ਤਾਜਾ ਖ਼ਬਰਾਂ


ਸੁਖਜਿੰਦਰ ਰੰਧਾਵਾ ਨਾਲ ਸੁਨੀਲ ਜਾਖੜ ਨੂੰ ਮਿਲਣ ਪਹੁੰਚੇ ਜ਼ੀਰਾ
. . .  11 minutes ago
ਚੰਡੀਗੜ੍ਹ, 18 ਜਨਵਰੀ- ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਾਲ ਸੁਨੀਲ ਜਾਖੜ ਨੂੰ ਮਿਲਣ ਪਹੁੰਚੇ ਹਨ। ਇਸ ਤੋਂ ਪਹਿਲਾਂ ਜ਼ੀਰਾ ਮੁੱਖ ਮੰਤਰੀ ਨਾਲ ਮਿਲੇ .....
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  13 minutes ago
ਫ਼ਾਜ਼ਿਲਕਾ, 18 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕਿਆ ਨੂੰ ਆਪਣੇ ਜਾਲ 'ਚ ਫ਼ਸਾਕੇ ਜਬਰਜਨਾਹ ਦਾ ਮਾਮਲਾ ਦਰਜ ਕਰਵਾਉਣ ਦਾ ਡਰ ਪਾ ਕੇ ਬਲੈਕਮੇਲ...
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  17 minutes ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਦੇ ਮਡਚਲ ਜ਼ਿਲ੍ਹੇ 'ਚ ਇੱਕ ਘਰ 'ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 6 ਹੋਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ......
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  29 minutes ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ...
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  40 minutes ago
ਨਵੀਂ ਦਿੱਲੀ, 18 ਜਨਵਰੀ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਿਪੋਰਟ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਨਹੀ ਹੋਇਆ...
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  about 1 hour ago
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਲੈ ਕੇ ਪੰਜਾਬ...
ਅਦਾਲਤ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਲਈ ਵਧਾਇਆ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਦੇ ਲਈ ਵਧਾ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 6 ਦਿਨ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸੀ.....
ਹਰਦੀਪ ਸਿੰਘ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ
. . .  about 1 hour ago
ਚੰਡੀਗੜ੍ਹ, 18 ਜਨਵਰੀ (ਲਿਬਰੇਟ) - ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ, ਜਦਕਿ ਭਾਜਪਾ ਦੇ ਕੰਵਰਜੀਤ ਰਾਣਾ ਡਿਪਟੀ ਮੇਅਰ...
ਟੈਸਟ ਲੜੀ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਇੱਕ ਦਿਨਾਂ ਲੜੀ
. . .  about 1 hour ago
ਮੈਲਬੌਰਨ, 18 ਜਨਵਰੀ - ਭਾਰਤ ਨੇ ਟੈਸਟ ਲੜੀ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਆਸਟ੍ਰੇਲੀਆ 'ਚ ਪਹਿਲੀ ਵਾਰ ਇੱਕ ਦਿਨਾਂ ਲੜੀ ਵੀ ਜਿੱਤ ਲਈ ਹੈ। ਤੀਸਰੇ ਇੱਕ ਦਿਨਾਂ ਮੈਚ ਵਿਚ ਭਾਰਤ...
ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਕੋਰਟ ਨੇ ਲਗਾਈ ਰੋਕ
. . .  about 1 hour ago
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰੀ ਚੋਣਾਂ 'ਤੇ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮਾਮਲੇ 'ਚ ਦਿੱਲੀ ਕਮੇਟੀ ਦੇ ਹੀ ਇੱਕ ....
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਅਸਲੀ ਅਕਲ ਦੀ ਨਵੀਂ ਕਾਢ ਬਨਾਉਟੀ ਅਕਲ

ਪਰਮਾਤਮਾ ਵਲੋਂ ਮਨੁੱਖ ਨੂੰ ਦਿੱਤੇ ਤੋਹਫ਼ਿਆਂ ਵਿਚੋਂ ਜੇਕਰ ਸਭ ਤੋਂ ਕੀਮਤੀ ਕੋਈ ਤੋਹਫ਼ਾ ਹੈ ਤਾਂ ਉਹ ਹੈ ਮਨੁੱਖ ਦੀ ਅਕਲ | ਇਸ ਅਕਲ ਨੇ ਮਨੁੱਖ ਨੂੰ ਧਰਤੀ 'ਤੇ ਮੌਜੂਦ ਹੋਰਨਾਂ ਜੂਨਾਂ ਨਾਲੋਂ ਵੱਖਰੀ ਪਹਿਚਾਣ ਹੀ ਨਹੀਂ ਦਿੱਤੀ ਸਗੋਂ ਸਰਦਾਰੀ ਵੀ ਦਿੱਤੀ ਹੈ | ਇਸ ਅਕਲ ਨਾਲ ਮਨੁੱਖ ਨੇ ਅਨੇਕਾਂ ਖੋਜਾਂ ਕਰ ਕੇ ਪਰਿੰਦਿਆਂ ਵਾਂਗ ਆਸਮਾਨ ਵਿਚ ਪਰਵਾਜ਼ ਭਰੀ­ ਕਈਆਂ ਗ੍ਰਹਿਆਂ ਨੂੰ ਗਾਹਿਆ ਤੇ ਕੁਦਰਤ ਦੇ ਕਈ ਰਹੱਸਾਂ ਬਾਰੇ ਜਾਣਿਆ | ਇਸ ਅਕਲ ਨਾਲ ਹੀ ਮਨੁੱਖ ਨੇ ਅਨੇਕਾਂ ਤਰ੍ਹਾਂ ਦੀਆਂ ਮਸ਼ੀਨਾਂ ਆਦਿ ਬਣਾ ਕੇ ਆਪਣੀ ਜ਼ਿੰਦਗੀ ਨੂੰ ਸੌਖਾ ਕੀਤਾ | ਹੁਣ ਮਨੁੱਖ ਨੇ ਮਸ਼ੀਨਾਂ ਦੇ ਰੂਪ ਵਿਚ ਬਨਾਉਟੀ ਅਕਲ ਦੀ ਕਾਢ ਕੱਢ ਲਈ ਹੈ ਜਿਸ ਦੀ ਮਦਦ ਨਾਲ ਉਹ ਅਨੇਕਾਂ ਕੰਮ ਹਮੇਸ਼ਾ ਜਲਦੀ­ ਗ਼ਲਤੀ-ਰਹਿਤ ਤੇ ਸਫਲਤਾਪੂਰਵਕ ਕਰ ਰਿਹਾ ਹੈ | ਅੱਜ ਇਲਾਜ ਦੇ ਖੇਤਰ ਵਿਚ ਨਿਪੁੰਨ ਡਾਕਟਰ­ ਖੇਡਾਂ ਦੇ ਖੇਤਰ ਵਿਚ ਨਿਪੁੰਨ ਕੋਚ­ ਪੜ੍ਹਾਈ ਦੇ ਖੇਤਰ ਵਿਚ ਨਿਪੁੰਨ ਅਧਿਆਪਕ­ ਨਿਰਮਾਣ ਦੇ ਖੇਤਰ ਵਿਚ ਨਿਪੁੰਨ ਨਿਰਮਾਤਾ ਤੇ ਨਵੀਆਂ ਖੋਜਾਂ ਜਾਂ ਕਾਢਾਂ ਦੇ ਖੇਤਰ ਵਿਚ ਨਿਪੁੰਨ ਸਾਇੰਦਸਦਾਨ ਤੇ ਕਈ ਹੋਰ ਖੇਤਰਾਂ ਵਿਚ ਨਿਪੁੰਨ ਸਲਾਹਕਾਰਾਂ ਵਜੋਂ ਆਪਣੀ ਅਕਲ ਨਾਲੋਂ ਬਨਾਉਟੀ ਅਕਲ ਨੂੰ ਵਧੇਰੇ ਵਰਤ ਰਿਹਾ ਹੈ |
ਸਭ ਤੋਂ ਪਹਿਲਾਂ ਅਮਰੀਕਾ ਦੇ ਕੰਪਿਊਟਰ ਵਿਗਿਆਨੀ ਜਾਹਨ ਮੈਕਾਰਥੀ ਨੇ ਬਨਾਉਟੀ ਅਕਲ ਵਿਕਸਤ ਕਰਨ ਦਾ ਸੰਕਲਪ ਲਿਆ ਸੀ | ਮੈਕਾਰਥੀ ਨੂੰ ਬਨਾਉਟੀ ਅਕਲ ਦਾ ਪਿਤਾਮਾ ਕਿਹਾ ਜਾਂਦਾ ਹੈ | ਸੰਨ 1955 ਵਿਚ ਜਾਹਨ ਮੈਕਾਰਥੀ ਨੇ ਬਨਾਉਟੀ ਅਕਲ ਸ਼ਬਦ ਲੱਭਿਆ ਸੀ | ਸੰਨ 1956 ਵਿਚ ਉਸ ਨੇ ਡਾਰਟਮਾਊਥ ਕਾਲਜ­ ਨਿਊ ਹੈਂਪਸਰ­ ਅਮਰੀਕਾ ਵਿਖੇ ਆਯੋਜਿਤ ਇਕ ਸਮਾਗਮ ਸਮੇਂ ਬਨਾਉਟੀ ਅਕਲ ਸ਼ਬਦ ਦੀ ਪਹਿਲੀ ਵਾਰ ਵਰਤੋਂ ਕੀਤੀ ਸੀ | ਇਸ ਦੇ ਸੰਕਲਪ 'ਤੇ ਚਰਚਾ ਵੀ ਕੀਤੀ ਸੀ | ਉਸ ਨੇ ਆਪਣੇ ਸਾਥੀ ਕੰਪਿਊਟਰ ਸਾਇੰਸਦਾਨਾਂ ਮਾਰਵਿਨ ਮਿਨਸਕੀ­ ਹਰਬਟ ਸਾਈਮਨ ਤੇ ਐਲੇਨ ਨੇਵੇਲ ਨਾਲ ਮਿਲ ਕੇ ਬਨਾਉਟੀ ਅਕਲ ਨਾਲ ਸਬੰਧਿਤ ਕਈ ਸੰਸਥਾਵਾਂ ਦੀ ਸਥਾਪਨਾ ਵੀ ਕੀਤੀ | ਉਸ ਵਲੋਂ ਬਨਾਉਟੀ ਅਕਲ 'ਤੇ ਆਰੰਭੇ ਕਾਰਜ 'ਤੇ ਅੱਜ ਬਹੁਤ ਤੇਜ਼ੀ ਨਾਲ ਕੰਮ ਚਲ ਰਿਹਾ ਹੈ ਤੇ ਇਸ ਦੇ ਕਈ ਰੂਪ ਹੋਂਦ ਵਿਚ ਆ ਰਹੇ ਹਨ | ਐਲਗੋਰਿਧਮ­ ਕੰਪਿਊਟਰ ਸ਼ਕਤੀ ਤੇ ਕੰਪਿਊਟਰ ਦੀ ਯਾਦਾਸ਼ਤ ਦੇ ਭੰਡਾਰ ਵਿਚ ਹੋ ਰਹੇ ਵਾਧੇ ਕਾਰਨ ਬਨਾਉਟੀ ਅਕਲ ਵਧੇਰੇ ਹਰਮਨਪਿਆਰੀ ਤੇ ਸਫ਼ਲ ਬਣਦੀ ਜਾ ਰਹੀ ਹੈ |
ਬਨਾਉਟੀ ਅਕਲ ਹੈ ਕੀ? ਮਨੁੱਖੀ ਅਕਲ ਤੋਂ ਬਗੈਰ ਜਿਹੜੀ ਮਸ਼ੀਨ ਜਾਂ ਯੰਤਰ ਕਿਸੇ ਕੰਮ ਨੂੰ ਮਨੁੱਖ ਤੋਂ ਜਲਦੀ ਤੇ ਬਿਨਾਂ ਗ਼ਲਤੀ ਦੇ ਕਰਦਾ ਹੈ­ ਉਹ ਹੀ ਬਨਾਉਟੀ ਅਕਲ ਹੈ | ਬਨਾਉਟੀ ਅਕਲ ਤਾਂ ਉਦੋਂ ਹੀ ਹੋਂਦ ਵਿਚ ਆ ਗਈ ਜਦ ਮਨੁੱਖ ਨੇ ਪਹਿਲਾ ਅਜਿਹਾ ਯੰਤਰ ਇਜਾਦ ਕੀਤਾ ਸੀ | ਪਰ ਸਾਰੇ ਇਸ ਨੂੰ ਸਵੈਚਾਲਕ (ਆਟੋਮੈਟਿਕ) ਯੰਤਰ ਸਮਝਦੇ ਰਹੇ | ਉਦੋਂ ਨਾ ਤਾਂ ਕਿਸੇ ਨੂੰ ਜਾਹਨ ਮੈਕਾਰਥੀ ਦੇ ਸੰਕਲਪ ਦੀ ਤੇ ਨਾ ਹੀ ਬਨਾਉਟੀ ਅਕਲ ਸ਼ਬਦ ਦੀ ਸਮਝ ਆਈ | ਬਨਾਉਟੀ ਅਕਲ ਸ਼ਬਦ ਸਵੈਚਾਲਕ ਸ਼ਬਦ ਵਿਚ ਹੀ ਗੁਆਚ ਗਿਆ | ਕੈਲਕੂਲੇਟਰ ਬਨਾਉਟੀ ਅਕਲ ਦੀ ਮੁੱਢਲੀ ਉਦਾਹਰਨ ਹੈ ਜਿਸ ਨਾਲ ਮਨੁੱਖ ਆਪਣੀ ਅਸਲ ਅਕਲ ਤੋਂ ਬਿਨਾਂ ਵੱਡੀ ਤੋਂ ਵੱਡੀ ਰਕਮ ਜਮ੍ਹਾਂ­ ਗੁਣਾ­ ਵੰਡ ਤੇ ਘਟਾਉ ਨੂੰ ਬੇਹੱਦ ਜਲਦੀ ਤੇ ਬਿਨਾਂ ਗ਼ਲਤੀ ਕਰ ਲੈਂਦਾ ਹੈ | ਹੁਣ ਜਦ ਤਕਨਾਲੋਜੀ ਦੇ ਵਿਕਾਸ ਸਦਕਾ ਮਨੁੱਖ ਵਾਂਗ ਗੱਲਾਂ ਕਰਨ ਵਾਲੀਆਂ­ ਮਨੁੱਖੀ ਭਾਵਨਾਵਾਂ ਦੀ ਤਰਜਮਾਨੀ ਕਰਨ ਵਾਲੀਆਂ ਤੇ ਮਨੁੱਖੀ ਹਾਵ-ਭਾਵ ਨੂੰ ਸਮਝਣ ਵਾਲੀਆਂ ਬਨਾਉਟੀ ਅਕਲ ਦੇ ਰੂਪ ਵਿਚ ਮਸ਼ੀਨਾਂ (ਰੋਬੋਟਸ) ਹੋਂਦ ਵਿਚ ਆ ਗਈਆਂ ਹਨ ਤਾਂ ਸਾਰਿਆਂ ਨੂੰ ਮੈਕਾਰਥੀ ਦੇ ਬਨਾਉਟੀ ਅਕਲ ਦੇ ਸੰਕਲਪ ਦੀ ਸਮਝ ਆਈ ਹੈ | ਅੱਜ ਬਨਾਉਟੀ ਅਕਲ ਸ਼ਬਦ ਬੇਹੱਦ ਪ੍ਰਚੱਲਿਤ ਹੋ ਰਿਹਾ ਹੈ |
ਬਨਾਉਟੀ ਅਕਲ ਨੂੰ ਤਕਨਾਲੋਜੀ ਦੇ ਕਈ ਪੜਾਵਾਂ ਵਿਚੀਂ ਗੁਜ਼ਰਨਾ ਪਿਆ | ਇਸ ਸਮੇਂ ਇਸ ਦਾ ਚੌਥਾ ਪੜਾਅ ਹੈ | ਇਸ ਤੋਂ ਅੱਗੇ ਕਿੰਨੇ ਪੜਾਅ ਹਨ­ ਇਹ ਅੰਦਾਜ਼ਾ ਲਗਾਉਣਾ ਔਖਾ ਹੈ | ਇਹ ਸਫ਼ਰ ਛੇਤੀ ਖ਼ਤਮ ਹੋਣ ਵਾਲਾ ਨਹੀਂ | ਬਨਾਉਟੀ ਅਕਲ ਦੀ ਸ਼ੁਰੂਆਤ ਪ੍ਰਤੀਕਿਰਿਆ ਤਕਨਾਲੋਜੀ (Reactive technology) ਤੋਂ ਸ਼ੁਰੂ ਹੋਈ ਸੀ | ਇਸ ਤਕਨਾਲੋਜੀ ਨੂੰ ਕਿਸੇ ਪਿੱਛੇ ਲੱਗਣ ਵਾਲੀ ਜਾਂ ਲਾਈਲੱਗ ਤਕਨਾਲੋਜੀ ਵੀ ਕਿਹਾ ਜਾਂਦਾ ਹੈ | ਪ੍ਰਤੀਕਿਰਿਆ ਤਕਨਾਲੋਜੀ ਵਾਲੀ ਮਸ਼ੀਨ ਜਾਂ ਯੰਤਰ ਪ੍ਰੋਗਰਾਮਿੰਗ ਅਨੁਸਾਰ ਹੀ ਕੰਮ ਕਰਦੇ ਹਨ | ਇਹ ਪ੍ਰਤੀਕਿਰਿਆ ਤੋਂ ਉਲਟ ਕੰਮ ਨਹੀਂ ਕਰ ਸਕਦੇ | ਸ਼ਤਰੰਜ ਤੇ ਹੋਰ ਖੇਡਾਂ ਖੇਡਣ ਵਾਲੇ ਕੰਪਿਊਟਰ­ ਪਹਿਲਾਂ-ਪਹਿਲ ਕਈ ਵਿਕਸਿਤ ਹੋਏ ਰੋਬੋਟ ਪ੍ਰਤੀਕਿਰਿਆ ਤਕਨਾਲੋਜੀ ਦੀਆਂ ਉਦਾਹਰਨਾਂ ਹਨ | ਸਭ ਤੋਂ ਪਹਿਲੀ ਆਟੋਮੈਟਿਕ ਕਾਰ ਵੀ ਪ੍ਰਤੀਕਿਰਿਆ ਤਕਨਾਲੋਜੀ ਦੀ ਵੱਡੀ ਉਦਾਹਰਨ ਹੈ | ਇਹ ਕਾਰ ਖਾਸ ਪ੍ਰੋਗਰਾਮ ਦੁਆਰਾ ਸੜਕ 'ਤੇ ਦੌੜਦੀ ਸੀ | ਪ੍ਰੋਗਰਾਮ ਤੋਂ ਅਲੱਗ ਪ੍ਰਤੀਕਿਰਿਆ ਨਾ ਸਵੀਕਾਰ ਕਰ ਸਕਣ ਕਾਰਨ ਹੋਰਨਾਂ ਕਾਰਾਂ ਵਿਚ ਵੱਜਣ ਦਾ ਡਰ ਬਣਿਆ ਰਹਿੰਦਾ ਸੀ | ਇਸ ਤੋਂ ਬਾਅਦ ਸੀਮਤ ਯਾਦਾਸ਼ਤ (Limited memory) ਵਾਲੀ ਤਕਨਾਲੋਜੀ ਹੋਂਦ ਵਿਚ ਆਈ | ਇਹ ਤਕਨਾਲੋਜੀ ਪੜਚੋਲ ਜਾਂ ਨਿਰੀਖਣ ਦਾ ਕੰਮ ਕਰਦੀ ਹੈ | ਜਦ ਪ੍ਰਤੀਕਿਰਿਆ ਤੇ ਪੜਚੋਲ ਤਕਨਾਲੋਜੀ ਦੇ ਸੁਮੇਲ ਨਾਲ ਨਵੀਂ ਸਵੈ-ਚਾਲਕ ਕਾਰ ਤਿਆਰ ਕੀਤੀ ਗਈ ਤਾਂ ਕਾਰ ਨੇ ਪੜਚੋਲ ਕਰਦਿਆਂ ਹੋਰਨਾਂ ਕਾਰਾਂ ਵਿਚ ਟਕਰਾਉਣ ਦੇ ਡਰ ਤੋਂ ਬਗੈਰ ਦੌੜਨਾ ਸ਼ੁਰੂ ਕਰ ਦਿੱਤਾ | ਇਸ ਸਮੇਂ ਵੀ ਕਿਸੇ ਨੂੰ ਬਨਾਉਟੀ ਅਕਲ ਦੇ ਸ਼ਬਦ ਦੀ ਸਮਝ ਨਹੀਂ ਸੀ ਆਈ | ਇਸ ਤੋਂ ਬਾਅਦ ਮਨੁੱਖੀ ਮਨ ਦੇ ਸਿਧਾਂਤ (Mind theory) ਅਨੁਸਾਰ ਕੰਮ ਕਰਨ ਵਾਲੀ ਤਕਨਾਲੋਜੀ ਆਈ | ਐਾਡਰਾਇਡ­ ਆਈ. ਫੋਨ ਤੇ ਸਮਾਰਟ ਫੋਨ ਵਿਚਲੇ ਕਈ ਪ੍ਰੋਗਰਾਮ ਇਸ ਤਕਨਾਲੋਜੀ ਦੀਆਂ ਉਦਾਹਰਨਾਂ ਹਨ | ਇਸ ਤਕਨਾਲੋਜੀ ਸਦਕਾ ਹੁਣ ਅਸੀਂ ਮੋਬਾਈਲ ਦੀ ਸਕਰੀਨ 'ਤੇ ਸ਼ਬਦ ਟਾਈਪ ਕੀਤੇ ਬਗੈਰ ਸ਼ਬਦ ਬੋਲ ਕੇ ਲੋੜੀਂਦੀ ਜਾਣਕਾਰੀ ਲੱਭ ਲੈਂਦੇ ਹਾਂ | ਭਵਿੱਖ ਵਿਚ ਇਹ ਸ਼ਬਦ ਬੋਲਣ ਦੀ ਵੀ ਲੋੜ ਨਹੀਂ ਪੈਣੀ | ਸਿਰਫ ਯੰਤਰ ਦੇ ਸਾਹਮਣੇ ਮਨ ਵਿਚ ਗੱਲ ਸੋਚਣ ਨਾਲ ਹੀ ਨਤੀਜਾ ਮਿਲ ਜਾਵੇਗਾ, ਕਿਉਂਕਿ ਹੁਣ ਆਤਮ ਜਾਗਰੂਕਤਾ (Self awareness) ਵਾਲੀ ਤਕਨਾਲੋਜੀ ਆ ਗਈ ਹੈ | ਇਸ ਤਕਨਾਲੋਜੀ ਵਾਲੀਆਂ ਮਸ਼ੀਨਾਂ ਆਪਣੇ ਅੰਦਰ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰਨ ਦੇ ਨਾਲ-ਨਾਲ ਮਨੁੱਖੀ ਮਨ ਦੀ ਭਾਵਨਾ ਨੂੰ ਸਮਝ ਕੇ ਕੰਮ ਕਰਨਗੀਆਂ | ਤੁਸੀਂ ਦੇਖਿਆ ਹੋਵੇਗਾ ਜਿਹੜੀ ਜਾਣਕਾਰੀ ਅਸੀਂ ਨੈੱਟ 'ਤੇ ਇਕ ਵਾਰ ਲੱਭ (ਸਰਚ) ਲੈਂਦੇ ਹਾਂ­ ਉਸ ਸਮੇਂ ਹੀ ਉਸ ਨਾਲ ਮਿਲਦੀ ਜੁਲਦੀ ਕਈ ਤਰ੍ਹਾਂ ਦੀ ਜਾਣਕਾਰੀ ਸਕਰੀਨ 'ਤੇ ਦਿਖਾਈ ਦੇਣੀ ਸ਼ੁਰੂ ਹੋ ਜਾਂਦੀ ਹੈ | ਇਹ ਇਸ ਤਕਨਾਲੋਜੀ ਦੁਆਰਾ ਮਨੁੱਖੀ ਮਨ ਦੀ ਭਾਵਨਾ ਨੂੰ ਸਮਝ ਕੇ ਕੰਮ ਕਰਨ ਦਾ ਨਤੀਜਾ ਹੀ ਤਾਂ ਹੈ | ਦੱਸਦੇ ਹਨ ਕਿ ਭਵਿੱਖ ਵਿਚ ਇਸ ਤਕਨਾਲੋਜੀ ਨਾਲ ਬੇਹੱਦ ਹੈਰਾਨ ਕਰ ਦੇਣ ਵਾਲੇ ਨਤੀਜੇ ਮਿਲਣਗੇ |
ਆਤਮ ਜਾਗਰੂਕਤਾ ਤਕਨਾਲੋਜੀ ਦੇ ਆਉਣ ਨਾਲ ਸਿੱਖਿਅਤ ਮਸ਼ੀਨ (ਪ੍ਰੋਗਰਾਮਿੰਗ ਵਾਲੀ ਮਸ਼ੀਨ) ਤੇ ਬਨਾਉਟੀ ਅਕਲ ਵਿਚ ਵੱਡਾ ਅੰਤਰ ਦਿੱਸਣਾ ਸ਼ੁਰੂ ਹੋ ਗਿਆ ਹੈ | ਸੰਨ 1955 ਵਿਚ ਬਨਾਉਟੀ ਅਕਲ ਦੇ ਪਿਤਾਮਾ ਜਾਹਨ ਮੈਕਾਰਥੀ ਨੇ ਬਨਾਉਟੀ ਅਕਲ ਦੀ ਪਰਿਭਾਸ਼ਾ ਇੰਝ ਦਿੱਤੀ ਸੀ ਕਿ ਹਰ ਸਿੱਖਿਅਤ ਮਸ਼ੀਨ ਬਨਾਉਟੀ ਅਕਲ ਹੈ ਪਰ ਬਨਾਉਟੀ ਅਕਲ ਹਰੇਕ ਮਸ਼ੀਨ ਨਹੀਂ ਹੈ ਕਿਉਂਕਿ ਮਸ਼ੀਨ ਨੂੰ ਸਿੱਖਿਅਤ (ਪੋ੍ਰਗਰਾਮਿੰਗ) ਕੀਤੇ ਬਗੈਰ ਉਸ ਅੰਦਰ ਮਨੁੱਖ ਵਾਂਗ ਭਾਵਨਾਵਾਂ ਪੈਦਾ ਕਰ ਕੇ ਅਕਲ ਪੈਦਾ ਕੀਤੀ ਜਾ ਸਕਦੀ ਹੈ | ਇਸ ਦਾ ਭਾਵ ਮੈਕਾਰਥੀ ਨੇ ਆਤਮ ਜਾਗਰੂਕਤਾ ਤਕਨਾਲੋਜੀ ਦੀ ਕਲਪਨਾ ਪਹਿਲਾਂ ਕਰ ਦਿੱਤੀ ਸੀ | ਮਨ ਦੇ ਸਿਧਾਂਤ ਤੇ ਅੰਸ਼ ਮਾਤਰ ਆਤਮ ਜਾਗਰੂਕਤਾ ਦੁਆਰਾ 2016 ਵਿਚ ਪ੍ਰਸਿੱਧ ਰੋਬੋਟ ਡਿਜ਼ਾਈਨਰ ਡੇਵਿਡ ਹੈਨਸਨ ਨੇ ਪਹਿਲੇ ਮਨੁੱਖੀ ਰੋਬੋਟ ਸੋਫੀਆ ਦਾ ਨਿਰਮਾਣ ਕੀਤਾ ਹੈ | ਸੋਫੀਆ ਦੇ ਚਿਹਰੇ ਨੂੰ ਮਨੁੱਖੀ ਚਿਹਰੇ ਤੋਂ ਸੁੰਦਰ ਬਣਾਇਆ ਗਿਆ ਹੈ | ਇਸ ਰੋਬੋਟ ਨੂੰ ਅਸਲ ਅਕਲ ਤੋਂ ਜ਼ਿਆਦਾ ਅਕਲਮੰਦ ਬਣਾਇਆ ਗਿਆ ਹੈ | ਸੋਫੀਆ ਮਨੁੱਖ ਵਾਂਗ ਹੀ ਮਨ ਦੀ ਗੱਲ ਕਰਦੀ ਹੈ | ਦੂਸਰਿਆਂ ਦੇ ਚਿਹਰੇ ਦੇ ਹਾਵ-ਭਾਵ ਸਮਝਦੀ ਹੈ­ ਆਪਣੇ ਲਗਪਗ 62 ਹਾਵਾਂ-ਭਾਵਾਂ ਦਾ ਪ੍ਰਗਟਾਵਾ ਕਰ ਸਕਦੀ ਹੈ | ਇਕੋ ਸਮੇਂ ਅਨੇਕਾਂ ਵਿਅਕਤੀਆਂ ਦੀਆਂ ਅੱਖਾਂ ਨਾਲ ਸੰਪਰਕ ਬਣਾ ਕੇ ਰੱਖ ਸਕਦੀ ਹੈ ਤੇ ਸਭ ਨੂੰ ਪਹਿਚਾਣ ਵੀ ਲੈਂਦੀ ਹੈ | ਉਹ ਇੰਟਰਵਿਊ ਦੌਰਾਨ ਸਵਾਲਾਂ ਦਾ ਜਵਾਬ ਵੀ ਬੇਹੱਦ ਸੂਝ-ਬੂਝ ਨਾਲ ਦਿੰਦੀ ਹੈ | ਉਹ ਮਖੌਲ ਤੇ ਹਾਸਰਸ ਦੀਆਂ ਗੱਲਾਂ ਵੀ ਕਰਦੀ ਹੈ | ਪਿਛਲੇ ਸਾਲ 11 ਅਕਤੂਬਰ ਨੂੰ ਉਸ ਨੇ ਸੰਯੁਕਤ ਰਾਸ਼ਟਰ ਸੰਘ ਦੀ ਉਪ ਸਕੱਤਰ ਜਨਰਲ ਮਿਸ ਅਮੀਨਾ ਜੇ. ਮੁਹੰਮਦ ਨਾਲ ਮੁਲਾਕਾਤ ਵੀ ਕੀਤੀ ਸੀ | ਸੰਯੁਕਤ ਰਾਸ਼ਟਰ ਵਲੋਂ ਉਸ ਨੂੰ ਵਿਕਾਸ ਪ੍ਰੋਗਰਾਮ ਦਾ ਪਹਿਲਾ ਰੋਬੋਟ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ | ਉਸ ਨੂੰ ਸਾਊਦੀ ਅਰਬ ਆਪਣੇ ਦੇਸ਼ ਦਾ ਨਿਵਾਸੀ (ਸਿਟੀਜ਼ਨ) ਹੋਣ ਦਾ ਦਰਜਾ ਵੀ ਦੇ ਚੁੱਕਾ ਹੈ |
ਹੁਣ ਸਵਾਲ ਪੈਦਾ ਹੁੰਦਾ ਹੈ ਕਿ ਬਨਾਉਟੀ ਅਕਲ, ਅਸਲ ਅਕਲ ਲਈ ਨੁਕਸਾਨਦੇਹ ਹੈ ਜਾਂ ਲਾਭਦਾਇਕ? ਕੋਈ ਸ਼ੱਕ ਨਹੀਂ ਕਿ ਬਨਾਉਟੀ ਅਕਲ ਨਾਲ ਅਸਲ ਅਕਲ ਨਾਲੋਂ ਹਰ ਕੰਮ ਜਲਦੀ­ ਗ਼ਲਤੀ-ਰਹਿਤ ਤੇ ਸਫਲਤਾਪੂਰਵਕ ਹੋ ਰਿਹਾ ਹੈ | ਭਾਵੇਂ ਮਨੁੱਖ ਕਿੰਨਾ ਵੀ ਸਮਝਦਾਰ ਕਿਉਂ ਨਾ ਹੋਵੇ­ ਉਸ ਦੀ ਸਹੀ ਕਾਰਗੁਜ਼ਾਰੀ ਤੇ ਸਹੀ ਫੈਸਲਾ ਲੈਣ ਦੀ ਸ਼ਕਤੀ ਉਸ ਦੀ ਮਨੋਦਸ਼ਾ ਤੇ ਉਮਰ 'ਤੇ ਨਿਰਭਰ ਕਰਦੀ ਹੈ | ਉਮਰ ਤੇ ਮਨੋਦਸ਼ਾ ਇਕੋ ਜਿਹੀ ਨਹੀਂ ਰਹਿੰਦੀ | ਇਸ ਦਾ ਭਾਵ ਫੈਸਲੇ ਵੀ ਇਕੋ ਜਿਹੇ ਨਹੀਂ ਹੋ ਸਕਦੇ | ਚੰਗੇ ਵੀ ਹੋ ਸਕਦੇ ਹਨ ਤੇ ਮਾੜੇ ਵੀ | ਉਮਰ ਵਧਣ ਨਾਲ ਅਸਲ ਅਕਲ ਦੀ ਸ਼ਕਤੀ ਵੀ ਘਟਦੀ ਜਾਂਦੀ ਹੈ | ਪਰ ਬਨਾਉਟੀ ਅਕਲ ਦੀ ਸ਼ਕਤੀ ਹਰ ਸਮੇਂ ਇਕੋ ਜਿਹੀ ਰਹੇਗੀ | ਸਗੋਂ ਨਿਤ ਨਵੀਆਂ ਤਕਨੀਕਾਂ ਨਾਲ ਦਿਨੋ ਦਿਨ ਵਧੇਗੀ | ਇਸ ਲਈ ਹਰ ਸਮੇਂ, ਹਰ ਕੰਮ­ ਹਰ ਫੈਸਲਾ, ਇਕੋ ਜਿਹਾ ਤੇ ਸਫਤਲਤਾਪੂਰਵਕ ਹੋਵੇਗਾ | ਜਿਹੜੇ ਕੰਮ ਮਨੁੱਖ ਦੀ ਪਹੁੰਚ ਤੋਂ ਬਾਹਰ ਜਾਂ ਜ਼ੋਖ਼ਮ ਭਰਪੂਰ ਹਨ ਜਿਵੇਂ ਕਈ ਗ੍ਰਹਿ ਜਾਂ ਉਪ-ਗ੍ਰਹਿ ਜਿਥੇ ਅਸਲ ਅਕਲ ਲਈ ਜਾਣਾ ਖ਼ਤਰੇ ਤੋਂ ਖਾਲੀ ਨਹੀਂ­ ਉਥੇ ਬਨਾਉਟੀ ਅਕਲ ਵਰਦਾਨ ਬਣ ਕੇ ਪਹੁੰਚ ਸਕਦੀ ਹੈ |
ਨੁਕਸਾਨ ਵਿਚਾਰਦਿਆਂ ਇਸ ਤੱਥ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਛੋਟੇ ਤੋਂ ਛੋਟੇ ਕੰਮ ਲਈ ਵੀ ਅਸਲ ਅਕਲ ਬਨਾਉਟੀ ਅਕਲ 'ਤੇ ਨਿਰਭਰ ਹੋ ਜਾਵੇਗੀ | ਜਿਵੇਂ ਅੱਜਕਲ੍ਹ ਵਿਦਿਆਰਥੀ ਛੋਟੇ ਤੋਂ ਛੋਟੇ ਸਵਾਲ ਦੇ ਜਵਾਬ ਜਾਂ ਹੱਲ ਲੱਭਣ ਲਈ ਆਪਣੀ ਅਕਲ ਦੀ ਬਜਾਏ ਕੰਪਿਊਟਰ 'ਤੇ ਨਿਰਭਰ ਹੋ ਗਏ ਹਨ | ਭਾਵੇਂ ਬਨਾਉਟੀ ਅਕਲ­ ਅਸਲੀ ਅਕਲ ਦੀ ਕਾਢ ਹੈ ਪਰ ਭਵਿੱਖ ਵਿਚ ਇਹ ਅਸਲੀ ਅਕਲ ਨੂੰ ਕਮਜ਼ੋਰ ਕਰ ਦੇਵੇਗੀ | ਮਨੁੱਖ ਕੰਮ ਕਰਨ ਜਾਂ ਸੋਚਣ ਲਈ ਅਸਲ ਅਕਲ 'ਤੇ ਜ਼ੋਰ ਨਹੀਂ ਪਾਵੇਗਾ | ਮੈਂ ਦੁਬਾਰਾ ਕੈਲਕੂਲੇਟਰ ਦੀ ਉਦਾਹਰਨ ਦੇਣ ਲੱਗਾ ਹਾਂ | ਜਦੋਂ ਤੋਂ ਕੈਲਕੂਲੇਟਰ ਦੀ ਕਾਢ ਨਿਕਲੀ ਹੈ ਅਸੀਂ ਜੋੜ­ ਘਟਾਓ­ ਗੁਣਾ­ ਤਕਸੀਮ ਆਦਿ ਇਸ ਨਾਲ ਹੀ ਕਰ ਰਹੇ ਹਾਂ | ਅਸੀਂ ਆਪਣੀ ਅਕਲ ਨਾਲ ਜੋੜ, ਘਟਾਓ, ਗੁਣਾ, ਤਕਸੀਮ ਆਦਿ ਕਰਨਾ ਭੁੱਲ ਗਏ ਹਾਂ | ਅਸੀਂ ਬੱਚਿਆਂ ਨੂੰ ਇਸ ਲਈ ਇਸ ਦੀ ਵਰਤੋਂ ਕਰਨ ਤੋਂ ਮਨ੍ਹਾਂ ਕਰਦੇ ਹਾਂ ਤਾਂ ਕਿ ਉਹ ਆਪਣੀ ਅਕਲ ਨਾਲ ਗਿਣਤੀ ਕਰਨ, ਤਾਂ ਕਿ ਉਹ ਗਣਿਤ ਵਿਚ ਕਮਜ਼ੋਰ ਨਾ ਰਹਿ ਜਾਣ | ਅਸਲ ਅਕਲ ਨੂੰ ਨਾ ਵਰਤ ਸਕਣ ਕਾਰਨ ਮਨੁੱਖ ਨੂੰ ਸਰੀਰਕ ਤੇ ਮਾਨਸਿਕ ਤੌਰ 'ਤੇ ਆਲਸ ਰੂਪੀ ਜੰਗਾਲ ਲੱਗ ਜਾਵੇਗਾ | ਉਹ ਸਰੀਰਕ ਤੇ ਮਾਨਸਿਕ ਸ਼ਕਤੀ ਘਟਣ ਕਾਰਨ ਆਪਣੀ ਜ਼ਿੰਦਗੀ ਦੇ ਅਹਿਮ ਫੈਸਲਿਆਂ ਨੂੰ ਸਫਲਤਾਪੂਰਵਕ ਨਹੀਂ ਲੈ ਸਕੇਗਾ | ਆਉਣ ਵਾਲੀ ਪੀੜ੍ਹੀ 'ਤੇ ਵੀ ਬਨਾਉਟੀ ਅਕਲ ਦਾ ਅਸਰ ਪਵੇਗਾ | ਬਨਾਉਟੀ ਅਕਲ ਪ੍ਰਚੱਲਿਤ ਹੋਣ ਕਾਰਨ ਅਸਲ ਅਕਲ ਲਈ ਰੁਜ਼ਗਾਰ ਦੇ ਮੌਕੇ ਵੀ ਘਟਣਗੇ | ਹੌਲੀ ਹੌਲੀ ਅਸਲ ਅਕਲ ਆਪਣੀ ਯੋਗਤਾ ਨੂੰ ਭੁੱਲ ਕੇ ਬਨਾਉਟੀ ਅਕਲ ਦੀ ਮੁਥਾਜ ਬਣ ਕੇ ਰਹਿ ਜਾਵੇਗੀ | ਬਨਾਉਟੀ ਅਕਲ ਸਿਰਜਣ ਵਾਲੇ ਕੁਝ ਕੁ ਤੇਜ਼-ਤਰਾਰ ਦਿਮਾਗ ਸਾਰੀ ਦੁਨੀਆ ਦੀ ਅਸਲ ਅਕਲ 'ਤੇ ਰਾਜ ਕਰਨਗੇ |

-ਮੋਬਾਈਲ: 98766-52900


ਖ਼ਬਰ ਸ਼ੇਅਰ ਕਰੋ

ਅੱਜ ਓਜ਼ੋਨ ਪਰਤ ਸੁਰੱਖਿਆ ਦਿਵਸ 'ਤੇ ਵਿਸ਼ੇਸ਼

ਓਜ਼ੋਨ ਪਰਤ ਦੀ ਸੁਰੱਖਿਆ ਅਤੇ ਆਲਮੀ ਤਪਸ਼

ਧਰਤੀ ਦੀ ਸਤਹਿ ਤੋਂ 10-16 ਕਿਲੋਮੀਟਰ ਦੀ ਉਚਾਈ 'ਤੇ 50 ਕਿਲੋਮੀਟਰ ਔਸਤਨ ਮੋਟੀ ਓਜ਼ੋਨ ਦੀ ਪਰਤ ਧਰਤੀ ਦੇ ਬਾਸ਼ਿੰਦਿਆਂ ਦੀ ਇਕ ਕੁਦਰਤੀ ਸੁਰੱਖਿਆ ਛਤਰੀ ਹੈ ਜੋ ਸੂਰਜ ਤੋਂ ਨਿਕਲ ਰਹੀਆਂ ਪਰਾ-ਬੈਂਗਣੀ (Ultraviolet) ਕਿਰਨਾਂ ਨੂੰ ਫਿਲਟਰ ਕਰਕੇ ਧਰਤੀ 'ਤੇ ਆਉਣ ਤੋਂ ਰੋਕਦੀ ਹੈ | ਵਰਤਮਾਨ ਸਾਇੰਸ ਦੀਆਂ ਖੋਜਾਂ ਨੇ ਪ੍ਰਮਾਣਿਤ ਕੀਤਾ ਹੈ ਕਿ ਓਜ਼ੋਨ ਪਰਤ ਦੀ ਇਹ ਸੁਰੱਖਿਆ ਛਤਰੀ 4000 ਲੱਖ ਸਾਲ ਪਹਿਲਾਂ ਹੋਂਦ ਵਿਚ ਆਈ ਸੀ ਅਤੇ ਸਮੁੱਚੀ ਧਰਤੀ 'ਤੇ ਹੋਏ ਜੈਵਿਕ ਵਿਕਾਸ ਵਿਚ ਇਸ ਪਰਤ ਦਾ ਕੁਦਰਤੀ ਵਰਦਾਨ ਦੇ ਤੌਰ 'ਤੇ ਖਾਸ ਯੋਗਦਾਨ ਰਿਹਾ ਹੈ | ਪਰ ਸੰਨ 1974 ਵਿਚ ਕੈਲੀਫੋਰਨੀਆ ਯੂਨੀਵਰਸਿਟੀ ਦੇ ਦੋ ਰਸਾਇਣਕ ਵਿਗਿਆਨੀਆਂ ਨੇ ਉਦਯੋਗਾਂ ਵਿਚ ਵਰਤੇ ਜਾਂਦੇ ਰਸਾਇਣ ਕਲੋਰੋਫਲੋਰੋਕਾਰਬਨ ਨੂੰ ਓਜ਼ੋਨ ਪਰਤ ਲਈ ਇਕ ਵੱਡਾ ਖਤਰਾ ਦੱਸਿਆ ਸੀ ਜਿਨ੍ਹਾਂ ਦੀ ਇਹ ਖੋਜ ਸੰਸਾਰ ਪ੍ਰਸਿੱਧ ਖੋਜ ਜਰਨਲ 'ਨੇਚਰ' ਵਿਚ ਜੂਨ, 1974 ਵਿਚ ਛਪੀ ਸੀ | ਉਨ੍ਹਾਂ ਦੱਸਿਆ ਸੀ ਕਿ ਕਲੋਰੋਫਲੋਰੋਕਾਰਬਨ ਦੇ ਯੋਗਿਕ ਜਦੋਂ ਧਰਤੀ ਤੋਂ ਉਪਰਲੇ ਵਾਯੂਮੰਡਲ ਦੀ ਸਤਹਿ ਵਿਚ ਪਹੁੰਚਦੇ ਹਨ ਤਾਂ ਪਰਾ-ਬੈਂਗਣੀ ਕਿਰਨਾਂ ਨਾਲ ਕਿਰਿਆ ਕਰਕੇ ਕਲੋਰੀਨ ਦੇ ਅਣੂੰ ਪੈਦਾ ਕਰਦੇ ਹਨ ਅਤੇ ਕਲੋਰੀਨ ਦਾ ਇਹ ਇਕ ਅਣੂੰ ਇਕ ਲੱਖ ਤੋਂ ਉ ੱਪਰ ਓਜ਼ੋਨ ਯੋਗਿਕਾਂ ਨੂੰ ਤੋੜ ਕੇ ਆਕਸੀਜਨ ਵਿਚ ਤਬਦੀਲ ਕਰਨ ਦੀ ਸਮਰੱਥਾ ਰੱਖਦਾ ਹੈ | ਇਸ ਵਿਸ਼ੇ 'ਤੇ ਲਗਾਤਾਰ ਖੋਜ ਜਾਰੀ ਰਹੀ ਅਤੇ ਇਸ ਪਰਤ ਦੇ ਪੇਤਲੇ ਹੋਣ ਦੇ ਮਾੜੇ ਪ੍ਰਭਾਵਾਂ ਦਾ ਵੀ ਵਿਸ਼ਲੇਸ਼ਣ ਕੀਤਾ ਜਾਂਦਾ ਰਿਹਾ | ਇਨ੍ਹਾਂ ਰਸਾਇਣਕ ਕਿਰਿਆਵਾਂ ਦੁਆਰਾ ਇਸ ਪਰਤ ਦੇ ਪੇਤਲੇ ਹੋਣ ਕਾਰਨ ਐਾਟਾਰਕਟਿਕਾ ਦੇ ਉ ੱਤੇ ਇਕ ਛੇਦ ਹੋਇਆ ਦਿਖਾਈ ਦੇਣ ਲੱਗਾ ਅਤੇ ਇਸ ਛੇਦ ਰਾਹੀਂ ਧਰਤੀ 'ਤੇ ਪਹੁੰਚ ਰਹੀਆਂ ਪਰਾ-ਬੈਂਗਣੀ ਕਿਰਨਾਂ ਕਾਰਨ ਚਮੜੀ ਦਾ ਕੈਂਸਰ, ਜੈਵਿਕ ਮਾਦੇ ਵਿਚ ਅਦਲ-ਬਦਲ, ਫਸਲਾਂ ਨੂੰ ਨੁਕਸਾਨ ਅਤੇ ਆਲਮੀ ਤਪਸ਼ ਵਿਚ ਵਾਧਾ ਹੋ ਰਿਹਾ ਦਿਖਾਈ ਦੇਣ ਲੱਗਾ |
ਕੀ ਹੈ ਓਜ਼ੋਨ ਪਰਤ: ਚਾਰਲਸ ਫੇਬਰੀ ਅਤੇ ਹੈਨਰੀ ਬੂਈਸਨ ਫਰਾਂਸੀਸੀ ਵਿਗਿਆਨੀਆਂ ਨੇ ਓਜ਼ੋਨ (O3) ਲੱਭੀ ਅਤੇ ਇਸ ਦੇ ਭੌਤਿਕ, ਰਸਾਇਣਿਕ ਗੁਣਾਂ ਦਾ ਵਿਸ਼ਲੇਸ਼ਣ ਇੰਗਲੈਂਡ ਦੇ ਵਿਗਿਆਨੀ ਜੀ.ਐਮ.ਡੋਬਸਨ ਨੇ ਇਕ ਖਾਸ ਸਪੈਕਟ੍ਰੋਫੋਟੋਮੀਟਰ, ਜਿਸ ਨੂੰ ਉਸ ਵਿਗਿਆਨੀ ਦੇ ਮਾਣ ਵਿਚ ਡੋਬਸਨਮੀਟਰ ਕਿਹਾ ਜਾਂਦਾ ਹੈ, ਦੁਆਰਾ ਕੀਤਾ ਗਿਆ ਜੋ ਵਾਯੂਮੰਡਲ ਵਿਚ ਓਜ਼ੋਨ ਦੀ ਮਾਤਰਾ ਮਾਪਣ ਦੇ ਸਮਰੱਥ ਸੀ | ਇਸ ਵਿਗਿਆਨੀ ਨੇ ਓਜ਼ੋਨ ਦੀ ਮਾਤਰਾ ਮਾਪਣ ਲਈ 1928-58 ਦਰਮਿਆਨ ਸੰਸਾਰ ਪੱਧਰ 'ਤੇ ਇਕ ਨੈੱਟਵਰਕ ਸਥਾਪਤ ਕੀਤਾ ਜੋ ਅੱਜ ਵੀ ਕਾਰਜਸ਼ੀਲ ਹੈ |
ਓਜ਼ੋਨ ਦਾ ਵਿਕਾਸ ਵੀ ਧਰਤੀ ਉੱਪਰ ਪ੍ਰਾਰੰਭਿਕ ਜੀਵਾਂ ਦੇ ਵਿਕਾਸ ਨਾਲ ਸ਼ੁਰੂ ਹੋਇਆ ਜਦੋਂ 30000 ਲੱਖ ਸਾਲ ਪਹਿਲਾਂ ਆਕਸੀਜਨ-ਰਹਿਤ ਵਾਤਾਵਰਨ ਵਿਚ ਇਕ ਸੈੱਲੀ ਅਤੇ ਫਿਰ ਬਹੁ-ਸੈੱਲੀ ਜੀਵ ਵਿਕਸਤ ਹੋਏ ਅਤੇ ਸ਼ੁਰੂਆਤੀ ਬਨਸਪਤੀ ਧਰਤੀ 'ਤੇ ਦਿਖਾਈ ਦੇਣ ਲੱਗੀ ਜੋ ਪ੍ਰਕਾਸ਼ ਸੰਸਲੇਸ਼ਣ ਰਾਹੀਂ ਥੋੜ੍ਹੀ-ਥੋੜ੍ਹੀ ਆਕਸੀਜਨ ਪੈਦਾ ਕਰਨ ਦੇ ਸਮਰੱਥ ਸੀ | ਇਹ ਆਕਸੀਜਨ ਸੂਰਜ ਦੀਆਂ ਕਿਰਨਾਂ ਵਿਚਲੀਆਂ ਪਰਾ-ਬੈਂਗਣੀ ਕਿਰਨਾਂ ਦੀ ਮੌਜੂਦਗੀ ਵਿਚ ਓਜ਼ੋਨ ਦਾ ਰੂਪ ਧਾਰ ਕੇ ਵਾਯੂਮੰਡਲ ਦੇ 10-50 ਕਿਲੋਮੀਟਰ ਵਾਲੇ ਖੇਤਰ ਵਿਚ ਜਮ੍ਹਾਂ ਹੋਣ ਲੱਗੀ ਅਤੇ ਅੱਜ ਵੀ ਕੁੱਲ ਓਜ਼ੋਨ ਦਾ 90-93% ਹਿੱਸਾ ਇਸ ਖੇਤਰ, ਜਿਸ ਨੂੰ ਸਟਰੈਟੋਸਫ਼ੀਅਰ (Stratosphere) ਕਿਹਾ ਜਾਂਦਾ ਹੈ, ਵਿਚ ਮੌਜੂਦ ਹੈ, ਜੋ ਸੂਰਜ ਤੋਂ ਆ ਰਹੀਆਂ ਪਰਾ-ਬੈਂਗਣੀ ਕਿਰਨਾਂ ਦਾ 93-99% ਹਿੱਸਾ ਸੋਖ ਕੇ ਧਰਤੀ 'ਤੇ ਮੌਜੂਦ ਜੀਵ ਭਿੰਨਤਾ, ਮਨੁੱਖ, ਬਨਸਪਤੀ, ਕੁਦਰਤ, ਕਾਇਨਾਤ ਨੂੰ ਇਨ੍ਹਾਂ ਕਿਰਨਾਂ ਦੇ ਮਾੜੇ ਪ੍ਰਭਾਵ ਤੋਂ ਬਚਾ ਰਹੀ ਸੀ | ਵਾਯੂਮੰਡਲ ਦੇ ਇਸ ਓਜ਼ੋਨ ਭਰਪੂਰ ਖੇਤਰ ਨੂੰ ਹੀ ਓਜ਼ੋਨ ਪਰਤ ਕਿਹਾ ਜਾਂਦਾ ਹੈ |
ਓਜ਼ੋਨ ਪਰਤ ਦੇ ਪੇਤਲੇ ਹੋਣ ਦੇ ਕਾਰਨ : ਸੰਨ 1974 ਵਿਚ ਡਾ. ਐਮ. ਮੋਲੀਨਾ ਨੇ ਇਹ ਮਨੌਤ ਲਿਆਂਦੀ ਕਿ ਏਅਰ ਕੰਡੀਸ਼ਨਰਾਂ, ਫਰਿੱਜਾਂ ਆਦਿ ਵਿਚ ਵਰਤੇ ਜਾਣ ਵਾਲੇ ਕਲੋਰੋਫਲੋਰੋਕਾਰਬਨ (ਸੀ.ਐਫ.ਸੀ.) ਓਜ਼ੋਨ ਨਾਲ ਕਿਰਿਆ ਕਰਕੇ ਇਸ ਨੂੰ ਤਬਾਹ ਕਰ ਰਹੇ ਹਨ ਪਰ ਕਿਸੇ ਨੇ ਉਨ੍ਹਾਂ ਦੀ ਇਸ ਲੱਭਤ ਨੂੰ ਗੌਰ ਨਾਲ ਨਹੀਂ ਲਿਆ | ਜਦੋਂ ਐਾਟਾਰਕਟਿਕਾ ਤੇ ਓਜ਼ੋਨ ਛੇਦ ਦਾ ਭੇਦ ਖੁੱਲਿ੍ਹਆ ਤਾਂ ਸੰਨ 1985 ਵਿਚ ਸੰਯੁਕਤ ਰਾਸ਼ਟਰ ਵਲੋਂ ਬੁਲਾਈ ਵੀਆਨਾ ਕਾਨਫਰੰਸ ਅਤੇ ਸੰਨ 1987 ਵਿਚ ਮੌਾਟਰੀਅਲ ਪ੍ਰੋਟੋਕਾਲ ਹਸਤਾਖਰ ਕਰਨ ਸਮੇਂ ਤੱਕ ਕਲੋਰੋਫਲੋਰੋਕਾਰਬਨਾਂ ਅਤੇ ਹੈਲੋਨ ਆਦਿ ਜਿਹੇ 100 ਅਜਿਹੇ ਰਸਾਇਣਾਂ ਦੀ ਨਿਸ਼ਾਨਦੇਹੀ ਕੀਤੀ ਜਾ ਚੁੱਕੀ ਸੀ ਜਿਨ੍ਹਾਂ ਵਿਚ ਮੌਜੂਦ ਕਲੋਰੀਨ, ਬਰੋਮੀਨ ਜਾਂ ਫਲੋਰੀਨ, ਓਜ਼ੋਨ ਨਾਲ ਕਿਰਿਆ ਕਰਕੇ ਇਸ ਨੂੰ ਆਕਸੀਜਨ ਵਿਚ ਬਦਲ ਰਹੀਆਂ ਸਨ | ਜਦੋਂ ਇਸ ਬਾਰੇ ਹੋਰ ਖੋਜ ਕੀਤੀ ਗਈ ਤਾਂ ਇਹ ਸਿੱਧ ਹੋਇਆ ਕਿ ਇਕੱਲੇ ਕਲੋਰੋਫਲੋਰੋਕਾਰਬਨਜ਼ ਨੇ 80% ਤੱਕ ਓਜ਼ੋਨ ਪਰਤ ਨੂੰ ਖਤਮ ਕੀਤਾ ਹੈ | ਇਨ੍ਹਾਂ ਕਲੋਰੋਫਲੋਰੋਕਾਰਬਨਾਂ ਦੀ ਰਸਾਇਣਿਕ ਸਥਿਰਤਾ ਸੈਂਕੜੇ ਵਰਿ੍ਹਆਂ ਦੀ ਹੋਣ ਕਾਰਨ ਇਹ ਵਾਯੂਮੰਡਲ ਵਿਚ ਲਗਾਤਾਰ ਮੌਜੂਦ ਰਹਿੰਦੇ ਹਨ ਅਤੇ ਪਾਣੀ ਵਿਚ ਘੁਲਣਯੋਗ ਨਾ ਹੋਣ ਕਾਰਨ ਬਰਸਾਤ ਨਾਲ ਵੀ ਵਾਪਸ ਧਰਤੀ 'ਤੇ ਨਹੀਂ ਆਉਂਦੇ |
ਮੌਾਟਰੀਅਲ ਪ੍ਰੋਟੋਕਾਲ: ਓਜ਼ੋਨ ਪਰਤ ਦੀ ਸੁਰੱਖਿਆ ਲਈ ਆਲਮੀ ਪੱਧਰ 'ਤੇ ਵਿਗਿਆਨਕ ਯਤਨ ਲਗਾਤਾਰ ਜਾਰੀ ਰਹੇ ਅਤੇ 16 ਸਤੰਬਰ, 1987 ਨੂੰ ਮੌਾਟਰੀਅਲ ਵਿਖੇ ਇਸ ਸਬੰਧੀ ਹੋਈ ਕਨਵੈਨਸ਼ਨ ਵਿਚ 24 ਦੇਸ਼ਾਂ ਨੇ ਇਸ ਪ੍ਰੋਟੋਕਾਲ 'ਤੇ ਦਸਤਖ਼ਤ ਕਰਕੇ ਇਸ ਪਰਤ ਨੂੰ ਬਚਾਉਣ ਲਈ ਆਪਣੇ ਯਤਨ ਤੇਜ਼ ਕਰਨ ਦਾ ਅਹਿਦ ਲਿਆ | ਇਹ ਪ੍ਰੋਟੋਕੋਲ ਸੰਨ 1989 ਤੋਂ ਲਾਗੂ ਹੋਇਆ ਜਿਸ ਅਧੀਨ ਓਜ਼ੋਨ ਪਰਤ ਲਈ ਖਤਰਾ ਬਣੇ ਯੋਗਿਕਾਂ ਖ਼ਾਸਕਰ ਹਾਈਡ੍ਰੋਕਲੋਰੋਫਲੋਰੋਕਾਰਬਨ ਨੂੰ ਸੰਨ 2030 ਤੱਕ ਬਿਲਕੁਲ ਵਰਤੋੋਂ ਤੋਂ ਬਾਹਰ ਕਰਨ ਅਤੇ ਇਸ ਯੋਗਿਕ ਦਾ ਬਦਲ ਸੰਸਾਰ ਨੂੰ ਦੇਣ ਦਾ ਟੀਚਾ ਮਿੱਥਿਆ ਗਿਆ | ਸੰਯੁਕਤ ਰਾਸ਼ਟਰ ਨੇ 1994 ਦੇ ਜਨਰਲ ਇਜਲਾਸ ਵਿਚ ਮਤਾ ਨੰ: 49/114 ਰਾਹੀਂ 16 ਸਤੰਬਰ ਨੂੰ ਅੰਤਰਰਾਸ਼ਟਰੀ ਓਜ਼ੋਨ ਪਰਤ ਸੁਰੱਖਿਆ ਦਿਵਸ ਐਲਾਨਿਆ ਤਾਂ ਜੋ ਆਏ ਵਰ੍ਹੇ ਇਸ ਦੀ ਸਮੀਖਿਆ ਕਰਕੇ ਹੋਰ ਉਸਾਰੂ ਅਤੇ ਪ੍ਰਭਾਵਸ਼ਾਲੀ ਕਦਮ ਚੁੱਕੇ ਜਾ ਸਕਣ | ਮੌਾਟਰੀਅਲ ਪ੍ਰੋਟੋਕੋਲ ਅੱਜ ਇਕ ਅਜਿਹੀ ਸਫ਼ਲ ਸੰਧੀ ਹੈ ਜਿਸ 'ਤੇ ਸੰਸਾਰ ਦੇ ਸਾਰੇ 197 ਦੇਸ਼ਾਂ ਨੇ ਦਸਤਖ਼ਤ ਕਰਕੇ ਇਸ ਨੂੰ ਲਾਗੂ ਕੀਤਾ ਹੈ ਅਤੇ ਪਿਛਲੇ 30 ਸਾਲਾਂ ਦੌਰਾਨ 95% ਉਨ੍ਹਾਂ ਰਸਾਇਣਾਂ ਨੂੰ ਵਰਤੋਂ ਤੋਂ ਬਾਹਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ ਜੋ ਓਜ਼ੋਨ ਪਰਤ ਨੂੰ ਪੇਤਲਾ ਕਰ ਰਹੇ ਸਨ |
ਇਸ ਪ੍ਰੋਟੋਕਾਲ ਵਿਚ ਮੌਜੂਦ 100 ਦੇ ਕਰੀਬ ਅਜਿਹੇ ਯੋਗਿਕਾਂ ਦੀ ਲਿਸਟ ਵਿਚ ਅਮਰੀਕਾ ਹਾਈਡਰੋਫਲੋਰੋਕਾਰਬਨ ਜੋੜਨ ਲਈ ਅੰਤਰਰਾਸ਼ਟਰੀ ਪੱਧਰ 'ਤੇ ਦਬਾਅ ਬਣਾ ਰਿਹਾ ਸੀ | ਕਿਉਂਕਿ ਇਹ ਯੋਗਿਕ ਆਲਮੀ ਤਪਸ਼ ਵਿਚ ਹੋ ਰਹੇ ਵਾਧੇ ਦਾ ਇਕ ਕਾਰਨ ਤਾਂ ਹੈ ਪਰ ਇਹ ਓਜ਼ੋਨ ਪਰਤ ਨੂੰ ਨੁਕਸਾਨ ਪਹੁੰਚਾਉਣ ਵਾਲਾ ਯੋਗਿਕ ਨਹੀਂ ਹੈ | ਇਸ ਲਈ ਭਾਰਤ, ਵਿਕਾਸਸ਼ੀਲ ਦੇਸ਼ਾਂ ਦੀ ਰਹਿਨੁਮਾਈ ਕਰਦਾ ਹੋਇਆ ਇਸ ਯੋਗਿਕ ਨੂੰ ਇਸ ਪ੍ਰੋਟੋਕੋਲ ਅਧੀਨ ਲਿਆਉਣ ਦਾ ਵਿਰੋਧ ਕਰਦਾ ਆ ਰਿਹਾ ਸੀ ਅਤੇ ਇਸ ਯੋਗਿਕ ਨੂੰ ਕਿਯੋਟੋ ਪ੍ਰੋਟੋਕੋਲ ਅਧੀਨ ਹੀ ਰੱਖੇ ਜਾਣ ਲਈ ਜ਼ੋਰ ਪਾ ਰਿਹਾ ਸੀ ਕਿਉਂਕਿ ਕਿਯੋਟੋ ਪ੍ਰੋਟੋਕੋਲ 'ਸਾਂਝੀ ਪਰ ਵੱਖੋ-ਵੱਖ ਜ਼ਿੰਮੇਵਾਰੀ' ਦੇ ਸਿਧਾਂਤ ਦੀ ਪੈਰਵੀ ਕਰਦਾ ਹੈ ਜਦ ਕਿ 'ਮੌਾਟਰੀਅਲ ਪ੍ਰੋਟੋਕੋਲ' ਵਿਕਸਤ ਅਤੇ ਵਿਕਾਸਸ਼ੀਲ ਦੇਸ਼ਾਂ ਨੂੰ ਬਰਾਬਰ ਜ਼ਿੰਮੇਵਾਰ ਠਹਿਰਾ ਕੇ ਇਨ੍ਹਾਂ ਖਤਰਨਾਕ ਰਸਾਇਣਾਂ ਨੂੰ ਵਰਤੋਂ ਤੋਂ ਬਾਹਰ ਕਰਨ ਅਤੇ ਹੋਰ ਬਦਲ ਲੱਭਣ ਲਈ ਬੰਨ੍ਹਦਾ ਹੈ ਜੋ ਇਕ ਅਮਰੀਕੀ ਧੌਾਸ ਹੈ | ਇਸ ਦਬਾਅ ਅੱਗੇ ਝੁਕਦਿਆਂ ਭਾਰਤ ਦੀ ਮੌਜੂਦਾ ਸਰਕਾਰ ਨੇ ਸੰਨ 2017 ਵਿਚ ਇਨ੍ਹਾਂ ਯੋਗਿਕਾਂ ਨੂੰ ਵੀ ਮੌਾਟਰੀਆਲ ਪ੍ਰੋਟੋਕੋਲ ਦਾ ਹਿੱਸਾ ਮੰਨਦਿਆਂ ਇਸ 'ਤੇ ਆਪਣੀ ਕਾਰਵਾਈ ਆਰੰਭ ਕਰ ਦਿੱਤੀ | ਇਸ ਦਾ ਬੁਰਾ ਅਸਰ ਭਾਰਤ ਵਿਚਲੇ ਰੈਫਰੀਜਰੇਸ਼ਨ ਖੇਤਰ ਅਤੇ ਇਸ ਦੇ ਸਹਿਯੋਗੀ ਕਿੱਤਿਆਂ 'ਤੇ ਪੈਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਇਸ ਖੇਤਰ ਵਿਚ ਵਰਤੇ ਜਾਂਦੇ ਰਸਾਇਣਾਂ ਨੂੰ ਵਰਤੋਂ ਤੋਂ ਬਾਹਰ ਕਰਨ ਲਈ ਵਿਦੇਸ਼ਾਂ ਤੋਂ ਮਹਿੰਗੀ ਤਕਨਾਲੋਜੀ ਖਰੀਦ ਕੇ ਬਦਲ ਵਜੋਂ ਵਰਤਣਾ ਹੋਵੇਗਾ ਜਿਸ ਦੀ ਕੋਈ ਆਰਥਿਕ ਭਰਪਾਈ ਅੰਤਰ-ਰਾਸ਼ਟਰੀ ਪੱਧਰ 'ਤੇ ਨਹੀਂ ਹੋਵੇਗੀ |
ਕਿਗਲੀ ਸਮਝੌਤਾ : ਇਸੇ ਅਮਰੀਕੀ ਦਬਾਅ ਤਹਿਤ ਮੌਾਟਰੀਆਲ ਪ੍ਰੋਟੋਕੋਲ ਨਾਲ ਸੰਬੰਧਤ 197 ਦੇਸ਼ਾਂ ਦੀ 28ਵੀਂ ਰੀਵਿਊ ਮੀਟਿੰਗ ਛੋਟੇ ਜਿਹੇ ਅਫ਼ਰੀਕਨ ਦੇਸ਼ ਰਵਾਂਡਾ ਦੀ ਰਾਜਧਾਨੀ ਕਿਗਲੀ ਵਿਖੇ 15 ਅਕਤੂਬਰ, 2016 ਨੂੰ ਬੁਲਾ ਕੇ ਮੌਾਟਰੀਅਲ ਪ੍ਰੋਟੋਕਾਲ ਵਿਚ ਸੋਧ ਕਰਨ ਲਈ ਕਿਹਾ ਗਿਆ | ਇਸ ਤਹਿਤ ਇਹ ਸਾਰੇ ਦੇਸ਼, ਹਾਈਡ੍ਰੋਫਲੋਰੋਕਾਰਬਨ, ਜੋ ਆਲਮੀ ਤਪਸ਼ ਲਈ ਜ਼ਿੰਮੇਵਾਰ ਯੋਗਿਕ ਹੈ, ਦੀ ਵਰਤੋਂ ਸੰਨ 2045 ਤੱਕ 85% ਤੱਕ ਘਟਾਉਣਗੇ ਅਤੇ ਇਹ ਸਮਝੌਤਾ ਸਾਰੇ 197 ਦੇਸ਼ਾਂ ਉ ੱਪਰ 1 ਜਨਵਰੀ, 2017 ਤੋਂ ਲਾਗੂ ਹੋ ਗਿਆ ਹੈ | ਇਸ ਸਮਝੌਤੇ ਦੀਆਂ ਮੱਦਾਂ ਨੂੰ ਲਾਗੂ ਨਾ ਕਰਨਾ ਦੰਡਯੋਗ ਬਣਾਇਆ ਗਿਆ ਹੈ | ਕਿਗਲੀ ਸਮਝੌਤੇ ਨੂੰ , ਪੈਰਿਸ ਸਮਝੌਤਾ, ਜੋ 1 ਜਨਵਰੀ 2020 ਤੋਂ ਲਾਗੂ ਹੋਣਾ ਹੈ ਅਤੇ ਜਿਸ ਤਹਿਤ ਆਲਮੀ ਤਪਸ਼ ਨੂੰ ਉਦਯੋਗਿਕ ਵਿਕਾਸ ਦੇ ਸਮੇਂ ਤੋਂ ਪਹਿਲੇ ਵੀ 2 ਡਿਗਰੀ ਸੈਲਸੀਅਸ ਤੱਕ ਘਟਾਉਣ ਦਾ ਨਿਰਣਾ ਲਿਆ ਗਿਆ ਹੈ, ਨੂੰ ਲਾਗੂ ਕਰਨ ਦੀ ਕੜੀ ਵਜੋਂ ਦੇਖਿਆ ਜਾ ਰਿਹਾ ਹੈ |
ਓਜ਼ੋਨ ਪਰਤ ਦੀ ਸੁਰੱਖਿਆ ਲਈ ਜੇ ਇਹ ਸਾਰੇ ਪ੍ਰੋਟੋਕਾਲ ਅਤੇ ਸਮਝੌਤੇ ਲਾਗੂ ਨਾ ਕੀਤੇ ਜਾਂਦੇ ਤਾਂ ਅਨੁਮਾਨ ਹੈ ਕਿ ਸੰਨ 2050 ਤੱਕ ਸੰਨ 1980 ਦੇ ਮੁਕਾਬਲੇ ਵਾਯੂਮੰਡਲ ਵਿਚ ਕਲੋਰੋਫਲੋਰੋਕਾਰਬਨਾਂ ਦੀ ਮਾਤਰਾ 10 ਗੁਣਾਂ ਜ਼ਿਆਦਾ ਹੋਣੀ ਸੀ ਜਿਸ ਦੇ ਭਿਆਨਕ ਸਿੱਟਿਆਂ ਦਾ ਵਿਗਿਆਨਕ ਅੰਦਾਜ਼ਾ ਲਗਾਇਆ ਜਾ ਸਕਦਾ ਹੈ | ਇਨ੍ਹਾਂ ਦੇ ਲਾਗੂ ਹੋਣ ਨਾਲ ਵਾਯੂਮੰਡਲ ਦੇ ਧਰਤੀ ਲਾਗਲੇ ਹਿੱਸੇ ਵਿਚ ਕਲੋਰੀਨ ਅਤੇ ਅਜਿਹੇ ਹੋਰ ਰਸਾਇਣਾਂ ਦੀ ਮਾਤਰਾ ਲਗਾਤਾਰ ਘਟ ਰਹੀ ਹੈ ਅਤੇ ਓਜ਼ੋਨ ਪਰਤ ਮੁੜ ਆਪਣੀ ਮੁੱਢਲੀ ਅਵਸਥਾ ਵੱਲ ਪਰਤਣੀ ਆਰੰਭ ਹੋ ਗਈ ਹੈ ਜੋ ਇਕ ਸ਼ੁੱਭ ਸ਼ਗ਼ਨ ਹੈ ਅਤੇ ਇਸ ਸਦੀ ਦੇ ਮੱਧ ਤੱਕ 1980 ਵਾਲੀ ਸਥਿਤੀ ਵਿਚ ਪਹੁੰਚਣ ਦੀ ਪੂਰੀ ਸੰਭਾਵਨਾ ਹੈ | ਇਸ ਕਾਰਨ ਸੰਨ 2030 ਤੱਕ ਚਮੜੀ ਦੇ ਕੈਂਸਰ ਦੇ 20 ਲੱਖ ਕੇਸ ਘਟਣ ਅਤੇ ਧਰਤੀ 'ਤੇ ਠੰਢਕ ਪਰਤਣ ਦੀ ਪੇਸ਼ਨਗੋਈ ਕੀਤੀ ਗਈ ਹੈ |
ਬੇਸ਼ੱਕ ਸੰਯੁਕਤ ਰਾਸ਼ਟਰ ਨੇ ਇਸ ਵਰ੍ਹੇ ਓਜ਼ੋਨ ਪਰਤ ਸੁਰੱਖਿਆ ਲਈ 'ਠੰਢ ਬਣਾਈ ਰੱਖੋ ਅਤੇ ਚਲਦੇ ਰਹੋ' (Keep cool and carry on) ਦਾ ਨਾਅਰਾ ਦਿੱਤਾ ਹੈ ਪਰ ਫਿਰ ਵੀ ਇਸ ਵੱਡੀ ਆਸ ਦੀ ਕਿਰਨ ਵਿਚ ਪੁਲਾੜ ਉਦਯੋਗਾਂ ਅਤੇ ਇਨ੍ਹਾਂ ਦੁਆਰਾ ਛੱਡੇ ਜਾਣ ਵਾਲੇ ਰਾਕਟਾਂ ਚੋਂ ਨਿਕਲਣ ਵਾਲੀਆਂ ਗੈਸਾਂ ਨੂੰ ਇਕ ਧੁੰਦਲੇਪਣ ਵਜੋਂ ਦੇਖਿਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਗੈਸਾਂ, ਜਿਨ੍ਹਾਂ ਨੂੰ ਵਿਗਿਆਨਕ ਤੌਰ 'ਤੇ 'ਰੈਡੀਕਲ' ਕਿਹਾ ਜਾਂਦਾ ਹੈ, ਮੌਾਟਰੀਅਲ ਪ੍ਰੋਟੋਕਾਲ ਅਤੇ ਹੋਰ ਸਮਝੌਤੇ ਵਿਚ ਜ਼ਿਕਰ ਅਧੀਨ ਨਹੀਂ ਅਤੇ ਇਹ ਓਜ਼ੋਨ ਪਰਤ ਨੂੰ ਪ੍ਰਭਾਵਿਤ ਵੀ ਕਰ ਰਹੇ ਹਨ | ਦਿਨ ਪ੍ਰਤੀ ਦਿਨ ਹੋ ਰਹੇ ਵਿਗਿਆਨ ਦੇ ਵਿਕਾਸ ਕਾਰਨ ਪੈਦਾ ਹੋ ਰਹੇ ਅਜਿਹੇ ਅਨੇਕਾਂ ਰਸਾਇਣਾਂ 'ਤੇ ਬਾਜ਼ ਅੱਖ ਰੱਖਣ ਦੀ ਲੋੜ ਹੈ ਜੋ ਵਿਗਿਆਨ ਦੀ ਅਜਿਹੀ ਖੋਜ ਤੋਂ ਅਜੇ ਬਾਹਰ ਹਨ ਅਤੇ ਸਿੱਧੇ ਜਾਂ ਅਸਿੱਧੇ ਤੌਰ 'ਤੇ ਓਜ਼ੋਨ ਪਰਤ ਨੂੰ ਪ੍ਰਭਾਵਿਤ ਕਰ ਰਹੇ ਹਨ |

-ਡਿਪਟੀ ਡਾਇਰੈਕਟਰ (ਲੋ: ਸੰ:) ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਪਟਿਆਲਾ |
ਮੋਬਾਈਲ: 98789 50571

ਅੱਜ ਜਨਮ ਦਿਨ 'ਤੇ ਵਿਸ਼ੇਸ਼

ਮੈਗਸਾਸੇ ਐਵਾਰਡ ਜੇਤੂ ਐਮ.ਐਸ. ਸੁਬੂਲਕਸ਼ਮੀ

1974 ਵਿਚ ਏਸ਼ੀਆ ਦਾ ਸਰਵਉੱਚ ਨਾਗਰਿਕ ਸਨਮਾਨ 'ਮੈਗਸਾਸੇ ਐਵਾਰਡ' ਪ੍ਰਦਾਨ ਕਰਨ ਵੇਲੇ ਇਕ ਭਾਰਤੀ ਮਹਿਲਾ ਸਬੰਧੀ ਮਾਣ-ਪੱਤਰ ਪੜ੍ਹਦਿਆਂ ਕਿਹਾ ਗਿਆ, 'ਸਖ਼ਤ ਮਿਹਨਤ ਕਰ ਕੇ ਉਸ ਨੇ ਪੂਰਨ ਗਿਆਨ ਪ੍ਰਾਪਤ ਕਰ ਲਿਆ ਹੈ | ਐਮ.ਐਸ. ਸੁਬੂਲਕਸ਼ਮੀ ਦੱਖਣੀ ਭਾਰਤ ਦੀ ਕਰਨਾਟਕੀ ਪਰੰਪਰਾ ਦੇ ਸ਼ਾਸਤਰੀ ਅਤੇ ਅਰਧ-ਸ਼ਾਸਤਰੀ ਗੀਤਾਂ ਦਾ ਸੰਪੂਰਨ ਗਿਆਨ ਪ੍ਰਾਪਤ ਕਰਨ ਉਪਰੰਤ ਪ੍ਰਤੀਨਿਧੀ ਬਣ ਕੇ ਇਸ ਪਰੰਪਰਾ ਦਾ ਪ੍ਰਚਾਰ ਕਰ ਹੀ ਹੈ |' ਐਮ.ਐਸ. ਸੁਬੂਲਕਸ਼ਮੀ ਇਹ ਸਨਮਾਨ ਪ੍ਰਾਪਤ ਕਰਨ ਵਾਲੀ ਪਹਿਲੀ ਭਾਰਤੀ ਸੰਗੀਤਕਾਰ ਬਣੀ | ਇੰਨਾ ਹੀ ਨਹੀਂ ਭਾਰਤ ਦੇ ਸਰਵੋਤਮ ਨਾਗਰਿਕ ਪੁਰਸਕਾਰ 'ਭਾਰਤ ਰਤਨ' ਦੀ ਹੱਕਦਾਰ ਬਣਨ ਵਾਲੀ ਵੀ ਉਹ ਪਹਿਲੀ (1998) ਸੰਗੀਤ ਸ਼ਾਸਤਰੀ ਸੀ |
ਮਦੁਰਾਈ ਸ਼ਾਨਮੁਖਾਵੈਦਿਵੂ ਸੁਬੂਲਕਸ਼ਮੀ, ਜਿਸ ਨੂੰ ਭਾਰਤੀ ਲੋਕ ਪਿਆਰ ਨਾਲ ਐਮ.ਐਸ. ਜਾਂ ਐਮ.ਐਸ.ਐਸ. ਕਹਿੰਦੇ ਹਨ, ਦਾ ਨਾਂਅ ਕਰਨਾਟਕ ਸੰਗੀਤ ਸੰਸਾਰ ਦੇ ਸਮਾਨਅਰਥੀ ਮੰਨਿਆ ਜਾਂਦਾ ਹੈ | ਕਰਨਾਟਕ ਸੰਗੀਤ ਸੰਸਾਰ ਤੋਂ ਭਾਵ ਹੈ ਦੱਖਣੀ ਭਾਰਤ ਦੀ ਸਭ ਤੋਂ ਪ੍ਰਾਚੀਨ ਤੇ ਅਮੀਰ ਸ਼ਾਸਤਰੀ ਸੰਗੀਤ ਪ੍ਰਣਾਲੀ ਜਦੋਂ ਕਿ ਉੱਤਰੀ ਸੰਗੀਤ ਪ੍ਰਣਾਲੀ ਨੂੰ ਹਿੰਦੁਸਤਾਨੀ ਸੰਗੀਤ ਪੱਧਤੀ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਸੁਬੂਲਕਸ਼ਮੀ ਦਾ ਜਨਮ ਮਦਰਾਸ ਦੇ ਮਦੁਰਾਈ ਇਲਾਕੇ ਵਿਚ ਸ੍ਰੀ ਸੁਬਰਾਮਨੀਆ ਆਇਰ ਦੇ ਘਰ 16 ਸਤੰਬਰ, 1916 ਨੂੰ ਹੋਇਆ ਸੀ | ਉਸ ਦੀ ਮਾਂ ਸ਼ਾਨਮੁਗਾਵੈਦਿਵੂ ਅੱਮਾਲ ਆਪਣੇ ਸਮੇਂ ਦੀ ਪ੍ਰਸਿੱਧ ਵੀਣਾ ਵਾਦਕ ਸੀ ਅਤੇ ਨਾਨੀ ਅਕੱਮਾਲ ਵਾਇਲਨ ਵਾਦਕ | ਉਹ ਬਹੁਤ ਛੋਟੀ ਸੀ ਕਿ ਮਾਂ ਨੇ ਉਸ ਲਈ ਸੰਗੀਤ ਦੀ ਸਿਖਲਾਈ ਦਾ ਪ੍ਰਬੰਧ ਕਰ ਦਿੱਤਾ | ਇਸ ਤਰ੍ਹਾਂ ਉਹ ਸੰਗੀਤਮਈ ਤੇ ਸੰਗੀਤ ਦੀ ਸਿਖਲਾਈ ਲਈ ਮਾਰਗ ਦਰਸ਼ਨ ਕਰਨ ਵਾਲੇ ਮਾਹੌਲ ਵਿਚ ਜੰਮੀ-ਪਲੀ | ਸੀਮਨਗੁੱਡੀ ਸ੍ਰੀਨਿਵਾਸਾ ਆਇਰ ਨੇ ਉਸ ਨੂੰ ਬਾਲ ਅਵਸਥਾ ਵਿਚ ਹੀ ਕਰਨਾਟਕ ਸੰਗੀਤ ਅਭਿਆਸੀ ਬਣਾ ਦਿੱਤਾ | ਫਿਰ ਪੰਡਿਤ ਨਰਾਇਣ ਰਾਓ ਵਿਆਸ ਨੇ ਉਸ ਨੂੰ ਭਾਰਤੀ ਸੰਗੀਤ ਸਿੱਖਿਆ ਪ੍ਰਦਾਨ ਕੀਤੀ | ਸੰਗੀਤ ਖੇਤਰ ਦੀਆਂ ਮਹਾਨ ਸ਼ਖ਼ਸੀਅਤਾਂ ਨਾਲ ਘਰ ਵਿਚ ਹੁੰਦੀਆਂ ਮੁਲਾਕਾਤਾਂ ਨੇ ਉਸ ਦੀ ਸੰਗੀਤ ਵਿਚ ਦਿਲਚਸਪੀ ਵਧਾਈ |
ਸੁਬੂਲਕਸ਼ਮੀ ਦਸ ਵਰਿ੍ਹਆਂ ਦੀ ਸੀ ਜਦੋਂ ਉਸ ਦੀ ਪਹਿਲੀ ਰਿਕਾਰਡਿਡ ਐਲਬਮ 'ਵਿਸਰਜਿਤ' ਲੋਕ ਅਰਪਣ ਕੀਤੀ ਗਈ | ਉਸ ਨੇ 13 ਵਰਿ੍ਹਆਂ ਦੀ ਉਮਰ ਲੋਕ-ਸਮੂਹ ਸਾਹਮਣੇ ਪਹਿਲੀ ਪੇਸ਼ਕਾਰੀ ਕੁੰਬਕੋਨਮ ਵਿਖੇ ਮਹਾਮਹਮ ਉਤਸਵ ਦੌਰਾਨ ਭਜਨ ਗਾ ਕੇ ਦਿੱਤੀ | 1936 ਵਿਚ ਸੁਬੂਲਕਸ਼ਮੀ ਮਦਰਾਸ (ਹੁਣ ਚੇਨਈ) ਚਲੀ ਗਈ | ਮਦਰਾਸ ਸੰਗੀਤ ਅਕੈਡਮੀ ਕਰਨਾਟਕ ਸੰਗੀਤ ਦੀ ਸਿਖਲਾਈ ਤੇ ਵਿਕਾਸ ਸਬੰਧੀ ਸ਼ਾਨਾਂਮੱਤਾ ਕੇਂਦਰ ਹੈ | ਵਿਵੇਕਸ਼ੀਲ ਚੋਣ ਪ੍ਰਕਿਰਿਆ ਲਈ ਜਾਣੀ ਜਾਂਦੀ ਇਸ ਅਕੈਡਮੀ ਨੇ ਪਰੰਪਰਾ ਨੂੰ ਤੋੜਦਿਆਂ ਕਿਸ਼ੋਰ ਅਵਸਥਾ ਵਾਲੀ ਇਸ ਲੜਕੀ ਨੂੰ ਸੁਰ ਪ੍ਰਦਰਸ਼ਨ ਲਈ ਸੱਦਾ ਦਿੱਤਾ | ਉਸਦੀ ਪਹਿਲੀ ਪੇਸ਼ਕਾਰੀ ਉਪਰੰਤ ਹੀ ਸੰਗੀਤ ਆਲੋਚਕਾਂ ਵਲੋਂ ਉਸ ਨੂੰ ਪ੍ਰਤਿਭਾਸ਼ੀਲ ਘੋਸ਼ਿਤ ਕਰ ਦਿੱਤਾ ਗਿਆ | ਇਸ ਪ੍ਰੋਗਰਾਮ ਤੋਂ ਬਾਅਦ ਉਹ ਕਰਨਾਟਕ ਸੰਗੀਤ ਸ਼ਾਸਤਰ ਦੇ ਖੇਤਰ ਦੀ ਮੋਹਰੀ ਪ੍ਰਤਿਭਾ ਬਣ ਗਈ | ਸਤਾਰਾਂ ਵਰਿ੍ਹਆਂ ਦੀ ਉਮਰ ਤੱਕ ਉਹ ਵੱਡੇ-ਵੱਡੇ ਪ੍ਰੋਗਰਾਮਾਂ ਵਿਚ ਭਾਗ ਲੈਣ ਲੱਗ ਪਈ ਸੀ | ਉਸ ਵੇਲੇ ਤੱਕ ਕਰਨਾਟਕ ਸੰਗੀਤ ਪਰੰਪਰਾ ਸਿਰਫ਼ ਮਰਦਾਂ ਲਈ ਰਾਖਵੀਂ ਸੀ | ਅਜਿਹੇ ਹਾਲਾਤ 'ਚੋਂ ਉੱਭਰ ਕੇ ਐਮ.ਐਸ. ਨੇ ਵੱਖ-ਵੱਖ ਭਾਸ਼ਾਵਾਂ (ਸੰਸਕਿ੍ਤ, ਹਿੰਦੀ, ਕੱਨ੍ਹੜ, ਗੁਜਰਾਤੀ, ਤਮਿਲ, ਤੈਲਗੂ, ਬੰਗਾਲੀ, ਮਰਾਠੀ ਅਤੇ ਮਲਿਆਲਮ ਆਦਿ) ਵਿਚ ਭਿੰਨ-2 ਕਿਸਮ ਦੇ ਸੰਗੀਤਕ ਰੂਪਾਂ ਦੀਆਂ ਪੇਸ਼ਕਾਰੀਆਂ ਕੀਤੀਆਂ |
1936 ਵਿਚ ਉਸ ਦਾ ਮੇਲ ਸਦਾਸਿਵਮ ਨਾਂਅ ਦੇ ਆਜ਼ਾਦੀ ਘੁਲਾਟੀਏ ਨਾਲ ਹੋਇਆ | ਦੋਵੇਂ ਇਕ-ਦੂਜੇ ਤੋਂ ਏਨਾ ਪ੍ਰਭਾਵਿਤ ਹੋਏ ਕਿ ਚਾਰ ਵਰਿ੍ਹਆਂ ਬਾਅਦ ਦੋਵੇਂ ਜੀਵਨ ਸਾਥੀ ਬਣ ਗਏ | ਸਦਾਸਿਵਮ ਦੇ ਪਿਛਲੇ ਵਿਆਹ ਤੋਂ ਬੱਚੇ ਸਨ ਪਰ ਐਮ.ਐਸ. ਦਾ ਆਪਣਾ ਕੋਈ ਬਾਲ ਨਹੀਂ ਸੀ | ਉਸ ਨੇ ਸਦਾਸਿਵਮ ਦੇ ਬੱਚਿਆਂ ਰਾਧਾ ਤੇ ਵਿਜੀ ਨੂੰ ਪੂਰਾ ਪਿਆਰ ਦਿੱਤਾ ਤੇ ਉਸ ਦੀ ਯਤੀਮ ਭਤੀਜੀ ਥਾਂਗਮ ਨੂੰ ਵੀ ਗੋਦ ਲੈ ਕੇ ਪਾਲਿਆ-ਪੋਸਿਆ |
ਜਵਾਨੀ ਦੀ ਅਵਸਥਾ ਵਿਚ ਸੁਬੂਲਕਸ਼ਮੀ ਨੇ ਕਈ ਤਾਮਿਲ ਫ਼ਿਲਮਾਂ ਵਿਚ ਅਭਿਨੈ ਕੀਤਾ | ਉਸ ਦੀ ਪਹਿਲੀ ਫ਼ਿਲਮ 'ਸੇਵਾਸਦਨਮ' 1938 ਵਿਚ ਰਿਲੀਜ਼ ਹੋਈ | 'ਸਵਿਤ੍ਰੀ' (1941) ਫ਼ਿਲਮ ਵਿਚ ਉਸ ਨੇ ਨਾਰਦ ਦਾ ਪ੍ਰਭਾਵਸ਼ਾਲੀ ਕਿਰਦਾਰ ਨਿਭਾਇਆ ਤਾਂ ਕਿ ਪਤੀ ਵਲੋਂ ਸ਼ੁਰੂ ਕੀਤੇ ਜਾਣ ਵਾਲੇ ਹਫ਼ਤਾਵਾਰੀ (ਤਮਿਲ) 'ਕਾਲਕੀ' ਲਈ ਪੈਸਾ ਇਕੱਠਾ ਕੀਤਾ ਜਾ ਸਕੇ | 'ਮੀਰਾ' (1945) ਵਿਚ ਉਸ ਨੇ ਮੀਰਾ ਬਣ ਕੇ ਕੌਮੀ ਪ੍ਰਸਿੱਧੀ ਖੱਟੀ | ਦੋ ਵਰਿ੍ਹਆਂ ਬਾਅਦ ਇਸ ਫ਼ਿਲਮ ਨੂੰ ਮੁੜ ਹਿੰਦੀ ਵਿਚ ਬਣਾਇਆ ਗਿਆ | ਉਸ ਨੇ ਮੀਰਾ ਰਚਿਤ ਕਈ ਪ੍ਰਸਿੱਧ ਭਜਨ ਆਪਣੀ ਸੁਰੀਲੀ ਆਵਾਜ਼ ਵਿਚ ਗਾਏ | ਉਸ ਨੇ ਫ਼ਿਲਮਾਂ ਰਾਹੀਂ ਸਫ਼ਲਤਾ ਵੀ ਪ੍ਰਾਪਤ ਕੀਤੀ ਤੇ ਨਾਂਅ ਵੀ ਖੱਟਿਆ ਪਰੰਤੂ ਕੁਝ ਸਮੇਂ ਬਾਅਦ ਫ਼ਿਲਮਾਂ ਵਿਚ ਕੰਮ ਕਰਨਾ ਛੱਡ, ਆਪਣੇ ਆਪ ਨੂੰ ਸੰਗੀਤਕ ਪੇਸ਼ਕਾਰੀਆਂ ਲਈ ਸਮਰਪਿਤ ਕਰ ਦਿੱਤਾ | 'ਭਜ ਗੋਵਿੰਦਮ', 'ਵਿਸ਼ਨੂੰ ਸਹੰਸਰਨਾਮਾ' (1000 ਨਾਂਅ ਵਿਸ਼ਨੂੰ ਦੇ), 'ਹਰੀ ਤੁਮ ਹਰੋ', 'ਹਨੂਮਾਨ ਚਾਲੀਸਾ' ਅਤੇ 'ਵੈਂਕਟੇਸ਼ਵਰ ਸੁਪ੍ਰਭਾਤਮ' ਉਸ ਵਲੋਂ ਗਾਏ ਪ੍ਰਸਿੱਧ ਭਜਨ ਹਨ ਜਿਨ੍ਹਾਂ ਨੂੰ ਲੋਕ ਅੱਜ ਵੀ ਪੂਰੇ ਅਨੰਦ ਨਾਲ ਸੁਣਦੇ ਹਨ | ਉਸ ਦੁਆਰਾ ਗਾਏ ਗੀਤ 'ਵੈਸ਼ਨਵ ਜਨ ...' ਨੂੰ ਸੁਣ ਕੇ ਅੱਜ ਵੀ ਹਰ ਅੱਖ ਨਮ ਹੋ ਜਾਂਦੀ ਹੈ |
ਸੁਬੂਲਕਸ਼ਮੀ ਨੂੰ ਪ੍ਰਾਪਤ ਹੋਏ ਸਨਮਾਨਾਂ ਵਿਚ 'ਪਦਮ ਭੂਸ਼ਣ' (1954), 'ਸੰਗੀਤ ਨਾਟਕ ਅਕੈਡਮੀ ਐਵਾਰਡ' (1956), 'ਸੰਗੀਤ ਕਲਾਨਿਧੀ' (1968), 'ਪਦਮ ਵਿਭੂਸ਼ਣ' (1975), 'ਕਾਲੀਦਾਸ ਸਨਮਾਨ' (1988) ਅਤੇ ਕੌਮੀ ਏਕਤਾ ਲਈ 'ਇੰਦਰਾ ਗਾਂਧੀ ਸਨਮਾਨ' (1990) ਅਹਿਮ ਹਨ | ਉਸ ਨੂੰ ਤਿਰੂਮਾਲਾ ਤਿਰੂਪਤੀ ਦੇਵਸਥਾਨ ਦੇ ਵਿਹੜੇ ਦੀ ਗਾਇਕਾ ਵਜੋਂ ਸਨਮਾਨਿਆ ਜਾਂਦਾ ਰਿਹਾ | ਬਹੁਤ ਸਾਰੀਆਂ ਯੂਨੀਵਰਸਿਟੀਆਂ ਵਲੋਂ ਉਸ ਨੂੰ ਆਨਰੇਰੀ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ | ਸਨਮਾਨਾਂ ਵਿਚ ਪ੍ਰਾਪਤ ਹੋਈ ਵਿਸ਼ਾਲ ਰਕਮ ਵਿਚੋਂ 200 ਤੋਂ ਵੱਧ ਧਰਮ ਅਰਥ ਕਾਰਜਾਂ ਵਾਸਤੇ ਉਸ ਨੇ ਲਗਪਗ ਇਕ ਕਰੋੜ ਰੁਪਏ ਦਾਨ ਵਜੋਂ ਦਿੱਤੇ ਤੇ ਵਧੀਆ ਵਿਕਣ ਵਾਲੇ ਰਿਕਾਰਡਜ਼ ਦੀ ਰਾਇਲਟੀ ਵੀ ਬਹੁਤ ਸਾਰੀਆਂ ਧਾਰਮਿਕ ਕਾਰਜ ਕਰਨ ਵਾਲੀਆਂ ਸੰਸਥਾਵਾਂ ਨੂੰ ਦਿੱਤੀ |
ਆਜ਼ਾਦ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਸੁਬੂਲਕਸ਼ਮੀ ਨੂੰ ਮਾਣ ਦਿੰਦਿਆਂ ਕਿਹਾ ਸੀ, 'ਮੈਂ ਕੌਣ ਹਾਂ ਇਕ ਰਾਣੀ ਦੇ ਸਾਹਮਣੇ, ਸਿਰਫ਼ ਪ੍ਰਧਾਨ ਮੰਤਰੀ ਤੇ ਉਹ ਵੀ ਸੰਗੀਤ ਦੀ ਰਾਣੀ ਸਾਹਮਣੇ |' ਸੁਰ ਕੋਇਲ ਲਤਾ ਮੰਗੇਸ਼ਕਰ ਨੇ ਉਸ ਨੂੰ ਤਪਸਵਿਨੀ ਵਜੋਂ ਸਨਮਾਨਿਆ | ਬੜੇ ਗੁਲਾਮ ਅਲੀ ਖਾਂ ਨੇ ਉਸ ਨੂੰ ਸੁਸਵਰਲਕਸ਼ਮੀ ਤੇ ਕਿਸ਼ੋਰੀ ਅਮੋਨਕਰ ਨੇ ਸੰਗੀਤ ਦੇ ਸੱਤ ਸੁਰਾਂ ਤੋਂ ਉਪਰ ਅੱਠਵੇਂ ਸਵਰ ਦਾ ਨਾਂਅ ਦਿੱਤਾ |
1977 ਵਿਚ ਪਤੀ ਦੀ ਮੌਤ ਤੋਂ ਬਾਅਦ ਐਮ.ਐਸ. ਨੇ ਜਨਸਮੂਹ ਸਾਹਮਣੇ ਪੇਸ਼ਕਾਰੀਆਂ ਦੇਣੀਆਂ ਬੰਦ ਕਰ ਦਿੱਤੀਆਂ | 'ਨਾਈਟਿੰਗੇਲ ਆਫ ਕਰਨਾਟਕ ਮਿਊਜ਼ਿਕ' ਅਤੇ 'ਸੰਗੀਤ ਦਾ ਸੰਦੂਕੀ ਖ਼ਜ਼ਾਨਾ' ਪਦਵੀ ਪ੍ਰਾਪਤ ਕਰਨ ਵਾਲੀ 88 ਵਰਿ੍ਹਆਂ ਦੀ ਗਾਇਕਾ ਸੁਬੂਲਕਸ਼ਮੀ ਭਾਵੇਂ 11 ਦਸੰਬਰ, 2004 ਨੂੰ ਫ਼ਾਨੀ ਸਰੀਰ ਤੋਂ ਰੁਖ਼ਸਤ ਹੋ ਗਈ ਪਰੰਤੂ ਸੰਗੀਤ ਸੰਸਾਰ ਨੂੰ ਉਸ ਨੇ ਜੋ ਕੁਝ ਦਿੱਤਾ, ਉਸ ਨਿਸ਼ਾਨੀ ਰਾਹੀਂ ਉਹ ਸਦਾ ਜਿਊਾਦੀ ਰਹੇਗੀ |

-ਸਟੇਟ ਐਵਾਰਡੀ ਅਤੇ ਅਸਿਸਟੈਂਟ ਪ੍ਰੋਫ਼ੈਸਰ, ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਮੋਬਾਈਲ : 9814423703.

ਆਓ, ਚੱਲੀਏ ਪੁਲਾੜ ਵਿਚ

ਦੂਜੀ ਤੇ ਆਖ਼ਰੀ ਕਿਸ਼ਤ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
1934 ਵਿਚ ਇਸ ਸੁਸਾਇਟੀ ਨੇ ਇਕ ਅਜਿਹੇ ਰਾਕਟ ਨੂੰ ਸਫ਼ਲਤਾ ਨਾਲ ਪਰਖਿਆ ਜੋ ਆਕਾਸ਼ ਵਿਚ ਦੋ ਮੀਲ ਉੱਚਾ ਉਠਿਆ | ਵਾਨ ਬਰਾਨ ਸਮਾਂ ਪਾ ਕੇ ਕਿਸੇ ਜਰਮਨ ਯੂਨੀਵਰਸਿਟੀ ਵਿਚ ਫਿਜ਼ਿਕਸ ਦਾ ਪ੍ਰੋਫੈਸਰ ਲੱਗ ਜਾਂਦਾ ਪਰ ਨਾਜ਼ੀਆਂ ਦੀ ਚੜ੍ਹਤ ਦੇ ਦਿਨ ਸਨ | ਸਰਕਾਰ ਦਾ ਧਿਆਨ ਫ਼ੌਜਾਂ ਤੇ ਮਾਰੂ ਹਥਿਆਰਾਂ ਵੱਲ ਸੀ | ਨਾਜ਼ੀਆਂ ਨੂੰ ਵਾਨ ਬਰਾਨ ਵਿਚ ਮਾਰੂ ਹਥਿਆਰਾਂ ਦੀ ਖੋਜ ਤੇ ਵਿਕਾਸ ਦੀਆਂ ਸੰਭਾਵਨਾਵਾਂ ਨਜ਼ਰ ਆਈਆਂ | ਉਨ੍ਹਾਂ ਉਸ ਦੇ ਡਾਕਟਰੇਟ ਦੇ ਥੀਸਿਜ਼ ਦੇ ਪ੍ਰਕਾਸ਼ਨ ਉਤੇ ਪਾਬੰਦੀ ਲਾ ਕੇ ਉਸ ਨੂੰ ਖੁੱਲ੍ਹੇ ਫੰਡ ਦੇ ਕੇ ਵਧੀਆ, ਵੱਧ ਰੇਂਜ ਤੇ ਵੱਧ ਉਚੇ ਉੱਡਣ ਵਾਲੇ ਸ਼ਕਤੀਸ਼ਾਲੀ ਰਾਕਟ ਡਿਜ਼ਾਈਨ ਕਰਨ ਉਤੇ ਲਾਇਆ | ਬਜਟ ਦੀ ਕੋਈ ਸੀਮਾ ਨਹੀਂ ਸੀ ਉਸ ਲਈ | ਉਸ ਨੂੰ ਰਾਕਟ ਪ੍ਰੋਜੈਕਟ ਦਾ ਡਾਇਰੈਕਟਰ ਬਣਾਇਆ ਗਿਆ | ਵਾਨ ਬਰਾਨ ਦੀ ਕਿਸੇ ਸਿਆਸਤ ਵਿਚ ਕੋਈ ਰੁਚੀ ਨਹੀਂ ਸੀ ਪਰ ਰਾਕਟ ਡਿਜ਼ਾਈਨ ਉਸ ਦਾ ਮਨ ਭਾਉਂਦਾ ਕਾਰਜ ਸੀ | ਬਚਪਨ ਦਾ ਸੁਪਨਾ | ਉਸ ਨੇ ਇਹ ਡਾਇਰੈਕਟਰੀ ਸਵੀਕਾਰ ਕਰ ਲਈ | ਸਰਕਾਰ ਨੇ ਉਸ ਦੀ ਸਹਾਇਤਾ ਲਈ ਦੇਸ਼ ਦੇ ਵੱਡੇ ਵਿਗਿਆਨੀ ਤੇ ਇੰਜੀਨੀਅਰ ਵੀ ਉਸ ਦੇ ਹਵਾਲੇ ਕਰ ਦਿੱਤੇ | ਬਰਾਨ ਤੇ ਉਸ ਦੀ ਟੀਮ ਹੁਣ ਰਾਕਟ ਡਿਜ਼ਾਈਨ ਵਿਚ ਰੁੱਝ ਗਏ | ਸਰਕਾਰ ਨੇ ਉਸ ਨੂੰ ਨਾਜ਼ੀ ਪਾਰਟੀ ਦੀ ਮੈਂਬਰਸ਼ਿਪ ਦੀ ਪੇਸ਼ਕਸ਼ ਵੀ ਕੀਤੀ, ਪਰ ਉਸ ਨੇ ਨਿਮਰਤਾ ਸਹਿਤ ਅਸਵੀਕਾਰ ਕਰ ਦਿੱਤੀ |
ਵਾਨ ਬਰਾਨ ਨੇ ਤਸੀਓਲਕੋਵਸਕੀ, ਗੋਡਾਰਡ ਅਤੇ ਆਪਣੇ ਹੁਣ ਤੱਕ ਦੇ ਕਾਰਜ ਨੂੰ ਤੇਜ਼ੀ ਨਾਲ ਅੱਗੇ ਵਧਾਉਂਦੇ ਹੋਏ ਵੀ-2 ਨਾਂਅ ਦੇ ਸ਼ਕਤੀਸ਼ਾਲੀ ਰਾਕਟ ਬਣਾਏ | 46 ਫੁੱਟ ਉਚੇ 27.600 ਪੌਾਡ ਭਾਰੇ ਇਨ੍ਹਾਂ ਰਾਕਟਾਂ ਦੀ ਸਪੀਡ 3580 ਮੀਲ ਪ੍ਰਤੀ ਘੰਟਾ ਅਤੇ ਇਹ 60 ਮੀਲ ਉੱਚੇ ਉੱਡ ਸਕਦੇ ਸਨ | 200 ਮੀਲ ਦੂਰ ਤੱਕ ਮਾਰ ਕਰਨ ਵਾਲੇ ਇਨ੍ਹਾਂ ਰਾਕਟਾਂ ਨੇ ਲੰਦਨ ਅਤੇ ਐਾਟਵਰਪ ਵਿਚ ਦਹਿਸ਼ਤ ਮਚਾ ਦਿੱਤੀ | ਸ਼ਹਿਰਾਂ ਵਿਚ ਬਲਾਕਾਂ ਦੇ ਬਲਾਕ ਇਨ੍ਹਾਂ ਨੇ ਮਲੀਆਮੇਟ ਕਰ ਦਿੱਤੇ | ਸਪੀਡ, ਰੇਂਜ ਤੇ ਤਬਾਹੀ ਦੇ ਸਾਰੇ ਰਿਕਾਰਡ ਮਾਤ ਕਰ ਦਿੱਤੇ | ਆਵਾਜ਼ ਤੋਂ ਤੇਜ਼ | ਸਾਊਾਡ ਬੈਰੀਅਰ ਤੋੜਨ ਵਾਲਾ ਪਹਿਲਾ ਰਾਕਟ ਵਾਯੂਮੰਡਲ ਤੋਂ ਬਾਹਰ ਪੁਲਾੜ ਵਿਚ ਜਾਣ ਵਾਲਾ ਪਹਿਲਾ ਰਾਕਟ | ਮਿੱਤਰ ਦੇਸ਼ਾਂ ਉਤੇ 3 ਹਜ਼ਾਰ ਤੋਂ ਵੱਧ ਵੀ-3 ਦਾਗੇ ਗਏ | 9 ਹਜ਼ਾਰ ਬੰਦੇ ਮਾਰੇ ਇਨ੍ਹਾਂ ਨੇ, ਰਾਕਟ ਬਣਾਉਣ ਵਿਚ ਲਾਏ ਜੰਗੀ ਕੈਦੀਆਂ ਵਿਚੋਂ ਜਿਹੜੇ ਮਰੇ ਉਹ ਵੱਖਰੇ | ਨਾਜ਼ੀਆਂ ਨੂੰ ਕਿਸੇ ਦੇ ਜਿਊਣ-ਮਰਨ ਦਾ ਫਿਕਰ ਨਹੀਂ ਸੀ | ਕੰਮ ਕਦੇ ਬੰਦੇ ਭੁੱਖ ਨਾਲ ਮਰਨ ਜਾਂ ਉਨੀਂਦੇ ਜਾਂ ਕਿਸੇ ਵਿਸਫੋਟ ਨਾਲ, ਉਨ੍ਹਾਂ ਦੀ ਜਾਣੇ ਜੁੱਤੀ | ਵਾਨ ਬਰਾਨ ਇਕ ਵਾਰ ਰਾਕਟ ਬਣਾਉਣ ਵਾਲੀ ਸਾਈਟ ਤੇ ਗਿਆ ਤਾਂ ਉਸ ਦਾ ਮਨ ਬੜਾ ਖਰਾਬ ਹੋਇਆ | ਨਿਰਾ ਨਰਕ | ਉਸ ਨੇ ਕਿਸੇ ਸਰਕਾਰੀ ਫ਼ੌਜੀ ਅਧਿਕਾਰੀ ਨਾਲ ਗਲ ਛੇੜੀ ਤਾਂ ਉਸ ਨੇ ਉਸ ਨੂੰ ਝਾੜ ਕੇ ਚੁੱਪ ਕਰਾ ਦਿੱਤਾ, ਆਪਣੇ ਕੰਮ ਨਾਲ ਹੀ ਮਤਲਬ ਰੱਖ ਨਹੀਂ ਤਾਂ ਤੈਨੂੰ ਵੀ ਇਨ੍ਹਾਂ ਵਰਗੇ ਕਿਸੇ ਨਰਕ ਵਿਚ ਭੇਜਣਾ ਪਵੇਗਾ | ਬਾਅਦ ਵਿਚ ਇਕ ਵਾਰ ਉਸ ਨੇ ਕਿਸੇ ਪ੍ਰਸ਼ਨ ਦੇ ਉੱਤਰ ਵਿਚ ਕਿਹਾ, 'ਮੈਂ ਨਾਜ਼ੀਆਂ ਦੇ ਕਿਸੇ ਡੈੱਥ ਕੈਂਪ ਜਾਂ ਜੰਗੀ ਹੱਲੇ ਬਾਰੇ ਕਦੇ ਆਲੋਚਨਾ ਨਹੀਂ ਸੀ ਕੀਤੀ | ਜੇ ਕਰਦਾ ਤਾਂ ਨਿਸ਼ਚੇ ਹੀ ਉਹ ਮੈਨੂੰ ਗੋਲੀ ਮਾਰ ਦਿੰਦੇ, ਖੜ੍ਹੇ-ਖੜੋਤੇ ਨੂੰ ਹੀ |
ਵਾਨ ਬਰਾਨ ਸ਼ੈਤਾਨ ਦਾ ਫੀਲ੍ਹਾ ਬਣ ਕੇ ਰਹਿ ਗਿਆ | ਨਿਰੀ ਕਠਪੁਤਲੀ | ਜੰਗ ਦੇ ਅਖੀਰ ਜਿਹੇ ਵਿਚ 1944 ਵਿਚ ਇਕ ਵਾਰ ਉਹ ਸ਼ਰਾਬ ਵਿਚ ਟੰੁਨ ਹੋ ਗਿਆ | ਉਦੋਂ ਉਸ ਨੇ ਇੰਨਾ ਕੁ ਕਿਹਾ, 'ਮੈਂ ਤਾਂ ਰਾਕਟ ਬਣਾਉਣਾ ਚਾਹੁੰਦਾ ਸਾਂ | ਇਥੇ ਯੁੱਧ ਦੇ ਹਥਿਆਰ ਬਣਾਉਣੇ ਪੈ ਰਹੇ ਹਨ ਮੈਨੂੰ | ਪਾਰਟੀ ਵਿਚ ਉਸ ਦੀ ਇੰਨੀ ਗੱਲ ਹੀ ਕਿਸੇ ਜਾਸੂਸ ਨੇ ਸਰਕਾਰ ਤੱਕ ਪਹੁੰਚਾ ਦਿੱਤੀ | ਵਾਨ ਬਰਾਨ ਨੂੰ ਹਿਟਲਰ ਦੀ ਗੈਸਟੈਪੋ ਨੇ ਗਿ੍ਫ਼ਤਾਰ ਕਰ ਲਿਆ | ਪੋਲੈਂਡ ਦੇ ਕੈਦੀ ਕੈਂਪ ਵਿਚ ਦੋਕੁ ਹਫ਼ਤੇ ਰਿਹਾ | ਪਤਾ ਹੀ ਨਹੀਂ ਸੀ ਕਦੋਂ ਗੋਲੀ ਦਾ ਆਰਡਰ ਹੋ ਜਾਵੇ | ਉਸ ਉਤੇ ਇਹ ਦੋਸ਼ ਵੀ ਲੱਗਾ ਕਿ ਉਹ ਦੇਸ਼-ਧਰੋਹੀ ਹੈ | ਕਮਿਊਨਿਸਟਾਂ ਦਾ ਹਮਦਰਦ ਹੈ | ਸਰਕਾਰ ਵਿਰੁੱਧ ਜੋ ਬੋਲੇ ਉਸ ਨੂੰ ਦੇਸ਼ ਧਰੋਹੀ ਕਹਿਣ ਦਾ ਸਬਕ ਬੀ.ਜੇ.ਪੀ. ਸਰਕਾਰ ਤੇ ਉਸ ਦੇ ਸਮਰਥਕਾਂ/ਸਾਥੀਆਂ/ਮੀਡੀਆ ਚੈਨਲਾਂ ਨੇ ਸ਼ਾਇਦ ਹਿਟਲਰ ਦੇ ਇਤਿਹਾਸ ਤੋਂ ਹੀ ਸਿੱਖਿਆ ਹੈ | ਅਜਿਹੇ ਖ਼ਤਰਨਾਕ ਹਾਲਾਤ ਵਿਚ ਐਲਬਰਟ ਸਪੀਅਰ ਨੇ ਹਿਟਲਰ ਨੂੰ ਵਾਨ ਬਰਾਨ ਦੀ ਜਾਨ ਬਖ਼ਸ਼ੀ ਲਈ ਅਪੀਲ ਕੀਤੀ ਤੇ ਕਿਹਾ ਕਿ ਵੀ-2 ਰਾਕਟਾਂ ਲਈ ਅਜੇ ਵੀ ਸਾਨੂੰ ਉਸ ਦੀ ਲੋੜ ਹੈ |
1945 ਵਿਚ ਹਿਟਲਰ ਮਗਰੋਂ ਲੱਥਾ | ਜਰਮਨੀ ਹਾਰ ਗਿਆ | ਵਾਨ ਬਰਾਨ ਤੇ ਉਸ ਦੇ ਸੌ ਸਹਾਇਕਾਂ ਨੇ ਮਿੱਤਰ ਦੇਸ਼ਾਂ ਅੱਗੇ ਆਤਮ ਸਮਰਪਣ ਕਰ ਦਿੱਤਾ | ਉਨ੍ਹਾਂ ਨੂੰ ਕੈਦ ਕਰ ਕੇ ਅਮਰੀਕਾ ਭੇਜਿਆ ਗਿਆ | ਵੀ-2 ਰਾਕਟਾਂ ਅਤੇ ਉਨ੍ਹਾਂ ਦੇ ਸਪੇਅਰ ਪਾਰਟਾਂ ਦੇ ਤਿੰਨ ਸੌ ਵੱਡੇ ਟਰੱਕ ਵੀ ਅਮਰੀਕਾ ਭੇਜੇ ਗਏ | ਅਪਰੇਸ਼ਨ ਪੇਪਰ ਕਲਿਪ ਕਿਹਾ ਗਿਆ ਇਸ ਨੂੰ | ਅਮਰੀਕੀ ਫ਼ੌਜਾਂ ਨੇ ਵੀ-2 ਤੇ ਇਸ ਦੇ ਸਪੇਅਰ ਪਾਰਟਾਂ ਦਾ ਅਧਿਐਨ ਕੀਤਾ ਤੇ ਇਸ ਨੂੰ ਨਵੇਂ ਰੈੱਡ ਸਟੋਨ ਰਾਕਟ ਲਈ ਵਰਤਣ ਦਾ ਫ਼ੈਸਲਾ ਕੀਤਾ | ਵਾਨ ਬਰਾਨ ਅਤੇ ਉਸ ਦੇ ਸਹਾਇਕਾਂ ਦੇ ਨਾਜ਼ੀਆਂ ਨਾਲ ਸਬੰਧਾਂ ਉਤੇ ਕਰੜੀ ਨਜ਼ਰ ਰੱਖਦੇ ਹੋਏ, ਉਨ੍ਹਾਂ ਦੀਆਂ ਸੇਵਾਵਾਂ ਲਈਆਂ ਜਾਣ ਲੱਗੀਆਂ | ਆਰਮੀ, ਨੇਵੀ ਤੇ ਏਅਰ ਫੋਰਸ ਤਿੰਨਾਂ ਦੀ ਸੁਰ ਵੱਖ ਹੋ ਗਈ | ਆਰਮੀ ਨੇ ਵਾਨ ਬਰਾਨ ਦੀ ਮਦਦ ਨਾਲ ਰੈੱਡ ਸਟੋਨ ਰਾਕਟ ਬਣਾਇਆ | ਨੇਵੀ ਨੇ ਵੈਨਗਾਰਡ ਮਿਜ਼ਾਈਲ ਬਣਾਈ ਅਤੇ ਏਅਰ ਫੋਰਸ ਨੇ ਐਟਲਸ |
1950 ਵਿਚ ਆਰਮੀ ਨੇ ਵਾਕ ਬਰਾਕ ਨੂੰ ਆਜ਼ਾਦ ਕਰ ਦਿੱਤਾ | ਉਸ ਨੇ ਟੀ.ਵੀ. ਲਈ ਐਨੀਮੇਟਡ ਸੀਰੀਅਲ ਬਣਾਇਆ ਅਤੇ ਭਵਿੱਖ ਦੇ ਰਾਕਟ ਵਿਗਿਆਨੀਆਂ ਦਾ ਧਿਆਨ ਆਕਰਸ਼ਿਤ ਕੀਤਾ | ਵਾਲਟ ਡਿਜ਼ਨੀ ਨਾਲ ਬਣਾਏ ਇਸ ਸੀਰੀਅਲ ਵਿਚ ਉਸ ਨੇ ਚੰਨ ਉਤੇ ਉਤਾਰੇ ਲਈ ਸਾਂਝੇ ਵਿਗਿਆਨਕ ਉਦਮ ਦੀ ਮੋਟੀ ਜਿਹੀ ਰੂਪ-ਰੇਖਾ ਉਲੀਕੀ | ਮੰਗਲ ਉਤੇ ਪਹੁੰਚਣ ਵਾਲੇ ਪੁਲਾੜੀ ਬੇੜੇ ਦਾ ਸੁਝਾਅ ਦਿੱਤਾ | ਅਮਰੀਕਾ ਵਾਲੇ ਤਾਂ ਇਸ ਮਾਮਲੇ ਵਿਚ ਮਸਤ ਹੀ ਰਹੇ ਪਰ ਰੂਸ ਨੇ ਪੁਲਾੜੀ ਪ੍ਰੋਗਰਾਮ ਨੂੰ ਗੰਭੀਰਤਾ ਨਾਲ ਲਿਆ | ਉਨ੍ਹਾਂ ਇਸ ਨੂੰ ਪੂਰੀ ਤਰ੍ਹਾਂ ਗੁਪਤ ਰੱਖ ਕੇ ਇਸ ਦਾ ਇੰਚਾਰਜ ਸਰਗੇਈ ਕੋਰੋਲੇਵ ਨੂੰ ਬਣਾਇਆ | ਕੰਮ ਉਨ੍ਹਾਂ ਵੀ ਯੁੱਧ ਵਿਚ ਮਿਲੇ ਵੀ-2 ਰਾਕਟਾਂ ਦੇ ਆਧਾਰ ਉਤੇ ਹੀ ਕੀਤਾ | ਰੂਸ ਨੇ ਪੁਲਾੜ ਵਿਚ ਲੰਬੀ ਉਡਾਰੀ ਦਾ ਨਿਸ਼ਾਨਾ ਮਿਥਿਆ | ਇਸ ਦੇ ਪਹਿਲੇ ਪੜਾਅ ਵਜੋਂ ਧਰਤੀ ਦੁਆਲੇ ਬਨਾਵਟੀ ਉਪ-ਗ੍ਰਹਿ ਆਰਬਿਟ ਵਿਚ ਪਾਉਣ ਦਾ ਫ਼ੈਸਲਾ ਕੀਤਾ | ਇਸ ਲਈ ਸਿਧਾਂਤਕ ਆਧਾਰ ਨਿਊਟਨ ਨੇ ਹੀ ਦੇ ਦਿੱਤਾ ਸੀ | ਉਸ ਨੇ ਚਿੱਤਰ ਵਾਹ ਕੇ ਸਮਝਾਇਆ ਸੀ ਕਿ ਜੇ ਇਕ ਉੱਚੀ ਪਹਾੜੀ ਤੋਂ ਤੋਪ ਦਾ ਗੋਲਾ ਦਾਗੀਏ ਤਾਂ ਉਹ ਕੁਝ ਦੂਰੀ ਉਤੇ ਡਿਗਦਾ ਹੈ | ਉਸ ਨੇ ਆਪਣੀਆਂ ਸਮੀਕਰਨਾਂ ਨਾਲ ਦੱਸਿਆ ਕਿ ਗੋਲੇ ਦੀ ਸਪੀਡ ਜਿੰਨੀ ਵਧੀ ਜਾਵੇ, ਇਹ ਧਰਤੀ ਉਤੇ ਹੋਰ ਦੂਰ, ਹੋਰ ਦੂਰ ਡਿਗਦਾ ਹੈ | ਅਖੀਰ ਉਹ ਘੜੀ ਆ ਜਾਵੇਗੀ, ਜਦੋਂ ਗੋਲਾ ਧਰਤੀ ਉਤੇ ਡਿੱਗੇਗਾ ਹੀ ਨਹੀਂ, ਇਸ ਦੁਆਲੇ ਘੰੁਮ ਜਾਵੇਗਾ | ਬਸ ਉਸ ਉਪਰੰਤ ਇਹ ਧਰਤੀ ਉਤੇ ਡਿੱਗੇਗਾ ਹੀ ਨਹੀਂ | ਇਹ ਬਨਾਵਟੀ ਉਪ-ਗ੍ਰਹਿ ਵਾਂਗ ਧਰਤੀ ਦੁਆਲੇ ਚੱਕਰ ਕੱਟਣ ਲੱਗ ਜਾਵੇਗਾ |
ਵੀ-2 ਅਤੇ ਨਿਊਟਨ ਦੇ ਸਿਧਾਂਤਾਂ ਦੇ ਆਧਾਰ ਉਤੇ ਚਲਦੇ-ਚਲਦੇ ਅਕਤੂਬਰ 1957 ਵਿਚ ਰੂਸ ਨੇ ਪਹਿਲਾ ਬਨਾਵਟੀ ਉਪ-ਗ੍ਰਹਿ ਸਪੂਤਨਿਕ ਦਾਗ ਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ | ਪੁਲਾੜੀ ਦੌੜ ਵਿਚ ਜਿਵੇਂ ਰੂਸ ਨੇ ਅਮਰੀਕਾ ਨੂੰ ਪਛਾੜਿਆ, ਉਸ ਤੋਂ ਪ੍ਰੇਸ਼ਾਨ ਹੋ ਕੇ ਅਮਰੀਕਾ ਨੇ ਵਾਨ ਬਰਾਨ ਨੂੰ ਹੁਕਮ ਦਿੱਤਾ ਕਿ ਛੇਤੀ ਤੋਂ ਛੇਤੀ ਤੂੰ ਸਾਡੇ ਵਾਸਤੇ ਬਨਾਵਟੀ ਉਪ-ਗ੍ਰਹਿ ਬਣਾ ਕੇ ਲਾਂਚ ਕਰਨ ਦਾ ਪ੍ਰਬੰਧ ਕਰ | ਸਰਕਾਰ ਨੇ ਹਰ ਤਰ੍ਹਾਂ ਦੀ ਮਦਦ ਦਿੱਤੀ | ਬਰਾਨ ਨੇ ਦਿਨ-ਰਾਤ ਇਕ ਕਰ ਦਿੱਤਾ | 31 ਜਨਵਰੀ, 1958 ਨੂੰ ਅਮਰੀਕਾ ਨੇ ਪਹਿਲਾ ਬਨਾਵਟੀ ਉਪ-ਗ੍ਰਹਿ ਐਕਸਪਲੋਰਰ-1 ਬਣਾ ਕੇ ਰੂਸ ਨਾਲ ਪੁਲਾੜੀ ਬਰਾਬਰੀ ਦਾ ਸੁਨੇਹਾ ਦੁਨੀਆ ਨੂੰ ਦੇਣ ਦਾ ਯਤਨ ਕੀਤਾ | ਪਰ ਰੂਸ ਨੇ 1961 ਤੱਕ ਇਕ ਤੋਂ ਬਾਅਦ ਇਕ ਨਵੇਂ ਪੁਲਾੜੀ ਕਾਰਨਾਮੇ ਕਰ ਕੇ ਇਸ ਖੇਤਰ ਵਿਚ ਆਪਣੀ ਝੰਡੀ ਖੜ੍ਹੀ ਰੱਖੀ | ਉਸ ਨੇ ਸਪੂਤਨਿਕ-2 ਵਿਚ ਲਾਇਕਾ ਨਾਂਅ ਦੀ ਕੁੱਤੀ ਪੁਲਾੜ ਵਿਚ ਭੇਜੀ | ਲੂਨਿਕ-1 ਚੰਨ ਦੇ ਨੇੜੇ ਤੱਕ ਭੇਜਿਆ | ਲੂਨਿਕ-2 ਨਾਲ ਉਸ ਨੇ ਚੰਨ ਨਾਲ ਸਿੱਧੀ ਟੱਕਰ ਮਾਰੀ | ਲੂਨਿਕ-3 ਨਾਲਉਸ ਨੇ ਚੰਨ ਦੇ ਹਨੇਰੇ ਪਾਸੇ ਦੀਆਂ ਤਸਵੀਰਾਂ ਲਈਆਂ ਤੇ 1961 ਵਿਚ ਉਸ ਨੇ ਵੀਨਸ ਨੇੜਿਉਂ ਲੰਘਣ ਵਾਲੀ ਪਹਿਲੀ ਪਰੋਬ ਵੀਨੇਰਾ-1 ਇਕ ਲਾਂਚ ਕੀਤੀ | ਇਸੇ ਵਰ੍ਹੇ ਰੂਸ ਦੇ ਯੂਰੀ ਗਾਗਾਰਿਨ ਨੇ ਪਹਿਲੇ ਪੁਲਾੜ ਯਾਤਰੀ ਵਜੋਂ ਧਰਤੀ ਦੀ ਸਫ਼ਲ ਪਰਿਕਰਮਾ ਕਰ ਕੇ ਬੱਲੇ-ਬੱਲੇ ਕਰਵਾ ਦਿੱਤੀ |
ਅਮਰੀਕਾ ਦੀ ਜਿਵੇਂ ਪਿੱਠ ਹੀ ਲੱਗ ਗਈ ਪੁਲਾੜੀ ਦੌੜ ਵਿਚ | ਗਵਾਚੀ ਸਾਖ ਦੀ ਬਹਾਲੀ ਲਈ ਅਮਰੀਕਾ ਨੇ 1958 ਵਿਚ ਸਥਾਪਤ ਆਪਣੀ ਪੁਲਾੜ ਏਜੰਸੀ ਨਾਸਾ ਨੂੰ ਫੰਡ ਦੀ ਝੜੀ ਲਾ ਦਿੱਤੀ | ਦੇਸ਼ ਦੇ ਬਜਟ ਦਾ ਸਾਢੇ ਪੰਜ ਫ਼ੀਸਦੀ 1966 ਵਿਚ ਨਾਸਾ ਦੇ ਹਵਾਲੇ ਕਰ ਕੇ ਕਿਹਾ ਗਿਆ ਕਿ ਜਿਵੇਂ ਮਰਜ਼ੀ ਕਰੋ ਚੰਨ ਉਤੇ ਅਮਰੀਕਾ ਦਾ ਝੰਡਾ ਰੂਸ ਤੋਂ ਪਹਿਲਾਂ ਗੱਡ ਕੇ ਵਿਖਾਓ | ਵਿਗਿਆਨੀਆਂ ਨੇ ਪਹਿਲਾਂ ਇਕ ਯਾਤਰਾ ਵਾਲਾ ਮਰਕਰੀ, ਫਿਰ ਦੋ ਯਾਤਰੀਆਂ ਵਾਲਾ ਜੈਮਿਨੀ ਤੇ ਅੰਤ ਤਿੰਨ ਯਾਤਰੀਆਂ ਵਾਲਾ ਅਪੋਲੋ ਪੁਲਾੜੀ ਜਹਾਜ਼ ਬਣਾਇਆ | ਵਾਨ ਬਰਾਨ ਨੂੰ ਕਹਿ ਕੇ ਦੁਨੀਆ ਸਭ ਤੋਂ ਸ਼ਕਤੀਸ਼ਾਲੀ ਸੈਟਰਨ-5 ਰਾਕਟ ਬਣਵਾਇਆ ਗਿਆ, ਜੋ ਭਾਰੀ ਪੇਲੋਡ ਧਰਤੀ ਦੀ ਐਸਕੇਪ ਵੈਲਾਸਿਟੀ ਉਤੇ ਵੀ ਲਾਂਚ ਕਰ ਸਕਦਾ | ਪੂਰੀ ਤਿਆਰੀ ਬਾਅਦ 20 ਜੁਲਾਈ, 1969 ਨੂੰ ਅਪੋਲੋ-11 ਦੇ ਨੀਲ ਆਰਮਸਟਰਾਂਗ ਨੇ ਅਮਰੀਕਾ ਦਾ ਝੰਡਾ ਚੰਨ ਉਤੇ ਗੱਡ ਦਿੱਤਾ | ਚੰਨ ਉਤੇ ਮਨੁੱਖ ਦੀ ਜਿੱਤ ਦੀ ਪੂਰੀ ਕਹਾਣੀ ਕਦੇ ਫੇਰ ਸਹੀ | (ਸਮਾਪਤ)

-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ | ਫੋਨ ਨੰ: 98722-60550. ਫੋਨ : 0175-2372010, 2372998,

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-7 : ਪੰਜਾਬੀ ਫ਼ਿਲਮਾਂ 'ਚ ਕਾਮੇਡੀ ਦਾ ਤੜਕਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਕਾਮੇਡੀਅਨਾਂ ਦੀ ਇਸ ਚੜ੍ਹਤ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ 'ਗੀਤ ਬਹਾਰਾਂ ਦੇ' ਇਕ ਸੰਵੇਦਨਸ਼ੀਲ ਰੁਮਾਂਟਿਕ ਫ਼ਿਲਮ ਸੀ | ਜਿਸ 'ਚ ਇਕ ਸ਼ਾਇਰ (ਮਨੋਹਰ ਦੀਪਕ) ਦੀ ਤ੍ਰਾਸਦੀ ਨੂੰ ਪੇਸ਼ ਕੀਤਾ ਗਿਆ ਸੀ | ਪਰ ਇਸ 'ਚ ਵੀ ਗੋਪਾਲ ਸਹਿਗਲ ਨੂੰ ਉਸ ਦੇ ਸਮਾਨਾਂਤਰ ਪੇਸ਼ ਕੀਤਾ ਗਿਆ ਸੀ |
ਪਰ ਹੱਦ ਤਾਂ ਉਸ ਵੇਲੇ ਹੋ ਗਈ ਜਦੋਂ ਧਾਰਮਿਕ ਫ਼ਿਲਮਾਂ 'ਚ ਵੀ ਕਾਮੇਡੀਅਨਾਂ ਦਾ ਦਬਦਬਾ ਜਾਰੀ ਰਿਹਾ | ਮਿਸਾਲ ਦੇ ਤੌਰ 'ਤੇ 'ਨਾਨਕ ਨਾਮ ਜਹਾਜ਼ ਹੈ' ਕਹਿਣ ਨੂੰ ਤਾਂ ਧਾਰਮਿਕ ਪ੍ਰਵਿਰਤੀ ਦੀ ਫ਼ਿਲਮ ਸੀ, ਪਰ ਇਸ 'ਚ ਵੀ ਸ਼ੂਕੇ (ਆਈ.ਐਸ. ਜੌਹਰ) ਦਾ ਕਿਰਦਾਰ ਫ਼ਿਲਮ 'ਚ ਹਾਸਰਸ ਕਾਇਮ ਰੱਖਣ ਲਈ ਪੇਸ਼ ਕੀਤਾ ਗਿਆ ਸੀ |
ਮਜਨੂੰ, ਖਰਾਇਤੀ ਭੈਂਗੇ, ਗੋਪਾਲ ਸਹਿਗਲ ਦੇ ਦੌਰ ਤੋਂ ਬਾਅਦ ਮਿਹਰ ਮਿੱਤਲ ਦਾ ਦੌਰ ਸ਼ੁਰੂ ਹੋਇਆ | ਮਿੱਤਲ ਦਾ ਤਕੀਆ ਕਲਾਮ 'ਮਾਰਿਆ ਕੁੱਕੜ, ਪਾ ਦਿੱਤੇ ਮੋਛੇ' ਦਰਸ਼ਕਾਂ ਦਾ ਲੋਕਪਿ੍ਆ ਸੰਵਾਦ ਬਣ ਕੇ ਉੱਭਰਿਆ | ਮਿੱਤਲ ਨੇ ਸਹਿ-ਨਾਇਕ ਹੋਣ ਦੇ ਨਾਲ-ਨਾਲ ਬਤੌਰ ਨਾਇਕ ਵੀ ਆਪਣੀ ਹਾਜ਼ਰੀ ਲਵਾਈ | ਇਸ ਸਬੰਧ 'ਚ 'ਮਾਂ ਦਾ ਲਾਡਲਾ' ਉਸ ਦੀ ਬਤੌਰ ਨਾਇਕ ਸਭ ਤੋਂ ਸਫ਼ਲ ਫ਼ਿਲਮ ਸੀ | ਮਿਹਰ ਮਿੱਤਲ ਵੀ ਨਿਰਮਾਤਾਵਾਂ-ਨਿਰਦੇਸ਼ਕਾਂ ਲਈ ਇੰਨੀ ਮਹੱਤਤਾ ਰੱਖਦਾ ਸੀ ਕਿ ਉਸ ਦੇ ਸਕਰੀਨ 'ਤੇ ਐਾਟਰੀ ਵੇਲੇ ਵਿਸ਼ੇਸ਼ ਤਰ੍ਹਾਂ ਦਾ ਬੈਕਗਰਾਊਾਡ ਸੰਗੀਤ ਇਸਤੇਮਾਲ ਕੀਤਾ ਜਾਂਦਾ ਸੀ | ਲਿਹਾਜ਼ਾ, ਵਰਿੰਦਰ ਵਰਗਾ ਸੁਪਰ ਸਟਾਰ ਵੀ ਉਸ ਦੀ ਲੋਕਪਿ੍ਅਤਾ ਨਾਲ ਸਮਝੌਤਾ ਕਰ ਕੇ ਉਸ ਨੂੰ ਲਗਪਗ ਆਪਣੀਆਂ ਸਾਰੀਆਂ ਹੀ ਫ਼ਿਲਮਾਂ 'ਚ ਪੇਸ਼ ਕਰਦਾ ਰਿਹਾ ਸੀ |
ਮਿਹਰ ਮਿੱਤਲ ਦਾ ਬਜ਼ੁਰਗ ਹੋ ਜਾਣਾ ਉਸ ਲਈ ਫ਼ਿਲਮਾਂ ਤੋਂ ਦੂਰ ਹੋ ਜਾਣ ਲਈ ਇਕ ਮਜਬੂਰੀ ਸੀ | ਵੈਸੇ ਵੀ ਨਵੀਂ ਤਕਨੀਕ ਅਤੇ ਨਵੇਂ ਨਿਰਦੇਸ਼ਕਾਂ ਦੀ ਆਮਦ ਨੇ ਉਸ ਨੂੰ ਫ਼ਿਲਮ ਪਰਦੇ ਤੋਂ ਦੂਰ ਕਰ ਦਿੱਤਾ ਸੀ | ਇਕ ਹੋਰ ਦਿ੍ਸ਼ਟੀਕੋਣ ਇਹ ਵੀ ਹੈ ਕਿ ਨਵੇਂ ਕਲਾਕਾਰਾਂ ਦੀ ਕਾਮੇਡੀ ਨੇ ਮਿਹਰ ਮਿੱਤਲ ਦੀ ਕਾਮੇਡੀ ਨੂੰ ਪੁਰਾਣਾ ਕਰ ਦਿੱਤਾ ਹੈ | ਵਰਤਮਾਨ ਸਮੇਂ 'ਚ ਜਸਵਿੰਦਰ ਭੱਲਾ, ਬੀਨੂ ਢਿੱਲੋਂ, ਰਾਣਾ ਰਣਬੀਰ ਅਤੇ ਗੁਰਪ੍ਰੀਤ ਘੁੱਗੀ ਨੇ ਮੌਜੂਦਾ ਸਮੇਂ ਦਿਆਂ ਪਾਤਰਾਂ ਅਤੇ ਸਮਾਜਿਕ ਪ੍ਰਵਿਰਤੀਆਂ ਦੇ ਅਨੁਸਾਰ ਕਾਮੇਡੀ ਨੂੰ ਪੇਸ਼ ਕੀਤਾ ਹੈ | ਨਿਰਦੇਸ਼ਕ ਮਨਮੋਹਨ ਸਿੰਘ ਨੇ ਘੁੱਗੀ ਨੂੰ ਕਈ ਰੂਪਾਂ 'ਚ ਪੇਸ਼ ਕਰ ਕੇ ਉਸਦੀ ਬਹੁਮੁਖੀ ਪ੍ਰਤਿਭਾ ਨੂੰ ਸਥਾਪਤ ਕਰਨ 'ਚ ਮਦਦ ਕੀਤੀ ਹੈ | ਲਿਹਾਜ਼ਾ, ਬਤੌਰ ਨਾਇਕ ਵੀ ਘੁੱਗੀ ਨੇ ਆਪਣਾ ਹੁਨਰ ਸਿੱਧ ਕੀਤਾ ਹੈ | ਫਲਸਰੂਪ, ਉਹ ਅਨੇਕਾਂ ਹਿੰਦੀ ਫ਼ਿਲਮਾਂ 'ਚ ਵੀ ਦੇਖਣ ਨੂੰ ਮਿਲਿਆ ਹੈ |
ਪਰ ਸਾਰਥਿਕ ਕਾਮੇਡੀ ਦੇ ਸਬੰਧ 'ਚ ਜਸਪਾਲ ਭੱਟੀ ਦੀ ਦੇਣ ਸ਼ਾਇਦ ਸਭ ਤੋਂ ਜ਼ਿਆਦਾ ਹੈ | ਭੱਟੀ ਦੀ ਕਾਮੇਡੀ ਦੂਜੇ ਕਲਾਕਾਰਾਂ ਦੀ ਤਰ੍ਹਾਂ ਸਿਚੂਏਸ਼ਨਲ ਜਾਂ ਲਾਊਡ ਨਹੀਂ ਸੀ | ਉਸ ਨੇ ਵਿਅੰਗ ਦਾ ਸਹਾਰਾ ਲੈ ਕੇ ਵਰਤਮਾਨ ਸਮਾਜਿਕ ਹਾਲਤਾਂ ਦਾ ਅਤੇ ਰਾਜੀਨੀਤਕ ਹਾਲਾਤ ਦਾ ਪਰਦਾਫਾਸ਼ ਕੀਤਾ | 'ਮਾਹੌਲ ਠੀਕ ਹੈ' ਉਸ ਦੀ ਇਕ ਅਜਿਹੀ ਹੀ ਕਿਰਤ ਸੀ, ਜਿਸ 'ਚ ਉਸ ਨੇ ਹੁਣ ਦੇ ਪੰਜਾਬ ਦੇ ਮਾਹੌਲ ਨੂੰ ਉਜਾਗਰ ਕੀਤਾ ਸੀ | ਕਹਿਣਾ ਪਵੇਗਾ ਕਿ ਜਸਪਾਲ ਭੱਟੀ ਆਪਣੇ ਆਪ 'ਚ ਇਕ ਮੁਕੰਮਲ ਸਕੂਲ ਸੀ | ਆਪਣੀ ਇਕ ਫ਼ਿਲਮ ਦੀ ਪ੍ਰੋਮੋਸ਼ਨ ਦੇ ਸਮੇਂ ਉਹ ਇਕ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਿਆ | ਉਸ ਦੀ ਬੇਵਕਤ ਮੌਤ ਨੇ ਪੰਜਾਬੀ ਸਿਨੇਮਾ ਤੋਂ ਇਕ ਬਹੁਤ ਹੀ ਸੰਜੀਦਾ ਕਲਾਕਾਰ ਖੋਹ ਲਿਆ |
ਹਾਂ, ਵਰਤਮਾਨ ਫ਼ਿਲਮਾਂ ਦੇ ਸਬੰਧ 'ਚ ਇਕ ਹੋਰ ਮਹੱਤਵਪੂਰਨ ਨੁਕਤਾ ਇਹ ਰਿਹਾ ਹੈ ਕਿ 'ਕੈਰੀ ਆਨ ਜੱਟਾ' ਦੀ ਸਫ਼ਲਤਾ ਤੋਂ ਬਾਅਦ ਕਾਮੇਡੀ ਫ਼ਿਲਮਾਂ ਦਾ ਜਿਹੜਾ ਹੜ੍ਹ ਆਇਆ ਸੀ, ਉਸ ਨੇ ਸਵੱਛ ਕਾਮੇਡੀ ਦੀ ਲਹਿਰ ਨੂੰ ਵੀ ਨਾਲ ਹੀ ਰੋੜ੍ਹ ਲਿਆ ਸੀ | ਬਗੈਰ ਕਿਸੇ ਪਾਤਰ ਉਸਾਰੀ ਜਾਂ ਪਲਾਟ ਦੀ ਰਚਨਾ ਦੇ, ਘਟੀਆ ਅਤੇ ਦੋਗਲੇ ਸੰਵਾਦਾਂ ਨੇ ਕਾਮੇਡੀ ਦਾ ਉਹ ਚਿਹਰਾ ਦਰਸ਼ਕਾਂ ਅੱਗੇ ਪੇਸ਼ ਕੀਤਾ, ਜਿਸ ਦੀ ਕਿਸੇ ਵੀ ਸੁਹਜਾਤਮਿਕ ਕਲਾ ਪੱਖ 'ਚ ਆਗਿਆ ਨਹੀਂ ਦਿੱਤੀ ਜਾ ਸਕਦੀ ਸੀ | ਹੱਦ ਤਾਂ ਇਹ ਹੋ ਗਈ ਕਿ ਇਕ ਹੀ ਸਾਲ 2013 ਵਿਚ ਇਸੇ ਹੀ ਸ਼੍ਰੇਣੀ ਦੀਆਂ 35 ਫ਼ਿਲਮਾਂ ਰਿਲੀਜ਼ ਕੀਤੀਆਂ ਗਈਆਂ ਸਨ | ਇਨ੍ਹਾਂ ਫ਼ਿਲਮਾਂ ਦੀ ਸੂਚੀ ਬਹੁਤ ਲੰਬੀ ਹੈ, ਪਰ ਇਸ ਦਾ ਜ਼ਿਕਰ ਕਰਨਾ ਵੀ ਸ਼ਾਇਦ ਇਨ੍ਹਾਂ 'ਤੇ ਸਮਾਂ ਬਰਬਾਦ ਕਰਨਾ ਹੀ ਹੈ | ਫਿਰ ਵੀ, ਕੁਝ ਕੁ ਫ਼ਿਲਮਾਂ ਦਿਆਂ ਟਾਈਟਲਾਂ ਤੋਂ ਹੀ ਤੁਸੀਂ ਇਨ੍ਹਾਂ ਦੇ ਸੰਕਲਪ ਤੋਂ ਵਾਕਿਫ਼ ਹੋ ਸਕਦੇ ਹੋ |
ਲਿਹਾਜ਼ਾ, 'ਬਾਈ ਜੀ ਤੁਸੀਂ ਘੈਂਟ ਹੋ', 'ਜੱਟਸ ਇਨ ਮਾਲ', 'ਭਾਅ ਜੀ ਇਨ ਪ੍ਰਾਬਲਮ', 'ਮੰੁਡੇ ਕਮਾਲ ਦੇ', 'ਕੈਨੇਡਾ ਦੀ ਫਲਾਈਟ', 'ਡਿਸਕੋ ਸਿੰਘ' ਆਦਿ ਫ਼ਿਲਮਾਂ ਦੇ ਸਬੰਧ 'ਚ ਫ਼ਿਲਮ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਫ਼ਿਲਮਾਂ ਬਗੈਰ ਕਿਸੇ ਪਟਕਥਾ ਦੀ ਤਿਆਰੀ ਦੇ ਸਬੰਧਤ ਕਲਾਕਾਰਾਂ ਦੀ ਸਹਾਇਤਾ ਦੇ ਨਾਲ ਪ੍ਰਸੰਗਾਂ 'ਚ ਸ਼ੂਟ ਕੀਤੀਆਂ ਗਈਆਂ ਸਨ | ਹਾਲਾਂਕਿ ਧਰਮਿੰਦਰ ਅਤੇ ਅਕਸ਼ੈ ਕੁਮਾਰ ਵਰਗੇ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਨੂੰ ਵੀ ਇਨ੍ਹਾਂ ਫ਼ਿਲਮਾਂ 'ਚ ਪੇਸ਼ ਕੀਤਾ ਗਿਆ, ਪਰ ਫਿਰ ਵੀ ਲੱਚਰ ਪਟਕਥਾਵਾਂ ਅਤੇ ਘਟੀਆ ਨਿਰਦੇਸ਼ਨ ਨੇ ਇਨ੍ਹਾਂ ਫ਼ਿਲਮਾਂ ਦਾ ਬੇੜਾ ਡੋਬ ਦਿੱਤਾ ਸੀ |
ਸਪੱਸ਼ਟ ਹੈ—ਕਿਸੇ ਵੀ ਚੀਜ਼ ਨੂੰ ਲੋੜੋਂ ਵੱਧ ਖਾਧਾ ਜਾਵੇ ਤਾਂ ਬਦਹਜ਼ਮੀ ਹੀ ਹੁੰਦੀ ਹੈ | ਕਾਮੇਡੀ ਫ਼ਿਲਮਾਂ ਦੇ ਸਬੰਧਾਂ 'ਚ ਵੀ ਇਹ ਨੁਕਤਾ ਟਿਕਾਣੇ 'ਤੇ ਹੀ ਬੈਠਦਾ ਹੈ |

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) | ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਨੂੰ ਮਿਲੇ ਹਾਂ ਪਰ ਜਿੰਨੀਆਂ ਖੁੱਲ੍ਹੀਆਂ ਗੱਲਾਂ ਸਤਿਗੁਰੂ ਜਗਜੀਤ ਸਿੰਘ ਨਾਮਧਾਰੀ, ਭੈਣੀ ਸਾਹਿਬ ਵਾਲਿਆਂ ਨਾਲ ਕਰਦੇ ਰਹੇ ਹਾਂ, ਓਨੀਆਂ ਹੋਰ ਕਿਸੇ ਮਹਾਂਪੁਰਖ ਨਾਲ ਨਹੀਂ ਹੋ ਸਕੀਆਂ | ਇਕ ਵਾਰੀ ਸਤਿਗੁਰੂ ਜੀ ਬਟਾਲੇ ਆਏ ਤਾਂ ਸਾਡੀ ਬਜ਼ੁਰਗ ਸੰਸਥਾ ਦੇ ਸਾਰੇ ਮੈਂਬਰਾਂ ਨੇ ਉਨ੍ਹਾਂ ਦੇ ਦਰਸ਼ਨ ਕਰਨ ਲਈ ਬੇਨਤੀ ਕੀਤੀ | ਉਹ ਇਕੱਲੇ ਬਿਨਾਂ ਕਿਸੇ ਸੇਵਾਦਾਰ ਦੇ ਤੇ ਬਿਨਾਂ ਗੰਨਮੈਨ ਦੇ ਸਾਰੇ ਬਜ਼ੁਰਗਾਂ ਨੂੰ ਮਿਲੇ | ਸਭ ਨਾਲ ਖੁੱਲ੍ਹੀਆਂ ਗੱਲਾਂ ਕੀਤੀਆਂ | ਸਤਿਗੁਰੂ ਜਗਜੀਤ ਸਿੰਘ ਆਪਣੇ ਨਾਲ ਗੰਨਮੈਨਾਂ ਦੀ ਫ਼ੌਜ ਨਹੀਂ ਸਨ ਰੱਖਦੇ | ਉਨ੍ਹਾਂ ਦਾ ਸਤਿਕਾਰ ਹਰ ਇਕ ਮਨੁੱਖ ਕਰਦਾ ਸੀ | ਭਾਵੇਂ ਉਹ ਸਾਰੇ ਬਜ਼ੁਰਗ ਵੱਖ-ਵੱਖ ਪਾਰਟੀਆਂ ਦੇ ਮੈਂਬਰ ਸਨ ਪਰ ਸਭ ਨੇ ਉਨ੍ਹਾਂ ਦਾ ਪੂਰਾ ਸਤਿਕਾਰ ਕੀਤਾ | ਉਨ੍ਹਾਂ ਨੇ ਸਭ ਨੂੰ ਪਿਆਰ ਭਰੀ ਏਕਤਾ ਦਾ ਸੁਨੇਹਾ ਦਿੱਤਾ ਸੀ |
-ਮੋਬਾਈਲ : 98767-41231

ਇਨਸਾਨੀ ਸ਼ਖ਼ਸੀਅਤ ਦਾ ਅਹਿਮ ਹਿੱਸਾ-2: ਇਖ਼ਲਾਕ, ਚਰਿੱਤਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਬਾਕੀ ਅਫ਼ਸਰਾਂ ਦੀ ਭੀੜ ਨਾਲ ਮੈਂ ਵੀ ਹੋ ਲਿਆ, ਚਾਹ-ਮੇਜ਼ ਵੱਲ ਨੂੰ ਪਰ ਗਹਿਰੀ ਸੋਚ ਵਿਚ ਡੁੱਬਾ ਹੋਇਆ ਕਿਆ ਮੁਜ਼ਾਹਰਾ/ਪ੍ਰਦਰਸ਼ਨੀ ਸੀ ਜਰਨੈਲ ਸਾਹਿਬ ਵਲੋਂ ਆਪਣੇ ਅਡੋਲ ਤੇ ਬਹਾਦਰ ਕਿਰਦਾਰ ਦਾ ਕਿ ਪੂਰੀ ਦੀ ਪੂਰੀ ਗ਼ਲਤੀ ਨੂੰ ਆਪਣੇ ਸਿਰ ਚੁੱਕ ਲਿਆ | ਕੋਈ ਹੋਰ ਹੁੰਦਾ, ਸ਼ਾਇਦ ਹੀ ਆਪਣੀ ਨੌਕਰੀ ਬਚਾਉਣ ਵਾਸਤੇ ਇਉਂ ਕਰਦਾ ਸਾਰੇ ਦਾ ਸਾਰਾ ਇਲਜ਼ਾਮ ਬਿ੍ਗੇਡ ਕਮਾਂਡਰ ਦੇ ਸਿਰ ਮੜ੍ਹ ਦਿੱਤਾ ਜਾਂਦਾ | ਜਿਸ ਦਲੇਰੀ ਨਾਲ ਜਰਨੈਲ ਸਾਹਿਬ ਨੇ ਇਸ ਗ਼ਲਤੀ ਨੂੰ ਬਿਨਾਂ ਕਿਸੇ ਝਿਜਕ ਦੇ ਕਬੂਲਿਆ ਤੇ ਆਪਣੀ ਨੌਕਰੀ ਦੇ ਭਵਿੱਖ ਨੂੰ ਦਾਅ 'ਤੇ ਲਾ ਦਿੱਤਾ... ਮੈਂ ਸ਼ਾਇਦ ਏਨਾ ਪ੍ਰਭਾਵਿਤ ਨਾ ਹੁੰਦਾ ਜੇ ਹਮਲਾ ਕਾਮਯਾਬ ਰਹਿੰਦਾ, ਜਿੰਨਾ ਮੈਂ ਇਸ ਵਕਤ ਸੀ | ਇਹੋ ਜਰਨੈਲ ਬਾਅਦ ਵਿਚ ਪੂਰੀ ਆਰਮੀ ਦਾ ਚੀਫ਼ ਬਣਿਾ | ਸੇਵਾਮੁਕਤ ਹੋਣ ਉਪਰੰਤ 90ਵਿਆਂ ਵਿਚ ਜਦ ਪੰਜਾਬ ਵਿਚ ਅੱਤਵਾਦ ਪੂਰੇ ਆਲਮ 'ਤੇ ਸੀ, ਇਸੇ ਜਰਨੈਲ ਨੂੰ ਪੰਜਾਬ ਦਾ ਰਾਜਪਾਲ ਬਣਾਇਆ ਗਿਆ | ਕੁਝ ਹੀ ਮਹੀਨਿਆਂ ਮਗਰੋਂ ਕੇਂਦਰੀ ਵਜ਼ਾਰਤ ਨੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਐਲਾਨ ਦਿੱਤੀਆਂ, ਜਿਸ ਵਿਚ ਰਾਜਪਾਲ ਨੂੰ ਭਰੋਸੇ ਵਿਚ ਲਿਆ ਨਾ ਗਿਆ | ਦੂਸਰੇ ਹੀ ਦਿਨ ਜਨਰਲ ਓ.ਪੀ. ਮਲਹੋਤਰਾ ਨੇ ਤਿਆਗ ਪੱਤਰ ਲਿਖਿਆ ਕਿ ਪੰਜਾਬ ਵਿਚ ਰਾਜਪਾਲ ਦੀ ਪੋਸਟ ਇਕ ਫਾਲਤੂ ਸ਼ੈਅ ਸੀ | ਉਹ ਨੇ ਆਪਣਾ ਤਿਆਗ ਪੱਤਰ ਸੌਾਪਿਆ ਤੇ ਆਪਣੀ ਟਿੰਡ ਫੌੜ੍ਹੀ ਸਮੇਤ ਆਪਣੇ ਘਰ ਪਰਤ ਗਿਆ | ਅੱਜ ਉਹ ਇਸ ਲੋਕ ਵਿਚ ਹੈ ਨਹੀਂ ਪਰ ਉਸ ਵਲੋਂ ਦਰਸਾਇਆ ਗਿਆ ਕਿਰਦਾਰ ਅੱਜ ਵੀ ਮੇਰੇ ਜ਼ਿਹਨ ਵਿਚ ਖੜਕ ਰਿਹਾ ਹੈ | ਉਸ ਨਿਧੜਕ, ਬੇਗਰਜ਼, ਸਾਊ ਰੂਹ ਬਾਰੇ ਬਾਹਲੇ ਸੋਹਲੇ ਗਾਏ ਨਹੀਂ ਗਏ ਜਿਸ ਘਾਟ ਨੂੰ ਮੈਂ ਅੱਜ ਫ਼ਖਰ ਨਾਲ ਪੂਰਾ ਕਰ ਰਿਹਾ ਹਾਂ |
ਹੁਣ ਤੁਸੀਂ ਉਸ ਬਿ੍ਗੇਡ ਕਮਾਂਡਰ 'ਬਿ੍ਗੇਡੀਅਰ ਸਾਇਲੋ' ਬਾਰੇ ਵੀ ਸੁਣ ਲਵੋ ਕਿਉਂਕਿ ਕਈ ਪੱਖਾਂ ਤੋਂ ਉਹ ਦਿਲਚਸਪ ਸ਼ਖ਼ਸੀਅਤ ਸੀ | ਜਿਥੇ ਉਹਨੇ ਆਪਣੇ ਹੁਕਮ ਦਿੱਤੇ ਸਨ, ਉਹ ਇਲਾਕਾ ਇਕ ਛਿੱਦਾ ਜੰਗਲ ਸੀ | ਜ਼ਰੂਰੀ ਜ਼ਮੀਨੀ ਨਿਸ਼ਾਨ ਕਿਉਂਕਿ ਸਭ ਨੂੰ ਦੇਖਣੇ ਜ਼ਰੂਰੀ ਸਨ ਤੇ ਜ਼ਮੀਨ 'ਤੇ ਖੜ੍ਹ ਕੇ ਜੰਗਲ ਕਾਰਨ ਇਹ ਨਜ਼ਰ ਨਹੀਂ ਸਨ ਆ ਰਹੇ | ਉਹ ਝੱਟ ਇਕ ਉੱਚੇ ਦਰੱਖਤ 'ਤੇ ਜਾ ਚੜਿ੍ਹਆ ਤੇ ਬਾਕੀਆਂ ਨੂੰ ਉੱਪਰ ਆਉਣ ਵਾਸਤੇ ਆਖ ਦਿੱਤਾ | ਫ਼ੌਜੀ ਬੂਟਾਂ ਨਾਲ ਦਰੱਖਤ 'ਤੇ ਚੜ੍ਹਨਾ ਹਰੇਕ ਦੇ ਵੱਸ ਦੀ ਗੱਲ ਨਹੀਂ ਸੀ, ਸਗੋਂ ਕਈਆਂ ਵਾਸਤੇ ਤਾਂ ਇਮਤਿਹਾਨ ਵਾਲੀ ਗੱਲ ਸੀ | ਉਥੇ ਹਾਜ਼ਰ ਲੋਕਾਂ ਨੇ ਧੱਕ ਧੱਕਾ ਕੇ ਸਭ ਨੂੰ ਉੱਪਰ ਚੜ੍ਹਾ ਦਿੱਤਾ | ਪਰ ਇਹ ਪੂਰੀ ਕਾਰਵਾਈ ਆਪਣੇ-ਆਪ ਵਿਚ ਸਰਕਸ ਤੋਂ ਘੱਟ ਨਹੀਂ ਸੀ ਤੇ ਜੂਨੀਅਰ ਮਦਦਗਾਰਾਂ ਦੇ ਹਾਸੇ ਛੁਟ ਰਹੇ ਸਨ |
ਰਿਟਾਇਰ ਹੋਣ ਬਾਅਦ ਬਿ੍ਗ: ਸਾਇਲੋ ਦੋ ਵਾਰ ਮਿਜ਼ੋਰਮ ਦਾ ਮੁੱਖ ਮੰਤਰੀ ਰਿਹਾ | ਉਹ ਸਾਡੀ ਆਸਾਮ ਰੈਜਮੈਂਟ ਦਾ ਸੀ | ਕਈ ਵਰਿ੍ਹਆਂ ਬਾਅਦ ਅਸੀਂ 'ਸ਼ਿਲਾਂਗ' (ਮੇਘਾਲਿਆ) ਵਿਚ ਇਕੱਠੇ ਹੋ ਗਏ | ਗੱਲਬਾਤ ਦੌਰਾਨ ਮੈਂ ਉਸ ਨੂੰ , ਉਸ ਵਲੋਂ ਦਰੱਖਤ 'ਤੇ ਚੜ੍ਹ ਕੇ ਹੁਕਮ ਸੁਣਾਉਣ ਵਾਲੇ ਵਾਕਿਆ ਨੂੰ ਯਾਦ ਕਰਵਾਇਆ | ਪਹਿਲਾਂ ਤਾਂ ਉਹ ਦੱਬ ਕੇ ਖਿੜਖਿੜਾ ਕੇ ਹੱਸਿਆ ਤੇ ਫਿਰ ਉਹ ਇਕ ਹੋਰ ਮਿਲਦੇ-ਜੁਲਦੇ ਵਾਕਿਆ ਬਾਰੇ ਦੱਸਣ ਲੱਗ ਪਿਆ | ਮਿਜ਼ੋਰਮ ਵਿਚ ਹਵਾਈ ਅੱਡਾ ਬਣਾਉਣਾ ਸੀ | ਪਹਿਲਾਂ ਉਹਨੇ ਕਿ ਕਿਥੇ ਹਵਾਈ ਅੱਡਾ ਬਣਾਉਣਾ ਸੀ, ਨਕਸ਼ੇ 'ਤੇ ਉਲੀਕ ਲਿਆ ਤੇ ਫਿਰ ਇਸ ਇਲਾਕੇ ਨੂੰ ਅੱਖੀਂ ਦੇਖਣ ਵਾਸਤੇ ਆਪਣੇ ਸੈਕਟਰੀ ਨੂੰ ਨਾਲ ਕਾਰ ਵਿਚ ਬੈਠਾ ਕੇ ਚਲਾ ਗਿਆ | ਮਿਜ਼ੋਰਮ ਵੀ ਪਹਾੜੀ ਤੇ ਜੰਗਲੀ ਸੂਬਾ ਹੈ | ਚੁਣੇ ਹੋਏ ਇਲਾਕੇ ਦੀ ਪੰਛੀ ਝਾਤ ਲੈਣ ਵਾਸਤੇ ਉਹ ਪਹਿਲਾਂ ਵਾਂਗ ਦਰੱਖਤ 'ਤੇ ਚੜ੍ਹ ਗਿਆ, ਪਰ ਚੀਫ਼ ਸੈਕਟਰੀ ਦਰੱਖਤ 'ਤੇ ਚੜ੍ਹ ਨਾ ਪਾਇਆ | ਜਦ ਬਿ੍ਗ: ਸਾਇਲੋ ਥੱਲੇ ਉੱਤਰ ਆਇਆ ਤਾਂ ਚੀਫ਼ ਸੈਕਟਰੀ ਨੇ ਹੈਰਾਨੀ ਨਾਲ ਕਿਹਾ, 'ਸਰ ਮੈਂ ਬਹੁਤ ਮੰਤਰੀਆਂ ਨਾਲ ਕੰਮ ਕੀਤਾ ਹੈ, ਪਰ ਮੈਂ ਕਿਸੇ ਮੰਤਰੀ ਨੂੰ ਦਰੱਖਤ 'ਤੇ ਚੜ੍ਹਦਿਆਂ ਨਹੀਂ ਦੇਖਿਆ, ਮੁੱਖ ਮੰਤਰੀ ਦੀ ਗੱਲ ਤਾਂ ਪਰ੍ਹਾਂ ਰਹੀ |'
2012 ਵਿਚ ਮੈਨੂੰ ਮਿਜ਼ੋਰਮ ਜਾਣ ਦਾ ਮੌਕਾ ਮਿਲਿਆ | ਸੁਭਾਵਿਕ ਸੀ ਕਿ ਮੈਂ ਬਿ੍ਗ: ਸਾਇਲੋ ਨੂੰ ਮਿਲਣ ਵਾਸਤੇ ਉਹਦੇ ਘਰ ਜਾ ਪਹੁੰਚਿਆ | ਆਪਣੇ ਪਰਿਵਾਰ ਤੇ ਦੋ-ਤਿੰਨ ਕੁੱਤਿਆਂ ਸਮੇਤ ਉਹ ਇਕ ਕੁਟੀਰ ਵਿਚ ਰਹਿ ਰਿਹਾ ਸੀ | ਅਸੀਂ ਪੁਰਾਣੀਆਂ ਯਾਦਾਂ ਫਰੋਲੀਆਂ, ਖੂਬ ਹੱਸੇ, ਖਾਸ ਕਰ ਕੇ ਉਸ ਦੀ ਸੁਪਤਨੀ ਜੀਹਨੂੰ ਬਿ੍ਗ: ਸਾਇਲੋ ਦੀਆਂ ਆਦਤਾਂ ਦਾ ਗਹਿਰਾਈ ਵਿਚ ਪਤਾ ਸੀ | 'ਗੁਰਦੀਪ', ਉਹਨੇ ਕਿਹਾ, 'ਮੈਂ ਤਾਂ ਚਿਰਾਂ ਤੋਂ ਛੱਡ ਰੱਖੀ ਹੈ ਪਰ ਤੂੰ ਤਾਂ ਡਰਿੰਕ ਦਾ ਸੁਆਦ ਮਾਣ ਤੇ ਮੈਂ ਸਿਰਫ਼ ਰੰਮ ਹੀ ਪੇਸ਼ ਕਰ ਸਕਦਾ ਹਾਂ | ਤੂੰ ਸੋਚੇਂਗਾ ਕਿ ਮੈਂ ਸਾਬਕਾ ਮੁੱਖ ਮੰਤਰੀ ਹਾਂ, ਬਸ ਆਹੀ |' ਉਹ ਇਕ ਸ਼ੁੱਧ ਸੋਲਜਰ ਸੀ | ਇਕ ਮੈਂ ਹੀ ਨਹੀਂ, ਇਹ ਪੂਰਾ ਮਿਜ਼ੋਰਮ ਜਾਣਦਾ ਸੀ | ਹੁਣ ਉਹ ਪਰਲੋਕ ਸਿਧਾਰ ਚੁੱਕਾ ਹੈ | ਉਸ ਦੀਆਂ ਨੇਕ ਕੋਸ਼ਿਸ਼ਾਂ 'ਤੇ ਸੱਚੀ ਨੀਅਤ ਦੀ ਬਦੌਲਤ ਵਿੱਦਿਆ ਦੇ ਖੇਤਰ ਵਿਚ, ਅੱਜ ਮਿਜ਼ੋਰਮ, ਮੁਲਕ ਪੱਧਰ 'ਤੇ ਉੱਚ ਸਥਾਨ 'ਤੇ ਗਿਣਿਆ ਜਾਂਦਾ ਹੈ |
ਕਮਿਸ਼ਨ ਮਿਲਣ ਬਾਅਦ ਮੈਂ ਫਰਸਟ ਬਟਾਲੀਅਨ ਆਸਾਮ ਰੈਜਮੈਂਟ ਵਿਚ ਬਤੌਰ ਸੈਕਿੰਡ ਲੈਫਟੀਨੈਂਟ ਦੇ ਨੌਕਰੀ ਸ਼ੁਰੂ ਕੀਤੀ | ਮੈਨੂੰ ਦੱਸਿਆ ਗਿਆ ਕਿ ਮੈਂ ਸੀਨੀਅਰਾਂ ਨੂੰ ਧਿਆਨ ਨਾਲ ਸੁਣਿਆ ਕਰਾਂ ਤਾਂ ਜੋ ਰੈਜਮੈਂਟ ਬਾਰੇ, ਇਸ ਦੀਆਂ ਪੰ੍ਰਪਰਾਵਾਂ ਬਾਰੇ, ਜਵਾਨਾਂ ਬਾਰੇ, ਇਸ ਦੇ ਸੱਭਿਆਚਾਰ ਆਦਿ ਬਾਰੇ ਜਾਣੂ ਹੋ ਸਕਾਂ | ਇਹ ਵੀ ਤਾਕੀਦ ਕੀਤੀ ਗਈ ਕਿ ਅਸਲੀ ਲੜਾਈ ਲੜਨ ਵਾਲਿਆਂ, ਬਹਾਦਰੀ ਦੇ ਤਗਮੇ ਜਿੱਤਣ ਵਾਲਿਆਂ ਦੀਆਂ ਹੱਡ ਬੀਤੀਆਂ ਕਿ ਉਨ੍ਹਾਂ ਕਿਵੇਂ ਦੁਸ਼ਮਣ ਨਾਲ ਲੋਹਾ ਲਿਆ ਸੀ, ਬਾਰੇ ਮੈਨੂੰ ਜ਼ਰੂਰ ਸੁਣਨਾ ਚਾਹੀਦਾ ਸੀ ਭਾਵੇਂ ਉਹ ਕਿਸੇ ਵੀ ਰੈਜਮੈਂਟ ਦੇ ਹੋਣ | ਇਨ੍ਹਾਂ ਹਦਾਇਤਾਂ ਤਹਿਤ ਮੈਨੂੰ ਇਕ ਸੀਨੀਅਰ ਮੇਜਰ ਦੀ ਕਹਾਣੀ ਸੁਣਨ ਦਾ ਮੌਕਾ ਮਿਲਿਆ | ਦੂਸਰੀ ਵਿਸ਼ਵ ਜੰਗ ਦੌਰਾਨ ਉਸ ਦੀ ਡਿਊਟੀ ਲੱਗ ਗਈ ਇਕ ਜਾਪਾਨੀ ਜੰਗੀ ਕੈਦੀਆਂ ਦੇ ਕੈਂਪ ਦੀ ਦੇਖ-ਰੇਖ ਕਰਨ ਦੀ | ਇਕ ਜਾਪਾਨੀ ਅਫ਼ਸਰ ਨੂੰ ਕੈਂਪ ਵਿਚੋਂ ਭੱਜਣ ਦੀ ਸਾਜਿਸ਼ ਘੜਨ ਤੇ ਕੋਸ਼ਿਸ਼ ਕਰਨ ਬਾਅਦ ਫੜੇ ਜਾਣ 'ਤੇ ਸਜ਼ਾ ਮਿਲੀ ਹੋਈ ਸੀ, ਜਿਸ ਦੌਰਾਨ ਉਹ ਰੋਜ਼ਾਨਾ ਸਿਖਰ ਦੁਪਹਿਰੇ ਧੁੱਪ ਵਿਚ ਵੱਡਾ ਪਿੱਠੂ ਲਗਾ ਕੇ ਦੋ ਘੰਟੇ ਰੇਵੀਆ ਭੱਜਿਆ ਕਰਦਾ ਸੀ, ਇਸ ਮੇਜਰ ਦੀ ਨਿਗਰਾਨੀ ਹੇਠ | ਨਿੱਤ ਮੇਜਰ ਨੇ ਦੁਪਹਿਰੇ ਇਕ ਵਜੇ ਪਹੁੰਚ ਜਾਣਾ ਤੇ ਪਿੱਠੂ ਪ੍ਰੇਡ ਸ਼ੁਰੂ ਹੋ ਜਾਣੀ | ਇਕ ਦਿਨ ਮੇਜਰ ਕਿਸੇ ਕਾਰਨ ਕਰ ਕੇ ਪਿੱਠੂ ਪ੍ਰੇਡ ਲਈ ਅੱਧਾ ਘੰਟਾ ਦੇਰ ਨਾਲ ਪਹੁੰਚਿਆ | ਜਾਪਾਨੀ ਅਫਸਰ ਨੇ ਬਿਨਾਂ ਉਡੀਕ ਕੀਤਿਆਂ ਕਿ ਮੇਜਰ ਆਊ ਤੇ ਹੁਕਮ ਦੇਊ... ਠੀਕ ਇਕ ਵਜੇ ਪਿੱਠੂ ਟਹਿਲਣਾ ਸ਼ੁਰੂ ਕਰ ਦਿੱਤਾ | ਬਾਅਦ ਵਿਚ ਮੇਜਰ ਦੇ ਪੁੱਛਣ 'ਤੇ ਜਾਪਾਨੀ ਅਫਸਰ ਦਾ ਜਵਾਬ ਸੀ, 'ਮੈਨੂੰ ਸਜ਼ਾ ਮੇਰੀ ਆਪਣੀ ਗ਼ਲਤੀ ਕਾਰਨ ਮਿਲੀ ਹੋਈ ਹੈ | ਮੇਰੇ ਉੱਪਰ ਕੋਈ ਨਿਗਰਾਨੀ ਰੱਖੇ ਜਾਂ ਨਾ, ਮੈਨੂੰ ਕੋਈ ਮਤਲਬ ਨਹੀਂ | ਮੈਂ ਸਜ਼ਾ ਨੂੰ ਠੀਕ, ਪੂਰੀ ਇਮਾਨਦਾਰੀ ਨਾਲ ਭੁਗਤਣਾ ਹੈ |' ਸਾਡੇ ਸਾਹਮਣੇ ਹੈ ਕਿ ਸੱਤਾ ਵਿਚ ਹੁੰਦਿਆਂ ਹੋਇਆਂ ਸਿਆਸੀ ਲੀਡਰਾਂ ਦੇ, ਕੋਈ ਅਪਰਾਧ ਹੋ ਜਾਣ 'ਤੇ, ਪੁਰਜ਼ੋਰ ਬਿਆਨ ਆਉਣਗੇ, ਮੈਂ ਸਭ ਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਅਪਰਾਧੀਆਂ ਨੂੰ ਕੜੀ ਤੋਂ ਕੜੀ ਸਜ਼ਾ ਦਿਵਾਈ ਜਾਵੇਗੀ |' ਤੇ ਜਦ ਕਿਸੇ ਘਪਲੇ ਵਿਚ ਆਪ ਨੂੰ ਸਜ਼ਾ ਮਿਲ ਗਈ ਹੋਵੇ ਤਾਂ ਛਾਤੀ ਵਿਚ ਦਰਦ, ਆਹ ਬਿਮਾਰੀ, ਔਹ ਬਹਾਨਾ,, ਦੁਨੀਆ ਭਰ ਦੇ ਮਕਰ, ਝੂਠ ਤੂਫ਼ਾਨ | ਕੀ ਲੋਕਾਂ ਨੂੰ ਨਜ਼ਰ ਨਹੀਂ ਆਉਂਦਾ ਕਿ ਉਹ ਗਰਜ-ਗਰਜ ਕੇ ਬੋਲਣ ਵਾਲੇ ਲੀਡਰ ਕਿੰਨੇ ਘਟੀਆ ਕਿਰਦਾਰ ਦੇ ਮਾਲਕ ਨੇ, ਬੇਈਮਾਨ ਹਨ, ਹਯਾਹੀਣ ਹਨ |
ਉਮਰ ਵਿਚ ਸਭ ਤੋਂ ਛੋਟੀ ਮੇਰੇ ਸਕੀ ਮਾਸੀ ਜੀ ਚਿਰਾਂ ਤੋਂ ਇੰਗਲੈਂਡ ਵਿਚ ਵਸ ਰਹੇ ਹਨ | ਉਹ ਉਨ੍ਹਾਂ ਸਾਦੇ ਵਕਤਾਂ ਦੇ ਨੇ ਜਦ ਮਾਪੇ ਧੀਆਂ ਦੀ ਤਾਲੀਮ/ਪੜ੍ਹਾਈ ਵੱਲ ਘੱਟ ਹੀ ਖਿਆਲ ਕਰਿਆ ਕਰਦੇ ਸਨ | ਇਕ ਵਾਰ ਮੈਂ ਉਨ੍ਹਾਂ ਨੂੰ ਪੁੱਛਿਆ, 'ਮਾਸੀ ਜੀ, ਤੁਹਾਨੂੰ ਵਲਾਇਤ ਦੀ ਸਭ ਤੋਂ ਚੰਗੀ ਕਿਹੜੀ ਗੱਲ ਲੱਗੀ ਹੈ |' 'ਪੁੱਤ' ਉਨ੍ਹਾਂ ਨੇ ਕਿਹਾ, 'ਉਥੇ ਸਭ ਨੂੰ ਇਨਸਾਫ਼ ਮਿਲਦਾ ਹੈ, ਭਾਵੇਂ ਉਹ ਵੱਡਾ ਹੈ ਜਾਂ ਛੋਟਾ |' ਇਕ ਨਿਰਅੱਖਰ ਇਨਸਾਨ 'ਤੇ ਜੇਕਰ ਉਸ ਮੁਲਕ, ਸਮਾਜ ਦਾ ਚੋਟੀ ਦਾ ਪ੍ਰਭਾਵ ਹੈ ਤਾਂ ਉਹ ਹੈ ਨਿਆਂ | ਨਿਆਂ ਦਾ ਮਹੀਨ ਧਾਗਾ ਜਿਹਾ, ਇਨਸਾਨੀ ਹਰ ਵਿਹਾਰ, ਲੈਣ-ਦੇਣ ਆਦਿ ਵਿਚ ਹੁੰਦਾ ਹੀ ਹੈ | ਜਦ ਅਸੀਂ, ਮਿਸਾਲ ਵਜੋਂ, ਕਿਸੇ ਦੇ ਹੱਕ ਨੂੰ ਮਾਰਨ, ਨਾਲ ਗਬਨ ਕਰਨ ਦੀ ਨਹੀਂ ਸੋਚਦੇ ਤਾਂ ਇਹ ਇਕ ਇਨਸਾਫ਼ ਹੀ ਹੁੰਦਾ ਹੈ | ਉਥੇ ਕਾਨੂੰਨ, ਇਕ ਸਾਰ, ਸਭ 'ਤੇ ਲਾਗੂ ਹੈ | ਜੇਕਰ ਕੋਈ ਕਾਨੂੰਨ ਨੂੰ ਤੋੜਦਾ-ਮਰੋੜਦਾ ਹੈ ਜਾਂ ਲਿਫ਼ਾਉਂਦਾ ਹੈ ਤਾਂ ਆਪਣੇ ਕੀਤੇ ਦਾ ਅੰਜਾਮ ਭੋਗਦਾ ਹੈ ਭਾਵੇਂ ਉਹ ਮੰਤਰੀ ਹੀ ਕਿਉਂ ਨਾ ਹੋਵੇ | ਪੱਛਮੀ ਦੇਸ਼ਾਂ ਦੀਆਂ ਕਦਰਾਂ-ਕੀਮਤਾਂ ਤਕਰੀਬਨ ਸਾਡੇ ਵਾਂਗ ਹੀ ਹਨ, ਸਗੋਂ ਉਹ ਇਥੋਂ ਹੀ ਲੈ ਕੇ ਗਏ ਲਗਦੇ ਹਨ | ਉਨ੍ਹਾਂ ਤੇ ਸਾਡੇ ਵਿਚ ਜਿਹੜਾ ਪ੍ਰਮੁੱਖ ਫਰਕ ਹੈ ਉਹ ਹੈ ਕਿ ਉੱਪਰ ਤੋਂ ਲੈ ਕੇ ਥੱਲੇ ਤੀਕ ਪਹਿਲਾਂ ਉਹ ਖੁਦ ਹੁਕਮ ਮੰਨਦੇ ਨੇ ਤੇ ਫਿਰ ਬਾਕੀਆਂ ਤੋਂ ਮਨਵਾਉਂਦੇ ਹਨ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 97806-66268.

ਅੱਜ ਜਨਮ ਦਿਨ 'ਤੇ ਵਿਸ਼ੇਸ਼ ਗੁਰਸ਼ਰਨ ਭਾਅ ਜੀ ਨੂੰ ਯਾਦ ਕਰਦਿਆਂ...

ਜਦੋਂ ਜਲੰਧਰ ਦੂਰਦਰਸ਼ਨ ਦਾ ਪੂਰਾ ਬੋਲਬਾਲਾ ਸੀ, ਉਦੋਂ ਇਕ ਸਿਆਣੀ ਜਿਹੀ ਉਮਰ ਦਾ ਪਾਤਰ ਭਾਈ ਮੰਨਾ ਸਿੰਘ ਆਪਣੇ ਨਿਵੇਕਲੇ ਅੰਦਾਜ਼ ਕਾਰਨ ਲੋਕਾਂ ਦੇ ਦਿਲਾਂ ਵਿਚ ਘਰ ਕਰ ਚੁੱਕਾ ਸੀ, ਉਹ ਸੀ ਗੁਰਸ਼ਰਨ ਭਾਜੀ ਉਰਫ਼ ਭਾਈ ਮੰਨਾ ਸਿੰਘ | ਗੁਰਸ਼ਰਨ ਭਾਅ ਜੀ ਦਾ ਜਨਮ 16 ਸਤੰਬਰ, 1929 ਨੂੰ ਡਾਕਟਰ ਗਿਆਨ ਸਿੰਘ ਦੇ ਘਰ ਮੁਲਤਾਨ (ਪਾਕਿਸਤਾਨ) ਵਿਚ ਹੋਇਆ | ਲੋਕਾਂ ਦੇ ਇਸ ਨਾਇਕ ਨੇ ਨਿੱਕੇ ਹੁੰਦਿਆਂ ਤੋਂ ਸਮਿਆਂ ਦੀ ਨਬਜ਼ ਪਛਾਣ ਲਈ ਤੇ ਲੋਕਾਈ ਦੀ ਪੀੜ੍ਹ ਨੂੰ ਵੀ ਮਹਿਸੂਸ ਕੀਤਾ | ਉਨ੍ਹਾਂ ਐਮ.ਐਸ ਸੀ. (ਆਨਰਜ਼) ਟੈਕਨੀਕਲ ਕੈਮਿਸਟਰੀ ਤੱਕ ਵਿੱਦਿਆ ਪ੍ਰਾਪਤ ਕੀਤੀ |
1951 ਵਿਚ ਪੜ੍ਹਾਈ ਖ਼ਤਮ ਕਰਨ ਉਪਰੰਤ ਭਾਖੜਾ ਨੰਗਲ ਵਿਖੇ ਸੀਮਿੰਟ ਦੀ ਲੈਬਾਰਟਰੀ ਵਿਚ ਨੌਕਰੀ ਕੀਤੀ | ਉਥੇ ਕੰਮ ਕਰਦਿਆਂ ਉਹ ਇਪਟਾ (ਇੰਡੀਅਨ ਪੀਪਲਜ਼ ਥੀਏਟਰ) ਦੇ ਨਾਮੀ ਰੰਗਕਰਮੀ ਜੋਗਿੰਦਰ ਬਾਹਰਲਾ ਦੇ ਨਾਟਕਾਂ ਤੋਂ ਏਨੇ ਪ੍ਰਭਾਵਿਤ ਹੋਏ ਕਿ ਉਹ ਖੁਦ ਰੰਗਮੰਚ ਦੇ ਖੇਤਰ ਵਿਚ ਕੁੱਦ ਪਏ ਅਤੇ ਆਪਣੀ ਸਾਰੀ ਜ਼ਿੰਦਗੀ ਲੋਕ ਪੱਖੀ ਨਾਟ-ਸਰਗਰਮੀਆਂ ਨੂੰ ਸਮਰਪਿਤ ਕਰ ਦਿੱਤੀ | ਉਨ੍ਹਾਂ ਨੇ 'ਕ੍ਰਾਂਤੀਕਾਰੀ ਥੀਏਟਰ' ਨੂੰ ਜ਼ਿੰਦਗੀ ਦਾ ਮਕਸਦ ਬਣਾ ਲਿਆ | ਨਾਟਕਾਂ ਵਿਚ ਆਪਣੀ ਪਤਨੀ ਕੈਲਾਸ਼ ਕੌਰ ਅਤੇ ਦੋ ਧੀਆਂ ਨੂੰ ਨਾਲ ਲੈ ਕੇ ਮੋਢਿਆਂ ਉਤੇ ਨਾਟ-ਸਮੱਗਰੀ ਦੇ ਥੈਲੇ ਚੁੱਕੀ ਭਾਅ ਜੀ ਪਿੰਡ-ਪਿੰਡ ਲੋਕਾਂ ਨੂੰ ਜਾਗਰੂਕ ਕਰਦੇ, ਸਮਾਜਿਕ ਬਰਾਬਰੀ ਦਾ ਸੁਨੇਹਾ ਦਿੰਦੇ, ਨਾਟਕ ਖੇਡਦੇ, ਲੋਕਾਂ ਵਿਚ ਚੰਗਾ ਸਾਹਿਤ ਲੈ ਕੇ ਜਾਂਦੇ, ਬਿਨਾਂ ਕੋਈ ਟਿਕਟ ਲਾਇਆਂ ਹਜ਼ਾਰਾਂ, ਲੱਖਾਂ ਲੋਕਾਂ ਸਾਹਮਣੇ ਨਾਟਕ ਖੇਡਦੇ | 50 ਸਾਲਾਂ ਦੇ ਰੰਗਮੰਚ ਸਫ਼ਰ ਵਿਚ ਉਨ੍ਹਾਂ ਨੇ 185 ਤੋਂ ਵੱਧ ਨਾਟਕ ਲਿਖੇ | ਉਨ੍ਹਾਂ ਨਾਟਕਾਂ ਦੀਆਂ 12000 ਤੋਂ ਵੱਧ ਪੇਸ਼ਕਾਰੀਆਂ ਪੰਜਾਬ ਦੇ ਪਿੰਡਾਂ ਤੋਂ ਲੈ ਕੇ ਦੇਸ਼-ਵਿਦੇਸ਼ ਵਿਚ ਕੀਤੀਆਂ | ਉਨ੍ਹਾਂ ਨੇ ਅਦਾਕਾਰੀ ਅਤੇ ਨਾਟ ਪੇਸ਼ਕਾਰੀ ਦੀ ਆਪਣੀ ਵਿਸ਼ੇਸ਼ ਸ਼ੈਲੀ ਵਿਕਸਤ ਕੀਤੀ | ਉਨ੍ਹਾਂ ਨੇ ਬਿਨਾਂ ਸਟੇਜ ਰਿਹਰਸਲ, ਲਾਈਟਾਂ ਅਤੇ ਮਿਊਜ਼ਿਕ ਦੇ ਨੁੱਕੜ ਨਾਟਕਾਂ ਦੀ ਨੀਂਹ ਰੱਖੀ | ਅੰਮਿ੍ਤਸਰ ਸਕੂਲ ਆਫ ਡਰਾਮਾ ਰਾਹੀਂ ਨਵੇਂ ਮੁੰਡੇ-ਕੁੜੀਆਂ ਨੂੰ ਨਾਟਕ ਨਾਲ ਜੋੜਿਆ | ਇਹ ਮੁੰਡੇ ਖੁਦ ਵੱਡੇ ਕਲਾਕਾਰ ਅਤੇ ਨਿਰਦੇਸ਼ਕ ਬਣ ਗਏ | ਡਾ: ਸਾਹਿਬ ਸਿੰਘ ਅਤੇ ਕੇਵਲ ਧਾਲੀਵਾਲ ਵਰਗੇ ਨਾਮਵਰ ਕਲਾਕਾਰ ਪੈਦਾ ਕੀਤੇ |
1964 ਵਿਚ ਭਾਅ ਜੀ ਨੇ ਅੰਮਿ੍ਤਸਰ ਵਿਖੇ ਦੋਸਤਾਂ ਨਾਲ ਰਲ ਕੇ ਅੰਮਿ੍ਤਸਰ ਨਾਟਕ ਕਲਾ ਕੇਂਦਰ ਦੀ ਨੀਂਹ ਰੱਖੀ | ਅੱਜ ਇਹ ਸੰਸਥਾ ਨਾਟਕਾਂ ਦੀ ਉੱਘੀ ਸੰਸਥਾ ਹੈ | ਇਸ ਨੇ ਥੀਏਟਰ ਨੂੰ ਕਸਬੀ ਪੱਧਰ 'ਤੇ ਅਪਣਾਇਆ | ਦੂਰਦਰਸ਼ਨ ਜਲੰਧਰ ਤੋਂ ਪੇਸ਼ ਕੀਤੇ ਲੜੀਵਾਰ ਸੀਰੀਅਲ ਵਿਚ ਉਹ 'ਭਾਈ ਮੰਨਾ ਸਿੰਘ' ਦੇ ਨਾਂਅ ਨਾਲ ਚਰਚਿਤ ਹੋਏ | ਦੇਸ਼ਾਂ, ਵਿਦੇਸ਼ਾਂ ਵਿਚ ਪ੍ਰਸੰਸਕਾਂ ਅਤੇ ਚਾਹੁਣ ਵਾਲਿਆਂ ਨੇ ਸਤਿਕਾਰ ਨਾਲ ਉਨ੍ਹਾਂ ਨੂੰ 'ਭਾਅ ਜੀ' ਦਾ ਨਾਂਅ ਦਿੱਤਾ | ਉਨ੍ਹਾਂ ਦੀ ਇਹ ਬੜੀ ਰੀਝ ਸੀ ਕਿ ਉਨ੍ਹਾਂ ਦੇ ਘਰ ਵਿਚ ਥੀਏਟਰ ਹੋਵੇ, ਪਰ ਬਦਲੇ ਹਾਲਾਤ ਵਿਚ ਉਨ੍ਹਾਂ ਨੂੰ ਉਹ ਘਰ ਛੱਡ ਕੇ ਚੰਡੀਗੜ੍ਹ ਜਾਣਾ ਪਿਆ ਤੇ ਉਹ ਘਰ ਅੱਜ ਵੀ ਸੁੰਨਸਾਨ ਪਿਆ ਕਿਸੇ ਨਾਟਕ ਦੀਆਂ ਰਿਹਰਸਲਾਂ ਨੂੰ ਉਡੀਕ ਰਿਹਾ ਜਾਪਦਾ ਹੈ | ਗੁਰਸ਼ਰਨ ਭਾਅ ਜੀ 27 ਸਤੰਬਰ 2011 ਨੂੰ ਚੰਡੀਗੜ੍ਹ 'ਚ ਇਸ ਦੁਨੀਆ ਤੋਂ ਰੁਖ਼ਸਤ ਹੋ ਗਏ | ਭਾਅ ਜੀ ਉੱਘੇ ਰੰਗਕਰਮੀ ਅਤੇ ਪੰਜਾਬ ਦੀ ਤਰਕਸ਼ੀਲ ਲਹਿਰ ਦੇ ਮੋਢੀ, ਪੰਜਾਬੀ ਲੋਕ ਰੰਗਮੰਚ ਅਤੇ ਨੁੱਕੜ ਨਾਟਕਾਂ ਦੇ ਸਿਰਮੌਰ, ਇਕ ਇੰਜੀਨੀਅਰ, ਲੇਖਕ, ਨਾਟਕਕਾਰ, ਅਦਾਕਾਰ, ਨਿਰਦੇਸ਼ਕ, ਪ੍ਰਕਾਸ਼ਕ, ਲੋਕਾਂ ਦੇ ਆਗੂ, ਸੰਪਾਦਕ, ਕੁਸ਼ਲ ਪ੍ਰਬੰਧਕ ਅਤੇ ਸਭ ਤੋਂ ਉੱਪਰ ਇਕ ਵਧੀਆ ਇਨਸਾਨ ਸਨ | ਉਹ ਇਕ ਤੁਰਦੀ-ਫਿਰਦੀ ਸੰਸਥਾ ਸਨ |

-ਪਿੰਡ ਹੁਸ਼ਿਆਰ ਨਗਰ, ਜ਼ਿਲ੍ਹਾ ਅੰਮਿ੍ਤਸਰ |
ਫ਼ੋਨ : 98551-20287


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX