ਤਾਜਾ ਖ਼ਬਰਾਂ


ਡੇਂਗੂ ਕਾਰਨ ਨੌਜਵਾਨ ਦੀ ਮੌਤ
. . .  2 minutes ago
ਮਾਹਿਲਪੁਰ 17 ਨਵੰਬਰ (ਦੀਪਕ ਅਗਨੀਹੋਤਰੀ)- ਬਲਾਕ ਮਾਹਿਲਪੁਰ ਦੇ ਪਿੰਡ ਕਹਾਰਪੁਰ ਦੇ ਇੱਕ ਨੌਜਵਾਨ ਦੀ ਬੀਤੇ ਕੱਲ੍ਹ ਡੇਂਗੂ ਨਾਲ ਡੀ ਐਮ ਸੀ ਲੁਧਿਆਣਾ ਵਿਖੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਗੁਰਮੀਤ ਸਿੰਘ ਮੀਤਾ ਵਾਸੀ ....
ਕਾਂਗਰਸ ਨੇ ਸਪਰਧਾ ਚੌਧਰੀ ਨੂੰ ਪਾਰਟੀ 'ਚੋਂ ਕੱਢਿਆ
. . .  22 minutes ago
ਰਾਏਪੁਰ, 17 ਨਵੰਬਰ - ਰਾਜਸਥਾਨ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸਿਆਸਤ ਗਰਮਾਉਂਦੀ ਜਾ ਰਹੀ ਹੈ। ਇਸ ਦੌਰਾਨ ਹੀ ਕਾਂਗਰਸ ਪਾਰਟੀ ਦੀ ਮਹਿਲਾ ਉਪ ਪ੍ਰਧਾਨ ਸਪਰਧਾ ਚੌਧਰੀ ਨੂੰ ਪਾਰਟੀ 'ਚੋਂ 6 ਸਾਲ ਲਈ ਕੱਢ ਦਿੱਤਾ ....
ਕਾਂਗਰਸ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ
. . .  39 minutes ago
ਰਾਏਪੁਰ, 17 ਨਵੰਬਰ- ਕਾਂਗਰਸ ਵੱਲੋਂ ਰਾਜਸਥਾਨ ਵਿਧਾਨਸਭਾ ਚੋਣਾਂ ਦੇ ਲਈ 32 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਗਈ....
ਮਾਂ ਵੱਲੋਂ ਧੀ ਦਾ ਬੇਰਹਿਮੀ ਨਾਲ ਕਤਲ
. . .  49 minutes ago
ਨਵੀਂ ਦਿੱਲੀ, 17 ਨਵੰਬਰ- ਦਿੱਲੀ ਦੇ ਮਾਲਵੀਆ ਨਗਰ 'ਚ ਅੱਜ ਸਵੇਰੇ 25 ਸਾਲਾਂ ਇਕ ਮਹਿਲਾ ਵੱਲੋਂ ਆਪਣੀ 3 ਸਾਲ ਦੀ ਧੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ । ਜਾਣਕਾਰੀ ਲਈ ਦੱਸ ਦੇਈਏ ਕਿ ਧੀ ਦੀ ਜ਼ਖ਼ਮਾਂ ਦੀ ਤਾਪ ਨਾ ਝੱਲਦਿਆਂ ....
ਭਾਜਪਾ ਨੇ ਜਾਰੀ ਕੀਤੀ ਉਮੀਦਵਾਰਾਂ ਦੀ ਤੀਜੀ ਸੂਚੀ
. . .  about 1 hour ago
ਰਾਏਪੁਰ, 17 ਨਵੰਬਰ - ਭਾਜਪਾ ਵੱਲੋਂ ਰਾਜਸਥਾਨ ਵਿਧਾਨ ਸਭਾ ਚੋਣਾਂ ਦੇ ਲਈ ਉਮੀਦਵਾਰਾਂ ਦੀ ਤੀਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ ਸੂਚੀ 'ਚ ਅੱਠ ਉਮੀਦਵਾਰਾਂ ਦੇ ਨਾਂਅ ਸ਼ਾਮਲ....
1984 ਸਿੱਖ ਕਤਲੇਆਮ : ਵੱਧ ਸਕਦੀਆਂ ਹਨ ਸੱਜਣ ਕੁਮਾਰ ਦੀਆਂ ਮੁਸ਼ਕਲਾਂ - ਕੇ.ਟੀ. ਐਸ ਤੁਲਸੀ
. . .  about 1 hour ago
ਨਵੀਂ ਦਿੱਲੀ, 17 ਨਵੰਬਰ -1984 ਦੇ ਸਿੱਖ ਕਤਲੇਆਮ ਦੇ ਮਾਮਲੇ 'ਚ ਦੋਸ਼ੀ ਕਾਂਗਰਸ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਸੱਜਣ ਕੁਮਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ । ਇਸ ਮਾਮਲੇ 'ਚ ਸੁਪਰੀਮ ਕੋਰਟ ਦੇ ਪ੍ਰਸਿੱਧ ਵਕੀਲ ਅਤੇ ਮੈਂਬਰ ਰਾਜ ....
ਦਿੱਲੀ 'ਚ ਇਕ ਰੇਸਤਰਾਂ 'ਚ ਲੱਗੀ ਭਿਆਨਕ ਅੱਗ
. . .  about 1 hour ago
ਨਵੀਂ ਦਿੱਲੀ, 17 ਨਵੰਬਰ -ਦਿੱਲੀ 'ਚ ਬਾਬਾ ਖੜਗ ਮਾਰਗ 'ਤੇ ਸਥਿਤ ਇਕ ਰੇਸਤਰਾਂ 'ਚ ਭਿਆਨਕ ਅੱਗ ਲੱਗਣ ਦੀ ਖ਼ਬਰ ਹੈ। ਮੌਕੇ 'ਤੇ ਪਹੁੰਚੀਆਂ ਅੱਗ ਬੁਝਾਊ ਦਸਤਿਆਂ ਦੀਆਂ 4 ਗੱਡੀਆਂ ਵੱਲੋਂ ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ
ਜੇਕਰ ਬਾਦਲ ਨੇ ਪੁਲਿਸ ਨੂੰ ਸਹੀ ਦਿਸ਼ਾ ਨਿਰਦੇਸ਼ ਦਿੱਤੇ ਹੁੰਦੇ ਤਾਂ ਨਹੀਂ ਚੱਲਣੀ ਸੀ ਦੁਬਾਰਾ ਗੋਲੀ - ਜਾਖੜ
. . .  about 1 hour ago
ਚੰਡੀਗੜ੍ਹ, 17 ਨਵੰਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੀਡੀਆ ਨਾਲ ਗੱਲ ਬਾਤ ਕਰਦਿਆਂ ਕਿਹਾ ਕਿ ਕੋਟਕਪੂਰਾ ਬਾਰੇ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਗੋਲੀ ਚਲਾਉਣ ਦੇ ਹੁਕਮ ਨਹੀ ਦਿੱਤੇ ਸੀ ਪਰ ਬਹਿਬਲ ਕਲਾ ਵਿਖੇ ਕੋਟਕਪੂਰਾ ਤੋਂ ਬਾਅਦ ਗੋਲੀ....
ਸੀ.ਬੀ.ਆਈ. ਨੂੰ ਆਪਣੇ ਸੂਬਿਆਂ 'ਚ ਆਉਣ ਤੋਂ ਰੋਕਣ ਵਾਲਿਆਂ 'ਤੇ ਜੇਤਲੀ ਨੇ ਸਾਧਿਆ ਨਿਸ਼ਾਨਾ
. . .  about 2 hours ago
ਨਵੀਂ ਦਿੱਲੀ, 17 ਨਵੰਬਰ- ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਿਰਫ਼ ਉਹੀ ਲੋਕ ਸੀ.ਬੀ.ਆਈ .ਨੂੰ ਆਪਣੇ ਸੂਬਿਆਂ 'ਚ ਆਉਣ ਤੋਂ ਰੋਕ ਸਕਦੇ ਹਨ ਜਿਨ੍ਹਾਂ ਤੋਂ ਲੁਕਾਉਣ ਲਈ ਬਹੁਤ ਕੁੱਝ...
5 ਕਰੋੜ ਦੀ ਹੈਰੋਇਨ ਸਮੇਤ ਤਿੰਨ ਕਾਬੂ
. . .  about 2 hours ago
ਲੁਧਿਆਣਾ, 17 ਨਵੰਬਰ (ਰੁਪੇਸ਼) -ਲੁਧਿਆਣਾ ਪੁਲਿਸ ਦੀ ਐਸ.ਟੀ.ਐਫ. ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਤਿੰਨ ਵਿਅਕਤੀਆਂ ਨੂੰ ਇਕ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਕੌਮਾਂਤਰੀ ਬਾਜ਼ਾਰ ਵਿਚ ਇਸ ਹੈਰੋਇਨ ਦੀ ਕੀਮਤ ਲਗਭਗ 5 ਕਰੋੜ ਰੁਪਏ ....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਹਿੰਦ-ਪਾਕਿ ਸਦਭਾਵਨਾ ਮਾਰਗ ਬਣ ਸਕਦਾ ਹੈ ਕਰਤਾਰਪੁਰ ਦਾ ਲਾਂਘਾ

ਦਰਬਾਰ ਸਾਹਿਬ ਕਰਤਾਰਪੁਰ ਕੇਵਲ ਸਿੱਖਾਂ ਦਾ ਨਹੀਂ, ਹਿੰਦੂਆਂ ਤੇ ਮੁਸਲਮਾਨਾਂ ਦਾ ਵੀ ਸਾਂਝਾ ਤੀਰਥ ਹੈ। ਉਥੇ ਗੁਰੂ ਨਾਨਕ ਦੇਵ ਜੀ ਦੀ ਸਮਾਧ ਅਤੇ ਮਜ਼ਾਰ ਨਾਲੋ-ਨਾਲ ਹੈ। ਸਾਖੀ ਹੈ ਕਿ 22 ਸਤੰਬਰ, 1539 ਨੂੰ ਗੁਰੂ ਨਾਨਕ ਦੇਵ ਜੀ ਜੋਤੀ ਜੋਤਿ ਸਮਾਏ ਤਾਂ ਹਿੰਦੂ ਕਹਿਣ ਲੱਗੇ ਅਸੀਂ ਆਪਣੇ ਗੁਰੂ ਦੀ ਦੇਹ ਦਾ ਸਸਕਾਰ ਕਰਾਂਗੇ। ਮੁਸਲਮਾਨ ਕਹਿਣ ਲੱਗੇ ਬਾਬਾ ਨਾਨਕ ਸਾਡਾ ਪੀਰ ਹੈ, ਅਸੀਂ ਆਪਣੇ ਪੀਰ ਦੀ ਦੇਹ ਦਫਨਾਵਾਂਗੇ। ਸਾਖੀ ਅਨੁਸਾਰ ਗੁਰਾਂ ਦੀ ਦੇਹ ਤੋਂ ਚਾਦਰ ਚੁੱਕੀ ਤਾਂ ਕੇਵਲ ਫੁੱਲ ਮਿਲੇ। ਆਪਣਾ ਸਾਂਝਾ ਗੁਰੂ ਪੀਰ ਮੰਨਦਿਆਂ ਹਿੰਦੂਆਂ ਤੇ ਮੁਸਲਮਾਨਾਂ ਨੇ ਫੁੱਲ ਅੱਧੋ-ਅੱਧ ਵੰਡ ਲਏ ਤੇ ਚਾਦਰ ਵੀ ਅੱਧੋ-ਅੱਧ ਕਰ ਲਈ। ਹਿੰਦੂਆਂ ਨੇ ਫੁੱਲਾਂ ਦਾ ਸਸਕਾਰ ਕਰਕੇ ਸਮਾਧ ਬਣਾ ਦਿੱਤੀ, ਮੁਸਲਮਾਨਾਂ ਨੇ ਫੁੱਲ ਦਫ਼ਨਾ ਕੇ ਮਜ਼ਾਰ ਉਸਾਰ ਦਿੱਤੀ। ਮਜ਼੍ਹਬਾਂ ਦੇ ਨਾਂਅ 'ਤੇ ਵੰਡੀਆਂ ਪਾਉਣ ਵਾਲਿਆਂ ਲਈ ਸਮਝਣ ਵਾਲੀ ਗੱਲ ਇਹ ਹੈ ਕਿ ਕਰਤਾਰਪੁਰ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦਾ ਸਾਂਝਾ ਧਰਮ ਸਥਾਨ ਹੈ।
ਹਿੰਦ-ਪਾਕਿ ਦੇ ਇਸ ਖਿੱਤੇ ਵਿਚ ਹਿੰਦੂ, ਮੁਸਲਮਾਨ ਤੇ ਸਿੱਖ ਇਕੱਠੇ ਰਹਿੰਦੇ ਰਹੇ। ਦੇਸ਼ਾਂ ਦੀਆਂ ਹੱਦਾਂ ਸਰਹੱਦਾਂ ਤੋਂ ਪਾਰ ਦਰਬਾਰ ਸਾਹਿਬ ਕਰਤਾਰਪੁਰ ਸਿੱਖਾਂ, ਹਿੰਦੂਆਂ ਤੇ ਮੁਸਲਮਾਨਾਂ ਦੀ ਸਾਂਝੀ ਵਿਰਾਸਤ ਹੈ। ਮਜ਼੍ਹਬਾਂ ਦਰਮਿਆਨ ਪਿਆਰ ਮੁਹੱਬਤ ਬਣਾਈ ਰੱਖਣ ਵਾਲੀ ਮੁਕੱਦਸ ਜਗ੍ਹਾ। ਇਥੋਂ ਆਪਸੀ ਸਦਭਾਵਨਾ ਦਾ ਪੈਗ਼ਾਮ ਚੁਫੇਰੇ ਫੈਲਾਇਆ ਜਾਣਾ ਚਾਹੀਦੈ। ਭਾਰਤ ਤੇ ਪਾਕਿਸਤਾਨ ਕਦੇ ਇਕੋ ਮੁਲਕ ਸੀ। ਰਾਜ ਕਰਨ ਵਾਲਿਆਂ ਨੇ ਇਸ ਨੂੰ ਵੰਡ ਲਿਆ। ਵੰਡ ਕਰਨੀ ਸੀ ਤਾਂ ਭਰਾਵਾਂ ਵਾਂਗ ਕਰਦੇ। ਕਿਸੇ ਦਾ ਨੁਕਸਾਨ ਨਾ ਹੁੰਦਾ। ਆਮ ਲੋਕਾਂ ਨੂੰ ਮਜ਼੍ਹਬੀ ਜਨੂੰਨ ਦੇ ਟੇਟੇ ਚੜ੍ਹਾ ਕੇ ਲੱਖਾਂ ਕਤਲ ਕਰਵਾਏ, ਲੱਖਾਂ ਔਰਤਾਂ ਦੀ ਅਸਮਤ ਲੁੱਟੀ ਤੇ ਕਰੋੜਾਂ-ਅਰਬਾਂ ਦੀ ਜਾਇਦਾਦ ਸਾੜੀ-ਫੂਕੀ ਗਈ। ਹਿੰਦੋਸਤਾਨ ਦੀ ਵੰਡ ਸਮੇਂ ਸਭ ਤੋਂ ਵੱਧ ਨੁਕਸਾਨ ਦੋਵਾਂ ਪਾਸਿਆਂ ਦੇ ਪੰਜਾਬੀਆਂ ਦਾ ਹੋਇਆ, ਜੋ ਹੁਣ ਤੱਕ ਹੁੰਦਾ ਆ ਰਿਹੈ।
ਹਿੰਦ-ਪਾਕਿ ਦੁਸ਼ਮਣੀ ਜਿਥੇ ਭਾਰਤ ਤੇ ਪਾਕਿਸਤਾਨ ਦੀ ਗ਼ਰੀਬੀ ਦਾ ਕਾਰਨ ਬਣੀ ਹੋਈ ਹੈ, ਉਥੇ ਦੋਹਾਂ ਪੰਜਾਬਾਂ ਦੇ ਜੜ੍ਹੀਂ ਬੈਠੀ ਹੋਈ ਹੈ। ਸੁਰੱਖਿਆ ਦੇ ਨਾਂਅ 'ਤੇ ਦੋਹਾਂ ਦੇਸ਼ਾਂ ਨੂੰ ਫੌਜਾਂ ਰੱਖਣ ਲਈ ਬੇਅੰਤ ਖਰਚਾ ਕਰਨਾ ਪੈ ਰਿਹੈ। ਜਿੰਨਾ ਸਰਮਾਇਆ, ਜਿੰਨੀ ਸ਼ਕਤੀ ਤੇ ਜਿੰਨਾ ਸਮਾਂ ਦੁਸ਼ਮਣੀ ਪੁਗਾਉਣ ਉੱਤੇ ਲਾਇਆ ਜਾ ਰਿਹੈ, ਓਨੇ ਨਾਲ ਦੋਵੇਂ ਦੇਸ਼ ਖੁਸ਼ਹਾਲ ਹੋ ਸਕਦੇ ਸਨ। ਦੋਵਾਂ ਦੇਸ਼ਾਂ ਦੇ ਆਮ ਲੋਕਾਂ ਦੀ ਸਿਹਤ ਚੰਗੀ ਹੋ ਸਕਦੀ ਸੀ, ਚੰਗੀ ਸਿੱਖਿਆ ਦਿੱਤੀ ਜਾ ਸਕਦੀ ਸੀ, ਰੁਜ਼ਗਾਰ ਦੇ ਚੰਗੇ ਮੌਕੇ ਦਿੱਤੇ ਜਾ ਸਕਦੇ ਸਨ, ਪ੍ਰਤੀ ਜੀਅ ਆਮਦਨ ਵਧ ਸਕਦੀ ਸੀ, ਡਰ-ਡੁੱਕਰ ਮੁੱਕ ਸਕਦਾ ਸੀ ਤੇ ਇਕ-ਦੂਜੇ ਦਾ ਭਲਾ ਕਰਦਿਆਂ ਨੇਕੀ ਕਮਾਈ ਜਾ ਸਕਦੀ ਸੀ। ਹਿੰਦ-ਪਾਕਿ ਕੁਲ ਆਲਮ ਦੇ ਸਿਰਮੌਰ ਮੁਲਕ ਬਣ ਸਕਦੇ ਸਨ। ਅਮਨ-ਅਮਾਨ ਮੁਲਕਾਂ ਨੂੰ ਤਾਰਦਾ ਹੈ, ਜਦ ਕਿ ਵੈਰ-ਵਿਰੋਧ ਡੋਬਦਾ ਹੈ। ਪਤਾ ਨਹੀਂ ਹਾਕਮ ਕਿਉਂ ਨਹੀਂ ਸਮਝਦੇ?
ਭਰਾ ਜਦੋਂ ਅੱਡ ਹੁੰਦੇ ਹਨ ਤਾਂ ਚੁੱਲ੍ਹਾ ਅੱਡ ਕਰ ਲੈਂਦੇ ਹਨ। ਵਾਹ ਲੱਗਦੀ ਵਿਹੜਾ ਨਹੀਂ ਵੰਡਦੇ ਕਿ ਬੱਚੇ ਇਕੱਠੇ ਖੇਡ ਲਿਆ ਕਰਨਗੇ। ਵਿਹੜਾ ਵੰਡਣਾ ਈ ਪਵੇ ਤਾਂ ਕੰਧ ਵਿਚ ਲਾਂਘਾ ਰੱਖ ਲੈਂਦੇ ਹਨ ਕਿ ਦੁਖਦੇ-ਸੁਖਦੇ ਸਾਰ ਲਈ ਜਾ ਸਕੇਗੀ। ਕੰਧ ਵਿਚ ਮੋਰੀ ਰੱਖ ਲੈਂਦੇ ਹਨ ਕਿ ਇਕ-ਦੂਜੇ ਦੀ ਥੁੜ ਵੇਲੇ ਚੀਜ਼ ਵਸਤ ਫੜਾਉਣੀ ਸੌਖੀ ਰਹੇਗੀ। ਭਰਾ ਜੁ ਹੋਏ! ਕਈ ਵਾਰ ਦਾਲ-ਸਬਜ਼ੀ ਦੀ ਕੌਲੀ ਦਾ ਆਦਾਨ ਪਰਦਾਨ ਹੀ ਸਾਂਝ ਨਹੀਂ ਟੁੱਟਣ ਦਿੰਦਾ। ਹਿੰਦ-ਪਾਕਿ ਨੂੰ ਭਰਾਵਾਂ ਤੇ ਚੰਗੇ ਗੁਆਂਢੀਆਂ ਵਾਂਗ ਵਸਣਾ ਚਾਹੀਦੈ, ਨਾ ਕਿ ਵੈਰ ਪੁਗਾਉਂਦੇ ਸ਼ਰੀਕਾਂ ਵਾਂਗ। ਜੇ ਕੋਈ ਸਾਂਝ ਵਧਾਉਣ ਦੀ ਛੋਟੀ ਜਿਹੀ ਪਹਿਲ ਵੀ ਕਰੇ ਤਾਂ ਭਰਵਾਂ ਹੁੰਗਾਰਾ ਭਰਨਾ ਚਾਹੀਦੈ।
ਇਸ ਪ੍ਰਸੰਗ ਵਿਚ ਕਰਤਾਰਪੁਰ ਦਾ ਲਾਂਘਾ ਭਾਰਤ-ਪਾਕਿ ਦੇ ਤਣਾਅਗ੍ਰਸਤ ਰਿਸ਼ਤੇ ਵਿਚ ਸੁਖਾਵਾਂ ਮੋੜ ਸਾਬਤ ਹੋ ਸਕਦੈ। ਇਹ ਲਾਂਘਾ ਦੋਹਾਂ ਦੇਸ਼ਾਂ ਨੂੰ ਖੁਸ਼ਹਾਲੀ ਦੇ ਮਾਰਗ 'ਤੇ ਤੋਰ ਸਕਦੈ। ਇਸ ਵਿਚ ਦੀ ਦੋਵਾਂ ਦੇਸ਼ਾਂ ਦੇ ਆਮ ਲੋਕਾਂ ਦਾ ਸੁਨਹਿਰੀ ਭਵਿੱਖ ਵੇਖਿਆ ਜਾ ਸਕਦੈ। ਜਿਹੜੇ ਲੋਕ ਕਰਤਾਰਪੁਰ ਦੇ ਦਰਸ਼ਨਾਂ ਦੀ ਅਰਦਾਸ ਕਰਦੇ ਹਨ, ਉਨ੍ਹਾਂ ਦੀ ਅਰਦਾਸ ਦਾ ਅੰਤਲਾ ਬੋਲ ਸਰਬੱਤ ਦਾ ਭਲਾ ਮੰਗਣਾ ਹੁੰਦੈ। ਕਰਤਾਰ ਨੇ ਕਰਤਾਰਪੁਰ ਦੇ ਲਾਂਘੇ ਰਾਹੀਂ ਹਿੰਦ-ਪਾਕਿ ਦੇ ਲੋਕਾਂ ਨੂੰ ਮੌਕਾ ਦਿੱਤਾ ਹੈ ਕਿ ਉਹ ਪੁੱਠੇ ਪਾਸੇ ਜਾ ਰਹੀ ਆਪਣੀ ਹੋਣੀ ਨੂੰ ਸਿੱਧੇ ਰਾਹ ਪਾ ਲੈਣ।
ਗੁਰੂ ਨਾਨਕ ਦੇਵ ਜੀ ਦਾ ਜਨਮ ਰਾਏ ਭੋਇੰ ਦੀ ਤਲਵੰਡੀ ਵਿਚ 1469 ਈ: ਨੂੰ ਪਟਵਾਰੀ ਮਹਿਤਾ ਕਾਲੂ ਜੀ ਦੇ ਘਰ ਹੋਇਆ ਸੀ। ਉਸਤਾਦ ਪਾਂਧਾ ਤੇ ਕਾਜ਼ੀ ਸਨ। ਦੋਸਤ ਮਰਦਾਨਾ ਸੀ। ਬਚਪਨ ਤੇ ਚੜ੍ਹਦੀ ਜੁਆਨੀ ਦੇ 15 ਸਾਲ ਬਾਰ ਦੀ ਹਰਿਆਵਲੀ ਧਰਤੀ 'ਤੇ ਬਿਤਾਏ, ਜਿਸ ਦੀ ਪ੍ਰਕਿਰਤੀ ਦਾ ਜ਼ਿਕਰ ਬਾਰਾ ਮਾਂਹ ਵਿਚ ਕੀਤਾ। ਫਿਰ ਭੈਣ ਨਾਨਕੀ ਕੋਲ ਸੁਲਤਾਨਪੁਰ ਲੋਧੀ ਚਲੇ ਗਏ, ਜਿਥੇ 14 ਸਾਲ ਰਹੇ। ਫਿਰ ਜਗ ਤਾਰਨ ਲਈ ਉਦਾਸੀਆਂ 'ਤੇ ਚੜ੍ਹ ਗਏ। ਪੈਦਲ ਚਲਦਿਆਂ ਹਜ਼ਾਰਾਂ ਮੀਲਾਂ ਦਾ ਪੰਧ ਕੀਤਾ। 22 ਸਾਲ ਦੇਸ਼ਾਂ-ਦੇਸ਼ਾਤਰਾਂ ਵਿਚ ਘੁੰਮਦੇ ਰਹੇ। ਉਨ੍ਹਾਂ ਦੀ ਸੁਪਤਨੀ ਮਾਤਾ ਸੁਲੱਖਣੀ ਆਪਣੇ ਪੇਕੇ ਪਿੰਡ ਪੱਖੋਕੇ ਜਾਂਦੀ ਰਹੀ। ਗੁਰੂ ਨਾਨਕ ਦੇਵ ਜੀ ਦੇ ਸਹੁਰਾ ਸਾਹਿਬ ਮੂਲ ਚੰਦ ਵੀ ਪਟਵਾਰੀ ਸਨ। ਉਹ ਬੇਸ਼ੱਕ ਬਟਾਲੇ ਰਹਿਣ ਲੱਗ ਪਏ ਸਨ ਪਰ ਪਿੰਡ ਪੱਖੋਕੇ ਵੀ ਨਹੀਂ ਸੀ ਛੱਡਿਆ। ਪਤਨੀ ਤੇ ਬੱਚਿਆਂ ਕਰਕੇ ਗੁਰੂ ਨਾਨਕ ਦੇਵ ਜੀ ਦਾ ਪੱਖੋਕੇ ਆਉਣ-ਜਾਣ ਸੀ। ਜ਼ਮੀਨ ਤਾਂ ਸਹੁਰਿਆਂ ਪਾਸ ਵੀ ਸੀ ਪਰ ਸਾਖੀ ਹੈ ਕਿ ਪੱਖੋਕੇ ਦੇ ਅਜਿੱਤੇ ਰੰਧਾਵੇ ਨੇ ਰਾਵੀ ਨਾਲ ਲੱਗਦੀ ਸੌ ਏਕੜ ਜ਼ਮੀਨ ਹੋਰ ਦੇ ਦਿੱਤੀ ਕਿ ਗੁਰੂ ਨਾਨਕ ਦੇਵ ਜੀ ਉਥੇ ਪੱਕਾ ਨਿਵਾਸ ਕਰ ਲੈਣ। ਇਹ ਵੀ ਕਿਹਾ ਜਾਂਦੈ ਕਿ ਪੱਖੋਕੇ ਦੇ ਦੁਨੀ ਚੰਦ ਨੇ ਜ਼ਮੀਨ ਦਿੱਤੀ। 1515 ਵਿਚ ਗੁਰੂ ਜੀ ਨੇ ਕਰਤਾਰਪੁਰ ਦੀ ਨੀਂਹ ਰੱਖੀ। ਉਦੋਂ ਉਨ੍ਹਾਂ ਦੀ ਉਮਰ 46 ਸਾਲਾਂ ਦੀ ਸੀ।
52 ਸਾਲ ਦੀ ਉਮਰ ਵਿਚ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਪੱਕੇ ਹੀ ਰਹਿਣ ਲੱਗ ਪਏ। ਮਾਂ-ਬਾਪ, ਪਤਨੀ ਤੇ ਦੋਵੇਂ ਬੱਚੇ ਆਪਣੇ ਕੋਲ ਲੈ ਆਂਦੇ। ਉਥੇ ਖੇਤੀਬਾੜੀ ਕਰਨ ਲੱਗੇ। ਗੁਰੂ ਕਾ ਲੰਗਰ ਚਲਾ ਲਿਆ। ਆਉਣ-ਜਾਣ ਵਾਲਿਆਂ ਲਈ ਧਰਮਸ਼ਾਲਾ ਬਣਾ ਲਈ। ਨਾਮ ਜਪਣ, ਕਿਰਤ ਕਰਨ ਤੇ ਵੰਡ ਛਕਣ ਦਾ ਉਪਦੇਸ਼ ਦੇਣ ਲੱਗੇ। ਆਪਣੇ ਹੱਥੀਂ ਕਿਰਤ ਕਰਦੇ, ਬਾਣੀ ਉਚਾਰਦੇ, ਆਏ ਗਏ ਨਾਲ ਵਿਚਾਰ-ਵਟਾਂਦਰਾ ਕਰਦੇ ਅਤੇ ਉੱਚ ਆਚਰਣ ਵਾਲਾ ਸਾਦਾ ਜੀਵਨ ਜਿਊਣ ਦੀ ਸਿੱਖਿਆ ਦਿੰਦੇ। ਉਹ 18 ਸਾਲ ਕਰਤਾਰਪੁਰ ਰਹੇ। ਲਾਗੇ ਰਾਵੀ ਵਗਦੀ, ਜਿਸ ਦੀਆਂ ਛੱਲਾਂ ਦੇ ਨਜ਼ਾਰੇ ਮਾਣਦੇ। ਭਾਈ ਲਹਿਣਾ ਉਥੇ ਦਰਸ਼ਨਾਂ ਨੂੰ ਆਇਆ ਉਨ੍ਹਾਂ ਦੇ ਅੰਗ ਸੰਗ ਰਹਿਣ ਲੱਗਾ। 14 ਜੁਲਾਈ, 1539 ਨੂੰ ਉਨ੍ਹਾਂ ਨੇ ਆਪਣੇ ਪੁੱਤਰਾਂ ਦੀ ਥਾਂ ਭਾਈ ਲਹਿਣਾ ਜੀ ਨੂੰ ਆਪਣਾ ਵਾਰਸ ਥਾਪਿਆ ਤੇ ਨਾਂਅ ਅੰਗ ਸੰਗ ਤੋਂ ਅੰਗਦ ਦੇਵ ਰੱਖਿਆ। ਇੰਜ ਸਿੱਖੀ ਦੀ ਵਾਗਡੋਰ ਆਪਣੀ ਔਲਾਦ ਦੀ ਥਾਂ ਯੋਗਤਾ ਦੇ ਆਧਾਰ 'ਤੇ ਸੌਂਪਣ ਦਾ ਤੋਰਾ ਤੋਰਿਆ। 22 ਸਤੰਬਰ, 1539 ਨੂੰ ਗੁਰੂ ਜੀ ਜੋਤੀ ਜੋਤਿ ਸਮਾ ਗਏ।
ਨਨਕਾਣਾ ਸਾਹਿਬ, ਸੁਲਤਾਨਪੁਰ ਲੋਧੀ ਤੇ ਕਰਤਾਰਪੁਰ ਤਿੰਨ ਐਸੇ ਸਥਾਨ ਹਨ, ਜਿਥੇ ਗੁਰੂ ਨਾਨਕ ਦੇਵ ਜੀ ਸਾਲਾਂਬੱਧੀ ਰਹੇ। ਦੇਸ਼ ਦੀ ਵੰਡ ਸਮੇਂ ਨਨਕਾਣਾ ਸਾਹਿਬ ਪਾਕਿਸਤਾਨ ਵਿਚ ਰਹਿ ਗਿਆ, ਸੁਲਤਾਨਪੁਰ ਲੋਧੀ ਭਾਰਤ ਵਿਚ ਤੇ ਕਰਤਾਰਪੁਰ ਸਰਹੱਦ ਤੋਂ ਚਾਰ ਕੁ ਕਿਲੋਮੀਟਰ ਪਾਕਿਸਤਾਨ ਵੱਲ। ਹੁਣ ਡੇਰਾ ਬਾਬਾ ਨਾਨਕ ਦੀ ਸਰਹੱਦੀ ਚੌਕੀ ਉੱਤੇ ਸਥਾਪਤ ਕੀਤੀ ਦੂਰਬੀਨ ਵਿਚੋਂ ਦਰਬਾਰ ਸਾਹਿਬ ਕਰਤਾਰਪੁਰ ਦੇ ਦਰਸ਼ਨ ਕੀਤੇ ਜਾਂਦੇ ਹਨ। ਪਾਕਿਸਤਾਨ ਬਣਨ ਵੇਲੇ ਤੋਂ ਹੀ ਸਿੱਖ ਸੰਗਤਾਂ ਵਿਚ ਕਰਤਾਰਪੁਰ ਦੇ ਖੁੱਲ੍ਹੇ-ਡੁੱਲ੍ਹੇ ਦਰਸ਼ਨਾਂ ਦੀ ਤਾਂਘ ਤੁਰੀ ਆਉਂਦੀ ਹੈ। ਅਰਦਾਸਾਂ ਹੁੰਦੀਆਂ ਆ ਰਹੀਆਂ ਹਨ। ਪਾਕਿਸਤਾਨ ਸਰਕਾਰ ਨਾਲ ਗੱਲ ਚਲਦੀ ਰਹੀ ਹੈ ਪਰ ਅਜੇ ਤੱਕ ਕਰਤਾਰਪੁਰ ਲਾਂਘਾ ਖੁੱਲ੍ਹ ਨਹੀਂ ਸਕਿਆ।
ਦੋਹਾਂ ਪਾਸਿਆਂ ਦੇ ਹਾਕਮਾਂ ਨੂੰ ਜਦੋਂ ਵੋਟਾਂ ਦੀ ਜਾਂ ਰਾਜ ਹੋਰ ਲੰਮਾ ਕਰਨ ਦੀ ਲੋੜ ਪੈਂਦੀ ਹੈ, ਉਹ ਸਰਹੱਦ ਉੱਤੇ ਠਾਹ-ਠੂਹ ਕਰਵਾ ਕੇ ਵੋਟਾਂ ਦਾ ਝਾੜ ਝਾੜ ਲੈਂਦੇ ਹਨ। ਪੁੱਤ ਬਿਗਾਨੇ ਮਰਦੇ ਹਨ, ਬੱਲੇ-ਬੱਲੇ ਹਾਕਮ ਆਪਣੀ ਕਰਵਾਈ ਜਾਂਦੇ ਹਨ। ਭਾਰਤ-ਪਾਕਿ ਝਪਟਾਂ ਤੇ ਲੜਾਈਆਂ ਨਾਲ ਨੁਕਸਾਨ ਤਾਂ ਉਂਜ ਦੋਹਾਂ ਦੇਸ਼ਾਂ ਦਾ ਹੀ ਹੋ ਰਿਹੈ ਪਰ ਚੜ੍ਹਦੇ ਤੇ ਲਹਿੰਦੇ ਪੰਜਾਬਾਂ ਨੂੰ ਸੇਕ ਵਧੇਰੇ ਲਗਦਾ ਹੈ, ਸਰਹੱਦ ਨਾਲ ਜੁ ਲਗਦੇ ਹੋਏ। ਪੰਜਾਬ ਸਿਰ ਐਵੇਂ ਨਹੀਂ ਅਰਬਾਂ-ਖਰਬਾਂ ਦੇ ਕਰਜ਼ੇ ਚੜ੍ਹੇ। ਭਾਰਤ-ਪਾਕਿ ਵਿਚਕਾਰ ਦੋਸਤੀ ਰਵ੍ਹੇ ਤਾਂ ਵਾਧੂ ਵਸਤਾਂ ਦੇ ਆਦਾਨ ਪਰਦਾਨ ਨਾਲ ਦੋਹਾਂ ਪਾਸਿਆਂ ਦੇ ਪੰਜਾਬ ਖੁਸ਼ਹਾਲ ਹੋ ਸਕਦੇ ਹਨ। ਵਪਾਰ ਕਰਨ ਲਈ ਦੋਹਾਂ ਪੰਜਾਬਾਂ ਪਾਸ ਹੋਰ ਕੋਈ ਰਸਤਾ ਨਹੀਂ।
ਦਰਅਸਲ ਪੰਜਾਬੀਆਂ ਤੇ ਕੇਂਦਰੀ ਹਾਕਮਾਂ ਦੇ ਹਿਤ ਵੱਖੋ-ਵੱਖਰੇ ਹਨ। ਹਿੰਦ-ਪਾਕਿ ਸੁਖਾਵੇਂ ਸੰਬੰਧ ਪੰਜਾਬੀਆਂ ਦੇ ਭਲੇ ਵਿਚ ਹਨ ਜਦ ਕਿ ਹਿੰਦ-ਪਾਕਿ ਤਣਾਅ ਕੇਂਦਰੀ ਹਾਕਮਾਂ ਦੇ ਹਿਤ ਵਿਚ ਹੈ। ਕਈ ਹਾਕਮ ਹੀ ਹਿੰਦ-ਪਾਕਿ ਦੇ ਸੰਬੰਧ ਸੁਖਾਵੇਂ ਨਹੀਂ ਹੋਣ ਦਿੰਦੇ। ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਕ੍ਰਿਕਟਰ ਇਮਰਾਨ ਖਾਨ ਨੇ ਅਹੁਦੇ ਦੀ ਸਹੁੰ ਚੁੱਕਣੀ ਸੀ। ਕ੍ਰਿਕਟਰ ਦੋਸਤ ਨਵਜੋਤ ਸਿੱਧੂ ਨੂੰ ਸੱਦਾ ਆਇਆ। ਸੋਹਣਾ ਮੇਲ ਮਿਲਾਪ ਹੋਇਆ। ਪਾਕਿਸਤਾਨ ਦੇ ਜਰਨੈਲ ਬਾਜਵੇ ਨੇ ਸਿੱਧੂ ਨਾਲ ਮਿਲਦਿਆਂ ਕਿਹਾ ਕਿ ਪਾਕਿਸਤਾਨ ਕਰਤਾਰਪੁਰ ਲਾਂਘਾ ਖੋਲ੍ਹਣ ਬਾਰੇ ਵਿਚਾਰ ਕਰ ਰਿਹੈ। ਸ਼ੁਕਰੀਏ ਦੀ ਅਦਾ ਵਿਚ ਸਿੱਧੂ ਗਲੇ ਲੱਗ ਗਿਆ। ਭਾਰਤੀ ਹਾਕਮਾਂ ਦੇ ਖੁਸ਼ਾਮਦੀਆਂ ਨੇ ਅਸਮਾਨ ਸਿਰ 'ਤੇ ਚੁੱਕ ਲਿਆ ਕਿ ਸਿੱਧੂ ਦੇਸ਼ਧ੍ਰੋਹੀ ਹੋ ਗਿਆ! ਉਹ ਭਲੇਮਾਣਸ ਦੱਸਣ ਕੀ ਅਜਿਹੀ ਸਥਿਤੀ ਵਿਚ ਸਿੱਧੂ ਗਲੇ ਲੱਗਣ ਦੀ ਥਾਂ ਕਰਤਾਰਪੁਰ ਨੂੰ ਲਾਂਘਾ ਦੇਣ ਦੀ ਪੇਸ਼ਕਸ਼ ਕਰਨ ਵਾਲੇ ਜਰਨੈਲ ਦੇ ਗਲ ਪੈਂਦਾ? ਕੀ ਅਜਿਹਾ ਕਰਨ ਨਾਲ ਉਹ 'ਰਾਸ਼ਟਰਵਾਦੀ' ਹੋ ਜਾਂਦਾ?
ਕਰਤਾਰਪੁਰ ਜੋ ਹਿੰਦੂਆਂ, ਮੁਸਲਮਾਨਾਂ, ਸਿੱਖਾਂ, ਗੱਲ ਕੀ ਸਾਰੀ ਲੋਕਾਈ ਦਾ ਸਾਂਝਾ ਤੀਰਥ ਸਥਾਨ ਹੈ, ਉਹਦੇ ਖੁੱਲ੍ਹੇ ਦਰਸ਼ਨ ਦੀਦਾਰਿਆਂ ਦੇ ਰਾਹ ਵਿਚ ਅੜਿੱਕੇ ਡਾਹੁਣੇ ਮਾਨਵਤਾ ਦੇ ਉਲਟ ਹਨ। ਸਿਆਸੀ ਨੇਤਾਵਾਂ ਨੂੰ ਸੌੜੀ ਸੋਚ ਸ਼ੋਭਾ ਨਹੀਂ ਦਿੰਦੀ। 2019 ਵਿਚ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਹੈ। ਭਾਵੇਂ 2019 ਭਾਰਤ ਦੀਆਂ ਆਮ ਚੋਣਾਂ ਦਾ ਵੀ ਵਰ੍ਹਾ ਹੈ ਪਰ ਰਾਜਸੀ ਪਾਰਟੀਆਂ ਨੂੰ ਸਰਬ ਸਾਂਝੇ ਤੀਰਥ ਦੇ ਲਾਂਘੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਨਿਗੂਣੇ ਰਾਜਸੀ ਹਿਤਾਂ ਦੀ ਥਾਂ ਦੋਹਾਂ ਦੇਸ਼ਾਂ ਦੇ ਵਡੇਰੇ ਹਿਤ ਵੇਖਣੇ ਚਾਹੀਦੇ ਹਨ। ਇਹ ਹੁਣ ਦੋਹਾਂ ਦੇਸ਼ਾਂ ਦੇ ਹਾਕਮਾਂ ਦੀ ਨੀਤ ਉੱਤੇ ਨਿਰਭਰ ਕਰਦੈ ਕਿ ਉਨ੍ਹਾਂ ਨੇ ਹਿੰਦ-ਪਾਕਿ ਨੂੰ ਦੁਸ਼ਮਣੀ ਦੀ ਅੱਗ ਵਿਚ ਭੁੰਨੀ ਜਾਣੈ ਜਾਂ ਦੋਸਤੀ ਦੇ ਨਿੱਘ ਨਾਲ ਮਾਲਾਮਾਲ ਕਰਨੈ।
ਹਿੰਦ-ਪਾਕਿ ਦੇ ਆਮ ਲੋਕ ਜੰਗ ਬਿਲਕੁਲ ਨਹੀਂ ਚਾਹੁੰਦੇ। ਜੰਗ ਕਿਸੇ ਮਸਲੇ ਦਾ ਹੱਲ ਵੀ ਨਹੀਂ। ਵੱਡੀਆਂ ਤੋਂ ਵੱਡੀਆਂ ਜੰਗਾਂ ਪਿੱਛੋਂ ਵੀ ਮਸਲੇ ਮੇਜ਼ 'ਤੇ ਹੀ ਗੱਲਬਾਤ ਨਾਲ ਹੱਲ ਹੋਏ ਹਨ। ਜੰਗ, ਹਥਿਆਰ ਵੇਚਣ ਵਾਲੇ ਜ਼ੋਰਾਵਰ ਮੁਲਕ ਲੁਆਉਂਦੇ ਹਨ। ਜਾਂ ਉਹ ਹਾਕਮ, ਜਿਹੜੇ ਆਪੋ-ਆਪਣਾ ਵੋਟ ਬੈਂਕ ਵਧਾਉਣ ਲਈ ਅਮਨ ਨੂੰ ਅੱਗ ਲਾਉਣ ਵਾਲੇ ਕਮੀਨੇ ਕਾਰੇ ਕਰਦੇ ਹਨ। ਜੰਗ ਦੀ ਅੱਗ ਅੰਨ੍ਹੀ, ਪਾਗ਼ਲ ਤੇ ਮੂੰਹਜ਼ੋਰ ਹੁੰਦੀ ਹੈ। ਇਸ ਲਈ ਜੰਗਬਾਜ਼ੋ, ਅਜੇ ਵੀ ਸੰਭਲੋ, ਮਰਨ-ਮਾਰਨ ਦੀਆਂ ਗੱਲਾਂ ਨਾ ਕਰੋ। ਭੜਕਾਈ ਜਾ ਰਹੀ ਅੱਗ ਦਾ ਪਤਾ ਨਹੀਂ ਕਦੋਂ ਭੜਕਾਉਣ ਵਾਲਿਆਂ ਵੱਲ ਹੀ ਮੂੰਹ ਕਰ ਲਵੇ। ਜੀਵੇ ਹਿੰਦੋਸਤਾਨ, ਜੀਵੇ ਪਾਕਿਸਤਾਨ। ਸਾਡਾ ਖ਼ਾਬ, ਵਸੇ ਪੰਜਾਬ, ਵਧੇ ਪੰਜਾਬ!


ਖ਼ਬਰ ਸ਼ੇਅਰ ਕਰੋ

ਪੁਰਾਣੇ ਫੁੱਲਾਂ ਨੂੰ ਨਵੀਂ ਜ਼ਿੰਦਗੀ ਦੇ ਰਹੇ ਹਨ ਮੰਦਰ

ਦਿੱਲੀ ਦੇ ਝੰਡੇਵਾਲਾ ਮੰਦਰ ਦੇ ਬਾਹਰ ਫੁੱਲ ਵੇਚਣ ਵਾਲੇ ਮਾਤਾ ਦੀਆਂ ਚੁੰਨੀਆਂ ਅਤੇ ਹਾਰ ਵੇਚਦੇ ਹਨ। ਇਸ ਮੰਦਰ ਵਿਚ ਪੰਜ ਹਜ਼ਾਰ ਤੋਂ ਦਸ ਹਜ਼ਾਰ ਸ਼ਰਧਾਲੂ ਹਰ ਰੋਜ਼ ਆਉਂਦੇ ਹਨ ਅਤੇ ਉਨ੍ਹਾਂ ਵਿਚੋਂ ਬਹੁਤੇ ਫੁੱਲ ਭੇਟ ਕਰਦੇ ਹਨ। ਜਿਨ੍ਹਾਂ ਤੋਂ ਹਰ ਰੋਜ਼ 200 ਕਿਲੋਗ੍ਰਾਮ ਫੁੱਲਾਂ ਦੀ ਰਹਿੰਦ-ਖੂੰਹਦ ਦੀ ਮੰਦਰ ਵਲੋਂ ਖਾਦ ਬਣਾਈ ਜਾਂਦੀ ਹੈ। ਮੰਗਲਵਾਰ ਅਤੇ ਐਤਵਾਰ ਇਹ ਮਾਤਰਾ 500 ਕਿਲੋ ਤੱਕ ਪੁੱਜ ਜਾਂਦੀ ਹੈ। ਨਵਰਾਤਰਿਆਂ ਦੇ ਦਿਨਾਂ ਵਿਚ ਇਹ ਮਾਤਰਾ ਰੋਜ਼ਾਨਾ ਇਕ ਟਨ ਤਕ ਪੁੱਜ ਜਾਂਦੀ ਹੈ। ਪਿਛਲੇ ਸਾਲ ਤੋਂ ਮੰਦਰ ਇਸ ਰਹਿੰਦ-ਖੂੰਹਦ ਦੀ ਖਾਦ ਬਣਾ ਰਿਹਾ ਹੈ ਤਾਂ ਜੋ ਇਹ ਦਰਿਆ ਕਿਨਾਰੇ ਢੇਰ ਦੀ ਸ਼ਕਲ ਵਿਚ ਗੰਦਗੀ ਨਾ ਫੈਲਾਏ।
ਸੁਰਿੰਦਰ ਕੁਮਾਰ ਜੋ ਪਿਛਲੇ 24 ਸਾਲ ਤੋਂ ਮੰਦਿਰ ਵਿਚ ਕੰਮ ਕਰ ਰਿਹਾ ਹੈ, ਪਿਛਲੇ ਸਾਲ ਲਗਾਈ ਗਈ ਮਸ਼ੀਨ ਨੂੰ ਚਲਾਉਣਾ ਜਾਣਦਾ ਹੈ। ਉਸ ਨੇ ਦੱਸਿਆ ਮੈਂ ਮਸ਼ੀਨ ਦੇ ਵਿਚ ਲੱਕੜੀ ਦਾ ਬੂਰਾ, ਬੈਕਟੀਰੀਆ ਅਤੇ ਫੁੱਲਾਂ ਨੂੰ ਪਾਉਂਦਾ ਹਾਂ ਅਤੇ ਖਾਦ ਬਣਾਉਂਦਾ ਹਾਂ। ਉਸ ਨੇ ਦੱਸਿਆ, 'ਉਹ ਮਹੀਨੇ ਵਿਚ 15 ਦਿਨ ਮਸ਼ੀਨ ਚਲਾਉਂਦਾ ਹੈ ਅਤੇ ਹਰ ਰੋਜ਼ 30 ਕਿਲੋ ਖਾਦ ਬਣਾਉਂਦਾ ਹੈ। ਇਸ ਦੀ ਹਰਿਆਣਾ ਦੇ ਕਿਸਾਨਾਂ, ਸਥਾਨਕ ਸਕੂਲਾਂ ਅਤੇ ਮੰਡੋਲੀ ਦੇ ਮੰਦਿਰ ਵਿਚ ਕਾਫ਼ੀ ਮੰਗ ਹੈ।
ਪੂਰੇ ਭਾਰਤ ਵਿਚ ਧਾਰਮਿਕ ਅਸਥਾਨਾਂ 'ਤੇ ਫੁੱਲਾਂ ਦੀ ਰਹਿੰਦ-ਖੂੰਹਦ ਨੂੰ ਮੁੜ ਵਰਤਣ ਦੇ ਤਰੀਕੇ ਸੋਚੇ ਜਾਂਦੇ ਹਨ ਅਤੇ ਇਸ ਕੰਮ ਵਿਚ ਲੱਗੀਆਂ ਕੰਪਨੀਆਂ ਤਕਨੀਕ ਜਾਂ ਹੋਰ ਹਰ ਤਰੀਕੇ ਨਾਲ ਮਦਦ ਕਰ ਰਹੀਆਂ ਹਨ। ਦਿੱਲੀ ਦੇ ਅੱਠ ਧਾਰਮਿਕ ਸਥਾਨਾਂ 'ਤੇ ਫੁੱਲਾਂ ਦੀ ਰਹਿੰਦ-ਖੂੰਹਦ ਨੂੰ ਖਾਦ ਵਿਚ ਬਦਲਣ ਲਈ ਮਸ਼ੀਨਾਂ ਲਗਾਈਆਂ ਗਈਆਂ ਹਨ। ਦਿੱਲੀ ਆਧਾਰਿਤ ਮਕਾਨ ਉਸਾਰੀ ਕਰਨ ਵਾਲੀ ਕੰਪਨੀ ਐਜਲੀਕ ਫਾਊਂਡੇਸ਼ਨ ਅਤੇ ਲੋਕ ਸਭਾ ਮੈਂਬਰ ਮੀਨਾਕਸ਼ੀ ਲੇਖੀ ਨੇ ਆਪਣੀ ਸਮਾਜਿਕ ਜ਼ਿੰਮੇਵਾਰੀ ਸਮਝਦਿਆਂ ਇਸ ਪ੍ਰਤੀ ਉਤਸ਼ਾਹ ਦਿਖਾਇਆ ਹੈ। ਭਾਰਤ ਦੇ ਬਹੁਤ ਸਾਰੇ ਪੂਜਾ ਦੇ ਸਥਾਨ ਹਰ ਰੋਜ਼ 20 ਲੱਖ ਟਨ ਤਕ ਫੁੱਲਾਂ ਦੀ ਰਹਿੰਦ-ਖੂੰਹਦ ਤੋਂ ਖਾਦ ਬਣਾ ਰਹੇ ਹਨ। ਪਰ ਅਜੇ ਵੀ ਬਹੁਤ ਸਾਰੇ ਧਾਰਮਿਕ ਸਥਾਨਾਂ 'ਤੇ ਬਹੁਤ ਸਾਰੇ ਫੁੱਲ ਟੋਇਆਂ ਵਿਚ ਸੁੱਟ ਦਿੱਤੇ ਜਾਂਦੇ ਹਨ। ਉਨ੍ਹਾਂ ਖਾਦ ਨਹੀਂ ਬਣਾਈ ਜਾਂਦੀ, ਕਿਉਂਕਿ ਇਨ੍ਹਾਂ ਨੂੰ ਦੂਸਰੇ ਗ਼ੈਰ ਕੁਦਰਤੀ ਕਚਰੇ ਨਾਲ ਮਿਲਾ ਦਿੱਤਾ ਜਾਂਦਾ ਹੈ।
ਅੰਕਿਤ ਅਗਰਵਾਲ ਅਤੇ ਕਰਨ ਰਸਤੋਗੀ ਕਾਨਪੁਰ ਵਿਚ 49 ਮੰਦਰਾਂ ਅਤੇ ਉਨ੍ਹਾਂ ਦੇ ਨਾਲ ਲਗਦੇ ਇਲਾਕਿਆਂ ਵਿਚੋਂ ਫੁੱਲ ਇਕੱਠੇ ਕਰਦੇ ਹਨ। ਜਿਸ ਤੋਂ ਉਹ ਹੱਥਾਂ ਨਾਲ ਬਣਾਈ ਅਗਰਬੱਤੀ ਤਿਆਰ ਕਰਦੇ ਹਨ। ਉਨ੍ਹਾਂ ਨੇ 2015 ਵਿਚ ਹੈਲਪ ਅੱਸ ਗਰੀਨ ਨਾਂਅ ਦੀ ਕੰਪਨੀ ਦੀ ਸਥਾਪਨਾ ਕੀਤੀ। ਉਹ ਕੰਪਨੀ ਸਥਾਨਕ ਲੋਕਾਂ ਨੂੰ ਨੌਕਰੀ 'ਤੇ ਰੱਖ ਕੇ ਗੰਗਾ ਪੁੱਜਣ ਵਾਲੀ 4.2 ਟਨ ਫੁੱਲਾਂ ਦੀ ਰਹਿੰਦ-ਖੂੰਹਦ ਹਰ ਰੋਜ਼ ਇਕੱਠੀ ਕਰਦੀ ਹੈ ਅਤੇ ਇਨ੍ਹਾਂ ਤੋਂ ਅਗਰਬੱਤੀਆਂ ਤਿਆਰ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਤਿਆਰ ਕਰਨ ਲਈ 73 ਔਰਤਾਂ ਰੱਖੀਆਂ ਹੋਈਆਂ ਹਨ।
ਸ੍ਰੀ ਰਸਤੋਗੀ ਨੇ ਦੱਸਿਆ ਕਿ ਇਸ ਦੀ ਪੈਕਿੰਗ ਵੀ ਧਾਰਮਿਕ ਦਿਖ ਵਾਲੀ ਅਜਿਹੀ ਹੈ ਜਿਸ ਨੂੰ ਲੋਕ ਆਸਾਨੀ ਨਾਲ ਸੁੱਟ ਨਹੀਂ ਸਕਦੇ। ਇਸ ਵਿਚ ਤੁਲਸੀ ਦੇ ਬੀਜ ਰੱਖੇ ਹੁੰਦੇ ਹਨ, ਜਿਨ੍ਹਾਂ ਨੂੰ ਤੁਸੀਂ ਬੀਜ ਸਕਦੇ ਹੋ।
ਮੁੰਬਈ ਵਿਚ ਨਿਖਿਲ ਅਤੇ ਪ੍ਰੀਤਮ ਗੰਪਾ ਨੇ 'ਗ੍ਰੀਨ ਵੇਵ' ਨਾਂਅ ਦੀ ਇਕ ਸਮਾਜਿਕ ਕੰਪਨੀ ਬਣਾਈ ਹੈ। ਇਨ੍ਹਾਂ ਦੀ ਮੁੰਬਈ, ਲਖਨਊ ਅਤੇ ਹੈਦਰਾਬਾਦ ਦੇ 15 ਮੰਦਰਾਂ ਨਾਲ ਹਿੱਸੇਦਾਰੀ ਹੈ ਅਤੇ ਇਹ ਹਰ ਰੋਜ਼ 300 ਕਿਲੋ ਫੁੱਲਾਂ ਦੀ ਰਹਿੰਦ-ਖੂੰਹਦ ਇਕੱਠੀ ਕਰਦੇ ਹਨ। 'ਇਹ ਵਿਚਾਰ ਉਸ ਵੇਲੇ ਮੇਰੇ ਮਨ ਵਿਚ ਆਇਆ ਜਦੋਂ ਮੈਂ ਮੱਧ ਪ੍ਰਦੇਸ਼ ਦੇ ਇਕ ਦੂਰ ਦੇ ਇਲਾਕੇ ਵਿਚ ਕੰਮ ਕਰਦਾ ਸੀ। ਅਸੀਂ ਮੰਦਰ ਵਿਚ ਰਹਿੰਦੇ ਸੀ, ਕਿਉਂਕਿ ਪਿੰਡ ਵਿਚ ਇਕੋ-ਇਕ ਇਹ ਅਜਿਹੀ ਥਾਂ ਸੀ ਜਿਥੇ ਬਿਜਲੀ ਸੀ। ਮੈਨੂੰ ਮਲੇਰੀਆ ਹੋ ਗਿਆ, ਮੈਨੂੰ ਸਥਾਨਕ ਤਲਾਬ ਵਿਚ ਫੁੱਲਾਂ ਦੀ ਰਹਿੰਦ-ਖੂੰਹਦ ਮਹਿਸੂਸ ਹੋਈ, ਜਦੋਂ ਅਸੀਂ ਉਥੇ ਨਹਾ ਰਹੇ ਸੀ। ਬਾਇਓ ਤਕਨੀਕ ਬਾਰੇ ਜਾਣਕਾਰੀ ਹੋਣ ਕਰਕੇ ਮੈਂ ਇਸ ਸਮੱਸਿਆ ਲਈ ਕੁਝ ਕਰਨਾ ਚਾਹੁੰਦਾ ਸਾਂ। ਅਜਿਹਾ 27 ਸਾਲਾ ਨਿਖਿਲ ਨੇ ਦੱਸਿਆ।
'ਗ੍ਰੀਨ ਵੇਵ' ਨੇ 40-50 ਔਰਤਾਂ ਨੂੰ ਕੰਮ 'ਤੇ ਰੱਖਿਆ ਹੈ। ਇਕ ਕਿਲੋ ਫੁੱਲਾਂ ਦੀ ਰਹਿੰਦ-ਖੂੰਹਦ ਤੋਂ 800 ਤੋਂ 1000 ਅਗਰਬੱਤੀਆਂ ਬਣ ਜਾਂਦੀਆਂ ਹਨ।
ਬਹੁਤ ਸਾਰੇ ਮੰਦਰ ਜੋ ਹੁਣ 'ਗ੍ਰੀਨ ਵੇਵ' ਕੰਪਨੀ ਦੇ ਹਿੱਸੇਦਾਰ ਹਨ, ਪਹਿਲਾਂ ਫੁੱਲਾਂ ਦੀ ਰਹਿੰਦ-ਖੂੰਹਦ ਨੂੰ ਨੇੜਲੇ ਤਲਾਬ ਜਾਂ ਪਲਾਸਟਿਕ ਦੇ ਥੈਲਿਆਂ ਵਿਚ ਭਰ ਕੇ ਰੁੱਖਾਂ ਹੇਠਾਂ ਰੱਖ ਦਿੰਦੇ ਸਨ। ਪਾਣੀ ਵਿਚ ਫੁੱਲਾਂ ਨੂੰ ਰੱਖਣਾ ਸਹੀ ਹਲ ਨਹੀਂ ਹੈ। ਫੁੱਲਾਂ ਦੀ ਰਹਿੰਦ-ਖੂੰਹਦ ਲਾਗਲੀਆਂ ਨਦੀਆਂ ਵਿਚੋਂ ਖਾਦ ਬਣਾਉਣ ਲਈ ਪਾਣੀ ਵਿਚ ਘੁਲੀ ਹੋਈ ਆਕਸੀਜਨ ਸੋਖ ਲੈਂਦੀ ਹੈ। ਇਹ ਪਾਣੀ ਵਿਚਲੇ ਜੀਵ-ਜੰਤੂਆਂ ਦੀ ਜ਼ਿੰਦਗੀ ਲਈ ਆਕਸੀਜਨ ਦੀ ਕਮੀ ਪੈਦਾ ਕਰਦਾ ਹੈ। ਅਜਿਹਾ ਪੀ. ਐਚ. ਡੀ. ਦੀ ਵਿਦਿਆਰਥਣ ਅਤੇ ਰਸਾਇਣ ਇੰਜੀਨੀਅਰ ਪਰੀਮਾਲਾ ਸ਼ਿਵ ਪ੍ਰਸ਼ਾਦ ਨੇ ਕਿਹਾ। ਉਸ ਨੇ ਇਨ੍ਹਾਂ ਵਰਤੇ ਜਾ ਚੁੱਕੇ ਫੁੱਲਾਂ ਤੋਂ ਤੇਲ ਕੱਢਣ ਦਾ ਤਰੀਕਾ ਲੱਭਿਆ। ਉਸ ਨੇ ਦੱਸਿਆ ਕਿ ਮੈਂ ਸਧਾਰਨ ਤਰੀਕੇ ਨਾਲ ਹਰ ਰੋਜ਼ ਦੋ ਕਿਲੋ ਫੁੱਲਾਂ ਵਿਚੋਂ ਆਪਣੀ ਲੈਬਾਰਟਰੀ ਵਿਚ ਤੇਲ ਕੱਢਦੀ ਹਾਂ। ਬਾਕੀ ਬਚਦੀ ਰਹਿੰਦ-ਖੂੰਹਦ ਖਾਦ ਵਜੋਂ ਵਰਤੀ ਜਾਂਦੀ ਹੈ। ਉਸ ਨੇ ਦੱਸਿਆ ਕਿ ਅਗਲੇ ਸਾਲ ਉਹ ਬੰਗਲੁਰੂ ਦੇ ਮੰਦਰ ਵਿਚ ਇਸ ਲਈ ਇਕ ਵੱਡਾ ਪਲਾਂਟ ਲਗਾ ਰਹੀ ਹੈ।
ਫੁੱਲਾਂ ਦੀ ਰਹਿੰਦ-ਖੂੰਹਦ ਤੋਂ ਖਾਦ ਬਣਾਉਣਾ ਵਧੇਰੇ ਮਹਿੰਗਾ ਹੈ। ਝੰਡੇਵਾਲਾ ਮੰਦਰ ਇਸ ਮਸ਼ੀਨ ਨੂੰ ਚਲਾਉਣ ਲਈ ਵਾਧੂ 500 ਰੁਪਏ ਪ੍ਰਤੀ ਮਹੀਨਾ ਹੀ ਖਰਚ ਰਿਹਾ ਹੈ ਜਦੋਂ ਕਿ ਸਥਾਨਕ ਢੇਰ ਤੱਕ ਰਹਿੰਦ-ਖੂੰਹਦ ਲਿਜਾਣ ਲਈ 3000 ਰੁਪਏ ਤਕ ਖਰਚ ਆਉਂਦਾ ਸੀ। ਉਸੇ ਸਥਾਨ 'ਤੇ ਖਾਦ ਬਣਾਉਣ ਲਈ ਮਿਊਂਸੀਪਲ ਕਾਰਪੋਰੇਸ਼ਨ ਅਤੇ ਟੈਕਸ ਦੇਣ ਵਾਲਿਆਂ ਤੇ ਟੋਇਆਂ ਵਿਚ ਸੁੱਟਣ ਦੀ ਢੋਆ-ਢੁਆਈ ਦੇ ਖਰਚ ਦੀ ਵੀ ਬਚਤ ਹੋ ਰਹੀ ਹੈ। ਅਜਿਹਾ ਐਂਜਲੀਕਿਉ ਫਾਊਂਡੇਸ਼ਨ ਦੇ ਸੀ. ਐਸ. ਆਰ. ਜੈਸ਼੍ਰੀ ਗੋਇਲ ਦਾ ਕਹਿਣਾ ਹੈ।
ਉਸ ਨੇ ਦੱਸਿਆ ਫੁੱਲ ਮਿੱਟੀ ਵਿਚ ਪੈਦਾ ਹੁੰਦੇ ਹਨ ਅਤੇ ਖਾਦ ਬਣ ਕੇ ਵਾਪਸ ਮਿੱਟੀ ਵਿਚ ਚਲੇ ਜਾਂਦੇ ਹਨ, 'ਗੋਇਲ ਨੇ ਇਹ ਵੀ ਕਿਹਾ ਕਿ ਇਹੀ ਸਾਰੀਆਂ ਧਾਰਮਿਕ ਥਾਵਾਂ-ਜ਼ਿੰਦਗੀ ਦੇ ਚੱਕਰ ਬਾਰੇ ਸਾਨੂੰ ਯਾਦ ਕਰਵਾਉਂਦੀਆਂ ਹਨ।' (ਦ ਟਾਈਮਜ਼ ਆਫ਼ ਇੰਡੀਆ 'ਚੋਂ ਧੰਨਵਾਦ ਸਹਿਤ)

ਗੁਰਦੁਆਰਾ ਸ੍ਰੀ ਨਾਨਕਮਤਾ ਸਾਹਿਬ (ਉੱਤਰਾਖੰਡ)

ਗੁਰਦੁਆਰਾ ਰੀਠਾ ਸਾਹਿਬ ਜਾਣ ਲਈ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਾਰਮਿਕ ਅਸਥਾਨ ਗੁਰਦੁਆਰਾ ਨਾਨਕਮਤਾ ਸਾਹਿਬ, ਜ਼ਿਲ੍ਹਾ ਊਧਮ ਸਿੰਘ ਨਗਰ (ਉੱਤਰਾਖੰਡ) ਸ਼ਰਧਾਲੂਆਂ ਲਈ ਵਿਸ਼ੇਸ਼ ਸ਼ਰਧਾ ਵਾਲਾ ਧਾਰਮਿਕ ਅਸਥਾਨ ਹੈ। ਇਹ ਅਸਥਾਨ ਗੁਰਦੁਆਰਾ ਰੀਠਾ ਸਾਹਿਬ ਤੋਂ 270 ਕਿਲੋਮੀਟਰ ਪਹਿਲਾਂ ਆਉਂਦਾ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀ ਤੀਜੀ ਉਦਾਸੀ ਸਮੇਂ 1565 ਬਿਕਰਮੀ ਮੁਤਾਬਿਕ 1508 ਈ: ਨੂੰ ਇਸ ਪਵਿੱਤਰ ਅਸਥਾਨ 'ਤੇ ਪਹੁੰਚੇ ਸਨ। ਇਹ ਅਸਥਾਨ ਪਹਿਲਾਂ ਗੋਰਖਮਤਾ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਜੋ ਕਿ ਸਿੱਧਾਂ-ਜੋਗੀਆਂ ਦਾ ਉਸ ਸਮੇਂ ਦਾ ਸਿਖਲਾਈ ਕੇਂਦਰ ਸੀ। ਜੋਗੀ ਲੋਕ ਸਿਆਲ ਦੀ ਰੁੱਤ ਵਿਚ ਪਹਾੜਾਂ ਤੋਂ ਥੱਲੇ ਜੰਗਲ ਵਿਚ ਇਸ ਜਗ੍ਹਾ 'ਤੇ ਆ ਕੇ ਯੋਗ ਸਾਧਨਾ ਕਰਿਆ ਕਰਦੇ ਸਨ। ਇਨ੍ਹਾਂ ਦੇ ਭਰਮ-ਪਾਖੰਡਾਂ ਅਤੇ ਕੁਰਾਹੇ ਪਾਉਣ ਵਾਲੀਆਂ ਚਾਲਾਂ ਤੋਂ ਦੂਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਜੀਵਾਂ ਦਾ ਉਧਾਰ ਕਰਦੇ ਹੋਏ ਇਸ ਅਸਥਾਨ 'ਤੇ ਪਹੁੰਚੇ ਸਨ। ਗੁਰੂ ਜੀ ਦੇ ਇਸ ਧਾਰਮਿਕ ਅਸਥਾਨ ਦੇ ਇਕ ਕਿਲੋਮੀਟਰ ਦੇ ਘੇਰੇ ਅੰਦਰ ਗੁਰੂ ਜੀ ਨਾਲ ਸਬੰਧਤ ਕਈ ਦੇਖਣਯੋਗ ਥਾਵਾਂ ਹਨ। ਇਹ ਭਾਰਤ ਦੇ ਸੂਬੇ ਉੱਤਰਾਖੰਡ ਵਿਚ ਸਥਿਤ ਹਨ।
ਸੁੱਕਾ ਪਿੱਪਲ : ਗੁਰੂ ਸਾਹਿਬ ਨੇ ਇਥੇ ਖੜ੍ਹੇ ਇਕ ਸੁੱਕੇ ਪਿੱਪਲ ਦੇ ਹੇਠ ਆਪਣਾ ਆਸਣ ਲਾਇਆ ਅਤੇ ਸਿੱਧ ਜੋਗੀ ਚਰਚਾ ਵਾਸਤੇ ਆਣ ਜੁੜੇ।
ਸਿੱਧਾਂ ਦਾ ਤਿਲ ਭੇਟਾ ਕਰਨਾ : ਸਿੱਧਾਂ ਨੇ ਗੁਰੂ ਸਾਹਿਬ ਅੱਗੇ ਇਕ ਤਿਲ ਰੱਖ ਕੇ ਮੱਥਾ ਟੇਕਿਆ ਅਤੇ ਕਿਹਾ ਕਿ ਗੁਰੂ ਜੀ ਇਸ ਨੂੰ ਸਾਰਿਆਂ ਵਿਚ ਵੰਡ ਦੇਵੋ। ਗੁਰੂ ਜੀ ਨੇ ਗੰਗਾ ਵਿਚੋਂ ਪਾਣੀ ਦਾ ਕਮੰਡਲ ਭਰ ਲਿਆ ਅਤੇ ਤਿਲ ਘੋਟ ਕੇ ਪਿਲਾ ਦਿੱਤਾ, ਜਿਸ ਦਾ 'ਸੂਰਜ ਪ੍ਰਕਾਸ਼' ਵਿਚ ਜ਼ਿਕਰ ਹੈ-
'ਤੇਤੇ ਜਲ ਪਾਤਰ ਭਰਲੀਨਾ।
ਤਿਲ ਕੇ ਘੋਟ ਮਿਲਾਵਨ ਕੀਨਾ।'
ਮਰਦਾਨੇ ਤੋਂ ਸਿੱਧਾਂ ਧੂਣੀ ਖੋਹਣੀ : ਗੁਰੂ ਜੀ ਦਾ ਹੁਕਮ ਪਾ ਕੇ ਮਰਦਾਨਾ ਧੂਣੀ ਵਾਸਤੇ ਲੱਕੜਾਂ ਲੈਣ ਜੰਗਲ ਵਿਚ ਗਿਆ। ਸਿੱਧ ਮਰਦਾਨੇ ਨੂੰ ਜੰਗਲ ਵੱਲ ਜਾਂਦਾ ਦੇਖ ਕੇ ਉਸ ਦੇ ਪਿੱਛੇ ਉੱਠ ਤੁਰੇ ਅਤੇ ਭਾਈ ਮਰਦਾਨੇ ਨੂੰ ਕਹਿਣ ਲੱਗੇ, 'ਇਹ ਜੰਗਲ ਸਾਡਾ ਹੈ, ਜੇ ਤੁਸੀਂ ਗੋਰਖ ਨਾਥ ਦੇ ਚੇਲੇ ਬਣ ਜਾਵੋ ਤਾਂ ਇਸ ਜੰਗਲ ਵਿਚੋਂ ਲੱਕੜਾਂ ਲੈ ਸਕਦੇ ਹੋ। ਉਨ੍ਹਾਂ ਮਰਦਾਨੇ ਕੋਲੋਂ ਲੱਕੜਾਂ ਖੋਹ ਲਈਆਂ। ਮਰਦਾਨਾ ਗੁਰੂ ਜੀ ਪਾਸ ਖਾਲੀ ਹੱਥ ਆ ਗਿਆ। ਗੁਰੂ ਜੀ ਨੇ ਪੁੱਛਿਆ ਕਿ ਲੱਕੜਾਂ ਕਿਉਂ ਨਹੀਂ ਲਿਆਇਆ? ਮਰਦਾਨੇ ਨੇ ਕਿਹਾ, 'ਗੁਰੂ ਜੀ ਸਿੱਧ ਬੜੇ ਹੰਕਾਰੀ ਹਨ। ਮੇਰੇ ਤੋਂ ਇਨ੍ਹਾਂ ਨੇ ਲੱਕੜਾਂ ਖੋਹ ਲਈਆਂ ਹਨ।' ਸਤਿਗੁਰਾਂ ਕਿਹਾ, 'ਮਰਦਾਨਿਆ! ਕਰਤਾਰ ਦਾ ਨਾਮ ਜਪ...।' ਭਾਈ ਵੀਰ ਸਿੰਘ ਨੇ 'ਨਾਨਕ ਚਮਤਕਾਰ' ਵਿਚ ਲਿਖਿਆ ਹੈ-
ਇਕ ਗੋਹਾਂ ਮਾਰਨ ਵਾਲਾ ਸ਼ਿਕਾਰੀ ਲੱਕੜਾਂ ਦੀ ਪੰਡ ਲੈ ਕੇ ਗੁਰੂ ਜੀ ਪਾਸ ਨਮਸਕਾਰ ਕਰਕੇ ਬੈਠ ਗਿਆ। ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ, ਸਰਦੀ ਦਾ ਮੌਸਮ ਹੈ, ਆਪ ਜੀ ਪਾਸ ਠੰਢ ਨੂੰ ਰੋਕਣ ਲਈ ਕੋਈ ਸਾਧਨ ਨਹੀਂ, ਉਹ ਅੱਗ ਬਾਲ ਕੇ ਲੱਕੜਾਂ ਦੀ ਧੂਣੀ ਲਗਾ ਕੇ ਚਲਾ ਗਿਆ। ਮਰਦਾਨਾ ਕਹਿਣ ਲੱਗਾ, ਗੁਰੂ ਜੀ ਇਸ ਨੇ ਸਾਡੇ ਨਾਲ ਬੜਾ ਪ੍ਰੇਮ ਕੀਤਾ ਹੈ, ਸਤਿਗੁਰੂ ਕਹਿਣ ਲੱਗੇ ਇਸ ਦੇ ਚੰਗੇ ਭਾਗ ਹਨ...। ਸਿੱਧ ਅੱਗ ਬਲਦੀ ਦੇਖ ਕੇ ਹੋਰ ਵੀ ਈਰਖਾ ਵਿਚ ਆ ਗਏ, ਪਰ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਸਮਝਾ ਕੇ ਸ਼ਾਂਤ ਕੀਤਾ।
ਗੁਰਦੁਆਰਾ ਭੰਡਾਰਾ ਸਾਹਿਬ : ਇਹ ਇਤਿਹਾਸਕ ਅਸਥਾਨ ਗੁਰਦੁਆਰਾ ਸਾਹਿਬ ਦੀ ਚਾਰਦੀਵਾਰੀ ਦੇ ਨਾਲ ਪੱਛਮ ਵਾਲੇ ਪਾਸੇ ਹੈ। ਸਿੱਧਾਂ ਨੇ ਗੁਰੂ ਜੀ ਪਾਸੋਂ ਛੱਤੀ ਪ੍ਰਕਾਰ ਦੇ ਭੋਜਨ ਛਕਣ ਦੀ ਮੰਗ ਕੀਤੀ। ਗੁਰੂ ਜੀ ਇਕ ਬੋਹੜ ਦੇ ਹੇਠਾਂ ਬੈਠੇ ਸਨ। ਉਨ੍ਹਾਂ ਮਰਦਾਨੇ ਨੂੰ ਸਿੱਧਾਂ ਨੂੰ ਭੋਜਨ ਛਕਾਉਣ ਲਈ ਕਿਹਾ। ਮਰਦਾਨੇ ਨੇ ਗੁਰੂ ਜੀ ਦੇ ਕਹਿਣ ਅਨੁਸਾਰ ਛੱਤੀ ਤਰ੍ਹਾਂ ਦੇ ਪਦਾਰਥ ਸਿੱਧਾਂ ਨੂੰ ਖੁਆਏ। ਇਥੇ ਹੁਣ ਗੁਰਦੁਆਰਾ ਭੰਡਾਰੀ ਬੋਹੜ (ਭੰਡਾਰਾ ਸਾਹਿਬ) ਸਥਿਤ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਸੰਤੋਖਗੜ੍ਹ (ਨਜ਼ਦੀਕ ਨੰਗਲ ਡੈਮ)। ਮੋਬਾ: 98167-69794

ਪੰਜਾਬੀ ਦਸਤਿਆਂ ਨੇ ਆਪਣੇ ਤੋਂ ਵੱਡੀ ਅੰਗਰੇਜ਼ ਫ਼ੌਜ ਦਾ ਡਟ ਕੇ ਟਾਕਰਾ ਕੀਤਾ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਆਪਣੀਆਂ ਫੌਜਾਂ ਨਾਲ ਸਤਲੁਜ ਤੋਂ ਪਾਰ ਜਾ ਕੇ ਪਹਿਲਾ ਕੰਮ ਜੋ ਰਾਜਾ ਲਾਲ ਸਿੰਘ ਨੇ ਕੀਤਾ, ਉਹ ਫਿਰੋਜ਼ਪੁਰ ਵਿਚ ਕੈਪਟਨ ਨਿਕਲਸਨ ਨੂੰ ਖ਼ਤ ਭੇਜਣਾ ਸੀ ਕਿ, 'ਮੈਂ ਸਿੱਖ ਫੌਜ ਨਾਲ ਸਤਲੁਜ ਪਾਰ ਕਰ ਆਇਆ ਹਾਂ, ਤੁਹਾਨੂੰ ਮੇਰੀ ਅੰਗਰੇਜ਼ਾਂ ਨਾਲ ਦੋਸਤੀ ਦਾ ਪਤਾ ਹੀ ਹੈ, ਇਸ ਵਾਸਤੇ ਦੱਸੋ ਕਿ ਮੈਂ ਕੀ ਕਰਾਂ?'
ਉਸ ਨੇ ਜਵਾਬ ਭੇਜਿਆ, 'ਫਿਰੋਜ਼ਪੁਰ 'ਤੇ ਹਮਲਾ ਨਾ ਕਰੋ, ਜਿੰਨੇ ਦਿਨ ਰੁਕ ਸਕਦੇ ਹੋ ਰੁਕੋ ਤੇ ਫਿਰ ਗਵਰਨਰ ਜਨਰਲ ਵੱਲ ਅੱਗੇ ਵਧੋ।'
ਲਾਲ ਸਿੰਘ ਨੇ ਨਿਕਲਸਨ ਦਾ ਕਿਹਾ ਮੰਨਿਆ। ਉਸ ਨੇ ਕੁਝ ਦਸਤੇ ਤੇਜ ਸਿੰਘ ਨੂੰ ਦੇ ਕੇ ਫਿਰੋਜ਼ਪੁਰ ਵੱਲ ਭੇਜ ਦਿੱਤਾ ਤੇ ਖੁਦ ਮੁੱਖ ਫੌਜ ਲੈ ਕੇ ਦਰਿਆ ਦੇ ਉੱਪਰ ਵੱਲ ਨੂੰ ਚੱਲ ਪਿਆ। ਥੋੜ੍ਹੀ ਦੂਰ ਜਾ ਕੇ ਪਿੰਡ ਫੇਰੂ ਸ਼ਾਹ, ਜਿਸ ਦਾ ਨਾਂਅ ਹੁਣ ਫਿਰੋਜ਼ਸ਼ਾਹ ਹੈ, ਦੇ ਕੋਲ ਪਹੁੰਚ ਕੇ ਘੋੜੇ ਦੇ ਸੁੰਮ ਵਰਗੀ ਫਾਰਮੇਸ਼ਨ ਬਣਾ ਲਈ। ਇਥੇ ਪਿੱਛੇ ਸਤਲੁਜ ਦਰਿਆ ਸੀ ਤੇ ਪੀਣ ਵਾਲੇ ਚੰਗੇ ਪਾਣੀ ਦੇ ਸੱਤ ਖੂਹ ਸਨ। ਫਿਰ ਜਿਸ ਤਰ੍ਹਾਂ ਨਿਕਲਸਨ ਨੇ ਦੱਸਿਆ ਸੀ ਤੇ ਇਕ ਫੌਜ ਨੂੰ ਅਲੱਗ ਕਰਕੇ ਅੰਗਰੇਜ਼ਾਂ ਦੀ ਮੁੱਖ ਫੌਜ ਵੱਲ ਵਧ ਗਿਆ, ਜਿਸ ਦੀ ਕਮਾਨ ਲਾਰਡ ਗੱਫ ਤੇ ਗਵਰਨਰ ਜਨਰਲ ਹਾਰਡਿੰਗ ਕਰ ਰਹੇ ਸਨ।
ਮੁਦਕੀ ਦੀ ਲੜਾਈ : 18 ਦਸੰਬਰ, 1845
ਜਿਹੜੀ ਫੌਜ ਲਾਲ ਸਿੰਘ ਲੈ ਕੇ ਗਿਆ ਸੀ, ਉਹ ਅੰਗਰੇਜ਼ੀ ਫੌਜ ਨਾਲੋਂ ਕਾਫੀ ਛੋਟੀ ਸੀ। ਕੈਪਟਨ ਨਿਕਲਸਨ ਦੇ ਮੁਤਾਬਿਕ ਇਹ 3,500 ਤੋਂ ਵੱਧ ਨਹੀਂ ਸੀ। ਕੈਪਟਨ ਕਨਿੰਘਮ ਦੇ ਮੁਤਾਬਿਕ ਇਹ 12,000 ਆਦਮੀ ਸਨ ਤੇ 22 ਤੋਪਾਂ। ਆਪਣੀ ਤਾਕਤ ਕੋਈ ਵੀ ਹੋਵੇ, ਪੰਜਾਬੀ ਗਫ਼ ਦੀ ਆਰਮੀ ਦੀ ਵੱਡੀ ਗਿਣਤੀ ਦੇਖ ਕੇ ਹੈਰਾਨ ਹੋ ਗਏ ਸਨ। ਲਾਲ ਸਿੰਘ ਤੋਂ ਬਿਨਾਂ ਕਿਸੇ ਨੂੰ ਨਹੀਂ ਸੀ ਪਤਾ ਕਿ ਦੁਸ਼ਮਣ ਦੀ ਫੌਜ ਨਾਲ ਦੋ ਦਿਨ ਦੇ ਅੰਦਰ ਹੀ ਟਾਕਰਾ ਹੋ ਜਾਵੇਗਾ। ਜਦੋਂ ਅਚਾਨਕ ਹੀ 18 ਦਸੰਬਰ ਨੂੰ ਬਾਅਦ ਦੁਪਹਿਰ ਉਨ੍ਹਾਂ ਅੰਗਰੇਜ਼ੀ ਫੌਜਾਂ ਨੂੰ ਮੁਦਕੀ ਪਿੰਡ ਦੇ ਨਜ਼ਦੀਕ ਦੇਖਿਆ ਤਾਂ ਬਜਾਏ ਆਪਣੀਆਂ ਫੌਜਾਂ ਨੂੰ ਜ਼ਰਾ ਪਾਸੇ ਜਾਂ ਪਿੱਛੇ ਹਟਾ ਕੇ ਮਿੱਟੀ ਦੇ ਵੱਡੇ ਢੇਰਾਂ ਵਾਲੇ ਮੋਰਚੇ ਲੱਭੇ ਜਾਂਦੇ, ਲਾਲ ਸਿੰਘ ਨੇ ਆਪਣੀ ਫੌਜ ਨੂੰ ਤੁਰੰਤ ਪੁਜ਼ੀਸ਼ਨਾਂ ਲੈਣ ਵਾਸਤੇ ਕਿਹਾ। ਉਹ ਕਰੀਬ-ਕਰੀਬ ਰੜਾ ਮੈਦਾਨ ਸੀ ਤੇ ਬਸ ਮਾਮੂਲੀ ਜਿਹੀਆਂ ਰੇਤਲੀ ਮਿੱਟੀ ਦੀਆਂ ਢੇਰੀਆਂ ਤੇ ਕੁਝ ਕੁ ਝਾੜੀਆਂ ਸਨ। ਕੁਝ ਪੰਜਾਬੀ ਨਿਸ਼ਾਨਚੀ ਬੰਦੂਕਾਂ ਲੈ ਕੇ ਨਜ਼ਦੀਕ ਦੇ ਰੁੱਖਾਂ 'ਤੇ ਚੜ੍ਹ ਗਏ ਸਨ। ਇਸ ਤੋਂ ਬਾਅਦ ਦੁਸ਼ਮਣ ਦੇ ਰੇਂਜ ਵਿਚ ਆਉਣ ਤੋਂ ਪਹਿਲਾਂ ਹੀ ਲਾਲ ਸਿੰਘ ਨੇ ਫਾਇਰ ਕਰਨ ਦਾ ਹੁਕਮ ਦਿੱਤਾ, ਜਿਸ ਨਾਲ ਆਪਣੀਆਂ ਪੁਜ਼ੀਸ਼ਨਾਂ ਦਾ ਪਤਾ ਦੇ ਦਿੱਤਾ ਤੇ ਫਜ਼ੂਲ ਵਿਚ ਗੋਲੀ ਸਿੱਕੇ ਦੀ ਬਰਬਾਦੀ ਕੀਤੀ।
ਲਾਰਡ ਗੱਫ ਨੇ ਬੜੇ ਧੀਰਜ ਨਾਲ ਪੰਜਾਬੀ ਗੋਲੀਬਾਰੀ ਮੱਧਮ ਪੈਣ ਦਾ ਇੰਤਜ਼ਾਰ ਕੀਤਾ। ਫਿਰ ਉਸ ਨੇ ਆਪਣੀਆਂ ਬੰਦੂਕਾਂ ਦੇ ਮੋਰਚੇ ਮੱਲੇ ਤੇ ਉਧਰ ਨੂੰ ਸ਼ਿਸਤਾਂ ਕੀਤੀਆਂ, ਜਿਧਰੋਂ ਪੰਜਾਬੀ ਬੰਦੂਕਾਂ ਦੇ ਅੰਗਿਆਰੇ ਚਮਕ ਰਹੇ ਸਨ ਤੇ ਇਕ ਜ਼ੋਰਦਾਰ ਹਮਲੇ ਨਾਲ ਇਹ ਚਮਕਦੇ ਅੰਗਿਆਰੇ ਸ਼ਾਂਤ ਕਰ ਦਿੱਤੇ। ਸੂਰਜ ਛੁਪਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਅੰਗਰੇਜ਼ ਘੋੜਸਵਾਰਾਂ ਨੇ ਪੰਜਾਬੀ ਦਸਤਿਆਂ ਦੇ ਵੱਖੀ ਪਾਸਿਓਂ ਹਮਲਾ ਕੀਤਾ। ਲਾਲ ਸਿੰਘ ਇਕਦਮ ਆਪਣੇ ਬੰਦਿਆਂ ਨੂੰ ਛੱਡ ਕੇ ਆਪਣੇ ਕੈਂਪ ਫਿਰੋਜ਼ਸ਼ਾਹ ਵਿਚ ਚਲਾ ਗਿਆ ਪਰ ਪੰਜਾਬੀ ਪਿੱਛੇ ਨਹੀਂ ਹਟੇ। ਉਨ੍ਹਾਂ ਨੇ ਹੱਥੋ-ਹੱਥ ਦੀ ਲੜਾਈ ਲੜੀ। ਉਨ੍ਹਾਂ ਨੇ ਆਪਣੇ ਤੋਂ ਵੱਡੀ ਗਿਣਤੀ ਫੌਜ ਦਾ ਮੁਕਾਬਲਾ ਕੀਤਾ, ਜੋ ਯੂਰਪ ਦੇ ਤਜਰਬੇਕਾਰ ਕਮਾਂਡਰ ਗਫ਼ ਤੇ ਲਾਰਡ ਹਾਰਡਿੰਗ ਦੀ ਅਗਵਾਈ ਵਿਚ ਲੜ ਰਹੀ ਸੀ। ਇਹ ਲੜਾਈ ਅੱਧੀ ਰਾਤ ਤੱਕ ਚਲਦੀ ਰਹੀ ਤੇ ਇਸੇ ਵਾਸਤੇ ਇਸ ਜਗ੍ਹਾ ਨੂੰ 'ਅੱਧੀ ਰਾਤ ਦੀ ਮੁਦਕੀ' ਕਿਹਾ ਜਾਂਦਾ ਹੈ। ਫਿਰ ਬਿਨਾਂ ਅਗਵਾਈ ਦੇ ਪੰਜਾਬੀ, ਜਿਨ੍ਹਾਂ ਨੇ ਆਪਣੇ ਅੱਧੇ ਸਾਥੀ ਤੇ 15 ਤੋਪਾਂ ਗਵਾ ਲਈਆਂ ਸਨ, ਮੈਦਾਨ ਵਿਚੋਂ ਬਾਹਰ ਆ ਗਏ।
ਮੁਦਕੀ ਦੀ ਇਸ ਝੜਪ ਨੂੰ ਅਹਿਮ ਫੌਜੀ ਮਹੱਤਵ ਨਹੀਂ ਦਿੱਤਾ ਜਾ ਸਕਦਾ। ਅੰਗਰੇਜ਼ਾਂ ਵਾਸਤੇ ਵੀ ਇਹ ਮੁੱਠਭੇੜ ਅਣਸੁਖਾਵੀਂ ਹੈਰਾਨੀ ਵਾਲੀ ਸੀ। ਉਨ੍ਹਾਂ ਦੇ 872 ਆਦਮੀ ਮਾਰੇ ਗਏ ਤੇ ਜ਼ਖਮੀ ਹੋਏ ਸਨ। ਮਰਨ ਵਾਲਿਆਂ ਵਿਚ ਕੁਆਰਟਰ ਮਾਸਟਰ ਜਨਰਲ ਸਰ ਰੌਬਰਟ ਸੇਲ, ਸਰ ਜੌਹਨ ਮੈਕਗਾਸਕਲ ਤੇ ਬ੍ਰਿਗੇਡੀਅਰ ਬੁਲਟਨ ਸਨ। ਪੰਜਾਬੀ ਬੰਦੂਕਚੀਆਂ ਬਹੁਤ ਸਾਰੀਆਂ ਅੰਗਰੇਜ਼ੀ ਜ਼ਿੰਦਗੀਆਂ ਲਈਆਂ ਸਨ। ਅੰਗਰੇਜ਼ਾਂ ਨੇ ਮਹਿਸੂਸ ਕੀਤਾ ਕਿ ਉਹ ਇਹੋ ਜਿਹੇ ਪੱਕੇ ਇਰਾਦੇ ਵਾਲੇ ਸਿਪਾਹੀਆਂ ਨਾਲ ਲੜ ਰਹੇ ਹਨ, ਜਿਹੋ ਜਿਹੇ ਉਨ੍ਹਾਂ ਨੂੰ ਹਿੰਦ ਉਪ-ਮਹਾਂਦੀਪ ਵਿਚ ਹੋਰ ਕਿਧਰੇ ਨਹੀਂ ਟੱਕਰੇ ਸਨ। ਗੱਫ ਨੇ ਫਿਰੋਜ਼ਪੁਰ ਵਿਚ ਲਿਟਲਰ ਨੂੰ ਸੁਨੇਹਾ ਭੇਜਿਆ ਕਿ ਉਹ ਆਪਣੇ-ਆਪ ਲੜਾਈ ਵਿਚ ਨਾ ਕੁੱਦੇ ਪਰ ਜਿੰਨੀ ਛੇਤੀ ਹੋ ਸਕੇ, ਉਸ ਨੂੰ ਮਿਲੇ। ਅੰਬਾਲਾ, ਮੇਰਠ ਤੇ ਦਿੱਲੀ ਤੋਂ ਹੋਰ ਫੌਜਾਂ ਮੰਗਵਾਉਣ ਦਾ ਹੁਕਮ ਵੀ ਭੇਜ ਦਿੱਤਾ ਗਿਆ ਸੀ। ਲਾਰਡ ਹਾਰਡਿੰਗ ਨੇ ਆਪਣੀ ਗਵਰਨਰ ਜਨਰਲ ਵਾਲੀ ਉੱਚੀ ਪਦਵੀ ਦਾ ਖਿਆਲ ਛੱਡਿਆ ਤੇ ਲਾਰਡ ਗੱਫ ਦੀ ਕਮਾਨ ਹੇਠ ਬਤੌਰ ਦੂਜੇ ਨੰਬਰ ਦੇ ਕਮਾਂਡਰ ਲੜਾਈ ਵਿਚ ਹਿੱਸਾ ਲੈਣ ਦਾ ਫੈਸਲਾ ਕੀਤਾ।
ਫੇਰੂ ਸ਼ਾਹ ਦੀ ਲੜਾਈ-21 ਦਸੰਬਰ, 1845
ਲਾਲ ਸਿੰਘ ਫੇਰੂ ਸ਼ਾਹ ਦੇ ਮੋਰਚਿਆਂ ਪਿੱਛੇ ਸੁਰੱਖਿਅਤ ਛੁਪਿਆ ਹੋਇਆ ਸੀ, ਜਦੋਂ ਕਿ ਉਸ ਦੇ ਸਿਪਾਹੀ ਮੁਦਕੀ ਵਿਚ ਜਾਨਾਂ ਤੋੜ ਕੇ ਲੜ ਰਹੇ ਸਨ। ਸਕੀਮ ਅਜੇ ਵੀ ਇਹ ਸੀ ਕਿ ਤੇਜ ਸਿੰਘ ਲਿਟਲਰ ਤੋਂ ਫਿਰੋਜ਼ਪੁਰ ਲੈ ਲਵੇਗਾ ਤੇ ਫਿਰ ਲਾਲ ਸਿੰਘ ਨਾਲ ਮਿਲ ਕੇ ਮੁਦਕੀ ਤੋਂ ਆ ਰਹੀ ਫੌਜ ਨੂੰ ਘੇਰੇਗਾ। ਪਰ ਲਿਟਲਰ ਦੀ 8,000 ਤੋਂ ਵੀ ਘੱਟ ਫੌਜ ਨੂੰ ਨੱਪਣ ਦੀ ਬਜਾਏ ਤੇਜ ਸਿੰਘ, ਜਿਸ ਕੋਲ 30,000 ਸਿਪਾਹੀ ਸਨ, ਉਸ ਨੂੰ ਦਿਨ ਦੀ ਰੌਸ਼ਨੀ ਵਿਚ ਹੀ ਫਿਰੋਜ਼ਪੁਰ ਤੋਂ ਨਿਕਲਣ ਦਿੱਤਾ। ਉਸ ਨੇ ਦੁਸ਼ਮਣ ਦੀਆਂ ਫੌਜਾਂ ਉੱਪਰ ਨਿਗ੍ਹਾ ਰੱਖਣ ਦੀ ਵੀ ਕੋਸ਼ਿਸ਼ ਨਹੀਂ ਕੀਤੀ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਸਰਹੱਦ ਪਾਰ ਅੱਜ ਵੀ ਕਾਇਮ ਹੈ ਹਿੰਦੂ ਸੰਸਥਾਵਾਂ ਦਾ ਨਾਂਅ ਤੇ ਸ਼ਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਅੰਤ 1 ਜੂਨ, 1886 ਨੂੰ ਲਾਹੌਰ ਦੀ ਲੋਅਰ ਮਾਲ ਰੋਡ 'ਤੇ ਲਾਹੌਰ ਗੌਰਮਿੰਟ ਕਾਲਜ ਦੇ ਬਿਲਕੁਲ ਨਾਲ ਪਹਿਲਾ ਡੀ. ਏ. ਵੀ. ਹਾਈ ਸਕੂਲ ਸ਼ੁਰੂ ਕੀਤਾ ਗਿਆ। ਸ੍ਰੀ ਹੰਸਰਾਜ ਨੇ ਪਹਿਲੇ ਦਿਨ ਤੋਂ ਇਸ ਸਕੂਲ 'ਚ ਬਿਨਾਂ ਕਿਸੇ ਤਨਖ਼ਾਹ ਜਾਂ ਭੱਤੇ ਦੇ ਸੇਵਾਵਾਂ ਦੇਣੀਆਂ ਸ਼ੁਰੂ ਕੀਤੀਆਂ। ਉਨ੍ਹਾਂ ਦੀਆਂ ਇਨ੍ਹਾਂ ਸੇਵਾਵਾਂ ਨੂੰ ਵੇਖਦੇ ਹੋਏ ਸੰਨ 1888 'ਚ ਉਨ੍ਹਾਂ ਦੀ ਨਿਯੁਕਤੀ ਹੈੱਡ ਮਾਸਟਰ ਵਜੋਂ ਕੀਤੀ ਗਈ। ਲਾਲਾ ਲਾਲ ਚੰਦ (ਕਮੇਟੀ ਦੇ ਪ੍ਰਧਾਨ), ਦੀਵਾਨ ਚੰਦ, ਲਾਲਾ ਲਾਜਪਤ ਰਾਏ ਆਦਿ ਦੁਆਰਾ ਕੀਤੇ ਯਤਨਾਂ ਤੋਂ ਬਾਅਦ ਸੰਨ 1887 ਵਿਚ ਪ੍ਰਬੰਧਕ ਕਮੇਟੀ ਪਾਸ ਫੰਡ ਵਿਚ 64,446 ਰੁਪਏ ਜਮ੍ਹਾਂ ਹੋ ਗਏ। ਸੰਨ 1887-88 'ਚ ਸਕੂਲ ਦੇ ਸਾਲਾਨਾ ਇਮਤਿਹਾਨਾਂ ਦੇ ਨਤੀਜੇ ਬਹੁਤ ਵਧੀਆ ਆਉਣ 'ਤੇ ਕਾਲਜ ਦੀਆਂ ਕਲਾਸਾਂ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ। ਡੀ. ਏ. ਵੀ. ਕਾਲਜ ਸ਼ੁਰੂ ਹੋਣ ਤੋਂ ਬਾਅਦ ਮਈ, 1889 ਵਿਚ ਕਾਲਜ ਨੂੰ ਸਿੰਡੀਕੇਟ ਵਲੋਂ ਐਵਾਰਡ ਆਫ਼ ਆਰਟਸ ਸਕਾਲਰਸ਼ਿਪ ਦਿੱਤਾ ਗਿਆ। ਉਸ ਵਕਤ ਤੱਕ ਕਾਲਜ ਸ਼ਾਹ ਆਲਮ ਗੇਟ ਦੇ ਕੋਲ ਮੌਜੂਦ ਆਰੀਆ ਸਮਾਜ ਮੰਦਰ ਵਿਚ ਚੱਲ ਰਿਹਾ ਸੀ। ਦੋ ਸਾਲ ਬਾਅਦ ਸੰਨ 1891 ਵਿਚ ਡੀ. ਏ. ਵੀ. ਕਾਲਜ ਨੂੰ ਮੌਜੂਦਾ ਗੌਰਮਿੰਟ ਇਸਲਾਮੀਆ ਕਾਲਜ ਵਾਲੇ ਸਥਾਨ ਡਿਸਟ੍ਰਿਕਟ ਕੋਰਟ ਲਾਹੌਰ ਦੇ ਬਿਲਕੁਲ ਪਿੱਛੇ ਤਬਦੀਲ ਕਰ ਦਿੱਤਾ ਗਿਆ।
ਸੰਨ 1910 ਵਿਚ ਕਾਲਜ ਦਾ ਆਰਟਸ ਬਲਾਕ ਅਤੇ ਅਗਲੇ ਵਰ੍ਹੇ ਕੁਝ ਹੋਰ ਨਵੇਂ ਭਵਨ ਬਣਾਏ ਗਏ। ਆਰਟਸ ਬਲਾਕ ਦੇ ਮੱਥੇ ਦਾ ਡਿਜ਼ਾਈਨ ਸਰ ਗੰਗਾ ਰਾਮ ਨੇ ਅਤੇ ਬਲਾਕ ਦੇ ਅੰਦਰ ਦਾ ਡਿਜ਼ਾਈਨ ਭਾਈ ਰਾਮ ਸਿੰਘ ਨੇ ਤਿਆਰ ਕੀਤਾ। ਜਦੋਂ 14 ਨਵੰਬਰ, 1938 ਨੂੰ ਸ੍ਰੀ ਹੰਸਰਾਜ ਦਾ ਦਿਹਾਂਤ ਹੋਇਆ ਤਾਂ ਅੰਤਿਮ ਦਰਸ਼ਨਾਂ ਲਈ ਉਨ੍ਹਾਂ ਦੀ ਮ੍ਰਿਤਕ ਦੇਹ ਕਾਲਜ ਦੇ ਪਾਰਕ ਵਿਚ ਰੱਖੀ ਗਈ। ਬਾਅਦ ਵਿਚ ਉਨ੍ਹਾਂ ਦੀ ਯਾਦ ਵਿਚ ਉਸੇ ਸਥਾਨ 'ਤੇ ਇਕ ਬੁਰਜੀ ਬਣਾ ਕੇ ਉਸ 'ਤੇ ਛੋਟਾ ਜਿਹਾ ਫੁਹਾਰਾ ਲਗਾ ਦਿੱਤਾ ਗਿਆ। ਇਹ ਨਿਸ਼ਾਨੀ ਅੱਜ ਵੀ ਜਿਉਂ ਦੀ ਤਿਉਂ ਮੌਜੂਦ ਹੈ।
ਦੇਸ਼ ਦੀ ਹੋਈ ਵੰਡ ਤੋਂ ਬਾਅਦ ਡੀ. ਏ. ਵੀ. ਕਾਲਜ ਲਾਹੌਰ ਨੂੰ ਅੰਬਾਲਾ ਅਤੇ ਡੀ. ਏ. ਵੀ. ਹਾਈ ਸਕੂਲ ਲਾਹੌਰ ਨੂੰ ਚੰਡੀਗੜ੍ਹ ਤਬਦੀਲ ਕਰ ਦਿੱਤਾ ਗਿਆ। ਉਧਰ ਡੀ.ਏ.ਵੀ. ਸਕੂਲ ਲਾਹੌਰ ਦੀ ਖਾਲੀ ਪਈ ਇਮਾਰਤ ਵਿਚ ਗੌਰਮਿੰਟ ਮੁਸਲਿਮ ਹਾਈ ਸਕੂਲ (ਨੰ: 2) ਅਤੇ ਡੀ. ਏ. ਵੀ. ਕਾਲਜ ਲਾਹੌਰ ਦੀ ਇਮਾਰਤ ਵਿਚ ਗੌਰਮਿੰਟ ਇਸਲਾਮੀਆ ਕਾਲਜ ਸ਼ੁਰੂ ਕੀਤਾ ਗਿਆ। ਉਕਤ ਦੇ ਇਲਾਵਾ ਇਕ ਹੈਰਾਨੀ ਵਾਲੀ ਗੱਲ ਇਹ ਹੈ ਕਿ ਅੱਜ ਵੀ ਪਾਕਿਸਤਾਨ ਦੇ ਸੂਬਾ ਸਿੰਧ ਦੇ ਗੋਟਕੀ ਸ਼ਹਿਰ 'ਚ ਗੌਰਮਿੰਟ ਬਵਾਏਜ਼ ਡੀ. ਏ. ਵੀ. ਹਾਈ ਸਕੂਲ ਸੇਵਾਵਾਂ ਦੇ ਰਿਹਾ ਹੈ। ਗੋਟਕੀ ਸ਼ਹਿਰ ਦਾ ਇਹ ਸਭ ਤੋਂ ਪੁਰਾਣਾ ਅਤੇ ਪਾਕਿਸਤਾਨ ਦਾ ਇਕਲੌਤਾ ਆਰੀਆ ਸਮਾਜੀ ਸਕੂਲ ਹੈ।
ਪਾਕਿ ਦੀ ਆਰੀਆ ਸਮਾਜ ਐਜੂਕੇਸ਼ਨ ਸੁਸਾਇਟੀ ਵਲੋਂ ਸ਼ਹਿਰ ਦੀ ਪੁਰਾਣਾ ਬਾਜ਼ਾਰ ਆਬਾਦੀ 'ਚ ਮੁਹੱਲਾ ਮੁੱਕੀ ਦੇ ਨਜ਼ਦੀਕ ਸਥਾਪਿਤ ਕੀਤੇ ਗਏ 500 ਦੇ ਕਰੀਬ ਵਿਦਿਆਰਥੀਆਂ ਵਾਲੇ ਉਪਰੋਕਤ ਸਕੂਲ ਵਿਚ 18 ਲੋਕਾਂ ਦਾ ਸਟਾਫ਼ ਹੈ, ਜਿਨ੍ਹਾਂ ਵਿਚੋਂ ਚਾਰ ਅਧਿਆਪਕਾਂ ਅਤੇ ਪ੍ਰਿੰਸੀਪਲ ਦੇ ਇਲਾਵਾ ਬਾਕੀ ਮਹਿਲਾ ਸਟਾਫ਼ ਹੈ। ਇਨ੍ਹਾਂ ਵਿਚੋਂ ਤਿੰਨ ਮੁਸਲਿਮ ਅਧਿਆਪਕ ਵੀ ਹਨ। ਡੀ. ਏ. ਵੀ. ਹਾਈ ਸਕੂਲ ਗੋਟਕੀ ਦੇ ਮੌਜੂਦਾ ਪ੍ਰਿੰਸੀਪਲ ਸ੍ਰੀ ਅਰਜਨ ਦਾਸ ਮੋਲਵਤੀ (ਐਮ. ਬੀ ਐਡ.) ਦੇ ਅਨੁਸਾਰ ਅਨੇਕਾਂ ਵਾਰ ਧਮਕੀਆਂ ਆਉਣ ਦੇ ਬਾਵਜੂਦ ਪ੍ਰਬੰਧਕੀ ਕਮੇਟੀ ਵਲੋਂ ਸਕੂਲ ਬੰਦ ਨਹੀਂ ਹੋਣ ਦਿੱਤਾ ਗਿਆ। ਸ੍ਰੀ ਮੋਲਵਤੀ ਦੇ ਅਨੁਸਾਰ ਸਕੂਲ ਵਿਚ ਹਿੰਦੀ ਅਤੇ ਸੰਸਕ੍ਰਿਤ ਦੇ ਇਲਾਵਾ ਬਾਕੀ ਸਭ ਵਿਸ਼ੇ ਸੂਬਾਈ ਭਾਸ਼ਾ ਵਿਚ ਪੜ੍ਹਾਏ ਜਾ ਰਹੇ ਹਨ। ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਮੌਜੂਦਾ ਸਮੇਂ ਨੰਦ ਲਾਲ ਚਾਵਲਾ ਪ੍ਰਧਾਨ, ਸੱਤਿਆ ਦਾਸ ਉੱਪ ਪ੍ਰਧਾਨ, ਮੋਹਨ ਦਾਸ ਮੈਨੇਜਰ, ਸੁੰਦਰ ਲਾਲ ਭਾਟੀਆ ਸੰਯੁਕਤ ਸਕੱਤਰ, ਵਕੀਲ ਸਿਮਰ ਦਾਸ ਕਾਨੂੰਨੀ ਸਲਾਹਕਾਰ, ਰਾਮਚੰਦ ਖ਼ਜ਼ਾਨਚੀ ਅਤੇ ਨੰਦ ਲਾਲ, ਹਕੀਮ ਲਾਲ, ਇਸ਼ਰ ਦਾਸ, ਕਕਈਆ ਲਾਲ ਮੈਂਬਰ ਹਨ।


-ਅੰਮ੍ਰਿਤਸਰ।
ਮੋਬਾ: 93561-27771

ਸਿੱਖ ਪੰਥ ਲਈ ਵਿਚਾਰਨ ਦਾ ਸਮਾਂ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
1982 ਤੋਂ ਬਾਅਦ ਸਿੱਖ ਨੌਜਵਾਨਾਂ ਉੱਤੇ ਹੋਏ ਤਸ਼ੱਦਦ, ਗੁਰਦੁਆਰਾ ਸਾਹਿਬਾਨ ਦੀ ਬੇਹੁਰਮਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਗੱਲ ਕਰਕੇ ਲੋਕਾਂ ਦੀਆਂ ਭਾਵਨਾਵਾਂ 'ਤੇ ਵੋਟਾਂ ਪ੍ਰਾਪਤ ਕਰਨ ਤੇ ਸਿੱਖ ਲੀਡਰਾਂ ਦਾ ਉਭਾਰ ਸਾਹਮਣੇ ਆਇਆ। ਪਰ ਕੁਰਸੀ ਪ੍ਰਾਪਤ ਕਰਕੇ ਜਾਂ ਚੋਣਾਂ ਜਿੱਤ ਕੇ 1985, 1989, 1992 ਦੇ ਬਾਈਕਾਟ, 1996 ਵਿਚ ਚੁਣੇ ਗਏ ਆਗੂਆਂ ਨੇ ਕੌਮ ਨੂੰ ਕੁਝ ਵੀ ਪ੍ਰਾਪਤ ਕਰਕੇ ਨਹੀਂ ਦਿੱਤਾ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰਮਤਿ ਸਿਧਾਂਤ ਦੇ ਵਿਰੋਧੀਆ ਵਿਰੁੱਧ ਕੋਈ ਮਜ਼ਬੂਤ ਕਾਨੂੰਨੀ ਕਾਰਵਾਈ ਦੀ ਥਾਂ ਉਨ੍ਹਾਂ ਦੇ ਡੇਰਿਆ ਵਿਚ ਵੋਟਾਂ ਲਈ ਹਾਜ਼ਰੀ ਭਰਨ ਵਾਲੇ ਆਗੂ ਪੰਥ ਦਾ ਵਿਸ਼ਵਾਸ ਹੌਲੀ-ਹੌਲੀ ਗਵਾਉਂਦੇ ਰਹੇ ਹਨ।
ਸਿੱਖ ਰਾਜਸੀ ਖੇਤਰ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਦੂਜੇ ਧੜੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਸ਼੍ਰੋਮਣੀ ਅਕਾਲੀ ਦਲ (1920), ਸੰਯੁਕਤ ਅਕਾਲੀ ਦਲ, ਖਾੜਕੂ ਧਿਰਾਂ ਪਹਿਲਾਂ ਹੀ ਹਾਸ਼ੀਏ 'ਤੇ ਹਨ। 1984 ਦੇ ਸਾਕਾ ਨੀਲਾ ਤਾਰਾ ਤੋਂ ਬਾਅਦ 1986 ਵਿਚ ਪੰਥਕ ਕਮੇਟੀ ਦਾ ਗਠਨ ਤੇ ਮੁਤਵਾਜ਼ੀ ਜਥੇਦਾਰਾਂ ਦੀ ਨਿਯੁਕਤੀ ਵੀ ਪੰਥ ਨੂੰ ਚੜ੍ਹਦੀ ਕਲਾ ਦੀ ਥਾਂ ਘਾਟੇ ਦਾ ਸੌਦਾ ਸਾਬਤ ਹੋਇਆ ਹੈ। ਇਕ ਵਾਰ ਫਿਰ ਮੁਤਵਾਜ਼ੀ ਜਥੇਦਾਰਾਂ ਨੂੰ ਨਿਯੁਕਤ ਕਰਕੇ ਪੰਥ ਵਿਚ ਦੁਫਾੜ ਪਾਉਣ ਤੋਂ ਬਿਨਾਂ ਹੋਰ ਕੋਈ ਲਾਭ ਨਹੀਂ ਨਜ਼ਰ ਆਉਂਦਾ। ਖਾੜਕੂਵਾਦ ਸਮੇਂ ਹੋਏ ਪੰਥਕ ਨੁਕਸਾਨ ਦੀ ਭਰਪਾਈ, ਨੌਜਵਾਨਾਂ ਦੀ ਰਿਹਾਈ, ਕਾਲੀ ਸੂਚੀ ਦਾ ਅੰਤ, ਰੁਜ਼ਗਾਰ ਤੇ ਜ਼ੁਲਮ ਦਾ ਮੁਆਵਜ਼ਾ ਤੇ ਅੱਗੇ ਲਈ ਦਸਤਾਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਤੇ ਸਤਿਕਾਰ ਦੀ ਨੀਤੀ ਦੀ ਅਣਹੋਂਦ ਤੇ ਪਹਿਲੇ ਜ਼ਖਮਾਂ ਦੇ ਠੀਕ ਹੋਣ ਤੋਂ ਪਹਿਲਾਂ ਹੀ ਅੰਨ੍ਹੀ ਲੜਾਈ ਦੇ ਰਾਹ ਪੈਣਾ ਸ਼ਾਇਦ ਹੁਣ ਪੰਜਾਬ ਦਾ ਸਿੱਖ ਸਮਾਜ ਨਹੀਂ ਚਾਹੁੰਦਾ।
ਵਿਦੇਸ਼ਾਂ ਵਿਚ ਵਸਦੇ 17 ਫੀਸਦੀ ਸਿੱਖਾਂ ਵਿਚੋਂ ਬਹੁਤੇ ਰੁਜ਼ਗਾਰ ਲਈ ਉਥੇ ਪਹੁੰਚੇ ਹਨ। ਕੈਨੇਡਾ, ਇੰਗਲੈਂਡ, ਮਲੇਸ਼ੀਆ ਤੇ ਅਮਰੀਕਾ ਵਰਗੇ ਦੇਸ਼ਾਂ ਵਿਚ ਰਾਜਨੀਤਕ ਸ਼ਕਤੀ ਵੀ ਪ੍ਰਾਪਤ ਕੀਤੀ ਪਰ ਅਜੇ ਵੀ ਸਿੱਖ ਧਰਮ ਦੀ ਵਿਲੱਖਣ ਪਹਿਚਾਣ, ਫਲਸਫੇ ਦੇ ਬਾਰੇ ਆਮ ਵਿਦੇਸ਼ੀ ਨਾਗਰਿਕ ਜਾਣੂ ਨਹੀਂ, ਜਿਸ ਕਾਰਨ ਸਿੱਖਾਂ ਨੂੰ ਤਾਲਿਬਾਨੀ ਜਾਂ ਖਾੜਕੂ ਸਮਝ ਕੇ ਹਮਲੇ ਹੋ ਰਹੇ ਹਨ। ਭਾਵੇਂ ਵਿਦੇਸ਼ੀ ਸਰਕਾਰਾਂ ਕੁਝ ਯਤਨ ਵੀ ਕਰ ਰਹੀਆਂ ਹਨ ਪਰ ਉੱਥੇ ਵੀ ਸੰਗਠਿਤ ਰੂਪ ਵਿਚ ਪ੍ਰਚਾਰ ਤੇ ਪ੍ਰਸਾਰ ਦੀ ਅਣਹੋਂਦ ਨਜ਼ਰ ਆਉਂਦੀ ਹੈ। ਵਿਦੇਸ਼ੀਂ ਵਸਦੇ ਸਿੱਖ ਪੰਜਾਬ ਬਾਰੇ ਵੀ ਚਿੰਤਾ ਕਰਦੇ ਹਨ, ਇਸ ਲਈ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਅਤੇ ਪੰਜਾਬ ਵਿਚ ਸਰਕਾਰੀ ਅਦਾਰਿਆਂ ਵਿਚ ਭ੍ਰਿਸ਼ਟਾਚਾਰ ਤੇ ਸਿੱਖ ਸਮਾਜ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਰਹਿੰਦੇ ਹਨ। ਪਿਛਲੇ ਸਮੇਂ ਵਿਚ ਪੰਜਾਬ ਨਾਲ ਸਬੰਧਤ ਜਿਸ ਵੀ ਰਾਜਸੀ ਧੜੇ ਦੀ ਵਿਦੇਸ਼ਾਂ ਵਿਚੋਂ ਮਦਦ 'ਤੇ ਚਰਚਾ ਹੋਈ ਹੈ, ਪੰਜਾਬ ਦੇ ਹਾਲਾਤ, ਲੋਕਾਂ ਦੀ ਸੋਚ ਤੇ ਵੋਟਾਂ ਨਾਲ ਉਹ ਸਰਕਾਰ ਨਹੀਂ ਬਣਾ ਸਕਿਆ। ਇਸ ਤਰ੍ਹਾਂ ਪੰਜਾਬ ਦੇ ਬਹੁਤੇ ਸਿੱਖਾਂ ਦੀ ਰਾਏ ਵਿਦੇਸ਼ਾਂ ਵਿਚ ਵਸਦੇ ਲੋਕਾਂ ਨਾਲ ਬਹੁਤੀ ਮੇਲ ਨਹੀਂ ਖਾਂਦੀ। ਇਸੇ ਲਈ ਹੁਣ ਵੀ 2020-ਰਾਇਸ਼ੁਮਾਰੀ ਲਈ ਕੋਈ ਉਤਸ਼ਾਹ ਨਜ਼ਰ ਨਹੀਂ ਆਉਂਦਾ। ਪੰਜਾਬ ਤੇ ਭਾਰਤ ਦੇ ਸਿੱਖ ਆਗੂਆਂ ਦੀ ਨੀਤੀ ਤੇ ਕੰਮ ਤੋਂ ਵਿਦੇਸ਼ੀ ਬਹੁਤੇ ਖੁਸ਼ ਨਹੀਂ ਤੇ ਆਪਸੀ ਵਿਰੋਧ, ਮੁਜ਼ਾਹਰੇ ਤੇ ਕੁੱਟਮਾਰ ਨਾਲ ਪੰਥਕ ਹਿਤਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਨੁਕਸਾਨ ਹੀ ਹੋ ਰਿਹਾ ਹੈ।
28 ਅਗਸਤ, 2018 ਦੀ ਪੰਜਾਬ ਵਿਧਾਨ ਸਭਾ ਅੰਦਰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ 'ਤੇ ਹੋਈ ਚਰਚਾ ਤੇ ਉਸ ਨਾਲ ਸਬੰਧਤ ਘਟਨਾਵਾਂ ਨੇ ਇਹ ਗੱਲ ਸਪੱਸ਼ਟ ਕਰਨ ਦਾ ਯਤਨ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮੁਕੱਦਮਿਆਂ ਦੀ ਤਫਤੀਸ਼ ਸੰਨ 2007 ਤੋਂ 2017 ਦੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸਮੇਂ ਨਿਰਪੱਖ ਰੂਪ ਵਿਚ ਨਹੀਂ ਹੋਈ। ਬਰਗਾੜੀ, ਬਹਿਬਲ ਕਲਾਂ ਤੇ ਕੋਟਕਪੂਰਾ ਆਦਿ ਥਾਵਾਂ 'ਤੇ ਸੰਨ 2015 ਵਿਚ ਪੁਲਿਸ ਨੇ ਨਿਯਮਾਂ ਨੂੰ ਛਿੱਕੇ ਟੰਗ ਕੇ ਕਾਰਵਾਈ ਕੀਤੀ, ਜਿੱਥੇ ਸਿੱਖ ਨੌਜਵਾਨ ਮਾਰੇ ਗਏ, ਉੱਥੇ ਦੋਸ਼ੀਆਂ ਤੱਕ ਪੁੱਜਣ ਦਾ ਸੰਜੀਦਾ ਯਤਨ ਨਹੀਂ ਕੀਤਾ ਗਿਆ, ਜਿਸ ਲਈ ਸਿੱਧੇ ਰੂਪ ਵਿਚ ਉਸ ਵਕਤ ਦੀ ਸਰਕਾਰ ਜ਼ਿੰਮੇਵਾਰ ਗਰਦਾਨੀ ਗਈ। ਲੋਕ ਭਾਵਨਾਵਾਂ, ਘਟਨਾਵਾਂ, ਚਰਚਾਵਾਂ 'ਤੇ ਵਿਸ਼ਵਾਸ ਕਰਦੀਆਂ ਹਨ, ਸਬੂਤਾਂ ਲਈ ਜੱਜ ਸਾਹਿਬਾਨ ਵੱਲ ਨਹੀਂ ਵੇਖਦੀਆਂ।
ਪੰਜਾਬ ਅਸੈਂਬਲੀ ਅੰਦਰ ਬੁਲਾਰਿਆਂ ਨੇ ਕੇਵਲ ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ, ਸ: ਬਿਕਰਮ ਸਿੰਘ ਮਜੀਠੀਆ, ਜਥੇਦਾਰ ਗੁਰਬਚਨ ਸਿੰਘ ਤੇ ਗਿਆਨੀ ਗੁਰਮੁੱਖ ਸਿੰਘ ਆਦਿ ਨੂੰ ਨਿਸ਼ਾਨਾ ਬਣਾਇਆ। ਦੋਸ਼ ਕੇਵਲ ਆਪਣੀ ਪ੍ਰਸ਼ਾਸਨਿਕ ਤੇ ਧਾਰਮਿਕ ਜ਼ਿੰਮੇਵਾਰੀ ਠੀਕ ਢੰਗ ਨਾਲ ਨਾ ਨਿਭਾਉਣ ਤੱਕ ਹੀ ਸੀਮਤ ਨਹੀਂ, ਸਗੋਂ ਦੋਸ਼ੀਆਂ ਤੋਂ ਰਾਜਨੀਤਕ, ਆਰਥਿਕ ਲਾਭ ਲਈ ਕਾਨੂੰਨ, ਸੰਵਿਧਾਨਕ ਅਤੇ ਧਾਰਮਿਕ ਜ਼ਿੰਮੇਵਾਰੀ ਤੋਂ ਪਿੱਛੇ ਹਟਣ ਦੇ ਵੀ ਸਨ।
28 ਅਗਸਤ. 2018 ਨੂੰ ਪੰਜਾਬ ਅਸੈਂਬਲੀ ਅੰਦਰ ਚਰਚਾ ਵਿਚ ਹਿੱਸਾ ਲੈਣ ਵਾਲੇ ਬਹੁਤੇ ਮੈਂਬਰਾਂ ਦਾ ਨਿਸ਼ਾਨਾ ਇਕ ਧੜੇ ਵਿਰੁੱਧ ਆਵਾਜ਼ ਉਠਾਉਣ ਤੇ ਉਨ੍ਹਾਂ ਦੀਆਂ ਊਣਤਾਈਆਂ ਉਜਾਗਰ ਕਰਨ ਤੱਕ ਸੀਮਤ ਰਿਹਾ। ਬੜੀ ਚਿੰਤਾ ਦੀ ਗੱਲ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਫਲਸਫੇ ਦੀ ਗੱਲ ਕਰਨ ਵਾਲੇ ਬੁਲਾਰੇ ਗੁਰਬਾਣੀ ਤੋਂ ਬਹੁਤੇ ਅਣਜਾਣ ਹੀ ਨਜ਼ਰ ਆਏ, ਜੋ ਵਿਅਕਤੀ 'ਏਕ ਪਿਤਾ ਏਕਸ ਕੇ ਹਮ ਬਾਰਿਕ' ਦੀ ਗੱਲ ਕਰਨਾ ਚਾਹੁੰਦਾ ਸੀ, ਉਸ ਨੂੰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ 'ਮਾਨਸ ਕੀ ਜਾਤਿ ਸਭੈ ਇਕੋ ਪਹਿਚਾਨਬੋ' ਦਾ ਸਹਾਰਾ ਲੈਣਾ ਪਿਆ। ਨਿਸ਼ਾਨਾ ਤਾਂ ਸਪੱਸ਼ਟ ਨਜ਼ਰ ਆ ਰਿਹਾ ਸੀ ਪਰ ਉਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਵੇਂ ਬਹਾਲ ਹੋਵੇ, ਧਰਮ ਦੇ ਪ੍ਰਬੰਧ ਵਿਚ ਰਾਜਨੀਤੀ ਦਖਲ ਨਾ ਦੇਵੇ ਤੇ ਗੁਰਮਤਿ ਦੀ ਸੇਧ ਵਿਚ 'ਰਾਜਾ ਚੂਲੀ ਨਿਆਉ ਕੀ' ਨਾਲ ਖਾੜਕੂਵਾਦ ਸਮੇਂ ਨੌਜਵਾਨਾਂ 'ਤੇ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ, ਪੀੜਤਾਂ ਨੂੰ ਮੁਆਵਜ਼ਾ ਤੇ ਇਨਸਾਫ ਕਿਵੇਂ ਮਿਲੇ? ਦਿੱਲੀ ਦੰਗਿਆਂ ਬਾਰੇ ਇਨਸਾਫ ਕਿਵੇਂ ਲੈ ਕੇ ਦਿੱਤਾ ਜਾਵੇ? ਚਰਚਾ ਦਾ ਹਿੱਸਾ ਨਹੀਂ ਸੀ। ਇਹ ਵੀ ਚਿੰਤਾ ਵਾਲੀ ਗੱਲ ਸੀ ਕਿ ਸਤਿਕਾਰਯੋਗ ਬਹੁਤੇ ਮੈਂਬਰ ਪੂਰਨ ਗੁਰਸਿੱਖ ਨਹੀਂ ਸਨ ਤੇ ਸ਼੍ਰੋਮਣੀ ਅਕਾਲੀ ਦਲ ਵਾਲੇ ਵੀ ਆਪਣੇ ਬਾਰੇ ਮਾਣ ਨਾਲ ਅੰਮ੍ਰਿਤਧਾਰੀ ਹੋਣ ਦੀ ਗਵਾਹੀ ਨਹੀਂ ਭਰ ਸਕੇ। ਇਕ ਮਾਣਯੋਗ ਮੰਤਰੀ ਸਾਹਿਬ ਦੂਜੇ ਮੰਤਰੀ ਨੂੰ ਐਸ.ਜੀ.ਪੀ.ਸੀ. 'ਤੇ ਕਬਜ਼ਾ ਕਰਨ ਲਈ ਆਖ ਰਹੇ ਸਨ, ਜੋ ਕਾਂਗਰਸ ਪਾਰਟੀ 'ਤੇ ਧਰਮ ਵਿਚ ਦਖਲਅੰਦਾਜ਼ੀ ਦੇ ਦੋਸ਼ ਦੀ ਪ੍ਰੋੜ੍ਹਤਾ ਲਗਦੀ ਸੀ। ਰਾਜਨੀਤਕ ਤੇ ਜਾਤੀ ਦੂਸ਼ਣਬਾਜ਼ੀ ਨਾਲ ਵਿਧਾਨ ਸਭਾ ਦਾ ਇਕ ਹੋਰ ਸਤਰ ਖਤਮ ਹੋ ਗਿਆ। ਪੰਜਾਬ ਵਿਧਾਨ ਸਭਾ ਵਲੋਂ ਸੀ.ਬੀ.ਆਈ. ਤੋਂ ਕੇਸ ਵਾਪਸ ਲੈਣ ਦਾ ਮਤਾ ਪਾਸ ਹੋਣਾ ਕੋਈ ਪ੍ਰਾਪਤੀ ਨਹੀਂ ਆਖੀ ਜਾ ਸਕਦੀ। ਵਿਧਾਨ ਸਭਾ ਦੇ ਅੰਦਰ ਵੀ ਸਿੱਖ ਮੈਂਬਰ ਸਾਹਿਬਾਨ ਇਕ-ਦੂਜੇ 'ਤੇ ਬਾਹਰ ਵਾਂਗ ਤੋਹਮਤਾਂ ਲਾਉਂਦੇ ਹੀ ਨਜ਼ਰ ਆਏ।

ਗੁਰੂ ਹਰਿਗੋਬਿੰਦ ਜੀ ਦਾ ਜੀਵਨ ਤੇ ਮਿਸ਼ਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੁਰੂ ਜੀ ਨੇ ਮੁਗ਼ਲ ਫ਼ੌਜਾਂ ਵਿਰੁੱਧ ਚਾਰ ਲੜਾਈਆਂ ਲੜੀਆਂ :
1. ਅੰਮ੍ਰਿਤਸਰ ਦੀ ਲੜਾਈ, 2. ਹਰਿਗੋਬਿੰਦਪੁਰ ਦੀ ਲੜਾਈ, 3. ਮਾਲਵੇ ਦੇ ਇਲਾਕੇ ਵਿਚ ਮਹਿਰਾਜ ਦੀ ਲੜਾਈ, 4. ਕਰਤਾਰਪੁਰ ਦੀ ਲੜਾਈ
ਇਨ੍ਹਾਂ ਲੜਾਈਆਂ ਨੇ ਮੁਗ਼ਲ ਫ਼ੌਜਾਂ ਦੇ ਅਜਿੱਤ ਹੋਣ ਦਾ ਭਰਮ ਦੂਰ ਕਰ ਦਿੱਤਾ ਤੇ ਸਿੱਖਾਂ ਵਿਚ ਫ਼ੌਜੀ ਯੋਗਤਾ ਅਤੇ ਬਹਾਦਰੀ ਦਾ ਵਿਸ਼ਵਾਸ ਭਰ ਦਿੱਤਾ। ਇਨ੍ਹਾਂ ਲੜਾਈਆਂ ਦਾ ਮਨੋਰਥ ਬਾਜ਼ ਪ੍ਰਾਪਤ ਕਰਨਾ ਜਾਂ ਘੋੜੇ ਪ੍ਰਾਪਤ ਕਰਨਾ ਹੀ ਨਹੀਂ ਸੀ, ਸਗੋਂ ਸਿੱਖਾਂ ਨੂੰ ਜ਼ੁਲਮ ਦਾ ਜਾਂ ਬਾਹਰੋਂ ਹੋਏ ਹਮਲੇ ਦਾ ਟਾਕਰਾ ਕਰਨ ਲਈ ਤਿਆਰ ਕਰਨਾ ਸੀ।
ਸਿੱਖੀ ਪ੍ਰਚਾਰ : ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖੀ ਪ੍ਰਚਾਰ ਲਈ ਦੂਰ-ਦੁਰਾਡੇ ਇਲਾਕਿਆਂ ਵਿਚ ਦੌਰੇ ਕੀਤੇ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਨਾਨਕਮਤੇ ਜ਼ਿਲ੍ਹਾ ਨੈਨੀਤਾਲ ਵਿਚ ਜੋਗੀਆਂ ਨੇ ਉਥੇ ਪਿੱਪਲ ਦੇ ਰੁੱਖ ਨੂੰ ਸਾੜ ਦਿੱਤਾ ਹੈ, ਜਿਸ ਥੱਲੇ ਗੁਰੂ ਨਾਨਕ ਸਾਹਿਬ ਬੈਠੇ ਸਨ ਤਾਂ ਗੁਰੂ ਹਰਿਗੋਬਿੰਦ ਸਾਹਿਬ ਆਪ ਨਾਨਕਮਤੇ ਗਏ ਅਤੇ ਉਥੇ ਜਾ ਕੇ ਉਸ ਪਿੱਪਲ ਨੂੰ ਹਰਿਆ-ਭਰਿਆ ਕੀਤਾ। ਗੁਰੂ ਸਾਹਿਬ ਦੀ ਯਾਦ ਵਿਚ ਕਸ਼ਮੀਰ ਵਿਚ ਕਈ ਗੁਰਦੁਆਰੇ ਹਨ। ਸ੍ਰੀਨਗਰ ਵਿਚ ਹਰੀ ਪਰਬਤ ਕਿਲ੍ਹੇ ਦੇ ਬਾਹਰ ਗੁਰੂ ਸਾਹਿਬ ਦੀ ਕਸ਼ਮੀਰ ਫੇਰੀ ਦੀ ਯਾਦ ਵਿਚ ਗੁਰਦੁਆਰਾ ਹੈ। ਕਹਿੰਦੇ ਹਨ ਹਰੀ ਪਰਬਤ ਕਿਲ੍ਹੇ ਅੰਦਰ ਗੁਰੂ ਨਾਨਕ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਹੈ।
ਗੁਰੂ ਹਰਿਗੋਬਿੰਦ ਸਾਹਿਬ ਉਨ੍ਹਾਂ ਸਭ ਥਾਵਾਂ 'ਤੇ ਗਏ, ਜਿਹੜੇ ਅਸਥਾਨ ਗੁਰੂ ਨਾਨਕ ਸਾਹਿਬ ਦੇ ਜੀਵਨ ਨਾਲ ਸਬੰਧਤ ਹਨ। ਉਹ ਨਨਕਾਣਾ ਸਾਹਿਬ ਗਏ, ਤੰਬੂ ਸਾਹਿਬ ਕੋਲ ਉਨ੍ਹਾਂ ਦੀ ਨਾਨਕਾਨਾ ਸਾਹਿਬ ਫੇਰੀ ਦੀ ਯਾਦ ਵਿਚ ਗੁਰਦੁਆਰਾ ਹੈ। ਸੁਲਤਾਨਪੁਰ (ਜ਼ਿਲ੍ਹਾ ਕਪੂਰਥਲਾ) ਵਿਚ ਵੀ ਗੁਰੂ ਸਾਹਿਬ ਦੀ ਯਾਦ ਵਿਚ ਗੁਰਦੁਆਰਾ ਹੈ। ਨਨਕਾਣਾ ਸਾਹਿਬ, ਸੁਲਤਾਨਪੁਰ, ਨਾਨਕਮਤਾ ਗੁਰੂ ਨਾਨਕ ਸਾਹਿਬ ਦੇ ਜੀਵਨ ਦੀਆਂ ਰਵਾਇਤਾਂ ਨਾਲ ਜੁੜੇ ਹਨ, ਜਿਨ੍ਹਾਂ ਦੇ ਇਕੱਤਰ ਕਰਕੇ ਲਿਖਣ ਦਾ ਉਪਰਾਲਾ ਵੀ ਗੁਰੂ ਸਾਹਿਬ ਦੇ ਸਮੇਂ ਹੀ ਹੋਇਆ। ਪੁਰਾਤਨ ਜਨਮ ਸਾਖੀ ਅਤੇ ਬਾਬਾ ਮਿਹਰਬਾਨ ਦੀ ਜਨਮਸਾਖੀ ਗੁਰੂ ਸਾਹਿਬ ਦੇ ਕਾਲ ਵਿਚ ਹੀ ਲਿਖੀਆਂ ਗਈਆਂ।
ਗੁਰੂ ਹਰਿਗੋਬਿੰਦ ਸਾਹਿਬ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਸਿੱਖੀ ਪ੍ਰਚਾਰ ਲਈ ਨਿਯੁਕਤ ਕੀਤਾ। ਬਾਬਾ ਗੁਰਦਿੱਤਾ ਜੀ ਨੇ ਚਾਰ ਧੂਐ ਅਸਥਾਪਤ ਕੀਤੇ ਤੇ ਜਿਨ੍ਹਾਂ ਦੇ ਚਾਰ ਮੁਖੀ ਸਨ : ਅਲਮਸਤ, ਫੁਲ, ਗੋਡ ਅਤੇ ਬਾਲੁ ਰਸਨਾ। ਗੁਰੂ ਸਾਹਿਬ ਦੀਆਂ ਲੜਾਈਆਂ ਕਰਕੇ ਮਸੰਦ ਵਿਗੜਨੇ ਆਰੰਭ ਹੋ ਗਏ ਸਨ। ਇਸ ਕਰਕੇ ਬਾਬਾ ਗੁਰਦਿੱਤਾ ਜੀ ਦੀ ਅਸਥਾਪਤ ਧੋਇਆ ਦੀ ਪ੍ਰਥਾ ਜ਼ੋਰ ਫੜ ਗਈ।
ਕੀਰਤਪੁਰ ਦਾ ਵਸਾਉਣਾ : ਹੰਦੂਰ ਰਾਜਾ ਅਤੇ ਕਹਿਲੂਰ ਦੇ ਰਾਜਾ ਦੀ ਆਪਸ ਵਿਚ ਜੰਗ ਲੱਗੀ ਰਹਿੰਦੀ ਸੀ। ਹੰਦੂਰ ਦੇ ਰਾਜਾ ਨੇ ਗੁਰੂ ਹਰਿਗੋਬਿੰਦ ਸਾਹਿਬ ਨੂੰ ਆਪਣੀ ਰਿਆਸਤ ਵਿਚ ਆ ਕੇ ਰਹਿਣ ਲਈ ਕਿਹਾ। ਗੁਰੂ ਸਾਹਿਬ ਨੇ ਆਪਣੇ ਰਹਿਣ ਨੂੰ ਸਤਲੁਜ ਦੇ ਕੰਢੇ ਉਹ ਥਾਂ ਚੁਣੀ, ਜਿਸ ਨੂੰ ਗੁਰੂ ਨਾਨਕ ਦੇ ਚਰਨਾਂ ਦੀ ਛੋਹ ਪ੍ਰਾਪਤ ਸੀ। ਬੁਢਣਸ਼ਾਹ ਫਕੀਰ ਜਿਸ ਨੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਸਨ, ਉਥੇ ਰਹਿੰਦਾ ਸੀ। ਗੁਰੂ ਸਾਹਿਬ ਨੇ ਉਥੇ ਮੌਜੂਦ ਕੀਰਤਪੁਰ ਨਗਰ ਵਸਾਇਆ। ਗੁਰੂ ਸਾਹਿਬ ਨੇ ਆਪਣੀ ਉਮਰ ਦੇ ਆਖਰੀ ਦਸ ਸਾਲ ਇਥੇ ਬਿਤਾਏ। ਆਪ 1644 ਈ: ਵਿ ਜੋਤੀ ਜੋਤ ਸਮਾ ਗਏ। ਆਪ ਦਾ ਸਭ ਤੋਂ ਵੱਡਾ ਸਪੁੱਤਰ ਬਾਬਾ ਗੁਰਦਿੱਤਾ ਜੀ ਚਲਾਣਾ ਕਰ ਗਏ ਸਨ। ਇਸ ਲਈ ਗੁਰਿਆਈ ਆਪਣੇ ਪੋਤਰੇ ਗੁਰੂ ਹਰਿਰਾਇ ਨੂੰ ਦਿੱਤੀ, ਜੋ ਜ਼ਿਆਦਾ ਸਮਾਂ ਕੀਰਤਪੁਰ ਹੀ ਰਹੇ।
ਸਮਕਾਲੀ ਲੇਖਕ ਮੁਹਸਨ ਫਾਨੀ ਲਿਖਦਾ ਹੈ ਕਿ ਗੁਰੂ ਹਰਿਗੋਬਿੰਦ ਦੀ ਸ਼ਖ਼ਸੀਅਤ ਮਹਾਨ ਸੀ। ਉਹ ਖੁੱਲ੍ਹਦਿਲੇ, ਸਤਿਕਾਰਤ ਅਤੇ ਹਸਮੁੱਖ ਸਨ। ਉਨ੍ਹਾਂ ਨੇ ਬਿਘੜੇ ਸਮੇਂ ਦੀ ਜਾਂਚ ਕਰਕੇ ਜ਼ੁਲਮ ਤੋਂ ਰੱਖਿਆ ਕਰਨ ਲਈ ਸਿੱਖਾਂ ਨੂੰ ਤਿਆਰ ਕੀਤਾ ਸੀ। ਸੀ. ਐਚ. ਪੇਨ ਨੇ ਲਿਖਿਆ ਹੈ ਕਿ ਗੁਰੂ ਜੀ ਨੇ ਸਿੱਖਾਂ ਵਿਚ ਫ਼ੌਜੀ ਸਪਿਰਟ ਭਰ ਦਿੱਤੀ ਅਤੇ ਸਿੱਖ ਇਤਿਹਾਸ ਵਿਚ ਸੰਤ ਸਿਪਾਹੀ ਦੀ ਪਰੰਪਰਾ ਸਥਾਪਤ ਕੀਤੀ। (ਸਮਾਪਤ)

ਸ਼ਬਦ ਵਿਚਾਰ

ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ॥

ਸਿਰੀਰਾਗੁ ਮਹਲਾ ੧
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ
ਜੈਸੀ ਜਲ ਕਮਲੇਹਿ॥
ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ॥
ਜਲ ਮਹਿ ਜੀਅ ਉਪਾਇ ਕੈ
ਬਿਨੁ ਜਲ ਮਰਣੁ ਤਿਨੇਹਿ॥ ੧॥
ਮਨ ਰੇ ਕਿਉ ਛੂਟਹਿ ਬਿਨੁ ਪਿਆਰ॥
ਗੁਰਮੁਖਿ ਅੰਤਰਿ ਰਵਿ ਰਹਿਆ
ਬਖਸੇ ਭਗਤਿ ਭੰਡਾਰ॥ ੧॥ ਰਹਾਉ॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ
ਜੈਸੀ ਮਛੁਲੀ ਨੀਰ॥
ਜਿਉ ਅਧਿਕਉ ਤਿਉ ਸੁਖੁ ਘਣੋ
ਮਨਿ ਤਨਿ ਸਾਂਤਿ ਸਰੀਰ॥
ਬਿਨੁ ਜਲ ਘੜੀ ਨ ਜੀਵਈ
ਪ੍ਰਭੁ ਜਾਣੈ ਅਭ ਪੀਰ॥ ੨॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ
ਜੈਸੀ ਚਾਤ੍ਰਿਕ ਮੇਹ॥
ਸਰ ਭਰਿ ਥਲ ਹਰੀਆਵਲੇ
ਇਕ ਬੂੰਦ ਨ ਪਵਈ ਕੇਹ॥
ਕਰਮਿ ਮਿਲੈ ਸੋ ਪਾਈਐ
ਕਿਰਤੁ ਪਇਆ ਸਿਰਿ ਦੇਹ॥ ੩॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ
ਜੈਸੀ ਜਲ ਦੁਧ ਹੋਇ॥
ਆਵਟਣੁ ਆਪੇ ਖਵੈ
ਦੁਧ ਕਉ ਖਪਣਿ ਨ ਦੇਇ॥
ਆਪੇ ਮੇਲਿ ਵਿਛੁੰਨਿਆ
ਸਚਿ ਵਡਿਆਈ ਦੇਇ॥ ੪॥
ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ
ਜੈਸੀ ਚਕਵੀ ਸੂਰ॥
ਖਿਨੁ ਪਲੁ ਨੀਦ ਨ ਸੋਵਈ
ਜਾਣੈ ਦੂਰਿ ਹਜੂਰਿ॥
ਮਨਮੁਖਿ ਸੋਝੀ ਨਾ ਪਵੈ
ਗੁਰਮੁਖਿ ਸਦਾ ਹਜੂਰਿ॥ ੫॥
ਮਨਮੁਖਿ ਗਣਤ ਗਣਾਵਣੀ
ਕਰਤਾ ਕਰੇ ਸੁ ਹੋਇ॥
ਤਾ ਕੀ ਕੀਮਤਿ ਨਾ ਪਵੈ
ਜੇ ਲੋਚੈ ਸਭੁ ਕੋਇ॥
ਗੁਰਮਤਿ ਹੋਇ ਤ ਪਾਈਐ
ਸਚਿ ਮਿਲੈ ਸੁਖੁ ਹੋਇ॥ ੬॥
ਸਚਾ ਨੇਹੁ ਨ ਤੁਟਈ
ਜੇ ਸਤਿਗੁਰੁ ਭੇਟੈ ਸੋਇ॥
ਗਿਆਨ ਪਦਾਰਥੁ ਪਾਈਐ
ਤ੍ਰਿਭਵਣ ਸੋਝੀ ਹੋਇ॥
ਨਿਰਮਲੁ ਨਾਮੁ ਨ ਵੀਸਰੈ
ਜੇ ਗੁਣ ਕਾ ਗਾਹਕੁ ਹੋਇ॥ ੭॥
ਖੇਲਿ ਗਏ ਸੇ ਪੰਖਣੂੰ
ਜੋ ਚੁਗਦੇ ਸਰ ਤਲਿ॥
ਘੜੀ ਕਿ ਮੁਹਤਿ ਕਿ ਚਲਣਾ
ਖੇਲਣੁ ਅਜੁ ਕਿ ਕਲਿ॥
ਜਿਸੁ ਤੂੰ ਮੇਲਹਿ ਸੋ ਮਿਲੈ
ਜਾਇ ਸਚਾ ਪਿੜੁ ਮਲਿ॥ ੮॥
ਬਿਨੁ ਗੁਰ ਪ੍ਰੀਤਿ ਨ ਊਪਜੈ
ਹਉਮੈ ਮੈਲੁ ਨ ਜਾਇ॥
ਸੋਹੰ ਆਪੁ ਪਛਾਣੀਐ
ਸਬਦਿ ਭੇਦਿ ਪਤੀਆਇ॥
ਗੁਰਮੁਖਿ ਆਪੁ ਪਛਾਣੀਐ
ਅਵਰ ਕਿ ਕਰੇ ਕਰਾਇ॥ ੯॥
ਮਿਲਿਆ ਕਾ ਕਿਆ ਮੇਲੀਐ
ਸਬਦਿ ਮਿਲੇ ਪਤੀਆਇ॥
ਮਨਮੁਖਿ ਸੋਝੀ ਨਾ ਪਵੈ
ਵੀਛੁੜਿ ਚੋਟਾ ਖਾਇ॥
ਨਾਨਕ ਦਰੁ ਘਰੁ ਏਕੁ ਹੈ
ਅਵਰੁ ਨ ਦੂਜੀ ਜਾਇ॥ ੧੦॥ ੧੧॥ (ਅੰਗ 60-61)
ਪਦ ਅਰਥ : ਕਮਲੇਹਿ-ਕੌਲ ਫੁੱਲ ਵਿਚ। ਲਹਰੀ ਨਾਲਿ-ਲਹਿਰਾਂ ਨਾਲ। ਪਛਾੜੀਐ-(ਪਾਣੀ ਦੀਆਂ ਲਹਿਰਾਂ ਨਾਲ ਧੱਕਿਆ ਜਾਂਦਾ ਹੈ। ਭੀ-ਫਿਰ ਵੀ। ਵਿਗਸੈ-ਖਿੜਦਾ ਹੈ। ਅਸਨੇਹਿ-ਪਿਆਰ ਵਿਚ। ਜੀਅ-ਜੀਵ। ਕਿਉ ਛੂਟਹਿ-ਛੁਟਕਾਰਾ ਕਿਵੇਂ ਹੋ ਸਕਦਾ ਹੈ। ਅੰਤਰਿ-ਹਿਰਦੇ ਵਿਚ। ਰਵਿ ਰਹਿਆ-ਵਸ ਰਿਹਾ ਹੈ। ਨੀਰ-ਪਾਣੀ। ਜਿਉ-ਜਿਵੇਂ ਜਿਵੇਂ। ਅਧਿਕਉ-(ਪਾਣੀ) ਬਹੁਤ ਹੁੰਦਾ ਜਾਂਦਾ ਹੈ। ਸੁਖੁ-ਅਨੰਦ, ਆਤਮਿਕ ਸੁੱਖ। ਘਣੋ-ਬੜਾ, ਬਹੁਤ। ਅਭ-ਅੰਦਰਲੀ। ਅਭ ਪੀਰ-ਅੰਦਰਲੀ ਪੀੜਾ।
ਚਾਤ੍ਰਿਕ-ਪਪੀਹਾ। ਮੇਹ-ਮੀਂਹ। ਸਰ-ਸਰੋਵਰ। ਥਲ-ਧਰਤੀ। ਇਕ ਬੂੰਦ-ਮੀਂਹ ਦੀ ਇਕ ਕਣੀ। ਕੇਹ-ਕਿਸ ਕੰਮ। ਕਰਮਿ ਮਿਲੈ-ਬਖਸ਼ਿਸ਼ ਨਾਲ ਮਿਲ ਜਾਵੇ। ਪਾਈਐ-ਤਾਂ ਹੀ ਪਾਈਦਾ ਹੈ। ਆਵਟਣੁ-ਉਬਾਲਾ। ਖਵੈ-ਸਹਾਰਦਾ ਹੈ। ਖਪਣਿ-ਖਪਣ, ਸੜਨ ਨਹੀਂ ਦਿੰਦਾ, ਸੁੱਕਣ ਨਹੀਂ ਦਿੰਦਾ। ਸਚਿ ਵਡਿਆਈ ਦੇਇ-ਸਦਾ ਥਿਰ ਰਹਿਣ ਵਾਲੀ ਵਡਿਆਈ ਦਿੰਦਾ ਹੈ। ਸੂਰ-ਸੂਰਜ। ਜਾਣੈ ਦੂਰਿ ਹਜੂਰਿ-ਦੂਰ ਸੂਰਜ ਨੂੰ ਹਜ਼ੂਰੀ ਭਾਵ ਨੇੜੇ ਵਸਦਾ ਸਮਝਦੀ ਹੈ।
ਪਾਣੀ ਤੇ ਕੌਲ ਫੁੱਲ, ਮੱਛੀ ਤੇ ਪਾਣੀ, ਪਪੀਹੇ ਤੇ ਸਵਾਂਤੀ ਬੂੰਦ, ਪਾਣੀ ਤੇ ਦੁੱਧ ਅਤੇ ਚਕਵੀ ਤੇ ਸੂਰਜ ਦੇ ਆਪਸੀ ਪਿਆਰ ਦੀ ਉਦਾਹਰਨਾਂ ਦੇ ਕੇ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਗੁਰੂ ਦੇ ਸਨਮੁਖ ਰਹਿਣ ਵਾਲਾ ਗੁਰਮੁਖਿ ਪ੍ਰਭੂ ਨੂੰ ਸਦਾ ਆਪਣੇ ਅੰਗ ਸੰਗ ਵਸਦਾ ਪ੍ਰਤੀਤ ਕਰਦਾ ਹੈ ਪਰ ਇਸ ਗੱਲ ਦੀ ਮਨਮੁਖ ਨੂੰ ਸੋਝੀ ਨਹੀਂ ਹੁੰਦੀ-
ਮਨਮੁਖਿ ਸੋਝੀ ਨਾ ਪਵੈ
ਗੁਰਮੁਖਿ ਸਦਾ ਹਜੂਰਿ॥
ਅੱਖਰੀਂ ਅਰਥ : ਹੇ ਮਨ, ਪ੍ਰਭੂ ਨਾਲ ਐਸੀ ਪ੍ਰੀਤ ਕਰ ਜਿਵੇਂ ਕੌਲ ਫੁੱਲ ਦਾ ਪਾਣੀ ਵਿਚ ਹੈ। ਭਾਵੇਂ ਕੌਲ ਫੁੱਲ ਪਾਣੀ ਦੀਆਂ ਲਹਿਰਾਂ ਦੇ ਧੱਕੇ ਖਾਂਦਾ ਹੈ ਪਰ ਫਿਰ ਵੀ ਆਪਸੀ ਪਿਆਰ ਦੇ ਕਾਰਨ ਉਹ ਪਾਣੀ ਦੇ ਪਿਆਰ ਵਿਚ ਹੀ ਖੁਸ਼ ਰਹਿੰਦਾ ਹੈ ਅਤੇ ਪਾਣੀ ਵਿਚ ਹੀ ਖਿੜਦਾ ਹੈ। ਇਸੇ ਤਰ੍ਹਾਂ ਪਰਮਾਤਮਾ ਜੋ ਜੀਵ-ਜੰਤੂਆਂ ਨੂੰ ਪਾਣੀ ਵਿਚ ਪੈਦਾ ਕਰਦਾ ਹੈ, ਉਨ੍ਹਾਂ ਦਾ ਜੀਵਨ ਜਲ ਵਿਚ ਹੀ ਹੈ, ਜਲ ਤੋਂ ਬਿਨਾਂ ਉਨ੍ਹਾਂ ਦੀ ਮੌਤ ਹੋ ਜਾਂਦੀ ਹੈ।
ਹੇ ਮਨ, ਪ੍ਰਭੂ ਨਾਲ ਪਿਆਰ ਪਾਉਣ ਤੋਂ ਬਿਨਾਂ (ਵਿਕਾਰਾਂ ਤੋਂ) ਛੁਟਕਾਰਾ ਕਿਵੇਂ ਹੋ ਸਕਦਾ ਹੈ? ਪਿਆਰਾ ਪ੍ਰਭੂ ਗੁਰਮੁਖਾਂ ਦੇ ਹਿਰਦੇ ਵਿਚ ਵਸਦਾ ਹੈ। ਇਥੋਂ ਤੱਕ ਕਿ ਅਜਿਹੇ ਸਾਧਕਾਂ ਨੂੰ ਗੁਰੂ ਦੇ ਭਗਤੀ ਦੇ ਭੰਡਾਰ (ਖ਼ਜ਼ਾਨੇ) ਹੀ ਬਖਸ਼ਿਸ਼ ਕਰ ਦਿੰਦਾ ਹੈ।
ਹੇ ਮਨ, ਪ੍ਰਭੂ ਨਾਲ ਐਸੀ ਪ੍ਰੀਤ ਕਰ ਜਿਵੇਂ ਮੱਛੀ ਤੇ ਪਾਣੀ ਦੀ ਹੈ। ਜਿਉਂ-ਜਿਉਂ ਪਾਣੀ ਵਧਦਾ ਹੈ, ਤਿਉਂ-ਤਿਉਂ ਉਸ ਨੂੰ (ਮੱਛੀ ਨੂੰ) ਅਨੰਦ ਪ੍ਰਾਪਤ ਹੁੰਦਾ ਹੈ। ਉਸ ਦੇ ਮਨ ਅਤੇ ਸਰੀਰ ਨੂੰ ਸ਼ਾਂਤੀ ਪ੍ਰਦਾਨ ਹੁੰਦੀ ਹੈ। ਪਾਣੀ ਤੋਂ ਬਿਨਾਂ ਉਹ ਇਕ ਘੜੀ ਅਥਵਾ ਇਕ ਪਲ ਵੀ ਜਿਉਂਦੀ ਨਹੀਂ ਰਹਿ ਸਕਦੀ। ਅਜਿਹੀ ਹਾਲਤ ਵਿਚ ਪ੍ਰਭੂ ਹੀ ਉਸ ਦੇ ਮਨ ਦੀ ਪੀੜਾ ਨੂੰ ਸਮਝ ਸਕਦਾ ਹੈ।
ਹੇ ਮਨ, ਪਰਮਾਤਮਾ ਨਾਲ ਅਜਿਹੀ ਪ੍ਰੀਤ ਕਰ ਜਿਵੇਂ ਪਪੀਹੇ ਦੀ ਮੀਂਹ ਨਾਲ ਹੈ। ਭਾਵੇਂ ਮੀਂਹ ਦੇ ਪਾਣੀ ਨਾਲ ਸਾਰੇ ਸਰੋਵਰ ਭਰੇ ਹੋਏ ਹੋਣ ਅਤੇ ਸਾਰੀ ਧਰਤੀ ਹਰਿਆਵਲ ਹੋ ਜਾਵੇ ਪਰ ਜੇਕਰ ਪਪੀਹੇ ਦੇ ਮੂੰਹ ਵਿਚ ਮੀਂਹ ਦੀ ਕਿਣੀ (ਸਵਾਂਤੀ ਬੂੰਦ) ਨਹੀਂ ਪੈਂਦੀ ਤਾਂ ਉਸ ਨੂੰ ਇਨ੍ਹਾਂ ਸਭਨਾਂ ਨਾਲ ਕੀ ਵਾਸਤਾ? ਪਰ ਹੇ ਮਨਾਂ, ਤੇਰੇ ਵੀ ਕੋਈ ਵਸ ਦੀ ਗੱਲ ਨਹੀਂ, ਕਿਉਂਕਿ ਪਰਮਾਤਮਾ ਤਾਂ ਹੀ ਮਿਲਦਾ ਹੈ ਜੇਕਰ ਉਸ ਦੀ ਨਜ਼ਰ ਸਵੱਲੀ ਹੋਵੇ, ਨਹੀਂ ਤਾਂ ਪੂਰਬਲੇ ਜਨਮ ਵਿਚ ਜੋ ਵੀ ਕਮਾਇਆ ਹੁੰਦਾ ਹੈ, ਉਸ ਨੂੰ ਹੀ ਸਿਰ ਅਤੇ ਸਰੀਰ 'ਤੇ ਝੱਲਣਾ ਪੈਂਦਾ ਹੈ।
ਹੇ ਮਨ, ਪ੍ਰਭੂ ਨਾਲ ਇਸ ਤਰ੍ਹਾਂ ਦੀ ਪ੍ਰੀਤ ਕਰ ਜਿਵੇਂ ਪਾਣੀ ਤੇ ਦੁੱਧ ਦੀ ਹੈ। ਜਦੋਂ ਦੁੱਧ ਪਾਣੀ ਵਿਚ ਆ ਮਿਲਦਾ ਹੈ ਅਤੇ ਉਬਾਲਿਆ ਜਾਂਦਾ ਹੈ ਤਾਂ ਪਾਣੀ ਦੁੱਧ ਨੂੰ ਸੇਕ ਨਹੀਂ ਲੱਗਣ ਦਿੰਦਾ, ਸਗੋਂ ਆਪ ਸੜਦਾ ਹੈ। ਇਸੇ ਤਰ੍ਹਾਂ ਜੋ ਜੀਵ ਪ੍ਰਭੂ 'ਤੇ ਆਪਾ ਨਿਛਾਵਰ ਕਰਦੇ ਹਨ, ਪ੍ਰਭੂ ਉਨ੍ਹਾਂ ਵਿਛੜੇ ਹੋਏ ਜੀਵਾਂ ਨੂੰ ਆਪਣੇ ਨਾਲ ਮੇਲ ਕੇ ਸਦਾ ਕਾਇਮ ਰਹਿਣ ਵਾਲੀ ਵਡਿਆਈ ਬਖ਼ਸ਼ਦਾ ਹੈ।
ਹੇ ਮਨ, ਪ੍ਰਭੂ ਨਾਲ ਐਸੀ ਪ੍ਰੀਤ ਕਰ ਜਿਵੇਂ ਚਕਵੀ ਦੀ ਸੂਰਜ ਨਾਲ ਹੁੰਦੀ ਹੈ। ਉਹ ਚਕਵੇ ਦੇ ਵਿਛੋੜੇ ਵਿਚ ਦੂਰ ਸੂਰਜ ਨੂੰ ਨੇੜੇ ਸਮਝਦੀ ਹੋਈ ਇਕ ਪਲ ਭਰ ਲਈ ਵੀ ਨੀਂਦਰ ਨਹੀਂ ਸੌਂਦੀ।
ਗੁਰੂ ਦੇ ਮਾਰਗ 'ਤੇ ਨਾ ਚੱਲਣ ਵਾਲੇ ਮਨਮੁਖ ਨੂੰ ਇਸ ਗੱਲ ਦੀ ਸੋਝੀ ਨਹੀਂ ਪੈਂਦੀ ਪਰ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ, ਉਸ ਨੂੰ ਪਰਮਾਤਮਾ ਅੰਗ ਸੰਗ ਵਸਦਾ ਪ੍ਰਤੀਤ ਹੁੰਦਾ ਹੈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਉਦੇਸ਼ ਪ੍ਰਾਪਤੀ ਲਈ ਜ਼ਰੂਰੀ ਹਨ ਮਜ਼ਬੂਤ ਸਾਧਨ

ਸੁੱਖ ਤਾਂ ਸਾਰੇ ਚਾਹੁੰਦੇ ਹਨ ਪਰ ਇਸ ਲਈ ਜੋ ਕੁਝ ਕਰਨਾ ਹੈ, ਉਹ ਸਾਰੇ ਨਹੀਂ ਜਾਣਦੇ। ਸਵਾਮੀ ਵਿਵੇਕਾਨੰਦ ਅਨੁਸਾਰ ਇਹ ਇਕ ਵੱਡਾ ਦੁਖਾਂਤ ਹੈ ਕਿ ਉਦੇਸ਼ ਪ੍ਰਾਪਤੀ ਤਾਂ ਹਰ ਕੋਈ ਚਾਹੁੰਦਾ ਹੈ ਪਰ ਉਸ ਲਈ ਕਿਹੜੇ ਸਾਧਨ ਚਾਹੀਦੇ ਹਨ ਜਾਂ ਕਿੰਨੀ ਮਿਹਨਤ ਕਰਨੀ ਹੈ, ਉਹ ਬਹੁਤੇ ਘੱਟ ਹੀ ਜਾਣਦੇ ਹਨ। ਸਾਧਨਾਂ ਦੀ ਘਾਟ ਕਾਰਨ ਹੀ ਅਸੀਂ ਆਪਣੇ ਟੀਚੇ ਤੋਂ ਭਟਕ ਜਾਂਦੇ ਹਾਂ। ਉਦੇਸ਼ ਦੀ ਪ੍ਰਾਪਤੀ ਲਈ ਸਾਨੂੰ ਆਪਣੇ-ਆਪ ਨੂੰ ਯੋਗ ਬਣਾਉਣ ਅਤੇ ਸਾਧਨਾ ਨੂੰ ਮਜ਼ਬੂਤ ਕਰਨ ਦੀ ਲੋੜ ਹੈ। ਸਾਨੂੰ ਕੇਵਲ ਉਦੇਸ਼ ਬਾਰੇ ਹੀ ਨਹੀਂ ਸੋਚਣਾ ਚਾਹੀਦਾ, ਸਗੋਂ ਉਸ ਦੀ ਪ੍ਰਾਪਤੀ ਲਈ ਨਿਰੰਤਰ ਕਰਮ ਵੀ ਕਰਨਾ ਚਾਹੀਦਾ ਹੈ। ਇਸ ਦੇ ਨਾਲ ਹੀ ਆਪਣੇ ਸਾਧਨ ਵੀ ਪੱਕੇ ਕਰਨੇ ਚਾਹੀਦੇ ਹਨ। ਗੀਤਾ ਵਿਚ ਵੀ ਭਗਵਾਨ ਕ੍ਰਿਸ਼ਨ ਦਾ ਇਹ ਹੀ ਸੰਦੇਸ਼ ਹੈ ਕਿ ਸਾਨੂੰ ਹਮੇਸ਼ਾ ਕਰਮ ਕਰਦੇ ਰਹਿਣਾ ਚਾਹੀਦਾ ਹੈ। ਸਾਡਾ ਧਿਆਨ ਤਾਂ ਕਾਰਜ ਵੱਲ ਹੋਣਾ ਚਾਹੀਦਾ ਹੈ, ਨਾ ਕਿ ਕੇਵਲ ਉਦੇਸ਼ 'ਤੇ। ਉਦੇਸ਼ ਵੱਲ ਜ਼ਿਆਦਾ ਧਿਆਨ ਲਗਾਅ ਪੈਦਾ ਕਰਦਾ ਹੈ। ਇਹ ਲਗਾਅ ਹੀ ਦੁੱਖਾਂ ਦਾ ਕਾਰਨ ਬਣਦਾ ਹੈ। ਲਗਾਅ ਕਾਰਨ ਸਾਡੀ ਹਾਲਤ ਵੀ ਉਸ ਮਧੂ ਮੱਖੀ ਵਰਗੀ ਹੋ ਜਾਂਦੀ ਹੈ ਜੋ ਆਉਂਦੀ ਤਾਂ ਸ਼ਹਿਦ ਪ੍ਰਾਪਤ ਕਰਨ ਹੈ ਪਰ ਸ਼ਹਿਦ ਨਾਲ ਚਿਪਕ ਜਾਂਦੀ ਹੈ ਪਰ ਉਹ ਚਾਹੁੰਦੇ ਹੋਏ ਵੀ ਨਿਕਲ ਨਹੀਂ ਸਕਦੀ। ਇਸ ਲਈ ਸਾਨੂੰ ਉਦੇਸ਼ ਨਾਲ ਲਗਾਅ ਨਹੀਂ ਪੈਦਾ ਹੋਣ ਦੇਣਾ ਚਾਹੀਦਾ। ਸਾਨੂੰ ਤਾਂ ਕੇਵਲ ਸਾਧਨ ਦੀ ਮਜ਼ਬੂਤੀ ਦੀ ਕਰਮ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸ਼ਾਹ ਹੁਸੈਨ : ਸਿੱਖ ਇਤਿਹਾਸਕ ਗ੍ਰੰਥਾਂ ਵਿਚ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗੁਰਕੀਰਤ ਪ੍ਰਕਾਸ਼ : ਪੰਜਵੇਂ ਖੰਡ ਵਿਚ ਏਹੋ ਪ੍ਰਸੰਗ ਦਰਜ ਹੈ ਅਤੇ ਜੋ ਕਾਫੀ ਸ਼ਾਹ ਹੁਸੈਨ ਨੇ ਉਸ ਮੌਕੇ ਸੁਣਾਈ, ਉਹ ਵੀ ਉਹੋ ਹੈ ਜੋ ਦੂਜੇ ਗ੍ਰੰਥਾਂ ਵਿਚ ਹੈ:
ਕਾਨ੍ਹਾ ਛੱਜੂ ਪੀਲੂ ਆਇਆ।
ਸ਼ਾਹ ਹੁਸੈਨ ਭੀ ਸੰਗ ਸਿਧਾਇਆ।
ਕਾਨ੍ਹੇ ਨਿਜ ਮਨ ਏ ਠਹਿਰਾਈ।
ਸ਼੍ਰੀ ਗੁਰੂ ਸਮਸਰ ਬੈਠੋ ਜਾਈ।
ਸ਼ਾਹਿ ਹੁਸੈਨ ਨਿਵਾਇ ਸਿਰ,
ਕਹਯੋ ਹੋਰਿ ਗੁਰ ਤੌਰ।
ਚੁਪ ੳਇ ਅੜਿਆ ਚੁਪ ਕਰ
ਈਹਾ ਨ ਬੋਲਣ ਠੋਰ।
ਸੁਨ ਚਾਰੋ ਕੇ ਵਾਕ ਤਬ,
ਸ਼੍ਰੀ ਗੁਰੂ ਅਰਜਨ ਰਾਇ।
ਉਤਰ ਲੱਗੇ ਅਲਾਵਣੇ
ਸੁਨੋ ਸੰਤ ਮਨ ਲਾਇ।
ਸ਼੍ਰੀ ਗੁਰ ਸ਼ਾਹਿ ਹੁਸੈਨ ਕੋ
ਏ ਕਹਿ ਦਇਆ ਸਲੋਕ
ਚੁਪ ਕਰ ਰਹਨ ਸਕਾਰਥਾ
ਜੇ ਮਨਿ ਹੋਇ ਸੰਤੋਖ ।
ਭਾਈ ਸੰਤੋਖ ਸਿੰਘ ਨੇ ਆਪਣਾ ਗੁਰਪ੍ਰਤਾਪ ਸੂਰਜ ਗ੍ਰੰਥ ਪਹਿਲੇ ਮੱਧਕਾਲੀ ਗ੍ਰੰਥਾਂ ਨੂੰ ਆਧਾਰ ਬਣਾ ਕੇ ਲਿਖਿਆ ਸੀ। ਇਸ ਲਈ ਉਸ ਨੇ ਵੀ ਉਹੋ ਰਵਾਇਤ ਲਿਖੀ, ਜੋ ਬਾਕੀ ਗ੍ਰੰਥਾਂ ਵਿਚ ਹੈ। ਭਾਈ ਜੀ ਨੇ ਲਿਖਿਆ ਹੈ:
ਲ਼ਵਪੁਰ ਤਿਸੀ ਸਮੇਂ ਮਹਿ ਹੋਤੇ,
ਚਤੁਰ ਭਗਤ ਸੁਭ ਪੰਥ ਮਝਾਰ।
ਇਕ ਕਾਨ੍ਹਾਛੱਜੂ ਕਹਿ ਦੂਜੇ,
ਸ਼ਾਹ ਹੁਸੈਨ ਸੁ ਪੀਲੂ ਚਾਰ।
ਆਇਸ ਗੁਰ ਦੀ ਪਾਇ ਕਰਿ
ਬੋਲਯੋ ਸ਼ਾਹ ਹੁਸੈਨ।
ਸਭਾ ਬਿਖੈ ਸਭ ਹੀ ਸੁਨਹਿ,
ਤਿਸ ਕੀ ਦਿਸ ਕਰ ਨੈਨ।
ਸ਼ਾਹ ਹੁਸੈਨ ਬਾਚ:
ਚੁੱਪ ਵੇ ਅੜਿਆ ਚੁੱਪ ਵੇ ਅੜਿਆ
ਬੋਲਣ ਦੀ ਨਹੀ ਜਾਇ ਵੇ ਅੜਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਮੋਬਾ: 98889-39808

ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਸੰਨ੍ਹ ਸਾਹਿਬ ਬਾਸਰਕੇ ਗਿੱਲਾਂ

ਅੰਮ੍ਰਿਤਸਰ ਦੇ ਸਨਅਤੀ ਅਤੇ ਇਤਿਹਾਸਕ ਕਸਬਾ ਛੇਹਰਟਾ ਤੋਂ 7 ਕਿਲੋਮੀਟਰ ਹਟਵਾਂ ਇਤਿਹਾਸਕ ਪਿੰਡ ਬਾਸਰਕੇ ਗਿੱਲਾਂ ਹੈ, ਜਿਥੇ ਸ੍ਰੀ ਗੁਰੂ ਅਮਰ ਦਾਸ ਜੀ ਨੇ ਅਵਤਾਰ ਧਾਰਿਆ। ਇਸ ਨਗਰ ਵਿਖੇ ਗੁਰਦੁਆਰਾ ਅੰਗੀਠਾ ਬੀਬੀ ਅਮਰੋ ਜੀ ਅਤੇ ਗੁਰਦੁਆਰਾ ਸੰਨ੍ਹ ਸਾਹਿਬ ਸੁਸ਼ੋਭਿਤ ਹੈ, ਜਿਥੇ 24-25 ਸਤੰਬਰ ਨੂੰ ਸ੍ਰੀ ਗੁਰੂ ਅਮਰ ਦਾਸ ਜੀ ਦਾ ਜੋਤੀ ਜੋਤ ਪੁਰਬ ਸਾਲਾਨਾ ਚੌਰਾਸੀ ਕੱਟ ਮੇਲੇ ਦੇ ਰੂਪ ਵਿਚ ਮਨਾਇਆ ਜਾ ਰਿਹਾ ਹੈ। ਜਿਥੋਂ ਤੱਕ ਗੁਰਦੁਆਰਾ ਸੰਨ੍ਹ ਸਾਹਿਬ ਦੇ ਇਤਿਹਾਸ ਦਾ ਸਬੰਧ ਹੈ, ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੁਰਗੱਦੀ ਗੁਰੂ ਅਮਰ ਦਾਸ ਜੀ ਨੂੰ ਸੌਂਪੀ ਤਾਂ ਇਸ ਦਾ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਪੁੱਤਰਾਂ ਭਾਈ ਦਾਸੂ ਅਤੇ ਭਾਈ ਦਾਤੂ ਨੇ ਕਰੜਾ ਵਿਰੋਧ ਕੀਤਾ। ਭਾਈ ਦਾਤੂ ਨੇ ਭਰੇ ਦੀਵਾਨ ਵਿਚ ਗੋਇੰਦਵਾਲ ਸਾਹਿਬ ਵਿਖੇ ਗੁਰੂ ਅਮਰ ਦਾਸ ਜੀ ਨੂੰ ਗੱਦੀ 'ਤੇ ਬੈਠਿਆਂ ਲੱਤ ਮਾਰੀ ਅਤੇ ਬੁਰਾ ਭਲਾ ਕਿਹਾ। ਇਸ 'ਤੇ ਗੁਰੂ ਅਮਰ ਦਾਸ ਜੀ ਨਾਰਾਜ਼ ਨਹੀਂ ਹੋਏ, ਸਗੋਂ ਦਾਤੂ ਦੇ ਪੈਰ ਫੜ ਕੇ ਘੁੱਟਣ ਲੱਗ ਪਏ ਅਤੇ ਫਰਮਾਇਆ ਕਿ ਤੁਸੀਂ ਮੇਰੇ ਗੁਰੂ ਜੀ ਦੇ ਸਾਹਿਬਜ਼ਾਦੇ ਹੋ। ਤੁਹਾਡੇ ਅੰਗ ਕੋਮਲ ਹਨ ਅਤੇ ਮੇਰਾ ਸਰੀਰ ਬਿਰਧ ਹੈ। ਜਿਸ ਕਰਕੇ ਤੁਹਾਡੇ ਕੋਮਲ ਅੰਗਾਂ 'ਤੇ ਮੇਰੇ ਬੁੱਢੇ ਹੱਡਾਂ ਨੇ ਆਪ ਨੂੰ ਤਕਲੀਫ ਦਿੱਤੀ ਹੋਵੇਗੀ। ਇਹ ਸੁਣ ਕੇ ਭਾਈ ਦਾਤੂ ਸ਼ਰਮਿੰਦਾ ਹੋਏ ਅਤੇ ਫਰਮਾਇਆ ਕਿ ਤੇਰੀ ਇਸੇ ਨਿਮਰਤਾ ਨੇ ਹੀ ਸਾਡੀ ਗੱਦੀ ਖੋਹ ਲਈ ਹੈ।
ਗੁਰੂ ਅਮਰ ਦਾਸ ਨਹੀਂ ਸਨ ਚਾਹੁੰਦੇ ਕਿ ਗੁਰੂ ਜੀ ਦੇ ਪੁੱਤਰਾਂ ਨਾਲ ਕਿਸੇ ਕਿਸਮ ਦਾ ਝਗੜਾ ਕੀਤਾ ਜਾਵੇ ਤੇ ਉਹ ਰਾਤੋ-ਰਾਤ ਬਿਨਾਂ ਕਿਸੇ ਨੂੰ ਦੱਸਿਆਂ ਗੋਇੰਦਵਾਲ ਤੋਂ ਆਪਣੇ ਨਗਰ ਬਾਸਰਕੇ ਵਿਖੇ ਆ ਗਏ ਅਤੇ ਮਲ੍ਹੇ-ਝਾੜੀਆਂ ਵਿਚ ਇਕ ਕੱਚੇ ਕੋਠੇ ਵਿਚ ਬੈਠ ਕੇ ਭਜਨ ਬੰਦਗੀ ਕਰਨ ਲੱਗ ਪਏ। ਸਵੇਰੇ ਜਦੋਂ ਸੰਗਤਾਂ ਦੀਵਾਨ ਵਿਚ ਆਈਆਂ ਤਾਂ ਸੰਗਤਾਂ ਦੀ ਹਾਲਤ ਗੁਰੂ ਬਿਨਾਂ ਪਾਣੀ ਬਿਨ ਮਛਲੀ ਵਰਗੀ ਹੋ ਗਈ। ਸੰਗਤਾਂ ਦਾ ਇਕੱਠ ਹੋਇਆ, ਵਿਚਾਰਾਂ ਕੀਤੀਆਂ ਅਤੇ ਬਾਬਾ ਬੁੱਢਾ ਜੀ ਨੂੰ ਗੁਰੂ ਜੀ ਦੀ ਭਾਲ ਕਰਨ ਲਈ ਬੇਨਤੀ ਕੀਤੀ। ਬਾਬਾ ਬੁੱਢਾ ਜੀ ਨੇ ਜਦੋਂ ਗੁਰੂ ਅਮਰ ਦਾਸ ਜੀ ਦੀ ਘੋੜੀ ਮੰਗਵਾਈ ਤਾਂ ਘੋੜੀ ਦੂਹਰੇ ਪੈਂਡੇ ਨਾਲ ਮੁੜ੍ਹਕੋ-ਮੁੜ੍ਹਕੀ ਹੋਈ ਪਈ ਸੀ। ਬਾਬਾ ਬੁੱਢਾ ਜੀ ਨੇ ਫਰਮਾਇਆ ਕਿ ਘੋੜੀ ਨੇ ਹੀ ਗੁਰੂ ਜੀ ਨੂੰ ਸਾਥੋਂ ਵਿਛੋੜਿਆ ਹੈ ਅਤੇ ਇਹ ਹੀ ਮਿਲਾਏਗੀ। ਘੋੜੀ ਨੂੰ ਖੁੱਲ੍ਹਾ ਛੱਡ ਕੇ ਬਾਬਾ ਬੁੱਢਾ ਜੀ ਅਤੇ ਸੰਗਤਾਂ ਘੋੜੀ ਦੇ ਮਗਰ-ਮਗਰ ਸਤਿਨਾਮ ਵਾਹਿਗੁਰੂ ਦਾ ਜਾਪ ਕਰਦੀਆਂ ਚੱਲ ਪਈਆਂ। ਘੋੜੀ ਉਥੇ ਆ ਕੇ ਰੁਕੀ ਜਿਥੇ ਗੁਰੂ ਜੀ ਨੂੰ ਛੱਡ ਕੇ ਗਈ ਸੀ। ਪਰ ਬੂਹੇ ਦੇ ਬਾਹਰ ਗੁਰੂ ਜੀ ਵਲੋਂ ਲਿਖਿਆ ਇਹ ਹੁਕਮ ਪੜ੍ਹ ਕੇ ਸੰਗਤਾਂ ਉਦਾਸ ਹੋ ਗਈਆਂ ਕਿ 'ਜੋ ਬੂਹਾ ਖੋਲ੍ਹੇਗਾ, ਉਹ ਗੁਰੂ ਕਾ ਸਿੱਖ ਨਹੀਂ ਹੋਵੇਗਾ।' ਇਸ 'ਤੇ ਬਾਬਾ ਬੁੱਢਾ ਜੀ ਨੇ ਬੂਹਾ ਖੋਲ੍ਹਣ ਦੀ ਬਜਾਏ ਮਗਰੋਂ ਸੰਨ੍ਹ (ਪਾੜ) ਲਾ ਕੇ ਗੁਰੂ ਜੀ ਦੇ ਦਰਸ਼ਨ ਆਪ ਕੀਤੇ ਤੇ ਸੰਗਤਾਂ ਨੂੰ ਕਰਵਾਏ। ਇਸ ਅਸਥਾਨ ਦੀ ਮਹਿਮਾ ਦਾ ਵਰਣਨ ਮਹਾਂਕਵੀ ਭਾਈ ਸੰਤੋਖ ਸਿੰਘ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿਚ ਇਸ ਤਰ੍ਹਾਂ ਕੀਤਾ ਹੈ, 'ਸੰਨ੍ਹ ਬੀਚ ਨਰ ਜੋ ਲਖ ਜਾਏ, ਸੋ ਨਰ ਜੰਮ ਕੇ ਪੰਥ ਨਾ ਪਾਏ।'


-ਬਾਸਰਕੇ ਹਾਊਸ ਭੱਲਾ ਕਾਲੋਨੀ, ਛੇਹਰਟਾ।

ਗੁਰਦੁਆਰਾ ਸ੍ਰੀ ਨਾਨਕ ਸਰ ਸਾਹਿਬ ਹਕੀਮਪੁਰ (ਸ਼ਹੀਦ ਭਗਤ ਸਿੰਘ ਨਗਰ)

ਪੰਜਾਬ ਅਤੇ ਦੁਆਬੇ ਦੇ ਮਸ਼ਹੂਰ ਅਤੇ ਇਤਿਹਾਸਕ ਸ਼ਹਿਰ ਫਗਵਾੜਾ ਤੋਂ 18 ਕਿਲੋਮੀਟਰ ਨਹਿਰ ਦੇ ਸੱਜੇ ਪਾਸੇ ਪਿੰਡ ਹਕੀਮਪੁਰ (ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ) ਤੋਂ ਇਕ ਫਰਲਾਂਗ ਦੀ ਵਿੱਥ 'ਤੇ ਗੁਰਦੁਆਰਾ ਸ੍ਰੀ ਨਾਨਕ ਸਰ ਸੁਸ਼ੋਭਿਤ ਹੈ। ਇਤਿਹਾਸਕ ਸਾਖੀ ਹੈ ਕਿ ਤੀਜੀ ਉਦਾਸੀ ਸਮੇਂ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ 13 ਸਤੰਬਰ 1514 ਈ: ਨੂੰ ਇਸ ਇਤਿਹਾਸਕ ਨਗਰ ਵਿਚ ਚਰਨ ਪਾਏ।
ਦੁਆਬੇ ਦੀ ਪ੍ਰਚਾਰ ਫੇਰੀ ਸਮੇਂ ਗੁਰੂ ਖਾਲਸਾ ਤਵਾਰੀਖ ਅਨੁਸਾਰ ਇਸ ਜਗ੍ਹਾ ਨੂੰ ਛੇਵੇਂ ਪਾਤਸ਼ਾਹ ਜੀ ਅਤੇ ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਆਪਣੇ ਮਹਿਲਾਂ ਅਤੇ 2200 ਘੋੜ ਅਸਵਾਰ ਯੋਧਿਆਂ ਸਹਿਤ ਇਸ ਪਵਿੱਤਰ ਅਸਥਾਨ 'ਤੇ 20 ਅਕਤੂਬਰ 1656 ਨੂੰ ਸ੍ਰੀ ਕੀਰਤਪੁਰ ਸਾਹਿਬ ਤੋਂ ਸ੍ਰੀ ਕਰਤਾਰਪੁਰ ਜਾਂਦੇ ਸਮੇਂ ਚਰਨ ਪਾਏ ਅਤੇ ਸਤਿਗੁਰੂ ਜੀ ਨੇ ਇਥੇ 11 ਮਹੀਨੇ 19 ਦਿਨ ਨਿਵਾਸ ਕੀਤਾ। ਸੰਗਤਾਂ ਨੂੰ ਸੱਚ ਧਰਮ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ। ਇਸੇ ਹੀ ਅਸਥਾਨ 'ਤੇ ਬਾਬਾ ਬਕਾਲਾ ਤੋਂ ਸ੍ਰੀ ਅਨੰਦਪੁਰ ਸਾਹਿਬ ਜੀ ਨੂੰ ਜਾਣ ਸਮੇਂ ਨੌਵੇਂ ਗੁਰੂ ਜੀ ਨੇ 15 ਜੂਨ 1665 ਈ: ਨੂੰ ਮੁਬਾਰਕ ਚਰਨ ਪਾਏ।
1974 ਅਗਸਤ ਤੱਕ ਇਥੇ ਮਹੰਤ ਸੇਵਾ ਕਰਦੇ ਰਹੇ। ਉਨ੍ਹਾਂ ਵਲੋਂ ਇਸ ਅਸਥਾਨ ਦੀ ਸੇਵਾ ਸੰਭਾਲ ਮਰਿਆਦਾ ਸਹਿਤ ਨਾ ਹੁੰਦੀ ਦੇਖ ਕੇ ਪਿੰਡ ਹਕੀਮਪੁਰ, ਜਗਤਪੁਰ, ਮੁਕੰਦਪੁਰ ਅਤੇ ਰਹਿਪਾ ਆਦਿ ਸੰਗਤ ਦੀ ਬੇਨਤੀ ਪ੍ਰਵਾਨ ਕਰਕੇ ਮਿਸਲ ਸ਼ਹੀਦਾਂ ਤਰਨਾ ਦਲ ਹਰੀਆਂ ਵੇਲਾਂ ਦੀ ਜਥੇਬੰਦੀ ਦੇ ਮੁਖੀ ਜਥੇਦਾਰ ਸੰਤ ਬਾਬਾ ਨਿਹਾਲ ਸਿੰਘ ਨੇ ਇਸ ਪਾਵਨ ਅਸਥਾਨ ਦਾ ਪ੍ਰਬੰਧ ਅਤੇ ਸੇਵਾ ਸੰਭਾਲ 1 ਸਤੰਬਰ 1974 ਨੂੰ ਆਪਣੀ ਅਗਵਾਈ ਹੇਠ ਪ੍ਰਾਪਤ ਕਰਕੇ ਬਹੁਤ ਹੀ ਸ਼ਾਨਦਾਰ 28 ਵੱਡੇ ਛੋਟੇ ਗੁੰਮਜਾਂ ਸਹਿਤ ਗੁਰੂ ਘਰ ਦੀ ਇਮਾਰਤ, ਪਾਵਨ ਤੀਰਥ ਸਰੋਵਰ ਅਤੇ ਸੁੰਦਰ ਲੰਗਰ ਹਾਲ ਅਤੇ ਬਹੁਤ ਸਾਰੇ ਰਿਹਾਇਸ਼ੀ ਕਮਰੇ ਹੁਣ ਤੱਕ ਸੰਗਤਾਂ ਦੇ ਸਹਿਯੋਗ ਨਾਲ ਬਣਾਉਣ ਦੀ ਸੇਵਾ ਕਰਵਾਈ ਹੈ। ਹਰ ਪੂਰਨਮਾਸ਼ੀ ਨੂੰ ਗਿ: ਸੁਮਿੱਤਰ ਸਿੰਘ, ਭਾਈ ਗੁਰਨਾਮ ਸਿੰਘ ਹਰੀਆਂ ਵੇਲਾਂ ਅਤੇ ਸ੍ਰੀਮਾਨ ਨਾਗਰ ਸਿੰਘ ਅਨੁਸਾਰ ਜੋੜ ਮੇਲਾ ਲਗਦਾ ਹੈ। ਹਰ ਸਾਲ ਦੀ ਤਰ੍ਹਾਂ ਜਥੇਬੰਦੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ 25 ਸਤੰਬਰ ਨੂੰ ਸਾਲਾਨਾ ਜੋੜ ਮੇਲਾ ਜਥੇਬੰਦੀ ਵਲੋਂ ਸੰਤ ਨਿਹਾਲ ਸਿੰਘ ਦੀ ਦੇਖ-ਰੇਖ ਹੇਠ ਪੂਰਨਮਾਸ਼ੀ ਵਾਲੇ ਦਿਨ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।


-ਮੋਬਾਈਲ : 074174-43300.

ਧਾਰਮਿਕ ਸਾਹਿਤ

ਗੁਰੂ ਗ੍ਰੰਥ ਸਾਹਿਬ ਜੀ ਦੇ ਭਗਤ ਤੇ ਭੱਟ
ਲੇਖਿਕਾ : ਹਰਸਿਮਰਨ ਕੌਰ
ਪ੍ਰਕਾਸ਼ਕ : ਤਰਲੋਚਨ ਪਬਲਿਸ਼ਰਜ਼, ਚੰਡੀਗੜ੍ਹ।
ਪੰਨੇ : 103, ਮੁੱਲ : 200 ਰੁਪਏ
ਸੰਪਰਕ : 98551-05665


ਮਨੁੱਖਤਾ ਦੇ ਸਾਂਝੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ 15 ਭਗਤਾਂ ਅਤੇ 11 ਭੱਟਾਂ ਦੀ ਬਾਣੀ ਸੁਸ਼ੋਭਿਤ ਹੈ। ਭਗਤਾਂ ਵਿਚੋਂ ਸਭ ਤੋਂ ਵੱਧ ਬਾਣੀ ਸ੍ਰੀ ਕਬੀਰ ਜੀ ਦੀ ਹੈ ਅਤੇ ਸਭ ਤੋਂ ਘੱਟ ਬਾਣੀ ਭਗਤ ਸੂਰਦਾਸ ਜੀ ਦੀ ਹੈ। ਭਗਤ ਸਾਹਿਬਾਨ ਵੱਖੋ-ਵੱਖਰੇ ਖੇਤਰਾਂ, ਜਾਤੀਆਂ ਅਤੇ ਸੰਪ੍ਰਦਾਵਾਂ ਨਾਲ ਸਬੰਧਤ ਸਨ ਪਰ ਗੁਰਬਾਣੀ ਦੇ ਇਲਾਹੀ ਸਿਧਾਂਤ ਨਾਲ ਮੇਲ ਹੋਣ ਕਾਰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਨ੍ਹਾਂ ਨੂੰ ਨਿਵਾਜਿਆ। ਇਹ ਭਗਤ ਪ੍ਰੇਮਾ ਭਗਤੀ ਨਾਲ ਸਰਸ਼ਾਰ ਅਤੇ ਪਰਮਾਤਮਾ ਨਾਲ ਅਭੇਦ ਹੋ ਚੁੱਕੇ ਸਨ। ਕਬੀਰ ਜੀ ਦੇ 466 ਸ਼ਬਦ ਦੇ ਸਲੋਕ, ਨਾਮਦੇਵ ਜੀ ਦੇ 61, ਰਵਿਦਾਸ ਜੀ ਦੇ 41, ਫਰੀਦ ਜੀ ਦੇ 118, ਬੇਣੀ ਜੀ ਦੇ 3, ਤ੍ਰਿਲੋਚਨ ਜੀ ਦੇ 4, ਜੈ ਦੇਵ ਜੀ ਦੇ 2, ਸੈਣ ਜੀ, ਸੂਰਦਾਸ ਜੀ, ਪਰਮਾਨੰਦ ਜੀ, ਰਾਮਾਨੰਦ ਜੀ, ਸਧਨਾ ਜੀ ਤੇ ਪੀਪਾ ਜੀ ਦਾ ਇਕ-ਇਕ, ਧੰਨਾ ਜੀ ਦੇ 3 ਅਤੇ ਭੀਖਨ ਜੀ ਦੇ 2 ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ ਹਨ। ਭਗਤ ਬਾਣੀ ਤੋਂ ਜਿਥੇ ਸਮਾਜਿਕ, ਧਾਰਮਿਕ, ਰਾਜਨੀਤਕ, ਆਰਥਿਕ ਦਸ਼ਾ ਦਾ ਪਤਾ ਲਗਦਾ ਹੈ, ਉਥੇ ਪਰਮੇਸ਼ਰ ਜੀ ਦੇ ਭਗਤ ਵਛਲ ਪਿਆਰੇ ਸੁਭਾਅ ਦਾ ਗਿਆਨ ਹੁੰਦਾ ਹੈ। ਪਿਆਰ ਵਿਚ ਆ ਕੇ ਪਰਮਾਤਮਾ ਖੁਦ ਭਗਤਾਂ ਦੇ ਵੱਸ ਵਿਚ ਹੋ ਜਾਂਦੇ ਹਨ।
ਆਤਮਿਕ ਰਸ ਦੀ ਤਲਾਸ਼ ਵਿਚ ਭ੍ਰਮਣ ਕਰਦੇ ਭੱਟਾਂ ਨੂੰ ਪੰਜਵੇਂ ਪਾਤਸ਼ਾਹ ਜੀ ਦੇ ਦਰਬਾਰ ਵਿਚ ਆ ਕੇ ਅਨੂਠਾ ਆਨੰਦ, ਵਿਸਮਾਦ ਤੇ ਗਿਆਨ ਪ੍ਰਾਪਤ ਹੋਇਆ। ਭੱਟ ਕਲਸਹਾਰ ਜੀ, ਭੱਟ ਗਯੰਦ ਜੀ, ਭੀਖਾ ਜੀ, ਕੀਰਤ ਜੀ, ਮਥਰਾ ਜੀ, ਜਾਲਪ ਜੀ, ਸਲ੍ਹ ਜੀ, ਭਲ੍ਹ ਜੀ, ਬਲ੍ਹ ਜੀ, ਹਰਿਬੰਸ ਜੀ ਅਤੇ ਨਲ੍ਹ ਜੀ ਨੇ ਪਹਿਲੇ ਪੰਜ ਗੁਰੂ ਸਾਹਿਬਾਨ ਦੀ ਉਸਤਤੀ ਕਵਿਤਾ ਵਿਚ ਗਾਇਨ ਕਰਕੇ ਕੀਤੀ। ਅੱਜ ਵੀ ਭੱਟਾਂ ਦੇ ਸਵੱਈਏ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਤੋਂ ਪਹਿਲਾਂ ਪੜ੍ਹੇ ਜਾਂਦੇ ਹਨ। ਭਗਤਾਂ ਤੇ ਭੱਟਾਂ ਬਾਰੇ ਅਨਮੋਲ ਜਾਣਕਾਰੀ ਦੇਣ ਲਈ ਲੇਖਿਕਾ ਸ਼ਲਾਘਾ ਦੀ ਪਾਤਰ ਹੈ।


-ਡਾ: ਸਰਬਜੀਤ ਕੌਰ ਸੰਧਾਵਾਲੀਆ

ਸਿੱਖ ਪੰਥ ਲਈ ਵਿਚਾਰਨ ਦਾ ਸਮਾਂ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ: ਮਨਜੀਤ ਸਿੰਘ ਜੀ. ਕੇ. ਦੀ ਨਿਊਯਾਰਕ ਤੇ ਯੂਬਾ ਸਿਟੀ, ਅਮਰੀਕਾ ਵਿਚ ਹੋਈ ਕੁੱਟਮਾਰ ਅਤੇ ਸ਼ਾਇਦ ਇਤਿਹਾਸ ਵਿਚ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਾਲ ਸਬੰਧਤ ਘਟਨਾਵਾਂ ਦੀ ਪੜਤਾਲ ਲਈ ਪੰਜਾਬ ਸਰਕਾਰ ਵਲੋਂ ਬਣਾਏ ਜਸਟਿਸ (ਸੇਵਾਮੁਕਤ) ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੀ ਪੰਜਾਬ ਅਸੈਂਬਲੀ ਵਿਚ ਹੋਈ ਚਰਚਾ ਗੰਭੀਰ ਚਿੰਤਨ ਦਾ ਵਿਸ਼ਾ ਹਨ।
ਭਾਰਤ ਵਿਚ 2011 ਦੀ ਮਰਦਮਸ਼ੁਮਾਰੀ ਦੇ ਅੰਕੜਿਆਂ ਅਨੁਸਾਰ 2,08,33,116 ਸਿੱਖ ਵਸਦੇ ਹਨ, ਜਿਨ੍ਹਾਂ ਵਿਚੋਂ ਕਰੀਬ 1.60 ਕਰੋੜ ਭਾਵ 77 ਫੀਸਦੀ ਪੰਜਾਬ ਵਿਚ ਵਸਦੇ ਹਨ, ਜੋ ਪੰਜਾਬ ਦੀ ਕੁੱਲ ਆਬਾਦੀ ਦਾ 57.69 ਫੀਸਦੀ ਹਨ। ਬਾਕੀ ਆਬਾਦੀ ਭਾਰਤ ਦੇ ਤਕਰੀਬਨ ਸਾਰੇ ਸੂਬਿਆਂ ਤੇ ਕਂੇਦਰੀ ਸ਼ਾਸਤ ਪ੍ਰਦੇਸਾਂ ਵਿਚ ਹੈ। ਭਾਰਤ ਦੀ ਰਾਜਧਾਨੀ ਦਿੱਲੀ ਵਿਚ ਸਿੱਖ ਆਬਾਦੀ ਕਰੀਬ 5.70 ਲੱਖ ਹੈ। ਦੁਨੀਆ ਭਰ ਦੀ ਕੁੱਲ ਸਿੱਖ ਆਬਾਦੀ ਦਾ ਗੈਰ-ਸਰਕਾਰੀ ਅਨੁਮਾਨ 2.77 ਕਰੋੜ ਹੈ, ਜਿਸ ਵਿਚ ਭਾਰਤ ਤੋਂ ਬਾਅਦ ਇੰਗਲੈਂਡ, ਅਮਰੀਕਾ, ਕੈਨੇਡਾ, ਮਲੇਸ਼ੀਆ, ਅਸਟ੍ਰੇਲੀਆ ਆਦਿ ਦੇਸ਼ਾਂ ਵਿਚ ਵੀ ਚੰਗੀ ਸਿੱਖ ਆਬਾਦੀ ਹੈ। ਇਸ ਤਰ੍ਹਾਂ ਕੁੱਲ ਆਬਾਦੀ ਦਾ 83 ਫੀਸਦੀ ਸਿੱਖ ਭਾਰਤ ਵਿਚ ਵਸਦਾ ਹੈ ਤੇ ਕਰੀਬ 17 ਫੀਸਦੀ ਵਿਦੇਸ਼ਾਂ ਦੀ ਧਰਤੀ 'ਤੇ ਜੀਵਨ ਬਸਰ ਕਰ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰੱਖਣ ਵਾਲਾ ਹਰ ਵਿਅਕਤੀ, ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਨਤਮਸਤਕ ਹੋਣਾ ਲੋੜਦਾ ਹੈ ਤੇ ਧਾਰਮਿਕ ਰਹਿਬਰੀ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲ ਵੇਖਦਾ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਥ ਇਕ ਸੰਪੂਰਨ ਕ੍ਰਾਂਤੀ ਦਾ ਨਾਂਅ ਹੈ, ਜਿਸ ਨੇ ਧਾਰਮਿਕ, ਸਮਾਜਿਕ, ਆਰਥਿਕ ਤੇ ਰਾਜਨੀਤਕ ਖੇਤਰ ਵਿਚ ਅਗਵਾਈ ਕੀਤੀ।
ਸਿੱਖ ਗੁਰੂ ਸਾਹਿਬਾਨ ਨੇ ਭਾਵੇਂ 21 ਲੜਾਈਆਂ (ਸ੍ਰੀ ਗੁਰੂ ਹਰਿਗੋਬਿੰਦ ਸਾਹਿਬ 4 ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ 17) ਮੁਗਲ ਹਕੂਮਤ ਵਿਰੁੱਧ ਲੜੀਆਂ ਪਰ ਜਿੱਤ ਕੇ ਇਕ ਇੰਚ ਜ਼ਮੀਨ 'ਤੇ ਕਬਜ਼ਾ ਵੀ ਨਹੀਂ ਕੀਤਾ। ਪਰ ਕਲਿਆਣਕਾਰੀ, ਹਲੇਮੀ ਤੇ ਨਿਆਂਪੂਰਕ ਰਾਜ ਦਾ ਜ਼ਰੂਰੀ ਹੋਣਾ ਬਿਆਨ ਕੀਤਾ। 'ਰਾਜ ਬਿਨਾ ਨ ਧਰਮ ਚਲੈ ਹੈਂ, ਧਰਮ ਬਿਨਾ ਸਭ ਦਲੈ ਮਲੈ ਹੈਂ' ਦੀ ਗੱਲ ਵੀ ਆਖੀ। ਦੁਨੀਆ ਵਿਚ ਚੰਗੇ ਸਮਾਜ ਦੀ ਸਿਰਜਣਾ ਲਈ ਹਲੇਮੀ ਰਾਜ ਜਿਥੇ ਸਾਰੇ ਸੁਖੀ ਵਸਣ ਲਈ, ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਮੁਗਲ ਰਾਜ ਦੀਆਂ ਜੜ੍ਹਾਂ ਪੁੱਟਣ ਲਈ ਪ੍ਰੇਰਿਆ। ਮਿਸਲਾਂ ਤੇ ਫਿਰ ਮਹਾਰਾਜਾ ਰਣਜੀਤ ਸਿੰਘ ਨੇ 1839 ਈ: ਤੱਕ ਵੱਡੇ ਹਿੱਸੇ 'ਤੇ ਰਾਜ ਸਥਾਪਿਤ ਕਰਕੇ ਗੁਰੂ ਆਸ਼ੇ ਅਨੁਸਾਰ ਰਾਜ ਦਾ ਸੰਕਲਪ ਪ੍ਰਗਟ ਕੀਤਾ।
ਬਰਤਾਨੀਆ ਸਰਕਾਰ ਨੇ ਗਦਾਰਾਂ ਦੀ ਮਦਦ ਨਾਲ 'ਰਾਜੀ ਬਹੁਤ ਰਹਿੰਦੇ ਮੁਸਲਮਾਨ ਹਿੰਦੂ ਕਦੇ ਨਹੀਂ ਸੀ ਤੀਸਰੀ ਜਾਤਿ ਆਈ' ਵਾਲੇ ਰਾਜ ਨੂੰ ਖ਼ਤਮ ਕਰਕੇ, ਬਹਾਦਰ ਸਿੱਖ ਕੌਮ ਨੂੰ ਹੀ ਖਤਮ ਕਰਨ ਦੀ ਨੀਤੀ ਬਣਾਈ। 19ਵੀਂ ਸਦੀ ਦੇ ਇਕ ਅੰਗਰੇਜ਼ੀ ਅਖ਼ਬਾਰ ਨੇ ਲਿਖਿਆ ਕਿ 'ਇਸਾਈ ਧਰਮ ਚੰਗੀ ਤਰੱਕੀ ਕਰ ਰਿਹਾ ਹੈ ਅਤੇ ਅਗਲੇ 25 ਸਾਲ ਵਿਚ ਮਾਝਾ ਖੇਤਰ ਦਾ ਤੀਜਾ ਹਿੱਸਾ ਇਸਾਈ ਬਣ ਜਾਵੇਗਾ, ਫੇਰ ਮਾਲਵਾ ਵੀ ਇਸੇ ਤਰ੍ਹਾਂ ਹੋਵੇਗਾ। ਇਸ ਤਰ੍ਹਾਂ ਜਿਵੇਂ ਬੁੱਧ ਧਰਮ ਹੁਣ ਕੇਵਲ ਮੂਰਤੀਆਂ, ਫੋਟੋਆਂ ਵਿਚ ਹੈ, ਵਾਂਗ ਸਿੱਖ ਜੋ ਹੁਣ ਦਸਤਾਰਾਂ, ਕੜੇ ਤੇ ਕਿਰਪਾਨਾਂ ਨਾਲ ਨਜ਼ਰ ਆਉਂਦੇ ਹਨ, ਵੀ ਅਜਾਇਬ ਘਰਾਂ ਦੀਆਂ ਫੋਟੋਆਂ ਤੱਕ ਹੀ ਰਹਿ ਜਾਣਗੇ ਤੇ ਇਨ੍ਹਾਂ ਦੀਆਂ ਆਉਣ ਵਾਲੀਆਂ ਨਸਲਾਂ ਵੇਖ ਕੇ ਆਖਣਗੀਆਂ ਕਿ ਕਦੇ ਇਥੇ ਇਸ ਤਰ੍ਹਾਂ ਦੇ ਸਿੱਖ ਵਸਦੇ ਸਨ, ਜੋ ਇਸਾਈ ਮੱਤ ਦਾ ਵਿਰੋਧ ਕਰ ਸਕਦੇ ਸਨ, ਉਹ ਕਮਜ਼ੋਰ ਹੋ ਚੁੱਕੇ ਹਨ।' ਇਸੇ ਸਮੇਂ ਹੀ ਮਹਾਰਾਜਾ ਦਲੀਪ ਸਿੰਘ ਤੇ ਸਰਦਾਰ ਹਰਨਾਮ ਸਿੰਘ ਆਹੂਲਵਾਲੀਆ ਨੂੰ ਇਸਾਈ ਬਣਾ ਲਿਆ ਗਿਆ ਹੈ। 1852 ਈ: ਵਿਚ ਸ੍ਰੀ ਅੰਮ੍ਰਿਤਸਰ ਸਾਿਹਬ ਵਿਖੇ ਇਕ ਵੱਡੇ ਚਰਚ ਦੀ ਸਥਾਪਨਾ ਵੀ ਕਰ ਦਿੱਤੀ।
15 ਦਸੰਬਰ, 1904 ਈ: ਦੇ 'ਖਾਲਸਾ ਐਡਵੋਕੇਟ' ਅਖ਼ਬਾਰ ਦੇ ਐਡੀਟਰ ਲਿਖਦੇ ਹਨ ਕਿ ਵੱਡੀ ਗਿਣਤੀ ਵਿਚ ਝੂਠੇ ਗੁਰੂ ਸਿੱਖ ਧਰਮ ਵਿਚ ਆ ਗਏ ਹਨ, ਜਿਨ੍ਹਾਂ ਦਾ ਕੇਵਲ ਮੰਤਵ ਆਪਣੇ ਲੋਕਾਂ ਨੂੰ ਲੁੱਟਣਾ ਤੇ ਆਪਣਾ ਘਰ ਭਰਨਾ ਹੈ। ਸੱਚ ਤਾਂ ਇਹ ਹੈ ਕਿ ਸਿੱਖ ਧਰਮ ਤੇ ਗੁਰੂਆਂ 'ਤੇ ਵਿਸ਼ਵਾਸ ਖਤਮ ਹੋ ਗਿਆ ਹੈ। ਸਿੱਖ ਧਰਮ ਦਾ ਭਾਈਚਾਰਾ ਖਤਮ ਹੋ ਚੁੱਕਾ ਹੈ। ਅਤਿ ਸਤਿਕਾਰਤ 'ਭਾਈ' ਸ਼ਬਦ ਜਾਂ ਉਪਾਧੀ ਦਾ ਚਲਣ ਹੀ ਬੰਦ ਹੋ ਗਿਆ ਹੈ, ਜਿਸ ਦਾ ਪਹਿਲਾਂ ਬਹੁਤ ਸਤਿਕਾਰ ਸੀ। ਸਿੱਖ ਵਹਿਮਾਂ-ਭਰਮਾਂ ਤੇ ਮੂਰਤੀ ਪੂਜਾ ਵੱਲ ਤੁਰ ਪਏ ਹਨ ਤੇ ਸਿੱਖ ਸਿਧਾਂਤ ਨੂੰ ਛੱਡਦੇ ਜਾ ਰਹੇ ਹਨ।
ਸਰਦਾਰ ਠਾਕੁਰ ਸਿੰਘ ਸੰਧਾਵਾਲੀਆ, ਰਾਜਾ ਬਿਕਰਮ ਸਿੰਘ, ਗਿਆਨੀ ਦਿੱਤ ਸਿੰਘ ਤੇ ਪ੍ਰੋਫੈਸਰ ਗੁਰਮੁਖ ਸਿੰਘ ਆਦਿ ਦੀ ਅਗਵਾਈ ਤੇ ਯਤਨਾਂ ਨਾਲ ਸਿੰਘ ਸਭਾ ਲਹਿਰ ਲਾਹੌਰ ਤੇ ਅੰਮ੍ਰਿਤਸਰ ਵਲੋਂ ਸਿੱਖ ਧਰਮ, ਸਿੱਖ ਸੱਭਿਆਚਾਰ ਦੀ ਰਾਖੀ ਤੇ ਮੁੜ ਵਾਪਸੀ ਦਾ ਕੰਮ ਸ਼ੁੁਰੂ ਹੋਇਆ।
1920 ਤੋਂ 1925 ਈ: ਦੀ ਗੁਰਦੁਆਰਾ ਸੁਧਾਰ ਲਹਿਰ ਵਿਚ ਸਰਦਾਰ ਕਰਤਾਰ ਸਿੰਘ ਝੱਬਰ, ਸੁੰਦਰ ਸਿੰਘ ਲਾਇਲਪੁਰੀ, ਟਹਿਲ ਸਿੰਘ ਧੰਜੂ ਤੇ ਬੂਟਾ ਸਿੰਘ ਲਾਇਲਪੁਰੀ ਆਦਿ ਆਗੂਆਂ ਦੀ ਅਗਾਵਈ ਹੇਠ 400 ਸ਼ਹੀਦੀਆਂ, 2,000 ਜ਼ਖ਼ਮੀ ਤੇ 30,000 ਗ੍ਰਿਫ਼ਤਾਰੀ ਤੇ ਭਾਰੀ ਮਾਲੀ ਨੁਕਸਾਨ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ।
ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਕੇਵਲ ਸਿੱਧੇ ਜਾਂ ਲੋਕਲ ਕਮੇਟੀਆਂ ਰਾਹੀਂ 482 ਗੁਰਦੁਆਰਾ ਸਾਹਿਬਾਨ ਹੀ ਹਨ, ਪਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤਾਂ 'ਤੇ ਜਥੇਦਾਰ ਸਾਹਿਬਾਨ ਦੇ ਹੁਕਮਨਾਮੇ ਵਿਸ਼ਵ ਭਰ ਵਿਚ ਪੰਥ ਨੂੰ ਅਗਵਾਈ ਦਿੰਦੇ ਹਨ। ਮੂਲ ਰੂਪ ਵਿਚ ਇਹ ਸੰਸਥਾ ਮਹੰਤਾਂ ਦੀ ਥਾਂ ਗੁਰਦੁਆਰਾ ਪ੍ਰਬੰਧ ਲਈ ਬਣੀ ਸੀ ਅਤੇ ਧਰਮ ਪ੍ਰਚਾਰ ਇਸ ਦੀ ਜ਼ਿੰਮੇਵਾਰੀ ਨਹੀਂ ਸੀ, 1956 ਤੋਂ ਬਾਅਦ ਹੀ ਧਰਮ ਪ੍ਰਚਾਰ ਲਈ ਬਜਟ ਰੱਖਣ ਲਈ ਕਾਨੂੰਨ ਤੇ ਨਿਯਮ ਬਣੇ। ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੇਵਲ 482 ਗੁਰਦੁਆਰਾ ਸਾਹਿਬਾਨ ਦਾ ਹੀ ਪ੍ਰਬੰਧ ਦੇਖਦੀ ਹੈ ਫਿਰ ਦੁਨੀਆ ਭਰ ਦੇ ਹਜ਼ਾਰਾਂ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੇ ਪ੍ਰਚਾਰ-ਪ੍ਰਸਾਰ ਵਿਚ ਇਕਸੁਰਤਾ ਕਿਵੇਂ ਹੋ ਸਕਦੀ ਹੈ? ਜਿਸ ਬਾਰੇ ਅਜੇ ਸੋਚਿਆ ਵੀ ਨਹੀਂ ਗਿਆ।
ਰਾਜਨੀਤਕ ਰੂਪ ਵਿਚ ਆਜ਼ਾਦੀ ਤੋਂ ਪਹਿਲਾਂ ਤੇ ਬਆਦ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅੰਮ੍ਰਿਤਸਰ ਸਮੂਹ ਨੂੰ ਰਾਜਨੀਤੀ ਦਾ ਕੇਂਦਰ ਬਣਾਇਆ। ਸੰਨ 1950 ਦੇ ਪੰਜਾਬੀ ਸੂਬੇ ਦੇ ਮੋਰਚੇ ਤੋਂ ਲੈ ਕੇ 1982 ਈ: ਦੇ ਧਰਮ ਯੁੱਧ ਮੋਰਚੇ ਤੱਕ ਹਰ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸ੍ਰੀ ਦਰਬਾਰ ਸਾਹਿਬ ਸਮੂਹ ਤੋਂ ਆਰੰਭਤਾ ਦੀ ਅਰਦਾਸ ਹੁੰਦੀ ਹੈ। ਭਾਵੇਂ ਸ੍ਰੀ ਅਸ਼ਵਨੀ ਕੁਮਾਰ ਦੀ ਅਗਵਾਈ ਹੇਠ ਪੁਲਿਸ ਜਾਂ ਜਨਰਲ ਕੇ.ਐਸ. ਬਰਾੜ ਦੀ ਕਮਾਂਡ ਹੇਠ ਫ਼ੌਜ ਹੋਵੇ, ਦੇ ਦਰਬਾਰ ਸਾਹਿਬ ਅੰਦਰ ਦਾਖਲ ਹੋਣ ਨੇ ਕੌਮੀ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤੇ ਇਸ ਕੌਮੀ ਦੁਖਾਂਤ ਦਾ ਲਾਭ ਸ਼੍ਰੋਮਣੀ ਅਕਾਲੀ ਦਲ ਦੇ ਧੜਿਆਂ ਨੇ ਸਮੇਂ-ਸਮੇਂ 'ਤੇ ਰਾਜਨੀਤਕ ਰੂਪ ਵਿਚ ਲਿਆ ਹੈ।
ਦੇਸ਼ ਦੀ ਆਜ਼ਾਦੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੀ ਹਰ ਰਾਜਨੀਤਕ ਤੇ ਧਾਰਮਿਕ ਮੰਗ ਜਿਸ ਦਾ ਰਲ-ਗੱਡ ਅਕਾਲੀ ਰਾਜਨੀਤੀ ਹੈ, ਦਾ ਵਿਰੋਧ ਕਾਂਗਰਸ ਤੇ ਹੋਰਾਂ ਵਲੋਂ ਪੰਜਾਬ ਵਿਚ ਹੀ ਰਿਹਾ ਹੈ, ਮੰਗ ਭਾਵੇਂ ਪੰਜਾਬੀ ਮਾਂ ਬੋਲੀ ਦੀ ਹੋਵੇ ਜਾਂ ਪੰਜਾਬੀ ਬੋਲਦੇ ਇਲਾਕੇ ਦੀ, ਭਾਵੇਂ ਵੱਧ ਅਧਿਕਾਰਾਂ ਲਈ ਜਾਂ ਅਨੰਦਪੁਰ ਸਾਹਿਬ ਦੇ ਮਤੇ ਦੀ ਹੋਵੇ।
13 ਅਪ੍ਰੈਲ, 1978 ਈ: ਦੇ ਸ੍ਰੀ ਅੰਮ੍ਰਿਤਸਰ ਦੇ ਸਿੱਖ-ਨਿਰੰਕਾਰੀ ਝਗੜੇ ਤੇ 17 ਵਿਅਕਤੀਆਂ ਦੇ ਕਤਲ ਵੀ ਰਾਜਨੀਤੀ ਦੀ ਭੇਟ ਚੜ੍ਹ ਗਏ। ਦੋਸ਼ੀ ਅਦਾਲਤ ਨੇ ਬਿਨਾਂ ਕਿਸੇ ਵੱਡੀ ਤਫਤੀਸ਼ੀ ਗ਼ਲਤੀ ਤੋਂ ਬਰੀ ਕਰ ਦਿੱਤੇ ਤੇ ਵਕਤ ਦੀ ਪੰਜਾਬ ਸਰਕਾਰ ਨੇ ਉਸ ਵਿਰੁੱਧ ਅਪੀਲ ਨਹੀਂ ਕੀਤੀ। ਨਿਰੰਕਾਰੀਆਂ ਵਿਰੁੱਧ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਜਾਂ ਦੇਹਧਾਰੀ ਗੁਰੂ ਬਣ ਕੇ ਗੁਰਬਾਣੀ ਦੀ ਦੁਰਵਰਤੋਂ ਕਰਨ ਦਾ ਦੋਸ਼ ਸੀ। ਇਸੇ ਅੰਦੋਲਨ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸਿੱਖ ਧਾਰਮਿਕ ਆਗਆਂ ਦੇ ਰੂਪ ਵਿਚ ਪੇਸ਼ ਕੀਤਾ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਅੱਜ ਆਗਮਨ ਪੁਰਬ 'ਤੇ ਵਿਸ਼ੇਸ਼

ਬਾਬਾ ਸ਼ੇਖ਼ ਫ਼ਰੀਦ ਦੀ ਮਹਿਮਾ

ਬਾਬਾ ਸ਼ੇਖ਼ ਫ਼ਰੀਦ (1173-1266 ਈ:) ਦੀ ਮਹਿਮਾ ਅਪਰੰਪਾਰ ਹੈ। ਉਨ੍ਹਾਂ ਦੇ ਵੱਡੇ-ਵਡੇਰੇ ਬਾਰ੍ਹਵੀਂ ਸਦੀ ਦੇ ਆਰੰਭ ਵਿਚ ਅਫ਼ਗਾਨਿਸਤਾਨ ਤੋਂ ਪੰਜਾਬ ਵਿਚ ਤਸ਼ਰੀਫ਼ ਲਿਆਏ ਸਨ। ਆਪ ਦਾ ਜਨਮ ਪਿੰਡ ਕੋਠੇਵਾਲ (ਨੇੜੇ ਕਸੂਰ) ਵਿਚ ਹੋਇਆ ਸੀ। ਆਪ ਨੇ ਦੀਨੀ ਸਿੱਖਿਆ ਮੁਲਤਾਨ ਦੇ ਇਕ ਮਦਰੱਸੇ ਤੋਂ ਪ੍ਰਾਪਤ ਕੀਤੀ ਸੀ। ਇੱਥੇ ਹੀ ਆਪ ਨੂੰ ਚਿਸ਼ਤੀ ਪਰੰਪਰਾ ਦੇ ਮਹਾਨ ਸੂਫ਼ੀ ਦਰਵੇਸ਼, ਖੁਆਜ਼ਾ ਕੁਤਬੁਦੀਨ ਬਖ਼ਤਿਆਰ ਕਾਕੀ ਦੇ ਦਰਸ਼ਨਾਂ ਦਾ ਸੁਅਵਸਰ ਪ੍ਰਾਪਤ ਹੋਇਆ ਸੀ ਅਤੇ ਆਪ-ਆਪਣੀ ਤਾਲੀਮ ਮੁਕੰਮਲ ਕਰਕੇ ਉਨ੍ਹਾਂ ਪਾਸ ਦਿੱਲੀ ਵਿਖੇ ਚਲੇ ਗਏ ਸਨ।
ਇਕ ਸੂਫ਼ੀ ਦਰਵੇਸ਼ ਵਜੋਂ ਆਪ ਦਿੱਲੀ ਦਰਬਾਰ ਵਿਚ ਬੇਹੱਦ ਸਤਿਕਾਰੇ ਜਾਂਦੇ ਸਨ ਪਰ ਸ਼ਾਹੀ ਦਰਬਾਰਾਂ ਅਤੇ ਬਾਦਸ਼ਾਹਾਂ ਦੀਆਂ ਮਹਿਫ਼ਲਾਂ ਦੀ ਸੋਭਾ ਵਧਾਉਣ ਲਈ ਨਹੀਂ ਸਨ ਪੈਦਾ ਹੋਏ। ਪਰਾਏ ਦਰਵਾਜ਼ੇ (ਬਾਰ ਪਰਾਇਐ) ਉਪਰ ਬੈਠਣਾ ਆਪ ਦੀ ਅਣਖ ਨੂੰ ਗਵਾਰਾ ਨਹੀਂ ਸੀ। ਇਸ ਕਾਰਨ ਆਪ ਦਿੱਲੀ ਨੂੰ ਛੱਡ ਕੇ ਹਾਂਸੀ-ਹਿਸਾਰ ਹੁੰਦੇ ਹੋਏ ਅਜੋਧਨ (ਹੁਣ ਪਾਕਿਸਤਾਨ) ਵਿਖੇ ਆ ਟਿਕੇ ਅਤੇ ਇਕ ਰਮਣੀਕ ਸਥਾਨ ਉੱਪਰ ਟਿਕਾਣਾ ਬਣਾ ਕੇ ਖੁਦਾ ਦੀ ਬੰਦਗੀ ਵਿਚ ਲੀਨ ਰਹਿਣ ਲੱਗੇ। ਪੰਜਾਬ ਦਾ ਰਾਜਨੀਤਕ ਮਾਹੌਲ ਹਿੰਸਾ ਅਤੇ ਮਾਰਧਾੜ ਨਾਲ ਭਰਪੂਰ ਸੀ। ਲੋਕ ਅਸੁਰੱਖਿਆ ਅਤੇ ਅਸ਼ਾਂਤੀ ਮਹਿਸੂਸ ਕਰਦੇ ਸਨ। ਫ਼ਰੀਦ ਜੀ ਦੇ ਦਰਬਾਰ ਵਿਚ ਆ ਕੇ ਉਨ੍ਹਾਂ ਨੂੰ ਰਾਹਤ ਮਿਲਦੀ ਸੀ। ਇਹੀ ਕਾਰਨ ਹੈ ਕਿ ਹਜ਼ਾਰਾਂ ਦੀ ਗਿਣਤੀ ਵਿਚ ਪੰਜਾਬ ਦੇ ਲੋਕ ਉਨ੍ਹਾਂ ਦੇ ਮੁਰੀਦ ਬਣ ਗਏ। ਉਨ੍ਹਾਂ ਦੇ ਜਮਾਅਤ ਖਾਨੇ ਵਿਚ ਰਾਗ ਅਤੇ ਕੱਵਾਲੀ ਦਾ ਪ੍ਰੋਗਰਾਮ ਵੀ ਨਿਰੰਤਰ ਚਲਦਾ ਰਹਿੰਦਾ ਸੀ।
ਅਜੋਧਨ ਦੇ ਰਮਣੀਕ ਖੇਤਰ ਵਿਚ ਬੈਠ ਕੇ ਆਪ ਨੇ ਪੰਜਾਬੀ ਵਿਚ ਬਾਣੀ ਦੀ ਰਚਨਾ ਕੀਤੀ। ਆਪ ਦੇ 112 ਸਲੋਕ ਅਤੇ 4 ਸ਼ਬਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਇਹ ਸ਼ਬਦ ਰਾਗ ਆਸਾ ਅਤੇ ਸੂਹੀ ਵਿਚ ਲਿਖੇ ਗਏ ਹਨ। ਆਪ ਤੋਂ ਪਹਿਲਾਂ ਪੰਜਾਬ ਦੇ ਕਵੀ ਸਾਧ ਭਾਸ਼ਾ ਵਿਚ ਕਾਵਿ ਰਚਨਾ ਕਰਿਆ ਕਰਦੇ ਸਨ। ਫ਼ਰੀਦ ਜੀ ਨੇ ਆਪਣੇ ਅਧਿਆਤਮਕ ਭਾਵਾਂ ਦੇ ਨਿਰੂਪਣ ਵਾਸਤੇ ਪਹਿਲੀ ਵਾਰ ਮੁਲਤਾਨ ਦੀ ਮਿੱਠੀ ਬੋਲੀ ਪੰਜਾਬੀ ਦਾ ਪ੍ਰਯੋਗ ਕੀਤਾ। ਆਪ ਦੀ ਬਾਣੀ ਵਿਚ ਰੱਬੀ ਪ੍ਰੇਮ, ਜੀਵਨ ਦੀ ਅਸਥਿਰਤਾ, ਵਿਸ਼ੇ ਵਿਕਾਰਾਂ ਤੋਂ ਪ੍ਰਹੇਜ਼, ਨੈਤਿਕ ਕਦਰਾਂ-ਕੀਮਤਾਂ ਅਤੇ ਮਨੁੱਖੀ ਜੀਵਨ ਦੇ ਉਦੇਸ਼ ਬਾਰੇ ਸੰਦੇਸ਼ ਪ੍ਰਾਪਤ ਹੁੰਦਾ ਹੈ।
1215 ਈ: ਵਿਚ ਆਪਣੇ ਮੁਰਸ਼ਦ ਖੁਆਜਾ ਕਾਕੀ ਜੀ ਨੂੰ ਮਿਲਣ ਉਪਰੰਤ ਜਦੋਂ ਆਪ ਪਾਕਪਟਨ ਸਾਹਿਬ ਵੱਲ ਜਾ ਰਹੇ ਸਨ ਤਾਂ ਆਪ ਨੂੰ ਮਾਲਵੇ ਦੇ ਇਕ ਰਿਆਸਤੀ ਨਗਰ ਮੋਕਲਹਰ (ਹੁਣ ਫ਼ਰੀਦਕੋਟ) ਵਿਚੋਂ ਗੁਜ਼ਰਨ ਦਾ ਮੌਕਾ ਮਿਲਿਆ। ਉਨ੍ਹਾਂ ਦਿਨਾਂ ਵਿਚ ਇਸ ਨਗਰ ਦੇ ਰਾਜੇ ਮੋਕਲ ਸੀਂਹ ਦਾ ਕੱਚਾ ਕਿਲ੍ਹਾ (ਗੜ੍ਹੀ) ਬਣ ਰਿਹਾ ਸੀ। ਰਾਜੇ ਦੇ ਸਿਪਾਹੀਆਂ ਨੇ ਆਪ ਨੂੰ ਇਕ ਸਾਧਾਰਨ ਯਾਤਰੀ ਸਮਝ ਕੇ ਵੇਗਾਰ ਉੱਤੇ ਲਾ ਲਿਆ ਪਰ ਆਪ ਦੇ ਸੀਸ ਉਪਰ ਧਰੀ ਗਾਰੇ ਦੀ ਭਰੀ ਟੋਕਰੀ ਹਵਾ ਵਿਚ ਤੈਰਨ ਲੱਗ ਪਈ। ਇਹ ਕ੍ਰਿਸ਼ਮਾ ਸੁਣ ਕੇ ਮੋਕਲ ਸੀਂਹ ਆਪ ਦੀ ਹਜ਼ੂਰੀ ਵਿਚ ਆਇਆ ਅਤੇ ਆਪਣੀ ਭੁੱਲ ਬਖ਼ਸ਼ਾਈ। ਫ਼ਰੀਦ ਜੀ ਨੇ ਉਸ ਨੂੰ ਖਿਮਾ ਕਰ ਦਿੱਤਾ ਅਤੇ ਨਾਲ ਹੀ ਨਗਰ ਨਿਵਾਸੀਆਂ ਲਈ ਦੁਆਵਾਂ ਪ੍ਰਦਾਨ ਕੀਤੀਆਂ। ਉਸ ਦਿਨ ਤੋਂ ਇਸ ਨਗਰ ਦਾ ਨਾਂਅ ਫ਼ਰੀਦਕੋਟ ਪੈ ਚੁੱਕਾ ਹੈ।
ਫ਼ਰੀਦਕੋਟ ਵਿਚ ਪੁਰਾਣੀ ਕੱਚੀ ਗੜ੍ਹੀ ਦੇ ਸਥਾਨ 'ਤੇ ਹੁਣ ਇਕ ਵੱਡਾ ਕਿਲ੍ਹਾ ਬਣ ਚੁੱਕਾ ਹੈ। ਫ਼ਰੀਦਕੋਟ ਰਿਆਸਤ ਨੇ ਪਿਛਲੇ ਸੱਤ-ਅੱਠ ਸੌ ਵਰ੍ਹਿਆਂ ਦੇ ਅਰਸੇ ਵਿਚ ਕਈ ਰੰਗ ਵਟਾਏ। ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਇਥੋਂ ਦੇ ਰਾਜੇ ਸਿੱਖ ਬਣ ਗਏ ਸਨ। ਆਖਰੀ ਰਾਜੇ ਹਿਜ਼ ਹਾਈਨੈਸ ਮਹਾਰਾਜਾ ਹਰਿੰਦਰ ਸਿੰਘ ਬਰਾੜ ਬੰਸ ਬਹਾਦਰ ਦੇ ਰਾਜ ਕਾਲ ਵਿਚ ਭਾਰਤ ਆਜ਼ਾਦ ਹੋ ਗਿਆ ਅਤੇ 1948 ਈ: ਵਿਚ ਇਹ ਰਿਆਸਤ ਆਜ਼ਾਦ ਭਾਰਤ ਦਾ ਅੰਗ ਬਣ ਗਈ।
ਬਾਬਾ ਸ਼ੇਖ਼ ਫ਼ਰੀਦ ਜੀ ਵਲੋਂ ਰਾਜੇ ਮੋਕਲ ਸੀਂਹ ਨਾਲ ਹੋਈ ਭੇਟ ਦੇ ਸਥਾਨ ਉੱਪਰ ਟਿੱਲਾ ਬਾਬਾ ਸ਼ੇਖ਼ ਫ਼ਰੀਦ ਦੀ ਸੁੰਦਰ ਯਾਦਗਾਰ ਸੁਸ਼ੋਭਿਤ ਹੈ। ਪਿਛਲੀ ਅੱਧੀ ਸਦੀ ਤੋਂ ਇਸ ਪਵਿੱਤਰ ਸਥਾਨ ਦਾ ਪ੍ਰਬੰਧ ਸ: ਇੰਦਰਜੀਤ ਸਿੰਘ (ਖਾਲਸਾ) ਸੇਖੋਂ ਸੰਭਾਲ ਰਹੇ ਹਨ। 23 ਸਤੰਬਰ ਦਾ ਦਿਨ ਬਾਬਾ ਸ਼ੇਖ਼ ਫ਼ਰੀਦ ਜੀ ਦੇ ਫ਼ਰੀਦਕੋਟ ਵਿਖੇ ਚਰਨ ਪਾਉਣ (ਆਗਮਨ) ਦਾ ਦਿਨ ਹੈ। ਇਨ੍ਹਾਂ ਦਿਨਾਂ (19 ਤੋਂ 23 ਸਤੰਬਰ) ਵਿਚ ਇਹ ਆਗਮਨ ਪੁਰਬ ਇਕ ਮੇਲੇ ਦੀ ਸ਼ਕਲ ਵਿਚ ਵੱਡੀ ਪੱਧਰ ਉੱਤੇ ਮਨਾਇਆ ਜਾਂਦਾ ਹੈ। ਬਾਬਾ ਸ਼ੇਖ਼ ਫ਼ਰੀਦ ਜੀ ਦੇ ਸ਼ਰਧਾਲੂ ਵੱਡੀ ਗਿਣਤੀ ਵਿਚ ਹਾਜ਼ਰ ਹੋ ਕੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਧੰਨ ਹੁੰਦੇ ਹਨ।


-ਫ਼ਰੀਦਕੋਟ।

20 ਸਤੰਬਰ ਨੂੰ ਕਰਵਾਏ ਜਾ ਰਹੇ ਸਮਾਗਮਾਂ 'ਤੇ ਵਿਸ਼ੇਸ਼

ਰੱਬੀ ਰੰਗ 'ਚ ਰੰਗੀ ਸ਼ਖ਼ਸੀਅਤ ਭਾਈ ਘਨੱਈਆ

ਸੰਪੂਰਨ ਸੰਤ ਭਾਈ ਘਨੱਈਆ ਦਾ ਜੀਵਨ ਜਗਤ ਨੂੰ ਸੱਚ ਦਾ ਮਾਰਗ ਦਰਸਾਉਣ ਵਾਲਾ ਸਰਬ ਉੱਤਮ ਜੀਵਨ ਹੈ। ਉਨ੍ਹਾਂ ਦੇ ਅੰਦਰ ਇਹ ਅਮੋਲਕ ਗੁਣ ਸਨ। ਉਹ ਦਇਆਵਾਨ ਤੇ ਪਰਉਪਕਾਰੀ, ਪਰਿਵਾਰਕ ਮੋਹ ਤੋਂ ਰਹਿਤ, ਦੁਨਿਆਵੀ ਮਾਣ, ਵਡਿਆਈ ਤੋਂ ਉਪਰਾਮ, ਸਤਸੰਗੀ ਤੇ ਸੰਤ ਸੇਵੀ, ਗੁਰਮਤਿ ਦੇ ਧਾਰਨੀ, ਸਭ ਜੀਵਾਂ ਵਿਚ ਇਕ ਬ੍ਰਹਮ ਨੂੰ ਪ੍ਰਤੱਖ ਜਾਣਨਾ, ਗੋਬਿੰਦ ਰੂਪ ਜਾਣ ਕੇ ਸਰਬ ਜੀਵਾਂ ਦੀ ਇਕ ਸਮਾਨ ਸੇਵਾ ਕਰਨ ਵਾਲੇ, ਨਿਰਭਉ ਤੇ ਨਿਰਵੈਰ, ਸੰਤੋਖ ਸਬਰ ਵਾਲੇ, ਸਹਿਣਸ਼ੀਲਤਾ ਦੇ ਧਾਰਨੀ, ਮਿੱਠਬੋਲੜੇ, ਵਾਹਿਗੁਰੂ ਪਿਆਰ ਵਿਚ ਸਦਾ ਮਗਨ ਅਤੇ ਨੇਕ ਕਰਨੀ ਦੇ ਮਾਲਕ ਸਨ।
ਜੀਵ ਆਤਮਾ ਦੇਹ ਤੋਂ ਪਹਿਲਾਂ ਹੈ। ਚੰਦਨ ਸੰਸਕਾਰ ਸੁਲੱਖਣੀ ਮਾਂ ਦੀ ਕੁੱਖ ਵਿਚ ਸ਼ੁੱਧ ਆਤਮਾ ਤਹਿਤ ਅਕਾਲ ਪੁਰਖ ਦੀ ਕ੍ਰਿਪਾ ਨਾਲ ਪ੍ਰਵੇਸ਼ ਕਰਦੇ ਹਨ। ਭਗਤੀ ਭਗਵਾਨ ਦੇ ਸੰਯੋਗ ਨਾਲ ਇਕ ਰੂਪ ਹੋ ਜਾਂਦੀ ਹੈ। ਗੁਰਮਤਿ ਸੰਗਤ ਦੇ ਭਗਤ ਯੋਗੀ ਭਾਈ ਘਨੱਈਆ ਦਾ ਜਨਮ ਮਾਤਾ ਸੁੰਦਰੀ ਅਤੇ ਪਿਤਾ ਨੱਥੂ ਰਾਮ ਖੱਤਰੀ ਦੇ ਗ੍ਰਹਿ ਵਿਖੇ 1648 ਈ: ਨੂੰ ਸੋਦਰਾ ਜੋ ਦਰਿਆ ਚਨਾਬ ਕਿਨਾਰੇ ਵਜ਼ੀਰਾਬਾਦ ਪਾਕਿਸਤਾਨ ਵਿਖੇ ਹੋਇਆ। ਸ਼ੁਰੂ ਤੋਂ ਆਪ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਅਨੁਯਾਈ ਸਨ। ਸਦਾ ਹੀ ਗੁਰੂ ਦੀ ਭੈਅ-ਭਾਵਨੀ, ਗੁਰਮਤਿ ਸਿਧਾਂਤ ਅਤੇ ਰਹਿਤ ਮਰਯਾਦਾ ਵਿਚ ਰਹਿ ਕੇ ਧਰਮ ਕਰਮ ਕਰਦੇ ਰਹੇ। ਆਪ ਨੂੰ ਸ੍ਰੀ ਗੁਰੂ ਹਰਿਰਾਏ ਸਾਹਿਬ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਕਲਗੀਆਂ ਵਾਲੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ 'ਚ ਸੇਵਾ ਕਰਨ ਦਾ ਸੁਭਾਗ ਪ੍ਰਾਪਤ ਸੀ। ਭਾਈ ਘਨੱਈਆ ਨੇ ਗੁਰੂ ਹੁਕਮ ਦੀ ਪਾਲਣਾ ਕਰਦਿਆਂ ਹੋਇਆਂ ਕਵ੍ਹੇ ਨਗਰ ਅਟਕ ਪਾਕਿਸਤਾਨ ਵਿਚ ਪਾਣੀ ਦੀ ਅਤਿ ਕਮੀ ਨੂੰ ਦੂਰ ਕਰਨ ਲਈ ਖੂਹ ਲਵਾਏ, ਧਰਮਸ਼ਾਲਾ ਸਥਾਪਤ ਕੀਤੀਆਂ, ਪਾਣੀ ਦੇ ਭਰੇ ਘੜੇ ਰੱਖੇ, ਲੰਗਰ ਤੇ ਬਿਸ੍ਰਾਮ ਲਈ ਮੰਜੇ ਬਿਸਤਰਿਆਂ ਆਦਿ ਦਾ ਪ੍ਰਬੰਧ ਉੱਤਮ ਭਾਵ ਨਾਲ ਕੀਤਾ। ਪਿੰਡ ਕਵ੍ਹੇ ਵਿਚ 1675 ਈ: ਵਿਚ ਧਰਮਸ਼ਾਲਾ ਕਾਇਮ ਕੀਤੀ।
ਪਹਾੜੀ ਰਾਜਿਆਂ ਨਾਲ ਸਿੱਖਾਂ ਦੇ ਹੋਏ ਖੌਫ਼ਨਾਕ ਅਤੇ ਅਮਾਨਵੀ ਹਿੰਸਕ ਯੁੱਧ ਸਮੇਂ ਆਪ ਜਲ ਦੀ ਭਰੀ ਮਸ਼ਕ ਨਾਲ ਫੱਟੜਾਂ ਲਈ ਜਲ ਦੀ ਬਿਨਾਂ ਭਿੰਨ ਭੇਦ ਅਤੇ ਵਿਤਕਰੇ ਦੇ ਸੇਵਾ ਕਰਦੇ ਸਨ। ਆਪ ਗੁਰੂ ਦੇ ਨਿਰਮਲ ਭੈਅ ਵਿਚ ਇਹ ਸੇਵਾ ਨਿਭਾਉਂਦੇ ਰਹੇ। ਇਕ ਸਿੰਘ ਨੇ ਗੁਰੂ ਦਸਮ ਪਾਤਸ਼ਾਹ ਜੀ ਨੂੰ ਜਾ ਕੇ ਭਾਈ ਘਨੱਈਆ ਦੀ ਸ਼ਿਕਾਇਤ ਇਸ ਤਰ੍ਹਾਂ ਕੀਤੀ, 'ਗੁਰੂ ਜੀ! ਭਾਈ ਘਨੱਈਆ ਮੁਗਲ ਦੁਸ਼ਮਣ ਫੱਟੜਾਂ ਦੇ ਮੂੰਹ ਵਿਚ ਵੀ ਜਲ ਪਾਈ ਜਾ ਰਿਹਾ ਹੈ।' ਦਸਮ ਪਾਤਸ਼ਾਹ ਜੀ ਨੇ ਭਾਈ ਘਨੱਈਆ ਨੂੰ ਬੁਲਾਇਆ ਅਤੇ ਕਾਰਨ ਪੁੱਛਿਆ। ਸਿਰ ਝੁਕਾ ਕੇ ਨਿਮਰਤਾ ਤੇ ਸਤਿਕਾਰ ਨਾਲ ਭਾਈ ਜੀ ਅਤਿ ਮਿਠਾਸ ਵਿਚ ਬੋਲੇ, 'ਗੁਰੂ ਜੀ ਮੈਨੂੰ ਹਰ ਚਿਹਰੇ ਵਿਚੋਂ ਆਪ ਜੀ ਦੇ ਚਿਹਰੇ ਦੇ ਦੀਦਾਰ ਹੋ ਰਹੇ ਹਨ।'
ਗੁਰ ਸਤਿਗੁਰ ਸੁਆਮੀ ਭੇਦੁ ਨ ਜਾਣਹੁ
ਜਿਤੁ ਮਿਲਿ ਹਰਿ ਭਗਤਿ ਸੁਖਾਂਦੀ॥ (ਪੰਨਾ 77)
ਅਗੰਮੀ ਵਿਸ਼ਾਲਤਾ ਦੇ ਅਨੁਭਵੀ ਅਤੇ ਉਦਾਰਚਿਤ, ਸਰਵ ਕਲਿਆਣਕਾਰੀ ਗੁਰੂ ਜੀ ਨੇ ਪ੍ਰਸੰਨਚਿੱਤ ਹੋ ਕੇ ਮਲ੍ਹਮ ਅਤੇ ਪੱਟੀਆਂ ਦਿੰਦਿਆਂ ਕਿਹਾ ਕਿ ਜਲ ਕੀ ਸੇਵਾ ਤਾਂ ਭਾਈ ਜੀ ਤੁਸੀਂ ਕਰ ਹੀ ਰਹੇ ਹੋ, ਜ਼ਖ਼ਮੀਆਂ ਦੇ ਮਲ੍ਹਮ ਪੱਟੀ ਵੀ ਕਰੀ ਜਾਓ।
ਗੁਰਬਾਣੀ ਅਤੇ ਵਿਗਿਆਨ ਵਿਚ ਜ਼ਮੀਨ-ਅਸਮਾਨ ਦਾ ਅੰਤਰ ਹੈ। ਪੂਰਾ ਪੱਛਮ ਅਤੇ ਪੱਛਮੀ ਵਿਗਿਆਨੀ ਦਾਅਵਾ ਕਰਦੇ ਹਨ ਕਿ ਸਰ ਜੀਨ ਹੈਨਰੀ ਡਿਊਨਾ ਨੇ 1859 ਈ: ਵਿਚ ਰੈੱਡ ਕਰਾਸ ਨੂੰ ਜਨਮ ਦਿੱਤਾ। ਪੱਛਮ ਅਤੇ ਪੱਛਮੀ ਵਿਗਿਆਨੀ ਕਿਵੇਂ ਭੁੱਲ ਗਏ ਕਿ ਰੈੱਡ ਕਰਾਸ ਦਾ ਜਨਮ ਤਾਂ ਪਹਾੜੀ ਰਾਜਿਆਂ ਨਾਲ ਸਿੰਘਾਂ ਦੇ ਹੋਏ ਯੁੱਧ ਸਮੇਂ ਭਾਈ ਘਨੱਈਆ ਦੇ ਮਲ੍ਹਮ ਪੱਟੀ ਕਰਦਿਆਂ ਹੀ ਹੋ ਗਿਆ ਸੀ। ਮਲ੍ਹਮ ਪੱਟੀ ਹੀ ਅੰਗਰੇਜ਼ੀ ਭਾਸ਼ਾ ਵਿਚ ਰੈੱਡ ਕਰਾਸ ਸੀ।
ਰੈੱਡ ਕਰਾਸ (ਮਲ੍ਹਮ ਪੱਟੀ) ਦਾ ਜਨਮ ਅਤੇ ਸਥਾਪਨਾ ਦਾ ਸ਼੍ਰੋਮਣੀ ਸਿਹਰਾ ਸਿੱਖ ਧਰਮ ਨੂੰ ਜਾਂਦਾ ਹੈ, ਜਿਸ ਦੇ ਜਨਮ ਦਾਤਾ ਸਾਹਿਬੇ ਕਮਾਲ ਦਸਮੇ ਨਾਨਕ ਕਲਗੀਧਰ ਪਿਤਾ ਜੀ ਹਨ। ਭਾਈ ਘਨੱਈਆ ਗੁਰੂ-ਘਰ ਦਾ ਅਨਿੰਨ ਸੇਵਕ ਜਿਸ ਦਾ ਕੋਈ ਸਾਨੀ ਨਹੀਂ ਹੈ। ਇਸ ਧਰਤੀ 'ਤੇ ਸਭ ਤੋਂ ਵੱਧ ਜ਼ੁਲਮ ਤੇ ਅਨਿਆਏ ਕੇਵਲ ਸਿੱਖ ਧਰਮ ਨਾਲ ਹੋਇਆ ਹੈ। ਪਰ ਗੁਰੂ ਦੇ ਦੁਲਾਰਿਆਂ, ਪਿਆਰਿਆਂ, ਸੂਰਬੀਰਾਂ ਸਿੱਖਾਂ/ਸਿੰਘਾਂ ਨੇ ਸਿੱਖੀ ਅਤੇ ਮਰਯਾਦਾ ਨੂੰ ਅਡੋਲ ਅਤੇ ਸੁਦ੍ਰਿੜ੍ਹ ਰੱਖਦਿਆਂ ਗੁਰੂ ਨਾਨਕ ਦੇਵ ਜੀ ਦੇ ਘਰ ਦੀ ਓਟ ਲੈ ਕੇ ਮਰਜੀਵੜਿਆਂ ਦਾ ਗੁਰਮਤਿ ਫ਼ਰਜ਼ ਨਿਭਾਇਆ ਹੈ। ਵਿਗਿਆਨਕ ਸੁੱਖ ਸੁਵਿਧਾਵਾਂ ਮਨੁੱਖਤਾ ਲਈ ਹਨ। ਵਿਗਿਆਨਕ ਕਾਢਾਂ ਦੀ ਜੜ੍ਹ, ਗੁਰਮਤਿ ਵਿਚਾਰਧਾਰਾ ਤੋਂ ਲਈ ਗਈ ਹੈ। ਮਸ਼ੀਨ ਸਹੂਲਤ ਤਾਂ ਹੋ ਸਕਦੀ ਹੈ। ਆਤਮਿਕ ਸੰਤੁਸ਼ਟੀ ਅਤੇ ਗੁਰਮਤਿ ਸਹਿਜ ਕਦਾਚਿਤ ਨਹੀਂ।
ਅਦੁੱਤੀ ਅਤੇ ਨਿਸ਼ਕਾਮ ਸੇਵਾ ਦੇ ਮਹਾਨ ਸੇਵਾਈ ਭਾਈ ਘਨੱਈਆ ਨੂੰ ਯਾਦ ਕਰਦਿਆਂ ਸਿਰ ਸਤਿਕਾਰ ਸਹਿਤ ਝੁਕਦਾ ਹੈ ਕਿ ਉਹ ਪ੍ਰਭੂ ਬਖਸ਼ਿਸ਼ ਰੂਹ ਕਿਵੇਂ ਸਾਰਿਆਂ ਵਿਚ ਇਕ ਰੱਬ ਦੀ ਜੋਤਿ ਵੇਖ ਕੇ ਜਲ ਛਕਾਉਂਦੇ ਅਤੇ ਜ਼ਖ਼ਮਾਂ 'ਤੇ ਮਲ੍ਹਮ ਪੱਟੀ ਕਰਦੇ ਰਹੇ। ਇਹ ਸੇਵਾ ਸਿੱਖ ਪੰਥ ਦੇ ਫਲਸਫੇ ਵਿਚ ਅਗੰਮੀ ਵਿਚਾਰਧਾਰਾ ਦਾ ਸਪੱਸ਼ਟ ਅਤੇ ਪ੍ਰਤੱਖ ਪ੍ਰਮਾਣ ਹੈ।
ਅਜੋਕੇ ਯੁੱਗ ਵਿਚ ਭਾਈ ਘਨੱਈਆ ਵਰਗੇ ਪੁਰਸ਼ ਜੋ 'ਸਭ ਮਹਿ ਜੋਤਿ ਜੋਤਿ ਹੈ ਸੋਇ' ਦੇ ਧਾਰਨੀ ਬਣੇ, ਵਰਗੀ ਸੋਚ ਹੋਣ ਦੀ ਬਜਾਏ ਵਿਰੋਧਮਈ ਹੋ ਕੇ ਹਉਮੈ ਦੇ ਚੱਕਰਾਂ ਵਿਚ ਗ੍ਰਸਤ ਹੋ ਚੁੱਕੀ ਹੈ, ਕੋਈ ਕਿਸੇ ਦਾ ਭਲਾ ਕਰਨ ਵਾਲਾ ਵਿਰਲਾ ਹੀ ਹੈ। ਹਰ ਕਿਸੇ ਨੂੰ ਆਪੋ-ਆਪਣੀ ਪਈ ਹੈ। ਅੱਜ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਤਾਂ ਮੰਨਦੇ ਹਾਂ ਪਰ ਉਨ੍ਹਾਂ ਅੰਦਰ ਦਰਜ ਸਿਧਾਂਤਾਂ ਤੋਂ ਕੋਹਾਂ ਦੂਰ ਹਾਂ। ਗੁਰਮਤਿ ਸਿਧਾਂਤਾਂ ਦਾ ਧਾਰਨੀ ਕੋਈ-ਕੋਈ ਹੀ ਹੈ। ਸਾਡੀ ਕਥਨੀ ਤੇ ਕਰਨੀ ਵਿਚ ਭਿੰਨਤਾ ਹੈ।
ਉੱਚ ਇਖਲਾਕੀ ਜੀਵਨ ਵਾਲੀਆਂ ਮਹਾਨ ਸ਼ਖ਼ਸੀਅਤਾਂ ਹੀ ਕਿਸੇ ਕੌਮ ਦੇ ਗੌਰਵਮਈ ਇਤਿਹਾਸ ਦੀਆਂ ਸਿਰਜਣਹਾਰ ਹੁੰਦੀਆਂ ਹਨ। ਅਨੁਭੂਤੀਆਂ ਦੇ ਰੰਗਾਂ ਵਿਚ ਸਾਖਿਆਰਤਾ ਤੇ ਉਨ੍ਹਾਂ ਦੀਆਂ ਮਹਾਨ ਸਿੱਖਿਆਵਾਂ ਸਦੀਆਂ ਤੱਕ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਬਣੀਆਂ ਰਹਿੰਦੀਆਂ ਹਨ। ਰਾਜਨੀਤਕ ਦੁਨੀਆ ਵਿਚ ਵੱਖ-ਵੱਖ ਅਹੁਦੇ ਹਨ, ਵਿੱਦਿਆ ਸੰਸਾਰ ਵਿਚ ਭਿੰਨ-ਭਿੰਨ ਉਪਾਧੀਆਂ ਹਨ। ਇਵੇਂ ਹੀ ਅਧਿਆਤਮ ਮੰਡਲ ਵਿਚ ਵੀ ਵੱਖ-ਵੱਖ ਦਰਜੇ ਹਨ, ਗੁਰਮੁੱਖ, ਗਿਆਨੀ, ਰਿਸ਼ੀ-ਮੁਨੀ, ਸਾਧੂ, ਸੰਤ, ਭਗਤ ਆਦਿ।
ਭਗਤ ਇਕ ਐਸੀ ਅਵਸਥਾ ਹੈ, ਜੋ ਅਧਿਆਤਮ ਜਗਤ ਦੀ ਸਿਖਰਤਾ ਹੈ। ਜੀਵਨ ਦਾ ਸਾਰ ਪ੍ਰਮਾਤਮ ਰਸ, ਦੈਵੀ ਗੁਣਾਂ ਦੀ ਸਾਰੀ ਸਮਰੱਥਾ ਭਗਤ ਦੇ ਅੰਦਰ ਹੁੰਦੀ ਹੈ। ਸਾਡੇ ਦੇਸ਼ ਵਿਚ ਰਾਜਨੀਤੀ ਦੇ ਖੇਤਰ ਦਾ ਸਭ ਤੋਂ ਵੱਡਾ ਰੁਤਬਾ ਰਾਸ਼ਟਰਪਤੀ ਦਾ ਹੈ। ਧਾਰਮਿਕ ਦੁਨੀਆ ਵਿਚ ਭਗਤ ਸ੍ਰੇਸ਼ਟ ਹੈ। ਭਗਤ ਪੂਰਨਪਦ ਹੈ। ਪੂਰਨ ਅਨੰਦ ਅਤੇ ਪੂਰਨ ਪ੍ਰਕਾਸ਼ ਹੈ। ਬੂੰਦ ਸਾਗਰ ਵਿਚ ਲੀਨ ਹੋ ਸਾਗਰ ਹੋ ਗਈ, ਇਵੇਂ ਹੀ ਪੁਰਖ ਪਰਮਾਤਮਾ ਵਿਚ ਲੀਨ ਹੋ ਪੁਰਖ ਪੂਰਨ ਹੋ ਜਾਂਦਾ ਹੈ। ਪੂਰਨ ਪੁਰਖ ਨੂੰ ਹੀ ਭਗਤ ਕਹਿੰਦੇ ਹਨ। ਬ੍ਰਹਿਮੰਡ ਵਿਚ ਪਰਮਾਤਮਾ ਸਭ ਤੋਂ ਵੱਡਾ ਸੱਚ ਹੈ। ਹੁਕਮੀ ਬੰਦੇ ਨੂੰ ਹੀ ਸਿੱਖ ਦੀ ਸੰਗਯਾ ਦਿੱਤੀ ਗਈ ਹੈ, ਇਸੇ ਮਾਰਗ 'ਤੇ ਚਲਦਿਆਂ ਹੀ ਸਵੈ-ਸਰੂਪ ਵਿਚ ਲੀਨਤਾ ਹੁੰਦੀ ਹੈ, 'ਸਫਲ ਸਫਲ ਭਈ ਸਫਲ ਜਾਤ੍ਰਾ' ਵਾਲੀ ਗੁਰ ਅਸੀਸ ਪ੍ਰਾਪਤ ਹੁੰਦੀ ਹੈ। ਨਾਮ ਰੰਗ ਰੱਤੀਆਂ, ਗੁਰੂ ਵਰੋਸਾਈਆਂ ਗੁਰਮੁਖ ਹਸਤੀਆਂ ਵਿਚੋਂ ਅਜਿਹੀ ਵਿਗਸੀ ਮੂਰਤ ਭਾਈ ਘਨੱਈਆ ਹੋਏ ਹਨ, ਜੋ ਨਾਮ-ਸੇਵਾ ਦੀ ਲਾਲੀ ਨਾਲ ਦਗ-ਦਗ ਕਰਦਾ ਨੂਰਾਨੀ ਚਿਹਰਾ ਹਰ ਪਾਸੇ ਖੇੜਾ ਵੰਡਦਾ ਸੀ।
ਭਾਈ ਘਨੱਈਆ ਗੁਰੂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ, ਸਰਬੰਸ ਦਾਨੀ ਗੁਰੂ ਗੋਬਿੰਦ ਸਿੰਘ ਜੀ ਦੀ ਤਾਬਿਆ ਰਹਿ ਨਾਮ ਸਿਮਰਨ ਤੇ ਸੰਗਤ ਲਈ ਜਲ ਤੇ ਲੰਗਰ ਦੀ ਸੇਵਾ ਦੇ ਨਾਲ ਗੁਰੂ-ਘਰ ਦੇ ਘੋੜਿਆਂ ਦੀ ਸਾਂਭ-ਸੰਭਾਲ ਦੀ ਸੇਵਾ ਵੀ ਲੁੱਟਦੇ ਰਹੇ ਹਨ। ਉਨ੍ਹਾਂ ਨੂੰ ਗੁਰੂ ਦੀ ਗੋਦ ਦਾ ਨਿੱਘ ਮਾਨਣ ਦਾ ਸ਼ਰਫ ਹਾਸਲ ਹੈ। ਇਨ੍ਹਾਂ ਦੀ ਨਿਰਮਲ ਪ੍ਰੇਰਨਾ ਅਤੇ ਗੁਰਮਤਿ ਪ੍ਰਚਾਰ ਸਦਕਾ ਬੇਸ਼ੁਮਾਰ ਜੀਵਾਂ ਨੇ ਗੁਰੂ ਦਰਬਾਰ ਵਿਚ ਬੈਠਣ ਦਾ ਸੁਭਾਗ ਪ੍ਰਾਪਤ ਕੀਤਾ। ਭਾਈ ਘਨੱਈਆ ਰੱਬੀ ਬੰਦਗੀ ਵਿਚ ਲੀਨ ਹੋ ਸੰਗਤਾਂ ਨੂੰ ਬ੍ਰਹਮ ਵਿਦਿਆ ਦਾ ਦਾਨ, ਘਾਲ ਕਮਾਈ, ਵੈਰਾਗ, ਤਿਆਗ, ਗੁਰਬਾਣੀ ਦਾ ਸਤਿਕਾਰ, ਪ੍ਰੇਮ ਤੇ ਸ਼ਰਧਾ ਨਾਲ ਬਾਣੀ ਦਾ ਪਾਠ, ਨਿਤਨੇਮ, ਕਥਾ ਪ੍ਰਪੱਕਤਾ, ਗੁਰਸਿੱਖੀ ਲਈ ਸ਼ਰਧਾ, ਸਰਬੱਤ ਦੇ ਭਲੇ ਲਈ ਕਈ ਜੀਵਨ ਜੁਗਤ ਦੇ ਭੇਦ ਵੰਡਦੇ ਰਹੇ। ਐਸੇ ਮਹਾਨ ਵਿਅਕਤੀਆਂ ਦਾ ਜੀਵਨ ਬਿਰਤਾਂਤ ਜਗਿਆਸੂਆਂ ਲਈ ਪ੍ਰੇਰਨਾ ਸਰੋਤ ਹੁੰਦਾ ਹੈ। ਚੰਗੀ ਕਲਮ ਇਨ੍ਹਾਂ ਜੀਵਨ ਬਿਰਤਾਂਤਾਂ ਨੂੰ ਤੁਰਦੇ-ਫਿਰਦੇ, ਜਿਉਂਦੇ-ਜਾਗਦੇ ਬਣਾ ਦਿੰਦੀ ਹੈ।
ਭਾਈ ਘਨੱਈਆ ਦੇ ਜੀਵਨ ਤੇ ਸੇਵਾ ਘਾਲ ਬਾਰੇ ਬਹੁਤ ਖੋਜ ਦੀ ਲੋੜ ਹੈ। ਬਹੁਤ ਘੱਟ ਜਾਣਕਾਰੀ ਉਨ੍ਹਾਂ ਬਾਰੇ ਉਪਲਬਧ ਹੈ। ਅਜਿਹੀਆਂ ਗੁਰੂ-ਘਰ ਦੀਆਂ ਸ਼ਖ਼ਸੀਅਤਾਂ ਦਾ ਜੀਵਨ, ਇਤਿਹਾਸ ਤੇ ਉਨ੍ਹਾਂ ਵਲੋਂ ਕੀਤੀ ਕਮਾਈ ਦਾ ਜੀਵਨ ਬਿਓਰਾ ਨਾ ਮਿਲਣ 'ਤੇ ਭਾਈ ਵੀਰ ਸਿੰਘ ਨੇ ਵੀਹਵੀਂ ਸਦੀ ਦੇ ਪਹਿਲੇ-ਦੂਜੇ ਦਹਾਕੇ ਵਿਚ ਚਿੰਤਾ ਪ੍ਰਗਟ ਕਰਦਿਆਂ ਲਿਖਿਆ ਸੀ ਕਿ 'ਪਿਛਲੀਆਂ ਦੋ ਸਦੀਆਂ 18ਵੀਂ ਤੇ 19ਵੀਂ ਸਦੀ ਵਿਚ ਖ਼ਾਲਸੇ ਨੇ ਆਪਣੇ ਫਰਜ਼ਾਂ ਨੂੰ ਇਸ ਖੂਬੀ ਨਾਲ ਨਿਭਾਇਆ ਹੈ ਕਿ ਸੰਸਾਰ ਭਰ ਦਾ ਇਤਿਹਾਸ ਉਸ ਦੀ ਉਦਾਹਰਨ ਪੇਸ਼ ਕਰਨ ਤੋਂ ਅਸਮਰੱਥ ਹੈ ਪਰ ਦੁੱਖ ਦੀ ਗੱਲ ਹੈ ਕਿ ਖਾਲਸੇ ਦੀ ਦੇਸ਼ ਰੱਖਿਆ ਵਾਸਤੇ ਵਾਹੀ ਤੇਗ, ਅਨਾਥਾਂ, ਮਜ਼ਲੂਮਾਂ ਦੇ ਬਚਾਓ ਲਈ ਕੀਤੀਆਂ ਕੁਰਬਾਨੀਆਂ ਤੇ ਪਰਜਾ ਦੀ ਇੱਜ਼ਤ ਤੇ ਹੁਰਮਤ ਲਈ ਡੋਲ੍ਹੇ ਖੂਨ ਦੇ ਨਕਸ਼ ਸਾਡੀ ਅਵੇਸਲਤਾ ਦੇ ਕਾਰਨ ਲੋਕਾਂ ਦੀਆਂ ਸਿਮਰਤੀਆਂ ਵਿਚੋਂ ਅਲੋਪ ਹੋ ਰਹੇ ਹਨ।
ਸੰਪ੍ਰਦਾ ਦੇ ਮੋਢੀ ਭਾਈ ਘਨੱਈਆ, 2. ਸੰਪ੍ਰਦਾ ਦੇ ਮੁੱਖ ਸੰਚਾਲਕ ਭਾਈ ਸੇਵਾ ਰਾਮ, 3. ਭਾਈ ਅਡੱਣ ਸਾਹਿਬ, 4. ਭਾਈ ਭੱਲਾ, 5. ਭਾਈ ਜਗਤਾ, 6. ਭਾਈ ਹਜਾਰੀ, 7. ਭਾਈ ਸਹਾਈ ਰਾਮ, 8. ਭਾਈ ਰਲਿਆ ਰਾਮ, 9. ਭਾਈ ਲਖਮੀ, 10. ਭਾਈ ਲਖਮੀ, 11. ਭਾਈ ਮਹੰਤ ਗੁਲਾਬ ਸਿੰਘ, 12. ਭਾਈ ਮਹੰਤ ਤੀਰਥ ਸਿੰਘ, 13. ਭਾਈ ਕਾਹਨ ਸਿੰਘ।
ਉਨ੍ਹਾਂ ਦੀ ਯਾਦ ਵਿਚ ਕੀਤੇ ਜਾ ਰਹੇ ਸ਼ਤਾਬਦੀ ਸਮਾਗਮ ਤਾਂ ਸਫਲ ਤੇ ਗੁਣਕਾਰੀ ਹੋਣਗੇ, ਜੇ ਅਸੀਂ ਭਾਈ ਜੀ ਦੇ ਆਦਰਸ਼ਾਂ, ਨਿਸ਼ਠਾ ਤੇ ਸ਼ਰਧਾ ਭਾਵਨਾ ਦਾ ਗਿਆਨ ਹਿਰਦੇ ਵਿਚ ਵਸਾ, ਗੁਰੂ-ਘਰ ਦੀ ਸੇਵਾ ਦੇ ਧਾਰਨੀ ਹੋਈਏ। ਭਾਈ ਘਨੱਈਆ ਦੀ ਸ਼ਤਾਬਦੀ ਨੂੰ ਸਮਰਪਿਤ 20-21 ਸਤੰਬਰ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਸ਼ੇਸ ਗੁਰਮਤਿ ਸਮਾਗਮ ਕਰਵਾਏ ਜਾ ਰਹੇ। ਸੰਗਤਾਂ ਇਨ੍ਹਾਂ ਸਮਾਗਮਾਂ ਵਿਚ ਸ਼ਮੂਲੀਅਤ ਕਰਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।
**

ਅੰਗਰੇਜ਼ਾਂ ਤੇ ਦਰਬਾਰ ਦੀਆਂ ਫ਼ੌਜਾਂ ਦਰਮਿਆਨ ਲੜਾਈ ਦੀ ਸ਼ੁਰੂਆਤ ਕਿਸ ਨੇ ਕੀਤੀ?

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਦੋ ਹੋਰ ਬ੍ਰਿਟਿਸ਼ ਅਫਸਰ ਜੋ ਅੰਗਰੇਜ਼-ਪੰਜਾਬ ਦੇ ਸਬੰਧਾਂ ਨਾਲ ਬਹੁਤ ਗਹਿਰੇ ਜੁੜੇ ਹੋਏ ਸਨ, ਦੇ ਵਿਚਾਰ ਵੀ ਬਹੁਤ ਅਰਥ ਭਰਪੂਰ ਸਨ। ਨਾਰਥ ਵੈਸਟਰਨ ਏਜੰਸੀ ਦੇ ਮੇਜਰ ਜੀ. ਕਾਰਮੀਚਾਇਲ ਸਮਿੱਥ ਨੇ ਲਿਖਿਆ ਕਿ, 'ਪੰਜਾਬ ਦੀ ਲੜਾਈ ਬਾਰੇ ਨਾ ਤਾਂ ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਸਿੱਖਾਂ ਨੇ ਬਿਨਾਂ ਕਿਸੇ ਕਾਰਨ ਲੜਾਈ ਸ਼ੁਰੂ ਕੀਤੀ ਤੇ ਨਾ ਹੀ ਇਹ ਕਿ ਸਾਡਾ ਉਨ੍ਹਾਂ ਪ੍ਰਤੀ ਰਵੱਈਆ ਬਹੁਤ ਧੀਰਜ ਵਾਲਾ ਸੀ। ਜੇ ਅਸੀਂ ਸਿੱਖਾਂ ਨੂੰ ਇਕ ਆਜ਼ਾਦ ਰਿਆਸਤ ਮੰਨਦੇ ਹਾਂ ਤੇ ਉਹ ਹਰ ਗੱਲ ਵਾਸਤੇ ਸਾਨੂੰ ਜਵਾਬਦੇਹ ਨਹੀਂ ਹਨ ਤਾਂ ਸਾਨੂੰ ਉਨ੍ਹਾਂ ਵਾਸਤੇ ਭੜਕਾਹਟ ਦਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਸੀ। ਇਸ ਤਰ੍ਹਾਂ ਕਹਿਣਾ ਕਿ ਬੰਬਈ ਤੋਂ ਲਿਆ ਕੇ ਬੇੜੀਆਂ ਦਾ ਪੁਲ ਬਣਾਉਣਾ ਸਿਰਫ ਰੱਖਿਆਤਮਕ ਕਦਮ ਸੀ, ਬਿਲਕੁਲ ਬਕਵਾਸ ਗੱਲ ਹੈ। ਸਿੱਖਾਂ ਕੋਲ ਚਾਰਲਸ ਨੇਪੀਅਰ ਦੀ ਸਪੀਚ ਦਾ ਉਲਥਾ ਹੈ, ਜਿਹੜੀ 'ਦਿੱਲੀ ਗਜਟ' ਵਿਚ ਛਪੀ ਸੀ ਤੇ ਜਿਸ ਵਿਚ ਸਾਫ਼ ਕਿਹਾ ਗਿਆ ਕਿ ਅਸੀਂ ਉਨ੍ਹਾਂ ਵਿਰੁੱਧ ਲੜਾਈ ਵਿਚ ਜਾ ਰਹੇ ਹਾਂ ਤੇ ਹਰ ਯੂਰਪੀਨ ਤਾਕਤ ਅਜਿਹੀ ਹਾਲਤ ਵਿਚ ਇਸ ਤਰ੍ਹਾਂ ਹੀ ਕਰਦੀ। ਸਿੱਖਾਂ ਨੇ ਸਿਰਫ ਇਹ ਸੋਚਿਆ ਕਿ ਉਹ ਲੜਾਈ ਦੇ ਮੈਦਾਨ ਵਿਚ ਪਹਿਲਾਂ ਪਹੁੰਚ ਜਾਣ ਤਾਂ ਫਾਇਦੇ ਵਿਚ ਰਹਿਣਗੇ। ਇਸ ਤੋਂ ਇਲਾਵਾ ਉਹ ਸਾਡੇ ਇਲਾਕੇ ਵਿਚ ਨਹੀਂ, ਆਪਣੇ ਹੀ ਇਲਾਕੇ ਵਿਚ ਆਏ ਸਨ।
'...ਮੈਂ ਸਿਰਫ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੀ ਦੋਸਤੀ ਦੇ ਅਸੂਲਾਂ ਤੋਂ ਪਿੱਛੇ ਹਟਣ ਵਾਲੇ ਅਸੀਂ ਪਹਿਲੇ ਨਹੀਂ ਸਾਂ? ਕੀ ਲੜਾਈ ਦੇ ਸ਼ੁਰੂ ਹੋਣ ਤੋਂ ਇਕ ਸਾਲ ਪਹਿਲਾਂ ਹੀ ਅਸਾਂ ਫਿਰੋਜ਼ਪੁਰ ਤੋਂ ਪੰਜਾਬ ਦੀ ਸਰਹੱਦ ਵਿਚਕਾਰ ਪੈਂਦੇ ਟਾਪੂ ਉੱਪਰ ਕਬਜ਼ਾ ਨਹੀਂ ਕਰ ਲਿਆ ਸੀ? ਇਹ ਟਾਪੂ ਪੰਜਾਬ ਵਿਚ ਪੈਂਦਾ ਸੀ, ਕਿਉਂਕਿ ਡੂੰਘਾ ਪਾਣੀ ਟਾਪੂ ਤੋਂ ਸਾਡੇ ਪਾਸੇ ਸੀ।
'...ਪਰ ਜੇ ਦੂਜੇ ਪਾਸੇ ਇਹ ਕਿਹਾ ਜਾਂਦਾ ਹੈ ਕਿ 1809 ਦੀ ਸੰਧੀ ਦੋਵਾਂ ਸਰਾਕਰਾਂ ਉੱਪਰ ਲਾਗੂ ਸੀ ਤਾਂ ਸੌਖਾ ਜਿਹਾ ਸਵਾਲ ਹੈ ਕਿ ਇਸ ਸੰਧੀ ਤੋਂ ਅਤੇ 'ਦੋਸਤੀ ਦੇ ਅਸੂਲਾਂ' ਤੋਂ ਕੌਣ ਪਾਸੇ ਹਟਿਆ? ਮੈਂ ਚੰਗੀ ਤਰ੍ਹਾਂ ਸੋਚ ਕੇ ਇਸ ਨਤੀਜੇ ਉੱਪਰ ਪਹੁੰਚਦਾ ਹਾਂ ਕਿ ਅਸੀਂ।'
ਇਸ ਮੁੱਦੇ ਉੱਪਰ ਜ਼ਿਆਦਾ ਜ਼ੋਰਦਾਰ ਸ਼ਬਦ ਸਰ ਜਾਰਜ ਕੈਂਪਬੈਲ ਦੇ ਹਨ, ਜੋ ਉਸ ਵਕਤ ਕੈਥਲ ਦੀ ਅੰਗਰੇਜ਼ੀ ਸੁਰੱਖਿਆ ਹੇਠਲੀ ਸਿੱਖ ਰਿਆਸਤ ਵਿਚ ਤਾਇਨਾਤ ਸੀ। ਉਸ ਨੇ ਲਿਖਿਆ, 'ਇਤਿਹਾਸ ਲਿਖਣ ਵਾਲਿਆਂ ਦਾ ਤਰੀਕਾ ਹੀ ਕੁਝ ਅਜਿਹਾ ਹੁੰਦਾ ਹੈ। ਆਉਣ ਵਾਲੇ ਵਕਤਾਂ ਵਿਚ ਇਤਿਹਾਸ ਦੀਆਂ ਕਿਤਾਬਾਂ ਦੱਸਣਗੀਆਂ ਕਿ ਸਿੱਖ ਫ਼ੌਜ ਹਮਲਾ ਕਰਨ ਦੇ ਇਰਾਦੇ ਨਾਲ ਅੰਗਰੇਜ਼ੀ ਇਲਾਕੇ ਵਿਚ ਦਾਖ਼ਲ ਹੋਈ। ਪਰ ਬਹੁਤ ਸਾਰੇ ਲੋਕ ਸੱਚਾਈ ਜਾਣ ਕੇ ਹੈਰਾਨ ਹੋਣਗੇ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਵਾਪਰਿਆ ਸੀ। ਉਨ੍ਹਾਂ ਨੇ ਸਾਡੀ ਕਿਸੇ ਛਾਉਣੀ ਉੱਪਰ ਹਮਲਾ ਨਹੀਂ ਕੀਤਾ ਤੇ ਨਾ ਹੀ ਸਾਡੇ ਇਲਾਕੇ ਵਿਚ ਆਪਣੇ ਪੈਰ ਰੱਖੇ। ਉਨ੍ਹਾਂ ਨੇ ਜੋ ਕੀਤਾ, ਉਹ ਇਹ ਸੀ ਕਿ ਉਹ ਦਰਿਆ ਤੋਂ ਪਾਰ ਆਏ ਤੇ ਇਧਰ ਆਪਣੇ ਹੀ ਇਲਾਕੇ ਵਿਚ ਦਾਖ਼ਲ ਹੋਏ।'
ਪੰਜਾਬ ਦੀ ਜੋ ਫ਼ੌਜ ਅੰਗਰੇਜ਼ਾਂ ਵਿਰੁੱਧ ਭੇਜੀ ਗਈ ਸੀ, ਉਸ ਦੀ ਪੂਰੀ ਗਿਣਤੀ ਦਾ ਪਤਾ ਨਹੀਂ ਪਰ ਮੋਟਾ ਅੰਦਾਜ਼ਾ ਇਹ ਸੀ ਕਿ ਇਹ ਓਨੀ ਹੀ ਸੀ, ਜਿੰਨੀ ਦੁਸ਼ਮਣ ਦੀ, ਬਲਕਿ ਤੋਪਾਂ ਦੇ ਮਾਮਲੇ ਵਿਚ ਉਨ੍ਹਾਂ ਤੋਂ ਥੋੜ੍ਹੀਆਂ ਜਿਹੀਆਂ ਜ਼ਿਆਦਾ ਸਨ। ਇਸ ਵਿਚ ਮੁੱਖ ਤੌਰ 'ਤੇ ਸਿੱਖ ਤੇ ਮੁਸਲਮਾਨ ਸਨ। ਤੋਪਾਂ ਆਮ ਤੌਰ 'ਤੇ ਮੁਸਲਮਾਨਾਂ ਦੇ ਹੱਥ ਹੀ ਸਨ। ਕਵੀ ਸ਼ਾਹ ਮੁਹੰਮਦ ਮਾਹਿਰ ਤੋਪਚੀਆਂ ਵਿਚ ਸੁਲਤਾਨ ਮੁਹੰਮਦ ਦਾ ਨਾਂਅ ਲੈਂਦਾ ਹੈ, ਜੋ ਰਣਜੀਤ ਸਿੰਘ ਦੇ ਚਹੇਤੇ ਤੋਪਚੀ ਦਾ ਪੁੱਤਰ ਸੀ। ਇਸ ਤੋਂ ਇਲਾਵਾ ਸ਼ਾਹ ਮੁਹੰਮਦ ਨੇ ਇਮਾਮ ਬਖਸ਼ ਤੇ ਇਲਾਹੀ ਬਖਸ਼ ਦੇ ਨਾਂਅ ਵੀ ਲਏ। ਪੰਜਾਬ ਦੀ ਫ਼ੌਜ ਵਿਚ ਬਹੁਤ ਥੋੜ੍ਹੀ ਜਿਹੀ ਗਿਣਤੀ ਪੂਰਬੀਆਂ ਤੇ ਗੋਰਖਿਆਂ ਦੀ ਵੀ ਸੀ। ਗੁਲਾਬ ਸਿੰਘ ਨੇ ਡੋਗਰਿਆਂ ਨੂੰ ਲੜਾਈ ਵਿਚ ਜਾਣ ਤੋਂ ਮਨ੍ਹਾਂ ਕਰ ਦਿੱਤਾ ਸੀ।
ਪੰਜਾਬੀਆਂ ਦੀ ਸਭ ਤੋਂ ਵੱਡੀ ਘਾਟ ਇਹ ਸੀ ਕਿ ਉਨ੍ਹਾਂ ਦੀ ਅਗਵਾਈ ਗੱਦਾਰ ਕਰ ਰਹੇ ਸਨ। ਐਸਾ ਸਾਬਤ ਕਰਨ ਦੀਆਂ ਬਹੁਤ ਗਵਾਹੀਆਂ ਹਨ ਕਿ ਪ੍ਰਧਾਨ ਮੰਤਰੀ ਰਾਜਾ ਲਾਲ ਸਿੰਘ, ਕਮਾਂਡਰ ਇਨ ਚੀਫ ਤੇਜ ਸਿੰਘ ਅਤੇ ਬਾਅਦ ਵਿਚ ਜਾ ਕੇ ਗੁਲਾਬ ਸਿੰਘ ਡੋਗਰਾ ਲਗਾਤਾਰ ਦੁਸ਼ਮਣਾਂ ਦੇ ਏਜੰਟਾਂ ਦੇ ਸੰਪਰਕ ਵਿਚ ਰਹੇ। ਰਾਣੀ ਜਿੰਦਾਂ ਨੂੰ ਇਨ੍ਹਾਂ ਵਿਚ ਸ਼ਾਮਿਲ ਹੋਣ ਦੇ ਕੋਈ ਸਬੂਤ ਨਹੀਂ, ਹਾਲਾਂਕਿ ਉਸ ਦੇ ਸਬੰਧ ਗੱਦਾਰ ਲਾਲ ਸਿੰਘ ਨਾਲ ਜ਼ਰੂਰ ਸਨ, ਜਿਸ ਨੇ ਅੰਗਰੇਜ਼ ਏਜੰਟ ਨੂੰ ਖ਼ਤ ਲਿਖਿਆ ਸੀ ਕਿ ਉਹ ਉਸ ਨੂੰ ਤੇ ਬੀਬੀ ਸਾਹਿਬਾ ਨੂੰ ਆਪਣੇ ਦੋਸਤ ਸਮਝਣ। ਇਸ ਤੋਂ ਇਲਾਵਾ ਬਹੁਤ ਸਾਰੇ ਲੋਕਾਂ ਦਾ ਖਿਆਲ ਹੈ ਕਿ ਦਰਬਾਰ ਅਤੇ ਮਹਾਰਾਣੀ ਜਿੰਦਾਂ ਹੀ ਸਿਪਾਹੀਆਂ ਨੂੰ ਲੜਾਈ ਵਿਚ ਧੱਕਣ ਤੇ ਫਿਰ ਉਥੇ ਹਰਾਉਣ ਵਾਸਤੇ ਜ਼ਿੰਮੇਵਾਰ ਹਨ। ਉਹ ਉਨ੍ਹਾਂ ਨੂੰ ਜਿੰਦਾਂ ਦੇ ਭਰਾ ਜਵਾਹਰ ਸਿੰਘ ਨੂੰ ਕਤਲ ਕਰਨ ਦਾ ਸਬਕ ਸਿਖਾਉਣਾ ਚਾਹੁੰਦੇ ਸਨ। ਕਵੀ ਸ਼ਾਹ ਮੁਹੰਮਦ ਨੇ ਬਿਨਾਂ ਕਿਸੇ ਝਿਜਕ ਦੇ ਲਿਖਿਆ ਹੈ ਕਿ ਰਾਣੀ ਜਿੰਦਾਂ ਨੇ ਹੀ ਪੰਜਾਬ ਨੂੰ ਬਰਬਾਦ ਕੀਤਾ। ਉਸ ਦੇ ਬੋਲ ਨੇ-
'ਕੀ ਅਕਲ ਦਾ ਪੇਚ ਰਾਣੀ ਜਿੰਦ ਕੌਰਾਂ, ਮੱਥਾ ਦੋਹਾਂ ਪਾਤਸ਼ਾਹੀਆਂ ਦਾ ਜੋੜਿਆ ਈ।
ਗੁੱਝੀ ਰਮਜ਼ ਕਰਕੇ ਆਪ ਰਹੀ ਸੱਚੀ, ਬਦਲਾ ਤੁਰੰਤ ਭਰਾਓ ਦਾ ਮੋੜਿਆ ਈ।
ਲਏ ਤੁਰੰਤ ਮੁਸਾਹਿਬ ਲਪੇਟ ਰਾਣੀ, ਲਸ਼ਕਰ ਵਿਚ ਦਰਿਆ ਦੇ ਰੋੜ੍ਹਿਆ ਈ।
ਸ਼ਾਹ ਮੁਹੰਮਦਾ ਕਰੇ ਜਹਾਨ ਗੱਲਾਂ, ਉਨ੍ਹਾਂ ਕੁਫ਼ਰ ਮੁੱਦਈ ਦਾ ਤੋੜਿਆ ਈ।
ਹੁੰਦੇ ਆਏ ਨੇ ਰੰਨਾਂ ਦੇ ਧੁਰੋਂ ਕਾਰੇ, ਲੰਕਾ ਵਿਚ ਤਾਂ ਰਾਵਣ ਕੁਹਾਇ ਦਿੱਤਾ।
ਕੌਰਵ ਪਾਂਡਵਾਂ ਨਾਲ ਕੀ ਭਲਾ ਕੀਤਾ, ਅਠਾਰਾਂ ਖੂਹਣੀਆਂ ਕਟਕ ਮੁਕਾਇ ਦਿੱਤਾ।
ਰਾਜੇ ਭੋਜ ਦੇ ਮੂੰਹ ਲਗਾ ਦਿੱਤੀ, ਮਾਰ ਅੱਡੀਆਂ ਹੋਸ਼ ਭੁਲਾਇ ਦਿੱਤਾ।
ਸ਼ਾਹ ਮੁਹੰਮਦਾ ਏਸ ਰਾਣੀ ਜਿੰਦ ਕੌਰਾਂ, ਸਾਰੇ ਦੇਸ਼ ਦਾ ਫਰਸ਼ ਉਠਾਇ ਦਿੱਤਾ।'
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਸਰਹੱਦ ਪਾਰ ਅੱਜ ਵੀ ਕਾਇਮ ਹੈ ਹਿੰਦੂ ਸੰਸਥਾਵਾਂ ਦਾ ਨਾਂਅ ਤੇ ਸ਼ਾਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਕੀ ਕਦੇ ਸਕੂਲ ਦਾ ਨਾਂਅ ਬਦਲਣ ਦਾ ਸਕੂਲ ਦੇ ਪ੍ਰਬੰਧਕਾਂ ਜਾਂ ਸਰਕਾਰ 'ਤੇ ਕੋਈ ਦਬਾਅ ਨਹੀਂ ਪਾਇਆ ਗਿਆ? ਪੁੱਛਣ 'ਤੇ ਹਰਲ ਸਾਹਿਬ ਕਹਿੰਦੇ ਹਨ ਕਿ ਬਹੁਤ ਵਾਰ ਸਕੂਲ ਨਾਲੋਂ ਡੀ. ਏ. ਵੀ. ਸ਼ਬਦ ਹਟਾਉਣ ਦੀ ਮੰਗ ਉਠ ਚੁੱਕੀ ਹੈ, ਪਰ ਇਸ ਸਕੂਲ ਦੇ ਵਿਦਿਆਰਥੀਆਂ ਨੇ ਹਰ ਵਰ੍ਹੇ ਰਾਵਲਪਿੰਡੀ ਦੇ ਸਭ ਸਕੂਲਾਂ ਵਿਚੋਂ ਇਮਤਿਹਾਨਾਂ ਤੇ ਖੇਡਾਂ ਵਿਚ ਅੱਗੇ ਰਹਿ ਕੇ ਸਕੂਲ ਦੀ ਅਜਿਹੀ ਪਹਿਚਾਣ ਕਾਇਮ ਕਰ ਲਈ ਹੈ, ਜਿਸ ਦੇ ਚਲਦਿਆਂ ਰਾਵਲਪਿੰਡੀ ਦੇ ਸਿੱਖਿਆ ਦੇ ਖੇਤਰ ਵਿਚ ਤਾਰੇ ਵਾਂਗੂ ਚਮਕਦੇ ਇਸ ਸਕੂਲ ਦੇ ਪੁਰਾਣੇ ਨਾਂਅ ਨੂੰ ਅਸੀਂ ਕਦੇ ਵੀ ਬਦਲਣ ਨਹੀਂ ਦਿਆਂਗੇ। ਮੀਆਂ ਹਰਲ ਨੂੰ ਇਸ ਗੱਲ 'ਤੇ ਵੀ ਫ਼ਖਰ ਹੈ ਕਿ ਉਹ ਉਸ ਸਕੂਲ ਦੇ ਲੈਕਚਰਾਰ ਹਨ, ਜਿੱਥੇ ਕਦੇ ਭਾਰਤੀ ਫ਼ਿਲਮ ਅਭਿਨੇਤਾ ਸੁਨੀਲ ਦੱਤ, ਬਲਰਾਜ ਸਾਹਨੀ ਦੇ ਵੱਡੇ ਭਰਾ ਨਾਵਲਕਾਰ ਬਿਸ਼ਮ ਸਾਹਨੀ ਅਤੇ ਕਈ ਨਾਮਵਰ ਸੁਤੰਤਰਤਾ ਸੈਨਾਨੀ ਵੀ ਪੜ੍ਹ ਅਤੇ ਪੜ੍ਹਾ ਚੁੱਕੇ ਹਨ।
ਇਸ ਸਕੂਲ ਦੇ ਬਿਲਕੁਲ ਪਿੱਛੇ ਆਰੀਆ ਮੁਹੱਲਾ ਅਤੇ ਪੁਰਾਣਾ ਮੰਦਰ ਜਿਉਂ ਦਾ ਤਿਉਂ ਅੱਜ ਵੀ ਮੌਜੂਦ ਹੈ। ਇਸ ਮੁਹੱਲੇ ਦੇ ਬਹੁਤੇ ਘਰਾਂ ਦੇ ਬਾਹਰ ਅੱਜ ਵੀ 'ਓਮ' ਸ਼ਬਦ ਉੱਕਰਿਆ ਹੋਇਆ ਹੈ। ਇਸੇ ਮੁਹੱਲੇ ਦੇ ਰਹਿਣ ਵਾਲੇ ਹਾਜੀ ਦਿਲਸ਼ਾਦ ਦੱਸਦੇ ਹਨ ਕਿ ਭਾਵੇਂ ਸਾਡੇ ਇਥੇ ਕੁਝ ਲੋਕਾਂ ਨੇ ਇਸ ਨੂੰ ਨਵਾਂ ਮੁਹੱਲਾ ਕਹਿਣਾ ਸ਼ੁਰੂ ਕਰ ਦਿੱਤਾ ਹੈ, ਪਰ ਇਸ ਦੀ ਅਸਲ ਪਹਿਚਾਣ ਅੱਜ ਵੀ ਆਰੀਆ ਮੁਹੱਲੇ ਵਜੋਂ ਹੀ ਹੈ। ਉਕਤ ਦੇ ਇਲਾਵਾ ਲਾਹੌਰ ਦੇ ਸਿਵਲ ਲਾਈਨ ਆਬਾਦੀ ਵਿਚਲੇ ਡੀ. ਏ. ਵੀ. ਕਾਲਜ ਦਾ ਨਾਂਅ ਭਾਵੇਂ ਬਦਲ ਕੇ ਗੌਰਮਿੰਟ ਇਸਲਾਮੀਆ ਕਾਲਜ ਜ਼ਰੂਰ ਰੱਖ ਦਿੱਤਾ ਗਿਆ ਹੈ, ਪਰ ਇਸ ਵਿੱਦਿਅਕ ਸੰਸਥਾਨ ਦੇ ਪੁਰਾਣੇ ਢਾਂਚੇ ਅਤੇ ਬਣਾਵਟ 'ਚ ਕੋਈ ਬਹੁਤਾ ਅੰਤਰ ਨਹੀਂ ਆਇਆ। ਇਸ ਕਾਲਜ ਨੂੰ ਸ਼ੁਰੂ ਕਰਨ ਲਈ ਪਹਿਲੀ ਬੈਠਕ ਲਾਲਾ ਦੀਵਾਨ ਚੰਦ ਦੀ ਪ੍ਰਧਾਨਗੀ ਹੇਠ 9 ਨਵੰਬਰ, 1883 ਨੂੰ ਕੀਤੀ ਗਈ, ਜਿਸ 'ਚ ਆਸ-ਪਾਸ ਦੇ ਸਭ ਸ਼ਹਿਰਾਂ ਦੇ ਧਨਾਢ ਆਰੀਆ ਸਮਾਜੀ ਇਕੱਠੇ ਹੋਏ। ਬੈਠਕ ਵਿਚ ਸਭ ਤੋਂ ਪਹਿਲਾਂ ਡੀ. ਏ. ਵੀ. ਸਕੂਲ ਸ਼ੁਰੂ ਕਰਨ ਦੀ ਯੋਜਨਾ ਬਣਾਈ ਗਈ ਅਤੇ ਮੌਕੇ 'ਤੇ ਹੀ ਸਕੂਲ ਬਣਾਉਣ ਲਈ 7000-8000 ਰੁਪਏ ਇਕੱਠੇ ਹੋ ਗਏ। ਇਸ ਤੋਂ ਬਾਅਦ ਇਕ ਹੋਰ ਵਿਸ਼ਾਲ ਬੈਠਕ 3 ਨਵੰਬਰ, 1885 ਨੂੰ ਹੋਈ, ਜਿਸ ਵਿਚ ਸ੍ਰੀ ਹੰਸ ਰਾਜ (21 ਸਾਲ) ਵੀ ਸ਼ਾਮਿਲ ਹੋਏ, ਉਨ੍ਹਾਂ ਮੀਟਿੰਗ ਵਿਚ ਐਲਾਨ ਕੀਤਾ ਕਿ ਉਹ ਸਾਰੀ ਉਮਰ ਬਿਨਾਂ ਕੋਈ ਤਨਖਾਹ ਲਏ ਸੇਵਾ ਭਾਵਨਾ ਨਾਲ ਵਿਦਿਆਰਥੀਆਂ ਨੂੰ ਸਿੱਖਿਆ ਦੇਣਗੇ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਅੰਮ੍ਰਿਤਸਰ। ਮੋਬਾ: 93561-27771

ਛੇਵੇਂ ਪਾਤਸ਼ਾਹ ਦੇ ਅਨਿਨ ਸੇਵਕ ਬਾਬਾ ਬਿਧੀ ਚੰਦ

ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਅਨਿਨ ਪਿਆਰੇ ਸੇਵਕ ਬਹਾਦਰ ਬਾਬਾ ਬਿਧੀ ਚੰਦ ਦਾ ਜਨਮ 13 ਵੈਸਾਖ ਸੰਮਤ 1636 ਮੁਤਾਬਿਕ 8 ਅਪ੍ਰੈਲ, ਸੰਨ 1560 ਨੂੰ ਬਾਬਾ ਦੇਵਾ ਜੀ ਦੇ ਗ੍ਰਹਿ ਮਾਤਾ ਸੰਭਲੀ ਜੀ ਦੀ ਕੁੱਖੋਂ ਪਿੰਡ ਛੀਨਾ ਜ਼ਿਲ੍ਹਾ ਲਾਹੌਰ (ਹਾਲ ਜ਼ਿਲ੍ਹਾ ਤਰਨ ਤਾਰਨ) ਵਿਖੇ ਹੋਇਆ। ਆਪ ਬਚਪਨ ਤੋਂ ਹੀ ਵਿਲੱਖਣ ਅਤੇ ਬਹਾਦਰ ਸੁਭਾਅ ਦੇ ਮਾਲਕ ਸਨ। ਆਪ ਨੇ ਆਪਣਾ ਬਚਪਨ ਨਾਨਕੇ ਪਿੰਡ ਵੱਡੀ ਸਰਹਾਲੀ ਵਿਖੇ ਗੁਜ਼ਾਰਿਆ। ਆਪ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਗੁਰਸਿੱਖੀ ਦੀ ਦਾਤ ਪ੍ਰਾਪਤ ਕੀਤੀ। ਪੰਚਮ ਪਾਤਸ਼ਾਹ ਦੀ ਸ਼ਹਾਦਤ ਮੌਕੇ ਹਾਜ਼ਰ ਪ੍ਰਮੁੱਖ ਪੰਜ ਸਿੱਖਾਂ 'ਚ ਆਪ ਵੀ ਸ਼ਾਮਿਲ ਸਨ। ਪੰਚਮ ਪਾਤਸ਼ਾਹ ਦੀ ਸ਼ਹਾਦਤ ਉਪਰੰਤ ਬਾਬਾ ਬਿਧੀ ਚੰਦ ਨੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੇਵਾ ਵਿਚ ਹਾਜ਼ਰ ਰਹਿ ਕੇ ਵੱਡਮੁੱਲੀਆਂ ਸੇਵਾਵਾਂ ਨਿਭਾਈਆਂ। ਇਤਿਹਾਸ ਅਨੁਸਾਰ ਕਸ਼ਮੀਰ ਦੀ ਸੰਗਤ ਵਲੋਂ ਸਤਿਗੁਰਾਂ ਨੂੰ ਭੇਟ ਕਰਨ ਲਈ ਲਿਆਂਦੇ ਸੁੰਦਰ ਦੁਸ਼ਾਲੇ ਪੱਟੀ ਦੇ ਪਠਾਨ ਮਿਰਜ਼ਾ ਬੇਗ ਨੇ ਰਸਤੇ ਵਿਚ ਖੋਹ ਲਏ। ਆਪ ਨੇ ਜੁਗਤੀ ਨਾਲ ਪਠਾਨ ਦੇ ਮਹਿਲਾਂ 'ਚੋਂ ਦੁਸ਼ਾਲੇ ਕੱਢ ਲਏ। ਪੱਟੀ ਨੂੰ ਘੇਰਾ ਪੈ ਜਾਣ 'ਤੇ ਬਚਾਓ ਲਈ ਸਤਿਗੁਰਾਂ ਦਾ ਧਿਆਨ ਧਰ ਆਪ ਇਕ ਭਠਿਆਰੇ ਦੇ ਬਲਦੇ ਭੱਠ ਵਿਚ ਬੈਠ ਗਏ।
ਉਸ ਸਮੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਭਾਈ ਕੀ ਡਰੋਲੀ ਵਿਖੇ ਆਪਣੇ ਸਰੀਰ 'ਤੇ ਜਲ ਦੀਆਂ ਗਾਗਰਾਂ ਪਵਾਈਆਂ ਪਰ ਆਪਣੇ ਸੇਵਕ ਨੂੰ ਰੱਤੀ ਭਰ ਵੀ ਸੇਕ ਨਾ ਲੱਗਣ ਦਿੱਤਾ। ਬਾਬਾ ਬਿਧੀ ਚੰਦ ਨੇ ਸੁੰਦਰ ਦੁਸ਼ਾਲੇ ਗੁਰੂ ਚਰਨਾਂ ਵਿਚ ਭੇਟ ਕੀਤੇ। ਆਪ ਨੇ ਲਾਹੌਰ ਦੇ ਹੁਕਮਰਾਨ ਵਲੋਂ ਕਰੋੜੀ ਮੱਲ ਪਾਸੋਂ ਸਤਿਗੁਰਾਂ ਨੂੰ ਭੇਟ ਕਰਨ ਲਈ ਲਿਆਂਦੇ ਸੁੰਦਰ ਦਰਿਆਈ ਘੋੜੇ ਦਿਲਬਾਗ ਅਤੇ ਗੁਲਬਾਗ ਖੋਹ ਲੈਣ ਤੇ ਘਾਹੀ ਤੇ ਜੋਤਸ਼ੀ ਦਾ ਰੂਪ ਧਾਰ ਕੇ ਚਤੁਰਤਾ ਅਤੇ ਬਹਾਦਰੀ ਨਾਲ ਖੋਹੇ ਘੋੜੇ ਵਾਪਸ ਲਿਆ ਕੇ ਗੁਰੂ ਜੀ ਨੂੰ ਭੇਟ ਕੀਤੇ। ਇਸ ਸੇਵਾ ਤੋਂ ਪ੍ਰਸੰਨ ਹੋ ਕੇ ਗੁਰੂ ਸਾਹਿਬ ਨੇ ਬਾਬਾ ਬਿਧੀ ਚੰਦ ਨੂੰ 'ਬਿਧੀ ਚੰਦ ਛੀਨਾ॥ ਗੁਰੂ ਕਾ ਸੀਨਾ॥ ਭਾਉ ਭਗਤ ਲੀਨਾ॥ ਕਮੀ ਕਦੇ ਨਾਹਿ॥' ਦਾ ਵਰ ਬਖਸ਼ਿਸ਼ ਕੀਤਾ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵਲੋਂ ਮੁਗਲ ਹਕੂਮਤ ਨਾਲ ਲੜੀਆਂ ਚਾਰ ਜੰਗਾਂ ਵਿਚ ਵੀ ਜਰਨੈਲ ਵਜੋਂ ਆਪ ਨੇ ਬਹਾਦਰੀ ਦੀ ਮਿਸਾਲ ਕਾਇਮ ਕੀਤੀ। ਬਾਬਾ ਬਿਧੀ ਚੰਦ ਨੇ ਸਮਰਪਣ ਭਾਵਨਾ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੇਵਾ, ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਵਜੋਂ ਸੇਵਾ, ਹੱਥੀਂ ਬੀੜਾਂ ਲਿਖਣ ਦੀ ਸੇਵਾ ਅਤੇ ਗੁਰਸਿੱਖੀ ਪ੍ਰਚਾਰ ਦੀ ਮਹਾਨ ਸੇਵਾ ਨਿਭਾਈ। ਬਾਬਾ ਬਿਧੀ ਚੰਦ ਭਾਦੋਂ ਸੁਦੀ ਅਸ਼ਟਮੀ ਸੰਮਤ 1697 ਨੂੰ ਸੁੰਦਰ ਸ਼ਾਹ ਨੂੰ ਨਾਲ ਲੈ ਕੇ ਕੀਤੇ ਬਚਨ ਅਨੁਸਾਰ ਦੇਊ ਨਗਰ ਅਯੁੱਧਿਆ ਵਿਖੇ ਸੱਚਖੰਡ ਪਿਆਨਾ ਕਰ ਗਏ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਬਾਬਾ ਬਿਧੀ ਚੰਦ ਨਮਿਤ ਸਹਿਜ ਪਾਠ ਕਰਵਾਇਆ ਅਤੇ ਬਾਬਾ ਬਿਧੀ ਚੰਦ ਦੇ ਸਪੁੱਤਰ ਬਾਬਾ ਲਾਲ ਚੰਦ ਨੂੰ ਜਾਨਸ਼ੀਨ ਥਾਪ ਕੇ ਸੰਪ੍ਰਦਾਇ ਨੂੰ ਵਰੋਸਾਉਣਾ ਕੀਤਾ।
ਸਤਿਗੁਰਾਂ ਨੇ ਭਾਈ ਭਾਗ ਮਲ ਨਾਲ ਕੀਤੇ ਬਚਨ ਮੁਤਾਬਿਕ ਬਾਬਾ ਲਾਲ ਚੰਦ ਨੂੰ ਪਾਵਨ ਗੁਰਬਾਣੀ ਬੀੜ, ਦੁਰਲੱਭ ਤਸਵੀਰਾਂ, ਸ਼ਸਤਰ ਅਤੇ ਨਿਸ਼ਾਨ ਨਗਾਰਾ ਬਖਸ਼ਿਸ਼ ਕਰਦਿਆਂ ਸੁਰ ਸਿੰਘ ਨਗਰ ਵਿਚ ਭਾਈ ਭਾਗ ਮਲ ਵਲੋਂ ਭੇਟ ਕੀਤੇ ਮਹਿਲਾਂ 'ਚ ਨਿਵਾਸ ਕਰਕੇ ਗੁਰਸਿੱਖੀ ਪ੍ਰਚਾਰ ਕਰਨ ਦਾ ਹੁਕਮ ਕੀਤਾ। ਬਾਬਾ ਲਾਲ ਚੰਦ ਨੇ ਸੁਰ ਸਿੰਘ ਨਗਰ ਨੂੰ ਸਿੱਖੀ ਪ੍ਰਚਾਰ ਦਾ ਕੇਂਦਰ ਬਣਾਇਆ ਅਤੇ ਇਥੇ ਬਾਬਾ ਬਿਧੀ ਚੰਦ ਦੀ ਯਾਦਗਾਰ ਸਥਾਪਿਤ ਕੀਤੀ, ਜਿਥੇ ਹੁਣ ਸੁੰਦਰ ਗੁਰਦੁਆਰਾ ਸੁਭਾਇਮਾਨ ਹੈ। ਗੁਰਸਿੱਖੀ ਪ੍ਰਚਾਰ ਦੀ ਮਹਾਨ ਰਵਾਇਤ ਨੂੰ ਜਾਰੀ ਰੱਖਦਿਆਂ ਬਾਬਾ ਬਿਧੀ ਚੰਦ ਦੇ ਬਾਰ੍ਹਵੇਂ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਵਲੋਂ ਸਿੱਖ ਨੌਜਵਾਨ ਪੀੜ੍ਹੀ ਨੂੰ ਗੁਰਸਿੱਖੀ ਮਾਰਗ 'ਤੇ ਤੋਰਨ ਲਈ ਦੇਸ਼-ਵਿਦੇਸ਼ ਅੰਦਰ ਬੇਅੰਤ ਭੇਟਾ ਰਹਿਤ ਗੁਰਮਤਿ ਵਿਦਿਆਲੇ ਸਥਾਪਿਤ ਕੀਤੇ ਗਏ ਹਨ। ਉਹ ਰੋਜ਼ਾਨਾ ਸੰਗਤਾਂ ਨੂੰ ਅਧਿਆਤਮਕ ਉਪਦੇਸ਼ ਦੇ ਕੇ ਬਾਣੀ-ਬਾਣੇ ਨਾਲ ਜੁੜਨ ਲਈ ਪ੍ਰੇਰਦੇ ਹਨ। ਬਹਾਦਰ ਬਾਬਾ ਬਿਧੀ ਚੰਦ ਦੀ ਸਾਲਾਨਾ ਬਰਸੀ ਮੌਕੇ ਦੋ ਦਿਨਾ ਭਾਰੀ ਜੋੜ ਮੇਲਾ 17, 18 ਸਤੰਬਰ, 2018 ਨੂੰ ਨਗਰ ਸੁਰ ਸਿੰਘ, ਜ਼ਿਲ੍ਹਾ ਤਰਨ ਤਾਤਰਨ ਵਿਖੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਲੋਂ 'ਸੰਪ੍ਰਦਾਇ ਦਲ ਬਾਬਾ ਬਿਧੀ ਚੰਦ ਜੀ' ਦੇ ਮੁਖੀ, ਬਾਬਾ ਬਿਧੀ ਚੰਦ ਦੇ ਬਾਰ੍ਹਵੇਂ ਜਾਨਸ਼ੀਨ ਸੰਤ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਅਗਵਾਈ ਵਿਚ ਸ਼ਰਧਾ ਸਹਿਤ ਮਨਾਇਆ ਜਾ ਰਿਹਾ ਹੈ।


Email- dharmjitsursingh@gmail.com

ਗੁਰੂ ਹਰਿਗੋਬਿੰਦ ਜੀ ਦਾ ਜੀਵਨ ਤੇ ਮਿਸ਼ਨ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਗਵਾਲੀਅਰ ਦੇ ਕਿਲ੍ਹੇ ਵਿਚ
ਇਉਂ ਜਾਪਦਾ ਹੈ ਕਿ ਮੁਗ਼ਲ ਸਰਕਾਰ ਗੁਰੂ ਹਰਿਗੋਬਿੰਦ ਜੀ ਦੀ ਸੰਤ ਸਿਪਾਹੀ ਵਾਲੀ ਨੀਤੀ ਤੋਂ ਡਰ ਗਈ ਤੇ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਕਰ ਦਿੱਤਾ। ਉਨ੍ਹਾਂ ਦੇ ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਰਹਿਣ ਦਾ ਕੋਈ ਸ਼ੰਕਾ ਨਹੀਂ ਪਰ ਉਹ ਕਿੰਨਾ ਚਿਰ ਗਵਾਲੀਅਰ ਰਹੇ, ਕੋਈ ਗੱਲ ਨਿਸਚਿਤ ਨਹੀਂ ਕਹੀ ਜਾ ਸਕਦੀ। ਗੁਰ ਬਿਲਾਸ ਪਾਤਸ਼ਾਹੀ ਛੇਵੀਂ ਵਿਚ ਲਿਖਿਆ ਹੈ ਕਿ ਗੁਰੂ ਸਾਹਿਬ ਪਹਿਲਾਂ ਅੰਮ੍ਰਿਤਸਰ ਤੋਂ ਦਿੱਲੀ ਗਏ ਤੇ ਮਜਨੂੰ ਦੇ ਟਿੱਲੇ ਗੁਰਦੁਆਰੇ ਠਹਿਰੇ। ਫਿਰ ਆਗਰੇ ਗਏ। ਆਗਰੇ ਤੇ ਗਵਾਲੀਅਰ ਵਿਚਕਾਰ ਧੌਲਪੁਰ (ਨਵੀਨ ਜ਼ਿਲ੍ਹਾ ਭਰਤਪੁਰ) ਦੇ ਜੰਗਲਾਂ ਵਿਚ ਸ਼ੇਰ ਦਾ ਸ਼ਿਕਾਰ ਕੀਤਾ, ਜਿਥੇ ਹੁਣ ਗੁਰਦੁਆਰਾ ਸ਼ੇਰ ਸ਼ਿਕਾਰ ਹੈ। ਇਹ ਗੁਰਦੁਆਰਾ ਆਗਰੇ ਤੋਂ 21 ਮੀਲ ਆਗਰਾ ਗਵਾਲੀਅਰ ਰੋਡ 'ਤੇ ਹੈ। ਇਥੇ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਉਤਸਵ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਅਰਾਵਲੀ ਪਰਬਤ ਦੇ ਨੇੜੇ ਅਤੇ ਚੰਬਲ ਵਾਦੀ ਵਿਚ ਵਸੇ ਸਿੱਖ ਬੜੇ ਉਤਸ਼ਾਹ ਨਾਲ ਇਹ ਦਿਨ ਮਨਾਉਂਦੇ ਹਨ।
ਮੁਹਸਨ ਫਾਨੀ ਕਰਤਾ ਦਬਿਸਤਾਨ ਲਿਖਦਾ ਹੈ ਕਿ ਜਦੋਂ ਗੁਰੂ ਹਰਿਗੋਬਿੰਦ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿਚ ਸਨ ਤਾਂ ਸਿੱਖ ਕਿਲ੍ਹੇ ਦੀਆਂ ਕੰਧਾਂ ਨੂੰ ਮੱਥਾ ਟੇਕ ਕੇ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰਦੇ ਸਨ। ਗਵਾਲੀਅਰ ਕਿਲ੍ਹੇ ਦੇ ਅੰਦਰ ਜਿਥੇ ਗੁਰੂ ਸਾਹਿਬ ਰਹਿੰਦੇ ਸਨ, ਇਕ ਵੱਡਾ ਗੁਰਦੁਆਰਾ ਬਣ ਗਿਆ ਹੈ। ਇਸ ਗੁਰਦੁਆਰੇ ਕੋਲ ਖੁਦਾਈ ਕਰਦਿਆਂ ਉਸ ਜਗ੍ਹਾ ਦਾ ਪਤਾ ਲੱਗਾ ਹੈ ਜਿਥੇ ਗੁਰੂ ਸਾਹਿਬ ਇਸ਼ਨਾਨ ਕਰਿਆ ਕਰਦੇ ਸਨ। ਉਸ ਥਾਂ ਇਕ ਪੱਥਰ ਮਿਲਿਆ ਹੈ, ਜਿਸ 'ਤੇ ਫਾਰਸੀ ਵਿਚ ਲਿਖਿਆ ਹੈ ਕਿ ਇਥੇ ਗੁਰੂ ਸਾਹਿਬ ਇਸ਼ਨਾਨ ਕਰਦੇ ਸਨ ਤੇ ਇਹ ਹੌਜ ਵਜ਼ੀਰ ਖਾਂ ਨੇ ਗੁਰੂ ਜੀ ਦੇ ਇਸ਼ਨਾਨ ਵਾਸਤੇ ਬਣਵਾਇਆ ਸੀ। ਇਹ ਵਜ਼ੀਰ ਖਾਨ ਗੁਰੂ ਜੀ ਦਾ ਸ਼ਰਧਾਲੂ ਸੀ। ਇਹ ਉਹ ਹੀ ਵਜ਼ੀਰ ਖਾਂ ਸੀ, ਜੋ ਚਿਨਓਟ ਦਾ ਰਹਿਣ ਵਾਲਾ ਸੀ ਤੇ ਜਿਸ ਨੇ ਲਾਹੌਰ ਵਿਚ ਸੁਨਹਿਰੀ ਮਸਜਿਦ ਬਣਵਾਈ ਸੀ।
ਕੁਝ ਸਮੇਂ ਪਿੱਛੋਂ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾਅ ਕਰ ਦਿੱਤਾ। ਇਸ ਤੋਂ ਪਿੱਛੋਂ ਗੁਰੂ ਜੀ ਦੇ ਜਹਾਂਗੀਰ ਨਾਲ ਸਬੰਧ ਚੰਗੇ ਰਹੇ।
ਮੁਗ਼ਲਾਂ ਵਿਰੁੱਧ ਲੜਾਈਆਂ
1627 ਈ: ਵਿਚ ਜਹਾਂਗੀਰ ਚਲਾਣਾ ਕਰ ਗਿਆ। ਉਸ ਦਾ ਪੁੱਤਰ ਸ਼ਾਹ ਜਹਾਨ ਤਖ਼ਤ 'ਤੇ ਬੈਠਾ। ਤਖ਼ਤ 'ਤੇ ਬੈਠਦਿਆਂ ਹੀ ਉਸ ਨੇ ਹੁਕਮ ਜਾਰੀ ਕੀਤਾ ਕਿ ਕੋਈ ਮੁਸਲਮਾਨ ਆਪਣਾ ਧਰਮ ਬਦਲੀ ਨਹੀਂ ਕਰ ਸਕਦਾ। ਦੂਜੇ ਉਸ ਨੇ ਗੁਰੂ ਅਰਜਨ ਸਾਹਿਬ ਦੀ ਲਾਹੌਰ ਵਿਚ ਬਣਵਾਈ ਬਉਲੀ ਨੂੰ ਢਵਾ ਦਿੱਤਾ। ਕੌਲਾਂ ਕਰਕੇ ਮੁਗ਼ਲਾਂ ਨਾਲ ਸਬੰਧ ਵਿਗੜ ਗਏ। ਕੌਲਾਂ ਕਵਲਾਂ ਇਕ ਹਿੰਦੂ ਨਾਂਅ ਜਾਪਦਾ ਹੈ। ਹੋ ਸਕਦਾ ਹੈ ਕਿ ਲਾਹੌਰ ਦੇ ਕਾਜ਼ੀ ਨੇ ਇਸ ਨੂੰ ਜ਼ਬਰਦਸਤੀ ਘਰ ਵਿਚ ਰੱਖਿਆ ਹੋਵੇ। ਕਈ ਲਿਖਾਰੀਆਂ ਦਾ ਖਿਆਲ ਹੈ ਕਿ ਇਹ ਕਾਜ਼ੀ ਦੀ ਲੜਕੀ ਸੀ। ਇਹ ਗੁਰੂ ਜੀ ਦੀ ਸਿੱਖ ਹੋਣ ਕਰਕੇ ਅੰਮ੍ਰਿਤਸਰ ਗੁਰੂ ਜੀ ਦੀ ਸ਼ਰਨ ਆ ਗਈ। ਇਸ ਕਰਕੇ ਲਾਹੌਰ ਦੇ ਕਾਜ਼ੀ ਨੇ ਗੁਰੂ ਜੀ ਦੇ ਵਿਰੁੱਧ ਮੁਗ਼ਲ ਸਰਕਾਰ ਨੂੰ ਭੜਕਾਇਆ। ਗੁਰੂ ਜੀ ਨੇ ਪੈਂਦੇ ਖਾਨ ਪਠਾਨ ਨੂੰ ਆਪਣੀ ਫ਼ੌਜ ਵਿਚ ਰੱਖਿਆ। ਉਹ ਗੁਰੂ ਜੀ ਕੋਲੋਂ ਕਿਸੇ ਦੇ ਉਕਸਾਉਣ 'ਤੇ ਚਲਾ ਗਿਆ ਤੇ ਮੁਗ਼ਲ ਫ਼ੌਜਾਂ ਨਾਲ ਜਾ ਮਿਲਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਸ਼ਬਦ ਵਿਚਾਰ

ਇਕੁ ਤਿਲੁ ਪਿਆਰਾ ਵੀਸਰੈ ਦੁਖੁ ਲਾਗੈ ਸੁਖੁ ਜਾਇ॥

(ਲੜੀ ਜੋੜਨ ਲਈ ਦੇਖੋ ਪਿਛਲੇ ਮੰਗਲਵਾਰ ਦਾ ਅੰਕ)
ਸਿਰੀਰਾਗੁ ਮਹਲਾ ੧
ਇਕੁ ਤਿਲੁ ਪਿਆਰਾ ਵੀਸਰੈ
ਦੁਖੁ ਲਾਗੈ ਸੁਖੁ ਜਾਇ॥
ਜਿਹਵਾ ਜਲਉ ਜਲਾਵਣੀ
ਨਾਮੁ ਨ ਜਾਪੈ ਰਸਾਇ॥
ਘਟੁ ਬਿਨਸੈ ਦੁਖ ਅਗਲੋ
ਜਮੁ ਪਕੜੈ ਪਛੁਤਾਇ॥ ੫॥
ਮੇਰੀ ਮੇਰੀ ਕਰਿ ਗਏ
ਤਨੁ ਧਨੁ ਕਲਤੁ ਨ ਸਾਥਿ॥
ਬਿਨੁ ਨਾਵੈ ਧਨੁ ਬਾਦਿ ਹੈ
ਭੂਲੋ ਮਾਰਗਿ ਆਥਿ॥
ਸਾਚਉ ਸਾਹਿਬ ਸੇਵੀਐ
ਗੁਰਮੁਖਿ ਅਕਥੋ ਕਾਥਿ॥ ੬॥
ਆਵੈ ਜਾਇ ਭਵਾਈਐ
ਪਇਐ ਕਿਰਤਿ ਕਮਾਇ॥
ਪੂਰਬਿ ਲਿਖਿਆ ਕਿਉ ਮੇਟੀਐ
ਲਿਖਿਆ ਲੇਖੁ ਰਜਾਇ॥
ਬਿਨੁ ਹਰਿ ਨਾਮ ਨ ਛੁਟੀਐ
ਗੁਰਮਤਿ ਮਿਲੈ ਮਿਲਾਇ॥ ੭॥
ਤਿਸੁ ਬਿਨੁ ਮੇਰਾ ਕੋ ਨਹੀ
ਜਿਸ ਕਾ ਜੀਉ ਪਰਾਨੁ॥
ਹਉਮੈ ਮਮਤਾ ਜਲਿ ਬਲਉ
ਲੋਭੁ ਜਲਉ ਅਭਿਮਾਨੁ॥
ਨਾਨਕ ਸਬਦੁ ਵੀਚਾਰੀਐ
ਪਾਈਐ ਗੁਣੀ ਨਿਧਾਨੁ॥ ੮॥ ੧੦॥
(ਅੰਗ 59)
ਪਦ ਅਰਥ : ਇਕੁ ਤਿਲੁ-ਰਤਾ ਭਰ ਸਮੇਂ ਲਈ ਵੀ। ਪਿਆਰਾ-ਪਿਆਰਾ ਪ੍ਰਭੂ। ਵਿਸਰੈ-ਵਿਸਰ ਜਾਏ, ਭੁੱਲ ਜਾਏ। ਲਾਗੈ-ਆ ਲੱਗਦਾ ਹੈ, ਆ ਘੇਰਦਾ ਹੈ। ਜਿਹਵਾ-ਜੀਭ। ਜਿਹਵਾ ਜਲਉ-ਸੜ ਜਾਵੇ ਉਹ ਜੀਭ। ਜਲਾਵਣੀ-ਸੜਨ ਜੋਗ ਜੀਭ। ਰਸਾਇ-ਰਸ ਨਾਲ, ਅਨੰਦ ਵਿਚ ਮਗਨ ਹੋ ਕੇ। ਘਟੁ-ਸਰੀਰ। ਬਿਨਸੈ-ਨਾਸ ਹੁੰਦਾ ਹੈ। ਦੁਖੁ ਅਗਲੋ-ਬਹੁਤ ਦੁੱਖ ਹੁੰਦਾ ਹੈ।
ਤਨੁ-ਸਰੀਰ। ਕਲਤੁ-ਇਸਤਰੀ। ਨ ਸਾਥਿ-ਕੋਈ ਵੀ ਨਾਲ ਨਾ ਨਿਭਿਆ, ਕੋਈ ਵੀ ਸਾਥ ਨਾ ਗਿਆ। ਬਾਦਿ ਹੈ-ਸਭ ਵਿਅਰਥ ਹੈ। ਮਾਰਗਿ-ਰਸਤਾ। ਆਥਿ-ਮਾਇਆ। ਮਾਰਗਿ ਆਥਿ-ਮਾਇਆ ਦੇ ਰਾਹ 'ਤੇ ਚੱਲ ਕੇ। ਭੂਲੋ-(ਜੀਵਨ ਦੇ ਸਹੀ ਮਾਰਗ ਤੋਂ) ਕੁਰਾਹੇ ਪੈ ਜਾਂਦਾ ਹੈ। ਸਾਚਉ ਸਾਹਿਬ-ਸਦਾ ਕਾਇਮ ਰਹਿਣ ਵਾਲਾ ਪ੍ਰਭੂ। ਸੇਵੀਐ-ਸਿਮਰਨਾ ਚਾਹੀਦਾ ਹੈ। ਅਕਥੋ-ਅਕੱਥ, ਬੇਅੰਤ (ਪ੍ਰਭੂ)। ਗੁਰਮੁਖਿ ਕਾਥਿ-ਗੁਰੂ ਦੁਆਰ ਕਥਿਆ ਜਾ ਸਕਦਾ ਹੈ।
ਆਵੈ ਜਾਇ ਭਵਾਈਐ-ਜੰਮਣ ਮਰਨ ਦੇ ਗੇੜ ਵਿਚ ਫਿਰਾਇਆ ਜਾਂਦਾ ਹੈ। ਪਇਐ ਕਿਰਤਿ ਕਮਾਇ-ਪਿਛਲੇ ਕਰਮਾਂ ਦੀ ਕੀਤੀ ਕਿਰਤ ਅਨੁਸਾਰ (ਪੂਰਬਲੇ ਜਨਮ ਵਿਚ ਜੋ ਕਰਮ ਕਮਾਉਂਦਾ ਹੈ)। ਆਵੈ ਜਾਇ ਭਵਾਈਐ-ਜੰਮਣ ਮਰਨ ਦੇ ਗੇੜ ਵਿਚ ਫਿਰਾਇਆ ਜਾਂਦਾ ਹੈ। ਪੂਰਬਿ ਲਿਖਿਆ-ਪਹਿਲਾਂ ਦੇ ਲਿਖੇ ਹੋਏ ਲੇਖ। ਕਿਉ ਮੇਟੀਐ-ਕਿਵੇਂ ਮਿਟਾਇਆ ਜਾ ਸਕਦਾ ਹੈ। ਲਿਖਿਆ ਲੇਖੁ ਰਜਾਇ-ਪਰਮਾਤਮਾ ਦੀ ਰਜ਼ਾ ਅਰਥਾਤ ਹੁਕਮ ਵਿਚ ਲਿਖੇ ਜਾਂਦੇ ਹਨ। ਨ ਛੁਟੀਐ-ਛੁਟਕਾਰਾ ਨਹੀਂ ਹੋ ਸਕਦਾ। ਗੁਰਮਤਿ-ਗੁਰੂ ਦੀ ਮੱਤ। ਮਿਲੈ-ਮਿਲਦੀ ਹੈ। ਮਿਲਾਇ-(ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ। ਤਿਸੁ ਬਿਨੁ-ਉਸ ਤੋਂ ਬਿਨਾਂ। ਜੀਉ ਪਰਾਨੁ-ਜਿੰਦ ਤੇ ਪ੍ਰਾਣ। ਜਲਿ ਬਲਉ-ਜਲ ਬਲ ਜਾਣ। ਅਭਿਮਾਨੁ-ਹੰਗਤਾ। ਗੁਣੀ ਨਿਧਾਨੁ-ਗੁਣਾਂ ਦਾ ਖ਼ਜ਼ਾਨਾ।
ਸ੍ਰੀ ਗੁਰੂ ਰਾਮਦਾਸ ਜੀ ਰਾਗੁ ਨਟ ਵਿਚ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਜੋ ਇਕ ਵੀ ਸੁਆਸ ਪ੍ਰਭੂ ਦੇ ਨਾਮ ਤੋਂ ਬਿਨਾਂ ਬੀਤਦਾ ਹੈ, ਉਹ ਸੁਆਸ ਵਿਅਰਥ ਜਾਂਦਾ ਹੈ, ਬੇਕਾਰ ਹੀ ਜਾਂਦਾ ਹੈ-
ਸਾਸੁ ਸਾਸੁ ਜਾਇ ਜਾਮੈ ਨਾਮੈ ਬਿਨੁ
ਸੋ ਬਿਰਥਾ ਸਾਸੁ ਬਿਕਾਰੇ॥
(ਅੰਗ 980)
ਸੋ-ਉਹ।
ਇਸ ਲਈ ਹੇ ਭਾਈ, ਸੁਆਸ ਸੁਆਸ ਪ੍ਰਭੂ ਨੂੰ ਸਿਮਰਦੇ ਰਹੋ। ਇਸ ਨਾਲ ਮਨ ਅੰਦਰਲੇ ਸਾਰੇ ਚਿੰਤਾ, ਝੋਰੇ ਖ਼ਤਮ ਹੋ ਜਾਂਦੇ ਹਨ-
ਸਾਸਿ ਸਾਸਿ ਸਿਮਰਹੁ ਗੋਬਿੰਦ॥
ਮਨ ਅੰਤਰ ਕੀ ਉਤਰੈ ਚਿੰਦ॥
(ਰਾਗੁ ਗਉੜੀ ਮਹਲਾ ੫, ਅੰਗ 295)
ਅੰਤਰ-ਅੰਦਰਲੇ। ਚਿੰਦ-ਚਿੰਤਾ, ਝੋਰੇ।
ਆਪ ਜੀ ਬਾਰਹ ਮਾਹਾ ਮਾਂਝ ਮਹਲਾ ੫ ਵਿਚ ਵੀ ਸੇਧ ਬਖਸ਼ਿਸ਼ ਕਰ ਰਹੇ ਹਨ ਕਿ ਪਿਆਰੇ (ਪ੍ਰਭੂ) ਦੀ ਯਾਦ ਤੋਂ ਬਿਨਾਂ ਜਿਉਣਾ ਜਾਣੋ ਵਿਅਰਥ ਜਨਮ ਗਵਾਉਣਾ ਹੈ-
ਇਕੁ ਖਿਨੁ ਤਿਸੁ ਬਿਨੁ ਜੀਵਣਾ
ਬਿਰਥਾ ਜਨਮੁ ਜਣਾ॥
(ਅੰਗ 133)
ਤਿਸੁ ਬਿਨੁ-ਉਸ ਪ੍ਰਭੂ ਤੋਂ ਬਿਨਾਂ। ਜਣਾ-ਜਾਣੋ।
ਆਪ ਜੀ ਦੇ ਰਾਗੁ ਰਾਮਕਲੀ ਵਿਚ ਵੀ ਪਾਵਨ ਬਚਨ ਹਨ ਕਿ ਅਸੀਂ ਵਿਚਾਰ ਕਰ-ਕਰ ਕੇ ਇਸ ਸਿੱਟੇ 'ਤੇ ਪੁੱਜੇ ਹਾਂ ਕਿ ਪਰਮਾਤਮਾ ਦੇ ਨਾਮ ਦੀ ਭਗਤੀ ਕਰਨ ਤੋਂ ਬਿਨਾਂ ਜੀਵ ਦਾ ਛੁਟਕਾਰਾ ਨਹੀਂ ਹੋ ਸਕਦਾ-
ਸੋਧਤ ਸੋਧਤ ਸੋਧਿ ਬੀਚਾਰਾ॥
ਬਿਨੁ ਹਰਿ ਭਗਤਿ ਨਹੀ ਛੁਟਕਾਰਾ॥
(ਅੰਗ 891)
ਸੋਧਤ ਸੋਧਤ ਸੋਧਿ-ਬਹੁਤ ਵਿਚਾਰ ਕਰ ਕਰ ਕੇ।
ਇਸ ਲਈ ਹੇ ਭਾਈ, ਗੁਰੂ ਦਾ ਸ਼ਬਦ ਜੋ ਅੰਮ੍ਰਿਤ ਰਸ ਹੈ, ਇਸ ਨੂੰ ਪੀਣ ਨਾਲ ਤੇਰਾ ਜੀਅੜਾ ਪਵਿੱਤਰ ਹੋ ਜਾਵੇਗਾ-
ਗੁਰ ਕਾ ਸਬਦੁ ਅੰਮ੍ਰਿਤ ਰਸੁ ਪੀਉ॥
ਤਾ ਤੇਰਾ ਹੋਇ ਨਿਰਮਲ ਜੀਉ॥
(ਅੰਗ 891)
ਨਿਰਮਲ-ਪਵਿੱਤਰ। ਜੀਉ-ਜਿੰਦ, ਜੀਅੜਾ।
ਅੱਖਰੀਂ ਅਰਥ : ਅਸਟਪਦੀ ਦੇ ਚੌਥੇ ਅੰਕ ਵਿਚ ਗੁਰੂ ਬਾਬਾ ਸੋਝੀ ਬਖਸ਼ਿਸ਼ ਕਰ ਰਹੇ ਹਨ ਕਿ ਸਤਿਗੁਰੂ ਸੰਸਾਰ ਰੂਪੀ ਭਵਜਲ 'ਚੋਂ ਪਾਰ ਲਗਾਉਣ ਵਾਲਾ ਜਹਾਜ਼ ਹੈ ਜੋ ਆਪਣੀ ਕਿਰਪਾ ਦ੍ਰਿਸ਼ਟੀ ਦੁਆਰਾ ਜੀਵ ਦਾ (ਇਸ ਭਵਜਲ 'ਚੋਂ ਪਾਰਉਤਾਰਾ ਕਰਨ ਦੇ ਸਮਰੱਥ ਹੈ।
5ਵੇਂ ਅੰਕ ਵਿਚ ਆਪ ਜੀ ਜੀਵ ਨੂੰ ਸੁਚੇਤ ਕਰ ਰਹੇ ਹਨ ਕਿ ਹੇ ਭਾਈ, ਜੇਕਰ ਕਿਧਰੇ ਰਤਾ ਭਰ ਸਮੇਂ ਲਈ ਵੀ ਪਿਆਰਾ ਪ੍ਰਭੂ ਵਿਸਰ ਜਾਵੇ ਤਾਂ ਦੁੱਖ ਆ ਘੇਰਦੇ ਹਨ ਅਤੇ ਪ੍ਰਾਣੀ ਦੀ ਸੁਖ-ਸ਼ਾਂਤੀ ਜਾਂਦੀ ਰਹਿੰਦੀ ਹੈ। ਇਸ ਲਈ ਸੜਨ ਜੋਗ ਉਹ ਜੀਭ ਸੜ ਕਿਉਂ ਨਾ ਜਾਵੇ, ਜੋ ਰਸ ਨਾਲ ਅਰਥਾਤ ਅਨੰਦ ਵਿਚ ਆ ਕੇ ਪ੍ਰਭੂ ਦੇ ਨਾਮ ਦਾ ਸਿਮਰਨ ਨਹੀਂ ਕਰਦੀ। ਨਾਮ ਤੋਂ ਸੱਖਣੇ ਜੀਵ ਦਾ ਸਰੀਰ ਜਦੋਂ ਬਿਨਸਦਾ ਹੈ ਤਾਂ ਉਸ ਨੂੰ ਬੜਾ ਦੁੱਖ ਹੁੰਦਾ ਹੈ। ਜਦੋਂ ਜਮ ਦੇ ਦੂਤ ਉਸ ਨੂੰ ਫੜ ਕੇ ਲੈ ਜਾਂਦੇ ਹਨ ਤਾਂ ਫਿਰ ਉਹ ਪਛਤਾਉਂਦਾ ਹੈ।
ਮੇਰੀ-ਮੇਰੀ ਕਰਨ ਵਾਲੇ ਸਭ ਇਥੋਂ ਖਾਲੀ ਹੱਥੀਂ ਜਾਂਦੇ ਹਨ। ਮਨੁੱਖ ਜੋ ਸਰੀਰ, ਧਨ-ਦੌਲਤ ਅਤੇ ਪਤਨੀ ਨੂੰ ਆਪਣੀ ਸਮਝਦਾ ਹੈ ਭਾਵ ਇਨ੍ਹਾਂ 'ਤੇ ਮਾਣ ਕਰਦਾ ਹੈ, ਇਥੋਂ ਜਾਣ ਵੇਲੇ ਉਸ ਦਾ ਕੋਈ ਸਾਥ ਨਹੀਂ ਦਿੰਦਾ। ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਧਨ-ਦੌਲਤ ਸਭ ਵਿਅਰਥ ਹੈ। ਮਾਇਆ ਦੇ ਪਿੱਛੇ ਲੱਗ ਕੇ ਮਨੁੱਖ ਜੀਵਨ ਦੇ ਸਹੀ ਮਾਰਗ ਤੋਂ ਭਟਕ ਜਾਂਦਾ ਹੈ, ਭਾਵ ਕੁਰਾਹੇ ਪੈ ਜਾਂਦਾ ਹੈ। ਇਸ ਲਈ ਹੇ ਭਾਈ, ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨਾ ਚਾਹੀਦਾ ਹੈ। ਆਪ ਜੀ ਸੋਝੀ ਬਖ਼ਸ਼ਿਸ਼ ਕਰ ਰਹੇ ਹਨ ਕਿ ਉਸ ਬੇਅੰਤ ਪ੍ਰਭੂ ਨੂੰ ਗੁਰੂ ਦੁਆਰਾ ਹੀ ਕਥਿਆ ਜਾ ਸਕਦਾ ਹੈ, ਸਿਫ਼ਤ ਸਾਲਾਹ ਕੀਤੀ ਜਾ ਸਕਦੀ ਹੈ।
ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਮਨੁੱਖ ਨੂੰ ਜਨਮ-ਮਰਨ ਦੇ ਗੇੜ ਵਿਚ ਫਿਰਾਇਆ ਜਾਂਦਾ ਹੈ ਭਾਵ ਮਨੁੱਖ ਜੰਮਦਾ ਤੇ ਮਰਦਾ ਰਹਿੰਦਾ ਹੈ। ਵਾਸਤਵ ਵਿਚ ਪੂਰਬਲੇ ਲਿਖੇ ਹੋਏ ਲੇਖ ਪਰਮਾਤਮਾ ਦੇ ਹੁਕਮ ਅਨੁਸਾਰ ਹੀ ਲਿਖੇ ਜਾਂਦੇ ਹਨ, ਇਸ ਨੂੰ ਫਿਰ ਮੇਟਿਆ ਵੀ ਕਿਵੇਂ ਜਾ ਸਕਦਾ ਹੈ? ਇਸ ਲਈ ਮਨੁੱਖ ਦਾ ਪ੍ਰਭੂ ਦੇ ਨਾਮ ਤੋਂ ਬਿਨਾਂ ਛੁਟਕਾਰਾ ਨਹੀਂ ਹੋ ਸਕਦਾ। ਪਰ ਜਦੋਂ ਗੁਰੂ ਦੀ ਮੱਤ ਮਿਲਦੀ ਹੈ ਤਾਂ ਪ੍ਰਭੂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
(ਹੁਣ ਇਸ ਗੱਲ ਦੀ ਸੋਝੀ ਪੈ ਜਾਂਦੀ ਹੈ ਕਿ) ਉਸ ਇਕ ਪ੍ਰਭੂ ਤੋਂ ਬਿਨਾਂ ਸਾਡਾ ਹੋਰ ਕੋਈ ਨਹੀਂ। ਉਸੇ ਦੇ ਹੀ ਇਹ ਜਿੰਦ ਤੇ ਪ੍ਰਾਣ ਦਿੱਤੇ ਹੋਏ ਹਨ। ਮੇਰੀ ਇਹ ਹਉਮੈ ਤੇ ਅਪਣੱਤ ਜਲ ਬਲ ਜਾਣ। ਮੇਰਾ ਲੋਭ ਤੇ ਮੇਰੀ ਹੰਗਤਾ ਵੀ ਸੜ ਜਾਵੇ (ਜੋ ਮੈਨੂੰ ਪ੍ਰਭੂ ਨਾਲੋਂ ਵਿਛੋੜੀ ਰੱਖਦੇ ਹਨ)।
ਇਸ ਲਈ ਹੇ ਭਾਈ, ਗੁਰੂ ਦੇ ਸ਼ਬਦ ਨੂੰ ਵਿਚਾਰਨਾ ਚਾਹੀਦਾ ਹੈ, ਜਿਸ ਸਦਕਾ (ਫਿਰ) ਗੁਣਾਂ ਦੇ ਖ਼ਜ਼ਾਨੇ, ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ।


-217, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਯੋਗ ਸਾਧਨਾ ਦਾ ਆਧਾਰ ਹੈ ਨਿਰਲੇਪ ਹੋਣਾ

ਕਮਲ ਦਾ ਪੌਦਾ ਹਮੇਸ਼ਾ ਪਾਣੀ ਜਾਂ ਚਿੱਕੜ ਵਿਚ ਪੈਦਾ ਹੁੰਦਾ ਹੈ ਪਰ ਨਾ ਹੀ ਕਮਲ ਦੇ ਪੱਤੇ ਤੇ ਨਾ ਹੀ ਫੁੱਲ ਪਾਣੀ ਨੂੰ ਛੂੰਹਦਾ ਹੈ। ਇਹ ਹੈ ਨਿਰਲੇਪ ਹੋਣਾ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਕਿ ਸਭ ਤੋਂ ਪਹਿਲਾਂ ਤੁਸੀਂ ਖ਼ੁਦਗ਼ਰਜੀ ਨੂੰ ਵਧਾਉਣ ਵਾਲਾ ਸੁਭਾਅ ਤਿਆਗੋ। ਜਦ ਤੁਹਾਡੇ ਅੰਦਰ ਅਜਿਹੀ ਯੋਗਤਾ ਆ ਜਾਂਦੀ ਹੈ ਤਾਂ ਤੁਸੀਂ ਵੀ ਇਸ ਸੰਸਾਰ ਵਿਚ ਲਗਾਵ ਰਹਿਤ ਹੋ ਕੇ ਰਹਿ ਸਕਦੇ ਹੋ। ਅਜਿਹੀ ਅਵਸਥਾ ਨੂੰ ਹੀ ਵੈਰਾਗ ਕਹਿੰਦੇ ਹਨ। ਇਹ ਹੀ ਕਰਮਯੋਗ ਦੀ ਨੀਂਹ ਹੈ ਨਿਰਲਿਪਤਤਾ। ਕੋਈ ਵਿਅਕਤੀ ਆਪਣਾ ਘਰ ਛੱਡ ਕੇ ਭਾਵੇਂ ਜੰਗਲ ਜਾਂ ਮਾਰੂਥਲ ਵਿਚ ਰਹਿੰਦਾ ਹੈ। ਉਹ ਵੀ ਇਕ ਕੱਟੜ ਵਿਅਕਤੀ ਹੈ, ਕਿਉਂਕਿ ਉਸ ਦੀ ਸਾਰੀ ਧਨ-ਦੌਲਤ ਉਸ ਦਾ ਸਰੀਰ ਹੀ ਹੁੰਦਾ ਹੈ। ਉਹ ਆਪਣੇ ਸਰੀਰ ਦੇ ਸੁਖ ਲਈ ਜਿਉਂਦਾ ਹੈ। ਇਹ ਕੋਈ ਨਿਰਲੇਪ ਹੋਣਾ ਨਹੀਂ ਹੈ। ਨਿਰਲਿਪਤਤਾ ਬਾਹਰੀ ਕਾਇਆ/ਸਰੀਰ 'ਤੇ ਨਹੀਂ, ਸਗੋਂ ਮਨ 'ਤੇ ਨਿਰਭਰ ਹੈ। 'ਮੈਂ ਤੇ ਮੇਰਾ' ਦੀ ਜ਼ੰਜੀਰ ਤਾਂ ਮਨ 'ਤੇ ਰਹਿੰਦੀ ਹੈ। ਜੇ ਸਰੀਰ ਅਤੇ ਗਿਆਨ ਇੰਦਰੀਆਂ ਨੂੰ ਪ੍ਰਭਾਵਿਤ ਕਰਨ ਵਾਲੇ ਵਿਸ਼ਿਆਂ ਦਾ ਸਬੰਧ ਇਸ ਜ਼ੰਜੀਰ ਨਾਲ ਨਾ ਰਹੇ, ਫਿਰ ਅਸੀਂ ਭਾਵੇਂ ਕਿਤੇ ਵੀ ਰਹੀਏ, ਅਸੀਂ ਨਿਰਲੇਪ ਹੀ ਹੋਵਾਂਗੇ। ਅਜਿਹਾ ਵੀ ਹੋ ਸਕਦਾ ਹੈ ਕਿ ਇਕ ਵਿਅਕਤੀ ਰਾਜਗੱਦੀ 'ਤੇ ਬੈਠ ਕੇ ਵੀ ਨਿਰਲੇਪ ਹੋਵੇ ਤੇ ਦੂਜੇ ਪਾਸੇ ਕੋਈ ਚੀਥੜਿਆਂ ਵਿਚ ਲਿਪਟਿਆ ਵਿਅਕਤੀ ਵੀ ਵਿਸ਼ੇ-ਵਿਕਾਰਾਂ ਵਿਚ ਲਿਪਤ ਹੋਵੇ। ਕਾਰਜ ਤੋਂ ਪਹਿਲਾਂ ਨਿਰਲੇਪ ਹੋਣਾ ਜ਼ਰੂਰੀ ਹੈ। ਫਿਰ ਅਸੀਂ ਲਗਾਤਾਰ ਕਾਰਜ ਕਰ ਸਕਦੇ ਹਾਂ। ਭਾਵੇਂ ਇਹ ਬਹੁਤ ਔਖਾ ਲੱਗਦਾ ਹੈ ਪਰ ਫਿਰ ਵੀ ਕਰਮਯੋਗ ਸਾਨੂੰ ਨਿਰਲੇਪ ਹੋਣ ਦੀ ਰੀਤ ਸਿਖਾ ਦਿੰਦਾ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਸ਼ਾਹ ਹੁਸੈਨ : ਸਿੱਖ ਇਤਿਹਾਸਕ ਗ੍ਰੰਥਾਂ ਵਿਚ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਉਨ੍ਹਾਂ ਨੇ ਭਾਈ ਲੱਧਾ ਨੂੰ ਤਿਆਰ ਹੋ ਰਹੇ ਗ੍ਰੰਥ ਬਾਰੇ ਪੁੱਛਿਆ। ਉਸ ਨੇ ਭਗਤਾਂ ਨੂੰ ਦੱਸਿਆ ਕਿ ਗੁਰੂ ਜੀ ਜਿਸ ਦੀ ਬਾਣੀ ਗੁਰਮਤਿਆਸ਼ੇ ਅਨੁਕੂਲ ਸਮਝਦੇ ਹਨ, ਉਹ ਬੀੜ ਵਿਚ ਦਰਜ ਕਰ ਲੈਂਦੇ ਹਨ। ਅਜਿਹਾ ਸੁਣ ਕੇ ਭਗਤ ਕਾਨ੍ਹਾ, ਛੱਜੂ, ਪੀਲੂ ਅਤੇ ਸ਼ਾਹ ਹੁਸੈਨ ਗੁਰੂ ਅਰਜਨ ਦੇਵ ਜੀ ਕੋਲ ਅੰਮ੍ਰਿਤਸਰ ਆਏ ਤੇ ਆਪਣੇ ਕਲਾਮ ਨੂੰ ਪ੍ਰਵਾਨਗੀ ਲਈ ਪੇਸ਼ ਕੀਤਾ:
ਚਾਰ ਭਗਤ ਤਿਹ ਠਾ ਰਹੈ,
ਕਾਨ੍ਹਾ ਛੱਜੂ ਜਾਨ।
ਸ਼ਾਹ ਹੁਸੈਨ ਪੀਲੋ ਭਗਤ,
ਮਨ ਮੈ ਭਗਤ ਗੁਮਾਨ।
ਲੱਧੇ ਸੋ ਪੂਛਤ ਭਏ,
ਕਹੁ ਨਿਜ ਗੁਰ ਕੀ ਬਾਤ।
ਕਿਆ ਰਹਿਣੀ ਕਿਆ ਕਰਤ ਹੈ,
ਤੁਮ ਦੇਖਯੋ ਬਿਖਿਆਤ। (ਗੁਰਬਿਲਾਸ ਪਾਤਸ਼ਾਹੀ ੬)
ਸ਼ਾਹ ਹੁਸੈਨ ਤਬ ਕਥਾ ਸੁਨਾਈ।
ਬੋਲਣ ਦਾ ਇਹ ਨਾ ਜਾ ਨਾਹੀ,
ਚੁੱਪ ਵੇ ਅੜਿਆ ਚੁੱਪ ਕਰ ਜਾਇ।
ਤਬ ਸਤਿਗੁਰ ਬੋਲੇ ਹਰਖਾਇ।
ਮਹਿਮਾ ਪ੍ਰਕਾਸ਼ (ਭਾਗ ਦੂਜਾ) ਵਿਚ ਸਾਖੀਆਂ ਪਾਤਸ਼ਾਹੀ ੫ ਵਿਚ ਅਜਿਹਾ ਹੀ ਬਿਰਤਾਂਤ ਦਰਜ ਹੈ।
ਸ਼ਾਹ ਹੁਸੈਨ ਅਰ ਛੱਜੂ ਭਗਤ।
ਗੁਰ ਦਰਸ਼ਨ ਆਏ ਬੜੇ ਬਿਰਕਤ।
-------
ਆਇ ਦਿਆਲ ਕਾ ਦਰਸ਼ਨ ਕੀਨਾ।
ਬਹੁ ਆਦਰ ਕੀਆ ਸਤਿਗੁਰੂ ਪ੍ਰਬੀਨਾ।
ਦੇਖ ਦਰਸ ਦੋਨੋ ਮਗਨਾਨੇ।
ਅਤਿ ਪਿਆਰੇ ਸਤਗੁਰ ਕਰ ਮਾਨੇ।
ਪੁਨਹ ਸ਼ਾਹ ਹੁਸੈਨ ਕੋ ਗੁਰ ਕਹਾ,
ਮੁਹਿ ਨਿਜ ਬਚਨ ਸੁਨਾਉ।
ਤੁਮ ਪ੍ਰਸਿੱਧ ਪ੍ਰੇਮੀ ਬੜੇ,
ਕਿਉ ਕੀਜੈ ਸਾਬ ਦੁਰਾਉ।
ਸੁਨਤ ਬਚਨ ਹੁਸੈਨ ਮਗਨਾਨੇ।
ਮਗਨ ਹੁਇ ਇਹੁ ਬਚਨ ਬਖਾਨੇ।
ਕਾਫੀ ਸ਼ਾਹ ਹੁਸੈਨ ਕੀ:
ਸਜਣਾ ਬੋਲਣ ਦਾ ਜਾਇ ਨਾਹੀ।
ਅੰਦਰ ਬਾਹਰ ਹਿਕਾ ਸਾਈ।
ਕਿਸ ਨੂੰ ਆਖ ਸੁਣਾਈ।
ਇਕਾ ਦਿਲਬਰ ਸਭ ਘਟ ਰਵਿਆ।
ਦੂਜਾ ਨਹੀ ਕਦਾਈਂ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਮੋਬਾ: 98889-39808

ਸ੍ਰੀ ਗੁਰੂ ਤੇਗ਼ ਬਹਾਦਰ ਜੀ

* ਸਰਦਾਰ ਪੰਛੀ *

ਜੇ ਗੁਰ ਤੇਗ਼ ਬਹਾਦਰ ਦਾ ਬਲੀਦਾਨ ਨਾ ਹੁੰਦਾ।
ਹਿੰਦੂ ਧਰਮ ਦਾ ਕਿਧਰੇ ਨਾਮ ਨਿਸ਼ਾਨ ਨਾ ਹੁੰਦਾ।
ਜ਼ਾਲਿਮ ਔਰੰਗਜ਼ੇਬ ਵੀ ਡਾਹਡਾ ਜ਼ੁਲਮ ਕਮਾਉਂਦਾ ਸੀ।
ਜ਼ੋਰ ਨਾਲ ਤਲਵਾਰ ਦੇ ਹੀ ਇਸਲਾਮ ਫੈਲਾਉਂਦਾ ਸੀ।
ਜਿਹੜਾ ਦੀਨ ਨਾ ਮੰਨੇ ਉਸ ਨੂੰ ਕਤਲ ਕਰਾਉਂਦਾ ਸੀ।
ਵੇਖ ਕੇ ਮੰਦਰ ਜ਼ਾਲਮ ਤਾਈਂ ਗੁੱਸਾ ਆਉਂਦਾ ਸੀ।
ਬੁੱਤ ਪੂਜਾ ਹੈ ਕੁਫ਼ਰ ਇਹਦਾ ਪ੍ਰਚਾਰ ਕਰਾਉਂਦਾ ਸੀ।
ਪੂਜਾ ਘਰ ਨੂੰ ਮਸਜਿਦ ਵਿਚ ਤਬਦੀਲ ਕਰਾਉਂਦਾ ਸੀ।
ਕਾਫ਼ਿਰ ਮਾਰੋ ਕਾਫ਼ਿਰ ਮਾਰੋ ਹੁਕਮ ਸੁਣਾਉਂਦਾ ਸੀ।
ਆਪਣੇ ਜ਼ੁਲਮ ਨੂੰ ਦੀਨ ਦੀ ਖ਼ਿਦਮਤ ਵੀ ਅਖਵਾਉਂਦਾ ਸੀ।
ਜ਼ੁਲਮ ਨਾ ਰੁਕਦਾ ਜੇ ਸਤਿਗੁਰ ਕੁਰਬਾਨ ਨਾ ਹੁੰਦਾ।
ਹਿੰਦੂ ਧਰਮ ਦਾ ਕਿਧਰੇ ਨਾਮ ਨਿਸ਼ਾਨ ਨਾ ਹੁੰਦਾ।
ਕੁਝ ਕਸ਼ਮੀਰੀ ਪੰਡਿਤ ਗੁਰ ਚਰਨਾਂ ਵਿਚ ਆਏ ਸੀ।
ਉਨ੍ਹਾਂ ਔਰੰਗਜ਼ੇਬ ਦੇ ਸਾਰੇ ਜ਼ੁਲਮ ਸੁਣਾਏ ਸੀ।
ਕਿਵੇਂ ਓਸ ਨੇ ਹਿੰਦੂਆਂ ਦੇ ਜੰਜੂ ਉਤਰਾਏ ਸੀ।
ਪਾਵਨ ਗ੍ਰੰਥ ਰਾਮਾਇਣ ਗੀਤਾ ਅੱਗ ਵਿਚ ਪਾਏ ਸੀ।
ਹਿੰਦੂ ਧਰਮ ਦੇ ਸ਼ਰਧਾਲੂ ਮੁਸਲਿਮ ਬਣਵਾਏ ਸੀ।
ਸੁਣ ਫ਼ਰਿਆਦ ਉਨ੍ਹਾਂ ਦੀ ਸਤਿਗੁਰ ਬਚਨ ਅਲਾਏ ਸੀ।
'ਹੁਣ ਸੱਚਾਈ ਝੂਠ ਦੇ ਫ਼ਤਵੇ ਤਾਈਂ ਟੋਕੇਗੀ।
ਕੁਰਬਾਨੀ ਕਿਸੇ ਮਹਾਂਪੁਰਸ਼ ਦੀ ਜ਼ੁਲਮ ਨੂੰ ਰੋਕੇਗੀ।'
ਆਪਾ ਵਾਰਨ ਦਾ ਜਜ਼ਬਾ ਬਲਵਾਨ ਨਾ ਹੁੰਦਾ।
ਹਿੰਦੂ ਧਰਮ ਦਾ ਕਿਧਰੇ ਨਾਮ ਨਿਸ਼ਾਨ ਨਾ ਹੁੰਦਾ।
ਚੌਕ ਚਾਂਦਨੀ ਵਿਚ ਗੁਰਾਂ ਨੂੰ ਕੈਦ ਕਰਾਇਆ ਸੀ।
ਸੱਚਾਈ ਦੀ ਮੂਰਤ ਨੂੰ ਪਿੰਜਰ ਵਿਚ ਪਾਇਆ ਸੀ।
ਸਤਿਗੁਰ ਤਾਈਂ ਡਰਾਣ ਲਈ ਜੱਲਾਦ ਬੁਲਾਇਆ ਸੀ।
ਸਤਿਗੁਰ ਦੀ ਕੁਰਬਾਨੀ ਨੇ ਇਤਿਹਾਸ ਸਜਾ ਦਿੱਤਾ।
ਬੰਦੇ ਦੇ ਬੁਨਿਆਦੀ ਹੱਕ ਦਾ ਬਿਗਲ ਵਜਾ ਦਿੱਤਾ।
ਸ਼ਰਧਾ ਅੰਦਰ ਦਖ਼ਲ ਗੁਰਾਂ ਨੇ ਪਾਪ ਸੁਣਾ ਦਿੱਤਾ।
ਦੂਜੇ ਧਰਮ ਦੀ ਰੱਖਿਆ ਲਈ ਹੀ ਸੀਸ ਕਟਾ ਦਿੱਤਾ।
ਜ਼ੁਲਮ ਕਰਨ ਲਈ ਜਿਸ ਫ਼ਤਵਾ ਤਲਵਾਰ ਬਣਾ ਦਿੱਤਾ।
ਔਰੰਗਜ਼ੇਬ ਦੀ ਮਗ਼ਰੂਰੀ ਨੂੰ ਖੁੱਡੇ ਲਾ ਦਿੱਤਾ।
ਜੇ ਗੁਰ ਤੇਗ਼ ਬਹਾਦਰ ਦਾ ਬਲੀਦਾਨ ਨਾ ਹੁੰਦਾ।
ਹਿੰਦੂ ਧਰਮ ਦਾ ਕਿਧਰੇ ਨਾਮ ਨਿਸ਼ਾਨ ਨਾ ਹੁੰਦਾ।


-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401. ਮੋਬਾ: 94170-91668

ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਗੁਰੂ ਕੀ ਢਾਬ (ਫਰੀਦਕੋਟ)

ਜੈਤੋ ਤੋਂ 5 ਕਿਲੋਮੀਟਰ ਦੂਰ ਕੋਟਕਪੂਰਾ ਮਾਰਗ 'ਤੇ ਸਥਿਤ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂ ਕੀ ਢਾਬ ਵਿਖੇ ਹਰ ਸਾਲ ਲੱਗਣ ਵਾਲਾ ਇਤਿਹਾਸਕ ਮੇਲਾ ਮਾਲਵੇ ਖੇਤਰ ਦੇ ਦੂਜੇ ਮੇਲਿਆਂ ਵਿਚੋਂ ਆਪਣਾ ਅਹਿਮ ਸਥਾਨ ਰੱਖਦਾ ਹੈ। ਸੂਰਜ ਪ੍ਰਕਾਸ਼ ਗ੍ਰੰਥ ਦੇ ਹਵਾਲੇ ਅਨੁਸਾਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕੋਟਕਪੂਰੇ ਤੋਂ ਖਿਦਰਾਣੇ ਦੀ ਢਾਬ ਨੂੰ ਜਾਣ ਲਈ ਜੈਤੋ ਵੱਲ ਆ ਰਹੇ ਸਨ ਤਾਂ ਤੀਸਰੇ ਪਹਿਰ ਆਪਣੀ ਸੰਗਤ ਨਾਲ ਇਸ ਸਥਾਨ 'ਤੇ ਲੱਗੇ ਸ਼ਰੀਂਹ ਦੇ ਦਰੱਖਤ ਹੇਠ ਆ ਬੈਠ ਗਏ ਤਾਂ ਅਚਾਨਕ ਸ਼ਰੀਂਹ ਦੇ ਦਰੱਖਤ ਵਿਚੋਂ ਇਕ ਆਦਮੀ ਨਿਕਲਿਆ ਤੇ ਗੁਰੂ ਜੀ ਨੂੰ ਨਮਸਕਾਰ ਕਰਨ ਲੱਗਾ। ਗੁਰੂ ਜੀ ਨੇ ਉਨ੍ਹਾਂ ਦਾ ਨਾਂਅ ਲੈ ਕੇ ਕਿਹਾ ਕਿ ਰਾਜੀ ਹੈਂ ਹੂਸੈਨ ਮੀਆਂ? ਤਾਂ ਉਹ ਆਦਮੀ ਗੁਰੂ ਜੀ ਦੇ ਮੁੱਖ ਵਿਚੋਂ ਆਪਣਾ ਨਾਂਅ ਸੁਣ ਕੇ ਬਹੁਤ ਖੁਸ਼ ਹੋ ਗਿਆ ਤੇ ਕਹਿਣ ਲੱਗਾ, 'ਗੁਰੂ ਸਾਹਿਬ ਆਪ ਜੀ ਦੇ ਦੀਦਾਰ ਲਈ ਮੈਨੂੰ ਕਾਫੀ ਸਮੇਂ ਤੋਂ ਤੁਹਾਡੀ ਉਡੀਕ ਸੀ। ਅੱਜ ਮੈਂ ਪ੍ਰਸੰਨ ਹੋ ਗਿਆ ਹਾਂ ਅਤੇ ਮੈਨੂੰ ਲਗਦਾ ਜਿਵੇਂ ਮੇਰੇ ਸਾਰੇ ਪਾਪ ਧੋਤੇ ਗਏ ਤੇ ਮੇਰਾ ਕਲਿਆਣ ਹੋ ਗਿਆ', ਇਹ ਕਹਿੰਦਾ ਹੋਇਆ ਉਹ ਵਿਅਕਤੀ ਇਥੋਂ ਚਲਾ ਗਿਆ।
ਬਾਅਦ ਵਿਚ ਸੰਗਤਾਂ ਨੇ ਗੁਰੂ ਸਾਹਿਬ ਤੋਂ ਪੁੱਛਿਆ ਕਿ ਇਹ ਸੁੰਦਰ ਵਿਅਕਤੀ ਕੌਣ ਸੀ? ਤਾਂ ਗੁਰੂ ਸਾਹਿਬ ਨੇ ਦੱਸਿਆ ਕਿ ਇਹ ਇਕ ਸ਼ਹੀਦ ਸੀ ਅਤੇ ਅੱਜ ਇਸ ਦੀ ਮੁਕਤੀ ਹੋ ਗਈ ਹੈ। ਸੂਰਜ ਪ੍ਰਕਾਸ਼ ਵਿਚ ਇਸ ਸਥਾਨ ਨੂੰ ਦੋਦਾ ਤਾਲ ਦਾ ਨਾਂਅ ਦੇ ਦਿੱਤਾ ਗਿਆ ਅਤੇ ਕਿਹਾ ਜਾਂਦਾ ਹੈ ਕਿ ਇਸ ਸਥਾਨ 'ਤੇ ਇਸ਼ਨਾਨ ਕਰਨ ਵਾਲਾ ਮੁਕਤੀ ਪ੍ਰਾਪਤ ਕਰੇਗਾ। ਸਿੱਖ ਸੰਗਤਾਂ ਵਲੋਂ ਇਸ ਸਥਾਨ ਉਪਰ ਇਕ ਸ਼ਾਨਦਾਰ ਗੁਰਦੁਆਰਾ ਸਾਹਿਬ ਦਾ ਨਿਰਮਾਣ ਕੀਤਾ ਗਿਆ ਹੈ ਅਤੇ ਇਥੇ ਅੱਠ ਚੁੰਡਾ ਸਰੋਵਰ ਹੈ। ਇਸ ਸਥਾਨ 'ਤੇ 31 ਭਾਦੋਂ ਦਿਨ ਵੀਰਵਾਰ ਨੂੰ ਸ੍ਰੀ ਅਖੰਡ ਪਾਠ ਆਰੰਭ ਹੋਣਗੇ, ਜਿਨ੍ਹਾਂ ਦੇ ਭੋਗ 2 ਅੱਸੂ ਨੂੰ ਪਾਏ ਜਾਣਗੇ। ਉਪਰੰਤ ਧਾਰਮਿਕ ਦੀਵਾਨ 4 ਅੱਸੂ ਤੱਕ ਲੱਗਣਗੇ ਅਤੇ ਮੇਲੇ ਵਿਚ ਹਜ਼ਾਰਾਂ ਸੰਗਤਾਂ ਦੂਰ-ਦੁਰਾਡੇ ਤੋਂ ਚੱਲ ਕੇ ਇਸ ਪਵਿੱਤਰ ਸਥਾਨ 'ਤੇ ਮੱਥਾ ਟੇਕਦੀਆਂ ਹਨ। ਮੇਲੇ ਦੇ ਅਖੀਰਲੇ ਦਿਨ ਗੁਰਦੁਆਰਾ ਕਮੇਟੀ ਦੇ ਪ੍ਰਬੰਧਕਾਂ ਵਲੋਂ ਗੁਰੂ-ਘਰ ਦੀ ਸੇਵਾ ਨਿਭਾਉਣ ਵਾਲਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ।


-ਜੈਤੋ, ਜ਼ਿਲ੍ਹਾ ਫ਼ਰੀਦਕੋਟ।

ਧਾਰਮਿਕ ਸਾਹਿਤ

ਤਰਕ ਅਤਰਕ
ਲੇਖਕ :
ਕਰਨ ਅਜਾਇਬ ਸਿੰਘ ਸੰਘਾ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ।
ਪੰਨੇ : 152, ਕੀਮਤ : 200 ਰੁਪਏ
ਸੰਪਰਕ : 98152-98459


ਵਿਦਵਾਨ ਪੁਰਸ਼ ਕਰਨ ਅਜਾਇਬ ਸਿੰਘ ਸੰਘਾ, ਧਾਰਮਿਕ, ਸਦਾਚਾਰਕ, ਨੈਤਿਕ, ਸਮਾਜਿਕ ਕਦਰਾਂ-ਕੀਮਤਾਂ ਨੂੰ ਪ੍ਰਣਾਏ ਹੋਏ ਗੁਰਸਿੱਖ ਹਨ। ਮੈਂ ਨਿੱਜੀ ਤੌਰ 'ਤੇ ਉਨ੍ਹਾਂ ਦਾ ਜਾਣੂ ਹਾਂ। 2007 ਤੋਂ 2015 ਤੱਕ ਉਨ੍ਹਾਂ ਦੇ ਤਿੰਨ ਕਾਵਿ-ਸੰਗ੍ਰਹਿ ਪ੍ਰਕਾਸ਼ਤ ਹੋ ਚੁੱਕੇ ਹਨ ਤੇ ਵਿਚਾਰ-ਗੋਚਰੀ ਪੁਸਤਕ ਚੌਥਾ ਕਾਵਿ-ਸੰਗ੍ਰਹਿ ਹੈ। ਸਰਬੱਤ ਦਾ ਭਲਾ ਲੋੜਨ ਵਾਲੇ ਲੇਖਕ ਸੰਘਾ ਦੀਆਂ 97 ਨਜ਼ਮਾਂ ਇਸ ਪੁਸਤਕ ਵਿਚ ਸ਼ਾਮਿਲ ਹਨ, ਜਿਹੜੀਆਂ ਵੱਖ-ਵੱਖ ਵਿਸ਼ਿਆਂ ਨੂੰ ਛੋਂਹਦੀਆਂ ਹਨ। ਸੰਘਾ ਅੰਦਰਲਾ ਸ਼ਾਇਰ ਅਜੋਕੇ ਸਮਾਜਿਕ ਵਰਤਾਰੇ ਪ੍ਰਤੀ ਪੂਰਨ ਰੂਪ ਨਾਲ ਚੇਤੰਨ ਹੈ। ਉਸ ਦੀ ਪੁਰਜ਼ੋਰ ਕਲਮ, ਦੰਭ, ਕੂੜ-ਕੁੱਸਤ, ਧੱਕੇਸ਼ਾਹੀ, ਕਰਮਕਾਂਡਾਂ, ਇਖਲਾਕੀ ਨਿਘਾਰ, ਨਿਰਾਸਤਾ, ਅਜੋਕੇ ਦੁਖਾਂਤਕ ਵਰਤਾਰੇ ਤੇ ਇਸ ਦੇ ਕਾਰਨਾਂ ਨੂੰ ਬਾਖ਼ੂਬੀ ਬਿਆਨਦੀ ਹੈ। ਪੁਸਤਕ ਦੀ ਪਲੇਠੀ ਨਜ਼ਮ ਹੈ 'ਪੰਜਾਬੀ'।
ਲੱਖ ਕਰਨ ਭਾਵੇਂ ਵਿਤਕਰਾ। ਮੈਂ ਹਰ ਸ਼ਬਦ ਕਰਾਂ ਪ੍ਰਵਾਨ।
ਮੇਰਾ ਜਜ਼ਬਾ ਸਾਂਝੀਵਾਲਤਾ। ਮੇਰਾ ਸੁੱਚਾ ਨੇਕ ਇਮਾਨ।
'ਸ਼ਿਵ ਬਟਾਲਵੀ' ਕਾਵਿ-ਰਚਨਾ, ਮਰਹੂਮ ਸ਼ਾਇਰ ਦੀ ਉੱਚਤਾ ਨੂੰ ਇਉਂ ਬਿਆਨਦੀ ਹੈ-
ਇਕ ਸੀ ਦੰਬੇ ਦਾ ਫੁੱਲ ਖਿੜਿਆ। ਇਕ ਸੀ ਚੰਬੇ ਦਾ ਫੁੱਲ ਖਿੜਿਆ।
ਘੋਲ ਸੁਗੰਧੀਆਂ ਪੌਣ ਦੇ ਗਰਭੀਂ। ਬਣ ਸਤਾਰਾ ਜਾ ਅੰਬਰੀਂ ਚੜ੍ਹਿਆ।
ਦੇਸ਼ ਦੀ ਬਹੁਗਿਣਤੀ ਵਲੋਂ ਪੰਜਾਬੀਆਂ ਵਲੋਂ ਮਾਨਵਤਾ ਲਈ ਕੀਤੀਆਂ ਲਾਸਾਨੀ ਕੁਰਬਾਨੀਆਂ ਨੂੰ ਮਨੋਂ ਵਿਸਾਰ ਦੇਣ ਦਾ ਸ਼ਾਇਰ ਨੂੰ ਦੁੱਖ ਹੈ। (ਨਜ਼ਮ, ਦੇਸ ਪੰਜਾਬ ਬਨਾਮ ਭਾਰਤ ਦੇਸ) 'ਤਰਕ ਹੈ' ਨਜ਼ਮ ਦੀ ਖ਼ੂਬਸੂਰਤੀ ਦੇਖੋ-
ਤਰਕ ਹੈ-- ਕਿ ਕੁਤਰਕ ਹੈ,
ਆਪੋ ਆਪਣੀ ਸੋਚ ਦਾ-ਅੱਥਰਾ ਜਿਹਾ ਫ਼ਰਕ ਹੈ।
ਕੁਝ ਹੋਰ ਵੰਨਗੀਆਂ ਪੇਸ਼ ਹਨ-
* ਪੰਜ ਸੌ ਸੱਪ ਇਕੱਠੇ ਰਹਿ ਸਕਦੇ ਨੇ
ਪਰ ਪੰਜ ਸੌ ਸਿੱਖ ਸਹਿਮਤ ਨਹੀਂ ਹੋ ਸਕਦੇ। ਅਸੀਂ ਸਿੱਖ ਸਰਾਪੇ ਗਏ।
* ਮਨੁੱਖ ਨੂੰ ਸ਼ਾਇਦ ਓਨਾ ਹਨੇਰੇ ਨੇ ਨਹੀਂ
ਜਿੰਨਾ ਚਾਨਣ ਦੀ ਤ੍ਰਿਸ਼ਨਾ ਨੇ ਲੁੱਟਿਐ। (ਪੰਨਾ 139)
* ਧਰਮ ਦਾ ਹੈ ਕਰਮ। ਕਿ ਖ਼ਤਮ ਕਰੇ ਭਰਮ।
ਜਦੋਂ ਭਰਮ ਬਣੇ ਧਰਮ। ਤਾਂ ਕੂੜ ਹੁੰਦੇ ਕਰਮ। (ਪੰਨਾ 121)
'ਕੌਣ ਕਿਸ ਤੋਂ', 'ਮੁੜ', 'ਅਰਥ', 'ਪੱਥਰ ਜੇਰਾ' ਵਰਗੀਆਂ ਛੋਟੀਆਂ ਨਜ਼ਮਾਂ ਵੀ ਵੱਡੇ ਭਾਵ ਲਈ ਬੈਠੀਆਂ ਹਨ। ਅਖੀਰ ਵਿਚ 17 ਸ਼ਿਅਰ, ਸੰਧੂ ਬਟਾਲਵੀ ਦਾ ਸ਼ਬਦ-ਚਿੱਤਰ ਤੇ ਪਰਮਪਾਲ ਸੰਧੂ ਦੀ ਅੰਤਿਕਾ ਵੀ ਕਮਾਲ ਹੈ ਜਿਵੇਂ ਕਰਨ ਅਜਾਇਬ ਸੰਘਾ ਦੀ ਸ਼ਾਇਰੀ ਕਮਾਲ ਦੀ ਹੈ।


-ਤੀਰਥ ਸਿੰਘ ਢਿੱਲੋਂ
ਮੋਬਾ: 98154-61710





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX