ਤਾਜਾ ਖ਼ਬਰਾਂ


ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀ ਘੋਸ਼ਣਾ - ਸੂਤਰ
. . .  11 minutes ago
ਨਵੀਂ ਦਿੱਲੀ, 17 ਜਨਵਰੀ - ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫ਼ਤੇ ਕਰ ਸਕਦਾ ਹੈ। ਲੋਕ ਸਭਾ ਚੋਣਾਂ 6-7 ਪੜਾਵਾਂ...
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  25 minutes ago
ਫ਼ਾਜ਼ਿਲਕਾ, 18 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕਿਆ ਨੂੰ ਆਪਣੇ ਜਾਲ 'ਚ ਫ਼ਸਾਕੇ ਜਬਰਜਨਾਹ ਦਾ ਮਾਮਲਾ ਦਰਜ ਕਰਵਾਉਣ ਦਾ ਡਰ ਪਾ ਕੇ ਬਲੈਕਮੇਲ...
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  29 minutes ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਦੇ ਮਡਚਲ ਜ਼ਿਲ੍ਹੇ 'ਚ ਇੱਕ ਘਰ 'ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 6 ਹੋਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ......
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  41 minutes ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ...
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  52 minutes ago
ਨਵੀਂ ਦਿੱਲੀ, 18 ਜਨਵਰੀ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਿਪੋਰਟ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਨਹੀ ਹੋਇਆ...
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  about 1 hour ago
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਲੈ ਕੇ ਪੰਜਾਬ...
ਅਦਾਲਤ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਲਈ ਵਧਾਇਆ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਦੇ ਲਈ ਵਧਾ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 6 ਦਿਨ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸੀ.....
ਹਰਦੀਪ ਸਿੰਘ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ
. . .  about 1 hour ago
ਚੰਡੀਗੜ੍ਹ, 18 ਜਨਵਰੀ (ਲਿਬਰੇਟ) - ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ, ਜਦਕਿ ਭਾਜਪਾ ਦੇ ਕੰਵਰਜੀਤ ਰਾਣਾ ਡਿਪਟੀ ਮੇਅਰ...
ਟੈਸਟ ਲੜੀ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਇੱਕ ਦਿਨਾਂ ਲੜੀ
. . .  about 1 hour ago
ਮੈਲਬੌਰਨ, 18 ਜਨਵਰੀ - ਭਾਰਤ ਨੇ ਟੈਸਟ ਲੜੀ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਆਸਟ੍ਰੇਲੀਆ 'ਚ ਪਹਿਲੀ ਵਾਰ ਇੱਕ ਦਿਨਾਂ ਲੜੀ ਵੀ ਜਿੱਤ ਲਈ ਹੈ। ਤੀਸਰੇ ਇੱਕ ਦਿਨਾਂ ਮੈਚ ਵਿਚ ਭਾਰਤ...
ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਕੋਰਟ ਨੇ ਲਗਾਈ ਰੋਕ
. . .  about 1 hour ago
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰੀ ਚੋਣਾਂ 'ਤੇ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮਾਮਲੇ 'ਚ ਦਿੱਲੀ ਕਮੇਟੀ ਦੇ ਹੀ ਇੱਕ ....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸਿੱਖ ਕੌਮ ਲਈ ਚੜ੍ਹਦੀਕਲਾ ਦਾ ਮੰਤਰ ਗੁਰ ਸ਼ਬਦ ਹੈ ਸਿਆਸਤ ਨਹੀਂ

ਕੋਈ ਕੌਮ ਜਦੋਂ ਆਪਣੇ ਆਚਰਣ ਤੇ ਵਿਚਾਰ ਕਰਨ 'ਚ ਦਿਲਚਸਪੀ ਗੁਆ ਬਹਿੰਦੀ ਹੈ, ਉਸ ਦਾ ਨਿਘਾਰ ਵੱਲ ਜਾਣਾ ਤੈਅ ਹੋ ਜਾਂਦਾ ਹੈ। ਮਹਿਜ਼ ਆਪਣੀ ਵਿਰਾਸਤ 'ਤੇ ਮਾਣ ਕਰਕੇ ਅਵੇਸਲੇ ਹੋ ਜਾਣਾ ਤੇ ਆਪਣੇ ਫਰਜ਼ ਭੁੱਲ ਜਾਣਾ ਆਤਮਘਾਤ ਹੁੰਦਾ ਹੈ। ਕੌਮ ਅੰਦਰ ਕੀ ਚੱਲ ਰਿਹਾ ਹੈ, ਸਮਾਜ ਅੰਦਰ ਕਿਹੋ ਜਿਹਾ ਸਵਰੂਪ ਬਣ ਰਿਹਾ, ਇਸ 'ਤੇ ਨਿਰੰਤਰ ਨਿਗ੍ਹਾ ਰੱਖਣ ਦੀ ਲੋੜ ਹੁੰਦੀ ਹੈ। ਮਨੁੱਖ ਆਪਣੇ ਸਰੀਰ ਦੀ ਲਗਾਤਾਰ ਦੇਖ-ਭਾਲ ਕਰਦਾ ਰਹਿੰਦਾ ਹੈ। ਸਮੇਂ-ਸਮੇਂ 'ਤੇ ਅੰਦਰੂਨੀ ਸਿਹਤ ਦੀਆਂ ਜਾਂਚਾਂ ਕਰਾਉਂਦਾ ਰਹਿੰਦਾ ਹੈ, ਤਾਂ ਜੋ ਤੰਦਰੁਸਤੀ ਦੀ ਤਸੱਲੀ ਬਣੀ ਰਹੇ। ਕੌਮ ਵੀ ਸਰੀਰ ਹੈ। ਜੇ ਸਰੀਰ ਅੰਦਰ ਰੋਗ ਡੇਰਾ ਜਮਾਅ ਲੈਣ ਤਾਂ ਸੁੰਦਰ ਵੇਸ਼ ਭੂਸ਼ਾ, ਸਾਜ਼-ਸ਼ਿੰਗਾਰ ਕਿਸੇ ਕੰਮ ਦਾ ਨਹੀਂ ਰਹਿੰਦਾ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ 'ਕਾਪੜੁ ਪਹਿਰਸਿ ਅਧਿਕੁ ਸੀਗਾਰੁ, ਮਾਟੀ ਫੂਲੀ ਰੂਪੁ ਬਿਕਾਰੁ॥' ਇਹ ਮਨੁੱਖ ਦੀ ਅੰਤਰ ਅਵਸਥਾ ਲਈ ਜਿੰਨਾ ਸੱਚ ਹੈ, ਕਿਸੇ ਸਮਾਜ ਜਾਂ ਕੌਮ ਲਈ ਵੀ ਓਨਾ ਹੀ ਢੁੱਕਵਾਂ ਹੈ। ਸਿੱਖ ਕੌਮ ਦੀ ਚੜ੍ਹਦੀਕਲਾ ਲਈ ਨਿਤਪ੍ਰਤਿ ਅਰਦਾਸ ਕਰਨਾ ਗੁਰਸਿੱਖ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਹੈ ਪਰ ਇਸ ਨਾਲ ਉਸ ਦੇ ਫਰਜ਼ ਵੀ ਜੁੜੇ ਹੋਏ ਹਨ।
ਆਪਣੇ ਤਨ ਦੀ ਨੇਮ ਨਾਲ ਸਿਹਤ ਜਾਂਚ ਕਰਾਉਣ ਵਾਂਗੂੰ ਕੌਮ ਦੀ ਸਿਹਤ ਦੀ ਜਾਂਚ ਵੀ ਤਾਂ ਹੋਣੀ ਹੀ ਚਾਹੀਦੀ ਹੈ। ਸਿਆਣਪ ਇਹੋ ਹੁੰਦੀ ਹੈ ਕਿ ਵਕਤ ਰਹਿੰਦਿਆਂ ਲੋੜੀਂਦੇ ਕਦਮ ਚੁੱਕ ਲਏ ਜਾਣ, ਤਾਂ ਜੋ ਕੋਈ ਰੋਗ ਲਾਇਲਾਜ ਹੋ ਕੇ ਤਨ ਨੂੰ ਖੋਰਾ ਨਾ ਲਾਉਣਾ ਆਰੰਭ ਕਰ ਦੇਵੇ। ਸਿੱਖ ਕੌਮ ਸੰਸਾਰ ਦੀ ਸਭ ਤੋਂ ਆਧੁਨਿਕ ਕੌਮ ਹੈ ਤੇ ਕੌਮਾਂ ਲਈ ਪੰਜ-ਸਾਢੇ ਪੰਜ ਸੌ ਸਾਲ ਦਾ ਇਤਿਹਾਸ ਕੋਈ ਖਾਸ ਮਾਅਨੇ ਨਹੀਂ ਰੱਖਦਾ। ਸਿੱਖ ਕੌਮ ਨੂੰ ਗੁਰੂ ਸਾਹਿਬਾਨ ਨੇ ਜੋ ਅਦੁੱਤੀ ਗੁਰ ਇਤਿਹਾਸ ਤੇ ਗੁਰ ਸ਼ਬਦ ਦੀ ਦਾਤ ਬਖਸ਼ੀ ਹੈ, ਉਸ ਦੀ ਸੱਚੀ ਸੰਭਾਲ ਇਕ ਵੱਡੀ ਜ਼ਿੰਮੇਵਾਰੀ ਹੈ। ਕੌਮ ਦੇ ਅੱਜ ਦੇ ਹਾਲਾਤ ਇਸ ਗੱਲ ਦਾ ਪ੍ਰਮਾਣ ਹਨ ਕਿ ਇਹ ਜ਼ਿੰਮੇਵਾਰੀ ਪੂਰੀ ਨਹੀਂ ਹੋ ਰਹੀ। ਕੌਮ ਜ਼ਬਰਦਸਤ ਆਪਸੀ ਵੰਡ ਦਾ ਸ਼ਿਕਾਰ ਹੋ ਗਈ ਹੈ। ਵੱਖ-ਵੱਖ ਧੜੇ ਕੌਮ ਦੀ ਤਰੱਕੀ ਲਈ ਕੁਝ ਕਰਨ ਦੀ ਥਾਂ ਇਕ-ਦੂਜੇ ਦੀ ਬਦਖੋਹੀ ਕਰਨ ਲਈ, ਇਕ-ਦੂਜੇ ਨੂੰ ਨੀਵਾਂ ਵਿਖਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਕਮਰ ਕੱਸੇ ਕਰ ਮੈਦਾਨ 'ਚ ਡਟੇ ਹੋਏ ਹਨ। ਹਾਲ 'ਚ ਹੀ ਅਮੀਰਕਾ ਅੰਦਰ ਦਿੱਲੀ ਦੇ ਅਕਾਲੀ ਆਗੂ ਸ: ਮਨਜੀਤ ਸਿੰਘ ਜੀ.ਕੇ. 'ਤੇ ਹਮਲੇ ਹੋਏ, ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਬੇਅਦਬੀ ਦੇ ਮਾਮਲੇ ਚਿਰਾਂ ਤੋਂ ਕੌਮ ਦੇ ਦੁੱਖ, ਰੋਸ ਤੇ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਸ 'ਤੇ ਸਿਆਸਤ ਤਾਂ ਹੋ ਰਹੀ ਹੈ ਪਰ ਕੋਈ ਨਿਦਾਨ ਨਹੀਂ ਹੋ ਸਕਿਆ ਹੈ। ਤਖ਼ਤ ਸਾਹਿਬਾਨ ਦੇ ਜਥੇਦਾਰਾਂ ਨੂੰ ਵੀ ਵਿਵਾਦ ਦਾ ਵਿਸ਼ਾ ਬਣਾ ਦਿੱਤਾ ਗਿਆ ਹੈ ਤੇ ਭਰਮ ਬਣੇ ਹੋਏ ਹਨ। ਹਰ ਧਿਰ ਕੌਮ ਦੀ ਸੱਚੀ ਹਮਦਰਦ ਹੋਣ ਦਾ ਦਾਅਵਾ ਕਰਦੀ ਹੈ ਪਰ ਇਸ ਪਿੱਛੇ ਪੰਜਾਬ ਦੀ ਸਿਆਸਤ 'ਤੇ ਕਾਬਜ਼ ਹੋਣ ਦਾ ਮਕਸਦ ਕਿਸੇ ਨੂੰ ਵੀ ਸਾਫ਼ ਨਜ਼ਰ ਆ ਜਾਂਦਾ ਹੈ। ਸਾਕਾ ਨੀਲਾ ਤਾਰਾ ਤੇ ਸੰਨ '84 ਦੇ ਸਿੱਖ ਨਸਲਕੁਸ਼ੀ ਦੇ ਮੁੱਦੇ ਨੂੰ ਸਿੱਖ ਸਿਆਸਤ ਵਿਚ ਸਭ ਤੋਂ ਜ਼ਿਆਦਾ ਵਰਤਿਆ ਗਿਆ ਹੈ ਪਰ ਤਿੰਨ ਦਹਾਕਿਆਂ ਤੋਂ ਜ਼ਿਆਦਾ ਸਮਾਂ ਗੁਜ਼ਰ ਜਾਣ ਤੋਂ ਬਾਅਦ ਵੀ ਕੋਈ ਠੋਸ ਪ੍ਰਾਪਤੀ ਨਹੀਂ ਹੋ ਸਕੀ ਹੈ। ਇਹ ਮੁੱਦੇ ਜ਼ਰੂਰੀ ਅਹਿਮੀਅਤ ਰੱਖਦੇ ਹਨ ਪਰ ਇਨ੍ਹਾਂ ਦੀ ਕੀਮਤ 'ਤੇ ਕੌਮ ਦੀ ਚੜ੍ਹਦੀਕਲਾ ਦੇ ਬੁਨਿਆਦੀ ਸਵਾਲ ਦਰਕਿਨਾਰ ਕਰ ਦਿੱਤੇ ਗਏ, ਕਿਉਂਕਿ ਬੁਨਿਆਦੀ ਸਵਾਲਾਂ 'ਤੇ ਕੁਰਸੀਆਂ ਦੀ ਸਿਆਸਤ ਨਹੀਂ ਹੋ ਸਕਦੀ। ਅੱਜ ਦੁਨੀਆ ਵੇਖ ਰਹੀ ਹੈ ਕਿ ਅਸੀਂ ਬੁਰੀ ਤਰ੍ਹਾਂ ਵੰਡੇ ਹੋਏ ਹਾਂ। ਕੌਮ ਦੇ ਸਭ ਤੋਂ ਪਵਿੱਤਰ ਮੰਨੇ ਜਾਣ ਵਾਲੇ ਧਾਰਮਿਕ ਅਸਥਾਨਾਂ 'ਤੇ ਹੁੰਦੇ ਝਗੜਿਆਂ ਦੇ ਦ੍ਰਿਸ਼ ਸੰਸਾਰ ਅੰਦਰ ਕਿਹੋ ਜਿਹੀ ਜਗ੍ਹਾ ਬਣਾਉਣ ਵਾਲੇ ਹਨ, ਇਹ ਨਿਰਣਾ ਕਰਨਾ ਜ਼ਿਆਦਾ ਔਖਾ ਨਹੀਂ।
ਅੱਜ ਕੌਮ ਦੇ ਜੋ ਹਾਲਾਤ ਹਨ, ਉਹ ਗੁਰੂ ਨਾਨਕ ਸਾਹਿਬ ਦੇ ਪਾਵਨ ਵਚਨਾਂ ਤੋਂ ਸਮਝੇ ਜਾ ਸਕਦੇ ਹਨ। ਗੁਰੂ ਨਾਨਕ ਸਾਹਿਬ ਨੇ ਵਚਨ ਕੀਤੇ 'ਜਾਗਤੁ ਬਿਗਸੈ ਮੂਠੋ ਅੰਧਾ, ਗਲਿ ਫਾਹੀ ਸਿਰਿ ਮਾਰੇ ਧੰਧਾ॥' ਮਨੁੱਖ ਜਾਗਦਿਆਂ ਹੋਇਆਂ ਵੀ ਲੁੱਟਿਆ ਜਾ ਰਿਹਾ ਹੈ। ਉਸ ਦਾ ਸਭ ਕੁਝ ਦਾਅ 'ਤੇ ਲੱਗ ਗਿਆ ਹੈ ਪਰ ਉਹ ਇਸ ਵਿਚ ਹੀ ਆਨੰਦ ਮਾਣ ਰਿਹਾ ਹੈ। ਅਜਿਹੇ ਜਾਗਣ ਦਾ ਤੇ ਅਜਿਹੇ ਸੁਖ ਮਾਨਣ ਦਾ ਕੀ ਲਾਭ ਹੈ। ਜਿਸ ਦੀ ਅਜਿਹੀ ਅਵਸਥਾ ਬਣ ਗਈ ਹੋਵੇ, ਉਸ ਨੂੰ ਕੁਝ ਵੀ ਸਮਝ ਨਹੀਂ ਆਉਂਦਾ। 'ਉਰਝੀ ਤਾਣੀ ਕਿਛੁ ਨ ਬਸਾਇ॥' ਤਾਣਾ ਹੀ ਉਲਝਿਆ ਹੋਇਆ ਹੈ। ਸੋਚ ਤੇ ਸਮਝ ਦੇ ਕਿੰਨੇ ਹੀ ਤਰਕ ਕਿਉਂ ਨਾ ਦਿੱਤੇ ਜਾਣ, ਉਹ ਚੰਗੇ ਨਹੀਂ ਲਗਦੇ 'ਕਹਿਓ ਨ ਬੂਝੈ ਅੰਧੁ ਨ ਸੂਝੈ ਭੋਂਡੀ ਕਾਰ ਕਮਾਈ॥' ਕੌਮ ਅੰਦਰ ਏਕਾ ਬਣਾਉਣ ਦੀਆਂ ਸੋਚਾਂ ਵੀ ਚਲਦੀਆਂ ਰਹਿੰਦੀਆਂ ਹਨ ਪਰ ਕਾਮਯਾਬ ਨਹੀਂ ਹੁੰਦੀਆਂ, ਕਿਉਂਕਿ ਤਾਣਾ ਸਿੱਧਾ ਕਰਨ ਦੇ ਯਤਨ ਨਹੀਂ ਹੋਏ। ਗੁਰੂ ਅੰਗਦ ਸਾਹਿਬ ਨੇ ਵਚਨ ਕੀਤੇ ਕਿ ਉਲਝੇ ਹੋਏ ਤਾਣੇ ਨੂੰ ਸੁਲਝਾਉਣ ਦੀ ਕੁੰਜੀ ਵਾਹਿਗੁਰੂ ਕੋਲ ਹੈ 'ਗੁਰੁ ਕੁੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ॥' ਸਿੱਖ ਕੌਮ ਦੀ ਚੜ੍ਹਦੀਕਲਾ ਦੀ ਕੁੰਜੀ ਵਾਹਿਗੁਰੂ ਦੇ ਹੱਥ ਹੈ। ਗੁਰ ਸ਼ਬਦ ਤੋਂ ਹੀ ਆਸ ਹੈ ਤੇ ਇਥੋਂ ਹੀ ਕੌਮ ਦੀ ਸਿਹਤ ਬਣਨੀ ਹੈ। ਅੱਜ ਸਭ ਤੋਂ ਜ਼ਿਆਦਾ ਦੁਰਵਰਤੋਂ ਗੁਰ ਸ਼ਬਦ ਤੇ ਗੁਰੂ-ਘਰ ਦੀ ਹੋ ਰਹੀ ਹੈ, ਜੋ ਸਿੱਖੀ ਦਾ ਮੂਲ ਹਨ ਤੇ ਜਿੱਥੋਂ ਕੁੰਜੀ ਲੈ ਕੇ ਸੋਚ ਤੇ ਆਚਾਰ ਦੇ ਜਿੰਦਰੇ ਖੋਲ੍ਹਣੇ ਹਨ। ਅਸਲ ਮੁੱਦਾ ਅੱਜ ਗੁਰੂ-ਘਰ ਦੀ ਮਰਿਆਦਾ ਕਾਇਮ ਕਰਨਾ ਹੈ, ਜਿੱਥੋਂ ਤਾਣਾ ਸੁਲਝਾਉਣ ਦੀ ਜਾਚ ਤੇ ਸੇਧ ਮਿਲਦੀ ਹੈ। ਇਹ ਤਾਣਾ ਭਾਵੇਂ ਮਨ ਦਾ ਹੋਵੇ, ਜੀਵਨ ਦਾ ਹੋਵੇ ਜਾਂ ਸਮਾਜ ਦਾ ਹੋਵੇ।
ਗੁਰੂ-ਘਰਾਂ ਦਾ ਸਿਆਸੀ ਦਾਅਵੇਦਾਰੀਆਂ ਦਾ ਕੇਂਦਰ ਬਣਦੇ ਜਾਣਾ ਗਹਿਰੀ ਚਿੰਤਾ ਦਾ ਕਾਰਨ ਹੈ। ਗੁਰਦੁਆਰਾ ਵਾਹਿਗੁਰੂ ਦਾ ਪਵਿੱਤਰ ਨਿਵਾਸ ਅਸਥਾਨ ਹੈ। ਇਹ ਦੁਆਰ ਵਾਹਿਗੁਰੂ ਦੇ ਸੇਵਕ ਤੇ ਦਾਸ ਲਈ ਸਦਾ ਖੁੱਲ੍ਹਿਆ ਹੋਇਆ ਹੈ। ਵਾਹਿਗੁਰੂ ਦੇ ਦਰ 'ਤੇ ਗੁਰਸਿੱਖ, ਸੇਵਕ, ਦਾਸ ਬਣ ਕੇ ਹੀ ਜਾਇਆ ਜਾ ਸਕਦਾ ਹੈ, ਵਿਦਵਾਨ, ਆਗੂ ਜਾਂ ਸੱਤਾਧਾਰੀ ਬਣ ਕੇ ਨਹੀਂ। ਗੁਰੂ ਆਪ ਸੱਚਾ ਆਗੂ ਤੇ ਉਬਾਰਨ ਵਾਲਾ ਹੈ 'ਸਤਿਗੁਰੁ ਆਗੂ ਜਾਣੀਐ ਬਾਹ ਪਕੜਿ ਅੰਧਲੇ ਉਧਾਰੇ॥' ਜੇ ਕੋਈ ਗੁਰਸਿੱਖ ਆਪਣੇ-ਆਪ ਨੂੰ ਕੌਮ ਦਾ ਆਗੂ ਸਮਝਦਾ ਹੈ ਤਾਂ ਇਹ ਉਸ ਦੇ ਅਗਿਆਨ ਦਾ ਹਨੇਰਾ ਹੈ। ਅਜਿਹੇ ਆਗੂ ਆਪ ਵੀ ਡੁੱਬਦੇ ਹਨ ਤੇ ਨਾਲਦਿਆਂ ਨੂੰ ਵੀ ਡੁਬੋ ਦਿੰਦੇ ਹਨ। 'ਨਾਨਕ ਅੰਧਾ ਹੋਇ ਕੈ ਦਸੇ ਰਾਹੈ ਸਭਸੁ ਮੁਹਾਏ ਸਾਥੈ॥' ਅੱਜ ਗੁਰਦੁਆਰਿਆਂ ਅੰਦਰ ਆਮ ਹੋ ਗਿਆ ਹੈ ਕਿ ਕਿਸੇ ਵੀ ਸਿਆਸਤਦਾਨ, ਅਹੁਦੇਦਾਰ ਦਾ ਮਹਿਮਾਨ ਵਾਂਗੂੰ ਸਵਾਗਤ ਹੁੰਦਾ ਹੈ, ਚੱਲ ਰਹੇ ਸ਼ਬਦ ਕੀਰਤਨ, ਸ਼ਬਦ ਕਥਾ ਨੂੰ ਰੋਕ ਕੇ ਵੀ ਸਿਰੋਪਾ ਦਿੱਤਾ ਜਾਂਦਾ ਹੈ, ਕੈਮਰਿਆਂ ਦੇ ਫਲੈਸ਼ ਚਮਕਦੇ ਹਨ ਤੇ ਦੀਵਾਨ ਰੁਕ ਜਿਹੇ ਜਾਂਦੇ ਹਨ। ਜਿੱਥੋਂ ਕੌਮ ਦੀ ਚੜ੍ਹਦੀਕਲਾ ਦੀ ਸੇਧ ਮਿਲਣੀ ਹੈ, ਉਸ ਅਸਥਾਨ ਦੀ ਮਰਿਆਦਾ ਹੀ ਭੰਗ ਕਰ ਦਿੱਤੀ ਗਈ ਹੈ।
ਸਿੱਖ ਰਹਿਤ ਮਰਿਆਦਾ ਭਾਗ ੪ (ਹ) ਅਨੁਸਾਰ ਗੁਰਦੁਆਰੇ ਵਿਚ ਕੋਈ ਮੂਰਤੀ ਪੂਜਾ ਜਾਂ ਹੋਰ ਗੁਰਮਤਿ ਵਿਰੁੱਧ ਕੋਈ ਰੀਤੀ ਜਾਂ ਸਸਕਾਰ ਨਾ ਹੋਵੇ, ਨਾ ਹੀ ਕੋਈ ਮਨਮਤ ਦਾ ਤਿਉਹਾਰ ਮਨਾਇਆ ਜਾਵੇ। ਹਾਂ, ਕਿਸੇ ਮੌਕੇ ਜਾਂ ਇਕੱਤਰਤਾ ਨੂੰ ਗੁਰਮਤਿ ਪ੍ਰਚਾਰ ਲਈ ਵਰਤਣਾ ਅਯੋਗ ਨਹੀਂ। ਸਿਆਸੀ ਲੋਕਾਂ ਤੇ ਅਹੁਦੇਦਾਰਾਂ ਦਾ ਸਿਰੋਪੇ, ਸ਼ਾਲ ਤੇ ਮੋਮੈਂਟੋ ਦੇ ਕੇ ਸਨਮਾਨ ਕਰਨਾ ਗੁਰਦੁਆਰਿਆਂ ਦਾ ਆਮ ਵਿਉਹਾਰ ਬਣ ਗਿਆ ਹੈ, ਜੋ ਨਿਰਾ ਮਨਮਤ ਹੈ। ਇਸ ਜ਼ਰੀਏ ਪ੍ਰਬੰਧਕ ਜਨ ਤਾਕਤਵਰ ਲੋਕਾਂ ਨਾਲ ਨਿੱਜੀ ਰਿਸ਼ਤੇ ਬਣਾਉਣ ਦੇ ਯਤਨ ਕਰਦੇ ਹਨ। ਗੁਰੂ-ਘਰ ਅੰਦਰ ਜੁੜੀ ਹੋਈ ਸਾਧ ਸੰਗਤ ਵਹਿਗੁਰੂ ਦਾ ਜਸ ਗਾਇਨ ਕਰਨ ਲਈ ਹੈ, ਨਾ ਕਿ ਕਿਸੇ ਸਿਆਸੀ ਅਹੁਦੇਦਾਰ ਨੂੰ ਉਸ ਦੇ ਅਹੁਦੇ ਕਾਰਨ ਸਨਮਾਨ ਦੇਣ ਲਈ। ਨਾ ਤਾਂ ਗੁਰੂ ਦੇ ਹੁਕਮ ਦਾ ਪਾਲਣ ਹੋ ਰਿਹਾ ਹੈ, ਨਾ ਰਹਿਤ ਮਰਿਆਦਾ ਮੰਨੀ ਜਾ ਰਹੀ ਹੈ। ਸਾਧ ਸੰਗਤ ਤਾਂ ਨਿਰਲੇਪ ਹੋਣ ਦਾ ਅਸਥਾਨ ਹੈ 'ਬਿਸਰ ਗਈ ਸਭ ਤਾਤਿ ਪਰਾਈ' ਪਰ ਇੱਥੇ ਹੀ ਸਿੱਖ ਸਿਆਸਤਦਾਨ ਆਪਣੇ ਸਾਰੇ ਹਿਸਾਬ ਪੂਰੇ ਕਰ ਰਹੇ ਹਨ।
ਗੁਰਦੁਆਰਿਆਂ ਅੰਦਰ ਭਿੰਨ-ਭਿੰਨ ਕਰਮਕਾਂਡ ਤੇ ਅੰਧ-ਵਿਸ਼ਵਾਸ ਵੀ ਪੈਰ ਜਮਾਅ ਰਹੇ ਹਨ। ਗੋਲਕ ਵਧਾਉਣ ਤੇ ਸੰਗਤ ਜੋੜਨ ਲਈ ਆਪ ਪ੍ਰਬੰਧਕ ਭਰਮ ਪੈਦਾ ਕਰ ਰਹੇ ਹਨ। ਸਮਾਗਮਾਂ ਨੂੰ ਵਿਪਰਵਾਦੀ ਸਵਰੂਪ ਦੇਣ ਦੀ ਕੋਸ਼ਿਸ਼ ਹੋ ਰਹੀ ਹੈ, ਤਾਂ ਜੋ ਝੂਠੀਆਂ ਭਾਵਨਾਵਾਂ ਉਭਾਰੀਆਂ ਜਾ ਸਕਣ। ਅਜਿਹੀਆਂ ਚਲਾਕੀਆਂ ਕਾਰਨ ਸੰਗਤ ਗੁਰ ਸ਼ਬਦ ਤੋਂ ਦੂਰ ਹੁੰਦੀ ਜਾ ਰਹੀ ਹੈ। ਇਹ ਹਾਲਾਤ ਬਹੁਤ ਸਾਰੇ ਨਗਰਾਂ, ਕਸਬਿਆਂ, ਪਿੰਡਾਂ ਤੱਕ ਦੇ ਗੁਰਦੁਆਰਿਆਂ 'ਚ ਬਣੇ ਨਜ਼ਰ ਆਉਂਦੇ ਹਨ। ਸਿੱਖ ਕੌਮ ਦੀ ਚੜ੍ਹਦੀਕਲਾ ਲਈ ਜੇ ਕਿਸੇ ਦੇ ਮਨ ਅੰਦਰ ਗੰਭੀਰਤਾ ਹੈ ਤਾਂ ਉਹ ਸਭ ਤੋਂ ਪਹਿਲਾਂ ਗੁਰਦੁਆਰਿਆਂ ਤੇ ਸਾਧ-ਸੰਗਤ ਦੀ ਸਿਆਸੀ ਤੇ ਨਿੱਜੀ ਹਿਤਾਂ ਲਈ ਵਰਤੋਂ ਤਤਕਾਲ ਰੋਕਣ ਲਈ ਆਵਾਜ਼ ਚੁੱਕੇ।
ਸਿੱਖ ਕੌਮ ਲਈ ਸਭ ਤੋਂ ਅਹਿਮ ਸਵਾਲ ਤੇ ਮੁੱਖ ਮੁੱਦਾ ਗੁਰਦੁਆਰਿਆਂ ਦੀ ਅੰਦਰੂਨੀ ਮਰਿਆਦਾ ਹੈ। ਇਸ ਲਈ ਸੁਹਿਰਦ ਹੋ ਕੇ ਯਤਨ ਕਰਨ ਦੀ ਲੋੜ ਹੈ। ਗੁਰਦੁਆਰੇ ਸਿੱਖ ਕੌਮ ਦੇ ਬੈਕੁੰਠ ਹਨ। ਇਨ੍ਹਾਂ ਦੀ ਪਵਿੱਤਰਤਾ ਨਾਲ ਹੀ ਕੌਮ ਦੀ ਚੜ੍ਹਦੀਕਲਾ ਦੀ ਅਰਦਾਸ ਪੂਰਨ ਹੁੰਦੀ ਹੈ। ਇਸ ਵਿਚ ਕਿਸੇ ਸਿਆਸੀ ਸਿੱਖ ਦਾ ਮਨੋਰਥ ਭਾਵੇਂ ਪੂਰਾ ਨਾ ਹੋਵੇ ਪਰ ਆਮ ਗੁਰਸਿੱਖ ਦੀ ਭਾਵਨਾ ਨੂੰ ਟੇਕ ਮਿਲਦੀ ਹੈ। ਗੁਰਦੁਆਰਾ ਸੁਧਾਰ ਤੇ ਸਿੰਘ ਸਭਾ ਲਹਿਰ ਗੁਰਦੁਆਰਿਆਂ ਦੇ ਪ੍ਰਬੰਧ ਤੱਕ ਸੀਮਤ ਹੋ ਗਈ ਸੀ। ਅੱਜ ਹਾਲਾਤ ਜ਼ਿਆਦਾ ਚੁਣੌਤੀਪੂਰਨ ਹਨ। ਗੁਰੂ-ਘਰ ਦੀ ਮਰਿਆਦਾ ਬਹਾਲ ਕਰਨਾ ਤੇ ਬਣਾਈ ਰੱਖਣਾ ਇਕ ਨਿਰੰਤਰ ਚੱਲਣ ਵਾਲਾ ਯਤਨ ਹੈ। ਇਸ ਲਈ ਵਿਆਪਕ ਪੱਧਰ 'ਤੇ ਸਹਿਮਤੀ ਬਣਾ ਕੇ ਵੱਡੀ ਲਹਿਰ ਚਲਾਉਣ ਦੀ ਲੋੜ ਹੈ। ਜੇ ਇਹ ਲਹਿਰ ਚੱਲਦੀ ਹੈ ਤੇ ਕਾਮਯਾਬੀ ਵੱਲ ਵਧਦੀ ਹੈ ਤਾਂ ਇਸ ਦੇ ਨਾਲ ਜੁੜੇ ਮੌਜੂਦਾ ਧਾਰਮਿਕ ਮਸਲੇ ਅਤੇ ਕਈ ਹੋਰ ਮਸਲੇ ਆਪ ਹੀ ਹੱਲ ਹੋ ਜਾਣਗੇ। ਹਰ ਕਥਾ ਦਾ ਅੰਤ ਹੁੰਦਾ ਹੈ। ਕੋਈ ਵੀ ਚੰਗੇ ਜਾਂ ਮਾੜੇ ਹਾਲਾਤ ਸਦਾ ਨਹੀਂ ਰਹਿੰਦੇ। ਸਦਾ ਟਿਕਣ ਵਾਲਾ ਕੇਵਲ ਗੁਰ ਸ਼ਬਦ ਹੈ। ਅੱਜ ਜਾਂ ਕੱਲ੍ਹ ਗੁਰ ਸ਼ਬਦ 'ਤੇ ਭਰੋਸਾ ਰੱਖਣ ਵਾਲੇ ਆਪ ਹੀ ਗੁਰੂ-ਘਰ ਦੀ ਮਰਿਆਦਾ ਲਈ ਅੱਗੇ ਆਉਣਗੇ, ਇਹ ਵਿਸ਼ਵਾਸ ਰੱਖਣਾ ਚਾਹੀਦਾ ਹੈ।


-ਈ-1716, ਰਾਜਾਜੀਪੁਰਮ, ਲਖਨਊ-226017. ਮੋਬਾ: 94159-60533, 84178-52899.


ਖ਼ਬਰ ਸ਼ੇਅਰ ਕਰੋ

ਪੰਜਾਬ ਦੇ ਸਮਕਾਲੀ ਇਤਿਹਾਸ ਦੇ ਮੌਖਿਕ ਸਰੋਤ

ਪੁਸਤਕ ਚਰਚਾ

ਸੰਕਲਨ : ਡਾ: ਕਿਰਪਾਲ ਸਿੰਘ
ਸੰਪਾਦਨ : ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ

ਪੰਜਾਬ ਦਾ ਇਤਿਹਾਸ ਅਤੇ ਸਿੱਖ ਇਤਿਹਾਸ ਲਿਖਣਾ ਇਕ ਬਹੁਤ ਵੱਡੀ ਚੁਣੌਤੀ ਹੈ, ਕਿਉਂਕਿ ਇਤਿਹਾਸ ਦੇ ਪ੍ਰਮਾਣਕ ਸਰੋਤ ਬਹੁਤ ਵਿਰਲੇ ਹਨ। ਪਰ ਫੇਰ ਵੀ ਸਾਡੇ ਕੁਝ ਵਿਦਵਾਨ ਇਸ ਚੁਣੌਤੀ ਦਾ ਉੱਤਰ ਦੇਣ ਵਿਚ ਕਾਰਜਸ਼ੀਲ ਹਨ। ਡਾ: ਕਿਰਪਾਲ ਸਿੰਘ ਸਾਡੇ ਬੇਹੱਦ ਮਾਨਯੋਗ ਇਤਿਹਾਸਕਾਰ ਹਨ ਜਿਨ੍ਹਾਂ ਦੀਆਂ ਅੰਗਰੇਜ਼ੀ ਅਤੇ ਪੰਜਾਬੀ ਵਿਚ ਤਕਰੀਬਨ 30 ਕਿਤਾਬਾਂ ਛਪ ਚੁੱਕੀਆਂ ਹਨ।
ਇਸ ਤੋਂ ਪਹਿਲਾਂ ਕਿ ਮੈਂ ਉਨ੍ਹਾਂ ਦੀ ਨਵੀਂ ਪੁਸਤਕ 'ਪੰਜਾਬ ਦੇ ਸਮਕਾਲੀ ਇਤਿਹਾਸ ਦੇ ਮੌਖਿਕ ਸਰੋਤ' ਬਾਰੇ ਕੁਝ ਲਿਖਾਂ, ਮੈਂ ਡਾ: ਕਿਰਪਾਲ ਸਿੰਘ ਦੀ ਇਤਿਹਾਸਕ ਦੇਣ ਉੱਤੇ ਇਕ ਉਡਦੀ ਨਜ਼ਰ ਮਾਰਨਾ ਚਾਹੁੰਦਾ ਹਾਂ। ਡਾਕਟਰ ਸਾਹਿਬ ਦੀ ਇਤਿਹਾਸਕ ਦੇਣ ਬਹੁ-ਪੱਖੀ ਹੈ। ਉਨ੍ਹਾਂ ਦੀ ਕਲਮ ਨੇ ਗੁਰੂ ਨਾਨਕ ਸਾਹਿਬ ਦੇ ਜਨਮ ਤੋਂ ਲੈ ਕੇ ਪੰਜਾਬ ਦੇ ਸਮਕਾਲੀ ਇਤਿਹਾਸ ਦੇ ਆਧੁਨਿਕ ਸਰੋਤਾਂ ਤੱਕ ਲੰਮਾ ਸਫ਼ਰ ਤੈਅ ਕੀਤਾ ਹੈ। ਉਨ੍ਹਾਂ ਦੀ ਇਤਿਹਾਸਕਾਰੀ ਦੇ ਤਿੰਨ ਪੱਖ ਬਹੁਤ ਉੱਘੇ ਹਨ :
ਜਨਮ ਸਾਖੀ ਪਰੰਪਰਾ-ਉਨ੍ਹਾਂ ਨੇ ਜਨਮ ਸਾਖੀਆਂ ਦਾ ਵਿਸਥਾਰਿਤ ਅਧਿਐਨ ਕੀਤਾ ਅਤੇ 1969 ਵਿਚ ਵੱਡੀ ਪੁਸਤਕ 'ਜਨਮ ਸਾਖੀ ਪਰੰਪਰਾ' ਪ੍ਰਕਾਸ਼ਿਤ ਕੀਤੀ। ਗੁਰੂ ਨਾਨਕ ਸਾਹਿਬ ਦੇ ਸਫ਼ਰਾਂ ਦੀ ਖੋਜ ਵਿਚ ਉਹ ਸ੍ਰੀਲੰਕਾ ਵੀ ਗਏ।
ਪੰਜਾਬ ਦਾ ਬਟਵਾਰਾ-ਪੰਜਾਬ ਦੀ ਵੰਡ (1947) ਬਾਰੇ ਡਾ: ਕਿਰਪਾਲ ਸਿੰਘ ਨੇ ਦੋ ਕਿਤਾਬਾਂ ਅੰਗਰੇਜ਼ੀ ਵਿਚ ਅਤੇ ਪੰਜ ਕਿਤਾਬਾਂ ਪੰਜਾਬੀ ਵਿਚ ਲਿਖੀਆਂ ਹਨ, ਜਿਨ੍ਹਾਂ ਵਿਚੋਂ ਦੋ ਪੁਸਤਕਾਂ ਵਧੇਰੇ ਮਹੱਤਵਪੂਰਨ ਹਨ: Select Documents on Partition of Punjab ਅਤੇ ਪੰਜਾਬ ਦਾ ਬਟਵਾਰਾ-1947.
ਡਾਕਟਰ ਸਾਹਿਬ ਦੀ ਇਤਿਹਾਸਕਾਰੀ ਦਾ ਤੀਜਾ ਪੱਖ ਹੈ 'ਪੰਜਾਬ ਦੇ ਸਮਕਾਲੀ ਇਤਿਹਾਸ ਦੇ ਮੌਖਿਕ ਸਰੋਤ'। ਇਸੇ ਨਾਂਅ ਦੀ ਪੁਸਤਕ ਦੀ ਅਸੀਂ ਚਰਚਾ ਕਰਨ ਜਾ ਰਹੇ ਹਾਂ।
ਡਾ: ਕਿਰਪਾਲ ਸਿੰਘ ਨੇ ਇਤਿਹਾਸਕ ਖੋਜ ਦੀ ਇਕ ਨਵੀਂ ਵਿਧਾ ਤੋਰੀ ਹੈ : ਇਤਿਹਾਸ ਦੇ ਮੌਖਿਕ ਸੋਮੇ। ਇਸੇ ਪੁਸਤਕ ਵਿਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕ ਵਾਈਸ ਚਾਂਸਲਰ ਡਾ: ਕਿਰਪਾਲ ਸਿੰਘ ਨਾਰੰਗ ਆਪਣੇ ਬਿਆਨ ਵਿਚ ਦੱਸਦੇ ਹਨ ਕਿ ਉਹ ਨਹਿਰੂ ਮੈਮੋਰੀਅਲ ਸੁਸਾਇਟੀ, ਦਿੱਲੀ ਦੇ ਮੈਂਬਰ ਸਨ। ਉਨ੍ਹਾਂ ਨੇ ਵੇਖਿਆ ਕਿ ਸੁਸਾਇਟੀ ਦੀਆਂ ਮੀਟਿੰਗਾਂ ਵਿਚ ਆਜ਼ਾਦੀ ਸੰਗਰਾਮ ਦੇ ਮੌਖਿਕ ਸਰੋਤਾਂ ਉੱਤੇ ਬਹੁਤ ਜ਼ੋਰ ਦਿੱਤਾ ਜਾਂਦਾ ਹੈ। ਵਿਸ਼ਾਲ ਪੱਧਰ 'ਤੇ ਆਜ਼ਾਦੀ-ਸੰਗਰਾਮੀਆਂ ਦੇ ਬਿਆਨ ਇਕੱਤਰ ਕੀਤੇ ਜਾ ਰਹੇ ਸਨ। ਡਾ: ਨਾਰੰਗ ਨੇ ਸੋਚਿਆ ਕਿ ਪੰਜਾਬ ਦੇ ਸਮਕਾਲੀ ਇਤਿਹਾਸ ਲਈ ਸਾਨੂੰ ਵੀ ਐਸਾ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਨੇ 1973 ਵਿਚ ਪੰਜਾਬੀ ਯੂਨੀਵਰਸਿਟੀ ਵਿਚ ਇਕ ਓਰਲ ਹਿਸਟਰੀ ਸੈੱਲ ( (Oral History Cell) ਕਾਇਮ ਕੀਤਾ ਅਤੇ ਇਹ ਕੰਮ ਡਾ: ਕਿਰਪਾਲ ਸਿੰਘ ਦੇ ਹਵਾਲੇ ਕਰ ਦਿੱਤਾ। ਡਾ: ਕਿਰਪਾਲ ਸਿੰਘ ਇਸ ਪੁਸਤਕ ਦੇ ਮੁੱਖਬੰਦ ਵਿਚ ਲਿਖਦੇ ਹਨ ਕਿ '1973 ਵਿਚ ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ ਸਭ ਤੋਂ ਪਹਿਲਾਂ ਪੰਜਾਬੀ ਯੂਨੀਵਰਸਿਟੀ ਨੇ ਮੌਖਿਕ ਇਤਿਹਾਸ ਸੈੱਲ ਸਥਾਪਿਤ ਕਰਨ ਦਾ ਉਪਰਾਲਾ ਕੀਤਾ।' ਉਹ ਇਹ ਵੀ ਲਿਖਦੇ ਹਨ ਕਿ 'ਮੌਖਿਕ ਪਰੰਪਰਾ ਜਾਣਕਾਰੀ ਦਾ ਇਕ ਮਹੱਤਵਪੂਰਨ ਸੋਮਾ ਹੈ ਪਰ ਇਸ ਦੀ ਵਰਤੋਂ ਬਹੁਤ ਸਾਵਧਾਨੀ ਮੰਗਦੀ ਹੈ। ...ਮੌਖਿਕ ਸਬੂਤ ਕੁਝ ਗੱਲਾਂ ਵਿਚ ਇਤਿਹਾਸਕ ਦਸਤਾਵੇਜ਼ਾਂ ਤੋਂ ਵੱਧ ਲਾਹੇਵੰਦ ਹੁੰਦੇ ਹਨ। ਇਤਿਹਾਸਕ ਦਸਤਾਵੇਜ਼ ਦੇ ਮੁਕਾਬਲੇ ਮੌਖਿਕ ਸਬੂਤ ਇਕ ਜੀਵਤ ਸੋਮੇ ਤੋਂ ਪ੍ਰਾਪਤ ਹੁੰਦਾ ਹੈ।' ਪ੍ਰਸਤਾਵਨਾ, ਪੰਨਾ 9.
ਮੌਖਿਕ ਇਤਿਹਾਸ ਦੀ ਪਰੰਪਰਾ ਅਮਰੀਕਾ ਵਿਚ ਸ਼ੁਰੂ ਹੋਈ। ਇਸ ਦਾ ਆਰੰਭ-ਕਰਤਾ ਗਾਊਲਡ (1889-1957) ਸੀ। ਉਸ ਵਲੋਂ ਇਕੱਤਰ ਕੀਤੇ ਗਏ ਮੌਖਿਕ ਬਿਆਨਾਂ ਦਾ ਖਰੜਾ ਸੱਤ ਫੁੱਟ ਉੱਚਾ ਸੀ। ਉਸ ਨੇ 'ਓਰਲ ਹਿਸਟਰੀ ਆਫ਼ ਅਵਰ ਟਾਈਮਜ਼' ਨਾਂਅ ਦੀ ਪੁਸਤਕ ਲਿਖੀ। ਉਸ ਤੋਂ ਪ੍ਰਭਾਵਿਤ ਹੋ ਕੇ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋ: ਐਲਨ ਨੈਵਿਨ ਨੇ ਇਤਿਹਾਸਕ ਖੋਜ ਦੀ ਇਸ ਨਵੀਂ ਵਿਧਾ ਲਈ 1948 ਵਿਚ 'ਮੌਖਿਕ ਇਤਿਹਾਸ' ਦਾ ਪਦ ਨਿਰਮਤ ਕੀਤਾ। ਬਰਤਾਨਵੀ ਇਤਿਹਾਸਕਾਰ ਪਾਲ ਥੌਮਸਨ ਮੌਖਿਕ ਇਤਿਹਾਸ ਨੂੰ ਮਾਨਤਾ ਦਿੰਦੇ ਹਨ। ਅਫਰੀਕੀ ਸਮਾਜਾਂ ਦੇ ਇਤਿਹਾਸ-ਲੇਖਣ ਵਿਚ ਵੀ ਇਸ ਵਿਧੀ ਦੀ ਵਰਤੋਂ ਕੀਤੀ ਜਾ ਰਹੀ ਹੈ।
ਪੰਜਾਬ ਤੇ ਸਿੱਖ ਇਤਿਹਾਸ ਦੀ ਇਹ ਖੁਸ਼ਕਿਸਮਤੀ ਹੈ ਕਿ ਡਾ: ਕਿਰਪਾਲ ਸਿੰਘ ਨੇ ਮੌਖਿਕ ਇਤਿਹਾਸ ਦੀ ਵਿਧੀ ਨੂੰ ਮਾਨਤਾ ਦਿੰਦੇ ਹੋਏ 'ਪੰਜਾਬ ਦੇ ਸਮਕਾਲੀ ਇਤਿਹਾਸ ਦੇ ਮੌਖਿਕ ਸਰੋਤ' ਦਾ ਸੰਕਲਨ ਕਰ ਕੇ ਇਸ ਵਿਧੀ ਦਾ ਅਮਲੀ ਰੂਪ ਪੇਸ਼ ਕੀਤਾ ਹੈ। ਇਸ ਵੱਡ-ਆਕਾਰੀ ਪੁਸਤਕ ਵਿਚ 28 ਵਿਦਵਾਨਾਂ, ਆਜ਼ਾਦੀ-ਸੰਗਰਾਮੀਆਂ, ਸਮਾਜ-ਸੇਵਕਾਂ, ਧਾਰਮਿਕ ਅਤੇ ਸਿਆਸੀ ਆਗੂਆਂ ਦੇ ਬਿਆਨ ਸੰਕਲਿਤ ਹਨ। ਉਂਜ ਤਾਂ ਹਰ ਬਿਆਨ ਸਮਕਾਲੀ ਇਤਿਹਾਸ ਦੀ ਕੋਈ ਨਾ ਕੋਈ ਨਵੀਂ ਗੱਲ ਦੱਸਦਾ ਹੈ ਪਰ ਬਿਆਨ-ਕਰਤਾਵਾਂ ਵਿਚ ਕੁਝ ਨਾਂਅ ਬਹੁਤ ਹੀ ਮਹੱਤਵਪੂਰਨ ਹਨ ਜਿਵੇਂ ਮਾਸਟਰ ਮੋਤਾ ਸਿੰਘ, ਗਿ: ਕਰਤਾਰ ਸਿੰਘ, ਗਿ: ਗੁਰਮੁਖ ਸਿੰਘ ਮੁਸਾਫ਼ਰ, ਸ: ਨਿਰੰਜਨ ਸਿੰਘ ਤਾਲਿਬ, ਸ: ਗਿਆਨ ਸਿੰਘ ਰਾੜੇਵਾਲਾ, ਭਾਈ ਜੋਧ ਸਿੰਘ, ਡਾ: ਗੋਪਾਲ ਸਿੰਘ ਦਰਦੀ, ਡਾ: ਐਮ.ਐਸ. ਰੰਧਾਵਾ, ਡਾ: ਕਿਰਪਾਲ ਸਿੰਘ ਨਾਰੰਗ, ਸ: ਮਿਹਰ ਸਿੰਘ ਸਾਬਕਾ ਐਮ.ਐਲ.ਏ. ਕੁਰੂਕਸ਼ੇਤਰ ਅਤੇ ਸਿੰਘ ਸਾਹਿਬ ਗਿ: ਚੇਤ ਸਿੰਘ ਆਦਿ। ਕੁਝ ਬਿਆਨ-ਕਰਤਾ ਅਜਿਹੇ ਹਨ, ਜਿਨ੍ਹਾਂ ਨੇ ਆਜ਼ਾਦੀ-ਸੰਗਰਾਮ ਵਿਚ ਬੇਹੱਦ ਕੁਰਬਾਨੀਆਂ ਕੀਤੀਆਂ ਅਤੇ ਆਪਣੀ ਜਾਨ 'ਤੇ ਅਨੇਕਾਂ ਤਸੀਹੇ ਝੱਲੇ ਪਰ ਇਤਿਹਾਸ ਵਿਚ ਉਨ੍ਹਾਂ ਦਾ ਨਾਂਅ ਕਿਤੇ ਨਹੀਂ ਆਉਂਦਾ। ਉਹ ਸਾਡੇ ਇਤਿਹਾਸ ਦੇ ਅਣਗੌਲੇ ਨਾਇਕ ਹਨ। ਅਜਿਹੇ ਮਰਜੀਵੜਿਆਂ ਦੇ ਬਿਆਨ ਇਕੱਤਰ ਕਰਕੇ ਡਾ: ਕਿਰਪਾਲ ਸਿੰਘ ਨੇ ਕੁਝ ਹੱਦ ਤੱਕ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਮੁੱਲ ਪਾਇਆ ਹੈ। ਅਜਿਹੇ ਆਜ਼ਾਦੀ-ਘੁਲਾਟੀਆਂ ਵਿਚ ਸ: ਹਰੀ ਸਿੰਘ ਜਲੰਧਰੀ, ਮਾਸਟਰ ਕਾਬਲ ਸਿੰਘ ਗੋਬਿੰਦਪੁਰੀ, ਜਥੇਦਾਰ ਪ੍ਰਤਾਪ ਸਿੰਘ ਕੋਟ ਫਤੂਹੀ, ਸ: ਸੁੰਦਰ ਸਿੰਘ ਮਖਸੂਮਪੁਰੀ, ਜਥੇਦਾਰ ਪ੍ਰੀਤਮ ਸਿੰਘ ਗੋਜਰਾਂ ਅਤੇ ਡਾ: ਲਾਲ ਸਿੰਘ ਫਰੀਦਕੋਟ ਆਦਿ ਦੇ ਨਾਂਅ ਸ਼ਾਮਲ ਹਨ। ਇਨ੍ਹਾਂ ਆਜ਼ਾਦੀ-ਘੁਲਾਟੀਆਂ ਨੇ ਜੇਲ੍ਹਾਂ ਵਿਚ ਭੁੱਖ ਹੜਤਾਲਾਂ ਕੀਤੀਆਂ ਅਤੇ ਭਿਆਨਕ ਤਸੀਹੇ ਝੱਲੇ। ਕਈ ਫਾਂਸੀ 'ਤੇ ਝੂਲ ਗਏ। ਮਾਸਟਰ ਕਾਬਲ ਸਿੰਘ ਦੱਸਦੇ ਹਨ ਕਿ ਬਾਬੂ ਸੰਤ ਸਿੰਘ ਨੂੰ ਜੇਲ੍ਹ ਦੀ ਛੱਤ ਨਾਲ ਲਟਕਾ ਕੇ ਹੇਠਾਂ ਅੱਗ ਬਾਲੀ ਗਈ ਅਤੇ ਮਾਸਟਰ ਦਲੀਪ ਸਿੰਘ ਨੂੰ ਖੂਹ ਵਿਚ ਲਟਕਾਇਆ ਗਿਆ। ਮਾਸਟਰ ਕਾਬਲ ਸਿੰਘ ਅਨੁਸਾਰ ਗੁਰੂ ਕੇ ਬਾਗ ਦੇ ਮੋਰਚੇ ਦੌਰਾਨ ਇਕ ਅੰਗਰੇਜ਼ ਪੁਲਿਸ ਅਫ਼ਸਰ ਬੀ.ਟੀ. ਨੇ ਇਕ ਸਿੱਖ ਦੇ ਕੇਸਾਂ 'ਤੇ ਪੈਰ ਰੱਖ ਕੇ ਆਖਿਆ-'ਕਿੱਥੇ ਹੈ ਤੇਰਾ ਗੁਰੂ ਗੋਬਿੰਦ ਸਿੰਘ?' ਸਿੱਖਾਂ ਨੇ ਬੀ.ਟੀ. ਦੇ ਇਸ ਚੈਲੰਜ ਦਾ ਉੱਤਰ ਦੇਣ ਲਈ ਬੱਬਰ ਅਕਾਲੀ ਲਹਿਰ ਚਲਾਈ ਅਤੇ ਅੰਗਰੇਜ਼ਾਂ ਤੇ ਮੁਖਬਰਾਂ ਨੂੰ ਚੁਣ-ਚੁਣ ਕੇ ਮਾਰਿਆ।
ਡਾ: ਲਾਲ ਸਿੰਘ ਫ਼ਰੀਦਕੋਟ ਇਕ ਜੋਸ਼ੀਲਾ ਦੇਸ਼-ਭਗਤ ਅਤੇ ਇਨਕਲਾਬੀ ਸੀ। ਉਹ ਜਵਾਹਰ ਲਾਲ ਨਹਿਰੂ, ਮੌਲਾਨਾ ਆਜ਼ਾਦ, ਮਾਸਟਰ ਤਾਰਾ ਸਿੰਘ ਤੇ ਹੋਰ ਕੌਮੀ ਲੀਡਰਾਂ ਦੇ ਸੰਪਰਕ ਵਿਚ ਰਹਿੰਦਾ ਸੀ। ਉਹ ਸਰਕਾਰ ਦੇ ਪਿੱਠੂ ਰਾਜਿਆਂ-ਮਹਾਰਾਜਿਆਂ ਦੇ ਵੀ ਖ਼ਿਲਾਫ਼ ਸੀ। ਡਾ: ਲਾਲ ਸਿੰਘ ਦੱਸਦਾ ਹੈ ਕਿ ਸ਼ਹੀਦ ਭਗਤ ਸਿੰਘ ਦਾ ਕੱਦ ਤਕਰੀਬਨ 6 ਫੁੱਟ ਉੱਚਾ, ਰੰਗ ਗੋਰਾ ਤੇ ਅੱਖਾਂ ਮੋਟੀਆਂ ਸਨ। ਉਹ ਇਕ ਚਾਰਮਿੰਗ ਪਰਸਨੈਲਿਟੀ ਸੀ। ਪੁਸਤਕ 'ਪੰਜਾਬ ਦੇ ਸਮਕਾਲੀ ਇਤਿਹਾਸ ਦੇ ਮੌਖਿਕ ਸਰੋਤ' ਨੇ ਉਪਰੋਕਤ ਦੇਸ਼-ਭਗਤਾਂ ਤੋਂ ਇਲਾਵਾ ਹੋਰ ਵੀ ਕਈ ਆਜ਼ਾਦੀ-ਪਰਵਾਨਿਆਂ ਦੇ ਨਾਂਅ ਸਾਹਮਣੇ ਲਿਆਂਦੇ ਹਨ।
ਜਿੱਥੋਂ ਤੱਕ ਪ੍ਰਮੁੱਖ ਬਿਆਨ-ਕਰਤਾਵਾਂ ਦੇ ਬਿਆਨਾਂ ਦਾ ਸਵਾਲ ਹੈ, ਉਨ੍ਹਾਂ ਦੀ ਕੀਮਤ ਆਂਕੀ ਨਹੀਂ ਜਾ ਸਕਦੀ। ਪੰਜਾਬ ਵਿਚ ਆਜ਼ਾਦੀ ਦੀ ਲਹਿਰ ਦੇ ਇਤਿਹਾਸ ਵਿਚ ਜਿੰਨਾ ਚਿਰ ਇਨ੍ਹਾਂ ਦੇਸ਼-ਭਗਤਾਂ ਵਲੋਂ ਦੱਸੇ ਗਏ ਤੱਥਾਂ ਨੂੰ ਸ਼ਾਮਿਲ ਨਹੀਂ ਕੀਤਾ ਜਾਂਦਾ, ਓਨਾ ਚਿਰ ਉਹ ਇਤਿਹਾਸ ਅਧੂਰਾ ਹੀ ਰਹੇਗਾ। ਇਨ੍ਹਾਂ ਹੀ ਦੇਸ਼-ਭਗਤਾਂ ਤੇ ਪੰਥ-ਪ੍ਰਸਤਾਂ ਨੇ ਪੰਜਾਬ ਵਿਚ ਪਗੜੀ ਸੰਭਾਲ ਜੱਟਾ, ਸਿੱਖ ਲੀਗ, ਸ਼੍ਰੋਮਣੀ ਅਕਾਲੀ ਦਲ, ਬੱਬਰ ਅਕਾਲੀ ਲਹਿਰ, ਗ਼ਦਰ ਪਾਰਟੀ, ਕਾਂਗਰਸ ਪਾਰਟੀ, ਪਰਜਾ ਮੰਡਲ ਲਹਿਰ, ਕਮਿਊਨਿਸਟ ਪਾਰਟੀ ਅਤੇ ਕੁਝ ਹੋਰ ਰਾਜਨੀਤਕ ਤੇ ਧਾਰਮਿਕ ਜਥੇਬੰਦੀਆਂ ਦੀ ਨੀਂਹ ਰੱਖੀ। ਇਨ੍ਹਾਂ ਬਿਆਨਾਂ ਵਿਚ ਇਤਿਹਾਸ ਦੇ ਕਈ ਅਣਜਾਣੇ ਤੱਥ ਛੁਪੇ ਹੋਏ ਹਨ ਅਤੇ ਕਈ ਥਾਵਾਂ 'ਤੇ ਬੜੀ ਵਿਲੱਖਣ ਜਾਣਕਾਰੀ ਪ੍ਰਾਪਤ ਹੁੰਦੀ ਹੈ। ਉਦਾਹਰਨ ਲਈ ਕੁਝ ਤੱਥ ਹੇਠਾਂ ਅੰਕਿਤ ਕੀਤੇ ਜਾਂਦੇ ਹਨ-
ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਸਬੰਧ : ਕਾਂਗਰਸ ਤੇ ਅਕਾਲੀ ਦਲ ਦੇਸ਼ ਦੀ ਆਜ਼ਾਦੀ ਲਈ ਮਿਲ ਕੇ ਸੰਘਰਸ਼ ਕਰਦੇ ਸਨ। ਇਕ ਸਾਲ ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਵੀ ਪ੍ਰਧਾਨ ਸਨ ਅਤੇ ਪੰਜਾਬ ਕਾਂਗਰਸ ਦੇ ਵੀ। ਮਾਸਟਰ ਤਾਰਾ ਸਿੰਘ ਕਾਂਗਰਸ ਵਰਕਿੰਗ ਕਮੇਟੀ ਦੇ ਮੈਂਬਰ ਰਹੇ। 1928 ਦੀ ਨਹਿਰੂ ਰਿਪੋਰਟ ਨੇ ਦੋਹਾਂ ਪਾਰਟੀਆਂ ਵਿਚ ਮਤਭੇਦ ਪੈਦਾ ਕਰ ਦਿੱਤੇ। 1939-40 ਵਿਚ ਅਕਾਲੀ ਦਲ ਬਰਤਾਨਵੀ ਫੌਜ ਵਿਚ ਭਾਰਤੀਆਂ ਦੀ ਭਰਤੀ ਦੇ ਹੱਕ ਵਿਚ ਸੀ ਪਰ ਕਾਂਗਰਸ ਭਰਤੀ ਦੇ ਵਿਰੁੱਧ ਸੀ। ਇਸ ਲਈ ਦੋਹਾਂ ਪਾਰਟੀਆਂ ਦਾ ਸਬੰਧ ਹਮੇਸ਼ਾ ਲਈ ਟੁੱਟ ਗਿਆ।
ਬਾਬਾ ਖੜਕ ਸਿੰਘ : ਬਾਬਾ ਖੜਕ ਸਿੰਘ ਅੰਗਰੇਜ਼ ਡੀ.ਸੀ. ਜਾਂ ਹੋਰ ਅੰਗਰੇਜ਼ ਅਫ਼ਸਰਾਂ ਨੂੰ ਮਿਲਣ ਨਹੀਂ ਜਾਂਦੇ ਸਨ। ਉਹ ਮਹਾਤਮਾ ਗਾਂਧੀ ਤੇ ਜਵਾਹਰ ਲਾਲ ਨਹਿਰੂ ਨੂੰ ਵੀ ਮਿਲਣ ਨਹੀਂ ਜਾਂਦੇ ਸਨ। ਕਹਿੰਦੇ ਸਨ-'ਉਹ ਮੈਨੂੰ ਮਿਲਣ ਆਉਣ, ਮੈਂ ਕਿਉਂ ਜਾਵਾਂ?' ਬਾਬਾ ਖੜਕ ਸਿੰਘ ਨੂੰ ਪੰਥ ਦਾ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਸੀ।
ਮਾਸਟਰ ਤਾਰਾ ਸਿੰਘ ਦੀ ਸ਼ਖ਼ਸੀਅਤ : ਮਾਸਟਰ ਤਾਰਾ ਸਿੰਘ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਦੇ ਪਿਤਾਮਾ ਸਨ। ਜਿੰਨੇ ਵੀ ਸਿੱਖ ਕਾਂਗਰਸ ਵਿਚ ਜਾਂ ਕੇਂਦਰ ਵਿਚ ਉੱਚੇ ਅਹੁਦਿਆਂ 'ਤੇ ਗਏ, ਉਹ ਮਾਸਟਰ ਜੀ ਦੇ ਚਰਨਾਂ ਨੂੰ ਛੂਹ ਕੇ ਹੀ ਗਏ। ਤਕਰੀਬਨ ਸਾਰੇ ਬਿਆਨ-ਕਰਤਾ ਮਾਸਟਰ ਜੀ ਦੀ ਨੇਕ-ਨੀਅਤੀ, ਇਮਾਨਦਾਰੀ, ਦ੍ਰਿੜ੍ਹਤਾ, ਨਿਸ਼ਕਾਮਤਾ, ਤਿਆਗ ਤੇ ਕੁਰਬਾਨੀ ਦੀ ਤਾਰੀਫ਼ ਕਰਦੇ ਹਨ। ਗਿ: ਗੁਰਮੁਖ ਸਿੰਘ ਮੁਸਾਫ਼ਰ ਮਾਸਟਰ ਤਾਰਾ ਸਿੰਘ ਵਿਰੁੱਧ ਕੋਈ ਗੱਲ ਨਹੀਂ ਸੁਣਨਾ ਚਾਹੁੰਦੇ ਸਨ। ਕਹਿੰਦੇ ਹਨ-ਮਾਸਟਰ ਜੀ ਸਾਰੀ ਉਮਰ ਆਪਣੇ ਨਿਸ਼ਾਨੇ ਤੋਂ ਨਹੀਂ ਥਿੜਕੇ। ਉਹ ਕਹਿੰਦੇ ਸਨ-'ਮੈਂ ਮਰ ਜਾਵਾਂ, ਮੈਂ ਤਾਂ ਪੰਥ ਨੂੰ ਬਚਾਉਣਾ ਹੈ।' ਮੁਸਾਫ਼ਰ ਹੁਰਾਂ ਅਨੁਸਾਰ ਮਹਾਤਮਾ ਗਾਂਧੀ ਮਾਸਟਰ ਤਾਰਾ ਸਿੰਘ ਨੂੰ ਹਿੰਦੁਸਤਾਨ ਦਾ ਲੀਡਰ ਸਮਝਦੇ ਸਨ। ਇਕ ਵਾਰ ਕਹਿੰਦੇ-'ਮਾਸਟਰ ਤਾਰਾ ਸਿੰਘ ਤੋ ਹਿੰਦੁਸਤਾਨ ਕਾ ਲੀਡਰ ਹੈ। ਸਿੱਖੋਂ ਕੀ ਬਾਤ ਕਰਨੀ ਹੈ ਤੋ ਸ: ਸੁੰਦਰ ਸਿੰਘ ਮਜੀਠੀਆ ਕਰੇਂ।' ਸੰਤ ਨਿਸ਼ਚਲ ਸਿੰਘ ਜਗਾਧਰੀ ਵਾਲਿਆਂ ਨੇ ਇਕ ਵਾਰ ਮਾਸਟਰ ਤਾਰਾ ਸਿੰਘ ਨੂੰ ਪੁੱਛਿਆ, 'ਤੁਸੀਂ ਭਜਨ ਪਾਠ ਕਿਹੜਾ ਸਵੇਰੇ ਉੱਠ ਕੇ ਕਰਦੇ ਹੋ?' ਮਾਸਟਰ ਜੀ ਬੋਲੇ, 'ਮੇਰਾ ਭਜਨ ਪਾਠ ਤਾਂ ਪੰਥ ਦੀ ਸੇਵਾ ਹੀ ਹੈ ਔਰ ਮੈਂ ਚਾਹੁੰਦਾ ਹਾਂ ਕਿ ਮੇਰਾ ਟੁਕੜਾ ਟੁਕੜਾ ਹੋ ਜਾਵੇ; ਮੈਂ ਪਿੱਛੇ ਨਾ ਹਟਾਂ।'
ਕਾਲੀ ਦਸਤਾਰ : ਸਿੱਖ ਪੰਥ ਵਿਚ ਕਾਲੀ ਦਸਤਾਰ ਬੰਨ੍ਹਣ ਦਾ ਰਿਵਾਜ 1921 ਵਿਚ ਸਾਕਾ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿਚ ਸ਼ੁਰੂ ਹੋਇਆ। ਸਾਕੇ ਉਪਰੰਤ ਨਨਕਾਣਾ ਸਾਹਿਬ ਵਿਖੇ ਕਾਲੇ ਰੰਗ ਦੇ ਕੜਾਹੇ ਚੜ੍ਹੇ ਰਹਿੰਦੇ ਸਨ ਅਤੇ ਸਿੱਖ ਕੜਾਹਿਆਂ ਵਿਚ ਆਪਣੀਆਂ ਦਸਤਾਰਾਂ ਸੁੱਟ ਕੇ ਕਾਲੀਆਂ ਰੰਗ ਲੈਂਦੇ ਸਨ।
ਸੁਭਾਸ਼ ਚੰਦਰ ਬੋਸ ਨੂੰ ਭਾਰਤ 'ਚੋਂ ਬਾਹਰ ਕੱਢਣ ਵਿਚ ਸਿੱਖਾਂ ਦਾ ਯੋਗਦਾਨ : ਕਲਕੱਤੇ ਵਿਚ ਨਿਰੰਜਨ ਸਿੰਘ ਤਾਲਿਬ, ਸੁਭਾਸ਼ ਚੰਦਰ ਬੋਸ ਦੇ ਖਾਸ ਬੰਦਿਆਂ ਵਿਚੋਂ ਇਕ ਸਨ। ਸ: ਮਿਹਰ ਸਿੰਘ ਕੁਰੂਕਸ਼ੇਤਰ ਦੀ ਅਗਵਾਈ ਵਿਚ ਕਲਕੱਤੇ ਵਿਚ 'ਸਿੱਖ ਵਾਲੰਟੀਅਰ ਕੋਰ' ਵੀ ਸਰਗਰਮ ਸੀ। ਸੁਭਾਸ਼ ਚੰਦਰ ਬੋਸ ਜਦੋਂ 1941 ਵਿਚ ਕਾਬਲ ਤੇ ਰੂਸ ਰਾਹੀਂ ਜਰਮਨ ਗਏ ਤਾਂ ਸ: ਤਾਲਿਬ ਅਤੇ ਸਿੱਖ ਕੋਰ ਨੇ ਉਨ੍ਹਾਂ ਨੂੰ ਕਲਕੱਤੇ ਵਿਚੋਂ ਪਠਾਣੀ ਭੇਸ ਵਿਚ ਬਾਹਰ ਕੱਢਣ ਵਿਚ ਬਹੁਤ ਮਦਦ ਕੀਤੀ। ਸ: ਬਲਦੇਵ ਸਿੰਘ ਨੇ ਇਸ ਕੰਮ ਲਈ 5000 ਰੁਪਏ ਦਿੱਤੇ। ਨਿਰੰਜਨ ਸਿੰਘ ਤਾਲਿਬ ਖੁਦ ਕਾਰ ਡਰਾਈਵ ਕਰਕੇ ਸੁਭਾਸ਼ ਬਾਬੂ ਨੂੰ ਰੇਲ ਚੜ੍ਹਾ ਕੇ ਆਏ। ਸੁਭਾਸ਼ ਚੰਦਰ ਨੂੰ ਅੰਮ੍ਰਿਤਸਰ ਤੋਂ ਪਿਸ਼ਾਵਰ ਤੇ ਕਾਬਲ ਭੇਜਣ ਵਿਚ ਵੀ ਸਿੱਖ ਲੀਡਰਾਂ ਦਾ ਰੋਲ ਹੈ। (ਪੂਰਾ ਬਿਰਤਾਂਤ ਸ: ਨਿਰੰਜਨ ਸਿੰਘ ਤਾਲਿਬ ਤੇ ਸ: ਮਿਹਰ ਸਿੰਘ ਕੁਰੂਕਸ਼ੇਤਰ ਦੇ ਬਿਆਨਾਂ ਵਿਚ ਪੜ੍ਹਿਆ ਜਾ ਸਕਦਾ ਹੈ।)
ਸਿੱਖ ਸਟੇਟ ਦਾ ਮਸਲਾ : ਕੁਝ ਲੋਕਾਂ ਨੂੰ ਭਲੇਖਾ ਹੈ ਕਿ ਅੰਗਰੇਜ਼ ਸਿੱਖ ਸਟੇਟ ਦਿੰਦੇ ਸਨ ਅਤੇ ਮੁਹੰਮਦ ਅਲੀ ਜਿਨਾਹ ਪਾਕਿਸਤਾਨ ਵਿਚ ਸਿੱਖ ਸੂਬਾ ਦਿੰਦਾ ਸੀ ਪਰ ਸਿੱਖ ਲੀਡਰਾਂ ਨੇ ਇਹ ਪੇਸ਼ਕਸ਼ਾਂ ਪ੍ਰਵਾਨ ਨਹੀਂ ਕੀਤੀਆਂ। ਹਕੀਕਤ ਇਹ ਹੈ ਕਿ ਕੋਈ ਕੁਝ ਨਹੀਂ ਸੀ ਦਿੰਦਾ। ਸਿੱਖ ਲੀਡਰਾਂ ਨੇ ਭਾਰਤ ਵਿਚ ਰਹਿਣ ਦਾ ਜੋ ਫੈਸਲਾ ਕੀਤਾ, ਉਹ ਸਹੀ ਸੀ। ਹੋਰ ਕੋਈ ਚਾਰਾ ਨਹੀਂ ਸੀ। ਡਾ: ਗੋਪਾਲ ਸਿੰਘ ਦਰਦੀ ਦਾ ਬਿਆਨ ਦੋਹਾਂ ਭੁਲੇਖਿਆਂ ਨੂੰ ਚੰਗੀ ਤਰ੍ਹਾਂ ਦੂਰ ਕਰਦਾ ਹੈ। ਮਾਸਟਰ ਤਾਰਾ ਸਿੰਘ ਜਿਨਾਹ ਨੂੰ ਦਿੱਲੀ ਮਿਲੇ। ਮੁਲਾਕਾਤ ਪਿੱਛੋਂ ਕਹਿੰਦੇ-ਜਿਨਾਹ ਕੁਝ ਵੀ ਦੇਣ ਨੂੰ ਤਿਆਰ ਨਹੀਂ। ਸਿਰਫ਼ ਇਹ ਚਾਹੁੰਦਾ ਹੈ ਕਿ ਸਿੱਖ ਪਾਕਿਸਤਾਨ ਦਾ ਅਸੂਲ ਮੰਨ ਕੇ ਪਾਕਿਸਤਾਨ ਵਿਚ ਰਹਿਣਾ ਮੰਨ ਲੈਣ। ਜਿਹੜਾ ਵੀ ਸਿੱਖ ਲੀਡਰ ਜਿਨਾਹ ਨੂੰ ਮਿਲਿਆ ਉਸ ਦਾ ਉੱਤਰ ਇਕੋ ਸੀ-ਪਹਿਲਾਂ ਪਾਕਿਸਤਾਨ ਵਿਚ ਰਹਿਣਾ ਮੰਨੋ, ਦੇਣ-ਦੁਆਉਣ ਦੀ ਗੱਲ ਪਿੱਛੋਂ ਕਰਾਂਗੇ। ਕੈਬਨਿਟ ਮਿਸ਼ਨ ਨੇ ਵੀ ਸਿੱਖ ਲੀਡਰਾਂ ਦੀ ਗੱਲ ਨਹੀਂ ਮੰਨੀ। ਸਿੱਖ ਲੀਡਰ ਦਰਿਆ ਘੱਗਰ ਤੋਂ ਦਰਿਆ ਚਨਾਬ ਤੱਕ ਸਿੱਖ ਹੋਮਲੈਂਡ ਚਾਹੁੰਦੇ ਸਨ। ਪਰ ਕਿਸੇ ਇਲਾਕੇ ਵਿਚ ਵੀ ਸਿੱਖਾਂ ਦੀ ਬਹੁਗਿਣਤੀ ਨਾ ਹੋਣ ਕਾਰਨ, ਇਹ ਮੰਗ ਰੱਦ ਕਰ ਦਿੱਤੀ ਗਈ।
'ਪੰਜਾਬ ਦੇ ਸਮਕਾਲੀ ਇਤਿਹਾਸ ਦੇ ਮੌਖਿਕ ਸਰੋਤ' ਇਕ ਅਸਚਰਜ ਪੁਸਤਕ ਹੈ, ਜੋ ਪੰਜਾਬ ਦੇ ਸਮਕਾਲੀ ਇਤਿਹਾਸ ਦੇ ਕਈ ਗੁੱਝੇ ਭੇਤ ਖੋਲ੍ਹਦੀ ਹੈ। ਇਤਿਹਾਸਕਾਰਾਂ ਤੇ ਇਤਿਹਾਸ-ਪ੍ਰੇਮੀਆਂ ਨੂੰ ਨਵਾਂ ਚਾਨਣ ਦਿੰਦੀ ਹੈ। ਸਮੂਹ ਜਾਗਰੂਕ ਪੰਜਾਬੀ ਡਾ: ਕਿਰਪਾਲ ਸਿੰਘ ਅਤੇ ਪ੍ਰੋ: ਪ੍ਰਿਥੀਪਾਲ ਸਿੰਘ ਕਪੂਰ ਦੇ ਅਜਿਹੀ ਪੁਸਤਕ ਦੀ ਰਚਨਾ ਕਰਨ ਲਈ ਸਦਾ ਅਹਿਸਾਨਮੰਦ ਰਹਿਣਗੇ।
ਇਹ ਪੁਸਤਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰਕਾਸ਼ਿਤ ਕੀਤੀ ਹੈ, ਜਿਸ ਦੇ ਪੰਨੇ 553 ਅਤੇ ਮੁੱਲ 750 ਰੁਪਏ ਹੈ।


-ਮੋਬਾ: 98155-40968

ਕੱਲ੍ਹ ਸਾਰਾਗੜ੍ਹੀ ਦਿਵਸ 'ਤੇ ਵਿਸ਼ੇਸ਼

ਸਾਰਾਗੜ੍ਹੀ ਦਾ ਸਾਕਾ

ਸਾਰਾਗੜ੍ਹੀ ਦਾ ਸਾਕਾ ਬਹਾਦਰੀ ਦੀ ਇਕ ਅਜਿਹੀ ਮਿਸਾਲ ਪੇਸ਼ ਕਰਦਾ ਹੈ ਜੋ ਹੋਰ ਕਿਧਰੇ ਵੇਖਣ ਨੂੰ ਨਹੀਂ ਮਿਲਦੀ। ਇਹ ਗੱਲ 12 ਸਤੰਬਰ, 1897 ਦੀ ਹੈ। ਇਹ 21 ਸਿੱਖ ਫ਼ੌਜੀ ਬ੍ਰਿਟਿਸ਼ ਭਾਰਤੀ ਫ਼ੌਜ ਦੇ 36 ਸਿੱਖ ਰੈਜੀਮੈਂਟ ਦੇ ਜਵਾਨ ਸਨ। ਹੁਣ ਇਸ ਰੈਜੀਮੈਂਟ ਨੂੰ 4 ਸਿੱਖ ਰੈਜੀਮੈਂਟ ਵੀ ਕਿਹਾ ਜਾਂਦਾ ਹੈ। ਸਾਰਾਗੜ੍ਹੀ ਦਾ ਸਥਾਨ ਕੋਹਾਟ ਜ਼ਿਲ੍ਹੇ ਵਿਚ ਇਕ ਸਰਹੱਦੀ ਪਿੰਡ ਹੈ, ਜੋ ਕਿਲ੍ਹਾ ਲਾਕਹਾਰਟ ਤੋਂ ਡੇਢ ਮੀਲ 'ਤੇ ਹੈ। ਲਾਕਹਾਰਟ ਤੇ ਗੁਲਸਤਾਨ ਕਿਲ੍ਹੇ ਦੀ ਦੂਰੀ 6 ਕਿਲੋਮੀਟਰ ਹੈ। ਇਹ 2 ਕਿਲ੍ਹੇ ਹਨ, ਇਨ੍ਹਾਂ ਦੋਵਾਂ ਕਿਲ੍ਹਿਆਂ ਵਿਚ ਨੀਵੇਂ ਥਾਂ ਸਾਰਾਗੜ੍ਹੀ ਦਾ ਸਥਾਨ ਹੈ। ਇਨ੍ਹਾਂ ਦੋਵਾਂ ਕਿਲ੍ਹਿਆਂ ਨੂੰ ਸ਼ੀਸ਼ੇ ਰਾਹੀਂ ਸਿਗਨਲ ਦੇਣ ਲਈ ਸਾਰਾਗੜ੍ਹੀ ਦੀ ਚੌਂਕੀ ਬੜੀ ਅਹਿਮ ਸੀ। ਮਹਾਨ ਕੋਸ਼ ਦੇ ਪੰਨਾ ਨੰ: 186 'ਤੇ ਭਾਈ ਕਾਹਨ ਸਿੰਘ ਨਾਭਾ ਲਿਖਦੇ ਹਨ ਕਿ, 'ਕੋਹਾਟ ਜ਼ਿਲ੍ਹੇ ਵਿਚ ਇਕ ਸਰਹੱਦੀ ਪਿੰਡ, ਜੋ ਕਿਲ੍ਹਾ ਲਾਕਹਾਰਟ ਤੋਂ ਡੇਢ ਕੁ ਮੀਲ ਪਰ੍ਹੇ ਹੈ ਅਤੇ ਭਾਰਤ ਸਰਕਾਰ ਦੀ ਇਕ ਛੋਟੀ ਗੜ੍ਹੀ ਹੈ, ਇਸ ਥਾਂ ਜੰਗ ਤੀਰਾ ਵਿਚ 12 ਸਤੰਬਰ ਸੰਨ 1897 ਨੂੰ ਪਲਟਨ 36 ਸਿੱਖ ਦੇ 21 ਸਿੰਘ ਹਜ਼ਾਰਾਂ ਅਫਰੀਦੀਆਂ ਤੋਂ ਘਿਰ ਕੇ ਵੀ ਕਾਇਰ ਨਹੀਂ ਹੋਏ, ਸਗੋਂ ਉਨ੍ਹਾਂ ਬੀਰਤਾ ਦਿਖਾਈ, ਜੋ ਅੰਮ੍ਰਿਤਧਾਰੀ ਸਿੰਘ ਸਦਾ ਵਿਖਾਉਂਦੇ ਰਹੇ ਹਨ। ਅਫਰੀਦੀਆਂ ਦੇ ਕਥਨ ਅਨੁਸਾਰ ਇਹ ਦੋ ਸੌ ਵੈਰੀਆਂ ਨੂੰ ਮਾਰ ਕੇ ਅਤੇ ਸੈਂਕੜਿਆਂ ਨੂੰ ਫੱਟੜ ਕਰਕੇ ਸ਼ਹੀਦ ਹੋਏ। ਇਨ੍ਹਾਂ ਵੀਰਾਂ ਦੀ ਯਾਦਗਾਰ ਕਾਇਮ ਰੱਖਣ ਲਈ ਜ਼ਿਲ੍ਹਾ ਲਾਕਹਾਰਟ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਵਿਚ ਸਰਕਾਰ ਵਲੋਂ ਕੀਰਤਿ ਮੰਦਰ ਬਣਾਏ ਗਏ ਹਨ।
ਪੰਜਾਬੀ ਵਿਸ਼ਵਕੋਸ਼ ਦੀ ਲਿਖਤ ਅਨੁਸਾਰ-'ਸਾਰਾਗੜ੍ਹੀ ਉੱਤਰ-ਪੱਛਮੀ ਸਰਹੱਦੀ ਸੂਬੇ ਦੇ ਕੋਹਾਟ ਜ਼ਿਲ੍ਹੇ ਦਾ ਇਕ ਇਤਿਹਾਸਕ ਪਿੰਡ ਹੈ, ਜੋ ਸਮਾਨਾ ਰੇਂਜ਼ ਦੀ ਚੋਟੀ 'ਤੇ 33.55 ਉੱਤਰੀ ਵਿਥਕਾਰ ਅਤੇ 70.45 ਲੰਬਕਾਰ 'ਤੇ ਸਥਿਤ ਹੈ। ਇਸ ਇਲਾਕੇ ਨੂੰ ਵਜ਼ੀਰਸਤਾਨ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ ਅਤੇ ਇੱਥੇ ਵਜ਼ੀਰ ਕਬੀਲੇ ਦੇ ਲੋਕ ਵਧੇਰੇ ਵਸਦੇ ਹਨ। ਇਸ ਥਾਂ 'ਤੇ ਇਕ ਗੜ੍ਹੀ ਬਣੀ ਹੋਈ ਹੈ, ਜੋ ਭਾਰਤੀ ਫ਼ੌਜ ਦੇ ਬੇਮਿਸਾਲ ਜੋਸ਼, ਹੌਸਲੇ ਤੇ ਕੁਰਬਾਨੀ ਦਾ ਚਾਨਣ ਮੁਨਾਰਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਨੇ ਹੌਲੀ-ਹੌਲੀ ਭਾਰਤ 'ਤੇ ਕਬਜ਼ਾ ਕਰਨਾ ਸ਼ੁਰੂ ਕੀਤਾ ਤਾਂ ਇਹ ਸਾਰਾ ਇਲਾਕਾ ਵੀ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਹੇਠ ਕਰ ਲਿਆ। ਉਧਰ ਤੁਰਕੀ ਦਾ ਸੁਲਤਾਨ ਤੇ ਅਫਗਾਨਿਸਤਾਨ ਦਾ ਬਾਦਸ਼ਾਹ ਕਿਸੇ ਗੱਲੋਂ ਅੰਗਰੇਜ਼ਾਂ ਨਾਲ ਬਹੁਤ ਨਾਰਾਜ਼ ਸਨ, ਇਸ ਲਈ ਪਠਾਣ ਅੰਗਰੇਜ਼ਾਂ ਦੇ ਬਰਖਿਲਾਫ ਹੋ ਗਏ ਤੇ ਬਦਲਾ ਲੈਣਾ ਚਾਹੁੰਦੇ ਸਨ। ਪਠਾਣਾਂ ਨੇ ਅੰਗਰੇਜ਼ਾਂ ਦੀ ਗੁਲਾਮੀ ਕਰਨੋਂ ਨਾਂਹ ਕਰ ਦਿੱਤੀ ਤੇ ਮੌਕਾ ਮਿਲਦੇ ਹੀ ਅੰਗਰੇਜ਼ਾਂ 'ਤੇ ਹਮਲਾ ਕਰ ਦਿੰਦੇ ਸਨ। ਸਮਾਨਾ ਚੋਟੀ ਤੇ ਪਰਚਿਨਾਰ ਦੀ ਚੋਟੀ 'ਤੇ ਅੰਗਰੇਜ਼ਾਂ ਨੇ ਕਬਜ਼ਾ ਜਮਾ ਲਿਆ ਸੀ ਤੇ ਇਹ ਦੋਵੇਂ ਚੋਟੀਆਂ ਉੱਚੀਆਂ ਥਾਵਾਂ 'ਤੇ ਸਨ। ਸਾਰਾਗੜ੍ਹੀ ਦੀ ਚੌਂਕੀ ਨੀਵੇਂ ਥਾਂ 'ਤੇ ਸੀ।
27 ਅਗਸਤ, 1897 ਦੇ ਵਿਚ 10,000 ਪਠਾਣਾਂ ਨੇ ਸਮਾਨਾ ਪੋਸਟ ਤੇ ਪਰਚਿਨਾਰ 'ਤੇ 4-5 ਵਾਰ ਹਮਲਾ ਕੀਤਾ, ਪਰ ਸਾਰਾਗੜ੍ਹੀ ਚੌਂਕੀ ਵਿਚ ਤਾਇਨਾਤ 21 ਸਿੱਖ ਸੈਨਿਕਾਂ ਦੀ ਬਦੌਲਤ ਇਹ ਹਮਲਾ ਹਰ ਵਾਰ ਅਸਫਲ ਰਹਿ ਜਾਂਦਾ ਤੇ ਪਠਾਣਾਂ ਨੂੰ ਮੂੰਹ ਦੀ ਖਾਣੀ ਪੈਂਦੀ। ਆਖਰਕਾਰ ਪਠਾਣਾਂ ਨੇ ਸਲਾਹ ਕੀਤੀ ਕਿ ਕਿਉਂ ਨਾ ਪਹਿਲਾਂ ਇਸ ਸਾਰਾਗੜ੍ਹੀ ਵਾਲੀ ਜਗ੍ਹਾ 'ਤੇ ਹਮਲਾ ਕਰਕੇ ਰਸਤਾ ਸਾਫ਼ ਕੀਤਾ ਜਾਵੇ। ਪਠਾਣ ਜਾਣਦੇ ਸਨ ਕਿ ਇਕ ਤਾਂ ਇੱਥੇ ਨਫਰੀ ਘੱਟ ਹੈ, ਕੇਵਲ 21 ਫ਼ੌਜੀ ਹੀ ਹਨ। ਇਸ ਲਈ 10,000 ਪਠਾਣਾਂ ਨੇ ਇਕੱਠੇ ਹੋ ਕੇ ਸਾਰਾਗੜ੍ਹੀ ਵਾਲੀ ਚੌਂਕੀ ਨੂੰ ਚਾਰ-ਚੁਫੇਰੇ ਤੋਂ ਘੇਰਾ ਪਾ ਲਿਆ ਤੇ ਬੜਾ ਜ਼ਬਰਦਸਤ ਹਮਲਾ ਕੀਤਾ। ਅੰਦਰੋਂ 21 ਸਿੱਖ ਫ਼ੌਜੀ ਜੈਕਾਰੇ ਛੱਡ ਕੇ ਦੁਸ਼ਮਣ ਪਠਾਣਾਂ ਤੇ ਭੁੱਖੇ ਸ਼ੇਰ ਵਾਂਗ ਟੁੱਟ ਕੇ ਪੈ ਗਏ। ਕੋਈ 6 ਘੰਟੇ ਲਗਾਤਾਰ ਲੜਾਈ ਚਲਦੀ ਰਹੀ। ਇਨ੍ਹਾਂ ਛੇ ਘੰਟਿਆਂ ਵਿਚ 21 ਸਿੱਖ ਫ਼ੌਜੀਆਂ ਨੇ ਕੋਈ 600 ਦੇ ਕਰੀਬ ਪਠਾਣ ਮੌਤ ਦੇ ਘਾਟ ਉਤਾਰ ਦਿੱਤੇ ਤੇ ਕਈ ਸੈਂਕੜੇ ਜ਼ਖਮੀ ਕਰ ਦਿੱਤੇ, ਕਿਉਂਕਿ ਸਿੱਖ ਕਿਲ੍ਹੇ ਦੀ ਚਾਰਦੀਵਾਰੀ ਦੇ ਅੰਦਰ ਸਨ ਤੇ ਪਠਾਣ ਬਾਹਰ ਮੈਦਾਨ ਵਿਚ ਨੀਵੇਂ ਥਾਂ 'ਤੇ ਸਨ। ਕਿਲ੍ਹੇ ਅੰਦਰ 12 ਸਿੱਖ ਸੈਨਿਕ ਵੀ ਸ਼ਹੀਦ ਹੋ ਗਏ। ਅੰਤ ਪਠਾਣਾਂ ਨੇ ਇਕ ਤਰਕੀਬ ਸੋਚੀ ਤੇ ਕਿਲ੍ਹੇ ਦੀ ਕੰਧ ਨਾਲ ਘਾਹ-ਫੂਸ, ਲੱਕੜਾਂ ਤੇ ਪੱਤੇ ਇਕੱਠੇ ਪਏ ਦੇਖ ਕੇ ਇਸ ਨੂੰ ਅੱਗ ਲਗਾ ਦਿੱਤੀ। ਇਸ ਨਾਲ ਬਹੁਤ ਜ਼ਿਆਦਾ ਧੂੰਆਂ ਪੈਦਾ ਹੋ ਗਿਆ ਤੇ ਕਿਲ੍ਹੇ ਦੇ ਅੰਦਰ ਜਾਣ ਲੱਗਾ। ਕਿਲ੍ਹੇ ਅੰਦਰ ਬਚੇ ਸੈਨਿਕਾਂ ਨੂੰ ਬਾਹਰ ਕੁਝ ਦਿਖਾਈ ਵੀ ਨਹੀਂ ਸੀ ਦੇ ਰਿਹਾ।
ਇਸੇ ਮੌਕੇ ਦਾ ਫਾਇਦਾ ਉਠਾ ਕੇ ਪਠਾਣ ਕਿਲ੍ਹੇ ਦੀਆਂ ਕੰਧਾਂ ਕੋਲ ਪਹੁੰਚ ਗਏ ਤੇ ਖਸਤਾ ਹੋ ਚੁੱਕੇ ਕਿਲ੍ਹੇ ਦੀਆ ਕੰਧਾਂ ਵਿਚ ਪਾੜ ਪਾ ਲਿਆ ਤੇ ਕਿਲ੍ਹੇ ਅੰਦਰ ਦਾਖਲ ਹੋ ਗਏ। ਅੰਦਰ ਬਚੇ ਹੋਏ ਸਿੱਖਾਂ ਕੋਲੋਂ ਅਸਲਾ ਬਾਰੂਦ ਵੀ ਖਤਮ ਹੋ ਚੁੱਕਾ ਸੀ। ਤਲਵਾਰਾਂ, ਰਾਈਫਲਾਂ ਨਾਲ ਹੱਥੋ-ਹੱਥੀ ਦੀ ਲੜਾਈ ਵਿਚ ਵੀ ਇਨ੍ਹਾਂ ਸਿੱਖ ਸੈਨਿਕਾਂ ਨੇ ਹਵਾਲਦਾਰ ਈਸ਼ਰ ਸਿੰਘ ਦੀ ਕਮਾਂਡ ਹੇਠ ਅਨੇਕਾਂ ਪਠਾਣ ਮੌਤ ਦੇ ਘਾਟ ਉਤਾਰ ਦਿੱਤੇ। ਅੰਤ ਵੈਰੀਆਂ ਨਾਲ ਲੋਹਾ ਲੈਂਦੇ ਹੋਏ ਬਾਕੀ ਸਿੱਖ ਸੈਨਿਕ ਵੀ ਸ਼ਹੀਦੀਆਂ ਪਾ ਗਏ। ਕਿਲ੍ਹੇ 'ਤੇ ਭਾਵੇਂ ਪਠਾਣਾਂ ਦਾ ਕਬਜ਼ਾ ਹੋ ਗਿਆ ਸੀ, ਪਰ ਇਹ ਕਬਜ਼ਾ ਦੋ ਦਿਨ ਹੀ ਰਹਿ ਸਕਿਆ। ਬ੍ਰਿਟਿਸ਼ ਫ਼ੌਜ ਨੇ ਹਮਲਾ ਕਰਕੇ ਦੋ ਦਿਨ ਬਾਅਦ ਇਹ ਕਿਲ੍ਹੇ 'ਤੇ ਫਿਰ ਕਬਜ਼ਾ ਕਰ ਲਿਆ ਸੀ। ਜਦ ਇਸ ਲੜਾਈ ਦੀ ਖ਼ਬਰ ਇੰਗਲੈਂਡ ਪਹੁੰਚੀ ਤਾਂ ਇੰਗਲੈਂਡ ਦੀ ਪਾਰਲੀਮੈਂਟ ਵਲੋਂ ਸਭਾ ਵਿਚ ਦੋ ਮਿੰਟ ਦਾ ਮੋਨ ਧਾਰਨ ਕਰਕੇ ਸਾਰਾਗੜ੍ਹੀ ਦੇ ਇਨ੍ਹਾਂ ਸਿੱਖ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਾਰਾਗੜ੍ਹੀ ਦੀ ਇਹ ਇਤਿਹਾਸਕ ਜੰਗ ਦੀ ਹਿਸਟਰੀ ਫਰਾਂਸ, ਇੰਗਲੈਂਡ, ਜਾਪਾਨ ਤੇ ਭਾਰਤ ਵਰਗੇ ਦੇਸ਼ਾਂ ਵਿਚ ਸਕੂਲਾਂ ਵਿਚ ਪੜ੍ਹਾਈ ਜਾਂਦੀ ਹੈ।
ਇਨ੍ਹਾਂ ਸੂਰਬੀਰਾਂ ਦੀ ਬਹਾਦਰੀ ਤੋਂ ਖੁਸ਼ ਹੋ ਕੇ ਇੰਗਲੈਂਡ ਸਰਕਾਰ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ 'ਇੰਡੀਅਨ ਆਰਡਰ ਆਫ ਮੈਰਿਟ 10 ਐਮ' ਜੋ ਕਿ 'ਪਰਮਵੀਰ ਚੱਕਰ' ਦੇ ਬਰਾਬਰ ਹੈ, ਨਾਲ ਸਨਮਾਨਿਤ ਕੀਤਾ, 500 ਰੁ: ਨਕਦ ਤੇ 2-2 ਮੁਰੱਬੇ ਜ਼ਮੀਨ ਅਲਾਟ ਕੀਤੀ ਗਈ ਤੇ ਨਾਲ ਹੀ ਇਨ੍ਹਾਂ ਸਿੱਖ ਸ਼ਹੀਦਾਂ ਦੀ ਯਾਦ ਵਿਚ ਜਿੱਥੇ ਲੜਾਈ ਹੋਈ ਸੀ, ਉੱਥੇ ਸਾਰਾਗੜ੍ਹੀ ਵਜ਼ੀਰਸਤਾਨ (ਪਾਕਿਸਤਾਨ), ਗੁਰਦੁਆਰਾ ਸ੍ਰੀ ਸਾਰਗੜ੍ਹੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ (ਦਰਬਾਰ ਸਾਹਿਬ ਦੇ ਨਜ਼ਦੀਕ) ਤੇ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਫਿਰੋਜ਼ਪੁਰ ਵਿਖੇ ਇਨ੍ਹਾਂ ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰੇ ਬਣਵਾਏ। ਸਾਰਾਗੜ੍ਹੀ ਵਿਖੇ ਸ਼ਹੀਦ ਹੋਣ ਵਾਲੇ 21 ਸਿੱਖਾਂ ਦੇ ਨਾਂਅ ਸਨ ਹਵਾਲਦਾਰ ਈਸ਼ਰ ਸਿੰਘ, ਲਾਂਸ ਨਾਇਕ ਚੰਦਾ ਸਿੰਘ, ਸਿਪਾਹੀ ਉੱਤਮ ਸਿੰਘ, ਭੋਲਾ ਸਿੰਘ, ਜੀਵਨ ਸਿੰਘ, ਭਗਵਾਨ ਸਿੰਘ, ਸਾਹਿਬ ਸਿੰਘ, ਦਯਾ ਸਿੰਘ, ਗੁਰਮੁੱਖ ਸਿੰਘ, ਭਗਵਾਨ ਸਿੰਘ, ਸਿਪਾਹੀ ਨੰਦ ਸਿੰਘ, ਨਾਇਕ ਲਾਲ ਸਿੰਘ, ਸਿਪਾਹੀ ਬੁੱਧ ਸਿੰਘ, ਹੀਰਾ ਸਿੰਘ, ਨਰਾਇਣ ਸਿੰਘ, ਰਾਮ ਸਿੰਘ ਜੀਵਾ ਸਿੰਘ, ਰਾਮ ਸਿੰਘ, ਜੀਵਨ ਸਿੰਘ ਗੁਰਮੁੱਖ ਸਿੰਘ ਤੇ ਬੁੱਧ ਸਿੰਘ ਆਦਿ ਸਨ। ਇਨ੍ਹਾਂ 21 ਸਿੱਖ ਫ਼ੌਜੀਆਂ ਨੇ ਆਪਣੀ ਅਣਖ ਤੇ ਆਪਣੀ ਕੌਮ ਦੀ ਬਹਾਦਰੀ ਦਾ ਲੋਹਾ ਮੰਨਵਾਇਆ। ਸਿੱਖ ਕੌਮ ਨੂੰ ਐਸੇ ਮਹਾਨ ਯੋਧਿਆਂ 'ਤੇ ਹਮੇਸ਼ਾ ਮਾਣ ਰਹੇਗਾ।


-ਪਿੰਡ ਤੇ ਡਾਕ: ਚੱਬਾ, ਤਰਨ ਤਾਰਨ ਰੋਡ, ਅੰਮ੍ਰਿਤਸਰ-143022
dharmindersinghchabba@gmail.com

ਆਜ਼ਾਦ ਪੰਜਾਬ ਦੀ ਸਲਤਨਤ ਉੱਪਰ ਬਰਤਾਨਵੀ ਹਮਲਾ

17 ਨਵੰਬਰ ਦੀ ਮੀਟਿੰਗ ਵਿਚ ਇਸ ਗੱਲ ਦੀ ਸਹਿਮਤੀ ਸੀ ਕਿ ਅੰਗਰੇਜ਼ ਪੰਜਾਬ ਦੇ ਖਿਲਾਫ਼ ਲੜਾਈ ਵਾਸਤੇ ਪੂਰੀ ਤਰ੍ਹਾਂ ਤਿਆਰ ਹਨ ਤੇ ਇਸ ਦਾ ਮੁਕਾਬਲਾ ਹਰ ਕੀਮਤ 'ਤੇ ਕਰਨਾ ਚਾਹੀਦਾ ਹੈ। ਦਰਬਾਰ ਨੇ ਆਪਣੀ ਸਾਰੀ ਫੌਜ ਨੂੰ 7 ਡਵੀਜ਼ਨਾਂ ਵਿਚ ਵੰਡ ਦਿੱਤਾ। ਚਾਰ ਡਵੀਜ਼ਨ ਰੋਪੜ, ਲੁਧਿਆਣਾ, ਹਰੀਕੇ ਤੇ ਫਿਰੋਜ਼ਪੁਰ ਤਾਇਨਾਤ ਕਰ ਦਿੱਤੇ। ਇਕ ਡਵੀਜ਼ਨ ਦੱਖਣ ਵਿਚ ਸਿੰਧ ਦੇ ਨਾਲ ਤੇ ਇਕ ਪੇਸ਼ਾਵਰ ਤੇ ਅੱਟਕ ਵਾਸਤੇ ਤਾਇਨਾਤ ਕਰ ਦਿੱਤਾ। ਇਕ ਡਵੀਜ਼ਨ ਲਾਹੌਰ ਰਹਿਣਾ ਸੀ। ਹਰ ਡਵੀਜ਼ਨ ਵਿਚ 8 ਹਜ਼ਾਰ ਤੋਂ 12 ਹਜ਼ਾਰ ਤੱਕ ਦੀ ਨਫਰੀ ਸੀ।
ਬ੍ਰਿਟਿਸ਼ ਏਜੰਟ ਨੇ ਇਸ ਫੌਜੀ ਤਿਆਰੀ ਦੀ ਸਫਾਈ ਮੰਗੀ। ਪੰਜਾਬ ਸਰਕਾਰ ਦਾ ਜਵਾਬ ਸੀ ਕਿ ਇਹ ਤਾਂ ਦੂਜੇ ਪਾਸੇ ਕੀਤੀ ਜਾ ਰਹੀ ਤਿਆਰੀ ਦੇ ਜਵਾਬ ਵਿਚ ਕੀਤੀ ਗਈ ਹੈ। ਇਸ ਤੋਂ ਇਲਾਵਾ ਦਰਬਾਰ ਨੇ ਮੰਗ ਕੀਤੀ ਕਿ ਸੁਚੇਤ ਸਿੰਘ ਦਾ ਖਜ਼ਾਨਾ ਵਾਪਸ ਕੀਤਾ ਜਾਵੇ, ਜੋ ਅੰਗਰੇਜ਼ਾਂ ਨੇ ਜ਼ਬਤ ਕੀਤਾ ਸੀ। ਇਸ ਤੋਂ ਇਲਾਵਾ ਮੋਰਾਂ ਨਾਭਾ ਨਾਂਅ ਦੇ ਪਿੰਡਾਂ ਨੂੰ ਵੀ ਦਰਬਾਰ ਦੇ ਨੁਮਾਇੰਦਾ ਧੰਨਾ ਸਿੰਘ ਦੇ ਨਾਂਅ ਨਾਲ ਬਹਾਲ ਕੀਤਾ ਜਾਵੇ। ਇਹ ਪਿੰਡ ਨਾਭਾ ਦੇ ਮਹਾਰਾਜਾ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਪੰਜਾਬ ਅੰਦਰ ਕੁਝ ਜ਼ਮੀਨ ਦੇ ਬਟਵਾਰੇ ਵਜੋਂ ਦਿੱਤਾ ਸੀ। ਰਣਜੀਤ ਸਿੰਘ ਨੇ ਇਹ ਪਿੰਡ ਧੰਨਾ ਸਿੰਘ ਮਲਵਈ ਨੂੰ ਦੇ ਦਿੱਤਾ ਸੀ। ਫਿਰ ਨਾਭਾ ਦੇ ਰਾਜਾ ਨੇ 1843 ਵਿਚ ਇਸ ਉੱਪਰ ਜਬਰੀ ਕਬਜ਼ਾ ਕਰ ਲਿਆ ਤੇ ਦਰਬਾਰ ਵਲੋਂ ਕਈ ਵਾਰ ਰੋਸ ਪ੍ਰਗਟ ਕਰਨ ਦੇ ਬਾਵਜੂਦ ਅੰਗਰੇਜ਼ ਹਕੂਮਤ ਨੇ ਨਾਭਾ ਦੇ ਰਾਜਾ ਦੀ ਕਾਰਵਾਈ ਨੂੰ ਜਾਇਜ਼ ਕਰਾਰ ਦਿੱਤਾ। ਅਖੀਰ ਵਿਚ ਇਕ ਸਵਾਲ ਦਰਬਾਰ ਦੀਆਂ ਫੌਜਾਂ ਨੂੰ ਸਤਲੁਜ ਦੇ ਪਾਰ ਦੇ ਇਲਾਕਿਆਂ ਵਿਚ ਜਾਣ ਦੀ ਇਜਾਜ਼ਤ ਦਾ ਸੀ। ਇਹ ਕਾਗਜ਼ਾਂ ਵਿਚ ਤਾਂ ਮੰਨਿਆ ਹੋਇਆ ਸੀ ਪਰ ਅੰਗਰੇਜ਼ਾਂ ਨੇ ਕਦੇ ਘੱਟ ਹੀ ਇਸ ਉੱਪਰ ਅਮਲ ਕੀਤਾ ਸੀ।
ਇਨ੍ਹਾਂ ਜਵਾਬਾਂ ਨਾਲ ਬ੍ਰਿਟਿਸ਼ ਏਜੰਟ ਸਹਿਮਤ ਨਹੀਂ ਹੋਇਆ ਅਤੇ 3 ਦਸੰਬਰ, 1845 ਨੂੰ ਉਸ ਨੇ ਦਰਬਾਰ ਦੇ ਪ੍ਰਤੀਨਿਧ ਨੂੰ ਆਪਣਾ ਪਾਸਪੋਰਟ ਵਾਪਸ ਕਰ ਦਿੱਤਾ। ਇਸ ਦੇ ਨਾਲ ਹੀ ਇਨ੍ਹਾਂ ਦੋਵਾਂ ਹਕੂਮਤਾਂ ਦੇ ਆਪਸੀ ਸਫਾਰਤੀ ਰਿਸ਼ਤੇ ਖ਼ਤਮ ਹੋ ਗਏ। ਵਿਹਾਰਕ ਤੌਰ 'ਤੇ ਹੁਣ ਦੋਵੇਂ ਧਿਰਾਂ ਲੜਾਈ ਉੱਪਰ ਸਨ।
ਇਸ ਹਾਲਾਤ ਬਾਰੇ ਸ਼ਾਹ ਮੁਹੰਮਦ ਲਿਖਦਾ ਹੈ-
'ਚੜ੍ਹੇ ਪੁੱਤ ਸਰਦਾਰਾਂ ਦੇ ਛੈਲ ਬਾਂਕੇ ਜਿਵੇਂ ਜੰਗਲੋਂ ਨਿਕਲੇ ਸ਼ੇਰ ਮੀਆਂ।
ਚੜ੍ਹੇ ਸਭੇ ਮਝੈਲ ਦੁਆਬੀਏ ਜੀ, ਜਿਨ੍ਹਾਂ ਕਿਲ੍ਹੇ ਨਿਵਾਏ ਸਨ ਢੇਰ ਮੀਆਂ।
ਸ਼ਾਹ ਮੁਹੰਮਦਾ ਚੜ੍ਹੇ ਜਮੂਰ ਖਾਨੇ, ਹੋਇਆ ਹੁਕਮ ਨਾ ਲਾਂਵਦੇ ਦੇਰ ਮੀਆਂ।'
8 ਦਸੰਬਰ, 1845 ਨੂੰ ਮੇਰਠ ਅਤੇ ਅੰਬਾਲਾ ਛਾਉਣੀ ਤੋਂ ਫੌਜਾਂ ਦਾ ਦਸਤਾ ਕਮਾਂਡਰ ਇਨ ਚੀਫ ਜਨਰਲ ਗੱਫ ਦੀ ਅਗਵਾਈ ਵਿਚ ਉੱਤਰ ਵੱਲ ਨੂੰ ਫਿਰੋਜ਼ਪੁਰ ਵਿਖੇ ਜਨਰਲ ਲਿਟਲਰ ਦੀ ਫੌਜ ਨਾਲ ਮਿਲਣ ਵਾਸਤੇ ਰਵਾਨਾ ਹੋਇਆ। ਪੰਜਾਬੀ ਜਰਨੈਲਾਂ ਨੇ ਸੋਚਿਆ ਕਿ ਜੇ ਇਨ੍ਹਾਂ ਦੋ ਫੌਜਾਂ ਨੂੰ ਮਿਲਣ ਦਿੱਤਾ ਤਾਂ ਇਹ ਜ਼ਰੂਰ ਹੀ ਬੇੜੀਆਂ ਦੇ ਪੁਲ ਤੋਂ ਪਾਰ ਆ ਜਾਣਗੇ ਤੇ ਸਿੱਧਾ ਲਾਹੌਰ ਵੱਲ ਕੂਚ ਕਰਨਗੇ। ਦਰਬਾਰ ਦੀ ਫੌਜ ਨੂੰ ਕੂਚ ਦਾ ਹੁਕਮ ਹੋ ਗਿਆ। ਸਕੀਮ ਇਹ ਸੀ ਜਨਰਲ ਲਿਟਲਰ ਜਿਥੇ ਬੈਠਾ ਹੈ, ਬੈਠਾ ਰਹੇ, ਅਸੀਂ ਗੱਫ ਤੇ ਹਾਰਡਿੰਗ ਦੇ ਵਧ ਰਹੇ ਕਾਫਲੇ ਨੂੰ ਰੋਕਾਂਗੇ।
ਅਜੇ ਤੱਕ ਇਹ ਸਾਫ਼ ਨਹੀਂ ਸੀ ਕਿ ਸਹੀ ਤੌਰ 'ਤੇ ਕਦੋਂ ਦਰਬਾਰ ਦੀ ਫੌਜ ਨੇ ਸਤਲੁਜ ਪਾਰ ਕੀਤਾ। ਕੁਝ ਭਾਰਤੀ ਇਤਿਹਾਸਕਾਰਾਂ ਮੁਤਾਬਿਕ ਇਹ 14 ਦਸੰਬਰ ਸੀ ਤੇ ਕਿਉਂਕਿ ਸਾਰੀ ਕਾਨਵਾਈ ਸਿਰਫ 24 ਛੋਟੀਆਂ ਕਿਸ਼ਤੀਆਂ ਉੱਪਰ ਸੀ, ਇਨ੍ਹਾਂ ਨੂੰ ਪਾਰ ਕਰਦਿਆਂ ਦੋ ਦਿਨ ਲੱਗ ਗਏ। ਬ੍ਰਿਟਿਸ਼ ਰਿਕਾਰਡ ਦੇ ਮੁਤਾਬਕ ਪਾਰ ਜਾਣ ਦਾ ਕੰਮ 11 ਦਸੰਬਰ ਨੂੰ ਹਰੀਕੇ ਪੱਤਣ ਤੋਂ ਸ਼ੁਰੂ ਹੋ ਗਿਆ ਸੀ। ਸਤਲੁਜ ਪਾਰ ਕਰਨ ਦੀ ਖ਼ਬਰ ਲਾਰਡ ਹਾਰਡਿੰਗ ਨੂੰ ਦੋ ਦਿਨ ਬਾਅਦ ਮਿਲਦੀ ਹੈ ਤੇ ਉਹ ਦਰਬਾਰ ਦੇ ਖਿਲਾਫ ਜੰਗ ਦਾ ਐਲਾਨ ਕਰ ਦਿੰਦਾ ਹੈ। ਕੁਝ ਭਾਰਤੀ ਇਤਿਹਾਸਕਾਰਾਂ ਮੁਤਾਬਿਕ ਜਿਸ ਇਲਾਕੇ ਵੱਲ ਦਰਬਾਰ ਦੀਆਂ ਫੌਜਾਂ ਸਤਲੁਜ ਤੋਂ ਪਾਰ ਗਈਆਂ, ਇਹ 1809 ਦੀ ਸੰਧੀ ਮੁਤਾਬਿਕ ਦਰਬਾਰ ਦਾ ਇਲਾਕਾ ਸੀ ਤੇ ਇਸ ਵਾਸਤੇ ਇਸ ਨੂੰ ਹਮਲਾ ਨਹੀਂ ਤਸੱਵਰ ਕੀਤਾ ਜਾ ਸਕਦਾ ਸੀ। ਬ੍ਰਿਟਿਸ਼ ਸਰਕਾਰ ਦਾ ਕਹਿਣਾ ਸੀ ਕਿ ਦਰਿਆ ਪਾਰ ਕਰਨਾ 1809 ਦੀ ਸੰਧੀ ਦੀ ਉਲੰਘਣਾ ਸੀ ਤੇ ਇਸ ਤਰ੍ਹਾਂ ਇਹ ਹਮਲਾ ਬਣਦਾ ਸੀ।
ਲਾਰਡ ਹਾਰਡਿੰਗ ਨੇ ਜੰਗ ਦਾ ਇਹ ਐਲਾਨ ਆਪਣੇ ਰਸਤੇ ਦੇ ਇਕ ਕੈਂਪ 'ਲਸ਼ਕਰੀ ਖਾਨ ਕੀ ਸਰਾਏ' ਤੋਂ ਕੀਤਾ। ਉਸ ਨੇ 1809 ਦੇ ਸਮਝੌਤੇ ਤੋਂ ਬਾਅਦ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਦੋਸਤਾਨਾ ਸਬੰਧਾਂ ਨੂੰ ਯਾਦ ਕੀਤਾ ਤੇ ਕਿਹਾ ਕਿ ਅੰਗਰੇਜ਼ਾਂ ਨੇ ਉਸ ਸਮਝੌਤੇ ਨੂੰ ਅੱਜ ਤੱਕ ਪੂਰੀ ਇਮਾਨਦਾਰੀ ਨਾਲ ਨਿਭਾਇਆ ਹੈ ਪਰ ਉਸ ਨੂੰ ਹੁਣ ਦਰਬਾਰ ਨੇ ਬੁਰੀ ਤਰ੍ਹਾਂ ਭੰਗ ਕਰ ਦਿੱਤਾ ਹੈ। ਉਸ ਦਾ ਦਾਅਵਾ ਸੀ ਕਿ ਅੰਗਰੇਜ਼ੀ ਫੌਜਾਂ ਦੀ ਤਿਆਰੀ ਸਿਰਫ ਸੁਰੱਖਿਆ ਦੀ ਚੌਕਸੀ ਵਾਸਤੇ ਸੀ ਪਰ ਸਿੱਖ ਫੌਜ ਨੇ ਹੁਣ ਬਿਨਾਂ ਕਿਸੇ ਉਕਸਾਵੇ ਜਾਂ ਕਾਰਨ ਦੇ ਬ੍ਰਿਟਿਸ਼ ਇਲਾਕੇ ਉੱਪਰ ਹਮਲਾ ਕਰ ਦਿੱਤਾ ਹੈ। ਗਵਰਨਰ ਜਨਰਲ ਨੇ ਸਤਲੁਜ ਦੇ ਪੂਰਬ ਵੱਲ ਦੇ ਦਰਬਾਰ ਦੇ ਸਾਰੇ ਇਲਾਕੇ ਨੂੰ ਕਬਜ਼ੇ ਵਿਚ ਲੈਣ ਦਾ ਐਲਾਨ ਕੀਤਾ ਤੇ ਇਸ ਪਾਸੇ ਦੇ ਸਾਰੇ ਰਾਜਿਆਂ ਤੇ ਸਰਦਾਰਾਂ ਨੂੰ ਇਸ ਸਾਂਝੇ ਦੁਸ਼ਮਣ ਦਾ ਮਿਲ ਕੇ ਮੁਕਾਬਲਾ ਕਰਨ ਵਾਸਤੇ ਕਿਹਾ।
ਬੇਸ਼ੱਕ ਸਾਫ਼ ਭਾਸ਼ਾ ਵਿਚ ਲੜਾਈ ਦਾ ਐਲਾਨ ਹੋ ਚੁੱਕਾ ਸੀ ਪਰ ਲਾਰਡ ਹਾਰਡਿੰਗ ਅਜੇ ਵੀ ਕੁਝ ਸ਼ੰਕਿਆਂ ਵਿਚ ਸੀ। ਪੰਜ ਦਿਨ ਬਾਅਦ ਉਸ ਨੇ ਬਰੌਡਫੁੱਟ ਦੇ ਪਰਸਨਲ ਅਸਿਸਟੈਂਟ ਰਾਬਰਟ ਕਰੱਸਟ ਨੂੰ ਖ਼ਤ ਲਿਖਿਆ ਸੀ ਕਿ 'ਕੀ ਇੰਗਲੈਂਡ ਦੇ ਲੋਕ ਸਮਝਣਗੇ ਕਿ ਇਹ ਸਾਡੇ ਇਲਾਕੇ ਦੇ ਉੱਪਰ ਹਮਲਾ ਸੀ ਤੇ ਸਾਡੇ ਵਾਸਤੇ ਲੜਾਈ ਵਾਸਤੇ ਇਕ ਹੱਕੀ ਗੱਲ?' ਹੈਰਾਨੀ ਦੀ ਗੱਲ ਨਹੀਂ ਕਿ ਕਰੱਸਟ ਨੇ ਅੰਗਰੇਜ਼ ਫੌਜਾਂ ਦੇ ਕੂਚ ਦਾ ਹਵਾਲਾ ਦੇ ਕੇ ਜਵਾਬ ਦਿੱਤਾ ਕਿ 'ਸਭ ਤੋਂ ਪਹਿਲਾ ਇਹ ਬ੍ਰਿਟਿਸ਼ ਹਮਲਾ ਸੀ ਆਜ਼ਾਦ ਪੰਜਾਬ ਦੀ ਸਲਤਨਤ ਉੱਪਰ।' (ਚਲਦਾ)

ਸਰਹੱਦ ਪਾਰ ਅੱਜ ਵੀ ਕਾਇਮ ਹੈ ਹਿੰਦੂ ਸੰਸਥਾਵਾਂ ਦਾ ਨਾਂਅ ਤੇ ਸ਼ਾਨ

ਉਨ੍ਹੀਂ ਦਿਨੀਂ ਮੈਂ ਪੰਜਾਬ ਦੇ ਅਮਰ ਪ੍ਰੇਮੀਆਂ 'ਤੇ ਪੁਸਤਕ ਲਿਖ ਰਿਹਾ ਸਾਂ। ਆਪਣੀ ਖੋਜ ਨੂੰ ਅੰਤਿਮ ਰੂਪ ਦੇਣ ਲਈ ਉਸ ਸਥਾਨ 'ਤੇ ਜਾਣਾ ਬਾਕੀ ਰਹਿ ਗਿਆ ਸੀ, ਜਿੱਥੇ ਧੀਦੋ ਰਾਂਝੇ (ਅਸਲ ਨਾਂਅ ਮੁਰਾਦ ਬਖ਼ਸ਼) ਅਤੇ ਸ਼੍ਰੋਮਣੀ ਭਗਤ ਪੂਰਨ ਨੇ ਯੋਗ ਧਾਰਨ ਕੀਤਾ ਸੀ। ਟਿੱਲਾ ਯੋਗੀ ਨਾਥ ਜਾਣ ਲਈ ਮੈਂ ਉਸ ਦਿਨ ਸਵੇਰੇ ਜਦੋਂ ਲਾਹੌਰ ਤੋਂ ਰਾਵਲਪਿੰਡੀ ਪਹੁੰਚਿਆ, ਤਾਂ ਪਤਾ ਲੱਗਾ ਕਿ ਟੂਰਿਸਟ ਬੱਸ ਨੂੰ ਰਵਾਨਾ ਹੋਣ 'ਚ ਅਜੇ ਪੂਰੇ ਢਾਈ ਘੰਟੇ ਬਾਕੀ ਸਨ। ਇਸ ਲਈ ਰਾਵਲਪਿੰਡੀ ਸ਼ਹਿਰ ਵੇਖਣ ਦੇ ਇਰਾਦੇ ਨਾਲ ਸਾਲਮ ਆਟੋ-ਰਿਕਸ਼ਾ ਕਰਕੇ ਤਫ਼ਰੀ ਲਈ ਨਿਕਲ ਪਿਆ। ਰਸਤੇ 'ਚ
ਲੰਘਦਿਆਂ ਮਰੀ ਰੋਡ ਦੇ ਚੌਰਾਹੇ 'ਤੇ ਲੱਗੇ ਸਾਇਨ ਬੋਰਡ 'ਤੇ ਨਜ਼ਰ ਪਈ ਤਾਂ ਥੋੜ੍ਹੀ-ਬਹੁਤ ਆਉਂਦੀ ਉਰਦੂ ਵਿਚ ਜੋ ਮੈਂ ਪੜ੍ਹਿਆ, ਉਸ ਦੇ ਬਾਅਦ ਅੱਖਾਂ ਖੁੱਲ੍ਹੀਆਂ ਦੀਆਂ ਖੁੱਲ੍ਹੀਆਂ ਰਹਿ ਗਈਆਂ। ਗੱਲ ਸੀ ਵੀ ਬੇਹੱਦ ਹੈਰਾਨ ਕਰ ਦੇਣ ਵਾਲੀ।
ਜ਼ਿਆਦਾਤਰ ਪਾਕਿਸਤਾਨੀਆਂ ਨੂੰ ਭਾਰਤੀ ਹਿੰਦੂਆਂ ਨਾਲ ਬੇਹੱਦ ਨਫ਼ਰਤ ਹੈ ਅਤੇ ਨਾ ਤਾਂ ਇਹ ਸੱਚ ਕਹਿਣੋਂ ਪਾਕਿਸਤਾਨੀ ਮੁਸਲਮਾਨ ਹੀ ਝਿਜਕਦੇ ਹਨ ਅਤੇ ਨਾ ਹੀ ਇਹ ਗੱਲ ਹੁਣ ਕਿਸੇ ਤੋਂ ਲੁਕਵੀਂ ਰਹਿ ਗਈ ਹੈ। ਜਿੱਥੋਂ ਦੇ ਨਾਗਰਿਕਾਂ ਦੀ ਅਜਿਹੀ ਸੋਚ ਹੋਵੇ, ਭਲਾ ਸੋਚੋ, ਜੇਕਰ ਉਥੇ ਕੋਈ ਅਜਿਹਾ ਸਕੂਲ-ਕਾਲਜ ਅੱਜ ਵੀ ਆਪਣੀਆਂ ਸੇਵਾਵਾਂ ਦੇ ਰਿਹਾ ਹੋਵੇ, ਜਿਸ ਦਾ ਨਾਂਅ ਦਯਾਨੰਦ ਐਂਗਲੋ ਵੈਦਿਕ ਕਾਲਜ (ਡੀ. ਏ. ਵੀ. ਕਾਲਜ) ਹੋਵੇ, ਤਾਂ ਵਾਕਿਆ ਹੀ ਹੈਰਾਨੀ ਹੋਣੀ ਤਾਂ ਲਾਜ਼ਮੀ ਹੀ ਹੈ। ਪਰ ਫ਼ਿਲਹਾਲ ਤੁਸੀਂ ਸਭ ਇਹ ਜਾਣ ਕੇ ਹੈਰਾਨ ਰਹਿ ਜਾਵੋਗੇ ਕਿ ਪਾਕਿਸਤਾਨ ਦੇ ਰਾਵਲਪਿੰਡੀ ਸ਼ਹਿਰ ਵਿਚ ਅੱਜ ਵੀ ਡੀ. ਏ. ਵੀ. ਕਾਲਜ ਦੇ ਨਾਂਅ ਨਾਲ ਇਕ ਸਿੱਖਿਆ-ਸੰਸਥਾਨ ਆਪਣੀਆਂ ਸੇਵਾਵਾਂ ਦੇ ਰਿਹਾ ਹੈ, ਜਿਸ ਦੀ ਹੋਂਦ ਬਾਰੇ ਭਾਰਤ ਵਿਚਲੀ ਡੀ. ਏ. ਵੀ. ਮੈਨੇਜਮੈਂਟ ਕਮੇਟੀ ਨੂੰ ਵੀ ਕੋਈ ਵਿਸ਼ੇਸ਼ ਜਾਣਕਾਰੀ ਨਹੀਂ ਹੈ।
ਰਾਵਲਪਿੰਡੀ ਦੇ ਮਰੀ ਰੋਡ 'ਤੇ ਸਥਾਪਿਤ ਇਸ ਸੰਸਥਾ ਦਾ ਮੌਜੂਦਾ ਪੂਰਾ ਨਾਂਅ 'ਗੌਰਮਿੰਟ ਹਾਈ ਸਕੂਲ ਡੀ. ਏ. ਵੀ. ਕਾਲਜ' ਹੈ। ਸਕੂਲ ਦੇ ਲੈਕਚਰਾਰ ਇਜਾਜ਼ ਅਹਿਮਦ ਹਰਲ ਜੋ ਅੱਜ ਮੇਰੇ ਫੇਸਬੁੱਕ ਮਿੱਤਰ ਵੀ ਹਨ, ਨਾਲ ਪਹਿਲੀ ਵਾਰ ਮੁਲਾਕਾਤ ਇਸੇ ਗੌਰਮਿੰਟ ਹਾਈ ਸਕੂਲ ਡੀ. ਏ. ਵੀ. ਕਾਲਜ ਵਿਚ ਹੋਈ ਤਾਂ ਉਨ੍ਹਾਂ ਦੱਸਿਆ ਕਿ ਜਿਸ ਸੜਕ 'ਤੇ ਇਹ ਸਕੂਲ ਮੌਜੂਦ ਹੈ, ਉਸ ਨੂੰ ਸਰਕਾਰੀ ਤੇ ਗੈਰ-ਸਰਕਾਰੀ ਤੌਰ 'ਤੇ ਅੱਜ ਵੀ ਡੀ. ਏ. ਵੀ. ਕਾਲਜ ਰੋਡ ਹੀ ਲਿਖਿਆ ਜਾਂਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਸ਼ਾਹ ਹੁਸੈਨ : ਸਿੱਖ ਇਤਿਹਾਸਕ ਗ੍ਰੰਥਾਂ ਵਿਚ

ਸ਼ਾਹ ਹੁਸੈਨ, ਗੁਰੂ ਨਾਨਕ ਕਾਲ ਦਾ ਨਾ ਕੇਵਲ ਪਹਿਲਾਂ ਸਗੋਂ ਸ਼੍ਰੋਮਣੀ ਸੂਫ਼ੀ ਕਵੀ ਹੈ। ਉਸ ਦੀ ਕਵਿਤਾ ਸਬੰਧੀ ਚਰਚਾ ਕਰਦਿਆਂ ਕਈ ਵਿਦਵਾਨਾਂ ਨੇ ਇਸ ਦੀ ਗੁਰਬਾਣੀ ਵਿਚਲੇ ਵਿਚਾਰਾਂ, ਕਾਵਿ-ਜੁਗਤਾਂ ਅਤੇ ਸ਼ਬਦਾਵਲੀ ਪੱਖੋਂ ਸਮੇਂ-ਸਮੇਂ ਸਾਂਝ ਅਤੇ ਸਮਾਨਤਾ ਲੱਭਣ ਦੀ ਕੋਸ਼ਿਸ਼ ਕੀਤੀ ਹੈ। ਬਹੁਤੀ ਵਾਰ ਇਹ ਨਿਰਣਾ ਵੀ ਦੇ ਦਿੱਤਾ ਜਾਂਦਾ ਹੈ ਕਿ ਸ਼ਾਹ ਹੁਸੈਨ ਗੁਰਬਾਣੀ ਤੋਂ ਵਿਆਪਕ ਰੂਪ ਵਿਚ ਪ੍ਰਭਾਵਿਤ ਹੈ। ਇਹ ਨਿਰਣਾ ਬਹੁਤ ਹੱਦ ਤੱਕ ਸਹੀ ਵੀ ਹੈ, ਕਿਉਂਕਿ ਇਸ ਦਾ ਵਿਸ਼ੇਸ਼ ਪਿਛੋਕੜ ਹੈ।
ਪੂਰਬਕਾਲੀ ਲੇਖਕਾਂ ਦਾ ਪਿਛਲੇ ਲੇਖਕਾਂ ਉੱਪਰ ਪ੍ਰਭਾਵ ਉਨ੍ਹਾਂ ਦੇ ਕੀਤੇ ਗਏ ਅਧਿਐਨ, ਵਿਚਾਰ-ਚਰਚਾ ਜਾਂ ਆਪਸੀ ਸੰਵਾਦ, ਧਾਰਮਿਕ ਮਾਨਤਾਵਾਂ ਦੀ ਸਮਾਨਤਾ ਆਦਿ ਕਰਕੇ ਪਿਆ ਹੁੰਦਾ ਹੈ। ਸ਼ਾਹ ਹੁਸੈਨ ਵੀ ਜੇਕਰ ਗੁਰਬਾਣੀ ਤੋਂ ਪ੍ਰਭਾਵਿਤ ਹੈ ਤਾਂ ਇਸ ਦੀ ਕੋਈ ਨਾ ਕੋਈ ਪਿੱਠ-ਭੂਮੀ ਹੋਵੇਗੀ। ਇਹ ਪਿੱਠ-ਭੂਮੀ ਇਹ ਹੈ ਕਿ ਸ਼ਾਹ ਹੁਸੈਨ ਦੇ ਆਪਣੇ ਸਮਕਾਲੀ ਨਾਮਵਰ ਭਗਤ ਕਵੀਆਂ ਕਾਨ੍ਹਾ, ਪੀਲੂ ਤੇ ਸਾਧੂਜਨ ਆਦਿ ਨਾਲ ਨੇੜਲੇ ਸੰਬੰਧ ਸਨ। ਇਨ੍ਹਾਂ ਸੰਬੰਧਾਂ ਕਰਕੇ ਹੀ ਉਹ ਸਾਰੇ ਭਗਤ ਕਵੀ ਉਸ ਵੇਲੇ ਤੱਕ ਬਾਣੀ ਰਚਨਾ ਦੇ ਮਕਬੂਲ ਹੋ ਚੁੱਕੇ ਮੁਹਾਵਰੇ ਤੋਂ ਜਾਣੂ ਹੋ ਚੁੱਕੇ ਹੋਣਗੇ। ਸਿੱਖ ਇਤਿਹਾਸਕ ਗ੍ਰੰਥਾਂ ਵਿਚ ਗੁਰੂ ਅਮਰਦਾਸ ਜੀ ਦੇ ਸ਼ਾਹ ਹੁਸੈਨ ਨਾਲ ਭਰਪੂਰ ਸੰਪਰਕ ਅਤੇ ਆਪਸੀ ਵਿਸ਼ਵਾਸ ਦਾ ਵੀ ਪਤਾ ਲੱਗਦਾ ਹੈ।
ਬਾਬਾ ਫ਼ਰੀਦ ਤੋਂ ਬਾਅਦ ਸ਼ਾਹ ਹੁਸੈਨ ਅਜਿਹਾ ਸੂਫ਼ੀ ਕਵੀ ਹੈ, ਜਿਸ ਨੂੰ ਸਾਂਭਣ ਤੇ ਸਾਹਿਤਕ ਸਮਰਿਤੀ ਦਾ ਭਾਗ ਬਣਾਉਣ ਵਿਚ ਸਿੱਖ ਪ੍ਰੰਪਰਾ ਨੇ ਅਹਿਮ ਭੂਮਿਕਾ ਨਿਭਾਈ ਹੈ। ਇਹ ਵੀ ਇਕ ਦਿਲਚਸਪ ਤੱਥ ਹੈ ਕਿ ਸ਼ਾਹ ਹੁਸੈਨ ਬਾਰੇ ਨਾ ਤਾਂ ਅਹਿਮਦ ਯਾਰ ਨੇ ਕੋਈ ਟਿੱਪਣੀ ਕੀਤੀ ਹੈ ਅਤੇ ਨਾ ਹੀ ਮੀਆਂ ਮੁਹੰਮਦ ਬਖ਼ਸ਼ ਨੇ ਮੁਸਲਮਾਨ ਲੇਖਕਾਂ ਦੀ ਨਾਮਵਲੀ ਵਿਚ ਸ਼ਾਹ ਹੁਸੈਨ ਨੂੰ ਸ਼ਾਮਿਲ ਕੀਤਾ ਹੈ। ਜਿਨ੍ਹਾਂ ਸਿੱਖ ਇਤਿਹਾਸਕ ਗ੍ਰੰਥਾਂ ਵਿਚ ਸ਼ਾਹ ਹੁਸੈਨ ਬਾਰੇ ਹਵਾਲੇ ਮਿਲਦੇ ਹਨ, ਉਨ੍ਹਾਂ ਵਿਚ 'ਗੁਰਬਿਲਾਸ ਪਾਤਸ਼ਾਹੀ ਛੇਵੀਂ' (ਕਵੀ ਸੋਹਨ ਜਾਂ ਭਗਤ ਸਿੰਘ) ਸਿੱਖਾਂ ਦੀ ਭਗਤਮਾਲਾ (ਭਾਈ ਮਨੀ ਸਿੰਘ ਜਾਂ ਭਾਈ ਸੂਰਤ ਸਿੰਘ) ਮਹਿਮਾ ਪ੍ਰਕਾਸ਼ (ਸਰੂਪ ਦਾਸ ਭੱਲਾ) ਗੁਰਪ੍ਰਤਾਪ ਸੂਰਜ ਗ੍ਰੰਥ (ਭਾਈ ਸੰਤੋਖ ਸਿੰਘ) ਅਤੇ ਗੁਰਕੀਰਤ ਪ੍ਰਕਾਸ਼ (ਵੀਰ ਸਿੰਘ ਬੱਲ) ਆਦਿ ਪ੍ਰਮੁੱਖ ਹਨ। ਇਹ ਸਾਰੇ ਹਵਾਲੇ ਮੋਟੇ ਤੌਰ 'ਤੇ ਦੋ ਹੀ ਘਟਨਾਵਾਂ ਸਬੰਧੀ ਹਨ। ਪਹਿਲੀ ਘਟਨਾ ਹੈ ਸ਼ਾਹ ਹੁਸੈਨ ਵਲੋਂ ਲਾਹੌਰ ਨਿਵਾਸੀ ਆਪਣੇ ਹੋਰ ਸਮਕਾਲੀ ਭਗਤਾਂ ; ਛੱਜੂ, ਕਾਨ੍ਹਾ ਤੇ ਪੀਲੂ ਨਾਲ ਆਪਣੀ ਰਚਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵਕਤ, ਇਸ ਵਿਚ ਦਰਜ ਕਰਾਉਣ ਲਈ ਅੰਮ੍ਰਿਤਸਰ ਆਉਣਾ ਪਰ ਪ੍ਰਵਾਨ ਨਾ ਹੋਣਾ।
ਸਿੱਖਾਂ ਦੀ ਭਗਤਮਾਲਾ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਭਗਤਾਂ ਦੀ ਕੀਰਤੀ ਸੁਣ ਕੇ ਇਨ੍ਹਾਂ ਦੀ ਬਾਣੀ ਨੂੰ ਆਪਣੇ ਆਸ਼ੇ ਮੁਤਾਬਿਕ ਪਰਖਣ ਲਈ ਆਪ ਸੱਦਿਆ ਸੀ, ਜਦਕਿ 'ਮਹਿਮਾ ਪ੍ਰਕਾਸ਼' ਤੇ 'ਗੁਰਕੀਰਤ ਪ੍ਰਕਾਸ਼' ਉਹ ਦ੍ਰਿੜ੍ਹ ਕਰਦੇ ਹਨ ਕਿ ਭਗਤ ਗੁਰੂ ਜੀ ਦੇ ਦਰਸ਼ਨਾਂ ਲਈ ਆਪ ਆਏ। ਗੁਰਬਿਲਾਸ ਪਾਤਸ਼ਾਹੀ ਛੇਵੀਂ ਅਤੇ ਗੁਰਕੀਰਤ ਪ੍ਰਕਾਸ਼ ਅਨੁਸਾਰ ਜਦ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋ ਰਹੀ ਸੀ ਤਾਂ ਇਹ ਖ਼ਬਰ ਸਾਰੇ ਪਾਸੇ ਫੈਲ ਚੁੱਕੀ ਸੀ। ਜੋ ਵੀ ਸਿੱਖ ਜਾਂ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਲਈ ਆਉਂਦੇ, ਉਹ ਵਾਪਸ ਆਪਣੇ ਇਲਾਕੇ ਵਿਚ ਜਾ ਕੇ ਇਸ ਬਾਰੇ ਦੱਸਦੇ। ਲਾਹੌਰ ਨਿਵਾਸੀ ਭਾਈ ਲੱਧਾ ਵੀ ਅੰਮ੍ਰਿਤਸਰ ਆਇਆ ਤੇ ਬੀੜ ਤਿਆਰ ਹੋਣ ਦੀ ਕਿਰਿਆ ਅੱਖੀਂ ਵੇਖ ਗਿਆ। ਜਦੋਂ ਭਾਈ ਲੱਧਾ ਵਾਪਸ ਲਾਹੌਰ ਗਿਆ ਤਾਂ ਭਗਤਾਂ ਨੂੰ ਉਸ ਸਬੰਧੀ ਜਾਨਣ ਦੀ ਉਤਸੁਕਤਾ ਜਾਗੀ। (ਚਲਦਾ)


-ਮੋਬਾ: 98889-39808

ਗੁਰੂ ਹਰਿਗੋਬਿੰਦ ਜੀ ਦਾ ਜੀਵਨ ਤੇ ਮਿਸ਼ਨ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਗੁਰੂ ਅਰਜਨ ਸਾਹਿਬ ਤੇ ਗੁਰੂ ਹਰਿਗੋਬਿੰਦ ਜੀ ਦਾ ਇਕ ਸਮਕਾਲੀ ਲੇਖਕ ਜੋ ਸਿੱਖ ਨਹੀਂ ਸੀ, ਨੇ ਆਪਣੀ ਲਿਖਤ 'ਦਬਿਸਤਾਨ-ਇ-ਮਜ਼ਾਹਿਬ' ਜਿਸ ਵਿਚ ਸਾਰੇ ਸਮਕਾਲੀ ਧਰਮਾਂ ਦਾ ਹਾਲ ਹੈ, ਫਾਰਸੀ ਵਿਚ ਲਿਖੀ ਤੇ ਜਿਸ ਵਿਚ 'ਨਾਨਕ ਪੰਥੀਆਂ' ਦੇ ਕਾਂਡ ਵਿਚ ਸਿੱਖ ਗੁਰੂਆਂ ਦਾ ਹਾਲ ਅੰਕਿਤ ਕਰਦਾ ਲਿਖਦਾ ਹੈ ਕਿ ਗੁਰੂ ਅਰਜਨ ਸਾਹਿਬ ਵੇਲੇ ਸਿੱਖੀ ਦਾ ਬਹੁਤ ਪ੍ਰਚਾਰ ਹੋਇਆ ਤੇ ਸਿੱਖਾਂ ਦੀ ਗਿਣਤੀ ਬਹੁਤ ਵਧੀ। ਜਹਾਂਗੀਰ ਬਾਦਸ਼ਾਹ ਨੇ ਵੀ ਆਪਣੀ ਸਵੈ-ਜੀਵਨੀ ਵਿਚ ਲਿਖਿਆ ਹੈ, 'ਕਈ ਮੂਰਖ ਮੁਸਲਮਾਨ ਵੀ ਗੁਰੂ ਜੀ ਕੋਲ ਆਉਂਦੇ ਹਨ। ਸਿੱਖਾਂ ਦੀ ਪ੍ਰਭਤਾ ਦੇ ਨਾਲ-ਨਾਲ ਸਰਕਾਰ ਦੀ ਰਾਜਸੀ ਵਿਰੋਧਤਾ ਅਤੇ ਕੱਟੜਪੰਥੀ ਮੁਸਲਮਾਨਾਂ ਦੀ ਸਿੱਖਾਂ ਵਿਰੁੱਧ ਈਰਖਾ ਵਧਦੀ ਗਈ। ਮੁਸਲਮਾਨਾਂ ਦੇ ਕਈ ਟੋਲੇ ਇਸਲਾਮ ਦਾ ਪ੍ਰਚਾਰ ਕਰ ਰਹੇ ਸਨ। ਸਰਹਿੰਦ ਦੇ ਨਕਸ਼ਬੰਦੀ ਬਹੁਤ ਕੱਟੜਪੰਥੀ ਸਨ। ਨਕਸ਼ਬੰਦੀਆਂ ਦਾ ਆਗੂ ਸ਼ੇਖ ਅਹਿਮਦ ਦਾ ਮੁਗ਼ਲਾਂ ਦੇ ਸਰਕਾਰੇ-ਦਰਬਾਰੇ ਬਹੁਤ ਅਸਰ-ਰਸੂਖ ਸੀ। ਗੁਰੂ ਅਰਜਨ ਸਾਹਿਬ ਵੇਲੇ ਪੰਜਾਬ ਦਾ ਸੂਬੇਦਾਰ ਗੁਲਾਮ ਫਰੀਦ ਮੁਰਤਜ਼ ਖਾਂ ਨਕਸ਼ਬੰਧੀਆਂ ਦਾ ਮੁਰੀਦ ਸੀ। ਸ਼ੇਖ ਅਹਿਮਦ ਨੇ ਪੰਜਾਬ ਦੇ ਗਵਰਨਰ ਨੂੰ ਲਿਖਿਆ ਕਿ ਤੁਸੀਂ ਗੁਰੂ ਅਰਜਨ ਦੇਵ ਨੂੰ ਸ਼ਹੀਦ ਕਰਕੇ ਇਸਲਾਮ ਦੀ ਬਹੁਤ ਸੇਵਾ ਕੀਤੀ ਹੈ, ਕਿਉਂਕਿ ਉਹ ਪੰਜਾਬ ਵਿਚ ਕੁਫਰ ਦਾ ਪ੍ਰਚਾਰ ਕਰ ਰਿਹਾ ਸੀ। ਵਿਸਥਾਰ ਲਈ ਵੇਖੋ ਮਕਤੂਬਾਤ-ਇ-ਇਮਾਮ ਰਬਾਨੀ। ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਵੀ ਕੱਟੜਪੰਥੀ ਮੁਸਲਮਾਨਾਂ ਦੀ ਵਿਰੋਧਤਾ ਦਾ ਹੀ ਸਿੱਟਾ ਸੀ। ਖੁਸਰੋ ਦੀ ਬਗਾਵਤ ਬਹਾਨਾ ਬਣਾ ਕੇ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ। ਜਹਾਂਗੀਰ ਆਪ ਤੋਜ਼ਿਕ-ਇ-ਜਹਾਂਗੀਰੀ ਵਿਚ ਲਿਖਦਾ ਹੈ-
'ਕਈ ਸਿੱਧੇ-ਸਾਧੇ ਹਿੰਦੂ ਅਤੇ ਕਈ ਮੂਰਖ ਮੁਸਲਮਾਨ ਉਸ ਦੇ (ਗੁਰੂ ਅਰਜਨ ਸਾਹਿਬ ਦੇ) ਤਰੀਕੇ ਅਤੇ ਸਿੱਖਿਆਵਾਂ ਵੱਲ ਆਕਰਸ਼ਿਤ ਹੁੰਦੇ ਸਨ ਅਤੇ ਉਸ ਨੂੰ ਧਾਰਮਿਕ ਅਤੇ ਦੁਨਿਆਵੀ ਆਗੂ ਮੰਨਦੇ ਸਨ ਅਤੇ ਗੁਰੂ ਕਹਿੰਦੇ ਸਨ। ਸਭ ਪਾਸਿਆਂ ਤੋਂ ਮੂਰਖਾਂ ਦੀਆਂ ਭੀੜਾਂ ਉਸ ਕੋਲ ਆਉਂਦੀਆਂ ਸਨ ਤੇ ਉਸ ਵੱਲ ਬੜੀ ਸ਼ਰਧਾ ਦਾ ਪ੍ਰਗਟਾਵਾ ਕਰਦੀਆਂ ਸਨ। ਤਿੰਨ-ਚਾਰ ਪੀੜ੍ਹੀਆਂ ਤੋਂ ਇਸ ਤਰ੍ਹਾਂ ਚਲਦਾ ਆ ਰਿਹਾ ਸੀ। ਕਈ ਸਾਲਾਂ ਤੋਂ ਮੇਰੇ ਮਨ ਵਿਚ ਇਹ ਖਿਆਲ ਆ ਰਿਹਾ ਸੀ ਕਿ ਜਾਂ ਤੇ ਮੈਂ ਇਸ ਝੂਠ ਦੀ ਦੁਕਾਨ ਨੂੰ ਬੰਦ ਕਰਾ ਦਿਆਂ ਜਾਂ ਉਸ ਨੂੰ ਇਸਲਾਮ ਵਿਚ ਲੈ ਆਵਾਂ...', ਮੈਂ ਹੁਕਮ ਕੀਤਾ ਕਿ ਉਸ ਨੂੰ ਪੇਸ਼ ਕੀਤਾ ਜਾਵੇ ਤੇ ਉਸ ਦੇ ਬੱਚੇ ਤੇ ਮਕਾਨ ਮੁਰਤਜ਼ਾ ਖਾਂ ਦੇ ਹਵਾਲੇ ਕਰ ਦਿੱਤੇ ਜਾਣ। ਉਸ ਦੀ ਜਾਇਦਾਦ ਜ਼ਬਤ ਕਰ ਲਈ ਜਾਵੇ ਤੇ ਉਸ ਨੂੰ 'ਯਾਸਾ' ਰਾਹੀਂ ਖ਼ਤਮ ਕਰ ਦਿੱਤਾ ਜਾਵੇ।'
ਮੀਰੀ ਅਤੇ ਪੀਰੀ
ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਪਿੱਛੋਂ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਗੱਦੀ 'ਤੇ ਬੈਠੇ ਤਾਂ ਆਪ ਨੇ ਦੋ ਤਲਵਾਰਾਂ ਪਹਿਨੀਆਂ-ਇਕ ਮੀਰੀ ਦੀ ਅਤੇ ਇਕ ਪੀਰੀ ਦੀ। ਇਕ ਰਾਜਸੀ ਜ਼ੁਲਮ ਦਾ ਟਾਕਰਾ ਕਰਨ ਦੀ ਪ੍ਰਤੀਕ ਸੀ ਅਤੇ ਦੂਜੀ ਨਾਮ ਸਿਮਰਨ ਦੀ ਸੂਚਕ, ਇਕ ਰਾਜਸੀ ਸੱਤਾ, ਦੂਜੀ ਆਤਮਿਕ ਬਲ ਦਰਸਾਉਂਦੀ ਸੀ। ਗੁਰੂ ਸਾਹਿਬ ਨੇ ਮਸੰਦਾਂ ਨੂੰ ਕਿਹਾ ਤੁਸੀਂ ਕਾਰ ਭੇਟਾ ਦੀ ਥਾਂ ਸ਼ਸਤਰ ਅਤੇ ਘੋੜੇ ਲਿਆਉਣੇ ਹਨ। 1609 ਈ: ਵਿਚ ਆਪ ਨੇ ਦਰਬਾਰ ਸਾਹਿਬ ਦੇ ਸਾਹਮਣੇ ਅਕਾਲ ਤਖ਼ਤ ਬਣਵਾਇਆ। ਇਥੇ ਬੈਠ ਕੇ ਗੁਰੂ ਸਾਹਿਬ ਰਾਜਸੀ ਵਿਚਾਰਾਂ ਕਰਿਆ ਕਰਦੇ ਸਨ। ਬਹਾਦਰ ਸਿੱਖਾਂ ਦਾ ਇਕ ਫ਼ੌਜੀ ਟੋਲਾ ਤਿਆਰ ਕੀਤਾ, ਜੋ ਗੁਰੂ ਸਾਹਿਬ ਨਾਲ ਰਹਿੰਦਾ। ਗੁਰੂ ਸਾਹਿਬ ਉਨ੍ਹਾਂ ਨਾਲ ਸ਼ਿਕਾਰ ਖੇਡਣ ਜਾਂਦੇ। ਉਨ੍ਹਾਂ ਕੋਲੋਂ ਕੁਸ਼ਤੀਆਂ ਕਰਵਾਉਂਦੇ ਅਤੇ ਸ਼ਾਮ ਨੂੰ ਵਾਰਾਂ ਗਾਇਨ ਕੀਤੀਆਂ ਜਾਂਦੀਆਂ ਤਾਂ ਜੋ ਸਿੱਖ ਬਹਾਦਰੀ ਵੱਲ ਪ੍ਰੇਰਿਤ ਹੋਣ। ਇਸ ਤਰ੍ਹਾਂ ਗੁਰੂ ਸਾਹਿਬ ਨੇ ਨਾਮ ਸਿਮਰਨ ਦੇ ਪ੍ਰਵਾਹ ਦੇ ਨਾਲ-ਨਾਲ ਸਿੱਖਾਂ ਨੂੰ ਫ਼ੌਜੀ ਹੁਨਰ ਸਿਖਾਉਣਾ ਆਰੰਭ ਕੀਤਾ ਤਾਂ ਜੋ ਉਹ ਸਮੇਂ ਦਾ ਟਾਕਰਾ ਕਰਨ ਲਈ ਸਿੱਖ ਸੰਤ-ਸਿਪਾਹੀ ਬਣ ਜਾਣ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਸ਼ਬਦ ਵਿਚਾਰ

ਸਤਿਗੁਰੁ ਪੂਰਾ ਜੇ ਮਿਲੈ ਪਾਈਐ ਰਤਨੁ ਬੀਚਾਰੁ॥

ਸਿਰੀਰਾਗੁ ਮਹਲਾ ੧
ਸਤਿਗੁਰੁ ਪੂਰਾ ਜੇ ਮਿਲੈ
ਪਾਈਐ ਰਤਨੁ ਬੀਚਾਰੁ॥
ਮਨੁ ਦੀਜੈ ਗੁਰ ਆਪਣੇ
ਪਾਈਐ ਸਰਬ ਪਿਆਰੁ॥
ਮੁਕਤਿ ਪਦਾਰਥੁ ਪਾਈਐ
ਅਵਗਣ ਮੇਟਣਹਾਰੁ॥ ੧॥
ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ॥
ਪੂਛਹੁ ਬ੍ਰਹਮੇ ਨਾਰਦੈ
ਬੇਦ ਬਿਆਸੈ ਕੋਇ॥ ੧॥ ਰਹਾਉ॥
ਗਿਆਨੁ ਧਿਆਨੁ ਧੁਨਿ ਜਾਣੀਐ
ਅਕਥੁ ਕਹਾਵੈ ਸੋਇ॥
ਸਫਲਿਓ ਬਿਰਖੁ ਹਰੀਆਵਲਾ
ਛਾਵ ਘਣੇਰੀ ਹੋਇ॥
ਲਾਲ ਜਵੇਹਰ ਮਾਣਕੀ
ਗੁਰ ਭੰਡਾਰੈ ਸੋਇ॥ ੨॥
ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰੁ॥
ਸਾਚੋ ਵਖਰੁ ਸੰਚੀਐ ਪੂਰੈ ਕਰਮਿ ਅਪਾਰੁ॥
ਸੁਖਦਾਤਾ ਦੁਖ ਮੇਟਣੋ
ਸਤਿਗੁਰੁ ਅਸੁਰ ਸੰਘਾਰੁ॥ ੩॥
ਭਵਜਲੁ ਬਿਖਮੁ ਡਰਾਵਣੋ
ਨਾ ਕੰਧੀ ਨਾ ਪਾਰੁ॥
ਨਾ ਬੇੜੀ ਨਾ ਤੁਲਹੜਾ
ਨਾ ਤਿਸੁ ਵੰਝੁ ਮਲਾਰੁ॥
ਸਤਿਗੁਰੁ ਭੈ ਕਾ ਬੋਹਿਥਾ
ਨਦਰੀ ਪਾਰਿ ਉਤਾਰੁ॥ ੪॥
ਇਕੁ ਤਿਲੁ ਪਿਆਰਾ ਵੀਸਰੈ
ਦੁਖੁ ਲਾਗੈ ਸੁਖੁ ਜਾਇ॥
ਜਿਹਵਾ ਜਲਉ ਜਲਾਵਣੀ
ਨਾਮੁ ਨ ਜਪੈ ਰਸਾਇ॥
ਘਟੁ ਬਿਨਸੈ ਦੁਖੁ ਅਗਲੋ
ਜਮੁ ਪਕੜੈ ਪਛੁਤਾਇ॥ ੫॥
ਮੇਰੀ ਮੇਰੀ ਕਰਿ ਗਏ
ਤਨੁ ਧਨੁ ਕਲਤੁ ਨ ਸਾਥਿ॥
ਬਿਨੁ ਨਾਵੈ ਧਨੁ ਬਾਦਿ ਹੈ
ਭੂਲੋ ਮਾਰਗਿ ਆਥਿ॥
ਸਾਚਉ ਸਾਹਿਬੁ ਸੇਵੀਐ
ਗੁਰਮੁਖਿ ਅਕਥੋ ਕਾਥਿ॥ ੬॥
ਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ॥
ਪੂਰਬਿ ਲਿਖਿਆ ਕਿਉ ਮੇਟੀਐ
ਲਿਖਿਆ ਲੇਖੁ ਰਜਾਇ॥
ਬਿਨੁ ਹਰਿ ਨਾਮ ਨ ਛੁਟੀਐ
ਗੁਰਮਤਿ ਮਿਲੈ ਮਿਲਾਇ॥ ੭॥
ਤਿਸੁ ਬਿਨੁ ਮੇਰਾ ਕੋ ਨਹੀ
ਜਿਸ ਕਾ ਜੀਉ ਪਰਾਨੁ॥
ਹਉਮੈ ਮਮਤਾ ਜਲਿ ਬਲਉ
ਲੋਭੁ ਜਲਉ ਅਭਿਮਾਨੁ॥
ਨਾਨਕ ਸਬਦੁ ਵੀਚਾਰੀਐ
ਪਾਈਐ ਗੁਣੀ ਨਿਧਾਨੁ॥ ੮॥ ੧੦॥
(ਅੰਗ 59)
ਪਦ ਅਰਥ : ਰਤਨੁ-ਅਨਮੋਲ (ਸਭ ਤੋਂ ਉੱਤਮ ਹੀਰਾ), ਨਿਰਮੋਲਕ। ਦੀਜੈ ਗੁਰ-ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਸਰਬ ਪਿਆਰੁ-ਸਰਬ ਵਿਆਪੀ ਪ੍ਰਭੂ ਦਾ ਪਿਆਰ। ਮੁਕਤਿ ਪਦਾਰਥੁ-(ਵਿਕਾਰਾਂ ਤੋਂ) ਖਲਾਸੀ ਕਰਵਾਉਣ ਵਾਲਾ ਨਾਮ। ਅਵਗਣ ਮੇਟਣਹਾਰੁ-ਸਭ ਔਗੁਣਾਂ ਦੇ ਮੇਟਣ ਵਾਲਾ ਹੈ। ਬੇਦ ਬਿਆਸੈ-ਵੇਦਾਂ ਦੇ ਬਿਆਸ (ਰਿਸ਼ੀ)। ਨਾਰਦੈ-ਨਾਰਦ ਮੁਨੀ ਨੂੰ। ਗਿਆਨੁ ਨ ਹੋਇ-ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਪਰਮਾਤਮਾ ਦੇ ਭੇਦਾਂ ਦੀ ਸਮਝ ਨਹੀਂ ਪੈਂਦੀ। ਧੁਨਿ-ਸ਼ਬਦ, ਆਵਾਜ਼। ਅਕਥ-ਜਿਸ ਨੂੰ ਕਥਿਆ ਨਾ ਜਾ ਸਕੇ, ਬਿਆਨ ਕੀਤਾ ਨਾ ਜਾ ਸਕੇ। ਕਹਾਵੈ-ਕਥਨ ਕਰਾਉਂਦਾ ਹੈ, ਸਿਫਤ ਸਲਾਹ ਕਰਵਾਉਂਦਾ ਹੈ। ਸਫਲਿਓ ਬਿਰਖੁ-ਫਲਦਾਰ ਰੁੱਖ। ਹਰੀਆਵਲਾ ਛਾਵ-ਸੰਘਣੀ ਛਾਂ ਵਾਲੇ। ਘਨੇਰੀ-ਬੜੀ। ਛਾਵ ਘਨੇਰੀ-ਬੜੀ ਸੰਘਣੀ ਛਾਂ। ਮਾਣਕੀ-ਮੋਤੀਆਂ ਨਾਲ (ਭਰੇ ਪਏ ਹਨ)।
ਗੁਰ ਭੰਡਾਰੈ-ਗੁਰੂ ਦੇ ਭੰਡਾਰੇ 'ਚੋਂ। ਨਿਰਮਲ-ਪਵਿੱਤਰ। ਨਿਰਮਲ ਨਾਮ ਪਿਆਰੁ-ਪਵਿੱਤਰ ਨਾਮ ਦਾ ਪਿਆਰ। ਸਾਚੋ-ਸਦਾ ਥਿਰ। ਵਖਰੁ-ਸੌਦਾ। ਸੰਚੀਐ-ਇਕੱਠਾ ਕੀਤਾ ਜਾ ਸਕਦਾ ਹੈ। ਕਰਮਿ-ਮਿਹਰ ਨਾਲ ਹੀ। ਅਪਾਰੁ-ਬੇਅੰਤ ਪ੍ਰਭੂ। ਮੇਟਣੋ-ਮੇਟਣ ਵਾਲਾ। ਅਸੁਰ-ਵਿਕਾਰੀ ਦੈਂਤ। ਸੰਘਾਰੁ-ਮਾਰਨ ਵਾਲਾ ਹੈ, ਨਾਸ ਕਰਨ ਵਾਲਾ ਹੈ।
ਭਵਜਲ-ਸੰਸਾਰ ਸਮੁੰਦਰ। ਬਖਮੁ ਡਰਾਵਣੋ-ਬੜਾ ਬਿਖੜਾ ਤੇ ਡਰਾਉਣਾ। ਕੰਧੀ-ਕੰਢਾ। ਨਾ ਪਾਰੁ-ਨਾ ਪਾਰਲਾ ਬੰਨਾ। ਤੁਲਹੜਾ-ਤੁਲਹਾ। ਨ ਤਿਸੁ-ਨਾ ਉਸ ਦਾ। ਨਾ ਤਿਸੁ ਵੰਝੁ ਮਲਾਰੁ-ਨਾ ਮਲਾਹ ਅਤੇ ਨਾ ਹੀ ਉਸ ਦਾ ਚੱਪੂ। ਭੈ ਕਾ-ਡਰਾਉਣੇ (ਸੰਸਾਰ ਸਮੁੰਦਰ) ਦਾ। ਬੋਹਿਥਾ-ਜਹਾਜ਼। ਨਦਰੀ-ਮਿਹਰ ਦੀ ਨਜ਼ਰ ਨਾਲ, ਕਿਰਪਾ ਦ੍ਰਿਸ਼ਟੀ ਨਾਲ। ਪਾਰਿ ਉਤਾਰੁ-ਪਾਰ ਉਤਾਰਾ ਹੋ ਸਕਦਾ ਹੈ।
ਜਗਤ ਗੁਰੂ ਬਾਬਾ ਦੇ ਸਿਰੀਰਾਗੁ ਵਿਚ ਹੀ ਇਕ ਹੋਰ ਬਚਨ ਹਨ ਕਿ ਪ੍ਰਭੂ ਦਾ (ਦਰ ਘਰ) ਇਕ ਸੁੰਦਰ ਮੰਦਰ ਹੈ, ਜਿਸ ਵਿਚ ਕੀਮਤੀ ਮੋਤੀ ਤੇ ਹੀਰੇ ਚਮਕਦੇ ਹਨ-
ਪ੍ਰਭੁ ਹਰਿਮੰਦਰੁ ਸੋਹਣਾ ਤਿਸੁ ਮਹਿ ਮਾਣਕ ਲਾਲ॥ (ਅੰਗ 17)
ਮਾਣਕ-ਕੀਮਤੀ ਮੋਤੀ।
ਉਸ ਮੰਦਰ ਕਿਲ੍ਹੇ 'ਤੇ ਪੌੜੀ ਤੋਂ ਬਿਨਾਂ ਕਿਵੇਂ ਚੜ੍ਹਿਆ ਜਾ ਸਕਦਾ ਹੈ? ਜੇਕਰ ਗੁਰੂ ਦੇ ਚਰਨਾਂ ਵਿਚ ਲਿਵ ਨੂੰ ਜੋੜਿਆ ਜਾਵੇ, ਪ੍ਰਭੂ ਵਿਚ ਧਿਆਨ ਨੂੰ ਧਰਿਆ ਜਾਵੇ ਤਾਂ ਦਰਸ਼ਨ ਹੋ ਜਾਂਦੇ ਹਨ-
ਬਿਨੁ ਪਉੜੀ ਗੜਿ ਕਿਉ ਚੜਉ
ਗੁਰ ਹਰਿ ਧਿਆਨ ਨਿਹਾਲ॥
(ਅੰਗ 17)
ਗੜਿ-ਕਿਲ੍ਹਾ। ਗੁਰ ਹਰਿ-ਗੁਰੂ ਪ੍ਰਭੂ। ਨਿਹਾਲ-ਦਿਖਾ ਦਿੰਦਾ ਹੈ, ਦਰਸ਼ਨ ਹੋ ਜਾਂਦੇ ਹਨ।
(ਉਸ ਮੰਦਰ ਕਿਲ੍ਹੇ 'ਤੇ ਚੜ੍ਹਨ ਲਈ) ਗੁਰੂ ਪਉੜੀ ਹੈ, ਇਸ ਸੰਸਾਰ ਸਮੁੰਦਰ ('ਚੋਂ ਪਾਰ ਹੋਣ ਲਈ) ਗੁਰੂ ਬੇੜੀ ਹੈ ਅਤੇ ਪਰਮਾਤਮਾ ਦਾ ਨਾਮ ਦੇਣ ਵਾਲਾ ਗੁਰੂ ਹੀ ਤੁਲਹਾ ਹੈ-
ਗੁਰੁ ਪਉੜੀ ਬੇੜੀ ਗੁਰੂ ਗੁਰੁ ਤੁਲਹਾ ਹਰਿ ਨਾਉ॥ (ਅੰਗ 17)
ਆਪ ਜੀ ਦੇ ਹੋਰ ਬਚਨ ਹਨ ਕਿ ਗੁਰੂ ਸਰੋਵਰ ਹੈ, ਸਮੁੰਦਰ ਹੈ ਅਤੇ (ਇਨ੍ਹਾਂ ਤੋਂ ਪਾਰ ਲੰਘਾਉਣ ਵਾਲਾ) ਗੁਰੂ ਹੀ ਜਹਾਜ਼ ਹੈ, ਗੁਰੂ ਹੀ ਤੀਰਥ ਅਤੇ ਦਰਿਆ ਹੈ-
ਗੁਰੁ ਸਰੁ ਸਾਗਰੁ ਬੋਹਿਥੋ ਗੁਰੁ ਤੀਰਥੁ ਦਰੀਆਉ॥ (ਅੰਗ 17)
ਸਰੁ-ਸਰੋਵਰ। ਸਾਗਰੁ-ਸਮੁੰਦਰ। ਬੋਹਿਥੋ-ਜਹਾਜ਼। ਦਰੀਆਉ-ਦਰਿਆ।
ਜੇਕਰ ਪ੍ਰਭੂ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਗੁਰੂ ਦੇ ਮਿਲਾਪ ਸਦਕਾ ਉਸ ਜੀਵ ਦੀ ਮੱਤ ਉਜਲੀ ਹੋ ਜਾਂਦੀ ਹੈ, ਕਿਉਂਕਿ ਮਨੁੱਖ ਸਾਧ ਸੰਗਤ ਰੂਪੀ ਸਰੋਵਰ ਵਿਚ ਇਸ਼ਨਾਨ ਕਰਨ ਜਾਣ ਲੱਗ ਪੈਂਦਾ ਹੈ-
ਜੇ ਤਿਸੁ ਭਾਵੈ ਊਜਲੀ ਸਤਸਰਿ ਨਾਵਣੁ ਜਾਉ॥ (ਅੰਗ 17)
ਸਤਸਰਿ-ਸਤਿ ਸੰਗਤ ਸਰੋਵਰ ਵਿਚ।
ਅੱਖਰੀਂ ਅਰਥ : ਜੇਕਰ ਪੂਰਾ ਗੁਰੂ ਮਿਲ ਪਵੇ ਤਾਂ ਪਰਮਾਤਮਾ ਦੇ ਰਤਨਾਂ ਵਰਗੇ ਵਿਚਾਰਾਂ ਭਾਵ ਵਡਮੁੱਲੇ ਗੁਣਾਂ ਦੀ ਸੋਝੀ ਪੈ ਜਾਂਦੀ ਹੈ। ਹਾਂ, ਜੇਕਰ ਮਨ ਗੁਰੂ ਨੂੰ ਅਰਪਨ ਕਰ ਦੇਈਏ ਤਾਂ ਉਸ ਤੋਂ ਸਰਬ ਵਿਆਪੀ (ਪ੍ਰਭੂ) ਦਾ ਪਿਆਰ ਪ੍ਰਾਪਤ ਕਰ ਲਈਦਾ ਹੈ, ਜਿਸ ਸਦਕਾ ਮੁਕਤ ਪਦਾਰਥ ਭਾਵ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ ਜੋ ਸਭ ਔਗੁਣਾਂ ਨੂੰ ਮੇਟਣ ਅਰਥਾਤ ਦੂਰ ਕਰਨ ਵਾਲਾ ਹੈ।
ਹੇ ਭਾਈ, ਗੁਰੂ ਤੋਂ ਬਿਨਾਂ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਇਸ ਸਬੰਧੀ ਭਾਵੇਂ ਕੋਈ ਬ੍ਰਹਮਾ, ਨਾਰਦ ਮੁਨੀ ਅਤੇ ਵੇਦ ਬਿਆਸ ਨੂੰ ਪੁੱਛ ਕੇ ਦੇਖ ਲਵੇ। ਗੁਰੂ ਦੇ ਸ਼ਬਦ ਦੀ ਧੁਨੀ ਦੁਆਰਾ ਹੀ (ਮੁਕਤੀ ਦਾਤਾ) ਗਿਆਨ ਅਤੇ ਧਿਆਨ ਜਿਸ ਦੁਆਰਾ ਆਤਮਾ ਨੂੰ ਪਰਮਾਤਮਾ ਨਾਲ ਜੋੜਿਆ ਜਾਂਦਾ ਹੈ, ਦੀ ਪਹਿਚਾਣ ਹੁੰਦੀ ਹੈ। ਵਾਸਤਵ ਵਿਚ ਗੁਰੂ ਹੀ ਅਕਥ ਸ਼ਕਤੀ ਨੂੰ ਜੀਵ ਪਾਸੋਂ ਕਥਨ ਕਰਵਾਉਂਦਾ ਹੈ। ਗੁਰੂ ਫਲਾਂ ਨਾਲ ਭਰਿਆ ਹੋਇਆ ਉਹ ਹਰਿਆ-ਭਰਿਆ ਰੁੱਖ ਹੈ, ਜਿਸ ਦੀ ਸੰਘਣੀ ਛਾਂ ਸਦਾ ਹੀ ਕਾਇਮ ਰਹਿੰਦੀ ਹੈ। ਲਾਲਾਂ, ਜਵਾਹਰਾਂ ਅਤੇ ਮੋਤੀਆਂ ਨਾਲ ਭਾਵ ਸ੍ਰੇਸ਼ਟ ਗੁਣਾਂ ਨਾਲ ਭਰਪੂਰ ਪਰਮਾਤਮਾ ਦਾ ਅਮੋਲਕ ਨਾਮ ਗੁਰੂ ਦੇ ਖਜ਼ਾਨੇ ਵਿਚੋਂ ਹੀ ਮਿਲਦਾ ਹੈ।
(ਪਰਮਾਤਮਾ ਦੇ) ਪਵਿੱਤਰ ਨਾਮ ਦਾ ਪਿਆਰ ਗੁਰੂ ਦੇ ਖਜ਼ਾਨੇ ਵਿਚੋਂ ਹੀ ਪਾਈਦਾ ਹੈ। ਬੇਅੰਤ ਪ੍ਰਭੂ ਦਾ ਸਦਾ ਥਿਰ ਰਹਿਣ ਵਾਲਾ ਨਾਮ ਸੌਦਾ ਪੂਰੇ (ਗੁਰੂ ਦੀ) ਮਿਹਰ ਸਦਕਾ ਹੀ ਇਕੱਠਾ ਕੀਤਾ ਜਾ ਸਕਦਾ ਹੈ। ਸੁੱਖਾਂ ਦਾ ਦੇਣ ਵਾਲਾ ਦਾਤਾਰ, ਦੁੱਖਾਂ ਨੂੰ ਮੇਟਣ ਵਾਲਾ ਹੈ ਅਤੇ ਗੁਰੂ ਵਿਕਾਰੀ ਦੈਂਤਾਂ ਦਾ ਨਾਸ਼ ਕਰਨ ਵਾਲਾ ਹੈ।
ਅਸਟਪਦੀ ਦੇ ਚੌਥੇ ਅੰਕ ਵਿਚ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਇਹ ਸੰਸਾਰ ਰੂਪੀ ਸਮੁੰਦਰ ਬੜਾ ਬਿਖੜਾ ਅਤੇ ਡਰਾਉਣਾ ਹੈ, ਜਿਸ ਦਾ ਨਾ ਕੋਈ ਕੰਢਾ ਹੈ ਅਤੇ ਨਾ ਕੋਈ ਪਾਰਲਾ ਬੰਨਾ। ਅਜਿਹੇ ਡਰਾਉਣੇ ਸੰਸਾਰ ਸਮੁੰਦਰ 'ਚੋਂ ਪਾਰ ਲੰਘਣ ਲਈ ਨਾ ਕੋਈ ਬੇੜੀ ਹੈ, ਨਾ ਹੀ ਕੋਈ ਤੁਲਹਾ ਹੈ ਅਤੇ ਨਾ ਹੀ ਚਾਪੂ ਅਤੇ ਨਾ ਹੀ ਉਸ ਨੂੰ ਚਲਾਉਣ ਵਾਲਾ ਮਲਾਹ। ਕੇਵਲ ਇਕ ਪੂਰਾ ਗੁਰੂ ਹੀ ਇਸ ਡਰਾਉਣੇ ਸਮੁੰਦਰ ਵਿਚੋਂ ਪਾਰ ਹੋਣ ਲਈ ਜਹਾਜ਼ ਹੈ, ਜੋ ਆਪਣੀ ਕਿਰਪਾ ਦ੍ਰਿਸ਼ਟੀ ਸਦਕਾ ਜੀਵ ਦਾ ਪਾਰਉਤਾਰਾ ਕਰਨ ਦੇ ਸਮਰੱਥ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸ਼ਕਤੀ ਜੀਵਨ ਹੈ ਤਾਂ ਕਮਜ਼ੋਰੀ ਮੌਤ

ਇਹ ਅਟਲ ਸੱਚਾਈ ਹੈ ਕਿ ਸ਼ਕਤੀ/ਤਾਕਤ ਹੀ ਜੀਵਨ ਹੈ ਤੇ ਕਮਜ਼ੋਰੀ ਮੌਤ। ਸਵਾਮੀ ਵਿਵੇਕਾਨੰਦ ਰਾਸ਼ਟਰ ਦੇ ਨਾਂਅ ਸੰਦੇਸ਼ ਵਿਚ ਲਿਖਦੇ ਹਨ ਕਿ ਉਹ ਜੋ ਵੀ ਕੁਝ ਲਿਖਦੇ ਹਨ, ਉਹ ਉਪਨਿਸ਼ਦ ਦੇ ਉਪਦੇਸ਼ਾਂ ਜਾਂ ਵੇਦਾਂ ਵਿਚ ਦੱਸੇ ਕੁਦਰਤ ਦੇ ਨਿਯਮ ਹਨ। ਉਪਨਿਸ਼ਦ ਅਤੇ ਵੇਦਾਂ ਦਾ ਸਾਰ ਹੈ ਸ਼ਕਤੀ ਜਾਂ ਤਾਕਤ। ਮੇਰੀ ਨੌਜਵਾਨਾਂ ਨੂੰ ਇਹ ਹੀ ਸਿੱਖਿਆ ਹੈ ਕਿ ਤਾਕਤਵਰ ਬਣੋ। ਤੁਸੀਂ ਜਿੰਨੇ ਤਾਕਤਵਰ ਹੋਵੋਗੇ, ਓਨੇ ਹੀ ਸਵਰਗ ਦੇ ਨੇੜੇ ਹੋਵੋਗੇ। ਤੁਸੀਂ ਆਪਣੇ ਡੌਲੇ ਮਜ਼ਬੂਤ ਕਰਕੇ ਤੇ ਸ਼ਕਤੀਸ਼ਾਲੀ ਬਣ ਕੇ ਆਪਣੇ ਲਈ ਹੀ ਨਹੀਂ, ਦੂਜਿਆਂ ਲਈ ਵੀ ਚੰਗੇ ਬਣ ਸਕਦੇ ਹੋ। ਮੈਂ ਅਕਸਰ ਲੋਕਾਂ ਨੂੰ ਪੁੱਛਦਾ ਹਾਂ ਕੀ ਤੁਸੀਂ ਸ਼ਕਤੀਸ਼ਾਲੀ ਹੋ? ਮੈਨੂੰ ਪਤਾ ਹੈ ਕਿ ਦੁਨੀਆ ਦੀਆਂ ਬਿਮਾਰੀਆਂ ਦੀ ਦਵਾ ਵੀ ਤਾਕਤ ਹੈ। ਸ਼ਕਤੀ ਹੀ ਖੁਸ਼ੀਆਂ ਦਾ ਸਰੋਤ ਹੈ। ਇਹ ਖੁਸ਼ੀ ਪ੍ਰਾਪਤੀ ਦਾ ਇਕ ਸਾਧਨ ਵੀ ਹੈ। ਇਹ ਸਫਲਤਾ ਦਾ ਨਿਯਮ ਵੀ ਹੈ।
ਸਫਲਤਾ ਲਈ ਤੁਹਾਡੇ ਅੰਦਰ ਅਥਾਹ ਸ਼ਕਤੀ, ਸਹਿਣਸ਼ੀਲਤਾ ਅਤੇ ਇੱਛਾਸ਼ਕਤੀ ਦਾ ਹੋਣਾ ਜ਼ਰੂਰੀ ਹੈ। ਦੁਨੀਆ ਵਿਚ ਕ੍ਰਾਂਤੀ ਲਿਆਉਣ ਲਈ ਕੇਵਲ ਅਜਿਹੇ ਹੀ ਵਿਅਕਤੀਆਂ ਦੀ ਲੋੜ ਹੁੰਦੀ ਹੈ। ਕੇਵਲ ਵਿਅਕਤੀ ਹੀ ਆਪਣੀ ਤਾਕਤ, ਲਗਨ, ਨਿਰੰਤਰਤਾ ਅਤੇ ਮਿਹਨਤ ਸਦਕਾ ਪਰਿਵਰਤਨ ਲਿਆਉਂਦੇ ਹਨ। ਜੇ ਅਸੀਂ ਇਤਿਹਾਸ ਵੱਲ ਝਾਤ ਮਾਰਦੇ ਹਾਂ ਤਾਂ ਸਪੱਸ਼ਟ ਹੁੰਦਾ ਹੈ ਕਿ ਧਨ-ਦੌਲਤ ਨਹੀਂ, ਸਗੋਂ ਵਿਅਕਤੀਆਂ ਦੀ ਲਗਨ ਤੇ ਮਿਹਨਤ ਨਾਲ ਹੀ ਜਿੱਤ ਪ੍ਰਾਪਤ ਹੋਈ ਹੈ। ਭਾਵੇਂ ਇਹ ਜਿੱਤ ਦੁਸ਼ਮਣ ਦੀ ਫੌਜ 'ਤੇ ਹੋਵੇ ਜਾਂ ਕੁਦਰਤ 'ਤੇ ਜਿੱਤ ਪਾ ਕੇ ਵਿਗਿਆਨਕ ਤਰੱਕੀ ਦੀ। ਇਸ ਲਈ ਕਮਜ਼ੋਰ ਨਹੀਂ, ਸ਼ਕਤੀਸ਼ਾਲੀ ਬਣੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸਰਦਾਰ ਸ਼ਹੀਦਾਂ ਦਾ

* ਸਰਦਾਰ ਪੰਛੀ *

ਐਸ ਚੁੱਭਿਆ ਹਾਕਿਮ ਨੂੰ ਇਨਕਾਰ ਸ਼ਹੀਦਾਂ ਦਾ।
ਤੱਤੀ ਤਵੀ 'ਤੇ ਬੈਠਾ ਹੈ ਸਰਦਾਰ ਸ਼ਹੀਦਾਂ ਦਾ।
ਕਿਹਾ ਚੰਦੂ ਨੇ ਨਾਈ ਤੂੰ ਕੀ ਕਹਿਰ ਕਮਾ ਆਇਆ।
ਇੱਟ ਚੁਬਾਰੇ ਦੀ ਤੂੰ ਮੋਰੀ ਦੇ ਵਿਚ ਲਾ ਆਇਆ।
ਸੰਗਤ ਨੇ ਜਦ ਹੰਕਾਰੀ ਲਈ ਹੁਕਮ ਸੁਣਾ ਦਿੱਤਾ।
ਗੁਰਾਂ ਨੇ ਚੰਦੂ ਦੀ ਧੀ ਦਾ ਰਿਸ਼ਤਾ ਠੁਕਰਾ ਦਿੱਤਾ।
ਤੀਰ ਇਹ ਹੋਇਆ ਉਹਦੇ ਜਿਗਰ ਤੋਂ ਪਾਰ ਸ਼ਹੀਦਾਂ ਦਾ।
ਤੱਤੀ ਤਵੀ 'ਤੇ ਬੈਠਾ ਹੈ ਸਰਦਾਰ ਸ਼ਹੀਦਾਂ ਦਾ।
ਜਾਬਰ ਚੁੱਲ੍ਹੇ ਹੇਠਾਂ ਅੱਗ ਮਚਾਈ ਜਾਂਦਾ ਸੀ।
ਸਤਿਗੁਰ ਵੀ ਗੁਰ ਚਰਨਾਂ ਵਿਚ ਲੌ ਲਾਈ ਜਾਂਦਾ ਸੀ।
ਜ਼ਾਲਿਮ ਤੱਤਾ ਰੇਤਾ ਸਿਰ 'ਤੇ ਪਾਈ ਜਾਂਦਾ ਸੀ।
ਸਤਿਗੁਰ ਵੀ ਸੁਰ ਤਾਲ 'ਚ ਬਾਣੀ ਗਾਈ ਜਾਂਦਾ ਸੀ।
ਲੱਗਿਆ ਜਾਪੇ ਤਵੀ 'ਤੇ ਹੀ ਦਰਬਾਰ ਸ਼ਹੀਦਾਂ ਦਾ।
ਤੱਤੀ ਤਵੀ 'ਤੇ ਬੈਠ ਗਿਆ ਸਰਦਾਰ ਸ਼ਹੀਦਾਂ ਦਾ।
ਸਾਈਂ ਮੀਆਂ ਮੀਰ ਵੀ ਤਪਦੀ ਲੋਹ ਤੱਕ ਆਇਆ ਸੀ।
ਲ੍ਹੌਰ ਦੀ ਇੱਟ ਨਾਲ ਇੱਟ ਵਜਾ ਦਾਂਗਾ ਫ਼ਰਮਾਇਆ ਸੀ।
ਗੁਰਾਂ ਨੇ ਭਾਣਾ ਮੰਨਣ ਦਾ ਉਪਦੇਸ਼ ਸੁਣਾਇਆ ਸੀ।
ਹੁਕਮ ਆਪ ਦਾ ਸਿਰ ਮੱਥੇ ਕਹਿ ਸੀਸ ਝੁਕਾਇਆ ਸੀ।
ਸਮਝ ਗਿਆ ਕੀ ਹੁੰਦਾ ਹੈ ਕਿਰਦਾਰ ਸ਼ਹੀਦਾਂ ਦਾ।
ਤੱਤੀ ਤਵੀ 'ਤੇ ਬੈਠ ਗਿਆ ਸਰਦਾਰ ਸ਼ਹੀਦਾਂ ਦਾ।
ਭਾਵੇਂ ਬਦਨ ਗੁਰ ਅਰਜਨ ਦਾ ਛਾਲੇ-ਛਾਲੇ ਸੀ।
ਭਾਣਾ ਮੀਠਾ ਲਾਗੇ ਦੇ ਅੰਦਾਜ਼ ਨਿਰਾਲੇ ਸੀ।
ਸਿਰ ਉੱਚਾ ਕਰ ਮਰਨਾ ਦੱਸਿਆ ਇਸ ਕੁਰਬਾਨੀ ਨੇ।
ਚਰਨ ਬੰਦਨਾ ਕੀਤੀ ਜਦ ਰਾਵੀ ਦੇ ਪਾਣੀ ਨੇ।
ਕੁਰਬਾਨੀ ਬਣਦੀ ਹੈ ਗਲ ਦਾ ਹਾਰ ਸ਼ਹੀਦਾਂ ਦਾ।
ਤੱਤੀ ਤਵੀ 'ਤੇ ਬੈਠ ਗਿਆ ਸਰਦਾਰ ਸ਼ਹੀਦਾਂ ਦਾ।
ਐਸਾ ਚੁੱਭਿਆ ਹਾਕਿਮ ਨੂੰ ਇਨਕਾਰ ਸ਼ਹੀਦਾਂ ਦਾ।
ਤੱਤੀ ਤਵੀ 'ਤੇ ਬੈਠਾ ਹੈ ਸਰਦਾਰ ਸ਼ਹੀਦਾਂ ਦਾ।


-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾ: 94170-91668

ਧਾਰਮਿਕ ਸਾਹਿਤ

ਅਰਦਾਸ ਸਮੀਖਿਆ
ਲੇਖਕ : ਗਿਆਨੀ ਦਲੇਰ ਸਿੰਘ ਜੋਸ਼
ਪ੍ਰਕਾਸ਼ਕ : ਲਾਹੌਰ ਬੁੱਕ ਸ਼ਾਪ, ਲੁਧਿਆਣਾ।
ਪੰਨੇ : 48, ਕੀਮਤ : 70 ਰੁਪਏ
ਸੰਪਰਕ : 98881-51686


ਗੁਰਮਤਿ ਦੇ ਵਿਦਵਾਨ ਲੇਖਕ ਗਿਆਨੀ ਦਲੇਰ ਸਿੰਘ ਵਲੋਂ ਗੁਰਮਤਿ ਸਮੀਖਿਆ ਬਾਰੇ ਲਿਖੀ ਗਈ ਇਹ ਤੀਜੀ ਪੁਸਤਕ ਹੈ। ਵਿਚਾਰ-ਗੋਚਰੀ ਪੁਸਤਕ ਅਰਦਾਸ ਦੀ ਮਹਾਨਤਾ ਅਤੇ ਇਸ ਨਾਲ ਜੁੜੇ ਵੱਖ-ਵੱਖ ਪੱਖਾਂ ਨੂੰ ਗੁਰਬਾਣੀ ਦੇ ਸੰਦਰਭ ਵਿਚ ਉਜਾਗਰ ਕਰਦੀ ਭਾਵਪੂਰਤ ਰਚਨਾ ਹੈ। ਅਰਦਾਸ ਦਾ ਸਿੱਖ ਧਰਮ ਵਿਚ ਉੱਚਤਮ ਅਸਥਾਨ ਹੈ। ਇਸ ਪੁਸਤਕ ਦੇ 7 ਖੰਡਾਂ ਵਿਚ ਕੁੱਲ 39 ਲੇਖ ਅਰਦਾਸ ਨਾਲ ਸਬੰਧਤ ਹਨ। 'ਅਰਦਾਸ ਕੀ ਹੈ' ਖੰਡ ਦੇ 6 ਲੇਖਾਂ ਵਿਚ ਅਰਦਾਸ ਸਬੰਧੀ 6 ਗੁਰੂ ਸਾਹਿਬਾਨ ਦੇ ਅੰਮ੍ਰਿਤਮਈ ਬਚਨ ਦਰਜ ਹਨ।
ਇਕ ਨਾਨਕ ਕੀ ਅਰਦਾਸਿ ਜੇ ਤੁਧੁ ਭਾਵਸੀ॥
ਮੈ ਦੀਜੈ ਨਾਮ ਨਿਵਾਸੁ ਹਰਿ ਗੁਣ ਗਾਵਸੀ॥
(ਅੰਗ 751)
'ਭਗਤਾਂ ਦੀ ਪਰਮਾਤਮਾ ਅੱਗੇ ਅਰਦਾਸ' ਖੰਡ ਵਿਚ ਭਗਤ ਕਬੀਰ ਜੀ, ਰਵਿਦਾਸ ਜੀ, ਬਾਬਾ ਫ਼ਰੀਦ ਜੀ, ਸਧਨਾ ਜੀ ਤੇ ਨਾਮਦੇਵ ਜੀ ਦੇ ਅਮਲੀਕ ਬਚਨ ਹਨ। ਮਿਸਾਲ ਵਜੋਂ-
ਤੇਰੀ ਪਨਹਿ ਖੁਦਾਇ ਤੂ ਬਖਸੰਦਗੀ॥
ਸੇਖ ਫ਼ਰੀਦੈ ਖ਼ੈਰ ਦੀਜੈ ਬੰਦਗੀ॥ (ਅੰਗ 488)
'ਭੱਟ ਤੇ ਅਰਦਾਸ' ਭਾਗ ਵਿਚ ਅਰਦਾਸ ਦੀ ਵਿਆਖਿਆ ਭਾਈ ਗੁਰਦਾਸ ਜੀ, ਭਾਈ ਕਾਹਨ ਸਿੰਘ ਨਾਭਾ ਦੀਆਂ ਲਿਖਤਾਂ ਦੀ ਰੌਸ਼ਨੀ ਵਿਚ ਕਰਨ ਦੇ ਨਾਲ-ਨਾਲ ਅਰਦਾਸ ਸਬੰਧੀ ਇਤਿਹਾਸਕ ਪ੍ਰਮਾਣ, ਵੱਖ-ਵੱਖ ਸਮਿਆਂ ਤੇ ਦੀਵਾਨਾਂ ਸਮੇਂ ਕੀਤੀ ਜਾਣ ਵਾਲੀ ਅਰਦਾਸ ਜਿਵੇਂ ਨਾਮਕਰਨ, ਕੁੜਮਾਈ, ਅਨੰਦ ਕਾਰਜ, ਅਰਥੀ ਲਿਜਾਣ ਸਮੇਂ, ਅੰਗੀਠਾ ਜਲਾਉਣ ਸਮੇਂ ਅਤੇ ਅੰਤ ਅਰਦਾਸ ਬਾਰੇ ਤਜ਼ਕਰਾ ਹੈ। (ਪ੍ਰਮਾਣ) 'ਵਿਛੜੀ ਆਤਮਾ ਨੂੰ ਸਦੀਵ ਕਾਲ ਲਈ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣਾ, ਆਵਾਗਵਨ ਦੇ ਚੱਕਰਾਂ ਤੋਂ ਬਚਾ ਕੇ ਰੱਖਣਾ, ਪਰਿਵਾਰ ਤੇ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ, ਬੁੱਧ, ਸਮਰੱਥਾ ਪ੍ਰਦਾਨ ਕਰਨੀ ਜੀ।' (ਪੰਨਾ 45)
ਅੰਤਿਮ ਅਧਿਆਇ ਵਿਚ ਆਗਮਨ ਗੁਰਪੁਰਬਾਂ ਜਾਂ ਪ੍ਰਕਾਸ਼ ਪੁਰਬਾਂ ਸਬੰਧੀ, ਗੁਰਗੱਦੀ ਦਿਵਸ, ਗੁਰੂ ਸਾਹਿਬਾਨ ਦੇ ਸ਼ਹੀਦੀ ਦਿਹਾੜਿਆਂ ਬਾਰੇ ਅਰਦਾਸ, ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਤੇ ਗੁਰਗੱਦੀ ਦਿਵਸ ਬਾਰੇ ਅਰਦਾਸ ਦੇ ਸਰੂਪ ਬਾਰੇ ਵਡਮੁੱਲੀ ਜਾਣਕਾਰੀ ਦਰਜ ਹੈ। ਸਮੁੱਚੇ ਤੌਰ 'ਤੇ ਗਿਆਨੀ ਦਲੇਰ ਸਿੰਘ ਜੋਸ਼ ਦੀ ਇਹ ਪੁਸਤਕ 'ਸੇਵਕ ਕੀ ਅਰਦਾਸ ਪਿਆਰੇ...' ਦੇ ਵਿਸ਼ੇ ਨੂੰ ਪੂਰਨ ਰੂਪ ਨਾਲ ਉਜਾਗਰ ਕਰਦੀ ਹੈ। ਗੁਰਬਾਣੀ ਦੇ ਢੁਕਵੇਂ ਪ੍ਰਮਾਣ ਹਰ ਨੁਕਤੇ ਨੂੰ ਸਪੱਸ਼ਟ ਕਰਦੇ ਹਨ।


ਸਤਨਾਮ ਸਿੰਘ ਬੇਧੜਕ
ਦੀ ਕਵਿਤਾ

ਸੰਪਾਦਕ : ਗੁਰਚਰਨ ਸਿੰਘ 'ਚਰਨ'
ਪ੍ਰਕਾਸ਼ਕ : ਨੈਸ਼ਨਲ ਬੁੱਕ ਸ਼ਾਪ, ਦਿੱਲੀ।
ਪੰਨੇ : 160, ਕੀਮਤ : 280 ਰੁਪਏ
ਸੰਪਰਕ : 084472-48427


ਸਤਨਾਮ ਸਿੰਘ ਬੇਧੜਕ ਦੀ ਇਹ ਚੌਥੀ ਪੁਸਤਕ ਹੈ। ਇਸ ਤੋਂ ਪੇਸ਼ਤਰ ਉਹ 3 ਕਿਤਾਬਾਂ ਸਰਲ ਅਤੇ ਸਾਧਾਰਨ ਹਿੰਦੁਸਤਾਨੀ ਬੋਲੀ ਵਿਚ ਲਿਖ ਚੁੱਕਾ ਹੈ। ਵਿਚਾਰ-ਗੋਚਰੀ ਪੁਸਤਕ ਉਸ ਦੀਆਂ ਧਾਰਮਿਕ ਕਵਿਤਾਵਾਂ ਦਾ ਸੰਗ੍ਰਹਿ ਹੈ। ਪੁਸਤਕ ਦਾ ਸੰਪਾਦਨ ਗੁਰਚਰਨ ਸਿੰਘ ਚਰਨ ਨੇ ਬਾਖੂਬੀ ਕੀਤਾ ਹੈ। ਪੁਸਤਕ ਵਿਚ ਬੇਧੜਕ ਦੀਆਂ 65 ਕਾਵਿ-ਰਚਨਾਵਾਂ ਸ਼ਾਮਿਲ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਧਾਰਮਿਕ ਤੇ ਨੈਤਿਕ ਰੰਗਣ ਵਾਲੀਆਂ ਹਨ। ਹਰੇਕ ਕਵਿਤਾ ਵਿਚੋਂ ਕਵੀ ਦੀ ਸਿੱਖ ਧਰਮ ਬਾਰੇ ਡੂੰਘੀ ਜਾਣਕਾਰੀ, ਸ਼ਰਧਾ, ਪੰਜਾਬ ਦੇ ਇਤਿਹਾਸਕ ਤੇ ਸੱਭਿਆਚਾਰਕ ਪੱਖਾਂ ਬਾਰੇ ਪ੍ਰਪੱਕ ਜਾਣਕਾਰੀ ਦੀ ਝਲਕ ਮਿਲਦੀ ਹੈ। 'ਦਸਮੇਸ਼ ਤਰਾਨਾ' ਇਸ ਕਾਵਿ-ਸੰਗ੍ਰਹਿ ਦੀ ਪਲੇਠੀ ਰਚਨਾ ਹੈ।
ਧੰਨ ਹੈ ਉਹ ਗੁਰੂ, ਧੰਨ ਉਹਦੀ ਕੁਰਬਾਨੀ ਏ।
ਕੰਡਿਆਂ 'ਤੇ ਸੁੱਤਾ ਵੇਖੋ, ਪੁੱਤਰਾਂ ਦਾ ਦਾਨੀ ਏ।
'ਬੇਧੜਕ' ਰਿਣੀ ਹੈ, ਜ਼ਮਾਨਾ ਦਸਮੇਸ਼ ਦਾ।
ਲਬਾਂ ਉੱਤੇ ਆ ਗਿਆ, ਤਰਾਨਾ ਦਸਮੇਸ਼ ਦਾ।
'ਇਕ ਗੁਰਸਿੱਖ ਬੱਚੀ ਦਾ ਤਰਲਾ' ਅਜੋਕੀ ਭਰਾ-ਮਾਰੂ ਜੰਗ ਉੱਤੇ ਡੂੰਘੀ ਕਟਾਕਸ਼ ਹੈ-
ਮੈਂ ਤਰਲੇ ਪਾ-ਪਾ ਕਹਿੰਦੀ ਹਾਂ।
ਅੱਜ ਆਪਣੇ ਗੁਰਸਿੱਖ ਵੀਰਾਂ ਨੂੰ।
ਮੇਰੀ ਪਾਟੀ ਚੁੰਨੀ ਤੱਕੋ ਨਾ,
ਤੁਸੀਂ ਤੱਕੋ ਪੱਗ ਦੀਆਂ ਲੀਰਾਂ ਨੂੰ।
ਜੀਵਨ ਦੀ ਨਾਸ਼ਮਾਨਤਾ ਨੂੰ ਬਿਆਨਦੀਆਂ ਕਵਿਤਾ ਦੀਆਂ ਇਹ ਸਤਰਾਂ ਵੇਖੋ-
ਬੰਦਿਆ, ਕਿਉਂ ਮਾਣ ਕਰੇਂਦਾ ਏ,
ਦੋ ਦਿਨ ਦੀ ਜ਼ਿੰਦਗਾਨੀ ਦਾ।
ਇਹ ਸੰਸਾਰ ਹੈ ਇਕ ਸਮੁੰਦਰ,
ਬੰਦਾ ਬੁਲਬੁਲਾ ਪਾਣੀ ਦਾ। (ਪੰਨਾ 49)
'ਕੇਸਰੀ ਨਿਸ਼ਾਨ' ਪੰਜਾਬੀ ਅੱਖਰਾਂ ਵਿਚ ਹਿੰਦੁਸਤਾਨੀ ਬੋਲੀ ਦੀ ਵਧੀਆ ਰਚਨਾ ਹੈ।
ਕੇਸਰੀ ਨਿਸ਼ਾਨ, ਗੁਰ-ਸਿੱਖੋਂ ਕੀ ਹੈ ਸ਼ਾਨ।
ਝੂਲਤਾ ਰਹੇ, ਯੇਹ ਕੇਸਰੀ ਨਿਸ਼ਾਨ।
ਇਸੇ ਤਰ੍ਹਾਂ 'ਬਲੀਦਾਨ ਤੁਮਾਰਾ', 'ਸ਼ਹਾਦਰ ਗੁਰੂ ਤੇਗ਼ ਬਹਾਦਰ ਜੀ', 'ਸੁਖਮਨੀ ਦਾਤਾ', 'ਯਾਦੇ-ਨਨਕਾਨਾ', 'ਕਫ਼ਨ', 'ਭਾਈ ਘਨੱਈਆ ਜੀ', 'ਦਸਮੇਸ਼ ਪਿਆਰਾ', 'ਅਨੋਖੀ ਦਾਸਤਾਂ', 'ਨੇਕੀ-ਬਦੀ', 'ਮੁਕਤੀਦਾਤਾ', 'ਕੰਘਾ', 'ਦੀਵਾਰੇ-ਸਰਹੰਦ', 'ਦੀਵਾਰ ਕਾ ਜਵਾਬ' ਤੇ ਅੰਤਿਮ ਨਜ਼ਮ 'ਵਤਨ ਕੇ ਸ਼ਹੀਦ' ਸਮੇਤ ਸਾਰੀਆਂ ਕਵਿਤਾਵਾਂ ਪੁਰਅਸਰ ਹਨ। ਬਹੁਤ ਸਾਰੀਆਂ ਰਚਨਾਵਾਂ ਲੰਮੀਆਂ ਰਚਨਾਵਾਂ ਹਨ। ਸ਼ਬਦ-ਚੋਣ ਤੇ ਅਦਾਇਗੀ ਕਮਾਲ ਦੀ ਹੈ। ਨਵੀਂ ਪੀੜ੍ਹੀ ਬੇਧੜਕ ਦੀਆਂ ਨਜ਼ਮਾਂ ਤੋਂ ਪ੍ਰੇਰਨਾ ਲੈ ਕੇ ਖੁਦ ਬੇਧੜਕ (ਨਿਰਭਉ) ਤੇ ਦ੍ਰਿੜ੍ਹ ਇਰਾਦੇ ਵਾਲੀ ਬਣ ਸਕਦੀ ਹੈ।


-ਤੀਰਥ ਸਿੰਘ ਢਿੱਲੋਂ,
ਮੋਬਾ: 98154-61710


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX