ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  42 minutes ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  about 1 hour ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  about 1 hour ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  about 1 hour ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  about 3 hours ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਹੋਰ ਖ਼ਬਰਾਂ..

ਨਾਰੀ ਸੰਸਾਰ

18ਵੀਆਂ ਏਸ਼ੀਅਨ ਖੇਡਾਂ 'ਚ ਭਾਰਤੀ ਮਹਿਲਾਵਾਂ ਨੇ ਨਵੇਂ ਇਤਿਹਾਸ ਸਿਰਜੇ

ਜਕਾਰਤਾ ਵਿਖੇ ਕਰਵਾਈਆਂ ਗਈਆਂ 18ਵੀਆਂ ਏਸ਼ੀਅਨ ਖੇਡਾਂ ਵਿਚ ਭਾਰਤ ਦਾ ਹੁਣ ਤੱਕ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਹੈ ਤੇ ਭਾਰਤ ਨੇ 1951 ਦੀਆਂ ਏਸ਼ੀਅਨ ਖੇਡਾਂ ਦਾ ਇਤਿਹਾਸ ਮੁੜ ਦੁਹਰਾਇਆ ਹੈ ਤੇ ਸਭ ਤੋਂ ਵੱਧ 69 ਤਗਮੇ ਵੀ ਇਨ੍ਹਾਂ ਖੇਡਾਂ ਵਿਚੋਂ ਜਿੱਤੇ ਹਨ ਤੇ ਇਸ ਲਈ ਜਕਾਰਤਾ ਖੇਡਾਂ 'ਚ ਭਾਰਤੀ ਖਿਡਾਰੀਆਂ ਨੇ ਨਵੇਂ ਇਤਿਾਹਸ ਵੀ ਸਿਰਜੇ ਹਨ ਤੇ ਇਸ ਵਿਚ ਮਹਿਲਾਵਾਂ ਦਾ ਵੀ ਖਾਸ ਯੋਗਦਾਨ ਰਿਹਾ ਹੈ। ਜਕਰਾਤਾ ਏਸ਼ੀਅਨ ਖੇਡਾਂ ਵਿਚ ਭਾਰਤ ਨੇ 15 ਸੋਨ, 24 ਚਾਂਦੀ, 30 ਕਾਂਸੀ ਤੇ ਕੁੱਲ 69 ਤਗਮੇ ਜਿੱਤੇ ਹਨ, ਜੋ ਹੁਣ ਤੱਕ ਦੀਆਂ ਏਸ਼ੀਅਨ ਖੇਡਾਂ ਵਿਚ ਭਾਰਤ ਦਾ ਸਭ ਤੋਂ ਚੰਗਾ ਪ੍ਰਦਰਸ਼ਨ ਕਿਹਾ ਜਾ ਸਕਦਾ ਹੈ। ਚੀਨ ਨੇ ਇਸ ਵਾਰੀ ਵੀ ਆਪਣੀ ਸਰਦਾਰੀ ਕਾਇਮ ਰੱਖੀ ਹੈ ਤੇ ਇਸ ਨੇ 132 ਸੋਨ, 92 ਚਾਂਦੀ, 65 ਕਾਂਸੀ ਤੇ ਕੁੱਲ 289 ਤਗਮੇ ਜਿੱਤ ਕੇ ਆਪਣਾ ਦਬਦਬਾ ਫਿਰ ਤੋਂ ਏਸ਼ੀਅਨ ਖੇਡਾਂ ਵਿਚ ਕਾਇਮ ਕੀਤਾ ਹੈ। 18ਵੀਆਂ ਏਸ਼ੀਅਨ ਖੇਡਾਂ ਵਿਚ ਜਿੱਥੇ ਭਾਰਤੀ ਮਰਦਾਂ ਨੇ ਚੰਗਾ ਪ੍ਰਦਰਸ਼ਨ ਕੀਤਾ, ਉਥੇ ਮਹਿਲਾਵਾਂ ਨੇ ਵੀ ਕਈ ਨਵੇਂ ਰਿਕਾਰਡ ਕਾਇਮ ਕੀਤੇ ਤੇ ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਰਾਣੀ ਰਾਮਪਾਲ ਨੇ ਭਾਰਤੀ ਖੇਡ ਦਲ ਦੀ ਸਮਾਪਤੀ ਮੌਕੇ ਝੰਡਾ ਬਰਦਾਰ ਬਣਨ ਦਾ ਮਾਣ ਹਾਸਲ ਕੀਤਾ ਤੇ ਅਥਲੈਟਿਕਸ, ਕੁਸ਼ਤੀ, ਬੈਡਮਿੰਟਨ ਤੇ ਨਿਸ਼ਾਨੇਬਾਜ਼ੀ ਵਿਚ ਵੀ ਭਾਰਤੀ ਮਹਿਲਾਵਾਂ ਨੇ ਆਪਣੇ ਜੌਹਰ ਵੀ ਵਿਖਾਏ।
ਗੋਲਡਨ ਗਰਲ ਬਣੀ
ਵਿਨੇਸ਼ ਫੋਗਟ

ਏਸ਼ੀਅਨ ਖੇਡਾਂ ਦੇ ਮਹਿਲਾਵਾਂ ਵਿਚ 50 ਕਿੱਲੋ ਭਾਰ ਵਰਗ ਦੇ ਮੁਕਾਬਲੇ ਵਿਚੋਂ ਹਰਿਆਣਾ ਦੀ ਵਿਨੇਸ਼ ਫੋਗਟ ਨੇ ਗੋਲਡਨ ਗਰਲ ਬਣਨ ਦਾ ਮਾਣ ਹਾਸਲ ਕੀਤਾ ਤੇ ਇਸ ਨੇ ਫਾਈਨਲ ਮੁਕਾਬਲੇ ਵਿਚੋਂ ਜਾਪਾਨ ਦੀ ਇਰੀ ਜੁਕੀ ਨੂੰ 6-2 ਨਾਲ ਮਾਤ ਦੇ ਕੇ ਪਹਿਲੀ ਮਹਿਲਾ ਪਹਿਲਵਾਨ ਬਣਨ ਦਾ ਖਿਤਾਬ ਵੀ ਹਾਸਲ ਕੀਤਾ ਤੇ ਬੇਸ਼ੱਕ ਇਸ ਨੂੰ ਪਿਛਲੇ ਸਮੇਂ ਸੱਟ ਲੱਗਣ ਕਰਕੇ ਕਾਫੀ ਦਿੱਕਤ ਝੱਲਣੀ ਪਈ ਪਰ ਵਿਨੇਸ਼ ਨੇ ਸਭ ਨੂੰ ਪਿੱਛੇ ਛੱਡ ਕੇ ਕੁਸ਼ਤੀ ਦੇ ਖੇਤਰ ਵਿਚ ਨਵਾਂ ਇਤਿਹਾਸ ਸਿਰਜਿਆ।
ਗੁਰਬਤ 'ਚੋਂ ਨਿਕਲੀ
ਦਿਵਿਆ ਕਾਕਰਨ

ਕੁਸ਼ਤੀ ਦੇ ਖੇਤਰ ਵਿਚ ਏਸ਼ੀਅਨ ਖੇਡਾਂ 'ਚੋਂ ਭਾਰਤੀ ਮਹਿਲਾ ਪਹਿਲਵਾਨਾਂ ਨੇ ਕਮਾਲ ਕੀਤੀ ਤੇ ਭਾਰਤ ਦੀ ਮਹਿਲਾ ਪਹਿਲਵਾਨ ਦਿਵਿਆ ਕਾਕਰਨ ਨੇ 68 ਕਿੱਲੋ ਭਾਰ ਵਰਗ ਵਿਚੋਂ ਦੇਸ਼ ਲਈ ਕਾਂਸੀ ਦਾ ਤਗਮਾ ਹਾਸਲ ਕੀਤਾ ਤੇ ਇਸ ਤੋਂ ਪਹਿਲਾਂ ਇਸ ਨੇ 2018 ਦੀਆਂ ਰਾਸ਼ਟਰ ਮੰਡਲ ਖੇਡਾਂ ਵਿਚੋਂ ਵੀ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ ਤੇ ਦਿਵਿਆ ਦਾ ਪਰਿਵਾਰ ਅੱਜ ਵੀ ਪਿਛਲੇ 20 ਸਾਲਾਂ ਤੋਂ ਦਿੱਲੀ ਵਿਖੇ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਹੈ ਤੇ ਇਸ ਦੇ ਪਿਤਾ ਅੱਜ ਵੀ ਪੰਜਾਬ, ਹਰਿਆਣਾ , ਦਿੱਲੀ ਤੇ ਯੂ.ਪੀ. ਵਿਖੇ ਪਹਿਲਵਾਨਾਂ ਨੂੰ ਅਖਾੜਿਆਂ ਵਿਚ ਜਾ ਕੇ ਲੰਗੋਟ ਵੇਚਦੇ ਹਨ ਤੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ।
ਪਿਸਟਲ ਰਾਣੀ ਬਣੀ ਰਾਹੀ ਸਰਨੋਬਤ
ਜਕਾਰਤਾ ਏਸ਼ੀਅਨ ਖੇਡਾਂ ਵਿਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਭਾਰਤ ਦੀ ਨਿਸ਼ਾਨੇਬਾਜ਼ ਰਾਹੀ ਸਰਨੋਬਤ ਨੇ 25 ਮੀਟਰ ਏਅਰ ਪਿਸਟਲ ਦੇ ਮੁਕਾਬਲੇ ਵਿਚੋਂ ਥਾਈਲੈਂਡ ਦੀ ਯੰਗਪਾਈਨਯੂਨ ਨਫਸਵਣ ਨੂੰ ਹਰਾ ਕੇ ਸੋਨ ਤਗਮਾ ਜਿੱਤ ਕੇ ਪਿਸਟਲ ਰਾਣੀ ਬਣਨ ਦਾ ਮਾਣ ਹਾਸਲ ਕੀਤਾ ਹੈ।
ਅੰਕਿਤਾ ਰੈਣਾ ਨੇ ਵੀ ਕਾਂਸੀ ਜਿੱਤੀ
ਭਾਰਤ ਦੀ ਸਟਾਰ ਖਿਡਾਰਨ ਅੰਕਿਤਾ ਰੈਣਾ ਨੇ ਵੀ ਟੈਨਿਸ ਦੇ ਮਹਿਲਾ ਸਿੰਗਲ ਵਰਗ ਦੇ ਮੁਕਾਬਲੇ ਵਿਚੋਂ ਕਾਂਸੀ ਦਾ ਤਗਮਾ ਹਾਸਲ ਕੀਤਾ ਤੇ ਇਸ ਦਾ ਨਿਸ਼ਾਨਾ ਫਾਈਨਲ ਵਿਚ ਪੁੱਜਣ ਦਾ ਸੀ ਪਰ ਸੈਮੀਫਾਈਨਲ ਮੁਕਾਬਲੇ ਵਿਚੋਂ ਇਸ ਦੀਆਂ ਆਸਾਂ 'ਤੇ ਚੀਨ ਦੀ ਸ਼ੁਆਈ ਜੈਂਗ ਨੇ ਪਾਣੀ ਫੇਰ ਦਿੱਤਾ ਤੇ ਇਸ ਨੂੰ ਕਾਂਸੀ ਦੇ ਤਗਮੇ 'ਤੇ ਸਬਰ ਕਰਨਾ ਪਿਆ।
ਹਿਨਾ ਸਿੱਧੂ ਦੇ ਹਿੱਸੇ ਵੀ ਕਾਂਸੀ ਆਈ
ਪੰਜਾਬ ਦੇ ਸ਼ਾਹੀ ਸ਼ਹਿਰ ਪਟਿਆਲਾ ਦੀ ਰਹਿਣ ਵਾਲੀ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ ਜਕਾਰਤਾ ਏਸ਼ੀਅਨ ਖੇਡਾਂ ਦੇ 10 ਮੀਟਰ ਏਅਰ ਪਿਸਟਲ ਦੇ ਮੁਕਾਬਲੇ ਵਿਚੋਂ 219.2 ਅੰਕ ਹਾਸਲ ਕਰਕੇ ਕਾਂਸੀ ਦੇ ਤਗਮੇ 'ਤੇ ਨਿਸ਼ਾਨਾ ਲਗਾ ਕੇ ਭਾਰਤ ਦੀ ਤਗਮਾ ਸੂਚੀ ਵਿਚ ਵਾਧਾ ਕੀਤਾ।
ਦੀਪਕਾ ਪੱਲੀਕਲ ਨੂੰ ਵੀ ਕਾਂਸੀ ਮਿਲੀ
18ਵੀਆਂ ਏਸ਼ੀਅਨ ਖੇਡਾਂ ਵਿਚ ਕਈ ਨਵੀਆਂ ਖੇਡਾਂ ਨੂੰ ਵੀ ਥਾਂ ਦਿੱਤੀ ਗਈ ਤੇ ਸਕਵੈਸ਼ ਵਿਚ ਵੀ ਭਾਰਤੀ ਖਿਡਾਰੀਆਂ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਭਾਰਤ ਦੀ ਦੀਪਕਾ ਪੱਲੀਕਲ ਨੇ ਮਹਿਲਾ ਸਕਵੈਸ਼ ਦੇ ਸੈਮੀਫਾਈਨਲ ਮੁਕਾਬਲੇ ਵਿਚੋਂ ਕਾਂਸੀ ਦੇ ਤਗਮੇ 'ਤੇ ਕਬਜ਼ਾ ਕੀਤਾ।
ਜੋਸ਼ਨਾ ਨਚੱਪਾ ਦੇ ਹਿੱਸੇ ਵੀ ਕਾਂਸੀ ਆਈ
ਇਸ ਦੇ ਨਾਲ ਹੀ ਭਾਰਤ ਦੀ ਇਕ ਹੋਰ ਸਟਾਰ ਖਿਡਾਰਨ ਜੋਸ਼ਨਾ ਨਚੱਪਾ ਨੇ ਵੀ ਮਹਿਲਾਵਾਂ ਦੇ ਸਿੰਗਲ ਵਰਗ ਦੇ ਸਕਵੈਸ਼ ਮੁਕਾਬਲੇ ਵਿਚੋਂ ਕਾਂਸੀ ਦਾ ਤਗਮਾ ਜਿੱਤਣ 'ਚ ਸਫਲਤਾ ਹਾਸਲ ਕੀਤੀ।
ਦੁੱਤੀ ਚੰਦ ਨੇ ਕੀਤੀ ਕਮਾਲ, ਜਿੱਤੀ ਦੋਹਰੀ ਚਾਂਦੀ
ਭਾਰਤ ਦੀ ਮਹਿਲਾ ਅਥਲੀਟ ਦੁੱਤੀ ਚੰਦ 'ਤੇ ਕਿਸੇ ਵੇਲੇ ਮਰਦ ਬਣਨ ਦੇ ਇਲਜ਼ਾਮ ਲੱਗੇ ਸਨ ਤੇ ਇਸ ਨੂੰ ਇਸ ਕਰਕੇ ਖੇਡਣ ਤੋਂ ਰੋਕ ਦਿੱਤਾ ਗਿਆ ਸੀ ਤੇ ਫਿਰ ਦੁੱਤੀ ਚੰਦ ਨੇ ਖੇਡ ਪੰਚਾਟ ਦੇ ਕੋਲ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਸੀ ਤੇ ਉਥੋਂ ਰਾਹਤ ਮਿਲਣ ਕਰਕੇ ਦੁੱਤੀ ਚੰਦ ਇਨ੍ਹਾਂ ਖੇਡਾਂ ਵਿਚ ਹਿੱਸਾ ਲੈ ਸਕੀ ਤੇ ਇਸ ਨੇ 100 ਮੀਟਰ ਦੌੜ ਤੇ 200 ਮੀਟਰ ਦੌੜ ਵਿਚ ਭਾਰਤ ਲਈ ਦੋਹਰਾ ਚਾਂਦੀ ਦਾ ਤਗਮਾ ਜਿੱਤ ਕੇ ਨਵਾਂ ਇਤਿਹਾਸ ਵੀ ਸਿਰਜਿਆ।
ਹਿਮਾਦਾਸ ਨੇ ਵੀ ਕੀਤੀ ਕਮਾਲ
ਭਾਰਤ ਦੀ ਮਹਿਲਾ ਅਥਲੀਟ ਹਿਮਾਦਾਸ ਨੇ ਵੀ ਜਕਾਰਤਾ ਖੇੇਡਾਂ ਵਿਚ ਨਵੀਂ ਇਬਾਰਤ ਲਿਖੀ ਤੇ ਇਸ ਨੇ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚੋਂ ਸੋਨ ਤਗਮਾ ਜਿੱਤਣ ਤੋਂ ਬਾਅਦ ਇਨ੍ਹਾਂ ਖੇਡਾਂ ਵਿਚੋਂ ਹੀ ਮਹਿਲਾਵਾਂ ਦੀ 400 ਮੀਟਰ ਦੌੜ ਵਿਚੋਂ 50.79 ਸੈਕਿੰਡ ਨਾਲ ਚਾਂਦੀ ਦਾ ਤਗਮਾ ਜਿੱਤ ਕੇ ਭਾਰਤ ਦੀ ਝੋਲੀ ਵਿਚ ਪਾਇਆ।
ਸਾਈਨਾ ਨੇਹਵਾਲ ਨੇ ਵੀ ਨਵਾਂ ਰਿਕਾਰਡ ਕਾਇਮ ਕੀਤਾ
ਭਾਰਤ ਦੀ ਬੈਡਮਿੰਟਨ ਸਟਾਰ ਸਾਈਨਾ ਨੇਹਵਾਲ ਨੇ ਬੈਡਮਿੰਟਨ ਦੇ ਮਹਿਲਾ ਸਿੰਗਲ ਵਰਗ ਦੇ ਮੁਕਾਬਲੇ ਵਿਚੋਂ ਬੇਸ਼ੱਕ ਕਾਂਸੀ ਦਾ ਤਗਮਾ ਹਾਸਲ ਕੀਤਾ ਪਰ ਇਸ ਨੇ ਏਸ਼ੀਅਨ ਖੇਡਾਂ ਦੇ ਇਤਿਹਾਸ ਵਿਚੋਂ ਬੈਡਮਿੰਟਨ ਦੇ ਸਿੰਗਲ ਵਰਗ ਦੇ ਮੁਕਾਬਲੇ ਵਿਚੋਂ ਤਗਮਾ ਜਿੱਤ ਕੇ ਪਹਿਲੀ ਮਹਿਲਾ ਖਿਡਾਰਨ ਵੀ ਬਣਨ ਦਾ ਮਾਣ ਹਾਸਲ ਕੀਤਾ।

(ਬਾਕੀ ਅਗਲੇ ਸ਼ੁੱਕਰਵਾਰ ਦੇ ਅੰਕ 'ਚ)
-ਮੋਬਾ: 98729-78781


ਖ਼ਬਰ ਸ਼ੇਅਰ ਕਰੋ

ਖ਼ੂਬਸੂਰਤੀ ਦੀ ਖਾਣ ਸੇਬ

ਸੇਬ ਨੂੰ ਦੁਨੀਆ ਭਰ ਵਿਚ ਸਿਹਤਵਰਧਕ ਅਤੇ ਤਾਜ਼ੇ ਫਲਾਂ ਲਈ ਜਾਣਿਆ ਜਾਂਦਾ ਹੈ। ਤਾਜ਼ੇ ਸੇਬ ਫਾਈਬਰ, ਵਿਟਾਮਿਨ 'ਸੀ', ਕਾਪਰ ਅਤੇ ਵਿਟਾਮਿਨ 'ਏ' ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ ਅਤੇ ਸੇਬ ਵਿਚ ਮੌਜੂਦ ਰੈਟੀਨਾਇਸਿਸ ਸਰੀਰ ਵਿਚ ਨਿਰੋਗੀ ਚਮੜੀ ਦੇ ਵਿਕਾਸ ਅਤੇ ਚਮੜੀ ਦੇ ਕੈਂਸਰ ਦੇ ਖ਼ਤਰੇ ਨੂੰ ਘੱਟ ਕਰਦੀ ਹੈ। ਸੇਬ ਸਿਰਫ ਇਕ ਸਵਾਦੀ ਫਲ ਹੀ ਨਹੀਂ ਹੈ, ਸਗੋਂ ਸੁੰਦਰਤਾ ਦੇ ਗੁਣਾਂ ਦੀ ਖਾਣ ਵੀ ਹੈ। ਸੇਬ ਵਿਚ ਮੌਜੂਦ ਮਲਟੀ ਵਿਟਾਮਿਨ ਪੋਸ਼ਕ ਅਤੇ ਕੁਦਰਤੀ ਫਰੂਟ ਐਸਿਡ ਨਾਲ ਚਮੜੀ ਦੀ ਰੰਗਤ ਵਿਚ ਨਿਖਾਰ ਆਉਂਦਾ ਹੈ ਅਤੇ ਟੈਨਿੰਗ ਤੋਂ ਪ੍ਰਤੀਰੱਖਿਆ ਮਿਲਦੀ ਹੈ। ਸੇਬ ਦੀ ਲਗਾਤਾਰ ਵਰਤੋਂ ਨਾਲ ਸਰੀਰ ਵਿਚ ਚਿਕਨਾਈ ਅਤੇ ਰੋਗਾਣੂਆਂ ਤੋਂ ਛੁਟਕਾਰਾ ਮਿਲਦਾ ਹੈ, ਜਿਸ ਨਾਲ ਸਰੀਰ ਵਿਚ ਤਾਜ਼ਗੀ ਅਤੇ ਚਮੜੀ ਵਿਚ ਲਾਲੀ ਆਉਂਦੀ ਹੈ।
ਸੇਬ ਨੂੰ ਬਿਹਤਰੀਨ ਸਕਿਨ ਟੋਨਰ ਫੇਸ਼ੀਅਲ ਟੋਨਰ ਮੰਨਿਆ ਜਾਂਦਾ ਹੈ ਅਤੇ ਸੇਬ ਚਮੜੀ ਨੂੰ ਸ਼ਾਂਤ ਕਰਦਾ ਹੈ। ਸਿਰ ਦੀ ਚਮੜੀ ਸਾਫ਼ ਕਰਦਾ ਹੈ ਅਤੇ ਚਿਹਰੇ ਦੀਆਂ ਝੁਰੜੀਆਂ ਨੂੰ ਮਿਟਾਉਂਦਾ ਹੈ, ਜਿਸ ਨਾਲ ਧਮਣੀਆਂ ਵਿਚ ਖੂਨ ਸੰਚਾਰ ਵਧਦਾ ਹੈ ਅਤੇ ਚਮੜੀ ਵਿਚ ਖਿਚਾਅ ਆਉਂਦਾ ਹੈ। ਸੇਬ ਵਿਚ ਐਂਟੀ-ਆਕਸੀਡੈਂਟ ਗੁਣ ਮੌਜੂਦ ਹੁੰਦੇ ਹਨ, ਜਿਸ ਨਾਲ ਚਮੜੀ ਵਿਚ ਜਵਾਨੀ ਬਰਕਰਾਰ ਰਹਿੰਦੀ ਹੈ ਅਤੇ ਬੁਢਾਪੇ ਨੂੰ ਰੋਕਦੇ ਹਨ। ਨਵੀਆਂ ਖੋਜਾਂ ਵਿਚ ਇਹ ਪਾਇਆ ਗਿਆ ਹੈ ਕਿ ਹਰੇ ਸੇਬਾਂ ਵਿਚ ਪਾਲੀ ਫੀਨਾਇਲਨ ਤੱਤ ਮੌਜੂਦ ਹੁੰਦੇ ਹਨ, ਜਿਸ ਨਾਲ ਵਾਲਾਂ ਨੂੰ ਝੜਨ ਤੋਂ ਰੋਕਣ ਵਿਚ ਅਹਿਮ ਮਦਦ ਮਿਲਦੀ ਹੈ। ਸੇਬ ਵਿਚ ਫਰੂਟ ਐਸਿਡ ਮੌਜੂਦ ਹੁੰਦਾ ਹੈ, ਜੋ ਕਿ ਚਮੜੀ ਨੂੰ ਸਾਫ਼ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਦਾ ਹੈ ਅਤੇ ਚਮੜੀ ਦੀਆਂ ਮ੍ਰਿਤ ਕੋਸ਼ਿਕਾਵਾਂ ਨੂੰ ਹਟਾਉਂਦਾ ਹੈ, ਜਿਸ ਨਾਲ ਚਮੜੀ ਵਿਚ ਚਮਕ ਆਉਂਦੀ ਹੈ ਅਤੇ ਕਾਲੇ ਧੱਬਿਆਂ ਤੋਂ ਮੁਕਤੀ ਮਿਲਦੀ ਹੈ, ਸੇਬ ਦੇ ਰਸ ਨੂੰ ਚਿਹਰੇ 'ਤੇ 20 ਮਿੰਟ ਤੱਕ ਲਗਾ ਕੇ ਸਾਦੇ ਪਾਣੀ ਨਾਲ ਧੋਣ ਨਾਲ ਚਮੜੀ ਵਿਚ ਚਮਕ ਅਤੇ ਨਿਖਾਰ ਆਉਂਦਾ ਹੈ। ਫਰੂਟ ਐਸਿਡ ਨਾਲ ਚਮੜੀ ਵਿਚ ਤੇਲੀਪਨ ਘੱਟ ਹੁੰਦਾ ਹੈ, ਜਿਸ ਨਾਲ ਕਿੱਲ-ਮੁਹਾਸਿਆਂ ਨੂੰ ਰੋਕਣ ਵਿਚ ਮਦਦ ਮਿਲਦੀ ਹੈ। ਸੇਬ ਦੇ ਰਸ ਵਿਚ ਬਦਾਮ ਤੇਲ ਅਤੇ ਦੁੱਧ ਜਾਂ ਦਹੀਂ ਮਿਲਾ ਕੇ ਪੇਸਟ ਬਣਾ ਕੇ ਚਿਹਰੇ 'ਤੇ ਲਗਾ ਕੇ 20 ਮਿੰਟ ਬਾਅਦ ਚਿਹਰੇ ਨੂੰ ਧੋ ਦਿਓ। ਸੇਬ ਦੇ ਅਸਬ ਦੇ ਸਿਰਕੇ ਨੂੰ ਅਨੇਕ ਸੁੰਦਰਤਾ ਸਮੱਸਿਆਵਾਂ ਦਾ ਹੱਲ ਮੰਨਿਆ ਜਾਂਦਾ ਹੈ। ਇਸ ਨਾਲ ਚਮੜੀ ਅਤੇ ਖੋਪੜੀ ਦੇ ਐਸਿਡ ਐਲਕਾਈਨ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਇਹ ਕਿੱਲ-ਮੁਹਾਸਿਆਂ ਵਿਚ ਕਾਫੀ ਮਦਦਗਾਰ ਸਾਬਤ ਹੁੰਦੀ ਹੈ। ਸੇਬ ਦੇ ਅਸਬ ਦੇ ਸਿਰਕੇ ਨੂੰ ਬਾਹਰੀ ਰੂਪ ਵਿਚ ਚਮੜੀ ਅਤੇ ਵਾਲਾਂ ਦੀਆਂ ਸੁੰਦਰਤਾ ਸਮੱਸਿਆਵਾਂ ਲਈ ਵਰਤਿਆ ਜਾਂਦਾ ਰਿਹਾ ਹੈ, ਇਸ ਨਾਲ ਵਾਲ ਧੋਣ ਨਾਲ ਅਨੇਕ ਫਾਇਦੇ ਹੁੰਦੇ ਹਨ। ਸ਼ੈਂਪੂ ਤੋਂ ਬਾਅਦ ਦੋ ਚਮਚ ਸੇਬ ਦੇ ਸਤ ਦੇ ਸਿਰਕੇ ਨੂੰ ਪਾਣੀ ਦੇ ਮੱਗ ਵਿਚ ਪਾ ਕੇ ਸਿਰ ਨੂੰ ਧੋਣ ਨਾਲ ਵਾਲਾਂ ਦੀਆਂ ਸੁੰਦਰਤਾ ਸਮੱਸਿਆਵਾਂ ਖ਼ਤਮ ਹੁੰਦੀਆਂ ਹਨ ਅਤੇ ਵਾਲਾਂ ਵਿਚ ਚਮਕ ਆਉਂਦੀ ਹੈ। ਜੇ ਤੁਸੀਂ ਵਾਲਾਂ ਦੀ ਸਿੱਕਰੀ ਦੀ ਸਮੱਸਿਆ ਨਾਲ ਜੂਝ ਰਹੇ ਹੋ ਤਾਂ ਵਾਲਾਂ ਨੂੰ ਸ਼ੈਂਪੂ ਕਰਨ ਤੋਂ ਅੱਧਾ ਘੰਟਾ ਪਹਿਲਾਂ ਦੋ ਚਮਚ ਸੇਬ ਦੇ ਸਤ ਦੇ ਸਿਰਕੇ ਨੂੰ ਖੋਪੜੀ 'ਤੇ ਹੌਲੀ-ਹੌਲੀ ਮਲੋ। ਇਸ ਤੋਂ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋਣ ਨਾਲ ਵਾਲਾਂ ਦੀ ਸਿੱਕਰੀ ਖ਼ਤਮ ਹੋ ਜਾਂਦੀ ਹੈ। ਜੇ ਤੁਸੀਂ ਗੰਭੀਰ ਸਿੱਕਰੀ ਦਾ ਸਾਹਮਣਾ ਕਰ ਰਹੇ ਹੋ ਤਾਂ ਸੇਬ ਦੇ ਸਤ ਦੇ ਸਿਰਕੇ ਨੂੰ ਰੂੰ ਵਿਚ ਡੁਬੋ ਕੇ ਪੂਰੀ ਖੋਪੜੀ 'ਤੇ ਹੌਲੀ-ਹੌਲੀ ਲਗਾਓ ਅਤੇ ਇਸ ਨੂੰ ਵਾਲਾਂ ਵਿਚ ਸੁੱਕਣ ਦਿਓ। ਇਸ ਤੋਂ ਅੱਧਾ ਘੰਟਾ ਬਾਅਦ ਵਾਲਾਂ ਨੂੰ ਸ਼ੈਂਪੂ ਨਾਲ ਧੋ ਦਿਓ ਅਤੇ ਸਿੱਕਰੀ ਦੀ ਸਮੱਸਿਆ ਖ਼ਤਮ ਹੋ ਜਾਵੇਗੀ।
ਸੇਬ ਦੇ ਸਤ ਦੇ ਸਿਰਕੇ ਨੂੰ ਪਾਣੀ ਵਿਚ ਮਿਲਾ ਕੇ ਰੂੰ ਦੀ ਮਦਦ ਨਾਲ ਚਿਹਰੇ 'ਤੇ ਲਗਾਉਣ ਨਾਲ ਚਿਹਰੇ ਦਾ ਐਸਿਡ-ਐਲਕਾਲੀਨ ਸੰਤੁਲਨ ਬਣਿਆ ਰਹਿੰਦਾ ਹੈ ਅਤੇ ਚਮੜੀ ਦੀਆਂ ਸੁੰਦਰਤਾ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ। ਸੇਬ ਦੇ ਸਤ ਦੇ ਸਿਰਕੇ ਨਾਲ ਚਮੜੀ ਦੀ ਖਾਰਸ਼/ਖੁਜਲੀ ਵਿਚ ਵੀ ਮਦਦ ਮਿਲਦੀ ਹੈ। ਆਪਣੇ ਨਹਾਉਣ ਵਾਲੇ ਪਾਣੀ ਵਿਚ ਸੇਬ ਦੇ ਸਤ ਦੇ ਸਿਰਕੇ ਨੂੰ ਪਾ ਕੇ ਪਾਣੀ ਨਾਲ ਨਹਾ ਕੇ ਚਮੜੀ ਦੀ ਖਾਜ-ਖੁਜਲੀ ਤੋਂ ਰਾਹਤ ਮਿਲਦੀ ਹੈ। ਸੇਬ ਦੇ ਸਤ ਦੇ ਸਿਰਕੇ ਨਾਲ ਸਰੀਰ ਗੰਢ ਅਤੇ ਮੱਸਿਆਂ ਤੋਂ ਵੀ ਮੁਕਤੀ ਮਿਲਦੀ ਹੈ। ਸਰੀਰ ਦੇ ਮੱਸਿਆਂ 'ਤੇ ਸੇਬ ਦੇ ਸਤ ਦੇ ਸਿਰਕੇ ਨੂੰ ਰੋਜ਼ਾਨਾ ਲਗਾਉਣ ਨਾਲ ਮੱਸੇ ਖ਼ਤਮ ਹੋ ਜਾਂਦੇ ਹਨ। ਸੇਬ ਦੇ ਲਗਾਤਾਰ ਸੇਵਨ ਨਾਲ ਤੁਸੀਂ ਲੰਬੇ, ਚਮਕੀਲੇ ਵਾਲ ਪਾ ਸਕਦੇ ਹੋ। ਸੇਬ ਵਿਚ ਪਰੋਸਾਯਨਾ ਈਡਨ ਬੀ-2 ਮੌਜੂਦ ਹੁੰਦੇ ਹਨ, ਜੋ ਕਿ ਵਾਲਾਂ ਦੀ ਸਿਹਤ ਲਈ ਬਹੁਤ ਮਹੱਤਵਪੂਰਨ ਮੰਨੇ ਜਾਂਦੇ ਹਨ।

ਪਹਿਰਾਵੇ ਦੇ ਨਾਲ ਮੇਲ ਖਾਂਦੀਆਂ ਜੁੱਤੀਆਂ

ਫੈਸ਼ਨ ਦੇ ਅਨੁਸਾਰ ਚੱਪਲਾਂ ਖਰੀਦੋ। ਖਰੀਦਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਚੱਪਲ ਤੁਹਾਡੇ ਪੈਰਾਂ ਨੂੰ ਆਰਾਮ ਪਹੁੰਚਾਵੇ।
* ਸਾੜ੍ਹੀ ਅਤੇ ਪੱਛਮੀ ਪੋਸ਼ਾਕ ਦੇ ਨਾਲ ਅੱਡੀ ਵਾਲੀ ਜੁੱਤੀ ਪਹਿਨਣਾ ਠੀਕ ਲਗਦਾ ਹੈ। ਆਰਾਮਦੇਹ ਅੱਡੀ ਵਾਲੀ ਜੁੱਤੀ ਪਹਿਨੋ, ਜੋ ਤੁਹਾਡੀ ਪੋਸ਼ਾਕ ਦੀ ਸ਼ੋਭਾ ਨੂੰ ਚਾਰ ਚੰਦ ਲਗਾ ਦੇਵੇ।
* ਵਿਆਹ ਪਾਰਟੀ ਆਦਿ ਵਿਚ ਤੁਸੀਂ ਜਾ ਰਹੇ ਹੋ ਤਾਂ ਸੁਨਹਿਰੀ, ਚਮਕੀਲੇ ਕੰਮ ਦੀ ਅੱਡੀ ਵਾਲੇ ਸੈਂਡਲ ਪਹਿਨੋ। ਸਾੜ੍ਹੀ ਅਤੇ ਲਹਿੰਗੇ ਦੇ ਨਾਲ ਬਹੁਤ ਚੰਗੀ ਲੱਗੇਗੀ।
* ਸੂਟ ਆਦਿ ਦੇ ਨਾਲ ਛੋਟੀ ਅੱਡੀ ਦੀ ਚੱਪਲ ਚੰਗੀ ਲਗਦੀ ਹੈ। ਸੂਟ ਦੇ ਨਾਲ ਪਤਲੀ ਸਟ੍ਰੈਪ ਵਾਲੀ ਚੱਪਲ ਪਹਿਨੋ। ਪੈਰ ਨੂੰ ਜ਼ਿਆਦਾ ਢਕਣ ਵਾਲੀ ਚੱਪਲ ਨਾ ਪਹਿਨੋ।
* ਸਰਦੀ ਵਿਚ ਪੈਂਟ, ਜੀਨਜ਼ ਜੈਕਟ ਦੇ ਨਾਲ ਚਮੜੇ ਦੀ ਬੈਲੀ ਫਬਦੀ ਹੈ ਜਾਂ ਸਪੋਰਟਸ ਸ਼ੂਜ਼ ਪਹਿਨੋ।
* ਅੱਜਕਲ੍ਹ ਬਾਜ਼ਾਰ ਵਿਚ ਫਰ ਵਾਲੀਆਂ ਚੱਪਲਾਂ ਦਾ ਫੈਸ਼ਨ ਹੈ, ਜੋ ਪੱਛਮੀ ਪੋਸ਼ਾਕ ਅਤੇ ਸੂਟ ਦੇ ਨਾਲ ਚੰਗੀ ਲਗਦੀ ਹੈ।

-ਨੀਤੂ ਗੁਪਤਾ

ਤੁਸੀਂ ਵੀ ਰੱਖੋ ਜ਼ਰਾ ਆਪਣਾ ਖ਼ਿਆਲ

ਵਰਤਮਾਨ ਸਮੇਂ ਕਿਸੇ ਲੜਕੀ ਜਾਂ ਔਰਤ ਦਾ ਆਪਣੇ-ਆਪ ਪ੍ਰਤੀ ਜਾਗਰੂਕ ਹੋਣਾ ਬਹੁਤ ਜ਼ਰੂਰੀ ਹੈ। ਆਪਣੇ-ਆਪ ਪ੍ਰਤੀ ਜਾਗਰੂਕਤਾ ਤੋਂ ਭਾਵ ਆਪਣੇ-ਆਪ ਪ੍ਰਤੀ ਅਤੇ ਆਪਣੇ ਆਲੇ-ਦੁਆਲੇ ਪ੍ਰਤੀ ਜਾਣਕਾਰੀ ਦਾ ਹੋਣਾ ਹੈ। ਧੋਖਾ ਹੋਣਾ ਸ਼ਾਇਦ ਤੁਹਾਡੀ ਗ਼ਲਤੀ ਨਹੀਂ ਪਰ ਧੋਖੇ ਹੋਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਕਮੀ ਤੁਹਾਡੇ ਵਿਚ ਹੈ। ਬਹੁਤ ਅਸਾਨੀ ਨਾਲ ਕਿਸੇ ਨੂੰ ਮੁਆਫ਼ ਕੀਤਾ ਜਾ ਸਕਦਾ ਹੈ ਪਰ ਕਿਸੇ 'ਤੇ ਵਿਸ਼ਵਾਸ ਵਾਰ-ਵਾਰ ਨਹੀਂ ਕੀਤਾ ਜਾ ਸਕਦਾ। ਜ਼ਮਾਨੇ ਦੇ ਰੰਗ ਬਹੁਤ ਤਰ੍ਹਾਂ ਦੇ ਹਨ, ਜਿਸ ਤਰ੍ਹਾਂ ਕਿ ਗਿਰਗਿਟ ਦੇ ਅਸਲੀ ਰੰਗ ਦਾ ਕਿਸੇ ਨੂੰ ਵੀ ਨਹੀਂ ਪਤਾ। ਕਈ ਲੋਕ ਤੁਹਾਡੇ ਸਾਹਮਣੇ ਆਪਣੀ ਚੰਗਿਆਈ ਦਾ ਦਿਖਾਵਾ ਕਰਦੇ ਹਨ ਜਦਕਿ ਹਕੀਕਤ ਇਹ ਹੈ ਕਿ ਚੰਗਿਆਈ ਨੂੰ ਕਦੇ ਵੀ ਦਿਖਾਵੇ ਜਾਂ ਅਡੰਬਰ ਦੀ ਲੋੜ ਨਹੀਂ ਹੁੰਦੀ। ਕਈ ਲੋਕ ਤੁਹਾਡੇ ਸਾਹਮਣੇ ਸਿਰਫ ਤੁਹਾਡੇ ਹੋਣ ਦਾ ਦਿਖਾਵਾ ਕਰਦੇ ਹਨ, ਉਹ ਤੁਹਾਡੀ ਭਲਾਈ ਦਾ ਨਾਟਕ ਕਰਦੇ ਹਨ ਜਦਕਿ ਅਸਲੀਅਤ ਇਹ ਹੈ ਕਿ ਉਨ੍ਹਾਂ ਲੋਕਾਂ ਦੇ ਕਿਰਦਾਰ ਵੀ ਇਕਸਾਰ ਨਹੀਂ ਹੁੰਦੇ। ਮੌਕਾਪ੍ਰਸਤ ਲੋਕਾਂ ਦੀਆਂ ਲੁਭਾਉਣੀਆਂ ਚਾਲਾਂ ਤੋਂ ਬਚੋ।
ਆਪਣੀਆਂ ਗ਼ਲਤੀਆਂ ਤੋਂ ਕੁਝ ਵੀ ਨਾ ਸਿੱਖਣਾ ਸਭ ਤੋਂ ਵੱਡੀ ਗ਼ਲਤੀ ਹੁੰਦੀ ਹੈ। ਕਿਸੇ ਵੀ ਵਿਅਕਤੀ ਦੀ ਚੰਗੀ ਗੱਲਬਾਤ ਸਿਰਫ ਇਸ ਗੱਲ ਦਾ ਪ੍ਰਮਾਣ ਨਹੀਂ ਹੁੰਦੀ ਕਿ ਉਸ ਵਿਅਕਤੀ ਦਾ ਵਿਹਾਰ ਵੀ ਚੰਗਾ ਹੋਵੇਗਾ। ਇਸ ਪੱਖ ਤੋਂ ਔਰਤਾਂ ਨੂੰ ਹੋਰ ਵੀ ਜ਼ਿਆਦਾ ਸੁਚੇਤ ਹੋਣ ਦੀ ਜ਼ਰੂਰਤ ਹੈ ਕਿ ਲੋੜ ਤੋਂ ਵਧੇਰੇ ਅਤੇ ਤੁਹਾਡੀ ਖਾਸ ਜਾਣ-ਪਛਾਣ ਤੋਂ ਜੋ ਲੋਕ ਸਿਰਫ ਤੁਹਾਡੀ ਤਾਰੀਫ ਕਰਦੇ ਹਨ, ਸਮਝ ਲਵੋ ਉਹ ਵਿਅਕਤੀ ਬੜੇ ਮਤਲਬੀ ਕਿਸਮ ਦੇ ਹੁੰਦੇ ਹਨ। ਐਨੇ ਕੁ ਚੁਸਤ ਜ਼ਰੂਰ ਬਣੋ ਕਿ ਤੁਸੀਂ ਦੂਜਿਆਂ ਦੀਆਂ ਚਾਲਾਂ ਨੂੰ ਭਾਂਪ ਸਕੋ। ਸਾਡੀ ਨਾ ਸਮਝੀ ਅਤੇ ਮੂਰਖਤਾ ਹੀ ਸਾਡੇ ਲਈ ਸਭ ਤੋਂ ਵੱਡੀ ਸਿਰਦਰਦੀ ਬਣਦੀ ਹੈ। ਜਦੋਂ ਕੋਈ ਤੁਹਾਡਾ ਆਪਣਾ ਤੁਹਾਡੇ ਨਾਲ ਬੋਲਣਾ ਬੰਦ ਕਰ ਦੇਵੇ ਤਾਂ ਫਿਰ ਉਹੀ ਤੁਹਾਡੀ ਪਿੱਠ ਪਿੱਛੇ ਤੁਹਾਡੇ ਬਾਰੇ ਸਭ ਤੋਂ ਵੱਧ ਬੋਲਦਾ ਹੈ। ਜੇਕਰ ਤੁਸੀਂ ਉੱਨੀ ਕਰਦੇ ਹੋ ਤਾਂ ਇੱਕੀ ਕਦੇ ਨਾ ਬੋਲੋ ਅਤੇ ਸਿਰਫ ਆਪਣੀ ਹੈਸੀਅਤ ਅਨੁਸਾਰ ਹੀ ਗੱਲ ਕਰੋ। ਫੜ੍ਹਾਂ ਮਾਰਨ ਵਾਲੇ 'ਤੇ ਕਦੇ ਯਕੀਨ ਨਾ ਕਰੋ। ਕਈ ਲੋਕਾਂ ਦਾ ਕਿਰਦਾਰ ਤਨ 'ਤੇ ਪਹਿਨੇ ਕੱਪੜਿਆਂ ਵਰਗਾ ਹੁੰਦਾ ਹੈ ਜੋ ਬਹੁਤ ਛੇਤੀ ਬਦਲ ਜਾਂਦਾ ਹੈ।
ਔਖਾ ਵਕਤ ਤੁਹਾਡੀ ਪ੍ਰੀਖਿਆ ਲਈ ਆਉਂਦਾ ਹੈ। ਜੇਕਰ ਤੁਹਾਡੇ ਕੋਲ ਸੰਘਰਸ਼ ਕਰਨ ਦਾ ਨਿਸਚਾ ਹੈ, ਜੇਕਰ ਤੁਹਾਡੇ ਕੋਲ ਆਪਣੇ ਹਾਲਾਤ ਨੂੰ ਬਦਲਣ ਦਾ ਸੰਕਲਪ ਹੈ ਤਾਂ ਗਰੀਬੀ ਵੀ ਤੁਹਾਡੇ ਲਈ ਇਕ ਵਰਦਾਨ ਹੈ। ਔਖਾ ਵਕਤ ਹਮੇਸ਼ਾ ਸਾਡੀ ਪ੍ਰੀਖਿਆ ਲੈਣ ਆਉਂਦਾ ਹੈ। ਦੂਜਿਆਂ ਦੀਆਂ ਅੱਖਾਂ ਅਤੇ ਚਿਹਰਾ ਪੜ੍ਹਨ ਵਾਲੇ ਲੋਕ ਅਕਸਰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਅਤੇ ਧੋਖਿਆਂ ਤੋਂ ਬਚ ਜਾਂਦੇ ਹਨ। ਗੱਲਾਂ ਵਿਚੋਂ ਦੂਜਿਆਂ ਦਾ ਇਰਾਦਾ ਸਮਝਣਾ ਸਿੱਖੋ, ਦੂਜਿਆਂ ਦੇ ਵਿਹਾਰ ਵਿਚੋਂ ਉਨ੍ਹਾਂ ਦਾ ਕਿਰਦਾਰ ਪੜ੍ਹਨਾ ਸਿੱਖੋ। ਇਸ ਤਰ੍ਹਾਂ ਤੁਸੀਂ ਅਨੇਕ ਅਜਿਹੀਆਂ ਉਲਝਣਾਂ ਤੋਂ ਬਚ ਸਕਦੇ ਹੋ ਜੋ ਤੁਹਾਡੀਆਂ ਮੁਸ਼ਕਿਲਾਂ ਵਿਚ ਵਾਧਾ ਕਰਦੀਆਂ ਹਨ। ਤੁਹਾਡਾ ਇਮਾਨਦਾਰ ਹੋਣਾ ਹੀ ਤੁਹਾਡਾ ਸਭ ਤੋਂ ਵੱਡਾ ਇਨਾਮ ਹੈ। ਦਿਲ ਦਾ ਸਾਫ਼ ਹੋਣਾ ਹੀ ਸਭ ਤੋਂ ਵੱਡੀ ਤਸੱਲੀ ਹੈ। ਤੁਸੀਂ ਆਪਣਾ ਖਿਆਲ ਆਪ ਰੱਖੋ, ਕਿਉਂਕਿ ਹਰ ਗੱਲ ਵਿਚ ਦੂਜਿਆਂ ਦੇ ਭਰੋਸੇ 'ਤੇ ਰਹਿਣਾ ਤੁਹਾਨੂੰ ਕਮਜ਼ੋਰ ਕਰਦਾ ਹੈ। ਕਿਸੇ ਮਰਦ ਦੀ ਰਾਖੀ ਨਾਲ ਔਰਤ ਦੀ ਇੱਜ਼ਤ ਨੂੰ ਸੁਰੱਖਿਆ ਨਹੀਂ ਮਿਲ ਸਕਦੀ, ਜਿੰਨਾ ਸਮਾਂ ਕਿ ਉਹ ਖੁਦ ਆਪਣੀ ਇੱਜ਼ਤ ਦੀ ਰਾਖੀ ਨਹੀਂ ਕਰ ਸਕਦੀ। ਆਪਣੀ ਸੁਰੱਖਿਆ ਲਈ ਔਰਤ ਨੂੰ ਖ਼ੁਦ ਹੀ ਮਜ਼ਬੂਤ ਹੋਣਾ ਪਵੇਗਾ। ਹੱਕ ਕਦੇ ਵੀ ਮਿਲਦੇ ਨਹੀਂ, ਇਹ ਖੁਦ ਪ੍ਰਾਪਤ ਕਰਨੇ ਪੈਂਦੇ ਹਨ, ਜ਼ਿੰਦਗੀ ਦੇ ਮੈਦਾਨ ਵਿਚ ਝਾਂਸੀ ਬਣ ਕੇ।

-ਪਿੰਡ ਗੋਲੇਵਾਲਾ (ਫ਼ਰੀਦਕੋਟ)। ਮੋਬਾ: 94179-49079

ਘਰੇਲੂ ਅਵਿਵਸਥਾਵਾਂ ਕਿਤੇ ਦੁਰਘਟਨਾ ਦਾ ਕਾਰਨ ਨਾ ਬਣ ਜਾਣ

ਕਈ ਗ੍ਰਹਿਣੀਆਂ ਦੀ ਸੋਚ ਹੁੰਦੀ ਹੈ ਕਿ ਉਹ ਘਰੇਲੂ ਉਪਕਰਨਾਂ ਨੂੰ ਠੀਕ ਕਰਾਉਣ ਦੀ ਬਜਾਏ ਨਵੇਂ ਮਾਡਲ ਦਾ ਸਾਮਾਨ ਖਰੀਦਣਾ ਜ਼ਿਆਦਾ ਬਿਹਤਰ ਸਮਝਦੀਆਂ ਹਨ, ਜਿਸ ਦੇ ਨਤੀਜੇ ਵਜੋਂ ਪੁਰਾਣੇ ਪ੍ਰੈਸ਼ਰ ਕੁੱਕਰ, ਮਿਕਸੀ, ਓਵਨ, ਵਾਸ਼ਿੰਗ ਮਸ਼ੀਨ, ਹੀਟਰ, ਪੱਖੇ, ਕੂਲਰ, ਵਾਲ ਕਲਾਕ, ਗੈਸ ਸਟੋਪ, ਗੀਜ਼ਰ ਵਗੈਰਾ ਘਰ ਦੇ ਇਕ ਕੋਨੇ ਵਿਚ ਪਏ ਰਹਿੰਦੇ ਹਨ। ਸੰਕਟ ਵੇਲੇ ਜਦੋਂ ਇਨ੍ਹਾਂ ਉਪਕਰਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਅਕਸਰ ਛੋਟੀ-ਮੋਟੀ ਦੁਰਘਟਨਾ ਵਾਪਰ ਜਾਂਦੀ ਹੈ।
ਇਸੇ ਤਰ੍ਹਾਂ ਤਿਲਕਣ ਭਰੇ ਬਾਥਰੂਮ, ਬਿਨਾਂ ਰੇਲਿੰਗ ਦੀ ਛੱਤ ਅਤੇ ਪੌੜੀ, ਟੁੱਟੀ-ਫੁੱਟੀ ਚੌਖਟ, ਜੰਗ ਲੱਗਾ ਜਾਂ ਬੇਕਾਰ ਹੋ ਚੁੱਕਾ ਬਿਜਲੀ ਦਾ ਸਾਮਾਨ, ਬੇਢਬ ਦਰਵਾਜ਼ੇ, ਗੈਸ ਲੀਕ ਕਰਨ ਵਾਲੇ ਗੈਸ ਸਟੋਪ, ਹਰ ਦਮ ਵਗਦੀਆਂ ਰਹਿਣ ਵਾਲੀਆਂ ਟੂਟੀਆਂ ਆਦਿ ਪ੍ਰਤੀ ਲਾਪ੍ਰਵਾਹੀ ਵਰਤਣ ਨਾਲ ਅਕਸਰ ਦੁਰਘਟਨਾਵਾਂ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।
ਨਤੀਜੇ ਵਜੋਂ ਅਜਿਹੇ ਮਾਹੌਲ ਵਿਚ ਪਲੇ-ਵਧੇ ਬੱਚੇ ਵੀ ਅਜਿਹੀਆਂ ਛੋਟੀਆਂ-ਮੋਟੀਆਂ ਘਰੇਲੂ ਦਿੱਕਤਾਂ ਨੂੰ ਦੂਰ ਕਰਨ ਦੀ ਬਜਾਏ ਉਨ੍ਹਾਂ ਨੂੰ ਸਹਿਣ ਕਰਨ ਦੇ ਆਦੀ ਹੋ ਜਾਂਦੇ ਹਨ ਪਰ ਘਰ ਵਿਚ ਕੋਈ ਵੱਡਾ ਨੁਕਸਾਨ ਹੋ ਜਾਵੇ, ਉਸ ਤੋਂ ਪਹਿਲਾਂ ਹੀ ਗ੍ਰਹਿਣੀਆਂ ਨੂੰ ਘਰ ਵਿਚ ਪਏ ਖਰਾਬ ਉਪਕਰਨਾਂ ਅਤੇ ਹੋਰ ਦੁਰਘਟਨਾਵਾਂ ਘਟਣ ਵਾਲੀਆਂ ਚੀਜ਼ਾਂ ਨੂੰ ਸੁਧਾਰ ਲੈਣ ਦੀ ਪਹਿਲ ਕਰਨੀ ਚਾਹੀਦੀ ਹੈ। ਫੁਰਸਤ ਦੇ ਪਲਾਂ ਨੂੰ ਵਿਅਰਥ ਨਾ ਗਵਾ ਕੇ ਘਰ ਵਿਚ ਪਈਆਂ ਚੀਜ਼ਾਂ ਦੀ ਵਰਤੋਂ ਅਤੇ ਉਨ੍ਹਾਂ ਦੀ ਸਥਿਤੀ ਦਾ ਨਿਰੀਖਣ ਕਰ ਲੈਣਾ ਚਾਹੀਦਾ ਹੈ। ਖਰਾਬ ਹੋ ਚੁੱਕੇ ਉਪਕਰਨ ਜੇ ਠੀਕ ਕਰਵਾਏ ਜਾ ਸਕਦੇ ਹੋਣ ਤਾਂ ਇਕ-ਇਕ ਕਰਕੇ ਉਨ੍ਹਾਂ ਨੂੰ ਠੀਕ ਕਰਵਾ ਲਓ, ਤਾਂ ਕਿ ਉਹ ਅੱਗੇ ਜਾ ਕੇ ਜ਼ਿਆਦਾ ਖਰਾਬ ਅਤੇ ਜੋਖਮ ਪੂਰਨ ਨਾ ਹੋ ਜਾਣ। ਇਸ ਤੋਂ ਇਲਾਵਾ ਹਰੇਕ ਵਸਤੂ ਨੂੰ ਆਪਣੇ ਨਿਰਧਾਰਤ ਸਥਾਨ 'ਤੇ ਰੱਖਣ ਦੀ ਆਦਤ ਘਰ ਦੇ ਸਾਰੇ ਮੈਂਬਰਾਂ ਵਿਚ ਹੋਣੀ ਚਾਹੀਦੀ ਹੈ, ਤਾਂ ਕਿ ਲੋੜ ਪੈਣ 'ਤੇ ਉਨ੍ਹਾਂ ਦੀ ਤਲਾਸ਼ ਵਿਚ ਵਿਅਰਥ ਭਟਕਣਾ ਨਾ ਪਵੇ। ਅਕਸਰ ਘਰਾਂ ਵਿਚ ਸਿਲਾਈ-ਕਿੱਟ ਵਿਚ ਸੂਈ, ਧਾਗਾ ਰੱਖਣ ਦੀ ਬਜਾਏ ਔਰਤਾਂ ਉਨ੍ਹਾਂ ਨੂੰ ਇਧਰ-ਉਧਰ ਰੱਖ ਦਿੰਦੀਆਂ ਹਨ, ਜਿਸ ਨਾਲ ਲੋੜ ਪੈਣ ਸਮੇਂ ਉਨ੍ਹਾਂ ਨੂੰ ਕੈਂਚੀ, ਸੂਈ, ਧਾਗਾ, ਬਟਨ ਵਗੈਰਾ ਮਿਲਣ ਵਿਚ ਪ੍ਰੇਸ਼ਾਨੀ ਹੁੰਦੀ ਹੈ। ਇਸੇ ਤਰ੍ਹਾਂ ਮੈਡੀਕਲ-ਕਿੱਟ ਬਣਾ ਕੇ ਜੇ ਉਸ ਵਿਚ ਜ਼ਰੂਰੀ ਦਵਾਈਆਂ, ਰੂੰ, ਡਿਟੋਲ, ਐਂਟੀਸੈਪਟਿਕ ਕ੍ਰੀਮ, ਬੈਂਡ ਏਡ ਵਗੈਰਾ ਰੱਖੇ ਜਾ ਸਕਦੇ ਹਨ।
ਟੂਲਬਾਕਸ ਵਿਚ ਜੇ ਹਥੌੜੀ, ਕਿੱਲ, ਪੇਚਕੱਸ, ਸਕਰਿਊਡ੍ਰਾਈਵਰ ਆਦਿ ਸਲੀਕੇ ਨਾਲ ਰੱਖੇ ਜਾਣ ਤਾਂ ਲੋੜ ਦੇ ਸਮੇਂ ਦੂਜਿਆਂ ਤੋਂ ਮੰਗਣ ਦੀ ਨੌਬਤ ਨਹੀਂ ਆਉਂਦੀ। ਜ਼ਰੂਰੀ ਪੁਸਤਕਾਂ, ਅਖ਼ਬਾਰ ਦੀਆਂ ਕਟਿੰਗਾਂ ਦੀ ਫਾਈਲ, ਪਾਣੀ-ਬਿਜਲੀ ਦੇ ਬਿੱਲ ਦੀ ਫਾਈਲ, ਬੱਚਿਆਂ ਦੀਆਂ ਵਿੱਦਿਅਕ ਯੋਗਤਾਵਾਂ ਦੇ ਪ੍ਰਮਾਣ-ਪੱਤਰ, ਪ੍ਰਗਤੀ ਪੱਤਰ, ਰਾਸ਼ਨ ਕਾਰਡ, ਪਛਾਣ-ਪੱਤਰ, ਟੈਲੀਫੋਨ ਡਾਇਰੀ ਅਤੇ ਮੈਸੇਜ, ਕਾਪੀ-ਪੈੱਨ ਆਦਿ ਨਿਰਧਾਰਤ ਜਗ੍ਹਾ 'ਤੇ ਰੱਖੋ। ਕੁਝ ਸਮੇਂ ਬਾਅਦ ਤੁਸੀਂ ਖੁਦ ਮਹਿਸੂਸ ਕਰੋਗੇ ਕਿ ਸਾਰੀਆਂ ਚੀਜ਼ਾਂ ਸੁਚਾਰੂ ਢੰਗ ਨਾਲ ਕੰਮ ਆਉਣ ਦੇ ਨਤੀਜੇ ਵਜੋਂ ਤੁਹਾਡੇ ਘਰ ਵਿਚ ਵਿਅਰਥ ਦਾ ਤਣਾਅ, ਖਿਝ, ਲੜਾਈ ਅਤੇ ਮਨਮੁਟਾਵ ਹੋਣਾ ਬੰਦ ਹੋ ਗਿਆ ਹੈ।
ਸਮੇਂ ਸਿਰ ਜ਼ਰੂਰੀ ਚੀਜ਼ਾਂ ਵੀ ਨਿਰਧਾਰਤ ਸਥਾਨ 'ਤੇ ਮਿਲਣ ਨਾਲ ਸਾਰੇ ਪਰਿਵਾਰਕ ਮੈਂਬਰ ਖੁਸ਼ ਅਤੇ ਨਿਸ਼ਚਿੰਤ ਰਹਿਣਗੇ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX