ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  37 minutes ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  about 1 hour ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  about 1 hour ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  about 1 hour ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  about 3 hours ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਇਕ ਸੀ ਪਰੀ ਮਹਿਕਮਣੀ

ਪਿਆਰੇ ਬੱਚਿਓ! ਪੁਰਾਣੇ ਸਮਿਆਂ ਦੀ ਗੱਲ ਹੈ | ਦੱਖਣ ਦਿਸ਼ਾ ਵਿਚ ਇਕ ਸਾਹਰਦੀਪ ਨਾਂਅ ਦਾ ਦੇਸ਼ ਸੀ | ਉਸ ਦੇਸ਼ ਦੇ ਇਕ ਵਿਸ਼ਾਲ ਅਤੇ ਸੰਘਣੇ ਜੰਗਲ ਵਿਚ ਇਕ ਮਹਿਕਮਣੀ ਨਾਂਅ ਦੀ ਪਰੀ ਇਕ ਚੰਦਨ ਦੇ ਰੱੁਖ 'ਤੇ ਰਹਿੰਦੀ ਸੀ | ਪਰੀ ਮਹਿਕਮਣੀ ਜਿਥੇ ਵੀ ਜਾਂਦੀ, ਦੂਰ-ਦੂਰ ਤੱਕ ਆਲਾ-ਦੁਆਲਾ ਮਹਿਕ ਉਠਦਾ ਸੀ | ਉਸ ਦੀ ਸੁੰਦਰਤਾ ਦੀ ਚਰਚਾ ਦੇਸ਼ ਦੀਆਂ ਚਾਰੇ ਦਿਸ਼ਾਵਾਂ ਵਿਚ ਫੈਲੀ ਹੋਈ ਸੀ | ਦੂਜੇ ਦੇਸ਼ਾਂ ਦੇ ਅਨੇਕਾਂ ਰਾਜਕੁਮਾਰ ਉਸ ਨਾਲ ਵਿਆਹ ਕਰਵਾਉਣ ਲਈ ਅਕਸਰ ਉਸ ਨੂੰ ਲੱਭਦੇ ਹੋਏ ਉਸ ਜੰਗਲ ਵਿਚ ਪਹੁੰਚ ਜਾਂਦੇ ਸਨ | ਮਹਿਕਮਣੀ ਕਿਸੇ ਨੂੰ ਨਹੀਂ ਮਿਲਦੀ ਸੀ | ਉਹ ਲੋਕਾਂ ਤੋਂ ਬਚਣ ਲਈ ਚੰਦਨ ਦੇ ਦਰੱਖਤ ਵਿਚ ਬਣੇ ਆਪਣੇ ਘਰ ਵਿਚ ਲੁਕ ਜਾਂਦੀ ਸੀ |
ਇਕ ਦਿਨ ਭੰਵਰਮਾਨ ਦੇਸ਼ ਦੇ ਰਾਜੇ ਦਾ ਪੱੁਤਰ ਭੰਵਰਾ ਆਪਣੇ ਮਨ ਵਿਚ ਪੱਕਾ ਫ਼ੈਸਲਾ ਕਰਕੇ ਕਿ ਉਹ ਜਾਂ ਤਾਂ ਪਰੀ ਮਹਿਕਮਣੀ ਨੂੰ ਲੱਭ ਕੇ ਉਸ ਨਾਲ ਵਿਆਹ ਕਰੇਗਾ ਜਾਂ ਆਪਣੀ ਜਾਨ ਦੇ ਦੇਵੇਗਾ, ਆਪਣੇ ਘਰੋਂ ਚੱਲ ਪਿਆ | ਉਸ ਦੇ ਮਾਤਾ-ਪਿਤਾ, ਭੈਣ-ਭਰਾਵਾਂ ਨੇ ਉਸ ਨੂੰ ਬਹੁਤ ਸਮਝਾਇਆ | ਪੱਕੇ ਇਰਾਦੇ ਅਤੇ ਪਹਾੜ ਵਰਗੇ ਬੁਲੰਦ ਹੌਸਲੇ ਵਾਲਾ ਨੌਜਵਾਨ ਰਾਜਕੁਮਾਰ ਭੰਵਰਾ ਬਿਨਾਂ ਕਿਸੇ ਦੀ ਗੱਲ ਸੁਣੇ ਮਹਿਕਮਣੀ ਦੇ ਵਾਸ ਵਾਲੇ ਜੰਗਲ ਦੇ ਰਾਹ ਪੈ ਗਿਆ | ਜਦੋਂ ਉਹ ਜੰਗਲ 'ਚ ਪਹੁੰਚਿਆ ਤਾਂ ਉਸ ਨੂੰ ਇਕ ਜੋਗੀ ਦਿਸਿਆ | ਉਹ ਜੋਗੀ ਪਰਮਾਤਮਾ ਦੀ ਅਰਾਧਨਾ ਵਿਚ ਲੀਨ ਸਮਾਧੀ ਲਾਈ ਬੈਠਾ ਸੀ | ਉਸ ਨੇ ਉਸ ਜੋਗੀ ਨੂੰ ਮੱਥਾ ਟੇਕਿਆ | ਫਿਰ ਚੱੁਪ-ਚਾਪ ਇਕ ਪਾਸੇ ਬੈਠ ਉਹ ਜੋਗੀ ਦੀ ਸਮਾਧੀ ਖੱੁਲ੍ਹਣ ਦੀ ਉਡੀਕ ਕਰਨ ਲੱਗਾ | ਉਹ ਜੋਗੀ ਤੋਂ ਮਹਿਕਮਣੀ ਦੀ ਪ੍ਰਾਪਤੀ ਲਈ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦਾ ਸੀ | ਇਕ ਦਿਨ, ਦੋ ਦਿਨ, ਤਿੰਨ ਦਿਨ ਪਰ ਜੋਗੀ ਦੀ ਸਮਾਧੀ ਨਾ ਖੱੁਲ੍ਹੀ | ਭੰਵਰਾ ਵੀ ਪੱਕੇ ਇਰਾਦੇ ਦਾ ਮਾਲਕ ਸੀ | ਉਥੋਂ ਨਾ ਹਿੱਲਿਆ | ਜੋਗੀ ਰੱਬ ਦੀ ਭਗਤੀ ਹਿਤ ਸਮਾਧੀ ਲਾਈ ਬੈਠਾ ਸੀ, ਜਦ ਕਿ ਭੰਵਰੇ ਨੇ ਵੀ ਉਸ ਜੋਗੀ ਵਿਚ ਧਿਆਨ ਲਗਾ ਕੇ ਸਮਾਧੀ ਲਾ ਲਈ | ਸਮਾਧੀ ਲਗਾ ਕੇ ਉਹ ਮਨ ਹੀ ਮਨ ਜੋਗੀ ਨੂੰ ਬੇਨਤੀ ਕਰਨ ਲੱਗਾ ਕਿ ਜੋਗੀ ਮਹਾਰਾਜ! ਮੈਂ ਤੁਹਾਡਾ ਬੱਚਾ, ਤੁਹਾਡਾ ਦਾਸ ਹਾਂ | ਮੇਰੀ ਮਦਦ ਕਰੋ | ਦਸ ਦਿਨ ਬਾਅਦ ਉਸ ਦੀ ਬੇਨਤੀ ਉਸ ਜੋਗੀ ਦੀ ਆਤਮਾ ਤੱਕ ਪਹੁੰਚ ਗਈ | ਜੋਗੀ ਨੇ ਅੱਖਾਂ ਖੋਲ੍ਹ ਕੇ ਉਸ ਨੂੰ ਪ੍ਰਸੰਨ ਚਿੱਤ ਹੋ ਕੇ ਪੁਕਾਰਿਆ ਅਤੇ ਕਿਹਾ, 'ਬੱਚਾ, ਦੱਸ ਮੈਂ ਤੇਰੀ ਕੀ ਮਦਦ ਕਰ ਸਕਦਾ ਹਾਂ?'
ਭੰਵਰੇ ਨੇ ਆਪਣੀ ਇੱਛਾ ਦੱਸੀ | ਜੋਗੀ ਨੇ ਕਿਹਾ ਕਿ ਚੰਦਨ ਦੇ ਰੱੁਖਾਂ 'ਚੋਂ ਉਹ ਰੱੁਖ ਲੱਭਣਾ ਅਤਿ ਕਠਿਨ ਹੈ, ਜਿਸ ਵਿਚ ਪਰੀ ਮਹਿਕਮਣੀ ਵਾਸ ਕਰਦੀ ਹੈ | ਤੇਰੀ ਪ੍ਰੇਮ ਨਾਲ ਭਿੱਜੀ ਲਗਨ ਨੇ ਮੈਨੂੰ ਪ੍ਰਭਾਵਿਤ ਕੀਤਾ | ਇਸ ਲਈ ਤੇਰੀ ਮਦਦ ਹਿਤ ਮੈਂ ਤੈਨੂੰ ਕੌਡੀ ਦਿੰਦਾ ਹਾਂ | ਜਦੋਂ ਇਹ ਕੌਡੀ ਤੰੂ ਚੰਦਨ ਦੇ ਦਰੱਖਤਾਂ ਨਾਲ ਛੂਹਾਏਾਗਾ ਤਾਂ ਜਿਸ ਦਰੱਖਤ ਵਿਚ ਪਰੀ ਰਹਿੰਦੀ ਹੋਵੇਗੀ, ਤੈਨੂੰ ਆਪਣੇ-ਆਪ ਨਜ਼ਰ ਆ ਜਾਵੇਗੀ | ਉਹ ਚੰਦਨ ਦੇ ਉਸ ਜੰਗਲ ਦੇ ਹਜ਼ਾਰਾਂ ਰੱੁਖਾਂ ਨਾਲ ਕੌਡੀ ਛੁਹਾ ਕੇ ਦੇਖਣ ਲੱਗਾ | ਭੱੁਖਾ-ਪਿਆਸਾ ਉਹ ਕਈ ਦਿਨ ਚੰਦਨ ਦੇ ਰੱੁਖਾਂ ਨਾਲ ਇਹ ਚਮਤਕਾਰੀ ਕੌਡੀ ਛੁਹਾ ਕੇ ਦੇਖਦਾ ਰਿਹਾ ਪਰ ਉਸ ਨੂੰ ਪਰੀ ਮਹਿਕਮਣੀ ਦਿਖਾਈ ਨਾ ਦਿੱਤੀ | ਭੰਵਰੇ ਨੇ ਹਿੰਮਤ ਨਾ ਹਾਰੀ | ਇਕ ਦਿਨ ਇਕ ਰੱੁਖ 'ਚ ਪਰੀ ਉਸ ਨੂੰ ਦਿਸ ਪਈ, ਜੋ ਕਿ ਚੋਰੀ-ਚੋਰੀ ਰਾਜਕੁਮਾਰ ਭੰਵਰੇ ਨੂੰ ਦੇਖਦੀ ਰਹੀ ਸੀ | ਉਹ ਉਸ ਦੇ ਪ੍ਰੇਮ ਲਗਨ ਅਤੇ ਪੱਕੇ ਇਰਾਦੇ ਤੋਂ ਪ੍ਰਭਾਵਿਤ ਸੀ | ਜਦੋਂ ਬੇਹੱਦ ਬਿਹਬਲਤਾ ਨਾਲ ਭੰਵਰੇ ਨੇ ਉਸ ਨੂੰ ਪੁਕਾਰਿਆ ਤਾਂ ਉਹ ਖੁਦ ਨੂੰ ਰੋਕ ਨਾ ਸਕੀ | ਰੱੁਖ ਤੋਂ ਬਾਹਰ ਆ ਕੇ ਉਸ ਨੇ ਭੰਵਰੇ ਦਾ ਪਿਆਰ ਸਵੀਕਾਰ ਕਰ ਲਿਆ | ਭੰਵਰਾ ਖੁਸ਼ੀ-ਖੁਸ਼ੀ ਉਸ ਨੂੰ ਆਪਣੇ ਮਹਿਲਾਂ ਵਿਚ ਲੈ ਆਇਆ ਅਤੇ ਉਸ ਨਾਲ ਵਿਆਹ ਕਰਾ ਲਿਆ | ਸੋ ਪਿਆਰੇ ਬੱਚਿਓ! ਇਸ ਤਰ੍ਹਾਂ ਸੱਚੇ ਪ੍ਰੇਮ, ਪੱਕੇ ਇਰਾਦੇ, ਬੁਲੰਦ ਹੌਸਲੇ ਅਤੇ ਲਗਨ ਦੀ ਅੰਤ ਵਿਚ ਜਿੱਤ ਹੋਈ |

-ਮੋਬਾ: 98146-81444


ਖ਼ਬਰ ਸ਼ੇਅਰ ਕਰੋ

ਮੈਂ ਕਾਟੋ ਹਾਂ

ਬੱਚਿਓ, ਮੈਂ ਕਾਟੋ ਹਾਂ, ਜਿਸ ਨੂੰ ਤੁਸੀਂ ਕਈ ਥਾਵਾਂ 'ਤੇ ਗਲਹਿਰੀ ਜਾਂ ਗਾਲ੍ਹੜੀ ਕਰਕੇ ਵੀ ਜਾਣਦੇ ਹੋ | ਮੈਂ ਬਹੁਤ ਹੀ ਪਿਆਰਾ, ਛੋਟਾ, ਫੁਰਤੀਲਾ ਅਤੇ ਸੋਹਣਾ ਦਿਸਣ ਵਾਲਾ ਜੀਵ ਹਾਂ, ਜਿਸ ਨੂੰ ਦੇਖ ਕੇ ਤੁਸੀਂ ਖੁਸ਼ ਹੁੰਦੇ ਹੋ | ਦੁਨੀਆ ਭਰ ਵਿਚ ਮੇਰੀਆਂ ਕਈ ਕਿਸਮਾਂ ਹਨ ਪਰ ਭਾਰਤ ਵਿਚ ਮੈਂ ਆਮ ਤੌਰ 'ਤੇ ਤਿੰਨ ਧਾਰੀਆਂ ਵਾਲੀ ਨਸਲ ਹਾਂ | ਮੇਰੀ ਇਹ ਕਿਸਮ ਭਾਰਤ ਦੇ ਦੱਖਣੀ ਹਿੱਸੇ ਵਿੰਦਿਆਚਲ ਅਤੇ ਸ੍ਰੀਲੰਕਾ ਵਿਚ ਦੇਖਣ ਨੂੰ ਮਿਲਦੀ ਹੈ | ਉੱਤਰੀ ਭਾਰਤ ਵਿਚ ਮੇਰੀ ਪੰਜ ਧਾਰੀਆਂ ਵਾਲੀ ਕਿਸਮ ਵੀ ਮੌਜੂਦ ਹੈ | 19ਵੀਂ ਸਦੀ ਦੇ ਆਖਰ ਵਿਚ ਮੇਰੀ ਤਿੰਨ ਧਾਰੀਆਂ ਵਾਲੀ ਕਿਸਮ ਮਡਗਾਸਕਰ, ਰੀਯੂਨੀਅਨ, ਮਿਓਦੇ, ਕੋਮੋਰੋ, ਆਈਲੈਂਡਸ, ਮਾਰੀਸ਼ੀਅਸ, ਸੈਸ਼ਲਸ ਅਤੇ ਆਸਟ੍ਰੇਲੀਆ ਵਿਚ ਵੀ ਪਾਈ ਗਈ ਸੀ | ਹਥੇਲੀ ਆਕਾਰ ਦੀ ਤਿੰਨ ਧਾਰੀਆਂ ਵਾਲੀ ਮੇਰੀ ਝਾੜੀ ਵਰਗੀ ਪੂਛ ਮੇਰੇ ਆਕਾਰ ਤੋਂ ਥੋੜ੍ਹੀ ਜਿਹੀ ਛੋਟੀ ਹੁੰਦੀ ਹੈ | ਮੇਰੀ ਪਿੱਠ 'ਤੇ ਗਰੇਅ, ਭੂਰੇ ਅਤੇ ਤਿੰਨ ਚਿੱਟੀਆਂ ਧਾਰੀਆਂ ਹੁੰਦੀਆਂ ਹਨ, ਜਿਹੜੀਆਂ ਮੇਰੇ ਸਿਰ ਤੋਂ ਪੂਛ ਵਾਲੇ ਪਾਸੇ ਜਾਂਦੀਆਂ ਹਨ | ਦੋ ਬਾਹਰਲੀਆਂ ਧਾਰੀਆਂ ਮੇਰੀਆਂ ਅਗਲੀਆਂ ਲੱਤਾਂ ਤੋਂ ਪਿਛਲੀਆਂ ਲੱਤਾਂ ਵੱਲ ਅੰਦਰ ਨੂੰ ਜਾਂਦੀਆਂ ਹਨ | ਚਿੱਟੇ ਅਤੇ ਕਾਲੇ ਘਣੇ ਵਾਲਾਂ ਵਾਲੀ ਪੂਛ ਮੇਰੀ ਸੁੰਦਰਤਾ ਵਿਚ ਵਾਧਾ ਕਰਦੀ ਹੈ | ਮੇਰੇ ਛੋਟੇ ਕੰਨ ਵੀ ਸੋਹਣੇ ਲਗਦੇ ਹਨ |
ਮੇਰਾ ਭਾਰ ਕਰੀਬ 100 ਗ੍ਰਾਮ ਹੁੰਦਾ ਹੈ ਅਤੇ ਉਮਰ ਲਗਪਗ ਸਾਢੇ 5 ਸਾਲ ਹੀ ਭੋਗਦੀ ਹਾਂ | ਜਦੋਂ ਮੈਂ ਦਰੱਖਤਾਂ 'ਤੇ ਚੜ੍ਹ ਕੇ ਫਲ ਖਾਂਦੀ ਹਾਂ ਤਾਂ ਮੇਰੇ ਮੰੂਹ 'ਚੋਂ ਟੁਕ-ਟੁਕ ਦੀ ਆਵਾਜ਼ ਵੀ ਤੁਹਾਨੂੰ ਸੁਣਾਈ ਦਿੰਦੀ ਹੈ | ਮੈਂ ਸ਼ਾਕਾਹਾਰੀ ਜੀਵ ਹਾਂ ਅਤੇ ਮੈਂ ਅਖਰੋਟ, ਬਦਾਮ ਅਤੇ ਸਖ਼ਤ ਛਿੱਲ ਵਾਲੇ ਫਲਾਂ ਉੱਪਰ ਨਿਰਭਰ ਹਾਂ | ਮੈਨੂੰ ਸ਼ਹਿਰਾਂ ਵਿਚ ਰਹਿਣਾ ਚੰਗਾ ਲਗਦਾ ਹੈ | ਕਈ ਲੋਕ ਮੈਨੂੰ ਘਰਾਂ ਵਿਚ ਰੱਖਣਾ ਵੀ ਪਸੰਦ ਕਰਦੇ ਹਨ | ਮੈਂ ਲੋਕਾਂ ਵਲੋਂ ਦਿੱਤਾ ਭੋਜਨ ਵੀ ਸਵੀਕਾਰ ਕਰਦੀ ਹਾਂ | ਕੁਝ ਹਿੰਦੂ ਧਰਮ ਦੇ ਲੋਕ ਤਾਂ ਮੈਨੂੰ ਭਗਵਾਨ ਰਾਮ ਨਾਲ ਜੁੜਿਆ ਹੋਣ ਕਾਰਨ ਪਵਿੱਤਰ ਸਮਝਦੇ ਹਨ ਅਤੇ ਦੇਖਣ ਵਿਚ ਸ਼ਰਧਾ ਵਸ ਮੈਨੂੰ ਕੁਝ ਖਾਣ ਲਈ ਦੇ ਦਿੰਦੇ ਹਨ | ਦੱਸਿਆ ਜਾਂਦਾ ਹੈ ਕਿ ਭਗਵਾਨ ਰਾਮ ਦੇ ਰਾਵਣ ਨਾਲ ਯੱੁਧ ਦੌਰਾਨ ਲੰਕਾ 'ਤੇ ਹਮਲੇ ਲਈ ਸਮੁੰਦਰ ਉੱਤੇ ਪੁਲ ਬਣਾਉਣ ਦੌਰਾਨ ਵਾਨਰ ਸੈਨਾ ਦੇ ਨਾਲ ਮੇਰੇ ਵਡੇਰਿਆਂ ਨੇ ਵੀ ਯੋਗਦਾਨ ਪਾਇਆ ਸੀ ਅਤੇ ਭਗਵਾਨ ਰਾਮ ਨੇ ਮੇਰੇ ਵਡੇਰਿਆਂ ਨੂੰ ਆਪਣੀ ਹਥੇਲੀ 'ਤੇ ਬਿਠਾ ਕੇ ਪਿੱਠ 'ਤੇ ਪਿਆਰ ਦੇ ਕੇ ਆਪਣਾ ਅਸ਼ੀਰਵਾਦ ਦਿੱਤਾ ਸੀ | ਧਾਰਮਿਕ ਆਸਥਾ ਅਨੁਸਾਰ ਭਗਵਾਨ ਰਾਮ ਦੇ ਇਸ ਦਿੱਤੇ ਪਿਆਰ ਸਦਕਾ ਹੀ ਮੇਰੀ ਪਿੱਠ 'ਤੇ ਇਹ ਚਿੱਟੀਆਂ ਧਾਰੀਆਂ ਦੇ ਨਿਸ਼ਾਨ ਹਨ | ਜਦੋਂ ਕੋਈ ਕਿਸੇ ਦੂਜੇ ਬੰਦੇ ਨੂੰ ਕੋਈ ਹੋਰ ਕਹੇ ਕਿ 'ਇਸ ਦੀ ਕਾਟੋ ਤਾਂ ਫੱੁਲਾਂ 'ਤੇ ਖੇਡਦੀ ਹੈ' ਤਾਂ ਮੈਨੂੰ ਬਹੁਤ ਮਾਣ ਜਿਹਾ ਮਹਿਸੂਸ ਹੁੰਦਾ | ਸੋ ਬੱਚਿਓ, ਤੁਸੀਂ ਮੈਨੂੰ ਐਵੇਂ ਬਿਨਾਂ ਵਜ੍ਹਾ ਪ੍ਰੇਸ਼ਾਨ ਨਾ ਕਰਿਆ ਕਰੋ |

-ਧਰਵਿੰਦਰ ਸਿੰਘ ਔਲਖ,
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮਿ੍ਤਸਰ-143109. ਮੋਬਾ: 98152-82283

ਬੁਝਾਰਤ-19

 

ਦੇਖਿਆ ਮੈਂ ਇਕ ਕਾਰੀਗਰ,
ਕੁਦਰਤ ਕੋਲੋਂ ਮਿਲਿਆ ਵਰ।
ਕਿਸੇ ਸੰਦ ਨੂੰ ਹੱਥ ਨਾ ਲਾਵੇ,
ਆਪਣਾ ਘਰ ਆਪ ਬਣਾਵੇ।
ਕਾਰੀਗਰ ਹੈ ਸਭ ਤੋਂ ਨਿੱਕਾ,
ਬੜਾ ਤੇਜ਼ ਬੜਾ ਹੀ ਤਿੱਖਾ।
ਘਰ ਬਣਾਏ ਵਿਚ ਅਸਮਾਨ,
ਬੱਚਿਓ ਇਹ ਕੰਮ ਨਹੀਂ ਅਸਾਨ।
ਘਰ ਦੀ ਸ਼ਕਲ ਜਿਵੇਂ ਭੁਕਾਨਾ,
ਇਹਦੀ ਕਲਾ ਦਾ ਜੱਗ ਦੀਵਾਨਾ।
ਭਲੂਰੀਏ ਨੇ ਬੁਝਾਰਤ ਪਾਈ,
ਦੱਸੋ ਜੇਕਰ ਸਮਝ ਹੈ ਆਈ। ਂਂਿ
ਘਰ ਜਾ ਕੇ ਸਭ ਨੂੰ ਦੱਸਿਓ,
ਇਹ ਹੈ 'ਬਿਜੜਾ' ਪੰਛੀ ਬੱਚਿਓ।

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ)। ਮੋਬਾ: 99159-95505

 

ਅਨਮੋਲ ਬਚਨ

• ਦੁਨੀਆ ਵਿਚ ਸਿਰਫ ਪਿਓ ਹੀ ਇਕ ਇਸ ਤਰ੍ਹਾਂ ਦਾ ਇਨਸਾਨ ਹੈ ਜੋ ਚਾਹੁੰਦਾ ਹੈ ਕਿ ਮੇਰੇ ਬੱਚੇ ਮੇਰੇ ਤੋਂ ਵੱਧ ਕਾਮਯਾਬ ਹੋਣ |
• ਜ਼ਿੰਦਗੀ ਵਿਚ ਪਛਤਾਉਣਾ ਛੱਡੋ, ਕੁਝ ਅਜਿਹਾ ਕਰੋ ਕਿ ਤੁਹਾਨੂੰ ਛੱਡਣ ਵਾਲਾ ਪਛਤਾਵੇ |
• ਠੰਢੀ ਹੋਣ ਤੋਂ ਬਾਅਦ ਗਰਮ ਕੀਤੀ ਚਾਹ ਅਤੇ ਸੁਲਾਹ ਕੀਤੇ ਹੋਏ ਰਿਸ਼ਤਿਆਂ ਵਿਚ ਪਹਿਲਾਂ ਵਰਗੀ ਮਿਠਾਸ ਕਦੇ ਨਹੀਂ ਰਹਿੰਦੀ |
• ਜੇਕਰ ਦੋ ਲੋਕਾਂ ਵਿਚ ਕਦੇ ਲੜਾਈ ਨਾ ਹੋਵੇ ਤਾਂ ਸਮਝ ਲੈਣਾ ਰਿਸ਼ਤਾ ਦਿਲ ਨਾਲ ਨਹੀਂ, ਦਿਮਾਗ ਨਾਲ ਨਿਭਾਇਆ ਜਾ ਰਿਹਾ ਹੈ |

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ) | ਮੋਬਾ: 9501810181

ਬਾਲ ਸਾਹਿਤ

ਸੁਨਹਿਰੀ ਸਵੇਰ
ਲੇਖਿਕਾ : ਰੂਹੀ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ |
ਮੱੁਲ : 75 ਰੁਪਏ, ਸਫੇ : 36
ਸੰਪਰਕ : 94176-92015

ਪੰਜਾਬੀ ਬਾਲ ਸਾਹਿਤ ਲਈ ਇਹ ਚੰਗੀ ਸ਼ੁਰੂਆਤ ਹੈ ਕਿ ਵਿਦਿਆਰਥੀ ਵੀ ਬਾਲ ਸਾਹਿਤ ਲਿਖ ਰਹੇ ਹਨ | ਉਨ੍ਹਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਰਹੀਆਂ ਹਨ | 'ਸੁਨਹਿਰੀ ਸਵੇਰ' ਪੁਸਤਕ ਦੀ ਲੇਖਿਕਾ ਰੂਹੀ ਸਿੰਘ ਕਾਲਜ ਪੜ੍ਹਦੀ ਇਕ ਵਿਦਿਆਰਥਣ ਹੈ | ਪੁਸਤਕ ਵਿਚ 11 ਬਾਲ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ | ਭਾਵੇਂ ਸਾਰੀਆਂ ਕਹਾਣੀਆਂ ਦੇ ਵਿਸ਼ੇ ਵੱਖੋ-ਵੱਖਰੇ ਹਨ ਪਰ ਸਾਰੀਆਂ ਦਾ ਉਦੇਸ਼ ਬਾਲਾਂ ਅੰਦਰ ਸਾਹਿਤ ਲਈ ਮੋਹ ਪੈਦਾ ਕਰਨਾ, ਉਨ੍ਹਾਂ ਦਾ ਮਨੋਰੰਜਨ ਕਰਨਾ ਤੇ ਅਖੀਰ ਕੋਈ ਸਿੱਖਿਆ ਦੇਣਾ ਹੈ |
'ਚਾਂਦੀ ਦਾ ਸਿੱਕਾ' ਕਹਾਣੀ ਭਾਵੇਂ ਗੁਰੂ ਕੁਲ ਦੀ ਗੱਲ ਕਰਦੀ ਹੈ ਪਰ ਆਧੁਨਿਕ ਸਮੇਂ ਦਾ ਸੱਚ ਹੈ | ਅੱਜ ਵਿਦਿਆਰਥੀ ਵਿਚ ਸਬਰ-ਸੰਤੋਖ ਘਟ ਗਿਆ ਹੈ | ਵਧੀਆ ਕਹਾਣੀ ਹੈ | ਪਾਠਕਾਂ ਨੂੰ ਨਾਲ ਜੋੜੀ ਰੱਖਦੀ ਹੈ | 'ਵਪਾਰੀ ਦੀ ਬੱੁਧਮਾਨੀ' ਕਹਾਣੀ ਪੜ੍ਹਦੇ ਸਮੇਂ ਸਮਝ ਨਹੀਂ ਆਉਂਦਾ ਕਿ ਅੱਗੇ ਕੀ ਹੋਵੇਗਾ? ਕਹਾਣੀ ਦਾ ਨਿਭਾ ਵਧੀਆ ਤੇ ਅੰਤ ਸਿੱਖਿਆ ਪ੍ਰਦਾਨ ਕਰਦਾ ਹੈ | 'ਮਾਪਿਆਂ ਦੀ ਅਗਵਾਈ', ਇਹ ਕਹਾਣੀ ਅੱਜ ਦੇ ਸਮੇਂ ਦਾ ਸੱਚ ਹੈ | ਸਾਡੀ ਨਵੀਂ ਪੀੜ੍ਹੀ ਆਪਣੇ ਮਾਪਿਆਂ ਤੋਂ ਟੱੁਟ ਰਹੀ ਹੈ | ਉਨ੍ਹਾਂ ਨੂੰ ਬਜ਼ੁਰਗਾਂ ਦੀ ਸਿੱਖਿਆ ਚੰਗੀ ਨਹੀਂ ਲਗਦੀ | 'ਇਹ ਕੈਸਾ ਸਨਮਾਨ', 'ਕਿਸਾਨ ਦੀ ਅਕਲਮੰਦੀ', 'ਚਿੱਤਰਕਾਰ ਦੀ ਚਤੁਰਾਈ', 'ਸੁਨਹਿਰੀ ਸਵੇਰ', 'ਸੁਹਾਵਣਾ ਅੰਤ' ਆਦਿ ਸਾਰੀਆਂ ਹੀ ਕਹਾਣੀਆਂ ਵਧੀਆ ਹਨ | 'ਸੁਨਹਿਰੀ ਸਵੇਰ' ਕਹਾਣੀ ਇਸ ਪੁਸਤਕ ਦੀ ਪ੍ਰਾਪਤੀ ਹੈ, ਜੋ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਨਾਲ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਦੀ ਹੈ |
ਵਿਦਿਆਰਥੀ ਲੇਖਿਕਾ ਰੂਹੀ ਸਿੰਘ ਨੇ ਬੜਾ ਹੀ ਸਾਰਥਕ ਯਤਨ ਕੀਤਾ ਹੈ ਤੇ ਉਹ ਸਫਲ ਹੋਈ ਹੈ | ਇਸ ਤਰ੍ਹਾਂ ਦੀਆਂ ਪੁਸਤਕਾਂ ਲਾਇਬ੍ਰੇਰੀਆਂ ਵਿਚ ਜ਼ਰੂਰ ਹੋਣੀਆਂ ਚਾਹੀਦੀਆਂ ਹਨ | ਹਰ ਬਾਲ ਪਾਠਕ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ | ਪੰਜਾਬੀ ਬਾਲ ਸਾਹਿਤ ਵਿਚ 'ਸੁਨਹਿਰੀ ਸਵੇਰ' ਪੁਸਤਕ ਦਾ ਸਵਾਗਤ ਹੈ | ਲੇਖਿਕਾ ਰੂਹੀ ਸਿੰਘ ਵਧੀਆ ਪੁਸਤਕ ਲਿਖਣ ਲਈ ਵਧਾਈ ਦੀ ਪਾਤਰ ਹੈ |

-ਅਵਤਾਰ ਸਿੰਘ ਸੰਧੂ
ਮੋਬਾ: 99151-82971

ਚੁਟਕਲੇ

• ਪਿਤਾ (ਪੱੁਤਰ ਨੂੰ )-ਓਏ, ਆਹ ਦੋ ਬਿਸਤਰੇ ਕਿਸ ਵਾਸਤੇ ਲਾਏ ਆ?
ਪੱੁਤਰ-ਪਿਤਾ ਜੀ, ਅੱਜ ਘਰੇ ਦੋ ਮਹਿਮਾਨ ਆਉਣੇ ਹਨ, ਇਕ ਮੰਮੀ ਦਾ ਭਰਾ ਅਤੇ ਦੂਜਾ ਮੇਰਾ ਮਾਮਾ |
ਪਿਤਾ-ਇਕ ਬਿਸਤਰਾ ਹੋਰ ਲਾ ਦੇ, ਮੇਰੇ ਸਾਲੇ ਨੇ ਵੀ ਤਾਂ ਆਉਣਾ ਹੈ |
• ਬੱਸ ਚੈਕਰ (ਸੋਨੂੰ ਨੂੰ )-ਟਿਕਟ ਦਿਖਾਓ |
ਸੋਨੂੰ-ਆਹ ਲਓ |
ਬੱਸ ਚੈਕਰ-ਇਹ ਤਾਂ ਪੁਰਾਣੀ ਟਿਕਟ ਹੈ |
ਸੋਨੂੰ-ਅੰਕਲ ਜੀ, ਬੱਸ ਕਿਹੜਾ ਨਵੀਂ ਹੈ?
• ਅਧਿਆਪਕ (ਗੱੁਸੇ ਵਿਚ)-ਤੰੂ ਮੇਰਾ ਦਿਮਾਗ ਖਰਾਬ ਕਰ ਦਿੱਤਾ ਹੈ, ਕੱਲ੍ਹ ਮੈਂ ਤੇਰੇ ਬਾਸ ਨੂੰ ਮਿਲਾਂਗਾ?
ਲੱਕੀ-ਨਹੀਂ ਸਰ, ਬਾਪੂ ਨੂੰ ਨਹੀਂ ਜੀ, ਮੇਰੇ ਚਾਚਾ ਜੀ ਦਿਮਾਗ ਦੇ ਡਾਕਟਰ ਹਨ |

-ਅਵਤਾਰ ਸਿੰਘ ਕਰੀਰ,
ਮੋਗਾ |

ਆਪਣਾ ਵਾਯੂਮੰਡਲ

ਬੱਚਿਓ, ਵਾਯੂਮੰਡਲ ਤੋਂ ਬਗੈਰ ਆਪਾਂ ਜੀਵਤ ਨਹੀਂ ਰਹਿ ਸਕਦੇ | ਇਹ ਰੰਗ ਅਤੇ ਸਵਾਦ ਤੋਂ ਰਹਿਤ ਹੈ | ਇਹ ਸਾਨੂੰ ਹਵਾ, ਪਾਣੀ ਅਤੇ ਤਪਸ਼ ਪ੍ਰਦਾਨ ਕਰਦਾ ਹੈ | ਇਹ ਧਰਤੀ ਤੋਂ 700 ਕਿਲੋਮੀਟਰ ਉੱਪਰ ਵੱਲ ਫੈਲਿਆ ਹੋਇਆ ਹੈ ਪਰ ਇਸ ਦੀ ਕੋਈ ਸੀਮਾ ਤਹਿ ਨਹੀਂ ਹੈ | ਜਿਵੇਂ-ਜਿਵੇਂ ਇਹ ਉੱਪਰ ਜਾਂਦਾ ਹੈ, ਇਹ ਪਤਲਾ ਹੁੰਦਾ ਜਾਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਕਹਾਣੀਆਂ ਨੂੰ ਜਨਮ ਦਿੰਦਾ ਹੈ |
ਇਸ ਦੀਆਂ ਪੰਜ ਪਰਤਾਂ ਹਨ | ਜਿਸ ਤਹਿ ਵਿਚ ਆਪਾਂ, ਜੀਵ-ਜੰਤੂ ਅਤੇ ਰੱੁਖ ਕੁਦਰਤੀ ਤੌਰ 'ਤੇ ਰਹਿ ਸਕਦੇ ਹਨ, ਉਸ ਨੂੰ 'ਟਰੋਪੇਸ਼ਪੀਅਰ' ਕਹਿੰਦੇ ਹਨ | ਇਸ ਵਿਚ ਗੈਸਾਂ, ਪਾਣੀ ਅਤੇ ਬੱਦਲ ਮੌਜੂਦ ਹੁੰਦਾ ਹੈ | ਅਗਲੀ ਤਹਿ ਨੂੰ 'ਸਟਰੈਪੋਸ਼ਪੀਅਰ' ਕਹਿੰਦੇ ਹਨ ਜੋ ਹਵਾਈ ਜਹਾਜ਼ਾਂ ਦੇ ਉਡਣ ਲਈ ਉਚਿਤ ਤਹਿ ਹੈ | ਅਗਲੀ ਤਹਿ ਨੂੰ 'ਮੀਜੋਸ਼ਪੀਅਰ' ਅਤੇ ਜਿਹੜੀ ਤਹਿ ਵਿਚ ਓਜ਼ੋਨ ਤਹਿ ਮੌਜੂਦ ਹੈ, ਉਸ ਨੂੰ 'ਥਰਮੋਸ਼ਪੀਅਰ' ਅਤੇ ਆਖਰੀ ਤਹਿ ਨੂੰ 'ਐਕਸੋਸ਼ਪੀਅਰ' ਕਹਿੰਦੇ ਹਨ |
ਬਣਤਰ : ਵਾਯੂਮੰਡਲ ਵਿਚ 78 ਫ਼ੀਸਦੀ ਨਾਈਟ੍ਰੋਜਨ, 21 ਫ਼ੀਸਦੀ ਆਕਸੀਜਨ, 0.93 ਫ਼ੀਸਦੀ ਆਰਗੌਨ, 0.03 ਫ਼ੀਸਦੀ ਕਾਰਬਨ ਡਾਈਆਕਸਾਈਡ ਅਤੇ 0.04 ਫ਼ੀਸਦੀ ਹੋਰ ਗੈਸਾਂ ਹੁੰਦੀਆਂ ਹਨ |
ਓਜ਼ੋਨ ਤਹਿ : ਇਹ ਤਹਿ ਸੂਰਜ ਵਲੋਂ ਆ ਰਹੀਆਂ ਹਾਨੀਕਾਰਕ ਕਿਰਨਾਂ ਨੂੰ ਆਪਣੇ ਵਿਚ ਸਮੋ ਲੈਂਦੀ ਹੈ | ਦਰੱਖਤਾਂ ਦੇ ਕੱਟਣ ਨਾਲ ਅਤੇ ਮਨੱੁਖ ਵਲੋਂ ਗੱਡੀਆਂ ਰਾਹੀਂ ਛੱਡੀ ਜਾ ਰਹੀ ਹਾਨੀਕਾਰਕ ਗੈਸ ਕਲੋਰੋਫਲੋਰੋ ਕਾਰਬਨ ਨਾਲ ਇਹ ਤਹਿ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਸੂਰਜ ਵਲੋਂ ਆ ਰਹੀਆਂ ਹਾਨੀਕਾਰਕ ਕਿਰਨਾਂ ਇਸ ਤਹਿ ਨੂੰ ਚੀਰ ਕੇ ਧਰਤੀ ਉੱਪਰ ਆ ਰਹੀਆਂ ਹਨ | ਇਨ੍ਹਾਂ ਨੂੰ 'ਗ੍ਰੀਨ ਹਾਊਸ ਗੈਸਾਂ' ਕਹਿੰਦੇ ਹਨ |
ਆਕਸੀਜਨ ਚੱਕਰ : ਜੀਵਤ ਪ੍ਰਾਣੀਆਂ ਵਿਚਕਾਰ ਗੈਸਾਂ ਦਾ ਅਦਾਨ-ਪ੍ਰਦਾਨ ਲਗਾਤਾਰ ਚੱਲ ਰਿਹਾ ਹੈ | ਮਨੱੁਖ ਅਤੇ ਜਾਨਵਰ ਸਾਹ ਰਾਹੀਂ ਆਕਸੀਜਨ ਲੈਂਦੇ ਹਨ ਅਤੇ ਕਾਰਬਨ ਡਾਈਆਕਸਾਈਡ ਛੱਡਦੇ ਹਨ, ਜਦੋਂ ਕਿ ਹਰੀ ਬਨਸਪਤੀ ਆਕਸੀਜਨ ਛੱਡਦੀ ਹੈ ਅਤੇ ਕਾਰਬਨ ਡਾਈਆਕਸਾਈਡ ਸਾਹ ਰਾਹੀਂ ਲੈਂਦੀ ਹੈ | ਇਸ ਨੂੰ ਆਕਸੀਜਕ ਚੱਕਰ ਕਹਿੰਦੇ ਹਨ |
ਵਾਯੂਮੰਡਲ ਨੂੰ ਕਿਵੇਂ ਬਚਾਈਏ : ਸਭ ਤੋਂ ਪਹਿਲਾਂ ਸਾਨੂੰ ਪ੍ਰਦੂਸ਼ਣ ਨੂੰ ਨੱਥ ਪਾਉਣੀ ਪਵੇਗੀ | ਚੌਕਾਂ ਵਿਚ ਲਾਲ ਬੱਤੀ ਹੋਣ 'ਤੇ ਵਾਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ | ਵੱਧ ਤੋਂ ਵੱਧ ਰੱੁਖ ਲਗਾਉਣੇ ਪੈਣਗੇ | ਘਰਾਂ ਵਿਚ ਗਮਲਿਆਂ ਵਿਚ ਵੀ ਪੌਦੇ ਲਗਾਏ ਜਾ ਸਕਦੇ ਹਨ, ਕਿਉਂਕਿ ਕਈ ਅਜਿਹੇ ਪੌਦੇ ਹਨ, ਜੋ ਜ਼ਿਆਦਾ ਮਾਤਰਾ ਵਿਚ ਆਕਸੀਜਨ ਛੱਡਦੇ ਹਨ | ਅੱਜਕਲ੍ਹ ਦੀਵਾਰਾਂ ਉੱਪਰ 'ਵਰਟੀਕਲ ਬਾਗਵਾਨੀ' ਦਾ ਰੁਝਾਨ ਵੀ ਵਧ ਰਿਹਾ ਹੈ ਜੋ ਭਵਿੱਖ ਲਈ ਸ਼ੱੁਭ ਸੰਕੇਤ ਹੈ |

-8/29, ਨਿਊ ਕੁੰਦਨਪੁਰੀ, ਲੁਧਿਆਣਾ |

ਬਾਲ ਗੀਤ: ਭਾਗਾਂ ਵਾਲਾ

ਚੜ੍ਹਦੇ ਸੂਰਜ ਸਮਾਨ ਚਮਕਿਆ ਉਹ ਲਾਲ ਸੀ,
ਤਾਂ ਹੀ ਤੇ ਭਾਗਾਂ ਵਾਲਾ ਕਹਾਇਆ ਉਹ ਜਵਾਨ ਸੀ |
ਜਿਸ ਦੇਸ਼ ਨੂੰ ਕੀਤਾ ਅਥਾਹ ਪਿਆਰ ਸੀ,
ਜਿਸ ਦੇਸ਼ ਦੀ ਖਾਤਰ ਮਰਨ ਦੀ ਰੱਖੀ ਤਾਂਘ ਸੀ |
ਪਿੰਡ ਖਟਕੜ ਕਲਾਂ ਦਾ ਵਸਨੀਕ ਸੀ,
ਮਾਂ-ਬਾਪ ਦੀਆਂ ਅੱਖੀਆਂ ਦਾ ਤਾਰਾ ਸੀ |
ਰਿਸ਼ਤੇਦਾਰਾਂ ਦੇ ਪਿਆਰ ਵਿਚ ਪਲਿਆ ਸੀ,
ਦਾਦੀ ਦਾ ਪਿਆਰਾ ਭਗਤ ਸਿੰਘ ਸੀ |
ਜਿਸ ਲਾਲਾ ਲਾਜਪਤ ਰਾਏ ਦੀ ਸ਼ਹੀਦੀ ਨੂੰ ,
ਅੱਖੀਓਾ ਨਹੀਂ ਵਿਸਾਰਿਆ ਸੀ |
ਅੰਗਰੇਜ਼ ਕੌਮ ਦੇ ਹਰ ਤਸੀਹੇ ਨੂੰ ,
ਖਿੜੇ ਮੱਥੇ ਸਵੀਕਾਰਿਆ ਸੀ |
ਜਾਗੋ ਨੌਜਵਾਨੋ ਦੇਖੋ ਦੇਸ਼ ਦਾ ਇਤਿਹਾਸ,
ਕਿਉਂ ਨਸ਼ਿਆਂ ਦੇ ਹਾਣੀ ਬਣੀ ਜਾਂਦੇ ਹੋ |
ਆਓ ਮਿਲੀ ਆਜ਼ਾਦੀ ਦਾ ਸਨਮਾਨ ਕਰੀਏ,
ਅਸੀਂ ਵੀ ਭਾਗਾਂ ਵਾਲੇ ਕਹਾਈਏ |

-ਜਤਿੰਦਰ ਕੌਰ,
ਸਰਕਾਰੀ ਐਲੀਮੈਂਟਰੀ ਸਕੂਲ, ਅਨਗੜ੍ਹ (ਅੰਮਿ੍ਤਸਰ) | ਮੋਬਾ: 88728-69775

ਬਾਲ ਨਾਵਲ-82: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਡਾਕਟਰ ਸਾਹਿਬ ਕੋਲ ਪਈ ਅਲਮਾਰੀ ਵਿਚੋਂ ਇਕ ਫਾਈਲ ਕੱਢ ਕੇ ਦੇਖਣ ਲੱਗ ਪਏ | ਫਾਈਲ ਦੇਖਦਿਆਂ-ਦੇਖਦਿਆਂ ਉਨ੍ਹਾਂ ਨੇ ਹਰੀਸ਼ ਨੂੰ ਕੁਝ ਸਵਾਲ ਪੱੁਛੇ, ਜਿਨ੍ਹਾਂ ਦਾ ਉਹ ਜਵਾਬ ਦਿੰਦਾ ਗਿਆ |
ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਲਰਕ ਨੂੰ ਬੁਲਾ ਕੇ ਕਿਹਾ, 'ਇਹ ਡਾਕਟਰ ਹਰੀਸ਼ ਨੇ, ਇਨ੍ਹਾਂ ਨੂੰ ਆਪਣੇ ਕਮਰੇ ਵਿਚ ਲੈ ਜਾਓ ਅਤੇ ਇਨ੍ਹਾਂ ਕੋਲੋਂ ਹਸਪਤਾਲ ਜੁਆਇਨ ਕਰਨ ਵਾਲੇ ਸਾਰੇ ਫਾਰਮ ਭਰਵਾ ਲਓ |' ਫਿਰ ਉਹ ਹਰੀਸ਼ ਨੂੰ ਕਹਿਣ ਲੱਗੇ ਕਿ 'ਸਾਡੀਆਂ ਕੁਝ ਫਾਰਮੈਲਿਟੀਜ਼ ਹੁੰਦੀਆਂ ਹਨ | ਤੁਸੀਂ ਉਨ੍ਹਾਂ ਨੂੰ ਪੂਰਾ ਕਰ ਦਿਓ | ਅਸੀਂ ਦੋ-ਤਿੰਨ ਦਿਨਾਂ ਵਿਚ ਮੀਟਿੰਗ ਕਰਕੇ ਤੁਹਾਨੂੰ ਇਹ ਸਪਤਾਲ ਜੁਆਇਨ ਕਰਵਾ ਲਵਾਂਗੇ |'
'ਮੈਂ ਕਿੰਨੇ ਦਿਨਾਂ ਪਿੱਛੋਂ ਆਵਾਂ, ਡਾਕਟਰ ਸਾਹਿਬ?'
'ਉਮੀਦ ਹੈ ਤਿੰਨ-ਚਾਰ ਦਿਨਾਂ ਵਿਚ ਤੁਹਾਡਾ ਕੰਮ ਹੋ ਜਾਵੇਗਾ |'
'ਮੈਂ ਫਿਰ ਦੋ ਦਿਨ ਅੰਮਿ੍ਤਸਰ ਜਾ ਕੇ ਆਪਣਾ ਸਾਮਾਨ ਵਗੈਰਾ ਲੈ ਆਵਾਂ?'
'ਹਾਂ, ਹਾਂ, ਜ਼ਰੂਰ | ਬਹੁਤ ਕੁਝ ਲਿਆਉਣ ਦੀ ਲੋੜ ਨਹੀਂ | ਇਥੇ ਹਸਪਤਾਲ ਵਿਚ ਹੀ ਡਾਕਟਰਾਂ ਲਈ ਵੱਖਰਾ ਹੋਸਟਲ ਹੈ | ਤੁਸੀਂ ਉਥੇ ਰਹਿ ਸਕਦੇ ਹੋ |'
ਡਾਕਟਰ ਸਾਹਿਬ ਦੀ ਗੱਲ ਸੁਣ ਕੇ ਉਹ ਖੁਸ਼ ਹੁੰਦਾ ਬੋਲਿਆ, 'ਠੀਕ ਐ ਜੀ |'
'ਤੁਸੀਂ ਆਪਣਾ ਮੋਬਾਈਲ ਨੰਬਰ ਫਾਰਮ ਵਿਚ ਜ਼ਰੂਰ ਲਿਖ ਦੇਣਾ, ਤਾਂ ਜੋ ਤੁਹਾਨੂੰ ਇਤਲਾਹ ਦੇ ਸਕੀਏ |'
'ਠੀਕ ਐ ਜੀ', ਕਹਿੰਦਿਆਂ ਉਸ ਨੇ ਡਾਕਟਰ ਸਾਹਿਬ ਦੇ ਪੈਰੀਂ ਹੱਥ ਲਾਏ | ਡਾਕਟਰ ਸਾਹਿਬ ਨੇ ਉਸ ਦੀ ਪਿੱਠ 'ਤੇ ਥਾਪੀ ਦਿੱਤੀ ਅਤੇ ਉਹ ਕਲਰਕ ਦੇ ਕਮਰੇ ਵੱਲ ਤੁਰ ਪਿਆ | ਕਲਰਕ ਦੇ ਕਮਰੇ ਵਿਚ ਜਾ ਕੇ ਉਸ ਨੇ ਸਾਰੇ ਫਾਰਮ ਭਰ ਦਿੱਤੇ | ਸਾਰੀ ਕਾਰਵਾਈ ਖਤਮ ਕਰਕੇ ਉਹ ਕਮਰੇ 'ਚੋਂ ਬਾਹਰ ਨਿਕਲਿਆ ਤਾਂ ਉਸ ਦਾ ਜੀਅ ਕੀਤਾ ਕਿ ਉਹ ਸਾਰੇ ਹਸਪਤਾਲ ਦਾ ਇਕ ਚੱਕਰ ਮਾਰੇ | ਹਸਪਤਾਲ ਵੱਡਾ ਹੋਣ ਕਰਕੇ ਉਸ ਨੂੰ ਚੱਕਰ ਮਾਰਦਿਆਂ ਕਾਫੀ ਵਕਤ ਲੱਗ ਗਿਆ | ਹਸਪਤਾਲ ਉਸ ਨੂੰ ਕਾਫੀ ਪਸੰਦ ਆਇਆ |
ਹਸਪਤਾਲ 'ਚੋਂ ਉਹ ਜਦੋਂ ਬਾਹਰ ਨਿਕਲਿਆ ਤਾਂ ਸ਼ਾਮ ਪੈ ਗਈ ਸੀ | ਉਸ ਨੇ ਉਥੋਂ ਸਿੱਧਾ ਸਟੇਸ਼ਨ ਦਾ ਆਟੋ ਰਿਕਸ਼ਾ ਫੜਿਆ | ਸਟੇਸ਼ਨ 'ਤੇ ਪਹੁੰਚ ਕੇ ਉਸ ਨੇ ਅੰਮਿ੍ਤਸਰ ਜਾਣ ਲਈ ਗੱਡੀ ਦੀ ਟਿਕਟ ਲੈ ਲਈ |
ਹਰੀਸ਼ ਸਵੇਰੇ ਤੜਕੇ ਅੰਮਿ੍ਤਸਰ ਪਹੁੰਚ ਗਿਆ | ਸਟੇਸ਼ਨ ਤੋਂ ਰਿਕਸ਼ਾ ਲੈ ਕੇ ਉਹ ਸਿੱਧਾ ਮਾਤਾ ਜੀ ਦੇ ਘਰ ਗਿਆ | ਮਾਤਾ ਜੀ ਉਸ ਵੇਲੇ ਗੁਟਕਾ ਲੈ ਕੇ ਪਾਠ ਕਰ ਰਹੇ ਸਨ | ਐਨੀ ਜਲਦੀ ਹਰੀਸ਼ ਨੂੰ ਦਿੱਲੀ ਤੋਂ ਵਾਪਸ ਮੁੜਿਆ ਦੇਖ ਉਹ ਹੈਰਾਨ ਹੋ ਗਏ | ਉਨ੍ਹਾਂ ਨੇ ਹਰੀਸ਼ ਨੂੰ ਕੋਲ ਬਿਠਾਇਆ ਅਤੇ ਪਿੱਠ 'ਤੇ ਪਿਆਰ ਕਰਦਿਆਂ ਕਿਹਾ, 'ਬੜੀ ਜਲਦੀ ਆ ਗਏ ਬੇਟਾ, ਸਭ ਠੀਕ ਹੈ ਨਾ?'

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਆਓ ਪੰਛੀਆਂ ਦੇ ਖੰਭਾਂ ਬਾਰੇ ਜਾਣੀਏ!

ਬੱਚਿਓ, ਇਸ ਸੰਸਾਰ ਵਿਚ ਸਿਰਫ ਪੰਛੀ ਕੀਟ-ਪਤੰਗੇ ਅਤੇ ਚਮਗਿੱਦੜ ਹੀ ਉੱਡ ਸਕਦੇ ਹਨ ਪਰ ਪੰਛੀ ਸਭ ਤੋਂ ਤੇਜ਼ ਉੱਡ ਸਕਦੇ ਹਨ | ਇਹ ਇਸ ਕਰਕੇ ਸੰਭਵ ਹੈ, ਕਿਉਂਕਿ ਇਨ੍ਹਾਂ ਦੇ ਖੰਭ ਹੁੰਦੇ ਹਨ, ਜੋ ਇਨ੍ਹਾਂ ਨੂੰ ਉੱਡਣ ਵਿਚ ਮਦਦ ਕਰਦੇ ਹਨ | ਇਹ ਖੰਭ ਨਰਮ ਅਤੇ ਬੁਰਦਾਰ ਹੋਣ ਕਰਕੇ ਇਨ੍ਹਾਂ ਦੇ ਸਰੀਰ ਨੂੰ ਨਰਮ ਅਤੇ ਖੁਸ਼ਕ ਰੱਖਦੇ ਹਨ | ਪੰਛੀਆਂ ਦੇ ਸਰੀਰ ਉੱਪਰ ਚਾਰ ਤਰ੍ਹਾਂ ਦੇ ਖੰਭ ਹੁੰਦੇ ਹਨ, ਜਿਨਾਂ ਬਾਰੇ ਤੁਹਾਨੂੰ ਜਾਣਕਾਰੀ ਪ੍ਰਦਾਨ ਕਰਦੇ ਹਾਂ-
ਹੇਠਲੇ ਖੰਭ : ਇਹ ਖੰਭ ਛੋਟੇ ਅਤੇ ਬੁਰਦਾਰ ਹੁੰਦੇ ਹਨ, ਜੋ ਪੰਛੀ ਦੇ ਸਰੀਰ ਨੂੰ ਗਰਮੀ ਅਤੇ ਸਰਦੀ ਤੋਂ ਬਚਾਉਂਦੇ ਹਨ | ਇਹ ਪੰਛੀ ਦੇ ਸਰੀਰ ਵਿਚੋਂ ਗਰਮੀ ਨੂੰ ਬਾਹਰ ਨਹੀਂ ਜਾਣ ਦਿੰਦੇ, ਜਿਸ ਨਾਲ ਪੰਛੀ ਦੀ ਉੱਡਣ ਦੀ ਊਰਜਾ ਬਣੀ ਰਹਿੰਦੀ ਹੈ |
ਸਰੀਰਕ ਖੰਭ : ਇਹ ਖੰਭ ਪੰਛੀ ਦੇ ਸਰੀਰ ਨੂੰ ਇਸ ਤਰ੍ਹਾਂ ਬਚਾਉਂਦੇ ਹਨ, ਜਿਵੇਂ ਇੱਟਾਂ ਸਾਡੇ ਮਕਾਨਾਂ ਨੂੰ ਬਚਾਉਂਦੀਆਂ ਹਨ | ਇਹ ਖੰਭ ਪੰਛੀ ਦੇ ਸਰੀਰ ਨੂੰ ਪੱਧਰਾ ਅਤੇ ਸੁੰਦਰ ਆਕਾਰ ਦਿੰਦੇ ਹਨ | ਇਹ ਸਰੀਰ ਦੇ ਨੇੜੇ ਅਤੇ ਬੁਰਦਾਰ ਹੋਣ ਕਰਕੇ ਪੰਛੀ ਦੇ ਸਰੀਰ ਨੂੰ ਗਰਮੀ, ਸਰਦੀ ਤੋਂ ਬਚਾਉਂਦੇ ਹਨ |
ਉਡਣ ਵਾਲੇ ਖੰਭ : ਇਹ ਖੰਭ ਸਖ਼ਤ ਪਰ ਲੱਚਕਦਾਰ ਹੁੰਦੇ ਹਨ | ਇਹ ਪੰਛੀ ਨੂੰ ਉਡਣ ਵਿਚ ਮਦਦ ਕਰਦੇ ਹਨ | ਪੰਛੀ ਇਨ੍ਹਾਂ ਨੂੰ ਆਪਣੀ ਚੁੰਝ ਨਾਲ ਬਹੁਤ ਹੀ ਧਿਆਨ ਨਾਲ ਕੁਤਰਦੇ ਹਨ, ਤਾਂ ਜੋ ਇਨ੍ਹਾਂ ਦਾ ਸਰੀਰ ਚੰਗੀ ਹਾਲਤ ਵਿਚ ਰਹਿ ਸਕੇ |
ਪੂਛਲ ਖੰਭ : ਪੰਛੀ ਇਨ੍ਹਾਂ ਖੰਭਾਂ ਨੂੰ ਉਡਾਰੀ ਮਾਰਨ ਸਮੇਂ ਅਤੇ ਰੁਕਣ ਸਮੇਂ ਵਰਤਦੇ ਹਨ | ਕਈ ਨਰ ਪੰਛੀਆਂ ਦੇ ਇਹ ਖੰਭ ਲੰਬੇ ਅਤੇ ਰੰਗਦਾਰ ਚਮਕੀਲੇ ਹੁੰਦੇ ਹਨ | ਉਡਣ ਸਮੇਂ ਇਹ ਪੰਛੀ ਦਾ ਸੰਤੁਲਨ ਬਣਾਈ ਰੱਖਦੇ ਹਨ |

-8/29, ਨਿਊ ਕੁੰਦਨਪੁਰੀ, ਲੁਧਿਆਣਾ |

ਬਾਲ ਕਹਾਣੀ: ਰਾਜੇ ਦਾ ਫਰਜ਼

ਇਕ ਰਾਜ ਵਿਚ ਰਾਜਾ ਭੇਸ ਬਦਲ ਕੇ ਆਪਣੇ ਰਾਜ ਵਿਚ ਘੁੰਮਿਆ ਕਰਦਾ ਸੀ | ਉਸ ਦਾ ਮਕਸਦ ਸੀ ਕਿ ਉਸ ਦੇ ਰਾਜ ਵਿਚ ਕੋਈ ਦੁਖੀ ਨਾ ਰਹੇ, ਸਾਰੀ ਦੁਨੀਆ ਸੁਖੀ ਰਹੇ |
ਇਕ ਦਿਨ ਇਕ ਧਾਰਮਿਕ ਸਥਾਨ 'ਤੇ ਮੇਲਾ ਮਨਾਇਆ ਜਾ ਰਿਹਾ ਸੀ | ਰਾਜਾ ਮੇਲੇ 'ਚ ਇਕ ਮਜ਼ਦੂਰ ਬਣ ਕੇ ਇਧਰ-ਉਧਰ ਘੁੰਮ ਰਿਹਾ ਸੀ | ਅਚਾਨਕ ਉਸ ਦੀ ਨਜ਼ਰ ਇਕ ਨੱੁਕਰੇ ਬੈਠੀ ਬੱੁਢੀ ਮਾਈ 'ਤੇ ਪਈ, ਜੋ ਬੜੀ ਬੇਵੱਸ ਤੇ ਲਾਚਾਰ ਜਿਹੀ ਲੱਗ ਰਹੀ ਸੀ | ਰਾਜਾ ਉਸ ਕੋਲ ਗਿਆ ਤੇ ਉਸ ਨੂੰ ਪੱੁਛਿਆ ਤਾਂ ਬੱੁਢੀ ਮਾਤਾ ਨੇ ਦੱਸਿਆ, 'ਬੇਟਾ, ਮੈਂ ਮਿੱਟੀ ਦੇ ਬਣੇ ਖਿਡੌਣੇ ਵੇਚਣ ਆਈ ਸੀ, ਪਤਾ ਨਹੀਂ ਇਸ ਜ਼ਮਾਨੇ ਨੂੰ ਕੀ ਹੋ ਗਿਆ, ਦੁਨੀਆ ਹੀ ਬਦਲ ਗਈ ਹੈ | ਕੋਈ ਮਿੱਟੀ ਦੇ ਖਿਡੌਣਿਆਂ ਵੱਲ ਨਜ਼ਰ ਹੀ ਨਹੀਂ ਕਰਦਾ | ਸਵੇਰੇ ਮੈਂ ਕਿਸੇ ਨਾ ਕਿਸੇ ਤਰ੍ਹਾਂ ਆ ਤਾਂ ਗਈ, ਹੁਣ ਵਾਪਸ ਘਰ ਜਾਣਾ ਹੈ | ਘਰ ਦੂਰ ਹੈ, ਉੱਪਰੋਂ ਮੌਸਮ ਵੀ ਖਰਾਬ ਹੈ, ਮੀਂਹ ਦਾ ਨਹੀਂ ਪਤਾ ਕਦੋਂ ਪੈਣਾ ਸ਼ੁਰੂ ਹੋ ਜਾਵੇ | ਮਜ਼ਦੂਰ ਬਣੇ ਰਾਜੇ ਨੇ ਕਿਹਾ, 'ਮਾਤਾ ਚਿੰਤਾ ਨਾ ਕਰ, ਮੈਂ ਇਹੀ ਕੰਮ ਕਰਦਾ ਹਾਂ | ਮੈਂ ਤੇਰਾ ਸਾਮਾਨ ਛੱਡ ਆਉਂਦਾ ਹਾਂ, ਤੰੂ ਮੇਰੀ ਬਣਦੀ ਮਜ਼ਦੂਰੀ ਦੇ ਦਈਾ |' ਇਹ ਕਹਿ ਕੇ ਉਸ ਮਜ਼ਦੂਰ ਨੇ ਬੱੁਢੀ ਮਾਈ ਦੀ ਬੋਰੀ ਪਿੱਠ 'ਤੇ ਚੱੁਕੀ ਤੇ ਤੁਰ ਪਿਆ, ਬੁੱਢੀ ਨਾਲ-ਨਾਲ ਤੁਰ ਪਈ | ਰਸਤੇ 'ਚ ਮੀਂਹ ਆ ਗਿਆ ਤੇ ਬੋਰੀ ਉੱਪਰ ਮੀਂਹ ਪੈਣ ਨਾਲ ਉਹ ਹੋਰ ਭਾਰੀ ਹੋ ਗਈ | ਮਜ਼ਦੂਰ ਨੇ ਬੱੁਢੀ ਦੇ ਘਰ ਜਾ ਕੇ ਬੋਰੀ ਰੱਖੀ ਤਾਂ ਆਪਣੀ ਮਜ਼ਦੂਰੀ ਮੰਗੀ | ਬੱੁਢੀ ਨੇ ਪੱੁਛਿਆ, 'ਕਾਕਾ ਕਿੰਨੇ ਪੈਸੇ ਮਜ਼ਦੂਰੀ ਹੈ ਤੇਰੀ?' ਮਜ਼ਦੂਰ ਨੇ ਕਿਹਾ ਕਿ 'ਮਾਤਾ ਸਿਰਫ ਇਕ ਚਵਾਨੀ |' ਬੱੁਢੀ ਨੇ ਕਿਹਾ, 'ਕਾਕਾ, ਚਵਾਨੀ ਤਾਂ ਬਹੁਤ ਘੱਟ ਹੈ |' ਪਰ ਉਸ ਮਜ਼ਦੂਰ ਨੇ ਸਿਰਫ ਚਵਾਨੀ ਹੀ ਲਈ ਤੇ ਵਾਪਸ ਸ਼ਹਿਰ ਆ ਗਿਆ |
ਬੱੁਢੀ ਨੂੰ ਸਵੇਰ ਨੂੰ ਕਿਸੇ ਤੋਂ ਪਤਾ ਲੱਗਾ ਕਿ ਜਿਹੜਾ ਮਜ਼ਦੂਰ ਉਸ ਦੀ ਬੋਰੀ ਛੱਡ ਕੇ ਗਿਆ, ਉਹ ਮਜ਼ਦੂਰ ਨਹੀਂ, ਬਲਕਿ ਪੰਜਾਬ ਦੇ ਰਾਜਾ ਮਹਾਰਾਜਾ ਰਣਜੀਤ ਸਿੰਘ ਸਨ | ਬੱੁਢੀ ਨੂੰ ਪਛਤਾਵਾ ਹੋਇਆ |
ਅਗਲੇ ਦਿਨ ਬੱੁਢੀ ਰਾਜਾ ਦੇ ਦਰਬਾਰ ਗਈ ਤਾਂ ਮਹਾਰਾਜਾ ਦੇ ਪੈਰੀਂ ਡਿੱਗ ਪਈ | ਬੋਲੀ, 'ਰਾਜਾ ਜੀ, ਮੈਂ ਤੁਹਾਨੂੰ ਪਛਾਣ ਨਹੀਂ ਸਕੀ, ਮੁਆਫ਼ ਕਰ ਦਿਓ |' ਰਾਜੇ ਨੇ ਬੱੁਢੀ ਨੂੰ ਚੱੁਕਿਆ ਤੇ ਬੋਲੇ, 'ਮਾਤਾ ਜੀ, ਮੁਆਫ਼ੀ ਕਾਹਦੀ, ਮੈਂ ਮਜ਼ਦੂਰੀ ਕੀਤੀ, ਨਾਲ ਮਜ਼ਦੂਰੀ ਵੀ ਲਈ ਹੈ | ਮੈਂ ਤਾਂ ਰਾਜਾ ਹੋਣ ਦੇ ਨਾਤੇ ਆਪਣਾ ਫਰਜ਼ ਨਿਭਾਇਆ ਹੈ, ਜਿਸ ਨਾਲ ਮੈਨੂੰ ਆਪਣੀ ਪਰਜਾ ਦੀਆਂ ਦੱੁਖ-ਤਕਲੀਫਾਂ ਬਾਰੇ ਪਤਾ ਲਗਦਾ ਰਹਿੰਦਾ ਹੈ | ਸੋ, ਬੱਚਿਓ, ਹਰ ਰਾਜੇ ਦਾ ਫਰਜ਼ ਬਣਦਾ ਹੈ ਕਿ ਪਰਜਾ 'ਚ ਵਿਚਰ ਕੇ ਉਨ੍ਹਾਂ ਬਾਰੇ ਜਾਣਿਆ ਜਾਵੇ |

-511, ਖਹਿਰਾ ਇਨਕਲੇਵ, ਡਾਕ: ਲੱਧੇਵਾਲੀ, ਜਲੰਧਰ-144007

ਪਿ੍ਥਵੀ ਦੇ ਉਪਗ੍ਰਹਿ 'ਚੰਨ' ਬਾਰੇ ਜਾਣਕਾਰੀ

ਪਿਆਰੇ ਬੱਚਿਓ, ਚੰਨ ਪਿ੍ਥਵੀ ਦਾ ਉਪਗ੍ਰਹਿ ਹੈ | ਜਦੋਂ ਕੋਈ ਛੋਟਾ ਗ੍ਰਹਿ ਕਿਸੇ ਵੱਡੇ ਗ੍ਰਹਿ ਦੇ ਦੁਆਲੇ ਘੁੰਮਦਾ ਹੋਵੇ ਤਾਂ ਛੋਟੇ ਨੂੰ ਉਪ-ਗ੍ਰਹਿ ਦਾ ਨਾਂਅ ਦਿੱਤਾ ਜਾਂਦਾ ਹੈ | 'ਚੰਨ' ਪਿ੍ਥਵੀ ਦੇ ਸਭ ਤੋਂ ਨੇੜੇ ਹੈ | ਇਹ ਧਰਤੀ ਤੋਂ 3 ਲੱਖ 84 ਹਜ਼ਾਰ ਕਿੱਲੋਮੀਟਰ ਦੀ ਦੂਰੀ 'ਤੇ ਹੈ | ਇਸ ਦਾ ਭੂ-ਮੱਧ ਰੇਖਾ 'ਤੇ ਘੇਰਾ 3476 ਕਿੱਲੋਮੀਟਰ ਹੈ | ਚੰਨ ਧਰਤੀ ਦੁਆਲੇ 29 ਦਿਨ, 12 ਘੰਟੇ ਤੇ 44 ਮਿੰਟਾਂ ਵਿਚ ਇਕ ਚੱਕਰ ਪੂਰਾ ਕਰਦਾ ਹੈ | ਇਸ ਦੀ ਰੋਜ਼ਾਨਾ ਗਤੀ ਤੇ ਸਾਲਾਨਾ ਗਤੀ ਇਕੋ ਜਿੰਨਾ ਸਮਾਂ ਲੈਂਦੀਆਂ ਹਨ | ਚੰਨ ਭਾਵੇਂ ਠੰਢਾ ਹੈ ਪਰ ਇਹ ਚਾਨਣੀ ਉਸ ਦੀ ਆਪਣੀ ਨਹੀਂ | ਇਹ ਸੂਰਜ ਦੀ ਹੀ ਰੌਸ਼ਨੀ ਹੈ, ਜਿਸ ਕਾਰਨ ਉਹ ਲਿਸ਼ਕਦਾ ਨਜ਼ਰ ਆਉਂਦਾ ਹੈ | ਨੀਲ ਆਰਮਸਟਰੋਂਗ ਪਹਿਲਾ ਪੁਲਾੜ ਵਿਗਿਆਨੀ ਸੀ, ਜੋ 21 ਜੁਲਾਈ, 1969 ਨੂੰ ਇਥੇ ਉਤਰਿਆ ਸੀ | ਉਸ ਨਾਲ ਉਸ ਦਾ ਸਾਥੀ ਐਲਡਰੀਨ ਵੀ ਸੀ | ਚੰਨ ਸਾਡੀ ਧਰਤੀ ਨਾਲੋਂ ਕਾਫੀ ਛੋਟਾ ਹੈ | ਇਸ ਦੀ ਆਕ੍ਰਸ਼ਣ ਸ਼ਕਤੀ ਪਿ੍ਥਵੀ ਨਾਲੋਂ ਛੇਵਾਂ ਹਿੱਸਾ ਹੈ | ਭਾਵ ਜੇਕਰ ਧਰਤੀ ਉੱਪਰ ਤੁਹਾਡਾ ਭਾਰ 36 ਕਿੱਲੋਗ੍ਰਾਮ ਹੈ ਤਾਂ ਚੰਨ ਉੱਪਰ ਇਹ ਕੇਵਲ 6 ਕਿੱਲੋਗ੍ਰਾਮ ਹੀ ਰਹਿ ਜਾਵੇਗਾ | ਇਥੇ ਦਿਨ 350 ਘੰਟਿਆਂ ਦਾ ਹੁੰਦਾ ਹੈ | ਪਿ੍ਥਵੀ ਦੇ 14 ਦਿਨਾਂ ਦੇ ਬਰਾਬਰ | ਚੰਨ ਉੱਪਰ ਰਹਿ ਕੇ ਸਾਲ ਵਿਚ ਕੇਵਲ 13 ਵਾਰ ਸੂਰਜ ਚੜ੍ਹਦਾ ਹੈ | ਬੱਚਿਓ, ਆਓ, ਇਸ ਰੌਚਿਕ ਜਾਣਕਾਰੀ ਨੂੰ ਅਸੀਂ ਆਪਣੀ ਜ਼ਿੰਦਗੀ ਦਾ ਇਕ ਹਿੱਸਾ ਬਣਾਈਏ |

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) | ਮੋਬਾ: 94653-69343

ਚੁਟਕਲੇ

• ਫਕੀਰ ਚੰਦ (ਆਪਣੇ ਦੋਸਤ ਨੂੰ )-ਮੇਰੇ ਚਾਰ ਬੇਟੇ ਹਨ, ਇਕ ਐਮ.ਸੀ.ਏ., ਦੂਜਾ ਐਮ.ਬੀ.ਏ., ਤੀਜਾ ਪੀ.ਐਚ.ਡੀ. ਅਤੇ ਚੌਥਾ ਚੋਰ ਹੈ |
ਦੋਸਤ-ਤੰੂ ਚੋਰ ਨੂੰ ਘਰੋਂ ਬਾਹਰ ਕਿਉਂ ਨਹੀਂ ਕੱਢ ਦਿੰਦਾ?
ਫਕੀਰ ਚੰਦ-ਮੈਂ ਉਹਨੂੰ ਕਿਵੇਂ ਕੱਢ ਸਕਦਾਂ, ਉਹੀ ਤਾਂ 'ਕੱਲਾ ਕਮਾਉਂਦਾ ਆ, ਬਾਕੀ ਤਾਂ ਸਾਰੇ ਬੇਰੁਜ਼ਗਾਰ ਨੇ |
• ਦਾਦਾ (ਪੋਤੇ ਨੂੰ )-ਤੇਰੀ ਮੈਡਮ ਆ ਰਹੀ ਆ, ਜਾਹ ਛੁਪ ਜਾ ਕਿਤੇ ਜਾ ਕੇ |
ਪੋਤਾ-ਪਹਿਲਾਂ ਤੁਸੀਂ ਛੁਪ ਜਾਓ ਦਾਦਾ ਜੀ, ਕਿਉਂਕਿ ਤੁਹਾਡੀ ਮੌਤ ਦਾ ਕਹਿ ਕੇ ਤਾਂ ਮੈਂ ਸਕੂਲੋਂ ਦੋ ਹਫਤਿਆਂ ਦੀਆਂ ਛੱੁਟੀਆਂ ਲਈਆਂ ਹੋਈਆਂ ਹਨ |
• ਅਧਿਆਪਕ (ਗੱਗੂ ਨੂੰ )-ਮੱਛਰ ਅਤੇ ਮੱਖੀ ਵਿਚ ਕੀ ਫਰਕ ਹੁੰਦਾ ਹੈ?
ਗੱਗੂ-ਸਰ ਜੀ, ਮੱਛਰ ਸਾਡਾ ਖੂਨ ਪੀਂਦੇ ਹਨ ਤੇ ਮੱਖੀ ਸਾਡੀ ਚਾਹ |
• ਜੇਲ੍ਹਰ (ਕੈਦੀ ਨੂੰ )-ਕੀ ਤੇਰਾ ਇਕ ਵੀ ਰਿਸ਼ਤੇਦਾਰ ਨਹੀਂ, ਜੋ ਤੈਨੂੰ ਇਥੇ ਮਿਲਣ ਲਈ ਆ ਜਾਂਦਾ?
ਕੈਦੀ-ਹਜ਼ੂਰ, ਰਿਸ਼ਤੇਦਾਰ ਤਾਂ ਕਈ ਨੇ ਪਰ ਸਾਰੇ ਇਸੇ ਜੇਲ੍ਹ ਵਿਚ ਹੀ ਬੰਦ ਨੇ |
• ਮੈਡਮ (ਸੋਨੀਆ ਨੂੰ )-ਕੀ ਤੰੂ ਕਿਸੇ ਵੱਡੀ ਲੜਾਈ ਬਾਰੇ ਮੈਨੂੰ ਦੱਸ ਸਕਦੀ ਏਾ?
ਸੋਨੀਆ-ਨਹੀਂ ਮੈਡਮ ਜੀ, ਕਿਉਂਕਿ ਮੰਮੀ ਨੇ ਘਰ ਦੀਆਂ ਗੱਲਾਂ ਬਾਹਰ ਦੱਸਣ ਤੋਂ ਮਨ੍ਹਾ ਕੀਤਾ ਹੋਇਆ ਹੈ |

-ਮਨਪ੍ਰੀਤ ਕੌਰ ਬਸਰਾ,
ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 81461-87521

ਬੁਝਾਰਤ-18

ਨਾ ਕੋਈ ਇਹਦਾ ਆਕਾਰ ਹੈ,
ਨਾ ਕੋਈ ਇਹਦਾ ਰੰਗ |
ਵੱਡੀ ਮਾਤਰਾ ਵਿਚ ਹੋਵੇ,
ਇਹਦੀ ਬਣੇ ਉਥੇ ਤਰੰਗ |
ਰੂਪ ਇਹਦਾ ਤਰਲ ਹੈ,
ਹੈ ਗੈਸਾਂ ਦਾ ਸੁਮੇਲ |
ਥੱਲੇ ਨੂੰ ਇਹ ਦੌੜਦਾ,
ਜਿਵੇਂ ਦੌੜਦੀ ਰੇਲ |
ਜੇ ਨਾ ਹੋਵੇ ਜਗਤ ਵਿਚ,
ਜੀਵਨ ਹੈ ਅਸੰਭਵ |
ਇਸ ਲਈ ਤਾਂ ਆਖਦੇ,
ਹੈ ਜੀਵਨ ਦਾ ਸਤੰਭ |
ਬੱੁਝੋ ਬੱਚਿਓ ਬਾਤ ਹੁਣ,
ਦੇਰ ਨਾ ਤੁਸੀਂ ਲਾਓ |
ਉਹੀ ਚੀਜ਼ ਮਿਲੂਗੀ,
ਜੋ ਵੀ ਤੁਸੀਂ ਚਾਹੋ |
ਕੋਈ ਵੀ ਨਾ ਦੱਸ ਸਕਿਆ,
ਨਾ ਮੋਨੂੰ ਨਾ ਰਾਣੀ |
       -0-
ਅੰਗਰੇਜ਼ੀ ਵਿਚ 'ਵਾਟਰ' ਹੈ,
ਪੰਜਾਬੀ ਦੇ ਵਿਚ 'ਪਾਣੀ' |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਸਾਹਿਤ

ਹੈਲੋ ਮੰਮੀ
ਲੇਖਿਕਾ : ਸੁਕੀਰਤੀ ਭਟਨਾਗਰ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ |
ਮੱੁਲ : 90 ਰੁਪਏ, ਸਫੇ : 56
ਸੰਪਰਕ : 81467-33444

ਪੰਜਾਬੀ ਬਾਲ ਸਾਹਿਤ ਲਈ ਚੰਗੀ ਗੱਲ ਹੈ ਕਿ ਅੱਜਕਲ੍ਹ ਬਾਲ ਸਾਹਿਤ ਉਹ ਲਿਖ ਰਹੇ ਹਨ, ਜਿਨ੍ਹਾਂ ਆਪਣੀ ਸਾਰੀ ਉਮਰ ਸਾਹਿਤ ਸਾਧਨਾ ਲੇਖੇ ਲਾਈ | ਇਨ੍ਹਾਂ ਲੇਖਕਾਂ ਕੋਲ ਜ਼ਿੰਦਗੀ ਦਾ ਵਿਸ਼ਾਲ ਤਜਰਬਾ ਹੈ | ਸੁਕੀਰਤੀ ਭਟਨਾਗਰ ਵੀ ਉਨ੍ਹਾਂ ਲੇਖਕਾਂ ਵਿਚੋਂ ਇਕ ਹੈ | 'ਹੈਲੀ ਮੰਮੀ' ਉਸ ਦੀ ਬਾਲ ਕਹਾਣੀਆਂ ਦੀ ਨਵੀਂ ਪੁਸਤਕ ਹੈ, ਜਿਸ ਵਿਚ ਉਸ ਨੇ 12 ਕਹਾਣੀਆਂ ਸ਼ਾਮਿਲ ਕੀਤੀਆਂ ਹਨ |
ਸਾਰੀਆਂ ਕਹਾਣੀਆਂ ਬਾਲਾਂ ਦੇ ਹਾਣ ਦੀਆਂ ਹਨ | ਇਨ੍ਹਾਂ ਕਹਾਣੀਆਂ ਦੇ ਵਿਸ਼ੇ ਵੱਖੋ-ਵੱਖਰੇ ਹਨ | ਪਹਿਲੀ ਕਹਾਣੀ 'ਖੇਡ-ਖੇਡ ਵਿਚ' ਪੜ੍ਹਦੇ ਸਮੇਂ ਬਚਪਨ ਯਾਦ ਆ ਜਾਂਦਾ ਹੈ | ਬਚਪਨ ਦੀਆਂ ਸ਼ਰਾਰਤਾਂ ਸਭ ਦੀਆਂ ਇਕੋ ਜਿਹੀਆਂ ਹੁੰਦੀਆਂ ਹਨ | 'ਏਕਤਾ ਵਿਚ ਤਾਕਤ' ਕਹਾਣੀ ਪੜ੍ਹਦੇ ਸਮੇਂ ਅਖੀਰ ਵਿਚ ਜਾ ਕੇ ਕਹਾਣੀ ਦਾ ਉਦੇਸ਼ ਸਮਝ ਆਉਂਦਾ ਹੈ | ਪਾਠਕ ਲੇਖਕ ਦੀ ਉਂਗਲੀ ਫੜ ਨਾਲ-ਨਾਲ ਤੁਰਦਾ ਹੈ | 'ਸਕੂਲ ਬੈਗ' ਪੜ੍ਹਦੇ ਸਮੇਂ ਪਾਠਕ ਦੀਆਂ ਅੱਖਾਂ ਭਰ ਆਉਂਦੀਆਂ ਹਨ | ਗਰੀਬੀ ਕਾਰਨ ਲੱਖਾਂ ਬੱਚੇ ਸਕੂਲ ਜਾਣ ਦੀ ਇੱਛਾ ਦਿਲ ਵਿਚ ਲੈ ਕੇ ਬੈਠੇ ਹਨ ਪਰ ਉਹ ਬੇਵੱਸ ਹਨ | ਅਖੀਰ ਸਰਕਾਰੀ ਸਹਾਇਤਾ ਕਾਰਨ ਪ੍ਰੀਤੋ ਸਕੂਲ ਜਾਣ ਲਈ ਤਿਆਰ ਹੋ ਜਾਂਦੀ ਹੈ | ਇਸੇ ਤਰ੍ਹਾਂ 'ਬੇਲਿਆ ਭੂਤ', 'ਸਮਝਦਾਰ ਸੋਨੂੰ', 'ਪੁਸਤਕਾਂ ਨੱਚ ਪਈਆਂ', 'ਸ਼ੇਰ ਅੰਕਲ', 'ਅਪ੍ਰੈਲ ਫੂਲ', 'ਪਾਂਚੂ', 'ਇਮਾਨਦਾਰ ਕਮਲ' ਤੇ 'ਹੈਲੋ ਮੰਮੀ' ਖੂਬਸੂਰਤ ਕਹਾਣੀਆਂ ਹਨ | ਛੋਟੇ-ਛੋਟੇ ਵਾਕਾਂ ਨੂੰ ਮੋਤੀਆਂ ਵਾਂਗ ਮਾਲਾ ਵਿਚ ਪਰੋ ਕੇ ਕਹਾਣੀਆਂ ਦੀ ਰਚਨਾ ਕੀਤੀ ਗਈ ਹੈ |
'ਹੈਲੋ ਮੰਮੀ' ਵਰਗੀਆਂ ਪੁਸਤਕਾਂ ਸਕੂਲ ਲਾਇਬ੍ਰੇਰੀ ਵਿਚ ਜ਼ਰੂਰ ਹੋਣੀਆਂ ਚਾਹੀਦੀਆਂ ਹਨ | ਇਹ ਪੁਸਤਕ ਹਰ ਬਾਲ ਪਾਠਕ ਕੋਲ ਜਾਣੀ ਚਾਹੀਦੀ ਹੈ | ਇਸ ਪੁਸਤਕ ਨਾਲ ਪੰਜਾਬੀ ਬਾਲ ਸਾਹਿਤ ਵਿਚ ਵਡਮੱੁਲਾ ਵਾਧਾ ਹੋਇਆ ਹੈ | ਵਧੀਆ ਪੁਸਤਕ ਲਿਖਣ ਲਈ ਸੁਕੀਰਤੀ ਭਟਨਾਗਰ ਵਧਾਈ ਦੇ ਪਾਤਰ ਹਨ | 'ਹੈਲੋ ਮੰਮੀ' ਦਾ ਪੰਜਾਬੀ ਬਾਲ ਸਾਹਿਤ ਵਿਚ ਸਵਾਗਤ ਹੈ |

-ਅਵਤਾਰ ਸਿੰਘ ਸੰਧੂ
ਮੋਬਾ: 99151-82971

ਬਾਲ ਗੀਤ: ਭੱੁਲ ਕੇ ਵੀ ਤੁਸੀਂ

ਪਿਆਰ ਦੇ ਨਾਲ ਬੱਚਿਓ ਪੜ੍ਹਨਾ,
ਭੱੁਲ ਕੇ ਵੀ ਤੁਸੀਂ ਨਹੀਓਾ ਲੜਨਾ |
ਲਾਇਕ ਬੱਚੇ ਕਦੇ ਨਹੀਓਾ ਲੜਦੇ,
ਸਾਰਾ ਦਿਨ ਉਹ ਰਹਿੰਦੇ ਪੜ੍ਹਦੇ |
ਕਿਸੇ ਬੱਚੇ ਨੂੰ ਤੰਗ ਨਹੀਂ ਕਰਨਾ,
ਭੱੁਲ ਕੇ ਵੀ ਤੁਸੀਂ....... |
ਸਰ ਮੈਡਮ ਵੀ ਕਿੰਨਾ ਸਮਝਾਉਂਦੇ,
ਚੰਗੀਆਂ ਗੱਲਾਂ ਤੁਹਾਨੂੰ ਸਿਖਾਉਂਦੇ |
ਵੱਡੇ ਹੋ ਕੇ ਅਫ਼ਸਰ ਹੈ ਬਣਨਾ,
ਭੱੁਲ ਕੇ ਵੀ ਤੁਸੀਂ......... |
ਮੰਮੀ ਡੈਡੀ ਵੀ ਏਹੀ ਨੇ ਚਾਹੁੰਦੇ,
ਤਾਹੀਓਾ ਤੁਹਾਨੂੰ ਸਕੂਲੇ ਪਾਉਂਦੇ |
ਉਨ੍ਹਾਂ ਦਾ ਸੁਪਨਾ ਪੂਰਾ ਕਰਨਾ,
ਭੱੁਲ ਕੇ ਵੀ ਤੁਸੀਂ.......... |
'ਅਮਰੀਕ' ਸਰ ਦਾ ਮਾਣ ਵਧਾਓ,
'ਤਲਵੰਡੀ ਕਲਾਂ' ਦਾ ਨਾਂਅ ਚਮਕਾਓ |
ਦੁਨੀਆ ਵਿਚ ਮਹਾਨ ਹੈ ਬਣਨਾ,
ਭੱੁਲ ਕੇ ਵੀ ਤੁਸੀਂ............ |

-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੱੁਲਾਂਪੁਰ ਦਾਖਾ (ਲੁਧਿਆਣਾ) | ਮੋਬਾ: 94635-42896

ਬੁਝਾਰਤਾਂ

1. ਬਿਨਾਂ ਸਾਜ਼ਾਂ ਤੋਂ ਗੀਤ ਹੈ ਗਾਉਂਦਾ,
ਨਾਲੇ ਆਪਣੀ ਜਾਨ ਗੁਆਉਂਦਾ |
2. ਇਕ ਬੰਦੇ ਦੇ ਅਣਗਿਣਤ ਨਿਆਣੇ,
ਅੱਧੇ ਕਮਲੇ, ਅੱਧੇ ਸਿਆਣੇ |
3. ਨਿੱਕੀ ਜਿਹੀ ਕੌਲੀ, ਲਾਹੌਰ ਜਾ ਕੇ ਬੋਲੀ |
4. ਨਿੱਕਾ ਜਿਹਾ ਕੋਠਾ,
ਚਾਰ ਵਿਚ ਮੱਝਾਂ ਵੜ ਗਈਆਂ,
ਪੰਜਵਾਂ ਵੜ ਗਿਆ ਝੋਟਾ |
5. ਸਿਰ 'ਤੇ ਕਲਗੀ, ਰੰਗ ਨਿਆਰੇ,
ਸਾਰੇ ਉਸ ਤੋਂ ਜਾਂਦੇ ਵਾਰੇ |
6. ਨਿੱਕਾ ਜਿਹਾ ਕਾਕਾ, ਓਹ ਬੂਹੇ ਦਾ ਰਾਖਾ |
ਉੱਤਰ : (1) ਮੱਛਰ, (2) ਛੱਲੀ, (3) ਟੈਲੀਫੋਨ, (4) ਪੈਰ ਤੇ ਬੂਟ, (5) ਮੋਰ, (6) ਜਿੰਦਰਾ |

-ਅਵਤਾਰ ਸਿੰਘ ਕਰੀਰ,
ਮੋਗਾ | ਮੋਬਾ: 94170-05183

ਬਾਲ ਨਾਵਲ-81 : ਖੱਟੀਆਂ-ਮਿੱਠੀਆਂ ਗੋਲੀਆਂ

ਹਰੀਸ਼ ਨੇ ਆਉਂਦਿਆਂ ਹੀ ਦੱਸ ਦਿੱਤਾ ਸੀ ਕਿ ਉਹ ਕੇਵਲ ਦੋ ਦਿਨ ਹੀ ਰਹੇਗਾ | ਤੀਜੇ ਦਿਨ ਸਵੇਰ ਦੀ ਗੱਡੀ 'ਤੇ ਉਹ ਦਿੱਲੀ ਚਲਾ ਜਾਵੇਗਾ | ਉਸ ਨੇ ਘਰ ਅਜੇ ਇਹ ਨਹੀਂ ਸੀ ਦੱਸਿਆ ਕਿ ਉਸ ਦੀ ਦਿੱਲੀ ਨੌਕਰੀ ਵੀ ਲੱਗ ਰਹੀ ਹੈ | ਉਸ ਨੇ ਸਿਰਫ ਏਨਾ ਹੀ ਦੱਸਿਆ ਕਿ ਉਹ ਦਿੱਲੀ ਇਕ ਨੌਕਰੀ ਬਾਰੇ ਪਤਾ ਕਰਨ ਜਾ ਰਿਹੈ |
ਸਿਧਾਰਥ ਨੇ ਦੁਪਹਿਰੇ ਹੀ ਇਕ ਹਲਵਾਈ ਨੂੰ ਸਮੋਸੇ, ਪਨੀਰ ਵਾਲੇ ਪਕੌੜੇ, ਗੁਲਾਬ ਜਾਮੁਨ ਅਤੇ ਜਲੇਬੀਆਂ ਦਾ ਆਰਡਰ ਦੇ ਦਿੱਤਾ ਸੀ | ਚਾਹ ਉਨ੍ਹਾਂ ਨੇ ਸਕੂਲ ਵਿਚ ਆਪ ਬਣਾ ਲੈਣੀ ਸੀ | ਸ਼ਾਮੀਂ ਚਾਰ ਵਜੇ ਸਕੂਲ ਦੀ ਬਗੀਚੀ ਵਿਚ ਕਾਫੀ ਬੱਚੇ ਇਕੱਠੇ ਹੋਣੇ ਸ਼ੁਰੂ ਹੋ ਗਏ | ਅਧਿਆਪਕ ਵੀ ਆ ਗਏ ਸਨ | ਸਿਧਾਰਥ ਇਕ ਅਧਿਆਪਕ ਨੂੰ ਨਾਲ ਲੈ ਕੇ ਹਲਵਾਈ ਕੋਲੋਂ ਸਾਮਾਨ ਲੈਣ ਚਲਾ ਗਿਆ | ਆਸ਼ਾ ਨੇ ਵੱਡੇ ਪਤੀਲੇ ਵਿਚ ਚਾਹ ਲਈ ਪਾਣੀ ਪਾ ਕੇ ਗੈਸ ਉੱਪਰ ਰੱਖ ਦਿੱਤਾ ਸੀ | ਸਿਧਾਰਥ ਡਿਸਪੋਜ਼ੇਬਲ ਪਲੇਟਾਂ ਅਤੇ ਗਿਲਾਸ ਪਹਿਲਾਂ ਹੀ ਲੈ ਆਇਆ ਸੀ |
ਥੋੜ੍ਹੀ ਦੇਰ ਵਿਚ ਹੀ ਸਿਧਾਰਥ ਅਤੇ ਇਕ ਹੋਰ ਅਧਿਆਪਕ ਸਾਰਾ ਖਾਣ-ਪੀਣ ਦਾ ਸਾਮਾਨ ਲੈ ਆਏ | ਸਿਧਾਰਥ ਨੇ ਨੌਵੀਂ-ਦਸਵੀਂ ਕਲਾਸ ਦੇ ਕੁਝ ਸਿਆਣੇ ਬੱਚੇ ਬੁਲਾਏ ਅਤੇ ਉਨ੍ਹਾਂ ਨੂੰ ਪਲੇਟਾਂ ਵਿਚ ਮਠਿਆਈ ਅਤੇ ਨਮਕੀਨ ਦਾ ਇਕ-ਇਕ ਪੀਸ ਪਾਉਣ ਦੀ ਡਿਊਟੀ ਲਗਾ ਦਿੱਤੀ | ਇਸੇ ਤਰ੍ਹਾਂ ਕੁਝ ਬੱਚਿਆਂ ਨੂੰ ਚਾਹ ਗਲਾਸਾਂ ਵਿਚ ਪਾ ਕੇ ਲਿਆਉਣ ਲਈ ਕਿਹਾ | ਸਾਰਿਆਂ ਨੇ ਰਲ ਕੇ ਇਹ ਚਾਹ ਪੀਤੀ ਅਤੇ ਮਠਿਆਈਆਂ ਖਾਧੀਆਂ |
ਹਰੀਸ਼ ਸਾਰਾ ਕੁਝ ਦੇਖ-ਦੇਖ ਕੇ ਖੁਸ਼ ਵੀ ਹੋ ਰਿਹਾ ਸੀ ਅਤੇ ਹੈਰਾਨ ਵੀ | ਸਾਰਾ ਮਾਹੌਲ ਬੜੀ ਖੁਸ਼ੀ ਵਾਲਾ ਸੀ | ਹਰੀਸ਼ ਨੂੰ ਮੁਬਾਰਕਾਂ ਮਿਲ ਰਹੀਆਂ ਸਨ ਪਰ ਉਸ ਤੋਂ ਵੀ ਜ਼ਿਆਦਾ ਮੁਬਾਰਕਾਂ ਮਾਤਾ ਜੀ ਅਤੇ ਸਿਧਾਰਥ ਨੂੰ ਸਾਰੇ ਦੇ ਰਹੇ ਸਨ |
ਹਰੀਸ਼ ਦਿੱਲੀ ਪਹੁੰਚ ਗਿਆ | ਉਹ ਆਟੋ ਰਿਕਸ਼ਾ ਕਰਕੇ ਵੱਡੇ ਡਾਕਟਰ ਸਾਹਿਬ ਦੇ ਦੱਸੇ ਹਸਪਤਾਲ ਵੱਲ ਜਾ ਰਿਹਾ ਸੀ | ਹਸਪਤਾਲ ਲੱਭਣ ਵਿਚ ਕੋਈ ਮੁਸ਼ਕਿਲ ਨਾ ਆਈ, ਕਿਉਂਕਿ ਨਵੀਂ ਦਿੱਲੀ ਦੇ ਉਸ ਇਲਾਕੇ ਵਿਚ ਹਸਪਤਾਲ ਕਾਫੀ ਮਸ਼ਹੂਰ ਸੀ |
ਹਸਪਤਾਲ ਪਹੁੰਚ ਕੇ ਉਸ ਨੇ ਰਿਸੈਪਸ਼ਨ ਤੋਂ ਮੈਡੀਸਨ ਵਾਰਡ ਦੇ ਇੰਚਾਰਜ ਡਾਕਟਰ ਬਾਰੇ ਪੱੁਛਿਆ | ਰਿਸੈਪਸ਼ਨ ਵਾਲੀ ਲੜਕੀ ਨੇ ਉਸ ਨੂੰ ਕੁਝ ਸਮਝਾ ਕੇ ਦੂਜੀ ਮੰਜ਼ਿਲ 'ਤੇ ਭੇਜ ਦਿੱਤਾ | ਜਿਸ ਵੇਲੇ ਹਰੀਸ਼ ਦੂਜੀ ਮੰਜ਼ਿਲ 'ਤੇ ਪਹੁੰਚਿਆ ਤਾਂ ਵੱਡੇ ਡਾਕਟਰ ਸਾਹਿਬ ਵਾਰਡ ਦਾ ਰਾਊਾਡ ਲਗਾਉਣ ਗਏ ਹੋਏ ਸਨ | ਹਰੀਸ਼ ਨੂੰ ਉਨ੍ਹਾਂ ਦੇ ਕਮਰੇ ਵਿਚ ਬੈਠਣ ਲਈ ਕਿਹਾ | ਹਰੀ ਕਮਰੇ ਵਿਚ ਜਾਣ ਤੋਂ ਪਹਿਲਾਂ ਹਸਪਤਾਲ ਦਾ ਆਲਾ-ਦੁਆਲਾ ਦੇਖਣ ਲੱਗ ਪਿਆ |
ਹਸਪਤਾਲ ਕਾਫੀ ਵੱਡਾ ਅਤੇ ਪੂਰਾ ਏਅਰ ਕੰਡੀਸ਼ਨਡ ਸੀ | ਸਾਫ਼-ਸਫ਼ਾਈ ਬਹੁਤ ਵਧੀਆ ਸੀ | ਜਦੋਂ ਉਹ ਹਸਪਤਾਲ ਰਿਸੈਪਸ਼ਨ ਕੋਲ ਪਹੁੰਚਿਆ ਤਾਂ ਰਿਸੈਪਸ਼ਨ ਦੇ ਬਾਹਰ ਲਾਬੀ ਵਿਚ ਕਈ ਸੋਫੇ ਅਤੇ ਕੁਰਸੀਆਂ ਪਈਆਂ ਸਨ, ਜਿਨ੍ਹਾਂ ਉੱਤੇ ਮਰੀਜ਼ਾਂ ਨਾਲ ਆਏ ਜਾਂ ਉਨ੍ਹਾਂ ਨੂੰ ਦੇਖਣ ਆਏ ਲੋਕ ਕਾਫੀ ਗਿਣਤੀ ਵਿਚ ਬੈਠੇ ਸਨ | ਲਾਬੀ ਦੇ ਖੱਬੇ ਪਾਸੇ ਇਕ ਕੰਟੀਨ ਸੀ, ਜਿਥੇ ਕੁਝ ਲੋਕ ਬੈਠੇ ਚਾਹ ਜਾਂ ਕੌਫੀ ਵੀ ਰਹੇ ਸਨ |
ਸਾਰਾ ਆਲਾ-ਦੁਆਲਾ ਦੇਖਣ ਤੋਂ ਬਾਅਦ ਉਹ ਡਾਕਟਰ ਸਾਹਿਬ ਦੇ ਕਮਰੇ ਵਿਚ ਬੈਠ ਗਿਆ | ਉਥੇ ਬੈਠਾ-ਬੈਠਾ ਉਹ ਆਪਣੇ ਅਤੀਤ ਬਾਰੇ ਕਈ ਕੁਝ ਸੋਚ ਗਿਆ | ਅਤੀਤ 'ਚੋਂ ਨਿਕਲ ਕੇ ਉਹ ਵਰਤਮਾਨ ਵਿਚ ਆ ਗਿਆ, ਜਦੋਂ ਡਾਕਟਰ ਸਾਹਿਬ ਕਮਰੇ ਵਿਚ ਦਾਖਲ ਹੋਏ | ਹਰੀਸ਼ ਇਕਦਮ ਖੜ੍ਹਾ ਹੋ ਗਿਆ ਅਤੇ ਡਾਕਟਰ ਸਾਹਿਬ ਨੂੰ ਨਿਉਂ ਕੇ ਪੈਰੀਂ ਪੈਣਾ ਕਿਹਾ |
ਡਾਕਟਰ ਸਾਹਿਬ ਨੇ ਉਸ ਨੂੰ ਘੋਖਵੀਂ ਨਜ਼ਰ ਨਾਲ ਦੇਖਦੇ ਹੋਏ ਪੱੁਛਿਆ, 'ਦੱਸੋ, ਕਿਧਰ ਆਏ ਹੋ?'
'ਮੇਰਾ ਨਾਂਅ ਹਰੀਸ਼ ਐ ਜੀ, ਮੈਨੂੰ ਨਾਇਰ ਹਸਪਤਾਲ, ਬੰਬਈ ਦੇ ਮੈਡੀਕਲ ਵਾਰਡ ਦੇ ਹੈੱਡ ਆਫ ਦਾ ਡਿਪਾਰਟਮੈਂਟ ਨੇ ਭੇਜਿਆ ਹੈ | ਮੈਂ ਉਨ੍ਹਾਂ ਦਾ ਵਿਦਿਆਰਥੀ ਹਾਂ |' ਹਰੀਸ਼ ਨੇ ਸੰਖੇਪ ਵਿਚ ਸਾਰਾ ਕੁਝ ਦੱਸ ਦਿੱਤਾ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬਾਲ ਕਵਿਤਾ: ਟਾਹਲੀ

ਸ਼ੀਸ਼ਮ ਸਿਸੂ ਨੇ ਮੈਨੂੰ ਕਹਿੰਦੇ,
ਲੋਕ ਆਖਦੇ ਟਾਹਲੀ
ਪੱਤਝੜੀ ਰੁੱਖ ਹਾਂ ਮੈਂ
ਠੰਢੀਆਂ ਛਾਵਾਂ ਦੇਵਣ ਵਾਲੀ।
ਮੈਂ ਤਾਂ ਹਰ ਮਿੱਟੀ ਵਿਚ
ਹਾਂ ਉੱਗ ਪੈਂਦੀ
ਪਰ ਪੰਜਾਬ ਦੀ ਮਿੱਟੀ
ਮੇਰਾ ਮਨ ਮੋਹ ਲੈਂਦੀ।
ਦੁਨੀਆ ਜਾਣੇ ਲੱਕੜੀ ਮੇਰੀ
ਹੈ ਮਜ਼ਬੂਤ ਬੜੀ ਦਮਦਾਰ
ਮੇਰੇ ਪੱਤਿਆਂ ਦਾ ਹੁੰਦਾ ਹੈ
ਖੰਭਾਂ ਜਿਹਾ ਆਕਾਰ।
ਜਦੋਂ ਪੱਤਝੜ ਆਉਂਦੀ
ਸਾਰੇ ਪੱਤੇ ਖੋਹ ਲੈ ਜਾਂਦੀ
ਰੁੰਡ-ਮਰੁੰਡੇ ਟਾਹਣ ਫੁੱਟਦੇ
ਜਦੋਂ ਬਹਾਰ ਹੈ ਆਂਦੀ।
ਨਿੱਕੇ-ਨਿੱਕੇ ਪੀਲੇ ਚਿੱਟੇ
ਗੁੱਛਿਆਂ ਵਿਚ ਫੁੱਲ ਪੈਂਦੇ
ਪੱਕਦੇ ਤਾਂ ਫਲੀਆਂ ਬਣਦੇ
ਵਿਚ ਬੀਜ ਲੁਕੇ ਰਹਿੰਦੇ।
ਟਾਹਲੀ ਦੇ ਪੱਤਿਆਂ ਦਾ ਕਾੜ੍ਹਾ
ਸੱਟ ਦੀ ਸੋਜ ਘਟਾਉਂਦਾ
ਜ਼ਖ਼ਮ ਠੀਕ ਹੋ ਜਾਵੇ
ਜੋ ਉੱਪਰ ਟਾਹਲੀ ਦਾ ਰਸ ਲਾਉਂਦਾ।

-ਹਰੀ ਕ੍ਰਿਸ਼ਨ ਮਾਇਰ,
398, ਵਿਕਾਸ ਨਗਰ, ਪੱਖੋਵਾਲ ਰੋਡ, ਲੁਧਿਆਣਾ।

 


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX