ਤਾਜਾ ਖ਼ਬਰਾਂ


ਬੇਕਾਬੂ ਹੋ ਕੇ ਮਿੰਨੀ ਬੱਸ ਪਲਟੀ - ਇੱਕ ਨੌਜਵਾਨ ਹੇਠਾਂ ਦੱਬਿਆ
. . .  1 day ago
ਲੋਹਟਬੱਦੀ, 27 ਜਨਵਰੀ (ਕੁਲਵਿੰਦਰ ਸਿੰਘ ਡਾਂਗੋ) - ਪਿੰਡ ਡਾਂਗੋ ਵਿਖੇ ਲੀਲ ਵਾਲੀ ਸੜਕ 'ਤੇ ਬੇਕਾਬੂ ਹੋਈ ਮਿੰਨੀ ਬੱਸ ਪਲਟ ਗਈ।ਜਿਸ ਨਾਲ ਪਿੰਡ ਡਾਂਗੋ ਨਿਵਾਸੀ ਨੌਜਵਾਨ ਜਸਵਿੰਦਰ ਸਿੰਘ ਬੁਰੀ ਤਰ੍ਹਾਂ ਬੱਸ ਹੇਠ ਦੱਬਿਆ ਗਿਆ ਜਿਸ ਨੂੰ ...
ਗੁਣਾਚੌਰ ‘ਚ ਠੇਕੇ ਤੋਂ 50 ਹਜ਼ਾਰ ਲੁੱਟੇ
. . .  1 day ago
ਬੰਗਾ ,27 ਜਨਵਰੀ { ਜਸਬੀਰ ਸਿੰਘ ਨੂਰਪੁਰ } -ਸਫ਼ੇਦ ਰੰਗ ਦੀ ਗੱਡੀ 'ਚ ਆਏ 4 ਲੁਟੇਰਿਆਂ ਨੇ ਪਿਸਤੌਲ ਦੀ ਨੋਕ 'ਤੇ ਗੁਣਾਚੌਰ ਸਥਿਤ ਸ਼ਰਾਬ ਦੇ ਠੇਕੇ ਤੋਂ 50 ਹਜ਼ਾਰ ਲੁੱਟੇ ਹਨ ।ਇਸ ਮੌਕੇ ਉਹ ਆਪਣੇ ਨਾਲ ਮਹਿੰਗੀ ਸ਼ਰਾਬ ਵੀ ...
ਮਾਜਰਾ ਚੌਕ 'ਚ ਹਾਦਸੇ ਦੌਰਾਨ ਨੌਜਵਾਨ ਲੜਕੀ ਦੀ ਮੌਤ, ਭਰਾ ਜ਼ਖ਼ਮੀ
. . .  1 day ago
ਮੁੱਲਾਂਪੁਰ ਗਰੀਬਦਾਸ, 27 ਜਨਵਰੀ (ਦਿਲਬਰ ਸਿੰਘ ਖੈਰਪੁਰ )- ਪਿੰਡ ਮਾਜਰਾ ਚੌਕ 'ਚ ਭਿਆਨਕ ਹਾਦਸੇ ਦੌਰਾਨ ਇੱਕ ਨੌਜਵਾਨ ਲੜਕੀ ਦੀ ਮੌਤ ਹੋ ਗਈ ਅਤੇ ਉਸ ਦਾ ਭਰਾ ਜ਼ਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਮੋਟਰਸਾਈਕਲ ...
19 ਆਈ ਪੀ ਐੱਸ ਅਧਿਕਾਰੀਆਂ ਦੇ ਹੋਏ ਤਬਾਦਲੇ
. . .  1 day ago
ਚੰਡੀਗੜ੍ਹ ,27 ਜਨਵਰੀ - ਪੰਜਾਬ ਸਰਕਾਰ ਵੱਲੋਂ ਅੱਜ ਇਕ ਅਹਿਮ ਐਲਾਨ ਕਰਦਿਆਂ ਪੰਜਾਬ ਪੁਲਿਸ ਦੇ 19 ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ।
ਮੁੰਬਈ 'ਚ ਹੋਵੇਗਾ ਆਈ.ਪੀ.ਐਲ-2020 ਫਾਈਨਲ - ਸੌਰਵ ਗਾਂਗੁਲੀ
. . .  1 day ago
ਕੋਲਕਾਤਾ, 27 ਜਨਵਰੀ - ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) 2020 ਦਾ ਫਾਈਨਲ ਮੁਕਾਬਲਾ ਮੁੰਬਈ 'ਚ ਹੋਵੇਗਾ। ਇਸ ਦੀ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ)ਦੇ ਮੁਖੀ ਸੌਰਵ ...
ਕੋਰੋਨਾ ਵਾਇਰਸ ਨੂੰ ਲੈ ਕੇ ਹਵਾਈ ਅੱਡੇ 'ਤੇ ਲਗਾਇਆ ਗਿਆ ਥਰਮਲ ਸਕੈਨਰ
. . .  1 day ago
ਰਾਜਾਸਾਂਸੀ, 27 ਜਨਵਰੀ (ਹੇਰ, ਖੀਵਾ) - ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸ਼ਿਵਦੁਲਾਰ ਸਿੰਘ ਢਿੱਲੋਂ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦੀ ਅਗਵਾਈ ਹੇਠ ਇਕ ਅਹਿਮ ਮੀਟਿੰਗ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਵਿਖੇ ਕੀਤੀ ਗਈ, ਜਿਸ ਵਿਚ ਡਾਇਰੈਕਟਰ ਏਅਰਪੋਰਟ...
ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਸ਼ੁਰੂ ਕੀਤਾ ਗਿਆ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ'
. . .  1 day ago
ਅਜਨਾਲਾ, 27 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਐੱਸ.ਐੱਸ.ਪੀ ਅੰਮ੍ਰਿਤਸਰ ਦਿਹਾਤੀ ਵਿਕਰਮਜੀਤ ਦੁੱਗਲ ਵੱਲੋਂ ਸਮੂਹ ਕਰਮਚਾਰੀਆਂ/ਅਧਿਕਾਰੀਆਂ ਦੀ ਸਹਿਮਤੀ ਨਾਲ 'ਪੁਲਿਸ ਇੰਪਲਾਈਜ਼ ਵੈੱਲਫੇਅਰ ਫ਼ੰਡ' ਸ਼ੁਰੂ ਕੀਤਾ ਗਿਆ ਹੈ। ਇਸ ਫ਼ੰਡ ਦੀ ਮਦਦ ਨਾਲ ਹਰ ਪੁਲਿਸ...
ਮੀਂਹ ਨੇ ਫਿਰ ਵਧਾਈ ਠੰਢ
. . .  1 day ago
ਖਮਾਣੋਂ, 27 ਜਨਵਰੀ (ਪਰਮਵੀਰ ਸਿੰਘ) - ਸਵੇਰ ਦੀ ਬੱਦਲਵਾਈ ਤੋਂ ਬਾਅਦ ਇਲਾਕੇ ਵਿਚ ਮੀਂਹ ਸ਼ੁਰੂ ਹੋ ਗਿਆ ਹੈ। ਜਿਸ ਕਾਰਨ ਠੰਢ ਨੇ ਇਕ ਵਾਰ ਫੇਰ ਆਪਣੀ ਪਕੜ ਸ਼ੁਰੂ ਕਰ ਦਿੱਤੀ ਹੈ। ਠੰਢ ਅਤੇ ਮੀਂਹ ਨੂੰ ਜਿੱਥੇ ਕਿਸਾਨਾਂ...
ਦੋ ਧਿਰਾਂ ਵਿਚਾਲੇ ਚੱਲੇ ਇੱਟਾਂ-ਰੋੜੇ, 4 ਗੰਭੀਰ ਜ਼ਖ਼ਮੀ
. . .  1 day ago
ਭਿੰਡੀ ਸੈਦਾਂ, 27 ਜਨਵਰੀ ( ਪ੍ਰਿਤਪਾਲ ਸਿੰਘ ਸੂਫ਼ੀ )- ਸਥਾਨਕ ਕਸਬਾ ਭਿੰਡੀ ਸੈਦਾਂ ਵਿਖੇ ਦੋ ਧਿਰਾਂ ਵਿਚਾਲੇ ਅੱਜ ਕਿਸੇ ਪੁਰਾਣੀ ਰੰਜਸ਼ ਨੂੰ ਲੈ ਕੇ ਜੰਮ ਕੇ ਇੱਟਾਂ ਰੋੜੇ ਚੱਲੇ। ਇੱਕ ਧਿਰ...
ਨਿਤਿਸ਼ ਕੁਮਾਰ ਨੇ ਸੱਦੀ ਜੇ. ਡੀ. ਯੂ. ਨੇਤਾਵਾਂ ਦੀ ਬੈਠਕ, ਪ੍ਰਸ਼ਾਂਤ ਕਿਸ਼ੋਰ ਨਹੀਂ ਹੋਣਗੇ ਸ਼ਾਮਲ
. . .  1 day ago
ਪਟਨਾ, 27 ਜਨਵਰੀ- ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਭਲਕੇ 28 ਜਨਵਰੀ ਨੂੰ ਪਟਨਾ ਸਥਿਤ ਆਪਣੀ ਰਿਹਾਇਸ਼ 'ਤੇ ਬੈਠਕ ਬੁਲਾਈ ਹੈ। ਇਸ ਬੈਠਕ 'ਚ ਜੇ. ਡੀ. ਯੂ. ਦੇ ਸਾਰੇ ਸੰਸਦ ਮੈਂਬਰ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਪਸ਼ੂ ਪਾਲਕਾਂ ਲਈ ਵਰਦਾਨ ਹੈ ਬਾਇਓ ਗੈਸ

ਭਾਰਤ ਨੇ ਦੁੱਧ ਉਤਪਾਦਨ ਵਿਚ ਪਹਿਲਾ ਸਥਾਨ ਹਾਸਲ ਕੀਤਾ ਹੈ ਅਤੇ ਇਸ ਦਾ ਸਾਲਾਨਾ ਦੁੱਧ ਉਤਪਾਦਨ ਲਗਭਗ 16.5 ਕਰੋੜ ਟਨ ਹੈ। ਇਹ ਉਤਪਾਦਨ ਪਸ਼ੂਆਂ ਦੀ ਇਕ ਵੱਡੀ ਆਬਾਦੀ ਤੋਂ ਆਉਂਦਾ ਹੈ, ਜਿਸ ਵਿਚ ਲਗਭਗ 19 ਕਰੋੜ ਗਾਵਾਂ, 10.87 ਕਰੋੜ ਮੱਝਾਂ ਅਤੇ 13.5 ਕਰੋੜ ਬੱਕਰੀਆਂ ਹਨ (ਬੇਸਿਕ ਪਸ਼ੂ ਪਾਲਣ ਅਤੇ ਮੱਛੀ ਪਾਲਣ ਦੇ ਅੰਕੜੇ 2017)। ਪਸ਼ੂਆਂ ਦੀ ਇਸ ਵੱਡੀ ਆਬਾਦੀ ਦੇ ਨਾਲ, ਗੈਰ ਰਵਾਇਤੀ ਊਰਜਾ ਸਰੋਤ ਦੇ ਤੌਰ 'ਤੇ ਬਾਇਓ ਗੈਸ ਨੂੰ ਬੜੇ ਵਧੀਆ ਢੰਗ ਨਾਲ ਵਰਤਿਆ ਜਾ ਸਕਦਾ ਹੈ। ਅੱਜ ਦੁਨੀਆ ਇਕ ਬਦਲਾਅ ਦੇ ਦੌਰ ਵਿਚੋਂ ਲੰਘ ਰਹੀ ਹੈ, ਜਦੋਂ ਵਾਤਾਵਰਨ ਤਬਦੀਲੀ ਅਤੇ ਗਲੋਬਲ ਵਾਰਮਿੰਗ ਦੀ ਸਮੱਸਿਆ ਉਜਾਗਰ ਹੁੰਦੀ ਜਾ ਰਹੀ ਹੈ ਅਤੇ ਗੈਰ ਰਵਾਇਤੀ ਊਰਜਾ ਸੈਕਟਰ ਦੇ ਬੇਮਿਸਾਲ ਵਿਕਾਸ ਦੀ ਲੋੜ ਹੈ। ਵਧਦੀਆਂ ਤੇਲ ਦੀਆਂ ਕੀਮਤਾਂ ਅਤੇ ਘਟਦੇ ਕੁਦਰਤੀ ਸੋਮੇ ਸਾਨੂੰ ਗੈਰ ਰਵਾਇਤੀ ਊਰਜਾ ਸਰੋਤ ਜਿਵੇਂ ਕਿ ਬਾਇਓਗੈਸ ਵਰਤਣ ਲਈ ਪ੍ਰੇਰਿਤ ਕਰਦੇ ਹਨ। ਪਸ਼ੂਆਂ ਦੀਆਂ ਵੱਡੀ ਆਬਾਦੀ ਸਾਡੇ ਦੇਸ਼ ਵਿਚ ਬਾਇਓ ਗੈਸ ਦੀ ਵਰਤੋਂ ਦੀ ਅਥਾਹ ਸੰਭਾਵਨਾਵਾਂ ਪੈਦਾ ਕਰਦਾ ਹੈ, ਜੋ ਨਾ ਸਿਰਫ ਪਸ਼ੂ ਪਾਲਕਾਂ ਦੀ ਆਰਥਿਕਤਾ ਨੂੰ ਸੁਧਾਰਨ ਵਿਚ ਸਹਿਯੋਗ ਦੇਵੇਗਾ, ਬਲਕਿ ਵਾਤਾਵਰਨ ਨੂੰ ਵੀ ਸਾਫ਼ ਰੱਖਣ ਵਿਚ ਸਹਾਈ ਹੋਵੇਗਾ। ਡੇਅਰੀ ਫਾਰਮਿੰਗ ਲੰਬੇ ਸਮੇਂ ਤੋਂ ਭਾਰਤੀ ਪੇਂਡੂ ਘਰਾਂ ਦਾ ਮੁੱਖ ਸਹਾਇਕ ਧੰਦਾ ਹੈ ਅਤੇ ਬਾਇਓ ਗੈਸ ਦੀ ਵਰਤੋਂ ਪੇਂਡੂ ਆਰਥਿਕਤਾ ਨੂੰ ਉਨ੍ਹਾਂ ਦੇ ਦਰਵਾਜ਼ੇ 'ਤੇ ਸਸਤੀ ਊਰਜਾ ਦੇ ਸਰੋਤ ਪ੍ਰਦਾਨ ਕਰਕੇ ਪੇਂਡੂ ਅਰਥਚਾਰੇ ਦੀ ਸਹਾਇਤਾ ਕਰਨ ਲਈ ਇਕ ਸਾਧਨ ਹੋ ਸਕਦੀ ਹੈ। ਇਹ ਰਵਾਇਤੀ ਊਰਜਾ ਸਰੋਤਾਂ 'ਤੇ ਉਨ੍ਹਾਂ ਦੀ ਨਿਰਭਰਤਾ ਨੂੰ ਘਟਾ ਕੇ ਉਨ੍ਹਾਂ ਦੀ ਰੋਜ਼ੀ-ਰੋਟੀ ਦੀ ਲਾਗਤ ਨੂੰ ਘਟਾ ਸਕਦਾ ਹੈ ਅਤੇ ਇਹ ਇਕ ਨਵਿਆਉਣਯੋਗ ਊਰਜਾ ਸਰੋਤ ਬਣ ਕੇ ਵਾਤਾਵਰਨ ਦੀ ਰੱਖਿਆ ਵਿਚ ਸਹਾਇਤਾ ਕਰੇਗਾ।
ਖੇਤੀਬਾੜੀ, ਪਸ਼ੂਆਂ, ਉਦਯੋਗਿਕ ਅਤੇ ਮਿਊਂਸਪਲ ਰਹਿੰਦ-ਖੂੰਹਦ ਨੂੰ ਊਰਜਾ ਵਿਚ ਤਬਦੀਲ ਕਰਨ ਲਈ ਗ਼ੈਰ-ਰਵਾਇਤੀ ਊਰਜਾ ਦੇ ਤੌਰ 'ਤੇ ਬਾਇਓ ਗੈਸ ਸਾਹਮਣੇ ਆਈ ਹੈ। ਬਾਇਓ ਗੈਸ ਨੂੰ ਸਵੱਛਤਾ ਦੇ ਨਾਲ ਨਾਲ ਹਵਾ ਪ੍ਰਦੂਸ਼ਣ ਅਤੇ ਗ੍ਰੀਨਹਾਊਸ ਗੈਸਾਂ ਨੂੰ ਘਟਾਉਣ ਦੀਆਂ ਰਣਨੀਤੀਆਂ ਨਾਲ ਜੋੜਿਆ ਜਾ ਸਕਦਾ ਹੈ। ਬਾਇਓ ਗੈਸ ਜੈਵਿਕ ਪਦਾਰਥ ਜਿਵੇਂ ਪਸ਼ੂਆਂ ਦੇ ਗੋਬਰ, ਮੁਰਗੀਆਂ ਦੀਆਂ ਵਿੱਠਾਂ, ਸੂਰਾਂ ਦਾ ਮਲ, ਮਨੁੱਖੀ ਨਿਕਾਸ, ਫ਼ਸਲਾਂ ਦੇ ਰਹਿੰਦ-ਖੂੰਹਦ, ਨਾਸ਼ਵਾਨ ਖਾਣ ਪੀਣ ਵਾਲੇ ਪਦਾਰਥਾਂ ਅਤੇ ਰਸੋਈ ਦੇ ਰਹਿੰਦ-ਖੂੰਹਦ ਆਦਿ ਦੇ ਅਨੈਰੋਬਿਕ ਪਾਚਨ ਦੁਆਰਾ ਪ੍ਰਾਪਤ ਕੀਤੀ ਜਾਂਦੀ ਹੈ। ਆਮ ਤੌਰ 'ਤੇ ਇਕ ਗਾਂ / ਮੱਝ 15-20 ਕਿਲੋ ਗੋਬਰ ਕਰਦੀ ਹੈ ਅਤੇ ਇਕ ਕਿਲੋ ਪਸ਼ੂ ਗੋਬਰ ਤਕਰੀਬਨ 0.04 ਘਣ ਮੀਟਰ ਬਾਇਓ ਗੈਸ ਪੈਦਾ ਕਰਦਾ ਹੈ। ਦੂਜੇ ਸ਼ਬਦਾਂ ਵਿਚ ਇਕ ਘਣ ਮੀਟਰ ਬਾਇਓ ਗੈਸ ਦੇ ਉਤਪਾਦਨ ਲਈ ਲਗਭਗ 25 ਕਿਲੋ ਪਸ਼ੂ ਗੋਬਰ ਦੀ ਜ਼ਰੂਰਤ ਹੈ। ਬਾਇਓ ਗੈਸ ਦੇ 25 ਘਣ ਮੀਟਰ ਤੋਂ ਲਗਭਗ 3 ਕਿਲੋਵਾਟ ਬਿਜਲੀ ਪੈਦਾ ਕੀਤੀ ਜਾ ਸਕਦੀ ਹੈ। ਬਾਇਓ ਗੈਸ ਪਲਾਂਟ, ਮੁਰਗੀਆਂ ਦੀਆਂ ਵਿੱਠਾਂ ਨਾਲ ਵੀ ਚਲਾਇਆ ਜਾ ਸਕਦਾ ਹੈ ਅਤੇ ਤਕਰੀਬਨ 250-300 ਪੰਛੀਆਂ ਦੀਆਂ ਵਿੱਠਾਂ ਇਕ ਘਣ ਮੀਟਰ ਸਮਰੱਥਾ ਵਾਲੇ ਬਾਇਓ ਗੈਸ ਪਲਾਂਟ ਨੂੰ ਚਲਾਉਣ ਲਈ ਕਾਫ਼ੀ ਹਨ। ਇਸ ਪਲਾਂਟ ਤੋਂ ਗੈਸ ਦਾ ਉਤਪਾਦਨ ਪਸ਼ੂਆਂ ਦੇ ਗੋਬਰ ਨਾਲੋਂ 6 ਗੁਣਾ ਵੱਧ ਹੋਵੇਗਾ। ਬਾਇਓ ਗੈਸ ਪਲਾਂਟ ਦੀਆਂ ਵੱਖ-ਵੱਖ ਕਿਸਮਾਂ ਦੀ ਸਮਰੱਥਾ, ਵੱਖੋ-ਵੱਖਰੇ ਜਾਨਵਰਾਂ ਤੋਂ ਗੋਬਰ ਦੀ ਜ਼ਰੂਰਤ ਅਤੇ ਕਿੰਨੇ ਵਿਅਕਤੀਆਂ ਦੇ ਖਾਣਾ ਪਕਾਉਣ ਲਈ ਢੁਕਵੀਂ ਹੋਵੇਗੀ।
ਜੈਵਿਕ ਰਹਿੰਦ-ਖੂੰਹਦ ਦੇ ਸੜਨ ਦੇ ਨਤੀਜੇ ਵਜੋਂ ਮਿਥੇਨ (55-65%), ਕਾਰਬਨ ਡਾਈਆਕਸਾਈਡ (30-40%), ਹਾਈਡਰੋਜਨ (1-5%), ਨਾਈਟ੍ਰੋਜਨ (1%), ਹਾਈਡ੍ਰੋਜਨ ਸਲਫਾਈਡ (0.1%) ਅਤੇ ਪਾਣੀ ਦੀ ਭਾਫ਼ (0.1%) ਪੈਦਾ ਹੁੰਦੀ ਹੈ। ਬਾਇਓ ਗੈਸ ਦਾ ਕੈਲੋਰੀਫਿਕ ਮੁੱਲ ਲਗਪਗ 5000 ਕਿਲੋ ਕੈਲੋਰੀ ਪ੍ਰਤੀ ਘਣ ਮੀਟਰ ਹੁੰਦਾ ਹੈ, ਜੋ ਕਿ ਆਮ ਵਰਤੋਂ ਵਿਚ ਆਉਣ ਵਾਲੀ ਲੱਕੜ ਦੇ ਬਾਲਣ ਜਾਂ ਪਾਥੀਆਂ ਨਾਲੋਂ ਵੱਧ ਹੁੰਦਾ ਹੈ। ਇਸ ਦੀ ਥਰਮਲ ਸਮਰੱਥਾ 60 ਪ੍ਰਤੀਸ਼ਤ ਹੁੰਦੀ ਹੈ, ਜੋ ਮਿੱਟੀ ਦੇ ਤੇਲ ਜਾਂ ਘਰੇਲ਼ੂ ਗੈਸ ਦੇ ਲਗਭਗ ਬਰਾਬਰ ਹੁੰਦੀ ਹੈ। ਬਾਇਓ ਗੈਸ ਪਲਾਂਟ ਦੇ ਵੱਖ-ਵੱਖ ਹਿੱਸਿਆਂ ਤੋਂ ਬਣਦਾ ਹੈ, ਜਿਸ ਵਿਚ ਡਾਈਜੈਸਟਰ ਚੈਂਬਰ, ਗੈਸ ਸਟੋਰੇਜ ਗੁੰਬਦ, ਮਿਕਸਿੰਗ ਟੈਂਕ, ਇਨਲੈੱਟ ਪਾਈਪ, ਆਊਟਲੈੱਟ ਚੈਂਬਰ, ਗੈਸ ਆਊਟਲੈੱਟ ਪਾਈਪ, ਗੇਟ ਵਾਲਵ, ਗੈਸ ਪਾਈਪਲਾਈਨ, ਪਾਣੀ ਦਾ ਟ੍ਰੈਪ ਅਤੇ ਬਾਇਓ ਗੈਸ 'ਤੇ ਚੱਲਣ ਲਈ ਸੰਦ ਸ਼ਾਮਲ ਹਨ। ਵੱਖ-ਵੱਖ ਕਿਸਮਾਂ ਦੇ ਬਾਇਓ ਗੈਸ ਪਲਾਂਟ ਲਗਾਉਣ ਦੀ ਲਾਗਤ, ਮਾਡਲ ਅਤੇ ਸਮਰੱਥਾ 'ਤੇ ਨਿਰਭਰ ਕਰਦੀ ਹੈ।


-ਕ੍ਰਿਸ਼ੀ ਵਿਗਿਆਨ ਕੇਂਦਰ, ਫਿਰੋਜ਼ਪੁਰ।
ਮੋਬਾਈਲ : 95018-00488


ਖ਼ਬਰ ਸ਼ੇਅਰ ਕਰੋ

ਬਾਗ਼ਬਾਨੀ ਲਈ ਢੁਕਵੀਂ ਮਸ਼ੀਨਰੀ ਦੀ ਚੋਣ

ਸਬ ਸੋਆਇਲਰ:- ਇਸ ਦੇ ਲਈ 45 ਹਾਰਸ ਪਾਵਰ ਤੋਂ ਵੱਧ ਦਾ ਟਰੈਕਟਰ ਲੋੜੀਂਦਾ ਹੈ। ਇਹ ਜ਼ਮੀਨ ਦੇ ਹੇਠਾਂ ਬਣੀ ਸਖ਼ਤ ਤਹਿ ਨੂੰ ਤੋੜਦਾ ਹੈ। ਇਹ 40 ਸੈਂਟੀਮੀਟਰ ਤੋਂ ਵੱਧ ਡੂੰਘਾਈ ਤੱਕ ਜਾਂਦਾ ਹੈ। ਇਸ ਤਰ੍ਹਾਂ ਕਰਨ ਨਾਲ ਫਲ਼ਾਂ ਅਤੇ ਸਬਜ਼ੀਆਂ ਵਿਚ ਬਾਰਿਸ਼ ਦੇ ਵਾਧੂ ਪਾਣੀ ਦੀ ਜ਼ਮੀਨ ਦੇ ਹੇਠਾਂ ਵਧੀਆ ਨਿਕਾਸੀ ਹੋਵੇਗੀ।
ਟਰੈਕਟਰ ਚਾਲਤ ਪੋਸਟ ਹੋਲ ਡਿੱਗਰ:- ਇਹ ਮਸ਼ੀਨ ਬਾਗ਼ਬਾਨੀ ਲਈ ਟੋਏ ਪੁੱਟਣ ਦਾ ਕੰਮ ਕਰਦੀ ਹੈ। ਟੋਏ ਦਾ ਘੇਰਾ 15 ਤੋਂ 75 ਸੈਂਟੀਮੀਟਰ ਅਤੇ ਡੂੰਘਾਈ 90 ਸੈਂਟੀਮੀਟਰ ਤੱਕ ਹੋ ਸਕਦੀ ਹੈ। ਇਹ ਮਸ਼ੀਨ ਟਰੈਕਟਰ ਦੀ ਪੀ.ਟੀ.ਓ. ਦੁਆਰਾ ਇਕ ਗੀਅਰ ਬਾਕਸ ਨਾਲ ਚਲਦੀ ਹੈ ਅਤੇ ਟਰੈਕਟਰ ਦੀਆਂ ਲਿੰਕਾਂ ਉਤੇ ਇਸ ਨੂੰ ਫਿੱਟ ਕੀਤਾ ਜਾਂਦਾ ਹੈ। ਆਮ ਹਾਲਤਾਂ ਵਿਚ ਇਹ ਮਸ਼ੀਨ ਇਕ ਘੰਟੇ ਵਿਚ 90 ਸੈਂਟੀਮੀਟਰ ਡੂੰਘਾਈ ਦੇ 60-70 ਟੋਏ ਪੁੱਟਦੀ ਹੈ।
ਆਫਸੈਟ ਰੋਟਾਵੇਟਰ (ਇਕ ਪਾਸੇ ਬਾਹਰ ਨੂੰ):- ਇਸ ਰੋਟਾਵੇਟਰ ਦੀ ਵਿਸ਼ੇਸ਼ਤਾ ਇਹ ਹੈ ਕਿ ਟਰੈਕਟਰ ਦੇ ਪਿੱਛੇ ਵਹਾਈ ਦਾ ਕੰਮ ਕਰਨ ਦੇ ਨਾਲ-ਨਾਲ ਦਰੱਖਤਾਂ ਦੀਆਂ ਕਤਾਰਾਂ ਵਿਚਕਾਰ ਵਾਲੀ ਥਾਂ 'ਤੇ ਵੀ ਇਸ ਨਾਲ ਵਹਾਈ ਦਾ ਕੰਮ ਇਕੋ ਸਮੇਂ 'ਤੇ ਕੀਤਾ ਜਾ ਸਕਦਾ ਹੈ। ਇਸ ਰੋਟਾਵੇਟਰ 'ਤੇ ਹਾਈਡਰੋਲਿਕ ਸਾਈਡ ਸ਼ਿਫਟ ਸਿਸਟਮ ਅਤੇ ਸੈਂਸਰ ਲੱਗਿਆ ਹੈ। ਇਹ ਸੈਂਸਰ ਦਰੱਖਤ/ਬੂਟੇ ਦੇ ਤਣੇ ਨਾਲ ਜਦੋਂ ਲਗਦਾ ਹੈ ਤਾਂ ਹਾਈਡਰੌਲਿਕ ਸਿਸਟਮ ਰੋਟਾਵੇਟਰ ਨੂੰ ਟਰੈਕਟਰ ਦੇ ਪਿੱਛੇ ਲਿਆੳਂੁਦਾ ਹੈ ਅਤੇ ਦਰੱਖਤ/ਬੂਟੇ ਲੰਘ ਜਾਣ ਤੋਂ ਬਾਅਦ ਫਿਰ ਆਪਣੇ-ਆਪ ਰੋਟਾਵੇਟਰ ਦਰੱਖਤ/ਬੂਟੇ ਦੀ ਕਤਾਰ ਵਿਚ ਵਹਾਈ ਦਾ ਕੰਮ ਸ਼ੁਰੂ ਕਰ ਦਿੰਦਾ ਹੈ। ਇਸ ਰੋਟਾਵੇਟਰ ਦੀ ਚੌੌੌੜਾਈ 178 ਸੈਂਟੀਮੀਟਰ ਹੈ ਅਤੇ ਇਹ 54 ਸੈਂਟੀਮੀਟਰ ਤੱਕ ਆਫਸੈਟ (ਕਤਾਰਾਂ ਵਿਚ) ਕੀਤਾ ਜਾ ਸਕਦਾ ਹੈ।
ਬੈਡ ਬਣਾਉਣ ਅਤੇ ਪਲਾਸਟਿਕ ਮਲਚ ਵਿਛਾਉਣ ਵਾਲੀ ਮਸ਼ੀਨ:- ਇਹ ਮਸ਼ੀਨ ਸਬਜ਼ੀਆਂ ਦੀ ਬਿਜਾਈ ਲਈ ਬੈੱਡ ਬਣਾਉਣ, ਡਰਿੱਪ ਪਾਈਪ ਪਾਉਣ, ਮਲਚ ਦੇ ਤੌਰ 'ਤੇ ਪਲਾਸਟਿਕ ਸ਼ੀਟ ਵਿਛਾਉਣ ਅਤੇ ਪਲਾਸਟਿਕ ਸ਼ੀਟ ਵਿਚ ਲੋੜੀਂਦੀ ਵਿੱਥ 'ਤੇ ਸੁਰਾਖ ਕੱਢਣ ਦੇ ਚਾਰ ਕੰਮ ਇਕੋ ਵਾਰ ਕਰਦੀ ਹੈ। ਇਸ ਮਸ਼ੀਨ ਨੂੰ ਚਲਾਉਣ ਲਈ 45-50 ਹਾਰਸ ਪਾਵਰ ਵਾਲੇ ਟਰੈਕਟਰ ਦੀ ਲੋੜ ਪੈਂਦੀ ਹੈ ਅਤੇ ਇਸ ਦੀ ਸਮਰੱਥਾ 0.60 ਏਕੜ ਪ੍ਰਤੀ ਘੰਟਾ ਹੈ। ਇਸ ਮਸ਼ੀਨ ਦੀ ਵਰਤੋਂ ਨਾਲ ਹੱਥ ਦੇ ਕੰਮ ਦੇ ਮੁਕਾਬਲੇ 92 % ਲੇਬਰ ਦੀ ਬੱਚਤ ਹੁੰਦੀ ਹੈ।
ਰੋਟਰੀ ਪਾਵਰ ਵੀਡਰ:- ਇਸ ਮਸ਼ੀਨ ਆਪਣੇ-ਆਪ ਚੱਲਣ ਵਾਲੀ ਹੈ ਅਤੇ ਇਸ ਵਿਚ ਪੰਜ ਹਾਰਸ ਪਾਵਰ ਵਾਲਾ ਇੰਜਣ ਲੱਗਿਆ ਹੈ ਜਿਸ ਨਾਲ ਇਹ ਚਲਦੀ ਹੈ। ਇਹ ਮਸ਼ੀਨ ਬਾਗ਼ਾਂ ਵਿਚ ਅਤੇ ਜ਼ਿਆਦਾ ਦੂਰੀ ਵਾਲੀਆਂ ਫ਼ਸਲਾਂ ਵਿਚ ਗੋਡੀ ਕਰਨ ਲਈ ਵਰਤੀ ਜਾਂਦੀ ਹੈ। ਇਸ ਮਸ਼ੀਨ ਨੂੰ 1.5 ਤੋਂ 2.0 ਕਿਲੋਮੀਟਰ ਪ੍ਰਤੀ ਘੰਟੇ ਰਫ਼ਤਾਰ 'ਤੇ ਚਲਾਇਆ ਜਾਂਦਾ ਹੈ। ਇਹ 62.2 ਸੈਟੀਮੀਟਰ (ਦੋ ਵਾਰੀਆਂ ਵਿਚ) ਦੀ ਗੋਡੀ ਖੁੱਲ੍ਹੀਆਂ ਕਤਾਰਾਂ ਵਾਲੀਆਂ ਫ਼ਸਲਾਂ ਵਿਚ ਕਰਦੀ ਹੈ। ਇਹ 4-7 ਸੈਂਟੀਮੀਟਰ ਦੀ ਡੂੰਘਾਈ ਤੱਕ ਚਲਦੀ ਹੈ। ਇਹ ਨਦੀਨ ਬੂਟਿਆਂ ਨੂੰ 86% ਤੱਕ ਖ਼ਤਮ ਕਰ ਦਿੰਦੀ ਹੈ। ਇਸ ਮਸ਼ੀਨ ਦੀ ਸਮਰੱਥਾ 1.5-2.5 ਏਕੜ ਪ੍ਰਤੀ ਦਿਨ ਹੈ।
ਬਾਗ਼ਾਂ ਲਈ ਸਪਰੇਅਰ: ਜ਼ਿਆਦਾਤਰ ਕਿਸਾਨ ਬਾਗ਼ਾਂ ਵਿਚ ਪੈਰ ਨਾਲ ਚੱਲਣ ਵਾਲੇ ਸਪਰੇਅਰ ਅਤੇ ਪਾਵਰ ਸਪਰੇਅਰ ਵਰਤਦੇ ਹਨ। ਵੱਡੇ ਬਾਗ਼ਾਂ ਲਈ ਕਿਸਾਨ ਵੀਰ ਬਾਗ਼ਾਂ ਵਾਲੇ ਸਪਰੇਅਰ ਦੀ ਵਰਤੋਂ ਕਰ ਰਹੇ ਹਨ। ਇਸ ਸਪਰੇਅਰ ਨਾਲ ਸਮੇਂ, ਲੇਬਰ ਦੀ ਬੱਚਤ ਤੋਂ ਇਲਾਵਾ ਸਮੇਂ ਸਿਰ ਸਪਰੇਅ ਹੋ ਜਾਂਦੀ ਹੈ। ਇਸ ਸਪਰੇਅਰ ਵਿਚ ਇਕ ਬਲੋਅਰ ਹੈ ਅਤੇ ਉਸ ਦੇ ਆਲੇ-ਦੁਆਲੇ ਨੋਜ਼ਲਾਂ ਹੁੰਦੀਆਂ ਹਨ। ਇਹ ਬੂਟਿਆਂ ਦੀਆਂ ਲਾਈਨਾਂ ਵਿਚਕਾਰ ਹਵਾ ਦੇ ਪ੍ਰੈਸ਼ਰ ਨਾਲ ਕੀਟਨਾਸ਼ਕ ਦਵਾਈ ਦੇ ਸਪਰੇਅ ਨੂੰ (ਦੋਵਾਂ ਪਾਸੇ) ਖਿਲਾਰਦੀ ਹੈ। ਇਸ ਵਿਚ 1000 ਲੀਟਰ ਦਾ ਟੈਂਕ ਲੱਗਿਆ ਹੁੰਦਾ ਹੈ। ਇਸ ਸਪਰੇਅਰ ਨਾਲ 6 ਮੀਟਰ ਤੱਕ ਉਚਾਈ ਵਾਲੇ ਬੂਟਿਆਂ ਨੂੰ ਸਪਰੇਅ ਕੀਤਾ ਜਾ ਸਕਦਾ ਹੈ। ਇਸ ਸਪਰੇਅਰ ਦੀ ਸਮਰੱਥਾ ਲਗਭਗ 2-2.5 ਏਕੜ ਪ੍ਰਤੀ ਘੰਟਾ ਹੈ ਅਤੇ ਕਿਸਾਨ ਵੀਰ ਇਸ ਸਪਰੇਅਰ ਨੂੰ ਕਿਰਾਏ 'ਤੇ ਵੀ ਚਲਾ ਸਕਦੇ ਹਨ।
ਪਿੱਕ ਪੁਜ਼ੀਸ਼ਨਰ: ਟਰੈਕਟਰ ਚਾਲਤ ਪਿੱਕ ਪੁਜ਼ੀਸ਼ਨਰ ਦੀ ਵਰਤੋਂ ਬਾਗ਼ਾਂ ਵਿਚ ਫਲ਼ਾਂ ਦੀ ਤੁੜਾਈ ਅਤੇ ਦਰੱਖਤਾਂ ਦੀ ਕਾਂਟ-ਛਾਂਟ ਲਈ ਕੀਤੀ ਜਾਂਦੀ ਹੈ। ਇਹ ਇਕ ਲੋਹੇ ਦਾ ਬਣਿਆ ਪਲੇਟਫਾਰਮ (ਆਦਮੀ ਦੇ ਖੜ੍ਹੇ ਹੋਣ ਲਈ) ਹੈ, ਜੋ ਕਿ ਹਾਈਡਰੋਲਿਕ ਲ਼ਿਫਟ ਦੁਆਰਾ 30-31 ਫੁੱਟ ਦੀ ਉਚਾਈ ਤੱਕ ਪਹੁੰਚਾਇਆ ਜਾ ਸਕਦਾ ਹੈ। ਇਸ ਨਾਲ ਦਰੱਖਤਾਂ ਦੀ ਕਾਂਟ-ਛਾਂਟ ਦੇ ਕੰਮ ਵਿਚ 90 ਪ੍ਰਤੀਸ਼ਤ ਅਤੇ ਫਲ਼ਾਂ ਦੀ ਤੁੜਾਈ ਦੇ ਕੰਮ ਵਿਚ 75% ਲੇਬਰ ਦੀ ਬੱਚਤ ਹੁੰਦੀ ਹੈ।
ਜੜ੍ਹਦਾਰ ਸਬਜ਼ੀਆਂ ਪੁੱਟਣ ਵਾਲੀ ਮਸ਼ੀਨ :- ਇਸ ਮਸ਼ੀਨ ਦੀ ਵਰਤੋਂ ਵੱਖ-2 ਜੜ੍ਹਦਾਰ ਸਬਜ਼ੀਆਂ ਜਿਵੇਂ ਕਿ ਗਾਜਰ, ਆਲੂ, ਲਸਣ ਅਤੇ ਪਿਆਜ਼ ਦੀ ਪੁਟਾਈ ਲਈ ਕੀਤੀ ਜਾ ਸਕਦੀ ਹੈ। ਇਸ ਮਸ਼ੀਨ ਦੀ ਸਮੱਰਥਾ 0.5 ਏਕੜ ਪ੍ਰਤੀ ਘੰਟਾ ਹੈ। ਪੁਟਾਈ ਦੀ ਕਾਰਜਕੁਸ਼ਲਤਾ 96-99 % ਹੈ। ਇਸ ਨਾਲ 60-70 % ਲੇਬਰ ਦੀ ਬੱਚਤ ਹੁੰਦੀ ਹੈ।
ਬੀਜ ਕੱਢਣ ਵਾਲੀ ਮਸ਼ੀਨ:- ਇਹ ਮਸ਼ੀਨ ਸਬਜ਼ੀਆਂ ਅਤੇ ਫਲ਼ਾਂ ਜਿਵੇਂ ਕਿ ਟਮਾਟਰ, ਮਿਰਚ, ਤਰਬੂਜ਼, ਖੀਰਾ, ਟਿੰਡਾ ਆਦਿ ਦੇ ਬੀਜ ਕੱਢਣ ਲਈ ਵਰਤੀ ਜਾਂਦੀ ਹੈ। ਇਸ ਵਿਚ ਇਕ ਮੁਢਲਾ ਕਟਾਈ ਵਾਲਾ ਚੈਂਬਰ ਹੈ, ਜਿਸ ਵਿਚ ਸਬਜ਼ੀਆਂ ਅਤੇ ਫਲ਼ਾਂ ਦੀ ਛੋਟੇ ਟੁਕੜਿਆਂ ਵਿਚ ਕਟਾਈ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਇਨ੍ਹਾਂ ਨੂੰ ਫੇਰ ਇਕ ਰੋਟਰ 'ਤੇ ਲੱਗੇ ਬਲੇਡਾਂ ਨਾਲ ਦਰੜਿਆ ਜਾਂਦਾ ਹੈ। ਵੱਖ- ਵੱਖ ਸਾਈਜ਼ ਦੇ ਬੀਜਾਂ ਲਈ ਵੱਖਰੀਆਂ ਜਾਲੀਆਂ ਉਪਲੱਬਧ ਹਨ। ਬੀਜ ਕੱਢਣ ਵੇਲੇ ਖੁੱਲ੍ਹੇ ਪਾਣੀ ਦਾ ਪ੍ਰਬੰਧ ਕੀਤਾ ਹੋਣਾ ਚਾਹੀਦਾ ਹੈ।


-ਫਾਰਮ ਮਸ਼ੀਨਰੀ ਅਤੇ ਪਾਵਰ ਇੰਜਨੀਅਰਰਿੰਗ ਵਿਭਾਗ
ਮੋਬਾਈਲ :94173-83464

ਪੰਜਾਬ 'ਚ ਹਾੜ੍ਹੀ ਦੀਆਂ ਫ਼ਸਲਾਂ ਲਈ ਵਿਸ਼ੇਸ਼ ਮੁਹਿੰਮ

ਪੰਜਾਬ ਸਰਕਾਰ ਨੇ ਕਣਕ ਦਾ ਉਤਪਾਦਨ ਤੇ ਉਤਪਾਦਕਤਾ ਵਧਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਹੈ। ਇਸ ਮੁਹਿੰਮ ਅਨੁਸਾਰ ਅਹਿਮੀਅਤ ਕੀਮਿਆਈ ਖਾਦਾਂ ਦੀ ਯੋਗ ਵਰਤੋਂ ਅਤੇ ਕਿਸਾਨਾਂ ਨੂੰ ਸਹੀ ਉਤਪਾਦਨ ਨੀਤੀ ਅਤੇ ਤਕਨਾਲੋਜੀ ਅਪਨਾਉਣ ਸਬੰਧੀ ਸਿਖਲਾਈ ਦੇਣ ਨੂੰ ਦਿੱਤੀ ਗਈ ਹੈ। ਪਿਛਲੇ ਸਾਲਾਂ ਵਿਚ ਮਹੱਤਤਾ ਵਧੇਰੇ ਨਿਸ਼ਾਨਿਆਂ ਦੀ ਪੂਰਤੀ ਨੂੰ ਦਿੱਤੀ ਜਾਂਦੀ ਰਹੀ ਹੈ। ਵਧੇਰੇ ਝਾੜ ਦੇਣ ਵਾਲੀ ਹਰ ਕਿਸਮ ਦੀ ਸਮੇਂ ਅਨੁਸਾਰ ਯੋਗ ਕਿਸਮ ਦੀ ਬਿਜਾਈ ਅਤੇ ਯੂਰੀਏ ਦਾ ਲਾਭਦਾਇਕ ਮਾਤਰਾ ਵਿਚ ਪਾਇਆ ਜਾਣਾ ਮੁਹਿੰਮ ਦਾ ਵਿਸ਼ੇਸ਼ ਅੰਗ ਹਨ। ਕਣਕ ਦੀਆਂ ਵਧੇਰੇ ਝਾੜ ਦੇਣ ਵਾਲੀਆਂ ਕਿਸਮਾਂ ਜਿਨ੍ਹਾਂ ਵਿਚ ਐਚ. ਡੀ.- 3086, ਐਚ. ਡੀ.- 2967, ਉੱਨਤ ਪੀ. ਬੀ. ਡਬਲਿਊ. - 550, ਪੀ. ਬੀ. ਡਬਲਿਊ.- 1 ਜ਼ਿੰਕ, ਡਬਲਿਊ. ਐਚ.- 1105, ਪੀ. ਬੀ. ਡਬਲਿਊ. - 677 ਅਤੇ ਪੀ. ਬੀ. ਡਬਲਿਊ. - 725 ਕਿਸਮਾਂ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਾਏ ਬਿਨਾ ਜ਼ੀਰੋ ਟਿਲੇਜ ਨਾਲ ਬੀਜਣ ਵਾਲੀਆਂ ਹਾਲ ਵਿਚ ਰਲੀਜ਼ ਹੋਈਆਂ ਐਚ. ਡੀ.-3226 ਅਤੇ ਐਚ. ਡੀ. ਸੀ. ਐਸ. ਡਬਲਿਊ. 18 ਕਿਸਮਾਂ ਸ਼ਾਮਿਲ ਹਨ, ਦੀ ਕਾਸ਼ਤ 34.90 ਲੱਖ ਹੈਕਟੇਅਰ ਰਕਬੇ 'ਤੇ ਕੀਤੀ ਗਈ ਹੈ। ਭਾਵੇਂ ਕਣਕ ਦੀ ਕਾਸ਼ਤ ਥੱਲੇ ਰਕਬਾ ਪਿਛਲੇ ਸਾਲਾਂ ਦੇ ਮੁਕਾਬਲੇ ਮਾਮੂਲੀ ਜਿਹਾ ਘਟਿਆ ਹੈ ਪ੍ਰੰਤੂ ਖੇਤੀਬਾੜੀ ਵਿਭਾਗ ਅਨੁਸਾਰ ਉਤਪਾਦਨ ਘਟਣ ਨਹੀਂ ਦਿੱਤਾ ਜਾਏਗਾ। ਪਿਛਲੇ ਸਾਲ ਉਤਪਾਦਨ 182.62 ਲੱਖ ਟਨ ਹੋਇਆ ਸੀ। ਇਸ ਸਾਲ ਟੀਚਾ ਤਾਂ 178 ਲੱਖ ਟਨ ਕਣਕ ਪੈਦਾ ਕਰਨ ਦਾ ਰੱਖਿਆ ਗਿਆ ਹੈ ਪਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਸੁਤੰਤਰ ਕੁਮਾਰ ਐਰੀ ਕਹਿੰਦੇ ਹਨ ਕਿ ਜੇ ਮੌਸਮ ਠੀਕ ਰਿਹਾ ਤਾਂ ਉਤਪਾਦਕਤਾ ਵਧਾ ਕੇ ਉਤਪਾਦਨ ਪਿਛਲੇ ਸਾਲ ਦੇ ਪੱਧਰ ਤੋਂ ਵੱਧ ਹੋ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਜੋ ਬਾਰਿਸ਼ਾਂ ਪਈਆਂ ਹਨ ਅਤੇ ਤਾਪਮਾਨ ਵਿਚ ਗਿਰਾਵਟ ਆਉਣ ਨਾਲ ਠੰਢ ਪਈ ਹੈ ਉਸ ਦੇ ਮੱਦੇਨਜ਼ਰ ਫ਼ਸਲ ਦੀ ਹਾਲਤ ਬੜੀ ਆਸ਼ਾਜਨਕ ਹੈ। ਜੇ ਇਸੇ ਤਰ੍ਹਾਂ ਮੌਸਮ ਅਨੁਕੂਲ ਰਿਹਾ ਤਾਂ ਉਤਪਾਦਨ ਦਾ ਵਧਣਾ ਸੰਭਾਵਕ ਹੈ, ਕਿਉਂਕਿ ਪ੍ਰਤੀ ਹੈਕਟੇਅਰ ਝਾੜ ਵਿਚ ਇਜ਼ਾਫਾ ਹੋਵੇਗਾ।
ਇਸ ਸਾਲ ਸਬਸਿਡੀ 'ਤੇ ਬੀਜ ਸਭ ਉਨ੍ਹਾਂ ਕਿਸਾਨਾਂ ਨੂੰ ਦੇ ਦਿੱਤਾ ਗਿਆ ਹੈ ਜਿਹੜੇ ਇਸ ਨੂੰ ਲੈਣ ਦੇ ਚਾਹਵਾਨ ਸਨ। ਜੋ ਬੀਜ ਦੀ ਮਾਤਰਾ ਜ਼ਿਲ੍ਹਿਆਂ 'ਚ ਭੇਜੀ ਗਈ ਸੀ, ਉਸ ਵਿਚੋਂ ਕੁਝ ਬੱਚ ਕੇ ਪਨਸੀਡ ਨੂੰ ਵਾਪਸ ਆ ਗਈ ਹੈ। ਵਿਭਾਗ ਅਨੁਸਾਰ ਇਸ ਤੋਂ ਸਪੱਸ਼ਟ ਹੈ ਕਿ ਸਾਰੇ ਕਿਸਾਨਾਂ ਦੀ ਮੰਗ ਪੂਰੀ ਕਰ ਦਿੱਤੀ ਗਈ ਹੈ। ਪਿਛਲੇ ਸਾਲ ਵਾਂਗ ਇਸ ਸਾਲ ਵੀ ਸਭ ਕਿਸਮਾਂ ਨਾਲੋਂ ਵੱਧ ਰਕਬਾ ਵਧੇਰੇ ਝਾੜ ਦੇਣ ਵਾਲੀਆਂ ਐਚ. ਡੀ.-3086 ਅਤੇ ਐਚ. ਡੀ.- 2967 ਕਿਸਮਾਂ ਦੀ ਕਾਸ਼ਤ ਥੱਲੇ ਹੈ। ਟਿਊਬਵੈੱਲਾਂ ਲਈ ਲੋੜ ਅਨੁਸਾਰ ਬਿਜਲੀ ਯਕੀਨੀ ਬਣਾ ਦਿੱਤੀ ਗਈ ਹੈ ਤਾਂ ਜੋ ਸਿੰਜਾਈ ਦੀ ਲੋੜ ਸਮੇਂ ਸਿਰ ਪੂਰੀ ਹੋ ਸਕੇ। ਨਹਿਰਾਂ ਦਾ ਪਾਣੀ ਵੀ ਮਤਵਾਤਰ ਖੇਤਾਂ ਨੂੰ ਉਪਲੱਬਧ ਕਰਨ ਦੇ ਪ੍ਰਬੰਧ ਕੀਤੇ ਗਏ ਹਨ। ਡਾਇਰੈਕਟਰ ਐਰੀ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ 'ਤੇ ਕਿਸਾਨਾਂ ਦੇ ਸਿਖਲਾਈ ਕੈਂਪ ਹਰ ਜ਼ਿਲ੍ਹੇ 'ਚ ਲਾਏ ਗਏ ਹਨ ਜਿਸ ਵਿਚ ਪੰਜਾਬ ਖੇਤੀ ਯੂਨੀਵਰਸਿਟੀ ਅਤੇ ਵਿਭਾਗ ਦੇ ਮਾਹਿਰਾਂ ਨੇ ਕੁਝ ਚੁਣਵੇ ਕਿਸਾਨਾਂ ਨੂੰ ਪੂਰੀ ਸਿਖਲਾਈ ਦੇ ਕੇ ਟਰੇਂਡ ਕੀਤਾ ਹੈ। ਜੋ ਸਿਖਲਾਈ ਕੈਂਪ ਪਿੰਡ ਪੱਧਰ 'ਤੇ ਪਿੰਡਾਂ ਵਿਚ ਲਗਾਏ ਗਏ ਹਨ, ਉਨ੍ਹਾਂ ਕੈਂਪਾਂ ਵਿਚ ਆਉਣ ਵਾਲੇ ਕਿਸਾਨਾਂ ਦਾ ਜ਼ਿਲ੍ਹਾ ਪੱਧਰ 'ਤੇ ਸਿਖਲਾਈ ਲੈਣ ਵਾਲੇ ਕਿਸਾਨਾਂ ਨਾਲ ਸੰਪਰਕ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਰਾਹੀਂ ਹੀ ਗਿਆਨ ਤੇ ਵਿਗਿਆਨ ਛੋਟੇ ਕਿਸਾਨਾਂ ਤੱਕ ਪਹੁੰਚੇ। ਇਸ ਤੋਂ ਇਲਾਵਾ ਪੰਜਾਬ ਖੇਤੀ ਯੂਨੀਵਰਸਿਟੀ ਅਤੇ ਪੰਜਾਬ ਯੰਗ ਫਾਰਮਰਜ਼ ਐਸੋਸੀਏਸ਼ਨ ਵੱਲੋਂ ਕਿਸਾਨਾਂ ਨੂੰ ਸਿਖਲਾਈ ਤੇ ਗਿਆਨ ਮੁਹੱਈਆ ਕਰਨ ਲਈ ਹਾੜੀ (ਰਬੀ) ਦੀਆਂ ਫ਼ਸਲਾਂ ਸਬੰਧੀ ਕਿਸਾਨ ਮੇਲੇ ਲਾਏ ਗਏ ਹਨ। ਇਨ੍ਹਾਂ ਮੇਲਿਆਂ ਵਿਚ ਤਕਨਾਲੋਜੀ, ਸੰਦਾਂ, ਬੀਜਾਂ ਅਤੇ ਫ਼ਸਲਾਂ ਦੀਆਂ ਨੁਮਾਇਸ਼ਾਂ, ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਹਨ ਅਤੇ ਕਿਸਾਨਾਂ ਨੂੰ ਸਾਹਿਤ ਵੀ ਮੁਹਈਆ ਕੀਤਾ ਗਿਆ ਹੈ।
ਛੋਟੇ ਕਿਸਾਨਾਂ ਨੂੰ 24000 ਨਵੀਆਂ ਮਸ਼ੀਨਾਂ ਤੇ ਸੰਦ ਸਬਸਿਡੀ 'ਤੇ ਦਿੱਤੇ ਗਏ (ਪਿਛਲੇ ਸਾਲ 28600 ਮਸ਼ੀਨਾਂ ਰਿਆਇਤੀ ਮੁੱਲ 'ਤੇ ਉਪਲੱਬਧ ਕੀਤੀਆਂ ਗਈਆਂ ਸਨ)। ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਦੱਸਿਆ ਕਿ 'ਸਮਾਮ ਸਕੀਮ' ਥੱਲੇ 100 ਕਰੋੜ ਰੁਪਏ ਦੀ ਮਸ਼ੀਨਾਂ 'ਤੇ ਸਬਸਿਡੀ ਦੇਣ ਲਈ ਕਿਸਾਨਾਂ ਤੋਂ ਬਿਨੈਪੱਤਰ ਮੰਗੇ ਗਏ ਹਨ। ਇਹ ਮਸ਼ੀਨਾਂ ਇਸੇ ਹਾੜ੍ਹੀ ਵਿਚ ਕਿਸਾਨਾਂ ਨੂੰ ਉਪਲੱਬਧ ਕਰ ਦਿੱਤੀਆਂ ਜਾਣਗੀਆਂ। ਕੰਬਾਈਨ ਨਾਲ ਕਟੇ ਝੋਨੇ ਦੇ ਵੱਢਾਂ ਵਿਚ ਕਣਕ ਦੀ ਸਿੱਧੀ ਬਿਜਾਈ ਕਰਨ ਲਈ ਕਿਸਾਨਾਂ ਨੂੰ ਹੈਪੀ ਸੀਡਰ ਮਸ਼ੀਨਾਂ ਕਾਲ ਸੈਂਟਰਾਂ ਰਾਹੀਂ ਅਤੇ ਐਸ. ਐਮ. ਐਸ. ਫਿਟਿਡ ਕੰਬਾਈਨਾਂ ਮੁਹਈਆ ਕੀਤੀਆਂ ਗਈਆਂ ਹਨ ਤਾਂ ਜੋ ਪਰਾਲੀ ਸਾੜਨ ਦੀ ਲੋੜ ਨਾ ਪਵੇ ਅਤੇ ਨਦੀਨਾਂ ਦਾ ਹਮਲਾ ਵੀ ਘੱਟ ਹੋਵੇ। ਗੁੱਲੀ ਡੰਡੇ ਤੋਂ ਹੋਣ ਵਾਲੇ ਨੁਕਸਾਨ ਨੂੰ ਰੋਕਣ ਲਈ ਜਿੱਥੇ ਸ਼ੁੱਧ ਤੇ ਮਿਆਰੀ ਨਦੀਨ ਨਾਸ਼ਕ ਕਿਸਾਨਾਂ ਨੂੰ ਉਪਲੱਬਧ ਕੀਤੇ ਗਏ ਹਨ ਉੱਥੇ ਕਿਸਾਨਾਂ ਨੂੰ ਇਸ ਹਾਨੀਕਾਰਕ ਨਦੀਨ (ਜੋ ਕਈ ਥਾਵਾਂ 'ਤੇ 60 ਫ਼ੀਸਦੀ ਤੱਕ ਝਾੜ ਘਟਾਉਂਦਾ ਹੈ) ਤੋਂ ਛੁਟਕਾਰਾ ਪਾਉਣ ਲਈ ਸਰਵਪੱਖੀ ਨਦੀਨ ਪ੍ਰਬੰਧ ਅਪਨਾਉਣ 'ਤੇ ਜ਼ੋਰ ਦਿੱਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਨਦੀਨ ਨਾਸ਼ਕਾਂ ਦੀ ਵਰਤੋਂ ਦੇ ਨਾਲ-ਨਾਲ ਕਾਸ਼ਤਕਾਰੀ ਢੰਗ ਅਪਨਾਉਣ ਦੀ ਆਦਤ ਪਵੇ। ਨਦੀਨ ਨਾਸ਼ਕਾਂ ਦੀ ਲਗਾਤਾਰ ਵਰਤੋਂ ਨਾਲ ਗੁੱਲੀ ਡੰਡੇ ਵਿਚ ਨਦੀਨ ਨਾਸ਼ਕ ਪ੍ਰਤੀ ਰੋਧਣ ਸ਼ਕਤੀ (ਟਾਕਰਾ ਕਰਨ ਦੀ ਸ਼ਕਤੀ) ਪੈਦਾ ਹੋ ਗਈ ਹੈ। ਜਿਸ ਕਰਕੇ ਕਿਸਾਨ ਨਦੀਨ ਨਾਸ਼ਕਾਂ ਦੇ ਇਕ ਤੋਂ ਵੱਧ ਛਿੜਕਾਅ ਕਰਨ ਲਈ ਮਜਬੂਰ ਹਨ।
ਖੇਤੀਬਾੜੀ ਸਕੱਤਰ ਸ: ਕਾਹਨ ਸਿੰਘ ਪੰਨੂੰ ਅਨੁਸਾਰ ਸਰਕਾਰ ਯੂਰੀਏ ਦੀ ਖਪਤ ਘਟਾਉਣਾ ਚਾਹੁੰਦੀ ਹੈ। ਸਰਕਾਰ ਦਾ ਜ਼ੋਰ ਇਸ 'ਤੇ ਹੈ ਕਿ ਕਿਸਾਨ ਦੋ ਥੈਲਿਆਂ ਤੋਂ ਵੱਧ ਅਤੇ 55 ਦਿਨਾਂ ਤੋਂ ਬਾਅਦ ਯੂਰੀਆ ਫ਼ਸਲ ਨੂੰ ਨਾ ਪਾਉਣ। ਅਜਿਹਾ ਕਰਨ ਨਾਲ ਝਾੜ ਤਾਂ ਨਹੀਂ ਵੱਧਦਾ ਪ੍ਰੰਤੂ ਤੇਲੇ ਅਤੇ ਹੋਰ ਕੀੜਿਆਂ 'ਤੇ ਬਿਮਾਰੀਆਂ ਦਾ ਹਮਲਾ ਹੋ ਜਾਂਦਾ ਹੈ। ਜਿਸ ਦੀ ਰੋਕਥਾਮ ਲਈ ਫੇਰ ਹੋਰ ਸਪਰੇਆਂ ਦੀ ਲੋੜ ਪੈਂਦੀ ਹੈ ਅਤੇ ਕਿਸਾਨਾਂ ਦਾ ਖਰਚਾ ਵਧਦਾ ਹੈ। ਕਈ ਕਿਸਾਨ ਕਣਕ ਨੂੰ ਪੀਲੀ ਹੋਈ ਦੇਖ ਕੇ ਯੂਰੀਆ ਪਾਈ ਜਾਂਦੇ ਹਨ ਪਰ ਜੇ ਯੂਰੀਆ ਪਾਉਣਾ ਹੀ ਹੈ ਤਾਂ ਉਹ ਤਿੰਨ ਕਿੱਲੋ ਯੂਰੀਆ 100 ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕਰ ਦੇਣ। ਅਜਿਹਾ ਕਰਨ ਨਾਲ ਕਣਕ ਠੀਕ ਹੋ ਜਾਵੇਗੀ। ਕਿਸਾਨਾਂ ਦਾ ਖਰਚਾ ਵੀ ਘਟੇਗਾ ਅਤੇ ਯੂਰੀਏ ਦੀ ਵੀ ਬੱਚਤ ਹੋਵੇਗੀ। ਯੂਰੀਆ, ਫਾਸਫੇਟ ਅਤੇ ਜ਼ਿੰਕ ਆਦਿ ਖਾਦਾਂ ਦੀ ਠੀਕ ਮਿਕਦਾਰ ਪਾਉਣ ਸਬੰਧੀ ਕਿਸਾਨਾਂ ਦੀ ਅਗਵਾਈ ਲਈ ਉਨ੍ਹਾਂ ਨੂੰ ਭੌਂਅ ਪਰਖ ਕਾਰਡ ਵੀ ਮੁਹੱਈਆ ਕਰ ਦਿੱਤੇ ਗਏ ਹਨ। ਸ: ਪੰਨੂੰ ਕਹਿੰਦੇ ਹਨ ਕਿ ਸਰਕਾਰ ਇਸ ਸਾਲ ਕਣਕ ਦਾ ਰਿਕਾਰਡ ਉਤਪਾਦਨ ਕਰਨ ਲਈ ਉਪਰਾਲੇ ਕਰ ਰਹੀ ਹੈ ਤਾਂ ਜੋ ਉਤਪਾਦਕਤਾ ਵਧ ਕੇ ਕਿਸਾਨਾਂ ਦੀ ਆਮਦਨ ਵਧੇ। ਕਣਕ ਦੀ ਵੱਟਤ ਅਤੇ ਖਰਚਿਆਂ ਦੇ ਵਿਚ ਜੋ ਫ਼ਰਕ ਘਟਦਾ ਜਾ ਰਿਹਾ ਹੈ, ਉਸ ਨੂੰ ਵਧਾਉਣ ਲਈ ਸਰਕਾਰ ਦੇ ਇਸ ਸਾਲ ਉਪਰਾਲੇ ਹਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਨੂੰ ਮਹੱਤਤਾ ਦਿੱਤੀ ਜਾ ਰਹੀ ਹੈ।
ਤੇਲ ਬੀਜਾਂ ਅਤੇ ਦਾਲਾਂ ਦਾ ਉਤਪਾਦਨ ਵਧਾਉਣ 'ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਡਾਇਰੈਕਟਰ ਐਰੀ ਨੇ ਖੇਤੀਬਾੜੀ ਵਿਭਾਗ ਦੇ ਫੀਲਡ ਸਟਾਫ਼ ਦੀਆਂ ਡਿਊਟੀਆਂ ਨੀਯਤ ਕਰ ਦਿੱਤੀਆਂ ਹਨ ਤਾਂ ਜੋ ਉਹ ਲੋੜੀਂਦਾ ਫ਼ਸਲ ਦਾ ਸਰਵੇਖਣ ਕਰਦੇ ਰਹਿਣ ਅਤੇ ਸਮੇਂ-ਸਮੇਂ ਸਿਰ ਲੋੜੀਂਦੀ ਕਾਰਵਾਈ ਕਰਨ ਲਈ ਕਿਸਾਨਾਂ ਨੂੰ ਅਗਵਾਈ ਦਿੰਦੇ ਰਹਿਣ।


-ਮੋਬਾਈਲ : 98152-36307

ਧਰਤੀਏ ਰੰਗ ਬਿਰੰਗੀਏ

ਧਰਤੀ ਹੀ ਹਰ ਚੀਜ਼ ਦਾ ਮੂਲ ਸਰੋਤ ਹੈ। ਧਰਤੀ ਵਿਚ ਕਿੰਨਾਂ ਕੁਝ ਹੈ, ਇਹ ਜਾਨਣਾ ਹਾਲੇ ਮਨੁੱਖ ਦੀ ਸਮਝ ਤੋਂ ਬਾਹਰ ਹੈ। ਧਰਤੀ ਦੀ ਮਹਾਂਸ਼ਕਤੀ ਨੂੰ ਕਿਸੇ ਇੰਝਣ ਦੀ ਲੋੜ ਨਹੀਂ। ਧਰਤੀ ਦੇ ਵੇਗ ਨੂੰ ਕਿਸੇ ਪਰਾਂ ਦੀ ਲੋੜ ਨਹੀਂ। ਕਿੱਥੇ ਕੀ ਉੱਗਣਾ ਹੈ ਜਾਂ ਨਹੀਂ, ਇਹ ਸਿਰਫ ਧਰਤੀ ਨੂੰ ਹੀ ਪਤਾ ਹੈ। ਕਿਹੜਾ ਬੀਜ, ਕਿਹੜੀ ਪਰਕ੍ਰਿਤੀ ਤੇ ਕਿਹੜੀ ਪਰਜਾਤੀ ਕਿੱਥੇ ਇਕ-ਦੂਜੇ 'ਤੇ ਨਿਰਭਰ ਕਰ ਇਕੱਠੇ ਜਿਊਣ ਲਈ ਪੈਦਾ ਕਰਨੇ ਹਨ, ਇਹ ਧਰਤੀ ਹੀ ਜਾਣਦੀ ਹੈ। ਧਰਤੀ ਆਪਣੇ ਅੰਦਰ ਅਣਗਿਣਤ ਪਦਾਰਥ (ਧਾਤਾਂ ਆਦਿ) ਛੁਪਾਈ ਬੈਠੀ ਹੈ। ਕਿਤੇ-ਕਿਤੇ ਹੀ ਇਹ ਸਾਰੇ ਰੰਗ ਇਕ ਥਾਂ ਦਿਖਾਉਂਦੀ ਹੈ। ਅਮਰੀਕਾ ਦੇ ਉਜਾੜਾਂ ਵਿਚ ਇਹ ਕ੍ਰਿਸ਼ਮਾ ਦੇਖ ਕੇ ਹੀ ਯਕੀਨ ਆਉਂਦਾ ਹੈ। ਸਦਾਬਹਾਰ ਹੋਲੀ ਜਾਂ ਕਹਿ ਲਵੋ ਸਤਰੰਗੀ ਪੀਂਘ। ਪਰ ਇਹ ਦੇਖ ਓਹੀ ਸਕਦਾ ਜੋ ਮੇਰੇ ਵਾਂਗ ਵਿਹਲਾ ਹੋਵੇ। ਜੀਵਨ ਦੌੜਾਂ 'ਚ ਫਸੇ ਲੋਕਾਂ ਤੋਂ ਇਹ ਕੋਹਾਂ ਦੂਰ ਹਨ।


-ਮੋਬਾ: 98159-45018

ਵਿਰਸੇ ਦੀ ਸ਼ਾਨ

ਕਿੱਥੇ ਗਏ ਉਹ ਰੰਗਲੇ ਚਰਖੇ,
ਕਿੱਥੇ ਗਈਆਂ ਨੇ ਫੁਲਕਾਰੀਆਂ।

ਖ਼ਬਰੇ ਕਿਹੜੇ ਰਾਹਾਂ 'ਤੇ ਵਿਰਸਾ ਗੁਆਚ ਗਿਆ,
ਮੁੜ ਕਿਉਂ ਨਾ ਆਇਆ ਜੋ ਕਿੱਸਾ ਗੁਆਚ ਗਿਆ।
ਬਸ ਰਹਿ ਗਈਆਂ ਯਾਦਾਂ ਉਸ ਵੇਲੇ ਦੀਆਂ
ਜਦੋਂ ਕੱਤਦੀਆਂ ਨਾਰਾਂ ਜਾਗ ਰਾਤਾਂ ਸਾਰੀਆਂ।
ਕਿੱਥੇ ਗਏ ਉਹ ਰੰਗਲੇ ਚਰਖੇ,
ਕਿੱਥੇ ਗਈਆਂ ਨੇ ਫੁਲਕਾਰੀਆਂ।

ਰਹਿ ਗਏ ਨੇ ਸੁੰਨੇ ਉਹ ਵਿਹੜੇ,
ਤੀਆਂ ਨਾਲ ਸੀ ਸਜਦੇ ਜਿਹੜੇ।
ਨਾ ਉਹ ਪੀਂਘਾਂ, ਨਾ ਹੀ ਹੁਲਾਰੇ,
ਸੁੰਨੀਆਂ ਰਹਿ ਗਈਆਂ ਪਿੱਪਲ ਤੇ ਟਾਹਲੀਆਂ।
ਕਿੱਥੇ ਗਏ ਉਹ ਰੰਗਲੇ ਚਰਖੇ,
ਕਿੱਥੇ ਗਈਆਂ ਨੇ ਫੁਲਕਾਰੀਆਂ।

ਗੁਆਚ ਗਏ ਦੁਪੱਟੇ ਜੋ ਸਿਰ 'ਤੇ ਸੀ ਸਜਾਉਂਦੀਆਂ,
ਮਿੱਠੀਆਂ ਆਵਾਜ਼ਾਂ ਨਾਲ ਰਲ-ਮਿਲ ਸੀ ਗਾਉਂਦੀਆਂ।
ਭੁੱਲ ਗਿਆ ਹਰ ਕੋਈ ਵਿਰਸੇ ਦੀ ਸ਼ਾਨ ਨੂੰ,
ਅੱਜ ਤੋੜ ਦਿੰਦੇ ਪਲਾਂ ਵਿਚ ਯਾਰੀਆਂ।
ਕਿੱਥੇ ਗਏ ਉਹ ਰੰਗਲੇ ਚਰਖੇ,
ਕਿੱਥੇ ਗਈਆਂ ਨੇ ਫੁਲਕਾਰੀਆਂ।


-ਰਾਜਵੀਰ ਕੌਰ
ਸਪੁੱਤਰੀ ਬਾਰੂ ਸਿੰਘ, ਪੱਤੀ ਕ. ਕਾਂਧਲ, ਅਕਲੀਆ (ਮਾਨਸਾ)।
ਮੋਬਾਈਲ : 94176-40723

ਅਜੋਕੇ ਸਮੇਂ ਦੀ ਲੋੜ ਹੈ ਕੁਦਰਤੀ ਖੇਤੀ

ਹਰੀ ਕ੍ਰਾਂਤੀ ਤੋਂ ਬਾਅਦ ਲਗਾਤਾਰ ਹੋ ਰਹੀ ਰਸਾਇਣਕ ਦਵਾਈਆਂ ਦੀ ਵਰਤੋਂ, ਖੇਤੀਬਾੜੀ ਨੂੰ ਨਿਘਾਰ ਵੱਲ ਲਿਜਾ ਰਹੀ ਹੈ। ਇਨ੍ਹਾਂ ਦਵਾਈਆਂ ਦੀ ਵਰਤੋਂ ਸਬਜ਼ੀਆਂ, ਫ਼ਲਾਂ, ਕਣਕ ਅਤੇ ਝੋਨੇ ਆਦਿ ਫ਼ਸਲਾਂ ਲਈ ਲਗਾਤਾਰ ਹੋ ਰਹੀ ਹੈ। ਇਨ੍ਹਾਂ ਦਵਾਈਆਂ ਦੀ ਲਗਾਤਾਰ ਵਰਤੋਂ ਕਾਰਨ ਮਨੁੱਖ ਦੀ ਖ਼ੁਰਾਕ ਜ਼ਹਿਰੀਲੀ ਹੋ ਚੁੱਕੀ ਹੈ, ਜਿਸ ਕਾਰਨ ਉਹ ਅੱਜ ਅਨੇਕਾਂ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕਾ ਹੈ। ਬਿਮਾਰੀਆਂ ਕਾਰਨ ਉਹ ਲਗਾਤਾਰ ਹਸਪਤਾਲ ਦੇ ਚੱਕਰ ਕੱਟਦਾ ਹੈ ਅਤੇ ਆਪਣੀ ਪੂੰਜੀ ਦਾ ਜ਼ਿਆਦਾਤਰ ਹਿੱਸਾ ਦਵਾਈਆਂ 'ਤੇ ਖਰਚ ਕਰ ਰਿਹਾ ਹੈ। ਅੱਜ ਅਸੀਂ ਵੇਖਦੇ ਹਾਂ ਕਿ ਔਰਤਾਂ 'ਤੇ ਗਰਭ ਧਾਰਨ ਤੋਂ ਬਾਅਦ ਹੀ ਦਵਾਈਆਂ ਦੀ ਵਰਤੋਂ ਸ਼ੁਰੂ ਹੋ ਜਾਂਦੀ ਹੈ ਅਤੇ ਜ਼ਿਆਦਾਤਰ ਜੰਮਦੇ ਬੱਚਿਆਂ ਨੂੰ ਹੀ ਬਿਮਾਰੀਆਂ ਘੇਰ ਲੈਂਦੀਆਂ ਹਨ। ਕਹਿਣ ਦਾ ਭਾਵ ਅੱਜ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਦਵਾਈਆਂ ਦੇ ਆਸਰੇ ਦਿਨ ਕਟੀ ਕਰ ਰਿਹਾ ਹੈ। ਦੂਸਰਾ ਸਾਡੇ ਘਰੇਲੂ ਪਸ਼ੂ ਵੀ ਅੱਜ ਬਿਮਾਰੀਆਂ ਦਾ ਸ਼ਿਕਾਰ ਹਨ, ਕਿਉਂਕਿ ਪਸ਼ੂਆਂ ਦਾ ਚਾਰਾ ਵੀ ਜ਼ਹਿਰੀਲੀਆਂ ਦਵਾਈਆਂ ਦੇ ਛਿੜਕਾਅ ਬਿਨਾਂ ਪੈਦਾ ਨਹੀਂ ਹੁੰਦਾ। ਮਤਲਬ ਜੋ ਦੁੱਧ ਅਸੀਂ ਅੱਜ ਪੀ ਰਿਹਾ ਹਾਂ ਉਹ ਵੀ ਜ਼ਹਿਰੀਲਾ ਹੋ ਚੁੱਕਾ ਹੈ।
ਲਗਾਤਾਰ ਦਵਾਈਆਂ ਦੀ ਵਰਤੋਂ ਕਾਰਨ ਫ਼ਸਲਾਂ ਦਾ ਉਪਜਾਊਪਣ ਵੀ ਘਟ ਰਿਹਾ ਹੈ। ਇਕ ਏਕੜ ਫ਼ਸਲ ਲਈ ਜਿੰਨਾ ਅਸੀਂ ਦਵਾਈ ਦਾ ਛੜਕਾਅ ਅੱਜ ਕੀਤਾ ਹੈ, ਉਹ ਅਗਲੀ ਵਾਰ ਵਧ ਜਾਵੇਗਾ ਅਤੇ ਇਹ ਵਾਧੇ ਦਾ ਸਿਲਸਿਲਾ ਸਾਲ ਦਰ ਸਾਲ ਲਗਾਤਾਰ ਜਾਰੀ ਰਹਿੰਦਾ ਹੈ। ਇਕ ਤਾਂ ਸਰਕਾਰ ਕਿਸਾਨਾਂ ਨੂੰ ਫ਼ਸਲਾਂ ਦਾ ਪੂਰਾ ਮੁੱਲ ਨਹੀਂ ਦਿੰਦੀ ਤੇ ਦੂਜੇ ਬੰਨੇ ਲਗਾਤਾਰ ਦਵਾਈਆਂ ਦੀ ਵਧਦੀ ਵਰਤੋਂ ਕਾਰਨ ਸਾਡੀ ਪੂੰਜੀ ਅਜਾਈਂ ਜਾ ਰਹੀ ਹੈ; ਕਿਉਂਕਿ ਦਵਾਈਆਂ ਹਰ ਸਾਲ ਮਹਿੰਗੀਆਂ ਹੋ ਰਹੀਆਂ ਹਨ। ਦਵਾਈਆਂ ਦਾ ਲਗਾਤਾਰ ਵਧਦਾ ਖਰਚ ਕਿਸਾਨਾਂ ਨੂੰ ਅੱਜ ਕਰਜ਼ਾਈ ਬਣਾ ਰਿਹਾ ਹੈ। ਕਰਜ਼ੇ ਹੇਠ ਦੱਬੇ ਕਿਸਾਨ ਅੱਜ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ।
ਅਜੋਕੀ ਹਾਲਤ ਨੂੰ ਬਦਲਣ ਦਾ ਇਕੋ ਇਕ ਰਾਹ ਕੁਦਰਤੀ ਖੇਤੀ ਹੈ। ਪਹਿਲੇ ਨੰਬਰ 'ਤੇ ਸਾਨੂੰ ਕੁਦਰਤੀ ਖੇਤੀ ਲਈ ਜ਼ਹਿਰੀਲੀਆਂ ਦਵਾਈਆਂ ਦੀ ਲੋੜ ਨਹੀਂ ਪੈਂਦੀ, ਜਿਸ ਨਾਲ ਸਾਡੀ ਪੂੰਜੀ ਦਾ ਬਚਾਅ ਹੁੰਦਾ ਹੈ। ਅਸੀਂ ਇੱਥੇ ਇਹ ਸੋਚ ਸਕਦੇ ਹਾਂ ਕਿ ਕੁਦਰਤੀ ਖੇਤੀ ਨਾਲ ਫ਼ਸਲਾਂ ਦਾ ਝਾੜ ਘੱਟ ਨਿਕਲਦਾ ਹੈ। ਪ੍ਰੰਤੂ ਕੁਦਰਤੀ ਖੇਤੀ ਕਰਨ ਵਾਲਿਆਂ ਤੋਂ ਪਤਾ ਲਗਦਾ ਹੈ ਕਿ ਝਾੜ ਦਾ ਸ਼ੁਰੂਆਤ ਵਿਚ ਕੁਝ ਫ਼ਰਕ ਜ਼ਰੂਰ ਪੈਂਦਾ ਹੈ। ਫਿਰ ਇਹ ਹਰ ਸਾਲ ਵਧਦਾ ਰਹਿੰਦਾ ਹੈ। ਦੂਸਰੀ ਸੋਚਣ ਵਾਲੀ ਗੱਲ ਇਹ ਹੈ ਕਿ, ਮੰਨ ਲਓ ਝਾੜ ਘੱਟ ਵੀ ਨਿਕਲੇ ਤਾਂ ਵੀ ਘੱਟੋ ਘੱਟ ਸਾਨੂੰ ਬਿਮਾਰੀਆਂ 'ਤੇ ਹੋਣ ਵਾਲੇ ਖ਼ਰਚ ਤੋਂ ਤਾਂ ਛੁਟਕਾਰਾ ਮਿਲੇਗਾ। ਕਿਉਂਕਿ ਸਾਡੀਆਂ ਬਿਮਾਰੀਆਂ ਦਾ ਕਾਰਨ ਹੀ ਜ਼ਹਿਰੀਲੀਆਂ ਦਵਾਈਆਂ ਨਾਲ ਪੈਦਾ ਹੋਣ ਵਾਲੀ ਖੁਰਾਕ ਹੈ। ਇਸ ਤਰ੍ਹਾਂ ਕੁਦਰਤੀ ਖੇਤੀ ਨਾਲ ਸਾਡਾ ਰਸਾਇਣਕ ਦਵਾਈਆਂ ਤੇ ਹੋਣ ਵਾਲਾ ਖਰਚ ਅਤੇ ਸਰੀਰਕ ਬਿਮਾਰੀਆਂ 'ਤੇ ਹੋਣ ਵਾਲਾ ਖ਼ਰਚ ਬਚ ਜਾਂਦਾ ਹੈ। ਸਧਾਰਨ ਝਾੜ ਵੀ ਸਾਡੀ ਮਿਹਨਤ ਦਾ ਮੁੱਲ ਮੋੜ ਦਿੰਦਾ ਹੈ। ਤੀਸਰਾ ਬੀਮਾਰੀਆਂ ਕਾਰਨ ਮੌਤ ਦਰ ਵਿਚ ਹੋ ਰਹੇ ਵਾਧੇ ਤੋਂ ਵੀ ਛੁਟਕਾਰਾ ਮਿਲਦਾ ਹੈ ਕਿਉਂਕਿ ਲੰਬੇਰੀ ਉਮਰ ਲਈ ਸਿਹਤਮੰਦ ਖੁਰਾਕ ਦਾ ਹੋਣਾ ਜ਼ਰੂਰੀ ਹੈ, ਜੋ ਸਾਨੂੰ ਕੁਦਰਤੀ ਖੇਤੀ ਦੁਆਰਾ ਹੀ ਪ੍ਰਾਪਤ ਹੋ ਸਕਦੀ ਹੈ। ਕੁਦਰਤੀ ਖੇਤੀ ਦਾ ਚੌਥਾ ਫਾਇਦਾ ਇਹ ਹੋਵੇਗਾ ਕਿ ਕਿਸਾਨ ਕਰਜ਼ੇ ਦੇ ਬੋਝ ਥੱਲਿਓਂ ਨਿਕਲਣਗੇ ਇਸ ਦਾ ਕਾਰਨ ਰਸਾਇਣਕ 'ਤੇ ਬਿਮਾਰੀਆਂ 'ਤੇ ਹੋਣ ਵਾਲੇ ਖਰਚ ਤੋਂ ਬਚਾਅ ਹੈ। ਇਸ ਨਾਲ ਕਿਸਾਨਾਂ ਦੀਆਂ ਹੋ ਰਹੀਆਂ ਖ਼ੁਦਕੁਸ਼ੀਆਂ ਵੀ ਰੁਕਣਗੀਆਂ। ਇਸ ਲਈ ਅਜੋਕਾ ਸਮਾਂ ਕੁਦਰਤੀ ਖੇਤੀ ਦੀ ਮੰਗ ਕਰਦਾ ਹੈ।


-ਪਿੰਡ ਬੱਲਿਆਂਵਾਲਾ, ਡਾਕ: ਮਹਿਮੂਦਪੁਰਾ (ਤਰਨ ਤਾਰਨ)
ਮੋਬਾਈਲ :7087070050 

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX