ਤਾਜਾ ਖ਼ਬਰਾਂ


ਸ਼੍ਰੋਮਣੀ ਕਮੇਟੀ ਨੇ ਵਾਪਸ ਬੁਲਾਏ ਸਿੱਖਿਆ ਬੋਰਡ ਦੀ ਸਿਲੇਬਸ ਕਮੇਟੀ 'ਚ ਸ਼ਾਮਲ ਦੋਵੇਂ ਮੈਂਬਰ
. . .  1 minute ago
ਅੰਮ੍ਰਿਤਸਰ, 23 ਅਕਤੂਬਰ (ਹਰਮਿੰਦਰ ਸਿੰਘ)- ਪੰਜਾਬ ਸਕੂਲ ਸਿੱਖਿਆ ਬੋਰਡ ਦੇ 11ਵੀਂ ਅਤੇ 12ਵੀਂ ਦੇ ਸਿਲੇਬਸ ਨੂੰ ਤੋੜ-ਮਰੋੜ ਕੇ ਪੇਸ਼ ਕੀਤੇ ਜਾਣ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨੋਟਿਸ ਲੈਂਦਿਆਂ ਸਿਲੇਬਸ ਕਮੇਟੀ 'ਚ ਸ਼ਾਮਲ ਆਪਣੇ ਦੋਹਾਂ ਮੈਂਬਰਾਂ...
ਪਾਬੰਦੀਸ਼ੁਦਾ ਨਸ਼ਾ ਰੱਖਣ ਦੇ ਦੋਸ਼ 'ਚ ਅਦਾਕਾਰ ਏਜਾਜ ਖ਼ਾਨ ਗ੍ਰਿਫ਼ਤਾਰ
. . .  26 minutes ago
ਮੁੰਬਈ, 23 ਅਕਤੂਬਰ- ਰਿਐਲਟੀ ਸ਼ੋਅ 'ਬਿੱਗ ਬੋਸ' ਤੋਂ ਮਸ਼ਹੂਰ ਹੋਏ ਅਦਾਕਾਰ ਏਜਾਜ ਖ਼ਾਨ ਨੂੰ ਐਂਟੀ ਨਾਰਕੋਟਿਕਸ ਸੈੱਲ ਨੇ ਬੀਤੀ ਰਾਤ ਮੁੰਬਈ ਦੇ ਬੇਲਾਪੁਰ ਦੇ ਇੱਕ ਹੋਟਲ 'ਚੋਂ ਗ੍ਰਿਫ਼ਤਾਰ ਕੀਤਾ ਹੈ। ਏਜਾਜ ਦੀ ਇਹ ਗ੍ਰਿਫ਼ਤਾਰੀ ਨਸ਼ੇ ਦੀਆਂ 8 ਪਾਬੰਦੀਸ਼ੁਦਾ ਗੋਲੀਆਂ ਰੱਖਣ...
ਪਾਦਰੀ ਕੁਰੀਆਕੋਸ ਦੇ ਮੌਤ ਦੇ ਮਾਮਲੇ ਦੀ ਜਾਂਚ ਜਾਰੀ ਰਹੇਗੀ- ਡੀ. ਐੱਸ. ਪੀ.
. . .  37 minutes ago
ਦਸੂਹਾ, 23 ਅਕਤੂਬਰ- ਨਨ ਜਬਰ ਜਨਾਹ ਮਾਮਲੇ 'ਚ ਦੋਸ਼ੀ ਫਰੈਂਕੋ ਮੁਲੱਕਲ ਖ਼ਿਲਾਫ਼ ਗਵਾਹੀ ਦੇਣ ਵਾਲੇ ਪਾਦਰੀ ਕੁਰੀਆਕੋਸ ਕੱਟੂਥਾਰਾ ਦੀ ਮੌਤ ਦੇ ਮਾਮਲੇ 'ਚ ਦਸੂਹਾ ਦੇ ਡੀ. ਐੱਸ. ਪੀ. ਏ. ਆਰ. ਸ਼ਰਮਾ ਦਾ ਕਹਿਣਾ ਹੈ ਕਿ ਅੱਜ ਲਾਸ਼ ਦਾ ਪੋਸਟਮਾਰਟਮ ਅੱਜ ਹੋ...
ਚੋਰਾਂ ਦੀ ਦਹਿਸ਼ਤ, ਇੱਕੋ ਰਾਤ 'ਚ ਦਰਜਨ ਦੇ ਕਰੀਬ ਦੁਕਾਨਾਂ 'ਚ ਕੀਤੀ ਚੋਰੀ
. . .  44 minutes ago
ਮਮਦੋਟ, 23 ਅਕਤੂਬਰ (ਸੁਖਦੇਵ ਸਿੰਘ ਸੰਗਮ)- ਲੰਘੀ ਰਾਤ ਅਣਪਛਾਤੇ ਚੋਰਾਂ ਨੇ ਕਸਬਾ ਮਮਦੋਟ ਦੇ ਮੁੱਖ ਬਾਜ਼ਾਰ ਅਤੇ ਬਾਹਰੀ ਸੜਕ 'ਤੇ ਪੈਂਦੀਆਂ ਇੱਕ ਦਰਜਨ ਦੇ ਕਰੀਬ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ। ਚੋਰਾਂ ਨੇ ਦੁਕਾਨਾਂ ਦੇ ਸ਼ਟਰ ਤੋੜ ਕੇ ਅੰਦਰੋਂ ਕਈ ਐੱਲ. ਸੀ...
'ਆਪ' ਦੇ ਖਹਿਰਾ ਅਤੇ ਚੀਮਾ ਧੜਿਆਂ ਦੀ ਅੱਜ ਹੋਵੇਗੀ ਅਹਿਮ ਬੈਠਕ
. . .  56 minutes ago
ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਆਮ ਆਦਮੀ ਪਾਰਟੀ ਦੇ ਖਹਿਰਾ ਅਤੇ ਚੀਮਾ ਧੜਿਆਂ ਦੀ ਚੰਡੀਗੜ੍ਹ 'ਚ ਅੱਜ ਬਾਅਦ ਦੁਪਹਿਰ ਇੱਕ ਅਹਿਮ ਬੈਠਕ...
ਲੋਕਾਂ ਨੂੰ ਰੇਲਵੇ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇਣ ਵਾਲਾ ਫਰਜ਼ੀ ਐੱਸ. ਪੀ. ਅਤੇ ਉਸ ਦਾ ਪਿਤਾ ਗ੍ਰਿਫ਼ਤਾਰ
. . .  about 1 hour ago
ਕਪੂਰਥਲਾ, 23 ਅਕਤੂਬਰ (ਅਮਰਜੀਤ ਸਿੰਘ ਸਡਾਨਾ)- ਸੀ. ਆਈ. ਏ. ਸਟਾਫ਼ ਕਪੂਰਥਲਾ ਦੀ ਪੁਲਿਸ ਨੇ ਰੇਲਵੇ ਪੁਲਿਸ ਦੇ ਇੱਕ ਫਰਜ਼ੀ ਐੱਸ. ਪੀ. ਅਤੇ ਉਸ ਦੇ ਪਿਤਾ ਨੂੰ ਗ੍ਰਿਫ਼ਤਾਰ ਕੀਤਾ ਹੈ। ਉਕਤ ਪਿਉ-ਪੁੱਤ ਭੋਲੇ-ਭਾਲੇ ਲੋਕਾਂ ਨੂੰ ਰੇਲਵੇ 'ਚ ਨੌਕਰੀ ਦਾ ਝਾਂਸਾ ਦੇ ਕੇ ਠੱਗੀ...
ਕੇਰਲ ਦੇ ਮੁੱਖ ਮੰਤਰੀ ਦਾ ਆਰ. ਐੱਸ. ਐੱਸ. 'ਤੇ ਦੋਸ਼- ਸਬਰੀਮਾਲਾ ਮੰਦਰ ਨੂੰ 'ਵਾਰ ਜ਼ੋਨ' ਬਣਾਉਣ ਦੀ ਕੀਤੀ ਕੋਸ਼ਿਸ਼
. . .  about 1 hour ago
ਤਿਰੂਵਨੰਤਪੁਰਮ, 23 ਅਕਤੂਬਰ- ਕੇਰਲ ਦੇ ਮੁੱਖ ਮੰਤਰੀ ਪਿਨਰਾਈ ਵਿਜੈਅਨ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸੁਪਰੀਮ ਕੋਰਟ ਦੇ ਸਾਹਮਣੇ ਇਹ ਸਾਫ਼ ਕਰ ਦਿੱਤਾ ਹੈ ਕਿ ਸਬਰੀਮਾਲਾ ਮੰਦਰ 'ਚ ਉਨ੍ਹਾਂ ਵਲੋਂ ਅਦਾਲਤ ਦੇ ਫ਼ੈਸਲੇ ਦੀ ਪਾਲਣਾ ਕੀਤੀ ਜਾਵੇਗੀ। ਉਨ੍ਹਾਂ...
ਅਧਿਆਪਕ ਯੂਨੀਅਨ ਵਲੋਂ ਕੈਪਟਨ ਦੇ ਮੁੱਖ ਪ੍ਰਿੰਸੀਪਲ ਸਕੱਤਰ ਨਾਲ ਕੀਤੀ ਜਾਵੇਗੀ ਬੈਠਕ
. . .  about 1 hour ago
ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਅਧਿਆਪਕ ਯੂਨੀਅਨ ਵਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਨਾਲ ਬੈਠਕ ਕੀਤੀ...
ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਅਕਾਲੀ-ਭਾਜਪਾ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ
. . .  about 1 hour ago
ਚੰਡੀਗੜ੍ਹ, 23 ਅਕਤੂਬਰ (ਵਿਕਰਮਜੀਤ ਸਿੰਘ ਮਾਨ)- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਅੱਜ ਅਕਾਲੀ-ਭਾਜਪਾ ਵਫ਼ਦ ਨੇ ਅੰਮ੍ਰਿਤਸਰ ਰੇਲ ਹਾਦਸੇ ਨੂੰ ਲੈ ਕੇ ਸੂਬੇ ਦੇ ਰਾਜਪਾਲ ਵੀ. ਪੀ. ਸਿੰਘ ਬਦਨੋਰ ਨਾਲ ਮੁਲਾਕਾਤ ਕੀਤੀ ਹੈ...
ਅਬੋਹਰ ਮੰਡੀ 'ਚ ਵਿਜੀਲੈਂਸ ਟੀਮ ਵਲੋਂ ਜਾਂਚ
. . .  about 2 hours ago
ਅਬੋਹਰ, 23 ਅਕਤੂਬਰ (ਸੁਖਜਿੰਦਰ ਸਿੰਘ ਢਿੱਲੋਂ)- ਅਬੋਹਰ ਮੰਡੀ 'ਚ ਨਰਮੇ ਦੀ ਖ਼ਰੀਦ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਰੌਲ਼ੇ ਨੂੰ ਲੈ ਕੇ ਅੱਜ ਵਿਜੀਲੈਂਸ ਟੀਮ ਵਲੋਂ ਮੰਡੀ 'ਚ ਪੁੱਜ ਕੇ ਖ਼ਰੀਦ ਪ੍ਰਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਮੰਡੀ 'ਚ ਕਿਸਾਨ ਵੀ...
ਹੋਰ ਖ਼ਬਰਾਂ..

ਖੇਡ ਜਗਤ

ਸਾਲ ਦੇ ਆਖਰੀ ਗ੍ਰੈਂਡ ਸਲੈਮ ਟੂਰਨਾਮੈਂਟ

ਅਮਰੀਕੀ ਓਪਨ ਨੇ ਬਦਲੇ ਟੈਨਿਸ ਦੇ ਸਮੀਕਰਨ

ਟੈਨਿਸ ਸੀਜ਼ਨ ਦੇ ਸਾਲ ਦੇ ਆਖਰੀ ਗ੍ਰੈਂਡ ਸਲੈਮ ਟੂਰਨਾਮੈਂਟ ਦਾ ਸਮਾਪਨ ਲੰਘੇ ਦਿਨੀਂ ਹੋਇਆ ਹੈ ਅਤੇ ਇਹ ਟੂਰਨਾਮੈਂਟ ਜਾਂਦੇ-ਜਾਂਦੇ ਟੈਨਿਸ ਜਗਤ ਦੇ ਸਮੀਕਰਨ ਬਦਲ ਗਿਆ ਹੈ। ਅਜਿਹਾ ਮੁੱਖ ਤੌਰ 'ਤੇ ਇਸ ਲਈ ਹੋਇਆ, ਕਿਉਂਕਿ ਕੁੱਲ 8ਵੀਂ ਵਾਰ ਅਮਰੀਕੀ ਓਪਨ ਫਾਈਨਲ ਖੇਡਣ ਵਾਲੇ ਜੋਕੋਵਿਚ ਨੇ ਖਿਤਾਬੀ ਮੁਲਾਬਲੇ ਵਿਚ ਜਿੱਤ ਦਰਜ ਕੀਤੀ। ਉਹ 2011 ਅਤੇ 2015 ਵਿਚ ਵੀ ਖਿਤਾਬ ਜਿੱਤ ਚੁੱਕਾ ਹੈ ਅਤੇ ਗ੍ਰੈਂਡ ਸਲੈਮ ਖਿਤਾਬ ਦੇ ਮਾਮਲੇ ਵਿਚ ਉਹ ਹੁਣ ਰਾਫੇਲ ਨਡਾਲ ਤੋਂ 3 ਅਤੇ ਰੌਜਰ ਫੈਡਰਰ ਤੋਂ 6 ਖਿਤਾਬ ਪਿੱਛੇ ਹੈ। ਸਰਬੀਆ ਦਾ ਇਹ ਖਿਡਾਰੀ ਪਿਛਲੇ ਸਾਲ ਕੂਹਣੀ ਦੀ ਸੱਟ ਕਾਰਨ ਇਹ ਵੱਕਾਰੀ ਮੁਕਾਬਲਾ ਨਹੀਂ ਖੇਡ ਸਕਿਆ ਸੀ। ਜੋਕੋਵਿਚ ਕੋਲੋਂ ਫ਼ਾਈਨਲ ਵਿਚ ਹਾਰਨ ਵਾਲਾ ਦੁਨੀਆ ਦਾ ਸਾਬਕਾ ਨੰਬਰ ਇਕ ਖਿਡਾਰੀ ਅਰਜਨਟੀਨਾ ਦਾ ਯੂਆਨ ਮਾਰਟਿਨ ਡੇਲ-ਪੋਤਰੋ 9 ਸਾਲ ਪਹਿਲਾਂ ਅਮਰੀਕੀ ਓਪਨ ਜਿੱਤਣ ਤੋਂ ਬਾਅਦ ਦੂਜੀ ਹੀ ਵਾਰ ਗ੍ਰੈਂਡਸਲੈਮ ਦੇ ਫਾਈਨਲ ਵਿਚ ਪਹੁੰਚਿਆ ਸੀ।
ਜੋਕੋਵਿਚ ਦੀ ਇਸ ਜਿੱਤ ਤੋਂ ਬਾਅਦ ਪਿਛਲੇ 55 ਵਿਚੋਂ 50 ਗ੍ਰੈਂਡਸਲੈਮ ਚੋਟੀ ਦੇ 4 ਖਿਡਾਰੀਆਂ ਯਾਨੀ ਫੈਡਰਰ, ਨਡਾਲ, ਜੋਕੋਵਿਚ ਅਤੇ ਐਂਡੀ ਮਰੇ ਨੇ ਹੀ ਜਿੱਤੇ ਹਨ। ਦੂਜੇ ਪਾਸੇ, ਮਹਿਲਾਵਾਂ ਦੇ ਵਰਗ ਵਿਚ ਜਾਪਾਨ ਦੀ ਨਾਓਮੀ ਓਸਾਕਾ ਗ੍ਰੈਂਡਸਲੈਮ ਸਿੰਗਲ ਖਿਤਾਬ ਜਿੱਤਣ ਵਾਲੀ ਪਹਿਲੀ ਜਾਪਾਨੀ ਖਿਡਾਰਨ ਬਣੀ, ਜਦਕਿ ਅਮਰੀਕੀ ਓਪਨ ਫਾਈਨਲ ਵਿਚ ਉਨ੍ਹਾਂ ਦੇ ਹੱਥੋਂ ਹਾਰਨ ਵਾਲੀ ਉਨ੍ਹਾਂ ਦੀ ਆਦਰਸ਼ ਸੇਰੇਨਾ ਵਿਲੀਅਮਸ ਲਈ ਇਹ ਹਾਰ ਕਾਫੀ ਔਖੀ ਰਹੀ ਅਤੇ ਇਸ ਦੌਰਾਨ ਉਸ ਨੇ ਅੰਪਾਇਰ ਨੂੰ ਗੁੱਸੇ ਵਿਚ ਕਾਫੀ ਕੁਝ ਬੋਲ ਦਿੱਤਾ ਸੀ। 20 ਸਾਲਾ ਓਸਾਕਾ ਨੇ ਖਿਤਾਬੀ ਮੁਕਾਬਲੇ ਵਿਚ ਜਿੱਤ ਬਿਨਾਂ ਜ਼ਿਆਦਾ ਮੁਸ਼ਕਿਲ ਦੇ ਦਰਜ ਕੀਤੀ। ਇਸ ਦੌਰਾਨ ਰੈਕੇਟ ਤੋਂ ਫਾਊਲ ਉੱਤੇ ਸੇਰੇਨਾ ਨੂੰ ਜਦੋਂ ਦੂਜੀ ਵਾਰ ਜ਼ਾਬਤੇ ਦੀ ਉਲੰਘਣਾ ਦੀ ਚਿਤਾਵਨੀ ਅਤੇ ਇਕ ਅੰਕ ਦੀ ਪੈਨਲਟੀ ਦਿੱਤੀ ਤਾਂ ਅਮਰੀਕੀ ਖਿਡਾਰੀ ਗੁੱਸੇ ਨਾਲ ਭੜਕ ਗਈ ਸੀ ਅਤੇ ਅੰਪਾਇਰ ਮੂਹਰੇ ਆਪਾ ਗੁਆਉਂਦੀ ਹੋਈ ਭੇਦਭਾਵ ਤੱਕ ਦੀ ਗੱਲ ਵੀ ਆਖ ਗਈ।
ਇਨ੍ਹਾਂ ਦੋਵਾਂ ਵਰਗਾਂ ਦੇ ਖਿਤਾਬ ਜੇਤੂਆਂ ਦੀ ਪ੍ਰਾਪਤੀ ਨਾਲ ਦਰਜਾਬੰਦੀ ਯਾਨੀ ਰੈਂਕਿੰਗ ਦੇ ਸਮੀਕਰਨ ਵੀ ਬਦਲੇ ਹਨ, ਕਿਉਂਕਿ ਯੂ.ਐੱਸ. ਓਪਨ ਦੇ ਖਤਮ ਹੋਣ ਦੇ ਬਾਅਦ ਨਾਓਮੀ ਓਸਾਕਾ ਅਤੇ ਨੋਵਾਕ ਜੋਕੋਵਿਚ ਦੋਵਾਂ ਦੀ ਹੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ। ਤਾਜ਼ਾ ਏ.ਟੀ.ਪੀ. ਰੈਂਕਿੰਗ ਵਿਚ ਨੋਵਾਕ ਜੋਕੋਵਿਚ ਤੀਜੇ ਸਥਾਨ ਉੱਤੇ ਪਹੁੰਚ ਗਏ ਹਨ, ਜਦਕਿ ਮਹਿਲਾਵਾਂ ਦੀ ਰੈਂਕਿੰਗ ਵਿਚ ਓਸਾਕਾ ਹੁਣ ਪਹਿਲੀ ਵਾਰ ਟਾਪ 10 ਵਿਚ ਜਗ੍ਹਾ ਬਣਾ ਸਕੀ ਹੈ। ਓਸਾਕਾ ਪਿਛਲੇ 22 ਸਾਲਾਂ ਵਿਚ ਟਾਪ-10 ਵਿਚ ਪਹੁੰਚਣ ਵਾਲਾ ਜਾਪਾਨ ਦੀ ਪਹਿਲੀ ਮਹਿਲਾ ਖਿਡਾਰਨ ਬਣੀ ਹੈ। ਉਹ 7ਵੇਂ ਸਥਾਨ ਉੱਤੇ ਪਹੁੰਚ ਗਈ ਹੈ। ਰੋਮਾਨੀਆ ਦੀ ਸਿਮੋਨਾ ਹਾਲੇਪ ਮਹਿਲਾਵਾਂ ਵਿਚ ਪਹਿਲੇ ਅਤੇ ਡੈਨਮਾਰਕ ਦੀ ਕੈਰੋਲਿਨ ਵੋਜ਼ਨੀਆਕੀ ਦੂਜੇ ਸਥਾਨ ਉੱਤੇ ਹੈ। ਪੁਰਖਾਂ ਦੇ ਵਰਗ ਵਿਚ ਪਹਿਲੇ ਸਥਾਨ ਉੱਤੇ ਰਾਫੇਲ ਨਡਾਲ ਅਤੇ ਦੂਜੇ ਸਥਾਨ ਉੱਤੇ ਰੋਜਰ ਫੈਡਰਰ ਅਜੇ ਵੀ ਬਣੇ ਹੋਏ ਹਨ। ਯੂ.ਐੱਸ. ਓਪਨ ਦੇ ਫਾਈਨਲ ਵਿਚ ਮਿਲੀ ਹਾਰ ਦੇ ਕਾਰਨ ਡੇਲ ਪੋਤਰੋ ਇਕ ਸਥਾਨ ਤਿਲਕਦੇ ਹੋਏ ਚੌਥੇ ਸਥਾਨ ਉੱਤੇ ਪਹੁੰਚ ਗਏ ਹਨ। ਇਸੇ ਤਰ੍ਹਾਂ ਜਰਮਨੀ ਦੇ ਐਲੇਕਜ਼ੈਂਡਰ ਜਵੇਰੇਵ ਪੰਜਵੇਂ ਸਥਾਨ ਉੱਤੇ ਹਨ, ਜਦਕਿ ਜਾਪਾਨ ਦੇ ਨੌਜਵਾਨ ਖਿਡਾਰੀ ਕੇਈ ਨਿਸ਼ੀਕੋਰੀ ਨੇ ਪਹਿਲੇ 20 ਖਿਡਾਰੀਆਂ ਵਿਚ ਸਭ ਤੋਂ ਵੱਡੀ ਛਾਲ ਮਾਰੀ ਹੈ, ਉਹ ਹੁਣ 7 ਸਥਾਨ ਦਾ ਸੁਧਾਰ ਕਰਦੇ ਹੋਏ 12ਵੇਂ ਨੰਬਰ ਉੱਤੇ ਪਹੁੰਚ ਗਿਆ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
sudeepsdhillon@ymail.com


ਖ਼ਬਰ ਸ਼ੇਅਰ ਕਰੋ

ਭਾਰਤੀ ਨਿਸ਼ਾਨੇਬਾਜ਼ ਤੇ ਖੇਡ ਇਤਿਹਾਸ

ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਖੇਡਾਂ ਵਿਚ ਸ਼ੁਮਾਰ ਖੇਡਾਂ ਵਿਚੋਂ ਇਕ ਖੇਡ ਨਿਸ਼ਾਨੇਬਾਜ਼ੀ ਹੈ, ਜੋ ਸ਼ੂਟਿਗ ਦੇ ਨਾਂਅ ਨਾਲ ਵੀ ਜਾਣੀ ਜਾਂਦੀ ਹੈ। ਦੁਨੀਆ ਵਿਚ ਸਭ ਤੋਂ ਪਹਿਲਾਂ ਨਿਸ਼ਾਨੇਬਾਜ਼ੀ ਦੀ ਸ਼ੁਰੂਆਤ ਯੂਨਾਈਟਿਡ ਕਿੰਗਡਮ ਦੀ ਨੈਸ਼ਨਲ ਰਾਈਫਲ ਐਸੋਸੀਏਸ਼ਨ (ਐਨ.ਆਰ.ਏ.) ਨੇ 1860 ਵਿਚ ਕੀਤੀ। ਫਰਾਂਸ ਦੇ ਪਿਸਤੌਲ ਚੈਂਪੀਅਨ ਅਤੇ ਆਧੁਨਿਕ ਉਲੰਪਿਕ ਦੇ ਸੰਸਥਾਪਕ ਪਿਯਰੇ ਦਿ ਕਬਰਟਿਨ ਨੇ ਖੇਡ ਨੂੰ ਪ੍ਰਫੁੱਲਤ ਕੀਤਾ। ਸਾਲ 1896 ਦੀਆਂ ਉਲੰਪਿਕਸ ਦੀਆਂ ਪੰਜ ਈਵੈਂਟਾਂ ਨੂੰ ਮਾਨਤਾ ਦਿੱਤੀ ਗਈ। ਇਸ ਖੇਡ ਵਿਚ ਪਹਿਲਾਂ ਮਨੁੱਖਾਂ ਜਾਂ ਜਾਨਵਰਾਂ ਦੇ ਡਮੀ 'ਤੇ ਨਿਸ਼ਾਨਾ ਲਗਾਇਆ ਜਾਂਦਾ ਸੀ। ਅੰਤਰਰਾਸ਼ਟਰੀ ਪੱਧਰ 'ਤੇ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ਆਈ.ਐਸ.ਐਸ.ਐਫ.), ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐਨ.ਆਰ.ਏ.ਆਈ.) ਦੇਸ਼ ਦੇ ਅੰਦਰ ਖੇਡਾਂ ਦਾ ਪ੍ਰਬੰਧ ਕਰਦੀ ਹੈ। ਭਾਰਤ ਵਿਚ ਨਿਸ਼ਾਨੇਬਾਜ਼ੀ ਰਾਜੇ-ਮਹਾਰਾਜਿਆਂ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ। ਭਾਰਤ ਦੇ ਸ਼ੂਟਿੰਗ ਸਪੋਰਟਸ ਵਜੋਂ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐਨ.ਆਰ.ਏ.ਆਈ.) ਦੀ ਸਥਾਪਨਾ 1951 ਵਿਚ ਹੋਈ ਸੀ। ਇਸ ਖੇਡ ਦਾ ਰਾਜੇ-ਮਹਾਰਾਜਿਆਂ ਨਾਲ ਸਬੰਧ ਹੋਣ ਕਰਕੇ ਅੱਜ ਵੀ ਰਾਜਾ ਰਣਧੀਰ ਸਿੰਘ ਲੰਬਾ ਸਮਾਂ ਸੇਵਾ ਕਰਦੇ ਰਹੇ। ਹੁਣ ਐਨ.ਆਰ.ਏ.ਈ. ਪ੍ਰਧਾਨ ਰਣਇੰਦਰ ਸਿੰਘ ਹਨ, ਜੋ ਪਟਿਆਲਾ ਰਾਇਲ ਪਰਿਵਾਰ ਨਾਲ ਸਬੰਧਤ ਹਨ।
ਨੈਸ਼ਨਲ ਰਾਈਫਲ ਐਸੋਸੀਏਸ਼ਨ ਹਰ ਸਾਲ ਕਈ ਮੁਕਾਬਲੇ ਜਿਨ੍ਹਾਂ ਵਿਚੋਂ ਆਲ ਇੰਡੀਆ ਜੀ.ਵੀ. ਮਾਵਲੰਕਰ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ (ਏ.ਆਈ.ਜੀ.ਵੀ.ਐਮ.ਐਸ.ਸੀ.), ਸਰਦਾਰ ਸੱਜਣ ਸਿੰਘ ਸੇਠੀ ਮੈਮੋਰੀਅਲ ਮਾਸਟਰਸ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ, ਸੁਰਿੰਦਰ ਸਿੰਘ ਯਾਦਗਾਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ, ਆਲ ਇੰਡੀਆ ਕੁਮਾਰ ਸੁਰਿੰਦਰ ਸਿੰਘ ਮੈਮੋਰੀਅਲ ਇੰਟਰ ਸਕੂਲ ਸਕੇਟਿੰਗ ਸ਼ੂਟਿੰਗ ਰਾਸ਼ਟਰੀ ਨਿਸ਼ਾਨੇਬਾਜ਼ੀ ਆਦਿ ਮੁਕਾਬਲੇ ਕਰਵਾਉਂਦੇ ਹਨ। ਨਿਸ਼ਾਨੇਬਾਜ਼ੀ ਉਲੰਪਿਕ ਖੇਡਾਂ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਅਭਿਨਵ ਬਿੰਦਰਾ ਨੇ 2008 ਦੀਆਂ ਉਲੰਪਿਕ ਖੇਡਾਂ ਵਿਚ ਪੁਰਸ਼ 10 ਮੀਟਰ ਏਅਰ ਰਾਈਫਲ ਈਵੈਂਟ ਵਿਚ ਭਾਰਤ ਲਈ ਪਹਿਲਾ ਵਿਅਕਤੀਗਤ ਸੋਨ ਤਗਮਾ ਜਿੱਤਿਆ ਸੀ। ਵਿਸ਼ਵ ਪੱਧਰ 'ਤੇ ਸ਼ਾਨਦਾਰ ਭਾਰਤੀ ਨਿਸ਼ਾਨੇਬਾਜ਼ਾਂ ਵਿਚ ਜੀਤੂ ਰਾਏ, ਰਾਜਵਰਧਨ ਸਿੰਘ ਰਾਠੌਰ, ਵਿਜੇ ਕੁਮਾਰ, ਗਗਨ ਨਾਰੰਗ, ਅਪਰਵੀ ਚੰਦੇਲਾ, ਰੰਜਨ ਸੋਢੀ, ਅੰਜਲੀ ਭਾਗਵਤ, ਹਿਨਾ ਸਿੱਧੂ, ਸ਼ਰੇਸੀ ਸਿੰਘ, ਮਨੂ ਬੇਕਰ, ਅਨੀਸਾ ਸੱਯਦ, ਰਾਹੀ ਸਰਨੋਬਤ ਅਤੇ ਸੌਰਭ ਚੌਧਰੀ ਖਿਡਾਰੀਆਂ ਨੇ ਭਾਰਤ ਦਾ ਨਾਂਅ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ। ਰਾਜਵਰਧਨ ਸਿੰਘ ਰਾਠੌਰ ਮੌਜੂਦਾ ਖੇਡ ਮੰਤਰੀ ਨੇ 2004 ਉਲੰਪਿਕਸ ਵਿਚ ਮੈੱਨ ਡਬਲ ਟਰੈਪ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ। 2012 ਲੰਡਨ ਉਲੰਪਿਕਸ ਵਿਚ ਭਾਰਤੀ ਨਿਸ਼ਾਨੇਬਾਜ਼ ਗਗਨ ਨਾਰੰਗ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਵਿਜੇ ਕੁਮਾਰ ਨੇ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਤੌਲ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ। ਏਸ਼ਿਆਈ ਖੇਡਾਂ ਵਿਚ ਭਾਰਤੀ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਤੌਲ, ਸਰਨੋਬਟ ਔਰਤਾਂ ਦੀ 25 ਮੀਟਰ ਪਿਸਤੌਲ ਈਵੈਂਟ ਵਿਚ ਸੋਨ ਤਗਮੇ ਜਿੱਤੇ। ਦੀਪਕ ਕੁਮਾਰ ਨੇ 10 ਮੀਟਰ ਏਅਰ ਰਾਈਫਲ, ਲਕਸ਼ੈ ਸ਼ੀਰੀਨ, ਸੰਜੀਵ ਰਾਜਪੁਟਿੰਗ, ਸ਼ਾਰਦੂਲ ਵਿਹਨ ਨੇ ਚਾਂਦੀ ਦਾ ਤਗਮੇ ਤੇ ਰਵੀ ਕੁਮਾਰ ਅਪੂਰਵੀ ਚੰਦੇਲਾ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ, ਅਭਿਸ਼ੇਕ ਵਰਮਾ ਨੇ 10 ਮੀਟਰ ਏਅਰ ਪਿਸਟਲ ਈਵੈਂਟ ਵਿਚ ਕਾਂਸੀ ਦਾ ਤਗਮਾ ਜਿੱਤਿਆ। ਪਿਛਲੇ ਦਿਨੀਂ ਆਈ.ਐਸ.ਐਸ.ਐਫ. ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਭਾਰਤੀ ਨਿਸ਼ਾਨੇਬਾਜ਼ੀ ਨੇ ਭਾਰਤ ਲਈ ਕੁੱਲ 27 ਤਗਮੇ ਜਿੱਤੇ ਹਨ, ਜਿਨ੍ਹਾਂ ਵਿਚ 11 ਸੋਨ, 9 ਚਾਂਦੀ ਅਤੇ 7 ਕਾਂਸੀ ਦੇ ਤਗਮੇ ਸ਼ਾਮਿਲ ਹਨ। ਜੂਨੀਅਰ ਪੁਰਸ਼ਾਂ ਦੇ 25 ਮੀਟਰ ਸਟੈਂਡਰਡ ਪਿਸਤੌਲ ਵਿਚ 16 ਸਾਲਾ ਵਿਜੇਵੀਰ ਸਿੱਧੂ ਨੇ ਸੋਨੇ ਦਾ ਤਗਮਾ ਜਿੱਤਿਆ। ਵਿਜੇਵੀਰ ਸਿੱਧੂ ਦੇ ਭਰਾ ਊਧਵਵੀਰ ਨੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ। ਉਸ ਨੇ ਜੂਨੀਅਰ ਵਿਸ਼ਵ ਖ਼ਿਤਾਬ ਜਿੱਤਣ ਲਈ 572/600 ਦਾ ਸਕੋਰ ਬਣਾਇਆ। ਗੁਰਪ੍ਰੀਤ ਸਿੰਘ ਨੇ 25 ਮੀਟਰ ਸਟੈਂਡਰਡ ਪਿਸਤੌਲ ਵਿਚ ਚਾਂਦੀ ਦਾ ਤਗਮਾ ਜਿੱਤਿਆ। ਪੁਰਸ਼ਾਂ ਦੇ 25 ਮੀਟਰ ਸਟੈਂਡਰਡ ਪਿਸਤੌਲ ਵਿਚ ਉਲੰਪੀਅਨ ਗੁਰਪ੍ਰੀਤ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ। ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਰਿਹਾ ਹੈ। ਉਮੀਦ ਕਰਦੇ ਹਾਂ ਕਿ ਭਾਰਤੀ ਨਿਸ਼ਾਨੇਬਾਜ਼ ਆਉਣ ਵਾਲੀਆਂ 2020 ਉਲੰਪਿਕ ਖੇਡਾਂ ਵਿਚ ਭਾਰਤ ਲਈ ਸੋਨ ਤਗਮੇ ਜਿੱਤਣਗੇ।


-ਮੋਬਾ: 82888-47042

ਚੱਪੂ ਚਲਾ ਕੇ ਪਾਇਆ ਭਾਰਤ ਦੀ ਝੋਲੀ ਤਗਮਾ ਭਗਵਾਨ ਸਿੰਘ ਨੇ

'ਗ਼ਰੀਬੀ ਨੇ ਸਾਥ ਨਹੀਂ ਛੋੜਾ, ਅਮੀਰੀ ਕੋ ਗਲੇ ਨਹੀਂ ਲਗਾਇਆ, ਥਾ ਹੌਸਲਾ ਦਿਲ ਮੇਂ, ਇਸੀ ਲੀਏ ਬੜਤੇ ਰਹੇ ਕਦਮ ਉਮੀਦੋਂ ਕੇ ਲੀਏ। ' ਗੱਲ ਕਰਦੇ ਹਾਂ ਚੱਪੂ ਚਲਾ ਕੇ ਜਕਾਰਤਾ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਭਾਰਤ ਦੀ ਝੋਲੀ ਕਾਂਸੀ ਦਾ ਤਗਮਾ ਪਾਉਣ ਵਾਲੇ ਅਥਲੀਟ ਭਗਵਾਨ ਸਿੰਘ ਦੀ, ਜਿਸ ਨੇ ਅੰਤਾਂ ਦੀ ਗਰੀਬੀ ਹੰਢਾਉਣ ਦੇ ਬਾਵਜੂਦ ਹਿੰਮਤ ਨਹੀਂ ਹਾਰੀ ਅਤੇ ਦ੍ਰਿੜ੍ਹ ਹੌਸਲੇ ਨਾਲ ਫੌਜ ਵਿਚ ਕਿਸ਼ਤੀ ਚਲਾਉਣ ਦੇ ਮੁਕਾਬਲਿਆਂ ਵਿਚ ਲਗਾਤਾਰ ਜਿੱਤਾਂ ਦਰਜ ਕਰਦਾ ਰਿਹਾ। ਭਗਵਾਨ ਸਿੰਘ ਦਾ ਜਨਮ ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਅਧੀਨ ਆਉਂਦੇ ਪਿੰਡ ਠੱਠੀ ਭਾਈ ਵਿਖੇ ਪਿਤਾ ਦਰਸ਼ਨ ਸਿੰਘ ਦੇ ਘਰ ਮਾਤਾ ਜਸਵੀਰ ਕੌਰ ਦੀ ਕੁੱਖੋਂ 20 ਮਾਰਚ, 1993 ਵਿਚ ਇਕ ਦਲਿਤ ਪਰਿਵਾਰ ਵਿਚ ਹੋਇਆ ਅਤੇ ਭਗਵਾਨ ਸਿੰਘ ਚਾਰ ਭੈਣ-ਭਰਾਵਾਂ ਵਿਚੋਂ ਇਕ ਹੈ। ਸੁਰਤ ਸੰਭਾਲੀ ਤਾਂ ਘਰ ਵਿਚ ਅੰਤਾਂ ਦੀ ਗਰੀਬੀ ਸੀ। ਕੱਚੇ ਘਰ ਦੀਆਂ ਕੰਧਾਂ ਦੇ ਲਿਉੜ ਡਿਗੂੰ-ਡਿਗੂੰ ਕਰਦੇ ਸਨ, ਮਾਂ ਘਰਾਂ ਵਿਚ ਕੰਮ ਕਰਦੀ ਅਤੇ ਬਾਪ ਕਿਸੇ ਮਾਲਕ ਦਾ ਟਰੱਕ ਚਲਾ ਕੇ ਘਰ ਦੀ ਰੋਜ਼ੀ-ਰੋਟੀ ਚਲਾਉਂਦੇ। ਪਰ ਭਗਵਾਨ ਨੇ ਇਹ ਨਿਸਚਾ ਪੱਕਾ ਕਰ ਲਿਆ ਕਿ ਗਰੀਬੀ ਹੰਢਾਅ ਕੇ ਵੀ ਉਹ ਇਕ ਦਿਨ ਖਰਾ ਸੋਨਾ ਸਾਬਤ ਹੋਵੇਗਾ ਅਤੇ ਭਗਵਾਨ ਸਿੰਘ ਨੇ ਇਹ ਕਰ ਵਿਖਾਇਆ।
ਮਾਂ-ਬਾਪ ਦੀ ਮਿਹਨਤ-ਮੁਸ਼ੱਕਤ ਨਾਲ ਭਗਵਾਨ ਸਿੰਘ ਨੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ 10+2 ਦੀ ਪੜ੍ਹਾਈ ਪੂਰੀ ਕੀਤੀ ਅਤੇ ਸਕੂਲ ਪੱਧਰ 'ਤੇ ਹੀ ਉਸ ਨੇ ਖੇਡਾਂ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਅਤੇ ਉਸ ਨੇ ਹਰ ਖੇਡ, ਖੇਡ ਕੇ ਆਪਣਾ ਲੋਹਾ ਮੰਨਵਾਇਆ ਪਰ ਅਫਸੋਸ ਕਿ ਉਸ ਨੂੰ ਅੱਗੇ ਲਿਜਾਣ ਵਾਲਾ ਕੋਈ ਵੀ ਮਦਦਗਾਰ ਸਾਬਿਤ ਨਹੀਂ ਹੋਇਆ। ਖੇਡਾਂ ਦੇ ਖੇਤਰ ਵਿਚ ਦੇਸ਼ ਦਾ ਨਾਂਅ ਚਮਕਾਉਣ ਦੀਆਂ ਰੀਝਾਂ ਦਿਲ ਵਿਚ ਹੀ ਦਮ ਤੋੜ ਗਈਆਂ ਪਰ ਉਸ ਦੀਆਂ ਆਸਾਂ ਨੂੰ ਬੂਰ ਉਸ ਵਕਤ ਪਿਆ ਜਦੋਂ ਉਹ ਘਰ ਦੀ ਗਰੀਬੀ ਨਾਲ ਦੋ-ਚਾਰ ਹੱਥ ਕਰਦਾ ਸਾਲ 2012 ਵਿਚ ਫੌਜ ਵਿਚ ਭਰਤੀ ਹੋ ਗਿਆ ਅਤੇ ਫੌਜ ਵਿਚ ਹੀ ਕਿਸ਼ਤੀ ਚਲਾਉਣ ਦੇ ਕੋਚ ਕੁਦਰਤ ਅਲੀ ਦੀ ਨਜ਼ਰ ਭਗਵਾਨ ਸਿੰਘ 'ਤੇ ਪਈ ਤਾਂ ਉਸ ਨੇ ਭਗਵਾਨ ਸਿੰਘ ਦੇ ਅੰਦਰ ਖੇਡ ਭਾਵਨਾ ਦੀ ਛੁਪੀ ਪ੍ਰਤਿਭਾ ਦਮ ਤੋੜੀ ਬੈਠੀ ਵੇਖੀ ਤਾਂ ਉਸ ਨੇ ਭਗਵਾਨ ਸਿੰਘ ਨੂੰ ਰੋਇੰਗ ਜਾਣੀ ਚੱਪੂ ਚਲਾਉਣ ਦੇ ਮੁਕਾਬਲਿਆਂ ਲਈ ਤਰਾਸ਼ਣਾ ਸ਼ੁਰੂ ਕੀਤਾ ਅਤੇ ਸੁਨਿਆਰ ਦੀ ਕੋਠਾਲੀ ਵਾਂਗ ਭਗਵਾਨ ਸਿੰਘ ਖਰੇ ਸੋਨੇ ਵਾਂਗ ਚਮਕਾਂ ਮਾਰਨ ਲੱਗਿਆ। ਸਾਲ 2013 ਵਿਚ ਹੋਈਆਂ ਇੰਟਰ ਬਟਾਲੀਅਨ ਖੇਡਾਂ ਵਿਚ ਉਸ ਨੇ 2 ਸੋਨ ਤਗਮੇ ਆਪਣੇ ਨਾਂਅ ਕੀਤੇ ਅਤੇ ਸਾਲ 2013 ਵਿਚ ਹੀ ਇੰਟਰ ਸੈਂਟਰਲ ਖੇਡਾਂ ਵਿਚ ਉਸ ਨੇ 1 ਚਾਂਦੀ ਅਤੇ 1 ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਸਾਲ 2014 ਵਿਚ ਕੋਰ ਆਫ ਇੰਜੀਨੀਅਰ ਵਲੋਂ ਕੋਲਕਾਤਾ ਵਿਖੇ ਹੋਏ ਰੋਇੰਗ ਮੁਕਾਬਲੇ ਡਬਲ ਸਕਿੱਲ ਵਿਚ ਸੋਨ ਤਗਮਾ ਜਿੱਤਿਆ।
ਸਾਲ 2015 ਵਿਚ 35ਵੀਆਂ ਨੈਸ਼ਨਲ ਖੇਡਾਂ ਵਿਚ ਆਰਮੀ ਸਰਵਿਸਜ਼ ਵਲੋਂ ਖੇਡਿਆ। ਸਾਲ 2016 ਉਸ ਨੇ ਅਤੇ ਉਸ ਦੇ ਦੂਸਰੇ ਸਾਥੀ ਦੁਸ਼ਾਂਤ ਚੌਹਾਨ ਨੇ ਏਸ਼ੀਅਨ ਐਂਡ ਓਸੀਆਨਾ ਰੋਇੰਗ ਉਲੰਪਿਕ ਰਿਗਾਟਾ ਖੇਡਾਂ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਪਰ ਕਿਸੇ ਕਾਰਨ ਵੱਸ ਉਹ ਖੇਡ ਨਹੀਂ ਸਕੇ। ਸਾਲ 2017 ਵਿਚ ਪੂਨਾ ਵਿਚ ਓਪਨ ਨੈਸ਼ਨਲ ਖੇਡਾਂ ਵਿਚ ਡਬਲ ਸਕਿੱਲ ਵਿਚ 2 ਸੋਨ ਤਗਮੇ ਆਪਣੇ ਨਾਂਅ ਕੀਤੇ। ਭਗਵਾਨ ਸਿੰਘ ਨੇ ਦੱਸਿਆ ਕਿ ਚੱਪੂ ਚਲਾਉਣ ਦੇ ਮੁਕਾਬਲੇ ਸੰਸਾਰ ਦੀਆਂ ਸਾਰੀਆਂ ਖੇਡਾਂ ਵਿਚੋਂ ਔਖੇ ਹਨ, ਕਿਉਂਕਿ ਇਸ ਦੇ ਮੁਕਾਬਲਿਆਂ ਵਿਚ ਲਗਾਤਾਰ ਤੇਜ਼ੀ ਨਾਲ ਚੱਪੂ ਦੌੜਾ ਕੇ ਅੱਗੇ ਲੰਘਣਾ ਹੁੰਦਾ ਹੈ ਅਤੇ ਜੇਕਰ ਪਲ ਵੀ ਢਿੱਲੇ ਪੈ ਗਏ ਤਾਂ ਮੁਕਾਬਲੇ ਵਾਲਾ ਅੱਗੇ ਨਿਕਲ ਜਾਵੇਗਾ। ਭਗਵਾਨ ਸਿੰਘ ਨੇ ਦੱਸਿਆ ਕਿ ਹੁਣ ਉਸ ਦਾ ਅਗਲਾ ਨਿਸ਼ਾਨਾ 2020 ਵਿਚ ਜਪਾਨ ਦੀ ਰਾਜਧਾਨੀ ਟੋਕੀਓ ਵਿਖੇ ਹੋ ਰਹੀ ਉਲੰਪਿਕ 'ਤੇ ਟਿਕੀਆਂ ਹਨ ਅਤੇ ਉਸ ਤੋਂ ਪਹਿਲਾਂ ਉਸ ਨੂੰ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਅਤੇ ਵਰਲਡ ਰੋਇੰਗ ਚੈਂਪੀਅਨਸ਼ਿਪ ਦੇ ਸਖ਼ਤ ਮੁਕਾਬਲਿਆਂ ਵਿਚੋਂ ਗੁਜ਼ਰਨਾ ਹੋਵੇਗਾ ਪਰ ਉਸ ਨੂੰ ਆਪਣੇ ਕੋਚ ਕੁਦਰਤ ਅਲੀ ਦੀ ਮਿਹਨਤ ਅਤੇ ਆਪਣੇ-ਆਪ 'ਤੇ ਏਨਾ ਭਰੋਸਾ ਹੈ ਕਿ ਉਹ ਉਲੰਪਿਕ ਵਿਚ ਖੇਡ ਕੇ ਭਾਰਤ ਮਾਤਾ ਦੀ ਝੋਲੀ ਵਿਚ ਜ਼ਰੂਰ ਸੋਨ ਤਗਮਾ ਪਾ ਕੇ ਤਿਰੰਗਾ ਲਹਿਰਾਏਗਾ। ਭਗਵਾਨ ਸਿੰਘ ਨੂੰ ਗਿਲਾ ਹੈ ਕਿ ਜਦ ਉਹ ਏਸ਼ੀਅਨ ਖੇਡਾਂ ਵਿਚ ਤਗਮਾ ਲੈ ਕੇ ਆਪਣੇ ਪਿੰਡ ਠੱਠੀ ਭਾਈ ਪਹੁੰਚਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਉਸ ਦਾ ਕੋਈ ਵੀ ਸਵਾਗਤ ਨਹੀਂ ਕੀਤਾ, ਜਿਸ ਦਾ ਕਿ ਉਹ ਸਹੀ ਹੱਕਦਾਰ ਸੀ ਪਰ ਉਹ ਇਹ ਵੀ ਸ਼ਾਨ ਅਤੇ ਮਾਣ ਨਾਲ ਆਖਦਾ ਹੈ ਕਿ, 'ਖੁਦ ਸੇ ਜੀਤਨੇ ਕੀ ਜਿਦ ਹੈ ਮੁਝੇ, ਖੁਦ ਕੋ ਹੀ ਹਰਾਨਾ ਹੈ, ਮੈਂ ਜ਼ਮਾਨੇ ਕੀ ਭੀੜ ਨਹੀਂ, ਮੁਜਸੇ ਹੀ ਜ਼ਮਾਨਾ ਹੈ।' ਭਗਵਾਨ ਸਿੰਘ ਆਪਣੇ ਮਕਸਦ ਅਤੇ ਅਕੀਦੇ ਵਿਚ ਬੁਲੰਦੀਆਂ ਛੂਹੇ, ਇਹ ਮੇਰੀ ਦਿਲੋਂ ਮੁਰਾਦ ਹੈ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ-142001. ਮੋਬਾ: 98551-14484

ਸਟੇਡੀਅਮਾਂ ਨੂੰ ਸਿਰਫ਼ ਖੇਡਾਂ ਅਤੇ ਖਿਡਾਰੀਆਂ ਲਈ ਹੀ ਰਹਿਣ ਦਿਓ

ਸਟੇਡੀਅਮ ਦਾ ਸਬੰਧ ਖੇਡਾਂ ਅਤੇ ਖਿਡਾਰੀਆਂ ਨਾਲ ਹੁੰਦਾ ਹੈ। ਖਿਡਾਰੀਆਂ ਦੀ ਕਰਮ-ਭੂਮੀ, ਜਿਥੇ ਉਹ ਖੂਨ-ਪਾਣੀ ਇਕ ਕਰਦੇ ਹਨ, ਜਿਥੋਂ ਉਨ੍ਹਾਂ ਦਾ ਖੇਡ ਕੈਰੀਅਰ ਪ੍ਰਵਾਨ ਚੜ੍ਹਦਾ ਹੈ, ਜਿਥੋਂ ਦੀਆਂ ਸੰਘਰਸ਼ਮਈ ਯਾਦਾਂ ਹਮੇਸ਼ਾ ਉਨ੍ਹਾਂ ਦੇ ਅੰਗ-ਸੰਗ ਰਹਿੰਦੀਆਂ ਹਨ, ਜਿਥੋਂ ਦੀਆਂ ਕਈ ਦੁਖਦ ਅਤੇ ਤਲਖ ਯਾਦਾਂ ਵੀ ਉਨ੍ਹਾਂ ਦਾ ਸਾਰੀ ਉਮਰ ਪਿੱਛਾ ਨਹੀਂ ਛੱਡਦੀਆਂ ਤੇ ਜਿਥੋਂ ਦੀਆਂ ਕਈ ਖੂਬਸੂਰਤ, ਮਨਮੋਹਕ ਯਾਦਾਂ ਸਾਰੀ ਜ਼ਿੰਦਗੀ ਖਿਡਾਰੀਆਂ ਨੂੰ ਪ੍ਰੇਰਿਤ ਵੀ ਕਰਦੀਆਂ ਹਨ। ਸਟੇਡੀਅਮ ਦੀ ਸਥਾਪਨਾ 'ਚ ਲੱਖਾਂ-ਕਰੋੜਾਂ ਰੁਪਏ ਖਰਚ ਹੁੰਦੇ ਹਨ, ਕਿਸੇ ਉਦੇਸ਼ ਨਾਲ, ਕਿਸੇ ਮੰਤਵ ਲਈ ਕਿ ਖੇਡਾਂ ਦਾ ਵਿਕਾਸ ਹੋ ਸਕੇ, ਖਿਡਾਰੀਆਂ ਦੀ ਖੇਡਾਂ 'ਚ ਰੁਚੀ ਵਧੇ। ਨੌਜਵਾਨ ਪੀੜ੍ਹੀ ਦਰਸ਼ਕ ਬਣ ਆਪਣੀ ਮੁਬਾਰਕ ਸ਼ਮੂਲੀਅਤ ਨਾਲ ਇਨ੍ਹਾਂ ਨੂੰ ਨਿਵਾਜੇ। ਨਸ਼ਿਆਂ ਦਾ ਰੁਝਾਨ ਘਟੇ, ਸਿਹਤਮੰਦ ਸਮਾਜ ਦੀ ਸਿਰਜਣਾ ਹੋਵੇ, ਦੇਸ਼ 'ਚ ਖੇਡ ਸੱਭਿਆਚਾਰ ਵਿਕਸਿਤ ਹੋ ਸਕੇ। ਸਰਕਾਰ ਵਲੋਂ ਖਰਚੇ ਗਏ ਲੱਖਾਂ-ਕਰੋੜਾਂ ਰੁਪਏ ਖੇਡਾਂ ਦੀ ਦੁਨੀਆ 'ਚ ਵਧੀਆ ਨਤੀਜੇ ਸਾਹਮਣੇ ਲੈ ਕੇ ਆਉਣ। ਪਿੰਡ ਜਾਂ ਸ਼ਹਿਰ ਜਿਥੇ ਸਟੇਡੀਅਮ ਸਥਾਪਤ ਕੀਤੇ ਜਾਂਦੇ ਹਨ, ਖੇਡਾਂ ਤੇ ਖਿਡਾਰੀਆਂ ਦੇ ਚੰਗੇ ਨਤੀਜਿਆਂ ਨਾਲ ਰਾਸ਼ਟਰੀ-ਅੰਤਰਰਾਸ਼ਟਰੀ ਮੰਚ 'ਤੇ ਪ੍ਰਸਿੱਧ ਹੋਣ, ਉਨ੍ਹਾਂ ਨੂੰ ਸ਼ੁਹਰਤ ਮਿਲੇ। ਇਸ ਸਭ ਕਾਸੇ ਨਾਲ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਜੁੜ ਜਾਂਦੀਆਂ ਹਨ ਪਰ ਜਦੋਂ ਇਨ੍ਹਾਂ ਜਜ਼ਬਾਤਾਂ, ਇਨ੍ਹਾਂ ਭਾਵਨਾਵਾਂ ਦੀ ਪੂਰਤੀ ਨਾ ਹੋ ਸਕੇ ਤਾਂ ਯਕੀਨਨ ਅਫਸੋਸ ਹੁੰਦਾ ਹੈ ਤੇ ਠੇਸ ਪਹੁੰਚਦੀ ਹੈ।
ਖੇਡ ਸਟੇਡੀਅਮਾਂ 'ਚ ਜਦੋਂ ਰਾਜਨੀਤਕ ਪਾਰਟੀਆਂ ਦੀਆਂ ਰੈਲੀਆਂ ਹੋਣ, ਨਿੱਜੀ ਪ੍ਰੋਗਰਾਮ ਹੋਣ, ਧਾਰਮਿਕ ਸਮਾਗਮ ਹੋਣ, ਇਥੋਂ ਤੱਕ ਕਿ ਵੱਡੇ-ਵੱਡੇ ਲੋਕਾਂ ਦੇ ਸ਼ਾਦੀ ਸਮਾਗਮ ਹੋਣ ਤਾਂ ਫਿਰ ਸਟੇਡੀਅਮ ਦੀ ਸਥਾਪਨਾ ਦੇ ਉਦੇਸ਼ 'ਤੇ ਸਵਾਲ ਉੱਠਣ ਲਗਦੇ ਹਨ, ਖੇਡ ਭਾਵਨਾਵਾਂ ਕਤਲ ਹੋਣ ਲਗਦੀਆਂ ਹਨ। ਸਾਡੇ ਦੇਖਣ 'ਚ ਆ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਸ ਪ੍ਰਕਾਰ ਦੇ ਖੇਡ-ਰਹਿਤ ਸੰਮੇਲਨਾਂ ਦਾ ਰੁਝਾਨ ਇਨ੍ਹਾਂ ਸਟੇਡੀਅਮਾਂ 'ਚ ਵਧ ਰਿਹਾ ਹੈ। ਕਈ-ਕਈ ਦਿਨ ਇਨ੍ਹਾਂ ਦੀ ਬੁਕਿੰਗ ਰਹਿੰਦੀ ਹੈ। ਸਾਡੇ ਖਿਡਾਰੀ ਸਮਾਗਮਾਂ ਦੀ ਸਮਾਪਤੀ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਇਕ ਸਮਾਗਮ ਖ਼ਤਮ ਹੁੰਦਾ, ਖਿਡਾਰੀ ਸੁਖ ਦਾ ਸਾਹ ਲੈਂਦੇ ਹਨ, ਕੁਝ ਦਿਨ ਖੇਡਦੇ ਹਨ, ਅਭਿਆਸ ਕਰਦੇ ਹਨ ਤੇ ਫਿਰ ਇਕ ਦਿਨ ਦੁਪਹਿਰ ਨੂੰ ਆ ਕੇ ਇਹ ਦੇਖਦੇ ਹਨ ਕਿ ਫਿਰ ਤੰਬੂ-ਕਨਾਤਾਂ ਲੱਗ ਰਹੀਆਂ ਹਨ। ਉਨ੍ਹਾਂ ਦੀ ਖੇਡ, ਉਨ੍ਹਾਂ ਦਾ ਅਭਿਆਸ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ, ਜਿਸ ਮਕਸਦ ਲਈ ਸਟੇਡੀਅਮ ਦੀ ਉਸਾਰੀ ਹੁੰਦੀ ਹੈ।
ਸਟੇਡੀਅਮ 'ਚ ਆਯੋਜਿਤ ਹੋਣ ਵਾਲੇ ਕਈ ਸਮਾਗਮਾਂ 'ਚ ਹਜ਼ਾਰਾਂ ਲੋਕਾਂ ਦਾ ਇਕੱਠ ਹੁੰਦਾ ਹੈ। ਇਹ ਵੱਡੇ-ਵੱਡੇ ਹਜੂਮ ਖੇਡ ਸਟੇਡੀਅਮ ਦਾ ਪੂਰੀ ਤਰ੍ਹਾਂ ਸੱਤਿਆਨਾਸ ਕਰ ਦਿੰਦੇ ਹਨ। ਨਾਜ਼ੁਕ ਹੁੰਦੇ ਹਨ ਇਹ ਖੇਡ ਮੈਦਾਨ। ਇਨ੍ਹਾਂ ਦੀ ਵੱਧ ਤੋਂ ਵੱਧ ਦੇਖਭਾਲ ਕਰਨੀ ਪੈਂਦੀ ਹੈ ਤਾਂ ਕਿ ਉਹ ਹਮੇਸ਼ਾ ਖੇਡਾਂ ਲਈ ਯੋਗ ਰਹਿਣ। ਇਨ੍ਹਾਂ ਦੀ ਖਰਾਬ ਸਥਿਤੀ ਖਿਡਾਰੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸਾਨੂੰ ਸਭ ਨੂੰ ਇਸ ਪਾਸੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ, ਜੇ ਸੱਚਮੁੱਚ ਅਸੀਂ ਖੇਡਾਂ ਅਤੇ ਖਿਡਾਰੀਆਂ ਦੇ ਹਿਤੈਸ਼ੀ ਹਾਂ।
ਹੁਣ ਸਵਾਲ ਇਹ ਉਠਦਾ ਹੈ ਕਿ ਆਖਰ ਧਾਰਮਿਕ ਸੰਸਥਾਵਾਂ ਦੇ ਕਰਤਾ-ਧਰਤਾ, ਰਾਜਨੀਤਕ ਪਾਰਟੀਆਂ ਦੇ ਨੇਤਾ ਅਤੇ ਵਿਆਹ-ਸ਼ਾਦੀਆਂ ਕਰਨ ਵਾਲੇ ਕਿਉਂ ਇਨ੍ਹਾਂ ਸਟੇਡੀਅਮਾਂ ਦੇ ਪਿੱਛੇ ਹੀ ਪਏ ਰਹਿੰਦੇ ਹਨ? ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹ ਵੱਡੇ-ਵੱਡੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ 'ਚ ਬੜੇ ਸਾਫ਼-ਸੁਥਰੀ ਅਵਸਥਾ 'ਚ ਅਸਾਨੀ ਨਾਲ ਮਿਲ ਜਾਂਦੇ ਹਨ।
ਸੁਰੱਖਿਆ ਪ੍ਰਬੰਧਾਂ ਦਾ ਵੀ ਇਥੇ ਅਸਾਨੀ ਨਾਲ ਸਭ ਕੰਮ ਹੋ ਜਾਂਦਾ ਹੈ। ਇਨ੍ਹਾਂ ਦੀ ਮਸ਼ਹੂਰੀ ਵੀ ਬਹੁਤ ਹੁੰਦੀ ਹੈ। ਲੋਕ ਅਸਾਨੀ ਨਾਲ, ਕਿਸੇ ਖੱਜਲ-ਖੁਆਰੀ ਤੋਂ ਬਗੈਰ ਇਥੇ ਪਹੁੰਚ ਜਾਂਦੇ ਹਨ। ਪਾਰਕਿੰਗ ਦਾ ਵੀ ਚੰਗਾ ਪ੍ਰਬੰਧ ਇਥੇ ਇਕ ਪਾਸੇ ਕਰ ਲੈਂਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਆਯੋਜਨਾਂ ਨਾਲ ਸਟੇਡੀਅਮ ਦੀ ਆਮਦਨੀ 'ਚ ਵਾਧਾ ਹੁੰਦਾ ਹੈ ਪਰ ਇਹ ਆਮਦਨੀ ਖਿਡਾਰੀਆਂ ਲਈ ਖੇਡਣ ਵਾਸਤੇ ਬਣੇ ਇਨ੍ਹਾਂ ਸਥਾਨਾਂ ਦੀ ਹਾਲਤ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੰਦੀ ਹੈ। ਕਿਸੇ ਵੀ ਆਯੋਜਨ ਦੀ ਸਮਾਪਤੀ ਤੋਂ ਬਾਅਦ ਬੁਰੇ ਹਾਲ ਇਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ ਅਤੇ ਕਿੰਨੇ-ਕਿੰਨੇ ਦਿਨ ਇਨ੍ਹਾਂ ਦੀ ਸਫਾਈ ਨਹੀਂ ਹੁੰਦੀ। ਖਿਡਾਰੀ ਵਰਗ ਇਨ੍ਹਾਂ ਆਯੋਜਨਾਂ ਦਾ ਵਿਰੋਧ ਕਰਦਾ ਹੈ ਪਰ ਉਸ ਦੀ ਸੁਣਵਾਈ ਕਿਤੇ ਨਹੀਂ ਹੁੰਦੀ।
ਉਹ ਦੇਸ਼ ਜਿਥੇ ਖੇਡ ਸੱਭਿਆਚਾਰ ਦੀ ਪਹਿਲਾਂ ਹੀ ਕਮੀ ਹੈ, ਦੇਸ਼ 'ਚ ਖੇਡਾਂ ਦੇ ਪਤਨ ਦਾ ਰੌਲਾ ਹੈ, ਉਲੰਪਿਕ ਤਗਮੇ ਲਈ ਜੋ ਦੇਸ਼ ਦਹਾਕਿਆਂ ਤੋਂ ਤਰਸ ਰਿਹਾ ਹੈ, ਅਰਬਾਂ ਦੀ ਆਬਾਦੀ ਵਾਲੇ ਉਸ ਦੇਸ਼ ਵਿਚ ਖੇਡ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਹੈ, ਪਰ ਇਹ ਸਟੇਡੀਅਮ ਜਿਨ੍ਹਾਂ ਆਯੋਜਨਾਂ ਲਈ ਲਗਾਤਾਰ ਇਸਤੇਮਾਲ ਹੁੰਦੇ ਆ ਰਹੇ ਹਨ, ਹੋਰ ਖਿਡਾਰੀਆਂ ਨੂੰ ਸਗੋਂ ਨਿਰਉਤਸ਼ਾਹਿਤ ਕਰਦੇ ਹਨ। 15 ਅਗਸਤ ਅਤੇ 26 ਜਨਵਰੀ ਵਾਲੇ ਸਮਾਗਮ ਵੀ ਦਹਾਕਿਆਂ ਤੋਂ ਇਨ੍ਹਾਂ ਸਟੇਡੀਅਮਾਂ ਵਿਚ ਹੀ ਆਯੋਜਿਤ ਹੋ ਰਹੇ ਹਨ। ਆਓ, ਇਸ ਸਭ ਕਾਸੇ ਬਾਰੇ ਸੁਹਿਰਦਤਾ, ਗੰਭੀਰਤਾ ਨਾਲ ਸੋਚੀਏ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਅਭੁੱਲ ਯਾਦਾਂ

ਪੇਂਡੂ ਪੰਜਾਬੀ ਖੇਡਾਂ

ਖੇਡਾਂ ਮਨੁੱਖ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਖੇਡਣ ਨਾਲ ਜਿਥੇ ਮਨੁੱਖ ਦਾ ਸਰੀਰਕ ਵਿਕਾਸ ਹੁੰਦਾ ਹੈ, ਉਥੇ ਮਾਨਸਿਕ ਅਤੇ ਬੌਧਿਕ ਵਿਕਾਸ ਵੀ ਹੁੰਦਾ ਹੈ। ਪਰਮਾਤਮਾ ਨੇ ਨਵ ਜਨਮੇ ਬੱਚੇ ਨੂੰ ਵੀ ਖੇਡ ਪਕਿਆ ਦਿੱਤੀ ਹੈ। ਬੱਚਾ ਹੱਥ-ਪੈਰ ਮਾਰਦਾ ਹੈ, ਰੰਗ-ਬਿਰੰਗੇ ਖਿਡੌਣਿਆਂ ਨੂੰ ਦੇਖ ਕੇ ਉਸ ਨਾਲ ਖੇਡਦਾ ਹੈ। ਖੇਡਾਂ ਮਨੱਖ ਦੇ ਸਰੀਰ ਨੂੰ ਚੁਸਤ, ਫੁਰਤੀਲਾ ਅਤੇ ਰਿਸ਼ਟ-ਪੁਸ਼ਟ ਬਣਾਉਂਦੀਆਂ ਹਨ। ਇਸ ਨਾਲ ਸਾਂਝੀਵਾਲਤਾ ਦਾ ਗੁਣ ਵੀ ਪੈਦਾ ਹੁੰਦਾ ਹੈ। ਪਹਿਲੇ ਸਮਿਆਂ ਵਿਚ ਗੱਭਰੂ-ਮੁਟਿਆਰਾਂ ਰਲ ਮਿਲ ਕੇ ਖੇਡਦੇ ਸਨ। ਇਨ੍ਹਾਂ ਵਿਚ ਆਪਸੀ ਭਾਈਚਾਰਕ ਸਾਂਝ ਹੁੰਦੀ ਸੀ। ਭੰਡਾ-ਭੰਡਾਰੀ, ਖਿੱਦੋ-ਖੂੰਡੀ, ਚੋਰ-ਸਿਪਾਹੀ, ਕੋਟਲਾ-ਛਪਾਕੀ, ਮੱਛੀ ਅਤੇ ਸਮੁੰਦਰ, ਕਿੱਕਲੀ, ਗੀਟੇ, ਬਾਂਦਰ-ਕੀਲਾ ਅਤੇ ਹੋਰ ਅਜਿਹੀਆਂ ਕਈ ਖੇਡਾਂ ਹੁੰਦੀਆਂ ਸਨ, ਜਿਨ੍ਹਾਂ ਨੂੰ ਕੁੜੀਆਂ-ਮੁੰਡੇ ਰਲ ਕੇ ਖੇਡਦੇ ਸਨ।
ਕਿੱਕਲੀ ਨੂੰ ਦੋ ਕੁੜੀਆਂ ਰਲ ਕੇ ਪਾਉਂਦੀਆਂ ਸਨ। ਦੋਵਾਂ ਹੱਥਾਂ ਨਾਲ ਇਕ-ਦੂਜੇ ਨੂੰ ਫੜ ਕੇ ਘੁੰਮਦੀਆਂ ਅਤੇ ਨਾਲ ਹੀ ਬੋਲੀ ਪਾਉਂਦੀਆਂ-
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਮੇਰੇ ਭਾਈ ਦਾ
ਫਿੱਟੇ ਮੂੰਹ ਜਵਾਈ ਦਾ।
ਇਸੇ ਤਰ੍ਹਾਂ ਕੋਟਲਾ-ਛਪਾਕੀ ਵਿਚ ਸਾਰੇ ਬੱਚੇ ਗੋਲ ਚੱਕਰ ਬਣਾ ਕੇ ਬੈਠ ਜਾਂਦੇ ਅਤੇ ਉਨ੍ਹ ਵਿਚੋਂ ਇਕ ਜਣਾ ਚੁੰਨੀ ਜਾਂ ਕੱਪੜੇ ਨੂੰ ਲਹਿਰਾ ਕੇ ਸਾਰੇ ਬੱਚਿਆਂ ਦੇ ਪਿੱਛੇ ਘੁੰਮਦਾ ਅਤੇ ਬੋਲਦਾ-
ਕੋਟਲਾ-ਛਪਾਕੀ ਜਿੰਮੇ ਰਾਤ ਆਈ ਏ
ਜਿਹੜਾ ਅੱਗੇ-ਪਿੱਛੇ ਦੇਖੇ, ਓਹਦੀ ਸ਼ਾਮਤ ਆਈ ਏ।
ਤੇ ਨਾਲ ਹੀ ਹੌਲੀ ਦੇਣੀ ਉਹ ਕੱਪੜਾ ਜਾਂ ਚੁੰਨੀ ਕਿਸੇ ਇਕ ਦੇ ਪਿੱਛੇ ਰੱਖ ਦਿੰਦਾ ਤੇ ਜਿਸ ਪਿੱਛੇ ੳਹ ਚੁੰਨੀ ਜਾਂ ਕੱਪੜਾ ਰੱਖਿਆ ਹੁੰਦਾ, ਫਿਰ ਉਸ ਦੀ ਵਾਰੀ ਆੳਂਦੀ। ਇਸੇ ਤਰ੍ਹਾਂ ਭੰਡਾ-ਭੰਡਾਰੀਆ ਵਿਚ ਬੱਚੇ ਇਕ-ਦੂਜੇ ਉੱਪਰ ਮੁੱਠੀਆਂ ਰੱਖ ਕੇ ਬੋਲਦੇ-
ਭੰਡਾ-ਭੰਡਾਰੀਆ ਕਿੰਨਾ ਕੁ ਭਾਰ,
ਇਕ ਮੁੱਠੀ ਚੁੱਕ ਲੈ ਦੂਜੀ ਤਿਆਰ।
ਮੱਛੀ ਅਤੇ ਸਮੁੰਦਰ ਵੀ ਬੱਚਿਆਂ ਦੀ ਹਰਮਨ ਪਿਆਰੀ ਖੇਡ ਰਹੀ ਹੈ। ਇਸ ਵਿਚ ਬੱਚੇ ਗੋਲ ਚੱਕਰ ਬਣਾ ਕੇ ਘੁੰਮਦੇ ਹਨ। ਇਕ ਬੱਚਾ ਇਸ ਗੋਲ ਚੱਕਰ ਦੇ ਵਿਚਕਾਰ ਬੈਠਦਾ ਹੈ, ਬਾਕੀ ਸਾਰੇ ਉਸ ਤੋਂ ਪੁੱਛਦੇ ਹਨ-
ਹਰਾ ਸਮੁੰਦਰ ਗੋਪੀ ਚੰਦਰ,
ਬੋਲ ਮੇਰੀ ਮੱਛਲੀ ਕਿੰਨਾ ਕੁ ਪਾਣੀ।
ਵਿਚਕਾਰ ਬੈਠਾ ਬੱਚਾ ਬੋਲਦਾ ਹੈ-
ਗੋਡੇ-ਗੋਡੇ ਪਾਣੀ, ਲੱਕ-ਲੱਕ ਪਾਣੀ।
ਅਤੇ ਭੱਜ ਕੇ ਕਿਸੇ ਇਕ ਬੱਚੇ ਨੂੰ ਫੜ ਲੈਂਦਾ ਹੈ। ਫਿਰ ਉਸ ਫੜੇ ਬੱਚੇ ਦੀ ਵਾਰੀ ਆਉਂਦੀ ਹੈ। ਇਸੇ ਤਰ੍ਹਾਂ ਗੀਟੇ, ਛਟਾਪੂ ਇਸ ਤਰ੍ਹਾਂ ਦੀਆਂ ਖੇਡਾਂ ਸਨ, ਜਿਨ੍ਹਾਂ ਨਾਲ ਬੌਧਿਕ ਅਤੇ ਮਾਨਸਿਕ ਵਿਕਾਸ ਹੁੰਦਾ ਸੀ। ਖਿੱਦੋ-ਖੂੰਡੀ ਮੁੰਡਿਆਂ ਦੀ ਬੜੀ ਰੌਚਕ ਖੇਡ ਹੁੰਦੀ ਸੀ। ਖਿੱਦੋ ਆਮ ਕਰਕੇ ਘਰਾਂ ਵਿਚ ਬਚੀਆਂ ਪੁਰਾਣੀਆਂ/ਫਟੀਆਂ ਲੀਰਾਂ ਆਦਿ ਦੀ ਬਣਾਈ ਜਾਂਦੀ ਸੀ ਅਤੇ ਖੂੰਡੀ ਕਿੱਕਰ, ਟਾਹਲੀ ਆਦਿ ਦੀ ਸੋਟੀ ਹੁੰਦੀ ਸੀ। ਬੱਚੇ ਇਸ ਖੇਡ ਨੂੰ ਬੜੇ ਚਾਅ ਨਾਲ ਖੇਡਦੇ ਸਨ। ਮੈਨੂੰ ਯਾਦ ਹੈ, ਜਦੋਂ ਕਿਸੇ ਨੇ ਮਕਾਨ ਆਦਿ ਬਣਾਉਣ ਲਈ ਰੇਤ ਬਾਹਰ ਸੁੱਟੀ ਹੁੰਦੀ ਸੀ ਤਾਂ ਅਸੀਂ ਉਸ ਰੇਤ ਦਾ ਘਰ ਆਦਿ ਬਣਾਉਂਦੇ ਸਾਂ। ਜਿਸ ਨੇ ਰੇਤ ਦਾ ਸਭ ਤੋਂ ਸੋਹਣਾ ਘਰ ਬਣਾਇਆ ਹੁੰਦਾ, ਉਸ ਨੂੰ ਖਾਣ ਨੂੰ ਕੋਈ ਚੀਜ਼ ਜਾਂ ਟਾਫੀ ਵਗੈਰਾ ਮਿਲਦੀ ਸੀ।
ਚੋਰ-ਸਿਪਾਹੀ ਗਰਮੀਆਂ ਦੀ ਇਕ ਦਿਲਚਸਪ ਖੇਡ ਹੁੰਦੀ ਸੀ। ਗਰਮੀਆਂ ਵਿਚ ਜਦੋਂ ਦੁਪਹਿਰੇ ਬੱਤੀ ਗੁੱਲ ਹੋ ਜਾਣੀ ਤਾਂ ਅਸੀਂ ਇਕ ਕਾਗਜ਼ ਲੈ ਕੇ ਉਸ ਦੀਆਂ ਪਰਚੀਆਂ ਬਣਾ ਲੈਣੀਆਂ ਅਤੇ ਉਸ ਉਪਰ ਕਿਸੇ 'ਤੇ ਚੋਰ ਲਿਖ ਦੇਣਾ, ਕਿਸੇ 'ਤੇ ਵਜ਼ੀਰ, ਰਾਜਾ, ਨੌਕਰ ਆਦਿ ਲਿਖ ਦੇਣਾ ਅਤੇ ਪਰਚੀਆਂ ਨੂੰ ਆਪਸ ਵਿਚ ਰਲਾ ਕੇ ਸਭ ਨੂੰ ਇਕ-ਇਕ ਪਰਚੀ ਚੁੱਕਣ ਵਾਸਤੇ ਕਹਿਣਾ। ਪਰਚੀ 'ਤੇ ਜੋ ਨਾਂਅ ਲਿਖਿਆ ਹੁੰਦਾ, ਉਸ ਨੂੰ ਉਸੇ ਤਰ੍ਹਾਂ ਦੇ ਸੰਵਾਦ ਬੋਲਣੇ ਪੈਂਦੇ। ਇਸ ਤਰ੍ਹਾਂ ਨਾਲ ਗਰਮੀ ਵੀ ਨਹੀਂ ਲਗਦੀ ਸੀ ਤੇ ਟਾਈਮ ਵੀ ਪਾਸ ਹੋ ਜਾਂਦਾ ਸੀ।


-ਸੈਲੀ ਰੋਡ, ਪਠਾਨਕੋਟ।
ਮੋਬਾ: 9780785049

ਲਿਖਿਆ ਨਵਾਂ ਵਿਸ਼ਵ ਰਿਕਾਰਡ

ਮੈਰਾਥਨ ਇਤਿਹਾਸ ਦਾ ਨਾਇਕ ਕਿਪਚੋਗੇ

ਕੀਨੀਆ ਦੇ ਇਲਿਯੁਦ ਕਿਪਚੋਗੇ ਨੇ ਮੈਰਾਥਨ ਦੌੜ ਮੁਕਾਬਲੇ 'ਚ ਇਕ ਨਵੀਂ ਉਚਾਈ ਨੂੰ ਛੂਹਿਆ ਹੈ। ਇਹ ਖੂਬਸੂਰਤ ਮੰਜ਼ਿਲ ਹੈ, ਜਿਥੇ ਤੱਕ ਅਜੇ ਕੋਈ ਨਹੀਂ ਪਹੁੰਚਿਆ ਸੀ। 2 ਘੰਟੇ ਦੀ ਸਮਾਂ ਸੀਮਾ ਨਾਲ ਬਰਲਿਨ ਮੈਰਾਥਨ ਦੇ ਮਾਮਲੇ 'ਚ ਇਸ ਪ੍ਰਾਪਤੀ ਨੂੰ ਇਨਸਾਨੀ ਹੱਦ ਦੀ ਵੀ ਹੱਦ ਮੰਨਿਆ ਜਾ ਸਕਦਾ ਹੈ। 33 ਸਾਲਾਂ ਦੇ ਉਲੰਪਿਕ ਚੈਂਪੀਅਨ ਕਿਪਚੋਗੇ ਨੇ 2 ਘੰਟੇ 1 ਮਿੰਟ ਅਤੇ 39 ਸੈਕਿੰਡ ਦੇ ਸਮੇਂ ਨਾਲ ਪਿਛਲਾ ਰਿਕਾਰਡ ਤੋੜਦਿਆਂ ਨਵਾਂ ਇਤਿਹਾਸ ਲਿਖਿਆ ਅਤੇ ਆਪਣੇ ਹੀ ਦੇਸ਼ ਦੇ ਡੇਨਿਸ ਕਿਮੇਤੋ ਦੇ ਪਿਛਲੇ ਰਿਕਾਰਡ (2 ਘੰਟੇ 2 ਮਿੰਟ ਅਤੇ 57 ਸੈਕਿੰਡ) 'ਚ 1 ਮਿੰਟ 18 ਸੈਕਿੰਡ ਦਾ ਸੁਧਾਰ ਕੀਤਾ। ਕਿਮੇਡੋ ਨੇ ਇਹ ਰਿਕਾਰਡ ਇਸੇ ਕੋਰਸ ਤੇ 2014 'ਚ ਬਣਾਇਆ ਸੀ।
ਸਾਲ 1967 'ਚ ਡੇਰੇਕ ਕਲੇਟਨ ਨੇ ਪਿਛਲੇ ਰਿਕਾਰਡ 'ਚ 2 ਮਿੰਟ 23 ਸੈਕਿੰਡ ਦਾ ਸੁਧਾਰ ਕੀਤਾ ਸੀ। ਇਸ ਤੋਂ ਬਾਅਦ ਕਿਪਚੋਗੇ ਨੇ 51 ਸਾਲ ਬਾਅਦ ਮੈਰਾਥਨ ਰਿਕਾਰਡ 'ਚ ਸਭ ਤੋਂ ਵੱਡਾ ਸੁਧਾਰ ਕੀਤਾ। ਅੱਜ ਕਿਪਚੋਗੇ ਲੰਬੀ ਦੂਰੀ ਦੇ ਮਹਾਨ ਦੌੜਾਕ ਹਨ। 5000 ਮੀਟਰ 'ਚ ਉਹ ਵਿਸ਼ਵ ਚੈਂਪੀਅਨ ਰਹਿ ਚੁੱਕੇ ਹਨ ਅਤੇ ਰੀਉ ਉਲੰਪਿਕ 2016 'ਚ ਉਸ ਨੇ ਸੋਨ ਤਗਮਾ ਜਿੱਤਿਆ ਸੀ। ਸੰਨ 2013 'ਚ ਹੈਮਬਰਗ 'ਚ ਮੈਰਾਥਨ ਦੀ ਸ਼ੁਰੂਆਤ ਦੇ ਨਾਲ ਹੀ ਉਸ ਨੇ 2 ਘੰਟੇ 5 ਮਿੰਟ ਅਤੇ 30 ਸੈਕਿੰਡ ਦਾ ਰਿਕਾਰਡ ਬਣਾ ਦਿੱਤਾ ਸੀ। ਉਸ ਤੋਂ ਬਾਅਦ ਥੋੜ੍ਹਾ-ਬਹੁਤ ਉਤਰਾਅ-ਚੜ੍ਹਾਅ ਹੁੰਦਾ ਰਿਹਾ ਪਰ ਉਸ ਦੀ ਤਿਆਰੀ ਅਤੇ ਜਜ਼ਬੇ ਵਿਚ ਕੋਈ ਕਮੀ ਨਹੀਂ ਆਈ। 11 ਮੈਰਾਥਨ ਮੁਕਾਬਲਿਆਂ ਵਿਚ ਉਹ 10 ਜਿੱਤ ਚੁੱਕੇ ਹਨ।
ਪਿਛਲੇ ਸਾਲ ਕਿਪਚੋਗੇ ਨੇ ਇਕ ਪ੍ਰੋਜੈਕਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਉਸ ਦੇ ਇਥੇ ਬਣਾਏ ਰਿਕਾਰਡ ਨੂੰ ਅਧਿਕਾਰਤ ਤੌਰ 'ਤੇ ਮਨਜ਼ੂਰੀ ਨਾ ਮਿਲੀ। ਇਕ ਵਿਅਕਤੀ ਦਾ ਲੰਬੇ ਸਮੇਂ ਤੱਕ ਇਕ ਹੀ ਨਿਸ਼ਾਨੇ 'ਤੇ ਟਿਕਿਆ ਰਹਿਣਾ ਅਤੇ ਲਗਾਤਾਰ ਉਸ ਤੋਂ ਵੀ ਅੱਗੇ ਲੰਘਣ ਦੀ ਕੋਸ਼ਿਸ਼ ਕਰਨਾ ਅਸਾਨ ਨਹੀਂ ਹੁੰਦਾ। ਛੋਟੀਆਂ ਦੌੜਾਂ 'ਚ ਟੀਚਾ ਸਾਹਮਣੇ ਦਿਖ ਰਿਹਾ ਹੁੰਦਾ ਹੈ। ਸਭ ਕੁਝ ਇਕ ਦਾਇਰੇ 'ਚ ਹੁੰਦਾ ਹੈ ਅਤੇ ਜਿੱਤ-ਹਾਰ ਸੈਕਿੰਡ ਦੇ 10ਵੇਂ ਜਾਂ 100ਵੇਂ ਹਿੱਸੇ ਦੇ ਫਰਕ ਨਾਲ ਹੁੰਦੀ ਹੈ ਪਰ ਮੈਰਾਥਨ 'ਚ ਦੋ-ਦੋ ਘੰਟੇ ਆਪਣਾ ਧਿਆਨ ਇਕਾਗਰ ਕਰਦੇ ਦਮਖਮ ਬਣਾਈ ਰੱਖਣਾ ਇਕ ਮੁਸ਼ਕਿਲ ਕੰਮ ਹੈ। ਸਭ ਤੋਂ ਵੱਡੀ ਗੱਲ, ਜਦੋਂ ਕੋਈ ਦੌੜਾਕ ਕਈ ਮੁਕਾਬਲਾਕਾਰਾਂ ਨਾਲ ਦੌੜ ਰਿਹਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਪਛਾੜਨ ਦੀ ਪਰੇਰਨਾ ਉਸ ਨੂੰ ਆਪਣੀ ਹੱਦ ਪਾਰ ਕਰਨ ਲਈ ਮਜਬੂਰ ਕਰਦੀ ਹੈ। ਪਰ ਮੈਰਾਥਨ ਜੇਤੂਆਂ ਨੂੰ ਮੀਲੋ-ਮੀਲ ਇਕੱਲੇ ਹੀ ਦੌੜਨਾ ਹੁੰਦਾ ਹੈ। ਪਿੱਛਾ ਕਰਨ ਵਾਲਾ, ਚੁਣੌਤੀ ਦੇਣ ਵਾਲਾ ਦੂਰ-ਦੂਰ ਤੱਕ ਅਕਸਰ ਕੋਈ ਨਹੀਂ ਹੁੰਦਾ। ਅਜਿਹੀ ਚੁਣੌਤੀ ਨੂੰ ਪਾਰ ਕਰ ਲੈਣ ਵਾਲੇ ਕਿਪਚੋਗੇ ਵਰਗੇ ਅਣਥੱਕ ਯੋਧਾ ਕੁਝ ਵੀ ਕਰ ਸਕਦੇ ਹਨ।
ਦਰਅਸਲ ਅਥਲੈਟਿਕ 'ਚ ਮੈਰਾਥਨ ਨੂੰ ਸਭ ਤੋਂ ਮੁਸ਼ਕਿਲ ਮੁਕਾਬਲਾ ਮੰਨਿਆ ਜਾਂਦਾ ਹੈ। ਇਹ ਇਨਸਾਨੀ ਦਮਖਮ ਦੀ ਕਸੌਟੀ ਹੈ। ਪਿਛਲੇ 100 ਸਾਲ 'ਚ ਮੈਰਾਥਨ ਦੇ ਵਿਸ਼ਵ ਰਿਕਾਰਡ 'ਚ ਅੱਧੇ ਘੰਟੇ ਤੋਂ ਵੀ ਜ਼ਿਆਦਾ ਦਾ ਸੁਧਾਰ ਕੀਤਾ ਜਾ ਚੁੱਕਾ ਹੈ। ਜਿਸ ਦਿਨ ਕੋਈ ਦੌੜਾਕ ਇਹ ਮੈਰਾਥਨ 2 ਘੰਟੇ ਤੋਂ ਘੱਟ ਸਮੇਂ 'ਚ ਪੂਰਾ ਕਰ ਲਵੇਗਾ ਤਾਂ ਉਹ ਮੈਰਾਥਨ ਦੌੜਾਕ ਦੇ ਸੰਕਲਪ, ਜੋਸ਼, ਜਨੂਨ ਅਤੇ ਲਗਨ ਦਾ ਸੁਨਹਿਰਾ ਦਿਨ ਹੋਵੇਗਾ।


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਕੀ ਅੱਠਵਾਂ ਸਥਾਨ ਲੈ ਕੇ ਭਾਰਤ ਨੂੰ ਸਬਰ ਕਰ ਲੈਣਾ ਚਾਹੀਦਾ ਹੈ?

ਭਾਰਤ ਨੇ ਨਿਰਸੰਦੇਹ 8 ਤਗਮੇ ਜਿੱਤ ਕੇ ਪਹਿਲੇ 2010 ਦੇ 65 ਤੋਂ ਵੱਧ 69 ਤਗਮੇ ਜਿੱਤ ਕੇ ਖੇਡਾਂ ਵਿਚ ਕੁਝ ਸੁਧਾਰ ਤਾਂ ਕੀਤਾ ਹੈ ਪਰ ਏਨੇ ਵੱਡੇ ਦੇਸ਼ ਲਈ ਖੇਡ ਮਾਹਿਰਾਂ ਅਨੁਸਾਰ ਕੋਈ ਮਾਣਮੱਤੀ ਪ੍ਰਾਪਤੀ ਨਹੀਂ ਕੀਤੀ। ਚੀਨ ਨਾਲ ਜ਼ਰਾ ਮੁਕਾਬਲਾ ਕਰੋ, ਭਾਰਤ ਨੇ ਕੇਵਲ ਸੋਨੇ ਦੇ 15 ਤਗਮੇ ਜਿੱਤੇ ਹਨ ਪਰ ਦੂਜੇ ਪਾਸੇ ਚੀਨ ਨੇ 132 ਸੋਨੇ ਦੇ ਤਗਮੇ ਆਪਣੀ ਝੋਲੀ ਵਿਚ ਪਾਏ ਹਨ। ਜੇਕਰ ਕੁੱਲ ਤਗਮਿਆਂ ਦੀ ਗੱਲ ਕਰੀਏ ਤਾਂ ਭਾਰਤ ਨੇ 69 ਤਗਮੇ ਪ੍ਰਾਪਤ ਕੀਤੇ ਹਨ ਤੇ ਚੀਨ ਨੇ ਹੈਰਾਨੀਜਨਕ 289 ਤਗਮੇ ਜਿੱਤੇ ਹਨ। ਦਸਾਂ ਦੀ ਤਗਮਾ ਟੈਲੀ ਵਿਚ ਭਾਰਤ ਅੱਠਵੇਂ ਸਥਾਨ 'ਤੇ ਹੀ ਕਾਇਮ ਰਹਿ ਸਕਿਆ ਹੈ।
ਇਹ ਤਗਮੇ ਟੈਲੀ ਹੋਰ ਵੀ ਨਿਰਾਸ਼ਾਨਜਕ ਹੋ ਸਕਦੀ ਸੀ ਜੇ ਗਰੀਬ ਘਰਾਂ ਦੇ ਖਿਡਾਰੀ, ਜਿਹੜੇ ਸਾਰੇ ਖੇਡਾਂ ਦੇ ਸਾਜ਼ੋ-ਸਾਮਾਨ ਤੋਂ ਦੂਰ ਰਹਿੰਦੇ ਰਹੇ, ਉਹ ਆਪਣੇ ਬਲ ਨਾਲ ਭਾਰਤ ਦੀ ਬਾਂਹ ਨਾ ਫੜਦੇ। ਸਭ ਤੋਂ ਵੱਧ ਇਨ੍ਹਾਂ ਖੇਡਾ ਦੀ ਯਾਦਗਾਰੀ ਮਿਸਾਲ ਸਭ ਤੋਂ ਛੋਟੀ ਉਮਰ ਦਾ ਕੇਵਲ 15 ਸਾਲ ਦੇ ਵਿਹਾਨ ਨੇ ਕਾਇਮ ਕੀਤੀ, ਜਿਸ ਨੇ ਟਰੈਪ ਸ਼ੂਟਿੰਗ ਵਿਚ ਚਾਂਦੀ ਦਾ ਤੇ ਇਸੇ ਤਰ੍ਹਾਂ 16 ਸਾਲ ਦੇ ਸੌਰਵ ਚੌਧਰੀ ਨੇ 10 ਮੀਟਰ ਰਾਇਫਲ ਵਿਚ ਸੋਨੇ ਦਾ ਤਗਮਾ ਜਿੱਤ ਕੇ ਇਨ੍ਹਾਂ ਏਸ਼ਿਆਈ ਖੇਡਾਂ ਵਿਚ ਸਭ ਤੋਂ ਛੋਟੀ ਉਮਰ ਦੇ ਅਭੋਲ ਲੜਕੇ ਜਿੱਤਣ ਵਾਲੇ ਬਣੇ। ਇਸ ਸਮੇਂ ਮਨ ਵਿਚ ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਤੇ ਨਾ ਕਿਤੇ ਸਾਡੀ ਖੇਡ ਨੀਤੀ ਵਿਚ ਨੁਕਸ ਹੈ, ਪਹਿਲਾਂ ਕਿਉਂ ਨਾ ਇਨ੍ਹਾਂ ਖਿਡਾਰੀਆਂ ਦੀ ਕਦੇ ਕੋਈ ਗੱਲ ਨਾ ਹੋਈ, ਇਨ੍ਹਾਂ ਨੂੰ ਚਮਕਣ ਦਾ ਪਹਿਲਾਂ ਮੌਕਾ ਕਿਉਂ ਨਾ ਦਿੱਤਾ ਗਿਆ। ਇਨ੍ਹਾਂ ਸਾਰਿਆਂ ਦੀ ਪਰਿਵਾਰ ਨੇ ਹੀ ਮਦਦ ਕੀਤੀ, ਇਕ ਦੇ ਪਿਤਾ ਤਾਂ ਕੈਸਰ ਦੇ ਮਰੀਜ਼ ਹਨ। ਇਕ ਦਾ ਭਰਾ ਆਪਣੀ ਸਾਰੀ ਤਨਖਾਹ ਆਪਣੇ ਭਾਈ 'ਤੇ ਲਾਉਂਦਾ ਰਿਹਾ।
ਸਭ ਤੋਂ ਪ੍ਰੇਰਨਾ ਵਾਲੀ ਲੜਕੀ ਇਕ ਰਿਕਸ਼ਾ ਚਲਾਉਣ ਵਾਲੇ ਦੀ ਸਵਪਨਾ ਬਣੀ, ਜਿਸ ਨੇ ਹੈਪਟੇਥਲਾਨ, ਬਿਲਕੁਲ ਇਕ ਸੁੰਨੇ ਖੇਤਰ ਵਿਚ ਮਹਿਲਾ ਵਰਗ ਵਿਚ ਸੋਨੇ ਦਾ ਤਗਮਾ ਜਿੱਤ ਕੇ ਇਹ ਸਾਬਤ ਕਰ ਦਿਤਾ ਕਿ ਗੋਦੜੀਆਂ ਵਿਚ ਵੀ ਲਾਲ ਛੁਪੇ ਹੋਏ ਹੁੰਦੇ ਹਨ। ਇਸ ਤਰ੍ਹਾਂ ਦਾ ਹੁਨਰ ਭਾਰਤ ਦੇ ਹਰ ਕੋਨੇ-ਕੋਨੇ ਵਿਚ ਹੈ ਤੇ ਖਾਸ ਤੌਰ 'ਤੇ ਗਰੀਬ ਤੇ ਪਛੜੇ ਹੋਏ ਇਲਾਕਿਆਂ ਵਿਚ ਬਹੁਤ ਹੈ, ਲੋੜ ਹੈ ਇਕ ਇੱਛਾ ਸ਼ਕਤੀ ਨਾਲ ਲੱਭਣ ਦੀ। ਜਿਨ੍ਹਾਂ ਖਿਡਾਰੀਆਂ ਨੇ ਭਾਰਤ ਦੀ ਝੋਲੀ ਵਿਚ ਤਗਮੇ ਪਾਏ ਹਨ, ਉਨ੍ਹਾਂ ਦੀ ਭਰਪੂਰ ਸਲਾਹੁਣਾ ਕਰਨੀ ਰਸਮੀ ਤੌਰ 'ਤੇ ਬਣਦੀ ਹੈ ਪਰ ਨਾਲ ਹੀ ਇਸ ਕੋਰੀ ਜ਼ਮੀਨੀ ਹਕੀਕਤ ਤੋਂ ਮੂੰਹ ਨਹੀਂ ਮੋੜਨਾ ਚਾਹੀਦਾ ਕਿ ਇਹ ਪ੍ਰਾਪਤੀ ਸਾਨੂੰ ਸੰਤੋਸ਼ ਦੇ ਸਕਦੀ ਹੈ? ਚੀਨ ਵੀ ਭਾਰਤ ਵਾਂਗ ਇਕ ਬਹੁਤ ਹੀ ਵੱਧ ਆਬਾਦੀ ਵਾਲਾ ਦੇਸ਼ ਹੈ। ਜੇ ਉਸ ਨੇ ਹੈਰਾਨੀਜਨਕ ਪ੍ਰਗਤੀ ਕੀਤੀ ਹੈ, ਖੇਡ ਪ੍ਰੇਮੀ ਇਥੋਂ ਤੱਕ ਕਹਿੰਦੇ ਹਨ ਕਿ ਆਬਾਦੀ ਅਨੁਸਾਰ ਭਾਰਤ ਦਾ ਸਥਾਨ ਚੀਨ ਦੇ ਨੇੜੇ-ਤੇੜੇ ਹੋਣਾ ਚਾਹੀਦਾ ਸੀ ਪਰ ਅਸੀਂ ਇਸ ਖੇਤਰ ਵਿਚ ਬਹੁਤ ਪਛੜ ਗਏ ਹਾਂ।
ਸਾਡੀ ਇਸ ਨਿਗੁਣੀ ਜਿਹੀ ਪ੍ਰਾਪਤੀ 15 ਸੋਨੇ ਦੇ, 24 ਚਾਂਦੀ ਦੇ ਅਤੇ 30 ਕਾਂਸੀ ਦੇ ਕੁੱਲ 69 ਤਗਮੇ ਜਿੱਤਣ ਦੀ ਕਈ ਤਰ੍ਹਾਂ ਦੇ ਸਰਕਾਰੀ ਤੇ ਗੈਰ-ਸਰਕਾਰੀ ਅਦਾਰੇ ਵਿਸ਼ੇਸ਼ਣ ਲਾ ਕੇ ਸਲਾਹੁਣਾ ਕਰਦੇ ਹਨ ਪਰ ਸਾਰੇ ਏਸ਼ੀਆ ਦੀਆਂ ਨਜ਼ਰਾਂ ਵਿਚ ਖਾਸ ਕਰਕੇ ਤੇ ਸਾਰੇ ਸੰਸਾਰ ਵਿਚ ਭਾਰਤ ਦਾ ਅਕਸ ਧੁੰਦਲਾ ਜ਼ਰੂਰ ਹੋਇਆ ਹੈ। ਵੱਧ ਤਗਮੇ ਜਿੱਤਣ ਦੀ ਗੱਲ ਨਾ ਵੀ ਕਰੀਏ, ਅਸੀਂ ਤਾਂ ਜਿਹੜੇ ਸੰਭਾਵੀ ਤਗਮੇ ਦੀ ਗੱਲ ਕਰਦੇ ਹੋਏ ਅਕਸਰ ਇਹ ਕਹਿੰਦੇ ਰਹੇ ਹਾਂ ਕਿ ਇਹ ਤਗਮੇ ਤਾਂ ਸਾਡੀ ਜੇਬ ਵਿਚ ਹਨ, ਉਹ ਵੀ ਅਸੀਂ ਜਿੱਤ ਨਾ ਸਕੇ। ਸੁਸ਼ੀਲ ਕੁਮਾਰ ਨਾਲ ਸਾਡਾ ਆਰੰਭ ਵੀ ਨਿਰਾਸ਼ਾਜਨਕ ਹੋਇਆ, ਸਾਡਾ ਦੋ ਵਾਰ ਦਾ ਉਲੰਪੀਅਨ ਆਰਾਮ ਨਾਲ ਹੀ ਹਾਰ ਗਿਆ ਤੇ ਉਸ ਨੇ ਕੋਈ ਸੰਘਰਸ਼ ਹੀ ਨਾ ਕੀਤਾ। ਜੇਕਰ ਮੁੱਢ ਹੀ ਸਹੀ ਢੰਗ ਨਾਲ ਨਾ ਬੱਝਾ, ਫਿਰ ਅੱਗੇ ਲਈ ਪ੍ਰੇਰਨਾ ਦਾ ਰਸਤਾ ਕਿਵੇਂ ਖੁੱਲ੍ਹਦਾ। ਸੁਸ਼ੀਲ ਦੀ ਭੇਦਭਰੀ ਹਾਰ ਨੂੰ ਕੋਚ ਨੇ ਇਕ ਸਾਧਾਰਨ ਹਾਰ ਕਿਹਾ। ਕਬੱਡੀ ਸਾਡੇ ਪੰਜਾਬੀਆਂ ਦੀ ਮਾਣਮੱਤੀ ਤੇ ਪੰਜਾਬੀਅਤ ਨਾਲ ਰੰਗੀ ਹੋਈ ਦੇਸੀ ਖੇਡ ਹੈ, ਜਿਸ ਦੇ ਅਸੀਂ ਵਿਸ਼ਵ ਚੈਂਪੀਅਨ ਹਾਂ ਪਰ ਅਸੀਂ ਇਸ ਵਿਚ ਦੋਵੇਂ ਸੋਨੇ ਦੇ ਤਗਮੇ ਗੁਆ ਲਏ। ਅਸੀਂ ਕਈ ਵਾਰ ਉਲੰਪਿਕ ਵਿਚ ਸ਼ਾਮਿਲ ਕਰਨ ਦੀ ਮੰਗ ਵੀ ਕਰਦੇ ਹਾਂ।
ਇਸ ਤਰ੍ਹਾਂ ਦੀ ਦਰਦਨਾਕ ਕਹਾਣੀ ਫਿਰ ਸਾਡੀ ਮਹਿਬੂਬ ਖੇਡ ਹਾਕੀ ਨਾਲ ਵਾਪਰੀ। ਅਸੀਂ 8 ਵਾਰ ਦੇ ਉਲੰਪਿਕ ਜੇਤੂ ਸੈਮੀਫਾਈਨਲ ਵਿਚ ਹੀ ਹਾਰ ਗਏ। ਸਾਡਾ ਰਿਕਾਰਡ ਗੋਲਾਂ ਨਾਲ ਕਮਜ਼ੋਰ ਟੀਮਾਂ ਨੂੰ ਜਿੱਤਣਾ ਕਿਸ ਕੰਮ, ਜੇਕਰ ਅਸੀਂ ਮਲੇਸ਼ੀਆ ਟੀਮ ਕੋਲੋਂ ਵੀ ਹਾਰ ਗਏ, ਜੋ ਸਾਡੇ ਮਾਪਦੰਡ ਅਨੁਸਾਰ ਬਹੁਤ ਨੀਵੇਂ ਦਰਜੇ ਦੀ ਟੀਮ ਹੈ। ਇਸ ਖੇਡ ਨਾਲ ਜੁੜੇ ਹੋਏ ਮਾਹਿਰਾਂ ਦਾ ਇਹ ਕਹਿਣਾ ਹੈ ਕਿ ਵਾਧੂ ਸਵੈ-ਵਿਸ਼ਵਾਸ ਸਾਨੂੰ ਲੈ ਬੈਠਾ।
ਅਸੀਂ ਬਾਅਦ ਵਿਚ ਹੋਸ਼ ਆਉਣ 'ਤੇ ਪਾਕਿਸਤਾਨ ਨੂੰ ਹਰਾ ਕੇ ਆਪਣੀ ਕੁਝ ਸਾਖ ਬਚਾ ਸਕੇ। ਹਾਕੀ ਵਿਚ ਦੋਵੇਂ ਸੋਨੇ ਦੇ ਤਗਮੇ ਜਾਪਾਨ ਨੇ ਜਿੱਤੇ ਤੇ ਮਾਹਿਰਾਂ ਅਨੁਸਾਰ ਉਸ ਨੇ ਕਲੀਨਿਕਲ ਖੇਡ ਦਾ ਮੁਜ਼ਾਹਰਾ ਕੀਤਾ। ਬੈਡਮਿੰਟਨ ਵਿਚ ਵੀ ਅਸੀਂ ਭਾਵੇਂ ਏਸ਼ੀਆ ਵਿਚ ਪਹਿਲੀ ਵਾਰ ਤਗਮੇ ਜਿੱਤੇ ਹਨ ਪਰ ਖੇਡ ਪ੍ਰੇਮੀਆਂ ਦੀ ਆਸ 'ਤੇ ਪੂਰਾ ਨਾ ਉਤਰ ਸਕੇ। ਹਾਕੀ ਵਿਚ ਸਾਨੂੰ ਹੁਣ ਉਲੰਪਿਕ ਦੀ ਪਾਤਰਤਾ ਪਾਉਣ ਲਈ ਬਹੁਤ ਤਕੜੀਆਂ ਟੀਮਾਂ ਨਾਲ ਸੰਘਰਸ਼ ਕਰਨਾ ਪਵੇਗਾ। ਕੁੱਲ ਮਿਲਾ ਕੇ ਇਹ ਕਹਿਣਾ ਬਣਦਾ ਹੈ ਕਿ ਭਾਵੇਂ ਭਾਰਤ ਨੇ ਏਸ਼ੀਆਈ ਖੇਡਾਂ ਵਿਚ ਨਾਮਾਤਰ ਸੁਧਾਰ ਕੀਤਾ ਹੈ ਪਰ ਇਸ ਸਥਿਤੀ ਨਾਲ ਸੰਤੋਸ਼ ਨਹੀਂ ਕੀਤਾ ਜਾ ਸਕਦਾ। 2020 ਦੀਆਂ ਉਲੰਪਿਕ ਖੇਡਾਂ ਦੀ ਤਿਆਰੀ ਸਾਨੂੰ ਹੁਣ ਤੋਂ ਸ਼ੁਰੂੁ ਕਰਨੀ ਹੋਵੇਗੀ। ਵਿਸ਼ਵ ਵਿਚ ਖੇਡਾਂ ਵਿਚ ਜ਼ਮੀਨੀ ਹਕੀਕਤਾਂ ਤੋਂ ਜਾਣੂ ਹੋਣਾ ਪਵੇਗਾ, ਇਕ ਨਵੀਂ ਖੇਡ ਨੀਤੀ ਬਣਾਉਣ ਦੀ ਲੋੜ ਹੈ, ਨੌਜਵਾਨਾਂ ਵਿਚ ਛੁਪੇ ਹੁਨਰ ਨੂੰ ਤਰਾਸ਼ਣ ਦੀ ਲੋੜ ਹੈ।


-274-ਏ.ਐਕਸ., ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ। ਮੋਬਾ: 98152-55295

ਇਕ ਸਰਵੇਖਣ

ਖੇਡਾਂ 'ਚ ਹਰਿਆਣੇ ਦੀ ਬੱਲੇ-ਬੱਲੇ ਕਿਉਂ?

ਬਚਪਨ ਦੇ ਦਿਨਾਂ 'ਚ ਅਕਾਸ਼ਬਾਣੀ ਤੋਂ ਇਕ ਗੀਤ ਸੁਣਿਆ ਕਰਦੇ ਸਾਂ, 'ਖੇਲੋਗੇ ਕੂਦੋਗੇ ਹੋਗੇ ਖਰਾਬ, ਪੜ੍ਹੋਗੇ ਲਿਖੋਗੇ ਤੋ ਹੋਗੇ ਨਵਾਬ', ਇਸ ਮਿਥਕ ਨੂੰ ਹਰਿਆਣਾ ਨੇ ਬਾਖੂਬੀ ਤੋੜਿਆ ਹੈ। ਦੁੱਧ, ਘਿਓ, ਖੇਡਣਾ-ਮੱਲ੍ਹਣਾ ਹਰਿਆਣੇ ਦੀਆਂ ਫਿਜ਼ਾਵਾਂ ਦਾ ਇਕ ਹਿੱਸਾ ਹੈ। ਲੜਕੀ ਹੋਵੇ ਜਾਂ ਲੜਕਾ, ਹਰਿਆਣੇ ਦੀ ਦਿਨ ਚੜ੍ਹਦੀ ਦੀ ਲਾਲੀ ਅਤੇ ਸੱਜਰੀ ਸਵੇਰ ਆਲਸੀਪਨ ਦੀ ਚਾਦਰ ਖਿੱਚ ਕੇ ਇਥੋਂ ਦੇ ਨੌਜਵਾਨ ਅਤੇ ਉੱਭਰਦੇ ਖਿਡਾਰੀਆਂ ਨੂੰ ਖੇਡ ਮੈਦਾਨਾਂ 'ਚ ਭੇਜ ਦਿੰਦੀ ਹੈ। ਇਹ ਗੱਲ ਹੁਣ ਜੱਗ ਜ਼ਾਹਿਰ ਹੈ ਕਿ ਦੇਸ਼ ਹੋਵੇ ਜਾਂ ਵਿਦੇਸ਼ ਦੀ ਬੇਗਾਨੀ ਧਰਤੀ, ਤਗਮੇ ਜਿੱਤਣ 'ਚ ਹਰਿਆਣੇ ਨੇ ਹਮੇਸ਼ਾ ਭਾਰਤੀ ਤਿਰੰਗੇ ਨੂੰ ਬੜੀ ਸ਼ਾਨ ਅਤੇ ਸ਼ਿੱਦਤ ਨਾਲ ਲਹਿਰਾਇਆ ਹੈ। ਇਸ ਦੀ ਤਾਜ਼ਾ ਮਿਸਾਲ ਹੈ ਜਕਾਰਤਾ 'ਚ ਹੋਈਆਂ 18ਵੀਆਂ ਏਸ਼ੀਆਈ ਖੇਡਾਂ। ਇਨ੍ਹਾਂ ਖੇਡਾਂ 'ਚ ਭਾਰਤ ਨੇ ਇਸ ਵਾਰ ਕੁੱਲ 69 ਤਗਮੇ ਜਿੱਤੇ, ਖਾਸ ਗੱਲ ਇਹ ਕਿ ਇਸ ਵਿਚੋਂ 18 ਤਗਮੇ ਸਿਰਫ ਇਕ ਹੀ ਪ੍ਰਦੇਸ਼ ਹਰਿਆਣਾ ਨੂੰ ਮਿਲੇ। ਰੀਉ ਉਲੰਪਿਕ 2016 'ਚ ਮਿਲੇ ਸਿਰਫ ਦੋ ਤਗਮੇ ਪੀ. ਵੀ. ਸਿੰਧੂ ਅਤੇ ਸਾਕਸ਼ੀ ਮਲਿਕ ਜਾਣੀ ਕਿ ਦੋ ਤਗਮਿਆਂ ਵਿਚ ਇਕ ਹਰਿਆਣੇ ਦੀ ਹਿੱਸੇਦਾਰੀ ਸੀ। ਸੰਨ 2012 ਲੰਡਨ ਉਲੰਪਿਕ 'ਚ ਭਾਰਤ ਨੇ 81 ਖਿਡਾਰੀ ਮੈਦਾਨ 'ਚ ਉਤਾਰੇ ਸਨ। ਸੰਨ 2016 'ਚ ਰੀਓ ਉਲੰਪਿਕ 'ਚ ਹਰਿਆਣੇ ਦੇ 22 ਅਥਲੀਟ ਭਾਰਤੀ ਦਲ ਵਿਚ ਸ਼ਾਮਿਲ ਹਨ।
ਇਹ ਵੀ ਸਹੀ ਹੈ ਕਿ ਦੇਸ਼ ਦੀ ਕੁੱਲ ਆਬਾਦੀ 'ਚ ਹਰਿਆਣਾ ਦੀ ਹਿੱਸੇਦਾਰੀ ਸਿਰਫ 2 ਫੀਸਦੀ ਹੈ ਪਰ ਹਰਿਆਣੇ ਦੇ ਹਰ ਘਰ 'ਚ ਮੁੱਕੇਬਾਜ਼, ਕੁਸ਼ਤੀ, ਕਬੱਡੀ ਅਤੇ ਹਾਕੀ ਖੇਡਦੇ ਖਿਡਾਰੀ ਜ਼ਰੂਰ ਮਿਲ ਜਾਣਗੇ। ਇਸੇ ਸਾਲ ਆਸਟ੍ਰੇਲੀਆ ਦੇ ਗੋਲਡਕਾਸਟ 'ਚ ਹੋਈਆਂ ਰਾਸ਼ਟਰ ਮੰਡਲ ਖੇਡਾਂ 'ਚ ਭਾਰਤ ਨੇ 26 ਸੋਨ ਤਗਮਿਆਂ ਸਮੇਤ ਕੁੱਲ 66 ਤਗਮੇ ਜਿੱਤੇ, ਜਿਨ੍ਹਾਂ ਵਿਚ ਹਰਿਆਣੇ ਦੇ ਖਿਡਾਰੀਆਂ ਨੇ ਕੁੱਲ 22 ਤਗਮੇ ਭਾਰਤ ਦੀ ਝੋਲੀ ਪਾਏ ਤੇ ਸਾਲ 2014 ਗਲਾਸਗੋ ਰਾਸ਼ਟਰ ਮੰਡਲ ਖੇਡਾਂ 'ਚ ਹਰਿਆਣੇ ਦੇ ਅਥਲੀਟਾਂ ਨੇ ਭਾਰਤ ਨੂੰ 19 ਤਗਮੇ ਦਿਵਾਏ ਅਤੇ 2010 ਦੀਆਂ ਦਿੱਲੀ ਖੇਡਾਂ 'ਚ ਇਹ ਸੰਖਿਆ 27 ਸੀ।
ਅਸਲ 'ਚ ਹਰਿਆਣੇ ਦੀ ਸੰਸਕ੍ਰਿਤੀ ਹਰਿਆਣੇ ਨੂੰ ਦੂਜੇ ਰਾਜਾਂ ਤੋਂ ਅਲੱਗ ਕਰਦੀ ਹੈ। ਖੇਤੀ ਪ੍ਰਧਾਨ ਰਾਜ ਹੈ ਤੇ ਹਰਿਆਣੇ ਦਾ ਖਾਨ-ਪਾਨ, ਆਬੋਹਵਾ ਕਾਫੀ ਹੱਦ ਤੱਕ ਸ਼ੁੱਧ ਦੇਸੀ ਰਿਹਾ ਹੈ। ਖਿਡਾਰੀਆਂ ਦੀ ਸਾਦਗੀ ਭਰੀ ਜੀਵਨ ਸ਼ੈਲੀ ਅਤੇ ਜੋਸ਼-ਜਨੂੰਨ ਦੀ ਹੱਦ ਤੱਕ ਮਰਿਆਦਾ ਉਨ੍ਹਾਂ ਨੂੰ ਤਗਮੇ ਦੀ ਲਲਕ ਪੈਦਾ ਕਰਦੀ ਰਹੀ ਹੈ। ਇਕ ਕਹਾਵਤ ਹੈ, 'ਦੁੱਧ ਦਹੀਂ ਦਾ ਖਾਣਾ, ਆਪਣਾ ਦੇਸ਼ ਹਰਿਆਣਾ।' ਇਸ ਦੇ ਨਾਲ ਹੀ ਇਕ ਰਵਾਇਤ ਵੀ ਰਹੀ ਹੈ ਕਿ ਹਰਿਆਣਾ ਦੇ ਨੌਜਵਾਨਾਂ 'ਚ ਸੈਨਾ 'ਚ ਭਰਤੀ ਹੋਣ ਦਾ ਜਨੂਨ ਰਿਹਾ ਹੈ, ਇਸ ਲਈ ਖੇਡਾਂ ਦਾ ਰਾਹ ਸਭ ਤੋਂ ਵੱਧ ਕਾਰਗਰ ਸਾਬਤ ਹੁੰਦਾ ਹੈ। ਕੈਪਟਨ ਉਦੈ ਚੰਦ, ਬਲਬੀਰ ਸਿੰਘ ਅਤੇ ਕੈਪਟਨ ਹਵਾ ਸਿੰਘ ਵਰਗੇ ਦਿੱਗਜ਼ ਉਲੰਪੀਅਨਾਂ ਨੇ ਸੈਨਾ 'ਚ ਰਹਿੰਦਿਆਂ ਦੇਸ਼ ਦਾ ਮਾਣ ਵਧਾਇਆ। ਆਜ਼ਾਦੀ ਤੋਂ ਬਾਅਦ ਸੈਨਾ 'ਚ ਭਰਤੀ ਹੋਣ ਦੀ ਦਿਲਚਸਪੀ ਕਾਫੀ ਵਧੀ। ਨਾਰਨੌਲ, ਝੰਜਰ, ਭਿਵਾਨੀ ਵਰਗੇ ਸੈਂਟਰਾਂ 'ਚ ਨੌਜਵਾਨਾਂ ਨੇ ਖੇਡਾਂ 'ਚ ਵਧ-ਚੜ੍ਹ ਕੇ ਹਿੱਸਾ ਲਿਆ। ਲੀਲਾ ਰਾਮ, ਦੇਵੀ ਸਿੰਘ ਨੇ ਜਿਥੇ ਖੇਡਾਂ 'ਚ ਭਾਰਤ ਦਾ ਨਾਂਅ ਉੱਚਾ ਕੀਤਾ, ਉਥੇ ਸੈਨਾ ਤੋਂ ਬਾਅਦ ਉਨ੍ਹਾਂ ਨੇ ਉੱਭਰਦੇ ਖਿਡਾਰੀਆਂ ਨੂੰ ਪ੍ਰਭਾਵਿਤ ਕਰਦਿਆਂ ਤਗਮਾ ਜਿੱਤਣ ਲਈ ਭਖਦੀ ਮਸ਼ਾਲ ਵਾਂਗ ਪ੍ਰੇਰਿਤ ਕੀਤਾ। ਇਸ ਦੇ ਨਾਲ-ਨਾਲ ਹਰਿਆਣਾ ਸਰਕਾਰ ਦਾ ਖੇਡਾਂ ਪ੍ਰਤੀ ਰਵੱਈਆ ਵੀ ਕਾਫੀ ਸਾਕਾਰਾਤਮਿਕ ਰਿਹਾ ਹੈ। ਸਰਕਾਰ ਦੀ ਕੋਸ਼ਿਸ਼ ਸਦਕਾ ਕੁਸ਼ਤੀ ਮਿੱਟੀ ਦੇ ਅਖਾੜੇ ਤੱਕ 'ਮੱਡ ਟੂ ਮੈਟ' ਯਾਨੀ ਕਿ ਗੱਦੇ ਦੀ ਕੁਸ਼ਤੀ ਤੱਕ ਲਿਆਂਦਾ ਤਾਂ ਕਿ ਵਿਦੇਸ਼ੀ ਧਰਤੀ 'ਤੇ ਹੋਣ ਵਾਲੇ ਮੁਕਾਬਲਿਆਂ ਵਿਚ ਭਾਗ ਲਿਆ ਜਾ ਸਕੇ। ਹਰਿਆਣਾ ਨੇ ਖੇਡ ਸਹੂਲਤਾਂ ਵੱਲ ਵੀ ਵੱਧ ਧਿਆਨ ਦਿੱਤਾ। ਖੇਡਾਂ ਪ੍ਰਤੀ ਸਰਕਾਰ ਦੀ ਸੰਜੀਦਗੀ ਇਸ ਗੱਲ ਤੋਂ ਪਰਖੀ ਜਾ ਸਕਦੀ ਹੈ ਕਿ ਸੰਨ 2000 'ਚ ਹਰਿਆਣੇ 'ਚ ਪਹਿਲੀ ਵਾਰ ਖੇਡ ਨੀਤੀ ਦੀ ਸ਼ੁਰੂਆਤ ਕੀਤੀ ਗਈ, ਤਾਂ ਕਿ ਉਸੇ ਮੁਤਾਬਿਕ ਖਿਡਾਰੀਆਂ ਦੀਆਂ ਸੁਖ ਸਹੂਲਤਾਂ ਅਤੇ ਬੁਨਿਆਦੀ ਜ਼ਰੂਰਤਾਂ ਵੱਲ ਧਿਆਨ ਦਿੱਤਾ ਜਾ ਸਕੇ।
ਹਰਿਆਣੇ 'ਚ ਖਿਡਾਰੀਆਂ ਦੇ ਜਨੂਨ ਦੀ ਹੱਦ ਤੱਕ ਖੇਡ ਮੈਦਾਨਾਂ 'ਚ ਉਤਰਨ ਦਾ ਵੱਡਾ ਕਾਰਨ ਨੌਕਰੀ ਮਿਲਣਾ ਹੈ। ਸੰਨ 2001 'ਚ ਹਰਿਆਣਾ ਸਰਕਾਰ ਨੇ ਪ੍ਰਸਤਾਵ ਪਾਸ ਕੀਤਾ, ਜਿਸ ਵਿਚ ਸੋਨੇ, ਚਾਂਦੀ ਅਤੇ ਕਾਂਸੀ ਤਗਮਾ ਜਿੱਤਣ ਵਾਲੇ ਖਿਡਾਰੀਆਂ ਨੂੰ ਪ੍ਰਸ਼ਾਸਨਿਕ ਸੇਵਾਵਾਂ ਹਰਿਆਣਾ ਸਿਵਲ ਸਰਵਿਸਜ਼ ਅਤੇ ਹਰਿਆਣਾ ਪੁਲਿਸ ਵਿਭਾਗ 'ਚ ਨੌਕਰੀ ਦਿੱਤੀ ਜਾਂਦੀ ਹੈ। ਇਸ ਦੇ ਨਾਲ ਹੀ ਇਨਾਮਾਂ ਦੀ ਬਾਰਿਸ਼ ਜਿਥੇ ਖਿਡਾਰੀਆਂ ਲਈ ਵਰਦਾਨ ਸਾਬਤ ਹੋਈ, ਉਥੇ ਉਹ ਇਸ ਤੋਂ ਉਤਸ਼ਾਹਿਤ ਵੀ ਹੁੰਦੇ ਹਨ। ਇਸ ਦੀ ਤਾਜ਼ਾ ਉਦਾਹਰਨ ਏਸ਼ੀਅਨ ਖੇਡਾਂ 2018 'ਚ ਸੂਬਾ ਸਰਕਾਰ ਨੇ ਸੋਨ ਤਗਮੇ ਜਿੱਤਣ ਵਾਲੇ ਖਿਡਾਰੀਆਂ ਨੂੰ 1.5 ਕਰੋੜ ਰੁਪਏ, ਚਾਂਦੀ ਤਗਮਾ ਜੇਤੂ ਨੂੰ 75 ਲੱਖ ਅਤੇ ਕਾਂਸੀ ਤਗਮਾ ਜਿੱਤਣ ਵਾਲੇ ਖਿਡਾਰੀ ਨੂੰ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।


-ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

ਇੰਗਲੈਂਡ ਨੇ ਭਾਰਤੀ ਖਿਡਾਰੀਆਂ ਨੂੰ ਟਿਕ ਕੇ ਨਹੀਂ ਖੇਡਣ ਦਿੱਤਾ

ਏਸ਼ੀਆ ਕ੍ਰਿਕਟ ਕੱਪ ਸ਼ੁਰੂ ਹੋ ਚੁੱਕਾ ਹੈ। ਭਾਰਤੀ ਟੀਮ ਤੋਂ ਇਲਾਵਾ ਪਾਕਿਸਤਾਨ, ਸ੍ਰੀਲੰਕਾ, ਬੰਗਲਾਦੇਸ਼, ਅਫ਼ਗਾਨਿਸਤਾਨ ਦੇ ਨਾਲ-ਨਾਲ ਕੁਆਲੀਫਾਇੰਗ ਮੁਕਾਬਲੇ ਜਿੱਤ ਕੇ ਆਈ ਹਾਂਗਕਾਂਗ ਦੀ ਟੀਮ ਵੀ ਇਸ ਵਿਚ ਸ਼ਾਮਿਲ ਹੈ। ਭਾਰਤ ਦਾ ਪਹਿਲਾ ਮੁਕਾਬਲਾ 18 ਸਤੰਬਰ ਨੂੰ ਹਾਂਗਕਾਂਗ ਨਾਲ ਹੀ ਹੈ ਪਰ ਅਗਲੇ ਹੀ ਦਿਨ ਭਾਰਤ ਆਪਣੇ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਭਿੜੇਗਾ। ਇੰਗਲੈਂਡ ਵਿਖੇ 4-1 ਨਾਲ ਬੁਰੀ ਤਰ੍ਹਾਂ ਹਾਰ ਕੇ ਸਿੱਧੇ ਯੂ. ਏ. ਈ. ਪੁੱਜਣ ਵਾਲੀ ਭਾਰਤੀ ਟੀਮ ਐਨੀ ਛੇਤੀ ਟੈਸਟ ਦੇ ਸਰੂਪ 'ਚੋਂ ਬਾਹਰ ਨਿਕਲ ਕੇ ਇਕ-ਦਿਨਾ ਮੈਚਾਂ ਅਨੁਸਾਰ ਆਪਣੇ-ਆਪ ਨੂੰ ਕਿਵੇਂ ਢਾਲੇਗੀ, ਇਹ ਦੇਖਣਾ ਬਣਦਾ ਹੈ। ਭਾਰਤੀ ਟੀਮ ਦੇ ਧਾਕੜ ਬੱਲੇਬਾਜ਼ ਕਪਤਾਨ ਵਿਰਾਟ ਕੋਹਲੀ ਨੂੰ ਇਸ ਟੂਰਨਾਮੈਂਟ ਲਈ ਆਰਾਮ ਦਿੱਤਾ ਗਿਆ ਹੈ ਤੇ ਟੀਮ ਦੀ ਕਮਾਨ ਰੋਹਿਤ ਸ਼ਰਮਾ ਦੇ ਹਵਾਲੇ ਕੀਤੀ ਗਈ ਹੈ। ਟੀਮ 'ਚ ਕਈ ਵਾਰ ਅੰਦਰ-ਬਾਹਰ ਹੋਣ ਵਾਲੇ ਅੰਬਾਤੀ ਰਾਇਡੂ ਨੂੰ ਵਿਰਾਟ ਦੀ ਥਾਂ ਟੀਮ 'ਚ ਸ਼ਾਮਿਲ ਕੀਤਾ ਗਿਆ ਹੈ। ਖੱਬੂ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੂੰ ਵੀ ਮੌਕਾ ਮਿਲਿਆ ਹੈ। ਉਹ 145 ਕਿਲੋਮੀਟਰ ਤੋਂ ਵੱਧ ਦੀ ਤੇਜ਼ੀ ਨਾਲ ਗੇਂਦਾਂ ਸੁੱਟ ਸਕਦਾ ਹੈ।
ਇੰਗਲੈਂਡ ਵਿਖੇ ਭਾਰਤੀ ਟੀਮ ਨੂੰ ਮਿਲੀ ਹਾਰ ਦੇਖ ਕੇ ਲਗਦਾ ਹੈ ਕਿ ਖਿਡਾਰੀ ਕਿੰਨੇ ਡਰੇ ਹੋਏ ਸਨ। ਇੰਗਲਿਸ਼ ਤੇਜ਼ ਗੇਂਦਬਾਜ਼ਾਂ ਦੀਆਂ ਆਮ ਆਊਟਸਵਿੰਗ ਗੇਂਦਾਂ ਨੂੰ ਆਪਣੇ ਡਰ ਨਾਲ 'ਖਾਸ' ਬਣਾ ਕੇ ਭਾਰਤੀ ਬੱਲੇਬਾਜ਼ ਵਿਕਟਾਂ ਗੁਆਉਂਦੇ ਗਏ। ਜੇ ਨਿੱਜੀ ਪ੍ਰਦਰਸ਼ਨ ਦੇਖਿਆ ਜਾਵੇ ਤਾਂ ਇਹ ਕੋਈ ਬਹੁਤਾ ਮਾੜਾ ਨਹੀਂ ਪਰ ਲੜੀ ਦੀ ਹਾਰ ਦਾ ਫਰਕ ਦੇਖੀਏ ਤਾਂ ਚਿੰਤਾ ਕਰਨਾ ਬਣਦਾ ਹੈ। ਕਪਤਾਨ ਕੋਹਲੀ ਨੇ ਦੋ ਸੈਂਕੜੇ ਠੋਕੇ ਅਤੇ ਸਭ ਤੋਂ ਵੱਧ ਦੌੜਾਂ ਬਣਾਈਆਂ। ਲੋਕੇਸ਼ ਰਾਹੁਲ ਤੇ ਰਿਸ਼ਤ ਪੰਤ ਨੇ ਆਖਰੀ ਮੈਚ 'ਚ ਸੈਂਕੜੇ ਬਣਾਏ। ਬੱਲੇਬਾਜ਼ਾਂ 'ਚ ਕਾਬਲੀਅਤ ਹੈ, ਐਵੇਂ ਨਹੀਂ ਇਹ ਲੜੀ ਗੁਆ ਕੇ ਵੀ ਭਾਰਤੀ ਟੀਮ ਦਰਜਾਬੰਦੀ 'ਚ ਪਹਿਲੇ ਨੰਬਰ 'ਤੇ ਹੈ। ਬਸ ਬੱਲੇਬਾਜ਼ਾਂ ਅੰਦਰ ਕੋਈ ਆਤਮਵਿਸ਼ਵਾਸ ਹੀ ਨਹੀਂ ਭਰ ਪਾਇਆ। ਇੰਗਲੈਂਡ ਵਿਖੇ ਖੇਡੀਆਂ ਗਈਆਂ ਪਿਛਲੀਆਂ ਲੜੀਆਂ ਦਾ ਜਿਹੜਾ ਖੌਫ਼ ਭਾਰਤੀ ਬੱਲੇਬਾਜ਼ਾਂ ਅੰਦਰ ਸੀ, ਉਸ ਨੂੰ ਹੀ ਮਨਾਂ ਅੰਦਰ ਬਿਠਾ ਦਿੱਤਾ ਗਿਆ। ਭਾਰਤੀ ਕੋਚ ਰਵੀ ਸ਼ਾਸਤਰੀ ਦਾ ਟੀਮ 'ਚ ਕੀ ਕੰਮ ਹੈ, ਸਿਰਫ ਪੈਵੀਲੀਅਨ 'ਚ ਬੈਠ ਕੇ ਮੈਚ ਦੇਖਣਾ? ਖਿਡਾਰੀਆਂ ਅੰਦਰ ਰੂਹ ਫੂਕਣ ਦੀ ਜ਼ਿੰਮੇਵਾਰੀ ਸੀ ਉਸ ਦੀ। ਕਿਥੇ ਨਿਭਾਈ ਉਸ ਨੇ ਆਪਣੀ ਜ਼ਿੰਮੇਵਾਰੀ? ਖੇਡ ਦਾ ਸਰੂਪ ਕੋਈ ਵੀ ਹੋਵੇ, ਖਿਡਾਰੀਆਂ ਨੂੰ ਆਪਣੀ ਕੁਦਰਤੀ ਖੇਡ ਦੇ ਉਲਟ ਖੇਡਣ ਲਈ ਕਹਿਣਾ ਤਾਂ ਉਸ ਖਿਡਾਰੀ ਦੀ ਖੇਡ ਨੂੰ ਹੀ ਖ਼ਤਮ ਕਰਨਾ ਹੈ। ਕੇ. ਐਲ. ਰਾਹੁਲ ਨੇ ਆਖਰੀ ਮੈਚ 'ਚ ਆਪਣੀ ਕੁਦਰਤੀ ਖੇਡ ਦਿਖਾਈ ਤਾਂ ਨਤੀਜਾ ਸੈਂਕੜੇ ਦੇ ਰੂਪ 'ਚ ਸਾਹਮਣੇ ਸੀ। ਆਲਰਾਊਂਡਰ ਹਾਰਦਿਕ ਪਾਂਡੇਆ ਨੂੰ ਜੇ ਠੁੱਕ-ਠੁੱਕ ਦਾ ਨਿਰਦੇਸ਼ ਮਿਲੇਗਾ ਤਾਂ ਉਹ ਦਹਾਈ ਦਾ ਅੰਕੜਾ ਵੀ ਨਹੀਂ ਛੂਹ ਸਕੇਗਾ ਪਰ ਜੇ ਉਸ ਨੂੰ ਆਪਣੀ ਖੇਡ ਖੇਡਣ ਦਿੱਤੀ ਜਾਂਦੀ ਤਾਂ ਉਹ ਕਿਸੇ ਵੀ ਮੈਚ ਦਾ ਪਾਸਾ ਪਲਟਣ ਦੀ ਕਾਬਲੀਅਤ ਰੱਖਦਾ ਹੈ। ਟੀਮ ਅੰਦਰ ਜੋਸ਼ ਭਰਨਾ, ਖੌਫ਼ ਬਾਹਰ ਕੱਢਣਾ, ਇਕਜੁੱਟ ਹੋ ਕੇ ਟੀਮ ਲਈ ਖੇਡਣਾ, ਜਿੱਤ ਦੇ ਲਈ ਪ੍ਰੇਰਨਾ ਕਰਨਾ, ਇਹ ਕੋਚ ਦਾ ਕੰਮ ਹੈ।
ਜਿਸ ਮੈਚ 'ਚ ਪਿੱਚ ਦੀ ਹਾਲਤ ਦੇਖ ਕੇ ਇੰਗਲੈਂਡ ਵਾਲੇ ਇਕ ਸਪਿਨਰ ਖਿਡਾ ਰਹੇ ਨੇ, ਉਸ ਮੈਚ 'ਚ ਅਸੀਂ ਦੋ ਸਪਿਨਰਾਂ ਨੂੰ ਮੌਕਾ ਦੇ ਰਹੇ ਹਾਂ ਤੇ ਜਿਸ ਮੈਚ 'ਚ ਪਿੱਚ ਅਨੁਸਾਰ ਇੰਗਲੈਂਡ ਨੇ 2 ਸਪਿਨਰ ਖਿਡਾਏ, ਉਥੇ ਅਸੀਂ ਇਕ ਸਪਿਨਰ ਖਿਡਾ ਰਹੇ ਹਾਂ। ਪੂਰੀ ਲੜੀ ਦੌਰਾਨ ਭਾਰਤੀ ਖਿਡਾਰੀ ਬਿਖਰੇ-ਬਿਖਰੇ ਹੀ ਰਹੇ। ਕੋਈ ਵੀ ਇਨ੍ਹਾਂ ਨੂੰ ਲੜੀ 'ਚ ਨਹੀਂ ਪ੍ਰੋ ਸਕਿਆ। ਖਿੱਲਰੀ ਹੋਈ ਟੀਮ ਨੂੰ ਇੰਗਲਿਸ਼ ਗੇਂਦਬਾਜ਼ਾਂ ਨੇ ਟਿਕ ਕੇ ਨਹੀਂ ਖੇਡਣ ਦਿੱਤਾ, ਜਿਸ ਦਾ ਨਤੀਜਾ ਇਹ 4-1 ਦੀ ਵੱਡੀ ਹਾਰ ਹੈ।
ਆਉਣ ਵਾਲੇ ਸਮੇਂ 'ਚ ਭਾਰਤੀ ਟੀਮ ਨੇ ਵੈਸਟ ਇੰਡੀਜ਼, ਆਸਟ੍ਰੇਲੀਆ ਤੇ ਅਗਲੇ ਸਾਲ ਦੇ ਸ਼ੁਰੂ ਵਿਚ ਨਿਊਜ਼ੀਲੈਂਡ ਨਾਲ ਖੇਡਣਾ ਹੈ। ਹਾਲੇ ਵੀ ਸਮਾਂ ਹੈ ਟੀਮ ਪ੍ਰਬੰਧਨ ਬਾਰੇ ਸੋਚਣ ਲਈ ਅਤੇ ਟੀਮ 'ਚ ਨਵੇਂ ਸਾਹ ਫੂਕਣ ਲਈ। ਭਾਰਤੀ ਟੀਮ ਮਜ਼ਬੂਤ ਹੈ ਪਰ ਤਿਨਕਿਆਂ ਨੂੰ ਇਕੱਠਾ ਕਰਕੇ ਮਜ਼ਬੂਤ ਰੱਸੀ ਬਣਾਉਣ ਦਾ ਕੰਮ ਬਾਕੀ ਹੈ।


-ਮੋਬਾ: 98141-32420

ਇਕ ਬਾਂਹ ਨਾ ਹੋਣ ਦੇ ਬਾਵਜੂਦ ਵੀ ਖੇਡਦਾ ਹੈ ਤਾਈਕਵਾਂਡੋ ਯਮਨਾ ਕੁਮਾਰ ਪਾਸਵਾਨ

'ਕਟ ਗਿਆ ਬਾਜੂ ਫਿਰ ਬੀ ਬੰਦੇ ਹੈ ਹਮ ਕਮਾਲ ਕੇ, ਖੇਲ ਰਹੇਂ ਹੈਂ ਹੌਸਲੇ ਸੇ ਖੇਡ ਕੇ ਮੈਦਾਨ ਮੇਂ।' ਯਮਨਾ ਕੁਮਾਰ ਦੀ ਇਕ ਹਾਦਸੇ ਵਿਚ ਸੱਜੀ ਬਾਂਹ ਕੱਟੀ ਗਈ ਪਰ ਉਸ ਦੇ ਦ੍ਰਿੜ੍ਹ ਇਰਾਦੇ ਅਤੇ ਕੁਝ ਕਰ ਵਿਖਾਉਣ ਦੇ ਮਨਸ਼ੇ ਨਾਲ ਉਸ ਨੇ ਖੇਡ ਕਲਾ ਦੇ ਖੇਤਰ ਵਿਚ ਅਜਿਹੀਆਂ ਮੱਲਾਂ ਮਾਰੀਆਂ ਕਿ ਉਸ 'ਤੇ ਮਾਣ ਕੀਤੇ ਬਿਨਾਂ ਨਹੀਂ ਰਿਹਾ ਜਾ ਸਕਦਾ। ਯਮਨਾ ਕੁਮਾਰ ਦਾ ਜਨਮ ਝਾਰਖੰਡ ਪ੍ਰਾਂਤ ਦੇ ਜ਼ਿਲ੍ਹਾ ਧਨਬਾਦ ਵਿਚ ਇਕ ਛੋਟੇ ਜਿਹੇ ਸ਼ਹਿਰ ਨਿਸਤੀਪੁਰ ਵਿਖੇ ਪਿਤਾ ਕਾਰਾ ਪਾਸਵਾਨ ਦੇ ਘਰ ਮਾਤਾ ਕਾਂਤੀ ਦੇਵੀ ਦੀ ਕੁੱਖੋਂ ਹੋਇਆ। ਯਮਨਾ ਕੁਮਾਰ 21 ਜੂਨ, 2003 ਵਿਚ ਆਪਣੇ ਪਿਤਾ ਨਾਲ ਮੋਟਰਸਾਈਕਲ 'ਤੇ ਬੈਠ ਸ਼ਹਿਰ ਜਾ ਰਿਹਾ ਸੀ ਤਾਂ ਅਚਾਨਕ ਇਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਨੂੰ ਲਪੇਟ ਵਿਚ ਲੈ ਲਿਆ ਅਤੇ ਉਹ ਦੋਵੇਂ ਜਣੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ ਅਤੇ ਇਸ ਹਾਦਸੇ ਨੇ ਯਮਨਾ ਕੁਮਾਰ ਨੂੰ ਅਜਿਹਾ ਜ਼ਖ਼ਮ ਦਿੱਤਾ ਕਿ ਉਸ ਦੀ ਸੱਜੀ ਬਾਂਹ ਬੁਰੀ ਤਰ੍ਹਾਂ ਚੀਥੜੀ ਗਈ ਅਤੇ ਉਸ ਦੀ ਰਹਿੰਦੀ ਬਾਂਹ ਵੀ ਮਜਬੂਰੀ ਵੱਸ ਡਾਕਟਰਾਂ ਨੂੰ ਕੱਟਣੀ ਪਈ ਅਤੇ ਯਮਨਾ ਕੁਮਾਰ ਲਈ ਇਹ ਇਕ ਅਜਿਹਾ ਹਾਦਸਾ ਸੀ ਕਿ ਉਸ ਦੀ ਚੀਸ ਅੱਜ ਵੀ ਉਸ ਦੇ ਸੀਨੇ ਵਿਚ ਉਠਦੀ ਹੈ, ਪਰ ਉਸ ਦਾ ਹੌਸਲਾ ਬੜਾ ਕਮਾਲ ਦਾ ਹੈ ਕਿ ਉਸ ਨੇ ਅਜਿਹਾ ਹੁੰਦੇ ਹੋਏ ਵੀ ਤਾਈਕਵਾਂਡੋ ਖੇਡਦਿਆਂ ਦੇਸ਼ ਦੇ ਤਿਰੰਗੇ ਦੀ ਸ਼ਾਨ ਵਿਚ ਵਾਧਾ ਕੀਤਾ ਹੈ।
ਪੜ੍ਹਾਈ ਦੇ ਨਾਲ-ਨਾਲ ਯਮਨਾ ਕੁਮਾਰ ਨੂੰ ਖੇਡਾਂ ਦਾ ਵੀ ਬਹੁਤ ਸ਼ੌਕ ਸੀ ਅਤੇ ਉਸ ਦੀ ਮੁਲਾਕਾਤ ਅਥਲੈਟਿਕ ਕੋਚ ਅਮਿੱਤ ਕੁਮਾਰ ਰਵਾਨੀ ਨਾਲ ਹੋਈ। ਉਸ ਨੇ ਯਮਨਾ ਕੁਮਾਰ ਅੰਦਰ ਖੇਡ ਭਾਵਨਾ ਵੇਖੀ ਤਾਂ ਉਸ ਨੇ ਉਸ ਨੂੰ ਤਾਈਕਵਾਂਡੋ ਖੇਡ ਦੀ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਅਤੇ ਯਮਨਾ ਕੁਮਾਰ ਦੀ ਮਿਹਨਤ ਐਸੀ ਰੰਗ ਲਿਆਈ ਕਿ ਉਹ ਤਾਈਕਵਾਂਡੋ ਦੇ ਮੁਕਾਬਲੇ ਜਿੱਤਣ ਲੱਗਾ। ਸਾਲ 2005 ਵਿਚ ਝਾਰਖੰਡ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਭਾਗ ਲਿਆ, ਜਿੱਥੇ ਉਸ ਨੇ ਦੂਜੇ ਖਿਡਾਰੀਆਂ ਨੂੰ ਪਛਾੜਦਿਆਂ ਸੋਨ ਤਗਮੇ ਆਪਣੇ ਨਾਂਅ ਕੀਤੇ ਅਤੇ ਫਿਰ ਯਮਨਾ ਕੁਮਾਰ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਜਿੱਤ-ਦਰ-ਜਿੱਤ ਦਰਜ ਕਰਦਾ ਗਿਆ। ਸਾਲ 2006 ਵਿਚ ਝਾਰਖੰਡ ਤਾਈਕਵਾਂਡੋ ਐਸੋਸੀਏਸ਼ਨ ਚੈਂਪੀਅਨਸ਼ਿਪ ਵਿਚ ਖੇਡਦਿਆਂ ਵੀ ਸੋਨ ਤਗਮਾ ਜਿੱਤਿਆ। ਸਾਲ 2014 ਵਿਚ ਦਿੱਲੀ ਵਿਚ ਹੋਈ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਯਮਨਾ ਕੁਮਾਰ ਨੇ ਸੋਨ ਤਗਮਾ ਅਤੇ ਸਾਲ 2015-2016 ਵਿਚ ਫਿਰ ਤੋਂ ਪੈਰਾ ਨੈਸ਼ਨਲ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਜਿੱਤ ਦਰਜ ਕੀਤੀ ਅਤੇ ਸਾਲ 2018 ਤੱਕ ਯਮਨਾ ਕੁਮਾਰ ਨੇ ਲਗਾਤਾਰ ਤਾਈਕਵਾਂਡੋ ਖੇਡਦਿਆਂ ਨੈਸ਼ਨਲ ਪੱਧਰ 'ਤੇ ਆਪਣੀ ਖੇਡ ਕਲਾ ਦਾ ਲੋਹਾ ਮੰਨਵਾਇਆ। ਜੇਕਰ ਉਸ ਦੇ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਦੀ ਗੱਲ ਕਰੀਏ ਤਾਂ ਸਾਲ 2012 ਵਿਚ ਉਸ ਨੇ ਮੁੰਬਈ ਵਿਖੇ ਹੋਈ ਅੰਤਰਰਾਸ਼ਟਰੀ ਚੈਂਪੀਅਨਸ਼ਿਪ ਵਿਚ ਵੀ ਜਿੱਤ ਦਰਜ ਕੀਤੀ ਅਤੇ ਉਸ ਦੇ ਪ੍ਰਦਰਸ਼ਨ ਨੂੰ ਵੇਖਦਿਆਂ ਫਿਲਮ ਐਕਟਰ ਅਕਸ਼ੈ ਕੁਮਾਰ ਨੇ ਉਸ ਨੂੰ ਇਕ ਲੱਖ ਰੁਪਏ ਦੇ ਇਨਾਮ ਨਾਲ ਨਿਵਾਜਿਆ।
ਯੂਰਪੀਅਨ ਪੈਰਾ ਤਾਈਕਵਾਂਡੋ ਪੋਲੈਂਡ, ਇੰਡੀਅਨ ਓਪਨ ਅੰਤਰਰਾਸ਼ਟਰੀ ਤਾਈਕਵਾਂਡੋਂ ਚੈਂਪੀਅਨਸ਼ਿਪ 2010 ਬੈਂਗਲੌਰ, ਨਿਊਜ਼ੀਲੈਂਡ, ਔਕਲੈਂਡ ਵਿਖੇ ਸਾਲ 2017 ਵਿਚ ਹੋਈ ਤਾਈਕਵਾਂਡੋ ਵਿਚ ਵੀ ਉਸ ਨੇ ਭਾਗ ਲਿਆ। ਸਾਲ 2017 ਵਿਚ ਏਸ਼ੀਅਨ ਪੈਰਾ ਓਪਨ ਚੈਂਪੀਅਨਸ਼ਿਪ, ਵਰਲਡ ਪੈਰਾ ਓਪਨ ਤਾਈਕਵਾਂਡੋ ਚੈਂਪੀਅਨਸ਼ਿਪ 2017, ਕਾਠਮੰਡੂ ਅੰਤਰਰਾਸ਼ਟਰੀ ਤਾਈਕਵਾਂਡੋ 2018 ਨਿਪਾਲ, ਸਾਲ 2018 ਕੋਰੀਆ ਵਿਚ ਕਿਮਯੌਂਗ ਕੱਪ ਅੰਤਰਰਾਸ਼ਟਰੀ ਓਪਨ ਤਾਈਕਵਾਂਡੋ ਚੈਂਪੀਅਨਸ਼ਿਪ ਵਿਚ ਭਾਗ ਲੈ ਕੇ ਸੋਨ ਤਗਮਾ ਭਾਰਤ ਦੀ ਝੋਲੀ ਪਾਇਆ। ਯਮਨਾ ਕੁਮਾਰ ਅੱਜਕਲ੍ਹ ਕੈਨੇਡਾ ਦੀ ਧਰਤੀ ਉਪਰ ਕੈਨੇਡਾ ਓਪਨ ਪੈਰਾ ਤਾਈਕਵਾਂਡੋ ਚੈਂਪੀਅਨਸ਼ਿਪ 2018 ਵਿਚ ਖੇਡ ਰਿਹਾ ਹੈ। ਯਮਨਾ ਕੁਮਾਰ ਇਸ ਖੇਤਰ ਵਿਚ ਜਿੱਥੇ ਆਪਣੀ ਧਰਮ ਪਤਨੀ ਪੂਜਾ ਅਤੇ ਆਪਣੇ ਮਾਂ-ਬਾਪ ਦਾ ਬੇਹੱਦ ਸ਼ੁਕਰਗੁਜ਼ਾਰ ਹੈ, ਉਥੇ ਉਹ ਆਪਣੇ ਕੋਚ ਸੁਖਦੇਵ ਰਾਜ ਦਿੱਲੀ ਦਾ ਹਮੇਸ਼ਾ ਰਿਣੀ ਰਹਿੰਦਾ ਹੈ, ਜਿਨ੍ਹਾਂ ਨੇ ਉਸ ਨੂੰ ਹਰ ਪਲ ਉਤਸ਼ਾਹਤ ਕੀਤਾ। ਯਮਨਾ ਕੁਮਾਰ ਨੇ ਦੱਸਿਆ ਕਿ ਉਸ ਦਾ ਮੁੱਖ ਨਿਸ਼ਾਨਾ 2020 ਵਿਚ ਟੋਕੀਓ ਵਿਖੇ ਹੋਣ ਜਾ ਰਹੀ ਪੈਰਾ ਉਲੰਪਿਕ ਵਿਚ ਆਪਣੀ ਜਗ੍ਹਾ ਬਣਾਉਣ ਦਾ ਹੈ, ਜਿਸ ਲਈ ਉਹ ਜੀਅ ਤੋੜ ਮਿਹਨਤ ਕਰ ਰਿਹਾ ਹੈ। ਯਮਨਾ ਕੁਮਾਰ ਪਾਸਵਾਨ ਆਖਦਾ ਹੈ ਕਿ 'ਕਿਸਮਤ ਨੇ ਗਿਰਾ ਦੀਆ ਮੁਸ਼ਕਿਲੋਂ ਸੇ ਸੰਭਲੇ, ਅਬ ਮੁਸ਼ਕਿਲੇਂ ਪੀਛੇ ਹੈ ਔਰ ਆਗੇ ਹੈ ਮੰਜ਼ਲੇਂ।' ਯਮਨਾ ਕੁਮਾਰ ਦੇ ਹੌਸਲੇ ਨੂੰ ਸਦਾ ਸਲਾਮ।


-ਮੋਬਾ: 98551-14484

ਬਰਸੀ 'ਤੇ ਵਿਸ਼ੇਸ਼

ਉਲੰਪੀਅਨ ਮਹਿੰਦਰ ਮੁਣਸ਼ੀ ਨੰਗਲ ਅੰਬੀਆਂ

ਭਾਰਤੀ ਹਾਕੀ ਟੀਮ ਨੇ 1975 ਵਿਚ ਜਦ ਕੁਆਲਾਲੰਪੁਰ ਵਿਖੇ ਵਰਲਡ ਹਾਕੀ ਕੱਪ ਜਿੱਤਿਆ ਤਾਂ ਉਸ ਸਮੇਂ ਹਾਕੀ ਦੇ ਜੁਝਾਰੂ ਖਿਡਾਰੀ ਮਹਿੰਦਰ ਮੁਣਸ਼ੀ ਦੀ ਸਾਰੇ ਪਾਸੇ ਬੱਲੇ-ਬੱਲੇ ਹੋ ਗਈ ਸੀ। ਇਸੇ ਹੀ ਮਹਿੰਦਰ ਨੇ ਮਾਂਟਰੀਅਲ ਕੈਨੇਡਾ ਵਿਖੇ 1976 ਦੀਆਂ ਉਲੰਪਿਕ ਖੇਡਾਂ ਸਮੇਂ ਆਪਣੀਆਂ ਡਾਜਾਂ, ਜਾਨਦਾਰ ਸਟਰੋਕਾਂ ਦੀ ਕਮਾਲ ਦਿਖਾਉਂਦਿਆਂ ਬੈਸਟ ਸਕੋਰਰ ਦਾ ਖਿਤਾਬ ਹਾਸਲ ਕੀਤਾ। ਇਹ ਹੀਰਾ ਭਰ ਜੁਆਨੀ ਵਿਚ ਆਰਥਿਕ ਤੇ ਸਮਾਜਿਕ ਨਾ-ਬਰਾਬਰੀ 'ਤੇ ਅਧਾਰਿਤ ਸਮਾਜ ਅਤੇ ਜਾਤਾਂ-ਪਾਤਾਂ ਦੇ ਚੱਕਰਵਿਊ ਦੀਆਂ ਬਿਮਾਰੀਆਂ ਦਾ ਸ਼ਿਕਾਰ ਤੇ ਮਾੜੇ ਸਿਹਤ ਪ੍ਰਬੰਧ ਕਰਕੇ 19 ਸਤੰਬਰ, 1977 ਨੂੰ ਸਾਥੋਂ ਸਦਾ ਲਈ ਵਿਛੜ ਗਿਆ। ਇਹ ਹੀਰਾ ਜੋ ਕਿ ਮਹਿੰਦਰ ਮੁਣਸ਼ੀ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, ਪਿੰਡ ਨੰਗਲ ਅੰਬੀਆਂ, ਨੇੜੇ ਸ਼ਾਹਕੋਟ, ਜ਼ਿਲ੍ਹਾ ਜਲੰਧਰ ਦੇ ਵਾਸੀ ਮੁਣਸ਼ੀ ਰਾਮ ਦੇ ਘਰ ਮਾਤਾ ਰੱਖੀ ਦੀ ਕੁੱਖੋਂ 3 ਅਪ੍ਰੈਲ, 1953 ਨੂੰ ਪੈਦਾ ਹੋਇਆ ਸੀ। ਮੁਣਸ਼ੀ ਦੇ ਪਿਤਾ ਦੁਆਬਾ ਖ਼ਾਲਸਾ ਸਕੂਲ, ਜਲੰਧਰ ਵਿਖੇ ਸਫਾਈ ਸੇਵਕ ਵਜੋਂ ਨੌਕਰੀ ਕਰਦੇ ਸਨ ਅਤੇ ਸਕੂਲ ਦੇ ਮੈਦਾਨ ਨੇੜੇ ਹੀ ਰਹਿੰਦੇ ਸਨ। ਇਸ ਮੈਦਾਨ ਨੂੰ ਭਾਰਤ ਦੇ ਹਾਕੀ ਦੇ ਚੋਟੀ ਦੇ ਕਈ ਖਿਡਾਰੀ ਦੇਣ ਦਾ ਮਾਣ ਹਾਸਲ ਹੈ। ਇਥੇ ਹੀ ਮੁਣਸ਼ੀ ਨੇ ਮੈਦਾਨ ਵਿਚ ਨੱਠਣ-ਭੱਜਣ ਤੋਂ ਸ਼ੁਰੂ ਕਰਕੇ ਹਾਕੀ ਤੱਕ ਦਾ ਸਫ਼ਰ ਤੈਅ ਕੀਤਾ। ਉਸ ਬਲੈਕ ਬੋਰਡ 'ਤੇ ਗੋਲ ਚੱਕਰ ਵਾਹ ਦੇਣਾ ਤੇ ਨਾਲਦਿਆਂ ਨੂੰ ਕਹਿਣਾ ਕਿ ਜਿਸ ਚੱਕਰ 'ਤੇ ਤੁਸੀਂ ਸੋਟੀ ਲਾਓਗੇ, ਮੈਂ ਹਾਕੀ ਨਾਲ ਉਥੇ ਹੀ ਬਾਲ ਮਾਰਾਂਗਾ। ਉਸ ਨੇ ਬਾਲ ਗਿੱਲੀ ਕਰਕੇ ਉੱਥੇ ਹੀ ਮਾਰਨ ਦੀ ਪ੍ਰੈਕਟਿਸ ਕਰਦਿਆਂ ਪੈਨਲਟੀ ਸਟਰੋਕ ਦੀ ਮੁਹਾਰਤ ਸਕੂਲ ਵਿਚ ਹੀ ਹਾਸਲ ਕਰ ਲਈ ਸੀ। ਸ਼ਾਇਦ ਇਸੇ ਹੀ ਮਿਹਨਤ ਸਦਕਾ ਉਹ 1976 ਵਿਚ ਹੋਈਆਂ ਮਾਂਟਰੀਅਲ (ਜਿੱਥੇ ਉਸ ਦੇ ਸੁਪਨਿਆਂ ਦੀ ਰਾਣੀ ਰਹਿੰਦੀ ਹੈ) ਵਿਖੇ ਉਲੰਪਿਕ ਖੇਡਾਂ ਦੌਰਾਨ ਬੈਸਟ ਸਕੋਰਰ ਰਿਹਾ, ਉਸ ਦੀ ਪੈਨਲਟੀ ਸਟਰੋਕ 100 ਫੀਸਦੀ ਗੋਲ ਮੰਨੀ ਜਾਂਦੀ ਸੀ।
ਉਹ ਘਰ ਦੀਆਂ ਮਜਬੂਰੀਆਂ ਕਾਰਨ ਫੌਜ ਵਿਚ ਭਰਤੀ ਹੋ ਗਿਆ। ਉੱਥੇ ਵੀ ਉਹ ਅਥਲੈਟਿਕਸ ਤੇ ਹਾਕੀ ਖੇਡਦਾ ਰਿਹਾ। 1970 ਵਿਚ ਉਹ ਫੌਜ ਵਿਚੋਂ ਸ੍ਰੀ ਰਾਜਕੁਮਾਰ ਦੀ ਪ੍ਰੇਰਨਾ ਨਾਲ ਪੰਜਾਬ ਪੁਲਿਸ ਵਿਚ ਆ ਗਿਆ। ਫਿਰ ਚੱਲ ਸੋ ਚੱਲ। ਉਸ ਦੇ ਪਰਿਵਾਰ ਨੂੰ ਮਾਣ ਹੈ ਕਿ ਮੁਣਸ਼ੀ ਏਨੇ ਗਰੀਬ ਪਰਿਵਾਰ ਵਿਚ ਪੈਦਾ ਹੋ ਕੇ ਬਗੈਰ ਕਿਸੇ ਸਿਫਾਰਸ਼ ਦੇ 17 ਸਾਲ ਦੀ ਉਮਰ ਵਿਚ ਭਾਰਤ ਵਲੋਂ 1970 ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਖੇਡਿਆ। ਹੁਣ ਤਾਂ ਸੁਣੀਂਦਾ ਸਿਫਾਰਸ਼ ਨਾਲ ਖੇਡਣਾ ਤਾਂ ਬਹੁਤ ਉਰੇ ਦੀ ਗੱਲ ਹੈ, ਐਵਾਰਡ ਵੀ ਮਿਲ ਜਾਂਦੇ ਹਨ। ਮਹਿੰਦਰ ਮੁਣਸ਼ੀ ਨੇ ਪੰਜਾਬ ਪੁਲੀਸ ਵਲੋਂ 1971 ਤੋਂ ਸੰਨ 76 ਤੱਕ ਆਲ ਇੰਡੀਆ ਪੁਲੀਸ ਮੁਕਾਬਲਿਆਂ ਵਿਚ ਖੇਡਦਿਆਂ ਆਪਣੀ ਜਾਨਦਾਰ, ਤਕਨੀਕੀ ਤੇ ਡਾਜਾਂ ਭਰਪੂਰ ਹਾਕੀ ਖੇਡਣ ਦੀ ਕਲਾ ਰਾਹੀਂ ਜਿੱਥੇ ਆਪਣਾ ਲੋਹਾ ਮੰਨਵਾਇਆ, ਉੱਥੇ ਆਪਣੀ ਟੀਮ ਨੂੰ ਸ਼ਾਨਦਾਰ ਜਿੱਤਾਂ ਦੁਆਈਆਂ ਅਤੇ ਸਿਪਾਹੀ ਤੋਂ ਸਬ-ਇੰਸਪੈਕਟਰ ਤੱਕ ਤਰੱਕੀਆਂ ਲਈਆਂ। ਮੁਣਸ਼ੀ ਪੰਜਾਬ ਪੁਲੀਸ ਤੇ ਪੰਜਾਬ ਵਲੋਂ ਸੈਂਟਰ ਹਾਫ਼ ਤੇ ਭਾਰਤ ਵਲੋਂ ਲੈਫ਼ਟ ਹਾਫ਼ ਦੇ ਸਥਾਨ 'ਤੇ ਖੇਡਦਾ ਸੀ।
ਉਸ ਨੇ ਭਾਰਤੀ ਹਾਕੀ ਟੀਮ ਵਲੋਂ ਖੇਡਦਿਆਂ 1970 ਦੀਆਂ ਬੈਂਕਾਕ ਵਿਖੇ ਏਸ਼ੀਅਨ ਖੇਡਾਂ, 1974 ਨੂੰ ਭਾਰਤ ਅਤੇ ਏਸ਼ੀਅਨ ਹਾਕੀ ਟੀਮ ਵਿਚਾਲੇ ਹੈਦਰਾਬਾਦ ਵਿਖੇ ਅਤੇ 1976 ਵਿਚ ਮਾਂਟਰੀਅਲ ਵਿਚ ਹੋਈਆਂ ਉਲੰਪਿਕ ਖੇਡਾਂ ਅਤੇ 1975 ਵਿਚ ਮਲੇਸ਼ੀਆ ਵਿਖੇ ਵਰਲਡ ਹਾਕੀ ਕੱਪ ਜੋ ਭਾਰਤ ਨੇ 11 ਵਰ੍ਹਿਆਂ ਬਾਅਦ ਜਿੱਤਿਆ ਸੀ, ਵਿਚ ਆਪਣੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਸੀ।
ਉਸ ਦੀ ਯਾਦ ਵਿਚ ਹਰ ਸਾਲ ਸੂਬਾ ਪੱਧਰੀ ਹਾਕੀ ਟੂਰਨਾਮੈਂਟ ਪੀ.ਏ.ਪੀ. ਹਾਕੀ ਐਸਟਰੋਟਰਫ ਮੈਦਾਨ ਜਲੰਧਰ ਵਿਖੇ ਸ: ਦਲਜੀਤ ਸਿੰਘ, ਸ: ਸੁਖਵਿੰਦਰ ਸਿੰਘ, ਸ: ਜਸਵਿੰਦਰ ਸਿੰਘ, ਸ: ਰਜਿੰਦਰਪਾਲ ਸਿੰਘ ਸੈਣੀ, ਉਲੰਪੀਅਨ ਸੰਜੀਵ ਕੁਮਾਰ, ਬਲਜੀਤ ਸਿੰਘ ਚੰਦੀ, ਬੂਟਾ ਸਿੰਘ ਸਰਹਾਲੀ, ਮਹਾਂਬੀਰ ਸਿੰਘ, ਹਰਮਨਪ੍ਰੀਤ ਸਿੰਘ, ਕੁਲਜੀਤ ਸਿੰਘ ਸੈਣੀ, ਗੁਰਮੀਤ ਸਿੰਘ, ਸੱਤਪਾਲ, ਧਰਮਪਾਲ ਸਿੰਘ, ਹਰਜਿੰਦਰ ਸਿੰਘ ਰਿਆੜ, ਊਧਮ ਸਿੰਘ ਹੁੰਦਲ, ਸਾਹਿਲ ਸਿੰਘ ਹੁੰਦਲ ਕੈਨੇਡਾ, ਤੇਜਵੰਤ ਸਿੰਘ ਅਤੇ ਜੱਸ ਯੂ.ਐਸ.ਏ. ਆਦਿ ਦੀ ਅਗਵਾਈ ਹੇਠ ਹੁੰਦਾ ਹੈ।


-ਲੱਖਣ ਕੇ ਪੱਡਾ (ਕਪੂਰਥਲਾ)। ਮੋਬਾ: 98154-79623

ਕਦੋਂ ਤੁਰੇਗੀ ਭਾਰਤੀ ਹਾਕੀ ਟੀਮ ਸੁਨਹਿਰੀ ਰਾਹਾਂ ਵੱਲ?

ਜਕਾਰਤਾ ਏਸ਼ੀਅਨ ਖੇਡਾਂ ਵੇਲੇ ਭਾਰਤੀ ਹਾਕੀ ਟੀਮਾਂ ਦੇ ਆਰੰਭਲੇ ਮੈਚਾਂ 'ਚ ਇਸ ਗੱਲ ਦਾ ਭੁਲੇਖਾ ਜ਼ਰੂਰ ਪਿਆ ਕਿ ਸ਼ਾਇਦ ਭਾਰਤੀ ਹਾਕੀ ਦੀ ਤਕਦੀਰ ਹੁਣ ਬਦਲਣ ਵਾਲੀ ਹੈ। ਸਦੀਆਂ ਦੀ ਖੜੋਤ ਹੁਣ ਇਕ ਨਵੀਂ ਦਿਸ਼ਾ ਵੱਲ ਕਦਮ ਧਰਦਿਆਂ ਸਭ ਆਲੋਚਕਾਂ ਦਾ ਮੂੰਹ ਬੰਦ ਕਰਦਿਆਂ ਇਕ ਨਵਾਂ ਅਧਿਆਇ ਲਿਖਣ ਵਾਲੀ ਹੈ ਪਰ ਸੈਮੀਫਾਈਨਲ ਅਤੇ ਫਾਈਨਲ ਮੈਚਾਂ ਤੱਕ ਆਉਂਦਿਆਂ ਭਾਰਤੀ ਹਾਕੀ ਦੇ ਡਗਮਗਾਉਣ ਦੀ ਉਹੀ ਕਹਾਣੀ ਫਿਰ ਆਰੰਭ ਹੋ ਗਈ। ਸਾਡੀ ਕਲਮ ਅੱਜ ਪਹਿਲੀ ਵਾਰ ਰੱਜ ਕੇ ਭਾਰਤੀ ਹਾਕੀ ਟੀਮਾਂ ਦੀ ਆਲੋਚਨਾ ਕਰਨਾ ਚਾਹੁੰਦੀ ਹੈ, ਜੋ ਦਹਾਕਿਆਂ ਤੋਂ ਹਾਕੀ ਪ੍ਰੇਮੀਆਂ ਦੀਆਂ ਉਮੀਦਾਂ, ਆਸਾਂ ਤੋੜਦੀ ਆਈ ਹੈ ਪਰ ਅਫ਼ਸੋਸ ਕਿ ਅੱਜ ਤੱਕ ਵੀ ਏਨੀ ਜੋਗੀ ਨਹੀਂ ਹੋ ਸਕੀ ਕਿ ਉਹ ਹਾਕੀ ਪ੍ਰੇਮੀਆਂ ਨੂੰ ਉਨ੍ਹਾਂ ਦੇ ਸਬਰ ਦਾ ਕੋਈ ਇਨਾਮ ਦੇ ਸਕੇ।
ਏਸ਼ੀਅਨ ਖੇਡਾਂ 'ਚ ਸਾਡੀ ਪੁਰਸ਼ ਅਤੇ ਮਹਿਲਾ ਵਰਗ ਦੀਆਂ ਟੀਮਾਂ ਜੋ ਤਗਮੇ ਲੈ ਕੇ ਆਈਆਂ ਹਨ, ਉਨ੍ਹਾਂ ਤੋਂ ਕਿਸੇ ਸੁਨਹਿਰੀ ਭਵਿੱਖ ਦੀ ਕੋਈ ਆਸ ਨਹੀਂ ਬੱਝਦੀ। ਅਸੀਂ ਕਈ ਸਾਲਾਂ ਤੋਂ ਵਕਫੇ-ਵਕਫੇ ਬਾਅਦ ਇਹ ਤਗਮੇ ਹਾਕੀ ਟੀਮਾਂ ਦੇ ਹੱਥੀਂ ਦੇਖੇ ਹਨ। ਦੇਸ਼ 'ਚ ਵਿਸ਼ਵ ਕੱਪ ਹਾਕੀ ਦਾ ਆਯੋਜਨ ਕੁਝ ਮਹੀਨਿਆਂ ਬਾਅਦ ਹੋ ਰਿਹਾ ਹੈ। ਅਸੀਂ ਏਸ਼ੀਆ ਮਹਾਂਦੀਪ 'ਚੋਂ ਹੁਣ ਕਾਂਸੀ ਦੇ ਤਗਮਿਆਂ ਨਾਲ ਹੀ ਖੁਸ਼ ਤੇ ਸੰਤੁਸ਼ਟ ਹੋਈ ਜਾ ਰਹੇ ਹਾਂ। ਭਾਰਤੀਓ! ਜੇ ਖੇਡ ਪ੍ਰਤੀ ਕਿਸੇ ਕੋਚ ਦੀ ਵਚਨਬੱਧਤਾ ਦੇਖਣੀ ਹੈ ਤਾਂ ਜਾਪਾਨੀ ਕੋਚ ਸੀਗਫਰੈਂਡ ਐਕਮੈਨ ਦੀ ਦੇਖੋ। ਜੇ ਦੇਸ਼ ਪ੍ਰਤੀ ਲਗਨ ਦੀ ਕਿਸੇ ਨੇ ਮਿਸਾਲ ਦੇਖਣੀ ਹੈ ਤਾਂ ਮਲੇਸ਼ੀਆ ਦੀ ਹਾਕੀ ਟੀਮ ਦੀ ਦੇਖੋ। ਪੁਰਸ਼ ਵਰਗ ਦੀ ਹਾਕੀ 'ਚ ਜਾਪਾਨ ਨੇ ਸੋਨੇ ਦਾ ਤਗਮਾ ਜਿੱਤਿਆ ਅਤੇ ਮਲੇਸ਼ੀਆ ਨੇ ਚਾਂਦੀ ਦਾ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਕੁਝ ਅਰਸਾ ਪਹਿਲਾਂ ਚੈਂਪੀਅਨਜ਼ ਟਰਾਫੀ ਹਾਕੀ 'ਚ ਭਾਰਤ ਫਾਈਨਲ ਤੱਕ ਪਹੁੰਚ ਗਿਆ। ਬੜੀ ਮੁਸ਼ਕਿਲ ਨਾਲ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਕੇ ਸੋਨੇ ਦਾ ਤਗਮਾ ਜਿੱਤਿਆ। ਉਦੋਂ ਲਗਦਾ ਸੀ ਕਿ ਸ਼ਾਇਦ ਹੁਣ ਭਾਰਤ ਦੁਨੀਆ ਦੀ ਕਿਸੇ ਵੀ ਟੀਮ ਨੂੰ ਹਰਾ ਸਕਦਾ ਪਰ ਕੁਝ ਮਹੀਨਿਆਂ ਬਾਅਦ ਹੁਣ ਇਹ ਸਾਬਤ ਹੋਇਆ ਕਿ ਅਸੀਂ ਸਹੀ ਮਾਅਨਿਆਂ 'ਚ ਏਸ਼ੀਅਨ ਚੈਂਪੀਅਨ ਵੀ ਨਹੀਂ। ਸਾਡੇ ਖਿਡਾਰੀਆਂ ਨੂੰ ਪੈਸਾ ਮਿਲ ਰਿਹਾ ਹੈ, ਪਦਵੀਆਂ ਦੀਆਂ ਤਰੱਕੀਆਂ ਵੀ ਹੋ ਰਹੀਆਂ ਹਨ, ਅਰਜਨ ਐਵਾਰਡ ਵੀ ਮਿਲ ਰਹੇ ਹਨ, ਅਜੇ ਹੋਰ ਸਹੂਲਤਾਂ ਅਤੇ ਤਰੱਕੀਆਂ ਲਈ ਸਾਡੇ ਹਾਕੀ ਖਿਡਾਰੀ ਮੂੰਹ ਅੱਡੀ ਬੈਠੇ ਹਨ ਪਰ ਦੇਸ਼ ਦੀ ਹਾਕੀ ਕਿੰਨੀ ਕੁ ਤਰੱਕੀ ਕਰ ਰਹੀ ਹੈ, ਏਸ਼ੀਅਨ ਖੇਡਾਂ ਨੇ ਸਾਨੂੰ ਭਲੀਭਾਂਤ ਦੱਸ ਹੀ ਦਿੱਤਾ ਹੈ। ਪਰ ਸਾਡੇ ਖਿਡਾਰੀਆਂ ਨੂੰ ਕੀ ਫਰਕ ਪੈਂਦਾ?
ਜਾਪਾਨ ਦੇ ਸ਼ਹਿਰ ਟੋਕੀਓ 'ਚ ਅਗਲੀਆਂ ਉਲੰਪਿਕ ਖੇਡਾਂ ਆਯੋਜਿਤ ਹੋ ਰਹੀਆਂ ਹਨ। ਉਸ ਦੇਸ਼ ਦੀ ਹਾਕੀ ਸਿਸਟਮ ਨੂੰ ਚਲਾਉਣ ਦੀ ਤਿਆਰੀ ਅਤੇ ਰਣਨੀਤੀ ਵੇਖੋ, ਮਹਿਲਾ ਅਤੇ ਪੁਰਸ਼ ਵਰਗ 'ਚ ਦੋਵਾਂ 'ਚ ਉਨ੍ਹਾਂ ਦੀਆਂ ਹਾਕੀ ਟੀਮਾਂ ਚੈਂਪੀਅਨ ਹਨ ਪਰ ਸਾਡੇ ਦੇਸ਼ 'ਚ ਪੁਰਸ਼ ਵਰਗ ਦਾ ਵਿਸ਼ਵ ਕੱਪ ਆਯੋਜਿਤ ਹੋ ਰਿਹਾ ਹੈ, ਇਸ ਵਿਚ ਭਾਰਤੀ ਹਾਕੀ ਟੀਮ ਕਿੰਨੀ ਕੁ ਵੱਡੀ ਚੁਣੌਤੀ ਦੇ ਸਕਦੀ ਹੈ, ਤੁਸੀਂ ਆਪ ਹੀ ਅੰਦਾਜ਼ਾ ਲਗਾ ਲਵੋ। ਹਕੀਕਤ ਇਹ ਹੈ ਕਿ ਭਾਰਤੀ ਹਾਕੀ ਟੀਮਾਂ ਦੀ ਮੌਜੂਦਾ ਸਥਿਤੀ ਇਹ ਹੈ ਕਿ ਕਿਸੇ ਟੂਰਨਾਮੈਂਟ 'ਚ ਇਹ ਦੁਨੀਆ ਦੀ ਕਿਸੇ ਚੋਟੀ ਦੀ ਟੀਮ ਨੂੰ ਹਰਾ ਸਕਦੀ ਹੈ ਪਰ ਕੁਝ ਮਹੀਨਿਆਂ ਬਾਅਦ ਕਿਸੇ ਹੋਰ ਟੂਰਨਾਮੈਂਟ 'ਚ ਦੁਨੀਆ ਦੀ ਹੇਠਲੀ ਤੋਂ ਹੇਠਲੀ ਰੈਂਕ ਦੀ ਟੀਮ ਤੋਂ ਵੀ ਹਾਰ ਸਕਦੀ ਹੈ। ਹੁਣ ਇਸ ਟੀਮ 'ਤੇ ਭਰੋਸਾ ਕਰਨਾ ਮੁਸ਼ਕਿਲ ਹੈ।
ਭਾਰਤੀ ਹਾਕੀ ਟੀਮ ਲਈ ਹੋਰ ਵੱਡੀ ਮੁਸੀਬਤ ਟੋਕੀਓ ਉਲੰਪਿਕ ਹਾਕੀ ਲਈ ਕੁਆਲੀਫਾਈ ਕਰਨਾ ਹੈ। ਟੂਰਨਾਮੈਂਟ ਵਿਚ ਕਾਂਸੀ ਦੇ ਤਗਮੇ ਨਾਲ ਇਹ ਕੁਆਲੀਫਿਕੇਸ਼ਨ ਵੀ ਹੱਥੋਂ ਜਾਂਦੀ ਰਹੀ। ਹੁਣ ਅੱਠ ਦੇਸ਼ਾ ਹਾਕੀ ਟੂਰਨਾਮੈਂਟ 'ਚ ਪਹਿਲੇ, ਦੂਜੇ ਸਥਾਨ 'ਤੇ ਆਉਣਾ ਪਵੇਗਾ ਜਾਂ ਫਿਰ 12 ਦੇਸ਼ਾ ਕੁਆਲੀਫਾਇੰਗ ਟੂਰਨਾਮੈਂਟ 'ਚ ਬਹੁਤ ਆਹਲਾ ਦਰਜੇ ਦੀ ਕਾਰਗੁਜ਼ਾਰੀ ਦਿਖਾਉਣੀ ਪਵੇਗੀ। ਦੋਵੇਂ ਭਾਰਤ ਲਈ ਔਖੇ ਕੰਮ ਹਨ।
ਸੱਚ ਤਾਂ ਇਹ ਹੈ ਕਿ ਏਸ਼ੀਅਨ ਖੇਡਾਂ 'ਚ ਸਾਡੀ ਪੁਰਸ਼ ਵਰਗ ਦੀ ਟੀਮ ਨੇ ਸੈਮੀਫਾਈਨਲ ਹਾਰ ਕੇ ਬਹੁਤ ਕੁਝ ਗਵਾ ਲਿਆ ਹੈ। ਮਹਿਲਾ ਵਰਗ ਦੇ ਹੱਥੀਂ ਚਾਂਦੀ ਤਾਂ ਲੱਗ ਗਈ, ਜਿਸ ਨੂੰ ਬਹੁਤ ਵੱਡੀ ਪ੍ਰਾਪਤੀ ਨਹੀਂ ਮੰਨਿਆ ਜਾ ਸਕਦਾ। ਉਲੰਪਿਕ ਹਾਕੀ ਲਈ ਮਹਿਲਾ ਹਾਕੀ ਟੀਮ ਵੀ ਕੁਆਲੀਫਾਈ ਨਹੀਂ ਕਰ ਸਕੀ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX