ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  18 minutes ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  about 1 hour ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  about 2 hours ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  about 3 hours ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਪਟਿਆਲਾ ਜੇਲ੍ਹ ਦੇ 4 ਅਧਿਕਾਰੀ ਮੁਅੱਤਲ
. . .  about 3 hours ago
ਚੰਡੀਗੜ੍ਹ, 25 ਅਪ੍ਰੈਲ - ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਟਿਆਲਾ ਜੇਲ੍ਹ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ...
27 ਅਤੇ 28 ਨੂੰ ਨਹੀ ਲਏ ਜਾਣਗੇ ਨਾਮਜ਼ਦਗੀ ਪੱਤਰ - ਸੀ.ਈ.ਓ ਡਾ. ਰਾਜੂ
. . .  38 minutes ago
ਚੰਡੀਗੜ੍ਹ, 25 ਅਪ੍ਰੈਲ - ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ...
ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਸੈਸ਼ੇਲਸ ਗਣਰਾਜ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  about 3 hours ago
ਨਵੀਂ ਦਿੱਲੀ, 25 ਅਪ੍ਰੈਲ - ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਸੈਸ਼ੇਲਸ ਗਣਰਾਜ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ...
ਪ੍ਰਧਾਨ ਮੰਤਰੀ ਵੱਲੋਂ ਵਾਰਾਨਸੀ 'ਚ ਕੱਢਿਆ ਗਿਆ ਰੋਡ ਸ਼ੋਅ
. . .  about 3 hours ago
ਵਾਰਾਨਸੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ...
1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਮੌਤ
. . .  about 3 hours ago
ਨਾਗਪੁਰ, 25 ਅਪ੍ਰੈਲ - 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਨਾਗਪੁਰ ਦੇ ਹਸਪਤਾਲ 'ਚ ਮੌਤ ਹੋ ਗਈ। ਉਹ ਨਾਗਪੁਰ ਸੈਂਟਰਲ ਜੇਲ੍ਹ 'ਚ ਬੰਦ...
ਬਿਜਲੀ ਦੀਆਂ ਤਾਰਾਂ 'ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਕਣਕ ਨੂੰ ਲੱਗੀ ਅੱਗ
. . .  about 4 hours ago
ਮਮਦੋਟ, 25 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਮਮਦੋਟ ਬਲਾਕ ਦੇ ਪਿੰਡ ਸਦਰਦੀਨ ਵਾਲਾ ਵਿਖੇ ਬਿਜਲੀ ਦੀਆਂ ਤਾਰਾਂ ਚੋਂ ਨਿਕਲੀਆਂ ਚੰਗਿਆੜੀਆਂ ਕਾਰਨ ਇਕ ਕਿਸਾਨ ਦੀ ਤਿੰਨ ਏਕੜ ਕਣਕ ਸੜ ਜਾਣ ਦੀ ਮੰਦਭਾਗੀ ਖ਼ਬਰ ਮਿਲੀ ਹੈ। ਇਕੱਤਰ ਜਾਣਕਾਰੀ ਅਨੁਸਾਰ ....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਕਹਾਣੀ: ਮੇਲ

ਬੈਂਕ ਬੰਦ ਹੁੰਦਿਆਂ ਹੀ ਫ਼ੌਜੀ ਸ਼ੇਰ ਸਿੰਘ ਭਗਤ ਸਿੰਘ ਵਸਤੀ ਨੂੰ ਚਲ ਪਿਆ |
ਜਿੱਥੇ ਦਾ ਪਤਾ ਸੀਤੋ ਦੇ ਕੇ ਗਈ ਸੀ | ਉਸ ਨੂੰ ਇਕ ਕੰਮ ਵਾਲੀ ਔਰਤ ਦੀ ਲੋੜ ਸੀ | ਸਭ ਕੁਝ ਪਿੰਡ ਛੱਡ ਛੁਡਾ ਕੇ ਨੌਸ਼ਹਿਰੇ ਆ ਬੈਠਾ ਸੀ | ਘਰ ਵਾਲੀ ਗੁਜਰ ਚੁੱਕੀ ਸੀ ਅਤੇ ਨੂੰ ਹਾਂ ਪੁੱਤਾਂ ਨੇ ਉਸ ਦੀ ਕਦਰ ਨਹੀਂ ਜਾਣੀ | ਉਹ ਕੱਪੜੇ ਆਪ ਧੋਵੇ ਅਤੇ ਰੋਟੀਆਂ ਵਲੋਂ ਨੱਕ ਬੁੱਲ੍ਹ ਕਢਾਵੇ, ਉਸ ਨੂੰ ਭੀਖ ਮੰਗਣ ਬਰੋਬਰ ਲਗਦਾ ਸੀ | ਉਸ ਨੇ ਸਾਰੀ ਉਮਰ ਗੜਕੇ ਨਾਲ ਹੁਕਮ ਮੰਨਿਆ ਸੀ ਅਤੇ ਦਿੱਤਾ ਸੀ | ਸੋ ਸਿਰਹਾਲੀ ਛੱਡ ਉਸ ਨੇ ਨੌਸ਼ਹਿਰੇ ਆ ਕੇ ਕੋਠੀ ਪਾ ਲਈ ਪਰ ਨੌਕਰੀ ਕਰਦਿਆਂ ਸਾਰੇ ਕੰਮ ਆਪ ਕਰਨੇ ਉਸਨੂੰ ਬੜੇ ਔਖੇ ਲੱਗ ਰਹੇ ਸਨ | ਕੱਪੜੇ ਧੋਂਦਿਆਂ ਦੋ ਤਿੰਨ ਤਾਂ ਉਸ ਨੇ ਮੋਬਾਈਲ ਹੀ ਪਾਣੀ 'ਚ ਡੁਬੋ ਕੇ ਖਰਾਬ ਕਰ ਲਏ | ਰੋਟੀ ਬਣਾ ਕੇ ਨਹਾਉਣ ਲੱਗ ਜਾਂਦਾ ਤਾਂ ਰੋਟੀ ਠਰ ਜਾਂਦੀ ਸੀ, ਜੋ ਪਹਿਲਾਂ ਰੋਟੀ ਖਾਣ ਲੱਗ ਜਾਂਦਾ ਤਾਂ ਪਾਣੀ ਠਰ ਜਾਂਦਾ | ਪਿਛਲੇ ਦਿਨੀਂ ਬੈਂਕ 'ਚ ਆਈ ਸੀਤੋ ਨੂੰ ਆਪਣੀ ਮੁਸ਼ਕਿਲ ਦੱਸੀ ਤਾਂ ਉਹ ਘਰ ਆਉਣ ਨੂੰ ਕਹਿ ਗਈ ਸੀ | ਉਹਦੀ ਨਿਗਾਹ 'ਚ ਕੋਈ ਵਿਧਵਾ ਔਰਤ ਸੀ | ਜੋ ਲੱਗੀ ਤਾਂ ਆਂਗਨਵਾੜੀ 'ਚ ਸੀ ਪਰ ਇਮਾਨਦਾਰ ਸੀ | ਉਸ ਨੂੰ ਚਾਬੀ ਫੜਾਈ ਜਾ ਸਕਦੀ ਸੀ ਤਾਂਕਿ ਉਸ ਦੀ ਗ਼ੈਰ-ਹਾਜ਼ਰੀ ਵੀ ਕੰਮ ਮੁਕਾ ਜਾਇਆ ਕਰੇ | ਅਜੇ ਉਹ ਥੋੜ੍ਹੀ ਦੂਰ ਹੀ ਗਿਆ ਸੀ ਕਿ ਉਸ ਦੇ ਮੋਬਾਈਲ ਫੋਨ ਦੀ ਰਿੰਗ ਟਿਊਨ ਵੱਜ ਉਠੀ, 'ਸਤਿਗੁਰ ਮੇਲ ਮਿਲਾਏ, ਹਮ ਘਰ ਸਾਜਨ ਆਏ' ਖਾਂਦਾ-ਪੀਂਦਾ ਹੋਣ ਕਰਕੇ ਉਸ ਨੂੰ ਇਹ ਟਿਊਨ ਗੁਰਬਾਣੀ ਦੀ ਬੇਅਦਬੀ ਲੱਗ ਰਹੀ ਸੀ ਪਰ ਹਰ ਵਾਰ ਬਦਲਣੀ ਭੁੱਲ ਜਾਂਦਾ | ਉਹ ਸੋਚਦਾ ਸ਼ਰਾਬ ਪਤਾ ਨਹੀਂ ਉਸ ਦਾ ਪਿੱਛਾ ਕਦੋਂ ਛੱਡੂਗੀ | ਸ਼ਾਇਦ ਕਦੇ ਵੀ ਨਹੀਂ | ਉਦੋਂ ਤੱਕ ਤਾਂ ਬਿਲਕੁਲ ਨਹੀਂ ਜਦੋਂ ਤੱਕ ਉਸ ਨੂੰ ਸਰਕਾਰੀ ਕੋਟਾ ਮਿਲਦਾ ਹੈ | ਮੋਟਰਸਾਈਕਲ ਰੋਕ ਕੇ ਫੋਨ ਆਨ ਕੀਤਾ ਤਾਂ ਉਧਰੋਂ ਕੋਈ ਔਰਤ ਬੋਲ ਰਹੀ ਸੀ, 'ਹੈਲੋ ਫ਼ੌਜੀ ਸਾਹਬ ਮੈਂ ਰਾਮ ਨਗਰ ਤੋਂ ਪ੍ਰਤਾਪੀ ਬੋਲ ਰਹੀ ਹਾਂ | ਭਲਾ ਇਸ ਮਹੀਨੇ ਦੀਆਂ ਬੁਢਾਪਾ ਪਿਨਸ਼ਨਾਂ ਆ ਗਈਆਂ?'
'ਬੀਬੀ ਅਜੇ ਮਹੀਨੇ ਦੀ ਵੀਹ ਤਰੀਕ ਹੋਈ ਹੈ | ਘੱਟ ਤੋਂ ਘੱਟ ਪਹਿਲੀ-ਦੂਜੀ ਤੋਂ ਬਾਅਦ ਪੁੱਛਿਆ ਕਰੋ', ਕਹਿ ਕੇ ਉਸ ਨੇ ਫੋਨ ਕੱਟ ਦਿੱਤਾ ਅਤੇ ਬੁੜਬੁੜ ਕਰਦਿਆਂ ਜੇਬ 'ਚ ਸੁੱਟ ਕੇ ਮੋਟਰਸਾਈਕਲ ਤੋਰ ਲਿਆ |
ਭਗਤ ਸਿੰਘ ਵਸਤੀ ਪਹੁੰਚਦਿਆਂ ਹੀ ਆਟਾ ਚੱਕੀ ਕੋਲੋਂ ਸੀਤੋ ਦਾ ਘਰ ਪੁੱਛਣ ਹੀ ਲੱਗਾ ਸੀ ਕਿ ਅੱਗੋਂ ਸੀਤੋ ਹੀ ਹੱਟੀ ਤੋਂ ਦੁੱਧ ਲਈ ਆਉਂਦੀ ਮਿਲ ਗਈ | ਉਸ ਨੂੰ ਪਹਿਚਾਣਕੇ ਬੋਲੀ, 'ਸਤਿ ਸ੍ਰੀ ਅਕਾਲ, ਆ ਗਏ ਫ਼ੌਜੀ ਸਾਹਬ?'
'ਹਾਂ ਜੀ ਮੈਂ ਸੋਚਿਆ ਕੱਲ੍ਹ ਨੂੰ ਛੁੱਟੀ ਹੈ | ਕਿਤੇ ਜਾਣਾ-ਆਉਣਾ ਪੈ ਸਕਦਾ ਹੈ, ਅੱਜ ਹੀ ਪਤਾ ਕਰ ਆਵਾਂ | ਤੁਸੀਂ ਕਰ ਲਿਆ ਹੋਣਾ ਪਤਾ... |'
'ਨਹੀਂ ਅਜੇ ਤਾਂ ਨਹੀਂ ਕੀਤਾ, ਆਜੋ ਘਰੇ ਗੱਲ ਕਰਦੇ ਹਾਂ', ਘਰ ਆ ਕੇ ਸੀਤੋ ਨੇ ਇਕ ਨੰਬਰ ਡਾਇਲ ਕੀਤਾ ਅਤੇ ਫੋਨ ਕੰਨ ਨੂੰ ਲਾ ਕੇ ਬੋਲੀ, 'ਨੀ ਕੰਮੋ ਕਿੱਥੇ ਐ ਤੂੰ?... ਨੀ ਮਾੜਾ ਜਿਹਾ ਘਰ ਆ... ਅੱਛਾ ਮਕਾਨ ਬਦਲ ਲਿਆ... ਕਿਉਂ ਇਥੇ ਕੀ ਤਕਲੀਫ਼ ਸੀ... ਚਲ ਕੋਈ ਗੱਲ ਨਹੀਂ... ਨੀ ਇਕ ਫ਼ੌਜੀ ਬੰਦੇ ਨੂੰ ਕੰਮ ਵਾਲੀ ਦੀ ਲੋੜ ਐ, ਮੈਂ ਤੇਰੇ ਬਾਰੇ ਦੱਸ ਪਾਈ ਸੀ... ਨਹੀਂ ਕੋਈ ਨਹੀਂ... ਹੈ ਤਾਂ ਕੱਲਾ ਕਹਿਰਾ ਹੀ... ਇਹ ਤੂੰ ਵੇਖਲਾ ਹੁਣ... ਇਧਰ ਦਾ ਹੀ ਐ ਜਿਧਰ ਤੂੰ ਗਈ ਏਾ... ਚਲ ਚੰਗਾ ਮੈਂ ਇਨ੍ਹਾਂ ਨੂੰ ਫੋਨ ਦੇ ਦਿਆਂਗੀ, ਆਪੇ ਗੱਲ ਕਰ ਲਿਉ... |'
ਤੀਜੇ ਦਿਨ ਫੋਨ ਕਰਕੇ ਜਦ ਉਹ ਕੰਮ ਵਾਲੀ ਉਸ ਦੇ ਘਰ ਆ ਕੇ ਉਸ ਦੇ ਮੱਥੇ ਲੱਗੀ ਤਾਂ ਉਸ ਨੂੰ ਵੇਖਦਾ ਹੀ ਰਹਿ ਗਿਆ | ਉਸ ਦੇ ਸਾਹਮਣੇ ਉਮਰ ਦਾ ਅਸਰ ਕਬੂਲੀ ਮਾਨੋਚਾਹਲ ਵਾਲੀ ਕਰਮਜੀਤ ਖੜ੍ਹੀ ਸੀ | ਜਿਸ ਨੂੰ ਉਸ ਨੇ ਦਸ ਸਾਲ ਪਹਿਲਾਂ ਵੇਖਿਆ ਸੀ |
ਇਕ ਵਾਰ ਸ਼ਾਮ ਢਲੇ ਜਿਹੇ ਛੁੱਟੀ ਆਇਆ ਸੀ ਤਾਂ ਤਰਨ ਤਾਰਨ ਸਟੇਸ਼ਨ ਦੇ ਬਾਹਰੋਂ ਕੁਝ ਫਲ ਖਰੀਦ ਕੇ ਬੈਗ 'ਚ ਪਾ ਲਏ | ਕਿਉਂਕਿ ਕੁਝ ਜੁਆਕਾਂ ਵਾਸਤੇ ਨਾ ਲਿਜਾਣ ਤੇ ਘਰ ਵਾਲੀ ਦੀਆਂ ਤੱਤੀਆਂ-ਠੰਢੀਆਂ ਨਾ ਸੁਣਨ ਨੂੰ ਮਿਲਣ | ਭਾਵੇਂ ਉਸ ਨੂੰ ਬੱਚੇ ਦੁਪਿਆਰੇ ਨਹੀਂ ਸਨ ਪਰ ਮਾਪਿਆਂ ਵਲੋਂ ਸਿਰ ਚਾੜ੍ਹੀ ਉਸ ਦੀ ਘਰ ਵਾਲੀ ਨੂੰ ਤਾਂ ਉਸ ਦੀ ਸ਼ਰਾਬ ਵੇਖ ਕੇ ਲੜਨ ਦਾ ਬਹਾਨਾ ਚਾਹੀਦਾ ਸੀ | ਬੱਸ ਸਟੈਂਡ 'ਤੇ ਉਸ ਨੂੰ ਇਕ ਪੇਂਡੂ ਮੁਟਿਆਰ ਖੜੋਤੀ ਮਿਲੀ | ਜਿਸ ਦੇ ਗੋਦੀ ਜੁਆਕ ਚੱਕਿਆ ਸੀ ਅਤੇ ਕੁਵੇਲਾ ਹੋਣ ਕਰਕੇ ਚਿਹਰੇ 'ਤੇ ਚਿੰਤਾ ਦੀਆਂ ਲਕੀਰਾਂ ਸਨ | ਸ਼ਾਇਦ ਉਹਦੀ ਬੱਸ ਲੰਘ ਗਈ ਸੀ | ਫ਼ੌਜੀ ਵੀ ਕਿਸੇ ਸੁਆਰੀ ਦੀ ਝਾਕ 'ਚ ਖੜੋਤਾ ਵਾਰ-ਵਾਰ ਘੜੀ ਵੇਖ ਰਿਹਾ ਸੀ | ਕਾਫੀ ਚਿਰ ਸੋਚਦਾ ਵੀ ਰਿਹਾ ਕਿ ਮੁਟਿਆਰ ਨੂੰ ਬੁਲਾਵੇ ਕਿ ਨਾ | ਬੁਲਾਵੇ ਤਾਂ ਕਿਸ ਬਹਾਨੇ ਬੁਲਾਵੇ | ਇੰਨੇ ਨੂੰ ਉਸ ਮੁਟਿਆਰ ਨੇ ਖੁਦ ਹੀ ਬੁਲਾ ਲਿਆ, 'ਭਾਅ ਜੀ ਕੀ ਟਾਇਮ ਹੋ ਗਿਆ?'
'ਸੱਤ ਵੱਜਣ ਵਾਲੇ ਆ', ਫ਼ੌਜੀ ਬੋਲਿਆ, 'ਕੀ ਪ੍ਰੋਬਲਿਮ ਐ? ਕਿਧਰ ਨੂੰ ਜਾਣਾ ਤੁਸੀਂ?'
'ਤੁਸੀਂ ਕਿਧਰ ਨੂੰ ਜਾਣਾ ਹੈ?' ਮੁਟਿਆਰ ਨੇ ਉਲਟਾ ਸਵਾਲ ਕੀਤਾ |
'ਜੀ ਜੰਡੋਕੇ, ਇਥੇ ਮੈਂ ਵਿਆਹਿਆ ਹਾਂ ਅਤੇ ਫ਼ੌਜ 'ਚੋਂ ਐਨੋਲੀਵ ਆਇਆ ਹਾਂ | ਸੋਚਿਆ ਜੁਆਕਾਂ ਨੂੰ ਪਿੰਡ ਲੈਂਦਾ ਹੀ ਜਾਵਾਂ ਨਹੀਂ ਤਾਂ ਫਿਰ ਆਉਣਾ ਪਊ | ਹੁਣ ਹੈ ਕੋਈ ਬੱਸ ਗੱਡੀ ਦਾ ਟਾਇਮ ਕਿ ਨਹੀਂ |'
'ਸ਼ਾਇਦ ਨਹੀਂ ਜੀ | ਸਾਨੂੰ ਤਾਂ ਖੁਦ ਗੱਡੀ ਨੇ ਲੇਟ ਕਰਤਾ | ਨਾ ਕੁਝ ਮਿਲਿਆ ਤਾਂ ਫੋਨ ਕਰਨਾ ਪਊ | ਘਰੋਂ ਆ ਕੇ ਲੈ ਜਾਣਗੇ', ਕਹਿਣ ਦੇ ਨਾਲ ਮੁਟਿਆਰ ਨੇ ਗੋਦੀ 'ਚ ਸੁੱਤੇ ਬੱਚੇ ਵੱਲ ਧਿਆਨ ਮਾਰਿਆ |
'ਵੈਸੇ ਜਾਣਾ ਕਿੱਥੇ ਐ ਤੁਸੀਂ?'
'ਜੀ ਜੰਡੋਕਿਆਂ ਦੇ ਨਾਲ ਹੀ ਐ ਸਾਡਾ ਪਿੰਡ ਵੀ, ਮਾਨੋਚਾਹਲ | ਮੇਰਾ ਨਾਂਅ ਕਰਮਜੀਤ ਕੌਰ ਅਤੇ ਮੈਂ ਕੈਰੋਂ ਵਿਆਹੀ ਹਾਂ |'
'ਵੈਰੀ ਗੁੱਡ | ਫਿਰ ਤਾਂ ਆਪਾਂ ਇਧਰੋਂ ਵੀ ਗੁਆਂਢੀ ਹਾਂ ਅਤੇ ਉਧਰੋਂ ਵੀ | ਮੈਂ ਸਿਰਹਾਲੀ ਦਾ ਰਹਿਣ ਵਾਲਾ ਹਾਂ | ਕੈਰੋਂ ਦੇ ਕੁਝ ਲੋਕਾਂ ਨੂੰ ਤਾਂ ਮੈਂ ਜਾਣਦਾ ਵੀ ਹਾਂ | ਸੁੱਖਾ ਪਟਵਾਰੀ ਮੇਰੇ ਨਾਲ ਪੜ੍ਹਦਾ ਰਿਹਾ ਹੈ, ਜਿਨ੍ਹਾਂ ਦਾ ਘਰ ਕਸੇਲਾਂ ਵਾਲੇ ਰਾਹ 'ਤੇ ਹੈ | ਤੁਹਾਡਾ ਘਰ ਕਿੱਥੇ ਕੁ ਹੈਗਾ?'
'ਪਿੰਡ ਦੇ ਵਿਚਾਲੇ, ਮੈਂ ਨਛੱਤਰ ਮੈਂਬਰ ਦੀ ਨੂੰ ਹ ਹਾਂ | ਮੇਰੇ ਘਰ ਵਾਲਾ ਕ੍ਰਿਸ਼ਨ ਪ੍ਰਾਈਵੇਟ ਬੱਸ 'ਤੇ ਕੰਡੈਕਟਰ ਹੈ ਅਤੇ ਉਹ ਤੋਂ ਵੱਡਾ ਤੁਹਾਡੇ ਵਾਂਗ ਫ਼ੌਜੀ ਹੈ | ਕਦੇ ਲੰਘਦੇ-ਟੱਪਦੇ ਗੇੜਾ ਮਾਰ ਜਾਇਓ | ਬੜੇ ਚੰਗੇ ਸੁਭਾਅ ਦਾ ਪਰਿਵਾਰ ਹੈ ਸਾਡਾ', ਕਰਮਜੀਤ ਉਸ ਨਾਲ ਇਸ ਤਰ੍ਹਾਂ ਘੁਲ ਗਈ ਜਿਵੇਂ ਵਰਿ੍ਹਆਂ ਤੋਂ ਜਾਣਦੀ ਹੋਵੇ |
'ਲੈ ਫੇਰ ਤਾਂ ਗੇੜਾ ਜ਼ਰੂਰ ਮਾਰਾਂਗੇ | ਦੂਹਰੀ ਤੀਹਰੀ ਸਕੀਰੀ ਪੈ ਗਈ ਆਪਣੀ ਤਾਂ | ਨਾਲੇ ਪਟਵਾਰੀ ਨੂੰ ਵੀ ਮਿਲ ਕੇ ਆਊਾ, ਅੱਜ ਸਰਦਾਰ ਜੀ ਨਾਲ ਕਿਉਂ ਨਹੀਂ ਆਏ?'
'ਛੁੱਟੀ ਨਹੀਂ ਮਿਲੀ | ਵੈਸੇ ਵੀ ਉਹ ਮਘਰਦੀ ਜ਼ਿੰਮੇਵਾਰੀ ਘੱਟ ਹੀ ਲੈਂਦੇ ਆ | ਸਾਰੇ ਕੰਮ ਮੈਂ ਹੀ ਕਰਦੀ ਹਾਂ | ਮੇਰੇ 'ਤੇ ਪੂਰਾ ਭਰੋਸਾ ਹੈ ਉਨ੍ਹਾਂ ਨੂੰ | ਆਪਾਂ ਭਾਅ ਜੀ ਕਦੇ ਸ਼ਿਕਾਇਤ ਦਾ ਮੌਕਾ ਵੀ ਨਹੀਂ ਆਉਣ ਦਿੱਤਾ |'
'ਚੰਗੀ ਗੱਲ ਐ, ਰੱਬ ਤੁਹਾਡਾ ਵਿਸ਼ਵਾਸ ਬਣਾਈ ਰੱਖੇ', ਉਸ ਨੇ ਠੰਢਾ ਹਓਕਾ ਲੈ ਕੇ ਮਨ 'ਚ ਆਖਿਆ, ਮੇਰੇ 'ਤੇ ਤਾਂ ਮੇਰੇ ਘਰ ਵਾਲੀ ਨੂੰ ਭੋਰਾ ਵਿਸ਼ਵਾਸ ਨਹੀਂ | ਫ਼ੌਜੀ ਨੇ ਘੜੀ 'ਤੇ ਟਾਇਮ ਵੇਖਦਿਆਂ ਗੱਲ ਬਦਲੀ, 'ਕੋਈ ਠੰਢਾ ਤੱਤਾ ਲਓਗੇ?'
'ਨਾ ਜੀ, ਇਸ ਵਕਤ ਤਾਂ ਕੋਈ ਜ਼ਰੂਰਤ ਨਹੀਂ', ਕਰਮਜੀਤ ਨੂੰ ਸ਼ਾਇਦ ਘਰ ਪਹੁੰਚਣ ਦੀ ਚਿੰਤਾ ਸੀ |
'ਸ਼ਾਇਦ ਬੱਸ ਤਾਂ ਹੁਣ ਕੋਈ ਜਾਣੀ ਨਹੀਂ | ਕਿਵੇਂ ਕਰੋਗੇ | ਜੇ ਤੁਹਾਨੂੰ ਕੋਈ ਇਤਰਾਜ਼ ਨਾ ਹੋਵੇ ਤਾਂ ਸਪੈਸ਼ਲ ਸੁਆਰੀ ਮੈਂ ਕਰਵਾ ਲੈਂਦਾ ਹਾਂ | ਮੈਂ ਤਾਂ ਕੈਰੋ ਨੂੰ ਜਾਣਾ ਹੀ ਜਾਣਾ ਹੈ, ਤੁਹਾਨੂੰ ਵੀ ਛੱਡ ਆਵਾਂਗਾ |'
ਉਸ ਵਲੋਂ ਹਾਮੀ ਭਰਨ 'ਤੇ ਸੌ ਰੁਪਏ 'ਚ ਕਾਰ ਕਰਵਾ ਲਈ | ਆਪਣਾ ਬਕਸਾ ਅਤੇ ਬੈਗ ਡਿੱਗੀ 'ਚ ਰੱਖ ਦਿੱਤਾ | ਜਦ ਕਿ ਕਰਮਜੀਤ ਆਪਣਾ ਪਰਸ ਲੈ ਕੇ ਮਗਰਲੀ ਸੀਟ 'ਤੇ ਬੈਠ ਗਈ | ਅਗਲੀ ਸੀਟ 'ਤੇ ਬੈਠੇ ਫ਼ੌਜੀ ਨੇ ਕਿਹਾ, 'ਕਰਮਜੀਤ ਜੀ ਟੈਨਸ਼ਨ ਨਾ ਲਿਓ, ਇਕ ਫ਼ੌਜੀ ਵਲੋਂ ਤੁਹਾਨੂੰ ਕੋਈ ਸ਼ਿਕਾਇਤ ਨਹੀਂ ਮਿਲੇਗੀ |'
'ਨਹੀਂ ਮੈਂ ਜਾਣਦੀ ਹਾਂ ਕਿ ਫ਼ੌਜੀ ਸਿਰਫ਼ ਫ਼ੌਜ 'ਚ ਹੀ ਵਰਦੀ ਪਾਉਂਦੇ ਆ, ਪਿੰਡਾਂ 'ਚ ਇਨ੍ਹਾਂ ਦੇ ਚਿੱਟੇ ਕੱਪੜੇ ਹੀ ਹੁੰਦੇ ਆ | ਮੇਰੀ ਜੇਠਾਣੀ ਜਦ ਕਿਤੇ ਗਰਮ ਹੋ ਜਾਵੇ ਤਾਂ ਸਾਡਾ ਫ਼ੌਜੀ ਰੇਸ ਲਾਉਣ ਚਲਾ ਜਾਂਦਾ ਹੈ', ਕਹਿ ਕੇ ਕਰਮਜੀਤ ਹੱਸੀ |
ਉਸ ਦੀ ਇਕੋ ਝਲਕ ਸ਼ਾਇਦ ਇਸ ਕਰਕੇ ਵੀ ਨਹੀਂ ਭੁੱਲੀ ਕਿ ਫ਼ੌਜੀ ਦੇ ਆਪਣੇ ਘਰ ਨਹੀਂ ਸੀ ਬਣਦੀ | ਉਸ ਨੂੰ ਉਹ ਪਿਆਰ ਸਤਿਕਾਰ ਹਾਸਲ ਨਹੀਂ ਸੀ ਹੁੰਦਾ ਜੋ ਉਹ ਚਾਹੁੰਦਾ ਸੀ | ਉਸ ਦੀ ਹਰ ਛੁੱਟੀ ਲੜਾਈ-ਝਗੜੇ 'ਚ ਬੀਤਦੀ | ਉਸ ਨੇ ਹਮੇਸ਼ਾ ਹੁਕਮ ਨਾਲ ਕੰਮ ਲਿਆ ਸੀ | ਜਦ ਕਿ ਘਰ ਵਾਲੀ ਉਸ ਦੀ ਪ੍ਰਵਾਹ ਹੀ ਨਹੀਂ ਸੀ ਕਰਦੀ | ਇਹ ਤਾਂ ਚੰਗਾ ਹੋਇਆ ਉਸ ਦੇ ਪੈਨਸ਼ਨ ਆਉਣ 'ਤੋਂ ਪਹਿਲਾਂ ਹੀ ਮਰ ਗਈ ਨਹੀਂ ਤਾਂ... |
ਪੈਨਸ਼ਨ ਆਉਂਦਿਆਂ ਉਸ ਨੂੰ ਬੈਂਕ ਗਾਡ ਦੀ ਨੌਕਰੀ ਮਿਲ ਗਈ | ਕੈਰੋ ਵਿਚਦੀ ਲੰਘ ਕੇ ਡਿਊਟੀ 'ਤੇ ਜਾਂਦਿਆਂ ਕਈ ਵਾਰੀ ਸੋਚਿਆ ਵੀ ਸੀ ਕਿ ਫ਼ੌਜੀ ਭਰਾ ਦਾ ਹਾਲਚਾਲ ਪੁੱਛਣ ਨਛੱਤਰ ਮੈਂਬਰ ਦੇ ਘਰ ਹੋ ਆਵੇ ਪਰ ਉਸ ਦੇ ਮਨ ਦਾ ਚੋਰ ਸ਼ਰਮਾ ਗਿਆ | ਕਈਆਂ ਸਾਲਾਂ ਬਾਅਦ ਉਸ ਦੀ ਪੋਸਟਿੰਗ ਨੌਸ਼ਹਿਰੇ ਦੇ ਬੈਂਕ 'ਚ ਹੋ ਗਈ | ਪਤਾ ਨਹੀਂ ਉਸ ਵਿਚ ਕਿਹੜੀ ਘਾਟ ਸੀ ਕਿ ਨੂੰ ਹ-ਪੁੱਤਰ ਵੀ ਉਸ ਤੋਂ ਦਿਨੋ-ਦਿਨ ਦੂਰੀਆਂ ਪਾਉਂਦਿਆਂ ਟਿਚ ਹੀ ਸਮਝਦੇ ਸਨ | ਰੋਟੀ ਬਣਾ ਕੇ ਨੂੰ ਹਾਂ ਫੜਾਉਂਦੀਆਂ ਨਹੀਂ ਸਨ ਬਲਕਿ ਅੱਗੇ ਸੁੱਟ ਜਾਂਦੀਆਂ ਸਨ | ਕਈ ਵਾਰ ਤਾਂ ਉਹ ਪਾਠ ਕਰਨ ਜਾਂ ਕਿਸੇ ਹੋਰ ਪੜ੍ਹਾਈ ਲਿਖਾਈ 'ਚ ਲੱਗਾ ਹੁੰਦਾ ਅਤੇ ਰੋਟੀਆਂ ਘਰ 'ਚ ਪਾਲੇ ਜਾਨਵਰ ਧੂਹ ਲਿਜਾਂਦੇ | ਉਸ ਨੇ ਘਰ 'ਚ ਬਤੇਰਾ ਐਡਜੈਸਟਮੈਂਟ ਹੋਣਦੀ ਕੋਸ਼ਿਸ਼ ਕੀਤੀ ਪਰਪਤਾ ਨਹੀਂ ਉਹਦੇ ਵਿਚਾਰ ਘਰਦਿਆਂ ਨਾਲ ਕਿਉਂ ਨਹੀਂ ਸੀ ਮਿਲਦੇ | ਹਾਰ ਕੇ ਕਰਜ਼ ਲਿਆ ਅਤੇ ਨੌਸ਼ਹਿਰੇ ਆਕੇ ਕੋਠੀ ਪਾ ਲਈ | ਵੈਸੇ ਵੀ ਹੁਣ ਪਿੰਡਾਂ ਨੂੰ ਛੱਡ ਲੋਕ ਸ਼ਹਿਰਾਂ 'ਚ ਆਈ ਜਾ ਰਹੇ ਸਨ | ਸ਼ਹਿਰ ਦੇ 60 ਪਰਸੈਂਟ ਲੋਕਾਂ ਦਾ ਪਿੱਛਾ ਪਿੰਡਾਂ ਨਾਲ ਜੁੜਿਆ ਸੀ |
ਜਦ ਕਿ ਕੁਝ ਨਾ ਸਮਝਦੀ ਹੋਈ ਕਰਮਜੀਤ ਨੇ ਪਹਿਲਾਂ ਸਤਿ ਸ੍ਰੀ ਅਕਾਲ ਬੁਲਾਈ ਅਤੇ ਫਿਰ ਪੁੱਛਿਆ, 'ਮੈਨੂੰ ਆਪ ਇਸ ਤਰ੍ਹਾਂ ਕਿਉਂ ਵੇਖ ਰਹੋ ਹੋ ਭਾਅ ਜੀ |'
'ਓ ਹਾਂ', ਫ਼ੌਜੀ ਨੇ ਆਪਣੇ-ਆਪ 'ਚ ਆ ਕੇ ਕਿਹਾ, 'ਕੀ ਆਪ ਉਹੀ ਕਰਮਜੀਤ ਹੋ ਜਿਸ ਦੇ ਪੇਕੇ ਮਾਨੋਚਾਹਲ ਐ?'
'ਹਾਂ ਜੀ ਪਰ ਆਪ...?'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਥਾਂਦੇ ਵਾਲਾ, ਵਾਰਡ ਅਟੈਂਡੈਂਟ ਸਿਵਲ ਹਸਪਤਾਲ, ਸ੍ਰੀ ਮੁਕਤਸਰ ਸਾਹਿਬ |
ਫੋਨ : 98885-26276.


ਖ਼ਬਰ ਸ਼ੇਅਰ ਕਰੋ

ਮਿੰਨੀ ਕਹਾਣੀ: ਸਹੂਲਤ

ਮੈਂ ਆਪਣੇ ਪੁੱਤਰ ਨੂੰ ਸ਼ਹਿਰ ਦੇ ਇਕ ਨਾਮੀ ਸਕੂਲ ਵਿਚ ਦਾਖ਼ਲ ਕਰਾਉਣ ਲਈ ਗਈ ਤਾਂ ਇਕ ਬਹੁਮੰਜ਼ਿਲਾ ਆਲੀਸ਼ਾਨ ਇਮਾਰਤ ਵਿਚ ਦਾਖ਼ਲ ਹੋਣ ਉਪਰੰਤ ਮੇਰਾ ਸਵਾਗਤ ਰਿਸੈਪਸ਼ਨ 'ਤੇ ਬੈਠੀ ਕਰਮਚਾਰਨ ਦੀ ਮੁਸਕਰਾਹਟ ਨੇ ਕੀਤਾ | ਰਸਮੀ ਗੱਲਬਾਤ ਤੋਂ ਬਾਅਦ ਉਸ ਨੇ ਮੈਨੂੰ ਸਕੂਲ ਵਲੋਂ ਬੱਚੇ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ 'ਤੇ ਚਾਨਣਾ ਪਾਉਂਦਿਆਂ ਕਿਹਾ ਕਿ 'ਇਥੇ ਬੱਚੇ ਨੂੰ ਸਭ ਕੁਝ ਸਕੂਲ ਦੇ ਅੰਦਰ ਹੀ ਮਿਲਦਾ ਹੈ | ਤੁਹਾਨੂੰ ਵਾਰ-ਵਾਰ ਬਾਜ਼ਾਰ ਦੇ ਚੱਕਰ ਲਗਾਉਣ ਦੀ ਜ਼ਰੂਰਤ ਨਹੀਂ ਹੈ | ਸੈਸਨ ਸ਼ੁਰੂ ਹੁੰਦਿਆਂ ਹੀ ਬੱਚੇ ਨੂੰ ਨਵੀਆਂ ਕਿਤਾਬਾਂ, ਕਾਪੀਆਂ, ਆਈ.ਡੀ. ਕਾਰਡ, ਵਰਦੀ, ਟਾਈ, ਬੈਲਟ, ਬੂਟ ਅਤੇ ਜ਼ਰਾਬਾਂ, ਸਟੇਸ਼ਨਰੀ ਦਾ ਸਾਮਾਨ ਆਦਿ ਸਭ ਕੁਝ ਸਕੂਲ ਦੇ ਵਿਚੋਂ ਹੀ ਮੁਹੱਈਆ ਕਰਵਾਇਆ ਜਾਂਦਾ ਹੈ |' 'ਤੇ ਪੜ੍ਹਾਈ?' ਮੇਰਾ ਆਖਰੀ ਸਵਾਲ ਸੀ | 'ਵੇਖੋ ਜੀ ਅੱਜਕਲ੍ਹ ਸਿਲੇਬਸ ਹੀ ਬਹੁਤ ਲੰਬਾ ਚੌੜਾ ਹੋ ਗਿਐ, ਇਸ ਲਈ ਬੱਚੇ ਨੂੰ ਚੰਗੀ ਟਿਊਸ਼ਨ 'ਬਾਹਰੋਂ' ਰਖਵਾ ਦੇਣਾ |'
ਉਸ ਦਾ ਇਹ ਵਾਕ ਸੁਣ ਕੇ ਮੈਂ ਬੁੱਤ ਬਣੀ ਖੜ੍ਹੀ ਸਕੂਲ ਦੇ ਅੰਦਰੋਂ ਮਿਲਣ ਵਾਲੀਆਂ ਸਹੂਲਤਾਂ ਦਾ ਮੁਲਾਂਕਣ ਕਰਨ ਲੱਗ ਪਈ |

-ਗੁਰਪ੍ਰੀਤ ਕੌਰ ਚਹਿਲ
ਪੰਜਾਬੀ ਅਧਿਆਪਕਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚਹਿਲਾਂਵਾਲੀ, ਮਾਨਸਾ | ਫੋਨ -9056526703.

ਤੁਸੀਂ ਖ਼ੁਸ਼ ਕਦੋਂ ਹੋਵੋਗੇ?

ਇਕ ਗਿੱਠ ਦੀ ਮੈਡਮ ਜਵਾਲਾ ਠਾਕੁਰ ਦੇ 100-100 ਫੁੱਟੇ ਸਵਾਲ ਮੇਰੀ ਸਮਝ ਤੋਂ ਬਾਹਰ ਹਨ | 'ਸਰ, ਮੈਨੂੰ ਸਮਝ ਨਹੀਂ ਆਉਂਦੀ ਕਿ 'ਇਹ' (ਪਤੀ ਗੰੁਝਲਦਾਰ ਮੁੱਛੜੀਆਂ) ਹੱਸਦੇ ਕਿਉਂ ਨਹੀਂ?' 'ਕੋਈ ਗੱਲ ਸ਼ੇਅਰ ਕਿਉਂ ਨਹੀਂ ਕਰਦੇ?' 'ਇਹ ਖੁਸ਼ ਕਿਉਂ ਨਹੀਂ ਰਹਿੰਦੇ?' ਕੋਈ ਗੱਲ ਪੁੱਛੋ 'ਠੀਕ ਐ', 'ਠੀਕ ਐ', 'ਹਾਂਜੀ ਹਾਂਜੀ', 'ਓ. ਕੇ., ਓ. ਕੇ. |' ਮੇਰੇ ਕੋਲ ਕੋਈ ਝੁਰਲੂ ਨਹੀਂ, ਨਾ ਹੀ ਮੋਹਣੀ ਮੰਤਰ, ਨਾ ਹੀ ਕੋਈ ਗਿੱਦੜਸਿੰਗੀ, ਪਰ ਫਿਰ ਵੀ ਮੈਂ ਜਵਾਲਾ ਠਾਕੁਰ ਦੀ ਇਕ-ਇਕ ਗੱਲ ਬੜੇ ਹੀ ਧਿਆਨ ਨਾਲ ਸੁਣਦਾ ਹਾਂ | ਮੇਰਾ ਮੰਨਣਾ ਹੈ ਕਿ ਤੁਸੀਂ ਚੰਗੇ ਸਰੋਤੇ ਬਣ ਕੇ ਕਿਸੇ ਦੇ ਅੱਧੇ ਰੋਗ ਕੱਟ ਸਕਦੇ ਹੋ | ਆਪਣੇ ਪਿਆਰਿਆਂ ਦੇ ਸਿਰ 'ਤੇ ਤੁਸੀਂ ਇਹ ਠਾਹ ਸੋਟਾ ਸਵਾਲ ਵੀ ਨਹੀਂ ਮਾਰ ਸਕਦੇ | 'ਜਦੋਂ ਤੁਸੀਂ ਲਵ ਮੈਰਿਜ ਕਰਵਾਈ ਸੀ, ਉਸ ਵੇਲੇ ਇਹ ਹੱਸਦੇ ਸਨ ਜਾਂ ਨਹੀਂ?' ਅੱਠ ਵਰ੍ਹੇ ਪਹਿਲਾਂ ਜਵਾਲਾ ਠਾਕੁਰ ਦੀ ਲਵ ਮੈਰਿਜ ਸ੍ਰੀ ਗੰੁਝਲਦਾਰ ਮੁਛੜੀਆਂ ਨਾਲ ਹੋਈ ਸੀ, ਇਕ ਸੋਨੇ ਵਰਗੀ ਸਪੁੱਤਰੀ ਪਾਰਸ ਹੈ | ਮੈਨੂੰ ਸ੍ਰੀ ਗੰੁਝਲਦਾਰ ਮੁੱਛੜੀਏ ਦੀ ਇਹ ਗੱਲ ਠੀਕ ਲਗਦੀ ਹੈ | 'ਸਰ! ਮੇਰੀ ਮੈਡਮ ਨੂੰ ਸਮਝਾਓ ਜ਼ਰਾ... ਮੈਂ ਕੋਈ ਜੈਮਿਨੀ ਸਰਕਸ ਦਾ ਜੋਕਰ ਆਂ ਕਿ ਸਾਰਾ ਦਿਨ ਹੱਸੀ ਜਾਵਾਂ |'
ਜਦੋਂ ਵੀ ਮੇਰਾ ਮਨ ਬਹੁਤ ਸ਼ੁੱਧ ਪਰ ਸਵਾਦ ਸ਼ਾਕਾਹਾਰੀ ਭੋਜਨ ਖਾਣ ਨੂੰ ਕਰਦਾ ਹੈ, ਮੈਂ ਗੰਗਾ ਰਾਮ ਬਿਰਧ ਆਸ਼ਰਮ ਲੁਧਿਆਣਾ ਚਲਾ ਜਾਂਦਾ ਹਾਂ | ਸਮਰਪਿਤ ਸੇਵਾਦਾਰ ਰੇਨੂੰ ਬਜ਼ੁਰਗਾਂ ਲਈ ਭੋਜਨ ਤਿਆਰ ਕਰਦੀ ਹੈ | ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਆਸ਼ਰਮ 'ਚ ਰਹਿ ਰਹੀ ਅੱਸੀ ਵਰਿ੍ਹਆਂ ਦੀ ਬਜ਼ੁਰਗ ਮਾਤਾ ਸੰਤੋਸ਼ ਨਾਲ ਭੋਜਨ ਕਰਾਂ | ਮੈਂ ਭੋਜਨ ਕਰਦਿਆਂ ਸੰਤੋਸ਼ ਦੀਆਂ ਫੋਟੋਆਂ ਵੀ ਖਿੱਚਦਾ ਹਾਂ | ਅਸਲ ਕੌੜਾ ਸੱਚ ਇਹ ਵੀ ਹੈ ਕਿ ਜੇ ਭੋਜਨ ਸਵਾਦ ਨਾ ਲੱਗੇ ਤਾਂ ਸੰਤੋਸ਼ ਥਾਲੀ ਵਗਾਹ ਮਾਰਦੀ ਹੈ | ਮੈਂ ਕਦੇ-ਕਦੇ ਸੋਚਦਾ ਹਾਂ ਕਿ 80 ਵਰਿ੍ਹਆਂ ਦੀ ਸੰਤੋਸ਼ ਕੋਲ ਵੀ ਠਹਿਰਾਅ ਕਿਉਂ ਨਹੀਂ? ਆਸ਼ਰਮ ਦੇ ਪ੍ਰਬੰਧਕ ਇਕ ਬਜ਼ੁਰਗ ਬਾਬੇ ਨੂੰ ਸ਼ੂਗਰ ਕਾਰਨ ਚੀਨੀ ਦੇ ਫੱਕੇ ਮਾਰਨੋਂ ਰੋਕਦੇ ਹਨ | ਬਾਬੇ ਦਾ ਘੜਿਆ ਘੜਾਇਆ ਉੱਤਰ 'ਮੈਨੂੰ ਸ਼ੂਗਰ ਕਿੱਥੇ ਐ... ਉਹ ਤਾਂ ਹੁੰਦੀ ਜੇ ਮੈਂ ਗੋਲੀ ਨਾ ਖਾਵਾਂ |'
ਪ੍ਰਵਾਸੀ ਪੰਜਾਬੀ ਸ੍ਰੀ ਟੋਚਨ ਪਲਾਸ ਅਤੇ ਉਨ੍ਹਾਂ ਦੀ ਪਤਨੀ ਮੈਡਮ ਤੋਤਾ ਪਲਾਸ ਹਰ ਵਰ੍ਹੇ ਸਰਦੀਆਂ 'ਚ ਕੈਨੇਡਾ ਤੋਂ ਪੰਜਾਬ ਆਉਂਦੇ ਹਨ | ਤੀਵੀਂ ਆਦਮੀ 'ਚ ਇਕ ਵੱਡਾ ਗੁਣ ਹੈ ਕਿ ਉਹ ਆਮ ਪ੍ਰਵਾਸੀ ਪੰਜਾਬੀਆਂ ਵਾਂਗੂ ਪੁੂਛ ਨੂੰ ਅੱਗ ਲਾ ਕੇ ਭੱਜੇ ਨਹੀਂ ਫਿਰਦੇ | ਕੋਸੀ-ਕੋਸੀ ਧੁੱਪ 'ਚ ਬੈਠ ਕੇ ਸਿਰ ਝੱਸਦੇ ਹਨ | ਕਿੰਨੂਆਂ ਦਾ ਜੂਸ ਪੀਂਦੇ ਹਨ | ਸਾਗ ਮੱਕੀ ਦੀ ਰੋਟੀ | ਰਸੋਈਆ ਪੰਛੀ ਅਤੇ ਉਸ ਦੀ ਪਤਨੀ ਕਾਟੋ ਗਜਰੇਲਾ, ਪਿੰਨੀਆਂ ਤੇ ਭੁੱਜੀ ਬਰਫ਼ੀ ਤਿਆਰ ਕਰਦੇ ਹਨ | ਰਾਤੀਂ ਟੋਚਨ ਪਲਾਸ ਲਈ ਕੋਲਿਆਂ 'ਤੇ ਮੱਛੀ ਭੰੁਨੀ ਜਾਂਦੀ ਹੈ, 2 ਪੈੱਗ ਅਤੇ ਮੁਰਗੇ ਦੀ ਲੈੱਗ ਮਗਰੋਂ ਭਾਸ਼ਾ ਦਾ ਰੂਪ-ਰੰਗ ਕੁਝ ਇਹੋ ਜਿਹਾ ਹੋ ਜਾਂਦੈ, 'ਸਿਸਟਮ ਹੋਵੇ ਕੈਨੇਡਾ ਵਾਲਾ... ਸੇਵਾ... ਸਲੂਟ ਹੋਣ ਇੰਡੀਆ ਵਾਲੇ |'
ਘਰ ਦੇ ਖੋਏ ਵਾਲੇ ਗਜਰੇਲੇ ਨੂੰ ਗੇੜਾ ਦਿੰਦਿਆਂ ਮੈਂ ਵੀ ਹੂੰ ਕਰੀ ਜਾਨਾਂ | ਜੀਅ ਕਰਦਾ ਹੁੰਦਾ ਜੁੱਤੀ ਲਵਾਂ ਲਾਹ | ਮੌਜਾਂ ਲੁੱਟਦੇ ਲੋਕੀਂ ਵੀ ਸ਼ਿਕਾਇਤਾਂ ਕਰੀ ਜਾਂਦੇ ਹਨ | ਕਦੇ-ਕਦੇ ਮੈਨੂੰ ਲੱਗਦਾ ਹੈ ਕਿ ਸਾਨੂੰ ਰੋਣ ਅਤੇ ਕਾਟੋਕਲੇਸ਼ ਕਰਨ ਦੀ ਆਦਤ ਪੈ ਗਈ ਹੈ |
ਸ੍ਰੀ ਅੰਮਿ੍ਤਸਰ ਦੇ ਇਕ ਬੜੇ ਹੀ ਸੂਝਵਾਨ ਪ੍ਰੋਫੈਸਰ ਸ੍ਰੀ ਫਰੈਂਚਕੱਟ ਸਮਾਈਲ ਨੇ ਆਪਣੇ ਵਿਆਹ ਤੋਂ ਬਾਅਦ ਨਿੱਤ-ਨਿੱਤ ਕਾਟੋਕਲੇਸ਼ ਰਹਿਣ ਦਾ ਬੜਾ ਹੀ ਦਿਲਚਸਪ ਕਿੱਸਾ ਸੁਣਾਇਆ | ਪ੍ਰੋਫੈਸਰ ਸਾਹਿਬ ਦੇ ਪਿਤਾ ਅਤੇ ਦਾਦਾ ਫ਼ੌਜ ਵਿਚ ਸਨ | ਘਰ 'ਚ ਫ਼ੌਜੀ ਛਾਉਣੀ ਵਰਗਾ ਅਨੁਸ਼ਾਸਨ ਸੀ | ਪ੍ਰੋਫੈਸਰ ਫਰੈਂਚਕੱਟ ਸਮਾਈਲ ਦਾ ਵਿਆਹ ਇਕ ਬੜੇ ਹੀ ਅਮੀਰ ਲਾਲਾ ਪੰਨਾ ਲਾਲ ਦੀ ਧੀ ਲਕਸ਼ਮੀ ਨਾਲ ਹੋ ਗਿਆ | ਜਦੋਂ ਵੀ ਕੋਈ ਵਿਆਹ ਦਾ ਕਾਰਡ ਆਉਂਦਾ ਪ੍ਰੋ: ਸਾਹਿਬ ਟਾਈਮ ਸਿਰ ਟਿੱਚ ਹੋ ਕੇ ਡਰਾਇੰਗ ਰੂਮ ਵਿਚ ਬੈਠ ਜਾਂਦੇ | ਪ੍ਰੋ: ਸਾਹਿਬ 8 ਵਜੇ ਟਿੱਚ ਹੋ ਜਾਂਦੇ ਪਰ ਮੈਡਮ ਲਕਸ਼ਮੀ 9 ਵਜੇ ਤੱਕ ਵੀ ਤਿਆਰ ਨਾ ਹੁੰਦੀ | ਝਗੜਾ ਹੁੰਦਾ | ਘਰ ਦਾ ਮਾਹੌਲ ਖਰਾਬ ਹੁੰਦਾ | ਕਈ ਮਹੀਨੇ ਇੰਜ ਹੀ ਲੰਘ ਗਏ | ਇਕ ਦਿਨ ਪਤਨੀ ਨੇ ਤਿਆਰ ਹੋ ਕੇ ਸੋਫੇ 'ਤੇ ਸਜੇ ਬੈਠੇ ਪਤੀ ਨਾਲ ਸਿੰਗ ਫਸਾਉਣ ਦੀ ਥਾਂ ਪਿਆਰ ਨਾਲ ਕੁਝ ਪ੍ਰਸ਼ਨ ਪੁੱਛੇ, 'ਤੁਹਾਡਾ ਵਿਆਹ ਐ? ਤੁਸੀਂ ਪੰਡਿਤ ਹੋ? ਰਿਬਨ ਕੱਟਣਾ ਜਾ ਕੇ? ਤੁਸੀਂ ਕੁੜੀ ਦੇ ਪਿਓ ਜੇ? ਜੇ ਨਹੀਂ ਤਾਂ ਅੱਠ ਵਜੇ ਜਾ ਕੇ ਕੀ ਕਰਨਾ? ਵਿਆਹ 'ਚ ਆਰਾਮ ਨਾਲ 9-10 ਵਜੇ ਜਾ ਸਕਦੇ ਹਾਂ | ਪ੍ਰੋ: ਫਰੈਂਚਕੱਟ ਸਮਾਈਲ ਨੂੰ ਗੱਲ ਸਮਝ ਆ ਗਈ | ਘਰ ਦਾ ਮਾਹੌਲ ਮਹਿਕ ਗਿਆ |
ਖੁਸ਼ੀ ਪੈਸੇ ਨਾਲ ਨਹੀਂ ਮਿਲਦੀ | ਸਿਹਤ ਵੀ ਪੈਸੇ ਨਾਲ ਨਹੀਂ ਮਿਲਦੀ | ਸ਼ੀਸ਼ਾ ਹੀ ਸੁਖ ਅਤੇ ਖੁਸ਼ੀ ਦੇ ਸਕਦਾ ਹੈ | ਸ਼ੀਸ਼ੇ ਸਾਹਮਣੇ ਖੜੋ ਕੇ ਆਦਮੀ ਨੂੰ ਆਪਣੀਆਂ ਆਦਤਾਂ/ਵਿਹਾਰ ਬਾਰੇ ਕਦੇ-ਕਦੇ ਆਤਮ ਮੰਥਨ ਕਰਨਾ ਚਾਹੀਦਾ ਹੈ | ਜ਼ਰਾ ਸੋਚੋ ਕਿ ਕਿਵੇਂ ਇਹ ਸਭ ਵਾਪਰਿਆ? ਤੁਹਾਡੇ ਬਹੁਤ ਹੀ ਖਾਸ ਸਮੇਂ ਅਨੁਸਾਰ ਆਮ ਬਣ ਗਏ ਅਤੇ ਜਿਹੜੇ ਆਮ ਸਨ ਉਹ ਤੁਹਾਡੇ ਖਾਸ ਬਣ ਗਏ | 'ਜੀਵਨ ਸਾਥਣ ਦੀ ਲੋੜ' ਸਿਰਲੇਖ ਅਧੀਨ ਇਕ ਇਸ਼ਤਿਹਾਰ ਤਿਆਰ ਕਰਦਿਆਂ ਮੇਰੀ ਅੰਤਰ ਆਤਮਾ ਕੰਬ ਗਈ ਪਰ ਮੈਂ ਬੜੇ ਹੀ ਢੰਗ ਨਾਲ ਪ੍ਰਸ਼ਨ ਪੁੱਛ ਹੀ ਲਿਆ, 'ਸਰ! ਤੁਹਾਡੀ ਵਾਈਫ਼ ਤਾਂ ਜ਼ਿੰਦਾ ਹੈ?' ਬੰਦੇ ਨੇ ਜਵਾਬ ਦਿੱਤਾ, 'ਡੈੱਥ ਬੈੱਡ 'ਤੇ ਹੀ ਐ... ਮੈਂ ਸੋਚਿਆ ਕਾਰਵਾਈ ਤਾਂ ਸ਼ੁਰੂ ਕਰੀਏ |' ਬੰਦਾ ਤਾਂ ਚਲਾ ਗਿਆ | ਮੈਂ ਹੋ ਗਿਆ ਪ੍ਰੇਸ਼ਾਨ |

-ਭਾਖੜਾ ਰੋਡ, ਨੰਗਲ-140124.
ਮੋਬਾਈਲ : 98156-24927.
grewal.dam@gmail.com

ਰਿਸ਼ਤੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਜਦੋਂ ਤੱਕ ਧੀ ਦੀ ਚੀਸ ਤੇ ਨੂੰ ਹ ਦੇ ਅੱਥਰੂਆਂ ਨੂੰ ਇਕ ਤੱਕੜੀ ਵਿਚ ਨਹੀਂ ਤੋਲਿਆ ਜਾਵੇਗਾ ਤਦ ਤੱਕ ਅਜਿਹੇ ਨਾਜ਼ੁਕ ਰਿਸ਼ਤੇ ਖੇਰੰੂ-ਖੇਰੰੂ ਹੁੰਦੇ ਰਹਿਣਗੇ |
• ਜਦੋਂ ਤੋਂ ਸਾਰਿਆਂ ਦੇ ਵੱਖ-ਵੱਖ ਮਕਾਨ ਹੋ ਗਏ, ਪੂਰਾ ਬਚਪਨ ਨਾਲ ਬਿਤਾਉਣ ਵਾਲੇ ਭਰਾ ਵੀ ਅੱਜ ਇਕ-ਦੂਜੇ ਦੇ ਮਹਿਮਾਨ ਹੋ ਗਏ |
• ਪਾਣੀ ਆਪਣਾ ਪੂਰਾ ਜੀਵਨ ਦੇ ਕੇ ਦਰੱਖਤ ਨੂੰ ਵੱਡਾ ਕਰਦਾ ਹੈ | ਇਸ ਲਈ ਸ਼ਾਇਦ ਪਾਣੀ ਲੱਕੜੀ ਨੂੰ ਕਦੇ ਡੁੱਬਣ ਨਹੀਂ ਦਿੰਦਾ | ਮਾਂ-ਬਾਪ ਦਾ ਵੀ ਕੁਝ ਅਜਿਹਾ ਹੀ ਸਿਧਾਂਤ ਹੈ |
• ਮਾਂ-ਪਿਓ ਮਰਨ ਨਾਲ ਧੀਆਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪੈਂਦਾ ਹੈ ਜਦੋਂ ਕਿ ਪੁੱਤਰਾਂ ਲਈ ਮਾਪੇ ਚਲਾਣਾ ਹੀ ਕਰਦੇ ਹਨ |
• ਤਿੰਨ ਰਿਸ਼ਤਿਆਂ ਦੀ ਪਹਿਚਾਣ ਲਈ ਸਮਾਂ ਨਿਯਤ ਹੈ | ਬੁਢਾਪੇ ਵਿਚ ਸੰਤਾਨ ਦਾ, ਮੁਸੀਬਤ ਵਿਚ ਦੋਸਤ ਦਾ ਅਤੇ ਗਰੀਬੀ ਵਿਚ ਪਤਨੀ ਦਾ |
• ਰਿਸ਼ਤੇਦਾਰ ਜਾਂ ਮਿੱਤਰ ਮੁਸੀਬਤ ਵਿਚ ਹੀ ਪਛਾਣੇ ਜਾਂਦੇ ਹਨ | ਇਨ੍ਹਾਂ ਨੂੰ ਪਰਖਣ ਦਾ ਸਹੀ ਪੈਮਾਨਾ ਬਸ ਇਹੀ ਹੁੰਦਾ ਹੈ |
• ਰਿਸ਼ਤੇ ਕਦੇ ਵੀ ਕੁਦਰਤੀ ਮੌਤ ਨਹੀਂ ਮਰਦੇ | ਇਨ੍ਹਾਂ ਨੂੰ ਹਮੇਸ਼ਾ ਇਨਸਾਨ ਹੀ ਕਤਲ (ਖਤਮ) ਕਰਦਾ ਹੈ | ਨਫ਼ਰਤ ਨਾਲ, ਨਜ਼ਰਅੰਦਾਜ਼ੀ ਨਾਲ ਤੇ ਕਦੀ ਗ਼ਲਤਫਹਿਮੀ ਨਾਲ |
• ਪਤਨੀ ਦੀ ਮੌਤ ਦਾ ਦੁੱਖ, ਨੇੜੇ ਦੇ ਰਿਸ਼ਤੇਦਾਰਾਂ ਵਲੋਂ ਬੇਇਜ਼ਤੀ, ਕਰਜ਼ੇ ਦਾ ਸਿਰ 'ਤੇ ਬੋਝ ਤੋਂ ਮਨੁੱਖ ਦਾ ਸਰੀਰ ਆਪਣੇ-ਆਪ ਹੀ ਜਲ ਜਾਂਦਾ ਹੈ | ਉਸੇ ਦੇ ਲਈ ਚਿੰਤਾ ਦੀ ਕੋਈ ਲੋੜ ਨਹੀਂ ਰਹਿੰਦੀ |
• ਉਚੇਚ ਵਾਲੇ ਰਿਸ਼ਤੇ ਠੰਢੇ ਹੀ ਨਹੀਂ, ਬੋਝਲ ਵੀ ਹੁੰਦੇ ਹਨ |
• ਕੁਝ ਲੋਕ ਪੈਦਾ ਹੀ ਇਸ ਲਈ ਹੁੰਦੇ ਹਨ ਕਿ ਤੁਹਾਡੇ ਕੰਮ ਵਿਚ ਲੱਤ ਅੜਾ ਸਕਣ ਅਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਤਾਂ ਮਨੁੱਖ ਦੀ ਰਿਸ਼ਤੇਦਾਰੀ ਵਿਚ ਹੀ ਪੈਦਾ ਹੁੰਦੇ ਹਨ |
• ਸ਼ਰੀਕ—ਕਈ ਲੋਕ ਸ਼ਰੀਕ ਉਸ ਬੰਦੇ ਨੂੰ ਆਖਦੇ ਜਾਂ ਸਮਝਦੇ ਹਨ ਜੋ ਦੂਜੇ ਨੂੰ ਵੇਖ ਕੇ ਈਰਖਾ ਕਰਦਾ ਹੋਵੇ | ਦੂਜੇ ਪ੍ਰਤੀ ਸਾੜਾ ਰੱਖਦਾ ਹੋਵੇ ਜਾਂ ਮਾੜਾ ਸੋਚਦਾ ਹੋਵੇ ਪਰ ਸ਼ਰੀਕ ਕੋਈ ਬਿਗਾਨਾ ਨਹੀਂ ਹੁੰਦਾ ਸਗੋਂ ਖ਼ੂਨ ਦੇ ਰਿਸ਼ਤੇ ਦਾ ਸਾਕ ਹੀ ਹੁੰਦਾ ਹੈ |
• ਕਹਾਵਤ ਹੈ ਕਿ ਸ਼ਰੀਕ ਲਾਵੇ ਹੀਕ, ਪਹਿਲਾਂ ਦਿਲਾਂ 'ਚ ਲਕੀਰਾਂ, ਫਿਰ ਘਰਾਂ 'ਚ ਲਕੀਰਾਂ ਖਿਚੀਆਂ ਜਾਂਦੀਆਂ ਹਨ | ਪਹਿਲਾਂ ਰਸੋਈ ਅੱਡ, ਫਿਰ ਘਰ ਅੱਡ, ਫਿਰ ਜ਼ਮੀਨ ਦਾ ਹਿੱਸਾ ਅੱਡ | ਇਸ ਤਰ੍ਹਾਂ ਮਾਂ ਜਾਇਆ ਭਰਾ ਤੋਂ ਸ਼ਰੀਕ ਬਣ ਜਾਂਦਾ ਹੈ |
• ਕਿਸੇ ਵੇਲੇ ਕਿਹਾ ਜਾਇਆ ਕਰਦਾ ਸੀ ਕਿ ਮੌਜ ਨਹੀਂ ਸ਼ਰੀਕੇ ਨਾਲ ਦੀ ਪਰ ਜੇ ਖਾਰ ਨਾ ਹੋਵੇ | ਸ਼ਰੀਕ ਦਾ ਦਾਣਾ-ਸਿਰ ਦੁਖਦੇ ਤੋਂ ਵੀ ਖਾਣਾ ਪਰ ਅੱਜਕਲ੍ਹ ਤਾਂ ਸਰਕਾਰੀ ਦਫਤਰਾਂ, ਸਭਾ ਸੁਸਾਇਟੀਆਂ ਵਿਚ ਵੀ ਅਣਜੰਮੇ ਸ਼ਰੀਕ ਮਿਲ ਜਾਂਦੇ ਹਨ |
• ਨਿੱਜੀਪਨ ਤੇ ਤੰਗੀ ਤੁਰਛੀਆਂ ਨੇ ਸਮਾਜਿਕ ਰਿਸ਼ਤਿਆਂ ਦੀਆਂ ਮਹਿਕਾਂ ਨੂੰ ਸੋਖ ਲਿਆ ਹੈ |
• ਕੰਧਾਂ 'ਚ ਤਰੇੜਾਂ ਆਉਣ ਨਾਲ ਕੰਧਾਂ ਡਿੱਗ ਪੈਂਦੀਆਂ ਹਨ | ਰਿਸ਼ਤਿਆਂ 'ਚ ਤਰੇੜਾਂ ਆਉਣ ਨਾਲ ਕੰਧਾਂ ਖੜ੍ਹੀਆਂ ਹੋ ਜਾਂਦੀਆਂ ਹਨ |
• ਲਕੀਰਾਂ ਬੜੀਆਂ ਅਜੀਬ ਹੁੰਦੀਆਂ ਹਨ:
ਮੱਥੇ 'ਤੇ ਖਿਚੀਆਂ ਜਾਣ ਤਾਂ
ਕਿਸਮਤ ਬਣਾ ਦਿੰਦੀਆਂ ਨੇ |
ਜ਼ਮੀਨ 'ਤੇ ਖਿੱਚੀਆਂ ਜਾਣ ਤਾਂ,
ਸਰਹੱਦਾਂ ਬਣਾ ਦਿੰਦੀਆਂ ਹਨ |
ਚਮੜੀ 'ਤੇ ਖਿੱਚੀਆਂ ਜਾਣ ਤਾਂ,
ਖ਼ੂਨ ਕੱਢ ਦਿੰਦੀਆਂ ਹਨ |
ਰਿਸ਼ਤਿਆਂ ਵਿਚ ਖਿੱਚੀਆਂ ਜਾਣ
ਤਾਂ ਦੀਵਾਰਾਂ ਬਣਾ ਦਿੰਦੀਆਂ ਹਨ |
• ਪੇਟ ਵਿਚ ਗਿਆ ਜ਼ਹਿਰ ਸਿਰਫ਼ ਇਕ ਵਿਅਕਤੀ ਨੂੰ ਮਾਰਦਾ ਹੈ ਅਤੇ ਕੰਨ ਵਿਚ ਗਿਆ ਜ਼ਹਿਰ ਸੈਂਕੜੇ ਰਿਸ਼ਤਿਆਂ ਨੂੰ ਮਾਰਦਾ ਹੈ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ ਉਦਾਸ ਨਾ ਹੋ ਪੰਡਤਾ

ਮੇਰੇ ਪੜਦਾਦਾ ਜੀ ਸਰਦਾਰ ਜੋਧ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਨਕੈਣ ਦੇ ਸੁਰੱਖਿਆ ਦਸਤੇ ਵਿਚ ਸ਼ਾਮਿਲ ਸਨ | ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਂਦੇ ਸਨ ਕਿਉਂਕਿ ਉਹ ਚੁਸਤ ਅਤੇ ਤਗੜੇ ਸਰੀਰ ਦੇ ਮਾਲਕ ਸਨ | ਘੋੜ ਸਵਾਰੀ ਦੇ ਮਾਹਿਰ ਹੋਣ ਕਰਕੇ ਉਹ ਇੱਜ਼ਤ ਦੀ ਨਿਗਾਹ ਨਾਲ ਵੇਖੇ ਜਾਂਦੇ ਸਨ | ਉਨ੍ਹਾਂ ਦੇ ਇਨ੍ਹਾਂ ਗੁਣਾਂ ਕਰਕੇ ਹੀ ਉਨ੍ਹਾਂ ਦੇ ਸੀਨੀਅਰ ਸੈਨਿਕ ਸਰਦਾਰ ਖਜ਼ਾਨ ਸਿੰਘ ਵੜੈਚ ਨੇ ਆਪਣੀ ਧੀ ਦਾ ਵਿਆਹ ਉਨ੍ਹਾਂ ਨਾਲ ਕਰ ਦਿੱਤਾ ਸੀ |
ਸਰਦਾਰ ਜੋਧ ਸਿੰਘ ਹੋਰ ਗਤੀਵਿਧੀਆਂ ਤੋਂ ਇਲਾਵਾ ਸ਼ਾਇਰੀ ਦੇ ਬਹੁਤ ਪਿਆਰੇ ਸਰੋਤਾ ਵੀ ਸਨ | ਆਪਣੀ ਡਿਊਟੀ ਤੋਂ ਜਦੋਂ ਵੀ ਸਮਾਂ ਮਿਲਦਾ ਉਹ ਪੰਜਾਬੀ ਕਵੀ ਪੰਡਿਤ ਦੇਵੀ ਦਾਸ ਤੋਂ ਕਵਿਤਾ ਸੁਣਨ ਲਈ ਉਨ੍ਹਾਂ ਕੋਲ ਪੁੱਜ ਜਾਂਦੇ | ਪੰਡਿਤ ਦੇਵੀ ਦਾਸ ਜ਼ਿਲ੍ਹਾ ਗੁਜਰਾਂਵਾਲਾ ਦੇ ਪਿੰਡ ਛੰਨੀ ਵਚਨੇ ਦੀ ਵਿਖੇ ਆਪਣੇ ਮੰਦਿਰ ਦੇ ਪੁਜਾਰੀ ਸਨ | ਉਹ ਪੂਜਾ ਅਰਚਨਾ ਦੇ ਨਾਲ-ਨਾਲ ਹਰ ਤਰ੍ਹਾਂ ਦੀ ਸ਼ਾਇਰੀ ਵੀ ਕਰਦੇ ਸਨ |
ਸਰਦਾਰ ਜੋਧ ਸਿੰਘ ਨਾਲ ਉਨ੍ਹਾਂ ਦਾ ਗੂੜ੍ਹਾ ਪਿਆਰ ਸੀ | ਇਕ ਦਿਨ ਸਰਦਾਰ ਜੋਧ ਸਿੰਘ ਆਪਣੇ ਮਿੱਤਰ ਸ਼ਾਇਰ ਦੇਵੀ ਦਾਸ ਨੂੰ ਮਿਲਣ ਗਏ ਤਾਂ ਉਹ ਬੜੇ ਉਦਾਸ, ਪ੍ਰੇਸ਼ਾਨ ਅਤੇ ਦੁਖੀ ਹੋਏ ਬੈਠੇ ਨਜ਼ਰ ਆਏ | ਸਰਦਾਰ ਜੋਧ ਸਿੰਘ ਨੇ ਪੁੱਛਿਆ, 'ਪੰਡਤਾ, ਕੀ ਹੋਇਆ ਏ? ਤੂੰ ਬੜਾ ਉਦਾਸ ਜਾਪਦਾ ਏਾ |' ਪੰਡਿਤ ਦੇਵੀ ਦਾਸ ਨੇ ਠੰਢਾ ਹਉਕਾ ਲਿਆ ਅਤੇ ਆਖਿਆ, 'ਤੈਨੂੰ ਪਤਾ ਈ ਏ ਮੇਰੀ ਧੀ ਜਨਮ ਤੋਂ ਅੰਨ੍ਹੀ ਏ | ਉਹਦਾ ਕੋਈ ਸਾਕ ਨਹੀਂ ਲੈਂਦਾ |' ਸਰਦਾਰ ਜੋਧ ਸਿੰਘ ਸੁਣ ਕੇ ਬਹੁਤ ਭਾਵੁਕ ਜਿਹਾ ਹੋ ਗਿਆ | ਕੁਝ ਪਲ ਅੱਖਾਂ ਬੰਦ ਕਰਕੇ ਬੋਲਿਆ, 'ਉਦਾਸ ਨਾ ਹੋ ਪੰਡਤਾ, ਚਲ ਮੇਰੇ ਮੰੁਡੇ ਦੂਲਾ ਸਿਹੰੁ ਨਾਲ ਵਿਆਹ ਦੇ |' ਅਤੇ ਪੰਡਿਤ ਦੇਵੀ ਦਾਸ ਦਾ ਚਿਹਰਾ ਖਿੜ ਗਿਆ | ਅਗਲੇ ਮਹੀਨੇ ਜਨਮ ਤੋਂ ਅੰਨ੍ਹੀ ਰਾਣੀ ਸਰਦਾਰ ਜੋਧ ਸਿੰਘ ਦੀ ਨੂੰ ਹ ਬਣ ਗਈ | ਇਸ ਘਟਨਾ ਦਾ ਇਕ ਸ਼ਾਨਦਾਰ ਅਤੇ ਮਾਣਮੱਤਾ ਪਹਿਲੂ ਇਹ ਵੀ ਰਿਹਾ ਕਿ ਸਰਦਾਰ ਦੂਲਾ ਸਿੰਘ ਨੇ ਕਦੇ ਵੀ ਆਪਣੇ ਪਿਤਾ ਦੇ ਖਿਲਾਫ਼ ਕਦੇ ਕੋਈ ਮਾੜਾ ਸ਼ਬਦ ਨਹੀਂ ਬੋਲਿਆ | ਆਪਣੀ ਪਤਨੀ ਨਾਲ ਬਹੁਤ ਮਿੱਠਾ ਅਤੇ ਸਤਿਕਾਰ ਯੋਗ ਵਿਆਹ ਕੀਤਾ ਜੋ ਇਕ ਮਿਸਾਲ ਹੈ |

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਇਹ ਗੱਲ ਕਿਸੇ ਨੂੰ ਦੱਸੀਂ ਨਾ

'ਭੈਣ ਜੀ ਨਮਸਤੇ'
'ਨਮਸਤੇ... ਨਮਸਤੇ... ਭੈਣ ਜੀ, ਅੱਜ ਅਚਾਨਕ ਕਿੱਦਾਂ ਆਉਣਾ ਹੋਇਆ?' ਸੰਤੀ ਨੇ ਐਧਰ-ਓਧਰ ਬੜੇ ਧਿਆਨ ਨਾਲ ਵੇਖਿਆ | ਵਿਹੜੇ 'ਚ ਸਿਰਫ਼, ਇਕੱਲੀ, ਭੈਣ ਬੰਤੋ ਹੀ ਮੰਜੀ 'ਤੇ ਬੈਠੀ, ਸਰ੍ਹੋਂ ਦੇ ਹਰੇ-ਹਰੇ ਪੱਤਿਆਂ ਦੀ ਗੰਢ ਚੀਰ ਰਹੀ ਸੀ... ਪੂਰੀ ਤਸੱਲੀ ਕਰ ਕੇ ਕਿ ਐਧਰ-ਓਧਰ, ਨੇੜੇ-ਤੇੜੇ ਹੋਰ ਕੋਈ ਨਹੀਂ, ਮੰਜੇ 'ਤੇ ਸੰਤੋ ਭੈਣ ਬਹਿ ਗਈ, ਇਕ ਵਾਰ ਫੇਰ ਚੁੱਪ ਹੋ ਗਈ |
ਬੰਤੋ ਨੇ ਪੁੱਛਿਆ, 'ਕੀ ਗੱਲ ਏ, ਚੁੱਪ ਕਰ ਗਈ ਏਾ? ਕੋਈ ਖਾਸ ਗੱਲ ਏ?'
'ਆਹੋ ਭੈਣ ਬੰਤੀਏ, ਗੱਲ ਤਾਂ ਬੜੀ ਖਾਸ ਏ... ਪਰ ਕਹਿੰਦੇ ਨੇ ਨਾ ਕੰਧਾਂ ਦੇ ਵੀ ਕੰਨ ਹੁੰਦੇ ਨੇ, ਇਸ ਲਈ ਤੂੰ ਆਪਣੇ ਕੰਨ ਉਰੇ ਕਰ... ਕਿਸੇ ਹੋਰ ਨੂੰ ਪਤਾ ਨਾ ਲੱਗੇ |'
'ਠੀਕ ਏ, ਦੱਸ', ਬੰਤੋ ਨੇ ਸਰਕ ਕੇ, ਹੋਰ ਨੇੜੇ ਹੋ ਕੇ, ਆਪਣਾ ਕੰਨ ਉਸ ਦੇ ਸਾਹਮਣੇ ਕਰ ਦਿੱਤਾ | ਪਰ ਬੰਤੋ ਨੇ ਫਿਰ ਵੀ ਪੱਕੀ ਤਸੱਲੀ ਕਰਨ ਲਈ ਕਿਹਾ, 'ਇਹ ਗੱਲ ਆਪਣੇ ਤਾੲੀਂ ਰੱਖੀਂ... ਕਿਸੇ ਹੋਰ ਨੂੰ ਦੱਸੀਂ ਨਾ... |'
'ਠੀਕ ਏ... ਠੀਕ ਏ... ਤੂੰ ਨਿਸਚਿੰਤ ਰਹਿ, ਇਸ ਕੰਨੋਂ ਸੁਣੀ, ਦੂਜੀ ਕੰਨੋਂ ਕੱਢ ਦਿਆਂਗੀ... ਹਾਂ ਦੱਸ ਕੀ ਖ਼ਬਰ ਲਿਆੲੀਂ ਏਾ?'
ਸੰਤੋ ਨੇ ਉਹਦੇ ਕੰਨ ਦੇ ਹੋਰ ਨੇੜੇ ਬੁੱਲ੍ਹ ਲਿਆ ਕੇ ਘੁਸਰ-ਮੁਸਰ ਕੀਤੀ, 'ਭੈਣਾਂ ਉਹ ਚਾਵਲਿਆਂ ਦੇ ਘਰ ਜਿਹੜੀ ਨਵੀਂ ਕੁੜੀ ਵਿਆਹੀ ਆਈ ਏ ਨਾ | ਉਹਦੀ ਗੱਲ ਤਾਂ ਪਹਿਲਾਂ ਕਿਸੇ ਹੋਰ ਨਾਲ ਸੀ... ਕੱਲ੍ਹ ਉਹ ਉਹਨੂੰ ਮਿਲਣ ਆਇਆ ਸੀ, ਅੱਧੀ ਰਾਤ ਵੇਲੇ ਉਹਨੂੰ ਮਿਲਣ ਗਈ ਸੀ... |'
'ਅੱਛਾ |'
'ਆਹੋ, ਪਰ ਇਹ ਗੱਲ ਆਪਣੇ ਤਾੲੀਂ ਰੱਖੀਂ... ਕਿਸੇ ਹੋਰ ਨੂੰ ਦੱਸੀਂ ਨਾ |' ਲੈਅ ਭਲਾ ਕੰਨ ਤੇ ਜੀਭ ਸਿਰਫ਼ ਸੰਤੋ-ਬੰਤੋ ਦੇ ਹੀ ਹਨ?
ਬਾਤ ਨਿਕਲੀ ਹੈ ਤੋ ਦੂਰ ਤਲਕ ਜਾਏਗੀ, ਹਵਾ ਵਗੀ ਹੈ ਤਾਂ ਦੂਰ ਦੂਰ ਤੱਕ ਜਾਏਗੀ |
ਇਕ ਕੰਨ 'ਚੋਂ, ਦੂਜੀ ਦੇ ਕੰਨ 'ਚ, ਦੂਜੀ ਦੇ ਕੰਨ 'ਚੋਂ ਤੀਜੀ ਦੇ ਕੰਨ 'ਚ, ਤੀਆਂ ਦੇ ਕੰਨ ਤੀਆਂ ਦੇ ਮੇਲੇ ਵਰਗੇ | ਪਰ ਇਕ ਨੂੰ ਦੂਜੀ 'ਤੇ ਪੱਕਾ ਭਰੋਸਾ, ਇਹ ਗੱਲ ਕਿਸੇ ਨੂੰ ਦੱਸੀਂ ਨਾ | ਬੀਬੀਆਂ ਤੋਂ ਮਾਫ਼ੀ ਮੰਗ ਕੇ... ਇਕ ਗੱਲ ਕੰਨਾਂ 'ਚ ਪਈ ਪੇਟ 'ਚ ਗਈ, ਲੱਖ ਹਾਜ਼ਮੋਲੇ ਖਾ ਲਓ, ਹਜ਼ਮ ਨਹੀਂ ਹੁੰਦੀ | ਪਰ ਇਕ ਵਾਰਨਿੰਗ ਨਾਲ, ਦੂਜੀ ਬੀਬੀ ਨੂੰ ਦੱਸੀ ਜਾਂਦੀ ਹੈ, 'ਬਸ ਆਪਣੇ ਤਾੲੀਂ ਰੱਖੀਂ, ਇਹ ਗੱਲ ਕਿਸੇ ਨੂੰ ਦੱਸੀ ਨਾ |'
ਇਕ ਗੱਲ ਤੁਹਾਨੂੰ ਸਭਨਾਂ ਨੂੰ ਦੱਸਦਾਂ, ਬਿਨਾਂ ਕਿਸੇ ਸ਼ਰਤ ਦੇ ਕਿ ਇਹ ਗੱਲ ਕਿਸੇ ਨੂੰ ਦੱਸੀਂ ਨਾ | ਜਿਹਨੂੰ ਮਰਜ਼ੀ ਐ, ਖੁੱਲ੍ਹ ਕੇ ਦੱਸਣਾ |
ਗੱਲ ਇਉਂ ਹੈ ਜੀ...
ਬਹਾਦਰ ਸਿੰਘ ਜੀ, ਪੁਲਿਸ ਸਟੇਸ਼ਨ 'ਚ ਥਾਣੇਦਾਰ ਸਨ | ਉਨ੍ਹਾਂ ਦਾ ਮਤਾਹਿਤ ਤੇ ਉਹ ਇਕੋ ਮੁਹੱਲੇ 'ਚ ਰਹਿੰਦੇ ਸਨ, ਇਉਂ ਸਮਝੋ ਗੁਆਂਢੀ ਸਨ | ਉਨ੍ਹਾਂ ਦੇ ਗੁਆਂਢੀ, ਸਿਪਾਹੀ ਨਿਹਾਲ ਚੰਦ ਨੇ ਉਨ੍ਹਾਂ ਨੂੰ ਖ਼ਬਰ ਦਿੱਤੀ, ਸਰ ਇਕ ਬੁਰੀ ਖ਼ਬਰ ਹੈ, ਜਿਹੜਾ ਨੌਜਵਾਨ ਤੁਹਾਡੇ ਸਾਹਮਣੇ ਵਾਲੇ ਮਕਾਨ 'ਚ ਕਿਰਾਏਦਾਰ ਆਇਆ ਹੈ ਨਾ, ਉਹ ਮਰ ਗਿਐ | ਤੁਹਾਨੂੰ ਪਤੈ ਮਾਲਕ ਮਕਾਨ ਤਾਂ ਇੰਗਲੈਂਡ ਰਹਿੰਦੇ ਨੇ, ਕੱਲ੍ਹ ਰਾਤ ਤੋਂ ਉਹਦਾ ਦਰਵਾਜ਼ਾ ਨਹੀਂ ਖੁੱਲ੍ਹਾ | ਕਿਤੇ ਇਹ ਨਾ ਹੋਵੇ ਕਿ ਲਾਸ਼ ਸੜ ਨਾ ਜਾਏ ਤੇ ਬਦਬੂ ਆਣ ਲੱਗੇ |
ਬਹਾਦਰ ਸਿੰਘ ਜੀ ਨੇ ਝਟ ਮੁੱਛਾਂ ਵੱਟ ਕੇ ਕਿਹਾ, 'ਲੈ ਸਾਡੇ ਹੁੰਦਿਆਂ ਕਿਸੇ ਲਾਸ਼ ਦੀ ਕੀ ਮਜ਼ਾਲ ਕਿ ਬਦਬੂ ਮਾਰ ਜਾਏ... | ਚਲੋ, ਇਸੇ ਵੇਲੇ ਚਲ ਕੇ ਦਰਵਾਜ਼ਾ ਭੰਨ ਕੇ ਲਾਸ਼ ਬਾਹਰ ਕੱਢ ਕੇ, ਪੋਸਟ ਮਾਰਟਮ ਲਈ ਹਸਪਤਾਲ ਭੇਜਦੇ ਹਾਂ... ਅਹਿ ਦੋ ਹਵਾਲਦਾਰਾਂ ਨੂੰ ਨਾਲ ਲੈ ਲਓ... ਦਰਵਾਜ਼ਾ ਤੋੜਨ ਲਈ ਕੰਮ ਆਉਣਗੇ |'
ਸੋ, ਥਾਣੇਦਾਰ ਬਹਾਦਰ ਸਿੰਘ ਜੀ ਨੇ ਉਸੇ ਵੇਲੇ ਜੀਪ 'ਚ ਆਪਣੇ ਅਮਲੇ ਨਾਲ ਕੂਚ ਕਰ ਦਿੱਤਾ | ਆਖਰ ਆਪਣੇ ਮੁਹੱਲੇ 'ਚ ਵਾਰਦਾਤ ਹੋਈ ਸੀ, ਮੁਹੱਲੇਦਾਰੀ ਦਾ ਮਾਣ ਵੀ ਰੱਖਣਾ ਪੈਂਦਾ ਸੀ ਨਾ |
ਪੁਲਿਸ ਪਾਰਟੀ ਪਹੁੰਚੀ, ਸਾਰੇ ਮੁਹੱਲੇ ਵਾਲੇ ਬੰਦੇ, ਤੀਵੀਆਂ, ਨਿਆਣੇ ਬਾਹਰ ਆ ਇਕੱਤਰ ਹੋਏ |
ਥਾਣੇਦਾਰ ਬਹਾਦਰ ਸਾਹਬ ਨੇ ਸਭ ਤੋਂ ਪਹਿਲਾਂ ਆਪ, ਉਹ ਬੰਦ ਦਰਵਾਜ਼ਾ ਖਟ—ਖਟਾਇਆ | ਅੰਦਰੋਂ ਕੋਈ ਜਵਾਬ ਨਾ ਆਇਆ | ਸਿਪਾਹੀਆਂ ਨੂੰ ਹੁਕਮ ਦਿਤਾ ਇਕ ਵਾਰ ਫਿਰ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖਟਖਟਾਓ... |
ਜਨਾਬ... ਹੁਕਮ ਦੀ ਪਾਲਣਾ ਕਰਦਿਆਂ ਸਿਪਾਹੀਆਂ ਨੇ ਪੂਰਾ ਜ਼ੋਰ ਲਾ ਕੇ ਦਰਵਾਜ਼ਾ ਖੜਕਾਇਆ, ਬੂਟਾਂ ਨਾਲ ਠੁੱਡ ਵੀ ਮਾਰੇ |
ਹਾਅ ਕੀ? ਅੰਦਰੋਂ ਕਿਸੇ ਦੇ ਚੱਲਣ ਦੀ ਆਵਾਜ਼ ਆਈ | ਬਾਹਰ ਖੜ੍ਹੀ ਪੁਲਿਸ ਫੋਰਸ ਰੁਕ ਗਈ | ਦਰਵਾਜ਼ਾ ਖੁੱਲਿ੍ਹਆ, ਅੰਦਰੋਂ ਉਹ ਨੌਜਵਾਨ ਸਾਬਤ-ਸਬੂਤਾ ਰਤਾ ਉਨੀਂਦੇ ਨਾਲ ਭਰਿਆ ਨਿਕਲਿਆ, ਬੂਹੇ 'ਚ ਖੜਿ੍ਹਆ ਹੀ ਉਹਨੇ ਪੁਲਿਸ ਤੇ ਲੋਕਾਂ ਨੂੰ ਵੇਖ ਕੇ ਪੁੱਛਿਆ, 'ਕੀ ਗੱਲ ਏ?' ਥਾਣੇਦਾਰ ਜੀ ਨੇ ਅੱਗੇ ਵਧ ਕੇ ਪੁੱਛਿਆ, 'ਕੀ ਗੱਲ ਏ, 24 ਘੰਟੇ ਹੋ ਗਏ ਨੇ, ਤੁਸਾਂ ਦਰਵਾਜ਼ਾ ਨਹੀਂ ਖੋਲਿ੍ਹਆ?'
ਮੰੁਡਾ ਹੱਸ ਪਿਆ, ਬੋਲਿਆ, 'ਸੌਰੀ ਸਰ, ਮੈਂ ਕੱਲ੍ਹ ਇਕ ਪਾਰਟੀ 'ਚ ਚਲਾ ਗਿਆ ਸਾਂ, ਬਹੁਤ ਦੇਰ ਹੋ ਗਈ ਪਰਤਦਿਆਂ, ਰਤਾ ਖਾ-ਪੀ ਵੀ ਲਿਆ ਸੀ, ਐਨੀ ਨੀਂਦ ਆਈ, ਐਨੀ ਨੀਂਦ ਆਈ... |'
'ਬਸ ਠੀਕ ਏ... ਅੱਗੋਂ ਦਸਣ ਦੀ ਲੋੜ ਨਹੀਂ', ਥਾਣੇਦਾਰ ਨੇ ਮੁਸਕਰਾ ਕੇ ਕਿਹਾ, 'ਜਾਓ, ਮੁੜ ਕੇ ਸੌਾ ਜਾਓ, ਆਰਾਮ ਕਰੋ |'
ਮੰੁਡਾ ਤਾਂ ਦਰਵਾਜ਼ਾ ਬੰਦ ਕਰ ਕੇ ਅੰਦਰ ਚਲਾ ਗਿਆ | ਥਾਣੇਦਾਰ ਸਾਹਿਬ ਨੇ ਮੁਹੱਲੇ 'ਚ ਹੀ ਥਾਣਾ ਲਾ ਲਿਆ | ਆਪਣੇ ਮਤਾਹਿਤ ਨਿਹਾਲ ਚੰਦ ਨੂੰ ਪੁੱਛਿਆ, 'ਤੈਨੂੰ ਕਿਸ ਨੇ ਦੱਸਿਆ ਸੀ ਕਿ ਉਹ ਮਰ ਗਿਐ?'
'ਜੀ ਮੇਰੀ ਵਹੁਟੀ ਨੇ |'
'ਅੱਛਾ, ਫਿਰ ਉਨ੍ਹਾਂ ਉਹਦੀ ਵਹੁਟੀ ਨੂੰ ਪੁੱਛਿਆ, 'ਭਲੀ ਮਾਣਸੇ ਤੈਨੂੰ ਕਿਸ ਨੇ ਦੱਸਿਆ ਸੀ ਕਿ ਉਹ ਮਰ ਗਿਐ?'
'ਮੇਰੀ ਗੁਆਂਢਣ ਸ਼ੀਲਾ ਨੇ |'
ਹੁਣ ਸ਼ੀਲਾ ਦੀ ਪੇਸ਼ੀ ਹੋਈ, ਉਹਨੂੰ ਵੀ ਇਹੋ ਸਵਾਲ ਪੁੱਛਿਆ ਗਿਆ, 'ਦੱਸ ਤੈਨੂੰ ਕਿਵੇਂ ਪਤਾ ਲੱਗਾ... |'
ਉਹਨੇ ਵਿਚੋਂ ਹੀ ਟੋਕ ਕੇ ਕਿਹਾ, 'ਲੀਲਾ ਨੇ |'
ਲੀਲਾ ਨੂੰ ਪੁੱਛਿਆ ਗਿਆ, ਉਹਨੇ ਦਰਸ਼ਨ ਕੌਰ ਦਾ ਨਾਂਅ ਲੈ ਲਿਆ, ਦਰਸ਼ਨ ਕੌਰ ਨੂੰ ਪੁੱਛਿਆ ਤਾਂ ਉਹਨੇ ਪ੍ਰਕਾਸ਼ੋ ਦਾ ਨਾਂਅ ਲੈ ਲਿਆ, ਪੁੱਛਦਿਆਂ-ਪੁੱਛਦਿਆਂ ਅੰਤਲੀ ਬੀਬੀ ਨੇ ਕਿਹਾ, 'ਮੈਨੂੰ ਤਾਂ ਸਵੇਰੇ ਤੁਹਾਡੀ ਵਹੁਟੀ ਥਾਣੇਦਾਰਨੀ ਨੇ ਦੱਸਿਆ ਸੀ... |'
ਥਾਣੇਦਾਰ ਹੈਰਾਨ-ਪ੍ਰੇਸ਼ਾਨ ਹੋ ਗਿਆ |
ਉਹ ਆਪਣੀ ਵਹੁਟੀ ਨੂੰ ਘਰ ਲੈ ਗਿਆ | ਉਹਨੂੰ ਇਕੱਲੀ ਨੂੰ ਪੁੱਛਿਆ, 'ਭਾਗਵਾਨੇ, ਤੂੰ ਅਹਿ ਕੀ ਕੀਤਾ?'
ਉਹਨੇ ਬੜੀ ਸਾਦਗੀ ਨਾਲ ਕਿਹਾ, 'ਜੀ ਮੈਨੂੰ ਤਾਂ ਰਾਤੀਂ ਸੁਪਨਾ ਆਇਆ ਸੀ ਕਿ ਉਹ ਚੱਲ ਵਸਿਐ, ਮੈਂ ਤਾਂ ਆਪਣੀ ਸਹੇਲੀ ਲਛਮੀ ਨੂੰ ਬਸ ਐਨਾ ਹੀ ਕਿਹਾ ਸੀ ਕਿ ਮੇਰੇ ਸੁਪਨੇ 'ਚ ਉਹ ਚਲ ਵਸਿਐ, ਪਰ ਇਹ ਗੱਲ ਕਿਸੇ ਨੂੰ ਦੱਸੀਂ ਨਾ |'
ਸਾਡਾ ਸਮਾਜ ਬੇਸ਼ੱਕ ਮਰਦ ਪ੍ਰਧਾਨ ਸਮਾਜ ਹੈ, ਇਥੇ ਫਿਰ ਵੀ, ਬੰਦੇ ਆਪਣੀਆਂ ਵਹੁਟੀਆਂ ਨੂੰ ਹਰ ਗੱਲ ਦੱਸਣ ਤੋਂ ਗੁਰੇਜ਼ ਕਰਦੇ ਹਨ | ਦੱਸੇ ਤੇ ਫਸੇ ਵਾਲੀ—ਅਹਿਤਿਹਾਤ ਵਰਤਦੇ ਹਨ ਕਿਉਂਕਿ ਸਾਡੇ ਇਤਿਹਾਸਕ-ਮਿਥਿਹਾਸਕ ਪਾਤਰਾਂ 'ਚ ਵੀ ਇਹੀਓ ਰਿਵਾਜ ਸੀ ਕਿ 'ਅਹਿ ਗੱਲ ਕਿਸੇ ਨੂੰ ਦੱਸੀਂ ਨਾ |'

ਮਿੰਨੀ ਕਹਾਣੀਆਂ: ਚੌਕ 'ਚ ਖੜ੍ਹਾ ਆਦਮੀ

ਘਰ ਦੀ ਕੁਝ ਮੁਰੰਮਤ ਕਰਵਾਉਣ ਹਿਤ ਮਿਸਤਰੀ ਤੇ ਮਜ਼ਦੂਰ ਲੈਣ ਲਈ ਲੇਬਰ ਚੌਕ ਗਿਆ | ਇਕ ਮਿਸਤਰੀ ਲਿਆ ਤੇ ਇਕ ਪਰ੍ਹੇ ਖਲੋਤੇ ਅਧਖੜ ਉਮਰ ਨੂੰ ਪਹੁੰਚੇ ਖੇਸ ਦੀ ਬੁੱਕਲ ਮਾਰੀ ਖੜ੍ਹੇ ਮਜ਼ਦੂਰ ਨੂੰ ਸੰਬੋਧਿਤ ਹੋਇਆ, 'ਕਿਉਂ ਬਈ | ਚੱਲੋਗੇ ਮੇਰੇ ਨਾਲ?' ਉਹ ਮੇਰੇ ਵੱਲ ਵੇਖ ਰਤਾ ਤ੍ਰਬਕਿਆ ਤੇ ਥਿੜਕਦੀ ਕੰਬਦੀ ਆਵਾਜ਼ 'ਚ ਬੋਲਿਆ, 'ਹਾਂ... ਸਰਦਾਰਾ... ਕੰਮ...ਕੀ...ਐ...?' ਬਸ ਥੋੜ੍ਹੀ ਜੀ ਘਰ ਦੀ ਟੁੱਟ-ਭੱਜ ਦੀ ਮੁਰੰਮਤ ਕਰਵਾਉਣੀ ਐ | ਤੇਰੀ ਦਿਹਾੜੀ ਕੀ ਐ? ਮੈਂ ਰਵਾਜ਼ਨ ਗੱਲ ਕੀਤੀ | 'ਜਿਹੜਾ ਦੇਣਾ ਹੋਊ ਦੇ ਦਿਓ... | ਉਂਜ ਤਿੰਨ ਸੌ ਐ ਪੂਰਾ... |' 'ਚੱਲ... ਠੀਕ ਐ... ਐਾ ਕਹਿ ਮੋਟਰਸਾਈਕਲ ਨੂੰ ਕਿੱਕ ਮਾਰਦਿਆਂ ਉਹਨੂੰ ਆਪਣੇ ਘਰ ਦੀ ਪਹਿਚਾਣ ਦੱਸੀ | ਮਿਸਤਰੀ ਤੇ ਮਜ਼ਦੂਰ ਦੋਵੇਂ ਆਪਣੇ ਸਾਈਕਲ ਚੁੱਕ ਮੇਰੇ ਪਿੱਛੇ-ਪਿੱਛੇ ਆਉਣ ਲੱਗ ਪਏ |
ਮਨ ਵਿਚ ਇਹ ਗੱਲ ਉਭਰੀ ਕਿ ਮੈਂ ਇਸ ਮਜ਼ਦੂਰ ਆਦਮੀ ਨੂੰ ਪਹਿਲਾਂ ਕਿਤੇ ਦੇਖਿਆ ਹੈ | ਮਿਸਤਰੀ ਮਜ਼ਦੂਰ ਦੋਵੇਂ ਦਿੱਤੇ ਕੰਮ ਵਿਚ ਰੁਝ ਗਏ | ਮੈਂ ਵੀ ਆਪਣੇ ਕੰਮ ਵਿਚ ਮਸ਼ਰੂਫ ਹੋ ਗਿਆ, ਪਰ ਵਾਰ-ਵਾਰ ਮੇਰੇ ਮਨ ਵਿਚ ਇਹ ਗੱਲ ਆ ਕੇ ਅਟਕ ਜਾਂਦੀ ਕਿ ਮੈਂ ਇਸ ਮਜ਼ਦੂਰ ਭਾਈ ਨੂੰ ਕਿਤੇ ਜ਼ਰੂਰ ਵੇਖਿਆ ਹੈ | ਕਈ ਦਿਨ ਕੰਮ ਲਗਾਤਾਰ ਚਲਦਾ ਰਿਹਾ |
ਚੱਲਦੇ ਕੰਮ 'ਚ ਇਕ ਦਿਨ ਉਸ ਮਜ਼ਦੂਰ ਨੂੰ ਪੁੱਛ ਹੀ ਲਿਆ, 'ਬਾਈ ਤੇਰਾ ਪਿੰਡ ਕਿਹੜੈ...?' '...ਜੀ... ਮੈਂ ਹਸਨਪੁਰੋਂ ਆਉਨਾ |' ਕੁਝ ਪੜ੍ਹੇ ਵੀ ਹੈ? ਜੀ...ਮੈਂ ਸੱਤਵੀਂ ਫੇਲ੍ਹ ਆਂ... |' 'ਕਿਹੜੇ ਸਕੂਲ 'ਚ ਪੜ੍ਹਦੇ ਸੀ?', '...ਜੀ ਮੈਂ ਕਾਂਝਲੇ ਪੜ੍ਹਦਾ ਸੀ... |' 'ਜੀ! ਮੈਂ ਥੋਨੂੰ ਜਾਣਦਾਂ | ਮੈਂ ਤੁਹਾਡੇ ਤੋਂ ਦੋ ਸਾਲ ਪਿੱਛੇ ਹੁੰਦਾ ਸੀ | ਜੀ... | ਤੁਹਾਡੇ ਨਾਲ ਮੇਰਾ ਵੱਡਾ ਭਾਈ ਉਜਾਗਰ ਪੜਿ੍ਹਆ ਕਰਦਾ ਸੀ |' 'ਉਹ ਹਸਨਪੁਰੀਆ... ਉਜਾਗਰ... ਹਾਂ...ਹਾਂ...' ਮੇਰੀ ਯਾਦ ਪੱਟੀ 'ਤੇ ਉਜਾਗਰ ਦੀ ਤਸਵੀਰ ਉੱਭਰ ਆਈ | 'ਅੱਛਾ... | ਉਜਾਗਰ ਤੇਰਾ ਭਾਈ ਐ | ਬੜਾ ਸ਼ਰਾਰਤੀ ਹੁੰਦਾ ਸੀ ਪਤੰਦਰ... |' ਮੈਂ ਮੁਖੋਂ ਬੋਲਦਾ ਗਿਆ | '...ਜੀ ਹਾਂ... ਹੁਣ ਤਾਂ ਉਹ...?' ਹੁਣ ਕੀ ਬਈ? ਮੈਂ ਵਿਚੋਂ ਹੀ ਚਲਦੀ ਗੱਲ ਕੱਟਦਿਆਂ ਪੁੱਛਿਆ | ਉਹ ਜੀ ਪਿਛਲੇ ਸਾਲ ਇਕ ਐਕਸੀਡੈਂਟ (ਦੁਰਘਟਨਾ) ਵਿਚ ਉਹਦੀ ਮੌਤ ਹੋ ਗਈ ਸੀ |' 'ਐਨਾ ਕਹਿ ਉਹ ਚੁੱਪ ਹੋ ਗਿਆ |' 'ਕਿਵੇਂ ਹੋਇਆ ਐਕਸੀਡੈਂਟ?' ਮੈਂ ਅੱਗੇ ਜਾਣਨ ਲਈ ਭਾਵੁਕ ਹੁੰਦਿਆਂ ਹਮਦਰਦੀ ਵਜੋਂ ਪੁੱਛਿਆ | ਇਕ ਦਿਨ ਮੰਡੀ 'ਚ ਜੀਰੀ ਵੇਚ ਕੇ ਆ ਰਹੇ ਸੀ ਪਿੰਡ ਨੂੰ | ਜੱਟਾਂ ਦਾ ਥੋਨੂੰ ਪਤਾ ਈ ਐ | ਰੱਜ ਕੇ ਸ਼ਰਾਬ ਪੀਤੀ ਢਾਬੇ 'ਤੇ | ਟਰੈਕਟਰ 'ਤੇ ਰਾਤ ਨੂੰ ਪਿੰਡ ਆਉਂਦਿਆਂ ਟਰੱਕ ਨਾਲ ਟਕਰਾ ਗਿਆ | ਥਾਏਾ ਹੀ ਪੂਰਾ ਹੋ ਗਿਆ |'... ਬੜਾ ਮਾੜਾ ਹੋਇਆ ਯਾਰ... | ਮੈਂ ਹਮਦਰਦੀ ਜਤਾਈ | 'ਫਿਰ ਉਹਦਾ ਬਾਲ ਬੱਚਾ ਤੇ ਪਰਿਵਾਰ ਕਿਵੇਂ...?' 'ਇਕ ਕੁੜੀ ਇਕ ਮੰੁਡਾ ਐ | ਭਰਜਾਈ ਸਾਡੀ ਪੇਕੀਂ ਜਾ ਬੈਠੀ |' '...ਜ਼ਮੀਨ ਵਗੈਰਾ ਫੇਰ...?' ਮੈਂ ਅਜੇ ਐਨਾ ਹੀ ਪੁੱਛਿਆ ਸੀ ਕਿ ਉਸ ਨੇ ਬੋਲਣਾ ਸ਼ੁਰੂ ਕਰ ਦਿੱਤਾ, 'ਜੀ...! ਕਿਹੜੀ ਜ਼ਮੀਨ ਅੱਧਿਓਾ ਵੱਧ ਤਾਂ ਸਾਡੇ ਬਾਪੂ ਨੇ ਨਸ਼ਿਆਂ 'ਚ ਫੂਕ 'ਤੀ ਸੀ ਜਿਹੜੀ ਬਚੀ ਉਹ ਦੋ ਭੈਣਾਂ ਦੇ ਵਿਆਹਾਂ 'ਤੇ ਗਹਿਣੇ ਪੈਗੀ | ਉਜਾਗਰ ਵੀ ਘਰ ਵਾਲੀ ਦੇ ਪੇਕੇ ਜਾ ਬੈਠਣ ਤੇ ਗਹਿਣੇ ਪਈ ਜ਼ਮੀਨ ਦੀ ਨਿਮੋਸ਼ੀ ਕਾਰਨ ਸਾਡੀ ਮਾਂ ਵੀ ਚੱਲ ਵਸੀ | ਬੱਸ ਕੁਝ ਵੀ ਪੱਲੇ ਨਹੀਂ ਰਿਹਾ | ਐਨਾ ਕਹਿ ਧਰਤੀ ਵੱਲ ਦੇਖਣ ਲੱਗ ਪਿਆ |
'....ਤਾਂ ਹੀ ਤਾਂ ਮੈਂ ਜੱਟ ਦਾ ਪੁੱਤ ਹੋ ਕੇ ਮਜ਼ਦੂਰੀ ਕਰਦਾਂ...? ਢਿੱਡ ਤਾਂ ਭਰਨਾ ਹੈ, ਸਰਦਾਰ ਜੀ |' ਮੈਂ ਅੱਗੇ ਹੋਰ ਕੁਝ ਨਾ ਕਹਿ ਸਕਿਆ |
ਚੌਕ 'ਚ ਖੜ੍ਹੇ ਪ੍ਰਾਣੀ ਬਾਰੇ ਕਿੰਨਾ ਕੁਝ ਅਤੀਤ ਦੀਆਂ ਪਰਤਾਂ ਵਿਚ ਮੇਰੀਆਂ ਅੱਖਾਂ ਅੱਗੇ ਫ਼ਿਲਮ ਦੀ ਝਾਕੀ ਵਾਂਗ ਘੰੁਮ ਗਿਆ |

-10-ਸੀ/102, ਸ਼ਿਵਪੁਰੀ ਮੁਹੱਲਾ, ਧੂਰੀ (ਪੰਜਾਬ) |
ਮੋਬਾਈਲ : 094646-97781.

ਮਿੰਨੀ ਕਹਾਣੀਆਂ: ਪ੍ਰਣ

ਪੁਸ਼ਪਾ ਅੱਠਵੀਂ ਜਮਾਤ ਤੱਕ ਹੀ ਪੜ੍ਹ ਸਕੀ, ਕਿਉਂਕਿ ਉਹ ਬਹੁਤ ਗਰੀਬ ਘਰ ਦੀ ਕੁੜੀ ਸੀ | ਪ੍ਰੰਤੂ ਉਹ ਪੜ੍ਹ ਕੇ ਪੁਲਿਸ ਵਿਚ ਭਰਤੀ ਹੋਣਾ ਚਾਹੁੰਦੀ ਸੀ | ਉਹ ਆਪਣੀ ਮਾਂ ਨੂੰ ਇਹੀ ਕਹਿੰਦੀ ਰਹਿੰਦੀ ਸੀ ਕਿ ਉਹ ਉਸ ਨੂੰ ਬਾਰ੍ਹਵੀਂ ਜਮਾਤ ਤੱਕ ਦੀ ਪੜ੍ਹਾਈ ਕਰਵਾ ਦੇਣ ਫੇਰ ਉਹ ਆਪ ਮਿਹਨਤ ਕਰ ਕੇ ਆਪਣੇ ਪੈਰ੍ਹਾਂ 'ਤੇ ਖੜ੍ਹੀ ਹੋ ਜਾਵੇਗੀ ਤੇ ਉਨ੍ਹਾਂ ਦੇ ਵੀ ਦੁੱਖ ਦੂਰ ਹੋ ਜਾਣਗੇ | ਪੁਸ਼ਪਾ ਦੀ ਮਾਂ ਆਪਣਾ ਦਿਲ ਦੁਖੀ ਕਰਨ ਤੋਂ ਬਿਨਾਂ ਕੁਝ ਵੀ ਨਹੀਂ ਸੀ ਕਰ ਸਕਦੀ, ਕਿਉਂਕਿ ਉਸ ਦਾ ਪਤੀ ਬਹੁਤ ਸ਼ਰਾਬ ਪੀਂਦਾ ਸੀ ਤੇ ਕੋਈ ਕੰਮ ਨਹੀਂ ਸੀ ਕਰਦਾ | ਉਹ ਉਸ ਕੋਲੋਂ ਵੀ ਪੈਸੇ ਖੋਹ ਲੈਂਦਾ ਸੀ, ਜੋ ਉਹ ਲੋਕਾਂ ਦੇ ਘਰਾਂ ਵਿਚ ਕੰਮ ਕਰ ਕੇ ਕਮਾਉਂਦੀ ਸੀ ਜੇ ਕਦੇ ਉਹ ਪੈਸੇ ਨਾ ਦਿੰਦੀ ਤਾਂ ਉਸ ਨੂੰ ਕੁੱਟਦਾ-ਮਾਰਦਾ ਸੀ | ਪੁਸ਼ਪਾ ਦਾ ਆਪਣੇ ਹੀ ਘਰ ਵਿਚ ਦਮ ਘੁਟਦਾ ਰਹਿੰਦਾ ਸੀ, ਉਸ ਨੂੰ ਆਪਣੀ ਮਾਂ 'ਤੇ ਬਹੁਤ ਤਰਸ ਆਉਂਦਾ ਸੀ, ਕਿਉਂਕਿ ਉਸ ਦੀ ਮਾਂ ਪਹਿਲਾਂ ਘਰ ਦਾ ਕੰਮ ਕਰ ਕੇ ਜਾਂਦੀ ਫਿਰ ਲੋਕਾਂ ਦੇ ਘਰਾਂ ਵਿਚ ਕੰਮ ਕਰਦੀ, ਥੱਕੀ-ਟੁੱਟੀ ਘਰ ਆਉਂਦੀ ਤੇ ਆਪਣੇ ਪਤੀ ਤੋਂ ਗਾਲ੍ਹਾਂ ਖਾਂਦੀ, ਉਸ ਦਾ ਪਤੀ ਹਮੇਸ਼ਾ ਉਸ ਦੇ ਚਰਿੱਤਰ 'ਤੇ ਸ਼ੱਕ ਕਰਦਾ, ਬੁਰਾ-ਭਲਾ ਬੋਲਦਾ |
ਪੁਸ਼ਪਾ ਦੀ ਮਾਂ ਨੇ ਆਪਣੀ ਧੀ ਨੂੰ ਕਲੇਸ਼ 'ਚੋਂ ਬਾਹਰ ਕੱਢਣ ਲਈ ਸ਼ਹਿਰ ਵਿਚ ਹੀ ਘਰ ਤੋਂ ਦੂਰ ਪੁਸ਼ਪਾ ਨੂੰ ਇਕ ਅਮੀਰ ਘਰ ਵਿਚ ਕੰਮ 'ਤੇ ਲਗਾ ਦਿੱਤਾ, ਜਿਥੇ ਉਸ ਨੇ ਸਾਰਾ ਦਿਨ ਕੰਮ ਕਰ ਕੇ ਉਥੇ ਹੀ ਰਹਿਣਾ ਸੀ | ਮਾਲਿਕ ਨੇ ਪੜ੍ਹਾਈ ਦਾ ਲਾਲਚ ਵੀ ਦਿੱਤਾ | ਪੁਸ਼ਪਾ ਨੌਵੀਂ ਦੀਆਂ ਕਿਤਾਬਾਂ ਆਪਣੇ ਨਾਲ ਹੀ ਲੈ ਗਈ, ਉਹ ਘਰ ਦਾ ਸਾਰਾ ਕੰਮ ਕਰ ਕੇ ਫਿਰ ਕਿਤਾਬਾਂ ਪੜ੍ਹਦੀ ਰਹਿੰਦੀ ਸੀ | ਮਾਲਿਕ ਦੇ ਬੱਚਿਆਂ ਨੂੰ ਘਰ ਅਧਿਆਪਕ ਪੜ੍ਹਾਉਣ ਆਉਂਦਾ ਸੀ | ਜੇ ਕਦੇ ਪੁਸ਼ਪਾ ਅਧਿਆਪਕ ਕੋਲ ਪੜ੍ਹਨ ਲਈ ਚਲੀ ਜਾਂਦੀ ਤਾਂ ਮਾਲਿਕ ਦੇ ਬੱਚੇ ਕਹਿ ਦਿੰਦੇ ਅਸੀਂ ਨੌਕਰਾਣੀ ਨੂੰ ਆਪਣੇ ਕੋਲ ਨ੍ਹੀਂ ਬੈਠਣ ਦੇਣਾ ਤਾਂ ਮਾਲਕਣ ਉਸ ਨੂੰ ਝਿੜਕ ਦਿੰਦੀ ਤੇ ਕਹਿ ਦਿੰਦੀ, 'ਤੂੰ ਆਪਣੇ ਕੰਮ ਤੱਕ ਮਤਲਬ ਰੱਖ, ਡੀ.ਸੀ. ਨਾ ਲੱਗਜੇਂ ਕਿਤੇ ਪੜ੍ਹ ਕੇ ਤੂੰ ...ਮੇਰੇ ਬੱਚਿਆਂ ਦੇ ਬਰਾਬਰ ਬੈਠਣ ਦੀ ਹਿੰਮਤ ਕਿਵੇਂ ਹੋਈ ਤੇਰੀ |' ਪੁਸ਼ਪਾ ਆਪਣੇ ਕਮਰੇ ਵਿਚ ਜਾ ਕੇ ਰੋਣ ਲੱਗ ਪੈਂਦੀ | ਇਕ ਸਾਲ ਲੰਘ ਗਿਆ ਪਰ ਉਸ ਦੀ ਪੜ੍ਹਾਈ ਵੱਲ ਕਿਸੇ ਨੇ ਵੀ ਧਿਆਨ ਨਾ ਦਿੱਤਾ | ਮਾਲਿਕ ਦੇ ਬੱਚੇ ਵੀ ਉਸ ਨੂੰ ਵੱਡੀ ਪੜ੍ਹਾਕੂ ਕਹਿ ਕੇ ਬਹੁਤ ਤੰਗ ਕਰਦੇ ਸਨ |
ਇਕ ਦਿਨ ਪੁਸ਼ਪਾ ਬਾਹਰ ਗੇਟ ਦੀ ਸਫ਼ਾਈ ਕਰ ਰਹੀ ਸੀ ਅਧਿਆਪਕ ਦੇ ਕੋਲੋਂ ਦੀ ਲੰਘਦਿਆਂ ਹੀ ਪੁਸ਼ਪਾ ਨੇ ਹਿੰਮਤ ਜਿਹੀ ਕਰ ਕੇ ਪੁੱਛ ਲਿਆ ਕਿ ਉਹ ਪੜ੍ਹਨਾ ਚਾਹੁੰਦੀ ਹੈ ਪ੍ਰੰਤੂ ਉਸ ਦਾ ਇਕ ਸਾਲ ਖਰਾਬ ਹੋ ਗਿਆ ਜਿਸ ਦਾ ਉਸ ਨੂੰ ਬਹੁਤ ਦੁੱਖ ਹੈ, ਐਨਾ ਕਹਿਕੇ ਉਹ ਰੋਣ ਲੱਗ ਪਈ | ਅਧਿਆਪਕ ਨੇ ਮਾਲਕਣ ਨੂੰ ਬੇਨਤੀ ਕਰ ਕੇ ਪੁਸ਼ਪਾ ਨੂੰ ਦੂਸਰੇ ਦਿਨ ਹੀ ਦਸਵੀਂ ਦੀਆਂ ਕਿਤਾਬਾਂ ਲਿਆ ਦਿੱਤੀਆਂ ਤੇ ਓਪਨ ਸਕੂਲ ਦਾ ਦਾਖ਼ਲਾ ਭਰਵਾ ਦਿੱਤਾ | ਪੁਸ਼ਪਾ ਨੂੰ ਚਾਅ ਚੜ੍ਹ ਗਿਆ ਉਹ ਫਟਾਫਟ ਕੰਮ ਕਰ ਕੇ ਪੜ੍ਹਨ ਲੱਗ ਜਾਂਦੀ, ਜਦੋਂ ਅਧਿਆਪਕ ਜੀ ਪੜ੍ਹਾਉਣ ਆਉਂਦੇ ਤਾਂ ਉਹ ਕਮਰੇ ਦੇ ਬਾਹਰ ਪਰਦੇ ਦੇ ਪਿੱਛੇ ਬੈਠ ਜਾਂਦੀ ਤੇ ਅੰਗਰੇਜ਼ੀ ਸਿੱਖਦੀ ਰਹਿੰਦੀ | ਦੂਸਰੇ ਵਿਸ਼ੇ ਉਹ ਆਪ ਹੀ ਪੜ੍ਹ ਲੈਂਦੀ | ਉਸ ਨੇ ਪੇਪਰ ਦਿੱਤੇ ਤੇ ਪਾਸ ਹੋ ਗਈ | ਇਸੇ ਤਰ੍ਹਾਂ ਹੀ ਉਸ ਨੇ ਇਕ ਸਾਲ ਛੱਡ ਕੇ ਬਾਰ੍ਹਵੀਂ ਜਮਾਤ ਵੀ ਪਾਸ ਕੀਤੀ | ਜਦੋਂ ਪੁਲਿਸ ਮਹਿਕਮੇ ਵਿਚ ਪੋਸਟਾਂ ਨਿਕਲੀਆਂ ਤਾਂ ਅਧਿਆਪਕ ਨੇ ਉਸ ਨੂੰ ਫਾਰਮ ਵੀ ਭਰਵਾ ਦਿੱਤੇੇ, ਉਹ ਸਾਰੇ ਟੈਸਟਾਂ ਵਿਚੋਂ ਪਾਸ ਹੋ ਗਈ, ਆਪਣੀ ਮਿਹਨਤ ਤੇ ਲਗਨ ਸਦਕਾ ਪੁਸ਼ਪਾ ਪੁਲਿਸ ਵਿਚ ਭਰਤੀ ਹੋ ਗਈ | ਉਹ ਡਿਊਟੀ 'ਤੇ ਜਾਣ ਲੱਗ ਪਈ |
ਕੁਝ ਕੁ ਸਾਲਾਂ ਬਾਅਦ ਪੁਸ਼ਪਾ ਦੀ ਤਰੱਕੀ ਹੋ ਗਈ, ਉਹ ਇੰਸਪੈਕਟਰ ਬਣ ਗਈ | ਸ਼ਹਿਰ ਵਿਚ ਉਸ ਦੀ ਸਖ਼ਤੀ ਤੋਂ ਸਾਰੇ ਡਰਦੇ ਸਨ | ਕਈ ਵਾਰ ਉਹ ਮਾਲਿਕ ਦੇ ਮੁੰਡਿਆਂ ਨੂੰ ਵਿਹਲੇ ਅਵਾਰਾਗਰਦੀ ਕਰਦੇ ਵੇਖਦੀ ਤਾਂ ਉਸ ਦਾ ਦਿਲ ਕਰਦਾ ਕਿ ਅੰਦਰ ਕਰ ਕੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਕੁਟਾਪਾ ਚਾੜਿ੍ਹਆ ਜਾਵੇ ਤਾਂ ਉਨ੍ਹਾਂ ਦਾ ਸੁਧਾਰ ਹੋ ਜਾਵੇ, ਨਾਲ ਇਹ ਵੀ ਪੁੱਛਾਂ ਕਿ ਹੁਣ ਤੁਸੀਂ ਮੇਰੇ ਬਰਾਬਰ ਖੜ੍ਹਨ ਦੀ ਹਿੰਮਤ ਰੱਖਦੇ ਹੋ? ਜੇ ਕਦੇ ਮਾਲਿਕ-ਮਾਲਕਣ ਉਸ ਦੇ ਕੋਲੋਂ ਲੰਘਦੇ ਤਾਂ ਉਸ ਦਾ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਤੇ ਉਹ ਉਨ੍ਹਾਂ ਨੂੰ ਇਹ ਕਹਿਣਾ ਚਾਹੁੰਦੀ ਸੀ ਕਿ ਉਸ ਨੇ ਜੋ ਪ੍ਰਣ ਕੀਤਾ ਸੀ ਉਹ ਪੂਰਾ ਹੋ ਗਿਆ |

-ਮੋਬਾਈਲ : 9417738737.

ਵਿਅੰਗ: ਟੈਮ ਦੀ ਕਿੱਲਤ

ਸਮਾਗਮ ਦੇ ਅੰਤ ਵਿਚ ਮੰਚ ਸਕੱਤਰ ਸਾਹਬ ਨੇ ਫੁਰਮਾਇਆ, 'ਮਿੱਤਰੋ, ਸਾਡਾ ਸਮਾਗਮ ਬਰਖਾਸਤੀ ਵਲ ਵਧ ਰਿਹਾ ਹੈ | ਅੱਗੇ ਹੀ ਬਹੁਤ ਦੇਰ ਹੋ ਚੁੱਕੀ ਹੈ | ਮੁੱਖ ਮਹਿਮਾਨ ਸਾਹਬ ਦਾ ਭਾਸ਼ਣ ਬਾਕੀ ਹੈ | ਖਾਣਾ ਵੀ ਠੰਢਾ ਹੋ ਰਿਹਾ ਹੈ | ਮੈਂ ਸਾਡੇ ਮਹਿਮਾਨ ਜੀ ਨੂੰ ਦਰਖਾਸਤ ਕਰਾਂਗਾ ਕਿ ਉਹ ਟੈਮ ਦੀ ਕਿੱਲਤ ਨੂੰ ਧਿਆਨ 'ਚ ਰੱਖਦਿਆਂ ਦੋ-ਚਾਰ ਲਫ਼ਜ਼ਾਂ ਵਿਚ ਅੱਜ ਦੇ ਵਿਸ਼ੇ 'ਲੇਖਕ ਤੇ ਸਮਾਜ ਪ੍ਰਤੀ ਫ਼ਰਜ਼' 'ਤੇ ਆਪਣੇ ਮੁਖਤਸਰ ਜਿਹੇ ਵਿਚਾਰ ਪੇਸ਼ ਕਰਨ | ਮੈਂ ਫਿਰ ਬੇਨਤੀ ਕਰਦਾ ਹਾਂ ਕਿ ਮਹਿਮਾਨ ਸਾਹਬ ਟੈਮ ਦੀ ਕਿੱਲਤ ਦਾ ਖਿਆਲ ਰੱਖਣਗੇ | ਖਾਣਾ... |'
ਲਫ਼ਜ਼ 'ਖਾਣਾ' ਹਾਲੇ ਸਕੱਤਰ ਸਾਹਬ ਦੇ ਮੂੰਹ 'ਚ ਹੀ ਸੀ ਕਿ ਪੰਡਾਲ 'ਚੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ, 'ਖਾਣਾ ਆਉਣ ਦਿਓ ਜੀ, ਮੁੱਖ ਮਹਿਮਾਨ ਸਾਹਬ ਦੇ ਵਿਚਾਰ ਕਦੀ ਫੇਰ ਸੁਣ ਲਵਾਂਗੇ | ਭਾਸ਼ਣ ਨਾਲੋਂ ਭੁੱਖ ਜ਼ਿਆਦਾ ਮਹੱਤਵਪੂਰਨ ਹੈ |'
ਮੁੱਖ ਮਹਿਮਾਨ ਸਾਹਬ ਪੰਡਾਲ 'ਚੋਂ ਆ ਰਹੀਆਂ ਆਵਾਜ਼ਾਂ ਸੁਣ ਕੇ ਵੀ ਅਣਸੁਣੀਆਂ ਕਰਦੇ ਹੋਏ, ਭੁੱਖੀ ਬਿੱਲੀ ਵਾਂਗ ਮਾਈਕ ਨੂੰ ਝਪਟਦੇ ਹੋਏ ਮੰਚ 'ਤੇ ਆ ਗਏ | ਦੋ-ਚਾਰ ਖੰਘੂਰੇ ਮਾਰ ਕੇ ਸੁੱਕਾ ਗਲਾ ਸਾਫ਼ ਕਰਦਿਆਂ ਕਹਿਣ ਲੱਗੇ, 'ਫਿਕਰ ਨਾ ਕਰੋ, ਮੈਂ ਤੁਹਾਡੇ ਅਤੇ ਖਾਣੇ ਵਿਚਕਾਰ ਨਜ਼ਰ-ਬੱਟੂ ਨਹੀਂ ਬਣਾਂਗਾ | ਕੇਵਲ ਰਵਾਇਤ ਦੀ ਪਾਲਣਾ ਕਰਦਿਆਂ ਹੀ ਦੋ-ਚਾਰ ਸ਼ਬਦ ਲੇਖਕ ਦੇ ਫ਼ਰਜ਼ਾਂ ਬਾਰੇ ਕਹਾਂਗਾ | ਟੈਮ ਦੀ ਕਿੱਲਤ ਦਾ ਮੈਨੂੰ ਵੀ ਅਹਿਸਾਸ ਹੈ | ਮੈਂ ਬਹੁਤ ਸ਼ਰਾਫ਼ਤ ਨਾਲ ਤੁਹਾਡੀਆਂ ਐਨੀਆਂ ਗੱਲਾਂ ਸੁਣੀਆਂ ਹਨ ਤੇ ਉਮੀਦ ਹੈ ਤੁਸੀਂ ਵੀ ਉਹੋ ਜਿਹੀ ਸ਼ਰਾਫ਼ਤ ਦਿਖਾਉਂਦਿਆਂ ਮੇਰੇ ਕੁਝ ਸ਼ਬਦ ਸੁਣਨ ਦੀ ਖੇਚਲ ਕਰੋਗੇ |'
ਇਸ ਤੋਂ ਬਾਅਦ ਮੁੱਖ ਮਹਿਮਾਨ ਸਾਹਬ ਨੇ ਪੰਡਾਲ ਵੱਲ ਤਰਸ ਭਰੀਆਂ ਨਜ਼ਰਾਂ ਨਾਲ ਇਉਂ ਦੇਖਿਆ ਜਿਵੇਂ ਕਸਾਈ ਕਿਸੇ ਬਾਲ ਮੇਮਣੇ ਵੱਲ ਦੇਖ ਰਿਹਾ ਹੈ | ਫਿਰ ਲੰਮਾ ਖੰਘੂਰਾ ਮਾਰ ਕੇ ਉਨ੍ਹਾਂ ਘੜੀ ਵੱਲ ਦੇਖਿਆ ਤੇ ਉਨ੍ਹਾਂ ਦੇ ਮੰੂਹੋਂ ਅਚਾਨਕ ਹੀ ਨਿਕਲ ਗਿਆ 'ਟੈਮ ਦੀ ਕਿੱਲਤ' ਜੋ ਸਰੋਤਿਆਂ ਵਿਚ ਹਲਚਲ ਤੇ ਬੇਚੈਨੀ ਪੈਦਾ ਕਰ ਗਿਆ ਸੀ | ਉਨ੍ਹਾਂ ਕਹਿਣਾ ਸ਼ੁਰੂ ਕੀਤਾ, 'ਮੈਂ ਜ਼ਿਆਦਾ ਨਹੀਂ ਲਿਖਿਆ | ਤੀਹ ਕੁ ਵਾਰ ਦੂਰਦਰਸ਼ਨ 'ਤੇ ਗਿਆ ਹਾਂ | ਪੰਜਾਹ ਕੁ ਰੇਡੀਓ ਵਾਰਤਾਵਾਂ 'ਚ ਭਾਗ ਲਿਆ ਹੈ | ਮੈਂ ਕੋਈ ਜ਼ਿਆਦਾ ਕਿਤਾਬਾਂ ਵੀ ਨਹੀਂ ਪੜ੍ਹੀਆਂ | ਐਵੇਂ ਪੰਜ-ਸੱਤ ਕਿਤਾਬਾਂ ਪੜ੍ਹ ਕੇ ਹੀ ਬੁੱਤਾ ਸਾਰ ਲਿਆ ਹੈ | ਪਰ ਸਮਾਗਮ ਦੀਆਂ ਕੋਈ ਸੌ ਕੁ ਪ੍ਰਧਾਨਗੀਆਂ ਹੀ ਡੁੱਕ ਸਕਿਆ ਹਾਂ | ਮੈਂ... |'
'ਮੈਂ' ਹਾਲੇ ਉਨ੍ਹਾਂ ਦੇ ਮੰੂਹ ਵਿਚ ਹੀ ਸੀ ਕਿ ਇਕ ਸਰੋਤਾ ਵਿਚੋਂ ਹੀ ਬੋਲ ਉਠਿਆ ਸੀ, 'ਸਾਹਿਤ ਸਮਾਗਮਾਂ ਦੀ ਪ੍ਰਧਾਨਗੀ ਡੁੱਕਣ ਲਈ ਪੜ੍ਹਨ ਦੀ ਕੀ ਲੋੜ ਹੈ? ਲੇਖਕ ਹੋਣ ਦੀ ਵੀ ਕੋਈ ਸ਼ਰਤ ਨਹੀਂ ਹੈ | ਨੇਤਾ ਜੀ ਐਡੇ-ਐਡੇ ਸਾਹਿਤ ਸੰਮੇਲਨਾਂ ਦੇ ਚੌਧਰੀ ਬਣਦੇ ਹਨ | ਉਨ੍ਹਾਂ ਨੂੰ ਸਾਹਿਤ ਦਾ ਤਾਂ ਊੜਾ-ਐੜਾ ਵੀ ਨਹੀਂ ਆਉਂਦਾ ਹੁੰਦਾ | ਪ੍ਰਧਾਨਗੀ ਕਰਨ ਲਈ ਕਿਤਾਬਾਂ ਦੀ ਥਾਵੇਂ ਬੰਦੇ ਦੀ ਜੇਬ ਭਾਰੀ ਹੋਣੀ ਚਾਹੀਦੀ ਹੈ |'
ਇਹੋ ਜਿਹੇ ਸਿਰਫਿਰੇ ਸਰੋਤਿਆਂ, ਬੋਲ ਭੜਾਕ ਸਰੋਤਿਆਂ ਦੀਆਂ ਗੱਲਾਂ ਵੱਲ ਸਿਆਣੇ ਪ੍ਰਧਾਨ ਧਿਆਨ ਨਹੀਂ ਦਿੰਦੇ ਹੁੰਦੇ | ਸੋ, ਸਾਡੇ ਮੁੱਖ ਮਹਿਮਾਨ ਸਾਹਿਬ ਵੀ ਉਸ ਸਰੋਤੇ ਦੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰਦਿਆਂ ਕਹਿਣ ਲੱਗੇ, 'ਮੈਨੂੰ ਟੈਮ ਦੀ ਕਿੱਲਤ ਦਾ ਪੂਰਾ-ਪੂਰਾ ਫਿਕਰ ਹੈ | ਮੈਂ ਆਪਣੀ ਗੱਲ ਬੱਸ ਦੋ ਚਾਰ ਹੋਰ ਮਿੰਟ ਵਿਚ ਖ਼ਤਮ ਕਰਨ ਵਾਲਾ ਹੀ ਹਾਂ | ਮੈਨੂੰ ਤੁਹਾਡੀ ਬੇਚੈਨੀ ਸਮਝ ਆਉਂਦੀ ਹੈ | ਭੁੱਖ ਸਾਹਵੇਂ ਸਭ ਗੱਲਾਂ ਹੀ ਖੋਟੀਆਂ ਹੁੰਦੀਆਂ ਹਨ | ਟੈਮ ਦੀ ਕਿੱਲਤ ਅੱਜਕਲ੍ਹ ਬਹੁਤ ਜ਼ਿਆਦਾ ਹੈ | ਸਾਡੇ ਕੋਲ ਆਪਣੇ ਸਕੇ-ਸੋਧਰਿਆਂ ਨੂੰ ਚਿੱਠੀ ਲਿਖਣ ਦਾ ਟੈਮ ਨਹੀਂ ਹੈ | ਬਿਮਾਰ ਤੋਂ ਬਿਮਾਰ ਦੋਸਤ ਦੀ ਤੀਮਾਰਦਾਰੀ ਦੀ ਗੱਲ ਤਾਂ ਛੱਡੋ, ਉਸ ਨਾਲ ਹੈਲੋ ਹਾਇ ਕਰਨ ਦਾ ਵੀ ਟੈਮ ਨਹੀਂ ਹੈ | ਜਿਸ ਕਿਸੇ ਨੂੰ ਵੀ ਪੁੱਛੋ ਉਸ ਦਾ ਇਹੋ ਰੋਣਾ ਹੈ |' ਟੈਮ ਹੈ ਨੀ, ਟੈਮ ਦੀ ਬਹੁਤ ਕਿੱਲਤ ਹੈ |'
'ਕਿੱਲਤ' ਲਫ਼ਜ਼ ਆਖਦਿਆਂ ਹੀ ਉਨ੍ਹਾਂ ਇਕ ਵਾਰ ਫਿਰ ਆਪਣੀ ਸੁਨਹਿਰੀ ਘੜੀ ਵੱਲ ਦੇਖਿਆ |
ਸਰੋਤਿਆਂ ਵਿਚ ਫਿਰ ਘੁਸਰ-ਮੁਸਰ ਹੋਈ | ਥੋੜ੍ਹੀ ਬੇਚੈਨੀ ਭਰੀ ਹਿਲਜੁੱਲ ਹੋਈ | ਹਲਕੀ ਤਿੱਖੀ ਜਿਹੀ ਆਵਾਜ਼ ਸੁਣਾਈ ਦਿੱਤੀ, 'ਪਤਾ ਨੀਂ ਇਹ ਊਠ ਦਾ ਬੁੱਲ੍ਹ ਕਦੋਂ ਡਿੱਗੂ? ਟੈਮ ਦੀ ਕਿੱਲਤ, ਊਠ ਦਾ ਬੁੱਲ੍ਹ |'
ਸੁਣਦਿਆਂ ਹੀ ਪ੍ਰਧਾਨ ਜੀ ਬੋਲ ਉਠੇ, 'ਊਠ ਦੇ ਬੁੱਲ੍ਹ ਤੋਂ ਮੈਨੂੰ ਬਚਪਨ ਦੀ ਇਕ ਘਟਨਾ ਯਾਦ ਆ ਗਈ ਹੈ | ਮੈਂ ਵੀ ਬਚਪਨ ਵਿਚ ਊਠ ਦੀ ਸਵਾਰੀ ਕੀਤੀ ਸੀ | ਇਉਂ ਲੱਗਾ ਜਿਵੇਂ ਮੈਂ ਪਹਾੜ 'ਤੇ ਚੜਿ੍ਹਆ ਹੋਵਾਂ | ਡਰਦਾ ਵੀ ਰਿਹਾ ਬਈ ਕਿਤੇ ਡਿੱਗ ਹੀ ਨਾ ਪਵਾਂ | ਡਿੱਗ ਪਿਆ ਤਾਂ ਹੱਡੀ-ਪਸਲੀ ਟੁੱਟ ਜਾਣੀ ਸੀ | ਹੁਣ ਬਚਪਨ ਦੀਆਂ ਗੱਲਾਂ ਯਾਦ ਆਉਣ ਲੱਗੀਆਂ ਹਨ ਤਾਂ ਇਕ ਦੋ ਹੋਰ ਵੀ ਸੁਣ ਲਵੋ | ਦੂਜੀ ਜਮਾਤ ਵਿਚ ਅਸੀਂ ਇਕ ਕਵਿਤਾ ਪੜ੍ਹ ਕੇ ਸੁਣਾਈ ਸੀ | ਮਾਸਟਰ ਜੀ ਨੇ ਖੁਸ਼ ਹੋ ਕੇ ਸਾਨੂੰ ਇਕ ਸਲੇਟੀ ਇਨਾਮ ਵਜੋਂ ਦਿੱਤੀ ਸੀ | ਉਸੇ ਸਲੇਟੀ ਨਾਲ ਅਸੀਂ ਸਲੇਟ 'ਤੇ ਲਿਖ-ਲਿਖ ਦਸ ਤੱਕ ਪਹਾੜੇ ਯਾਦ ਕੀਤੇ ਸਨ | ਪੂਰੀ ਪ੍ਰਾਇਮਰੀ ਪਾਸ ਕਰਨ ਤੱਕ ਅਸੀਂ ਉਹ ਇਨਾਮੀ ਸਲੇਟੀ ਸਾਂਭ-ਸਾਂਭ ਰੱਖੀ ਸੀ | ਪ੍ਰਾਇਮਰੀ ਦੇ ਸਾਡੇ ਵੇਲੇ ਦੇ ਮਾਸਟਰ ਬਹੁਤ ਸਖ਼ਤ ਹੋਇਆ ਕਰਦੇ ਸਨ | ਕੁੱਟ-ਕੁੱਟ ਤਹਿ ਲਾ ਦਿੰਦੇ ਸੀ | ਪਰ ਦੇਖ ਲੋ ਉਨ੍ਹਾਂ ਦੀ ਕਿਰਪਾ ਕਾਰਨ ਹੀ ਅਸੀਂ ਅੱਜ ਮੁੱਖ ਮਹਿਮਾਨ ਬਣਨ ਦੇ ਕਾਬਲ ਹੋਏ ਹਾਂ |'
'ਟੈਮ ਦੀ ਕਿੱਲਤ', ਪੰਡਾਲ 'ਚੋਂ ਆਵਾਜ਼ਾਂ ਆਉਣ ਲੱਗ ਪਈਆਂ ਸਨ |
'ਲੇਖਕ ਦੇ ਫ਼ਰਜ਼' ਮੰਚ ਸਕੱਤਰ ਨੇ ਮੁੱਖ ਮਹਿਮਾਨ ਦੇ ਨੇੜੇ ਹੋ ਕੇ ਕੰਨ 'ਚ ਹੌਲੀ ਦੇਣੇ ਆਖਿਆ |
'ਹਾਂ, ਲੇਖਕ ਦੇ ਫ਼ਰਜ਼ | ਲੇਖਕ ਦੇ ਸਮਾਜ ਪ੍ਰਤੀ ਬਹੁਤ ਫ਼ਰਜ਼ ਹਨ | ਲੇਖਕ ਤਾਂ ਫ਼ਰਜ਼ਾਂ ਦਾ ਬੰਨਿ੍ਹਆ ਹੋਇਆ ਹੈ | ਫ਼ਰਜ਼ ਨਾ ਹੋਣ ਤਾਂ ਲੇਖਕ ਵੀ ਨਹੀਂ ਹੋ ਸਕਦਾ |'
ਪਤਾ ਨਹੀਂ ਪੰਡਾਲ 'ਚੋਂ ਕਿਸ ਨੇ ਉੱਚੀ ਦੇਣੀ ਆਖ ਦਿੱਤਾ ਸੀ, 'ਖਾਣਾ ਲੱਗ ਗਿਐ |'
ਬੱਸ ਫੇਰ ਪਤਾ ਨਹੀਂ ਪੰਡਾਲ 'ਚ ਕੀ ਸੱਪ ਨਿਕਲ ਆਇਆ ਸੀ, ਸਾਰਾ ਪੰਡਾਲ ਸ਼ੂਟਾਂ ਵੱਟ ਕੇ ਖਾਣੇ ਦੇ ਤੰਬੂ ਵੱਲ ਉੱਲਰ ਪਿਆ ਸੀ | ਪੰਡਾਲ ਮਿੰਟਾਂ-ਸਕਿੰਟਾਂ 'ਚ ਖਾਲੀ ਹੋ ਗਿਆ ਸੀ | ਮੁੱਖ ਮਹਿਮਾਨ ਤੇ ਮੰਚ ਸਕੱਤਰ ਹੀ ਮੰਚ 'ਤੇ ਖਲੋਤੇ ਰਹਿ ਗਏ ਸਨ |
ਆਖਰ 'ਚ ਮੁੱਖ ਮਹਿਮਾਨ ਸਾਹਬ ਕਹਿ ਰਹੇ ਸਨ, 'ਟੈਮ ਦੀ ਕਿੱਲਤ' ਨਾ ਹੁੰਦੀ ਤਾਂ ਅਸੀਂ 'ਲੇਖਕ ਦੇ ਸਮਾਜ ਪ੍ਰਤੀ ਫ਼ਰਜ਼' ਵਿਸ਼ੇ 'ਤੇ ਹਾਲੇ ਕਈ ਹੋਰ ਨੁਕਤੇ ਸਰੋਤਿਆਂ ਨਾਲ ਸਾਂਝੇ ਕਰਨੇ ਸੀ | ਸਰੋਤਿਆਂ ਦੀ ਬਦਕਿਸਮਤੀ ਕਿ ਟੈਮ ਦੀ ਕਿੱਲਤ ਕਾਰਨ ਸਾਡੇ ਸੁਨਹਿਰੀ ਵਿਚਾਰ ਨਹੀਂ ਸੁਣ ਸਕੇ |'
ਟੈਮ ਦੀ ਕਿੱਲਤ ਨਾ ਹੁੰਦੀ ਤਾਂ ਮੰਚ ਸਕੱਤਰ ਨੇ ਸਿਰ ਮਾਰ-ਮਾਰ ਕਹਿ ਦੇਣਾ ਸੀ, 'ਹਾਂ ਜੀ, ਹਾਂ ਜੀ |'

-ਮੋਬਾਈਲ : 94635-37050.

ਰਿਸ਼ਤੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਬਜ਼ੁਰਗਾਂ ਦਾ ਨਿਰਾਦਰ, ਨੂੰ ਹ-ਸੱਸ ਵਿਚ ਵਧਦਾ ਰੋਜ਼ ਦਾ ਕਲੇਸ਼, ਜਾਇਦਾਦ ਵੰਡਣ ਸਮੇਂ ਭਰਾਵਾਂ ਵਿਚ ਗੁੱਸਾ ਆਦਿ ਦੇਖ ਕੇ ਹੁਣ ਵਾਰਸ ਸ਼ਾਹ ਦੀਆਂ ਸਤਰਾਂ 'ਭਾਈਆਂ ਬਾਝ ਨਾ ਮਜਲਿਸਾਂ ਸੋਂਹਦੀਆਂ' ਨੇ ਆਪਣੇ ਅਰਥ ਗੁਆਉਣੇ ਆਰੰਭ ਕਰ ਦਿੱਤੇ ਹਨ | ਵਾਰਿਸ ਸ਼ਾਹ ਨੇ ਇੰਜ ਲਿਖਿਆ ਸੀ ਕਿ:
ਲੱਖ ਓਟ ਹੈ ਕੋਲ ਵਸੰਦਿਆਂ ਦੀ,
ਭਾਈਆਂ ਗਿਆਂ ਜੇਡੀ ਕਾਈ ਹਾਰ ਨਾਹੀਂ |
ਭਾਈਆਂ ਬਾਝ ਨਾ ਮਜਲਿਸਾਂ ਸੋਂਹਦੀਆਂ ਨੀ
ਅਤੇ ਭਾਈਆਂ ਬਾਝ ਬਹਾਰ ਨਾਹੀਂ |
• ਮੀਆਂ ਪੀਲੂ ਭਰਾਵਾਂ ਬਾਰੇ ਇੰਜ ਲਿਖਦਾ ਹੈ:
ਭਾਈ ਮਰ ਗਏ ਜਿਨ੍ਹਾਂ ਦੇ ਹਾਣ ਦੇ,
ਡੌਲਿਉਂ ਟੁੱਟੀ ਬਾਂਹ |
• ਕਿਹਾ ਜਾਂਦਾ ਹੈ ਕਿ ਕੁੜਮ ਕੁਪੱਤਾ ਹੋਵੇ ਤਾਂ ਹੋਵੇ, ਪਰ ਗੁਆਂਢ ਕੁਪੱਤਾ ਨਾ ਹੋਵੇ |
• ਭਰਾ ਦੀ ਵਫ਼ਾਦਾਰੀ ਦਾ ਪਤਾ ਉਸ ਦੇ ਵਿਆਹ ਤੋਂ ਬਾਅਦ ਲਗਦਾ ਹੈ |
• ਸਾਡੇ ਰਿਸ਼ਤੇ ਜਿਵੇਂ ਚਾਚਾ-ਚਾਚੀ, ਤਾਇਆ-ਤਾਈ, ਭੂਆ-ਫੁੱਫੜ, ਮਾਸੀ-ਮਾਸੜ ਦੋ ਹੀ ਸ਼ਬਦਾਂ 'ਅੰਕਲ-ਆਂਟੀ' ਵਿਚ ਸਿਮਟ ਕੇ ਰਹਿ ਗਏ ਹਨ | ਇਨ੍ਹਾਂ ਸ਼ਬਦਾਂ ਨੇ ਉਕਤ ਰਿਸ਼ਤਿਆਂ ਨੂੰ ਬਿਲਕੁਲ ਰਸਹੀਣ ਤੇ ਬੇਸੁਆਦੇ ਬਣਾ ਦਿੱਤਾ ਹੈ | ਅੰਕਲ ਅਤੇ ਆਂਟੀ ਦੇ ਸ਼ਬਦਾਂ ਨੇ ਉਕਤ ਪੰਜਾਬੀ ਸ਼ਬਦਾਂ ਨੂੰ ਹੜੱਪ ਕਰ ਲਿਆ ਹੈ | ਪਿਤਾ-ਮਾਤਾ, ਨਾਨਾ-ਨਾਨੀ, ਦਾਦਾ-ਦਾਦੀ ਆਦਿ ਸ਼ਬਦਾਂ ਦੀ ਵਰਤੋਂ ਕਰਨੀ ਅਸੀਂ ਬੱਚਿਆਂ ਨੂੰ ਸਿਖਾ ਹੀ ਨਹੀਂ ਰਹੇ | ਉਕਤ ਸ਼ਬਦ ਰਿਸ਼ਤਿਆਂ ਦੀ ਮਹਹੱਤਾ ਨੂੰ ਦਰਸਾਉਂਦੇ ਹਨ ਤੇ ਸਮਾਜਿਕ ਮਾਹੌਲ ਨੂੰ ਵੀ ਸੁਹਾਵਣਾ ਬਣਾਉਂਦੇ ਹਨ | ਅੰਕਲ-ਆਂਟੀ ਦੇ ਦੋ ਸ਼ਬਦਾਂ ਨਾਲ ਹੀ ਉਕਤ ਸਾਰੇ ਰਿਸ਼ਤਿਆਂ ਦੀ ਮਹੱਤਤਾ ਨੂੰ ਨਹੀਂ ਦਰਸਾਇਆ ਜਾ ਸਕਦਾ | ਸਾਨੂੰ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਸੀਂ ਆਪਣੀਆਂ ਜੜ੍ਹਾਂ ਨਾਲ ਜੁੜੇ ਰਹੀਏ |
• ਮਨੁੱਖੀ ਹੋਂਦ ਦੋ ਰਿਸ਼ਤਿਆਂ ਤੋਂ ਬਿਨਾਂ ਅਧੂਰੀ ਹੈ ਤੇ ਉਹ ਹੈ ਮਾਤਾ-ਪਿਤਾ ਦਾ ਰਿਸ਼ਤਾ | ਇਹ ਅਜਿਹੇ ਰਿਸ਼ਤੇ ਹਨ, ਜੋ ਆਪਣਾ ਸਭ ਕੁਝ ਬੱਚਿਆਂ ਤੋਂ ਵਾਰਨ ਲਈ ਤਿਆਰ ਰਹਿੰਦੇ ਹਨ |
• ਸ਼ਿਅਰ :
ਮੰਜ਼ਿਲ ਕੀ ਮਿਲ ਜਾਂਦੀ ਹੈ,
ਲੋਕੀਂ ਰਾਵਾਂ ਭੁੱਲ ਜਾਂਦੇ ਹਨ |
ਰਿਸ਼ਤੇਦਾਰੀ ਭੈਣ-ਭਰਾਵਾਂ ਦੀ ਕੀ ਕਰਦੇ,
ਭੁੱਲਣ ਵਾਲੇ ਲੋਕੀਂ ਆਪਣੀਆਂ ਮਾਵਾਂ ਭੁੱਲ ਜਾਂਦੇ ਹਨ |
• ਜਿਹੜੇ ਪੁੱਤ ਆਪਣੀ ਮਾਂ ਦੇ ਸਕੇ ਨਹੀਂ ਉਹ ਜ਼ਿੰਦਗੀ ਵਿਚ ਕੋਈ ਵੀ ਰਿਸ਼ਤਾ ਦਿਲੋਂ ਨਹੀਂ ਨਿਭਾਅ ਸਕਦੇ | ਉਹ ਮਾਵਾਂ, ਖ਼ੁਸ਼ਨਸੀਬ ਹੁੰਦੀਆਂ ਹਨ, ਜਿਨ੍ਹਾਂ ਦੇ ਪੁੱਤ ਬਾਕੀ ਰਿਸ਼ਤਿਆਂ ਨਾਲ ਇਕਸਾਰਤਾ ਰੱਖਦੇ ਹੋਏ ਵੀ ਆਪਣੀ ਮਾਂ ਦੇ ਸਾਹਵਾਂ ਨਾਲ ਜਿਊਾਦੇ ਹਨ ਤੇ ਮਾਂ ਦੇ ਕਦਮਾਂ ਹੇਠ ਆਪਣੀਆਂ ਤਲੀਆਂ ਰੱਖਦੇ ਹਨ |
• ਜੇ ਗੁਆਂਢੀ ਪ੍ਰੇਮ ਕਰਨ ਵਾਲਾ ਹੋਵੇ ਤਾਂ ਦੂਰ ਰਹਿੰਦੇ ਭਰਾ ਨਾਲੋਂ ਉਹ ਕਿਤੇ ਚੰਗਾ ਹੁੰਦਾ ਹੈ |
• ਹੁਣ ਪਤਾ ਲੱਗਾ ਕਿ ਭੈਣ ਦੀ ਕਿੰਨੀ ਲੋੜ ਪੈਂਦੀ ਆ | ਹੱਸਦਾ ਰਿਹਾ ਕਰ ਵੀਰਿਆ ਤੈਨੂੰ ਤੇਰੀ ਭੈਣ ਹੀ ਕਹਿੰਦੀ ਆ |
• ਰਿਸ਼ਤੇ ਜਿਵੇਂ ਮਾਂ-ਪੁੱਤ ਦਾ ਰਿਸ਼ਤਾ, ਮਾਂ-ਧੀ ਦਾ ਰਿਸ਼ਤਾ, ਭੈਣ-ਭਰਾ ਦਾ ਰਿਸ਼ਤਾ, ਨਣਦ-ਭਰਜਾਈ, ਦਰਾਣੀ-ਜੇਠਾਣੀ, ਪਤੀ-ਪਤਨੀ, ਸੱਸ-ਸਹੁਰਾ ਆਦਿ ਦੀ ਅਮੁੱਲ ਅਹਿਮੀਅਤ ਹੈ |
• ਮੁਫ਼ਤ 'ਚ ਸਿਰਫ਼ ਮਾਤਾ-ਪਿਤਾ ਦਾ ਪਿਆਰ ਮਿਲਦਾ ਹੈ | ਇਸ ਤੋਂ ਬਾਅਦ ਦੁਨੀਆ ਵਿਚ ਹਰ ਰਿਸ਼ਤੇ ਲਈ ਕੁਝ ਨਾ ਕੁਝ ਚੁਕਾਉਣਾ ਪੈਂਦਾ ਹੈ |
• ਮਾਂ ਅਤੇ ਬੱਚੇ ਦੇ ਰਿਸ਼ਤੇ ਜਿੰਨਾ ਕੋਈ ਵੀ ਪਿਆਰਾ ਰਿਸ਼ਤਾ ਨਹੀਂ ਹੈ | ਦੁਨੀਆ ਤੇ ਇਹ ਹੀ ਇਕੋ ਰਿਸ਼ਤਾ ਹੈ ਜੋ ਪਾਕਿ-ਪਵਿੱਤਰ ਤੇ ਨਿਰਸਵਾਰਥ ਹੁੰਦਾ ਹੈ | ਮਾਂ ਤੋਂ ਹੀ ਬੱਚਾ ਰਿਸ਼ਤੇ ਨਿਭਾਉਣ ਦੀ ਜਾਚ ਸਿਖਦਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ: ਹਲ ਵਾਹੁਣਾ ਕੋਈ ਸੌਖਾ ਕੰਮ ਨਹੀਂ

ਉਰਦੂ ਭਾਸ਼ਾ ਵਿਚ ਹਾਲੀ ਦਾ ਅਰਥ ਹਾਲ ਵਾਲਾ, ਹੁਣ ਵਾਲਾ ਅਤੇ ਮੌਜੂਦਾ ਹੈ, ਇਸ ਦਾ ਉਚਾਰਨ ਵੀ ਉਰਦੂ ਭਾਸ਼ਾ ਵਿਚ ਹਾਲੀ ਦਾ ਲੱਲਾ ਸਖ਼ਤ ਹੁੰਦਾ ਹੈ | ਇਸ ਦੇ ਉਲਟ ਪੰਜਾਬੀ ਭਾਸ਼ਾ ਵਿਚ ਲੱਲਾ ਸਖ਼ਤ ਵੀ ਹੁੰਦਾ ਹੈ ਅਤੇ ਨਰਮ ਵੀ | ਨਰਮ ਲੱਲਾ ਵਰਤਦਿਆਂ ਇਸ ਦਾ ਉਚਾਰਨ ਹੋਰ ਅਤੇ ਅਰਥ ਹੋਰ ਹੋ ਜਾਂਦਾ ਹੈ | ਨਰਮ ਲੱਲਾ ਵਰਤਦਿਆਂ ਇਸ ਦਾ ਅਰਥ ਹਲ ਵਾਹੁਣ ਵਾਲਾ ਹੋ ਜਾਂਦਾ ਹੈ | ਆਮ ਲੋਕ ਇਹੀ ਉਚਾਰਨ ਕਰਦੇ ਹਨ | ਉਰਦੂ ਦੇ ਬਹੁਤ ਹੀ ਉੱਚ ਪਾਏ ਦੀ ਸ਼ਾਇਰੀ ਕਰਨ ਵਾਲੇ ਸ਼ਾਇਰ ਜਨਾਬ ਅਲਤਾਫ਼ ਹੁਸੈਨ ਸਾਹਿਬ ਦਾ ਤਖ਼ੱਲੁਸ ਹਾਲੀ ਸੀ | ਉਹ ਪਾਨੀਪਤ ਸ਼ਹਿਰ ਵਿਚ ਹੀ ਪੈਦਾ ਹੋਏ ਅਤੇ ਪੂਰੀ ਉਮਰ ਉਰਦੂ ਸ਼ਾਇਰੀ ਨੂੰ ਸਮਰਪਿਤ ਰਹੇ | ਆਸ-ਪਾਸ ਦੇ ਅਮੀਰ ਲੋਕ ਉਨ੍ਹਾਂ ਨੂੰ ਆਪਣੇ ਘਰ ਬੁਲਾ ਕੇ ਮਾਣ ਮਹਿਸੂਸ ਕਰਦੇ ਸਨ |
ਇਕ ਵਾਰੀ ਇਕ ਜ਼ਿਮੀਂਦਾਰ ਨੇ ਉਨ੍ਹਾਂ ਨੂੰ ਆਪਣੇ ਘਰ ਬੁਲਾਇਆ | ਉਹ ਆਏ ਗਰਮੀ ਕਰਕੇ ਕਾਫ਼ੀ ਪ੍ਰੇਸ਼ਾਨ ਸਨ | ਉਨ੍ਹਾਂ ਨੂੰ ਇਕ ਕਮਰੇ ਵਿਚ ਆਰਾਮ ਕਰਨ ਲਈ ਲਿਟਾ ਦਿੱਤਾ ਗਿਆ | ਉਸ ਵੇਲੇ ਇਕ ਕਿਸਾਨ ਅੰਦਰ ਆਇਆ ਤਾਂ ਜ਼ਿਮੀਂਦਾਰ ਨੇ ਉਸ ਨੂੰ ਕਿਹਾ, 'ਜਿਹੜੇ ਬਜ਼ੁਰਗ ਆਰਾਮ ਫਰਮਾ ਰਹੇ ਨੇ ਉਨ੍ਹਾਂ ਨੂੰ ਪੱਖਾ ਝੱਲ |' ਕਿਸਾਨ ਪੱਖਾ ਝੱਲਣ ਲਗ ਪਿਆ | ਥੋੜ੍ਹੀ ਦੇਰ ਬਾਅਦ ਕਿਸਾਨ ਨੇ ਜ਼ਿਮੀਂਦਾਰ ਨੂੰ ਪੁੱਛਿਆ, 'ਇਹ ਬਜ਼ੁਰਗ ਕੌਣ ਨੇ, ਮੈਂ ਇਨ੍ਹਾਂ ਨੂੰ ਪਹਿਲੀ ਵਾਰ ਵੇਖਿਆ ਏ |' ਜ਼ਿਮੀਂਦਾਰ ਨੇ ਜਵਾਬ ਵਿਚ ਕਿਹਾ, 'ਪਾਗਲਾ ਤੂੰ ਇਨ੍ਹਾਂ ਨੂੰ ਨਹੀਂ ਜਾਣਦਾ | ਇਨ੍ਹਾਂ ਨੂੰ ਸਾਰਾ ਹਿੰਦੁਸਤਾਨ ਜਾਣਦਾ ਹੈ | ਇਹ ਜਨਾਬ ਮੌਲਵੀ ਹਾਲੀ ਹਨ |' ਇਹ ਸੁਣ ਕੇ ਕਿਸਾਨ ਬੋਲਿਆ, 'ਕੋਈ ਹਾਲੀ ਮੌਲਵੀ ਨਹੀਂ ਹੁੰਦਾ, ਕੋਈ ਮੌਲਵੀ ਹਾਲੀ ਨਹੀਂ ਹੋ ਸਕਦਾ | ਹਲ ਵਾਹੁਣਾ ਕੋਈ ਸੌਖਾ ਕੰਮ ਨਹੀਂ |'

-ਜੇਠੀ ਨਗਰ, ਮਾਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

ਕਹਾਣੀ: ਕਿਸਨਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਉਹ ਝੱਟ ਕੁ ਬਾਅਦ ਥੋੜ੍ਹਾ ਜਿਹਾ ਪਿੱਛੇ ਵੱਲ ਦੇਖਦਾ ਜਿਵੇਂ ਉਸਦਾ ਆਪਣਾ ਮੰੁਡਾ ਹੀ ਸਜ-ਵਿਆਹਿਆ ਪਿਛੇ ਬੈਠਾ ਹੋਵੇ ਤੇ ਫਿਰ ਇਕਦਮ ਤੇਜ਼ ਰਿਕਸ਼ਾ ਚਲਾਉਣ ਲੱਗ ਪੈਂਦਾ | ਮੁੱਖ ਸੜਕ ਹੋਣ ਕਰਕੇ ਹੈੈਵੀ ਟ੍ਰੈਫਿਕ ਵੀ ਸੜਕ 'ਤੇ ਹੈ ਸੀ | ਲੰਘਦੀਆਂ ਕਾਰਾਂ, ਟਰੱਕਾਂ ਵਾਲਿਆਂ ਦੇ ਹੈੱਡ ਲਾਈਟਾਂ, ਕਿਸੇ ਕਿਸੇ ਨੇ ਜਗਾ ਹੀ ਲਈਆਂ ਸਨ |
ਕਿਸਨਾ ਸੋਚਾਂ 'ਚ ਮਸਤ ਸੀ, ਪਿਛੋਂ ਇਕ ਕਾਰ ਜ਼ੋਰ ਦੀ ਲੰਘੀ, ਉਹ ਬੇਧਿਆਨਾ ਸੀ, ਜੋ ਰਿਕਸ਼ਾ ਸੜਕ ਤੋਂ ਅੱਧਾ ਕੁ ਉੱਤਰ ਗਿਆ ਤੇ ਥੋੜ੍ਹਾ ਡੋਲ ਗਿਆ | 'ਉਹ ਬਈ, ਧਿਆਨ ਸੇ ਚਲਾਓ ਦੇਖੋ ਕਾਰੇਂ, ਮੋਟਰੇਂ ਗੁਜ਼ਰ ਰਹੀ ਹੈਾ', ਮੰੁਡੇ ਨੇ ਆਪਣੀ ਦੁਲਹਨ ਨੂੰ ਘੁਟ ਕੇ ਜੱਫੀ 'ਚ ਲੈਂਦਿਆਂ ਕਿਹਾ, ਕਿਉਂਕਿ ਉਹ ਥੋੜ੍ਹੀ ਘਬਰਾ ਗਈ ਸੀ |
'ਬਾਊ ਜੀ ਤਨਿਕ ਭੀ ਘਬਰਾਨਾ ਨਾਹੀਂ, ਹਮ ਆਪ ਕੋ ਬਿਲਕੁਲ ਠੀਕ ਪਹੁੰਚਾ ਕੇ ਆਏਗਾ', ਕਿਸਨੇ ਨੇ ਕਿਹਾ ਤੇ ਕਹਿਣ ਵੇਲੇ ਉਹਦਾ ਦਿਲ ਤਾਂ ਕੀਤਾ ਕਿ ਬਾਊ ਜੀ ਦੀ ਥਾਏਾ ਬੇਟਾ ਕਹੇ, ਪਰ ਉਹਨੂੰ ਸਾਈਕਲ ਰਿਪੇਅਰ ਸ਼ਾਪ ਵਾਲਾ ਦੁਕਾਨਦਾਰ ਯਾਦ ਆ ਗਿਆ ਕਿ ਬਈ ਜਵਾਨ ਅਮੀਰ ਵੱਡੇ ਲੋਕ ਖੌਰੇ ਇਕ ਗਰੀਬ ਰਿਕਸ਼ੇ ਵਾਲੇ ਦੀਆਂ ਭਾਵਨਾਵਾਂ ਨੂੰ ਸਵੀਕਾਰ ਕਰਨ ਕਿ ਨਾ ਤੇ ਫਿਰ ਆਪਣੇ ਨਾਲ ਇਕ ਗਰੀਬ ਦੇ ਮੰੁਡੇ ਨੂੰ ਬਰਾਬਰ ਖੜ੍ਹਾ ਕਰਨ ਵਾਲੀ ਸੋਚ ਨੂੰ ਆਪਣੀ ਬੇਇਜ਼ਤੀ ਈ ਨਾ ਸਮਝ ਲੈਣ |
ਕਿਸਨਾ ਚੌਕੰਨਾ ਹੋ ਕੇ ਰਿਕਸ਼ਾ ਚਲਾਉਣ ਲੱਗ ਪਿਆ | 'ਕਹਾਂ ਕੇ ਰਹਿਨੇ ਵਾਲੇ ਹੋ, ਕਿਆ ਨਾਮ ਹੈ ਤੁਮਾਰਾ' ਜਵਾਨ ਮੰੁਡੇ ਨੇ ਮਹਿਜ਼ ਗੱਲਾਂ 'ਚ ਲਾਉਣ ਲਈ ਕਿਸਨੇ ਨੂੰ ਪੁੱਛਿਆ | 'ਜੀ ਕਿਸਨਾ ਨਾਮ ਹੈ ਮੇਰਾ, ਬਿਹਾਰ ਮੇਂ ਪਟਨਾ ਸਾਹਿਬ ਕਾ ਰਹਿਨੇ ਵਾਲਾ ਹੰੂ', ਪਰ ਬਿਹਾਰ ਕਾਹੇ, ਮੈਂ ਤੋ ਇਥੇ ਕਾ ਪੰਜਾਬ ਕਾ ਹੀ ਹੋ ਗਿਆ ਹੰੂ | 20-25 ਬਰਸ ਸੇ ਇਧਰ ਹੀ ਹੰੂ | ਓ ਯਹਾਂ ਲਾਨੇ ਵਾਲੇ ਮਾਲਕ ਵਾਪਸ ਭੀ ਹੋ ਗਏ ਤੋ ਮੈਂ ਨਹੀਂ ਗਇਆ, ਅਬ ਤੋ ਇਥੇ ਹੀ ਮਰਨਾ-ਜੀਨਾ ਹੈ, ਯੇ ਮੁਲਕ ਅੱਛਾ ਹੈ, ਮੈਂ ਤੋ ਆਪ ਕੀ ਮਾਫਕ ਪੰਜਾਬੀ ਬੋਲ ਲੈਂਦਾ ਹੰੂ | ਵਹਾਂ ਭੀ, ਪਟਨਾ ਸਾਹਿਬ ਮੇਂ, ਗੁਰਦੁਆਰਾ ਸਾਹਿਬ ਮੇਂ ਲੰਗਰ ਕਈ ਬਾਰ ਖਾਇਆ, ਗੁਰੂ ਗੋਬਿੰਦ ਸਿੰਘ ਜੀ ਵਹਾਂ ਪੈਦਾ ਹੋ ਕੇ ਇਧਰ ਆਏ, ਹਮ ਭੀ ਔਰ ਸੱਚੀ ਬਾਤ, ਮੇਰੇ ਕੋ ਯਹਾਂ ਕਾ ਸਭ ਕੁਝ ਅੱਛਾ ਲਗਤਾ ਹੈ', ਕਿਸਨਾ ਕਹਿ ਹੀ ਰਿਹਾ ਸੀ ਕਿ ਦੁਲਹਨ ਨੇ ਖੁਸ਼ ਹੋ ਕੇ ਹੱਸਦਿਆਂ ਕਿਹਾ, 'ਬਈ, ਦੇਖੋ ਹਮ ਭੀ ਮੇਰਠ (ਯੂ.ਪੀ.) ਸੇ ਯਹਾਂ ਸ਼ਾਦੀ ਹੋ ਕੇ ਆਏ ਹੈ | ਹਮੇਂ ਭੀ ਪੰਜਾਬ ਅੱਛਾ ਲਗ ਰਹਾ ਹੈ, ਕਿਤਨੇ ਬੱਚੇ ਹੈਾ ਤੁਮਾਰੇ?'
ਜਿਵੇਂ ਦੁਖਦੀ ਰਗ 'ਤੇ ਹੱਥ ਰੱਖ ਦਿੱਤਾ ਹੋਵੇ, ਕਿਸਨਾ ਚੁੱਪ ਕਰ ਗਿਆ | ਕਿਉਂਕਿ ਖਿਆਲਾਂ ਦੀ ਉਡਾਨ ਵਿਚ ਉਹ ਆਪਣੇ ਬੇਟੇ ਨੂੰ ਹੀ ਚਿਤਵਦਾ ਰਿਕਸ਼ਾ ਚਲਾ ਰਿਹਾ ਸੀ | ਆਪਣੇ ਬੇਟੇ ਦੇ ਵਿਯੋਗ ਦੀਆਂ ਲਹਿਰਾਂ ਦੇ ਉਤਰਾਅ-ਚੜ੍ਹਾਅ 'ਚ ਆਪਣੇ ਬੇਟੇ ਨੂੰ ਚੇਤੇ 'ਚ ਵਸਾ ਰਿਕਸ਼ਾ ਚਲਾਈ ਜਾ ਰਿਹਾ ਸੀ |
ਉਹਦੀ ਜ਼ਬਾਨ ਇਹ ਕਹਿਣ ਲਈ ਚਲਣ ਵਾਸਤੇ ਤਿਆਰ ਨਹੀਂ ਸੀ ਕਿ ਉਸ ਦਾ ਇਕੋ ਬੇਟਾ ਸੀ ਤੇ ਉਹ ਰੱਬ ਨੂੰ ਪਿਆਰਾ ਹੋ ਚੁੱਕੈ ਤੇ ਜੇ ਉਹ ਜ਼ਿੰਦਾ ਹੁੰਦਾ ਤਾਂ ਕਰੀਬ ਤੁਹਾਡੀ ਉਮਰ ਦਾ ਹੀ ਹੁੰਦਾ | ਇਸ ਕਸ਼ਮਕਸ਼ 'ਚ ਉਹਦਾ ਗੱਚ ਭਰ ਆਇਆ ਸੀ ਤੇ ਰਿਕਸ਼ਾ ਆਹਿਸਤਾ-ਆਹਿਸਤਾ ਚੱਲਣ ਲੱਗ ਪਿਆ ਸੀ | ਮੰੁਡੇ ਕੁੜੀ ਨੂੰ ਕਾਹਲੀ ਸੀ | ਉਨ੍ਹਾਂ 'ਚ ਕਿੰਨੇ ਬੱਚੇ ਨੇ, ਪੁੱਛਣ ਦੀ ਗੰਭੀਰਤਾ ਨਹੀਂ ਸੀ, ਉਹ ਤੇ ਐਵੇਂ ਗੱਲਾਂ 'ਚ ਲਾਉਣ ਲਈ ਪੁੱਛ ਰਹੇ ਸਨ | ਦੋਵਾਂ ਨੇ ਆਪਸ 'ਚ ਘੁਸਰ-ਮੁਸਰ ਕੀਤੀ, ਲੜਕੀ ਨੇ ਕਿਹਾ ਭਈਆ ਦੇ ਬੜੇ ਜ਼ਿਆਦਾ ਬੱਚੇ ਹੁੰਦੇ ਨੇ, 6-6, 7-7, ਤਾਹੀਓਾ ਨਹੀਂ ਦੱਸ ਰਿਹਾ ਤੇ ਉਹ ਦੋਵੇਂ ਹੱਸ ਪਏ | ਕਿਸਨੇ ਨੂੰ ਗੱਲ ਪੂਰੀ ਸਮਝ ਨਾ ਆਈ, ਪਰ ਉਨ੍ਹਾਂ ਦੋਵਾਂ ਦਾ ਹੱਸਣਾ ਉਹਨੂੰ ਬੜਾ ਅੱਛਾ ਲੱਗਾ |
ਕਿਸਨੇ ਨੇ ਜ਼ਰਾ ਜਿਹਾ ਤਿਰਛੀ ਨਜ਼ਰ ਕਰਕੇ ਪਿੱਛੇ ਤੱਕਿਆ | ਮੰੁਡਾ ਆਪਣੀ ਸੱਜ ਵਿਆਹੀ ਪਤਨੀ ਨੂੰ ਮਜ਼ਾਕ ਨਾਲ ਕਹਿ ਰਿਹਾ ਸੀ, 'ਤੁਸੀਂ ਰਿਕਸ਼ੇ ਵਾਲੇ ਭਈਏ ਤੋਂ ਅੱਧੇ ਹੀ ਕਰ ਦੇਣਾ, ਕੀ ਖਿਆਲ ਹੈ?' ਤੇ ਉਹ ਫਿਰ ਉੱਚੀ-ਉੱਚੀ ਹੱਸ ਪਏ | ਕਿਸਨੇ ਨੇ ਇਹ ਸੁਣ ਲਿਆ ਤੇ ਉਹ ਸਮਝ ਵੀ ਗਿਆ | 'ਨਾ-ਨਾ', ਉਸ ਦੇ ਮੰੂਹੋਂ ਉੱਚੀ ਸਾਰੀ ਨਿਕਲ ਗਿਆ |
'ਕਿਆ ਹੂਆ', ਜਵਾਨ, ਲੜਕੇ ਨੇ ਪੁੱਛਿਆ |
'ਨਹੀਂ, ਨਹੀਂ, ਕੁਝ ਨਹੀਂ ਸਾਹਿਬ', ਉਹ ਉਨ੍ਹਾਂ ਨੂੰ ਇਹ ਦੱਸ ਕੇ ਕਿ ਉਸ ਦਾ ਹੁਣ ਕੋਈ ਬੱਚਾ ਨਹੀਂ ਤੇ ਸਿਰਫ ਇਕੋ ਹੀ ਹੋਇਆ ਸੀ ਤੇ ਉਹ ਵੀ... ਦੱਸ ਕੇ ਉਨ੍ਹਾਂ ਦਾ ਮੂਡ ਖਰਾਬ ਨਹੀਂ ਕਰਨਾ ਚਾਹੁੰਦਾ ਸੀ | ਬਲਕਿ ਹੁਣ ਤੇ ਉਸ ਦੀ ਮਨੋ-ਦਸ਼ਾ ਇਸ ਕਦਰ ਉਨ੍ਹਾਂ 'ਚ ਰਚ-ਮਿਚ ਚੁੱਕੀ ਸੀ ਕਿ ਜਿਥੇ ਉਹਨੇ ਬਣਦੇ ਤੋਂ ਵੱਧ ਪੈਸਿਆਂ (40 ਰੁਪਏ) 'ਚ ਉਨ੍ਹਾਂ ਨੂੰ ਢੋਣਾ ਤੈਅ ਕੀਤਾ ਸੀ, ਉਹ ਚਾਹੁੰਦਾ ਸੀ ਕਿ ਉਹ ਉਨ੍ਹਾਂ ਤੋਂ ਕੁਝ ਵੀ ਨਾ ਲਵੇ ਤੇ ਬਸ ਮੁਫ਼ਤੀ ਘਰ ਛਡ ਕੇ ਜਾਵੇ ਤਾਂ ਜ਼ਿਆਦਾ ਖੁਸ਼ ਹੋਵੇਗਾ |
'ਅੱਗੇ ਰਸਤਾ ਬਤਾ ਦੋ ਸਾਹਿਬ, ਮਾਡਲ ਟਾਊਨ ਆ ਗਿਆ ਹੈ, ਕਿਸਨੇ ਨੇ ਕਿਹਾ | 'ਬਈ ਅਭੀ ਤੋਂ ਥੋੜ੍ਹੀ ਦੂਰ ਹੈ, ਮਾਡਲ ਟਾਊਨ ਕੇ ਅਖੀਰ ਮੈਂ ਹੈ ਅਪਨੀ ਕੋਠੀ |' ਲੜਕਾ ਕਹਿ ਹੀ ਰਿਹਾ ਸੀ ਕਿ ਕਿਸਨਾ ਬੋਲਿਆ, 'ਠੀਕ ਹੈ ਬਾਊ ਜੀ ਕੋਈ ਬਾਤ ਨਹੀਂ ਜਹਾਂ ਬੋਲੋ, ਵਹੀਂ ਲੇ ਜਾਤ ਹੈ |'
'ਨਹੀਂ, ਨਹੀਂ, ਅਗਰ ਜ਼ਿਆਦਾ ਲੰਬਾ ਹੋ ਗਿਆ ਤੋਂ ਦੱਸ ਰੁਪਏ ਔਰ ਜ਼ਿਆਦਾ ਲੇ ਲੇਨਾ |' 'ਨਹੀਂ ਸਾਹਿਬ ਪੈਸਾ ਤੋਂ.... |' ਤੇ ਉਹ ਰੁਕ ਗਿਆ 'ਰੁਕ ਕਿਉਂ ਗਏ, ਬੋਲੋ' ਦੁਲਹਨ ਨੇ ਕਿਹਾ ਤੇ ਕਹਿੰਦੀ ਚਲੀ ਗਈ, 'ਭਈ ਤੁਮ ਹਮੇ ਰਾਤ ਕੋ ਲਾਏ ਹੋ, 50 ਰੁਪਏ ਕਮ ਹੈਾ, ਤੋ ਜੈਸੇ ਤੁਮ ਖੁਸ਼ ਜਿਤਨੇ ਕਹੋ ਦੇ ਦੇਂਗੇ |'
'ਅਰੇ ਨਹੀਂ ਦੁਲਹਨ ਰਾਨੀ, ਹਮਾਰੀ ਖੁਸ਼ੀ ਦੇਖਨੀ ਹੈ ਤੋਂ ਬੋਲੂੰ' ਤੇ ਉਹਦਾ ਗਚ ਭਰ ਆਇਆ | ਉਹ ਚੁੱਪ ਕਰ ਗਿਆ |
ਜਵਾਨ ਮੰੁਡਾ ਤੇ ਕੁੜੀ 'ਭਾਂਪ' ਗਏ ਕਿ ਉਹ ਰੋਣ ਵਰਗਾ ਹੋਇਆ ਪਿਐ ਤੇ ਗੰਭੀਰ ਹੋ ਕੇ ਮੰੁਡੇ ਨੇ ਕਿਹਾ, 'ਅਰੇ ਭਈਆ, ਬੋਲੋ, ਬੋਲੋ ਕਿਆ ਚਾਹੀਏ, ਤੁਮਾਰੀ ਤਬੀਅਤ.....ਠੀਕ ਹੈ ਨਾ, ਵੋਹ ਸਾਹਮਨੇ ਵਾਲੀ ਗਲੀ ਮੇਂ ਹਮਾਰੀ ਕੋਠੀ ਭੀ ਥੋੜ੍ਹੀ ਦੂਰ ਹੀ ਹੈ |'
ਡੁਸਕਦਿਆਂ-ਡੁਸਕਦਿਆਂ ਕਿਸਨਾ ਕਹਿਣ ਲੱਗਾ, 'ਹਮ ਤੋ ਸਭ ਸੇ ਜ਼ਿਆਦਾ ਖੁਸ਼ ਤਬ ਹੋਏਗਾ ਅਗਰ ਤੁਮ ਮਾਨ ਜਾਓ ਕਿ ਹਮ ਤੁਮਾਰੇ ਸੇ ਏਕ ਪੈਸਾ ਭੀ ਨਹੀਂ ਲੇਨਾ ਚਾਹਤਾ ਹੂੰ |' ਉਸ ਦੀ ਥਿਰਕਦੀ ਆਵਾਜ਼ ਅੱਖਾਂ 'ਚੋਂ ਵਹਿੰਦੇ ਹੰਝੂਆਂ ਦੀ ਤਰਜਮਾਨੀ ਕਰ ਰਹੀ ਸੀ |
'ਹੈਂ, ਕਿਆ ਬੋਲ ਰਹੇ ਹੋ, ਹਮ ਸੇ ਕੁਝ ਗ਼ਲਤੀ ਹੋ ਗਈ, ਭਈਆ-ਐਸੇ ਕਿਉਂ?' ਮੰੁਡੇ ਨੇ ਕਿਹਾ | ਜਿਉਂ-ਜਿਉਂ ਉਹ ਪੁੱਛ ਰਹੇ ਸਨ, ਕਿਸਨੇ ਨੂੰ ਹੋਰ ਵੀ ਆਪਣੇਪਨ ਦਾ ਅਹਿਸਾਸ ਹੋ ਰਿਹਾ ਸੀ | ਉਸ ਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਸ ਦੇ ਆਪਣੇ ਹੀ ਨੂੰ ਹ ਪੁੱਤਰ ਉਸ ਨਾਲ ਗੱਲਾਂ ਕਰ ਰਹੇ ਸਨ | ਇਸ ਤਰ੍ਹਾਂ ਹੀ ਭਾਵੁਕ ਰਹਿੰਦਿਆਂ ਉਨ੍ਹਾਂ ਦਾ ਘਰ ਆ ਗਿਆ |
ਅਜੀਬ ਸਥਿਤੀ ਸੀ, ਰਿਕਸ਼ੇ ਵਾਲੇ ਦੀ ਫਰਾਖ-ਦਿਲੀ ਤੇ ਫਿਰ ਭਾਵੁਕਤਾ ਬਾਰੇ ਜਵਾਨ ਜੋੜੀ ਨੂੰ ਕੁਝ ਸਮਝ ਨਹੀਂ ਆ ਰਹੀ ਸੀ | ਪਰ ਉਨ੍ਹਾਂ ਨੂੰ ਉਸ ਦੇ ਕਹਿਣ ਵਿਚ ਕੋਈ ਦਿਖਾਵਾ ਵੀ ਹੁਣ ਨਜ਼ਰ ਨਹੀਂ ਸੀ ਆ ਰਿਹਾ | ਰਿਕਸ਼ੇ ਤੋਂ ਉਤਰ ਕੇ ਜਵਾਨ ਮੰੁਡੇ ਨੇ ਉਸ ਤੋਂ ਉਸ ਦੇ ਭਾਵੁਕ ਹੋਣ ਦਾ ਕਾਰਨ ਉਸ ਦੇ ਹੱਥ 'ਚ 50 ਰੁਪਏ ਦਾ ਨੋਟ ਜ਼ਬਰਦਸਤੀ ਦਿੰਦਿਆਂ ਪੁੱਛਿਆ | ਪਰ ਕਿਸਨੇ ਨੇ ਉਹ 50 ਰੁਪਏ ਦਾ ਨੋਟ ਦੁਲਹਨ ਨੂੰ ਜ਼ਬਰਦਸਤੀ ਪਕੜਾਉਂਦਿਆਂ ਕਿਹਾ, 'ਹਮ ਗਰੀਬ ਹੂੰ, ਪਰ ਹਮਰਾ ਤੁਮਾਰਾ ਕੋਈ ਸਬੰਧ ਰਿਹਾ ਹੋੲੀਂ ਪੀਛੇ | ਪਰ ਕਭੀ ਮਖੌਲ ਸੇ ਭੀ ਐਸਾ ਨਾ ਸੋਚਨਾ ਕਿ ਹਮਰੀ ਤਰਹ ਹੀ ਤੁਮਾਹਰੇ ਭੀ ਹੋੲੀਂ ਬੱਚੇ-ਹਮਰਾ ਤੋ ਏਕ ਥਾ, ਵੋ ਭੀ ਈਸ਼ਵਰ ਕੋ ਪਿਆਰਾ ਹੋਈ ਗਵਾ |' ਰੋਕਣ 'ਤੇ ਵੀ ਕਿਸਨਾ ਰੁਕਿਆ ਨਹੀਂ ਤੇ ਇਕਦਮ ਰਿਕਸ਼ੇ ਦੀ ਗੱਦੀ 'ਤੇ ਬੈਠ ਫਿਰ ਆਉਣ ਦਾ ਵਾਅਦਾ ਕਰਦਿਆਂ ਤੇਜ਼-ਤੇਜ਼ ਪੈਡਲ ਮਾਰਦਿਆਂ ਦੂਰ ਨਿਕਲ ਗਿਆ | (ਸਮਾਪਤ)

-ਮੋਬਾਈਲ : 98155-09390


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX