ਤਾਜਾ ਖ਼ਬਰਾਂ


ਸਫਦਰਜੰਗ ਹਸਪਤਾਲ ਤੋਂ ਉਨਾਓ ਲਿਆਂਦੀ ਜਾ ਰਹੀ ਹੈ ਜਬਰ ਜਨਾਹ ਪੀੜਤਾ ਦੀ ਮ੍ਰਿਤਕ ਦੇਹ
. . .  3 minutes ago
ਲਖਨਊ, 7 ਦਸੰਬਰ- ਉਨਾਓ ਜਬਰ ਜਨਾਹ ਪੀੜਤਾ ਦੀ ਮ੍ਰਿਤਕ ਦੇਹ ਨੂੰ ਦਿੱਲੀ ਦੇ ਸਫਦਰਜੰਗ ਹਸਪਤਾਲ ਤੋਂ ਉਨਾਓ ਸਥਿਤ ਉਸ ਦੇ ਜੱਦੀ ਪਿੰਡ 'ਚ ਲਿਜਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ...
ਬਲਾਚੌਰ 'ਚ ਸੜਕ ਕਿਨਾਰਿਓਂ ਭਾਰੀ ਮਾਤਰਾ 'ਚ ਮਿਲੀਆਂ ਨਸ਼ੀਲੀਆਂ ਗੋਲੀਆਂ
. . .  22 minutes ago
ਬਲਾਚੌਰ, 7 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)- ਬਲਾਚੌਰ-ਨਵਾਂਸ਼ਹਿਰ ਸੜਕ ਕਿਨਾਰੇ ਇੱਕ ਪੈਲੇਸ ਨੇੜਿਓਂ ਭਾਰੀ ਗਿਣਤੀ 'ਚ ਨਸ਼ੀਲੀਆਂ ਗੋਲੀਆਂ ਮਿਲੀਆਂ ਹਨ। ਇਸ ਸੰਬੰਧੀ ਸੂਚਨਾ ਮਿਲਦਿਆਂ...
ਉਨਾਓ ਜਬਰ ਜਨਾਹ ਦੇ ਵਿਰੋਧ 'ਚ ਵਿਧਾਨ ਸਭਾ ਦੇ ਬਾਹਰ ਧਰਨੇ 'ਤੇ ਬੈਠੇ ਅਖਿਲੇਸ਼ ਯਾਦਵ
. . .  38 minutes ago
ਲਖਨਊ, 7 ਦਸੰਬਰ- ਉਨਾਓ ਸਮੂਹਿਕ ਜਨਾਹ ਪੀੜਤਾ ਦੇ ਦੇਹਾਂਤ ਤੋਂ ਬਾਅਦ ਪੂਰੇ ਦੇਸ਼ ਗ਼ੁੱਸੇ 'ਚ ਹੈ। ਇਸੇ ਵਿਚਾਲੇ ਲਖਨਊ 'ਚ ਵਿਧਾਨ ਸਭਾ ਦੇ ਬਾਹਰ ਸਮਾਜਵਾਦੀ ਪਾਰਟੀ ਦੇ ਪ੍ਰਧਾਨ...
ਢਿਲਵਾਂ ਕਤਲ ਕਾਂਡ ਮਾਮਲਾ : ਅਕਾਲੀ ਦਲ ਨੇ ਬਟਾਲਾ 'ਚ ਐੱਸ. ਐੱਸ. ਪੀ. ਦਫ਼ਤਰ ਅੱਗੇ ਲਾਇਆ ਧਰਨਾ
. . .  45 minutes ago
ਬਟਾਲਾ, 7 ਦਸੰਬਰ (ਡਾ. ਕਾਹਲੋਂ)- ਅਕਾਲੀ ਆਗੂ ਦਲਬੀਰ ਸਿੰਘ ਢਿਲਵਾਂ ਦੇ ਕਤਲ ਮਾਮਲੇ ਨੂੰ ਲੈ ਕੇ ਅੱਜ ਅਕਾਲੀ ਦਲ ਵਲੋਂ ਐੱਸ. ਐੱਸ. ਪੀ. ਬਟਾਲਾ ਦਫ਼ਤਰ ਦੇ ਸਾਹਮਣੇ ਧਰਨਾ ਲਾਇਆ...
ਮਨੁੱਖੀ ਅਧਿਕਾਰ ਕਮਿਸ਼ਨ ਦੀ ਟੀਮ ਹੈਦਰਾਬਾਦ 'ਚ ਪਹੁੰਚੀ
. . .  59 minutes ago
ਹੈਦਰਾਬਾਦ, 5 ਦਸੰਬਰ- ਮਹਿਲਾ ਵੈਟਰਨਰੀ ਡਾਕਟਰ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਕਰਕੇ ਸਾੜਨ ਦੇ ਮਾਮਲੇ ਦੇ ਚਾਰੋ ਦੋਸ਼ੀਆਂ ਦੇ ਮੁਠਭੇੜ ਦੌਰਾਨ ਮਾਰੇ ਜਾਣ ਦੇ ਮਾਮਲੇ ਨੂੰ ਲੈ...
ਸੁਪਰੀਮ ਕੋਰਟ 'ਚ ਪਹੁੰਚਿਆ ਹੈਦਰਾਬਾਦ ਮੁਠਭੇੜ ਮਾਮਲਾ, ਪੁਲਿਸ ਵਿਰੁੱਧ ਪਟੀਸ਼ਨ ਦਾਇਰ
. . .  about 1 hour ago
ਨਵੀਂ ਦਿੱਲੀ, 7 ਦਸੰਬਰ- ਮਹਿਲਾ ਵੈਟਰਨਰੀ ਡਾਕਟਰ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਕਰਕੇ ਸਾੜਨ ਦੇ ਮਾਮਲੇ ਦੇ ਚਾਰੋ ਦੋਸ਼ੀਆਂ ਦੇ ਮੁਠਭੇੜ ਦੌਰਾਨ ਮਾਰੇ ਜਾਣ ਦਾ ਮਾਮਲਾ ਹੁਣ ਸੁਪਰੀਮ ਕੋਰਟ...
ਉੱਤਰ ਪ੍ਰਦੇਸ਼ ਦੇ ਚਿਤਰਕੂਟ 'ਚ ਮਹਿਲਾ ਡਾਂਸਰ ਨੂੰ ਗੋਲੀ ਮਾਰਨ ਦੇ ਦੋਸ਼ 'ਚ ਦੋ ਲੋਕ ਗ੍ਰਿਫ਼ਤਾਰ
. . .  about 1 hour ago
ਲਖਨਊ, 7 ਦਸੰਬਰ- ਉੱਤਰ ਪ੍ਰਦੇਸ਼ ਦੇ ਚਿਤਰਕੂਟ 'ਚ ਮਹਿਲਾ ਡਾਂਸਰ ਨੂੰ ਗੋਲੀ ਮਾਰਨ ਦੇ ਦੋਸ਼ 'ਚ ਪੁਲਿਸ ਨੇ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਮਾਮਲਾ ਬੀਤੀ 1 ਦਸੰਬਰ ਦਾ ਹੈ। ਵਿਆਹ ਸਮਾਰੋਹ ਦੌਰਾਨ...
ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਬੋਲੀ ਮਾਇਆਵਤੀ- ਕਾਨੂੰਨ ਦਾ ਖ਼ੌਫ਼ ਪੈਦਾ ਕਰਨ ਸੂਬਾ ਸਰਕਾਰਾਂ
. . .  about 1 hour ago
ਲਖਨਊ, 7 ਦਸੰਬਰ- ਉਨਾਓ ਸਮੂਹਿਕ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਬਸਪਾ ਮੁਖੀ ਮਾਇਆਵਤੀ ਨੇ ਕਿਹਾ ਕਿ ਹੈ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸੂਬਾ ਸਰਕਾਰਾਂ ਨੂੰ ਕਾਨੂੰਨ ਦਾ ਖ਼ੌਫ਼ ਪੈਦਾ ਕਰਨ ਦੀ ਲੋੜ...
ਝਾਰਖੰਡ ਵਿਧਾਨ ਸਭਾ ਚੋਣਾਂ : ਸਵੇਰੇ 9 ਵਜੇ ਤੱਕ 13.03 ਫ਼ੀਸਦੀ ਵੋਟਿੰਗ
. . .  about 2 hours ago
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਜਤਾਇਆ ਦੁੱਖ
. . .  about 2 hours ago
ਲਖਨਊ, 7 ਦਸੰਬਰ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਉਨਾਓ ਜਬਰ ਜਨਾਹ ਪੀੜਤਾ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੇ ਸਾਰੇ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ ਪੀੜ ਦਾ ਅਹਿਸਾਸ

ਨਵਨੀਤ ਕੌਰ ਦੀ ਅਖ਼ਬਾਰ ਪੜ੍ਹਦੀ ਦੀ ਨਜ਼ਰ ਇਕ ਖ਼ਬਰ ਉੱਤੇ ਅਟਕ ਗਈ | ਕੁੜੀ ਨੇ ਘਰੋਂ ਭੱਜ ਕੇ ਮੁੰਡੇ ਨਾਲ ਅਦਾਲਤੀ ਵਿਆਹ ਕਰਵਾਇਆ, ਕੁੜੀ ਦੇ ਪਿਓ ਨੂੰ ਹਾਰਟ ਅਟੈਕ, ਹਸਪਤਾਲ 'ਚ ਦਾਖ਼ਲ, ਮਾਂ ਗੁੰਮ-ਸੁੰਮ ਅਤੇ ਭਰਾ ਘਰੋਂ ਗ਼ਾਇਬ | ਨਵਨੀਤ ਕੌਰ ਦੇ ਵਿਆਹ ਨੂੰ ਤਕਰੀਬਨ ਬਾਈ ਸਾਲ ਹੋ ਗਏ ਸਨ | ਹੁਣ ਤਾਂ ਉਸ ਦੇ ਧੀ-ਪੁੱਤ ਵੀ ਜਵਾਨ ਸਨ | ਪਰ ਉਸ ਨੂੰ ਲਗਦਾ ਸੀ ਜਿਵੇਂ ਇਹ ਕੱਲ੍ਹ ਦੀ ਹੀ ਗੱਲ ਹੋਵੇ | ਉਹ ਜਦੋਂ ਵੀ ਅਜਿਹੀ ਖ਼ਬਰ ਸੁਣਦੀ ਜਾਂ ਪੜ੍ਹਦੀ ਉਸ ਨੂੰ ਆਵਦਾ ਵੇਲਾ ਯਾਦ ਆ ਜਾਂਦਾ | ਬੀਤਿਆ ਸਮਾਂ ਚਲ-ਚਿੱਤਰ ਦੀ ਤਰ੍ਹਾਂ ਉਸ ਦੀਆਂ ਅੱਖਾਂ ਸਾਹਮਣੇ ਘੁੰਮਣ ਲੱਗ ਜਾਂਦਾ | ਉਸ ਨੇ ਵੀ ਘਰੋਂ ਭੱਜ ਕੇ ਅਰਸ਼ਦੀਪ ਨਾਲ ਵਿਆਹ ਕਰਵਾਇਆ ਸੀ | ਅੱਜ ਉਹ ਖਿੱਤੀਆਂ ਦੇ ਢੇਰ 'ਤੇ ਬੈਠੀ ਸੀ ਜੋ ਉਸ ਨੂੰ ਪਿਛਲੇ ਸਾਲਾਂ 'ਚ ਮਿਲੀਆਂ ਸਨ | ਪੇਕੇ ਘਰ ਉਸ ਨੂੰ ਪਿਆਰ ਨਾਲ ਨੀਤੂ ਕਹਿੰਦੇ ਸਨ | ਮਾਂ-ਬਾਪ ਦੀਆਂ ਸਧਰਾਂ ਦਾ ਖੂਨ ਕਰਕੇ , ਇੱਜ਼ਤ ਦੀਆਂ ਧੱਜੀਆਂ ਉੱਡਾ ਕੇ, ਵੀਰ ਦੀ ਰੱਖੜੀ ਨੂੰ ਅਪਮਾਨਤ ਕਰਕੇ ਕਿਵੇਂ ਉਹ ਅਰਸ਼ ਨਾਲ ਘਰੋਂ ਭੱਜ ਆਈ ਸੀ | ਦੋਹਾਂ ਨੇ ਅਦਾਲਤੀ ਵਿਆਹ ਕਰਵਾ ਲਿਆ ਸੀ | ਉਸ ਸਮੇਂ ਤਾਂ ਦੋਹਾਂ ਨੂੰ ਲਗਾ ਸੀ ਕਿ ਅਸੀਂ ਤਾਂ ਦੁਨੀਆਂ ਜਿੱਤ ਲਈ ਹੈ | ਸਾਡੇ ਸੱਚੇ ਪਿਆਰ ਅੱਗੇ ਦੁਨੀਆਂ ਦੀ ਹਰ ਤਾਕਤ ਛੋਟੀ ਹੋ ਗਈ ਜਾਪਦੀ ਸੀ |
ਪਹਿਲੀ ਖਿੱਤੀ.... ਜਦੋਂ ਅਰਸ਼ ਉਸ ਨੂੰ ਘਰ ਲੈ ਕੇ ਆਇਆ ਤਾਂ ਕਿੰਨੀਆਂ ਹੀ ਬੈੱਲ ਕਰਨ ਤੋਂ ਬਾਅਦ ਨੌਕਰ ਨੇ ਦਰਵਾਜ਼ਾ ਖੋਲਿ੍ਹਆ ਸੀ | ਅਰਸ਼ ਦੇ ਮਾਤਾ-ਪਿਤਾ , ਭੈਣ-ਭਰਾ ਅਤੇ ਭਰਾ-ਭਰਜਾਈ ਸਾਰੇ ਹੀ ਚੁੱਪ ਅਤੇ ਗੁੱਸੇ ਨਾਲ ਭਰੇ ਖੜ੍ਹੇ ਸਨ | ਅਸੀਂ ਹਿੰਮਤ ਕਰਕੇ ਪੈਰੀਂ ਹੱਥ ਲਾਉਣ ਲਈ ਅੱਗੇ ਵਧੇ ਹੀ ਸੀ ਕਿ ਉਸ ਦੇ ਪਿਤਾ ਦੀ ਕੜਕਦੀ ਆਵਾਜ਼ ਆਈ, 'ਰੁਕ ਜਾਓ ! ਇਹ ਸ਼ਰੀਫਾਂ ਦਾ ਘਰ ਹੈ ,ਕੱਢਿਆਂ-ਵੱਢਿਆਂ ਦਾ ਨਹੀਂ, ਇਹ ਲੜਕੀ ਜੋ ਆਪਣੇ ਮਾਂ-ਬਾਪ ਦੀ ਨਹੀਂ ਹੋਈ, ਤੇਰੀ ਕੀ ਹੋਵੇਗੀ...ਅਜਿਹੀਆਂ ਕੁੜੀਆਂ ਅੰਦਰ ਤਾਂ ਦੋ ਤਰ੍ਹਾਂ ਦੀ ਭੁੱਖ ਵੱਸੀ ਹੁੰਦੀ ਹੈ ਪੈਸਿਆਂ ਦੀ ਤੇ ਜਵਾਨੀ ਦੀ...ਲਾਹਨਤ ਹੈ ਅਜਿਹੀ ਔਲਾਦ 'ਤੇ.... |'
ਨੀਤੂ ਨੇ ਤਾਂ ਅਜਿਹੇ ਮਾਹੌਲ ਬਾਰੇ ਸੋਚਿਆ ਹੀ ਨਹੀਂ ਸੀ | ਇਕ ਮਹੀਨੇ 'ਚ ਹੀ ਉਸ ਦਾ ਬੁਰਾ ਹਾਲ ਹੋ ਗਿਆ | ਉਸ ਨੂੰ ਰਹਿ-ਰਹਿ ਕੇ ਆਪਣੇ ਮਾਂ-ਬਾਪ ਯਾਦ ਆ ਰਹੇ ਸਨ....ਹਾਇ ! ਉਨ੍ਹਾਂ ਨਾਲ ਕੀ ਬੀਤੀ ਹੋਵੇਗੀ...ਐਨੀ ਬਦਨਾਮੀ...ਨਮੋਸ਼ੀ ਅਤੇ ਖਿੱਲੀ ਦੇ ਪਾਤਰ ਬਣਾ ਤੇ ਮੈਂ...ਕਿਤੇ ਕਿਸੇ ਨੂੰ ਕੁਝ ਹੋ ਗਿਆ ਤਾਂ....ਜਾਂ ਆਤਮ-ਹੱਤਿਆ...ਉਹ ਰਾਤਾਂ ਨੂੰ ਡਰ-ਡਰ ਉੱਠਦੀ....ਰੋ-ਰੋ ਕੇ ਹਾਲੋਂ ਬੇ-ਹਾਲ ਹੋ ਜਾਂਦੀ....ਨਾ ਦਿਨੇ ਚੈਨ ਮਿਲਦਾ, ਨਾ ਰਾਤ ਨੂੰ | ਉਸ ਨੂੰ ਕੈਦੀਆਂ ਵਾਂਗ ਨੌਕਰਾਣੀ ਰੋਟੀ-ਟੁੱਕ ਫੜਾ ਜਾਂਦੀ ਸੀ | ਉਹ ਕਈ ਦਿਨ ਇਕੋ ਹੀ ਸੂਟ ਵਿਚ ਰਹੀ ਸੀ | ਅਰਸ਼ ਉਸ ਨੂੰ ਹੌਸਲਾ ਦਿੰਦਾ ਹੋਇਆ ਕਹਿੰਦਾ, 'ਕੋਈ ਗੱਲ ਨਹੀਂ ਹੌਲੀ-ਹੌਲੀ ਸਭ ਠੀਕ ਹੋ ਜਾਵੇਗਾ |'
ਫੇਰ ਇਕ ਦਿਨ ਉਸ ਨੇ ਹਿੰਮਤ ਕਰਕੇ ਆਪਣੀ ਸੱਸ ਨੂੰ ਕਿਹਾ ਸੀ,
'ਮੰਮੀ ਜੀ ਰੋਟੀ-ਸਬਜ਼ੀ ਮੈਂ ਬਣਾ ਦਿੰਦੀ ਹਾਂ |'
ਉਸ ਦੀ ਸੱਸ ਨੇ ਸਬਜ਼ੀ ਵਾਲਾ ਭਾਂਡਾ, ਸਬਜ਼ੀ ਅਤੇ ਚਾਕੂ ਸਾਰਾ ਕੁਝ ਵਿਹੜੇ 'ਚ ਵਗਾਹ ਮਾਰਿਆ ,ਉਹ ਨਫ਼ਰਤ ਭਰੀ ਆਵਾਜ਼ 'ਚ ਬੋਲੀ , 'ਤੇਰੇ ਹੱਥਾਂ ਦਾ ਅਸੀਂ ਖਾਂਵਾਂਗੇ....ਕਾਤਲ ਹੈਂ... ਤੂੰ ਕਾਤਲ...ਆਵਦੇ ਪੇਕਿਆਂ ਦੀ....ਪਿਓ ਦੀ ਪੱਗ...ਮਾਂ ਦੇ ਦੁੱਧ...ਵੀਰ ਦੀ ਰੱਖੜੀ ਦਾ ਖ਼ੂਨ ਕੀਤਾ ਹੈ ਤੂੰ....ਐਡੀ ਕੀ ਅੱਗ ਲੱਗੀ ਸੀ ਤੈਨੂੰ....ਕੋਠਾ ਖੋਲ੍ਹ ਲੈਂਦੀ....ਅਵਾਰਾ ਕਿਸੇ ਥਾਂ ਦੀ....ਕਿਵੇਂ ਮੇਰੇ ਪੁੱਤ ਨੂੰ ਆਵਦੇ ਜਾਲ 'ਚ ਫਸਾ ਲਿਆ... |'
ਉਹ ਡਰ ਕੇ ਆਪਣੇ ਕਮਰੇ 'ਚ ਭੱਜ ਗਈ... ਇਸੇ ਤਰ੍ਹਾਂ ਤਿੰਨ ਕੁ ਮਹੀਨੇ ਬੀਤ ਗਏ | ਨਵਨੀਤ ਨੂੰ ਹੁਣ ਰੋਣਾ ਵੀ ਨਹੀਂ ਸੀ ਆਉਂਦਾ | ਇਕ ਦਿਨ ਉਸ ਨੇ ਆਪਣੀ ਸਹੇਲੀ ਨੂੰ ਫੋਨ ਕੀਤਾ | ਅੱਗੋਂ ਉਸ ਨੇ ਫੋਨ ਕੱਟ ਦਿੱਤਾ....ਉਸ ਨੂੰ ਬਹੁਤ ਦੁੱਖ ਹੋਇਆ....ਉਸ ਨੂੰ ਲੱਗਿਆ ਜਿਵੇਂ ਸਾਰੇ ਸਮਾਜ ਨੇ ਉਸ ਨੂੰ ਦੁਤਕਾਰ ਦਿੱਤਾ ਹੋਵੇ | ਉਹ ਮਨ ਹੀ ਮਨ ਸੋਚਣ ਲਗੀ ...ਕੀ ਕਸੂਰ ਹੈ ਉਸ ਦਾ...ਕੀ ਆਫਤ ਆ ਗਈ ਜੇ ਉਸ ਨੇ ਆਪਣੀ ਮਰਜੀ ਦਾ ਵਰ ਚੁਣ ਲਿਆ....ਜੇ ਅਜਿਹੀ ਖੁੱਲ੍ਹ ਹੋਵੇ ਤਾਂ ਕਿਉਂ ਕੋਈ ਘਰੋਂ ਭੱਜਣ ਲਈ ਮਜਬੂਰ ਹੋਵੇ....ਨਾ ਹੀ ਪਿਆਰ ਪਿੱਛੇ ਕੋਈ ਆਤਮ-ਹੱਤਿਆ ਕਰੇ...ਪਤਾ ਨਹੀਂ ਕਿਉਂ ਸਮਾਜ ਪਿਆਰ ਦੇ ਰਿਸ਼ਤੇ ਨੂੰ ਮਨਜ਼ੂਰ ਨਹੀਂ ਕਰਦਾ....ਅਣਖ ਪਿੱਛੇ ਆਵਦੇ ਹੀ ਧੀ-ਪੁੱਤ ਦਾ ਕਤਲ ਕਰ ਦਿੰਦੇ ਨੇ...ਔਲਾਦ ਨਾ ਹੋਈ, ਗੁਲਾਮ ਹੋ ਗਏ...ਧੀ ਦਾ ਵਿਆਹ ਉਸ ਦੀ ਮਰਜ਼ੀ ਦੇ ਉਲਟ ਕਰ ਦਿੰਦੇ ਹਨ ...ਕੀ ਇਹ ਬਲਾਤਕਾਰ ਨਹੀਂ ?
ਉਸ ਨੇ ਆਪਣੇ-ਆਪ ਨਾਲ ਕੁਝ ਫ਼ੈਸਲਾ ਕੀਤਾ ਅਤੇ ਕਮਰੇ 'ਚ ਚਲੀ ਗਈ | ਅੱਜ ਪਹਿਲੀ ਵਾਰ ਉਸ ਨੇ ਵਧੀਆ ਕੱਪੜੇ ਪਾਏ ਅਤੇ ਹਾਰ-ਸ਼ਿਗਾਰ ਕੀਤਾ | ਰਸੋਈ 'ਚ ਜਾ ਕੇ ਉਸ ਨੇ ਚਾਹ ਬਣਾਈ ਅਤੇ ਲੌਬੀ 'ਚ ਆ ਕੇ ਪੀਣ ਲਗੀ....ਉਸ ਨੇ ਦਿ੍ੜ ਇਰਾਦੇ ਨਾਲ ਆਪਣੇ ਪਤੀ ਨੂੰ ਫੋਨ ਕੀਤਾ ਅਤੇ ਕੁਝ ਚੀਜ਼ਾਂ ਮੰਗਵਾਈਆਂ | ਉਸ ਦਾ ਬਦਲਿਆ ਰੂਪ ਦੇਖ ਕੇ ਸਾਰੇ ਚੁੱਪ ਰਹੇ | ਨਵਨੀਤ ਹੁਣ ਸਕੂਟਰੀ 'ਤੇ ਕਦੇ ਬਾਜ਼ਾਰ, ਕਦੇ ਕਿਸੇ ਸਕੂਲ 'ਚ ਲਗਣ ਲਈ ਅਰਜ਼ੀ ਦੇਣ ਲਈ ਚਲੀ ਜਾਂਦੀ | ਉਹ ਘਰ 'ਚ ਆਵਦਾ ਸਾਰਾ ਕੰਮ ਆਪ ਹੀ ਕਰਦੀ ਰਹਿੰਦੀ... |
ਇਕ ਦਿਨ ਉਸ ਨੇ ਆਪਣੇ ਮਾਤਾ-ਪਿਤਾ ਨੂੰ ਮਿਲਣ ਦਾ ਫੈਸਲਾ ਕਰ ਲਿਆ | ਉਹ ਜਿਉਂ ਹੀ ਆਪਣੇ ਪੇਕਿਆਂ ਦੀ ਗਲੀ 'ਚ ਗਈ, ਕਈਆਂ ਨੇ ਇਕ-ਦੂਜੇ ਨੂੰ ਦੱਸਿਆ,ਕਿਸੇ ਨੇ ਦਰਵਾਜ਼ਾ ਭੇੜ ਲਿਆ ਅਤੇ ਝੀਥ ਵਿਚੋਂ ਦੀ ਵੇਖਣ ਲੱਗੇ, ਕਈ ਕੋਠਿਆਂ 'ਤੇ 'ਤੇ ਖੜ੍ਹ ਗਏ | ਉਹ ਆਪਣੇ ਘਰ ਗਈ, ਉਸ ਨੇ ਆਵਾਜ਼ ਮਾਰੀ 'ਮੰਮਾ....ਪਾਪਾ'... ਘਰ ਗੂੰਜ ਉੱਠਿਆ...ਅੰਦਰੋਂ ਉਸ ਦੇ ਮੰਮੀ-ਪਾਪਾ ਭੱਜ ਕੇ ਬਾਹਰ ਆਏ...ਉਹ ਇਕ ਟੱਕ ਉਸ ਨੂੰ ਵੇਖ ਰਹੇ ਸੀ ਜਿਵੇਂ ਵਿਸ਼ਵਾਸ ਨਾ ਹੋ ਰਿਹਾ ਹੋਵੇ... | ਉਸ ਨੇ ਭੱਜ ਕੇ ਆਪਣੀ ਮਾਂ ਨੂੰ ਜੱਫੀ ਪਾ ਲਈ...ਮੰਮਾ ਜੇ ਤੁਸੀ ਮੰਨ ਜਾਂਦੇ ਤਾਂ ਮੈਂ ਇਹ ਕਦਮ ਨਾ ਚੁੱਕਦੀ...ਮੈਂ ਵਿਆਹ ਕੀਤਾ ਹੈ...ਕੋਈ ਗੁਨਾਹ ਨਹੀਂ ਕੀਤਾ...ਪਾਪਾ ਮੈਨੂੰ ਮੁਆਫ ਕਰ ਦਿਓ...ਮੈਂ ਤੁਹਾਡੇ ਬਗ਼ੈਰ ਨਹੀਂ ਰਹਿ ਸਕਦੀ... |
ਸਮਾਂ ਗੁਜ਼ਰਦਾ ਗਿਆ, ਪੇਕਿਆਂ-ਸਹੁਰਿਆਂ ਦਾ ਮੇਲ-ਮਿਲਾਪ ਹੋ ਗਿਆ ਸੀ, ਹੁਣ ਉਹ ਵਾਰ-ਤਿਉਹਾਰ 'ਤੇ ਆ ਜਾਂਦੇ ਸਨ | ਪਰ ਇਕ ਡੂੰਘੀ ਖਾਈ ਸੀ ਜੋ ਨਵਨੀਤ ਦੇ ਲੱਖ ਕੋਸ਼ਿਸ਼ ਕਰਨ ਦੇ ਬਾਵਜੂਦ ਵੀ ਨਹੀਂ ਸੀ ਭਰ ਸਕੀ | ਉਸ ਨੂੰ ਪਤਾ ਸੀ ਕਿ ਦਿਲੋਂ ਕਿਸੇ ਨੇ ਵੀ ਉਸ ਨੂੰ ਨਾ ਤਾਂ ਮੁਆਫ਼ ਕੀਤਾ ਹੈ ਅਤੇ ਨਾ ਹੀ ਉਸ ਨੂੰ ਕੋਈ ਪਸੰਦ ਕਰਦਾ ਹੈ | ਉਸ ਦੇ ਦੇਵਰ ਦਾ ਵਿਆਹ ਹੋਇਆ ਸਾਰੇ ਪਰਿਵਾਰ ਨੇ ਲੱਖ ਸ਼ਗਨ ਮਨਾਏ ਅਤੇ ਨਾਲ ਹੀ ਅਰਸ਼ ਦੇ ਬਿਨਾਂ ਸ਼ਗਨੇ ਵਿਆਹ ਦੇ ਦੁੱਖ ਨੂੰ ਮਹਿਸੂਸ ਕੀਤਾ | ਕਈ ਵਾਰ ਤਾਂ ਉਸ ਨੂੰ ਇਹ ਵੀ ਮਹਿਸੂਸ ਹੁੰਦਾ ਜਿਵੇਂ ਅਰਸ਼ ਵੀ ਪਛਤਾ ਰਿਹਾ ਹੋਵੇ | ਉਹ ਗੱਲ-ਗੱਲ 'ਤੇ ਉਸ ਨੂੰ ਭੱਜ-ਭੱਜ ਕੇ ਪੈਂਦਾ, ਸਿੱਧੇ ਮੂੰਹ ਗੱਲ ਨਾ ਕਰਦਾ...ਉਹ ਸਭ ਸਮਝਦੀ ਸੀ... ਉਸ ਨੂੰ ਹਰ ਕਾਰ-ਵਿਹਾਰ ਤੋਂ ਪਰੇ ਰੱਖਿਆ ਜਾਂਦਾ, ਨਾ ਹੀ ਉਸ ਦੀ ਪਸੰਦ ਜਾਂ ਨਾ ਪਸੰਦ ਵੱਲ ਕੋਈ ਧਿਆਨ ਦਿੰਦਾ ਸੀ | ਉਸ ਦੀ ਭਾਬੀ ਵੀ ਉਸ ਤੋਂ ਦੂਰੀ ਹੀ ਰੱਖਦੀ ਸੀ ਅਤੇ ਨਾ ਹੀ ਆਪਣੀ ਧੀ ਨੂੰ ਉਸ ਕੋਲ ਆਉਣ ਦਿੰਦੀ ਸੀ |
ਪਿੱਛਲੇ ਸਾਲਾਂ ਵਿਚ ਨਵਨੀਤ ਜਦੋਂ ਵੀ ਕਿਸੇ ਸਮਾਗਮ ਵਿਚ ਜਾਂਦੀ ਤਾਂ ਹਰ ਕਿਸੇ ਦੀ ਨਜ਼ਰ ਦਾ ਕੇਂਦਰ ਬਿੰਦੂ ਉਹੀ ਹੁੰਦੀ ਸੀ | ਉਸ ਦੇ ਕੰਨਾਂ 'ਚ ਲੋਕਾਂ ਦੀਆਂ ਗੱਲਾਂ ਪੈਂਦੀਆਂ...ਇਹ ਉਹੀ ਹੈ ਜੋ ਘਰੋਂ ਭੱਜ ਕੇ ਆਈ ਸੀ...ਕਿਤੇ ਇੱਥੋਂ ਨਾ ਭੱਜ ਜੇ ਕਿਸੇ ਨਾਲ...ਚੰਗੀ ਦੌੜਾਕ ਹੈ... | ਕਈ ਔਰਤਾਂ ਜਾਣ-ਬੁੱਝ ਕੇ ਉਸ ਕੋਲ ਆ ਜਾਂਦੀਆਂ ਅਤੇ ਗੁੱਝੇ ਢੰਗ ਨਾਲ ਉਸ ਨੂੰ ਜਲੀਲ ਕਰਦੀਆਂ | ਪਹਿਲਾਂ-ਪਹਿਲ ਤਾਂ ਉਹ ਬਹੁਤ ਮਹਿਸੂਸ ਕਰਦੀ, ਦਿਨ-ਰਾਤ ਰੋਂਦੀ ਰਹਿੰਦੀ ਪਰ ਹੌਲੀ-ਹੌਲੀ ਉਹ ਲੋਕਾਂ ਦੀਆਂ ਗੱਲਾਂ ਅਤੇ ਮਜ਼ਾਕੀਆ ਨਜ਼ਰਾਂ ਦੀ ਆਦਿ ਹੋ ਗਈ ਸੀ | ਅਰਸ਼ ਵੀ ਉਸ ਨੂੰ ਕਿਤੇ ਨਾਲ ਲਿਜਾਣ ਤੋਂ ਕੰਨੀ ਕਤਰਾਉਂਦਾ ਰਹਿੰਦਾ ਸੀ | ਉਸ ਨੇ ਅਖ਼ਬਾਰ ਇਕ ਪਾਸੇ ਰੱਖਿਆ, ਆਪਣਾ ਸਿਰ ਝਟਕਿਆ ਅਤੇ ਰੋਟੀ ਟੁੱਕ ਬਣਾਉਣ 'ਚ ਲਗ ਗਈ |
ਫੇਰ ਜਦੋਂ ਇਕ ਦਿਨ ਉਸ ਦੀ ਧੀ ਨੇ ਉਸ ਨੂੰ ਕਿਹਾ , 'ਦੇਖੋ ਮੰਮਾ ਮੈਂ ਤੁਹਾਡੇ ਨਾਲ ਇਕ ਗੱਲ ਕਰਨੀ ਹੈ...ਮੈਂ ਵਿਕਾਸ ਨੂੰ ਬਹੁਤ ਪਿਆਰ ਕਰਦੀ ਹਾਂ...ਅਸੀਂ ਦੋਹਾਂ ਨੇ ਵਿਆਹ ਕਰਨ ਦਾ ਫੈਸਲਾ ਕਰ ਲਿਆ ਹੈ....ਜਾਤ-ਪਾਤ 'ਚ ਕੀ ਰੱਖਿਆ ਹੈ...ਤੁਸੀਂ ਵੀ ਤਾਂ ਪਿਆਰ ਪਿੱਛੇ ਕੁਰਬਾਨੀ ਦਿੱਤੀ ਸੀ...ਤੁਹਾਨੂੰ ਤਾਂ ਅਹਿਸਾਸ ਹੈ ਪਿਆਰ ਦੇ ਦਰਦ ਦਾ...ਤੁਸੀਂ ਪਾਪਾ ਨੂੰ ਮਨਾ ਲੈਣਾ...ਨਹੀਂ ਤਾਂ...ਤੁਸੀਂ ਆਪ ਸਮਝਦਾਰ ਹੋ... | '
ਨਵਨੀਤ ਜਾਂਦੀ ਧੀ ਨੂੰ ਬੁੱਤ ਬਣੀ ਵੇਖਦੀ ਰਹੀ | ਉਸ ਦੇ ਅੰਦਰੋਂ ਇਕ ਹੂਕ ਨਿਕਲੀ...ਇਕ ਡੂੰਘਾ ਹਉਕਾ ਲਿਆ ਅਤੇ ਬੁੜ-ਬੁੜਾਈ...ਹਾਂ ਧੀਏ! ਪਿਆਰ ਪਿੱਛੇ ਦਿੱਤੀ ਕੁਰਬਾਨੀ ਦਾ ਦਰਦ ਅਤੇ ਸਜ਼ਾ ਜੋ ਮੈਂ ਭੋਗੀ ਹੈ ਉਹ ਮੈਂ ਹੀ ਜਾਣਦੀ ਹਾਂ... ਪਰ ਅੱਜ ਤੂੰ ਮੈਨੂੰ ਇਸ ਦਰਦ ਅਤੇ ਸਜ਼ਾ ਨਾਲੋਂ ਵੀ ਕਿਤੇ ਵੱਧ ਉਸ ਅਸਹਿ ਪੀੜਾ ਦਾ ਅਹਿਸਾਸ ਕਰਾ ਦਿੱਤਾ , ਜੋ ਮੈਂ ਆਪਣੇ ਮਾਂ-ਬਾਪ ਨੂੰ ਦੇ ਕੇ ਆਈ ਸੀ |

-ਮੋਬਾਈਲ: 82888 42066
mkbrargdb@gmail.com


ਖ਼ਬਰ ਸ਼ੇਅਰ ਕਰੋ

ਫਿਫਟੀ... ਫਿਫਟੀ

ਡੰਡਾ ਪੀਰ ਹੈ ਵਿਗੜਿਆਂ-ਤਿਗੜਿਆਂ ਦਾ
***
ਖ਼ੁਦਾ ਬਚਾਏ ਇਨ ਬਲਾਓਾ ਸੇ
ਵਕੀਲੋਂ ਸੇ, ਹਕੀਮੋਂ ਸੇ, ਹਸੀਨੋਂ ਕੀ ਅਦਾਓਾ ਸੇ |
***
ਵਿਗੜਿਆਂ, ਤਿਗੜਿਆਂ ਨੂੰ ਸੂਤਣ ਵਾਲਾ ਡੰਡਾ
ਕਿਹਨਾਂ ਦੇ ਹੱਥ ਹੁੰਦਾ ਹੈ?
ਪੁਲਸੀਆਂ ਦੇ ਹੱਥ |
***
ਖੜਕਾਉਂਦੇ ਡੰਡੇ ਹਨ ਪੁਲਿਸ ਵਾਲੇ ਹੀ, ਪਰ ਫੇਰ, ਮੁਲਜ਼ਮ ਤੇ ਮੁਜਰਮ ਸਾਬਤ ਕਰਨ ਲਈ, ਅਪਰਾਧੀਆਂ ਨੂੰ , ਪੁਲਿਸ ਵਾਲਿਆਂ ਨੂੰ ਅਦਾਲਤ ਵਿਚ ਪੇਸ਼ ਕਰਨ ਲਈ ਇਨ੍ਹਾਂ ਨੂੰ ਵਕੀਲਾਂ ਦੀ ਮਦਦ ਲੈਣੀ ਪੈਂਦੀ ਹੈ |
***
ਕਾਲੇ ਕੋਟ ਵਕੀਲਾਂ ਦੇ
ਖਾਕੀ ਵਰਦੀ ਪੁਲਸੀਆਂ ਦੀ
ਕਾਲੇ ਕੋਟ ਮਾਹਿਰ ਦਲੀਲਾਂ ਦੇ
ਸੱਚ ਨੂੰ ਝੂਠ ਤੇ ਝੂਠ ਨੂੰ ਸੱਚ
ਸਾਬਤ ਕਰਨ 'ਚ ਮੀ ਲਾਰਡ ਜਾਂ
ਯੂਅਰ ਹੋਨਰਜ਼ ਨੂੰ ਕਨਵਿੰਗ ਕਰਨ 'ਚ
ਪਰਪਕ, ਖਾਕੀ ਵਰਦੀ ਵਾਲੇ ਤਾਂ ਅਦਾਲਤ
'ਚ ਸਿਰਫ਼ ਮੁਲਜ਼ਮ ਨੂੰ
ਪੇਸ਼ ਕਰਕੇ ਖੜ੍ਹੇ ਰਹਿੰਦੇ ਹਨ |
ਬਾਕੀ ਦਾ ਕੰਮ ਤਾਂ ਵਕੀਲਾਂ ਨੇ ਹੀ ਕਰਨਾ ਹੁੰਦਾ ਹੈ |
***
ਪਰ ਜੇਕਰ ਪੁਲਸੀਆਂ ਤੇ ਵਕੀਲਾਂ 'ਚ ਹੀ ਕੁੱਟਮਾਰ ਹੋ ਜਾਏ ਤਾਂ... ਹੋ ਗਈ ਏ ਕੁੱਟਮਾਰ ਦੋਵਾਂ 'ਚ, ਦਿੱਲੀ ਦੀ ਤੀਸ ਹਜ਼ਾਰੀ ਕੋਰਟ 'ਚ ਇਕ ਬਵਾਲ ਉੱਠਿਆ, ਪੁਲਸੀਆਂ ਨੇ ਵਕੀਲ ਕੁੱਟ ਛੱਡੇ ਤਾਂ ਵਕੀਲਾਂ ਨੇ ਪੁਲਸੀਏ |
ਇਹ ਦੁਨੀਆ ਦੇ ਕਿਸੇ ਹੋਰ ਦੇਸ਼ 'ਚ ਹੋ ਸਕਦਾ ਹੈ?
ਭਾਰਤ ਹੈ ਤਾਂ ਮੁਮਕਿਨ ਹੈ |
ਇਸੇ ਲਈ ਤਾਂ ਅੱਜ ਇਹ ਗਾਉਣ ਨੂੰ ਜੀਅ ਕਰਦਾ ਹੈ:
ਸਾਰੇ ਜਹਾਂ ਸੇ ਅੱਛਾ
ਹਿੰਦੋਸਤਾਂ ਹਮਾਰਾ
ਹਮ ਬੁਲਬੁਲੇਂ ਹੈਾ ਇਸਕੀ,
ਯੇ ਗੁਲਿਸਤਾਂ ਹਮਾਰਾ |
ਅੱਛਾ ਦੱਸੋ, ਇਸ ਕਲੇਸ਼ ਲਈ ਜ਼ਿੰਮੇਵਾਰ ਕੌਣ ਹਨ... ਦੋਸ਼ ਕਿਸ ਦਾ ਹੈ?
ਜਵਾਬ ਹੈ... ਦੋਵਾਂ ਦਾ... ਫਿਫਟੀ... ਫਿਫਟੀ... |
***
ਦੋਸਤੀ, ਘੱਟੋ-ਘੱਟ ਦੋ ਦੋਸਤਾਂ ਵਿਚ ਜਾਂ ਦੋ ਪਾਰਟੀਆਂ ਵਿਚਕਾਰ ਹੁੰਦੀ ਹੈ |
ਬੰਦੇ ਹੋਣ ਜਾਂ ਪਾਰਟੀਆਂ, ਦੋਵਾਂ ਦਾ ਮੇਲ ਪੱਕਾ ਹੋਣ ਦੀ ਦੁਹਾਈ ਦਿੰਦੇ ਹਨ, ਦੋਵੇਂ:
ਯੇ ਦੋਸਤੀ ਹਮ ਨਾ ਤੋੜੇਂਗੇ
ਤੋੜੇਂਗੇ ਹਮ ਮਗਰ
ਤੇਰਾ ਸਾਥ ਨਾ ਛੋੜੇਂਗੇ |
ਅਮਰ ਪ੍ਰੇਮ ਦੀ ਮਿਸਾਲ ਹਨ : ਹੀਰ-ਰਾਂਝਾ, ਮਿਰਜ਼ਾ-ਸਾਹਿਬਾਂ, ਸੱਸੀ-ਪੁਨੂੰ ਜਾਂ ਫਿਰ ਫ਼ਿਲਮ 'ਸ਼ੋਅਲੇ' ਵਿਚ ਅਮਿਤਾਬ ਬਚਨ ਤੇ ਧਰਮਿੰਦਰ ਦੇ ਕਿਰਦਾਰ...
ਯੇ ਦੋਸਤੀ, ਹਮ ਨਾ ਛੋੜੇਂਗੇ
ਤੇ ਅੱਜ ਦੇ ਦੋਸਤ, ਦੋਸਤੀ ਪੱਕੀ ਰੱਖਣ ਲਈ ਸ਼ਰਤਾਂ ਰੱਖ ਦਿੰਦੇ ਹਨ, ਜਿਵੇਂ ਪਿਛਲੇ ਦਿਨੀਂ ਭਾਜਪਾ ਤੇ ਸ਼ਿਵ ਸੈਨਾ 'ਚ ਮਹਾਰਾਸ਼ਟਰ ਦੀ ਸਰਕਾਰ ਬਣਾਉਣ ਲਈ ਭਾਜਪਾ ਤੇ ਸ਼ਿਵ ਸੈਨਾ ਵਿਚਕਾਰ ਚਲਦਾ ਰਿਹਾ ਹੈ |
ਜੀਆਂਗੇ-ਮਰਾਂਗੇ ਨਾਲ ਤੇਰੇ, ਪਰ
ਨਾ ਜੀਣ ਦਿਆਂਗੇ, ਇਕ ਸ਼ਰਤ 'ਤੇ
ਦੋਸਤੀ ਨਿਭਾਵਾਂਗੇ...
ਬੇਸ਼ੱਕ ਸਾਡੇ, ਤੁਹਾਡੇ ਤੋਂ ਘੱਟ ਨੇ ਨੰਬਰ,
ਦਮਾਦਮ ਮਸਤ ਕਲੰਦਰ... ਸਰਕਾਰ ਬਣਾਉਣ
ਲਈ ਦੋਵਾਂ ਦੇ ਫਿਫਟੀ ਫਿਫਟੀ ਨੰਬਰ |
ਵੰਡ ਖਾਓ ਤੇ ਖੰਡ ਖਾਓ...
ਇਕੱਲਿਆਂ ਨੂੰ ਅਸਾਂ ਖਾਣ ਨਹੀਂ ਦੇਣਾ...
ਪਤਾ ਹੈ ਸ਼ਿਵ ਸੈਨਾ ਬਿਨਾਂ...
ਤੇਰੇ ਬਿਨਾਂ ਮੈਂ ਨਹੀਂ, ਮੇਰੇ ਬਿਨਾਂ ਤੁਮ ਨਹੀਂ, ਸਿਆਣਿਆਂ ਦਾ ਆਖਿਆ ਹੈ...
ਸਾਰੀ ਜਾਂਦੀ ਵੇਖਿਆਂ, ਅੱਧੀ ਲਵੋ ਵੰਡ |
ਫਿਫਟੀ ਫਿਫਟੀ... |
ਅੱਧੋ ਅੱਧੀ |
ਪਹਿਲਾਂ ਢਾਈ ਸਾਲ ਰੋਟੀ ਸ਼ਿਵ ਸੈਨਾ ਛਕੇਗੀ, ਰਾਜ ਹਮਾਰਾ... ਤੁਮ ਦੇਖਤੇ ਰਹਿਓ... ਝਲਕਾਰਾ... ਪ੍ਰਣ ਹਮਾਰਾ |
ਭਾਜਪਾ ਵਾਲੇ, ਮਾਸੂਮ ਬਣ ਕੇ ਗਾ ਰਹੇ ਹਨ |
ਸਭ ਕੁਝ ਦੇਖਾ ਹਮਨੇ
ਨਾ ਦੇਖੀ ਹੋਸ਼ਿਆਰੀ |
ਸੱਚ ਹੈ ਦੁਨੀਆ ਵਾਲੋ
ਹਮ ਥੇ ਅਨਾੜੀ |
ਤੇ ਜ਼ਬਾਨੀ ਯੁੱਧ ਰਿਹਾ ਜਾਰੀ |
105 ਮੈਂਬਰ ਹਨ ਭਾਜਪਾ ਦੇ ਤੇ 56 ਹਨ ਸ਼ਿਵ ਸੈਨਾ ਦੇ | ਸ਼ਿਵ ਸੈਨਾ ਦੇ 105 'ਤੇ ਭਾਰੀ | ਅੜਿੰਗਾ ਹੈ ਬਹੁਮਤ ਦਾ | 56-105 'ਤੇ ਭਾਰੀ... ਕਿਉਂਕਿ...
ਬਹੁਮਤ ਲਈ
ਦਮਾਦਮ ਮਸਤ ਕਲੰਦਰ...
ਸ਼ਿਵ ਸੈਨਾ ਦਾ ਪਹਿਲਾ ਨੰਬਰ |
ਅੱਖਾਂ ਦੀ ਵੀ ਸ਼ਰਮ ਹੁੰਦੀ ਹੈ...
ਜ਼ਬਾਨ ਦੀ ਵੀ |
ਇਥੇ ਨਾ ਅੱਖਾਂ ਦੀ ਸ਼ਰਮ ਹੈ,
ਨਾ ਜ਼ਬਾਨ ਦੀ |
ਨੈਤਿਕਤਾ ਤੇ 'ਦੋਸਤ' ਦਾ ਯੁੱਧ ਜਾਰੀ ਹੈ |
ਕਾਰਨ ਫਿਫਟੀ-ਫਿਫਟੀ... |
***
ਕ੍ਰਿਕਟ ਦੀ ਖੇਡ ਨਿਰਾਲੀ ਹੈ | ਇਹਦੇ 'ਚ ਟਵੰਟੀ-ਟਵੰਟੀ ਯਾਨਿ ਵੀਹ-ਵੀਹ ਓਵਰ ਦੇ ਮੈਚ ਵੀ ਹਨ ਤੇ ਫਿਫਟੀ-ਫਿਫਟੀ ਯਾਨਿ ਪੰਜਾਹ-ਪੰਜਾਹ ਓਵਰ ਦੇ ਮੈਚ ਵੀ | ਪਰ ਦੂਜੀਆਂ ਸਭ ਖੇਡਾਂ 'ਚ, ਹਾਰ-ਜਿੱਤ ਜਿੰਨੇ ਗੋਲ ਕੀਤੇ ਜਾਂ ਜਿੰਨੇ ਪੁਆਇੰਟ ਬਣਾਏ, ਉਨ੍ਹਾਂ 'ਤੇ ਜਿੱਤ-ਹਾਰ ਦਾ ਫ਼ੈਸਲਾ ਹੁੰਦਾ ਹੈ | ਭਲਵਾਨ ਅਖਾੜੇ 'ਚ ਜਦ ਦੂਜੇ ਦੀ ਪਿੱਠ ਲਵਾ ਦੇਣ ਤਾਂ ਹੀ ਉਹਦੀ ਜੈ-ਜੈ ਕਾਰ ਹੁੰਦੀ ਹੈ |
ਜਿੱਤਣਾ ਕੌਣ ਨਹੀਂ ਚਾਹੁੰਦਾ? ਮੈਨੂੰ ਯਾਦ ਹੈ ਇਕ ਸੱਚਾ ਕਿੱਸਾ, ਇਕ ਨਾਮੀ ਭਲਵਾਨ (ਪਹਿਲਵਾਨ) ਦੀ ਟੱਕਰ, ਉਹਦੇ ਹੀ ਚੇਲੇ ਨਾਲ ਰਖਾ ਦਿੱਤੀ ਗਈ | ਭਲਵਾਨ ਜੀ ਨੇ ਆਪਣੇ ਚੇਲੇ ਨੂੰ ਆਖਿਆ, 'ਵੇਖ ਓਏ, ਮੇਰੇ ਗਿੱਟੇ 'ਚ ਦਰਦ ਹੁੰਦਾ ਹੈ, ਧਿਆਨ ਰੱਖੀਂ |' ਪਰ ਜਿਉਂ ਹੀ ਅਖਾੜੇ ਵਿਚ ਉਨ੍ਹਾਂ ਦਾ ਟਾਕਰਾ ਸ਼ੁਰੂ ਹੋਇਆ, ਚੇਲਾ ਪੈਂਦੇ ਸੱਟੀਂ ਗੁਰੂ ਭਲਵਾਨ ਦੇ ਗਿੱਟੇ ਨੂੰ ਪੈ ਗਿਆ | ਉਹਨੇ ਭਲਵਾਨ ਜੀ ਦੇ ਅਰਾਟ ਕਢਵਾ ਦਿੱਤੇ ਤੇ ਉਹ ਥੱਲੇ ਢਹਿ ਪਏ | ਫ਼ਤਹਿ ਹੋ ਗਈ ਚੇਲੇ ਦੀ | ਉਹ ਲੱਗਾ ਕੁੱਦਣ ਅਖਾੜੇ ਵਿਚ |
ਮਗਰੋਂ ਭਲਵਾਨ ਜੀ ਨੇ ਚੇਲੇ ਨੂੰ ਪੁੱਛਿਆ, 'ਓਏ, ਬੇਸ਼ਰਮਾ ਤੂੰ ਇਹ ਕੀ ਕੀਤਾ?'
ਨਿਰਲੱਜਤਾ ਨਾਲ ਹੀ ਹੀ ਕਰਕੇ ਕਿਹਾ, 'ਉਸਤਾਦ ਜੀ, ਤੁਹਾਡਾ ਤਾਂ ਪਹਿਲਾਂ ਹੀ ਬੜਾ ਨਾਂਅ ਹੈ, ਅੱਜ ਤੁਹਾਡੀ ਮਿਹਰਬਾਨੀ ਨਾਲ ਸਾਡਾ ਨਾਂਅ ਵੀ ਹੋ ਗਿਆ, ਅਸੀਂ ਦੋਵੇਂ ਫਿਫਟੀ-ਫਿਫਟੀ |'
***
ਬਿਸਕੁਟ ਬਣਾਉਣ ਵਾਲੀ ਇਕ ਕੰਪਨੀ ਦੇ ਬਿਸਕੁਟ ਬੜੇ ਮਸ਼ਹੂਰ ਹਨ, ਇਕੋ ਵੇਲੇ ਮਿੱਠੇ-ਮਿੱਠੇ, ਨਮਕੀਨ, ਨਮਕੀਨ ਨਮਕੀਨ... ਫਿਫਟੀ ਫਿਫਟੀ |
***
ਡਾਕਟਰਾਂ ਨੂੰ ਰੱਬ ਦਾ ਰੂਪ ਆਖਿਆ ਜਾਂਦਾ ਹੈ |
ਪਰ ਕਿਸੇ ਡਾਕਟਰ ਨੂੰ ਜਿਨ੍ਹਾਂ ਦਾ ਮਰੀਜ਼ ਆਈ.ਸੀ.ਯੂ. 'ਚ ਪਿਆ ਹੈ, ਪੁੱਛੋ ਡਾਕਟਰ ਸਾਬ੍ਹ ਮਰੀਜ਼ ਦਾ ਕੀ ਹਾਲ ਹੈ? ਬਚੇਗਾ ਜਾਂ ....?

ਸਿਆਣਪ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਇਕ ਚਤੁਰ ਵਿਅਕਤੀ ਜਾਣਦਾ ਹੈ ਕਿ ਉਸ ਨੇ ਕੀ ਕਹਿਣਾ ਹੈ | ਇਕ ਸਮਝਦਾਰ ਵਿਅਕਤੀ ਜਾਣਦਾ ਹੈ ਕਿ ਕੁਝ ਕਹਿਣਾ ਵੀ ਹੈ ਜਾਂ ਚੁੱਪ ਰਹਿਣਾ ਬਿਹਤਰ ਹੈ |
• ਹਰ ਗੱਲ ਵਿਚ ਆਪਣੇ-ਆਪ ਨੂੰ ਖੁਦ ਹੀ ਸ੍ਰੇਸ਼ਠ ਸਮਝੀ ਜਾਣਾ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਹੁੰਦੀ |
• ਵੱਡੇ-ਵੱਡੇ ਵਿਦਵਾਨਾਂ ਨੇ ਅਕਲ ਦੇ ਘੋੜੇ ਦੌੜਾਏ ਤਾਂ ਕਿਤੇ ਜਾ ਕੇ ਸੰਵਿਧਾਨ ਦੀ ਰਚਨਾ ਹੋਈ |
• ਜੀਵਨ ਵਿਚ ਦੋ ਚੀਜ਼ਾਂ ਦਾ ਨਿਸ਼ਾਨਾ ਰੱਖਣਾ ਚਾਹੀਦਾ ਹੈ | ਪਹਿਲਾ ਉਹ ਚੀਜ਼ ਹਾਸਲ ਕਰੋ ਜੋ ਤੁਸੀਂ ਚਾਹੁੰਦੇ ਹੋ ਅਤੇ ਦੂਸਰਾ ਇਹ ਕਿ ਇਸ ਦਾ ਆਨੰਦ ਮਾਣੋ | ਇਸ ਮਨੁੱਖਤਾ ਵਿਚੋਂ ਸਿਰਫ਼ ਬਹੁਤ ਸਿਆਣੇ ਹੀ ਦੂਸਰੀ ਚੀਜ਼ ਪ੍ਰਾਪਤ ਕਰਦੇ ਹਨ |
• ਜੇ ਸਿਆਣਪ ਨਾ ਹੋਵੇ ਤਾਂ ਸਮੇਂ ਅਤੇ ਵਸੀਲਿਆਂ ਦੀ ਦੁਰਵਰਤੋਂ ਹੀ ਹੋਵੇਗੀ |
• ਪਾਣੀ ਵਿਚ ਤੇਲ, ਦੁਸ਼ਟ ਨੂੰ ਦੱਸੀ ਗਈ ਗੁਪਤ ਗੱਲ, ਯੋਗ ਆਦਮੀ ਨੂੰ ਦਿੱਤੀ ਗਈ ਮਦਦ ਅਤੇ ਬੁੱਧੀਮਾਨ ਨੂੰ ਦਿੱਤਾ ਗਿਆ ਗਿਆਨ ਥੋੜ੍ਹਾ ਜਿਹਾ ਹੋਣ ਦੇ ਬਾਵਜੂਦ ਆਪਣੇ-ਆਪ ਵਧਦੇ-ਫੁਲਦੇ ਜਾਂਦੇ ਹਨ |
• ਤਾਕਤ ਦੇ ਨਾਲ-ਨਾਲ ਉਸ ਦੀ ਵਰਤੋਂ ਦੀ ਸੋਝੀ ਵੀ ਜ਼ਰੂਰੀ ਹੈ |
• ਹਸਮੁੱਖ ਤੇ ਸਿਆਣਪ ਭਰਿਆ ਚਿਹਰਾ ਸਭਿਅਤਾ, ਸ੍ਰੇਸ਼ਠਤਾ ਤੇ ਸੱਭਿਅਤਾ ਦਾ ਸਿਖਰ ਹੁੰਦਾ ਹੈ |
• ਚਾਰ ਚੀਜ਼ਾਂ ਹਰ ਕੋਈ ਪਸੰਦ ਕਰਦਾ ਹੈ—ਆਪਣੀ ਅਕਲ, ਆਪਣੀ ਜਾਨ, ਆਪਣੀ ਸ਼ਕਲ ਅਤੇ ਆਪਣੇ ਪਿਤਾ ਦੀ ਜਾਇਦਾਦ |
• ਡੰੂਘੇ ਦਿਮਾਗ ਦਾ ਕੋਈ ਵੀ ਹਥਿਆਰ ਮੁਕਾਬਲਾ ਨਹੀਂ ਕਰ ਸਕਦਾ |
• ਸਫ਼ਲਤਾ, ਸਮਝਦਾਰੀ ਅਤੇ ਮਿਹਨਤ ਨਾਲ ਮਿਲਦੀ ਹੈ |
• ਜਿਥੇ ਅਕਲ ਦੀ ਵਰਤੋਂ ਕਰਨ ਦੀ ਲੋੜ ਹੋਵੇ, ਉਥੇ ਬਲ (ਤਾਕਤ) ਪ੍ਰਯੋਗ ਕਰਨ ਦਾ ਕੋਈ ਲਾਭ ਨਹੀਂ |
• ਕਈ ਵਾਰ ਬੰਦੇ ਨੂੰ ਜ਼ੋਖਿਮ ਵੀ ਉਠਾਉਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਜੇ ਉਹ ਜਿੱਤ ਜਾਂਦਾ ਹੈ ਤਾਂ ਉਹ ਖੁਸ਼ ਹੁੰਦਾ ਹੈ ਅਤੇ ਜੇ ਉਹ ਹਾਰ ਜਾਂਦਾ ਹੈ ਤਾਂ ਸਿਆਣਾ ਬਣ ਜਾਂਦਾ ਹੈ |
• ਕਈ ਵਾਰੀ ਚੁੱਪ ਰਹਿਣਾ ਬੁਜ਼ਦਿਲੀ ਨਹੀਂ, ਸਮਝਦਾਰੀ, ਸਿਆਣਪ ਤੇ ਵਕਤ ਦਾ ਤਕਾਜ਼ਾ ਹੁੰਦਾ ਹੈ |
• ਸਿਆਣਪ ਦੀ ਕੀਮਤ ਹੀਰੇ-ਜਵਾਹਰਾਤ ਤੋਂ ਵੱਧ ਹੁੰਦੀ ਹੈ |
• ਉਹ ਲੋਕ ਬਹੁਤ ਖੁਸ਼ਕਿਸਮਤ ਹੁੰਦੇ ਹਨ ਜਿਨ੍ਹਾਂ ਨੂੰ ਸਮਾਂ ਅਤੇ ਸਮਝ ਇਕੱਠੇ ਮਿਲਦੇ ਹਨ ਕਿਉਂਕਿ ਅਕਸਰ ਸਮੇਂ 'ਤੇ ਸਮਝ ਨਹੀਂ ਆਉਂਦੀ ਅਤੇ ਸਮਝ ਆਉਂਦੀ ਹੈ ਤਾਂ ਸਮਾਂ ਹੱਥੋਂ ਨਿਕਲ ਜਾਂਦਾ ਹੈ |
• ਸਿਆਣਪ ਇਸ ਵਿਚ ਹੀ ਹੁੰਦੀ ਹੈ ਕਿ ਵਰਤਮਾਨ ਸਮੱਸਿਆਵਾਂ ਨੂੰ ਸਮਝ ਕੇ ਹਾਲਾਤ ਅਨੁਸਾਰ ਹੱਲ ਲੱਭਿਆ ਜਾਵੇ |
• ਚੰਗੀ ਸਿਹਤ ਤੇ ਚੰਗੀ ਸਮਝ, ਇਹ ਸਭ ਤੋਂ ਵੱਡੇ ਦੋ ਵਰਦਾਨ ਹਨ |
• ਚੰਗਾ ਫ਼ੈਸਲਾ ਹਮੇਸ਼ਾ ਸਿਆਣਪ 'ਤੇ ਆਧਾਰਿਤ ਹੁੰਦਾ ਹੈ, ਨਾ ਕਿ ਗਿਣਤੀ 'ਤੇ |
• ਸਿਆਣੇ ਹੱਥਾਂ 'ਚ ਸੱਪ ਦਾ ਜ਼ਹਿਰ ਵੀ ਫਾਇਦੇਮੰਦ ਹੋ ਸਕਦਾ ਹੈ, ਪਰ ਮੂਰਖ ਦੇ ਹੱਥਾਂ ਵਿਚ ਸ਼ਹਿਦ ਵੀ ਨੁਕਸਾਨਦਾਇਕ ਹੋ ਸਕਦਾ ਹੈ |
• ਸਿਆਣੇ ਲੋਕ ਘਰਾਂ ਦੇ ਮਸਲੇ ਘਰ ਦੀ ਚਾਰ-ਦੀਵਾਰੀ 'ਚ ਹੀ ਨਿਪਟਾ ਲੈਂਦੇ ਹਨ, ਜਦਕਿ ਮੂਰਖ ਸੜਕਾਂ 'ਤੇ ਲੈ ਜਾਂਦੇ ਹਨ |
• ਚੰਗੀ ਸਿਹਤ ਅਤੇ ਸਿਆਣੇ ਪਤੀ/ਪਤਨੀ ਤੁਹਾਡੀ ਸਭ ਤੋਂ ਵਧੀਆ ਜਾਇਦਾਦ |
• ਮਾਂ ਅਤੇ ਪਤਨੀ ਨੂੰ ਸਿਆਣਾ ਵਿਅਕਤੀ ਉਨ੍ਹਾਂ ਦਾ ਬਣਦਾ ਪੂਰਾ ਮਾਣ-ਤਾਣ ਦਿੰਦਾ ਹੈ |
• ਜਿਸ ਬੰਦੇ ਕੋਲ ਸੰੁਦਰਤਾ, ਮੁਸਕਰਾਹਟ ਅਤੇ ਅਕਲ ਹਨ, ਉਹ ਦੁਨੀਆ ਦਾ ਧਨਾਢ ਇਨਸਾਨ ਹੈ |
• ਜਿਵੇਂ ਵਿਸ਼ਾਲ ਚੱਟਾਨ ਉੱਪਰ ਹਵਾ ਦਾ ਕੋਈ ਅਸਰ ਨਹੀਂ ਹੁੰਦਾ, ਐਨ ਉਸੇ ਤਰ੍ਹਾਂ ਸਿਆਣੇ ਆਦਮੀ ਉੱਪਰ ਨਾ ਤਾਂ ਤਾਰੀਫ਼ ਕੋਈ ਅਸਰ ਕਰਦੀ ਹੈ ਅਤੇ ਨਾ ਹੀ ਬੁਰਾਈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਮਿੰਨੀ ਕਹਾਣੀ: ਕੀ ਬਣੂੰ?

ਫ਼ੌਜ ਵਿਚੋਂ ਪੈਨਸ਼ਨ ਲੈ ਕੇ ਘਰ ਆਇਆ ਤਾਂ ਕਈ ਦਿਨ ਮੌਜ-ਮੇਲੇ ਵਿਚ ਲੰਘ ਗਏ | ਫਿਰ ਵਿਹਲ ਮੈਨੂੰ ਤੰਗ ਕਰਨ ਲੱਗੀ ਤਾਂ ਕਣਕ ਦੇ ਸਰਕਾਰੀ ਗੋਦਾਮ ਵਿਚ ਚਾਰ ਸੌ ਰੁਪਈਏ ਮਹੀਨਾ ਤੇ ਚੌਕੀਦਾਰੀ ਕਰਨ ਲੱਗ ਪਿਆ | ਪਹਿਲਾਂ-ਪਹਿਲ ਜੀਅ ਨਾ ਲਗਦਾ | ਕਿਥੇ ਫ਼ੌਜ ਦੀ ਸ਼ਾਹੀ ਨੌਕਰੀ ਤੇ ਕਿਥੇ ਇਹ ਟੁੱਚੀ ਚੌਕੀਦਾਰੀ? ਕੁਝ ਏਥੋਂ ਦੇ ਰੰਗ-ਢੰਗ ਹੀ ਨਿਰਾਲੇ ਸਨ |
ਇਕ ਦਿਨ ਬੱਦਲਵਾਈ ਹੋ ਗਈ | ਕਾਲੇ ਸ਼ਾਹ ਬੱਦਲਾਂ ਦੀ ਗੜਗੜਾਹਟ ਨੇ ਮੈਨੂੰ ਸੰਸਾ ਲਾ ਦਿੱਤਾ | ਜੇ ਮੀਂਹ ਆ ਗਿਆ? ਤਰਪਾਲਾਂ ਤਾਂ ਥੋੜ੍ਹੀਆਂ ਜਿਹੀਆਂ ਬੋਰੀਆਂ 'ਤੇ ਹੀ ਸਨ |
ਸਾਰੀ ਦਿਹਾੜੀ ਮਹਿਕਮੇ ਦਾ ਕੋਈ ਜੀਅ ਨਾ ਬਹੁੜਿਆ | ਆਥਣੇ ਜਿਹੇ ਦੇ ਮੋਟੇ-ਮੋਟੇ ਢਿੱਡਾਂ ਵਾਲੇ ਇੰਸਪੈਕਟਰ ਮੋਟਰਸਾਈਕਲ 'ਤੇ ਆਏ ਤਾਂ ਮੈਨੂੰ ਬੇਫਿਕਰੀ ਹੋ ਗਈ | 'ਆਪੇ ਕੋਈ ਇੰਤਜ਼ਾਮ ਕਰਕੇ ਜਾਣਗੇ |' ਮੋਟਰਸਾਈਕਲ ਤੋਂ ਉਤਰ ਕੇ ਉਨ੍ਹਾਂ ਉੱਚੀ ਸਾਰੀ ਬੋਲ ਮਾਰਿਆ, 'ਫ਼ੌਜੀਆ, ਫੌਜ ਵਿਚ ਪਈ ਆਦਤ ਮੂਜਬ ਮੈਂ ਦੋਵੇਂ ਅੱਡੀਆਂ ਜੋੜ ਕੇ ਸਲੂਟ ਮਾਰਦਿਆਂ ਕਿਹਾ, 'ਯੈੱਸ ਸਰ |'
'ਕੁਰਸੀਆਂ ਲਿਆ ਕੱਢ ਕੇ', ਮੈਂ ਸਟੋਰ ਵਿਚੋਂ ਦੋ ਕੁਰਸੀਆਂ ਪਰਨੇ ਨਾਲ ਝਾੜ-ਪੂੰਝ ਕੇ ਥੜ੍ਹੇ 'ਤੇ ਡਾਹ ਦਿੱਤੀਆਂ | ਪਾਣੀ ਦਾ ਜੱਗ ਤੇ ਗਿਲਾਸ ਲਿਆ | ਮੈਂ ਘੜੇ 'ਚੋਂ ਜੱਗ ਭਰ ਕੇ ਦੋ ਗਿਲਾਸ ਉਨ੍ਹਾਂ ਦੀਆਂ ਕੁਰਸੀਆਂ ਲਾਗੇ ਭੰੁਜੇ ਹੀ ਰੱਖ ਦਿੱਤੇ | 'ਮੇਜ ਨੀ ਹੈ ਕੋਈ?' ਅਗਲਾ ਹੁਕਮ | ਮੈਂ ਸਟੋਰ ਵਿਚੋਂ ਇਕ ਟੁੱਟਿਆ ਜਿਹਾ ਸਟੂਲ ਝਾੜ ਕੇ ਉਨ੍ਹਾਂ ਮੂਹਰੇ ਰੱਖ ਦਿੱਤਾ | ਜੱਗ ਤੇ ਗਿਲਾਸ ਵੀ ਸਟੂਲ 'ਤੇ ਟਿਕਾ ਦਿੱਤੇ | ਉਨ੍ਹਾਂ ਮੋਟਰ ਸਾਈਕਲ ਦੀ ਡਿੱਕੀ 'ਚੋਂ ਬੋਤਲ ਕੱਢੀ ਤੇ ਪੀਣ ਲੱਗ ਪੇਏ, ਦੋ-ਤਿੰਨ ਪੈੱਗ ਅੰਦਰ ਗਏ ਤਾਂ ਉੱਚੀ-ਉੱਚੀ ਠਹਾਕੇ ਮਾਰਨ ਲੱਗੇ | ਉਨ੍ਹਾਂ ਦੇ ਚਿਹਰੇ 'ਤੇ ਬੋਰੀਆਂ ਦੇ ਭਿੱਜ ਜਾਣ ਦੇ ਫਿਕਰ ਦੀ ਕੋਈ ਮਾੜੀ-ਮੋਟੀ ਵੀ ਸ਼ਿਕਨ ਨਹੀਂ ਸੀ | ਮੈਂ ਚਿੰਤਾ ਵਿਚ ਆਪਣੀ ਗੱਲ ਕਹਿਣ ਲਈ ਕਦੀ ਇਕ ਵੰਨੀਂ ਹੁੰਦਾ, ਕਦੀ ਦੂਜੇ ਵੰਨੀਂ | 'ਕੀ ਗੱਲ ਐ ਫ਼ੌਜੀਆ, ਉਸਲਵੱਟੇ ਜਿਹੇ ਲਈ ਜਾਨੇ? ਲਾਉਣੀ ਐ ਛਿੱਟ ਤਾਂ ਗਿਲਾਸ ਲੈ ਆ |'
'ਨਹੀਂ ਸਰ! ਮੈਂ ਤਾਂ ਕਹਿੰਦਾ ਸੀ ਜੇ ਮੀਂਹ ਆ ਗਿਆ ਤਾਂ ਸਾਰੀ ਕਣਕ ਭਿੱਜ ਜਾਊ | ਆਪਾਂ ਤਰਪਾਲਾਂ...' ਗੱਲ ਅਜੇ ਮੇਰੇ ਮੰੂਹ ਵਿਚ ਈ ਸੀ ਕਿ ਉਹ ਦੋਵੇਂ ਉੱਚੀ-ਉੱਚੀ ਹੱਸਣ ਲੱਗ ਪੇ | 'ਤਰਪਾਲਾਂ... ਹਾਅ...ਹਾਅ...ਹਾਅ... ਤਰਪਾਲਾਂ | ਤੇਰਾ ਨਾਉਂ ਈ ਭੋਲਾ ਨਹੀਂ, ਸਿੱਧਰਾ ਵੀ ਐਾ ਤੂੰ | ਅਸੀਂ ਤਾਂ ਕਹਿੰਨੇ ਆਂ ਬਈ ਜਿਨ੍ਹਾਂ 'ਤੇ ਤਰਪਾਲਾਂ ਦਿੱਤੀਆਂ ਵੀਆਂ...ਲਾਹ ਹੁੰਦੀਐਾ ਤਾਂ ਲਾਹ ਦੇ ਉਨ੍ਹਾਂ ਤੋਂ ਵੀ... |'
ਮੈਂ ਉਨ੍ਹਾਂ ਦੀ ਗੱਲ ਸੁਣ ਕੇ ਸੰੁਨ ਹੋ ਗਿਆ | 'ਹੇ ਭਗਵਾਨ ਕੀ ਬਣੂ ਇਸ ਮੁਲਕ ਦਾ?' ਮੈਂ ਅਰਦਾਸ ਵਿਚ ਹੱਥ ਜੋੜੇ |
ਕਾਲਾ ਸ਼ਾਹ ਬੱਦਲ ਅਜੇ ਵੀ ਗੜ੍ਹਕ ਰਿਹਾ ਸੀ |

-ਗਲੀ ਨੰਬਰ 3, ਕੋਰਟ ਰੋਡ, ਮਾਨਸਾ-151505.
ਮੋਬਾਈਲ : 94172-87399.

ਕਹਾਣੀ ਰਿਸ਼ਤਿਆਂ ਦੀ ਸੰਭਾਲ

'ਇੰਡੀਆ ਕਦੋਂ ਆ ਰਹੇ ਹੋ?' ਮੈਂ ਆਪਣੇ ਭਰਾ ਨੂੰ ਫੋਨ 'ਤੇ ਪੁੱਛਿਆ | ਉਸ ਨੇ ਜਵਾਬ ਦਿੱਤਾ ਕਿ ਉਹ ਤਾਂ ਇੰਡੀਆ ਤੋਂ ਹੀ ਬੋਲ ਰਿਹਾ ਹੈ | ਬਹੁਤ ਜਲਦੀ ਵਿਚ ਪ੍ਰੋਗਰਾਮ ਬਣ ਗਿਆ, ਜਿਸ ਕਾਰਨ ਦੱਸ ਨਹੀਂ ਸਕਿਆ | ਮੈਂ ਅੱੱਗੋਂ ਪੁੱਛਿਆ, 'ਕੀ ਪੰਜਾਬ ਕਦੋਂ ਆ ਰਹੇ ਹੋ?' ਉਸ ਨੇ ਜਵਾਬ ਦਿੱਤਾ ਕਿ ਇਸ ਵਾਰ ਤਾਂ ਸਮਾਂ ਨਹੀਂ, ਅਗਲੀ ਵਾਰ ਵੇਖਾਂਗੇ | ਇਹ ਸੁਣ ਕੇ ਮੈਂ ਚੁੱਪ ਜਿਹਾ ਹੋ ਗਿਆ ਤਾਂ ਕੋਲ ਬੈਠੀ ਪਤਨੀ ਨੇ ਪੁੱਛਿਆ ਕਿ ਕਿਸ ਨਾਲ ਗੱਲ ਕਰਕੇ ਉਦਾਸ ਹੋ ਗਏ ਹੋ? ਮੈਂ ਉਸ ਨੂੰ ਦੱਸਿਆ ਕਿ ਵੱਡੇ ਭਰਾ ਜੀ ਇੰਡੀਆ ਆਏ ਹੋਏ ਹਨ, ਪਰ ਸਮੇਂ ਦੀ ਘਾਟ ਕਰਕੇ ਸਾਨੂੰ ਮਿਲਣ ਨਹੀਂ ਆ ਸਕਦੇ | ਮੈਂ ਸੋਚਦਾਂ ਹਾਂ ਕਿ ਕੱਲ੍ਹ ਦੀ ਟਿਕਟ ਬੁੱਕ ਕਰਵਾ ਦੇਵਾਂ | ਇਹ ਗੱਲ ਸੁਣਦਿਆਂ ਮੇਰੇ ਵੱਡੇ ਪੁੱਤਰ ਨੇ ਕਿਹਾ, 'ਜਾਣ ਤੋਂ ਪਹਿਲਾਂ ਪੁੱਛ ਲੈਣਾ ਚਾਹੀਦਾ ਹੈ ਕਿ ਕੱਲ੍ਹ ਉਹ ਉਥੇ ਹਨ ਤੇ ਮਿਲ ਸਕਣਗੇ |' ਮੈਂ ਕਿਹਾ ਕਿ, 'ਇਹ ਕਿਸ ਤਰ੍ਹਾਂ ਹੋ ਸਕਦਾ ਹੈ' ਤੇ ਉਸਨੇ ਅੱਗੋਂ ਕਿਹਾ ਕਿ 'ਪੁੱਛਣ ਵਿਚ ਵੀ ਕੀ ਹਰਜ਼ ਹੈ |'
ਮੈਨੂੰ ਆਪਣੇ ਪੁੱਤਰ ਦੀ ਵੀ ਗੱਲ ਚੰਗੀ ਲੱਗੀ ਅਤੇ ਮੈਂ ਭਰਾ ਨੂੰ ਦੁਬਾਰਾ ਫੋਨ ਲਾ ਕੇ ਕਿਹਾ ਕਿ ਮੈਂ ਤਾਂ ਕੱਲ੍ਹ ਤੁਹਾਨੂੰ ਅਚਾਨਕ ਮਿਲਣਾ ਚਾਹੁੰਦਾ ਸੀ | ਪਰ ਤੁਹਾਡਾ ਭਤੀਜਾ ਕਹਿੰਦਾ ਹੈ ਕਿ ਤਾਇਆ ਜੀ ਕੋਲੋਂ ਪੁੱਛ ਤਾਂ ਲਓ ਕਿ ਉਹ ਕੱਲ੍ਹ ਮਿਲ ਸਕਣਗੇ? ਉਨ੍ਹਾਂ ਨੇ ਜਵਾਬ ਦਿੱਤਾ ਕਿ ਅੱਜ ਦੇ ਬੱਚੇ ਸਾਡੇ ਨਾਲੋਂ ਜ਼ਿਆਦਾ ਸਿਆਣੇ ਹਨ, ਚੰਗਾ ਕੀਤਾ ਜੋ ਪੁੱਛ ਲਿਆ, ਕਿਉਂਕਿ ਇਸ ਵਾਰ ਸਾਡੇ ਕੋਲ ਕਿਸੇ ਨੂੰ ਵੀ ਮਿਲਣ ਦਾ ਸਮਾਂ ਨਹੀਂ ਹੈ | ਇਹ ਸੁਣਦਿਆਂ ਹੀ ਮੇਰੇ ਪੈਰਾਂ ਥੱਲਿਓਾ ਜ਼ਮੀਨ ਨਿਕਲ ਗਈ | ਘਰ ਦੇ ਸਾਰੇ ਮੇਰੇ ਮੰੂਹ ਵੱਲ ਵੇਖ ਰਹੇ ਸਨ | ਮੈਂ ਆਪਣੇ ਪੁੱਤਰ ਨੂੰ ਕਿਹਾ ਕਿ ਉਹ ਠੀਕ ਕਹਿ ਰਿਹਾ ਸੀ, ਉਨ੍ਹਾਂ ਕੋਲ ਮੈਨੂੰ ਮਿਲਣ ਦਾ ਸਮਾਂ ਨਹੀਂ ਹੈ | ਮੈਂ ਤਾਂ ਕਈ ਸੁਪਨੇ ਵਿਚ ਵੀ ਨਹੀਂ ਸੀ ਸੋਚਿਆ ਕਿ ਉਸ ਦਾ ਭਰਾ ਏਨਾ ਕੋਰਾ ਹੋ ਸਕਦਾ ਹੈ | ਮੈਂ ਉਥੋਂ ਚੁੱਪ-ਚਾਪ ਉੱਠਿਆ ਤੇ ਆਪਣੇ ਕਮਰੇ ਵਿਚ ਜਾ ਕੇ ਪੁਰਾਣੀਆਂ ਯਾਦਾਂ ਵਿਚ ਗੁਆਚ ਗਿਆ |
ਮੇਰੇ ਸਾਹਮਣੇ ਇਕ ਫਿਲਮ ਜਿਹੀ ਚੱਲਣ ਲੱਗ ਪਈ | ਲਗਪਗ 30 ਸਾਲ ਪਹਿਲਾਂ ਦੀ ਗੱਲ ਹੈ ਕਿ ਮੇਰਾ ਭਰਾ ਮੈਡੀਕਲ ਕਾਲਜ ਵਿਚ ਤੀਸਰੇ ਸਾਲ ਵਿਚ ਅਤੇ ਮੈਂ ਪਹਿਲੇ ਸਾਲ ਵਿਚ ਸਾਂ | ਸਭ ਕੁਝ ਬਹੁਤ ਵਦੀਆ ਚੱਲ ਰਿਹਾ ਸੀ ਮਾਂ ਅਤੇ ਪਿਤਾ ਜੀ ਬਹੁਤ ਖੁਸ਼ ਸਨ ਕਿ ਉਨ੍ਹਾਂ ਦੇ ਦੋ ਪੁੱਤਰ ਡਾਕਟਰ ਬਣ ਜਾਣਗੇ | ਮਾਂ ਵੀ ਸਾਨੂੰ ਹੋਸਟਲ ਵਿਚ ਕੁਝ ਨਾ ਕੁਝ ਖਾਣ-ਪੀਣ ਦਾ ਸਾਮਾਨ ਭੇਜਦੀ ਰਹਿੰਦੀ | ਪਿਤਾ ਜੀ ਤਾਂ ਬੜੇ ਮਾਣ ਨਾਲ ਲੋਕਾਂ ਨੂੰ ਦੱਸਦੇ ਸਨ ਕਿ ਉਨ੍ਹਾਂ ਨੇਤਾਂ ਮੇਨ ਸੜਕ 'ਤੇ ਦੋਵਾਂ ਪੁੱਤਰਾਂ ਲਈ ਹਸਪਤਾਲ ਖੋਲ੍ਹਣ ਲਈ ਜਗ੍ਹਾ ਵੀ ਖਰੀਦ ਲਈ ਹੈ | ਇਹ ਸਭ ਵੇਖ ਕੇ ਸਾਡੇ ਆਪਣੇ ਹੀ ਰਿਸ਼ਤੇਦਾਰ ਈਰਖਾ ਕਰਨ ਲੱਗ ਪਏ | ਖ਼ੁਸ਼ੀਆਂ ਨੂੰ ਕਿਸੇ ਦੀ ਨਜ਼ਰ ਲੱਗ ਗਈ | ਪਿਤਾ ਜੀ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਅਤੇ ਉਹ ਸਾਨੂੰ ਸਭ ਨੂੰ ਅਨਾਥ ਛੱਡ ਕੇ ਚਲੇ ਗਏ | ਸਾਡੇ ਪਰਿਵਾਰ 'ਤੇ ਦੁੱਖ ਦਾ ਪਹਾੜ ਟੁੱਟ ਪਿਆ | ਸਾਡੇ ਦੋਵਾਂ ਵਾਸਤੇ ਪੜ੍ਹਾਈ ਜਾਰੀ ਰੱਖਣੀ ਬਹੁਤ ਵੱਡੀ ਸਮੱਸਿਆ ਬਣ ਗਈ | ਘਰ ਦੀ ਰੋਜ਼ੀ-ਰੋਟੀ ਚਲਾਉਣ ਵਾਸਤੇ ਪਿਤਾ ਜੀ ਦੇ ਕੰਮ ਨੂੰ ਸੰਭਾਲਣਾ ਬਹੁਤ ਜ਼ਰੂਰੀ ਸੀ, ਜੋ ਡੈਮ ਆਦਿ ਬਣਾਉਣ ਦਾ ਕੰਮ ਕਰਦੇ ਸਨ | ਵੱਡੇ ਭਰਾ ਨੇ ਕਿਹਾ ਕਿ ਉਹ ਪੜ੍ਹਾਈ ਛੱਡ ਕੇ ਪਿਤਾ ਜੀ ਦਾ ਕੰਮ ਸੰਭਾਲ ਲੈਂਦਾ ਹੈ | ਮੈਂ ਉਸ ਨੂੰ ਕਿਹਾ ਕਿ ਉਹ ਡਾਕਟਰ ਹੀ ਬਣੇਗਾ ਅਤੇ ਘਰ ਨੂੰ ਚਲਾਉਣ ਦੀ ਜ਼ਿੰਮੇਵਾਰੀ ਮੈਂ ਨਿਭਾਵਾਂਗਾ | ਵੱਡੇ ਭਰਾ ਦੀ ਪੜ੍ਹਾਈ ਵਿਚ ਮੈਂ ਹਾਲਾਤ ਨੂੰ ਆੜੇ ਨਹੀਂ ਆਉਣ ਦਿੱਤਾ, ਬਲਕਿ ਥੋੜ੍ਹੇ ਹੀ ਸਮੇਂ ਵਿਚ ਕੰਮ ਨੂੰ ਏਨੀ ਚੰਗੀ ਤਰ੍ਹਾਂ ਸਮਝਿਆ ਅਤੇ ਸੰਭਾਲਿਆ ਕਿ ਦੋ ਸਾਲਾਂ ਬਾਅਦ ਮੈਂ ਆਪਣੀ ਲਾਡਲੀ ਭੈਣ ਦਾ ਵਿਆਹ ਵੀ ਧੂਮਧਾਮ ਨਾਲ ਕਰ ਦਿੱਤਾ | ਪਿਤਾ ਜੀ ਦੀ ਥਾਂ ਤਾਂ ਕੋਈ ਨਹੀਂ ਸੀ ਲੈ ਸਕਦਾ, ਪਰ ਸਮੇਂ ਅਨੁਸਾਰ ਹਾਲਾਤ 'ਤੇ ਜ਼ਰੂਰ ਕਾਬੂ ਪਾ ਲਿਆ |
ਅਗਲੇ ਸਾਲ ਮੇਰੇ ਭਰਾ ਨੇ ਡਾਕਟਰ ਦੀ ਡਿਗਰੀ ਲੈ ਲਈ | ਇਸ ਖ਼ੁਸ਼ੀ ਵਿਚ ਮੈਂ ਉਸ ਵਾਸਤੇ ਇਕ ਪਾਰਟੀ ਰੱਖੀ, ਜਿਸ ਨੂੰ ਦੇਖ ਕੇ ਉਹ ਹੈਰਾਨ ਰਹਿ ਗਿਆ | ਆਪਣੇ ਡਾਕਟਰੀ ਦੇ ਸਫ਼ਰ ਦੇ ਬਾਰੇ ਦੱਸਦਿਆਂ ਹੋਇਆਂ, ਉਸ ਦੀਆਂ ਅੱਖਾਂ ਵਿਚ ਅੱਥਰੂ ਆ ਗਏ ਤੇ ਕਹਿਣ ਲੱਗਾ, 'ਬਾਪ ਮੇਰਾ ਨਹੀਂ, ਮੇਰੇ ਛੋਟੇ ਦਾ ਮਰਿਆ ਸੀ, ਮੇਰੇ ਸਾਹਮਣੇ ਤਾਂ ਅੱਜ ਵੀ ਮੇਰਾ ਬਾਪ ਖੜ੍ਹਾ ਹੈ, ਜਿਸ ਕਾਰਨ ਮੈਂ ਡਾਕਟਰ ਬਣ ਸਕਿਆ ਹਾਂ, ਮੇਰੀ ਖ਼ੁਸ਼ੀ ਲਈ ਉਸ ਨੇ ਆਪਣਾ ਕੈਰੀਅਰ ਕੁਰਬਾਨ ਕਰ ਦਿੱਤਾ | ਇਹ ਕਰਜਾ ਮੈਂ ਕਦੀ ਨਹੀਂ ਉਤਾਰ ਸਕਦਾ ਅਤੇ ਨਾ ਹੀ ਇਸ ਇਨਸਾਨ ਨੂੰ ਕਦੀ ਭੁੱਲ ਸਕਦਾ ਹਾਂ | ਉਸ ਸਮੇਂ ਤਾਂ ਮਾਣ ਨਾਲ ਮੇਰੀ ਛਾਤੀ ਚੌੜੀ ਹੋ ਰਹੀ ਸੀ, ਅੱਜ ਤਾਂ ਇੰਜ ਲਗਦਾ ਸੀ ਕਿ ਜਿਵੇਂ ਮੇਰੀ ਰੀੜ੍ਹ ਦੀ ਹੱਡੀ ਟੁੱਟ ਗਈ ਹੋਵੇ |
ਡੰੂਘੀਆਂ ਸੋਚਾਂ ਵਿਚ ਪਿਆ ਮੈਂ ਆਪਣੇ-ਆਪ ਨੂੰ ਇਕ ਸਵਾਲ ਪੁੱਛ ਰਿਹਾ ਸੀ ਕਿ ਉਸ ਨੂੰ ਆਪਣੇ ਭਰਾ ਨਾਲ ਉਸ ਤਰ੍ਹਾਂ ਦਾ ਹੀ ਸਲੂਕ ਕਰਨਾ ਚਾਹੀਦਾ ਹੈ, ਜਿਸ ਤਰ੍ਹਾਂ ਦਾ ਉਸ ਨੇ ਕੀਤਾ | ਅੰਦਰੋਂ ਆਵਾਜ਼ ਆਈ, ਨਹੀਂ ਰਿਸ਼ਤੇ ਤੋੜਨੇ ਬਹੁਤ ਸੌਖੇ ਹਨ, ਪਰ ਜੋੜਨੇ ਬਹੁਤ ਔਖੇ ਹੁੰਦੇ ਹਨ | ਸਮਾਂ ਬਹੁਤ ਬਲਵਾਨ ਹੁੰਦਾ ਹੈ, ਕਈ ਤਰ੍ਹਾਂ ਦੇ ਰੰਗ ਵਿਖਾਉਂਦਾ ਹੈ | ਆਦਮੀ ਉਹ ਜੋ ਸਮੇਂ ਦੀ ਚਾਲ ਨੂੰ ਸਮਝਦਿਆਂ ਹੋਇਆਂ ਰਿਸ਼ਤਿਆਂ ਨੂੰ ਸੰਭਾਲ ਲਵੇ | ਮੈਨੂੰ ਵੀ ਇੰਜ ਲੱਗਾ ਜਿਵੇਂ ਮੇਰਾ ਭਰਾ ਕਹਿ ਰਿਹਾ ਹੋਵੇ ਕਿ ਉਹ ਹਾਲਾਤ ਕਰਕੇ ਮਜਬੂਰ ਹੈ, ਉਸ ਦਾ ਕਰਜ਼ਦਾਰ ਹੈ ਅਤੇ ਹਮੇਸ਼ਾ ਰਹੇਗਾ | ਮੈਂ ਉਸੇ ਸਮੇਂ ਫੋਨ ਮਿਲਾਇਆ ਤੇ ਭਰਾ ਨੂੰ ਕਿਹਾ ਕਿ, 'ਹੋ ਸਕਦਾ ਹੈ, ਸਮੇਂ ਨੂੰ ਇਸ ਵਾਰ ਸਾਡਾ ਮਿਲਣਾ ਮਨਜ਼ੂਰ ਨਹੀਂ, ਅਗਲੀ ਵਾਰ ਸਮਾਂ ਕੱਢ ਕੇ ਆਉਣਾ, ਦਿਲ ਖੋਲ੍ਹ ਕੇ ਗੱਲਾਂ ਕਰਾਂਗੇ |'
ਇਹ ਸੁਣਦਿਆਂ ਹੀ ਉਸ ਨੇ ਕਿਹਾ ਕਿ, 'ਤੂੰ ਤਾਂ ਹੁਣ ਵੀ ਬਾਪ ਵਾਲੀ ਭੂਮਿਕਾ ਨਿਭਾਅ ਕੇ ਮੇਰੇ ਮਨ ਤੋਂ ਸਾਰਾ ਬੋਝ ਉਤਾਰ ਦਿੱਤਾ ਹੈ | ਮੈਂ ਛੇਤੀ ਮਿਲਣ ਲਈ ਆਵਾਂਗਾ | ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰ ਰਿਹਾ ਹਾਂ, ਜਿਸ ਨੇ ਸਾਡੇ ਰਿਸ਼ਤੇ ਨੂੰ ਟੁੱਟਣ ਤੋਂ ਬਚਾ ਲਿਆ |'

-ਮੋਬਾਈਲ : 98782-49944.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX