ਤਾਜਾ ਖ਼ਬਰਾਂ


ਝੁੱਗੀ ਝੋਂਪੜੀਆਂ ਵਾਲਿਆਂ ਦੇ ਪਰਿਵਾਰ ਦੀ ਲੜਕੀ ਦੀ ਮੀਂਹ ਦੇ ਪਾਣੀ 'ਚ ਡੁੱਬਣ ਕਾਰਨ ਮੌਤ
. . .  23 minutes ago
ਸ਼ਹਿਣਾ 23 ਸਤੰਬਰ (ਸੁਰੇਸ਼ ਗੋਗੀ) - ਸ਼ਹਿਣਾ (ਬਰਨਾਲਾ) ਦੇ ਪਰਮਵੀਰ ਚੱਕਰ ਵਿਜੇਤਾ ਕੈਪਟਨ ਕਰਮ ਸਿੰਘ ਮੱਲੀ ਸਟੇਡੀਅਮ ਦੇ ਨਜ਼ਦੀਕ ਲੰਬੇ ਸਮੇਂ ਤੋਂ ਰਹਿ ਰਹੇ ਝੱਗੀ ਝੋਂਪੜੀਆਂ ਵਾਲੇ ਨਾਥਾਂ ਦੇ ਘਰ ਮੀਂਹ ਦੇ ਤੇਜ ਪਾਣੀ 'ਚ ਡੁੱਬਣ ਕਾਰਨ ਇਕ ਲੜਕੀ ਦੀ ਮੌਤ ਹੋ....
ਮੋਹਲੇਧਾਰ ਬਾਰਿਸ਼ ਨੇ ਗੁਰੂ ਨਗਰੀ 'ਚ ਜਨਜੀਵਨ ਕੀਤਾ ਅਸਤ- ਵਿਅਸਤ
. . .  42 minutes ago
ਅੰਮ੍ਰਿਤਸਰ, 23 ਸਤੰਬਰ (ਜਸਵੰਤ ਸਿੰਘ ਜੱਸ) - ਬੀਤੀ ਰਾਤ ਤੋਂ ਜਾਰੀ ਮੋਹਲੇਧਾਰ ਬਾਰਿਸ਼ ਨੇ ਗੁਰੂ ਨਗਰੀ 'ਚ ਜਨਜੀਵਨ ਅਸਤ ਵਿਅਸਤ ਕੀਤਾ ਹੋਇਆ ਹੈ ਸ਼ਹਿਰ ਦੀਆਂ ਬਹੁਤ ਸਾਰੀਆਂ ਸੜਕਾਂ ਨਦੀਆਂ ਦਾ ਰੂਪ ਧਾਰਨ ਕਰ ਚੁੱਕੀਆਂ ਹਨ, ਜਿਸ ਕਾਰਣ ਲੋਕਾਂ ਨੂੰ...
ਮਕਾਨ ਦੀ ਛੱਤ ਡਿੱਗਣ ਨਾਲ ਪਿਉ- ਪੁੱਤ ਦੀ ਮੌਤ, ਮਾਂ ਪੁੱਤ ਜ਼ਖਮੀ
. . .  42 minutes ago
ਨਵਾਂਸ਼ਹਿਰ, 23 ਸਤੰਬਰ (ਗੁਰਬਖ਼ਸ਼ ਸਿੰਘ ਮਹੇ) - ਬੀਤੇ ਕੱਲ੍ਹ ਤੋਂ ਪਈ ਮੋਹਲ਼ੇਧਾਰ ਵਰਖਾ ਨਾਲ ਪਿੰਡ ਚੂਹੜ ਪੁਰ 'ਚ ਮਕਾਨ ਦੀ ਛੱਤ ਡਿਗ ਗਈ ਜਿਸ ਕਾਰਣ ਪਿਉ- ਪੁੱਤ ਦੀ ਮੌਕੇ ਤੇ ਹੀ ਮੌਤ ਹੋ ਗਈ ਜਦ ਕਿ ਮ੍ਰਿਤਕ ਦੀ ਪਤਨੀ ਤੇ ਦੂਸਰਾ ਬੱਚਾ ਗੰਭੀਰ ਰੂਪ 'ਚ ਜ਼ਖਮੀ....
ਬਲਾਕ ਸੰਮਤੀ ਬਾਘਾ ਪੁਰਾਣਾ ਦੀਆਂ ਤਿੰਨ ਸੀਟਾਂ 'ਤੇ ਅਕਾਲੀ ਦਲ ਅਤੇ 22 'ਤੇ ਕਾਂਗਰਸ ਜੇਤੂ
. . .  about 1 hour ago
ਬਾਘਾਪੁਰਾਣਾ, 23 ਸਤੰਬਰ (ਬਲਰਾਜ ਸਿੰਗਲਾ)- ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਬਾਘਾ ਪੁਰਾਣਾ ਦੀਆਂ ਚੋਣਾਂ ਦੇ ਨਤੀਜੇ ਬੀਤੀ ਰਾਤ ਮੁਕੰਮਲ ਹੋਏ ਜਿਨ੍ਹਾਂ 'ਚੋਂ ਪੰਚਾਇਤ ਸੰਮਤੀ ਦੀਆਂ 25 ਜ਼ੋਨਾਂ 'ਚੋਂ ਤਿੰਨ ਜ਼ੋਨਾਂ 'ਤੇ ਸ਼੍ਰੋਮਣੀ ਅਕਾਲੀ ਦਲ ਅਤੇ ਇੰਡੀਅਨ ਨੈਸ਼ਨਲ....
ਗੁਰਦੁਆਰਾ ਗੋਦੜੀ ਸਾਹਿਬ ਵਿਖੇ ਧਾਰਮਿਕ ਸਮਾਗਮ ਸ਼ੁਰੂ
. . .  about 1 hour ago
ਫ਼ਰੀਦਕੋਟ 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ)- ਬਾਬਾ ਫਰੀਦ ਆਗਮਨ ਪੁਰਬ ਸੰਬੰਧੀ ਗੁਰਦੁਆਰਾ ਗੋਦੜੀ ਸਾਹਿਬ ਵਿਖੇ ਧਾਰਮਿਕ ਸਮਾਗਮ ਸ਼ੁਰੂ ਹੋ ਗਿਆ ਹੈ ਇਸ ਦੌਰਾਨ ਪਹਿਲਾਂ ਤੋ ਐਲਾਨੇ ਬਾਬਾ ਫਰੀਦ ਅਵਾਰਡ ਫ਼ਾਰ ਆਨੈਸਟੀ ਇੰਜੀ: ਸਰਦਾਰ ...
ਰੇਵਾੜੀ ਜਬਰ ਜਨਾਹ ਮਾਮਲਾ : ਐਸ.ਆਈ.ਟੀ ਨੇ ਦੋ ਮੁੱਖ ਦੋਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ, 23 ਸਤੰਬਰ - ਰੇਵਾੜੀ ਜਬਰ ਜਨਾਹ ਮਾਮਲੇ 'ਚ ਫ਼ਰਾਰ ਮੁੱਖ ਦੋਸ਼ੀਆਂ ਨੂੰ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ)ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਨ੍ਹਾਂ ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਸੀ। ਮਨੀਸ਼ ਅਤੇ....
ਕਾਂਗਰਸ ਨੇ ਜ਼ਿਲ੍ਹਾ ਪ੍ਰੀਸ਼ਦ ਦੀਆਂ 10 ਤੇ ਪੰਚਾਇਤ ਸੰਮਤੀ ਦੀਆਂ 55 ਸੀਟਾਂ 'ਤੇ ਦਰਜ ਕੀਤੀ ਜਿੱਤ
. . .  about 2 hours ago
ਫ਼ਰੀਦਕੋਟ, 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - 19 ਸਤੰਬਰ ਨੂੰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ 'ਚ ਹੋਈ। ਗਿਣਤੀ ਉਪਰੰਤ ਫ਼ਰੀਦਕੋਟ ਜ਼ਿਲ੍ਹੇ 'ਚ ਕਾਂਗਰਸ ਪਾਰਟੀ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਵਿਚ ਹੂੰਝਾ ਫੇਰ ਜਿੱਤ...
ਭਲਕੇ ਅਕਾਲੀ ਦਲ ਕੈਲੇਫੋਰਨੀਆ ਗਾਰਡਨ 'ਚ ਕਰੇਗਾ ਕਾਨਫ਼ਰੰਸ - ਗਰੇਵਾਲ
. . .  about 2 hours ago
ਡੇਹਲੋਂ/ਮਲੌਦ, 23 ਸਤੰਬਰ (ਕੈਲੇ/ਨਿਜ਼ਾਮਪੁਰ)- ਮਾਲਵੇ ਦੇ ਪ੍ਰਸਿੱਧ ਮੇਲਾ ਛਪਾਰ ਨਾਲ ਸਬੰਧਿਤ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ-ਭਾਜਪਾ ਦੀ ਕਾਨਫ਼ਰੰਸ ਸਬੰਧੀ ਜਾਣਕਾਰੀ ਦਿੰਦਿਆਂ ਪਾਰਟੀ ਦੇ ਮੁੱਖ ਬੁਲਾਰੇ ਮਹੇਸ਼ਇੰਦਰ ਸਿੰਘ ਗਰੇਵਾਲ ਤੇ ਸੁਖਵੰਤ ਸਿੰਘ ਟਿੱਲੂ ਨੇ .....
ਮੀਂਹ ਕਾਰਨ ਬੈਠਾ ਜਲੰਧਰ-ਨਕੋਦਰ ਰੇਲਵੇ ਟਰੈਕ, ਆਵਾਜਾਈ ਹੋਈ ਠੱਪ
. . .  about 2 hours ago
ਜਮਸ਼ੇਰ ਖ਼ਾਸ, 23 ਸਤੰਬਰ (ਰਾਜ ਕਪੂਰ, ਸੁਰਜੀਤ ਸਿੰਘ) ਜਲੰਧਰ ਨਕੋਦਰ ਰੇਲਵੇ ਟਰੈਕ ਥਾਬਲਕੇ ਚਾਨੀਆ ਨਜ਼ਦੀਕ ਬਣਾਈ ਗਈ ਨਵੀਂ ਪੁਲੀ 'ਤੇ ਲਗਾਤਾਰ ਪੈ ਰਹੇ ਮੀਂਹ ਨਾਲ ਰੇਲਵੇ ਟਰੈਕ ਬੈਠ ਗਿਆ ਜਿਸ ਕਾਰਨ ਆਵਾਜਾਈ ਠੱਪ ਹੋ ਗਈ। ਰੇਲਵੇ ਟਰੈਕ ਦੇ ਬੈਠ ....
ਬਾਬਾ ਫ਼ਰੀਦ ਆਗਮਨ ਪੁਰਬ ਸੰਬੰਧੀ ਨਗਰ ਕੀਰਤਨ 'ਚ ਵੱਡੀ ਗਿਣਤੀ 'ਚ ਸੰਗਤਾਂ ਦੀ ਸ਼ਮੂਲੀਅਤ
. . .  about 1 hour ago
ਫ਼ਰੀਦਕੋਟ 23 ਸਤੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਇੱਥੇ ਚਲ ਰਹੇ ਪੰਜ ਰੋਜਾ ਬਾਬਾ ਫ਼ਰੀਦ ਆਗਮਨ ਪੁਰਬ ਮੇਲੇ ਦੇ ਆਖ਼ਰੀ ਦਿਨ ਅੱਜ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ। ਟਿੱਲਾ ਬਾਬਾ ਫ਼ਰੀਦ ਤੋਂ ਸ਼ੁਰੂ ਹੋਏ ਨਗਰ ਕੀਰਤਨ 'ਚ ਭਾਰੀ ਮੀਂਹ ਦੇ ਬਾਵਜੂਦ
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਬੁੱਢੀ ਮਾਂ ਦਾ ਦਰਦ

ਜ਼ਿੰਦਗੀ ਦੇ ਆਖਰੀ ਪਹਿਰ ਵਿਚ ਪਹੁੰਚੀ ਬੁੱਢੀ ਮਾਂ ਹੁਣ ਬਹੁਤ ਉਦਾਸ ਹੈ | ਜਦੋਂ ਢਿੱਡੋਂ ਜੰਮੇ ਪੁੱਤਰ ਹੀ ਬੇਗਾਨੇ ਹੋ ਜਾਣ, ਉਦੋਂ ਕਿਸੇ ਮਾਂ ਦੇ ਦਰਦ ਦੀ ਸ਼ਿੱਦਤ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ | ਸਰੀਰਕ ਰੂਪ ਵਿਚ ਨਿਤਾਣੀ ਹੋਈ ਮਾਂ ਉਮਰ ਦੇ ਇਸ ਪੜਾਅ 'ਤੇ ਨਾ ਚੰਗੀ ਤਰ੍ਹਾਂ ਚੱਲ ਸਕਦੀ ਹੈ ਤੇ ਅੱਖਾਂ ਦੀ ਨਜ਼ਰ ਵੀ ਏਨੀ ਕਮਜ਼ੋਰ ਹੋ ਗਈ ਹੈ ਕਿ ਕਿਸੇ ਨੂੰ ਪਛਾਣਨ ਤੋਂ ਅਸਮਰੱਥ ਹੈ | ਗਿਣਤੀਆਂ-ਮਿਣਤੀਆਂ ਕਰਦੀ ਉਦਾਸ ਬੈਠੀ ਮਾਂ, ਬਹੁਤ ਪਿੱਛੇ ਰਹਿ ਗਏ ਉਨ੍ਹਾਂ ਵੇਲਿਆਂ ਨੂੰ ਯਾਦ ਕਰ-ਕਰ ਝੂਰਦੀ ਹੈ, ਜਦੋਂ ਪੁੱਤਰ ਦੀ ਖਾਤਰ ਉਸ ਨੇ ਪਤਾ ਨਹੀਂ ਕਿੱਥੇ-ਕਿੱਥੇ ਮੱਥੇ ਰਗੜੇ ਸਨ | ਜਦੋਂ ਉਹਦੀ ਆਸ ਨੂੰ ਫਲ ਪਿਆ ਤਾਂ ਉਹ ਜਿਵੇਂ ਖੁਸ਼ੀ ਨਾਲ ਪਾਗਲ ਹੋ ਉੱਠੀ | ਸਾਰਾ ਘਰ ਹੀ ਖੁਸ਼ੀਆਂ ਦੇ ਆਲਮ ਵਿਚ ਝੂਮ ਉੱਠਿਆ | ਮਾਂ ਨੇ ਜ਼ਿੰਦਗੀ ਦਾ ਹਰ ਪਲ ਜਿਵੇਂ ਆਪਣੇ ਲਾਡਲੇ ਦੀ ਪਾਲਣਾ ਦੇ ਲੇਖੇ ਲਾ ਦਿੱਤਾ, ਹਾਲਾਂਕਿ ਪਹਿਲਾ ਬੱਚਾ ਧੀ ਸੀ ਤੇ ਪੁੱਤਰ ਤੋਂ ਬਾਅਦ ਹੋਰ ਬੱਚੇ ਦੀ ਕੋਈ ਲੋੜ ਨਹੀਂ ਸੀ | ਪਰ ਮਾਂ ਦੇ ਮਨ ਵਿਚ ਪੁੱਤਰਾਂ ਦੀ ਜੋੜੀ ਹੋਣ ਦੀ ਰੀਝ ਨਾਲ ਛੇਤੀ ਹੀ ਮਾਂ ਦੀ ਝੋਲੀ ਇਕ ਹੋਰ ਪੁੱਤਰ ਨਾਲ ਭਰ ਗਈ | ਉਹ ਹਰ ਪਲ ਰੱਬ ਦਾ ਸ਼ੁੱਕਰ ਕਰਦੀ ਤੇ ਆਪਣੇ-ਆਪ ਨੂੰ ਭਾਗਾਂ ਵਾਲੀ ਸਮਝਦੀ | ਮਾਂ-ਬਾਪ ਹਰ ਵੇਲੇ ਇਹੀ ਸੋਚਦੇ ਕਿ ਸਾਡੇ ਪੁੱਤਰ ਚੰਗੇ ਪੜ੍ਹ-ਲਿਖ ਕੇ, ਉੱਚੇ ਅਹੁਦਿਆਂ 'ਤੇ ਪਹੁੰਚਣ | ਆਰਥਿਕ ਹਾਲਤ ਬਹੁਤ ਚੰਗੀ ਨਾ ਹੋਣ ਦੇ ਬਾਵਜੂਦ ਮਾਪਿਆਂ ਨੇ ਕਿਰਸਾਂ ਕਰ-ਕਰ ਕੇ ਆਪਣੇ ਲਾਡਲਿਆਂ ਨੂੰ ਉੱਚ-ਵਿੱਦਿਆ ਦਿਵਾਈ | ਸਮਾਂ ਆਪਣੀ ਤੋਰੇ ਤੁਰਦਾ ਰਿਹਾ | ਵੱਡਾ ਪੁੱਤਰ ਥਾਣੇਦਾਰ ਲੱਗ ਗਿਆ ਤੇ ਛੋਟਾ ਵੀ ਕਿਸੇ ਮਹਿਕਮੇ ਵਿਚ ਚੰਗੇ ਅਹੁਦੇ 'ਤੇ ਲੱਗ ਗਿਆ | ਮਾਂ ਹੁਣ ਫੁੱਲੀ ਨਹੀਂ ਸਮਾਉਂਦੀ ਸੀ | ਦੋਵੇਂ ਪੁੱਤਰ ਘਰੋਂ ਬਾਹਰ ਨੌਕਰੀਆਂ ਕਰਨ ਲੱਗੇ | ਹਫਤੇ-ਪੰਦਰੀਂ ਦਿਨੀਂ ਆਉਂਦੇ ਤਾਂ ਮਾਂ ਨੂੰ ਜਿਵੇਂ ਚਾਅ ਚੜ੍ਹ ਜਾਂਦਾ | ਹੌਲੀ-ਹੌਲੀ ਧੀ ਵਿਆਹੀ ਗਈ | ਪੁੱਤਰਾਂ ਦੇ ਵਿਆਹਾਂ ਸਮੇਂ ਵੀ ਮਾਂ-ਬਾਪ ਤੋਂ ਖੁਸ਼ੀ ਸਾਂਭੀ ਨਹੀਂ ਜਾਂਦੀ ਸੀ | ਦੋਵੇਂ ਪੁੱਤਰ ਆਪਣੀਆਂ ਘਰ ਵਾਲੀਆਂ ਨਾਲ ਪਰਚ ਗਏ | ਹੁਣ ਮਾਂ ਉਡੀਕਦੀ ਰਹਿੰਦੀ ਪਰ ਪੁੱਤਰ ਕਈ-ਕਈ ਮਹੀਨਿਆਂ ਬਾਅਦ ਖੜ੍ਹੇ-ਖੜ੍ਹੇ ਆਉਂਦੇ ਤੇ ਛੇਤੀ ਹੀ ਪਰਤ ਜਾਂਦੇ | ਜੀਵਨ ਸਾਥੀ ਦੇ ਵਿਛੜਨ ਤੋਂ ਬਾਅਦ ਮਾਂ ਇਕੱਲੀ ਰਹਿ ਗਈ | ਪੁੱਤਰਾਂ ਨੇ ਆਪਣੀਆਂ ਨੌਕਰੀਆਂ ਵਾਲੇ ਸ਼ਹਿਰਾਂ ਵਿਚ ਹੀ ਕੋਠੀਆਂ ਪਾ ਲਈਆਂ | ਕਦੇ-ਕਦੇ ਉਹ ਮਾਂ ਨੂੰ ਲੋਕਾਚਾਰੀ ਲਈ ਆਪਣੇ ਨਾਲ ਲੈ ਤਾਂ ਜਾਂਦੇ ਪਰ ਉਨ੍ਹਾਂ ਦੇ ਵਤੀਰੇ ਤੋਂ ਮਾਂ ਛੇਤੀ ਹੀ ਅੱਕ ਜਾਂਦੀ ਤੇ ਆਪਣੇ ਪਿੰਡ ਪਰਤ ਆਉਂਦੀ | ਉਮਰ ਦੇ ਤਕਾਜ਼ੇ ਨਾਲ ਮਾਂ ਬਿਰਧ ਹੋ ਗਈ | ਰੋਟੀ-ਪਾਣੀ ਤੋਂ ਵੀ ਔਖੀ ਹੋ ਗਈ | ਕੋਈ ਗੁਆਂਢਣ ਤਰਸ ਖਾ ਕੇ ਰੋਟੀ-ਪਾਣੀ ਤਾਂ ਦੇ ਦਿੰਦੀ ਪਰ ਰਾਤਾਂ ਨੂੰ ਘਰ ਵਿਚ ਪਸਰੀ ਸੁੰਨ ਤੇ ਇਕੱਲਤਾ ਨੇ ਮਾਂ ਦੀ ਰਾਤਾਂ ਦੀ ਨੀਂਦ ਉਡਾ ਦਿੱਤੀ | ਖੁੂਨ ਇੰਨਾ ਚਿੱਟਾ ਹੋ ਗਿਆ ਕਿ ਪੁੱਤਰਾਂ ਨੇ ਮਾਂ ਦੀ ਕੋਈ ਸਾਰ ਲੈਣੀ ਹੀ ਛੱਡ ਦਿੱਤੀ | ਉਹ ਆਪਣੇ ਸੁੱਖਾਂ ਵਿਚ ਇਸ ਕਦਰ ਗਲਤਾਨ ਹੋ ਗਏ ਕਿ ਬੁੱਢੀ ਮਾਂ ਨੂੰ ਹੀ ਭੁੱਲ ਗਏ | ਧੀ ਜਦੋਂ ਤੱਕ ਜਿਊਾਦੀ ਰਹੀ, ਉਹ ਮਾਂ ਨੂੰ ਆਪਣੇ ਕੋਲ ਲੈ ਆਉਂਦੀ ਰਹੀ |
ਦੋ ਪੁੱਤਰਾਂ ਦੇ ਹੁੰਦਿਆਂ ਵੀ ਬਿਰਧ ਹੋਈ ਮਾਂ ਨੂੰ ਸਾਂਭਣ ਲਈ ਜਦੋਂ ਕੋਈ ਨਾ ਹੀ ਬਹੁੜਿਆ ਤਾਂ ਪੇਕਿਆ ਤੋਂ ਇਹ ਦੁੱਖ ਜਰਿਆ ਨਾ ਗਿਆ | ਬਹੁਤ ਉਦਾਸ ਹੈ ਹੁਣ ਬੁੱਢੀ ਮਾਂ | ਪੇਕੇ ਘਰ ਵਿਚ ਦੇਖ-ਭਾਲ ਹੋਣ ਦੇ ਬਾਵਜੂਦ ਵੀ, ਮਾਂ ਦਾ ਦਿਲ ਆਪਣੇ ਪੁੱਤਰਾਂ ਲਈ ਹੀ ਧੜਕਦਾ ਹੈ | ਕੋਠੀਆਂ, ਕਾਰਾਂ ਤੇ ਆਰਥਿਕ ਤੌਰ 'ਤੇ ਚੰਗੇ ਖਾਂਦੇ-ਪੀਂਦੇ ਪੁੱਤਰਾਂ ਨੂੰ ਆਪਣੀ ਬੁੱਢੀ ਮਾਂ ਦਾ ਚੇਤਾ ਭੁੱਲ ਜਾਣਾ, ਸਾਡੇ ਸਮਿਆਂ ਦਾ ਸਭ ਤੋਂ ਵੱਡਾ ਦਰਦ ਹੈ | ਜਦੋਂ ਵੀ ਕੋਈ ਖੜਾਕ ਹੁੰਦਾ ਹੈ ਤਾਂ ਬੁੱਢੀ ਮਾਂ ਨੂੰ ਜਾਪਦਾ ਹੈ, ਜਿਵੇਂ ਉਹਦੇ ਪੁੱਤਰ ਹੀ ਉਹਨੂੰ ਮਿਲਣ ਆਏ ਹੋਣ | ਉਦਾਸ ਹੋਈ ਬੁੱਢੀ ਮਾਂ ਦੇ ਮਨ ਵਿਚ ਦਰਦ ਦੇ ਜਿਹੜੇ ਵਾਵਰੋਲੇ ਉੱਠਦੇ ਹਨ, ਉਨ੍ਹਾਂ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਬਹੁਤ ਔਖਾ ਹੈ |

-ਮੋਬਾ: 98153-56086


ਖ਼ਬਰ ਸ਼ੇਅਰ ਕਰੋ

ਆਓ ਜਾਣੀਏ ਕੈਸਪੀਅਨ ਸਾਗਰ ਬਾਰੇ

ਬੱਚਿਓ! ਕੈਸਪੀਅਨ ਸਾਗਰ ਦੁਨੀਆ ਦਾ ਸਭ ਤੋਂ ਵਿਸ਼ਾਲ ਸਾਗਰ ਹੈ | ਇਸ ਦਾ ਕੁਲ ਖੇਤਰਫਲ 3,71,000 ਕਿਲੋਮੀਟਰ ਹੈ | ਹਾਲਾਂਕਿ ਵਾਸ਼ਪੀਕਰਨ ਕਰਕੇ ਇਸ ਦਾ ਆਕਾਰ ਹੌਲੀ-ਹੌਲੀ ਘਟਦਾ ਜਾ ਰਿਹਾ ਹੈ | ਸੰਨ 1930 ਵਿਚ ਇਸ ਦਾ ਖੇਤਰਫਲ 4,38,000 ਵਰਗ ਕਿਲੋਮੀਟਰ ਸੀ | ਅੱਜਕਲ੍ਹ ਇਸ ਸਾਗਰ ਦਾ ਖੇਤਰਫਲ 1,200 ਕਿਲੋਮੀਟਰ ਲੰਮਾ ਅਤੇ ਸਭ ਤੋਂ ਵੱਧ ਚੌੜਾਈ ਵਾਲੇ ਸਥਾਨ 'ਤੇ 480 ਕਿਲੋਮੀਟਰ ਚੌੜਾ ਹੈ | ਇਹ ਸਥਾਨ 3000 ਫੁੱਟ ਨਾਲੋਂ ਵੱਧ ਡੂੰਘਾ ਹੈ | ਕਿਸੇ ਸਮੇਂ ਇਹ ਅਰਾਲ ਸਾਗਰ ਨਾਲ ਜੁੜਿਆ ਹੋਇਆ ਖਾਰਾ ਸਾਗਰ ਸੀ | ਕੈਸਪੀਅਨ ਸਾਗਰ 'ਤੇ ਪਾਣੀ ਪਹੁੰਚਾਉਣ ਵਾਲਾ ਪ੍ਰਮੁੱਖ ਸਰੋਤ ਹੈ ਵੋਲਗਾ ਨਦੀ, ਪਰ ਦੂਸਰੇ ਸਰੋਤਾਂ ਵਿਚ ਸ਼ਾਮਿਲ ਹਨ ਉਰਾਲ, ਆਰਾਸ ਅਤੇ ਕੁਰਾ ਨਦੀਆਂ | ਇਸ ਸਾਗਰ ਦੇ ਆਲੇ-ਦੁਆਲੇ ਦਾ ਖੇਤਰ ਆਮ ਤੌਰ 'ਤੇ ਪਹਾੜਾਂ ਨਾਲ ਘਿਰਿਆ ਹੋਇਆ ਹੈ |
ਕੈਸਪੀਅਨ ਸਾਗਰ ਦਾ ਸਭ ਤੋਂ ਖਾਰਾ ਭਾਗ ਹੈ ਕਾਰਾ ਬੋਗਾਜ਼ ਗੋਲ, ਜੋ ਇਕ ਤੰਗ/ਭੀੜੇ ਚੈਨਲ ਦੁਆਰਾ ਕੈਸਪੀਅਨ ਸਾਗਰ ਦੇ ਮੁੱਖ ਭਾਗ ਨਾਲ ਜੁੜੀ ਖਾੜੀ ਹੈ, ਅੱਜ ਇਹ ਸਾਬਕਾ ਸੋਵੀਅਤ ਗਣਰਾਜਾਂ ਅਜਰਬੈਜਾਨ ਅਤੇ ਤੁਰਕਮੇਨਿਸਤਾਨ ਨਾਲ ਘਿਰਿਆ ਹੋਇਆ ਹੈ | ਇਸ ਦੇ ਦੱਖਣ 'ਤੇ ਈਰਾਨ ਦੀ ਹੱਦ ਲੱਗਦੀ ਹੈ | ਕੈਸਪੀਅਨ ਦੇ ਕੰਢੇ ਸਥਿਤ ਸਭ ਤੋਂ ਵੱਡਾ ਪੋਰਟ ਸਿਟੀ ਬਾਕੂ ਹੈ, ਜੋ ਅਜਰਬੈਜਾਨ ਦੀ ਰਾਜਧਾਨੀ ਹੈ | ਸਿਕੰਦਰ ਮਹਾਨ ਅਤੇ ਮਾਰਕੋ ਪੋਲੋ ਕੈਸਪੀਅਨ ਸਾਗਰ ਤੱਕ ਪਹੁੰਚਣ ਵਾਲੇ ਪਹਿਲੇ ਵਿਅਕਤੀ ਸਨ | 
ਕੈਸਪੀਅਨ ਸਾਗਰ ਵਿਚ 50 ਦੇ ਲਗਪਗ ਦੀਪ ਹਨ, ਜਿਨ੍ਹਾਂ ਵਿਚੋਂ ਵਧੇਰੇ ਕਰਕੇ ਛੋਟੇ ਹੀ ਹਨ | ਇਨ੍ਹਾਂ ਵਿਚੋਂ ਸਭ ਤੋਂ ਵੱਡਾ ਦੀਪ ਚੈਯਚਐਨ ਦੀਪ ਹੈ | ਧਰਾਤਲ ਅਤੇ ਜਲ ਵਿਗਿਆਨਕ ਪੱਖੋਂ ਇਹ ਉੱਤਰੀ ਕੇਂਦਰੀ ਅਤੇ ਦੱਖਣੀ ਕੈਸਪੀਅਨ ਵਿਚ ਵੰਡਿਆ ਹੋਇਆ ਹੈ | 
ਜਲਵਾਯੂ ਪੱਖੋਂ ਇਸ ਵਿਚ ਕਾਫੀ ਅੰਤਰ ਵੇਖਣ ਨੂੰ ਮਿਲਦਾ ਹੈ | ਉੱਤਰੀ ਕੈਸਪੀਅਨ ਵਿਚ ਦਰਮਿਆਨੇ ਕਿਸਮ ਦੀ ਮਹਾਂਦੀਪੀ ਜਲਵਾਯੂ ਹੈ, ਜਦ ਕਿ ਕੇਂਦਰੀ ਕੈਸਪੀਅਨ ਉੱਪਰ ਉਪ ਊਸ਼ਣ ਕੱਟੀ ਦਾ ਕਾਫੀ ਪ੍ਰਭਾਵ ਹੈ | ਪਰ ਇਸ ਦੇ ਪੂਰਬੀ ਤੱਟਾਂ ਉਪਰ ਮਾਰੂਥਲੀ ਜਲਵਾਯੂ ਵੇਖੀ ਜਾ ਸਕਦੀ ਹੈ | ਇੱਥੇ ਦੱਖਣ-ਪੂਰਬ ਅਤੇ ਉੱਤਰੀ-ਪੱਛਮੀ ਪੌਣਾਂ ਨਾਲ ਤੇਜ਼ ਹਨੇਰੀਆਂ ਵੀ ਚਲਦੀਆਂ ਹਨ | ਇਸ ਸਾਗਰ ਦਾ ਔਸਤਨ ਤਾਪਮਾਨ ਗਰਮੀਆਂ ਵਿਚ 24 ਤੋਂ 26 ਸੈਂਟੀਗ੍ਰੇਡ ਅਤੇ ਸਰਦੀਆਂ ਵਿਚ ਉੱਤਰ ਵਿਚ 10 ਤੋਂ 12 ਅਤੇ ਦੱਖਣ ਵਿਚ 14 ਸੈਂਟੀਗ੍ਰੇਡ ਤੱਕ ਹੀ ਰਹਿੰਦਾ ਹੈ | ਵਧੇਰੇ ਵਰਖਾ ਸਰਦੀਆਂ ਵਿਚ ਹੀ ਹੁੰਦੀ ਹੈ | 
ਕੈਸਪੀਅਨ ਸਾਗਰ ਵਿਚ 850 ਕਿਸਮ ਦੇ ਜੀਵ ਅਤੇ 500 ਕਿਸਮ ਦੇ ਬੂਟੇ ਵੇਖਣ ਨੂੰ ਮਿਲਦੇ ਹਨ | ਤਾਜ਼ੇ ਪਾਣੀ ਦੀਆਂ ਮੱਛੀਆਂ ਜਿਵੇਂ ਕਿ ਪਰਚ ਪਾਈਕ, ਸਟਰਾਜਨ ਹੇਰਿੰਗ, ਸਪਰੈਟ ਆਦਿ ਮਿਲਦੀਆਂ ਹਨ | ਇਨ੍ਹਾਂ ਵਿਚੋਂ ਸਟਰਾਜਨ ਮੱਛੀ ਵੱਧ ਪ੍ਰਚੱਲਿਤ ਹੈ | ਵਧੇਰੇ ਲੋਕਾਂ ਦੀ ਆਰਥਿਕ ਖੁਸ਼ਹਾਲੀ ਵੀ ਇਸ ਨਾਲ ਜੁੜੀ ਹੋਈ ਹੈ | ਇਸ ਮੱਛੀ ਦੇ ਆਂਡੇ ਵੀ ਬਹੁਤ ਕੀਮਤੀ ਅਤੇ ਤਾਕਤਵਰ ਮੰਨੇ ਜਾਂਦੇ ਹਨ | ਇਸ ਸਾਗਰ ਦਾ ਇਕ ਹੋਰ ਮਹੱਤਵਪੂਰਨ ਜੀਵ ਹੈ ਕੈਸਪੀਅਨ ਸੀਲ, ਜੋ ਇਕ ਅਜਿਹੀ ਪ੍ਰਜਾਤੀ ਹੈ, ਜੋ ਬੈਕਲ ਅਤੇ ਆਰਕਟਿਕ ਸੀਲ ਨਾਲ ਸਬੰਧਤ ਹੈ |

-ਪਿੰਡ ਤੇ ਡਾਕ: ਖੋਸਾ ਪਾਂਡੋ, (ਮੋਗਾ)-142048.

ਸ਼ਤਰਮੁਰਗ (ਨਾ ਉੱਡਣਯੋਗ ਵੱਡਾ ਜੀਵਤ ਪ੍ਰਾਣੀ)

ਸ਼ਤਰਮੁਰਗ (6.9 ਫੱੁਟ) ਪੰਛੀਆਂ ਦੀ ਸਭ ਤੋਂ ਵੱਡੀ ਜੀਵਤ ਪ੍ਰਜਾਤੀ ਵਿਚੋਂ ਹੈ | ਪੌਣੇ 3 ਮੀਟਰ ਉੱਚਾ, 1.5 ਕੁਇੰਟਲ ਭਾਰ ਵਾਲਾ ਇਹ ਪ੍ਰਾਣੀ ਆਪਣੇ ਖੰਭਾਂ ਨੂੰ 2 ਮੀਟਰ ਤੱਕ ਫੈਲਾ ਸਕਦਾ ਹੈ | ਇਹ ਨਾ ਉੱਡਣ ਵਾਲਾ, ਦੋ ਪੈਰਾਂ 'ਤੇ ਚੱਲਣ ਵਾਲਾ ਪ੍ਰਾਣੀ ਜ਼ਿਆਦਾਤਰ ਅਫਰੀਕਾ ਵਿਚ ਪਾਇਆ ਜਾਂਦਾ ਹੈ | ਗਰਦਨ ਅਤੇ ਪੈਰ ਲੰਬੇ ਹੁੰਦੇ ਹਨ ਅਤੇ ਲੋੜ ਪੈਣ 'ਤੇ 70 ਕਿ: ਮੀ:/ਘੰਟਾ ਦੀ ਰਫ਼ਤਾਰ ਨਾਲ ਭੱਜ ਸਕਦਾ ਹੈ | ਧਰਤੀ 'ਤੇ ਸਭ ਤੋਂ ਤੇਜ਼ ਦੌੜਾਕ ਵਜੋਂ ਪ੍ਰਸਿੱਧ ਇਹ ਪੰਛੀ ਖਾਨਾਬਦੋਸ਼ ਗੱੁਟਾਂ ਵਿਚ ਰਹਿੰਦਾ ਹੈ ਅਤੇ ਇਨ੍ਹਾਂ ਦੀ ਸੰਖਿਆ 5 ਤੋਂ 50 ਤੱਕ ਹੁੰਦੀ ਹੈ | ਖੁਰਾਕ ਵਿਚ ਜ਼ਿਆਦਾਤਰ ਫਲ-ਫੱੁਲ, ਕੀੜੇ-ਮਕੌੜੇ ਸ਼ਾਮਿਲ ਹਨ | ਸ਼ਾਕਾਹਾਰੀ ਆਹਾਰ ਵਿਚ ਅਰਸ਼ੇਰੁਕੀ ਵੀ ਸ਼ਾਮਿਲ ਹੈ | ਮਦੀਨ ਪੰਛੀ, ਨਰ ਤੋਂ 6 ਮਹੀਨੇ ਪਹਿਲਾਂ ਹੀ ਪ੍ਰੋੜ੍ਹ ਅਵਸਥਾ ਵਿਚ ਆ ਜਾਂਦਾ ਹੈ | ਮਦੀਨ ਆਂਡਾ (1.4 ਕਿ: ਗ੍ਰਾ:) ਦੁਨੀਆ ਦਾ ਸਭ ਤੋਂ ਵੱਡਾ ਆਂਡਾ ਹੈ (25 ਮੁਰਗੀ ਦੇ ਆਂਡਿਆਂ ਦੇ ਬਰਾਬਰ ਹੈ ਅਤੇ ਉਬਾਲਣ ਲਈ 2 ਘੰਟੇ ਦਾ ਸਮਾਂ ਲੱਗਦਾ ਹੈ) | ਆਪਣੀ ਆਰਥਿਕਤਾ ਨੂੰ ਉਭਾਰਨ ਲਈ ਇਹ ਪੰਛੀ ਦੁਨੀਆ ਭਰ ਵਿਚ ਪਾਲੇ ਜਾਂਦੇ ਹਨ | ਇਨ੍ਹਾਂ ਦੇ ਖੰਭਾਂ ਦੀ ਵਰਤੋਂ ਸਜਾਵਟ ਅਤੇ ਝਾੜੂ ਬਣਾਉਣ ਵਿਚ ਕੀਤੀ ਜਾਂਦੀ ਹੈ | ਇਸ ਦੀ ਚਮੜੀ ਦੀ ਵਰਤੋਂ ਚਮੜੀ ਬਣਾਉਣ ਵਿਚ ਕੀਤੀ ਜਾਂਦੀ ਹੈ | ਕਾਲੇ ਰੰਗ 'ਚ ਨਰ ਅਤੇ ਭੂਰੇ ਰੰਗ 'ਚ ਮਦੀਨ, ਇਹ ਵਿਸ਼ਾਲ ਪੰਛੀ ਅਫਰੀਕਾ ਦੇ ਜੰਗਲਾਂ ਵਿਚ ਆਮ ਪਾਏ ਜਾਂਦੇ ਹਨ | ਜ਼ੈਬਰਾ ਅਤੇ ਹੋਰ ਸ਼ਾਕਾਹਾਰੀ ਜਾਨਵਰ ਇਸ ਦੇ ਨੇੜੇ-ਤੇੜੇ ਰਹਿ ਕੇ ਚੁਗਣਾ ਪਸੰਦ ਕਰਦੇ ਹਨ, ਕਿਉਂਕਿ ਇਹ ਆਪਣੇ ਮਿੱਤਰਾਂ ਨੂੰ ਖਤਰੇ ਤੋਂ ਜਾਣੂ ਕਰਵਾ ਦਿੰਦਾ ਹੈ | ਬੀਰਬਲ ਸਾਹਣੀ ਇੰਸਟੀਚਿਊਟ ਆਫ ਪੋਲੀਓਬੋਟਨੀ ਦੇ ਅਨੁਸਾਰ ਇਹ ਪ੍ਰਾਣੀ 20,000 ਸਾਲ ਪਹਿਲਾਂ ਹੋਂਦ ਵਿਚ ਆਇਆ ਅਤੇ ਖਤਰੇ ਤੋਂ ਬਾਹਰ ਹੈ | ਆਮ ਪਾਇਆ ਜਾਣ ਵਾਲਾ ਸ਼ਤਰਮੁਰਗ ਕਈ ਦਿਨਾਂ ਤੱਕ ਬਿਨਾਂ ਪਾਣੀ ਪੀਤੇ ਰਹਿ ਸਕਦਾ ਹੈ | ਦੰਦ ਨਾ ਹੋਣ ਕਰਕੇ ਛੋਟੇ-ਛੋਟੇ ਕੰਕਰਾਂ ਅਤੇ ਪੱਥਰਾਂ ਨੂੰ ਇਹ ਸਿੱਧਾ ਹੀ ਨਿਗਲ ਜਾਂਦੇ ਹਨ, ਜਿਹੜਾ ਕਿ ਗਿਜ਼ਰਡ (ਪੇਟ ਦਾ ਇਕ ਹਿੱਸਾ) ਵਿਚ ਜਾ ਕੇ ਭੋਜਨ ਨੂੰ ਛੋਟੇ-ਛੋਟੇ ਟੁਕੜਿਆਂ ਵਿਚ ਤੋੜਨ ਅਤੇ ਪਚਾਉਣ ਦਾ ਕੰਮ ਕਰਦੇ ਹਨ | ਸਟੁਥੀਓਨਿਡੀ ਕੱੁਲ ਅਤੇ ਸਟੁਥੀਓ ਵੰਸ਼ ਨਾਲ ਸਬੰਧਤ ਇਸ ਪ੍ਰਾਣੀ ਨੂੰ ਖਤਰੇ ਤੋਂ ਬਾਹਰ ਰੱਖਿਆ ਗਿਆ ਹੈ | ਇਸ ਕੁਲ ਦੇ ਹੋਰ ਪ੍ਰਾਣੀ ਈਮੂ ਅਤੇ ਕੀਵੀ ਹਨ |

-ਕੰਵਲਪ੍ਰੀਤ ਕੌਰ ਥਿੰਦ (ਝੰਡ)
ਸ.ਸੀ.ਸੈਕੰ. ਸਕੂਲ, ਡਿਹਰੀਵਾਲਾ, ਅੰਮਿ੍ਤਸਰ |

ਬੁਝਾਰਤਾਂ

1. ਬਿਨਾਂ ਪੌੜੀਓਾ ਕੋਠੇ ਚੜ੍ਹ ਗਈ |
2. ਰਾਹ ਵਿਚ ਝਾੜੀ, ਉੱਤੇ ਚੜ੍ਹ ਬੈਠਾ ਮਦਾਰੀ |
3. ਰੜੇ ਮੈਦਾਨ 'ਚ ਮੇਰੀ ਮਾਸੀ, ਟੂਮਾਂ ਨਾਲ ਭਰੀ ਪਈ |
4. ਨਿਕਲੇ ਚੰਦ ਉਹ ਹੱਸੇ, ਡੁੱਬੇ ਚੰਦ ਉਹ ਰੁੱਸੇ |
5. ਅਰਨ ਸਹੇ ਦੇ, ਬਰਨ ਸਹੇ ਦੇ, ਅੱਖ ਚਿੜੇ ਦੀ, ਪੂਛ ਕੁੱਤੇ ਦੀ,
ਮੂੰਹ ਬਾਂਦਰ ਦਾ ਲਾਇਆ, ਦੇਖੋ ਮਹਾਰਾਜ ਨੇ ਕਿਹਾ ਸਾਂਗ ਰਚਾਇਆ |
6. ਸਭ ਤੋਂ ਲੰਬੀ ਗਰਦਨ ਵਾਲਾ, ਚਹੁੰ ਪੈਰਾਂ ਵਾਲਾ ਕੌਣ,
ਜ਼ੋਰ ਨਾਲ ਕਦੇ ਨਾ ਬੋਲੇ, ਰਹਿੰਦਾ ਅਕਸਰ ਮੋਨ |
7. ਹਰ ਕੋਈ ਚਾਹੇ ਉਸ ਨੂੰ ਵੱਧੋ–ਵੱਧ,
ਰੱਬੋਂ ਮਿਲੀ ਨਾ ਉਹਨੂੰ ਕੋਈ ਹੱਦ |
8. ਹਰੇ ਰੰਗ ਦੀ ਚੀਜ਼ ਨਿਰਾਲੀ, ਪੀ ਬੈਠੀ ਜਦ ਪਾਣੀ,
ਸੁੱਕ ਜਾਵੇ ਤਾਂ ਕੀ ਕਹਿਣੇ, ਛੱਡੇ ਲਾਲ ਨਿਮਾਣੀ |
9. ਪੰਛੀਆਂ ਵਿਚੋਂ ਪੰਛੀ ਡਾਹਢਾ ਹੁਸ਼ਿਆਰ,
ਵੇਖੀ ਨਾ ਉਨ੍ਹਾਂ ਦੀ ਕਦੇ ਉਡਦੀ ਡਾਰ |
10. ਗਿੱਲਾ ਉਹ ਗੋਹਾ ਏ, ਸੁੱਕਿਆ ਉਹ ਲੋਹਾ ਏ |
ਉੱਤਰ : (1) ਸਿਉਂਕ, (2) ਗਾਲ੍ਹੜ (ਕਾਟੋ), (3) ਡੂਮਣਾ, (4) ਚਕੋਰ,
(5) ਨਿਓਲਾ, (6) ਜਿਰਾਫ, (7) ਜ਼ਿੰਦਗੀ, (8) ਮਹਿੰਦੀ, (9) ਕਾਂ, (10) ਸੀਮੈਂਟ |

–ਤਸਵਿੰਦਰ ਸਿੰਘ ਬੜੈਚ
ਪਿੰਡ ਦੀਵਾਲਾ, ਤਹਿ: ਸਮਰਾਲਾ, ਜ਼ਿਲ੍ਹਾ ਲੁਧਿਆਣਾ |
ਮੋਬਾ: 98763–22677

ਬਾਲ ਸਾਹਿਤ

ਮੈਨੂੰ ਪੜ੍ਹਨ ਸਕੂਲੇ ਲਾ ਦੇ
ਲੇਖਕ : ਧਰਮ ਸਿੰਘ ਧਰਮ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ |
ਮੱੁਲ : 75 ਰੁਪਏ, ਸਫੇ : 48
ਸੰਪਰਕ : 99885-44734
ਲੇਖਕ ਧਰਮ ਸਿੰਘ ਧਰਮ ਦੀ ਬਾਲ ਸਾਹਿਤ ਲਈ ਇਹ ਦੂਜੀ ਪੁਸਤਕ ਹੈ | 'ਮੈਨੂੰ ਪੜ੍ਹਨ ਸਕੂਲੇ ਲਾ ਦੇ' ਪੁਸਤਕ ਵਿਚ 25 ਕਵਿਤਾਵਾਂ ਹਨ | ਬਹੁਤੀਆਂ ਕਵਿਤਾਵਾਂ ਵਿਚ ਬਾਲਾਂ ਨੂੰ ਉਪਦੇਸ਼ ਹੀ ਦਿੱਤਾ ਗਿਆ ਹੈ | ਵੱਡਿਆਂ ਦਾ ਸਤਿਕਾਰ, ਛੋਟਿਆਂ ਨੂੰ ਪਿਆਰ, ਚੰਗੇ ਤੇ ਆਗਿਆਕਾਰੀ ਬਣਨਾ ਆਦਿ ਸਿੱਖਿਆਵਾਂ ਕਵਿਤਾਵਾਂ ਵਿਚ ਹਨ | ਕੁਝ ਨਮੂਨੇ ਦੇਖੋ-
ਵੱਡਿਆਂ ਦਾ ਸਤਿਕਾਰ ਕਰਨਾ,
ਸਭ ਨੂੰ ਹੀ ਤੁਸੀਂ ਪਿਆਰ ਕਰਨਾ |
ਵੱਖਰੀ ਹੀ ਜਾਪੇ ਤੁਹਾਡੀ ਦਿੱਖ ਬੱਚਿਓ,
ਤੁਸੀਂ ਹੀ ਹੋ ਦੇਸ਼ ਦਾ ਭਵਿੱਖ ਬੱਚਿਓ |
(ਦੇਸ਼ ਦਾ ਭਵਿੱਖ)
—0—
ਪਾਣੀ ਅਣਮੱੁਲੀ ਦਾਤ ਮਿੱਤਰੋ,
ਇਹਦੇ ਬਿਨਾਂ ਮੱੁਕ ਜਾਣੀ ਬਾਤ ਮਿੱਤਰੋ |
ਪਾਣੀ ਬਿਨਾਂ ਕਿਸੇ ਦਾ ਗੁਜ਼ਾਰਾ ਨਾ,
ਏਸ ਬਿਨਾਂ ਜੱਗ ਦਾ ਕੋਈ ਚਾਰਾ ਨਾ | (ਪਾਣੀ)
—0—
ਸੈਰ ਕਰਨੀ ਬੜੀ ਜ਼ਰੂਰੀ ਏ,
ਬਿਨਾਂ ਸੈਰ ਜ਼ਿੰਦਗੀ ਅਧੂਰੀ ਏ |
ਬਿਮਾਰੀ ਦੂਰ ਭਜਾਉਂਦੀ ਸੈਰ,
ਸਰੀਰ ਨੂੰ ਨਿਰੋਗ ਬਣਾਉਂਦੀ ਸੈਰ | (ਸੈਰ)
ਸਾਰੀਆਂ ਰਚਨਾਵਾਂ ਨਾਲ ਢੁਕਵੇਂ ਚਿੱਤਰ ਹਨ ਜੋ ਰਚਨਾ ਦੇ ਅਰਥਾਂ ਨੂੰ ਸਮਝਾਉਂਦੇ ਜਾਪਦੇ ਹਨ | ਬਾਲ ਸਾਹਿਤ ਲਿਖਣ ਲਈ ਲੇਖਕ ਨੂੰ ਅਜੇ ਹੋਰ ਮਿਹਨਤ ਕਰਨ ਦੀ ਲੋੜ ਹੈ | ਅਭਿਆਸ ਨਾਲ ਸਫਲਤਾ ਜ਼ਰੂਰ ਮਿਲਦੀ ਹੈ | ਧਰਮ ਸਿੰਘ ਧਰਮ ਤੋਂ ਹੋਰ ਵਧੀਆ ਪੁਸਤਕਾਂ ਦੀ ਆਸ ਹੈ | ਪੰਜਾਬੀ ਬਾਲ ਸਾਹਿਤ ਵਿਚ ਪੁਸਤਕ 'ਮੈਨੂੰ ਪੜ੍ਹਨ ਸਕੂਲੇ ਲਾ ਦੇ' ਦਾ ਸਵਾਗਤ ਹੈ |

-ਅਵਤਾਰ ਸਿੰਘ ਸੰਧੂ
ਮੋਬਾ: 99151-82971

ਅਨਮੋਲ ਬਚਨ

• ਨਜ਼ਰ ਬਦਲੋ ਨਜ਼ਾਰੇ ਆਪ ਬਦਲ ਜਾਣਗੇ |
• ਗ਼ਲਤੀਆਂ ਸਿਆਣੇ ਵੀ ਕਰਦੇ ਹਨ ਪਰ ਉਹ ਗ਼ਲਤੀਆਂ ਦੁਹਰਾਉਂਦੇ ਨਹੀਂ |
• ਨਫ਼ਰਤ ਤਾਂ ਹਰ ਕੋਈ ਕਰ ਸਕਦਾ ਹੈ, ਔਖਾ ਤਾਂ ਪਿਆਰ ਕਰਨਾ ਹੈ |
• ਪੁਸਤਕਾਂ ਪੜ੍ਹਨ ਨਾਲ ਜੀਵਨ ਉੱਤੇ ਪਕੜ ਮਜ਼ਬੂਤ ਹੁੰਦੀ ਹੈ |
• ਗੁਣ ਭਾਵੇਂ ਦੁਸ਼ਮਣ ਦੇ ਵੀ ਹੋਣ, ਅਪਣਾ ਲਓ |
• ਕਿਸੇ ਵੀ ਧਰਮ ਨੂੰ ਬਦਨਾਮ ਕਰਨ ਦਾ ਕੰਮ ਉਸ ਧਰਮ ਦੇ ਕੱਟੜ ਲੋਕ ਹੀ ਕਰਦੇ ਹਨ |

-ਕਵਲਪ੍ਰੀਤ ਕੌਰ,
ਬਟਾਲਾ (ਗੁਰਦਾਸਪੁਰ) | ਮੋਬਾ: 98760-98338

ਬੁਝਾਰਤ-17

ਬੱਚਿਓ ਮੈਂ ਇਕ ਪੰਛੀ ਡਿੱਠਾ,
ਹੋਰ ਨਾ ਪੰਛੀ ਇਹਦੇ ਜਿੱਡਾ |
ਬਹੁਤ ਵੱਡਾ ਇਹਦਾ ਆਕਾਰ,
ਕਈ ਟਨ ਹੈ ਇਹਦਾ ਭਾਰ |
ਉਡਦਾ ਜਾਵੇ ਉਡਦਾ ਜਾਵੇ,
ਪਰ ਨਾ ਆਪਣੇ ਪਰ ਹਿਲਾਵੇ |
ਸੈਂਕੜੇ ਮੀਲ ਇਹਦੀ ਰਫ਼ਤਾਰ,
ਉਡਦਾ ਜਾਏ ਸਮੁੰਦਰੋਂ ਪਾਰ |
ਨਹੀਂ ਸਮਝੇ ਤਾਂ ਕੋਈ ਨਾ ਗੱਲ,
ਦੱਸ ਦਿੰਨਾਂ ਮੈਂ ਇਹਦਾ ਹੱਲ |
—f—
ਹੋ ਨਾ ਜਾਇਓ ਤੁਸੀਂ ਨਾਰਾਜ਼,
ਬੱਚਿਓ ਇਹਦਾ ਨਾਂਅ 'ਜਹਾਜ਼' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਨਾਵਲ-80: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਮੈਂ ਕਰ ਲਵਾਂਗਾ ਜੀ | ਤੁਸੀਂ ਮੇਰਾ ਐਨਾ ਧਿਆਨ ਰੱਖਿਆ, ਉਸ ਲਈ ਬਹੁਤ ਮਿਹਰਬਾਨੀ ਜੀ', ਹਰੀਸ਼ ਦੀ ਝਿਜਕ ਹੁਣ ਕੁਝ ਘਟ ਗਈ ਸੀ |
'ਹੱਛਾ, ਹੁਣ ਤੰੂ ਬੈੱਡ ਨੰਬਰ ਪੈਂਤੀ ਨੂੰ ਚੰਗੀ ਤਰ੍ਹਾਂ ਚੈੱਕ ਕਰਕੇ ਮੈਨੂੰ ਉਸ ਦੀ ਰਿਪੋਰਟ ਦੱਸ | ਉਸ ਤੋਂ ਬਾਅਦ ਤੰੂ ਜਾ ਕੇ ਆਪਣੇ ਜਾਣ ਦੀ ਤਿਆਰੀ ਕਰ |'
'ਠੀਕ ਐ ਜੀ', ਕਹਿ ਕੇ ਹਰੀਸ਼ ਵਾਰਡ ਵੱਲ ਤੁਰ ਪਿਆ |
ਹਰੀਸ਼ ਮਰੀਜ਼ ਨੂੰ ਦੇਖ ਕੇ ਅਤੇ ਉਸ ਬਾਰੇ ਪੂਰੀ ਰਿਪੋਰਟ ਵੱਡੇ ਡਾਕਟਰ ਸਾਹਿਬ ਨੂੰ ਦੇ ਕੇ ਸਿੱਧਾ ਸਟੇਸ਼ਨ 'ਤੇ ਆ ਗਿਆ | ਉਥੋਂ ਉਸ ਨੇ ਅੰਮਿ੍ਤਸਰ ਦੀ ਟਿਕਟ ਬੱੁਕ ਕਰਵਾਈ, ਜਿਹੜੀ ਤਿੰਨ ਦਿਨ ਬਾਅਦ ਦੀ ਹੋਈ | ਉਸ ਤੋਂ ਬਾਅਦ ਉਹ ਆਪਣੇ ਕਮਰੇ ਵਿਚ ਆ ਗਿਆ |
ਉਸ ਦੇ ਸਾਮਾਨ ਵਿਚ ਬਹੁਤੀਆਂ ਕਿਤਾਬਾਂ ਸਨ | ਕੱਪੜੇ ਅਤੇ ਹੋਰ ਚੀਜ਼ਾਂ ਤਾਂ ਉਸ ਨੇ ਅਟੈਚੀਕੇਸ ਅਤੇ ਬੈਗ ਵਿਚ ਪਾ ਲੈਣੀਆਂ ਸਨ ਪਰ ਐਨੀਆਂ ਭਾਰੀਆਂ-ਭਾਰੀਆਂ ਕਿਤਾਬਾਂ, ਉਹ ਕਿਸ ਵਿਚ ਪਾਵੇ? ਫਿਰ ਉਸ ਨੂੰ ਖਿਆਲ ਆਇਆ ਕਿ ਬਾਜ਼ਾਰੋਂ ਖਾਲੀ ਅਤੇ ਮਜ਼ਬੂਤ ਡੱਬੇ ਲਿਆਂਦੇ ਜਾਣ | ਇਹ ਸੋਚ ਕੇ ਉਹ ਫਿਰ ਬਾਜ਼ਾਰ ਵੱਲ ਤੁਰ ਪਿਆ | ਇਕ ਦੁਕਾਨ ਤੋਂ ਉਸ ਨੇ ਮੋਟੇ ਗੱਤੇ ਵਾਲੇ ਇਕੋ ਆਕਾਰ ਦੇ ਚਾਰ ਡੱਬੇ ਅਤੇ ਪਲਾਸਟਿਕ ਦੀ ਪਤਲੀ ਰੱਸੀ ਖਰੀਦ ਲਈ |
ਡੱਬੇ ਅਤੇ ਰੱਸੀ ਲੈ ਕੇ ਉਹ ਕਮਰੇ ਵਿਚ ਆ ਗਿਆ | ਉਸ ਨੇ ਇਕ ਡੱਬੇ ਵਿਚ ਉਹ ਕਿਤਾਬਾਂ ਪਾ ਦਿੱਤੀਆਂ, ਜਿਨ੍ਹਾਂ ਦੀ ਅਜੇ ਲੋੜ ਨਹੀਂ ਸੀ ਪੈਣੀ | ਇਸੇ ਤਰ੍ਹਾਂ ਉਸ ਨੇ ਤਿੰਨ ਡੱਬੇ ਕਿਤਾਬਾਂ ਨਾਲ ਭਰ ਕੇ ਉੱਤੇ ਕਿਤਾਬਾਂ ਦਾ ਵੇਰਵਾ ਲਿਖ ਦਿੱਤਾ ਅਤੇ ਫਿਰ ਚੰਗੀ ਤਰ੍ਹਾਂ ਰੱਸੀ ਨਾਲ ਬੰਨ੍ਹ ਦਿੱਤੇ | ਸਫਰ ਵਿਚ ਪੜ੍ਹਨ ਲਈ ਤਿੰਨ-ਚਾਰ ਕਿਤਾਬਾਂ ਉਸ ਨੇ ਬੈਗ ਚਿ ਪਾ ਲਈਆਂ | ਆਪਣੇ ਪਿਤਾ ਅਤੇ ਬੀਜੀ ਦੀ ਫੋਟੋ ਉਸ ਨੇ ਕੰਧ ਨਾਲੋਂ ਉਤਾਰ ਕੇ ਵੱਖਰੀ ਰੱਖ ਲਈ | ਫੋਟੋ ਹੱਥ ਵਿਚ ਫੜੀ ਉਹ ਕਿੰਨਾ ਹੀ ਚਿਰ ਆਪਣੀ ਮਾਂ ਦੇ ਚਿਹਰੇ ਵੱਲ ਦੇਖਦਾ ਰਿਹਾ |
ਹਰੀਸ਼ ਨੂੰ ਆਪਣੇ ਕਾਲਜ ਅਤੇ ਹੋਸਟਲ ਨਾਲ ਕਾਫੀ ਲਗਾਓ ਹੋ ਗਿਆ ਸੀ | ਉਸ ਹੋਸਟਲ ਦੇ ਦੋ-ਤਿੰਨ ਵੱਖ-ਵੱਖ ਕਮਰਿਆਂ ਵਿਚ ਉਸ ਨੇ ਆਪਣੀ ਜ਼ਿੰਦਗੀ ਦੇ ਕਿੰਨੇ ਸਾਲ ਗੁਜ਼ਾਰ ਦਿੱਤੇ ਸਨ | ਇਨ੍ਹਾਂ ਸਾਲਾਂ ਵਿਚ ਹੀ ਉਹ ਕੀ ਤੋਂ ਕੀ ਬਣ ਗਿਆ ਸੀ | ਸਾਮਾਨ ਪੈਕ ਕਰਦਿਆਂ-ਕਰਦਿਆਂ ਉਸ ਨੂੰ ਕਈ ਤਰ੍ਹਾਂ ਦੇ ਖਿਆਲ ਆ ਰਹੇ ਸਨ |
ਹਰੀਸ਼ ਅੰਮਿ੍ਤਸਰ ਪਹੁੰਚ ਗਿਆ | ਮਾਤਾ ਜੀ, ਸਿਧਾਰਥ ਅਤੇ ਮੇਘਾ ਨੂੰ ਚਾਅ ਚੜ੍ਹ ਗਿਆ | ਪਿੰ੍ਰਸੀਪਲ ਰਣਬੀਰ ਸਿੰਘ ਮੈਮੋਰੀਅਲ ਵਿੱਦਿਆ ਕੇਂਦਰ ਦੇ ਸਾਰੇ ਬੱਚਿਆਂ ਅਤੇ ਸਟਾਫ ਦੀ ਖੁਸ਼ੀ ਵੀ ਦੇਖਣ ਵਾਲੀ ਸੀ | ਹਰੀਸ਼ ਦੇ ਵੱਡਾ ਡਾਕਟਰ ਬਣਨ ਦੀ ਖੁਸ਼ੀ ਵਿਚ ਸਿਧਾਰਥ ਨੇ ਉਸੇ ਦਿਨ ਸ਼ਾਮ ਨੂੰ ਸਕੂਲ ਦੇ ਸਾਰੇ ਬੱਚਿਆਂ ਅਤੇ ਸਟਾਫ ਨੂੰ 'ਟੀ ਪਾਰਟੀ' ਦੇਣ ਦਾ ਪ੍ਰੋਗਰਾਮ ਬਣਾਇਆ ਹੋਇਆ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾ: 98889-24664

ਗੀਤ: ਕਲਮਾਂ ਤੇ ਕਿਤਾਬਾਂ

ਚੰਗੇ ਭਾਗੀਂ ਮਿਲਦਾ ਹੈ,
ਸਾਥ ਕਲਮਾਂ ਤੇ ਕਿਤਾਬਾਂ ਦਾ |
ਉਂਜ ਤਾਂ ਗਿਣਤੀ ਨਹੀਂ ਕੋਈ,
ਟਾਈਮਪਾਸ ਦੇ ਸਾਧਨ ਬੇਹਿਸਾਬਾਂ ਦਾ |
ਇੰਟਰਨੈੱਟ ਵੀ ਬੜਾ ਕਮਾਲ,
ਹੈ ਖਜ਼ਾਨਾ ਸਵਾਲਾਂ-ਜਵਾਬਾਂ ਦਾ |
ਪੜ੍ਹਨ ਹੀ ਇਕੋ ਜ਼ਰੀਆ,
ਅਣਮੱੁਲੇ ਮਾਣ ਖਿਤਾਬਾਂ ਦਾ |
ਵਿੱਦਿਆ ਵਿਚਾਰੀ ਤਾਂ ਪਰਉਪਕਾਰੀ,
ਭੰਡਾਰ ਅਨੇਕਾਂ ਹੀ ਲਾਭਾਂ ਦਾ |
ਅੱਖਰਾਂ ਵਿਚੋਂ ਮੰਜ਼ਿਲ ਲੱਭੋ,
ਰਸਤਾ ਅਪਣਾਓ ਕਿਤਾਬਾਂ ਦਾ |

-ਰਮਨਪ੍ਰੀਤ ਕੌਰ ਢੱੁਡੀਕੇ,
ਪਿੰਡ ਤੇ ਡਾਕ: ਢੱੁਡੀਕੇ (ਮੋਗਾ)-142053. ਮੋਬਾ: 99146-89690


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX