ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  1 day ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  1 day ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  1 day ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  1 day ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  1 day ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਗਿਆਨ ਦੇ ਮੇਲੇ ਹਨ 'ਕਿਸਾਨ ਮੇਲੇ'

ਕਿਸਾਨਾਂ ਨੂੰ ਨਵੀਨਤਮ ਤਕਨੀਕ ਤੋਂ ਜਾਣੂੰ ਕਰਵਾਉਣ ਲਈ ਕਿਸਾਨ ਮੇਲੇ ਲਗਾਉਣ ਦਾ ਸਿਹਰਾ ਪੰਜਾਬ ਐਗਰੀਕਲਚਲ ਯੂਨੀਵਰਸਿਟੀ ਨੂੰ ਜਾਂਦਾ ਹੈ। ਪਹਿਲਾ ਕਿਸਾਨ ਮੇਲਾ ਯੂਨੀਵਰਸਿਟੀ ਵਲੋਂ 1967 ਵਿਚ ਲਗਾਇਆ ਗਿਆ ਸੀ। ਇਸ ਕਿਸਾਨ ਮੇਲੇ ਵਿਚ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਭਾਗ ਲਿਆ। ਕਿਸਾਨਾਂ ਦੇ ਭਾਰੀ ਜੋਸ਼ ਨੂੰ ਵੇਖਦਿਆਂ ਯੂਨੀਵਰਸਿਟੀ ਦੇ ਮੁੱਖ ਕੈਂਪਸ ਵਿਖੇ ਇਹ ਮੇਲਾ ਲਗਾਤਾਰ ਲਗਾਇਆ ਜਾਣ ਲੱਗਾ। ਇਨ੍ਹਾਂ ਕਿਸਾਨ ਮੇਲਿਆਂ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨਾਂ ਦੀ ਸ਼ਮੂਲੀਅਤ ਹੋਈ। ਇਨ੍ਹਾਂ ਮੇਲਿਆਂ ਵਿਚ ਦੇਖਿਆ ਗਿਆ ਕਿ ਦੂਰ-ਦੁਰਾਡੇ ਦੇ ਇਲਾਕਿਆਂ ਦੇ ਬਹੁਤ ਸਾਰੇ ਕਿਸਾਨ ਇਨ੍ਹਾਂ ਮੇਲਿਆਂ ਵਿਚ ਨਹੀਂ ਆ ਸਕਦੇ। ਇਹੋ ਜਿਹੇ ਕਿਸਾਨਾਂ ਦੀ ਸਹੂਲਤ ਲਈ ਯੂਨੀਵਰਸਿਟੀ ਨੇ ਇਕ ਹੋਰ ਉਪਰਾਲਾ ਕੀਤਾ ਜਿਸ ਤਹਿਤ ਖੇਤਰੀ ਕਿਸਾਨ ਮੇਲੇ ਸ਼ੁਰੂ ਕੀਤੇ ਗਏ। ਪਹਿਲਾ ਖੇਤਰੀ ਕਿਸਾਨ ਮੇਲਾ ਸਾਲ 1975 ਵਿਚ ਗੁਰਦਾਸਪੁਰ ਵਿਖੇ ਲਗਾਇਆ ਗਿਆ। ਇਹ ਮੇਲਾ ਹੀ ਬਹੁਤ ਸਫ਼ਲ ਰਿਹਾ ਜਿਸ ਨੂੰ ਵੇਖਦਿਆਂ ਯੂਨੀਵਰਸਿਟੀ ਦੇ ਪ੍ਰਸ਼ਾਸਨ ਵਲੋਂ ਹਰ ਖੇਤਰੀ ਖੋਜ ਕੇਂਦਰ ਵਿਖੇ ਇਹ ਕਿਸਾਨ ਮੇਲਾ ਆਯੋਜਿਤ ਕੀਤਾ ਜਾਣ ਲੱਗਾ। 1983 ਵਿਚ ਇਹ ਕਿਸਾਨ ਮੇਲੇ ਬੱਲੋਵਾਲ ਸੌਂਖੜੀ, 1985 ਵਿਚ ਬਠਿੰਡਾ, 1995 ਵਿਚ ਪਟਿਆਲਾ ਅਤੇ ਸਾਲ 2011 ਵਿਚ ਫ਼ਰੀਦਕੋਟ ਵਿਖੇ ਵੀ ਆਰੰਭੇ ਗਏ। ਕਿਸਾਨਾਂ ਦੀ ਪੁਰਜ਼ੋਰ ਮੰਗ ਨੂੰ ਵੇਖਦਿਆਂ ਅੰਮ੍ਰਿਤਸਰ ਵਿਖੇ ਪਹਿਲਾ ਮੇਲਾ ਮਾਰਚ 2012 ਨੂੰ ਖਾਲਸਾ ਕਾਲਜ ਵਿਖੇ ਲਗਾਇਆ ਗਿਆ। ਇਨ੍ਹਾਂ ਕਿਸਾਨ ਮੇਲਿਆਂ ਵਿਚ ਕਿਸਾਨਾਂ ਨੂੰ ਵੱਖ-ਵੱਖ ਫ਼ਸਲਾਂ ਦੇ ਸੁਧਰੇ ਬੀਜ, ਫ਼ਲਾਂ ਅਤੇ ਸਬਜ਼ੀਆਂ ਦੀ ਪਨੀਰੀ, ਵੱਖ-ਵੱਖ ਤਕਨੀਕਾਂ ਸਬੰਧੀ ਜਾਣਕਾਰੀ ਪ੍ਰਦਾਨ ਕੀਤੀ ਜਾ ਰਹੀ ਹੈ। ਇਹ ਕਿਸਾਨ ਮੇਲੇ ਸਾਲ ਵਿਚ ਦੋ ਵਾਰ ਮਾਰਚ ਅਤੇ ਸਤੰਬਰ ਦੇ ਮਹੀਨੇ ਸਾਉਣੀ ਅਤੇ ਹਾੜ੍ਹੀ ਦੇ ਮੌਸਮ ਤੋਂ ਪਹਿਲਾਂ ਲਗਾਏ ਜਾਂਦੇ ਹਨ। ਇਨ੍ਹਾਂ ਕਿਸਾਨ ਮੇਲਿਆਂ ਦੌਰਾਨ ਕਿਸਾਨਾਂ ਤੱਕ ਜਾਣਕਾਰੀ ਪਹੁੰਚਾਉਣ ਲਈ ਤਕਨੀਕੀ ਸੈਸ਼ਨਾਂ ਦਾ ਆਯੋਜਨ ਕੀਤਾ ਜਾਂਦਾ ਹੈ। ਪ੍ਰਸ਼ਨ ਉੱਤਰ ਸੈਸ਼ਨ ਦੌਰਾਨ ਕਿਸਾਨਾਂ ਦੇ ਸ਼ੰਕਿਆਂ ਦਾ ਨਿਪਟਾਰਾ ਕੀਤਾ ਜਾਂਦਾ ਹੈ। ਕਿਸਾਨਾਂ ਵਲੋਂ ਖੇਤ ਪ੍ਰਦਰਸ਼ਨੀਆਂ ਨੂੰ ਵੇਖਦੇ ਹੋਏ ਆਪਣੇ ਗਿਆਨ ਵਿਚ ਚੋਖਾ ਵਾਧਾ ਹੁੰਦਾ ਹੈ। ਸੁਧਰੀਆਂ ਕਿਸਮਾਂ ਦਾ ਬੀਜ ਅਤੇ ਯੂਨੀਵਰਸਿਟੀ ਦੀਆਂ ਪ੍ਰਕਾਸ਼ਨਾਵਾਂ ਵੀ ਇਸ ਮੌਕੇ ਕਿਸਾਨਾਂ ਨੂੰ ਮੁਹੱਈਆਂ ਕਰਵਾਈਆਂ ਜਾਂਦੀਆਂ ਹਨ।
ਇਸ ਸਾਲ ਦੇ ਹਾੜ੍ਹੀ ਰੁੱਤ ਦੇ ਕਿਸਾਨ ਮੇਲਿਆਂ, ਜੋ ਕਿ ਸਤੰਬਰ ਮਹੀਨੇ ਵਿਚ ਲਗਦੇ ਹਨ, ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਲੋਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਮਹੀਨੇ ਵਿਚ ਲੜੀਵਾਰ 7 ਮੇਲੇ ਆਯੋਜਿਤ ਕੀਤੇ ਜਾਣਗੇ। ਪਹਿਲਾ ਮੇਲਾ ਬੱਲੋਵਾਲ ਸੌਂਖੜੀ ਅਤੇ ਗੁਰਦਾਸਪੁਰ ਵਿਖੇ 11 ਸਤੰਬਰ (ਮੰਗਲਵਾਰ) ਨੂੰ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ 14 ਸਤੰਬਰ (ਸ਼ੁੱਕਰਵਾਰ) ਨੂੰ ਰੌਣੀ (ਪਟਿਆਲਾ) ਅਤੇ 17 ਸਤੰਬਰ (ਸੋਮਵਾਰ) ਨੂੰ ਅੰਮ੍ਰਿਤਸਰ ਅਤੇ ਫ਼ਰੀਦਕੋਟ ਵਿਖੇ ਕਿਸਾਨ ਮੇਲੇ ਆਯੋਜਿਤ ਕੀਤੇ ਜਾਣਗੇ। ਯੂਨੀਵਰਸਿਟੀ ਕੈਂਪਸ ਵਿਚ ਮੇਲਾ 20-22 ਸਤੰਬਰ (ਵੀਰਵਾਰ, ਸ਼ੁੱਕਰਵਾਰ ਅਤੇ ਸਨਿਚਰਵਾਰ) ਨੂੰ ਆਯੋਜਿਤ ਕੀਤਾ ਜਾਵੇਗਾ। ਪਿਛਲੇ ਸਾਲਾਂ ਦੇ ਇਨ੍ਹਾਂ ਮੇਲਿਆਂ ਵਿਚ ਕਿਸਾਨਾਂ ਦੇ ਭਾਰੀ ਇਕੱਠ ਅਤੇ ਪੁਰਜ਼ੋਰ ਮੰਗ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਇਸ ਸਾਲ ਪਹਿਲੀ ਵਾਰ ਯੂਨੀਵਰਸਿਟੀ ਕੈਂਪਸ ਵਿਚ ਲੱਗਣ ਵਾਲਾ ਕਿਸਾਨ ਮੇਲਾ ਤਿੰਨ ਦਿਨਾਂ ਵਿਚ ਆਯੋਜਿਤ ਕੀਤਾ ਜਾ ਰਿਹਾ ਹੈ। ਆਖਰੀ ਮੇਲਾ 26 ਸਤੰਬਰ (ਬੁੱਧਵਾਰ) ਨੂੰ ਬਠਿੰਡਾ ਵਿਚ ਲਗਾਇਆ ਜਾਵੇਗਾ।
ਇਸ ਵਾਰ ਕਿਸਾਨ ਮੇਲੇ ਦਾ ਉਦੇਸ਼ :
'ਆਓ ਧਰਤੀ ਮਾਂ ਬਚਾਈਏ,
ਪਰਾਲੀ ਨੂੰ ਅੱਗ ਨਾ ਲਾਈਏ।'
ਰੱਖਿਆ ਗਿਆ ਹੈ। ਇਸ ਉਦੇਸ਼ ਦਾ ਮੁੱਖ ਮੰਤਵ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੜਨ ਦੇ ਬੁਰੇ ਪ੍ਰਭਾਵਾਂ ਬਾਰੇ ਅਤੇ ਪਰਾਲੀ ਦੀ ਸੁਚੱਜੇ ਢੰਗ ਨਾਲ ਵਰਤੋਂ ਬਾਰੇ ਜਾਗਰੂਕ ਕਰਨਾ ਹੈ। ਪੰਜਾਬ ਵਿਚ ਹਰ ਸਾਲ ਲਗਭਗ 220 ਲੱਖ ਟਨ ਝੋਨੇ ਦੀ ਪਰਾਲੀ ਪੈਦਾ ਹੁੰਦੀ ਹੈ ਜਿਸ ਵਿਚੋਂ ਤਕਰੀਬਨ 90 ਫ਼ੀਸਦੀ ਪਰਾਲੀ ਨੂੰ ਖੇਤਾਂ ਵਿਚ ਹੀ ਅੱਗ ਲਗਾ ਕੇ ਸਾੜ ਦਿੱਤਾ ਜਾਂਦਾ ਹੈ। ਇਸ ਵਰਤਾਰੇ ਨਾਲ ਜਿਥੇ ਬਹੁਤ ਸਾਰੇ ਖੁਰਾਕੀ ਤੱਤ, ਰੁੱਖ, ਪੌਦੇ ਅਤੇ ਜੀਵ-ਜੰਤੂ ਸੜ ਕੇ ਸਵਾਹ ਹੋ ਜਾਂਦੇ ਹਨ ਉੱਥੇ ਬਹੁਤ ਸਾਰੀਆਂ ਜ਼ਹਿਰੀਲੀਆਂ ਗੈਸਾਂ ਵੀ ਪੈਦਾ ਹੁੰਦੀਆਂ ਹਨ ਜੋ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰਦੀਆਂ ਹਨ। ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ ਮਿੱਟੀ, ਹਵਾ ਅਤੇ ਸਮੁੱਚੇ ਵਾਤਾਵਰਨ ਦਾ ਇਹ ਘਾਣ ਉਸ ਧਰਤੀ 'ਤੇ ਹੋ ਰਿਹਾ ਹੈ ਜਿਥੇ ਗੁਰੂਆਂ ਪੀਰਾਂ ਨੇ ਹਵਾ ਨੂੰ ਗੁਰੂ ਅਤੇ ਮਿੱਟੀ ਨੂੰ ਮਾਂ ਦਾ ਦਰਜਾ ਦਿੱਤਾ ਹੈ ਅਤੇ ਜਿਥੇ ਗੁਰੂਆਂ ਦੀ ਬਾਣੀ ਹਮੇਸ਼ਾ ਸਰਬੱਤ ਦੇ ਭਲੇ ਦਾ ਸੰਦੇਸ਼ ਦਿੰਦੀ ਹੈ। ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਬਹੁਤ ਸਾਰੀਆਂ ਤਕਨੀਕਾਂ ਪੈਦਾ ਕੀਤੀਆਂ ਹਨ। ਇਨ੍ਹਾਂ ਤਕਨੀਕਾਂ ਨਾਲ ਅਸੀਂ ਨਾ ਸਿਰਫ਼ ਪਰਾਲੀ ਨੂੰ ਅੱਗ ਲਾਉਣ ਵਰਗੇ ਕੁਦਰਤ ਵਿਰੋਧੀ ਵਰਤਾਰਿਆਂ ਨੂੰ ਠੱਲ੍ਹ ਪਾ ਸਕਦੇ ਹਾਂ ਸਗੋਂ ਪਰਾਲੀ ਦੀ ਸੁਚੱਜੀ ਵਰਤੋਂ ਕਰਕੇ ਖੇਤੀ ਨੂੰ ਹੋਰ ਲਾਹੇਵੰਦ ਵੀ ਬਣਾ ਸਕਦੇ ਹਾਂ। ਪਰਾਲੀ ਦੀ ਸੁਚੱਜੇ ਪ੍ਰਬੰਧਨ ਸੰਬੰਧੀ ਜਾਣਕਾਰੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲਗਾਏ ਜਾ ਰਹੇ ਮੇਲਿਆਂ, ਯੂਨੀਵਰਸਿਟੀ ਵਲੋਂ ਪ੍ਰਕਾਸ਼ਤ ਕੀਤੀਆਂ ਜਾਂਦੀਆਂ ਕਿਤਾਬਾਂ ਅਤੇ ਰਸਾਲਿਆਂ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਕਿਸਾਨ ਮੇਲਿਆਂ ਦਾ ਮੁੱਖ ਮੰਤਵ ਖੇਤੀਬਾੜੀ ਨੂੰ ਸੁਖਾਲਾ ਅਤੇ ਲਾਹੇਵੰਦ ਬਣਾਉਣ ਲਈ ਖੋਜੀਆਂ ਗਈਆਂ ਨਵੀਆਂ ਤਕਨੀਕਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇਣਾ ਹੈ। ਇਸ ਦੇ ਲਈ ਹਾੜ੍ਹੀ ਅਤੇ ਸਾਉਣੀ ਰੁੱਤ ਦੀਆਂ ਫ਼ਸਲਾਂ ਦੀਆਂ ਖੇਤ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ। ਇਨ੍ਹਾਂ ਖੇਤ ਪ੍ਰਦਰਸ਼ਨੀਆਂ ਵਿਚ ਯੂਨੀਵਰਸਿਟੀ ਦੇ ਸਾਰੇ ਵਿਭਾਗ ਜਿਵੇਂ ਕਿ ਫ਼ਸਲ ਵਿਗਿਆਨ, ਭੂਮੀ ਵਿਗਿਆਨ, ਕੀਟ ਵਿਗਿਆਨ, ਪੌਦਾ ਰੋਗ ਵਿਗਿਆਨ, ਬਾਗ਼ਬਾਨੀ ਵਿਭਾਗ ਆਦਿ ਹਿੱਸਾ ਲੈਂਦੇ ਹਨ ਅਤੇ ਮੇਲੇ ਵਿਚ ਆਉਣ ਵਾਲੇ ਕਿਸਾਨਾਂ ਨੂੰ ਨਵੀਆਂ ਤਕਨੀਕਾਂ ਦੀ ਜਾਣਕਾਰੀ ਦਿੰਦੇ ਹਨ। ਇੰਜੀਨੀਅਰਿੰਗ ਕਾਲਜ ਦੇ ਵੱਖ-ਵੱਖ ਵਿਭਾਗਾਂ ਵਲੋਂ ਖੇਤੀ ਸਬੰਧੀ ਨਵੀਆਂ ਮਸ਼ੀਨਾਂ ਸਬੰਧੀ ਪ੍ਰਦਰਸ਼ਨੀਆਂ ਲਾ ਕੇ ਇਨ੍ਹਾਂ ਦੀ ਸੁਚੱਜੀ ਵਰਤੋਂ ਲਈ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਛਿੜਕਾਅ ਸਬੰਧੀ ਤਕਨੀਕਾਂ, ਸਰਬਪੱਖੀ ਤੱਤ ਪ੍ਰਬੰਧਨ, ਸਰਬਪੱਖੀ ਕੀਟ ਪ੍ਰਬੰਧਨ, ਫ਼ਸਲਾਂ ਦੀ ਮਿਆਦ ਅਤੇ ਬਿਜਾਈ ਦੇ ਸਮੇਂ ਅਨੁਸਾਰ ਚੋਣ, ਸੇਂਜੂ ਅਤੇ ਬਰਾਨੀ ਹਾਲਤ ਵਿਚ ਫ਼ਸਲਾਂ ਦਾ ਸਿੰਚਾਈ ਪ੍ਰਬੰਧ ਆਦਿ ਬਾਰੇ ਜਾਣਕਾਰੀ ਵੀ ਦਿੱਤੀ ਜਾਂਦੀ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ, ਪੀ.ਏ.ਯੂ., ਲੁਧਿਆਣਾ।
ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ।


ਖ਼ਬਰ ਸ਼ੇਅਰ ਕਰੋ

ਮਿਆਰੀ ਬਾਸਮਤੀ ਦੀ ਪੈਦਾਵਾਰ : ਖੇਤੀ ਰਸਾਇਣ ਸੋਚ ਕੇ ਵਰਤੋ

ਬਾਸਮਤੀ ਦੀ ਫ਼ਸਲ ਨੂੰ ਨੁਕਸਾਨ ਕਰਨ ਵਾਲੇ ਮੁੱਖ ਕੀੜੇ-ਪੱਤਾ ਲਪੇਟ ਸੁੰਡੀ, ਤਣੇ ਦੀ ਸੁੰਡੀ 'ਤੇ ਬੂਟਿਆਂ ਦੇ ਟਿੱਡੇ ਅਤੇ ਬਿਮਾਰੀਆਂ-ਭੁਰੜ /ਘੰਢੀ ਰੋਗ (ਬਲਾਸਟ), ਪੈਰਾਂ ਦਾ ਗਲ਼ਣਾ (ਫੁੱਟ ਰੌਟ) ਅਤੇ ਤਣੇ ਦੁਆਲੇ ਪੱਤੇ ਦਾ ਝੁਲਸ ਰੋਗ (ਸ਼ੀਥ ਬਲਾਈਟ) ਹਨ। ਇਨ੍ਹਾਂ ਅਲਾਮਤਾਂ ਦੀ ਰੋਕਥਾਮ ਲਈ ਖੇਤ ਵਿਚ ਖੜ੍ਹੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਅਤੇ ਜਿਉਂ ਹੀ ਇਨ੍ਹਾਂ ਕੀੜਿਆਂ ਦਾ ਨੁਕਸਾਨ ਆਰਥਿਕ ਕਗਾਰ ਤੋਂ ਵੱਧ ਹੋਵੇ (ਪੱਤਾ ਲਪੇਟ ਲਈ 10 ਪ੍ਰਤੀਸ਼ਤ ਜਾਂ ਵੱਧ ਨੁਕਸਾਨੇ ਪੱਤੇ ਅਤੇ ਤਣੇ ਦੀ ਸੁੰਡੀ ਲਈ 2 ਪ੍ਰਤੀਸ਼ਤ ਜਾਂ ਵਧੇਰੇ ਸੁੱਕੀਆਂ ਗੋਭਾਂ) ਤਾਂ ਸਿਫਾਰਸ਼ ਕੀਟਨਾਸ਼ਕ, 20 ਮਿਲੀਲਿਟਰ ਫੇਮ 480 ਐਸ. ਸੀ. (ਫਲੂੂਬੈਂਡਾਮਾਈਡ) ਜਾਂ 60 ਮਿਲੀਲਿਟਰ ਕੋਰਾਜ਼ਨ 20 ਐਸ. ਸੀ. (ਕਲੋਰਐਂਟਰਾਨਿਲੀਪਰੋਲ) ਜਾਂ 170 ਗ੍ਰਾਮ ਮੌਰਟਰ 75 ਐਸ. ਜੀ. (ਕਾਰਟਾਪ ਹਾਈਡਰੋਕਲੋਰਾਈਡ) ਜਾਂ 4 ਕਿੱਲੋ ਫਰਟੇਰਾ 0.4 ਜੀ. ਆਰ. (ਕਲੋਰਐਂਟਰਾਨਿਲੀਪਰੋਲ) ਜਾਂ 6 ਕਿੱਲੋ ਰੀਜੈਂਟ/ ਮੋਰਟੈਲ/ ਮਿਫਪਰੋ-ਜੀ/ ਮਹਾਂਵੀਰ ਜੀ. ਆਰ./ ਸ਼ਿਨਜ਼ਨ 0.3 ਜੀ (ਫਿਪਰੋਨਿਲ) ਜਾਂ 10 ਕਿੱਲੋ ਪਡਾਨ/ ਕੈਲਡਾਨ/ ਕਰੀਟਾਪ/ ਸੈਨਵੈੱਕਸ/ ਨਿਦਾਨ/ ਮਾਰਕਟੈਪ/ ਮਿਫਟੈਪ/ ਕਾਤਸੂ 4 ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾਂ 4 ਕਿੱਲੋ ਵਾਈਬਰੇਂਟ 4 ਜੀ ਆਰ (ਥਿਓਸਾਈਕਲੇਮ ਹਾਈਡਰੋਜ਼ਨ ਆਕਸਾਲੇਟ) ਵਰਤੋ। ਬੂਟਿਆਂ ਦੇ ਟਿੱਡਿਆਂ ਦਾ ਹਮਲਾ ਆਰਥਿਕ ਕਗਾਰ ਪੱਧਰ (5 ਜਾਂ ਵੱਧ ਟਿੱਡੇ ਪ੍ਰਤੀ ਬੂਟਾ) 'ਤੇ ਪਹੁੰਚਣ 'ਤੇ ਇਨ੍ਹਾਂ ਦੀ ਰੋਕਥਾਮ ਲਈ 120 ਗ੍ਰਾਮ ਚੈਸ 50 ਡਬਲਯੂ ਜੀ (ਪਾਈਮੈਟਰੋਜ਼ਿਨ) ਜਾਂ 40 ਮਿਲੀਲਿਟਰ ਕੌਨਫ਼ੀਡੋਰ 200 ਐਸ ਐਲ/ਕਰੋਕੋਡਾਈਲ 17.8 ਐਸ ਐਲ (ਇਮਿਡਾਕਲੋਪਰਿਡ) ਜਾਂ 800 ਮਿਲੀਲਿਟਰ ਏਕਾਲਕਸ/ ਕੁਇਨਗਾਰਡ/ ਕੁਇੰਲਮਾਸ 25 ਈ ਸੀ (ਕੁਇਨਲਫਾਸ) ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ। ਫ਼ਸਲ ਦੇ ਨਿਸਰਨ ਤੋਂ ਪਹਿਲਾਂ ਪੱਤਾ ਲਪੇਟ ਸੁੰਡੀ ਦੀ ਰੋਕਥਾਮ 20-30 ਮੀਟਰ ਲੰਬੀ ਨਾਰੀਅਲ ਜਾਂ ਮੁੰਜ ਦੀ ਰੱਸੀ ਫ਼ਸਲ ਦੇ ਉਪਰਲੇ ਹਿੱਸੇ 'ਤੇ 2 ਵਾਰੀ ਫੇਰਨ ਨਾਲ ਕੀਤੀ ਜਾ ਸਕਦੀ ਹੈ। ਪਹਿਲੀ ਵਾਰ ਕਿਆਰੇ ਦੇ ਇਕ ਸਿਰੇ ਤੋਂ ਦੂਸਰੇ ਸਿਰੇ 'ਤੇ ਜਾਓ ਅਤੇ ਫਿਰ ਉਨ੍ਹੀ ਪੈਂਰੀ ਰੱਸੀ ਫੇਰਦੇ ਹੋਏ ਵਾਪਸ ਮੁੜੋ। ਰੱਸੀ ਫੇਰਨ ਵੇਲੇ ਫ਼ਸਲ ਵਿਚ ਪਾਣੀ ਜ਼ਰੂਰ ਖੜ੍ਹਾ ਹੋਵੇ। ਭੁਰੜ ਰੋਗ/ਘੰਡੀ ਰੋਗ (ਬਲਾਸਟ) ਦੀ ਰੋਕਥਾਮ ਲਈ 200 ਮਿਲੀਲਿਟਰ ਐਮੀਸਟਾਰ-ਟੌਪ 325 ਐਸ ਸੀ ਜਾਂ 500 ਗ੍ਰਾਮ ਇੰਡੋਫਿਲ ਜ਼ੈੱਡ-78, 75 ਡਬਲਯੂ ਪੀ ਨੂੰ ਬਿਮਾਰੀ ਵਾਲੀ ਫ਼ਸਲ 'ਤੇ ਭਰਪੂਰ ਸ਼ਾਖਾ ਅਤੇ ਸਿੱਟੇ ਨਿਕਲਣ ਵੇਲੇ 200 ਲਿਟਰ ਪਾਣੀ 'ਚ ਘੋਲ ਕੇ ਛਿੜਕਾਅ ਕਰੋ। ਤਣੇ ਦੁਆਲੇ ਪੱਤੇ ਦਾ ਝੁਲਸ ਰੋਗ ਲਈ 200 ਮਿਲੀਲਿਟਰ ਐਮੀਸਟਾਰ-ਟੌਪ 325 ਐਸ ਸੀ ਜਾਂ 200 ਮਿਲੀਲਿਟਰ ਟਿਲਟ 25 ਈ ਸੀ ਜਾਂ 80 ਗ੍ਰਾਮ ਨਟੀਵੋ 75 ਡਬਲਯੂ ਜੀ ਨੂੰ 200 ਲਿਟਰ ਪਾਣੀ 'ਚ ਘੋਲ਼ ਕੇ ਛਿੜਕਾਅ ਕਰੋ। ਫੁੱਟ ਰੌਟ (ਪੈਰਾਂ ਦਾ ਗਲਣਾ) ਦੀ ਰੋਕਥਾਮ ਲਈ 200 ਮਿਲੀਲਿਟਰ ਟਿਲਟ 25 ਈ ਸੀ ਨੂੰ 200 ਲਿਟਰ ਪਾਣੀ 'ਚ ਘੋਲ ਕੇ ਬੀਜ ਵਾਲੀ ਫ਼ਸਲ ਉਪਰ ਛਿੜਕਾਅ ਕਰੋ ।
ਬਾਸਮਤੀ ਨਿਰਯਾਤ ਸਬੰਧੀ ਮੌਜੂਦਾ ਨਿਯਮਾਂ ਨੂੰ ਧਿਆਨ ਵਿਚ ਰੱਖਦੇ ਹੋਏ, ਰਸਾਇਣਾਂ ਦੀ ਰਹਿੰਦ-ਖੂੰਹਦ ਰਹਿਤ ਬਾਸਮਤੀ ਪੈਦਾ ਕਰਨ ਲਈ ਹੇਠ ਲਿਖੇ ਨੁਕਤੇ ਅਪਣਾਓ: 1. ਨਾਈਟ੍ਰੋਜਨ ਖਾਦਾਂ ਦੀ ਵਰਤੋਂ ਕੇਵਲ ਸਿਫਾਰਸ਼ ਅਨੁਸਾਰ ਜਾਂ ਮਿੱਟੀ ਪਰਖ ਦੇ ਆਧਾਰ 'ਤੇ ਕਰੋ ਕਿੳਂੁਕਿ ਇਨ੍ਹਾਂ ਦੀ ਵਧੇਰੇ ਵਰਤੋਂ ਨਾਲ ਕੀੜਿਆਂ ਅਤੇ ਬਿਮਾਰੀਆਂ ਦਾ ਹਮਲਾ ਵਧਦਾ ਹੈ।
2. ਖੇਤ ਵਿਚ ਖੜੀ ਫ਼ਸਲ ਦਾ ਲਗਾਤਾਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਤਾਂ ਜੋ ਕੀੜੇ ਜਾਂ ਬਿਮਾਰੀ ਦੇ ਹਮਲੇ ਦਾ ਸਮਾਂ ਰਹਿੰਦੇ ਪਤਾ ਲਗ ਸਕੇ।
3. ਕੀਟਨਾਸ਼ਕਾਂ ਦੀ ਵਰਤੋਂ ਆਰਥਿਕ ਕਗਾਰ ਪੱਧਰ ਅਨੁਸਾਰ ਕਰੋ।
4. ਚੰਗੇ ਨਤੀਜਿਆਂ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਲੋ ਸਿਫਾਰਸ਼ ਖੇਤੀ ਰਸਾਇਣਾਂ ਹੀ ਵਰਤੋਂ।
5. ਟ੍ਰਾਈਸਾਈਕਲਾਜ਼ੋਲ, ਐਸੀਫੇਟ, ਥਾਇਆਮੀਥਾਕਸਮ ਅਤੇ ਟ੍ਰਾਈਐਜੋਫਾਸ ਦੀ ਵਰਤੋਂ ਬਾਮਸਤੀ ਵਿਚ ਨਾ ਕਰੋ।
6. ਭੁਰੜ ਰੋਗ ਦੀ ਰੋਕਥਾਮ ਲਈ ਐਮੀਸਟਾਰ ਟੌਪ 325 ਐਸ ਸੀ ਜਾਂ ਇੰਡੋਫਿਲ ਜ਼ੈੱਡ-78, 75 ਡਬਲਯੂ ਪੀ ਦਾ ਛਿੜਕਾਅ ਕਰੋ।
7. ਸਿੰੰਥੈਟਿਕ ਪਰਿਥਰਾਇਡ ਗਰੁੱਪ ਦੇ ਕੀਟਨਾਸ਼ਕਾਂ (ਜਿਵੇਂ ਕਿ ਸਾਈਪਰਮੈਥਰਿਨ, ਡੈਲਟਾਮੈਥਰਿਨ ਆਦਿ) ਦੀ ਵਰਤੋਂ ਨਾ ਕਰੋ ਕਿਉਂਕਿ ਇਸ ਨਾਲ ਬੂਟਿਆਂ ਦੇ ਟਿੱਡਿਆਂ ਦਾ ਹਮਲਾ ਵੱਧ ਜਾਂਦਾ ਹੈ।
8. ਫ਼ਸਲ ਦੇ ਪੱਕਣ ਸਮੇਂ ਆਖਰੀ ਤਿੰਨ ਤੋਂ ਚਾਰ ਹਫ਼ਤੇ ਖੇਤੀ ਰਸਾਇਣਾਂ ਦੀ ਵਰਤੋਂ ਤੋਂ ਗੁਰੇਜ਼ ਕਰੋ।
9. ਖੇਤੀ ਜ਼ਹਿਰਾਂ ਦੀ ਸੁਚੱਜੀ ਵਰਤੋਂ ਸਬੰਧੀ ਲੋੜੀਂਦੀ ਜਾਣਕਾਰੀ ਪ੍ਰਾਪਤ ਕਰਨ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਕ੍ਰਿਸ਼ੀ ਵਿਗਿਆਨ ਕੇਂਦਰਾਂ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਮਾਹਿਰਾਂ ਨਾਲ ਸੰਪਰਕ ਰੱਖੋ।
ਮੌਜੂਦਾ ਸਮੇਂ ਦੇ ਬਾਸਮਤੀ ਨਿਰਯਾਤ ਨਿਯਮਾਂ ਨੂੰ ਮੁੱਖ ਰੱਖਦੇ ਹੋਏ ਕਿਸਾਨ ਵੀਰਾਂ ਨੂੰ ਕੀਟਨਾਸ਼ਕਾਂ ਅਤੇ ਉਲੀਨਾਸ਼ਕਾਂ ਦੀ ਵਰਤੋਂ ਬੜੀ ਸੂਝ-ਬੂਝ ਨਾਲ ਕਰਨ ਦੀ ਜ਼ਰੂਰਤ ਹੈ ਤਾਂ ਜੋ ਉਹ ਨਿਰਯਾਤ-ਯੋਗ ਮਿਆਰੀ ਬਾਸਮਤੀ ਪੈਦਾ ਕਰ ਸਕਣ।


-ਮੋਬਾਈਲ : 98159-02788

ਝੋਨੇ 'ਤੇ ਕਾਲੇ ਤੇਲੇ ਤੇ ਭੂਰੇ ਟਿੱਡੇ ਦੀ ਰੋਕਥਾਮ ਕਿਵੇਂ ਕੀਤੀ ਜਾਵੇ?

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਵਲੋਂ ਸਿਖਲਾਈ ਕੈਂਪਾਂ, ਅਖ਼ਬਾਰਾਂ, ਰਸਾਲਿਆਂ, ਬਿਜਲੀ ਮਾਧਿਅਮ ਅਤੇ ਸੋਸ਼ਲ ਮੀਡੀਆ ਰਾਹੀਂ ਪੰਜਾਬ ਦੇ ਕਿਸਾਨਾਂ ਨੂੰ ਫ਼ਸਲਾਂ ਦੀਆਂ ਸਮੱਸਿਆਵਾਂ ਦੀ ਸੰਭਾਵਨਾਵਾਂ ਪ੍ਰਤੀ ਜਾਗਰੂਕ ਕਰਨ ਅਤੇ ਕੀੜਿਆਂ ਦੀ ਸੁਚੱਜੀ ਰੋਕਥਾਮ ਲਈ ਸਮੇਂ-ਸਮੇਂ 'ਤੇ ਸੁਚੇਤ ਕੀਤਾ ਜਾਂਦਾ ਹੈ, ਜਿਸ ਦੇ ਸਾਰਥਕ ਨਤੀਜੇ ਇਸ ਵਾਰ ਕਪਾਹ ਪੱਟੀ ਵਿਚ ਪ੍ਰਤੱਖ ਰੂਪ ਵਿਚ ਵੇਖਣ ਨੂੰ ਮਿਲੇ ਹਨ ਕਿਤੇ ਵੀ ਕਿਸੇ ਮੁੱਖ ਕੀੜੇ ਦਾ ਹਮਲਾ ਦੇਖਣ ਨਹੀਂ ਮਿਲਿਆਂ। ਮੌਸਮ ਅਨਕੂਲ ਰਹਿਣ ਕਾਰਨ ਝੋਨੇ ਦੀ ਫ਼ਸਲ ਵੀ ਤਕਰੀਬਨ ਕੀੜਿਆਂ ਅਤੇ ਬਿਮਾਰੀਆਂ ਦੇ ਹਮਲੇ ਤੋਂ ਰਹਿਤ ਹੀ ਹੈ। ਪਿਛਲੇ ਕੁਝ ਦਿਨਾਂ ਤੋਂ ਕੁਝ ਕਿਸਾਨ ਝੋਨੇ ਉੱਪਰ ਕਾਲੇ ਤੇਲੇ ਦੀ ਰੋਕਥਾਮ ਬਾਰੇ ਪੁੱਛ ਰਹੇ ਹਨ। ਖੇਤੀਬਾੜੀ ਮਾਹਿਰਾਂ ਵਲੋਂ ਸੁਚੇਤ ਕਰਨ ਦੇ ਬਾਵਜੂਦ ਕੁਝ ਕਿਸਾਨ, ਸਿਫ਼ਾਰਸ਼ਾਂ ਅਨੁਸਾਰ ਕੀਟਨਾਸ਼ਕਾਂ ਦੀ ਵਰਤੋਂ ਕਰਨ ਦੀ ਬਜਾਏ ਆਂਢੀਆਂ-ਗੁਆਂਢੀਆਂ ਜਾਂ ਹੋਰ ਵਸੀਲਿਆਂ ਦੇ ਕਹਿਣ 'ਤੇ ਕਾਲੇ ਤੇਲੇ ਦੀ ਰੋਕਥਾਮ ਲਈ ਗ਼ੈਰ-ਸਿਫ਼ਾਰਸ਼ਸ਼ੁਦਾ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਸਮੱਸਿਆ ਨੂੰ ਘਟਾਉਣ ਦੀ ਬਜਾਏ ਵਧਾ ਲੈਂਦੇ ਹਨ। ਕਿਸਾਨਾਂ ਨਾਲ ਕੀਤੀ ਗੱਲਬਾਤ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸਾਨਾਂ ਵਲੋਂ ਬੂਫਰਾਫਾਈਜ਼ਨ, ਡੈਂਟਾਫ, ਥਿਮਟ, ਡਾਈਕਲੋਰੋਵਾਸ, ਨੁਵਾਨ, ਸਾਈਪਰ ਮੈਥਾਰਿਨ, ਲੈਂਬਡਾਸਾਈਹੈਲੋਥਰਿਨ, ਡੈਲਟਾਮੈਥਰਿਨ ਅਤੇ ਕੀਟਨਾਸ਼ਕਾਂ ਦੇ ਮਿਸ਼ਰਣ ਆਦਿ ਦੀ ਵਰਤੋਂ, ਛਿੜਕਾਅ ਦਾ ਗ਼ਲਤ ਤਰੀਕਾ, ਜ਼ਿਆਦਾ ਮਾਤਰਾ, ਕੀਟਨਾਸ਼ਕਾਂ ਦੀ ਵਰਤੋਂ ਆਂਢੀਆਂ-ਗੁਆਂਢੀਆਂ ਦੀ ਦੇਖਾ ਦੇਖੀ, ਯੂਰੀਆ ਖਾਦ ਦੀ ਵਧੇਰੇ ਵਰਤੋਂ (ਤਿੰਨ ਤੋਂ ਢਾਈ ਤੋਂ ਚਾਰ ਬੈਗ ਯੂਰੀਆ ਪ੍ਰਤੀ ਏਕੜ), ਸਿੰਥੈਟਿਕ ਪੈਰਾਥਾਇਡ ਜਾਂ ਦੋ ਜਾਂ ਵਧੇਰੇ ਕੀਟਨਾਸ਼ਕਾਂ ਦਾ ਮਿਸ਼ਰਣ ਬਣਾ ਕੇ ਛਿੜਕਾਅ ਕਰਨਾ ਆਦਿ ਕੁਝ ਅਜਿਹੇ ਕਾਰਨ ਹਨ, ਜਿਸ ਨਾਲ ਸਮੱਸਿਆ ਘਟਣ ਦੀ ਬਜਾਏ ਵਧਦੀ ਹੈ। ਸਿੰਥੈਟਿਕ ਪੈਰਾਥਰਾਇਡ ਦੀ ਵਰਤੋਂ ਕਰਨ ਨਾਲ ਖੇਤ ਵਿਚ ਕਾਲੇ ਤੇਲੇ ਦੇ ਵਾਧੇ ਲਈ ਮਾਹੌਲ ਅਨਕੂਲ ਬਣ ਜਾਂਦਾ ਹੈ ਜਿਸ ਨਾਲ ਤੇਲੇ ਦੀ ਜਨਸੰਖਿਆ ਵਿਚ ਬੜੀ ਤੇਜ਼ੀ ਨਾਲ ਵਾਧਾ ਹੁੰਦਾ ਹੈ। ਇਸ ਤਰ੍ਹਾਂ ਦੀ ਸਮੱਸਿਆ ਪਿਛਲੇ ਸਮੇਂ ਦੌਰਾਨ ਆਂਧਰਾ ਪ੍ਰਦੇਸ਼ ਵਿਚ ਵੀ ਆਈ ਜਿਥੇ ਕਾਲੇ ਤੇਲੇ ਨੇ ਝੋਨੇ ਦੀ ਫ਼ਸਲ ਦਾ ਵੱਡੀ ਪੱਧਰ 'ਤੇ ਨੁਕਸਾਨ ਕੀਤਾ ਸੀ।
ਉਪੁਰੋਕਤ ਕਾਰਨਾਂ ਤੋਂ ਸਪੱਸ਼ਟ ਹੈ ਕਿਸਾਨਾਂ ਕਾਲੇ ਤੇਲੇ ਦੀ ਰੋਕਥਾਮ ਲਈ ਜੋ ਵੀ ਕੀਟਨਾਸ਼ਕ ਅਤੇ ਤਰੀਕੇ ਗ਼ਲਤ ਵਰਤੇ ਹਨ, ਉਹ ਪੀ. ਏ. ਯੂ. ਅਤੇ ਖੇਤੀਬਾੜੀ ਵਿਭਾਗ ਦੀਆਂ ਸਿਫਾਰਸ਼ਾਂ ਦੇ ਉਲਟ ਹਨ। ਪਿਛਲੇ ਸਾਲਾਂ ਦੌਰਾਨ ਕਾਲੇ ਤੇਲੇ ਦਾ ਵਧੇਰੇ ਜ਼ੋਰ ਮਾਲਵਾ ਨਾਲ ਸੰਬਧਿਤ ਜ਼ਿਲ੍ਹਿਆਂ ਵਿਚ ਅਤੇ ਵਧੇਰੇ ਸਮੇਂ ਵਾਲੀਆਂ ਕਿਸਮਾਂ ਜਿਵੇਂ ਪੂਸਾ-44, ਮੁੱਛਲ, ਬਾਸਮਤੀ-1121 'ਤੇ ਵਧੇਰੇ ਰਿਹਾ ਹੈ ਜਦ ਕਿ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ 'ਤੇ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਆਈ ਕਿਉਂਕਿ ਕਾਲਾ ਤੇਲਾ ਸਤੰਬਰ ਦੇ ਅਖੀਰ ਅਤੇ ਅਕਤੂਬਰ ਦੇ ਪਹਿਲੇ ਹਫ਼ਤੇ ਦੌਰਾਨ ਹਮਲਾ ਕਰਦਾ ਹੈ ਜਿਸ ਕਾਰਨ ਲੰਬੇ ਸਮੇਂ ਵਾਲੀਆਂ ਕਿਸਮਾਂ ਦਾ ਵਧੇਰੇ ਨੁਕਸਾਨ ਹੁੰਦਾ ਹੈੈ, ਜਦ ਕਿ ਥੋੜ੍ਹੇ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਸਤੰਬਰ ਦੇ ਅਖੀਰ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ ਦੌਰਾਨ ਪੱਕ ਜਾਂਦੀਆਂ ਹਨ। ਮਾਝੇ ਵਿਚ ਕਾਲੇ ਤੇਲੇ ਦੀ ਸਮੱਸਿਆ ਗੰਭੀਰ ਨਾ ਹੋਣ ਦੇ ਕਾਰਨਾਂ ਵਿਚ ਕਿਸਾਨਾਂ ਵਲੋਂ ਘੱਟ ਸਮੇਂ ਵਾਲੀਆਂ ਸਿਫ਼ਾਰਸ਼ਸ਼ੁਦਾ ਕਿਸਮਾਂ ਦੀ ਕਾਸ਼ਤ, ਪੂਸਾ-44 ਕਿਸਮ ਹੇਠ ਨਾ-ਮਾਤਰ ਰਕਬਾ, ਯੂਰੀਆ ਖਾਦ ਦੀ ਸਿਫ਼ਾਰਸ਼ਾਂ ਅਨੁਸਾਰ ਵਰਤੋਂ ਅਤੇ ਕੀਟਨਾਸ਼ਕਾਂ ਦਾ ਮਿਸ਼ਰਣ ਬਣਾ ਕੇ ਛਿੜਕਾਅ ਨਾ ਕਰਨਾ ਹੋ ਸਕਦਾ ਹੈ।
ਕਿਸਾਨਾਂ ਨੂੰ ਝੋਨੇ ਅਤੇ ਹੋਰਨਾਂ ਫ਼ਸਲਾਂ ਦੇ ਕੀੜਿਆਂ ਦੀ ਪਹਿਚਾਣ, ਕੀਤੇ ਜਾਣ ਵਾਲੇ ਨੁਕਸਾਨ ਅਤੇ ਸਹੀ ਰੋਕਥਾਮ ਬਾਰੇ ਜਾਣਕਾਰੀ ਹੋਣਾ ਬਹੁਤ ਜ਼ਰੂਰੀ ਹੈ ਪਰ ਕੁਝ ਕਿਸਾਨ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਆਂਢੀਆਂ-ਗੁਆਂਢੀਆਂ ਜਾਂ ਦੁਕਾਨਦਾਰਾਂ 'ਤੇ ਨਿਰਭਰ ਕਰਦੇ ਹਨ, ਜਿਸ ਨਾਲ ਕਈ ਵਾਰੀ ਫਾਇਦੇ ਦੀ ਬਿਜਾਏ ਨੁਕਸਾਨ ਹੋ ਜਾਂਦਾ ਹੈ। ਦੁਕਾਨਦਾਰ ਆਮ ਕਰਕੇ ਕਿਸਾਨ ਵੀਰਾਂ ਨੂੰ ਸਿਫ਼ਾਰਸ਼ਾਂ ਦੇ ਉਲਟ ਘੱਟੋ-ਘੱਟ ਦੋ ਕੀਟ ਨਾਸ਼ਕ ਦਵਾਈਆਂ ਦੇ ਦਿੰਦੇ ਹਨ ਅਤੇ ਕਈ ਵਾਰ ਦਵਾਈ ਦੀ ਸਿਫ਼ਾਰਸ਼ਾਂ ਦੇ ਉਲਟ ਮਾਤਰਾ ਵੀ ਵਧਾ ਕੇ ਦਿੰਦੇ ਹਨ ਤਾਂ ਜੋ ਉਨ੍ਹਾਂ ਦੀ ਵਿਕਰੀ ਵੱਧ ਹੋਣ ਕਾਰਨ ਫਾਇਦਾ ਜ਼ਿਆਦਾ ਹੋ ਸਕੇ, ਪਰ ਇਸ ਨਾਲ ਜਿਥੇ ਕਿਸਾਨ ਦਾ ਆਰਥਿਕ ਸੋਸ਼ਣ ਹੁੰਦਾ ਹੈ, ਉਥੇ ਫ਼ਸਲ ਉੱਪਰ ਕੀੜਿਆਂ ਦੀ ਰੋਕਥਾਮ ਵੀ ਨਹੀਂ ਹੁੰਦੀ। ਕਾਲੇ ਤੇਲੇ ਦੀ ਰੋਕਥਾਮ ਲਈ ਇਕੱਲੇ ਕੀਟਨਾਸ਼ਕਾਂ 'ਤੇ ਨਿਰਭਰ ਰਹਿਣ ਦੀ ਬਜਾਏ ਸਰਬਪੱਖੀ ਕੀਟ ਪ੍ਰਬੰਧ ਵਿਧੀ ਵਰਤਣ ਦੀ ਜ਼ਰੂਰਤ ਹੁੰਦੀ ਹੈ ਤਾਂ ਜੋ ਵਾਤਾਵਰਨ ਦੇ ਦੂਸ਼ਤ ਹੋਣ ਤੋਂ ਬਚਾਉਣ ਦਾ ਨਾਲ-ਨਾਲ ਖੇਤੀ ਲਾਗਤ ਖਰਚੇ ਵੀ ਘਟਾਏ ਜਾ ਸਕਣ। ਸੋ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਜਦ ਕਦੇ ਕਿਸੇ ਵੀ ਫ਼ਸਲ ਉੱਪਰ ਕੋਈ ਸਮੱਸਿਆ ਆਉਂਦੀ ਹੈ ਤਾਂ ਉਹ ਪਹਿਲਾਂ ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਸਿਫਾਰਸ਼ ਕੀਤੀਆਂ ਕੀਟਨਾਸ਼ਕ ਰਸਾਇਣਾਂ ਦਾ ਹੀ ਛਿੜਕਾਅ ਕਰਨ ਤਾਂ ਜੋ ਕੀੜਿਆਂ ਦੀ ਸੁਚੱਜੀ ਰੋਕਥਾਮ ਜਾ ਸਕੇ। ਪੀ. ਏ. ਯੂ. ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕੀਤੀਆਂ ਸਿਫ਼ਾਰਸ਼ਾਂ ਅਨੁਸਾਰ ਕਾਲੇ ਤੇਲੇ ਦੀ ਸਹੀ ਰੋਕਥਾਮ ਲਈ ਜਿਥੇ ਸਿਫ਼ਾਰਸ਼ਸ਼ੁਦਾ ਕੀਟਨਾਸ਼ਕ ਦਾ ਛਿੜਕਾਅ ਕਰਨਾ ਜ਼ਰੂਰੀ ਹੈ ਉਥੇ ਛਿੜਕਾਅ ਕਰਨ ਦਾ ਸਮਾਂ ਅਤੇ ਤਰੀਕਾ ਬਹੁਤ ਜ਼ਰੂਰੀ ਹੈ ਅਤੇ ਕੁਝ ਸਾਵਧਾਨੀਆਂ ਵਰਤਣੀਆਂ ਵੀ ਬਹੁਤ ਜ਼ਰੂਰੀ ਹਨ। ਕਾਲੇ ਤੇਲੇ ਦੀ ਸਰਬਪੱਖੀ ਰੋਕਥਾਮ ਲਈ ਘੱਟ ਸਮੇਂ ਵਿਚ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨੀ, ਯੂਰੀਆ ਖਾਦਾਂ ਦੀ ਵਰਤੋਂ ਸਿਫ਼ਾਰਸ਼ਾਂ ਅਨੁਸਾਰ ਕਰਨੀ ਕਿਉਂਕਿ ਵਧੇਰੇ ਯੂਰੀਆ ਵਰਤਣ ਨਾਲ ਬੂਟੇ ਦਾ ਪ੍ਰਤਾਲ ਵਧੇਰੇ ਵਧਦਾ ਹੈ ਜੋ ਕਾਲੇ ਤੇਲੇ ਲਈ ਆਕਰਸ਼ਣ ਦਾ ਕਾਰਨ ਬਣਦਾ ਹੈ ਆਦਿ ਕੁਝ ਅਜਿਹੇ ਕਾਰਜ ਹਨ ਜਿਸ ਨਾਲ ਕਾਲੇ ਤੇਲੇ ਦੀ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ।
ਛੋਟੇ ਅਤੇ ਜਵਾਨ ਕੀੜੇ ਜੁਲਾਈ ਤੋਂ ਅਕਤੂਬਰ ਵਿਚ ਬੂਟਿਆਂ ਦੇ ਹੇਠਲੇ ਪਾਸੇ ਤੋਂ ਰਸ ਝੁੰਡਾ ਵਿਚ ਚੂਸਦੇ ਹਨ ਜਿਸ ਨਾਲ ਫ਼ਸਲ ਧੌੜੀਆਂ ਵਿਚ ਸੁੱਕਣੀ ਸ਼ੁਰੂ ਹੋ ਜਾਂਦੀ ਹੈ। ਆਮ ਕਿਸਾਨ ਇਸ ਨੂੰ ਝੁਲਸ ਰੋਗ ਸਮਝ ਕੇ ਉੱਲੀ ਨਾਸ਼ਕ ਦਵਾਈਆਂ ਜਾਂ ਦਾਣੇਦਾਰ ਕੀਟਨਾਸ਼ਕ ਰਸਾਇਣਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ। ਸਾਲ 2013-14 ਦੌਰਾਨ ਝੋਨੇ ਅਤੇ ਬਾਸਮਤੀ ਦੀ ਫ਼ਸਲ ਦਾ ਇਸ ਕੀੜੇ ਨੇ ਬਹੁਤ ਨੁਕਸਾਨ ਕੀਤਾ ਸੀ। ਸਿੰਥੈਟਿਕ ਪਰਿਥਰਾਇਡ ਜ਼ਹਿਰਾਂ ਦੀ ਵਰਤੋਂ ਨਾਲ ਚਿੱਟੀ ਪਿੱਠ ਵਾਲੇ ਅਤੇ ਭੂਰੇ ਟਿੱਡਿਆਂ ਦੀ ਗਿਣਤੀ ਵਧ ਜਾਂਦੀ ਹੈ, ਇਸ ਲਈ ਫ਼ਸਲ ਉੱਪਰ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਰੋਕਥਾਮ : ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਤੋਂ ਇਕ ਮਹੀਨਾ ਬਾਅਦ ਬੂਟਿਆਂ ਨੂੰ ਟੇਢੇ ਕਰਕੇ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਜੇਕਰ ਮੁੱਢਾਂ ਵਾਲੇ ਪਾਸੇ ਪ੍ਰਤੀ ਪੌਦਾ 5 ਜਾਂ ਵੱਧ ਟਿੱਡੇ ਮੌਜੂਦ ਹੋਣ ਤਾਂ 120 ਗ੍ਰਾਮ ਪਾਈਮੈਟਰੋਜਿਨ (50 ਡਬਲਿਯੂ ਜੀ ਜਾਂ 40 ਮਿਲੀ ਲਿਟਰ ਇਮੀਡਾਕਲੋਪਰਿਡ 17.8 ਐਸ.ਐਲ. ਜਾਂ 800 ਮਿਲੀਲਿਟਰ ਕੁਈਨਲਫਾਸ 25 ਈ. ਸੀ. ਜਾਂ 1 ਲਿਟਰ ਕਲੋਰੋਪਾਈਰੀਫਾਸ 20 ਈ ਸੀ ਪ੍ਰਤੀ ਏਕੜ ਨੂੰ 100 ਲਿਟਰ ਪਾਣੀ ਦੇ ਘੋਲ ਵਿਚ ਛਿੜਕਾਅ ਕਰੋ ਜੇਕਰ ਜ਼ਰੂਰਤ ਪਵੇ ਤਾਂ ਦੁਬਾਰਾ ਛਿੜਕਾਅ ਕਰੋ। ਚੰਗੇ ਨਤੀਜਿਆਂ ਲਈ ਫ਼ਸਲ ਦੇ ਮੁੱਢਾਂ ਵਾਲੇ ਪਾਸੇ ਦਵਾਈ ਦਾ ਛਿੜਕਾਅ ਕਰਨਾ ਚਾਹੀਦਾ ਹੈ। ਟਿੱਡੇ ਦੇ ਹਮਲੇ ਵਾਲੀਆਂ ਧੌੜੀਆਂ ਉੱਪਰ ਅਤੇ ਧੌੜੀ ਦੇ 3-4 ਮੀਟਰ ਆਲੇ ਦੁਆਲੇ ਵੀ ਵਰਤੋਂ ਕਰੋ ਕਿਉਂਕਿ ਟਿਡਿਆਂ ਦੀ ਵਧੇਰੇ ਗਿਣਤੀ ਮੁੱਢਾਂ ਵਾਲੇ ਪਾਸੇ ਹੀ ਹੁੰਦੀ ਹੈ।


-ਖੇਤੀਬਾੜੀ ਅਫਸਰ, ਪਠਾਨਕੋਟ
ਮੋਬਾਈਲ :9463071919.

ਹਰ ਸ਼ੈਅ ਹੋਈ ਵਿਕਾਊ ਸੱਜਣਾ

ਅੱਜ ਪੰਜਾਬ ਨੂੰ ਪਤਾ ਨਹੀਂ ਕੌਣ ਨਜ਼ਰ ਲਾ ਗਿਆ ਕਿ ਪਿੰਡੋ ਪਿੰਡ, ਸ਼ਹਿਰੋ ਸ਼ਹਿਰ ਹਰ ਥਾਂ ਵਿਕਾਊ ਹੈ। ਹਰ ਕੋਈ ਗਾਹਕ ਦੀ ਉਡੀਕ ਵਿਚ ਹੈ। ਮਰਲਾ ਜ਼ਮੀਨ ਵਾਲਾ ਵੀ ਤੇ ਮੁਰੱਬੇ ਵਾਲਾ ਵੀ ਵੇਚਣ ਨੂੰ ਤਿਆਰ ਹੈ। ਆਖਰ ਇਹ ਕਿਉਂ ਹੋ ਰਿਹਾ ਹੈ। ਕੀ ਗੱਲ ਹੈ ਕਿ ਪੰਜਾਬ ਦਾ ਹਰ ਨੌਜਵਾਨ ਵਿਦੇਸ਼ ਵੱਲ ਨੂੰ ਮੂੰਹ ਕਰੀ ਬੈਠਾ ਹੈ। ਕਿਉਂ ਉਸ ਨੂੰ ਇੱਥੇ ਭਵਿੱਖ ਦਿਸ ਨਹੀਂ ਰਿਹਾ ਹੈ। ਅੰਦਾਜ਼ਾ ਹੈ ਕੇ ਅਗਲੇ ਪੰਜ ਸਾਲ ਤੱਕ ਪੰਜਾਬ ਦੇ 75 ਪ੍ਰਤੀਸ਼ਤ ਨੌਜਵਾਨ ਦੇਸ਼ ਛੱਡ ਜਾਣਗੇ ਤੇ ਇਸ ਦੇ ਨਾਲ ਹੀ ਕੁਝ ਸਾਲਾਂ ਬਾਅਦ ਮਾਪੇ ਵੀ ਜਾਣਗੇ ਹੀ। ਅੱਜ ਪੰਜਾਬ ਦੇ ਬਹੁਤੇ ਕਾਲਜ ਬੰਦ ਹੋਣ ਕਿਨਾਰੇ ਹਨ। ਹੋਰ ਸੱਤਾਂ ਸਾਲਾਂ ਨੂੰ ਮੱਧ ਵਰਗ ਦੇ ਬੱਚਿਆਂ ਵਾਲੇ ਸਕੂਲ ਵੀ ਖਾਲੀ ਹੋ ਜਾਣਗੇ, ਕਿਉਂਕਿ ਬੱਚੇ ਕਿੱਥੋਂ ਆਉਣਗੇ? ਬਸ ਪਿੰਡਾਂ-ਸ਼ਹਿਰਾਂ ਦੇ ਸਰਕਾਰੀ ਸਕੂਲ ਹੀ ਬਚਣਗੇ, ਜਿੱਥੇ ਪਰਵਾਸੀਆਂ ਤੇ ਗਰੀਬਾਂ ਦੇ ਬੱਚੇ ਪੜ੍ਹਦੇ ਹਨ। ਨਾਲ ਦੀ ਨਾਲ ਮਹਿੰਗੇ ਸਕੂਲਾਂ ਤੇ ਮਹਿੰਗੀਆਂ ਦੁਕਾਨਦਾਰੀਆਂ ਵੀ ਬੰਦ ਹੋਣ ਲੱਗ ਪੈਣਗੀਆਂ। ਮੈਂ ਤੁਹਾਨੂੰ ਡਰਾ ਨਹੀਂ ਰਿਹਾ, ਆਉਣ ਵਾਲੇ ਸੱਚ ਦਾ ਸ਼ੀਸ਼ਾ ਵਿਖਾ ਰਿਹਾਂ। ਇਹ ਵੀ ਅਤਿਕਥਨੀ ਨਹੀਂ ਹੋਵੇਗੀ, ਜੇ ਮੈਂ ਕਹਿ ਦੇਵਾਂ ਕਿ 2027 ਦੀਆਂ ਚੋਣਾਂ ਵਿਚ 70-80 ਵਿਧਾਇਕ ਪਰਵਾਸੀ ਹੋਣਗੇ। ਇਸ ਸਭ ਲਈ ਅਸੀਂ ਤੇ ਸਾਡਾ ਸਿਆਸੀ, ਸਰਕਾਰੀ ਤੇ ਸਮਾਜਿਕ ਢਾਂਚਾ ਬਰਾਬਰ ਦੇ ਦੋਸ਼ੀ ਹਾਂ। ਬੱਚੇ ਤਾਂ ਵਗਦੇ ਪਾਣੀ ਵਾਂਗ ਉੱਧਰ ਹੀ ਜਾਣਗੇ, ਜਿੱਥੇ ਸਹੀ ਤੇ ਲੋੜੀਂਦਾ ਰੁਜ਼ਗਾਰ ਮਿਲੇਗਾ। ਹਾਲਾਤ ਇਹੋ ਜਿਹੇ ਬਣ ਗਏ ਹਨ ਕਿ ਪੰਜਾਬ ਦੇ ਵੱਡੇ-ਵੱਡੇ ਵਪਾਰਕ ਘਰਾਣਿਆਂ, ਤਕਰੀਬਨ ਬਹੁਤੇ ਵਿਧਾਇਕਾਂ ਤੇ ਅਫ਼ਸਰਾਂ ਦੇ ਬੱਚੇ ਵਿਦੇਸ਼ਾਂ ਵਿਚ ਜਾ ਚੁੱਕੇ ਹਨ, ਮੋਟੇ ਪੈਸਿਆਂ ਸਣੇ।

-ਮੋਬਾ: 98159-45018

ਬੈਂਗਣ ਦੀ ਨਵੀਂ ਕਿਸਮ : ਪੰਜਾਬ ਰੌਣਕ

ਬੈਂਗਣ ਗਰਮ ਰੁੱਤ ਦੀ ਇਕ ਮਹੱਤਵਪੂਰਨ ਫ਼ਸਲ ਹੈ। ਇਸ ਦੀ ਖੇਤੀ ਲਗਪਗ ਸਾਰੇ ਦੇਸ਼ ਵਿਚ ਹੁੰਦੀ ਹੈ ਅਤੇ ਉਪਲੱਬਧਾ ਵੀ ਸਾਰਾ ਸਾਲ ਹੁੰਦੀ ਹੈ। ਫ਼ਲ ਦਾ ਅਕਾਰ ਰੰਗ ਅਤੇ ਬਣਤਰ ਖਪਤਕਾਰ ਦੀ ਪਸੰਦ ਦਾ ਅਧਾਰ ਬਣਦੀ ਹੈ, ਜਿਵੇਂ ਕਿ ਗੋਲ ਅਤੇ ਵੱਡੇ ਬੈਂਗਣ ਭੜ੍ਹਥੇ ਲਈ ਵਰਤੇ ਜਾਂਦੇ ਹਨ, ਲੰਬੇ ਬੈਂਗਣ ਕੱਟ ਕੇ ਬਣਦੇ ਹਨ ਅਤੇ ਛੋਟੇ ਬੈਂਗਣ ਮਸਾਲਾ ਭਰ ਕੇ ਬਣਾਏ ਜਾਂਦੇ ਹਨ। ਉੱਤਰੀ-ਪਛਮੀ ਭਾਰਤ ਵਿਚ ਗੂੜ੍ਹੇ ਅਤੇ ਚਮਕੀਲੇ ਬੈਂਗਣ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ। ਕਿਸਾਨਾਂ ਦੀ ਆਮਦਨ ਵਧਾਉਣ ਲਈ ਜ਼ਿਆਦਾ ਅਤੇ ਅਗੇਤੇ ਝਾੜ੍ਹ ਵਾਲੀਆਂ ਕਿਸਮਾਂ ਦੀ ਜ਼ਰੂਰਤ ਹੈ। ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਲੋਂ ਬੈਂਗਣ ਦੀ ਲੰਬੇ ਫ਼ਲ ਵਾਲੀ ਨਵੀਂ ਕਿਸਮ 'ਪੰਜਾਬ ਰੌਣਕ' ਸੂਬੇ ਵਿਚ ਕਾਸ਼ਤ ਲਈ ਸਿਫ਼ਾਰਸ਼ ਕੀਤੀ ਗਈ ਹੈ । ਇਸ ਕਿਸਮ ਦੇ ਗੁਣ ਅਤੇ ਸਫ਼ਲ ਕਾਸ਼ਤ ਦੇ ਢੰਗ ਹੇਠ ਲਿਖੇ ਅਨੁਸਾਰ ਹਨ:
ਪੰਜਾਬ ਰੌਣਕ: ਇਹ ਬੈਂਗਣ ਦੀ ਲੰਬੇ ਫ਼ਲ ਵਾਲੀ ਅਗੇਤੀ ਕਿਸਮ ਹੈ। ਇਸ ਦੇ ਬੂਟੇ ਦਰਮਿਆਨੇ ਕਦ ਦੇ, ਝਾੜੀਦਾਰ, ਕੰਡਿਆਂ ਤੋਂ ਰਹਿਤ ਅਤੇ ਹਰੇ ਪਤਰਾਲ ਵਾਲੇ ਹਨ। ਇਸ ਦੇ ਜਾਮ੍ਹਣੀ ਫ਼ੁੱਲ ਇਕਹਿਰੇ ਜਾਂ ਗੁਛਿਆਂ ਵਿਚ ਲਗਦੇ ਹਨ। ਇਸ ਦੇ ਫ਼ਲ ਲੰਬੇ, ਦਰਮਿਆਨੇ, ਚਮਕਦਾਰ ਗੂੜ੍ਹੇ-ਜਾਮ੍ਹਣੀ ਅਤੇ ਹਰੀ ਡੰਡੀ ਵਾਲੇ ਹਨ । ਇਸ ਦਾ ਔਸਤਨ ਝਾੜ੍ਹ 242 ਕੁਇੰਟਲ ਪ੍ਰਤੀ ਏਕੜ ਹੈ।
ਬਿਜਾਈ: ਇਸ ਕਿਸਮ ਦੀ ਬਿਜਾਈ ਜੂਨ-ਜੁਲਾਈ, ਅਕਤੂਬਰ - ਨਵੰਬਰ ਅਤੇ ਫ਼ਰਵਰੀ- ਮਾਰਚ ਵਿਚ ਕੀਤੀ ਜਾ ਸਕਦੀ ਹੈ। ਇਕ ਏਕੜ ਦੀ ਫ਼ਸਲ ਲਈ 100 ਗ੍ਰਾਮ ਬੀਜ ਨੂੰ ਕੈਪਟਾਨ ਜਾਂ ਥੀਰਮ ਦਵਾਈ ਲਗਾ ਕੇ ਪਟੜੀਆਂ 'ਤੇ ਕਤਾਰਾਂ ਵਿਚ ਬੀਜੋ। ਉੱਗਣ ਉਪਰੰਤ ਪਨੀਰੀ ਉਪਰ 0.1 ਫੀਸਦੀ ਕੈਪਟਾਨ ਦੇ ਘੋਲ ਦਾ ਛਿੜਕਾਅ ਵੀ ਕਰੋ।
ਖੇਤ ਵਿਚ ਪਨੀਰੀ ਲਾਉਣਾ: ਲਗਪਗ 30-35 ਦਿਨ ਦੀ ਪਨੀਰੀ ਨੂੰ ਕਤਾਰਾਂ ਵਿਚ 60 ਸੈਂ. ਮੀ. ਅਤੇ ਬੂਟੇ ਤੋਂ ਬੂਟੇ ਵਿਚ 30 ਸੈਂ. ਮੀ. ਫ਼ਾਸਲਾ ਰੱਖ ਕੇ ਖੇਤ ਵਿਚ ਲਗਾਉ। ਬਹਾਰ ਰੁੱਤ ਵਿਚ ਲਾਉਣ ਲਈ ਸਰਦੀਆਂ ਦੌਰਾਨ ਪਨੀਰੀ ਨੂੰ ਕੋਹਰੇ ਤੋਂ ਬਚਾ ਕੇ ਰਖੋ।
ਖਾਦਾਂ: ਬੈਂਗਣ ਲਾਉਣ ਲਈ ਖੇਤ ਦੀ ਤਿਆਰੀ ਤੋਂ ਪਹਿਲਾਂ 10 ਟਨ ਗਲ਼ੀ-ਸੜੀ ਰੂੜੀ ਦੀ ਖਾਦ ਪਾਉ। ਵਟਾਂ ਬਣਾਉਣ ਵੇਲੇ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ), 25 ਕਿਲੋ ਫ਼ਾਸਫੋਰਸ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ 12 ਕਿਲੋ ਪੋਟਾਸ਼(20 ਕਿਲੋ ਮਿਉਰੇਟ ਆਫ਼ ਪੋਟਾਸ਼) ਪ੍ਰਤੀ ਏਕੜ ਪਾਉ। ਇਹ ਸਾਰੀਆਂ ਖਾਦਾਂ ਪਨੀਰੀ ਲਾਉਣ ਵੇਲੇ ਪਾਉਣੀਆਂ ਹਨ। ਬਾਕੀ ਬਚਦੀ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ) ਦੋ ਤੁੜਾਈਆਂ ਤੋਂ ਬਾਅਦ ਪਾਉ।
ਸਿੰਚਾਈ : ਖੇਤ ਵਿਚ ਪਨੀਰੀ ਦੇ ਵਧੀਆ ਵਿਕਾਸ ਲਈ ਬੂਟੇ ਲਾਉਣ ਉਪਰੰਤ ਪਹਿਲਾ ਪਾਣੀ ਲਾਉ। ਬਾਅਦ ਵਿਚ ਮੌਸਮ ਅਤੇ ਜ਼ਮੀਨ ਦੇ ਹਿਸਾਬ ਨਾਲ ਪਾਣੀ ਲਗਾਉ। ਗਰਮ ਅਤੇ ਖ਼ੁਸ਼ਕ ਰੁਤ ਵਿਚ 4-6 ਦਿਨ ਦੇ ਵਕਫ਼ੇੇ 'ਤੇ ਸਿੰਚਾਈ ਕਰੋ। ਆਮ ਤੌਰ 'ਤੇ ਬੈਂਗਣ ਦੀ ਵਧੀਆ ਕਾਸ਼ਤ ਲਈ ਕੁਲ 10-16 ਪਾਣੀ ਚਾਹੀਦੇ ਹਨ।
ਤੁੜਾਈ: ਇਹ ਕਿਸਮ ਤੁੜਾਈ ਲਈ ਜਲਦੀ ਤਿਆਰ ਹੋ ਜਾਂਦੀ ਹੈ। ਇਸ ਦੇੇ ਨਰਮ ਅਤੇ ਚਮਕਦਾਰ ਫ਼ਲ 4-5 ਦਿਨ ਦੇ ਵਕਫ਼ੇ 'ਤੇ ਮੰਡੀਕਰਨ ਲਈ ਤੋੜੋ। ਵਿੰਗੇ-ਟੇਢੇ, ਬਿਮਾਰੀ ਅਤੇ ਕੀੜੇ ਵਾਲੇ ਫ਼ਲ ਬਾਹਰ ਕਢ ਦਿਉ। ਸਾਫ਼-ਸੁਥਰੇ ਫ਼ਲਾਂ ਦੀ ਦਰਜਾਬੰਦੀ ਕਰ ਕੇ ਮੰਡੀਕਰਨ ਲਈ ਭੇਜ ਦਿਉ।


-ਸਬਜ਼ੀ ਵਿਗਿਆਨ ਵਿਭਾਗ।

ਪਸ਼ੂਧਨ ਗਣਨਾ ਦੌਰਾਨ ਪੰਜਾਬ 'ਚ ਗਿਣਨਯੋਗ ਮੁੱਖ ਰਜਿਸਟਰਡ ਨਸਲਾਂ ਤੇ ਇਨ੍ਹਾਂ ਦੇ ਪਛਾਣ ਚਿੰਨ੍ਹ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗਾਵਾਂ ਦੀਆਂ ਵਰਣਿਤ ਨਸਲਾਂ
ਹੌਲਸਟੀਨ ਫਰੀਜ਼ਨ : ਇਸ ਨਸਲ ਦਾ ਮੂਲ ਇਲਾਕਾ ਨੀਦਰਲੈਂਡ, ਜਰਮਨੀ ਤੇ ਡੈਨਮਾਰਕ ਹੈ। ਜ਼ਿਆਦਾਤਰ ਗਾਵਾਂ 'ਚ ਰੰਗ ਕਾਲਾ ਤੇ ਚਿੱਟਾ ਹੁੰਦਾ ਹੈ। ਇਸ ਵਿੱਚ ਸਾਰਾ ਸਰੀਰ ਜ਼ਿਆਦਾਤਰ ਕਾਲਾ ਪਰ ਕਿਤੇ-ਕਿਤੇ ਚਿੱਟੇ ਧੱਬੇ ਜਾਂ ਇਸ ਦੇ ਬਿਲਕੁਲ ਉਲਟ ਹੁੰਦਾ ਹੈ। ਕੁਝ ਪਸ਼ੂਆਂ 'ਚ ਰੰਗ ਲਾਲ- ਚਿੱਟਾ ਜਾਂ ਪੂਰਾ ਕਾਲਾ ਜਾਂ ਪੂਰਾ ਚਿੱਟਾ ਵੀ ਹੁੰਦਾ ਹੈ। ਇਨ੍ਹਾਂ ਪਸ਼ੂਆਂ ਦਾ ਸਰੀਰ ਭਾਰਾ, ਮੂੰਹ ਲੰਬਾ, ਕੰਨ ਲੰਬੇ, ਹੁੱਕ ਬੋਨ ਉਭਰਵੀਂ, ਲੇਵਾ ਭਰਵਾਂ ਹੁੰਦਾ ਹੈ, ਪੈਲਵਿਸ ਤੋਂ ਪਿਛਲੇ ਖੁਰਾਂ ਤੱਕ ਨਜ਼ਰ ਮਾਰੀਏ ਤਾਂ ਇਹ ਪਸ਼ੂ ਕੁੱਪੀ ਵਰਗੇ ਲਗਦੇ ਹਨ।
ਹੌਲਸਟੀਨ ਫਰੀਜ਼ਨ ਕਰਾਸ : ਇਹ ਹੌਲਸਟੀਨ ਫਰੀਜ਼ਨ ਨਰ ਤੇ ਭਾਰਤੀ ਮਾਦਾ ਦੇ ਸੁਮੇਲ ਨਾਲ ਪੈਦਾ ਹੋਈ ਨਸਲ ਹੈ। ਜ਼ਿਆਦਾਤਰ ਗਾਵਾਂ 'ਚ ਰੰਗ ਕਾਲਾ ਤੇ ਚਿੱਟਾ ਹੁੰਦਾ ਹੈ। ਇਸ ਵਿੱਚ ਸਾਰਾ ਸਰੀਰ ਜ਼ਿਆਦਾਤਰ ਕਾਲਾ ਪਰ ਕਿਤੇ-ਕਿਤੇ ਚਿੱਟੇ ਧੱਬੇ ਜਾਂ ਇਸ ਦੇ ਬਿਲਕੁਲ ਉਲਟ ਹੁੰਦਾ ਹੈ। ਕੁਝ ਪਸ਼ੂਆਂ ਚ ਰੰਗ ਲਾਲ, ਚਿੱਟਾ ਜਾਂ ਪੂਰਾ ਕਾਲਾ ਜਾਂ ਪੂਰਾ ਚਿੱਟਾ ਵੀ ਹੁੰਦਾ ਹੈ। ਕਰਾਸ ਬਰੀਡ ਗਾਵਾਂ 'ਚ ਦੇਸੀ ਨਸਲ ਦੇ ਰੰਗ ਅਨੁਸਾਰ ਵੀ ਰੰਗ ਦਾ ਫਰਕ ਪੈਂਦਾ ਹੈ। ਇਨ੍ਹਾਂ ਪਸ਼ੂਆਂ ਦਾ ਸਰੀਰ ਭਾਰਾ, ਮੂੰਹ ਲੰਬਾ, ਕੰਨ ਲੰਬੇ, ਹੁੱਕ ਬੋਨ ਉਭਰਵੀਂ, ਲੇਵਾ ਭਰਵਾਂ ਹੁੰਦਾ ਹੈ, ਪੈਲਵਿਸ ਤੋਂ ਪਿਛਲੇ ਖੁਰਾਂ ਤੱਕ ਨਜ਼ਰ ਮਾਰੀਏ ਤਾਂ ਇਹ ਪਸ਼ੂ ਕੁੱਪੀ ਵਰਗੇ ਲਗਦੇ ਹਨ ।
ਜਰਸੀ : ਇਸ ਨਸਲ ਦਾ ਮੂਲ ਇਲਾਕਾ ਇੰਗਲੈਂਡ ਹੈ। ਰੰਗ ਆਮ ਕਰਕੇ ਭੂਰਾ ਹੁੰਦਾ ਹੈ ਪਰ ਇਹ ਅਸਮਾਨੀ ਤੋਂ ਧੁੰਦਲਾ ਕਾਲਾ ਹੋ ਸਕਦਾ ਹੈ, ਜਿਸ ਨੂੰ ਤੂਤੀ ($u&berr਼) ਰੰਗਾ ਕਿਹਾ ਜਾਂਦਾ ਹੈ। ਸਾਰੇ ਸਰੀਰ 'ਤੇ ਚਿੱਟੇ ਧੱਬੇ ਹੁੰਦੇ ਹਨ ਪਰ ਮੂੰਹ ਤੇ ਬਹੂਆਂ 'ਤੇ ਰੰਗ ਬਾਕੀ ਸਰੀਰ ਨਾਲੋਂ ਗੂੜਾ ਹੁੰਦਾ ਹੈ। ਦਰਮਿਆਨੇ ਕੱਦ ਦੀ ਗਠੀਲੇ ਸਰੀਰ ਦੀ ਗਾਂ ਜਿਸਦਾ ਨੱਕ ਕਾਲਾ ਹੁੰਦਾ ਹੈ ਜੋ ਚਿੱਟੇ ਬੁੱਲ੍ਹਾਂ ਨਾਲ ਘਿਰਿਆ ਹੁੰਦਾ ਹੈ। ਇਨ੍ਹਾਂ ਦੇ ਕੰਨ ਵੱਡੇ, ਪੋਲ ਉਭਰਵਾਂ, ਅੱਖਾਂ ਉਭਰਵੀਆਂ ਤੇ ਲੇਵਾ ਭਰਵਾਂ ਹੁੰਦਾ ਹੈ।
ਜਰਸੀ ਕਰਾਸ : ਇਹ ਜਰਸੀ ਨਰ ਤੇ ਭਾਰਤੀ ਮਾਦਾ ਦੇ ਸੁਮੇਲ ਨਾਲ ਪੈਦਾ ਹੋਈ ਨਸਲ ਹੈ। ਰੰਗ ਆਮ ਕਰਕੇ ਭੂਰਾ ਹੁੰਦਾ ਹੈ ਪਰ ਇਹ ਅਸਮਾਨੀ ਤੋਂ ਧੁੰਦਲਾ ਕਾਲਾ ਵੀ ਹੋ ਸਕਦਾ ਹੈ, ਜਿਸ ਨੂੰ ਤੂਤੀ ਰੰਗਾ ਕਿਹਾ ਜਾਂਦਾ ਹੈ। ਪਰ ਇਹ ਰੰਗ ਜਿਸ ਦੇਸੀ ਨਸਲ ਦੀ ਮਾਦਾ ਨਾਲ ਸੁਮੇਲ ਹੋਇਆ ਹੈ ਨਾਲ ਬਦਲ ਸਕਦੇ ਹਨ। ਸਾਰੇ ਸਰੀਰ 'ਤੇ ਚਿੱਟੇ ਧੱਬੇ ਹੁੰਦੇ ਹਨ ਪਰ ਮੂੰਹ ਤੇ ਬਹੂਆਂ 'ਤੇ ਰੰਗ ਬਾਕੀ ਸਰੀਰ ਨਾਲੋਂ ਗੂੜਾ ਹੁੰਦਾ ਹੈ। ਦਰਮਿਆਨੇ ਕੱਦ ਦੀ ਗਠੀਲੇ ਸਰੀਰ ਦੀ ਗਾਂ ਜਿਸ ਦਾ ਨੱਕ ਕਾਲਾ ਹੁੰਦਾ ਹੈ ਜੋ ਚਿੱਟੇ ਬੁੱਲ੍ਹਾਂ ਨਾਲ ਘਿਰਿਆ ਹੁੰਦਾ ਹੈ। ਇਨ੍ਹਾਂ ਦੇ ਕੰਨ ਵੱਡੇ, ਪੋਲ ਉਭਰਵਾਂ, ਅੱਖਾਂ ਉਭਰਵੀਆਂ ਤੇ ਲੇਵਾ ਭਰਵਾਂ ਹੁੰਦਾ ਹੈ।
ਗਿਰ : ਇਸ ਨਸਲ ਦਾ ਮੂਲ ਇਲਾਕਾ ਗੁਜਰਾਤ ਹੈ। ਰੰਗ ਆਮ ਕਰਕੇ ਪੂਰਾ ਲਾਲ ਜਾਂ ਚਿਤਲਾ ਲਾਲ ਹੁੰਦਾ ਹੈ। ਮੱਥਾ ਉਭਰਵਾਂ, ਕੰਨ ਲੰਬੇ, ਲਟਕਦੇ ਹੋਏ, ਪੱਤੇ ਵਾਂਗ ਮੁੜੇ ਹੋਏ ਤੇ ਇਨ੍ਹਾਂ ਦਾ ਅੰਦਰਲਾ ਭਾਗ ਅੰਦਰ ਨੂੰ ਮੁੜਿਆ ਹੁੰਦਾ ਹੈ। ਸਿੰਗ ਗੁੱਠ 'ਚੋਂ ਮੋਟੇ ਤੇ ਸਿਰੇ ਤੋਂ ਪਤਲੇ ਤੇ ਅਰਧ ਚੰਨ ਅਕਾਰ ਦੇ ਹੁੰਦੇ ਹਨ।
ਹਰਿਆਣਾ : ਇਸ ਨਸਲ ਦਾ ਮੂਲ ਇਲਾਕਾ ਹਰਿਆਣਾ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਹੈ। ਰੰਗ ਚਿੱਟਾ ਜਾਂ ਹਲਕਾ ਭੂਰਾ, ਨਰਾਂ ਦੀਆਂ ਲੱਤਾਂ ਕੋਲ ਗੂੜਾ ਭੂਰਾ, ਪਤਲਾ ਤੇ ਲੰਬਾ ਮੂੰਹ, ਕਾਲੇ ਬੁੱਲ੍ਹ, ਧੌਣ ਹੇਠਾਂ ਝਾਲਰ, ਮੱਥਾ ਉਭਰਵਾਂ ਤੇ ਗਠੀਲਾ ਸਰੀਰ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਰਾਠੀ : ਇਸ ਨਸਲ ਦਾ ਮੂਲ ਇਲਾਕਾ ਰਾਜਸਥਾਨ ਹੈ। ਰੰਗ ਭੂਰਾ-ਲਾਲ ਜਾਂ ਇਸ 'ਚ ਚਿੱਟੇ ਧੱਬੇ / ਧਾਰੀਆਂ ਜਾਂ ਕਾਲੇ ਰੰਗ ਤੇ ਚਿੱਟੇ ਧੱਬੇ / ਧਾਰੀਆਂ, ਸਰੀਰ ਦਾ ਹੇਠਲਾ ਹਿੱਸਾ ਬਾਕੀ ਸਰੀਰ ਨਾਲੋਂ ਹਲਕਾ, ਮੂੰਹ, ਢੁੱਡ ਤੇ ਲੱਤਾਂ ਬਾਕੀ ਸਰੀਰ ਨਾਲੋਂ ਗੂੜਾ, ਛੋਟੇ ਤੇ ਅੰਦਰ ਨੂੰ ਮੁੜੇ ਸਿੰਗ, ਕਾਲੇ ਬੁੱਲ੍ਹ, ਭਰਵਾਂ ਲੇਵਾ, ਗਰਦਨ ਹੇਠਾਂ ਲੰਬੀ ਝਾਲਰ, ਲੰਬੀ ਧੁੰਨ ਤੇ ਵੱਡਾ ਢੁੱਡ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਸਾਹੀਵਾਲ : ਇਸ ਨਸਲ ਦਾ ਮੂਲ ਇਲਾਕਾ ਅਣਵੰਡਿਆ ਪੰਜਾਬ, ਰਾਜਸਥਾਨ ਹੈ। ਰੰਗ ਲਾਲ-ਭੂਰਾ ਜਾਂ ਇਸ 'ਚ ਚਿੱਟੇ ਧੱਬੇ , ਮੂੰਹ, ਢੁੱਡ ਤੇ ਲੱਤਾਂ ਬਾਕੀ ਸਰੀਰ ਨਾਲੋਂ ਗੂੜਾ, ਲੰਬੇ ਤੇ ਲਮਕਦੇ ਕੰਨ, ਛੋਟੇ ਸਿੰਗ, ਕਾਲੇ ਬੁੱਲ੍ਹ, ਭਰਵਾਂ ਲੇਵਾ, ਲੰਬੇ ਤੇ ਲਟਕਵੇਂ ਥਣ, ਗਰਦਨ ਹੇਠਾਂ ਢਿੱਲੀ ਤੇ ਲੰਬੀ ਝਾਲਰ, ਲੰਬੀ ਧੁੰਨ, ਵੱਡਾ ਢੁੱਡ, ਲੰਬੀ ਧਰਤੀ ਨੂੰ ਲਗਦੀ ਕਾਲੀ ਦੁੰਬ ਵਾਲੀ ਪੂੰਛ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਲਾਲ ਸਿੰਧੀ : ਇਹ ਨਸਲ ਉਤਰਾਂਚਲ, ਉੜੀਸਾ, ਤਾਮਿਲਨਾਡੂ, ਬਿਹਾਰ, ਕੇਰਲ ਤੇ ਆਸਾਮ ਦੇ ਸੰਗਠਿਤ ਫਾਰਮਾਂ 'ਚ ਪਾਈ ਜਾਂਦੀ ਹੈ। ਰੰਗ ਲਾਲ ਜਾਂ ਕਾਲਾ ਪੀਲਾ ਜਾਂ ਗੂੜਾ ਭੂਰਾ, ਕੁਝ ਪਸ਼ੂਆਂ 'ਚ ਝਾਲਰ ਤੇ ਮੱਥੇ 'ਤੇ ਚਿੱਟੇ ਧੱਬੇ, ਨਰਾਂ 'ਚ ਅਗਲੇ ਤੇ ਪਿਛਲੇ ਬਾਹੂ ਬਾਕੀ ਸਰੀਰ ਨਾਲੋਂ ਹਲਕਾ ਗੂੜੇ, ਸਿੰਗ ਮੋਟੇ, ਬਾਹਰ ਨੂੰ ਨਿਕਲੇ ਤੇ ਕਿਨਾਰਿਆਂ ਤੋਂ ਖੁੰਡੇ, ਕਾਲੇ ਬੁੱਲ੍ਹ, ਭਰਵਾਂ ਲੇਵਾ, ਗਰਦਨ ਹੇਠਾਂ ਢਿੱਲੀ ਤੇ ਲੰਬੀ ਝਾਲਰ, ਲੰਬੀ ਧੁੰਨ, ਵੱਡਾ ਢੁੱਡ, ਲੰਬੀ ਧਰਤੀ ਨੂੰ ਲਗਦੀ ਕਾਲੀ ਦੁੰਬ ਵਾਲੀ ਪੂਛ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਕਾਂਕਰੇਜ : ਇਸ ਨਸਲ ਦਾ ਮੂਲ ਇਲਾਕਾ ਗੁਜਰਾਤ, ਰਾਜਸਥਾਨ ਹੈ। ਰੰਗ ਚਾਂਦੀ ਸਲੇਟੀ ਜਾਂ ਲੋਹ ਸਲੇਟੀ ਤੋਂ ਕਾਲਾ, ਨਰਾਂ 'ਚ ਅਗਲੇ ਤੇ ਪਿਛਲੇ ਬਾਹੂ, ਢੁੱਡ ਬਾਕੀ ਸਰੀਰ ਨਾਲੋਂ ਹਲਕਾ ਗੂੜੇ, ਸਿੰਗ ਵੱਡੇ ਤੇ ਸਾਰੰਗੀ ਵਰਗੇ, ਲੰਬੇ ਲਮਕਵੇਂ ਤੇ ਖੁੱਲ੍ਹੇ ਕੰਨ, ਗਲੇ ਹੇਠਾਂ ਪਤਲੀ ਲੰਬੀ ਝਾਲਰ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ। ਗਾਵਾਂ 'ਚ ਇਹ ਸਭ ਤੋਂ ਭਾਰੀ ਨਸਲ ਹੈ ।
ਨਗੌਰੀ : ਇਸ ਨਸਲ ਦਾ ਮੂਲ ਇਲਾਕਾ ਰਾਜਸਥਾਨ ਹੈ। ਰੰਗ ਚਿੱਟਾ ਤੋਂ ਹਲਕਾ ਸਲੇਟੀ (ਕੁਝ ਪਸ਼ੂਆਂ 'ਚ ਸਿਰ, ਮੂੰਹ ਤੇ ਬਾਹੂਆਂ ਦਾ ਰੰਗ ਹਲਕਾ ਸਲੇਟੀ), ਮੂੰਹ ਪਤਲਾ ਤੇ ਲੰਬਾ, ਸਿੰਗ ਦਰਮਿਆਨੇ, ਮੁੜੇ ਹੋਏ ਤੇ ਸਿਰ ਦੇ ਬਾਹਰੀ ਸਿਰੇ ਤੋਂ ਸ਼ੁਰੂ ਹੋਣਾ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ ।
ਥਾਰਪਾਰਕਰ : ਇਸ ਨਸਲ ਦਾ ਮੂਲ ਇਲਾਕਾ ਰਾਜਸਥਾਨ ਹੈ। ਰੰਗ ਚਿੱਟਾ ਜਾਂ ਭੂਰਾ ਚਿੱਟਾ, ਮੂੰਹ ਤੇ ਲੱਤਾਂ ਬਾਕੀ ਸਰੀਰ ਨਾਲੋਂ ਗੂੜਾ, ਗਰਦਨ ਹੇਠਾਂ ਦਰਮਿਆਨੇ ਅਕਾਰ ਦੀ ਝਾਲਰ, ਨਰ 'ਚ ਗਰਦਨ, ਢੁੱਡ, ਲੱਤਾਂ ਬਾਕੀ ਸਰੀਰ ਨਾਲੋਂ ਗੂੜੇ ਤੇ ਕਾਲੀ ਦੁੰਬ ਵਾਲੀ ਪੂੰਛ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾਈਲ : 94173-52195.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX