ਤਾਜਾ ਖ਼ਬਰਾਂ


ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  23 minutes ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  about 1 hour ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  about 2 hours ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  about 2 hours ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  about 3 hours ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  about 3 hours ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  about 3 hours ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  about 3 hours ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  about 4 hours ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  about 4 hours ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਦੋ ਕਿਸ਼ਤਾਂ ਵਿਚ ਛਪਣ ਵਾਲੀ ਕਹਾਣੀ: ਦਾਨਿਸ਼ਮੰਦੀ

'ਤੂੰ ਇਕ ਵਾਰੀ ਦੋਵਾਂ ਭਰਾਵਾਂ ਨੂੰ ਕੋਲੇ ਬਹਾ ਕੇ ਸਮਝਾ ਕੇ ਦੇਖ ਲੈਂਦਾ, ਸ਼ਾਇਦ 'ਕੱਠੇ ਰਹਿਣ ਲਈ ਮੰਨ ਜਾਂਦੇ' ਨਾਜਰ ਸਿੰਘ ਨੇ ਸਲਾਹ ਦਿੱਤੀ |
'ਬਈ ਛੋਹਰਾਂ 'ਚ ਤਾਂ ਕੋਈ ਨੁਕਸ ਨੀਂ ਉਹ ਤਾਂ ਗਊ ਦੇ ਜਾਏ ਆ, ਏਹ ਤਾਂ ਬਹੂਆਂ ਹੀ ਨੀਂ ਮੰਨਦੀਆਂ | ਵੱਡੀ ਤਾਂ ਸ਼ੈਂਤ ਆਖੇ ਲੱਗ ਈ ਜਾਵੇ ਪਰ ਛੋਟੀ ਤਾਂ ਪੈਰਾਂ 'ਤੇ ਪਾਣੀ ਨੀਂ ਪੈਣ ਦਿੰਦੀ, ਅਖੇ ਮੇਰਾ ਤਾਂ ਅੱਡ ਹੋਏ ਬਿਨਾਂ ਡੰਗ ਨੀਂ ਲਹਿੰਦਾ, ਮੈਂ ਕੀ ਕਰਾਂ ਨਾਜਰ ਸਿੰਹਾਂ, ਮੈਂ ਤਾਂ ਅੱਕਿਆ ਪਿਆਂ', ਕਰਤਾਰ ਸਿੰਘ ਮੱਥਾ ਫੜ ਕੇ ਬੈਠਾ ਸੀ |
'ਮੈਂ ਦੁੱਖ ਤਾਂ ਤੇਰਾ ਸਮਝਦਾ ਹਾਂ ਕਰਤਾਰ ਸਿਹਾਂ ਤੇ ਮੈਂ ਤੇਰੇ ਨਾਲ ਚੱਲ ਵੀ ਪੈਨਾਂ, ਪਰ ਮੇਰੀ ਕਿਹੜਾ ਉਹ ਮੰਨ ਲੈਣਗੇ, ਤੂੰ ਇਉਂ ਕਰ, ਕਰਨੈਲ ਸਿੰਹੁ ਫ਼ੌਜੀ ਕੋਲ ਜਾ, ਉਹਨੂੰ ਸਾਰੀ ਕਹਾਣੀ ਦੱਸ, ਬੰਦਾ ਉਹ ਸਕੀਮੀ ਹੈ ਨਾਲੇ ਕਿਸੇ ਦੀ ਝੇਪ ਨਹੀਂ ਮੰਨਦਾ, ਮੂੰਹ 'ਤੇ ਖਰੀ ਗੱਲ ਕਰਦਾ | ਜੇਕਰ ਉਹ ਮੰਨ ਗਿਆ ਤਾਂ ਸੌ ਵਿਸਵੇ ਤੇਰਾ ਕੰਮ ਫ਼ਤਹਿ ਹੋਜੂ' ਨਾਜਰ ਸਿੰਹੁ ਨੇ ਆਪਣੇ ਵਲੋਂ ਮਿੱਤਰਤਾ ਵੀ ਦਿਖਾਈ ਤੇ ਹੱਥ ਵੀ ਖੜ੍ਹੇ ਕਰ ਦਿੱਤੇ |
ਕਰਤਾਰ ਸਿੰਘ ਹੋਰੀਂ ਚਾਰ ਭਰਾ ਸਨ | ਉਹ ਸਾਰਿਆਂ ਤੋਂ ਛੋਟਾ ਸੀ ਅਤੇ ਸਾਰਿਆਂ ਦਾ ਲਾਡਲਾ ਸੀ | ਅੱਡ ਹੋਣ 'ਤੇ ਉਸ ਦੇ ਹਿੱਸੇ ਕੁੱਲ ਸੱਤ ਕਿੱਲੇ ਜ਼ਮੀਨ ਆਈ ਸੀ ਜਿਨ੍ਹਾਂ 'ਚੋਂ ਵਿਆਹ ਵੇਲੇ ਤਿੰਨ ਕਿੱਲੇ ਗਹਿਣੇ ਪਈ ਸੀ | ਉਹਦੀ ਘਰ ਵਾਲੀ ਹਰਬੰਸ ਕੌਰ ਉਰਫ਼ ਬੰਸੋ ਵੀ ਬਹੁਤ ਅਕਲਮੰਦ, ਸੋਹਣੀ-ਸੁਨੱਖੀ ਅਤੇ ਦਾਨੀ ਔਰਤ ਸੀ | ਉਹਦੀ ਦਾਨਿਸ਼ਮੰਦੀ ਅਤੇ ਕਰਤਾਰ ਸਿੰਘ ਦੀ ਮਿਹਨਤ ਰੰਗ ਲਿਆਈ | ਉਨ੍ਹਾਂ ਨੇ ਦੋ ਸਾਲਾਂ ਵਿਚ ਸਾਰੀ ਜ਼ਮੀਨ ਛੁਡਾ ਲਈ, ਰੱਬ ਨੇ ਹਰਬੰਸ ਕੌਰ ਵਰਗੇ ਦੋ ਸੋਹਣੇ ਮੁੰਡੇ ਦੇ ਦਿੱਤੇ | ਕਰਤਾਰ ਸਿੰਘ ਨਸ਼ੇ ਪੱਤੇ ਨੂੰ ਹੱਥ ਨਹੀਂ ਸੀ ਲਾਉਂਦਾ, ਬੱਸ ਉਸ ਨੂੰ ਤਾਂ ਆਪਣੇ ਖੇਤਾਂ ਦਾ ਹੀ ਇਸ਼ਕ ਲੱਗਾ ਸੀ, ਸਾਝਰੇ ਹੀ ਹਲ ਜੋੜ ਕੇ ਖੇਤਾਂ ਦਾ ਰਾਹ ਫੜ ਲੈਂਦਾ | ਉਹ ਆਪਣੀਆਂ ਫਸਲਾਂ ਨੂੰ ਪੁੱਤਾਂ ਵਾਂਗ ਸੰਭਾਲਦਾ ਅਤੇ ਉਨ੍ਹਾਂ ਨੂੰ ਮਣਾਂ-ਮੂੰਹੀ ਪਿਆਰ ਕਰਦਾ ਸੀ | ਹਰਬੰਸ ਕੌਰ ਨੇ ਤਿੰਨ ਚਾਰ ਪਸ਼ੂ ਰੱਖੇ ਸਨ, ਉਹ ਨਿੱਤ ਸਾਝਰੇ ਉਠਦੀ ਅਤੇ ਫਿਰ ਸ਼ਾਮ ਤੱਕ ਚੱਲ ਸੋ ਚੱਲ, ਆਪਣੇ ਪਸ਼ੂਆਂ ਦੀ ਟਹਿਲ ਸੇਵਾ ਖੁਦ ਕਰਦੀ, ਹਰ ਛੇ ਮਹੀਨਿਆਂ ਬਾਅਦ ਇਕ ਸੂਈ ਮੱਝ ਵੇਚ ਦਿੰਦੀ | ਗਰਮੀ ਵਿਚ ਵੀ ਦੁੱਧ ਨਾ ਮੁੱਕਣ ਦਿੰਦੀ | ਇੰਨਾ ਲਵੇਰਾ ਤਾਂ ਪਿੰਡ ਵਿਚ ਕਹਿੰਦੇ ਕਹਾਉਂਦਿਆਂ ਦੇ ਨਹੀਂ ਸੀ | ਇਸ ਤਰ੍ਹਾਂ ਅਗਲੇ ਚਾਰ ਪੰਜ ਸਾਲਾਂ ਵਿਚ ਉਨ੍ਹਾਂ ਨੇ ਕਾਫ਼ੀ ਰਕਮ ਜੋੜ ਲਈ ਅਤੇ ਕੁਝ ਹਰਬੰਸ ਕੌਰ ਨੇ ਆਪਣਾ ਗਹਿਣਾ-ਗੱਟਾ ਵੇਚ ਦਿੱਤਾ, ਇਸ ਰਕਮ ਨਾਲ ਕਰਤਾਰ ਸਿੰਘ ਨੇ ਨਾਲ ਲਗਦੀ ਤਿੰਨ ਕਿੱਲੇ ਜ਼ਮੀਨ ਹੋਰ ਖਰੀਦ ਲਈ | ਉਹਦਾ ਕੰਮ ਸਾਰੇ ਪਿੰਡ 'ਚੋਂ ਚੰਗਾ ਚੱਲ ਪਿਆ | ਹੱਠੀ-ਭੱਠੀ ਉਹਦੀ ਕਮਾਈ ਦੀਆਂ ਹੀ ਗੱਲਾਂ ਹੁੰਦੀਆਂ |
ਵੱਡੇ ਮੁੰਡੇ ਗੁਰਜੀਤ ਸਿੰਘ ਨੇ ਜਦੋਂ ਦਸਵੀਂ ਪਾਸ ਕਰਨ ਤੋਂ ਬਾਅਦ ਅੱਗੇ ਪੜ੍ਹਨ ਤੋਂ ਨਾਂਹ ਕਰ ਦਿੱਤੀ ਤਾਂ ਕਰਤਾਰ ਸਿੰਘ ਨੇ ਉਸ ਨੂੰ ਆਪਣੇ ਨਾਲ ਖੇਤੀ ਦੇ ਕੰਮ 'ਤੇ ਹੀ ਲਾ ਲਿਆ, ਉਂਜ ਵੀ ਉਹਨੂੰ ਬੰਦੇ ਦੀ ਲੋੜ ਸੀ, ਉਹ ਸੋਚਦਾ ਸੀ ਬਈ ਹਿਸਾਬ-ਕਿਤਾਬ ਕਰਨ ਜੋਗਾ ਹੋ ਗਿਆ, ਬਾਹਲੇ ਪੜਿ੍ਹਆਂ ਨੂੰ ਕਿਹੜਾ ਕੋਈ ਨੌਕਰੀ ਮਿਲਦੀ ਏ, ਨਾਲੇ ਕੱਲ੍ਹ ਨੂੰ ਵੀ ਇਹੀ ਕਹੀ ਕੁਹਾੜਾ ਕਰਨੈ ਫਿਰ ਅੱਜ ਤੋਂ ਹੀ ਕਿਉਂ ਨਾ ਕਰਲੇ | ਖੁਦ ਤਾਂ ਉਹ ਜਮ੍ਹਾਂ ਈ ਦੇਸੀ ਬੰਦਾ ਸੀ ਅਤੇ ਸਾਰੀ ਉਮਰ ਊਠ ਦਾ ਹੀ ਹਲ ਵਾਹੁੰਦਾ ਰਿਹਾ ਸੀ ਪਰ ਹੁਣ ਮੁੰਡੇ ਨੂੰ ਉਹਨੇ ਟਰੈਕਟਰ ਅਤੇ ਉਹਦਾ ਸਾਰਾ ਸੰਦ-ਪੈੜਾ ਵੀ ਲੈ ਦਿੱਤਾ |
ਚੰਗਾ ਕੰਮ ਦੇਖ ਕੇ ਅਤੇ ਮੁੰਡੇ ਦੀ ਸ਼ਕਲ ਸੂਰਤ ਦੇਖ ਕੇ ਸਾਕਾਂ ਵਾਲੇ ਨਿੱਤ ਗੇੜੇ ਮਾਰਦੇ ਸਨ | ਦੋਨੇਂ ਜੀਅ ਇਹੀ ਸੋਚਦੇ ਸਨ ਕਿ ਮੁੰਡਾ ਜ਼ਰਾ ਕੁ ਹੋਰ ਸਿਆਣਾ ਹੋ ਜਾਵੇ ਤਾਂ ਹੀ ਇਹਦਾ ਵਿਆਹ ਕਰਾਂਗੇ ਪਰ ਸੰਜੋਗ ਜ਼ੋਰਾਵਰ ਨਿਕਲੇ, ਹਾਲੇ ਵੀਹ ਸਾਲ ਮਸਾਂ ਪੂਰੇ ਹੀ ਹੋਏ ਸਨ ਕਿ ਇਕ ਥਾਂ ਗੁਰਜੀਤ ਦਾ ਰਿਸ਼ਤਾ ਪੱਕਾ ਹੋ ਗਿਆ ਅਤੇ ਫਿਰ ਅਗਲੇ ਦੋ ਮਹੀਨਿਆਂ ਵਿਚ ਨਵੀਂ ਵਹੁਟੀ ਘਰ ਆ ਗਈ | ਘਰ ਮਿਡਲ ਕਲਾਸ ਸੀ ਪਰ ਕੁੜੀ ਸਿਆਣੀ ਲਗਦੀ ਸੀ | ਵਿਹੜੇ ਵਿਚ ਹੁੰਦੀ ਨਵੀਂ ਵਹੁਟੀ ਛਿੰਦਰ ਦੀ ਛਣਕ ਛਣਕ ਨਾਲ ਬੰਸੋ ਦੀ ਰੂਹ ਨਸ਼ਿਆ ਜਾਂਦੀ ਸੀ, ਉਹਦੇ ਆਉਣ ਨਾਲ ਬੰਸੋ ਦਾ ਚੁੱਲ੍ਹੇ ਚੌਕੇ ਦਾ ਕੰਮ ਕਾਫ਼ੀ ਘਟ ਗਿਆ ਸੀ | ਸਾਲ ਬਾਅਦ ਛਿੰਦਰ ਨੂੰ ਰੱਬ ਨੇ ਪੁੱਤ ਦੀ ਦਾਤ ਬਖਸ਼ ਦਿੱਤੀ ਅਤੇ ਕਰਤਾਰ ਸਿੰਘ ਦਾਦਾ ਬਣ ਗਿਆ | ਛੋਟਾ ਮੁੰਡਾ ਹਰਜੀਤ ਨੌਵੀਂ 'ਚੋਂ ਨਹੀਂ ਟੱਪਿਆ, ਕਰਤਾਰ ਸਿੰਘ ਨੇ ਬਥੇਰਾ ਸਮਝਾਇਆ ਬਈ ਦਸਵੀਂ ਤਾਂ ਪਾਸ ਕਰ ਲੈ, ਅੱਗੇ ਦੇਖੀ ਜਾਊ ਪਰ ਉਹ ਨੌਵੀਂ 'ਚ ਹੀ ਦੋ ਵਾਰ ਬਰੇਕਾਂ ਮਾਰ ਗਿਆ, ਪੜ੍ਹਾਈ ਤੋਂ ਹਟਣ ਦਾ ਇਕ ਕਾਰਨ ਕੁਝ ਹੱਦ ਤੱਕ ਉਹਨੂੰ ਟਰੈਕਟਰ ਚਲਾਉਣ ਦਾ ਝੱਸ ਵੀ ਸੀ, ਇਸੇ ਕਰਕੇ ਜਦੋਂ ਕਰਤਾਰ ਸਿੰਘ ਨੇ ਉਸ ਨੂੰ ਵੀ ਖੇਤੀ ਦੇ ਕੰਮ ਵਿਚ ਅੜਾ ਲਿਆ ਤਾਂ ਉਹ ਹੋਰਨਾਂ ਕੰਮਾਂ ਦੀ ਬਜਾਇ ਟਰੈਕਟਰ ਵਾਹੁਣ ਵਿਚ ਹੀ ਜ਼ਿਆਦਾ ਦਿਲਚਸਪੀ ਲੈਂਦਾ ਸੀ | ਜਦੋਂ ਉਹ ਇੱਕੀ ਸਾਲ ਨੂੰ ਢੁੱਕਿਆ ਤਾਂ ਉਸ ਦੀ ਵੀ ਸ਼ਾਦੀ ਕਰ ਕੇ ਕਰਤਾਰ ਸਿੰਘ ਇਸ ਪਾਸਿਉਂ ਇਕ ਤਰ੍ਹਾਂ ਨਾਲ ਸੁਰਖੁਰੂ ਹੋ ਗਿਆ |
ਇਕ ਸਾਲ ਤੱਕ ਤਾਂ ਦੋਵੇਂ ਨੂੰ ਹਾਂ ਦੀ ਚੰਗੀ ਬਣਦੀ ਰਹੀ ਅਤੇ ਘਰ ਦਾ ਮਾਹੌਲ ਸਾਵਾਂ ਰਿਹਾ, ਪਰ ਉਸ ਤੋਂ ਬਾਅਦ ਕੰਮ ਕਰਨ ਅਤੇ ਖ਼ਰਚ ਦੇ ਮਾਮਲੇ ਵਿਚ ਉਨ੍ਹਾਂ ਵਿਚ ਘੁਸਰ-ਮੁਸਰ ਹੋਣ ਲੱਗ ਪਈ ਅਤੇ ਆਹਿਸਤਾ-ਆਹਿਸਤਾ ਅਖ਼ੀਰ ਨੂੰ ਗੱਲ ਅੱਡ ਹੋਣ ਤੱਕ ਪਹੁੰਚ ਗਈ, ਇਸੇ ਮਸਲੇ ਦੇ ਹੱਲ ਵਾਸਤੇ ਅੱਜ ਕਰਤਾਰ ਸਿੰਘ ਆਪਣੇ ਮਿੱਤਰ ਨਾਜਰ ਸਿੰਘ ਕੋਲ ਆਇਆ ਸੀ ਜੀਹਦੇ ਨਾਲ ਉਹ ਅਕਸਰ ਹੀ ਆਪਣੀ ਹਰ ਗੱਲ ਸਾਂਝੀ ਕਰਦਾ ਸੀ |
ਨਾਜਰ ਸਿੰਘ ਦੀ ਗੱਲ ਮੰਨ ਕੇ ਕਰਤਾਰ ਸਿੰਘ ਉਸੇ ਵੇਲੇ ਕਰਨੈਲ ਸਿੰਘ ਫ਼ੌਜੀ ਦੇ ਘਰ ਵੱਲ ਨੂੰ ਹੋ ਤੁਰਿਆ | ਘਰ ਨਾ ਹੋ ਕੇ ਉਹ ਉਸ ਵੇਲੇ ਆਪਣੇ ਨਿਆਈਾ ਵਾਲੇ ਖੇਤ ਵਿਚ ਗੇੜਾ ਮਾਰਨ ਗਿਆ ਸੀ | ਕਰਤਾਰ ਸਿੰਘ ਨੇ ਸੋਚਿਆ ਬਈ ਇਹ ਤਾਂ ਹੋਰ ਵੀ ਚੰਗਾ ਹੈ, ਮੈਂ ਉੱਥੇ ਨਿਆਈਾ 'ਚ ਹੀ ਜਾਨੈ, ਉੱਥੇ ਤਾਂ ਗੱਲ ਖੁੱਲ੍ਹ ਕੇ ਹੋ ਜੂ ਗੀ |
ਫ਼ੌਜੀ ਕਰਨੈਲ ਸਿੰਘ ਨੇ ਉਸ ਨੂੰ ਦੇਖਣ ਸਾਰ ਦੂਰੋਂ ਹੀ ਪੁੱਛ ਲਿਆ, 'ਆ ਬਈ ਕਰਤਾਰ ਸਿਹਾਂ, ਅੱਜ ਕਿਵੇਂ ਟਾਈਮ ਕੱਢ ਲਿਆ ਮਿਲਣ ਦਾ, ਜਨਾਬ ਤਾਂ ਸਾਰਾ ਦਿਨ ਮਿੱਟੀ ਨਾਲ ਮਿੱਟੀ ਹੋਣਾ ਹੀ ਜਾਣਦੇ ਨੇ |' 'ਤੁਹਾਨੂੰ ਪਤਾ ਹੀ ਹੈ ਭਾਈ ਸਾਹਿਬ, ਬਿਨਾਂ ਕੰਮ ਤੋਂ ਕਬੀਲਦਾਰੀ 'ਚੋਂ ਕਿੱਥੇ ਨਿਕਲਿਆ ਜਾਂਦੈ |' ਕਰਨੈਲ ਸਿੰਘ ਨੇ ਉਹਦੇ ਨਾਲ ਹੱਥ ਮਿਲਾਉਂਦੇ ਹੋਏ ਕਿਹਾ |
ਪਿੰਡ ਦੇ ਨਾਲ ਹੀ ਇਸ ਨਿਆਈਾ ਵਾਲੇ ਖੇਤ ਵਿਚ ਕਰਨੈਲ ਸਿੰਘ ਨੇ ਫ਼ੌਜ ਤੋਂ ਸੇਵਾ-ਮੁਕਤ ਹੋਣ ਪਿੱਛੋਂ, ਫ਼ੌਜੀ ਕੋਟੇ 'ਚੋਂ ਇਕ ਟਿਊਬਵੈੱਲ ਕੁਨੈਕਸ਼ਨ ਲਵਾ ਲਿਆ ਸੀ, ਉੱਥੇ ਇਕ ਸੋਹਣਾ ਕਮਰਾ ਅਤੇ ਉਹਦੇ ਅੱਗੇ ਵਰਾਂਡਾ ਵੀ ਉਸਾਰ ਲਿਆ ਸੀ, ਇਕ ਮੰਜਾ ਅਤੇ ਚਾਰ ਕੁ ਕੁਰਸੀਆਂ ਵੀ ਰੱਖੀਆਂ ਹੋਈਆਂ ਸਨ | ਪਿੰਡ ਦੇ ਲੋਕ ਉਸ ਨੂੰ ਕਰਨੈਲ ਸਿੰਘ ਦੀ ਬਜਾਇ 'ਕਰਨੈਲ ਸਿੰਘ ਫ਼ੌਜੀ' ਜਾਂ ਸਿਰਫ਼ 'ਫ਼ੌਜੀ ਸਾਹਿਬ' ਕਹਿ ਕੇ ਬੁਲਾਉਂਦੇ ਸਨ | ਇਸ ਮੋਟਰ 'ਤੇ ਉਹ ਆਪਣੇ ਜੋਗੀ ਸਬਜ਼ੀ ਭਾਜੀ ਬੀਜ ਲੈਂਦਾ ਸੀ ਅਤੇ ਦਿਨ ਦਾ ਬਹੁਤਾ ਵਕਤ ਉਹ ਉੱਥੇ ਹੀ ਗੁਜ਼ਾਰਦਾ ਸੀ | ਉਹ ਇਕ ਸੱਚਾ-ਸੁੱਚਾ ਅਤੇ ਇਮਾਨਦਾਰ ਬੰਦਾ ਸੀ, ਮੂੰਹ 'ਤੇ ਖ਼ਰੀ ਗੱਲ ਕਰਦਾ ਸੀ | ਇਸੇ ਕਰਕੇ ਪਿੰਡ ਦੇ ਬਹੁਤੇ ਘਰੇਲੂ ਮਸਲੇ ਉਹ ਝੱਟ-ਪੱਟ ਨਿਬੇੜ ਦਿੰਦਾ ਸੀ | ਲੋਕ ਉਹਦੀ ਗੱਲ 'ਤੇ ਵਿਸ਼ਵਾਸ ਕਰਦੇ ਸਨ |
'ਹੋਰ ਸੁਣਾ ਫੇਰ ਕਿਵੇਂ ਆਉਣੇ ਹੋਏ ਕਰਤਾਰ ਸਿਆਂ?' ਇਕ ਕੁਰਸੀ 'ਤੇ ਬੈਠਣ ਦਾ ਇਸ਼ਾਰਾ ਕਰਦੇ ਹੋਏ ਫ਼ੌਜੀ ਸਾਹਿਬ ਨੇ ਪੁੱਛਿਆ | ਏਨਾ ਪੁੱਛਣ 'ਤੇ ਕਰਤਾਰ ਸਿੰਘ ਨੇ ਉਸ ਨੂੰ ਹੁਣ ਤੱਕ ਦੀ ਸਾਰੀ ਰਾਮ ਕਹਾਣੀ ਸੁਣਾ ਦਿੱਤੀ ਅਤੇ ਫਿਰ ਕਹਿਣ ਲੱਗਿਆ, ਤੈਨੂੰ ਤਾਂ ਪਤਾ ਹੀ ਹੈ, ਫ਼ੌਜੀ ਸਾਹਿਬ ਅਸੀਂ ਕਿੰਨੀ ਹੱਡ-ਭੰਨਵੀਂ ਮਿਹਨਤ ਕੀਤੀ ਹੈ, ਦੋਵਾਂ ਜੀਆਂ ਨੇ ਫੂਹੀ-ਫੂਹੀ ਕਰ ਕੇ ਮਸਾਂ ਘਰ ਬੰਨਿ੍ਹਐ | ਸੁਖ ਨਾਲ ਹੁਣ ਸਾਰਾ ਸੰਦ-ਪੈੜਾ ਕੋਲ ਐ, ਕਿਸੇ ਦੇ ਮੁਥਾਜ ਨ੍ਹੀਂ, ਹੁਣ ਤਾਂ ਸਾਡੇ ਸੁੱਖ ਭੋਗਣ ਦੇ ਦਿਨ ਆਏ ਆ, ਪਹਿਲਾਂ ਤਾਂ ਸਾਲਾ ਘੱਟਾ ਹੀ ਢੋਇਆ | ਹੁਣ ਆਹ ਨੂੰ ਹਾਂ ਅੱਡ ਹੋਣ 'ਤੇ ਬੀਚਰੀਆਂ ਬੈਠੀਆਂ, ਵੱਡੇ ਭਾਈ ਤੂੰ ਚੱਲ ਕੇ ਉਨ੍ਹਾਂ ਨੂੰ ਜ਼ਰਾ ਸਮਝਾ | '
ਇਹਦੇ ਵਿਚ ਤਾਂ ਕੋਈ ਸ਼ੱਕ ਨ੍ਹੀਂ, ਘਰ ਬੰਨ੍ਹਣ ਦੀ ਖ਼ਾਤਰ ਤੁਸੀਂ ਦੋਵੇਂ ਜੀਆਂ ਨੇ ਦਿਨ ਰਾਤ ਇਕ ਕਰ ਦਿੱਤਾ, ਲੋਕ ਥੋਡੀ ਸਰ-ਬੁਲੰਦੀ ਦੀਆਂ ਮਿਸਾਲਾਂ ਦਿੰਦੇ ਨੇ ਬਈ ਦੇਖੋ ਕਰਤਾਰ ਸਿੰਹੁ ਅਤੇ ਉਨ੍ਹਾਂ ਦੇ ਟੱਬਰ ਨੇ ਕਿੰਨੀ ਤਰੱਕੀ ਕੀਤੀ ਹੈ | ਪਿੰਡ ਦੇ ਚੰਗੇ-ਚੰਗੇ ਸਰਦਾਰ ਘਰ ਵੀ ਇਸ ਵਕਤ ਕਰਜ਼ੇ ਥੱਲੇ ਦੱਬੇ ਪਏ ਆ, ਪਟਵਾਰੀ ਦਸਦਾ ਸੀ ਬਈ ਸਾਰਿਆਂ ਦੀਆਂ ਜ਼ਮੀਨਾਂ 'ਤੇ ਲਾਲ ਸਿਆਹੀ ਫਿਰੀ ਪਈ ਆ, ਮੈਨੂੰ ਤੂੰ ਈਾ ਇਕ ਗੁਜ਼ਾਰੇ ਵਾਲਾ ਬੰਦਾ ਦਿਸਦਾ ਏਾ | ਕੋਈ ਗੱਲ ਨ੍ਹੀਂ, ਹੁਣ ਤਾਂ ਦਿਨ ਛਿਪਣ ਵਾਲਾ ਏ, ਮੈਂ ਕੱਲ੍ਹ ਨੂੰ ਸਵੇਰੇ-ਸਵੇਰੇ ਆਊਾਗਾ ਥੋਡੇ ਘਰੇ ਤੇ ਆਪਣੀ ਹਰ ਸੰਭਵ ਕੋਸ਼ਿਸ਼ ਕਰੂੰਗਾ, ਬਈ ਥੋਡਾ 'ਕੱਠ ਬਣਿਆ ਰਹੇ |' (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-1016, ਫੇਜ਼-3 ਭਾਗ-2, ਮਾਡਲ ਟਾਊਨ ਬਠਿੰਡਾ-151001.
ਮੋਬਾਈਲ : 96461-14221.


ਖ਼ਬਰ ਸ਼ੇਅਰ ਕਰੋ

ਆਸ ਤੇ ਨਿਰਾਸ਼ਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਬੀਤੇ ਤੋਂ ਸਿੱਖੋ, ਵਰਤਮਾਨ 'ਚ ਜੀਓ ਤੇ ਭਲਕ ਲਈ ਆਸਵੰਦ ਰਹੋ |
• ਭਾਵੇਂ ਸਭ ਕੁਝ ਮਾੜਾ ਹੋ ਰਿਹਾ ਹੋਵੇ, ਚਾਰੇ ਪਾਸੇ ਹਨੇਰਾ ਹੀ ਹਨੇਰਾ ਹੋਵੇ, ਆਪਣੇ ਵੀ ਪਰਾਏ ਹੋ ਜਾਣ ਤਾਂ ਫਿਰ ਵੀ ਆਸ ਨਾ ਛੱਡੋ ਕਿਉਂਕਿ ਆਸ ਵਿਚ ਇੰਨੀ ਸ਼ਕਤੀ ਹੈ ਕਿ ਇਹ ਹਰ ਗੁਆਚੀ ਹੋਈ ਚੀਜ਼ ਤੁਹਾਨੂੰ ਮੁੜ ਦਿਵਾ ਸਕਦੀ ਹੈ |
• ਉਨ੍ਹਾਂ ਲੋਕਾਂ ਦੀ ਆਸ ਕਦੇ ਨਾ ਟੁੱਟਣ ਦਿਓ, ਜਿਨ੍ਹਾਂ ਦੀ ਆਖਰੀ ਉਮੀਦ ਤੁਸੀਂ ਹੀ ਹੋ | ਹਰ ਆਏ ਮਹਿਮਾਨ ਨਾਲ ਇਸ ਤਰ੍ਹਾਂ ਵਰਤਾਓ ਕਰੋ ਕਿ ਉਹ ਫਿਰ ਵਾਪਸ ਆਉਣ ਦੀ ਆਸ ਨਾਲ ਜਾਵੇ |
• ਸਿੱਖਿਆ ਨਾਲ ਵਿਸ਼ਵਾਸ ਆਉਂਦਾ ਹੈ | ਵਿਸ਼ਵਾਸ ਨਾਲ ਆਸ ਆਉਂਦੀ ਹੈ ਅਤੇ ਆਸ ਨਾਲ ਸ਼ਾਂਤੀ ਆਉਂਦੀ ਹੈ |
• ਪੰਜਾਬੀ ਦਾ ਪ੍ਰਸਿੱਧ ਸ਼ਾਇਰ ਹਰਮਿੰਦਰ ਸਿੰਘ 'ਆਸ' ਬਾਰੇ ਇੰਜ ਲਿਖਦਾ ਹੈ:
ਮੱਲਾਂ ਮਾਰਨ ਨਾ ਕਦੇ, ਜਿਹੜੇ ਰਹਿਣ ਉਦਾਸ,
ਅੱਗੇ ਵਧਣਾ ਜੇ ਤੁਸੀਂ, ਮਰਨ ਨਾ ਦਿਓ ਆਸ |
• ਇਨਸਾਨ ਨੂੰ ਇਨਸਾਨ ਧੋਖਾ ਨਹੀਂ ਦਿੰਦਾ ਬਲਕਿ ਉਹ ਆਸਾਂ ਧੋਖਾ ਦੇ ਜਾਂਦੀਆਂ ਹਨ, ਜੋ ਉਹ ਦੂਸਰਿਆਂ 'ਤੇ ਰੱਖਦਾ ਹੈ |
• ਆਸ ਤੇ ਅਰਦਾਸ ਕਦੇ ਨਹੀਂ ਛੱਡੀਦੀ |
• ਆਸ ਨਾ ਹੁੰਦੀ ਤਾਂ ਇਹ ਦੁਨੀਆ ਨੀਰਸ ਅਤੇ ਬੋਝਲ ਹੁੰਦੀ | ਇਹ ਆਸ ਦਾ ਹੀ ਕਮਾਲ ਹੁੰਦਾ ਹੈ ਕਿ ਮਨੁੱਖ ਵੱਡੀਆਂ-ਵੱਡੀਆਂ ਮੁਸੀਬਤਾਂ ਨੂੰ ਹੱਸਦਾ ਹੋਇਆ ਝੱਲ ਲੈਂਦਾ ਹੈ | ਮਾਹਿਰਾਂ ਅਨੁਸਾਰ ਆਸ਼ਾਵਾਦੀ ਹੋਣਾ ਅਤੇ ਖੁਸ਼ ਰਹਿਣਾ ਬਿਮਾਰੀ ਦੇ ਹਮਲੇ ਦੀ ਸੰਭਾਵਨਾ ਨੂੰ ਘੱਟ ਕਰਨ ਦੀ ਸਭ ਤੋਂ ਸ਼ਕਤੀਸ਼ਾਲੀ ਦਵਾਈ ਹੈ | ਅਜਿਹਾ ਅਧਿਐਨ ਯੂਨੀਵਰਸਿਟੀ ਆਫ਼ ਟੈਕਸਾਸ ਮੈਡੀਕਲ ਬਰਾਂਚ ਦੇ ਮਾਹਿਰਾਂ ਨੇ ਕੀਤਾ ਹੈ |
• ਹੁਸੀਨ ਸੁਪਨਿਆਂ ਦੀ ਖੁੱਲ੍ਹੀ ਜ਼ਿੰਦਗੀ ਜਿਊਣ ਲਈ ਹਮੇਸ਼ਾ ਨਿਰਾਸ਼ਾ ਤੋਂ ਬਚੋ ਤੇ ਆਸ਼ਾਵਾਦੀ ਰਹੋ |
• ਜ਼ਿੰਦਗੀ ਨੂੰ ਸਾਵੀਂ ਪੱਧਰੀ ਜਿਊਣ ਲਈ ਹੌਸਲਾ, ਚੜ੍ਹਦੀਕਲਾ, ਸਹਿਜ ਜ਼ਰੂਰੀ ਹੈ ਪਰ ਆਸ਼ਾਵਾਦੀ ਹੋਣਾ ਵੀ ਬਹੁਤ ਜ਼ਰੂਰੀ ਹੈ |
• ਆਸ਼ਾਵਾਦ ਨੂੰ ਅਪਣਾਓ ਅਤੇ ਇਸ ਨੂੰ ਆਪਣੇ ਕੰਮ ਤੇ ਸਮਾਜਿਕ ਜੀਵਨ ਨਾਲ ਜੋੜੋ |
• ਨਿਰਾਸ਼ਾਵਾਦੀ ਵਿਚਾਰਧਾਰਾ ਇਨਸਾਨ ਨੂੰ ਅਸਫ਼ਲਤਾ ਵੱਲ ਭੇਜਦੀ ਹੈ | ਆਸ਼ਾਵਾਦੀ ਲੋਕ ਜ਼ਿੰਦਗੀ ਨਾਲ ਪਿਆਰ ਕਰਦੇ ਹਨ, ਇਸ ਲਈ ਹਮੇਸ਼ਾ ਸਾਕਾਰਾਤਮਕ ਸੋਚ ਅਪਣਾਓ, ਆਸ਼ਾਵਾਦੀ ਬਣੋ ਕਿਉਂਕਿ ਇਸ ਦੁਨੀਆ ਵਿਚ ਜੋ ਵੀ ਹੋਇਆ ਹੈ, ਆਸ ਨਾਲ ਹੀ ਹੋਇਆ ਹੈ |
• ਜ਼ਿੰਦਗੀ ਵਿਚ ਦੋ ਚੀਜ਼ਾਂ ਭਾਵ ਮੁਸਕਰਾਉਣਾ ਤੇ ਆਸ ਕਦੇ ਨਾ ਛੱਡਣਾ, ਇਹ ਹੀ ਜੀਵਨ ਹੈ | ਜਿਸ ਨੇ ਆਸ ਛੱਡ ਦਿੱਤੀ ਅਤੇ ਕਿਸਮਤ ਦੇ ਭਰੋਸੇ ਬੈਠ ਗਿਆ, ਸਮਝੋ ਉਸ ਦੀ ਕਿਸਮਤ ਵੀ ਉਸ ਦੇ ਨਾਲ ਹੀ ਬੈਠ ਗਈ |

-ਮੋਬਾਈਲ : 99155-63406.

ਪੁਲਾੜ ਤੇ ਪਕੌੜੇ

15 ਅਗਸਤ ਨੂੰ ਲਾਲ ਕਿਲ੍ਹੇ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲਾਨ ਕੀਤਾ ਕਿ ਭਾਰਤ 2022 ਵਿਚ ਪੁਲਾੜ ਵਿਚ ਚੱਕਰ ਕੱਟਣ ਲਈ ਰਾਕਟ ਆਦਿ 'ਚ ਕਿਸੇ ਭਾਰਤੀ ਬੀਬੀ ਜਾਂ ਬੰਦੇ ਨੂੰ ਭੇਜੇਗਾ |
ਇਸੇ ਭਾਸ਼ਣ 'ਚ ਉਨ੍ਹਾਂ ਭਾਰਤ ਦੀਆਂ ਉਨ੍ਹਾਂ ਨੇਵੀ ਦੀਆਂ ਅਫ਼ਸਰ ਬੀਬੀਆਂ ਦੀ ਉਸਤਤ ਕੀਤੀ, ਜਿਨ੍ਹਾਂ ਨੇ 'ਤਾਰਨੀ' ਅਭਿਆਨ ਰਾਹੀਂ ਸੱਤ ਸਮੰੁਦਰ ਪਾਰ ਦੀ ਸੈਰ ਕਰ ਕੇ ਸੁਰੱਖਿਅਤ ਵਾਪਸ ਆ ਕੇ ਭਾਰਤ ਦਾ ਨਾਂਅ ਉੱਚਾ ਕੀਤਾ ਹੈ | ਉਨ੍ਹਾਂ ਮਾਊਾਟ ਐਵਰੈਸਟ ਸਰ ਕਰਨ ਵਾਲੀ ਕੁੜੀ ਦੀ ਵੀ ਉਸਤੁਤ ਕੀਤੀ ਹੈ ਤੇ ਮੁਸਲਮਾਨ ਔਰਤਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਉਹ ਤਿੰਨ ਤਲਾਕ ਵਿਰੁੱਧ ਕਾਨੂੰਨ ਬਣਾਉਣ ਵਾਲਾ ਬਿੱਲ ਪਾਸ ਕਰਵਾ ਕੇ ਹੀ ਰਹਿਣਗੇ ਤੇ ਉਨ੍ਹਾਂ ਨੂੰ ਇਸ ਨਰਕ 'ਚ ਕੱਟਣ ਵਾਲੇ ਅਜ਼ਾਬ ਤੋਂ ਨਿਜਾਤ ਦਿਵਾ ਕੇ ਹੀ ਰਹਿਣਗੇ |
ਉਨ੍ਹਾਂ ਫਿਰ ਦੁਹਰਾਇਆ, 'ਸਭ ਕਾ ਸਾਥ, ਸਭ ਕਾ ਵਿਕਾਸ', ਇਸ ਤੋਂ ਭਾਰਤ ਦੀਆਂ ਬੀਬੀਆਂ ਨੂੰ ਇਕ ਆਸ ਜਾਗੀ ਕਿ ਭਾਰਤ ਵਲੋਂ ਕੋਈ ਬੀਬੀ ਹੀ ਪੁਲਾੜ ਵਿਚ ਭੇਜੀ ਜਾਏਗੀ | ਉਹ ਖਾਸ ਪ੍ਰਸਿੱਧ ਬੀਬੀਆਂ ਜਿਹੜੀਆਂ ਇਸ ਸਮੇਂ 'ਨਾ ਮੋਦੀ', 'ਮੋਦੀ ਨਾ' ਉੱਚਰ ਕੇ ਉਨ੍ਹਾਂ ਨਾਲ ਚਿੜ੍ਹੀਆਂ ਹੋਈਆਂ ਹਨ, ਉਨ੍ਹਾਂ ਨੂੰ ਆਸ ਜਾਗੀ ਹੈ ਕਿ ਮੋਦੀ ਪਾਸਾ ਪਲਟਣ 'ਚ ਮਾਹਿਰ ਹਨ, ਉਹ ਕਿਸੇ ਰੁੱਸੀ ਬੀਬੀ ਨੂੰ ਖ਼ੁਸ਼ ਕਰਨ ਲਈ ਸ਼ਾਇਦ ਉਸੇ ਨੂੰ ਪੁਲਾੜ ਵਿਚ ਭੇਜਣਗੇ | ਪਹਿਲੀ ਆਸ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਹੋ ਸਕਦੀ ਹੈ | ਫਿਰ ਆਪਣੀ ਬਹੁਜਨ ਸਮਾਜ ਵਾਲੀ ਮਾਇਆਵਤੀ ਵੀ ਉਮੀਦਵਾਰ ਹੋ ਸਕਦੀ ਹੈ, ਕਾਂਗਰਸ 'ਚੋਂ ਤੇਜ਼-ਤਰਾਰ ਐਮ.ਪੀ. ਰੇਣੁਕਾ ਚੌਧਰੀ ਵੀ ਉਮੀਦ ਲਾ ਸਕਦੀ ਹੈ |
ਭਾਰਤੀ ਜਨਤਾ ਪਾਰਟੀ 'ਚੋਂ ਬੰਗਾਲ ਦੀ ਰੂਪਾ ਗਾਂਗੁਲੀ (ਮਮਤਾ ਨੂੰ ਟੱਕਰ ਦੇਣ ਵਾਲੀ) ਤੇ ਉਹਦੇ ਮੁਕਾਬਲੇ ਵਾਲੀ ਸਮਿ੍ਤੀ ਇਰਾਨੀ ਤੇ ਦਿੱਲੀ ਦੀ ਮੀਨਾਕਸ਼ੀ ਲੇਖੀ ਵੀ ਉਚਿਤ ਉਮੀਦਵਾਰ ਹੋ ਸਕਦੀਆਂ ਹਨ | ਪਰ ਕੀ ਪਤਾ ਆਖਰੀ ਵਕਤ ਕਿਸੇ ਹੋਰ ਦੀ ਕਿਸਮਤ ਹੀ ਜਾਗ ਪਏ |
ਮਰਦਾਂ ਵਿਚੋਂ ਸਭ ਤੋਂ ਉੱਪਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਨੰਬਰ ਹੋ ਸਕਦਾ ਹੈ ਕਿਉਂਕਿ ਹੁਣ ਤਾਂ ਉਨ੍ਹਾਂ ਨੇ ਇਕ ਸਰਪ੍ਰਾਈਜ਼ ਦਿੱਤਾ ਹੈ, ਪਾਰਲੀਮੈਂਟ 'ਚ ਮੋਦੀ ਨੂੰ ਅਚਾਨਕ ਜੱਫੀ ਪਾ ਕੇ... ਹੋ ਸਕਦਾ ਹੈ ਮੋਦੀ ਵੀ ਰਾਹੁਲ ਨੂੰ ਇਹ ਸਰਪ੍ਰਾਈਜ਼ ਦੇ ਦੇਣ | ਸਰਪ੍ਰਾਈਜ਼ ਦੇਣਾ ਮੋਦੀ ਦਾ ਸੁਭਾਅ ਹੈ | ਉਹ ਸੁਬਰਾਮਨੀਅਮ ਸੁਆਮੀ ਤੇ ਯੋਗੀ ਅਦਿਤਿਯਾ ਨਾਥ ਨੂੰ ਵੀ ਇਹ ਮਾਣ ਦੇ ਸਕਦੇ ਹਨ, ਹੋ ਸਕਦਾ ਹੈ ਐਨ ਆਖਰੀ ਮੌਕੇ 'ਤੇ ਸ਼ਤਰੂਘਨ ਸਿਨਹਾ ਦਾ ਨਾਂਅ ਵੀ ਲੈ ਦੇਣ | ਜੇਕਰ ਛੇਤੀ ਹੀ ਹੋਣ ਵਾਲੇ ਮੱਧ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ 'ਚ ਅਸੰਬਲੀ ਚੋਣਾਂ 'ਚ, ਭਾਜਪਾ ਦੇ ਮੁੜ ਜਿੱਤਣ ਦੀ ਕੋਈ ਕੁਦਰਤੀ ਰਹਿਮਤ ਹੋ ਗਈ ਤਾਂ ਹੋ ਸਕਦਾ ਹੈ ਅਮਿਤ ਸ਼ਾਹ ਨੂੰ ਵੀ ਪੁਲਾੜ ਘੰੁਮਣ ਦਾ ਇਹ ਮਾਣ ਪ੍ਰਾਪਤ ਹੋ ਜਾਏ | ਸਰਪ੍ਰਾਈਜ਼ 'ਚ ਸੋਨੀਆ ਦਾ ਦਾਮਾਦ ਵਾਡਰਾ ਤੇ ਅਮਿਤ ਸ਼ਾਹ ਦੇ ਸਪੁੱਤਰ ਦਾ ਨਾਂਅ ਵੀ ਹੋ ਸਕਦਾ ਹੈ, ਜਿਨ੍ਹਾਂ ਨੇ ਕਰਾਮਾਤ ਵਿਖਾਈ ਹੈ ਕਿ ਦਿਨਾਂ ਵਿਚ ਥੋੜ੍ਹੇ ਪੈਸੇ ਖਰਚ ਕੇ ਜਾਂ ਬਿਨਾਂ ਪੈਸੇ ਖਰਚਿਆਂ ਕਿੱਦਾਂ ਲੱਖਾਂਪਤੀ ਤੇ ਅਰਬਪਤੀ ਬਣ ਜਾਈਦਾ ਹੈ |
ਚਲੋ ਜੀ, 2022 ਅਜੇ ਬੜੀ ਦੂਰ ਹੈ, ਹੋਰ ਵੀ ਬੜੇ ਉਮੀਦਵਾਰ ਹਨ ਪਤਾ ਨਹੀਂ ਕਿਸ ਦੀ ਵਾਰੀ ਆਏਗੀ | ਪਰ ਸ਼ੁਕਰ ਹੈ ਇਸ ਵਾਰ ਮੋਦੀ ਨੇ ਪੁਲਾੜ 'ਚ ਭਾਰਤ ਦੀ ਪਲਾਂਘ ਚੁੱਕਣ ਵਾਲੀ ਗੱਲ ਕਹਿ ਕੇ, ਆਪਣੀ ਸ਼ੋਭਾ ਵਧਾ ਲਈ ਹੈ, ਕਿਤੇ ਬੇਕਾਰ ਨੌਜਵਾਨਾਂ ਨੂੰ ਪਕੌੜੇ ਤਲਣ ਦੀ ਸਲਾਹ ਨਹੀਂ ਦੁਹਰਾਈ |
ਪਰ ਮੈਂ ਹੈਰਾਨ ਹਾਂ ਕਿ ਸਾਡੇ ਭਾਰਤੀ ਲੋਕਾਂ 'ਚ ਪਕੌੜੇ, ਸਮੋਸੇ ਤਲਣ ਵਾਲਿਆਂ ਲਈ ਕਿੰਨੀ ਦੁਰਭਾਵਨਾ ਹੈ | ਭਲਾ ਮਿਹਨਤ ਕਰਨ ਵਿਚ ਕੀ ਹਰਜ ਹੈ?
ਮੈਂ ਦੱਸ ਦਿਆਂ ਕਿ ਅਮਰੀਕਾ ਦੇ ਕੁਝ ਪਿਛਲੇ ਰਾਸ਼ਟਰਪਤੀ, ਬਚਪਨ 'ਚ ਅਖ਼ਬਾਰਾਂ ਵੰਡਣ ਦਾ ਕੰਮ ਕਰਿਆ ਕਰਦੇ ਸਨ | ਅਮਰੀਕਨ ਲੋਕਾਂ ਨੇ ਕਦੇ ਵੀ ਉਨ੍ਹਾਂ ਦੀ ਇਸ ਕਿਰਤ ਨੂੰ ਛੋਟਾ ਨਹੀਂ ਸਮਝਿਆ ਤੇ ਕਿਸੇ ਨੇ ਵੀ ਉਨ੍ਹਾਂ ਦੀ ਇਸ ਕਿਰਤ ਨੂੰ ਹਾਸੋ ਹੀਣਾ ਜਾਣ ਕੇ ਨਿਗੂਣਾ ਨਹੀਂ ਸਮਝਿਆ, ਸਗੋਂ ਮਾਣ ਕੀਤਾ ਕਿ ਬਚਪਨ 'ਚ ਮਿਹਨਤ ਕਰਨ ਵਾਲੇ ਇਹ ਸ਼ਖ਼ਸ ਦੇਸ਼ ਦੇ ਰਾਸ਼ਟਰਪਤੀ ਅਹੁਦੇ ਤੱਕ ਪਹੁੰਚੇ |
ਆਪਣੇ ਦੇਸ਼ 'ਚ, ਪਹਿਲੀ ਵਾਰ ਬਚਪਨ 'ਚ ਚਾਹ ਵੇਚਣ ਵਾਲਾ ਉਹ ਵੀ ਰੇਲਵੇ ਸਟੇਸ਼ਨ 'ਤੇ, ਜਦ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਉਸ ਪ੍ਰਤੀ ਕਿੰਨੀਆਂ ਨੀਵੀਆਂ ਤੇ ਹਾਸੋਹੀਣੀਆਂ ਟਿੱਪਣੀਆਂ ਕੀਤੀਆਂ ਗਈਆਂ | ਕਾਂਗਰਸ ਦੇ ਆਪਣੇ-ਆਪ ਨੂੰ ਬਹੁਤ ਹੀ ਜ਼ਹੀਨ ਸਮਝਣ ਵਾਲੇ ਨੇਤਾ ਮਣੀਸ਼ੰਕਰ ਅਈਅਰ ਨੇ ਪ੍ਰਧਾਨ ਮੰਤਰੀ ਮੋਦੀ ਬਾਰੇ ਘਟੀਆ ਸ਼ਬਦ ਕਹੇ | ਮੈਂ ਬਹੁਤ ਸਾਲ ਪਹਿਲਾਂ ਹਿੰਦੀ ਦੇ ਪ੍ਰਸਿੱਧ ਮੈਗਜ਼ੀਨ 'ਸਰਿਤਾ' 'ਚ ਇਕ ਸੱਚੀ ਹੈਰਾਨਕੁੰਨ ਖ਼ਬਰ ਪੜ੍ਹੀ ਸੀ, ਜੋ ਮੈਨੂੰ ਤਾ-ਜ਼ਿੰਦਗੀ ਕਦੇ ਨਹੀਂ ਭੁੱਲੇਗੀ... 'ਹਿੰਦੁਸਤਾਨ 'ਚੋਂ ਸਾਡੇ ਕਾਲਜ ਵਿਦਿਆਰਥੀਆਂ ਦਾ ਇਕ ਜਥਾ ਆਪਣੇ ਪਿੰ੍ਰਸੀਪਲ ਦੇ ਨਾਲ ਅਮਰੀਕਾ ਦੀ ਇਕ ਯੂਨੀਵਰਸਿਟੀ ਦੇ ਦੌਰੇ 'ਤੇ ਗਿਆ | ਉਨ੍ਹਾਂ ਨੂੰ ਲੈਣ, ਸਵਾਗਤ ਹਿਤ, ਰੇਲਵੇ ਸਟੇਸ਼ਨ 'ਤੇ ਇਕ ਯੂਨੀਵਰਸਿਟੀ ਦਾ ਨੁਮਾਇੰਦਾ ਖੜ੍ਹਾ ਸੀ, ਬਿਲਕੁਲ ਸਾਦੇ ਕੱਪੜਿਆਂ 'ਚ ਸੀ | ਜਦੋਂ ਸਾਡੇ ਵਿਦਿਆਰਥੀ ਪਿੰ੍ਰਸੀਪਲ ਦੀ ਅਗਵਾਈ 'ਚ, ਰੇਲ ਗੱਡੀ ਦੇ ਆਪਣੇ ਡੱਬੇ 'ਚੋਂ ਬਾਹਰ ਨਿਕਲੇ ਤਾਂ ਉਸ ਸ਼ਖ਼ਸ ਨੇ ਉਨ੍ਹਾਂ ਦਾ ਸਵਾਗਤ ਹੱਥ ਮਿਲਾ ਕੇ ਹੀ ਨਹੀਂ ਕੀਤਾ ਸਗੋਂ ਪਿੰ੍ਰਸੀਪਲ ਦਾ ਸੂਟਕੇਸ ਆਪ ਚੁੱਕ ਲਿਆ, ਦੂਜੇ ਵਿਦਿਆਰਥੀ ਦੇ ਸਾਮਾਨ ਵੀ ਝੱਟ ਉਸ ਸ਼ਖ਼ਸ ਦੇ ਨਾਲ ਆਏ, ਦੂਜੇ ਲੋਕਾਂ ਨੇ ਚੁੱਕ ਲਿਆ | ਪਤਾ ਲੱਗਾ ਕਿ ਉਨ੍ਹਾਂ ਦਾ ਸਵਾਗਤ ਕਰਨ ਵਾਲੇ ਤੇ ਸਾਮਾਨ ਚੁੱਕਣ ਵਾਲੇ ਉਸ ਯੂਨੀਵਰਸਿਟੀ ਦੇ ਚਾਂਸਲਰ (ਕੁਲਪਤੀ) ਸਨ ਤੇ ਬਾਕੀ ਦੇ ਉਨ੍ਹਾਂ ਦੇ ਪ੍ਰੋਫੈਸਰ | ਉਥੇ ਕਿਸੇ ਨੂੰ ਕਿਸੇ ਕੁਲੀ ਦੀ ਉਡੀਕ ਨਹੀਂ ਕਰਨੀ ਪਈ |
ਐਨੀ ਵੱਡੀ ਹਸਤੀ ਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਐਨੀ ਨਿਮਰਤਾ ਵੇਖ ਕੇ ਸਾਡੇ ਭਾਰਤੀ ਨੁਮਾਇੰਦਿਆਂ ਦੀ ਹਾਲਤ ਖਰਾਬ ਹੋ ਗਈ, ਕਿਉਂਕਿ ਸਾਡੇ ਭਾਰਤ ਵਿਚ ਤਾਂ 'ਸਸਤੀ' ਤਾਂ ਬਹੁਤ ਵੱਡੀ ਹਸਤੀ ਹੁੰਦੀ ਹੈ, ਆਪਣਾ ਸਾਮਾਨ ਆਪ ਚੁੱਕਣ, ਹੋ ਹੀ ਨਹੀਂ ਸਕਦਾ | ਉਹ ਇਸ ਹੀਣ-ਭਾਵਨਾ ਦੇ ਸ਼ਿਕਾਰ ਹਨ | ਹਸਤੀ, ਅਹੁਦੇ ਨਾਲ ਬਣਦੀ ਹੈ, ਏਥੇ ਤਾਂ ਅਹੁਦੇ ਸਾਹਮਣੇ ਸਭ ਝੁਕਦੇ ਹਨ | ਮਾਨਤਾ ਹੈ ਕਿ ਹਰ ਛੋਟਾ ਝੁਕਦਾ ਹੈ, ਝੁਕਾਉਣ ਵਾਲਾ ਚਾਹੀਦਾ ਹੈ |
ਅਮਰੀਕਾ ਦੇ ਪ੍ਰਸਿੱਧ ਰਾਸ਼ਟਰਪਤੀ ਅਬਰਾਹਮ ਲਿੰਕਨ ਬੜੀ ਹਲੀਮੀ ਵਾਲੀ ਸ਼ਖ਼ਸੀਅਤ ਸਨ | ਉਹ ਹਰ ਰੋਜ਼ ਘਰ ਜਾਣ ਤੋਂ ਪਹਿਲਾਂ ਆਪਣੀ ਆਈ ਹੋਈ ਡਾਕ ਨੂੰ , ਜਿਸ 'ਚੋਂ ਕੁਝ ਉਨ੍ਹਾਂ ਦੇ 'ਸੈਕਟਰੀ' ਬੇਕਾਰ ਜਾਣ ਕੇ ਕੁਝ ਚਿੱਠੀਆਂ ਵੇਸਟ ਪੇਪਰ ਬਾਸਕਟ 'ਚ ਸੁੱਟ ਦਿਆ ਕਰਦੇ ਸਨ, ਉਹ ਇਸ ਬਾਕਸ 'ਚੋਂ ਸਭ ਚਿੱਠੀਆਂ ਚੁੱਕ ਕੇ ਮੁੜ ਪੜਿ੍ਹਆ ਕਰਦੇ ਸਨ | ਇਕ ਚਿੱਠੀ ਇਕ ਸਕੂਲੀ ਬੱਚੇ ਦੀ ਸੀ, ਜਿਸ ਨੇ ਸੁਝਾਅ ਦਿੱਤਾ ਸੀ ਕਿ ਉਨ੍ਹਾਂ ਦਾ ਚਿਹਰਾ ਬਹੁਤ ਪਤਲਾ ਹੈ, ਇਸ ਲਈ ਉਹ ਦਾੜ੍ਹੀ ਰੱਖ ਲੈਣ ਤਾਂ ਜੋ ਉਨ੍ਹਾਂ ਦਾ ਚਿਹਰਾ ਅੱਛਾ ਲੱਗਣ ਲੱਗੇ | ਸੱਚਮੁੱਚ ਉਨ੍ਹਾਂ ਨੇ ਉਸੇ ਦਿਨ ਤੋਂ ਦਾੜ੍ਹੀ ਰੱਖਣੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਦੀ ਸ਼ਖ਼ਸੀਅਤ ਲੁਭਾਉਣੀ ਨਿਖਰ ਆਈ | ਬਾਰਿਸ਼ਾਂ ਦਾ ਮੌਸਮ ਹੈ ਇਹ, ਇਸ ਮੌਸਮ ਦੀ ਸਭ ਤੋਂ ਵੱਡੀ ਪਾਪੂਲਰ ਸ਼ੈਅ ਕੀ ਹੈ ਘਰਾਂ ਵਿਚ...?
ਗਰਮਾ ਗਰਮ ਚਾਹ ਤੇ ਗਰਮਾ ਗਰਮ ਪਕੌੜੇ |
ਇਸੇ ਨਾਲ ਸਵਾਗਤ ਕੀਤਾ ਜਾਂਦਾ ਹੈ ਆਏ-ਗਏ ਦਾ | ਆਏ ਗਏ ਨਾ ਵੀ ਹੋਣ ਤਾਂ ਵੀ ਅਕਸਰ ਸਭਨਾਂ ਲਈ ਗਰਮਾ-ਗਰਮ ਪਕੌੜੇ ਪਰੋਸੇ ਜਾਂਦੇ ਹਨ | ਅਕਸਰ ਘਰ ਦੀ ਸੁਆਣੀ ਹੀ ਪਕੌੜੇ ਤਲ ਕੇ ਲਿਆਉਂਦੀ ਹੈ | ਲੋਕੀਂ ਛਕ ਕੇ ਕਿੱਦਾਂ ਤਾਰੀਫ਼ ਕਰਦੇ ਹਨ | 'ਵਾਹ ਭਾਬੀ ਜੀ ਵਾਹ, ਪਕੌੜੇ ਤਲਣੇ ਤਾਂ ਕੋਈ ਤੁਹਾਡੇ ਤੋਂ ਸਿੱਖੇ |'
'ਚਾਹ ਤੇ ਪਕੌੜੇ ਤਾਂ ਭਾਬੀ ਜੀ ਦੇ ਹੱਥੀਂ ਬਣਾਏ ਹੋਏ ਹੀ ਖਾਣ ਦਾ ਮਜ਼ਾ ਹੈ',
'ਭਾਬੀ ਜੀ, ਐਨੇ ਸੁਆਦੀ ਪੌਕੜੇ ਨਾ ਖਵਾਇਆ ਕਰੋ, ਨਹੀਂ ਤਾਂ ਅਸੀਂ ਰੋਜ਼-ਰੋਜ਼ ਆ ਜਾਇਆ ਕਰਾਂਗੇ |' ਭਾਬੀ ਜੀ ਵੀ ਖੁਸ਼ੀ ਨਾਲ ਖੀਵੀ ਹੋਈ ਕਹਿੰਦੀ ਹੈ, ਜਮ ਜਮ ਆਓ, ਨਿੱਤ ਨਿੱਤ ਆਓ, ਤੁਹਾਡੇ ਨਾਲੋਂ ਪਕੌੜੇ ਚੰਗੇ ਨੇ?
ਚਾਹ-ਪਕੌੜੇ ਤੇ ਸਮੋਸੇ ਸਾਡੇ ਸੱਭਿਆਚਾਰ ਦਾ ਅਟੁੱਟ ਹਿੱਸਾ ਨੇ, ਕੋਈ ਪਾਰਟੀ ਐਸੀ ਨਹੀਂ, ਜਿਸ 'ਚ ਬਰਫੀ, ਪਕੌੜੇ ਤੇ ਸਮੋਸੇ ਮਹਿਮਾਨ-ਨਿਵਾਜ਼ੀ ਦਾ ਵਿਸ਼ੇਸ਼ ਹਿੱਸਾ ਨਾ ਬਣਨ |
ਐਥੇ ਮੰੁਬਈ ਤੇ ਮਹਾਰਾਸ਼ਟਰ ਵਿਚ ਹਰ ਖਾਸ-ਓ-ਆਮ ਦੀ ਪਸੰਦ ਹੈ, ਵੜਾ ਪਾਓ ਤੇ ਸਮੋਸਾ-ਵੜਾ, ਆਲੂਆਂ ਦਾ ਵੇਸਣ ਵਿਚ ਗੋਲ ਜਿਹਾ ਤਲਿਆ ਹਇਆ ਪਕੌੜਾ ਹੀ ਹੈ | ਦੂਜੀ ਪਸੰਦ ਲੋਕਾਂ ਦੀ ਆਲੂਆਂ ਦਾ ਪਕੌੜਾ ਤੇ ਪਿਆਜ਼ਾਂ ਦਾ ਤਲਿਆ ਪਕੌੜਾ ਪਾਓ ਹੈ | ਪਾਓ, ਬੇਕਰੀ ਦੇ ਛੋਟੇ ਆਕਾਰ ਦੇ ਬੰਦ ਵਰਗਾ ਹੁੰਦਾ ਹੈ |
ਪਕੌੜੇ ਆਲੂਆਂ ਦੇ, ਮੇਥੀ ਦੇ, ਪਾਲਕ ਦੇ, ਪਿਆਜ ਦੇ, ਗੋਭੀ ਦੇ, ਭਾਂਤ-ਭਾਂਤ ਤਰ੍ਹਾਂ ਦੇ ਬਣਦੇ ਹਨ |
ਕੱਲ੍ਹ ਮੈਂ ਘਰੋਂ ਨਿਕਲਿਆ, ਬਾਜ਼ਾਰ ਵਿਚ ਵੇਖਿਆ ਇਕ ਥਾਂ ਤੋਂ ਲੈ ਕੇ ਬਾਜ਼ਾਰ ਦੇ ਦੂਜੇ ਸਿਰੇ ਤੱਕ ਘੱਟੋ-ਘੱਟ ਵੀਹ ਸਟਾਲ ਪਕੌੜਿਆਂ ਦੇ ਸਨ, ਜਿਥੇ ਤਾਜ਼ੇ ਪਕੌੜੇ ਤਲੇ ਜਾ ਰਹੇ ਸਨ ਤੇ ਖਾਣ ਵਾਲੇ ਗਾਹਕਾਂ ਦੀਆਂ ਭੀੜਾਂ ਲੱਗੀਆਂ ਸਨ | ਪੰਜਾਬ 'ਚ ਵੀ ਵੇਖੋ, ਪਕੌੜੇ ਤਲਣ ਵਾਲੀਆਂ, ਹਲਵਾਈਆਂ ਦੀਆਂ ਦੁਕਾਨਾਂ ਤੇ ਰੇਹੜੀਆਂ ਦੀ ਕਿੰਨੀ ਗਿਣਤੀ ਹੈ, ਭਰਮਾਰ ਹੈ | ਹਜ਼ਾਰਾਂ, ਲੱਖਾਂ ਪਰਿਵਾਰਾਂ ਦਾ ਗੁਜ਼ਰ-ਬਸਰ, ਉਹ ਵੀ ਵਧੀਆ ਅਮੀਰਾਨਾ ਹੁੰਦਾ ਹੈ |
ਫਿਰ 'ਪਕੌੜੇ' ਤਲਣ 'ਚ ਸ਼ਰਮ ਕਾਹਦੀ? ਇਹ ਵੀ ਰੁਜ਼ਗਾਰ ਹੈ, ਇਸ ਕਰਮ ਲਈ ਡਿਗਰੀਆਂ ਵੀ ਨਹੀਂ ਚਾਹੀਦੀਆਂ, ਇਨ੍ਹਾਂ ਵਾਲੀ ਕਿਰਤ ਕਰਨ ਵਾਲਿਆਂ ਦਾ ਮਜ਼ਾਕ ਕਿਉਂ? ਕਿਰਤ ਕਰਨ 'ਚ ਸ਼ਰਮ ਨਹੀਂ ਹੋਣੀ ਚਾਹੀਦੀ, ਇਸ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਆਪਣੇ ਕੀਤੇ 'ਤੇ ਪਛਤਾਵਾ ਜ਼ਰੂਰ ਹੋਣਾ ਚਾਹੀਦਾ ਹੈ |

ਅਭੁੱਲ ਯਾਦ ਕੰਡਿਆਲੇ ਰਾਹ ਦਾ ਸਫ਼ਰ

ਸ਼ੇਖੂਪੁਰਾ ਦੇ ਰਾਮਗੜ੍ਹੀਆ ਮੁਹੱਲੇ ਵਿਚ ਰਾਮਗੜ੍ਹੀਆ ਭਵਨ ਵਿਖੇ ਮੈਂ ਅਤੇ ਮੇਰੀ ਢਾਈ ਕੁ ਸਾਲ ਦੀ ਭੈਣ ਦੋ ਦਿਨ ਹੀ ਰਹੇ ਸਾਂ ਕਿ ਸਾਨੂੰ ਮਿਲਟਰੀ ਦੇ ਨੌਜਵਾਨਾਂ ਨੇ ਆਪਣੇ ਟਰੱਕ 'ਚ ਬਿਠਾ ਲਿਆ | ਸਾਡੇ ਨਾਲ ਹੋਰ ਵੀ ਕਈ ਲੋਕ ਸਨ ਜੋ ਹਿੰਦੂ ਸਿੱਖ ਹੋਣ ਦੇ ਨਾਤੇ ਪਾਕਿਸਤਾਨ ਛੱਡ ਕੇ ਹਿੰਦੁਸਤਾਨ ਵੱਲ ਜਾ ਰਹੇ ਸਨ | ਇਨ੍ਹਾਂ ਵਿਚ ਬੱਚੇ, ਬੁੱਢੇ, ਜਵਾਨ ਬੰਦੇ ਅਤੇ ਛੋਟੀਆਂ ਬੱਚੀਆਂ ਅਤੇ ਹਰ ਉਮਰ ਦੀਆਂ ਇਸਤਰੀਆਂ ਸਨ | ਸਾਨੂੰ ਲਾਹੌਰ ਤੋਂ ਅਗਲੇ ਸਟੇਸ਼ਨ ਮੁਗਲ ਸਰਾਏ ਤੋਂ ਹਿੰਦੁਸਤਾਨ ਜਾਣ ਵਾਲੀ ਮਾਲ ਗੱਡੀ ਵਿਚ ਬਿਠਾ ਦਿੱਤਾ ਗਿਆ | ਇਸ ਮਾਲ ਗੱਡੀ ਨੂੰ ਪਾਕਿਸਤਾਨ ਦੇ ਡਰਾਈਵਰ ਚਲਾ ਰਹੇ ਸਨ | ਹਿੰਦੁਸਤਾਨ ਦੀ ਸਰਹੱਦ ਤੋਂ ਪਹਿਲਾਂ ਸਟੇਸ਼ਨ ਜੱਲੋ ਸੀ | ਉਸ ਸਟੇਸ਼ਨ ਤੋਂ ਪਹਿਲਾਂ ਗੱਡੀ ਰੋਕ ਲਈ ਗਈ ਅਤੇ ਡਰਾਈਵਰ ਗੱਡੀ ਦਾ ਹਾਰਨ ਜ਼ੋਰ-ਜ਼ੋਰ ਦੀ ਵਜਾਈ ਜਾਂਦਾ ਸੀ, ਤਾਂ ਕਿ ਲਾਗੇ ਦੇ ਪਿੰਡਾਂ ਦੇ ਲੋਕ ਆ ਕੇ ਗੱਡੀ ਵਿਚ ਬੈਠੇ ਹਿੰਦੂਆਂ ਅਤੇ ਸਿੱਖਾਂ ਨੂੰ ਲੁੱਟ ਲੈਣ ਅਤੇ ਇਨ੍ਹਾਂ ਨੂੰ ਮਾਰ ਦੇਣ | ਕੁੜੀਆਂ ਨੂੰ ਕੈਦ ਕਰਕੇ ਆਪਣੇ ਨਾਲ ਲੈ ਜਾਣ |
ਮਾਲ ਗੱਡੀ ਵਿਚ ਬੈਠੇ ਵੀ ਤਲਵਾਰਾਂ, ਡਾਂਗਾਂ ਲਈ ਬੈਠੇ ਸਨ | ਉਨ੍ਹਾਂ ਨੇ ਗੱਡੀ ਤੋਂ ਥੱਲੇ ਉੱਤਰ ਕੇ ਤਲਵਾਰਾਂ ਹਿਲਾ-ਹਿਲਾ ਕੇ ਲੁੱਟਣ ਲਈ ਆਏ ਲੋਕਾਂ ਨੂੰ ਏਨਾ ਡਰਾ ਦਿੱਤਾ ਕਿ ਪੂਰਾ ਅੱਧਾ ਘੰਟਾ ਉਨ੍ਹਾਂ ਦੀ ਗੱਡੀ ਲਾਗੇ ਆਉਣ ਦੀ ਹਿੰਮਤ ਨਹੀਂ ਹੋਈ | ਅਖੀਰ ਡਰਾਈਵਰ ਨੇ ਗੱਡੀ ਚਲਾ ਦਿੱਤੀ | ਬਾਰਡਰ ਪਾਰ ਹੁੰਦਿਆਂ ਹੀ ਮਾਲ ਗੱਡੀ ਵਿਚ ਬੈਠੇ ਬੰਦਿਆਂ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰੇ ਛੱਡਣੇ ਸ਼ੁਰੂ ਕਰ ਦਿੱਤੇ | ਮਾਲ ਗੱਡੀ ਦੇ ਅੰਮਿ੍ਤਸਰ ਪੁੱਜਣ 'ਤੇ ਵੀ ਉੱਚੀ-ਉੱਚੀ ਜੈਕਾਰੇ ਗੰੂਜਦੇ ਰਹੇ | ਅੰਮਿ੍ਤਸਰ ਵਿਖੇ ਵੱਖ-ਵੱਖ ਸੰਸਥਾਵਾਂ ਵਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਸੀ | ਰਾਤ ਨੂੰ ਸੌਣ ਦਾ ਵੀ ਚੰਗਾ ਪ੍ਰਬੰਧ ਕੀਤਾ ਗਿਆ ਸੀ | ਥਾਂ-ਥਾਂ 'ਤੇ ਲਾਊਡ ਸਪੀਕਰਾਂ 'ਤੇ ਆਏ ਲੋਕਾਂ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਸੀ ਤਾਂ ਕਿ ਪਰਿਵਾਰਾਂ ਦੇ ਵਿਛੜੇ ਜੀਅ ਆਪਣੇ ਪਰਿਵਾਰ ਨੂੰ ਮਿਲ ਸਕਣ |

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਮਿੰਨੀ ਕਹਾਣੀ : ਜ਼ਮੀਰ

ਪਿੰਡ ਵਿਚ ਕਰਤਾਰ ਸਿੰਘ ਸਰਾਭੇ ਦਾ ਸ਼ਹੀਦੀ ਦਿਵਸ ਬੜੇ ਜੋਸ਼ੋ- ਖਰੋਸ਼ ਨਾਲ ਮਨਾਇਆ ਜਾ ਰਿਹਾ ਸੀ | ਉਪਕਾਰ ਸਿੰਘ ਵੀ ਕੁਦਰਤੀ ਵਿਦੇਸ਼ ਤੋਂ ਆਇਆ ਹੋਇਆ ਸੀ, ਜੋ ਕਿ ਇਲਾਕੇ ਦਾ ਚੋਟੀ ਦਾ ਬੁਲਾਰਾ ਸੀ | ਉਸ ਨੂੰ ਵੀ ਪ੍ਰਬੰਧਕਾਂ ਨੇ ਸੱਦਾ ਦਿੱਤਾ ਹੋਇਆ ਸੀ | ਉਸ ਦੇ ਆਉਣ 'ਤੇ ਸਟੇਜ ਸੈਕਟਰੀ ਨੇ ਉਸਦੀ ਭਰਪੂਰ ਪ੍ਰਸੰਸਾ ਕੀਤੀ | ਉਸ ਨੂੰ ਚੋਟੀ ਦਾ ਬੁਲਾਰਾ ਅਤੇ ਗਿਆਨ ਦਾ ਭੰਡਾਰਾ ਦੱਸਿਆ | ਕੁਝ ਸਮੇਂ ਬਾਅਦ ਸਟੇਜ ਸੈਕਟਰੀ ਨੇ ਉਪਕਾਰ ਸਿੰਘ ਨੂੰ ਸਨਿਮਰ ਬੇਨਤੀ ਕਰਦਿਆਂ ਹੋਇਆਂ ਸਟੇਜ ਤੇ ਬੁਲਾਇਆ ਅਤੇ ਆਪਣੇ ਵਿਚਾਰ ਪੇਸ਼ ਕਰਨ ਦੀ ਬੇਨਤੀ ਦੇ ਨਾਲ ਹੀ ਸਰੋਤਿਆਂ ਨੂੰ ਜ਼ੋਰਦਾਰ ਤਾੜੀਆਂ ਵਜਾ ਕੇ ਸਵਾਗਤ ਕਰਨ ਲਈ ਕਿਹਾ | ਉਪਕਾਰ ਸਿੰਘ ਸਟੇਜ 'ਤੇ ਆਇਆ, ਬੋਲਿਆ ਤਾਂ ਨਾਲ ਹੀ ਸਰੋਤਿਆਂ ਵਿਚ ਘੁਸਰ-ਮੁਸਰ ਸ਼ੁਰੂ ਹੋ ਗਈ, 'ਅੱਜ ਇਹ ਨੂੰ ਕੀ ਹੋ ਗਿਆ? ਕੀ ਇਹਦੀ ਸਿਹਤ ਤਾਂ ਠੀਕ ਹੈ? ਅੱਜ ਪਹਿਲੀ ਵੇਰ ਇਹ ਐਨਾ ਕਿਲ੍ਹ-ਕਿਲ੍ਹ ਕੇ ਬੋਲਦਾ ਵੇਖਿਆ | ' ਸ਼ਾਮੀਂ ਉਸ ਦੇ ਦੋਸਤਾਂ-ਮਿੱਤਰਾਂ ਨੇ ਪੁੱਛ ਹੀ ਲਿਆ ਕਹਿੰਦੇ, 'ਉਪਕਾਰ ਸਿਓੁਾ ਅੱਜ ਪਹਿਲਾਂ ਵਾਲੀ ਗੱਲ ਨਹੀਂ ਬਣੀ ?' 'ਪਹਿਲਾਂ ਵਾਲੀ ਗੱਲ ਬਣਨੀ ਵੀ ਨਹੀਂ ਸੀ | ਮੈਂ ਸਾਰੀ ਉਮਰ ਤਾਂ ਸਰਾਭੇ ਵਰਗੇ ਦੇਸ਼ ਭਗਤਾਂ ਦੇ ਗੁਣ ਗਾਉਂਦਾ ਰਿਹਾ, ਕਿਵੇਂ ਉਨ੍ਹਾਂ ਨੇ ਹੱਸ-ਹੱਸ ਕੇ ਫਾਂਸੀਆਂ ਦੇ ਫੰਦੇ ਚੁੰਮ- ਚੁੰਮ ਕੇ ਸਾਨੂੰ ਆਜ਼ਾਦੀ ਲੈ ਕੇ ਦਿੱਤੀ | ਕਿਵੇਂ ਉਸ ਨੇ ਆਪਣੇ ਦੇਸ਼ ਲਈ ਅਮਰੀਕਾ ਜਿਹਾ ਸੋਹਣਾ ਮੁਲਕ ਠੁਕਰਾਇਆ | ਓਧਰ ਹੁਣ ਓਹਦੀ ਦੇਸ਼ ਭਗਤੀ ਵੇਖ ਲਵੋ ਤੇ ਏਧਰ ਸਾਡਾ ਦੇਸ਼ ਪ੍ਰੇਮ ਵੇਖ ਲਵੋ | ਗੋਰਿਆਂ ਨੂੰ ਦੇਸ਼ ਵਿਚੋਂ ਕੱਢਿਆ, ਜਿਨ੍ਹਾਂ ਸਾਨੂੰ ਗੁਲਾਮ ਬਣਾਇਆ ਹੋਇਆ ਸੀ ਅਤੇ ਸਾਡੇ ਦੇਸ਼ ਦਾ ਸਰਮਾਇਆ ਲੁੱਟ ਕੇ ਆਪਣੇ ਦੇਸ਼ ਲਿਜਾ ਰਹੇ ਸਨ | ਪਰ ਹੁਣ ਮੈਂ ਓਹੀ ਗੋਰਿਆਂ ਦੀ ਗੁਲਾਮੀ ਕਰ ਰਿਹਾ ਹਾਂ, ਉਹ ਵੀ ਲੱਖਾਂ ਰੁਪਏ ਲਾ ਕੇ ਉਨ੍ਹਾਂ ਦੇ ਦੇਸ਼ ਜਾ ਕੇ ਮੈਂ ਉਨ੍ਹਾਂ ਦੀ ਰਾਖੀ ਕਰ ਰਿਹਾ ਹਾਂ | ਭਾਵ ਸਕਿਉਰਟੀ ਗਾਰਡ ਲੱਗਾ ਹਾਂ | ਮੈਂ ਵੀ ਇਨਸਾਨ ਹਾਂ, ਮੇਰੇ ਵਿਚ ਵੀ ਜ਼ਮੀਰ ਹੈ | ਮੇਰੀ ਜ਼ਮੀਰ ਅੱਜ ਮੈਨੂੰ ਅੰਦਰੋਂ ਫਿੱਟ ਲਾਹਣਤਾਂ ਪਾ ਰਹੀ ਸੀ | ਮੈਂ ਕਾਹਦਾ ਬੋਲਣਾ ਸੀ, ਮੈਂ ਤਾਂ ਟਾਈਮ ਪਾਸ ਕੀਤਾ ਹੈ | ਹੁਣ ਕਿਹੜਾ ਫਾਂਸੀ ਦਾ ਫੰਦਾ ਚੁੰਮਣਾ ਸੀ ਜਾਂ ਕਾਲੇ ਪਾਣੀਆਂ ਦੀ ਕੈਦ ਹੋਣੀ ਸੀ ਜਾਂ ਜਾਇਦਾਦ ਕੁਰਕ ਹੋਣੀ ਸੀ ਸਿਰਫ ਤੇ ਸਿਰਫ ਸਮਾਜ ਸੇਵਾ ਹੀ ਸੀ | ਉਪਕਾਰ ਸਿੰਘ ਨੇ ਹਓਕਾ ਲੈਂਦਿਆਂ ਆਖਿਆ, 'ਮੇਰੀ ਬੇਟੀ ਦੇ ਬਾਹਰ ਜਾਣ ਦੀ ਜ਼ਿੱਦ ਨੇ ਮੈਨੂੰ ਵੀ ਬੇ-ਅਣਖਾ, ਬੇਗ਼ੈਰਤ ਅਤੇ ਮਰੀ ਜ਼ਮੀਰ ਵਾਲਾ ਇਨਸਾਨ ਬਣਾ ਦਿੱਤਾ ਹੈ | ਮੇਰੀ ਆਤਮਾ ਮੈਨੂੰ ਹਰ ਰੋਜ਼ ਕੋਸਦੀ ਰਹਿੰਦੀ ਹੈ, ਕਈ ਵੇਰ ਤਾਂ ਮੈਨੂੰ ਅਕਿ੍ਤਘਣ ਵੀ ਆਖ ਦਿੰਦੀ ਹੈ | ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ, ਧੰਨਵਾਦ' |

-ਗਿੱਲ ਨਗਰ ਗਲੀ ਨੰ^13. ਮੁੱਲਾਂਪੁਰ ਦਾਖ਼ਾ (ਲੁਧਿਆਣਾ) |

ਮਿੰਨੀ ਕਹਾਣੀ: ਇੱਜ਼ਤ

ਮਨਦੀਪ ਕਾਲਜ ਤੋਂ ਘਰ ਵੱਲ ਜਾ ਰਹੀ ਸੀ | ਅੱਜ ਉਸ ਦੀ ਸਹੇਲੀ ਆਪਣੀ ਮਾਸੀ ਦੀ ਧੀ ਦੇ ਵਿਆਹ 'ਤੇ ਗਈ ਹੋਈ ਸੀ | ਤਾਂ ਹੀ ਤਾਂ ਮਨਦੀਪ 'ਕੱਲੀ ਜਾ ਰਹੀ ਸੀ | ਉਹ ਘਰ ਵੱਲ ਆ ਰਹੀ ਸੀ | ਬਹੁਤ ਗਰਮੀ ਸੀ | ਰਸਤਾ ਸੁੰਨਸਾਨ ਸੀ |
ਮਨਦੀਪ ਨੂੰ ਇਵੇਂ ਮਹਿਸੂਸ ਹੋਇਆ ਕਿ ਉਸ ਦਾ ਪਿੱਛਾ ਕੋਈ ਕਰ ਰਿਹਾ ਹੈ | ਉਸ ਨੇ ਪਿੱਛੇ ਮੁੜ ਕੇ ਦੇਖਿਆ | ਦੋ ਲੜਕੇ ਗੰਦਾ ਜਿਹਾ ਗਾਣਾ ਗਾਉਂਦੇ ਆ ਰਹੇ ਸਨ | ਉਨ੍ਹਾਂ ਦੀਆਂ ਹਰਕਤਾਂ ਦੇਖ ਕੇ ਮਨਦੀਪ ਨੇ ਜਲਦੀ ਨਾਲ ਖਾਲੀ ਮੈਸਜ ਕਰ ਦਿੱਤਾ ਤੇ ਬੈਲ ਦੇ ਦਿੱਤੀ |
ਉਹ ਮੁੰਡੇ ਉਸ ਨਾਲ ਛੇੜਖਾਨੀ ਕਰਨ ਲੱਗੇ | ਉਸ ਨੇ ਇਕ-ਇਕ ਲੱਫੜ ਦੋਵਾਂ ਦੇ ਮਾਰਿਆ | ਮਨਦੀਪ ਨੇ ਪੈਰਾਂ ਤੇ ਹੱਥਾਂ ਨਾਲ ਮਾਰ-ਮਾਰ ਕੇ ਉਨ੍ਹਾਂ ਮੁੰਡਿਆਂ ਦਾ ਬੁਰਾ ਹਾਲ ਕਰ ਦਿੱਤਾ |
ਉਸ ਸਮੇਂ ਤੱਕ ਪੁਲਿਸ ਦੀ ਜੀਪ ਪਹੁੰਚ ਗਈ | ਦੋਵੇਂ ਭੱਜਣ ਲੱਗੇ | ਮਨਦੀਪ ਨੇ ਇਕ ਨੂੰ ਲੱਤ ਮਾਰ ਕੇ ਥੱਲੇ ਸੁੱਟ ਦਿੱਤਾ | ਉਸੇ ਸਮੇਂ ਥਾਣੇਦਾਰ ਨੇ ਕਿਹਾ 'ਸ਼ਾਬਾਸ਼ ਇਵੇਂ ਦੀਆਂ ਬਹਾਦਰ ਬੇਟੀਆਂ ਹੋਣੀਆਂ ਚਾਹੀਦੀਆਂ ਹਨ | ਵਾਹ ! ਵਾਹ! ਕਮਾਲ ਕਰ ਦਿੱਤੀ!'
ਅੰਕਲ ਜੀ! ਮੇਰੀ ਦਾਦੀ ਨੇ ਮੈਨੂੰ ਲੜਕਿਆਂ ਦੀ ਤਰ੍ਹਾਂ ਪਾਲਿਆ | ਉਨ੍ਹਾਂ ਮੈਨੂੰ ਦੁੱਧ ਮੱਖਣ ਨਾਲ ਤੇ ਪਿਆਰ ਨਾਲ ਪਾਲਿਆ ਹੈ | ਮੈਨੂੰ ਕਰਾਟਿਆਂ ਦੀ ਟ੍ਰੇਨਿੰਗ ਦਵਾਈ | ਮੈਂ ਕਾਲਜ ਦਾਖਲਾ ਲੈਣਾ ਸੀ | ਦਾਦੀ ਕਹਿਣ ਲੱਗੇ ਜ਼ਮਾਨਾ ਬਹੁਤ ਖਰਾਬ ਹੈ | ਉਨ੍ਹਾਂ ਨੇ ਸਾਰੀਆਂ ਗੱਲਾਂ ਸਮਝਾਈਆਂ | ਉਨ੍ਹਾ ਕਿਹਾ, 'ਜੇ ਕੋਈ ਤੈਨੂੰ ਬੇਵਜ੍ਹਾ ਤੰਗ ਕਰੇ ਤਾਂ ਉਸ ਨੂੰ ਸੋਧ ਦੇਵੀਂ |'
ਪੁਲਿਸ ਵਾਲੇ ਨੇ ਦੋਵਾਂ ਮੁੰਡਿਆ ਨੂੰ ਹੱਥਕੜੀ ਲਗਾ ਦਿੱਤੀ | ਪੁਲਿਸ ਵਾਲੇ ਨੇ ਕਿਹਾ 'ਤੇਰੇ ਵਰਗੀਆਂ ਬਹਾਦਰ ਲੜਕੀਆਂ ਸਵੈ-ਰੱਖਿਆ ਕਰ ਸਕਣ ਤਾਂ ਪੱਤ ਲੁੱਟਣ ਦੀਆਂ ਘਟਨਾਵਾਂ ਬਹੁਤ ਘੱਟ ਜਾਣਗੀਆਂ |'

-195, ਗਲੀ ਨੰਬਰ 4, ਆਜ਼ਾਦ ਨਗਰ, ਯਮਨਾ ਨਗਰ, ਹਰਿਆਣਾ-135001.
ਮੋਬਾਈਲ : 90507-56757.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX