ਤਾਜਾ ਖ਼ਬਰਾਂ


ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  1 day ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  1 day ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  1 day ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  1 day ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਹੋਰ ਖ਼ਬਰਾਂ..

ਖੇਡ ਜਗਤ

ਕੀ ਅੱਠਵਾਂ ਸਥਾਨ ਲੈ ਕੇ ਭਾਰਤ ਨੂੰ ਸਬਰ ਕਰ ਲੈਣਾ ਚਾਹੀਦਾ ਹੈ?

ਭਾਰਤ ਨੇ ਨਿਰਸੰਦੇਹ 8 ਤਗਮੇ ਜਿੱਤ ਕੇ ਪਹਿਲੇ 2010 ਦੇ 65 ਤੋਂ ਵੱਧ 69 ਤਗਮੇ ਜਿੱਤ ਕੇ ਖੇਡਾਂ ਵਿਚ ਕੁਝ ਸੁਧਾਰ ਤਾਂ ਕੀਤਾ ਹੈ ਪਰ ਏਨੇ ਵੱਡੇ ਦੇਸ਼ ਲਈ ਖੇਡ ਮਾਹਿਰਾਂ ਅਨੁਸਾਰ ਕੋਈ ਮਾਣਮੱਤੀ ਪ੍ਰਾਪਤੀ ਨਹੀਂ ਕੀਤੀ। ਚੀਨ ਨਾਲ ਜ਼ਰਾ ਮੁਕਾਬਲਾ ਕਰੋ, ਭਾਰਤ ਨੇ ਕੇਵਲ ਸੋਨੇ ਦੇ 15 ਤਗਮੇ ਜਿੱਤੇ ਹਨ ਪਰ ਦੂਜੇ ਪਾਸੇ ਚੀਨ ਨੇ 132 ਸੋਨੇ ਦੇ ਤਗਮੇ ਆਪਣੀ ਝੋਲੀ ਵਿਚ ਪਾਏ ਹਨ। ਜੇਕਰ ਕੁੱਲ ਤਗਮਿਆਂ ਦੀ ਗੱਲ ਕਰੀਏ ਤਾਂ ਭਾਰਤ ਨੇ 69 ਤਗਮੇ ਪ੍ਰਾਪਤ ਕੀਤੇ ਹਨ ਤੇ ਚੀਨ ਨੇ ਹੈਰਾਨੀਜਨਕ 289 ਤਗਮੇ ਜਿੱਤੇ ਹਨ। ਦਸਾਂ ਦੀ ਤਗਮਾ ਟੈਲੀ ਵਿਚ ਭਾਰਤ ਅੱਠਵੇਂ ਸਥਾਨ 'ਤੇ ਹੀ ਕਾਇਮ ਰਹਿ ਸਕਿਆ ਹੈ।
ਇਹ ਤਗਮੇ ਟੈਲੀ ਹੋਰ ਵੀ ਨਿਰਾਸ਼ਾਨਜਕ ਹੋ ਸਕਦੀ ਸੀ ਜੇ ਗਰੀਬ ਘਰਾਂ ਦੇ ਖਿਡਾਰੀ, ਜਿਹੜੇ ਸਾਰੇ ਖੇਡਾਂ ਦੇ ਸਾਜ਼ੋ-ਸਾਮਾਨ ਤੋਂ ਦੂਰ ਰਹਿੰਦੇ ਰਹੇ, ਉਹ ਆਪਣੇ ਬਲ ਨਾਲ ਭਾਰਤ ਦੀ ਬਾਂਹ ਨਾ ਫੜਦੇ। ਸਭ ਤੋਂ ਵੱਧ ਇਨ੍ਹਾਂ ਖੇਡਾ ਦੀ ਯਾਦਗਾਰੀ ਮਿਸਾਲ ਸਭ ਤੋਂ ਛੋਟੀ ਉਮਰ ਦਾ ਕੇਵਲ 15 ਸਾਲ ਦੇ ਵਿਹਾਨ ਨੇ ਕਾਇਮ ਕੀਤੀ, ਜਿਸ ਨੇ ਟਰੈਪ ਸ਼ੂਟਿੰਗ ਵਿਚ ਚਾਂਦੀ ਦਾ ਤੇ ਇਸੇ ਤਰ੍ਹਾਂ 16 ਸਾਲ ਦੇ ਸੌਰਵ ਚੌਧਰੀ ਨੇ 10 ਮੀਟਰ ਰਾਇਫਲ ਵਿਚ ਸੋਨੇ ਦਾ ਤਗਮਾ ਜਿੱਤ ਕੇ ਇਨ੍ਹਾਂ ਏਸ਼ਿਆਈ ਖੇਡਾਂ ਵਿਚ ਸਭ ਤੋਂ ਛੋਟੀ ਉਮਰ ਦੇ ਅਭੋਲ ਲੜਕੇ ਜਿੱਤਣ ਵਾਲੇ ਬਣੇ। ਇਸ ਸਮੇਂ ਮਨ ਵਿਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਸਾਡੀ ਖੇਡ ਨੀਤੀ ਵਿਚ ਨੁਕਸ ਹੈ, ਪਹਿਲਾਂ ਕਿਉਂ ਨਾ ਇਨ੍ਹਾਂ ਖਿਡਾਰੀਆਂ ਦੀ ਕਦੇ ਕੋਈ ਗੱਲ ਨਾ ਹੋਈ, ਇਨ੍ਹਾਂ ਨੂੰ ਚਮਕਣ ਦਾ ਪਹਿਲਾਂ ਮੌਕਾ ਕਿਉਂ ਨਾ ਦਿੱਤਾ ਗਿਆ। ਇਨ੍ਹਾਂ ਸਾਰਿਆਂ ਦੀ ਪਰਿਵਾਰ ਨੇ ਹੀ ਮਦਦ ਕੀਤੀ, ਇਕ ਦੇ ਪਿਤਾ ਤਾਂ ਕੈਸਰ ਦੇ ਮਰੀਜ਼ ਹਨ। ਇਕ ਦਾ ਭਰਾ ਆਪਣੀ ਸਾਰੀ ਤਨਖਾਹ ਆਪਣੇ ਭਾਈ 'ਤੇ ਲਾਉਂਦਾ ਰਿਹਾ।
ਸਭ ਤੋਂ ਪ੍ਰੇਰਨਾ ਵਾਲੀ ਲੜਕੀ ਇਕ ਰਿਕਸ਼ਾ ਚਲਾਉਣ ਵਾਲੇ ਦੀ ਸਵਪਨਾ ਬਣੀ, ਜਿਸ ਨੇ ਹੈਪਟੇਥਲਾਨ, ਬਿਲਕੁਲ ਇਕ ਸੁੰਨੇ ਖੇਤਰ ਵਿਚ ਮਹਿਲਾ ਵਰਗ ਵਿਚ ਸੋਨੇ ਦਾ ਤਗਮਾ ਜਿੱਤ ਕੇ ਇਹ ਸਾਬਤ ਕਰ ਦਿਤਾ ਕਿ ਗੋਦੜੀਆਂ ਵਿਚ ਵੀ ਲਾਲ ਛੁਪੇ ਹੋਏ ਹੁੰਦੇ ਹਨ। ਇਸ ਤਰ੍ਹਾਂ ਦਾ ਹੁਨਰ ਭਾਰਤ ਦੇ ਹਰ ਕੋਨੇ-ਕੋਨੇ ਵਿਚ ਹੈ ਤੇ ਖਾਸ ਤੌਰ 'ਤੇ ਗਰੀਬ ਤੇ ਪਛੜੇ ਹੋਏ ਇਲਾਕਿਆਂ ਵਿਚ ਬਹੁਤ ਹੈ, ਲੋੜ ਹੈ ਇਕ ਇੱਛਾ ਸ਼ਕਤੀ ਨਾਲ ਲੱਭਣ ਦੀ। ਜਿਨ੍ਹਾਂ ਖਿਡਾਰੀਆਂ ਨੇ ਭਾਰਤ ਦੀ ਝੋਲੀ ਵਿਚ ਤਗਮੇ ਪਾਏ ਹਨ, ਉਨ੍ਹਾਂ ਦੀ ਭਰਪੂਰ ਸਲਾਹੁਣਾ ਕਰਨੀ ਰਸਮੀ ਤੌਰ 'ਤੇ ਬਣਦੀ ਹੈ ਪਰ ਨਾਲ ਹੀ ਇਸ ਕੋਰੀ ਜ਼ਮੀਨੀ ਹਕੀਕਤ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ਕਿ ਇਹ ਪ੍ਰਾਪਤੀ ਸਾਨੂੰ ਸੰਤੋਸ਼ ਦੇ ਸਕਦੀ ਹੈ? ਚੀਨ ਵੀ ਭਾਰਤ ਵਾਂਗ ਇਕ ਬਹੁਤ ਹੀ ਵੱਧ ਆਬਾਦੀ ਵਾਲਾ ਦੇਸ਼ ਹੈ। ਜੇ ਉਸ ਨੇ ਹੈਰਾਨੀਜਨਕ ਪ੍ਰਗਤੀ ਕੀਤੀ ਹੈ, ਖੇਡ ਪ੍ਰੇਮੀ ਇਥੋਂ ਤੱਕ ਕਹਿੰਦੇ ਹਨ ਕਿ ਆਬਾਦੀ ਅਨੁਸਾਰ ਭਾਰਤ ਦਾ ਸਥਾਨ ਚੀਨ ਦੇ ਨੇੜੇ-ਤੇੜੇ ਹੋਣਾ ਚਾਹੀਦਾ ਸੀ ਪਰ ਅਸੀਂ ਇਸ ਖੇਤਰ ਵਿਚ ਬਹੁਤ ਪਛੜ ਗਏ ਹਾਂ।
ਸਾਡੀ ਇਸ ਨਿਗੁਣੀ ਜਿਹੀ ਪ੍ਰਾਪਤੀ 15 ਸੋਨੇ ਦੇ, 24 ਚਾਂਦੀ ਦੇ ਅਤੇ 30 ਕਾਂਸੀ ਦੇ ਕੁੱਲ 69 ਤਗਮੇ ਜਿੱਤਣ ਦੀ ਕਈ ਤਰ੍ਹਾਂ ਦੇ ਸਰਕਾਰੀ ਤੇ ਗੈਰ-ਸਰਕਾਰੀ ਅਦਾਰੇ ਵਿਸ਼ੇਸ਼ਣ ਲਾ ਕੇ ਸਲਾਹੁਣਾ ਕਰਦੇ ਹਨ ਪਰ ਸਾਰੇ ਏਸ਼ੀਆ ਦੀਆਂ ਨਜ਼ਰਾਂ ਵਿਚ ਖਾਸ ਕਰਕੇ ਤੇ ਸਾਰੇ ਸੰਸਾਰ ਵਿਚ ਭਾਰਤ ਦਾ ਅਕਸ ਧੁੰਦਲਾ ਜ਼ਰੂਰ ਹੋਇਆ ਹੈ। ਵੱਧ ਤਗਮੇ ਜਿੱਤਣ ਦੀ ਗੱਲ ਨਾ ਵੀ ਕਰੀਏ, ਅਸੀਂ ਤਾਂ ਜਿਹੜੇ ਸੰਭਾਵੀ ਤਗਮੇ ਦੀ ਗੱਲ ਕਰਦੇ ਹੋਏ ਅਕਸਰ ਇਹ ਕਹਿੰਦੇ ਰਹੇ ਹਾਂ ਕਿ ਇਹ ਤਗਮੇ ਤਾਂ ਸਾਡੀ ਜੇਬ ਵਿਚ ਹਨ, ਉਹ ਵੀ ਅਸੀਂ ਜਿੱਤ ਨਾ ਸਕੇ। ਸੁਸ਼ੀਲ ਕੁਮਾਰ ਨਾਲ ਸਾਡਾ ਆਰੰਭ ਵੀ ਨਿਰਾਸ਼ਾਜਨਕ ਹੋਇਆ, ਸਾਡਾ ਦੋ ਵਾਰ ਦਾ ਉਲੰਪੀਅਨ ਆਰਾਮ ਨਾਲ ਹੀ ਹਾਰ ਗਿਆ ਤੇ ਉਸ ਨੇ ਕੋਈ ਸੰਘਰਸ਼ ਹੀ ਨਾ ਕੀਤਾ। ਜੇਕਰ ਮੁੱਢ ਹੀ ਸਹੀ ਢੰਗ ਨਾਲ ਨਾ ਬੱਝਾ, ਫਿਰ ਅੱਗੇ ਲਈ ਪ੍ਰੇਰਨਾ ਦਾ ਰਸਤਾ ਕਿਵੇਂ ਖੁੱਲ੍ਹਦਾ। ਸੁਸ਼ੀਲ ਦੀ ਭੇਦਭਰੀ ਹਾਰ ਨੂੰ ਕੋਚ ਨੇ ਇਕ ਸਾਧਾਰਨ ਹਾਰ ਕਿਹਾ। ਕਬੱਡੀ ਸਾਡੇ ਪੰਜਾਬੀਆਂ ਦੀ ਮਾਣਮੱਤੀ ਤੇ ਪੰਜਾਬੀਅਤ ਨਾਲ ਰੰਗੀ ਹੋਈ ਦੇਸੀ ਖੇਡ ਹੈ, ਜਿਸ ਦੇ ਅਸੀਂ ਵਿਸ਼ਵ ਚੈਂਪੀਅਨ ਹਾਂ ਪਰ ਅਸੀਂ ਇਸ ਵਿਚ ਦੋਵੇਂ ਸੋਨੇ ਦੇ ਤਗਮੇ ਗੁਆ ਲਏ। ਅਸੀਂ ਕਈ ਵਾਰ ਉਲੰਪਿਕ ਵਿਚ ਸ਼ਾਮਿਲ ਕਰਨ ਦੀ ਮੰਗ ਵੀ ਕਰਦੇ ਹਾਂ।
ਇਸ ਤਰ੍ਹਾਂ ਦੀ ਦਰਦਨਾਕ ਕਹਾਣੀ ਫਿਰ ਸਾਡੀ ਮਹਿਬੂਬ ਖੇਡ ਹਾਕੀ ਨਾਲ ਵਾਪਰੀ। ਅਸੀਂ 8 ਵਾਰ ਦੇ ਉਲੰਪਿਕ ਜੇਤੂ ਸੈਮੀਫਾਈਨਲ ਵਿਚ ਹੀ ਹਾਰ ਗਏ। ਸਾਡਾ ਰਿਕਾਰਡ ਗੋਲਾਂ ਨਾਲ ਕਮਜ਼ੋਰ ਟੀਮਾਂ ਨੂੰ ਜਿੱਤਣਾ ਕਿਸ ਕੰਮ, ਜੇਕਰ ਅਸੀਂ ਮਲੇਸ਼ੀਆ ਟੀਮ ਕੋਲੋਂ ਵੀ ਹਾਰ ਗਏ, ਜੋ ਸਾਡੇ ਮਾਪਦੰਡ ਅਨੁਸਾਰ ਬਹੁਤ ਨੀਵੇਂ ਦਰਜੇ ਦੀ ਟੀਮ ਹੈ। ਇਸ ਖੇਡ ਨਾਲ ਜੁੜੇ ਹੋਏ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਵਾਧੂ ਸਵੈ-ਵਿਸ਼ਵਾਸ ਸਾਨੂੰ ਲੈ ਬੈਠਾ।
ਅਸੀਂ ਬਾਅਦ ਵਿਚ ਹੋਸ਼ ਆਉਣ 'ਤੇ ਪਾਕਿਸਤਾਨ ਨੂੰ ਹਰਾ ਕੇ ਆਪਣੀ ਕੁਝ ਸਾਖ ਬਚਾ ਸਕੇ। ਹਾਕੀ ਵਿਚ ਦੋਵੇਂ ਸੋਨੇ ਦੇ ਤਗਮੇ ਜਾਪਾਨ ਨੇ ਜਿੱਤੇ ਤੇ ਮਾਹਿਰਾਂ ਅਨੁਸਾਰ ਉਸ ਨੇ ਕਲੀਨਿਕਲ ਖੇਡ ਦਾ ਮੁਜ਼ਾਹਰਾ ਕੀਤਾ। ਬੈਡਮਿੰਟਨ ਵਿਚ ਵੀ ਅਸੀਂ ਭਾਵੇਂ ਏਸ਼ੀਆ ਵਿਚ ਪਹਿਲੀ ਵਾਰ ਤਗਮੇ ਜਿੱਤੇ ਹਨ ਪਰ ਖੇਡ ਪ੍ਰੇਮੀਆਂ ਦੀ ਆਸ 'ਤੇ ਪੂਰਾ ਨਾ ਉਤਰ ਸਕੇ। ਹਾਕੀ ਵਿਚ ਸਾਨੂੰ ਹੁਣ ਉਲੰਪਿਕ ਦੀ ਪਾਤਰਤਾ ਪਾਉਣ ਲਈ ਬਹੁਤ ਤਕੜੀਆਂ ਟੀਮਾਂ ਨਾਲ ਸੰਘਰਸ਼ ਕਰਨਾ ਪਵੇਗਾ। ਕੁੱਲ ਮਿਲਾ ਕੇ ਇਹ ਕਹਿਣਾ ਬਣਦਾ ਹੈ ਕਿ ਭਾਵੇਂ ਭਾਰਤ ਨੇ ਏਸ਼ੀਆਈ ਖੇਡਾਂ ਵਿਚ ਨਾਮਾਤਰ ਸੁਧਾਰ ਕੀਤਾ ਹੈ ਪਰ ਇਸ ਸਥਿਤੀ ਨਾਲ ਸੰਤੋਸ਼ ਨਹੀਂ ਕੀਤਾ ਜਾ ਸਕਦਾ। 2020 ਦੀਆਂ ਉਲੰਪਿਕ ਖੇਡਾਂ ਦੀ ਤਿਆਰੀ ਸਾਨੂੰ ਹੁਣ ਤੋਂ ਸ਼ੁਰੂੁ ਕਰਨੀ ਹੋਵੇਗੀ। ਵਿਸ਼ਵ ਵਿਚ ਖੇਡਾਂ ਵਿਚ ਜ਼ਮੀਨੀ ਹਕੀਕਤਾਂ ਤੋਂ ਜਾਣੂ ਹੋਣਾ ਪਵੇਗਾ, ਇਕ ਨਵੀਂ ਖੇਡ ਨੀਤੀ ਬਣਾਉਣ ਦੀ ਲੋੜ ਹੈ, ਨੌਜਵਾਨਾਂ ਵਿਚ ਛੁਪੇ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295


ਖ਼ਬਰ ਸ਼ੇਅਰ ਕਰੋ

ਇਕ ਸਰਵੇਖਣ

ਖੇਡਾਂ 'ਚ ਹਰਿਆਣੇ ਦੀ ਬੱਲੇ-ਬੱਲੇ ਕਿਉਂ?

ਬਚਪਨ ਦੇ ਦਿਨਾਂ 'ਚ ਅਕਾਸ਼ਬਾਣੀ ਤੋਂ ਇਕ ਗੀਤ ਸੁਣਿਆ ਕਰਦੇ ਸਾਂ, 'ਖੇਲੋਗੇ ਕੂਦੋਗੇ ਹੋਗੇ ਖਰਾਬ, ਪੜ੍ਹੋਗੇ ਲਿਖੋਗੇ ਤੋ ਹੋਗੇ ਨਵਾਬ', ਇਸ ਮਿਥਕ ਨੂੰ ਹਰਿਆਣਾ ਨੇ ਬਾਖੂਬੀ ਤੋੜਿਆ ਹੈ। ਦੁੱਧ, ਘਿਓ, ਖੇਡਣਾ-ਮੱਲ੍ਹਣਾ ਹਰਿਆਣੇ ਦੀਆਂ ਫਿਜ਼ਾਵਾਂ ਦਾ ਇਕ ਹਿੱਸਾ ਹੈ। ਲੜਕੀ ਹੋਵੇ ਜਾਂ ਲੜਕਾ, ਹਰਿਆਣੇ ਦੀ ਦਿਨ ਚੜ੍ਹਦੀ ਦੀ ਲਾਲੀ ਅਤੇ ਸੱਜਰੀ ਸਵੇਰ ਆਲਸੀਪਨ ਦੀ ਚਾਦਰ ਖਿੱਚ ਕੇ ਇਥੋਂ ਦੇ ਨੌਜਵਾਨ ਅਤੇ ਉੱਭਰਦੇ ਖਿਡਾਰੀਆਂ ਨੂੰ ਖੇਡ ਮੈਦਾਨਾਂ 'ਚ ਭੇਜ ਦਿੰਦੀ ਹੈ। ਇਹ ਗੱਲ ਹੁਣ ਜੱਗ ਜ਼ਾਹਿਰ ਹੈ ਕਿ ਦੇਸ਼ ਹੋਵੇ ਜਾਂ ਵਿਦੇਸ਼ ਦੀ ਬੇਗਾਨੀ ਧਰਤੀ, ਤਗਮੇ ਜਿੱਤਣ 'ਚ ਹਰਿਆਣੇ ਨੇ ਹਮੇਸ਼ਾ ਭਾਰਤੀ ਤਿਰੰਗੇ ਨੂੰ ਬੜੀ ਸ਼ਾਨ ਅਤੇ ਸ਼ਿੱਦਤ ਨਾਲ ਲਹਿਰਾਇਆ ਹੈ। ਇਸ ਦੀ ਤਾਜ਼ਾ ਮਿਸਾਲ ਹੈ ਜਕਾਰਤਾ 'ਚ ਹੋਈਆਂ 18ਵੀਆਂ ਏਸ਼ੀਆਈ ਖੇਡਾਂ। ਇਨ੍ਹਾਂ ਖੇਡਾਂ 'ਚ ਭਾਰਤ ਨੇ ਇਸ ਵਾਰ ਕੁੱਲ 69 ਤਗਮੇ ਜਿੱਤੇ, ਖਾਸ ਗੱਲ ਇਹ ਕਿ ਇਸ ਵਿਚੋਂ 18 ਤਗਮੇ ਸਿਰਫ ਇਕ ਹੀ ਪ੍ਰਦੇਸ਼ ਹਰਿਆਣਾ ਨੂੰ ਮਿਲੇ। ਰੀਉ ਉਲੰਪਿਕ 2016 'ਚ ਮਿਲੇ ਸਿਰਫ ਦੋ ਤਗਮੇ ਪੀ. ਵੀ. ਸਿੰਧੂ ਅਤੇ ਸਾਕਸ਼ੀ ਮਲਿਕ ਜਾਣੀ ਕਿ ਦੋ ਤਗਮਿਆਂ ਵਿਚ ਇਕ ਹਰਿਆਣੇ ਦੀ ਹਿੱਸੇਦਾਰੀ ਸੀ। ਸੰਨ 2012 ਲੰਡਨ ਉਲੰਪਿਕ 'ਚ ਭਾਰਤ ਨੇ 81 ਖਿਡਾਰੀ ਮੈਦਾਨ 'ਚ ਉਤਾਰੇ ਸਨ। ਸੰਨ 2016 'ਚ ਰੀਓ ਉਲੰਪਿਕ 'ਚ ਹਰਿਆਣੇ ਦੇ 22 ਅਥਲੀਟ ਭਾਰਤੀ ਦਲ ਵਿਚ ਸ਼ਾਮਿਲ ਹਨ।
ਇਹ ਵੀ ਸਹੀ ਹੈ ਕਿ ਦੇਸ਼ ਦੀ ਕੁੱਲ ਆਬਾਦੀ 'ਚ ਹਰਿਆਣਾ ਦੀ ਹਿੱਸੇਦਾਰੀ ਸਿਰਫ 2 ਫੀਸਦੀ ਹੈ ਪਰ ਹਰਿਆਣੇ ਦੇ ਹਰ ਘਰ 'ਚ ਮੁੱਕੇਬਾਜ਼, ਕੁਸ਼ਤੀ, ਕਬੱਡੀ ਅਤੇ ਹਾਕੀ ਖੇਡਦੇ ਖਿਡਾਰੀ ਜ਼ਰੂਰ ਮਿਲ ਜਾਣਗੇ। ਇਸੇ ਸਾਲ ਆਸਟ੍ਰੇਲੀਆ ਦੇ ਗੋਲਡਕਾਸਟ 'ਚ ਹੋਈਆਂ ਰਾਸ਼ਟਰ ਮੰਡਲ ਖੇਡਾਂ 'ਚ ਭਾਰਤ ਨੇ 26 ਸੋਨ ਤਗਮਿਆਂ ਸਮੇਤ ਕੁੱਲ 66 ਤਗਮੇ ਜਿੱਤੇ, ਜਿਨ੍ਹਾਂ ਵਿਚ ਹਰਿਆਣੇ ਦੇ ਖਿਡਾਰੀਆਂ ਨੇ ਕੁੱਲ 22 ਤਗਮੇ ਭਾਰਤ ਦੀ ਝੋਲੀ ਪਾਏ ਤੇ ਸਾਲ 2014 ਗਲਾਸਗੋ ਰਾਸ਼ਟਰ ਮੰਡਲ ਖੇਡਾਂ 'ਚ ਹਰਿਆਣੇ ਦੇ ਅਥਲੀਟਾਂ ਨੇ ਭਾਰਤ ਨੂੰ 19 ਤਗਮੇ ਦਿਵਾਏ ਅਤੇ 2010 ਦੀਆਂ ਦਿੱਲੀ ਖੇਡਾਂ 'ਚ ਇਹ ਸੰਖਿਆ 27 ਸੀ।
ਅਸਲ 'ਚ ਹਰਿਆਣੇ ਦੀ ਸੰਸਕ੍ਰਿਤੀ ਹਰਿਆਣੇ ਨੂੰ ਦੂਜੇ ਰਾਜਾਂ ਤੋਂ ਅਲੱਗ ਕਰਦੀ ਹੈ। ਖੇਤੀ ਪ੍ਰਧਾਨ ਰਾਜ ਹੈ ਤੇ ਹਰਿਆਣੇ ਦਾ ਖਾਨ-ਪਾਨ, ਆਬੋਹਵਾ ਕਾਫੀ ਹੱਦ ਤੱਕ ਸ਼ੁੱਧ ਦੇਸੀ ਰਿਹਾ ਹੈ। ਖਿਡਾਰੀਆਂ ਦੀ ਸਾਦਗੀ ਭਰੀ ਜੀਵਨ ਸ਼ੈਲੀ ਅਤੇ ਜੋਸ਼-ਜਨੂੰਨ ਦੀ ਹੱਦ ਤੱਕ ਮਰਿਆਦਾ ਉਨ੍ਹਾਂ ਨੂੰ ਤਗਮੇ ਦੀ ਲਲਕ ਪੈਦਾ ਕਰਦੀ ਰਹੀ ਹੈ। ਇਕ ਕਹਾਵਤ ਹੈ, 'ਦੁੱਧ ਦਹੀਂ ਦਾ ਖਾਣਾ, ਆਪਣਾ ਦੇਸ਼ ਹਰਿਆਣਾ।' ਇਸ ਦੇ ਨਾਲ ਹੀ ਇਕ ਰਵਾਇਤ ਵੀ ਰਹੀ ਹੈ ਕਿ ਹਰਿਆਣਾ ਦੇ ਨੌਜਵਾਨਾਂ 'ਚ ਸੈਨਾ 'ਚ ਭਰਤੀ ਹੋਣ ਦਾ ਜਨੂਨ ਰਿਹਾ ਹੈ, ਇਸ ਲਈ ਖੇਡਾਂ ਦਾ ਰਾਹ ਸਭ ਤੋਂ ਵੱਧ ਕਾਰਗਰ ਸਾਬਤ ਹੁੰਦਾ ਹੈ। ਕੈਪਟਨ ਉਦੈ ਚੰਦ, ਬਲਬੀਰ ਸਿੰਘ ਅਤੇ ਕੈਪਟਨ ਹਵਾ ਸਿੰਘ ਵਰਗੇ ਦਿੱਗਜ਼ ਉਲੰਪੀਅਨਾਂ ਨੇ ਸੈਨਾ 'ਚ ਰਹਿੰਦਿਆਂ ਦੇਸ਼ ਦਾ ਮਾਣ ਵਧਾਇਆ। ਆਜ਼ਾਦੀ ਤੋਂ ਬਾਅਦ ਸੈਨਾ 'ਚ ਭਰਤੀ ਹੋਣ ਦੀ ਦਿਲਚਸਪੀ ਕਾਫੀ ਵਧੀ। ਨਾਰਨੌਲ, ਝੰਜਰ, ਭਿਵਾਨੀ ਵਰਗੇ ਸੈਂਟਰਾਂ 'ਚ ਨੌਜਵਾਨਾਂ ਨੇ ਖੇਡਾਂ 'ਚ ਵਧ-ਚੜ੍ਹ ਕੇ ਹਿੱਸਾ ਲਿਆ। ਲੀਲਾ ਰਾਮ, ਦੇਵੀ ਸਿੰਘ ਨੇ ਜਿਥੇ ਖੇਡਾਂ 'ਚ ਭਾਰਤ ਦਾ ਨਾਂਅ ਉੱਚਾ ਕੀਤਾ, ਉਥੇ ਸੈਨਾ ਤੋਂ ਬਾਅਦ ਉਨ੍ਹਾਂ ਨੇ ਉੱਭਰਦੇ ਖਿਡਾਰੀਆਂ ਨੂੰ ਪ੍ਰਭਾਵਿਤ ਕਰਦਿਆਂ ਤਗਮਾ ਜਿੱਤਣ ਲਈ ਭਖਦੀ ਮਸ਼ਾਲ ਵਾਂਗ ਪ੍ਰੇਰਿਤ ਕੀਤਾ। ਇਸ ਦੇ ਨਾਲ-ਨਾਲ ਹਰਿਆਣਾ ਸਰਕਾਰ ਦਾ ਖੇਡਾਂ ਪ੍ਰਤੀ ਰਵੱਈਆ ਵੀ ਕਾਫੀ ਸਾਕਾਰਾਤਮਿਕ ਰਿਹਾ ਹੈ। ਸਰਕਾਰ ਦੀ ਕੋਸ਼ਿਸ਼ ਸਦਕਾ ਕੁਸ਼ਤੀ ਮਿੱਟੀ ਦੇ ਅਖਾੜੇ ਤੱਕ 'ਮੱਡ ਟੂ ਮੈਟ' ਯਾਨੀ ਕਿ ਗੱਦੇ ਦੀ ਕੁਸ਼ਤੀ ਤੱਕ ਲਿਆਂਦਾ ਤਾਂ ਕਿ ਵਿਦੇਸ਼ੀ ਧਰਤੀ 'ਤੇ ਹੋਣ ਵਾਲੇ ਮੁਕਾਬਲਿਆਂ ਵਿਚ ਭਾਗ ਲਿਆ ਜਾ ਸਕੇ। ਹਰਿਆਣਾ ਨੇ ਖੇਡ ਸਹੂਲਤਾਂ ਵੱਲ ਵੀ ਵੱਧ ਧਿਆਨ ਦਿੱਤਾ। ਖੇਡਾਂ ਪ੍ਰਤੀ ਸਰਕਾਰ ਦੀ ਸੰਜੀਦਗੀ ਇਸ ਗੱਲ ਤੋਂ ਪਰਖੀ ਜਾ ਸਕਦੀ ਹੈ ਕਿ ਸੰਨ 2000 'ਚ ਹਰਿਆਣੇ 'ਚ ਪਹਿਲੀ ਵਾਰ ਖੇਡ ਨੀਤੀ ਦੀ ਸ਼ੁਰੂਆਤ ਕੀਤੀ ਗਈ, ਤਾਂ ਕਿ ਉਸੇ ਮੁਤਾਬਿਕ ਖਿਡਾਰੀਆਂ ਦੀਆਂ ਸੁਖ ਸਹੂਲਤਾਂ ਅਤੇ ਬੁਨਿਆਦੀ ਜ਼ਰੂਰਤਾਂ ਵੱਲ ਧਿਆਨ ਦਿੱਤਾ ਜਾ ਸਕੇ।
ਹਰਿਆਣੇ 'ਚ ਖਿਡਾਰੀਆਂ ਦੇ ਜਨੂਨ ਦੀ ਹੱਦ ਤੱਕ ਖੇਡ ਮੈਦਾਨਾਂ 'ਚ ਉਤਰਨ ਦਾ ਵੱਡਾ ਕਾਰਨ ਨੌਕਰੀ ਮਿਲਣਾ ਹੈ। ਸੰਨ 2001 'ਚ ਹਰਿਆਣਾ ਸਰਕਾਰ ਨੇ ਪ੍ਰਸਤਾਵ ਪਾਸ ਕੀਤਾ, ਜਿਸ ਵਿਚ ਸੋਨੇ, ਚਾਂਦੀ ਅਤੇ ਕਾਂਸੀ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਹਰਿਆਣਾ ਸਿਵਲ ਸਰਵਿਸਜ਼ ਅਤੇ ਹਰਿਆਣਾ ਪੁਲਿਸ ਵਿਭਾਗ 'ਚ ਨੌਕਰੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਇਨਾਮਾਂ ਦੀ ਬਾਰਿਸ਼ ਜਿਥੇ ਖਿਡਾਰੀਆਂ ਲਈ ਵਰਦਾਨ ਸਾਬਤ ਹੋਈ, ਉਥੇ ਉਹ ਇਸ ਤੋਂ ਉਤਸ਼ਾਹਿਤ ਵੀ ਹੁੰਦੇ ਹਨ। ਇਸ ਦੀ ਤਾਜ਼ਾ ਉਦਾਹਰਨ ਏਸ਼ੀਅਨ ਖੇਡਾਂ 2018 'ਚ ਸੂਬਾ ਸਰਕਾਰ ਨੇ ਸੋਨ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ 1.5 ਕਰੋੜ ਰੁਪਏ, ਚਾਂਦੀ ਤਗਮਾ ਜੇਤੂ ਨੂੰ 75 ਲੱਖ ਅਤੇ ਕਾਂਸੀ ਤਗਮਾ ਜਿੱਤਣ ਵਾਲੇ ਖਿਡਾਰੀ ਨੂੰ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।


-ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਇੰਗਲੈਂਡ ਨੇ ਭਾਰਤੀ ਖਿਡਾਰੀਆਂ ਨੂੰ ਟਿਕ ਕੇ ਨਹੀਂ ਖੇਡਣ ਦਿੱਤਾ

ਏਸ਼ੀਆ ਕ੍ਰਿਕਟ ਕੱਪ ਸ਼ੁਰੂ ਹੋ ਚੁੱਕਾ ਹੈ। ਭਾਰਤੀ ਟੀਮ ਤੋਂ ਇਲਾਵਾ ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਅਫ਼ਗਾਨਿਸਤਾਨ ਦੇ ਨਾਲ-ਨਾਲ ਕੁਆਲੀਫਾਇੰਗ ਮੁਕਾਬਲੇ ਜਿੱਤ ਕੇ ਆਈ ਹਾਂਗਕਾਂਗ ਦੀ ਟੀਮ ਵੀ ਇਸ ਵਿਚ ਸ਼ਾਮਿਲ ਹੈ। ਭਾਰਤ ਦਾ ਪਹਿਲਾ ਮੁਕਾਬਲਾ 18 ਸਤੰਬਰ ਨੂੰ ਹਾਂਗਕਾਂਗ ਨਾਲ ਹੀ ਹੈ ਪਰ ਅਗਲੇ ਹੀ ਦਿਨ ਭਾਰਤ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ। ਇੰਗਲੈਂਡ ਵਿਖੇ 4-1 ਨਾਲ ਬੁਰੀ ਤਰ੍ਹਾਂ ਹਾਰ ਕੇ ਸਿੱਧੇ ਯੂ. ਏ. ਈ. ਪੁੱਜਣ ਵਾਲੀ ਭਾਰਤੀ ਟੀਮ ਐਨੀ ਛੇਤੀ ਟੈਸਟ ਦੇ ਸਰੂਪ 'ਚੋਂ ਬਾਹਰ ਨਿਕਲ ਕੇ ਇਕ-ਦਿਨਾ ਮੈਚਾਂ ਅਨੁਸਾਰ ਆਪਣੇ-ਆਪ ਨੂੰ ਕਿਵੇਂ ਢਾਲੇਗੀ, ਇਹ ਦੇਖਣਾ ਬਣਦਾ ਹੈ। ਭਾਰਤੀ ਟੀਮ ਦੇ ਧਾਕੜ ਬੱਲੇਬਾਜ਼ ਕਪਤਾਨ ਵਿਰਾਟ ਕੋਹਲੀ ਨੂੰ ਇਸ ਟੂਰਨਾਮੈਂਟ ਲਈ ਆਰਾਮ ਦਿੱਤਾ ਗਿਆ ਹੈ ਤੇ ਟੀਮ ਦੀ ਕਮਾਨ ਰੋਹਿਤ ਸ਼ਰਮਾ ਦੇ ਹਵਾਲੇ ਕੀਤੀ ਗਈ ਹੈ। ਟੀਮ 'ਚ ਕਈ ਵਾਰ ਅੰਦਰ-ਬਾਹਰ ਹੋਣ ਵਾਲੇ ਅੰਬਾਤੀ ਰਾਇਡੂ ਨੂੰ ਵਿਰਾਟ ਦੀ ਥਾਂ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਖੱਬੂ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੂੰ ਵੀ ਮੌਕਾ ਮਿਲਿਆ ਹੈ। ਉਹ 145 ਕਿਲੋਮੀਟਰ ਤੋਂ ਵੱਧ ਦੀ ਤੇਜ਼ੀ ਨਾਲ ਗੇਂਦਾਂ ਸੁੱਟ ਸਕਦਾ ਹੈ।
ਇੰਗਲੈਂਡ ਵਿਖੇ ਭਾਰਤੀ ਟੀਮ ਨੂੰ ਮਿਲੀ ਹਾਰ ਦੇਖ ਕੇ ਲਗਦਾ ਹੈ ਕਿ ਖਿਡਾਰੀ ਕਿੰਨੇ ਡਰੇ ਹੋਏ ਸਨ। ਇੰਗਲਿਸ਼ ਤੇਜ਼ ਗੇਂਦਬਾਜ਼ਾਂ ਦੀਆਂ ਆਮ ਆਊਟਸਵਿੰਗ ਗੇਂਦਾਂ ਨੂੰ ਆਪਣੇ ਡਰ ਨਾਲ 'ਖਾਸ' ਬਣਾ ਕੇ ਭਾਰਤੀ ਬੱਲੇਬਾਜ਼ ਵਿਕਟਾਂ ਗੁਆਉਂਦੇ ਗਏ। ਜੇ ਨਿੱਜੀ ਪ੍ਰਦਰਸ਼ਨ ਦੇਖਿਆ ਜਾਵੇ ਤਾਂ ਇਹ ਕੋਈ ਬਹੁਤਾ ਮਾੜਾ ਨਹੀਂ ਪਰ ਲੜੀ ਦੀ ਹਾਰ ਦਾ ਫਰਕ ਦੇਖੀਏ ਤਾਂ ਚਿੰਤਾ ਕਰਨਾ ਬਣਦਾ ਹੈ। ਕਪਤਾਨ ਕੋਹਲੀ ਨੇ ਦੋ ਸੈਂਕੜੇ ਠੋਕੇ ਅਤੇ ਸਭ ਤੋਂ ਵੱਧ ਦੌੜਾਂ ਬਣਾਈਆਂ। ਲੋਕੇਸ਼ ਰਾਹੁਲ ਤੇ ਰਿਸ਼ਤ ਪੰਤ ਨੇ ਆਖਰੀ ਮੈਚ 'ਚ ਸੈਂਕੜੇ ਬਣਾਏ। ਬੱਲੇਬਾਜ਼ਾਂ 'ਚ ਕਾਬਲੀਅਤ ਹੈ, ਐਵੇਂ ਨਹੀਂ ਇਹ ਲੜੀ ਗੁਆ ਕੇ ਵੀ ਭਾਰਤੀ ਟੀਮ ਦਰਜਾਬੰਦੀ 'ਚ ਪਹਿਲੇ ਨੰਬਰ 'ਤੇ ਹੈ। ਬਸ ਬੱਲੇਬਾਜ਼ਾਂ ਅੰਦਰ ਕੋਈ ਆਤਮਵਿਸ਼ਵਾਸ ਹੀ ਨਹੀਂ ਭਰ ਪਾਇਆ। ਇੰਗਲੈਂਡ ਵਿਖੇ ਖੇਡੀਆਂ ਗਈਆਂ ਪਿਛਲੀਆਂ ਲੜੀਆਂ ਦਾ ਜਿਹੜਾ ਖੌਫ਼ ਭਾਰਤੀ ਬੱਲੇਬਾਜ਼ਾਂ ਅੰਦਰ ਸੀ, ਉਸ ਨੂੰ ਹੀ ਮਨਾਂ ਅੰਦਰ ਬਿਠਾ ਦਿੱਤਾ ਗਿਆ। ਭਾਰਤੀ ਕੋਚ ਰਵੀ ਸ਼ਾਸਤਰੀ ਦਾ ਟੀਮ 'ਚ ਕੀ ਕੰਮ ਹੈ, ਸਿਰਫ ਪੈਵੀਲੀਅਨ 'ਚ ਬੈਠ ਕੇ ਮੈਚ ਦੇਖਣਾ? ਖਿਡਾਰੀਆਂ ਅੰਦਰ ਰੂਹ ਫੂਕਣ ਦੀ ਜ਼ਿੰਮੇਵਾਰੀ ਸੀ ਉਸ ਦੀ। ਕਿਥੇ ਨਿਭਾਈ ਉਸ ਨੇ ਆਪਣੀ ਜ਼ਿੰਮੇਵਾਰੀ? ਖੇਡ ਦਾ ਸਰੂਪ ਕੋਈ ਵੀ ਹੋਵੇ, ਖਿਡਾਰੀਆਂ ਨੂੰ ਆਪਣੀ ਕੁਦਰਤੀ ਖੇਡ ਦੇ ਉਲਟ ਖੇਡਣ ਲਈ ਕਹਿਣਾ ਤਾਂ ਉਸ ਖਿਡਾਰੀ ਦੀ ਖੇਡ ਨੂੰ ਹੀ ਖ਼ਤਮ ਕਰਨਾ ਹੈ। ਕੇ. ਐਲ. ਰਾਹੁਲ ਨੇ ਆਖਰੀ ਮੈਚ 'ਚ ਆਪਣੀ ਕੁਦਰਤੀ ਖੇਡ ਦਿਖਾਈ ਤਾਂ ਨਤੀਜਾ ਸੈਂਕੜੇ ਦੇ ਰੂਪ 'ਚ ਸਾਹਮਣੇ ਸੀ। ਆਲਰਾਊਂਡਰ ਹਾਰਦਿਕ ਪਾਂਡੇਆ ਨੂੰ ਜੇ ਠੁੱਕ-ਠੁੱਕ ਦਾ ਨਿਰਦੇਸ਼ ਮਿਲੇਗਾ ਤਾਂ ਉਹ ਦਹਾਈ ਦਾ ਅੰਕੜਾ ਵੀ ਨਹੀਂ ਛੂਹ ਸਕੇਗਾ ਪਰ ਜੇ ਉਸ ਨੂੰ ਆਪਣੀ ਖੇਡ ਖੇਡਣ ਦਿੱਤੀ ਜਾਂਦੀ ਤਾਂ ਉਹ ਕਿਸੇ ਵੀ ਮੈਚ ਦਾ ਪਾਸਾ ਪਲਟਣ ਦੀ ਕਾਬਲੀਅਤ ਰੱਖਦਾ ਹੈ। ਟੀਮ ਅੰਦਰ ਜੋਸ਼ ਭਰਨਾ, ਖੌਫ਼ ਬਾਹਰ ਕੱਢਣਾ, ਇਕਜੁੱਟ ਹੋ ਕੇ ਟੀਮ ਲਈ ਖੇਡਣਾ, ਜਿੱਤ ਦੇ ਲਈ ਪ੍ਰੇਰਨਾ ਕਰਨਾ, ਇਹ ਕੋਚ ਦਾ ਕੰਮ ਹੈ।
ਜਿਸ ਮੈਚ 'ਚ ਪਿੱਚ ਦੀ ਹਾਲਤ ਦੇਖ ਕੇ ਇੰਗਲੈਂਡ ਵਾਲੇ ਇਕ ਸਪਿਨਰ ਖਿਡਾ ਰਹੇ ਨੇ, ਉਸ ਮੈਚ 'ਚ ਅਸੀਂ ਦੋ ਸਪਿਨਰਾਂ ਨੂੰ ਮੌਕਾ ਦੇ ਰਹੇ ਹਾਂ ਤੇ ਜਿਸ ਮੈਚ 'ਚ ਪਿੱਚ ਅਨੁਸਾਰ ਇੰਗਲੈਂਡ ਨੇ 2 ਸਪਿਨਰ ਖਿਡਾਏ, ਉਥੇ ਅਸੀਂ ਇਕ ਸਪਿਨਰ ਖਿਡਾ ਰਹੇ ਹਾਂ। ਪੂਰੀ ਲੜੀ ਦੌਰਾਨ ਭਾਰਤੀ ਖਿਡਾਰੀ ਬਿਖਰੇ-ਬਿਖਰੇ ਹੀ ਰਹੇ। ਕੋਈ ਵੀ ਇਨ੍ਹਾਂ ਨੂੰ ਲੜੀ 'ਚ ਨਹੀਂ ਪ੍ਰੋ ਸਕਿਆ। ਖਿੱਲਰੀ ਹੋਈ ਟੀਮ ਨੂੰ ਇੰਗਲਿਸ਼ ਗੇਂਦਬਾਜ਼ਾਂ ਨੇ ਟਿਕ ਕੇ ਨਹੀਂ ਖੇਡਣ ਦਿੱਤਾ, ਜਿਸ ਦਾ ਨਤੀਜਾ ਇਹ 4-1 ਦੀ ਵੱਡੀ ਹਾਰ ਹੈ।
ਆਉਣ ਵਾਲੇ ਸਮੇਂ 'ਚ ਭਾਰਤੀ ਟੀਮ ਨੇ ਵੈਸਟ ਇੰਡੀਜ਼, ਆਸਟ੍ਰੇਲੀਆ ਤੇ ਅਗਲੇ ਸਾਲ ਦੇ ਸ਼ੁਰੂ ਵਿਚ ਨਿਊਜ਼ੀਲੈਂਡ ਨਾਲ ਖੇਡਣਾ ਹੈ। ਹਾਲੇ ਵੀ ਸਮਾਂ ਹੈ ਟੀਮ ਪ੍ਰਬੰਧਨ ਬਾਰੇ ਸੋਚਣ ਲਈ ਅਤੇ ਟੀਮ 'ਚ ਨਵੇਂ ਸਾਹ ਫੂਕਣ ਲਈ। ਭਾਰਤੀ ਟੀਮ ਮਜ਼ਬੂਤ ਹੈ ਪਰ ਤਿਨਕਿਆਂ ਨੂੰ ਇਕੱਠਾ ਕਰਕੇ ਮਜ਼ਬੂਤ ਰੱਸੀ ਬਣਾਉਣ ਦਾ ਕੰਮ ਬਾਕੀ ਹੈ।


-ਮੋਬਾ: 98141-32420

ਇਕ ਬਾਂਹ ਨਾ ਹੋਣ ਦੇ ਬਾਵਜੂਦ ਵੀ ਖੇਡਦਾ ਹੈ ਤਾਈਕਵਾਂਡੋ ਯਮਨਾ ਕੁਮਾਰ ਪਾਸਵਾਨ

'ਕਟ ਗਿਆ ਬਾਜੂ ਫਿਰ ਬੀ ਬੰਦੇ ਹੈ ਹਮ ਕਮਾਲ ਕੇ, ਖੇਲ ਰਹੇਂ ਹੈਂ ਹੌਸਲੇ ਸੇ ਖੇਡ ਕੇ ਮੈਦਾਨ ਮੇਂ।' ਯਮਨਾ ਕੁਮਾਰ ਦੀ ਇਕ ਹਾਦਸੇ ਵਿਚ ਸੱਜੀ ਬਾਂਹ ਕੱਟੀ ਗਈ ਪਰ ਉਸ ਦੇ ਦ੍ਰਿੜ੍ਹ ਇਰਾਦੇ ਅਤੇ ਕੁਝ ਕਰ ਵਿਖਾਉਣ ਦੇ ਮਨਸ਼ੇ ਨਾਲ ਉਸ ਨੇ ਖੇਡ ਕਲਾ ਦੇ ਖੇਤਰ ਵਿਚ ਅਜਿਹੀਆਂ ਮੱਲਾਂ ਮਾਰੀਆਂ ਕਿ ਉਸ 'ਤੇ ਮਾਣ ਕੀਤੇ ਬਿਨਾਂ ਨਹੀਂ ਰਿਹਾ ਜਾ ਸਕਦਾ। ਯਮਨਾ ਕੁਮਾਰ ਦਾ ਜਨਮ ਝਾਰਖੰਡ ਪ੍ਰਾਂਤ ਦੇ ਜ਼ਿਲ੍ਹਾ ਧਨਬਾਦ ਵਿਚ ਇਕ ਛੋਟੇ ਜਿਹੇ ਸ਼ਹਿਰ ਨਿਸਤੀਪੁਰ ਵਿਖੇ ਪਿਤਾ ਕਾਰਾ ਪਾਸਵਾਨ ਦੇ ਘਰ ਮਾਤਾ ਕਾਂਤੀ ਦੇਵੀ ਦੀ ਕੁੱਖੋਂ ਹੋਇਆ। ਯਮਨਾ ਕੁਮਾਰ 21 ਜੂਨ, 2003 ਵਿਚ ਆਪਣੇ ਪਿਤਾ ਨਾਲ ਮੋਟਰਸਾਈਕਲ 'ਤੇ ਬੈਠ ਸ਼ਹਿਰ ਜਾ ਰਿਹਾ ਸੀ ਤਾਂ ਅਚਾਨਕ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਲਪੇਟ ਵਿਚ ਲੈ ਲਿਆ ਅਤੇ ਉਹ ਦੋਵੇਂ ਜਣੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਇਸ ਹਾਦਸੇ ਨੇ ਯਮਨਾ ਕੁਮਾਰ ਨੂੰ ਅਜਿਹਾ ਜ਼ਖ਼ਮ ਦਿੱਤਾ ਕਿ ਉਸ ਦੀ ਸੱਜੀ ਬਾਂਹ ਬੁਰੀ ਤਰ੍ਹਾਂ ਚੀਥੜੀ ਗਈ ਅਤੇ ਉਸ ਦੀ ਰਹਿੰਦੀ ਬਾਂਹ ਵੀ ਮਜਬੂਰੀ ਵੱਸ ਡਾਕਟਰਾਂ ਨੂੰ ਕੱਟਣੀ ਪਈ ਅਤੇ ਯਮਨਾ ਕੁਮਾਰ ਲਈ ਇਹ ਇਕ ਅਜਿਹਾ ਹਾਦਸਾ ਸੀ ਕਿ ਉਸ ਦੀ ਚੀਸ ਅੱਜ ਵੀ ਉਸ ਦੇ ਸੀਨੇ ਵਿਚ ਉਠਦੀ ਹੈ, ਪਰ ਉਸ ਦਾ ਹੌਸਲਾ ਬੜਾ ਕਮਾਲ ਦਾ ਹੈ ਕਿ ਉਸ ਨੇ ਅਜਿਹਾ ਹੁੰਦੇ ਹੋਏ ਵੀ ਤਾਈਕਵਾਂਡੋ ਖੇਡਦਿਆਂ ਦੇਸ਼ ਦੇ ਤਿਰੰਗੇ ਦੀ ਸ਼ਾਨ ਵਿਚ ਵਾਧਾ ਕੀਤਾ ਹੈ।
ਪੜ੍ਹਾਈ ਦੇ ਨਾਲ-ਨਾਲ ਯਮਨਾ ਕੁਮਾਰ ਨੂੰ ਖੇਡਾਂ ਦਾ ਵੀ ਬਹੁਤ ਸ਼ੌਕ ਸੀ ਅਤੇ ਉਸ ਦੀ ਮੁਲਾਕਾਤ ਅਥਲੈਟਿਕ ਕੋਚ ਅਮਿੱਤ ਕੁਮਾਰ ਰਵਾਨੀ ਨਾਲ ਹੋਈ। ਉਸ ਨੇ ਯਮਨਾ ਕੁਮਾਰ ਅੰਦਰ ਖੇਡ ਭਾਵਨਾ ਵੇਖੀ ਤਾਂ ਉਸ ਨੇ ਉਸ ਨੂੰ ਤਾਈਕਵਾਂਡੋ ਖੇਡ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਅਤੇ ਯਮਨਾ ਕੁਮਾਰ ਦੀ ਮਿਹਨਤ ਐਸੀ ਰੰਗ ਲਿਆਈ ਕਿ ਉਹ ਤਾਈਕਵਾਂਡੋ ਦੇ ਮੁਕਾਬਲੇ ਜਿੱਤਣ ਲੱਗਾ। ਸਾਲ 2005 ਵਿਚ ਝਾਰਖੰਡ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਭਾਗ ਲਿਆ, ਜਿੱਥੇ ਉਸ ਨੇ ਦੂਜੇ ਖਿਡਾਰੀਆਂ ਨੂੰ ਪਛਾੜਦਿਆਂ ਸੋਨ ਤਗਮੇ ਆਪਣੇ ਨਾਂਅ ਕੀਤੇ ਅਤੇ ਫਿਰ ਯਮਨਾ ਕੁਮਾਰ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਜਿੱਤ-ਦਰ-ਜਿੱਤ ਦਰਜ ਕਰਦਾ ਗਿਆ। ਸਾਲ 2006 ਵਿਚ ਝਾਰਖੰਡ ਤਾਈਕਵਾਂਡੋ ਐਸੋਸੀਏਸ਼ਨ ਚੈਂਪੀਅਨਸ਼ਿਪ ਵਿਚ ਖੇਡਦਿਆਂ ਵੀ ਸੋਨ ਤਗਮਾ ਜਿੱਤਿਆ। ਸਾਲ 2014 ਵਿਚ ਦਿੱਲੀ ਵਿਚ ਹੋਈ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਯਮਨਾ ਕੁਮਾਰ ਨੇ ਸੋਨ ਤਗਮਾ ਅਤੇ ਸਾਲ 2015-2016 ਵਿਚ ਫਿਰ ਤੋਂ ਪੈਰਾ ਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਜਿੱਤ ਦਰਜ ਕੀਤੀ ਅਤੇ ਸਾਲ 2018 ਤੱਕ ਯਮਨਾ ਕੁਮਾਰ ਨੇ ਲਗਾਤਾਰ ਤਾਈਕਵਾਂਡੋ ਖੇਡਦਿਆਂ ਨੈਸ਼ਨਲ ਪੱਧਰ 'ਤੇ ਆਪਣੀ ਖੇਡ ਕਲਾ ਦਾ ਲੋਹਾ ਮੰਨਵਾਇਆ। ਜੇਕਰ ਉਸ ਦੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਦੀ ਗੱਲ ਕਰੀਏ ਤਾਂ ਸਾਲ 2012 ਵਿਚ ਉਸ ਨੇ ਮੁੰਬਈ ਵਿਖੇ ਹੋਈ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਵੀ ਜਿੱਤ ਦਰਜ ਕੀਤੀ ਅਤੇ ਉਸ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਫਿਲਮ ਐਕਟਰ ਅਕਸ਼ੈ ਕੁਮਾਰ ਨੇ ਉਸ ਨੂੰ ਇਕ ਲੱਖ ਰੁਪਏ ਦੇ ਇਨਾਮ ਨਾਲ ਨਿਵਾਜਿਆ।
ਯੂਰਪੀਅਨ ਪੈਰਾ ਤਾਈਕਵਾਂਡੋ ਪੋਲੈਂਡ, ਇੰਡੀਅਨ ਓਪਨ ਅੰਤਰਰਾਸ਼ਟਰੀ ਤਾਈਕਵਾਂਡੋਂ ਚੈਂਪੀਅਨਸ਼ਿਪ 2010 ਬੈਂਗਲੌਰ, ਨਿਊਜ਼ੀਲੈਂਡ, ਔਕਲੈਂਡ ਵਿਖੇ ਸਾਲ 2017 ਵਿਚ ਹੋਈ ਤਾਈਕਵਾਂਡੋ ਵਿਚ ਵੀ ਉਸ ਨੇ ਭਾਗ ਲਿਆ। ਸਾਲ 2017 ਵਿਚ ਏਸ਼ੀਅਨ ਪੈਰਾ ਓਪਨ ਚੈਂਪੀਅਨਸ਼ਿਪ, ਵਰਲਡ ਪੈਰਾ ਓਪਨ ਤਾਈਕਵਾਂਡੋ ਚੈਂਪੀਅਨਸ਼ਿਪ 2017, ਕਾਠਮੰਡੂ ਅੰਤਰਰਾਸ਼ਟਰੀ ਤਾਈਕਵਾਂਡੋ 2018 ਨਿਪਾਲ, ਸਾਲ 2018 ਕੋਰੀਆ ਵਿਚ ਕਿਮਯੌਂਗ ਕੱਪ ਅੰਤਰਰਾਸ਼ਟਰੀ ਓਪਨ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਭਾਗ ਲੈ ਕੇ ਸੋਨ ਤਗਮਾ ਭਾਰਤ ਦੀ ਝੋਲੀ ਪਾਇਆ। ਯਮਨਾ ਕੁਮਾਰ ਅੱਜਕਲ੍ਹ ਕੈਨੇਡਾ ਦੀ ਧਰਤੀ ਉਪਰ ਕੈਨੇਡਾ ਓਪਨ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ 2018 ਵਿਚ ਖੇਡ ਰਿਹਾ ਹੈ। ਯਮਨਾ ਕੁਮਾਰ ਇਸ ਖੇਤਰ ਵਿਚ ਜਿੱਥੇ ਆਪਣੀ ਧਰਮ ਪਤਨੀ ਪੂਜਾ ਅਤੇ ਆਪਣੇ ਮਾਂ-ਬਾਪ ਦਾ ਬੇਹੱਦ ਸ਼ੁਕਰਗੁਜ਼ਾਰ ਹੈ, ਉਥੇ ਉਹ ਆਪਣੇ ਕੋਚ ਸੁਖਦੇਵ ਰਾਜ ਦਿੱਲੀ ਦਾ ਹਮੇਸ਼ਾ ਰਿਣੀ ਰਹਿੰਦਾ ਹੈ, ਜਿਨ੍ਹਾਂ ਨੇ ਉਸ ਨੂੰ ਹਰ ਪਲ ਉਤਸ਼ਾਹਤ ਕੀਤਾ। ਯਮਨਾ ਕੁਮਾਰ ਨੇ ਦੱਸਿਆ ਕਿ ਉਸ ਦਾ ਮੁੱਖ ਨਿਸ਼ਾਨਾ 2020 ਵਿਚ ਟੋਕੀਓ ਵਿਖੇ ਹੋਣ ਜਾ ਰਹੀ ਪੈਰਾ ਉਲੰਪਿਕ ਵਿਚ ਆਪਣੀ ਜਗ੍ਹਾ ਬਣਾਉਣ ਦਾ ਹੈ, ਜਿਸ ਲਈ ਉਹ ਜੀਅ ਤੋੜ ਮਿਹਨਤ ਕਰ ਰਿਹਾ ਹੈ। ਯਮਨਾ ਕੁਮਾਰ ਪਾਸਵਾਨ ਆਖਦਾ ਹੈ ਕਿ 'ਕਿਸਮਤ ਨੇ ਗਿਰਾ ਦੀਆ ਮੁਸ਼ਕਿਲੋਂ ਸੇ ਸੰਭਲੇ, ਅਬ ਮੁਸ਼ਕਿਲੇਂ ਪੀਛੇ ਹੈ ਔਰ ਆਗੇ ਹੈ ਮੰਜ਼ਲੇਂ।' ਯਮਨਾ ਕੁਮਾਰ ਦੇ ਹੌਸਲੇ ਨੂੰ ਸਦਾ ਸਲਾਮ।


-ਮੋਬਾ: 98551-14484

ਬਰਸੀ 'ਤੇ ਵਿਸ਼ੇਸ਼

ਉਲੰਪੀਅਨ ਮਹਿੰਦਰ ਮੁਣਸ਼ੀ ਨੰਗਲ ਅੰਬੀਆਂ

ਭਾਰਤੀ ਹਾਕੀ ਟੀਮ ਨੇ 1975 ਵਿਚ ਜਦ ਕੁਆਲਾਲੰਪੁਰ ਵਿਖੇ ਵਰਲਡ ਹਾਕੀ ਕੱਪ ਜਿੱਤਿਆ ਤਾਂ ਉਸ ਸਮੇਂ ਹਾਕੀ ਦੇ ਜੁਝਾਰੂ ਖਿਡਾਰੀ ਮਹਿੰਦਰ ਮੁਣਸ਼ੀ ਦੀ ਸਾਰੇ ਪਾਸੇ ਬੱਲੇ-ਬੱਲੇ ਹੋ ਗਈ ਸੀ। ਇਸੇ ਹੀ ਮਹਿੰਦਰ ਨੇ ਮਾਂਟਰੀਅਲ ਕੈਨੇਡਾ ਵਿਖੇ 1976 ਦੀਆਂ ਉਲੰਪਿਕ ਖੇਡਾਂ ਸਮੇਂ ਆਪਣੀਆਂ ਡਾਜਾਂ, ਜਾਨਦਾਰ ਸਟਰੋਕਾਂ ਦੀ ਕਮਾਲ ਦਿਖਾਉਂਦਿਆਂ ਬੈਸਟ ਸਕੋਰਰ ਦਾ ਖਿਤਾਬ ਹਾਸਲ ਕੀਤਾ। ਇਹ ਹੀਰਾ ਭਰ ਜੁਆਨੀ ਵਿਚ ਆਰਥਿਕ ਤੇ ਸਮਾਜਿਕ ਨਾ-ਬਰਾਬਰੀ 'ਤੇ ਅਧਾਰਿਤ ਸਮਾਜ ਅਤੇ ਜਾਤਾਂ-ਪਾਤਾਂ ਦੇ ਚੱਕਰਵਿਊ ਦੀਆਂ ਬਿਮਾਰੀਆਂ ਦਾ ਸ਼ਿਕਾਰ ਤੇ ਮਾੜੇ ਸਿਹਤ ਪ੍ਰਬੰਧ ਕਰਕੇ 19 ਸਤੰਬਰ, 1977 ਨੂੰ ਸਾਥੋਂ ਸਦਾ ਲਈ ਵਿਛੜ ਗਿਆ। ਇਹ ਹੀਰਾ ਜੋ ਕਿ ਮਹਿੰਦਰ ਮੁਣਸ਼ੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਪਿੰਡ ਨੰਗਲ ਅੰਬੀਆਂ, ਨੇੜੇ ਸ਼ਾਹਕੋਟ, ਜ਼ਿਲ੍ਹਾ ਜਲੰਧਰ ਦੇ ਵਾਸੀ ਮੁਣਸ਼ੀ ਰਾਮ ਦੇ ਘਰ ਮਾਤਾ ਰੱਖੀ ਦੀ ਕੁੱਖੋਂ 3 ਅਪ੍ਰੈਲ, 1953 ਨੂੰ ਪੈਦਾ ਹੋਇਆ ਸੀ। ਮੁਣਸ਼ੀ ਦੇ ਪਿਤਾ ਦੁਆਬਾ ਖ਼ਾਲਸਾ ਸਕੂਲ, ਜਲੰਧਰ ਵਿਖੇ ਸਫਾਈ ਸੇਵਕ ਵਜੋਂ ਨੌਕਰੀ ਕਰਦੇ ਸਨ ਅਤੇ ਸਕੂਲ ਦੇ ਮੈਦਾਨ ਨੇੜੇ ਹੀ ਰਹਿੰਦੇ ਸਨ। ਇਸ ਮੈਦਾਨ ਨੂੰ ਭਾਰਤ ਦੇ ਹਾਕੀ ਦੇ ਚੋਟੀ ਦੇ ਕਈ ਖਿਡਾਰੀ ਦੇਣ ਦਾ ਮਾਣ ਹਾਸਲ ਹੈ। ਇਥੇ ਹੀ ਮੁਣਸ਼ੀ ਨੇ ਮੈਦਾਨ ਵਿਚ ਨੱਠਣ-ਭੱਜਣ ਤੋਂ ਸ਼ੁਰੂ ਕਰਕੇ ਹਾਕੀ ਤੱਕ ਦਾ ਸਫ਼ਰ ਤੈਅ ਕੀਤਾ। ਉਸ ਬਲੈਕ ਬੋਰਡ 'ਤੇ ਗੋਲ ਚੱਕਰ ਵਾਹ ਦੇਣਾ ਤੇ ਨਾਲਦਿਆਂ ਨੂੰ ਕਹਿਣਾ ਕਿ ਜਿਸ ਚੱਕਰ 'ਤੇ ਤੁਸੀਂ ਸੋਟੀ ਲਾਓਗੇ, ਮੈਂ ਹਾਕੀ ਨਾਲ ਉਥੇ ਹੀ ਬਾਲ ਮਾਰਾਂਗਾ। ਉਸ ਨੇ ਬਾਲ ਗਿੱਲੀ ਕਰਕੇ ਉੱਥੇ ਹੀ ਮਾਰਨ ਦੀ ਪ੍ਰੈਕਟਿਸ ਕਰਦਿਆਂ ਪੈਨਲਟੀ ਸਟਰੋਕ ਦੀ ਮੁਹਾਰਤ ਸਕੂਲ ਵਿਚ ਹੀ ਹਾਸਲ ਕਰ ਲਈ ਸੀ। ਸ਼ਾਇਦ ਇਸੇ ਹੀ ਮਿਹਨਤ ਸਦਕਾ ਉਹ 1976 ਵਿਚ ਹੋਈਆਂ ਮਾਂਟਰੀਅਲ (ਜਿੱਥੇ ਉਸ ਦੇ ਸੁਪਨਿਆਂ ਦੀ ਰਾਣੀ ਰਹਿੰਦੀ ਹੈ) ਵਿਖੇ ਉਲੰਪਿਕ ਖੇਡਾਂ ਦੌਰਾਨ ਬੈਸਟ ਸਕੋਰਰ ਰਿਹਾ, ਉਸ ਦੀ ਪੈਨਲਟੀ ਸਟਰੋਕ 100 ਫੀਸਦੀ ਗੋਲ ਮੰਨੀ ਜਾਂਦੀ ਸੀ।
ਉਹ ਘਰ ਦੀਆਂ ਮਜਬੂਰੀਆਂ ਕਾਰਨ ਫੌਜ ਵਿਚ ਭਰਤੀ ਹੋ ਗਿਆ। ਉੱਥੇ ਵੀ ਉਹ ਅਥਲੈਟਿਕਸ ਤੇ ਹਾਕੀ ਖੇਡਦਾ ਰਿਹਾ। 1970 ਵਿਚ ਉਹ ਫੌਜ ਵਿਚੋਂ ਸ੍ਰੀ ਰਾਜਕੁਮਾਰ ਦੀ ਪ੍ਰੇਰਨਾ ਨਾਲ ਪੰਜਾਬ ਪੁਲਿਸ ਵਿਚ ਆ ਗਿਆ। ਫਿਰ ਚੱਲ ਸੋ ਚੱਲ। ਉਸ ਦੇ ਪਰਿਵਾਰ ਨੂੰ ਮਾਣ ਹੈ ਕਿ ਮੁਣਸ਼ੀ ਏਨੇ ਗਰੀਬ ਪਰਿਵਾਰ ਵਿਚ ਪੈਦਾ ਹੋ ਕੇ ਬਗੈਰ ਕਿਸੇ ਸਿਫਾਰਸ਼ ਦੇ 17 ਸਾਲ ਦੀ ਉਮਰ ਵਿਚ ਭਾਰਤ ਵਲੋਂ 1970 ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਖੇਡਿਆ। ਹੁਣ ਤਾਂ ਸੁਣੀਂਦਾ ਸਿਫਾਰਸ਼ ਨਾਲ ਖੇਡਣਾ ਤਾਂ ਬਹੁਤ ਉਰੇ ਦੀ ਗੱਲ ਹੈ, ਐਵਾਰਡ ਵੀ ਮਿਲ ਜਾਂਦੇ ਹਨ। ਮਹਿੰਦਰ ਮੁਣਸ਼ੀ ਨੇ ਪੰਜਾਬ ਪੁਲੀਸ ਵਲੋਂ 1971 ਤੋਂ ਸੰਨ 76 ਤੱਕ ਆਲ ਇੰਡੀਆ ਪੁਲੀਸ ਮੁਕਾਬਲਿਆਂ ਵਿਚ ਖੇਡਦਿਆਂ ਆਪਣੀ ਜਾਨਦਾਰ, ਤਕਨੀਕੀ ਤੇ ਡਾਜਾਂ ਭਰਪੂਰ ਹਾਕੀ ਖੇਡਣ ਦੀ ਕਲਾ ਰਾਹੀਂ ਜਿੱਥੇ ਆਪਣਾ ਲੋਹਾ ਮੰਨਵਾਇਆ, ਉੱਥੇ ਆਪਣੀ ਟੀਮ ਨੂੰ ਸ਼ਾਨਦਾਰ ਜਿੱਤਾਂ ਦੁਆਈਆਂ ਅਤੇ ਸਿਪਾਹੀ ਤੋਂ ਸਬ-ਇੰਸਪੈਕਟਰ ਤੱਕ ਤਰੱਕੀਆਂ ਲਈਆਂ। ਮੁਣਸ਼ੀ ਪੰਜਾਬ ਪੁਲੀਸ ਤੇ ਪੰਜਾਬ ਵਲੋਂ ਸੈਂਟਰ ਹਾਫ਼ ਤੇ ਭਾਰਤ ਵਲੋਂ ਲੈਫ਼ਟ ਹਾਫ਼ ਦੇ ਸਥਾਨ 'ਤੇ ਖੇਡਦਾ ਸੀ।
ਉਸ ਨੇ ਭਾਰਤੀ ਹਾਕੀ ਟੀਮ ਵਲੋਂ ਖੇਡਦਿਆਂ 1970 ਦੀਆਂ ਬੈਂਕਾਕ ਵਿਖੇ ਏਸ਼ੀਅਨ ਖੇਡਾਂ, 1974 ਨੂੰ ਭਾਰਤ ਅਤੇ ਏਸ਼ੀਅਨ ਹਾਕੀ ਟੀਮ ਵਿਚਾਲੇ ਹੈਦਰਾਬਾਦ ਵਿਖੇ ਅਤੇ 1976 ਵਿਚ ਮਾਂਟਰੀਅਲ ਵਿਚ ਹੋਈਆਂ ਉਲੰਪਿਕ ਖੇਡਾਂ ਅਤੇ 1975 ਵਿਚ ਮਲੇਸ਼ੀਆ ਵਿਖੇ ਵਰਲਡ ਹਾਕੀ ਕੱਪ ਜੋ ਭਾਰਤ ਨੇ 11 ਵਰ੍ਹਿਆਂ ਬਾਅਦ ਜਿੱਤਿਆ ਸੀ, ਵਿਚ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਸੀ।
ਉਸ ਦੀ ਯਾਦ ਵਿਚ ਹਰ ਸਾਲ ਸੂਬਾ ਪੱਧਰੀ ਹਾਕੀ ਟੂਰਨਾਮੈਂਟ ਪੀ.ਏ.ਪੀ. ਹਾਕੀ ਐਸਟਰੋਟਰਫ ਮੈਦਾਨ ਜਲੰਧਰ ਵਿਖੇ ਸ: ਦਲਜੀਤ ਸਿੰਘ, ਸ: ਸੁਖਵਿੰਦਰ ਸਿੰਘ, ਸ: ਜਸਵਿੰਦਰ ਸਿੰਘ, ਸ: ਰਜਿੰਦਰਪਾਲ ਸਿੰਘ ਸੈਣੀ, ਉਲੰਪੀਅਨ ਸੰਜੀਵ ਕੁਮਾਰ, ਬਲਜੀਤ ਸਿੰਘ ਚੰਦੀ, ਬੂਟਾ ਸਿੰਘ ਸਰਹਾਲੀ, ਮਹਾਂਬੀਰ ਸਿੰਘ, ਹਰਮਨਪ੍ਰੀਤ ਸਿੰਘ, ਕੁਲਜੀਤ ਸਿੰਘ ਸੈਣੀ, ਗੁਰਮੀਤ ਸਿੰਘ, ਸੱਤਪਾਲ, ਧਰਮਪਾਲ ਸਿੰਘ, ਹਰਜਿੰਦਰ ਸਿੰਘ ਰਿਆੜ, ਊਧਮ ਸਿੰਘ ਹੁੰਦਲ, ਸਾਹਿਲ ਸਿੰਘ ਹੁੰਦਲ ਕੈਨੇਡਾ, ਤੇਜਵੰਤ ਸਿੰਘ ਅਤੇ ਜੱਸ ਯੂ.ਐਸ.ਏ. ਆਦਿ ਦੀ ਅਗਵਾਈ ਹੇਠ ਹੁੰਦਾ ਹੈ।


-ਲੱਖਣ ਕੇ ਪੱਡਾ (ਕਪੂਰਥਲਾ)। ਮੋਬਾ: 98154-79623

ਕਦੋਂ ਤੁਰੇਗੀ ਭਾਰਤੀ ਹਾਕੀ ਟੀਮ ਸੁਨਹਿਰੀ ਰਾਹਾਂ ਵੱਲ?

ਜਕਾਰਤਾ ਏਸ਼ੀਅਨ ਖੇਡਾਂ ਵੇਲੇ ਭਾਰਤੀ ਹਾਕੀ ਟੀਮਾਂ ਦੇ ਆਰੰਭਲੇ ਮੈਚਾਂ 'ਚ ਇਸ ਗੱਲ ਦਾ ਭੁਲੇਖਾ ਜ਼ਰੂਰ ਪਿਆ ਕਿ ਸ਼ਾਇਦ ਭਾਰਤੀ ਹਾਕੀ ਦੀ ਤਕਦੀਰ ਹੁਣ ਬਦਲਣ ਵਾਲੀ ਹੈ। ਸਦੀਆਂ ਦੀ ਖੜੋਤ ਹੁਣ ਇਕ ਨਵੀਂ ਦਿਸ਼ਾ ਵੱਲ ਕਦਮ ਧਰਦਿਆਂ ਸਭ ਆਲੋਚਕਾਂ ਦਾ ਮੂੰਹ ਬੰਦ ਕਰਦਿਆਂ ਇਕ ਨਵਾਂ ਅਧਿਆਇ ਲਿਖਣ ਵਾਲੀ ਹੈ ਪਰ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਤੱਕ ਆਉਂਦਿਆਂ ਭਾਰਤੀ ਹਾਕੀ ਦੇ ਡਗਮਗਾਉਣ ਦੀ ਉਹੀ ਕਹਾਣੀ ਫਿਰ ਆਰੰਭ ਹੋ ਗਈ। ਸਾਡੀ ਕਲਮ ਅੱਜ ਪਹਿਲੀ ਵਾਰ ਰੱਜ ਕੇ ਭਾਰਤੀ ਹਾਕੀ ਟੀਮਾਂ ਦੀ ਆਲੋਚਨਾ ਕਰਨਾ ਚਾਹੁੰਦੀ ਹੈ, ਜੋ ਦਹਾਕਿਆਂ ਤੋਂ ਹਾਕੀ ਪ੍ਰੇਮੀਆਂ ਦੀਆਂ ਉਮੀਦਾਂ, ਆਸਾਂ ਤੋੜਦੀ ਆਈ ਹੈ ਪਰ ਅਫ਼ਸੋਸ ਕਿ ਅੱਜ ਤੱਕ ਵੀ ਏਨੀ ਜੋਗੀ ਨਹੀਂ ਹੋ ਸਕੀ ਕਿ ਉਹ ਹਾਕੀ ਪ੍ਰੇਮੀਆਂ ਨੂੰ ਉਨ੍ਹਾਂ ਦੇ ਸਬਰ ਦਾ ਕੋਈ ਇਨਾਮ ਦੇ ਸਕੇ।
ਏਸ਼ੀਅਨ ਖੇਡਾਂ 'ਚ ਸਾਡੀ ਪੁਰਸ਼ ਅਤੇ ਮਹਿਲਾ ਵਰਗ ਦੀਆਂ ਟੀਮਾਂ ਜੋ ਤਗਮੇ ਲੈ ਕੇ ਆਈਆਂ ਹਨ, ਉਨ੍ਹਾਂ ਤੋਂ ਕਿਸੇ ਸੁਨਹਿਰੀ ਭਵਿੱਖ ਦੀ ਕੋਈ ਆਸ ਨਹੀਂ ਬੱਝਦੀ। ਅਸੀਂ ਕਈ ਸਾਲਾਂ ਤੋਂ ਵਕਫੇ-ਵਕਫੇ ਬਾਅਦ ਇਹ ਤਗਮੇ ਹਾਕੀ ਟੀਮਾਂ ਦੇ ਹੱਥੀਂ ਦੇਖੇ ਹਨ। ਦੇਸ਼ 'ਚ ਵਿਸ਼ਵ ਕੱਪ ਹਾਕੀ ਦਾ ਆਯੋਜਨ ਕੁਝ ਮਹੀਨਿਆਂ ਬਾਅਦ ਹੋ ਰਿਹਾ ਹੈ। ਅਸੀਂ ਏਸ਼ੀਆ ਮਹਾਂਦੀਪ 'ਚੋਂ ਹੁਣ ਕਾਂਸੀ ਦੇ ਤਗਮਿਆਂ ਨਾਲ ਹੀ ਖੁਸ਼ ਤੇ ਸੰਤੁਸ਼ਟ ਹੋਈ ਜਾ ਰਹੇ ਹਾਂ। ਭਾਰਤੀਓ! ਜੇ ਖੇਡ ਪ੍ਰਤੀ ਕਿਸੇ ਕੋਚ ਦੀ ਵਚਨਬੱਧਤਾ ਦੇਖਣੀ ਹੈ ਤਾਂ ਜਾਪਾਨੀ ਕੋਚ ਸੀਗਫਰੈਂਡ ਐਕਮੈਨ ਦੀ ਦੇਖੋ। ਜੇ ਦੇਸ਼ ਪ੍ਰਤੀ ਲਗਨ ਦੀ ਕਿਸੇ ਨੇ ਮਿਸਾਲ ਦੇਖਣੀ ਹੈ ਤਾਂ ਮਲੇਸ਼ੀਆ ਦੀ ਹਾਕੀ ਟੀਮ ਦੀ ਦੇਖੋ। ਪੁਰਸ਼ ਵਰਗ ਦੀ ਹਾਕੀ 'ਚ ਜਾਪਾਨ ਨੇ ਸੋਨੇ ਦਾ ਤਗਮਾ ਜਿੱਤਿਆ ਅਤੇ ਮਲੇਸ਼ੀਆ ਨੇ ਚਾਂਦੀ ਦਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੁਝ ਅਰਸਾ ਪਹਿਲਾਂ ਚੈਂਪੀਅਨਜ਼ ਟਰਾਫੀ ਹਾਕੀ 'ਚ ਭਾਰਤ ਫਾਈਨਲ ਤੱਕ ਪਹੁੰਚ ਗਿਆ। ਬੜੀ ਮੁਸ਼ਕਿਲ ਨਾਲ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ। ਉਦੋਂ ਲਗਦਾ ਸੀ ਕਿ ਸ਼ਾਇਦ ਹੁਣ ਭਾਰਤ ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾ ਸਕਦਾ ਪਰ ਕੁਝ ਮਹੀਨਿਆਂ ਬਾਅਦ ਹੁਣ ਇਹ ਸਾਬਤ ਹੋਇਆ ਕਿ ਅਸੀਂ ਸਹੀ ਮਾਅਨਿਆਂ 'ਚ ਏਸ਼ੀਅਨ ਚੈਂਪੀਅਨ ਵੀ ਨਹੀਂ। ਸਾਡੇ ਖਿਡਾਰੀਆਂ ਨੂੰ ਪੈਸਾ ਮਿਲ ਰਿਹਾ ਹੈ, ਪਦਵੀਆਂ ਦੀਆਂ ਤਰੱਕੀਆਂ ਵੀ ਹੋ ਰਹੀਆਂ ਹਨ, ਅਰਜਨ ਐਵਾਰਡ ਵੀ ਮਿਲ ਰਹੇ ਹਨ, ਅਜੇ ਹੋਰ ਸਹੂਲਤਾਂ ਅਤੇ ਤਰੱਕੀਆਂ ਲਈ ਸਾਡੇ ਹਾਕੀ ਖਿਡਾਰੀ ਮੂੰਹ ਅੱਡੀ ਬੈਠੇ ਹਨ ਪਰ ਦੇਸ਼ ਦੀ ਹਾਕੀ ਕਿੰਨੀ ਕੁ ਤਰੱਕੀ ਕਰ ਰਹੀ ਹੈ, ਏਸ਼ੀਅਨ ਖੇਡਾਂ ਨੇ ਸਾਨੂੰ ਭਲੀਭਾਂਤ ਦੱਸ ਹੀ ਦਿੱਤਾ ਹੈ। ਪਰ ਸਾਡੇ ਖਿਡਾਰੀਆਂ ਨੂੰ ਕੀ ਫਰਕ ਪੈਂਦਾ?
ਜਾਪਾਨ ਦੇ ਸ਼ਹਿਰ ਟੋਕੀਓ 'ਚ ਅਗਲੀਆਂ ਉਲੰਪਿਕ ਖੇਡਾਂ ਆਯੋਜਿਤ ਹੋ ਰਹੀਆਂ ਹਨ। ਉਸ ਦੇਸ਼ ਦੀ ਹਾਕੀ ਸਿਸਟਮ ਨੂੰ ਚਲਾਉਣ ਦੀ ਤਿਆਰੀ ਅਤੇ ਰਣਨੀਤੀ ਵੇਖੋ, ਮਹਿਲਾ ਅਤੇ ਪੁਰਸ਼ ਵਰਗ 'ਚ ਦੋਵਾਂ 'ਚ ਉਨ੍ਹਾਂ ਦੀਆਂ ਹਾਕੀ ਟੀਮਾਂ ਚੈਂਪੀਅਨ ਹਨ ਪਰ ਸਾਡੇ ਦੇਸ਼ 'ਚ ਪੁਰਸ਼ ਵਰਗ ਦਾ ਵਿਸ਼ਵ ਕੱਪ ਆਯੋਜਿਤ ਹੋ ਰਿਹਾ ਹੈ, ਇਸ ਵਿਚ ਭਾਰਤੀ ਹਾਕੀ ਟੀਮ ਕਿੰਨੀ ਕੁ ਵੱਡੀ ਚੁਣੌਤੀ ਦੇ ਸਕਦੀ ਹੈ, ਤੁਸੀਂ ਆਪ ਹੀ ਅੰਦਾਜ਼ਾ ਲਗਾ ਲਵੋ। ਹਕੀਕਤ ਇਹ ਹੈ ਕਿ ਭਾਰਤੀ ਹਾਕੀ ਟੀਮਾਂ ਦੀ ਮੌਜੂਦਾ ਸਥਿਤੀ ਇਹ ਹੈ ਕਿ ਕਿਸੇ ਟੂਰਨਾਮੈਂਟ 'ਚ ਇਹ ਦੁਨੀਆ ਦੀ ਕਿਸੇ ਚੋਟੀ ਦੀ ਟੀਮ ਨੂੰ ਹਰਾ ਸਕਦੀ ਹੈ ਪਰ ਕੁਝ ਮਹੀਨਿਆਂ ਬਾਅਦ ਕਿਸੇ ਹੋਰ ਟੂਰਨਾਮੈਂਟ 'ਚ ਦੁਨੀਆ ਦੀ ਹੇਠਲੀ ਤੋਂ ਹੇਠਲੀ ਰੈਂਕ ਦੀ ਟੀਮ ਤੋਂ ਵੀ ਹਾਰ ਸਕਦੀ ਹੈ। ਹੁਣ ਇਸ ਟੀਮ 'ਤੇ ਭਰੋਸਾ ਕਰਨਾ ਮੁਸ਼ਕਿਲ ਹੈ।
ਭਾਰਤੀ ਹਾਕੀ ਟੀਮ ਲਈ ਹੋਰ ਵੱਡੀ ਮੁਸੀਬਤ ਟੋਕੀਓ ਉਲੰਪਿਕ ਹਾਕੀ ਲਈ ਕੁਆਲੀਫਾਈ ਕਰਨਾ ਹੈ। ਟੂਰਨਾਮੈਂਟ ਵਿਚ ਕਾਂਸੀ ਦੇ ਤਗਮੇ ਨਾਲ ਇਹ ਕੁਆਲੀਫਿਕੇਸ਼ਨ ਵੀ ਹੱਥੋਂ ਜਾਂਦੀ ਰਹੀ। ਹੁਣ ਅੱਠ ਦੇਸ਼ਾ ਹਾਕੀ ਟੂਰਨਾਮੈਂਟ 'ਚ ਪਹਿਲੇ, ਦੂਜੇ ਸਥਾਨ 'ਤੇ ਆਉਣਾ ਪਵੇਗਾ ਜਾਂ ਫਿਰ 12 ਦੇਸ਼ਾ ਕੁਆਲੀਫਾਇੰਗ ਟੂਰਨਾਮੈਂਟ 'ਚ ਬਹੁਤ ਆਹਲਾ ਦਰਜੇ ਦੀ ਕਾਰਗੁਜ਼ਾਰੀ ਦਿਖਾਉਣੀ ਪਵੇਗੀ। ਦੋਵੇਂ ਭਾਰਤ ਲਈ ਔਖੇ ਕੰਮ ਹਨ।
ਸੱਚ ਤਾਂ ਇਹ ਹੈ ਕਿ ਏਸ਼ੀਅਨ ਖੇਡਾਂ 'ਚ ਸਾਡੀ ਪੁਰਸ਼ ਵਰਗ ਦੀ ਟੀਮ ਨੇ ਸੈਮੀਫਾਈਨਲ ਹਾਰ ਕੇ ਬਹੁਤ ਕੁਝ ਗਵਾ ਲਿਆ ਹੈ। ਮਹਿਲਾ ਵਰਗ ਦੇ ਹੱਥੀਂ ਚਾਂਦੀ ਤਾਂ ਲੱਗ ਗਈ, ਜਿਸ ਨੂੰ ਬਹੁਤ ਵੱਡੀ ਪ੍ਰਾਪਤੀ ਨਹੀਂ ਮੰਨਿਆ ਜਾ ਸਕਦਾ। ਉਲੰਪਿਕ ਹਾਕੀ ਲਈ ਮਹਿਲਾ ਹਾਕੀ ਟੀਮ ਵੀ ਕੁਆਲੀਫਾਈ ਨਹੀਂ ਕਰ ਸਕੀ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX