ਤਾਜਾ ਖ਼ਬਰਾਂ


ਮਾਰਚ ਦੇ ਪਹਿਲੇ ਹਫ਼ਤੇ ਹੋ ਸਕਦੀ ਹੈ ਲੋਕ ਸਭਾ ਚੋਣਾਂ ਦੀ ਘੋਸ਼ਣਾ - ਸੂਤਰ
. . .  11 minutes ago
ਨਵੀਂ ਦਿੱਲੀ, 17 ਜਨਵਰੀ - ਸੂਤਰਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਲੋਕ ਸਭਾ ਚੋਣਾਂ ਦੀ ਘੋਸ਼ਣਾ ਮਾਰਚ ਦੇ ਪਹਿਲੇ ਹਫ਼ਤੇ ਕਰ ਸਕਦਾ ਹੈ। ਲੋਕ ਸਭਾ ਚੋਣਾਂ 6-7 ਪੜਾਵਾਂ...
ਲੜਕਿਆ ਨੂੰ ਬਲੈਕਮੇਲ ਕਰਨ ਵਾਲੇ ਗਿਰੋਹ ਦੇ 5 ਮੈਂਬਰ ਗ੍ਰਿਫ਼ਤਾਰ
. . .  25 minutes ago
ਫ਼ਾਜ਼ਿਲਕਾ, 18 ਜਨਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਜ਼ਿਲ੍ਹਾ ਪੁਲਿਸ ਨੇ ਨੌਜਵਾਨ ਲੜਕਿਆ ਨੂੰ ਆਪਣੇ ਜਾਲ 'ਚ ਫ਼ਸਾਕੇ ਜਬਰਜਨਾਹ ਦਾ ਮਾਮਲਾ ਦਰਜ ਕਰਵਾਉਣ ਦਾ ਡਰ ਪਾ ਕੇ ਬਲੈਕਮੇਲ...
ਸਿਲੰਡਰ ਦੇ ਫਟਣ ਕਾਰਨ ਦੋ ਲੋਕਾਂ ਦੀ ਮੌਤ, 6 ਜ਼ਖਮੀ
. . .  29 minutes ago
ਹੈਦਰਾਬਾਦ, 18 ਜਨਵਰੀ- ਤੇਲੰਗਾਨਾ ਦੇ ਮਡਚਲ ਜ਼ਿਲ੍ਹੇ 'ਚ ਇੱਕ ਘਰ 'ਚ ਸਿਲੰਡਰ ਫਟਣ ਕਾਰਨ 2 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ ਜਦਕਿ 6 ਹੋਰ ਗੰਭੀਰ ਜ਼ਖਮੀ ਹੋਏ ਹਨ। ਜ਼ਖਮੀ ਹੋਏ ਲੋਕਾਂ ਨੂੰ ਨੇੜੇ ਦੇ ਨਿੱਜੀ ਹਸਪਤਾਲ 'ਚ ਇਲਾਜ ਲਈ ਦਾਖਲ ਕਰਵਾਇਆ......
ਟੀ.ਐਮ.ਸੀ ਦੀ ਰੈਲੀ ਲਈ ਅਖਿਲੇਸ਼ ਪਹੁੰਚੇ ਕੋਲਕਾਤਾ
. . .  41 minutes ago
ਕੋਲਕਾਤਾ, 18 ਜਨਵਰੀ - ਕੋਲਕਾਤਾ 'ਚ ਟੀ.ਐਮ.ਸੀ ਦੀ 19 ਜਨਵਰੀ ਨੂੰ ਹੋਣ ਵਾਲੀ ਰੈਲੀ 'ਚ ਸ਼ਾਮਲ ਹੋਣ ਲਈ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ...
ਅਮਿਤ ਸ਼ਾਹ ਨੂੰ ਨਹੀ ਹੈ ਸਵਾਈਨ ਫਲੂ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ
. . .  52 minutes ago
ਨਵੀਂ ਦਿੱਲੀ, 18 ਜਨਵਰੀ - ਕਾਂਗਰਸੀ ਆਗੂ ਬੀ.ਕੇ ਹਰੀ ਪ੍ਰਸਾਦ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰਿਪੋਰਟ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਨੂੰ ਸਵਾਈਨ ਫਲੂ ਨਹੀ ਹੋਇਆ...
ਸੁਖਜਿੰਦਰ ਰੰਧਾਵਾ ਕੁਲਬੀਰ ਜ਼ੀਰਾ ਨੂੰ ਲੈ ਕੇ ਪਹੁੰਚੇ ਪੰਜਾਬ ਭਵਨ
. . .  about 1 hour ago
ਚੰਡੀਗੜ੍ਹ, 18 ਜਨਵਰੀ (ਵਿਕਰਮਜੀਤ ਸਿੰਘ ਮਾਨ) - ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸ ਤੋਂ ਮੁਅੱਤਲ ਕੀਤੇ ਗਏ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਲੈ ਕੇ ਪੰਜਾਬ...
ਅਦਾਲਤ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਲਈ ਵਧਾਇਆ
. . .  about 1 hour ago
ਨਵੀਂ ਦਿੱਲੀ, 18 ਜਨਵਰੀ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੁਹੰਮਦ ਅਬਸਾਰ ਦੀ ਰਿਮਾਂਡ ਨੂੰ ਸੱਤ ਦਿਨਾਂ ਦੇ ਲਈ ਵਧਾ ਦਿੱਤਾ ਹੈ। ਜਾਣਕਾਰੀ ਲਈ ਦੱਸ ਦੇਈਏ ਕਿ 6 ਦਿਨ ਦੀ ਹਿਰਾਸਤ ਖ਼ਤਮ ਹੋਣ ਤੋਂ ਬਾਅਦ ਉਸ ਨੂੰ ਅੱਜ ਕੋਰਟ 'ਚ ਪੇਸ਼ ਕੀਤਾ ਗਿਆ ਸੀ.....
ਹਰਦੀਪ ਸਿੰਘ ਬਣੇ ਚੰਡੀਗੜ੍ਹ ਦੇ ਸੀਨੀਅਰ ਡਿਪਟੀ ਮੇਅਰ
. . .  about 1 hour ago
ਚੰਡੀਗੜ੍ਹ, 18 ਜਨਵਰੀ (ਲਿਬਰੇਟ) - ਸ਼੍ਰੋਮਣੀ ਅਕਾਲੀ ਦਲ ਦੇ ਹਰਦੀਪ ਸਿੰਘ ਚੰਡੀਗੜ੍ਹ ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਹਨ, ਜਦਕਿ ਭਾਜਪਾ ਦੇ ਕੰਵਰਜੀਤ ਰਾਣਾ ਡਿਪਟੀ ਮੇਅਰ...
ਟੈਸਟ ਲੜੀ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ 'ਚ ਪਹਿਲੀ ਵਾਰ ਜਿੱਤੀ ਇੱਕ ਦਿਨਾਂ ਲੜੀ
. . .  about 1 hour ago
ਮੈਲਬੌਰਨ, 18 ਜਨਵਰੀ - ਭਾਰਤ ਨੇ ਟੈਸਟ ਲੜੀ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਆਸਟ੍ਰੇਲੀਆ 'ਚ ਪਹਿਲੀ ਵਾਰ ਇੱਕ ਦਿਨਾਂ ਲੜੀ ਵੀ ਜਿੱਤ ਲਈ ਹੈ। ਤੀਸਰੇ ਇੱਕ ਦਿਨਾਂ ਮੈਚ ਵਿਚ ਭਾਰਤ...
ਦਿੱਲੀ ਕਮੇਟੀ ਦੇ ਅਹੁਦੇਦਾਰਾਂ ਦੀ ਚੋਣ 'ਤੇ ਕੋਰਟ ਨੇ ਲਗਾਈ ਰੋਕ
. . .  about 1 hour ago
ਨਵੀਂ ਦਿੱਲੀ, 18 ਜਨਵਰੀ (ਜਗਤਾਰ ਸਿੰਘ) -ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ 19 ਜਨਵਰੀ ਨੂੰ ਹੋਣ ਵਾਲੀਆਂ ਕਾਰਜਕਾਰੀ ਚੋਣਾਂ 'ਤੇ ਕੋਰਟ ਵੱਲੋਂ ਰੋਕ ਲਗਾ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਮਾਮਲੇ 'ਚ ਦਿੱਲੀ ਕਮੇਟੀ ਦੇ ਹੀ ਇੱਕ ....
ਹੋਰ ਖ਼ਬਰਾਂ..

ਦਿਲਚਸਪੀਆਂ

ਕੋਟ ਦੇ ਹੇਠਾਂ ਹੀ ਤਾਂ ਪਾਉਣਾ ਹੈ

ਇਕ ਵਾਰ ਲਾਲ ਬਹਾਦਰ ਸ਼ਾਸਤਰੀ ਜੀ ਇਕ ਸਮਾਰੋਹ ਵਿਚ ਸ਼ਾਮਿਲ ਹੋਣ ਲਈ ਭੁਵਨੇਸ਼ਵਰ ਗਏ, ਨਾਲ ਉਨ੍ਹਾਂ ਦਾ ਇਕ ਨੌਕਰ ਵੀ ਸੀ | ਸਵੇਰੇ ਉਠ ਕੇ ਜਦੋਂ ਇਹ ਇਸ਼ਨਾਨ ਕਰਨ ਲਈ ਬਾਥਰੂਮ ਵਿਚ ਗਏ ਤਾਂ ਨੌਕਰ ਉਨ੍ਹਾਂ ਦੇ ਸੂਟਕੇਸ 'ਚੋਂ ਉਨ੍ਹਾਂ ਦੇ ਪਹਿਨਣ ਲਈ ਕੁੜਤਾ-ਪਜਾਮਾ ਕੱਢਣ ਲੱਗਾ ਤਾਂ ਉਸ ਨੇ ਦੇਖਿਆ ਕੁੜਤਾ ਤਾਂ ਇਕ ਪਾਸੇ ਤੋਂ ਫਟਿਆ ਹੋਇਆ ਹੈ | ਨੌਕਰ ਨੇ ਇਹ ਕੁੜਤਾ ਵਾਪਸ ਸੂਟਕੇਸ ਵਿਚ ਰੱਖ ਦਿੱਤਾ ਤੇ ਦੂਜਾ ਕੁੜਤਾ ਬਾਹਰ ਕੱਢਿਆ ਪਰ ਹੈਰਾਨੀ ਵਾਲੀ ਗੱਲ ਇਹ ਵੀ ਕੁੜਤਾ ਫਟਿਆ ਸੀ | ਉਸ ਨੇ ਸ਼ਾਸਤਰੀ ਜੀ ਨੂੰ ਕਿਹਾ, 'ਸ਼ਾਸਤਰੀ ਜੀ, ਸੂਟਕੇਸ ਵਿਚਲੇ ਸਾਰੇ ਕੁੜਤੇ ਹੀ ਫਟੇ ਹੋਏ ਹਨ | ਕੀ ਤੁਸ ਫਟੇ ਹੋਏ ਕੁੜਤੇ ਨੂੰ ਪਹਿਨ ਕੇ ਸਮਾਰੋਹ 'ਤੇ ਜਾਓਗੇ? ਤਾਂ ਸ਼ਾਸਤਰੀ ਜੀ ਨੇ ਜਵਾਬ ਦਿੱਤਾ ਫਟੇ ਕੁੜਤਿਆਂ ਨੂੰ ਕੋਟ ਦੇ ਹੇਠਾਂ ਹੀ ਤਾਂ ਪਾਉਣਾ ਹੈ, ਫਿਰ ਕਿਵੇਂ ਕਿਸੇ ਨੂੰ ਪਤਾ ਲੱਗੇਗਾ ਕਿ ਕੁੜਤੇ ਫਟੇ ਹੋਏ ਹਨ, ਏਨਾ ਸੁਣ ਸ਼ਾਸਤਰੀ ਜੀ ਦਾ ਨੌਕਰ ਹੈਰਾਨ ਹੋ ਗਿਆ |

-ਡੀ.ਆਰ. ਬੰਦਨਾ
511, ਖਹਿਰਾ ਇਨਕਲੇਵ, ਡਾਕ: ਲੱਧੇਵਾਲੀ, ਜਲੰਧਰ-144007.
ਮੋਬਾ : 94173-89003.


ਖ਼ਬਰ ਸ਼ੇਅਰ ਕਰੋ

ਉੱਚੀਆਂ ਪਹਾੜੀ ਚੋਟੀਆਂ ਨੂੰ ਸਾਈਕਲ ਰਾਹੀਂ ਸਰ ਕਰਨ ਦਾ ਜਨੂੰਨ ਹੈ ਡਾ: ਸਤਬੀਰ ਸਿੰਘ ਭੌਰਾ ਨੂੰ

ਹਰ ਇਨਸਾਨ ਦੇ ਆਪਣੇ-ਆਪਣੇ ਸ਼ੌਕ ਹੁੰਦੇ ਹਨ | ਇਸੇ ਤਰ੍ਹਾਂ ਹੀ ਪੇਸ਼ੇ ਵਜੋਂ ਅੱਖਾਂ ਦੇ ਮਾਹਿਰ ਡਾ: ਸਤਬੀਰ ਸਿੰਘ ਭੌਰਾ ਪੁੱਤਰ ਡਾ: ਬਲਬੀਰ ਸਿੰਘ ਭੌਰਾ ਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਨਰਿੰਦਰ ਸਿੰਘ ਤੇ ਸਚਬੀਰ ਸਿੰਘ ਰੰਧਾਵਾ ਨੂੰ ਤਿੱਖੀਆਂ ਚੋਟੀਆਂ ਵਾਲੇ ਉੱਚੇ ਪਹਾੜਾਂ 'ਤੇ ਸਾਈਕਲ ਚਲਾਉਣ ਦਾ ਜਨੂੰਨ ਡਾ: ਸਤਬੀਰ ਨੂੰ ਆਪਣੇ ਪਿਤਾ ਡਾ: ਬਲਬੀਰ ਸਿੰਘ ਭੌਰਾ ਤੋਂ ਵਿਰਾਸਤ 'ਚ ਮਿਲਿਆ ਹੈ | ਸਾਲ 2014 'ਚ ਉਹ ਆਪਣੇ ਪਿਤਾ ਨਾਲ ਲਦਾਖ਼ ਗਏ ਸਨ, ਰਸਤੇ 'ਚ ਕਈ ਅੰਗਰੇਜ਼ ਸਾਈਕਲ ਚਾਲਕ ਉਨ੍ਹਾਂ ਨੂੰ ਮਿਲੇ ਤਾਂ ਉਨ੍ਹਾਂ ਤੋਂ ਪ੍ਰੋਤਸਾਹਿਤ ਹੋ ਕੇ ਮਨ 'ਚ ਫ਼ੈਸਲਾ ਕੀਤਾ ਕਿ ਅਸੀਂ ਵੀ ਪਹਾੜਾਂ ਦੀਆਂ ਉੱਚੀਆਂ ਚੋਟੀਆਂ 'ਤੇ ਸਾਈਕਲ ਚਲਾਵਾਂਗੇ | ਉਸ ਤੋਂ ਬਾਅਦ ਡਾ: ਬਲਬੀਰ ਸਿੰਘ ਭੌਰਾ ਤੇ ਡਾ: ਸਤਬੀਰ ਸਿੰਘ ਭੌਰਾ ਨੇ ਪੱਕਾ ਉੱਚੇ ਪਹਾੜਾਂ 'ਚ ਸਾਈਕਲ ਚਲਾਉਣ ਦਾ ਅਭਿਆਸ ਸ਼ੁਰੂ ਕਰ ਦਿੱਤਾ | ਉਨ੍ਹਾਂ ਨੇ ਦੁਨੀਆ ਦਾ ਸਭ ਤੋਂ ਉੱਚਾ ਪਾਸ ਤਾਕਲਾਂਗ ਲਾਅ ਜੋ 17480 ਫੁੱਟ ਸਮੁੰਦਰ ਤੱਟ ਦੀ ਉਚਾਈ 'ਤੋ ਹੈ, ਨੂੰ ਵੀ ਸਰ ਕੀਤਾ ਹੈ |
ਡਾ: ਸਤਬੀਰ ਸਿੰਘ ਭੌਰਾ, ਨਰਿੰਦਰ ਸਿੰਘ ਤੇ ਸਚਬੀਰ ਸਿੰਘ ਰੰਧਾਵਾ ਨੇ ਸਵੇਰੇ 7.30 ਵਜੇ ਹਿਮਾਚਲ ਪ੍ਰਦੇਸ਼ 'ਚ ਨੂਰਪੁਰ ਦੇ ਨੇੜੇ ਚਵਾੜੀ ਤੋਂ ਡਲਹੌਜ਼ੀ ਤੱਕ 72 ਕਿਲੋਮੀਟਰ ਦਾ ਸਫ਼ਰ ਸ਼ੁਰੂ ਕੀਤਾ | ਚਵਾੜੀ ਤੋਂ ਜੋਤ ਪਾਸ ਸਮੁੰਦਰ ਤੱਟ ਤੋਂ 8500 ਫੱਟ ਦੀ ਉਚਾਈ 'ਤੇ ਹੈ | ਸਾਢੇ ਚੌਵੀ ਕਿੱਲੋਮੀਟਰ ਦੇ ਕਰੀਬ ਸਾਢੇ ਪੰਜ ਘੰਟੇ 'ਚ ਤੈਅ ਕੀਤਾ | ਕੁੱਝ ਸਮਾਾ ਆਰਾਮ ਕਰਨ ਤੋਂ ਬਾਅਦ ਫਿਰ ਜੋਤ ਤੋਂ ਚੰਬਾ ਸਾਈਡ ਗੇਟ ਤੱਕ 13 ਕਿੱਲੋਮੀਟਰ ਤਿੱਖੀ ਨਿਵਾਣ ਸਮੁੰਦਰ ਤਟ ਤੋਂ ਉਚਾਈ 6100 ਫੁੱਟ ਤੇ ਗੇਟ ਤੋਂ ਖਜਿਆਰ ਤੱਕ ਫਿਰ 9 ਕਿੱਲੋਮੀਟਰ 6500 ਫੁੱਟ ਦੀ ਉਚਾਈ 'ਤੇ ਪਹਾੜਾਂ ਦੇ ਔਖੇ ਰਸਤਿਆਂ 'ਚ ਤਿੱਖੀ ਚੜ੍ਹਾਈ ਚੜ੍ਹੀ | ਖਜਿਆਰ ਵਿਖੇ ਥੋੜ੍ਹੇ ਪੜਾਅ ਉਪਰੰਤ ਫਿਰ ਅਗਲੇ ਪੜਾਅ ਲਈ ਲੱਕੜ ਮੰਡੀ ਤਕ 18 ਕਿੱਲੋਮੀਟਰ ਜੋ ਕਿ 8500 ਫੁੱਟ ਦੀ ਉਚਾਈ 'ਤੇ ਹੈ, ਲਈ ਸਾਈਕਲ ਚਲਾਉਣਾ ਸ਼ੁਰੂ ਕਰ ਦਿੱਤਾ ਤੇ ਜੋ ਤਕਰੀਬਨ 5 ਘੰਟੇ 'ਚ ਸਫ਼ਰ ਪੂਰਾ ਕੀਤਾ | ਆਖ਼ਰੀ ਪੜਾਅ ਲੱਕੜ ਮੰਡੀ ਤੋਂ ਡਲਹੌਜ਼ੀ 8 ਕਿੱਲੋਮੀਟਰ ਤਕਰੀਬਨ ਢਾਈ ਘੰਟੇ 'ਚ ਸ਼ਾਮ ਨੂੰ 6-40 ਵਜੇ ਤਕ ਆਪਣੇ ਟੀਚੇ ਨੂੰ ਸਰ ਕਰ ਲਿਆ | ਡਾ: ਸਤਬੀਰ ਸਿੰਘ ਨੇ ਦੱਸਿਆ ਕਿ ਇਹ 72 ਕਿੱਲੋਮੀਟਰ ਪਹਾੜਾਂ 'ਚ ਤਿੱਖੀਆਂ ਉਚਾਈਆਂ ਤੇ ਨਿਵਾਣਾਂ ਦੇ ਸਫ਼ਰ ਨੂੰ ਉਨ੍ਹਾਂ ਦੀ ਟੀਮ ਨੇ ਤਕਰੀਬਨ 11 ਘੰਟੇ 'ਚ ਪੂਰਾ ਕੀਤਾ | ਉਨ੍ਹਾਂ ਨੇ ਇਸ ਸਾਰੇ ਸਾਈਕਲ ਸਫ਼ਰ ਨੂੰ ਗਾਰਮਿਨ ਘੜੀ ਜਿਸ 'ਚ ਜੀ. ਪੀ. ਐੱਸ. ਸਿਸਟਮ. ਤੇ ਹੋਰ ਸਰੀਰ 'ਚ ਸਮੇਂ ਸਮੇਂ 'ਤੇ ਵਾਤਾਵਰਨ ਦੇ ਪ੍ਰਭਾਵਾਂ ਨੂੰ ਰਿਕਾਰਡ ਕੀਤਾ ਜਾਂਦਾ ਹੈ, 'ਚ ਰਿਕਾਰਡ ਵੀ ਕੀਤਾ ਹੋਇਆ ਹੈ |
ਉਨ੍ਹਾਂ ਦੱਸਿਆ ਕਿ ਤਿੱਖੀਆਂ ਪਹਾੜੀ ਚੋਟੀਆਂ 'ਤੇ ਸਾਈਕਲਿੰਗ ਕਰਨ ਲਈ ਸਾਈਕਲ ਉੱਚ ਕਵਾਲਿਟੀ ਦੇ ਅਤੇ ਤਕਨੀਕ ਪੱਖੋਂ ਸਾਰੀਆਂ ਸਹੂਲਤਾਂ ਵਾਲੇ ਹੋਣੇ ਚਾਹੀਦੇ ਹਨ | ਉਨ੍ਹਾਂ ਦੇ ਸਾਈਕਲਾਂ 'ਚ 30 ਗਿਅਰ ਤੇ ਹਾਈਡਰੋਲਿਕ ਬਰੇਕਾਂ ਹਨ |
ਟੀਮ 'ਚ ਸਰਵੋਤਮ ਸਾਈਕਲ ਚਾਲਕ ਨਰਿੰਦਰ ਸਿੰਘ ਹੈ, ਜਿਨ੍ਹਾਂ ਦੀ ਉਮਰ 68 ਸਾਲ ਹੈ ਜੋ ਕਿ ਕਦੇ ਉਹ ਅਧਰੰਗ ਦੀ ਬਿਮਾਰੀ ਨਾਲ ਪੀੜਤ ਰਹੇ ਸਨ | ਸਾਲ 2006-07 ਤੋਂ ਸਾਈਕਲਿੰਗ ਸ਼ੁਰੂ ਕੀਤੀ | ਡਾ: ਸਤਬੀਰ ਸਿੰਘ ਭੌਰਾ ਪੇਸ਼ੇ ਵਜੋਂ ਅੱਖਾਂ ਦੇ ਮਾਹਿਰ ਹਨ ਤੇ ਸਾਈਕਲਿੰਗ ਦੇ ਸ਼ੌਕੀਨ ਹਨ | ਪਹਾੜਾਂ 'ਚ ਸਾਈਕਲ ਚਲਾ ਕੇ ਨਵੇਂ ਕੀਰਤੀਮਾਨ ਸਥਾਪਿਤ ਕਰਨ ਦੇ ਇੱਛਕ ਹਨ | ਸਚਬੀਰ ਸਿੰਘ ਰੰਧਾਵਾ ਜੋ ਰਿਸ਼ਤੇ 'ਚ ਡਾ: ਸਤਬੀਰ ਸਿੰਘ ਭੌਰਾ ਦੇ ਰਿਸ਼ਤੇਦਾਰ ਹਨ ਤੇ ਉਹ ਸ਼ੌਕ ਵਜੋਂ ਫੁੱਟਬਾਲ ਲੀਗ ਦੇ ਖਿਡਾਰੀ ਵੀ ਹਨ |
ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ 'ਚ ਢੋਲਬਾਹਾ ਵਿਖੇ ਵੀ ਕਾਫ਼ੀ ਉਚਾਈ ਤੇ ਨਿਵਾਣ ਵਾਲੇ ਪਹਾੜੀ ਰਸਤੇ ਹਨ ਜਿੱਥੇ ਸਾਈਕਲ ਚਾਲਕ ਆਪਣਾ ਅਭਿਆਸ ਕਰ ਸਕਦੇ ਹਨ | ਢੋਲਬਾਹਾ ਤੋਂ ਕੂਕਾਨੈਟ, ਕੂਕਾਨੈਟ ਤੋਂ ਬਾਹਰੀ ਖੱਡ, ਬਾਹਰੀ ਖੱਡ ਤੋਂ ਢੋਲਬਾਹਾ ਤਕਰੀਬਨ 32 ਕਿੱਲੋਮੀਟਰ ਦਾ ਅਭਿਆਸ ਲਈ ਵਧੀਆ ਸਥਾਨ ਹੈ ਜੋ ਕਿ ਜਲੰਧਰ ਤੋਂ ਤਕਰੀਬਨ 50 ਕਿੱਲੋਮੀਟਰ 'ਤੇ ਸਥਿਤ ਹੈ |

-ਸਿੱਖਿਆ ਪ੍ਰਤੀਨਿਧ, ਅਜੀਤ, ਜਲੰਧਰ |

ਤੀਰ ਤੁੱਕਾ : ਭਾਪਾ ਜੀ ਵੀ ਮੋਬਾਈਲ ਫ਼ੋਨ 'ਤੇ ਬਿਜ਼ੀ ਹੋ ਗਏ

ਹਰ ਵਿਅਕਤੀ ਅੱਜਕਲ੍ਹ ਆਪਣੇ ਮੋਬਾਈਲ ਫ਼ੋਨ ਤੇ ਬਿਜ਼ੀ ਰਹਿੰਦਾ ਹੈ | ਨੌਜਵਾਨ ਪੀੜ੍ਹੀ ਨੂੰ ਵਟਸਐਪ ਅਤੇ ਫੇਸ ਬੁੱਕ ਦੀ ਅੰਨ੍ਹੀ ਵਰਤੋਂ ਨੇ ਨਿਕੰਮੇ ਕਰ ਦਿੱਤਾ ਹੈ | ਨਵੀਂ ਤਕਨੀਕ ਦੇ ਹਾਮੀ ਹੋਣਾ ਚਾਹੀਦਾ ਹੈ, ਪਰ ਨਵੀਂ ਤਕਨੀਕ ਦੀ ਅੰਨੇ੍ਹਵਾਹ ਵਰਤੋਂ ਸਾਡੀ ਪੀੜ੍ਹੀ ਨੂੰ ਵਿਗਾੜ ਰਹੀ ਹੈ |
ਵਟਸਐਪ ਕਾਲ ਸਸਤੀ ਹੋਣ ਕਾਰਨ ਵਿਦੇਸ਼ ਗਏ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਐਾਡਰਾਇਡ ਫ਼ੋਨ ਲੈ ਦਿੱਤੇ ਹਨ, ਜਿਸ ਨਾਲ ਬਜ਼ੁਰਗ ਮਾਪੇ ਵੀ ਵਟਸਐਪ 'ਤੇ ਰੁੱਝੇ ਰਹਿੰਦੇ ਹਨ | ਇੰਟਰਨੈੱਟ ਦੀ ਦੁਰਵਰਤੋਂ ਕਰ ਕੇ ਅਨੇਕਾਂ ਲੋਕਾਂ ਨੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹੈ ਉਹ ਏਨੇ ਨਿਕੰਮੇ ਹੋ ਗਏ ਹਨ ਕਿ ਸਾਰਾ ਦਿਨ ਮੋਬਾਈਲ ਫ਼ੋਨ 'ਤੇ ਹੀ ਲੱਗੇ ਰਹਿੰਦੇ ਹਨ | ਮਾਪਿਆਂ ਮੂਹਰੇ ਝੂਠ ਦਾ ਪਰਦਾ ਪਾਉਂਦੇ ਬੱਚੇ ਕਹਿੰਦੇ ਹਨ ਕਿ ਅਸੀਂ ਤਾਂ ਇੰਟਰਨੈੱਟ 'ਤੇ ਪੜਾਈ ਕਰ ਰਹੇ ਹਾਂ, ਪਰ ਇਹ ਬੋਲਿਆ ਝੂਠ ਉਨ੍ਹਾਂ ਦੀ ਜ਼ਿੰਦਗੀ ਨੂੰ ਬਰਬਾਦ ਕਰ ਰਿਹਾ ਹੈ, ਕਿਸੇ ਦਾ ਕੁਝ ਨਹੀਂ ਵਿਗਾੜ ਰਿਹਾ |
ਕਿਹਰ ਸਿੰਘ ਦੇ ਦੋਵੇਂ ਬੱਚੇ ਜਦੋਂ ਦੇ ਵਿਦੇਸ਼ ਗਏ ਸਨ, ਕਿਹਰ ਸਿੰਘ ਏਧਰ ਇਕੱਲਾ ਸੀ, ਘਰ ਵਾਲੀ ਵੀ ਉਸ ਦੀ ਬੱਚਿਆ ਕੋਲ ਚਲੀ ਗਈ ਸੀ | ਕਿਹਰ ਸਿੰਘ ਵੀ ਸਾਰਾ ਦਿਨ ਮੋਬਾਈਲ 'ਤੇ ਲੱਗਾ ਰਹਿੰਦਾ | ਸਵੇਰੇ ਵੱਡੀ ਕੁੜੀ ਪੁੱਛਦੀ, 'ਭਾਪਾ ਜੀ ਕੀ ਕਰਦੇ ਹੋ?, ਅੱਗੇ ਤੋਂ ਕਿਹਰ ਸਿੰਘ ਮੈਸੇਜ ਕਰ ਦਿੰਦਾ, ਕਿ ਮੈਂ ਬਿਜਲੀ ਦਾ ਬਿਲ ਤਾਰਨ ਗਿਆ ਹਾਂ, ਉਹ ਭਰ ਗਰਮੀ ਵਿਚ ਧੁੱਪੇ ਖੜੇ੍ਹ ਬਿਜਲੀ ਦਾ ਬਿਲ ਤਾਰਨ ਵਾਲਿਆਂ ਦੀ ਲੰਬੀ ਲਾਇਨ ਦੀ ਫ਼ੋਟੋ ਵੀ ਖਿੱਚ ਕੇ ਭੇਜ ਦਿੰਦਾ, ਅੱਗੇ ਤੋਂ ਕੁੜੀ ਦਾ ਜਵਾਬ ਆਉਂਦਾ, 'ਭਾਪਾ ਜੀ ਤੁਹਾਡੀ ਸਰਕਾਰ ਕੀ ਕਰਦੀ ਹੈ, ਐਨੀ ਗਰਮੀ ਵਿਚ ਬਿਜਲੀ ਦੇ ਬਿੱਲਾਂ ਦੀ ਏਨੀ ਲੰਬੀ ਕਤਾਰ, ਘੱਟੋ ਘੱਟ ਛਾਂ ਦਾ ਪ੍ਰਬੰਧ ਤਾਂ ਕਰੇ, ਨਾਲੇ ਹੋਰ ਸਟਾਫ਼ ਰੱਖੇ ਤਾਂ ਜੋ ਲਾਈਨਾਂ ਲੱਗਣ ਹੀ ਨਾ |' ਕੁੜੀ ਦੀ ਗੱਲ ਸੱਚੀ ਸੀ,ਜਿਹੜੇ ਇਮਾਨਦਾਰੀ ਨਾਲ ਬਿਲ ਜਮਾਂ ਕਰਵਾਉਣਾ ਚਾਹੁੰਦੇ ਹਨ, ਉਨ੍ਹਾਂ ਨੂੰ ਕਤਾਰਾਂ ਵਿਚ ਧੁੱਪੇ ਖੜ੍ਹਨਾ ਪੈਂਦਾ ਹੈ |
ਜਦੋਂ ਵੀ ਵਿਦੇਸ਼ ਤੋਂ ਬੱਚੇ ਫ਼ੋਨ ਕਰ ਕੇ ਹਾਲ ਚਾਲ ਪੁੱਛਦੇ, ਕਿਹਰ ਸਿੰਘ ਮੌਕੇ ਦੀ ਤਸਵੀਰ ਵੀ ਭੇਜ ਦਿੰਦਾ | ਮੀਂਹ ਪੈਂਦੇ ਵਿਚ ਜਦੋਂ ਗਲੀ ਦੇ ਮੋੜ ਤੇ ਖੜ੍ਹੇ ਪਾਣੀ ਦੀ ਫ਼ੋਟੋ ਖਿੱਚ ਕੇ ਕਿਹਰ ਸਿੰਘ ਨੇ ਬੱਚਿਆਂ ਨੂੰ ਭੇਜੀ ਤਾਂ ਅੱਗੇ ਤੋਂ ਮੁੰਡੇ ਨੇ ਕਿਹਾ ਸੀ, ਜੀ ਕਿੰਨੇ ਵਰ੍ਹੇ ਹੋ ਗਏ ਆਜ਼ਾਦੀ ਮਿਲੀ ਨੂੰ ਹਾਲੇ ਤੱਕ ਸਰਕਾਰ ਗੰਦੇ ਪਾਣੀ ਦਾ ਨਿਕਾਸ ਨਹੀਂ ਕਰ ਸਕੀ, ਪੀਣ ਵਾਲਾ ਸਾਫ਼ ਸੁਥਰਾ ਪਾਣੀ ਨਹੀਂ ਦੇ ਸਕੀ,ਇਸ ਲਈ ਅਸੀਂ ਵੀ ਦੋਸ਼ੀ ਹਾਂ, ਜਿਹੜੇ ਕੁਝ ਕਰਦੇ ਹੀ ਨਹੀਂ, ਉਨ੍ਹਾਂ ਨੂੰ ਬਾਰ ਬਾਰ ਕਿਉਂ ਚੁਣਦੇ ਹਾਂ | ਮੁੰਡਾ ਫ਼ੋਨ 'ਤੇ ਬੋਲੀ ਜਾ ਰਿਹਾ ਸੀ, ਕਿਹਰ ਸਿੰਘ ਨੂੰ ਲੱਗਾ ਜਿਵੇਂ ਉਹ ਲਗਾਤਾਰ ਗ਼ਲਤੀ ਕਰ ਰਹੇ ਹਨ, ਕਿਉਂਕਿ ਹਾਲੇ ਤੱਕ ਮੁੱਢਲੀਆਂ ਸਮੱਸਿਆਵਾਂ ਦਾ ਹੱਲ ਹੀ ਨਹੀਂ ਹੋ ਸਕਿਆ, ਅਸੀਂ ਹੋਰ ਖੇਤਰਾਂ ਵਿਚ ਵਿਸ਼ਵ ਵਿਆਪੀ ਮੱਲਾਂ ਕਦੋਂ ਮਾਰਾਂਗੇ |

-ਕ੍ਰਿਸ਼ਨਾ ਕਾਲੋਨੀ ਗੁਰਾਇਆ, ਜ਼ਿਲ੍ਹਾ ਜਲੰਧਰ |
ਈਮੇਲ-balwinder3600@gmail.com

ਯਾਰ! ਅਫ਼ਸਰ ਬਾਹਲਾ ਹੀ ਸਿਆਣਾ ਸੀ

ਇਕ ਚਾਹ ਪਾਰਟੀ ਵਿਚ ਬੈਠਿਆਂ ਇਕ ਬੰਦਾ ਇਕ ਅਫ਼ਸਰ ਦੇ ਜ਼ਰੂਰਤ ਤੋਂ ਜ਼ਿਆਦਾ ਗੁਣ ਗਾ ਰਿਹਾ ਸੀ | ਅਸੂਲ ਪਸੰਦ ਲੋਕਾਂ ਨੂੰ ਉਸ ਸੱਜਣ ਦੀਆਂ ਊਟ-ਪਟਾਂਗ ਦੀਆਂ ਗੱਲਾਂ ਪਸੰਦ ਨਹੀਂ ਆ ਰਹੀਆਂ ਸਨ | ਉਨ੍ਹਾਂ ਨੂੰ ਉਸ ਅਫ਼ਸਰ ਦੀ ਪ੍ਰਸੰਸਾ ਜਚ ਨਹੀਂ ਰਹੀ ਸੀ | ਉਨ੍ਹਾਂ ਨੇ ਉਸ ਨੂੰ ਟੋਕਦਿਆਂ ਹੋਇਆਂ ਕਿਹਾ, 'ਭਾਈ ਸਾਹਿਬ, ਉਸ ਅਫ਼ਸਰ ਨਾਲ ਤੁਹਾਡੀ ਨੇੜੇ-ਤੇੜੇ ਦੀ ਰਿਸ਼ਤੇਦਾਰੀ ਤਾਂ ਨਹੀਂ?' ਉਹ ਅੱਗੋਂ ਬੋਲਿਆ, 'ਨਹੀਂ ਤਾਂ', ਉਨ੍ਹਾਂ ਨੇ ਉਸ ਨੂੰ ਦੂਜਾ ਸਵਾਲ ਕੀਤਾ, 'ਤੁਸੀਂ ਉਸਦੇ ਮਿੱਤਰ ਮੇਲੀ ਤਾਂ ਨਹੀਂ?' ਉਸ ਨੇ ਅੱਗੋਂ ਕਿਹਾ, 'ਨਾ, ਨਾ ਭਰਾਵਾ,ਐਡਾ ਵੱਡਾ ਅਫਸਰ ਮੇਰਾ ਮਿੱਤਰ ਮੇਲੀ ਕਿਵੇਂ ਹੋ ਸਕਦੈ?' ਉਨ੍ਹਾਂ ਸੱਜਣਾਂ ਨੇ ਉਸ ਵੱਲ ਤਨਜ ਕੱਸਦਿਆਂ ਕਿਹਾ, 'ਯਾਰ, ਤੂੰ ਪਤਾ ਨਹੀਂ ਉਸ ਦੀ ਮਹਿਮਾ ਕਿਉਂ ਗਾ ਰਿਹੈਾ?' ਲੋਕਾਂ ਨੇ ਤਾਂ ਸ਼ੁਕਰ ਮਨਾਇਆ ਕਿ ਉਸ ਦੀ ਬਦਲੀ ਹੋ ਗਈ | ਦਫਤਰ ਉਹ ਵੜਦਾ ਨਹੀਂ ਸੀ | ਰਿਸ਼ਵਤ ਲੈਣ ਲਈ ਉਹ ਮਸ਼ਹੂਰ ਸੀ | ਲੋਕਾਂ ਨਾਲ ਉਸ ਦਾ ਵਰਤਾਰਾ ਚੰਗਾ ਨਹੀਂ ਸੀ |'
ਐਨੀਆਂ ਗੱਲਾਂ ਸੁਣ ਕੇ ਉਹ ਸੱਜਣ ਫਿਰ ਵੀ ਉਸ ਦੇ ਢੋਲੇ ਗਾਉਣ ਤੋਂ ਨਹੀਂ ਹਟਿਆ | ਉਸ ਨੇ ਕਿਹਾ, 'ਭਰਾਵੋ, ਮੈਂ ਕਦੋਂ ਕਹਿੰਦਾ ਹਾਂ ਕਿ ਉਸ ਵਿਚ ਔਗੁਣ ਨਹੀਂ ਸਨ | ਸਾਡੇ ਲਈ ਉਹ ਸਿਆਣਾ ਹੀ ਸੀ ਕਿਉਂਕਿ ਉਸ ਦਾ ਦਫਤਰ ਦੇ ਬੰਦਿਆਂ ਪ੍ਰਤੀ ਵਤੀਰਾ ਬਾਹਲਾ ਹੀ ਚੰਗਾ ਸੀ | ਉਸ ਦੇ ਰਾਜ ਵਿਚ ਅਸੀਂ ਰੱਜਕੇ ਫਰਲੋ ਮਾਰੀ | ਦਫਤਰ ਲੇਟ ਜਾਓ, ਪਹਿਲਾਂ ਦੌੜ ਆਓ, ਕੰਮ ਕਰੋ ਜਾਂ ਨਾ ਕਰੋ, ਸੀਟ 'ਤੇ ਬੈਠੋ ਜਾਂ ਨਾ ਬੈਠੋ, ਉਸ ਨੇ ਕਦੇ ਪੁੱਛਿਆ ਹੀ ਨਹੀਂ ਸੀ | ਆਪਾਂ ਤਾਂ ਮੌਜਾਂ ਲੁੱਟੀਆਂ ਉਸ ਦੇ ਰਾਜ ਵਿਚ |' ਉਨ੍ਹਾਂ ਵਿਚੋਂ ਇਕ ਬੰਦੇ ਨੇ ਕਿਹਾ, 'ਬਾਈ ਜੀ ਤੁਹਾਡੇ ਲਈ ਤਾਂ ਉਹ ਸਿਆਣਾ ਹੀ ਹੋਇਆ |'

-ਮਾਧਵ ਨਗਰ, ਨੰਗਲ ਟਾਊਨਸ਼ਿਪ |
ਮੋਬਾਈਲ : 98726-27136.

ਸ਼ੇਰ ਕਦੇ ਘਾਹ ਨਹੀਂ ਖਾਂਦਾ

ਗੋਪਾਲ ਸਿੰਘ ਦੋ ਸਾਲ ਪਹਿਲਾਂ ਹੀ ਬੈਂਕ ਤੋਂ ਇਕ ਉੱਚੇ ਅਹੁਦੇ ਤੋਂ ਸੇਵਾਮੁਕਤ ਹੋਇਆ ਸੀ | ਸ਼ਾਮ ਨੂੰ ਉਹ ਆਪਣੇ ਚਾਰ ਕੁ ਸਾਲ ਦੋ ਪੋਤਰੇ ਨੂੰ ਆਪਣੇ ਘਰ ਦੇ ਨੇੜੇ ਇਕ ਪਾਰਕ ਵਿਚ ਖਿਡਾਉਣ ਵਾਸਤੇ ਲੈ ਜਾਂਦਾ ਸੀ | ਦੋਵੇਂ ਦਾਦਾ-ਪੋਤਾ ਪਾਰਕ ਵਿਚ ਸੈਰ ਕਰਦੇ | ਪਾਰਕ ਦੇ ਇਕ ਪਾਸੇ ਨੌਜਵਾਨ ਲੜਕਿਆਂ ਨੇ ਪੋਲ ਗੱਡ ਕੇ ਨੈੱਟ ਲਾਇਆ ਹੋਇਆ ਸੀ | ਉਹ ਵੀ ਸ਼ਾਮ ਨੂੰ ਵਾਲੀਵਾਲ ਖੇਡਦੇ | ਪਾਰਕ ਵਿਚ ਚੰਗੀ ਰੌਣਕ ਲਗਦੀ |
ਇਨ੍ਹਾਂ ਨੌਜਵਾਨਾਂ ਨੂੰ ਵੇਖ ਕੇ ਗੋਪਾਲ ਸਿੰਘ ਅਤੀ ਪ੍ਰਸੰਨ ਹੁੰਦਾ | ਉਸ ਨੂੰ ਆਪਣੇ ਕਾਲਜ ਦਾ ਸਮਾਂ ਯਾਦ ਆਉਂਦਾ, ਜਦੋਂ ਉਸ ਦੀ ਟੀਮ ਦੀ ਵਾਲੀਬਾਲ ਦੀ ਟੀਮ ਦਾ ਕੈਪਟਨ ਹੁੰਦਾ ਸੀ ਅਤੇ ਉਸ ਦੀ ਟੀਮ ਨੇ ਕਾਲਜ ਵਾਸਤੇ ਬਹੁਤ ਸਾਰੇ ਇਨਾਮ ਜਿੱਤੇ ਸਨ | ਉਹ ਸੋਚਦਾ ਮੰੁਡੇ ਚੰਗੇ ਪਾਸੇ ਲੱਗੇ ਹੋਏ ਨੇ... ਨਸ਼ਿਆਂ ਤੋਂ ਬਚੇ ਹੋਏ ਨੇ... |' ਪਰ ਇਕ ਦਿਨ... ਇਹ ਕੀ? ਗੋਪਾਲ ਸਿੰਘ ਸ਼ਾਮ ਨੂੰ ਜਦੋਂ ਆਪਣੇ ਪੋਤਰੇ ਨਾਲ ਪਾਰਕ ਵਿਚ ਪਹੰੁਚਿਆ ਤਾਂ ਉਸ ਨੇ ਵੇਖਿਆ ਲੜਕੇ ਵਾਲੀਬਾਲ ਖੇਡਣ ਦੀ ਬਜਾਏ ਪਾਰਕ ਵਿਚ ਗਰੁੱਪ ਬਣਾ ਕੇ ਤਾਸ਼ ਖੇਡ ਰਹੇ ਸਨ | ਗੋਪਾਲ ਸਿੰਘ ਇਹ ਵੇਖ ਕੇ ਬਹੁਤ ਹੈਰਾਨ ਹੋਇਆ | ਉਸ ਦਿਨ ਵੈਸੇ ਲੜਕਿਆਂ ਦੀ ਗਿਣਤੀ ਪਹਿਲਾਂ ਤੋਂ ਘੱਟ ਸੀ |
ਦੂਸਰੇ ਦਿਨ ਫਿਰ ਗੋਪਾਲ ਸਿੰਘ ਨੇ ਲੜਕਿਆਂ ਨੂੰ ਪਾਰਕ ਵਿਚ ਤਾਸ਼ ਖੇਡਦਿਆਂ ਵੇਖਿਆ | ਉਸ ਦਿਨ ਉਨ੍ਹਾਂ ਦੀ ਗਿਣਤੀ ਪਹਿਲੇ ਦਿਨ ਤੋਂ ਵੀ ਘੱਟ ਸੀ | ਗੋਪਾਲ ਸਿੰਘ ਹੈਰਾਨ, ਪ੍ਰੇਸ਼ਾਨ ਹੋ ਕੇ ਲੜਕਿਆਂ ਵੱਲ ਨੂੰ ਚੱਲ ਪਿਆ | ਗੋਪਾਲ ਸਿੰਘ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਲੜਕਿਆਂ ਨੇ ਤਾਸ਼ ਖੇਡਣੀ ਬੰਦ ਕਰ ਦਿੱਤੀ ਅਤੇ ਉਠ ਕੇ ਖੜ੍ਹੇ ਹੋ ਗਏ | 'ਆਓ ਅੰਕਲ ਜੀ...' ਲੜਕਿਆਂ ਨੇ ਗੋਪਾਲ ਸਿੰਘ ਨੂੰ ਸਤਿਕਾਰ ਨਾਲ ਬੁਲਾਇਆ |
'ਬੈਠੋ ਬੇਟਾ...' ਗੋਪਾਲ ਸਿੰਘ ਨੇ ਹੱਥ ਦੇ ਇਸ਼ਾਰੇ ਨਾਲ ਉਨ੍ਹਾਂ ਨੂੰ ਬੈਠਣ ਲਈ ਕਿਹਾ |
'ਬੇਟਾ ਮੈਂ ਦੋ ਕੁ ਦਿਨ ਤੋਂ ਵੇਖ ਰਿਹਾਂ... ਤੁਸੀਂ ਵਾਲੀਬਾਲ ਨਹੀਂ ਖੇਡ ਰਹੇ... ਕੀ ਗੱਲ ਹੋ ਗਈ...?'
'ਉਹ ਅੰਕਲ ਜੀ... ਗੱਲ ਇਹ ਵੇ ਪਈ ਦੋ ਕੁ ਦਿਨਾਂ ਤੋਂ ਮੰੁਡੇ ਘੱਟ ਆ ਰਹੇ ਨੇ... ਸ਼ੈਦ ਉਨ੍ਹਾਂ ਦੇ ਪੇਪਰ ਨੇ... ਇਸੇ ਕਰਕੇ... |'
'ਪਰ ਬੇਟਾ ਤੁਸੀਂ ਤਾਂ ਗੇਮ ਖੇਡ ਸਕਦੇ ਓ... ਭਾਵੇਂ ਤੁਸੀਂ ਗਿਣਤੀ 'ਚ ਘੱਟ ਓ... ਬੇਟਾ ਯਾਦ ਰੱਖੋ... ਸ਼ੇਰ ਕਦੇ ਘਾਹ ਨਹੀਂ ਖਾਂਦਾ... ਤੁਸੀਂ ਉਛਲਦੇ ਕੁੱਦਦੇ ਸੀ... ਤੁਹਾਡੇ 'ਚ ਚੁਸਤੀ ਆਉਂਦੀ ਸੀ... ਫੁਰਤੀ ਆਉਂਦੀ ਸੀ... ਹੁਣ ਤੁਸੀਂ ਆਹ ਕਿਹੜੀ ਗੇਮ ਸ਼ੁਰੂ ਕਰ ਦਿੱਤੀ ਏ... ਹੇਠਾਂ ਬੈਠੇ ਤੁਸੀਂ ਤੁਸੀਂ ਐਸ ਤਰ੍ਹਾਂ ਲਗਦਾ ਓ, ਜਿਵੇਂ ਫ਼ੌਜਾਂ ਹਾਰ ਕੇ ਘਰ ਆ ਬੈਠੀਆਂ ਹੋਣ... ਬੇਟਾ ਮੇਰੀ ਗੱਲ 'ਤੇ ਵਿਚਾਰ ਕਰਿਓ...', ਗੋਪਾਲ ਸਿੰਘ ਲੜਕਿਆਂ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਵੇਖਦਾ ਵਾਪਸ ਆਪਣੇ ਪੋਤੇ ਵੱਲ ਚਲਾ ਗਿਆ |
ਥੋੜ੍ਹੇ ਦਿਨਾਂ ਬਾਅਦ ਲੜਕਿਆਂ ਦੇ ਪੇਪਰ ਖਤਮ ਹੋ ਗਏ | ਵਾਲੀਬਾਲ ਦੇ ਨੈੱਟ ਦੁਆਲੇ ਫਿਰ ਰੌਣਕਾਂ ਲੱਗ ਗਈਆਂ |

-ਨੇੜੇ ਸੇਂਟਪਾਲ ਕਾਨਵੈਂਟ ਸਕੂਲ, ਦਸੂਹਾ (ਹੁਸ਼ਿਆਰਪੁਰ) | ਮੋਬਾ : 98552-35424.

ਬੋਧ ਕਥਾ: ਭੇਡ ਚਾਲ

ਬਿਜਲੀ ਮਹਿਕਮੇ ਦੇ ਦੋ ਕਰਮਚਾਰੀ ਖੰਭਾ ਚੁੱਕੀ ਜਾ ਰਹੇ ਸਨ | ਪਿੰਡ ਦੀ ਫਿਰਨੀ 'ਤੇ ਬੈਠਾ ਕੁੱਤਾ ਉਠ ਕੇ ਉਨ੍ਹਾਂ ਦੇ ਮਗਰ ਤੁਰ ਪਿਆ | ਅਗਾਂਹ ਦੋ ਕੁੱਤੇ ਹੋਰ ਬੈਠੇ ਸਨ | ਉਹ ਵੀ ਉਸ ਕੁੱਤੇ ਮਗਰ ਲੱਗ ਤੁਰੇ | ਫੇਰ ਤਾਂ ਰਾਹ ਵਿਚ ਜੋ ਵੀ ਕੁੱਤਾ ਬੈਠਾ ਸੀ ਜਾਂ ਬੈਠੇ ਸਨ, ਪਿੱਛੇ-ਪਿੱਛੇ ਤੁਰੀ ਗਏ | ਵੇਖਦਿਆਂ-ਵੇਖਦਿਆਂ ਕੁੱਤਿਆਂ ਦਾ ਵੱਡਾ ਝੰੁਡ ਬਣ ਗਿਆ |
ਚਲੋ ਚਾਲ, ਚਲੋ ਚਾਲ ਕਰਮਚਾਰੀ ਖੰਭਾ ਚੁੱਕੀ ਤੁਰੀ ਗਏ |
ਅਚਾਨਕ ਸਭ ਤੋਂ ਪਿਛਲੇ ਕੁੱਤੇ ਦੇ ਦਿਮਾਗ ਵਿਚ ਕੋਈ ਵਿਚਾਰ ਆਇਆ | ਉਸ ਨੇ ਆਪਣੇ ਤੋਂ ਮੂਹਰਲੇ ਕੁੱਤੇ ਨੂੰ ਪੁੱਛਿਆ, 'ਆਪਾਂ ਜਾ ਕਿੱਥੇ ਰਹੇ ਹਾਂ?'
'ਮੈਨੂੰ ਤਾਂ ਪਤਾ ਨੀਂ, ਮੈਂ ਤਾਂ ਏਨੇ ਸਾਰੇ ਕੁੱਤਿਆਂ ਨੂੰ ਵੇਖ ਕੇ ਉਂਜ ਹੀ ਇਨ੍ਹਾਂ ਦੇ ਪਿੱਛੇ ਤੁਰ ਪਿਆ |'
'ਤੂੰ ਆਪਣੇ ਤੋਂ ਅਗਲੇ ਤੋਂ ਪੁੱਛ ਖਾਂ ਭਲਾ?'
ਅਗਲੇ ਨੂੰ ਵੀ ਕੋਈ ਪਤਾ ਨਹੀਂ ਸੀ | ਗੱਲ ਤੁਰਦੀ-ਤੁਰਦੀ ਸਾਰਿਆਂ ਤੇ ਮੂਹਰਲੇ ਕੁੱਤੇ ਤੱਕ ਜਾ ਪਹੁੰਚੀ, 'ਆਪਾਂ ਜਾ ਕਿੱਥੇ ਰਹੇ ਹਾਂ?'
'ਓਇ ਜਾਣਾ ਕਿਹੜੇ ਢੱਠੇ ਖੂਹ 'ਚ ਸੀ | ਮੈਂ ਤਾਂ ਆਹ ਭਾਈਆਂ ਨੂੰ ਖੰਭਾ ਚੁੱਕੀ ਜਾਂਦੇ ਵੇਖ ਕੇ ਮਗਰ ਤੁਰ ਪਿਆ ਬਈ ਇਹ ਐਥੇ ਕਿਤੇ ਖੰਭਾ ਗੱਡਣਗੇ ਤੇ ਮੈਂ ਲੱਤ ਚੁੱਕ ਕੇ ਪਿਸ਼ਾਬ ਕਰ ਕੇ ਮੁੜ ਜੰੂਗਾ | ਇਹ ਪਤੰਦਰ ਤਾਂ ਖੜ੍ਹਨ ਦਾ ਨਾਉਂ ਈ ਨੀਂ ਲੈਂਦੇ | ਮੇਰੀਆਂ ਤਾਂ ਲੱਤਾਂ ਵੀ ਟੁੱਟਣ ਆਲੀਆਂ ਹੋ ਗਈਆਂ, ਮੁਤਾਇਆ ਅੱਡ ਮਰੀ ਜਾਨਾਂ |'
ਮੂਰਲੇ ਕੁੱਤੇ ਦਾ ਜਵਾਬ ਸੁਣ ਕੇ ਕੁੱਤਿਆਂ ਦਾ ਸਾਰਾ ਝੰੁਡ ਕੱਚਾ ਜਿਹਾ ਹੋਇਆ ਥਾਏਾ ਖਲੋ ਗਿਆ |

-ਗਲੀ ਨੰ: 3, ਕੋਰਟ ਰੋਡ, ਮਾਨਸਾ-151505. ਮੋਬਾ : 94172-87399.

ਗੁਜ਼ਰਾ ਹੂਆ ਜ਼ਮਾਨਾ...

ਮੇਰੀ ਨੂੰ ਹ ਆਪਣੇ ਬੇਟੇ ਨੂੰ ਹੋਮ-ਵਰਕ ਕਰਾ ਰਹੀ ਸੀ | ਉਹ ਦੋ ਦਾ ਪਹਾੜਾ ਯਾਦ ਕਰ ਰਿਹਾ ਸੀ | ਉਸ ਦੀ ਆਵਾਜ਼ ਆ ਰਹੀ ਸੀ ਟੂ ਵਨਜਾ ਟੂ, ਟੂ ਟੂਜ਼ ਆਰ ਫੋਰ... ਟੂ ਥ੍ਰੀਜ਼ ਆਰ ਸਿਕਸ... ਪੋਤੇ ਦਾ ਪਹਾੜੇ ਬੋਲਣ ਦਾ ਅੰਦਾਜ਼ ਸੁਣ ਕੇ ਮੈਂ ਸੋਚਣ ਲੱਗੀ, ਕਿੰਨਾ ਬਦਲ ਗਿਆ ਹੈ ਸਮਾਂ | ਮੈਨੂੰ ਆਵਦਾ ਜ਼ਮਾਨਾ ਯਾਦ ਆ ਗਿਆ... ਜਦੋਂ ਸਕੂਲ ਵਿਚ ਅੱਧੀ ਛੁੱਟੀ ਤੋਂ ਬਾਅਦ ਕਿਵੇਂ ਹੇਕਾਂ ਕੱਢ-ਕੱਢ ਕੇ ਪਹਾੜੇ ਬੋਲਦੇ ਹੁੰਦੇ ਸੀ, 'ਇਕ ਦੂਣੀ ਦੂਣੀ, ਦੋ ਦੂਣੀ ਚਾਰ, ਤਿੰਨ ਦੂਣੀ ਛੇ...' ਕਿੰਨਾ ਰਸ ਸੀ..., ਕਿੰਨਾ ਅਨੰਦ ਸੀ..., ਕੋਈ ਕਿਤਾਬਾਂ ਕਾਪੀਆਂ ਦਾ ਬੋਝ ਨਹੀਂ ਸੀ ਹੁੰਦਾ... 'ਕੋਈ ਹੋਮ-ਵਰਕ ਨਹੀਂ ਸੀ ਮਿਲਦਾ | ਵੱਡੇ ਦਰੱਖ਼ਤਾਂ ਹੇਠ ਹੀ ਜਮਾਤਾਂ ਲੱਗਦੀਆਂ ਸੀ | ਪਹਿਲਾਂ ਪਹਿਲ ਤਾਂ ਅਸੀਂ ਬੈਠਣ ਲਈ ਘਰੋਂ ਬੋਰੀਆਂ ਲੈ ਕੇ ਜਾਂਦੇ ਹੁੰਦੇ ਸੀ | ਫੇਰ ਸਕੂਲ ਵਲੋਂ ਵਛਾਉਣ ਲਈ ਤੱਪੜ ਮਿਲਣ ਲੱਗ ਪਏ | ਅਸੀਂ ਘਰੋਂ ਕੈਦਾ, ਫੱਟੀ, ਸਲੇਟ ਅਤੇ ਕਲਮ-ਦਵਾਤ ਆਦਿ ਘਰ ਦੇ ਬਣਾਏ ਝੋਲੇ ਵਿਚ ਪਾ ਕੇ ਹੀ ਲੈ ਕੇ ਜਾਂਦੇ ਸੀ | ਮੈਨੂੰ ਅੱਜ ਵੀ ਯਾਦ ਹੈ ਸਾਨੂੰ ਪਹਿਲੀ ਤੋਂ ਪੰਜਵੀਂ ਤੱਕ ਕਤਰਾਰਾਮ ਮਾਸਟਰ ਪੜ੍ਹਾਉਂਦੇ ਸੀ | ਉਹ ਵਾਰੀ ਨਾਲ ਇਕ-ਇਕ ਬੱਚੇ ਨੂੰ ਆਪਣੇ ਕੋਲ ਬੁਲਾਉਂਦੇ, ਉਸ ਦੀ ਫੱਟੀ 'ਤੇ ਲਾਈਨਾਂ ਮਾਰ ਕੇ ਪੈਨਸਲਿ ਨਾਲ ਪੂਰਨੇ ਪਾ ਕੇ ਦਿੰਦੇ, ਫੇਰ ਸਾਰਿਆਂ ਦੀਆਂ ਕਲਮਾਂ ਘੜਦੇ | ਉਹ ਕਲਮ 'ਤੇ ਚਾਕੂ ਨਾਲ ਟੇਡਾ ਟੱਕ ਲਾ ਕੇ ਦਿੰਦੇ | ਉਨ੍ਹਾਂ ਦੀ ਕਲਮ ਘੜਨ ਦੀ ਕਲਾ ਬਹੁਤ ਮਸ਼ਹੂਰ ਸੀ | ਉਹ ਸਾਡੇ ਨਾਲ ਤੱਪੜ 'ਤੇ ਬੈਠ ਕੇ ਕਲਮ ਚਲਾਉਣੀ ਸਿਖਾਉਂਦੇ, ਦਵਾਤ ਵਿਚੋਂ ਟੋਬਾ ਲੈਣ ਦਾ ਵੱਲ ਵੀ ਦੱਸਦੇ... ਉਹ ਸਟੈਂਡਿੰਗ ਬਲੈਕ ਬੋਰਡ 'ਤੇ ਜੋੜ-ਘਟਾਓ ਦੇ ਸਵਾਲ ਲਿਖ ਦਿੰਦੇ ਅਸੀਂ ਸਲੇਟਾਂ 'ਤੇ ਸਲੇਟੀ ਨਾਲ ਸਵਾਲ ਕੱਢਦੇ ਅਤੇ ਮਿਟਾ ਦਿੰਦੇ | ਉਸ ਸਮੇਂ ਕੋਈ ਰਫ਼ ਕਾਪੀ ਜਾਂ ਫੇਇਰ ਕਾਪੀ ਨਹੀਂ ਸੀ ਹੁੰਦੀ | ਸਾਰਾ ਕੰਮ ਦਿਲ ਅਤੇ ਦਿਮਾਗ਼ ਵਿਚ ਹੀ ਹੁੰਦਾ ਸੀ |
ਅੱਧੀ ਛੁੱਟੀ ਵੇਲੇ ਸਾਰੇ ਬੱਚੇ ਬਹੁਤ ਖੇਡਦੇ | ਅਸੀਂ ਰੱਸੀ ਟੱਪਦੀਆਂ..., ਵਾਰੀ ਨਾਲ ਇਕ-ਇਕ ਟੱਪਾ... ਜਾਂ ਦੋ-ਦੋ ਟੱਪੇ ਲੈਂਦੀਆਂ..., ਰੱਸੀ ਟੱਪਦੀਆਂ ਰੋਟੀਆਂ ਪਕਾਉਂਦੀਆਂ..., ਦੋ ਜਣੀਆਂ ਰਲ ਕੇ ਮੱਛੀ ਕੰਡਾ ਪਾਉਂਦੀਆਂ... ਡੀਟੇ ਖੇਡਦੀਆਂ... ਪੱਕੇ ਰੋੜਾਂ ਦਾ ਢੇਰ ਲਾ ਕੇ ਪੂਰ-ਪੂਰ ਖੇਡਦੀਆਂ... ਲੁਕਣ-ਮੀਚੀ... ਲੰਗੜਾ ਸ਼ੇਰ... ਸ਼ੇਰ-ਬੱਕਰੀ, ਖੋਹ-ਖੋਹ, ਅੰਨ੍ਹਾ-ਝੋਟਾ... ਕਨਾਲ-ਟੱਪ, ਕੋਟਲਾ-ਛਪਾਕੀ ਅਤੇ ਬਾਰਾਂ-ਗੀਟੀ ਆਦਿ ਤਾਂ ਆਮ ਖੇਡਾਂ ਖੇਡਦੇ ਸੀ | ਸਕੂਲ ਵਿਚ ਪਾਣੀ ਪੀਣ ਲਈ ਨਲਕਾ ਲੱਗਿਆ ਹੁੰਦਾ ਸੀ, ਜਿਸ ਤੋਂ ਸਾਰੇ ਬੱਚੇ ਹੱਥੀਂ ਗੇੜ ਕੇ ਓਕ ਨਾਲ ਪਾਣੀ ਪੀਂਦੇ ਸਨ | ਸਕੂਲ ਦੇ ਗੇਟ 'ਤੇ ਇਕ ਮਾਈ ਮੰਜੇ 'ਤੇ ਹੀ ਚੂਰਨ ਦੇ ਗੋਲੇ, ਸੰਗਤਰੇ ਦੀਆਂ ਗੋਲੀਆਂ ਅਤੇ ਇਮਲੀ ਆਦਿ ਵੇਚਦੀ ਹੁੰਦੀ ਸੀ | ਸਾਰੀ ਛੁੱਟੀ ਵੇਲੇ ਘਰ ਜਾ ਕੇ ਜਾਂ ਕਈ ਵਾਰ ਅਸੀਂ ਰਸਤੇ 'ਚ ਪੈਂਦੇ ਟੋਬੇ 'ਤੇ ਗਾਚੀ ਨਾਲ ਫੱਟੀਆਂ ਪੋਚ ਕੇ ਸੁਕਾ ਲੈਂਦੇ | ਅਸੀਂ ਰਲ ਕੇ ਗੀਤ ਗਾਉਂਦੇ... 'ਸੂਰਜਾ ਸੂਰਜਾ ਫੱਟੀ ਸੁਕਾ, ਨਹੀਂ ਸੁਕਾਉਣੀ ਗੰਗਾ ਜਾਹ | ਗੰਗਾ ਵਿਚ ਗੰਢੇਰੀਆਂ, ਦੋ ਤੇਰੀਆਂ ਦੋ ਮੇਰੀਆਂ | ਇਕ ਗੰਡੇਰੀ ਟੁੱਟ ਗਈ, ਮੇਰੀ ਫੱਟੀ ਸੁੱਕ ਗਈ |' ਉਸ ਸਮੇਂ ਬਜ਼ਾਰੀ ਖਿਡੌਣੇ ਨਹੀਂ ਸਨ ਹੁੰਦੇ | ਸਾਰੇ ਬੱਚੇ ਆਪਣੀਆਂ ਖੇਡਾਂ ਆਪ ਹੀ ਇਜ਼ਾਦ ਕਰਦੇ ਸਨ | ਕੁੜੀਆਂ ਗੁੱਡੀਆਂ-ਪਟੋਲੇ ਬਣਾ ਕੇ ਘਰ-ਘਰ ਖੇਡਦੀਆਂ... ਮੁੰਡੇ ਗੁੱਲੀ-ਡੰਡਾ... ਖਿੱਦੋ-ਖੂੰਡੀ... ਘੁੱਤੀ ਪੱਟ ਕੇ ਕੱਚ ਦੇ ਬੰਟੇ ਖੇਡਦੇ... ਸਾਈਕਲਾਂ ਦੇ ਪੁਰਾਣੇ ਟਾਇਰ ਭਜਾਉਂਦੇ... ਘਰਾਂ ਵਿਚ ਕਈ-ਕਈ ਭੈਣ-ਭਰਾ ਹੁੰਦੇ ਸੀ... ਸਾਰਿਆਂ ਦੇ ਕੱਪੜੇ ਇਕੋ ਜਿਹੇ ਹੁੰਦੇ... ਮੁੰਡਿਆਂ ਦੇ ਧਾਰੀ-ਦਾਰ ਬੋਸਕੀ ਦੇ ਪਜ਼ਾਮੇ ਨਾਲ ਖੱਦਰ ਦੇ ਕੁੜਤੇ..., ਕੁੜੀਆਂ ਦੇ ਸੂਟ ਜਾਂ ਗਰਾਰਾ-ਫਰਾਕ ਪਾਏ ਹੁੰਦੇ ਸੀ | ਉਸ ਵੇਲੇ ਖਾਣ-ਪੀਣ ਜਾਂ ਕੱਪੜਿਆਂ ਆਦਿ ਦਾ ਕੋਈ ਖ਼ਾਸ ਉਚੇਚ ਨਹੀਂ ਸੀ ਹੁੰਦਾ | ਖਾਣ-ਪੀਣ ਵੀ ਬਹੁਤ ਸਾਧਾਰਨ ਸੀ, ਨਾ ਕੋਈ ਫਾਸਟ-ਫੂਡ ਸੀ ਅਤੇ ਨਾ ਹੀ ਕੋਈ ਬਾਜ਼ਾਰੀ ਚੀਜ਼ ਹੁੰਦੀ ਸੀ |
ਅੱਜਕਲ੍ਹ ਦੇ ਬੱਚਿਆਂ ਦਾ ਬਚਪਨ ਤਾਂ ਕਿਤੇ ਗੁਆਚ ਗਿਆ ਲੱਗਦਾ ਹੈ | ਦੋ ਸਾਲ ਦੇ ਬੱਚੇ ਨੂੰ ਪਲੇਅ-ਵੇਅ- ਸਕੂਲ 'ਚ ਭੇਜ ਦਿੱਤਾ ਜਾਂਦਾ ਹੈ, ਜਿਥੇ ਉਹ ਬਾਜ਼ਾਰੀ ਖਿਡੌਣਿਆਂ ਨਾਲ ਖੇਡ ਆਉਂਦਾ ਹੈ ਅਤੇ ਮਾਂ ਵਲੋਂ ਬਣਾ ਕੇ ਦਿੱਤੀ ਮੈਗੀ ਆਦਿ ਖਾ ਲੈਂਦਾ ਹੈ | ਮੈਂ ਨਰਸਰੀ, ਐਲ. ਕੇ. ਜੀ. ਅਤੇ ਯੂ. ਕੇ. ਜੀ. ਦੇ ਬੱਚੇ ਸ਼ਾਮ ਨੂੰ ਟਿਊਸ਼ਨ ਜਾਂਦੇ ਵੇਖਦੀ ਹਾਂ | ਸਾਡੇ ਵੇਲੇ ਕੋਈ ਟਾਵਾਂ-ਟਾਵਾਂ ਹੀ ਨੌਵੀਂ-ਦੱਸਵੀਂ ਵਿਚ ਟਿਊਸ਼ਨ ਰੱਖਦਾ ਸੀ | ਉਸ ਸਮੇਂ ਗਿਆਨ ਡੂੰਘਾ ਹੁੰਦਾ ਸੀ, ਅੱਜਕਲ੍ਹ ਗਿਆਨ ਵਿਸ਼ਾਲ ਹੋ ਗਿਆ ਹੈ | ਬੱਚੇ ਆਪਣਾ ਮਨੋਰੰਜਨ ਆਪਸ 'ਚ ਖੇਡ ਕੇ ਹੀ ਕਰਦੇ ਸਨ, ਹੁਣ ਦੇ ਬੱਚਿਆਂ ਵਾਂਗ ਉਨ੍ਹਾਂ ਕੋਲ ਟੀ. ਵੀ., ਲੈਪਟੋਪ, ਮੋਬਾਈਲ ਜਾਂ ਵੀਡੀਓ ਗੇਮ ਆਦਿ ਨਹੀਂ ਸੀ ਹੁੰਦਾ | ਨਾ ਹੀ ਘਰ ਵਿਚ ਵੱਖਰਾ ਕਮਰਾ ਹੁੰਦਾ ਸੀ | ਸਾਰਾ ਪਰਿਵਾਰ ਰਲ-ਮਿਲ ਰਹਿੰਦਾ ਸੀ | ਬੱਚੇ ਮਾਂ ਅਤੇ ਨਾਨੀ-ਦਾਦੀ ਤੋਂ ਕਹਾਣੀਆਂ ਸੁਣਦੇ, ਬਾਤਾਂ ਪਾਉਂਦੇ | ਹਰ ਥਾਂ 'ਤੇ ਪੈਦਲ ਹੀ ਜਾਣਾ ਹੁੰਦਾ ਸੀ | ਅੱਜਕਲ੍ਹ ਬੱਚੇ ਸਕੂਲ ਬੱਸ, ਵੈਨ, ਰਿਕਸ਼ਾ ਜਾਂ ਫਿਰ ਆਪਣੀ ਸਵਾਰੀ 'ਤੇ ਜਾਂਦੇ ਹਨ | ਸਰੀਰਕ ਕਸਰਤ ਘੱਟ ਗਈ ਹੈ | ਇਸੇ ਕਰਕੇ ਮੋਟਾਪਾ ਵਧ ਗਿਆ ਹੈ, ਨਜ਼ਰ ਕਮਜ਼ੋਰ ਹੋਣ ਕਰਕੇ ਛੋਟੇ-ਛੋਟੇ ਬੱਚੇ ਐਨਕਾਂ ਲਗਾਈ ਫਿਰਦੇ ਹਨ |
ਉਸ ਸਮੇਂ ਅਧਿਆਪਕਾਂ ਦਾ ਡਰ ਵੀ ਸੀ ਅਤੇ ਸਤਿਕਾਰ ਵੀ ਬਹੁਤ ਸੀ | ਅਧਿਆਪਕ ਬੱਚਿਆਂ ਨੂੰ ਪਾਠ ਯਾਦ ਨਾ ਕਰਨ 'ਤੇ ਜਾਂ ਕਿਸੇ ਗ਼ਲਤ ਕੰਮ ਕਰਨ 'ਤੇ ਆਮ ਹੀ ਸਜ਼ਾ ਦੇ ਦਿੰਦੇ ਸਨ | ਉਨ੍ਹਾਂ ਲਈ ਚਪੇੜ ਮਾਰਨਾ, ਮੁਰਗਾ ਬਣਾਉਣਾ, ਕੰਮ ਮਰੋੜਨਾ ਅਤੇ ਹੱਥਾਂ 'ਤੇ ਫੁੱਟੇ ਮਾਰਨਾ ਆਮ ਗੱਲ ਸੀ | ਇਕ ਵਾਰ ਮੁੰਡਿਆਂ ਵਾਲੇ ਸਕੂਲ ਦੇ ਪੀ. ਟੀ. ਮਾਸਟਰ ਨੂੰ ਪਤਾ ਲੱਗਾ ਕਿ ਕੁਝ ਬੱਚੇ ਸਕੂਲੋਂ ਭੱਜ ਕੇ ਸੂਏ 'ਤੇ ਨਹਾਉਣ ਗਏ ਹੋਏ ਨੇ, ਫੇਰ ਕੀ ਸੀ, ਉਸ ਨੇ ਚੱਕਿਆ ਸਾਈਕਲ ਨਾਲ ਲਿਆ ਇਕ ਡੰਡਾ, ਸਾਰਿਆਂ ਨੂੰ ਕੁੱਟਦਾ ਸਕੂਲ ਲਿਆਇਆ | ਉਸ ਦਿਨ ਘਰ-ਘਰ ਇਹੀ ਗੱਲਾਂ ਹੋਣ, 'ਬਈ ਮਾਸਟਰ ਨੇ ਬਹੁਤ ਚੰਗਾ ਕੀਤਾ... ਅੱਗੇ ਤੋਂ ਤਾਂ ਨਹੀਂ ਭੱਜਦੇ ਸਕੂਲੋਂ... |' ਅੱਜਕਲ੍ਹ ਬੱਚਿਆਂ ਨੂੰ ਨਾ ਮਾਂ-ਪਿਓ ਦਾ ਡਰ ਹੈ ਅਤੇ ਨਾ ਹੀ ਅਧਿਆਪਕਾਂ ਦਾ | ਏਸੇ ਕਰਕੇ ਬੱਚੇ ਆਪ-ਮੁਹਾਰੇ ਹੋਏ ਫਿਰਦੇ ਹਨ, ਮਾਂ-ਬਾਪ ਔਖੇ-ਸੌਖੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਕਰਦੇ ਰਹਿੰਦੇ ਹਨ | ਇਸੇ ਕਰਕੇ ਉਹ ਚੀਜ਼ ਦੀ ਕਦਰ ਨਹੀਂ ਕਰਦੇ | ਨਿੱਤ ਨਵੀਆਂ ਫਰਮਾਇਸ਼ਾਂ ਕਰਦੇ ਹਨ | ਜ਼ਿੱਦੀ ਹੋ ਗਏ ਹਨ | ਉਨ੍ਹਾਂ ਵਿਚ ਸਹਿਣ-ਸ਼ੀਲਤਾ ਅਤੇ ਸੱਭਿਅਤਾ ਘਟਦੀ ਜਾ ਰਹੀ ਹੈ | ਉਹ ਗੱਲ-ਗੱਲ 'ਤੇ ਲੜਨ-ਮਰਨ ਲਈ ਤਿਆਰ ਰਹਿੰਦੇ ਹਨ, ਘਰੋਂ ਭੱਜਣਾ, ਰੁੱਸ-ਰੁੱਸ ਬੈਠਣਾ ਆਮ ਗੱਲਾਂ ਨੇ |
ਅੱਜਕਲ੍ਹ ਬੱਚਿਆਂ ਕੋਲ ਆਈ ਕਾਰਡ ਹਨ ਅਤੇ ਮਾਤਾ-ਪਿਤਾ ਕੋਲ ਪਰਮਿਸ਼ਨ ਕਾਰਡ ਹਨ | ਸਾਡੇ ਵੇਲੇ ਸਭ ਤੋਂ ਹੈਰਾਨੀ ਦੀ ਗੱਲ ਇਹ ਸੀ ਕਿ ਸਾਡਾ ਮਾਸਟਰ ਸਾਨੂੰ ਸਾਡੇ ਨਾਂਅ ਤੋਂ ਨਹੀਂ ਸੀ ਬੁਲਾਉਂਦਾ ਸੀ ਸਗੋਂ ਕਹਿੰਦਾ ਸੀ, 'ਤੂੰ ਲਾਲ ਸਿਓਾ ਦੀ ਪੋਤੀ ਐਾ, ਜੀਤ ਦੀ ਗੁੱਡੀ ਐਾ, ਤੇਰਾ ਤਾਇਆ ਮੇਰੇ ਨਾਲ ਪੜ੍ਹਦਾ ਹੁੰਦਾ ਸੀ... ਜਦੋਂ ਫ਼ੌਜ 'ਚੋਂ ਛੁੱਟੀ ਆਇਆ ਦੱਸੀਂ... |' ਕਿੰਨੀ ਅੱਪਣਤ ਸੀ, ਕਿੰਨਾ ਆਪਣਾ-ਪਣ... ਕਿਸੇ ਪਛਾਣ-ਪੱਤਰ ਦੀ ਲੋੜ ਨਹੀਂ ਸੀ ਹੁੰਦੀ | ਕਿੰਨਾ ਠਹਿਰਾਅ ਸੀ ਉਹ ਗੁਜ਼ਰੇ ਜ਼ਮਾਨੇ ਦੀ ਜ਼ਿੰਦਗੀ ਵਿਚ... ਉਹ ਵਾਪਸ ਤਾਂ ਨਹੀਂ ਆ ਸਕਦਾ ਪਰ ਯਾਦ ਬਹੁਤ ਆਉਂਦਾ ਹੈ |

ਕੱਚੀਆਂ ਕੰਧਾਂ ਦਾ ਜ਼ਮਾਨਾ

ਅੱਜ ਸ਼ਕੀਰਾ 15 ਸਾਲ ਬਾਅਦ ਆਪਣੇ ਦੋਸਤ ਨੂੰ ਮਿਲਣ ਜਾ ਰਿਹਾ ਸੀ | ਮਨ ਵਿਚ ਸੋਚ ਰਿਹਾ ਸੀ ਕਿ ਸ਼ਾਇਦ ਹੁਣ ਪਿੰਡ ਦਾ ਨਕਸ਼ਾ ਹੀ ਬਦਲ ਗਿਆ ਹੋਵੇਗਾ | ਪਿੰਡ ਜਾ ਕੇ ਕੀ ਵੇਖਦਾ ਹੈ ਕਿ ਕੱਚੇ ਘਰ ਦੀ ਜਗ੍ਹਾ ਇਕ ਆਲੀਸ਼ਾਨ ਕੋਠੀ ਬਣੀ ਹੋਈ ਹੈ | ਇਕ ਵੱਡਾ ਸਾਰਾ ਗੇਟ ਲੱਗਾ ਹੋਇਆ ਹੈ | ਜਿਉਂ ਹੀ ਘੰਟੀ ਵਜਾਈ ਇਕ ਮਾਡਰਨ ਲੜਕੀ ਨੇ ਗੇਟ ਖੋਲਿ੍ਹਆ ਤੇ ਪੁੱਛਿਆ ਤੁਸੀਂ ਕੌਣ? ਮੈਂ ਜੀ ਰਵੀ ਦਾ ਦੋਸਤ ਹਾਂ ਅਤੇ 15 ਸਾਲ ਬਾਅਦ ਮੁੜ ਇਥੇ ਆਇਆ ਹਾਂ | ਲੜਕੀ ਆਦਰ ਭਾਵ ਨਾਲ ਸ਼ਕੀਰਾ ਨੂੰ ਅੰਦਰ ਲੈ ਗਈ ਤੇ ਸੋਫ਼ੇ 'ਤੇ ਬਿਠਾ ਦਿੱਤਾ | ਥੋੜ੍ਹੀ ਦੇਰ ਬਾਅਦ ਇਕ ਟਰੇਅ ਵਿਚ ਉਹ ਸੁੱਕੇ ਮੇਵੇ ਅਤੇ ਕੋਲਡ ਡਰਿੰਕ ਵਗੈਰਾ ਰੱਖ ਕੇ ਵਾਪਸ ਚਲੀ ਗਈ | ਸ਼ਕੀਰਾ ਨੂੰ 15 ਸਾਲ ਤੋਂ ਪਹਿਲਾਂ ਦਾ ਸਮਾਂ ਯਾਦ ਆ ਗਿਆ | ਜਦ ਉਹ ਕਦੇ ਇਥੇ ਆਉਂਦਾ ਹੁੰਦਾ ਸੀ ਤਾਂ ਕੋਈ ਗੇਟ ਨਹੀਂ ਸੀ | ਇਕ ਖੁੱਲ੍ਹਾ ਜਿਹਾ ਵਿਹੜਾ ਹੁੰਦਾ ਸੀ | ਵਿਹੜੇ ਵਿਚ ਵੜਦਿਆਂ ਹੀ ਸਾਰਾ ਟੱਬਰ ਕੱਚੀਆਂ ਕੰਧਾਂ ਦੇ ਬਣੇ ਹੋਏ ਮਕਾਨ ਵਿਚੋਂ ਬਾਹਰ ਆ ਜਾਂਦਾ ਤੇ ਸਤਿ ਸ੍ਰੀ ਅਕਾਲ ਬੁਲਾ ਕੇ ਮਿੱਟੀ ਦੇ ਬਣੇ ਕੋਠੇ ਵਿਚ ਲੈ ਜਾਂਦੇ | ਸਾਰਾ ਟੱਬਰ ਆਲੇ-ਦੁਆਲੇ ਬਹਿ ਜਾਂਦਾ ਤੇ ਕਦੇ ਲੱਸੀ ਕਦੇ ਚਾਹ ਤੇ ਕਦੇ ਬਿਸਕੁਟ | ਗੱਲ ਕੀ ਆਓ ਭਗਤ ਵਿਚ ਕੋਈ ਕਸਰ ਨਾ ਛੱਡਦੇ | ਰਾਤ ਦੇ 12 ਵਜੇ ਤੋਂ ਪਹਿਲਾਂ ਸੌਣਾ ਨਸੀਬ ਨਹੀਂ ਸੀ ਹੁੰਦਾ | ਵਾਰੋ-ਵਾਰੀ ਸਾਰੇ ਘਰ ਦਾ ਹਾਲ-ਚਾਲ ਪੁੱਛਦੇ | ਵਾਰ-ਵਾਰ ਕੁਝ ਖਾਣ-ਪੀਣ ਲਈ ਕਹਿੰਦੇ | ਦੂਜੇ ਦਿਨ ਵੀ ਉਹ ਵਾਪਸ ਜਾਣ ਨਾ ਦਿੰਦੇ | ਬਹੁਤ ਸਨੇਹ ਹੁੰਦਾ ਸੀ | ਅੱਜ ਸ਼ਾਮ ਨੂੰ ਉਹਦਾ ਦੋਸਤ ਕਿਸੇ ਕੰਮੋਂ ਵਾਪਸ ਆਇਆ ਤਾਂ ਬੜਾ ਖੁਸ਼ ਹੋਇਆ | ਪਰ ਹੁਣ ਚਾਰ-ਪੰਜ ਕਮਰੇ ਸਨ ਤੇ ਇਕ-ਇਕ ਮੈਂਬਰ ਨੇ ਸਾਰੇ ਮੱਲੇ ਹੋਏ ਸਨ | ਸ਼ਕੀਰਾ ਰਾਤ ਤਾਂ ਰਿਹਾ ਪਰ ਪਹਿਲਾਂ ਵਾਂਗ ਉਹ ਇਕੱਠੇ ਨਾ ਹੋਏ ਤੇ ਸ਼ਕੀਰਾ ਖਾਣਾ ਖਾ ਕੇ 8 ਕੁ ਵਜੇ ਸੌਾ ਗਿਆ | ਸਵੇਰੇ ਤੁਰਨ ਲੱਗਿਆਂ ਕਿਸੇ ਨੇ ਨਹੀਂ ਕਿਹਾ ਤੁਸੀਂ ਦੋ-ਚਾਰ ਦਿਨ ਰਹਿ ਲਵੋ | ਸ਼ਕੀਰਾ ਚੁੱਪ-ਚੁਪੀਤਾ ਉਥੋਂ ਵਿਦਾ ਹੋ ਗਿਆ | ਤੁਰਨ ਲੱਗਿਆਂ ਉਸ ਨੂੰ ਕੱਚੀਆਂ ਕੰਧਾਂ ਵਾਲਾ ਜ਼ਮਾਨਾ ਵਧੀਆ ਲੱਗਾ ਕਿਉਂਕਿ ਉਦੋਂ ਪਿਆਰ, ਸਨੇਹ ਤੇ ਆਪਣਾਪਨ ਹੁੰਦਾ ਸੀ | ਪੱਕੀਆਂ ਕੰਧਾਂ ਵਿਚ ਜਿਵੇਂ ਸਭ ਕੁਝ ਓਪਰਾਪਨ ਤੇ ਬਨਾਵਟੀ ਜਿਹਾ ਲੱਗਾ | ਉਪਰੋਂ ਤਾਂ ਸਭ ਕੁਝ ਚਮਕਦਾਰ ਲੱਗ ਰਿਹਾ ਸੀ ਪਰ ਵਿਚੋਂ ਜਿਵੇਂ ਖਾਲੀਪਨ ਹੋਵੇ | ਪੱਕੀਆਂ ਕੰਧਾਂ ਵਿਚ ਸ਼ਾਇਦ ਕੋਈ ਵਿਹਲਾ ਨਹੀਂ ਸੀ, ਬਦਲਦੇ ਹੋਏ ਜ਼ਮਾਨੇ ਨੇ ਜਿਵੇਂ ਹੁਣ ਖੁਸ਼ੀਆਂ ਖੋਹ ਲਈਆਂ ਹੋਣ |

-142, ਦਸਮੇਸ਼ ਨਗਰ, ਝੁੱਗੀਆਂ ਰੋਡ, ਖਰੜ |

ਕਾਵਿ-ਵਿਅੰਗ: ਤੰਦ

* ਨਵਰਾਹੀ ਘੁਗਿਆਣਵੀ *
ਸੱਜਣ ਮਿੱਤਰ ਦੀ ਯਾਦ ਹੁਲਾਰ ਦੇਂਦੀ,
ਹੋਇਆ ਜਦੋਂ ਅਹਿਸਾਸ, ਅਨੰਦ ਆਇਆ।
ਸੂਰਜ ਜਿਵੇਂ ਸਵੇਰਾਂ ਦਾ ਲੁਤਫ਼ ਦੇਵੇ,
ਜਿਵੇਂ ਤਾਰੇ ਦੀ ਜ਼ੱਦ ਵਿਚ ਚੰਦ ਆਇਆ।
ਗੱਲਾਂ ਦੂਜੀਆਂ ਰਹਿ ਗਈਆਂ ਇਕ ਬੰਨੇ,
ਨਖ਼ਰਾ ਹੂਰ ਦਾ ਖ਼ੂਬ ਪਸੰਦ ਆਇਆ।
ਬੁੱਢੀ ਮਾਈ ਦੇ ਚਰਖੇ ਦੀ ਘੂਕ ਮਿੱਠੀ,
ਹੱਥਾਂ ਵਿਚ ਪ੍ਰੇਮ ਦਾ ਤੰਦ ਆਇਆ।

-ਨਹਿਰ ਨਜ਼ਾਰਾ, ਨਵਾਂ ਹਰਿੰਦਰ ਨਗਰ, ਫ਼ਰੀਦਕੋਟ। ਮੋਬਾਈਲ : 98150-02302

ਭਰਾ

ਉਹ ਦੋ ਭਰਾ ਸਨ | ਜ਼ਮੀਨ ਥੋੜ੍ਹੀ ਸੀ | ਵੱਡਾ ਭਰਾ ਚੁਸਤ-ਚਲਾਕ ਸੀ | ਛੋਟਾ ਸਿੱਧੜ ਪਰ ਕੰਮ ਬਹੁਤ ਕਰਦਾ ਸੀ | ਇਸ ਲਈ ਵੱਡੇ ਭਰਾ ਨੇ ਛੋਟੇ ਦਾ ਵਿਆਹ ਨਾ ਹੋਣ ਦਿੱਤਾ | ਉਸ ਨੇ ਇਕ ਤੀਰ ਨਾਲ ਦੋ ਨਿਸ਼ਾਨੇ ਲਗਾਏ | ਇਕ ਤਾਂ ਜ਼ਮੀਨ ਦੀ ਵੰਡ ਹੋਣੋ ਬਚਾ ਲਈ, ਦੂਜਾ ਮੁਫ਼ਤ ਦਾ ਕਾਮਾ ਮਿਲ ਗਿਆ | ਹੌਲੀ-ਹੌਲੀ ਛੋਟੇ ਨੇ ਸੰਤਾਂ ਵਾਲਾ ਭੇਸ ਧਾਰਨ ਕਰ ਲਿਆ ਅਤੇ ਧਾਗਾ ਤਵੀਤ, ਫਾਂਡਾ, ਪੁੱਛਾਂ ਆਦਿ ਦਾ ਧੰਦਾ ਕਰਨ ਲਗ ਪਿਆ | ਪਹਿਲਾਂ ਤਾਂ ਉਹ ਇਹ ਕੰਮ ਸੇਵਾ ਵਜੋਂ ਕਰਦਾ ਰਿਹਾ, ਜਦੋਂ ਉਸ ਦਾ ਕੰਮ ਵਾਹਵਾ ਚੱਲ ਪਿਆ ਤਾਂ ਉਸ ਨੇ ਹਰ ਕੰਮ ਦੀ ਫ਼ੀਸ ਨਿਰਧਾਰਤ ਕਰ ਦਿੱਤੀ | ਹੁਣ ਉਹ ਲੋਕਾਂ ਨਾਲ ਠੱਗੀਆਂ ਮਾਰ ਕੇ ਆਪਣੇ ਉਸ ਭਰਾ ਲਈ ਪੈਸੇ ਇਕੱਠੇ ਕਰਦਾ ਜਿਸ ਨੇ ਉਸ ਦਾ ਵਿਆਹ ਨਹੀਂ ਸੀ ਹੋਣ ਦਿੱਤਾ ਅਤੇ ਜਿਸ ਨੇ ਉਸ ਦੀ ਹਿੱਸੇ ਆਉਂਦੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਸੀ |

-ਏ-290, ਨਿਊ ਅੰਮਿ੍ਤਸਰ | ਮੋਬਾਈਲ : 92177-01415.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX