ਤਾਜਾ ਖ਼ਬਰਾਂ


ਸੜਕ ਹਾਦਸੇ ਚ 2 ਨੌਜਵਾਨਾ ਦੀ ਮੌਤ
. . .  1 day ago
ਉਸਮਾਨਪੁਰ ,21 ਜਨਵਰੀ {ਸੰਦੀਪ }-ਪਿੰਡ ਉਸਮਾਨਪੁਰ - ਚੱਕਲ਼ੀ ਸੰਪਰਕ ਸੜਕ 'ਤੇ ਟਰੈਕਟਰ ਟਰਾਲੀ ਅਤੇ ਮੋਟਰ ਸਾਈਕਲ ਦੀ ਟੱਕਰ 'ਚ 2 ਨੌਜਵਾਨਾ ਦੀ ਮੌਤ ਹੋ ਗਈ ।
ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ 'ਤੇ ਨਜ਼ਰ - ਚੋਣ ਕਮਿਸ਼ਨ
. . .  1 day ago
ਨਵੀਂ ਦਿੱਲੀ, 21 ਜਨਵਰੀ - ਇੰਗਲੈਂਡ ਦੇ ਲੰਡਨ 'ਚ ਈ.ਵੀ.ਐਮ ਸਬੰਧੀ ਕਰਵਾਏ ਜਾ ਰਹੇ ਪ੍ਰੋਗਰਾਮ ਜਿਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਦੀ ਈ.ਵੀ.ਐਮ...
ਅਮਰੀਕੀ ਸੈਨੇਟਰ ਕਮਲਾ ਹੈਰਿਸ ਵੱਲੋਂ 2020 ਰਾਸ਼ਟਰਪਤੀ ਚੋਣ ਲੜਨ ਦਾ ਐਲਾਨ
. . .  1 day ago
ਨਿਊਯਾਰਕ, 21 ਜਨਵਰੀ - ਅਮਰੀਕੀ ਸੈਨੇਟਰ ਕਮਲਾ ਹੈਰਿਸ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਵੱਲੋਂ 2020 ਦੀ ਰਾਸ਼ਟਰਪਤੀ ਚੋਣ ਲੜੀ...
ਟਾਟਾ ਸੂਮੋ ਅਤੇ ਟਰੱਕ ਦੀ ਟੱਕਰ 'ਚ 3 ਮੌਤਾਂ, ਇੱਕ ਜ਼ਖਮੀ
. . .  1 day ago
ਮੂਨਕ, 21 ਜਨਵਰੀ (ਰਾਜਪਾਲ ਸਿੰਗਲਾ) - ਇੱਥੋਂ ਨੇੜਲੇ ਪਿੰਡ ਕੋਲ ਹੋਏ ਦਰਦਨਾਕ ਸੜਕ ਹਾਦਸੇ ਵਿਚ 3 ਲੋਕਾਂ ਦੀ ਮੌਤ ਹੋ ਗਈ, ਜਦਕਿ ਇੱਕ ਜ਼ਖਮੀ ਹੋ ਗਿਆ। ਇਹ ਹਾਦਸਾ...
ਖ਼ਰਾਬ ਮੌਸਮ ਦੇ ਮੱਦੇਨਜ਼ਰ ਦੇਹਰਾਦੂਨ ਦੇ ਸਕੂਲਾਂ 'ਚ ਕੱਲ੍ਹ ਛੁੱਟੀ
. . .  1 day ago
ਦੇਹਰਾਦੂਨ, 21 ਜਨਵਰੀ - ਭਾਰੀ ਬਰਸਾਤ ਤੇ ਬਰਫ਼ਬਾਰੀ ਦੀ ਸੰਭਾਵਨਾ ਨੂੰ ਦੇਖਦੇ ਹੋਏ ਉੱਤਰਾਖੰਡ ਦੇ ਦੇਹਰਾਦੂਨ ਪ੍ਰਸ਼ਾਸਨ ਨੇ 22 ਜਨਵਰੀ ਨੂੰ ਜ਼ਿਲ੍ਹੇ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ...
ਕਰਨਾਟਕ : ਵਿਧਾਇਕ ਜੇ.ਐਨ ਗਣੇਸ਼ ਕਾਂਗਰਸ ਤੋਂ ਮੁਅੱਤਲ
. . .  1 day ago
ਬੈਂਗਲੁਰੂ, 21 ਜਨਵਰੀ - ਕਾਂਗਰਸ ਦੇ ਵਿਧਾਇਕ ਜੇ.ਐਨ ਗਣੇਸ਼ ਵੱਲੋਂ ਕਾਂਗਰਸ ਦੇ ਹੀ ਵਿਧਾਇਕ ਅਨੰਦ ਸਿੰਘ ਨਾਲ ਮਾਰਕੁੱਟ ਤੋਂ ਬਾਅਦ ਕਰਨਾਟਕ ਕਾਂਗਰਸ ਦੇ ਜਨਰਲ ਸਕੱਤਰ...
ਕਰਨਾਟਕ ਕਿਸ਼ਤੀ ਹਾਦਸਾ : ਹੁਣ ਤੱਕ 16 ਲਾਸ਼ਾਂ ਬਰਾਮਦ
. . .  1 day ago
ਬੈਂਗਲੁਰੂ, 21 ਜਨਵਰੀ - ਕਰਨਾਟਕ ਦੇ ਕਰਵਾੜ 'ਚ 24 ਲੋਕਾਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਪਲਟਣ ਤੋਂ ਬਾਅਦ ਸਮੁੰਦਰੀ ਫ਼ੌਜ ਤੇ ਕੋਸਟ ਗਾਰਡ ਨੇ ਹੁਣ ਤੱਕ 16 ਲੋਕਾਂ ਦੀਆਂ ਲਾਸ਼ਾਂ...
680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਗ੍ਰਿਫ਼ਤਾਰ
. . .  1 day ago
ਜਲੰਧਰ, 21 ਜਨਵਰੀ - ਸੀ.ਆਈ.ਏ ਸਟਾਫ਼ ਨੇ 680 ਪੇਟੀਆਂ ਨਾਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਡੀ.ਸੀ.ਪੀ ਜਾਂਚ ਗੁਰਮੀਤ ਸਿੰਘ ਨੇ ਦੱਸਿਆ ਕਿ...
ਗੋਦਾਮ ਦੀ ਕੰਧ ਡਿੱਗਣ ਕਾਰਨ 2 ਲੋਕਾਂ ਦੀ ਮੌਤ
. . .  1 day ago
ਨਵੀਂ ਦਿੱਲੀ, 21 ਜਨਵਰੀ- ਦਿੱਲੀ ਦੇ ਨਜਫਗੜ੍ਹ ਦੇ ਨਾਂਗਲੀ 'ਚ ਇੱਕ ਗੋਦਾਮ ਦੀ ਕੰਧ ਡਿੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ......
ਸੁਨੰਦਾ ਪੁਸ਼ਕਰ ਮਾਮਲੇ ਦੀ ਸੁਣਵਾਈ 29 ਜਨਵਰੀ ਤੱਕ ਮੁਲਤਵੀ
. . .  1 day ago
ਨਵੀਂ ਦਿੱਲੀ, 21 ਜਨਵਰੀ- ਸੁਨੰਦਾ ਪੁਸ਼ਕਰ ਦੀ ਮੌਤ ਦੇ ਮਾਮਲੇ 'ਚ ਸੁਣਵਾਈ ਨੂੰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ 29 ਜਨਵਰੀ ਤੱਕ ਮੁਲਤਵੀ ਕਰ ਦਿੱਤਾ.....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਕਿਸਨਾ

ਸਾਰੀ ਦਿਹਾੜੀ ਰਿਕਸ਼ਾ ਵਾਹੁਣ ਮਗਰੋਂ ਘਰ ਵੱਲ ਪਰਤਦਿਆਂ ਕਿਸਨਾ ਸੋਚ ਰਿਹਾ ਸੀ, ਅੱਜ ਤੇ ਪਿਦਾਈ ਈ ਪਿਦਾਈ ਹੋਈ ਏ, ਕਮਾਈ ਤੇ ਕੋਈ ਖਾਸੀ ਹੋਈ ਨਹੀਂ | ਬਹੁਤਾ ਰਿਕਸ਼ਾ ਵੀ ਨਹੀਂ ਚਲਾਇਆ, ਫਿਰ ਵੀ ਥਕਾਨ ਬਹੁਤ ਹੋ ਗਈ ਏ | ਰਿਕਸ਼ੇ ਦੀਆਂ ਗਰਾਰੀਆਂ ਦੀ ਆ ਰਹੀ ਵਾਧੂ ਆਵਾਜ਼ ਵੱਲ ਉਸ ਦਾ ਧਿਆਨ ਗਿਆ | ਉਹਨੇ ਸੋਚਿਆ ਕਿ ਕਿੰਨੀ ਦੇਰ ਉਹ ਦਿਨੇ, ਵਿਹਲਾ ਰਿਹਾ, ਪਰ ਉਹਦਾ ਧਿਆਨ ਇਸ ਵੱਲ ਨਹੀਂ ਗਿਆ ਕਿ ਕਾਬਲੇ ਕਸਾ ਕੇ ਤੇਲ ਦਿਵਾ ਲਵੇ ਤੇ ਰਿਕਸ਼ਾ ਰਵਾਂ ਕਰ ਲਵੇ | ਨਵੇਂ ਰਿਕਸ਼ੇ ਦਾ ਖਿਆਲ ਰੱਖਣਾ ਜ਼ਰੂਰੀ ਹੈ | ਜਿਸ ਦੁਕਾਨਦਾਰ ਤੋਂ ਹਾਲੇ 3-4 ਮਹੀਨੇ ਪਹਿਲੇ ਹੀ ਖਰੀਦਿਆ ਸੀ, ਉਸ ਦੀ ਕਹੀ ਗੱਲ ਉਸ ਨੂੰ ਯਾਦ ਆ ਗਈ ਕਿ ਦੁਕਾਨ 'ਤੇ ਆ ਕੇ ਕਾਬਲੇ ਕਸਾਉਣੇ, ਤੇਲ ਦਿਵਾਉਣਾ, ਰਿਕਸ਼ੇ ਵਾਲੇ ਦੀ ਜ਼ਿੰਮੇਵਾਰੀ ਹੈ | ਉਹ ਆਪਣੇ-ਆਪ ਨੂੰ ਨਿੱਕੀ-ਨਿੱਕੀ ਗੱਲ 'ਤੇ ਕੋਸ ਰਿਹਾ ਸੀ |
ਵੈਸੇ ਹੁੰਦਾ ਕੁਝ ਇੰਜ ਹੀ ਹੈ, ਜੇ ਕੋਈ ਦਿਨ ਮਾੜਾ ਨਿਕਲੇ ਭਾਵ ਗਾਹਕੀ ਘੱਟ ਹੋਵੇ ਜਾਂ ਇਹ ਕਹਿ ਲਓ ਕਿ ਕਮਾਈ ਘੱਟ ਹੁੰਦੀ ਨਜ਼ਰ ਆਉਂਦੀ ਹੋਵੇ ਤਾਂ ਥਕਾਨ ਕੁਝ ਹੋਰ ਵੀ ਜ਼ਿਆਦਾ ਮਹਿਸੂਸ ਹੁੰਦੀ ਹੈ |
ਕਿਸਨਾ ਸਵੇਰੇ 9-10 ਵਜੇ ਤੋਂ ਸ਼ਾਮ ਸੂਰਜ ਛੁਪਣ ਦੇ ਨੇੜੇ-ਤੇੜੇ ਤੱਕ ਰਿਕਸ਼ਾ ਚਲਾਉਂਦਾ | ਸ਼ਹਿਰ ਦੇ ਨਾਲ ਲਗਦੇ 6-7 ਕਿਲੋਮੀਟਰ ਦੂਰੀ ਵਾਲੇ ਮੁੱਖ ਸੜਕ ਦੇ ਨਾਲ ਹੀ ਲਗਦੇ ਪਿੰਡ 'ਚ ਨਿੱਕਾ ਜਿਹਾ ਇਕ ਘਰ ਸੀ ਉਹਦਾ, ਜਿਸ 'ਚ ਉਹ ਆਪਣੀ ਘਰ ਵਾਲੀ ਨਾਲ ਰਹਿੰਦਾ ਸੀ |
ਇਕ ਰਿਕਸ਼ਾ ਚਲਾਉਣ ਵਾਲੇ ਨੂੰ ਆਪਣਾ ਘਰ ਵੀ ਕਿਥੇ ਨਸੀਬ ਹੋਣਾ ਸੀ, ਬਸ ਮੇਹਰਬਾਨੀ ਹੋ ਗਈ ਮਾਲਕਾਂ ਦੀ | ਗੱਲ ਕੁਝ ਇਸ ਤਰ੍ਹਾਂ ਹੋਈ ਕਿ ਕਿਸਨਾ ਬਿਹਾਰ ਦਾ ਰਹਿਣ ਵਾਲਾ ਸੀ, ਬਿਹਾਰ 'ਚ ਸ੍ਰੀ ਪਟਨਾ ਸਾਹਿਬ ਦਾ | ਉਥੇ ਦੇ ਇਕ ਸਿੱਖ ਬਿਜ਼ਨੈਸਮੈਨ, ਦਾ ਬਹੁਤ ਵੱਡਾ ਡਿਪਾਰਟਮੈਂਟਲ ਸਟੋਰ ਸੀ ਉਥੇ | ਸੰਨ 1984 'ਚ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਕਤਲ ਹੋ ਜਾਣ ਮਗਰੋਂ ਸਿੱਖ ਵਿਰੋਧੀ ਦੰਗੇ-ਫਸਾਦਾਂ 'ਚ, ਉਨ੍ਹਾਂ ਦਾ ਸਟੋਰ ਦੰਗਾ-ਕਾਰੀਆਂ ਨੇ ਸਾੜ-ਫੂਕ ਦਿੱਤਾ | ਉਹ ਪਰਿਵਾਰ ਸਹਿਮ ਗਿਆ ਤੇ ਕੰਮ ਬੰਦ ਕਰਕੇ ਬਿਹਾਰ ਛੱਡ ਕੇ ਪੰਜਾਬ 'ਚ ਲੁਧਿਆਣਾ ਆ ਗਏ | ਕਿਸਨਾ ਉਸ ਵੇਲੇ ਕੋਈ 15-16 ਵਰਿ੍ਹਆਂ ਦਾ ਸੀ ਤੇ ਉਨ੍ਹਾਂ ਕੋਲ ਛੋਟਾ ਮੋਟਾ ਕੰਮ ਕਰਦਾ ਸੀ | ਉਹ ਕਿਸਨੇ ਨੂੰ ਇਥੇ ਨਾਲ ਲੈ ਆਏ ਕਿਉਂਕਿ ਕਿਸਨਾ ਕਾਬਲ-ਤਰੀਮ ਨੌਕਰ ਸੀ | ਨਿੱਕੀ ਜਿਹੀ ਉਮਰ 'ਚ ਹੀ ਕਿਸਨੇ ਨੇ ਮਾਲਕਾਂ ਦਾ ਵਿਸ਼ਵਾਸ ਜਿੱਤ ਲਿਆ ਸੀ, ਉਨ੍ਹਾਂ ਦੀ ਨਜ਼ਰ 'ਚ ਕਿਸਨਾ ਬਹੁਤ ਅੱਛੇ ਦਿਲ ਦਾ ਮਾਲਕ ਸੀ, ਚੰਗਾ ਇਨਸਾਨ ਜੁ ਸੀ | ਉਹ ਤੇ ਕਿਸਨਾ ਨੂੰ 'ਕਿਸ਼ਨ' ਹੀ ਕਹਿ ਕੇ ਬੁਲਾਉਂਦੇ ਸਨ |
ਉਨ੍ਹਾਂ ਨੇ ਲੁਧਿਆਣਾ ਆ ਕੇ ਕਈ ਕੰਮ ਸ਼ੁਰੂ ਕੀਤੇ | ਇਕ ਤੋਂ ਬਾਅਦ ਦੂਜਾ, ਦੂਜੇ ਤੋਂ ਫਿਰ ਹੋਰ ਕੋਈ, ਪਰ ਕੁਦਰਤ ਦੀ ਕਰਨੀ ਕਿ ਸਥਾਪਤ ਨਹੀਂ ਹੋ ਸਕੇ | ਕੋਈ 10-12 ਸਾਲ ਇਸੇ ਤਰ੍ਹਾਂ ਬਿਜ਼ਨੈਸ 'ਚ ਨਾ-ਕਾਮਯਾਬੀ ਦੇਖਣ ਤੋਂ ਬਾਅਦ, ਉਨ੍ਹਾਂ ਨੇ ਬਿਹਾਰ 'ਚ ਪਟਨਾ ਸਾਹਿਬ ਵਿਖੇ ਵਾਪਸ ਜਾਣ ਦਾ ਮਨ ਬਣਾ ਲਿਆ | ਕਿਉਂਕਿ ਉਥੇ ਉਹ ਬੜੇ ਸਾਲਾਂ ਤੋਂ ਕੋਈ ਤਿੰਨ ਪੁਸ਼ਤਾਂ ਤੋਂ ਰਹਿ ਰਹੇ ਸਨ ਤੇ ਚੰਗੇ ਸਥਾਪਤ ਸਨ | ਉਨ੍ਹਾਂ ਨੂੰ ਹੁਣ ਡਰ ਵੀ ਖਤਮ ਹੋ ਗਿਆ ਸੀ, ਮਾਹੌਲ ਵੀ ਸਾਜ਼ਗਾਰ ਸੀ ਤੇ ਭਰੋਸਾ ਸੀ ਕਿ ਉਥੇ ਉਹ ਯਕੀਨਨ ਬਿਜ਼ਨੈਸ 'ਚ ਦੁਬਾਰਾ ਸਥਾਪਤ ਹੋ ਸਕਦੇ ਹਨ |
ਪਰ ਜਦੋਂ ਉਨ੍ਹਾਂ ਨੇ ਤਿਆਰੀ ਕਰ ਲਈ, ਕਿਸਨਾ ਵਾਪਸ ਪਰਤਣ ਲਈ ਤਿਆਰ ਨਹੀਂ ਸੀ | ਕੋਈ 5-6 ਸਾਲ ਪਹਿਲੇ ਹੀ ਉਸ ਦੇ ਮਾਲਕਾਂ ਨੇ ਉਸ ਦਾ ਵਿਆਹ ਕਿਸੇ ਬਿਹਾਰੀ ਭਈਆ ਪਰਿਵਾਰ, ਜਿਹੜਾ ਕਾਫ਼ੀ ਦੇਰ ਤੋਂ ਇਥੇ ਪੰਜਾਬ 'ਚ ਵਸਿਆ ਹੋਇਆ ਸੀ, ਉਨ੍ਹਾਂ ਦੀ ਲੜਕੀ ਨਾਲ ਕਰ ਦਿੱਤਾ ਸੀ | ਸੋ, ਉਹ ਲੜਕੀ ਯਾਨੀ ਕਿਸਨਾ ਦੀ ਘਰ ਵਾਲੀ ਪੰਜਾਬ 'ਚ ਹੀ ਬੜੇ ਸਾਲਾਂ ਤੋਂ ਰਹਿੰਦੀ ਹੋਣ ਕਰਕੇ ਬਿਹਾਰ ਜਾਣਾ ਪਸੰਦ ਨਹੀਂ ਕਰਦੀ ਸੀ | ਕਿਸਨਾ ਨਰਮ ਦਿਲ ਸੀ, ਸੋ ਘਰਵਾਲੀ ਦੀ ਗੱਲ ਮੰਨ ਗਿਆ | ਵਾਪਸ ਜਾਣ ਲੱਗਿਆਂ ਕਿਸਨੇ ਦੇ ਮਾਲਕਾਂ ਨੇ ਇਕ ਨਿੱਕਾ ਜਿਹਾ ਮਕਾਨ ਕਿਸਨੇ ਨੂੰ ਪਿੰਡ 'ਚ ਬਖਸ਼ੀਸ਼ ਵਜੋਂ ਲੈ ਦਿੱਤਾ | ਲਿਹਾਜ਼ਾ ਕਿਸਨੇ ਨੇ ਉਨ੍ਹਾਂ ਦੇ ਜਾਣ ਤੋਂ ਬਾਅਦ ਰਿਕਸ਼ਾ ਚਲਾਉਣਾ ਸ਼ੁਰੂ ਕਰ ਦਿੱਤਾ | ਪਹਿਲਾਂ ਬੜੇ ਸਾਲ ਕਿਰਾਏ ਦਾ ਰਿਕਸ਼ਾ ਚਲਾਉਂਦਾ ਰਿਹਾ | ਕੁਝ ਮਹੀਨੇ ਪਹਿਲਾਂ ਹੀ ਉਹਨੇ ਪੈਸੇ ਜੋੜ ਕੇ ਆਪਣਾ ਰਿਕਸ਼ਾ ਬਣਾਇਆ ਸੀ |
ਕਿਸਨਾ ਭਾਵੇਂ ਬਹੁਤ ਗ਼ਰੀਬ ਸੀ, ਪਰ ਬੜਾ ਹੀ ਸਜੀਵ, ਪ੍ਰਭੂ ਨੂੰ ਯਾਦ ਕਰਨ ਵਾਲਾ ਤੇ ਕਿਸੇ ਦੇ ਕੀਤੇ ਹੋਏ ਅਹਿਸਾਨ ਨੂੰ ਯਾਦ ਰੱਖਣ ਵਾਲਾ ਸੀ | ਉਹ ਅਕਸਰ ਮਾਲਕਾਂ ਨੂੰ ਦੁਆਵਾਂ ਦਿੰਦਾ ਕਿ ਉਨ੍ਹਾਂ ਨੇ ਵਾਪਸ ਜਾਣ ਵੇਲੇ ਉਸ ਨੂੰ ਘਰ ਲੈ ਕੇ ਦੇ ਦਿੱਤਾ ਤੇ ਅੱਜ ਉਹ ਆਪਣੇ ਘਰ ਦਾ ਮਾਲਕ ਹੈ |
ਪਰ ਉਸ ਦਾ ਮਨ ਉਦਾਸ ਹੋ ਜਾਂਦਾ ਕਿ ਮਾਲਕਾਂ ਦੇ ਵਾਪਸ ਪਰਤਣ ਤੋਂ ਬਾਅਦ ਉਸ ਦਾ ਇਕੋ-ਇਕ ਮੰੁਡਾ ਜਿਹੜਾ 6-7 ਸਾਲ ਦਾ ਸੀ, ਤੇਜ਼ ਬੁਖਾਰ ਦੀ ਲਪੇਟ ਆ ਗਿਆ ਤੇ ਰੱਬ ਨੂੰ ਪਿਆਰਾ ਹੋ ਗਿਆ | ਉਸ ਦੀ ਘਰਵਾਲੀ ਨੂੰ ਕੋਈ ਜ਼ਨਾਨਾ ਤਕਲੀਫ਼ ਹੋਣ ਕਰਕੇ ਹੋਰ ਬੱਚਾ ਨਾ ਹੋ ਸਕਿਆ |
ਜਦੋਂ ਕਦੇ ਵੀ ਉਹ ਜ਼ਿਆਦਾ ਥੱਕਿਆ-ਟੁੱਟਿਆ ਹੁੰਦਾ, ਉਹਨੂੰ ਆਪਣੇ ਬੇਟੇ ਦੀ ਯਾਦ ਆਉਂਦੀ | ਉਹ ਸੋਚਦਾ ਕਿ ਅੱਜ ਕਿਤੇ ਉਹਦਾ ਪੁੱਤਰ ਜ਼ਿੰਦਾ ਹੁੰਦਾ ਤਾਂ ਉਹ ਗੱਭਰੂ ਜਵਾਨ ਹੁੰਦਾ | ਨਿੱਕੀ ਉਮਰ ਤੋਂ ਹੀ ਪੰਜਾਬੀ ਪਰਿਵਾਰ 'ਚ ਨੌਕਰੀ ਕਰਕੇ ਤੇ ਫਿਰ ਬੜੇ ਸਾਲਾਂ ਤੋਂ ਪੰਜਾਬ 'ਚ ਰਹਿਣ ਕਰਕੇ ਉਹ ਪੰਜਾਬੀ ਬੋਲਦਾ ਤੇ ਸੰਜੀਦਾ ਗੱਲਾਂ ਕਰਦਾ, ਕਈ ਵੇਰਾਂ ਤੇ ਲਗਦਾ ਹੀ ਨਾ ਕਿ ਬਿਹਾਰੀ ਭਈਆ ਹੈ |
ਸਾਈਕਲਾਂ ਵਾਲੀ ਦੁਕਾਨ 'ਤੇ ਜਦੋਂ ਕਦੇ ਉਹ ਰਿਕਸ਼ਾ ਠੀਕ ਕਰਾਉਣ ਜਾਂਦਾ ਤਾਂ ਦੁਕਾਨਦਾਰ ਦੇ ਜਵਾਨ ਮੰੁਡਿਆਂ ਨੂੰ ਉਥੇ ਵੇਖਦਾ ਤਾਂ ਉਹਨੂੰ ਆਪਣਾ ਬੇਟਾ ਯਾਦ ਆਉਂਦਾ | ਉਸ ਨੂੰ ਯਾਦ ਆਇਆ ਕਿ ਇਕ ਦਿਨ ਉਹਨੇ ਮਾਲਕ ਦੁਕਾਨ ਨੂੰ ਜਦੋਂ ਦੱਸਿਆ ਕਿ ਜੇ ਉਸ ਦਾ ਮੰੁਡਾ ਜ਼ਿੰਦਾ ਹੁੰਦਾ ਤਾਂ ਇਸ ਵੇਲੇ ਗੱਭਰੂ ਜਵਾਨ ਹੁੰਦਾ | ਮਾਲਕ ਦੁਕਾਨ ਦੇ ਮੰੁਡਿਆਂ ਵਰਗਾ ਹੁੰਦਾ, ਤਾਂ ਉਹਨੇ (ਮਾਲਕ ਦੁਕਾਨ ਨੇ) ਇਹ ਕਹਿੰਦੇ ਹੱਸ ਦਿੱਤਾ ਸੀ, 'ਓਏ ਉਹਨੇ ਕਿਹੜਾ ਹਵਾਈ ਜਹਾਜ਼ ਚਲਾਉਣਾ ਸੀ, ਉਹ ਵੀ ਤੇਰੀ ਤਰ੍ਹਾਂ ਰਿਕਸ਼ਾ ਹੀ ਢੋਂਹਦਾ |'
ਕਿਸਨੇ ਦੇ ਮਨ ਨੂੰ ਬੜੀ ਠੇਸ ਪੁੱਜੀ ਕਿ ਇਹ ਅਮੀਰ ਬੰਦੇ ਸਾਡੇ ਮਨ ਦੀ ਦਸ਼ਾ ਨੂੰ ਆਪਣੀ ਤਰ੍ਹਾਂ ਦਾ ਸਮਝਦੇ ਹੀ ਨਹੀਂ | ਇਹ ਅਮੀਰ ਲੋਕ ਸਮਝਦੇ ਨੇ ਕਿ ਗ਼ਰੀਬ ਦੇ ਮਨ ਨੂੰ ਸ਼ਾਇਦ ਕਿਸੇ ਦੀ ਵੱਡੀ ਘਾਟ/ਅਨਹੋਣੀ ਹੋ ਜਾਣ ਨਾਲ ਠੇਸ ਹੀ ਨਹੀਂ ਪਹੁੰਚਦੀ | ਇਹ ਸੋਚ ਕੇ ਕਿਸਨਾ ਉਦਾਸ ਜਿਹਾ ਹੋ ਗਿਆ |
ਕਿਸਨਾ, ਮੁੱਖ ਸੜਕ ਤੇ ਆਹਿਸਤਾ-ਆਹਿਸਤਾ ਰਿਕਸ਼ਾ ਚਲਾਉਂਦਿਆਂ, ਘਰ ਪਰਤ ਰਿਹਾ ਸੀ | ਸ਼ਹਿਰ ਤੋਂ ਤਿੰਨ ਚਾਰ ਕਿਲੋਮੀਟਰ ਬਾਹਰ ਨਿਕਲ ਚੁੱਕਾ ਸੀ ਕਿ ਇਕ ਜਵਾਨ ਮੰੁਡੇ ਨੇ ਆਵਾਜ਼ ਮਾਰੀ, 'ਓਏ ਭਈਆ ਚਲੇਗਾ?' ਕਿਸਨੇ ਨੇ ਰਿਕਸ਼ਾ ਰੋਕਿਆ ਤੇ ਦੇਖਿਆ ਕਿ ਜਵਾਨ ਮੰੁਡਾ ਆਪਣੀ ਨਵ-ਵਿਆਹੀ ਪਤਨੀ ਨਾਲ ਇਕ ਬੰਦ ਸਕੂਟਰ ਕੋਲ ਖੜ੍ਹੇ ਸਨ | 'ਬਈ ਯੇ ਸਕੂਟਰ ਰੁਕ ਗਿਆ ਹੈ, ਇਸ ਕੋ ਯਹਾਂ ਕਹੀਂ ਖੜ੍ਹਾ ਕਰ ਦੇਤੇ ਹੈਾ, ਖਰਾਬ ਹੋ ਗਿਆ ਹੈ, ਹਮ ਨੇ ਮਾਡਲ ਟਾਊਨ ਜਾਨਾ ਹੈ, ਕਿਤਨੇ ਪੈਸੇ?' ਬਾਬੂ ਜੀ, ਮੈਂ ਤੋ ਘਰ ਜਾ ਰਹੂ ਹੰੂ, ਨਹੀਂ ਜਾਨਾ |' ਕਿਸ ਨੇ ਜਵਾਬ ਦਿੱਤਾ |
'ਅਰੇ ਯਾਰ ਚਲ ਪੜੋ, ਜੋ ਲੇਨਾ ਹੈ ਬਤਾ ਦੋ, ਰਾਤ ਹੋ ਰਹੀ ਹੈ', ਬਾਊ ਨੇ ਕਿਹਾ |
ਨਾ ਜਾਣ ਦੇ ਇਰਾਦੇ ਨਾਲ ਤੇ ਨਾਲੇ ਥੱਕੇ ਹੋਣ ਕਰਕੇ ਕਿਸਨੇ ਨੇ ਕਿਹਾ, '40 ਰੁਪਏ ਲਗੇਂਗੇ, ਮੈਨੂੰ ਖਾਲੀ ਵਾਪਸ ਆਨਾ ਪੜ੍ਹੇਗਾ' | 'ਠੀਕ... ਹੈ', ਲੜਕੇ ਨੇ ਕਿਹਾ ਤੇ ਉਹਨੇ ਸਾਹਮਣੇ ਕਿਸੇ ਕੋਲ ਸਕੂਟਰ ਖੜ੍ਹਾ ਕੀਤਾ ਤੇ ਰਿਕਸ਼ੇ 'ਤੇ ਬੈਠ ਗਏ |
ਰਿਕਸ਼ੇ 'ਚ ਉਸ ਜਵਾਨ ਜੋੜੀ ਨੂੰ ਬਿਠਾਉਣ ਤੋਂ ਕੋਈ 2-4 ਮਿੰਟ 'ਚ ਹੀ ਕਿਸਨੇ ਨੂੰ ਆਪਣੇ ਬੇਟੇ ਦੀ ਯਾਦ ਸਤਾਉਣ ਲੱਗੀ ਕਿ ਜੇਕਰ ਉਹ ਜ਼ਿੰਦਾ ਹੁੰਦਾ ਤਾਂ ਕਰੀਬ ਇਸੇ ਉਮਰ ਦਾ ਹੁੰਦਾ | ਹੁਣ ਤੱਕ ਸ਼ਾਇਦ ਇਸੇ ਤਰ੍ਹਾਂ ਉਹਦਾ ਵਿਆਹ ਵੀ ਹੋ ਗਿਆ ਹੁੰਦਾ | ਉਸ ਨੇ ਰਿਕਸ਼ੇ ਚਲਾਉਂਦਿਆਂ ਨਜ਼ਰ ਘੁਮਾ ਕੇ ਪਿਛੇ ਵੱਲ ਤੱਕਿਆ | ਜਿਹੜਾ ਜਵਾਨ ਮੰੁਡਾ ਸੜਕ 'ਤੇ ਖੜ੍ਹਾ ਉਹਨੂੰ ਥੱਕਿਆ-ਟੁੱਟਿਆ ਨਜ਼ਰ ਆ ਰਿਹਾ ਸੀ, ਉਹਨੇ ਖੱਬੀ ਬਾਂਹ ਪਿਛੇ ਵੱਲ ਘੁਮਾ ਕੇ ਘਰ ਵਾਲੀ ਨੂੰ ਅੱਧੀ ਗਲਵਕੜੀ 'ਚ ਲਿਆ ਹੋਇਆ ਸੀ ਤੇ ਸੁਖਦ ਨਜ਼ਰ ਆ ਰਿਹਾ ਸੀ, ਮੁਸ-ਮੁਸ ਕਰ ਕੇ ਉਸ ਨਾਲ ਕੋਈ ਗੱਲ ਕਰ ਰਿਹਾ ਸੀ, ਇਸ ਗੱਲ ਤੋਂ ਬੇਖਬਰ ਕਿ ਰਿਕਸ਼ੇ ਵਾਲੇ ਭਈਏ ਨੇ ਉਨ੍ਹਾਂ ਵੱਲ ਤੱਕਿਆ ਸੀ |
ਸੂਰਜ ਦੀ ਟਿਕੀ ਮੰੂਹ ਛੁਪਾਉਂਦੀ ਪੱਛਮ ਵੱਲ ਵਧ ਰਹੀ ਸੀ | ਘੁਸ-ਮੁਸ ਹਨੇਰਾ, ਸਜ-ਵਿਆਹੇ ਜੋੜੇ ਨੂੰ ਇਕ-ਦੂਜੇ ਨਾਲ ਅਠਖੇਲੀਆਂ ਕਰਨ ਲਈ ਸਾਜ਼ਗਾਰ ਸੀ, ਜੋ ਚੰਗਾ ਲਗ ਰਿਹਾ ਸੀ | ਰਿਕਸ਼ੇ ਵਾਲਾ ਬੀਤੇ ਸਮੇਂ ਦੀਆਂ ਯਾਦਾਂ 'ਚ ਕਦੇ ਹੁਲਾਰੇ ਲੈਂਦਾ, ਕਦੇ ਡੁੱਬਦਾ, ਪਰ ਉਸ ਨੂੰ ਸ਼ਾਮ ਵੇਲੇ, ਭਾਵੇਂ ਬੇ-ਦਿਲਿਆਂ ਹੀ ਸਹੀ, ਬਿਠਾਈ ਸਵਾਰੀ ਥਕਾਉਣ ਦੀ ਬਜਾਏ ਜਿਵੇਂ ਤਰੋ-ਤਾਜ਼ਾ ਕਰਨ ਲੱਗ ਪਈ ਸੀ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 98155-09390


ਖ਼ਬਰ ਸ਼ੇਅਰ ਕਰੋ

ਸ਼ਕਲ ਮਿਲਣ ਦੀ ਸਜ਼ਾ

ਮੈਨੂੰ ਹੈਰਾਨੀ ਹੋਈ ਜਦ ਇਕ ਅਣਜਾਣ ਆਦਮੀ ਨੇ ਮੈਨੂੰ ਰੋਕ ਕੇ ਬੜੇ ਅਦਬ-ਸਤਿਕਾਰ ਨਾਲ ਹੱਥ ਜੋੜ ਕੇ ਆਖਿਆ, 'ਸਤਿ ਸ੍ਰੀ ਅਕਾਲ ਜੀ...', ਮੈਂ ਬੜੇ ਗ਼ੌਰ ਨਾਲ ਉਸ ਨੂੰ ਵੇਖਿਆ, ਦਿਮਾਗ਼ 'ਤੇ ਪੂਰਾ ਜ਼ੋਰ ਪਾ ਕੇ ਉਸ ਨੂੰ ਪਛਾਣਨ ਦੀ ਕੋਸ਼ਿਸ਼ ਵੀ ਕੀਤੀ ਪਰ ਮੈਨੂੰ ਯਾਦ ਨਾ ਆਇਆ ਕਿ ਇਹ ਸੱਜਣ ਕੌਣ ਏ? ਉਹ ਭਾਂਪ ਗਿਆ ਕਿ ਮੈਂ ਉਸ ਨੂੰ ਪਛਾਣਿਆ ਨਹੀਂ, ਬੇਗਾਨਗੀ ਦੀ ਕਸ਼ਮਕਸ਼ 'ਚ ਹਾਂ | ਬੋਲਿਆ, 'ਪਾਪਾ ਜੀ, ਆਪ ਨੇ ਮੁਝੇ ਨਹੀਂ ਪਹਿਚਾਨਾ?' ਆਪ ਬੋਰੀਵਲੀ ਵੈਸਟ ਮੇਂ ਹਮਾਰੇ ਪੜੋਸ ਮੇ ਰਹਿਤੇ ਥੇ... ਮੈਂ ਬੰਗਾਲੀ ਹੰੂ... ਆਪ ਮੁਝੇ ਪਿਆਰ ਸੇ ਦਾਦਾ ਬੁਲਾਤੇ ਥੇ...ਐਸ.ਆਰ. ਭੱਟਾਚਾਰੀਆ |' ਮੈਂ ਮੁਸਕਰਾ ਪਿਆ, ਸਮਝ ਗਿਆ ਕਿ ਇਸ ਨੂੰ ਗ਼ਲਤ-ਫਹਿਮੀ ਹੋਈ ਹੈ | ਮੈਂ ਪਿਆਰ ਨਾਲ ਉਸ ਨਾਲ ਹੱਥ ਮਿਲਾਇਆ ਤੇ ਕਿਹਾ, 'ਦਾਦਾ ਆਪ ਕੋ ਪਹਿਚਾਨਨੇ ਮੇਂ ਗ਼ਲਤੀ ਹੂਈ ਹੈ, ਮੈਂ ਤੋਂ ਬੋਰੀਵਲੀ ਮੇਂ ਕਭੀ ਰਹਾ ਹੀ ਨਹੀਂ |
'ਉਹੋ, ਸੌਰੀ...' ਉਸ ਨੇ ਕਿਹਾ, 'ਵੋਹਪਾਪਾ ਜੀ, ਦਰਸ਼ਨ ਸਿੰਘ ਜੀ ਬਿਲਕੁਲ ਆਪ ਜੈਸੇ ਲਗਤੇ ਥੇ', ਫਿਰ ਉਸ ਨੇ ਆਖਿਆ, 'ਸਭੀ ਸਰਦਾਰ ਏਕ ਜੈਸੇ ਲਗਤੇ ਹੈਾ |'
ਮੈਂ ਹੱਸ ਕੇ ਕਿਹਾ, 'ਨਹੀਂ ਆਜ ਸੇ ਆਪ ਭੀ ਮੇਰੇ ਦਾਦਾ ਹੀ ਹੋ |' ਦੋਵਾਂ ਨੇ ਹੱਸਦਿਆਂ ਹੱਸਦਿਆਂ ਆਪਣਾ-ਆਪਣਾ ਰਾਹ ਫੜਿਆ |
ਇਕ ਵਾਰ ਹੀ ਨਹੀਂ, ਇਹ 'ਪਛਾਣ' ਵਾਲਾ ਵਿਸ਼ਾ ਮੇਰੇ ਨਾਲ ਕਈ ਵਾਰ ਬੀਤਿਆ ਹੈ | (ਹੋ ਸਕਦਾ ਹੈ ਤੁਹਾਨੂੰ ਕਈਆਂ ਨੂੰ ਵੀ ਏਦਾਂ ਦਾ ਤਜਰਬਾ ਹੋਇਆ ਹੋਵੇ), ਸੁਣੋ ਜੀ, ਪ੍ਰਸੰਨਚਿਤ ਹੋਵੋ... ਕਾਨਸਾਸ ਵਿਚ ਇਹੋ ਜਿਹਾ ਅਜੀਬ ਕਿੱਸਾ ਵਾਪਰਿਆ ਹੈ | ਇਕ ਵਿਚਾਰੇ ਆਮ ਜਿਹੇ ਸ਼ਰੀਫ਼ ਆਦਮੀ ਨੂੰ ਸ਼ਕਲ ਦੇ ਭੁਲੇਖੇ 'ਚ ਇਕ ਚੋਰ ਦੇ ਭੁਲੇਖੇ 'ਚ ਪੂਰੇ 17 ਸਾਲ ਜੇਲ੍ਹ ਕੱਟਣੀ ਪਈ |
ਕਿੱਸਾ ਇਉਂ ਹੈ ਕਿ ਕਾਨਸਾਸ 'ਚ ਇਕ ਮਾਲ 'ਚ ਕਿਸੇ ਦਾ ਮੋਬਾਈਲ ਫੋਨ ਚੋਰੀ ਹੋ ਗਿਆ ਸੀ, ਚੋਰ ਦਾ ਜਿਹੜਾ ਹੁਲੀ ਬਿਆਨ ਕੀਤਾ ਗਿਆ, ਬਿਲਕੁਲ ਉਸ ਨਾਲ ਸ਼ਕਲ, ਦਿਖ, ਦੇਹ, ੁਚਾਈ, ਮਿਲਦੀ ਵੇਖ, ਪਾਰਕਿੰਗ 'ਚ ਜੋਨਜ਼ ਨਾਂਅ ਦੇ ਵਿਚਾਰੇ ਸ਼ਰੀਫ਼ ਵਿਅਕਤੀ ਨੂੰ ਪੁਲਿਸ ਨੇ ਫੜ ਲਿਆ | ਉਸ ਨੇ ਬੜੇ ਵਾਸਤੇ ਪਾਏ ਕਿ ਉਹ ਜਿਸ ਚੋਰ ਰਿਕੀ ਦਾ ਜ਼ਿਕਰ ਕਰ ਰਹੇ ਹਨ, ਉਹ ਉਹ ਨਹੀਂ ਹੈ, ਸਗੋਂ ਉਹ ਜ਼ੋਨਜ਼ ਹੈ, ਉਹ ਕਿਸੇ ਰਿਕੀ ਨੂੰ ਜਾਣਦਾ ਵੀ ਨਹੀਂ, ਪਰ ਕਿਉਂਕਿ ਰਿਕੀ ਪਹਿਲਾਂ ਜੇਲ੍ਹ 'ਚ ਰਹਿ ਚੁੱਕਿਆ ਸੀ, ਜੇਲ੍ਹ 'ਚ ਬੰਦ ਕੈਦੀਆਂ ਨੂੰ ਬੁਲਾਇਆ ਗਿਆ, ਉਨ੍ਹਾਂ ਸਾਹਮਣੇ ਉਹਦੀ ਪਰੇਡ ਕਰਵਾਈ ਗਈ ਸਭਨਾਂ ਨੇ ਉਸ ਨੂੰ ਪਛਾਣ ਲਿਆ ਤੇ ਇਸ ਦੀ ਪੁਸ਼ਟੀ ਕੀਤੀ ਕਿ ਉਹ ਰਿਕੀ ਹੀ ਹੈ | ਕਾਨੂੰਨ ਤਾਂ ਸਬੂਤ ਮੰਗਦਾ ਹੈ, ਗਵਾਹੀਆਂ 'ਤੇ ਹੀ ਚਲਦਾ ਹੈ | ਇਸ ਵਿਚਾਰੇ ਬੇਗੁਨਾਹ ਨੂੰ 19 ਸਾਲ ਲਈ ਜੇਲ੍ਹ ਵਿਚ ਤੰੁਨ ਦਿੱਤਾ, 42 ਸਾਲਾਂ ਦਾ ਹੋ ਗਿਆ ਸੀ ਜੋਨਜ਼ ਕਿ ਇਕ ਹੋਰ ਕੈਦੀ ਗਵਾਹ ਨੂੰ ਜਦ ਜੋਨਜ਼ ਦੀਆਂ ਫੋਟੋ ਨਾਲ ਵਿਖਾਈਆਂ ਤਾਂ ਉਸਨੇ ਪੂਰੇ ਵਿਸ਼ਵਾਸ ਨਾਲ ਆਖਿਆ ਕਿ ਉਹ ਸੈਲ-ਚੋਰ ਰਿਕੀ ਨਹੀਂ ਹੈ | ਸਤਾਰਾਂ ਸਾਲ ਜੇਲ੍ਹ 'ਚ ਹੋ ਗਏ ਸਨ, ਵਿਚਾਰੇ ਨੂੰ ਜੱਜ ਨੇ ਝੱਟ ਉਸ ਨੂੰ ਰਿਹਾਅ ਕਰਨ ਦਾ ਹੁਕਮ ਦੇ ਦਿੱਤਾ | ਰਿਹਾਅ ਹੋ ਕੇ, ਉਹ ਵਿਚਾਰਾ ਬਣਕੇ ਚੁੱਪ-ਚਾਪ ਨਹੀਂ ਬੈਠਾ ਰਿਹਾ ਉਹਨੇ ਅਦਾਲਤ 'ਚ ਸਰਕਾਰ ਵਿਰੁੱਧ ਇਸ ਗ਼ਲਤੀ ਲਈ 1.1 ਮਿਲੀਅਨ ਡਾਲਰ ਦਾ ਦਾਅਵਾ ਠੋਕ ਦਿੱਤਾ | ਆਹਾ ਸਰਕਾਰਾਂ ਹਰ ਥਾੲੀਂ ਏਦਾਂ ਹੀ ਚਲਦੀਆਂ ਨੇ, ਪੁਲਿਸ ਹਰ ਥਾੲੀਂ ਕਾਨੂੰਨ ਦੀ ਪਾਲਣਾ ਏਦਾਂ ਹੀ ਕਰਦੀ ਹੈ | ਤਾਮਿਲਨਾਡੂ 'ਚ ਮਦੁਰਾਇ ਦਾ ਪ੍ਰਸਿੱਧ ਮੀਨਾਕਸ਼ੀ ਮੰਦਿਰ ਹੈ, ਉਹਦੇ ਮੰਦਰ ਇਕ ਥਾਂ 'ਤੇ ਕੰਧ 'ਤੇ ਕਈ ਜਾਨਵਰਾਂ ਦੀਆਂ ਸ਼ਕਲਾਂ ਉਕਰੀਆਂ ਹੋਈਆਂ ਹਨ | ਸੱਚ ਮੰਨਣਾ, ਜਦ ਇਨ੍ਹਾਂ ਨੂੰ ਧਿਆਨ ਨਾਲ ਵੇਖੋ ਤਾਂ ਕਿਸੇ ਨਾ ਕਿਸੇ ਇਕ ਜਾਨਵਰ ਦੀ ਸ਼ਕਲ ਨਾਲ ਤੁਹਾਨੂੰ ਆਪਣੀ ਸ਼ਕਲ ਮਿਲਦੀ ਨਜ਼ਰ ਆਏਗੀ | ਇਸ 'ਚ ਸ਼ਰਮ ਕਾਹਦੀ, ਆਖਿਰ ਮਨੁੱਖ ਨੂੰ ਵੀ ਸੋਸ਼ਲ ਪ੍ਰਗਤੀਵਾਦੀ ਜਾਨਵਰ ਹੀ ਜਾਣਿਆ ਜਾਂਦਾ ਹੈ | ਫਿਰ ਕੋਈ ਜਾਨਵਰ ਐਹੋ ਜਿਹੀਆਂ ਚੋਰੀਆਂ ਤਾਂ ਨਹੀਂ ਕਰਦਾ ਕਿ ਤੁਹਾਨੂੰ ਉਹਦੀ ਥਾਂ ਪੁਲਿਸ ਵਾਲੇ ਚੁੱਕ ਕੇ ਅੰਦਰ ਕਰ ਦੇਣ ਤੇ 16-17 ਸਾਲ ਤੁਸੀਂ ਜੇਲ੍ਹ 'ਚ ਸੜਦੇ ਰਹੋ | ਹਾਂ, ਇਹ ਸੱਚ ਹੈ ਕਿ ਇਨਸਾਨ ਜਾਨਵਰ ਜ਼ਰੂਰ ਚੋਰੀ ਕਰ ਲੈਂਦਾ ਹੈ | ਕੁੱਕੜ-ਕੁਕੜੀਆਂ ਤੋਂ ਲੈ ਕੇ ਭੇਡਾਂ, ਬੱਕਰੀਆਂ ਤੇ ਗਾਵਾਂ-ਮੱਝਾਂ ਤੱਕ ਚੋਰੀ ਕਰ ਲੈਂਦਾ ਹੈ | ਪਤੈ ਨਾ, ਉੱਤਰ ਪ੍ਰਦੇਸ਼ 'ਚ ਸਮਾਜਵਾਦੀਪਾਰਟੀ ਦੇ ਨੇਤਾ ਆਜ਼ਮ ਖ਼ਾਨ ਦੀਆਂ ਮੱਝਾਂ ਚੋਰੀ ਹੋ ਗਈਆਂ ਸਨ, ਜਿਸ ਲਈ ਉਸ ਸਮੇਂ ਦੀ ਸਮਾਜਵਾਦੀ ਪਾਰਟੀ ਦੀ ਸਰਕਾਰ 'ਚ ਇਹ ਮੰਤਰੀ ਸਨ ਤੇ ਇਨ੍ਹਾਂ ਦਾ ਪੁਲਿਸ ਨੂੰ ਹੁਕਮ ਸੀ ਕਿ ਛੇਤੀ ਤੋਂ ਛੇਤੀ ਮੱਝਾਂ ਦੇ ਚੋਰ ਨੂੰ ਫੜ ਕੇ ਗਿ੍ਫ਼ਤਾਰ ਕੀਤਾ ਜਾਵੇ | ਪੁਲਿਸ ਦੀ ਤਨਦੇਹੀ ਵੇਖੋ, ਤਿੰਨਾਂ ਦਿਨਾਂ 'ਚ ਤਿੰਨੇ ਮੱਝਾਂ ਦੇ ਚੋਰ ਗਿ੍ਫ਼ਤਾਰ ਕਰ ਲਏ ਸਨ ਤੇ ਮੱਝਾਂਅ ਆਜ਼ਮ ਖਾਨ ਦੇ ਮਝਖਾਨੇ 'ਚ ਆਪਣੇ ਕਿੱਲਿਆਂ 'ਤੇ ਮੁੜ ਬੱਝ ਗਈਆਂ ਸਨ |
ਇਕ ਤਾਂ ਚਲੋ, ਕਿਸੇ ਮਨੁੱਖ ਦੀ ਸ਼ਕਲ ਕਿਸੇ ਦੂਜੇ ਮਨੁੱਖ ਨਾਲ ਮਿਲਦੀ-ਜੁਲਦੀ ਵੇਖਣ ਵਾਲੇ ਨੂੰ ਭੁਲੇਖਾ ਪਾ ਹੀ ਦਿੰਦੀ ਹੈ, ਪਰ ਇਹ ਤਾਂ ਆਮ ਹੈ ਕਿ ਜਿਹੜੇ ਜੌੜੇ ਜੰਮਦੇ ਹਨ, ਉਨ੍ਹਾਂ ਦੀਆਂ ਸਿਰਫ਼ ਸ਼ਕਲਾਂ ਹੀ ਹੂ-ਬਹੂ ਨਹੀਂ ਮਿਲਦੀਆਂ, ਸਗੋਂ ਕਮਾਲ ਦੀ ਖਾਸੀਅਤ ਹੈ ਕਿ ਇਕ ਰੋਂਦਾ ਹੈ ਤਾਂ ਦੂਜਾ ਉਸੇ ਵੇਲੇ ਆਪਣੇ-ਆਪ ਰੋਣਾ ਸ਼ੁਰੂ ਕਰ ਦਿੰਦਾ ਹੈ | ਇਕ ਹੱਸਦਾ ਹੈ ਤਾਂ ਦੂਜਾ ਉਸੇ ਵੇਲੇ ਆਪਣੇ-ਆਪ ਨੂੰ ਹੱਸਣਾ ਸ਼ੁਰੂ ਕਰ ਦਿੰਦਾ ਹੈ | ਇਹੋ ਹਾਲ ਜੌੜੇ ਜੰਮੀਆਂ ਬੱਚੀਆਂ ਦਾ ਹੁੰਦਾ ਹੈ | ਜੌੜੇ ਜੰਮਿਆਂ ਦੀ ਮਾਂ ਨੂੰ ਵੀ ਭੁਲੇਖਾ ਪੈ ਜਾਂਦਾ ਹੈ | ਇਸ ਲਈ ਪਛਾਣ ਕਾਇਮ ਰੱਖਣ ਲਈ ਉਹ ਇਕ ਦੀ ਗੱਲ੍ਹ 'ਤੇ ਇਕ ਕਾਲਾ ਟਿੱਕਾ ਲਾ ਦਿੰਦੀ ਹੈ ਤੇ ਦਜੇ ਦੀ ਗਲ੍ਹ 'ਤੇ ਦੋ ਕਾਲੇ ਟਿੱਕੇ |
ਇਕੋ ਦਿਨ ਕੁਝ ਕੁ ਮਿੰਟਾਂ ਵਿਚ, ਇਕ ਤੋ ਮਗਰੋਂ ਇਕ ਜੰਮੇ ਬੱਚੇ ਜ਼ਿਆਦਾ ਤੋਂ ਜ਼ਿਆਦਾ ਅੱਧੇ ਘੰਟੇ ਲਈ ਉਮਰ 'ਚ ਇਕ-ਦੂਜੇ ਤੋਂ ਵੱਡੇ-ਛੋਟੇ ਹੁੰਦੇ ਹਨ ਪਰ ਰੋਣ ਤੇ ਹੱਸਣ ਵਾਲੇ ਅਮਲ 'ਚ ਹੀ ਇਕ ਦੂਜੇ ਦੇ ਬਿਲਕੁਲ ਕਾਰਬਨ ਕਾਪੀ ਹੁੰਦੇ ਹਨ, ਪਰ ਜ਼ਰੂਰੀ ਨਹੀਂ ਕਿ ਸੁਭਾਅ ਵੀ ਦੋਵਾਂ ਦਾ ਇਕੋ ਜਿਹਾ ਹੁੰਦਾ ਹੈ | ਇਸ 'ਤੇ ਕਈ ਫਿਲਮਾਂ ਬਣੀਆਂ ਹਨ ਜਿਵੇਂ 'ਰਾਮ ਔਰ ਸ਼ਿਆਮ', 'ਸੀਤਾ ਔਰ ਗੀਤਾ' ਆਦਿ | ਪਿਛਲੇ ਕੁਝ ਸਾਲਾਂ 'ਚ 'ਜੁੜਵਾਂ' ਨਾਂਅ ਦੀਆਂ ਫਿਲਮਾਂ ਬਣੀਆਂ ਹਨ ਹੁਣ 'ਜੁੜਵਾਂ-2' ਬਣ ਰਹੀ ਹੈ | ਇਸ 'ਚ ਦੋਵੇਂ ਭਰਾ ਜਾਂ ਦੋਵੇਂ ਭੈਣਾਂ 'ਚ ਇਕ ਤਾਂ ਸਾਊ, ਗਊ ਹਰ ਗੱਲ, ਹਰ ਸਿਤਮ ਸਹਿਣ ਵਾਲਾ ਨਿਮਾਣਾ ਹੁੰਦਾ ਹੈ, ਤੇ ਦੂਜਾ ਜ਼ੁਲਮੋ ਸਿਤਮ ਬਿਲਕੁਲ ਨਾ ਸਹਿਣ ਵਾਲਾ, ਕੁੱਟ-ਕੁੱਟ ਬਾਜਰਾ ਮੈਂ ਕੋਠੇ 'ਤੇ ਨਹੀਂ, ਥੱਲੇ ਵਿਹੜੇ ਵਿਚ ਪਾਨਾ ਹਾਂ, ਹੰਟਰਬਾਜ਼ ਹੁੰਦਾ ਹੈ |
ਵੇਖੀ ਹੋਣੀ ਹੈ ਤੁਸਾਂ ਦਲੀਪ ਕੁਮਾਰ ਵਾਲੀ ਫਿਲਮ 'ਰਾਮ ਔਰ ਸ਼ਿਆਮ' ਕਿੱਦਾਂ ਇਕ ਨਿਮਾਣਾ ਭਰਾ ਰਾਮ ਆਪਣੇ ਹੀ ਘਰ 'ਚ ਸ਼ੜਯੰਤਰੀ ਅੰਕਲ-ਅੰਟੀ ਹੱਥੋਂ ਕੁੱਟ ਖਾਈ ਜਾਂਦਾ ਹੈ, ਫਿਰ ਜਦ ਸੰਯੋਗਵਸ ਉਹਦੀ ਥਾਂ ਭੁਲੇਖੇ 'ਚ ਉਸੇ ਘਰ ਪਰਿਵਾਰ ਵਿਚ ਸ਼ਿਆਮ ਆ ਜਾਂਦਾ ਹੈ ਤਾਂ ਉਹ ਉਸੇ ਹੀ ਅੰਕਲ-ਅੰਟੀ ਨੂੰ ਹੰਟਰ ਨਾਲ ਕੁੱਟ-ਕੁੱਟ ਕੇ ਉਨ੍ਹਾਂ ਦਾ ਭੜਥਾ ਬਣਾ ਦਿੰਦਾ ਹੈ | ਇਸੇ ਹੀ ਥੀਮ 'ਤੇ ਮਗਰੋਂ ਹੇਮਾ ਮਾਲਿਨੀ ਦੇ ਡਬਲ ਰੋਲ ਵਾਲੀ ਫਿਲਮ 'ਸੀਤਾ ਔਰ ਗੀਤਾ' ਬਣੀ |
ਅਸਲ 'ਚ ਇਹ ਸਭੇ ਫਿਲਮਾਂ ਸਭ ਤੋਂ ਪਹਿਲਾਂ ਹਾਲੀਵੁੱਡ 'ਚ ਬਣੀ ਅੰਗਰੇਜ਼ੀ ਫਿਲਮ 'ਕਾਰਸੀਕਨ ਬ੍ਰਦਰਜ਼' ਦੀ ਕਾਪੀ ਹਨ ਜਾਂ ਇਉਂ ਆਖ ਲਓ ਕਿ ਉਸੇ ਫਿਲਮ ਤੋਂ ਇਨ੍ਹਾਂ ਨੂੰ ਫਾਰਮੂਲਾ ਹੱਥ ਆਇਆ |
ਸਾਡੇ ਆਪਣੇ ਸਮਾਜ ਵਿਚ ਵੀ ਕਿੰਨੇ ਸੁਹਾਵਣੇ, ਮਨੋਰੰਜਨਦਾਇਕ ਕਿੱਸੇ ਹਨ | ਇਕ ਕਮਾਲ ਦਾ ਕਿੱਸਾ ਇਹ ਹੈ:
ਜਦ, ਦੋ ਜੌੜੀਆਂ ਭੈਣਾਂ, ਦੋ ਜੌੜੇ ਭਰਾਵਾਂ ਨਾਲ ਵਿਆਹੀਆਂ ਗਈਆਂ | ਦੋਵਾਂ ਪਾਸਿਆਂ ਲਈ ਕਲੇਸ਼ ਪਿਆ ਰਹਿੰਦਾ | ਮੰੁਡਿਆਂ ਨੂੰ ਇਹ ਪਤਾ ਨਾ ਲਗਦਾ ਕਿ ਇਨ੍ਹਾਂ 'ਚੋਂ ਭਰਜਾਈ ਕਿਹੜੀ ਹੈ ਤੇ ਘਰਵਾਲੀ ਕਿਹੜੀ? ਤੇ ਕੁੜੀਆਂ ਨੂੰ ਇਹ ਪਤਾ ਨਾ ਲਗਦਾ ਕਿ ਪਤੀ ਕਿਹੜਾ ਹੈ ਤੇ ਦੇਵਰ ਕਿਹੜਾ | ਪਰ ਜਿਸ ਵਿਹੜੇ 'ਚ ਇਹ ਜੌੜੇ-ਜੌੜੀਆਂ ਸਨ, ਉਹ ਵਿਹੜਾ ਤਾਂ ਹਰ ਵੇਲੇ ਹਾਸਿਆਂ ਨਾਲ ਖਿੜਿਆ ਰਹਿੰਦਾ |

ਰਿਸ਼ਤੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਸੰੁਦਰਤਾ ਤੋਂ ਵੱਧ ਕੇ ਚਰਿੱਤਰ, ਪਿਆਰ ਤੋਂ ਵੱਧ ਤਿਆਗ, ਦੌਲਤ ਤੋਂ ਵਧ ਕੇ ਮਨੁੱਖਤਾ ਪਰ ਸੰੁਦਰ ਰਿਸ਼ਤਿਆਂ ਤੋਂ ਵਧ ਕੇ ਇਸ ਦੁਨੀਆ ਵਿਚ ਕੁਝ ਵੀ ਨਹੀਂ |
• ਕੁਝ ਰਿਸ਼ਤੇ ਲਭਦਿਆਂ ਨਹੀਂ ਲੱਭਦੇ, ਇਹ ਉਸਾਰਨੇ ਪੈਂਦੇ ਹਨ |
• ਜ਼ਰੂਰੀ ਨਹੀਂ ਕਿ ਸਾਰੇ ਸਬਕ ਕਿਤਾਬਾਂ ਤੋਂ ਹੀ ਸਿੱਖੋ | ਕੁਝ ਸਬਕ ਜ਼ਿੰਦਗੀ ਅਤੇ ਰਿਸ਼ਤੇ ਵੀ ਸਿਖਾ ਦਿੰਦੇ ਹਨ |
• ਕੌੜਾ ਸੱਚ, ਗ਼ਰੀਬ ਨਾਲ ਨੇੜੇ ਦਾ ਰਿਸ਼ਤਾ ਵੀ ਛੁਪਾਉਂਦੇ ਹਨ ਲੋਕ ਅਤੇ ਅਮੀਰਾਂ ਨਾਲ ਦੂਰ ਦਾ ਰਿਸ਼ਤਾ ਵੀ ਵਧਾ-ਚੜ੍ਹਾ ਕੇ ਦੱਸਦੇ ਹਨ ਲੋਕ |
• ਜਦੋਂ ਸੁਪਨੇ ਟੁਟਦੇ ਹਨ ਤਾਂ ਬੰਦਾ ਸੌਣਾ ਭੁੱਲ ਜਾਂਦਾ ਹੈ ਤੇ ਜਦੋਂ ਰਿਸ਼ਤੇ ਟੁਟਦੇ ਹਨ ਤਾਂ ਬੰਦਾ ਜਿਊਣਾ ਭੁੱਲ ਜਾਂਦਾ ਹੈ |
• ਰਿਸ਼ਤੇ ਕੱਚ ਦੀ ਤਰ੍ਹਾਂ ਹੁੰਦੇ ਹਨ, ਟੁੱਟ ਜਾਣ ਤਾਂ ਚੁਭਦੇ ਹਨ | ਰਿਸ਼ਤਿਆਂ ਨੂੰ ਟੁੱਟਣ ਵਿਚ ਇਕ ਮਿੰਟ ਅਤੇ ਬਣਨ ਵਿਚ ਕਈ ਸਾਲ ਲੱਗ ਜਾਂਦੇ ਹਨ |
• ਰਿਸ਼ਤੇ ਵਿਸ਼ਵਾਸ ਦੇ ਹੰੁਦੇ ਹਨ ਜੇਕਰ ਵਿਸ਼ਵਾਸ ਹੋਵੇ ਤਾਂ ਪਰਾਏ ਵੀ ਆਪਣੇ ਹੁੰਦੇ ਹਨ, ਜੇਕਰ ਵਿਸ਼ਵਾਸ ਨਾ ਹੋਵੇ ਤਾਂ ਆਪਣੇ ਵੀ ਪਰਾਏ ਹੋ ਜਾਂਦੇ ਹਨ |
• ਜਿਸ ਵਿਅਕਤੀ ਦਾ ਕੋਈ ਰਿਸ਼ਤੇਦਾਰ ਨਹੀਂ, ਉਸ ਦੀਆਂ ਸਾਰੀਆਂ ਦਿਸ਼ਾਵਾਂ ਉਜਾੜ ਹਨ |
• ਪਹਿਲਾਂ ਲੋਕ ਭਾਵੁਕ ਹੁੰਦੇ ਸੀ, ਰਿਸ਼ਤੇ ਨਿਭਾਉਂਦੇ ਸਨ,
ਫਿਰ ਥੋੜ੍ਹਾ ਪ੍ਰੈਕਟੀਕਲ ਹੋ ਗਏ, ਰਿਸ਼ਤਿਆਂ ਤੋਂ ਫਾਇਦਾ ਲੈਣ ਲੱਗੇ |
ਹੁਣ ਕਈ ਪ੍ਰੋਫੈਸ਼ਨਲ ਹਨ, ਫਾਇਦਾ ਉਠਾਇਆ ਜਾ ਸਕੇ ਅਜਿਹੇ ਰਿਸ਼ਤੇ ਬਣਾਉਂਦੇ ਹਨ |
• ਰਿਸ਼ਤੇ ਦੋ ਤਰ੍ਹਾਂ ਦੇ ਹੰੁਦੇ ਹਨ, ਪਹਿਲਾ—ਖ਼ੂਨੀ ਰਿਸ਼ਤੇ ਅਤੇ ਦੂਸਰਾ—ਉਹ ਰਿਸ਼ਤੇ ਜਿਹੜੇ ਅਸੀਂ ਆਪ ਬਣਾਉਂਦੇ ਹਾਂ, ਜਿਵੇਂ ਦੋਸਤ ਬਣਾਉਣਾ ਤੇ ਆਪਣਾ ਜੀਵਨ ਸਾਥੀ ਚੁਣਨਾ |
• ਕਈ ਜਵਾਈ ਸਾਰੀ ਉਮਰ ਕੱਛ ਦੇ ਫੋੜੇ ਵਾਂਗ ਆਪਣੇ ਸਹੁਰਿਆਂ ਨੂੰ ਦੁਖੀ ਕਰਦੇ ਰਹਿੰਦੇ ਹਨ |
• ਜਿਸ ਪਰਿਵਾਰ ਵਿਚ ਨਣਦ-ਭਰਜਾਈਆਂ ਸਹੇਲੀਆਂ ਵਾਂਗ, ਦਰਾਣੀ-ਜੇਠਾਣੀ ਭੈਣਾਂ ਵਾਂਗ ਤੇ ਨੂੰ ਹ-ਸੱਸ ਮਾਵਾਂ-ਧੀਆਂ ਵਾਂਗ ਰਹਿਣ ਅਤੇ ਉਸ ਪਰਿਵਾਰ ਵਿਚ ਕੋਈ ਨਸ਼ਾ, ਬਿਮਾਰੀ, ਮੁਕੱਦਮਾ ਵੀ ਨਾ ਹੋਵੇ, ਆਦਤਾਂ ਚੰਗੀਆਂ ਹੋਣ ਅਤੇ ਢੁਕਵੀਂ ਆਮਦਨ ਹੋਵੇ ਤਾਂ ਸਮਝੋ ਕਿ ਉਹ ਘਰ ਕਿਸੇ ਸਵਰਗ ਨਾਲੋਂ ਘੱਟ ਨਹੀਂ ਹੈ |
• ਸਿਆਣੇ ਕਹਿੰਦੇ ਹਨ ਕਿ ਘਰ ਵਿਚ ਆਲਾ, ਸਾਲਾ ਅਤੇ ਜਾਲਾ ਤਿੰਨੇ ਹੀ ਮਾੜੇ ਹੁੰਦੇ ਹਨ |
• ਜੀਜਾ ਤੋਂ ਭਾਵ ਹੈ ਜੀ ਤੇ ਜਾ | ਜੀ ਆਇਆਂ ਨੂੰ ਪਰ ਜਲਦੀ ਜਾਹ |
• ਜੇ ਤੁਹਾਡਾ ਜਵਾਈ ਚੰਗਾ ਹੈ ਤਾਂ ਤੁਹਾਨੂੰ ਇਕ ਪੁੱਤਰ ਮਿਲ ਜਾਂਦਾ ਹੈ, ਜੇ ਉਹ ਮਾੜਾ ਹੋਵੇ ਤਾਂ ਤੁਹਾਡੀ ਇਕ ਧੀ ਗੁਆਚ ਜਾਂਦੀ ਹੈ |
• ਪੁੱਤ ਅਤੇ ਨੂੰ ਹ ਦਾ ਫ਼ਰਜ਼ ਬਣਦਾ ਹੈ ਕਿ ਉਹ ਬਜ਼ੁਰਗਾਂ ਲਈ ਪਰਿਵਾਰਾਂ ਵਿਚ ਇਹੋ ਜਿਹਾ ਮਾਹੌਲ ਸਿਰਜਣ ਕਿ ਉਨ੍ਹਾਂ ਨੂੰ ਬੁਢਾਪਾ ਅਤੇ ਆਪਣੀ ਜ਼ਿੰਦਗੀ ਬੋਝ ਨਾ ਲੱਗੇ |
• ਸੁੱਘੜ ਸਿਆਣੀ ਨੂੰ ਹ ਅਤੇ ਸੱਸ ਘਰ ਦਾ ਗਹਿਣਾ ਹੁੰਦਾ ਹੈ ਜੋ ਘਰ ਦੇ ਪਰਿਵਾਰ ਨੂੰ ਮਾਲਾ ਦੇ ਮਣਕੇ ਵਾਂਗ ਜੋੜ ਕੇ ਰਖਦਾ ਹੈ ਪਰ ਜੇ ਇਹ ਮਾਲਾ ਟੁੱਟ ਗਈ ਤਾਂ ਸਾਰੇ ਮੋਤੀ ਖਿੰਡ ਜਾਂਦੇ ਹਨ | ਘਰ ਦੀ ਲੜਾਈ ਜੱਗ ਦੀ ਹਾਸੋਹੀਣੀ ਬਣ ਜਾਂਦੀ ਹੈ | ਇਤਫਾਕ ਟੁੱਟ ਜਾਂਦੇ ਹਨ, ਜਿਸ ਦਾ ਲੋਕ ਫਾਇਦਾ ਉਠਾਉਂਦੇ ਹਨ |
• ਨੂੰ ਹ ਤੇ ਜਵਾਈ ਨਾਰੀਅਲ ਜਿਹੇ ਹਨ, ਕਿਹੋ ਜਿਹੇ ਨਿਕਲਣਗੇ ਕੋਈ ਮਾਈ ਦਾ ਲਾਲ ਨਹੀਂ ਦੱਸ ਸਕਦਾ |
• ਨੂੰ ਹ-ਸੱਸ ਦੇ ਰਿਸ਼ਤੇ ਵਿਚ ਹੰਕਾਰ, ਈਰਖਾ, ਕਰੋਧ ਨੂੰ ਸਥਾਨ ਨਹੀਂ ਦੇਣਾ ਚਾਹੀਦਾ | ਉਨ੍ਹਾਂ ਨੂੰ ਚਾਹੀਦਾ ਹੈ ਕਿ ਦੋਵੇਂ ਮਿਲ ਕੇ ਆਪਣਾ ਯੋਗਦਾਨ ਦੇਣ ਤੇ ਆਪਸੀ ਤਾਲਮੇਲ ਨਾਲ ਪ੍ਰੇਸ਼ਾਨੀਆਂ ਨੂੰ ਭਜਾ ਦੇਣ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ: ਨਹੀਂ ਭੁੱਲਦਾ ਸਾਹਨੇਵਾਲ ਵਾਲਾ ਬਾਬਾ

ਅੰਮਿ੍ਤਸਰ ਵਿਖੇ ਤਿੰਨ ਚਾਰ ਦਿਨ ਰਹਿ ਕੇ ਅਸੀਂ ਮਾਲ ਗੱਡੀ ਰਾਹੀਂ ਕੁਰੂਕਸ਼ੇਤਰ ਰਫਿਊਜੀ ਕੈਂਪ ਲਈ ਤੁਰ ਪਏ | ਇਹ ਮਾਲ ਗੱਡੀ ਹਰ ਇਕ ਛੋਟੇ-ਵੱਡੇ ਸਟੇਸ਼ਨ 'ਤੇ ਕਾਫ਼ੀ ਦੇਰ ਤੱਕ ਰੁਕੀ ਰਹਿੰਦੀ ਸੀ | ਜਲੰਧਰ ਰੇਲਵੇ ਸਟੇਸ਼ਨ 'ਤੇ ਇਹ ਗੱਡੀ ਸ਼ਾਮ ਤੱਕ ਪਹੁੰਚੀ ਅਤੇ ਫਿਰ 12-13 ਘੰਟੇ ਖੜ੍ਹੀ ਰਹੀ | ਅਗਲੇ ਦਿਨ ਇਹ ਗੱਡੀ ਦਿੱਲੀ ਵੱਲ ਤੁਰੀ ਤਾਂ ਅਸੀਂ ਰਾਹਤ ਮਹਿਸੂਸ ਕਰਨ ਲੱਗ ਪਏ | ਸਾਨੂੰ ਭੁੱਖ ਅਤੇ ਪਿਆਸ ਵੀ ਬੜੀ ਲੱਗੀ ਸੀ | ਪੰ੍ਰਤੂ ਸਾਡੇ ਕੋਲ ਖਾਣ ਲਈ ਕੁਝ ਨਹੀਂ ਸੀ | ਸਾਡੇ ਡੱਬੇ ਵਿਚ ਦੋ ਬੰਦੇ ਤੇ ਇਕ ਔਰਤ ਤੇ ਉਹਦੇ ਦੋ ਬੱਚੇ ਸਨ | ਲੁਧਿਆਣਾ ਸਟੇਸ਼ਨ 'ਤੇ ਉਹ ਗੱਡੀ 'ਚੋਂ ਉੱਤਰੇ ਸਨ | ਅਸੀਂ ਦੋਵੇਂ ਭੈਣ-ਭਰਾ ਹੀ ਡੱਬੇ ਵਿਚ ਰਹਿ ਗਏ ਸਾਂ | ਜਦੋਂ ਵੀ ਕੋਈ ਸਟੇਸ਼ਨ ਆਉਂਦਾ ਤਾਂ ਉਸ ਦਾ ਨਾਂਅ ਉਰਦੂ ਵਿਚ ਲਿਖਿਆ ਹੋਇਆ ਹੋਣ ਕਰਕੇ ਮੈਂ ਪੜ੍ਹ ਕੇ ਖੁਸ਼ ਹੋ ਜਾਂਦਾ ਸਾਂ | ਇਹ ਗੱਡੀ ਕਾਫੀ ਦੇਰ ਨਾਲ ਲੁਧਿਆਣਾ ਤੋਂ ਤੁਰੀ, ਜਦੋਂ ਸਾਹਨੇਵਾਲ ਸਟੇਸ਼ਨ ਆਇਆ ਤਾਂ ਗੱਡੀ ਰੁਕ ਗਈ | ਇਕ ਰੇਲਵੇ ਕਰਮਚਾਰੀ ਦੀ ਨਜ਼ਰ ਸਾਡੇ 'ਤੇ ਪੈ ਗਈ | ਉਸ ਨੇ ਸਾਨੂੰ ਉੱਤਰ ਜਾਣ ਲਈ ਕਿਹਾ ਕਿ ਇਹ ਗੱਡੀ ਅੱਗੇ ਨਹੀਂ ਜਾਣੀ | ਅਸੀਂ ਗੱਡੀ 'ਚੋਂ ਉੱਤਰ ਗਏ | ਅਸੀਂ ਪਲੇਟ ਫਾਰਮ 'ਤੇ ਜਾ ਕੇ ਇਕ ਬੈਂਚ 'ਤੇ ਬਹਿ ਗਏ | ਅਸੀਂ ਭੁੱਖ ਤੇ ਪਿਆਸ ਹੱਥੋਂ ਬੇਹਾਲ ਹੋਏ ਪਏ ਸੀ | ਦੋ ਕੁ ਘੰਟੇ ਬਾਅਦ ਇਕ ਸਰਦਾਰ ਸਾਡੇ ਕੋਲ ਆਇਆ ਅਤੇ ਸਾਨੂੰ ਪੁੱਛਿਆ ਕਿ ਅਸੀਂ ਕਿੱਥੋਂ ਆਏ ਹਾਂ ਅਤੇ ਕਿੱਥੇ ਜਾਣਾ ਹੈ | ਸਾਨੂੰ ਪਾਕਿਸਤਾਨੋਂ ਆਇਆ ਜਾਣ ਕੇ ਉਹ ਸਾਨੂੰ ਸਟੇਸ਼ਨ ਦੇ ਲਾਗੇ ਆਪਣੇ ਘਰ ਲੈ ਗਿਆ | ਸਾਨੂੰ ਰੋਟੀ ਖੁਆਈ ਅਤੇ ਪੀਣ ਲਈ ਚੋਖੀ ਸਾਰੀ ਲੱਸੀ ਦਿੱਤੀ | ਅਸੀਂ ਦੋ ਦਿਨ ਦੇ ਭੁੱਖੇ ਸਾਂ ਰੱਜ ਕੇ ਰੋਟੀ ਖਾਧੀ | ਉਸ ਬਜ਼ੁਰਗ ਨੇ ਸਾਨੂੰ ਰਾਤ ਨੂੰ ਆਪਣੇ ਘਰ ਹੀ ਰੱਖਿਆ | ਦੂਜੇ ਦਿਨ ਕੁਰੂਕਸ਼ੇਤਰ 'ਰਿਫਿਊਜ਼ੀ' ਕੈਂਪ ਨੂੰ ਜਾਣ ਵਾਲੀ ਸਵਾਰੀ ਗੱਡੀ ਵਿਚ ਬਿਠਾ ਕੇ ਤੁਰਨ ਲੱਗਿਆਂ ਉਸ ਨੇ ਸਾਨੂੰ ਚਾਰ-ਪੰਜ ਪਰੌਾਠੇ ਅਤੇ ਅੰਬ ਦਾ ਆਚਾਰ ਦਿੱਤਾ | ਹੁਣ ਜਦੋਂ ਵੀ ਮੈਂ ਰੇਲ ਰਾਹੀਂ ਜਾਂਦਾ ਹੋਇਆ ਸਾਹਨੇਵਾਲ ਸਟੇਸ਼ਨ ਆਉਣ 'ਤੇ ਦੋਵੇਂ ਹੱਥ ਜੋੜ ਕੇ ਉਸ ਬਾਬੇ ਨੂੰ ਪ੍ਰਣਾਮ ਕਰਦਾ ਹਾਂ, ਨਾਲ ਬੈਠੇ ਬੰਦੇ ਹੈਰਾਨ ਹੋ ਜਾਂਦੇ ਹਨ | ਉਨ੍ਹਾਂ ਦੇ ਮਨ ਵਿਚ ਆਉਂਦਾ ਹੈ ਕਿ ਏਧਰ ਨਾ ਤਾਂ ਕੋਈ ਗੁਰਦੁਆਰਾ ਹੈ, ਨਾ ਕੋਈ ਮੰਦਿਰ, ਨਾ ਕੋਈ ਸਮਾਧ, ਫਿਰ ਇਹ ਬੰਦਾ ਹੱਥ ਜੋੜ ਕੇ ਪ੍ਰਣਾਮ ਕਿਸ ਨੂੰ ਕਰਦਾ ਹੈ | ਇਕ ਵਾਰੀ ਇਕ ਬੰਦੇ ਨੇ ਮੈਨੂੰ ਪੁੱਛ ਲਿਆ ਤਾਂ ਮੈਂ ਇਸ ਸਬੰਧੀ ਪੂਰੀ ਕਹਾਣੀ ਸੁਣਾ ਦਿੱਤੀ | ਉਸ ਬੰਦੇ ਨੇ ਮੈਨੂੰ ਕਿਹਾ, 'ਸਰਦਾਰ ਜੀ, ਤੁਸੀਂ ਉਸ ਬਜ਼ੁਰਗ ਨੂੰ ਏਨੇ ਸਾਲਾਂ ਤੋਂ ਯਾਦ ਰੱਖਿਆ ਹੈ, ਇਹ ਵੀ ਇਕ ਪੂਜਾ ਹੀ ਹੈ, ਜਿਸ ਨਾਲ ਤੁਹਾਡੀ ਆਤਮਾ ਨੂੰ ਸ਼ਾਂਤੀ ਮਿਲਦੀ ਹੈ | ਤੁਹਾਨੂੰ ਵਧਾਈ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਬਾਦਸ਼ਾਹ ਬਹਾਦਰ ਸ਼ਾਹ ਦੀ ਪੋਤੀ ਨਰਗਸ ਨਜ਼ਰ ਗਵਾਲਣ ਕਿਵੇਂ ਬਣੀ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਨਰਗਸ ਨਜ਼ਰ ਅੰਮਾ-ਅੰਮਾ ਆਖ ਕੇ ਰੋਣ ਲੱਗੀ ਤਾਂ ਨਰਗਸ ਨਜ਼ਰ ਦੀ ਮਾਂ ਨੇ ਆਖਿਆ, 'ਮੇਰੀ ਧੀ ਨੂੰ ਵੀ ਨਾਲ ਲੈ ਚਲੋ ਅਸੀਂ ਦੋਵੇਂ ਮਾਵਾਂ-ਧੀਆਂ ਇਕੱਠੀਆਂ ਰਹਿ ਕੇ ਸਮਾਂ ਗੁਜ਼ਾਰ ਲਵਾਂਗੀਆਂ | ਸਵਾਰ ਨੇ ਆਖਿਆ ਮੈਂ ਭਰਤਪੁਰ ਦਾ ਰਹਿਣ ਵਾਲਾ ਹਾਂ, ਜਿਸ ਦੇ ਹਿੱਸੇ ਤੇਰੀ ਲੜਕੀ ਆਈ ਹੈ, ਉਹ ਪਿੰਡ ਸੋਹਨਾ ਜ਼ਿਲ੍ਹਾ ਗੁੜਗਾਵਾਂ ਦਾ ਰਹਿਣ ਵਾਲਾ ਹੈ | ਅਸੀਂ ਆਪਣੀ ਵੰਡ ਅਨੁਸਾਰ ਤੁਹਾਨੂੰ ਆਪਣੇ ਘਰ ਲੈ ਜਾਵਾਂਗੇ |' ਨਰਗਸ ਨਜ਼ਰ ਦੀ ਮਾਂ ਨੇ ਆਖਿਆ, 'ਰੱਬ ਦਾ ਵਾਸਤਾ ਮੇਰੇ 'ਤੇ ਤਰਸ ਕਰੋ ਮੇਰੀ ਇਕੱਲੀ ਬੱਚੀ ਨੂੰ ਮੈਥੋਂ ਨਾ ਵਿਛੋੜੋ |' ਪਰ ਇਨ੍ਹਾਂ ਜ਼ਾਲਮਾਂ ਨੂੰ ਜ਼ਰਾ ਵੀ ਤਰਸ ਨਾ ਆਇਆ ਤੇ ਭਰਤਪੁਰ ਸਵਾਰ ਨਰਗਸ ਨਜ਼ਰ ਦੀ ਮਾਂ ਨੂੰ ਲੈ ਕੇ ਭਰਤਪੁਰ ਚਲਾ ਗਿਆ ਅਤੇ ਮੌਲਾਨਾ ਐਨ ਉੱਲਾ ਦਾ ਕਾਤਲ ਨਰਗਸ ਨਜ਼ਰ ਨੂੰ ਲੈ ਕੇ ਸੋਹਨਾ (ਜ਼ਿਲ੍ਹਾ ਗੁੜਗਾਉਂ) ਪਹੁੰਚ ਗਿਆ |
ਨਰਗਸ ਨਜ਼ਰ ਦੀ ਮਾਂ ਜਿਸ ਸਮੇਂ ਉਸ ਤੋਂ ਵੱਖ ਹੋਈ ਤਾਂ ਉਹ ਆਪਣੇ ਵਾਲ ਪੁੱਟ ਰਹੀ ਸੀ ਅਤੇ ਧਾੲੀਂ ਮਾਰ-ਮਾਰ ਰੋਂਦੀ ਸੀ ਅਤੇ ਨਰਗਸ ਨਜ਼ਰ ਚੀਕਾਂ ਮਾਰ-ਮਾਰ ਰੋ ਰਹੀ ਸੀ ਪਰ ਇਨ੍ਹਾਂ ਪਾਪੀਆਂ ਨੂੰ ਭੋਰਾ ਜਿੰਨਾ ਤਰਸ ਨਾ ਆਇਆ | ਨਰਗਸ ਨਜ਼ਰ ਨੂੰ ਜਦੋਂ ਤੱਕ ਮਾਂ ਵਾਲਾ ਘੋੜਾ ਦਿਸਦਾ ਰਿਹਾ ਰੋ-ਰੋ ਵਾਜ਼ਾਂ ਮਾਰਦੀ ਰਹੀ ਪਰ ਜਦੋਂ ਘੋੜਾ ਦਿਸਣੋਂ ਹਟ ਗਿਆ ਤਾਂ ਉਹ ਚੁੱਪ ਹੋ ਗਈ | ਸੋਹਨਾ ਪਿੰਡ ਪਹੁੰਚ ਕੇ ਉਹ ਆਦਮੀ ਨਰਗਸ ਨਜ਼ਰ ਨੂੰ ਆਪਣੇ ਘਰ ਲੈ ਗਿਆ, ਉਹ ਜਾਤ ਦਾ ਗਵਾਲਾ ਸੀ, ਉਸ ਨੇ ਤਿੰਨ ਚਾਰ ਮੱਝਾਂ ਰੱਖੀਆਂ ਹੋਈਆਂ ਸਨ | ਉਸ ਦੀ ਘਰਵਾਲੀ ਨੇ ਜਦ ਸੁਣਿਆ ਕਿ ਉਹ ਉਸ ਨੂੰ ਧੀ ਬਣਾਕੇ ਲਿਆਇਆ ਹੈ ਤਾਂ ਬੜੀ ਖੁਸ਼ ਹੋਈ | ਉਸ ਗਵਾਲਣ ਨੇ ਨਰਗਸ ਨਜ਼ਰ ਨੂੰ ਆਪਣੇ ਕੋਲ ਬਿਠਾ ਲਿਆ ਅਤੇ ਪਿਆਰ ਕੀਤਾ | ਉਸ ਗਵਾਲਣ ਵਲੋਂ ਨਰਗਸ ਨਾਲ ਅੱਠ ਦਿਨ ਇਸ ਤਰ੍ਹਾਂ ਪਿਆਰ ਭਰਿਆ ਵਰਤਾਓ ਕੀਤਾ ਕਿ ਉਸ ਨੂੰ ਆਪਣੀ ਮਾਂ ਦਾ ਵਿਛੋੜਾ ਭੁੱਲ ਗਿਆ | ਅੱਠਾਂ ਦਿਨਾਂ ਪਿਛੋਂ ਅੰਗਰੇਜ਼ੀ ਫ਼ੌਜ ਆਈ ਅਤੇ ਫ਼ੌਜ ਨੇ ਗਵਾਲਣ ਦੇ ਘਰ ਵਾਲੇ (ਮੌਲਾਨਾ ਐਨ ਉੱਲਾ ਦੇ ਕਾਤਲ) ਨੂੰ ਫੜ ਲਿਆ ਅਤੇ ਘਰ ਦਾ ਸਾਰਾ ਸਾਮਾਨ ਲੁੱਟ ਕੇ ਲੈ ਗਈ | ਗਵਾਲਣ ਨੇ ਆਪਣੀ ਧੀ ਨਰਗਸ ਨਜ਼ਰ ਨੂੰ ਬੜੀ ਤਸੱਲੀ ਦਿੱਤੀ ਤੇ ਨਾਲ ਦੇ ਘਰ ਲੈ ਗਈ | ਜਿਥੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਅੰਗਰੇਜ਼ ਸਰਕਾਰ ਨੇ ਬਾਗ਼ੀ ਫ਼ੌਜੀ ਨੂੰ ਬਗ਼ਾਵਤ ਦੇ ਜੁਰਮ ਵਿਚ ਫਾਂਸੀ ਲਗਾ ਦਿੱਤਾ ਗਿਆ | ਵਿਚਾਰੀ ਗਵਾਲਣ ਦੇ ਕੋਲ ਜੋ ਨਕਦੀ ਧਨ ਸੀ, ਉਸ ਨਾਲ ਉਨ੍ਹਾਂ ਨੇ ਦੋ ਸਾਲ ਆਰਾਮ ਨਾਲ ਸਮਾਂ ਬਤੀਤ ਕੀਤਾ | ਇਕ ਦਿਨ ਰਾਤ ਨੂੰ ਉਨ੍ਹਾਂ ਦੇ ਘਰ ਚੋਰ ਆਏ ਅਤੇ ਉਨ੍ਹਾਂ ਨੇ ਗਵਾਲਣ ਦਾ ਹਸ ਲਾਹੁਣਾ ਚਾਹਿਆ ਪਰ ਗਵਾਲਣ ਦੀ ਅੱਖ ਖੁੱਲ੍ਹ ਗਈ ਤੇ ਉਸ ਨੇ ਰੌਲਾ ਪਾ ਦਿੱਤਾ ਚੋਰਾਂ ਨੇ ਗਵਾਲਣ ਦਾ ਗਲ ਘੁੱਟ ਕੇ ਮਾਰ ਦਿੱਤਾ |
ਗਵਾਲਣ ਦੇ ਮਰਨ ਪਿਛੋਂ ਜਿਹੜੇ ਘਰ ਉਹ ਰਹਿ ਰਹੀਆਂ ਸਨ, ਉਨ੍ਹਾਂ ਨੇ ਦੋ ਕੁ ਦਿਨ ਤਾਂ ਕੁਝ ਨਾ ਆਖਿਆ | ਸਗੋਂ ਤਸੱਲੀ ਤੇ ਹੌਸਲਾ ਦਿੱਤਾ, ਪਰ ਤਿੰਨ ਦਿਨਾਂ ਪਿਛੋਂ ਮਕਾਨ ਵਾਲੇ ਦੀ ਵਹੁਟੀ ਨੇ ਆਖਿਆ, 'ਨੀ ਤੂੰ ਸਾਰਾ ਦਿਨ ਬੈਠੀ ਰਹਿਨੀ ਏਾ ਕੁਝ ਕੰਮ ਕਿਉਂ ਨਹੀਂ ਕਰਦੀ, ਸਾਡੇ ਮੁਫ਼ਤ ਦੀਆਂ ਰੋਟੀਆਂ ਨਹੀਂ ਸੇਵਾ ਕਰੇਂਗੀ ਤਾਂ ਖਾਣ ਨੂੰ ਮਿਲੂ |' ਨਰਗਸ ਨਜ਼ਰ ਕਹਿਣ ਲੱਗੀ ਕਿ ਮੈਨੂੰ ਕੰਮ ਦੱਸੋ ਜੋ ਤੁਸੀਂ ਆਖੋਗੀਆਂ ਉਹੀ ਕੰਮ ਕਰਾਂਗੀ | ਉਨ੍ਹਾਂ ਨੇ ਆਖਿਆ ਕਿ, 'ਘਰ ਝਾੜੂ ਫੇਰਿਆ ਕਰ, ਗੋਹਾ ਸੁੱਟਿਆ ਕਰ ਤੇ ਗੋਹੇ ਦੀਆਂ ਪਾਥੀਆਂ ਪੱਥਿਆ ਕਰ |'
ਨਰਗਸ ਕਹਿਣ ਲੱਗੀ ਕਿ ਪਾਥੀਆਂ ਉਸ ਨੂੰ ਪੱਥਣੀਆਂ ਨਹੀਂ ਆਉਂਦੀਆਂ, ਥਾਂ ਮੈਂ ਕਦੀ ਹੰੂਝਿਆ ਨਹੀਂ, ਮੈਂ ਤਾਂ ਦਿੱਲੀ ਦੇ ਸ਼ਹਿਨਸ਼ਾਹ ਬਹਾਦਰ ਸ਼ਾਹ ਦੀ ਪੋਤਰੀ ਹਾਂ | ਪਰ ਰੱਬ ਨੇ ਇਹ ਮੁਸੀਬਤ ਮੈਨੂੰ ਪਾ ਦਿੱਤੀ | ਜੋ ਕੰਮ ਤੁਸੀਂ ਮੈਨੂੰ ਦੱਸੋਗੀਆਂ ਉਹ ਕੰਮ ਮੈਂ ਕਰਾਂਗੀ | ਦੋ-ਚਾਰ ਵਾਰ ਇਹ ਕੰਮ ਮੈਨੂੰ ਕਰਕੇ ਦੱਸੋ ਫਿਰ ਮੈਂ ਸਿਖ ਜਾਵਾਂਗੀ | ਉਹ ਘਰ ਵਾਲੀ ਨੇ ਤਰਸ ਖਾ ਕੇ ਉਸ ਨੂੰ ਕੰਮ ਸਿਖਾ ਦਿੱਤਾ ਅਤੇ ਨਰਗਸ ਨੂੰ ਪਾਥੀਆਂ ਪੱਥਣੀਆਂ ਤੇ ਝਾੜੂ ਦੇਣਾ ਆ ਗਿਆ ਤੇ ਉਹ ਲਗਾਤਾਰ ਕੰਮ ਕਰਨ ਲੱਗੀ |
ਇਕ ਦਿਨ ਨਰਗਸ ਨਜ਼ਰ ਨੂੰ ਬੁਖ਼ਾਰ ਚੜਿ੍ਹਆ ਹੋਇਆ ਸੀ, ਇਸ ਕਰਕੇ ਉਸ ਤੋਂ ਪਾਥੀਆਂ ਨਾ ਪੱਥੀਆਂ ਗਈਆਂ | ਇਸ ਘਰ ਦਾ ਮਾਲਕ ਗਵਾਲਾ ਘਰ ਆਇਆ ਅਤੇ ਉਸ ਨੇ ਨਰਗਸ ਨਜ਼ਰ ਦੇ ਠੁੱਡਾ ਮਾਰ ਕੇ ਆਖਿਆ, 'ਦਸ ਵੱਜ ਗਏ ਹਨ ਤੂੰ ਅਜੇ ਸੁੱਤੀ ਪਈ ਹੈਾ, ਇਹ ਲਾਲ ਕਿਲ੍ਹਾ ਨਹੀਂ ਗਵਾਲਿਆਂ ਦਾ ਘਰ ਹੈ, ਉੱਠ ਪਾਥੀਆਂ ਪੱਥ |'
ਗਵਾਲੇ ਦੇ ਠੁੱਡਾ ਮਾਰਨ ਨਾਲ ਨਰਗਸ ਨੂੰ ਰੋਣਾ ਆ ਗਿਆ ਤੇ ਉਠ ਕੇ ਬੈਠ ਗਈ | ਨਰਗਸ ਨੇ ਗਵਾਲੇ ਨੂੰ ਆਖਿਆ ਕਿ, 'ਮੈਥੋਂ ਭੁੱਲ ਹੋਈ ਹੈ ਮੈਂ ਹੁਣੇ ਗੋਹਾ ਪੱਥਦੀ ਹਾਂ |' ਨਰਗਸ ਨੇ ਬੁਖ਼ਾਰ ਦੇ ਵਿਚ ਹੀ ਗੋਹਾ ਪੱਥਿਆ ਅਤੇ ਰੋਂਦੀ ਹੋਈ ਕਹਿ ਰਹੀ ਕਿ ਅਸੀਂ ਸ਼ਾਹੀ ਮਹਿਲਾਂ ਦੇ ਵਿਚ ਰਹਿਣ ਵਾਲੇ ਸੀ ਤੇ ਕਰਮਾਂ ਨੇ ਕਿਹੜੇ ਦਿਨ ਦਿਖਾਏ ਕਿ ਦਰ-ਦਰ ਠੋਕਰਾਂ ਖਾਂਦੇ ਫਿਰਦੇ ਹਾਂ | ਨਰਗਸ ਦੇ ਦੋ ਸਾਲ ਇਸ ਤਰ੍ਹਾਂ ਹੀ ਦੁੱਖਾਂ ਵਿਚ ਲੰਘੇ, ਅਖ਼ੀਰ ਗਵਾਲੇ ਨੇ ਨਰਗਸ ਨਜ਼ਰ ਦਾ ਨਿਕਾਹ ਆਪਣੇ ਭਰਾ ਨਾਲ ਕਰ ਦਿੱਤਾ, ਜਿਥੇ ਉਸ ਦੀ ਸਾਰੀ ਉਮਰ ਲੰਘੀ |
ਨਰਗਸ ਨਜ਼ਰ ਨੇ ਗਵਾਲਿਆਂ ਵਿਚ ਜਾ ਕੇ ਕਦੇ ਵੀ ਲਾਲ ਕਿਲ੍ਹਾ ਤੇ ਉਥੋਂ ਦੀਆਂ ਮੌਜ-ਮਸਤੀਆਂ ਦਾ ਧਿਆਨ ਨਹੀਂ ਕੀਤਾ ਸੀ, ਪਰ ਫਿਰ ਵੀ ਹਰ ਰੋਜ਼ ਇਕ ਵਾਰ ਉਸ ਨੂੰ ਉਹ ਦਿਨ ਯਾਦ ਆ ਜਾਂਦੇ ਸਨ ਕਿ ਉਹ ਸੁੱਤਿਆਂ ਹੋਇਆਂ ਕੀ ਵੇਖਦੀ ਹੈ ਕਿ ਉਸ ਦੇ ਪਿਤਾ ਮਿਰਜ਼ਾ ਮੁਗ਼ਲ ਤਖ਼ਤ ਉੱਪਰ ਬੈਠੇ ਹਨ ਤੇ ਨਰਗਸ ਪਿਤਾ ਦੇ ਪੱਟ 'ਤੇ ਸਿਰ ਰੱਖੀ ਪਈ ਹੈ, ਦਾਸੀਆਂ ਚੌਰ ਕਰ ਰਹੀਆਂ ਹਨ ਅਤੇ ਦੁਨੀਆ ਉਸ ਨੂੰ ਬਹਿਸ਼ਤ ਦਾ ਟੁਕੜਾ ਮਲੂਮ ਹੁੰਦਾ ਹੈ, ਪਰ ਜਦ ਅੱਖ ਖੁੱਲ੍ਹਦੀ ਹੈ ਤਾਂ ਨਰਗਸ ਨਜ਼ਰ ਦੇ ਸਾਹਮਣੇ ਟੁੱਟੇ ਹੋਏ ਛੱਪਰ, ਇਕ ਚੱਕੀ, ਇਕ ਚਰਖਾ ਤੇ ਤਿੰਨ ਮੰਜਿਆਂ ਤੋਂ ਸਿਵਾ ਕੁਝ ਵੀ ਨਹੀਂ ਹੁੰਦਾ |
ਨਰਗਸ ਨਜ਼ਰ ਕਹਿੰਦੀ ਸੀ ਕਿ, 'ਜੇ ਮੈਨੂੰ ਕੋਈ ਪੁੱਛੇ ਕੀ ਤੂੰ ਮਿਰਜ਼ਾ ਮੁਗ਼ਲ ਦੀ ਲੜਕੀ ਨਰਗਸ ਨਜ਼ਰ ਹੈਾ ਤਾਂ ਮੈਂ ਸਾਫ਼ ਆਖ ਦਿਆਂਗੀ, ਨਹੀਂ | ਮੈਂ ਤਾਂ ਗ਼ਰੀਬ ਗਵਾਲਣ ਹਾਂ | ਆਦਮੀ ਦੀ ਉਹੀ ਜਾਤ ਹੈ, ਜਿਸ ਜਾਤ ਦਾ ਉਹ ਕੰਮ ਕਰੇ |' (ਸਮਾਪਤ)

-ਬਠਿੰਡਾ |
ਮੋਬਾਈਲ : 98155-33725.

ਮਿੰਨੀ ਕਹਾਣੀ / ਪਛਤਾਵਾ

ਪੁੱਤਰ-ਨੂੰਹ ਵਲੋਂ ਆਪਣੇ ਬਜ਼ੁਰਗ ਮਾਂ-ਬਾਪ ਦੀ ਚੰਗੀ ਸੇਵਾ-ਸੰਭਾਲ ਕੀਤੀ ਜਾ ਰਹੀ ਸੀ | ਸੇਵਾ ਸੰਭਾਲ ਤੋਂ ਖੁਸ਼ ਹੋ ਕੇ ਬਜ਼ੁਰਗ ਮਾਂ-ਬਾਪ ਨੇ ਆਪਣੀ ਸਾਰੀ ਜਾਇਦਾਦ ਪੁੱਤਰ ਦੇ ਨਾਂਅ ਕਰਵਾ ਦਿੱਤੀ | ਹੁਣ ਬਜ਼ੁਰਗ ਮਾਂ-ਬਾਪ ਦੀ ਜ਼ਿੰਦਗੀ ਪੁੱਤਰ-ਨੂੰਹ ਲਈ ਬੋਝ ਬਣ ਗਈ | ਘਰ ਦੀ ਇਕ ਨੁੱਕਰ 'ਚ ਬੈਠੇ ਬਜ਼ੁਰਗ ਮਾਂ-ਬਾਪ ਜਾਇਦਾਦ ਤੋਂ ਵਿਹੂਣੇ ਹੋ ਕੇ ਆਪਣੇ ਵਲੋਂ ਕੀਤੀ ਗ਼ਲਤੀ 'ਤੇ ਪਛਤਾਅ ਰਹੇ ਸਨ |

-ਰਣਜੀਤ ਸਿੰਘ ਟੱਲੇਵਾਲ
ਪਿੰਡ ਤੇ ਡਾਕ: ਘਰ ਟੱਲੇਵਾਲ (ਰੰਧਾਵਾ ਪੱਤੀ), ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ | ਮੋਬਾਈਲ : 98765-28579.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX