ਤਾਜਾ ਖ਼ਬਰਾਂ


ਆਈ. ਪੀ. ਐੱਲ. 2019 : ਦਿੱਲੀ ਨੇ ਪੰਜਾਬ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਰਾਜਾ ਵੜਿੰਗ ਬਠਿੰਡਾ ਤੋਂ ਲੜਨਗੇ ਚੋਣ
. . .  1 day ago
ਚੰਡੀਗੜ੍ਹ ,20 ਅਪ੍ਰੈਲ -ਕਾਂਗਰਸ ਪਾਰਟੀ ਵੱਲੋਂ ਅੱਜ ਪੰਜਾਬ ਦੇ ਦੋ ਲੋਕ ਸਭਾ ਹਲਕਿਆਂ ਦੇ ਉਮੀਦਵਾਰਾਂ ਦੀ ਸੂਚੀ ਅਨੁਸਾਰ ਕੁੱਝ ਦਿਨ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਛੱਡ ਕੇ ਕਾਂਗਰਸ ਚ ਸ਼ਾਮਲ ਹੋਏ ਸੰਸਦ ਮੈਂਬਰ ਸ਼ੇਰ ਸਿੰਘ ...
ਸ਼ੇਰ ਸਿੰਘ ਘੁਬਾਇਆ ਬਣੇ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ
. . .  1 day ago
ਗੁਰੂ ਹਰਸਹਾਏ ,20 ਅਪ੍ਰੈਲ - [ਹਰਚਰਨ ਸਿੰਘ ਸੰਧੂ } -ਅਕਾਲੀ ਦਲ ਛੱਡ ਕੇ ਕਾਂਗਰਸ 'ਚ ਸ਼ਾਮਿਲ ਹੋੲ ੇਸ਼ੇਰ ਸਿੰਘ ਘੁਬਾਇਆ ਨੂੰ ਕਾਂਗਰਸ ਨੇ ਟਿਕਟ ਦੇ ਕੇ ਫਿਰੋਜ਼ਪੁਰ ਤੋਂ ਉਮੀਦਵਾਰ ਐਲਾਨਿਆ ...
ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਬੀਬੀ ਪਰਮਜੀਤ ਕੌਰ ਖਾਲੜਾ ਨੂੰ ਕਾਰਨ ਦੱਸੋ ਨੋਟਿਸ ਜਾਰੀ
. . .  1 day ago
ਤਰਨ ਤਾਰਨ, 20 ਅਪ੍ਰੈਲ (ਹਰਿੰਦਰ ਸਿੰਘ)-ਜ਼ਿਲ੍ਹਾ ਚੋਣ ਅਫ਼ਸਰ ਤਰਨ ਤਾਰਨ ਪ੍ਰਦੀਪ ਕੁਮਾਰ ਸਭਰਵਾਲ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਡੈਮੋਕਰੈਟਿਕ ਅਲਾਇੰਸ ਫ਼ਰੰਟ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ...
ਆਈ. ਪੀ. ਐੱਲ. 2019 :ਦਿੱਲੀ ਨੇ ਟਾਸ ਜਿੱਤ ਕੇ ਕੀਤਾ ਗੇਂਦਬਾਜ਼ੀ ਦਾ ਫ਼ੈਸਲਾ
. . .  1 day ago
ਆਈ. ਪੀ. ਐੱਲ. 2019 : ਰਾਜਸਥਾਨ ਨੇ ਮੁੰਬਈ ਨੂੰ 5 ਵਿਕਟਾਂ ਨਾਲ ਹਰਾਇਆ
. . .  1 day ago
ਆਦੇਸ਼ ਕੈਰੋਂ ਨੇ ਖੇਮਕਰਨ ਹਲਕੇ ਅੰਦਰ ਨਾਰਾਜ਼ ਅਕਾਲੀਆਂ ਨੂੰ ਮਨਾਉਣ ਦੀ ਸ਼ੁਰੂ ਕੀਤੀ ਮੁਹਿੰਮ
. . .  1 day ago
ਖੇਮਕਰਨ, 20 ਅਪ੍ਰੈਲ (ਰਾਕੇਸ਼ ਕੁਮਾਰ ਬਿੱਲਾ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਅਕਾਲੀ ਉਮੀਦਵਾਰ ਬੀਬੀ ਜਗੀਰ ਕੌਰ ਦੇ ਹੱਕ 'ਚ ਅੱਜ ਵਿਧਾਨ ਸਭਾ...
ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਢਾਡੀ ਦੀ ਮੌਤ
. . .  1 day ago
ਲੌਂਗੋਵਾਲ, 20 ਅਪ੍ਰੈਲ (ਵਿਨੋਦ)- ਪਿੰਡ ਸਾਹੋ ਕੇ ਵਿਖੇ ਬੀਤੀ ਰਾਤ ਇੱਕ ਆਵਾਰਾ ਪਸ਼ੂ ਵਲੋਂ ਟੱਕਰ ਮਾਰੇ ਜਾਣ ਕਾਰਨ ਪੰਥ ਪ੍ਰਸਿੱਧ ਢਾਡੀ ਸੁਰਜੀਤ ਸਿੰਘ ਸਾਜਨ (55 ਸਾਲ) ਦੀ ਮੌਤ ਹੋ ਗਈ ਹੈ। ਮਿਲੇ ਵੇਰਵਿਆਂ ਮੁਤਾਬਕ ਢਾਡੀ ...
ਕਾਰ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਟਕਰਾਈ ਤਿੰਨ ਫੱਟੜ
. . .  1 day ago
ਜੈਤੋ, 20 ਅਪ੍ਰੈਲ (ਗੁਰਚਰਨ ਸਿੰਘ ਗਾਬੜੀਆ, ਨਿੱਜੀ ਪੱਤਰ ਪ੍ਰੇਰਕ)- ਜੈਤੋ-ਰੋੜੀਕਪੂਰਾ-ਰਾਮੇਆਣਾ ਰੋਡ ਦੀ ਖਸਤਾ ਹਾਲਤ ਕਾਰਨ ਕਾਰ ਚਾਲਕ ਦਾ ਸੰਤੁਲਨ ਵਿਗੜਨ 'ਤੇ ਦਰਖਤ ਨਾਲ ਜਾ ਟਕਰਾਉਣ 'ਤੇ ਤਿੰਨ ਵਿਅਕਤੀਆਂ ...
ਕਰਜ਼ੇ ਤੋਂ ਪ੍ਰੇਸ਼ਾਨ ਪੰਜ ਧੀਆਂ ਦੇ ਬਾਪ ਵੱਲੋਂ ਖ਼ੁਦਕੁਸ਼ੀ
. . .  1 day ago
ਜੋਗਾ, 20 ਅਪ੍ਰੈਲ (ਬਲਜੀਤ ਸਿੰਘ ਅਕਲੀਆ )- ਮਾਨਸਾ ਜ਼ਿਲ੍ਹੇ ਦੇ ਪਿੰਡ ਅਤਲਾ ਕਲਾਂ ਵਿਖੇ ਇਕ ਕਾਰੀਗਰ ਜੋ ਕਿ ਪੰਜ ਧੀਆਂ ਦਾ ਬਾਪ ਸੀ, ਵਲੋਂ ਖੁਦਕਸ਼ੀ ਕਰ ਲੈਣ ਦੀ ਖਬਰ ਹੈ l ਜਾਣਕਾਰੀ ਅਨੁਸਾਰ ਬਲਵੀਰ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਕਿਹੜੇ ਤਿੰਨ ਭਾਰਤੀ ਬਣਨਗੇ ਪਹਿਲੇ ਪੁਲਾੜ ਯਾਤਰੀ?

2020 ਵਿਚ ਇਸਰੋ ਪੁਲਾੜ ਵਿਚ ਇਕ ਮਨੁੱਖ-ਰਹਿਤ ਪੁਲਾੜ ਯਾਨ ਭੇਜੇਗਾ | ਇਸ ਤੋਂ ਬਾਅਦ ਜੂਨ 2021 ਵਿਚ ਇਕ ਵਾਰ ਫਿਰ ਇਹ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਪਿਛਲੇ ਤਜਰਬਿਆਂ ਨੂੰ ਹੋਰ ਚੰਗਾ ਕੀਤਾ ਜਾ ਸਕੇ ਅਤੇ ਦਸੰਬਰ 2022 ਵਿਚ ਜਦੋਂ ਪੁਲਾੜ ਯਾਤਰੀ ਸਮੇਤ 'ਗਗਨਯਾਨ' ਪੁਲਾੜ ਵਿਚ ਜਾਵੇਗਾ ਤਾਂ ਉਸ ਦਾ ਜਾਣਾ ਅਤੇ ਵਾਪਸ ਆਉਣਾ ਸਫ਼ਲ ਰਹੇ | ਦੇਸ਼ ਆਸਵੰਦ ਹੈ ਕਿ ਇਸਰੋ ਇਹ ਕੰਮ ਬਹੁਤ ਚੰਗੀ ਤਰ੍ਹਾਂ ਸਫ਼ਲਤਾ ਪੂਰਬਕ ਕਰ ਲਵੇਗਾ | ਇਸ ਤਰ੍ਹਾਂ ਦੇਸ਼ ਦੇ ਬੇਟੇ-ਬੇਟੀਆਂ ਦਾ ਪੁਲਾੜ ਵਿਚ ਜਾਣ ਦਾ ਸਮਾਂ ਤੈਅ ਹੋ ਚੁੱਕਾ ਹੈ | ਦਸੰਬਰ 2022 ਤੱਕ ਇਸਰੋ ਦੇਸ਼ ਦੇ ਬੇਟੇ-ਬੇਟੀਆਂ ਵਿਚੋਂ ਕੁਲ ਤਿੰਨ ਨੂੰ 'ਗਗਨਾਟ' ਬਣਾਏਗਾ | ਉਤਸੁਕਤਾ ਇਸ ਗੱਲ ਦੀ ਹੈ ਕਿ ਪੁਲਾੜ ਵਿਚ ਕੌਣ ਜਾਵੇਗਾ? ਵੱਧ ਤੋਂ ਵੱਧ ਤਿੰਨ ਵਿਅਕਤੀ ਹੀ ਜਾ ਸਕਦੇ ਹਨ | ਕੀ ਇਹ ਸਾਰੇ ਮਰਦ ਹੋਣਗੇ ਜਾਂ ਕੋਈ ਔਰਤ ਵੀ ਇਸ ਵਿਚ ਸ਼ਾਮਿਲ ਹੋਵੇਗੀ?
ਸੋ, ਵੱਡਾ ਸਵਾਲ ਇਹ ਹੈ ਕਿ ਜਾਣ ਵਾਲੇ ਕਿਹੜੇ ਲੋਕ ਹੋਣਗੇ? ਕਿਸ ਨੂੰ ਮਿਲੇਗਾ ਪਹਿਲਾ 'ਗਗਨਾਟ' ਭਾਵ ਪੁਲਾੜ ਯਾਤਰੀ ਬਣਨ ਦਾ ਮੌਕਾ? ਕੌਣ-ਕੌਣ ਪਾਏਗਾ ਪੁਲਾੜੀ ਸੂਟ? ਕਿਸ ਨੂੰ ਦੇਖਣਗੇ ਲੋਕ ਟੀ.ਵੀ. 'ਤੇ ਪੁਲਾੜ ਹੈਲਮੇਟ ਪਾਈ, ਕਿਸ ਨੂੰ ਅਨੁਭਵ ਹਾਸਲ ਹੋਵੇਗਾ ਸ਼ਟਲ ਵਿਚ ਜਾਣ ਦਾ, ਗਿਣਤੀ (ਕਾਊਾਟਡਾਊਨ) ਅਤੇ ਫਿਰ ਲਾਂਚ ਵਾਲੇ ਜ਼ਬਰਦਸਤ ਧਮਾਕੇ (ਬਲਾਸਟ) ਦਾ ਅਨੋਖਾ ਅਹਿਸਾਸ ਕਿਸ ਨੂੰ ਹੋ ਸਕੇਗਾ? ਜਿਨ੍ਹਾਂ ਨੂੰ ਇਹ ਸਭ ਹਾਸਲ ਹੋਵੇਗਾ, ਉਨ੍ਹਾਂ ਨੂੰ ਕਦੋਂ ਚੁਣਿਆ ਜਾ ਸਕੇਗਾ, ਉਨ੍ਹਾਂ ਦੀ ਸਿਖਲਾਈ ਦਾ ਕੀ ਹੋਵੇਗਾ, ਕੀ ਉਹ ਦੇਸ਼ ਵਿਚ ਹੀ ਸਿਖਲਾਈ ਲੈਣਗੇ ਜਾਂ ਉਨ੍ਹਾਂ ਨੂੰ ਬਾਹਰ ਭੇਜਿਆ ਜਾਵੇਗਾ? ਕੀ ਇਹ ਸਾਰੀਆਂ ਪ੍ਰਕਿਰਿਆਵਾਂ 'ਗਗਨਯਾਨ' ਦੇ ਭੇਜਣ ਤੋਂ ਪਹਿਲਾਂ ਪੂਰੀਆਂ ਹੋ ਸਕਣਗੀਆਂ? ਯਾਨ, ਰਾਕੇਟ ਇੰਜਨ, ਬਾਲਣ ਸਭ ਤਿਆਰ ਹੈ ਪਰ ਜਦੋਂ ਸਵਾਰੀ ਹੀ ਨਹੀਂ ਹੈ ਤਾਂ ਕਿਤੇ ਇਸ ਕਾਰਨ ਹੀ 'ਗਗਨਯਾਨ' ਦੀ ਉਡਾਨ ਵਿਚ ਦੇਰੀ ਤਾਂ ਨਹੀਂ ਹੋਵੇਗੀ? ਖੈਰ! ਦੇਰੀ ਤੋਂ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ, ਅਚਾਨਕ ਬਿਨਾਂ ਵਿਗਿਆਨੀਆਂ ਦੀ ਰਾਏ ਲਏ ਐਲਾਨੀ ਯੋਜਨਾ ਵਿਚ ਦੇਰ-ਸਵੇਰ ਤਾਂ ਹੋ ਹੀ ਸਕਦੀ ਹੈ |
ਫਿਲਹਾਲ ਇਸਰੋ ਨੇ ਇਸ ਦੀ ਸਾਰੀ ਜ਼ਿੰਮੇਵਾਰੀ ਭਾਰਤੀ ਹਵਾਈ ਫ਼ੌਜ 'ਤੇ ਪਾ ਦਿੱਤੀ ਹੈ ਕਿ ਉਹ ਮਨੋਵਿਗਿਆਨਕ ਜਾਂ ਮਾਨਸਿਕ, ਸਰੀਰਕ, ਬੌਧਿਕ ਤਾਕਤ ਆਦਿ ਦੀਆਂ ਮਿੱਥੀਆਂ ਕਸੌਟੀਆਂ 'ਤੇ ਪਰਖ ਕੇ ਕੁਸ਼ਲ ਅਤੇ ਯੋਗ ਵਿਅਕਤੀਆਂ ਦੀ ਚੋਣ ਕਰੇ | ਇਸ ਵਿਚ ਔਰਤਾਂ ਹੋਣ ਜਾਂ ਮਰਦ ਹੀ, ਯਾਨੀ 'ਗਗਨਯਾਨ' ਭਾਵ ਇੰਡੀਅਨ ਆਰਬਿਟਲਮਾਡਿਊਲ ਵਿਚ ਕੌਣ ਸਵਾਰ ਹੋ ਕੇ ਪੁਲਾੜ ਦੀ ਸੈਰ ਕਰ ਸੁਰਖਰੂ ਹੋਵੇਗਾ, ਇਹ ਸਭ ਭਾਰਤੀ ਹਵਾਈ ਫ਼ੌਜ 'ਤੇ ਨਿਰਭਰ ਹੈ | ਹੁਣ ਜਦੋਂ ਸਭ ਕੁਝ ਭਾਰਤੀ ਹਵਾਈ ਫ਼ੌਜ 'ਤੇ ਨਿਰਭਰ ਹੈ ਤਾਂ ਇਕ ਗੱਲ ਪੱਕੀ ਹੈ ਕਿ ਕੁਝ ਉੱਚਤਮ ਪੱਧਰ ਦੀਆਂ ਉਡਾਨਾਂ ਭਰਨ ਵਾਲਿਆਂ ਜਾਂ ਪਾਇਲਟਾਂ ਦੀ ਚੋਣ ਹੀ ਹੋਵੇਗੀ, ਖ਼ਾਸ ਤੌਰ 'ਤੇ ਉਹ ਜੋ ਘੱਟ ਉਮਰ ਵਿਚ ਆਪਣੇ ਸ਼ਾਨਦਾਰ ਕੁਸ਼ਲਤਾ ਪ੍ਰਦਰਸ਼ਨ ਦੇ ਚਲਦਿਆਂ ਸਿਖਲਾਈ ਵੀ ਦਿੰਦੇ ਰਹੇ ਹਨ | ਹੋ ਸਕਦਾ ਹੈ ਕਿ ਔਰਤ ਪੁਲਾੜ ਯਾਤਰੀ ਦੀ ਸੰਭਾਵਨਾ ਘੱਟ ਹੋ ਜਾਵੇ | ਆਮ ਤੌਰ 'ਤੇ ਪੁਲਾੜ ਯਾਤਰੀ ਇਨ੍ਹਾਂ ਵਿਚੋਂ ਹੀ ਬਣਾਏ ਜਾਣ ਦੀ ਪਰੰਪਰਾ ਰਹੀ ਹੈ |
1950 ਵਿਚ ਨਾਸਾ ਨੇ ਵੀ ਆਪਣਾ ਪਹਿਲਾ ਪੁਲਾੜ ਯਾਤਰੀ ਏਅਰਫੋਰਸ ਦੇ ਪਾਇਲਟ ਨੂੰ ਹੀ ਬਣਾਇਆ ਸੀ | ਅਮਰੀਕਾ ਨੇ ਇਸ ਤਰ੍ਹਾਂ ਕੀਤਾ
ਸੀ ਤਾਂ ਸੋਵੀਅਤ ਸੰਘ ਵੀ ਉਸੇ ਰਸਤੇ 'ਤੇ ਚੱਲਿਆ | 2009 ਵਿਚ ਯੂਰਪੀਅਨ ਪੁਲਾੜ ਏਜੰਸੀ ਨੇ ਆਪਣੇ ਇਥੇ ਛੇ ਪੁਲਾੜ ਯਾਤਰੀ ਭਰਤੀ ਕੀਤੇ ਸਨ | ਇਨ੍ਹਾਂ ਵਿਚ ਵੀ ਜ਼ਿਆਦਾਤਰ ਫ਼ੌਜ ਦੇ ਪਾਇਲਟ ਸਨ | ਫਾਈਟਰ ਪਾਇਲਟ ਬਹੁਤ ਡੂੰਘੀ ਸਿਖਲਾਈ ਤੋਂ ਬਾਅਦ ਬਣਦੇ ਹਨ | 2000 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡਣ ਭਰਨ ਵਾਲੇ ਫਾਈਟਰ ਜੈੱਟਸ ਦੇ ਪਾਇਲਟਾਂ ਵਿਚ ਸਰੀਰਕ ਅਤੇ ਮਾਨਸਿਕ ਤੌਰ 'ਤੇ ਮੁੱਢਲੇ ਗੁਣ ਅਤੇ ਸਮਰੱਥਾਵਾਂ ਪਹਿਲਾਂ ਤੋਂ ਹੀ ਮੌਜੂਦ ਹੁੰਦੀਆਂ ਹਨ ਜੋ ਕਿਸੇ ਪੁਲਾੜ ਯਾਤਰੀ ਲਈ ਜ਼ਰੂਰੀ ਹੁੰਦੀਆਂ ਹਨ | ਜਿਵੇਂ ਭਾਰਹੀਣਤਾ ਦੀ ਹਾਲਤ ਵਿਚ ਰਹਿ ਸਕਣਾ, ਉਲਟ ਹਾਲਤਾਂ ਵਿਚ ਬਿਨਾਂ ਘਬਰਾਏ ਸਹੀ ਅਤੇ ਤੁਰੰਤ ਫ਼ੈਸਲੇ ਲੈਣਾ, ਦਬਾਅ ਵਿਚ ਕੰਮ ਕਰਨਾ ਜਾਣਨਾ, ਉਡਾਣ ਪ੍ਰਤੀ ਬੜੀ ਤੀਬਰ ਇੱਛਾ ਆਦਿ | ਸੋ, ਇਸ ਤੋਂ ਬਾਅਦ ਇਨ੍ਹਾਂ ਦੀ ਸਿਖਲਾਈ ਹੀ ਬਾਕੀ ਰਹਿ ਜਾਂਦੀ ਹੈ | ਭਾਰਤੀ ਹਵਾਈ ਫ਼ੌਜ ਕੁੱਲ ਛੇ ਜੈੱਟ ਫਾਈਟਰ ਪਾਇਲਟਾਂ ਜਾਂ ਮਾਹਿਰਾਂ ਨੂੰ ਚੁਣੇਗੀ | ਇਹ ਇਸ ਲਈ ਕਿ ਆਖਿਰੀ ਸਮੇਂ ਵਿਚ ਜੇ ਕਿਸੇ ਪੁਲਾੜ ਯਾਤਰੀ ਕਾਰਨ ਕੋਈ ਪਰੇਸ਼ਾਨੀ ਪੈਦਾ ਹੋਵੇ ਤਾਂ ਉਸ ਦਾ ਬਦਲ ਤਿਆਰ ਰਹੇ |
ਉਮੀਦਵਾਰ ਸਿਖਲਾਈ ਲੈਣ ਵਾਲੇ ਤਾਂ ਬਹੁਤ ਹੁੰਦੇ ਹਨ ਅਤੇ ਉਨ੍ਹਾਂ ਦੀ ਗਿਣਤੀ ਦਹਾਈ ਤੋਂ ਪਾਰ ਹੋ ਸਕਦੀ ਹੈ ਪਰ ਆਖਿਰ ਵਿਚ ਛੇ ਚੁਣੇ ਜਾਣਗੇ ਜਿਨ੍ਹਾਂ ਨੂੰ ਦੋ ਤੋਂ ਤਿੰਨ ਸਾਲ ਤੱਕ ਸਿਖਲਾਈ ਦਿੱਤੀ ਜਾ ਸਕਦੀ ਹੈ | ਲਗਦਾ ਹੈ ਚੋਣ ਪ੍ਰਕਿਰਿਆ ਅਤੇ ਛਾਂਟੀ ਵਿਚ ਹੀ ਅਗਲਾ ਅੱਧਾ ਸਾਲ ਪਾਰ ਹੋ ਜਾਵੇਗਾ | ਫਿਲਹਾਲ ਮਾਮਲਾ ਅਜੇ ਗੱਲਬਾਤ ਤੱਕ ਹੀ ਹੈ | ਚੁਣੇ ਜਾਣ ਤੋਂ ਬਾਅਦ ਭਾਰਤੀ ਹਵਾਈ ਫ਼ੌਜ ਦੇ ਇੰਸਟੀਚਿਊਟ ਆਫ ਏਅਰੋਸਪੇਸ ਮੈਡੀਸਿਨ ਸੈਂਟਰ ਨੇ ਪੁਲਾੜ ਯਾਤਰੀਆਂ ਦੀ ਸ਼ੁਰੂਆਤੀ ਪ੍ਰੀਖਿਆ ਲੈਣੀ ਹੈ ਕਿ ਉਹ ਅਸਲ ਵਿਚ ਪੁਲਾੜ ਵਿਚ ਜਾਣ ਅਤੇ ਉਸ ਤੋਂ ਪਹਿਲਾਂ ਸਿਖਲਾਈ ਲਈ ਮੂਲ ਤੌਰ 'ਤੇ ਕਿੰਨੇ ਤਿਆਰ ਹਨ |
ਕਹਿੰਦੇ ਹਨ ਕਿ ਇਸਰੋ ਨੇ ਪੁਲਾੜ ਯਾਤਰੀਆਂ ਦੀ ਸਿਖਲਾਈ ਲਈ ਦਹਾਕੇ ਭਰ ਤੋਂ ਜ਼ਿਆਦਾ ਸਮੇਂ ਤੋਂ ਯੋਜਨਾ ਬਣਾ ਰੱਖੀ ਸੀ | ਇਸ ਲਈ 50 ਏਕੜ ਦਾ ਖੇਤਰ ਚਾਹੀਦਾ ਹੈ ਜੋ ਉਸ ਨੇ ਬੈਂਗਲੁਰੂ ਏਅਰਪੋਰਟ ਤੋਂ 10 ਕਿਲੋਮੀਟਰ ਦੂਰ ਦੇਵਨਹੱਲੀ ਦੇ ਆਪਣੇ ਗੈਸਟ ਹਾਊਸ ਦੇ ਕੋਲ ਕੈਪੇਗੌੜਾ ਵਿਚ ਸੁਨਿਸ਼ਚਿਤ ਕਰ ਰੱਖਿਆ ਹੈ | ਰੂਸੀ ਐਸਟ੍ਰਾਨਾਟ ਸਿਖਲਾਈ ਕੇਂਦਰ ਦੀ ਤਰਜ਼ 'ਤੇ ਬਣਾਏ ਜਾਣ ਦੀ ਕਾਗਜ਼ੀ ਰੂਪ-ਰੇਖਾ 'ਤੇ ਕੋਈ ਜ਼ਮੀਨੀ ਕੰਮ ਹੁਣ ਤੱਕ ਨਹੀਂ ਹੋਇਆ ਹੈ | ਇਸ ਤੋਂ ਇਲਾਵਾ ਇੰਡੀਅਨ ਏਅਰਫੋਰਸ ਇੰਸਟੀਚਿਊਟ ਆਫ਼ ਏਵੀਏਸ਼ਨ ਮੈਡੀਸਿਨ ਦੇ ਤਹਿਤ ਐਸਟ੍ਰੋਨਾਟ ਟ੍ਰੇਨਿੰਗ ਐਾਡ ਬਾਇਓਮੈਡੀਕਲ ਇੰਜੀਨੀਅਰਿੰਗ ਸੈਂਟਰ ਵੀ ਹਾਲੇ ਕੰਮ ਨਹੀਂ ਕਰਨ ਲੱਗੇ ਹਨ | ਹੁਣ ਸਮਾਂ ਘੱਟ ਹੈ ਤੇ ਇਹ ਸਭ ਏਨੀ ਛੇਤੀ ਬਣਾਉਣਾ ਮੁਮਕਿਨ ਨਹੀਂ | ਸੋ, ਪੁਲਾੜ ਯਾਤਰੀ ਰੂਸ ਦੇ ਯੂਰੀ ਗਾਗਰਿਨ ਟ੍ਰੇਨਿੰਗ ਸੈਂਟਰ ਜਾਣਗੇ ਜਾਂ ਫਿਰ ਅਮਰੀਕਾ |
ਘਰੇਲੂ ਦੀ ਰਟ ਲਗਾਉਣ ਵਾਲੀ ਇਸਰੋ ਦਾ ਹੁਣ ਕਹਿਣਾ ਹੈ ਕਿ ਜੋ ਲੋਕ ਪਹਿਲਾਂ ਇਸ ਦਿਸ਼ਾ ਵਿਚ ਕੰਮ ਕਰ ਆਏ ਹਨ, ਬੁੱਧੀਮਤਾ ਇਸੇ ਵਿਚ ਹੈ ਕਿ ਉਨ੍ਹਾਂ ਦੀ ਮੁਹਾਰਤ, ਅਨੁਭਵ ਅਤੇ ਉਨ੍ਹਾਂ ਦੀ ਮੌਕੇ 'ਤੇ ਤੁਰੰਤ ਫ਼ੈਸਲਾ ਲੈਣ ਦੀ ਸਮਰੱਥਾ ਦਾ ਲਾਭ ਲਿਆ ਜਾਵੇ | ਪੁਲਾੜ ਦੇ ਵਾਤਾਵਰਨ ਵਿਚ ਵਿਕੀਰਨ ਝੱਲਣ ਦਾ ਅਭਿਆਸ ਆਪਣੇ ਇਥੇ ਨਹੀਂ ਹੋ ਸਕਦਾ, ਪਰ ਦੇਸ਼ ਵਿਚ ਜ਼ੀਰੋ ਗ੍ਰੈਵਿਟੀ ਜਾਂ ਗੁਰਤਾਕਰਸ਼ਣ ਜ਼ੀਰੋ, ਭਾਰਹੀਣਤਾ, ਜੀ ਫੋਰਸ ਅਤੇ ਸਪੇਸ ਵਾਕ ਦੀ ਸਿਖਲਾਈ ਲਈ ਪਾਣੀ ਦੇ ਅੰਦਰ ਚਲਾਏ ਜਾਣ ਵਾਲੇ ਅਭਿਆਸ ਦੀ ਸਹੂਲਤ ਜਲਦੀ ਪੈਦਾ ਕੀਤੀ ਜਾ ਸਕਦੀ ਹੈ ਪਰ ਸਮਾਂ ਲੱਗੇਗਾ | ਥਰਮਲ ਸਾਈਕਲਿੰਗ ਅਤੇ ਦੂਜੇ ਸਿਮਿਊਲੇਸ਼ਨ ਕੇਂਦਰ ਇਥੇ ਸਥਾਪਿਤ ਤਾਂ ਹੋਣਗੇ ਪਰ ਸਮਾਂ ਲੱਗੇਗਾ | ਇਸ ਤਰ੍ਹਾਂ ਦੇ ਹਾਲਤ 'ਚ ਮੈਡੀਕਲ ਟ੍ਰੇਨਿੰਗ ਹੋਵੇ ਜਾਂ ਸਪੇਸ ਵਾਕ ਦੀ ਸਿਖਲਾਈ ਲਈ ਆਪਣੇ ਪੁਲਾੜ ਯਾਤਰੀਆਂ ਨੂੰ ਟ੍ਰੇਨਿੰਗ ਲਈ ਬਾਹਰ ਭੇਜਣ ਤੋਂ ਇਲਾਵਾ ਫਿਲਹਾਲ ਕੋਈ ਹੋਰ ਚਾਰਾ ਨਜ਼ਰ ਨਹੀਂ ਆਉਂਦਾ |
ਇਹ ਵੀ ਏਨਾ ਸੌਖਾ ਨਹੀਂ ਹੈ | ਸਿਖਲਾਈ ਲਈ ਆਪਣੇ ਪੁਲਾੜ ਯਾਤਰੀਆਂ ਨੂੰ ਬਾਹਰ ਭੇਜਣ ਦੀ ਵੀ ਤਿਆਰੀ ਕਰਨੀ ਹੈ | ਇਸ ਲਈ ਏਅਰਫੋਰਸ ਅਤੇ ਇਸਰੋ ਦੇ ਨਾਲ ਤੀਜਾ ਪੱਖ ਯਾਨੀ ਦੂਜੇ ਦੇਸ਼ ਦੀਆਂ ਸਿਖਲਾਈ ਦੇਣ ਵਾਲੀਆਂ ਸੰਸਥਾਵਾਂ ਅਤੇ ਸਿਖਲਾਈ ਲਈ ਤਾਲਮੇਲ ਬਿਠਾਉਣਾ ਹੋਵੇਗਾ | ਅਜੇ ਇਸ ਦੀ ਸ਼ੁਰੂਆਤ ਨਹੀਂ ਹੋ ਸਕੀ ਹੈ, ਇਸ ਨੂੰ ਅਜੇ ਸਮਾਂ ਲੱਗੇਗਾ | ਪੁਲਾੜ ਯਾਤਰੀਆਂ ਤੋਂ ਪਹਿਲਾਂ ਇਸਰੋ ਨੂੰ ਹੀ ਸਹੂਲਤਾਂ ਬਾਰੇ ਯਕੀਨੀ ਹੋਣ ਲਈ ਆਉਣਾ ਜਾਣਾ ਹੋਵੇਗਾ | ਨਿਸ਼ਾਨੇ 'ਤੇ ਰੂਸ ਅਤੇ ਅਮਰੀਕਾ ਤੋਂ ਇਲਾਵਾ ਜਰਮਨੀ ਵੀ ਹੈ | ਦੇਖਣਾ ਹੈ ਕਿ ਗੱਲ ਕਿਸ ਨਾਲ ਤੈਅ ਹੁੰਦੀ ਹੈ ਅਤੇ ਕੀ ਸੂਰਤ ਨਿਕਲਦੀ ਹੈ | ਕਿਨ੍ਹਾਂ ਮਾਪਦੰਡਾਂ ਅਤੇ ਸਮਝੌਤਿਆਂ 'ਤੇ ਸਹਿਮਤੀ ਬਣਦੀ ਹੈ, ਕਿਉਂਕਿ ਇਹ ਕੋਈ ਆਮ ਕੰਮ ਦੀ ਸਿਖਲਾਈ ਵਾਲਾ ਕੰਮ ਨਹੀਂ ਹੈ | ਇਸ ਵਿਚ ਦੇਸ਼ ਸ਼ਾਮਿਲ ਰਹਿੰਦੇ ਹਨ | ਖ਼ੈਰ ਸਿਖਲਾਈ ਤਾਂ ਦੂਰ ਦੀ ਗੱਲ ਹੈ ਸਭ ਤੋਂ ਵੱਡੀ ਗੱਲ ਤਾਂ ਚੋਣ ਦੀ ਹੈ | ਸਵਾਲ ਹੁਣ ਵੀ ਇਹੀ ਹੈ ਕਿ 2022 ਵਿਚ 140 ਫੁੱਟ ਲੰਬੇ ਅਤੇ 200 ਹਾਥੀਆਂ ਜਿੰਨਾ ਭਾਵ 640 ਟਨ ਤੋਂ ਜ਼ਿਆਦਾ ਵਜ਼ਨ ਵਾਲੇ ਦਾਨਵ ਆਕਾਰ ਵਾਲੇ ਰਾਕਟ ਦੀ ਸਹਾਇਤਾ ਨਾਲ ਪੁਲਾੜ ਜਾਣ ਵਾਲੇ 'ਗਗਨਯਾਨ' ਵਿਚ ਕੌਣ-ਕੌਣ ਸਵਾਰ ਹੋਵੇਗਾ, ਇਸ ਦਾ ਐਲਾਨ ਕਦੋਂ ਹੋਵੇਗਾ? ਇਹ ਅਜੇ ਦੇਖਣਾ ਹੋਵੇਗਾ |

-ਫਿਊਚਰ ਮੀਡੀਆ ਨੈੱਟਵਰਕ


ਖ਼ਬਰ ਸ਼ੇਅਰ ਕਰੋ

ਖਿਡੌਣਿਆਂ ਦਾ ਕੋਮਲ ਮਾਨਸਿਕਤਾ ਉੱਪਰ ਪ੍ਰਭਾਵ

ਭਾਵੇਂ ਵਰਤਮਾਨ ਦੌਰ ਵਿਚ ਸੋਸ਼ਲ-ਸਾਈਟਸ 'ਤੇ ਚਰਚਿਤ ਬਲਿਊ ਵੇਲ, ਮੋਮੋ ਅਤੇ ਕਿਕੀ ਚੈਲਿੰਜ ਵਰਗੀਆਂ ਖੇਡਾਂ ਨਵੀਂ ਪੀੜ੍ਹੀ ਉਪਰ ਆਪਣਾ ਖ਼ਤਰਨਾਕ ਪ੍ਰਭਾਵ ਪਾ ਕੇ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਬਿਮਾਰ ਕਰ ਰਹੀਆਂ ਹਨ ਜਾਂ ਬੱਚਿਆਂ ਨਾਲ ਮੌਤ ਦਾ ਖੇਡ ਖੇਡ ਰਹੀਆਂ ਹਨ ਪ੍ਰੰਤੂ ਇਨ੍ਹਾਂ ਇੰਟਰਨੈੱਟ ਜਾਂ ਮੋਬਾਈਲ 'ਤੇ ਚੁਣੌਤੀ ਭਰਪੂਰ ਖੇਡਾਂ ਦੇ ਸਮਾਂਤਰ ਖਿਡੌਣਿਆਂ ਦਾ ਵਿਸ਼ੇਸ਼ ਮਹੱਤਵ ਹੈ | ਗੁਰਬਾਣੀ ਵਿਚ ਆਉਂਦਾ ਹੈ, 'ਹੱਸਣ ਖੇਡਣ ਮਨ ਕਾ ਚਾਉ |' ਇਸ ਮਹਾਂ ਵਾਕ ਦੀ ਰੌਸ਼ਨੀ ਵਿਚ ਵੇਖਿਆ ਜਾਵੇ ਤਾਂ ਹੱਸਣਾ ਖੇਡਣਾ ਮਨ ਦੀ ਉਹ ਖ਼ੁਸ਼ੀ ਜਾਂ ਖੇੜੇ ਭਰੀ ਅਵਸਥਾ ਜਾਂ ਜਜ਼ਬਾ ਹੈ ਜਿਸ ਦਾ ਮਨੁੱਖ ਨਾਲ ਉਸ ਦੇ ਜਨਮ ਤੋਂ ਹੀ ਸਬੰਧ ਹੈ | ਨਵ-ਜੰਮੇ ਬੱਚੇ ਦਾ ਮਨਪ੍ਰਚਾਵਾ ਲੋਰੀਆਂ ਕਰਦੀਆਂ ਹਨ | ਜਦੋਂ ਉਹ ਰਿੜ੍ਹਨ ਤੇ ਤੁਰਨ ਲਗਦਾ ਹੈ ਤਾਂ ਵੰਨ-ਸੁਵੰਨੇ ਖਿਡੌਣੇ ਉਸ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਗਦੇ ਹਨ | ਜੇਕਰ ਖੇਡਾਂ ਦੀ ਮਨੁੱਖ ਦੇ ਸਰੀਰਕ ਵਿਕਾਸ ਵਿਚ ਅਹਿਮ ਭੂਮਿਕਾ ਹੈ ਤਾਂ ਖਿਡੌਣਿਆਂ ਦਾ ਵੀ ਘੱਟ ਮਹੱਤਵ ਨਹੀਂ ਹੈ | ਇਹ ਬੱਚਿਆਂ ਦੀ ਕਲਪਨਾ ਸ਼ਕਤੀ ਵਿਚ ਵਾਧਾ ਕਰਦੇ ਹਨ | ਖੇਡਾਂ ਸਮੂਹਿਕ ਰੂਪ ਵਿਚ ਖੇਡੀਆਂ ਜਾਂਦੀਆਂ ਹਨ ਅਤੇ ਖਿਡੌਣੇ ਵਿਅਕਤੀਗਤ ਰੂਪ ਵਿਚ ਮਨਪ੍ਰਚਾਵੇ ਦਾ ਸਾਧਨ ਬਣਦੇ ਹਨ | ਹਰ ਬੱਚਾ ਆਪਣੀ ਪਸੰਦ ਦਾ ਖਿਡੌਣਾ ਲੈ ਕੇ ਸੰਤੁਸ਼ਟੀ ਮਹਿਸੂਸ ਕਰਦਾ ਹੈ | ਡੂੰਘਾਈ ਵਿਚ ਜਾਈਏ ਤਾਂ ਮਹਿਸੂਸ ਹੁੰਦਾ ਹੈ ਕਿ ਖਿਡੌਣਿਆਂ ਦਾ ਸੰਬੰਧ ਸਮਾਜ ਦੀਆਂ ਬਹੁਪੱਖੀ ਕਿ੍ਆਵਾਂ ਨਾਲ ਜੁੜਿਆ ਹੋਇਆ ਹੁੰਦਾ ਹੈ |
ਖਿਡੌਣਿਆਂ ਦੀ ਪ੍ਰਾਚੀਨਤਾ ਦਾ ਜ਼ਿਕਰ ਬ੍ਰਹਿਮੰਡ ਪੁਰਾਣ ਵਿਚ ਆਉਂਦਾ ਹੈ | ਰਿਸ਼ੀ ਮੁਕਟਰਿਸ਼ੀ ਨੂੰ ਖਿਡੌਣਿਆਂ ਦੇ ਨਿਰਮਾਤਾ ਵਜੋਂ ਤਸੱਵਰ ਕੀਤਾ ਜਾਂਦਾ ਹੈ | ਸਦੀਆਂ ਪਹਿਲਾਂ ਦਾ ਮਨੁੱਖ ਆਪਣੇ ਬੱਚਿਆਂ ਲਈ ਮਿੱਟੀ ਦੇ ਖਿਡੌਣਿਆਂ ਨੂੰ ਅੱਗ ਵਿਚ ਪਕਾ ਕੇ ਟਿਕਾਊ ਅਤੇ ਲੰਮੇ ਸਮੇਂ ਲਈ ਹੰਢਣਸਾਰ ਬਣਾਉਂਦਾ ਸੀ | 2500 ਤੋਂ 1700 ਸਾਲ ਪੂਰਵ ਈਸਾ ਦੇ ਸਮੇਂ ਵਿਚ ਸਿੰਧ ਘਾਟੀ ਦੀ ਸੱਭਿਅਤਾ ਦੇ ਕੇਂਦਰਾਂ ਤੋਂ ਪ੍ਰਾਪਤ ਖੰਡਿਤ ਖਿਡੌਣਿਆਂ ਤੋਂ ਵੀ ਇਨ੍ਹਾਂ ਦੀ ਪ੍ਰਾਚੀਨਤਾ ਦਾ ਪਤਾ ਲਗਦਾ ਹੈ | ਇਨ੍ਹਾਂ ਖਿਡੌਣਿਆਂ ਦੇ ਅਵਸ਼ੇਸ਼ ਅੱਜ ਵੀ ਸਿੰਧ ਘਾਟੀ ਜਾਂ ਪੰਜਾਬ ਦੇ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਿਚ ਸਥਿਤ ਇਤਿਹਾਸਕ ਪਿੰਡ ਸੰਘੋਲ ਦੇ ਅਜਾਇਬ ਘਰ ਵਿਚ ਵੇਖੇ ਜਾ ਸਕਦੇ ਹਨ | ਇਨ੍ਹਾਂ ਸੱਭਿਆਤਾਵਾਂ ਵਿਚੋਂ ਸੈਂਕੜੇ ਸਾਲ ਪਹਿਲਾਂ ਦੇ ਬਣੇ ਟੈਰਾਕੋਟਾ ਗੱਡੇ, ਛਣਕਣੇ, ਸੀਟੀਆਂ ਅਤੇ ਘੁੱਗੂ ਆਦਿ ਖਿਡੌਣਿਆਂ ਦੇ ਖੰਡਿਤ ਹਿੱਸੇ ਵੀ ਮਿਲੇ ਹਨ | ਪ੍ਰਾਚੀਨ ਭਾਰਤ ਵਿਚ ਰਾਜਸਥਾਨ ਦੇ ਪੇਸ਼ਾਵਰ ਕਬੀਲਿਆਂ ਨੇ ਖਿਡੌਣੇ ਬਣਾਉਣ ਦੀ ਕਲਾ ਨੂੰ ਨਿਖਾਰਿਆ | 400 ਸਾਲ ਪਹਿਲਾਂ ਆਰੀਆ ਕਸ਼ਤਰੀਆ ਕੌਮ ਨੇ ਵੀ ਖਿਡੌਣਿਆਂ ਦੇ ਨਿਰਮਾਣ ਨੂੰ ਹੋਰ ਵਿਕਸਿਤ ਕੀਤਾ | ਅੱਜ ਦੇ ਬਹੁਤੇ ਖਿਡੌਣਿਆਂ ਦੀਆਂ ਆਕਿ੍ਤੀਆਂ ਇਨ੍ਹਾਂ ਪੁਰਾਣੇ ਖਿਡੌਣਿਆਂ ਨਾਲ ਹੀ ਮੇਲ ਖਾਂਦੀਆਂ ਹਨ | ਇਉਂ ਪਤਾ ਲਗਦਾ ਹੈ ਕਿ ਪੁਰਾਣੇ ਸਮਿਆਂ ਵਿਚ ਵੀ ਮਨੁੱਖ ਨੇ ਖਿਡੌਣਿਆਂ ਨੂੰ ਰੁਜ਼ਗਾਰ ਅਤੇ ਮਨੋਰੰਜਨ ਦੇ ਸਾਧਨ ਵਜੋਂ ਅਪਣਾਇਆ ਹੋਇਆ ਸੀ |
ਭਾਰਤ ਵਿਚ ਉਦਯੋਗਿਕ-ਕ੍ਰਾਂਤੀ ਤੋਂ ਪਹਿਲਾਂ ਬੱਚੇ ਲਈ ਜਿਨ੍ਹਾਂ ਖਿਡੌਣਿਆਂ ਦਾ ਨਿਰਮਾਣ ਕੀਤਾ ਜਾਂਦਾ ਸੀ, ਉਹ ਆਮ ਤੌਰ 'ਤੇ ਲੱਕੜ (ਕਾਠ), ਕਲੇਅ-ਮਿੱਟੀ, ਗਾਰੇ, ਲੀਰਾਂ, ਪੱਤਿਆਂ, ਟਹਿਣੀਆਂ, ਰਬੜ ਜਾਂ ਭਾਂਤ ਭਾਂਤ ਦੀਆਂ ਧਾਤਾਂ ਆਦਿ ਤੋਂ ਬਣਾਏ ਜਾਂਦੇ ਰਹੇ ਹਨ | ਜਿਉਂ ਜਿਉਂ ਉਦਯੋਗਿਕ-ਕ੍ਰਾਂਤੀ ਅਤੇ ਮਨੋਰੰਜਨ ਦੇ ਬਿਜਲਈ ਸਾਧਨਾਂ ਵਿਚ ਵਾਧਾ ਹੁੰਦਾ ਗਿਆ, ਤਿਉਂ-ਤਿਉਂ ਪੰਜਾਬ ਦੇ ਰਵਾਇਤੀ ਖਿਡੌਣਿਆਂ ਨਾਲ ਖੇਡਣ ਦਾ ਰੁਝਾਨ ਮੱਠਾ ਪੈਂਦਾ ਗਿਆ ਹੈ | ਫਲਸਰੂਪ ਅੱਜ ਦੇ ਚੀਨੀ-ਮਾਰਕਾ ਅਤਿਅੰਤ ਲੁਭਾਉਣੇ, ਹੈਰਾਨੀਜਨਕ ਅਤੇ ਅਦਭੁੱਤ ਹਰਕਤਾਂ ਕਰਨ ਵਾਲੇ ਖਿਡੌਣਿਆਂ ਅੱਗੇ ਸਾਦੀ ਜਿਹੀ ਬਣਤਰ ਅਤੇ ਦਿੱਖ ਵਾਲੇ ਰਵਾਇਤੀ ਖਿਡੌਣਿਆਂ ਦਾ ਮਹੱਤਵ ਪਹਿਲਾਂ ਵਾਲਾ ਨਹੀਂ ਰਿਹਾ ਅਤੇ ਨਾ ਹੀ ਸਾਰਥਿਕਤਾ ਰਹੀ |
ਮਨੁੱਖੀ ਚੇਤਨਾ ਦੇ ਦੌਰ ਵਿਚ ਪ੍ਰਵੇਸ਼ ਕਰਨ ਤੋਂ ਪਹਿਲਾਂ ਖਿਡੌਣੇ ਬਣਾਉਣ ਦਾ ਕਾਰਜ ਵੱਖ ਵੱਖ ਸਮਾਜਿਕ ਸ਼੍ਰੇਣੀਆਂ ਅਤੇ ਪੇਸ਼ਾਵਰ ਜਾਤੀਆਂ ਅਤੇ ਕਾਰੀਗਰਾਂ ਕੋਲ ਰਿਹਾ ਹੈ | ਪਿੰਡ ਦਾ ਤਰਖਾਣ (ਗੱਡੇ-ਗੱਡੀਆਂ, ਗਡ੍ਹੀਰੇ, ਬੰਸਰੀਆਂ, ਟਰੱਕ-ਟਰਾਲੀਆਂ, ਲਾਟੂ, ਫਿਰਕੀਆਂ (ਭੰਬੀਰੀਆਂ), ਘੁਮਿਆਰ (ਮੂੰਹ ਨਾਲ ਵੱਜਣ ਵਾਲੇ ਘੁੱਗੂ ਘੋੜੇ, ਮੋਰ, ਤੋਤੇ, ਹਾਥੀ, ਘੋੜੇ, ਰਸੋਈ ਅਤੇ ਆਮ ਵਰਤੋਂ ਵਿਚ ਆਉਣ ਵਾਲੇ ਸੰਦ ਆਦਿ), ਲੋਹੇ ਦਾ ਕੰਮ ਕਰਨ ਵਾਲੇ ਦੂਜੇ ਕਾਰੀਗਰ (ਛਣਕਣੇ, ਸਪਰਿੰਗ ਵਾਲੇ ਬਾਂਦਰ, ਟਰੈਕਟਰ, ਚਾਬੀ ਵਾਲੇ ਖਿਡੌਣੇ ਆਦਿ) ਬਣਾਉਂਦੇ ਆਏ ਹਨ | ਸੁਆਣੀਆਂ ਟੋਭੇ, ਤਲਾਬਾਂ ਜਾਂ ਛੱਪੜਾਂ ਤੋਂ ਲਿਆਂਦੀ ਮਿੱਟੀ, ਗਾਰੇ ਤੇ ਪਾਂਡੂ ਆਦਿ ਨਾਲ ਜਾਂ ਘਰ ਵਿਚ ਸੀਤੇ ਕੱਪੜਿਆਂ ਵਿਚੋਂ ਬਚੀਆਂ ਖੁਚੀਆਂ ਟਾਕੀਆਂ, ਸੂਈ ਧਾਗੇ, ਪੱਤਿਆਂ, ਛਿਲਕਿਆਂ, ਰਬੜ, ਰੂੰ, ਬਟਨਾਂ, ਗੋਟੇ, ਸ਼ੀਸ਼ੇ, ਰਿਬਨਾਂ, ਬਿੰਦੀਆਂ, ਲੋਗੜੀ ਜਾਂ ਉੱਨ ਦੇ ਫੁੱਲਾਂ ਜਾਂ ਧਾਗੇ-ਫੀਤਿਆਂ ਨਾਲ ਇਹ ਖਿਡੌਣੇ ਤਿਆਰ ਕਰਦੀਆਂ ਸਨ ਜਿਨ੍ਹਾਂ ਵਿਚ ਗੁੱਡਾ-ਗੁੱਡੀ, ਚੱਕਲਾ ਵੇਲਣਾ, ਘੁੱਗੂ ਘੋੜੇ, ਚੰਨ-ਤਾਰੇ, ਚਿੜੀ-ਜਨੌਰ, ਪੀਪਨੀਆਂ ਆਦਿ ਸ਼ਾਮਿਲ ਹਨ | ਸੁਆਣੀਆਂ ਵੱਡੀਆਂ ਛੋਟੀਆਂ ਲੀਰਾਂ ਜਾਂ ਬੇਕਾਰ ਕੱਪੜਿਆਂ ਦੇ ਢਾਂਚੇ ਸਿਉਂ ਕੇ, ਉਨ੍ਹਾਂ ਵਿਚ ਰੂੰ ਭਰਨ ਉਪਰੰਤ ਤੋਤੇ, ਚਿੜੀਆਂ ਅਤੇ ਜਨੌਰਾਂ ਆਦਿ ਦਾ ਰੂਪ ਪ੍ਰਦਾਨ ਕਰਕੇ ਘਰਾਂ ਦੇ ਸ਼ਤੀਰਾਂ ਅਤੇ ਬਾਲਿਆਂ ਵਿਚ ਲਟਕਾਉਂਦੀਆਂ ਆਈਆਂ ਹਨ | ਖ਼ਾਨਾਬਦੋਸ਼ ਕਬੀਲਿਆਂ ਦੀਆਂ ਕਾਰੀਗਰ ਔਰਤਾਂ ਫਟੀਆਂ ਪੁਰਾਣੀਆਂ ਕਾਪੀਆਂ-ਕਿਤਾਬਾਂ ਅਤੇ ਅਖ਼ਬਾਰਾਂ ਆਦਿ ਇਕੱਤਰ ਕਰਕੇ ਉਸ ਨੂੰ ਪਾਣੀ ਆਦਿ ਨਾਲ ਮਿੱਟੀ ਵਾਂਗ ਗੁੰਨ੍ਹ ਕੇ ਉਸ ਵਿਚੋਂ ਰੰਗ ਬਰੰਗੀਆਂ ਭੰਬੀਰੀਆਂ, ਡਮਰੂ ਬਣਾ ਕੇ ਗਲੀਆਂ ਵਿਚ ਵੇਚਣ ਲਈ ਹੋਕੇ ਦਿੰਦੀਆਂ ਰਹੀਆਂ ਹਨ | ਖ਼ੁਦ ਬੱਚੇ ਵੀ ਸੋਢੇ ਵਾਲੀ ਬੋਤਲ ਦਾ ਢੱਕਣ ਲੈ ਕੇ ਉਸ ਵਿਚਕਾਰ ਸੁਰਾਖ਼ ਕੱਢ ਕੇ ਧਾਗੇ ਪ੍ਰੋਣ ਉਪਰੰਤ ਭੰਬੀਰੀਆਂ ਬਣਾ ਲੈਂਦੇ ਹਨ |
ਭਾਰਤ ਵਿਚ ਖਿਡੌਣਾ ਕਾਰੋਬਾਰ ਛਾਇਆ ਰਿਹਾ ਹੈ | ਆਂਧਰਾ ਪ੍ਰਦੇਸ਼ ਦੇ ਕਿ੍ਸ਼ਨਾ ਜ਼ਿਲ੍ਹੇ ਦਾ ਪੂਰੇ ਦਾ ਪੂਰਾ ਇਕ ਪਿੰਡ ਕੋਂਡਾਪਲੀ ਵੰਨ-ਸੁਵੰਨੇ ਖਿਡੌਣਿਆਂ ਦਾ ਹੀ ਨਿਰਮਾਣ ਕਰਦਾ ਹੈ | ਅੰਮਿ੍ਤਸਰ ਵਿਚ ਸਥਿਤ ਕਟੜਾ ਭਾਈ ਸੰਤ ਸਿੰਘ ਨੂੰ ਤਾਂ ਜਾਣਿਆ ਹੀ ਖਿਡੌਣਿਆਂ ਵਾਲੇ ਬਜ਼ਾਰ ਕਰਕੇ ਜਾਣਿਆ ਜਾਂਦਾ ਹੈ | ਜਲੰਧਰ ਖਿਡੌਣਿਆਂ ਦੀ ਵੱਡੀ ਮੰਡੀ ਹੈ | ਹੁਸ਼ਿਆਰਪੁਰ ਲੱਕੜੀ ਦੇ ਖਿਡੌਣਿਆਂ ਦਾ ਵਪਾਰਕ ਕੇਂਦਰ ਹੈ | ਲੁਧਿਆਣਾ, ਪਟਿਆਲਾ ਅਤੇ ਹੋਰ ਜ਼ਿਲਿ੍ਹਆਂ ਦੇ ਬਾਜ਼ਾਰ ਅਣਗਿਣਤ ਖਿਡੌਣਿਆਂ ਨਾਲ ਸਜੇ ਪਏ ਹਨ | ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਧਨੌਲਾ ਕਸਬੇ ਵਿਚੋਂ ਲੰਘਦਿਆਂ ਸੜਕ ਦੇ ਦੋਵੇਂ ਪਾਸੇ ਵੱਡੀ ਗਿਣਤੀ ਵਿਚ ਲੱਕੜੀ ਅਤੇ ਲੋਹੇ ਦੇ ਸਜੇ ਫੱਬੇ ਰੰਗਦਾਰ ਟਰੈਕਟਰ, ਟਰਾਲੀਆਂ, ਜਹਾਜ਼, ਗਡ੍ਹੀਰੇ ਯਾਤਰੀਆਂ ਦੇ ਆਕਰਸ਼ਣ ਦਾ ਕਾਰਨ ਬਣਦੇ ਹਨ | ਗੱਲ ਕੀ, ਪੰਜਾਬ ਦੇ ਹਰ ਜ਼ਿਲ੍ਹੇ, ਤਹਿਸੀਲ, ਕਸਬੇ, ਪਿੰਡਾਂ ਅਤੇ ਇਤਿਹਾਸਕ ਸਥਾਨਾਂ 'ਤੇ ਖ਼ਾਸ ਕਰਕੇ ਜਰਗ, ਜਗਰਾਵਾਂ, ਮੁਕਤਸਰ, ਹੈਦਰ ਸ਼ੇਖ਼ (ਮਾਲੇਰਕੋਟਲਾ), ਛਪਾਰ, ਗੁੱਗਾਪੀਰ, ਕਾਲੀ ਮਾਤਾ, ਸੀਤਲਾ ਮਾਤਾ, ਬਸੰਤ ਪੰਚਮੀ, ਵਿਸਾਖੀ ਆਦਿ 'ਤੇ ਲੱਗਣ ਵਾਲੇ ਮੇਲਿਆਂ ਵਿਚ ਛੋਟੀਆਂ ਛੋਟੀਆਂ ਦੁਕਾਨਾਂ, ਫੜ੍ਹੀਆਂ, ਫੁਟਪਾਥਾਂ, ਰੇੜ੍ਹੀਆਂ ਅਤੇ ਸਾਈਕਲਾਂ 'ਤੇ ਵਿਕਦੇ ਵਿਖਾਈ ਦਿੰਦੇ ਹਨ ਜਿੱਥੇ ਭੂਪਨਿਆਂ ਵਾਲੇ ਭੁਕਾਨੇ, ਹਵਾਈ ਜਹਾਜ਼, ਰੇਲ ਗੱਡੀ, ਬੱਸ, ਕਾਰ, ਟਰੱਕ, ਸਾਈਕਲ, ਸਕੂਟਰ, ਟੈਲੀਫੋਨ, ਕੰਪਿਊਟਰ, ਮੋਬਾਈਲ, ਘੜੀ, ਗੁੱਡੇ ਗੁੱਡੀਆਂ, ਵੰਨ ਸੁਵੰਨੇ ਸਾਜ਼, ਦੁਲਹਾ-ਦੁਲਹਨ, ਪੰਜਾਬਣ ਮੁਟਿਆਰ, ਪੰਜਾਬੀ ਗੱਭਰੂ, ਚਾਬੀ, ਬੈਟਰੀ ਅਤੇ ਸੈਲਾਂ ਨਾਲ ਚੱਲਣ ਵਾਲੇ ਅਣਗਿਣਤ ਕਿਸਮ ਦੇ ਖਿਡੌਣੇ ਕੇਵਲ ਦਸ ਜਾਂ ਵੀਹ ਰੁਪਏ ਤੋਂ ਲੈ ਕੇ ਸੌ ਡੇਢ ਸੌ ਰੁਪਏ ਵਿਚ ਖਰੀਦੇ ਜਾ ਸਕਦੇ ਹਨ |
ਇੱਕੀਵੀਂ ਸਦੀ ਦੇ ਆਰੰਭ ਵਿਚ ਖਿਡੌਣਾ-ਸੱਭਿਆਚਾਰ ਵਿਚ ਜ਼ਬਰਦਸਤ ਪਰਿਵਰਤਨ ਵੇਖਣ ਵਿਚ ਆਇਆ ਹੈ | ਪੰਜਾਬ ਦੇ ਦੇਸੀ ਖਿਡੌਣਿਆਂ ਦੇ ਸਮਾਂਨਾਤਰ ਵਰਤਮਾਨ ਯੁੱਗ ਵਿਚ ਬਿਜਲਈ ਮਾਧਿਅਮਾਂ ਅਤੇ ਸੋਸ਼ਲ ਮੀਡੀਆ ਦੇ ਰੁਝਾਨ ਕਾਰਨ ਬੱਚਿਆਂ ਵਿਚ ਕਾਰਟੂਨ ਨੈਟਵਰਕ, ਟੀ.ਵੀ.ਚੈਨਲਾਂ ਅਤੇ ਮੋਬਾਈਲਾਂ ਪ੍ਰਤੀ ਵਧੇਰੇ ਖਿੱਚ ਵੇਖਣ ਵਿਚ ਆ ਰਹੀ ਹੈ ਜਿਸ ਕਾਰਨ ਡੋਰੇਮਾਨ, ਪੋਕੇਮਾਨ, ਸ਼ਕਤੀਮਾਨ, ਚਾਚਾ ਚੌਧਰੀ ਆਦਿ ਦੀਆਂ ਆਕਿ੍ਤੀਆਂ ਵਾਲੇ ਖਿਡੌਣੇ ਵੀ ਵੱਡੇ-ਵੱਡੇ ਮਾਲਾਂ ਅਤੇ ਬਾਜ਼ਾਰਾਂ ਵਿਚ ਆਉਣ ਲੱਗੇ ਹਨ | ਬੱਚੇ ਖਿਡੌਣਿਆਂ ਨਾਲ ਖੇਡਣ ਦੀ ਬਜਾਏ ਬਹੁਤਾ ਸਮਾਂ ਮਨਭਾਉਂਦੇ ਟੀ.ਵੀ.ਕਾਰਟੂਨਾਂ, ਚੈਨਲਾਂ ਜਾਂ ਮੋਬਾਈਲ ਫੋਨ ਵਿਚ ਲੋਡ ਕੀਤੀਆਂ ਖੇਡਾਂ ਵਿਚ ਖਚਿਤ ਵਿਖਾਈ ਦਿੰਦੇ ਹਨ ਪਰੰਤੂ ਜਿਹੜਾ ਖਿਡੌਣਾ-ਸੱਭਿਆਚਾਰ ਚੀਨ ਆਦਿ ਵਿਦੇਸ਼ੀ ਮੁਲਕਾਂ ਨੇ ਪੈਦਾ ਕੀਤਾ ਹੈ, ਉਨ੍ਹਾਂ ਨੇ ਭਾਰਤੀ ਖਿਡੌਣਿਆਂ ਨੂੰ ਇਕ ਕਿਸਮ ਨਾਲ ਢਾਹ ਹੀ ਲਿਆ ਹੈ | ਵੱਡੇ ਸ਼ਹਿਰਾਂ ਦੇ ਮਾਲ ਜਾਂ ਸ਼ੋਅ ਰੂਮਾਂ ਵਿਚ ਇਨ੍ਹਾਂ ਖਿਡੌਣਿਆਂ ਦੀ ਕੀਮਤ ਸੌ ਰੁਪਏ ਤੋਂ ਲੈ ਕੇ ਪੱਚੀ ਪੱਚੀ ਹਜ਼ਾਰ ਰੁਪਏ ਤੱਕ ਹੈ | ਇਨ੍ਹਾਂ ਵਿਚੋਂ 'ਸਪਰਿੰਗ ਰੌਕਰ' ਦੀ ਕੀਮਤ ਪੰਦਰਾਂ ਹਜ਼ਾਰ ਰੁਪਏ ਅਤੇ 'ਰੌਕਿੰਗ ਹੌਰਸ' ਦੀ ਕੀਮਤ ਲਗਭਗ ਸਾਢੇ ਅਠਾਰਾਂ ਹਜ਼ਾਰ ਰੁਪਏ ਹੈ | ਇਨ੍ਹਾਂ ਤੋਂ ਇਲਾਵਾ 'ਬਾਰਬੀ ਕੈਰੀਅਰਜ਼ ਡਾਕਟਰ ਪਲੇਅ ਸੈਟ' ਅਤੇ 'ਰੀਮੋਟ ਕੰਟਰੋਲ ਹੈਲੀਕਾਪਟਰ' ਦੀ ਕੀਮਤ ਵੀ ਹਜ਼ਾਰਾਂ ਰੁਪਿਆਂ ਵਿਚ ਹੈ | 'ਐਨੀਮਲਜ਼ ਸੀ ਸਾਅ' ਖਿਡੌਣੇ ਦੀ ਕੀਮਤ ਤਾਂ ਪੱਚੀ ਹਜ਼ਾਰ ਰੁਪਏ ਹੈ | ਨਿਮਨ ਜਾਂ ਮੱਧ ਸ਼੍ਰੇਣੀ ਪਰਿਵਾਰਾਂ ਦੇ ਬੱਚੇ ਅਜਿਹੇ ਮਹਿੰਗੇ ਖਿਡੌਣੇ ਸੁਪਨੇ ਵਿਚ ਵੀ ਨਹੀਂ ਖਰੀਦ ਸਕਦੇ |
ਪੰਜਾਬ ਵਿਚ ਜਿੱਥੇ ਆਮ ਬੱਚੇ ਲੱਕੜੀ, ਲੋਹੇ, ਕੱਚ ਜਾਂ ਪਲਾਸਟਿਕ ਆਦਿ ਤੋਂ ਬਣੇ ਖਿਡੌਣਿਆਂ ਨਾਲ ਮਨਪ੍ਰਚਾਵਾ ਕਰਦੇ ਰਹੇ ਹਨ, ਉਥੇ ਚੀਨ ਅਤੇ ਹੋਰ ਪੱਛਮੀ ਦੇਸ਼ਾਂ ਵਲੋਂ ਤਿਆਰ ਕੀਤੇ ਜਾਣ ਵਾਲੇ ਬਾਰਬੀ ਡੌਲ, ਟੈਡੀ ਬੀਅਰ, ਰੀਮੋਟ ਕੰਟਰੋਲਰ ਹੈਲੀਕਾਪਟਰ, ਗੋਲ ਮਟੋਲ ਭੋਲੂ ਕਾਕੇ-ਕਾਕੀਆਂ, ਦੁਲ੍ਹਾ ਦੁਲਹਨ, ਵੰਨ ਸੁਵੰਨੇ ਅੰਦਾਜ਼ ਵਾਲੇ ਡੌਗੀ, ਬਾਂਦਰਾਂ, ਭਾਲੂਆਂ, ਘੋੜਿਆਂ, ਹਾਥੀਆਂ ਆਦਿ ਜਨੌਰਾਂ ਦੀਆਂ ਆਕਿ੍ਤੀਆਂ ਵਾਲੇ ਖਿਡੌਣਿਆਂ ਨੇ ਪੰਜਾਬ ਦੇ ਰਵਾਇਤੀ ਢੰਗ ਦੇ ਖਿਡੌਣਿਆਂ ਉਪਰ ਪੂਰੀ ਤਰ੍ਹਾਂ ਕਬਜ਼ਾ ਜਮਾ ਲਿਆ ਹੈ | ਬਹੁਤੇ ਵਿਦੇਸ਼ੀ ਖਿਡੌਣੇ ਸਾਡੇ ਬੱਚਿਆਂ ਲਈ ਖ਼ਤਰਨਾਕ ਸਿੱਧ ਹੋ ਰਹੇ ਹਨ | ਘਟੀਆ ਕਿਸਮ ਦਾ ਪਲਾਸਟਿਕ ਅਤੇ ਬਦਬੂ ਛੱਡਣ ਵਾਲੀ ਰਬੜ ਨਾਲ ਖਿਡੌਣੇ ਅਤੇ ਗ਼ੁਬਾਰੇ ਬਣਾਏ ਜਾ ਰਹੇ ਹਨ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ
ਮੋਬਾਈਲ : 98144-23703.
ਈਮੇਲ : dsaasht@yahoo.co.in

ਚੁੱਪ-ਚੁਪੀਤੇ ਲਿਖਿਆ ਜਾ ਰਿਹਾ ਹੈ 'ਸਿੰਗਲ ਸਕਰੀਨ' ਦਾ ਉਦਾਸ ਗੀਤ

ਹਿੰਦੁਸਤਾਨ ਇਕੋ ਵੇਲੇ ਹੀ ਕਈ ਸਦੀਆਂ ਵਿਚ ਜੀਅ ਰਿਹਾ ਹੈ | ਹਿੰਦੁਸਤਾਨ ਦੇ ਵੱਡੇ ਸ਼ਹਿਰ ਅਤੇ ਮਹਾਂਨਗਰ 21ਵੀਂ ਸਦੀ ਵਿਚ ਹਨ ਅਤੇ ਉਹ ਦੁਨੀਆ ਦੇ ਬਹੁਤ ਸਾਰੇ ਆਧੁਨਿਕ ਸ਼ਹਿਰਾਂ ਦੀ ਤਰ੍ਹਾਂ ਹਰ ਤਰ੍ਹਾਂ ਦੀਆਂ ਸਹੂਲਤਾਂ ਮਾਣਦੇ ਹਨ ਪਰ ਇਸੇ ਹਿੰਦੁਸਤਾਨ ਵਿਚ ਕਈ ਅਜਿਹੇ ਕਸਬੇ ਅਤੇ ਸ਼ਹਿਰ ਵੀ ਹਨ ਜਿਥੇ ਅੱਜ ਦੀ ਤਾਰੀਖ ਵਿਚ ਵੱਡੇ ਪਰਦੇ 'ਤੇ ਫ਼ਿਲਮ ਦੇਖਣਾ ਸੱਚਮੁੱਚ ਸੁਪਨਾ ਬਣਦਾ ਜਾ ਰਿਹਾ ਹੈ ਕਿਉਂਕਿ ਹੌਲੀ-ਹੌਲੀ ਸਿੰਗਲ ਸਕਰੀਨ ਖਤਮ ਹੁੰਦੀ ਜਾ ਰਹੀ ਹੈ ਅਤੇ ਕਈ ਸ਼ਹਿਰਾਂ ਵਿਚ ਇਹ ਪੂਰੀ ਤਰ੍ਹਾਂ ਖਤਮ ਹੋ ਵੀ ਚੁੱਕੀ ਹੈ | ਹਰ ਜਗ੍ਹਾ ਮਲਟੀਪਲੈਕਸ ਦੀ ਸਹੂਲਤ ਮੌਜੂਦ ਨਹੀਂ ਹੈ | ਦੇਸ਼ ਦੇ ਸਿਰਫ਼ 10 ਫ਼ੀਸਦੀ ਸ਼ਹਿਰਾਂ ਵਿਚ ਹੀ ਮਲਟੀਪਲੈਕਸ ਦੀ ਸਹੂਲਤ ਮੌਜੂਦ ਹੈ, ਜਿਨ੍ਹਾਂ ਵਿਚ ਮੈਟਰੋਜ਼, ਵੱਡੇ ਸ਼ਹਿਰ ਅਤੇ ਦਰਮਿਆਨੇ ਦਰਜੇ ਦੇ ਸ਼ਹਿਰਾਂ ਵਿਚ ਲਟਕੇ ਉਨ੍ਹਾਂ ਦੇ ਉਪ-ਨਗਰ ਨੂੰ ਵੀ ਮਲਟੀਪਲੈਕਸ ਵਰਗੀਆਂ ਸਹੂਲਤਾਂ ਦੀ ਸੌਗਾਤ ਮਿਲੀ ਹੋਈ ਹੈ |
ਫ਼ਿਲਮ ਉਦਯੋਗ ਦੇ ਇਕ ਅੰਦਾਜ਼ੇ ਅਨੁਸਾਰ ਸਾਲ 1980 ਵਿਚ ਭਾਰਤ 'ਚ 11000 ਤੋਂ ਲੈ ਕੇ 12000 ਦੇ ਦਰਮਿਆਨ ਸਿਨੇਮਾ ਹਾਲ ਸਨ | ਇਹ ਦਸੰਬਰ 2017 ਵਿਚ ਘਟ ਕੇ 5000 ਦੇ ਨੇੜੇ-ਤੇੜੇ ਪਹੁੰਚ ਗਏ ਸਨ ਜਦੋਂ ਕਿ ਇਸੇ ਦੌਰਾਨ ਮੈਟਰੋਜ਼, ਵੱਡੇ ਅਤੇ ਛੋਟੇ ਸ਼ਹਿਰਾਂ ਅਤੇ ਵੱਡੇ ਸ਼ਹਿਰਾਂ ਦੇ ਉਪ-ਨਗਰਾਂ ਵਿਚ ਕੁੱਲ 3000 ਮਲਟੀਪਲੈਕਸ ਸਕਰੀਨ ਹੋਂਦ ਵਿਚ ਆ ਗਏ | ਅੰਗਰੇਜ਼ੀ ਦੇ ਇਕ ਵੱਡੇ ਅਖ਼ਬਾਰ ਨੇ ਇਸ ਸਬੰਧੀ ਇਕ ਰਿਪੋਰਟ ਸਾਲ ਫਰਵਰੀ, 2018 ਵਿਚ ਛਾਪੀ ਸੀ ਜਿਸ ਵਿਚ ਇਕ ਹੈਰਾਨੀਜਨਕ ਸੱਚ ਸਾਹਮਣੇ ਲਿਆਂਦਾ ਗਿਆ ਸੀ ਕਿ ਪੰਜਾਬ ਦੇ ਸ਼ਹਿਰ ਬਟਾਲਾ ਵਿਚ ਹੁਣ ਕੋਈ ਸਿਨੇਮਾ ਘਰ ਨਹੀਂ ਹੈ, ਜਿਥੇ ਤੁਸੀਂ ਵੱਡੇ ਪਰਦੇ 'ਤੇ ਫ਼ਿਲਮ ਦੇਖ ਸਕੋ | ਬਟਾਲਾ 'ਚ ਆਜ਼ਾਦੀ ਤੋਂ ਪਹਿਲਾਂ 'ਕ੍ਰਿਸ਼ਨਾ ਟਾਕੀਜ਼' ਹੋਇਆ ਕਰਦਾ ਸੀ ਅਤੇ ਇਸ ਨੇ ਆਪਣੇ-ਆਪ ਨੂੰ ਬਚਾਈ ਰੱਖਣ ਲਈ ਬੜੀ ਜੱਦੋ-ਜਹਿਦ ਕੀਤੀ ਪਰ ਅਖੀਰ ਸੰਨ 2005 ਵਿਚ ਇਹ ਵੀ ਬੰਦ ਹੋ ਗਿਆ | 2005 ਤੋਂ ਫਰਵਰੀ 2018 ਤੱਕ ਬਟਾਲਾ ਵਿਚ ਕੋਈ ਵੀ ਟਾਕੀਜ਼ (ਸਿਨੇਮਾ) ਨਹੀਂ ਅਤੇ ਨਾ ਹੀ ਕੋਈ ਮਲਟੀਪਲੈਕਸ ਹੈ ਜਿਸ ਵਿਚ ਤੁਸੀਂ ਵੱਡੇ ਪਰਦੇ 'ਤੇ ਜਾ ਕੇ ਫ਼ਿਲਮ ਦੇਖ ਸਕੋ |
ਪਰ ਇਹ ਇਕੱਲੇ ਬਟਾਲਾ ਵਰਗੇ ਸ਼ਹਿਰ ਦੀ ਕਹਾਣੀ ਨਹੀਂ ਹੈ | ਦੇਸ਼ ਵਿਚ ਪਤਾ ਨਹੀਂ ਅਜਿਹੇ ਕਿੰਨੇ ਹੀ ਬਟਾਲਾ ਸ਼ਹਿਰ ਹਨ | ਅਜਿਹੇ ਸ਼ਹਿਰਾਂ ਦੀ ਗਿਣਤੀ ਵੀ ਘੱਟ ਨਹੀਂ ਹੈ ਜੋ ਪੂਰੀ ਤਰ੍ਹਾਂ ਬਟਾਲਾ ਵਰਗੇ ਨਾ ਹੋਏ ਹੋਣ ਪਰ ਬਟਾਲਾ ਵਰਗੇ ਹੋਣ ਦੀ ਰਾਹ 'ਤੇ ਜ਼ਰੂਰ ਪੈ ਗਏ ਹਨ | ਅਜਿਹੇ ਸ਼ਹਿਰਾਂ ਵਿਚ ਬਚੀਆਂ ਇਕ, ਦੋ ਜਾਂ ਤਿੰਨ ਟਾਕੀਜ਼ (ਸਿਨੇਮਾ ਘਰ) ਆਪਣੇ ਆਖਰੀ ਸਾਹ ਗਿਣ ਰਹੀਆਂ ਹੋਣ | ਦਰਅਸਲ ਇਹ ਬਹੁਤ ਮੁਕਾਬਲੇਬਾਜ਼ੀ ਵਾਲਾ ਦੌਰ ਹੈ | ਇਕ ਤਰ੍ਹਾਂ ਫ਼ਿਲਮਾਂ, ਗਾਣੇ ਅਤੇ ਅਲੱਗ-ਅਲੱਗ ਤਰ੍ਹਾਂ ਦੇ ਸੰਗੀਤ ਦੇ ਬੇਹੱਦ ਆਧੁਨਿਕ ਤਕਨੀਕੀ ਸਾਧਨ ਹਨ ਭਾਵ ਇੰਟਰਨੈੱਟ, ਸਮਾਰਟ ਫੋਨ ਅਤੇ ਸੈਟੇਲਾਈਟ ਟੈਲੀਵਿਜ਼ਨ ਆਦਿ | ਅਜਿਹੇ ਲੋਕ 24 ਘੰਟੇ ਮਨੋਰੰਜਨ ਦੇ ਸਮੰੁਦਰ ਵਿਚ ਰਹਿ ਰਹੇ ਹਨ | ਉਨ੍ਹਾਂ ਦੇ ਲਈ ਇਸ ਦੌਰ ਵਿਚ ਫ਼ਿਲਮਾਂ ਹੀ ਨਹੀਂ, ਹਰ ਕਿਸਮ ਦੇ ਮਨੋਰੰਜਨ ਦੀ ਤਕਨੀਕ ਉਪਲਬੱਧ ਹੈ | ਪਰ ਜਿਨ੍ਹਾਂ ਲੋਕਾਂ ਦੇ ਕੋਲ ਕਾਫੀ ਧਨ-ਦੌਲਤ ਖਰਚ ਕਰ ਕੇ ਇਹ ਹਾਸਲ ਹੋਣ ਵਾਲੀਆਂ ਤਕਨੀਕੀ ਸਹੂਲਤਾਂ ਨਹੀਂ ਹਨ, ਉਹ ਬਸ ਇਨ੍ਹਾਂ ਸਾਰੀਆਂ ਸਹੂਲਤਾਂ ਤੋਂ ਵਾਂਝੇ ਰਹਿੰਦੇ ਹਨ | ਹੈਰਾਨੀ ਦੀ ਗੱਲ ਇਹ ਹੈ ਕਿ ਨਾ ਤਾਂ ਇਨ੍ਹਾਂ ਸਹੂਲਤਾਂ ਤੋਂ ਸੱਖਣੇ ਲੋਕਾਂ ਬਾਰੇ ਕੋਈ ਜਾਣਦਾ ਹੈ ਅਤੇ ਨਾ ਹੀ ਇਨ੍ਹਾਂ ਦੀ ਕਿਸੇ ਮੰਚ ਤੋਂ ਜ਼ਰੂਰਤ ਦਰਜ ਕੀਤੀ ਜਾਂਦੀ ਹੈ |
ਕਿਹਾ ਜਾ ਸਕਦਾ ਹੈ ਕਿ ਜੇ ਅਜਿਹੇ ਹੀ ਕੁਝ ਸਾਲ ਹੋਰ ਲੰਘ ਗਏ ਤਾਂ ਇਕ ਵੱਡੀ ਲੋਕ ਗਿਣਤੀ ਮਨੋਰੰਜਨ ਦੇ ਸਮੰੁਦਰ ਵਿਚ ਡੁੱਬੀ ਨਜ਼ਰ ਆਵੇਗੀ | ਦੂਜੇ ਪਾਸੇ ਇਕ ਵੱਡੀ ਗਿਣਤੀ ਮਨੋਰੰਜਨ ਦੀ ਕਮੀ ਵਾਲੇ ਰੇਗਿਸਤਾਨ ਵਿਚ ਰਹਿ ਰਹੀ ਆਬਾਦੀ ਦੀ ਹੋਵੇਗੀ | ਖ਼ਾਸ ਕਰਕੇ ਫ਼ਿਲਮਾਂ ਅਤੇ ਉਨ੍ਹਾਂ ਵਿਚ ਵੀ ਨਵੀਆਂ ਫ਼ਿਲਮਾਂ ਦੇ ਸਬੰਧ ਵਿਚ ਅਜਿਹੀ ਹੀ ਹਾਲਤ ਹੋ ਜਾਵੇਗੀ | 80 ਦੇ ਦਹਾਕੇ ਵਿਚ ਨਵੀਆਂ ਫ਼ਿਲਮਾਂ ਦੀ ਪਹੁੰਚ ਦੇਸ਼ ਦੇ 85 ਫ਼ੀਸਦੀ ਤੱਕ ਦੇ ਭੁਗੋਲਿਕ ਖੇਤਰ ਤੱਕ ਸੀ | ਇਹ ਗੱਲ ਹੋਰ ਹੈ ਕਿ ਏਨੇ ਵਿਸ਼ਾਲ ਖੇਤਰ ਵਿਚ ਆਪਣੀ ਮੌਜੂਦਗੀ ਦੇ ਬਾਵਜੂਦ ਉਸ ਦੌਰ ਵਿਚਲੀਆਂ ਫ਼ਿਲਮਾਂ ਅੱਜ ਦੇ ਮੁਕਾਬਲੇ 1/10 ਹਿੱਸਾ ਹੀ ਕੁਲੈਕਸ਼ਨ ਕਰਦੀਆਂ ਸਨ | ਅੱਜ ਨਵੀਆਂ ਫ਼ਿਲਮਾਂ ਦੀ ਪਹੁੰਚ ਮਹਿਜ਼ 52 ਤੋਂ 56 ਫ਼ੀਸਦੀ ਭੂਗੋਲਿਕ ਖੇਤਰ ਤੱਕ ਹੀ ਸੀਮਤ ਹੈ ਕਿਉਂਕਿ ਨਵੀਆਂ ਫ਼ਿਲਮਾਂ ਆਮ ਤੌਰ 'ਤੇ ਮਲਟੀਪਲੈਕਸ ਵਿਚ ਹੀ ਰਿਲੀਜ਼ ਹੋ ਰਹੀਆਂ ਹਨ, ਜੋ ਕਿ ਛੋਟੇ ਸ਼ਹਿਰਾਂ, ਕਸਬਿਆਂ ਵਿਚ ਨਹੀਂ ਹਨ | ਪਿੰਡਾਂ ਬਾਰੇ ਤਾਂ ਕਹਿਣਾ ਕੀ ਹੈ | ਇਹੀ ਕਾਰਨ ਹੈ ਕਿ ਅੱਜ ਦੀ ਤਾਰੀਖ ਵਿਚ ਨਵੀਆਂ ਫ਼ਿਲਮਾਂ ਨੂੰ ਦੇਖਣ ਲਈ (ਜੇਕਰ ਕਿਸੇ ਤਰ੍ਹਾਂ ਨਾਲ ਉਨ੍ਹਾਂ ਦੀ ਸੀ.ਡੀ. ਰਾਤੋ-ਰਾਤ ਬਾਜ਼ਾਰ ਵਿਚ ਨਹੀਂ ਆਈ) ਛੋਟੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਦੇ ਲੋਕਾਂ ਨੂੰ ਨੇੜੇ ਦੇ ਵੱਡੇ ਸ਼ਹਿਰ ਵਿਚ ਜਾਣਾ ਪੈਂਦਾ ਹੈ | ਇਹ ਨਜ਼ਦੀਕੀ 2, 4 ਕਿੱਲੋਮੀਟਰ ਨਹੀਂ ਹੈ | ਪੇਂਡੂ ਖੇਤਰਾਂ ਦੇ ਲੋਕਾਂ ਨੂੰ ਨਵੀਆਂ ਫ਼ਿਲਮਾਂ ਦੇਖਣ ਲਈ ਔਸਤਨ 45 ਤੋਂ 50 ਕਿੱਲੋਮੀਟਰ ਤੱਕ ਦਾ ਸਫ਼ਰ ਤੈਅ ਕਰਨਾ ਪੈਂਦਾ ਹੈ | ਜੇਕਰ ਗੱਲ ਫ਼ਿਲਮ ਦੇਖਣ ਦੀ ਲਾਗਤ ਦੇ ਸੰਦਰਭ ਵਿਚ ਕਰੀਏ ਤਾਂ 80ਵਿਆਂ ਦੇ ਦਹਾਕੇ ਦੇ ਮੁਕਾਬਲੇ ਅੱਜ ਫ਼ਿਲਮਾਂ ਦੇਖਣ ਦੀ ਲਾਗਤ 2000 ਫ਼ੀਸਦੀ ਤੱਕ ਵਧ ਗਈ ਹੈ | ਇਸ ਵਜ੍ਹਾ ਕਰਕੇ ਵੀ ਦੇਸ਼ ਦੇ ਛੋਟੇ ਸ਼ਹਿਰਾਂ, ਪਿੰਡਾਂ ਅਤੇ ਕਸਬਿਆਂ ਵਿਚ ਰਹਿਣ ਵਾਲੇ 80 ਫ਼ੀਸਦੀ ਤੋਂ ਵੀ ਵਧੇਰੇ ਗ਼ਰੀਬ ਅਤੇ ਸਾਧਾਰਨ ਲੋਕਾਂ ਨੂੰ ਨਵੀਆਂ ਫ਼ਿਲਮਾਂ ਉਦੋਂ ਤੱਕ ਦੇਖਣ ਨੂੰ ਨਹੀਂ ਮਿਲਦੀਆਂ ਜਦੋਂ ਤੱਕ ਉਹ ਪੁਰਾਣੀਆਂ ਹੋ ਕੇ ਸੋਸ਼ਲ ਮੀਡੀਆ ਵਿਚ ਚਰਚਾ ਤੋਂ ਬਾਹਰ ਨਾ ਹੋ ਜਾਣ | ਇਹ ਇਕ ਨਵੀਂ ਕਿਸਮ ਦਾ ਵਰਗ ਵਿਤਰਕਾ ਹੈ ਜੋ ਬਿਨਾਂ ਕਹੇ, ਬਿਨਾਂ ਦਾਅਵਾ ਕੀਤੇ ਅਤੇ ਸ਼ਾਇਦ ਬਿਨਾਂ ਧਿਆਨ ਦਿੱਤੇ ਵੀ ਹਿੰਦੁਸਤਾਨ ਵਰਗੇ ਸਮਾਜ ਨੂੰ ਜਕੜ ਰਿਹਾ ਹੈ |
ਫਿਲਹਾਲ ਮੁੱਖ ਮੁੱਦੇ ਵੱਲ ਪਰਤੀਏ | ਪਿਛਲੇ ਦੋ ਦਹਾਕਿਆਂ ਵਿਚ ਜੋ 5 ਤੋਂ 7 ਹਜ਼ਾਰ ਤੱਕ ਸਿੰਗਲ ਸਕਰੀਨ ਟਾਕੀਜ਼ ਘਟੀਆਂ ਹਨ, ਉਨ੍ਹਾਂ ਵਿਚੋਂ 60 ਫ਼ੀਸਦੀ ਟਾਕੀਜ਼ ਛੋਟੇ ਸ਼ਹਿਰਾਂ ਅਤੇ ਕਸਬਿਆਂ ਵਿਚ ਘਟੀਆਂ ਹਨ | ਵੱਡੀ ਸਚਾਈ ਇਹ ਹੈ ਕਿ ਇਨ੍ਹਾਂ ਸ਼ਹਿਰਾਂ ਵਿਚ ਨਵੀਆਂ ਫ਼ਿਲਮਾਂ ਦੇਖਣ ਦੀ ਕੋਈ ਦੂਸਰੀ ਸਹੂਲਤ ਨਹੀਂ ਹੈ | ਇੰਟਰਨੈੱਟ ਵੀ ਇਥੇ ਸੌਖਿਆਂ ਨਹੀਂ ਉਪਲਬਧ | ਜੇ ਉਪਲਬਧ ਹੈ ਤਾਂ ਇਸ ਵਿਚ ਰਫ਼ਤਾਰ (ਸਪੀਡ) ਨਹੀਂ ਹੈ ਅਤੇ ਜੇ ਥੋੜ੍ਹੀ-ਬੁਹਤ ਰਫ਼ਤਾਰ ਹੈ ਵੀ ਤਾਂ ਇਹ ਖਰਚ ਗ਼ੈਰ-ਜ਼ਰੂਰੀ ਲੱਗਦਾ ਹੈ | ਕਹਿਣ ਦਾ ਮਤਲਬ ਇਹ ਹੈ ਕਿ ਦੇਸ਼ ਦੇ ਛੋਟੇ ਸ਼ਹਿਰ, ਕਸਬੇ ਅਤੇ ਪਿੰਡ, ਬਾਜ਼ਾਰ ਅਤੇ ਆਧੁਨਿਕ ਜੀਵਨ ਸ਼ੈਲੀ ਵਲੋਂ ਪੈਦਾ ਕੀਤੇ ਗਏ ਇਕ ਅਜਿਹੇ ਵਿਤਕਰੇ ਤੋਂ ਪੀੜਤ ਹੋ ਗਏ ਹਨ ਜਿਸ ਵਿਚ ਉਨ੍ਹਾਂ ਦਾ ਕੋਈ ਕਸੂਰ ਵੀ ਨਹੀਂ ਹੈ |


-ਫਿਊਚਰ ਮੀਡੀਆ ਨੈੱਟਵਰਕ |

ਯੋਗ ਬਿਨ ਭਾਰਤ

ਸਾਡੇ ਦੇਸ਼ ਵਿਚ ਯੋਗ ਜਾਂ ਯੋਗਾ ਸ਼ਬਦ ਦੀ ਵਰਤੋਂ ਬਹੁਤ ਹੁੰਦੀ ਹੈ | ਗੱਲ ਗੱਲ ਵਿਚ ਇਹ ਸ਼ਬਦ ਅਤੇ ਇਸ ਦੇ ਉਲਟ ਸ਼ਬਦਾਂ ਨੂੰ ਵਰਤਿਆ ਜਾਂਦਾ ਹੈ, ਜਿਵੇਂ ਵਿਯੋਗ, ਅਜੋਗ, ਅਯੋਗਿਤਾ, ਨਿਯੋਗ ਆਦਿ | ਯੋਗ ਸ਼ਬਦ ਤੋਂ ਹੀ ਜੋਗ, ਜੋਗੀ, ਸੰਯੋਗ ਜਾਂ ਸੰਯੋਗ, ਜੋਗਣੀ ਆਦਿ ਸ਼ਬਦ ਜਨਮੇ ਹਨ | ਭਾਰਤੀ ਸੰਸਕ੍ਰਿਤੀ ਵਿਚ ਛੇ ਦਰਸ਼ਨ ਜਾਂ ਫਲਸਫ਼ੇ ਪ੍ਰਸਿੱਧ ਹਨ, ਜਿਨ੍ਹਾਂ ਵਿਚੋਂ ਇਕ ਯੋਗ ਦਰਸ਼ਨ ਹੈ ਜੋ ਮਹਾਂਰਿਸ਼ੀ ਪਾਤੰਜਲੀ ਕ੍ਰਿਤ ਹੈ | ਇਸ ਦਰਸ਼ਨ ਦਾ ਪਹਿਲਾ ਸੂਤਰ ਹੈ 'ਅਥ ਯੋਗਾਨੁਸ਼ਾਸਨਮ' ਜਿਸ ਵਿਚ ਯੋਗ ਦੇ ਨਾਲ ਅਨੁਸ਼ਾਸਨ ਪਦ ਦਾ ਪ੍ਰਯੋਗ ਕਰਕੇ ਯੋਗ ਸਿੱਖਿਆ ਦੀ ਅਨਾਦਿਤਾ ਦੱਸੀ ਹੈ ਅਤੇ ਅਥ ਸ਼ਬਦ ਵਰਤ ਕੇ ਯੋਗਸਾਧਨਾ ਦੀ ਕਰਤੱਬਤਾ ਨੂੰ ਸੂਚਿਤ ਕੀਤਾ ਗਿਆ ਹੈ | ਇਸ ਦਾ ਅਰਥ ਇਹੋ ਨਿਕਲਦਾ ਹੈ ਕਿ ਯੋਗ ਦੀ ਪ੍ਰਾਪਤੀ ਜਾਂ ਹੋਂਦ ਅਨੁਸ਼ਾਸਨ ਤੋਂ ਬਿਨਾਂ ਸੰਭਵ ਨਹੀਂ | ਪੰਜਾਬ ਦੇ ਕਿਸਾਨ ਭਰਾ ਯੋਗ ਸ਼ਬਦ ਨੂੰ ਦੋ ਬਲਦਾਂ ਦੀ ਜੋੜੀ ਲਈ ਵਰਤਦੇ ਹਨ ਜੋ ਹੱਲ ਚਲਾਉਣ, ਗੱਡੇ ਅੱਗੇ ਜੋੜਨ ਅਤੇ ਖੂਹ ਵਾਹੁਣ ਆਦਿ ਦੇ ਕੰਮ ਆਉਂਦੀ ਹੈ | ਜਦ ਤੱਕ ਇਹ ਦੋਵੇਂ ਬਲਦ ਸਮਾਨਾਂਤਰ ਇਕ ਗਤੀ ਨਾਲ ਚਲਦੇ ਹਨ ਜਾਂ ਸੰਤੁਲਨ ਰੱਖਦੇ ਹਨ ਤਾਂ ਕੰਮ ਠੀਕ ਤੁਰਿਆ ਜਾਂਦਾ ਹੈ ਅਤੇ ਜੇ ਇਕ ਬਲਦ ਦੀ ਗਤੀ ਦੂਜੇ ਬਲਦ ਨਾਲੋਂ ਘਟ ਜਾਂ ਵਧ ਹੋਵੇ ਤਾਂ ਦੂਜਾ ਮਤਾੜਿਆ ਜਾਂਦਾ ਹੈ ਅਤੇ ਉਹ ਚਲਦਾ-ਚਲਦਾ ਕਦੀ ਬੈਠ ਵੀ ਜਾਂਦਾ ਹੈ ਤੇ ਕੰਮ ਰੁਕ ਜਾਂਦਾ ਹੈ | ਇਸੇ ਤਰ੍ਹਾਂ ਯੋਗ ਸ਼ਬਦ ਦੇਹ (ਸਰੀਰ) ਅਤੇ ਪ੍ਰਾਣਾਂ ਦੇ ਸੁਮੇਲ ਨੂੰ ਦਰਸਾਉਂਦਾ ਹੈ ਅਤੇ ਜਿੰਨਾ ਚਿਰ ਇਹ ਦੋਵੇਂ ਜੁਜ਼ ਅਨੁਸ਼ਾਸਨ ਅਤੇ ਇਕਸੁਰਤਾ ਵਿਚ ਰਹਿੰਦੇ ਹਨ ਤਾਂ ਜੀਵਨ ਤੁਰਿਆ ਰਹਿੰਦਾ ਹੈ, ਯੋਗ ਬਣਿਆ ਰਹਿੰਦਾ ਹੈ | ਨਹੀਂ ਤਾਂ ਵਿਜੋਗ ਵਿਚਰਦਾ ਹੈ ਅਤੇ ਮਿ੍ਤੂ ਹੋ ਜਾਂਦੀ ਹੈ |
ਦੇਸ਼ ਵਿਚ ਯੋਗ ਜਾਂ ਯੋਗਾ ਦੀ ਬਹੁਤ ਚਰਚਾ ਹੁੰਦੀ ਰਹਿੰਦੀ ਹੈ | ਇਹ ਸਰੀਰ ਨੂੰ ਤੰਦਰੁਸਤ ਰੱਖਣ ਲਈ ਯੋਗਸਾਧਨਾ ਲਈ ਆਸਣ ਲਾਉਣ ਦੇ ਪ੍ਰਕਾਰ ਹਨ ਜਿਨ੍ਹਾਂ ਨੂੰ ਕਰਨਾ ਹੀ ਯੋਗ ਸਮਝਿਆ ਜਾਂਦਾ ਹੈ | ਪਰ ਆਤਮਕ ਤੌਰ 'ਤੇ ਬਲਵਾਨ ਹੋਣ ਦੀ ਕਿਰਿਆ ਨੂੰ ਸਰੀਰਕ ਕਿਰਿਆਵਾਂ ਦੇ ਨਾਲ-ਨਾਲ ਕਰਨ ਨਾਲ ਹੀ ਯੋਗ ਦੀ ਪ੍ਰਾਪਤੀ ਵਲ ਕਦਮ ਵਧਦਾ ਹੈ | ਫਲਸਫ਼ੇ ਨੂੰ ਖਾਲੀ ਪ੍ਰਚਾਰਨਾ ਹੀ ਕੋਈ ਪ੍ਰਾਪਤੀ ਨਹੀਂ, ਇਸ ਨੂੰ ਜੀਵਨ 'ਚ ਉਤਾਰਨ ਦੀ ਵੀ ਲੋੜ ਹੁੰਦੀ ਹੈ |
ਆਪਣੇ-ਆਪ ਨੂੰ ਦੂਸਰੇ ਵਿਚ ਅਤੇ ਦੂਸਰੇ ਨੂੰ ਆਪਣੇ ਵਿਚ ਵੇਖਣਾ, ਭਿੰਨਤਾ ਵਿਚ ਅਭਿੰਨਤਾ ਦਾ ਅਨੁਭਵ ਕਰਨਾ ਹੀ ਯੋਗ ਹੈ |
ਯੋਗ ਦਰਸ਼ਨ ਦਾ ਕਰਤਾ ਰਿਸ਼ੀ ਪਾਤੰਜਲੀ ਲਗਪਗ 150 ਸਾਲ ਪੁਰਬ ਮਸੀਹ ਵਿਚ ਹੋਇਆ ਹੈ | ਉਸ ਵੇਲੇ ਸੰਸਕ੍ਰਿਤ ਵਿਚ ਲਿਖੇ ਸ਼ਾਸਤਰਾਂ ਨੂੰ ਬ੍ਰਾਹਮਣਾਂ ਤੋਂ ਬਿਨਾਂ ਪੜ੍ਹਨ ਦੀ ਮਨਾਹੀ ਸੀ | ਸੋ, ਬ੍ਰਾਹਮਣ ਹੀ ਇਨ੍ਹਾਂ ਨੂੰ ਪੜ੍ਹਦੇ ਸਨ ਅਤੇ ਆਪਣੀ ਇਸ ਪ੍ਰਾਪਤ ਕੀਤੀ ਵਿਦਵਤਾ ਨੂੰ ਆਪਣੇ ਆਪ ਵਿਚ ਸੰਕੁਚਿਤ ਕਰਕੇ ਰੱਖਦੇ ਸਨ ਅਤੇ ਆਮ ਲੋਕਾਂ ਤੱਕ ਇਹ ਗਿਆਨ ਨਹੀਂ ਪਹੁੰਚਦਾ ਸੀ | ਜੇ ਬੁੱਧਮਤ ਦੇ ਧਾਰਨੀਆਂ ਨੇ ਵੀ ਯੋਗ ਨੂੰ ਅਪਣਾਇਆ ਤਾਂ ਉਹ ਵੀ ਕੁਝ ਸਮੇਂ ਬਾਅਦ ਨਿੱਜ ਕੇਂਦਰਤ ਹੋ ਗਏ ਤੇ ਉਨ੍ਹਾਂ ਕਈ ਯੋਗ ਮੱਠ ਬਣਾ ਲਏ ਅਤੇ ਆਪਸੀ ਯੋਗੀ ਮੰਡਲੀਆਂ ਵਿਚ ਇਸ ਦੇ ਪ੍ਰਚਾਰ ਵਿਚ ਰੁਝੇ ਰਹਿਣ ਲੱਗ ਪਏ | ਇਥੋਂ ਹੀ ਨਾਥ ਪ੍ਰੰਪਰਾ ਦਾ ਆਰੰਭ ਹੁੰਦਾ ਹੈ | ਜਾਣ ਬੁੱਝ ਕੇ ਬਾਹਰਲੀ ਦੁਨੀਆ ਨੂੰ ਇਸ ਯੋਗਿਕ ਵਿਦਿਆ ਤੋਂ ਬਾਹਰ ਰੱਖਿਆ ਜਾਂਦਾ ਸੀ | ਇਹ ਯੋਗੀ ਜਾਂ ਜੋਗੀ ਆਪਣੀ ਰੋਜ਼ੀ-ਰੋਟੀ ਦਾ ਪ੍ਰਬੰਧ ਆਮ ਜਨਤਾ 'ਤੇ ਆਪਣੀ ਵਿੱਦਿਆ ਦਾ ਬਾਹਰੀ ਪ੍ਰਭਾਵ ਪਾ ਕੇ ਕਰੀ ਰੱਖਦੇ ਸਨ | ਲੋਕ ਇਸ ਵਿਦਿਆ ਤੋਂ ਵਾਂਝੇ ਰਹੇ ਜਿਸ ਨੂੰ ਵੱਡੇ ਪਰਿਪੇਖਾਂ ਵਿਚ ਲੋਕਾਂ ਨੂੰ ਸਿੱਖਿਅਕ ਬਣਾਉਣ ਦੀ ਲੋੜ ਸੀ | ਇਸ ਤਰ੍ਹਾਂ ਸਮਾਜ ਵਿਕ੍ਰਿਤ ਹੁੰਦਾ ਰਿਹਾ ਅਤੇ ਇਸ ਵਿਚ ਅਨੁਸ਼ਾਸਨ ਅਤੇ ਸਮਾਨਤਾ ਪਨਪ ਨਾ ਸਕੇ ਜਿਹੜੇ ਕਿ ਸਮਾਜ ਨੂੰ ਗਤੀ ਦੇਣ ਵਿਚ ਸਹਾਈ ਹੁੰਦੇ ਹਨ | ਜਿਥੇ ਅਨੁਸ਼ਾਸਨ ਅਤੇ ਸਮਾਨਤਾ ਨਾ ਹੋਵੇ ਉਥੇ ਕਰਤੱਬ ਪਾਲਣਾ ਨਹੀਂ ਪਨਪਦੀ ਅਤੇ ਨਿਰਭੈਤਾ ਦਾ ਉਦੈ ਨਹੀਂ ਹੁੰਦਾ | ਪ੍ਰਾਬੀਨਤਾ ਪਸਾਰਾ ਕਰ ਲੈਂਦੀ ਹੈ ਤੇ ਕਾਇਰਤਾ ਬਲ ਫੜ ਲੈਂਦੀ ਹੈ | ਸਿੱਟੇ ਵਜੋਂ ਵਿਅਕਤੀ, ਸਮਾਜ ਅਤੇ ਦੇਸ਼ ਵਿਚ ਪ੍ਰਾਬੀਨਤਾ ਨੂੰ ਕਬੂਲ ਕਰ ਲੈਂਦੇ ਹਨ ਅਤੇ ਫਿਰ ਮਗਰੋਂ ਫਲਸਫ਼ੇ ਦੀ ਦੁਹਾਈ ਪਾਉਂਦੇ ਰਹਿੰਦੇ ਹਨ ਕਿ ਸਾਡਾ ਇਤਿਹਾਸ ਬੜਾ ਅਮੀਰ ਸੀ ਅਤੇ ਇਸ ਤਰ੍ਹਾਂ ਇਹ 'ਸ਼ਾਨਦਾਰ' ਸੰਸਕ੍ਰਿਤੀ ਦਾ ਅੰਗ ਕਹਾਉਣ ਲੱਗ ਪੈਂਦਾ ਹੈ | ਇਸੇ ਕਰਕੇ ਮਹਾਨ ਚਿੰਤਕ ਸੁਆਮੀ ਵਿਵੇਕਾਨੰਦ ਨੇ ਕਿਹਾ ਸੀ, 'ਗੀਤਾ ਨਾ ਪੜ੍ਹੋ, ਖੇਡ ਦੇ ਮੈਦਾਨ ਵਿਚ ਜਾਓ' ਜੇ ਤੁਹਾਡੇ ਪੱਠੇ ਮਜ਼ਬੂਤ ਹੋਣਗੇ ਤਦ ਤੁਸੀਂ ਗੀਤਾ ਨੂੰ ਚੰਗੀ ਤਰ੍ਹਾਂ ਸਮਝ ਸਕੋਗੇ |'
ਕਮਜ਼ੋਰ ਵਿਅਕਤੀ ਦਾ ਵੀਰਤਾ ਦੀਆਂ ਗੱਲਾਂ ਕਰਨਾ ਚੰਗਾ ਨਹੀਂ ਲਗਦਾ ਅਤੇ ਨਾ ਹੀ ਅਹਿੰਸਾ ਦੀਆਂ | ਤਕੜੇ ਹੀ ਅਹਿੰਸਾ ਨੂੰ ਵਰਤੋਂ ਵਿਚ ਲਿਆਉਂਦੇ ਹਨ | ਦੇਗ਼ਾਂ ਵਿਚ ਉਬਲਣਾ, ਤੱਤੀਆਂ ਤਵੀਆਂ 'ਤੇ ਬੈਠਣਾ, ਆਰੇ ਨਾਲ ਚੀਰੇ ਜਾਣਾ, ਬੰਦ ਬੰਦ ਕਟਵਾਉਣੇ, ਪੁੱਠੀਆਂ ਖੱਲ੍ਹਾਂ ਲੁਹਾਉਣੀਆਂ ਕੇਵਲ ਤਨੋ-ਮਨੋ ਤਕੜੇ ਹੀ ਬਰਦਾਸ਼ਤ ਕਰਦੇ ਹਨ | ਇਸ ਤਰ੍ਹਾਂ ਅਹਿੰਸਾ ਯੋਗ ਦਾ ਇਕ ਹੋਰ ਮਹਾਨ ਅੰਗ ਬਣ ਜਾਂਦਾ ਹੈ | ਸਦੀਆਂ ਤੋਂ ਅਹਿੰਸਾ ਪਰਮੋ-ਧਰਮ ਕਿਹਾ ਜਾਂਦਾ ਰਿਹਾ ਹੈ | ਤਿ੍ਲੋਚਣ ਸਿੰਘ ਨੇ ਲਿਖਿਆ ਹੈ, 'ਦੋ ਹਜ਼ਾਰ ਸਾਲਾਂ ਤੋਂ ਵੀ ਉੱਪਰ ਭਾਰਤ ਵਿਚ ਅਹਿੰਸਾ ਧਾਰਮਿਕ ਉਤਸ਼ਾਹ ਨਾਲ ਅਭਿਆਸ ਵਿਚ ਲਿਆਂਦੀ ਜਾਂਦੀ ਰਹੀ ਪਰ ਭਿਆਨਕ ਨਿਰਦੈਇਤਾ ਤੇ ਕਠੋਰਤਾ ਨੂੰ ਸਾਹਮਣੇ ਖੜ੍ਹੀ ਵੇਖ ਕੇ ਅਹਿੰਸਾ ਦੇ ਇਨ੍ਹਾਂ ਉਪਾਸ਼ਕਾਂ ਵਿਚੋਂ ਕੋਈ ਵੀ ਸ਼ਹੀਦ ਦੀ ਮੌਤ ਨਹੀਂ ਮਰਿਆ ਜਾਂ ਤਾਂ ਉਨ੍ਹਾਂ ਆਪਣੇ ਨਿਸਚੇ ਨੂੰ ਤਬਦੀਲ ਕਰ ਲਿਆ, ਗੁਲਾਮੀ ਨੂੰ ਪ੍ਰਵਾਨ ਕੀਤਾ ਜਾਂ ਨਿਰਦਈ ਤੇ ਵਿਵੇਕਹੀਣ ਕਤਲ ਦੇ ਹੌਲ ਨਾਲ ਹੀ ਮਰ ਗਿਆ | ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਉਨ੍ਹਾਂ ਦਾ ਪੋਤਰਾ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਰਤ ਦੇ ਇਤਿਹਾਸ ਵਿਚ ਪਹਿਲੇ ਸ਼ਹੀਦ ਸਨ |' ਖੁਸ਼ਵੰਤ ਸਿੰਘ ਦਾ ਕਹਿਣਾ ਹੈ, 'ਭਾਰਤ ਵਿਚ ਨਿਸ਼ਕਿਰਿਆ ਵਿਰੋਧ ਦਾ ਆਰੰਭ ਕਰਨ ਵਾਲਾ ਕੇਵਲ ਪੰਜਵਾਂ ਗੁਰੂ ਹੀ ਗਿਣਿਆ ਜਾਵੇਗਾ |' ਅੰਗਰੇਜ਼ ਪਾਦਰੀ ਸੀ.ਐਫ. ਐਾਡਰਿਊਜ਼ ਨੇ ਗੁਰੂ ਕੇ ਬਾਗ਼ ਮੋਰਚੇ ਵਿਚ ਅਹਿੰਸਕ ਸਿੱਖਾਂ ਦੀ ਅੰਗਰੇਜ਼ ਸਰਕਾਰ ਵਲੋਂ ਹੁੰਦੀ ਮਾਰ-ਕੁਟਾਈ ਵੇਖੀ | ਹੱਡੀਆਂ ਪੱਸਲੀਆਂ ਟੁੱਟੀਆਂ ਤੇ ਲਹੂ ਸਿਮਦੇ ਸਿੱਖ ਸਰੀਰਾਂ ਨੂੰ ਵੇਖ ਕੇ ਉਨ੍ਹਾਂ ਕਿਹਾ ਸੀ, 'ਈਸਾਈ ਲੋਕ ਇਕ ਈਸਾ ਦੀ ਕੁਰਬਾਨੀ ਉੱਪਰ ਮਾਣ ਕਰਦੇ ਹਨ ਪਰ ਮੈਂ ਇਥੇ ਸੈਂਕੜੇ ਈਸਾ ਸੂਲੀ 'ਤੇ ਚੜ੍ਹੇ ਆਪਣੀਆਂ ਅੱਖਾਂ ਨਾਲ ਤੱਕੇ ਹਨ |'
ਉਪਰੋਕਤ ਕਾਰਨਾਮੇ ਅਨੁਸ਼ਾਸਨ ਅਤੇ ਯੋਗ ਦਾ ਕ੍ਰਿਸ਼ਮਾ ਹਨ, ਜਿਸ ਨਾਲ ਸਿੱਖ ਜਗਤ ਦਾ ਨਾਂਅ ਉੱਚਾ ਹੋਇਆ | ਮਹਾਤਮਾ ਗਾਂਧੀ ਨੇ ਅਹਿੰਸਾ ਨੂੰ ਅਪਣਾਇਆ ਤੇ ਉਸ ਦਾ ਪ੍ਰਚਾਰ ਵੀ ਕੀਤਾ | ਉਨ੍ਹਾਂ ਦੇ ਜਿਊਾਦਿਆਂ ਭਾਰਤ ਵਿਚ ਕਈ ਵਾਰੀ ਖ਼ੂਨੀ ਦੰਗੇ ਹੋਏ | ਭਾਰਤ ਦੇ ਆਜ਼ਾਦ ਹੋਣ ਉਪਰੰਤ 1984 ਵਿਚ ਸਿੱਖ ਕਤਲੇਆਮ ਅਤੇ 2002 ਵਿਚ ਗੁਜਰਾਤ ਵਿਚ ਮੁਸਲਿਮ ਵਿਰੋਧੀ ਦੰਗੇ ਅਹਿੰਸਾ ਪ੍ਰਚਾਰਨ ਵਾਲਿਆਂ ਅਤੇ ਯੋਗਾਨੁਸ਼ਾਸਮ ਪ੍ਰਚਾਰਨ ਵਾਲਿਆਂ ਦਾ ਮੰੂਹ ਚਿੜ੍ਹਾਉਂਦੇ ਹਨ | ਸਾਡੇ ਦੇਸ਼ ਦੇ ਲੋਕਾਂ ਵਿਚ ਨੈਤਿਕਤਾ ਦਾ ਪੱਧਰ ਖ਼ਤਰਨਾਕ ਹੱਦ ਤੱਕ ਨੀਵਾਂ ਹੈ | ਨੇਤਾ ਲੋਕ ਜਿਨ੍ਹਾਂ ਸਮਾਜ ਦਾ ਮਾਰਗ ਦਰਸ਼ਨ ਕਰਨਾ ਹੁੰਦਾ ਹੈ, ਉਹ ਹੀ ਚੋਰ, ਉਚੱਕੇ, ਗੁੰਡੇ, ਬਦਮਾਸ਼ ਅਤੇ ਜਨਾਹਕਾਰ ਬਣ ਗਏ ਹਨ | ਇਨ੍ਹਾਂ ਸਮੱਸਿਆਵ ਦਾ ਹੱਲ ਯੋਗ ਫਲਸਫੇ ਨੂੰ ਸਮਝਣ ਵਿਚ ਹੈ ਤਾਂ ਹੀ ਦੇਸ਼ ਦਾ ਅਤੇ ਸਮਾਜ ਦਾ ਉਥਾਨ ਹੋਵੇਗਾ |

-ਮੋਬਾਈਲ : 98140-74901.

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-8 : ਕਿੱਥੇ ਚਲੇ ਗਏ ਉਹ ਸੰਗੀਤਕਾਰ?

ਇਹ ਇਕ ਬਹੁਤ ਵੱਡੀ ਵਿਡੰਬਨਾ ਹੀ ਸਮਝੀ ਜਾਵੇਗੀ ਕਿ ਹਿੰਦੀ ਸਿਨੇਮਾ ਨੂੰ ਸੰਗੀਤਕ ਪੱਖ ਤੋਂ ਅਸੀਮਿਤ ਸਫ਼ਲਤਾਵਾਂ ਪ੍ਰਦਾਨ ਕਰਨ 'ਚ ਪੰਜਾਬ ਦੇ ਸੰਗੀਤਕਾਰਾਂ ਦਾ ਬਹੁਤ ਵੱਡਾ ਯੋਗਦਾਨ ਹੈ, ਪਰ ਅਫ਼ਸੋਸ ਇਹ ਹੈ ਕਿ ਫ਼ਿਲਮ ਇਤਿਹਾਸਕਾਰਾਂ ਨੇ ਇਨ੍ਹਾਂ ਸੰਗੀਤਕਾਰਾਂ ਦੇ ਯੋਗਦਾਨ ਦਾ ਪੂਰਾ ਮੁਲਾਂਕਣ ਅਜੇ ਤੱਕ ਵੀ ਨਹੀਂ ਕੀਤਾ ਹੈ | ਗੁਲਾਮ ਹੈਦਰ, ਹੁਸਨ ਲਾਲ-ਭਗਤ ਰਾਮ, ਹਰੀਸ਼ ਚੰਦਰ, ਬਾਲੀ ਅਤੇ ਜੈਦੇਵ ਵਰਗੇ ਪ੍ਰਤਿਭਾਵਾਨ ਸੰਗੀਤਕਾਰਾਂ ਦੇ ਹਵਾਲੇ ਤਾਂ ਜ਼ਰੂਰ ਮਿਲ ਜਾਂਦੇ ਹਨ, ਪਰ ਉਨ੍ਹਾਂ ਦੀਆਂ ਪ੍ਰਾਪਤੀਆਂ ਬਾਰੇ ਬਹੁਤੀ ਜਾਣਕਾਰੀ ਨਹੀਂ ਮਿਲ ਰਹੀ ਹੈ |
ਪੰਜਾਬੀ ਫ਼ਿਲਮਾਂ ਦੇ ਸੰਗੀਤਕਾਰਾਂ ਦੀ ਦਸ਼ਾ ਤਾਂ ਇਨ੍ਹਾਂ ਤੋਂ ਵੀ ਮਾੜੀ ਹੈ | ਹਾਲਾਂਕਿ ਸਾਰਿਆਂ ਨੂੰ ਹੀ ਪਤਾ ਹੈ ਕਿ ਪੰਜਾਬੀ ਸਿਨੇਮਾ ਦੇ ਲੋਕਪਿ੍ਆ ਹੋਣ ਦਾ ਪ੍ਰਮੁੱਖ ਆਧਾਰ ਇਨ੍ਹਾਂ ਵਿਚਲਾ ਸੰਗੀਤ ਹੀ ਹੁੰਦਾ ਹੈ | ਪਰ ਇਹ ਇਕ ਅਫ਼ਸੋਸ ਵਾਲੀ ਗੱਲ ਹੀ ਸਮਝੀ ਜਾਵੇਗੀ ਕਿ ਇਨ੍ਹਾਂ ਨਾਲ ਸਬੰਧਿਤ ਸੰਗੀਤਕਾਰਾਂ ਦੇ ਨਾਂਅ ਤਾਂ ਕੀ, ਉਨ੍ਹਾਂ ਦਿਆਂ ਟਿਕਾਣਿਆਂ ਬਾਰੇ ਵੀ ਕਿਸੇ ਨੂੰ ਜਾਣਕਾਰੀ ਨਹੀਂ ਹੈ |
ਕੁਝ ਸਾਲ ਪਹਿਲਾਂ ਕੈਲੇਫੋਰਨੀਆ 'ਚ ਰਹਿ ਰਹੇ ਮਿੱਤਰ ਕੁਲਦੀਪ ਧਾਲੀਵਾਲ ਨੇ ਮੈਨੂੰ ਫੋਨ ਕੀਤਾ ਤੇ ਪੰਜਾਬੀ ਫ਼ਿਲਮਾਂ ਦੇ ਚਰਚਿਤ ਰਹੇ ਸੰਗੀਤਕਾਰ ਸਰਦੂਲ ਸਿੰਘ ਕਵਾਤੜਾ ਦੇ ਬਾਰੇ ਜਾਣਕਾਰੀ ਮੰਗੀ ਤਾਂ ਮੈਂ ਕਿਹਾ ਕਿ ਮੈਨੂੰ ਸਰਦੂਲ ਸਿੰਘ ਕਵਾਤੜਾ ਦੇ ਬਾਰੇ 'ਚ ਕੋਈ ਜਾਣਕਾਰੀ ਨਹੀਂ ਹੈ |
ਫਿਰ ਇਕ ਦਿਨ ਧਾਲੀਵਾਲ ਨੇ ਸਰਦੂਲ ਸਿੰਘ ਕਵਾਤੜਾ ਨਾਲ ਮੇਰੀ ਗੱਲਬਾਤ ਕਰਵਾਈ | ਸਰਦੂਲ ਨੇ ਮੈਨੂੰ ਦੱਸਿਆ ਕਿ ਉਹ ਅਮਰੀਕਾ ਵਿਚ ਗੁਰਦੁਆਰਿਆਂ 'ਚ ਸ਼ਬਦ ਉਚਾਰਨ ਕਰਕੇ ਆਪਣੀ ਰੋਜ਼ੀ-ਰੋਟੀ ਚਲਾ ਰਿਹਾ ਹੈ | ਕਈ ਹਿੰਦੀ ਫ਼ਿਲਮਾਂ ਦੇ ਸੰਗੀਤ ਨਿਰਦੇਸ਼ਕ ਅਤੇ ਪੰਜਾਬੀ ਫ਼ਿਲਮ ਸੰਗੀਤ ਦੇ ਜਨਮਦਾਤਾਵਾਂ 'ਚੋਂ ਵਿਲੱਖਣ ਸਮਝੇ ਜਾਣ ਵਾਲੇ ਇਸ ਕਲਾਕਾਰ ਦਾ ਮੌਜੂਦਾ ਰੂਪ ਮੇਰੇ ਲਈ ਉਤਸ਼ਾਹਜਨਕ ਨਹੀਂ ਸੀ |
ਮੈਂ ਜਦੋਂ ਉਸ ਨਾਲ ਗੱਲਾਂ ਕਰ ਰਿਹਾ ਸੀ ਤਾਂ ਵੀ ਮੇਰੇ ਕੰਨਾਂ 'ਚ 'ਪੋਸਤੀ' ਫ਼ਿਲਮ ਦਾ ਉਹ ਅਮਰ ਦੋਗਾਣਾ ਗੰੂਜ ਰਿਹਾ ਸੀ, ਜਿਸ ਦੇ ਬੋਲ ਸਨ:
ਤੰੂ ਪੀਂਘ ਤੇ ਮੈਂ ਪਰਛਾਵਾਂ,
ਤੇਰੇ ਨਾਲ ਹੁਲਾਰੇ ਖਾਵਾਂ
ਲਾ ਲੈ ਦੋਸਤੀ... |
ਭਾਵੇਂ 'ਪੋਸਤੀ' ਇਕ ਕਾਮੇਡੀ ਪ੍ਰਧਾਨ ਫ਼ਿਲਮ ਸੀ, ਜਿਸ 'ਚ ਮਜਨੂੰ (ਕਾਮੇਡੀਅਨ) ਦੀ ਪ੍ਰਮੁੱਖ ਭੂਮਿਕਾ ਸੀ, ਪਰ ਇਸ ਦੇ ਕਈ ਸੁਰੀਲੇ ਗੀਤਾਂ ਨੇ ਧੰੁਮਾਂ ਪਾ ਦਿੱਤੀਆਂ ਸਨ |
ਸਰਦੂਲ ਸਿੰਘ ਤੋਂ ਬਾਅਦ ਜਿਹੜਾ ਨਾਂਅ ਪੰਜਾਬੀ ਸਿਨੇਮਾ ਦੇ ਨਾਲ ਕਈ ਸਾਲ ਜੁੜਿਆ ਰਿਹਾ, ਉਹ ਨਾਂਅ ਹੈ ਹੰਸ ਰਾਜ ਬਹਿਲ | ਇਸ ਕਲਾਕਾਰ ਦਾ ਜਨਮ ਅੰਬਾਲਾ ਵਿਚ 1916 ਵਿਚ ਹੋਇਆ ਸੀ | ਸੰਗੀਤ ਦੀ ਸਿੱਖਿਆ ਉਸ ਨੇ ਪੰਡਿਤ ਚੂਨੀ ਲਾਲ ਤੋਂ ਲਈ ਸੀ | ਬਹਿਲ ਨੇ ਆਪਣਾ ਕਰੀਅਰ ਕੁਝ ਗ਼ੈਰ-ਫ਼ਿਲਮੀ ਐਲਬਮਾਂ ਦੀ ਰਿਕਾਰਡਿੰਗ ਤੋਂ ਸ਼ੁਰੂ ਕੀਤਾ ਸੀ | ਪਰ ਬਾਅਦ 'ਚ ਉਹ ਚੰਗੇ ਮੌਕੇ ਦੀ ਭਾਲ ਵਿਚ ਮੰੁਬਈ ਆ ਗਿਆ ਸੀ |
ਮੰੁਬਈ 'ਚ ਹੰਸ ਰਾਜ ਬਹਿਲ ਨੇ ਕਈ ਫ਼ਿਲਮਾਂ 'ਚ ਸੰਗੀਤ ਦਿੱਤਾ | ਇਸ ਤੋਂ ਇਲਾਵਾ ਉਸ ਨੇ ਆਪਣੇ ਭਰਾ ਗੁਲਸ਼ਨ ਬਹਿਲ ਦੇ ਨਾਲ ਮਿਲ ਕੇ ਆਪਣੀ ਫ਼ਿਲਮ ਨਿਰਮਾਣ ਕੰਪਨੀ ਵੀ ਸਥਾਪਤ ਕੀਤੀ ਸੀ | ਹਿੰਦੀ ਫ਼ਿਲਮਾਂ 'ਚ ਬਹਿਲ ਦੇ ਕੰਮ ਦੀ ਪ੍ਰਸੰਸਾ ਤਾਂ ਬੜੀ ਹੋਈ, ਪਰ ਉਸ ਦੀ ਖਾਹਿਸ਼ ਦੇ ਮੁਤਾਬਿਕ ਉਸ ਨੂੰ ਢੁਕਵਾਂ ਸਨਮਾਨ ਨਹੀਂ ਮਿਲ ਸਕਿਆ | ਫਿਰ ਵੀ ਉਸ ਦੀਆਂ ਅਮਰ ਰਚਨਾਵਾਂ ਵਿਚੋਂ 'ਮੁਹੱਬਤ ਜ਼ਿੰਦਾ ਰਹਿਤੀ ਹੈ, ਮੁਹੱਬਤ ਮਰ ਨਹੀਂ ਸਕਤੀ' ਅਤੇ 'ਜਹਾਂ ਡਾਲ ਡਾਲ ਪਰ ਸੋਨੇ ਕੀ ਚਿੜੀਆ ਕਰਤੀ ਹੈਾ ਬਸੇਰਾ' ਆਦਿ ਦੇ ਨਾਂਅ ਆਸਾਨੀ ਨਾਲ ਲਏ ਜਾ ਸਕਦੇ ਹਨ |
ਪੰਜਾਬੀ ਸਿਨੇਮਾ ਨਾਲ ਹੰਸ ਰਾਜ ਬਹਿਲ ਦਾ ਜੁੜਨਾ ਵੀ ਇਕ ਦਿਲਚਸਪ ਪਿਛੋਕੜ ਦਾ ਪ੍ਰਗਟਾਵਾ ਕਰਦਾ ਹੈ | ਮੁਲਖ ਰਾਜ ਭਾਖੜੀ ਨੇ ਜਦੋਂ 'ਭੰਗੜਾ' ਦਾ ਨਿਰਮਾਣ ਕਰਨ ਦੀ ਯੋਜਨਾ ਬਣਾਈ ਤਾਂ ਉਸ ਦੇ ਵਿਤਰਕਾਂ ਨੇ ਸ਼ਰਤ ਰੱਖੀ ਕਿ ਉਹ ਪੰਜ ਮਹੀਨਿਆਂ 'ਚ ਫ਼ਿਲਮ ਤਿਆਰ ਕਰਕੇ ਉਨ੍ਹਾਂ ਨੂੰ ਸੌਾਪ ਦੇਵੇਗਾ | 'ਭੰਗੜਾ' ਦੀ ਸਟਾਰਕਾਸਟ ਵੀ ਬਿਲਕੁਲ ਸਧਾਰਨ ਅਤੇ ਨਿਰਦੇਸ਼ਕ (ਜੁਗਲ ਕਿਸ਼ੋਰ) ਵੀ ਨਵਾਂ ਸੀ | ਅਜਿਹੇ ਹਾਲਾਤ 'ਚ ਥੋੜ੍ਹੇ ਸਮੇਂ 'ਚ ਸੰਗੀਤ ਤਿਆਰ ਕਰਕੇ ਫ਼ਿਲਮ ਸ਼ੂਟ ਕਰਨਾ ਵੀ ਚੁਣੌਤੀ ਸੀ |
ਬੜਾ ਹੀ ਸੰਗਦੇ ਹੋਏ ਭਾਖੜੀ ਨੇ ਆਪਣੀ ਕਹਾਣੀ ਹੰਸ ਰਾਜ ਬਹਿਲ ਨੂੰ ਸੁਣਾਈ ਅਤੇ ਕਿਹਾ, 'ਮੈਂ ਪੰਦਰਾਂ ਰੀਲਾਂ ਨੂੰ ਪੰਦਰਾਂ ਸ਼ਿਫਟਾਂ ਅਤੇ ਪੰਦਰਾਂ ਦਿਨਾਂ ਵਿਚ ਤਾਂ ਮੁਕੰਮਲ ਕਰ ਸਕਦਾ ਹਾਂ ਪਰ ਸੰਗੀਤ ਤਿਆਰ ਕਰਨਾ ਤਾਂ ਮੇਰੇ ਵੱਸ ਦਾ ਰੋਗ ਨਹੀਂ ਹੈ |' ਜਦੋਂ ਬਹਿਲ ਨੇ ਇਹ ਮੁਸ਼ਕਿਲ ਸੁਣੀ ਤਾਂ ਉਸ ਨੇ ਤੁਰੰਤ ਕਿਹਾ, 'ਇਹ ਚੁਣੌਤੀ ਮੈਂ ਸਵੀਕਾਰ ਕਰਦਾ ਹਾਂ, ਮੈਂ ਪੰਦਰਾਂ ਦਿਨਾਂ 'ਚ ਹੀ ਤੁਹਾਨੂੰ ਅਜਿਹਾ ਸੰਗੀਤ ਤਿਆਰ ਕਰਕੇ ਦਿਆਂਗਾ ਕਿ ਲੋਕ ਸਦ ਯਾਦ ਰੱਖਣਗੇ |'
ਬਹਿਲ ਨੇ ਆਪਣਾ ਵਾਅਦਾ ਪੂਰਾ ਕੀਤਾ | ਅੱਜ ਕਈ ਸਾਲ ਗੁਜ਼ਰ ਜਾਣ ਦੇ ਬਾਅਦ ਵੀ 'ਭੰਗੜਾ' ਦੇ ਗੀਤ ਸੰਗੀਤ ਪ੍ਰੇਮੀਆਂ ਦਿਆਂ ਕੰਨਾਂ 'ਚ ਗੰੂਜ ਰਹੇ ਹਨ | 'ਜੱਟ ਕੁੜੀਆਂ ਤੋਂ ਡਰਦਾ ਮਾਰਾ', 'ਮੁੱਲ ਵਿਕਦਾ ਸੱਜਣ ਮਿਲ ਜਾਵੇ', 'ਸਾਰੀ ਉਮਰਾਂ ਦੇ ਪੈ ਗਏ ਵਿਛੋੜੇ' ਵਰਗੇ ਸੁਰੀਲੇ ਗੀਤ ਪੰਜਾਬੀ ਸਿਨੇਮਾ ਦਾ ਸਰਮਾਇਆ ਹਨ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ) |
ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਕਦੀ ਉਹ ਵੀ ਸਮਾਂ ਹੁੰਦਾ ਸੀ, ਜਦੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਦੇ ਸਾਰੇ ਪ੍ਰੋਗਰਾਮ ਬਾਰੇ ਸਿੰਘ ਸਾਹਿਬ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਿੰਘ ਸਾਹਿਬਾਨ ਨਾਲ ਰੋਪੜ ਦੇ ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਆ ਕੇ ਮਸ਼ਵਰਾ ਕਰਦੇ ਸਨ | ਜਿਸ ਤਰ੍ਹਾਂ ਉਸ ਸਮੇਂ ਦੇ ਸਿੰਘ ਸਾਹਿਬ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ, ਐਸ.ਐਸ.ਪੀ. ਸ: ਜੀ.ਐਸ. ਔਜਲਾ ਤੇ ਡੀ.ਸੀ. ਰੋਪੜ ਨੂੰ ਸਾਰਾ ਪ੍ਰੋਗਰਾਮ ਦੱਸ ਰਹੇ ਸਨ | ਅੱਜਕਲ੍ਹ ਸਾਰੇ ਪ੍ਰੋਗਰਾਮ ਡੀ.ਸੀ. ਤੇ ਐਸ.ਐਸ.ਪੀ. ਲੀਡਰਾਂ ਨਾਲ ਮਸ਼ਵਰਾ ਕਰਦੇ ਹਨ | ਇਹ ਤਸਵੀਰ ਪੁਰਾਣੀ ਯਾਦ ਤਾਜ਼ਾ ਕਰਾ ਰਹੀ ਹੈ |

ਮੋਬਾਈਲ : 98767-41231

ਇਨਸਾਨੀ ਸ਼ਖ਼ਸੀਅਤ ਦਾ ਅਹਿਮ ਹਿੱਸਾ: ਇਖ਼ਲਾਕ, ਚਰਿੱਤਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਹੁਣ ਸਾਡੇ ਬਹੁਤੇ ਲੋਕ ਪੱਛਮੀ ਦੇਸ਼ਾਂ ਵਿਚ ਰਹਿਣ ਲੱਗ ਪਏ ਹਨ ਜਾਂ ਗੇੜਾ ਮਾਰ ਕੇ ਵਾਪਸ ਆ ਜਾਂਦੇ ਹਨ | ਫਿਰ ਖੰੁਢਾਂ 'ਤੇ, ਸੱਥਾਂ ਵਿਚ ਬੈਠ ਕੇ ਉਨ੍ਹਾਂ ਦੇਸ਼ਾਂ, ਸਮਾਜਾਂ ਦੀਆਂ ਗੱਲਾਂ, ਸਿਫ਼ਤਾਂ ਕਰਦੇ ਹਨ | ਜਿਹੜੇ ਉਥੇ ਵਸ ਗਏ ਹਨ ਉਹ ਫਸਲੀ ਬਟੇਰਿਆਂ ਵਾਂਗ ਗੇੜਾ ਮਾਰ ਜਾਂਦੇ ਹਨ | ਅਗਲੀਆਂ ਪੀੜ੍ਹੀਆਂ ਤਾਂ ਏਧਰ ਨੂੰ ਮੰੂਹ ਤੱਕ ਨਹੀਂ ਕਰਦੀਆਂ | ਮੈਂ ਵਕਾਲਤ ਨਹੀਂ ਕਰ ਰਿਹਾ ਕਿ ਉਥੇ ਹਰ ਸ਼ੈਅ 100 ਫ਼ੀਸਦੀ ਠੀਕ ਹੈ ਤੇ ਨਾ ਹੀ ਮੈਂ ਸਹੰੁ ਖਾ ਕੇ ਕਹਿ ਸਕਦਾ ਹਾਂ ਕਿ ਉਹ ਸਮਾਜ ਕੁਰੱਪਸ਼ਨਹੀਣ ਹਨ | ਉਨ੍ਹਾਂ ਸਮਾਜਾਂ ਅੰਦਰ ਵੀ ਕਮਜ਼ੋਰੀਆਂ ਹੈਨ | ਪਰ ਜੇਕਰ ਆਮ ਇਨਸਾਨ ਦੀ ਜ਼ਿੰਦਗੀ ਵਿਚ ਕੋਈ ਵੀ ਪ੍ਰੇਸ਼ਾਨੀ ਆਉਂਦੀ ਹੈ ਤਾਂ ਜੇਕਰ ਕਾਨੂੰਨ ਤੁਹਾਡੇ ਹੱਕ ਵਿਚ ਹੈ ਤਾਂ ਤੁਹਾਡਾ ਕੰਮ ਹੋ ਕੇ ਹੀ ਰਹੇਗਾ ਤੇ ਜੇ ਨਹੀਂ ਤਾਂ ਸ਼ਾਇਦ ਹੀ ਹੋਵੇ ਤੇ ਨਾ ਹੀ ਕੋਈ ਕਰਵਾ ਸਕਦਾ ਹੈ | ਹਰ ਜਣਾ, ਉਥੇ ਜੋ ਕੁਝ ਕਰ ਰਿਹਾ ਹੈ, ਉਹ ਆਪਣੀ ਕਰਨੀ ਦੇ ਸਬੰਧ ਵਿਚ ਜ਼ਿੰਮੇਵਾਰ ਹੈ, ਜਵਾਬਦੇਹ ਹੈ | ਜੇਕਰ ਕੁਝ ਗ਼ਲਤ ਚਲਾ ਜਾਂਦਾ ਹੈ ਤਾਂ ਉਹ ਉਸ ਦਾ ਹਰਜਾਨਾ ਭੁਗਤਦਾ ਹੈ ਤੇ ਜੇ ਚੀਜ਼ਾਂ ਠੀਕ ਹਨ ਤਾਂ ਇਨਾਮ ਵੀ ਉਸ ਦੇ ਨਾਂਅ ਹੋ ਜਾਂਦਾ ਹੈ | ਉਨ੍ਹਾਂ ਲੋਕਾਂ, ਸਮਾਜਾਂ ਦੀ ਕਲਚਰ ਨਿਆਂ ਆਧਾਰਿਤ ਹੈ ਕਿ ਉਸ ਦੀ ਵਜ੍ਹਾ ਕਰ ਕੇ ਦੂਸਰੇ ਨੂੰ ਕੋਈ ਤਕਲੀਫ਼ ਨਾ ਪਹੁੰਚੇ, ਦੂਸਰੇ ਦਾ ਕੋਈ ਨੁਕਸਾਨ ਨਾ ਹੋਵੇ, ਦੂਸਰੇ ਦੀ ਚਿੱਤ ਸ਼ਾਂਤੀ ਵਿਚ ਕੋਈ ਖਲਲ ਨਾ ਪਵੇ | ਸਾਡੇ... ਬੱਸ ਮੇਰਾ ਉੱਲੂ ਸਿੱਧਾ ਰਹਿਣਾ ਚਾਹੀਦਾ ਹੈ, ਬਾਕੀ ਦੇ ਵੜਨ ਭਾਂਡੇ ਵਿਚ | ਕਦੇ ਸਾਡੀ ਵੀ ਤਹਿਜ਼ੀਬ ਹੁੰਦੀ ਸੀ ਕਿ ਪਹਿਲਾਂ ਤੁਸੀਂ | ਹੁਣ ਪਹਿਲਾਂ ਮੈਂ, ਕਤਾਰ ਦੇ ਉੱਪਰ ਦੀ, ਖੱਬਿਉਂ-ਸੱਜਿਉਂ, ਜਿਧਰੋਂ ਵੀ ਬਾਂਹ ਅੜ ਜਾਵੇ |
ਮੇਰਾ ਇਕ ਬਚਪਨ ਦਾ ਮਰਹੂਮ ਯਾਰ, ਪੁਲਿਸ ਵਿਚੋਂ ਸੇਵਾਮੁਕਤ ਹੋਣ ਉਪਰੰਤ ਮੈਨੂੰ ਮਿਲਿਆ | ਗੱਲਾਂ-ਗੱਲਾਂ ਵਿਚ ਯਾਰੀ ਦੇ ਵਾਸਤੇ ਹੇਠ ਮੈਂ ਪੁੱਛਿਆ, 'ਏਨੀ ਨੌਕਰੀ ਬਾਅਦ ਜੇ ਤੂੰ ਪਿੱਛੇ ਨੂੰ ਝਾਤ ਮਾਰੇਂ ਤਾਂ ਤੂੰ ਆਪਣੀ ਨੌਕਰੀ ਬਾਰੇ ਕੀ ਆਖੇਂਗਾ?' 'ਕਹਿਣਾ ਕੀ ਹੈ', ਉਹਨੇ ਦੱਬੀ ਆਵਾਜ਼ ਵਿਚ ਆਪਣੀ ਕਹਾਣੀ ਸ਼ੁਰੂ ਕਰ ਦਿੱਤੀ, 'ਬੱਸ, ਲੋਕਾਂ ਦੀਆਂ ਕੰਧਾਂ ਹੀ ਲਿੱਪਦੇ ਰਹੇ | ਕਈ ਵਾਰ ਸਾਰੇ ਪਾਸਿਆਂ ਤੋਂ ਏਨਾ ਦਬਦਬਾ ਪੈਂਦਾ ਸੀ ਕਿ ਆਪਣੀ ਜ਼ਮੀਰ ਨੂੰ ਮਾਰ ਕੇ ਝੂਠ ਨੂੰ ਦੋ ਸੌ ਫੀਸਦੀ ਸੱਚ ਤੇ ਸੱਚ ਨੂੰ ਇਸ ਦੇ ਉਲਟ ਝੂਠ ਕਰਾਰ ਦੇਣਾ ਪੈਂਦਾ ਸੀ | ਪੁਲਿਸ ਵਿਚ ਸੰਤ ਵੀ ਨੇ ਜਿਨ੍ਹਾਂ ਆਪਣੀ ਜ਼ਮੀਰ ਨੂੰ ਕਾਇਮ ਰੱਖਿਆ ਹੋਇਆ ਹੈ | ਪਰ ਲੋਕ ਮਾੜੀ ਮਾੜੀ ਗੱਲ 'ਤੇ ਸਿਫਾਰਸ਼ਾਂ ਲੈ ਤੁਰਦੇ ਹਨ, ਪੈਸਾ ਚੜ੍ਹਾਉਣ ਦੀ ਸੋਚਦੇ ਹਨ ਤੇ ਫਿਰ ਪੁਲਿਸ ਨੂੰ ਵਟਾ ਚੜ੍ਹਾਉਂਦੇ ਹਨ ਕਿ ਕਾਨੂੰਨ ਨੂੰ ਉਨ੍ਹਾਂ ਦੇ ਹੱਕ ਵਿਚ ਲਿਫਾਇਆ ਜਾਵੇ | ਸੱਚ ਕੀ ਹੈ, ਖਾਵੇ ਖ਼ਸਮਾਂ ਨੂੰ | ਕਿਸੇ ਦਾ ਜੇ ਝੂਠ ਨਾਲ ਸਿਰ ਵੀ ਕਲਮ ਹੁੰਦਾ ਹੈ, ਹੋਣ ਦਿਓ | ਇਸੇ ਕਿਸਮ ਦੀ ਆਫ਼ਤ ਜਦ ਆਪਣੇ ਸਿਰ 'ਤੇ ਪੈਂਦੀ ਹੈ ਤਾਂ ਫਿਰ ਇਨ੍ਹਾਂ ਦੀਆਂ ਸੁਣੋ... ਕੀਹਨੂੰ ਨਹੀਂ ਕੋਸਦੇ, ਪ੍ਰਸ਼ਾਸਨ, ਕੋਰਟ ਤੱਕ ਦੀਆਂ ਧੱਜੀਆਂ ਉਡਾਉਂਦੇ ਹਨ | ਜੇਕਰ ਸਮਾਜ ਵਿਚ ਤਰੁਟੀਆਂ ਹਨ ਤਾਂ ਇਹ ਸਾਡੀ ਦੇਣ ਹਨ | ਜੇ ਕਾਨੂੰਨ ਜਿਹੀ ਕੋਈ ਚੀਜ਼ ਨਹੀਂ ਜਿਵੇਂ ਟੀ.ਵੀ. 'ਤੇ ਆਮ ਸੁਣਨ ਨੂੰ ਨਸੀਬ ਹੁੰਦਾ ਹੈ ਤਾਂ ਅਸੀਂ ਇਸ ਨੂੰ ਨਾਚੀਜ਼ ਬਣਾ ਰੱਖਿਆ ਹੈ | ਇਸ ਪੂਰੇ ਦਿ੍ਸ਼ ਵਿਚੋਂ ਸਾਡੇ ਹੀ ਮਾੜੇ ਕਿਰਦਾਰ ਦੀ ਝਲਕ ਹੈ | ਸਭ ਕੁਝ ਉਵੇਂ ਹੁੰਦਾ ਹੈ ਜਿਵੇਂ ਰਿਆਇਆ ਦਾ ਕੁੱਲ ਸਦਾਚਾਰ ਹੁੰਦਾ ਹੈ | ਅਸੀਂ ਕਿਉਂਕਿ ਰਿਸ਼ਵਤ ਦਿੰਦੇ ਹਾਂ, ਤਾਹੀਉਂ ਰਿਸ਼ਵਤਖੋਰੀ ਚਲ ਰਹੀ ਹੈ |
ਇਖ਼ਲਾਕ ਬਹੁਤ ਵਸੀਹ ਮਜ਼ਮੂਨ/ਵਿਸ਼ਾਲ ਵਿਸ਼ਾ ਹੈ | ਇਖ਼ਲਾਕ ਖੁਦ ਪ੍ਰਤੀ, ਆਪਣੇ ਲਾਣੇ ਪ੍ਰਤੀ, ਪਿੰਡ, ਸੂਬੇ, ਦੇਸ਼ ਪ੍ਰਤੀ, ਸਮੂਹ ਇਨਸਾਨੀਅਤ ਪ੍ਰਤੀ... ਕੁਦਰਤੀ ਪ੍ਰਵਿਰਤੀਆਂ ਨੂੰ ਇਕ ਸੁਰ ਵਿਚ, ਇਕਸਾਰਤਾ ਵਿਚ ਟਿਕਾਅ ਕੇ, ਸਭ ਨਾਲ ਮਿਲ ਕੇ, ਕਾਨੂੰਨ ਦੇ ਦਾਇਰੇ ਵਿਚ ਰਹਿ ਕੇ, ਸਮਾਜਿਕ ਸ਼ਾਂਤੀ ਨੂੰ ਬਰਕਰਾਰ ਰੱਖਣਾ, ਹਰ ਪੇਂਡੂ, ਸ਼ਹਿਰੀ ਦਾ ਫ਼ਰਜ਼ ਹੈ | ਧਾਰਮਿਕ ਪੁਸਤਕਾਂ ਸਾਨੂੰ ਵਾਰ-ਵਾਰ ਯਾਦ ਕਰਵਾਉਂਦੀਆਂ ਹਨ, ਅਸੀਂ ਫਾਨੀਆਂ ਨੂੰ , ਕੀ ਕਰਨਾ ਚਾਹੀਦਾ ਹੈ ਤੇ ਕੀ ਨਹੀਂ, ਜਿਸ ਸਦਕਾ ਸਰਬੱਤ ਦੀ ਭਲਾਈ ਹੈ |
ਨਵੇਂ ਗਿਆਨ ਨੇ ਬਹੁਤ ਕੁਝ ਪੁਰਾਣੇ ਨੂੰ ਮਿਟਾ ਦਿੱਤਾ ਹੈ | ਅੱਜ ਪੂਰੇ ਜਹਾਨ ਦੀਆਂ ਇਕ ਪਿੰਡ ਵਾਂਗ ਨਜ਼ਦੀਕੀਆਂ ਹਨ... ਸਮਾਜਿਕ ਮੀਡੀਆ ਰਾਹੀਂ, ਫ਼ਿਲਮਾਂ, ਟੀ.ਵੀ. ਰਾਹੀਂ, ਇਨਸਾਨੀ ਸੈਰ-ਸਪਾਟੇ ਰਾਹੀਂ ਆਦਿ | ਜਿਵੇਂ ਅੱਜ ਦੁਨੀਆ ਭਰ ਦੇ ਸੱਭਿਆਚਾਰ, ਪਹਿਰਾਵੇ, ਫੈਸ਼ਨ, ਜ਼ਬਾਨਾਂ, ਰੀਤੀ-ਰਿਵਾਜ ਆਦਿ ਆਪਸ ਵਿਚ ਟਕਰਾਅ ਰਹੇ ਹਨ, ਇਕ-ਦੂਜੇ ਵਿਚ ਘਿਓ-ਖਿਚੜੀ ਹੋ ਰਹੇ ਹਨ, ਸ਼ਾਇਦ ਹੀ ਇਸ ਗ੍ਰਹਿ ਨੇ ਪਹਿਲਾਂ ਇਸ ਕਿਸਮ ਦਾ ਮੱਠਾ ਉਬਾਲ ਦੇਖਿਆ ਹੋਵੇ | ਜਿਸ ਰਫ਼ਤਾਰ ਨਾਲ ਨਵੀਨ ਤਕਨਾਲੋਜੀ ਦਾ ਵਿਕਾਸ ਹੋ ਰਿਹਾ ਹੈ, ਕੁਝ ਖ਼ਬਰ ਨਹੀਂ ਕਿ ਕੀ ਕੁਝ ਹੋਰ ਨਵਾਂ ਹੰਢਾਉਣ ਨੂੰ ਨਸੀਬਾਂ ਵਿਚ ਹੈ | ਨਵੀਨ ਹਾਲਾਤ ਵਿਚ ਪਤਾ ਨਹੀਂ ਇਨਸਾਨੀ ਇਖ਼ਲਾਕ ਨੂੰ ਕਿਵੇਂ ਤੇ ਕਿਸ ਹੱਦ ਤੱਕ ਨਵਿਆਉਣ ਦੀ ਲੋੜ ਪਵੇਗੀ, ਬਹੁਤ ਕੁਝ ਪੁਰਾਣੇ ਨੂੰ ਤਿਆਗਣਾ ਪਵੇਗਾ, ਨਵੇਂ ਨੂੰ ਅਪਣਾਉਣਾ ਪਵੇਗਾ ਭਾਵੇਂ ਕਿੰਨਾ ਵੀ ਕੁਸੈਲਾ ਕਿਉਂ ਨਾ ਲੱਗੇ, ਨਹੀਂ ਤਾਂ ਵਕਤਾਂ ਦੀ ਧੂੜ ਵਿਚ, ਸ਼ੋਰੋ ਗ਼ਲ ਵਿਚ ਗੁਆਚ ਜਾਵਾਂਗੇ | ਕਿਸੇ ਜ਼ਮਾਨੇ ਵਿਚ ਇਕ ਪੜਿ੍ਹਆ-ਲਿਖਿਆ ਵਿਦਵਾਨ ਸੀ ਪਰ ਅੱਜ ਦੇ ਕੰਪਿਊਟਰ, ਮੋਬਾਈਲ, ਲੈਪਟਾਪ ਆਦਿ ਦੇ ਵਕਤਾਂ ਅੰਦਰ ਮੈਂ ਕੁਝ ਟੁੱਟਿਆ, ਓਪਰਾ ਜਿਹਾ ਤੁਰਿਆ ਫਿਰਦਾ ਹਾਂ | ਅਜੋਕੀਆਂ ਪੀੜ੍ਹੀਆਂ ਆਨਲਾਈਨ ਘਰ ਬੈਠਿਆਂ ਹੀ ਕੀ ਨਹੀਂ ਕਰ ਰਹੀਆਂ ਤੇ ਮੈਂ ਇਨ੍ਹਾਂ ਚੀਜ਼ਾਂ ਨੂੰ ਹੱਥ ਲਾਉਣ ਤੋਂ ਵੀ ਸੰਗ ਰਿਹਾ ਹਾਂ | ਮੈਂ ਆਪਣੇ ਪੁੱਤਰ ਤੋਂ ਪੁੱਛਦਾ ਹਾਂ ਕਿ ਆਹ ਕਿਵੇਂ ਕਰਨਾ ਹੈ ਤਾਂ ਉਸ ਦੀ ਤਾਕੀਦ ਹੁੰਦੀ ਹੈ ਕਿ ਆਪਣੇ ਪੋਤਰੇ ਨੂੰ ਪੁੱਛੋ ਕਿਉਂਕਿ ਜਿਹੜਾ ਮੈਂ ਜਾਣਦਾ ਹਾਂ, ਇਹ ਉਸ ਤੋਂ ਵੀ ਅੱਗੇ ਹੈ | ਮੈਂ ਪੋਤਰੇ ਤੋਂ ਪੁੱਛਣ ਦਾ ਗੁਰੇਜ਼ ਕਰਦਾ ਹਾਂ ਕਿ ਕਿਤੇ ਉਹ ਵੀ ਅੱਗੇ ਪੜੋਤਰੇ ਦੀ ਦੱਸ ਨਾ ਪਾ ਦੇਵੇ |
ਜਦ ਵੀ ਕਦੇ ਇਸ ਲੋਕਾਈ 'ਤੇ ਭੀੜ ਪਈ ਹੈ ਤਾਂ ਇਸ ਹਿੰਮਤੀ ਦੁਨੀਆ ਨੇ ਉਸ 'ਤੇ ਕਾਬੂ ਪਾ ਹੀ ਲਿਆ ਹੈ... ਕਦੇ ਅਸੀਂ ਫਾਕੇ ਕੱਟਿਆ ਕਰਦੇ ਸਾਂ ਤੇ ਅੱਜ ਅਨਾਜ ਸੰਭਾਲਣ ਲਈ ਥਾਂ ਨਹੀਂ | ਮੇਰਾ ਪੂਰਾ ਯਕੀਨ ਹੈ ਕਿ ਭਵਿੱਖ ਵਿਚ ਵੀ, ਤਕਲੀਫਾਂ, ਔਕੜਾਂ ਆਦਿ ਨੂੰ ਸਿੱਧਾ ਕਰ ਲਿਆ ਜਾਵੇਗਾ | ਮੈਂ ਉਸ ਸਦਾਚਾਰ ਦੀ ਵਕਾਲਤ ਕਰ ਰਿਹਾ ਹਾਂ ਜਿਹੜਾ ਪੂਰੀ ਦੁਨੀਆ ਨੂੰ ਮਨਜ਼ੂਰ ਹੈ, ਜਿਹੜਾ ਹਰ ਥਾਂ ਸੋਨੇ ਵਾਂਗ ਚੱਲੇਗਾ, ਜਿਹੜਾ ਯੂਨੀਵਰਸਲ ਰਹੇਗਾ | ਇਖ਼ਲਾਕੀ ਗੁਣਾਂ ਨੂੰ ਪਹਿਲਾਂ ਖੁਦ 'ਤੇ ਲਾਗੂ ਕਰੋ ਤੇ ਫਿਰ ਬਾਕੀਆਂ 'ਤੇ | ਜੇਕਰ ਟੱਬਰ ਦਾ ਕਰਤਾ-ਧਰਤਾ ਆਪਣੀ ਔਲਾਦ ਨੂੰ ਸੱਚ 'ਤੇ ਰਹਿਣ ਦੀ ਇੱਛਾ ਕਰਦਾ ਹੈ ਤਾਂ ਉਸ ਨੂੰ ਖੁਦ ਸੱਚ ਦੀ ਮੂਰਤ ਯਾਨੀ ਰੋਲ ਮਾਡਲ ਬਣਨਾ ਪਵੇਗਾ | ਇਹ ਦਸਤੂਰ ਥੱਲੇ ਤੋਂ ਲੈ ਕੇ ਉੱਪਰ ਤੱਕ, ਯਾਨੀ ਮਾਪੇ, ਟੀਚਰ, ਧਾਰਮਿਕ ਆਗੂ, ਅਧਿਕਾਰੀ, ਨੇਤਾ ਆਦਿ 'ਤੇ ਲਾਗੂ ਹੈ | ਸੱਚੇ, ਪਾਇਦਾਰ ਇਖ਼ਲਾਕ ਦੀ ਨੀਂਹ ਰੱਖਣ ਵਿਚ ਮਾਪਿਆਂ ਤੋਂ ਵਧੀਆ ਹੋਰ ਕੌਣ ਹੋ ਸਕਦਾ ਹੈ... ਮਾਪਿਆਂ ਦੀ ਅਥਾਰਿਟੀ, ਹੱਕ, ਬਾਕੀਆਂ ਨਾਲੋਂ ਕਿਤੇ ਵਿਸ਼ੇਸ਼ ਹੁੰਦਾ ਹੈ | ਜੇਕਰ ਟੱਬਰ ਦਾ ਹਰ ਜਣਾ ਸੱਚ ਦਾ ਲੜ ਫੜੀ ਰੱਖਦਾ ਹੈ ਤੇ ਪਿੰਡ ਦਾ ਹਰੇਕ ਟੱਬਰ ਇਵੇਂ ਸੱਚਾ ਹੈ ਤੇ ਪੂਰਾ ਪਿੰਡ ਸੱਚਾ ਰਹੇਗਾ | ਪੂਰੇ ਪਿੰਡ, ਸ਼ਹਿਰ ਸੱਚੇ ਰਹਿਣਗੇ ਤਾਂ ਪੂਰਾ ਸੂਬਾ ਤੇ ਅੱਗੇ ਮੁਲਕ ਠੀਕ ਰਹੇਗਾ |
ਇਨਸਾਨ ਗ਼ਲਤੀਆਂ ਦਾ ਪੁਤਲਾ ਹੈ, ਆਪਾਂ ਸਾਰੇ ਇਸ ਤੱਥ ਦੇ ਜਾਣੂ ਹਾਂ | ਕੋਈ ਵੀ ਇਨਸਾਨ 100 ਫ਼ੀਸਦੀ ਠੀਕ ਫ਼ੈਸਲੇ ਨਹੀਂ ਲੈ ਸਕਦਾ | ਜੇਕਰ ਕਿਸੇ ਵੀ ਪੱਧਰ 'ਤੇ ਕੁਝ ਗ਼ਲਤ ਹੋ ਜਾਂਦਾ ਹੈ, ਗ਼ਲਤ ਕਹਿ ਹੋ ਜਾਂਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਨੂੰ ਆਪਣੀ ਗ਼ਲਤੀ ਨੂੰ ਹਲੀਮੀ, ਸੋਹਜਮਈ ਢੰਗ ਨਾਲ ਕਬੂਲ ਲੈਣਾ ਚਾਹੀਦਾ ਹੈ, ਜਿਸ ਨਾਲ ਵੀ ਕੋਈ ਜ਼ਿਆਦਤੀ ਹੋਈ ਹੋਵੇ ਉਸ ਕੋਲ ਮੁਆਫ਼ੀ ਦੀ ਦਰਖਾਸਤ ਕਰ ਦੇਣੀ ਚਾਹੀਦੀ ਹੈ | ਵਾਪਰੀ ਜ਼ਿਆਦਤੀ ਨੂੰ ਸੁਧਾਰ ਦੇਣਾ ਚਾਹੀਦਾ ਹੈ | ਆਪਣੇ ਕੀਤੇ ਨੂੰ , ਕਹੇ ਨੂੰ ਵਾਪਸ ਲੈਣ ਵਿਚ ਵੱਡਾਪਣ ਹੈ, ਹਲੀਮੀ ਦਾ ਮੁਜ਼ਾਹਰਾ ਹੈ, ਨਿਆਂ ਦੀ ਬਰਕਰਾਰੀ ਹੈ | ਅੱਜਕਲ੍ਹ ਆਮ ਦੇਖਣ, ਸੁਣਨ ਨੂੰ ਮਿਲਦਾ ਹੈ ਕਿ ਜ਼ਿੰਮੇਵਾਰ ਸ਼ਖਸੀਅਤਾਂ ਆਪਣੀ ਗ਼ਲਤੀ ਮੰਨਣ ਤੋਂ ਗੁਰੇਜ਼ ਕਰਦੀਆਂ ਹਨ ਕਿ ਇਹ ਉਸ ਦੀ ਸ਼ਾਨ ਦੇ ਖਿਲਾਫ਼ ਹੈ, ਕਿ ਉਸ ਦੀ ਪਦਵੀ ਏਨੀ ਉੱਚੀ ਹੈ ਕਿ ਉਹ ਥੱਲੇ ਵਾਲੇ ਤੋਂ ਮੁਆਫ਼ੀ ਕਿਉਂ ਮੰਗੇ | ਜਦ ਆਪਾਂ ਇਸ ਕਿਸਮ ਦੀ ਧਾਰਨਾ ਦਾ ਵਿਸ਼ਲੇਸ਼ਣ ਕਰਦੇ ਹਾਂ ਤਾਂ ਇਹ ਬੁਜ਼ਦਿਲੀ ਹੈ, ਬੇਇਨਸਾਫ਼ੀ ਹੈ, ਧੱਕੇਸ਼ਾਹੀ ਹੈ, ਖੋਖਲੇ ਇਖ਼ਲਾਕ ਦਾ ਮੁਜ਼ਾਹਰਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 97806-66268.

ਫੁੱਲ ਘੜੀ

ਕੋਈ ਚਾਰ ਦਹਾਕੇ ਪਹਿਲਾਂ ਮੈਂ ਪੰਜਾਬ ਟੂਰਿਜ਼ਮ 'ਚ ਡੈਪੂਟੇਸ਼ਨ 'ਤੇ ਸੇਵਾ ਕਰ ਰਿਹਾ ਸੀ | ਗਰਮੀਆਂ 'ਚ ਛੁੱਟੀ ਲੈ ਕੇ ਯੂਰਪ ਦਾ ਟਰਿੱਪ ਲੱਗਿਆ, ਇਟਲੀ, ਅਸਟਰੀਆ, ਫਰਾਂਸ, ਸਵਿਟਜ਼ਰਲੈਂਡ, ਇੰਗਲੈਂਡ ਆਦਿ | ਹਰ ਪਾਸੇ ਕੁਦਰਤੀ ਹੁਸਨ, ਫੁੱਲ-ਬੂਟਿਆਂ ਨਾਲ ਲਬਰੇਜ਼ ਨਜ਼ਾਰੇ ਦੇਖੇ | ਸਵਿਟਜ਼ਰਲੈਂਡ ਜੋ ਕਿ ਘੜੀਆਂ ਬਣਾਉਣ ਵਿਚ ਮੋਹਰੀ ਦੇਸ਼ ਹੈ, ਵਿਖੇ ਮੈਂ ਪਹਿਲੀ ਵਾਰ 'ਫੁੱਲ ਘੜੀ' ਵੇਖੀ | ਅੱਖਰ ਫੁੱਲਾਂ ਦੇ ਬਣੇ ਹੋਏ ਅਤੇ ਸੂਈਆਂ ਧਾਤੂ ਦੀਆਂ ਬਣੀਆਂ ਹੋਈਆਂ ਸਨ | ਬਹੁਤ ਪ੍ਰਭਾਵਸ਼ਾਲੀ ਨਜ਼ਾਰਾ ਸੀ | ਮੁੜ ਦੇਸ਼ ਪਰਤਣ 'ਤੇ ਮੈਂ ਵੀ ਟੂਰਿਜ਼ਮ ਕਾਰਪੋਰੇਸ਼ਨ, (ਜਿਸ ਦੇ ਮੈਨੇਜਿੰਗ ਬੋਰਡ ਦੇ ਪ੍ਰਭਾਵਸ਼ਾਲੀ ਮੈਂਬਰ ਸਨ, ਡਾ: ਐਮ.ਐਸ. ਰੰਧਾਵਾ ਜੀ ਅਤੇ ਚੇਅਰਮੈਨ ਮੁੱਖ ਸਕੱਤਰ ਪੰਜਾਬ ਸਨ) ਨੂੰ ਸੁਝਾਓ ਦਿੱਤਾ ਕਿ ਨੀਲੋਂ ਵਿਖੇ ਬਣਾਏ ਗਏ ਕੁਈਨਜ਼ ਫਲਾਵਰ ਕੰਪਲੈਕਸ ਦੇ ਮੋੜ ਉੱਪਰ 'ਫੁੱਲ ਘੜੀ' ਬਣਾਈ ਜਾਵੇ | ਰੰਧਾਵਾ ਸਾਹਿਬ ਨੂੰ ਇਕਦਮ ਸੁਝਾਓ ਪਸੰਦ ਆ ਗਿਆ | ਝੱਟ ਮਨਜ਼ੂਰੀ ਮਿਲ ਗਈ | ਮੈਂ ਵਿਸਥਾਰ ਨਾਲ ਸਕੀਮ ਬਣਾ ਕੇ ਪੇਸ਼ ਕਰ ਦਿੱਤੀ | ਐਸਟੀਮੇਟ ਬਣ ਗਏ ਪਰ ਮਾਇਕ ਹਾਲਤ ਮਾੜੀ ਹੋਣ ਕਰਕੇ ਸਕੀਮ ਵਿਚੇ ਰਹਿ ਗਈ | ਕੁਝ ਸਮਾਂ ਪਹਿਲਾਂ ਮੇਰਾ ਬੇਟਾ ਕੈਨੇਡਾ ਅਤੇ ਬੇਟੀ ਆਪਣੇ ਪਰਿਵਾਰ ਨਾਲ ਯੂਰਪ ਗਏ | ਉਥੇ ਇਨ੍ਹਾਂ ਦੁਆਰਾ ਖਿੱਚੀਆਂ ਫੋਟੋਆਂ ਆਪ ਨਾਲ ਸਾਂਝੀਆਂ ਕਰ ਰਿਹਾ ਹਾਂ |

-dosanjhsps@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX