ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  1 day ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  1 day ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  1 day ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  1 day ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  1 day ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਹੋਰ ਖ਼ਬਰਾਂ..

ਫ਼ਿਲਮ ਅੰਕ

ਕ੍ਰਿਤੀ ਸੇਨਨ

ਵੱਡੀਆਂ ਗੱਲਾਂ

ਬਿੱਟੀ ਮਿਸ਼ਰਾ 'ਬਰੇਲੀ ਕੀ ਬਰਫ਼ੀ' ਦੀ ਬਣ ਕ੍ਰਿਤੀ ਸੇਨਨ ਦਰਸ਼ਕਾਂ 'ਚ ਬੇਹੱਦ ਲੋਕਪ੍ਰਿਯਾ ਹੋਈ। ਹੁਣ 'ਇਸਤਰੀ' ਫ਼ਿਲਮ 'ਚ ਡਰਾਉਣੇ ਅੰਦਾਜ਼ ਨਾਲ ਨਜ਼ਰ ਆਈ ਕ੍ਰਿਤੀ ਫਿਰ ਵੀ ਖੂਬਸੂਰਤੀ ਦੀ ਬਲਾ ਲੱਗਦੀ ਹੈ। 'ਆਓ ਕਭੀ ਹਵੇਲੀ ਪੇ' ਗਾਣੇ ਨੇ ਕ੍ਰਿਤੀ ਦੀ ਚਰਚਾ ਫ਼ਿਲਮ ਪ੍ਰੇਮੀਆਂ 'ਚ ਖੂਬ ਕਰਵਾਈ ਹੈ। ਹਾਲਾਂਕਿ ਇਹ ਫ਼ਿਲਮ ਜ਼ਿਆਦਾਤਰ ਸ਼ਰਧਾ ਕਪੂਰ ਦੀ ਹੈ ਪਰ ਕ੍ਰਿਤੀ ਦੇ ਇਕ ਗਾਣੇ ਨੇ ਉਸ ਨੂੰ ਸ਼ਰਧਾ ਤੋਂ ਜ਼ਿਆਦਾ ਪਿਆਰ ਦਰਸ਼ਕਾਂ ਦਾ ਦਿਵਾਇਆ ਹੈ। ਕ੍ਰਿਤੀ ਸੇਨਨ ਦੀ ਚਰਚਾ ਵੈਸੇ ਟਾਈਗਰ ਸ਼ਰਾਫ਼ ਕਾਰਨ ਜ਼ਿਆਦਾ ਹੁੰਦੀ ਹੈ ਪਰ ਪਹਿਲੀ ਵਾਰ 'ਆਓ ਕਭੀ ਹਵੇਲੀ ਪੇ' ਗਾਣੇ 'ਚ ਬਲਾ ਨਾਚ ਨੇ ਉਸ ਪ੍ਰਤੀ ਦਰਸ਼ਕਾਂ ਦਾ ਪਿਆਰ ਹੋਰ ਵਧਾਇਆ ਹੈ। ਚਾਰ ਸਾਲ 'ਚ ਕ੍ਰਿਤੀ ਨੇ ਆਪਣੀ ਸਾਰੀ ਗ਼ਰੀਬੀ ਦੂਰ ਕੀਤੀ ਹੈ ਤੇ ਹੁਣ ਉਹ ਸਥਾਪਤ ਹੈ। ਜਦ ਉਹ ਮੁੰਬਈ ਵਿਖੇ ਲਿਫਟ 'ਚ ਫਸ ਗਈ ਸੀ ਤਦ ਲਿਫਟ 'ਚ 3-ਜੀ ਸਿਗਨਲ ਆਉਣ ਕਾਰਨ ਸੋਸ਼ਲ ਮੀਡੀਆ ਰਾਹੀਂ ਉਹ ਲੋਕਾਂ ਨਾਲ ਜੁੜੀ ਇਹ ਕਹਿ ਰਹੀ ਸੀ ਕਿ ਕਮਾਲ ਹੈ, ਤਕਨੀਕ ਵਰਨਾ ਲਿਫਟ 'ਚ ਹੀ ਉਸ ਦਾ ਦਮ ਨਿਕਲ ਜਾਂਦਾ ਪਰ ਤਕਨੀਕ ਦੇ ਸਹਾਰੇ ਕਾਰਨ ਲੋਕਾਂ ਨੂੰ ਪਤਾ ਲੱਗ ਗਿਆ ਕਿ ਕ੍ਰਿਤੀ ਇਸ ਸਮੇਂ ਲਿਫਟ ਸੰਕਟ ਵਿਚ ਹੈ। ਦਿਨੇਸ਼ ਵਿਜਲ ਦੀ ਫ਼ਿਲਮ 'ਲੁਕਾ ਛਿਪੀ' ਉਹ ਕਾਰਤਿਕ ਆਰੀਅਨ ਨਾਲ ਕਰ ਰਹੀ ਹੈ। 'ਅਰਜਨ ਪਟਿਆਲਾ' ਕ੍ਰਿਤੀ ਦੀ ਆ ਰਹੀ ਫ਼ਿਲਮ ਹੈ। ਅਕਸ਼ੈ ਨਾਲ 'ਹਾਊਸਫੁਲ-4' ਉਹ ਕਰ ਰਹੀ ਹੈ। ਕਿਤੇ ਕਾਰਤਿਕ ਜਿਹੇ ਚਮਕਦੇ ਹੀਰੋ, ਟਾਈਗਰ ਜਿਹੇ ਹਿੱਟ ਜਵਾਨ ਨਾਇਕ, ਦਿਲਜੀਤ ਦੋਸਾਂਝ ਜਿਹੇ 'ਸਟਾਰ ਐਕਟਰ' ਨਾਲ ਫ਼ਿਲਮਾਂ ਕਰ ਰਹੀ ਕ੍ਰਿਤੀ ਦਾ ਅਕਸ਼ੈ ਕੁਮਾਰ ਕੈਂਪ 'ਚ ਸ਼ਾਮਿਲ ਹੋਣਾ ਵੱਡੀ ਪ੍ਰਾਪਤੀ ਹੈ। 'ਆਓ ਕਭੀ ਹਵੇਲੀ ਪੇ' ਗਾਣੇ 'ਚ ਤਾਂ ਹੀ ਉਸ ਨੇ ਡਾਂਸ ਨਾਲ ਜਾਨ ਭਰੀ ਹੈ। 'ਆਓ ਕਭੀ ਹਵੇਲੀ ਪੇ' ਗੀਤ ਜੇ ਚੱਲਿਆ ਹੈ ਤੇ ਕ੍ਰਿਤੀ ਸੇਨਨ ਦੇ ਜ਼ਬਰਦਸਤ ਨਾਚ ਕਾਰਨ। 'ਸੋਨੂੰ' ਕੇ 'ਟੀਟੂ' ਕੀ 'ਸਵੀਟੀ' ਨੇ 'ਆਓ ਕਭੀ ਹਵੇਲੀ ਪੇ' ਨਾਲ ਚਰਚਾ ਖੱਟ ਕੇ ਪ੍ਰਭਾਵ ਦਿੱਤਾ ਹੈ ਕਿ 'ਅਰਜਨ ਪਟਿਆਲਾ', 'ਲੁਕਾ ਛਿਪੀ' ਤੇ 'ਹਾਊਸਫੁਲ-4' ਵੱਡੀਆਂ ਫ਼ਿਲਮਾਂ 'ਤੇ ਹੁਣ ਵੱਡੀਆਂ ਹੀ ਗੱਲਾਂ ਕ੍ਰਿਤੀ ਸੇਨਨ ਦੀਆਂ ਹਨ।


ਖ਼ਬਰ ਸ਼ੇਅਰ ਕਰੋ

ਨਿਮਰਤ ਕੌਰ

ਪਿਆਰ ਹੋ ਗਿਆ

ਬਹੁਤ ਹੀ ਸੋਹਣੀ ਤੇ ਮਾਇਆਨਗਰੀ 'ਚ ਆਪਣੇ ਅਭਿਨੈ ਦਾ ਲੋਹਾ ਮੰਨਵਾ ਚੁੱਕੀ ਨਿਮਰਤ ਕੌਰ ਆਪਣੀ ਫਿਟਨੈੱਸ ਨੂੰ ਲੈ ਕੇ ਚੇਤੰਨ ਹੈ ਤੇ ਸਦਾ ਰਹਿੰਦੀ ਹੈ। ਉਹ ਤਾਂ ਦੂਜਿਆਂ ਨੂੰ ਵੀ ਸਲਾਹ ਦਿੰਦੀ ਹੈ ਕਿ ਬੇਢੰਗੇ ਸਰੀਰਾਂ ਦਾ ਕੀ ਫਾਇਦਾ। ਫਿਟ ਸਰੀਰ ਦੇਖਣ ਨੂੰ ਹੀ ਲੱਗੇ ਕਿ ਹੈ ਮਨਮੋਹਕ, ਮਨਮੋਹਣੀ ਸ਼ੈਅ। 'ਸੂਰਜ ਨਮਸਕਾਰ', 'ਤਾੜਾਸਨ' ਯੋਗ ਦੇ ਇਹ ਆਸਣ ਨਿਮਰਤ ਦੇ ਸਰੀਰ ਨੂੰ ਲਚੀਲਾ ਰੱਖਦੇ ਹਨ। 7-7 ਫਾਇਦੇ 'ਸੀਸ ਆਸਣ' ਦੇ ਨਿਮਰਤ ਅਨੁਸਾਰ ਤੇ ਡੈਡਲਿਫਟ ਤੋਂ ਲੈ ਕੇ ਫਾਇਰ ਕਰਾਸਫਿਟ ਟ੍ਰੇਨਿੰਗ ਦੇ ਅਭਿਆਸ ਵੀ ਕਰਦੀ ਹੈ। ਉਹ ਯੋਗ ਦੇ ਇਹ ਸਾਰੇ ਗੁਰ ਸਿੱਖ ਰਹੀ ਹੈ। ਬਾਕੀ ਵੱਡੀ ਅਫ਼ਵਾਹ ਜਾਂ ਚਰਚਾ ਹੈ ਕਿ ਭਾਰਤੀ ਕ੍ਰਿਕਟ ਟੀਮ ਦੇ ਕੋਚ ਰਵੀ ਸ਼ਾਸਤਰੀ ਨਾਲ ਉਸ ਦਾ ਨਾਂਅ ਜੋੜਿਆ ਜਾ ਰਿਹਾ ਹੈ। ਕਹਿੰਦੇ ਨੇ ਜਰਮਨ ਕਾਰ ਕੰਪਨੀ ਦੇ ਮਹੂਰਤ 'ਤੇ ਤਿੰਨ ਸਾਲ ਪਹਿਲਾਂ ਨਿਮਰਤ ਦਾ ਮੇਲ ਸ਼ਾਸਤਰੀ ਨਾਲ ਹੋਅਿਾ ਸੀ। ਵੈਸੇ ਹੈਰਾਨਗੀ ਹੈ ਕਿ ਰਵੀ ਦੀ ਉਮਰ 56 ਸਾਲ ਅਰਥਾਤ ਪੂਰੇ ਬੁਢਾਪੇ 'ਚ ਤੇ ਨਿਮਰਤ ਇਕ ਤਰ੍ਹਾਂ ਨਾਲ ਹਾਲੇ ਪੂਰੀ ਜਵਾਨ ਹੈ ਅਕਸ਼ੈ ਕੁਮਾਰ ਦੀ ਇਹ ਹੀਰੋਇਨ ਇਸ ਖ਼ਬਰ ਨੂੰ ਕੋਰੀ ਗੱਪ ਦੱਸ ਰਹੀ ਹੈ। ਫ਼ੌਜੀ ਪਰਿਵਾਰ ਦੀ ਬੇਟੀ, ਇਹ ਪੰਜਾਬਣ ਦੱਖਣ 'ਚ ਵੀ ਆਪਣਾ ਰਸੂਖ ਰੱਖਦੀ ਹੈ। ਨਿਮਰਤ ਦਾ ਕੈਰੀਅਰ ਚਾਹੇ ਹਿੰਦੀ ਫ਼ਿਲਮਾਂ 'ਚ ਹਿਸਾਬ ਦਾ ਹੀ ਹੈ ਪਰ ਦੱਖਣ 'ਚ ਉਹ ਸ਼ਹਿਜ਼ਾਦੀ ਹੈ। ਕੀ ਨਿਮਰਤ ਦਾ ਮਨ ਅੱਕ ਗਿਆ ਹੈ ਜਾਂ ਫਿਰ ਨਿਮਰਤ ਦੇ ਵਿਰੋਧੀ ਖੇਮੇ ਨੇ ਇਸ ਖ਼ਬਰ ਨੂੰ ਹਵਾ ਦੇ ਕੇ ਉਸ ਨੂੰ ਪ੍ਰੇਸ਼ਾਨ ਕਰ ਕੇ ਦੱਖਣ 'ਚੋਂ ਉਸ ਦੇ ਆਧਾਰ ਨੂੰ ਘਟਾਉਣ ਦੀ ਚਾਲ ਚੱਲੀ ਹੈ ਪਰ ਨਿਮਰਤ ਕਿਹੜੀ ਨਿਆਣੀ ਹੈ। ਸੰਕੇਤ ਤਾਂ ਇਹੀ ਲੱਗਦੇ ਹਨ ਕਿ ਨਿਮਰਤ ਕੌਰ ਇਸ ਸਮੇਂ ਨਿੱਜੀ ਜੀਵਨ 'ਚ ਵੱਧ ਦਿਲਚਸਪੀ ਲੈ ਰਹੀ ਹੈ ਤੇ ਫ਼ਿਲਮਾਂ 'ਚ ਘੱਟ ਜਦ ਕਿ ਨਿਮਰਤ ਕੌਰ 'ਤੇ ਚੱਲ ਰਹੇ ਖਰਾਬ ਸਮੇਂ ਦਾ ਕੋਈ ਚੱਕਰ ਹੈ।


-ਸੁਖਜੀਤ ਕੌਰ

ਦੀਆ ਮਿਰਜ਼ਾ : ਨੇਕ ਔਰਤ

ਮਾਨਿਆ ਦੱਤ 'ਸੰਜੂ' 'ਚ ਬਣ ਕੇ ਭੁੱਲੀ-ਵਿਸਰੀ ਦੀਆ ਮਿਰਜ਼ਾ ਫਿਰ ਫ਼ਿਲਮ ਪਿਆਰਿਆਂ ਨੂੰ ਯਾਦ ਆਪਣੀ ਤਾਜ਼ਾ ਕਰਵਾਉਣ 'ਚ ਸਫਲ ਰਹੀ ਹੈ। ਦੀਆ ਦੇ ਪੈਰ ਖ਼ੁਸ਼ੀ 'ਚ ਧਰਤੀ ਤੋਂ ਚਾਰ ਕਦਮ ਉਤਾਂਹ ਚੱਲ ਰਹੇ ਹਨ ਕਿ 'ਵਾਪਸੀ' ਵਧੀਆ ਹੋਈ ਹੈ। ਵਾਤਾਵਰਨ ਲਈ ਦੀਆ ਸੰਯੁਕਤ ਰਾਸ਼ਟਰ ਦੀ ਰਾਜਦੂਤ ਹੈ। 'ਉਤਪਾਦ ਰਾਜਦੂਤ' ਦੀਆ ਦੇ ਨਾਂਅ 'ਤੇ ਇਕ ਗੈਂਡਾ ਵੀ ਹੈ। ਵਣ ਜੀਵਾਂ ਦੀ ਰੱਖਿਆ ਲਈ ਉਹ ਲੋਕਾਂ ਨੂੰ ਕਈ ਵਾਰ ਅਪੀਲ ਕਰਦੀ ਹੈ। ਦੋ ਤੇਂਦੂਏ ਦੇ ਬੱਚੇ ਵੀ ਅੱਠ ਸਾਲ ਪਹਿਲਾਂ ਜਾਨਵਰ ਪ੍ਰੇਮਣ ਦੀਆ ਨੇ ਗੋਦ ਲਏ ਸਨ। ਦੀਆ ਮਿਰਜ਼ਾ ਦੀ ਤਾਰੀਫ਼ ਇਸ ਸਬੰਧੀ ਹਾਲੀਵੁੱਡ ਸਿਤਾਰਿਆਂ ਨੇ ਵੀ ਕੀਤੀ ਹੈ। ਇਸ ਈਦ 'ਤੇ ਖਾਸ ਦਿਸਣ ਦੀ ਤਿਆਰੀ ਕਰ ਰਹੀ ਦੀਆ ਨੇ ਇਕ ਨਿਲਾਮੀ ਬੋਲੀ ਵਿਚ ਇਕ ਲੱਖ ਪੰਤਾਲੀ ਹਜ਼ਾਰ 'ਚ 'ਮਦਰ ਇੰਡੀਆ' ਦਾ ਮੌਲਿਕ ਪੋਸਟਰ ਖਰੀਦ ਕੇ ਸੰਜੇ ਦੱਤ ਨੂੰ ਤੋਹਫ਼ਾ ਦਿੱਤਾ ਸੀ ਤੇ ਉਸ ਦੀ ਖਾਸੀ ਪ੍ਰਸੰਸਾ ਹੋਈ ਸੀ। ਦੀਆ ਮਿਰਜ਼ਾ ਨੇ ਅੱਜਕਲ੍ਹ ਲਿਖਣ ਦਾ ਸ਼ੌਕ ਜ਼ਰੂਰ ਘਟਾਇਆ ਹੈ। ਕਾਰਨ ਉਸ ਅਨੁਸਾਰ ਮਸਰੂਫ਼ੀਅਤ ਹੈ। ਦੀਆ ਉਹ ਹੈ ਜੋ ਆਪਣਾ ਪਿਛੋਕੜ ਨਹੀਂ ਭੁੱਲੀ ਤੇ ਅੱਜ ਵੀ ਉਸ 'ਚ ਹਲੀਮੀ ਹੈ। ਵਿਚਾਰੀ ਨੂੰ ਯਾਦ ਨੇ ਉਹ ਦਿਨ ਕਿ ਉਮਰ 4 ਸਾਲ ਤੇ ਪੰਜ ਮਹੀਨੇ, ਮਾਪਿਆਂ ਨੇ ਤਲਾਕ ਲੈ ਲਿਆ। ਦੀਆ ਨੇ ਮਾੜੇ ਦਿਨ ਦੇਖੇ ਨੇ ਤੇ 5000 ਮਹੀਨੇ 'ਚ ਨੌਕਰੀ ਵੀ ਕੀਤੀ ਹੈ। ਮਾਂ ਦੀਆਂ ਅੱਖਾਂ 'ਚ ਅੱਥਰੂ ਨਹੀਂ ਆਉਣ ਦਿੱਤੇ ਤੇ ਮਤਰਏ ਪਿਓ ਨੂੰ ਉਲਾਂਭਾ ਵੀ ਨਹੀਂ ਆਉਣ ਦਿੱਤਾ। 'ਟੈਕਸ ਚੋਰਨੀ' ਕਹੇ ਜਾਣ 'ਤੇ 2006 'ਚ ਉਹ ਭੜਕ ਪਈ ਸੀ ਤੇ ਇਸ ਨੂੰ ਉਸ ਨੇ ਆਮਦਨ ਕਰ ਵਿਭਾਗ ਦੀ ਲਾਪ੍ਰਵਾਹੀ ਕਾਰਨ ਆਪਣੀ ਹੋਈ ਬੇਇਜ਼ਤੀ ਦੱਸਿਆ ਸੀ। 'ਆਇਫਾ ਹਰਿਆਵਲ ਸਨਮਾਨ' ਲੈਣ ਵਾਲੀ ਉਹ ਭਾਰਤੀ ਫ਼ਿਲਮ ਅਭਿਨੇਤਰੀ ਹੈ। ਸਾਹਿਲ ਸੰਘਾ ਨਾਲ ਚਾਰ ਸਾਲ ਪਹਿਲਾਂ ਕੀਤਾ ਵਿਆਹ ਤੇ ਹੁਣ ਉਹ ਪੂਰੀ ਪੰਜਾਬਣ ਬਣ ਚੁੱਕੀ ਹੈ। ਖਾਣ-ਪੀਣ, ਰਸੋਈ, ਪਹਿਰਾਵੇ, ਰੀਤੀ-ਰਿਵਾਜ ਮਨਾਉਣ ਤੇ ਬੋਲਣ ਤੋਂ ਪੰਜਾਬਣ ਦੀਆ ਦਿਲ ਦੀ ਦਰਿਆ ਹਰ ਸਾਲ ਦੋ ਤਿੰਨ ਕੈਂਸਰ ਪੀੜਤਾਂ ਦਾ ਇਲਾਜ ਕਰਵਾ ਰਹੀ ਹੈ। ਨੇਕ ਔਰਤ, ਭਲੀ ਔਰਤ, ਦਇਆਵਾਨ ਦੀਆ ਮਿਰਜ਼ਾ ਨੂੰ ਹਰ ਪਾਸਿਓਂ ਦੁਆਵਾਂ ਹੀ ਮਿਲਦੀਆਂ ਹਨ।

ਕਾਮਯਾਬੀ ਦੇ ਨੇੜੇ-ਨੇੜੇ

'ਅੰਧਾ ਧੁੰਨ' ਫ਼ਿਲਮ 'ਚ ਆਯੂਸ਼ਮਨ ਖੁਰਾਣਾ ਨਾਲ ਰਾਧਿਕਾ ਆਪਟੇ ਤੇ ਤੱਬੂ ਜਿਹੀਆਂ ਅਭਿਨੈ ਦੀਆਂ ਦੇਵੀਆਂ ਹਨ। ਯੂ-ਟਿਊਬ 'ਤੇ ਜਿਨ੍ਹਾਂ ਨੇ 'ਅੰਧਾ ਧੁੰਨ' ਦੀ ਝਲਕ ਦੇਖੀ, ਉਨ੍ਹਾਂ ਨੇ ਦੋ ਸ਼ਬਦ ਪ੍ਰਸੰਸਾ ਦੇ ਖੁਰਾਣਾ ਲਈ ਲਿਖੇ ਹਨ। ਸ੍ਰੀਰਾਮ ਰਾਘਵਨ ਨੇ ਇਨ੍ਹਾਂ ਤਿੰਨ ਅਭਿਨੈ ਦੇ ਧੁਰੰਤਰਾਂ ਤੋਂ ਕੰਮ ਲਿਆ ਹੈ। ਆਯੂਸ਼ਮਨ ਫ਼ਿਲਮ 'ਚ ਪਿਆਨੋ ਮਾਸਟਰ ਬਣਿਆ ਹੈ। ਆਯੂਸ਼ਮਨ ਉਹੀ ਅਭਿਨੇਤਾ ਹੈ ਜਿਸ ਨੇ ਭੂਮੀ ਪੇਡਨੇਕਰ ਸਬੰਧੀ ਸ਼ਰੇਆਮ ਹਲਕੇ ਬੋਲਾਂ 'ਚ ਕਈ ਕੁਝ ਕਿਹਾ ਸੀ। ਆਯੂਸ਼ ਨੇ ਭੂਮੀ ਨਾਲ 'ਸ਼ੁਭ ਮੰਗਲਮ ਸਾਵਧਾਨ' ਕੀਤੀ ਸੀ ਤੇ ਅੰਦਾਜ਼ਾ ਲਾਓ ਕਿ ਜਾਂ ਤਾਂ ਉਹ ਭੂਮੀ ਤੋਂ ਕੋਹਾਂ ਦੂਰ ਭੱਜਿਆ ਹੋਵੇਗਾ ਤੇ ਜਾਂ ਫਿਰ ਭੂਮੀ ਨਾਲ 'ਸਮਝੌਤਾ' ਕੀਤਾ ਹੋਵੇਗਾ। 'ਮਨਮਰਜ਼ੀਆਂ' 'ਚ ਵੀ ਆਯੂਸ਼ ਦੇ ਨਾਲ ਭੂਮੀ ਪੇਡਨੇਕਰ ਹੈ। ਇਸ ਤਰ੍ਹਾਂ ਦਾਲ 'ਚ ਕੁਝ ਕਾਲਾ ਨਾ ਹੋਵੇ ਅਸੰਭਵ ਜਿਹੀ ਗੱਲ ਹੈ। ਨੇਹਾ ਧੂਪੀਆ ਦੇ ਟੀ.ਵੀ. ਸ਼ੋਅ 'ਚ ਆਯੂਸ਼ਮਨ ਨੇ ਭੂਮੀ ਦੀ ਬੋਲਤੀ ਬੰਦ ਕਰਵਾ ਦਿੱਤੀ ਸੀ। ਸੁਜੀਤ ਸਰਕਾਰ ਦੇ ਨਿਰਦੇਸ਼ਨ 'ਚ ਆਯੂਸ਼ਮਨ ਇਕ ਨਵੀਂ ਫ਼ਿਲਮ ਜਾਨ ਅਬਰਾਹਮ ਨਾਲ ਕਰਨ ਜਾ ਰਿਹਾ ਹੈ। ਆਯੂਸ਼ ਨਾਲ ਰਾਸ਼ੀ ਖੰਨਾ ਨੂੰ ਹੀਰੋਇਨ ਲਿਆ ਗਿਆ ਹੈ ਤੇ 'ਮਨਮਰਜ਼ੀਆਂ' ਤੱਕ ਭੂਮੀ ਨਾਲ ਚਲ ਰਹੀ ਉਸ ਦੀ ਜੋੜੀ ਆਖਿਰ ਟੁੱਟ ਹੀ ਜਾਣੀ ਹੈ। ਫਰਕ ਭੂਮੀ ਨੂੰ ਪਏਗਾ, ਆਯੂਸ਼ਮਨ ਦੀਆਂ ਤਾਂ ਨਵੀਂ ਹੀਰੋਇਨਾਂ ਨਾਲ ਫਿਰ ਮੌਜਾਂ। ਇਧਰ ਫਿਰ ਸਰਗਰਮ ਪਹਿਲਾਜ਼ ਨਿਹਲਾਨੀ ਨੇ 'ਆਂਖੇਂ' ਫ਼ਿਲਮ ਦੇ ਵਿਸਥਾਰ 'ਚ ਆਯੂਸ਼ ਨੂੰ ਲੈਣ ਦੀ ਗੱਲ ਆਖੀ ਹੈ। ਇਕ ਤਰ੍ਹਾਂ ਨਾਲ ਆਯੂਸ਼ਮਨ ਦਾ ਕੈਰੀਅਰ ਉੱਨਤੀ ਦੀ ਰਾਹ 'ਤੇ ਹੈ। 'ਮਨਮਰਜ਼ੀਆਂ' ਨਾਲ 'ਏ' ਸ਼੍ਰੇਣੀ ਦੇ ਕਲਾਕਾਰਾਂ 'ਚ ਉਹ ਸ਼ਾਮਿਲ ਹੋਣ ਜਾ ਰਿਹਾ ਹੈ। ਗਾਇਕ ਨਾਇਕ ਆਯੂਸ਼ਮਨ ਖੁਰਾਣਾ ਵੈਸੇ ਪ੍ਰਣੀਤੀ ਚੋਪੜਾ ਦਾ ਪ੍ਰਸੰਸਕ ਹੈ। ਹੁਣ ਭੂਮੀ ਤਾਂ ਸਮਝ ਗਈ ਹੋਵੇਗੀ ਪਰ ਰਾਸ਼ੀ ਖੰਨਾ ਵੀ ਸਮਝ ਲਏ ਕਿ ਆਯੂਸ਼ ਕਿਸ ਥਾਂ ਤੋਂ ਬੋਲ ਰਿਹਾ ਹੈ?

ਮੌਨੀ ਰਾਏ ਦੀ ਕਿਸਮਤ ਚਮਕੀ

ਛੋਟੇ ਪਰਦੇ 'ਤੇ ਕਾਮਯਾਬੀ ਦੇ ਝੰਡੇ ਗੱਢਣ ਵਿਚ ਕਾਮਯਾਬ ਰਹੀ ਮੌਨੀ ਰਾਏ ਹੁਣ ਵੱਡੇ ਪਰਦੇ 'ਤੇ ਵੀ ਆਪਣੀ ਸਫਲਤਾ ਦਾ ਇਤਿਹਾਸ ਦੁਹਰਾ ਰਹੀ ਹੈ। ਉਹ 'ਗੋਲਡ' ਵਿਚ ਅਕਸ਼ੈ ਕੁਮਾਰ ਦੀ ਪਤਨੀ ਦੀ ਭੂਮਿਕਾ ਵਿਚ ਸੀ ਅਤੇ ਫ਼ਿਲਮ ਸੌ ਕਰੋੜ ਇਕੱਠਾ ਕਰਨ ਦਾ ਅੰਕੜਾ ਪਾਰ ਕਰਨ ਵਿਚ ਸਫਲ ਹੋਈ ਹੈ।
ਹੁਣ ਮੌਨੀ ਦੇ ਨਾਂਅ ਤਿੰਨ ਵੱਡੀਆਂ ਫ਼ਿਲਮਾਂ ਨਿਰਮਾਣ ਅਧੀਨ ਹਨ ਅਤੇ ਇਹ ਹਨ 'ਰਾ-ਰੋਮੀਓ, ਅਕਬਰ, ਵਾਲਟਰ', 'ਬ੍ਰਹਮਾਸਤਰ' ਤੇ 'ਮੇਡ ਇਨ ਚਾਇਨਾ'।
'ਰਾ' ਜਾਸੂਸੀ ਫ਼ਿਲਮ ਹੈ ਅਤੇ ਇਸ ਦੇ ਨਿਰਦੇਸ਼ਕ ਹਨ ਰੌਬੀ ਗਰੇਵਾਲ। 'ਬ੍ਰਹਮਾਸਤਰ' ਦੇ ਨਿਰਦੇਸ਼ਕ ਹਨ ਅੱਯਾਨ ਮੁਖਰਜੀ ਅਤੇ ਇਥੇ ਨਾਇਕ ਹਨ ਰਣਬੀਰ ਕਪੂਰ। ਇਸ ਵਿਚ ਮੌਨੀ ਨੂੰ ਨਾਂਹਪੱਖੀ ਭੂਮਿਕਾ ਵਿਚ ਚਮਕਾਇਆ ਜਾ ਰਿਹਾ ਹੈ। 'ਮੇਡ ਇਨ ਚਾਇਨਾ' ਵਿਚ ਮੌਨੀ ਦੇ ਨਾਇਕ ਹਨ ਰਾਜ ਕੁਮਾਰ ਰਾਓ ਅਤੇ ਇਸ ਵਿਚ ਇਕ ਇਸ ਤਰ੍ਹਾਂ ਦੇ ਗੁਜਰਾਤੀ ਕਾਰੋਬਾਰੀ ਦੀ ਕਹਾਣੀ ਪੇਸ਼ ਕੀਤੀ ਗਈ ਹੈ ਜੋ ਚੀਨ ਜਾ ਕੇ ਆਪਣਾ ਕਾਰੋਬਾਰ ਫੈਲਾਉਣਾ ਚਾਹੁੰਦਾ ਹੈ।
'ਗੋਲਡ' ਦੀ ਸਫਲਤਾ ਨੇ ਮੌਨੀ ਲਈ ਫ਼ਿਲਮਾਂ ਦੇ ਨਵੇਂ ਦਰਵਾਜ਼ੇ ਖੋਲ੍ਹ ਦਿੱਤੇ ਹਨ ਅਤੇ ਹੁਣ ਮੌਨੀ ਵੀ ਆਪਣਾ ਪੂਰਾ ਧਿਆਨ ਫ਼ਿਲਮਾਂ ਵਲ ਲਗਾ ਰਹੀ ਹੈ। ਇਹੀ ਵਜ੍ਹਾ ਹੈ ਕਿ ਹੁਣ ਉਹ ਲੜੀਵਾਰਾਂ ਤੋਂ ਦੂਰੀ ਬਣਾ ਰਹੀ ਹੈ। ਨਾਲ ਹੀ 'ਮਹਾਦੇਵ' ਲੜੀਵਾਰ ਦੇ ਮਹਾਦੇਵ ਭਾਵ ਮੋਹਿਤ ਰੈਨਾ ਨਾਲੋਂ ਵੀ ਮੌਨੀ ਨੇ ਦੂਰੀ ਬਣਾ ਲਈ ਹੈ।
ਮੌਨੀ ਦੀ ਇਸ ਕਰਨੀ ਨੇ ਫਿਰ ਇਹ ਸਾਬਤ ਕਰ ਦਿੱਤਾ ਹੈ ਕਿ ਇਕ ਸਫਲਤਾ ਦੇ ਬਾਅਦ ਬਾਲੀਵੁੱਡ ਵਿਚ ਰਿਸ਼ਤਿਆਂ ਦੇ ਸਮੀਕਰਨ ਬਦਲ ਜਾਂਦੇ ਹਨ।


-ਇੰਦਰਮੋਹਨ ਪੰਨੂੰ

ਕੈਟਰੀਨਾ ਕੈਫ਼

'ਭਾਰਤ' ਦੀ ਮਾਇਆ ਨਗਰੀ 'ਤੇ ਰਾਜ!

'ਭਾਰਤ' ਈਦ 'ਤੇ ਆਏਗੀ ਤੇ ਫਿਰ ਪ੍ਰਸਿੱਧ ਸਲਮਾਨ-ਕੈਟਰੀਨਾ ਦੀ ਜੋੜੀ ਦਰਸ਼ਕਾਂ ਸਨਮੁੱਖ ਹੋਵੇਗੀ। ਕੈਟੀ 'ਭਾਰਤ' 'ਚ ਸੱਲੂ ਦੇ ਕਰੀਬ ਫਿਰ ਐਨੀ ਆ ਗਈ ਕਿ ਇਸ ਸਵਾਲ 'ਤੇ ਕਿ ਆਮਿਰ-ਸ਼ਾਹਰੁਖ-ਸਲਮਾਨ ਸਭ ਤੋਂ ਪਸੰਦੀਦਾ ਹੀਰੋ ਕੌਣ ਤਾਂ ਕੈਟੀ ਦਾ ਜਵਾਬ ਸੀ ਕਿ ਆਮਿਰ ਤੇ ਸ਼ਾਹਰੁਖ ਨਾਲੋਂ ਸਲਮਾਨ ਕਿਤੇ ਵਧੀਆ ਹਨ। ਸ਼ਾਇਦ ਇਸ ਵਾਰ 'ਭਾਰਤ' ਦੀ ਮਾਲਟਾ ਵਿਖੇ ਸ਼ੂਟਿੰਗ ਸਮੇਂ ਸਲਮਾਨ ਖ਼ਾਨ ਦੀ ਮਾਂ ਨੇ ਕੈਟਰੀਨਾ ਨੂੰ ਗਲੇ ਲਗਾ ਪਿਆਰ ਦਿੱਤਾ ਤਾਂ ਸਵਾਰਥ ਦੀ ਹੱਦ 'ਚ ਗੁਆਚੀ ਕੈਟੀ ਤਾਂ ਹੀ ਤਾਂ ਨਹੀਂ ਕਹਿ ਗਈ। ਹੁਣ ਤਾਂ ਅਗਾਂਹ ਦੀ ਗੱਲ ਹੈ ਕਿ 'ਬਿੱਗ ਬੌਸ-12' ਨੂੰ ਸਲਮਾਨ ਨਾਲ ਕੈਟਰੀਨਾ ਪੇਸ਼ ਕਰਿਆ ਕਰੇਗੀ। ਸਭ ਕੁਝ ਬਦਲ ਰਿਹਾ ਹੈ। 'ਭਾਰਤ' 'ਚ ਕੈਟੀ ਨੇ ਖਾਸ ਹਰੇ ਰੰਗ ਦਾ ਲਹਿੰਗਾ ਪਹਿਨਿਆ ਹੈ, ਸਬੱਬਸਾਰੀ ਮੁਖਰਜੀ ਨੇ ਖਾਸ ਤੌਰ 'ਤੇ ਕੈਟੀ ਦਾ ਇਹ ਲਹਿੰਗਾ ਡਿਜ਼ਾਈਨ ਕੀਤਾ ਹੈ। ਇਸ ਆਊਟਫਿਟ ਦੀ ਕੀਮਤ 7 ਲੱਖ ਰੁਪਏ ਹੈ। 'ਭਾਰਤ' 'ਚ 'ਇਸ਼ਕੇ ਦੀ ਚਾਸ਼ਣੀ' ਗਾਣੇ 'ਚ ਕੈਟਰੀਨਾ ਨੇ ਇਹ ਲਹਿੰਗਾ ਪਹਿਨਿਆ ਹੈ। ਮਨੋਜ ਵਾਜਪਾਈ ਦਾ ਕਹਿਣਾ ਹੈ ਕਿ ਜ਼ਬਰਦਸਤ ਅਭਿਨੇਤਰੀ ਹੈ ਕੈਟਰੀਨਾ ਕੈਫ਼। ਇਹ ਵੀ ਸੁਣਿਆ ਹੈ ਕਿ ਕੈਟੀ ਦੇ ਕਹਿਣ 'ਤੇ ਸਲਮਾਨ ਨੇ 'ਬਿੱਗ ਬੌਸ-12' ਦੀ ਸ਼ੂਟਿੰਗ ਗੋਆ 'ਚ ਰਖਵਾਈ ਹੈ ਕਿਉਂਕਿ ਕੈਟੀ ਨੂੰ ਗੋਆ ਬਹੁਤ ਪਸੰਦ ਹੈ। ਮਤਲਬ ਕਿ ਸੱਲੂ 'ਤੇ ਫਿਰ ਕੈਟੀ ਦਾ ਪੂਰਾ ਰੋਹਬ ਚੱਲ ਰਿਹਾ ਹੈ।

ਸੋਨੀ ਸਬ ਦਾ ਨਵਾਂ ਸ਼ੋਅ

ਅਲਾਦੀਨ

ਨਾਮ ਤੋ ਸੁਨਾ ਹੋਗਾ

ਸੋਨੀ ਸਬ ਚੈਨਲ ਦਾ ਨਵਾਂ ਸ਼ੁਰੂ ਹੋਇਆ ਸ਼ੋਅ 'ਅਲਾਦੀਨ-ਨਾਮ ਤੋ ਸੁਨਾ ਹੋਗਾ' ਕਾਫ਼ੀ ਹਰਮਨ-ਪਿਆਰਾ ਹੁੰਦਾ ਜਾ ਰਿਹਾ ਹੈ। ਇਸ ਸ਼ੋਅ ਵਿਚ ਦਰਸ਼ਕਾਂ ਨੂੰ ਅਲਾਦੀਨ (ਸਿਧਾਰਥ ਨਿਗਮ) ਦੇ ਜੀਵਨ ਦੇ ਕਈ ਰੰਗਾਂ ਨੂੰ ਦੇਖਣ ਦਾ ਮੌਕਾ ਮਿਲਿਆ ਹੈ ਤੇ ਦੇਖਿਆ ਗਿਆ ਹੈ ਕਿ ਇਸ ਵਿਚ ਉਸ ਦੀ ਮਾਂ ਹੀ ਸਭ ਕੁਝ ਹੈ। ਇਸ ਵਿਚ ਅਲਾਦੀਨ ਨੂੰ ਇਕ ਕਾਲੇ ਚੋਰ ਵਜੋਂ ਪੇਸ਼ ਕੀਤਾ ਗਿਆ ਹੈ। ਉਸ ਦਾ ਅਜੀਬੋ-ਗਰੀਬ ਪਰਿਵਾਰ, ਆਪਣੀ ਅੰਮੀ (ਸਮਿਤਾ ਬੰਸਲ) ਲਈ ਉਸ ਦਾ ਪਿਆਰ ਅਤੇ ਖ਼ੂਬਸੂਰਤ ਤੇ ਸਮਝਦਾਰ ਯਾਸਮੀਨ (ਅਵਨੀਤ ਕੌਰ) ਨਾਲ ਉਸ ਦੀ ਮੁਲਾਕਾਤ ਦਿਖਾਈ ਗਈ ਹੈ। ਇਕ ਦੁਸ਼ਟ ਵਜ਼ੀਰ (ਜ਼ਾਫਰ) ਨੇ ਉਸ ਜਾਦੁਈ ਚਿਰਾਗ ਨੂੰ ਹਾਸਲ ਕਰਨ ਲਈ ਅਲਾਦੀਨ ਨੂੰ ਚੁਣਿਆ ਹੈ। ਉਹ ਰੇਗਿਸਤਾਨ ਤੱਕ ਬਣੀ ਗੁਫ਼ਾ ਤੱਕ ਕਾਫ਼ੀ ਮੁਸ਼ਕਿਲ ਨਾਲ ਆਪਣਾ ਰਸਤਾ ਬਣਾਉਂਦਾ ਹੈ। ਜਦੋਂ ਅਲਾਦੀਨ ਸੋਚਦਾ ਹੈ ਕਿ ਉਸ ਦੀ ਪ੍ਰੇਸ਼ਾਨੀ ਖ਼ਤਮ ਹੋ ਗਈ ਹੈ ਤਾਂ ਉਸ ਨੂੰ ਇਕ ਆਵਾਜ਼ ਸੁਣਾਈ ਦਿੰਦੀ ਹੈ ਜੋ ਚਿਰਾਗ ਤੱਕ ਪਹੁੰਚਣ ਵਿਚ ਅਲਾਦੀਨ ਅੱਗੇ ਹੋਰ ਮੁਸ਼ਕਿਲਾਂ ਖੜ੍ਹੀਆਂ ਕਰ ਦਿੰਦੀ ਹੈ। ਅਲਾਦੀਨ ਆਪਣੀ ਸੂਝ ਨਾਲ ਸਭ ਚੁਣੌਤੀਆਂ ਨੂੰ ਪਾਰ ਕਰ ਲੈੈਂਦਾ ਹੈ। ਪਰ ਜਿਵੇਂ ਹੀ ਉਹ ਗੁਫ਼ਾ ਵਿਚੋਂ ਬਾਹਰ ਨਿਕਲਣ ਵਾਲਾ ਹੁੰਦਾ ਹੈ ਤਾਂ ਦਰਵਾਜ਼ਾ ਬੰਦ ਹੋ ਜਾਂਦਾ ਹੈ। ਗੁਫ਼ਾ ਵਿਚੋਂ ਬਾਹਰ ਨਿਕਲਣ ਵਿਚ ਕਿਵੇਂ ਕਾਮਯਾਬ ਹੋਏਗਾ ਤੇ ਕਿਵੇਂ ਅਨੋਖਾ ਜਿਨੀ (ਰਾਸ਼ੂਲ ਟੰਡਨ) ਉਸ ਜਾਦੁਈ ਚਿਰਾਗ਼ ਤੋਂ ਮੁਕਤ ਹੋਏਗਾ। ਆਉਣ ਵਾਲੇ ਐਪੀਸੋਡਜ਼ ਵਿਚ ਕਾਫ਼ੀ ਰੋਮਾਂਚ ਦੇਖਣ ਨੂੰ ਮਿਲੇਗਾ।


-ਅ. ਬ.

ਪੁਰਾਣੀ ਦਿੱਲੀ ਦੇ ਦਰਸ਼ਨ ਕਰਾਏਗੀ ਗਲੀ ਗੁਲੀਆਂ

ਭਾਰਤੀ ਮੂਲ ਦੇ ਦੀਪੇਸ਼ ਜੈਨ ਜੋ ਕਾਫ਼ੀ ਸਮੇਂ ਤੋਂ ਲਾਸ ਏਂਜਲਸ ਵਿਚ ਰਹਿ ਰਹੇ ਹਨ, ਨੇ ਕੁਝ ਲਘੂ ਫ਼ਿਲਮਾਂ ਬਣਾਈਆਂ ਹਨ। ਹੁਣ 'ਗਲੀ ਗੁਲੀਆਂ' ਦੇ ਰੂਪ ਵਿਚ ਉਨ੍ਹਾਂ ਨੇ ਆਪਣੀ ਪਹਿਲੀ ਫ਼ੀਚਰ ਫ਼ਿਲਮ ਬਣਾਈ ਹੈ ਅਤੇ ਇਸ ਵਿਚ ਮਨੋਜ ਵਾਜਪਾਈ, ਰਣਵੀਰ ਸ਼ੌਰੀ, ਨੀਰਜ ਕਬੀ, ਸਾਹਾਨਾ ਗੋਸਵਾਮੀ ਤੇ ਬਾਲ ਕਲਾਕਾਰ ਓਮ ਸਿੰਘ ਨੇ ਅਭਿਨੈ ਕੀਤਾ ਹੈ। ਜਦੋਂ ਇਹ ਫ਼ਿਲਮ ਬਣ ਰਹੀ ਸੀ ਉਦੋਂ ਇਸ ਦਾ ਨਾਂਅ 'ਇਨ ਦ ਸ਼ੇਡੇਸ' ਰੱਖਿਆ ਗਿਆ ਸੀ। ਇਸੇ ਨਾਂਅ ਤੋਂ ਹੀ ਇਹ ਕਈ ਕੌਮਾਂਤਰੀ ਫ਼ਿਲਮ ਸਮਾਰੋਹਾਂ ਵਿਚ ਦਿਖਾਈ ਗਈ। ਹੁਣ ਜਦੋਂ ਦੇਸ਼ ਦੇ ਸਿਨੇਮਾਘਰਾਂ ਵਿਚ ਇਸ ਨੂੰ ਪ੍ਰਦਰਸ਼ਿਤ ਕਰਨ ਦਾ ਸਮਾਂ ਆਇਆ ਤਾਂ ਭਾਰਤੀ ਦਰਸ਼ਕਾਂ ਨੂੰ ਧਿਆਨ ਵਿਚ ਰੱਖ ਕੇ ਇਸ ਦਾ ਨਾਂਅ 'ਗਲੀ ਗੁਲੀਆਂ' ਰੱਖਿਆ ਗਿਆ ਜੋ ਪੁਰਾਣੀ ਦਿੱਲੀ ਦੇ ਇਕ ਇਲਾਕੇ ਤੋਂ ਲਿਆ ਗਿਆ ਹੈ। ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਇਸੇ ਇਲਾਕੇ ਵਿਚ ਕੀਤੀ ਗਈ ਹੈ ਅਤੇ ਇਸੇ ਵਜ੍ਹਾ ਕਰਕੇ ਇਹ ਨਾਂਅ ਰੱਖਿਆ ਗਿਆ ਹੈ। ਫ਼ਿਲਮ ਵਿਚ ਖੁਡੂਸ (ਮਨੋਜ ਵਾਜਪਈ) ਨਾਮੀ ਸ਼ਖ਼ਸ ਦੀ ਕਹਾਣੀ ਦਿਖਾਈ ਗਈ ਹੈ। 'ਗਲੀ ਗੁਲੀਆਂ' ਵਿਚ ਇਕ ਛੋਟੇ ਜਿਹੇ ਘਰ ਵਿਚ ਰਹਿ ਰਿਹਾ ਖੁਡੂਸ ਪੇਸ਼ੇ ਤੋਂ ਇਲੈਕਟ੍ਰੀਸ਼ਨ ਹੈ ਅਤੇ ਉਸ ਨੂੰ ਦੂਜਿਆਂ ਦੀ ਜ਼ਿੰਦਗੀ ਵਿਚ ਝਾਕਣ ਦੀ ਆਦਤ ਹੈ। ਦੂਜਿਆਂ ਨੂੰ ਦੁਖੀ ਦੇਖ ਕੇ ਉਹ ਖ਼ੁਦ ਦੁਖੀ ਹੋਣ ਦਾ ਭੁਲੇਖਾ ਪਾਲਦਾ ਰਹਿੰਦਾ ਹੈ। ਖੁਡੂਸ ਦਾ ਦੋਸਤ ਗਣੇਸ਼ੀ (ਰਣਵੀਰ ਸ਼ੌਰੀ) ਹੈ ਅਤੇ ਉਹੀ ਖੁਡੂਸ ਦੇ ਸੁਖ-ਦੁੱਖ ਦਾ ਸਾਥੀ ਹੈ। ਇਕ ਦਿਨ ਖੁਡੂਸ ਨੂੰ ਮਾਰ-ਕੁੱਟ ਦੀਆਂ ਆਵਾਜ਼ਾਂ ਸੁਣਾਈ ਦਿੰਦੀਆਂ ਹਨ ਅਤੇ ਜਦੋਂ ਉਹ ਦੀਵਾਰ ਨਾਲ ਕੰਨ ਲਾ ਕੇ ਸੁਣਦਾ ਹੈ ਤਾਂ ਉਸ ਨੂੰ ਲਗਦਾ ਹੈ ਕਿ ਇਕ ਬੱਚੇ ਨੂੰ ਕੁੱਟਿਆ ਜਾ ਰਿਹਾ ਹੈ। ਇਹ ਬੱਚਾ ਇਦਰਿਸ (ਓਮ ਸਿੰਘ) ਆਪਣੀ ਮਾਤਾ ਸਾਇਰਾ (ਸਾਹਾਨਾ ਗੋਸਵਾਮੀ) ਤੇ ਪਿਤਾ ਲਿਆਕਤ (ਨੀਰਜ ਕਬੀ) ਦੇ ਨਾਲ ਰਹਿ ਰਿਹਾ ਹੁੰਦਾ ਹੈ ਅਤੇ ਲਿਆਕਤ ਗੱਲ-ਗੱਲ 'ਤੇ ਇਦਰਿਸ ਨੂੰ ਕੁੱਟਦਾ ਰਹਿੰਦਾ ਹੈ। ਇਦਰਿਸ ਦਾ ਦੁੱਖ ਸੁਣ ਕੇ ਖੁਡੂਸ ਨੂੰ ਉਸ ਨਾਲ ਹਮਦਰਦੀ ਹੋ ਜਾਂਦੀ ਹੈ ਅਤੇ ਉਹ ਉਸ ਦੀ ਮਦਦ ਕਰਨਾ ਚਾਹੁੰਦਾ ਹੈ। ਖੁਡੂਸ ਦੇ ਇਸ ਨੇਕ ਇਰਾਦੇ ਦੇ ਚਲਦਿਆਂ ਕਿਸ ਤਰ੍ਹਾਂ ਉਹ ਖ਼ੁਦ ਗ਼ਲਤ-ਫ਼ਹਿਮੀ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਅੱਗੇ ਚੱਲ ਕੇ ਉਸ 'ਤੇ ਕੀ ਬੀਤ ਦੀ ਹੈ, ਇਹ ਇਸ ਦੀ ਕਹਾਣੀ ਹੈ।
ਨਿਰਦੇਸ਼ਕ ਦੀਪੇਸ਼ ਜੈਨ ਅਨੁਸਾਰ ਫ਼ਿਲਮ ਦੀ ਕਹਾਣੀ ਕਈ ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ ਅਤੇ ਇਸ ਦੀ ਪੂਰੀ ਸ਼ੂਟਿੰਗ ਅਸਲ ਥਾਵਾਂ 'ਤੇ ਕੀਤੀ ਗਈ ਹੈ। ਫ਼ਿਲਮ ਨੂੰ ਬਣਾਉਣ ਵਿਚ ਵਿਦੇਸ਼ੀ ਤਕਨੀਸ਼ੀਅਨਾਂ ਦਾ ਸਾਥ ਲਿਆ ਗਿਆ ਹੈ ਅਤੇ ਸਾਊਂਡ ਤੇ ਐਡੀਟਿੰਗ ਵਿਭਾਗ ਵਿਚ ਇਨ੍ਹਾਂ ਤਕਨੀਸ਼ੀਅਨਾਂ ਨੇ ਆਪਣਾ ਕਮਾਲ ਦਿਖਾਇਆ ਹੈ। ਫ਼ਿਲਮ ਵਿਚ ਕਿਤੇ ਵੀ ਸਟਾਕ ਸਾਊਂਡ ਦੀ ਵਰਤੋਂ ਨਹੀਂ ਕੀਤੀ ਗਈ ਹੈ। ਫ਼ਿਲਮ ਦੇ ਬਾਲ ਕਲਾਕਾਰ ਓਮ ਸਿੰਘ ਦੀ ਇਹ ਪਹਿਲੀ ਫ਼ਿਲਮ ਹੈ। ਇਦਰਿਸ ਦੇ ਕਿਰਦਾਰ ਲਈ ਕਈ ਸੌ ਬੱਚਿਆਂ ਦਾ ਆਡੀਸ਼ਨ ਲੈਣ ਤੋਂ ਬਾਅਦ ਉਸ ਨੂੰ ਫਾਈਨਲ ਕੀਤਾ ਗਿਆ ਸੀ। ਓਮ ਅਨਾਥ ਹੈ ਤੇ ਅਨਾਥ ਆਸ਼ਰਮ ਵਿਚ ਰਹਿੰਦਾ ਹੈ। ਉਹ ਖ਼ੁਦ ਬਚਪਨ ਵਿਚ ਕਸ਼ਟਾਂ ਵਿਚੋਂ ਲੰਘਿਆ ਹੈ ਅਤੇ ਇਨ੍ਹਾਂ ਕਸ਼ਟਾਂ ਦੇ ਨਿਸ਼ਾਨ ਉਸ ਦੇ ਹੱਥਾਂ ਅਤੇ ਪੈਰਾਂ 'ਤੇ ਮੌਜੂਦ ਹਨ। ਇਨ੍ਹਾਂ ਨਿਸ਼ਾਨਾਂ ਨੂੰ ਦਿਖਾ ਕੇ ਇਦਰਿਸ ਦੇ ਕਿਰਦਾਰ ਪ੍ਰਤੀ ਦਰਸ਼ਕਾਂ ਦੀ ਹਮਦਰਦੀ ਲੈਣ ਦੀ ਕੋਸ਼ਿਸ਼ ਵੀ ਇਥੇ ਕੀਤੀ ਗਈ ਹੈ।

ਮਨੁੱਖੀ ਤਸਕਰੀ 'ਤੇ ਬਣੀ 'ਲਵ ਸੋਨੀਆ'

ਇਨ੍ਹੀਂ ਦਿਨੀਂ ਅਸਲ ਘਟਨਾਵਾਂ ਤੋਂ ਪ੍ਰੇਰਿਤ ਫ਼ਿਲਮਾਂ ਦਾ ਰਿਵਾਜ ਜ਼ਿਆਦਾ ਹੈ ਅਤੇ ਅਗਲੀ ਫ਼ਿਲਮ 'ਲਵ ਸੋਨੀਆ' ਵੀ ਇਕ ਇਸ ਤਰ੍ਹਾਂ ਦੀ ਹੀ ਫ਼ਿਲਮ ਹੈ। ਇਸ ਦੀ ਕਹਾਣੀ ਮਨੁੱਖੀ ਤਸਕਰੀ 'ਤੇ ਆਧਾਰਿਤ ਹੈ ਅਤੇ ਇਸ ਵਿਚ ਦੋ ਭੈਣਾਂ ਦੀ ਕਹਾਣੀ ਪੇਸ਼ ਕੀਤੀ ਗਈ ਹੈ।
ਸੋਨੀਆ (ਮ੍ਰਿਣਾਲ ਠਾਕੁਰ) ਤੇ ਪ੍ਰੀਤੀ (ਰੀਆ ਸਿਸੋਦੀਆ) ਦੋਵੇਂ ਭੈਣਾਂ ਹਨ ਅਤੇ ਪਿੰਡ ਵਿਚ ਰਹਿ ਰਹੀਆਂ ਹਨ। ਦੋਵਾਂ ਨੇ ਆਪਣੇ ਭਵਿੱਖ ਬਾਰੇ ਸੁੰਦਰ ਸੁਪਨੇ ਸੰਜੋ ਰੱਖੇ ਹਨ। ਪ੍ਰੀਤੀ ਨੂੰ ਫੁਸਲਾ ਕੇ ਜਿਸਮ ਫਰੋਸ਼ੀ ਦੇ ਧੰਦੇ ਦੀ ਕਾਲੀ ਦੁਨੀਆ ਵਿਚ ਧੱਕ ਦਿੱਤਾ ਜਾਂਦਾ ਹੈ ਅਤੇ ਜਦੋਂ ਸੋਨੀਆ ਆਪਣੀ ਭੈਣ ਦੀ ਭਾਲ ਵਿਚ ਨਿਕਲਦੀ ਹੈ ਤਾਂ ਉਸ ਦਾ ਸਾਹਮਣਾ ਮਨੁੱਖੀ ਤਸਕਰੀ ਦੇ ਕਾਲੇ ਸੱਚ ਨਾਲ ਹੁੰਦਾ ਹੈ। ਮਨੁੱਖੀ ਤਸਕਰੀ ਦਾ ਜਾਲ ਦੇਸ਼ ਦੇ ਛੋਟੇ ਜਿਹੇ ਪਿੰਡ ਤੋਂ ਲੈ ਕੇ ਵਿਦੇਸ਼ ਦੀਆਂ ਚਮਕ-ਦਮਕ ਵਾਲੀਆਂ ਗਲੀਆਂ ਤੇ ਹੋਟਲਾਂ ਤੱਕ ਕਿਵੇਂ ਫੈਲਿਆ ਹੋਇਆ ਹੈ, ਇਹ ਇਸ ਵਿਚ ਦਿਖਾਇਆ ਗਿਆ ਹੈ।
ਨਿਰਦੇਸ਼ਕ ਤਬਰੇਜ਼ ਨੂਰਾਨੀ ਦੀ ਇਸ ਫ਼ਿਲਮ ਵਿਚ ਭਾਰਤ ਦੇ ਨਾਲ-ਨਾਲ ਵਿਦੇਸ਼ੀ ਕਲਾਕਾਰਾਂ ਨੇ ਵੀ ਕੰਮ ਕੀਤਾ ਹੈ। ਇਸ ਦਾ ਨਿਰਮਾਣ ਹਿਟ ਅੰਗਰੇਜ਼ੀ ਫ਼ਿਲਮ 'ਲਾਈਫ ਆਫ ਪਾਈ' ਦੇ ਨਿਰਮਾਤਾ ਡੇਵਿਡ ਵੋਮਾਰਕ ਵਲੋਂ ਕੀਤਾ ਗਿਆ ਹੈ। ਇਹੀ ਵਜ੍ਹਾ ਹੈ ਕਿ ਇਸ ਵਿਚ ਹਾਲੀਵੁੱਡ ਦੀ ਨਾਮੀ ਅਭਿਨੇਤਰੀ ਡੇਮੀ ਮੂਰ ਦੇ ਨਾਲ ਫਰੀਦਾ ਪਿੰਟੋ ਤੇ ਮਾਰਕ ਡਿਊਪਲਾਸ ਵੀ ਹੈ। ਰਿਹਾ ਭਾਰਤੀ ਕਲਾਕਾਰਾਂ ਦਾ ਸਵਾਲ ਤਾਂ ਇਸ ਵਿਚ ਰਾਜ ਕੁਮਾਰ ਰਾਓ, ਮਨੋਜ ਵਾਜਪਾਈ, ਅਨੁਪਮ ਖੇਰ, ਰਿਚਾ ਚੱਢਾ, ਆਦਿਲ ਹੁਸੈਨ ਤੇ ਸਾਈ ਤਾਮਹਣਕਰ ਦੇ ਨਾਲ ਦੋ ਨਵੇਂ ਚਿਹਰੇ ਮ੍ਰਿਣਾਲ ਠਾਕੁਰ ਤੇ ਰੀਆ ਸਿਸੋਦੀਆ ਨੂੰ ਚਮਕਾਇਆ ਗਿਆ ਹੈ।
ਫ਼ਿਲਮ ਦੀ ਸ਼ੂਟਿੰਗ ਭਾਰਤ ਦੇ ਨਾਲ-ਨਾਲ ਹਾਂਗਕਾਂਗ ਤੇ ਲਾਸ ਏਂਜਲਸ ਵਿਚ ਕੀਤੀ ਗਈ ਹੈ। ਫ਼ਿਲਮ ਵਿਚ ਅਹਿਮ ਕਿਰਦਾਰ ਨਿਭਾਅ ਰਹੇ ਰਾਜ ਕੁਮਾਰ ਰਾਓ ਦਾ ਮੰਨਣਾ ਹੈ ਕਿ ਇਸ ਫਿਲਮ ਦੀ ਬਦੌਲਤ ਮਨੁੱਖੀ ਤਸਕਰੀ ਖਿਲਾਫ਼ ਸਮਾਜ ਵਿਚ ਜਾਗ੍ਰਿਤੀ ਆਵੇਗੀ ਅਤੇ ਇਹ ਫਿਲਮ ਸਮਾਜ ਸੇਵਾ ਦਾ ਵੱਡਾ ਕੰਮ ਕਰਨ ਵਿਚ ਸਫਲ ਹੋਵੇਗੀ। ਉਮੀਦ ਹੈ ਕਿ ਉਨ੍ਹਾਂ ਦੀ ਇਹ ਗੱਲ ਸੱਚ ਸਾਬਤ ਹੋਵੇਗੀ।

'ਸਟੂਡੈਂਟ...' ਵਿਚ ਗੁਲ ਪਨਾਗ

ਅਭਿਨੈ ਦੇ ਖੇਤਰ ਤੋਂ ਰਾਜਨੀਤੀ ਵਿਚ ਆਈ ਗੁਲ ਪਨਾਗ ਨੇ ਜਦੋਂ ਚੰਡੀਗੜ੍ਹ ਤੋਂ ਲੋਕ ਸਭਾ ਦੀ ਚੋਣ ਲੜੀ ਸੀ ਉਦੋਂ ਆਪਣੇ ਚੋਣ ਪ੍ਰਚਾਰ ਦੌਰਾਨ ਉਹ ਕਈ ਵਾਰ ਮੋਟਰਸਾਈਕਲ 'ਤੇ ਸਵਾਰ ਹੋਈ ਨਜ਼ਰ ਆਈ ਸੀ। ਹੁਣ ਜਦੋਂ ਤਿੰਨ ਸਾਲ ਦੇ ਵਕਫ਼ੇ ਬਾਅਦ ਉਹ ਦੁਬਾਰਾ ਵੱਡੇ ਪਰਦੇ 'ਤੇ ਆ ਰਹੀ ਹੈ ਤਾਂ ਇਥੇ ਵੀ ਉਸ ਨੂੰ ਬਾਈਕ 'ਤੇ ਸਵਾਰ ਹੋਏ ਦਿਖਾਇਆ ਜਾਵੇਗਾ।
ਬਾਈਕ ਦੀ ਸਵਾਰੀ ਕਰਦੀ ਗੁਲ ਪਨਾਗ ਦਾ ਇਹ ਰੂਪ ਨਿਰਮਾਤਾ ਕਰਨ ਜੌਹਰ ਦੀ ਫ਼ਿਲਮ 'ਸਟੂਡੈਂਟ ਆਫ਼ ਦ ਯੀਅਰ-2' ਵਿਚ ਨਜ਼ਰ ਆਵੇਗਾ। ਇਥੇ ਉਹ ਸਪੋਰਟਸ ਕੋਚ ਦੀ ਭੂਮਿਕਾ ਨਿਭਾਅ ਰਹੀ ਹੈ ਅਤੇ ਉਸ ਨੂੰ ਰਫ-ਟਫ ਦਿਖ ਦੇਣ ਲਈ ਬਾਈਕ ਚਲਾਉਂਦੇ ਦਿਖਾਇਆ ਜਾਵੇਗਾ। ਪਹਿਲੀ 'ਸਟੂਡੈਂਟ...' ਵਿਚ ਜਿਥੇ ਵਰੁਣ ਧਵਨ, ਸਿਧਾਰਥ ਮਲਹੋਤਰਾ ਤੇ ਆਲੀਆ ਭੱਟ ਨੂੰ ਪੇਸ਼ ਕੀਤਾ ਗਿਆ ਸੀ, ਉਥੇ ਇਸ ਦੂਜੀ ਕਿਸ਼ਤ ਵਿਚ ਟਾਈਗਰ ਸ਼ਰਾਫ ਦੇ ਸਾਹਮਣੇ ਦੋ ਨਾਇਕਾਵਾਂ ਅਨੰਨਿਆ ਪਾਂਡੇ ਤੇ ਤਾਰਾ ਸੁਤਰੀਆ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਤਾਰਾ ਜਿਥੇ ਟੀ. ਵੀ. ਤੋਂ ਫ਼ਿਲਮਾਂ ਵਿਚ ਆ ਰਹੀ ਹੈ, ਉਥੇ ਅਨੰਨਿਆ ਦੀ ਪਛਾਣ ਇਹ ਹੈ ਕਿ ਉਹ ਅਭਿਨੇਤਾ ਚੰਕੀ ਪਾਂਡੇ ਦੀ ਬੇਟੀ ਹੈ।
ਪਹਿਲੀ 'ਸਟੂਡੈਂਟ...' ਵਿਚ ਰੋਨਿਤ ਰਾਏ ਸਪੋਰਟਸ ਕੋਚ ਬਣੇ ਸਨ ਅਤੇ ਰਿਸ਼ੀ ਕਪੂਰ ਪ੍ਰਿੰਸੀਪਲ ਦੀ ਭੂਮਿਕਾ ਵਿਚ ਸਨ। ਹੁਣ ਇਸ ਦੂਜੀ ਕਿਸ਼ਤ ਵਿਚ ਸਮੀਰ ਸੋਨੀ ਨੂੰ ਪ੍ਰਿੰਸੀਪਲ ਬਣਾਇਆ ਗਿਆ ਹੈ ਤੇ ਰੋਨਿਤ ਰਾਏ ਦੀ ਥਾਂ ਗੁਲ ਪਨਾਗ ਦਾ ਦਾਖਲਾ ਕੀਤਾ ਗਿਆ ਹੈ। ਇਕ ਬੇਟੇ ਦੀ ਮਾਂ ਬਣਨ ਦੇ ਬਾਅਦ ਗੁਲ ਦੀ ਇਹ ਪਹਿਲੀ ਫ਼ਿਲਮ ਹੈ।
**

ਸੁਚਿੱਤਰਾ ਕ੍ਰਿਸ਼ਣਾਮੂਰਤੀ ਦੀ ਵਾਪਸੀ

ਫ਼ਿਲਮ 'ਕਭੀ ਹਾਂ ਕਭੀ ਨਾ' ਵਿਚ ਸ਼ਾਹਰੁਖ ਖਾਨ ਨੂੰ ਸੁਚਿੱਤਰਾ ਕ੍ਰਿਸ਼ਣਾਮੂਰਤੀ ਦਾ ਦੀਵਾਨਾ ਦਿਖਾਇਆ ਗਿਆ ਸੀ। ਇਹ ਸੁਚਿੱਤਰਾ ਵੱਡੇ ਪਰਦੇ 'ਤੇ ਆਖਰੀ ਵਾਰ ਸਾਲ 2010 ਵਿਚ 'ਮਿੱਤਲ ਵਰਸਿਜ਼ ਮਿੱਤਲ' ਵਿਚ ਨਜ਼ਰ ਆਈ ਸੀ। ਹੁਣ ਲੰਬੇ ਸਮੇਂ ਬਾਅਦ ਉਹ ਜਾਸੂਸੀ ਫ਼ਿਲਮ 'ਰਾ-ਰੋਮੀਓ, ਅਕਬਰ, ਵਾਲਟਰ' ਰਾਹੀਂ ਅਭਿਨੈ ਵਿਚ ਵਾਪਸੀ ਕਰ ਰਹੀ ਹੈ। ਫ਼ਿਲਮ ਵਿਚ ਜਾਨ ਅਬ੍ਰਾਹਮ ਮੁੱਖ ਭੂਮਿਕਾ ਵਿਚ ਹੈ। ਅਭਿਨੈ ਵਿਚ ਆਪਣੀ ਵਾਪਸੀ ਦੇ ਨਾਲ-ਨਾਲ ਸੁਚਿੱਤਰਾ ਨੇ ਇਹ ਵੀ ਸਾਫ ਕਹਿ ਦਿੱਤਾ ਹੈ ਕਿ ਉਹ ਆਪਣੇ ਤਲਾਕਸ਼ੁਧਾ ਨਿਰਦੇਸ਼ਕ ਪਤੀ ਸ਼ੇਖਰ ਕਪੂਰ ਦੇ ਨਾਲ ਕੰਮ ਨਹੀਂ ਕਰੇਗੀ।

ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ 'ਤੇ...

ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ 'ਤੇ ਆਉਣ ਵਾਲਾ ਸ਼ੋਅ 'ਪਟਿਆਲਾ ਬੇਬਜ਼' ਦਰਸ਼ਕਾਂ ਵਿਚ ਹਲਚਲ ਪੈਦਾ ਕਰ ਚੁੱਕਾ ਹੈ, ਜਿਥੋਂ ਕਈ ਕਲਾਕਾਰ ਕਈ-ਕਈ ਆਡੀਸ਼ਨਾਂ ਵਿਚੀਂ ਲੰਘ ਰਹੇ ਹਨ। ਅਸ਼ਨੂਰ ਕੌਰ ਨੇ ਪਹਿਲੇ ਹੀ ਸ਼ਾਟ ਵਿਚ ਆਪਣੀ ਥਾਂ ਬਣਾ ਲਈ ਹੈ ਤੇ ਉਹ 'ਪਟਿਆਲਾ ਬੇਬਜ਼' ਵਿਚ ਮਿੰਨੀ ਖੁਰਾਨਾ ਦੀ ਮੁੱਖ ਭੂਮਿਕਾ ਨਿਭਾਉਂਦੀ ਨਜ਼ਰ ਆਏਗੀ। ਉਹ ਬੜੀ ਚਾਲਾਕ ਤੇ ਜ਼ਿੰਦਾਦਿਲ ਹੈ। ਅਸ਼ਨੂਰ ਬਬੀਤਾ ਖੁਰਾਨਾ ਭਾਵ ਪਰਿਧੀ ਸ਼ਰਮਾ ਦੀ ਬੇਟੀ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਏਗੀ।

ਜੈਕੀ ਭਗਨਾਨੀ ਹੁਣ ਗੁਜਰਾਤੀ ਦੀ ਭੂਮਿਕਾ ਨਿਭਾਏਗਾ

ਉਂਝ ਤਾਂ 'ਮਿੱਤਰੋ' ਸ਼ਬਦ ਬੋਲਚਾਲ ਦੀ ਭਾਸ਼ਾ ਵਿਚ ਕਾਫੀ ਵਰਤਿਆ ਜਾਂਦਾ ਹੈ ਪਰ ਜਦੋਂ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਭਾਸ਼ਣਾਂ ਵਿਚ ਇਸ ਸ਼ਬਦ ਦੀ ਵਰਤੋਂ ਕਰਨ ਲੱਗੇ ਹਨ ਉਦੋਂ ਤੋਂ ਇਸ ਸ਼ਬਦ ਦਾ ਮਹੱਤਵ ਜ਼ਿਆਦਾ ਵਧ ਗਿਆ ਹੈ। ਵਧੇ ਹੋਏ ਮਹੱਤਵ ਦਾ ਸਬੂਤ ਇਸ ਗੱਲ ਤੋਂ ਵੀ ਮਿਲਦਾ ਹੈ ਕਿ ਹੁਣ ਇਕ ਫ਼ਿਲਮ ਦਾ ਨਾਂਅ ਹੀ 'ਮਿੱਤਰੋ' ਰੱਖਿਆ ਗਿਆ ਹੈ ਅਤੇ ਇਸ ਵਿਚ ਜੈਕੀ ਭਗਨਾਨੀ ਨੂੰ ਗੁਜਰਾਤੀ ਨੌਜਵਾਨ ਦੀ ਭੂਮਿਕਾ ਵਿਚ ਚਮਕਾਇਆ ਗਿਆ ਹੈ।
ਨਿਤਿਨ ਕੱਕੜ ਵਲੋਂ ਨਿਰਦੇਸ਼ਤ ਕੀਤੀ ਗਈ ਇਹ ਫ਼ਿਲਮ ਤੇਲਗੂ ਫਿਮਲ 'ਪੇਲੀ ਚੁਪੁਲ' ਦੀ ਰੀਮੇਕ ਹੈ। ਇਸ ਵਿਚ ਤਿੰਨ ਦੋਸਤਾਂ ਦੀ ਕਹਾਣੀ ਹੈ। ਫ਼ਿਲਮ ਦੀ ਕਹਾਣੀ ਇਹ ਹੈ ਕਿ ਇਕ ਮੁੰਡਾ ਜੈ (ਜੈਕੀ ਭਗਨਾਨੀ) ਆਪਣੇ ਲਈ ਕੁੜੀ ਦੇਖਣ ਜਾਂਦਾ ਹੈ ਪਰ ਗ਼ਲਤੀ ਨਾਲ ਉਹ ਇਕ ਹੋਰ ਕੁੜੀ ਅਵਨੀ (ਕ੍ਰਿਤਿਕਾ ਕਾਮਰਾ) ਦੇ ਘਰ ਪਹੁੰਚ ਜਾਂਦਾ ਹੈ। ਜੈ ਉਸ ਨੂੰ ਉਹੀ ਕੁੜੀ ਸਮਝ ਬੈਠਦਾ ਹੈ ਜਿਸ ਨੂੰ ਦੇਖਣ ਲਈ ਉਸ ਨੂੰ ਕਿਹਾ ਗਿਆ ਸੀ। ਇਹ ਗ਼ਲਤਫਹਿਮੀ ਕੀ ਰੰਗ ਲਿਆਉਂਦੀ ਹੈ, ਇਹ ਅੱਗੇ ਦਿਖਾਇਆ ਗਿਆ ਹੈ।
ਕਾਮੇਡੀਅਨ ਸ਼ਾਰਿਬ ਹਾਸ਼ਮੀ ਨੇ ਇਸ ਦੀ ਪਟਕਥਾ ਲਿਖੀ ਹੈ ਅਤੇ ਉਨ੍ਹਾਂ ਅਨੁਸਾਰ ਇਨ੍ਹੀਂ ਦਿਨੀਂ ਹਰ ਦੂਜੀ ਫ਼ਿਲਮ ਵਿਚ ਪੰਜਾਬੀ ਸੱਭਿਆਚਾਰ ਪੇਸ਼ ਕੀਤਾ ਜਾਂਦਾ ਰਿਹਾ ਹੈ। ਸੋ, ਕੁਝ ਵੱਖਰਾ ਕਰਨ ਦੇ ਇਰਾਦੇ ਨਾਲ ਇਥੇ ਕਹਾਣੀ ਦੀ ਪਿੱਠਭੂਮੀ ਗੁਜਰਾਤ ਦੀ ਰੱਖੀ ਗਈ ਹੈ।
ਮੁੱਖ ਤੌਰ 'ਤੇ ਅਹਿਮਦਾਬਾਦ ਵਿਚ ਸ਼ੂਟ ਕੀਤੀ ਗਈ ਇਸ ਫ਼ਿਲਮ ਲਈ ਜੈਕੀ ਨੂੰ ਪਹਿਲਾਂ ਗੁਜਰਾਤੀ ਸਿੱਖਣੀ ਪਈ ਸੀ ਅਤੇ ਹੁਣ ਉਹ ਚੰਗੀ ਗੁਜਰਾਤੀ ਬੋਲ ਲੈਂਦੇ ਹਨ। ਇਥੇ ਦੋ ਦੋਸਤਾਂ ਦੀ ਭੂਮਿਕਾ ਪ੍ਰਤੀਕ ਗਾਂਧੀ ਤੇ ਸ਼ਿਵਮ ਪਾਰੇਖ ਵਲੋਂ ਨਿਭਾਈ ਗਈ ਹੈ ਅਤੇ ਨਾਲ ਹੀ ਇਸ ਵਿਚ ਨੀਰਜ ਸੂਦ ਵੀ ਹਨ ਜੋ ਹੀਰੋ ਦੇ ਪਿਤਾ ਦੀ ਭੂਮਿਕਾ ਵਿਚ ਹਨ।

ਰਾਮ ਸ਼ੰਕਰ ਦੀ ਇਕ ਹੋਰ ਪੁਲਾਂਘ

ਗਾਇਕ-ਸੰਗੀਤਕਾਰ ਰਾਮਸ਼ੰਕਰ ਨੇ ਆਪਣੀ ਸੰਗੀਤ ਕੰਪਨੀ ਖੋਲ੍ਹ ਲਈ ਹੈ ਅਤੇ ਇਸ ਦਾ ਨਾਂਅ ਸ਼ਿਆਮ ਸੀਰੀਜ਼ ਰੱਖਿਆ ਗਿਆ ਹੈ। ਇਹ ਸੰਗੀਤ ਕੰਪਨੀ ਮੁੱਖ ਤੌਰ 'ਤੇ ਭਜਨ ਐਲਬਮ ਜਾਰੀ ਕਰੇਗੀ। ਇਸ ਦੇ ਐਲਾਨ ਮੌਕੇ ਗਾਇਕਾ ਸਾਧਨਾ ਸਰਗਮ, ਸੋਨੂੰ ਕੱਕੜ, ਪਾਮੇਲਾ ਜੈਨ, ਰੇਖਾ ਰਾਓ ਦੇ ਨਾਲ-ਨਾਲ ਲਖਬੀਰ ਸਿੰਘ ਲੱਖਾ ਤੇ ਰਾਜੂ ਸ੍ਰੀਵਾਸਤਵ ਵੀ ਮੌਜੂਦ ਸਨ। ਰਾਮ ਸ਼ੰਕਰ ਕਹਿੰਦੇ ਹਨ, 'ਪਿਛਲੇ ਕੁਝ ਸਮੇਂ ਤੋਂ ਮੈਂ ਆਪਣੀ ਸੰਗੀਤ ਕੰਪਨੀ ਸ਼ੁਰੂ ਕਰਨ ਬਾਰੇ ਸੋਚ ਰਿਹਾ ਸੀ। ਮੈਨੂੰ ਲੱਗ ਰਿਹਾ ਸੀ ਕਿ ਕੁਝ ਇਸ ਤਰ੍ਹਾਂ ਦਾ ਕੀਤਾ ਜਾਵੇ ਕਿ ਆਪਣੀ ਪਸੰਦ ਦਾ ਸੰਗੀਤ ਲੋਕਾਂ ਤੱਕ ਪਹੁੰਚਾ ਸਕਾਂ। ਇਕ ਗਾਇਕ ਅਤੇ ਸੰਗੀਤਕਾਰ ਦੇ ਤੌਰ 'ਤੇ ਮੇਰਾ ਅਨੁਭਵ ਇਹ ਰਿਹਾ ਹੈ ਕਿ ਸੰਗੀਤ ਕੰਪਨੀਆਂ ਦੀਆਂ ਆਪਣੀਆਂ ਸ਼ਰਤਾਂ ਅਤੇ ਪਾਬੰਦੀਆਂ ਹੁੰਦੀਆਂ ਹਨ। ਇਸ ਰਾਹੀਂ ਗਾਇਕ ਆਪਣੀ ਮਰਜ਼ੀ ਦਾ ਸੰਗੀਤ ਲੋਕਾਂ ਤੱਕ ਨਹੀਂ ਪਹੁੰਚਾ ਪਾਉਂਦਾ ਹੈ। ਮੈਂ ਆਪਣੀ ਇਸ ਮਿਊਜ਼ਿਕ ਕੰਪਨੀ ਰਾਹੀਂ ਹਰ ਕਲਾਕਾਰ ਨੂੰ ਪੂਰੀ ਆਜ਼ਾਦੀ ਦੇਵਾਂਗਾ ਤਾਂ ਕਿ ਉਸ ਦੀ ਪ੍ਰਤਿਭਾ ਅਤੇ ਸ਼ੈਲੀ ਰਾਹੀਂ ਤਿਆਰ ਕੀਤਾ ਗਿਆ ਸੰਗੀਤ ਲੋਕਾਂ ਤੱਕ ਪਹੁੰਚ ਸਕੇ। ਇਸ ਕੰਪਨੀ ਰਾਹੀਂ ਜੋ ਪਹਿਲਾ ਭਜਨ ਰਿਲੀਜ਼ ਕੀਤਾ ਜਾਵੇਗਾ ਉਸ ਵਿਚ ਮੇਰੀ ਤੇ ਲਖਬੀਰ ਸਿੰਘ ਦੀ ਆਵਾਜ਼ ਹੋਵੇਗੀ ਅਤੇ ਇਹ ਲਾਈਵ ਰਿਕਾਰਡਿੰਗ ਰਾਹੀਂ ਰਿਕਾਰਡ ਕੀਤਾ ਜਾਵੇਗਾ। ਮਸ਼ੀਨਾਂ ਜ਼ਰੀਏ ਤਿਆਰ ਕੀਤਾ ਗਿਆ ਸੰਗੀਤ ਮਸ਼ੀਨੀ ਬਣਿਆ ਰਹਿੰਦਾ ਹੈ ਜਦੋਂ ਕਿ ਲਾਈਵ ਰਿਕਾਰਡਿੰਗ ਰਾਹੀਂ ਤਿਆਰ ਹੋਏ ਸੰਗੀਤ ਦੀ ਅਪੀਲ ਹੀ ਕੁਝ ਹੋਰ ਹੁੰਦੀ ਹੈ।
ਇਸ ਮੌਕੇ ਲਖਬੀਰ ਸਿੰਘ ਲੱਖਾ ਨੇ ਕਿਹਾ, 'ਜਦੋਂ ਮੈਂ ਜਮਸ਼ੇਦਪੁਰ ਵਿਚ ਰਹਿੰਦਾ ਸੀ, ਉਦੋਂ ਸ਼ੰਕਰ-ਸ਼ੰਭੂ ਦੀ ਕੱਵਾਲੀ ਸੁਣਨ ਜਾਇਆ ਕਰਦਾ ਸੀ ਅਤੇ ਉਨ੍ਹਾਂ ਦਾ ਵੱਡਾ ਪ੍ਰਸੰਸਕ ਸੀ। ਮੈਨੂੰ ਖੁਸ਼ੀ ਹੈ ਕਿ ਇਸ ਤਰ੍ਹਾਂ ਦੇ ਗੁਣੀ ਪਰਿਵਾਰ ਤੋਂ ਆਏ ਰਾਮ ਸ਼ੰਕਰ ਦੀ ਸੰਗੀਤ ਕੰਪਨੀ ਦੀ ਸ਼ੁਰੂਆਤ ਕਰਨ ਵਿਚ ਮੇਰਾ ਯੋਗਦਾਨ ਸ਼ਾਮਿਲ ਹੋ ਰਿਹਾ ਹੈ। ਮੈਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਰਾਮ ਜੀ ਨੇ ਇਹ ਸਾਫ ਕਹਿ ਦਿੱਤਾ ਹੈ ਕਿ ਉਨ੍ਹਾਂ ਦੀ ਸੰਗੀਤ ਕੰਪਨੀ ਰਾਹੀਂ ਅਸਲ ਰਚਨਾਵਾਂ ਹੀ ਬਾਜ਼ਾਰ ਵਿਚ ਲਿਆਂਦੀਆਂ ਜਾਣਗੀਆਂ। ਇਸ ਤੋਂ ਨਵੀਆਂ-ਨਵੀਆਂ ਰਚਨਾਵਾਂ ਸੁਣਨ ਨੂੰ ਮਿਲਣਗੀਆਂ।'
ਇਸ ਸੰਗੀਤ ਕੰਪਨੀ ਲਈ ਸੋਨੂੰ ਕੱਕੜ ਸੂਫੀ ਗੀਤ ਪੇਸ਼ ਕਰਨਗੇ ਤੇ ਰਾਮ ਸ਼ੰਕਰ ਦੀ ਗਾਇਕਾ ਬੇਟੀ ਸਨੇਹਾ ਸ਼ੰਕਰ ਦੀ ਆਵਾਜ਼ ਵਿਚ ਵੀ ਭਜਨ ਪੇਸ਼ ਕੀਤੇ ਜਾਣਗੇ। ਖ਼ੁਦ ਰਾਮ ਸ਼ੰਕਰ ਨੇ ਇਹ ਸਫਾਈ ਵੀ ਦਿੱਤੀ ਕਿ ਇਹ ਜ਼ਰੂਰੀ ਨਹੀਂ ਕਿ ਉਹ ਹੀ ਹਰ ਰਚਨਾ ਲਈ ਸੰਗੀਤ ਦੇਣ। ਉਹ ਨਵੀਆਂ ਪ੍ਰਤਿਭਾਵਾਂ ਤੇ ਸੰਗੀਤਕਾਰਾਂ ਨੂੰ ਵੀ ਮੌਕਾ ਦੇਣਗੇ। ਸਵਰਗੀ ਗੀਤਕਾਰ ਰਾਜੇਸ਼ ਜੌਹਰੀ ਨੇ ਕਈ ਭਜਨ ਲਿਖ ਕੇ ਰਾਮ ਸ਼ੰਕਰ ਨੂੰ ਦਿੱਤੇ ਸਨ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX