ਤਾਜਾ ਖ਼ਬਰਾਂ


ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀ ਘੋਸ਼ਣਾ - ਸੂਤਰ
. . .  9 minutes ago
ਨਵੀਂ ਦਿੱਲੀ, 17 ਜਨਵਰੀ - ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫ਼ਤੇ ਕਰ ਸਕਦਾ ਹੈ। ਲੋਕ ਸਭਾ ਚੋਣਾਂ 6-7 ਪੜਾਵਾਂ...
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  23 minutes ago
ਫ਼ਾਜ਼ਿਲਕਾ, 18 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕਿਆ ਨੂੰ ਆਪਣੇ ਜਾਲ 'ਚ ਫ਼ਸਾਕੇ ਜਬਰਜਨਾਹ ਦਾ ਮਾਮਲਾ ਦਰਜ ਕਰਵਾਉਣ ਦਾ ਡਰ ਪਾ ਕੇ ਬਲੈਕਮੇਲ...
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  27 minutes ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਦੇ ਮਡਚਲ ਜ਼ਿਲ੍ਹੇ 'ਚ ਇੱਕ ਘਰ 'ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 6 ਹੋਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ......
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  39 minutes ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ...
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  50 minutes ago
ਨਵੀਂ ਦਿੱਲੀ, 18 ਜਨਵਰੀ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਿਪੋਰਟ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਨਹੀ ਹੋਇਆ...
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  about 1 hour ago
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਲੈ ਕੇ ਪੰਜਾਬ...
ਅਦਾਲਤ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਲਈ ਵਧਾਇਆ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਦੇ ਲਈ ਵਧਾ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 6 ਦਿਨ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸੀ.....
ਹਰਦੀਪ ਸਿੰਘ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ
. . .  about 1 hour ago
ਚੰਡੀਗੜ੍ਹ, 18 ਜਨਵਰੀ (ਲਿਬਰੇਟ) - ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ, ਜਦਕਿ ਭਾਜਪਾ ਦੇ ਕੰਵਰਜੀਤ ਰਾਣਾ ਡਿਪਟੀ ਮੇਅਰ...
ਟੈਸਟ ਲੜੀ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਇੱਕ ਦਿਨਾਂ ਲੜੀ
. . .  about 1 hour ago
ਮੈਲਬੌਰਨ, 18 ਜਨਵਰੀ - ਭਾਰਤ ਨੇ ਟੈਸਟ ਲੜੀ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਆਸਟ੍ਰੇਲੀਆ 'ਚ ਪਹਿਲੀ ਵਾਰ ਇੱਕ ਦਿਨਾਂ ਲੜੀ ਵੀ ਜਿੱਤ ਲਈ ਹੈ। ਤੀਸਰੇ ਇੱਕ ਦਿਨਾਂ ਮੈਚ ਵਿਚ ਭਾਰਤ...
ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਕੋਰਟ ਨੇ ਲਗਾਈ ਰੋਕ
. . .  about 1 hour ago
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰੀ ਚੋਣਾਂ 'ਤੇ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮਾਮਲੇ 'ਚ ਦਿੱਲੀ ਕਮੇਟੀ ਦੇ ਹੀ ਇੱਕ ....
ਹੋਰ ਖ਼ਬਰਾਂ..

ਖੇਡ ਜਗਤ

ਏਸ਼ਿਆਈ ਖੇਡਾਂ :

ਨਵੀਆਂ ਖੇਡਾਂ 'ਚ ਭਾਰਤ ਦੀ ਇਤਿਹਾਸਕ ਜਿੱਤ

ਅਠਾਰ੍ਹਵੀਂ ਏਸ਼ਿਆਈ ਖੇਡਾਂ ਇੰਡੋਨੇਸ਼ੀਆ ਦੇ ਜਕਾਰਤਾ ਸ਼ਹਿਰ ਵਿਚ ਜਾਹੋ-ਜਲਾਅ ਨਾਲ ਸਮਾਪਤ ਹੋ ਗਈਆਂ। ਇਨ੍ਹਾਂ ਖੇਡਾਂ ਵਿਚ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਰਤ ਨੇ ਇਨ੍ਹਾਂ ਖੇਡਾਂ ਵਿਚ 804 ਮੈਂਬਰੀ ਦਲ ਭੇਜਿਆ। ਇਸ ਦਲ ਵਿਚ 570 ਖਿਡਾਰੀ, 119 ਕੋਚ ਤੇ 21 ਡਾਕਟਰ ਇਸ ਦਲ ਦਾ ਹਿੱਸਾ ਸਨ। ਇਨ੍ਹਾਂ ਖੇਡਾਂ ਵਿਚ 312 ਮਰਦ ਖਿਡਾਰੀ ਅਤੇ 260 ਔਰਤ ਖਿਡਾਰਨਾਂ ਨੇ ਹਿੱਸਾ ਲਿਆ। ਭਾਰਤ ਨੇ ਇਨ੍ਹਾਂ ਖੇਡਾਂ ਵਿਚ 15 ਸੋਨ, 24 ਚਾਂਦੀ ਤੇ 30 ਕਾਂਸੀ ਨਾਲ ਕੁੱਲ 69 ਤਗਮੇ ਜਿੱਤੇ। ਇਨ੍ਹਾਂ ਖੇਡਾਂ ਵਿਚ ਅਥਲੈਟਿਕਸ ਖੇਡ ਦੇ ਖਿਡਾਰੀਆਂ ਨੇ ਸਭ ਤੋਂ ਵੱਧ ਤਗਮੇ ਜਿੱਤੇ ਹਨ।
ਆਓ ਹੁਣ ਗੱਲ ਕਰਦੇ ਹਾਂ ਏਸ਼ਿਆਈ ਖੇਡਾਂ ਵਿਚ ਦਸ ਨਵੀਆਂ ਖੇਡਾਂ ਦੀ। ਏਸ਼ਿਆਈ ਖੇਡਾਂ ਉਲੰਪਿਕ ਕੌਂਸਲ ਆਫ ਏਸ਼ੀਆ ਦੀ ਅਗਵਾਈ ਹੇਠ ਹੁੰਦੀਆਂ ਹਨ। ਏਸ਼ਿਆਈ ਖੇਡਾਂ ਦੇ ਮਹਾਂਕੁੰਭ ਵਿਚ 40 ਖੇਡਾਂ ਦੇ 67 ਮੁਕਾਬਲੇ ਕਰਵਾਏ ਗਏ। ਇਨ੍ਹਾਂ ਵਿਚੋਂ 28 ਉਲੰਪਿਕ ਖੇਡ ਮੁਕਾਬਲਿਆਂ ਨੂੰ ਥਾਂ ਦਿੱਤੀ ਦਿੱਤੀ ਗਈ ਹੈ। ਇਸ ਦੇ ਨਾਲ ਹੀ 4 ਨਵੇਂ ਉਲੰਪਿਕ ਖੇਡ ਮੁਕਾਬਲੇ ਵੀ ਕਰਵਾਏ ਗਏ ਤੇ ਇਸ ਨਾਲ 8 ਗੈਰ-ਉਲੰਪਿਕ ਖੇਡ ਮੁਕਾਬਲੇ ਕਰਵਾਏ। ਜਕਾਰਤਾ ਏਸ਼ਿਆਈ ਖੇਡਾਂ ਵਿਚ ਦਸ ਨਵੀਆਂ ਖੇਡਾਂ ਨੂੰ ਵੀ ਥਾਂ ਮਿਲੀ ਹੈ। ਇਨ੍ਹਾਂ ਮੁੱਖ ਖੇਡਾਂ ਵਿਚੋਂ ਇਕ ਬ੍ਰਿਜ ਖੇਡ ਹੈ। ਇਸ ਖੇਡ ਨੂੰ ਸਿੱਧੇ ਤੌਰ 'ਤੇ ਤਾਸ਼ ਵੀ ਕਿਹਾ ਜਾਂਦਾ ਹੈ। ਇਸ ਖੇਡ ਵਿਚ 2-2 ਖਿਡਾਰੀ ਟੀਮ ਵਾਂਗ ਖੇਡਦੇ ਹਨ। ਭਾਰਤ ਦਾ ਤਾਸ਼ ਦਾ ਨਾਤਾ ਪੁਰਾਣਾ ਹੈ, ਪਿੰਡਾਂ ਵਿਚ ਇਸ ਖੇਡ ਨੂੰ ਖੇਡਿਆ ਜਾਂਦਾ ਰਿਹਾ ਹੈ। ਭਾਰਤ ਵਿਚ ਤਾਸ਼ ਦੀ ਖੇਡ ਨੂੰ ਹਰ ਕੋਈ ਛੋਟਾ, ਵੱਡਾ , ਬਜ਼ੁਰਗ, ਨੌਜਵਾਨ ਖੇਡਦੇ ਹਨ। ਤਾਸ਼ ਦੇ ਪੱਤਿਆਂ ਨੂੰ ਖੇਡ ਦੇ ਰੂਪ ਵਿਚ ਜਕਾਰਤਾ ਵਿਚ ਪਹਿਲੀ ਵਾਰ ਜਗ੍ਹਾ ਮਿਲੀ ਹੈ। ਨਵੀਆਂ ਖੇਡਾਂ ਵਿਚ 3×3 ਬਾਸਕਿਟਬਾਲ ਖੇਡ ਵਿਚ 4 ਖਿਡਾਰੀਆਂ ਦੀ ਟੀਮ ਹੁੰਦੀ ਹੈ, 3 ਖਿਡਾਰੀ ਮੈਦਾਨ ਵਿਚ ਖੇਡਦੇ ਹਨ, ਇਕ ਰਿਜ਼ਰਵ ਖਿਡਾਰੀ ਹੁੰਦਾ ਹੈ। ਇਹ ਬਾਸਕਿਟਬਾਲ ਦੇ ਅੱਧੇ ਕੋਰਟ ਵਿਚ ਖੇਡੀ ਜਾਂਦੀ ਹੈ। ਜੈੱਟ ਸਕੀਅ ਇਸ ਖੇਡ ਮੁਕਾਬਲੇ ਵਿਚ 4 ਵੱਖਰੇ ਵਰਗਾਂ ਦੇ ਮੁਕਾਬਲੇ ਹੁੰਦੇ ਹਨ। ਇਸ ਖੇਡ ਨੂੰ ਪਾਣੀ ਵਿਚ ਖੇਡਿਆ ਜਾਂਦਾ ਹੈ। ਪੈਰਾ ਗਲਾਈਡਿੰਗ ਇਸ ਈਵੈਂਟ ਵਿਚ ਅਥਲੀਟ 2 ਵਰਗਾਂ ਵਿਚ ਹਿੱਸਾ ਲੈਂਦੇ ਹਨ। ਹਵਾ ਦੇ ਦਬਾਅ ਨਾਲ ਖੇਡੀ ਜਾਂਦੀ ਹੈ।
ਪੇਨਕੇਕ ਸਲਾਟ ਇੰਡੋਨੇਸ਼ੀਆ ਦੀ ਰਵਾਇਤੀ ਖੇਡ ਵਜੋਂ ਜਾਣੀ ਜਾਂਦੀ ਹੈ, ਜੋ ਮਾਰਸ਼ਲ ਆਰਟ ਵਾਂਗ ਖੇਡੀ ਜਾਂਦੀ ਹੈ। ਜੂ ਜਿਤਸੂ ਖੇਡ ਸ਼ਤਰੰਜ ਦੀ ਤਰ੍ਹਾਂ ਖੇਡੀ ਜਾਣ ਵਾਲੀ ਖੇਡ ਹੈ, ਇਹ ਖੇਡ ਮਾਰਸ਼ਲ ਆਰਟ ਖੇਡ ਨੀਤੀ ਤੇ ਯੋਜਨਾ ਦੀ ਅਹਿਮ ਭੂਮਿਕਾ ਹੁੰਦੀ ਹੈ। ਇਹ ਕੁਸ਼ਤੀ ਰੂਪ ਵਿਚ ਸ਼ਾਮਲ ਕੀਤੀ ਗਈ ਹੈ। ਸਾਂਬੋ ਖੇਡ ਬਿਨਾਂ ਹਥਿਆਰ ਦੇ ਆਤਮਰੱਖਿਆ ਦੇ ਗੁਰਾਂ ਨੂੰ ਦਰਸਾਉਂਦੀ ਹੈ। ਇਹ ਈਵੈਂਟ ਪਹਿਲੀ ਵਾਰ ਸ਼ਾਮਿਲ ਕੀਤਾ ਗਿਆ ਹੈ। ਕੁਰਾਸ਼ ਉਜ਼ਬੇਕਿਸਤਾਨ ਦੀ ਰਵਾਇਤੀ ਮਾਰਸ਼ਲ ਆਰਟ ਖੇਡ ਹੈ। ਇਹ ਖੇਡ ਜੂਡੋ ਤੇ ਕੁਸ਼ਤੀ ਦਾ ਸੁਮੇਲ ਹੈ। ਕਲਾਈਬਿੰਗ ਸਪੋਰਟਸ ਐਥਲੈਟਿਕਸ ਖੇਡ ਮੈਦਾਨ ਵਿਚ ਖੇਡੀ ਜਾਂਦੀ ਹੈ। ਰੋਲਰ ਸਪੋਰਟਸ ਸਕੇਟ ਬੋਰਡ ਦੇ ਇਨਲਾਈਨ ਸਪੀਡ ਸਕੇਟਿੰਗ ਦਾ ਮੁਕਾਬਲਾ ਹੈ। ਇਨ੍ਹਾਂ ਖੇਡਾਂ ਵਿਚ ਈ-ਸਪੋਰਟਸ ਵੀ ਪਹਿਲੀ ਵਾਰ ਪ੍ਰਦਰਸ਼ਨੀ ਵਜੋਂ ਸ਼ਾਮਿਲ ਕੀਤੀ ਗਈ। ਇਸ ਵਿਚ 18 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ। ਪ੍ਰਬੰਧਕਾਂ ਦਾ ਇਹ ਮੰਨਣਾ ਸੀ ਕਿ ਆਉਣ ਵਾਲੇ ਸਮੇਂ ਵਿਚ ਈ-ਸਪੋਰਟ ਦਾ ਕਰੇਜ਼ ਪੂਰੀ ਦੁਨੀਆ ਵਿਚ ਵਧੇਗਾ। ਜੇਕਰ ਇਨ੍ਹਾਂ ਖੇਡਾਂ ਵਿਚ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਬ੍ਰਿਜ (ਤਾਸ਼) ਈਵੈਂਟ ਵਿਚ ਪ੍ਰਣਬ ਬਰਧਨ, ਸ਼ਹਿਨਾਥ ਸਰਕਾਰ ਪੁਰਸ਼ ਦੀ ਜੋੜੀ ਨੇ ਸੋਨ ਤਗਮਾ ਜਿੱਤਿਆ।
ਸੁਮਿਤ ਮੁਖਰਜੀ, ਦੇਵਬਰਾਤਾ ਮਜੂਮਦਾਰ, ਜਗਸੀ ਸਵਿਦਾਸਾਨੀ, ਰਾਜੇਸ਼ਵਰ ਤਿਵਾੜੀ, ਅਜੈ ਖਰੇ, ਰਾਜੂ ਤਲਾਨੀ ਪੁਰਸ਼ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ। ਬਚਿਰਾਜੂ ਸਤਿਆਨਾਰਾਇਣ, ਰਾਜੀਵ ਖੰਡੇਲਵਾਲ, ਗੋਪੀਨਾਥ ਮੰਨਾ, ਹਿਮਾਲੀ ਖੰਡੇਲਵਾਲ, ਹੇਮਾ ਦੇਵੜਾ, ਕਿਰਨ ਨਾਦਰ ਦੀ ਮਿਕਸਡ ਟੀਮ ਨੇ ਕਾਂਸੀ ਦਾ ਤਗਮਾ ਜਿੱਤ ਭਾਰਤ ਦੀ ਝੋਲੀ ਪਾਇਆ। ਕੁਰਾਸ਼ ਖੇਡ ਵਿਚ ਪਿਨਕੀ ਬਾਲਹਾਰਾ ਔਰਤਾਂ 52 ਕਿਲੋਗ੍ਰਾਮ ਭਾਰ ਵਰਗ ਵਿਚ ਚਾਂਦੀ ਤੇ ਮਾਲੱਪਰਾ ਜਾਧਵ ਔਰਤਾਂ 52 ਕਿਲੋਗ੍ਰਾਮ ਭਾਰ ਵਰਗ ਕਾਂਸੇ ਦਾ ਤਗਮਾ ਜਿੱਤਿਆ। ਨਵੀਆਂ ਖੇਡਾਂ ਨੇ ਭਾਰਤ ਨੂੰ ਸੋਨ, ਚਾਂਦੀ, ਕਾਂਸੀ ਦੇ ਤਗਮੇ ਦਿਵਾਏ। ਸਾਲ 2014 ਵਿਚ ਦੱਖਣੀ ਕੋਰੀਆ ਵਿਚ ਹੋਈਆਂ ਏਸ਼ਿਆਈ ਖੇਡਾਂ ਵਿਚ 11 ਸੋਨ, 10 ਚਾਂਦੀ, 36 ਕਾਂਸੀ ਦੇ ਤਗਮਿਆਂ ਸਮੇਤ ਕੁੱਲ 51 ਤਗਮੇ ਭਾਰਤੀ ਖਿਡਾਰੀਆਂ ਨੇ ਜਿੱਤੇ ਸਨ। ਉਮੀਦ ਕਰਦੇ ਹਾਂ ਕਿ ਆਉਣ ਵਾਲੇ ਅੰਤਰਾਰਸ਼ਟਰੀ ਟੂਰਨਾਮੈਂਟਾਂ ਵਿਚ ਭਾਰਤੀ ਖਿਡਾਰੀ ਇਸੇ ਤਰ੍ਹਾਂ ਤਗਮੇ ਜਿੱਤਣਗੇ।


-ਮੋਬਾ: 82888-47042


ਖ਼ਬਰ ਸ਼ੇਅਰ ਕਰੋ

ਹੈਰਾਨ ਕਰਨ ਵਾਲਾ ਰਿਹਾ ਕੁੱਕ ਦਾ ਸੰਨਿਆਸ ਲੈਣਾ

ਇੰਗਲੈਂਡ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਤੇ ਸਾਬਕਾ ਕਪਤਾਨ ਐਲੀਸਟਰ ਕੁੱਕ ਨੇ ਸਿਰਫ 33 ਸਾਲ ਦੀ ਉਮਰ 'ਚ ਹੀ ਕ੍ਰਿਕਟ ਨੂੰ ਅਲਵਿਦਾ ਆਖ ਦਿੱਤਾ ਹੈ। ਉਮਰ ਦੇ ਲਿਹਾਜ਼ ਨਾਲ ਉਹ ਬੜੀ ਅਸਾਨੀ ਨਾਲ ਹਾਲੇ 3-4 ਸਾਲ ਖੇਡ ਸਕਦਾ ਸੀ। ਟੈਸਟ ਮੈਚਾਂ 'ਚ ਉਹ ਵਿਸ਼ਵ ਰਿਕਾਰਡ ਆਪਣੇ ਨਾਂਅ ਲਿਖਵਾ ਕੇ ਬੈਠੇ ਭਾਰਤ ਦੇ ਮਾਸਟਰ-ਬਲਾਸਟਰ ਸਚਿਨ ਤੇਂਦੁਲਕਰ ਦੇ ਰਿਕਾਰਡ ਤੋਂ ਕੋਈ ਬਹੁਤਾ ਜ਼ਿਆਦਾ ਪਿਛਾਂਹ ਨਹੀਂ ਸੀ। ਉਹ ਇਸ ਵੇਲੇ ਸਚਿਨ ਦੇ ਰਿਕਾਰਡ ਨੂੰ ਬਹੁਤ ਵੱਡੀ ਚੁਣੌਤੀ ਦੇ ਰਿਹਾ ਸੀ। ਭਾਵੇਂ ਦੌੜਾਂ ਦੇ ਹਿਸਾਬ ਨਾਲ ਉਹ ਛੇਵੇਂ ਨੰਬਰ 'ਤੇ ਹੈ ਪਰ ਵਿਚੋਂ ਕਈ ਖਿਡਾਰੀ ਹੁਣ ਮੈਦਾਨ 'ਚ ਸਰਗਰਮ ਨਹੀਂ ਹਨ।
ਭਾਰਤ ਦੇ ਸਚਿਨ ਤੇਂਦੁਲਕਰ ਨੇ ਟੈਸਟ ਅਤੇ ਇਕ-ਦਿਨਾ ਮੈਚਾਂ ਦੇ ਨਾਲ-ਨਾਲ ਟੀ-20 ਮੈਚਾਂ 'ਚ ਵੀ ਆਪਣਾ ਰੁਤਬਾ ਕਾਇਮ ਕੀਤਾ ਸੀ। ਉਸ ਦੇ ਰਿਕਾਰਡ ਨੂੰ ਤੋੜਨਾ ਜੇ ਅਸੰਭਵ ਨਹੀਂ ਤਾਂ ਮੁਸ਼ਕਿਲ ਜ਼ਰੂਰ ਹੈ, ਖਾਸ ਕਰਕੇ ਟੈਸਟ ਮੈਚਾਂ 'ਚ। ਟੈਸਟ ਮੈਚ ਹੁਣ ਬਹੁਤ ਹੀ ਘੱਟ ਖੇਡੇ ਜਾ ਰਹੇ ਹਨ,ਇਸ ਲਈ 200 ਦੇ ਲਗਪਗ ਟੈਸਟ ਖੇਡਣ ਦਾ ਮਤਲਬ ਹੈ ਕਿ ਲਗਾਤਾਰ ਟੀਮ 'ਚ ਬਣੇ ਰਹਿਣਾ ਅਤੇ ਸੈਂਕੜੇ ਠੋਕਦੇ ਰਹਿਣਾ। ਸਚਿਨ ਨੇ 200 ਟੈਸਟ ਮੈਚਾਂ 'ਚ 15,921 ਦੌੜਾਂ ਬਣਾਈਆਂ ਸਨ, ਜਿਸ ਦੌਰਾਨ ਉਸ ਨੇ 51 ਸੈਂਕੜੇ ਵੀ ਠੋਕੇ। ਕੁੱਕ 160 ਟੈਸਟ ਮੈਚਾਂ ਦੌਰਾਨ 12,254 ਦੌੜਾਂ ਬਣਾ ਚੁੱਕਾ ਹੈ ਤੇ 32 ਸੈਂਕੜੇ ਵੀ ਉਸ ਦੇ ਨਾਂਅ ਹਨ।
ਕੁੱਕ ਨੇ 2006 'ਚ ਟੈਸਟ ਮੈਚ ਖੇਡਣੇ ਸ਼ੁਰੂ ਕੀਤੇ ਸਨ। ਭਾਰਤ ਵਿਰੁੱਧ ਹੀ ਉਸ ਨੇ ਪਹਿਲਾ ਮੈਚ ਖੇਡਿਆ ਸੀ, ਜਿਸ ਵਿਚ ਉਸ ਨੇ 60 ਤੇ 104 ਦੌੜਾਂ ਦੀ ਪਾਰੀ ਖੇਡੀ ਸੀ। ਉਹ ਇਸ ਵੇਲੇ ਇੰਗਲੈਂਡ ਵਲੋਂ ਸਭ ਤੋਂ ਵੱਧ ਟੈਸਟ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਹਨ। ਹਮੇਸ਼ਾ ਫਾਰਮ 'ਚ ਰਹਿਣ ਵਾਲਾ ਇਹ ਬੱਲੇਬਾਜ਼ ਮੈਦਾਨ 'ਤੇ ਹਮੇਸ਼ਾ ਜਵਾਨ ਹੀ ਨਜ਼ਰ ਆਇਆ। ਮੌਜੂਦਾ ਚੱਲ ਰਹੀ ਟੈਸਟ ਲੜੀ 'ਚ ਉਸ ਦੀ ਫਾਰਮ ਨਹੀਂ ਰਹੀ ਸੀ। ਉਹ ਸੰਨਿਆਸ ਦਾ ਐਲਾਨ ਕਰਨ ਵੇਲੇ ਇਸ ਲੜੀ ਦੇ 4 ਮੈਚਾਂ 'ਚ ਸਿਰਫ 109 ਦੌੜਾਂ ਹੀ ਬਣਾ ਸਕਿਆ ਸੀ। ਆਪਣੇ ਪ੍ਰਦਰਸ਼ਨ 'ਤੇ ਉਸ ਅੰਦਰ ਕਿੰਨੀ ਕੁ ਨਮੋਸ਼ੀ ਛਾਈ ਹੋਵੇਗੀ ਕਿ ਉਸ ਨੇ ਟੈਸਟ ਕ੍ਰਿਕਟ ਨੂੰ ਹੀ ਅਲਵਿਦਾ ਕਹਿਣ ਦਾ ਫੈਸਲਾ ਕਰ ਲਿਆ। ਵੈਸੇ ਤਾਂ ਭਰਿਆ ਮੇਲਾ ਹੀ ਛੱਡਣਾ ਬਿਹਤਰ ਹੁੰਦਾ ਹੈ ਪਰ ਜਦੋਂ ਤੁਹਾਡੇ ਅੰਦਰ ਕ੍ਰਿਕਟ ਹਾਲੇ ਬਾਕੀ ਹੋਵੇ, ਵਿਸ਼ਵ ਰਿਕਾਰਡ ਦੇ ਤੁਸੀਂ ਨਜ਼ਦੀਕ ਹੋਵੋ, ਟੀਮ 'ਚ ਤੁਹਾਡੀ ਥਾਂ ਪੱਕੀ ਹੋਵੇ ਤਾਂ 3-4 ਸਾਲ ਹੋਰ ਖੇਡ ਕੇ ਆਪਣੇ ਤੇ ਆਪਣੇ ਦੇਸ਼ ਦੇ ਨਾਂਅ ਰਿਕਾਰਡ ਲਿਖਵਾ ਦਿੰਦੇ ਤਾਂ ਕੋਈ ਹਰਜ਼ ਵੀ ਨਹੀਂ ਸੀ। ਲੰਬੇ ਟੈਸਟ ਜੀਵਨ 'ਚ ਉਤਰਾਅ-ਚੜ੍ਹਾਅ ਸੰਭਵ ਹੈ, ਇਸ ਲਈ ਇਕਦਮ ਮੈਦਾਨ ਛੱਡ ਜਾਣਾ ਵੀ ਕੋਈ ਬਹੁਤ ਵੱਡੀ ਸਿਆਣਪ ਨਹੀਂ। ਪਰ ਇਹ ਪ੍ਰੋਫੈਸ਼ਨਲ ਟੀਮਾਂ ਦਾ ਸਿਸਟਮ ਹੀ ਐਸਾ ਹੈ ਕਿ ਜਾਂ ਤਾਂ ਉਹ ਆਪ ਹੀ ਖਿਡਾਰੀ ਨੂੰ ਟੀਮ 'ਚੋਂ ਬਾਹਰ ਦਾ ਰਸਤਾ ਦਿਖਾ ਦਿੰਦੇ ਹਨ ਜਾਂ ਫਿਰ ਹਾਲਾਤ ਹੀ ਅਜਿਹੇ ਬਣਾ ਦਿੰਦੇ ਹਨ ਕਿ ਖਿਡਾਰੀ ਆਪ ਹੀ ਮੈਦਾਨ ਛੱਡ ਜਾਵੇ। ਜੇ ਕਿਧਰੇ ਇਹ ਖਿਡਾਰੀ ਭਾਰਤੀ ਟੀਮ 'ਚ ਹੁੰਦਾ ਤਾਂ ਇਸ ਨੂੰ ਵਿਸ਼ਵ ਰਿਕਾਰਡ ਬਣਾਉਣ ਤੋਂ ਕੋਈ ਨਾ ਰੋਕਦਾ। ਜਿਸ ਨੇ ਐਨੇ ਸਾਲ ਕੌਮੀ ਟੀਮ ਦੀ ਸੇਵਾ ਕੀਤੀ ਹੋਵੇ, ਉਸ ਨੂੰ ਸਪੋਰਟ ਕਰਨਾ ਤਾਂ ਬਣਦਾ ਹੀ ਹੈ। ਰਿੱਕੀ ਪੋਂਟਿੰਗ ਵੀ ਤਾਂ ਵਿਸ਼ਵ ਰਿਕਾਰਡ ਦੇ ਲਾਗੇ ਹੀ ਸੀ ਪਰ ਕਿਸੇ ਨੇ ਪ੍ਰਵਾਹ ਨਹੀਂ ਕੀਤੀ। ਵੈਸੇ ਚਾਹੀਦਾ ਤਾਂ ਇਹ ਹੈ ਕਿ ਟੀਮ 'ਚ ਉਸ ਨੂੰ ਹੀ ਥਾਂ ਮਿਲੇ, ਜਿਸ ਦਾ ਮੌਜੂਦਾ ਪ੍ਰਦਰਸ਼ਨ ਵਧੀਆ ਹੋਵੇ ਪਰ ਕਿਸੇ ਪੱਧਰ 'ਤੇ ਜਾ ਕੇ ਥੋੜ੍ਹਾ ਲਿਹਾਜ਼ ਵੀ ਕੀਤਾ ਜਾ ਸਕਦਾ ਹੈ।
ਇਸ ਤੋਂ ਪਹਿਲਾਂ ਕਿ ਇੰਗਲੈਂਡ ਦੇ ਚੋਣ ਕਰਤਾ ਕੁੱਕ ਨੂੰ ਬਾਹਰ ਕਰਦੇ, ਉਸ ਨੇ ਆਪ ਹੀ ਸੰਨਿਆਸ ਦਾ ਐਲਾਨ ਕਰ ਦਿੱਤਾ। ਇੰਗਲੈਂਡ ਨੂੰ ਮਹੱਤਵਪੂਰਨ ਜਿੱਤਾਂ ਦਿਵਾਉਣ ਵਾਲੇ ਕੁੱਕ ਦਾ ਇਹ ਫੈਸਲਾ ਇਸੇ ਕਰਕੇ ਹੀ ਹੈਰਾਨ ਕਰਨ ਵਾਲਾ ਹੈ। ਭਾਵੇਂ ਕਿ ਉਸ ਨੇ ਸੰਨਿਆਸ ਤੋਂ ਬਾਅਦ ਕੀ ਕਰਨਾ ਹੈ, ਇਸ ਬਾਰੇ ਕੋਈ ਗੱਲ ਨਹੀਂ ਕੀਤੀ ਪਰ ਲਗਦਾ ਹੈ ਕਿ ਕ੍ਰਿਕਟ ਨੂੰ ਪਿਆਰ ਕਰਨ ਵਾਲਾ ਇਹ ਸ਼ਖ਼ਸ ਚੁੱਪਚਾਪ ਘਰ ਨਹੀਂ ਜਾ ਕੇ ਬਹਿ ਜਾਵੇਗਾ, ਸਗੋਂ ਇਹ ਅੰਗਰੇਜ਼ ਖਿਡਾਰੀਆਂ ਨੂੰ ਨਿਖਾਰਨ ਦੀ ਕਿਸੇ ਨਾ ਕਿਸੇ ਭੂਮਿਕਾ 'ਚ ਜ਼ਰੂਰ ਨਜ਼ਰ ਆਵੇਗਾ।


-63, ਪ੍ਰੋਫੈਸਰ ਕਾਲੋਨੀ, ਰਾਮਾ ਮੰਡੀ, ਜਲੰਧਰ।
ਮੋਬਾ: 98141-32420

ਏਸ਼ਿਆਈ ਖੇਡਾਂ

ਜਦੋਂ ਦੂਜੀ ਵਾਰ ਭਾਰਤ ਨੇ ਬੈਂਕਾਕ ਵਿਚ ਏਸ਼ਿਆਈ ਹਾਕੀ ਜਿੱਤੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਇਸ ਟੂਰਨਾਮੈਂਟ ਦੇ ਇਨ੍ਹਾਂ ਸਾਰੇ ਮੈਚਾਂ ਦੀਆਂ ਵੀਡੀਓ ਰਿਕਾਰਡਿੰਗਜ਼ ਦਾ ਜੇ ਅੱਜ ਵੀ ਗਹੁ ਨਾਲ ਅਧਿਐਨ ਕੀਤਾ ਜਾਵੇ ਤਾਂ ਕੁਝ ਗੱਲਾਂ ਬੜੇ ਸਪੱਸ਼ਟ ਰੂਪ ਵਿਚ ਉਘੜ ਕੇ ਸਾਹਮਣੇ ਆਉਂਦੀਆਂ ਹਨ। ਪਹਿਲੀ ਤਾਂ ਇਹ ਹੈ ਕਿ ਹਰ ਇਕ ਮੈਚ 'ਚ ਧਨਰਾਜ ਪਿੱਲੇ ਦਾ ਰੋਲ ਕਾਫੀ ਵਧੀਆ ਰਿਹਾ। ਪਰ ਮੈਂ ਸਮਝਦਾ ਹਾਂ ਕਿ ਇਸ ਦੇ ਨਾਲ-ਨਾਲ ਬਲਜੀਤ ਸਿੰਘ ਢਿੱਲੋਂ ਅਤੇ ਮੁਹੰਮਦ ਰਿਆਜ਼ ਨੇ ਜਿਸ ਖੂਬਸੂਰਤ ਖੇਡ ਦਾ ਮੁਜ਼ਾਹਰਾ ਕੀਤਾ, ਉਸ ਨੇ ਵਿਸ਼ਵ ਭਰ ਦੇ ਹਾਕੀ ਪ੍ਰੇਮੀਆਂ ਦਾ ਮਨ ਜਿੱਤਿਆ। ਰਮਨਦੀਪ ਗਰੇਵਾਲ ਨੇ ਵੀ ਆਪਣੀ ਖੇਡ ਚਮਕ ਨਾਲ ਕਈ ਦਿਨ ਭਾਰਤੀ ਹਾਕੀ ਨੂੰ ਰੁਸ਼ਨਾਈ ਰੱਖਿਆ। ਮਿਡਫੀਲਡ 'ਚ ਬਲਜੀਤ ਸਿੰਘ ਸੈਣੀ ਅਤੇ ਅਨਿਲ ਐਲਡਰਿਨ ਨੇ ਨਿਹਾਇਤ ਵਧੀਆ ਰੱਖਿਆਤਮਕ ਖਿਡਾਰੀ ਹੋਣ ਦਾ ਸਬੂਤ ਦਿੱਤਾ। ਜ਼ਿਕਰਯੋਗ ਹੈ ਕਿ ਧਨਰਾਜ ਪਿੱਲੇ ਤੋਂ ਬਾਅਦ ਭਾਰਤੀ ਟੀਮ ਵਲੋਂ ਜਿਸ ਪੰਜਾਬ ਦੇ ਜਾਂਬਾਜ਼ ਹਾਕੀ ਖਿਡਾਰੀ ਨੇ ਸਭ ਤੋਂ ਵੱਧ ਗੋਲ ਕੀਤੇ, ਉਹ ਬਲਜੀਤ ਢਿੱਲੋਂ ਸੀ। ਉਨ੍ਹਾਂ ਦੇ 6 ਖੂਬਸੂਰਤ ਗੋਲ ਸਨ।
9-0 ਦੀ ਵੱਡੀ ਜਿੱਤ ਨਾਲ ਭਾਰਤੀਆਂ ਨੇ ਬੈਂਕਾਕ ਏਸ਼ੀਅਨ ਹਾਕੀ 'ਚ ਸਿੰਗਾਪੁਰ ਦੀ ਟੀਮ ਦੇ ਖਿਲਾਫ ਧਮਾਕੇਦਾਰ ਸ਼ੁਰੂਆਤ ਕੀਤੀ। ਸਿੰਗਾਪੁਰ ਦੀ ਟੀਮ ਭਾਰਤੀ ਕੋਚ ਪੀ. ਏ. ਰੈਫਲ ਦੇ ਮਾਰਗ ਦਰਸ਼ਨ 'ਚ ਖੇਡੀ। ਜ਼ਿਕਰਯੋਗ ਹੈ ਕਿ ਭਾਰਤੀ ਕਪਤਾਨ ਪਿੱਲੇ ਦੀ ਸਟਿਕ ਨੇ ਆਪਣਾ ਸਾਰਾ ਗੁੱਸਾ ਜਿਵੇਂ ਸਿੰਗਾਪੁਰੀਆਂ ਦੇ ਖਿਲਾਫ ਹੀ ਕੱਢ ਮਾਰਿਆ। ਉਨ੍ਹਾਂ ਦੀ ਸਟਿੱਕ 'ਚੋਂ 4 ਗੋਲ ਨਿਕਲੇ। ਇਸ ਤੋਂ ਬਾਅਦ ਬੰਗਲਾਦੇਸ਼ ਦੀ ਟੀਮ ਦੇ ਵਿਰੁੱਧ ਭਾਰਤੀਆਂ ਨੇ ਸਨਸਨੀਖੇਜ਼ ਖੇਡ ਦਾ ਪ੍ਰਦਰਸ਼ਨ ਕੀਤਾ। 7-0 ਨਾਲ ਇਹ ਮੈਚ ਭਾਰਤ ਨੇ ਜਿੱਤਿਆ ਪਰ ਦੱਸਦਾ ਜਾਵਾਂ ਕਿ ਇਸ ਤੋਂ ਪਹਿਲਾਂ ਬੰਗਲਾਦੇਸ਼ ਦੀ ਟੀਮ ਵੀ ਭਾਰਤ ਲਈ ਕੁਝ ਔਖੀ ਸੀ। ਏਸ਼ੀਅਨ ਗੇਮਜ਼ ਤੋਂ ਪਹਿਲਾਂ ਚਾਰ ਦੇਸ਼ਾ ਹਾਕੀ ਟੂਰਨਾਮੈਂਟ 'ਚ ਭਾਰਤ ਮੁਸ਼ਕਿਲ ਨਾਲ ਦੋ ਗੋਲ ਹੀ ਉਨ੍ਹਾਂ ਵਿਰੁੱਧ ਕਰ ਸਕਿਆ। ਬਲਜੀਤ ਸਿੰਘ ਢਿੱਲੋਂ ਦਾ ਯੋਗਦਾਨ ਇਥੇ ਬੈਂਕਾਕ ਵਾਲੀ ਜਿੱਤ 'ਚ ਮਹੱਤਵਪੂਰਨ ਸੀ। ਭਾਰਤੀਆਂ ਦਾ ਅਗਲਾ ਮੈਚ ਚੀਨ ਦੇ ਵਿਰੁੱਧ ਸੀ ਜੋ ਭਾਰਤ ਮੁਸ਼ਕਿਲ ਨਾਲ 2-1 ਨਾਲ ਜਿੱਤ ਸਕਿਆ। ਮੈਂ ਸਮਝਦਾ ਹਾਂ ਕਿ ਇਹ ਮੈਚ ਭਾਰਤੀ ਸ਼ਕਤੀ ਦਾ ਅਸਲੀ ਇਮਤਿਹਾਨ ਸੀ। ਮੁਕੇਸ਼ ਕੁਮਾਰ ਦੇ ਜੇਤੂ ਗੋਲ ਦੀ ਬਦੌਲਤ ਭਾਰਤ ਸੈਮੀਫਾਈਨਲ 'ਚ ਪਹੁੰਚਿਆ। ਭਾਰਤ ਦਾ ਆਖਰੀ ਲੀਗ ਮੈਚ ਦੱਖਣੀ ਕੋਰੀਆ ਨਾਲ ਸੀ ਪਰ ਇਹ ਕੋਈ ਬਹੁਤੀ ਦਿਲਚਸਪੀ ਵਾਲਾ ਮੈਚ ਨਹੀਂ ਸੀ, ਕਿਉਂਕਿ ਉਦੋਂ ਇਹ ਦੋਵੇਂ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰ ਚੁੱਕੀਆਂ ਸਨ ਪਰ ਇਸ ਮੈਚ ਦੀ ਮਹੱਤਵਪੂਰਨ ਗੱਲ ਇਹ ਸੀ ਕਿ ਜੇਤੂ ਟੀਮ ਦੂਜੇ ਪੂਲ ਦੀ ਸਿਖਰਲੀ ਟੀਮ ਪਾਕਿਸਤਾਨ ਨਾਲ ਟੱਕਰ ਤੋਂ ਬਚ ਸਕਦੀ ਸੀ, ਜੋ ਕਿ ਇਸ ਟੂਰਨਾਮੈਂਟ ਨੂੰ ਸਭ ਤੋਂ ਵੱਧ ਵਾਰ ਜਿੱਤਣ ਵਾਲੀ ਟੀਮ ਸੀ।
ਬਲਜੀਤ ਢਿੱਲੋਂ ਨੇ ਜੇਤੂ ਸ਼ੁਰੂਆਤ ਕੀਤੀ ਰਿਵਰਸ ਫਲਿੱਕ ਰਾਹੀਂ ਤੇ ਇਕ ਗੋਲ ਮੁਕੇਸ਼ ਨੇ ਕੀਤਾ, ਜੋ ਜੇਤੂ ਗੋਲ ਸਾਬਤ ਹੋਇਆ। ਸੋ, ਸੈਮੀਫਾਈਨਲ ਭਾਰਤ ਤੇ ਜਾਪਾਨ ਵਿਚਕਾਰ ਖੇਡਿਆ ਗਿਆ। ਦੱਸਣਯੋਗ ਹੈ ਕਿ ਇਸ ਮੁਕਾਮ 'ਤੇ ਜਪਾਨ ਹਮੇਸ਼ਾ ਭਾਰਤ ਦਾ ਵਿਰੋਧੀ ਰਿਹਾ ਹੈ ਤੇ ਇਸ ਟੂਰਨਾਮੈਂਟ 'ਚ ਵੀ ਇਹ ਵਿਰੋਧ ਬਰਕਰਾਰ ਸੀ। ਪਰ ਪਹਿਲੇ ਐਡੀਸ਼ਨਾਂ ਦੀ ਤਰ੍ਹਾਂ ਇਸ ਵਾਰ ਵੀ ਭਾਰਤ ਨੇ ਜਾਪਾਨ ਨੂੰ 3-1 ਨਾਲ ਹਰਾ ਦਿੱਤਾ। ਬਲਜੀਤ ਢਿੱਲੋਂ, ਮੁਕੇਸ਼, ਧਨਰਾਜ ਆਪਣੇ ਗੋਲਾਂ ਕਰਕੇ ਚਰਚਾ 'ਚ ਰਹੇ। ਫਾਈਨਲ ਮੈਚ ਭਾਰਤ ਤੇ ਕੋਰੀਆ ਵਿਚਕਾਰ ਖੇਡਿਆ ਜਾਵੇਗਾ, ਸਭ ਨੂੰ ਇਹੀ ਉਮੀਦ ਸੀ। ਇਹ ਭਾਰਤ ਦਾ ਅੱਠਵਾਂ ਤੇ ਕੋਰੀਆ ਦਾ ਤੀਜਾ ਫਾਈਨਲ ਸੀ। ਕੋਰੀਆ ਤੇ ਭਾਰਤ ਵਿਚਕਾਰ ਫਾਈਨਲ ਮੈਚ ਮੈਂ ਸਮਝਦਾ ਹਾਂ ਇਸ ਟੂਰਨਾਮੈਂਟ ਦਾ ਸਭ ਤੋਂ ਸ਼ਾਨਦਾਰ ਮੈਚ ਸੀ। ਪਹਿਲੇ ਹਾਫ 'ਚ ਯੀਓ ਵੁਨ ਕੋਨ ਦੇ ਗੋਲ ਨੇ ਭਾਰਤ ਨੂੰ ਜ਼ਰਾ ਤੰਗ ਜ਼ਰੂਰ ਕੀਤਾ, ਜੋ ਪਲੈਨਟੀ ਕਾਰਨਰ ਰਾਹੀਂ ਹੋਇਆ। ਕਪਤਾਨ ਕੋਰੀਅਨ ਦੇ ਪਾਰਕ ਸ਼ਿਨ ਦੀ ਟੀਮ ਦੇ ਹੌਸਲੇ ਬੁਲੰਦ ਜ਼ਰੂਰ ਹੋਏ। ਧਨਰਾਜ ਪਿੱਲੇ ਨੇ ਉਨ੍ਹਾਂ ਦੀ ਲੀਡ ਨੂੰ ਆਪਣੇ ਜੇਤੂ ਗੋਲ ਰਾਹੀਂ ਤੋੜਿਆ। ਬਾਅਦ 'ਚ ਕੋਰੀਅਨ ਖਿਡਾਰੀਆਂ ਨੇ ਬਹੁਤ ਹੀ ਸ਼ਾਨਦਾਰ ਖੇਡ ਦਿਖਾਈ। ਬਹੁਤ ਸਾਰੇ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਆਖਰ 'ਚ ਮੈਚ ਭਾਰਤ ਵਲੋਂ ਸੁੰਦਰ ਜਵਾਬੀ ਪ੍ਰਦਰਸ਼ਨ ਦੇ ਸਦਕਾ ਬਰਾਬਰੀ 'ਤੇ ਹੀ ਮੁੱਕਿਆ। ਫੈਸਲਾ ਹਾਰ-ਜਿੱਤ ਲਈ ਟਾਈਬ੍ਰੇਕਰ ਰਾਹੀਂ ਹੋਇਆ। ਆਸ਼ੀਸ਼ ਬਲਾਲ ਭਾਰਤੀ ਗੋਲਕੀਪਰ ਨੇ ਉਸ ਦਿਨ ਭਾਰਤ ਦੀ ਲਾਜ ਰੱਖ ਲਈ। ਉਸ ਨੇ ਕੋਰੀਅਨ ਖਿਡਾਰੀ ਯੂ ਮੂਨ ਕੀ ਅਤੇ ਯੁੰਗ ਜਿਨ ਡੋਗ ਰਾਹੀਂ ਲਗਾਇਆ ਪਸ਼ਾ ਨੂੰ ਖੂਬਸੂਰਤੀ ਨਾਲ ਬਚਾ ਲਿਆ। ਭਾਰਤ ਵਲੋਂ ਮੁਕੇਸ਼, ਬਲਜੀਤ ਢਿੱਲੋਂ, ਮੁਹੰਮਦ ਰਿਆਜ ਅਤੇ ਰਮਨਦੀਪ ਗਰੇਵਾਲ ਸਕੋਰਰ ਰਹੇ। ਇਨ੍ਹਾਂ ਦੀ ਬਦੌਲਤ ਹੀ ਚੈਂਪੀਅਨ ਖਿਤਾਬ ਭਾਰਤੀ ਝੋਲੀ 'ਚ ਪਿਆ।
ਮੈਂ ਸਮਝਦਾ ਹਾਂ ਕਿ ਏਸ਼ੀਅਨ ਖੇਡਾਂ 'ਚ ਸਾਡੀ ਹਾਕੀ ਟੀਮ ਦਾ, ਦੱਖਣੀ ਕੋਰੀਆ ਵਰਗੀ ਟੀਮ ਨੂੰ ਚਾਰ ਦਿਨਾਂ ਦੇ ਵਕਫੇ 'ਚ ਦੋ ਵਾਰ ਹਰਾਉਣਾ ਇਕ ਵੱਡੀ ਪ੍ਰਾਪਤੀ ਸੀ। ਫਾਈਨਲ ਵਿਚ ਕੋਰੀਆ ਨੂੰ ਹਰਾ ਕੇ ਚੈਂਪੀਅਨ ਭਾਰਤ ਸਿਡਨੀ ਉਲੰਪਿਕ ਹਾਕੀ ਲਈ ਸਿੱਧੇ ਤੌਰ 'ਤੇ ਕੁਆਲੀਫਾਈ ਕਰ ਗਿਆ, ਜਦਕਿ ਇਸ ਤੋਂ ਪਹਿਲਾਂ ਭਾਰਤੀ ਟੀਮ ਨੂੰ ਉਲੰਪਿਕ ਹਾਕੀ ਲਈ ਪਹਿਲਾਂ 1991 'ਚ ਆਕਲੈਂਡ ਵਿਖੇ ਕੁਆਲੀਫਾਇੰਗ ਟੂਰਨਾਮੈਂਟ ਖੇਡਣਾ ਪਿਆ ਅਤੇ 1996 'ਚ ਬਾਰਸੀਲੋਨਾ ਵਿਖੇ।
ਦੱਸਦਾ ਜਾਵਾਂ ਕਿ ਉਦੋਂ ਬੈਂਕਾਕ ਵਿਖੇ ਭਾਰਤੀ ਬਰਾਦਰੀ ਵਲੋਂ ਇਹੋ ਜਿਹੀ ਆਪਮੁਹਾਰੀ ਤੇ ਭਾਵੁਕ ਮਦਦ ਮਿਲੀ ਇਨ੍ਹਾਂ ਜੇਤੂ ਹਾਕੀ ਦੇ ਜਾਂਬਾਜ਼ ਭਾਰਤੀ ਖਿਡਾਰੀਆਂ ਨੂੰ ਕਿ ਕਈ ਚਿਰ ਤੱਕ ਉਹ ਆਪਣੇ ਦਿਲ-ਦਿਮਾਗ 'ਚੋਂ ਬੈਂਕਾਕ ਵਿਖੇ ਇਸ ਹਾਕੀ ਮੁਹੱਬਤੀ ਮਾਹੌਲ ਨੂੰ ਭੁਲਾ ਨਹੀਂ ਸਕਣਗੇ। ਮੈਂ ਮਹਿਸੂਸ ਕਰਦਾ ਹਾਂ ਕਿ ਕੋਈ ਵੀ ਟੀਮ, ਚਾਹੇ ਉਹ ਉਲੰਪਿਕ ਜੇਤੂ ਹੋਵੇ, ਚਾਹੇ ਵਿਸ਼ਵ ਕੱਪ ਜੇਤੂ, ਹਰ ਇਕ ਟੂਰਨਾਮੈਂਟ ਉਸ ਲਈ ਉਸ ਦੇ ਵੱਕਾਰ ਤੇ ਇੱਜ਼ਤ ਦਾ ਸਵਾਲ ਹੋਇਆ ਕਰਦੈ ਤੇ ਮੌਜੂਦਾ ਟੂਰਨਾਮੈਂਟ 'ਚ ਜਿੱਤ ਦੀ ਆਪਣੀ ਹੀ ਇਕ ਮਹੱਤਤਾ ਹੁੰਦੀ ਹੈ। ਬੈਂਕਾਕ ਏਸ਼ੀਆਡ ਹਾਕੀ ਦੀ ਇਸ ਮਾਣਮੱਤੀ ਜਿੱਤ ਦਾ ਜ਼ਿਕਰ ਉਦੋਂ ਕਰਨਾ ਹੋਰ ਜ਼ਰੂਰੀ ਬਣਦਾ ਜਦੋਂ ਇੰਡੋਨੇਸ਼ੀਆ ਦੇ ਸ਼ਹਿਰ ਜਕਾਰਤਾ ਵਿਖੇ ਇਸੇ ਸੁਨਹਿਰੀ ਇਤਿਹਾਸ ਦੁਹਰਾਉਣ ਦੀ ਉਮੀਦ ਹੋਵੇ। ਵੇਖੋ ਕੀ ਬਣਦੈ? (ਸਮਾਪਤ)


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਕੌਮਾਂਤਰੀ ਪੱਧਰ 'ਤੇ ਨਾਂਅ ਕਮਾਇਆ ਹੈ ਹਰਿਆਣਾ ਦੀ ਧੀ ਅਰੁਣਾ ਨੇ

'ਅਪਾਹਜ ਹੋਨੇ ਕਾ ਗਮ ਨਹੀਂ, ਬਸ! ਦਿਲ ਮੇਂ ਹੈ ਹਸਰਤ ਪਾਲ ਰੱਖੀ, ਖੇਲ ਕੇ ਮੈਦਾਨ ਮੇਂ ਤਿਰੰਗੀ ਲਹਿਰਾਨੇ ਕੀ।' ਹਰਿਆਣਾ ਪ੍ਰਾਂਤ ਦੀ ਬਹੁਤ ਹੀ ਛੋਟੀ ਉਮਰ ਦੀ ਧੀ ਅਰੁਣਾ ਤੰਵਰ ਨੇ ਛੋਟੀ ਉਮਰ ਵਿਚ ਹੀ ਖੇਡ ਦੇ ਮੈਦਾਨ ਵਿਚ ਉਹ ਮੁਕਾਮ ਹਾਸਲ ਕੀਤਾ ਹੈ, ਜੋ ਸ਼ਾਇਦ ਕਿਸੇ ਹਾਰੇ-ਸਾਰੇ ਦੇ ਵੱਸ ਦਾ ਰੋਗ ਨਹੀਂ। ਹਰਿਆਣਾ ਦੇ ਜ਼ਿਲ੍ਹਾ ਭਿਵਾਨੀ ਦੇ ਪਿੰਡ ਦਿਨੋਡ ਵਿਖੇ ਮਾਤਾ ਸੋਨੀਆ ਤੰਵਰ ਅਤੇ ਪਿਤਾ ਨਰੇਸ਼ ਤੰਵਰ ਦੀ ਲਾਡਲੀ ਅਰੁਣਾ ਨੇ ਜਦ ਜਨਮ ਲਿਆ ਤਾਂ ਉਹ ਜਨਮ ਜਾਤ ਤੋਂ ਹੀ ਹੱਥਾਂ ਤੋਂ ਅਪਾਹਜ ਸੀ ਅਤੇ ਉਸ ਦੇ ਹੱਥ ਬਹੁਤ ਹੀ ਛੋਟੇ ਅਤੇ ਉਂਗਲੀਆਂ ਬਹੁਤ ਹੀ ਛੋਟੀਆਂ ਹਨ ਪਰ ਉਸ ਨੇ ਆਪਣੇ-ਆਪ ਨੂੰ ਕਦੇ ਵੀ ਅਪਾਹਜ ਮਹਿਸੂਸ ਨਹੀਂ ਕੀਤਾ, ਸਗੋਂ ਮਾਣ ਨਾਲ ਆਖਦੀ ਹੈ ਕਿ 'ਅਪਾਹਜ ਨਹੀਂ ਹੂੰ ਮੈਂ ਜਾਂਬਾਜ਼ ਹਾਂ, ਮੈਂ ਅਪਾਹਜਤੋਂ ਕੀ ਨਹੀਂ ਮੰਜ਼ਲੋਂ ਕੀ ਮੁਹਤਾਜ ਹਾਂ।' ਅਰੁਣਾ ਤੰਵਰ ਨੇ ਸਕੂਲ ਵਿਚ ਕਦਮ ਰੱਖਿਆ ਤਾਂ ਪੁਸਤਕਾਂ ਨਾਲ ਹੀ ਦੋਸਤੀ ਨਹੀਂ ਕੀਤੀ, ਸਗੋਂ ਖੇਡ ਨਾਲ ਵੀ ਅਜਿਹੀ ਦੋਸਤੀ ਕੀਤੀ ਕਿ ਅੱਜ ਉਸ ਨੂੰ ਖੇਡ ਤਾਈਕਵਾਂਡੋ ਵਿਚ ਅੰਤਰਰਾਸ਼ਟਰੀ ਖਿਡਾਰਨ ਹੋਣ ਦਾ ਮਾਣ ਹੈ ਅਤੇ ਉਹ ਦੇਸ਼ ਦੀ ਇਕ ਨੰਬਰ ਖਿਡਾਰਨ ਅਤੇ ਪੂਰੇ ਵਿਸ਼ਵ ਵਿਚ ਉਸ ਦਾ ਰੈਂਕ 2 ਹੈ। ਜਦ ਅਰੁਣਾ ਨੇ ਖੇਡ ਦੀ ਸ਼ੁਰੂਆਤ ਕੀਤੀ ਤਾਂ ਭਿਵਾਨੀ ਵਿਚ ਕੋਚ ਰੋਬਨ ਅਤੇ ਕੁਲਦੀਪ ਤੋਂ ਮੁਢਲੀ ਟਰੇਨਿੰਗ ਲਈ ਅਤੇ ਰੋਹਤਕ ਤੋਂ ਉਸ ਨੇ ਤਾਈਕਵਾਂਡੋ ਦਾ ਆਪਣਾ ਸਫ਼ਰ ਸ਼ੁਰੂ ਕੀਤਾ। ਇਕ ਦਿਨ ਉਸ ਦੀ ਮੁਲਾਕਾਤ ਅਥਲੀਟ ਪਰਵਿੰਦਰ ਸਿੰਘ ਬਰਾੜ ਨਾਲ ਹੋਈ ਤਾਂ ਉਸ ਨੇ ਉਸ ਨੂੰ ਪੈਰਾ ਤਾਈਕਵਾਂਡੋ ਦੇ ਬਾਰੇ ਦੱਸਿਆ ਅਤੇ ਉਸ ਨੇ ਪੈਰਾ ਖੇਡਾਂ ਵਿਚ ਤਾਈਕਵਾਂਡੋ ਖੇਡਣੀ ਸ਼ੁਰੂ ਕੀਤੀ ਅਤੇ ਉਸ ਦੇ ਕੋਚ ਸੁਖਦੇਵ ਰਾਜ, ਸਵਰਾਜ ਕੁਮਾਰ ਅਤੇ ਮੈਡਮ ਕਾਜਲ ਨੇ ਉਸ ਦੀ ਪੂਰੀ ਮਦਦ ਕੀਤੀ ਅਤੇ ਅਰੁਣਾ ਆਖਦੀ ਹੈ ਕਿ ਅੱਜ ਉਹ ਜਿਹੜੇ ਮੁਕਾਮ 'ਤੇ ਹੈ, ਉਸ ਪਿੱਛੇ ਉਸ ਦੇ ਕੋਚਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਤੇ ਅੱਜਕਲ੍ਹ ਅਰੁਣਾ ਆਪਣੇ ਅਥਲੈਟਿਕ ਕੋਚ ਅਸ਼ੋਕ ਡੱਲ ਤੋਂ ਟ੍ਰੇਨਿੰਗ ਲੈ ਰਹੀ ਹੈ।
ਅਰੁਣਾ ਤੰਵਰ ਨੇ ਸਾਲ 2017-18 ਵਿਚ ਹੋਈ 15ਵੀਂ ਪੈਰਾ ਤਾਈਕਵਾਂਡੋ ਵਿਚ ਵੀ ਸੋਨ ਤਗਮਾ ਆਪਣੇ ਨਾਂਅ ਕੀਤਾ ਸੀ ਅਤੇ ਏਸ਼ੀਆ ਚੈਂਪੀਅਨਸ਼ਿਪ ਜੋ 24 ਤੋਂ 28 ਮਈ ਵਿਚ ਵੀਅਤਨਾਮ ਵਿਚ ਹੋਈ, ਵਿਚੋਂ ਵੀ ਦੇਸ਼ ਦੇ ਨਾਂਅ ਚਾਂਦੀ ਦਾ ਤਗਮਾ ਜਿੱਤਿਆ। ਕੋਰੀਆ ਵਿਚ ਹੋਈਆਂ ਇੰਟਰਨੈਸ਼ਨਲ ਖੇਡਾਂ ਵਿਚ ਵੀ ਉਸ ਨੇ ਵੱਡੀ ਜਿੱਤ ਦਰਜ ਕਰਦਿਆਂ ਭਾਰਤ ਦੀ ਝੋਲੀ ਸੋਨ ਤਗਮਾ ਪਾਇਆ। ਅਰੁਣਾ ਹੁਣ ਸਾਲ 2020 ਵਿਚ ਟੋਕੀਓ ਵਿਖੇ ਹੋਣ ਜਾ ਰਹੀ ਉਲੰਪਿਕ ਲਈ ਆਪਣਾ ਪਸੀਨਾ ਵਹਾ ਰਹੀ ਹੈ ਅਤੇ ਉਸ ਦਾ ਨਿਸ਼ਾਨਾ ਹੈ ਕਿ ਉਹ ਉਲੰਪਿਕ ਖੇਡਾਂ ਵਿਚ ਜਿੱਤ ਦਰਜ ਕਰਕੇ ਭਾਰਤ ਦੀ ਝੋਲੀ ਇਕ ਵਾਰ ਫਿਰ ਸੋਨ ਤਗਮਾ ਪਾਏਗੀ। ਅਰੁਣਾ ਤੰਵਰ ਦਾ ਪਿਤਾ ਇਕ ਪ੍ਰਾਈਵੇਟ ਡਰਾਈਵਰ ਵਜੋਂ ਕੰਮ ਕਰਕੇ ਆਪਣੀ ਲਾਡਲੀ ਲਈ ਖਾਹਿਸ਼ਮੰਦ ਹੈ ਕਿ ਖੇਡਾਂ ਦੇ ਖੇਤਰ ਵਿਚ ਉਸ ਦੀ ਬੇਟੀ ਨਾਂਅ ਕਮਾਏਗੀ ਪਰ ਬੇਟੀ ਨੇ ਖੇਡਾਂ ਦੇ ਖੇਤਰ ਵਿਚ ਨਾਂਅ ਤਾਂ ਕਮਾ ਲਿਆ ਪਰ ਸਰਕਾਰ ਨੇ ਅਜੇ ਤੱਕ ਉਸ ਦੀਆਂ ਕੀਤੀਆਂ ਪ੍ਰਾਪਤੀਆਂ ਦੀ ਕਦਰ ਨਹੀਂ ਪਾਈ ਅਤੇ ਅਰੁਣਾ ਨੂੰ ਅਜੇ ਤੱਕ ਸਰਕਾਰੇ-ਦਰਬਾਰੇ ਕੋਈ ਮਦਦ ਨਹੀਂ ਮਿਲੀ ਪਰ ਇਸ ਦੇ ਬਾਵਜੂਦ ਵੀ ਅਰੁਣਾ ਆਖਦੀ ਹੈ ਕਿ 'ਸਰਕਾਰੇਂ ਉਨਕੀ ਫ਼ਿਕਰ ਨਹੀਂ ਕਰਤੀ ਔਰ ਨਾ ਕਰਤੀ ਹੈ ਅਵਾਮ ਕੀ, ਪਰ ਹਮੇਂ ਤੋ ਫ਼ਿਕਰ ਹੈ ਭਾਰਤ ਮਾਤਾ ਕੀ ਸ਼ਾਨ ਕੀ।' ਸ਼ਾਲਾ! ਅਰੁਣਾ ਤੰਵਰ ਦੇ ਹੌਸਲੇ ਹੋਰ ਬੁਲੰਦ ਹੋਣ, ਮੇਰੀ ਦੁਆ ਹੈ।


-ਮੋਬਾ: 98551-14484

'ਕਿਯਾਕਿੰਗ ਕਨੋਇੰਗ' ਖੇਡ 'ਚ ਅੰਤਰਾਸ਼ਟਰੀ ਪੱਧਰ ਦੀਆਂ ਪ੍ਰਾਪਤੀਆਂ ਕਰਨ ਵਾਲਾ

ਖਿਡਾਰੀ ਤੇ ਕੋਚ ਅਮਨਦੀਪ ਸਿੰਘ ਖਹਿਰਾ

ਅਮਨਦੀਪ ਸਿੰਘ ਖਹਿਰੇ ਦਾ ਜਨਮ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ 'ਰੋੜ ਖਹਿਰਾ' ਵਿਚ 1986 ਵਿਚ ਹੋਇਆ। ਬਾਰਡਰ ਦਾ ਏਰੀਆ, ਪਿਤਾ ਸਵਰਗਵਾਸੀ ਸਰਦਾਰ ਲਖਵਿੰਦਰ ਸਿੰਘ ਨਾਲ ੳ ਅ ਦੀ ਕੋਈ ਸਾਂਝ ਨਾ ਪੈ ਸਕੀ, ਮਾਤਾ ਚਰਨਜੀਤ ਕੌਰ ਵੀ ਕੇਵਲ ਅੱਠਵੀਂ ਜਮਾਤ ਤੱਕ ਹੀ ਵਿੱਦਿਆ ਦਾ ਪੱਲਾ ਫੜ ਸਕੀ। ਇਸ ਅਢੁੱਕਵੇਂ ਵਾਤਾਵਰਨ ਵਿਚ ਵੀ ਅਮਨਦੀਪ ਨੇ ਉੱਚੀ ਉਡਾਣ ਦੇ ਸੁਪਨੇ ਦੀ ਸੋਚ ਫੜ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦਰਗਾਬਾਦ ਤੋਂ ਬਾਰ੍ਹਵੀਂ ਜਮਾਤ ਪਾਸ ਕਰ ਲਈ।
ਅਮਨਦੀਪ ਨੇ ਆਪਣੇ ਮਾਮੇ ਦੇ ਪੁੱਤਰ ਸੁੱਚਾ ਸਿੰਘ ਦੀ ਸਲਾਹ ਨਾਲ 'ਸ਼ਹੀਦ ਕਾਂਸੀ ਰਾਮ ਸਰੀਰਕ ਸਿੱਖਿਆ ਕਾਲਜ ਭਾਗੂ ਮਾਜਰਾ ਖਰੜ' ਵਿਚ, ਜਿੱਥੇ ਕਿ ਉਹ ਆਪ ਪੜ੍ਹਦਾ ਸੀ, ਬੀ.ਪੀ.ਈ. (ਬੈਚੂਲਰ ਆਫ ਫਿਜ਼ੀਕਲ ਐਜੂਕੇਸ਼ਨ) ਵਿਚ ਦਾਖਲਾ ਲੈ ਲਿਆ। ਅਮਨਦੀਪ ਨੇ ਆਪਣੇ ਇਕ ਚੰਗੇ ਜਾਣਕਾਰ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਕੋਚ ਸਰਦਾਰ ਦਲਬੀਰ ਸਿੰਘ ਕਾਲਾ ਅਫਗਾਨਾ ਅਤੇ ਸ਼ਹੀਦ ਕਾਸ਼ੀ ਰਾਮ ਕਾਲਜ ਸਰੀਰਕ ਸਿੱਖਿਆ ਭਾਗੂ ਮਾਜਰਾ ਖਰੜ ਦੇ ਪ੍ਰਿਸੀਪਲ ਡਾ: ਭੁਪਿੰਦਰ ਸਿੰਘ ਘੁੰਮਣ ਤੋਂ ਸੇਧ ਮੰਗੀ ਤਾਂ ਉਨ੍ਹਾਂ ਨੇ 'ਪਾਣੀ ਵਾਲੀਆਂ ਖੇਡਾਂ' ਵੱਲ ਆਪਣੀ ਸ਼ਕਤੀ ਪਰਖਣ ਦੀ ਸਲਾਹ ਦਿੱਤੀ। ਉਸ ਨੇ 2004 ਵਿਚ ਵਿੱਦਿਆ ਦੇ ਨਾਲ-ਨਾਲ ਸੁਖਨਾ ਝੀਲ ਚੰਡੀਗੜ੍ਹ ਤੋਂ ਆਪਣੀ ਖੇਡ 'ਕਿਯਾਕਿੰਗ ਕਨੋਇੰਗ' ਦਾ ਮੁੱਢ ਬੰਨ੍ਹਿਆ। ਸੱਚੀ ਤੇ ਸੁੱਚੀ ਲਗਨ ਅਤੇ ਕਰੜੀ ਘਾਲਣਾ ਰੱਕੜਾਂ ਨੂੰ ਵੀ ਰੰਗ ਭਾਗ ਲਾ ਦਿੰਦੀ ਹੈ। ਖਹਿਰਾ ਸਾਲ 2008 ਵਿਚ ਸ੍ਰੀਨਗਰ ਵਿਚ ਕਰਵਾਏ ਗਏ 'ਕਿਯਾਕਿੰਗ ਕਨੋਇੰਗ' ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲਿਆਂ ਵਿਚੋਂ 2 ਸੋਨ, 5 ਚਾਂਦੀ ਅਤੇ 1 ਕਾਂਸੀ ਦਾ ਤਗਮਾ ਹਾਸਲ ਕਰਕੇ ਚੈਂਪੀਅਨ ਰਿਹਾ। ਸਾਲ 2007-08 ਵਿਚ ਹੀ 'ਰੋਇੰਗ ਖੇਡ' ਵਿਚੋਂ ਵੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਮੁਕਾਬਲੇ, ਜੋ ਕਿ ਹਿਮਾਚਲ ਵਿਖੇ ਪੌਂਗ ਡੈਮ ਤਲਵਾੜਾ ਵਿਚ ਕਰਵਾਏ ਗਏ, ਵਿਚੋਂ 2 ਸੋਨ, 1 ਚਾਂਦੀ ਦਾ ਤਗਮਾ ਹਾਸਲ ਕੀਤਾ। ਉਸ ਨੇ ਸਾਲ 2009-10 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦਾ ਸਰਵੋਤਮ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ।
ਪੰਜਾਬ ਵਿਚ ਪਾਣੀ ਵਾਲੀਆਂ ਖੇਡਾਂ ਨੂੰ ਹੋਰ ਪ੍ਰਫੁੱਲਤ ਕਰਨ ਲਈ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਵਿਚ ਸਾਲ 2015 ਵਿਚ 'ਸ੍ਰੀ ਗੁਰੂ ਨਾਨਕ ਦੇਵ ਓਪਨ ਸਟੇਟ ਕੈਨੋ ਸਪਰਿੰਟ ਕੱਪ' ਵਿਚ ਕੰਪੀਟੀਸ਼ਨ ਡਾਇਰੈਕਟਰ ਵਜੋਂ ਸੇਵਾ ਨਿਭਾਈ। ਅਮਨਦੀਪ ਸਿੰਘ ਦੀ ਟੀਮ ਨੇ 16 ਤੋਂ 19 ਸਤੰਬਰ, 2016 ਵਿਚ ਪੌਂਗ ਡੈਮ ਤਲਵਾੜਾ ਵਿਖੇ ਹੋਏ ਆਲ ਇੰਡੀਆ ਯੂਨੀਵਰਸਿਟੀ ਟੂਰਨਾਮੈਂਟਾਂ ਵਿਚੋਂ ਮਰਦ ਵਰਗ ਵਿਚ ਪਹਿਲਾ ਤੇ ਔਰਤ ਵਰਗ ਵਿਚ ਦੂਜਾ ਸਥਾਨ ਹਾਸਲ ਕੀਤਾ। ਜਨਵਰੀ, 2017 ਵਿਚ ਖਹਿਰਾ ਨੇ ਇੰਦੌਰ (ਮੱਧ ਪ੍ਰਦੇਸ਼) ਵਿਚ ਹੋਈ 27ਵੀਂ ਕਨੋਇੰਗ ਸਪਰਿੰਟ ਨੈਸ਼ਨਲ ਚੈਂਪੀਅਨਸ਼ਿਪ ਵਿਚ ਬਤੌਰ ਟੈਕਨੀਕਲ ਆਫੀਸ਼ਲ ਦੀ ਡਿਊਟੀ ਨਿਭਾਈ। ਸਾਲ 2017 ਵਿਚ ਹੀ ਅਮਨਦੀਪ ਸਿੰਘ ਨੂੰ ਗੁਰੂ ਵੈਲਫੇਅਰ ਸੁਸਾਇਟੀ ਜਲੰਧਰ ਅਤੇ ਐੱਮ.ਐੱਲ.ਏ. ਬਾਵਾ ਹੈਨਰੀ ਜਲੰਧਰ ਵਲੋਂ ਸਨਮਾਨਿਤ ਕੀਤਾ ਗਿਆ। ਅਮਨਦੀਪ ਸਿੰਘ ਖਹਿਰਾ ਨੂੰ ਉਸ ਵੇਲੇ ਰਾਸ਼ਟਰੀ ਪੱਧਰ 'ਤੇ ਪਹਿਚਾਣ ਮਿਲੀ, ਜਦੋਂ ਸੰਤ ਸੀਚੇਵਾਲ ਵਾਟਰ ਸਪੋਰਟਸ ਸੈਂਟਰ ਸੁਲਤਾਨਪੁਰ ਲੋਧੀ ਵਿਚ 16 ਤੋਂ 18 ਜੂਨ, 2017 ਨੂੰ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਅਤੇ ਚੰਡੀਗੜ੍ਹ ਕਿਯਾਕਿੰਗ ਕਨੋਇੰਗ ਐਸੋਸੀਏਸ਼ਨ ਦੀ ਮਦਦ ਸਦਕਾ ਇੰਡੀਅਨ ਕਿਯਾਕਿੰਗ ਕਨੋਇੰਗ ਐਸੋਸੀਏਸ਼ਨ ਦੀ ਰਹਿਨੁਮਾਈ ਹੇਠ ਆਲ ਇੰਡੀਆ ਓਪਨ ਨੈਸ਼ਨਲ ਚੈਂਪੀਅਨਸ਼ਿਪ ਵਿਚ ਚੀਫ ਕੋਆਰਡੀਨੇਟਰ ਦੀ ਸੇਵਾ ਨਿਭਾਉਣ ਦਾ ਮੌਕਾ ਮਿਲਿਆ ਅਤੇ ਸਾਲ 2018 ਵਿਚ ਹੀ ਅਮਨਦੀਪ ਸਿੰਘ ਦੇ 5 ਖਿਡਾਰੀ ਵਿਸ਼ਵ ਯੂਨੀਵਰਸਿਟੀ ਚੈਂਪੀਅਨਸ਼ਿਪ ਕਨੋਇੰਗ ਸਪਰਿੰਟ ਹੰਗਰੀ (ਯੂਰਪ) ਵਿਚ ਹਿੱਸਾ ਲੈ ਕੇ ਆਏ। ਏਨਾ ਹੀ ਨਹੀਂ, ਅਮਨਦੀਪ ਸਿੰਘ ਖਹਿਰਾ ਨੂੰ ਆਪ ਵੀ ਵਿਸ਼ਵ ਯੂਨੀਵਰਸਿਟੀ ਰੋਇੰਗ ਚੈਂਪੀਅਨਸ਼ਿਪ ਜੋ ਕਿ ਸ਼ਿੰਘਾਈ (ਚੀਨ) ਵਿਖੇ ਹੋਈ, ਬਤੌਰ ਭਾਰਤੀ ਟੀਮ ਦਾ ਕੋਚ ਬਣਨ ਦਾ ਮਾਣ ਪ੍ਰਾਪਤ ਹੋਇਆ।


-ਮ: ਨੰ: ਜੀ-18, ਨੇੜੇ ਦੂਜੀ ਪਾਰਕ, ਭੱਲਾ ਕਾਲੋਨੀ, ਛੇਹਰਟਾ, ਜ਼ਿਲ੍ਹਾ ਅੰਮ੍ਰਿਤਸਰ। ਮੋਬਾ: 98153-57499

ਭਾਰਤੀ ਫੁੱਟਬਾਲ ਦਾ ਰੋਨਾਲਡੋ ਸੁਨੀਲ ਛੇਤਰੀ

ਭਾਰਤੀ ਫੁੱਟਬਾਲ 'ਚ ਸੁਨੀਲ ਛੇਤਰੀ ਕੋਈ ਨਵਾਂ ਨਾਂਅ ਨਹੀਂ ਹੈ ਪਰ ਉਸ ਦਾ ਬੇਜੋੜ ਖੇਡ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ ਹੈ। ਵਿਸ਼ਵ ਫੁੱਟਬਾਲ ਮੰਚ 'ਤੇ ਸੁਨੀਲ ਛੇਤਰੀ ਜਿਥੇ ਇਕ ਚਰਚਿਤ ਨਾਂਅ ਹੈ, ਉਥੇ ਉਹ ਭਾਰਤੀ ਫੁੱਟਬਾਲ ਦਾ ਵੀ ਸੁਰਖ ਸਿਤਾਰਾ ਹੈ। ਨਿਪਾਲੀ ਮੂਲ ਦਾ ਇਹ ਪ੍ਰਸਿੱਧ ਭਾਰਤੀ ਫੁੱਟਬਾਲਰ ਬੰਗਲੂਰੁ ਫੁੱਟਬਾਲ ਕਲੱਬ ਲਈ ਖੇਡਦਾ ਹੈ ਅਤੇ ਉਹ ਇਸ ਸਮੇਂ ਭਾਰਤੀ ਫੁੱਟਬਾਲ ਟੀਮ ਦਾ ਕਪਤਾਨ ਵੀ ਹੈ, ਉਸ ਦੀ ਕਪਤਾਨੀ 'ਚ ਭਾਰਤੀ ਫੁੱਟਬਾਲ ਦਾ ਸਭ ਤੋਂ ਵੱਡਾ ਹਾਸਲ ਇਹ ਹੈ ਕਿ ਇਸ ਵਕਤ ਭਾਰਤੀ ਫੁੱਟਬਾਲ ਵਿਸ਼ਵ ਦਰਜਾਬੰਦੀ 'ਚ 98ਵੇਂ ਸਥਾਨ 'ਤੇ ਹੈ, ਜੋ ਪਿਛਲੇ ਦੋ ਦਹਾਕਿਆਂ ਤੋਂ ਸਭ ਤੋਂ ਬਿਹਤਰ ਰੈਂਕਿੰਗ ਹੈ।
ਸੁਨੀਲ ਛੇਤਰੀ ਦਾ ਜਨਮ 3 ਅਗਸਤ, 1984 ਨੂੰ ਸਿਕੰਦਰਾਬਾਦ (ਆਂਧਰਾ ਪ੍ਰਦੇਸ਼) 'ਚ ਹੋਇਆ। ਫੁੱਟਬਾਲ ਛੇਤਰੀ ਨੂੰ ਵਿਰਾਸਤ 'ਚ ਮਿਲਿਆ। ਉਸ ਦੀ ਮਾਂ ਅਤੇ ਉਸ ਦੀਆਂ ਦੋ ਭੈਣਾਂ ਨਿਪਾਲ ਵਲੋਂ ਖੇਡਦੀਆਂ ਸਨ। ਉਸ ਦੇ ਪਿਤਾ ਭਾਰਤੀ ਸੈਨਾ ਦੇ ਗੋਰਖਾ ਰੈਜਮੈਂਟ 'ਚ ਨੌਕਰੀ ਕਰਦੇ ਸਨ। 17 ਸਾਲ ਦੀ ਉਮਰ 'ਚ ਸੰਨ 2002 'ਚ ਸੁਨੀਲ ਛੇਤਰੀ ਨੇ ਆਪਣੇ ਫੁੱਟਬਾਲ ਦੇ ਕੈਰੀਅਰ ਦੀ ਸ਼ੁਰੂਆਤ ਦਿੱਲੀ ਦੇ ਆਰਮੀ ਪਬਲਿਕ ਸਕੂਲ ਤੋਂ ਕੀਤੀ ਪਰ ਇਕ ਸਾਲ ਬਾਅਦ ਹੀ ਉਸ ਦੀ ਪ੍ਰਤਿਭਾ ਨੂੰ ਪਹਿਚਾਣਦਿਆਂ ਮੋਹਣ ਬਾਗਾਨ ਕੋਲਕਾਤਾ ਨੇ ਆਪਣੀ ਟੀਮ 'ਚ ਸ਼ਾਮਿਲ ਕਰ ਲਿਆ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਾ ਦੇਖਿਆ।
ਵਰਤਮਾਨ ਸਮੇਂ ਭਾਰਤੀ ਟੀਮ ਦੇ ਕਪਤਾਨ ਸੁਨੀਲ ਛੇਤਰੀ ਦੀ ਵਿਸ਼ਵ ਫੁੱਟਬਾਲ ਗਲਿਆਰਿਆਂ ਵਿਚ ਖੂਬ ਚਰਚਾ ਹੋ ਰਹੀ ਹੈ। ਭਾਰਤ ਦੇ ਦਿੱਗਜ਼ ਫੁੱਟਬਾਲਰ ਅਤੇ ਕਪਤਾਨ ਨੂੰ ਉਸ ਦੇ 34ਵੇਂ ਜਨਮ ਦਿਨ 'ਤੇ 'ਏਸ਼ੀਅਨ ਆਈਕਨ' ਦੇ ਨਾਂਅ ਨਾਲ ਨਿਵਾਜਿਆ ਗਿਆ। ਉਸ ਦੀ ਤੁਲਨਾ ਵਿਸ਼ਵ ਦੇ ਨਾਮੀ ਖਿਡਾਰੀਆਂ ਨਾਲ ਕੀਤੀ ਜਾਂਦੀ ਹੈ। ਏਸ਼ੀਆਈ ਫੁੱਟਬਾਲ ਦੇ ਮਹਾਨ ਖਿਡਾਰੀਆਂ 'ਚ ਨਾਂਅ ਦਰਜ ਕਰਾਉਣ ਵਾਲੇ ਛੇਤਰੀ ਨੂੰ ਇਕ ਖਤਰਨਾਕ ਸਟਰਾਈਕਰ ਵਜੋਂ ਜਾਣਿਆ ਜਾਂਦਾ ਹੈ। ਪਿਛਲੇ ਦਿਨੀਂ ਉਸ ਨੇ ਇਹ ਸਾਬਤ ਵੀ ਕਰ ਦਿਖਾਇਆ। 101 ਮੁਕਾਬਲਿਆਂ 'ਚ 64 ਗੋਲ ਦਾਗਣ ਵਾਲੇ ਸੁਨੀਲ ਛੇਤਰੀ ਮੌਜੂਦਾ ਸਮੇਂ ਵਿਚ ਏਸ਼ੀਆਈ ਖਿੱਤੇ ਵਿਚ ਸਭ ਤੋਂ ਜ਼ਿਆਦਾ ਗੋਲ ਕਰਨ ਵਾਲੇ ਖਿਡਾਰੀ ਹਨ, ਜਦਕਿ ਵਿਸ਼ਵ ਵਿਚ ਉਹ ਕ੍ਰਿਸਟਿਆਨੋ ਰੋਨਾਲਡੋ ਅਤੇ ਲਿਊਨਲ ਮੈਸੀ ਤੋਂ ਬਾਅਦ ਤੀਜੇ ਨੰਬਰ 'ਤੇ ਹਨ।
ਸੁਨੀਲ ਛੇਤਰੀ ਨੇ ਆਪਣੇ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ 2005 'ਚ ਪਾਕਿਸਤਾਨ ਵਿਰੁੱਧ ਖੇਡਦਿਆਂ ਕੀਤੀ। ਉਸ ਨੇ ਕੌਮਾਂਤਰੀ ਮੁਕਾਬਲਿਆਂ ਵਿਚ ਪਹਿਲਾ ਗੋਲ 20 ਸਾਲ ਦੀ ਉਮਰ ਵਿਚ ਕੀਤਾ। ਸੰਨ 2007 'ਚ ਉਸ ਨੇ ਅੰਤਰਰਾਸ਼ਟਰੀ ਟੂਰਨਾਮੈਂਟ ਨਹਿਰੂ ਕੱਪ 'ਚ ਖੇਡਦਿਆਂ ਪੰਜ ਮੈਚਾਂ 'ਚ ਚਾਰ ਗੋਲ ਕੀਤੇ, ਇਸੇ ਸਾਲ ਕੰਬੋਡੀਆ ਵਿਰੁੱਧ ਕੀਤੇ ਦੋ ਗੋਲਾਂ ਨੇ ਰਾਤੋ-ਰਾਤ ਉਸ ਨੂੰ ਹੀਰੋ ਬਣਾ ਦਿੱਤਾ। ਸੰਨ 2008 'ਚ ਸੁਨੀਲ ਛੇਤਰੀ ਨੇ ਤਜਾਕਿਸਤਾਨ ਵਿਰੁੱਧ ਤਿੰਨ ਗੋਲ ਦਾਗੇ, ਜਿਸ ਦੀ ਬਦੌਲਤ ਭਾਰਤ ਨੇ 27 ਸਾਲ ਬਾਅਦ ਏ. ਐਫ. ਸੀ., ਏਸ਼ੀਅਨ ਕੱਪ ਲਈ ਕੁਆਲੀਫਾਈ ਕੀਤਾ। ਸੰਨ 2010-11 ਸੁਨੀਲ ਛੇਤਰੀ ਲਈ ਉਸ ਦੇ ਕੈਰੀਅਰ ਦਾ ਨਵਾਂ ਮੋੜ ਸਾਬਤ ਹੋਇਆ। ਇਸ ਵਰ੍ਹੇ ਉਸ ਨੂੰ ਕੰਨਸਾਸ ਸਿਟੀ ਵਿਜਾਰਡ (ਪੁਰਤਗਾਲ) ਫੁੱਟਬਾਲ ਲੀਗ ਨੇ ਆਪਣੀ ਟੀਮ 'ਚ ਸ਼ਾਮਿਲ ਕਰ ਲਿਆ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਵਿਦੇਸ਼ 'ਚ ਪੇਸ਼ੇਵਰ ਲੀਗ ਖੇਡਣ ਵਾਲੇ ਉਹ ਦੂਜੇ ਭਾਰਤੀ ਖਿਡਾਰੀ ਬਣੇ। ਸੰਨ 2013 'ਚ ਪੁਰਤਗਾਲੀ ਕਲੱਬ ਨਾਲੋਂ ਤੋੜ ਕੇ ਉਸ ਨੇ ਬੰਗਲੂਰੂ ਫੁੱਟਬਾਲ ਕਲੱਬ ਨਾਲ ਨਾਤਾ ਜੋੜ ਲਿਆ, ਜਿਸ ਵਿਚ 23 ਮੈਚ ਖੇਡਦਿਆਂ ਉਸ ਨੇ 14 ਗੋਲ ਕੀਤੇ। ਸੰਨ 2017 'ਚ ਕਿਰਗਿਸਤਾਨ ਵਿਰੁੱਧ 69ਵੇਂ ਮਿੰਟ 'ਚ ਗੋਲ ਦਾਗ ਕੇ ਛੇਤਰੀ ਨੇ ਨਵਾਂ ਇਤਿਹਾਸ ਸਿਰਜਿਆ। ਇਸੇ ਪ੍ਰਾਪਤੀ ਨਾਲ ਜਿਥੇ ਭਾਰਤ ਵਿਸ਼ਵ ਰੈਂਕਿੰਗ 'ਚ ਟਾਪ 100 'ਚ ਸ਼ਾਮਿਲ ਹੋਇਆ, ਉਥੇ ਭਾਰਤ ਨੇ 2019 ਏਸ਼ੀਆ ਕੱਪ ਲਈ ਵੀ ਕੁਆਲੀਫਾਈ ਕੀਤਾ।
ਇਸੇ ਸਾਲ 2018 ਇੰਟਰ ਕੰਨੀਨੈਂਟਲ ਕੱਪ ਦੌਰਾਨ ਕੌਮਾਂਤਰੀ ਖਿਡਾਰੀ ਡੇਵਿਲ ਵਿਲਾ ਨਾਲ ਦੁਨੀਆ ਦੇ ਤੀਜੇ ਸਭ ਤੋਂ ਵੱਧ ਸਰਗਰਮ ਇੰਟਰਨੈਸ਼ਨਲ ਸਕੋਰਰ ਬਣੇ। ਸੰਨ 2018 ਦੇ ਜੂਨ ਮਹੀਨੇ 'ਚ ਸੁਨੀਲ ਛੇਤਰੀ 100ਵਾਂ ਮੈਚ ਖੇਡਣ ਵਾਲੇ ਦੂਜੇ ਭਾਰਤੀ ਖਿਡਾਰੀ ਬਣੇ। ਇਸ ਮੈਚ ਵਿਚ ਉਸ ਨੇ ਕੀਨੀਆ ਖਿਲਾਫ ਦੋ ਗੋਲ ਕੀਤੇ। ਸੁਨੀਲ ਛੇਤਰੀ ਨੇ ਆਪਣੇ ਖੇਡ ਕੈਰੀਅਰ 'ਚ ਸੰਨ 2007, 2009 ਅਤੇ 2011 'ਚ ਅੰਤਰਰਾਸ਼ਟਰੀ ਨਹਿਰੂ ਗੋਲਡ ਕੱਪ ਵੀ ਭਾਰਤ ਦੀ ਝੋਲੀ ਪਾਇਆ। ਉਹ ਕੁਝ ਸਮਾਂ ਪੰਜਾਬੀ ਟੀਮ ਜੇ.ਸੀ.ਟੀ. ਫਗਵਾੜਾ ਨਾਲ ਵੀ ਜੁੜੇ ਰਹੇ। ਪ੍ਰਾਪਤੀਆਂ ਦੀ ਇਵਜ਼ ਵਿਚ ਸੁਨੀਲ ਛੇਤਰੀ ਨੂੰ 2011 'ਚ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਖੈਰ, ਕੁੱਲ ਮਿਲਾ ਕੇ ਸੁਨੀਲ ਛੇਤਰੀ ਜਿਥੇ ਬਤੌਰ ਕਪਤਾਨ ਆਈ. ਐਮ. ਵਿਜਅਨ ਅਤੇ ਬਾਈਚੁੰਗ ਭੁਟੀਆ ਦੀ ਵਿਰਾਸਤ ਨੂੰ ਸ਼ਾਨਦਾਰ ਢੰਗ ਨਾਲ ਅੱਗੇ ਵਧਾਉਂਦਿਆਂ ਖੁਦ ਨੂੰ ਸਭ ਤੋਂ ਕਾਬਲ ਸਾਬਤ ਕੀਤਾ ਹੈ।


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX