ਤਾਜਾ ਖ਼ਬਰਾਂ


ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  14 minutes ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  21 minutes ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  about 1 hour ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  about 1 hour ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  about 1 hour ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  about 1 hour ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  about 2 hours ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਪੰਜਾਬ ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ ਖੋਲ੍ਹੇਗਾ 'ਆਪ' ਦਾ ਯੂਥ ਵਿੰਗ
. . .  about 2 hours ago
ਸੰਗਰੂਰ, 20 ਫਰਵਰੀ (ਧੀਰਜ ਪਸ਼ੋਰੀਆ)- ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦੀ ਬੁਲਾਰੀ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਯੂਥ ਵਿੰਗ, ਪੰਜਾਬ ਦੇ ਪਿੰਡ-ਪਿੰਡ ਜਾ ਕੇ ਪੰਜਾਬ ਸਰਕਾਰ ਦੇ 2019-20 ਦੇ ਨੌਜਵਾਨ ਵਿਰੋਧੀ ਬਜਟ ਦੀ ਪੋਲ .....
7 ਮਾਰਚ ਨੂੰ ਮੁੱਖ ਮੰਤਰੀ ਪੰਜਾਬ ਨੂੰ ਪੰਜ ਸੌ ਆਵਾਰਾ ਡੰਗਰ ਅਤੇ ਦੋ ਸੌ ਕੁੱਤੇ ਪੇਸ਼ ਕੀਤੇ ਜਾਣਗੇ- ਲੱਖੋਵਾਲ
. . .  about 2 hours ago
ਚੰਡੀਗੜ੍ਹ, 20 ਫਰਵਰੀ (ਅਜਾਇਬ ਸਿੰਘ ਔਜਲਾ)- ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੀ ਕਿਸਾਨਾਂ ਲਈ ਮਾਰੂ ਨੀਤੀ ਵਿਰੁੱਧ ਅੱਜ ਕਿਸਾਨ ਭਵਨ ਵਿਖੇ ਭਾਰਤੀ ਕਿਸਾਨ ਯੂਨੀਅਨ ਪੰਜਾਬ ਲੱਖੋਵਾਲ ਦੇ ਪ੍ਰਧਾਨ ਸਰਦਾਰ ਅਜਮੇਰ ਸਿੰਘ ਲੱਖੋਵਾਲ ਦੀ ਅਗਵਾਈ ਹੇਠ
ਪੌਂਟੀ ਚੱਢਾ ਦੇ ਭਤੀਜੇ ਦੀ ਜ਼ਮਾਨਤ ਅਰਜ਼ੀ ਖ਼ਾਰਜ
. . .  about 2 hours ago
ਨਵੀਂ ਦਿੱਲੀ, 20 ਫਰਵਰੀ - ਪਟਿਆਲਾ ਹਾਊਸ ਕੋਰਟ ਨੇ ਪੌਂਟੀ ਚੱਢਾ ਦੇ ਭਤੀਜੇ ਆਸ਼ੀਸ਼ ਚੱਡਾ ਦੀ ਜ਼ਮਾਨਤ ਅਰਜ਼ੀ ਖ਼ਾਰਜ ਕਰ ਦਿੱਤੀ ਹੈ, ਜਿਸ ਨੂੰ ਕਿ 18 ਫਰਵਰੀ ਨੂੰ ਸੜਕ ਹਾਦਸਾ ਕਰਨ...
ਹੋਰ ਖ਼ਬਰਾਂ..

ਸਾਡੀ ਸਿਹਤ

ਚੰਗੀ ਸਿਹਤ ਲਈ ਆਸਾਨ ਨਿਯਮ

ਚੰਗੀ ਸਿਹਤ ਵੀ ਸਭ ਨੂੰ ਨਸੀਬ ਨਹੀਂ ਹੁੰਦੀ। ਸਿਹਤ ਜੇ ਠੀਕ ਨਹੀਂ ਹੈ ਤਾਂ ਜੀਵਨ ਨੀਰਸ ਜਿਹਾ ਲਗਦਾ ਹੈ। ਜੇ ਸਿਹਤ ਚੰਗੀ ਹੈ ਤਾਂ ਜ਼ਿੰਦਗੀ ਜਿਉਣ ਦਾ ਆਪਣਾ ਹੀ ਮਜ਼ਾ ਹੁੰਦਾ ਹੈ। ਤੁਸੀਂ ਖੁਸ਼ ਰਹਿੰਦੇ ਹੋ ਤਾਂ ਸਭ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਵੀ ਕਰਦੇ ਹੋ ਪਰ ਜੇ ਤੁਸੀਂ ਅੰਦਰੋਂ ਠੀਕ ਮਹਿਸੂਸ ਨਹੀਂ ਕਰਦੇ ਤਾਂ ਨਾ ਆਪ ਖੁਸ਼ ਰਹਿੰਦੇ ਹੋ, ਨਾ ਹੀ ਦੂਜਿਆਂ ਦੀ ਖੁਸ਼ੀ ਚੰਗੀ ਲਗਦੀ ਹੈ। ਖ਼ੁਦ ਨੂੰ ਤੰਦਰੁਸਤ ਅਤੇ ਸੁਖੀ ਬਣਾਉਣਾ ਕਾਫ਼ੀ ਹੱਦ ਤੱਕ ਆਪਣੇ-ਆਪ 'ਤੇ ਹੀ ਨਿਰਭਰ ਕਰਦਾ ਹੈ। ਆਓ, ਧਿਆਨ ਦੇਈਏ ਕਿ ਅਸੀਂ ਆਪਣੇ-ਆਪ ਨੂੰ ਕਿਵੇਂ ਤੰਦਰੁਸਤ ਰੱਖ ਸਕਦੇ ਹਾਂ ਅਤੇ ਜਿਉਣ ਦਾ ਪੂਰਾ ਲੁਤਫ਼ ਕਿਵੇਂ ਉਠਾ ਸਕਦੇ ਹਾਂ।
* ਸਵੇਰੇ ਉੱਠ ਕੇ ਇਕ ਗਿਲਾਸ ਪਾਣੀ ਜ਼ਰੂਰ ਪੀਓ। ਪਾਣੀ ਪੀਣ ਨਾਲ ਪੇਟ ਸਾਫ਼ ਰਹਿੰਦਾ ਹੈ ਅਤੇ ਚਮੜੀ ਵੀ ਚਮਕਦਾਰ ਬਣੀ ਰਹਿੰਦੀ ਹੈ। ਆਪਣੀ ਪਿਆਸ ਨੂੰ ਦਬਾਓ ਨਾ। ਜਦੋਂ ਵੀ ਪਿਆਸ ਲੱਗੇ, ਪਾਣੀ ਪੀਓ।
* ਆਪਣਾ ਸੌਣ ਵਾਲਾ ਕਮਰਾ ਅਜਿਹਾ ਰੱਖੋ, ਜਿਸ ਦੀ ਖਿੜਕੀ ਬਾਹਰ ਵੱਲ ਖੁੱਲ੍ਹਦੀ ਹੋਵੇ, ਜਿਸ ਨਾਲ ਤੁਸੀਂ ਕਾਰਬਨ ਡਾਈਆਕਸਾਈਡ ਦੇ ਕਈ ਮਾੜੇ ਪ੍ਰਭਾਵਾਂ ਤੋਂ ਬਚੇ ਰਹੋਗੇ ਅਤੇ ਕਈ ਸਾਹ ਦੀਆਂ ਬਿਮਾਰੀਆਂ ਤੋਂ ਆਪਣੇ-ਆਪ ਨੂੰ ਬਚਾ ਕੇ ਰੱਖ ਸਕੋਗੇ। ਤਾਜ਼ੀ ਹਵਾ ਦੇ ਆਉਣ ਨਾਲ ਸਵੇਰੇ ਤੁਸੀਂ ਤਰੋਤਾਜ਼ੇ ਹੋ ਕੇ ਉੱਠੋਗੇ।
* ਸਮੇਂ ਸਿਰ ਉੱਚਿਤ ਖਾਣਾ ਖਾਓ। ਰੁਝੇਵਿਆਂ ਨੂੰ ਖਾਣੇ 'ਤੇ ਭਾਰੂ ਨਾ ਹੋਣ ਦਿਓ। ਸਵੇਰ ਦਾ ਨਾਸ਼ਤਾ ਜ਼ਰੂਰ ਲਓ ਤਾਂ ਕਿ ਸਾਰਾ ਦਿਨ ਤੁਹਾਡਾ ਸਰੀਰ ਗਤੀਸ਼ੀਲ ਰਹਿ ਸਕੇ। ਸਰੀਰ ਨੂੰ ਗਤੀਸ਼ੀਲ ਰੱਖਣ ਲਈ ਭੋਜਨ ਵਿਚ ਹਰ ਰੋਜ਼ ਪੌਸ਼ਕ ਤੱਤਾਂ ਦੇ ਨਾਲ ਵਿਟਾਮਿਨ ਵੀ ਜ਼ਰੂਰ ਲਓ। ਫਲਾਂ ਵਿਚੋਂ ਵਿਟਾਮਿਨ ਭਰਪੂਰ ਮਾਤਰਾ ਵਿਚ ਮਿਲ ਜਾਂਦੇ ਹਨ। ਆਪਣੀ ਰੋਜ਼ਮਰ੍ਹਾ ਦੀ ਜ਼ਿੰਦਗੀ ਵਿਚ ਫਲਾਂ ਨੂੰ ਮਹੱਤਵਪੂਰਨ ਸਥਾਨ ਦਿਓ। ਫਲਾਂ ਵਿਚੋਂ ਸਾਨੂੰ ਭਰਪੂਰ ਮਾਤਰਾ ਵਿਚ ਰੇਸ਼ੇ ਵੀ ਮਿਲ ਜਾਂਦੇ ਹਨ ਜੋ ਪਾਚਣ ਸ਼ਕਤੀ ਨੂੰ ਠੀਕ ਰੱਖਦੇ ਹਨ। ਭੋਜਨ ਵਿਚ ਭਾਰੀ ਭੋਜਨ ਨੂੰ ਘੱਟ ਤੋਂ ਘੱਟ ਜਗ੍ਹਾ ਦਿਓ। ਭੋਜਨ ਹਲਕਾ, ਪੌਸ਼ਟਿਕ ਅਤੇ ਪਚਣਯੋਗ ਹੀ ਲਓ।
* ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਸੈਰ ਕਰਨੀ ਚੰਗੀ ਸਿਹਤ ਲਈ ਬਹੁਤ ਜ਼ਰੂਰੀ ਹੈ। ਤੇਜ਼ ਚੱਲਣਾ ਦਿਲ ਲਈ ਲਾਭਦਾਇਕ ਹੁੰਦਾ ਹੈ। ਉਸ ਨਾਲ ਦਿਲ ਦੀ ਕਸਰਤ ਹੋ ਜਾਂਦੀ ਹੈ। ਸੈਰ ਕਰਨ ਨਾਲ ਪਾਚਣ ਸ਼ਕਤੀ ਵੀ ਠੀਕ ਰਹਿੰਦੀ ਹੈ। ਧਿਆਨ ਰੱਖੋ ਕਿ ਖਾਣੇ ਤੋਂ ਤੁਰੰਤ ਬਾਅਦ ਘੁੰਮਣ ਨਾ ਨਿਕਲੋ। ਜੇ ਜਾਣਾ ਵੀ ਪਵੇ ਤਾਂ ਬਹੁਤ ਆਰਾਮ ਨਾਲ ਥੋੜ੍ਹੀ ਦੂਰੀ ਤੱਕ ਟਹਿਲੋ।
* ਆਪਣੇ-ਆਪ ਵਿਚ ਸੁਧਾਰ ਲਿਆਉਣ ਲਈ ਧਿਆਨ ਲਗਾਉਣਾ ਬਹੁਤ ਜ਼ਰੂਰੀ ਹੈ। ਦਿਨ ਭਰ ਵਿਚ ਕੁਝ ਸਮਾਂ ਅੰਤਰਮਨ ਵਿਚ ਝਾਕਣ ਲਈ ਰੱਖੋ। ਧਿਆਨ ਦਿਓ ਕਿ ਅੱਜ ਦਾ ਦਿਨ ਕਿਹੋ ਜਿਹਾ ਬੀਤਿਆ, ਕੀ ਕੀਤਾ ਅਤੇ ਕੀ ਕਰਨਾ ਸੀ ਜੋ ਪੂਰਾ ਨਹੀਂ ਹੋ ਸਕਿਆ। ਉਸ ਨੂੰ ਅਗਲੇ ਦਿਨ ਦੀ ਰੋਜ਼ਮਰ੍ਹਾ ਵਿਚ ਜੋੜੋ। ਇਸ ਨਾਲ ਤੁਸੀਂ ਆਪਣੀ ਸ਼ਕਤੀ ਅਤੇ ਸਮਰੱਥਾ ਨੂੰ ਪਛਾਣ ਸਕਦੇ ਹੋ। ਤੁਸੀਂ ਆਪਣੇ ਟੀਚੇ ਦੇ ਕਿੰਨੇ ਨੇੜੇ ਪਹੁੰਚੇ ਹੋ, ਇਸ ਦਾ ਅੰਦਾਜ਼ਾ ਲਗਾ ਸਕਦੇ ਹੋ। ਦਿਨ ਭਰ ਵਿਚ ਕੁਝ ਗ਼ਲਤ ਕੀਤਾ ਹੈ ਤਾਂ ਉਸ ਨੂੰ ਭਵਿੱਖ ਵਿਚ ਸੁਧਾਰਨ ਦੀ ਕੋਸ਼ਿਸ਼ ਕਰ ਸਕਦੇ ਹੋ। ਆਪਣੇ-ਆਪ ਨੂੰ ਨਕਾਰਾਤਮਕ ਸੋਚ ਤੋਂ ਦੂਰ ਰੱਖ ਸਕਦੇ ਹੋ ਅਤੇ ਖੁਸ਼ ਰਹਿ ਸਕਦੇ ਹੋ। ਇਸ ਨਾਲ ਆਤਮਵਿਸ਼ਵਾਸ ਵਧਦਾ ਹੈ।
* ਸਰੀਰ ਦੀ ਸ਼ੁੱਧਤਾ 'ਤੇ ਵੀ ਧਿਆਨ ਦਿਓ। ਹਰ ਰੋਜ਼ ਗਰਮੀ ਦੇ ਮੌਸਮ ਵਿਚ ਦੋ ਵਾਰ ਅਤੇ ਸਰਦੀ ਵਿਚ ਇਕ ਵਾਰ ਇਸ਼ਨਾਨ ਜ਼ਰੂਰ ਕਰੋ। ਹੋ ਸਕੇ ਤਾਂ ਹਫ਼ਤੇ ਵਿਚ ਇਕ ਵਾਰ ਚੈਨ ਨਾਲ ਨਹਾਓ ਤਾਂ ਕਿ ਤੁਹਾਡਾ ਸਰੀਰ ਪੂਰੀ ਤਰ੍ਹਾਂ ਸ਼ੁੱਧ ਰਹਿ ਸਕੇ ਅਤੇ ਨਿਸਚਿੰਤ ਮਨ ਨਾਲ 15-20 ਮਿੰਟ ਤੱਕ ਨਹਾਓ। ਖੁੱਲ੍ਹ ਕੇ ਨਹਾਉਣ ਨਾਲ ਥਕਾਨ ਵੀ ਦੂਰ ਹੁੰਦੀ ਹੈ, ਸਰੀਰ 'ਤੇ ਸਕਰੱਬ ਵਰਤਣ ਨਾਲ ਰੋਮ ਖੁੱਲ੍ਹਦੇ ਹਨ ਅਤੇ ਮ੍ਰਿਤ ਕੋਸ਼ਿਕਾਵਾਂ ਖ਼ਤਮ ਹੁੰਦੀਆਂ ਹਨ। ਨਹਾਉਣ ਤੋਂ ਬਾਅਦ ਸਰੀਰ ਨੂੰ ਚੰਗੀ ਤਰ੍ਹਾਂ ਪੂੰਝ ਕੇ ਸਾਫ਼ ਕੱਪੜੇ ਪਹਿਨੋ। ਸ਼ੁੱਧਤਾ ਵੀ ਤੰਦਰੁਸਤ ਰਹਿਣ ਵਿਚ ਮਦਦ ਕਰਦੀ ਹੈ।
* ਚਾਹ, ਕੌਫੀ ਦਾ ਸੇਵਨ ਘੱਟ ਮਾਤਰਾ ਵਿਚ ਕਰੋ। ਉਸ ਦੀ ਜਗ੍ਹਾ ਸੂਪ, ਨਾਰੀਅਲ ਪਾਣੀ, ਲੱਸੀ, ਫਲਾਂ ਦਾ ਸ਼ਰਬਤ ਆਦਿ ਲਓ।
* ਚੰਗੀ ਸਿਹਤ ਲਈ ਨੀਂਦ ਪੂਰੀ ਲਓ। ਨੀਂਦ ਪੂਰੀ ਲੈਣ ਨਾਲ ਦਿਨ ਭਰ ਦੀ ਥਕਾਨ ਦੂਰ ਹੁੰਦੀ ਹੈ ਅਤੇ ਅਗਲੀ ਸਵੇਰ ਸਰੀਰ ਵਿਚ ਫੁਰਤੀ ਰਹਿੰਦੀ ਹੈ। ਸੌਣ ਨਾਲ ਸਾਡਾ ਸਰੀਰ ਸਨਾਯੂ ਸ਼ਕਤੀ ਦਾ ਪੁਨਰ ਨਿਰਮਾਣ ਕਰ ਲੈਂਦਾ ਹੈ। ਹਫਤੇ ਵਿਚ ਇਕ ਦਿਨ ਪੂਰੀ ਨੀਂਦ ਲਓ। ਵੈਸੇ ਤਾਂ ਹਰ ਰੋਜ਼ ਪੂਰੀ ਨੀਂਦ ਲੈਣੀ ਚਾਹੀਦੀ ਹੈ ਪਰ ਅੱਜ ਦੇ ਰੁਝੇਵੇਂ ਭਰੇ ਜੀਵਨ ਵਿਚ ਇਹ ਸੰਭਵ ਹੋਣਾ ਮੁਸ਼ਕਿਲ ਹੈ।
* ਆਪਣੇ ਨੇੜਲੇ ਸਬੰਧੀਆਂ, ਮਿੱਤਰਾਂ ਦੇ ਨਾਲ ਮਹੀਨੇ ਵਿਚ ਇਕ-ਦੋ ਵਾਰ ਸਮਾਂ ਕੱਢੋ। ਪਿਕਨਿਕ 'ਤੇ ਜਾਓ, ਮੌਜ-ਮਸਤੀ ਕਰੋ। ਇਸ ਸਭ ਕੁਝ ਨਾਲ ਜਿਉਣ ਦੀ ਉਮੰਗ ਜਾਗ੍ਰਿਤ ਹੁੰਦੀ ਹੈ ਜੋ ਚੰਗੀ ਸਿਹਤ ਦੀ ਸੂਚਕ ਹੁੰਦੀ ਹੈ।


ਖ਼ਬਰ ਸ਼ੇਅਰ ਕਰੋ

ਦਵਾਈ ਵੀ ਹੈ ਲੂਣ

ਘਰ-ਘਰ ਵਰਤੇ ਜਾਣ ਵਾਲੇ ਲੂਣ ਨੂੰ ਸਾਰੇ ਲੋਕ ਜਾਣਦੇ ਹਨ। ਪਕਵਾਨ ਵੀ ਇਸ ਤੋਂ ਬਿਨਾਂ ਬੇਸੁਆਦ ਹੋ ਜਾਂਦੇ ਹਨ। ਪਕਵਾਨਾਂ ਨੂੰ ਸਵਾਦ ਬਣਾਉਣ ਵਾਲਾ ਲੂਣ ਦਵਾਈ ਦੇ ਗੁਣਾਂ ਨਾਲ ਵੀ ਭਰਪੂਰ ਹੈ। ਇਸ ਦੀ ਵਰਤੋਂ ਕਰਕੇ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਹੇਠਾਂ ਲੂਣ ਦੇ ਕੁਝ ਦਵਾਈ ਵਜੋਂ ਫਾਇਦੇ ਦੱਸੇ ਜਾ ਰਹੇ ਹਨ-
* ਜੇ ਤੁਹਾਡੀ ਚਮੜੀ ਰੁੱਖੀ-ਰੁੱਖੀ ਅਤੇ ਬੇਜਾਨ ਹੈ ਤਾਂ ਸਰ੍ਹੋਂ ਦੇ ਤੇਲ ਵਿਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਇਸ ਨਾਲ ਚਮੜੀ ਦੀ ਮਾਲਿਸ਼ ਕਰੋ। ਕੁਝ ਦਿਨਾਂ ਤੱਕ ਲਗਾਤਾਰ ਨਿਯਮਤ ਰੂਪ ਨਾਲ ਮਾਲਿਸ਼ ਕਰਨ ਨਾਲ ਚਮੜੀ ਮੁਲਾਇਮ ਅਤੇ ਆਕਰਸ਼ਕ ਹੋ ਜਾਂਦੀ ਹੈ।
* ਜੇ ਭੁੱਖ ਨਾ ਲੱਗੇ, ਬਦਹਜ਼ਮੀ ਅਤੇ ਪੇਟ ਗੈਸ ਦੀ ਸ਼ਿਕਾਇਤ ਹੋਵੇ ਤਾਂ ਅਦਰਕ ਦੇ ਟੁਕੜੇ 'ਤੇ ਨਿੰਬੂ ਦਾ ਰਸ ਅਤੇ ਸੇਂਧਾ ਨਮਕ ਪਾ ਕੇ ਖਾਓ। ਤੁਹਾਡੀ ਪ੍ਰੇਸ਼ਾਨੀ ਦੂਰ ਹੋ ਜਾਵੇਗੀ।
* ਸਾਧਾਰਨ ਨਮਕ ਦੇ ਨਾਲ ਫਟਕੜੀ ਦਾ ਚੂਰਨ ਮਿਲਾ ਕੇ ਦਿਨ ਵਿਚ 3-4 ਵਾਰ ਦੰਦਾਂ 'ਤੇ ਮਲਣ ਅਤੇ ਇਸ ਮਿਸ਼ਰਣ ਵਿਚੋਂ ਥੋੜ੍ਹਾ ਜਿਹਾ ਕੋਸੇ ਪਾਣੀ ਵਿਚ ਮਿਲਾ ਕੇ ਕੁਰਲੀ ਕਰਨ ਨਾਲ ਕੁਝ ਦਿਨਾਂ ਵਿਚ ਪਾਇਰੀਆ ਤੋਂ ਮੁਕਤੀ ਮਿਲ ਜਾਂਦੀ ਹੈ।
* ਜੇ ਕਬਜ਼ ਦੀ ਸ਼ਿਕਾਇਤ ਹੋਵੇ ਤਾਂ ਨਿੰਬੂ ਦੇ ਰਸ ਵਿਚ ਅਜ਼ਵਾਇਣ ਅਤੇ ਸੇਂਧਾ ਨਮਕ ਮਿਲਾ ਕੇ ਸੁਕਾ ਲਓ ਅਤੇ ਰਾਤ ਨੂੰ ਸੌਣ ਸਮੇਂ ਦੋ ਚਮਚ ਲਓ। ਕੁਝ ਦਿਨ ਵਰਤਣ ਨਾਲ ਪੁਰਾਣੀ ਤੋਂ ਪੁਰਾਣੀ ਕਬਜ਼ ਦੂਰ ਹੋ ਜਾਵੇਗੀ।
* ਜੇ ਕੰਨ ਵਿਚ ਦਰਦ ਹੋ ਰਹੀ ਹੋਵੇ ਤਾਂ ਇਕ ਕੱਪ ਪਾਣੀ ਵਿਚ ਤਿੰਨ ਚਮਚ ਨਮਕ ਮਿਲਾ ਕੇ ਗਰਮ ਕਰਕੇ ਠੰਢਾ ਕਰ ਲਓ। ਫਿਰ 10-10 ਬੂੰਦਾਂ ਦਿਨ ਵਿਚ 3 ਵਾਰ ਦੋਵੇਂ ਕੰਨਾਂ ਵਿਚ ਪਾਓ। ਦਰਦ ਦੂਰ ਹੋ ਜਾਵੇਗੀ।
* ਪੈਰਾਂ ਵਿਚ ਸੋਜ, ਝਨਝਨਾਹਟ ਹੋਵੇ ਜਾਂ ਤੁਸੀਂ ਗਠੀਆ ਰੋਗ ਦਾ ਸ਼ਿਕਾਰ ਹੋ ਤਾਂ ਕੋਸੇ ਪਾਣੀ ਵਿਚ ਲੂਣ ਪਾ ਕੇ ਉਸ ਨਾਲ ਪੈਰਾਂ ਦੀ ਮਾਲਿਸ਼ ਕਰੋ। ਲਾਭ ਹੋਵੇਗਾ।

ਈਸਬਗੋਲ : ਇਕ ਗੁਣਕਾਰੀ ਦਵਾਈ

ਈਸਬਗੋਲ ਇਕ ਬਹੁਤ ਗੁਣਕਾਰੀ ਵਸਤੂ ਹੈ। ਇਸ ਨਾਲ ਪੇਟ ਦੇ ਵਿਕਾਰ, ਛਾਤੀ ਅਤੇ ਮੂਤਰ ਸਬੰਧੀ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਦਾ ਮੂਲ ਨਾਂਅ ਅਸ਼ਵਗੋਲ ਹੈ।
* ਮੂੰਹ ਪੱਕ ਜਾਵੇ ਜਾਂ ਛਾਲੇ ਹੋ ਜਾਣ ਤਾਂ ਈਸਬਗੋਲ ਨੂੰ ਪਾਣੀ ਵਿਚ ਪਾ ਕੇ ਕੁਰਲੀ ਕਰਨ ਨਾਲ ਲਾਭ ਮਿਲਦਾ ਹੈ।
* ਦਸਤ ਲੱਗੇ ਹੋਣ ਤਾਂ ਦਹੀਂ ਜਾਂ ਕੱਚੇ ਦੁੱਧ ਵਿਚ ਈਸਬਗੋਲ ਮਿਲਾ ਕੇ ਸੇਵਨ ਕਰਨ ਨਾਲ ਫਾਇਦਾ ਹੁੰਦਾ ਹੈ। * ਕਬਜ਼ ਹੋਵੇ ਤਾਂ ਦੋ ਚਮਚ ਈਸਬਗੋਲ ਨੂੰ ਪਾਣੀ ਨਾਲ ਨਿਗਲ ਲਓ।
* ਜੇ ਗ਼ਲਤੀ ਨਾਲ ਕੱਚ ਖਾ ਲਿਆ ਹੋਵੇ ਤਾਂ 1 ਗ੍ਰਾਮ ਈਸਬਗੋਲ ਦੀ ਭੂਸੀ ਨੂੰ ਪਾਣੀ ਨਾਲ ਲਓ। ਕੱਚ ਬਾਹਰ ਨਿਕਲ ਜਾਵੇਗਾ।
* ਭੁੱਖ ਨਾ ਲਗਦੀ ਹੋਵੇ ਤਾਂ ਈਸਬਗੋਲ ਵਿਚ ਥੋੜ੍ਹੀ ਸੌਂਫ ਮਿਲਾ ਕੇ ਤਾਜ਼ੇ ਪਾਣੀ ਨਾਲ ਲਓ। ਇਸ ਨਾਲ ਭੁੱਖ ਵਧੇਗੀ।
* ਫੋੜੇ-ਫਿਨਸੀਆਂ ਹੋਣ 'ਤੇ ਈਸਬਗੋਲ ਦੇ ਪੌਦਿਆਂ ਦਾ ਅਰਕ ਉਨ੍ਹਾਂ 'ਤੇ ਲਗਾਓ।
* ਸੌਣ ਸਮੇਂ ਈਸਬਗੋਲ ਦੀ ਭੂਸੀ ਨੂੰ ਮਿਸ਼ਰੀ ਨਾਲ ਖਾਣ ਨਾਲ ਸੁਪਨਦੋਸ਼ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
* ਗਰਭਵਤੀ ਔਰਤਾਂ ਲਈ ਈਸਬਗੋਲ ਦੀ ਭੂਸੀ ਦਾ ਨਿਯਮਤ ਸੇਵਨ ਬਹੁਤ ਲਾਭਦਾਇਕ ਹੈ।


-ਭਾਸ਼ਣਾ ਬਾਂਸਲ

ਥੋੜ੍ਹਾ ਆਰਾਮ : ਬਿਮਾਰੀਆਂ ਤੋਂ ਰੱਖੇ ਦੂਰ

ਅੱਜ ਦੇ ਸਮੇਂ ਵਿਚ ਔਰਤ-ਮਰਦ ਦੋਵੇਂ ਕੰਮ 'ਤੇ ਜਾਂਦੇ ਹਨ ਅਤੇ ਕਈ-ਕਈ ਘੰਟੇ ਲਗਾਤਾਰ ਕੰਪਿਊਟਰ ਦੇ ਸਾਹਮਣੇ ਬੈਠ ਕੇ ਕੰਮ ਕਰਦੇ ਹਨ, ਜਿਸ ਦਾ ਅਸਰ ਸਰੀਰ ਦੇ ਵੱਖ-ਵੱਖ ਅੰਗਾਂ 'ਤੇ ਸਮੇਂ ਦੇ ਨਾਲ-ਨਾਲ ਪੈਂਦਾ ਰਹਿੰਦਾ ਹੈ। ਅੱਜ ਦਾ ਕਾਰਪੋਰੇਟ ਕਲਚਰ ਕਰਮਚਾਰੀਆਂ ਨੂੰ ਲਗਾਤਾਰ ਕੁਰਸੀ 'ਤੇ ਬੈਠ ਕੇ ਕੰਮ ਕਰਨ ਨੂੰ ਕਹਿੰਦਾ ਹੈ। ਨਤੀਜੇ ਵਜੋਂ ਕਈ ਬਿਮਾਰੀਆਂ ਜਿਵੇਂ ਹੇਠਲੀ ਪਿੱਠ ਦਰਦ, ਸ਼ੂਗਰ, ਦਿਲ ਦੇ ਰੋਗ, ਅੱਖਾਂ ਦੀਆਂ ਕਈ ਬਿਮਾਰੀਆਂ, ਪੈਰਾਂ ਵਿਚ ਦਰਦ, ਹੱਥਾਂ ਵਿਚ ਦਰਦ, ਧੌਣ ਦਾ ਦਰਦ ਆਦਿ ਲੱਗ ਜਾਂਦੀਆਂ ਹਨ। ਜੇ ਅਸੀਂ ਕੰਮ ਵਾਲੀ ਜਗ੍ਹਾ ਬੈਠੇ-ਬੈਠੇ ਕੰਮ ਕਰਦੇ ਹਾਂ ਤਾਂ ਅਸੀਂ 10 ਮਿੰਟ ਆਰਾਮ ਕਰਕੇ ਆਪਣੇ-ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ।
ਧਿਆਨ ਰੱਖੋ
* ਕੋਸ਼ਿਸ਼ ਕਰੋ ਡੈਸਕਟਾਪ 'ਤੇ ਕੰਮ ਕਰੋ ਨਾ ਕਿ ਟੇਬਲ ਚੇਅਰ 'ਤੇ ਬੈਠ ਕੇ। ਕੁਰਸੀ 'ਤੇ ਬੈਠ ਕੇ ਕੰਮ ਕਰਨ ਨਾਲ ਤੁਹਾਡੇ ਸਰੀਰ ਦਾ ਬੈਠਣ ਦਾ ਤਰੀਕਾ ਬਿਹਤਰ ਰਹਿੰਦਾ ਹੈ। ਲੈਪਟਾਪ 'ਤੇ ਕੰਮ ਕਰਨ ਲਈ ਕੋਈ ਪੱਕੀ ਜਗ੍ਹਾ ਨਾ ਹੋਣ ਦੇ ਕਾਰਨ ਅਸੀਂ ਕਦੇ ਫਰਸ਼ 'ਤੇ, ਕਦੇ ਬਿਸਤਰ 'ਤੇ ਬੈਠ ਕੇ ਕੰਮ ਕਰਨ ਲਗਦੇ ਹਾਂ, ਜਿਸ ਕਾਰਨ ਤਰੀਕਾ ਠੀਕ ਨਾ ਹੋਣ ਨਾਲ ਅਸੀਂ ਕਈ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ, ਖਾਸ ਕਰਕੇ ਕਮਰ ਦਰਦ ਅਤੇ ਸਪਾਂਡੇਲਾਈਟਿਸ।
* ਕੰਪਿਊਟਰ ਅਤੇ ਕੁਰਸੀ ਦੀ ਸਥਿਤੀ ਅਜਿਹੀ ਹੋਵੇ ਕਿ ਸਕਰੀਨ 'ਤੇ ਅਸਾਨੀ ਨਾਲ ਦੇਖਿਆ ਜਾ ਸਕੇ, ਸਕਰੀਨ 'ਤੇ ਦੱਖਣ ਲਈ ਜਬਰਨ ਝੁਕਣਾ ਜਾਂ ਉੱਪਰ ਧੌਣ ਚੁੱਕ ਕੇ ਨਾ ਦੇਖਣਾ ਪਵੇ।
* ਮਾਊਸ ਨੂੰ ਕੀ-ਬੋਰਡ ਦੇ ਕੋਲ ਕੀ-ਬੋਰਡ ਟ੍ਰੇਅ ਵਿਚ ਰੱਖੋ ਤਾਂ ਕਿ ਕੂਹਣੀ ਦਾ ਪੱਧਰ ਕੀ-ਬੋਰਡ ਤੋਂ ਥੋੜ੍ਹਾ ਜਿਹਾ ਹੇਠਾਂ ਹੋਵੇ।
* ਕੰਮ ਕਰਦੇ ਸਮੇਂ ਕੂਹਣੀ ਅਤੇ ਹੱਥ ਕੁਰਸੀ ਦੀਆਂ ਬਾਹਵਾਂ 'ਤੇ ਰੱਖੋ ਤਾਂ ਕਿ ਮੋਢਿਆਂ ਨੂੰ ਕੋਈ ਖਿਚਾਅ ਨਾ ਆਵੇ, ਨਾ ਹੀ ਉਸ 'ਤੇ ਦਬਾਅ ਪਵੇ।
* ਟਾਈਪ ਕਰਦੇ ਸਮੇਂ ਕੂਹਣੀ ਨੂੰ ਪੂਰਾ ਸਹਾਰਾ ਮਿਲਣਾ ਚਾਹੀਦਾ ਹੈ, ਇਸ ਗੱਲ ਦਾ ਧਿਆਨ ਰੱਖੋ।
* ਮੋਨੀਟਰ ਨੂੰ ਮੇਜ਼ ਦੇ ਪਿਛਲੇ ਪਾਸੇ ਰੱਖੋ ਅਤੇ ਕੁਰਸੀ-ਮੇਜ਼ ਦੇ ਕੋਲ ਰੱਖੋ, ਇਹੀ ਠੀਕ ਹੁੰਦਾ ਹੈ।
ਆਰਾਮ ਜੋ ਤੁਸੀਂ ਕਰ ਸਕਦੇ ਹੋ
* ਕੁਰਸੀ-ਮੇਜ਼ 'ਤੇ ਕੰਮ ਕਰਦੇ ਸਮੇਂ ਹਰ ਦੋ ਘੰਟੇ ਬਾਅਦ ਚਾਹੋ ਤਾਂ ਬੈਠੇ-ਬੈਠੇ ਥੋੜ੍ਹੀ ਕਸਰਤ ਕਰੋ ਜਾਂ ਖੜ੍ਹੇ ਹੋ ਕੇ ਕਰੋ ਤਾਂ ਕਿ ਸਰੀਰ ਦਾ ਖੂਨ ਸੰਚਾਰ ਠੀਕ ਚਲਦਾ ਰਹੇ।
* ਬੈਠੇ-ਬੈਠੇ ਪੰਜਿਆਂ ਅਤੇ ਅੱਡੀਆਂ ਨੂੰ ਚਲਾਓ, ਗੋਲਾਈ ਵਿਚ ਅਤੇ ਅੱਗੇ-ਪਿੱਛੇ। ਪੈਰਾਂ ਦੀਆਂ ਉਂਗਲੀਆਂ ਨੂੰ ਸਟ੍ਰੈਚ ਕਰੋ।
* ਕਾਫ ਮਸਲਸ ਨੂੰ ਸਟ੍ਰੈਚ ਕਰੋ। ਅਜਿਹਾ ਕਰਨ ਨਾਲ ਜਦੋਂ ਅਸੀਂ ਚਲਦੇ ਹਾਂ ਤਾਂ ਇਹ ਖੂਨ ਨੂੰ ਉੱਪਰ ਵੱਲ ਪੰਪ ਕਰਦੀ ਹੈ।
* ਦੋਵੇਂ ਹੱਥਾਂ ਨੂੰ ਚੁੱਕ ਕੇ ਮੋਢਿਆਂ 'ਤੇ ਰੱਖੋ ਅਤੇ ਕੂਹਣੀਆਂ ਨੂੰ ਕਲਾਕ ਵਾਈਜ਼ ਐਂਟੀ-ਕਲਾਕ ਵਾਈਜ਼ ਚਲਾਓ। ਇਸ ਨਾਲ ਬਾਹਾਂ ਦੀਆਂ ਮਾਸਪੇਸ਼ੀਆਂ ਲਚੀਲੀਆਂ ਬਣਦੀਆਂ ਹਨ।
* ਮੁੱਠੀ ਬੰਦ ਕਰਕੇ ਗੋਲ-ਗੋਲ ਘੁਮਾਓ, ਹੱਥਾਂ ਦੀਆਂ ਉਂਗਲੀਆਂ ਨੂੰ ਸਟ੍ਰੈਚ ਕਰੋ, ਹੱਥਾਂ ਨੂੰ ਉੱਪਰ-ਹੇਠਾਂ ਕਰੋ।
* ਦੋਵੇਂ ਹੱਥਾਂ ਦੀਆਂ ਉਂਗਲੀਆਂ ਨੂੰ ਕ੍ਰਾਸ ਕਰਕੇ ਪਿੱਛੇ ਕਮਰ ਦੇ ਹੇਠਲੇ ਹਿੱਸੇ ਤੱਕ ਲੈ ਜਾਓ, ਰਿਲੈਕਸ ਕਰੋ। ਦੋਵਾਂ ਹਿਪ 'ਤੇ ਦੋਵੇਂ ਹਥੇਲੀਆਂ ਰੱਖੋ ਅਤੇ ਮੋਢਿਆਂ ਤੋਂ ਧੌਣ ਨੂੰ ਝੁਕਾਉਂਦੇ ਹੋਏ ਥੋੜ੍ਹਾ ਹੇਠਾਂ ਜਾਓ। ਇਸੇ ਤਰ੍ਹਾਂ ਕਮਰ 'ਤੇ ਦੋਵੇਂ ਹੱਥਾਂ ਨੂੰ ਰੱਖ ਕੇ ਪਿੱਛੇ ਦੀ ਮੋਢਿਆਂ ਤੋਂ ਖਿੱਚੋ।
* ਅੱਖਾਂ ਨੂੰ ਗੋਲਾਈ ਵਿਚ (ਕਲਾਕ ਵਾਈਜ-ਐਂਟੀ ਕਲਾਕਵਾਈਜ਼) ਘੁਮਾਓ, ਆਰਾਮ ਕਰੋ। ਅੱਖਾਂ ਨੂੰ ਉੱਪਰ ਛੱਤ ਵੱਲ, ਹੇਠਾਂ ਫਰਸ਼ ਵੱਲ ਪੂਰੀ ਸਟ੍ਰੈਚ ਕਰਕੇ ਦੇਖੋ। ਅੱਖਾਂ ਨੂੰ ਝਪਕਾਓ, ਬੰਦ ਕਰੋ, ਹਥੇਲੀਆਂ ਨਾਲ ਅੱਖਾਂ ਨੂੰ ਗਰਮੀ ਦਿਓ। ਅੱਖਾਂ ਰਿਲੈਕਸ ਹੋਣਗੀਆਂ। ਠੰਢੇ ਪਾਣੀ ਨਾਲ ਅੱਖਾਂ ਦੋ-ਤਿੰਨ ਵਾਰ ਧੋਵੋ।
* ਇਸੇ ਤਰ੍ਹਾਂ ਧੌਣ ਦੀ ਕਸਰਤ ਕਰੋ, ਧੌਣ ਨੂੰ ਗੋਲ-ਗੋਲ ਬਹੁਤ ਆਰਾਮ ਨਾਲ ਘੁਮਾਓ, ਧੌਣ ਮੋੜ ਕੇ ਸੱਜੇ ਮੋਢੇ 'ਤੇ ਕੰਨ ਲਗਾਉਣ ਦੀ ਕੋਸ਼ਿਸ਼ ਕਰੋ। ਇਸੇ ਤਰ੍ਹਾਂ ਖੱਬੇ ਪਾਸੇ ਕਰੋ, ਧੌਣ ਨੂੰ ਹੌਲੀ-ਹੌਲੀ ਸੱਜੇ ਪਹਿਲਾਂ ਲੈ ਜਾਓ। ਫਿਰ ਖੱਬੇ, ਧੌਣ ਨੂੰ ਮੋਢੇ 'ਤੇ ਟਿਕਾਓ, ਫਿਰ ਅੱਗੇ ਵੱਲ। ਬਹੁਤ ਆਰਾਮ ਨਾਲ ਕਰੋ। ਧੌਣ ਬਹੁਤ ਨਾਜ਼ੁਕ ਹੁੰਦੀ ਹੈ।

ਹੋਮਿਓਪੈਥੀ ਦੇ ਝਰੋਖੇ 'ਚੋਂ

ਵਾਲਾਂ ਦਾ ਝੜਨਾ ਅਤੇ ਇਲਾਜ

ਵਾਲ ਸੁੰਦਰਤਾ ਦਾ ਇਕ ਅਨਿਖੜਵਾਂ ਅੰਗ ਹਨ। ਔਰਤਾਂ ਲਈ ਲੰਬੇ, ਤੰਦਰੁਸਤ ਅਤੇ ਸੰਘਣੇ ਵਾਲ ਇਕ ਦੌਲਤ ਵਾਂਗ ਹੁੰਦੇ ਹਨ। ਪੁਰਸ਼ਾਂ ਵਿਚ ਵੀ ਗੰਜਾਪਣ ਇਕ ਸਰਾਪ ਦੀ ਤਰ੍ਹਾਂ ਮੰਨਿਆ ਜਾਂਦਾ ਹੈ। ਗੰਜਾਪਨ ਪੁਰਾਣੇ ਸਮਿਆਂ ਤੋਂ ਹੀ ਚਿੰਤਾ ਦਾ ਵਿਸ਼ਾ ਮੰਨਿਆ ਜਾਂਦਾ ਹੈ, ਕਿਉਂਕਿ ਵਾਲ ਝੜਦੇ ਹੋਣ ਤਾਂ ਚੰਗੇ ਭਲੇ ਬੰਦੇ ਦਾ ਵੀ ਸਵੈ-ਵਿਸ਼ਵਾਸ ਡੋਲਣ ਲੱਗ ਜਾਂਦਾ ਹੈ। ਅੱਜ ਅਸੀਂ ਇਸੇ ਵਿਸ਼ੇ 'ਤੇ ਗੱਲ ਕਰਾਂਗੇ।
ਵਾਲਾਂ ਦੀਆਂ ਸਮੱਸਿਆਵਾਂ ਬਹੁਤ ਵੱਡਾ ਵਿਸ਼ਾ ਹੈ ਪਰ ਅੱਜ ਅਸੀਂ ਸਿਰਫ ਵਾਲਾਂ ਦੇ ਝੜਨ ਬਾਰੇ ਗੱਲ ਕਰਾਂਗੇ। ਵਾਲਾਂ ਦਾ ਝੜਨਾ ਆਪਣੇ-ਆਪ ਵਿਚ ਬਿਮਾਰੀ ਨਹੀਂ, ਬਲਕਿ ਸਰੀਰ ਵਿਚ ਕਿਸੇ ਹੋਰ ਕਮੀ ਜਾਂ ਬਿਮਾਰੀ ਕਰਕੇ ਉਸ ਦਾ ਅਸਰ ਵਾਲ ਝੜਨ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਵਾਲਾਂ ਦੇ ਝੜਨ ਦੇ ਮੁੱਖ ਕਾਰਨਾਂ ਵਿਚ ਖੁਰਾਕੀ ਤੱਤਾਂ ਦੀ ਕਮੀ, ਸਰੀਰ ਵਿਚੋਂ ਖੂਨ ਜਾਂ ਕਿਸੇ ਹੋਰ ਡਿਸਚਾਰਜ ਦਾ ਜ਼ਿਆਦਾ ਮਾੜਾ ਵਿਚ ਹੋਣਾ, ਕੋਈ ਲੰਬੀ ਜਾਂ ਪੁਰਾਣੀ ਬਿਮਾਰੀ, ਹਾਰਮੋਨਜ਼ ਨਾਲ ਸਬੰਧਤ ਹੋਰ ਜਿਵੇਂ ਮਾਹਵਾਰੀ, ਥਾਇਰਾਇਡ, ਕਣਕ ਜਾਂ ਕਿਸੇ ਹੋਰ ਖਾਣ-ਪੀਣ ਦੀ ਵਸਤੂ ਤੋਂ ਅਲਰਜੀ, ਕੋਈ ਚਮੜੀ ਰੋਗ ਜਾਂ ਫਿਰ ਕੋਈ ਆਟੋ-ਇਮਿਊਨ ਰੋਗ ਵੀ ਹੋ ਸਕਦੇ ਹਨ।
ਸਭ ਤੋਂ ਪਹਿਲਾ ਅਤੇ ਮੁੱਖ ਕਾਰਨ ਹੈ ਵਾਲਾਂ ਦੀਆਂ ਜੜ੍ਹਾਂ ਦਾ ਕਮਜ਼ੋਰ ਹੋਣਾ, ਜਿਸ ਵਿਚ ਸਰੀਰ ਵਿਚ ਹੀਮੋਗਲੋਬਿਨ, ਕੈਲਸ਼ੀਅਮ, ਆਇਰਨ, ਫਾਸਫੋਰਸ ਜਾਂ ਹੋਰ ਖਣਿਜ ਪਦਾਰਥਾਂ ਅਤੇ ਵਿਟਾਮਿਨਾਂ ਦੀ ਕਮੀ ਕਰਕੇ ਹੋ ਸਕਦਾ ਹੈ, ਜੋ ਕਿ ਖੁਰਾਕ ਦਾ ਸੰਤੁਲਤ ਨਾ ਹੋਣਾ ਜਾਂ ਖਾਧੀ ਹੋਈ ਖੁਰਾਕ ਦਾ ਤੱਤਾਂ ਵਿਚ ਪਰਿਵਰਤਿਤ ਨਾ ਹੋਣਾ ਵੀ ਹੁੰਦਾ ਹੈ। ਆਮ ਤੌਰ 'ਤੇ ਪੰਜਾਬੀਆਂ ਦੀ ਖੁਰਾਕ ਤਾਂ ਵਧੀਆ ਹੁੰਦੀ ਹੈ ਪਰ ਪੇਟ, ਲਿਵਰ ਜਾਂ ਅੰਤੜੀਆਂ ਦੀ ਕਿਸੇ ਸਮੱਸਿਆ ਕਰਕੇ ਖਾਧਾ-ਪੀਤਾ ਖੂਨ ਵਿਚ ਪਰਿਵਰਤਿਤ ਨਹੀਂ ਹੁੰਦਾ, ਜਿਸ ਕਰਕੇ ਵਾਲਾਂ ਵਿਚ ਕਮਜ਼ੋਰੀ ਆ ਜਾਂਦੀ ਹੈ, ਜਿਸ ਦਾ ਮੁੱਖ ਕਾਰਨ ਹੈ ਕਿ ਵਾਲ ਮਨੁੱਖੀ ਸਰੀਰ ਦੇ ਖਣਿਜਾਂ ਅਤੇ ਖੁਰਾਕੀ ਤੱਤਾਂ ਦੇ ਗੁਦਾਮ ਵਾਂਗ ਕੰਮ ਕਰਦੇ ਹਨ ਅਤੇ ਜਦੋਂ ਸਰੀਰ ਇਨ੍ਹਾਂ ਜਮ੍ਹਾਂ ਖੁਰਾਕੀ ਤੱਤਾਂ ਨੂੰ ਜ਼ਿਆਦਾ ਮਾਤਰਾ ਵਿਚ ਜਜ਼ਬ ਕਰਦਾ ਹੈ ਤਾਂ ਵਾਲਾਂ ਉੱਤੇ ਇਸ ਦਾ ਸਿੱਧਾ ਅਸਰ ਦੇਖਿਆ ਜਾ ਸਕਦਾ ਹੈ। ਇਸੇ ਲਈ ਜਦੋਂ ਟਾਈਫਾਈਡ ਜਾਂ ਕੋਈ ਹੋਰ ਬਿਮਾਰੀ ਹੁੰਦੀ ਹੈ ਤਾਂ ਵਾਲ ਝੜਦੇ ਹਨ।
ਇਲਾਜ : ਅੱਜਕਲ੍ਹ ਇਸ ਕਮੀ ਨੂੰ ਖ਼ਤਮ ਕਰਨ ਲਈ ਬਹੁਤ ਤਰ੍ਹਾਂ ਦੇ ਸਪਲੀਮੈਂਟ ਜਾਂ ਮਲਟੀ ਵਿਟਾਮਿਨ ਦਿੱਤੇ ਜਾਂਦੇ ਹਨ। ਮਰੀਜ਼ ਵੀ ਆ ਕੇ ਟਾਨਿਕ ਦੀ ਮੰਗ ਕਰਦੇ ਹਨ ਅਤੇ ਇਸ ਤਰ੍ਹਾਂ ਕਰੋੜਾਂ-ਅਰਬਾਂ ਦਾ ਕਾਰੋਬਾਰ ਕੀਤਾ ਜਾਂਦਾ ਹੈ ਪਰ ਮਰੀਜ਼ ਪੈਸੇ ਖਰਚ ਕੇ ਵੀ ਕੋਈ ਲਾਭ ਪ੍ਰਾਪਤ ਨਹੀਂ ਕਰਦੇ। ਉਸ ਦਾ ਕਾਰਨ ਹੈ ਜੇ ਸਰੀਰ ਚੰਗੀ ਖੁਰਾਕ ਵਿਚੋਂ ਤੱਤ ਨਹੀਂ ਸੋਖ ਸਕਿਆ ਤਾਂ ਬਾਹਰੋਂ ਦਿੱਤੇ ਤੱਤ ਵੀ ਸਰੀਰ ਵਿਚ ਟਿਕ ਨਹੀਂ ਸਕਣਗੇ। ਇਸ ਦਾ ਇਲਾਜ ਮਿਹਦੇ, ਲਿਵਰ, ਅੰਤੜੀਆਂ ਦੀ ਖੁਰਾਕ ਨੂੰ ਜਜ਼ਬ ਕਰਨ ਦੀ ਸ਼ਕਤੀ ਨੂੰ ਵਧਾਉਣ ਨਾਲ ਹੋ ਸਕਦਾ ਹੈ। ਹੋਮਿਓ ਕੇਅਰ ਵਿਚ ਤਜਰਬੇਕਾਰ ਡਾਕਟਰ ਮਰੀਜ਼ ਦੀ ਪੂਰੀ ਹਿਸਟਰੀ ਲੈ ਕੇ, ਸਾਰੇ ਟੈਸਟਾਂ ਦੀ ਰਿਪੋਰਟ ਦੇਖਣ ਤੋਂ ਬਾਅਦ ਮਾਨਸਿਕ, ਸਰੀਰਕ ਅਤੇ ਬਿਮਾਰੀ ਦੀ ਹਾਲਤ ਨੂੰ ਸਮਝ ਕੇ ਵਧੀਆ ਹੋਮਿਓਪੈਥਿਕ ਇਲਾਜ ਨਾਲ ਵਾਲਾਂ ਦੇ ਝੜਨ ਦਾ ਜੜ੍ਹ ਤੋਂ ਇਲਾਜ ਕਰਦੇ ਹਨ ਅਤੇ ਮਰੀਜ਼ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਂਦਾ ਹੈ।


-400-ਆਰ, ਪ੍ਰਕਾਸ਼ ਨਗਰ ਰੋਡ, ਮਾਡਲ ਟਾਊਨ, ਜਲੰਧਰ।
website : Homoeocare.co.in

ਪੇਟ ਦੀ ਗੈਸ ਤੋਂ ਛੁਟਕਾਰਾ ਪਾਉਣ ਦੇ ਉਪਾਅ

ਅਕਸਰ ਦਫ਼ਤਰ ਵਿਚ ਦਿਨ ਭਰ ਕੰਪਿਊਟਰ 'ਤੇ ਕੰਮ ਕਰਨ ਤੋਂ ਬਾਅਦ ਜਦੋਂ ਵਿਅਕਤੀ ਸ਼ਾਮ ਹੁੰਦੇ ਹੀ ਘਰ ਨੂੰ ਤੁਰਨ ਲਗਦਾ ਹੈ ਤਾਂ ਉਸ ਨੂੰ ਪੇਟ ਵਿਚ ਗੈਸ ਦੀ ਸਮੱਸਿਆ ਪੈਦਾ ਹੁੰਦੀ ਦਿਖਾਈ ਦੇਣ ਲਗਦੀ ਹੈ। ਕਦੇ-ਕਦੇ ਭੁੱਖ ਲੱਗਣ 'ਤੇ ਵੀ ਕੁਝ ਨਾ ਖਾਣ ਦੀ ਆਦਤ ਕਰਕੇ ਵੀ ਪੇਟ ਵਿਚ ਐਸਿਡਿਟੀ ਬਣਨ ਲਗਦੀ ਹੈ। ਕਾਰਨ ਚਾਹੇ ਜੋ ਵੀ ਹੋਵੇ, ਨੁਕਸਾਨ ਵਿਅਕਤੀ ਨੂੰ ਸਰੀਰ ਵਿਚ ਪੈਦਾ ਹੋਈ ਪ੍ਰੇਸ਼ਾਨੀ ਨੂੰ ਝੱਲ ਕੇ ਹੀ ਮਿਟਾਉਣਾ ਪੈਂਦਾ ਹੈ। ਕੁਝ ਆਸਾਨ ਤਰੀਕੇ ਵਰਤ ਕੇ ਤੁਸੀਂ ਪੇਟ ਗੈਸ ਵਰਗੀ ਘਾਤਕ ਬਿਮਾਰੀ ਨੂੰ ਖਤਮ ਕਰ ਸਕਦੇ ਹੋ-
ਪੇਟ ਗੈਸ ਬਣਨ ਦੇ ਕਾਰਨ
* ਜ਼ਿਆਦਾ-ਜ਼ਿਆਦਾ ਭੋਜਨ ਖਾਣਾ।
* ਬੇਹਾ ਭੋਜਨ ਖਾਣਾ।
* ਬਾਜ਼ਾਰ ਵਿਚ ਮੌਜੂਦ ਫਾਸਟ ਫੂਡ ਜਿਵੇਂ ਚਾਉਮੀਨ, ਡੋਸਾ, ਬਰਗਰ ਆਦਿ ਤੋਂ ਇਲਾਵਾ ਜ਼ਿਆਦਾ ਮਸਾਲੇ ਵਾਲਾ ਤਲਿਆ-ਭੁੰਨਿਆ ਭੋਜਨ ਕਰਨਾ।
* ਖਾਣੇ ਵਿਚ ਮਿਰਚ ਦੀ ਜ਼ਿਆਦਾ ਵਰਤੋਂ ਕਰਨਾ।
* ਭੋਜਨ ਨੂੰ ਚੰਗੀ ਤਰ੍ਹਾਂ ਚਬਾਅ ਕੇ ਨਾ ਖਾਣਾ।
* ਚਾਹ, ਕੌਫੀ, ਚਾਕਲੇਟ ਅਤੇ ਕੋਲਾ ਕੈਫੀਨ ਵਾਲੇ ਪਦਾਰਥਾਂ ਦਾ ਬਹੁਤ ਜ਼ਿਆਦਾ ਸੇਵਨ ਕਰਨਾ।
* ਤਣਾਅ ਦਾ ਹੋਣਾ।
* ਨਿਯਮ ਨਾਲ ਭੋਜਨ ਨਾ ਕਰਨਾ।
* ਸੌਣ ਲਈ ਨਿਸਚਿਤ ਸਮੇਂ ਦਾ ਨਾ ਹੋਣਾ।
* ਸਰੀਰ ਵਿਚ ਮੋਟਾਪਾ, ਸ਼ੂਗਰ, ਦਮਾ ਅਤੇ ਪੇਟ ਦੇ ਕੀੜਿਆਂ ਵਰਗੀਆਂ ਅਣਗਿਣਤ ਬਿਮਾਰੀਆਂ ਦਾ ਪਾਇਆ ਜਾਣਾ।
ਪੇਟ ਵਿਚ ਗੈਸ ਤੋਂ ਛੁਟਕਾਰਾ ਪਾਉਣ ਦੇ ਉਪਾਅ
* ਭੋਜਨ ਕਰਨ ਤੋਂ ਬਾਅਦ ਲੌਂਗ ਨੂੰ ਚੂਸੋ।
* ਭੋਜਨ ਕਰਨ ਤੋਂ ਪਹਿਲਾਂ ਨਿੰਬੂ ਅਤੇ ਸੇਬ ਦੇ ਸਿਰਕੇ ਨੂੰ ਇਕੱਠੇ ਮਿਲਾ ਕੇ ਪਾਣੀ ਵਿਚ ਘੋਲ ਕੇ ਪੀਓ। ਪੇਟ ਦੀ ਗੈਸ ਮਿੰਟਾਂ ਵਿਚ ਹੀ ਖਤਮ ਹੋ ਜਾਵੇਗੀ।
* ਇਕ ਗਿਲਾਸ ਸਾਫ਼ ਪਾਣੀ ਵਿਚ ਚੁਟਕੀ ਕੁ ਬੇਕਿੰਗ ਸੋਢਾ ਮਿਲਾ ਕੇ ਸੇਵਨ ਕਰਨ ਨਾਲ ਵੀ ਤੁਰੰਤ ਰਾਹਤ ਮਹਿਸੂਸ ਹੁੰਦੀ ਹੈ।
* ਲੱਸੀ ਵਿਚ ਥੋੜ੍ਹੀ ਜਿਹੀ ਹਿੰਗ ਮਿਲਾ ਕੇ ਪੀਣ ਨਾਲ ਵੀ ਪੇਟ ਦੀ ਗੈਸ ਖਤਮ ਹੋ ਜਾਂਦੀ ਹੈ।
* ਸੌਣ ਤੋਂ ਤੁਰੰਤ ਪਹਿਲਾਂ ਭੋਜਨ ਨਾ ਖਾਓ।
* ਨਾਰੀਅਲ ਪਾਣੀ ਦਾ ਵੱਧ ਤੋਂ ਵੱਧ ਸੇਵਨ ਕਰਨ ਨਾਲ ਰਾਹਤ ਮਿਲਦੀ ਹੈ।
* ਭਾਰ ਜ਼ਿਆਦਾ ਹੋਣ 'ਤੇ ਉਸ ਨੂੰ ਕਸਰਤ ਦੁਆਰਾ ਘੱਟ ਕਰਨ ਨਾਲ ਵੀ ਪੇਟ ਵਿਚ ਗੈਸ ਖ਼ਤਮ ਕਰਨ ਵਿਚ ਮਦਦ ਮਿਲਦੀ ਹੈ।
* ਰਾਤ ਨੂੰ ਇਕ ਛੋਟਾ ਚਮਚ ਮੇਥੀ ਦਾਣਾ ਭਿੱਜਿਆ ਹੋਇਆ ਸਵੇਰੇ ਸੂਰਜ ਦੀਆਂ ਕਿਰਨਾਂ ਦੇ ਨਿਕਲਦੇ ਹੀ ਲਓ। ਖਾਲੀ ਪੇਟ ਪਾਣੀ ਨਾਲ ਲੈਣ 'ਤੇ ਆਰਾਮ ਦਾ ਅਹਿਸਾਸ ਹੋਣ ਲਗਦਾ ਹੈ।
* ਸਵੇਰੇ ਖਾਲੀ ਪੇਟ ਲਸਣ ਰੂਪੀ ਅਮੁੱਲ ਕੁਦਰਤ ਦੀ ਦੇਣ ਦਵਾਈ ਦੀ ਹਰ ਰੋਜ਼ ਵਰਤੋਂ ਕਰਦੇ ਹੋਏ 2-3 ਕਲੀਆਂ ਖਾਓ। ਪੇਟ ਵਿਚ ਗੈਸ ਦੀ ਅਕਸਰ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
* ਅੰਤ ਵਿਚ ਇਸ ਤੋਂ ਇਲਾਵਾ ਤੁਸੀਂ ਖਾਣਾ ਖਾਣ ਤੋਂ ਬਾਅਦ ਅਦਰਕ ਦੀ ਚਾਹ ਪੀਣ ਨਾਲ ਵੀ ਗੈਸ ਤੋਂ ਮੁਕਤੀ ਪਾ ਸਕਦੇ ਹੋ।

ਸਿਹਤ ਖ਼ਬਰਨਾਮਾ

ਭਾਰ ਘੱਟ ਕਰਦਾ ਹੈ ਦਹੀਂ

ਸਭ ਦੇ ਘਰ ਵਿਚ ਦਹੀਂ ਮਿਲ ਜਾਂਦਾ ਹੈ। ਖਮੀਰੀਕਰਨ ਦੇ ਕਾਰਨ ਇਸ ਦੇ ਗੁਣ ਵਧ ਜਾਂਦੇ ਹਨ। ਇਸ ਵਿਚ ਸਾਡੇ ਲਈ ਮਿੱਤਰ ਬੈਕਟੀਰੀਆ ਰਹਿੰਦੇ ਹਨ ਜੋ ਪੇਟ ਵਿਚ ਜਾਣ ਤੋਂ ਬਾਅਦ ਪਾਚਣ ਪ੍ਰਣਾਲੀ ਨੂੰ ਦਰੁਸਤ ਰੱਖਦੇ ਹਨ। ਹਾਰਵਰਡ ਸਕੂਲ ਆਫ ਪਬਲਿਕ ਹੈਲਥ ਨੇ ਆਪਣੀ ਇਕ ਖੋਜ ਵਿਚ ਇਸ ਵਿਚ ਭਾਰ ਘੱਟ ਕਰਨ ਵਾਲਾ ਗੁਣ ਪਾਇਆ ਹੈ। ਖੋਜ ਮੁਤਾਬਿਕ ਦਹੀਂ ਜਿੰਨੇ ਚੰਗੇ ਭੋਜਨ ਦੇ ਨਾਲ ਲਿਆ ਜਾਂਦਾ ਹੈ, ਭਾਰ ਓਨਾ ਹੀ ਠੀਕ ਰਹਿੰਦਾ ਹੈ।
ਲਿਵਰ ਦਰੁਸਤ ਕਰਦਾ ਹੈ ਪਿਆਜ਼

ਕੰਦ ਪ੍ਰਜਾਤੀ ਦਾ ਗੰਧ ਵਾਲਾ ਪਿਆਜ਼ ਸਿਰਫ ਸਲਾਦ ਅਤੇ ਸਬਜ਼ੀ ਦੇ ਹੀ ਕੰਮ ਨਹੀਂ ਆਉਂਦਾ, ਸਗੋਂ ਇਹ ਭੋਜਨ ਦਾ ਸਵਾਦ ਵਧਾਉਂਦਾ ਅਤੇ ਅਨੇਕ ਰੋਗਾਂ ਵਿਚ ਲਾਭ ਦਿੰਦਾ ਹੈ। ਇਹ ਸਬਜ਼ੀ, ਸਲਾਦ ਅਤੇ ਮਸਾਲਿਆਂ ਦੇ ਨਾਲ-ਨਾਲ ਅਨੇਕ ਦਵਾਈਆਂ ਵਿਚ ਲਾਭਦਾਇਕ ਹੈ। ਇਹ ਕੋਲੈਸਟ੍ਰੋਲ ਨੂੰ ਕਾਬੂ ਕਰਦਾ ਹੈ ਅਤੇ ਖੂਨ ਦੇ ਦਬਾਅ ਅਤੇ ਦਿਲ ਦੇ ਰੋਗਾਂ ਤੋਂ ਬਚਾਉਂਦਾ ਹੈ। ਇਹ ਸਰੀਰਕ ਪ੍ਰਕਿਰਿਆਵਾਂ ਨੂੰ ਸੰਤੁਲਤ ਰੱਖਦਾ ਹੈ।
ਕਵੀਨਲੈਂਡ ਯੂਨੀਵਰਸਿਟੀ ਦੀ ਇਕ ਖੋਜ ਮੁਤਾਬਿਕ ਇਹ ਭਾਰ ਵੀ ਸੰਤੁਲਤ ਕਰਦਾ ਹੈ। ਲਿਵਰ ਰੋਗਾਂ ਨੂੰ ਦੂਰ ਕਰਦਾ ਹੈ ਅਤੇ ਲਿਵਰ ਦੀ ਮੁਰੰਮਤ ਵੀ ਕਰਦਾ ਹੈ। ਪਿਆਜ਼ ਪਿਸ਼ਾਬ ਨਾਲ ਸਬੰਧਤ ਪ੍ਰੇਸ਼ਾਨੀਆਂ ਨੂੰ ਦੂਰ ਕਰਦਾ ਹੈ। ਗਰਮੀ ਦੇ ਮੌਸਮੀ ਰੋਗਾਂ ਅਤੇ ਲੂ ਤੋਂ ਬਚਾਉਂਦਾ ਹੈ। ਇਹ ਜੋੜਾਂ ਦੇ ਦਰਦ ਵਿਚ ਦਵਾਈ ਦਾ ਕੰਮ ਕਰਦਾ ਹੈ। ਪਾਚਣ ਸਹੀ ਰੱਖਦਾ ਹੈ ਅਤੇ ਪੱਥਰੀ ਦੀ ਸਥਿਤੀ ਵਿਚ ਇਸ ਤੋਂ ਬਚਾਉਂਦਾ ਹੈ। ਇਸ ਨਾਲ ਸਰੀਰਕ ਸ਼ਕਤੀ ਵਧਦੀ ਹੈ। ਪਿਆਜ਼ ਨਾਲ ਏਨੇ ਸਾਰੇ ਲਾਭ ਮਿਲਣ ਦੇ ਬਾਵਜੂਦ ਇਸ ਨੂੰ ਦਵਾਈ ਵਾਂਗ ਸੀਮਤ ਮਾਤਰਾ ਵਿਚ ਵਰਤਣਾ ਚਾਹੀਦਾ ਹੈ।
ਤੁਲਸੀ ਸ਼ਰਕਰਾ ਰੋਗੀ ਲਈ ਲਾਭਦਾਇਕ

ਤੁਲਸੀ ਭਾਰਤੀ ਘਰਾਂ ਵਿਚ ਮੌਜੂਦ ਇਕ ਪੂਜਣਯੋਗ ਪੌਦਾ ਹੈ। ਇਸ ਦੀ ਸਵੇਰੇ-ਸ਼ਾਮ ਪੂਜਾ ਕੀਤੀ ਜਾਂਦੀ ਹੈ। ਇਸ ਵਿਚ ਅਨੇਕ ਦਵਾਈਆਂ ਵਾਲੇ ਗੁਣ ਹਨ। ਇਹ ਘਰੇਲੂ ਅਤੇ ਆਯੁਰਵੈਦ ਇਲਾਜ ਵਿਚ ਮੁੱਖ ਘਟਕ ਹੈ। ਸਰਦੀ, ਖਾਂਸੀ, ਜ਼ੁਕਾਮ, ਬੁਖਾਰ, ਦਾਦ, ਖਾਜ, ਖੁਜਲੀ ਆਦਿ ਵਿਚ ਦਵਾਈ ਦਾ ਕੰਮ ਕਰਦੀ ਹੈ। ਇਹ ਮੱਛਰ ਅਤੇ ਕੀੜੇ-ਮਕੌੜਿਆਂ ਨੂੰ ਦੂਰ ਭਜਾਉਂਦੀ ਹੈ। ਇਸ ਵਿਚ ਐਂਟੀ-ਆਕਸੀਡੈਂਟ ਆਕਸੀਜਨ ਰੋਧੀ ਗੁਣ ਹਨ ਅਤੇ ਇਹ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਂਦੀ ਹੈ। ਤੁਲਸੀ ਦਾ ਸੇਵਨ ਖੂਨ ਦੇ ਪ੍ਰਵਾਹ ਨੂੰ ਸੁਧਾਰ ਕੇ ਠੀਕ ਕਰਦਾ ਹੈ। ਟਾਈਪ-ਟੂ ਸ਼ੂਗਰ ਰੋਗੀ ਜਿਨ੍ਹਾਂ ਵਿਚ ਇੰਸੁਲਿਨ ਦੀ ਪ੍ਰੋਸੈਸਿੰਗ ਵਿਚ ਦਿੱਕਤ ਆਉਂਦੀ ਹੈ, ਉਨ੍ਹਾਂ ਤੋਂ ਇਲਾਵਾ ਖੂਨ ਸ਼ਰਕਰਾ ਨੂੰ ਬਾਹਰ ਕੱਢਦੀ ਹੈ। ਅਜਿਹਾ ਹੀ ਇਕ ਤੱਤ ਦਾਲਚੀਨੀ ਨਾਮਕ ਮਸਾਲੇ ਵਿਚ ਮਿਲਦਾ ਹੈ। ਇਨ੍ਹਾਂ ਦੋਵਾਂ ਵਿਚੋਂ ਕਿਸੇ ਇਕ ਦੀ ਯੁਕਤੀ ਸੰਗਤ ਵਰਤੋਂ ਨਾਲ ਬਲੱਡ ਸ਼ੂਗਰ ਦੇ ਪੱਧਰ ਵਿਚ 15 ਤੋਂ 25 ਫੀਸਦੀ ਦੀ ਕਮੀ ਆ ਜਾਂਦੀ ਹੈ।

ਮਿੱਠਾ ਨੁਕਸਾਨਦਾਇਕ ਹੈ ਸਿਹਤ ਲਈ

ਵੈਸੇ ਤਾਂ ਮਿੱਠਾ ਜ਼ਿਆਦਾਤਰ ਲੋਕਾਂ ਦੀ ਚਾਹਤ ਹੁੰਦੀ ਹੈ, ਕਿਉਂਕਿ ਹਰ ਖੁਸ਼ੀ ਦੀ ਗੱਲ 'ਤੇ ਮੂੰਹ ਮਿੱਠਾ ਕਰਾਉਣ ਦੀ ਗੱਲ ਕੀਤੀ ਜਾਂਦੀ ਹੈ ਪਰ ਇਨਸਾਨ ਅਣਜਾਣੇ ਵਿਚ ਦਿਨ ਭਰ ਵਿਚ ਏਨਾ ਮਿੱਠਾ ਖਾ ਲੈਂਦਾ ਹੈ ਕਿ ਉਸ ਨੂੰ ਇਸ ਦਾ ਆਭਾਸ ਹੀ ਨਹੀਂ ਹੁੰਦਾ ਕਿ ਕਿੰਨਾ ਫਾਲਤੂ ਮਿੱਠਾ ਸਰੀਰ ਵਿਚ ਚਲਾ ਗਿਆ ਹੈ। ਦਿਨ ਭਰ ਦੀ ਚਾਹ ਵਿਚ, ਬਿਸਕੁਟ, ਟੌਫੀ, ਚਾਕਲੇਟ, ਆਈਸਕ੍ਰੀਮ, ਮਠਿਆਈ ਅਤੇ ਠੰਢੇ ਪੀਣ ਵਾਲੇ ਪਦਾਰਥਾਂ ਨਾਲ ਸਰੀਰ ਨੂੰ ਕਾਫੀ ਮਿੱਠਾ ਮਿਲ ਜਾਂਦਾ ਹੈ।
ਕੁਦਰਤ ਨੇ ਸਰੀਰ ਨੂੰ ਅਜਿਹਾ ਨਹੀਂ ਬਣਾਇਆ ਕਿ ਸਰੀਰ ਵਿਚ ਜ਼ਿਆਦਾ ਮਿੱਠਾ ਇਕੱਠਾ ਹੋਣ 'ਤੇ ਅਸੀਂ ਤੰਦਰੁਸਤ ਰਹਿ ਸਕੀਏ। ਅਜਿਹਾ ਹੋਣ 'ਤੇ ਸਾਨੂੰ ਕਈ ਭਿਆਨਕ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਦਿਲ ਦੀ ਬਿਮਾਰੀ, ਸ਼ੂਗਰ ਅਤੇ ਇਮਿਊਨ ਸਿਸਟਮ ਦਾ ਕਮਜ਼ੋਰ ਹੋਣਾ। ਮਿੱਠਾ ਇਕ ਧੀਮਾ ਜ਼ਹਿਰ ਹੈ ਜੋ ਹੌਲੀ-ਹੌਲੀ ਸਰੀਰ ਦੀਆਂ ਅੰਦਰੂਨੀ ਕਿਰਿਆਵਾਂ 'ਤੇ ਮਾੜਾ ਪ੍ਰਭਾਵ ਪਾਉਂਦਾ ਹੈ।
ਮਿੱਠੇ ਨਾਲ ਹੋਣ ਵਾਲੀਆਂ ਸਮੱਸਿਆਵਾਂ
* ਪਿੱਤਨਾਸ਼ ਅਤੇ ਪਿੱਤ ਨਲੀ ਦੇ ਕੈਂਸਰ ਦੇ ਖ਼ਤਰੇ ਨੂੰ ਵਧਾਉਂਦਾ ਹੈ।
* ਖੂਨ ਦੇ ਦਬਾਅ ਨੂੰ ਵਧਾਉਣ ਵਿਚ ਸਹਾਇਕ ਹੁੰਦਾ ਹੈ।
* ਮਾਈਗ੍ਰੇਨ, ਸਿਰਦਰਦ ਵਧਦੀ ਹੈ।
* ਜ਼ਿਆਦਾ ਮਿੱਠਾ ਖਾਣ ਨਾਲ ਮੋਟਾਪਾ ਵਧਦਾ ਹੈ।
* ਦੰਦ ਖਰਾਬ ਹੁੰਦੇ ਹਨ। ਦੰਦਾਂ ਵਿਚ ਸੜਨ ਅਤੇ ਮਸੂੜੇ ਕਮਜ਼ੋਰ ਪੈ ਜਾਂਦੇ ਹਨ। * ਦਿਲ ਦੀ ਬਿਮਾਰੀ ਲਈ ਜ਼ਿਆਦਾ ਮਿੱਠਾ ਖ਼ਤਰਨਾਕ ਹੁੰਦਾ ਹੈ।
* ਜ਼ਿਆਦਾ ਮਿੱਠੇ ਦੇ ਸੇਵਨ ਨਾਲ ਔਰਤਾਂ ਨੂੰ ਸਤਨ ਕੈਂਸਰ ਹੋਣ ਦਾ ਖ਼ਤਰਾ ਵਧਦਾ ਹੈ।
* ਜ਼ਿਆਦਾ ਮਿੱਠਾ ਗੁਰਦਿਆਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ।
* ਪਿੱਤੇ ਵਿਚ ਪੱਥਰੀ ਬਣਾਉਣ ਵਿਚ ਸਹਾਇਕ ਹੁੰਦਾ ਹੈ।
* ਜ਼ਿਆਦਾ ਮਿੱਠਾ ਪੇਟ ਵਿਚ ਗੈਸ ਦੀ ਸ਼ਿਕਾਇਤ ਨੂੰ ਵਧਾਉਂਦਾ ਹੈ।
* ਗਠੀਏ ਦੇ ਦਰਦਾਂ ਦਾ ਪ੍ਰਮੁੱਖ ਕਾਰਨ ਮਿੱਠੇ ਦੀ ਬਹੁਤਾਤ ਵੀ ਹੁੰਦੀ ਹੈ।
* ਮਿੱਠਾ ਸਰੀਰ ਵਿਚ ਮੌਜੂਦ ਵਿਟਾਮਿਨ 'ਬੀ' ਅਤੇ 'ਕ੍ਰੋਮੀਅਮ' ਨੂੰ ਖ਼ਤਮ ਕਰਦਾ ਹੈ।
* ਇਸ ਦੇ ਜ਼ਿਆਦਾ ਸੇਵਨ ਨਾਲ ਕੋਲੈਸਟ੍ਰੋਲ, ਟ੍ਰਾਈਗਲਿਸਰਾਈਡ ਅਤੇ ਇੰਸੁਲਿਨ ਦਾ ਪੱਧਰ ਵਧਦਾ ਹੈ।
ਸਾਵਧਾਨੀਆਂ
* ਡੱਬਾਬੰਦ ਖਾਧ ਪਦਾਰਥਾਂ ਦਾ ਸੇਵਨ ਘੱਟ ਤੋਂ ਘੱਟ ਕਰਨਾ ਚਾਹੀਦਾ ਹੈ। ਰੇਸ਼ਾਯੁਕਤ ਭੋਜਨ ਵੱਧ ਤੋਂ ਵੱਧ ਕਰਨਾ ਚਾਹੀਦਾ ਹੈ। ਭੋਜਨ ਵਿਚ ਹਰ ਰੋਜ਼ ਉਚਿਤ ਮਾਤਰਾ ਵਿਚ ਪ੍ਰੋਟੀਨ, ਵਿਟਾਮਿਨ, ਖਣਿਜ ਤੱਤ ਯੁਕਤ ਆਹਾਰ ਦਾ ਸੇਵਨ ਕਰੋ। ਜੋ ਵਿਅਕਤੀ ਸੰਤੁਲਤ ਆਹਾਰ ਲੈਂਦੇ ਹਨ, ਉਨ੍ਹਾਂ ਨੂੰ ਮਿੱਠਾ ਜ਼ਿਆਦਾ ਨੁਕਸਾਨ ਨਹੀਂ ਪਹੁੰਚਾਉਂਦਾ।
* ਕੁਦਰਤੀ ਮਿੱਠੇ ਫਲਾਂ ਦਾ ਸੇਵਨ ਕਰੋ, ਜਿਵੇਂ ਬੇਰ, ਖਜੂਰ, ਗਾਜਰ, ਸੇਬ, ਸ਼ਕਰਕੰਦੀ, ਪਪੀਤਾ ਆਦਿ। ਮਿੱਠੇ ਆਲੂਆਂ ਅਤੇ ਛੱਲੀਆਂ ਤੋਂ ਵੀ ਤੁਸੀਂ ਕਾਫ਼ੀ ਕੁਦਰਤੀ ਮਿਠਾਸ ਲੈ ਸਕਦੇ ਹੋ। ਬਾਜ਼ਾਰੂ ਮੁਰੱਬਿਆਂ ਅਤੇ ਸਾਫਟ ਡ੍ਰਿੰਕਸ ਦੀ ਜਗ੍ਹਾ 'ਤੇ ਘਰ ਦਾ ਬਣਿਆ ਤਾਜ਼ੇ ਫਲਾਂ ਦਾ ਰਸ ਲਓ। ਬਹੁਤਾਤ ਕਿਸੇ ਵੀ ਚੀਜ਼ ਦੀ ਨੁਕਸਾਨ ਪਹੁੰਚਾਉਂਦੀ ਹੈ, ਇਸ ਗੱਲ ਦਾ ਧਿਆਨ ਜ਼ਰੂਰ ਰੱਖੋ।
* ਵਾਧੂ ਮਿੱਠੇ ਦਾ ਸੇਵਨ ਮਜਬੂਰੀ ਵੱਸ ਥੋੜ੍ਹਾ ਜਿਹਾ ਹੀ ਕਰੋ। ਦਿਨ, ਤਿਉਹਾਰ, ਖੁਸ਼ੀ ਦੇ ਮੌਕਿਆਂ 'ਤੇ ਬਸ ਚੱਖਣ ਲਈ ਹੀ ਮਿੱਠਾ ਖਾਓ। ਖਾਣੇ ਤੋਂ ਬਾਅਦ ਮਿੱਠਾ ਖਾਣ ਦੀ ਆਦਤ ਨੂੰ ਕਦੇ ਬੜਾਵਾ ਨਾ ਦਿਓ।
**

ਹੋਮਿਓਪੈਥੀ ਦੇ ਝਰੋਖੇ 'ਚੋਂ

ਉੱਚ ਖੂਨ ਦਬਾਅ : ਕਾਰਨ ਅਤੇ ਇਲਾਜ

ਜਿਸ ਤਰ੍ਹਾਂ ਕਿ ਅਸੀਂ ਜਾਣਦੇ ਹਾਂ ਕਿ ਜੇਕਰ ਕਿਸੇ ਨੂੰ ਟਾਈਫਾਈਡ ਜਾਂ ਮਲੇਰੀਆ ਆਦਿ ਹੁੰਦਾ ਹੈ ਤਾਂ ਇਸ ਦਾ ਇਕ ਖਾਸ ਕਾਰਨ ਵੀ ਹੁੰਦਾ ਹੈ ਅਤੇ ਉਸ ਦਾ ਖਾਸ ਇਲਾਜ ਵੀ ਹੁੰਦਾ ਹੈ ਪਰ ਉੱਚ ਖੂਨ ਦਬਾਅ ਵਾਲੇ ਮਰੀਜ਼ਾਂ ਵਿਚ ਖੂਨ ਦਾ ਦਬਾਅ ਵਧਣ ਦੇ ਕਾਰਨ ਲੱਭਣ ਲਈ ਬਹੁਤ ਡੂੰਘਾਈ ਵਿਚ ਜਾ ਕੇ ਜਾਂਚ-ਪੜਤਾਲ ਕਰਨੀ ਪੈਂਦੀ ਹੈ, ਕਿਉਂਕਿ ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ, ਜਿਵੇਂ ਕਿ ਖੂਨ ਦੀਆਂ ਨਾੜੀਆਂ ਵਿਚ ਕੈਲਕੇਰੀਅਸ ਜਮਾਅ ਦਾ ਹੋਣਾ, ਗੁਰਦਿਆਂ ਦੀ ਖਰਾਬੀ, ਗੁਰਦਿਆਂ ਦੇ ਆਸ-ਪਾਸ ਕੋਈ ਰਸੌਲੀ ਦਾ ਹੋਣਾ, ਜਿਗਰ ਜਾਂ ਮਿਹਦੇ ਦੀ ਖਰਾਬੀ ਜਾਂ ਹੋਰ ਬਹੁਤ ਸਾਰੇ ਕਾਰਨ ਵੀ ਹੋ ਸਕਦੇ ਹਨ। ਇਸ ਤੋਂ ਇਲਾਵਾ ਖੂਨ ਦਾ ਦਬਾਅ ਵਧਣ ਦੇ ਕੁਝ ਹੋਰ ਕਾਰਨ ਹਨ ਜਿਵੇਂ ਮੋਟਾਪਾ, ਸੁਸਤ ਰਹਿਣ-ਸਹਿਣ, ਕਸਰਤ ਆਦਿ ਨਾ ਕਰਨਾ, ਜ਼ਿਆਦਾ ਨਮਕ ਦਾ ਸੇਵਨ, ਘਰੇਲੂ ਚਿੰਤਾਵਾਂ ਅਤੇ ਪ੍ਰਸ਼ਾਨੀਆਂ ਵਿਚ ਘਿਰੇ ਰਹਿਣਾ, ਨਸ਼ਾ ਕਰਨਾ, ਸਿਗਰਟ ਪੀਣਾ ਆਦਿ। ਇਹ ਬਾਅਦ ਵਿਚ ਦਿਲ ਦੇ ਦੌਰੇ ਦਾ ਵੱਡਾ ਕਾਰਨ ਬਣਦੇ ਹਨ। ਇਹ ਉੱਚ ਖੂਨ ਦਬਾਅ ਨਾਲ ਮਿਲ ਕੇ ਅੱਗ 'ਤੇ ਪੈਟਰੋਲ ਛਿੜਕਣ ਦਾ ਕੰਮ ਕਰਦੇ ਹਨ। ਇਹ ਦਿਲ ਦੇ ਦੌਰੇ ਅਤੇ ਮੌਤ ਦਾ ਕਾਰਨ ਬਣਦਾ ਹੈ। ਜੇਕਰ ਕਿਸੇ ਵਿਅਕਤੀ ਵਿਚ ਖੂਨ ਦਾ ਉੱਚ ਦਬਾਅ ਪਾਇਆ ਜਾਂਦਾ ਹੈ ਤਾਂ ਉਸ ਨੂੰ ਆਪਣੀ ਜਾਂਚ ਚੰਗੀ ਤਰ੍ਹਾਂ ਕਰਵਾਉਣੀ ਚਾਹੀਦੀ ਹੈ ਤੇ ਉੱਚ ਖੂਨ ਦਬਾਅ ਦਾ ਇਲਾਜ ਕਰਵਾਉਣਾ ਚਾਹੀਦਾ ਹੈ।
ਇਸ ਤੋਂ ਇਹ ਵੀ ਪਤਾ ਲਗਾਇਆ ਜਾ ਸਕੇਗਾ ਕਿ ਉੱਚ ਖੂਨ ਦਬਾਅ ਨੇ ਸਰੀਰ ਦੇ ਨਾਜ਼ੁਕ ਅੰਗਾਂ ਜਿਵੇਂ ਕਿ ਦਿਮਾਗ, ਅੱਖਾਂ, ਦਿਲ ਅਤੇ ਗੁਰਦਿਆਂ 'ਤੇ ਕਿੰਨਾ ਕੁ ਅਸਰ ਕੀਤਾ ਹੈ। ਇਸ ਪੜਤਾਲ ਵਿਚ ਖੂਨ ਦੀ ਜਾਂਚ ਜਿਵੇਂ ਹੋਮੋਗ੍ਰਾਮ ਯੂਰੀਆ, ਯੂਰਿਕ ਐਸਿਡ, ਕਰੈਟੀਨਾਈਨ, ਸ਼ੂਗਰ, ਲਿਪਿਡ ਪ੍ਰੋਫਾਈਲ, ਜਿਸ ਵਿਚ ਪੰਜ ਤਰ੍ਹਾਂ ਦੇ ਕੋਲੈਸਟ੍ਰੋਲ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਵਧਦੇ ਖੂਨ ਦੇ ਦਬਾਅ ਦਾ ਇਲਾਜ ਸਹੀ ਸਮੇਂ 'ਤੇ ਕੀਤਾ ਜਾਂਦਾ ਹੈ। ਇਸ ਗੱਲ ਦਾ ਖਿਆਲ ਕੀਤੇ ਬਗੈਰ ਕਿ ਤੁਸੀਂ ਦਿਲ ਦੇ ਮਰੀਜ਼ ਹੋ ਜਾਂ ਨਹੀਂ, ਸ਼ੂਗਰ ਦੇ ਮਰੀਜ਼ ਹੋ ਜਾਂ ਨਹੀਂ, ਵਕਤ-ਬੇਵਕਤ ਸ਼ੂਗਰ, ਖੂਨ ਦਾ ਦਬਾਅ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇਸ ਦੇ ਨਾਲ ਦਿਲ ਨੂੰ ਤਾਕਤ ਦੇਣ ਵਾਲੀਆਂ ਹੋਮਿਓਪੈਥਿਕ ਦਵਾਈਆਂ ਜ਼ਰੂਰ ਲੈਂਦੇ ਰਹੋ। ਹੋਮਿਓਪੈਥੀ ਦਵਾਈਆਂ ਨਾਲ ਦਿਲ ਦੇ ਦੌਰੇ, ਬਾਈਪਾਸ ਸਰਜਰੀ, ਵਾਲਵ ਦਾ ਨੁਕਸ ਆਦਿ ਤੋਂ ਬਚਿਆ ਜਾ ਸਕਦਾ ਹੈ। ਹੋਮਿਓਪੈਥੀ ਇਲਾਜ ਰਾਹੀਂ ਖੂਨ ਦੇ ਦਬਾਅ ਨੂੰ ਠੀਕ ਕੀਤਾ ਜਾ ਸਕਦਾ ਹੈ। ਇਹ ਦਵਾਈਆਂ ਬਿਮਾਰੀ ਦੇ ਕਾਰਨਾਂ ਨੂੰ ਜੜ੍ਹ ਤੋਂ ਖ਼ਤਮ ਕਰਦੀਆਂ ਹਨ। ਇਹ ਬੰਦ ਸ਼ਿਰਾਵਾਂ ਨੂੰ ਖੋਲ੍ਹਦੀਆਂ ਹਨ ਅਤੇ ਦਿਲ ਦੀ ਤੇਜ਼ ਅਤੇ ਸੁਸਤ ਧੜਕਣ ਨੂੰ ਠੀਕ ਕਰਦੀਆਂ ਹਨ ਅਤੇ ਦਿਲ ਨੂੰ ਤਾਕਤ ਦਿੰਦੀਆਂ ਹਨ। ਹੋਮਿਓਪੈਥੀ ਦਵਾਈਆਂ ਦਾ ਸਹੀ ਸੇਵਨ ਕਰਕੇ ਇਸ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾ ਸਕਦਾ ਹੈ।

-ਜੈ ਹੋਮਿਓ ਹਾਰਟ ਕੇਅਰ ਸੈਂਟਰ, ਕ੍ਰਿਸ਼ਨਾ ਨਗਰ, ਜਲੰਧਰ।

ਅਨੇਕ ਰੋਗਾਂ ਦੀ ਕੁਦਰਤੀ ਦਵਾਈ ਹੈ : ਚੋਕਰ

ਕਈ ਗ੍ਰਹਿਣੀਆਂ ਅਜਿਹੀਆਂ ਹੁੰਦੀਆਂ ਹਨ, ਜੋ ਆਟੇ ਨੂੰ ਛਾਣ ਕੇ ਉਸ ਵਿਚੋਂ ਚੋਕਰ (ਛਾਣ ਬੂਰਾ) ਨੂੰ ਕੱਢ ਕੇ ਸੁੱਟ ਦਿੰਦੀਆਂ ਹਨ, ਕਿਉਂਕਿ ਉਹ ਜਾਂ ਤਾਂ ਚੋਕਰ ਦੇ ਗੁਣਾਂ ਤੋਂ ਅਣਜਾਣ ਹੁੰਦੀਆਂ ਹਨ ਜਾਂ ਫਿਰ ਮੁਲਾਇਮ ਰੋਟੀ ਖਾਣ ਦੀਆਂ ਆਦੀ ਹੋ ਚੁੱਕੀਆਂ ਹੁੰਦੀਆਂ ਹਨ। ਜੋ ਅਜਿਹਾ ਕਰਦੀਆਂ ਹਨ, ਉਨ੍ਹਾਂ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਚੋਕਰ ਸਿਹਤ ਦੀ ਮਹਾਂਸੰਜੀਵਨੀ ਹੁੰਦੀ ਹੈ।
ਇਹ ਚੋਕਰ ਉਸ ਅਨਾਜ ਦਾ ਛਿਲਕਾ ਹੁੰਦਾ ਹੈ, ਜਿਸ ਨੂੰ ਪੀਸ ਕੇ ਆਟਾ ਬਣਾਇਆ ਜਾਂਦਾ ਹੈ। ਚੋਕਰ 'ਤੇ ਕਈ ਸਾਲਾਂ ਤੋਂ ਵਿਗਿਆਨੀ ਖੋਜ ਕਰਦੇ ਆ ਰਹੇ ਹਨ। ਹੈਦਰਾਬਾਦ ਦੇ ਪੋਸ਼ਣ ਖੋਜ ਕੇਂਦਰ ਅਨੁਸਾਰ ਚੋਕਰ ਵਿਚ ਕੁਝ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਜੀਨਸ ਦੀ ਸੰਰਚਨਾ 'ਤੇ ਪ੍ਰਭਾਵ ਪਾਉਂਦੇ ਹਨ। ਕੋਲੋਨ ਦੇ ਅਤਿ ਘਾਤਕ ਕੈਂਸਰ ਨੂੰ ਰੋਕਣ ਵਿਚ, ਸ਼ੂਗਰ ਵਰਗੀ ਬਿਮਾਰੀ ਵਿਚ ਵਿਆਪਕ ਤਬਦੀਲੀ ਲਿਆਉਣ ਵਿਚ ਅਤੇ ਖੂਨ ਦਾ ਕੋਲੈਸਟ੍ਰੋਲ ਘੱਟ ਕਰਨ ਵਿਚ ਇਸ ਦੀ ਮਹੱਤਵਪੂਰਨ ਭੂਮਿਕਾ ਦੇਖੀ ਗਈ ਹੈ।
ਚੋਕਰ ਦੇ ਸਬੰਧ ਵਿਚ ਖੋਜ ਕਰ ਰਹੇ ਵਿਗਿਆਨੀਆਂ ਨੇ ਇਹ ਵੀ ਪਾਇਆ ਹੈ ਕਿ ਇਹ ਸਰੀਰ ਦੀ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾ ਕੇ ਇਮਿਊਨੋ-ਗਲੋਬੁਲੀਅੰਸ ਦੀ ਮਾਤਰਾ ਖੂਨ ਵਿਚ ਵਧਾਉਂਦਾ ਹੈ। ਅਜਿਹੀ ਸਥਿਤੀ ਵਿਚ ਦਮਾ, ਅਲਰਜੀ ਅਤੇ ਏਡਜ਼ ਵਰਗੇ ਰੋਗਾਂ ਵਿਚ ਵੀ ਇਸ ਦੀ ਉਪਯੋਗਤਾ ਨੂੰ ਨਕਾਰਿਆ ਨਹੀਂ ਜਾ ਸਕਦਾ।
ਆਟੇ ਵਿਚ ਕਣਕ ਦੇ ਭਾਰ ਦਾ ਪੰਜਵਾਂ ਹਿੱਸਾ ਚੋਕਰ ਹੁੰਦਾ ਹੈ ਪਰ ਇਸੇ ਪੰਜਵੇਂ ਹਿੱਸੇ ਵਿਚ ਕਣਕ ਦੇ ਸਾਰੇ ਪੋਸ਼ਕ ਤੱਤਾਂ ਦਾ ਤਿੰਨ-ਚੌਥਾਈ ਹਿੱਸਾ ਸਮਾਇਆ ਹੁੰਦਾ ਹੈ। ਇਸ ਦਾ ਰਸਾਇਣਕ ਵਿਸ਼ਲੇਸ਼ਣ ਕਰਨ 'ਤੇ ਪਤਾ ਲੱਗਾ ਕਿ ਮਾਮੂਲੀ ਚੋਕਰ ਵਿਚ 3 ਫੀਸਦੀ ਚਿਕਨਾਈ, 12 ਫੀਸਦੀ ਪ੍ਰੋਟੀਨ ਅਤੇ ਇਕ ਤਿਹਾਈ ਭਾਗ ਸਟਾਰਚ ਹੁੰਦਾ ਹੈ।
ਚੋਕਰ ਵਿਚ ਚੂਨੇ ਅਤੇ ਹੋਰ ਖਣਿਜ ਲੂਣਾਂ ਦੀ ਮਾਤਰਾ ਵੀ ਕਾਫੀ ਹੁੰਦੀ ਹੈ। ਇਕ ਪੌਂਡ ਚੋਕਰ ਵਾਲੇ ਆਟੇ ਵਿਚ ਚਾਰ ਗ੍ਰੇਨ ਕੈਲਸ਼ੀਅਮ ਹੁੰਦਾ ਹੈ, ਜੋ ਸਰੀਰ ਦੀ ਲੋੜ ਅਨੁਸਾਰ ਕਾਫੀ ਹੁੰਦਾ ਹੈ। ਆਟੇ ਦਾ ਚੋਕਰ ਕੱਢ ਦੇਣ 'ਤੇ ਉਸ ਵਿਚ ਮੌਜੂਦ ਕੈਲਸ਼ੀਅਮ ਵੀ ਨਿਕਲ ਜਾਂਦਾ ਹੈ।
ਕੈਲਸ਼ੀਅਮ ਸਰੀਰ ਲਈ ਇਕ ਜ਼ਰੂਰੀ ਤੱਤ ਹੁੰਦਾ ਹੈ। ਕੁਦਰਤੀ ਰੂਪ ਨਾਲ ਇਸ ਤੱਤ ਦੇ ਨਾ ਮਿਲਣ 'ਤੇ ਸਰੀਰ ਦੇ ਕਈ ਅੰਗ ਕਮਜ਼ੋਰ ਹੋਣ ਲਗਦੇ ਹਨ। ਆਪਣੇ ਭੋਜਨ ਵਿਚ ਬਰੀਕ ਛਾਣੇ ਹੋਏ ਆਟੇ ਜਾਂ ਮੈਦੇ ਦੀ ਵਰਤੋਂ ਕਰਨ ਵਾਲਿਆਂ ਦੇ ਦੰਦ ਦੂਜੇ ਲੋਕਾਂ ਦੀ ਤੁਲਨਾ ਵਿਚ ਛੇਤੀ ਡਿਗ ਜਾਂਦੇ ਹਨ ਜਾਂ ਖੋਖਲੇ ਹੋ ਜਾਂਦੇ ਹਨ।
ਚੋਕਰ ਪੇਟ ਸਾਫ਼ ਕਰਨ ਵਿਚ ਤਾਂ ਹਰੀਆਂ ਸਬਜ਼ੀਆਂ ਅਤੇ ਫਲਾਂ ਦੀ ਤੁਲਨਾ ਵਿਚ ਵੀ ਚੰਗਾ ਸਾਬਤ ਹੋਇਆ ਹੈ। ਇਹ ਪੇਟ ਨੂੰ ਸ਼ੁੱਧ ਰੱਖਦਾ ਹੈ, ਨਾਲ ਹੀ ਉਸ ਨੂੰ ਸ਼ਕਤੀ ਅਤੇ ਚੁਸਤੀ ਵੀ ਦਿੰਦਾ ਹੈ। ਪੇਟ ਦੀ ਪਾਚਣ ਕਿਰਿਆ ਨੂੰ ਸੁਚਾਰੂ ਰੂਪ ਨਾਲ ਚਲਾਉਣ ਵਿਚ ਚੋਕਰ ਮਦਦ ਕਰਦਾ ਹੈ।
ਬਾਜ਼ਾਰੋਂ ਖਰੀਦੇ ਗਏ ਆਟੇ ਦਾ ਚੋਕਰ ਲਾਭਦਾਇਕ ਨਹੀਂ ਮੰਨਿਆ ਜਾਂਦਾ। ਘਰ ਵਿਚ ਕਣਕ ਖਰੀਦ ਕੇ ਉਸ ਨੂੰ ਚੰਗੀ ਤਰ੍ਹਾਂ ਧੋ ਕੇ, ਸੁਕਾ ਕੇ ਪੀਸੇ ਗਏ ਆਟੇ ਦਾ ਚੋਕਰ ਲਾਭਦਾਇਕ ਹੁੰਦਾ ਹੈ। ਤੰਦਰੁਸਤੀ ਲਈ ਚੋਕਰ ਵਾਲੇ ਆਟੇ ਦਾ ਬਹੁਤ ਹੀ ਮਹੱਤਵ ਹੈ। ਇਸ ਲਈ ਸਿਹਤ ਨੂੰ ਤੰਦਰੁਸਤ ਰੱਖਣ ਲਈ ਅਤੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬਲਵਾਨ ਅਤੇ ਫੁਰਤੀਲੇ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਚੋਕਰ ਵਾਲੇ ਆਟੇ ਦੀ ਹੀ ਰੋਟੀ ਬਣਾਈ ਜਾਵੇ।
**

ਵਾਤ, ਪਿੱਤ, ਕਫ਼ ਦਾ ਖ਼ਾਤਮਾ ਕਰਦਾ ਹੈ ਸ਼ਹਿਦ

ਸ਼ਹਿਦ ਦੇ ਵਧੀਆ ਸਵਾਦ ਤੋਂ ਸਭ ਲੋਕ ਜਾਣੂ ਹਨ ਪਰ ਇਹ ਘੱਟ ਹੀ ਲੋਕ ਜਾਣਦੇ ਹਨ ਕਿ ਇਹ ਕਈ ਤਰ੍ਹਾਂ ਦੇ ਪੌਸ਼ਟਿਕ ਵਿਟਾਮਿਨਾਂ ਨਾਲ ਵੀ ਭਰਪੂਰ ਹੈ। ਇਸ ਵਿਚ ਵਿਟਾਮਿਨ 'ਏ', 'ਬੀ' ਅਤੇ 'ਈ' ਵਧੇਰੇ ਮਾਤਰਾ ਵਿਚ ਪਾਏ ਜਾਂਦੇ ਹਨ। ਸ਼ਹਿਦ ਸਰੀਰ ਨੂੰ ਪੋਸ਼ਣ ਕਰਨ ਵਾਲਾ ਖੂਨ ਸੋਧਕ ਹੁੰਦਾ ਹੈ। ਇਹ ਵਾਤ, ਪਿੱਤ, ਕਫ ਨੂੰ ਖਤਮ ਕਰਦਾ ਹੈ, ਭੁੱਖ ਵਧਾਉਂਦਾ ਹੈ ਅਤੇ ਪੇਟ ਅਤੇ ਗੁਰਦਿਆਂ ਨੂੰ ਸ਼ਕਤੀ ਦਿੰਦਾ ਹੈ। ਇਸ ਦੇ ਸੇਵਨ ਨਾਲ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ।
ਸ਼ਹਿਦ ਵਿਚ ਜੋ ਮਿੱਠਾ ਹੁੰਦਾ ਹੈ, ਉਹ ਪੇਟ ਵਿਚ ਜਾਣ ਤੋਂ ਬਾਅਦ ਤੁਰੰਤ ਹੀ ਸਰੀਰ ਵਿਚ ਘੁਲ ਜਾਂਦਾ ਹੈ ਅਰਥਾਤ ਸ਼ਹਿਦ ਦੀ ਸ਼ੱਕਰ ਵਿਚ ਸਰੀਰ ਪੋਸ਼ਣ ਦਾ ਗੁਣ ਕੁਦਰਤੀ ਮੌਜੂਦ ਹੁੰਦਾ ਹੈ। ਜਿਨ੍ਹਾਂ ਬਿਮਾਰੀਆਂ ਵਿਚ ਮਰੀਜ਼ ਦਾ ਭਾਰ ਘਟ ਜਾਂਦਾ ਹੈ, ਉਨ੍ਹਾਂ ਬਿਮਾਰੀਆਂ ਵਿਚ ਸ਼ਹਿਦ ਬੜਾ ਫਾਇਦੇਮੰਦ ਸਿੱਧ ਹੁੰਦਾ ਹੈ। ਦੁੱਧ ਵਿਚ ਸ਼ਹਿਦ ਮਿਲਾ ਕੇ ਪੀਣ ਨਾਲ ਸਰੀਰ ਤੰਦਰੁਸਤ ਹੁੰਦਾ ਹੈ। ਦੁੱਧ ਵਿਚ ਸ਼ਹਿਦ ਮਿਲਾ ਕੇ ਪੀਣ ਵਾਲੇ ਨਿਰੋਗ ਹੁੰਦੇ ਹਨ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਰੋਗ ਦੇ ਹਮਲੇ ਦਾ ਘੱਟ ਡਰ ਹੁੰਦਾ ਹੈ। ਇਕ ਪਿਆਲਾ ਗਰਮ ਦੁੱਧ ਲੈ ਕੇ ਉਸ ਵਿਚ ਇਕ ਚਮਚ ਸ਼ਹਿਦ ਮਿਲਾ ਕੇ ਪੀਣ ਦਾ ਅਭਿਆਸ ਰੱਖਣ ਨਾਲ ਸਰੀਰ ਬਹੁਤ ਤਕੜਾ ਹੋ ਜਾਂਦਾ ਹੈ। ਇਸ ਤਰ੍ਹਾਂ ਦਾ ਦੁੱਧ ਦਿਨ ਵਿਚ ਤਿੰਨ-ਚਾਰ ਵਾਰ ਜ਼ਰੂਰ ਪੀਣਾ ਚਾਹੀਦਾ ਹੈ। ਜੇਕਰ ਇਹ ਸੰਭਵ ਨਾ ਹੋਵੇ ਤਾਂ ਘੱਟੋ-ਘੱਟ ਰਾਤ ਵੇਲੇ ਪੀਣ ਦਾ ਯਤਨ ਜ਼ਰੂਰ ਕਰਨਾ ਚਾਹੀਦਾ ਹੈ। ਸ਼ਹਿਦ ਵਿਚ ਸਰੀਰ ਨੂੰ ਤਾਕਤ ਅਤੇ ਬਲ ਦੇਣ ਦੇ ਕਈ ਗੁਣ ਹਨ। ਇਸ ਵਿਚ ਏਨੇ ਜ਼ਿਆਦਾ ਗੁਣ ਹਨ ਕਿ ਇਸ ਦੀ ਥਾਂ 'ਤੇ ਕਿਸੇ ਹੋਰ ਪਦਾਰਥ ਦੀ ਵਰਤੋਂ ਨਹੀਂ ਕੀਤੀ ਜਾ ਸਕਦੀ। ਫੇਫੜਿਆਂ ਦੇ ਕਈ ਰੋਗਾਂ ਵਿਚ ਦੁੱਧ ਅਤੇ ਸ਼ਹਿਦ ਬੇਮਿਸਾਲ ਸਾਬਤ ਹੁੰਦੇ ਹਨ। ਗਰਮ ਕਰਨ ਨਾਲ ਸ਼ਹਿਦ ਆਪਣੇ ਮੌਲਿਕ ਗੁਣ ਗਵਾ ਲੈਂਦਾ ਹੈ, ਕਿਉਂਕਿ ਇਸ ਦੇ ਕੁਦਰਤੀ ਵਿਟਾਮਿਨ ਖਤਮ ਹੋ ਜਾਂਦੇ ਹਨ। ਪਾਣੀ ਵਿਚ ਮਿਲਾ ਕੇ ਸ਼ਹਿਦ ਪੀਣ ਨਾਲ ਮੋਟਾਪਾ ਘੱਟ ਹੋ ਜਾਂਦਾ ਹੈ ਪਰ ਸ਼ਹਿਦ ਦਾ ਉਪਯੋਗ ਹਿਸਾਬ ਨਾਲ ਹੀ ਕਰਨਾ ਚਾਹੀਦਾ ਹੈ।
ਸਰੀਰਕ ਮਿਹਨਤ ਕਰਨ ਵਾਲਿਆਂ ਨੂੰ ਸ਼ਹਿਦ ਦਾ ਸੇਵਨ ਕਰਨਾ ਲਾਭਦਾਇਕ ਹੈ। ਛੋਟੇ ਬੱਚਿਆਂ ਨੂੰ ਜੇ ਦੁੱਧ ਪਿਲਾਇਆ ਜਾਵੇ, ਉਸ ਵਿਚ ਜੇਕਰ ਥੋੜ੍ਹਾ ਸ਼ਹਿਦ ਮਿਲਾ ਦਿਓ ਤਾਂ ਉਹ ਤੁਰੰਤ ਹਜ਼ਮ ਹੋ ਜਾਵੇਗਾ।

ਲਾਪ੍ਰਵਾਹੀ ਨਾਲ ਵਧਦਾ ਹੈ ਦਰਦ

ਆਮ ਤਰੀਕੇ ਨੂੰ ਨਜ਼ਰਅੰਦਾਜ਼ ਕਰਕੇ ਲਾਪ੍ਰਵਾਹੀ ਨਾਲ ਬੈਠਣ, ਸੌਣ ਅਤੇ ਉੱਠਣ, ਚੱਲਣ ਨਾਲ ਪ੍ਰੇਸ਼ਾਨੀ ਵਧਦੀ ਹੈ। ਭਾਰ ਚੁੱਕਣ ਅਤੇ ਪੌੜੀ 'ਤੇ ਚੜ੍ਹਨ ਸਮੇਂ ਅਕਸਰ ਲਾਪ੍ਰਵਾਹੀ ਕਰਨ ਤੋਂ ਕੋਈ ਨਹੀਂ ਬਚਦਾ। ਇਹ ਲਾਪ੍ਰਵਾਹੀ ਹੀ ਦਰਦ ਦਿੰਦੀ ਹੈ। ਦਰਦ ਦੀ ਅਣਦੇਖੀ ਨਾਲ ਦਰਦ ਹੋਰ ਵਧਦੀ ਹੈ। ਅਨਿਯਮਤ ਰੋਜ਼ਮਰਾ, ਤਣਾਅ ਅਤੇ ਭੱਜ-ਦੌੜ ਭਰੀ ਜ਼ਿੰਦਗੀ ਵਿਚ ਹਰ ਕੋਈ ਇਸ ਤਰ੍ਹਾਂ ਹੀ ਅਣਦੇਖੀ ਕਰਦਾ ਹੈ ਅਤੇ ਕਮਰ ਦਰਦ, ਪਿੱਠ ਵਿਚ ਦਰਦ ਅਤੇ ਰੀੜ੍ਹ ਦੀ ਹੱਡੀ ਵਿਚ ਦਰਦ ਦਾ ਸ਼ਿਕਾਰ ਹੁੰਦਾ ਹੈ। ਇਸ ਤਰ੍ਹਾਂ ਦਾ ਕੋਈ ਵੀ ਦਰਦ ਹੋਵੇ ਤਾਂ ਲਾਪ੍ਰਵਾਹੀ ਵਰਤਣ ਦੀ ਬਜਾਏ ਸਾਵਧਾਨ ਹੋ ਜਾਓ। ਸਿੱਧੇ ਬੈਠੋ, ਉੱਠੋ ਅਤੇ ਦੋਵੇਂ ਪੈਰਾਂ 'ਤੇ ਬਰਾਬਰ ਭਾਰ ਰੱਖ ਕੇ ਖੜ੍ਹੇ ਹੋਵੋ। ਬੈਠਣ ਅਤੇ ਗੱਡੀ ਚਲਾਉਣ ਸਮੇਂ ਪਿੱਠ ਸਿੱਧੀ ਰੱਖੋ। ਇਕ ਹੀ ਜਗ੍ਹਾ 'ਤੇ ਇਕੋ ਸਥਿਤੀ ਵਿਚ ਲਗਾਤਾਰ ਨਾ ਬੈਠੋ ਅਤੇ ਨਾ ਹੀ ਲਗਾਤਾਰ ਇਸ ਤਰ੍ਹਾਂ ਖੜ੍ਹੇ ਹੋਵੋ। ਹਰ ਕੁਝ ਦੇਰ ਬਾਅਦ ਸਥਿਤੀ ਬਦਲੋ। ਜ਼ਿਆਦਾ ਦੇਰ ਤੱਕ ਕਦੇ ਵੀ ਇਕੋ ਸਥਿਤੀ ਵਿਚ ਨਾ ਰਹੋ। ਲੰਬੇ ਅਤੇ ਡੂੰਘੇ ਸਾਹ ਲਓ। ਤਣਾਅ ਅਤੇ ਜੜਵਤ ਸਥਿਤੀ ਤੋਂ ਬਚਣ ਲਈ ਹਰ ਸੰਭਵ ਕੋਸ਼ਿਸ਼ ਕਰੋ।

ਵਿਟਾਮਿਨ ਬੀ-12 ਦੀ ਕਮੀ ਦੀ ਅਣਦੇਖੀ ਨਾ ਕਰੋ

ਇਕ ਔਰਤ ਨੂੰ ਇਕ ਅਜੀਬ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹ ਜ਼ਿਆਦਾ ਦੇਰ ਤੱਕ ਖੜ੍ਹੀ ਨਹੀਂ ਰਹਿ ਸਕਦੀ ਅਤੇ ਥਕਾਨ ਮਹਿਸੂਸ ਕਰਨ ਲਗਦੀ ਹੈ। ਉਹ ਲਗਾਤਾਰ ਤਣਾਅ ਅਤੇ ਨਿਰਾਸ਼ਾ ਮਹਿਸੂਸ ਕਰਦੀ ਹੈ। ਉਸ ਦੀ ਰੁਚੀ ਕਿਸੇ ਚੀਜ਼ ਵਿਚ ਨਹੀਂ ਰਹਿ ਗਈ। ਉਹ ਮੁੜ ਆਪਣੀ ਆਮ ਜ਼ਿੰਦਗੀ ਵਿਚ ਨਹੀਂ ਆ ਰਹੀ।
ਉਸ ਔਰਤ ਨੇ ਡਾਕਟਰ ਨਾਲ ਸੰਪਰਕ ਕੀਤਾ। ਡਾਕਟਰ ਨੇ ਕੁਝ ਟੈਸਟ ਦੱਸੇ, ਜਿਨ੍ਹਾਂ ਵਿਚ ਵਿਟਾਮਿਨ 'ਬੀ-12' ਦਾ ਪੱਧਰ ਪਤਾ ਕਰਨ ਲਈ ਵੀ ਇਕ ਟੈਸਟ ਸੀ। ਰਿਪੋਰਟ ਆਈ ਤਾਂ ਪਤਾ ਲੱਗਾ ਕਿ ਇਸ ਔਰਤ ਵਿਚ ਵਿਟਾਮਿਨ 'ਬੀ-12' ਦੀ ਕਮੀ ਹੈ। ਡਾਕਟਰ ਨੇ ਉਸ ਨੂੰ ਓਰਲ ਸਪਲੀਮੈਂਟ ਦਾ ਇਕ ਕੋਰਸ ਦੱਸਿਆ। ਇਸ ਤੋਂ ਬਾਅਦ ਉਸ ਔਰਤ ਦੀ ਸਥਿਤੀ ਵਿਚ ਹੌਲੀ-ਹੌਲੀ ਸੁਧਾਰ ਆਉਣ ਲੱਗਾ ਅਤੇ ਉਹ ਪਹਿਲਾਂ ਵਾਂਗ ਆਮ ਜੀਵਨ ਜਿਉਣ ਲੱਗੀ।
ਅਜਿਹਾ ਕਈ ਲੋਕਾਂ ਨਾਲ ਹੁੰਦਾ ਹੈ। ਵਿਟਾਮਿਨ 'ਬੀ-12' ਦੀ ਕਮੀ ਨੂੰ ਇਕ ਸਾਧਾਰਨ ਸਮੱਸਿਆ ਮੰਨਿਆ ਜਾਂਦਾ ਹੈ ਪਰ ਇਸ ਨਾਲ ਕਈ ਗੰਭੀਰ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ। ਡਾਕਟਰਾਂ ਅਨੁਸਾਰ ਵਿਟਾਮਿਨ 'ਬੀ-12' ਦੀ ਕਮੀ ਨਾਲ ਕਈ ਬਿਮਾਰੀਆਂ ਹੋ ਸਕਦੀਆਂ ਹਨ। ਵਿਟਾਮਿਨ 'ਬੀ-12' ਦੀ ਸਰੀਰ ਵਿਚ ਕਮੀ ਨਾਲ ਅਨੀਮੀਆ ਹੋ ਸਕਦਾ ਹੈ ਅਤੇ ਸਪਾਈਨਲ ਕੋਰਡ ਵਿਚ ਵੀ ਸਮੱਸਿਆ ਆ ਸਕਦੀ ਹੈ। ਸਥਿਤੀ ਜ਼ਿਆਦਾ ਗੰਭੀਰ ਹੋਵੇ ਤਾਂ ਪੈਰਾਲਿਸਿਸ ਦੀ ਸਥਿਤੀ ਵੀ ਬਣ ਸਕਦੀ ਹੈ। ਜੇ ਸਰੀਰ ਵਿਚ ਵਿਟਾਮਿਨ 'ਬੀ-12' ਦੀ ਕਮੀ ਨੂੰ ਸਮੇਂ ਸਿਰ ਦੂਰ ਕਰ ਲਿਆ ਜਾਵੇ ਤਾਂ ਠੀਕ ਹੈ, ਨਹੀਂ ਤਾਂ ਦਿਮਾਗ 'ਤੇ ਵੀ ਕਾਫੀ ਨਕਾਰਾਤਮਕ ਅਸਰ ਪੈ ਸਕਦਾ ਹੈ।
ਸ਼ੁਰੂਆਤੀ ਲੱਛਣਾਂ ਬਾਰੇ ਡਾਕਟਰਾਂ ਦਾ ਕਹਿਣਾ ਹੈ ਕਿ ਸ਼ੁਰੂ ਵਿਚ ਥਕਾਨ, ਅਵਸਾਦ ਅਤੇ ਯਾਦਦਾਸ਼ਤ ਵਿਚ ਕਮੀ ਵਰਗੇ ਲੱਛਣ ਨਜ਼ਰ ਆਉਂਦੇ ਹਨ। ਇਹ ਖ਼ਤਰੇ ਦੀ ਘੰਟੀ ਸਾਬਤ ਹੁੰਦੇ ਹਨ। ਨਰਵਸ ਸਿਸਟਮ ਵੀ ਸਰੀਰ ਵਿਚ ਵਿਟਾਮਿਨ 'ਬੀ-12' ਦੀ ਕਮੀ ਦੇ ਸੰਕੇਤ ਦਿੰਦਾ ਹੈ। ਇਸ ਨਾਲ ਵਿਅਕਤੀ ਬਿਮਾਰ ਰਹਿਣ ਲਗਦਾ ਹੈ, ਛੇਤੀ ਥੱਕ ਜਾਂਦਾ ਹੈ, ਖੁਸ਼ੀ ਦੇ ਮੌਕਿਆਂ 'ਤੇ ਵੀ ਉਦਾਸ ਰਹਿੰਦਾ ਹੈ, ਮੂੰਹ ਦਾ ਅਲਸਰ ਹੋ ਜਾਂਦਾ ਹੈ। ਕਈ ਵਾਰ ਲਗਦਾ ਹੈ ਕਿ ਪੈਰਾਂ ਵਿਚ ਕੋਈ ਸੂਈ ਚੁਭਾ ਰਿਹਾ ਹੈ ਤੇ ਕਦੇ ਚੱਕਰ ਆਉਣ ਲਗਦੇ ਹਨ। ਤਣਾਅ, ਧੁੰਦਲਾ ਦਿਸਣਾ ਆਦਿ ਸਮੱਸਿਆਵਾਂ ਵੀ ਹੋ ਸਕਦੀਆਂ ਹਨ।
ਵਿਟਾਮਿਨ 'ਬੀ-12' ਦੀ ਕਮੀ ਉਨ੍ਹਾਂ ਲੋਕਾਂ ਵਿਚ ਹੁੰਦੀ ਹੈ, ਜੋ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦਾ ਸੇਵਨ ਨਹੀਂ ਕਰਦੇ ਅਤੇ ਜੋ ਲੋੜ ਤੋਂ ਵੱਧ ਅਲਕੋਹਲ ਦਾ ਸੇਵਨ ਕਰਦੇ ਹਨ। ਅਨੀਮੀਆ ਜਾਂ ਪੇਟ ਦੀ ਸਮੱਸਿਆ ਤੋਂ ਪੀੜਤ ਵਿਅਕਤੀ ਨੂੰ ਜ਼ਿਆਦਾ ਖਤਰਾ ਹੋ ਸਕਦਾ ਹੈ। ਦੁੱਧ-ਡੇਅਰੀ ਉਤਪਾਦ, ਮਾਸ, ਮੱਛੀ, ਆਂਡੇ ਆਦਿ ਵਿਟਾਮਿਨ 'ਬੀ-12' ਦੇ ਪ੍ਰਮੁੱਖ ਸਰੋਤ ਹਨ। ਸ਼ਾਕਾਹਾਰੀਆਂ ਨੂੰ ਡਾਕਟਰ ਦੀ ਸਲਾਹ ਨਾਲ ਵਿਟਾਮਿਨ 'ਬੀ-12' ਸਪਲੀਮੈਂਟ ਲੈਣਾ ਚਾਹੀਦਾ ਹੈ।
ਰੁੱਖ-ਬੂਟੇ ਵਿਟਾਮਿਨ 'ਬੀ-12' ਦਾ ਨਿਰਮਾਣ ਨਹੀਂ ਕਰਦੇ ਪਰ ਫਿਰ ਵੀ ਤੁਸੀਂ ਦੁੱਧ, ਦਹੀਂ, ਪਨੀਰ, ਚੀਜ, ਮੱਖਣ, ਸੋਇਆ ਮਿਲਕ ਜਾਂ ਟੋਫੂ ਦਾ ਨਿਯਮਤ ਰੂਪ ਨਾਲ ਸੇਵਨ ਕਰੋ। ਸੋਇਆਬੀਨ, ਮੂੰਗਫਲੀ, ਦਾਲਾਂ ਅਤੇ ਪੁੰਗਰੇ ਬੀਜਾਂ ਦਾ ਸੇਵਨ ਵੀ ਕਰਨਾ ਚਾਹੀਦਾ ਹੈ।
ਵਿਟਾਮਿਨ 'ਬੀ-12' ਸਾਡੇ ਸਰੀਰ ਲਈ ਕਾਫੀ ਲਾਭਦਾਇਕ ਹੈ। ਇਹ ਸਾਡੀ ਜੀਨ, ਡੀ.ਐਨ.ਓ. ਨੂੰ ਬਣਾਉਂਦਾ ਹੈ। ਇਹ ਲਾਲ ਖੂਨ ਕੋਸ਼ਿਕਾਵਾਂ ਦਾ ਨਿਰਮਾਣ ਕਰਦਾ ਹੈ। ਵਿਟਾਮਿਨ 'ਬੀ-12' ਸਰੀਰ ਦੇ ਹਰ ਹਿੱਸੇ ਦੇ ਨਰਵਸ ਨੂੰ ਪ੍ਰੋਟੀਨ ਦੇਣ ਦਾ ਕੰਮ ਕਰਦਾ ਹੈ। ਇਸ ਲਈ ਇਸ ਦੀ ਕਮੀ ਨਾਲ ਮਰਦਾਂ ਵਿਚ ਇੰਫਰਟੀਲਿਟੀ ਜਾਂ ਸੈਕਸੁਅਲ ਡਿਸਫੰਕਸ਼ਨ ਦੀ ਵੀ ਸਮੱਸਿਆ ਹੋ ਸਕਦੀ ਹੈ। ਵਿਟਾਮਿਨ 'ਬੀ-12' ਇਕ ਅਜਿਹਾ ਤੱਤ ਹੈ ਜੋ ਦਿਮਾਗ ਅਤੇ ਤੰਤ੍ਰਿਕਾ ਤੰਤਰ ਦੇ ਸਹੀ ਤਰ੍ਹਾਂ ਕੰਮ ਕਰਨ ਵਿਚ ਮਦਦ ਕਰਦਾ ਹੈ। ਇਸ ਦੀ ਕਮੀ ਲਈ ਖਾਨਦਾਨੀ ਕਾਰਨ ਵੀ ਜ਼ਿੰਮੇਵਾਰ ਹੋ ਸਕਦੇ ਹਨ।
ਸ਼ਾਕਾਹਾਰੀਆਂ ਵਿਚ ਇਸ ਦੀ ਕਮੀ ਆਮ ਗੱਲ ਹੈ। ਇਹ ਪਸ਼ੂ ਉਤਪਾਦਾਂ ਵਿਚ ਜ਼ਿਆਦਾ ਪਾਇਆ ਜਾਂਦਾ ਹੈ। ਜ਼ਮੀਨ ਦੇ ਅੰਦਰ ਉੱਗਣ ਵਾਲੀਆਂ ਸਬਜ਼ੀਆਂ ਜਿਵੇਂ ਆਲੂ, ਗਾਜਰ, ਮੂਲੀ, ਚੁਕੰਦਰ ਆਦਿ ਵਿਚ ਵੀ ਵਿਟਾਮਿਨ 'ਬੀ-12' ਆਂਸ਼ਕ ਰੂਪ ਵਿਚ ਪਾਇਆ ਜਾਂਦਾ ਹੈ।

-ਨਰੇਂਦਰ ਦੇਵਾਂਗਨ

ਫਾਇਦੇਮੰਦ ਦਹੀਂ

ਆਯੁਰਵੈਦ ਵਿਚ ਦਹੀਂ ਦਾ ਸੇਵਨ ਦੁੱਧ ਨਾਲੋਂ ਬਿਹਤਰ ਅਤੇ ਸਵਸਥ ਮੰਨਿਆ ਜਾਂਦਾ ਹੈ। ਦਹੀਂ ਵਿਚ ਦੁੱਧ ਦੇ ਸਾਰੇ ਪੌਸ਼ਟਿਕ ਤੱਤ ਪ੍ਰੋਟੀਨ, ਕੈਲਸ਼ੀਅਮ ਆਦਿ ਤਾਂ ਰਹਿੰਦੇ ਹੀ ਹਨ, ਨਾਲ ਹੀ ਵਿਟਾਮਿਨ 'ਬੀ' ਵੀ ਮੌਜੂਦ ਰਹਿੰਦਾ ਹੈ। ਲੋਕਾਂ ਵਿਚ ਇਹ ਵਹਿਮ ਹੈ ਕਿ ਦਹੀਂ ਕਫਜਨਕ ਹੈ ਜਦੋਂ ਕਿ ਤਾਜ਼ਾ ਦਹੀਂ ਦਾ ਸਵੇਰੇ ਜਾਂ ਦੁਪਹਿਰ ਨੂੰ ਸੇਵਨ ਕਰਨ ਨਾਲ ਕਫ ਦਾ ਨਾਸ਼ ਹੁੰਦਾ ਹੈ। ਚਾਹੋ ਤਾਂ ਸਵਾਦ ਅਨੁਸਾਰ ਉਬਲਿਆ ਆਲੂ ਜਾਂ ਕੱਦੂਕਸ਼ ਖੀਰਾ ਪਾ ਕੇ ਸੇਵਨ ਕਰਨ ਨਾਲ ਸਵਾਦ ਦੇ ਨਾਲ ਪੌਸ਼ਟਿਕਤਾ ਵੀ ਮਿਲਦੀ ਹੈ। ਪੇਚਿਸ਼ ਵਿਚ ਦਹੀਂ ਵਿਚ ਈਸਬਗੋਲ ਮਿਲਾ ਕੇ ਖਾਣਾ ਵੀ ਫਾਇਦੇਮੰਦ ਰਹਿੰਦਾ ਹੈ।

-ਭਰਤ ਸਿੰਘ ਵੋਰਾ

ਸਿਹਤ ਖ਼ਬਰਨਾਮਾ

ਖਾਲੀ ਪੇਟ ਕਸਰਤ ਨਾਲ ਲਾਭ

ਜਿਨ੍ਹਾਂ ਨੇ ਭਾਰ, ਮੋਟਾਪਾ ਅਤੇ ਚਰਬੀ ਘਟਾਉਣੀ ਹੈ, ਉਨ੍ਹਾਂ ਨੂੰ ਕੁਝ ਵੀ ਖਾ ਕੇ ਕਸਰਤ ਕਰਨ ਦੀ ਬਜਾਏ ਖਾਲੀ ਪੇਟ ਕਸਰਤ ਕਰਨ ਨਾਲ ਛੇਤੀ ਲਾਭ ਮਿਲਦਾ ਹੈ। ਸਿਡਨੀ ਦੇ ਇਕ ਖੋਜ ਅਧਿਐਨ ਮੁਤਾਬਿਕ ਖਾਲੀ ਪੇਟ ਕਸਰਤ ਕਰਨ ਨਾਲ ਮਾਸਪੇਸ਼ੀਆਂ ਤੇਜ਼ੀ ਨਾਲ ਫੈਟ ਵਰਨ ਕਰਦੀਆਂ ਹਨ। ਇਸ ਤੋਂ ਇਲਾਵਾ ਆਕਸੀਜਨ ਗ੍ਰਹਿਣ ਕਰਨ ਨਾਲ ਸਰੀਰ ਦੀ ਸਮਰੱਥਾ ਵਧਦੀ ਹੈ ਜੋ ਕਸਰਤ ਕਰਨ ਵਾਲਿਆਂ ਨੂੰ ਸਟੈਮਿਨਾ ਦਿੰਦੀ ਹੈ। ਆਸਟ੍ਰੇਲੀਆਈ ਖੋਜ ਕਰਤਾਵਾਂ ਮੁਤਾਬਿਕ ਨਾਸ਼ਤੇ ਤੋਂ ਬਾਅਦ ਕਸਰਤ ਕਰਨ ਨਾਲ ਇਹ ਪ੍ਰਕਿਰਿਆ ਹੌਲੀ ਹੋ ਜਾਂਦੀ ਹੈ।

ਸਿਹਤ ਖ਼ਬਰਨਾਮਾ

ਚੰਗੀ ਨੀਂਦ, ਚੰਗੇ ਨਤੀਜੇ

ਨੀਂਦ ਦਾ ਸਾਡੇ ਦੈਨਿਕ ਜੀਵਨ ਵਿਚ ਬੜਾ ਮਹੱਤਵ ਹੁੰਦਾ ਹੈ ਜਦੋਂ ਕਿ ਨੀਂਦ ਦੀ ਕਮੀ ਅਤੇ ਉਨੀਂਦਰੇ ਨਾਲ ਸਾਡੀ ਕਾਰਜ ਸਮਰੱਥਾ ਅਤੇ ਸਿਹਤ ਪ੍ਰਭਾਵਿਤ ਹੁੰਦੀ ਹੈ। ਬਿਹਤਰ ਨੀਂਦ ਨਾਲ ਸਾਰੇ ਨਤੀਜੇ ਬਿਹਤਰ ਹੁੰਦੇ ਹਨ। ਇਸ ਨਾਲ ਸਿਹਤ ਅਤੇ ਮਨ ਦਿਮਾਗ ਵੀ ਬਿਹਤਰ ਰਹਿੰਦਾ ਹੈ। ਬਿਹਤਰ ਨੀਂਦ ਲੈਣ ਵਾਲਿਆਂ ਦਾ ਕੰਮ ਅਤੇ ਨਤੀਜਾ ਵੀ ਚੰਗਾ ਰਹਿੰਦਾ ਹੈ। ਅਜਿਹੇ ਵਿਦਿਆਰਥੀ ਅਤੇ ਕਰਮਚਾਰੀ ਹਮੇਸ਼ਾ ਅੱਵਲ ਰਹਿੰਦੇ ਹਨ।

ਸਿਹਤ ਖ਼ਬਰਨਾਮਾ

ਰੋਗ ਦੂਰ ਕਰਦਾ ਹੈ ਨਾਚ

ਨਾਚ ਸਿਰਫ ਇਕ ਕਲਾ ਹੀ ਨਹੀਂ ਹੈ, ਸਗੋਂ ਇਹ ਰੋਗ ਦੂਰ ਕਰਨ ਦਾ ਇਕ ਜ਼ਰੀਆ ਵੀ ਸਿੱਧ ਹੁੰਦਾ ਹੈ। ਨਾਚ ਕਲਾ ਵਿਚ ਸਿਹਤ ਦੇ ਲਾਭ ਦਾ ਡੂੰਘਾ ਵਿਗਿਆਨ ਛੁਪਿਆ ਹੋਇਆ ਹੈ। ਇਹ ਸਰੀਰ ਅਤੇ ਦਿਮਾਗ ਵਿਚ ਘਰ ਬਣਾਉਣ ਵਾਲੀਆਂ ਹਾਨੀਕਾਰਕ ਗ੍ਰੰਥੀਆਂ ਨੂੰ ਦੂਰ ਕਰਦਾ ਹੈ। ਇਸ ਨਾਲ ਦਿਮਾਗ ਤਣਾਅਮੁਕਤ ਹੁੰਦਾ ਹੈ। ਖੂਨ ਦਾ ਪ੍ਰਵਾਹ ਸੁਧਰਦਾ ਹੈ। ਸਰੀਰ ਲਚਕੀਲਾ ਬਣਦਾ ਹੈ। ਜੋੜਾਂ ਵਿਚ ਮਜ਼ਬੂਤ ਆਉਂਦੀ ਹੈ ਅਤੇ ਉਨ੍ਹਾਂ ਦਾ ਦਰਦ ਦੂਰ ਹੁੰਦਾ ਹੈ। ਦਿਮਾਗ ਤਣਾਅ ਅਤੇ ਅਵਸਾਦ ਮੁਕਤ ਹੋ ਕੇ ਤੇਜ਼ ਹੁੰਦਾ ਹੈ। ਸਰੀਰ ਵਿਚ ਊਰਜਾ ਦਾ ਸੰਚਾਰ ਹੁੰਦਾ ਹੈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX