ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਹੋਰ ਖ਼ਬਰਾਂ..

ਫ਼ਿਲਮ ਅੰਕ

ਜੈਕਲਿਨ ਫਰਨਾਂਡਿਜ਼ ਬਦਲੀ ਸੋਚ

ਇਕ ਚੈਨਲ 'ਤੇ ਜੈਕਲਿਨ ਫਰਨਾਂਡਿਜ਼ ਭਾਰਤੀ ਸੰਸਕ੍ਰਿਤੀ ਦੀਆਂ ਧੱਜੀਆਂ ਉਡਾ ਰਹੀ ਹੈ। ਜੈਕਲਿਨ ਨੇ ਇਹ ਟੀ.ਵੀ. ਸ਼ੋਅ ਸੋਨਮ ਕਪੂਰ ਆਹੂਜਾ ਨਾਲ ਕੀਤਾ ਹੈ। ਜੈਕੀ ਜੋ ਸਲਮਾਨ ਤੋਂ ਲੈ ਕੇ ਨਵੇਂ ਮੁੰਡੇ ਕਾਰਤਿਕ ਆਰੀਅਨ ਦੀ ਹੀਰੋਇਨ ਬਣ ਬੀ-ਟਾਊਨ 'ਚ ਚੁਫੇਰੇ ਮੱਲਾਂ ਮਾਰ ਰਹੀ ਹੈ ਤੇ ਹਾਂ ਸਲਮਾਨ ਪਰਿਵਾਰ ਦੀ ਤਾਰੀਫ਼ 'ਚ ਇਕ ਵੀ ਸ਼ਬਦ ਘੱਟ ਉਹ ਕਹੇ ਨਾਮੁਮਕਿਨ ਗੱਲ ਹੈ। ਜੈਕੀ ਤਾਂ ਸਾਫ਼ ਕਹਿ ਰਹੀ ਹੈ ਕਿ ਸਲਮਾਨ ਨਾ ਹੁੰਦੇ ਤਾਂ ਉਹ ਵੀ ਬਾਲੀਵੁੱਡ 'ਚ ਨਾ ਹੁੰਦੀ ਤੇ ਸਲਮਾਨ ਦੇ ਪਿਤਾ ਸਲੀਮ ਖ਼ਾਨ ਦੇ ਕਹਿਣ 'ਤੇ ਉਸ ਨੇ ਆਪਣੀ ਹਿੰਦੀ ਦਾ ਅਭਿਆਸ ਵਧਾਇਆ ਹੈ। 'ਕਿੱਕ-2' ਵੀ ਕਰ ਰਹੀ ਜੈਕਲਿਨ ਫਰਨਾਂਡਿਜ਼ ਨੇ ਏਸ਼ੀਆ ਕੱਪ ਕ੍ਰਿਕਟ ਮੈਚ ਲਈ ਆਪਣੇ ਮੁਲਕ ਸ੍ਰੀਲੰਕਾ ਦੀ ਟੀਮ ਨੂੰ ਸ਼ੁੱਭ ਇੱਛਾਵਾਂ ਦਿੱਤੀਆਂ ਹਨ ਪਰ ਮਨ ਦੁਖੀ ਹੈ ਕਿ ਪਹਿਲਾ ਮੈਚ ਉਸ ਦੇ ਦੇਸ਼ ਦੀ ਟੀਮ ਬੰਗਲਾਦੇਸ਼ ਤੋਂ ਹਾਰ ਗਈ ਤੇ ਹਾਂ ਜੈਕੀ ਭਾਰਤੀ ਕ੍ਰਿਕਟ ਟੀਮ ਨੂੰ ਵੀ ਏਸ਼ੀਆ ਕੱਪ ਲਈ ਸ਼ੁੱਭ ਇੱਛਾਵਾਂ ਦੇ ਕੇ ਸਾਬਤ ਕਰ ਰਹੀ ਹੈ ਕਿ ਮਾਂ-ਭੂਮੀ ਨਾਲ ਪਿਆਰ ਦੇ ਨਾਲ-ਨਾਲ ਕਰਮ ਭੂਮੀ ਸਬੰਧੀ ਵੀ ਉਹ ਗੰਭੀਰਤਾ ਨਾਲ ਸੋਚਦੀ ਹੈ। ਦੂਸਰੇ ਪਾਸੇ ਸੋਨਮ ਕਪੂਰ ਉਸ ਦੀ ਖਾਸ ਰਾਜ਼ਦਾਰ ਹੈ। ਸੋਨਮ ਤਾਂ ਜੈਕੀ ਲਈ ਮੁੰਡਾ ਵੀ ਭਾਲ ਰਹੀ ਹੈ। ਸੋਨਮ ਤੋਂ ਹੀ ਪਤਾ ਚੱਲਿਆ ਕਿ ਜੈਕਲਿਨ ਫਰਨਾਂਡਿਜ਼ ਬਹਿਰੀਨ ਦੇ ਪ੍ਰਿੰਸ ਹਸਨ ਬਿਨ ਰਾਸ਼ਿਦ ਅਲੀ ਨੂੰ ਹਾਲੇ ਵੀ ਚਾਹੁੰਦੀ ਹੈ, ਹਾਲਾਂਕਿ ਹਸਨ ਨੇ ਉਸ ਨੂੰ ਅਲਵਿਦਾ ਕਹਿ ਦਿੱਤੀ ਹੈ। ਹਾਂ, ਸਲਮਾਨ ਦੀ ਕੈਟਰੀਨਾ 'ਚ ਫਿਰ ਦਿਲਚਸਪੀ ਤੋਂ ਜੈਕੀ ਨਾਰਾਜ਼ ਦਿਖਾਈ ਦੇ ਰਹੀ ਹੈ। 'ਕਿਰਿਕ ਪਾਰਟੀ' ਕਾਰਤਿਕ ਆਰੀਅਨ ਨਾਲ ਕਰ ਰਹੀ ਜੈਕੀ ਲਈ ਭਾਰਤੀ ਕ੍ਰਿਕਟ ਸੂਰਯਾ ਕੁਮਾਰ ਯਾਦਵ ਦਾ ਮੋਹ ਬੀ-ਟਾਊਨ 'ਚ ਨਵੀਂ ਹਲਚਲ ਭਰੀ ਖ਼ਬਰ ਹੈ। ਮੁੰਬਈ ਇੰਡੀਅਨਜ਼ ਦੇ ਇਸ ਖਿਡਾਰੀ ਤੋਂ ਇਲਾਵਾ ਸ੍ਰੀਲੰਕਾ ਦੇ ਚਾਂਦੀ ਮਲ ਦਾ ਨਾਂਅ ਵੀ ਉਹ ਪਿਆਰ ਨਾਲ ਲੈਂਦੀ ਹੈ।


ਖ਼ਬਰ ਸ਼ੇਅਰ ਕਰੋ

ਪਰਣੀਤੀ ਚੋਪੜਾ'ਜਬਰੀਆ ਜੋੜੀ' ਬਣਾਏਗੀ

6 ਸਾਲ ਬਾਅਦ ਫਿਰ ਪਰਣੀਤੀ ਚੋਪੜਾ ਅਰਜਨ ਕਪੂਰ ਦੀ ਹੀਰੋਇਨ ਬਣ 'ਨਮਸਤੇ ਇੰਗਲੈਂਡ' ਕਹਿਣ ਆ ਰਹੀ ਹੈ ਤੇ ਇਸ ਦਾ ਟ੍ਰੇਲਰ ਯੂ-ਟਿਊਬ 'ਤੇ ਧੁੰਮਾਂ ਪਾਈ ਜਾ ਰਿਹਾ ਹੈ। ਤਿੰਨ ਮਿੰਟ ਦੇ ਇਸ ਟ੍ਰੇਲਰ ਸਬੰਧੀ ਪਰੀ ਕਹਿ ਰਹੀ ਹੈ ਕਿ ਪੰਜਾਬ ਤੋਂ ਇੰਗਲੈਂਡ ਤੱਕ ਦਾ ਸਫ਼ਰ, ਦੇਸੀ ਸਟਾਈਲ ਤੇ ਜੇ ਟ੍ਰੇਲਰ ਦੀ ਹੀ ਐਨੀ ਧੁੰਮ ਹੈ ਤਾਂ ਫਿਰ ਫ਼ਿਲਮ ਦੇ ਭਾਗ ਸੁਨਹਿਰੀ ਹੀ ਹੋਣਗੇ। 'ਇਸ਼ਕਜ਼ਾਦੇ' ਤੋਂ ਬਾਅਦ ਪਰੀ ਦੀ ਇਹ ਖਾਸ ਫ਼ਿਲਮ ਹੈ। ਬਈ ਐਤਕੀਂ ਦੁਸਹਿਰਾ 19 ਅਕਤੂਬਰ ਪਰੀ ਨਾਲ ਹੀ ਫ਼ਿਲਮ ਪਿਆਰੇ ਮਨਾਉਣਗੇ। ਪਰੀ 'ਨਮਸਤੇ ਇੰਗਲੈਂਡ' ਕਹਿਣ ਵਾਲੀ ਹੈ ਤੇ ਬਿਹਾਰ 'ਚ ਉਸ ਦੀ 'ਜਬਰੀਆ ਜੋੜੀ' ਵੀ ਬਣ ਰਹੀ ਹੈ। ਜੋੜੀਦਾਰ ਸਿਧਾਰਥ ਮਲਹੋਤਰਾ ਹੈ। ਬਿਹਾਰ ਦੀ ਫੜ ਕੇ ਕੀਤੀ (ਪਕੜਵਾ ਸ਼ਾਦੀ) 'ਤੇ ਇਹ ਫ਼ਿਲਮ ਆਧਾਰਿਤ ਹੈ। ਲਖਨਊ ਪਰੀ ਪਹੁੰਚੀ ਹੈ ਤੇ ਹਾਂ ਪਰੀ ਨੇ ਭੋਜਪੁਰੀ ਵੀ ਇਸ ਫ਼ਿਲਮ ਲਈ ਸਿੱਖ ਲਈ ਹੈ। 'ਲਿਟੀ ਚੋਖਾ' ਇਹ ਖਾਣਾ ਪਰੀ ਨੇ ਬਿਹਾਰ ਜਾ ਕੇ ਖਾਧਾ। 'ਜਬਰੀਆ ਜੋੜੀ' ਪਰੀ ਲਈ ਮਜ਼ੇਦਾਰ ਫ਼ਿਲਮ ਹੈ। ਪੰਜਾਬ ਦੀਆਂ ਪੈਲੀਆਂ ਤੋਂ ਅੰਗਰੇਜ਼ਾਂ ਦੇ ਸ਼ਹਿਰ ਤੱਕ 'ਇਸ਼ਕਜ਼ਾਦੀ' ਪਰੀ 'ਨਮਸਤੇ ਇੰਗਲੈਂਡ' ਕਰਨ ਵਾਲੀ ਹੈ। ਦੀਦੀ ਪ੍ਰਿਅੰਕਾ ਗਈ ਸਹੁਰੇ ਤੇ ਪ੍ਰਣੀਤੀ ਚੋਪੜਾ ਨੇ ਆਪਣੇ ਕੈਰੀਅਰ ਪ੍ਰਤੀ ਸੰਜੀਦਗੀ ਦਿਖਾਉਣੀ ਸ਼ੁਰੂ ਕੀਤੀ ਹੈ। ਹਾਂ, ਆਪਣੇ ਹੇਅਰ ਸਟਾਈਲ ਨੂੰ ਲੈ ਕੇ ਉਸ ਦੀ ਲਾਹ-ਪਾਹ ਪ੍ਰਸੰਸਕਾਂ ਨੇ ਕੀਤੀ ਹੈ। ਰੰਗੇ ਹੋਏ ਵਾਲਾਂ 'ਤੇ ਪ੍ਰਤੀਕਿਰਿਆਵਾਂ ਆਈਆਂ ਕਿ 'ਭੂਤਨੀ' ਲੱਗਦੀ ਹੈ, ਇਹ ਹੀਰੋਇਨ। ਪ੍ਰਸ਼ੰਸਕਾਂ ਕਿਹਾ ਕਿ ਚੰਗਾ ਹੋਵੇ ਕਿ ਉਹ ਅਰਜਨ ਨਾਲ ਵਿਆਹ ਕਰਵਾ ਲਏ। ਉਧਰ ਅਰਜਨ ਨੇ ਵੀ ਮਜ਼ਾਕ ਨਾਲ ਪਰੀ ਨੂੰ ਕਿਹਾ ਕਿ 'ਮੁੰਡਾ ਜਵਾਨ ਹੈ ਪਰ ਵਿਆਹ ਦੀ ਕਾਹਲ ਨਹੀਂ।' ਅਰਜਨ ਗੋਸਵਾਮੀ ਨੇ 'ਬਿਹਤਰ ਇੰਡੀਅਨ' ਲਈ ਪਰੀ ਨੂੰ ਕੀ ਲਿਆ ਕਿ ਲੋਕਾਂ ਦੇ ਕੁਮੈਂਟ ਤੇ ਕੁਮੈਂਟ ਕਿ 'ਹੋਰ ਕੋਈ ਨਹੀਂ ਸੀ...।' ਪਰੀ ਹਾਰ ਕੇ ਇਸ ਤੋਂ ਬਾਹਰ ਹੋਣ ਦੀ ਸੋਚ ਰਹੀ ਹੈ। ਪਰੀ ਚਾਹੁੰਦੀ ਹੈ ਕਿ ਉਸ ਦਾ ਵਿਆਹ ਇੰਡਸਟਰੀ ਤੋਂ ਬਾਹਰ ਹੀ ਹੋਵੇ। 'ਸੰਦੀਪ ਔਰ ਪਿੰਕੀ ਫਰਾਰ' ਤੋਂ ਇਲਾਵਾ ਅਕਸ਼ੈ ਨਾਲ 'ਕੇਸਰੀ' ਵੀ ਤਿਆਰ ਹੈ। ਸ਼ਰਮਾ ਪ੍ਰੋਡਕਸ਼ਨ ਦੀ ਸਭ ਤੋਂ ਮਹਿੰਗੀ ਫ਼ਿਲਮ 'ਕੇਸਰੀ' ਤੇ ਇਸ ਦਾ ਹਿੱਸਾ ਪਰੀ, ਤਾਂ ਆਕੜ ਨਾਲ ਧੌਣ ਇਧਰ-ਉਧਰ ਘੁੰਮੇਗੀ ਹੀ। ਪਰਣੀਤੀ ਚੋਪੜਾ ਲਈ ਦੁਸਹਿਰਾ ਖੁਸ਼ੀਆਂ ਲੈ ਕੇ ਆ ਰਿਹਾ ਹੈ।

ਵਰੁਣ ਧਵਨ ਯਾਰੀ ਹੈ ਇਮਾਨ

ਸਤੰਬਰ ਦੇ ਆਖਿਰ 'ਚ ਆ ਰਹੀ ਵਰੁਣ ਧਵਨ-ਅਨੁਸ਼ਕਾ ਸ਼ਰਮਾ ਦੀ 'ਸੂਈ ਧਾਗਾ' ਚਰਚਾ ਪੂਰੀ ਲੈ ਰਹੀ ਹੈ। ਅਨੂ ਦਾ ਸਧਾਰਨ ਚਿਹਰਾ ਤੇ 'ਸੂਈ ਧਾਗਾ' 'ਚ ਵਰੁਣ ਦਾ ਕਿਰਦਾਰ ਦੇਖਣ ਯੋਗ ਹੀ ਹੋਊ। ਚੰਦੇਰੀ-ਦਿੱਲੀ ਦੀ ਭਰ ਗਰਮੀ 'ਚ ਇਸ ਫ਼ਿਲਮ ਲਈ ਵਰੁਣ ਨੇ ਸਾਈਕਲ ਚਲਾਇਆ, ਸਾਈਕਲ ਭਾਰਤ ਦਾ ਸਭ ਤੋਂ ਵਧੀਆ, ਸੌਖਾ ਤੇ ਹਰ ਇਨਸਾਨ ਦੀ ਸਵਾਰੀ ਵਾਲਾ ਸਾਧਨ ਹੈ। ਪੰਦਰਾਂ ਦਿਨ ਤਾਂ ਵਰੁਣ ਨੇ ਸਾਈਕਲ ਹੀ ਚਲਾਇਆ। 'ਬਿੱਗ ਬੌਸ-12' 'ਚ ਵਰੁਣ-ਸਲਮਾਨ ਆਹਮਣੇ-ਸਾਹਮਣੇ ਹੋ ਰਹੇ ਹਨ। 'ਜੁੜਵਾਂ' ਦੇ ਗੀਤ 'ਤੇ ਵਰੁਣ ਹੁਣ ਸੱਲੂ ਨਾਲ ਨੱਚੇਗਾ। 'ਇੰਡੀਅਨ ਆਈਡਲ' ਤੋਂ ਲੈ ਕੇ 'ਕੌਨ ਬਨੇਗਾ ਕਰੋੜਪਤੀ' ਤੱਕ ਪਹੁੰਚ ਕੇ ਵਰੁਣ ਨੇ 'ਸੂਈ ਧਾਗਾ' ਦਾ ਪ੍ਰਚਾਰ ਕੀਤਾ ਹੈ। 'ਖਟਰ ਪਟਰ' 'ਸੂਈ ਧਾਗਾ' ਦੇ ਇਸ ਗਾਣੇ 'ਚ ਵਰੁਣ-ਅਨੂ ਦਾ ਤਾਲਮੇਲ ਦੇਖਣ ਹੀ ਵਾਲਾ ਹੈ। ਬਹੁਤ ਦੇਰ ਬਾਅਦ ਵਰੁਣ ਨੂੰ ਕੰਮ ਕਰਨ ਦਾ ਮਜ਼ਾ ਆਇਆ ਹੈ। ਕੜਕਦੀ ਧੁੱਪ ਨੇ ਵਰੁਣ ਨੂੰ ਪ੍ਰੇਸ਼ਾਨ ਵੀ ਕੀਤਾ। ਸ਼ਰਤ ਕਟਾਰੀਆ ਦੀ 'ਸੂਈ ਧਾਗਾ' ਲਈ ਬੱਸ ਦਾ ਸਫ਼ਰ ਕਰਕੇ ਵਰੁਣ ਨੂੰ ਕਾਫ਼ੀ ਪ੍ਰੇਸ਼ਾਨੀ ਹੋਈ। ਇਹ ਤੇ ਹੈ ਵਰੁਣ ਦੀ 'ਮੇਡ ਇਨ ਇੰਡੀਆ ਸੂਈ ਧਾਗਾ' ਤੇ ਨਤਾਸ਼ਾ ਦਲਾਲ ਜੋ ਵਰੁਣ ਦੀ ਮਿੱਤਰ ਹੈ ਨਾਲ ਵਿਆਹ ਦੇ ਚਰਚੇ ਵੀ ਸ਼ੁਰੂ ਹਨ। ਕਹਿੰਦੇ ਨੇ 'ਬਦਲਾਪੁਰ', 'ਅਕਤੂਬਰ' ਫ਼ਿਲਮਾਂ ਦੀ ਕਹਾਣੀ ਵਰੁਣ ਨੇ ਨਤਾਸ਼ਾ ਨੂੰ ਸੁਣਾਈ ਸੀ ਤੇ ਉਸ ਦੀ ਸਹਿਮਤੀ ਲੈ ਕੇ ਹੀ ਇਹ ਫ਼ਿਲਮਾਂ ਕੀਤੀਆਂ ਸਨ। ਵਰੁਣ ਵੈਸੇ ਨਤਾਸ਼ਾ ਨੂੰ ਦਿਲ-ਜਿਗਰ ਤੋਂ ਪਿਆਰ ਕਰਦਾ ਹੈ। ਯਾਰੀ ਜ਼ਿੰਦਾਬਾਦ ਹੈ। ਯਾਰੀ ਉਸ ਲਈ ਇਮਾਨ ਹੈ, ਲੰਬੇ ਸਮੇਂ ਤੋਂ ਨਤਾਸ਼ਾ ਨੇ ਵਰੁਣ ਦੇ ਦਿਲ 'ਚ ਆਪਣੀ ਥਾਂ ਬਣਾਈ ਹੈ। ਵਰੁਣ ਤਿਆਰ ਹੈ ਪਰ ਸ਼ਾਦੀ ਕਦ? ਨਿਸ਼ਚਿਤ ਨਹੀਂ। ਬਿਨ ਅਨੁਸ਼ਕਾ ਸ਼ਰਮਾ ਦੇ ਵਰੁਣ ਧਵਨ 'ਸੂਈ ਧਾਗਾ' ਪ੍ਰਚਾਰਿਤ ਕਰ ਰਿਹਾ ਹੈ ਤੇ ਉਸ ਨੂੰ ਨਤਾਸ਼ਾ ਦਲਾਲ ਦੀ ਪਰਦੇ ਪਿੱਛੇ ਪੂਰੀ ਸਹਾਇਤਾ ਮਿਲ ਰਹੀ ਹੈ।

-ਸੁਖਜੀਤ ਕੌਰ

ਦੀਪਿਕਾ ਪਾਦੂਕੋਨ ਦਿਨ ਸ਼ਗਨਾਂ ਦੇ ਆਏ!

ਫ਼ਿਲਮਾਂ ਦੀ ਥਾਂ ਨਿੱਜੀ ਜ਼ਿੰਦਗੀ ਨੂੰ ਲੈ ਕੇ ਦੀਪਿਕਾ ਪਾਦੂਕੋਨ ਇਨ੍ਹੀਂ ਦਿਨੀਂ ਜ਼ਿਆਦਾ ਚਰਚਾ ਵਿਚ ਬਣੀ ਹੋਈ ਹੈ। ਕਿਹਾ ਜਾ ਰਿਹਾ ਹੈ ਕਿ ਦੀਵਾਲੀ ਦੇ ਨੇੜੇ-ਤੇੜੇ ਸੱਤ ਫੇਰੇ ਉਹ ਰਣਵੀਰ ਸਿੰਘ ਨਾਲ ਲੈ ਰਹੀ ਹੈ। 'ਫਾਈਂਡਿੰਗ ਬਿਊਟੀ ਇਨ ਇੰਪਰਫੈਕਸਨ' ਨਾਂਅ ਦੀ ਚਰਚਾ 'ਚ ਸ਼ਾਮਿਲ ਹੋਈ ਦੀਪਿਕਾ ਨੇ ਉਥੇ ਆਏ ਪੱਤਰਕਾਰਾਂ ਨੂੰ ਕਰਾਰੇ ਜਿਹੇ ਉੱਤਰ ਦਿੱਤੇ। ਉਸ ਸਾਫ਼ ਕਿਹਾ ਕਿ ਵਿਆਹ ਜਦੋਂ ਹੋਊ ਸਭ ਨੂੰ ਪਤਾ ਲੱਗ ਜਾਊ ਐਵੇਂ ਰੌਲਾ ਪਾਉਣ ਦੀ ਕੀ ਤੁੱਕ? ਵਿਨ ਡੀਜ਼ਲ ਨਾਲ ਫਿਰ ਡਿਪੀ ਨੂੰ ਹਾਲੀਵੁੱਡ ਦੀ ਅਗਲੀ ਫ਼ਿਲਮ ਮਿਲ ਰਹੀ ਹੈ। ਇਹ ਤਾਂ ਹੈ ਉਸ ਦੇ ਕੰਮਕਾਰ ਦੀ ਗੱਲ ਤੇ ਇਸ ਗੱਲ 'ਚ ਹੀ ਗੱਲ ਵਿਸ਼ਾਲ ਭਾਰਦਵਾਜ ਦੀ ਕਿ ਉਹ ਇਰਫਾਨ ਖਾਨ ਦੇ ਠੀਕ ਹੋਣ ਦਾ ਇੰਤਜ਼ਾਰ ਕਰ ਰਿਹਾ ਹੈ ਤੇ ਇਰਫਾਨ ਦੇ ਨਾਲ ਡਿਪੀ ਨੂੰ ਲੈ ਕੇ ਨਵੀਂ ਫ਼ਿਲਮ ਸ਼ੁਰੂ ਕਰਨੀ ਚਾਹੁੰਦਾ ਹੈ। ਹਾਂ, ਅੰਦਰਖਾਤੇ ਦੀਪਿਕਾ ਵਿਆਹ 'ਚ ਪੂਰੀ ਦਿਲਚਸਪੀ ਲੈ ਰਹੀ ਹੈ। ਇਟਲੀ ਦੀ ਝੀਲ ਲੇਕ ਕੋਮੋ ਵਿਖੇ ਦੀਪਿਕਾ ਨੇ ਜਾ ਕੇ ਸ਼ਾਦੀ ਦੀ ਯੋਜਨਾ ਤੇ ਇਸ ਦੇ ਅਮਲੀ ਰੂਪ 'ਤੇ ਚਰਚਾ ਕੀਤੀ। 20 ਨਵੰਬਰ ਨੂੰ ਹੋ ਸਕਦਾ ਹੈ ਕਿ ਇਟਲੀ 'ਚ ਹੀ ਉਸ ਦਾ ਵਿਆਹ ਹੋਵੇ। ਸੁਣਿਆ ਹੈ ਕਿ ਇਸ ਵਿਆਹ 'ਚ ਸਿਰਫ਼ 30 ਲੋਕ ਹੀ ਸ਼ਾਮਿਲ ਹੋਣਗੇ ਤੇ ਹਾਂ ਵਿਆਹ ਮੌਕੇ ਮੋਬਾਈਲ ਫੋਨ ਦੀ ਵਰਤੋਂ 'ਤੇ ਪਾਬੰਦੀ ਹੋਵੇਗੀ। ਇਧਰ ਭੋਜਪੁਰੀ ਗੀਤ 'ਸਾਲੀ ਕੇ ਸ਼ਾਦੀ ਕਰਾ ਦੇ ਜੀਜਾ' 'ਚ ਦੀਪਿਕਾ ਦੇ ਵਿਆਹ ਦੇ ਜ਼ਿਕਰ ਨੇ ਇਹ ਗਾਣਾ ਹਿੱਟ ਕਰਵਾ ਦਿੱਤਾ ਹੈ। ਅੰਦਰਖਾਤੇ ਦੀਪਿਕਾ 'ਡਿਪਰੈਸ਼ਨ' 'ਚ ਪਈ ਹੋਈ ਹੈ। ਇਧਰ ਵਿਆਹ ਦੇ ਦਿਨ ਨੇੜੇ ਤੇ ਉਧਰ ਡਰ ਕਿ ਫਿਰ ਪਹਿਲਾਂ ਵਾਲੀ ਗੱਲ ਨਾ ਹੋ ਜਾਵੇ। ਇਸ ਸਮੇਂ ਦੀਪਿਕਾ ਲਈ ਵਿਆਹ ਦਾ ਲਹਿੰਗਾ ਬਣ ਰਿਹਾ ਹੈ। ਦੂਸਰੀ ਗੱਲ ਇਹ ਕਿ ਸੋਨੇ ਤੇ ਪਲੈਟੀਨਮ ਦੇ ਗਹਿਣਿਆਂ ਦੀ ਥਾਂ ਦੀਪਿਕਾ ਵਿਆਹ 'ਚ ਚਾਂਦੀ ਦੇ ਗਹਿਣੇ ਹੀ ਪਾਏਗੀ। ਮਤਲਬ ਇਹ ਕਿ ਇਹ ਦੋ ਮਹੀਨੇ ਦੀਪਿਕਾ ਪਾਦੂਕੋਨ ਵਿਆਹ ਦੀਆਂ ਤਿਆਰੀਆਂ 'ਚ ਰੁਝੀ ਹੋਈ ਹੈ।

ਪ੍ਰੇਰਣਾ ਅਰੋੜਾ ਦੀ ਧਮਾਕੇਦਾਰ ਵਾਪਸੀ

ਨਿਰਮਾਤਰੀ ਪ੍ਰੇਰਣਾ ਅਰੋੜਾ ਨੇ ਜਦੋਂ ਫ਼ਿਲਮ ਨਿਰਮਾਣ ਵਿਚ ਕਦਮ ਰੱਖਿਆ ਸੀ ਉਦੋਂ ਫ਼ਿਲਮਾਂ ਦੇ ਨਿਰਮਾਣ ਨੂੰ ਲੈ ਕੇ ਉਸ ਨੇ ਕਈ ਸੁਪਨੇ ਸੰਜੋ ਰੱਖੇ ਸਨ। ਆਪਣੇ ਇਹ ਸੁਪਨੇ ਉਸ ਨੂੰ ਉਦੋਂ ਸੱਚ ਹੁੰਦੇ ਦਿਖਾਈ ਦੇਣ ਲੱਗੇ ਜਦੋਂ ਉਸ ਦੇ ਸਹਿਯੋਗ ਨਾਲ ਬਣੀਆਂ ਫ਼ਿਲਮਾਂ 'ਟਾਈਲੇਟ - ਏਕ ਪ੍ਰੇਮ ਕਥਾ', 'ਰੁਸਤਮ' ਤੇ 'ਪੈਡਮੈਨ' ਟਿਕਟ ਖਿੜਕੀ 'ਤੇ ਸਫਲ ਹੋਈਆਂ, ਨਾਲ ਹੀ ਪਸੰਦ ਵੀ ਕੀਤੀਆਂ ਗਈਆਂ। ਪ੍ਰੇਰਣਾ ਉਦੋਂ ਵਿਵਾਦਾਂ ਅਤੇ ਆਰਥਿਕ ਸੰਕਟ ਵਿਚ ਆ ਗਈ ਜਦੋਂ 'ਪਰਮਾਣੂ' ਦੇ ਨਿਰਮਾਣ ਦੌਰਾਨ ਉਸ ਦੀ ਫ਼ਿਲਮ ਦੇ ਦੂਜੇ ਨਿਰਮਾਤਾ ਜਾਨ ਅਬ੍ਰਾਹਮ ਨਾਲ ਝਗੜਾ ਹੋ ਗਿਆ। 'ਪਰਮਾਣੂ' ਦੀ ਬਦੌਲਤ ਪ੍ਰੇਰਣਾ ਨੂੰ ਚੰਗਾ ਝਟਕਾ ਵੀ ਲੱਗਿਆ ਸੀ ਕਿਉਂਕਿ ਉਹ ਅਦਾਲਤ ਵਿਚ ਕੇਸ ਹਾਰ ਗਈ ਸੀ।
ਹੁਣ ਲਗਦਾ ਹੈ ਕਿ ਉਹ ਇਸ ਦੇ ਝਟਕੇ ਤੋਂ ਉੱਭਰ ਆਈ ਹੈ ਅਤੇ ਹੁਣ ਉਸ ਨੇ ਫ਼ਿਲਮ ਨਿਰਮਾਣ ਵਿਚ ਧਮਾਕੇਦਾਰ ਵਾਪਸੀ ਕਰ ਲਈ ਹੈ। ਹੁਣ ਪ੍ਰੇਰਨਾ ਨੇ ਚਾਰ ਹੋਰ ਨਿਰਮਾਤਾਵਾਂ ਦੇ ਨਾਲ ਹੱਥ ਮਿਲਾ ਕੇ ਨਵੇਂ ਬੈਨਰ 'ਸਟੂਡੀਓ ਫਾਈਵ ਐਲੀਮੈਂਟਸ' ਦੀ ਸਥਾਪਨਾ ਕੀਤੀ ਹੈ। ਇਹ ਚਾਰ ਨਿਰਮਾਤਾ ਹਨ ਅਰਜਨ ਕਪੂਰ, ਓਮ ਪ੍ਰਕਾਸ਼ ਭੱਟ, ਕਸ਼ਿਸ਼ ਤੇ ਵਰਿੰਦਰ ਅਰੋੜਾ।
ਇਸ ਨਵੇਂ ਬੈਨਰ ਵਲੋਂ ਜੋ ਪਹਿਲੀ ਫ਼ਿਲਮ ਬਣੇਗੀ ਉਸ ਦਾ ਨਾਂਅ ਹੈ 'ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ' ਅਤੇ ਇਸ ਨੂੰ ਨਿਰਦੇਸ਼ਿਤ ਕਰਨਗੇ ਪ੍ਰੇਮ ਸੋਨੀ ਜੋ ਪਹਿਲਾਂ ਸਲਮਾਨ ਖਾਨ, ਸੁਹੇਲ ਖਾਨ ਤੇ ਕਰੀਨਾ ਕਪੂਰ ਦੀ ਫ਼ਿਲਮ 'ਮੈਂ ਔਰ ਮਿਸਿਜ਼ ਖੰਨਾ' ਨਿਰੇਦਸ਼ਤ ਕਰ ਚੁੱਕੇ ਹਨ। ਇਸ ਵਿਚ ਇਕ ਇਸ ਤਰ੍ਹਾਂ ਦੀ ਵਿਦੇਸ਼ੀ ਕੁੜੀ ਜੁਲੀਆ ਦੀ ਕਹਾਣੀ ਪੇਸ਼ ਕੀਤੀ ਜਾਵੇਗੀ ਜੋ ਕ੍ਰਿਸ਼ਨ ਭਗਤ ਹੈ। ਜੁਲੀਆ ਕ੍ਰਿਸ਼ਨ ਦੇ ਜਨਮ ਵਾਲੀ ਥਾਂ ਮਥੁਰਾ ਆਉਂਦੀ ਹੈ ਅਤੇ ਇਥੇ ਉਸ ਦੀ ਮੁਲਾਕਾਤ ਬਾਬੁਲ ਚੌਧਰੀ ਨਾਲ ਹੁੰਦੀ ਹੈ। ਉਸ ਨੂੰ ਬਾਬੁਲ ਨਾਲ ਪਿਆਰ ਹੋ ਜਾਂਦਾ ਹੈ ਅਤੇ ਉਹ ਭਾਰਤ ਵਿਚ ਵਸ ਜਾਣਾ ਚਾਹੁੰਦੀ ਹੈ। ਆਪਣੇ ਇਸ ਨਿਰਣੇ ਦੀ ਵਜ੍ਹਾ ਕਰਕੇ ਜੁਲੀਆ ਨੂੰ ਕੀ ਕੁਝ ਸਹਿਣਾ ਪੈ ਜਾਂਦਾ ਹੈ, ਇਹ ਇਸ ਦੀ ਕਹਾਣੀ ਹੈ। ਫ਼ਿਲਮ ਦੇ ਕਲਾਕਾਰਾਂ ਦੀ ਚੋਣ ਹੁੰਦਿਆਂ ਹੀ ਇਸ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਜਾਵੇਗੀ।
ਇਹ ਪੰਜ ਨਿਰਮਾਤਾ ਅਮਿਤਾਭ ਬੱਚਨ ਦੇ ਨਾਲ ਵੀ ਇਕ ਫ਼ਿਲਮ ਬਣਾ ਰਹੇ ਹਨ ਅਤੇ ਇਸ ਦਾ ਟਾਈਟਲ ਹੈ 'ਦ ਟਾਲ ਮੈਨ' ਅਤੇ ਇਸ ਵਿਚ ਦੱਖਣ ਦੇ ਸਟਾਰ ਐਸ. ਜੇ. ਸੂਰਿਆ ਵੀ ਹੋਣਗੇ ਅਤੇ ਇਹ ਟੀ. ਤਾਮਿਲਨਵੰਨ ਵਲੋਂ ਨਿਰਦੇਸ਼ਿਤ ਕੀਤੀ ਜਾਵੇਗੀ। ਇਕ ਹੋਰ ਫ਼ਿਲਮ 'ਗਣਿਤ' ਵੀ ਇਸ ਨਵੇਂ ਬੈਨਰ ਵਲੋਂ ਬਣਾਈ ਜਾਵੇਗੀ। ਨਾਲ ਹੀ ਸਾਲ 1964 ਦੀ ਕਲਾਸਿਕ ਫ਼ਿਲਮ 'ਵੋ ਕੌਨ ਥੀ' ਦੀ ਰੀਮੇਕ ਬਣਾਈ ਜਾਵੇਗੀ ਅਤੇ ਇਸ ਨੂੰ ਕਨਿਸ਼ਕ ਵਰਮਾ ਨਿਰਦੇਸ਼ਿਤ ਕਰਨਗੇ।
ਇਨ੍ਹਾਂ ਫ਼ਿਲਮਾਂ ਦੇ ਐਲਾਨ ਨੂੰ ਦੇਖ ਕੇ ਇਹੀ ਕਹਿਣਾ ਹੋਵੇਗਾ ਕਿ 'ਪੋਖਰਣ' ਦੀ ਇਹ ਸਾਬਕਾ ਨਿਰਮਾਤਰੀ ਹੁਣ ਧਮਾਕੇਦਾਰ ਵਾਪਸੀ ਕਰ ਰਹੀ ਹੈ।

-ਇੰਦਰਮੋਹਨ ਪੰਨੂੰ

ਪ੍ਰਿਟੀ ਜ਼ਿੰਟਾ ਭਈਆ ਜੀ ਸੁਪਰ ਹਿੱਟ

43 ਸਾਲ ਦੀ ਪ੍ਰਿਟੀ ਜ਼ਿੰਟਾ ਨੇ 'ਭਈਆ ਜੀ ਸੁਪਰ ਹਿੱਟ' ਦਾ ਪੋਸਟਰ ਜਾਰੀ ਕਰਕੇ ਆਪਣੀ ਫਿਰ ਸੁਨਹਿਰੀ ਪਰਦੇ 'ਤੇ ਵਾਪਸੀ ਦਾ ਅਹਿਸਾਸ ਆਪਣੇ ਪ੍ਰਸੰਸਕਾਂ ਨੂੰ ਦਿਵਾਇਆ ਹੈ। 19 ਅਕਤੂਬਰ ਨੂੰ 'ਭਈਆ ਜੀ ਸੁਪਰ ਹਿੱਟ' 'ਚ ਸਪਨਾ ਦੂਬੇ ਬਣ ਕੇ ਹੱਥ 'ਚ ਬੰਦੂਕ ਫੜੀ ਪੋਸਟਰਾਂ 'ਤੇ ਨਜ਼ਰ ਆਈ ਹੈ ਪ੍ਰਿਟੀ ਜ਼ਿੰਟਾ। 'ਪੀ.ਜੇ. ਕੀ ਵਾਪਸੀ' ਇਹ ਪੋਸਟਰ ਪ੍ਰਿਟੀ ਨੇ ਜਾਰੀ ਕਰਦਿਆਂ ਕਿਹਾ ਕਿ ਨੀਰਜ ਪਾਠਕ ਨਿਰਦੇਸ਼ਤ 'ਭਈਆ ਜੀ ਸੁਪਰ ਹਿੱਟ' 'ਚ ਸੰਨੀ ਦਿਓਲ, ਅਰਸ਼ਦ ਵਾਰਸੀ, ਸ਼੍ਰੇਅਸ ਤਲਪੜੇ, ਅਮੀਸ਼ਾ ਪਟੇਲ ਹਨ ਪ੍ਰਿਟੀ ਨਾਲ ਇਸ ਫ਼ਿਲਮ 'ਚ। ਤੇ ਯਾਦ ਰਹੇ 'ਇਸ਼ਕ ਇਨ ਪੈਰਿਸ' 2013 'ਚ ਪ੍ਰਿਟੀ ਦੀ ਫ਼ਿਲਮ ਆਈ ਸੀ। ਪ੍ਰਿਟੀ, ਕਿਉਂਕਿ ਫਿਰ ਵਾਪਸ ਆ ਰਹੀ ਹੈ ਤਾਂ ਉਸ ਨੇ ਇਸ ਲਈ ਪ੍ਰਚਾਰ ਵੀ ਉਸ ਹਿਸਾਬ ਨਾਲ ਸ਼ੁਰੂ ਕੀਤਾ ਹੈ। ਉਧਰ ਕੇ.ਪੀ.ਐਚ. ਡਰੀਮ ਕ੍ਰਿਕਟ ਪ੍ਰਾਈਵੇਟ ਲਿਮਟਿਡ ਕੰਪਨੀ ਖੋਲ੍ਹਣ 'ਤੇ ਚੰਡੀਗੜ੍ਹ ਦੇ ਡਾਕਟਰ ਸੁਭਾਸ਼ ਸਤੀਜਾ ਨੇ ਪ੍ਰਿਟੀ ਖਿਲਾਫ਼ ਕਾਨੂੰਨੀ ਲੜਾਈ ਆਰੰਭੀ ਹੈ। ਨਕਾਬ ਪਹਿਨ ਕੇ ਪ੍ਰਿਟੀ ਗਣਪਤੀ ਮੌਰੀਆ ਦੀ ਪੂਜਾ 'ਤੇ ਪਹੁੰਚੀ। ਪ੍ਰਿਟੀ ਨੂੰ ਪਤਾ ਹੈ ਕਿ ਹੁਣ ਫਿਰ ਵਾਪਸੀ ਲਈ ਪ੍ਰਚਾਰ ਜਾਰੀ ਹੈ। ਇਸ ਦੀ ਲੜੀ 'ਚ ਪ੍ਰਿਟੀ ਨੇ ਅਰਜਨ ਰਾਮਪਾਲ ਨਾਲ ਨੇੜਤਾ ਵਧਾਈ ਹੈ, ਜੋ ਤਲਾਕ ਤੋਂ ਬਾਅਦ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ। ਮਤਲਬ ਕਿ ਪ੍ਰਿਟੀ ਕਿਸੇ ਨਾ ਕਿਸੇ ਤਰ੍ਹਾਂ ਸੁਰਖੀਆਂ 'ਚ ਰਹਿਣਾ ਚਾਹੁੰਦੀ ਹੈ। ਸ਼ਿਮਲੇ ਦੀ ਇਹ ਰਾਣੀ 'ਦਿਲ ਸੇ' ਤੋਂ ਲੈ ਕੇ 'ਹੈਵਨ ਆਨ ਅਰਥ' ਤੇ 'ਇਸ਼ਕ ਇਨ ਪੈਰਿਸ' ਤੇ ਫਿਰ ਆਲੋਪ ਤੇ ਫਿਰ ਹੁਣ 'ਭਈਆ ਜੀ ਸੁਪਰ ਹਿੱਟ' ਨਾਲ ਪ੍ਰਿਟੀ ਮੁੜ ਸੁਨਹਿਰੀ ਪਰਦੇ ਵੱਲ ਪ੍ਰੇਰਿਤ ਹੋਈ ਪ੍ਰਿਟੀ ਜ਼ਿੰਟਾ ਦਾ ਕ੍ਰਿਕਟ ਪਿਆਰ ਜਗ ਜ਼ਾਹਰ ਹੈ। ਪ੍ਰਿਟੀ ਜ਼ਿੰਟਾ ਚਾਹੇ ਆਪਣੇ ਪਰਿਵਾਰਕ ਜੀਵਨ ਤੋਂ ਖੁਸ਼ ਹੈ ਪਰ ਕਿਤੇ ਨਾ ਕਿਤੇ ਉਸ ਨੂੰ ਮਲਾਲ ਹੈ ਕਿ ਉਸ ਨੇ ਵਿਆਹ ਦੇਰ ਨਾਲ ਕਰਵਾਇਆ। ਆਖਿਰ ਬੁਢਾਪੇ 'ਚ ਜਾ ਕੇ ਬੱਚੇ ਨੂੰ ਲੋਰੀਆਂ ਦੇਣੀਆਂ ਔਖਾ ਹੀ ਹੈ ਪਰ ਫਿਰ ਰੱਬ ਦੀ ਮਰਜ਼ੀ ਕਹਿ ਕੇ ਇਨ੍ਹਾਂ ਗੱਲਾਂ ਤੋਂ ਧਿਆਨ ਹਟਾ ਲੈਂਦੀ ਹੈ।

ਨਵੇਂ ਰੂਪ 'ਚ ਸਾਹਮਣੇ ਆਇਆ ਚੇਤਨ ਹੰਸਰਾਜ


ਕਲਪਨਾ ਆਧਾਰਤ ਲੜੀਵਾਰ 'ਨਾਗਿਨ-3' ਵਿਚ ਐਂਡੀ ਸਹਿਗਲ ਦੀ ਭੂਮਿਕਾ ਨਿਭਾਉਣ ਵਾਲੇ ਚੇਤਨ ਹੰਸਰਾਜ ਦਾ ਇਕ ਨਵਾਂ ਰੂਪ ਉਦੋਂ ਸਾਹਮਣੇ ਆਇਆ ਜਦੋਂ ਉਹ ਅੰਗਰੇਜ਼ੀ ਗੀਤਾਂ 'ਤੇ ਆਧਾਰਿਤ ਸੰਗੀਤ ਪ੍ਰਤੀਯੋਗਤਾ 'ਆਈ ਸਿੰਗ ਇੰਡੀਆ' ਵਿਚ ਬਤੌਰ ਜੱਜ ਬਣ ਕੇ ਪਹੁੰਚੇ। ਉਥੇ ਉਨ੍ਹਾਂ ਦਾ ਕੰਮ ਦੇਖ ਕੇ ਲੱਗਿਆ ਕਿ ਉਹ ਸੰਗੀਤ ਦੀ ਚੰਗੀ ਜਾਣਕਾਰੀ ਰੱਖਦੇ ਹਨ।
ਉਨ੍ਹਾਂ ਨੂੰ ਫੁਰਸਤ ਵਿਚ ਦੇਖ ਕੇ ਸਭ ਤੋਂ ਪਹਿਲਾਂ ਸਵਾਲ ਇਹੀ ਪੁੱਛਿਆ ਕਿ, 'ਸੰਗੀਤ ਪ੍ਰਤੀ ਤੁਹਾਡਾ ਰੁਝਾਨ ਕਦੋਂ ਪੈਦਾ ਹੋਇਆ?
-ਜਦੋਂ ਮੈਂ ਅੱਲ੍ਹੜ ਉਮਰ ਦੇ ਦੌਰ ਵਿਚੀਂ ਲੰਘ ਰਿਹਾ ਸੀ, ਉਦੋਂ ਹੀ ਸੰਗੀਤ ਵੱਲ ਆਕਰਸ਼ਣ ਮਹਿਸੂਸ ਕਰਨ ਲੱਗਿਆ ਸੀ। ਉਸ ਜ਼ਮਾਨੇ ਵਿਚ ਕਰਿਓਕ ਸਿੰਗਿੰਗ ਦਾ ਰਿਵਾਜ ਸੀ ਅਤੇ ਇਸ ਲਈ ਮੁੰਬਈ ਦੇ ਨਾਰੀਮਾਨ ਪੁਆਇੰਟ ਇਲਾਕੇ ਵਿਚ ਸਥਿਤ 'ਜਾਝ ਬਾਏ ਦ ਬੇ' ਹੋਟਲ ਮਸ਼ਹੂਰ ਸੀ। ਮੈਂ ਅਕਸਰ ਉਥੇ ਜਾਇਆ ਕਰਦਾ ਸੀ ਅਤੇ ਗੀਤ ਸੁਣਦਾ ਤੇ ਗਾਇਆ ਕਰਦਾ ਸੀ। ਗਾਇਕੀ ਬਾਰੇ ਮੈਂ ਜੋ ਕੁਝ ਜਾਣਦਾ ਹਾਂ, ਇਹ ਉਸੇ ਹੋਟਲ ਦੀ ਦੇਣ ਹੈ। ਉਸੇ ਹੋਟਲ ਵਿਚ ਮੇਰੀ ਮੁਲਾਕਾਤ ਸੇਵਿਓ ਨਾਲ ਹੋਈ ਅਤੇ ਅਸੀਂ ਦੋਵੇਂ ਦੋਸਤ ਬਣ ਗਏ। ਸਾਡੀ ਉਹ ਦੋਸਤੀ ਅੱਜ ਵੀ ਕਾਇਮ ਹੈ। 'ਆਈ ਸਿੰਗ ਇੰਡੀਆ' ਦਾ ਉਹ ਆਯੋਜਕ ਹੈ ਅਤੇ ਉਸ ਦੇ ਸੱਦੇ 'ਤੇ ਮੈਂ ਇਥੇ ਆਇਆ ਹਾਂ।
ਇਨ੍ਹਾਂ ਪ੍ਰਤਿਭਾਵਾਂ ਦਾ ਅੰਦਾਜ਼ਾ ਲਗਾਉਂਦੇ ਸਮੇਂ ਮੈਂ ਉਨ੍ਹਾਂ ਦੀ ਆਵਾਜ਼ ਦੇ ਨਾਲ-ਨਾਲ ਉਨ੍ਹਾਂ ਦਾ ਆਤਮ-ਵਿਸ਼ਵਾਸ ਵੀ ਧਿਆਨ ਵਿਚ ਰੱਖ ਰਿਹਾ ਸੀ। ਕਈ ਵਾਰ ਇਹ ਦੇਖਣ ਵਿਚ ਆਇਆ ਹੈ ਕਿ ਆਤਮ-ਵਿਸ਼ਵਾਸ ਦੀ ਘਾਟ ਦੇ ਚਲਦਿਆਂ ਪ੍ਰਤਿਭਾ ਨਿਖਰ ਨਹੀਂ ਪਾਉਂਦੀ ਹੈ। ਮੈਂ ਇਸੇ ਪ੍ਰਤਿਭਾ ਦੀ ਮਦਦ ਕਰਨ ਲਈ ਇਥੇ ਆਇਆ ਹਾਂ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇਥੇ ਜੋ ਜੇਤੂ ਹੋਵੇਗਾ, ਉਹ ਕੌਮਾਂਤਰੀ ਪੱਧਰ 'ਤੇ ਆਯੋਜਿਤ ਹੋਣ ਵਾਲੀ ਪ੍ਰਤੀਯੋਗਤਾ ਵਿਚ ਹਿੱਸਾ ਲੈਣ ਲਈ ਫਰਾਂਸ ਜਾਵੇਗਾ।

-ਮੁੰਬਈ ਪ੍ਰਤੀਨਿਧ

ਤੁਰ ਜਾਣਾ ਉੱਘੇ ਲੋਕ ਗਾਇਕ ਜਸਦੇਵ ਯਮਲਾ ਦਾ

ਤੂੰਬੀ ਦੇ ਬਾਦਸ਼ਾਹ ਪ੍ਰਸਿੱਧ ਲੋਕ ਗਾਇਕ ਉਸਤਾਦ ਲਾਲ ਚੰਦ ਯਮਲਾ ਜੱਟ ਦੀ ਅਮੀਰ ਵਿਰਾਸਤ ਨੂੰ ਸਾਂਭਣ ਵਾਲੇ ਜਸਦੇਵ ਯਮਲਾ ਦਾ ਜਨਮ ਡੇਰਾ ਲਾਲ ਚੰਦ ਯਮਲਾ ਜੱਟ ਜਵਾਹਰ ਨਗਰ ਲੁਧਿਆਣਾ ਵਿਖੇ ਪਿਤਾ ਲਾਲ ਚੰਦ ਯਮਲਾ ਜੱਟ ਜੀ ਦੇ ਘਰ ਮਾਤਾ ਰਾਮ ਰੱਖੀ ਦੀ ਕੁੱਖੋਂ ਹੋਇਆ। ਗਾਇਕੀ ਵਿਰਸੇ ਵਿਚੋਂ ਹੀ ਮਿਲਣ ਕਰਕੇ ਉਨ੍ਹਾਂ ਆਪਣੇ ਪਿਤਾ ਨੂੰ ਉਸਤਾਦ ਧਾਰ ਕੇ ਉਨ੍ਹਾਂ ਕੋਲੋਂ ਤੂੰਬੀ ਵਜਾਉਣ ਸਿੱਖੀ ਤੇ ਗਾਇਕੀ ਦੇ ਗੁਰ ਵੀ ਸਿੱਖੇ।
ਸੰਨ 1979 ਵਿਚ ਇਨਰੀਕੋ ਕੰਪਨੀ ਵਿਚ 'ਮੱਝਾਂ ਚਾਰਦਾ ਜਗਤ ਦਾ ਵਾਲੀ' ਧਾਰਮਿਕ ਗੀਤ ਨਾਲ ਪਹਿਲੀ ਵਾਰ ਸਰੋਤਿਆਂ ਨੂੰ ਜਸਦੇਵ ਯਮਲਾ ਦੀ ਆਵਾਜ਼ ਸੁਣਨ ਨੂੰ ਮਿਲੀ। ਇਸ ਗੀਤ ਦੀ ਸ਼ੁਰੂਆਤ 'ਚ ਉਨ੍ਹਾਂ ਆਵਾਜ਼ ਮਾਰ ਕੇ ਕਿਹਾ ਸੀ ਕਿ, 'ਹਾਲਾ ਓ ਜਸਦੇਵ ਯਮਲਿਆ ਯਮਲੇ ਜੱਟ ਦੇ ਮੁੰਡਿਆ ਤੇਰੇ ਪਿਓ ਦੀ ਬਣਾਈ ਤੂੰਬੀ ਗੁਰੂ ਨਾਨਕ ਦੇਵ ਜੀ ਦੇ ਗੀਤਾਂ 'ਤੇ ਕਿਵੇਂ ਵੱਜਦੇ ਏ।' ਜਸਦੇਵ ਯਮਲਾ ਦੀ ਆਵਾਜ਼ 'ਚ ਰਿਕਾਰਡ ਧਾਰਮਿਕ ਤੇ ਸੋਲੋ ਗੀਤ 'ਪਿਤਾ ਗੁਰੂ ਦਸਮੇਸ਼', 'ਚੰਦ ਚੜ੍ਹਿਆ ਤਲਵੰਡੀ...', 'ਕਲਗੀ ਚਮਕਾਂ ਮਾਰਦੀ', 'ਜੁਗਾਂ ਤੱਕ ਯਾਦ ਰਹਿਣੀ ਕੰਧ ਸਰਹੰਦ ਦੀ', 'ਬਿਜਲੀ ਕੜਕੇ ਰਾਤ ਹਨ੍ਹੇਰੀ', 'ਛੱਲਾ', 'ਸਈਓ ਨੀਂ ਮੇਰੀ ਵੰਗ ਟੁੱਟ ਗਈ' ਆਦਿ ਬਹੁਤ ਹੀ ਮਕਬੂਲ ਹੋਏ। ਤੂੰਬੀ ਦੇ ਖੋਜੀ ਉਸਤਾਦ ਲਾਲ ਚੰਦ ਯਮਲਾ ਜੱਟ ਤੋਂ ਇਲਾਵਾ ਜੇ ਅਸਲ ਵਿਚ ਕਿਸੇ ਨੇ ਤੂੰਬੀ ਵਜਾਈ ਸੀ ਤਾਂ ਉਹ ਅਮਰ ਸਿੰਘ ਚਮਕੀਲਾ ਤੇ ਜਸਦੇਵ ਯਮਲਾ ਸਨ। ਮਿਲਾਪੜੇ ਸੁਭਾਅ ਦੇ ਮਾਲਕ ਜਸਦੇਵ ਯਮਲਾ ਫੱਕਰ ਰੂਹ ਇਨਸਾਨ ਸਨ ਜਿਨ੍ਹਾਂ 'ਚੋਂ ਉਸਤਾਦ ਲਾਲ ਚੰਦ ਯਮਲਾ ਜੱਟ ਵਰਗੀ ਝਲਕ ਪੈਂਦੀ ਸੀ। ਉਨ੍ਹਾਂ ਸਟੇਜਾਂ 'ਤੇ ਆਪਣੇ ਪਿਤਾ ਜੀ ਦੀ ਗਾਇਨ ਕਲਾ ਤੇ ਤੂੰਬੀ ਦੀ ਅਮੀਰ ਵਿਰਾਸਤ ਨੂੰ ਜਿਊਂਦਾ ਰੱਖਿਆ ਹੋਇਆ ਸੀ। ਕਰੀਬ 400 ਗੀਤਾਂ ਵਿਚ ਜਸਦੇਵ ਯਮਲਾ ਨੇ ਆਪਣੀ ਤੂੰਬੀ ਦੀ ਟੁਣਕਾਰ ਰਾਹੀਂ ਲੋਕਾਂ ਨੂੰ ਅਸਲ ਤੂੰਬੀ ਵਜਾ ਕੇ ਦੱਸੀ ਸੀ। ਉਨ੍ਹਾਂ ਵਲੋਂ ਤੂੰਬੀ 'ਤੇ ਕੀਤੇ ਜਾ ਰਹੇ ਨਵੇਂ ਤਜਰਬੇ ਕਾਰਨ ਹੀ ਅੱਜ ਦੇ ਨਵੇਂ ਕਲਾਕਾਰ ਆਪਣੇ ਗੀਤਾਂ ਵਿਚ ਲੋਕ ਸਾਜ਼ ਤੂੰਬੀ ਨੂੰ ਅਹਿਮੀਅਤ ਦੇਣ ਲੱਗੇ ਸਨ। ਜਸਦੇਵ ਯਮਲਾ ਨੇ ਆਪਣੇ ਪਿਤਾ ਵਾਂਗ ਸਾਰੀ ਉਮਰ ਤਾੜੀਆਂ ਖਾਤਰ ਗਾਇਆ ਨਾ ਕਿ ਪੈਸੇ ਲਈ।
ਪਿਛਲੇ ਕਾਫ਼ੀ ਸਮੇਂ ਤੋਂ ਬਿਮਾਰ ਚੱਲ ਰਹੇ ਜਸਦੇਵ ਯਮਲਾ (60 ਸਾਲ) ਸਨਿਚਰਵਾਰ 15 ਸਤੰਬਰ ਤੜਕੇ ਤਿੰਨ ਵਜੇ ਦਿਲ ਦਾ ਦੌਰਾ ਪੈਣ ਕਾਰਨ ਇਸ ਫਾਨੀ ਸੰਸਾਰ ਨੂੰ ਛੱਡ ਕੇ ਤੁਰ ਗਏ। ਉਹ ਆਪਣੇ ਪਿੱਛੇ ਆਪਣੀ ਪਤਨੀ ਸਰਬਜੀਤ ਕੌਰ (ਚਿਮਟੇ ਵਾਲੀ), ਬੇਟਾ ਰੁਪੇਸ਼ ਯਮਲਾ, ਬੇਟੀ ਜ਼ਿੰਕੀ ਰਾਣੀ ਨੂੰ ਛੱਡ ਗਏ ਹਨ। ਭਾਵੇਂ ਜਸਦੇਵ ਯਮਲਾ ਦੇ ਤੁਰ ਜਾਣ ਨਾਲ ਤੂੰਬੀ ਖ਼ਾਮੋਸ਼ ਹੋ ਗਈ ਪਰ ਉਨ੍ਹਾਂ ਦੇ ਚਾਹੁਣ ਵਾਲੇ ਸਰੋਤੇ ਉਨ੍ਹਾਂ ਦੇ ਗਾਏ ਗੀਤਾਂ ਨੂੰ ਰਹਿੰਦੀ ਦੁਨੀਆ ਤੱਕ ਅਮਰ ਰੱਖਣਗੇ।

-ਸ਼ਮਸ਼ੇਰ ਸਿੰਘ ਸੋਹੀ
ਪਿੰਡ ਸੋਹੀਆਂ, ਡਾਕਖਾਨਾ ਚੀਮਾਂ ਖੁੱਡੀ, ਜ਼ਿਲ੍ਹਾ ਗੁਰਦਾਸਪੁਰ।

ਭਾਈਆ ਪੈਂਚੀ ਰਲਿਆ ਦਾ ਗੀਤਕਾਰ ਦੀਪ ਅਲਾਚੌਰੀਆ

ਅੱਜ ਤੋਂ 40 ਕੁ ਵਰ੍ਹੇ ਪਹਿਲਾਂ ਨਵਾਂਸ਼ਹਿਰ ਦੇ ਪਿੰਡ ਅਲਾਚੌਰ (ਸ਼ਹੀਦ ਭਗਤ ਸਿੰਘ ਨਗਰ) ਵਿਖੇ ਪਿਤਾ ਅਜੀਤ ਸਿੰਘ ਮਾਤਾ ਤੇ ਬਿਮਲਾ ਦੇ ਵਿਹੜੇ ਪਹਿਲੀ ਕਿਲਕਾਰੀ ਮਾਰਨ ਵਾਲੇ ਗੁਰਦੀਪ ਸਿੰਘ ਦਾ ਮੂੰਹ ਚੁੰਮਦੀ ਚੱਟਦੀ ਮਾਂ ਨੇ ਜਦੋਂ ਲਾਡ ਵਿਚ ਦੀਪ ਆਖ ਬੁਲਾਇਆ ਤਾਂ ਉਹ ਬੱਸ ਦੀਪ ਹੋ ਕੇ ਹੀ ਰਹਿ ਗਿਆ।
ਜਨਮ ਵੇਲੇ ਤੋਂ ਹੀ ਦੋਵਾਂ ਲੱਤਾਂ ਦੀ ਅਪੰਗਤਾ ਨੂੰ ਟਿੱਚ ਜਾਣਦਿਆਂ ਉਹ ਤੁਰਨ ਤੋਂ ਅਸਮਰਥ ਹੋਣ ਦੇ ਬਾਵਜੂਦ ਪੰਜਾਬੀ ਗੀਤਕਾਰੀ ਦੇ ਅੰਬਰ 'ਤੇ ਏਨੀਆਂ ਉੱਚੀਆਂ ਉਡਾਰੀਆਂ ਮਾਰ ਗਿਆ ਹੈ ਕਿ ਉਸ ਨੇ ਆਪਣੇ ਜੀਵਨ ਵਿਚ ਸਫਲਤਾ ਦੀ ਸਿਖਰ ਨੂੰ ਜਾ ਛੂਹਿਆ। ਸਕੂਲੇ ਪੜ੍ਹਦਿਆਂ ਹੀ ਗੀਤ ਲਿਖਣ ਦੇ ਪਏ ਭੁਸ ਨੂੰ ਜਵਾਨ ਕਰਦਿਆਂ ਉਸ ਨੇ 1997 ਵਿਚ ਆਪਣਾ ਪਲੇਠਾ ਗੀਤ 'ਤੇਰਾ ਪਿਆਰ ਸੋਹਣੀਏ' ਦੁਆਬੇ ਦੇ ਪੁਖਤਾ ਗਾਇਕ ਹਰਦੇਵ ਚਾਹਲ ਦੀ ਆਵਾਜ਼ ਵਿਚ ਰਿਕਾਰਡ ਕਰਵਾਇਆ, ਤੇ ਫਿਰ ਚੱਲ ਸੋ ਚੱਲ। ਹੁਣ ਤੱਕ ਉਹਦੇ ਲਿਖੇ 1000 ਤੋਂ ਵੱਧ ਗੀਤਾਂ ਵਿਚੋਂ 400 ਤੋਂ ਵੱਧ ਗੀਤ 3 ਦਰਜਨ ਦੇ ਕਰੀਬ ਨਾਮੀ ਗਰਾਮੀ ਗਾਇਕਾਂ ਦੀ ਆਵਾਜ਼ ਵਿਚ ਰਿਕਾਰਡ ਹੋ ਕੇ ਲੋਕਾਂ ਦੀ ਪਸੰਦ ਹੋਣ ਦਾ ਮਾਣ ਹਾਸਲ ਕਰ ਚੁੱਕੇ ਹਨ। 40 ਸਾਲਾਂ ਦੇ ਇਸ ਨੌਜਵਾਨ ਗੀਤਕਾਰ ਅਤੇ ਪੇਸ਼ਕਾਰ ਦੀਪ ਦੇ ਲਿਖਦੇ-ਪੜ੍ਹਦੇ ਗੁਣਗੁਣਾਉਂਦੇ ਦੇ ਅੰਦਰ ਗਾਇਕੀ ਦੀ ਫੁਹਾਰ ਫੁੱਟੀ ਤਾਂ ਉਹ ਕੁਝ ਸਮਾਂ ਪਹਿਲਾਂ 'ਜੋਗੀ ਤੇਰੇ ਮੰਦਰਾਂ ਤੋਂ' ਧਾਰਮਿਕ ਗੀਤ ਰਾਹੀਂ ਹਾਜ਼ਰੀ ਲੁਆਉਣ ਵਿਚ ਸਫਲ ਰਿਹਾ ਤੇ ਹੁਣ ਉਹ ਸਤਰੰਗ ਇੰਟਰਟੇਨਰਜ਼ ਰਾਹੀਂ ਆਪਣੇ ਨਵੇਂ ਲਿਖੇ ਗੀਤ ਦਾ ਸਿੰਗਲ ਟਰੈਕ 'ਮਾਂ ਨਹੀਂ ਭੁੱਲਦੀ' ਜੱਸੀ ਬ੍ਰਦਰਜ਼ ਦੇ ਸੰਗੀਤ ਵਿਚ ਬੜੇ ਧੜੱਲੇ ਨਾਲ ਸਰੋਤਿਆਂ ਦੇ ਸਾਹਾਂ ਵਿਚ ਘੁਲਣ ਜਾ ਰਿਹਾ ਹੈ। ਆਪਣੀ ਪਤਨੀ ਸੁਨੀਤਾ ਰਾਣੀ ਅਤੇ ਧੀਆਂ ਮਹਿਕਦੀਪ ਕੌਰ, ਗੁਰਨੂਰ ਕੌਰ ਅਤੇ ਸਿਮਰਵੀਰ ਕੌਰ ਨਾਲ ਆਪਣੇ ਪਿੰਡ ਅਲਾਚੌਰ ਵਿਖੇ ਖੁਸ਼ੀਆਂ ਮਾਣਦੇ ਦੀਪ ਦੀ ਗਾਇਕੀ ਦੀਪ ਤੋਂ ਧਰੂ ਤਾਰੇ ਵਰਗੀ ਲੋਅ ਦੇ ਹਾਣ ਦੀ ਹੋ ਕੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨ ਦਾ ਨਾਮਣਾ ਖੱਟਣ ਦਾ ਮਾਣ ਹਾਸਲ ਕਰੇ ਤਾਂ ਇਸ ਨੂੰ ਪੰਜਾਬੀ ਗਾਇਕੀ ਦਾ ਧੰਨਭਾਗ ਹੀ ਕਿਹਾ ਜਾ ਸਕੇਗਾ।

-ਬਲਦੇਵ ਸਿੰਘ ਬੱਲੀ
ਪਿੰਡ: ਠਠਿਆਲਾ ਢਾਹਾ, ਤਹਿ: ਬਲਾਚੌਰ (ਸ਼ਹੀਦ ਭਗਤ ਸਿੰਘ ਨਗਰ)

ਸਿੰਡੀ ਕ੍ਰਾਵਫੋਰਡ ਨੂੰ ਮਿਲ ਬਾਗੋਬਾਗ਼ ਹੋਈ ਉਰਵਸ਼ੀ

ਹਾਲਾਂਕਿ ਉਰਵਸ਼ੀ ਰੌਤੇਲਾ ਨੇ 'ਸਿੰਘ ਸਾਹਿਬ ਦ ਗ੍ਰੇਟ', 'ਕਾਬਿਲ', 'ਗ੍ਰੇਟ ਗਰੈਂਡ ਮਸਤੀ', 'ਹੇਟ ਸਟੋਰੀ-4' ਆਦਿ ਫ਼ਿਲਮਾਂ ਕੀਤੀਆਂ ਪਰ ਫਿਰ ਵੀ ਉਹ ਲੋਕਪ੍ਰਿਅਤਾ ਨਹੀਂ ਹਾਸਲ ਕਰ ਸਕੀ ਜਿਸ ਦੀ ਉਹ ਹੱਕਦਾਰ ਸੀ। ਇਹੀ ਵਜ੍ਹਾ ਹੈ ਕਿ ਹੁਣ ਉਹ ਮਾਡਲਿੰਗ ਵੱਲ ਜ਼ਿਆਦਾ ਧਿਆਨ ਦੇਣ ਲੱਗੀ ਹੈ। ਆਪਣੇ ਅਸਾਈਨਮੈਂਟ ਦੇ ਸਬੰਧ ਵਿਚ ਉਹ ਅਕਸਰ ਦੇਸ਼ ਤੋਂ ਬਾਹਰ ਜਾਇਆ ਕਰਦੀ ਹੈ।
ਪਿਛਲੇ ਦਿਨੀਂ ਜਦੋਂ ਉਹ ਅਮਰੀਕਾ ਗਈ ਤਾਂ ਉਥੇ ਉਸ ਨੂੰ ਜੋ ਅਨੁਭਵ ਹੋਇਆ ਉਸ ਨੂੰ ਉਹ ਤਾ-ਉਮਰ ਯਾਦ ਰੱਖੇਗੀ। ਹੋਇਆ ਇਹ ਕਿ ਜਦੋਂ ਉਹ ਲਾਸ ਏਂਜਲਸ ਵਿਚ ਸੀ ਤਾਂ ਉਥੇ ਉਸ ਨੇ ਆਪਣਾ ਐਪ ਲਾਂਚ ਕੀਤਾ। ਇਸ ਮੌਕੇ ਜਸਟਿਨ ਬੀਬਰ, ਹੇਲੀ ਬਾਲਡਵਿਨ ਵਰਗੀਆਂ ਨਾਮੀ ਹਸਤੀਆਂ ਪਹੁੰਚੀਆਂ ਸਨ ਪਰ ਉਸ ਦੀ ਜ਼ਿੰਦਗੀ ਦਾ ਯਾਦਗਾਰ ਪਲ ਉਦੋਂ ਆਇਆ ਜਦੋਂ ਉਸ ਦੀ ਮੁਲਾਕਾਤ ਸੁਪਰ ਮਾਡਲ ਸਿੰਡੀ ਕ੍ਰਾਵਫੋਰਡ ਨਾਲ ਹੋਈ। ਮਾਡਲਿੰਗ ਦੇ ਖੇਤਰ ਵਿਚ ਸਿੰਡੀ ਨੇ ਉੱਚਾ ਮੁਕਾਮ ਹਾਸਿਲ ਕੀਤਾ ਹੈ ਅਤੇ ਕਾਫੀ ਅਰਸੇ ਤੋਂ ਉਹ ਮਾਡਲਿੰਗ ਜਗਤ ਵਿਚ ਰਾਜ ਕਰਦੀ ਆਈ ਹੈ। ਦੁਨੀਆ ਦੀਆਂ ਲੱਖਾਂ ਕੁੜੀਆਂ ਸਿੰਡੀ ਨੂੰ ਆਪਣਾ ਆਦਰਸ਼ ਮੰਨਦੀਆਂ ਹਨ ਅਤੇ ਖ਼ੁਦ ਉਰਵਸ਼ੀ ਵੀ ਸਿੰਡੀ ਦੀ ਵੱਡੀ ਪ੍ਰਸੰਸਕ ਹੈ। ਇਸ ਮੁਲਾਕਾਤ ਸਮੇਂ ਉਦੋਂ ਉਰਵਰਸ਼ੀ ਦੇ ਪੈਰ ਜ਼ਮੀਨ 'ਤੇ ਹੀ ਨਹੀਂ ਲਗ ਰਹੇ ਸਨ ਜਦੋਂ ਸਿੰਡੀ ਨੇ ਉਸ ਦੀ ਖ਼ੂਬਸੂਰਤੀ ਦੀ ਤਾਰੀਫ ਕੀਤੀ।
ਇਸ ਮੁਲਾਕਾਤ ਦਾ ਦੌਰ ਚੰਗਾ ਲੰਬਾ ਚੱਲਿਆ ਸੀ ਅਤੇ ਇਸ ਦੌਰਾਨ ਉਰਵਸ਼ੀ ਦੀ ਹੈਰਾਨੀ ਦਾ ਉਦੋਂ ਟਿਕਾਣਾ ਨਹੀਂ ਰਿਹਾ ਜਦੋਂ ਸਿੰਡੀ ਨੇ ਉਸ ਤੋਂ ਬਾਲੀਵੁੱਡ ਬਾਰੇ ਪੁੱਛਗਿੱਛ ਕੀਤੀ ਅਤੇ ਉਰਵਸ਼ੀ ਨੂੰ ਇਹ ਦੇਖ ਕੇ ਖੁਸ਼ੀ ਹੋਈ ਕਿ ਸਿੰਡੀ ਬਾਲੀਵੁੱਡ ਦੀਆਂ ਸਰਗਰਮੀਆਂ ਤੋਂ ਜਾਣੂ ਹੈ। ਮੁਲਾਕਾਤ ਤੋਂ ਬਾਅਦ ਜਦੋਂ ਉਰਵਸ਼ੀ ਨੇ ਸੈਲਫੀ ਲੈਣ ਦੀ ਪੇਸ਼ਕਸ਼ ਕੀਤੀ ਤਾਂ ਸਿੰਡੀ ਖੁਸ਼ੀ-ਖੁਸ਼ੀ ਉਸ ਦੇ ਮੋਢੇ ਨਾਲ ਮੋਢਾ ਮਿਲਾ ਕੇ ਖੜ੍ਹੀ ਹੋ ਗਈ।
ਉਰਵਸ਼ੀ ਇਸ ਸੈਲਫੀ ਨੂੰ ਆਪਣੇ ਲਈ ਯਾਦਗਾਰ ਤੋਹਫ਼ਾ ਮੰਨਦੀ ਹੈ ਅਤੇ ਉਹ ਇਸ ਤਸਵੀਰ ਨੂੰ ਬਹੁਤ ਪ੍ਰਚਾਰਿਤ ਵੀ ਕਰ ਰਹੀ ਹੈ।

-ਮੁੰਬਈ ਪ੍ਰਤੀਨਿਧ

ਸੌਂਦਰਿਆ ਸ਼ਰਮਾ ਫ਼ਿਲਮ ਨਿਰਮਾਤਰੀ ਬਣੀ

 

'ਰਾਂਚੀ ਡਾਇਰੀਜ਼', 'ਮੇਰਠੀਆ ਗੈਂਗਸਟਰ' ਫ਼ਿਲਮਾਂ ਦੀ ਬਦੌਲਤ ਸੌਂਦਰਿਆ ਸ਼ਰਮਾ ਬਾਲੀਵੁੱਡ ਵਿਚ ਹਾਲੇ ਆਪਣੀ ਪਛਾਣ ਬਣਾ ਹੀ ਰਹੀ ਸੀ ਕਿ ਹੁਣ ਉਸ ਨੇ ਫ਼ਿਲਮ ਨਿਰਮਾਤਰੀ ਬਣਨ ਦਾ ਨਿਰਣਾ ਕਰ ਲਿਆ ਹੈ। ਸੌਂਦਰਿਆ ਨੇ ਆਪਣੇ ਬੈਨਰ ਦਾ ਨਾਂਅ 'ਮਸਟਰਡ ਐਂਡ ਰੈੱਡ' ਰੱਖਿਆ ਹੈ। ਉਹ ਮੈਡੀਕਲ ਦੀ ਵਿਦਿਆਰਥਣ ਹੈ ਅਤੇ ਆਪਣੀ ਉੱਚ ਪੜ੍ਹਾਈ ਦੀ ਵਰਤੋਂ ਆਪਣੇ ਵਲੋਂ ਬਣਾਈਆਂ ਜਾਣ ਵਾਲੀਆਂ ਫ਼ਿਲਮਾਂ ਲਈ ਕਰੇਗੀ।
 

ਕਰੀਨਾ ਕਪੂਰ ਬਣੀ ਆਰ ਜੇ


ਸਰੋਤਿਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਹਰ ਰੇਡੀਓ ਸਟੇਸ਼ਨ ਨਵੀਂ ਤੋਂ ਨਵੀਂ ਕੋਸ਼ਿਸ਼ ਅਤੇ ਤਜਰਬੇ ਕਰ ਰਿਹਾ ਹੈ। ਇਸੇ ਲੜੀ ਵਿਚ ਹੁਣ ਇਸ਼ਕ 104.8 ਐਫ. ਐਮ. ਵਲੋਂ ਕਰੀਨਾ ਕਪੂਰ ਨੂੰ ਆਰ ਜੇ ਦੇ ਤੌਰ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਕਰੀਨਾ ਅਨੁਸਾਰ ਸਤੀਸ਼ ਕੌਸ਼ਿਕ, ਕਰਨ ਜੌਹਰ, ਅਨੂ ਕਪੂਰ ਆਦਿ ਕਲਾਕਾਰਾਂ ਨੂੰ ਬਤੌਰ ਆਰ ਜੇ ਸਫਲਤਾ ਹਾਸਲ ਕਰਦੇ ਦੇਖ ਕੇ ਹੁਣ ਉਹ ਵੀ ਇਸ ਖੇਤਰ ਵਿਚ ਆ ਗਈ ਹੈ।

 

'ਯਾਰ ਜਿਗਰੀ' ਵਿਚ ਅੰਕੁਰ ਭਾਟੀਆ

ਫ਼ਿਲਮ 'ਹਸੀਨਾ ਪਾਰਕਰ' ਵਿਚ ਸ਼ਰਧਾ ਕਪੂਰ ਦੇ ਪਤੀ ਦੀ ਭੂਮਿਕਾ ਵਿਚ ਨਜ਼ਰ ਆਏ ਅੰਕੁਰ ਭਾਟੀਆ ਨੂੰ ਹੁਣ ਨਿਰਮਾਤਾ ਰੋਨੀ ਸਕਰੂਵਾਲਾ ਨੇ 'ਯਾਰ ਜਿਗਰੀ' ਦੇ ਲਈ ਕਰਾਰਬੱਧ ਕਰ ਲਿਆ ਹੈ। ਅੰਕੁਰ ਅਨੁਸਾਰ 'ਸਰਬਜੀਤ', 'ਜ਼ੰਜੀਰ' ਤੇ 'ਹਸੀਨਾ ਪਾਰਕਰ' ਵਿਚ ਉਨ੍ਹਾਂ ਦੇ ਕੰਮ ਦੀ ਤਾਰੀਫ਼ ਤੋਂ ਉਤਸ਼ਾਹਿਤ ਹੋ ਕੇ ਉਹ ਚੰਗੀ ਪੇਸ਼ਕਸ਼ ਦਾ ਇੰਤਜ਼ਾਰ ਕਰ ਰਹੇ ਸਨ।

-ਪੰਨੂੰ

ਮੀਕਾ ਸਿੰਘ ਤੇ ਬੀਬਾ ਸਿੰਘ ਦਾ ਨੱਚ ਬੇਬੀ

ਗਾਇਕਾ ਬੀਬਾ ਸਿੰਘ ਅਮਰੀਕਾ ਵਿਚ ਜਨਮੀ ਤੇ ਪਲੀ ਹੈ ਅਤੇ ਪੇਸ਼ੇ ਤੋਂ ਉਹ ਡਾਕਟਰ ਹੈ ਅਤੇ ਨਿਊਯਾਰਕ ਵਿਚ ਪ੍ਰੈਕਟਿਸ ਵੀ ਕਰ ਰਹੀ ਹੈ। ਉਹ ਮੂਲ ਤੌਰ 'ਤੇ ਪੰਜਾਬ ਦੇ ਬਟਾਲਾ ਸ਼ਹਿਰ ਤੋਂ ਹੈ। ਬੀਬਾ ਸਿੰਘ ਨੇ ਹੁਣ ਮੀਕਾ ਦੇ ਨਾਲ ਮਿਲ ਕੇ ਇਕ ਧਮਾਲ ਗੀਤ 'ਨੱਚ ਬੇਬੀ' ਜਾਰੀ ਕੀਤਾ ਹੈ ਅਤੇ ਮੀਕਾ ਦੀ ਸੰਗੀਤ ਕੰਪਨੀ ਐਮ. ਐਸ. ਸਾਊਂਡ ਵਲੋਂ ਇਸ ਨੂੰ ਰਿਲੀਜ਼ ਕੀਤਾ ਗਿਆ ਹੈ।
ਮੀਕਾ ਦੇ ਨਾਲ ਇਸ ਗੀਤ ਦਾ ਸੰਯੋਗ ਕਿਵੇਂ ਬਣਿਆ, ਇਸ ਬਾਰੇ ਬੀਬਾ ਸਿੰਘ ਕਹਿੰਦੀ ਹੈ, 'ਮੀਕਾ ਤੇ ਦਲੇਰ ਦੇ ਨਾਲ ਸਾਡੇ ਪਰਿਵਾਰਕ ਰਿਸ਼ਤੇ ਹਨ। ਮੇਰੇ ਪਿਤਾ ਡਾਕਟਰ ਹਨ ਅਤੇ ਉਹ ਚਾਹੁੰਦੇ ਸਨ ਕਿ ਮੈਂ ਵੀ ਡਾਕਟਰ ਬਣਾਂ। ਇਸ ਤਰ੍ਹਾਂ ਸੰਗੀਤ ਪ੍ਰਤੀ ਮੇਰੀ ਰੁਚੀ ਦੇਖ ਕੇ ਮੀਕਾ ਤੇ ਦਲੇਰ ਜੀ ਨੇ ਮੈਨੂੰ ਸੰਗੀਤ ਦਾ ਸ਼ੌਕ ਬਰਕਰਾਰ ਰੱਖਣ ਲਈ ਬਹੁਤ ਪ੍ਰੋਸਾਹਿਤ ਕੀਤਾ ਅਤੇ ਉਨ੍ਹਾਂ ਦੀ ਬਦੌਲਤ ਮੈਂ ਆਪਣੀ ਪਛਾਣ ਗਾਇਕਾ ਦੇ ਤੌਰ 'ਤੇ ਵੀ ਬਣਾਉਣ ਵਿਚ ਕਾਮਯਾਬ ਰਹੀ। ਜਦੋਂ ਮੀਕਾ ਨੇ ਆਪਣੀ ਸੰਗੀਤ ਕੰਪਨੀ ਖੋਲ੍ਹੀ ਤਾਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਮੈਨੂੰ ਬਤੌਰ ਗਾਇਕਾ ਜ਼ਰੂਰ ਮੌਕਾ ਦੇਣਗੇ ਅਤੇ ਇਹ ਗੀਤ ਉਸੇ ਵਾਅਦੇ ਦਾ ਨਤੀਜਾ ਹੈ।'
ਮੀਕਾ ਦੇ ਨਾਲ ਗੀਤ ਗਾਉਣ ਬਾਰੇ ਉਹ ਕਹਿੰਦੀ ਹੈ, 'ਜਦੋਂ ਰਿਕਾਰਡਿੰਗ ਕੀਤੀ ਜਾਣ ਵਾਲੀ ਸੀ ਉਦੋਂ ਮੈਂ ਕਾਫੀ ਘਬਰਾਈ ਸੀ। ਮੈਨੂੰ ਘਬਰਾਹਟ ਇਸ ਗੱਲ ਨੂੰ ਲੈ ਕੇ ਸੀ ਕਿ ਕੀ ਮੇਰੀ ਆਵਾਜ਼ ਮੀਕਾ ਦੀ ਆਵਾਜ਼ ਦੀ ਰੇਂਜ ਦੇ ਨਾਲ ਮੈਚ ਕਰ ਸਕੇਗੀ। ਪਰ ਜਦੋਂ ਸੁਰ ਮਿਲਾਉਣ ਲੱਗੀ ਤਾਂ ਸਾਰਾ ਡਰ ਦੂਰ ਹੋ ਗਿਆ। ਅਮਰੀਕਾ ਵਿਚ ਰਹਿਣ ਦੀ ਵਜ੍ਹਾ ਕਰਕੇ ਮੇਰੇ ਉਚਾਰਣ ਵਿਚ ਅਮਰੀਕੀ ਝਲਕ ਹੈ। ਜਦੋਂ ਮੈਂ ਰਿਕਾਰਡ ਕਰ ਰਹੀ ਸੀ ਉਦੋਂ ਨੱਚਣਾ ਦੀ ਥਾਂ ਮੈਂ ਨਚਨਾ ਬੋਲ ਰਹੀ ਸੀ ਅਤੇ ਟੁੱਟਣ ਦੀ ਥਾਂ ਟੂਟਾਨ ਬੋਲ ਰਹੀ ਸੀ। ਉਦੋਂ ਮੀਕਾ ਨੇ ਮੈਨੂੰ ਸਹੀ ਕੀਤਾ ਅਤੇ ਮੈਨੂੰ ਖੁਸ਼ੀ ਹੈ ਕਿ ਮੀਕਾ ਦੇ ਮਾਰਗਦਰਸ਼ਨ ਹੇਠ ਮੈਂ ਇਹ ਗੀਤ ਸਹੀ ਢੰਗ ਨਾਲ ਗਾਉਣ ਵਿਚ ਕਾਮਯਾਬ ਰਹੀ। ਇਸ ਗੀਤ ਲਈ ਜੋ ਵੀਡੀਓ ਬਣਾਇਆ ਗਿਆ ਉਸ ਵਿਚ ਵੀ ਬੀਬਾ ਦੇ ਨਾਲ ਮੀਕਾ ਹੈ ਅਤੇ ਇਸ ਦੀ ਸ਼ੂਟਿੰਗ ਮੀਕਾ ਦੇ ਸਟੂਡੀਓ ਦੇ ਨਾਲ-ਨਾਲ ਉਨ੍ਹਾਂ ਦੇ ਫਾਰਮ 'ਤੇ ਵੀ ਕੀਤੀ ਗਈ ਹੈ।

-ਮੁੰਬਈ ਪ੍ਰਤੀਨਿਧ


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX