦਾ ਧੰਨਭਾਗ ਸਨ | ਉਨ੍ਹਾਂ ਦੀ ਰਚਨਾ ਜ਼ਿੰਦਗੀ ਦਾ ਅਰਕ ਕਹੀ ਜਾ ਸਕਦੀ ਹੈ | ਸੂਫ਼ੀ ਰਵਾਇਤ ਦਾ ਤੀਸਰਾ ਵੱਡਾ ਥੰਮ੍ਹ ਸੁਲਤਾਨ ਬਾਹੂ ਜੀ ਨੂੰ ਮੰਨਿਆ ਜਾ ਸਕਦਾ ਹੈ | ਸ਼ਾਹ ਹੁਸੈਨ ਅਤੇ ਬੁੱਲ੍ਹੇ ਸ਼ਾਹ ਵਾਂਗ ਉਨ੍ਹਾਂ ਨੇ ਵੀ ਦੀਨੀ ਰਵਾਇਤ ਦਾ ਫਰੇਮ ਤੋੜਦਿਆਂ ਮਨੁੱਖ ਨੂੰ ਉਸ ਦੀਆਂ ਵਹਿਬਤਾਂ ਤੋਂ ਆਜ਼ਾਦ ਕਰਵਾਉਣ ਲਈ ਜਿਥੇ ਸ਼ਾਇਰੀ ਕੀਤੀ ਉਥੇ ਆਪਣੀਆਂ ਹਕਾਇਤਾਂ ਅਤੇ ਜੀਵਨ ਵਿਹਾਰ ਰਾਹੀਂ ਵੀ ਚੰਗਾ ਬੀਜਿਆ | 1629 ਈਸਵੀ ਨੂੰ ਜਨਮੇ ਅਤੇ 1690 ਈਸਵੀ ਨੂੰ ਸਾਨੂੰ ਅਲਵਿਦਾ ਕਹਿ ਗਏ ਸੁਲਤਾਨ ਬਾਹੂ ਸਾਹਿਬ ਦੇ ਬੋਲ ਅੱਜ ਵੀ ਜੇ ਪੌਣਾਂ ਵਿਚ ਮਿਸ਼ਰੀ ਘੋਲਦੇ ਹਨ ਤਾਂ ਇਸ ਦਾ ਇਕੋ-ਇਕ ਕਾਰਨ ਉਨ੍ਹਾਂ ਦੀ ਜੀਵਨ ਦੀ ਹਕੀਕਤ ਨੂੰ ਪੱਕੀ ਪੀਢੀ ਪਕੜ ਹੀ ਕਹੀ ਜਾ ਸਕਦੀ ਹੈ | ਉਹ ਸਾਨੂੰ ਸੱਚੇ ਇਸ਼ਕ ਦਾ ਮਾਰਗ ਸਮਝਾਉਂਦੇ ਹੋਏ ਇਹੀ ਕਹਿੰਦੇ ਹਨ ਕਿ ਕਣ-ਕਣ ਵਿਚ ਭਗਵਾਨ, ਅੱਲ੍ਹਾ, ਵਾਹਿਗੁਰੂ ਜਾਂ ਕੋਈ ਵੀ ਦੀਨੀ ਸੰਬੋਧਨ ਮੰਨਣ ਵਾਲਿਓ, ਅਸਲ ਵਿਚ ਇਹ ਸਾਰੇ ਇਸ਼ਕ ਦੇ ਹੀ ਨਾਂਅ ਹਨ ਅਤੇ ਇਸ਼ਕ ਦੀ ਬੂਟੀ ਚੰਬੇ ਵਾਂਗ ਸਾਡੇ ਮਨ ਅੰਦਰ ਮਹਿਕਦੀ ਅਤੇ ਸਾਨੂੰ ਸੁਗੰਧਤ ਕਰਦੀ ਹੈ |
ਅਲਫ਼ ਅੱਲ੍ਹਾ ਚੰਬੇ ਦੀ ਬੂਟੀ,
ਮੁਰਸ਼ਦ ਮਨ ਮੇਰੇ ਵਿਚ ਲਾਈ ਹੂ
ਨਫ਼ੀ, ਅਸਬਾਤ ਦਾ ਪਾਣੀ ਮਿਲੇ ਸੁ,
ਹਰ ਰੰਗੇ ਹਰ ਜਾਈ ਹੂ |
ਅੰਦਰ ਬੂਟੀ ਮੁਸ਼ਕ ਮਚਾਇਆ,
ਜਾਂ ਫੁੱਲਣ ਪਰ ਆਈ ਹੂ |
ਜੀਵੇ ਮੁਰਸ਼ਦ ਕਾਮਲ ਬਾਹੂ,
ਜੈ ਇਹ ਬੂਟੀ ਲਾਈ ਹੂ |
ਮੁਹੱਬਤ ਦਾ ਬੂਟਾ ਸਾਡੇ ਅੰਦਰ ਸਿਰਫ਼ ਕਾਮਲ ਮੁਰਸ਼ਦ ਹੀ ਲਾ ਸਕਦਾ ਹੈ ਅਤੇ ਕਾਮਲ ਮੁਰਸ਼ਦ ਦੀ ਤਲਾਸ਼ ਵਾਸਤੇ ਉਹ ਸਾਨੂੰ ਉਂਗਲੀ ਫੜ ਕੇ ਨਾਲ-ਨਾਲ ਤੋਰਦੇ ਹਨ | ਇਸਲਾਮ ਦੇ ਧਾਰਨੀ ਲੋਕਾਂ ਤੋਂ ਬਾਹਰ ਵੀ ਜੇ ਅੱਜ ਸੁਲਤਾਨ ਬਾਹੂ ਦੀਆਂ ਲਿਖਤਾਂ ਕਦਮ-ਕਦਮ 'ਤੇ ਰਾਹ ਦਿਸੇਰਾ ਬਣ ਰਹੀਆਂ ਹਨ ਤਾਂ ਇਸ ਦਾ ਇਕੋ ਇਕ ਕਾਰਨ ਇਹੀ ਹੈ ਕਿ ਉਨ੍ਹਾਂ ਦਾ ਸੰਬੋਧਨ ਸਰਬੱਤ ਵਾਸਤੇ ਹੈ, ਕਿਸੇ ਖਿੱਤਾ ਵਿਸ਼ੇਸ਼ ਦੇ ਕਿਸੇ ਖਾਸ ਧਰਮ ਲਈ ਨਹੀਂ | ਸੂਫ਼ੀ ਰਵਾਇਤ ਦਾ ਆਧਾਰ ਹੀ ਖੁੱਲ੍ਹ ਕੇ ਵਿਚਰਨ ਵਿਚ ਹੈ, ਬੰਧਨ ਵਿਚ ਨਹੀਂ | ਸੂਫ਼ੀਆਂ ਦੇ ਪੁਰਾਣੇ ਅਤੇ ਪ੍ਰਮੁੱਖ ਕੇਂਦਰਾਂ ਬਸਰਾ, ਬਗਦਾਦ, ਕੂਫ਼ਾ ਅਤੇ ਦਮਿਸ਼ਕ ਤੋਂ ਬਾਹਰ ਜੇਕਰ ਇਸ ਦਾ ਵਾਸ ਅੱਜ ਦੱਖਣੀ ਭਾਰਤ ਤੱਕ ਵੀ ਹੋ ਗਿਆ ਤਾਂ ਸੰਦੇਸ਼ ਦੀ ਸ਼ਕਤੀ ਹੀ ਆਖੀ ਜਾ ਸਕਦੀ ਹੈ | ਸੂਫ਼ੀਵਾਦ ਕੋਈ ਵਿਸ਼ੇਸ਼ ਧਰਮ ਨਹੀਂ, ਰੂਹਾਨੀ ਜੀਵਨ ਵਿਹਾਰ ਦਾ ਅੰਦਾਜ਼ ਹੈ ਅਤੇ ਹਿੰਦੁਸਤਾਨ ਵਿਚ ਸੂਫ਼ੀ ਫਿਰਕਿਆਂ ਦਾ ਆਦਰਮਾਣ ਆਮ ਲੋਕ ਤਾਂ ਕਰਦੇ ਹੀ ਸਨ, ਖਾਸ ਆਦਮੀ ਵੀ ਸੂਫ਼ੀ ਰਵਾਇਤ ਨੂੰ ਆਪਣੇ ਸਾਹਾਂ ਵਿਚ ਰਮਾਈ ਬੈਠਾ ਹੈ | ਬਾਬਾ ਫ਼ਰੀਦ ਤੋਂ ਲੈ ਕੇ ਖਵਾਜ਼ਾ ਗੁਲਾਮ ਫਰੀਦ ਤੱਕ ਸਾਰਾ ਪੈਂਡਾ ਸੂਫ਼ੀ ਰਵਾਇਤ ਦੇ ਸਥਾਪਨ ਦਾ ਹੀ ਤਾਂ ਹੈ | ਅੱਜ ਵੀ ਬਾਬਾ ਬੁੱਲ੍ਹੇ ਸ਼ਾਹ, ਹਜ਼ਰਤ ਸੁਲਤਾਨ ਬਾਹੂ ਅਤੇ ਸ਼ਾਹ ਹੁਸੈਨ ਦੇ ਬੋਲਾਂ ਦਾ ਅਸਰ ਇਧਰਲੇ ਪੰਜਾਬ ਵਿਚ ਲਿਖੀ ਜਾਂਦੀ ਸ਼ਾਇਰੀ 'ਤੇ ਪ੍ਰਧਾਨ ਹੈ | ਈਸ਼ਵਰ ਦਾਸ ਫਕੀਰ ਅਤੇ ਜਨਕ ਸ਼ਰਮੀਲਾ ਵਲੋਂ ਕਾਫੀਆਂ ਦੀਆਂ ਦੋ-ਦੋ ਪੁਸਤਕਾਂ ਲਿਖਣਾ ਇਸੇ ਰਵਾਇਤ ਦਾ ਮੁੜ ਸੁਰਜੀਤ ਹੋਣਾ ਕਿਹਾ ਜਾ ਸਕਦਾ ਹੈ | ਪੀਰਾਂ ਦੀਆਂ ਮਜ਼ਾਰਾਂ ਤੇ ਸੂਫੀਆਂ ਦੇ ਕਲਾਮ ਅੱਜ ਵੀ ਜੇ ਚਿਰਾਗਾਂ ਵਾਂਗ ਮਚਦੇ ਹਨ ਤਾਂ ਇਹ ਬੋਲਾਂ ਦੀ ਸ਼ਕਤੀ ਸੂਫ਼ੀ ਸ਼ਾਇਰਾਂ ਦੇ ਸੱਚ ਦੀ ਸ਼ਕਤੀ ਹੈ |
ਵਹਿਦਤ ਦਾ ਦਰਿਆ ਇਲਾਹੀ
ਜਿਥੇ ਆਸ਼ਕ ਲੌਾਦੇ ਤਾਰੀ ਹੂ |
ਮਾਰਨ ਚੁੱਭੀਆਂ ਕੱਢਣ ਮੋਤੀ
ਆਪੋ ਆਪਣੀ ਵਾਰੀ ਹੂ |
ਦੁਰ ਯਤੀਮ ਵਿਚ ਲਏ ਲਿਸ਼ਕਾਰੇ
ਜਿਉਂ ਚੰਦ ਲਾਟਾਂ ਮਾਰੇ ਹੂ |
ਸੋ ਕਿਉਂ ਨਹੀਂ ਹਾਸਲ ਭਰਦੇ ਬਾਹੂ
ਜਿਹੜੇ ਨੌਕਰ ਨੇ ਸਰਕਾਰੀ ਹੂ |
ਸਰਕਾਰ ਇਥੇ ਕੋਈ ਹਕੂਮਤ ਦੇ ਰੂਪ ਵਿਚ ਨਹੀਂ ਸਗੋਂ ਫਰੇਮ ਅੰਦਰ ਵਿਚਰਦੇ ਧਰਮ ਦੀ ਵਲਗਣ ਹੈ, ਜਿਨ੍ਹਾਂ ਨੂੰ ਨਿਸਚਿਤ ਸੀਮਾ ਅੰਦਰ ਹੀ ਵਿਚਰਨ ਦੀ ਇਜਾਜ਼ਤ ਹੈ | ਇਸੇ ਕਰਕੇ ਸੁਲਤਾਨ ਬਾਹੂ ਸਾਨੂੰ ਫਰੇਮ ਤੋੜ ਕੇ ਬਾਹਰ ਵਿਚਰਨ ਦੀ ਪ੍ਰੇਰਨਾ ਦਿੰਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਧਰਮਾਂ ਦੀ ਸਰਕਾਰ ਦੇ ਗੁਲਾਮ ਜਾਂ ਨੌਕਰ ਕੁਝ ਵੀ ਹਾਸਲ ਨਹੀਂ ਕਰ ਸਕਦੇ | ਪਾਕਿਸਤਾਨ ਹੋਵੇ ਜਾਂ ਹਿੰਦੁਸਤਾਨ ਸ਼ਾਇਰ ਦੀ ਦੁਨੀਆ ਹੀ ਵੱਖਰੀ ਹੈ | ਸਮੁੱਚੇ ਵਿਸ਼ਵ ਵਿਚ ਵਸਦੇ ਪੰਜਾਬੀਆਂ ਲਈ ਸਾਂਝਾ ਸੁਲਤਾਨ ਬਾਹੂ ਹੈ ਜਿਹੜਾ ਕਿਸੇ ਵੀਜ਼ੇ ਜਾਂ ਪ੍ਰਵਾਨਗੀ ਦਾ ਗੁਲਾਮ ਨਹੀਂ | ਉਸ ਦੇ ਬੋਲਾਂ ਵਿਚ ਚੰਦਰਮਾ ਦੀ ਰੌਸ਼ਨੀ ਵਰਗੀ ਠੰਢਕ ਹੈ, ਚਾਨਣਾ ਹੈ, ਤਾਰਿਆਂ ਵਾਂਗ ਲਿਸ਼ਕਣ ਦੀ ਸ਼ਕਤੀ ਹੈ ਅਤੇ ਗਲੀਆਂ ਵਿਚ ਨਿਮਾਣੇ ਫਿਰਦੇ ਲਾਲਾਂ ਦੇ ਵਣਜਾਰਿਆਂ ਨੂੰ ਸਹੀ ਮਾਰਗ ਤੇ ਤੁਰਨ ਦੀ ਅਗਵਾਈ ਦੇਣਯੋਗ ਹਿੰਮਤ ਹੈ | ਇਸੇ ਕਰਕੇ ਉਹ ਉਸ ਠੰਢੀ ਚਾਨਣੀ ਨੂੰ ਚੰਦਰਮਾ ਤੋਂ ਹੀ ਮੰਗਦਾ ਹੈ |
ਚੇ ਚੜ ਚੰਨਾ ਤੇ ਕਰ ਰੁਸ਼ਨਾਈ
ਤੇ ਜ਼ਿਕਰ ਕਰੇਂਦੇ ਤਾਰੇ ਹੂ |
ਗਲੀਆਂ ਦੇ ਵਿਚ ਫਿਰਨ ਨਿਮਾਣੇ
ਲਾਲਾਂ ਦੇ ਵਣਜਾਰੇ ਹੂ |
ਸ਼ਾਲਾ ਮੁਸਾਫਰ ਕੋਈ ਨਾ ਥੀਵੇ
ਕੱਖ ਜਿਨ੍ਹਾਂ ਤੋਂ ਭਾਰੇ ਹੂ |
ਤਾੜੀ ਮਾਰ ਉਡਾ ਨਾ ਬਾਹੂ
ਅਸੀਂ ਆਪੇ ਉੱਡਣ ਹਾਰੇ ਹੂ |
ਇਸ਼ਕ ਹਕੀਕੀ ਅਤੇ ਇਸ਼ਕ ਮਜਾਜ਼ੀ ਵਿਚਕਾਰ ਫਰਕ ਮਿਟਾਉਣ ਲਈ ਇਨ੍ਹਾਂ ਫ਼ਕੀਰਾਂ ਨੇ ਸਾਨੂੰ ਬੋਲਾਂ ਦਾ ਸਾਥ ਦਿੱਤਾ ਹੈ | ਉਹ ਆਪਣੀ ਮੁਹੱਬਤ ਨੂੰ ਬਾਹਾਂ ਵਿਚ ਸਮੇਟਣ ਦੀ ਥਾਂ ਸਾਹਾਂ ਵਿਚ ਸਮੋਣ ਦੀ ਪ੍ਰੇਰਨਾ ਦਿੰਦੇ ਹਨ | ਉਨ੍ਹਾਂ ਨੂੰ ਇਹ ਗੱਲ ਕਿਸੇ ਤਰ੍ਹਾਂ ਵੀ ਪ੍ਰਭਾਵਿਤ ਨਹੀਂ ਕਰਦੀ ਕਿ ਉਨ੍ਹਾਂ ਦਾ ਸੰਬੋਧਨ ਜਨੇਊ ਵਾਲੇ ਨੂੰ ਜਾਂ ਸੰੁਨਤ ਵਾਲੇ ਨੂੰ | ਉਨ੍ਹਾਂ ਨੂੰ ਤਾਂ ਮੋਮਨ ਵੀ ਕਾਫ਼ਰ ਲੱਗਦੇ ਹਨ ਅਤੇ ਕਾਫ਼ਰ ਮੋਮਨ | ਦੋਵਾਂ ਵਿਚਕਾਰ ਫਰਕ ਮਿਟਾਉਣ ਦੇ ਰਵਾਇਤ ਸ਼ਾਹ ਹੁਸੈਨ, ਬੁੱਲ੍ਹੇ ਸ਼ਾਹ ਅਤੇ ਸੁਲਤਾਨ ਬਾਹੂ ਦੇ ਸਮਕਾਲੀ ਸਿੱਖ ਗੁਰੂ ਕਵੀਆਂ ਨੇ ਵੀ ਨਿਭਾਈ | ਸ਼ਾਇਦ ਇਸੇ ਕਰਕੇ ਉਨ੍ਹਾਂ ਦਾ ਸਾਂਝਾ ਉਪਦੇਸ਼ ਸਰਬੱਤ ਦਾ ਭਲਾ ਬਣਿਆ | ਸਿੱਖਣ ਸਿਖਾਉਣ ਦੀ ਰਵਾਇਤ ਵਿਚ ਵਿਚੋਲਾ ਨਹੀਂ ਹੁੰਦਾ ਅਤੇ ਕਾਜ਼ੀ, ਮੁੱਲਾਂ, ਮੌਲਵੀ ਜਾਂ ਭਾਈ ਸਿਰਫ਼ ਲੜਾਈ ਦਾ ਵਸੀਲਾ ਹਨ ਪੜ੍ਹਾਈ ਦਾ ਨਹੀਂ | ਇਹ ਸੰਦੇਸ਼ ਸਾਨੂੰ ਸੁਲਤਾਨ ਬਾਹੂ ਸਾਹਿਬ ਵੀ ਦੱਸਦੇ ਹਨ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਸਾਬਕਾ ਪ੍ਰਧਾਨ, ਪੰਜਾਬੀ ਸਾਹਿਤ ਅਕੈਡਮੀ, ਲੁਧਿਆਣਾ |
ਫੋਨ : 98726-31199.

ਪੰਜਾਬੀਆਂ ਦਾ ਮਾਣ ਆਕਾਸ਼ਵਾਣੀ ਜਲੰਧਰ

ਅੰਗਰੇਜ਼ੀ ਦਾ ਇਕ ਲਫ਼ਜ਼ ਹੈ ਪੈਨੇਸ਼ੀਆ | ਇਸ ਦਾ ਅਰਥ ਹੁੰਦਾ ਹੈ ਕਿ ਸਾਰੇ ਮਰਜ਼ਾਂ ਦੀ ਇਕ ਦਵਾ | ਠੀਕ ਇਹੋ ਗੱਲ ਆਲ ਇੰਡੀਆ ਰੇਡੀਓ ਜਲੰਧਰ 'ਤੇ ਲਾਗੂ ਹੁੰਦੀ ਹੈ | ਕਿੳਾੁਕਿ ਇਹ ਦੁਨੀਆ ਦੇ ਹਰ ਹਿੱਸੇ ਵਿਚ ਵਸਣ ਵਾਲੇ ਪੰਜਾਬੀਆਂ ਦੀਆਂ ਧਾਰਮਿਕ, ਸਮਾਜਿਕ, ਆਰਥਿਕ, ਸੱਭਿਆਚਾਰਕ, ਸੂਚਨਾ, ਖਬਰਾਂ, ਸੰਗੀਤਮਈ, ਖੇਤੀਬਾੜੀ ਯਾਨੀ ਕਿ ਹਰੇਕ ਲੋੜ ਨੂੰ ਪੂਰਾ ਕਰਦਾ ਹੈ | ਇਹੋ ਕਾਰਨ ਹੈ ਕਿ ਇਸ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੁਨੀਆ-ਭਰ ਵਿਚ ਵਸਦੇ ਪੰਜਾਬੀ ਅਕਾਸ਼ਵਾਣੀ ਜਲੰਧਰ ਨਾਲ ਨੇੜਿਉਂ ਜੁੜੇ ਹੋਏ ਹਨ |
ਆਕਾਸ਼ਵਾਣੀ ਜਲੰਧਰ ਦੀ ਸਥਾਪਨਾ : ਆਕਾਸ਼ਵਾਣੀ ਜਲੰਧਰ ਦੀ ਸਥਾਪਨਾ ਸੰਨ 1947 ਵਿਚ ਕੀਤੀ ਗਈ ਅਤੇ ਪੰਜਾਬੀ ਦੇ ਮਹਾਨ ਸਾਹਿਤਕਾਰ ਸ: ਕਰਤਾਰ ਸਿੰਘ ਦੁੱਗਲ ਨੂੰ ਇਸ ਦਾ ਬਾਨੀ ਡਾਇਰੈਕਟਰ ਨਿਯੁਕਤ ਕੀਤਾ ਗਿਆ | ਉਹੋ ਹੀ ਉੱਦਮ ਕਰ ਕੇ ਸਟੇਸ਼ਨ ਲਈ ਲੋੜੀਂਦਾ ਸਾਰਾ ਸਾਮਾਨ ਲੈ ਕੇ ਆਏ | ਇਸ ਦੇ ਨਾਲ ਹੀ ਇਸ ਕੇਂਦਰ ਦੀ ਚੜ੍ਹਦੀ ਕਲਾ ਦੀ ਨੀਂਹ ਰੱਖੀ ਗਈ | ਇਸ ਦੇ ਸਥਾਪਨਾ ਦੇ ਦੋ ਮਕਸਦ ਸਨ | ਇਕ ਪਾਕਿਸਤਾਨ ਦੇ ਲਾਹੌਰ ਰੇਡੀਓ ਦੇ ਭਾਰਤ ਵਿਰੋਧੀ ਭੰਡੀ ਪ੍ਰਚਾਰ ਦਾ ਟਾਕਰਾ ਕਰਨਾ ਅਤੇ ਦੂਸਰਾ ਦੁਨੀਆ-ਭਰ ਵਿਚ ਵਸਦੇ ਪੰਜਾਬੀਆਂ ਨਾਲ ਨਿੱਘਾ ਰਾਬਤਾ ਕਾਇਮ ਕਰਨਾ | ਆਪਣੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਇਸ ਕੇਂਦਰ ਨੇ ਜੋ ਮੱਲਾਂ ਮਾਰੀਆਂ ਹਨ, ਉਨ੍ਹਾਂ 'ਤੇ ਜਿੰਨਾ ਵੀ ਮਾਣ ਕੀਤਾ ਜਾਵੇ, ਉਹ ਥੋੜ੍ਹਾ ਹੈ | ਸਮਾਜ ਦੇ ਹਰ ਵਰਗ ਲਈ ਆਕਾਸ਼ਵਾਣੀ ਜਲੰਧਰ ਤੋਂ ਨਰੋਏ, ਸਾਫ਼-ਸੁਥਰੇ ਤੇ ਮਿਆਰੀ ਪੋ੍ਰਗਰਾਮ ਤਿਆਰ ਕੀਤੇ ਜਾਂਦੇ ਹਨ | ਜੇ ਪੁਰਾਣੇ ਵੇਲਿਆਂ ਦੀ ਗੱਲ ਕਰੀਏ ਤਾਂ ਦਿਹਾਤੀ ਪੋ੍ਰਗਰਾਮ, ਬਾਲਵਾੜੀ, ਤਿ੍ੰਝਣ, ਗੁਰਬਾਣੀ ਵਿਚਾਰ, ਯੁਵ ਵਾਣੀ, ਨਾਰੀ ਸੰਸਾਰ, ਸਿਰਜਣਾ, ਸ਼ਬਦ-ਗਾਇਨ, ਕਵੀ ਦਰਬਾਰ, ਲੋਕ ਸੰਗੀਤ, ਢਾਡੀ ਵਾਰਾਂ, ਕਵੀਸ਼ਰੀ, ਰੇਡੀਓ ਨਾਟਕ ਅਤੇ ਨੇਤਰਹੀਣਾਂ ਲਈ ਅੱਖਰ ਆਵਾਜ਼ਾਂ ਵਰਗੇ ਵੱਖ-ਵੱਖ ਵਿਸ਼ਿਆਂ 'ਤੇ ਚਰਚਾਵਾਂ ਤੋਂ ਇਲਾਵਾ, ਕਵੀ ਦਰਬਾਰ, ਚਲੰਤ ਮਾਮਲਿਆਂ 'ਤੇ ਚਰਚਾ, ਭਗਤੀ ਸੰਗੀਤ ਦਾ ਪੋ੍ਰਗਰਾਮ ਅਰਾਧਨਾ, ਦੁਪਹਿਰ ਸਮੇਂ ਫ਼ੌਜੀ ਵੀਰਾਂ ਲਈ ਸੰਗੀਤ ਦਾ ਪੋ੍ਰਗਰਾਮ ਪ੍ਰਮੁੱਖ ਹਨ | ਇਹ ਪੋ੍ਰਗਰਾਮ ਹੁਣ ਵੀ ਉਸੇ ਮਿਆਰ 'ਤੇ ਖਰੇ ਉਤਰਦੇ ਹਨ | ਕਦੇ ਸਮਾਂ ਸੀ ਕਿ ਦਿਹਾਤੀ ਪੋ੍ਰਗਰਾਮ ਦੇ ਚਾਚਾ ਕੁਮੇਦਾਨ, ਠੰਢੂ ਰਾਮ, ਭਾਈਆ ਜੀ, ਸੰਤ ਰਾਮ, ਫ਼ੌਜਾ ਸਿੰਘ, ਮਾਸਟਰ ਜੀ, ਠੁਣੀਆ ਰਾਮ ਵਰਗੇ ਨਾਮੀ ਕਲਾਕਾਰਾਂ ਦੀ ਇਕ ਝਲਕ ਵੇਖਣ ਨੂੰ ਸ਼ਾਮ ਨੂੰ ਲੋਕ ਦੂਰ-ਦੁਰਾਡੇ ਤੋਂ ਰੇਡੀਓ ਦੇ ਗੇਟ ਮੂਹਰੇ ਖੜ੍ਹੇ ਹੁੰਦੇ ਸਨ | ਇਸੇ ਤਰ੍ਹਾਂ ਮਿਸ ਲਾਈ, ਮੋਤੀ ਸੂਦ, ਪਿ੍ਥਵੀ ਰਾਜ ਕਪੂਰ, ਪ੍ਰਕਾਸ਼ ਸੇਠੀ, ਦੇਵ ਸ਼ਰਮਾ, ਸੁਖਜੀਤ ਕੌਰ ਅਤੇ ਬੀਰਇੰਦਰ ਸਿੰਘ ਅਤੇ ਪ੍ਰੋਮਿਲਾ ਵਰਮਾ ਵਰਗੇ ਅਨਾਊਾਸਰ ਇਸੇ ਕੇਂਦਰ ਨੇ ਪੈਦਾ ਕੀਤੇ | ਬੀਬੀ ਪ੍ਰਕਾਸ਼ ਢਿੱਲੋਂ, ਬੀਬੀ ਹਰਬੰਸ ਢਿੱਲੋਂ (ਢਿੱਲੋਂ ਭੈਣ) ਅਤੇ ਹਰਬੰਸ ਸਿੰਘ ਖੁਰਾਣਾ ਵਰਗੇ ਨਾਟਕ ਖੇਤਰ ਦੇ ਮਹਾਨ ਕਲਾਕਾਰ ਇਸ ਕੇਂਦਰ ਦੀ ਸ਼ਾਨ ਰਹੇ ਹਨ |
ਰੇਡੀਓ ਨੇ ਸਮੇਂ-ਸਮੇਂ 'ਤੇ ਬਦਲਦੇ ਹਾਲਾਤ 'ਤੇ ਖਰਾ ਉਤਰਨ ਲਈ ਪੁਰਾਣੇ ਪੋ੍ਰਗਰਾਮਾਂ ਦੇ ਨਾਲ-ਨਾਲ ਨਵੇਂ-ਨਿਵੇਕਲੇ ਤੇ ਮਿਆਰੀ ਪੋ੍ਰਗਰਾਮ ਵੀ ਸ਼ੁਰੂ ਕੀਤੇ ਹਨ | ਜੇ ਕਿਸੇ ਕੇਂਦਰ ਦਾ ਮੁਖੀ ਸੰਗੀਤ ਨਾਲ ਜੁੜਿਆ ਹੋਵੇ ਤਾਂ ਉਸ ਤੋਂ ਹੋਰ ਵੀ ਚੰਗੇਰੀ ਕਾਰਗੁਜ਼ਾਰੀ ਦੀ ਆਸ ਕੀਤੀ ਜਾ ਸਕਦੀ ਹੈ ਅਤੇ ਇਸ ਆਸ 'ਤੇ ਪੂਰੀ ਤਰ੍ਹਾਂ ਖਰੇ ਉਤਰ ਰਹੇ ਹਨ | ਜਲੰਧਰ ਰੇਡੀਓ ਸਟੇਸ਼ਨ ਦੇ ਮੌਜੂਦਾ ਮੁਖੀ ਬੀਬੀ ਸੰਤੋਸ਼ ਰਿਸ਼ੀ | ਉਨ੍ਹਾਂ ਦੀ ਦੇਖ-ਰੇਖ ਹੇਠ ਬਹੁਤ ਮਾਣ-ਮੱਤਾ ਕੰਮ ਹੋਇਆ, ਜਿਸ ਦਾ ਕੁੱਝ ਵੇਰਵਾ ਮੈਂ ਦੇਣਾ ਚਾਹਵਾਂਗਾ | ਜਲੰਧਰ ਕੇਂਦਰ ਹੀ ਇਕ ਇਹੋ ਜਿਹਾ ਸਟੇਸ਼ਨ ਹੈ, ਜਿੱਥੇ ਕੇਵਲ ਢੋਲਕ ਅਤੇ ਤੂੰਬੀ ਵਰਗੇ ਲੋਕ ਸਾਜ਼ਾਂ ਨਾਲ ਸੰਗੀਤ ਸੁਣਨ ਨੂੰ ਮਿਲਦਾ ਹੈ | ਐਫ.ਐਮ. 'ਤੇ ਇਕ ਪੋ੍ਰਗਰਾਮ ਗੁਦਗੁਦੀ ਡਾਟ ਕਾਮ ਹੈ, ਬੁਝਾਰਤਾਂ, ਪੰਜਾਬੀ ਵਿਰਸੇ ਨਾਲ ਸਬੰਧਿਤ ਗੱਲਾਂ, ਅਖਾਣਾਂ ਅਤੇ ਗੀਤਾਂ ਨੂੰ ਸ਼ਾਮਿਲ ਕੀਤਾ ਜਾਂਦਾ ਹੈ | ਐਫ.ਐਮ. ਕਸੌਲੀ 100.9 ਮੈਗਾ ਹਰਟਜ਼ ਅਤੇ ਫ਼ਾਜ਼ਿਲਕਾ 100.8 ਮੈਗਾ ਹਰਟਜ਼ 'ਤੇ ਪੂਰੇ ਹਿੱਸੇ ਨੂੰ ਕਵਰ ਕਰ ਰਿਹਾ ਹੈ | ਇਸੇ ਤਰ੍ਹਾਂ ਐਪ ਏਆਈਆਰ ਪੰਜਾਬੀ ਦੇ ਪ੍ਰੋਗਰਾਮ ਦੁਬਈ ਸਮੇਤ ਆਲ ਇੰਡੀਆ ਰੇਡੀਓ ਲਾਈਵ ਤਹਿਤ ਫ਼ਰਾਂਸ, ਸਪੇਨ, ਆਸਟ੍ਰੇਲੀਆ ਅਤੇ ਅਮਰੀਕਾ ਤੱਕ ਅੱਪੜਦੇ ਹਨ |
ਆਕਾਸ਼ਵਾਣੀ ਜਲੰਧਰ ਨੇ ਦੇਸ਼ ਦੀ ਵੰਡ ਅਤੇ ਫੇਰ 1965 ਅਤੇ 1971 ਦੀਆਂ ਜੰਗਾਂ ਸਮੇਂ ਵਿੱਛੜੇ ਪਰਿਵਾਰਾਂ ਸਮੇਤ ਫੌਜੀਆਂ ਦੇ ਸੁਨੇਹੇ ਪ੍ਰਸਾਰਤ ਕਰ ਕੇ ਜਿਵੇਂ ਅਨਗਿਣਤ ਲੋਕਾਂ ਨੂੰ ਲੱਭਿਆ ਅਤੇ ਪਰਿਵਾਰਾਂ ਦੇ ਮੁੜ ਮੇਲੇ ਕਰਵਾਏ ਅਤੇ ਜਿਵੇਂ ਕੁਦਰਤੀ ਆਫ਼ਤਾਂ ਦੌਰਾਨ ਸਹਾਇਤਾ ਕਾਰਜ ਵਿੱਢੇ ਉਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਓਨੀ ਥੋੜ੍ਹੀ ਹੈ | ਕਦੇ ਸਮਾਂ ਸੀ ਰੇਡੀਓ ਦੇ ਜਲੰਧਰ ਕੇਂਦਰ ਦੇ ਪ੍ਰੋਗਰਾਮ 'ਸਦਾ-ਏ-ਵਤਨ' ਦੀਆਂ ਗੱਲਾਂ ਘਰ ਘਰ ਹੁੰਦੀਆਂ ਸਨ | ਪ੍ਰੋਗਰਾਮ ਦੇਸ਼ ਪੰਜਾਬ ਅਤੇ ਸਦਾ-ਏ-ਵਤਨ ਪਾਕਿਸਤਾਨੀ ਪੰਜਾਬ ਵਿਚ ਵੀ ਸੁਣੇ ਜਾਂਦੇ ਸਨ | ਭਾਈ ਸੁਰਜਨ ਸਿੰਘ ਵਰਗੇ ਮਹਾਨ ਰਾਗੀ ਦੀ ਆਵਾਜ਼ ਵਿਚ ਸਭ ਤੋਂ ਪਹਿਲਾਂ 'ਆਸਾ ਦੀ ਵਾਰ' ਦਾ ਕੀਰਤਨ ਜਲੰਧਰ ਰੇਡੀਓ ਨੇ ਹੀ ਪ੍ਰਸਾਰਤ ਕਰਨਾ ਸ਼ੁਰੂ ਕੀਤਾ ਸੀ | ਉਸ ਤੋਂ ਉਪਰੰਤ ਭਾਈ ਬਖ਼ਸ਼ੀਸ਼ ਸਿੰਘ, ਪ੍ਰੋਫੈਸਰ ਹਰਚੰਦ ਸਿੰਘ ਅਤੇ ਭਾਈ ਦੇਵਿੰਦਰ ਸਿੰਘ ਗੁਰਦਾਸਪੁਰ ਦੀਆਂ ਆਵਾਜ਼ਾਂ ਵਿਚ ਵੀ 'ਆਸਾ ਦੀ ਵਾਰ' ਰਿਕਾਰਡ ਕੀਤੀ ਗਈ | ਸੰਨ 1984 ਤੋਂ ਲੈ ਕੇ ਤੜਕੇ ਚਾਰ ਵਜੇ ਤੋਂ ਸਵੇਰੇ ਛੇ ਵਜੇ ਤੱਕ ਅਤੇ ਸ਼ਾਮ ਸਾਢੇ ਚਾਰ ਤੋਂ ਸਾਢੇ ਪੰਜ ਵਜੇ ਤੱਕ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ ਤੋਂ ਹਰ ਰੋਜ਼ ਗੁਰਬਾਣੀ ਦਾ ਲਾਈਵ ਪ੍ਰਸਾਰਨ ਹੁੰਦਾ ਹੈ | ਇਸ ਤੋਂ ਇਲਾਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਮੌਕੇ ਸ੍ਰੀ ਦਰਬਾਰ ਸਾਹਿਬ ਤਰਨ ਤਾਰਨ ਤੋਂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਪੁਰਬ ਉੱਤੇ ਤਰਤੀਬਵਾਰ ਸ੍ਰੀ ਦਰਬਾਰ ਸਾਹਿਬ ਅੰਮਿ੍ਤਸਰ, ਤਖ਼ਤ ਸ੍ਰੀ ਪਟਨਾ ਸਾਹਿਬ ਬਿਹਾਰ, ਗੁ: ਮੰਜੀ ਸਾਹਿਬ ਅੰਬਾਲਾ ਅਤੇ ਸ੍ਰੀ ਦੂਖਨਿਵਾਰਨ ਸਾਹਿਬ ਪਟਿਆਲਾ ਤੋਂ ਇਕ-ਇਕ ਘੰਟੇ ਦਾ ਸਿੱਧਾ ਗੁਰਬਾਣੀ ਪ੍ਰਸਾਰਨ ਹੁੰਦਾ ਹੈ | ਲੋਕ ਮਸਲਿਆਂ ਦੇ ਹੱਲ ਲਈ ਸਬੰਧਤ ਅਧਿਕਾਰੀਆਂ ਨਾਲ ਸਿੱਧੀ ਗੱਲਬਾਤ ਦੌਰਾਨ ਸਰੋਤਿਆਂ ਨੂੰ ਵੀ ਫੋਨ ਇੰਨ ਪ੍ਰੋਗਰਾਮ ਰਾਹੀਂ ਸ਼ਾਮਿਲ ਕੀਤਾ ਜਾਂਦਾ ਹੈ |
ਜਲੰਧਰ ਕੇਂਦਰ ਨੇ ਸੰਤੋਸ਼ ਰਿਸ਼ੀ ਦੇ ਵਿਸ਼ੇਸ਼ ਉੱਦਮ ਸਦਕਾ ਪਿੰਡ-ਪਿੰਡ ਜਾ ਕੇ 500 ਤੋਂ ਵੱਧ ਸਿੱਠਣੀਆਂ, ਸੁਹਾਗ, ਘੋੜੀਆਂ ਅਤੇ ਵਿਆਹ-ਸ਼ਾਦੀਆਂ ਦੇ ਬਿਨਾਂ ਸਾਜ਼ਾਂ ਤੋਂ ਗਾਏ ਜਾਂਦੇ ਲੰਮੀਆਂ ਹੇਕਾਂ ਵਾਲੇ ਗੀਤ ਰਿਕਾਰਡ ਕੀਤੇ ਹਨ | ਇਸੇ ਤਰ੍ਹਾਂ ਪੰਜਾਬੀ ਲੋਕ ਸੰਗੀਤ ਤਹਿਤ 200 ਪੋ੍ਰਗਰਾਮ ਪ੍ਰਸਾਰਤ ਕੀਤੇ ਗਏ, ਜਿਨ੍ਹਾਂ ਵਿਚੋਂ 100 ਪੰਜਾਬੀਆਂ ਦੇ ਮਨਭਾਉਦੇ ਹੀਰ ਦੇ ਕਿੱਸੇ ਉੱਤੇ ਆਧਾਰਤ ਸਨ | ਸੰਤੋਸ਼ ਰਿਸ਼ੀ ਨੇ ਦੱਸਿਆ ਕਿ ਇਹ ਪਹਿਲੀ ਵਾਰ ਸੀ ਕਿ ਵਾਰਿਸ ਸ਼ਾਹ ਅਤੇ ਦਮੋਦਰ ਦੋਵਾਂ ਵਲੋਂ ਰਚਿਤ ਹੀਰ ਦੇ ਕਿੱਸੇ ਰਿਕਾਰਡ ਕੀਤੇ ਗਏ | ਆਕਾਸ਼ਵਾਣੀ ਜਲੰਧਰ ਦੀ ਸਭ ਤੋਂ ਵੱਡੀ ਦੇਣ ਪੰਜਾਬ ਵਿਚ ਖੇਤੀਬਾੜੀ ਦੇ ਵਿਕਾਸ ਲਈ ਪਾਇਆ ਸੁਨਹਿਰੀ ਯੋਗਦਾਨ ਹੈ | ਸਵੇਰੇ ਦੁਪਹਿਰੇ ਅਤੇ ਸ਼ਾਮ ਨੂੰ ਦਿਹਾਤੀ ਪ੍ਰੋਗਰਾਮ ਵਿਚ ਨਿਰੰਤਰ ਤੌਰ ਉੱਤੇ ਖੇਤੀ ਖੋਜਾਂ ਨਾਲ ਸਬੰਧਤ ਵੱਡਮੁੱਲੀ ਜਾਣਕਾਰੀ ਕਿਸਾਨਾਂ ਨਾਲ ਸਾਂਝੀ ਕੀਤੀ ਜਾਂਦੀ ਹੈ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਦੌਰਾਨ ਸ਼ਾਮ ਦਾ ਦਿਹਾਤੀ ਪ੍ਰੋਗਰਾਮ ਯੂਨੀਵਰਸਿਟੀ ਤੋਂ ਦਰਸ਼ਕਾਂ ਨੂੰ ਸਾਹਮਣੇ ਬਿਠਾ ਕੇ ਨਸ਼ਰ ਕੀਤਾ ਜਾਂਦਾ ਹੈ |
ਜਲੰਧਰ ਕੇਂਦਰ ਦੇ ਅਦੀਬ: ਆਕਾਸ਼ਵਾਣੀ ਜਲੰਧਰ ਨੇ ਸ਼੍ਰੋਮਣੀ ਕਵੀ ਸੋਹਨ ਸਿੰਘ ਮੀਸ਼ਾ, ਜਸਵੰਤ ਦੀਦ, ਸਾਧੂ ਸਿੰਘ ਗੋਬਿੰਦਪੁਰੀ, ਇੰਦਰਜੀਤ ਕੁਮਾਰ ਨਿਰਾਲਾ ਵਰਗੇ ਵੱਡੇ ਸਾਹਿਤਕਾਰ ਪੈਦਾ ਕੀਤੇ ਹਨ | ਰੇਡੀਓ ਨਾਟਕਾਂ ਦੇ ਮਹਾਂਰਥੀ ਸ: ਹਰਬੰਸ ਸਿੰਘ ਬੇਦੀ ਨੂੰ ਭਲਾ ਕੌਣ ਭੁੱਲ ਸਕਦਾ ਹੈ | ਇਸੇ ਕੇਂਦਰ ਦੇ ਸਰਦਾਰ ਅਲਬੇਲ ਸਿੰਘ ਗਰੇਵਾਲ ਦੂਰਦਰਸ਼ਨ ਦੇ ਡਿਪਟੀ ਡਾਇਰੈਕਟਰ ਜਨਰਲ ਰਹੇ ਅਤੇ ਇਸੇ ਕੇਂਦਰ ਦੇ ਅਮਰਜੀਤ ਸਿੰਘ ਵੜੈਚ ਅੱਜਕਲ੍ਹ ਅਕਾਸ਼ਵਾਣੀ ਪਟਿਆਲਾ ਦੇ ਮੁਖੀ ਹਨ | ਤਕਨੀਕੀ ਤੌਰ ਉੱਤੇ ਪਹਿਲਾਂ ਇਕੋ ਚੈਨਲ ਸੀ ਪਰ ਹੁਣ ਆਕਾਸ਼ਵਾਣੀ ਦੇ ਪ੍ਰੋਗਰਾਮ ਵਿਵਿਧ ਭਾਰਤੀ, ਦੇਸ਼ ਪੰਜਾਬ, ਐਫ.ਐਮ. ਰੇਨਬੋ ਅਤੇ ਡੀ.ਟੀ.ਐਚ. ਉੱਤੇ ਚੌਵੀ ਘੰਟੇ ਉਪਲਬਧ ਹਨ | ਆਕਾਸ਼ਵਾਣੀ ਕੇਂਦਰ ਦੀ ਇਕ ਹੋਰ ਖਾਸ ਗੱਲ ਇਹ ਵੀ ਹੈ ਕਿ ਚੌਵੀ ਘੰਟਿਆਂ ਅੰਦਰ-ਅੰਦਰ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਕੁੱਲ 80 ਘੰਟਿਆਂ ਦੇ ਪ੍ਰੋਗਰਾਮ ਪ੍ਰਸਾਰਤ ਕਰਨ ਦਾ ਰਿਕਾਰਡ ਵੀ ਸਿਰਫ ਇਸ ਦੇ ਨਾਂਅ ਹੀ ਦਰਜ ਹੈ ਜੋ ਕਿ ਆਪਣੇ ਆਪ ਵਿਚ ਇਕ ਨਿਵੇਕਲਾ ਕੀਰਤੀਮਾਨ ਵੀ ਹੈ |
ਸ਼ਾਸਤਰੀ ਸੰਗੀਤ ਦੀ ਸੰਭਾਲ-ਜਲੰਧਰ ਕੇਂਦਰ ਕੋਲ ਸ਼ਾਸਤਰੀ ਸੰਗੀਤ ਦਾ ਵਡਮੁੱਲਾ ਖ਼ਜ਼ਾਨਾ ਹੈ | ਇਥੇ ਉਸਤਾਦ ਬੜੇ ਗੁਲਾਮ ਅਲੀ ਖਾਨ ਤੋਂ ਲੈ ਕੇ ਪਦਮਸ੍ਰੀ ਸੋਹਨ ਸਿੰਘ ਤੱਕ ਮਹਾਨ ਕਲਾਕਾਰਾਂ ਦੀਆਂ ਰਿਕਾਰਡਿੰਗਜ਼ ਹਨ | ਇਹ ਪਹਿਲੀ ਵਾਰ ਹੋਇਆ ਹੈ ਕਿ ਪਿੰਡਾਂ ਵਿਚ ਘੁੰਮ ਕੇ ਅਜਿਹੇ ਸੁਰੀਲੇ ਕਲਾਕਾਰ ਲੱਭੇ ਗਏ ਹਨ, ਜਿਨ੍ਹਾਂ ਦੀ ਕੋਈ ਸਾਰ ਨਹੀਂ ਸੀ ਲੈਂਦਾ | ਉਨ੍ਹਾਂ ਨੂੰ ਰੇਡੀਓ ਤੋਂ ਗਵਾ ਕੇ ਮਾਣ ਦਿੱਤਾ ਗਿਆ | ਪ੍ਰਧਾਨ ਮੰਤਰੀ ਦੇ ਪੋ੍ਰਗਰਾਮ 'ਮਨ ਕੀ ਬਾਤ' ਦਾ ਪੰਜਾਬੀ ਤਰਜਮਾ ਰੇਡੀਓ ਦੇ ਨਾਲ-ਨਾਲ ਐਪ 'ਤੇ ਵੀ ਨਸ਼ਰ ਕੀਤਾ ਜਾਂਦਾ ਹੈ | ਸਵੱਛਤਾ ਅਭਿਆਨ ਬਾਰੇ ਸਾਰਥਿਕ ਗੀਤ ਤਿਆਰ ਕੀਤੇ ਗਏ ਹਨ | ਸਮਾਜਿਕ ਸੁਨੇਹੇ ਦੇਣ ਲਈ ਮੰਨੇ-ਪ੍ਰਮੰਨੇ ਕਲਾਕਾਰਾਂ ਦੀ ਆਵਾਜ਼ ਵਿਚ ਸੰਦੇਸ਼ ਰਿਕਾਰਡ ਕੀਤੇ ਗਏ ਹਨ | ਹਰ ਹਫ਼ਤੇ ਕਵੀ-ਦਰਾਬਰ ਕੀਤਾ ਜਾਂਦਾ ਹੈ, ਜਿਸ ਵਿਚ ਨਾਮੀ ਕਵੀ ਹਿੱਸਾ ਲੈਂਦੇ ਹਨ | ਇਨ੍ਹਾਂ ਵਿਚ ਸਾਵਣ ਸਪੈਸ਼ਲ ਕਵੀ ਦਰਬਾਰ ਵੀ ਸ਼ਾਮਿਲ ਹੈ | ਪਹਿਲੀ ਵਾਰ ਬਾਲ-ਖੇਡਾਂ ਬਾਰੇ ਗੀਤਾਂ ਦਾ ਇਕ ਪੋ੍ਰਗਰਾਮ ਸ਼ੁਰੂ ਕੀਤਾ ਗਿਆ ਹੈ | ਇਸ ਕੇਂਦਰ ਨੂੰ ਮਾਣ ਹੈ ਕਿ ਆਲ ਇੰਡੀਆ ਰੇਡੀਓ ਦੇ ਮੌਜੂਦਾ ਡਾਇਰੈਕਟਰ ਜਨਰਲ ਫਯਾਜ਼ ਸ਼ਹਿਰਯਾਰ, ਗਿਰਜਾ ਕੁਮਾਰ ਮਾਥੁਰ, ਕੈਸਰ ਕਲੰਦਰ, ਲਾਸਾ ਕੌਲ, ਸ੍ਰੀ ਲਕਸ਼ਮਿੰਦਰ, ਸੁਖਜਿੰਦਰ ਕੌਰ ਅਤੇ ਡਾ: ਦਲਜੀਤ ਸਿੰਘ ਵਰਗੇ ਮਹਾਂਰਥੀ ਇਸ ਕੇਂਦਰ ਦੇ ਡਾਇਰੈਕਟਰ ਰਹਿ ਚੁੱਕੇ ਹਨ | ਇਸ ਸਮੇਂ ਵੀ ਸੋਹਨ ਕੁਮਾਰ, ਗੁਰਵਿੰਦਰ ਸਿੰਘ ਸੰਧੂ, ਮੋਨਿਕਾ ਦੱਤ, ਸ਼ਹਿਨਾਜ਼ ਜੌਲੀ ਕੌੜਾ, ਸ: ਮਨਜੀਤ ਸਿੰਘ, ਸ: ਪਰਮਜੀਤ ਸਿੰਘ, ਸੁਖਵਿੰਦਰ ਸੁੱਖੀ, ਸਰਬਜੀਤ ਰਿਸ਼ੀ, ਰਾਜ ਕੁਮਾਰ ਤੁਲੀ ਅਤੇ ਸ੍ਰੀਮਤੀ ਕਮਲੇਸ਼ ਵਰਗੇ ਹੰਢੇ-ਵਰਤੇ ਕਲਾਕਾਰ ਅਤੇ ਅਧਿਕਾਰੀ ਅਕਾਸ਼ਵਾਣੀ ਦੀ ਸ਼ਾਨ ਹਨ |
ਰੇਡੀਓ ਨੂੰ ਬੇਹੱਦ ਪਿਆਰ ਕਰਨ ਵਾਲੇ ਤਿੰਨ ਮਹਾਰਥੀਆਂ ਦੇ ਕਥਨ ਦਰਜ ਕਰ ਕੇ ਮੈਂ ਇਸ ਲੇਖ ਨੂੰ ਸਮਾਪਤ ਕਰਨਾ ਚਾਹਾਂਗਾ | ਇਹ ਹਨ ਪੰਜਾਬੀਅਤ ਦੇ ਮਹਾਨ ਝੰਡਾਬਰਦਾਰ ਸ: ਹਰਜਾਪ ਸਿੰਘ ਔਜਲਾ (ਯੂ.ਐਸ.ਏ.) ਸ਼੍ਰੋਮਣੀ ਸਾਹਿਤਕਾਰ ਸੁਰਜੀਤ ਸਿੰਘ ਮਰਜਾਰਾ ਅਤੇ ਪ੍ਰਸਿੱਧ ਲੇਖਕ ਨਿੰਦਰ ਘੁਗਿਆਣਵੀਂ | ਇਨ੍ਹਾਂ ਦੇ ਲਫ਼ਜ਼ਾਂ ਮੁਤਾਬਕ 'ਆਕਾਸ਼ਵਾਣੀ ਜਲੰਧਰ ਦੁਨੀਆਂ ਭਰ ਵਿਚ ਰਹਿੰਦੇ ਪੰਜਾਬੀਆਂ ਦੀ ਰੂਹ ਦੇ ਧੁਰ ਅੰਦਰ ਵਸਦਾ ਹੈ ਅਤੇ ਹਮੇਸ਼ਾ ਵਸਦਾ ਰਹੇਗਾ' | ਆਕਾਸ਼ਵਾਣੀ ਜਲੰਧਰ ਦਾ ਸਫ਼ਰ ਨਿਰੰਤਰ ਜਾਰੀ ਰਹਿੰਦਾ ਹੈ, ਤੜਕੇ ਚਾਰ ਵਜੇ ਤੋਂ ਰਾਤ 12 ਵਜੇ ਤੱਕ | ਫਿਰ ਚਾਰ ਘੰਟੇ ਇਹ ਕੁਝ ਅੰਗੜਾਈ ਭਰਦਾ ਹੈ ਨਵੇਂ ਸਫਰ ਲਈ | ਇਸ ਲਈ ਇਸ ਬਾਰੇ ਇਹ ਸ਼ੇਅਰ ਕਹਿਣਾ ਹੀ ਪਵੇਗਾ:
ਜਬ ਸੇ ਮੈਂ ਚਲਾ ਹੂੰ, ਮੇਰੀ ਮੰਜ਼ਿਲ ਪੈ ਹੈ ਨਜ਼ਰ
ਆਖੋਂ ਨੇ ਕਭੀ ਮੀਲ ਕਾ ਪੱਥਰ ਨਹੀਂ ਦੇਖਾ |

-ਪਿੰਡ: ਢਿਲਵਾਂ, ਡਾਕ: ਦਕੋਹਾ, ਜ਼ਿਲਾ: ਜਲੰਧਰ-144023.
ਮੋਬਾਈਲ : 98154-61710.

ਦਇਆ ਵਿਚ ਭਿੱਜਾ ਨਿਆਂ

ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿਚ ਸੰਨ 1935 ਦੇ ਜਨਵਰੀ ਦੇ ਠੰਢੇ ਮਹੀਨੇ ਦੀ ਇਕ ਸਰਦ ਸ਼ਾਮ ਨੂੰ ਇਕ ਅਦਾਲਤ ਲੱਗੀ ਹੋਈ ਸੀ | ਇਕ ਬਜ਼ੁਰਗ ਔਰਤ ਦੇ ਮੁਕੱਦਮੇ ਦੀ ਸੁਣਵਾਈ ਹੋ ਰਹੀ ਸੀ | ਉਸ ਦੇ ਮੈਲੇ ਕੱਪੜਿਆਂ ਤੋਂ ਅਤੇ ਉਸ ਦੇ ਰੁੱਖੇ ਅਤੇ ਖਿੰਡਰੇ ਵਾਲਾਂ ਤੋਂ ਲਗਦਾ ਸੀ ਕਿ ਉਹ ਦਰਮਾਂਦਗੀ ਦੀ ਅਤੇ ਖਸਤਾ ਹਾਲਤ ਵਿਚ ਹੈ | ਉਸ ਉੱਤੇ ਇਕ ਸਟੋਰ ਤੋਂ ਇਕ ਡਬਲ ਰੋਟੀ ਚੋਰੀ ਕਰਨ ਦਾ ਇਲਜ਼ਾਮ ਸੀ | ਸਟੋਰ ਦੇ ਮਾਲਕ ਨੇ ਉਸ ਨੂੰ ਡਬਲ ਰੋਟੀ ਚੁਕਦਿਆਂ ਰੰਗੇ ਹੱਥੀਂ ਫੜ ਲਿਆ ਸੀ ਅਤੇ ਉਸ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਸੀ | ਪੁਲਸ ਨੂੰ ਸਟੋਰ ਤੋਂ ਚੋਰੀ ਕੀਤੀ ਡਬਲ ਰੋਟੀ ਵੀ ਉਸ ਕੋਲੋਂ ਬਰਾਮਦ ਹੋ ਗਈ ਸੀ | ਇਸ ਤੋਂ ਵੱਡਾ ਹੋਰ ਸਬੂਤ ਕੀ ਹੋ ਸਕਦਾ ਸੀ? ਪੁਲਸ ਨੇ ਉਸ ਔਰਤ ਉੱਤੇ ਚੋਰੀ ਦਾ ਕੇਸ ਪਾ ਦਿੱਤਾ ਸੀ ਅਤੇ ਉਸ ਦਿਨ ਉਸ ਦੇ ਮੁਕੱਦਮੇ ਦੀ ਸੁਣਵਾਈ ਹੋਣੀ ਸੀ | ਉਹ ਔਰਤ ਚੋਰੀ ਦੇ ਇਲਜ਼ਾਮ ਕਰਕੇ ਹੀ ਸ਼ਾਇਦ ਸ਼ਰਮਸਾਰ ਹੋਈ ਅਤੇ ਖੁੱਲ੍ਹੇ ਆਮ ਨਸ਼ਰ ਹੋਣ ਦੇ ਅਹਿਸਾਸ ਨਾਲ ਆਪਣੇ ਆਪ ਉੱਤੇ ਹੀ ਝੁਕ ਕੇ ਸਿਰ ਸੁੱਟੀ ਬੜੀ ਨਿਮੋਂਝੂੁਣੀ ਅਵਸਥਾ ਵਿਚ ਬੈਠੀ ਹੋਈ ਸੀ | ਲਗਦਾ ਸੀ ਕਿ ਉਹ ਆਪਣੇ ਆਪ ਵਿਚ ਹੀ ਲੁਕ ਜਾਣਾ ਚਾਹੁੰਦੀ ਸੀ ਅਤੇ ਕਚਹਿਰੀ ਵਿਚ ਬੈਠੇ ਲੋਕਾਂ ਦੀਆਂ ਉਸ ਵੱਲ ਵੇਖਦੀਆਂ ਪੈਨੀਆਂ ਨਜ਼ਰਾਂ ਤੋਂ ਉਹ ਆਪਣੇ ਆਪ ਨੂੰ ਬਚਾਉਣਾ ਚਾਹੁੰਦੀ ਸੀ ਪਰ ਖੁੱਲ੍ਹੀ ਅਦਾਲਤ ਵਿਚ ਤਾਂ ਇਹ ਮੁਮਕਿਨ ਨਹੀਂ ਸੀ |
ਦੁਨੀਆ ਦੀ ਪਹਿਲੀ ਵਿਸ਼ਵ ਜੰਗ 1914 ਤੋਂ 1919 ਤੱਕ ਲੜੀ ਗਈ ਸੀ | ਇਸ ਵਿਚ ਜਰਮਨੀ ਅਤੇ ਉਸ ਦੇ ਸਾਥੀ ਦੇਸ਼ ਹਾਰ ਗਏ ਸਨ ਅਤੇ ਬਰਤਾਨੀਆ, ਰੂਸ, ਫ਼ਰਾਂਸ, ਅਮਰੀਕਾ ਅਤੇ ਉਨ੍ਹਾਂ ਦੇ ਮਿੱਤਰ ਦੇਸ਼ ਜਿੱਤ ਗਏ ਸਨ | ਸਵਾ ਚਾਰ ਸਾਲ ਚੱਲੀ ਇਸ ਲੜਾਈ ਵਿਚ ਦੋਵਾਂ ਧਿਰਾਂ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਸੀ | ਦੋਹਾਂ ਪਾਸਿਆਂ ਤੋਂ ਕੋਈ ਚਾਰ ਕਰੋੜ ਲੋਕ ਮਾਰੇ ਗਏ ਸਨ ਜਾਂ ਗੰਭੀਰ ਰੂਪ ਵਿਚ ਫ਼ੱਟੜ ਹੋ ਗਏ ਸਨ ਜਾਂ ਅਪਾਹਜ ਹੋ ਗਏ ਸਨ | ਸ਼ਹਿਰ, ਕਸਬੇ ਅਤੇ ਬਸਤੀਆਂ 'ਚ ਅੱਗਜ਼ਨੀ, ਬੰਬਾਰੀ, ਟੈਂਕਾਂ ਅਤੇ ਤੋਪਾਂ ਦੇ ਗੋਲਿਆਂ ਅਤੇ ਹਵਾਈ ਹਮਲਿਆਂ ਨਾਲ ਖੰਡਰਾਂ ਵਿਚ ਤਬਦੀਲ ਹੋ ਗਏ ਸਨ ਅਤੇ ਹੁਣ ਪਛਾਣੇ ਹੀ ਨਹੀਂ ਸਨ ਜਾਂਦੇ | ਸਕੂਲ, ਫ਼ੈਕਟਰੀਆਂ, ਕਾਰਖਾਨੇ, ਹਸਪਤਾਲ, ਬੰਦਰਗਾਹਾਂ, ਹਵਾਈ ਅੱਡੇ, ਆਵਾਜਾਈ ਦੇ ਸਾਧਨ, ਸਮੁੰਦਰੀ ਜਹਾਜ਼ਰਾਨੀ, ਰੇਲਵੇ ਲਾਈਨਾਂ, ਰੇਲਵੇ ਸਟੇਸ਼ਨ, ਸੜਕਾਂ, ਪੁਲ ਆਦਿ ਤਬਾਹ ਹੋ ਚੁੱਕੇ ਸਨ | ਦੁਨੀਆ ਦੇ ਕੁੱਲ ਦੇਸ਼ਾਂ ਦੀ ਆਰਥਿਕ ਸਥਿਤੀ ਵਿਗੜ ਗਈ ਸੀ |
ਇਸ ਲੜਾਈ ਦੇ ਮੁੱਕਣ ਤੋਂ ਦਸ ਸਾਲ ਬਾਅਦ, ਅਕਤੂਬਰ 1929 ਦੇ ਇਕ ਦਿਨ ਅਮਰੀਕਾ ਦੀ ਸਟਾਕ ਮਾਰਕੀਟ ਵਿਚ ਬਹੁਤ ਭਾਰੀ ਗਿਰਾਵਟ ਆ ਗਈ | ਇਕ ਦਿਨ ਵਿਚ ਹੀ ਲੋਕਾਂ ਦਾ ਲਾਇਆ ਪੈਸਾ ਬਰਬਾਦ ਹੋ ਗਿਆ ਅਤੇ ਉਹ ਅਰਸ਼ ਤੋਂ ਫ਼ਰਸ਼ 'ਤੇ ਆ ਗਏ | ਉਸ ਤੋਂ ਬਾਅਦ ਸਥਿਤੀ ਸੁਧਰੀ ਨਹੀਂ ਸਗੋਂ ਦਿਨ ਬ ਦਿਨ ਵਿਗੜਦੀ ਹੀ ਗਈ | ਕੋਈ 9000 ਬੈਂਕ ਡੁੱਬ ਗਏ ਅਤੇ ਉਨ੍ਹਾਂ ਵਿਚ ਰੱਖਿਆ ਲੋਕਾਂ ਦਾ ਪੈਸਾ ਵੀ ਡੁੱਬ ਗਿਆ | ਬੈਂਕਾਂ ਨੇ ਲੋਕਾਂ ਨੂੰ , ਉਦਯੋਗ ਨੂੰ ਅਤੇ ਵਪਾਰ ਨੂੰ ਪੈਸਾ ਕਰਜ 'ਤੇ ਦੇਣਾ ਬੰਦ ਕਰ ਦਿੱਤਾ | ਲੋਕਾਂ ਕੋਲ ਸਾਮਾਨ ਖਰੀਦਣ ਲਈ ਪੈਸਾ ਹੀ ਨਹੀਂ ਸੀ | ਕਾਰਖਾਨੇ, ਦੁਕਾਨਾਂ, ਵਪਾਰ ਬੰਦ ਹੋ ਗਏ ਅਤੇ ਉਨ੍ਹਾਂ ਵਿਚ ਬਣਦਾ ਸਾਮਾਨ ਵੀ ਬਣਨੋਂ ਰੁਕ ਗਿਆ | ਜੋ ਸਮਾਨ ਗੁਦਾਮਾਂ ਵਿਚ ਬਣਿਆ ਪਿਆ ਸੀ ਉਸ ਲਈ ਹੁਣ ਕੋਈ ਖਰੀਦਦਾਰ ਹੀ ਨਹੀਂ ਸੀ | ਲੋਕ ਭਾਰੀ ਗਿਣਤੀ ਵਿਚ ਬੇਰੁਜ਼ਗਾਰ ਹੋ ਗਏ |
ਬਦਕਿਸਮਤੀ ਨੂੰ ਇਸ ਸਮੇਂ ਅਮਰੀਕਾ ਦੇ ਕੁਝ ਹਿੱਸਿਆਂ ਵਿਚ ਭਾਰੀ ਔੜ ਵੀ ਲੱਗ ਗਈ | ਮੀਂਹ ਹੀ ਨਹੀਂ ਪਿਆ | ਬੀਜੀ ਹੋਈ ਅਤੇ ਖੜ੍ਹੀ ਫ਼ਸਲ ਬਰਬਾਦ ਹੋ ਗਈ ਅਤੇ ਹੋਰ ਫ਼ਸਲ ਪਾਣੀ ਦੀ ਅਣਹੋਂਦ ਕਰਕੇ ਅਤੇ ਜ਼ਮੀਨ ਤਿਆਰ ਨਾ ਹੋਣ ਕਰਕੇ ਬੀਜੀ ਹੀ ਨਹੀਂ ਗਈ | ਪੈਦਾਵਾਰ ਨਾ ਹੋਣ ਕਰਕੇ ਮੁਲਕ ਵਿਚ ਅਨਾਜ ਦੀ ਅਤੇ ਖਾਣ-ਪੀਣ ਦੀਆਂ ਵਸਤਾਂ ਦੀ ਭਾਰੀ ਥੁੜ ਹੋ ਗਈ ਅਤੇ ਲੋਕਾਂ ਵਿਚ ਭੁੱਖਮਰੀ ਤੱਕ ਦੀ ਨੌਬਤ ਆ ਗਈ | ਇਸ 1929 ਤੋਂ 1938 ਤੱਕ ਦੇ ਸਮੇਂ ਨੂੰ ਅਮਰੀਕਾ ਦੀ 'ਗ੍ਰੇਟ ਡਿਪਰੈਸ਼ਨ' ਜਾ ਮਹਾਂ ਮੰਦੀ ਦਾ ਸਮਾਂ ਕਿਹਾ ਜਾਂਦਾ ਹੈ | ਇਸ ਮੰਦੀ ਨੂੰ ਸੰਸਾਰ ਵਿਚ ਆਧੁਨਿਕ ਸਮਿਆਂ ਦੀ ਸਭ ਤੋਂ ਭੈੜੀ ਮੰਦੀ ਅਤੇ ਸਭ ਤੋਂ ਭੀਸ਼ਣ ਆਰਥਿਕ ਸੰਕਟ ਮੰਨਿਆ ਗਿਆ ਹੈ | ਅਮਰੀਕਾ ਵਿਚ ਬੇਰੁਜ਼ਗਾਰੀ ਚਰਮ ਸੀਮਾ 'ਤੇ ਪਹੁੰਚ ਗਈ ਸੀ | ਸਰਕਾਰ ਕਈ ਕਦਮ ਪੁੱਟ ਰਹੀ ਸੀ ਪਰ ਹਾਲਾਤ ਸਨ ਕਿ ਕਾਬੂ ਵਿਚ ਹੀ ਨਹੀਂ ਆ ਰਹੇ ਸਨ | ਸਥਿਤੀ ਅਮਰੀਕੀ ਸਰਕਾਰ ਦੇ ਵੱਸ ਤੋਂ ਬਾਹਰ ਹੋ ਗਈ ਸੀ | ਲੋਕਾਂ ਨੂੰ ਜਾਨ ਦੇ ਲਾਲੇ ਪਏ ਹੋਏ ਸਨ | ਆਪਣੇ ਪਰਿਵਾਰਾਂ ਦੀ ਰੋਜ਼ੀ-ਰੋਟੀ ਲਈ ਜ਼ਿੰਮੇਦਾਰ ਕਈ ਲੋਕ ਬੇਵੱਸ ਹੋ ਗਏ ਸਨ ਅਤੇ ਵੱਡੀ ਸੰਖਿਆ ਵਿਚ ਅਜਿਹੇ ਲੋਕ ਆਪਣੇ ਪਰਿਵਾਰਾਂ ਨੂੰ ਤਿਲਾਂਜਲੀ ਦੇ ਕੇ ਉਨ੍ਹਾਂ ਨੂੰ ਆਪਣੀ ਤਕਦੀਰ 'ਤੇ ਅਤੇ ਰੱਬ ਆਸਰੇ ਛੱਡ ਕੇ ਘਰ ਛੱਡ ਕੇ ਚਲੇ ਗਏ ਸਨ | ਉਨ੍ਹਾਂ ਦਾ ਕੋਈ ਅਤਾਪਤਾ ਹੀ ਨਹੀਂ ਸੀ | ਸੰਨ 1935 ਵਿਚ ਅਮਰੀਕਾ ਦੀ ਇਹ ਮਹਾਂਮੰਦੀ ਦੀ ਸਥਿਤੀ ਆਪਣੇ ਭਿਅੰਕਰ ਰੂਪ ਵਿਚ ਪੂਰੇ ਜੋਬਨ 'ਤੇ ਸੀ | ਇਹ ਘਟਨਾ ਉਸ ਸਮੇਂ ਦੀ ਹੀ ਹੈ |
ਸੰਨ 1935 ਦੇ ਜਿਸ ਦਿਨ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਿਨ ਨਿਊਯਾਰਕ ਸ਼ਹਿਰ ਦੇ ਮੇਅਰ ਫ਼ਿਵਰੇਲੋ ਲਾਗ਼ਾਰਦੀਆ ਉਸ ਅਦਾਲਤ ਦੀ ਜੱਜ ਦੀ ਕੁਰਸੀ 'ਤੇ ਬੈਠੇ ਸਨ | ਮੁਕੱਦਮਾ ਸ਼ੁਰੂ ਹੋ ਗਿਆ | ਜੱਜ ਸਾਹਬ ਨੇ ਉਸ ਔਰਤ ਨੂੰ ਪੁੱਛਿਆ, 'ਬੀਬੀ, ਤੂੰ ਡਬਲ ਰੋਟੀ ਚੁਰਾਈ ਸੀ?' ਉਹ ਬਜ਼ੁਰਗ ਔਰਤ ਨੀਵੀਂ ਪਾ ਕੇ ਖੜ੍ਹੀ ਸੀ | ਉਸ ਨੇ ਆਪਣਾ ਝੁਕਿਆ ਸਿਰ ਬਿਨਾਂ ਉਤਾਂਹ ਚੁੱਕਿਆਂ ਅਤੇ ਆਪਣੇ ਪੈਰਾਂ ਵੱਲ ਵੇਖਦੀ ਹੋਈ ਨੇ, ਨਿੰਮ੍ਹੀਂ ਜੇਹੀ ਆਵਾਜ਼ ਵਿਚ ਜਵਾਬ ਦਿੱਤਾ, 'ਜੀ ਹਾਂ, ਜੱਜ ਸਾਹਬ, ਤੁਸੀਂ ਠੀਕ ਕਹਿੰਦੇ ਹੋ | ਮੈਂ ਉਹ ਡਬਲ ਰੋਟੀ ਚੁਰਾਈ ਸੀ |' ਹੁਣ ਜੱਜ ਸਾਹਬ ਨੇ ਪੁੱਛਿਆ, 'ਬੀਬੀ, ਤੂੰ ਉਹ ਡਬਲ ਰੋਟੀ ਕਿਉਂ ਅਤੇ ਕਿਸ ਮੰਸ਼ੇ ਨਾਲ ਚੁਰਾਈ ਸੀ? ਕੀ ਤੂੰ ਭੁੱਖੀ ਸੈਂ?' ਉਸ ਬਜ਼ੁਰਗ ਔਰਤ ਨੇ ਆਪਣਾ ਸਿਰ ਚੁੱਕਿਆ ਅਤੇ ਜੱਜ ਸਾਹਬ ਵੱਲ ਵੇਖਦੀ ਹੋਈ ਬੋਲੀ, 'ਜੀ ਹਾਂ, ਮੈਂ ਭੁੱਖੀ ਸਾਂ ਪਰ ਮੈਂ ਉਹ ਡਬਲ ਰੋਟੀ ਆਪਣੇ ਲਈ ਨਹੀਂ ਚੁਰਾਈ ਸੀ | ਮੇਰਾ ਜਵਾਈ ਆਪਣੇ ਪਰਿਵਾਰ ਨੂੰ ਤਿਲਾਂਜਲੀ ਦੇ ਕੇ ਅਤੇ ਛੱਡ ਕੇ ਬਿਨਾਂ ਦੱਸਿਆਂ ਹੀ ਕਿਤੇ ਚਲਾ ਗਿਆ ਹੈ | ਮੇਰੀ ਧੀ ਬੀਮਾਰ ਹੋ ਗਈ ਹੈ ਅਤੇ ਉਸ ਦੇ ਦੋ ਬੱਚੇ ਭੁੱਖੇ ਸਨ ਅਤੇ ਭੁੱਖ ਨਾਲ ਵਿਲਕ ਰਹੇ ਸਨ | ਉਨ੍ਹਾਂ ਨੇ ਪਿਛਲੇ ਦੋ ਦਿਨਾਂ ਤੋਂ ਕੁਝ ਨਹੀਂ ਖਾਧਾ ਸੀ | ਮੇਰੇ ਕੋਲੋਂ ਉਨ੍ਹਾਂ ਬੱਚਿਆਂ ਨੂੰ ਭੁੱਖ ਨਾਲ ਵਿਲਕਦਿਆਂ ਨੂੰ ਵੇਖ ਕੇ ਜਰਿਆ ਨਹੀਂ ਗਿਆ | ਉਹ ਹਾਲੀ ਬਹੁਤ ਹੀ ਛੋਟੀ ਉਮਰ ਦੇ ਅੰਞਾਣੇ ਹਨ |'
ਜਦੋਂ ਉਹ ਵਡੇਰੀ ਉਮਰ ਦੀ ਬਜ਼ੁਰਗ ਔਰਤ ਏਨਾਂ ਬੋਲ ਕੇ ਹਟੀ, ਅਦਾਲਤ ਵਿਚ ਪੂਰੀ ਤਰ੍ਹਾਂ ਸੰਨਾਟਾ ਛਾ ਗਿਆ ਅਤੇ ਖੜ੍ਹੇ ਅਤੇ ਬੈਠੇ ਸਾਰੇ ਲੋਕਾਂ ਵਿਚ ਚੁੱਪ ਛਾ ਗਈ | ਜੋ ਜਿੱਥੇ ਖੜ੍ਹਾ ਜਾਂ ਬੈਠਾ ਸੀ, ਲਗਦਾ ਸੀ ਕਿ ਉਹ ਉਥੇ ਹੀ ਜੰਮ ਗਿਆ ਹੈ | ਹੁਣ ਜੱਜ ਸਾਹਬ ਨੇ ਉਸ ਔਰਤ ਨੂੰ ਕਿਹਾ, 'ਬੀਬੀ, ਕਾਨੂੰਨ ਦੀਆਂ ਨਜ਼ਰਾਂ ਵਿਚ ਸਭ ਬਰਾਬਰ ਹੁੰਦੇ ਹਨ | ਡਬਲ ਰੋਟੀ ਚੋਰੀ ਕਰਨ ਲਈ ਜਾਂ ਤਾਂ ਤੂੰ ਦਸ ਡਾਲਰਾਂ ਦਾ ਜੁਰਮਾਨਾ ਭਰ ਦੇ, ਨਹੀਂ ਤਾਂ ਤੈਨੂੰ ਦਸ ਦਿਨ ਲਈ ਜੇਲ੍ਹ ਜਾਣਾ ਪਵੇਗਾ |' ਕੁਝ ਦੇਰ ਚੁੱਪ ਰਹਿਣ ਉਪਰੰਤ ਉਸ ਔਰਤ ਨੇ ਜਵਾਬ ਦਿੱਤਾ, 'ਜੱਜ ਸਾਹਬ, ਮੈਂ ਆਪਣੇ ਕੀਤੇ ਦੀ ਸਜ਼ਾ ਭੁਗਤਣ ਨੂੰ ਤਿਆਰ ਹਾਂ | ਪਰ ਮੈਂ ਨਿਮਰਤਾ ਪੂਰਵਕ ਕਹਿੰਦੀ ਹਾਂ ਕਿ ਜੇ ਮੇਰੇ ਕੋਲ ਦਸ ਡਾਲਰ ਹੁੰਦੇ ਤਾਂ ਮੈਂ ਉਹ ਡਬਲ ਰੋਟੀ ਕਿਉਂ ਚੋਰੀ ਕਰਨੀ ਸੀ? ਮੈਂ ਜੇਲ੍ਹ ਜਾਣ ਲਈ ਤਿਆਰ ਹਾਂ | ਮੈਨੂੰ ਸਿਰਫ਼ ਇਕ ਹੀ ਚਿੰਤਾ ਹੈ ਕਿ ਮੈਂ ਜਦੋਂ ਜੇਲ੍ਹ ਵਿਚ ਹੋਵਾਂਗੀ ਤਾਂ ਮੇਰੇ ਪਿੱਛੋਂ ਮੇਰੀ ਬੀਮਾਰ ਧੀ ਅਤੇ ਉਸ ਦੇ ਦੋ ਅੰਞਾਣੇ ਬਾਲਾਂ ਦੀ ਦੇਖਭਾਲ ਕੌਣ ਕਰੇਗਾ?' ਇਹ ਕਹਿ ਕੇ ਉਹ ਔਰਤ ਚੁੱਪ ਹੋ ਗਈ |
ਜੱਜ ਸਾਹਬ ਕੁਝ ਦੇਰ ਕੁਝ ਨਾ ਬੋਲੇ ਅਤੇ ਆਪਣੀ ਕੁਰਸੀ ਉੱਤੇ ਹੀ ਥੋੜ੍ਹਾ ਜਿਹਾ ਪਿਛਾਂਹ ਵੱਲ ਨੂੰ ਝੁਕ ਗਏ | ਫ਼ਿਰ ਉਨ੍ਹਾਂ ਨੇ ਆਪਣਾ ਹੱਥ ਆਪਣੇ ਕੋਟ ਦੀ ਜੇਬ ਵਿਚ ਪਾਇਆ ਅਤੇ ਦਸ ਡਾਲਰਾਂ ਦਾ ਇਕ ਨੋਟ ਬਾਹਰ ਕੱਢ ਲਿਆ | ਉਨ੍ਹਾਂ ਨੇ ਆਪਣੀ ਬਾਂਹ ਉੱਪਰ ਚੱੁਕ ਕੇ ਆਪਣੇ ਹੱਥ ਵਿਚ ਫ਼ੜਿਆ ਉਹ ਨੋਟ ਅਦਾਲਤ ਵਿਚ ਬੈਠੇ ਸਾਰੇ ਲੋਕਾਂ ਨੂੰ ਵਿਖਾਇਆ | ਫ਼ਿਰ ਉਹ ਉੱਚੀ ਆਵਾਜ਼ ਵਿਚ ਕਹਿਣ ਲੱਗੇ, 'ਬੀਬੀ, ਇਸ ਦਸ ਡਾਲਰ ਦੇ ਨੋਟ ਨਾਲ ਮੈਂ ਆਪਣੇ ਵਲੋਂ ਤੈਨੂੰ ਅਦਾਲਤ ਵਲੋਂ ਮਿਲੀ ਜੁਰਮਾਨੇ ਦੀ ਸਜ਼ਾ ਦਾ ਭੁਗਤਾਨ ਕਰਦਾ ਹਾਂ | ਤੂੰ ਹੁਣ ਅਦਾਲਤ ਤੋਂ ਜਾਣ ਲਈ ਆਜ਼ਾਦ ਹੈਂ |'
ਫ਼ਿਰ ਜੱਜ ਸਾਹਬ ਅਦਾਲਤ ਵਿਚ ਹਾਜ਼ਰ ਲੋਕਾਂ ਨੂੰ ਮੁਖਾਤਿਬ ਹੋਏ ਅਤੇ ਆਪਣਾ ਫ਼ੈਸਲਾ ਸੁਣਾਉਣਾ ਜਾਰੀ ਰਖਦਿਆਂ ਕਿਹਾ, 'ਇਸ ਤੋਂ ਇਲਾਵਾ, ਮੈਂ ਇਸ ਅਦਾਲਤ ਵਿਚ ਹਾਜ਼ਰ ਹਰ ਵਿਅਕਤੀ ਨੂੰ ਸਮਾਜ ਵੱਲ ਉਸ ਦੀ ਬੇਰੁਖੀ, ਅਗਿਆਨਤਾ, ਗ਼ੈਰ-ਜ਼ਿੰਮੇਦਾਰ ਵਤੀਰੇ, ਬੇਧਿਆਨੀ ਅਤੇ ਬੇਸਮਝੀ ਲਈ ਪੰਜਾਹ ਸੈਂਟ ਦਾ ਜੁਰਮਾਨਾ ਲਾਉਂਦਾ ਹਾਂ | ਅਜਿਹਾ ਕਦੀ ਹੋਣਾ ਹੀ ਨਹੀਂ ਚਾਹੀਦਾ ਅਤੇ ਇਥੋਂ ਤਕ ਕਦੀ ਨੌਬਤ ਆਉਣੀ ਹੀ ਨਹੀਂ ਚਾਹੀਦੀ ਕਿ ਸਾਡੇ ਸਮਾਜ ਦੀ ਇਕ ਬਜ਼ੁਰਗ ਔਰਤ ਨੂੰ ਆਪਣੇ ਪਰਿਵਾਰ ਦਾ ਪੇਟ ਭਰਨ ਲਈ ਚੋਰੀ ਕਰਨੀ ਪਵੇ |' ਫ਼ਿਰ ਜੱਜ ਸਾਹਬ ਅਦਾਲਤ ਦੇ ਮੁਨਸ਼ੀ ਨੂੰ ਮੁਖਾਤਬ ਹੋਏ, 'ਮੁਨਸ਼ੀ ਜੀ, ਜਾਓ ਅਤੇ ਸਾਰਿਆਂ ਤੋਂ ਪੈਸੇ ਇਕੱਠੇ ਕਰੋ ਅਤੇ ਇਸ ਬਜ਼ੁਰਗ ਔਰਤ ਨੂੰ ਦੇ ਦਿਓ |'
ਅਦਾਲਤ ਵਿਚ ਜਿੰਨੇ ਵੀ ਲੋਕ ਸਨ ਉਨ੍ਹਾਂ ਤੋਂ ਹਰ ਇਕ ਕੋਲੋਂ ਪੰਜਾਹ ਪੰਜਾਹ ਸੈਂਟ (ਅੱਧਾ ਡਾਲਰ) ਇਕੱਠੇ ਕੀਤੇ ਗਏ | ਜਿਸ ਸਟੋਰ ਵਿਚੋਂ ਉਸ ਔਰਤ ਨੇ ਡਬਲ ਰੋਟੀ ਚੋਰੀ ਕੀਤੀ ਸੀ ਉਸ ਦੇ ਮਾਲਕ ਨੇ ਵੀ ਦਿੱਤੇ, ਇਕ ਦਰਜਨ ਦੇ ਲਗਭਗ ਉਨ੍ਹਾਂ ਮੁਜਰਮਾਂ ਨੇ ਵੀ ਦਿੱਤੇ ਜਿਨ੍ਹਾਂ ਦੇ ਮੁਕੱਦਮਿਆਂ ਦੀ ਸੁਣਵਾਈ ਉਸ ਦਿਨ ਹਾਲੀ ਹੋਣੀ ਸੀ ਅਤੇ ਜਿਹੜੇ ਉਸ ਵੇਲੇ ਅਦਾਲਤ ਵਿਚ ਮੌਜੂਦ ਸਨ, ਅਦਾਲਤ ਵਿਚ ਬਾਕੀ ਹਾਜ਼ਰ ਲੋਕਾਂ ਨੇ ਵੀ ਦਿੱਤੇ | ਅਦਾਲਤ ਵਿਚ ਆਪਣੀ ਡਿਊਟੀ ਉੱਤੇ ਲੱਗੇ ਪੁਲਿਸ ਦੇ ਸਿਪਾਹੀਆਂ ਅਤੇ ਅਫ਼ਸਰਾਂ ਨੇ ਵੀ ਜੁਰਮਾਨੇ ਦੇ ਉਹ ਪੰਜਾਹ ਸੈਂਟ ਦਿੱਤੇ | ਉਨ੍ਹਾਂ ਸਾਰਿਆਂ ਨੂੰ ਅਦਾਲਤ ਵਲੋਂ ਲਾਇਆ ਉਹ ਪੰਜਾਹ ਸੈਂਟ ਦਾ ਜੁਰਮਾਨਾ ਦੇਣ ਵਿਚ ਬੜੀ ਚੰਗੀ ਅਨੁਭੂਤੀ ਹੋ ਰਹੀ ਸੀ, ਇਕ ਸੋਹਣੀ ਤਰ੍ਹਾਂ ਦੀ ਦਿਲੀ ਖੁਸ਼ੀ ਵੀ ਹੋ ਰਹੀ ਸੀ ਅਤੇ ਅਜਿਹਾ ਕਰਦਿਆਂ ਉਨ੍ਹਾਂ ਨੂੰ ਆਪਣੇ ਆਪ ਉੱਤੇ ਫ਼ਖ਼ਰ ਵੀ ਮਹਿਸੂਸ ਹੋ ਰਿਹਾ ਸੀ | ਉਨ੍ਹਾਂ ਸਾਰਿਆਂ ਨੇ ਖੜੇ੍ਹ ਹੋ ਕੇ ਜੱਜ ਸਾਹਬ ਨੂੰ ਅਤੇ ਉਨ੍ਹਾਂ ਦੇ ਉਸ ਮੁਕੱਦਮੇ ਦੇ ਇਸ ਦਇਆ ਨਾਲ ਭਿੱਜੇ ਨਿਆਂ ਦੇ ਫ਼ੈਸਲੇ ਨੂੰ ਸਲਾਹੁੰਦਿਆਂ ਤਾੜੀਆਂ ਮਾਰ ਕੇ ਆਪਣੀ ਪ੍ਰਸੰਨਤਾ ਦਾ ਇਜ਼ਹਾਰ ਕੀਤਾ |
ਅਗਲੇ ਦਿਨ ਇਸ ਕਹਾਣੀ ਨੂੰ ਨਿਊਯਾਰਕ ਸ਼ਹਿਰ ਦੇ ਇਕ ਅਖ਼ਬਾਰ ਨੇ ਛਾਪਿਆ ਅਤੇ ਦੱਸਿਆ ਕਿ ਉਸ ਦਿਨ ਉਸ ਬਜ਼ੁਰਗ ਮੁਫ਼ਲਿਸ ਔਰਤ ਨੂੰ ਸੰਤਾਲੀ ਡਾਲਰ ਅਤੇ ਪੰਜਾਹ ਸੈਂਟ ਇਕੱਠੇ ਕਰ ਕੇ ਦਿੱਤੇ ਗਏ ਸਨ | ਜੱਜ ਸਾਹਬ ਦੇ ਉਸ ਦਿਨ ਦੇ ਫ਼ੈਸਲੇ ਨੇ ਇਕ ਨੁਕਤੇ ਨੂੰ ਲੋਕਾਂ ਦੇ ਧਿਆਨ ਵਿਚ ਲਿਆਂਦਾ ਸੀ ਜੋ ਇਹ ਸੀ ਕਿ ਸ਼ਹਿਰ ਅਤੇ ਸਮਾਜ ਵਿਚ ਜੋ ਮਾੜਾ ਹੁੰਦਾ ਹੈ ਉਸ ਲਈ ਸਾਰਾ ਸਮਾਜ ਕਿਸੇ ਨਾ ਕਿਸੇ ਰੂਪ ਵਿਚ ਜ਼ਿੰਮੇਦਾਰ ਹੁੰਦਾ ਹੈ | ਉਨ੍ਹਾਂ ਨੇ ਇਸ ਵੱਲ ਵੀ ਤਵੱਜੋ ਦਿਵਾਈ ਕਿ ਸਮਾਜ ਵਿਚ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਲਈ ਅਤੇ ਸਮਾਜ ਵਿਚ ਪਨਪਦੇ ਜੁਰਮ ਲਈ ਵੀ ਸਮਾਜ ਦੇ ਲੋਕਾਂ ਦੀ ਜ਼ਿੰਮੇਦਾਰੀ ਬਣਦੀ ਹੈ | ਸੰਦੇਸ਼ ਬੜਾ ਸਟੀਕ ਅਤੇ ਸੰਵੇਦਨਸ਼ੀਲ ਸੀ ਅਤੇ ਸਾਰੇ ਨਿਊਯਾਰਕ ਸ਼ਹਿਰ ਵਿਚ ਉਸ ਦੀ ਭਰਪੂਰ ਗੂੰਜ ਸੁਣਾਈ ਦਿੱਤੀ | ਅੱਜ ਦੀ ਦੁਨੀਆ ਵਿਚ ਅਸੀਂ ਸਾਰੇ ਇਕ ਦੂਜੇ ਨਾਲ ਜੁੜੇ ਹੋਏ ਹਾਂ | ਜੇਕਰ ਕਿਸੇ ਇਕ ਨੂੰ ਕੋਈ ਦੁੱਖ ਪਹੁੰਚਦਾ ਹੈ ਤਾਂ ਉਸ ਦਾ ਅਸਰ ਸਭ 'ਤੇ ਹੁੰਦਾ ਹੈ ਅਤੇ ਉਸ ਦੀ ਪੀੜ ਵੀ ਸਭ ਨੂੰ ਹੁੰਦੀ ਹੈ | ਅਸੀਂ ਹੀ ਇਹ ਨਿਸਚਿਤ ਕਰਨਾ ਹੈ ਕਿ ਕੋਈ ਵਿਅਕਤੀ, ਕੋਈ ਪਰਿਵਾਰ ਜਾਂ ਕੋਈ ਵਰਗ ਅਜਿਹਾ ਨਾ ਹੋਵੇ ਜੋ ਸਾਡੇ ਧਿਆਨ ਤੋਂ ਬਾਹਰ ਹੋਵੇ | ਇਹ ਬੜਾ ਸਹਿਜ ਅਤੇ ਸੌਖਾ ਹੈ ਕਿ ਅਸੀਂ ਆਪਣੀਆਂ ਪਦਾਰਥਕ ਲੋੜਾਂ ਅਤੇ ਫ਼ਾਇਦਿਆਂ ਦਾ ਤਾਂ ਧਿਆਨ ਰੱਖੀਏ ਪਰ ਦੂਸਰਿਆਂ ਦੀਆਂ ਲੋੜਾਂ ਦੀ ਅਣਦੇਖੀ ਕਰ ਦੇਈਏ | ਪ੍ਰਸਿੱਧ ਲਿਖਾਰੀ ਮਾਰਕ ਟਵੇਨ ਨੇ ਇਕ ਥਾਂ 'ਤੇ ਬੜਾ ਸੋਹਣਾ ਲਿਖਿਆ ਹੈ, 'ਚੰਗਿਆਈ ਇਕ ਅਜਿਹੀ ਭਾਸ਼ਾ ਹੈ ਜਿਸ ਨੂੰ ਕੰਨਾਂ ਤੋਂ ਬੋਲੇ ਸੁਣ ਸਕਦੇ ਹਨ ਅਤੇ ਨੇਤਰਹੀਣ ਵੇਖ ਸਕਦੇ ਹਨ |'

(ਰਿਟਾਇਰਡ, ਇੰਡੀਅਨ ਨੇਵੀ)
-ਮੋਬਾਈਲ : 098181-59944.

ਲਲਵਰਥ : ਕਿਲ੍ਹੇ ਦੀ ਸ਼ਾਂਤਮਈ ਸੁੰਦਰਤਾ

ਮੀਲਾਂ ਤੱਕ ਹਰਿਆਲੀ ਵਿਚੀਂ ਲੰਘਦਿਆਂ ਅਸੀਂ ਮਨਮੋਹਕ ਲਲਵਰਥ ਕਿਲ੍ਹੇ ਤੱਕ ਪਹੁੰਚੇ | ਹਵਾ ਬੜੀ ਸਾਫ਼ ਸੀ | ਇੰਜ ਲਗਦਾ ਸੀ ਕਿ ਕਿਸੇ ਆਕਸੀਜਨ ਗੈਸ ਦੇ ਚੈਂਬਰ ਵਿਚ ਆ ਗਏ ਹੋਈਏ | ਅਸੀਂ ਇੰਗਲੈਂਡ ਦੇ ਜੁਰਾਸਿਕ ਤਟ ਤੱਕ ਟਿ੍ਪ ਲਈ ਗਏ ਸੀ, ਜਿਸ ਦਾ ਹਿੱਸਾ ਲਲਵਰਥ ਕਿਲ੍ਹਾ ਵੀ ਹੈ | ਕਾਰ ਪਾਰਕ ਤੋਂ ਹਰੀ-ਹਰੀ ਘਾਹ 'ਤੇ ਤੁਰਦੇ ਹੋਏ ਅਸੀਂ ਕਿਲ੍ਹੇ ਤੱਕ ਪਹੁੰਚੇ ਜਿਸ ਦੀ ਕੰਧ ਚਾਰ ਮੀਲ ਲੰਮੀ ਹੈ | ਏਨੀ ਲੰਮੀ ਕੰਧ ਬਣਾਉਣ ਵਿਚ ਇਕ ਕਰੋੜ ਇੱਟ ਵਰਤੀ ਗਈ ਜੋ ਮੱਧ ਕਾਲ ਵਿਚ ਸੌਖਾ ਕੰਮ ਨਹੀਂ ਸੀ |
ਲਲਵਰਥ ਕਾਸਲ ਦੇ ਮੁੱਖ ਦੁਆਰ ਦੇ ਬਾਹਰ ਬੋਰਡ ਉੱਪਰ ਲਲਵਰਥ ਐਸਟੇਟ ਨਾਲ ਸਬੰਧਿਤ ਖੇਤੀ ਤੱਥ ਲਿਖੇ ਹੋਏ ਸਨ : 150 ਏਕੜ ਜ਼ਮੀਨ ਵਿਚ ਫ਼ਸਲ ਉਗਾਈ ਜਾਂਦੀ ਹੈ, ਪ੍ਰਸਿੱਧ ਬਰੈੱਡ ਮਾਰਕਸ ਐਾਡ ਸਪੈਂਸਰ ਲਈ ਉੱਚ ਪੱਧਰ ਦੇ ਦੁੱਧ ਦਾ ਉਤਪਾਦਨ ਕੀਤਾ ਜਾਂਦਾ ਹੈ, ਵੱਡੀ ਮਾਤਰਾ ਵਿਚ ਉੱਨ, ਚਮੜਾ, ਮੀਟ, ਆਟਾ ਅਤੇ ਰੇਪਸੀਡ ਨਾਲ ਤੇਲ ਦਾ ਉਤਪਾਦਨ ਕੀਤਾ ਜਾਂਦਾ ਹੈ | ਲਲਵਰਥ ਕਿਲ੍ਹੇ ਦੀ ਐਸਟੇਟ ਵਿਚ ਇਹ ਸਭ ਖੇਤੀ ਨਾਲ ਸਬੰਧਿਤ ਕੰਮ ਆਧੁਨਿਕ ਤਰੀਕੇ ਨਾਲ ਕੀਤੇ ਜਾਂਦੇ ਹਨ |
ਸਾਨੂੰ ਇਹ ਵੀ ਪਤਾ ਲੱਗਾ ਕਿ ਐਸਟੇਟ ਵਿਚ ਚਰਾਗਾਹ ਵੀ ਹੈ ਅਤੇ ਇਕ ਜੰਗਲੀ ਥਾਂ ਵੀ ਹੈ, ਜਿਥੇ ਅਨੋਖੇ ਤੇ ਪੁਰਾਤਨ ਰੁੱਖ ਪਾਏ ਜਾਂਦੇ ਹਨ | ਇਥੇ 168 ਕਿਸਮ ਦੇ ਵਿਸ਼ੇਸ਼ ਲਾਈਕੇਨ (ਰੁੱਖ ਜਾਂ ਚੱਟਾਨ ਉੱਪਰ ਉੱਗਣ ਵਾਲੀ ਇਕ ਕਿਸਮ ਦੀ ਕਾਈ) ਪਾਈ ਜਾਂਦੀ ਹੈ, ਜੋ ਬਿਲਕੁਲ ਪ੍ਰਦੂਸ਼ਣ-ਰਹਿਤ ਥਾਂ ਉੱਪਰ ਹੀ ਉੱਗਦੀ ਹੈ, ਜਿਥੇ ਹਵਾ ਤੇ ਵਰਖਾ ਵੀ ਪ੍ਰਦੂਸ਼ਣ ਮੁਕਤ ਹੁੰਦੀ ਹੈ |
ਇਤਿਹਾਸ ਦੇ ਪੰਨੇ
ਫਿਰ ਅਸੀਂ 80 ਫੁੱਟ ਉੱਚੇ, 116 ਫੁੱਟ ਚੌੜੇ, ਚਾਰ ਮੰਜ਼ਿਲਾ ਲਲਵਰਥ ਕਿਲ੍ਹੇ ਵਿਚ ਦਾਖ਼ਲ ਹੋਏ ਤਾਂ ਇੰਜ ਜਾਪਿਆ ਜਿਵੇਂ ਅਸੀਂ ਮੱਧ ਕਾਲੀਨ ਕਹਾਣੀ ਦੇ ਪਾਤਰ ਹੋਈਏ | ਸਭ ਤੋਂ ਪਹਿਲਾਂ ਸੂਚਨਾ ਪੈਨਲ ਉੱਤੇ ਕਿਲ੍ਹੇ ਦੇ ਪਹਿਲੇ ਮਾਲਕ ਪਰਿਵਾਰ ਹਾਵਰਡਜ਼ ਆਫ਼ ਬਿਨਡਨ ਦੇ ਜੀਵਨ ਘਟਨਾਕ੍ਰਮ ਅਤੇ ਬਰਤਾਨੀਆ ਰਾਜ ਪਰਿਵਾਰ ਨਾਲ ਨੇੜਲੇ ਸਬੰਧਾਂ ਦੀ ਰੌਚਿਕ ਜਾਣਕਾਰੀ ਦਰਜ ਸੀ | ਫਿਰ 16ਵੀਂ ਸਦੀ ਦੇ ਅੰਤ ਵਿਚ ਪਰਿਵਾਰ ਦੇ ਮੈਂਬਰ ਥਾਮਸ ਹਾਵਰਡ ਨੂੰ ਵਿਸਕਾਊਾਟ ਬਿਨਡਨ ਦੀ ਉਪਾਧੀ ਨਾਲ ਬਰਤਾਨੀਆ ਦੀ ਮਹਾਰਾਣੀ ਐਲਿਜ਼ਾਬੈੱਥ ਨੇ ਸਨਮਾਨਿਤ ਕੀਤਾ | ਸ਼ਕਤੀਸ਼ਾਲੀ ਹਾਵਰਡਜ਼ ਆਫ਼ ਬਿਨਡਨ ਪਰਿਵਾਰ ਨੇ ਵਿਸ਼ਾਲ, ਸਾਂਝੇ ਲਲਵਰਥ ਐਸਟੇਟ ਦੀ ਰਚਨਾ ਕੀਤੀ | 1608-10 ਏ.ਡੀ. ਵਿਚ ਥਾਮਸ ਹਾਵਰਡ ਨੇ ਲਲਵਰਥ ਕਿਲ੍ਹਾ ਬਣਵਾਇਆ ਸੀ | ਇਥੇ ਬਰਤਾਨੀਆ ਦੇ ਰਾਜ ਪਰਿਵਾਰਾਂ ਦਾ ਭੋਜਨ ਆਦਿ ਤੋਂ ਲੈ ਕੇ ਮਹਿਮਾਨਾਂ ਦਾ ਸਤਿਕਾਰ ਅਤੇ ਮਨੋਰੰਜਨ ਕੀਤਾ ਜਾਂਦਾ ਸੀ | ਉਨ੍ਹਾਂ ਦੇ ਵਡੇਰਿਆਂ 'ਚੋਂ ਲਾਰਡ ਬਿਨਡਨ ਤੀਜੇ ਨੇ ਇਥੇ ਬਰਤਾਨੀਆ ਦੇ ਮਹਾਰਾਜਾ ਜੇਮਸ-ਪਹਿਲੇ ਨੂੰ ਸ਼ਿਕਾਰ ਲਈ ਸੱਦਿਆ ਸੀ |
ਇਸ ਤੋਂ ਅਗਲੇ ਸੂਚਨਾ ਪੈਨਲ 'ਤੇ ਅਸੀਂ ਪੜਿ੍ਹਆ ਕਿ 1641 ਵਿਚ ਲਲਵਰਥ ਕਿਲ੍ਹਾ ਇਕ ਹੰਟਿੰਗ ਲੌਜ (ਸ਼ਿਕਾਰਗਾਹ) ਦੇ ਰੂਪ ਵਿਚ ਵਿਕ ਗਿਆ ਅਤੇ ਲਲਵਰਥ ਕਾਸਲ ਦੇ ਨਵੇਂ ਮਾਲਕ ਹਫ਼ਰੀ ਵੇਲਡ ਦਾ ਇਸ ਮੱਧ ਕਾਲੀਨ ਕਥਾ ਵਿਚ ਪ੍ਰਵੇਸ਼ ਹੋਇਆ | ਉਨ੍ਹਾਂ ਨੇ ਕਦੇ ਵੀ ਅਜਿਹਾ ਨਹੀਂ ਸੋਚਿਆ ਸੀ ਕਿ ਆਉਣ ਵਾਲੀਆਂ ਸਦੀਆਂ ਵਿਚ ਇਹ ਕਿਲ੍ਹਾ ਪੁਸ਼ਤੈਨੀ ਘਰ ਹੋਵੇਗਾ ਜੋ ਅੱਜ ਇਕ ਹਰਮਨ ਭਾਉਂਦੇ ਸੈਰ-ਸਪਾਟੇ ਦੀ ਥਾਂ ਵੀ ਹੈ | ਬਾਅਦ ਵਿਚ ਸਿਵਲ ਵਾਰ ਵਿਚ ਜਦ ਵੇਲਡ ਪਰਿਵਾਰ ਦਾ ਘਰ ਸਾੜ ਦਿੱਤਾ ਗਿਆ ਤਾਂ ਉਹ ਸਾਰੇ ਕਿਲ੍ਹੇ ਵਿਚ ਆ ਕੇ ਰਹਿਣ ਲੱਗੇ | ਅਨੇਕ ਤਬਦੀਲੀਆਂ ਤੋਂ ਬਾਅਦ 'ਕਿਲ੍ਹੇ ਤੋਂ ਘਰ ਦੀ ਰਚਨਾ ਕੀਤੀ ਗਈ |' ਪੈਨਲ ਉੱਤੇ ਵੇਲਡ ਪਰਿਵਾਰ ਦੇ ਮੱਧ ਕਾਲੀਨ ਵਡੇਰਿਆਂ ਦਾ ਖੁੱਲ੍ਹਾ ਵੇਰਵਾ ਦਰਜ ਸੀ, ਜਿਨ੍ਹਾਂ ਦੇ ਜੀਵਨ ਵਿਚ ਪਰਿਵਾਰਕ, ਵਿੱਤੀ ਅਤੇ ਰਾਜਨੀਤਕ ਉਤਾਰ-ਚੜ੍ਹਾਅ ਆਏ ਜੋ ਉਨ੍ਹਾਂ ਦੇ ਮੁਕੱਦਰ ਦਾ ਹਿੱਸਾ ਬਣ ਗਏ ਹਨ |

ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਈਮੇਲ : seemaanandchopra@gmail.com

ਭੁੱਲੀਆਂ ਵਿਸਰੀਆਂ ਯਾਦਾਂ

1978 ਵਿਚ ਸਿੱਖ ਨੈਸ਼ਨਲ ਕਾਲਜ ਕਾਦੀਆਂ ਵਿਚ ਧਾਰਮਿਕ ਪ੍ਰੋਗਰਾਮ ਵਿਚ ਉਸ ਸਮੇਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜ: ਗੁਰਚਰਨ ਸਿੰਘ ਟੌਹੜਾ, ਅਕਾਲੀ ਦਲ ਦੇ ਪ੍ਰਧਾਨ ਜ: ਜਗਦੇਵ ਸਿੰਘ ਤਲਵੰਡੀ, ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਆਏ ਸਨ | ਉਸ ਵਕਤ ਇਹ ਤਿੰਨੇ ਸ਼ਖ਼ਸੀਅਤਾਂ ਸਿੱਖਾਂ ਦੇ ਹਰ ਪ੍ਰੋਗਰਾਮ 'ਤੇ ਇਕੱਠੀਆਂ ਜਾਂਦੀਆਂ ਸਨ |

-ਮੋਬਾਈਲ : 98767-41231

ਗੁਲ-ਗੁਲਸ਼ਨ-ਗੁਲਫਾਮ: ਜਾਪਾਨੀ ਬਗੀਚਿਆਂ ਦੀ ਵਿਲੱਖਣਤਾ

ਜਾਪਾਨ ਦੇਸ਼ ਅਤੇ ਉਸ ਦੇ ਵਾਸੀਆਂ ਨੂੰ ਪੂਰੇ ਵਿਸ਼ਵ ਵਿਚ ਅਨੇਕਾਂ ਹੀ ਗੱਲਾਂ ਅਤੇ ਗੁਣਾਂ ਕਰਕੇ ਜਾਣਿਆ ਜਾਂਦਾ ਹੈ ਜਿਨ੍ਹਾਂ ਵਿਚ ਸਭ ਤੋਂ ਪਹਿਲਾ ਨਾਂਅ ਤਕਨਾਲੋਜੀ ਵਿਚ ਮੁਹਾਰਤ ਦਾ ਹੈ ਅਤੇ ਉਸ ਉਪਰੰਤ ਜਾਪਾਨੀ ਸਟਾਈਲ ਬਗੀਚੇ ਸੰਸਾਰ ਪੱਧਰ 'ਤੇ ਪ੍ਰਸਿੱਧ ਹਨ | ਜਾਪਾਨੀ ਲੋਕਾਂ ਦੀ 'ਟੀ ਸੈਰਮਨੀ' ਬੋਨਸਾਈ ਅਤੇ ਫੁੱਲਾਂ ਨੂੰ ਸਜਾ ਕੇ ਪੇਸ਼ ਕਰਨ ਦਾ 'ਇਕੇਬਾਨਾ' ਸਟਾਈਲ ਸਮੁੱਚਾ ਜਗਤ ਜਾਣਦਾ ਹੈ | ਜਾਪਾਨੀ ਬਗੀਚਿਆਂ ਦਾ ਇਤਿਹਾਸ ਸਦੀਆਂ ਪੁਰਾਣਾ ਹੈ ਅਤੇ ਇਸ ਸਟਾਈਲ ਵਿਚ ਜਾਪਾਨੀ ਲੋਕਾਂ ਦੀ ਫ਼ਿਲਾਸਫੀ, ਧਾਰਨਾ, ਧਰਮ ਅਤੇ ਸੱਭਿਆਚਾਰ ਆਦਿ ਸਾਫ਼ ਝਲਕਦੇ ਵੀ ਹਨ ਅਤੇ ਇਨ੍ਹਾਂ ਦਾ ਪ੍ਰਭਾਵ ਵੀ ਵਿਖਾਈ ਦਿੰਦਾ ਹੈ | ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਜਾਪਾਨੀ ਬਗੀਚਿਆਂ ਦਾ ਮੁੱਢ ਸਾਡੇ ਦੇਸ਼ ਭਾਰਤ ਤੋਂ ਹੀ ਬੋਧੀ ਲੋਕਾਂ ਰਾਹੀਂ ਬੱਝਾ | ਭਾਰਤੀ ਬਾਗਬਾਨੀ ਪ੍ਰਭਾਵ ਵਾਲਾ ਸਟਾਈਲ ਚੀਨ, ਕੋਰੀਆ ਹੁੰਦਾ ਹੋਇਆ ਜਾਪਾਨ ਪੁੱਜ ਕੇ ਖੂਬ ਵਧਿਆ-ਫੁਲਿਆ, ਜਿਸਨੂੰ ਵਿਸ਼ਵ ਦੇ ਵੱਖ-ਵੱਖ ਖਿੱਤਿਆਂ ਵਿਚ ਪਹੁੰਚਾਉਣ ਦਾ ਸਿਹਰਾ ਬੋਧੀ ਧਰਮ ਨਾਲ ਜੁੜੀਆਂ ਸ਼ਖ਼ਸੀਅਤਾਂ ਜਾਂ ਫਿਰ ਯਾਤਰੀਆਂ ਦੇ ਸਿਰ ਬੱਝਦਾ ਹੈ |
ਸ਼ਿੰਨਤੋ, ਤਾਉ ਅਤੇ ਬੁੱਧ ਧਰਮ ਦੀ ਫਿਲਾਸਫੀ ਦਾ ਪ੍ਰਭਾਵ ਪਿਆ ਹੋਣ ਕਰਕੇ ਬਗੀਚੇ ਵਿਚ ਰੂਹਾਨੀ ਮਾਹੌਲ ਨੂੰ ਸਿਰਜਿਆ ਜਾਂਦਾ ਹੈ | ਜਾਪਾਨੀ ਲੋਕਾਂ ਦੇ ਵਿਕਾਸ ਦੇ ਨਾਲ-ਨਾਲ ਇਨ੍ਹਾਂ ਦੇ ਬਗੀਚਿਆਂ ਦਾ ਵਿਕਾਸ ਵੀ ਹੁੰਦਾ ਗਿਆ | ਅਸ਼ੋਕਾ ਕਾਲ ਤੋਂ ਲੈ ਕੇ ਅਜੋਕੇ ਸਮੇਂ ਤੱਕ ਅਨੇਕਾਂ ਹੀ ਤਬਦੀਲੀਆਂ ਹੁੰਦੀਆਂ ਗਈਆਂ ਅਤੇ ਬਗੀਚਿਆਂ ਦਾ ਰੂਪ ਨਿਖਰਦਾ ਅਤੇ ਬਦਲਦਾ ਹੋਇਆ ਸਾਡੇ ਸਾਹਮਣੇ ਪੇਸ਼ ਹੋਇਆ | ਪਹਿਲਾਂ ਪਹਿਲ ਇਹ ਬਗੀਚੇ ਸਿਰਫ਼ ਬੋਧੀ ਮੰਦਿਰਾਂ ਦੇ ਆਸ-ਪਾਸ ਹੀ ਬਣਾਏ ਜਾਂਦੇ ਸਨ ਪਰ ਸਮੇਂ ਦੇ ਚਲਦਿਆਂ ਇਹ ਹੌਲੀ-ਹੌਲੀ ਘਰਾਂ ਵਿਚ ਵੀ ਪ੍ਰਵੇਸ਼ ਕਰ ਗਏ | ਕੁਦਰਤ ਦੇ ਹਰ ਪੱਖ ਨੂੰ ਇਨ੍ਹਾਂ ਬਗੀਚਿਆਂ ਵਿਚ ਸ਼ਾਮਿਲ ਕੀਤਾ ਹੋਣ ਕਰਕੇ ਹੀ ਦੁਨੀਆ ਨੇ ਇਸ ਸਟਾਈਲ ਨੂੰ ਪਸੰਦ ਕੀਤਾ ਅਤੇ ਹੌਲੀ-ਹੌਲੀ ਧਰਤੀ ਦੇ ਹਰ ਕੋਨੇ ਤੱਕ ਪਹੁੰਚ ਗਿਆ | ਜਾਪਾਨੀ ਬਗੀਚਿਆਂ ਦੇ ਵਿਕਾਸ ਉੱਪਰ ਅਨੇਕਾਂ ਹੀ ਧਰਮਾਂ, ਸੱਭਿਆਚਾਰ ਅਤੇ ਸ਼ਾਸਕਾਂ ਆਦਿ ਦਾ ਪ੍ਰਭਾਵ ਪਿਆ | ਜਾਪਾਨੀ ਬਗੀਚਿਆਂ ਦੇ ਲੰਮੇ ਪੈਂਡੇ ਅਤੇ ਲੰਮੇ ਸਮੇਂ ਦੀ ਘਾਲਣਾ ਨੇ ਇਸ ਨੂੰ ਬਾਖੂਬੀ ਨਿਖਾਰਿਆ ਅਤੇ ਇਹ ਸਟਾਈਲ ਵਿਸ਼ਵ ਪ੍ਰਸਿੱਧ ਹੋ ਗਿਆ |
ਜਾਪਾਨੀ ਬਗੀਚਿਆਂ ਬਾਰੇ ਜੇਕਰ ਮੁੱਖ ਤੌਰ 'ਤੇ ਵੇਖਿਆ ਜਾਏ ਤਾਂ ਇਨ੍ਹਾਂ ਬਗੀਚਿਆਂ ਵਿਚ ਅਤੇ ਆਲੇ-ਦੁਆਲੇ ਦੇ ਕੁਦਰਤੀ ਮਾਹੌਲ ਨੂੰ ਅਲੱਗ ਨਹੀਂ ਰੱਖਿਆ ਜਾਂਦਾ ਅਤੇ ਦਿ੍ਸ਼ ਨੂੰ ਇਕ ਫੋਟੋ ਫਰੇਮ ਦੀ ਤਰ੍ਹਾਂ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਬਗੀਚੇ ਬਣਾਉਣ ਦੇ ਮੁਢਲੇ ਨਿਯਮਾਂ ਅਨੁਸਾਰ ਬਗੀਚਾ ਕੁਦਰਤੀ, ਸਾਦਗੀ, ਖੁੱਲ੍ਹਾਪਣ, ਤਿਕੋਣਾਪਨ ਆਦਿ ਦੇ ਤਹਿਤ ਬਣਿਆ ਹੋਣਾ ਚਾਹੀਦਾ ਹੈ | ਜਾਪਾਨੀ ਬਗੀਚਿਆਂ ਦੇ ਮੁਢਲੇ ਤੱਤ ਯਾਨੀ ਐਲੀਮੈਂਟਸ ਪੱਥਰ ਦੀ ਲਾਲਟੈਨ, ਬੁੱਤ ਖਾਸ ਕਰ ਸ਼ੇਰ ਦੇ, ਪਾਣੀ, ਮੱਛੀ, ਬਿ੍ਜ, ਪੁਲ, ਰਸਤੇ, ਟੀ. ਹਾਊਸ, ਰੁੱਖ ਝਾੜੀਆਂ, ਲੈਂਪ ਆਦਿ ਮੰਨੇ ਜਾਂਦੇ ਹਨ | ਪਾਣੀ ਜਾਪਾਨੀ ਬਗੀਚਿਆਂ ਦਾ ਬੜਾ ਹੀ ਅਹਿਮ ਅੰਗ ਗਿਣਿਆ ਜਾਂਦਾ ਹੈ, ਜਿਸ ਤਹਿਤ ਛੱਪੜ/ਪੂਲ, ਝਰਨੇ, ਖੂਹ ਆਦਿ ਬਣਾਏ ਜਾਂਦੇ ਹਨ ਅਤੇ ਇਸ ਦੇ ਨਾਲ ਹੀ ਇਸ ਬਗੀਚੇ ਵਿਚ ਪੱਥਰਾਂ ਦੀ ਵਰਤੋਂ ਵੀ ਖੂਬ ਕੀਤੀ ਜਾਂਦੀ ਹੈ |
ਜਾਪਾਨੀ ਬਗੀਚੇ ਬਣਾਉਣ ਖਾਤਰ ਇਕ ਸਟਾਈਲ/ਤਰੀਕਾ ਨਾ ਹੋ ਕੇ ਅਨੇਕਾਂ ਹੀ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ ਜਿਨ੍ਹਾਂ ਵਿਚੋਂ ਮੁੱਖ ਰੂਪ ਵਿਚ ਹਿੱਲ ਗਾਰਡਨ, ਟੀ-ਗਾਰਡਨ, ਡਰਾਈ ਗਾਰਡਨ, ਫਲੈਟ ਗਾਰਡਨ, ਸੈਂਡ ਗਾਰਡਨ ਆਦਿ ਮੁੱਖ ਰੂਪ ਵਿਚ ਮੰਨੇ ਜਾਂਦੇ ਹਨ | ਹਿੱਲ ਗਾਰਡਨ ਸਟਾਈਲ ਵਿਚ ਪਹਾੜੀਆਂ 'ਤੇ ਪਾਣੀ ਦੀ ਬਹੁਤਾਤ ਹੁੰਦੀ ਹੈ | ਪਾਣੀ ਨੂੰ ਵਗਦਾ ਅਤੇ ਖੜ੍ਹਾ ਵੀ ਵਰਤਿਆ ਜਾਂਦਾ ਹੈ ਅਤੇ ਵੱਖ-ਵੱਖ ਆਕਾਰ ਦੇ ਪੱਥਰਾਂ ਦੀ ਵਰਤੋਂ ਉਨ੍ਹਾਂ ਦੀ ਦਿੱਖ ਅਨੁਸਾਰ ਕੀਤੀ ਜਾਂਦੀ ਹੈ ਜੋ ਕਈ ਚੀਜ਼ਾਂ ਨੂੰ ਦਰਸਾਉਂਦੇ ਮੰਨੇ ਜਾਂਦੇ ਹਨ | ਇਕ ਪਾਸੇ ਤੋਂ ਦੂਸਰੇ ਪਾਸੇ, ਪਾਣੀ ਵਿਚ ਦੀ ਜਾਣ ਲਈ ਸਟੈਪਿੰਗ ਸਟੋਨ ਦੀ ਵਰਤੋਂ ਵੀ ਕੀਤੀ ਜਾਂਦੀ ਹੈ | ਇਸ ਤੋਂ ਇਲਾਵਾ ਰੁੱਖ, ਪੁਲ, ਲਾਲਟੈਨ, ਪੈਗੋਡਾ ਆਦਿ ਤਾਂ ਹੁੰਦੇ ਹੀ ਹਨ | ਟੀ-ਗਾਰਡਨ ਨੂੰ ਮੁੱਖ ਤੌਰ 'ਤੇ ਟੀ-ਹਾਊਸ ਨਾਲ ਜੋੜਿਆ ਜਾਂਦਾ ਹੈ, ਜਿਥੇ ਭਿਕਸ਼ੂ ਲੋਕਾਂ ਨੂੰ ਚਾਹ ਦਵਾਈ ਵਜੋਂ ਵੀ ਪਿਆਈ ਜਾਂਦੀ ਸੀ ਜੋ ਕਿ ਤਪ-ਭਗਤੀ ਵਿਚ ਸਹਾਈ ਹੁੰਦੀ ਸੀ | ਟੀ-ਗਾਰਡਨ ਮਹਿਮਾਨਾਂ ਨੂੰ ਮਿਲਣ ਵਾਲੇ ਸਥਾਨ, ਜਿਥੇ ਉਹ ਘਰ ਵਾਲੇ ਇੰਤਜ਼ਾਰ ਕਰਦੇ ਸਨ, ਉਸ ਦੇ ਆਸ-ਪਾਸ ਬਣਾਇਆ ਜਾਂਦਾ ਸੀ | ਇਸ ਬਗੀਚੇ ਦੀ ਦਿੱਖ ਬੜੀ ਸ਼ਾਂਤਮਈ ਅਤੇ ਇਕਾਗਰਤਾ ਮਾਹੌਲ ਵਾਲੀ ਸਿਰਜੀ ਜਾਂਦੀ ਸੀ | ਫਲੈਟ ਗਾਰਡਨ ਜ਼ਿਆਦਾਤਰ ਪਹਾੜੀਆਂ, ਪੂਲ ਆਦਿ ਤੋਂ ਹਟ ਕੇ ਬਣਾਏ ਜਾਂਦੇ ਸਨ | ਇਹ ਜ਼ਿਆਦਾਤਰ ਇਮਾਰਤਾਂ ਦੇ ਸਾਹਮਣੇ ਵਾਲੇ ਪਾਸੇ ਬਣਦੇ ਹਨ | ਪਾਣੀ ਦੀ ਘਾਟ ਜਾਂ ਅਣਹੋਂਦ ਸਮੇਂ ਪਾਣੀ ਦਾ ਪ੍ਰਭਾਵ ਰੇਤੇ, ਬੱਜਰੀ, ਛੋਟੇ-ਛੋਟੇ ਪੱਥਰਾਂ ਤੋਂ ਲਿਆ ਜਾਂਦਾ ਹੈ |
ਅਜੋਕੇ ਦਿਨਾਂ ਵਿਚ ਬਗੀਚੇ ਤਿਆਰ ਕਰਨ ਵਾਲੇ ਵੱਖ-ਵੱਖ ਸਟਾਈਲਾਂ ਨੂੰ ਮਿਲਾ ਕੇ ਵੀ ਬਗੀਚੇ ਤਿਆਰ ਕਰਦੇ ਹਨ, ਜਿਨ੍ਹਾਂ ਵਿਚ ਹਿੱਲ, ਟੀ ਅਤੇ ਫਲੈਟ ਗਾਰਡਨ ਆਦਿ ਸਭਨਾਂ ਦਾ ਪ੍ਰਭਾਵ ਨਜ਼ਰ ਆਉਂਦਾ ਹੈ | ਜਾਪਾਨ ਵਿਚ ਜਗ੍ਹਾ ਦੀ ਕਮੀ ਅਤੇ ਵਧਦੀ ਜਨ-ਸੰਖਿਆ ਨੇ ਬਗੀਚਿਆਂ ਦਾ ਆਕਾਰ ਦਿਨ-ਬਦਿਨ ਛੋਟਾ ਕਰ ਦਿੱਤਾ ਹੈ | ਜਾਪਾਨੀ ਬਗੀਚਿਆਂ ਵਿਚ ਕੁਦਰਤ ਦੇ ਵੱਖ-ਵੱਖ ਰੂਪਾਂ ਜਾਂ ਦਿ੍ਸ਼ਾਂ ਨੂੰ ਛੋਟੇ ਰੂਪ ਵਿਚ ਪੇਸ਼ ਕੀਤਾ ਜਾਣ ਕਰਕੇ ਇਨ੍ਹਾਂ ਬਗੀਚਿਆਂ ਨੂੰ 'ਨੇਚਰ ਇਨ ਮਿਨੀਏਚਰ' ਵਜੋਂ ਵੀ ਜਾਣਿਆ ਜਾਂਦਾ ਹੈ |
ਜਾਪਾਨੀ ਬਗੀਚਿਆਂ ਵਿਚ ਨੁਕੀਲੇ ਪੱਤਿਆਂ ਵਾਲੇ ਪੌਦੇ ਜਿਵੇਂ ਪਾਈਨ ਯਾਨੀ ਚੀਲ੍ਹ ਆਦਿ ਨੂੰ ਲਾਇਆ ਜਾਂਦਾ ਹੈ | ਚੀਲ੍ਹ ਨੂੰ ਖਾਸ ਤੌਰ 'ਤੇ ਬਗੀਚੇ ਦੇ ਗੇਟ ਕੋਲ ਲਾਇਆ ਜਾਂਦਾ ਹੈ | ਇਸ ਤੋਂ ਇਲਾਵਾ ਚੈਰੀ, ਸਫੇਦ ਰੰਗ ਦੇ ਫੁੱਲਾਂ ਵਾਲੇ ਪੌਦੇ, ਆੜੂ, ਆਨਾਰ, ਆਲੂ ਬੁਖਾਰਾ, ਵਿਸਟੀਰੀਆ ਵਰਗੇ ਪੌਦੇ ਵਰਤੇ ਜਾਂਦੇ ਹਨ | ਗਲਦਾਉਦੀ, ਕਾਰਨੇਸ਼ਨ, ਕੰਵਲ, ਆਰਕਿਡ, ਫਰੇਸ਼ੀਆ ਆਦਿ ਵਰਗੇ ਖੂਬਸੂਰਤ ਫੁੱਲ ਜਾਪਾਨੀ ਬਗੀਚਿਆਂ ਨੂੰ ਹੋਰ ਵੀ ਰੰਗਦਾਰ ਬਣਾਉਂਦੇ ਹਨ | ਬਾਂਸ ਦੀ ਵਰਤੋਂ ਵੀ ਇਨ੍ਹਾਂ ਬਗੀਚਿਆਂ ਵਿਚ ਖੂਬ ਕੀਤੀ ਜਾਂਦੀ ਹੈ | ਚੰਡੀਗੜ੍ਹ ਦੇ 31 ਸੈਕਟਰ ਵਿਚ ਸਰਕਾਰ ਵਲੋਂ ਇਕ ਨਮੂਨੇ ਵਜੋਂ ਬੜਾ ਖੂਬਸੂਰਤ ਜਾਪਾਨੀ ਬਗੀਚਾ ਬਣਾਇਆ ਗਿਆ ਹੈ ਜੋ ਕਿ ਵੇਖਣਯੋਗ ਹੈ | ਸੰਨ 2014 ਵਿਚ ਇਸ ਬਗੀਚੇ ਦਾ ਉਦਘਾਟਨ ਰਾਜਪਾਲ ਸ਼ਿਵ ਰਾਜ ਪਾਟਿਲ ਵਲੋਂ ਕੀਤਾ ਗਿਆ ਸੀ ਜੋ ਕਿ ਆਮ ਜਨਤਾ ਲਈ ਖੁੱਲ੍ਹਾ ਹੈ | ਜਾਪਾਨੀ ਸਟਾਈਲ ਬਗੀਚੀ ਦੇ ਤਕਨੀਕੀ ਨੁਕਤਿਆਂ 'ਤੇ ਆਧਾਰਿਤ ਬਣਿਆ ਇਹ ਬਗੀਚਾ ਕਾਫ਼ੀ ਸੰੁਦਰ ਅਤੇ ਮਨਮੋਹਕ ਹੈ |

-ਮੋਬਾਈਲ : 98142-39041.
landscapingpeople@rediffmail.com

ਰਾਬਿੰਦਰ ਨਾਥ ਟੈਗੋਰ ਬਾਰੇ ਬਲਰਾਜ ਸਾਹਨੀ ਦੀਆਂ ਦਿਲਚਸਪ ਯਾਦਾਂ

'ਜਦੋਂ ਗੁਰਦੇਵ ਨੇ ਮੈਨੂੰ ਕਿਹਾ ਤੁਸੀਂ ਪੰਜਾਬੀ ਹੋ ਕੇ ਪੰਜਾਬੀ ਵਿਚ ਕਿਉਂ ਨਹੀਂ ਲਿਖਦੇ'

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹਰ ਵਾਰ ਉਨ੍ਹਾਂ ਦਾ ਇਹ ਸਵਾਲ ਮੇਰੇ ਅੰਦਰ ਤਲਖੀ ਪੈਦਾ ਕਰ ਦਿੰਦਾ | ਮੈਨੂੰ ਜਾਪਦਾ ਕਿ ਟੈਗੋਰ ਖੇਤਰੀਅਤਾ ਦੇ ਸ਼ਿਕਾਰ ਹਨ | ਪਰ ਦੂਜੇ ਪਾਸੇ ਉਹ 'ਵਿਸ਼ਵਭਾਰਤੀ' ਵਿਸ਼ਵ ਦੇ ਆਦਰਸ਼ਾ ਦੀ ਗੱਲ ਕਰਦੇ ਸਨ | ਉਹ ਸ਼ਾਂਤੀ ਨਿਕੇਤਨ ਨੂੰ ਭਾਰਤੀ ਸੰਸਕਿ੍ਤੀ ਦਾ ਹੀ ਨਹੀਂ ਵਿਸ਼ਵ ਸੰਸਕਿ੍ਤੀ ਦਾ ਕੇਂਦਰ ਬਣਾਉਣਾ ਚਾਹੁੰਦੇ ਸਨ | ਪਰ ਨਾਲ ਹੀ ਮੇਰੇ ਉੱਤੇ ਆਪਣੇ ਖੇਤਰ ਦੀ ਭਾਸ਼ਾ ਥੋਪਣਾ ਚਾਹੁੰਦੇ ਸਨ | ਇਹ ਕਿਹੋ ਜਿਹਾ ਢੋਂਗ ਸੀ |
ਇਕ ਦਿਨ ਮੈਂ ਉਨ੍ਹਾਂ ਨੂੰ ਸਾਲਾਨਾ ਹਿੰਦੀ ਸੰਮੇਲਨ ਦਾ ਬੁਲਾਵਾ ਦੇਣ ਗਿਆ | ਉਨ੍ਹਾਂ ਮੈਨੂੰ ਬੈਠਣ ਲਈ ਕਿਹਾ ਅਤੇ ਮੇਰੇ ਨਾਲ ਗੱਲਾਂ ਕਰਨ ਲੱਗ ਪਏ |
'ਤੁਸੀਂ ਇਥੇ ਕੁਝ ਮਹੀਨਿਆਂ ਲਈ ਰਹਿਣਾ ਚਾਹੁੰਦੇ ਸੀ, ਹੁਣ ਤੁਹਾਨੂੰ ਇਥੇ ਸਾਲ ਤੋਂ ਉੱਤੇ ਹੋ ਗਿਆ ਹੈ, ਤੁਸੀਂ ਇਥੋਂ ਜਾਂਦੇ ਕਿਉਂ ਨਹੀਂ |'
ਮੈਨੂੰ ਧੱਕਾ ਜਿਹਾ ਲੱਗਾ | ਅਧਿਆਪਕ ਦੇ ਤੌਰ ਤੇ ਮੇਰਾ ਕੰਮ ਤੱਸਲੀ ਬਖ਼ਸ਼ ਸੀ, ਮੇਰੇ ਨਾਲ ਕੰਮ ਕਰਨ ਵਾਲਿਆਂ ਦੀ ਮੇਰੇ ਬਾਰੇ ਚੰਗੀ ਸੋਚ ਸੀ ਅਤੇ ਮੇਰੇ ਵਿਦਿਆਰਥੀ ਵੀ ਮੈਨੂੰ ਚਾਹੁੰਦੇ ਸਨ | ਪਰ ਗੁਰੂਦੇਵ ਮੈਨੂੰ ਉਥੋਂ ਜਾਣ ਲਈ ਕਿਉਂ ਕਹਿ ਰਹੇ ਸਨ?
'ਮੈਂ ਇੱਥੇ ਖੁਸ਼ ਹਾਂ, ਮੈਂ ਇਥੋਂ ਬਿਲਕੁਲ ਜਾਣਾ ਨਹੀਂ ਚਾਹੁੰਦਾ', ਮੈਂ ਕਿਹਾ |
'ਪਰ ਇਹ ਥਾਂ ਅਜਿਹੀ ਨਹੀਂ ਕਿ ਤੁਸੀਂ ਹਮੇਸ਼ਾ ਲਈ ਇੱਥੇ ਹੀ ਟਿਕ ਜਾਵੋ | ਹੁਣ ਤੱਕ ਤੁਹਾਨੂੰ ਪਤਾ ਲੱਗ ਗਿਆ ਹੋਣਾ ਕਿ ਅਸੀਂ ਇਥੇ ਕੀ ਕਰਨਾ ਚਾਹੁੰਦੇ ਹਾਂ | ਹੁਣ ਤੁਹਾਨੂੰ ਆਪਣੇ ਪ੍ਰਦੇਸ਼ ਵਿਚ ਜਾ ਕੇ ਇਸੇ ਤਰ੍ਹਾਂ ਦਾ ਸਿਰਜਣਾਤਮਕ ਕੰਮ ਕਰਨਾ ਚਾਹੀਦਾ ਹੈ |'
'ਮੈਂ ਇੱਥੇ ਕਾਫੀ ਸਿਰਜਣਸ਼ੀਲ ਹਾਂ | ਮੈਂ ਉਸ ਵਿਚ ਕੋਈ ਤਬਦੀਲੀ ਨਹੀਂ ਲਿਆਉਣਾ ਚਾਹੁੰਦਾ | ਮੈਂ ਇੱਥੇ ਖੁਸ਼ ਹਾਂ, ਮੇਰੀ ਪਤਨੀ ਵੀ ਖੁਸ਼ ਹੈ |'
'ਪੜ੍ਹਾਉਣ ਤੋਂ ਬਿਨਾਂ ਇੱਥੇ ਹੋਰ ਕੀ ਕੁਝ ਕਰਦੇ ਹੋ?' ਉਨ੍ਹਾਂ ਪੁੱਛਿਆ |
'ਮੈਂ ਹਿੰਦੀ ਵਿਚ ਕਹਾਣੀਆਂ ਲਿਖਦਾ ਹਾਂ, ਅਤੇ ਕਾਫੀ ਨਾਂ ਕਮਾਇਆ ਹੈ |'
'ਪਰ ਤੁਹਾਡੀ ਭਾਸ਼ਾ ਹਿੰਦੀ ਨਹੀਂ | ਤੁਸੀਂ ਪੰਜਾਬੀ ਹੋ | ਤੁਸੀਂ ਪੰਜਾਬੀ ਵਿਚ ਕਿਉਂ ਨਹੀਂ ਲਿਖਦੇ?'
ਮੈਨੂੰ ਫਿਰ ਲੱਗਾ ਕਿ ਗੁਰੂਦੇਵ ਸੌੜੇ ਵਿਚਾਰ ਵਾਲੇ ਪ੍ਰਦੇਸ਼ਵਾਦੀ ਹਨ | ਉਦੋਂ ਮੈਂ ਇਹ ਨਹੀਂ ਜਾਣਦਾ ਸਾਂ ਕਿ ਕਲਾਕਾਰ ਉਦੋਂ ਹੀ ਅੰਤਰਰਾਸ਼ਟਰੀ ਬਣ ਸਕਦਾ ਹੈ ਜੇ ਉਹ ਸਹੀ ਅਰਥਾਂ ਵਿਚ ਪਹਿਲਾਂ ਰਾਸ਼ਟਰੀ ਬਣੇ |
'ਪਰ ਹਿੰਦੀ ਰਾਸ਼ਟਰੀ ਭਾਸ਼ਾ ਹੈ | ਇਹ ਪੂਰੇ ਮੁਲਕ ਦੀ ਭਾਸ਼ਾ ਹੈ | ਮੈਂ ਕਿਸੇ ਇਕ ਖਿੱਤੇ ਦੀ ਭਾਸ਼ਾ ਵਿਚ ਕਿਉਂ ਲਿਖਾਂ, ਜਦੋਂ ਕਿ ਮੈਂ ਪੂਰੇ ਦੇਸ਼ ਲਈ ਲਿਖ ਸਕਦਾ ਹਾਂ?'
'ਮੈਂ ਬਾਂਗਲਾ ਵਿਚ ਲਿਖਦਾ ਹਾਂ ਜੋ ਇਕ ਖੇਤਰੀ ਭਾਸ਼ਾ ਹੈ ਪਰ ਸਾਰਾ ਹਿੰਦੁਸਤਾਨ ਹੀ ਨਹੀਂ ਸਾਰਾ ਸੰਸਾਰ ਮੈਨੂੰ ਪੜ੍ਹਦਾ ਹੈ |'
'ਮੈਂ ਤੁਹਾਡੇ ਵਰਗਾ ਮਹਾਨ ਲੇਖਕ ਨਹੀਂ, ਇਕ ਨਿੱਕਾ ਜਿਹਾ ਲੇਖਕ ਹਾਂ', ਮੈਂ ਕਿਹਾ |
'ਵੱਡੇ ਛੋਟੇ ਦਾ ਸਵਾਲ ਨਹੀਂ | ਲੇਖਕ ਦਾ ਸੰਬੰਧ ਆਪਣੀ ਧਰਤੀ ਨਾਲ ਹੈ, ਆਪਣੇ ਲੋਕਾਂ ਨਾਲ ਹੈ, ਆਪਣੀ ਭਾਸ਼ਾ ਨਾਲ ਹੈ, ਉਸੇ ਵਿਚ ਹੀ ਤੁਹਾਨੂੰ ਅਪਣੱਤ ਦਾ ਅਹਿਸਾਸ ਹੋਵੇਗਾ |'
'ਸ਼ਾਇਦ ਆਪ ਜੀ ਨੂੰ ਮੇਰੇ ਪ੍ਰਦੇਸ਼ ਦੇ ਹਾਲਾਤ ਦੀ ਜਾਣਕਾਰੀ ਨਹੀਂ ਹੈ | ਪੰਜਾਬ ਵਿਚ ਅਸੀਂ ਜਾਂ ਤਾਂ ਹਿੰਦੀ ਵਿਚ ਲਿਖਦੇ ਹਾਂ ਜਾਂ ਫਿਰ ਉਰਦੂ ਵਿਚ | ਕੋਈ ਵੀ ਪੰਜਾਬੀ ਵਿਚ ਨਹੀਂ ਲਿਖਦਾ | ਪੰਜਾਬੀ ਬਹੁਤ ਹੀ ਪਿਛੜੀ ਹੋਈ ਭਾਸ਼ਾ ਹੈ | ਸੱਚ ਪੁੱਛੋ ਤਾਂ ਉਸ ਨੂੰ ਭਾਸ਼ਾ ਨਹੀਂ ਕਿਹਾ ਜਾ ਸਕਦਾ | ਉਹ ਹਿੰਦੀ ਦੀ ਹੀ ਇਕ ਉਪਭਾਸ਼ਾ ਕਹੀ ਜਾ ਸਕਦੀ ਹੈ |'
'ਮੈਂ ਤੁਹਾਡੇ ਨਾਲ ਸਹਿਮਤ ਨਹੀਂ ਹਾਂ | ਪੰਜਾਬੀ ਸਾਹਿਤ ਬਾਂਗਲਾ ਸਾਹਿਤ ਜਿੰਨਾ ਹੀ ਪੁਰਾਣਾ ਹੈ | ਕੀ ਤੁਸੀਂ ਇਸ ਨੂੰ ਪਿਛੜੀ ਹੋਈ ਭਾਸ਼ਾ ਆਖਦੇ ਹੋ ਜਿਸ ਵਿਚ ਗੁਰੂ ਨਾਨਕ ਵਰਗੇ ਕਵੀਆਂ ਨੇ ਲਿਖਿਆ ਹੈ?'
ਅਤੇ ਉਨ੍ਹਾਂ ਮੈਨੂੰ ਗੁਰੂ ਨਾਨਕ ਸਾਹਿਬ ਦੀਆਂ ਕੁਝ ਸਤਰਾਂ ਪੜ੍ਹ ਕੇ ਸੁਣਾਈਆਂ ਜੋ ਅੱਜ ਵੀ ਮੈਨੂੰ ਜੁਬਾਨੀ ਯਾਦ ਹਨ, ਪਰ ਉਸ ਸਮੇਂ ਮੈਂ ਉਨ੍ਹਾਂ ਬਾਰੇ ਬਿਲਕੁਲ ਹੀ ਅਣਜਾਣ ਸਾਂ | ਉਹ ਸਤਰਾਂ ਸਨ |
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ¨
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ¨1¨
ਕੈਸੀ ਆਰਤੀ ਹੋਇ ਭਵ ਖੰਡਨਾ ਤੇਰੀ ਆਰਤੀ¨
ਅਨਹਤਾ ਸਬਦ ਵਾਜੰਤ ਭੇਰੀ¨1¨
ਇਹ ਸਤਰਾਂ ਸੁਣਾਉਣ ਮਗਰੋਂ ਗੁਰੂਦੇਵ ਨੇ ਕਿਹਾ 'ਤੁਹਾਨੂੰ ਮੈਂ ਇਹ ਵੀ ਦੱਸ ਦਿਆਂ ਕਿ ਗੁਰੂ ਨਾਨਕ ਦੀ ਇਸ ਮਹਾਨ ਕਵਿਤਾ ਦੇ ਕੁਝ ਅੰਸ਼ ਮੈਂ ਬਾਂਗਲਾ ਵਿਚ ਅਨੁਵਾਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ | ਪਰ ਮੈਨੂੰ ਲਗਦਾ ਹੈ ਕਿ ਮੈਂ ਉਸ ਨਾਲ ਨਿਆਂ ਨਹੀਂ ਕਰ ਸਕਾਂਗਾ |'
'ਇਹ ਤਾਂ ਸਿੱਖਾਂ ਦੀ ਧਾਰਮਿਕ ਬਾਣੀ ਹੈ', ਮੈਂ ਕਿਹਾ 'ਮੈਂ ਤਾਂ ਅਜਿਹੇ ਸਾਹਿਤ ਦੀ ਗੱਲ ਕਰ ਰਿਹਾ ਹਾਂ ਜੋ ਧਰਮਾਂ ਤੋਂ, ਜਾਤ-ਪਾਤ ਤੋਂ ਉੱਤੇ ਹੈ | ਅਜਿਹਾ ਸਾਹਿਤ ਪੰਜਾਬੀ ਵਿਚ ਨਹੀਂ ਹੈ | ਇਸਦਾ ਕਾਰਨ ਹੈ ਕਿ ਅਜੋਕੀ ਪੰਜਾਬੀ ਬਹੁਤ ਪਿਛੜੀ ਹੋਈ ਭਾਸ਼ਾ ਹੈ |'
'ਇਸੇ ਤਰ੍ਹਾਂ ਦੀਆਂ ਗੱਲਾਂ ਅੰਗਰੇਜ਼ੀ ਪੜ੍ਹੇ ਲਿਖੇ ਬੰਗਾਲੀ ਬੁੱਧੀਜੀਵੀ ਅੱਜ ਤੋਂ ਸੌ ਸਾਲ ਪਹਿਲਾਂ ਬਾਂਗਲਾ ਦੇ ਬਾਰੇ ਕਰਦੇ ਸਨ | ਆਪਣੀ ਭਾਸ਼ਾ ਨੂੰ ਅਮੀਰ ਬਣਾਉਣਾ ਔਖਾ ਨਹੀਂ ਹੈ | ਬੰਕਿਮ ਬਾਬੂ ਨੇ ਵੀ ਬਾਂਗਲਾ ਭਾਸ਼ਾ ਨੂੰ ਵੀਹ ਹਜ਼ਾਰ ਨਵੇਂ ਸ਼ਬਦ ਦਿੱਤੇ ਸਨ | ਮੈਂ ਖੁਦ ਅੱਸੀ ਹਜ਼ਾਰ ਨਵੇਂ ਸ਼ਬਦ ਦਿੱਤੇ ਹਨ | ਮੈਂ ਬਾਂਗਲਾ ਭਾਸ਼ਾ ਨੂੰ ਬਣਾਇਆ ਹੈ,' ਉਨ੍ਹਾਂ ਮਾਣ ਨਾਲ ਕਿਹਾ, ਅੱਜ ਇਹ ਭਾਸ਼ਾ ਸੰਸਾਰ ਦੀ ਕਿਸੇ ਭਾਸ਼ਾ ਤੋਂ ਪਿਛਾਂਹ ਨਹੀਂ ਹੈ |
(ਬਾਕੀ ਅਗੇਲ ਐਤਵਾਰ ਦੇ ਅੰਕ 'ਚ)

-ਮੂਲ ਲੇਖਕ : ਬਲਰਾਜ ਸਾਹਨੀ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX