ਤਾਜਾ ਖ਼ਬਰਾਂ


ਮੋਦੀ ਬੁਲਾਉਣਗੇ ਤਾਂ ਜਰੂਰ ਆਵਾਂਗਾ ਭਾਰਤ - ਟਰੰਪ
. . .  1 day ago
ਹਿਊਸਟਨ, 22 ਸਤੰਬਰ - ਹਾਉਡੀ ਮੋਦੀ ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਭਾਰਤੀ ਭਾਈਚਾਰੇ ਦੇ ਲੋਕ ਅਮਰੀਕਾ ਨੂੰ ਮਜ਼ਬੂਤ ਕਰ...
ਭਾਰਤੀਆਂ ਨੇ ਮੋਦੀ ਨੂੰ ਚੰਗੇ ਤਰੀਕੇ ਨਾਲ ਜਤਾਇਆ - ਟਰੰਪ
. . .  1 day ago
ਹਿਊਸਟਨ, 22 ਸਤੰਬਰ - 'ਹਾਉਡੀ ਮੋਦੀ' ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਇੱਥੇ ਆ ਕੇ ਉਹ ਚੰਗਾ ਮਹਿਸੂਸ ਕਰ ਰਹੇ ਹਨ, ਜਿਸ ਲਈ ਉਨ੍ਹਾਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ। ਇਸ ਦੇ ਨਾਲ ਹੀ...
'ਹਾਉਡੀ ਮੋਦੀ' ਪ੍ਰੋਗਰਾਮ 'ਚ ਡੋਨਾਲਡ ਟਰੰਪ ਦਾ ਸੰਬੋਧਨ ਸ਼ੁਰੂ
. . .  1 day ago
ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਕੀਤਾ ਜਾ ਸਕਦਾ ਹੈ ਮਹਿਸੂਸ - ਮੋਦੀ
. . .  1 day ago
ਹਿਊਸਟਨ, 22 ਸਤੰਬਰ - 'ਹਾਉਡੀ ਮੋਦੀ' ਪ੍ਰੋਗਰਾਮ ਦੌਰਾਨ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਦੋ ਮਹਾਨ ਦੇਸ਼ਾਂ ਦੇ ਰਿਸ਼ਤਿਆਂ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ...
ਅਬਕੀ ਬਾਰ, ਟਰੰਪ ਸਰਕਾਰ - ਮੋਦੀ
. . .  1 day ago
ਰਾਸ਼ਟਰਪਤੀ ਬਣਨ ਤੋਂ ਪਹਿਲਾ ਵੀ ਹਰ ਕੋਈ ਟਰੰਪ ਦਾ ਨਾਂਅ ਲੈਂਦਾ ਸੀ - ਮੋਦੀ
. . .  1 day ago
ਕਰੋੜਾਂ ਲੋਕ ਲੈਂਦੇ ਹਨ ਮੋਦੀ-ਟਰੰਪ ਦਾ ਨਾਂਅ - ਹਾਉਡੀ ਮੋਦੀ ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪ੍ਰਧਾਨ ਮੰਤਰੀ ਮੋਦੀ ਦਾ ਸੰਬੋਧਨ ਸ਼ੁਰੂ
. . .  1 day ago
'ਹਾਉਡੀ ਮੋਦੀ' ਪ੍ਰੋਗਰਾਮ 'ਚ ਪਹੁੰਚੇ ਟਰੰਪ
. . .  1 day ago
ਹਿਊਸਟਨ, 22 ਸਤੰਬਰ - ਹਿਊਸਟਨ 'ਚ ਚੱਲ ਰਹੇ 'ਹਾਉਡੀ ਮੋਦੀ' ਪ੍ਰੋਗਰਾਮ ਵਿਚ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਪਹੁੰਚ ਗਏ ਹਨ। ਇੱਥੇ ਪਹੁੰਚਣ 'ਤੇ ਵਿਦੇਸ਼ ਮੰਤਰੀ...
ਭਾਰਤ-ਦੱਖਣੀ ਅਫ਼ਰੀਕਾ ਤੀਜਾ ਟੀ-20 ਮੈਚ : ਦੱਖਣੀ ਅਫ਼ਰੀਕਾ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾਇਆ, ਲੜੀ 1-1 ਨਾਲ ਬਰਾਬਰ
. . .  1 day ago
ਹੋਰ ਖ਼ਬਰਾਂ..

ਲੋਕ ਮੰਚ

ਸਭ ਬੋਲੀਆਂ ਤੋਂ ਮਿੱਠੀ ਹੈ ਸਾਡੀ ਮਾਂ-ਬੋਲੀ ਪੰਜਾਬੀ

ਕਹਿੰਦੇ ਹਨ ਕਿ ਜੇਕਰ ਕਿਸੇ ਨੂੰ ਬਦ-ਅਸੀਸ ਦੇਣੀ ਹੋਵੇ ਤਾਂ ਉਸ ਨੂੰ ਆਖ ਦੇਵੋ 'ਜਾਹ ਤੈਨੂੰ ਤੇਰੀ ਮਾਂ-ਬੋਲੀ ਭੁੱਲ ਜਾਵੇ'। ਮਨੁੱਖ ਦੀ ਜ਼ਿੰਦਗੀ 'ਚ ਉਸ ਦੀ ਮਾਤ-ਭਾਸ਼ਾ ਦੀ ਕਿੰਨੀ ਅਹਿਮੀਅਤ ਹੁੰਦੀ ਹੈ, ਇਸ ਗੱਲ ਦਾ ਗਿਆਤ ਕਰਵਾਉਣ ਲਈ ਉਪਰੋਕਤ ਸਤਰਾਂ ਹੀ ਕਾਫੀ ਹਨ। ਸੋ, ਕਿਸੇ ਵੀ ਦੇਸ਼, ਪ੍ਰਾਂਤ ਜਾਂ ਖੇਤਰ ਦੇ ਲੋਕਾਂ ਦੇ ਜੀਵਨ 'ਚ ਉੱਥੋਂ ਦੀ ਆਮ ਬੋਲ-ਚਾਲ ਵਾਲੀ ਭਾਸ਼ਾ ਭਾਵ ਉੱਥੋਂ ਦੀ ਮਾਂ-ਬੋਲੀ ਦੀ ਬੜੀ ਅਹਿਮ ਮਹੱਤਤਾ ਹੁੰਦੀ ਹੈ। ਸਾਡੀ ਸਮਝ ਮੁਤਾਬਕ ਮਨੁੱਖ ਨੂੰ ਜਨਮ ਦੇਣ ਵਾਲੀ ਮਾਂ ਤੋਂ ਬਿਨਾਂ ਉਸ ਦੀਆਂ ਦੋ ਹੋਰ ਵੀ ਮਾਵਾਂ ਹੁੰਦੀਆਂ ਹਨ। ਉਹ ਹਨ ਮਾਂ-ਧਰਤੀ ਅਤੇ ਮਾਂ-ਬੋਲੀ, ਜਿਨ੍ਹਾਂ ਦਾ ਆਦਰ-ਸਤਿਕਾਰ ਕਰਨਾ ਮਨੁੱਖ ਦਾ ਇਖਲਾਕੀ ਫਰਜ਼ ਹੀ ਨਹੀਂ, ਸਗੋਂ ਸਭ ਤੋਂ ਵੱਡਾ ਧਰਮ ਵੀ ਬਣਦਾ ਹੈ। ਪਰ ਬੜੇ ਅਫਸੋਸ ਦੀ ਗੱਲ ਹੈ ਕਿ ਸਾਡੇ ਪੰਜਾਬੀਆਂ ਦਾ ਇਕ ਵੱਡਾ ਹਿੱਸਾ ਆਪਣੀ ਮਾਖਿਓਂ ਮਿੱਠੀ ਮਾਂ-ਬੋਲੀ ਪੰਜਾਬੀ ਨੂੰ ਆਪਣੇ ਮਨ-ਮੰਦਰ 'ਚੋਂ ਹੀ ਬੜੀ ਬੇਰਹਿਮੀ ਤੇ ਅਕ੍ਰਿਤਘਣਤਾ ਨਾਲ ਵਿਸਾਰਦਾ ਜਾ ਰਿਹਾ ਹੈ। ਇੱਥੇ ਆਮ ਹੀ ਦੇਖਿਆ ਜਾ ਸਕਦਾ ਹੈ ਕਿ ਵੱਡੀ ਤਾਦਾਦ 'ਚ ਖਾਸ ਕਰਕੇ ਇੱਥੇ ਪੜ੍ਹੇ-ਲਿਖੇ ਲੋਕ ਪੰਜਾਬੀ ਭਾਸ਼ਾ ਨੂੰ ਅਨਪੜ੍ਹਾਂ, ਗਵਾਰਾਂ ਤੇ ਪੇਂਡੂਆਂ ਦੀ ਬੋਲੀ ਸਮਝਦਿਆਂ ਆਮ ਤੌਰ 'ਤੇ ਅੰਗਰੇਜ਼ੀ ਜਾਂ ਹਿੰਦੀ ਬੋਲਣ/ਲਿਖਣ ਨੂੰ ਹੀ ਤਰਜੀਹ ਦਿੰਦੇ ਹਨ। ਪੰਜਾਬੀ ਬੋਲਣ/ਲਿਖਣ ਤੋਂ ਆਪਣੀ ਹੱਤਕ ਸਮਝਦਿਆਂ ਅਕਸਰ ਗੁਰੇਜ ਕਰਦੇ ਹਨ। ਅਸੀਂ ਹਿੰਦੀ, ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਦੇ ਖਿਲਾਫ ਨਹੀਂ ਹਾਂ। ਦੁਨੀਆ ਦੀ ਕੋਈ ਵੀ ਭਾਸ਼ਾ ਮਾੜੀ ਨਹੀਂ ਹੈ ਪਰ ਸਾਨੂੰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਸਾਡੇ ਸਿਰ ਦਾ ਅਸਲੀ ਤਾਜ਼ ਸਾਡੀ ਮਾਂ-ਬੋਲੀ ਪੰਜਾਬੀ ਹੈ। ਕਿਉਂਕਿ ਹਰ ਮਨੁੱਖ ਜਨਮ ਤੋਂ ਬਾਅਦ ਪਹਿਲਾ ਸ਼ਬਦ ਆਪਣੀ ਮਾਂ-ਬੋਲੀ 'ਚ ਹੀ ਬੋਲਣਾ ਸਿੱਖਦਾ ਹੈ। ਜਿਸ ਬੋਲੀ ਤੋਂ ਦੁਨੀਆ 'ਚ ਵਿਚਰਨ ਦੀ ਸ਼ੁਰੂਆਤ ਹੋਈ ਹੋਵੇ, ਜਿਸ ਬੋਲੀ 'ਚ ਬੋਲਣ, ਹੱਸਣ, ਖੇਡਣ, ਰੋਣ, ਗਾਉਣ ਦਾ ਮੁੱਢ ਬੱਝਿਆ ਹੋਵੇ, ਜਿਸ ਬੋਲੀ ਨਾਲ ਸਾਡੇ ਬਚਪਨ ਦੀਆਂ ਯਾਦਾਂ ਜੁੜੀਆਂ ਹੋਣ, ਵੱਡਿਆਂ ਹੋ ਕੇ, ਜ਼ਿਆਦਾ ਪੜ੍ਹ-ਲਿਖ ਜਾਣ 'ਤੇ ਜੇਕਰ ਉਸ ਬੋਲੀ ਨੂੰ ਬੋਲੀ ਸਮਝਣੋ ਹੀ ਮੁਨਕਰ ਹੋ ਜਾਈਏ ਤਾਂ ਸਾਡੇ ਤੋਂ ਵੱਡਾ ਕੋਈ ਅਹਿਸਾਨ ਫਰਾਮੋਸ਼ ਕੋਈ ਨਹੀਂ ਹੋਵੇਗਾ। ਬਾਕੀ ਪੰਜਾਬੀ ਬੋਲੀ ਦੀ ਨਿਘਾਰਤਾ ਲਈ ਵੱਡੀ ਤਰਾਸਦੀ ਦੀ ਗੱਲ ਇਹ ਵੀ ਹੈ ਕਿ ਸਾਡੀਆਂ ਸਰਕਾਰਾਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਦੀ ਮਨਸ਼ਾ ਨਾਲ ਸਮੇਂ-ਸਮੇਂ 'ਤੇ ਦਫਤਰਾਂ ਨੂੰ ਆਦੇਸ਼ ਤਾਂ ਜਾਰੀ ਕਰਦੀਆਂ ਰਹਿੰਦੀਆਂ ਹਨ ਪਰ ਇਨ੍ਹਾਂ ਹੁਕਮਾਂ ਦਾ ਬਹੁਤੇ ਸਰਕਾਰੀ ਬਾਬੂਆਂ 'ਤੇ ਕੋਈ ਅਸਰ ਹੁੰਦਾ ਦਿਖਾਈ ਨਹੀਂ ਦਿੰਦਾ। ਇੱਥੇ ਤਾਂ ਆਲਮ ਇਹ ਹੈ ਕਿ ਸੂਬੇ ਦੇ ਕਈ ਨਿੱਜੀ ਵਿੱਦਿਅਕ ਅਦਾਰਿਆਂ 'ਚ ਵਿਦਿਆਰਥੀਆਂ 'ਤੇ ਪੰਜਾਬੀ ਬੋਲਣ 'ਤੇ ਹੀ ਪਾਬੰਦੀ ਲਗਾਈ ਜਾਂਦੀ ਹੈ। ਹੋਰ ਤਾਂ ਹੋਰ, ਜਨਤਕ ਥਾਵਾਂ 'ਤੇ ਜਾਂ ਸੜਕ ਉੱਤੇ ਸਫਰ ਕਰਨ ਦੌਰਾਨ ਪੰਜਾਬੀ ਭਾਸ਼ਾ 'ਚ ਲਿਖੇ 'ਦਿਸ਼ਾ ਸੂਚਕਾਂ' 'ਚ ਅਨੇਕਾਂ ਗ਼ਲਤੀਆਂ ਅਕਸਰ ਦੇਖਣ ਨੂੰ ਮਿਲਦੀਆਂ ਰਹਿੰਦੀਆਂ ਹਨ। ਇਨ੍ਹਾਂ 'ਤੇ ਪਿੰਡਾਂ/ਸ਼ਹਿਰਾਂ ਦੇ ਨਾਂਅ ਗਲਤ ਲਿਖੇ ਹੋਏ ਹੁੰਦੇ ਹਨ। ਇਹ 'ਰਾਹ ਦਸੇਰਾ' ਜਿੱਥੇ ਪੰਜਾਬੀ ਬੋਲੀ ਦੀ ਸ਼ਰੇਆਮ ਖਿੱਲੀ ਉਡਾਉਂਦੇ ਹਨ, ਉੱਥੇ ਰਾਹਗੀਰਾਂ ਲਈ ਮੁਸੀਬਤਾਂ ਦਾ ਸਬੱਬ ਵੀ ਬਣਦੇ ਹਨ। ਸੋ, ਜਿੱਥੇ ਅਸੀਂ ਸੂਬਾ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਪਰੋਕਤ ਤੋਂ ਬਿਨਾਂ ਹੋਰ ਵੀ ਜਿੱਥੇ-ਜਿੱਥੇ ਖਾਮੀਆਂ ਹਨ, ਸਖ਼ਤੀ ਨਾਲ ਦੂਰ ਕਰਵਾ ਕੇ ਸਾਡੀ ਮਿੱਠੀ ਬੋਲੀ ਦਾ ਆਦਰ-ਸਤਿਕਾਰ ਬਹਾਲ ਕਰਵਾਇਆ ਜਾਵੇ, ਉਥੇ ਸਾਡਾ ਖੁਦ ਦਾ ਵੀ ਫਰਜ਼ ਬਣਦਾ ਹੈ ਕਿ ਅਸੀਂ ਸਾਰੇ ਰਲਮਿਲ ਕੇ ਆਪਣੀ ਮਾਂ-ਬੋਲੀ ਦਾ ਦੁਨੀਆ ਦੇ ਨਕਸ਼ੇ 'ਤੇ ਕੱਦ ਉੱਚਾ ਕਰਨ ਲਈ ਜੰਗੀ ਪੱਧਰ 'ਤੇ ਹੰਬਲੇ ਮਾਰੀਏ। ਇਸੇ ਵਿਚ ਹੀ ਸਾਡੀ ਸਭ ਦੀ ਭਲਾਈ ਅਤੇ ਵਡੱਪਣ ਹੈ।

-ਪਿੰਡ ਪੱਤੋ ਹੀਰਾ ਸਿੰਘ (ਮੋਗਾ)।
ਮੋਬਾ: 94638-93838


ਖ਼ਬਰ ਸ਼ੇਅਰ ਕਰੋ

ਔਰਤ ਪੰਚ ਤੇ ਸਰਪੰਚ ਪੰਚਾਇਤ ਦੀ ਜ਼ਿੰਮੇਵਾਰੀ ਖ਼ੁਦ ਸੰਭਾਲਣ

ਸਰਕਾਰ ਵਲੋਂ ਪਿਛਲੇ ਸਮੇਂ ਪੰਚਾਇਤੀ ਚੋਣਾਂ ਵਿਚ ਔਰਤਾਂ ਨੂੰ ਮਰਦਾਂ ਦੇ ਬਰਾਬਰ ਮਾਣ-ਸਨਮਾਨ ਦੇਣ ਲਈ ਉਨ੍ਹਾਂ ਲਈ 50 ਫੀਸਦੀ ਸੀਟਾਂ ਰਾਖਵੀਆਂ ਕਰਕੇ ਸੂਬੇ 'ਚ ਮਹਿਲਾ ਸਸ਼ਕਤੀਕਰਨ ਕਰਨ ਲਈ ਇਕ ਬਹੁਤ ਹੀ ਵੱਡਾ ਉਪਰਾਲਾ ਕੀਤਾ ਗਿਆ ਹੈ, ਪਰ ਕੀ ਔਰਤ ਸਰਕਾਰੇ-ਦਰਬਾਰੇ, ਕੋਰਟ-ਕਚਹਿਰੀ ਤੇ ਥਾਣਿਆਂ 'ਚ ਜਾ ਕੇ ਮਰਦ ਵਾਂਗ ਪਿੰਡ ਦੇ ਝਗੜੇ ਨਿਬੇੜ ਸਕੇਗੀ? ਇਹ ਇਕ ਬਹੁਤ ਹੀ ਵੱਡਾ ਸਵਾਲ ਹੈ। ਪਿਛਲੇ ਸਮਿਆਂ 'ਚ ਇਹ ਦੇਖਣ 'ਚ ਆਇਆ ਹੈ ਕਿ ਪਿੰਡ 'ਚ ਚੁਣੀਆਂ ਗਈਆਂ ਪੰਚ ਜਾਂ ਸਰਪੰਚ ਔਰਤਾਂ ਘਰ ਦੀ ਚਾਰਦੀਵਾਰੀ, ਮੋਹਰ ਲਾਉਣ ਜਾਂ ਅੰਗੂਠਾ-ਹਸਤਾਖਰ ਕਰਨ ਤੱਕ ਹੀ ਸੀਮਤ ਰਹੀਆਂ ਹਨ। ਭਾਵੇਂ ਇਸ ਵਾਰ ਬਹੁਤੇ ਪਿੰਡਾਂ 'ਚ ਔਰਤਾਂ ਹੀ ਪੰਚ ਜਾਂ ਸਰਪੰਚ ਬਣੀਆਂ ਹਨ ਪਰ ਹਰੇਕ ਥਾਂ 99 ਫੀਸਦੀ ਨਾਂਅ ਉਨ੍ਹਾਂ ਦੇ ਪੁੱਤਰ ਜਾਂ ਘਰਵਾਲੇ ਦਾ ਹੀ ਚਲਦਾ ਹੈ। ਪਿੰਡ ਦੇ ਬਹੁਤ ਲੋਕਾਂ ਨੂੰ ਤਾਂ ਨਵੀਂ ਬਣੀ ਪੰਚ ਜਾਂ ਸਰਪੰਚ ਔਰਤ ਦਾ ਨਾਂਅ ਵੀ ਪਤਾ ਨਹੀਂ ਹੁੰਦਾ, ਲੋਕ ਤਾਂ ਉਸ ਔਰਤ ਦੇ ਘਰਵਾਲੇ ਨੂੰ ਹੀ ਸਰਪੰਚ ਸਮਝੀ ਜਾਂਦੇ ਹਨ। ਅੱਜ ਇਕਾ-ਦੁੱਕਾ ਪਿੰਡ ਹੀ ਮਸਾਂ ਹੋਣਗੇ, ਜਿੱਥੇ ਔਰਤ ਮਰਦ ਦੇ ਬਰਾਬਰ ਸਰਪੰਚੀ ਕਰ ਰਹੀ ਹੈ, ਅਜਿਹਾ ਹੀ ਹਾਲ ਪੰਚ ਜਾਂ ਸਰਪੰਚ ਬਣੀਆਂ ਔਰਤਾਂ ਦਾ ਹੈ। ਪਿੰਡ 'ਚ ਪੰਚ ਜਾਂ ਸਰਪੰਚ ਬਣੀ ਔਰਤ ਪਿੰਡ ਦੇ ਝਗੜੇ ਹੱਲ ਕਰਨ ਲਈ ਆਪਣੇ ਪਤੀ ਜਾਂ ਪੁੱਤਰ ਨੂੰ ਹੀ ਭੇਜਦੀ ਹੈ। ਉਸ ਨੂੰ ਮਹਿਕਮੇ ਦੇ ਉੱਚ ਅਧਿਕਾਰੀਆਂ ਦਾ ਨਾਂਅ ਵੀ ਪਤਾ ਨਹੀਂ ਹੁੰਦਾ ਤੇ ਨਾ ਹੀ ਉਸ ਨੂੰ ਪਿੰਡ 'ਚ ਆਈ ਗ੍ਰਾਂਟ ਦਾ ਹਿਸਾਬ-ਕਿਤਾਬ ਹੁੰਦਾ ਹੈ, ਕਿਉਂਕਿ ਬੈਂਕਾਂ 'ਚੋਂ ਪੈਸੇ ਕਢਵਾਉਣ ਦਾ ਕੰਮ ਉਸ ਦਾ ਪਤੀ ਹੀ ਕਰਦਾ ਹੈ। ਪੰਚਾਇਤੀ ਚੋਣ ਲੜਨ ਲਈ ਵੀ ਘਰ ਦੇ ਮਰਦ ਮੈਂਬਰ ਹੀ ਅੱਗੇ ਹੋ ਕੇ ਚੋਣ ਲੜਦੇ ਹਨ ਤੇ ਜਦੋਂ ਔਰਤ ਚੋਣ ਜਿੱਤ ਜਾਂਦੀ ਹੈ ਤਾਂ ਪਿੰਡ ਦੇ ਫ਼ੈਸਲੇ, ਕਿਸੇ ਫੰਕਸ਼ਨ 'ਤੇ ਜਾਣਾ ਤੇ ਗ੍ਰਾਂਟਾਂ ਦੀ ਵੰਡ ਸਮੇਂ ਮਰਦ ਹੀ ਮੂਹਰੇ ਖੜ੍ਹਦਾ ਹੈ। ਸਰਕਾਰੇ-ਦਰਬਾਰੇ ਔਰਤ ਸਰਪੰਚਾਂ, ਐਮ. ਸੀ. ਬਲਾਕ ਸੰਮਤੀਆਂ ਦੇ ਮੈਂਬਰਾਂ ਤੇ ਚੇਅਰਪਰਸਨ ਔਰਤਾਂ ਦੀ ਥਾਂ ਉਨ੍ਹਾਂ ਦੇ ਪਤੀ ਹੀ ਜਾਂਦੇ ਹਨ ਤੇ ਉਨ੍ਹਾਂ ਦੇ ਜਾਅਲੀ ਦਸਤਖ਼ਤ ਕਰਦੇ ਹਨ। ਪਤਾ ਨਹੀਂ ਸਾਡੇ ਸਮਾਜ ਨੂੰ ਇਹ ਗੱਲ ਕਿਉਂ ਸਮਝ ਨਹੀਂ ਆਉਂਦੀ ਕਿ ਪਿੰਡ ਦੇ ਲੋਕਾਂ ਨੇ ਤਾਂ ਵੋਟਾਂ ਪਾ ਕੇ ਇਕ ਔਰਤ ਨੂੰ ਪੰਚ ਜਾਂ ਸਰਪੰਚ ਚੁਣਿਆ ਹੈ, ਫਿਰ ਉਹ ਉਸ ਔਰਤ ਨੂੰ ਅੱਗੇ ਕਿਉਂ ਨਹੀਂ ਆਉਣ ਦਿੰਦੇ? ਜੇਕਰ ਸਰਕਾਰ ਨੇ ਇਸ ਵਾਰ ਪਿੰਡ ਪੱਧਰ 'ਤੇ ਔਰਤਾਂ ਨੂੰ ਪੂਰਨ ਤੌਰ 'ਤੇ ਆਜ਼ਾਦੀ ਦਿੱਤੀ ਹੈ ਤੇ ਪੰਚਾਇਤੀ ਚੋਣਾਂ 'ਚ ਔਰਤਾਂ ਲਈ 50 ਫੀਸਦੀ ਰਾਖਵਾਂਕਰਨ ਕੀਤਾ ਹੈ ਤਾਂ ਉਨ੍ਹਾਂ ਨੂੰ ਸਮੇਂ-ਸਮੇਂ 'ਤੇ ਸਿਖਲਾਈ ਵੀ ਦਿੱਤੀ ਜਾਵੇ। ਔਰਤਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਰਪੰਚੀ ਖੁਦ ਕਰਨ ਤੇ ਪਿੰਡ ਦੀ ਤਰੱਕੀ 'ਚ ਆਪਣਾ ਅਹਿਮ ਯੋਗਦਾਨ ਪਾਉਣ। ਭਾਵੇਂ ਪਿੰਡਾਂ 'ਚ ਔਰਤ ਸਰਪੰਚਾਂ ਦੀ ਸਰਪੰਚੀ ਅਜੇ ਦੂਰ ਦੀ ਗੱਲ ਹੈ ਪਰ ਲੋੜ ਹੈ ਜਾਗਰੂਕ ਔਰਤਾਂ ਮਰਦਾਂ ਤੋਂ ਅੱਗੇ ਆ ਕੇ ਪੰਚਾਇਤ ਦੀ ਸਾਰੀ ਜ਼ਿੰਮੇਵਾਰੀ ਸੰਭਾਲਣ। ਕਾਫੀ ਸਮੇਂ ਤੋਂ ਸਰਪੰਚ ਬਣੀ ਔਰਤ ਦਾ ਘਰਵਾਲਾ ਸਰਪੰਚੀ ਕਰਦਾ ਆਇਆ ਹੈ, ਅੱਜ ਲੋੜ ਹੈ ਇਸ ਰੀਤ ਨੂੰ ਬਦਲਣ ਦੀ ਫਿਰ ਹੀ ਔਰਤ ਜ਼ਿੰਮੇਵਾਰੀ ਖੁਦ ਨਿਭਾਵੇਗੀ ਤੇ ਸਮਾਜ 'ਚ ਵਿਚਰ ਕੇ ਆਪਣੇ ਪਿੰਡ, ਪਰਿਵਾਰ ਤੇ ਆਪਣੇ ਹੱਕਾਂ ਪ੍ਰਤੀ ਆਵਾਜ਼ ਉਠਾਵੇਗੀ।

-ਪਿੰਡ ਸੋਹੀਆਂ, ਡਾਕ: ਚੀਮਾ ਖੁੱਡੀ, ਤਹਿ: ਬਟਾਲਾ, ਜ਼ਿਲ੍ਹਾ ਗੁਰਦਾਸਪੁਰ।

ਨਸ਼ਿਆਂ ਦੇ ਖ਼ਾਤਮੇ ਲਈ ਰਲ-ਮਿਲ ਹੰਭਲਾ ਮਾਰਨ ਦੀ ਲੋੜ

ਅੱਜਕਲ੍ਹ ਸੋਸ਼ਲ ਮੀਡੀਆ 'ਤੇ ਨਸ਼ੇ ਦਾ ਸੇਵਨ ਕਰਦੀਆਂ ਲੜਕੀਆਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ ਹਨ, ਜੋ ਸਮਾਜ ਲਈ ਵੱਡੀ ਚਿੰਤਾ ਦਾ ਵਿਸ਼ਾ ਹਨ। ਇਨ੍ਹਾਂ ਦੀ ਕੁੱਖੋਂ ਹੀ ਦੇਸ਼ ਦੇ ਮਹਾਨ ਸੂਰਬੀਰ, ਯੋਧੇ, ਦੇਸ਼ ਭਗਤ, ਜਰਨੈਲ, ਮਾਈ ਭਾਗੋ ਵਰਗੀਆਂ ਔਲਾਦਾਂ ਨੇ ਜਨਮ ਲਿਆ ਹੈ। ਜਿਸ ਤਰ੍ਹਾਂ ਇਹ ਲੜਕੀਆਂ ਅੱਜ ਨਸ਼ੇ ਦੀ ਲਤ ਵਿਚ ਲਗਦੀਆਂ ਜਾ ਰਹੀਆਂ ਹਨ ਤਾਂ ਇਹ ਕੱਲ੍ਹ ਨੂੰ ਕਿਹੋ ਜਿਹੀਆਂ ਔਲਾਦਾਂ ਨੂੰ ਜਨਮ ਦੇਣਗੀਆਂ? ਚਿੱਟੇ ਦੇ ਨਸ਼ੇ ਨੇ ਬੇਗਿਣਤ ਨੌਜਾਵਾਨਾਂ ਨੂੰ ਵੱਡੇ ਪੱਧਰ 'ਤੇ ਆਪਣੀ ਲਪੇਟ ਵਿਚ ਜਕੜਿਆ ਹੋਇਆ ਹੈ। ਬੇਰੁਜ਼ਗਾਰੀ ਦੀ ਮਾਰ ਕਰਕੇ ਵੀ ਪੜ੍ਹੇ-ਲਿਖੇ ਨੌਜਵਾਨ ਨਸ਼ੇ ਦੀ ਆਦਤ ਦਾ ਸ਼ਿਕਾਰ ਬਣਦੇ ਜਾ ਰਹੇ ਹਨ। ਮਾਪੇ ਆਪਣੇ ਬੱਚਿਆਂ ਦਾ ਉੱਜਵਲ ਭਵਿੱਖ ਬਣਾਉਣ ਲਈ 12 ਕਲਾਸ ਪਾਸ ਕਰਨ ਉਪਰੰਤ ਪੰਜਾਬ ਵਿਚ ਬਣੇ ਇਸ ਭਿਆਨਕ ਮਾਹੌਲ ਦੇ ਡਰ ਕਾਰਨ ਹੀ ਬਾਹਰ ਲੱਖਾਂ ਰੁਪਏ ਲਗਾ ਕੇ ਭੇਜ ਰਹੇ ਹਨ। ਉਨ੍ਹਾਂ ਨੂੰ ਜ਼ਿਆਦਾ ਡਰ ਇਹੋ ਸਤਾਉਂਦਾ ਹੈ ਕਿ ਇਥੇ ਔਲਾਦ ਕੁਰਾਹੇ ਨਾ ਪੈ ਜਾਵੇੇ। ਨਸ਼ੇ ਨੂੰ ਖਤਮ ਕਰਨ ਲਈ ਵਿੱਢੀ ਗਈ ਮੁਹਿੰਮ ਦੇ ਅਜੇ ਤੱਕ ਸਾਰਥਕ ਨਤੀਜੇ ਸਾਹਮਣੇ ਨਹੀਂ ਆ ਰਹੇ, ਜੋ ਕਿ ਵੱਡੀ ਤ੍ਰਾਸਦੀ ਹੈ। ਨਸ਼ੇ ਦੇ ਵੱਡੇ ਕਾਰੋਬਾਰ ਕਰਨ ਵਾਲੇ ਤਸਕਰ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਨਸ਼ਾ ਤਸਕਰਾਂ ਨਾਲ ਪੁਲਿਸ ਦੀ ਕਥਿਤ ਤੌਰ 'ਤੇ ਮਿਲੀਭੁਗਤ ਹੋਣ ਦੇ ਦੋਸ਼ ਵੀ ਲਗਦੇ ਰਹਿੰਦੇ ਹਨ। ਨਸ਼ੇ ਨੂੰ ਪੂਰਨ ਤੌਰ 'ਤੇ ਬੰਦ ਕਰਨ ਦਾ ਸਾਰਾ ਬਿੰਦੂ ਪੁਲਿਸ ਦੇ ਆਲੇ-ਦੁਆਲੇ ਘੁੰਮਦਾ ਹੈ।
ਨਸ਼ੇ ਨੂੰ ਖਤਮ ਕਰਨਾ ਤਾਂ ਹੀ ਸੰਭਵ ਹੋ ਸਕਦਾ ਹੈ ਜੇਕਰ ਪਹਿਲਾਂ ਪੁਲਿਸ ਵਿਭਾਗ ਵਿਚਲੇ ਨਸ਼ਾ ਤਸਕਰਾਂ ਨਾਲ ਸਬੰਧ ਰੱਖਣ ਵਾਲੇ ਅਤੇ ਨਸ਼ਾ ਕਰਨ ਵਾਲੀਆਂ ਕਾਲੀਆਂ ਭੇਡਾਂ 'ਤੇ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਸ਼ਰੇਆਮ ਨਸ਼ੇ ਦੇ ਸੌਦਾਗਰਾਂ ਵਲੋਂ ਵੇਚੇ ਜਾਂਦੇ ਨਸ਼ੇ ਦੀ ਇਤਲਾਹ ਪੁਲਿਸ ਨੂੰ ਦੇਣ ਤੋਂ ਲੋਕ ਕੰਨੀ ਕਤਰਾਉਂਦੇ ਹਨ, ਕਿਉਂਕਿ ਪੁਲਿਸ ਦੀ ਮਿਲੀਭੁਗਤ ਹੋਣ ਕਰਕੇ ਤਸਕਰਾਂ ਨੂੰ ਪਹਿਲਾਂ ਹੀ ਜਾਣਕਾਰੀ ਪਹੁੰਚ ਜਾਂਦੀ ਹੈ ਕਿ ਸ਼ਿਕਾਇਤਕਰਤਾ ਕੌਣ ਹੈ। ਤਸਕਰਾਂ ਵਲੋਂ ਸ਼ਰੇਆਮ ਉਸ ਵਿਅਕਤੀ 'ਤੇ ਹਮਲਾ ਕੀਤਾ ਜਾਂਦਾ ਹੈ। ਪੁਲਿਸ ਦੀ ਕਾਰਗੁਜ਼ਾਰੀ ਤੋਂ ਸਭ ਲੋਕ ਭਲੀਭਾਂਤ ਜਾਣੂ ਹਨ। ਪੰਜਾਬ ਵਿਚ ਅਜਿਹੀ ਨੌਬਤ ਆ ਚੁੱਕੀ ਹੈ ਕਿ ਲੜਕੀਆਂ ਦਾ ਵਿਆਹ ਕਰਨਾ ਮੁਸ਼ਕਿਲ ਹੋਇਆ ਪਿਆ ਹੈ, ਕਿਉਂਕਿ ਨਸ਼ੇ ਤੋਂ ਰਹਿਤ ਲੜਕੇ ਲੱਭਣੇ ਵੀ ਔਖੇ ਹੋਏ ਪਏ ਹਨ ਅਤੇ ਕਈ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਫੈਸਲਾ ਕੀਤਾ ਗਿਆ ਹੈ ਕਿ ਲੜਕੇ ਦਾ ਵਿਆਹ ਤੋਂ ਪਹਿਲਾਂ ਡੋਪ ਟੈਸਟ ਕਰਵਾਇਆ ਜਾਵੇ। ਪੰਜਾਬ ਦਾ ਭਵਿੱਖ ਨੌਜਵਾਨ ਪੀੜ੍ਹੀ ਨਸ਼ੇ ਤੋਂ ਬਚਣੀ ਤਾਂ ਹੀ ਸੰਭਵ ਹੈ ਜੇ ਮੁਕੰਮਲ ਤੌਰ 'ਤੇ ਨਸ਼ੇ ਦੀ ਰੋਕਥਾਮ ਹੋਵੇ। ਸਰਕਾਰ ਨੂੰ ਨਸ਼ੇ ਬੰਦ ਕਰਨ ਲਈ ਸੰਜੀਦਗੀ ਨਾਲ ਕਦਮ ਚੁੱਕਣ ਦੀ ਲੋੜ ਹੈ।

-ਮੋਬਾ: 98767-85672

ਨੈਤਿਕਤਾ ਤੇ ਅਨੁਸ਼ਾਸਨ : ਅਧਿਆਪਕ ਦੀ ਸ਼ਖ਼ਸੀਅਤ ਦਾ ਅਨਿੱਖੜਵਾਂ ਅੰਗ

ਅਨੁਸ਼ਾਸਨ ਦੀ ਘਾਟ ਨੇ ਪੰਜਾਬ 'ਚ ਉਚੇਰੀ ਅਤੇ ਸਕੂਲ ਸਿੱਖਿਆ ਦਾ ਜੋ ਨੁਕਸਾਨ ਕੀਤਾ ਹੈ, ਉਸ ਨੂੰ ਸ਼ਬਦਾਂ 'ਚ ਬਿਆਨ ਕਰਨਾ ਔਖਾ ਹੈ। ਡਿਊਟੀ 'ਤੇ ਦੇਰ ਨਾਲ ਆਉਣ ਅਤੇ ਪਹਿਲਾਂ ਚਲੇ ਜਾਣ ਦੇ ਰੁਝਾਨ ਨੇ ਮਿਹਨਤ ਨਾਲ ਪੜ੍ਹਾਉਣ ਵਾਲੇ ਅਧਿਆਪਕਾਂ ਦੇ ਹੌਸਲੇ ਵੀ ਪਸਤ ਕਰ ਦਿੱਤੇ ਹਨ। ਵੱਡੇ ਲੋਕਾਂ ਨਾਲ ਯਾਰੀਆਂ ਦਾ ਫਾਇਦਾ ਲੈ ਕੇ ਅਧਿਆਪਕ ਵਰਗ ਆਪਣੇ-ਆਪ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਤੋਂ ਬਚਾਉਂਦਾ ਆ ਰਿਹਾ ਹੈ। ਸਕੂਲ 'ਚ ਵਿਦਿਆਰਥੀਆਂ ਨੂੰ ਜ਼ਿੰਦਗੀ ਦੇ ਅਹਿਮ ਸਬਕ ਸਿਖਾਉਣ ਵਾਲੇ ਨੈਤਿਕ ਪੱਖੋਂ ਖੋਖਲੇ ਅਧਿਆਪਕ ਨੂੰ ਅਧਿਆਪਕ ਕਹਿਣਾ ਵੀ ਗਲਤ ਹੈ। ਅਧਿਆਪਨ ਦੇ ਪਵਿੱਤਰ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਨਿੱਗਰ ਸੋਚ ਦੀ ਲੋੜ ਹੁੰਦੀ ਹੈ। ਅਧਿਆਪਕ ਉਹ ਵਿਅਕਤੀ ਹੈ ਜੋ ਕੌਮਾਂ ਅਤੇ ਧਰਮਾਂ ਨੂੰ ਪ੍ਰਫੁੱਲਿਤ ਕਰਨ ਦਾ ਸਭ ਤੋਂ ਵੱਡਾ ਜ਼ਰੀਆ ਹੁੰਦਾ ਹੈ। ਅਧਿਆਪਕ ਚਾਹੁਣ ਤਾਂ ਵਿਦਿਆਰਥੀਆਂ ਨੂੰ ਦੇਸ਼ ਦੀ ਤਰੱਕੀ ਦੇ ਥੰਮ੍ਹ ਬਣਾ ਸਕਦੇ ਹਨ। ਮਾਪਿਆਂ ਨਾਲੋਂ ਅਧਿਆਪਕ ਦਾ ਸਿਖਾਇਆ ਵਿਦਿਆਰਥੀ ਜ਼ਿਆਦਾ ਸਿੱਖਦਾ ਹੈ, ਉਹ ਅਧਿਆਪਕ ਨੂੰ ਇਕ ਗੁਰੂ ਮੰਨ ਕੇ ਉਸ ਦੀ ਗੱਲ 'ਤੇ ਜ਼ਿਆਦਾ ਅਮਲ ਕਰਦਾ ਹੈ। ਗਲਤ ਸੋਚ ਵਾਲਾ ਅਧਿਆਪਕ ਵਿਦਿਆਰਥੀਆਂ ਨੂੰ ਜ਼ਿੰਦਗੀ 'ਚ ਚੰਗਾ ਮਾਰਗ ਨਹੀਂ ਦਿਖਾ ਸਕਦਾ, ਕਿਉਂਕਿ ਉਸ ਦੀ ਨਕਾਰਾਤਮਕ ਸੋਚ ਉਸ ਨੂੰ ਅਜਿਹਾ ਨਹੀਂ ਕਰਨ ਦੇਵੇਗੀ, ਉਹ ਪੜ੍ਹਾਏਗਾ ਵੀ ਨਹੀਂ, ਆਨੇ-ਬਹਾਨੇ ਸਮਾਂ ਟਪਾਉਂਦਾ ਹੋਇਆ ਵਿਦਿਆਰਥੀਆਂ ਨਾਲ ਇਕ ਤਰ੍ਹਾਂ ਦਾ ਧੋਖਾ ਕਰੇਗਾ। ਕੁਝ ਦਿਨ ਪਹਿਲਾਂ ਇਕ ਆਈ. ਟੀ. ਆਈ. 'ਚ ਅਧਿਆਪਕਾਂ ਵਲੋਂ ਇਕ-ਦੂਜੇ 'ਤੇ ਗੈਂਤੀਆਂ, ਇੱਟਾਂ ਨਾਲ ਕੀਤੇ ਹਮਲੇ ਨੇ ਸਿੱਖਿਆ ਢਾਂਚੇ ਅਤੇ ਅਧਿਆਪਕ ਵਰਗ ਲਈ ਵੱਡੇ ਪ੍ਰਸ਼ਨ ਖੜ੍ਹੇ ਕਰ ਦਿੱਤੇ ਹਨ। ਲੜਾਈ ਕਰ ਰਹੇ ਅਧਿਆਪਕਾਂ ਦੀ ਵਿਦਿਆਰਥੀ ਮੋਬਾਈਲ 'ਤੇ ਵੀਡੀਓ ਬਣਾਉਂਦੇ ਨਜ਼ਰ ਆ ਰਹੇ ਹਨ। ਇਸ ਤੋਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ? ਅੱਜ ਪੰਜਾਬ 'ਚ ਨਸ਼ਿਆਂ ਵਰਗੀ ਭਿਆਨਕ ਬਿਮਾਰੀ ਨੂੰ ਰੋਕਣ ਲਈ ਅਧਿਆਪਕ ਵਰਗ ਅਹਿਮ ਭੂਮਿਕਾ ਨਿਭਾ ਸਕਦਾ ਹੈ ਪਰ ਅਧਿਆਪਕਾਂ ਦਾ ਆਪਣੇ-ਆਪ ਨੂੰ ਗਲਤ ਸੋਚ ਦਾ ਧਾਰਨੀ ਬਣਾਉਣਾ ਇਕ ਹੋਰ ਮਾਨਸਿਕ ਬਿਮਾਰੀ ਦਾ ਪਸਾਰਾ ਕਰ ਰਿਹਾ ਹੈ। ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸਰਕਾਰੀ ਕਾਲਜਾਂ ਅਤੇ ਸਕੂਲਾਂ ਦੇ ਕਲਾਸ ਰੂਮਾਂ 'ਚ ਸੀ.ਸੀ.ਟੀ.ਵੀ. ਕੈਮਰੇ ਲਗਾਏ ਅਤੇ ਅਧਿਆਪਕਾਂ ਨੂੰ ਸਮੇਂ ਦਾ ਪਾਬੰਦ ਕਰਨ ਲਈ ਬਾਇਓਮੈਟ੍ਰਿਕ ਹਾਜ਼ਰੀ ਦੀ ਵਿਵਸਥਾ ਕਰੇ, ਜਿਸ ਨਾਲ ਅਧਿਆਪਕ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਦਾ ਪਾਬੰਦ ਹੋਵੇਗਾ। ਉਚੇਰੀ ਸਿੱਖਿਆ ਅਤੇ ਸਕੂਲ ਸਿੱਖਿਆ ਦੇ ਅਫਸਰ ਸਾਹਿਬਾਨ ਸਮੇਂ-ਸਮੇਂ 'ਤੇ ਸਕੂਲਾਂ ਦਾ ਨਿਰੀਖਣ ਕਰਨ ਅਤੇ ਵਿਦਿਆਰਥੀਆਂ ਨਾਲ ਸਿੱਧੀ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਸੰਸਥਾ ਦੇ ਅਕਾਦਮਿਕ ਵਾਤਾਵਰਨ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਸ਼ ਕਰਨ। ਅਜਿਹਾ ਕਰਨ ਨਾਲ ਅਫਸਰਸ਼ਾਹੀ ਦਾ ਸਿੱਧਾ ਸੰਪਰਕ ਅਧਿਆਪਕਾਂ ਦੇ ਨਾਲ-ਨਾਲ ਵਿਦਿਆਰਥੀਆਂ ਨਾਲ ਵੀ ਰਹੇਗਾ। ਕਿਸੇ ਨੂੰ ਸਿਖਾਉਣ ਤੋਂ ਪਹਿਲਾਂ ਵਿਅਕਤੀ ਦਾ ਆਪ ਸਿੱਖਿਅਤ ਹੋਣਾ ਜ਼ਿਆਦਾ ਜ਼ਰੂਰੀ ਹੈ, ਅਜਿਹਾ ਨਾ ਹੋਣ ਦੀ ਹਾਲਤ 'ਚ ਉਹ ਮਹਿਜ਼ ਖਾਨਾਪੂਰਤੀ ਕਰਦਾ ਹੈ, ਜਿਸ ਦਾ ਸੁਣਨ ਵਾਲੇ ਨੂੰ ਕੋਈ ਲਾਭ ਨਹੀਂ ਹੁੰਦਾ। ਅਧਿਆਪਕਾਂ ਵਲੋਂ ਆਪਣੇ ਵਤੀਰੇ 'ਚ ਲਿਆਂਦਾ ਅਨੁਸ਼ਾਸਨ, ਨੈਤਿਕਤਾ ਅਤੇ ਸਮੇਂ ਦੀ ਪਾਬੰਦੀ ਦੀ ਭਾਵਨਾ ਵਿਦਿਆਰਥੀਆਂ ਦੇ ਭਵਿੱਖ ਲਈ ਮੀਲ ਪੱਥਰ ਸਾਬਤ ਹੋ ਸਕਦੀ ਹੈ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ,
ਜ਼ਿਲ੍ਹਾ ਸ੍ਰੀ ਫ਼ਤਹਿਗੜ੍ਹ ਸਾਹਿਬ। ਮੋਬਾ: 94784-60084

ਸੱਭਿਅਕ ਸਮਾਜ ਲਈ ਜ਼ਰੂਰੀ ਹੈ ਸੇਵਾ ਭਾਵਨਾ ਤੇ ਮਿਲਵਰਤਨ

ਪਿਛਲੇ ਕਾਫੀ ਸਮੇਂ ਤੋਂ ਸੁਣਨ ਨੂੰ ਮਿਲ ਰਿਹਾ ਸੀ ਕਿ ਪੰਜਾਬ ਵਿਚ ਨਸ਼ਿਆਂ ਦਾ ਬੋਲਬਾਲਾ ਹੈ। ਨੌਜਵਾਨ ਪੀੜ੍ਹੀ ਨਸ਼ੇ ਨੇ ਰੋੜ੍ਹ ਦਿੱਤੀ ਹੈ। ਪੰਜਾਬ ਦੇ ਅਣਖੀਲੇ ਗੱਭਰੂ ਨਸ਼ੇ 'ਤੇ ਲੱਗੇ ਹੋਏ ਹਨ। ਬਾਹਰਲੇ ਮੁਲਕ ਤੋਂ ਵੀ ਕਿਸੇ ਨੇ ਆਉਣਾ ਤਾਂ ਉਹਨੇ ਵੀ ਇਹੀ ਕਹਿਣਾ ਇਥੇ ਮਿਲਾਵਟਖੋਰੀ, ਨਸ਼ੇ ਆਦਿ ਅਨੇਕਾਂ ਸਮੱਸਿਆਵਾਂ ਹਨ। ਅਸੀਂ ਵੀ ਮਨ ਮਸੋਸ ਕੇ ਸਭ ਸੁਣੀ ਜਾਣਾ ਪਰ ਜਦੋਂ ਦੇ ਹੜ੍ਹ ਆਏ ਹਨ, ਦਇਆ ਭਾਵਨਾ ਵਾਲੀ ਤਾਂ ਕਮਾਲ ਹੀ ਹੋ ਗਈ ਹੈ। ਲੋਕ ਟਰਾਲੀਆਂ, ਟਰੱਕ ਭਰ-ਭਰ ਕੇ ਸਾਮਾਨ ਤੋਰ ਰਹੇ ਹਨ। ਆਟਾ, ਚਾਹ, ਖੰਡ ਅਤੇ ਹੋਰ ਖਾਧ ਪਦਾਰਥਾਂ ਦਾ ਢੇਰ ਲੱਗਾ ਪਿਆ ਹੈ। ਰਾਸ਼ਨ, ਮੱਝਾਂ, ਖਲ, ਦਾਣਿਆਂ ਨਾਲ ਟਰਾਲੀਆਂ ਭਰੀਆਂ ਪਈਆਂ ਹਨ, ਉਥੇ ਖੜ੍ਹਾਉਣ ਨੂੰ ਜਗ੍ਹਾ ਨਹੀਂ ਮਿਲ ਰਹੀ। ਸੁਣਨ ਵਿਚ ਆਇਆ ਕਿ ਪਾਣੀ ਵਿਚ ਜਾਣ ਲਈ ਬੇੜੀਆਂ ਨਹੀਂ ਸਨ। ਉਦੋਂ ਹੀ ਇਕ ਭਲੇ ਮਾਨਸ ਨੇ ਢਾਈ ਲੱਖ ਦੀ ਬੇੜੀ ਲੈ ਕੇ ਦਿੱਤੀ। 2-3 ਦਿਨਾਂ ਵਿਚ ਹੋਰ 8-10 ਕਿਸ਼ਤੀਆਂ ਆ ਗਈਆਂ। ਲੋਕ ਅੰਨੇਵਾਹ ਦਿਨ-ਰਾਤ ਸੇਵਾ ਕਰਨ ਲੱਗੇ ਹੋਏ ਹਨ। ਜਿਹੜੇ ਨੌਜਵਾਨਾਂ ਨੂੰ ਨਸ਼ੇੜੀ ਦੱਸਦੇ ਸੀ, ਅੱਜ ਉਹ ਸਭ ਤੋਂ ਮੂਹਰੇ ਹੋ ਕੇ ਭੱਜੇ ਫਿਰਦੇ ਹਨ। ਖਾਣਾ ਖਾਣ ਵਾਲੇ 40-50 ਹਜ਼ਾਰ ਹਨ ਪਰ ਉਥੇ ਲੱਖਾਂ ਬੰਦਿਆਂ ਦਾ ਰਾਸ਼ਨ ਪਹੁੰਚ ਚੁੱਕਾ ਹੈ। ਬਾਬਾ ਸੀਚੇਵਾਲ, ਰਵੀ ਸਿੰਘ ਖਾਲਸਾ ਏਡ ਅਤੇ ਹੋਰ ਅਨੇਕਾਂ ਹੀ ਸੰਸਥਾਵਾਂ, ਜਿਨ੍ਹਾਂ ਵਿਚ ਲੜਕੀਆਂ ਵੀ ਸ਼ਾਮਿਲ ਹਨ, ਉਥੇ ਪਹੁੰਚ ਕੇ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਅੱਜ ਦੇ ਹਾਲਾਤ ਦੇਖ ਕੇ ਤਾਂ ਇਸ ਤਰ੍ਹਾਂ ਲਗਦਾ ਹੈ ਕਿ ਸਾਡੇ ਲੋਕਾਂ ਦੇ ਜਜ਼ਬਿਆਂ ਵਿਚ ਭੋਰਾ ਕਮੀ ਨਹੀਂ ਆਈ। ਇਥੇ ਇਕ ਗੱਲ ਬੜੀ ਹੈਰਾਨੀ ਵਾਲੀ ਹੈ ਕਿ ਪੂਰੀ ਦੁਨੀਆ ਵਿਚ ਜਦੋਂ ਕਿਸੇ ਥਾਂ ਵੀ ਕੁਦਰਤੀ ਕਰੋਪੀ ਜਾਂ ਉਥੇ ਬੰਬ ਹੀ ਕਿਉਂ ਨਾ ਡਿਗ ਰਹੇ ਹੋਣ, ਪੰਜਾਬੀ ਝੱਟ ਹੀ ਉਸ ਜਗ੍ਹਾ ਜਾ ਕੇ ਰਾਸ਼ਨ ਜਾਂ ਹੋਰ ਸਮੱਗਰੀ ਦੀ ਪਹੁੰਚ ਕਰਦੇ ਹਨ। ਪਰ ਹੁਣ ਜਦੋਂ ਪੰਜਾਬ ਵਿਚ ਕਰੋਪੀ ਆਈ ਤਾਂ ਬਾਹਰੋਂ ਕੋਈ ਹੋਰ ਪੰਜਾਬ ਵਿਚ ਨਹੀਂ ਪਹੁੰਚਿਆ। ਸ਼ਾਇਦ ਪੰਜਾਬੀ ਇਸ ਲਈ ਹੀ ਸਭ ਤੋਂ ਅਲੱਗ ਅਤੇ ਸਿਰਕੱਢ ਕੌਮ ਹੈ। ਅਰਦਾਸ ਵਿਚ ਵੀ ਹਮੇਸ਼ਾ 'ਸਰਬੱਤ ਦਾ ਭਲਾ' ਹੀ ਮੰਗਿਆ ਜਾਂਦਾ ਹੈ। ਬਸ, ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਾਡੀ ਕੌਮ ਨੂੰ ਉਨ੍ਹਾਂ ਡਿੱਜਾ ਕੋਈ ਯੋਗ ਨੇਤਾ ਨਹੀਂ ਮਿਲਿਆ, ਜੋ ਇਸ ਕੌਮ ਨੂੰ ਇਕ ਧਾਗੇ ਵਿਚ ਪਰੋ ਕੇ ਰੱਖ ਸਕਦਾ। ਬਸ, ਪੰਜਾਬੀਆਂ ਅੱਗੇ ਇਕੋ ਬੇਨਤੀ ਹੈ ਕਿ ਸੇਵਾ ਭਾਵਨਾ ਵਾਲਾ ਜਜ਼ਬਾ ਏਦਾਂ ਹੀ ਬਣਾਈ ਰੱਖਿਓ। ਦੇਣ ਵਾਲੇ ਹੱਥ ਕਦੇ ਨਹੀਂ ਮੁੱਕਦੇ ਹੁੰਦੇ।

-ਸਾਇੰਸ ਅਧਿਆਪਕ, ਗੁਰੂ ਨਾਨਕ ਪਬਲਿਕ ਸਕੂਲ, ਲੁਧਿਆਣਾ। ਮੋਬਾ: 99143-21818

ਫੁੱਲਾਂ ਦੀ ਬੇਕਦਰੀ

ਖਿੜਿਆ ਹੋਇਆ ਫੁੱਲ ਖੁਸ਼ੀ, ਖੇੜਾ, ਅਨੰਦ, ਤਾਜ਼ਗੀ, ਸੁਗੰਧੀ, ਪਵਿੱਤਰਤਾ ਅਤੇ ਸੁੰਦਰਤਾ ਦਾ ਪ੍ਰਤੀਕ ਹੈ। ਸਾਡੇ ਦੇਸ਼ ਵਿਚ ਕੁਦਰਤ ਦੀ ਇਸ ਅਨਮੋਲ ਦਾਤ ਅਤੇ ਦੁਨੀਆ ਭਰ ਵਿਚ ਵਿਲੱਖਣ ਸੁਗੰਧੀ ਰੱਖਣ ਵਾਲੇ ਫੁੱਲਾਂ ਦੀ ਕਦਰ ਕਰਨ ਦੀ ਕੋਈ ਰਵਾਇਤ ਨਹੀਂ ਹੈ। ਅਸੀਂ ਫੁੱਲਾਂ ਨੂੰ ਆਪਣੇ ਰੋਜ਼ਮਰ੍ਹਾ ਦੇ ਜੀਵਨ ਵਿਚ ਕੋਈ ਖਾਸ ਤਵੱਜੋ ਨਹੀਂ ਦਿੰਦੇ, ਤਾਂ ਹੀ ਤਾਂ ਸਾਡੇ ਦੇਸ਼ ਵਿਚ ਫੁੱਲਾਂ ਦੀ ਖੇਤੀ ਵੱਡੀ ਪੱਧਰ 'ਤੇ ਨਹੀਂ ਹੁੰਦੀ ਅਤੇ ਫੁੱਲਾਂ ਦੀਆਂ ਦੁਕਾਨਾਂ ਕੇਵਲ ਧਾਰਮਿਕ ਸਥਾਨਾਂ ਜਾਂ ਸ਼ਮਸ਼ਾਨਘਾਟ ਦੇ ਕੋਲ ਹੀ ਹੁੰਦੀਆਂ ਹਨ, ਕਿਉਂਕਿ ਇਨ੍ਹਾਂ ਫੁੱਲਾਂ ਨੂੰ ਅਸੀਂ ਵਰਤਦੇ ਹੀ ਧਾਰਮਿਕ ਆਸਥਾ ਲਈ ਜਾਂ ਸ਼ਰਧਾਂਜਲੀ ਦੇਣ ਲਈ ਹਾਂ। ਅਜਿਹੇ ਕਾਰਜਾਂ ਲਈ ਵਰਤੇ ਗਏ ਫੁੱਲ ਵੀ ਥੋੜ੍ਹੀ ਦੇਰ ਬਾਅਦ ਗਲੀਆਂ, ਕੂੜੇ ਦੇ ਢੇਰਾਂ 'ਤੇ ਸੁੱਟੇ ਹੋਏ ਮਿਲਦੇ ਹਨ। ਹਿੰਦੀ ਦੀ ਪ੍ਰਸਿੱਧ ਕਵਿੱਤਰੀ ਮਹਾਂਦੇਵੀ ਵਰਮਾ ਦੀ ਰਚਨਾ 'ਮੁਰਝਾਇਆ ਫੂਲ' ਸਾਡੀ ਫੁੱਲਾਂ ਪ੍ਰਤੀ ਅਪਣਾਈ ਬੇਰੁਖ਼ੀ ਵੱਲ ਇਸ਼ਾਰਾ ਕਰਦੀ ਹੈ। ਸਾਡੇ ਮੁਕਾਬਲੇ ਯੂਰਪੀਅਨ ਲੋਕਾਂ ਨੇ ਖਾਣੇ ਦੀ ਮੇਜ਼, ਆਪਣੇ ਪਿਆਰਿਆਂ ਨੂੰ ਮਨਾਉਣ ਅਤੇ ਪਿਆਰ ਦਾ ਇਜ਼ਹਾਰ ਕਰਨ, ਘਰਾਂ ਦੀ ਸਜਾਵਟ, ਘਰੇਲੂ ਬਗੀਚੀ ਅਤੇ ਕੋਟ ਆਦਿ 'ਤੇ ਸਜਾਉਣ ਲਈ ਫੁੱਲਾਂ ਨਾਲ ਮੁਹੱਬਤ ਕਰਨ ਨੂੰ ਸਵੈ-ਸਿਰਜਿਤ ਕਰਮ ਬਣਾਇਆ ਹੋਇਆ ਹੈ। ਉਹ ਖਿੜੇ ਹੋਏ ਫੁੱਲ ਦੀ ਤਰ੍ਹਾਂ ਖੁਸ਼ਗਵਾਰ ਜ਼ਿੰਦਗੀ ਬਤੀਤ ਕਰਨ ਵਿਚ ਵਿਸ਼ਵਾਸ ਰੱਖਦੇ ਹਨ। ਅਜੇ ਤੱਕ ਅਸੀਂ ਇਹ ਹੀ ਨਹੀਂ ਸਮਝ ਸਕੇ ਕਿ ਖਿੜਿਆ ਫੁੱਲ ਸਾਨੂੰ ਕੁਦਰਤ ਦੇ ਗੁੱਝੇ ਭੇਦ ਸਿਖਾਉਂਦਾ ਹੈ। ਫੁੱਲ ਅਧਿਆਤਮਕ ਪੱਖ ਤੋਂ ਵੀ ਸਿਖਾਉਂਦਾ ਹੈ ਕਿ ਭਾਵੇਂ ਥੋੜ੍ਹਾ ਜੀਵਨ ਬਤੀਤ ਕਰੋ ਪਰ ਹਮੇਸ਼ਾ ਸਮੁੱਚੀ ਕਾਇਨਾਤ ਨੂੰ ਸਕੂਨ ਦੇਣ ਅਤੇ ਖਿੜ ਕੇ ਮਹਿਕਾਂ ਵੰਡਦੇ ਰਹਿਣਾ ਚਾਹੀਦਾ ਹੈ।

-ਆਨੰਦ ਨਗਰ-ਬੀ, ਪਟਿਆਲਾ।
ਮੋਬਾ: 98140-71033

ਦੁਰਘਟਨਾਵਾਂ ਹੋਣ ਤੋਂ ਬਾਅਦ ਹੀ ਕਿਉਂ ਜਾਗਦੀਆਂ ਹਨ ਸਰਕਾਰਾਂ ਤੇ ਪ੍ਰਸ਼ਾਸਨ?

ਬੀਤੇ ਦਿਨੀਂ ਬਟਾਲਾ ਵਿਖੇ ਇਕ ਪਟਾਕੇ ਬਣਾਉਣ ਵਾਲੀ ਫੈਕਟਰੀ ਵਿਚ ਧਮਾਕਾ ਹੋਇਆ, ਜਿਸ ਵਿਚ ਕਾਫੀ ਲੋਕਾਂ ਦੀ ਜਾਨ ਗਈ ਅਤੇ ਇਸ ਨਾਲ ਹੀ ਲੋਕਾਂ ਨੂੰ ਸੱਟਾਂ ਵੀ ਲੱਗੀਆਂ ਅਤੇ ਮਾਲੀ ਨੁਕਸਾਨ ਵੀ ਹੋਇਆ। ਇਸ ਘਟਨਾ ਦੇ ਬਾਅਦ ਇਹ ਗੱਲ ਅਖ਼ਬਾਰਾਂ ਅਤੇ ਨਿਊਜ਼ ਚੈਨਲਾਂ ਰਾਹੀਂ ਸਾਹਮਣੇ ਆਈ ਕਿ ਨਾਜ਼ਾਇਜ ਤੌਰ 'ਤੇ ਕਈ ਫੈਕਟਰੀਆਂ ਬਟਾਲਾ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਚੱਲ ਰਹੀਆਂ ਹਨ, ਜਿਸ ਤੋਂ ਇਹ ਵੀ ਸਪੱਸ਼ਟ ਹੋ ਗਿਆ ਹੈ ਕਿ ਜੇਕਰ ਬਟਾਲਾ ਵਿਖੇ ਧਮਾਕਾ ਨਾ ਹੁੰਦਾ ਤਾਂ ਸ਼ਾਇਦ ਉਸ ਫੈਕਟਰੀ ਦੇ ਨਾਲ-ਨਾਲ ਹੋਰ ਨਾਜਾਇਜ਼ ਤੌਰ 'ਤੇ ਕੰਮ ਕਰਨ ਵਾਲੀਆਂ ਫੈਕਟਰੀਆਂ ਇਸੇ ਤਰ੍ਹਾਂ ਚਲਦੀਆਂ ਰਹਿਣੀਆਂ ਸਨ ਅਤੇ ਇਸ ਪਾਸੇ ਕਿਸੇ ਦਾ ਧਿਆਨ ਹੀ ਨਹੀਂ ਜਾਣਾ ਸੀ। ਬਟਾਲਾ ਦੇ ਧਮਾਕੇ ਨੇ ਸਰਕਾਰ ਤੇ ਪ੍ਰਸ਼ਾਸਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਨੂੰ ਲੋਕਾਂ ਦੀਆਂ ਜਾਨਾਂ ਦੀ ਬਿਲਕੁਲ ਚਿੰਤਾ ਨਹੀਂ ਹੈ। ਨਜਾਇਜ਼ ਫੈਕਟਰੀਆਂ ਵਾਲੇ ਪਹੁੰਚ ਕਰਕੇ, ਪੈਸਾ ਦੇ ਕੇ ਜਾਂ ਸਿਫਾਰਸ਼ਾਂ ਦੇ ਨਾਲ ਨਾਜਾਇਜ਼ ਕੰਮ ਕਰਦੇ ਰਹਿੰਦੇ ਹਨ, ਪਰ ਇਸ ਨਾਲ ਕੋਈ ਫਾਇਦਾ ਨਹੀਂ ਹੁੰਦਾ, ਬਲਕਿ ਜਦੋਂ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਲਪੇਟ ਵਿਚ ਦੂਜੇ ਲੋਕਾਂ ਦੇ ਨਾਲ-ਨਾਲ ਉਨ੍ਹਾਂ ਦੇ ਆਪਣੇ ਪਰਿਵਾਰਕ ਮੈਂਬਰ ਜਾਂ ਖੁਦ ਆਪਣੀ ਜਾਨ ਤੱਕ ਆ ਜਾਂਦੀ ਹੈ। ਚਾਹੀਦਾ ਇਥੇ ਇਹ ਹੈ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਨੀਂਦ ਨੂੰ ਛੱਡ ਕੇ, ਜਾਗ ਕੇ ਕੰਮ ਕਰਨ ਅਤੇ ਲੋਕਾਂ ਦੀਆਂ ਜਾਨਾਂ ਦੀ ਸੁਰੱਖਿਆ ਕਰਨ ਜੋ ਕਿ ਉਨ੍ਹਾਂ ਦੀ ਡਿਊਟੀ ਬਣਦੀ ਹੈ। ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਅਤੇ ਲੋਕ ਅਤੇ ਫੈਕਟਰੀਆਂ ਵਾਲੇ ਵੀ ਸਰਕਾਰਾਂ ਅਤੇ ਪ੍ਰਸ਼ਾਸਨ ਦਾ ਸਾਥ ਦੇਣ ਤੇ ਸੁਰੱਖਿਅਤ ਕੰਮ ਕਰਨ, ਕਿਉਂਕਿ ਸਰਕਾਰਾਂ ਅਤੇ ਪ੍ਰਸ਼ਾਸਨ ਜੇਕਰ ਸਹੀ ਤਰੀਕੇ ਨਾਲ ਕੰਮ ਕਰੇਗਾ ਤਾਂ ਲੋਕ ਜ਼ਿੰਦਾ ਰਹਿਣਗੇ ਅਤੇ ਆਪਣੇ-ਆਪ ਹੀ ਸਰਕਾਰ ਦੇ ਨਾਲ ਮਿਲ ਕੇ ਕੰਮ ਕਰਨਗੇ। ਇਸੇ ਤਰ੍ਹਾਂ ਹੀ ਪਿਛਲੇ ਦਿਨੀਂ ਪੰਜਾਬ ਵਿਚ ਹੜ੍ਹ ਆਏ, ਜਿਸ ਦੀ ਲਪੇਟ ਵਿਚ ਭਾਰੀ ਗਿਣਤੀ ਵਿਚ ਲੋਕ ਆਏ ਅਤੇ ਧਾਰਮਿਕ ਅਤੇ ਹੋਰ ਸਮਾਜਿਕ ਸੰਗਠਨਾਂ ਨੇ ਖੁੱਲ੍ਹ ਕੇ ਉਨ੍ਹਾਂ ਦੀ ਮਦਦ ਕੀਤੀ। ਉਨ੍ਹਾਂ ਦੇ ਖਾਣ-ਪੀਣ, ਰਹਿਣ-ਸਹਿਣ ਅਤੇ ਹੋਰ ਸਾਧਨ ਉਨ੍ਹਾਂ ਲੋਕਾਂ ਨੂੰ ਮੁਹੱਈਆ ਕਰਵਾਏ। ਇਸ ਦੇ ਨਾਲ ਹੀ ਬੰਨ੍ਹ ਤੱਕ ਬਣਾਉਣ ਲਈ ਪੰਜਾਬ ਦੇ ਪਿੰਡਾਂ ਵਿਚੋਂ ਟਰਾਲੀਆਂ ਭਰ-ਭਰ ਉਥੇ ਭੇਜੀਆਂ। ਇਥੇ ਇਹ ਗੱਲ ਸੋਚਣ ਵਾਲੀ ਹੈ ਕਿ ਲੋਕਾਂ ਵਲੋਂ ਸਹਾਇਤਾ ਕਰਨੀ ਤਾਂ ਜਾਇਜ਼ ਹੈ ਪਰ ਜੇਕਰ ਇਹ ਸਾਰੀਆਂ ਸਹੂਲਤਾਂ ਲੋਕਾਂ ਨੂੰ ਸਮਾਜਿਕ ਸੰਗਠਨਾਂ ਨੇ ਹੀ ਮੁਹੱਈਆ ਕਰਵਾਉਣੀਆਂ ਹਨ ਤਾਂ ਸਰਕਾਰਾਂ ਤੇ ਪ੍ਰਸ਼ਾਸਨ ਦਾ ਕੀ ਕੰਮ ਹੈ? ਠੀਕ ਜਿੰਨੀ ਸਹਾਇਤਾ ਦੀ ਲੋੜ ਹੈ, ਪ੍ਰਸ਼ਾਸਨ ਲੋਕਾਂ ਦਾ ਸਹਿਯੋਗ ਮੰਗੇ ਪਰ ਜੋ ਆਪਣਾ ਬਣਦਾ ਯੋਗਦਾਨ ਹੈ, ਉਹ ਤਾਂ ਦੇਵੇ। ਸਰਕਾਰ ਤੇ ਲੋਕਾਂ ਨੂੰ ਇਹ ਗੱਲ ਯਕੀਨੀ ਬਣਾਉਣੀ ਹੋਵੇਗੀ ਕਿ ਸੁਰੱਖਿਅਤ ਤਰੀਕੇ ਨਾਲ ਕੰਮ ਕੀਤਾ ਜਾਵੇ ਤਾਂ ਜੋ ਲੋਕਾਂ ਦੀਆਂ ਜਾਨਾਂ ਨੂੰ ਬਚਾਇਆ ਜਾ ਸਕੇ।

-ਮ: ਨੰ: 86-ਏ, ਵਾ: ਨੰ: 5, ਗੜ੍ਹਦੀਵਾਲਾ।
ਮੋਬਾ: 9417717095

ਉੱਗਣ ਵਾਲੇ ਉੱਗ ਪੈਂਦੇ ਨੇ...

'ਬੇਹਿੰਮਤੇ ਨੇ ਉਹ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ...', ਇਹ ਸਤਰਾਂ ਮਸ਼ਹੂਰ ਪਾਕਿਸਤਾਨੀ ਸ਼ਾਇਰ ਬਾਬਾ ਨਜ਼ਮੀ ਦੀ ਲਿਖਤ ਹਨ। ਇਨ੍ਹਾਂ ਸਤਰਾਂ ਨੂੰ ਪੜ੍ਹ ਕੇ ਮੈਨੂੰ ਲੱਗਿਆ ਕਿ ਕਿਉਂ ਨਾ ਮੈਂ ਵੀ ਇਕ ਰਚਨਾ ਕਰਾਂ, ਤਾਂ ਜੋ ਹੌਸਲਾ ਮੇਰੇ 'ਚ ਇਨ੍ਹਾਂ ਸਤਰਾਂ ਨੂੰ ਪੜ੍ਹ ਕੇ ਆਇਆ, ਉਹੀ ਬਲ ਤੁਹਾਨੂੰ ਵੀ ਇਨ੍ਹਾਂ ਸਤਰਾਂ ਅਤੇ ਮੇਰੀ ਰਚਨਾ ਨੂੰ ਪੜ੍ਹ ਕੇ ਆਵੇ। ਦੋਸਤੋ, ਸਫਲਤਾ ਉਦੋਂ ਹੀ ਮਿਲਦੀ ਹੈ, ਜਦੋਂ ਅਸੀਂ ਆਪਣੇ ਅੰਦਰਲਾ ਪੂਰਾ ਬਲ ਕਿਸੇ ਵਿਸ਼ੇਸ਼ ਕਾਰਜ ਨੂੰ ਪੂਰਾ ਕਰਨ ਵਿਚ ਝੋਕ ਦਿੰਦੇ ਹਾਂ। ਜਦੋਂ ਪੂਰੀ ਮਿਹਨਤ ਕਰਨ ਤੋਂ ਬਾਅਦ ਅਸੀਂ ਉਸ ਕਾਰਜ ਵਿਚ ਸਫਲ ਹੋ ਜਾਂਦੇ ਹਾਂ ਤਾਂ ਉਹ ਖੁਸ਼ੀ ਸਭ ਖੁਸ਼ੀਆਂ ਤੋਂ ਵਧ ਕੇ ਹੁੰਦੀ ਹੈ। ਮਿਹਨਤ ਕਰਨ ਦੇ ਵੀ ਦੋ ਤਰੀਕੇ ਹਨ-ਪਹਿਲਾ ਤਰੀਕਾ ਕਿ ਮਿਹਨਤ ਏਨੀ ਸ਼ਾਂਤੀ ਨਾਲ ਕਰੋ ਕਿ ਸਫਲਤਾ ਰੌਲਾ ਪਾ ਦੇਵੇ। ਦੂਜਾ, ਮਿਹਨਤ ਸਹੀ ਸਮੇਂ ਅਤੇ ਸਹੀ ਦਿਸ਼ਾ ਵਿਚ ਕਰੋ। ਦੋਸਤੋ, ਮਿਹਨਤ ਤਾਂ ਇਕ ਰਿਕਸ਼ੇ ਵਾਲਾ ਵੀ ਕਰਦਾ ਹੈ, ਉਹ ਪੂਰਾ ਦਿਨ ਸਵੇਰ ਤੋਂ ਸ਼ਾਮ ਅਤੇ ਸ਼ਾਮ ਤੋਂ ਰਾਤ ਤੱਕ ਸਵਾਰੀਆਂ ਢੋਂਹਦਾ ਹੈ ਪਰ ਫਿਰ ਵੀ ਉਹ ਜਿੰਨੇ ਕੁ ਪੈਸੇ ਕਮਾਉਂਦਾ ਹੈ, ਉਨ੍ਹਾਂ ਨਾਲ ਉਸ ਦਾ ਘਰ ਦਾ ਖਰਚ ਵੀ ਬੜੀ ਮੁਸ਼ਕਿਲ ਨਾਲ ਚਲਦਾ ਹੈ। ਪਰ ਜੇਕਰ ਏਨੀ ਮਿਹਨਤ ਉਸ ਨੇ ਸਹੀ ਸਮੇਂ ਅਤੇ ਸਹੀ ਦਿਸ਼ਾ ਵਿਚ ਕੀਤੀ ਹੁੰਦੀ ਤਾਂ ਸ਼ਾਇਦ ਅੱਜ ਉਹ ਖੁਦ ਇਕ ਸਵਾਰੀ ਬਣ ਕੇ ਕਿਸੇ ਰਿਕਸ਼ੇ 'ਤੇ ਸਫਰ ਕਰਦਾ। ਉਸ ਦਾ ਸਹੀ ਸਮਾਂ ਅਤੇ ਸਹੀ ਦਿਸ਼ਾ ਸੀ ਕਿ ਉਸ ਨੇ ਆਪਣੀ ਪੜ੍ਹਾਈ ਵਾਲੇ ਸਮੇਂ ਮਿਹਨਤ ਕਰਕੇ ਕੋਈ ਚੰਗੀ ਨੌਕਰੀ ਕੀਤੀ ਹੁੰਦੀ। ਫਿਰ ਇਹ ਗੱਲ ਵੀ ਮੰਨਣਯੋਗ ਹੈ ਕਿ ਸਾਡੀ ਕੀਤੀ ਮਿਹਨਤ ਕਦੇ ਵਿਅਰਥ ਨਹੀਂ ਜਾਂਦੀ ਅਤੇ ਸਮਾਂ ਆਉਣ 'ਤੇ ਸਾਨੂੰ ਇਸ ਦਾ ਫਲ ਮਿਲਦਾ ਹੈ। ਪਰ 'ਸਾਨੂੰ ਮਿਹਨਤ ਏਨੀ ਕੁ ਮਿਹਨਤ ਨਾਲ ਕਰਨੀ ਚਾਹੀਦੀ ਹੈ' ਕਿ ਫਲ ਸਾਨੂੰ ਓਨੀ ਹੀ ਛੇਤੀ ਮਿਲੇ। ਪੇਪਰ ਨਜ਼ਦੀਕ ਆਉਣ 'ਤੇ ਵਿਦਿਆਰਥੀ ਰੋਜ਼ਾਨਾ ਵਾਂਗ ਪੜ੍ਹਦਿਆਂ ਵਧੀਆ ਅੰਕ ਪ੍ਰਾਪਤ ਕਰੇਗਾ ਪਰ ਜੇਕਰ ਪੂਰਾ ਸਾਲ ਵਿਦਿਆਰਥੀ ਨਹੀਂ ਪੜ੍ਹੇਗਾ ਅਤੇ ਪੇਪਰ ਨਜ਼ਦੀਕ ਆਉਣ 'ਤੇ ਬੋਝ ਲੈ ਕੇ ਪੜ੍ਹਾਈ ਕਰੇਗਾ ਤਾਂ ਉਹ ਪਾਸ ਨਹੀਂ ਹੋਵੇਗਾ। ਉੱਪਰ ਦਿੱਤੀ ਹੋਈ ਉਦਾਹਰਨ ਤੋਂ ਸਾਨੂੰ ਇਹ ਪਤਾ ਲਗਦਾ ਹੈ ਕਿ ਤੁਸੀਂ ਜਿਸ ਟੀਚੇ ਨੂੰ ਮਿਥ ਲੈਂਦੇ ਹੋ, ਉਸ ਨੂੰ ਪਾਉਣ ਲਈ ਹੁਣ ਤੋਂ ਹੀ ਮਿਹਨਤ ਸ਼ੁਰੂ ਕਰੋ ਤਾਂ ਕਿ ਜਦ ਉਹ ਟੀਚਾ ਪੂਰਾ ਕਰਨ ਦਾ ਸਮਾਂ ਆਵੇ ਤਾਂ ਤੁਹਾਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਜੇਕਰ ਅਸੀਂ ਜ਼ਿੰਦਗੀ ਦੇ ਕੁਝ ਸਾਲ ਪੂਰੀ ਮਿਹਨਤ ਕੀਤੀ ਤਾਂ ਰਹਿੰਦੇ ਸਾਲ ਅਸੀਂ ਖੁਸ਼ਹਾਲ ਜ਼ਿੰਦਗੀ ਜੀਵਾਂਗੇ। ਪਰ ਜੇਕਰ ਅਸੀਂ ਪਹਿਲਾਂ ਹੀ ਐਸ਼ੋ-ਆਰਾਮ ਨੂੰ ਆਪਣੇ ਉੱਪਰ ਹਾਵੀ ਹੋਣ ਦਿੱਤਾ ਤਾਂ ਪੂਰੀ ਜ਼ਿੰਦਗੀ ਲਗਾਤਾਰ ਮਿਹਨਤ ਜਾਰੀ ਰੱਖਣੀ ਪਵੇਗੀ ਅਤੇ ਸਫਲਤਾ ਸਾਡੇ ਹੱਥਾਂ ਵਿਚੋਂ ਨਿਕਲ ਜਾਵੇਗੀ। ਹਮੇਸ਼ਾ ਯਾਦ ਰਹੇ ਕਿ ਸਫਲਤਾ ਉਥੇ ਹੀ ਖੜ੍ਹਦੀ ਹੈ, ਜਿਥੇ ਮਿਹਨਤ ਹੁੰਦੀ ਹੈ। ਆਲਸ ਅਤੇ ਸਫਲਤਾ ਇਕ-ਦੂਜੇ ਦੇ ਵੈਰੀ ਹੁੰਦੇ ਹਨ। ਮਿਹਨਤ ਕਰਦੇ ਸਮੇਂ ਕਈ ਵਾਰ ਸਫਲਤਾ ਤੁਹਾਡੇ ਹੱਥੋਂ ਨਿਕਲ ਜਾਵੇਗੀ ਪਰ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਅਸਫਲ ਹੋ ਗਏ। ਇਸ ਦਾ ਮਤਲਬ ਇਹ ਹੈ ਕਿ ਹਾਲੇ ਤੱਕ ਤੁਹਾਡੇ ਹੱਥ ਸਫਲਤਾ ਹੀ ਨਹੀਂ ਲੱਗੀ ਪਰ ਜਲਦੀ ਹੀ ਤੁਸੀਂ ਇਕ ਸਫਲ ਇਨਸਾਨ ਬਣ ਕੇ ਉੱਭਰੋਗੇ ਅਤੇ ਸਫਲਤਾ ਤੁਹਾਡੇ ਕਦਮ ਚੁੰਮੇਗੀ।

-ਸਿਖਿਆਰਥੀ ਜੇ. ਡੀ. ਕਾਲਜ,
ਸ੍ਰੀ ਮੁਕਤਸਰ ਸਾਹਿਬ।
ਮੋਬਾ: 99148-04978

ਰਾਹੋਂ ਭਟਕਦੀ ਹੋਈ ਜਵਾਨੀ ਨੂੰ ਸਹਾਰੇ ਦੀ ਲੋੜ

ਮੇਰੇ ਰੰਗਲੇ ਪੰਜਾਬ ਨੂੰ ਪਤਾ ਨਹੀਂ ਕਿਸ ਚੰਦਰੇ ਦੀ ਭੈੜੀ ਨਜ਼ਰ ਲੱਗ ਗਈ, ਮਾਂ-ਬਾਪ ਦੇ ਲਾਡਾਂ ਨਾਲ ਪਾਲੇ ਪੁੱਤ, ਜਿਨ੍ਹਾਂ ਨੇ ਅੱਜ ਬੁੱਢੇ ਹੋਏ ਮਾਪਿਆਂ ਦਾ ਸਹਾਰਾ ਬਣਨਾ ਸੀ, ਅੱਜ ਖੁਦ ਬੇਵਸੀ ਦੇ ਜਾਲ ਵਿਚ ਫਸ ਕੇ ਸਹਾਰਾ ਤਲਾਸ਼ ਰਹੇ ਹਨ। ਚਿੱਟੇ ਦੀ ਭੈੜੀ ਆਦਤ ਨੂੰ ਚਾਹ ਕੇ ਵੀ ਸਿਰੋਂ ਲਾਹ ਨਹੀਂ ਸਕਦੇ। ਨਸ਼ਾ-ਛੁਡਾਊ ਸਰਕਾਰੀਤੰਤਰ ਵੀ ਫੇਲ੍ਹ ਹੋ ਚੁੱਕਾ ਹੈ। ਕੇਵਲ ਦਵਾਈਆਂ ਨਾਲ ਨਸ਼ੇ ਉੱਪਰ ਕਾਬੂ ਕਰਨਾ ਮੁਸ਼ਕਿਲ ਕੰਮ ਹੈ। ਚਿੱਟੇ ਦੇ ਨਸ਼ੇ ਨਾਲ ਕਮਜ਼ੋਰ ਹੋ ਕੇ ਖੜਕੇ ਪਿੰਜਰਾਂ ਨੂੰ ਫੈਟ ਅਤੇ ਪ੍ਰੋਟੀਨ ਦੀ ਸਖ਼ਤ ਜ਼ਰੂਰਤ ਹੈ। ਸਰਕਾਰ ਇਨ੍ਹਾਂ ਨੌਜਵਾਨਾਂ ਨੂੰ ਸਿਹਤ ਕੇਂਦਰਾਂ ਦੇ ਰਾਹੀਂ ਦਵਾਈਆਂ ਨਾਲ-ਨਾਲ ਡੱਬਾਬੰਦ ਫੀਡ ਕਿੱਟ ਵੀ ਮੁਹੱਈਆ ਕਰਵਾਏ। ਨਸ਼ਾਬੰਦੀ ਦੇ ਤੁਰੰਤ ਬਾਅਦ ਟੁੱਟਦੇ ਸਰੀਰ ਨੂੰ ਦੇਸੀ ਘਿਓ ਦੀ ਮਸਾਜ਼ ਵਰਦਾਨ ਸਾਬਤ ਹੁੰਦੀ ਹੈ। ਦੇਸੀ ਆਯੁਰਵੈਦਿਕ ਜੜ੍ਹੀ-ਬੂਟੀ ਵੀ ਨਸ਼ਾ ਛੁਡਾਉਣ ਵਿਚ ਰਾਮਬਾਣ ਦੀ ਤਰ੍ਹਾਂ ਕੰਮ ਕਰਦੀ ਹੈ। ਅਸੀਂ ਪੁਰਾਣੇ ਤਜਰਬੇਕਾਰ ਵੈਦਾਂ ਦੀ ਵੀ ਮਦਦ ਲੈ ਸਕਦੇ ਹਾਂ। ਹੁਣ ਸਮਾਂ ਆ ਗਿਆ ਹੈ ਕਿ ਸਾਨੂੰ ਸਭ ਨੂੰ ਇਸ ਨੇਕ ਕਾਰਜ ਲਈ ਅੱਗੇ ਆਉਣਾ ਚਾਹੀਦਾ ਹੈ। ਕੁਝ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਬਿਰਤੀ ਵਾਲੇ ਲੋਕ ਵੀ ਨਸ਼ਾ ਛੁਡਾਊ ਕਾਰਜ ਵਿਚ ਲੱਗੇ ਹੋਏ ਹਨ, ਜੋ ਕਿ ਬਹੁਤ ਹੀ ਵਧੀਆ ਗੱਲ ਹੈ। ਮੈਂ ਸਾਡੇ ਐਨ.ਆਰ.ਆਈ. ਵੀਰਾਂ ਨੂੰ ਵੀ ਬੇਨਤੀ ਕਰਦਾ ਹਾਂ ਕਿ ਉਹ ਵੀ ਦਿਲ ਖੋਲ੍ਹ ਕੇ ਇਸ ਕਾਰਜ ਵਿਚ ਹਿੱਸਾ ਪਾਉਣ। ਜਿਸ ਹਿਸਾਬ ਨਾਲ ਨਸ਼ੇ ਦੀ ਓਵਰਡੋਜ਼ ਲੈਣ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ, ਇਹ ਸਾਡੇ ਹੱਸਦੇ-ਵੱਸਦੇ ਪੰਜਾਬ ਲਈ ਖਤਰੇ ਦੀ ਘੰਟੀ ਹਨ। ਅਜੇ ਵੀ ਸੰਭਲ ਜਾਵੋ, ਸਾਡੇ ਦੇਸ਼ ਪੰਜਾਬ ਦੀ ਜਵਾਨੀ ਨੂੰ ਕਿਉਂਕਿ ਨਸ਼ਈ ਨੌਜਵਾਨਾਂ ਅਤੇ ਕਰਜ਼ਾਈ ਕਿਸਾਨਾਂ ਦੀਆਂ ਮੌਤਾਂ ਦੇ ਅੰਕੜੇ ਹੈਰਾਨ ਕਰਨ ਵਾਲੇ ਬਣ ਗਏ ਹਨ।
ਨਸ਼ਾ ਪੀੜਤ ਨੌਜਵਾਨਾਂ ਨੇ ਬੀਤੇ ਦਿਨੀਂ ਹੜ੍ਹ ਪੀੜਤ ਇਲਾਕਿਆਂ ਵਿਚ ਬੰਨ੍ਹ ਪੱਕੇ ਕਰਨ ਲਈ ਜੋ ਹੱਡ-ਭੰਨਵੀਂ ਮਿਹਨਤ ਕੀਤੀ ਹੈ, ਉਹ ਕਾਬਲੇ-ਤਾਰੀਫ ਹੈ। ਹੁਣ ਸਾਨੂੰ ਇਨ੍ਹਾਂ ਪ੍ਰਤੀ ਆਪਣੀ ਸੋਚ ਦਾ ਨਜ਼ਰੀਆ ਬਦਲਣਾ ਪਵੇਗਾ, ਕਿਉਂਕਿ ਇਹ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਇਕ ਚੰਗੇ ਸਮਾਜ ਦੀ ਸਿਰਜਣਾ ਕਰਨਾ ਚਾਹੁੰਦੇ ਹਨ। ਹੁਣ ਸਾਨੂੰ ਇਨ੍ਹਾਂ ਨਾਲ ਘ੍ਰਿਣਾ ਨਾਲ ਨਹੀਂ, ਸਗੋਂ ਹਮਦਰਦੀ ਨਾਲ ਪੇਸ਼ ਆਉਣਾ ਪਵੇਗਾ, ਕਿਉਂਕਿ ਇਹੋ ਨੌਜਵਾਨ ਸਾਡੇ ਦੇਸ਼ ਦਾ ਭਵਿੱਖ ਹਨ।

-ਪਿੰਡ ਤੇ ਡਾਕ: ਧਨਾਨਸੂ (ਲੁਧਿਆਣਾ)। ਮੋਬਾ: 88726-60007

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX