ਤਾਜਾ ਖ਼ਬਰਾਂ


ਪੁਲਵਾਮਾ 'ਚ ਸੁਰੱਖਿਆ ਬਲਾਂ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਝੜਪਾਂ 'ਚ ਸੱਤ ਨਾਗਰਿਕਾਂ ਦੀ ਮੌਤ
. . .  1 minute ago
ਸ੍ਰੀਨਗਰ, 15 ਦਸੰਬਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਤਿੰਨ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਉੱਥੇ ਹੀ ਇਸ ਦੌਰਾਨ ਇੱਕ ਜਵਾਨ ਵੀ ਸ਼ਹੀਦ ਹੋ ਗਿਆ, ਜਦੋਂਕਿ ਇਲਾਕੇ 'ਚ ਪ੍ਰਦਰਸ਼ਨਕਾਰੀਆਂ ਅਤੇ ਸੁਰੱਖਿਆ ਬਲਾਂ...
ਕਾਰਾਂ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
. . .  3 minutes ago
ਫ਼ਰੀਦਕੋਟ, 15 ਦਸੰਬਰ (ਜਸਵੰਤ ਪੁਰਬਾ, ਸਰਬਜੀਤ ਸਿੰਘ) - ਫ਼ਰੀਦਕੋਟ ਪੁਲਿਸ ਵੱਲੋਂ ਕਾਰਾਂ ਖੋਹਣ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਪੰਜ ਮੈਂਬਰਾਂ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਵੱਲੋਂ ਇਹਨਾਂ ਤੋਂ ਦੋ ਖੋਹੀਆਂ ਹੋਈਆਂ ਕਾਰਾਂ ਤੋਂ.....
ਭਾਰਤ ਬਨਾਮ ਆਸਟ੍ਰੇਲੀਆ ਦੂਜਾ ਟੈਸਟ ਮੈਚ : ਦੂਜੇ ਦਿਨ ਦਾ ਖੇਡ ਖ਼ਤਮ ਹੋਣ ਤੱਕ ਭਾਰਤ 172/3
. . .  7 minutes ago
ਅੰਮ੍ਰਿਤਸਰ ਗੋਲੀਕਾਂਡ : ਜ਼ਖਮੀ ਨੌਜਵਾਨ ਦੀ ਹੋਈ ਮੌਤ
. . .  14 minutes ago
ਅੰਮ੍ਰਿਤਸਰ, 15 ਦਸੰਬਰ (ਸੁੱਖ ਵਡਾਲੀ)- ਬੀਤੇ ਦਿਨ ਕੋਟ ਖ਼ਾਲਸਾ ਦੇ ਸੁੰਦਰ ਮਗਰ 'ਚ ਵਾਪਰੇ ਗੋਲੀਕਾਂਡ 'ਚ ਜ਼ਖਮੀ ਹੋਏ ਬਲਵਿੰਦਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਜਿਸ ਦੀ ਅੱਜ ਮੌਤ ਹੋ ਗਈ....
ਦਿੱਲੀ ਦੇ ਪਟਿਆਲਾ ਹਾਊਸ ਕੋਰਟ ਪਹੁੰਚੀ ਕ੍ਰਿਸਚੀਅਨ ਮਿਸ਼ੇਲ ਦੀ ਵਕੀਲ
. . .  34 minutes ago
ਨਵੀਂ ਦਿੱਲੀ, 15 ਦਸੰਬਰ- ਹੈਲੀਕਾਪਟਰ ਸੌਦੇ 'ਚ ਕਥਿਤ ਘੋਟਾਲੇ ਦੇ ਵਿਚੋਲੀਏ ਕ੍ਰਿਸਚੀਅਨ ਮਿਸ਼ੇਲ ਦੀ ਵਕੀਲ ਰੋਜ਼ਮੇਰੀ ਪੈਟਰੀਜ਼ੀ ਦਿੱਲੀ ਦੇ ਪਟਿਆਲਾ ਹਾਊਸ 'ਚ ਪਹੁੰਚੀ ਹੈ। ਦੱਸ ਦੇਈਏ ਕਿ ਮਿਸ਼ੇਲ ਨੂੰ 5 ਦੀ ਸੀ.ਬੀ.ਆਈ. ਹਿਰਾਸਤ 'ਚ ਭੇਜਿਆ ਗਿਆ ਸੀ ਜੋ ਕਿ ....
ਕੇਂਦਰ ਨੇ ਰਾਫੇਲ ਸੌਦੇ 'ਚ ਸੁਪਰੀਮ ਕੋਰਟ ਨੂੰ ਕੀਤਾ ਗੁੰਮਰਾਹ - ਕਪਿਲ ਸਿੱਬਲ
. . .  55 minutes ago
ਨਵੀਂ ਦਿੱਲੀ, 15 ਦਸੰਬਰ- ਕਾਂਗਰਸ ਨੇਤਾ ਕਪਿਲ ਸਿੱਬਲ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਸੁਪਰੀਮ ਕੋਰਟ ਵੱਲੋਂ ਰਾਫੇਲ ਡੀਲ 'ਤੇ ਆਏ ਫ਼ੈਸਲੇ 'ਚ ਸਰਕਾਰ 'ਤੇ ਅਦਾਲਤ ਨੂੰ ਗੁੰਮਰਾਹ ਕੀਤੇ ਜਾਣ ਦਾ ਦੋਸ਼ ਲਗਾਇਆ ਹੈ। ਨਵੀਂ ਦਿੱਲੀ 'ਚ ਆਯੋਜਿਤ ਇਕ ਪ੍ਰੈੱਸ ਕਾਨਫ਼ਰੰਸ 'ਚ .....
ਪ੍ਰਧਾਨ ਮੰਤਰੀ ਮੋਦੀ ਨੇ ਫਰਾਂਸ ਦੇ ਵਿਦੇਸ਼ ਮੰਤਰੀ ਨਾਲ ਕੀਤੀ ਮੁਲਾਕਾਤ
. . .  about 1 hour ago
ਨਵੀਂ ਦਿੱਲੀ, 15 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਫਰਾਂਸ ਦੇ ਵਿਦੇਸ਼ ਮੰਤਰੀ ਜੀਨ ਯਵੇਸ ਲੀ ਡਰੀਅਨ ਨਾਲ ਮੁਲਾਕਾਤ ਕੀਤੀ....
ਪਾਕਿਸਤਾਨ ਵੀਜ਼ਾ ਅਪਲਾਈ ਕਰਨ ਵਾਲੇ 23 ਭਾਰਤੀਆਂ ਦੇ ਲਾਪਤਾ ਹੋਏ ਪਾਸਪੋਰਟ
. . .  about 1 hour ago
ਨਵੀਂ ਦਿੱਲੀ, 15 ਦਸੰਬਰ- ਪਾਕਿਸਤਾਨ ਤੋਂ 23 ਭਾਰਤੀ ਤੀਰਥ ਯਾਤਰੀਆਂ ਦੇ ਪਾਸਪੋਰਟ ਲਾਪਤਾ ਹੋਣ ਨਾਲ ਸਨਸਨੀ ਫੈਲ ਗਈ ਹੈ। ਇਸ ਸੰਬੰਧੀ ਜਾਣਕਾਰੀ ਮਿਲਣ 'ਤੇ ਭਾਰਤੀ ਵਿਦੇਸ਼ ਮੰਤਰਾਲੇ ਵੀ ਇਸ ਮਾਮਲੇ 'ਤੇ ਗੰਭੀਰ ਨਜ਼ਰ ਆ ਰਿਹਾ ਹੈ। ਜਾਣਕਾਰੀ ਲਈ ਦੱਸ .....
ਵਿਜੇ ਗੋਇਲ ਦੀ ਅਗਵਾਈ 'ਚ ਭਾਜਪਾ ਵੱਲੋਂ ਰਾਹੁਲ ਗਾਂਧੀ ਦੀ ਰਿਹਾਇਸ਼ ਸਾਹਮਣੇ ਪ੍ਰਦਰਸ਼ਨ
. . .  about 1 hour ago
ਨਵੀਂ ਦਿੱਲੀ, 15 ਦਸੰਬਰ - ਰਾਫੇਲ ਡੀਲ 'ਤੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਅੱਜ ਦਿੱਲੀ 'ਚ ਭਾਜਪਾ ਵਰਕਰਾਂ ਵਲੋਂ ਕੇਂਦਰੀ ਮੰਤਰੀ ਵਿਜੇ ਗੋਇਲ ਦੀ ਅਗਵਾਈ 'ਚ ਰਾਹੁਲ ਗਾਂਧੀ ਦੀ ਰਿਹਾਇਸ਼ ਸਾਹਮਣੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਭਾਜਪਾ ਵਰਕਰ ਇਹ ਮੰਗ....
ਬਰਗਾੜੀ ਇਨਸਾਫ਼ ਮੋਰਚੇ ਨੂੰ ਆਪ ਹੁਦਰੇ ਢੰਗ ਨਾਲ ਕੀਤਾ ਗਿਆ ਸਮਾਪਤ - ਕੈਪਟਨ ਚੰਨਣ ਸਿੰਘ
. . .  about 1 hour ago
ਚੰਡੀਗੜ੍ਹ, 15 ਦਸੰਬਰ (ਅਜਾਇਬ ਸਿੰਘ ਔਜਲਾ)- ਜਥੇਦਾਰ ਮੰਡ ਦੇ ਬਰਗਾੜੀ ਇਨਸਾਫ਼ ਮੋਰਚੇ ਨੂੰ ਸਮਾਪਤ ਕਰਨ ਸਬੰਧੀ ਕਿਸੇ ਵੀ ਆਗੂ ਨਾਲ ਗੱਲਬਾਤ ਨਹੀਂ ਕੀਤੀ ਜੋ ਇਸ ਮੋਰਚੇ ਨਾਲ਼ ਜੁੜੇ ਹੋਏ ਸਨ। ਇਹ ਗੱਲ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ....
ਹੋਰ ਖ਼ਬਰਾਂ..

ਖੇਡ ਜਗਤ

ਸਾਲ ਦੇ ਆਖਰੀ ਗ੍ਰੈਂਡ ਸਲੈਮ ਟੂਰਨਾਮੈਂਟ

ਅਮਰੀਕੀ ਓਪਨ ਨੇ ਬਦਲੇ ਟੈਨਿਸ ਦੇ ਸਮੀਕਰਨ

ਟੈਨਿਸ ਸੀਜ਼ਨ ਦੇ ਸਾਲ ਦੇ ਆਖਰੀ ਗ੍ਰੈਂਡ ਸਲੈਮ ਟੂਰਨਾਮੈਂਟ ਦਾ ਸਮਾਪਨ ਲੰਘੇ ਦਿਨੀਂ ਹੋਇਆ ਹੈ ਅਤੇ ਇਹ ਟੂਰਨਾਮੈਂਟ ਜਾਂਦੇ-ਜਾਂਦੇ ਟੈਨਿਸ ਜਗਤ ਦੇ ਸਮੀਕਰਨ ਬਦਲ ਗਿਆ ਹੈ। ਅਜਿਹਾ ਮੁੱਖ ਤੌਰ 'ਤੇ ਇਸ ਲਈ ਹੋਇਆ, ਕਿਉਂਕਿ ਕੁੱਲ 8ਵੀਂ ਵਾਰ ਅਮਰੀਕੀ ਓਪਨ ਫਾਈਨਲ ਖੇਡਣ ਵਾਲੇ ਜੋਕੋਵਿਚ ਨੇ ਖਿਤਾਬੀ ਮੁਲਾਬਲੇ ਵਿਚ ਜਿੱਤ ਦਰਜ ਕੀਤੀ। ਉਹ 2011 ਅਤੇ 2015 ਵਿਚ ਵੀ ਖਿਤਾਬ ਜਿੱਤ ਚੁੱਕਾ ਹੈ ਅਤੇ ਗ੍ਰੈਂਡ ਸਲੈਮ ਖਿਤਾਬ ਦੇ ਮਾਮਲੇ ਵਿਚ ਉਹ ਹੁਣ ਰਾਫੇਲ ਨਡਾਲ ਤੋਂ 3 ਅਤੇ ਰੌਜਰ ਫੈਡਰਰ ਤੋਂ 6 ਖਿਤਾਬ ਪਿੱਛੇ ਹੈ। ਸਰਬੀਆ ਦਾ ਇਹ ਖਿਡਾਰੀ ਪਿਛਲੇ ਸਾਲ ਕੂਹਣੀ ਦੀ ਸੱਟ ਕਾਰਨ ਇਹ ਵੱਕਾਰੀ ਮੁਕਾਬਲਾ ਨਹੀਂ ਖੇਡ ਸਕਿਆ ਸੀ। ਜੋਕੋਵਿਚ ਕੋਲੋਂ ਫ਼ਾਈਨਲ ਵਿਚ ਹਾਰਨ ਵਾਲਾ ਦੁਨੀਆ ਦਾ ਸਾਬਕਾ ਨੰਬਰ ਇਕ ਖਿਡਾਰੀ ਅਰਜਨਟੀਨਾ ਦਾ ਯੂਆਨ ਮਾਰਟਿਨ ਡੇਲ-ਪੋਤਰੋ 9 ਸਾਲ ਪਹਿਲਾਂ ਅਮਰੀਕੀ ਓਪਨ ਜਿੱਤਣ ਤੋਂ ਬਾਅਦ ਦੂਜੀ ਹੀ ਵਾਰ ਗ੍ਰੈਂਡਸਲੈਮ ਦੇ ਫਾਈਨਲ ਵਿਚ ਪਹੁੰਚਿਆ ਸੀ।
ਜੋਕੋਵਿਚ ਦੀ ਇਸ ਜਿੱਤ ਤੋਂ ਬਾਅਦ ਪਿਛਲੇ 55 ਵਿਚੋਂ 50 ਗ੍ਰੈਂਡਸਲੈਮ ਚੋਟੀ ਦੇ 4 ਖਿਡਾਰੀਆਂ ਯਾਨੀ ਫੈਡਰਰ, ਨਡਾਲ, ਜੋਕੋਵਿਚ ਅਤੇ ਐਂਡੀ ਮਰੇ ਨੇ ਹੀ ਜਿੱਤੇ ਹਨ। ਦੂਜੇ ਪਾਸੇ, ਮਹਿਲਾਵਾਂ ਦੇ ਵਰਗ ਵਿਚ ਜਾਪਾਨ ਦੀ ਨਾਓਮੀ ਓਸਾਕਾ ਗ੍ਰੈਂਡਸਲੈਮ ਸਿੰਗਲ ਖਿਤਾਬ ਜਿੱਤਣ ਵਾਲੀ ਪਹਿਲੀ ਜਾਪਾਨੀ ਖਿਡਾਰਨ ਬਣੀ, ਜਦਕਿ ਅਮਰੀਕੀ ਓਪਨ ਫਾਈਨਲ ਵਿਚ ਉਨ੍ਹਾਂ ਦੇ ਹੱਥੋਂ ਹਾਰਨ ਵਾਲੀ ਉਨ੍ਹਾਂ ਦੀ ਆਦਰਸ਼ ਸੇਰੇਨਾ ਵਿਲੀਅਮਸ ਲਈ ਇਹ ਹਾਰ ਕਾਫੀ ਔਖੀ ਰਹੀ ਅਤੇ ਇਸ ਦੌਰਾਨ ਉਸ ਨੇ ਅੰਪਾਇਰ ਨੂੰ ਗੁੱਸੇ ਵਿਚ ਕਾਫੀ ਕੁਝ ਬੋਲ ਦਿੱਤਾ ਸੀ। 20 ਸਾਲਾ ਓਸਾਕਾ ਨੇ ਖਿਤਾਬੀ ਮੁਕਾਬਲੇ ਵਿਚ ਜਿੱਤ ਬਿਨਾਂ ਜ਼ਿਆਦਾ ਮੁਸ਼ਕਿਲ ਦੇ ਦਰਜ ਕੀਤੀ। ਇਸ ਦੌਰਾਨ ਰੈਕੇਟ ਤੋਂ ਫਾਊਲ ਉੱਤੇ ਸੇਰੇਨਾ ਨੂੰ ਜਦੋਂ ਦੂਜੀ ਵਾਰ ਜ਼ਾਬਤੇ ਦੀ ਉਲੰਘਣਾ ਦੀ ਚਿਤਾਵਨੀ ਅਤੇ ਇਕ ਅੰਕ ਦੀ ਪੈਨਲਟੀ ਦਿੱਤੀ ਤਾਂ ਅਮਰੀਕੀ ਖਿਡਾਰੀ ਗੁੱਸੇ ਨਾਲ ਭੜਕ ਗਈ ਸੀ ਅਤੇ ਅੰਪਾਇਰ ਮੂਹਰੇ ਆਪਾ ਗੁਆਉਂਦੀ ਹੋਈ ਭੇਦਭਾਵ ਤੱਕ ਦੀ ਗੱਲ ਵੀ ਆਖ ਗਈ।
ਇਨ੍ਹਾਂ ਦੋਵਾਂ ਵਰਗਾਂ ਦੇ ਖਿਤਾਬ ਜੇਤੂਆਂ ਦੀ ਪ੍ਰਾਪਤੀ ਨਾਲ ਦਰਜਾਬੰਦੀ ਯਾਨੀ ਰੈਂਕਿੰਗ ਦੇ ਸਮੀਕਰਨ ਵੀ ਬਦਲੇ ਹਨ, ਕਿਉਂਕਿ ਯੂ.ਐੱਸ. ਓਪਨ ਦੇ ਖਤਮ ਹੋਣ ਦੇ ਬਾਅਦ ਨਾਓਮੀ ਓਸਾਕਾ ਅਤੇ ਨੋਵਾਕ ਜੋਕੋਵਿਚ ਦੋਵਾਂ ਦੀ ਹੀ ਰੈਂਕਿੰਗ ਵਿਚ ਸੁਧਾਰ ਹੋਇਆ ਹੈ। ਤਾਜ਼ਾ ਏ.ਟੀ.ਪੀ. ਰੈਂਕਿੰਗ ਵਿਚ ਨੋਵਾਕ ਜੋਕੋਵਿਚ ਤੀਜੇ ਸਥਾਨ ਉੱਤੇ ਪਹੁੰਚ ਗਏ ਹਨ, ਜਦਕਿ ਮਹਿਲਾਵਾਂ ਦੀ ਰੈਂਕਿੰਗ ਵਿਚ ਓਸਾਕਾ ਹੁਣ ਪਹਿਲੀ ਵਾਰ ਟਾਪ 10 ਵਿਚ ਜਗ੍ਹਾ ਬਣਾ ਸਕੀ ਹੈ। ਓਸਾਕਾ ਪਿਛਲੇ 22 ਸਾਲਾਂ ਵਿਚ ਟਾਪ-10 ਵਿਚ ਪਹੁੰਚਣ ਵਾਲਾ ਜਾਪਾਨ ਦੀ ਪਹਿਲੀ ਮਹਿਲਾ ਖਿਡਾਰਨ ਬਣੀ ਹੈ। ਉਹ 7ਵੇਂ ਸਥਾਨ ਉੱਤੇ ਪਹੁੰਚ ਗਈ ਹੈ। ਰੋਮਾਨੀਆ ਦੀ ਸਿਮੋਨਾ ਹਾਲੇਪ ਮਹਿਲਾਵਾਂ ਵਿਚ ਪਹਿਲੇ ਅਤੇ ਡੈਨਮਾਰਕ ਦੀ ਕੈਰੋਲਿਨ ਵੋਜ਼ਨੀਆਕੀ ਦੂਜੇ ਸਥਾਨ ਉੱਤੇ ਹੈ। ਪੁਰਖਾਂ ਦੇ ਵਰਗ ਵਿਚ ਪਹਿਲੇ ਸਥਾਨ ਉੱਤੇ ਰਾਫੇਲ ਨਡਾਲ ਅਤੇ ਦੂਜੇ ਸਥਾਨ ਉੱਤੇ ਰੋਜਰ ਫੈਡਰਰ ਅਜੇ ਵੀ ਬਣੇ ਹੋਏ ਹਨ। ਯੂ.ਐੱਸ. ਓਪਨ ਦੇ ਫਾਈਨਲ ਵਿਚ ਮਿਲੀ ਹਾਰ ਦੇ ਕਾਰਨ ਡੇਲ ਪੋਤਰੋ ਇਕ ਸਥਾਨ ਤਿਲਕਦੇ ਹੋਏ ਚੌਥੇ ਸਥਾਨ ਉੱਤੇ ਪਹੁੰਚ ਗਏ ਹਨ। ਇਸੇ ਤਰ੍ਹਾਂ ਜਰਮਨੀ ਦੇ ਐਲੇਕਜ਼ੈਂਡਰ ਜਵੇਰੇਵ ਪੰਜਵੇਂ ਸਥਾਨ ਉੱਤੇ ਹਨ, ਜਦਕਿ ਜਾਪਾਨ ਦੇ ਨੌਜਵਾਨ ਖਿਡਾਰੀ ਕੇਈ ਨਿਸ਼ੀਕੋਰੀ ਨੇ ਪਹਿਲੇ 20 ਖਿਡਾਰੀਆਂ ਵਿਚ ਸਭ ਤੋਂ ਵੱਡੀ ਛਾਲ ਮਾਰੀ ਹੈ, ਉਹ ਹੁਣ 7 ਸਥਾਨ ਦਾ ਸੁਧਾਰ ਕਰਦੇ ਹੋਏ 12ਵੇਂ ਨੰਬਰ ਉੱਤੇ ਪਹੁੰਚ ਗਿਆ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
sudeepsdhillon@ymail.com


ਖ਼ਬਰ ਸ਼ੇਅਰ ਕਰੋ

ਭਾਰਤੀ ਨਿਸ਼ਾਨੇਬਾਜ਼ ਤੇ ਖੇਡ ਇਤਿਹਾਸ

ਦੁਨੀਆ ਦੀਆਂ ਸਭ ਤੋਂ ਮਹਿੰਗੀਆਂ ਖੇਡਾਂ ਵਿਚ ਸ਼ੁਮਾਰ ਖੇਡਾਂ ਵਿਚੋਂ ਇਕ ਖੇਡ ਨਿਸ਼ਾਨੇਬਾਜ਼ੀ ਹੈ, ਜੋ ਸ਼ੂਟਿਗ ਦੇ ਨਾਂਅ ਨਾਲ ਵੀ ਜਾਣੀ ਜਾਂਦੀ ਹੈ। ਦੁਨੀਆ ਵਿਚ ਸਭ ਤੋਂ ਪਹਿਲਾਂ ਨਿਸ਼ਾਨੇਬਾਜ਼ੀ ਦੀ ਸ਼ੁਰੂਆਤ ਯੂਨਾਈਟਿਡ ਕਿੰਗਡਮ ਦੀ ਨੈਸ਼ਨਲ ਰਾਈਫਲ ਐਸੋਸੀਏਸ਼ਨ (ਐਨ.ਆਰ.ਏ.) ਨੇ 1860 ਵਿਚ ਕੀਤੀ। ਫਰਾਂਸ ਦੇ ਪਿਸਤੌਲ ਚੈਂਪੀਅਨ ਅਤੇ ਆਧੁਨਿਕ ਉਲੰਪਿਕ ਦੇ ਸੰਸਥਾਪਕ ਪਿਯਰੇ ਦਿ ਕਬਰਟਿਨ ਨੇ ਖੇਡ ਨੂੰ ਪ੍ਰਫੁੱਲਤ ਕੀਤਾ। ਸਾਲ 1896 ਦੀਆਂ ਉਲੰਪਿਕਸ ਦੀਆਂ ਪੰਜ ਈਵੈਂਟਾਂ ਨੂੰ ਮਾਨਤਾ ਦਿੱਤੀ ਗਈ। ਇਸ ਖੇਡ ਵਿਚ ਪਹਿਲਾਂ ਮਨੁੱਖਾਂ ਜਾਂ ਜਾਨਵਰਾਂ ਦੇ ਡਮੀ 'ਤੇ ਨਿਸ਼ਾਨਾ ਲਗਾਇਆ ਜਾਂਦਾ ਸੀ। ਅੰਤਰਰਾਸ਼ਟਰੀ ਪੱਧਰ 'ਤੇ ਇੰਟਰਨੈਸ਼ਨਲ ਸ਼ੂਟਿੰਗ ਸਪੋਰਟਸ ਫੈਡਰੇਸ਼ਨ (ਆਈ.ਐਸ.ਐਸ.ਐਫ.), ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐਨ.ਆਰ.ਏ.ਆਈ.) ਦੇਸ਼ ਦੇ ਅੰਦਰ ਖੇਡਾਂ ਦਾ ਪ੍ਰਬੰਧ ਕਰਦੀ ਹੈ। ਭਾਰਤ ਵਿਚ ਨਿਸ਼ਾਨੇਬਾਜ਼ੀ ਰਾਜੇ-ਮਹਾਰਾਜਿਆਂ ਦੇ ਸਮੇਂ ਤੋਂ ਚੱਲਦੀ ਆ ਰਹੀ ਹੈ। ਭਾਰਤ ਦੇ ਸ਼ੂਟਿੰਗ ਸਪੋਰਟਸ ਵਜੋਂ ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐਨ.ਆਰ.ਏ.ਆਈ.) ਦੀ ਸਥਾਪਨਾ 1951 ਵਿਚ ਹੋਈ ਸੀ। ਇਸ ਖੇਡ ਦਾ ਰਾਜੇ-ਮਹਾਰਾਜਿਆਂ ਨਾਲ ਸਬੰਧ ਹੋਣ ਕਰਕੇ ਅੱਜ ਵੀ ਰਾਜਾ ਰਣਧੀਰ ਸਿੰਘ ਲੰਬਾ ਸਮਾਂ ਸੇਵਾ ਕਰਦੇ ਰਹੇ। ਹੁਣ ਐਨ.ਆਰ.ਏ.ਈ. ਪ੍ਰਧਾਨ ਰਣਇੰਦਰ ਸਿੰਘ ਹਨ, ਜੋ ਪਟਿਆਲਾ ਰਾਇਲ ਪਰਿਵਾਰ ਨਾਲ ਸਬੰਧਤ ਹਨ।
ਨੈਸ਼ਨਲ ਰਾਈਫਲ ਐਸੋਸੀਏਸ਼ਨ ਹਰ ਸਾਲ ਕਈ ਮੁਕਾਬਲੇ ਜਿਨ੍ਹਾਂ ਵਿਚੋਂ ਆਲ ਇੰਡੀਆ ਜੀ.ਵੀ. ਮਾਵਲੰਕਰ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ (ਏ.ਆਈ.ਜੀ.ਵੀ.ਐਮ.ਐਸ.ਸੀ.), ਸਰਦਾਰ ਸੱਜਣ ਸਿੰਘ ਸੇਠੀ ਮੈਮੋਰੀਅਲ ਮਾਸਟਰਸ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ, ਸੁਰਿੰਦਰ ਸਿੰਘ ਯਾਦਗਾਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ, ਆਲ ਇੰਡੀਆ ਕੁਮਾਰ ਸੁਰਿੰਦਰ ਸਿੰਘ ਮੈਮੋਰੀਅਲ ਇੰਟਰ ਸਕੂਲ ਸਕੇਟਿੰਗ ਸ਼ੂਟਿੰਗ ਰਾਸ਼ਟਰੀ ਨਿਸ਼ਾਨੇਬਾਜ਼ੀ ਆਦਿ ਮੁਕਾਬਲੇ ਕਰਵਾਉਂਦੇ ਹਨ। ਨਿਸ਼ਾਨੇਬਾਜ਼ੀ ਉਲੰਪਿਕ ਖੇਡਾਂ ਵਿਚ ਅਹਿਮ ਭੂਮਿਕਾ ਨਿਭਾਉਂਦੀ ਹੈ। ਅਭਿਨਵ ਬਿੰਦਰਾ ਨੇ 2008 ਦੀਆਂ ਉਲੰਪਿਕ ਖੇਡਾਂ ਵਿਚ ਪੁਰਸ਼ 10 ਮੀਟਰ ਏਅਰ ਰਾਈਫਲ ਈਵੈਂਟ ਵਿਚ ਭਾਰਤ ਲਈ ਪਹਿਲਾ ਵਿਅਕਤੀਗਤ ਸੋਨ ਤਗਮਾ ਜਿੱਤਿਆ ਸੀ। ਵਿਸ਼ਵ ਪੱਧਰ 'ਤੇ ਸ਼ਾਨਦਾਰ ਭਾਰਤੀ ਨਿਸ਼ਾਨੇਬਾਜ਼ਾਂ ਵਿਚ ਜੀਤੂ ਰਾਏ, ਰਾਜਵਰਧਨ ਸਿੰਘ ਰਾਠੌਰ, ਵਿਜੇ ਕੁਮਾਰ, ਗਗਨ ਨਾਰੰਗ, ਅਪਰਵੀ ਚੰਦੇਲਾ, ਰੰਜਨ ਸੋਢੀ, ਅੰਜਲੀ ਭਾਗਵਤ, ਹਿਨਾ ਸਿੱਧੂ, ਸ਼ਰੇਸੀ ਸਿੰਘ, ਮਨੂ ਬੇਕਰ, ਅਨੀਸਾ ਸੱਯਦ, ਰਾਹੀ ਸਰਨੋਬਤ ਅਤੇ ਸੌਰਭ ਚੌਧਰੀ ਖਿਡਾਰੀਆਂ ਨੇ ਭਾਰਤ ਦਾ ਨਾਂਅ ਪੂਰੀ ਦੁਨੀਆ ਵਿਚ ਰੌਸ਼ਨ ਕੀਤਾ। ਰਾਜਵਰਧਨ ਸਿੰਘ ਰਾਠੌਰ ਮੌਜੂਦਾ ਖੇਡ ਮੰਤਰੀ ਨੇ 2004 ਉਲੰਪਿਕਸ ਵਿਚ ਮੈੱਨ ਡਬਲ ਟਰੈਪ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ। 2012 ਲੰਡਨ ਉਲੰਪਿਕਸ ਵਿਚ ਭਾਰਤੀ ਨਿਸ਼ਾਨੇਬਾਜ਼ ਗਗਨ ਨਾਰੰਗ ਨੇ 10 ਮੀਟਰ ਏਅਰ ਰਾਈਫਲ ਮੁਕਾਬਲੇ ਵਿਚ ਕਾਂਸੀ ਦਾ ਤਗਮਾ ਜਿੱਤਿਆ ਸੀ। ਵਿਜੇ ਕੁਮਾਰ ਨੇ ਪੁਰਸ਼ 25 ਮੀਟਰ ਰੈਪਿਡ ਫਾਇਰ ਪਿਸਤੌਲ ਈਵੈਂਟ ਵਿਚ ਚਾਂਦੀ ਦਾ ਤਗਮਾ ਜਿੱਤਿਆ। ਏਸ਼ਿਆਈ ਖੇਡਾਂ ਵਿਚ ਭਾਰਤੀ ਨਿਸ਼ਾਨੇਬਾਜ਼ ਸੌਰਭ ਚੌਧਰੀ ਨੇ 10 ਮੀਟਰ ਏਅਰ ਪਿਸਤੌਲ, ਸਰਨੋਬਟ ਔਰਤਾਂ ਦੀ 25 ਮੀਟਰ ਪਿਸਤੌਲ ਈਵੈਂਟ ਵਿਚ ਸੋਨ ਤਗਮੇ ਜਿੱਤੇ। ਦੀਪਕ ਕੁਮਾਰ ਨੇ 10 ਮੀਟਰ ਏਅਰ ਰਾਈਫਲ, ਲਕਸ਼ੈ ਸ਼ੀਰੀਨ, ਸੰਜੀਵ ਰਾਜਪੁਟਿੰਗ, ਸ਼ਾਰਦੂਲ ਵਿਹਨ ਨੇ ਚਾਂਦੀ ਦਾ ਤਗਮੇ ਤੇ ਰਵੀ ਕੁਮਾਰ ਅਪੂਰਵੀ ਚੰਦੇਲਾ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ, ਅਭਿਸ਼ੇਕ ਵਰਮਾ ਨੇ 10 ਮੀਟਰ ਏਅਰ ਪਿਸਟਲ ਈਵੈਂਟ ਵਿਚ ਕਾਂਸੀ ਦਾ ਤਗਮਾ ਜਿੱਤਿਆ। ਪਿਛਲੇ ਦਿਨੀਂ ਆਈ.ਐਸ.ਐਸ.ਐਫ. ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਭਾਰਤੀ ਨਿਸ਼ਾਨੇਬਾਜ਼ੀ ਨੇ ਭਾਰਤ ਲਈ ਕੁੱਲ 27 ਤਗਮੇ ਜਿੱਤੇ ਹਨ, ਜਿਨ੍ਹਾਂ ਵਿਚ 11 ਸੋਨ, 9 ਚਾਂਦੀ ਅਤੇ 7 ਕਾਂਸੀ ਦੇ ਤਗਮੇ ਸ਼ਾਮਿਲ ਹਨ। ਜੂਨੀਅਰ ਪੁਰਸ਼ਾਂ ਦੇ 25 ਮੀਟਰ ਸਟੈਂਡਰਡ ਪਿਸਤੌਲ ਵਿਚ 16 ਸਾਲਾ ਵਿਜੇਵੀਰ ਸਿੱਧੂ ਨੇ ਸੋਨੇ ਦਾ ਤਗਮਾ ਜਿੱਤਿਆ। ਵਿਜੇਵੀਰ ਸਿੱਧੂ ਦੇ ਭਰਾ ਊਧਵਵੀਰ ਨੇ ਸੋਨੇ ਦਾ ਤਗਮਾ ਪ੍ਰਾਪਤ ਕੀਤਾ। ਉਸ ਨੇ ਜੂਨੀਅਰ ਵਿਸ਼ਵ ਖ਼ਿਤਾਬ ਜਿੱਤਣ ਲਈ 572/600 ਦਾ ਸਕੋਰ ਬਣਾਇਆ। ਗੁਰਪ੍ਰੀਤ ਸਿੰਘ ਨੇ 25 ਮੀਟਰ ਸਟੈਂਡਰਡ ਪਿਸਤੌਲ ਵਿਚ ਚਾਂਦੀ ਦਾ ਤਗਮਾ ਜਿੱਤਿਆ। ਪੁਰਸ਼ਾਂ ਦੇ 25 ਮੀਟਰ ਸਟੈਂਡਰਡ ਪਿਸਤੌਲ ਵਿਚ ਉਲੰਪੀਅਨ ਗੁਰਪ੍ਰੀਤ ਸਿੰਘ ਨੇ ਚਾਂਦੀ ਦਾ ਤਗਮਾ ਜਿੱਤਿਆ। ਵਿਸ਼ਵ ਚੈਂਪੀਅਨਸ਼ਿਪ ਵਿਚ ਭਾਰਤ ਦਾ ਸਰਵੋਤਮ ਪ੍ਰਦਰਸ਼ਨ ਰਿਹਾ ਹੈ। ਉਮੀਦ ਕਰਦੇ ਹਾਂ ਕਿ ਭਾਰਤੀ ਨਿਸ਼ਾਨੇਬਾਜ਼ ਆਉਣ ਵਾਲੀਆਂ 2020 ਉਲੰਪਿਕ ਖੇਡਾਂ ਵਿਚ ਭਾਰਤ ਲਈ ਸੋਨ ਤਗਮੇ ਜਿੱਤਣਗੇ।


-ਮੋਬਾ: 82888-47042

ਚੱਪੂ ਚਲਾ ਕੇ ਪਾਇਆ ਭਾਰਤ ਦੀ ਝੋਲੀ ਤਗਮਾ ਭਗਵਾਨ ਸਿੰਘ ਨੇ

'ਗ਼ਰੀਬੀ ਨੇ ਸਾਥ ਨਹੀਂ ਛੋੜਾ, ਅਮੀਰੀ ਕੋ ਗਲੇ ਨਹੀਂ ਲਗਾਇਆ, ਥਾ ਹੌਸਲਾ ਦਿਲ ਮੇਂ, ਇਸੀ ਲੀਏ ਬੜਤੇ ਰਹੇ ਕਦਮ ਉਮੀਦੋਂ ਕੇ ਲੀਏ। ' ਗੱਲ ਕਰਦੇ ਹਾਂ ਚੱਪੂ ਚਲਾ ਕੇ ਜਕਾਰਤਾ ਵਿਚ ਹੋਈਆਂ ਏਸ਼ੀਅਨ ਖੇਡਾਂ ਵਿਚ ਭਾਰਤ ਦੀ ਝੋਲੀ ਕਾਂਸੀ ਦਾ ਤਗਮਾ ਪਾਉਣ ਵਾਲੇ ਅਥਲੀਟ ਭਗਵਾਨ ਸਿੰਘ ਦੀ, ਜਿਸ ਨੇ ਅੰਤਾਂ ਦੀ ਗਰੀਬੀ ਹੰਢਾਉਣ ਦੇ ਬਾਵਜੂਦ ਹਿੰਮਤ ਨਹੀਂ ਹਾਰੀ ਅਤੇ ਦ੍ਰਿੜ੍ਹ ਹੌਸਲੇ ਨਾਲ ਫੌਜ ਵਿਚ ਕਿਸ਼ਤੀ ਚਲਾਉਣ ਦੇ ਮੁਕਾਬਲਿਆਂ ਵਿਚ ਲਗਾਤਾਰ ਜਿੱਤਾਂ ਦਰਜ ਕਰਦਾ ਰਿਹਾ। ਭਗਵਾਨ ਸਿੰਘ ਦਾ ਜਨਮ ਮੋਗਾ ਜ਼ਿਲ੍ਹੇ ਦੇ ਕਸਬਾ ਬਾਘਾ ਪੁਰਾਣਾ ਅਧੀਨ ਆਉਂਦੇ ਪਿੰਡ ਠੱਠੀ ਭਾਈ ਵਿਖੇ ਪਿਤਾ ਦਰਸ਼ਨ ਸਿੰਘ ਦੇ ਘਰ ਮਾਤਾ ਜਸਵੀਰ ਕੌਰ ਦੀ ਕੁੱਖੋਂ 20 ਮਾਰਚ, 1993 ਵਿਚ ਇਕ ਦਲਿਤ ਪਰਿਵਾਰ ਵਿਚ ਹੋਇਆ ਅਤੇ ਭਗਵਾਨ ਸਿੰਘ ਚਾਰ ਭੈਣ-ਭਰਾਵਾਂ ਵਿਚੋਂ ਇਕ ਹੈ। ਸੁਰਤ ਸੰਭਾਲੀ ਤਾਂ ਘਰ ਵਿਚ ਅੰਤਾਂ ਦੀ ਗਰੀਬੀ ਸੀ। ਕੱਚੇ ਘਰ ਦੀਆਂ ਕੰਧਾਂ ਦੇ ਲਿਉੜ ਡਿਗੂੰ-ਡਿਗੂੰ ਕਰਦੇ ਸਨ, ਮਾਂ ਘਰਾਂ ਵਿਚ ਕੰਮ ਕਰਦੀ ਅਤੇ ਬਾਪ ਕਿਸੇ ਮਾਲਕ ਦਾ ਟਰੱਕ ਚਲਾ ਕੇ ਘਰ ਦੀ ਰੋਜ਼ੀ-ਰੋਟੀ ਚਲਾਉਂਦੇ। ਪਰ ਭਗਵਾਨ ਨੇ ਇਹ ਨਿਸਚਾ ਪੱਕਾ ਕਰ ਲਿਆ ਕਿ ਗਰੀਬੀ ਹੰਢਾਅ ਕੇ ਵੀ ਉਹ ਇਕ ਦਿਨ ਖਰਾ ਸੋਨਾ ਸਾਬਤ ਹੋਵੇਗਾ ਅਤੇ ਭਗਵਾਨ ਸਿੰਘ ਨੇ ਇਹ ਕਰ ਵਿਖਾਇਆ।
ਮਾਂ-ਬਾਪ ਦੀ ਮਿਹਨਤ-ਮੁਸ਼ੱਕਤ ਨਾਲ ਭਗਵਾਨ ਸਿੰਘ ਨੇ ਪਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੋਂ 10+2 ਦੀ ਪੜ੍ਹਾਈ ਪੂਰੀ ਕੀਤੀ ਅਤੇ ਸਕੂਲ ਪੱਧਰ 'ਤੇ ਹੀ ਉਸ ਨੇ ਖੇਡਾਂ ਦੇ ਖੇਤਰ ਵਿਚ ਵੱਡੀਆਂ ਮੱਲਾਂ ਮਾਰੀਆਂ ਅਤੇ ਉਸ ਨੇ ਹਰ ਖੇਡ, ਖੇਡ ਕੇ ਆਪਣਾ ਲੋਹਾ ਮੰਨਵਾਇਆ ਪਰ ਅਫਸੋਸ ਕਿ ਉਸ ਨੂੰ ਅੱਗੇ ਲਿਜਾਣ ਵਾਲਾ ਕੋਈ ਵੀ ਮਦਦਗਾਰ ਸਾਬਿਤ ਨਹੀਂ ਹੋਇਆ। ਖੇਡਾਂ ਦੇ ਖੇਤਰ ਵਿਚ ਦੇਸ਼ ਦਾ ਨਾਂਅ ਚਮਕਾਉਣ ਦੀਆਂ ਰੀਝਾਂ ਦਿਲ ਵਿਚ ਹੀ ਦਮ ਤੋੜ ਗਈਆਂ ਪਰ ਉਸ ਦੀਆਂ ਆਸਾਂ ਨੂੰ ਬੂਰ ਉਸ ਵਕਤ ਪਿਆ ਜਦੋਂ ਉਹ ਘਰ ਦੀ ਗਰੀਬੀ ਨਾਲ ਦੋ-ਚਾਰ ਹੱਥ ਕਰਦਾ ਸਾਲ 2012 ਵਿਚ ਫੌਜ ਵਿਚ ਭਰਤੀ ਹੋ ਗਿਆ ਅਤੇ ਫੌਜ ਵਿਚ ਹੀ ਕਿਸ਼ਤੀ ਚਲਾਉਣ ਦੇ ਕੋਚ ਕੁਦਰਤ ਅਲੀ ਦੀ ਨਜ਼ਰ ਭਗਵਾਨ ਸਿੰਘ 'ਤੇ ਪਈ ਤਾਂ ਉਸ ਨੇ ਭਗਵਾਨ ਸਿੰਘ ਦੇ ਅੰਦਰ ਖੇਡ ਭਾਵਨਾ ਦੀ ਛੁਪੀ ਪ੍ਰਤਿਭਾ ਦਮ ਤੋੜੀ ਬੈਠੀ ਵੇਖੀ ਤਾਂ ਉਸ ਨੇ ਭਗਵਾਨ ਸਿੰਘ ਨੂੰ ਰੋਇੰਗ ਜਾਣੀ ਚੱਪੂ ਚਲਾਉਣ ਦੇ ਮੁਕਾਬਲਿਆਂ ਲਈ ਤਰਾਸ਼ਣਾ ਸ਼ੁਰੂ ਕੀਤਾ ਅਤੇ ਸੁਨਿਆਰ ਦੀ ਕੋਠਾਲੀ ਵਾਂਗ ਭਗਵਾਨ ਸਿੰਘ ਖਰੇ ਸੋਨੇ ਵਾਂਗ ਚਮਕਾਂ ਮਾਰਨ ਲੱਗਿਆ। ਸਾਲ 2013 ਵਿਚ ਹੋਈਆਂ ਇੰਟਰ ਬਟਾਲੀਅਨ ਖੇਡਾਂ ਵਿਚ ਉਸ ਨੇ 2 ਸੋਨ ਤਗਮੇ ਆਪਣੇ ਨਾਂਅ ਕੀਤੇ ਅਤੇ ਸਾਲ 2013 ਵਿਚ ਹੀ ਇੰਟਰ ਸੈਂਟਰਲ ਖੇਡਾਂ ਵਿਚ ਉਸ ਨੇ 1 ਚਾਂਦੀ ਅਤੇ 1 ਕਾਂਸੀ ਦਾ ਤਗਮਾ ਪ੍ਰਾਪਤ ਕੀਤਾ। ਸਾਲ 2014 ਵਿਚ ਕੋਰ ਆਫ ਇੰਜੀਨੀਅਰ ਵਲੋਂ ਕੋਲਕਾਤਾ ਵਿਖੇ ਹੋਏ ਰੋਇੰਗ ਮੁਕਾਬਲੇ ਡਬਲ ਸਕਿੱਲ ਵਿਚ ਸੋਨ ਤਗਮਾ ਜਿੱਤਿਆ।
ਸਾਲ 2015 ਵਿਚ 35ਵੀਆਂ ਨੈਸ਼ਨਲ ਖੇਡਾਂ ਵਿਚ ਆਰਮੀ ਸਰਵਿਸਜ਼ ਵਲੋਂ ਖੇਡਿਆ। ਸਾਲ 2016 ਉਸ ਨੇ ਅਤੇ ਉਸ ਦੇ ਦੂਸਰੇ ਸਾਥੀ ਦੁਸ਼ਾਂਤ ਚੌਹਾਨ ਨੇ ਏਸ਼ੀਅਨ ਐਂਡ ਓਸੀਆਨਾ ਰੋਇੰਗ ਉਲੰਪਿਕ ਰਿਗਾਟਾ ਖੇਡਾਂ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਪਰ ਕਿਸੇ ਕਾਰਨ ਵੱਸ ਉਹ ਖੇਡ ਨਹੀਂ ਸਕੇ। ਸਾਲ 2017 ਵਿਚ ਪੂਨਾ ਵਿਚ ਓਪਨ ਨੈਸ਼ਨਲ ਖੇਡਾਂ ਵਿਚ ਡਬਲ ਸਕਿੱਲ ਵਿਚ 2 ਸੋਨ ਤਗਮੇ ਆਪਣੇ ਨਾਂਅ ਕੀਤੇ। ਭਗਵਾਨ ਸਿੰਘ ਨੇ ਦੱਸਿਆ ਕਿ ਚੱਪੂ ਚਲਾਉਣ ਦੇ ਮੁਕਾਬਲੇ ਸੰਸਾਰ ਦੀਆਂ ਸਾਰੀਆਂ ਖੇਡਾਂ ਵਿਚੋਂ ਔਖੇ ਹਨ, ਕਿਉਂਕਿ ਇਸ ਦੇ ਮੁਕਾਬਲਿਆਂ ਵਿਚ ਲਗਾਤਾਰ ਤੇਜ਼ੀ ਨਾਲ ਚੱਪੂ ਦੌੜਾ ਕੇ ਅੱਗੇ ਲੰਘਣਾ ਹੁੰਦਾ ਹੈ ਅਤੇ ਜੇਕਰ ਪਲ ਵੀ ਢਿੱਲੇ ਪੈ ਗਏ ਤਾਂ ਮੁਕਾਬਲੇ ਵਾਲਾ ਅੱਗੇ ਨਿਕਲ ਜਾਵੇਗਾ। ਭਗਵਾਨ ਸਿੰਘ ਨੇ ਦੱਸਿਆ ਕਿ ਹੁਣ ਉਸ ਦਾ ਅਗਲਾ ਨਿਸ਼ਾਨਾ 2020 ਵਿਚ ਜਪਾਨ ਦੀ ਰਾਜਧਾਨੀ ਟੋਕੀਓ ਵਿਖੇ ਹੋ ਰਹੀ ਉਲੰਪਿਕ 'ਤੇ ਟਿਕੀਆਂ ਹਨ ਅਤੇ ਉਸ ਤੋਂ ਪਹਿਲਾਂ ਉਸ ਨੂੰ ਏਸ਼ੀਅਨ ਰੋਇੰਗ ਚੈਂਪੀਅਨਸ਼ਿਪ ਅਤੇ ਵਰਲਡ ਰੋਇੰਗ ਚੈਂਪੀਅਨਸ਼ਿਪ ਦੇ ਸਖ਼ਤ ਮੁਕਾਬਲਿਆਂ ਵਿਚੋਂ ਗੁਜ਼ਰਨਾ ਹੋਵੇਗਾ ਪਰ ਉਸ ਨੂੰ ਆਪਣੇ ਕੋਚ ਕੁਦਰਤ ਅਲੀ ਦੀ ਮਿਹਨਤ ਅਤੇ ਆਪਣੇ-ਆਪ 'ਤੇ ਏਨਾ ਭਰੋਸਾ ਹੈ ਕਿ ਉਹ ਉਲੰਪਿਕ ਵਿਚ ਖੇਡ ਕੇ ਭਾਰਤ ਮਾਤਾ ਦੀ ਝੋਲੀ ਵਿਚ ਜ਼ਰੂਰ ਸੋਨ ਤਗਮਾ ਪਾ ਕੇ ਤਿਰੰਗਾ ਲਹਿਰਾਏਗਾ। ਭਗਵਾਨ ਸਿੰਘ ਨੂੰ ਗਿਲਾ ਹੈ ਕਿ ਜਦ ਉਹ ਏਸ਼ੀਅਨ ਖੇਡਾਂ ਵਿਚ ਤਗਮਾ ਲੈ ਕੇ ਆਪਣੇ ਪਿੰਡ ਠੱਠੀ ਭਾਈ ਪਹੁੰਚਿਆ ਤਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਕਿਸੇ ਵੀ ਅਧਿਕਾਰੀ ਨੇ ਉਸ ਦਾ ਕੋਈ ਵੀ ਸਵਾਗਤ ਨਹੀਂ ਕੀਤਾ, ਜਿਸ ਦਾ ਕਿ ਉਹ ਸਹੀ ਹੱਕਦਾਰ ਸੀ ਪਰ ਉਹ ਇਹ ਵੀ ਸ਼ਾਨ ਅਤੇ ਮਾਣ ਨਾਲ ਆਖਦਾ ਹੈ ਕਿ, 'ਖੁਦ ਸੇ ਜੀਤਨੇ ਕੀ ਜਿਦ ਹੈ ਮੁਝੇ, ਖੁਦ ਕੋ ਹੀ ਹਰਾਨਾ ਹੈ, ਮੈਂ ਜ਼ਮਾਨੇ ਕੀ ਭੀੜ ਨਹੀਂ, ਮੁਜਸੇ ਹੀ ਜ਼ਮਾਨਾ ਹੈ।' ਭਗਵਾਨ ਸਿੰਘ ਆਪਣੇ ਮਕਸਦ ਅਤੇ ਅਕੀਦੇ ਵਿਚ ਬੁਲੰਦੀਆਂ ਛੂਹੇ, ਇਹ ਮੇਰੀ ਦਿਲੋਂ ਮੁਰਾਦ ਹੈ।


-ਪਿੰਡ ਬੁੱਕਣ ਵਾਲਾ, ਤਹਿ: ਤੇ ਜ਼ਿਲ੍ਹਾ ਮੋਗਾ-142001. ਮੋਬਾ: 98551-14484

ਸਟੇਡੀਅਮਾਂ ਨੂੰ ਸਿਰਫ਼ ਖੇਡਾਂ ਅਤੇ ਖਿਡਾਰੀਆਂ ਲਈ ਹੀ ਰਹਿਣ ਦਿਓ

ਸਟੇਡੀਅਮ ਦਾ ਸਬੰਧ ਖੇਡਾਂ ਅਤੇ ਖਿਡਾਰੀਆਂ ਨਾਲ ਹੁੰਦਾ ਹੈ। ਖਿਡਾਰੀਆਂ ਦੀ ਕਰਮ-ਭੂਮੀ, ਜਿਥੇ ਉਹ ਖੂਨ-ਪਾਣੀ ਇਕ ਕਰਦੇ ਹਨ, ਜਿਥੋਂ ਉਨ੍ਹਾਂ ਦਾ ਖੇਡ ਕੈਰੀਅਰ ਪ੍ਰਵਾਨ ਚੜ੍ਹਦਾ ਹੈ, ਜਿਥੋਂ ਦੀਆਂ ਸੰਘਰਸ਼ਮਈ ਯਾਦਾਂ ਹਮੇਸ਼ਾ ਉਨ੍ਹਾਂ ਦੇ ਅੰਗ-ਸੰਗ ਰਹਿੰਦੀਆਂ ਹਨ, ਜਿਥੋਂ ਦੀਆਂ ਕਈ ਦੁਖਦ ਅਤੇ ਤਲਖ ਯਾਦਾਂ ਵੀ ਉਨ੍ਹਾਂ ਦਾ ਸਾਰੀ ਉਮਰ ਪਿੱਛਾ ਨਹੀਂ ਛੱਡਦੀਆਂ ਤੇ ਜਿਥੋਂ ਦੀਆਂ ਕਈ ਖੂਬਸੂਰਤ, ਮਨਮੋਹਕ ਯਾਦਾਂ ਸਾਰੀ ਜ਼ਿੰਦਗੀ ਖਿਡਾਰੀਆਂ ਨੂੰ ਪ੍ਰੇਰਿਤ ਵੀ ਕਰਦੀਆਂ ਹਨ। ਸਟੇਡੀਅਮ ਦੀ ਸਥਾਪਨਾ 'ਚ ਲੱਖਾਂ-ਕਰੋੜਾਂ ਰੁਪਏ ਖਰਚ ਹੁੰਦੇ ਹਨ, ਕਿਸੇ ਉਦੇਸ਼ ਨਾਲ, ਕਿਸੇ ਮੰਤਵ ਲਈ ਕਿ ਖੇਡਾਂ ਦਾ ਵਿਕਾਸ ਹੋ ਸਕੇ, ਖਿਡਾਰੀਆਂ ਦੀ ਖੇਡਾਂ 'ਚ ਰੁਚੀ ਵਧੇ। ਨੌਜਵਾਨ ਪੀੜ੍ਹੀ ਦਰਸ਼ਕ ਬਣ ਆਪਣੀ ਮੁਬਾਰਕ ਸ਼ਮੂਲੀਅਤ ਨਾਲ ਇਨ੍ਹਾਂ ਨੂੰ ਨਿਵਾਜੇ। ਨਸ਼ਿਆਂ ਦਾ ਰੁਝਾਨ ਘਟੇ, ਸਿਹਤਮੰਦ ਸਮਾਜ ਦੀ ਸਿਰਜਣਾ ਹੋਵੇ, ਦੇਸ਼ 'ਚ ਖੇਡ ਸੱਭਿਆਚਾਰ ਵਿਕਸਿਤ ਹੋ ਸਕੇ। ਸਰਕਾਰ ਵਲੋਂ ਖਰਚੇ ਗਏ ਲੱਖਾਂ-ਕਰੋੜਾਂ ਰੁਪਏ ਖੇਡਾਂ ਦੀ ਦੁਨੀਆ 'ਚ ਵਧੀਆ ਨਤੀਜੇ ਸਾਹਮਣੇ ਲੈ ਕੇ ਆਉਣ। ਪਿੰਡ ਜਾਂ ਸ਼ਹਿਰ ਜਿਥੇ ਸਟੇਡੀਅਮ ਸਥਾਪਤ ਕੀਤੇ ਜਾਂਦੇ ਹਨ, ਖੇਡਾਂ ਤੇ ਖਿਡਾਰੀਆਂ ਦੇ ਚੰਗੇ ਨਤੀਜਿਆਂ ਨਾਲ ਰਾਸ਼ਟਰੀ-ਅੰਤਰਰਾਸ਼ਟਰੀ ਮੰਚ 'ਤੇ ਪ੍ਰਸਿੱਧ ਹੋਣ, ਉਨ੍ਹਾਂ ਨੂੰ ਸ਼ੁਹਰਤ ਮਿਲੇ। ਇਸ ਸਭ ਕਾਸੇ ਨਾਲ ਹਜ਼ਾਰਾਂ ਲੋਕਾਂ ਦੀਆਂ ਭਾਵਨਾਵਾਂ ਜੁੜ ਜਾਂਦੀਆਂ ਹਨ ਪਰ ਜਦੋਂ ਇਨ੍ਹਾਂ ਜਜ਼ਬਾਤਾਂ, ਇਨ੍ਹਾਂ ਭਾਵਨਾਵਾਂ ਦੀ ਪੂਰਤੀ ਨਾ ਹੋ ਸਕੇ ਤਾਂ ਯਕੀਨਨ ਅਫਸੋਸ ਹੁੰਦਾ ਹੈ ਤੇ ਠੇਸ ਪਹੁੰਚਦੀ ਹੈ।
ਖੇਡ ਸਟੇਡੀਅਮਾਂ 'ਚ ਜਦੋਂ ਰਾਜਨੀਤਕ ਪਾਰਟੀਆਂ ਦੀਆਂ ਰੈਲੀਆਂ ਹੋਣ, ਨਿੱਜੀ ਪ੍ਰੋਗਰਾਮ ਹੋਣ, ਧਾਰਮਿਕ ਸਮਾਗਮ ਹੋਣ, ਇਥੋਂ ਤੱਕ ਕਿ ਵੱਡੇ-ਵੱਡੇ ਲੋਕਾਂ ਦੇ ਸ਼ਾਦੀ ਸਮਾਗਮ ਹੋਣ ਤਾਂ ਫਿਰ ਸਟੇਡੀਅਮ ਦੀ ਸਥਾਪਨਾ ਦੇ ਉਦੇਸ਼ 'ਤੇ ਸਵਾਲ ਉੱਠਣ ਲਗਦੇ ਹਨ, ਖੇਡ ਭਾਵਨਾਵਾਂ ਕਤਲ ਹੋਣ ਲਗਦੀਆਂ ਹਨ। ਸਾਡੇ ਦੇਖਣ 'ਚ ਆ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਇਸ ਪ੍ਰਕਾਰ ਦੇ ਖੇਡ-ਰਹਿਤ ਸੰਮੇਲਨਾਂ ਦਾ ਰੁਝਾਨ ਇਨ੍ਹਾਂ ਸਟੇਡੀਅਮਾਂ 'ਚ ਵਧ ਰਿਹਾ ਹੈ। ਕਈ-ਕਈ ਦਿਨ ਇਨ੍ਹਾਂ ਦੀ ਬੁਕਿੰਗ ਰਹਿੰਦੀ ਹੈ। ਸਾਡੇ ਖਿਡਾਰੀ ਸਮਾਗਮਾਂ ਦੀ ਸਮਾਪਤੀ ਦਾ ਇੰਤਜ਼ਾਰ ਕਰਦੇ ਰਹਿੰਦੇ ਹਨ। ਇਕ ਸਮਾਗਮ ਖ਼ਤਮ ਹੁੰਦਾ, ਖਿਡਾਰੀ ਸੁਖ ਦਾ ਸਾਹ ਲੈਂਦੇ ਹਨ, ਕੁਝ ਦਿਨ ਖੇਡਦੇ ਹਨ, ਅਭਿਆਸ ਕਰਦੇ ਹਨ ਤੇ ਫਿਰ ਇਕ ਦਿਨ ਦੁਪਹਿਰ ਨੂੰ ਆ ਕੇ ਇਹ ਦੇਖਦੇ ਹਨ ਕਿ ਫਿਰ ਤੰਬੂ-ਕਨਾਤਾਂ ਲੱਗ ਰਹੀਆਂ ਹਨ। ਉਨ੍ਹਾਂ ਦੀ ਖੇਡ, ਉਨ੍ਹਾਂ ਦਾ ਅਭਿਆਸ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ, ਜਿਸ ਮਕਸਦ ਲਈ ਸਟੇਡੀਅਮ ਦੀ ਉਸਾਰੀ ਹੁੰਦੀ ਹੈ।
ਸਟੇਡੀਅਮ 'ਚ ਆਯੋਜਿਤ ਹੋਣ ਵਾਲੇ ਕਈ ਸਮਾਗਮਾਂ 'ਚ ਹਜ਼ਾਰਾਂ ਲੋਕਾਂ ਦਾ ਇਕੱਠ ਹੁੰਦਾ ਹੈ। ਇਹ ਵੱਡੇ-ਵੱਡੇ ਹਜੂਮ ਖੇਡ ਸਟੇਡੀਅਮ ਦਾ ਪੂਰੀ ਤਰ੍ਹਾਂ ਸੱਤਿਆਨਾਸ ਕਰ ਦਿੰਦੇ ਹਨ। ਨਾਜ਼ੁਕ ਹੁੰਦੇ ਹਨ ਇਹ ਖੇਡ ਮੈਦਾਨ। ਇਨ੍ਹਾਂ ਦੀ ਵੱਧ ਤੋਂ ਵੱਧ ਦੇਖਭਾਲ ਕਰਨੀ ਪੈਂਦੀ ਹੈ ਤਾਂ ਕਿ ਉਹ ਹਮੇਸ਼ਾ ਖੇਡਾਂ ਲਈ ਯੋਗ ਰਹਿਣ। ਇਨ੍ਹਾਂ ਦੀ ਖਰਾਬ ਸਥਿਤੀ ਖਿਡਾਰੀਆਂ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਸਾਨੂੰ ਸਭ ਨੂੰ ਇਸ ਪਾਸੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ, ਜੇ ਸੱਚਮੁੱਚ ਅਸੀਂ ਖੇਡਾਂ ਅਤੇ ਖਿਡਾਰੀਆਂ ਦੇ ਹਿਤੈਸ਼ੀ ਹਾਂ।
ਹੁਣ ਸਵਾਲ ਇਹ ਉਠਦਾ ਹੈ ਕਿ ਆਖਰ ਧਾਰਮਿਕ ਸੰਸਥਾਵਾਂ ਦੇ ਕਰਤਾ-ਧਰਤਾ, ਰਾਜਨੀਤਕ ਪਾਰਟੀਆਂ ਦੇ ਨੇਤਾ ਅਤੇ ਵਿਆਹ-ਸ਼ਾਦੀਆਂ ਕਰਨ ਵਾਲੇ ਕਿਉਂ ਇਨ੍ਹਾਂ ਸਟੇਡੀਅਮਾਂ ਦੇ ਪਿੱਛੇ ਹੀ ਪਏ ਰਹਿੰਦੇ ਹਨ? ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਇਹ ਵੱਡੇ-ਵੱਡੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ 'ਚ ਬੜੇ ਸਾਫ਼-ਸੁਥਰੀ ਅਵਸਥਾ 'ਚ ਅਸਾਨੀ ਨਾਲ ਮਿਲ ਜਾਂਦੇ ਹਨ।
ਸੁਰੱਖਿਆ ਪ੍ਰਬੰਧਾਂ ਦਾ ਵੀ ਇਥੇ ਅਸਾਨੀ ਨਾਲ ਸਭ ਕੰਮ ਹੋ ਜਾਂਦਾ ਹੈ। ਇਨ੍ਹਾਂ ਦੀ ਮਸ਼ਹੂਰੀ ਵੀ ਬਹੁਤ ਹੁੰਦੀ ਹੈ। ਲੋਕ ਅਸਾਨੀ ਨਾਲ, ਕਿਸੇ ਖੱਜਲ-ਖੁਆਰੀ ਤੋਂ ਬਗੈਰ ਇਥੇ ਪਹੁੰਚ ਜਾਂਦੇ ਹਨ। ਪਾਰਕਿੰਗ ਦਾ ਵੀ ਚੰਗਾ ਪ੍ਰਬੰਧ ਇਥੇ ਇਕ ਪਾਸੇ ਕਰ ਲੈਂਦੇ ਹਨ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਇਨ੍ਹਾਂ ਆਯੋਜਨਾਂ ਨਾਲ ਸਟੇਡੀਅਮ ਦੀ ਆਮਦਨੀ 'ਚ ਵਾਧਾ ਹੁੰਦਾ ਹੈ ਪਰ ਇਹ ਆਮਦਨੀ ਖਿਡਾਰੀਆਂ ਲਈ ਖੇਡਣ ਵਾਸਤੇ ਬਣੇ ਇਨ੍ਹਾਂ ਸਥਾਨਾਂ ਦੀ ਹਾਲਤ ਪੂਰੀ ਤਰ੍ਹਾਂ ਵਿਗਾੜ ਕੇ ਰੱਖ ਦਿੰਦੀ ਹੈ। ਕਿਸੇ ਵੀ ਆਯੋਜਨ ਦੀ ਸਮਾਪਤੀ ਤੋਂ ਬਾਅਦ ਬੁਰੇ ਹਾਲ ਇਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਹੈ ਅਤੇ ਕਿੰਨੇ-ਕਿੰਨੇ ਦਿਨ ਇਨ੍ਹਾਂ ਦੀ ਸਫਾਈ ਨਹੀਂ ਹੁੰਦੀ। ਖਿਡਾਰੀ ਵਰਗ ਇਨ੍ਹਾਂ ਆਯੋਜਨਾਂ ਦਾ ਵਿਰੋਧ ਕਰਦਾ ਹੈ ਪਰ ਉਸ ਦੀ ਸੁਣਵਾਈ ਕਿਤੇ ਨਹੀਂ ਹੁੰਦੀ।
ਉਹ ਦੇਸ਼ ਜਿਥੇ ਖੇਡ ਸੱਭਿਆਚਾਰ ਦੀ ਪਹਿਲਾਂ ਹੀ ਕਮੀ ਹੈ, ਦੇਸ਼ 'ਚ ਖੇਡਾਂ ਦੇ ਪਤਨ ਦਾ ਰੌਲਾ ਹੈ, ਉਲੰਪਿਕ ਤਗਮੇ ਲਈ ਜੋ ਦੇਸ਼ ਦਹਾਕਿਆਂ ਤੋਂ ਤਰਸ ਰਿਹਾ ਹੈ, ਅਰਬਾਂ ਦੀ ਆਬਾਦੀ ਵਾਲੇ ਉਸ ਦੇਸ਼ ਵਿਚ ਖੇਡ ਸੱਭਿਆਚਾਰ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਹੈ, ਪਰ ਇਹ ਸਟੇਡੀਅਮ ਜਿਨ੍ਹਾਂ ਆਯੋਜਨਾਂ ਲਈ ਲਗਾਤਾਰ ਇਸਤੇਮਾਲ ਹੁੰਦੇ ਆ ਰਹੇ ਹਨ, ਹੋਰ ਖਿਡਾਰੀਆਂ ਨੂੰ ਸਗੋਂ ਨਿਰਉਤਸ਼ਾਹਿਤ ਕਰਦੇ ਹਨ। 15 ਅਗਸਤ ਅਤੇ 26 ਜਨਵਰੀ ਵਾਲੇ ਸਮਾਗਮ ਵੀ ਦਹਾਕਿਆਂ ਤੋਂ ਇਨ੍ਹਾਂ ਸਟੇਡੀਅਮਾਂ ਵਿਚ ਹੀ ਆਯੋਜਿਤ ਹੋ ਰਹੇ ਹਨ। ਆਓ, ਇਸ ਸਭ ਕਾਸੇ ਬਾਰੇ ਸੁਹਿਰਦਤਾ, ਗੰਭੀਰਤਾ ਨਾਲ ਸੋਚੀਏ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਅਭੁੱਲ ਯਾਦਾਂ

ਪੇਂਡੂ ਪੰਜਾਬੀ ਖੇਡਾਂ

ਖੇਡਾਂ ਮਨੁੱਖ ਦੇ ਸਰਬਪੱਖੀ ਵਿਕਾਸ ਵਿਚ ਅਹਿਮ ਰੋਲ ਅਦਾ ਕਰਦੀਆਂ ਹਨ। ਖੇਡਣ ਨਾਲ ਜਿਥੇ ਮਨੁੱਖ ਦਾ ਸਰੀਰਕ ਵਿਕਾਸ ਹੁੰਦਾ ਹੈ, ਉਥੇ ਮਾਨਸਿਕ ਅਤੇ ਬੌਧਿਕ ਵਿਕਾਸ ਵੀ ਹੁੰਦਾ ਹੈ। ਪਰਮਾਤਮਾ ਨੇ ਨਵ ਜਨਮੇ ਬੱਚੇ ਨੂੰ ਵੀ ਖੇਡ ਪਕਿਆ ਦਿੱਤੀ ਹੈ। ਬੱਚਾ ਹੱਥ-ਪੈਰ ਮਾਰਦਾ ਹੈ, ਰੰਗ-ਬਿਰੰਗੇ ਖਿਡੌਣਿਆਂ ਨੂੰ ਦੇਖ ਕੇ ਉਸ ਨਾਲ ਖੇਡਦਾ ਹੈ। ਖੇਡਾਂ ਮਨੱਖ ਦੇ ਸਰੀਰ ਨੂੰ ਚੁਸਤ, ਫੁਰਤੀਲਾ ਅਤੇ ਰਿਸ਼ਟ-ਪੁਸ਼ਟ ਬਣਾਉਂਦੀਆਂ ਹਨ। ਇਸ ਨਾਲ ਸਾਂਝੀਵਾਲਤਾ ਦਾ ਗੁਣ ਵੀ ਪੈਦਾ ਹੁੰਦਾ ਹੈ। ਪਹਿਲੇ ਸਮਿਆਂ ਵਿਚ ਗੱਭਰੂ-ਮੁਟਿਆਰਾਂ ਰਲ ਮਿਲ ਕੇ ਖੇਡਦੇ ਸਨ। ਇਨ੍ਹਾਂ ਵਿਚ ਆਪਸੀ ਭਾਈਚਾਰਕ ਸਾਂਝ ਹੁੰਦੀ ਸੀ। ਭੰਡਾ-ਭੰਡਾਰੀ, ਖਿੱਦੋ-ਖੂੰਡੀ, ਚੋਰ-ਸਿਪਾਹੀ, ਕੋਟਲਾ-ਛਪਾਕੀ, ਮੱਛੀ ਅਤੇ ਸਮੁੰਦਰ, ਕਿੱਕਲੀ, ਗੀਟੇ, ਬਾਂਦਰ-ਕੀਲਾ ਅਤੇ ਹੋਰ ਅਜਿਹੀਆਂ ਕਈ ਖੇਡਾਂ ਹੁੰਦੀਆਂ ਸਨ, ਜਿਨ੍ਹਾਂ ਨੂੰ ਕੁੜੀਆਂ-ਮੁੰਡੇ ਰਲ ਕੇ ਖੇਡਦੇ ਸਨ।
ਕਿੱਕਲੀ ਨੂੰ ਦੋ ਕੁੜੀਆਂ ਰਲ ਕੇ ਪਾਉਂਦੀਆਂ ਸਨ। ਦੋਵਾਂ ਹੱਥਾਂ ਨਾਲ ਇਕ-ਦੂਜੇ ਨੂੰ ਫੜ ਕੇ ਘੁੰਮਦੀਆਂ ਅਤੇ ਨਾਲ ਹੀ ਬੋਲੀ ਪਾਉਂਦੀਆਂ-
ਕਿੱਕਲੀ ਕਲੀਰ ਦੀ
ਪੱਗ ਮੇਰੇ ਵੀਰ ਦੀ
ਦੁਪੱਟਾ ਮੇਰੇ ਭਾਈ ਦਾ
ਫਿੱਟੇ ਮੂੰਹ ਜਵਾਈ ਦਾ।
ਇਸੇ ਤਰ੍ਹਾਂ ਕੋਟਲਾ-ਛਪਾਕੀ ਵਿਚ ਸਾਰੇ ਬੱਚੇ ਗੋਲ ਚੱਕਰ ਬਣਾ ਕੇ ਬੈਠ ਜਾਂਦੇ ਅਤੇ ਉਨ੍ਹ ਵਿਚੋਂ ਇਕ ਜਣਾ ਚੁੰਨੀ ਜਾਂ ਕੱਪੜੇ ਨੂੰ ਲਹਿਰਾ ਕੇ ਸਾਰੇ ਬੱਚਿਆਂ ਦੇ ਪਿੱਛੇ ਘੁੰਮਦਾ ਅਤੇ ਬੋਲਦਾ-
ਕੋਟਲਾ-ਛਪਾਕੀ ਜਿੰਮੇ ਰਾਤ ਆਈ ਏ
ਜਿਹੜਾ ਅੱਗੇ-ਪਿੱਛੇ ਦੇਖੇ, ਓਹਦੀ ਸ਼ਾਮਤ ਆਈ ਏ।
ਤੇ ਨਾਲ ਹੀ ਹੌਲੀ ਦੇਣੀ ਉਹ ਕੱਪੜਾ ਜਾਂ ਚੁੰਨੀ ਕਿਸੇ ਇਕ ਦੇ ਪਿੱਛੇ ਰੱਖ ਦਿੰਦਾ ਤੇ ਜਿਸ ਪਿੱਛੇ ੳਹ ਚੁੰਨੀ ਜਾਂ ਕੱਪੜਾ ਰੱਖਿਆ ਹੁੰਦਾ, ਫਿਰ ਉਸ ਦੀ ਵਾਰੀ ਆੳਂਦੀ। ਇਸੇ ਤਰ੍ਹਾਂ ਭੰਡਾ-ਭੰਡਾਰੀਆ ਵਿਚ ਬੱਚੇ ਇਕ-ਦੂਜੇ ਉੱਪਰ ਮੁੱਠੀਆਂ ਰੱਖ ਕੇ ਬੋਲਦੇ-
ਭੰਡਾ-ਭੰਡਾਰੀਆ ਕਿੰਨਾ ਕੁ ਭਾਰ,
ਇਕ ਮੁੱਠੀ ਚੁੱਕ ਲੈ ਦੂਜੀ ਤਿਆਰ।
ਮੱਛੀ ਅਤੇ ਸਮੁੰਦਰ ਵੀ ਬੱਚਿਆਂ ਦੀ ਹਰਮਨ ਪਿਆਰੀ ਖੇਡ ਰਹੀ ਹੈ। ਇਸ ਵਿਚ ਬੱਚੇ ਗੋਲ ਚੱਕਰ ਬਣਾ ਕੇ ਘੁੰਮਦੇ ਹਨ। ਇਕ ਬੱਚਾ ਇਸ ਗੋਲ ਚੱਕਰ ਦੇ ਵਿਚਕਾਰ ਬੈਠਦਾ ਹੈ, ਬਾਕੀ ਸਾਰੇ ਉਸ ਤੋਂ ਪੁੱਛਦੇ ਹਨ-
ਹਰਾ ਸਮੁੰਦਰ ਗੋਪੀ ਚੰਦਰ,
ਬੋਲ ਮੇਰੀ ਮੱਛਲੀ ਕਿੰਨਾ ਕੁ ਪਾਣੀ।
ਵਿਚਕਾਰ ਬੈਠਾ ਬੱਚਾ ਬੋਲਦਾ ਹੈ-
ਗੋਡੇ-ਗੋਡੇ ਪਾਣੀ, ਲੱਕ-ਲੱਕ ਪਾਣੀ।
ਅਤੇ ਭੱਜ ਕੇ ਕਿਸੇ ਇਕ ਬੱਚੇ ਨੂੰ ਫੜ ਲੈਂਦਾ ਹੈ। ਫਿਰ ਉਸ ਫੜੇ ਬੱਚੇ ਦੀ ਵਾਰੀ ਆਉਂਦੀ ਹੈ। ਇਸੇ ਤਰ੍ਹਾਂ ਗੀਟੇ, ਛਟਾਪੂ ਇਸ ਤਰ੍ਹਾਂ ਦੀਆਂ ਖੇਡਾਂ ਸਨ, ਜਿਨ੍ਹਾਂ ਨਾਲ ਬੌਧਿਕ ਅਤੇ ਮਾਨਸਿਕ ਵਿਕਾਸ ਹੁੰਦਾ ਸੀ। ਖਿੱਦੋ-ਖੂੰਡੀ ਮੁੰਡਿਆਂ ਦੀ ਬੜੀ ਰੌਚਕ ਖੇਡ ਹੁੰਦੀ ਸੀ। ਖਿੱਦੋ ਆਮ ਕਰਕੇ ਘਰਾਂ ਵਿਚ ਬਚੀਆਂ ਪੁਰਾਣੀਆਂ/ਫਟੀਆਂ ਲੀਰਾਂ ਆਦਿ ਦੀ ਬਣਾਈ ਜਾਂਦੀ ਸੀ ਅਤੇ ਖੂੰਡੀ ਕਿੱਕਰ, ਟਾਹਲੀ ਆਦਿ ਦੀ ਸੋਟੀ ਹੁੰਦੀ ਸੀ। ਬੱਚੇ ਇਸ ਖੇਡ ਨੂੰ ਬੜੇ ਚਾਅ ਨਾਲ ਖੇਡਦੇ ਸਨ। ਮੈਨੂੰ ਯਾਦ ਹੈ, ਜਦੋਂ ਕਿਸੇ ਨੇ ਮਕਾਨ ਆਦਿ ਬਣਾਉਣ ਲਈ ਰੇਤ ਬਾਹਰ ਸੁੱਟੀ ਹੁੰਦੀ ਸੀ ਤਾਂ ਅਸੀਂ ਉਸ ਰੇਤ ਦਾ ਘਰ ਆਦਿ ਬਣਾਉਂਦੇ ਸਾਂ। ਜਿਸ ਨੇ ਰੇਤ ਦਾ ਸਭ ਤੋਂ ਸੋਹਣਾ ਘਰ ਬਣਾਇਆ ਹੁੰਦਾ, ਉਸ ਨੂੰ ਖਾਣ ਨੂੰ ਕੋਈ ਚੀਜ਼ ਜਾਂ ਟਾਫੀ ਵਗੈਰਾ ਮਿਲਦੀ ਸੀ।
ਚੋਰ-ਸਿਪਾਹੀ ਗਰਮੀਆਂ ਦੀ ਇਕ ਦਿਲਚਸਪ ਖੇਡ ਹੁੰਦੀ ਸੀ। ਗਰਮੀਆਂ ਵਿਚ ਜਦੋਂ ਦੁਪਹਿਰੇ ਬੱਤੀ ਗੁੱਲ ਹੋ ਜਾਣੀ ਤਾਂ ਅਸੀਂ ਇਕ ਕਾਗਜ਼ ਲੈ ਕੇ ਉਸ ਦੀਆਂ ਪਰਚੀਆਂ ਬਣਾ ਲੈਣੀਆਂ ਅਤੇ ਉਸ ਉਪਰ ਕਿਸੇ 'ਤੇ ਚੋਰ ਲਿਖ ਦੇਣਾ, ਕਿਸੇ 'ਤੇ ਵਜ਼ੀਰ, ਰਾਜਾ, ਨੌਕਰ ਆਦਿ ਲਿਖ ਦੇਣਾ ਅਤੇ ਪਰਚੀਆਂ ਨੂੰ ਆਪਸ ਵਿਚ ਰਲਾ ਕੇ ਸਭ ਨੂੰ ਇਕ-ਇਕ ਪਰਚੀ ਚੁੱਕਣ ਵਾਸਤੇ ਕਹਿਣਾ। ਪਰਚੀ 'ਤੇ ਜੋ ਨਾਂਅ ਲਿਖਿਆ ਹੁੰਦਾ, ਉਸ ਨੂੰ ਉਸੇ ਤਰ੍ਹਾਂ ਦੇ ਸੰਵਾਦ ਬੋਲਣੇ ਪੈਂਦੇ। ਇਸ ਤਰ੍ਹਾਂ ਨਾਲ ਗਰਮੀ ਵੀ ਨਹੀਂ ਲਗਦੀ ਸੀ ਤੇ ਟਾਈਮ ਵੀ ਪਾਸ ਹੋ ਜਾਂਦਾ ਸੀ।


-ਸੈਲੀ ਰੋਡ, ਪਠਾਨਕੋਟ।
ਮੋਬਾ: 9780785049

ਲਿਖਿਆ ਨਵਾਂ ਵਿਸ਼ਵ ਰਿਕਾਰਡ

ਮੈਰਾਥਨ ਇਤਿਹਾਸ ਦਾ ਨਾਇਕ ਕਿਪਚੋਗੇ

ਕੀਨੀਆ ਦੇ ਇਲਿਯੁਦ ਕਿਪਚੋਗੇ ਨੇ ਮੈਰਾਥਨ ਦੌੜ ਮੁਕਾਬਲੇ 'ਚ ਇਕ ਨਵੀਂ ਉਚਾਈ ਨੂੰ ਛੂਹਿਆ ਹੈ। ਇਹ ਖੂਬਸੂਰਤ ਮੰਜ਼ਿਲ ਹੈ, ਜਿਥੇ ਤੱਕ ਅਜੇ ਕੋਈ ਨਹੀਂ ਪਹੁੰਚਿਆ ਸੀ। 2 ਘੰਟੇ ਦੀ ਸਮਾਂ ਸੀਮਾ ਨਾਲ ਬਰਲਿਨ ਮੈਰਾਥਨ ਦੇ ਮਾਮਲੇ 'ਚ ਇਸ ਪ੍ਰਾਪਤੀ ਨੂੰ ਇਨਸਾਨੀ ਹੱਦ ਦੀ ਵੀ ਹੱਦ ਮੰਨਿਆ ਜਾ ਸਕਦਾ ਹੈ। 33 ਸਾਲਾਂ ਦੇ ਉਲੰਪਿਕ ਚੈਂਪੀਅਨ ਕਿਪਚੋਗੇ ਨੇ 2 ਘੰਟੇ 1 ਮਿੰਟ ਅਤੇ 39 ਸੈਕਿੰਡ ਦੇ ਸਮੇਂ ਨਾਲ ਪਿਛਲਾ ਰਿਕਾਰਡ ਤੋੜਦਿਆਂ ਨਵਾਂ ਇਤਿਹਾਸ ਲਿਖਿਆ ਅਤੇ ਆਪਣੇ ਹੀ ਦੇਸ਼ ਦੇ ਡੇਨਿਸ ਕਿਮੇਤੋ ਦੇ ਪਿਛਲੇ ਰਿਕਾਰਡ (2 ਘੰਟੇ 2 ਮਿੰਟ ਅਤੇ 57 ਸੈਕਿੰਡ) 'ਚ 1 ਮਿੰਟ 18 ਸੈਕਿੰਡ ਦਾ ਸੁਧਾਰ ਕੀਤਾ। ਕਿਮੇਡੋ ਨੇ ਇਹ ਰਿਕਾਰਡ ਇਸੇ ਕੋਰਸ ਤੇ 2014 'ਚ ਬਣਾਇਆ ਸੀ।
ਸਾਲ 1967 'ਚ ਡੇਰੇਕ ਕਲੇਟਨ ਨੇ ਪਿਛਲੇ ਰਿਕਾਰਡ 'ਚ 2 ਮਿੰਟ 23 ਸੈਕਿੰਡ ਦਾ ਸੁਧਾਰ ਕੀਤਾ ਸੀ। ਇਸ ਤੋਂ ਬਾਅਦ ਕਿਪਚੋਗੇ ਨੇ 51 ਸਾਲ ਬਾਅਦ ਮੈਰਾਥਨ ਰਿਕਾਰਡ 'ਚ ਸਭ ਤੋਂ ਵੱਡਾ ਸੁਧਾਰ ਕੀਤਾ। ਅੱਜ ਕਿਪਚੋਗੇ ਲੰਬੀ ਦੂਰੀ ਦੇ ਮਹਾਨ ਦੌੜਾਕ ਹਨ। 5000 ਮੀਟਰ 'ਚ ਉਹ ਵਿਸ਼ਵ ਚੈਂਪੀਅਨ ਰਹਿ ਚੁੱਕੇ ਹਨ ਅਤੇ ਰੀਉ ਉਲੰਪਿਕ 2016 'ਚ ਉਸ ਨੇ ਸੋਨ ਤਗਮਾ ਜਿੱਤਿਆ ਸੀ। ਸੰਨ 2013 'ਚ ਹੈਮਬਰਗ 'ਚ ਮੈਰਾਥਨ ਦੀ ਸ਼ੁਰੂਆਤ ਦੇ ਨਾਲ ਹੀ ਉਸ ਨੇ 2 ਘੰਟੇ 5 ਮਿੰਟ ਅਤੇ 30 ਸੈਕਿੰਡ ਦਾ ਰਿਕਾਰਡ ਬਣਾ ਦਿੱਤਾ ਸੀ। ਉਸ ਤੋਂ ਬਾਅਦ ਥੋੜ੍ਹਾ-ਬਹੁਤ ਉਤਰਾਅ-ਚੜ੍ਹਾਅ ਹੁੰਦਾ ਰਿਹਾ ਪਰ ਉਸ ਦੀ ਤਿਆਰੀ ਅਤੇ ਜਜ਼ਬੇ ਵਿਚ ਕੋਈ ਕਮੀ ਨਹੀਂ ਆਈ। 11 ਮੈਰਾਥਨ ਮੁਕਾਬਲਿਆਂ ਵਿਚ ਉਹ 10 ਜਿੱਤ ਚੁੱਕੇ ਹਨ।
ਪਿਛਲੇ ਸਾਲ ਕਿਪਚੋਗੇ ਨੇ ਇਕ ਪ੍ਰੋਜੈਕਟ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਪਰ ਉਸ ਦੇ ਇਥੇ ਬਣਾਏ ਰਿਕਾਰਡ ਨੂੰ ਅਧਿਕਾਰਤ ਤੌਰ 'ਤੇ ਮਨਜ਼ੂਰੀ ਨਾ ਮਿਲੀ। ਇਕ ਵਿਅਕਤੀ ਦਾ ਲੰਬੇ ਸਮੇਂ ਤੱਕ ਇਕ ਹੀ ਨਿਸ਼ਾਨੇ 'ਤੇ ਟਿਕਿਆ ਰਹਿਣਾ ਅਤੇ ਲਗਾਤਾਰ ਉਸ ਤੋਂ ਵੀ ਅੱਗੇ ਲੰਘਣ ਦੀ ਕੋਸ਼ਿਸ਼ ਕਰਨਾ ਅਸਾਨ ਨਹੀਂ ਹੁੰਦਾ। ਛੋਟੀਆਂ ਦੌੜਾਂ 'ਚ ਟੀਚਾ ਸਾਹਮਣੇ ਦਿਖ ਰਿਹਾ ਹੁੰਦਾ ਹੈ। ਸਭ ਕੁਝ ਇਕ ਦਾਇਰੇ 'ਚ ਹੁੰਦਾ ਹੈ ਅਤੇ ਜਿੱਤ-ਹਾਰ ਸੈਕਿੰਡ ਦੇ 10ਵੇਂ ਜਾਂ 100ਵੇਂ ਹਿੱਸੇ ਦੇ ਫਰਕ ਨਾਲ ਹੁੰਦੀ ਹੈ ਪਰ ਮੈਰਾਥਨ 'ਚ ਦੋ-ਦੋ ਘੰਟੇ ਆਪਣਾ ਧਿਆਨ ਇਕਾਗਰ ਕਰਦੇ ਦਮਖਮ ਬਣਾਈ ਰੱਖਣਾ ਇਕ ਮੁਸ਼ਕਿਲ ਕੰਮ ਹੈ। ਸਭ ਤੋਂ ਵੱਡੀ ਗੱਲ, ਜਦੋਂ ਕੋਈ ਦੌੜਾਕ ਕਈ ਮੁਕਾਬਲਾਕਾਰਾਂ ਨਾਲ ਦੌੜ ਰਿਹਾ ਹੁੰਦਾ ਹੈ ਤਾਂ ਉਨ੍ਹਾਂ ਨੂੰ ਪਛਾੜਨ ਦੀ ਪਰੇਰਨਾ ਉਸ ਨੂੰ ਆਪਣੀ ਹੱਦ ਪਾਰ ਕਰਨ ਲਈ ਮਜਬੂਰ ਕਰਦੀ ਹੈ। ਪਰ ਮੈਰਾਥਨ ਜੇਤੂਆਂ ਨੂੰ ਮੀਲੋ-ਮੀਲ ਇਕੱਲੇ ਹੀ ਦੌੜਨਾ ਹੁੰਦਾ ਹੈ। ਪਿੱਛਾ ਕਰਨ ਵਾਲਾ, ਚੁਣੌਤੀ ਦੇਣ ਵਾਲਾ ਦੂਰ-ਦੂਰ ਤੱਕ ਅਕਸਰ ਕੋਈ ਨਹੀਂ ਹੁੰਦਾ। ਅਜਿਹੀ ਚੁਣੌਤੀ ਨੂੰ ਪਾਰ ਕਰ ਲੈਣ ਵਾਲੇ ਕਿਪਚੋਗੇ ਵਰਗੇ ਅਣਥੱਕ ਯੋਧਾ ਕੁਝ ਵੀ ਕਰ ਸਕਦੇ ਹਨ।
ਦਰਅਸਲ ਅਥਲੈਟਿਕ 'ਚ ਮੈਰਾਥਨ ਨੂੰ ਸਭ ਤੋਂ ਮੁਸ਼ਕਿਲ ਮੁਕਾਬਲਾ ਮੰਨਿਆ ਜਾਂਦਾ ਹੈ। ਇਹ ਇਨਸਾਨੀ ਦਮਖਮ ਦੀ ਕਸੌਟੀ ਹੈ। ਪਿਛਲੇ 100 ਸਾਲ 'ਚ ਮੈਰਾਥਨ ਦੇ ਵਿਸ਼ਵ ਰਿਕਾਰਡ 'ਚ ਅੱਧੇ ਘੰਟੇ ਤੋਂ ਵੀ ਜ਼ਿਆਦਾ ਦਾ ਸੁਧਾਰ ਕੀਤਾ ਜਾ ਚੁੱਕਾ ਹੈ। ਜਿਸ ਦਿਨ ਕੋਈ ਦੌੜਾਕ ਇਹ ਮੈਰਾਥਨ 2 ਘੰਟੇ ਤੋਂ ਘੱਟ ਸਮੇਂ 'ਚ ਪੂਰਾ ਕਰ ਲਵੇਗਾ ਤਾਂ ਉਹ ਮੈਰਾਥਨ ਦੌੜਾਕ ਦੇ ਸੰਕਲਪ, ਜੋਸ਼, ਜਨੂਨ ਅਤੇ ਲਗਨ ਦਾ ਸੁਨਹਿਰਾ ਦਿਨ ਹੋਵੇਗਾ।


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204

Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX