ਤਾਜਾ ਖ਼ਬਰਾਂ


ਯੂ.ਕੇ ਅਦਾਲਤ ਵਲੋਂ ਵਿਜੇ ਮਾਲਿਆ ਦੀ ਭਾਰਤ ਨੂੰ ਹਵਾਲਗੀ ਦੇ ਹੁਕਮ
. . .  0 minutes ago
ਕਿਸਾਨ ਵਲੋਂ ਖੁਦਕੁਸ਼ੀ, ਕਰਜ਼ੇ ਤੋਂ ਸੀ ਪ੍ਰੇਸ਼ਾਨ
. . .  9 minutes ago
ਬੁਢਲਾਡਾ, 10 ਦਸੰਬਰ (ਸਵਰਨ ਸਿੰਘ ਰਾਹੀ) - ਪੰਜਾਬ ਅੰਦਰ ਜਾਰੀ ਕਿਸਾਨ ਖੁਦਕੁਸ਼ੀਆਂ ਦੇ ਮੰਦਭਾਗੇ ਦੌਰ 'ਚ ਅੱਜ ਬੁਢਲਾਡਾ ਤਹਿਸੀਲ ਦੇ ਪਿੰਡ ਰਾਮਨਗਰ ਭੱਠਲ ਦੇ ਇਕ ਹੋਰ ਕਰਜ਼ਈ ਕਿਸਾਨ ਕੋਈ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੇ ਭਰਾ...
ਆਰ.ਬੀ.ਆਈ. ਗਵਰਨਰ ਉਰਜੀਤ ਪਟੇਲ ਨੇ ਦਿੱਤਾ ਅਸਤੀਫਾ
. . .  21 minutes ago
ਨਵੀਂ ਦਿੱਲੀ, 10 ਦਸੰਬਰ - ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਉਰਜੀਤ ਪਟੇਲ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ...
ਮਿਸ਼ੇਲ ਦੀ ਜਮਾਨਤ ਅਰਜੀ ਖਾਰਜ, ਸੀ.ਬੀ.ਆਈ. ਨੂੰ 5 ਦਿਨ ਦਾ ਹੋਰ ਮਿਲਿਆ ਰਿਮਾਂਡ
. . .  43 minutes ago
ਨਵੀਂ ਦਿੱਲੀ, 10 ਦਸੰਬਰ - ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਸਪੈਸ਼ਲ ਸੀ.ਬੀ.ਆਈ ਜੱਜ ਅਰਵਿੰਦ ਕੁਮਾਰ ਨੇ ਅਗਸਤਾ ਵੈਸਟਲੈਂਡ ਡੀਲ ਦੇ ਵਿਚੋਲੇ ਕ੍ਰਿਸਟੀਨ ਮਿਸ਼ੇਲ ਨੂੰ 5 ਦਿਨ ਦੀ ਹੋਰ ਸੀ.ਬੀ.ਆਈ. ਰਿਮਾਂਡ 'ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾ ਮਿਸ਼ੇਲ ਦੇ ਵਕੀਲ...
1 ਲੱਖ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਣੇ ਨੌਜਵਾਨ ਕਾਬੂ
. . .  50 minutes ago
ਸੰਗਰੂਰ, 10 ਦਸੰਬਰ(ਦਮਨਜੀਤ ਸਿੰਘ)- ਜ਼ਿਲ੍ਹਾ ਸੰਗਰੂਰ ਪੁਲਿਸ ਵਲੋਂ 1 ਲੱਖ ਨਸ਼ੀਲੀਆਂ ਗੋਲੀਆਂ ਅਤੇ ਡਰੱਗ ਮਨੀ ਸਣੇ ਇੱਕ ਵਿਅਕਤੀ ਨੂੰ ਕਾਬੂ ਕਰਨ ਦਾ ਦਾਅਵਾ ਕਿੱਤਾ ਗਿਆ ਹੈ । ਐਸ. ਐਸ. ਪੀ ਸੰਗਰੂਰ ਡਾ. ਸੰਦੀਪ ਗਰਗ ਨੇ ਦੱਸਿਆ ਕੇ ਸੀ. ਆਈ.ਏ ਸਟਾਫ ਪੁਲਿਸ...
ਸਿੱਧੂ ਦਾ ਗਲਾ ਪਹਿਲਾ ਨਾਲੋਂ ਬਿਹਤਰ ਪਰ ਡਾਕਟਰਾਂ ਵਲੋਂ ਵਿਸ਼ੇਸ਼ ਹਦਾਇਤਾਂ ਜਾਰੀ
. . .  about 1 hour ago
ਨਵੀਂ ਦਿੱਲੀ, 10 ਦਸੰਬਰ - ਅਪੋਲੋ ਹਸਪਤਾਲ ਦਿੱਲੀ ਵਲੋਂ ਪ੍ਰੈਸ ਨੋਟ ਜਾਰੀ ਕਰਕੇ ਕਿਹਾ ਗਿਆ ਹੈ ਕਿ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਗਲੇ ਦਾ ਇਲਾਜ ਸਫਲਤਾ ਨਾਲ ਹੋ ਗਿਆ ਹੈ। ਡਾਕਟਰਾਂ ਨੇ ਸਿੱਧੂ ਨੂੰ ਸਲਾਹ ਦਿੱਤੀ ਹੈ ਕਿ ਉਹ ਸ਼ਬਦਾਂ ਵਿਚਕਾਰ ਅੰਤਰਾਲ...
ਬੀ.ਐੱਸ.ਐੱਫ ਅਤੇ ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ, ਹੈਰੋਇਨ ਬਰਾਮਦ
. . .  about 1 hour ago
ਜਲਾਲਾਬਾਦ 10 ਦਸੰਬਰ, (ਹਰਪ੍ਰੀਤ ਸਿੰਘ ਪਰੂਥੀ)- ਅੱਜ ਬੀ.ਐਸ.ਐਫ ਅਤੇ ਪੰਜਾਬ ਪੁਲਿਸ ਦੇ ਸਾਂਝੇ ਅਭਿਆਨ ਦੌਰਾਨ ਇੱਕ ਵੱਡੀ ਸਫ਼ਲਤਾ ਮਿਲੀ। ਜਿਸ ਵਿਚ ਸਾਂਝੇ ਆਪਰੇਸ਼ਨ ਦੌਰਾਨ ਭਾਰਤ-ਪਾਕਿਸਤਾਨ ਅੰਤਰਰਾਸ਼ਟਰੀ ਬਾਰਡਰ ਤੋਂ ਕਰੀਬ 5650 ਗ੍ਰਾਮ...
ਮੈਂ ਕੋਈ ਚੋਰੀ ਨਹੀਂ ਕੀਤੀ - ਹਵਾਲਗੀ ਦੇ ਫੈਸਲੇ ਤੋਂ ਪਹਿਲਾ ਮਾਲਿਆ ਨੇ ਕਿਹਾ
. . .  about 1 hour ago
ਲੰਡਨ, 10 ਦਸੰਬਰ - ਭਗੌੜੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ 'ਤੇ ਅੱਜ ਫੈਸਲੇ ਦਾ ਦਿਨ ਹੈ। ਲੰਡਨ ਦੀ ਕੋਰਟ 'ਚ ਅੱਜ ਮਾਲਿਆ ਦੀ ਹਵਾਲਗੀ 'ਤੇ ਫੈਸਲਾ ਆਏਗਾ। ਲੰਡਨ ਕੋਰਟ ਦੀ ਸੁਣਵਾਈ 'ਚ ਜਾਣ ਤੋਂ ਪਹਿਲਾ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਮਾਲਿਆ ਨੇ ਕਿਹਾ...
ਪਾਕਿਸਤਾਨ ਨੂੰ ਇਕ ਡਾਲਰ ਵੀ ਨਾ ਦਿੱਤਾ ਜਾਵੇ - ਨਿੱਕੀ ਹੈਲੀ
. . .  about 1 hour ago
ਨਿਊਯਾਰਕ, 10 ਦਸੰਬਰ - ਸੰਯੁਕਤ ਰਾਸ਼ਟਰ 'ਚ ਅਮਰੀਕੀ ਰਾਜਦੂਤ ਨਿੱਕੀ ਹੈਲੀ ਨੇ ਕਿਹਾ ਹੈ ਕਿ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦਿੰਦਾ ਹੈ। ਜਦੋਂ ਤੱਕ ਪਾਕਿਸਤਾਨ ਅੱਤਵਾਦੀਆਂ ਨੂੰ ਪਨਾਹ ਦੇਣਾ ਖਤਮ ਨਹੀਂ ਕਰ ਦਿੰਦਾ, ਉਦੋ ਤੱਕ ਉਸ ਨੂੰ ਇਕ ਡਾਲਰ ਵੀ ਨਾ ਦਿੱਤਾ...
ਕਰਜ਼ੇ ਵਲੋਂ ਸਤਾਏ ਕਿਸਾਨ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ
. . .  about 2 hours ago
ਬੰਗਾ, 10 ਦਸੰਬਰ (ਜਸਬੀਰ ਸਿੰਘ ਨੂਰਪੁਰ)- ਪਿੰਡ ਨੂਰਪਰ ਵਿਖੇ ਅੱਜ ਇੱਕ ਕਿਸਾਨ ਨੇ ਕਰਜ਼ੇ ਦੀ ਪਰੇਸ਼ਾਨੀ ਦੇ ਚੱਲਦਿਆਂ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਹਿਚਾਣ ਅਵਤਾਰ ਸਿੰਘ ਦੇ ਰੂਪ 'ਚ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਅਵਤਾਰ ਸਿੰਘ ਨੇ ਆਪਣੀ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਬਰੌਕਲੀ ਦੀ ਕਾਸ਼ਤ: ਪੌਸ਼ਟਿਕ ਤੱਤਾਂ ਨਾਲ ਭਰਪੂਰ ਸਬਜ਼ੀ

ਬਰੌਕਲੀ ਇਕ ਉੱਤਮ ਅਤੇ ਬਹੁਤ ਵਧੀਆ ਹਰੀ ਸਬਜ਼ੀ ਹੈ ਅਤੇ ਇਸ ਨੂੰ ਸਲਾਦ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਇਸ ਵਿਚ ਵਿਟਾਮਿਨ, ਆਇਰਨ (ਲੋਹਾ) ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਵਿਚ 3.3 ਫ਼ੀਸਦੀ ਪ੍ਰੋਟੀਨ, ਵਿਟਾਮਿਨ ਏ, ਵਿਟਾਮਿਨ ਸੀ, ਥਾਇਆਮੀਨ, ਨਾਇਸੀਨ ਅਤੇ ਰਿਬੋਫਲਾਵਿਨ ਵੀ ਹੁੰਦੇ ਹਨ। ਜਾਮਨੀ ਰੰਗ ਦੀ ਬਰੌਕਲੀ ਵਿਚ ਗਲੂਕੋਸੀਨੋਲੇਟ 72-212 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਪਾਇਆ ਜਾਂਦਾ ਹੈ। ਇਸ ਸਬਜ਼ੀ ਵਿਚ ਕੈਂਸਰ ਨੂੰ ਘਟਾਉਣ ਵਾਲੇ ਤੱਤ ਵੀ ਪਾਏ ਜਾਂਦੇ ਹਨ। ਇਹ ਸਬਜ਼ੀ ਕਲੈਸਟਰੋਲ ਘਟਾਉਣ, ਅੱਖਾਂ ਦੀ ਰੌਸ਼ਨੀ ਵਧਾਉਣ, ਚਮੜੀ ਦੀ ਸੁਰੱਖਿਆ ਲਈ, ਕਬਜ਼ ਰੋਕਣ ਲਈ ਅਤੇ ਐਲਰਜੀ ਘਟਾਉਣ ਵਿਚ ਵੀ ਮਦਦ ਕਰਦੀ ਹੈ। ਠੰਢਾ ਅਤੇ ਸਿਲ੍ਹਾ ਮੌਸਮ ਇਸ ਫ਼ਸਲ ਦੀ ਕਾਸ਼ਤ ਲਈ ਬਹੁਤ ਵਧੀਆ ਹੁੰਦਾ ਹੈ। ਇਹ ਫ਼ਸਲ ਜ਼ਆਦਾ ਤਾਪਮਾਨ ਨਹੀਂ ਸਹਿ ਸਕਦੀ। ਇਸ ਦੀ ਪੈਦਾਵਾਰ ਲਈ 17-23 ਡਿਗਰੀ ਸੈਂਟੀਗ੍ਰੇਡ ਤਾਪਮਾਨ ਉੱਤਮ ਹੈ। ਇਸ ਦੀ ਕਾਸ਼ਤ ਕਈ ਤਰ੍ਹਾਂ ਦੀ ਜ਼ਮੀਨ ਜਿਸ ਵਿਚ ਜੈਵਿਕ ਮਾਦਾ ਭਰਪੂਰ ਮਾਤਰਾ ਵਿਚ ਹੋਵੇ, ਉਸ ਵਿਚ ਸਫਲਤਾ ਪੂਰਵਕ ਤਰੀਕੇ ਨਾਲ ਕਰ ਸਕਦੇ ਹਾਂ।
ਬਰੌਕਲੀ ਦੀਆਂ ਉੱਨਤ ਕਿਸਮਾਂ
ਪਾਲਮ ਸਮਰਿਧੀ : ਇਸ ਦੇ ਪੱਤੇ ਚੌੜੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਮੁੱਖ ਅਤੇ ਛੋਟੇ ਗੁੱਟਾਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ। ਗੁੱਟ ਗੁੰਦਵੇਂ, ਗੋਲ ਅਤੇ ਨਰਮ ਹੁੰਦੇ ਹਨ। ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਤੋਂ ਤਕਰੀਬਨ 72 ਦਿਨਾਂ ਬਾਅਦ ਮੁੱਖ ਗੁੱਟ ਕਟਾਈ ਲਈ ਤਿਆਰ ਹੋਣ ਲੱਗਦੇ ਹਨ। ਇਹ ਕਿਸਮ ਸਬਜ਼ੀ ਅਤੇ ਸਲਾਦ ਵਾਸਤੇ ਢੁੱਕਵੀਂ ਹੈ।
ਪੰਜਾਬ ਬਰੌਕਲੀ-1 : ਇਸ ਦੇ ਪੱਤੇ ਮਧਰੇ, ਲਹਿਰਦਾਰ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਗੁੱਟ ਗੁੰਦਵੇਂ, ਆਕਰਸ਼ਕ ਅਤੇ ਨਰਮ ਹੁੰਦੇ ਹਨ । ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਤੋਂ ਤਕਰੀਬਨ 65 ਦਿਨਾਂ ਬਾਅਦ ਮੁੱਖ ਗੁੱਟ ਕਟਾਈ ਲਈ ਤਿਆਰ ਹੋਣ ਲੱਗਦੇ ਹਨ ਸਬਜ਼ੀ ਅਤੇ ਸਲਾਦ ਦੋਵਾਂ ਵਾਸਤੇ ਇਹ ਕਿਸਮ ਢੁੱਕਵੀਂ ਹੈ।
ਕਾਸ਼ਤ ਦੇ ਢੰਗ : ਪਨੀਰੀ ਬੀਜਣ ਦਾ ਸਮਾਂ ਅਤੇ ਬੀਜ ਦੀ ਮਾਤਰਾ : ਪਨੀਰੀ ਬੀਜਣ ਦਾ ਯੋਗ ਸਮਾਂ ਅਗਸਤ ਤੇ ਸਤੰਬਰ ਹੈ। ਜਦੋਂ ਪਨੀਰੀ ਇਕ ਮਹੀਨੇ ਦੀ ਹੋ ਜਾਵੇ ਤਾਂ ਇਸ ਨੂੰ ਪੁੱਟ ਕੇ ਖੇਤ ਵਿਚ ਲਾ ਦਿਉ। ਇਕ ਏਕੜ ਵਾਸਤੇ 250 ਗ੍ਰਾਮ ਬੀਜ ਕਾਫ਼ੀ ਹੈ। ਫ਼ਸਲ ਵੇਲੇ ਸਿਰ ਲਗਾਉ ਤਾਂ ਕਿ ਫ਼ਸਲ ਨਿਸਾਰੇ ਤੋਂ ਬਚੀ ਰਹੇ। ਪਨੀਰੀ ਨੂੰ ਸ਼ਾਮ ਵੇਲੇ ਠੀਕ ਵੱਤਰ ਵਿਚ ਪੁੱਟ ਕੇ ਖੇਤ ਵਿਚ ਲਾਉ ਅਤੇ ਫਿਰ ਪਾਣੀ ਦੇ ਦਿਉ। ਕਤਾਰਾਂ ਅਤੇ ਬੂਟਿਆਂ ਵਿਚਕਾਰ ਫ਼ਾਸਲਾ 45 ਸੈਂਟੀਮੀਟਰ ਰੱਖੋ।
ਨਦੀਨਾਂ ਦੀ ਰੋਕਥਾਮ : ਇਸ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ 750 ਮਿਲੀਲਿਟਰ ਬਾਸਾਲਿਨ 45 ਈ ਸੀ (ਫ਼ਲੂਕਲੋਰਾਲਿਨ) ਪ੍ਰਤੀ ਏਕੜ ਪੌਦੇ ਲਾਉਣ ਤੋਂ ਪਹਿਲਾਂ ਜ਼ਮੀਨ ਵਿਚ ਮਿਲਾਉ। ਜ਼ਮੀਨ ਦੀ ਤਿਆਰੀ ਪਿੱਛੋਂ ਘੱਟੋ-ਘੱਟ 4 ਦਿਨ ਖੇਤ ਵਿਚ ਪੌਦੇ ਲਾਉਣ ਤੋਂ ਪਹਿਲਾਂ ਨਦੀਨ ਨਾਸ਼ਕ ਨੂੰ ਸਿੰਚਾਈ ਰਾਹੀਂ ਖੇਤ ਵਿਚ ਮਿਲਾਉ। ਹਲਕੀ ਵਾਹੀ ਨਾਲ ਨਦੀਨ ਨਾਸ਼ਕ ਨੂੰ ਖੇਤ ਦੀ ਉਪਰਲੀ ਤਹਿ ਵਿਚ ਮਿਲਾਇਆ ਜਾ ਸਕਦਾ ਹੈ। ਚਾਲੀ ਦਿਨਾਂ ਬਾਅਦ ਇਕ ਗੋਡੀ ਵੀ ਕਰਨੀ ਚਾਹੀਦੀ ਹੈ। ਸਟੌਂਪ 30 ਈ ਸੀ (ਪੈਂਡੀਮੈਥਾਲਿਨ) ਇਕ ਲਿਟਰ ਪ੍ਰਤੀ ਏਕੜ ਜਾਂ ਸਟੌਂਪ 30 ਈ ਸੀ 750 ਮਿਲੀਲਿਟਰ ਦਵਾਈ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਸਪਰੇਅ ਕਰੋ + ਇਕ ਗੋਡੀ ਪੌਦੇ ਲਾਉਣ ਤੋਂ 35 ਦਿਨਾਂ ਬਾਅਦ ਵੀ ਕਰ ਸਕਦੇ ਹਾਂ। ਸਟੌਂਪ ਦੀ ਵਰਤੋਂ ਚੰਗੀ ਸਿੱਲ੍ਹ ਵਾਲੇ ਖੇਤ ਵਿਚ ਪੌਦੇ ਲਾਉਣ ਤੋਂ ਇਕ ਦਿਨ ਪਹਿਲਾਂ ਕਰਨੀ ਚਾਹੀਦੀ ਹੈ।
ਸਿੰਚਾਈ ਪ੍ਰਬੰਧ: ਪਹਿਲਾ ਪਾਣੀ ਖੇਤ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ ਤੁਰੰਤ ਬਾਅਦ ਲਾਉ। ਬਾਅਦ ਵਾਲੀਆਂ ਸਿੰਚਾਈਆਂ ਗਰਮੀਆਂ ਵਿਚ 7-8 ਦਿਨ ਅਤੇ ਸਰਦੀਆਂ ਵਿਚ 10-15 ਦਿਨ ਦੇ ਵਕਫ਼ੇ 'ਤੇ ਜ਼ਮੀਨ ਦੀ ਕਿਸਮ ਮੁਤਾਬਕ ਕੀਤੀਆਂ ਜਾ ਸਕਦੀਆਂ ਹਨ। ਕੁੱਲ ਮਿਲਾ ਕੇ 8-12 ਪਾਣੀਆਂ ਦੀ ਲੋੜ ਹੈ।
ਕਟਾਈ, ਸਾਂਭ-ਸੰਭਾਲ ਅਤੇ ਮੰਡੀਕਰਨ: ਜਿਉਂ ਹੀ ਗੁੱਟ ਮੰਡੀਕਰਨ ਆਕਾਰ ਦੇ ਹੋਣ, ਕੱਟ ਲੇਣੇ ਚਾਹੀਦੇ ਹਨ। ਇਨ੍ਹਾਂ ਦਾ ਛੇਤੀ ਹੀ ਮੰਡੀਕਰਨ ਕਰ ਦਿਉ ਕਿਉਂਕਿ ਇਹ ਜ਼ਿਆਦਾ ਦੇਰ ਨਹੀਂ ਰੱਖੇ ਜਾ ਸਕਦੇ। ਵਿਚਕਾਰਲਾ ਗੁੱਟ ਕੱਟਣ ਤੋਂ 10-12 ਦਿਨ ਬਾਅਦ ਛੋਟੇ ਗੁੱਟਾਂ ਦੀ ਕਟਾਈ ਸ਼ੁਰੂ ਕਰ ਲਵੋ।


-ਸੀਨੀਅਰ ਰਿਸਰਚ ਫੈਲੋ, ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ। ਫੋਨ : 94654-20097.
balwinderdhillon.pau@gmail.com


ਖ਼ਬਰ ਸ਼ੇਅਰ ਕਰੋ

ਪਤਝੜ ਰੁੱਤ ਦੇ ਕਮਾਦ ਦੀ ਕਾਸ਼ਤ

ਗੰਨਾ ਭਾਰਤ ਦੀ ਮੁੱਖ ਫ਼ਸਲ ਹੈ ਜੋ ਕਿ ਖੰਡ, ਗੁੜ ਅਤੇ ਮਿਸ਼ਰੀ ਬਣਾਉਣ ਦੇ ਕੰਮ ਆਉਂਦੀ ਹੈ। ਗੰਨੇ ਦੀ ਫ਼ਸਲ ਦੇ ਦੋ ਤਿਹਾਈ ਹਿੱਸੇ ਤੋਂ ਗੁੜ, ਖੰਡ ਅਤੇ ਇਕ ਤਿਹਾਈ ਹਿੱਸੇ ਤੋਂ ਮਿਸ਼ਰੀ ਬਣਾਈ ਜਾਂਦੀ ਹੈ। ਇਹ ਫ਼ਸਲ ਸਭ ਤੋਂ ਵੱਧ ਬ੍ਰਾਜ਼ੀਲ ਅਤੇ ਉਸ ਤੋਂ ਬਾਅਦ ਭਾਰਤ, ਚੀਨ, ਥਾਈਲੈਂਡ, ਪਾਕਿਸਤਾਨ ਅਤੇ ਮੈਕਸੀਕੋ ਵਿਚ ਉਗਾਈ ਜਾਂਦੀ ਹੈ। ਇਕ ਸਦਾਬਹਾਰ ਫ਼ਸਲ ਹੋਣ ਕਰਕੇ ਇਸ ਦੀ ਬਿਜਾਈ ਬਹਾਰ ਤੋਂ ਬਿਨਾਂ ਪਤਝੜ ਰੁੁੁੁੁੱਤ ਵਿਚ ਵੀ ਕੀਤੀ ਜਾਂਦੀ ਹੈ।
ਪਤਝੜ ਰੁੁੁੁੁੱਤ ਦੇ ਕਮਾਦ ਦੀ ਬਿਜਾਈ ਦਾ ਢੁਕਵਾਂ ਸਮਾਂ 20 ਸਤੰਬਰ ਤੋਂ 20 ਅਕਤੂਬਰ ਹੈ। ਇਸ ਲਈ ਵਧੀਆ ਝਾੜ ਲੈਣ ਲਈ ਪਛੇਤੀ ਬਿਜਾਈ ਨਹੀਂ ਕਰਨੀ ਚਾਹੀਦੀ।
ਕਿਸਮਾਂ: ਪਲਾਂਟ ਸੀ ੳ ਪੀਬੀ 92, ਸੀ ੳ 118, ਸੀ ੳ ਜੇ 85 ਅਤੇ ਸੀ ੳ ਜੇ 64।
ਬੀਜ ਦੀ ਮਾਤਰਾ: ਪਤਝੜ ਦੀ ਫ਼ਸਲ ਲਈ ਬੀਜ, ਬਹਾਰ ਰੁੱਤ ਦੀ ਜਾਂ ਪਤਝੜ ਰੁਤ ਦੀ ਨਰੋਈ ਫ਼ਸਲ ਤੋਂ ਲਵੋ। ਇਕ ਏਕੜ ਲਈ ਤਿੰਨ ਅੱਖਾਂ ਵਾਲੀਆਂ 20,000 ਜਾਂ ਚਾਰ ਅੱਖਾਂ ਵਾਲੀਆਂ 15,000 ਜਾਂ ਪੰਜ ਅੱਖਾਂ ਵਾਲੀਆਂ 12,000 ਗੁੱਲੀਆਂ ਦੀ ਵਰਤੋ ਕਰੋ।
ਫਾਸਲਾ ਅਤੇ ਬਿਜਾਈ ਦਾ ਢੰਗ: ਪੱਧਰੀ ਬਿਜਾਈ ਲਈ ਕਤਾਰਾਂ ਵਿਚ 90 ਸੈਂਟੀਮੀਟਰ ਦਾ ਫਾਸਲਾ ਰੱਖੋ। ਪਾਣੀ ਦੀ ਬੱਚਤ ਅਤੇ ਗੰਨੇ ਦਾ ਝਾੜ ਵਧਾਉਣ ਲਈ ਖਾਲੀਆਂ ਵਿਚ ਬਿਜਾਈ ਦੀ ਦੋ ਕਤਾਰੀ ਖਾਲੀ ਵਿਧੀ (90:30 ਸੈਂਟੀਮੀਟਰ) ਅਪਣਾੳ। ਇਸ ਲਈ ਦੋ ਖਾਲੀਆਂ ਵਿਚਕਾਰ ਫਾਸਲਾ 90 ਸੈਂਟੀਮੀਟਰ ਹੋਣਾ ਚਾਹੀਦਾ ਹੈ। ਗੰਨੇ ਦੀ ਬਿਜਾਈ 30 ਸੈਂਟੀਮੀਟਰ ਦੀ ਵਿੱਥ ਤੇ ਦੋ ਕਤਾਰਾਂ ਵਿਚ 20-25 ਸੈਂਟੀਮੀਟਰ ਡੂੰਘੀਆਂ ਖਾਲੀਆਂ ਵਿਚ ਕਰੋ। ਗੰਨੇ ਦੀਆਂ ਗੁੱਲੀਆਂ ਖਾਲੀ ਵਿਚ ਰੱਖੋ ਅਤੇ ਦੋ ਕਤਾਰਾਂ ਦੇ ਵਿਚਕਾਰਲੀ ਮਿੱਟੀ ਨਾਲ ਢਕ ਦਿਉ। ਇਹ ਖਾਲੀਆਂ ਯੂਨੀਵਰਸਿਟੀ ਵਲੋਂ ਤਿਆਰ ਕੀਤੀਆਂ ਖਾਲੀਆਂ ਬਣਾਉਣ ਵਾਲੀ ਮਸ਼ੀਨ ਨਾਲ ਬਣਾਈਆਂ ਜਾ ਸਕਦੀਆਂ ਹਨ ਜੋ ਟਰੈਕਟਰ ਨਾਲ ਚਲਦੀ ਹੈ।
ਖਾਦਾਂ: ਪਤਝੜ ਰੁੁੁੁੁੱਤ ਦੇ ਕਮਾਦ ਨੂੰ 90 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ (195 ਕਿਲੋ ਯੂਰੀਆ) ਤਿੰਨ ਕਿਸ਼ਤਾਂ ਵਿਚ ਪਾਉ। ਪਹਿਲਾ ਹਿੱਸਾ ਨਾਈਟ੍ਰੋਜਨ ਦਾ ਬਿਜਾਈ ਵੇਲੇ, ਦੂਜਾ ਹਿੱਸਾ ਮਾਰਚ ਦੇ ਅਖੀਰ ਵਿਚ ਅਤੇ ਬਾਕੀ ਦਾ ਤੀਜਾ ਹਿੱਸਾ ਅਪ੍ਰੈਲ ਦੇ ਅਖੀਰ ਵਿਚ ਪਾਉ। ਜੇ ਮਿੱਟੀ ਪਰਖ ਅਨੁਸਾਰ ਫਾਸਫੋਰਸ ਦੀ ਘਾਟ ਹੋਵੇ ਤਾਂ 12 ਕਿਲੋ ਫਾਸਫੋਰਸ ਪ੍ਰਤੀ ਏਕੜ (75 ਕਿਲੋ ਸਿੰਗਲ ਸੁਪਰਫਾਸਫੇਟ) ਪਾਉ।
ਨਦੀਨਾਂ ਦੀ ਰੋਕਥਾਮ: ਜੇ ਪਤਝੜ ਰੁੁੁੁੁੱਤ ਦੇ ਕਮਾਦ ਵਿਚ ਕਣਕ ਬੀਜੀ ਗਈ ਹੋਵੇ ਤਾਂ ਕਣਕ ਦੀ ਬਿਜਾਈ ਤੋਂ 30-35 ਦਿਨਾਂ ਪਿਛੋਂ ਜਦੋਂ ਨਦੀਨ ਉੱਗ ਗਏ ਹੋਣ, ਐਕਸੀਅਲ 5 ਈ. ਸੀ. (ਪਿਨੋਕਸਾਡਿਨ) 400 ਮਿਲੀਲਿਟਰ ਪ੍ਰਤੀ ਏਕੜ ਜਾਂ ਲੀਡਰ/ਐਸ. ਐਫ. 10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) 13 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨਾਲ ਨਦੀਨਾਂ ਦਾ ਨਾਸ਼ ਹੋ ਜਾਂਦਾ ਹੈ। ਜਿਨ੍ਹਾਂ ਖੇਤਾਂ ਵਿਚ ਗੁੱਲੀ ਡੰਡੇ ਵਿਚ ਆਈਸੋਪ੍ਰੋਟਯੂਰਾਨ ਪ੍ਰਤੀ ਕੋਈ ਰੋਧਣ ਸ਼ਕਤੀ ਨਹੀਂ, ਉਥੇ ਆਈਸੋਪ੍ਰੋਟਯੂਰਾਨ 75 ਘੁਲਣਸ਼ੀਲ 500 ਗ੍ਰਾਮ ਪ੍ਰਤੀ ਏਕੜ ਛਿੜਕਣ ਨਾਲ ਵੀ ਨਦੀਨਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਕਣਕ ਦੀ ਬਿਜਾਈ ਤੋਂ 30-35 ਦਿਨਾਂ ਪਿੱਛੋਂ ਚੌੜੇ ਪੱਤਿਆਂ ਵਾਲੇ ਨਦੀਨਾਂ ਲਈ ਐਲਗਰਿਪ/ਐਲਗਰਿਪ ਰਾਇਲ/ਮਾਰਕਗਰਿਪ /ਮਕੋਤੋ 20 ਡਬਲਯੂ ਪੀ (ਮੈਟਸਲਫੂਰਾਨ) 10 ਗ੍ਰਾਮ ਪ੍ਰਤੀ ਏਕੜ 150 ਲਿਟਰ ਪਾਣੀ ਵਿਚ ਘੋਲ ਕੇ ਵਰਤੋ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਫ਼ਸਲ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ।

ਝੋਨੇ ਦੀ ਪਰਾਲੀ ਦੀ ਸੰਭਾਲ ਨਾਲ ਜੁੜਿਆ ਜੈਦੀਪ ਸਿੰਘ ਸੰਘਾ

ਝੋਨੇ ਦੀ ਵਾਢੀ ਤੋਂ ਬਾਅਦ ਬਚੀ ਪਰਾਲੀ ਦਾ ਇਕ ਵੱਡਾ ਹਿੱਸਾ ਆਮ ਤੌਰ 'ਤੇ ਕਿਸਾਨਾਂ ਵਲੋਂ ਖੇਤ ਵਿਚ ਹੀ ਸਾੜ ਦਿੱਤਾ ਜਾਂਦਾ ਹੈ। ਕਾਮਿਆਂ ਦੀ ਕਮੀ, ਕੰਬਾਈਨ ਹਾਰਵੈਸਟਰ ਦੀ ਵੱਧ ਵਰਤੋਂ (ਤਕਰੀਬਨ 90 ਪ੍ਰਤੀਸ਼ਤ ਫਸਲ ਲਈ), ਪਰਾਲੀ ਨੂੰ ਖੇਤ ਵਿਚੋਂ ਕੱਢਣ ਲਈ ਆਉਣ ਵਾਲਾ ਖਰਚ, ਪਰਾਲੀ ਨੂੰ ਸਾੜਨ ਦੇ ਮੁੱਖ ਕਾਰਨ ਹਨ। ਪੰਜਾਬ ਵਿਚ ਝੋਨੇ ਦੇ 30.4 ਲਖ ਹੈਕਟੇਅਰ ਰਕਬੇ ਵਿਚੋਂ ਤਕਰੀਬਨ 20 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ। ਕਈ ਕਿਸਾਨ ਵੀਰ ਇਸ ਪਰਾਲੀ ਨੂੰ ਅੱਗ ਲਾ ਦਿੰਦੇ ਹਨ ਜਿਸ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ, ਕਈ ਜ਼ਰੂਰੀ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਜ਼ਮੀਨ ਵਿਚਲੇ ਬਹੁਤ ਸਾਰੇ ਸੂਖ਼ਮ ਜੀਵ ਵੀ ਮਾਰੇ ਜਾਂਦੇ ਹਨ ਜਿਸ ਕਰਕੇ ਮਿੱਟੀ ਦੀ ਸਿਹਤ 'ਤੇ ਵੀ ਬੁਰਾ ਅਸਰ ਪੈਂਦਾ ਹੈ। ਇਸ ਲਈ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ। ਅਗਾਂਹਵਧੂ ਕਿਸਾਨ ਵਲੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਚੁੱਕੇ ਗਏ ਕਦਮ ਕਿਸਾਨ ਵੀਰਾਂ ਲਈ ਇਕ ਉਦਾਹਰਨ ਬਣ ਸਕਦੇ ਹਨ। ਸ: ਜੈਦੀਪ ਸਿੰਘ ਸੰਘਾ, ਪਿੰਡ ਸਦਾ ਸਿੰਘ ਵਾਲਾ, ਜ਼ਿਲ੍ਹਾ ਮੋਗਾ ਦਾ ਇਕ ਅਗਾਂਹਵਧੂ ਕਿਸਾਨ ਹੈ ਅਤੇ 40 ਕਿੱਲੇ ਰਕਬੇ 'ਤੇ ਖੇਤੀ ਕਰਦਾ ਹੈ। ਉਹ 38 ਕਿੱਲਿਆਂ ਉੱਪਰ ਝੋਨੇ-ਕਣਕ ਦਾ ਫਸਲੀ ਚੱਕਰ ਅਪਣਾਉਂਦਾ ਹੈ ਅਤੇ 2 ਕਿੱਲਿਆਂ ਉੱਪਰ ਸਬਜ਼ੀਆਂ ਦੀ ਖੇਤੀ ਕਰਦਾ ਹੈ। ਜ਼ਮੀਨ ਦੀ ਵਧੇਰੇ ਪੀ.ਐਚ. (ਖਾਰਾਪਣ) ਅਤੇ ਸਖ਼ਤ ਜ਼ਮੀਨ ਨੂੰ ਸੁਧਾਰਨ ਦਾ ਤਹੱਈਆ ਅਤੇ ਜ਼ਮੀਨ ਦੀ ਸਿਹਤ ਸੁਧਾਰਨ ਲਈ ਦੂਜੀਆਂ ਵਸਤਾਂ ਦੀ ਘਾਟ ਨੇ ਸ: ਜੈਦੀਪ ਸਿੰਘ ਨੂੰ ਪਰਾਲੀ ਖੇਤ ਵਿਚ ਰਲਾਉਣ ਵੱਲ ਰੁਚਿਤ ਕੀਤਾ। ਪਿਛਲੇ 11 ਸਾਲਾਂ ਤੋਂ ਇਸ ਕਿਸਾਨ ਨੇ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਨਹੀਂ ਲਗਾਈ। ਪਰਾਲੀ ਨੂੰ ਸਾਂਭਣ ਲਈ ਖੇਤ ਵਿਚ ਖੇਤੀਬਾੜੀ ਸੰਦਾਂ ਦੀ ਵਰਤੋਂ ਨਾਲ ਇਹ ਪਰਾਲੀ ਨੂੰ ਖੇਤ ਵਿਚ ਹੀ ਰਲਾਉਣ ਦੀ ਤਕਨੀਕ ਦੀ ਵਰਤੋਂ ਕਰਦਾ ਹੈ।
ਤਕਨੀਕਾਂ ਦੀ ਵਰਤੋਂ : ਕੰਬਾਈਨ ਨਾਲ ਝੋਨੇ ਦੀ ਵਾਢੀ ਹੋਣ ਤੋਂ ਬਾਅਦ ਸ: ਜੈਦੀਪ ਸਿੰਘ ਸੰਘਾ ਪਰਾਲੀ ਨੂੰ ਕਾਮਿਆਂ ਦੀ ਮਦਦ ਨਾਲ ਖੇਤ ਵਿਚ ਇਕਸਾਰ ਖਿਲਾਰ ਦਿੰਦਾ ਹੈ ਅਤੇ ਇਸ ਤੋਂ ਬਾਅਦ ਰੋਟਾਵੇਟਰ ਦੀ ਮਦਦ ਨਾਲ ਪਰਾਲੀ ਨੂੰ ਖੇਤ ਵਿਚ ਰਲਾ ਦਿੰਦਾ ਹੈ। ਉਸ ਤੋਂ ਬਾਅਦ ਖੇਤ ਨੂੰ ਪਾਣੀ ਲਗਾ ਦਿੰਦਾ ਹੈ। ਖੇਤ ਵੱਤਰ ਆਉਣ ਉਪਰੰਤ ਦੋ ਵਾਰ ਤਵੀਆਂ ਦੀ ਵਰਤੋਂ ਕਰਦਾ ਹੈ ਅਤੇ ਜੇਕਰ ਜ਼ਰੂਰਤ ਪਵੇ ਤਾਂ ਇਕ ਵਾਰ ਹਲ ਮਾਰ ਕੇ ਬਾਅਦ ਵਿਚ ਦੋ ਵਾਰ ਸੁਹਾਗਾ ਮਾਰ ਕੇ ਖੇਤ ਨੂੰ ਕਣਕ ਦੀ ਬਿਜਾਈ ਲਈ ਤਿਆਰ ਕਰ ਲੈਂਦਾ ਹੈ।
ਜ਼ਮੀਨ ਦੀ ਸਿਹਤ 'ਤੇ ਅਸਰ : ਪਿਛਲੇ 12 ਸਾਲਾਂ (2006 ਤੋਂ 2017) ਤੋਂ ਲਗਾਤਾਰ ਪਰਾਲੀ ਖੇਤ ਵਿਚ ਰਲਾਉਣ ਕਰਕੇ ਜ਼ਮੀਨ ਦੀ ਸਿਹਤ ਵਿਚ ਬਹੁਤ ਸੁਧਾਰ ਹੋਇਆ ਹੈ। ਉਸ ਦੇ ਖੇਤ ਦੀ ਪੀ.ਐਚ. 12 ਸਾਲਾਂ ਵਿਚ 9.9 ਤੋਂ ਘਟ ਕੇ 7.9 ਹੋ ਗਈ ਹੈ। ਪਹਿਲਾਂ ਕਿਸਾਨ ਦੁਆਰਾ ਪੀ.ਐਚ. ਵੱਧ ਹੋਣ ਕਰਕੇ ਜਿਪਸਮ ਦੀ ਵਰਤੋਂ ਕੀਤੀ ਜਾਂਦੀ ਸੀ ਪਰੰਤੂ ਹੁਣ ਪੀ.ਐਚ. ਘਟ ਜਾਣ ਕਰਕੇ ਕਿਸਾਨ ਦੁਆਰਾ ਜਿਪਸਮ ਨਹੀਂ ਪਾਈ ਜਾ ਰਹੀ। ਜ਼ਮੀਨ ਦੀ ਜੈਵਿਕ ਕਾਰਬਨ 0.35 ਫ਼ੀਸਦੀ ਤੋਂ ਵਧ ਕੇ 0.66 ਫ਼ੀਸਦੀ ਹੋ ਗਈ ਹੈ। ਜੈਵਿਕ ਕਾਰਬਨ ਜੋ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਇਕ ਸੂਚਕ ਹੈ ਹੇਠਲੇ ਦਰਜੇ (0.35 ਫ਼ੀਸਦੀ) ਤੋਂ ਵਧ ਕੇ ਦਰਮਿਆਨੇ ਦਰਜੇ (0.66 ਫ਼ੀਸਦੀ) ਵਿਚ ਹੋ ਗਿਆ ਹੈ, ਜਿਸ ਨਾਲ ਨਾਈਟ੍ਰੋਜਨ ਖਾਦ ਦੀ ਵੀ ਬੱਚਤ ਹੋ ਰਹੀ ਹੈ।
ਇਸ ਕਿਸਾਨ ਦੀ ਹਿੰਮਤ ਨੂੰ ਦਾਦ ਦੇਣ ਲਈ ਸਾਲ 2006 ਅਤੇ 2009 ਵਿਚ ਕ੍ਰਮਵਾਰ ਸਿੱਖਿਆ ਮੰਤਰੀ ਅਤੇ ਮੁੱਖ ਖੇਤੀਬਾੜੀ ਅਫਸਰ, ਮੋਗਾ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਹ ਕਿਸਾਨ ਪੀ.ਏ.ਯੂ. ਕਿਸਾਨ ਕਲੱਬ ਦਾ ਮੈਂਬਰ ਵੀ ਹੈ। ਨਵੀਆਂ ਤਕਨੀਕਾਂ ਦੀ ਜਾਣਕਾਰੀ ਲਈ ਇਹ ਕਿਸਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਲੱਗਣ ਵਾਲੇ ਕਿਸਾਨ ਮੇਲਿਆਂ ਵਿਚ ਵੀ ਜ਼ਰੂਰ ਸ਼ਮੂਲੀਅਤ ਕਰਦਾ ਹੈ। ਇਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ ਅਤੇ ਖੇਤੀਬਾੜੀ ਵਿਭਾਗ ਦੁਆਰਾ ਵੱਖ-ਵੱਖ ਸਮੇਂ ਕਰਵਾਏ ਜਾਂਦੇ ਸਮਾਗਮਾਂ ਅਤੇ ਸਿਖਲਾਈ ਕੈਪਾਂ ਵਿਚ ਵੀ ਸ਼ਾਮਿਲ ਹੁੰਦਾ ਹੈ। ਸਾਲ 2017 ਵਿਚ ਪਮੇਟੀ, ਲੁਧਿਆਣਾ ਵਿਖੇ ਇਨ੍ਹਾਂ ਨੇ ਪਾਣੀ ਦੀ ਬੱਚਤ ਦੀ ਸਿਖਲਾਈ ਵੀ ਲਈ। ਅਕਤੂਬਰ, 2017 ਵਿਚ ਪਰਾਲੀ ਨਾ ਸਾੜਨ ਲਈ ਅਟਾਰੀ, ਲੁਧਿਆਣਾ ਵਿਖੇ ਹੋਈ ਸਟੇਕ ਹੋਲਡਰ ਦੀ ਮੀਟਿੰਗ ਵਿਚ ਵੀ ਹਿੱਸਾ ਲਿਆ। ਪਰਾਲੀ ਦੀ ਸੰਭਾਲ ਲਈ ਸ: ਜੈਦੀਪ ਸਿੰਘ ਸੰਘਾ ਦੀ ਹਿੰਮਤ ਕਿਸਾਨਾਂ ਲਈ ਪਰਾਲੀ ਨੂੰ ਨਾ ਸਾੜਨ ਅਤੇ ਇਸ ਦੇ ਸੰਭਾਲ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਇਕ ਵੱਡੀ ਮਿਸਾਲ ਹੈ।


ਮੋਬਾਈਲ : 94171-16570

ਜੇ ਕੰਮ ਕਰਨ ਦੀ ਨੀਅਤ ਹੋਵੇ

ਅੱਜ ਹਜ਼ਾਰਾਂ ਹੀ ਲੋਕ ਨੌਕਰੀ ਲੱਭਦੇ ਫਿਰਦੇ ਹਨ। ਪਰ ਬਹੁਤ ਘੱਟ ਲੋਕ ਸਫਲ ਹੁੰਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਕਿਉਂ ਨਹੀਂ ਨੌਕਰੀਆਂ ਮਿਲਦੀਆਂ? ਦੂਜੇ ਪਾਸੇ ਹਰ ਦੁਕਾਨ, ਫੈਕਟਰੀ ਜਾਂ ਅਦਾਰਿਆਂ ਨੂੰ ਕੰਮ ਕਰਨ ਵਾਲੇ ਨਹੀਂ ਮਿਲਦੇ। ਧਿਆਨ ਦਿੱਤਿਆਂ ਮਸਲਾ ਸੌਖੇ ਹੀ ਸਮਝ ਆ ਜਾਵੇਗਾ। 1. ਬਹੁਤੇ ਲੋਕ ਆਪਣੀ ਆਸ ਵੱਡੀ ਰੱਖਦੇ ਹਨ, ਪਰ ਆਪਣੀ ਕੰਮ ਕਰਨ ਦੀ ਯੋਗਤਾ ਨਹੀਂ ਵਧਾਉਣ ਦੀ ਕੋਸ਼ਿਸ਼ ਕਰਦੇ। 2. ਹੱਥੀਂ ਕੰਮ ਕਰਨ ਨੂੰ ਪਾਪ ਸਮਝਦੇ ਹਨ, ਹਰ ਕੋਈ ਪੈਂਟ-ਕਮੀਜ਼ ਪਾ ਮੇਜ਼-ਜ਼ਰੂਰੀ 'ਤੇ ਹੀ ਬੈਠਣਾ ਚਾਹੁੰਦਾ। ਛੋਟਾ ਵਪਾਰ ਕਰਨ ਚ ਹੱਤਕ ਸਮਝਦੇ ਹਨ। ਜਦ ਕਿ ਪੰਜਾਬ ਚ ਆਏ ਪ੍ਰਵਾਸੀ ਮਜ਼ਦੂਰ ਰੇਹੜੀ ਲਾ ਕੇ ਹੀ 5000 ਰੁਪਏ ਦਿਹਾੜੀ ਵੀ ਕਮਾਈ ਜਾਂਦੇ ਹਨ। ਦੂਜੇ ਸੂਬਿਆਂ ਵਿਚ ਔਰਤਾਂ ਵੀ 6-7 ਘੰਟੇ ਵਿਚ ਹੀ ਘਰ ਦੀ ਉਗਾਈ ਸਬਜ਼ੀ ਸੜਕਾਂ ਕੰਢੇ ਵੇਚ ਕੇ ਚੋਖਾ ਕਮਾ ਲੈਂਦੀਆਂ ਹਨ। ਗੱਲ ਤਾਂ ਇਹੋ ਰਹਿ ਗਈ ਹੈ ਕਿ ਅਸੀਂ ਕਿਰਤ ਕਰਨ ਨੂੰ ਛੋਟਾ-ਵੱਡਾ ਸਮਝਣ ਲੱਗ ਪਏ ਹਾਂ, ਇਹੋ ਸਾਡੇ ਦੁੱਖਾਂ ਦਾ ਕਾਰਨ ਹੈ। ਆਓ ਕਿਰਤ ਦੀ ਇਜ਼ਤ ਕਰਨਾ ਸਿੱਖੀਏ ਤੇ ਬੇਰੁਜ਼ਗਾਰੀ ਨੂੰ ਠੱਲ੍ਹ ਪਾਈਏ। ਨੌਕਰੀਆਂ ਤੇ ਧਨ ਸਾਡੇ ਅੱਗੇ ਪਿੱਛੇ ਫਿਰੇਗਾ


-ਮੋਬਾ: 98159-45018

ਵਿਰਸੇ ਦੀਆਂ ਬਾਤਾਂ

ਇਹ ਹਾਰ ਨਹੀਂ ਮਿਲਦੇ ਅੱਜਕਲ੍ਹ

ਹਾਰ ਦੇ ਕਈ ਅਰਥ ਹਨ। ਇਕ ਹਾਰ ਜਿੱਤ ਦੇ ਉਲਟ ਮਿਲਦੀ ਹੈ। ਹਾਰ ਉਹ ਵੀ ਹਨ, ਜਿਹੜੇ ਖੁਸ਼ੀ ਜਾਂ ਸ਼ਰਧਾਂਜਲੀ ਮੌਕੇ ਪਾਏ ਜਾਂਦੇ ਹਨ। ਤੀਜੀ ਕਿਸਮ ਦੇ ਹਾਰ ਕਿਸੇ ਸਾਂਭਣਯੋਗ ਚੀਜ਼ ਨੂੰ ਪਰੋਅ ਕੇ ਬਣਾ ਲਏ ਜਾਂਦੇ ਹਨ। ਜਿਵੇਂ ਮੋਤੀਆਂ ਦਾ ਹਾਰ, ਹੀਰਿਆਂ ਦਾ ਹਾਰ। ਤਸਵੀਰ ਵਿਚ ਜਿਹੜਾ ਹਾਰ ਤੁਸੀਂ ਦੇਖ ਰਹੇ ਹੋ, ਇਹ ਬਜ਼ਾਰ ਵਿਚ ਨਹੀਂ ਮਿਲਦਾ। ਇਹ ਨੂੰ ਘਰ ਦੀ ਔਰਤ ਵਲੋਂ ਤਿਆਰ ਕੀਤਾ ਗਿਆ ਹੈ। ਲੰਘੇ ਵੇਲੇ ਇਹ ਹਾਰ ਸਾਨੂੰ ਪਿੰਡਾਂ ਦੀਆਂ ਸਬਾਤਾਂ 'ਚ ਆਮ ਟੰਗੇ ਦਿਸ ਪੈਂਦੇ ਸਨ, ਪਰ ਹੁਣ ਨਹੀਂ। ਇਹ ਚਿੱਬੜਾਂ ਦਾ ਹਾਰ ਹੈ। ਕੋਈ ਵਿਰਲਾ ਘਰ ਹੋਵੇਗਾ, ਜਿੱਥੇ ਹੁਣ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ।
ਚਿੱਬੜ ਕਿਸੇ ਵੇਲੇ ਨਰਮੇ, ਕਪਾਹ ਦੇ ਖੇਤਾਂ ਵਿਚ ਆਮ ਮਿਲਦੇ ਸਨ। ਬਹੁਤੀ ਵਾਰ ਇਹ ਬਿਨਾਂ ਬੀਜੇ ਹੋ ਜਾਂਦੇ। ਜਦੋਂ ਇਹ ਪੱਕ ਜਾਂਦੇ ਤਾਂ ਵੇਲ ਨਾਲੋਂ ਆਪੇ ਅੱਡ ਹੋ ਜਾਂਦੇ। ਜਿਨ੍ਹਾਂ ਨੇ ਇਨ੍ਹਾਂ ਦੀ ਚਟਣੀ ਖਾਧੀ ਹੈ, ਉਹ ਕਦੇ ਇਸ ਦੇ ਸਵਾਦ ਨੂੰ ਨਹੀਂ ਭੁੱਲਦੇ। ਸਿਆਣੀਆਂ ਔਰਤਾਂ ਚਿੱਬੜਾਂ ਦੇ ਹਾਰ ਬਣਾ ਕੇ ਸੰਭਾਲ ਲੈਂਦੀਆਂ ਸਨ ਤਾਂ ਜੁ ਰੁੱਤ ਜਾਣ ਮਗਰੋਂ ਵੀ ਇਨ੍ਹਾਂ ਦੀ ਚਟਣੀ ਬਣਾਈ ਜਾ ਸਕੇ।
ਤਸਵੀਰ ਵਿਚ ਜਿਹੜਾ ਹਾਰ ਦੇਖ ਰਹੇ ਹੋ, ਇਹੋ ਜਿਹੇ ਚਿੱਬੜਾਂ ਦੇ ਹਾਰ ਸਾਡੇ ਘਰ ਆਮ ਬਣਦੇ ਹੁੰਦੇ ਸਨ। ਕੂੰਡੇ ਵਿਚ ਗੰਢੇ, ਮਿਰਚਾਂ ਤੇ ਚਿੱਬੜ ਕੁੱਟਣੇ ਮੇਰੇ ਕੰਮ ਵਿਚ ਸ਼ਾਮਿਲ ਹੁੰਦਾ। ਜਦੋਂ ਇਸ ਚਟਣੀ ਨੂੰ ਮਖਣੀ ਨਾਲ ਖਾਧਾ ਜਾਂਦਾ ਤਾਂ ਰੂਹ ਖੁਸ਼ ਹੋ ਜਾਂਦੀ।
ਮੈਂ ਜਦੋਂ ਵੀ ਪਿੰਡ ਜਾਂਦਾ ਹਾਂ ਤਾਂ ਫ਼ਰੀਦਕੋਟ ਦੀਆਂ ਸਬਜ਼ੀਆਂ ਵਾਲੀਆਂ ਦੁਕਾਨਾਂ ਤੋਂ ਚਿੱਬੜ ਲੱਭਦਾ ਹਾਂ। ਜੇ ਮਿਲ ਜਾਣ ਤਾਂ ਦੋ ਕਿਲੋ ਲੈ ਕੇ ਜਲੰਧਰ ਪਹੁੰਚਦਾ ਹਾਂ। ਕਈ ਦੋਸਤ ਚਿੱਬੜ ਲੈ ਕੇ ਬੇਹੱਦ ਖੁਸ਼ ਹੁੰਦੇ ਹਨ।
ਨਵੇਂ ਦੌਰ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਦੌਰ ਵਿਚ ਅਸੀਂ ਪੁਰਾਣੇ ਸਵਾਦ ਨੂੰ ਕਿਵੇਂ ਭੁੱਲੀਏ? ਸਾਡੀ ਇਸ ਕਮਜ਼ੋਰੀ ਨੂੰ ਕੋਈ ਵੀ ਦਰਜਾ ਮਿਲੇ, ਪਰ ਮਨ ਤਾਂ ਮਨ ਹੈ, ਮਰਜ਼ੀ ਦਾ ਸਵਾਦ ਚਾਹੁੰਦਾ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.

ਪਸ਼ੂਧਨ ਗਣਨਾ ਦੌਰਾਨ ਪੰਜਾਬ 'ਚ ਗਿਣਨਯੋਗ ਮੁੱਖ ਰਜਿਸਟਰਡ ਨਸਲਾਂ ਤੇ ਇਨ੍ਹਾਂ ਦੇ ਪਛਾਣ ਚਿੰਨ੍ਹ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਘੋੜੇ, ਪੌਨੀ ਤੇ ਗਧੇ ਦੀਆਂ ਵਰਣਿਤ ਨਸਲਾਂ
ਘੋੜੇ ਤੇ ਪੌਨੀ 'ਚ ਨਸਲਵਾਰ ਕੋਈ ਫਰਕ ਨਹੀਂ ਪਰ 4 ਫੁੱਟ ਤੋਂ ਵੱਧ ਕੱਦ ਵਾਲੇ ਘੋੜਿਆਂ 'ਚ ਤੇ ਘੱਟ ਵਾਲੇ ਪੌਨੀਆਂ 'ਚ ਗਿਣੇ ਜਾਣਗੇ।
ਮਾਰਵਾੜੀ : ਇਸ ਨਸਲ ਦਾ ਮੂਲ ਇਲਾਕਾ ਰਾਜਸਥਾਨ ਹੈ। ਸਰੀਰ ਦਾ ਰੰਗ ਜ਼ਿਆਦਾਤਰ ਭੁਰਾ-ਲਾਲ ਹੁੰਦਾ ਹੈ ਪਰ ਇਹ ਚਿਤਕਬਰਾ (Roan), ਬਦਾਮੀ (3hestnut), ਗੇਰੂਆ, ਚਿੱਟਾ ਤੇ ਕਾਲਾ ਚਿੱਟੀਆਂ ਧਾਰੀਆਂ ਸਮੇਤ ਵੀ ਹੁੰਦਾ ਹੈ। ਇਸ ਨਸਲ ਦੇ ਘੋੜੇ ਕਾਠੀਆਵਾੜੀ ਨਸਲ ਨਾਲੋਂ ਲੰਬੇ ਤੇ ਉੱਚੇ ਹੁੰਦੇ ਹਨ। ਔਸਤ ਕੱਦ 150 ਸਮ ਜਾਂ ਇਸ ਤੋਂ ਜ਼ਿਆਦਾ ਹੁੰਦਾ ਹੈ ।
ਕਾਠੀਆਵਾੜੀ : ਇਸ ਨਸਲ ਦਾ ਮੂਲ ਇਲਾਕਾ ਗੁਜਰਾਤ ਹੈ। ਸਰੀਰ ਦਾ ਰੰਗ ਲਾਲ-ਭੂਰਾ (2a਼), ਹਲਕਾ ਜਾਂ ਗੂੜਾ ਬਦਾਮੀ ਜਾਂ ਧੁੰਦਲਾ ਅਸਮਾਨੀ (7r਼ 4un ) ਹੁੰਦਾ ਹੈ। ਮੂੰਹ ਛੋਟਾ, ਮੱਥਾ ਚੌੜਾ ਤੇ ਅੰਦਰ ਨੂੰ ਧੱਸਿਆ, ਪੋਲ ਤੋਂ ਮੱਥੇ ਤੱਕ ਤਿਕੋਨ ਬਣਦੀ, ਅੱਖਾਂ ਵੱਡੀਆਂ,
ਨਾਸਾਂ ਚੌੜੀਆਂ ਤੇ ਸਿਰਿਆਂ ਤੋਂ ਪਤਲੀਆਂ, ਬੁੱਲ੍ਹ ਛੋਟੇ, ਕੰਨ ਛੋਟੇ ਤੇ 90 ਦੇ ਕੋਣ 'ਤੇ ਉਪਰ ਨੂੰ ਮੁੜੇ ਹੋਏ, ਪੂਛ ਲੰਬੀ ਤੇ ਧਰਤੀ ਨੂੰ ਲਗਦੀ, ਬਾਹੂ ਸਿੱਧੇ, ਪੈਰ ਗੋਲ ਤੇ ਚੌੜੇ ਹੁੰਦੇ ਹਨ ਪਰ ਕੱਦ 150 ਸਮ ਤੋਂ ਵੱਧ ਨਹੀਂ ਹੁੰਦਾ।
ਸਪਿਤੀ ਗਧੇ : ਇਸ ਨਸਲ ਦਾ ਮੂਲ ਇਲਾਕਾ ਹਿਮਾਚਲ ਪ੍ਰਦੇਸ਼ ਹੈ। ਰੰਗ ਆਮ ਤੌਰ 'ਤੇ ਭੂਰਾ ਪਰ ਭੂਰਾ ਕਾਲਾ ਜਾਂ ਕਾਲਾ ਵੀ ਹੁੰਦਾ ਹੈ, ਬੁੱਲ੍ਹਾਂ ਦੁਆਲੇ ਚਿੱਟੀਆਂ ਧਾਰੀਆਂ ਜੋ ਕਿ ਕਦੇ-ਕਦੇ ਅੱਖਾਂ ਦੁਆਲੇ ਵੀ ਹੁੰਦੀਆਂ ਹਨ। ਬਾਕੀ ਸਰੀਰ ਵਾਂਗ ਮੂੰਹ 'ਤੇ ਵੀ ਵਾਲ ਹੁੰਦੇ ਹਨ। ਸਿਰ ਚੌੜਾ ਪਰ ਛੋਟਾ ਹੁੰਦਾ ਹੈ। ਪੂਛ ਖੁੱਚਾਂ ਤੱਕ ਪਹੁੰਚਦੀ ਹੈ। ਸਾਰੀ ਪੂਛ 'ਤੇ ਵਾਲਾਂ ਦੀ ਬਹੁਤਾਤ ਹੋਣ ਕਾਰਨ ਦੁੰਬ ਦਾ ਪਤਾ ਨਹੀਂ ਲੱਗਦਾ ।
ਬੀਕਾਨੇਰੀ ਊਠ (ਊਠਾਂ ਦੀ ਵਰਣਿਤ ਨਸਲ)
ਇਸ ਨਸਲ ਦਾ ਮੂਲ ਇਲਾਕਾ ਪੰਜਾਬ, ਹਰਿਆਣਾ ਤੇ ਰਾਜਸਥਾਨ ਹੈ। ਰੰਗ ਭੂਰਾ-ਲਾਲ ਤੋਂ ਗੂੜਾ ਕਾਲਾ-ਭੂਰਾ, ਗੁੰਬਦ ਵਰਗਾ ਸਿਰ, ਮੱਥਾ ਉਭਰਵਾਂ, ਅੱਖਾਂ ਉਪਰ ਡੂੰਘਾ ਟੋਆ ਤੇ ਸੰਘਣੇ ਭਰਵੱਟੇ (ਝੀਂਪਰਾ), ਨੱਕ ਲੰਬਾ, ਕੰਨ ਛੋਟੇ ਤੇ ਖੜ੍ਹੇ ਹੋਏ, ਗਰਦਨ ਦਰਮਿਆਨੀ ਤੋਂ ਲੰਬੀ ਤੇ ਲਗਪਗ ਸਿੱਧੀ, ਅੱਖਾਂ, ਕੰਨ, ਠੋਡੀ ਥੱਲੇ ਤੇ ਗਰਦਨ 'ਤੇ ਸੰਘਣੇ ਵਾਲ, ਲੱਤਾਂ ਲੰਬੀਆਂ ਤੇ ਮਜ਼ਬੂਤ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਸੂਰਾਂ ਦੀਆਂ
ਵਰਣਿਤ ਨਸਲਾਂ
ਲਾਰਜ ਵਾਈਟ ਯਾਰਕਸ਼ਾਇਰ : ਇਸ ਨਸਲ ਦਾ ਮੂਲ ਇਲਾਕਾ ਇੰਗਲੈਂਡ ਹੈ। ਰੰਗ ਚਿੱਟਾ ਤੋਂ ਹਲਕਾ ਗੁਲਾਬੀ ਪਰ ਸਰੀਰ 'ਤੇ ਕੋਈ ਵਾਲ ਨਹੀਂ, ਕੰਨ ਖੜ੍ਹੇ ਤੇ ਤਿੱਖੇ, ਮੂੰਹ ਹਲਕਾ ਧੱਸਿਆ ਤੇ ਦਰਮਿਆਨੀ ਸੁੰਨ (Snout), ਪੂਛ ਨਰਾਂ 'ਚ ਕੁੰਡਲੀਦਾਰ ਪਰ ਮਾਦਾ 'ਚ ਸਿੱਧੀ, ਪਿੱਠ ਲੰਬੀ ਤੇ ਕਮਾਨ ਦੀ ਤਰ੍ਹਾਂ ਡੂੰਘੀ 'ਤੇ 7 ਜੋੜੇ ਥਣ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ ।
ਮਿਡਲ ਵਾਈਟ ਯਾਰਕਸ਼ਾਇਰ : ਇਸ ਨਸਲ ਦਾ ਮੂਲ ਇਲਾਕਾ ਇੰਗਲੈਂਡ ਹੈ। ਰੰਗ ਚਿੱਟਾ ਸਰੀਰ ਤੋਂ ਕੋਈ ਧੱਬਾ, ਖੁੁਰਦਰਾਪਣ ਜਾਂ ਝੁੁਰੜੀਆਂ ਨਹੀਂ ਹੁੰਦੀਆਂ, ਕੰਨ ਖੜ੍ਹੇ, ਲੰਬੇੇ ਤੇ ਤਿੱਖੇ, ਮੂੰਹ ਹਲਕਾ ਧੱਸਿਆ, ਨੱਕ ਫੀਂਡਾ/ਫੀਂਨਾ ਤੇ ਛੋਟੀ ਸੁੰਨ, ਪੂੰਛ ਨਰਾਂ 'ਚ ਕੁੰਡਲੀਦਾਰ ਪਰ ਮਾਦਾ 'ਚ ਸਿੱਧੀ, ਪਿੱਠ ਲੰਬੀ ਤੇ ਸਿੱਧੀ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ ।
ਲੈਂਡਰੇਸ : ਇਸ ਨਸਲ ਦਾ ਮੂਲ ਇਲਾਕਾ ਡੈਨਮਾਰਕ ਹੈ। ਰੰਗ ਚਿੱਟਾ ਪਰ ਸਰੀਰ 'ਤੇ ਵਾਲ ਹੁੰਦੇ ਹਨ, ਕੰਨ ਲੰਬੇ ਤੇ ਲਮਕਵੇਂ, ਮੂੰਹ ਅੰਦਰ ਨੂੰ ਧੱਸਿਆ, ਨੱਕ ਤੇ ਸੁੰਨ ਸਿੱਧੀ, ਪੂਛ ਕੁੰਡਲੀਦਾਰ, ਪਿੱਠ ਲੰਬੀ ਤੇ ਡੂੰਘੀ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ ।
ਹੈਂਪਸ਼ਾਇਰ : ਇਸ ਨਸਲ ਦਾ ਮੂਲ ਇਲਾਕਾ ਇੰਗਲੈਂਡ ਹੈ। ਰੰਗ ਕਾਲਾ ਪਰ ਸਰੀਰ ਤੇ ਬਾਹੂਆਂ ਦੁਆਲੇ ਅਗਲੀਆਂ ਲੱਤਾਂ ਤੇ ਪੈਰਾਂ ਤੱਕ ਚਿੱਟੀ ਧਾਰੀ ਹੁੰਦੀ ਹੈ, ਕੰਨ ਲੰਬੇ ਤੇ ਖੜ੍ਹੇ, ਮੂੰਹ ਲੰਬਾ ਤੇ ਸਿੱਧਾ, ਨੱਕ ਤੇ ਸੁੰਨ ਸਿੱਧੀ, ਪੂਛ ਕੁੰਡਲੀਦਾਰ, ਪਿੱਠ ਲੰਬੀ ਤੇ ਡੂੰਘੀ ਤੇ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਪੋਲਟਰੀ ਦੀਆਂ ਵਰਣਿਤ ਨਸਲਾਂ
ਅਸੀਲ : ਇਸ ਨਸਲ ਦਾ ਮੂਲ ਇਲਾਕਾ ਆਂਧਰਾ ਪ੍ਰਦੇਸ਼, ਉੜੀਸਾ ਤੇ ਛਤੀਸਗੜ੍ਹ ਹੈ। ਖੰਬਾਂ ਦਾ ਲਾਲ (ਜਾਂ ਭੂਰਾ) ਕਾਲਾ ਰੰਗ, ਧਾਰੀਦਾਰ ਜਾਂ ਠੋਸ, ਧਾਰੀਦਾਰ ਜਾਂ ਧੱਬੇਦਾਰ ਪੈਟਰਨ, ਚਮਕੀਲੇ ਲਾਲ ਵਾਟਲਜ਼, ਕੰਨ ਦਾ ਲਾਲ ਲੋਬ, ਅੱਖਾਂ ਦਾ ਲਾਲ ਘੇਰਾ, ਛੋਟੀ, ਲਾਲ ਰੰਗ ਦੀ ਤੇ ਮਟਰ ਵਰਗੀ ਕਲਗੀ, ਮੂੰਹ ਤੇ ਛਾਤੀ 'ਤੇ ਕੋਈ ਖੰਭ ਨਹੀਂ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਪੰਜਾਬ ਬਰਾਊਨ : ਇਸ ਨਸਲ ਦਾ ਮੂਲ ਇਲਾਕਾ ਪੰਜਾਬ ਤੇ ਹਰਿਆਣਾ ਹੈ। ਖੰਭਾਂ ਦਾ ਭੂਰਾ ਲਾਲ ਰੰਗ (ਨਰ 'ਚ ਧੌਣ, ਖੰਭਾਂ ਤੇ ਪੂਛ 'ਤੇ ਕਾਲੇ ਧੱਬੇ ਜਾਂ ਧਾਰੀਆਂ), ਖੰਭਾਂ 'ਤੇ ਸਾਰਾ ਭੂਰਾ ਪੈਟਰਨ, ਲਾਲ ਨਰ 'ਚ ਵੱਡੇ ਤੇ ਮਾਦਾ 'ਚ ਛੋਟੇ ਵਾਟਲਜ਼, ਕੰਨ ਦਾ ਲਾਲ ਲੋਬ, ਅੱਖਾਂ ਦਾ ਲਾਲ ਘੇਰਾ, ਵੱਡੀ, ਇਕਹਰੀ ਲਾਲ ਕਲਗੀ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ। (ਸਮਾਪਤ)


-ਮੋਬਾਈਲ : 94173-52195.
ਈਮੇਲ : rkmangal2802@gmail.com

ਕਿਸਾਨ ਮੇਲੇ 'ਤੇ ਵਿਸ਼ੇਸ਼

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਮੂਲ ਉਦੇਸ਼ਖੇਤੀ ਉਪਜ ਵਿਚ ਵਾਧੇ ਨੂੰ ਬਰਕਰਾਰ ਰੱਖਣ ਵਾਲੀਆਂ ਤਕਨੀਕਾਂ ਦਾ ਵਿਕਾਸ ਤੇ ਪਸਾਰ ਹੈ। ਪਰ ਨਾਲ ਹੀ ਪੇਂਡੂ ਪਰਿਵਾਰਾਂ ਲਈ ਆਮਦਨ ਦੇ ਬਦਲਵੇਂ ਤਰੀਕਿਆਂ, ਸਹਾਇਕ ਧੰਦਿਆਂ ਅਤੇ ਖੇਤੀ ਉਤਪਾਦਾਂ ਦੀ ਪ੍ਰੋਸੈਸਿੰਗ ਉਪਰ ਜ਼ੋਰ ਦਿੱਤਾ ਜਾ ਰਿਹਾ ਹੈ। ਸਮੁੱਚੀ ਆਰਥਿਕਤਾ ਵਿਚ ਖੇਤੀ ਦੀ ਹਿੱਸੇਦਾਰੀ ਘਟ ਰਹੀ ਹੈ ਪਰ ਖੇਤੀ ਨਾਲ ਜੁੜੇ ਲੋਕਾਂ ਵਿਚ ਓਨੀ ਕਮੀ ਨਹੀਂ ਹੋ ਰਹੀ। ਨਤੀਜੇ ਵਜੋਂ ਦੂਜੇ ਕਿੱਤਿਆਂ ਨਾਲੋਂ ਖੇਤੀ ਆਮਦਨ ਦਰ ਘਟਣ ਕਰ ਕੇ ਕਿਸਾਨ ਨਿਰਾਸ਼ਾ ਦੀ ਸਥਿਤੀ ਵਿਚ ਹੈ, ਭਾਵੇਂ ਦੂਜੇ ਸੂਬਿਆਂ ਦੇ ਕਿਸਾਨਾਂ ਦੇ ਮੁਕਾਬਲੇ ਉਹ ਖੁਸ਼ਹਾਲ ਹੈ। ਤੁਲਨਾਤਮਕ ਮਿਹਨਤਾਨੇ ਅਤੇ ਕਿੱਤੇ ਦੀ ਵਿਭਿੰਨਤਾ ਤੋਂ ਇਲਾਵਾ ਪੰਜਾਬ ਦੀ ਕਿਸਾਨੀ ਨੂੰ ਮੁੱਖ ਚੁਣੌਤੀ ਕੁਦਰਤੀ ਸਰੋਤਾਂ ਦੀ ਸੰਭਾਲ ਦੀ ਹੈ। ਪੀ.ਏ.ਯੂ. ਵਿਚ ਸਾਡੀ ਕੋਸ਼ਿਸ਼ ਹੈ ਕਿ ਨਵੀਨ ਖੋਜਾਂ ਨਾਲ ਅਜਿਹੀ ਤਕਨੀਕ ਵਿਕਸਿਤ ਕਰੀਏ ਜੋ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਵਿਚ ਸਹਾਈ ਹੋਵੇ। ਸਾਡੀ ਸਭ ਤੋਂ ਵੱਡੀ ਉਮੀਦ ਪੰਜਾਬ ਦੇ ਜਾਗਰੂਕ ਅਤੇ ਮਿਹਨਤੀ ਕਿਸਾਨ ਹਨ।
ਕੇਂਦਰੀ ਜ਼ਿਲ੍ਹਿਆਂ ਵਿਚ ਧਰਤੀ ਹੇਠਲਾ ਖ਼ਤਮ ਹੋ ਰਿਹਾ ਪਾਣੀ ਅਤੇ ਦੱਖਣ-ਪੱਛਮੀ ਖੇਤਰ ਵਿਚ ਪਾਣੀ ਦਾ ਖਾਰਾਪਣ ਪੰਜਾਬ ਦੀ ਖੇਤੀ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਜਿਸ ਦੇ ਹੱਲ ਲਈ ਤਕਨੀਕੀ ਖੋਜਾਂ ਅਤੇ ਢੁਕਵੀਆਂ ਨੀਤੀਆਂ ਦੀ ਲੋੜ ਹੈ। ਇਸ ਸੰਦਰਭ ਵਿਚ ਘੱਟ ਸਮੇਂ ਵਿਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਅਪਣਾਉਣ ਲਈ ਪੰਜਾਬ ਦੇ ਕਿਸਾਨਾਂ ਦੀ ਸਿਫ਼ਤ ਕਰਨੀ ਬਣਦੀ ਹੈ। ਇਨ੍ਹਾਂ ਕਿਸਮਾਂ ਨੇ 2017 ਦੇ ਸੀਜ਼ਨ ਦੌਰਾਨ ਪਰਮਲ ਝੋਨੇ ਦਾ 69 ਫ਼ੀਸਦੀ ਰਕਬਾ ਮੱਲ ਲਿਆ ਹੈ। ਘੱਟ ਕੱਦ ਅਤੇ ਘੱਟ ਪਰਾਲੀ ਕਾਰਨ ਇਹ ਕਿਸਮਾਂ (2012 ਵਿਚ ਜਾਰੀ ਹੋਈ ਪੀ. ਆਰ. 121 ਅਤੇ 2017 ਵਿਚ ਜਾਰੀ ਹੋਈ ਪੀ. ਆਰ. 126) ਪਾਣੀ ਅਤੇ ਖੇਤੀ ਰਸਾਇਣਾਂ ਦੀ ਬੱਚਤ ਕਰਦੀਆਂ ਹਨ ਅਤੇ ਇਸ ਲਈ ਇਹ 20 ਜੂਨ ਤੋਂ ਬਾਅਦ ਬੀਜੇ ਜਾਣ ਲਈ ਢੁਕਵੀਆਂ ਹਨ। ਇਨ੍ਹਾਂ ਕਿਸਮਾਂ ਦੀ ਪਰਾਲੀ ਦੀ ਸਾਂਭ-ਸੰਭਾਲ ਵੀ ਸੌਖੀ ਹੈ। 2017 ਦੇ ਫ਼ਸਲੀ ਸੀਜ਼ਨ ਦੌਰਾਨ ਰਾਜ ਵਿਚ ਪਰਮਲ ਝੋਨੇ ਦਾ ਰਿਕਾਰਡ ਉਤਪਾਦਨ (180.15 ਲੱਖ ਮੀਟ੍ਰਿਕ ਟਨ) ਅਤੇ ਰਿਕਾਰਡ ਉਪਜ (6.89 ਟਨ ਪ੍ਰਤੀ ਹੈਕਟੇਅਰ) ਦਾ ਟੀਚਾ ਹਾਸਲ ਹੋਇਆ। ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਨੇ ਔਸਤ ਝਾੜ ਨੂੰ ਘਟਾਇਆ ਨਹੀਂ ਸਗੋਂ ਵਧਾਇਆ ਹੈ। ਪਾਣੀ ਦੀ ਬੱਚਤ ਕਰਨ ਵਾਲੀ ਇਕ ਹੋਰ ਵੱਡੇ ਪੱਧਰ 'ਤੇ ਸਵੀਕਾਰੀ ਗਈ ਤਕਨੀਕ ਲੇਜ਼ਰ ਲੈਵਲਰ ਹੈ। ਇਸ ਤੋਂ ਇਲਾਵਾ ਛੋਟੇ-ਛੋਟੇ ਖਿੱਤਿਆਂ ਵਿਚ ਕੀਤੀ ਗਈ ਝੋਨੇ ਦੀ ਸਿੱਧੀ ਬਿਜਾਈ ਨੇ ਵੀ ਪਾਣੀ ਦੀ ਬੱਚਤ ਦੀਆਂ ਕੋਸ਼ਿਸ਼ਾਂ ਵਿਚ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ ਪਾਣੀ ਬਚਾਉਣ ਲਈ ਕੁਝ ਹੋਰ ਤਕਨੀਕਾਂ ਅਤੇ ਨੀਤੀਆਂ ਸਾਹਮਣੇ ਲਿਆਉਣ ਅਤੇ ਲਾਗੂ ਕਰਨ ਦੀ ਲੋੜ ਹੈ। ਪੀ.ਏ.ਯੂ. ਇਕ ਪਾਸੇ ਤਾਂ ਸੂਖ਼ਮ ਸਿੰਚਾਈ ਅਤੇ ਰੀਚਾਰਜਿੰਗ ਤਕਨੀਕਾਂ ਵੱਲ ਧਿਆਨ ਦੇ ਰਹੀ ਹੈ ਦੂਜੇ ਪਾਸੇ ਘੱਟ ਪਾਣੀ ਦੀ ਵਰਤੋਂ ਨਾਲ ਪੂਰਾ ਝਾੜ ਦੇਣ ਵਾਲੀਆਂ ਕਿਸਮਾਂ ਦੇ ਵਿਕਾਸ ਲਈ ਯਤਨਸ਼ੀਲ ਹੈ।
ਛੇਤੀ ਹੀ ਖੇਤ ਵਿਚ ਖੜ੍ਹੀ ਝੋਨੇ ਦੀ ਫ਼ਸਲ ਪੱਕਣ ਵਾਲੀ ਹੈ ਜਿਸ ਨਾਲ ਵੱਡੀ ਮਾਤਰਾ ਵਿਚ ਪਰਾਲੀ ਇਕ ਫੌਰੀ ਚੁਣੌਤੀ ਬਣੇਗੀ। ਖੇਤ ਦੇ ਅੰਦਰ ਅਤੇ ਖੇਤ ਤੋਂ ਬਾਹਰ ਪਰਾਲੀ ਦੀ ਸੰਭਾਲ ਲਈ ਹੁਣ ਬਹੁਤ ਸਾਰੀਆਂ ਤਕਨੀਕਾਂ ਹਨ। ਸਭ ਤੋਂ ਵੱਡੀ ਲੋੜ ਤਾਂ ਇਨ੍ਹਾਂ ਤਕਨੀਕਾਂ ਨੂੰ ਕਿਸਾਨ ਦੇ ਖੇਤ ਵਿਚ ਲਾਗੂ ਕਰਨਾ ਹੈ। ਪੀ.ਏ.ਯੂ. ਹੈਪੀ ਸੀਡਰ ਅਤੇ ਪੀ.ਏ.ਯੂ. ਸੁਪਰ ਸਟਰਾਅ ਮੈਨੇਜਮੈਂਟ ਸਿਸਟਮ ਮਸ਼ੀਨਾਂ ਵਿਕਸਿਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੇ ਪਰਾਲੀ ਦੀ ਸਾਂਭ-ਸੰਭਾਲ ਲਈ ਵੱਡੀ ਭੂਮਿਕਾ ਨਿਭਾਉਣ ਦੀ ਆਸ ਹੈ।
ਯੂਨੀਵਰਸਿਟੀ ਦੀ ਮੂਲ ਤਾਕਤ ਫ਼ਸਲਾਂ ਦੀਆਂ ਨਵੀਆਂ ਕਿਸਮਾਂ ਦਾ ਵਿਕਾਸ ਹੈ। ਇਸ ਖੇਤਰ ਵਿਚ ਨਵੀਨ ਖੋਜ ਵਜੋਂ ਝੋਨੇ ਦੀਆਂ ਉਪਰ ਦੱਸੀਆਂ ਕਿਸਮਾਂ ਤੋਂ ਬਿਨਾਂ ਜਨਤਕ ਖੇਤਰ ਵਿਚ ਦੇਸ਼ ਦੀ ਪਹਿਲੀ ਨਰਮਾ ਕਿਸਮ ਪੀ.ਏ.ਯੂ. ਬੀ.ਟੀ. 1 ਤਿਆਰ ਕੀਤੀ ਗਈ ਹੈ। ਵਧੇਰੇ ਝਾੜ (11.2 ਕੁਇੰਟਲ ਪ੍ਰਤਿ ਹੈਕਟੇਅਰ) ਵਾਲੀ ਇਹ ਕਿਸਮ ਰੂੰ ਦੇ ਵਧੀਆ ਮਿਆਰ ਵਾਲੀ ਹੈ। ਗ਼ੈਰ-ਹਾਈਬ੍ਰਿਡ ਕਿਸਮ ਹੋਣ ਕਰਕੇ ਕਿਸਾਨ ਇਸ ਦਾ ਬੀਜ ਵੀ ਆਪ ਹੀ ਤਿਆਰ ਕਰ ਸਕਦਾ ਹੈ ਜਿਸ ਨਾਲ ਲਾਗਤ ਖਰਚਾ ਘਟ ਜਾਂਦਾ ਹੈ। ਇਸ ਦੇ ਨਾਲ ਹੀ ਕਿਸਮਾਂ ਦੇ ਖੇਤਰ ਵਿਚ ਵਰਨਣਯੋਗ ਪ੍ਰਾਪਤੀ ਘੱਟ ਬੀਜਾਂ ਵਾਲੀ ਕਿੰਨੂ ਦੀ ਕਿਸਮ ਪੰਜਾਬ ਕਿੰਨੂ 1 ਹੈ, ਜੋ ਕਿ ਰਾਜ ਵਿਚ ਇਸ ਮੁੱਖ ਫ਼ਲ ਦੀ ਪ੍ਰੋਸੈਸਿੰਗ ਯੋਗਤਾ ਵਧਾਏਗੀ। ਫ਼ਲਾਂ ਦੇ ਖੇਤਰ ਵਿਚ ਅਮਰੂਦ ਦੀਆਂ ਦੋ ਕਿਸਮਾਂ (ਪੰਜਾਬ ਸਫੈਦਾ ਅਤੇ ਪੰਜਾਬ ਕਿਰਨ) ਅਤੇ ਮੁਸੰਮੀ ਦੀ ਕਿਸਮ (ਅਰਲੀ ਗੋਲਡ) ਵਿਕਸਤ ਕੀਤੀਆਂ ਗਈਆਂ। ਸਬਜ਼ੀਆਂ ਦੇ ਖੇਤਰ ਵਿਚ ਪਿਛਲੇ ਪੰਜ ਸਾਲਾਂ ਵਿਚ 33 ਵੱਖ-ਵੱਖ ਕਿਸਮਾਂ/ ਹਾਈਬ੍ਰਿਡ ਜਾਰੀ ਹੋਏ ਹਨ। ਇਨ੍ਹਾਂ ਵਿਚੋਂ 7 ਕਿਸਮਾਂ ਰਾਸ਼ਟਰੀ ਪੱਧਰ 'ਤੇ ਰਿਲੀਜ਼ ਹੋਈਆਂ ਹਨ। ਮਿਰਚਾਂ ਦੀ ਕਿਸਮ ਸੀ ਐੱਚ 27 ਵਿਸ਼ੇਸ਼ ਤੌਰ 'ਤੇ ਕਿਸਾਨਾਂ ਵਿਚ ਸਵੀਕਾਰ ਹੋਈ ਹੈ। ਪਿਛਲੇ ਦਹਾਕੇ ਦੌਰਾਨ ਫ਼ਲਾਂ ਹੇਠ 53 ਫ਼ੀਸਦੀ ਅਤੇ ਸਬਜ਼ੀਆਂ ਹੇਠ 45 ਫ਼ੀਸਦੀ ਦੇ ਵਾਧੇ ਨਾਲ ਰਾਜ ਵਿਚ ਬਾਗ਼ਬਾਨੀ ਫ਼ਸਲਾਂ ਹੇਠਲਾ ਰਕਬਾ ਲਗਾਤਾਰ ਵਧ ਰਿਹਾ ਹੈ। ਕਈ ਫ਼ਸਲਾਂ ਜਿਵੇਂ ਸ਼ਿਮਲਾ ਮਿਰਚ, ਟਮਾਟਰ, ਬੈਂਗਣ, ਖੀਰਾ ਅਤੇ ਪਪੀਤੇ ਲਈ ਸੁਰੱਖਿਅਤ ਖੇਤੀ ਤਕਨੀਕਾਂ ਦਾ ਵਿਕਾਸ ਹੋਇਆ ਹੈ। ਇਨ੍ਹਾਂ ਹਾਲਤਾਂ ਲਈ ਉਚੇਚੀਆਂ ਕਿਸਮਾਂ ਤਿਆਰ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ ਚੈਰੀ ਟਮਾਟਰ (ਪੰਜਾਬ ਰੈੱਡ ਚੈਰੀ, ਪੰਜਾਬ ਸੋਨਾ ਚੈਰੀ ਅਤੇ ਪੰਜਾਬ ਕੇਸਰ ਚੈਰੀ) ਦੇ ਨਾਲ ਬੀਜ ਰਹਿਤ ਖੀਰੇ ਦੀ ਕਿਸਮ ਪੰਜਾਬ ਖੀਰਾ 1 ਸ਼ਾਮਿਲ ਹੈ।
ਸਾਉਣੀ ਦੇ ਸੀਜ਼ਨ ਲਈ ਵੱਧ ਝਾੜ ਵਾਲੀਆਂ ਕਿਸਮਾਂ ਜਾਰੀ ਹੋਣ ਨਾਲ ਫ਼ਸਲੀ ਵਿਭਿੰਨਤਾ ਨੂੰ ਮਜ਼ਬੂਤੀ ਮਿਲੀ ਹੈ। ਗੰਨੇ ਦੀ ਰੱਤਾ ਰੋਗ ਤੋਂ ਮੁਕਤ ਅਗੇਤੀ ਕਿਸਮ (ਸੀ ਓ ਪੀ ਬੀ 92) ਦਰਮਿਆਨੇ ਮੌਸਮ ਦੀਆਂ ਕਿਸਮਾਂ (ਸੀ ਓ ਪੀ 91, ਸੀ ਓ ਪੀ 93, ਸੀ ਓ ਪੀ 94) ਅਤੇ ਵਧੇਰੇ ਝਾੜ ਵਾਲੀ ਸਾਉਣੀ ਮੱਕੀ ਦੋਗਲੀ ਕਿਸਮ (ਪੀ ਐੱਮ ਐੱਚ 11) ਹੈ। ਪੀ.ਏ.ਯੂ. ਵਲੋਂ ਪਬਲਿਕ ਪ੍ਰਾਈਵੇਟ ਸਾਂਝੇਦਾਰੀ ਨਾਲ ਮੇਜ਼ ਡ੍ਰਾਇਰ ਮਸ਼ੀਨ ਵਿਕਸਤ ਕੀਤੀ ਗਈ ਜੋ ਮੱਕੀ ਦੇ ਦਾਣਿਆਂ ਵਿਚੋਂ ਵਾਧੂ ਨਮੀ ਨੂੰ ਸੁਕਾ ਕੇ ਇਸ ਦੇ ਮੰਡੀਕਰਨ ਨੂੰ ਸੌਖਾ ਬਣਾਉਂਦੀ ਹੈ। ਫ਼ਸਲੀ ਵਿਭਿੰਨਤਾ ਦੇ ਯਤਨਾਂ ਵਿਚ ਪੰਜਾਬ ਨੇ ਕੇਂਦਰੀ ਜ਼ਿਲ੍ਹਿਆਂ ਵਿਚ ਦਾਲਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਗਰਮੀ ਦੀ ਰੁੱਤ ਦੀ ਮੂੰਗੀ ਦੀਆਂ ਕਿਸਮਾਂ ਦਾ ਵਿਕਾਸ ਕੀਤਾ ਹੈ। ਇਹਨਾਂ ਵਿਚ ਟੀਐੱਮਬੀ 37 ਜਾਰੀ ਹੋ ਚੁੱਕੀ ਹੈ ਅਤੇ ਐੱਸ ਐੱਮ ਐੱਲ 1827 ਪਰਖ ਅਧੀਨ ਹੈ। ਦਰਮਿਆਨੇ ਅਕਾਰ ਦੇ ਦਾਣਿਆਂ ਅਤੇ ਹੋਰ ਗੁਣਾਂ ਕਰਕੇ ਇਨ੍ਹਾਂ ਕਿਸਮਾਂ ਨੂੰ ਵੀ ਚੰਗਾ ਹੁੰਗਾਰਾ ਮਿਲਣ ਦੀ ਸੰਭਾਵਨਾ ਹੈ।
ਰਾਜ ਵਿਚ ਭੂਮੀ ਦੀ ਸਿਹਤ ਸੁਧਾਰ ਲਈ ਵੱਖ-ਵੱਖ ਫ਼ਸਲਾਂ ਲਈ ਜੈਵਿਕ ਖਾਦਾਂ ਵਿਕਸਿਤ ਕੀਤੀਆਂ ਗਈਆਂ। 2017-18 ਦੌਰਾਨ 64000 ਏਕੜ ਵਿਚ ਕਣਕ ਅਤੇ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਜੈਵਿਕ ਖਾਦਾਂ ਦਿੱਤੀਆਂ ਗਈਆਂ ਸਨ। ਮਹਿੰਗੇ ਫ਼ਾਸਫੋਰਸ ਦੀ ਢੁਕਵੀਂ ਵਰਤੋਂ ਲਾਗੂ ਕਰਨ ਲਈ ਝੋਨੇ ਅਤੇ ਸਾਉਣੀ ਮੱਕੀ ਵਿਚ ਫ਼ਾਸਫੋਰਸ ਨਾ ਵਰਤਣ ਦੀ ਸਿਫ਼ਾਰਿਸ਼ ਹੈ (ਜੇਕਰ ਇਸਦੀ ਵਰਤੋਂ ਹਾੜ੍ਹੀ ਦੀਆਂ ਫ਼ਸਲਾਂ ਲਈ 40 ਕਿੱਲੋ ਪ੍ਰਤਿ ਹੈਕਟੇਅਰ ਤੱਕ ਕੀਤੀ ਗਈ ਹੈ)। ਝਾੜ ਨੂੰ ਬਰਕਰਾਰ ਰੱਖਦਿਆਂ ਝੋਨੇ ਅਤੇ ਨਰਮੇ ਵਿਚ ਨਿੰਮ ਲਿਪਤ ਯੂਰੀਆ ਦੀ ਘੱਟ ਵਰਤੋਂ ਦੀ ਸਿਫ਼ਾਰਿਸ਼ ਕੀਤੀ ਗਈ ਹੈ। ਕੀਟਨਾਸ਼ਕਾਂ ਦੀ ਯੋਗ ਵਰਤੋਂ ਕਾਰਨ ਖਾਣ-ਪੀਣ ਵਾਲੀਆਂ ਵਸਤਾਂ ਦੇ ਨਮੂਨਿਆਂ ਵਿਚ ਹੁਣ ਰਸਾਇਣਕ ਤੱਤਾਂ ਦੀ ਰਹਿੰਦ-ਖੂੰਹਦ ਦੀ ਮਾਤਰਾ 1.26 ਫ਼ੀਸਦੀ ਤੱਕ ਆ ਗਈ ਹੈ। ਅਸਲੀ ਚੁਣੌਤੀ ਸਬਜ਼ੀਆਂ ਅਤੇ ਦਾਲਾਂ ਸਮੇਤ ਖਾਣ-ਪੀਣ ਵਾਲੀਆਂ ਵਸਤਾਂ ਨੂੰ ਕੀਟਨਾਸ਼ਕਾਂ ਦੀ ਰਹਿੰਦ-ਖੂੰਹਦ ਤੋਂ ਪੂਰੀ ਤਰ੍ਹਾਂ ਮੁਕਤ ਕਰਨ ਦੀ ਹੈ।
ਪੌਸ਼ਟਿਕਤਾ ਅਤੇ ਵਧੇਰੇ ਝਾੜ ਵਾਲੀਆਂ ਕਿਸਮਾਂ ਕਨੋਲਾ ਟਾਈਪ ਗੋਭੀ ਸਰ੍ਹੋਂ ਜੀਐਸਸੀ 7, ਕਣਕ ਦੀ ਵਧੇਰੇ ਜ਼ਿੰਕ ਵਾਲੀ ਕਿਸਮ ਪੀਬੀਡਬਲਿਊ 1 ਜਾਰੀ ਹੋਈਆਂ ਹਨ। ਸਬਜ਼ੀਆਂ ਦੀਆਂ ਪੌਸ਼ਟਿਕ ਗੁਣਾਂ ਵਾਲੀਆਂ ਕਿਸਮਾਂ ਜਿਵੇਂ ਪੰਜਾਬ ਝਾੜ ਕਰੇਲਾ ਅਤੇ ਪੰਜਾਬ ਮਗ਼ਜ਼ ਕੱਦੂ 1 ਵੀ ਕਾਸ਼ਤ ਲਈ ਸਿਫ਼ਾਰਿਸ਼ ਕੀਤੀਆਂ ਗਈਆਂ ਹਨ।
ਹੁਣ ਕਣਕ, ਝੋਨੇ ਅਤੇ ਤੇਲ-ਬੀਜ ਕਿਸਮਾਂ ਦੀ ਕਿਸਮ ਸੁਧਾਰ ਲਈ ਬਾਇਓ ਤਕਨੀਕੀ ਢੰਗ ਆਮ ਵਰਤੇ ਜਾਣ ਲੱਗੇ ਹਨ। ਇਸ ਤਕਨੀਕ ਨਾਲ ਵਿਕਸਿਤ ਕੀਤੀ ਦੇਸ਼ ਦੀ ਪਹਿਲੀ ਕਿਸਮ ਉੱਨਤ ਪੀਬੀਡਬਲਿਊ 343 ਪਿਛਲੇ ਸਾਲ ਜਾਰੀ ਹੋਈ ਸੀ। ਪੀਬੀਡਬਲਿਊ 550 ਵੀ ਇਸੇ ਤਕਨੀਕ ਦੀ ਵਿਕਸਤ ਕਿਸਮ ਹੈ। ਇਹ ਵਧੀਆ ਮਿਆਰ ਦੇ ਦਾਣਿਆਂ ਵਾਲੀ ਕਿਸਮ ਹੈ ਅਤੇ ਇਸਦੀ ਰੋਟੀ ਵੀ ਚੰਗੀ ਬਣਦੀ ਹੈ। ਇਸ ਤੋਂ ਬਿਨਾਂ ਮੋਲੀਕੂਲਰ ਮਾਰਕਰਾਂ ਦੀ ਵਰਤੋਂ ਨਾਲ ਝੁਲਸ ਰੋਗ ਦਾ ਟਾਕਰਾ ਕਰਨ ਵਾਲੀਆਂ ਝੋਨੇ ਦੀਆਂ ਕਿਸਮਾਂ ਵਿਕਸਿਤ ਕੀਤੀਆਂ ਗਈਆਂ ਹਨ।
ਸਾਡੀ ਖੇਤੀ ਖੋਜ ਉਨ੍ਹਾਂ ਕਿਸਮਾਂ ਨੂੰ ਵਿਕਸਤ ਕਰਨ ਲਈ ਯਤਨਸ਼ੀਲ ਹੈ ਜਿਨ੍ਹਾਂ ਵਿਚ ਖੇਤੀ ਮਸ਼ੀਨਰੀ ਦੀ ਵਰਤੋਂ ਹੋਰ ਸਫ਼ਲਤਾ ਨਾਲ ਕੀਤੀ ਜਾ ਸਕੇ। ਇਨ੍ਹਾਂ ਕਿਸਮਾਂ ਵਿਚ ਛੇਤੀ ਤਿਆਰ ਹੋਣ ਵਾਲੀ ਮਟਰਾਂ ਦੀ ਕਿਸਮ (ਮਟਰ ਅਗੇਤਾ 7) ਬੱਝਵੇਂ ਕੱਦ ਵਾਲੀ ਸਰ੍ਹੋਂ (ਪੀਸੀ 6) ਅਤੇ ਅਰਹਰ (ਏ.ਐੱਲ. 882) ਸ਼ਾਮਿਲ ਹੈ।
ਪਿਛਲੇ ਸਾਲ ਦੌਰਾਨ ਪੀਏਯੂ ਨੇ 60000 ਕੁਇੰਟਲ ਅਨਾਜ ਫਸਲਾਂ ਦੇ ਬੀਜਾਂ ਦੀ ਪੂਰਤੀ ਕੀਤੀ ਸੀ। ਇਸ ਤੋਂ ਬਿਨਾਂ 8416 ਕੁਇੰਟਲ ਆਲੂ ਅਤੇ 890 ਕੁਇੰਟਲ ਹੋਰ ਸਬਜ਼ੀਆਂ ਤੋਂ ਬਿਨਾਂ ਕਰੀਬਨ 6 ਲੱਖ ਫ਼ਲਦਾਰ ਅਤੇ ਜੰਗਲਾਤ ਵਾਲੇ ਬੂਟੇ ਵੀ ਦਿੱਤੇ ਗਏ। ਆਉਂਦੇ ਕਿਸਾਨ ਮੇਲਿਆਂ ਵਿਚ ਕਣਕ ਦੀਆਂ ਨਵੀਆਂ ਵਿਕਸਤ ਕਿਸਮਾਂ ਅਤੇ ਹੋਰ ਫ਼ਸਲਾਂ ਦੇ ਬੀਜ ਤੁਹਾਡੇ ਲਈ ਮੁਹੱਈਆ ਕੀਤੇ ਜਾਣਗੇ।
ਆਉਂਦੇ ਫ਼ਸਲੀ ਸੀਜ਼ਨ ਲਈ ਜੋ ਮੁੱਖ ਸਿਫਾਰਿਸ਼ਾਂ ਹਨ ਉਨ੍ਹਾਂ ਵਿਚ ਇਕਹਿਰੇ ਲੌਅ ਵਾਲੀ ਜਵੀ ਦੀ ਨਵੀਂ ਕਿਸਮ ਓ.ਐਲ.-12 ਹੈ। ਇਸ ਦੇ ਨਾਲ ਹੀ ਨਾਈਟ੍ਰੋਜਨ ਖਾਦਾਂ ਦੀ ਕਣਕ ਵਿਚ ਯੋਗ ਵਰਤੋਂ ਲਈ ਗਰੀਨ ਸੀਕਰ ਦੀ ਸਿਫਾਰਸ਼ ਹੈ। ਕਣਕ- ਹਾੜੀ ਮੂੰਗੀ-ਮੱਕੀ ਦੇ ਫਸਲੀ ਚੱਕਰ ਲਈ ਨਿਵੇਕਲੀ ਜ਼ਮੀਨ ਹੇਠਲੀ ਤੁਪਕਾ ਸਿੰਚਾਈ ਪ੍ਰਣਾਲੀ ਦੀ ਸਿਫਾਰਸ਼ ਕੀਤੀ ਗਈ ਹੈ। ਪੋਟਾਸ਼ੀਅਮ ਨਾਈਟਰੇਟ ਅਤੇ ਸੈਲੀਸੀਲਕ ਐਸਿਡ ਦੀ ਸਪਰੇਅ ਕਣਕ ਵਿਚ ਝਾੜ ਅਤੇ ਦਾਣਿਆਂ ਦੇ ਵਜ਼ਨ ਨੂੰ ਵਧਾਉਣ ਲਈ ਸਿਫਾਰਸ਼ ਕੀਤੀ ਗਈ ਹੈ। ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਪੈਂਡੀਮੈਥਾਲੀਨ ਨਦੀਨਨਾਸ਼ਕ ਦੀ ਵੱਧ ਮਿਕਦਾਰ (1.5 ਲੀਟਰ/ਏਕੜ) ਦੀ ਸਿਫਾਰਸ਼ ਹੈ। ਹੋਰ ਵਧੇਰੇ ਜਾਣਕਾਰੀ 'ਹਾੜੀ-ਸਾਉਣੀ ਦੀਆਂ ਫਸਲਾਂ ਲਈ ਸਿਫਾਰਸ਼ਾਂ ਵਾਲੀ ਕਿਤਾਬ ਵਿਚ ਦਰਜ ਹੈ। ਸਾਡੀ ਕਾਮਨਾ ਹੈ ਕਿ ਪੰਜਾਬ ਦੇ ਕਿਸਾਨ ਸੁਧਰੀਆਂ ਤਕਨੀਕਾਂ ਨੂੰ ਅਪਣਾ ਕੇ ਆਪਣੀ ਖੇਤੀ ਵਿਚ ਵਧੇਰੇ ਕਾਮਯਾਬ ਹੋਣ।

ਸਿਲਵਰ ਜੁਬਲੀ 'ਪਸ਼ੂ ਪਾਲਣ ਮੇਲਾ'

ਮੇਲੇ ਸਾਡੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ। ਅੱਜ ਦੇ ਸਮੇਂ ਵਿਚ ਗਿਆਨ ਅਤੇ ਵਿਗਿਆਨ ਨੂੰ ਦਰਸਾਉਣ ਵਾਲੇ ਮੇਲੇ ਵੀ ਲਗਾਏ ਜਾਂਦੇ ਹਨ। ਇਸੇ ਸੰਦਰਭ ਵਿਚ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵਲੋਂ ਸਾਲ ਵਿਚ ਦੋ ਵਾਰ ਮਾਰਚ ਅਤੇ ਸਤੰਬਰ ਦੇ ਮਹੀਨੇ 'ਪਸ਼ੂ ਪਾਲਣ ਮੇਲਾ' ਯੂਨੀਵਰਸਿਟੀ ਦੇ ਕੈਂਪਸ ਲੁਧਿਆਣਾ ਵਿਖੇ ਲਗਾਇਆ ਜਾਂਦਾ ਹੈ। ਸੰਨ 2006 ਵਿਚ ਸਥਾਪਿਤ ਹੋਈ ਇਹ ਯੂਨੀਵਰਸਿਟੀ ਪਸ਼ੂ ਪਾਲਣ ਕਿੱਤਿਆਂ ਸਬੰਧੀ ਬੜੇ ਸੁਚਾਰੂ ਤਰੀਕੇ ਨਾਲ ਪਸ਼ੂ ਪਾਲਕਾਂ ਨੂੰ ਜਾਗਰੂਕ ਕਰ ਰਹੀ ਹੈ। ਭਾਰਤੀ ਖੇਤੀ ਖੋਜ ਪਰਿਸ਼ਦ, ਨਵੀਂ ਦਿੱਲੀ ਵਲੋਂ ਇਸ ਯੂਨੀਵਰਸਿਟੀ ਨੂੰ ਦੇਸ਼ ਦੀਆਂ ਸਾਰੀਆਂ ਖੇਤੀਬਾੜੀ ਯੂਨੀਵਰਸਿਟੀਆਂ ਵਿਚੋਂ ਪਹਿਲੇ ਸਥਾਨ 'ਤੇ ਚੁਣਿਆ ਗਿਆ ਹੈ। ਇਸ ਯੂਨੀਵਰਸਿਟੀ ਵਲੋਂ ਸਤੰਬਰ ਦੇ ਮਹੀਨੇ ਵਿਚ 25ਵਾਂ ਭਾਵ ਸਿਲਵਰ ਜੁਬਲੀ ਮੇਲਾ 20 ਅਤੇ 21 ਤਾਰੀਖ ਨੂੰ ਲਗਾਇਆ ਜਾ ਰਿਹਾ ਹੈ। ਇਸ ਮੇਲੇ ਵਿਚ ਇਨ੍ਹਾਂ ਕਿੱਤਿਆਂ ਨਾਲ ਜੁੜੇ ਕਿਸਾਨਾਂ ਦੀ ਹਰ ਜ਼ਰੂਰਤ, ਮੁਸ਼ਕਿਲ ਅਤੇ ਜਗਿਆਸਾ ਦੇ ਹੱਲ ਲਈ ਭਿੰਨ-ਭਿੰਨ ਤਕਨੀਕਾਂ ਅਤੇ ਗਿਆਨ ਪ੍ਰਦਰਸ਼ਿਤ ਕੀਤਾ ਜਾਂਦਾ ਹੈ।
ਯੂਨੀਵਰਸਿਟੀ ਦੇ ਉੱਤਮ ਪਸ਼ੂ ਜਿਨ੍ਹਾਂ ਵਿਚ ਮੱਝਾਂ, ਗਾਵਾਂ, ਬੱਕਰੀਆਂ, ਮੁਰਗੀਆਂ, ਬਟੇਰ, ਖਰਗੋਸ਼, ਸੂਰ ਅਤੇ ਮੱਛੀਆਂ ਦੀਆਂ ਵੱਖ-ਵੱਖ ਕਿਸਮਾਂ ਮੇੇਲੇ ਵਿਚ ਖਿੱਚ ਦਾ ਕੇਂਦਰ ਬਣਦੇ ਹਨ। ਪਸ਼ੂਆਂ ਦੇ ਵਧੀਆ ਨਸਲ ਦੇ ਬੱਚੇ ਲੈਣ ਲਈ ਪਸ਼ੂ ਪਾਲਕਾਂ ਨੂੰ ਬਿਹਤਰ ਤਰੀਕਿਆਂ ਅਤੇ ਨਸਲ ਸੁਧਾਰ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਪਸ਼ੂਆਂ ਦੀ ਵਧੀਆ ਖੁਰਾਕ ਸਬੰਧੀ ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਬਣਾਉਣ ਲਈ ਪੂਰਨ ਸਮੱਗਰੀ ਬਾਰੇ ਚਾਨਣਾ ਪਾਇਆ ਜਾਂਦਾ ਹੈ। ਦਾ ਵੇਰਵਾ ਦੱਸਿਆ ਜਾਂਦਾ ਹੈ। ਚੰਗੇ ਉਤਪਾਦਨ ਲਈ ਜਿਨ੍ਹਾਂ ਖੁਰਾਕੀ ਵਸਤਾਂ ਦਾ ਉਪਯੋਗ ਲਾਹੇਵੰਦ ਹੁੰਦਾ ਹੈ ਉਸ ਬਾਰੇ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ। ਇਥੇ ਪਸ਼ੂਆਂ ਦੀ ਜਾਂਚ ਕਰਨ ਤੋਂ ਇਲਾਵਾ ਉਨ੍ਹਾਂ ਦੇ ਗੋਹੇ, ਥੁੱਕ, ਖੂਨ ਅਤੇ ਪਿਸ਼ਾਬ ਦੀ ਜਾਂਚ ਵੀ ਕੀਤੀ ਜਾਂਦੀ ਹੈ। ਜਾਂਚ ਰਾਹੀਂ ਬਿਮਾਰੀ ਦਾ ਨਿਰੀਖਣ ਕਰਕੇ ਸਹੀ ਤੇ ਸਟੀਕ ਇਲਾਜ ਬਾਰੇ ਮਾਹਿਰ ਡਾਕਟਰ ਦਵਾਈ ਵੀ ਦੱਸਦੇ ਹਨ। ਪਸ਼ੂ ਪਾਲਣ ਸਬੰਧੀ ਗਿਆਨ ਵਧਾਉਣ ਵਾਸਤੇ ਯੂਨੀਵਰਸਿਟੀ ਵਲੋਂ ਕਈ ਪ੍ਰਕਾਸ਼ਨਾਵਾਂ ਕੀਤੀਆਂ ਗਈਆਂ ਹਨ ਜੋ ਕਿ ਸੌਖੀ ਪੰਜਾਬੀ ਅਤੇ ਘੱਟ ਕੀਮਤ 'ਤੇ ਇਥੇ ਉਪਲਬਧ ਹੋਣਗੀਆਂ। ਯੂਨੀਵਰਸਿਟੀ ਵਲੋਂ ਛਾਪੇ ਜਾਂਦੇ ਮਹੀਨੇਵਾਰ ਰਸਾਲੇ 'ਵਿਗਿਆਨਕ ਪਸ਼ੂ ਪਾਲਣ' ਦਾ ਚੰਦਾ ਵੀ ਪਸ਼ੂ ਪਾਲਕ ਇਥੇ ਜਮ੍ਹਾਂ ਕਰਵਾ ਸਕਦਾ ਹੈ ਤੇ ਇਹ ਰਸਾਲਾ ਫਿਰ ਉਸ ਦੇ ਘਰ ਵੀ ਪਹੁੰਚਦਾ ਕੀਤਾ ਜਾਂਦਾ ਹੈ। ਪਸ਼ੂਆਂ ਦੇ ਦੁੱਧ ਅਤੇ ਮੀਟ ਤੋਂ ਨਵੇਂ ਉਤਪਾਦ ਬਣਾ ਕੇ ਉਨ੍ਹਾਂ ਨੂੰ ਬਾਜ਼ਾਰ ਵਿਚ ਵੇਚਣ ਸਬੰਧੀ ਸਿਖਲਾਈ ਦੀ ਨੁਮਾਇਸ਼ ਵੀ ਲਗਾਈ ਜਾਂਦੀ ਹੈ। ਇਹ ਵਸਤਾਂ ਸੁਆਦ ਵੇਖਣ ਅਤੇ ਖਰੀਦਣ ਵਾਸਤੇ ਵੀ ਉਪਲੱਬਧ ਹੁੰਦੀਆਂ ਹਨ। ਪਸ਼ੂ ਪਾਲਕ ਕਿੱਤਿਆਂ ਸਬੰਧੀ ਸਿਖਲਾਈ ਲੈਣ ਲਈ ਮੇਲੇ ਵਿਚ ਆਪਣਾ ਨਾਂ ਵੀ ਦਰਜ ਕਰਵਾ ਸਕਦੇ ਹਨ। ਪੰਜਾਬ ਸਰਕਾਰ ਦੇ ਵੱਖ-ਵੱਖ ਵਿਭਾਗ ਜਿਵੇਂ ਡੇਅਰੀ ਵਿਕਾਸ ਵਿਭਾਗ, ਮੱਛੀ ਪਾਲਣ ਵਿਭਾਗ, ਮਿਲਕਫੈਡ, ਮਾਰਕਫੈਡ ਅਤੇ ਪਸ਼ੂ ਪਾਲਣ ਵਿਭਾਗਾਂ ਦੇ ਨੁਮਾਇੰਦੇ ਵੀ ਇਥੇ ਪਹੁੰਚਦੇ ਹਨ ਅਤੇ ਪਸ਼ੂ ਪਾਲਕਾਂ ਨੂੰ ਸਰਕਾਰੀ ਸਕੀਮਾਂ ਅਤੇ ਸਬਸਿਡੀਆਂ ਬਾਰੇ ਜਾਗਰੂਕ ਕਰਦੇ ਹਨ। ਯੂਨੀਵਰਸਿਟੀ ਦੇ ਮਾਹਿਰਾਂ ਵਲੋਂ ਪਸ਼ੂ ਪਾਲਕਾਂ ਦੀਆਂ ਮੁਸ਼ਕਿਲਾਂ ਅਤੇ ਜਗਿਆਸਾਵਾਂ ਸਬੰਧੀ ਇਕ ਸੁਆਲ-ਜੁਆਬ ਸੈਸ਼ਨ ਵੀ ਰੱਖਿਆ ਜਾਂਦਾ ਹੈ। ਜਿਸ ਵਿਚ ਪਸ਼ੂ ਪਾਲਕ ਆਪਣੀ ਕੋਈ ਵੀ ਸਮੱਸਿਆ ਦਾ ਹੱਲ ਪਤਾ ਕਰ ਸਕਦਾ ਹੈ।
ਪਸ਼ੂ ਪਾਲਕਾਂ ਦੇ ਇਲਾਜ ਅਤੇ ਖੁਰਾਕ ਨਾਲ ਜੁੜੀਆਂ ਕੰਪਨੀਆਂ ਆਪਣੀਆਂ ਦਵਾਈਆਂ ਅਤੇ ਉਤਪਾਦਾਂ ਦੀ ਨੁਮਾਇਸ਼ ਕਰਦੀਆਂ ਹਨ ਜਿਨ੍ਹਾਂ ਵਿਚ ਪਸ਼ੂਆਂ ਦੀ ਫੀਡ ਦੇ ਨਿਰਮਾਤਾ, ਪਸ਼ੂ ਪਾਲਣ ਧੰਦਿਆਂ ਦੀ ਮਸ਼ੀਨਰੀ ਬਣਾਉਣ ਵਾਲੇ, ਪਸ਼ੂ ਚਾਰੇ ਦੇ ਬੀਜਾਂ ਵਾਲੇ, ਬੈਂਕ ਅਤੇ ਹੋਰ ਵਿਤੀ ਸੰਸਥਾਵਾਂ ਕਿਸਾਨਾਂ ਵਾਸਤੇ ਲਾਹੇਵੰਦ ਜਾਣਕਾਰੀਆਂ ਦਿੰਦੀਆਂ ਹਨ। ਇਹ ਦਵਾਈਆਂ ਅਤੇ ਉਤਪਾਦ ਇਥੇ ਪਸ਼ੂ ਪਾਲਕਾਂ ਨੂੰ ਬਾਜ਼ਾਰ ਤੋਂ ਘੱਟ ਕੀਮਤ 'ਤੇ ਅਤੇ ਇਕੋ ਥਾਂ ਤੋਂ ਪ੍ਰਾਪਤ ਹੋ ਜਾਂਦੇ ਹਨ।
ਪਸ਼ੂ ਪਾਲਣ ਮੇਲੇ ਦੀ ਇਕ ਵਿਸ਼ੇਸ਼ਤਾ ਇਹ ਵੀ ਹੈ ਕਿ ਇਹ ਹਰ ਉਮਰ ਵਰਗ ਦੇ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਰੁਚੀ ਦਾ ਕੁਝ ਨਾ ਕੁਝ ਜ਼ਰੂਰ ਪ੍ਰਦਾਨ ਕਰਦਾ ਹੈ। ਬੱਚਿਆਂ ਲਈ ਜਿਥੇ ਇਕ ਖੁੱਲ੍ਹਾ ਖੁਲਾਸਾ ਪੇਂਡੂ ਦਿਖ ਵਾਲਾ ਮਾਹੌਲ ਉਨ੍ਹਾਂ ਨੂੰ ਨਵਾਂ ਸੁਆਦ ਦਿੰਦਾ ਹੈ, ਉੱਥੇ ਸਿਹਤਮੰਦ ਤੇ ਸੁੰਦਰ ਜਾਨਵਰ ਵੀ ਉਨ੍ਹਾਂ ਨੂੰ ਆਕਰਸ਼ਿਤ ਕਰਦੇ ਹਨ। ਘਰੇਲੂ ਸੁਆਣੀਆਂ ਕਈ ਤਰ੍ਹਾਂ ਦੇ ਪਕਵਾਨ ਅਤੇ ਪੀਣ ਵਾਲੇ ਪਦਾਰਥ ਬਣਾਉਣ ਦੀਆਂ ਤਕਨੀਕਾਂ ਸਬੰਧੀ ਗਿਆਨ ਹਾਸਿਲ ਕਰ ਸਕਦੀਆਂ ਹਨ।
ਪਸ਼ੂ ਪਾਲਣ ਮੇਲੇ ਦਾ ਮੁੱਖ ਉਦੇਸ਼ ਇਹ ਹੈ ਕਿ ਪਸ਼ੂ ਪਾਲਣ ਕਿੱਤਿਆਂ ਨੂੰ ਵਿਗਿਆਨਕ ਨੁਕਤਿਆਂ ਰਾਹੀਂ ਲੀਹਾਂ ਸੀਮਿਤ ਖਰਚ ਨਾਲ ਅਤੇ ਸੁਚੱਜੇ ਤਰੀਕੇ ਨਾਲ ਕੀਤਾ ਜਾਏ।ਲੋਕਾਂ ਨੂੰ ਨਕਲੀ ਦੁੱਧ ਅਤੇ ਦੁੱਧ ਵਸਤਾਂ ਦੇ ਪ੍ਰਯੋਗ ਤੋਂ ਸਾਵਧਾਨ ਕੀਤਾ ਜਾਏ ਅਤੇ ਪਸ਼ੂਆਂ ਅਤੇ ਜਾਨਵਰਾਂ ਨੂੰ ਸੰਤੁਲਿਤ, ਪੌਸ਼ਟਿਕ ਅਤੇ ਸ਼ੁੱਧ ਖੁਰਾਕ ਪ੍ਰਾਪਤ ਹੋਏ।


-ਲੋਕ ਸੰਪਰਕ ਅਧਿਕਾਰੀ
ਮੋਬਾਈਲ : 98159-09003

ਸੁਣ ਸੋਨੇ ਦਿਆ ਕੰਙਣਾ

ਕੋਈ ਅਮੀਰ ਹੋਵੇ ਜਾਂ ਨਾ, ਪਰ ਹਰ ਕੋਈ ਅਮੀਰ ਦਿਖਣਾ ਚਾਹੁੰਦਾ ਹੈ। ਦਿਖਣਾ ਹੀ ਨਹੀਂ, ਦੱਸਣਾ ਵੀ ਚਾਹੁੰਦਾ ਹੈ। ਚਾਰ ਕਨਾਲਾਂ ਵਾਲਾ ਵੀ ਦੂਜੇ ਪਿੰਡ ਜਾ ਕੇ ਚਾਰ ਖੇਤਾਂ ਦਾ ਟੱਕ ਦੱਸੂ। ਆਪਣੀ ਗ਼ਰੀਬੀ ਨੂੰ ਹਰ ਕੋਈ ਛੁਪਾਉਣਾ ਚਾਹੁੰਦਾ ਹੈ। ਇਹ ਕੰਮ ਹਰ ਕੋਈ ਕਰਦਾ ਹੈ। ਵਧਾਅ-ਚੜ੍ਹਾਅ ਕੇ ਦੱਸਣਾ ਇਕ ਬਿਮਾਰੀ ਹੈ। ਜੇ ਪੁਰਾਣੇ ਰਾਜੇ ਫੌਜਾਂ ਦੀ ਗਿਣਤੀ ਵੱਧ ਦੱਸਦੇ ਹੁੰਦੇ ਸਨ ਤਾਂ ਅੱਜ ਦੇ ਰਾਜੇ ਵਿਕਾਸ ਦਾ ਵੱਧ ਸ਼ੋਰ ਪਾਉਂਦੇ ਹਨ। ਇਹ ਸਭ ਤਾਂਬੇ 'ਤੇ ਚੜ੍ਹੀ ਸੋਨੇ ਦੀ ਝਾਲ ਵਾਂਗ ਹਨ। ਬਾਹਰੋਂ ਵੀ ਪੂਰਾ ਸੱਚ ਤੇ ਅੰਦਰੋਂ ਵੀ ਪੂਰਾ ਝੂਠ। ਮੈਨੂੰ ਤੁਰਦੇ ਫਿਰਦੇ ਨੂੰ ਇਕ ਐਹੋ ਜਿਹਾ ਪਰਿਵਾਰ ਮਿਲ ਗਿਆ, ਜੋ ਤਾਂਬੇ ਦੇ ਗਹਿਣੇ ਬਣਾ ਕੇ ਉੱਤੇ ਅਸਲੀ ਸੋਨੇ ਦੀ ਅਜਿਹੀ ਪਰਤ ਲਾਉਂਦਾ ਹੈ ਕਿ ਸੋਨਾ ਟੈਸਟ ਕਰਨ ਵਾਲੀ ਮਸ਼ੀਨ ਵੀ ਧੋਖਾ ਖਾ ਜਾਂਦੀ ਹੈ। ਤਿੰਨਾਂ ਪੁਸ਼ਤਾਂ ਤੋਂ ਇਹ ਕੰਮ ਹੁਸ਼ਿਆਰਪੁਰ ਵਿਚ ਕਰਦਾ ਪਰਿਵਾਰ ਹੁਣ ਲੋਕ ਕਲਾਵਾਂ ਮੇਲਿਆਂ ਵਿਚ ਸਰਕਾਰੀ ਤੌਰ 'ਤੇ ਜਾਂਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਵੱਡੇ-ਵੱਡੇ ਅਮੀਰ ਲੋਕ ਵੀ ਡਿਜ਼ਾਇਨ ਦਿਖਾ ਕਿ 60 ਲੱਖ ਵਾਲਾ ਹਾਰ 3-4 ਲੱਖ ਵਿਚ ਬਣਵਾ ਕੇ ਪਾਰਟੀਆਂ ਵਿਚ ਸ਼ੇਖੀ ਮਾਰਨ ਲੱਗ ਪਏ ਹਨ। ਇਹ ਕੰਮ ਬੜਾ ਰਿਸਕੀ ਹੈ, ਇਸ ਲਈ ਉਹ ਹਰ ਗਹਿਣੇ ਨਾਲ, ਸੋਨੇ ਤੇ ਤਾਂਬੇ ਦੀ ਮਾਤਰਾ ਦਾ ਪ੍ਰਮਾਣ-ਪੱਤਰ ਅਤੇ ਗਾਹਕ ਦਾ ਪ੍ਰਮਾਣ-ਪੱਤਰ, ਐਡਰਸ ਵਗੈਰਾ ਦੀ ਫੋਟੋ ਖਿੱਚ ਕੇ ਰੱਖਦੇ ਹਨ, ਤਾਂ ਕਿ ਕੋਈ ਧੋਖਾ ਨਾ ਕਰ ਸਕੇ। ਸੋਚਦਾਂ ਕਾਸ਼ ਪ੍ਰਮਾਤਮਾ ਵੀ ਸੋਨੇ ਵਰਗੇ ਦਿੱਸਦੇ ਬੰਦਿਆਂ ਵਿਚਲੇ ਤਾਂਬੇ ਦਾ ਕੋਈ ਪ੍ਰਮਾਣ-ਪੱਤਰ ਨਾਲ ਭੇਜ ਦਿਆ ਕਰੇ ਤਾਂ, ਦੁਨੀਆ ਸੌਖੀ ਹੋ ਜੂ।


-ਮੋਬਾ: 98159-45018

ਗਿਆਨ ਦੇ ਮੇਲੇ ਹਨ 'ਕਿਸਾਨ ਮੇਲੇ'

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਖੇਤੀ ਦੇ ਨਾਲ-ਨਾਲ ਕਿਸਾਨਾਂ ਨੂੰ ਸਹਾਇਕ ਕਿੱਤਿਆਂ ਜਿਵੇਂ ਮਧੂ ਮੱਖੀ ਪਾਲਣ, ਖੁੰਬ ਉਤਪਾਦਨ, ਦੋਗਲੇ ਬੀਜਾਂ ਦੇ ਉਤਪਾਦਨ, ਪਸ਼ੂ ਧਨ ਅਤੇ ਪੋਲਟਰੀ ਪ੍ਰਬੰਧਨ, ਸੁਰੱਖਿਅਤ ਖੇਤੀ ਕਰਨ ਸੰਬੰਧੀ ਸਿਖਲਾਈਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ। ਇਸ ਦੇ ਨਾਲ ਹੀ ਗ੍ਰਹਿ ਵਿਗਿਆਨ ਵਿਭਾਗ ਵੱਲੋਂ ਖਾਸ ਤੌਰ 'ਤੇ ਕਿਸਾਨ ਬੀਬੀਆਂ ਲਈ ਕੱਪੜਿਆਂ ਦੀ ਰੰਗਾਈ ਅਤੇ ਛਪਾਈ, ਸਿਲਾਈ ਕਢਾਈ, ਘਰੇਲੂ ਉਤਪਾਦਾਂ ਨੂੰ ਤਿਆਰ ਕਰਨ, ਸਬਜ਼ੀਆਂ ਅਤੇ ਫ਼ਲਾਂ ਦੇ ਰੱਖ ਰਖਾਵ ਅਤੇ ਉਨ੍ਹਾਂ ਤੋਂ ਉਤਪਾਦ ਜਿਵੇਂ ਕਿ ਜੈਮ, ਚਟਣੀਆਂ ਆਦਿ ਤਿਆਰ ਕਰਨ ਲਈ ਵੀ ਪ੍ਰਦਰਸ਼ਨੀਆਂ ਲਗਾਈਆਂ ਜਾਂਦੀਆਂ ਹਨ। ਪੇਂਡੂ ਨੌਜਵਾਨਾਂ ਨੂੰ ਤਕਨੀਕੀ ਪੱਖੋਂ ਸੰਪੂਰਨ ਕਰਨ ਲਈ ਅਤੇ ਮੁੱਢਲੀਆਂ ਲਾਗਤਾਂ ਦੀ ਸੁਚੱਜੀ ਵਰਤੋਂ ਸੰਬੰਧੀ ਪੇਂਡੂ ਨੌਜਵਾਨਾਂ ਨੂੰ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਵੱਖ-ਵੱਖ ਮਾਧਿਅਮਾਂ ਰਾਹੀਂ ਇਹ ਜਾਣਕਾਰੀ ਕਿਸਾਨਾਂ ਤੱਕ ਪਹੁੰਚਾਈ ਜਾਂਦੀ ਹੈ।
ਕਿਸਾਨ ਮੇਲਿਆਂ ਮੌਕੇ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਿਤ ਖੇਤੀ ਸਾਹਿਤ ਦੇ ਸਟਾਲ ਲਗਾਏ ਜਾਂਦੇ ਹਨ ਜਿਥੇ ਕਿਸਾਨ ਬਹੁਤ ਵੱਡੀ ਪੱਧਰ 'ਤੇ ਖੇਤੀਬਾੜੀ ਨਾਲ ਸਬੰਧਿਤ ਕਿਤਾਬਾਂ ਖਰੀਦਦੇ ਹਨ ਤੇ ਖੇਤੀ ਨਾਲ ਸਬੰਧਿਤ ਜਾਣਕਾਰੀ ਵਿਚ ਸੋਧ ਕਰਦੇ ਹਨ। ਖੇਤੀ ਸਾਹਿਤ ਵਿਚ ਮਹੀਨੇਵਾਰ ਰਸਾਲੇ ਚੰਗੀ ਖੇਤੀ (ਪੰਜਾਬੀ), ਪ੍ਰੋਗਰੈਸਿਵ ਫ਼ਾਰਮਿੰਗ (ਅੰਗਰੇਜ਼ੀ), ਪੰਜਾਬ ਦੀਆਂ ਫ਼ਸਲਾਂ ਲਈ ਸਿਫ਼ਾਰਸ਼ਾਂ (ਸਾਉਣੀ ਅਤੇ ਹਾੜ੍ਹੀ), ਫਲ, ਸਬਜ਼ੀਆਂ ਅਤੇ ਫੁੱਲਾਂ ਦੀਆਂ ਸਿਫ਼ਾਰਸ਼ਾਂ, ਕੀੜੇ ਮਕੌੜੇ, ਬਿਮਾਰੀਆਂ ਅਤੇ ਖੁਰਾਕੀ ਤੱਤਾਂ ਦੀ ਘਾਟ ਸਬੰਧੀ ਕਿਤਾਬਾਂ ਅੰਗਰੇਜ਼ੀ ਅਤੇ ਪੰਜਾਬੀ ਵਿਚ ਮਿਲਦੀਆਂ ਹਨ।
ਇਨ੍ਹਾਂ ਕਿਸਾਨ ਮੇਲਿਆਂ ਵਿਚ ਯੂਨੀਵਰਸਿਟੀ ਵਲੋਂ ਸਿਫ਼ਾਰਸ਼ ਕੀਤੀਆਂ ਗਈਆਂ ਕਿਸਮਾਂ ਦੇ ਸੁਧਰੇ ਬੀਜਾਂ ਦੀ ਵਿਕਰੀ ਕੀਤੀ ਜਾਂਦੀ ਹੈ ਜੋ ਕਿ ਕਿਸਾਨਾਂ ਲਈ ਸਭ ਤੋਂ ਵੱਧ ਆਕਰਸ਼ਨ ਦਾ ਕੇਂਦਰ ਹੁੰਦੀ ਹੈ। ਕਿਸਾਨਾਂ ਵਿਚ ਬੀਜ ਖਰੀਦਣ ਪ੍ਰਤੀ ਉਤਸ਼ਾਹ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਬਹੁਤ ਸਾਰੇ ਕਿਸਾਨ ਵੀਰ ਬੀਜਾਂ ਦੀ ਖਰੀਦ ਲਈ ਮੇਲੇ ਤੋਂ ਇਕ ਦਿਨ ਪਹਿਲਾਂ ਹੀ ਯੂਨੀਵਰਸਿਟੀ ਵਿਚ ਪਹੁੰਚ ਜਾਂਦੇ ਹਨ ਤਾਂ ਜੋ ਸੌਖਿਆਂ ਹੀ ਬੀਜ ਦੀ ਖਰੀਦੋ-ਫ਼ਰੋਖਤ ਕਰ ਸਕਣ। ਕਿਸਾਨਾਂ ਨੂੰ ਚੰਗੀਆਂ ਜਿਣਸਾਂ ਪੈਦਾ ਕਰਨ ਵਾਸਤੇ ਉਤਸ਼ਾਹਿਤ ਕਰਨ ਲਈ ਅਤੇ ਜਿਣਸਾਂ ਦਾ ਮਿਆਰੀ ਝਾੜ ਪ੍ਰਾਪਤ ਕਰਨ ਦੇ ਲਈ ਕਿਸਾਨ ਮੇਲੇ ਤੇ ਜਿਣਸਾਂ ਦੇ ਮੁਕਾਬਲੇ ਵੀ ਕਰਵਾਏ ਜਾਂਦੇ ਹਨ ਜਿਸ ਵਿਚ ਵਧੀਆ ਜਿਣਸਾਂ ਵਾਲੇ ਕਿਸਾਨਾਂ ਨੂੰ ਇਨਾਮ ਦਿੱਤੇ ਜਾਂਦੇ ਹਨ। ਇਸ ਤੋਂ ਇਲਾਵਾ, ਮੇਲੇ ਵਿਚ ਪੌਦਿਆਂ ਦਾ ਹਸਪਤਾਲ ਲਗਾਇਆ ਜਾਂਦਾ ਹੈ ਜਿਸ ਵਿਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰ ਹੁੰਦੇ ਹਨ ਜੋ ਕਿਸਾਨਾਂ ਵੱਲੋਂ ਲਿਆਂਦੇ ਰੋਗੀ ਬੂਟਿਆਂ ਨੂੰ ਦੇਖ ਪਰਖ ਕੇ ਉਨ੍ਹਾਂ ਦੀ ਸਮੱਸਿਆ ਦਾ ਹੱਲ ਕਰ ਦਿੰਦੇ ਹਨ। ਇਸੇ ਤਰ੍ਹਾਂ ਕਿਸਾਨਾਂ ਲਈ ਮਿੱਟੀ ਅਤੇ ਪਾਣੀ ਪਰਖ ਦੀ ਸੁਵਿਧਾ ਵੀ ਮੇਲੇ ਵਿਚ ਉਪਲੱਬਧ ਕਰਵਾਈ ਜਾਂਦੀ ਹੈ।
ਇਨ੍ਹਾਂ ਕਿਸਾਨ ਮੇਲਿਆਂ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਨ੍ਹਾਂ ਵਿਚ ਸਵਾਲ ਜਵਾਬ ਸਭਾ ਦਾ ਆਯੋਜਨ ਕੀਤਾ ਜਾਂਦਾ ਹੈ ਜਿਸ ਵਿਚ ਕਿਸਾਨਾਂ ਦੁਆਰਾ ਲਿਆਂਦੇ ਗਏ ਖੇਤੀਬਾੜੀ ਨਾਲ ਸਬੰਧਿਤ ਸਵਾਲਾਂ ਦੇ ਜਵਾਬ ਖੇਤੀਬਾੜੀ ਮਾਹਿਰਾਂ ਵਲੋਂ ਦਿੱਤੇ ਜਾਂਦੇ ਹਨ। ਇਨ੍ਹਾਂ ਮੇਲਿਆਂ ਵਿਚ ਅਗਾਂਹਵਧੂ ਕਿਸਾਨਾਂ ਲਈ ਵਿਸ਼ੇਸ਼ ਸਨਮਾਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਇਨ੍ਹਾਂ ਮਿਹਨਤੀ ਕਿਸਾਨਾਂ ਨੂੰ ਹੋਰ ਵਧੀਆ ਕਰਨ ਦੀ ਹੱਲਾਸ਼ੇਰੀ ਮਿਲਦੀ ਹੈ ਤੇ ਬਾਕੀ ਕਿਸਾਨਾਂ ਦਾ ਵੀ ਮਾਰਗ ਦਰਸ਼ਨ ਹੋ ਜਾਂਦਾ ਹੈ।
ਇਸ ਸਮੇਂ ਤਕ 331 ਕਿਸਾਨ ਮੇਲੇ ਆਯੋਜਿਤ ਕੀਤੇ ਜਾ ਚੁੱਕੇ ਹਨ। ਇਹ ਕਿਸਾਨ ਮੇਲੇ ਸੂਚਨਾ ਦੇ ਪਸਾਰੇ ਦੇ ਲਈ ਸਰਵਉੱਤਮ ਸਾਧਨ ਸਮਝੇ ਜਾਂਦੇ ਹਨ। ਇਸ ਨੂੰ ਧਿਆਨ ਵਿਚ ਰੱਖਦਿਆਂ ਹੋਰਨਾਂ ਸੂਬਿਆਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਨੇ ਇਨ੍ਹਾਂ ਕਿਸਾਨ ਮੇਲਿਆਂ ਦਾ ਆਯੋਜਨ ਕਰਨਾ ਆਰੰਭ ਕੀਤਾ ਹੈ ਤਾਂ ਜੋ ਸੂਬੇ ਦੀ ਕਿਸਾਨੀ ਨੂੰ ਚੋਖਾ ਲਾਭ ਪ੍ਰਾਪਤ ਹੋ ਸਕੇ। ਅਸੀਂ ਕਿਸਾਨਾਂ ਨੂੰ ਅਪੀਲ ਕਰਦੇ ਹਾਂ ਕਿ ਉਹ ਇਨ੍ਹਾਂ ਮੇਲਿਆਂ ਵਿਚ ਵੱਧ ਤੋਂ ਵੱਧ ਹਿੱਸਾ ਲੈਣ, ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ ਤੇ ਆਪਣੇ ਤਜਰਬਿਆਂ ਅਤੇ ਵਿਚਾਰਾਂ ਨੂੰ ਖੇਤੀ ਵਿਗਿਆਨੀਆਂ ਨਾਲ ਸਾਂਝਾ ਕਰਨ ਤਾਂ ਜੋ ਖੇਤੀਬਾੜੀ ਨਾਲ ਸਬੰਧਿਤ ਸਮੱਸਿਆਵਾਂ ਦੇ ਹੱਲ ਲਈ ਢੁੱਕਵੀਆਂ ਰਣਨੀਤੀਆਂ ਤਿਆਰ ਕੀਤੀਆਂ ਜਾ ਸਕਣ।
(ਸਮਾਪਤ)


-ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ, ਪੀ.ਏ.ਯੂ., ਲੁਧਿਆਣਾ। ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਬਰਨਾਲਾ।

ਪਸ਼ੂਧਨ ਗਣਨਾ ਦੌਰਾਨ ਪੰਜਾਬ 'ਚ ਗਿਣਨਯੋਗ ਮੁੱਖ ਰਜਿਸਟਰਡ ਨਸਲਾਂ ਤੇ ਇਨ੍ਹਾਂ ਦੇ ਪਛਾਣ ਚਿੰਨ੍ਹ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬੱਕਰੀਆਂ ਦੀਆਂ ਵਰਣਿਤ ਨਸਲਾਂ
ਬਾਰਬਾਰੀ : ਇਸ ਨਸਲ ਦਾ ਮੂਲ ਇਲਾਕਾ ਉੱਤਰ ਪ੍ਰਦੇਸ਼ ਤੇ ਰਾਜਸਥਾਨ ਹੈ। ਰੰਗ ਚਿੱਟਾ, ਸਾਰੇ ਸਰੀਰ 'ਤੇ ਭੂਰੇ-ਲਾਲ ਜਾਂ ਲਾਲ ਧੱਬੇ, ਕੱਦ ਛੋਟਾ, ਕੰਨ ਛੋਟੇ, ਖੜ੍ਹੇ ਹੋਏ, ਟਿਊਬਲਰ ਤੇ ਤਿੱਖੇ, ਸਿੰਗ ਦਰਮਿਆਨੇ ਅਕਾਰ ਦੇ ਤੇ ਪਿੱਛੇ ਨੂੰ ਮੁੜੇ ਹੋਏ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਬੀਟਲ : ਇਸ ਨਸਲ ਦਾ ਮੂਲ ਇਲਾਕਾ ਪੰਜਾਬ ਹੈ। ਰੰਗ ਕਾਲਾ, ਸਰੀਰ 'ਤੇ ਭੂਰੇ, ਲਾਲ ਜਾਂ ਚਿੱਟੇ ਧੱਬੇ ਹੋ ਸਕਦੇ ਹਨ, ਕੱਦ ਲੰਬਾ, ਕੰਨ ਲੰਬੇ, ਹੇਠਾਂ ਲਮਕਦੇ ਹੋਏ, ਨੱਕ ਅੰਦਰ ਨੂੰ ਧੱਸਿਆ (ਰੋਮਨ ਨੱਕ), ਸਿੰਗ ਦਰਮਿਆਨੇ ਅਕਾਰ ਦੇ ਤੇ ਪਿੱਛੇ ਨੂੰ ਮੁੜੇ ਹੋਏ ਤੇ ਨਰਾਂ ਦੇ ਦਾੜ੍ਹੀ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਜਾਮਨਾਪਰੀ : ਇਸ ਨਸਲ ਦਾ ਮੂਲ ਇਲਾਕਾ ਉੱਤਰ ਪ੍ਰਦੇਸ਼ ਹੈ। ਰੰਗ ਚਿੱਟਾ, ਸਿਰ ਤੇ ਗਰਦਨ 'ਤੇ ਭੂਰੇ ਜਾਂ ਕਾਲੇ ਧੱਬੇ ਹੋ ਸਕਦੇ ਹਨ, ਕੱਦ ਲੰਬਾ, ਕੰਨ ਲੰਬੇ, ਹੇਠਾਂ ਲਮਕਦੇ ਹੋਏ, ਮੂੰਹ ਵੱਡਾ ਤੇ ਬਾਹਰ ਨੂੰ ਉਭਰਵਾਂ, ਸਿੰਗ ਛੋਟੇ ਤੇ ਤਲਵਾਰ ਦੀ ਸ਼ਕਲ ਦੇ ਤੇ ਦਾੜ੍ਹੀ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਗੱਦੀ (ਚਿੱਟੀ ਹਿਮਾਲੀਅਨ ਬੱਕਰੀ) : ਇਸ ਨਸਲ ਦਾ ਮੂਲ ਇਲਾਕਾ ਹਿਮਾਚਲ ਪ੍ਰਦੇਸ਼ ਤੇ ਜੰਮੂ ਕਸ਼ਮੀਰ ਹੈ। ਰੰਗ ਚਿੱਟਾ (ਪਰ ਕੁਝ ਪਸ਼ੂ ਕਾਲੇ ਭੂਰੇ ਜਾਂ ਹਲਕੇ ਭੂਰੇ), ਕੱਦ ਦਰਮਿਆਨਾ, ਕੰਨ ਲੰਬੇ, ਹੇਠਾਂ ਲਮਕਦੇ ਹੋਏ, ਸਿੰਗ ਲੰਬੇ, ਚੂੜੀਦਾਰ, ਉਪਰ ਨੂੰ ਮੁੜ ਕੇ ਪਿੱਛੇ ਨੂੰ ਮੁੜੇ ਹੋਏ ਤੇ ਸਿਰਿਆਂ ਤੋਂ ਤਿੱਖੇ, ਮੂੰਹ ਛੋਟਾ ਤੇ ਨੱਕ ਬਾਹਰ ਨੂੰ ਉਭਰਿਆ, ਸਖ਼ਤ ਚਮੜੀ ਤੇ ਸਾਰੇ ਸਰੀਰ 'ਤੇ ਲੰਬੇ ਖੁਰਦਰੇ ਵਾਲ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਮਾਰਵਾੜੀ : ਇਸ ਨਸਲ ਦਾ ਮੂਲ ਇਲਾਕਾ ਰਾਜਸਥਾਨ ਹੈ। ਰੰਗ ਕਾਲਾ, ਸਰੀਰ 'ਤੇ ਭੂਰੇ-ਲਾਲ ਜਾਂ ਚਿੱਟੇ ਧੱਬੇ ਹੋ ਸਕਦੇ ਹਨ, ਕੰਨ ਚਪਟੇ, ਦਰਮਿਆਨੇ ਅਕਾਰ ਦੇ ਤੇ ਹੇਠਾਂ ਲਮਕਦੇ ਹੋਏ, ਸਿੰਗ ਛੋਟੇ ਤੇ ਪਿੱਛੇ ਨੂੰ ਮੁੜੇ ਹੋਏ ਤੇ ਲੰਬੇ ਸੰਘਣੇ ਵਾਲ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਸਿਰੋਹੀ : ਇਸ ਨਸਲ ਦਾ ਮੂਲ ਇਲਾਕਾ ਰਾਜਸਥਾਨ ਹੈ। ਦਰਮਿਆਨਾ ਗਠੀਲਾ ਸਰੀਰ, ਰੰਗ ਭੂਰਾ (ਕੁਝ ਪਸ਼ੂ ਪੂਰੇ ਚਿੱਟੇ), ਸਰੀਰ 'ਤੇ ਹਲਕੇ ਜਾਂ ਗੂੜੇ ਲਾਲ-ਭੂਰੇ ਧੱਬੇ ਹੁੰਦੇ ਹਨ, ਕੰਨ ਚਪਟੇ, ਪੱਤਿਆਂ ਵਰਗੇ ਤੇ ਹੇਠਾਂ ਲਮਕਦੇ ਹੋਏ, ਸਿੰਗ ਛੋਟੇ ਤੇ ਪਿੱਛੇ ਨੂੰ ਮੁੜੇ ਹੋਏ ਤੇ ਜ਼ਿਆਦਾਤਰ ਪਸ਼ੂਆਂ ਦੇ ਵਾਟਲਜ਼ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਭੇਡਾਂ ਦੀਆਂ ਵਰਣਿਤ ਨਸਲਾਂ
ਮੈਰੀਨੋ : ਇਸ ਨਸਲ ਦਾ ਮੂਲ ਇਲਾਕਾ ਸਪੇਨ ਹੈ। ਰੰਗ ਚਿੱਟਾ, ਕੰਨ ਛੋਟੇ ਤੇ ਖੜ੍ਹੇ ਹੋਏ, ਸਿੰਗਾਂ ਤੇ ਬਿਨਾਂ ਸਿੰਗਾਂ ਵਾਲੇ, ਸਿੰਗ ਲੰਬੇ ਤੇ ਚੂੜੀਦਾਰ, ਦਰਮਿਆਨਾ ਕੱਦ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ। ਇਹ ਉੱਨ ਲਈ ਵਰਤੀ ਜਾਣ ਵਾਲੀ ਨਸਲ ਹੈ ।
ਰੈਂਬੋਲੈਟ : ਇਸ ਨਸਲ ਦਾ ਮੂਲ ਇਲਾਕਾ ਫਰਾਂਸ ਹੈ। ਰੰਗ ਆਮ ਕਰਕੇ ਚਿੱਟੇ ਤੋਂ ਭੂਰਾ, ਕੰਨ ਛੋਟੇ ਤੇ ਖੜ੍ਹੇ ਹੋਏ, ਸਿੰਗਾਂ ਵਾਲੇ, ਸਿੰਗ ਨਰ 'ਚ ਲੰਬੇ ਤੇ ਚੂੜੀਦਾਰ ਪਰ ਮਾਦਾ 'ਚ ਛੋਟੇ, ਭਾਰਾ ਸਰੀਰ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ। ਸਪੇਨਿਸ਼ ਮੈਰੀਨੋ ਤੇ ਫਰਾਂਸ ਦੀ ਮੂਲ ਨਸਲ ਦੇ ਸੁਮੇਲ ਨਾਲ ਤਿਆਰ ਕੀਤੀ ਗਈ ਇਹ ਉੱਨ ਤੇ ਮੀਟ ਦੋਵਾਂ ਲਈ ਵਰਤੀ ਜਾਣ ਵਾਲੀ ਨਸਲ ਹੈ ।
ਕੌਰੀਡੇਲ : ਇਸ ਨਸਲ ਦਾ ਮੂਲ ਇਲਾਕਾ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਹੈ। ਰੰਗ ਗੁਲਾਬੀ, ਕੰਨ ਛੋਟੇ ਤੋਂ ਦਰਮਿਆਨੇ ਤੇ ਟਿਊਬਲਰ, ਬਿਨਾਂ ਸਿੰਗਾਂ ਵਾਲੇ, ਮੂੰਹ ਚਿੱਟਾ, ਨੱਕ ਤੇ ਖੁਰ ਕਾਲੇ, ਪੂੰਛ ਪਤਲੀ ਤੇ ਦਰਮਿਆਨੇ ਆਕਾਰ ਦੀ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ। ਇਸ ਦੀ ਉੱਨ ਬਹੁਤ ਵਧੀਆ ਕਿਸਮ ਦੀ ਚਿੱਟੀ, ਚਮਕਦਾਰ, ਸੰਘਣੀ ਤੇ ਲੰਬੇ ਰੇਸ਼ਿਆਂ ਵਾਲੀ ਹੁੰਦੀ ਹੈ ।
ਮਾਗਰਾ : ਇਸ ਨਸਲ ਦਾ ਮੂਲ ਇਲਾਕਾ ਰਾਜਸਥਾਨ ਹੈ। ਰੰਗ ਗੁਲਾਬੀ, ਕੰਨ ਛੋਟੇ ਤੋਂ ਦਰਮਿਆਨੇ ਤੇ ਟਿਊਬਲਰ, ਬਿਨਾਂ ਸਿੰਗਾਂ ਵਾਲੇ, ਮੂੰਹ ਚਿੱਟਾ, ਅੱਖਾਂ ਦੁਆਲੇ ਹਲਕੇ ਲਾਲ-ਭੂਰੇ ਰੰਗ ਦੇ ਧੱਬੇ, ਪੂਛ ਪਤਲੀ ਤੇ ਦਰਮਿਆਨੇ ਆਕਾਰ ਤੇ ਦਰਮਿਆਨਾ ਤੋਂ ਭਾਰਾ ਸਰੀਰ ਦੀ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ। ਇਸ ਦੀ ਉੱਨ ਦਰਮਿਆਨੇ ਦਰਜੇ ਦੀ ਗਲੀਚੇ ਵਾਲੀ, ਚਿੱਟੀ ਤੇ ਚਮਕਦਾਰ ਹੁੰਦੀ ਹੈ ਪਰ ਜ਼ਿਆਦਾ ਸੰਘਣੀ ਨਹੀਂ ਹੁੰਦੀ ।
ਨਾਲੀ : ਇਸ ਨਸਲ ਦਾ ਮੂਲ ਇਲਾਕਾ ਰਾਜਸਥਾਨ ਹੈ। ਰੰਗ ਗੁਲਾਬੀ, ਕੰਨ ਵੱਡੇ, ਪੱਤਾ ਆਕਾਰ ਦੇ ਤੇ ਦਰਮਿਆਨੇ ਸਾਈਜ਼ ਦੇ, ਬਿਨਾਂ ਸਿੰਗਾਂ ਵਾਲੇ, ਮੂੰਹ ਹਲਕਾ ਭੂਰਾ ਲਾਲ, ਪੂਛ ਛੋਟੀ, ਪਤਲੀ ਤੇ ਦਰਮਿਆਨੇ ਆਕਾਰ ਦੀ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ। ਇਸ ਦੀ ਉੱਨ ਚਿੱਟੀ, ਮੁਲਾਇਮ, ਸੰਘਣੀ ਤੇ ਲੰਬੇ ਰੇਸ਼ਿਆਂ ਵਾਲੀ ਹੁੰਦੀ ਹੈ। ਇਸ ਦਾ ਮੱਥਾ, ਪੇਟ ਤੇ ਲੱਤਾਂ ਉੱਨ ਨਾਲ ਢਕੀਆਂ ਹੁੰਦੀਆਂ ਹਨ।
ਗੱਦੀ : ਇਸ ਨਸਲ ਦਾ ਮੂਲ ਇਲਾਕਾ ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ ਤੇ ਉਤਰਾਂਚਲ ਹੈ। ਰੰਗ ਜ਼ਿਆਦਾਤਰ ਚਿੱਟਾ ਪਰ ਕੁਝ 'ਚ ਭੂਰੇ ਜਾਂ ਹਲਕੇ ਭੂਰੇ ਜਾਂ ਇਨ੍ਹਾਂ ਦਾ ਮਿਸ਼ਰਣ ਹੁੰਦਾ ਹੈ, ਕੰਨ ਛੋਟੇ, ਨਰ ਸਿੰਗਾਂ ਵਾਲੇ ਪਰ ਮਾਦਾ ਜ਼ਿਆਦਾਤਰ ਬਿਨਾਂ ਸਿੰਗਾਂ ਵਾਲੇ, ਪੂਛ ਛੋਟੀ ਤੇ ਪਤਲੀ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ। ਇਸ ਦੀ ਉੱਨ ਵਧੀਆ ਕੁਆਲਿਟੀ ਦੀ ਤੇ ਸੰਘਣੀ ਹੁੰਦੀ ਹੈ। (ਚਲਦਾ)


-ਮੋਬਾਈਲ : 94173-52195.
ਈਮੇਲ :rkmangal2802@gmail.com





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX