ਤਾਜਾ ਖ਼ਬਰਾਂ


ਗੈਸਟ ਹਾਊਸ ਕਾਂਡ ਤੋਂ ਬਾਅਦ ਪਹਿਲੀ ਵਾਰ ਇੱਕੋ ਮੰਚ 'ਤੇ ਨਜ਼ਰ ਆਏ ਮੁਲਾਇਮ ਯਾਦਵ ਅਤੇ ਮਾਇਆਵਤੀ
. . .  15 minutes ago
ਲਖਨਊ, 19 ਅਪ੍ਰੈਲ- ਉੱਤਰ ਪ੍ਰਦੇਸ਼ ਦੇ ਮੈਨਪੁਰੀ 'ਚ ਸਮਾਜਵਾਦੀ ਪਾਰਟੀ (ਸਪਾ), ਬਹੁਜਨ ਸਮਾਜ ਪਾਰਟੀ (ਬਸਪਾ) ਅਤੇ ਰਾਸ਼ਟਰੀ ਲੋਕ ਦਲ (ਰਾਲੋਦ) ਦੀ ਅੱਜ ਸਾਂਝੀ ਰੈਲੀ ਹੋਈ। ਇਸ ਰੈਲੀ 'ਚ ਸਪਾ ਦੇ ਸਰਪ੍ਰਸਤ ਮੁਲਾਇਮ ਸਿੰਘ ਯਾਦਵ ਅਤੇ ਬਸਪਾ ਮੁਖੀ...
ਸ਼ਿਵ ਸੈਨਾ 'ਚ ਸ਼ਾਮਲ ਹੋਈ ਪ੍ਰਿਅੰਕਾ ਚਤੁਰਵੇਦੀ
. . .  42 minutes ago
ਮੁੰਬਈ, 19 ਅਪ੍ਰੈਲ- ਪ੍ਰਿਅੰਕਾ ਚਤੁਰਵੇਦੀ ਅੱਜ ਸ਼ਿਵ ਸੈਨਾ 'ਚ ਸ਼ਾਮਲ ਹੋ ਗਈ ਹੈ। ਉਨ੍ਹਾਂ ਨੇ ਮੁੰਬਈ 'ਚ ਪਾਰਟੀ ਪ੍ਰਧਾਨ ਊਧਵ ਠਾਕਰੇ ਦੀ ਮੌਜੂਦਗੀ 'ਚ ਸ਼ਿਵ ਸੈਨਾ ਦੀ ਮੈਂਬਰਸ਼ਿਪ ਗ੍ਰਹਿਣ ਕੀਤੀ। ਜ਼ਿਕਰਯੋਗ ਹੈ ਕਿ ਕਾਂਗਰਸ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼...
ਬਰਾਤੀਆਂ ਨੂੰ ਲਿਜਾ ਰਹੀ ਬੱਸ ਪਲਟੀ, ਸੱਤ ਦੀ ਮੌਤ
. . .  57 minutes ago
ਰਾਏਪੁਰ, 19 ਅਪ੍ਰੈਲ- ਛੱਤੀਸਗੜ੍ਹ ਦੇ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬਰਾਤੀਆਂ ਨੂੰ ਲੈ ਕੇ ਜਾ ਰਹੇ ਇੱਕ ਬੱਸ ਦੇ ਪਲਟਣ ਕਾਰਨ 7 ਲੋਕਾਂ ਦੀ ਮੌਤ ਹੋ ਗਈ, ਜਦਕਿ 25 ਹੋਰ ਜ਼ਖ਼ਮੀ ਹੋ ਗਏ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਬਲੌਦਾ ਬਾਜ਼ਾਰ ਜ਼ਿਲ੍ਹੇ 'ਚ ਬੀਤੀ ਰਾਤ ਕਸਡੋਰ...
ਮੁੰਬਈ ਹਮਲੇ 'ਚ ਸ਼ਹੀਦ ਹੋਏ ਏ. ਟੀ. ਐੱਸ. ਮੁਖੀ ਹੇਮੰਤ ਕਰਕਰੇ ਨੂੰ ਲੈ ਕੇ ਸਾਧਵੀ ਨੇ ਦਿੱਤਾ ਵਿਵਾਦਤ ਬਿਆਨ
. . .  about 1 hour ago
ਭੋਪਾਲ, 19 ਅਪ੍ਰੈਲ- ਲੋਕ ਸਭਾ ਹਲਕੇ ਭੋਪਾਲ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰਗਿਆ ਠਾਕੁਰ ਵਲੋਂ ਮਹਾਰਾਸ਼ਟਰ ਦੇ ਸ਼ਹੀਦ ਅਤੇ ਸੀਨੀਅਰ ਪੁਲਿਸ ਅਧਿਕਾਰੀ ਹੇਮੰਤ ਕਰਕਰੇ ਨੂੰ ਲੈ ਕੇ ਇੱਕ ਵਿਵਾਦਤ ਬਿਆਨ ਦਿੱਤਾ ਹੈ। ਇਸ ਸੰਬੰਧੀ ਸਾਧਵੀ ਦੀ ਅੱਜ ਸੋਸ਼ਲ ਮੀਡੀਆ...
ਕਾਂਗਰਸ ਨੂੰ ਛੱਡ ਸ਼ਿਵ ਸੈਨਾ ਦਾ 'ਹੱਥ' ਫੜੇਗੀ ਪ੍ਰਿਅੰਕਾ ਚਤੁਰਵੇਦੀ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ- ਕਾਂਗਰਸ ਤੋਂ ਅਸਤੀਫ਼ਾ ਦੇਣ ਵਾਲੀ ਪ੍ਰਿਅੰਕਾ ਚਤੁਰਵੇਦੀ ਹੁਣ ਸ਼ਿਵ ਸੈਨਾ 'ਚ ਸ਼ਾਮਲ ਹੋਵੇਗੀ। ਇਸ ਗੱਲ ਦੀ ਜਾਣਕਾਰੀ ਪਾਰਟੀ ਨੇਤਾ ਸੰਜੈ ਰਾਊਤ ਵਲੋਂ ਦਿੱਤੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਿਅੰਕਾ ਅੱਜ ਹੀ ਪਾਰਟੀ...
ਗੈਸ ਸਲੰਡਰ ਨੂੰ ਲੱਗੀ ਅੱਗ, ਦੁਕਾਨਦਾਰਾਂ ਨੂੰ ਪਈਆਂ ਭਾਜੜਾਂ
. . .  42 minutes ago
ਓਠੀਆ, 19 ਅਪ੍ਰੈਲ (ਗੁਰਵਿੰਦਰ ਸਿੰਘ ਛੀਨਾ)- ਜ਼ਿਲ੍ਹਾ ਅੰਮ੍ਰਿਤਸਰ ਦੇ ਕਸਬਾ ਓਠੀਆ 'ਚ ਅੱਜ ਇੱਕ ਦਰਜੀ ਦੀ ਦੁਕਾਨ 'ਚ ਰੱਖੇ ਗੈਸ ਸਲੰਡਰ 'ਚ ਅਚਾਨਕ ਅੱਗ ਲੱਗ ਗਈ। ਇਸ ਕਾਰਨ ਨਜ਼ਦੀਕੀ ਦੁਕਾਨਦਾਰਾਂ ਨੂੰ ਵੀ ਭਾਜੜਾਂ ਪੈ ਗਈਆਂ। ਇਸ ਹਾਦਸੇ 'ਚ ਕਿਸੇ...
ਪ੍ਰਿਅੰਕਾ ਚਤੁਰਵੇਦੀ ਨੇ ਛੱਡੀ ਕਾਂਗਰਸ
. . .  about 1 hour ago
ਨਵੀਂ ਦਿੱਲੀ, 19 ਅਪ੍ਰੈਲ- ਕਾਂਗਰਸ ਪਾਰਟੀ 'ਚ 'ਗੁੰਡਿਆਂ' ਨੂੰ ਤਰਜ਼ੀਹ ਮਿਲਣ ਦਾ ਦੋਸ਼ ਲਾਉਣ ਵਾਲੇ ਪਾਰਟੀ ਦੇ ਮਹਿਲਾ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਨੇ ਪਾਰਟੀ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ ਬੀਤੀ ਰਾਤ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ...
ਪ੍ਰਿਅੰਕਾ ਚਤੁਰਵੇਦੀ ਨੇ ਟਵਿੱਟਰ ਅਕਾਊਂਟ ਤੋਂ ਹਟਾਇਆ ਕਾਂਗਰਸ ਦਾ ਨਾਂ
. . .  about 2 hours ago
ਨਵੀਂ ਦਿੱਲੀ, 19 ਅਪ੍ਰੈਲ- ਲੋਕ ਸਭਾ ਚੋਣਾਂ ਵਿਚਾਲੇ ਅੱਜ ਕਾਂਗਰਸ ਪਾਰਟੀ ਨੂੰ ਵੱਡਾ ਝਟਕਾ ਲੱਗ ਸਕਦਾ ਹੈ। ਪਾਰਟੀ ਦੇ ਮਹਿਲਾ ਬੁਲਾਰੇ ਪ੍ਰਿਅੰਕਾ ਚਤੁਰਵੇਦੀ ਪਾਰਟੀ ਤੋਂ ਅਸਤੀਫ਼ਾ ਦੇ ਸਕਦੀ ਹੈ। ਅਸਲ 'ਚ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵਿੱਟਰ ਤੋਂ...
ਜਗਮੀਤ ਸਿੰਘ ਬਰਾੜ ਦੇ ਘਰ ਪਹੁੰਚੇ ਪ੍ਰਕਾਸ਼ ਸਿੰਘ ਬਾਦਲ
. . .  about 2 hours ago
ਸ੍ਰੀ ਮੁਕਤਸਰ ਸਾਹਿਬ, 19 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)- ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਸਥਿਤ ਘਰ 'ਚ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹੁੰਚ ਚੁੱਕੇ ਹਨ। ਕੁਝ ਸਮੇਂ ਬਾਅਦ ਹੀ ਸਮਾਗਮ ਦੌਰਾਨ...
ਏ. ਟੀ. ਐੱਮ. ਅਤੇ ਡਾਕਖ਼ਾਨੇ ਦਾ ਸ਼ਟਰ ਤੋੜ ਕੇ ਲੱਖਾਂ ਰੁਪਏ ਦੀ ਨਕਦੀ ਅਤੇ ਸਮਾਨ ਲੈ ਕੇ ਫ਼ਰਾਰ ਹੋਏ ਲੁਟੇਰੇ
. . .  about 2 hours ago
ਦੇਵੀਗੜ੍ਹ, 19 ਅਪ੍ਰੈਲ (ਰਾਜਿੰਦਰ ਸਿੰਘ ਮੌਜੀ)- ਬੀਤੀ ਰਾਤ ਲੁਟੇਰੇ ਦੁਧਨ ਸਾਧਾਂ (ਪਟਿਆਲਾ) ਵਿਖੇ ਸਟੇਟ ਬੈਂਕ ਆਫ਼ ਇੰਡੀਆ ਦੀ ਇੱਕ ਬਰਾਂਚ ਨੂੰ ਤੋੜ ਕੇ ਉਸ 'ਚੋਂ 2 ਲੱਖ ਅਤੇ 81 ਹਜ਼ਾਰ ਰੁਪਏ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ। ਇੰਨਾ ਹੀ ਨਹੀਂ, ਇਸੇ ਰਾਤ ਲੁਟੇਰਿਆਂ...
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸਿੱਖ ਪੰਥ ਲਈ ਵਿਚਾਰਨ ਦਾ ਸਮਾਂ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ. ਕੇ. ਦੀ ਨਿਊਯਾਰਕ ਤੇ ਯੂਬਾ ਸਿਟੀ, ਅਮਰੀਕਾ ਵਿਚ ਹੋਈ ਕੁੱਟਮਾਰ ਅਤੇ ਸ਼ਾਇਦ ਇਤਿਹਾਸ ਵਿਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਪੜਤਾਲ ਲਈ ਪੰਜਾਬ ਸਰਕਾਰ ਵਲੋਂ ਬਣਾਏ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਪੰਜਾਬ ਅਸੈਂਬਲੀ ਵਿਚ ਹੋਈ ਚਰਚਾ ਗੰਭੀਰ ਚਿੰਤਨ ਦਾ ਵਿਸ਼ਾ ਹਨ।
ਭਾਰਤ ਵਿਚ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ 2,08,33,116 ਸਿੱਖ ਵਸਦੇ ਹਨ, ਜਿਨ੍ਹਾਂ ਵਿਚੋਂ ਕਰੀਬ 1.60 ਕਰੋੜ ਭਾਵ 77 ਫੀਸਦੀ ਪੰਜਾਬ ਵਿਚ ਵਸਦੇ ਹਨ, ਜੋ ਪੰਜਾਬ ਦੀ ਕੁੱਲ ਆਬਾਦੀ ਦਾ 57.69 ਫੀਸਦੀ ਹਨ। ਬਾਕੀ ਆਬਾਦੀ ਭਾਰਤ ਦੇ ਤਕਰੀਬਨ ਸਾਰੇ ਸੂਬਿਆਂ ਤੇ ਕਂੇਦਰੀ ਸ਼ਾਸਤ ਪ੍ਰਦੇਸਾਂ ਵਿਚ ਹੈ। ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਿੱਖ ਆਬਾਦੀ ਕਰੀਬ 5.70 ਲੱਖ ਹੈ। ਦੁਨੀਆ ਭਰ ਦੀ ਕੁੱਲ ਸਿੱਖ ਆਬਾਦੀ ਦਾ ਗੈਰ-ਸਰਕਾਰੀ ਅਨੁਮਾਨ 2.77 ਕਰੋੜ ਹੈ, ਜਿਸ ਵਿਚ ਭਾਰਤ ਤੋਂ ਬਾਅਦ ਇੰਗਲੈਂਡ, ਅਮਰੀਕਾ, ਕੈਨੇਡਾ, ਮਲੇਸ਼ੀਆ, ਅਸਟ੍ਰੇਲੀਆ ਆਦਿ ਦੇਸ਼ਾਂ ਵਿਚ ਵੀ ਚੰਗੀ ਸਿੱਖ ਆਬਾਦੀ ਹੈ। ਇਸ ਤਰ੍ਹਾਂ ਕੁੱਲ ਆਬਾਦੀ ਦਾ 83 ਫੀਸਦੀ ਸਿੱਖ ਭਾਰਤ ਵਿਚ ਵਸਦਾ ਹੈ ਤੇ ਕਰੀਬ 17 ਫੀਸਦੀ ਵਿਦੇਸ਼ਾਂ ਦੀ ਧਰਤੀ 'ਤੇ ਜੀਵਨ ਬਸਰ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰੱਖਣ ਵਾਲਾ ਹਰ ਵਿਅਕਤੀ, ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਨਤਮਸਤਕ ਹੋਣਾ ਲੋੜਦਾ ਹੈ ਤੇ ਧਾਰਮਿਕ ਰਹਿਬਰੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਵੇਖਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਥ ਇਕ ਸੰਪੂਰਨ ਕ੍ਰਾਂਤੀ ਦਾ ਨਾਂਅ ਹੈ, ਜਿਸ ਨੇ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਕ ਖੇਤਰ ਵਿਚ ਅਗਵਾਈ ਕੀਤੀ।
ਸਿੱਖ ਗੁਰੂ ਸਾਹਿਬਾਨ ਨੇ ਭਾਵੇਂ 21 ਲੜਾਈਆਂ (ਸ੍ਰੀ ਗੁਰੂ ਹਰਿਗੋਬਿੰਦ ਸਾਹਿਬ 4 ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ 17) ਮੁਗਲ ਹਕੂਮਤ ਵਿਰੁੱਧ ਲੜੀਆਂ ਪਰ ਜਿੱਤ ਕੇ ਇਕ ਇੰਚ ਜ਼ਮੀਨ 'ਤੇ ਕਬਜ਼ਾ ਵੀ ਨਹੀਂ ਕੀਤਾ। ਪਰ ਕਲਿਆਣਕਾਰੀ, ਹਲੇਮੀ ਤੇ ਨਿਆਂਪੂਰਕ ਰਾਜ ਦਾ ਜ਼ਰੂਰੀ ਹੋਣਾ ਬਿਆਨ ਕੀਤਾ। 'ਰਾਜ ਬਿਨਾ ਨ ਧਰਮ ਚਲੈ ਹੈਂ, ਧਰਮ ਬਿਨਾ ਸਭ ਦਲੈ ਮਲੈ ਹੈਂ' ਦੀ ਗੱਲ ਵੀ ਆਖੀ। ਦੁਨੀਆ ਵਿਚ ਚੰਗੇ ਸਮਾਜ ਦੀ ਸਿਰਜਣਾ ਲਈ ਹਲੇਮੀ ਰਾਜ ਜਿਥੇ ਸਾਰੇ ਸੁਖੀ ਵਸਣ ਲਈ, ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਮੁਗਲ ਰਾਜ ਦੀਆਂ ਜੜ੍ਹਾਂ ਪੁੱਟਣ ਲਈ ਪ੍ਰੇਰਿਆ। ਮਿਸਲਾਂ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ 1839 ਈ: ਤੱਕ ਵੱਡੇ ਹਿੱਸੇ 'ਤੇ ਰਾਜ ਸਥਾਪਿਤ ਕਰਕੇ ਗੁਰੂ ਆਸ਼ੇ ਅਨੁਸਾਰ ਰਾਜ ਦਾ ਸੰਕਲਪ ਪ੍ਰਗਟ ਕੀਤਾ।
ਬਰਤਾਨੀਆ ਸਰਕਾਰ ਨੇ ਗਦਾਰਾਂ ਦੀ ਮਦਦ ਨਾਲ 'ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਕਦੇ ਨਹੀਂ ਸੀ ਤੀਸਰੀ ਜਾਤਿ ਆਈ' ਵਾਲੇ ਰਾਜ ਨੂੰ ਖ਼ਤਮ ਕਰਕੇ, ਬਹਾਦਰ ਸਿੱਖ ਕੌਮ ਨੂੰ ਹੀ ਖਤਮ ਕਰਨ ਦੀ ਨੀਤੀ ਬਣਾਈ। 19ਵੀਂ ਸਦੀ ਦੇ ਇਕ ਅੰਗਰੇਜ਼ੀ ਅਖ਼ਬਾਰ ਨੇ ਲਿਖਿਆ ਕਿ 'ਇਸਾਈ ਧਰਮ ਚੰਗੀ ਤਰੱਕੀ ਕਰ ਰਿਹਾ ਹੈ ਅਤੇ ਅਗਲੇ 25 ਸਾਲ ਵਿਚ ਮਾਝਾ ਖੇਤਰ ਦਾ ਤੀਜਾ ਹਿੱਸਾ ਇਸਾਈ ਬਣ ਜਾਵੇਗਾ, ਫੇਰ ਮਾਲਵਾ ਵੀ ਇਸੇ ਤਰ੍ਹਾਂ ਹੋਵੇਗਾ। ਇਸ ਤਰ੍ਹਾਂ ਜਿਵੇਂ ਬੁੱਧ ਧਰਮ ਹੁਣ ਕੇਵਲ ਮੂਰਤੀਆਂ, ਫੋਟੋਆਂ ਵਿਚ ਹੈ, ਵਾਂਗ ਸਿੱਖ ਜੋ ਹੁਣ ਦਸਤਾਰਾਂ, ਕੜੇ ਤੇ ਕਿਰਪਾਨਾਂ ਨਾਲ ਨਜ਼ਰ ਆਉਂਦੇ ਹਨ, ਵੀ ਅਜਾਇਬ ਘਰਾਂ ਦੀਆਂ ਫੋਟੋਆਂ ਤੱਕ ਹੀ ਰਹਿ ਜਾਣਗੇ ਤੇ ਇਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਵੇਖ ਕੇ ਆਖਣਗੀਆਂ ਕਿ ਕਦੇ ਇਥੇ ਇਸ ਤਰ੍ਹਾਂ ਦੇ ਸਿੱਖ ਵਸਦੇ ਸਨ, ਜੋ ਇਸਾਈ ਮੱਤ ਦਾ ਵਿਰੋਧ ਕਰ ਸਕਦੇ ਸਨ, ਉਹ ਕਮਜ਼ੋਰ ਹੋ ਚੁੱਕੇ ਹਨ।' ਇਸੇ ਸਮੇਂ ਹੀ ਮਹਾਰਾਜਾ ਦਲੀਪ ਸਿੰਘ ਤੇ ਸਰਦਾਰ ਹਰਨਾਮ ਸਿੰਘ ਆਹੂਲਵਾਲੀਆ ਨੂੰ ਇਸਾਈ ਬਣਾ ਲਿਆ ਗਿਆ ਹੈ। 1852 ਈ: ਵਿਚ ਸ੍ਰੀ ਅੰਮ੍ਰਿਤਸਰ ਸਾਿਹਬ ਵਿਖੇ ਇਕ ਵੱਡੇ ਚਰਚ ਦੀ ਸਥਾਪਨਾ ਵੀ ਕਰ ਦਿੱਤੀ।
15 ਦਸੰਬਰ, 1904 ਈ: ਦੇ 'ਖਾਲਸਾ ਐਡਵੋਕੇਟ' ਅਖ਼ਬਾਰ ਦੇ ਐਡੀਟਰ ਲਿਖਦੇ ਹਨ ਕਿ ਵੱਡੀ ਗਿਣਤੀ ਵਿਚ ਝੂਠੇ ਗੁਰੂ ਸਿੱਖ ਧਰਮ ਵਿਚ ਆ ਗਏ ਹਨ, ਜਿਨ੍ਹਾਂ ਦਾ ਕੇਵਲ ਮੰਤਵ ਆਪਣੇ ਲੋਕਾਂ ਨੂੰ ਲੁੱਟਣਾ ਤੇ ਆਪਣਾ ਘਰ ਭਰਨਾ ਹੈ। ਸੱਚ ਤਾਂ ਇਹ ਹੈ ਕਿ ਸਿੱਖ ਧਰਮ ਤੇ ਗੁਰੂਆਂ 'ਤੇ ਵਿਸ਼ਵਾਸ ਖਤਮ ਹੋ ਗਿਆ ਹੈ। ਸਿੱਖ ਧਰਮ ਦਾ ਭਾਈਚਾਰਾ ਖਤਮ ਹੋ ਚੁੱਕਾ ਹੈ। ਅਤਿ ਸਤਿਕਾਰਤ 'ਭਾਈ' ਸ਼ਬਦ ਜਾਂ ਉਪਾਧੀ ਦਾ ਚਲਣ ਹੀ ਬੰਦ ਹੋ ਗਿਆ ਹੈ, ਜਿਸ ਦਾ ਪਹਿਲਾਂ ਬਹੁਤ ਸਤਿਕਾਰ ਸੀ। ਸਿੱਖ ਵਹਿਮਾਂ-ਭਰਮਾਂ ਤੇ ਮੂਰਤੀ ਪੂਜਾ ਵੱਲ ਤੁਰ ਪਏ ਹਨ ਤੇ ਸਿੱਖ ਸਿਧਾਂਤ ਨੂੰ ਛੱਡਦੇ ਜਾ ਰਹੇ ਹਨ।
ਸਰਦਾਰ ਠਾਕੁਰ ਸਿੰਘ ਸੰਧਾਵਾਲੀਆ, ਰਾਜਾ ਬਿਕਰਮ ਸਿੰਘ, ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਆਦਿ ਦੀ ਅਗਵਾਈ ਤੇ ਯਤਨਾਂ ਨਾਲ ਸਿੰਘ ਸਭਾ ਲਹਿਰ ਲਾਹੌਰ ਤੇ ਅੰਮ੍ਰਿਤਸਰ ਵਲੋਂ ਸਿੱਖ ਧਰਮ, ਸਿੱਖ ਸੱਭਿਆਚਾਰ ਦੀ ਰਾਖੀ ਤੇ ਮੁੜ ਵਾਪਸੀ ਦਾ ਕੰਮ ਸ਼ੁੁਰੂ ਹੋਇਆ।
1920 ਤੋਂ 1925 ਈ: ਦੀ ਗੁਰਦੁਆਰਾ ਸੁਧਾਰ ਲਹਿਰ ਵਿਚ ਸਰਦਾਰ ਕਰਤਾਰ ਸਿੰਘ ਝੱਬਰ, ਸੁੰਦਰ ਸਿੰਘ ਲਾਇਲਪੁਰੀ, ਟਹਿਲ ਸਿੰਘ ਧੰਜੂ ਤੇ ਬੂਟਾ ਸਿੰਘ ਲਾਇਲਪੁਰੀ ਆਦਿ ਆਗੂਆਂ ਦੀ ਅਗਾਵਈ ਹੇਠ 400 ਸ਼ਹੀਦੀਆਂ, 2,000 ਜ਼ਖ਼ਮੀ ਤੇ 30,000 ਗ੍ਰਿਫ਼ਤਾਰੀ ਤੇ ਭਾਰੀ ਮਾਲੀ ਨੁਕਸਾਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ।
ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਕੇਵਲ ਸਿੱਧੇ ਜਾਂ ਲੋਕਲ ਕਮੇਟੀਆਂ ਰਾਹੀਂ 482 ਗੁਰਦੁਆਰਾ ਸਾਹਿਬਾਨ ਹੀ ਹਨ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤਾਂ 'ਤੇ ਜਥੇਦਾਰ ਸਾਹਿਬਾਨ ਦੇ ਹੁਕਮਨਾਮੇ ਵਿਸ਼ਵ ਭਰ ਵਿਚ ਪੰਥ ਨੂੰ ਅਗਵਾਈ ਦਿੰਦੇ ਹਨ। ਮੂਲ ਰੂਪ ਵਿਚ ਇਹ ਸੰਸਥਾ ਮਹੰਤਾਂ ਦੀ ਥਾਂ ਗੁਰਦੁਆਰਾ ਪ੍ਰਬੰਧ ਲਈ ਬਣੀ ਸੀ ਅਤੇ ਧਰਮ ਪ੍ਰਚਾਰ ਇਸ ਦੀ ਜ਼ਿੰਮੇਵਾਰੀ ਨਹੀਂ ਸੀ, 1956 ਤੋਂ ਬਾਅਦ ਹੀ ਧਰਮ ਪ੍ਰਚਾਰ ਲਈ ਬਜਟ ਰੱਖਣ ਲਈ ਕਾਨੂੰਨ ਤੇ ਨਿਯਮ ਬਣੇ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ 482 ਗੁਰਦੁਆਰਾ ਸਾਹਿਬਾਨ ਦਾ ਹੀ ਪ੍ਰਬੰਧ ਦੇਖਦੀ ਹੈ ਫਿਰ ਦੁਨੀਆ ਭਰ ਦੇ ਹਜ਼ਾਰਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੇ ਪ੍ਰਚਾਰ-ਪ੍ਰਸਾਰ ਵਿਚ ਇਕਸੁਰਤਾ ਕਿਵੇਂ ਹੋ ਸਕਦੀ ਹੈ? ਜਿਸ ਬਾਰੇ ਅਜੇ ਸੋਚਿਆ ਵੀ ਨਹੀਂ ਗਿਆ।
ਰਾਜਨੀਤਕ ਰੂਪ ਵਿਚ ਆਜ਼ਾਦੀ ਤੋਂ ਪਹਿਲਾਂ ਤੇ ਬਆਦ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅੰਮ੍ਰਿਤਸਰ ਸਮੂਹ ਨੂੰ ਰਾਜਨੀਤੀ ਦਾ ਕੇਂਦਰ ਬਣਾਇਆ। ਸੰਨ 1950 ਦੇ ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈ ਕੇ 1982 ਈ: ਦੇ ਧਰਮ ਯੁੱਧ ਮੋਰਚੇ ਤੱਕ ਹਰ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਸਮੂਹ ਤੋਂ ਆਰੰਭਤਾ ਦੀ ਅਰਦਾਸ ਹੁੰਦੀ ਹੈ। ਭਾਵੇਂ ਸ੍ਰੀ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਪੁਲਿਸ ਜਾਂ ਜਨਰਲ ਕੇ.ਐਸ. ਬਰਾੜ ਦੀ ਕਮਾਂਡ ਹੇਠ ਫ਼ੌਜ ਹੋਵੇ, ਦੇ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਨੇ ਕੌਮੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਇਸ ਕੌਮੀ ਦੁਖਾਂਤ ਦਾ ਲਾਭ ਸ਼੍ਰੋਮਣੀ ਅਕਾਲੀ ਦਲ ਦੇ ਧੜਿਆਂ ਨੇ ਸਮੇਂ-ਸਮੇਂ 'ਤੇ ਰਾਜਨੀਤਕ ਰੂਪ ਵਿਚ ਲਿਆ ਹੈ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਹਰ ਰਾਜਨੀਤਕ ਤੇ ਧਾਰਮਿਕ ਮੰਗ ਜਿਸ ਦਾ ਰਲ-ਗੱਡ ਅਕਾਲੀ ਰਾਜਨੀਤੀ ਹੈ, ਦਾ ਵਿਰੋਧ ਕਾਂਗਰਸ ਤੇ ਹੋਰਾਂ ਵਲੋਂ ਪੰਜਾਬ ਵਿਚ ਹੀ ਰਿਹਾ ਹੈ, ਮੰਗ ਭਾਵੇਂ ਪੰਜਾਬੀ ਮਾਂ ਬੋਲੀ ਦੀ ਹੋਵੇ ਜਾਂ ਪੰਜਾਬੀ ਬੋਲਦੇ ਇਲਾਕੇ ਦੀ, ਭਾਵੇਂ ਵੱਧ ਅਧਿਕਾਰਾਂ ਲਈ ਜਾਂ ਅਨੰਦਪੁਰ ਸਾਹਿਬ ਦੇ ਮਤੇ ਦੀ ਹੋਵੇ।
13 ਅਪ੍ਰੈਲ, 1978 ਈ: ਦੇ ਸ੍ਰੀ ਅੰਮ੍ਰਿਤਸਰ ਦੇ ਸਿੱਖ-ਨਿਰੰਕਾਰੀ ਝਗੜੇ ਤੇ 17 ਵਿਅਕਤੀਆਂ ਦੇ ਕਤਲ ਵੀ ਰਾਜਨੀਤੀ ਦੀ ਭੇਟ ਚੜ੍ਹ ਗਏ। ਦੋਸ਼ੀ ਅਦਾਲਤ ਨੇ ਬਿਨਾਂ ਕਿਸੇ ਵੱਡੀ ਤਫਤੀਸ਼ੀ ਗ਼ਲਤੀ ਤੋਂ ਬਰੀ ਕਰ ਦਿੱਤੇ ਤੇ ਵਕਤ ਦੀ ਪੰਜਾਬ ਸਰਕਾਰ ਨੇ ਉਸ ਵਿਰੁੱਧ ਅਪੀਲ ਨਹੀਂ ਕੀਤੀ। ਨਿਰੰਕਾਰੀਆਂ ਵਿਰੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਜਾਂ ਦੇਹਧਾਰੀ ਗੁਰੂ ਬਣ ਕੇ ਗੁਰਬਾਣੀ ਦੀ ਦੁਰਵਰਤੋਂ ਕਰਨ ਦਾ ਦੋਸ਼ ਸੀ। ਇਸੇ ਅੰਦੋਲਨ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸਿੱਖ ਧਾਰਮਿਕ ਆਗਆਂ ਦੇ ਰੂਪ ਵਿਚ ਪੇਸ਼ ਕੀਤਾ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


ਖ਼ਬਰ ਸ਼ੇਅਰ ਕਰੋ

ਅੱਜ ਆਗਮਨ ਪੁਰਬ 'ਤੇ ਵਿਸ਼ੇਸ਼

ਬਾਬਾ ਸ਼ੇਖ਼ ਫ਼ਰੀਦ ਦੀ ਮਹਿਮਾ

ਬਾਬਾ ਸ਼ੇਖ਼ ਫ਼ਰੀਦ (1173-1266 ਈ:) ਦੀ ਮਹਿਮਾ ਅਪਰੰਪਾਰ ਹੈ। ਉਨ੍ਹਾਂ ਦੇ ਵੱਡੇ-ਵਡੇਰੇ ਬਾਰ੍ਹਵੀਂ ਸਦੀ ਦੇ ਆਰੰਭ ਵਿਚ ਅਫ਼ਗਾਨਿਸਤਾਨ ਤੋਂ ਪੰਜਾਬ ਵਿਚ ਤਸ਼ਰੀਫ਼ ਲਿਆਏ ਸਨ। ਆਪ ਦਾ ਜਨਮ ਪਿੰਡ ਕੋਠੇਵਾਲ (ਨੇੜੇ ਕਸੂਰ) ਵਿਚ ਹੋਇਆ ਸੀ। ਆਪ ਨੇ ਦੀਨੀ ਸਿੱਖਿਆ ਮੁਲਤਾਨ ਦੇ ਇਕ ਮਦਰੱਸੇ ਤੋਂ ਪ੍ਰਾਪਤ ਕੀਤੀ ਸੀ। ਇੱਥੇ ਹੀ ਆਪ ਨੂੰ ਚਿਸ਼ਤੀ ਪਰੰਪਰਾ ਦੇ ਮਹਾਨ ਸੂਫ਼ੀ ਦਰਵੇਸ਼, ਖੁਆਜ਼ਾ ਕੁਤਬੁਦੀਨ ਬਖ਼ਤਿਆਰ ਕਾਕੀ ਦੇ ਦਰਸ਼ਨਾਂ ਦਾ ਸੁਅਵਸਰ ਪ੍ਰਾਪਤ ਹੋਇਆ ਸੀ ਅਤੇ ਆਪ-ਆਪਣੀ ਤਾਲੀਮ ਮੁਕੰਮਲ ਕਰਕੇ ਉਨ੍ਹਾਂ ਪਾਸ ਦਿੱਲੀ ਵਿਖੇ ਚਲੇ ਗਏ ਸਨ।
ਇਕ ਸੂਫ਼ੀ ਦਰਵੇਸ਼ ਵਜੋਂ ਆਪ ਦਿੱਲੀ ਦਰਬਾਰ ਵਿਚ ਬੇਹੱਦ ਸਤਿਕਾਰੇ ਜਾਂਦੇ ਸਨ ਪਰ ਸ਼ਾਹੀ ਦਰਬਾਰਾਂ ਅਤੇ ਬਾਦਸ਼ਾਹਾਂ ਦੀਆਂ ਮਹਿਫ਼ਲਾਂ ਦੀ ਸੋਭਾ ਵਧਾਉਣ ਲਈ ਨਹੀਂ ਸਨ ਪੈਦਾ ਹੋਏ। ਪਰਾਏ ਦਰਵਾਜ਼ੇ (ਬਾਰ ਪਰਾਇਐ) ਉਪਰ ਬੈਠਣਾ ਆਪ ਦੀ ਅਣਖ ਨੂੰ ਗਵਾਰਾ ਨਹੀਂ ਸੀ। ਇਸ ਕਾਰਨ ਆਪ ਦਿੱਲੀ ਨੂੰ ਛੱਡ ਕੇ ਹਾਂਸੀ-ਹਿਸਾਰ ਹੁੰਦੇ ਹੋਏ ਅਜੋਧਨ (ਹੁਣ ਪਾਕਿਸਤਾਨ) ਵਿਖੇ ਆ ਟਿਕੇ ਅਤੇ ਇਕ ਰਮਣੀਕ ਸਥਾਨ ਉੱਪਰ ਟਿਕਾਣਾ ਬਣਾ ਕੇ ਖੁਦਾ ਦੀ ਬੰਦਗੀ ਵਿਚ ਲੀਨ ਰਹਿਣ ਲੱਗੇ। ਪੰਜਾਬ ਦਾ ਰਾਜਨੀਤਕ ਮਾਹੌਲ ਹਿੰਸਾ ਅਤੇ ਮਾਰਧਾੜ ਨਾਲ ਭਰਪੂਰ ਸੀ। ਲੋਕ ਅਸੁਰੱਖਿਆ ਅਤੇ ਅਸ਼ਾਂਤੀ ਮਹਿਸੂਸ ਕਰਦੇ ਸਨ। ਫ਼ਰੀਦ ਜੀ ਦੇ ਦਰਬਾਰ ਵਿਚ ਆ ਕੇ ਉਨ੍ਹਾਂ ਨੂੰ ਰਾਹਤ ਮਿਲਦੀ ਸੀ। ਇਹੀ ਕਾਰਨ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਦੇ ਲੋਕ ਉਨ੍ਹਾਂ ਦੇ ਮੁਰੀਦ ਬਣ ਗਏ। ਉਨ੍ਹਾਂ ਦੇ ਜਮਾਅਤ ਖਾਨੇ ਵਿਚ ਰਾਗ ਅਤੇ ਕੱਵਾਲੀ ਦਾ ਪ੍ਰੋਗਰਾਮ ਵੀ ਨਿਰੰਤਰ ਚਲਦਾ ਰਹਿੰਦਾ ਸੀ।
ਅਜੋਧਨ ਦੇ ਰਮਣੀਕ ਖੇਤਰ ਵਿਚ ਬੈਠ ਕੇ ਆਪ ਨੇ ਪੰਜਾਬੀ ਵਿਚ ਬਾਣੀ ਦੀ ਰਚਨਾ ਕੀਤੀ। ਆਪ ਦੇ 112 ਸਲੋਕ ਅਤੇ 4 ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਹ ਸ਼ਬਦ ਰਾਗ ਆਸਾ ਅਤੇ ਸੂਹੀ ਵਿਚ ਲਿਖੇ ਗਏ ਹਨ। ਆਪ ਤੋਂ ਪਹਿਲਾਂ ਪੰਜਾਬ ਦੇ ਕਵੀ ਸਾਧ ਭਾਸ਼ਾ ਵਿਚ ਕਾਵਿ ਰਚਨਾ ਕਰਿਆ ਕਰਦੇ ਸਨ। ਫ਼ਰੀਦ ਜੀ ਨੇ ਆਪਣੇ ਅਧਿਆਤਮਕ ਭਾਵਾਂ ਦੇ ਨਿਰੂਪਣ ਵਾਸਤੇ ਪਹਿਲੀ ਵਾਰ ਮੁਲਤਾਨ ਦੀ ਮਿੱਠੀ ਬੋਲੀ ਪੰਜਾਬੀ ਦਾ ਪ੍ਰਯੋਗ ਕੀਤਾ। ਆਪ ਦੀ ਬਾਣੀ ਵਿਚ ਰੱਬੀ ਪ੍ਰੇਮ, ਜੀਵਨ ਦੀ ਅਸਥਿਰਤਾ, ਵਿਸ਼ੇ ਵਿਕਾਰਾਂ ਤੋਂ ਪ੍ਰਹੇਜ਼, ਨੈਤਿਕ ਕਦਰਾਂ-ਕੀਮਤਾਂ ਅਤੇ ਮਨੁੱਖੀ ਜੀਵਨ ਦੇ ਉਦੇਸ਼ ਬਾਰੇ ਸੰਦੇਸ਼ ਪ੍ਰਾਪਤ ਹੁੰਦਾ ਹੈ।
1215 ਈ: ਵਿਚ ਆਪਣੇ ਮੁਰਸ਼ਦ ਖੁਆਜਾ ਕਾਕੀ ਜੀ ਨੂੰ ਮਿਲਣ ਉਪਰੰਤ ਜਦੋਂ ਆਪ ਪਾਕਪਟਨ ਸਾਹਿਬ ਵੱਲ ਜਾ ਰਹੇ ਸਨ ਤਾਂ ਆਪ ਨੂੰ ਮਾਲਵੇ ਦੇ ਇਕ ਰਿਆਸਤੀ ਨਗਰ ਮੋਕਲਹਰ (ਹੁਣ ਫ਼ਰੀਦਕੋਟ) ਵਿਚੋਂ ਗੁਜ਼ਰਨ ਦਾ ਮੌਕਾ ਮਿਲਿਆ। ਉਨ੍ਹਾਂ ਦਿਨਾਂ ਵਿਚ ਇਸ ਨਗਰ ਦੇ ਰਾਜੇ ਮੋਕਲ ਸੀਂਹ ਦਾ ਕੱਚਾ ਕਿਲ੍ਹਾ (ਗੜ੍ਹੀ) ਬਣ ਰਿਹਾ ਸੀ। ਰਾਜੇ ਦੇ ਸਿਪਾਹੀਆਂ ਨੇ ਆਪ ਨੂੰ ਇਕ ਸਾਧਾਰਨ ਯਾਤਰੀ ਸਮਝ ਕੇ ਵੇਗਾਰ ਉੱਤੇ ਲਾ ਲਿਆ ਪਰ ਆਪ ਦੇ ਸੀਸ ਉਪਰ ਧਰੀ ਗਾਰੇ ਦੀ ਭਰੀ ਟੋਕਰੀ ਹਵਾ ਵਿਚ ਤੈਰਨ ਲੱਗ ਪਈ। ਇਹ ਕ੍ਰਿਸ਼ਮਾ ਸੁਣ ਕੇ ਮੋਕਲ ਸੀਂਹ ਆਪ ਦੀ ਹਜ਼ੂਰੀ ਵਿਚ ਆਇਆ ਅਤੇ ਆਪਣੀ ਭੁੱਲ ਬਖ਼ਸ਼ਾਈ। ਫ਼ਰੀਦ ਜੀ ਨੇ ਉਸ ਨੂੰ ਖਿਮਾ ਕਰ ਦਿੱਤਾ ਅਤੇ ਨਾਲ ਹੀ ਨਗਰ ਨਿਵਾਸੀਆਂ ਲਈ ਦੁਆਵਾਂ ਪ੍ਰਦਾਨ ਕੀਤੀਆਂ। ਉਸ ਦਿਨ ਤੋਂ ਇਸ ਨਗਰ ਦਾ ਨਾਂਅ ਫ਼ਰੀਦਕੋਟ ਪੈ ਚੁੱਕਾ ਹੈ।
ਫ਼ਰੀਦਕੋਟ ਵਿਚ ਪੁਰਾਣੀ ਕੱਚੀ ਗੜ੍ਹੀ ਦੇ ਸਥਾਨ 'ਤੇ ਹੁਣ ਇਕ ਵੱਡਾ ਕਿਲ੍ਹਾ ਬਣ ਚੁੱਕਾ ਹੈ। ਫ਼ਰੀਦਕੋਟ ਰਿਆਸਤ ਨੇ ਪਿਛਲੇ ਸੱਤ-ਅੱਠ ਸੌ ਵਰ੍ਹਿਆਂ ਦੇ ਅਰਸੇ ਵਿਚ ਕਈ ਰੰਗ ਵਟਾਏ। ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਇਥੋਂ ਦੇ ਰਾਜੇ ਸਿੱਖ ਬਣ ਗਏ ਸਨ। ਆਖਰੀ ਰਾਜੇ ਹਿਜ਼ ਹਾਈਨੈਸ ਮਹਾਰਾਜਾ ਹਰਿੰਦਰ ਸਿੰਘ ਬਰਾੜ ਬੰਸ ਬਹਾਦਰ ਦੇ ਰਾਜ ਕਾਲ ਵਿਚ ਭਾਰਤ ਆਜ਼ਾਦ ਹੋ ਗਿਆ ਅਤੇ 1948 ਈ: ਵਿਚ ਇਹ ਰਿਆਸਤ ਆਜ਼ਾਦ ਭਾਰਤ ਦਾ ਅੰਗ ਬਣ ਗਈ।
ਬਾਬਾ ਸ਼ੇਖ਼ ਫ਼ਰੀਦ ਜੀ ਵਲੋਂ ਰਾਜੇ ਮੋਕਲ ਸੀਂਹ ਨਾਲ ਹੋਈ ਭੇਟ ਦੇ ਸਥਾਨ ਉੱਪਰ ਟਿੱਲਾ ਬਾਬਾ ਸ਼ੇਖ਼ ਫ਼ਰੀਦ ਦੀ ਸੁੰਦਰ ਯਾਦਗਾਰ ਸੁਸ਼ੋਭਿਤ ਹੈ। ਪਿਛਲੀ ਅੱਧੀ ਸਦੀ ਤੋਂ ਇਸ ਪਵਿੱਤਰ ਸਥਾਨ ਦਾ ਪ੍ਰਬੰਧ ਸ: ਇੰਦਰਜੀਤ ਸਿੰਘ (ਖਾਲਸਾ) ਸੇਖੋਂ ਸੰਭਾਲ ਰਹੇ ਹਨ। 23 ਸਤੰਬਰ ਦਾ ਦਿਨ ਬਾਬਾ ਸ਼ੇਖ਼ ਫ਼ਰੀਦ ਜੀ ਦੇ ਫ਼ਰੀਦਕੋਟ ਵਿਖੇ ਚਰਨ ਪਾਉਣ (ਆਗਮਨ) ਦਾ ਦਿਨ ਹੈ। ਇਨ੍ਹਾਂ ਦਿਨਾਂ (19 ਤੋਂ 23 ਸਤੰਬਰ) ਵਿਚ ਇਹ ਆਗਮਨ ਪੁਰਬ ਇਕ ਮੇਲੇ ਦੀ ਸ਼ਕਲ ਵਿਚ ਵੱਡੀ ਪੱਧਰ ਉੱਤੇ ਮਨਾਇਆ ਜਾਂਦਾ ਹੈ। ਬਾਬਾ ਸ਼ੇਖ਼ ਫ਼ਰੀਦ ਜੀ ਦੇ ਸ਼ਰਧਾਲੂ ਵੱਡੀ ਗਿਣਤੀ ਵਿਚ ਹਾਜ਼ਰ ਹੋ ਕੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਧੰਨ ਹੁੰਦੇ ਹਨ।


-ਫ਼ਰੀਦਕੋਟ।

20 ਸਤੰਬਰ ਨੂੰ ਕਰਵਾਏ ਜਾ ਰਹੇ ਸਮਾਗਮਾਂ 'ਤੇ ਵਿਸ਼ੇਸ਼

ਰੱਬੀ ਰੰਗ 'ਚ ਰੰਗੀ ਸ਼ਖ਼ਸੀਅਤ ਭਾਈ ਘਨੱਈਆ

ਸੰਪੂਰਨ ਸੰਤ ਭਾਈ ਘਨੱਈਆ ਦਾ ਜੀਵਨ ਜਗਤ ਨੂੰ ਸੱਚ ਦਾ ਮਾਰਗ ਦਰਸਾਉਣ ਵਾਲਾ ਸਰਬ ਉੱਤਮ ਜੀਵਨ ਹੈ। ਉਨ੍ਹਾਂ ਦੇ ਅੰਦਰ ਇਹ ਅਮੋਲਕ ਗੁਣ ਸਨ। ਉਹ ਦਇਆਵਾਨ ਤੇ ਪਰਉਪਕਾਰੀ, ਪਰਿਵਾਰਕ ਮੋਹ ਤੋਂ ਰਹਿਤ, ਦੁਨਿਆਵੀ ਮਾਣ, ਵਡਿਆਈ ਤੋਂ ਉਪਰਾਮ, ਸਤਸੰਗੀ ਤੇ ਸੰਤ ਸੇਵੀ, ਗੁਰਮਤਿ ਦੇ ਧਾਰਨੀ, ਸਭ ਜੀਵਾਂ ਵਿਚ ਇਕ ਬ੍ਰਹਮ ਨੂੰ ਪ੍ਰਤੱਖ ਜਾਣਨਾ, ਗੋਬਿੰਦ ਰੂਪ ਜਾਣ ਕੇ ਸਰਬ ਜੀਵਾਂ ਦੀ ਇਕ ਸਮਾਨ ਸੇਵਾ ਕਰਨ ਵਾਲੇ, ਨਿਰਭਉ ਤੇ ਨਿਰਵੈਰ, ਸੰਤੋਖ ਸਬਰ ਵਾਲੇ, ਸਹਿਣਸ਼ੀਲਤਾ ਦੇ ਧਾਰਨੀ, ਮਿੱਠਬੋਲੜੇ, ਵਾਹਿਗੁਰੂ ਪਿਆਰ ਵਿਚ ਸਦਾ ਮਗਨ ਅਤੇ ਨੇਕ ਕਰਨੀ ਦੇ ਮਾਲਕ ਸਨ।
ਜੀਵ ਆਤਮਾ ਦੇਹ ਤੋਂ ਪਹਿਲਾਂ ਹੈ। ਚੰਦਨ ਸੰਸਕਾਰ ਸੁਲੱਖਣੀ ਮਾਂ ਦੀ ਕੁੱਖ ਵਿਚ ਸ਼ੁੱਧ ਆਤਮਾ ਤਹਿਤ ਅਕਾਲ ਪੁਰਖ ਦੀ ਕ੍ਰਿਪਾ ਨਾਲ ਪ੍ਰਵੇਸ਼ ਕਰਦੇ ਹਨ। ਭਗਤੀ ਭਗਵਾਨ ਦੇ ਸੰਯੋਗ ਨਾਲ ਇਕ ਰੂਪ ਹੋ ਜਾਂਦੀ ਹੈ। ਗੁਰਮਤਿ ਸੰਗਤ ਦੇ ਭਗਤ ਯੋਗੀ ਭਾਈ ਘਨੱਈਆ ਦਾ ਜਨਮ ਮਾਤਾ ਸੁੰਦਰੀ ਅਤੇ ਪਿਤਾ ਨੱਥੂ ਰਾਮ ਖੱਤਰੀ ਦੇ ਗ੍ਰਹਿ ਵਿਖੇ 1648 ਈ: ਨੂੰ ਸੋਦਰਾ ਜੋ ਦਰਿਆ ਚਨਾਬ ਕਿਨਾਰੇ ਵਜ਼ੀਰਾਬਾਦ ਪਾਕਿਸਤਾਨ ਵਿਖੇ ਹੋਇਆ। ਸ਼ੁਰੂ ਤੋਂ ਆਪ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਅਨੁਯਾਈ ਸਨ। ਸਦਾ ਹੀ ਗੁਰੂ ਦੀ ਭੈਅ-ਭਾਵਨੀ, ਗੁਰਮਤਿ ਸਿਧਾਂਤ ਅਤੇ ਰਹਿਤ ਮਰਯਾਦਾ ਵਿਚ ਰਹਿ ਕੇ ਧਰਮ ਕਰਮ ਕਰਦੇ ਰਹੇ। ਆਪ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ 'ਚ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਸੀ। ਭਾਈ ਘਨੱਈਆ ਨੇ ਗੁਰੂ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਕਵ੍ਹੇ ਨਗਰ ਅਟਕ ਪਾਕਿਸਤਾਨ ਵਿਚ ਪਾਣੀ ਦੀ ਅਤਿ ਕਮੀ ਨੂੰ ਦੂਰ ਕਰਨ ਲਈ ਖੂਹ ਲਵਾਏ, ਧਰਮਸ਼ਾਲਾ ਸਥਾਪਤ ਕੀਤੀਆਂ, ਪਾਣੀ ਦੇ ਭਰੇ ਘੜੇ ਰੱਖੇ, ਲੰਗਰ ਤੇ ਬਿਸ੍ਰਾਮ ਲਈ ਮੰਜੇ ਬਿਸਤਰਿਆਂ ਆਦਿ ਦਾ ਪ੍ਰਬੰਧ ਉੱਤਮ ਭਾਵ ਨਾਲ ਕੀਤਾ। ਪਿੰਡ ਕਵ੍ਹੇ ਵਿਚ 1675 ਈ: ਵਿਚ ਧਰਮਸ਼ਾਲਾ ਕਾਇਮ ਕੀਤੀ।
ਪਹਾੜੀ ਰਾਜਿਆਂ ਨਾਲ ਸਿੱਖਾਂ ਦੇ ਹੋਏ ਖੌਫ਼ਨਾਕ ਅਤੇ ਅਮਾਨਵੀ ਹਿੰਸਕ ਯੁੱਧ ਸਮੇਂ ਆਪ ਜਲ ਦੀ ਭਰੀ ਮਸ਼ਕ ਨਾਲ ਫੱਟੜਾਂ ਲਈ ਜਲ ਦੀ ਬਿਨਾਂ ਭਿੰਨ ਭੇਦ ਅਤੇ ਵਿਤਕਰੇ ਦੇ ਸੇਵਾ ਕਰਦੇ ਸਨ। ਆਪ ਗੁਰੂ ਦੇ ਨਿਰਮਲ ਭੈਅ ਵਿਚ ਇਹ ਸੇਵਾ ਨਿਭਾਉਂਦੇ ਰਹੇ। ਇਕ ਸਿੰਘ ਨੇ ਗੁਰੂ ਦਸਮ ਪਾਤਸ਼ਾਹ ਜੀ ਨੂੰ ਜਾ ਕੇ ਭਾਈ ਘਨੱਈਆ ਦੀ ਸ਼ਿਕਾਇਤ ਇਸ ਤਰ੍ਹਾਂ ਕੀਤੀ, 'ਗੁਰੂ ਜੀ! ਭਾਈ ਘਨੱਈਆ ਮੁਗਲ ਦੁਸ਼ਮਣ ਫੱਟੜਾਂ ਦੇ ਮੂੰਹ ਵਿਚ ਵੀ ਜਲ ਪਾਈ ਜਾ ਰਿਹਾ ਹੈ।' ਦਸਮ ਪਾਤਸ਼ਾਹ ਜੀ ਨੇ ਭਾਈ ਘਨੱਈਆ ਨੂੰ ਬੁਲਾਇਆ ਅਤੇ ਕਾਰਨ ਪੁੱਛਿਆ। ਸਿਰ ਝੁਕਾ ਕੇ ਨਿਮਰਤਾ ਤੇ ਸਤਿਕਾਰ ਨਾਲ ਭਾਈ ਜੀ ਅਤਿ ਮਿਠਾਸ ਵਿਚ ਬੋਲੇ, 'ਗੁਰੂ ਜੀ ਮੈਨੂੰ ਹਰ ਚਿਹਰੇ ਵਿਚੋਂ ਆਪ ਜੀ ਦੇ ਚਿਹਰੇ ਦੇ ਦੀਦਾਰ ਹੋ ਰਹੇ ਹਨ।'
ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ
ਜਿਤੁ ਮਿਲਿ ਹਰਿ ਭਗਤਿ ਸੁਖਾਂਦੀ॥ (ਪੰਨਾ 77)
ਅਗੰਮੀ ਵਿਸ਼ਾਲਤਾ ਦੇ ਅਨੁਭਵੀ ਅਤੇ ਉਦਾਰਚਿਤ, ਸਰਵ ਕਲਿਆਣਕਾਰੀ ਗੁਰੂ ਜੀ ਨੇ ਪ੍ਰਸੰਨਚਿੱਤ ਹੋ ਕੇ ਮਲ੍ਹਮ ਅਤੇ ਪੱਟੀਆਂ ਦਿੰਦਿਆਂ ਕਿਹਾ ਕਿ ਜਲ ਕੀ ਸੇਵਾ ਤਾਂ ਭਾਈ ਜੀ ਤੁਸੀਂ ਕਰ ਹੀ ਰਹੇ ਹੋ, ਜ਼ਖ਼ਮੀਆਂ ਦੇ ਮਲ੍ਹਮ ਪੱਟੀ ਵੀ ਕਰੀ ਜਾਓ।
ਗੁਰਬਾਣੀ ਅਤੇ ਵਿਗਿਆਨ ਵਿਚ ਜ਼ਮੀਨ-ਅਸਮਾਨ ਦਾ ਅੰਤਰ ਹੈ। ਪੂਰਾ ਪੱਛਮ ਅਤੇ ਪੱਛਮੀ ਵਿਗਿਆਨੀ ਦਾਅਵਾ ਕਰਦੇ ਹਨ ਕਿ ਸਰ ਜੀਨ ਹੈਨਰੀ ਡਿਊਨਾ ਨੇ 1859 ਈ: ਵਿਚ ਰੈੱਡ ਕਰਾਸ ਨੂੰ ਜਨਮ ਦਿੱਤਾ। ਪੱਛਮ ਅਤੇ ਪੱਛਮੀ ਵਿਗਿਆਨੀ ਕਿਵੇਂ ਭੁੱਲ ਗਏ ਕਿ ਰੈੱਡ ਕਰਾਸ ਦਾ ਜਨਮ ਤਾਂ ਪਹਾੜੀ ਰਾਜਿਆਂ ਨਾਲ ਸਿੰਘਾਂ ਦੇ ਹੋਏ ਯੁੱਧ ਸਮੇਂ ਭਾਈ ਘਨੱਈਆ ਦੇ ਮਲ੍ਹਮ ਪੱਟੀ ਕਰਦਿਆਂ ਹੀ ਹੋ ਗਿਆ ਸੀ। ਮਲ੍ਹਮ ਪੱਟੀ ਹੀ ਅੰਗਰੇਜ਼ੀ ਭਾਸ਼ਾ ਵਿਚ ਰੈੱਡ ਕਰਾਸ ਸੀ।
ਰੈੱਡ ਕਰਾਸ (ਮਲ੍ਹਮ ਪੱਟੀ) ਦਾ ਜਨਮ ਅਤੇ ਸਥਾਪਨਾ ਦਾ ਸ਼੍ਰੋਮਣੀ ਸਿਹਰਾ ਸਿੱਖ ਧਰਮ ਨੂੰ ਜਾਂਦਾ ਹੈ, ਜਿਸ ਦੇ ਜਨਮ ਦਾਤਾ ਸਾਹਿਬੇ ਕਮਾਲ ਦਸਮੇ ਨਾਨਕ ਕਲਗੀਧਰ ਪਿਤਾ ਜੀ ਹਨ। ਭਾਈ ਘਨੱਈਆ ਗੁਰੂ-ਘਰ ਦਾ ਅਨਿੰਨ ਸੇਵਕ ਜਿਸ ਦਾ ਕੋਈ ਸਾਨੀ ਨਹੀਂ ਹੈ। ਇਸ ਧਰਤੀ 'ਤੇ ਸਭ ਤੋਂ ਵੱਧ ਜ਼ੁਲਮ ਤੇ ਅਨਿਆਏ ਕੇਵਲ ਸਿੱਖ ਧਰਮ ਨਾਲ ਹੋਇਆ ਹੈ। ਪਰ ਗੁਰੂ ਦੇ ਦੁਲਾਰਿਆਂ, ਪਿਆਰਿਆਂ, ਸੂਰਬੀਰਾਂ ਸਿੱਖਾਂ/ਸਿੰਘਾਂ ਨੇ ਸਿੱਖੀ ਅਤੇ ਮਰਯਾਦਾ ਨੂੰ ਅਡੋਲ ਅਤੇ ਸੁਦ੍ਰਿੜ੍ਹ ਰੱਖਦਿਆਂ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਓਟ ਲੈ ਕੇ ਮਰਜੀਵੜਿਆਂ ਦਾ ਗੁਰਮਤਿ ਫ਼ਰਜ਼ ਨਿਭਾਇਆ ਹੈ। ਵਿਗਿਆਨਕ ਸੁੱਖ ਸੁਵਿਧਾਵਾਂ ਮਨੁੱਖਤਾ ਲਈ ਹਨ। ਵਿਗਿਆਨਕ ਕਾਢਾਂ ਦੀ ਜੜ੍ਹ, ਗੁਰਮਤਿ ਵਿਚਾਰਧਾਰਾ ਤੋਂ ਲਈ ਗਈ ਹੈ। ਮਸ਼ੀਨ ਸਹੂਲਤ ਤਾਂ ਹੋ ਸਕਦੀ ਹੈ। ਆਤਮਿਕ ਸੰਤੁਸ਼ਟੀ ਅਤੇ ਗੁਰਮਤਿ ਸਹਿਜ ਕਦਾਚਿਤ ਨਹੀਂ।
ਅਦੁੱਤੀ ਅਤੇ ਨਿਸ਼ਕਾਮ ਸੇਵਾ ਦੇ ਮਹਾਨ ਸੇਵਾਈ ਭਾਈ ਘਨੱਈਆ ਨੂੰ ਯਾਦ ਕਰਦਿਆਂ ਸਿਰ ਸਤਿਕਾਰ ਸਹਿਤ ਝੁਕਦਾ ਹੈ ਕਿ ਉਹ ਪ੍ਰਭੂ ਬਖਸ਼ਿਸ਼ ਰੂਹ ਕਿਵੇਂ ਸਾਰਿਆਂ ਵਿਚ ਇਕ ਰੱਬ ਦੀ ਜੋਤਿ ਵੇਖ ਕੇ ਜਲ ਛਕਾਉਂਦੇ ਅਤੇ ਜ਼ਖ਼ਮਾਂ 'ਤੇ ਮਲ੍ਹਮ ਪੱਟੀ ਕਰਦੇ ਰਹੇ। ਇਹ ਸੇਵਾ ਸਿੱਖ ਪੰਥ ਦੇ ਫਲਸਫੇ ਵਿਚ ਅਗੰਮੀ ਵਿਚਾਰਧਾਰਾ ਦਾ ਸਪੱਸ਼ਟ ਅਤੇ ਪ੍ਰਤੱਖ ਪ੍ਰਮਾਣ ਹੈ।
ਅਜੋਕੇ ਯੁੱਗ ਵਿਚ ਭਾਈ ਘਨੱਈਆ ਵਰਗੇ ਪੁਰਸ਼ ਜੋ 'ਸਭ ਮਹਿ ਜੋਤਿ ਜੋਤਿ ਹੈ ਸੋਇ' ਦੇ ਧਾਰਨੀ ਬਣੇ, ਵਰਗੀ ਸੋਚ ਹੋਣ ਦੀ ਬਜਾਏ ਵਿਰੋਧਮਈ ਹੋ ਕੇ ਹਉਮੈ ਦੇ ਚੱਕਰਾਂ ਵਿਚ ਗ੍ਰਸਤ ਹੋ ਚੁੱਕੀ ਹੈ, ਕੋਈ ਕਿਸੇ ਦਾ ਭਲਾ ਕਰਨ ਵਾਲਾ ਵਿਰਲਾ ਹੀ ਹੈ। ਹਰ ਕਿਸੇ ਨੂੰ ਆਪੋ-ਆਪਣੀ ਪਈ ਹੈ। ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਤਾਂ ਮੰਨਦੇ ਹਾਂ ਪਰ ਉਨ੍ਹਾਂ ਅੰਦਰ ਦਰਜ ਸਿਧਾਂਤਾਂ ਤੋਂ ਕੋਹਾਂ ਦੂਰ ਹਾਂ। ਗੁਰਮਤਿ ਸਿਧਾਂਤਾਂ ਦਾ ਧਾਰਨੀ ਕੋਈ-ਕੋਈ ਹੀ ਹੈ। ਸਾਡੀ ਕਥਨੀ ਤੇ ਕਰਨੀ ਵਿਚ ਭਿੰਨਤਾ ਹੈ।
ਉੱਚ ਇਖਲਾਕੀ ਜੀਵਨ ਵਾਲੀਆਂ ਮਹਾਨ ਸ਼ਖ਼ਸੀਅਤਾਂ ਹੀ ਕਿਸੇ ਕੌਮ ਦੇ ਗੌਰਵਮਈ ਇਤਿਹਾਸ ਦੀਆਂ ਸਿਰਜਣਹਾਰ ਹੁੰਦੀਆਂ ਹਨ। ਅਨੁਭੂਤੀਆਂ ਦੇ ਰੰਗਾਂ ਵਿਚ ਸਾਖਿਆਰਤਾ ਤੇ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਸਦੀਆਂ ਤੱਕ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣੀਆਂ ਰਹਿੰਦੀਆਂ ਹਨ। ਰਾਜਨੀਤਕ ਦੁਨੀਆ ਵਿਚ ਵੱਖ-ਵੱਖ ਅਹੁਦੇ ਹਨ, ਵਿੱਦਿਆ ਸੰਸਾਰ ਵਿਚ ਭਿੰਨ-ਭਿੰਨ ਉਪਾਧੀਆਂ ਹਨ। ਇਵੇਂ ਹੀ ਅਧਿਆਤਮ ਮੰਡਲ ਵਿਚ ਵੀ ਵੱਖ-ਵੱਖ ਦਰਜੇ ਹਨ, ਗੁਰਮੁੱਖ, ਗਿਆਨੀ, ਰਿਸ਼ੀ-ਮੁਨੀ, ਸਾਧੂ, ਸੰਤ, ਭਗਤ ਆਦਿ।
ਭਗਤ ਇਕ ਐਸੀ ਅਵਸਥਾ ਹੈ, ਜੋ ਅਧਿਆਤਮ ਜਗਤ ਦੀ ਸਿਖਰਤਾ ਹੈ। ਜੀਵਨ ਦਾ ਸਾਰ ਪ੍ਰਮਾਤਮ ਰਸ, ਦੈਵੀ ਗੁਣਾਂ ਦੀ ਸਾਰੀ ਸਮਰੱਥਾ ਭਗਤ ਦੇ ਅੰਦਰ ਹੁੰਦੀ ਹੈ। ਸਾਡੇ ਦੇਸ਼ ਵਿਚ ਰਾਜਨੀਤੀ ਦੇ ਖੇਤਰ ਦਾ ਸਭ ਤੋਂ ਵੱਡਾ ਰੁਤਬਾ ਰਾਸ਼ਟਰਪਤੀ ਦਾ ਹੈ। ਧਾਰਮਿਕ ਦੁਨੀਆ ਵਿਚ ਭਗਤ ਸ੍ਰੇਸ਼ਟ ਹੈ। ਭਗਤ ਪੂਰਨਪਦ ਹੈ। ਪੂਰਨ ਅਨੰਦ ਅਤੇ ਪੂਰਨ ਪ੍ਰਕਾਸ਼ ਹੈ। ਬੂੰਦ ਸਾਗਰ ਵਿਚ ਲੀਨ ਹੋ ਸਾਗਰ ਹੋ ਗਈ, ਇਵੇਂ ਹੀ ਪੁਰਖ ਪਰਮਾਤਮਾ ਵਿਚ ਲੀਨ ਹੋ ਪੁਰਖ ਪੂਰਨ ਹੋ ਜਾਂਦਾ ਹੈ। ਪੂਰਨ ਪੁਰਖ ਨੂੰ ਹੀ ਭਗਤ ਕਹਿੰਦੇ ਹਨ। ਬ੍ਰਹਿਮੰਡ ਵਿਚ ਪਰਮਾਤਮਾ ਸਭ ਤੋਂ ਵੱਡਾ ਸੱਚ ਹੈ। ਹੁਕਮੀ ਬੰਦੇ ਨੂੰ ਹੀ ਸਿੱਖ ਦੀ ਸੰਗਯਾ ਦਿੱਤੀ ਗਈ ਹੈ, ਇਸੇ ਮਾਰਗ 'ਤੇ ਚਲਦਿਆਂ ਹੀ ਸਵੈ-ਸਰੂਪ ਵਿਚ ਲੀਨਤਾ ਹੁੰਦੀ ਹੈ, 'ਸਫਲ ਸਫਲ ਭਈ ਸਫਲ ਜਾਤ੍ਰਾ' ਵਾਲੀ ਗੁਰ ਅਸੀਸ ਪ੍ਰਾਪਤ ਹੁੰਦੀ ਹੈ। ਨਾਮ ਰੰਗ ਰੱਤੀਆਂ, ਗੁਰੂ ਵਰੋਸਾਈਆਂ ਗੁਰਮੁਖ ਹਸਤੀਆਂ ਵਿਚੋਂ ਅਜਿਹੀ ਵਿਗਸੀ ਮੂਰਤ ਭਾਈ ਘਨੱਈਆ ਹੋਏ ਹਨ, ਜੋ ਨਾਮ-ਸੇਵਾ ਦੀ ਲਾਲੀ ਨਾਲ ਦਗ-ਦਗ ਕਰਦਾ ਨੂਰਾਨੀ ਚਿਹਰਾ ਹਰ ਪਾਸੇ ਖੇੜਾ ਵੰਡਦਾ ਸੀ।
ਭਾਈ ਘਨੱਈਆ ਗੁਰੂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਬਿਆ ਰਹਿ ਨਾਮ ਸਿਮਰਨ ਤੇ ਸੰਗਤ ਲਈ ਜਲ ਤੇ ਲੰਗਰ ਦੀ ਸੇਵਾ ਦੇ ਨਾਲ ਗੁਰੂ-ਘਰ ਦੇ ਘੋੜਿਆਂ ਦੀ ਸਾਂਭ-ਸੰਭਾਲ ਦੀ ਸੇਵਾ ਵੀ ਲੁੱਟਦੇ ਰਹੇ ਹਨ। ਉਨ੍ਹਾਂ ਨੂੰ ਗੁਰੂ ਦੀ ਗੋਦ ਦਾ ਨਿੱਘ ਮਾਨਣ ਦਾ ਸ਼ਰਫ ਹਾਸਲ ਹੈ। ਇਨ੍ਹਾਂ ਦੀ ਨਿਰਮਲ ਪ੍ਰੇਰਨਾ ਅਤੇ ਗੁਰਮਤਿ ਪ੍ਰਚਾਰ ਸਦਕਾ ਬੇਸ਼ੁਮਾਰ ਜੀਵਾਂ ਨੇ ਗੁਰੂ ਦਰਬਾਰ ਵਿਚ ਬੈਠਣ ਦਾ ਸੁਭਾਗ ਪ੍ਰਾਪਤ ਕੀਤਾ। ਭਾਈ ਘਨੱਈਆ ਰੱਬੀ ਬੰਦਗੀ ਵਿਚ ਲੀਨ ਹੋ ਸੰਗਤਾਂ ਨੂੰ ਬ੍ਰਹਮ ਵਿਦਿਆ ਦਾ ਦਾਨ, ਘਾਲ ਕਮਾਈ, ਵੈਰਾਗ, ਤਿਆਗ, ਗੁਰਬਾਣੀ ਦਾ ਸਤਿਕਾਰ, ਪ੍ਰੇਮ ਤੇ ਸ਼ਰਧਾ ਨਾਲ ਬਾਣੀ ਦਾ ਪਾਠ, ਨਿਤਨੇਮ, ਕਥਾ ਪ੍ਰਪੱਕਤਾ, ਗੁਰਸਿੱਖੀ ਲਈ ਸ਼ਰਧਾ, ਸਰਬੱਤ ਦੇ ਭਲੇ ਲਈ ਕਈ ਜੀਵਨ ਜੁਗਤ ਦੇ ਭੇਦ ਵੰਡਦੇ ਰਹੇ। ਐਸੇ ਮਹਾਨ ਵਿਅਕਤੀਆਂ ਦਾ ਜੀਵਨ ਬਿਰਤਾਂਤ ਜਗਿਆਸੂਆਂ ਲਈ ਪ੍ਰੇਰਨਾ ਸਰੋਤ ਹੁੰਦਾ ਹੈ। ਚੰਗੀ ਕਲਮ ਇਨ੍ਹਾਂ ਜੀਵਨ ਬਿਰਤਾਂਤਾਂ ਨੂੰ ਤੁਰਦੇ-ਫਿਰਦੇ, ਜਿਉਂਦੇ-ਜਾਗਦੇ ਬਣਾ ਦਿੰਦੀ ਹੈ।
ਭਾਈ ਘਨੱਈਆ ਦੇ ਜੀਵਨ ਤੇ ਸੇਵਾ ਘਾਲ ਬਾਰੇ ਬਹੁਤ ਖੋਜ ਦੀ ਲੋੜ ਹੈ। ਬਹੁਤ ਘੱਟ ਜਾਣਕਾਰੀ ਉਨ੍ਹਾਂ ਬਾਰੇ ਉਪਲਬਧ ਹੈ। ਅਜਿਹੀਆਂ ਗੁਰੂ-ਘਰ ਦੀਆਂ ਸ਼ਖ਼ਸੀਅਤਾਂ ਦਾ ਜੀਵਨ, ਇਤਿਹਾਸ ਤੇ ਉਨ੍ਹਾਂ ਵਲੋਂ ਕੀਤੀ ਕਮਾਈ ਦਾ ਜੀਵਨ ਬਿਓਰਾ ਨਾ ਮਿਲਣ 'ਤੇ ਭਾਈ ਵੀਰ ਸਿੰਘ ਨੇ ਵੀਹਵੀਂ ਸਦੀ ਦੇ ਪਹਿਲੇ-ਦੂਜੇ ਦਹਾਕੇ ਵਿਚ ਚਿੰਤਾ ਪ੍ਰਗਟ ਕਰਦਿਆਂ ਲਿਖਿਆ ਸੀ ਕਿ 'ਪਿਛਲੀਆਂ ਦੋ ਸਦੀਆਂ 18ਵੀਂ ਤੇ 19ਵੀਂ ਸਦੀ ਵਿਚ ਖ਼ਾਲਸੇ ਨੇ ਆਪਣੇ ਫਰਜ਼ਾਂ ਨੂੰ ਇਸ ਖੂਬੀ ਨਾਲ ਨਿਭਾਇਆ ਹੈ ਕਿ ਸੰਸਾਰ ਭਰ ਦਾ ਇਤਿਹਾਸ ਉਸ ਦੀ ਉਦਾਹਰਨ ਪੇਸ਼ ਕਰਨ ਤੋਂ ਅਸਮਰੱਥ ਹੈ ਪਰ ਦੁੱਖ ਦੀ ਗੱਲ ਹੈ ਕਿ ਖਾਲਸੇ ਦੀ ਦੇਸ਼ ਰੱਖਿਆ ਵਾਸਤੇ ਵਾਹੀ ਤੇਗ, ਅਨਾਥਾਂ, ਮਜ਼ਲੂਮਾਂ ਦੇ ਬਚਾਓ ਲਈ ਕੀਤੀਆਂ ਕੁਰਬਾਨੀਆਂ ਤੇ ਪਰਜਾ ਦੀ ਇੱਜ਼ਤ ਤੇ ਹੁਰਮਤ ਲਈ ਡੋਲ੍ਹੇ ਖੂਨ ਦੇ ਨਕਸ਼ ਸਾਡੀ ਅਵੇਸਲਤਾ ਦੇ ਕਾਰਨ ਲੋਕਾਂ ਦੀਆਂ ਸਿਮਰਤੀਆਂ ਵਿਚੋਂ ਅਲੋਪ ਹੋ ਰਹੇ ਹਨ।
ਸੰਪ੍ਰਦਾ ਦੇ ਮੋਢੀ ਭਾਈ ਘਨੱਈਆ, 2. ਸੰਪ੍ਰਦਾ ਦੇ ਮੁੱਖ ਸੰਚਾਲਕ ਭਾਈ ਸੇਵਾ ਰਾਮ, 3. ਭਾਈ ਅਡੱਣ ਸਾਹਿਬ, 4. ਭਾਈ ਭੱਲਾ, 5. ਭਾਈ ਜਗਤਾ, 6. ਭਾਈ ਹਜਾਰੀ, 7. ਭਾਈ ਸਹਾਈ ਰਾਮ, 8. ਭਾਈ ਰਲਿਆ ਰਾਮ, 9. ਭਾਈ ਲਖਮੀ, 10. ਭਾਈ ਲਖਮੀ, 11. ਭਾਈ ਮਹੰਤ ਗੁਲਾਬ ਸਿੰਘ, 12. ਭਾਈ ਮਹੰਤ ਤੀਰਥ ਸਿੰਘ, 13. ਭਾਈ ਕਾਹਨ ਸਿੰਘ।
ਉਨ੍ਹਾਂ ਦੀ ਯਾਦ ਵਿਚ ਕੀਤੇ ਜਾ ਰਹੇ ਸ਼ਤਾਬਦੀ ਸਮਾਗਮ ਤਾਂ ਸਫਲ ਤੇ ਗੁਣਕਾਰੀ ਹੋਣਗੇ, ਜੇ ਅਸੀਂ ਭਾਈ ਜੀ ਦੇ ਆਦਰਸ਼ਾਂ, ਨਿਸ਼ਠਾ ਤੇ ਸ਼ਰਧਾ ਭਾਵਨਾ ਦਾ ਗਿਆਨ ਹਿਰਦੇ ਵਿਚ ਵਸਾ, ਗੁਰੂ-ਘਰ ਦੀ ਸੇਵਾ ਦੇ ਧਾਰਨੀ ਹੋਈਏ। ਭਾਈ ਘਨੱਈਆ ਦੀ ਸ਼ਤਾਬਦੀ ਨੂੰ ਸਮਰਪਿਤ 20-21 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ ਗੁਰਮਤਿ ਸਮਾਗਮ ਕਰਵਾਏ ਜਾ ਰਹੇ। ਸੰਗਤਾਂ ਇਨ੍ਹਾਂ ਸਮਾਗਮਾਂ ਵਿਚ ਸ਼ਮੂਲੀਅਤ ਕਰਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
**

ਅੰਗਰੇਜ਼ਾਂ ਤੇ ਦਰਬਾਰ ਦੀਆਂ ਫ਼ੌਜਾਂ ਦਰਮਿਆਨ ਲੜਾਈ ਦੀ ਸ਼ੁਰੂਆਤ ਕਿਸ ਨੇ ਕੀਤੀ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਦੋ ਹੋਰ ਬ੍ਰਿਟਿਸ਼ ਅਫਸਰ ਜੋ ਅੰਗਰੇਜ਼-ਪੰਜਾਬ ਦੇ ਸਬੰਧਾਂ ਨਾਲ ਬਹੁਤ ਗਹਿਰੇ ਜੁੜੇ ਹੋਏ ਸਨ, ਦੇ ਵਿਚਾਰ ਵੀ ਬਹੁਤ ਅਰਥ ਭਰਪੂਰ ਸਨ। ਨਾਰਥ ਵੈਸਟਰਨ ਏਜੰਸੀ ਦੇ ਮੇਜਰ ਜੀ. ਕਾਰਮੀਚਾਇਲ ਸਮਿੱਥ ਨੇ ਲਿਖਿਆ ਕਿ, 'ਪੰਜਾਬ ਦੀ ਲੜਾਈ ਬਾਰੇ ਨਾ ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੱਖਾਂ ਨੇ ਬਿਨਾਂ ਕਿਸੇ ਕਾਰਨ ਲੜਾਈ ਸ਼ੁਰੂ ਕੀਤੀ ਤੇ ਨਾ ਹੀ ਇਹ ਕਿ ਸਾਡਾ ਉਨ੍ਹਾਂ ਪ੍ਰਤੀ ਰਵੱਈਆ ਬਹੁਤ ਧੀਰਜ ਵਾਲਾ ਸੀ। ਜੇ ਅਸੀਂ ਸਿੱਖਾਂ ਨੂੰ ਇਕ ਆਜ਼ਾਦ ਰਿਆਸਤ ਮੰਨਦੇ ਹਾਂ ਤੇ ਉਹ ਹਰ ਗੱਲ ਵਾਸਤੇ ਸਾਨੂੰ ਜਵਾਬਦੇਹ ਨਹੀਂ ਹਨ ਤਾਂ ਸਾਨੂੰ ਉਨ੍ਹਾਂ ਵਾਸਤੇ ਭੜਕਾਹਟ ਦਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਸੀ। ਇਸ ਤਰ੍ਹਾਂ ਕਹਿਣਾ ਕਿ ਬੰਬਈ ਤੋਂ ਲਿਆ ਕੇ ਬੇੜੀਆਂ ਦਾ ਪੁਲ ਬਣਾਉਣਾ ਸਿਰਫ ਰੱਖਿਆਤਮਕ ਕਦਮ ਸੀ, ਬਿਲਕੁਲ ਬਕਵਾਸ ਗੱਲ ਹੈ। ਸਿੱਖਾਂ ਕੋਲ ਚਾਰਲਸ ਨੇਪੀਅਰ ਦੀ ਸਪੀਚ ਦਾ ਉਲਥਾ ਹੈ, ਜਿਹੜੀ 'ਦਿੱਲੀ ਗਜਟ' ਵਿਚ ਛਪੀ ਸੀ ਤੇ ਜਿਸ ਵਿਚ ਸਾਫ਼ ਕਿਹਾ ਗਿਆ ਕਿ ਅਸੀਂ ਉਨ੍ਹਾਂ ਵਿਰੁੱਧ ਲੜਾਈ ਵਿਚ ਜਾ ਰਹੇ ਹਾਂ ਤੇ ਹਰ ਯੂਰਪੀਨ ਤਾਕਤ ਅਜਿਹੀ ਹਾਲਤ ਵਿਚ ਇਸ ਤਰ੍ਹਾਂ ਹੀ ਕਰਦੀ। ਸਿੱਖਾਂ ਨੇ ਸਿਰਫ ਇਹ ਸੋਚਿਆ ਕਿ ਉਹ ਲੜਾਈ ਦੇ ਮੈਦਾਨ ਵਿਚ ਪਹਿਲਾਂ ਪਹੁੰਚ ਜਾਣ ਤਾਂ ਫਾਇਦੇ ਵਿਚ ਰਹਿਣਗੇ। ਇਸ ਤੋਂ ਇਲਾਵਾ ਉਹ ਸਾਡੇ ਇਲਾਕੇ ਵਿਚ ਨਹੀਂ, ਆਪਣੇ ਹੀ ਇਲਾਕੇ ਵਿਚ ਆਏ ਸਨ।
'...ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਦੋਸਤੀ ਦੇ ਅਸੂਲਾਂ ਤੋਂ ਪਿੱਛੇ ਹਟਣ ਵਾਲੇ ਅਸੀਂ ਪਹਿਲੇ ਨਹੀਂ ਸਾਂ? ਕੀ ਲੜਾਈ ਦੇ ਸ਼ੁਰੂ ਹੋਣ ਤੋਂ ਇਕ ਸਾਲ ਪਹਿਲਾਂ ਹੀ ਅਸਾਂ ਫਿਰੋਜ਼ਪੁਰ ਤੋਂ ਪੰਜਾਬ ਦੀ ਸਰਹੱਦ ਵਿਚਕਾਰ ਪੈਂਦੇ ਟਾਪੂ ਉੱਪਰ ਕਬਜ਼ਾ ਨਹੀਂ ਕਰ ਲਿਆ ਸੀ? ਇਹ ਟਾਪੂ ਪੰਜਾਬ ਵਿਚ ਪੈਂਦਾ ਸੀ, ਕਿਉਂਕਿ ਡੂੰਘਾ ਪਾਣੀ ਟਾਪੂ ਤੋਂ ਸਾਡੇ ਪਾਸੇ ਸੀ।
'...ਪਰ ਜੇ ਦੂਜੇ ਪਾਸੇ ਇਹ ਕਿਹਾ ਜਾਂਦਾ ਹੈ ਕਿ 1809 ਦੀ ਸੰਧੀ ਦੋਵਾਂ ਸਰਾਕਰਾਂ ਉੱਪਰ ਲਾਗੂ ਸੀ ਤਾਂ ਸੌਖਾ ਜਿਹਾ ਸਵਾਲ ਹੈ ਕਿ ਇਸ ਸੰਧੀ ਤੋਂ ਅਤੇ 'ਦੋਸਤੀ ਦੇ ਅਸੂਲਾਂ' ਤੋਂ ਕੌਣ ਪਾਸੇ ਹਟਿਆ? ਮੈਂ ਚੰਗੀ ਤਰ੍ਹਾਂ ਸੋਚ ਕੇ ਇਸ ਨਤੀਜੇ ਉੱਪਰ ਪਹੁੰਚਦਾ ਹਾਂ ਕਿ ਅਸੀਂ।'
ਇਸ ਮੁੱਦੇ ਉੱਪਰ ਜ਼ਿਆਦਾ ਜ਼ੋਰਦਾਰ ਸ਼ਬਦ ਸਰ ਜਾਰਜ ਕੈਂਪਬੈਲ ਦੇ ਹਨ, ਜੋ ਉਸ ਵਕਤ ਕੈਥਲ ਦੀ ਅੰਗਰੇਜ਼ੀ ਸੁਰੱਖਿਆ ਹੇਠਲੀ ਸਿੱਖ ਰਿਆਸਤ ਵਿਚ ਤਾਇਨਾਤ ਸੀ। ਉਸ ਨੇ ਲਿਖਿਆ, 'ਇਤਿਹਾਸ ਲਿਖਣ ਵਾਲਿਆਂ ਦਾ ਤਰੀਕਾ ਹੀ ਕੁਝ ਅਜਿਹਾ ਹੁੰਦਾ ਹੈ। ਆਉਣ ਵਾਲੇ ਵਕਤਾਂ ਵਿਚ ਇਤਿਹਾਸ ਦੀਆਂ ਕਿਤਾਬਾਂ ਦੱਸਣਗੀਆਂ ਕਿ ਸਿੱਖ ਫ਼ੌਜ ਹਮਲਾ ਕਰਨ ਦੇ ਇਰਾਦੇ ਨਾਲ ਅੰਗਰੇਜ਼ੀ ਇਲਾਕੇ ਵਿਚ ਦਾਖ਼ਲ ਹੋਈ। ਪਰ ਬਹੁਤ ਸਾਰੇ ਲੋਕ ਸੱਚਾਈ ਜਾਣ ਕੇ ਹੈਰਾਨ ਹੋਣਗੇ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਵਾਪਰਿਆ ਸੀ। ਉਨ੍ਹਾਂ ਨੇ ਸਾਡੀ ਕਿਸੇ ਛਾਉਣੀ ਉੱਪਰ ਹਮਲਾ ਨਹੀਂ ਕੀਤਾ ਤੇ ਨਾ ਹੀ ਸਾਡੇ ਇਲਾਕੇ ਵਿਚ ਆਪਣੇ ਪੈਰ ਰੱਖੇ। ਉਨ੍ਹਾਂ ਨੇ ਜੋ ਕੀਤਾ, ਉਹ ਇਹ ਸੀ ਕਿ ਉਹ ਦਰਿਆ ਤੋਂ ਪਾਰ ਆਏ ਤੇ ਇਧਰ ਆਪਣੇ ਹੀ ਇਲਾਕੇ ਵਿਚ ਦਾਖ਼ਲ ਹੋਏ।'
ਪੰਜਾਬ ਦੀ ਜੋ ਫ਼ੌਜ ਅੰਗਰੇਜ਼ਾਂ ਵਿਰੁੱਧ ਭੇਜੀ ਗਈ ਸੀ, ਉਸ ਦੀ ਪੂਰੀ ਗਿਣਤੀ ਦਾ ਪਤਾ ਨਹੀਂ ਪਰ ਮੋਟਾ ਅੰਦਾਜ਼ਾ ਇਹ ਸੀ ਕਿ ਇਹ ਓਨੀ ਹੀ ਸੀ, ਜਿੰਨੀ ਦੁਸ਼ਮਣ ਦੀ, ਬਲਕਿ ਤੋਪਾਂ ਦੇ ਮਾਮਲੇ ਵਿਚ ਉਨ੍ਹਾਂ ਤੋਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਸਨ। ਇਸ ਵਿਚ ਮੁੱਖ ਤੌਰ 'ਤੇ ਸਿੱਖ ਤੇ ਮੁਸਲਮਾਨ ਸਨ। ਤੋਪਾਂ ਆਮ ਤੌਰ 'ਤੇ ਮੁਸਲਮਾਨਾਂ ਦੇ ਹੱਥ ਹੀ ਸਨ। ਕਵੀ ਸ਼ਾਹ ਮੁਹੰਮਦ ਮਾਹਿਰ ਤੋਪਚੀਆਂ ਵਿਚ ਸੁਲਤਾਨ ਮੁਹੰਮਦ ਦਾ ਨਾਂਅ ਲੈਂਦਾ ਹੈ, ਜੋ ਰਣਜੀਤ ਸਿੰਘ ਦੇ ਚਹੇਤੇ ਤੋਪਚੀ ਦਾ ਪੁੱਤਰ ਸੀ। ਇਸ ਤੋਂ ਇਲਾਵਾ ਸ਼ਾਹ ਮੁਹੰਮਦ ਨੇ ਇਮਾਮ ਬਖਸ਼ ਤੇ ਇਲਾਹੀ ਬਖਸ਼ ਦੇ ਨਾਂਅ ਵੀ ਲਏ। ਪੰਜਾਬ ਦੀ ਫ਼ੌਜ ਵਿਚ ਬਹੁਤ ਥੋੜ੍ਹੀ ਜਿਹੀ ਗਿਣਤੀ ਪੂਰਬੀਆਂ ਤੇ ਗੋਰਖਿਆਂ ਦੀ ਵੀ ਸੀ। ਗੁਲਾਬ ਸਿੰਘ ਨੇ ਡੋਗਰਿਆਂ ਨੂੰ ਲੜਾਈ ਵਿਚ ਜਾਣ ਤੋਂ ਮਨ੍ਹਾਂ ਕਰ ਦਿੱਤਾ ਸੀ।
ਪੰਜਾਬੀਆਂ ਦੀ ਸਭ ਤੋਂ ਵੱਡੀ ਘਾਟ ਇਹ ਸੀ ਕਿ ਉਨ੍ਹਾਂ ਦੀ ਅਗਵਾਈ ਗੱਦਾਰ ਕਰ ਰਹੇ ਸਨ। ਐਸਾ ਸਾਬਤ ਕਰਨ ਦੀਆਂ ਬਹੁਤ ਗਵਾਹੀਆਂ ਹਨ ਕਿ ਪ੍ਰਧਾਨ ਮੰਤਰੀ ਰਾਜਾ ਲਾਲ ਸਿੰਘ, ਕਮਾਂਡਰ ਇਨ ਚੀਫ ਤੇਜ ਸਿੰਘ ਅਤੇ ਬਾਅਦ ਵਿਚ ਜਾ ਕੇ ਗੁਲਾਬ ਸਿੰਘ ਡੋਗਰਾ ਲਗਾਤਾਰ ਦੁਸ਼ਮਣਾਂ ਦੇ ਏਜੰਟਾਂ ਦੇ ਸੰਪਰਕ ਵਿਚ ਰਹੇ। ਰਾਣੀ ਜਿੰਦਾਂ ਨੂੰ ਇਨ੍ਹਾਂ ਵਿਚ ਸ਼ਾਮਿਲ ਹੋਣ ਦੇ ਕੋਈ ਸਬੂਤ ਨਹੀਂ, ਹਾਲਾਂਕਿ ਉਸ ਦੇ ਸਬੰਧ ਗੱਦਾਰ ਲਾਲ ਸਿੰਘ ਨਾਲ ਜ਼ਰੂਰ ਸਨ, ਜਿਸ ਨੇ ਅੰਗਰੇਜ਼ ਏਜੰਟ ਨੂੰ ਖ਼ਤ ਲਿਖਿਆ ਸੀ ਕਿ ਉਹ ਉਸ ਨੂੰ ਤੇ ਬੀਬੀ ਸਾਹਿਬਾ ਨੂੰ ਆਪਣੇ ਦੋਸਤ ਸਮਝਣ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਦਰਬਾਰ ਅਤੇ ਮਹਾਰਾਣੀ ਜਿੰਦਾਂ ਹੀ ਸਿਪਾਹੀਆਂ ਨੂੰ ਲੜਾਈ ਵਿਚ ਧੱਕਣ ਤੇ ਫਿਰ ਉਥੇ ਹਰਾਉਣ ਵਾਸਤੇ ਜ਼ਿੰਮੇਵਾਰ ਹਨ। ਉਹ ਉਨ੍ਹਾਂ ਨੂੰ ਜਿੰਦਾਂ ਦੇ ਭਰਾ ਜਵਾਹਰ ਸਿੰਘ ਨੂੰ ਕਤਲ ਕਰਨ ਦਾ ਸਬਕ ਸਿਖਾਉਣਾ ਚਾਹੁੰਦੇ ਸਨ। ਕਵੀ ਸ਼ਾਹ ਮੁਹੰਮਦ ਨੇ ਬਿਨਾਂ ਕਿਸੇ ਝਿਜਕ ਦੇ ਲਿਖਿਆ ਹੈ ਕਿ ਰਾਣੀ ਜਿੰਦਾਂ ਨੇ ਹੀ ਪੰਜਾਬ ਨੂੰ ਬਰਬਾਦ ਕੀਤਾ। ਉਸ ਦੇ ਬੋਲ ਨੇ-
'ਕੀ ਅਕਲ ਦਾ ਪੇਚ ਰਾਣੀ ਜਿੰਦ ਕੌਰਾਂ, ਮੱਥਾ ਦੋਹਾਂ ਪਾਤਸ਼ਾਹੀਆਂ ਦਾ ਜੋੜਿਆ ਈ।
ਗੁੱਝੀ ਰਮਜ਼ ਕਰਕੇ ਆਪ ਰਹੀ ਸੱਚੀ, ਬਦਲਾ ਤੁਰੰਤ ਭਰਾਓ ਦਾ ਮੋੜਿਆ ਈ।
ਲਏ ਤੁਰੰਤ ਮੁਸਾਹਿਬ ਲਪੇਟ ਰਾਣੀ, ਲਸ਼ਕਰ ਵਿਚ ਦਰਿਆ ਦੇ ਰੋੜ੍ਹਿਆ ਈ।
ਸ਼ਾਹ ਮੁਹੰਮਦਾ ਕਰੇ ਜਹਾਨ ਗੱਲਾਂ, ਉਨ੍ਹਾਂ ਕੁਫ਼ਰ ਮੁੱਦਈ ਦਾ ਤੋੜਿਆ ਈ।
ਹੁੰਦੇ ਆਏ ਨੇ ਰੰਨਾਂ ਦੇ ਧੁਰੋਂ ਕਾਰੇ, ਲੰਕਾ ਵਿਚ ਤਾਂ ਰਾਵਣ ਕੁਹਾਇ ਦਿੱਤਾ।
ਕੌਰਵ ਪਾਂਡਵਾਂ ਨਾਲ ਕੀ ਭਲਾ ਕੀਤਾ, ਅਠਾਰਾਂ ਖੂਹਣੀਆਂ ਕਟਕ ਮੁਕਾਇ ਦਿੱਤਾ।
ਰਾਜੇ ਭੋਜ ਦੇ ਮੂੰਹ ਲਗਾ ਦਿੱਤੀ, ਮਾਰ ਅੱਡੀਆਂ ਹੋਸ਼ ਭੁਲਾਇ ਦਿੱਤਾ।
ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ, ਸਾਰੇ ਦੇਸ਼ ਦਾ ਫਰਸ਼ ਉਠਾਇ ਦਿੱਤਾ।'
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਸਰਹੱਦ ਪਾਰ ਅੱਜ ਵੀ ਕਾਇਮ ਹੈ ਹਿੰਦੂ ਸੰਸਥਾਵਾਂ ਦਾ ਨਾਂਅ ਤੇ ਸ਼ਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕੀ ਕਦੇ ਸਕੂਲ ਦਾ ਨਾਂਅ ਬਦਲਣ ਦਾ ਸਕੂਲ ਦੇ ਪ੍ਰਬੰਧਕਾਂ ਜਾਂ ਸਰਕਾਰ 'ਤੇ ਕੋਈ ਦਬਾਅ ਨਹੀਂ ਪਾਇਆ ਗਿਆ? ਪੁੱਛਣ 'ਤੇ ਹਰਲ ਸਾਹਿਬ ਕਹਿੰਦੇ ਹਨ ਕਿ ਬਹੁਤ ਵਾਰ ਸਕੂਲ ਨਾਲੋਂ ਡੀ. ਏ. ਵੀ. ਸ਼ਬਦ ਹਟਾਉਣ ਦੀ ਮੰਗ ਉਠ ਚੁੱਕੀ ਹੈ, ਪਰ ਇਸ ਸਕੂਲ ਦੇ ਵਿਦਿਆਰਥੀਆਂ ਨੇ ਹਰ ਵਰ੍ਹੇ ਰਾਵਲਪਿੰਡੀ ਦੇ ਸਭ ਸਕੂਲਾਂ ਵਿਚੋਂ ਇਮਤਿਹਾਨਾਂ ਤੇ ਖੇਡਾਂ ਵਿਚ ਅੱਗੇ ਰਹਿ ਕੇ ਸਕੂਲ ਦੀ ਅਜਿਹੀ ਪਹਿਚਾਣ ਕਾਇਮ ਕਰ ਲਈ ਹੈ, ਜਿਸ ਦੇ ਚਲਦਿਆਂ ਰਾਵਲਪਿੰਡੀ ਦੇ ਸਿੱਖਿਆ ਦੇ ਖੇਤਰ ਵਿਚ ਤਾਰੇ ਵਾਂਗੂ ਚਮਕਦੇ ਇਸ ਸਕੂਲ ਦੇ ਪੁਰਾਣੇ ਨਾਂਅ ਨੂੰ ਅਸੀਂ ਕਦੇ ਵੀ ਬਦਲਣ ਨਹੀਂ ਦਿਆਂਗੇ। ਮੀਆਂ ਹਰਲ ਨੂੰ ਇਸ ਗੱਲ 'ਤੇ ਵੀ ਫ਼ਖਰ ਹੈ ਕਿ ਉਹ ਉਸ ਸਕੂਲ ਦੇ ਲੈਕਚਰਾਰ ਹਨ, ਜਿੱਥੇ ਕਦੇ ਭਾਰਤੀ ਫ਼ਿਲਮ ਅਭਿਨੇਤਾ ਸੁਨੀਲ ਦੱਤ, ਬਲਰਾਜ ਸਾਹਨੀ ਦੇ ਵੱਡੇ ਭਰਾ ਨਾਵਲਕਾਰ ਬਿਸ਼ਮ ਸਾਹਨੀ ਅਤੇ ਕਈ ਨਾਮਵਰ ਸੁਤੰਤਰਤਾ ਸੈਨਾਨੀ ਵੀ ਪੜ੍ਹ ਅਤੇ ਪੜ੍ਹਾ ਚੁੱਕੇ ਹਨ।
ਇਸ ਸਕੂਲ ਦੇ ਬਿਲਕੁਲ ਪਿੱਛੇ ਆਰੀਆ ਮੁਹੱਲਾ ਅਤੇ ਪੁਰਾਣਾ ਮੰਦਰ ਜਿਉਂ ਦਾ ਤਿਉਂ ਅੱਜ ਵੀ ਮੌਜੂਦ ਹੈ। ਇਸ ਮੁਹੱਲੇ ਦੇ ਬਹੁਤੇ ਘਰਾਂ ਦੇ ਬਾਹਰ ਅੱਜ ਵੀ 'ਓਮ' ਸ਼ਬਦ ਉੱਕਰਿਆ ਹੋਇਆ ਹੈ। ਇਸੇ ਮੁਹੱਲੇ ਦੇ ਰਹਿਣ ਵਾਲੇ ਹਾਜੀ ਦਿਲਸ਼ਾਦ ਦੱਸਦੇ ਹਨ ਕਿ ਭਾਵੇਂ ਸਾਡੇ ਇਥੇ ਕੁਝ ਲੋਕਾਂ ਨੇ ਇਸ ਨੂੰ ਨਵਾਂ ਮੁਹੱਲਾ ਕਹਿਣਾ ਸ਼ੁਰੂ ਕਰ ਦਿੱਤਾ ਹੈ, ਪਰ ਇਸ ਦੀ ਅਸਲ ਪਹਿਚਾਣ ਅੱਜ ਵੀ ਆਰੀਆ ਮੁਹੱਲੇ ਵਜੋਂ ਹੀ ਹੈ। ਉਕਤ ਦੇ ਇਲਾਵਾ ਲਾਹੌਰ ਦੇ ਸਿਵਲ ਲਾਈਨ ਆਬਾਦੀ ਵਿਚਲੇ ਡੀ. ਏ. ਵੀ. ਕਾਲਜ ਦਾ ਨਾਂਅ ਭਾਵੇਂ ਬਦਲ ਕੇ ਗੌਰਮਿੰਟ ਇਸਲਾਮੀਆ ਕਾਲਜ ਜ਼ਰੂਰ ਰੱਖ ਦਿੱਤਾ ਗਿਆ ਹੈ, ਪਰ ਇਸ ਵਿੱਦਿਅਕ ਸੰਸਥਾਨ ਦੇ ਪੁਰਾਣੇ ਢਾਂਚੇ ਅਤੇ ਬਣਾਵਟ 'ਚ ਕੋਈ ਬਹੁਤਾ ਅੰਤਰ ਨਹੀਂ ਆਇਆ। ਇਸ ਕਾਲਜ ਨੂੰ ਸ਼ੁਰੂ ਕਰਨ ਲਈ ਪਹਿਲੀ ਬੈਠਕ ਲਾਲਾ ਦੀਵਾਨ ਚੰਦ ਦੀ ਪ੍ਰਧਾਨਗੀ ਹੇਠ 9 ਨਵੰਬਰ, 1883 ਨੂੰ ਕੀਤੀ ਗਈ, ਜਿਸ 'ਚ ਆਸ-ਪਾਸ ਦੇ ਸਭ ਸ਼ਹਿਰਾਂ ਦੇ ਧਨਾਢ ਆਰੀਆ ਸਮਾਜੀ ਇਕੱਠੇ ਹੋਏ। ਬੈਠਕ ਵਿਚ ਸਭ ਤੋਂ ਪਹਿਲਾਂ ਡੀ. ਏ. ਵੀ. ਸਕੂਲ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਅਤੇ ਮੌਕੇ 'ਤੇ ਹੀ ਸਕੂਲ ਬਣਾਉਣ ਲਈ 7000-8000 ਰੁਪਏ ਇਕੱਠੇ ਹੋ ਗਏ। ਇਸ ਤੋਂ ਬਾਅਦ ਇਕ ਹੋਰ ਵਿਸ਼ਾਲ ਬੈਠਕ 3 ਨਵੰਬਰ, 1885 ਨੂੰ ਹੋਈ, ਜਿਸ ਵਿਚ ਸ੍ਰੀ ਹੰਸ ਰਾਜ (21 ਸਾਲ) ਵੀ ਸ਼ਾਮਿਲ ਹੋਏ, ਉਨ੍ਹਾਂ ਮੀਟਿੰਗ ਵਿਚ ਐਲਾਨ ਕੀਤਾ ਕਿ ਉਹ ਸਾਰੀ ਉਮਰ ਬਿਨਾਂ ਕੋਈ ਤਨਖਾਹ ਲਏ ਸੇਵਾ ਭਾਵਨਾ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਦੇਣਗੇ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਛੇਵੇਂ ਪਾਤਸ਼ਾਹ ਦੇ ਅਨਿਨ ਸੇਵਕ ਬਾਬਾ ਬਿਧੀ ਚੰਦ

ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਨਿਨ ਪਿਆਰੇ ਸੇਵਕ ਬਹਾਦਰ ਬਾਬਾ ਬਿਧੀ ਚੰਦ ਦਾ ਜਨਮ 13 ਵੈਸਾਖ ਸੰਮਤ 1636 ਮੁਤਾਬਿਕ 8 ਅਪ੍ਰੈਲ, ਸੰਨ 1560 ਨੂੰ ਬਾਬਾ ਦੇਵਾ ਜੀ ਦੇ ਗ੍ਰਹਿ ਮਾਤਾ ਸੰਭਲੀ ਜੀ ਦੀ ਕੁੱਖੋਂ ਪਿੰਡ ਛੀਨਾ ਜ਼ਿਲ੍ਹਾ ਲਾਹੌਰ (ਹਾਲ ਜ਼ਿਲ੍ਹਾ ਤਰਨ ਤਾਰਨ) ਵਿਖੇ ਹੋਇਆ। ਆਪ ਬਚਪਨ ਤੋਂ ਹੀ ਵਿਲੱਖਣ ਅਤੇ ਬਹਾਦਰ ਸੁਭਾਅ ਦੇ ਮਾਲਕ ਸਨ। ਆਪ ਨੇ ਆਪਣਾ ਬਚਪਨ ਨਾਨਕੇ ਪਿੰਡ ਵੱਡੀ ਸਰਹਾਲੀ ਵਿਖੇ ਗੁਜ਼ਾਰਿਆ। ਆਪ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ। ਪੰਚਮ ਪਾਤਸ਼ਾਹ ਦੀ ਸ਼ਹਾਦਤ ਮੌਕੇ ਹਾਜ਼ਰ ਪ੍ਰਮੁੱਖ ਪੰਜ ਸਿੱਖਾਂ 'ਚ ਆਪ ਵੀ ਸ਼ਾਮਿਲ ਸਨ। ਪੰਚਮ ਪਾਤਸ਼ਾਹ ਦੀ ਸ਼ਹਾਦਤ ਉਪਰੰਤ ਬਾਬਾ ਬਿਧੀ ਚੰਦ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੇਵਾ ਵਿਚ ਹਾਜ਼ਰ ਰਹਿ ਕੇ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ। ਇਤਿਹਾਸ ਅਨੁਸਾਰ ਕਸ਼ਮੀਰ ਦੀ ਸੰਗਤ ਵਲੋਂ ਸਤਿਗੁਰਾਂ ਨੂੰ ਭੇਟ ਕਰਨ ਲਈ ਲਿਆਂਦੇ ਸੁੰਦਰ ਦੁਸ਼ਾਲੇ ਪੱਟੀ ਦੇ ਪਠਾਨ ਮਿਰਜ਼ਾ ਬੇਗ ਨੇ ਰਸਤੇ ਵਿਚ ਖੋਹ ਲਏ। ਆਪ ਨੇ ਜੁਗਤੀ ਨਾਲ ਪਠਾਨ ਦੇ ਮਹਿਲਾਂ 'ਚੋਂ ਦੁਸ਼ਾਲੇ ਕੱਢ ਲਏ। ਪੱਟੀ ਨੂੰ ਘੇਰਾ ਪੈ ਜਾਣ 'ਤੇ ਬਚਾਓ ਲਈ ਸਤਿਗੁਰਾਂ ਦਾ ਧਿਆਨ ਧਰ ਆਪ ਇਕ ਭਠਿਆਰੇ ਦੇ ਬਲਦੇ ਭੱਠ ਵਿਚ ਬੈਠ ਗਏ।
ਉਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਕੀ ਡਰੋਲੀ ਵਿਖੇ ਆਪਣੇ ਸਰੀਰ 'ਤੇ ਜਲ ਦੀਆਂ ਗਾਗਰਾਂ ਪਵਾਈਆਂ ਪਰ ਆਪਣੇ ਸੇਵਕ ਨੂੰ ਰੱਤੀ ਭਰ ਵੀ ਸੇਕ ਨਾ ਲੱਗਣ ਦਿੱਤਾ। ਬਾਬਾ ਬਿਧੀ ਚੰਦ ਨੇ ਸੁੰਦਰ ਦੁਸ਼ਾਲੇ ਗੁਰੂ ਚਰਨਾਂ ਵਿਚ ਭੇਟ ਕੀਤੇ। ਆਪ ਨੇ ਲਾਹੌਰ ਦੇ ਹੁਕਮਰਾਨ ਵਲੋਂ ਕਰੋੜੀ ਮੱਲ ਪਾਸੋਂ ਸਤਿਗੁਰਾਂ ਨੂੰ ਭੇਟ ਕਰਨ ਲਈ ਲਿਆਂਦੇ ਸੁੰਦਰ ਦਰਿਆਈ ਘੋੜੇ ਦਿਲਬਾਗ ਅਤੇ ਗੁਲਬਾਗ ਖੋਹ ਲੈਣ ਤੇ ਘਾਹੀ ਤੇ ਜੋਤਸ਼ੀ ਦਾ ਰੂਪ ਧਾਰ ਕੇ ਚਤੁਰਤਾ ਅਤੇ ਬਹਾਦਰੀ ਨਾਲ ਖੋਹੇ ਘੋੜੇ ਵਾਪਸ ਲਿਆ ਕੇ ਗੁਰੂ ਜੀ ਨੂੰ ਭੇਟ ਕੀਤੇ। ਇਸ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਬਾਬਾ ਬਿਧੀ ਚੰਦ ਨੂੰ 'ਬਿਧੀ ਚੰਦ ਛੀਨਾ॥ ਗੁਰੂ ਕਾ ਸੀਨਾ॥ ਭਾਉ ਭਗਤ ਲੀਨਾ॥ ਕਮੀ ਕਦੇ ਨਾਹਿ॥' ਦਾ ਵਰ ਬਖਸ਼ਿਸ਼ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਮੁਗਲ ਹਕੂਮਤ ਨਾਲ ਲੜੀਆਂ ਚਾਰ ਜੰਗਾਂ ਵਿਚ ਵੀ ਜਰਨੈਲ ਵਜੋਂ ਆਪ ਨੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਬਾਬਾ ਬਿਧੀ ਚੰਦ ਨੇ ਸਮਰਪਣ ਭਾਵਨਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੇਵਾ, ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੇਵਾ, ਹੱਥੀਂ ਬੀੜਾਂ ਲਿਖਣ ਦੀ ਸੇਵਾ ਅਤੇ ਗੁਰਸਿੱਖੀ ਪ੍ਰਚਾਰ ਦੀ ਮਹਾਨ ਸੇਵਾ ਨਿਭਾਈ। ਬਾਬਾ ਬਿਧੀ ਚੰਦ ਭਾਦੋਂ ਸੁਦੀ ਅਸ਼ਟਮੀ ਸੰਮਤ 1697 ਨੂੰ ਸੁੰਦਰ ਸ਼ਾਹ ਨੂੰ ਨਾਲ ਲੈ ਕੇ ਕੀਤੇ ਬਚਨ ਅਨੁਸਾਰ ਦੇਊ ਨਗਰ ਅਯੁੱਧਿਆ ਵਿਖੇ ਸੱਚਖੰਡ ਪਿਆਨਾ ਕਰ ਗਏ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਨਮਿਤ ਸਹਿਜ ਪਾਠ ਕਰਵਾਇਆ ਅਤੇ ਬਾਬਾ ਬਿਧੀ ਚੰਦ ਦੇ ਸਪੁੱਤਰ ਬਾਬਾ ਲਾਲ ਚੰਦ ਨੂੰ ਜਾਨਸ਼ੀਨ ਥਾਪ ਕੇ ਸੰਪ੍ਰਦਾਇ ਨੂੰ ਵਰੋਸਾਉਣਾ ਕੀਤਾ।
ਸਤਿਗੁਰਾਂ ਨੇ ਭਾਈ ਭਾਗ ਮਲ ਨਾਲ ਕੀਤੇ ਬਚਨ ਮੁਤਾਬਿਕ ਬਾਬਾ ਲਾਲ ਚੰਦ ਨੂੰ ਪਾਵਨ ਗੁਰਬਾਣੀ ਬੀੜ, ਦੁਰਲੱਭ ਤਸਵੀਰਾਂ, ਸ਼ਸਤਰ ਅਤੇ ਨਿਸ਼ਾਨ ਨਗਾਰਾ ਬਖਸ਼ਿਸ਼ ਕਰਦਿਆਂ ਸੁਰ ਸਿੰਘ ਨਗਰ ਵਿਚ ਭਾਈ ਭਾਗ ਮਲ ਵਲੋਂ ਭੇਟ ਕੀਤੇ ਮਹਿਲਾਂ 'ਚ ਨਿਵਾਸ ਕਰਕੇ ਗੁਰਸਿੱਖੀ ਪ੍ਰਚਾਰ ਕਰਨ ਦਾ ਹੁਕਮ ਕੀਤਾ। ਬਾਬਾ ਲਾਲ ਚੰਦ ਨੇ ਸੁਰ ਸਿੰਘ ਨਗਰ ਨੂੰ ਸਿੱਖੀ ਪ੍ਰਚਾਰ ਦਾ ਕੇਂਦਰ ਬਣਾਇਆ ਅਤੇ ਇਥੇ ਬਾਬਾ ਬਿਧੀ ਚੰਦ ਦੀ ਯਾਦਗਾਰ ਸਥਾਪਿਤ ਕੀਤੀ, ਜਿਥੇ ਹੁਣ ਸੁੰਦਰ ਗੁਰਦੁਆਰਾ ਸੁਭਾਇਮਾਨ ਹੈ। ਗੁਰਸਿੱਖੀ ਪ੍ਰਚਾਰ ਦੀ ਮਹਾਨ ਰਵਾਇਤ ਨੂੰ ਜਾਰੀ ਰੱਖਦਿਆਂ ਬਾਬਾ ਬਿਧੀ ਚੰਦ ਦੇ ਬਾਰ੍ਹਵੇਂ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਸਿੱਖ ਨੌਜਵਾਨ ਪੀੜ੍ਹੀ ਨੂੰ ਗੁਰਸਿੱਖੀ ਮਾਰਗ 'ਤੇ ਤੋਰਨ ਲਈ ਦੇਸ਼-ਵਿਦੇਸ਼ ਅੰਦਰ ਬੇਅੰਤ ਭੇਟਾ ਰਹਿਤ ਗੁਰਮਤਿ ਵਿਦਿਆਲੇ ਸਥਾਪਿਤ ਕੀਤੇ ਗਏ ਹਨ। ਉਹ ਰੋਜ਼ਾਨਾ ਸੰਗਤਾਂ ਨੂੰ ਅਧਿਆਤਮਕ ਉਪਦੇਸ਼ ਦੇ ਕੇ ਬਾਣੀ-ਬਾਣੇ ਨਾਲ ਜੁੜਨ ਲਈ ਪ੍ਰੇਰਦੇ ਹਨ। ਬਹਾਦਰ ਬਾਬਾ ਬਿਧੀ ਚੰਦ ਦੀ ਸਾਲਾਨਾ ਬਰਸੀ ਮੌਕੇ ਦੋ ਦਿਨਾ ਭਾਰੀ ਜੋੜ ਮੇਲਾ 17, 18 ਸਤੰਬਰ, 2018 ਨੂੰ ਨਗਰ ਸੁਰ ਸਿੰਘ, ਜ਼ਿਲ੍ਹਾ ਤਰਨ ਤਾਤਰਨ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਮੁਖੀ, ਬਾਬਾ ਬਿਧੀ ਚੰਦ ਦੇ ਬਾਰ੍ਹਵੇਂ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਅਗਵਾਈ ਵਿਚ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ।


Email- dharmjitsursingh@gmail.com

ਗੁਰੂ ਹਰਿਗੋਬਿੰਦ ਜੀ ਦਾ ਜੀਵਨ ਤੇ ਮਿਸ਼ਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗਵਾਲੀਅਰ ਦੇ ਕਿਲ੍ਹੇ ਵਿਚ
ਇਉਂ ਜਾਪਦਾ ਹੈ ਕਿ ਮੁਗ਼ਲ ਸਰਕਾਰ ਗੁਰੂ ਹਰਿਗੋਬਿੰਦ ਜੀ ਦੀ ਸੰਤ ਸਿਪਾਹੀ ਵਾਲੀ ਨੀਤੀ ਤੋਂ ਡਰ ਗਈ ਤੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ। ਉਨ੍ਹਾਂ ਦੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਰਹਿਣ ਦਾ ਕੋਈ ਸ਼ੰਕਾ ਨਹੀਂ ਪਰ ਉਹ ਕਿੰਨਾ ਚਿਰ ਗਵਾਲੀਅਰ ਰਹੇ, ਕੋਈ ਗੱਲ ਨਿਸਚਿਤ ਨਹੀਂ ਕਹੀ ਜਾ ਸਕਦੀ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਲਿਖਿਆ ਹੈ ਕਿ ਗੁਰੂ ਸਾਹਿਬ ਪਹਿਲਾਂ ਅੰਮ੍ਰਿਤਸਰ ਤੋਂ ਦਿੱਲੀ ਗਏ ਤੇ ਮਜਨੂੰ ਦੇ ਟਿੱਲੇ ਗੁਰਦੁਆਰੇ ਠਹਿਰੇ। ਫਿਰ ਆਗਰੇ ਗਏ। ਆਗਰੇ ਤੇ ਗਵਾਲੀਅਰ ਵਿਚਕਾਰ ਧੌਲਪੁਰ (ਨਵੀਨ ਜ਼ਿਲ੍ਹਾ ਭਰਤਪੁਰ) ਦੇ ਜੰਗਲਾਂ ਵਿਚ ਸ਼ੇਰ ਦਾ ਸ਼ਿਕਾਰ ਕੀਤਾ, ਜਿਥੇ ਹੁਣ ਗੁਰਦੁਆਰਾ ਸ਼ੇਰ ਸ਼ਿਕਾਰ ਹੈ। ਇਹ ਗੁਰਦੁਆਰਾ ਆਗਰੇ ਤੋਂ 21 ਮੀਲ ਆਗਰਾ ਗਵਾਲੀਅਰ ਰੋਡ 'ਤੇ ਹੈ। ਇਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਅਰਾਵਲੀ ਪਰਬਤ ਦੇ ਨੇੜੇ ਅਤੇ ਚੰਬਲ ਵਾਦੀ ਵਿਚ ਵਸੇ ਸਿੱਖ ਬੜੇ ਉਤਸ਼ਾਹ ਨਾਲ ਇਹ ਦਿਨ ਮਨਾਉਂਦੇ ਹਨ।
ਮੁਹਸਨ ਫਾਨੀ ਕਰਤਾ ਦਬਿਸਤਾਨ ਲਿਖਦਾ ਹੈ ਕਿ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚ ਸਨ ਤਾਂ ਸਿੱਖ ਕਿਲ੍ਹੇ ਦੀਆਂ ਕੰਧਾਂ ਨੂੰ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਸਨ। ਗਵਾਲੀਅਰ ਕਿਲ੍ਹੇ ਦੇ ਅੰਦਰ ਜਿਥੇ ਗੁਰੂ ਸਾਹਿਬ ਰਹਿੰਦੇ ਸਨ, ਇਕ ਵੱਡਾ ਗੁਰਦੁਆਰਾ ਬਣ ਗਿਆ ਹੈ। ਇਸ ਗੁਰਦੁਆਰੇ ਕੋਲ ਖੁਦਾਈ ਕਰਦਿਆਂ ਉਸ ਜਗ੍ਹਾ ਦਾ ਪਤਾ ਲੱਗਾ ਹੈ ਜਿਥੇ ਗੁਰੂ ਸਾਹਿਬ ਇਸ਼ਨਾਨ ਕਰਿਆ ਕਰਦੇ ਸਨ। ਉਸ ਥਾਂ ਇਕ ਪੱਥਰ ਮਿਲਿਆ ਹੈ, ਜਿਸ 'ਤੇ ਫਾਰਸੀ ਵਿਚ ਲਿਖਿਆ ਹੈ ਕਿ ਇਥੇ ਗੁਰੂ ਸਾਹਿਬ ਇਸ਼ਨਾਨ ਕਰਦੇ ਸਨ ਤੇ ਇਹ ਹੌਜ ਵਜ਼ੀਰ ਖਾਂ ਨੇ ਗੁਰੂ ਜੀ ਦੇ ਇਸ਼ਨਾਨ ਵਾਸਤੇ ਬਣਵਾਇਆ ਸੀ। ਇਹ ਵਜ਼ੀਰ ਖਾਨ ਗੁਰੂ ਜੀ ਦਾ ਸ਼ਰਧਾਲੂ ਸੀ। ਇਹ ਉਹ ਹੀ ਵਜ਼ੀਰ ਖਾਂ ਸੀ, ਜੋ ਚਿਨਓਟ ਦਾ ਰਹਿਣ ਵਾਲਾ ਸੀ ਤੇ ਜਿਸ ਨੇ ਲਾਹੌਰ ਵਿਚ ਸੁਨਹਿਰੀ ਮਸਜਿਦ ਬਣਵਾਈ ਸੀ।
ਕੁਝ ਸਮੇਂ ਪਿੱਛੋਂ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾਅ ਕਰ ਦਿੱਤਾ। ਇਸ ਤੋਂ ਪਿੱਛੋਂ ਗੁਰੂ ਜੀ ਦੇ ਜਹਾਂਗੀਰ ਨਾਲ ਸਬੰਧ ਚੰਗੇ ਰਹੇ।
ਮੁਗ਼ਲਾਂ ਵਿਰੁੱਧ ਲੜਾਈਆਂ
1627 ਈ: ਵਿਚ ਜਹਾਂਗੀਰ ਚਲਾਣਾ ਕਰ ਗਿਆ। ਉਸ ਦਾ ਪੁੱਤਰ ਸ਼ਾਹ ਜਹਾਨ ਤਖ਼ਤ 'ਤੇ ਬੈਠਾ। ਤਖ਼ਤ 'ਤੇ ਬੈਠਦਿਆਂ ਹੀ ਉਸ ਨੇ ਹੁਕਮ ਜਾਰੀ ਕੀਤਾ ਕਿ ਕੋਈ ਮੁਸਲਮਾਨ ਆਪਣਾ ਧਰਮ ਬਦਲੀ ਨਹੀਂ ਕਰ ਸਕਦਾ। ਦੂਜੇ ਉਸ ਨੇ ਗੁਰੂ ਅਰਜਨ ਸਾਹਿਬ ਦੀ ਲਾਹੌਰ ਵਿਚ ਬਣਵਾਈ ਬਉਲੀ ਨੂੰ ਢਵਾ ਦਿੱਤਾ। ਕੌਲਾਂ ਕਰਕੇ ਮੁਗ਼ਲਾਂ ਨਾਲ ਸਬੰਧ ਵਿਗੜ ਗਏ। ਕੌਲਾਂ ਕਵਲਾਂ ਇਕ ਹਿੰਦੂ ਨਾਂਅ ਜਾਪਦਾ ਹੈ। ਹੋ ਸਕਦਾ ਹੈ ਕਿ ਲਾਹੌਰ ਦੇ ਕਾਜ਼ੀ ਨੇ ਇਸ ਨੂੰ ਜ਼ਬਰਦਸਤੀ ਘਰ ਵਿਚ ਰੱਖਿਆ ਹੋਵੇ। ਕਈ ਲਿਖਾਰੀਆਂ ਦਾ ਖਿਆਲ ਹੈ ਕਿ ਇਹ ਕਾਜ਼ੀ ਦੀ ਲੜਕੀ ਸੀ। ਇਹ ਗੁਰੂ ਜੀ ਦੀ ਸਿੱਖ ਹੋਣ ਕਰਕੇ ਅੰਮ੍ਰਿਤਸਰ ਗੁਰੂ ਜੀ ਦੀ ਸ਼ਰਨ ਆ ਗਈ। ਇਸ ਕਰਕੇ ਲਾਹੌਰ ਦੇ ਕਾਜ਼ੀ ਨੇ ਗੁਰੂ ਜੀ ਦੇ ਵਿਰੁੱਧ ਮੁਗ਼ਲ ਸਰਕਾਰ ਨੂੰ ਭੜਕਾਇਆ। ਗੁਰੂ ਜੀ ਨੇ ਪੈਂਦੇ ਖਾਨ ਪਠਾਨ ਨੂੰ ਆਪਣੀ ਫ਼ੌਜ ਵਿਚ ਰੱਖਿਆ। ਉਹ ਗੁਰੂ ਜੀ ਕੋਲੋਂ ਕਿਸੇ ਦੇ ਉਕਸਾਉਣ 'ਤੇ ਚਲਾ ਗਿਆ ਤੇ ਮੁਗ਼ਲ ਫ਼ੌਜਾਂ ਨਾਲ ਜਾ ਮਿਲਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਸ਼ਬਦ ਵਿਚਾਰ

ਇਕੁ ਤਿਲੁ ਪਿਆਰਾ ਵੀਸਰੈ ਦੁਖੁ ਲਾਗੈ ਸੁਖੁ ਜਾਇ॥

(ਲੜੀ ਜੋੜਨ ਲਈ ਦੇਖੋ ਪਿਛਲੇ ਮੰਗਲਵਾਰ ਦਾ ਅੰਕ)
ਸਿਰੀਰਾਗੁ ਮਹਲਾ ੧
ਇਕੁ ਤਿਲੁ ਪਿਆਰਾ ਵੀਸਰੈ
ਦੁਖੁ ਲਾਗੈ ਸੁਖੁ ਜਾਇ॥
ਜਿਹਵਾ ਜਲਉ ਜਲਾਵਣੀ
ਨਾਮੁ ਨ ਜਾਪੈ ਰਸਾਇ॥
ਘਟੁ ਬਿਨਸੈ ਦੁਖ ਅਗਲੋ
ਜਮੁ ਪਕੜੈ ਪਛੁਤਾਇ॥ ੫॥
ਮੇਰੀ ਮੇਰੀ ਕਰਿ ਗਏ
ਤਨੁ ਧਨੁ ਕਲਤੁ ਨ ਸਾਥਿ॥
ਬਿਨੁ ਨਾਵੈ ਧਨੁ ਬਾਦਿ ਹੈ
ਭੂਲੋ ਮਾਰਗਿ ਆਥਿ॥
ਸਾਚਉ ਸਾਹਿਬ ਸੇਵੀਐ
ਗੁਰਮੁਖਿ ਅਕਥੋ ਕਾਥਿ॥ ੬॥
ਆਵੈ ਜਾਇ ਭਵਾਈਐ
ਪਇਐ ਕਿਰਤਿ ਕਮਾਇ॥
ਪੂਰਬਿ ਲਿਖਿਆ ਕਿਉ ਮੇਟੀਐ
ਲਿਖਿਆ ਲੇਖੁ ਰਜਾਇ॥
ਬਿਨੁ ਹਰਿ ਨਾਮ ਨ ਛੁਟੀਐ
ਗੁਰਮਤਿ ਮਿਲੈ ਮਿਲਾਇ॥ ੭॥
ਤਿਸੁ ਬਿਨੁ ਮੇਰਾ ਕੋ ਨਹੀ
ਜਿਸ ਕਾ ਜੀਉ ਪਰਾਨੁ॥
ਹਉਮੈ ਮਮਤਾ ਜਲਿ ਬਲਉ
ਲੋਭੁ ਜਲਉ ਅਭਿਮਾਨੁ॥
ਨਾਨਕ ਸਬਦੁ ਵੀਚਾਰੀਐ
ਪਾਈਐ ਗੁਣੀ ਨਿਧਾਨੁ॥ ੮॥ ੧੦॥
(ਅੰਗ 59)
ਪਦ ਅਰਥ : ਇਕੁ ਤਿਲੁ-ਰਤਾ ਭਰ ਸਮੇਂ ਲਈ ਵੀ। ਪਿਆਰਾ-ਪਿਆਰਾ ਪ੍ਰਭੂ। ਵਿਸਰੈ-ਵਿਸਰ ਜਾਏ, ਭੁੱਲ ਜਾਏ। ਲਾਗੈ-ਆ ਲੱਗਦਾ ਹੈ, ਆ ਘੇਰਦਾ ਹੈ। ਜਿਹਵਾ-ਜੀਭ। ਜਿਹਵਾ ਜਲਉ-ਸੜ ਜਾਵੇ ਉਹ ਜੀਭ। ਜਲਾਵਣੀ-ਸੜਨ ਜੋਗ ਜੀਭ। ਰਸਾਇ-ਰਸ ਨਾਲ, ਅਨੰਦ ਵਿਚ ਮਗਨ ਹੋ ਕੇ। ਘਟੁ-ਸਰੀਰ। ਬਿਨਸੈ-ਨਾਸ ਹੁੰਦਾ ਹੈ। ਦੁਖੁ ਅਗਲੋ-ਬਹੁਤ ਦੁੱਖ ਹੁੰਦਾ ਹੈ।
ਤਨੁ-ਸਰੀਰ। ਕਲਤੁ-ਇਸਤਰੀ। ਨ ਸਾਥਿ-ਕੋਈ ਵੀ ਨਾਲ ਨਾ ਨਿਭਿਆ, ਕੋਈ ਵੀ ਸਾਥ ਨਾ ਗਿਆ। ਬਾਦਿ ਹੈ-ਸਭ ਵਿਅਰਥ ਹੈ। ਮਾਰਗਿ-ਰਸਤਾ। ਆਥਿ-ਮਾਇਆ। ਮਾਰਗਿ ਆਥਿ-ਮਾਇਆ ਦੇ ਰਾਹ 'ਤੇ ਚੱਲ ਕੇ। ਭੂਲੋ-(ਜੀਵਨ ਦੇ ਸਹੀ ਮਾਰਗ ਤੋਂ) ਕੁਰਾਹੇ ਪੈ ਜਾਂਦਾ ਹੈ। ਸਾਚਉ ਸਾਹਿਬ-ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸੇਵੀਐ-ਸਿਮਰਨਾ ਚਾਹੀਦਾ ਹੈ। ਅਕਥੋ-ਅਕੱਥ, ਬੇਅੰਤ (ਪ੍ਰਭੂ)। ਗੁਰਮੁਖਿ ਕਾਥਿ-ਗੁਰੂ ਦੁਆਰ ਕਥਿਆ ਜਾ ਸਕਦਾ ਹੈ।
ਆਵੈ ਜਾਇ ਭਵਾਈਐ-ਜੰਮਣ ਮਰਨ ਦੇ ਗੇੜ ਵਿਚ ਫਿਰਾਇਆ ਜਾਂਦਾ ਹੈ। ਪਇਐ ਕਿਰਤਿ ਕਮਾਇ-ਪਿਛਲੇ ਕਰਮਾਂ ਦੀ ਕੀਤੀ ਕਿਰਤ ਅਨੁਸਾਰ (ਪੂਰਬਲੇ ਜਨਮ ਵਿਚ ਜੋ ਕਰਮ ਕਮਾਉਂਦਾ ਹੈ)। ਆਵੈ ਜਾਇ ਭਵਾਈਐ-ਜੰਮਣ ਮਰਨ ਦੇ ਗੇੜ ਵਿਚ ਫਿਰਾਇਆ ਜਾਂਦਾ ਹੈ। ਪੂਰਬਿ ਲਿਖਿਆ-ਪਹਿਲਾਂ ਦੇ ਲਿਖੇ ਹੋਏ ਲੇਖ। ਕਿਉ ਮੇਟੀਐ-ਕਿਵੇਂ ਮਿਟਾਇਆ ਜਾ ਸਕਦਾ ਹੈ। ਲਿਖਿਆ ਲੇਖੁ ਰਜਾਇ-ਪਰਮਾਤਮਾ ਦੀ ਰਜ਼ਾ ਅਰਥਾਤ ਹੁਕਮ ਵਿਚ ਲਿਖੇ ਜਾਂਦੇ ਹਨ। ਨ ਛੁਟੀਐ-ਛੁਟਕਾਰਾ ਨਹੀਂ ਹੋ ਸਕਦਾ। ਗੁਰਮਤਿ-ਗੁਰੂ ਦੀ ਮੱਤ। ਮਿਲੈ-ਮਿਲਦੀ ਹੈ। ਮਿਲਾਇ-(ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ। ਤਿਸੁ ਬਿਨੁ-ਉਸ ਤੋਂ ਬਿਨਾਂ। ਜੀਉ ਪਰਾਨੁ-ਜਿੰਦ ਤੇ ਪ੍ਰਾਣ। ਜਲਿ ਬਲਉ-ਜਲ ਬਲ ਜਾਣ। ਅਭਿਮਾਨੁ-ਹੰਗਤਾ। ਗੁਣੀ ਨਿਧਾਨੁ-ਗੁਣਾਂ ਦਾ ਖ਼ਜ਼ਾਨਾ।
ਸ੍ਰੀ ਗੁਰੂ ਰਾਮਦਾਸ ਜੀ ਰਾਗੁ ਨਟ ਵਿਚ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜੋ ਇਕ ਵੀ ਸੁਆਸ ਪ੍ਰਭੂ ਦੇ ਨਾਮ ਤੋਂ ਬਿਨਾਂ ਬੀਤਦਾ ਹੈ, ਉਹ ਸੁਆਸ ਵਿਅਰਥ ਜਾਂਦਾ ਹੈ, ਬੇਕਾਰ ਹੀ ਜਾਂਦਾ ਹੈ-
ਸਾਸੁ ਸਾਸੁ ਜਾਇ ਜਾਮੈ ਨਾਮੈ ਬਿਨੁ
ਸੋ ਬਿਰਥਾ ਸਾਸੁ ਬਿਕਾਰੇ॥
(ਅੰਗ 980)
ਸੋ-ਉਹ।
ਇਸ ਲਈ ਹੇ ਭਾਈ, ਸੁਆਸ ਸੁਆਸ ਪ੍ਰਭੂ ਨੂੰ ਸਿਮਰਦੇ ਰਹੋ। ਇਸ ਨਾਲ ਮਨ ਅੰਦਰਲੇ ਸਾਰੇ ਚਿੰਤਾ, ਝੋਰੇ ਖ਼ਤਮ ਹੋ ਜਾਂਦੇ ਹਨ-
ਸਾਸਿ ਸਾਸਿ ਸਿਮਰਹੁ ਗੋਬਿੰਦ॥
ਮਨ ਅੰਤਰ ਕੀ ਉਤਰੈ ਚਿੰਦ॥
(ਰਾਗੁ ਗਉੜੀ ਮਹਲਾ ੫, ਅੰਗ 295)
ਅੰਤਰ-ਅੰਦਰਲੇ। ਚਿੰਦ-ਚਿੰਤਾ, ਝੋਰੇ।
ਆਪ ਜੀ ਬਾਰਹ ਮਾਹਾ ਮਾਂਝ ਮਹਲਾ ੫ ਵਿਚ ਵੀ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਪਿਆਰੇ (ਪ੍ਰਭੂ) ਦੀ ਯਾਦ ਤੋਂ ਬਿਨਾਂ ਜਿਉਣਾ ਜਾਣੋ ਵਿਅਰਥ ਜਨਮ ਗਵਾਉਣਾ ਹੈ-
ਇਕੁ ਖਿਨੁ ਤਿਸੁ ਬਿਨੁ ਜੀਵਣਾ
ਬਿਰਥਾ ਜਨਮੁ ਜਣਾ॥
(ਅੰਗ 133)
ਤਿਸੁ ਬਿਨੁ-ਉਸ ਪ੍ਰਭੂ ਤੋਂ ਬਿਨਾਂ। ਜਣਾ-ਜਾਣੋ।
ਆਪ ਜੀ ਦੇ ਰਾਗੁ ਰਾਮਕਲੀ ਵਿਚ ਵੀ ਪਾਵਨ ਬਚਨ ਹਨ ਕਿ ਅਸੀਂ ਵਿਚਾਰ ਕਰ-ਕਰ ਕੇ ਇਸ ਸਿੱਟੇ 'ਤੇ ਪੁੱਜੇ ਹਾਂ ਕਿ ਪਰਮਾਤਮਾ ਦੇ ਨਾਮ ਦੀ ਭਗਤੀ ਕਰਨ ਤੋਂ ਬਿਨਾਂ ਜੀਵ ਦਾ ਛੁਟਕਾਰਾ ਨਹੀਂ ਹੋ ਸਕਦਾ-
ਸੋਧਤ ਸੋਧਤ ਸੋਧਿ ਬੀਚਾਰਾ॥
ਬਿਨੁ ਹਰਿ ਭਗਤਿ ਨਹੀ ਛੁਟਕਾਰਾ॥
(ਅੰਗ 891)
ਸੋਧਤ ਸੋਧਤ ਸੋਧਿ-ਬਹੁਤ ਵਿਚਾਰ ਕਰ ਕਰ ਕੇ।
ਇਸ ਲਈ ਹੇ ਭਾਈ, ਗੁਰੂ ਦਾ ਸ਼ਬਦ ਜੋ ਅੰਮ੍ਰਿਤ ਰਸ ਹੈ, ਇਸ ਨੂੰ ਪੀਣ ਨਾਲ ਤੇਰਾ ਜੀਅੜਾ ਪਵਿੱਤਰ ਹੋ ਜਾਵੇਗਾ-
ਗੁਰ ਕਾ ਸਬਦੁ ਅੰਮ੍ਰਿਤ ਰਸੁ ਪੀਉ॥
ਤਾ ਤੇਰਾ ਹੋਇ ਨਿਰਮਲ ਜੀਉ॥
(ਅੰਗ 891)
ਨਿਰਮਲ-ਪਵਿੱਤਰ। ਜੀਉ-ਜਿੰਦ, ਜੀਅੜਾ।
ਅੱਖਰੀਂ ਅਰਥ : ਅਸਟਪਦੀ ਦੇ ਚੌਥੇ ਅੰਕ ਵਿਚ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਸਤਿਗੁਰੂ ਸੰਸਾਰ ਰੂਪੀ ਭਵਜਲ 'ਚੋਂ ਪਾਰ ਲਗਾਉਣ ਵਾਲਾ ਜਹਾਜ਼ ਹੈ ਜੋ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਜੀਵ ਦਾ (ਇਸ ਭਵਜਲ 'ਚੋਂ ਪਾਰਉਤਾਰਾ ਕਰਨ ਦੇ ਸਮਰੱਥ ਹੈ।
5ਵੇਂ ਅੰਕ ਵਿਚ ਆਪ ਜੀ ਜੀਵ ਨੂੰ ਸੁਚੇਤ ਕਰ ਰਹੇ ਹਨ ਕਿ ਹੇ ਭਾਈ, ਜੇਕਰ ਕਿਧਰੇ ਰਤਾ ਭਰ ਸਮੇਂ ਲਈ ਵੀ ਪਿਆਰਾ ਪ੍ਰਭੂ ਵਿਸਰ ਜਾਵੇ ਤਾਂ ਦੁੱਖ ਆ ਘੇਰਦੇ ਹਨ ਅਤੇ ਪ੍ਰਾਣੀ ਦੀ ਸੁਖ-ਸ਼ਾਂਤੀ ਜਾਂਦੀ ਰਹਿੰਦੀ ਹੈ। ਇਸ ਲਈ ਸੜਨ ਜੋਗ ਉਹ ਜੀਭ ਸੜ ਕਿਉਂ ਨਾ ਜਾਵੇ, ਜੋ ਰਸ ਨਾਲ ਅਰਥਾਤ ਅਨੰਦ ਵਿਚ ਆ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕਰਦੀ। ਨਾਮ ਤੋਂ ਸੱਖਣੇ ਜੀਵ ਦਾ ਸਰੀਰ ਜਦੋਂ ਬਿਨਸਦਾ ਹੈ ਤਾਂ ਉਸ ਨੂੰ ਬੜਾ ਦੁੱਖ ਹੁੰਦਾ ਹੈ। ਜਦੋਂ ਜਮ ਦੇ ਦੂਤ ਉਸ ਨੂੰ ਫੜ ਕੇ ਲੈ ਜਾਂਦੇ ਹਨ ਤਾਂ ਫਿਰ ਉਹ ਪਛਤਾਉਂਦਾ ਹੈ।
ਮੇਰੀ-ਮੇਰੀ ਕਰਨ ਵਾਲੇ ਸਭ ਇਥੋਂ ਖਾਲੀ ਹੱਥੀਂ ਜਾਂਦੇ ਹਨ। ਮਨੁੱਖ ਜੋ ਸਰੀਰ, ਧਨ-ਦੌਲਤ ਅਤੇ ਪਤਨੀ ਨੂੰ ਆਪਣੀ ਸਮਝਦਾ ਹੈ ਭਾਵ ਇਨ੍ਹਾਂ 'ਤੇ ਮਾਣ ਕਰਦਾ ਹੈ, ਇਥੋਂ ਜਾਣ ਵੇਲੇ ਉਸ ਦਾ ਕੋਈ ਸਾਥ ਨਹੀਂ ਦਿੰਦਾ। ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਧਨ-ਦੌਲਤ ਸਭ ਵਿਅਰਥ ਹੈ। ਮਾਇਆ ਦੇ ਪਿੱਛੇ ਲੱਗ ਕੇ ਮਨੁੱਖ ਜੀਵਨ ਦੇ ਸਹੀ ਮਾਰਗ ਤੋਂ ਭਟਕ ਜਾਂਦਾ ਹੈ, ਭਾਵ ਕੁਰਾਹੇ ਪੈ ਜਾਂਦਾ ਹੈ। ਇਸ ਲਈ ਹੇ ਭਾਈ, ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਆਪ ਜੀ ਸੋਝੀ ਬਖ਼ਸ਼ਿਸ਼ ਕਰ ਰਹੇ ਹਨ ਕਿ ਉਸ ਬੇਅੰਤ ਪ੍ਰਭੂ ਨੂੰ ਗੁਰੂ ਦੁਆਰਾ ਹੀ ਕਥਿਆ ਜਾ ਸਕਦਾ ਹੈ, ਸਿਫ਼ਤ ਸਾਲਾਹ ਕੀਤੀ ਜਾ ਸਕਦੀ ਹੈ।
ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਨੁੱਖ ਨੂੰ ਜਨਮ-ਮਰਨ ਦੇ ਗੇੜ ਵਿਚ ਫਿਰਾਇਆ ਜਾਂਦਾ ਹੈ ਭਾਵ ਮਨੁੱਖ ਜੰਮਦਾ ਤੇ ਮਰਦਾ ਰਹਿੰਦਾ ਹੈ। ਵਾਸਤਵ ਵਿਚ ਪੂਰਬਲੇ ਲਿਖੇ ਹੋਏ ਲੇਖ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਲਿਖੇ ਜਾਂਦੇ ਹਨ, ਇਸ ਨੂੰ ਫਿਰ ਮੇਟਿਆ ਵੀ ਕਿਵੇਂ ਜਾ ਸਕਦਾ ਹੈ? ਇਸ ਲਈ ਮਨੁੱਖ ਦਾ ਪ੍ਰਭੂ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋ ਸਕਦਾ। ਪਰ ਜਦੋਂ ਗੁਰੂ ਦੀ ਮੱਤ ਮਿਲਦੀ ਹੈ ਤਾਂ ਪ੍ਰਭੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
(ਹੁਣ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ ਕਿ) ਉਸ ਇਕ ਪ੍ਰਭੂ ਤੋਂ ਬਿਨਾਂ ਸਾਡਾ ਹੋਰ ਕੋਈ ਨਹੀਂ। ਉਸੇ ਦੇ ਹੀ ਇਹ ਜਿੰਦ ਤੇ ਪ੍ਰਾਣ ਦਿੱਤੇ ਹੋਏ ਹਨ। ਮੇਰੀ ਇਹ ਹਉਮੈ ਤੇ ਅਪਣੱਤ ਜਲ ਬਲ ਜਾਣ। ਮੇਰਾ ਲੋਭ ਤੇ ਮੇਰੀ ਹੰਗਤਾ ਵੀ ਸੜ ਜਾਵੇ (ਜੋ ਮੈਨੂੰ ਪ੍ਰਭੂ ਨਾਲੋਂ ਵਿਛੋੜੀ ਰੱਖਦੇ ਹਨ)।
ਇਸ ਲਈ ਹੇ ਭਾਈ, ਗੁਰੂ ਦੇ ਸ਼ਬਦ ਨੂੰ ਵਿਚਾਰਨਾ ਚਾਹੀਦਾ ਹੈ, ਜਿਸ ਸਦਕਾ (ਫਿਰ) ਗੁਣਾਂ ਦੇ ਖ਼ਜ਼ਾਨੇ, ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ।


-217, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਯੋਗ ਸਾਧਨਾ ਦਾ ਆਧਾਰ ਹੈ ਨਿਰਲੇਪ ਹੋਣਾ

ਕਮਲ ਦਾ ਪੌਦਾ ਹਮੇਸ਼ਾ ਪਾਣੀ ਜਾਂ ਚਿੱਕੜ ਵਿਚ ਪੈਦਾ ਹੁੰਦਾ ਹੈ ਪਰ ਨਾ ਹੀ ਕਮਲ ਦੇ ਪੱਤੇ ਤੇ ਨਾ ਹੀ ਫੁੱਲ ਪਾਣੀ ਨੂੰ ਛੂੰਹਦਾ ਹੈ। ਇਹ ਹੈ ਨਿਰਲੇਪ ਹੋਣਾ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਤੁਸੀਂ ਖ਼ੁਦਗ਼ਰਜੀ ਨੂੰ ਵਧਾਉਣ ਵਾਲਾ ਸੁਭਾਅ ਤਿਆਗੋ। ਜਦ ਤੁਹਾਡੇ ਅੰਦਰ ਅਜਿਹੀ ਯੋਗਤਾ ਆ ਜਾਂਦੀ ਹੈ ਤਾਂ ਤੁਸੀਂ ਵੀ ਇਸ ਸੰਸਾਰ ਵਿਚ ਲਗਾਵ ਰਹਿਤ ਹੋ ਕੇ ਰਹਿ ਸਕਦੇ ਹੋ। ਅਜਿਹੀ ਅਵਸਥਾ ਨੂੰ ਹੀ ਵੈਰਾਗ ਕਹਿੰਦੇ ਹਨ। ਇਹ ਹੀ ਕਰਮਯੋਗ ਦੀ ਨੀਂਹ ਹੈ ਨਿਰਲਿਪਤਤਾ। ਕੋਈ ਵਿਅਕਤੀ ਆਪਣਾ ਘਰ ਛੱਡ ਕੇ ਭਾਵੇਂ ਜੰਗਲ ਜਾਂ ਮਾਰੂਥਲ ਵਿਚ ਰਹਿੰਦਾ ਹੈ। ਉਹ ਵੀ ਇਕ ਕੱਟੜ ਵਿਅਕਤੀ ਹੈ, ਕਿਉਂਕਿ ਉਸ ਦੀ ਸਾਰੀ ਧਨ-ਦੌਲਤ ਉਸ ਦਾ ਸਰੀਰ ਹੀ ਹੁੰਦਾ ਹੈ। ਉਹ ਆਪਣੇ ਸਰੀਰ ਦੇ ਸੁਖ ਲਈ ਜਿਉਂਦਾ ਹੈ। ਇਹ ਕੋਈ ਨਿਰਲੇਪ ਹੋਣਾ ਨਹੀਂ ਹੈ। ਨਿਰਲਿਪਤਤਾ ਬਾਹਰੀ ਕਾਇਆ/ਸਰੀਰ 'ਤੇ ਨਹੀਂ, ਸਗੋਂ ਮਨ 'ਤੇ ਨਿਰਭਰ ਹੈ। 'ਮੈਂ ਤੇ ਮੇਰਾ' ਦੀ ਜ਼ੰਜੀਰ ਤਾਂ ਮਨ 'ਤੇ ਰਹਿੰਦੀ ਹੈ। ਜੇ ਸਰੀਰ ਅਤੇ ਗਿਆਨ ਇੰਦਰੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਵਿਸ਼ਿਆਂ ਦਾ ਸਬੰਧ ਇਸ ਜ਼ੰਜੀਰ ਨਾਲ ਨਾ ਰਹੇ, ਫਿਰ ਅਸੀਂ ਭਾਵੇਂ ਕਿਤੇ ਵੀ ਰਹੀਏ, ਅਸੀਂ ਨਿਰਲੇਪ ਹੀ ਹੋਵਾਂਗੇ। ਅਜਿਹਾ ਵੀ ਹੋ ਸਕਦਾ ਹੈ ਕਿ ਇਕ ਵਿਅਕਤੀ ਰਾਜਗੱਦੀ 'ਤੇ ਬੈਠ ਕੇ ਵੀ ਨਿਰਲੇਪ ਹੋਵੇ ਤੇ ਦੂਜੇ ਪਾਸੇ ਕੋਈ ਚੀਥੜਿਆਂ ਵਿਚ ਲਿਪਟਿਆ ਵਿਅਕਤੀ ਵੀ ਵਿਸ਼ੇ-ਵਿਕਾਰਾਂ ਵਿਚ ਲਿਪਤ ਹੋਵੇ। ਕਾਰਜ ਤੋਂ ਪਹਿਲਾਂ ਨਿਰਲੇਪ ਹੋਣਾ ਜ਼ਰੂਰੀ ਹੈ। ਫਿਰ ਅਸੀਂ ਲਗਾਤਾਰ ਕਾਰਜ ਕਰ ਸਕਦੇ ਹਾਂ। ਭਾਵੇਂ ਇਹ ਬਹੁਤ ਔਖਾ ਲੱਗਦਾ ਹੈ ਪਰ ਫਿਰ ਵੀ ਕਰਮਯੋਗ ਸਾਨੂੰ ਨਿਰਲੇਪ ਹੋਣ ਦੀ ਰੀਤ ਸਿਖਾ ਦਿੰਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸ਼ਾਹ ਹੁਸੈਨ : ਸਿੱਖ ਇਤਿਹਾਸਕ ਗ੍ਰੰਥਾਂ ਵਿਚ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਉਨ੍ਹਾਂ ਨੇ ਭਾਈ ਲੱਧਾ ਨੂੰ ਤਿਆਰ ਹੋ ਰਹੇ ਗ੍ਰੰਥ ਬਾਰੇ ਪੁੱਛਿਆ। ਉਸ ਨੇ ਭਗਤਾਂ ਨੂੰ ਦੱਸਿਆ ਕਿ ਗੁਰੂ ਜੀ ਜਿਸ ਦੀ ਬਾਣੀ ਗੁਰਮਤਿਆਸ਼ੇ ਅਨੁਕੂਲ ਸਮਝਦੇ ਹਨ, ਉਹ ਬੀੜ ਵਿਚ ਦਰਜ ਕਰ ਲੈਂਦੇ ਹਨ। ਅਜਿਹਾ ਸੁਣ ਕੇ ਭਗਤ ਕਾਨ੍ਹਾ, ਛੱਜੂ, ਪੀਲੂ ਅਤੇ ਸ਼ਾਹ ਹੁਸੈਨ ਗੁਰੂ ਅਰਜਨ ਦੇਵ ਜੀ ਕੋਲ ਅੰਮ੍ਰਿਤਸਰ ਆਏ ਤੇ ਆਪਣੇ ਕਲਾਮ ਨੂੰ ਪ੍ਰਵਾਨਗੀ ਲਈ ਪੇਸ਼ ਕੀਤਾ:
ਚਾਰ ਭਗਤ ਤਿਹ ਠਾ ਰਹੈ,
ਕਾਨ੍ਹਾ ਛੱਜੂ ਜਾਨ।
ਸ਼ਾਹ ਹੁਸੈਨ ਪੀਲੋ ਭਗਤ,
ਮਨ ਮੈ ਭਗਤ ਗੁਮਾਨ।
ਲੱਧੇ ਸੋ ਪੂਛਤ ਭਏ,
ਕਹੁ ਨਿਜ ਗੁਰ ਕੀ ਬਾਤ।
ਕਿਆ ਰਹਿਣੀ ਕਿਆ ਕਰਤ ਹੈ,
ਤੁਮ ਦੇਖਯੋ ਬਿਖਿਆਤ। (ਗੁਰਬਿਲਾਸ ਪਾਤਸ਼ਾਹੀ ੬)
ਸ਼ਾਹ ਹੁਸੈਨ ਤਬ ਕਥਾ ਸੁਨਾਈ।
ਬੋਲਣ ਦਾ ਇਹ ਨਾ ਜਾ ਨਾਹੀ,
ਚੁੱਪ ਵੇ ਅੜਿਆ ਚੁੱਪ ਕਰ ਜਾਇ।
ਤਬ ਸਤਿਗੁਰ ਬੋਲੇ ਹਰਖਾਇ।
ਮਹਿਮਾ ਪ੍ਰਕਾਸ਼ (ਭਾਗ ਦੂਜਾ) ਵਿਚ ਸਾਖੀਆਂ ਪਾਤਸ਼ਾਹੀ ੫ ਵਿਚ ਅਜਿਹਾ ਹੀ ਬਿਰਤਾਂਤ ਦਰਜ ਹੈ।
ਸ਼ਾਹ ਹੁਸੈਨ ਅਰ ਛੱਜੂ ਭਗਤ।
ਗੁਰ ਦਰਸ਼ਨ ਆਏ ਬੜੇ ਬਿਰਕਤ।
-------
ਆਇ ਦਿਆਲ ਕਾ ਦਰਸ਼ਨ ਕੀਨਾ।
ਬਹੁ ਆਦਰ ਕੀਆ ਸਤਿਗੁਰੂ ਪ੍ਰਬੀਨਾ।
ਦੇਖ ਦਰਸ ਦੋਨੋ ਮਗਨਾਨੇ।
ਅਤਿ ਪਿਆਰੇ ਸਤਗੁਰ ਕਰ ਮਾਨੇ।
ਪੁਨਹ ਸ਼ਾਹ ਹੁਸੈਨ ਕੋ ਗੁਰ ਕਹਾ,
ਮੁਹਿ ਨਿਜ ਬਚਨ ਸੁਨਾਉ।
ਤੁਮ ਪ੍ਰਸਿੱਧ ਪ੍ਰੇਮੀ ਬੜੇ,
ਕਿਉ ਕੀਜੈ ਸਾਬ ਦੁਰਾਉ।
ਸੁਨਤ ਬਚਨ ਹੁਸੈਨ ਮਗਨਾਨੇ।
ਮਗਨ ਹੁਇ ਇਹੁ ਬਚਨ ਬਖਾਨੇ।
ਕਾਫੀ ਸ਼ਾਹ ਹੁਸੈਨ ਕੀ:
ਸਜਣਾ ਬੋਲਣ ਦਾ ਜਾਇ ਨਾਹੀ।
ਅੰਦਰ ਬਾਹਰ ਹਿਕਾ ਸਾਈ।
ਕਿਸ ਨੂੰ ਆਖ ਸੁਣਾਈ।
ਇਕਾ ਦਿਲਬਰ ਸਭ ਘਟ ਰਵਿਆ।
ਦੂਜਾ ਨਹੀ ਕਦਾਈਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

ਸ੍ਰੀ ਗੁਰੂ ਤੇਗ਼ ਬਹਾਦਰ ਜੀ

* ਸਰਦਾਰ ਪੰਛੀ *

ਜੇ ਗੁਰ ਤੇਗ਼ ਬਹਾਦਰ ਦਾ ਬਲੀਦਾਨ ਨਾ ਹੁੰਦਾ।
ਹਿੰਦੂ ਧਰਮ ਦਾ ਕਿਧਰੇ ਨਾਮ ਨਿਸ਼ਾਨ ਨਾ ਹੁੰਦਾ।
ਜ਼ਾਲਿਮ ਔਰੰਗਜ਼ੇਬ ਵੀ ਡਾਹਡਾ ਜ਼ੁਲਮ ਕਮਾਉਂਦਾ ਸੀ।
ਜ਼ੋਰ ਨਾਲ ਤਲਵਾਰ ਦੇ ਹੀ ਇਸਲਾਮ ਫੈਲਾਉਂਦਾ ਸੀ।
ਜਿਹੜਾ ਦੀਨ ਨਾ ਮੰਨੇ ਉਸ ਨੂੰ ਕਤਲ ਕਰਾਉਂਦਾ ਸੀ।
ਵੇਖ ਕੇ ਮੰਦਰ ਜ਼ਾਲਮ ਤਾਈਂ ਗੁੱਸਾ ਆਉਂਦਾ ਸੀ।
ਬੁੱਤ ਪੂਜਾ ਹੈ ਕੁਫ਼ਰ ਇਹਦਾ ਪ੍ਰਚਾਰ ਕਰਾਉਂਦਾ ਸੀ।
ਪੂਜਾ ਘਰ ਨੂੰ ਮਸਜਿਦ ਵਿਚ ਤਬਦੀਲ ਕਰਾਉਂਦਾ ਸੀ।
ਕਾਫ਼ਿਰ ਮਾਰੋ ਕਾਫ਼ਿਰ ਮਾਰੋ ਹੁਕਮ ਸੁਣਾਉਂਦਾ ਸੀ।
ਆਪਣੇ ਜ਼ੁਲਮ ਨੂੰ ਦੀਨ ਦੀ ਖ਼ਿਦਮਤ ਵੀ ਅਖਵਾਉਂਦਾ ਸੀ।
ਜ਼ੁਲਮ ਨਾ ਰੁਕਦਾ ਜੇ ਸਤਿਗੁਰ ਕੁਰਬਾਨ ਨਾ ਹੁੰਦਾ।
ਹਿੰਦੂ ਧਰਮ ਦਾ ਕਿਧਰੇ ਨਾਮ ਨਿਸ਼ਾਨ ਨਾ ਹੁੰਦਾ।
ਕੁਝ ਕਸ਼ਮੀਰੀ ਪੰਡਿਤ ਗੁਰ ਚਰਨਾਂ ਵਿਚ ਆਏ ਸੀ।
ਉਨ੍ਹਾਂ ਔਰੰਗਜ਼ੇਬ ਦੇ ਸਾਰੇ ਜ਼ੁਲਮ ਸੁਣਾਏ ਸੀ।
ਕਿਵੇਂ ਓਸ ਨੇ ਹਿੰਦੂਆਂ ਦੇ ਜੰਜੂ ਉਤਰਾਏ ਸੀ।
ਪਾਵਨ ਗ੍ਰੰਥ ਰਾਮਾਇਣ ਗੀਤਾ ਅੱਗ ਵਿਚ ਪਾਏ ਸੀ।
ਹਿੰਦੂ ਧਰਮ ਦੇ ਸ਼ਰਧਾਲੂ ਮੁਸਲਿਮ ਬਣਵਾਏ ਸੀ।
ਸੁਣ ਫ਼ਰਿਆਦ ਉਨ੍ਹਾਂ ਦੀ ਸਤਿਗੁਰ ਬਚਨ ਅਲਾਏ ਸੀ।
'ਹੁਣ ਸੱਚਾਈ ਝੂਠ ਦੇ ਫ਼ਤਵੇ ਤਾਈਂ ਟੋਕੇਗੀ।
ਕੁਰਬਾਨੀ ਕਿਸੇ ਮਹਾਂਪੁਰਸ਼ ਦੀ ਜ਼ੁਲਮ ਨੂੰ ਰੋਕੇਗੀ।'
ਆਪਾ ਵਾਰਨ ਦਾ ਜਜ਼ਬਾ ਬਲਵਾਨ ਨਾ ਹੁੰਦਾ।
ਹਿੰਦੂ ਧਰਮ ਦਾ ਕਿਧਰੇ ਨਾਮ ਨਿਸ਼ਾਨ ਨਾ ਹੁੰਦਾ।
ਚੌਕ ਚਾਂਦਨੀ ਵਿਚ ਗੁਰਾਂ ਨੂੰ ਕੈਦ ਕਰਾਇਆ ਸੀ।
ਸੱਚਾਈ ਦੀ ਮੂਰਤ ਨੂੰ ਪਿੰਜਰ ਵਿਚ ਪਾਇਆ ਸੀ।
ਸਤਿਗੁਰ ਤਾਈਂ ਡਰਾਣ ਲਈ ਜੱਲਾਦ ਬੁਲਾਇਆ ਸੀ।
ਸਤਿਗੁਰ ਦੀ ਕੁਰਬਾਨੀ ਨੇ ਇਤਿਹਾਸ ਸਜਾ ਦਿੱਤਾ।
ਬੰਦੇ ਦੇ ਬੁਨਿਆਦੀ ਹੱਕ ਦਾ ਬਿਗਲ ਵਜਾ ਦਿੱਤਾ।
ਸ਼ਰਧਾ ਅੰਦਰ ਦਖ਼ਲ ਗੁਰਾਂ ਨੇ ਪਾਪ ਸੁਣਾ ਦਿੱਤਾ।
ਦੂਜੇ ਧਰਮ ਦੀ ਰੱਖਿਆ ਲਈ ਹੀ ਸੀਸ ਕਟਾ ਦਿੱਤਾ।
ਜ਼ੁਲਮ ਕਰਨ ਲਈ ਜਿਸ ਫ਼ਤਵਾ ਤਲਵਾਰ ਬਣਾ ਦਿੱਤਾ।
ਔਰੰਗਜ਼ੇਬ ਦੀ ਮਗ਼ਰੂਰੀ ਨੂੰ ਖੁੱਡੇ ਲਾ ਦਿੱਤਾ।
ਜੇ ਗੁਰ ਤੇਗ਼ ਬਹਾਦਰ ਦਾ ਬਲੀਦਾਨ ਨਾ ਹੁੰਦਾ।
ਹਿੰਦੂ ਧਰਮ ਦਾ ਕਿਧਰੇ ਨਾਮ ਨਿਸ਼ਾਨ ਨਾ ਹੁੰਦਾ।


-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401. ਮੋਬਾ: 94170-91668

ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਗੁਰੂ ਕੀ ਢਾਬ (ਫਰੀਦਕੋਟ)

ਜੈਤੋ ਤੋਂ 5 ਕਿਲੋਮੀਟਰ ਦੂਰ ਕੋਟਕਪੂਰਾ ਮਾਰਗ 'ਤੇ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂ ਕੀ ਢਾਬ ਵਿਖੇ ਹਰ ਸਾਲ ਲੱਗਣ ਵਾਲਾ ਇਤਿਹਾਸਕ ਮੇਲਾ ਮਾਲਵੇ ਖੇਤਰ ਦੇ ਦੂਜੇ ਮੇਲਿਆਂ ਵਿਚੋਂ ਆਪਣਾ ਅਹਿਮ ਸਥਾਨ ਰੱਖਦਾ ਹੈ। ਸੂਰਜ ਪ੍ਰਕਾਸ਼ ਗ੍ਰੰਥ ਦੇ ਹਵਾਲੇ ਅਨੁਸਾਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰੇ ਤੋਂ ਖਿਦਰਾਣੇ ਦੀ ਢਾਬ ਨੂੰ ਜਾਣ ਲਈ ਜੈਤੋ ਵੱਲ ਆ ਰਹੇ ਸਨ ਤਾਂ ਤੀਸਰੇ ਪਹਿਰ ਆਪਣੀ ਸੰਗਤ ਨਾਲ ਇਸ ਸਥਾਨ 'ਤੇ ਲੱਗੇ ਸ਼ਰੀਂਹ ਦੇ ਦਰੱਖਤ ਹੇਠ ਆ ਬੈਠ ਗਏ ਤਾਂ ਅਚਾਨਕ ਸ਼ਰੀਂਹ ਦੇ ਦਰੱਖਤ ਵਿਚੋਂ ਇਕ ਆਦਮੀ ਨਿਕਲਿਆ ਤੇ ਗੁਰੂ ਜੀ ਨੂੰ ਨਮਸਕਾਰ ਕਰਨ ਲੱਗਾ। ਗੁਰੂ ਜੀ ਨੇ ਉਨ੍ਹਾਂ ਦਾ ਨਾਂਅ ਲੈ ਕੇ ਕਿਹਾ ਕਿ ਰਾਜੀ ਹੈਂ ਹੂਸੈਨ ਮੀਆਂ? ਤਾਂ ਉਹ ਆਦਮੀ ਗੁਰੂ ਜੀ ਦੇ ਮੁੱਖ ਵਿਚੋਂ ਆਪਣਾ ਨਾਂਅ ਸੁਣ ਕੇ ਬਹੁਤ ਖੁਸ਼ ਹੋ ਗਿਆ ਤੇ ਕਹਿਣ ਲੱਗਾ, 'ਗੁਰੂ ਸਾਹਿਬ ਆਪ ਜੀ ਦੇ ਦੀਦਾਰ ਲਈ ਮੈਨੂੰ ਕਾਫੀ ਸਮੇਂ ਤੋਂ ਤੁਹਾਡੀ ਉਡੀਕ ਸੀ। ਅੱਜ ਮੈਂ ਪ੍ਰਸੰਨ ਹੋ ਗਿਆ ਹਾਂ ਅਤੇ ਮੈਨੂੰ ਲਗਦਾ ਜਿਵੇਂ ਮੇਰੇ ਸਾਰੇ ਪਾਪ ਧੋਤੇ ਗਏ ਤੇ ਮੇਰਾ ਕਲਿਆਣ ਹੋ ਗਿਆ', ਇਹ ਕਹਿੰਦਾ ਹੋਇਆ ਉਹ ਵਿਅਕਤੀ ਇਥੋਂ ਚਲਾ ਗਿਆ।
ਬਾਅਦ ਵਿਚ ਸੰਗਤਾਂ ਨੇ ਗੁਰੂ ਸਾਹਿਬ ਤੋਂ ਪੁੱਛਿਆ ਕਿ ਇਹ ਸੁੰਦਰ ਵਿਅਕਤੀ ਕੌਣ ਸੀ? ਤਾਂ ਗੁਰੂ ਸਾਹਿਬ ਨੇ ਦੱਸਿਆ ਕਿ ਇਹ ਇਕ ਸ਼ਹੀਦ ਸੀ ਅਤੇ ਅੱਜ ਇਸ ਦੀ ਮੁਕਤੀ ਹੋ ਗਈ ਹੈ। ਸੂਰਜ ਪ੍ਰਕਾਸ਼ ਵਿਚ ਇਸ ਸਥਾਨ ਨੂੰ ਦੋਦਾ ਤਾਲ ਦਾ ਨਾਂਅ ਦੇ ਦਿੱਤਾ ਗਿਆ ਅਤੇ ਕਿਹਾ ਜਾਂਦਾ ਹੈ ਕਿ ਇਸ ਸਥਾਨ 'ਤੇ ਇਸ਼ਨਾਨ ਕਰਨ ਵਾਲਾ ਮੁਕਤੀ ਪ੍ਰਾਪਤ ਕਰੇਗਾ। ਸਿੱਖ ਸੰਗਤਾਂ ਵਲੋਂ ਇਸ ਸਥਾਨ ਉਪਰ ਇਕ ਸ਼ਾਨਦਾਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਥੇ ਅੱਠ ਚੁੰਡਾ ਸਰੋਵਰ ਹੈ। ਇਸ ਸਥਾਨ 'ਤੇ 31 ਭਾਦੋਂ ਦਿਨ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 2 ਅੱਸੂ ਨੂੰ ਪਾਏ ਜਾਣਗੇ। ਉਪਰੰਤ ਧਾਰਮਿਕ ਦੀਵਾਨ 4 ਅੱਸੂ ਤੱਕ ਲੱਗਣਗੇ ਅਤੇ ਮੇਲੇ ਵਿਚ ਹਜ਼ਾਰਾਂ ਸੰਗਤਾਂ ਦੂਰ-ਦੁਰਾਡੇ ਤੋਂ ਚੱਲ ਕੇ ਇਸ ਪਵਿੱਤਰ ਸਥਾਨ 'ਤੇ ਮੱਥਾ ਟੇਕਦੀਆਂ ਹਨ। ਮੇਲੇ ਦੇ ਅਖੀਰਲੇ ਦਿਨ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਗੁਰੂ-ਘਰ ਦੀ ਸੇਵਾ ਨਿਭਾਉਣ ਵਾਲਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।


-ਜੈਤੋ, ਜ਼ਿਲ੍ਹਾ ਫ਼ਰੀਦਕੋਟ।

ਧਾਰਮਿਕ ਸਾਹਿਤ

ਤਰਕ ਅਤਰਕ
ਲੇਖਕ :
ਕਰਨ ਅਜਾਇਬ ਸਿੰਘ ਸੰਘਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਪੰਨੇ : 152, ਕੀਮਤ : 200 ਰੁਪਏ
ਸੰਪਰਕ : 98152-98459


ਵਿਦਵਾਨ ਪੁਰਸ਼ ਕਰਨ ਅਜਾਇਬ ਸਿੰਘ ਸੰਘਾ, ਧਾਰਮਿਕ, ਸਦਾਚਾਰਕ, ਨੈਤਿਕ, ਸਮਾਜਿਕ ਕਦਰਾਂ-ਕੀਮਤਾਂ ਨੂੰ ਪ੍ਰਣਾਏ ਹੋਏ ਗੁਰਸਿੱਖ ਹਨ। ਮੈਂ ਨਿੱਜੀ ਤੌਰ 'ਤੇ ਉਨ੍ਹਾਂ ਦਾ ਜਾਣੂ ਹਾਂ। 2007 ਤੋਂ 2015 ਤੱਕ ਉਨ੍ਹਾਂ ਦੇ ਤਿੰਨ ਕਾਵਿ-ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ ਤੇ ਵਿਚਾਰ-ਗੋਚਰੀ ਪੁਸਤਕ ਚੌਥਾ ਕਾਵਿ-ਸੰਗ੍ਰਹਿ ਹੈ। ਸਰਬੱਤ ਦਾ ਭਲਾ ਲੋੜਨ ਵਾਲੇ ਲੇਖਕ ਸੰਘਾ ਦੀਆਂ 97 ਨਜ਼ਮਾਂ ਇਸ ਪੁਸਤਕ ਵਿਚ ਸ਼ਾਮਿਲ ਹਨ, ਜਿਹੜੀਆਂ ਵੱਖ-ਵੱਖ ਵਿਸ਼ਿਆਂ ਨੂੰ ਛੋਂਹਦੀਆਂ ਹਨ। ਸੰਘਾ ਅੰਦਰਲਾ ਸ਼ਾਇਰ ਅਜੋਕੇ ਸਮਾਜਿਕ ਵਰਤਾਰੇ ਪ੍ਰਤੀ ਪੂਰਨ ਰੂਪ ਨਾਲ ਚੇਤੰਨ ਹੈ। ਉਸ ਦੀ ਪੁਰਜ਼ੋਰ ਕਲਮ, ਦੰਭ, ਕੂੜ-ਕੁੱਸਤ, ਧੱਕੇਸ਼ਾਹੀ, ਕਰਮਕਾਂਡਾਂ, ਇਖਲਾਕੀ ਨਿਘਾਰ, ਨਿਰਾਸਤਾ, ਅਜੋਕੇ ਦੁਖਾਂਤਕ ਵਰਤਾਰੇ ਤੇ ਇਸ ਦੇ ਕਾਰਨਾਂ ਨੂੰ ਬਾਖ਼ੂਬੀ ਬਿਆਨਦੀ ਹੈ। ਪੁਸਤਕ ਦੀ ਪਲੇਠੀ ਨਜ਼ਮ ਹੈ 'ਪੰਜਾਬੀ'।
ਲੱਖ ਕਰਨ ਭਾਵੇਂ ਵਿਤਕਰਾ। ਮੈਂ ਹਰ ਸ਼ਬਦ ਕਰਾਂ ਪ੍ਰਵਾਨ।
ਮੇਰਾ ਜਜ਼ਬਾ ਸਾਂਝੀਵਾਲਤਾ। ਮੇਰਾ ਸੁੱਚਾ ਨੇਕ ਇਮਾਨ।
'ਸ਼ਿਵ ਬਟਾਲਵੀ' ਕਾਵਿ-ਰਚਨਾ, ਮਰਹੂਮ ਸ਼ਾਇਰ ਦੀ ਉੱਚਤਾ ਨੂੰ ਇਉਂ ਬਿਆਨਦੀ ਹੈ-
ਇਕ ਸੀ ਦੰਬੇ ਦਾ ਫੁੱਲ ਖਿੜਿਆ। ਇਕ ਸੀ ਚੰਬੇ ਦਾ ਫੁੱਲ ਖਿੜਿਆ।
ਘੋਲ ਸੁਗੰਧੀਆਂ ਪੌਣ ਦੇ ਗਰਭੀਂ। ਬਣ ਸਤਾਰਾ ਜਾ ਅੰਬਰੀਂ ਚੜ੍ਹਿਆ।
ਦੇਸ਼ ਦੀ ਬਹੁਗਿਣਤੀ ਵਲੋਂ ਪੰਜਾਬੀਆਂ ਵਲੋਂ ਮਾਨਵਤਾ ਲਈ ਕੀਤੀਆਂ ਲਾਸਾਨੀ ਕੁਰਬਾਨੀਆਂ ਨੂੰ ਮਨੋਂ ਵਿਸਾਰ ਦੇਣ ਦਾ ਸ਼ਾਇਰ ਨੂੰ ਦੁੱਖ ਹੈ। (ਨਜ਼ਮ, ਦੇਸ ਪੰਜਾਬ ਬਨਾਮ ਭਾਰਤ ਦੇਸ) 'ਤਰਕ ਹੈ' ਨਜ਼ਮ ਦੀ ਖ਼ੂਬਸੂਰਤੀ ਦੇਖੋ-
ਤਰਕ ਹੈ-- ਕਿ ਕੁਤਰਕ ਹੈ,
ਆਪੋ ਆਪਣੀ ਸੋਚ ਦਾ-ਅੱਥਰਾ ਜਿਹਾ ਫ਼ਰਕ ਹੈ।
ਕੁਝ ਹੋਰ ਵੰਨਗੀਆਂ ਪੇਸ਼ ਹਨ-
* ਪੰਜ ਸੌ ਸੱਪ ਇਕੱਠੇ ਰਹਿ ਸਕਦੇ ਨੇ
ਪਰ ਪੰਜ ਸੌ ਸਿੱਖ ਸਹਿਮਤ ਨਹੀਂ ਹੋ ਸਕਦੇ। ਅਸੀਂ ਸਿੱਖ ਸਰਾਪੇ ਗਏ।
* ਮਨੁੱਖ ਨੂੰ ਸ਼ਾਇਦ ਓਨਾ ਹਨੇਰੇ ਨੇ ਨਹੀਂ
ਜਿੰਨਾ ਚਾਨਣ ਦੀ ਤ੍ਰਿਸ਼ਨਾ ਨੇ ਲੁੱਟਿਐ। (ਪੰਨਾ 139)
* ਧਰਮ ਦਾ ਹੈ ਕਰਮ। ਕਿ ਖ਼ਤਮ ਕਰੇ ਭਰਮ।
ਜਦੋਂ ਭਰਮ ਬਣੇ ਧਰਮ। ਤਾਂ ਕੂੜ ਹੁੰਦੇ ਕਰਮ। (ਪੰਨਾ 121)
'ਕੌਣ ਕਿਸ ਤੋਂ', 'ਮੁੜ', 'ਅਰਥ', 'ਪੱਥਰ ਜੇਰਾ' ਵਰਗੀਆਂ ਛੋਟੀਆਂ ਨਜ਼ਮਾਂ ਵੀ ਵੱਡੇ ਭਾਵ ਲਈ ਬੈਠੀਆਂ ਹਨ। ਅਖੀਰ ਵਿਚ 17 ਸ਼ਿਅਰ, ਸੰਧੂ ਬਟਾਲਵੀ ਦਾ ਸ਼ਬਦ-ਚਿੱਤਰ ਤੇ ਪਰਮਪਾਲ ਸੰਧੂ ਦੀ ਅੰਤਿਕਾ ਵੀ ਕਮਾਲ ਹੈ ਜਿਵੇਂ ਕਰਨ ਅਜਾਇਬ ਸੰਘਾ ਦੀ ਸ਼ਾਇਰੀ ਕਮਾਲ ਦੀ ਹੈ।


-ਤੀਰਥ ਸਿੰਘ ਢਿੱਲੋਂ
ਮੋਬਾ: 98154-61710


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX