ਤਾਜਾ ਖ਼ਬਰਾਂ


ਆਈ.ਪੀ.ਐੱਲ 2019 : ਰਾਜਸਥਾਨ ਨੇ ਕੋਲਕਾਤਾ ਨੂੰ 3 ਵਿਕਟਾਂ ਨਾਲ ਹਰਾਇਆ
. . .  1 day ago
ਆਈ.ਪੀ.ਐੱਲ 2019 : ਕੋਲਕਾਤਾ ਨੇ ਰਾਜਸਥਾਨ ਨੂੰ 176 ਦੌੜਾਂ ਦਾ ਦਿੱਤਾ ਟੀਚਾ
. . .  1 day ago
ਟਰੱਕ ਡਰਾਈਵਰ ਵੱਲੋਂ ਖ਼ੁਦਕੁਸ਼ੀ
. . .  1 day ago
ਅਜੀਤਵਾਲ, 25 ਅਪ੍ਰੈਲ (ਸ਼ਮਸ਼ੇਰ ਸਿੰਘ ਗਾਲ਼ਿਬ) - ਮੋਗਾ ਬਲਾਕ ਦੇ ਪਿੰਡ ਮਟਵਾਣੀ ਵਿਖੇ ਇੱਕ ਟਰੱਕ ਡਰਾਈਵਰ ਨੇ ਸੜਕ 'ਤੇ ਪੈਂਦੇ ਰਜਵਾਹੇ 'ਤੇ ਦਰਖਤ ਨਾਲ ਫਾਹਾ ਲੈ ਕੇ ਆਪਣੀ ਜੀਵਨ...
ਆਈ.ਪੀ.ਐੱਲ 2019 : ਟਾਸ ਜਿੱਤ ਕੇ ਰਾਜਸਥਾਨ ਵੱਲੋਂ ਕੋਲਕਾਤਾ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਰਜ਼ੇ ਕਾਰਨ ਕਿਸਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਫ਼ਤਿਹਗੜ੍ਹ ਸਾਹਿਬ, 25 ਅਪ੍ਰੈਲ (ਅਰੁਣ ਅਹੂਜਾ) - ਨਜ਼ਦੀਕੀ ਪਿੰਡ ਪੱਤੋ ਵਿਖੇ ਇਕ ਬਜ਼ੁਰਗ ਕਿਸਾਨ ਵੱਲੋਂ ਕਰਜ਼ੇ ਕਾਰਨ ਜ਼ਹਿਰੀਲੀ ਚੀਜ਼ ਖਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ...
ਪਟਿਆਲਾ ਜੇਲ੍ਹ ਦੇ 4 ਅਧਿਕਾਰੀ ਮੁਅੱਤਲ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਜੇਲ੍ਹ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਹੁਕਮਾਂ 'ਤੇ ਜੇਲ੍ਹ ਨਿਯਮਾਂ ਦੀ ਉਲੰਘਣਾ ਕਰਨ 'ਤੇ ਪਟਿਆਲਾ ਜੇਲ੍ਹ ਦੇ 4 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ...
27 ਅਤੇ 28 ਨੂੰ ਨਹੀ ਲਏ ਜਾਣਗੇ ਨਾਮਜ਼ਦਗੀ ਪੱਤਰ - ਸੀ.ਈ.ਓ ਡਾ. ਰਾਜੂ
. . .  1 day ago
ਚੰਡੀਗੜ੍ਹ, 25 ਅਪ੍ਰੈਲ - ਮੁੱਖ ਚੋਣ ਅਧਿਕਾਰੀ ਪੰਜਾਬ ਡਾ. ਐੱਸ ਕਰੁਣਾ ਰਾਜੂ ਨੇ ਦੱਸਿਆ ਕਿ 27 ਅਤੇ 28 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਨਹੀ ਕਰਵਾਏ ਜਾ ਸਕਣਗੇ। ਉਨ੍ਹਾਂ ਦੱਸਿਆ ਕਿ 27 ਅਪ੍ਰੈਲ ਜੋ ਕਿ ਮਹੀਨੇ ਦਾ ਚੌਥਾ ਸ਼ਨੀਵਾਰ...
ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਸੈਸ਼ੇਲਸ ਗਣਰਾਜ 'ਚ ਭਾਰਤ ਦੇ ਹਾਈ ਕਮਿਸ਼ਨਰ ਨਿਯੁਕਤ
. . .  1 day ago
ਨਵੀਂ ਦਿੱਲੀ, 25 ਅਪ੍ਰੈਲ - ਸਾਬਕਾ ਫੌਜ ਮੁਖੀ ਜਨਰਲ ਦਲਬੀਰ ਸਿੰਘ ਸੁਹਾਗ ਨੂੰ ਸੈਸ਼ੇਲਸ ਗਣਰਾਜ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਗਿਆ...
ਪ੍ਰਧਾਨ ਮੰਤਰੀ ਵੱਲੋਂ ਵਾਰਾਨਸੀ 'ਚ ਕੱਢਿਆ ਗਿਆ ਰੋਡ ਸ਼ੋਅ
. . .  1 day ago
ਵਾਰਾਨਸੀ, 25 ਅਪ੍ਰੈਲ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਉੱਤਰ ਪ੍ਰਦੇਸ਼ ਦੇ ਵਾਰਾਨਸੀ 'ਚ ਰੋਡ ਸ਼ੋਅ ਕੱਢਿਆ ਗਿਆ। ਉਨ੍ਹਾਂ ਨਾਲ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ...
1993 ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਮੌਤ
. . .  1 day ago
ਨਾਗਪੁਰ, 25 ਅਪ੍ਰੈਲ - 1993 ਦੇ ਮੁੰਬਈ ਬੰਬ ਧਮਾਕਿਆਂ ਦੇ ਦੋਸ਼ੀ ਅਬਦੁਲ ਗਨੀ ਤੁਰਕ ਦੀ ਨਾਗਪੁਰ ਦੇ ਹਸਪਤਾਲ 'ਚ ਮੌਤ ਹੋ ਗਈ। ਉਹ ਨਾਗਪੁਰ ਸੈਂਟਰਲ ਜੇਲ੍ਹ 'ਚ ਬੰਦ...
ਹੋਰ ਖ਼ਬਰਾਂ..

ਬਾਲ ਸੰਸਾਰ

ਬਾਲ ਕਹਾਣੀ: ਇਕ ਸੀ ਪਰੀ ਮਹਿਕਮਣੀ

ਪਿਆਰੇ ਬੱਚਿਓ! ਪੁਰਾਣੇ ਸਮਿਆਂ ਦੀ ਗੱਲ ਹੈ | ਦੱਖਣ ਦਿਸ਼ਾ ਵਿਚ ਇਕ ਸਾਹਰਦੀਪ ਨਾਂਅ ਦਾ ਦੇਸ਼ ਸੀ | ਉਸ ਦੇਸ਼ ਦੇ ਇਕ ਵਿਸ਼ਾਲ ਅਤੇ ਸੰਘਣੇ ਜੰਗਲ ਵਿਚ ਇਕ ਮਹਿਕਮਣੀ ਨਾਂਅ ਦੀ ਪਰੀ ਇਕ ਚੰਦਨ ਦੇ ਰੱੁਖ 'ਤੇ ਰਹਿੰਦੀ ਸੀ | ਪਰੀ ਮਹਿਕਮਣੀ ਜਿਥੇ ਵੀ ਜਾਂਦੀ, ਦੂਰ-ਦੂਰ ਤੱਕ ਆਲਾ-ਦੁਆਲਾ ਮਹਿਕ ਉਠਦਾ ਸੀ | ਉਸ ਦੀ ਸੁੰਦਰਤਾ ਦੀ ਚਰਚਾ ਦੇਸ਼ ਦੀਆਂ ਚਾਰੇ ਦਿਸ਼ਾਵਾਂ ਵਿਚ ਫੈਲੀ ਹੋਈ ਸੀ | ਦੂਜੇ ਦੇਸ਼ਾਂ ਦੇ ਅਨੇਕਾਂ ਰਾਜਕੁਮਾਰ ਉਸ ਨਾਲ ਵਿਆਹ ਕਰਵਾਉਣ ਲਈ ਅਕਸਰ ਉਸ ਨੂੰ ਲੱਭਦੇ ਹੋਏ ਉਸ ਜੰਗਲ ਵਿਚ ਪਹੁੰਚ ਜਾਂਦੇ ਸਨ | ਮਹਿਕਮਣੀ ਕਿਸੇ ਨੂੰ ਨਹੀਂ ਮਿਲਦੀ ਸੀ | ਉਹ ਲੋਕਾਂ ਤੋਂ ਬਚਣ ਲਈ ਚੰਦਨ ਦੇ ਦਰੱਖਤ ਵਿਚ ਬਣੇ ਆਪਣੇ ਘਰ ਵਿਚ ਲੁਕ ਜਾਂਦੀ ਸੀ |
ਇਕ ਦਿਨ ਭੰਵਰਮਾਨ ਦੇਸ਼ ਦੇ ਰਾਜੇ ਦਾ ਪੱੁਤਰ ਭੰਵਰਾ ਆਪਣੇ ਮਨ ਵਿਚ ਪੱਕਾ ਫ਼ੈਸਲਾ ਕਰਕੇ ਕਿ ਉਹ ਜਾਂ ਤਾਂ ਪਰੀ ਮਹਿਕਮਣੀ ਨੂੰ ਲੱਭ ਕੇ ਉਸ ਨਾਲ ਵਿਆਹ ਕਰੇਗਾ ਜਾਂ ਆਪਣੀ ਜਾਨ ਦੇ ਦੇਵੇਗਾ, ਆਪਣੇ ਘਰੋਂ ਚੱਲ ਪਿਆ | ਉਸ ਦੇ ਮਾਤਾ-ਪਿਤਾ, ਭੈਣ-ਭਰਾਵਾਂ ਨੇ ਉਸ ਨੂੰ ਬਹੁਤ ਸਮਝਾਇਆ | ਪੱਕੇ ਇਰਾਦੇ ਅਤੇ ਪਹਾੜ ਵਰਗੇ ਬੁਲੰਦ ਹੌਸਲੇ ਵਾਲਾ ਨੌਜਵਾਨ ਰਾਜਕੁਮਾਰ ਭੰਵਰਾ ਬਿਨਾਂ ਕਿਸੇ ਦੀ ਗੱਲ ਸੁਣੇ ਮਹਿਕਮਣੀ ਦੇ ਵਾਸ ਵਾਲੇ ਜੰਗਲ ਦੇ ਰਾਹ ਪੈ ਗਿਆ | ਜਦੋਂ ਉਹ ਜੰਗਲ 'ਚ ਪਹੁੰਚਿਆ ਤਾਂ ਉਸ ਨੂੰ ਇਕ ਜੋਗੀ ਦਿਸਿਆ | ਉਹ ਜੋਗੀ ਪਰਮਾਤਮਾ ਦੀ ਅਰਾਧਨਾ ਵਿਚ ਲੀਨ ਸਮਾਧੀ ਲਾਈ ਬੈਠਾ ਸੀ | ਉਸ ਨੇ ਉਸ ਜੋਗੀ ਨੂੰ ਮੱਥਾ ਟੇਕਿਆ | ਫਿਰ ਚੱੁਪ-ਚਾਪ ਇਕ ਪਾਸੇ ਬੈਠ ਉਹ ਜੋਗੀ ਦੀ ਸਮਾਧੀ ਖੱੁਲ੍ਹਣ ਦੀ ਉਡੀਕ ਕਰਨ ਲੱਗਾ | ਉਹ ਜੋਗੀ ਤੋਂ ਮਹਿਕਮਣੀ ਦੀ ਪ੍ਰਾਪਤੀ ਲਈ ਅਸ਼ੀਰਵਾਦ ਪ੍ਰਾਪਤ ਕਰਨਾ ਚਾਹੁੰਦਾ ਸੀ | ਇਕ ਦਿਨ, ਦੋ ਦਿਨ, ਤਿੰਨ ਦਿਨ ਪਰ ਜੋਗੀ ਦੀ ਸਮਾਧੀ ਨਾ ਖੱੁਲ੍ਹੀ | ਭੰਵਰਾ ਵੀ ਪੱਕੇ ਇਰਾਦੇ ਦਾ ਮਾਲਕ ਸੀ | ਉਥੋਂ ਨਾ ਹਿੱਲਿਆ | ਜੋਗੀ ਰੱਬ ਦੀ ਭਗਤੀ ਹਿਤ ਸਮਾਧੀ ਲਾਈ ਬੈਠਾ ਸੀ, ਜਦ ਕਿ ਭੰਵਰੇ ਨੇ ਵੀ ਉਸ ਜੋਗੀ ਵਿਚ ਧਿਆਨ ਲਗਾ ਕੇ ਸਮਾਧੀ ਲਾ ਲਈ | ਸਮਾਧੀ ਲਗਾ ਕੇ ਉਹ ਮਨ ਹੀ ਮਨ ਜੋਗੀ ਨੂੰ ਬੇਨਤੀ ਕਰਨ ਲੱਗਾ ਕਿ ਜੋਗੀ ਮਹਾਰਾਜ! ਮੈਂ ਤੁਹਾਡਾ ਬੱਚਾ, ਤੁਹਾਡਾ ਦਾਸ ਹਾਂ | ਮੇਰੀ ਮਦਦ ਕਰੋ | ਦਸ ਦਿਨ ਬਾਅਦ ਉਸ ਦੀ ਬੇਨਤੀ ਉਸ ਜੋਗੀ ਦੀ ਆਤਮਾ ਤੱਕ ਪਹੁੰਚ ਗਈ | ਜੋਗੀ ਨੇ ਅੱਖਾਂ ਖੋਲ੍ਹ ਕੇ ਉਸ ਨੂੰ ਪ੍ਰਸੰਨ ਚਿੱਤ ਹੋ ਕੇ ਪੁਕਾਰਿਆ ਅਤੇ ਕਿਹਾ, 'ਬੱਚਾ, ਦੱਸ ਮੈਂ ਤੇਰੀ ਕੀ ਮਦਦ ਕਰ ਸਕਦਾ ਹਾਂ?'
ਭੰਵਰੇ ਨੇ ਆਪਣੀ ਇੱਛਾ ਦੱਸੀ | ਜੋਗੀ ਨੇ ਕਿਹਾ ਕਿ ਚੰਦਨ ਦੇ ਰੱੁਖਾਂ 'ਚੋਂ ਉਹ ਰੱੁਖ ਲੱਭਣਾ ਅਤਿ ਕਠਿਨ ਹੈ, ਜਿਸ ਵਿਚ ਪਰੀ ਮਹਿਕਮਣੀ ਵਾਸ ਕਰਦੀ ਹੈ | ਤੇਰੀ ਪ੍ਰੇਮ ਨਾਲ ਭਿੱਜੀ ਲਗਨ ਨੇ ਮੈਨੂੰ ਪ੍ਰਭਾਵਿਤ ਕੀਤਾ | ਇਸ ਲਈ ਤੇਰੀ ਮਦਦ ਹਿਤ ਮੈਂ ਤੈਨੂੰ ਕੌਡੀ ਦਿੰਦਾ ਹਾਂ | ਜਦੋਂ ਇਹ ਕੌਡੀ ਤੰੂ ਚੰਦਨ ਦੇ ਦਰੱਖਤਾਂ ਨਾਲ ਛੂਹਾਏਾਗਾ ਤਾਂ ਜਿਸ ਦਰੱਖਤ ਵਿਚ ਪਰੀ ਰਹਿੰਦੀ ਹੋਵੇਗੀ, ਤੈਨੂੰ ਆਪਣੇ-ਆਪ ਨਜ਼ਰ ਆ ਜਾਵੇਗੀ | ਉਹ ਚੰਦਨ ਦੇ ਉਸ ਜੰਗਲ ਦੇ ਹਜ਼ਾਰਾਂ ਰੱੁਖਾਂ ਨਾਲ ਕੌਡੀ ਛੁਹਾ ਕੇ ਦੇਖਣ ਲੱਗਾ | ਭੱੁਖਾ-ਪਿਆਸਾ ਉਹ ਕਈ ਦਿਨ ਚੰਦਨ ਦੇ ਰੱੁਖਾਂ ਨਾਲ ਇਹ ਚਮਤਕਾਰੀ ਕੌਡੀ ਛੁਹਾ ਕੇ ਦੇਖਦਾ ਰਿਹਾ ਪਰ ਉਸ ਨੂੰ ਪਰੀ ਮਹਿਕਮਣੀ ਦਿਖਾਈ ਨਾ ਦਿੱਤੀ | ਭੰਵਰੇ ਨੇ ਹਿੰਮਤ ਨਾ ਹਾਰੀ | ਇਕ ਦਿਨ ਇਕ ਰੱੁਖ 'ਚ ਪਰੀ ਉਸ ਨੂੰ ਦਿਸ ਪਈ, ਜੋ ਕਿ ਚੋਰੀ-ਚੋਰੀ ਰਾਜਕੁਮਾਰ ਭੰਵਰੇ ਨੂੰ ਦੇਖਦੀ ਰਹੀ ਸੀ | ਉਹ ਉਸ ਦੇ ਪ੍ਰੇਮ ਲਗਨ ਅਤੇ ਪੱਕੇ ਇਰਾਦੇ ਤੋਂ ਪ੍ਰਭਾਵਿਤ ਸੀ | ਜਦੋਂ ਬੇਹੱਦ ਬਿਹਬਲਤਾ ਨਾਲ ਭੰਵਰੇ ਨੇ ਉਸ ਨੂੰ ਪੁਕਾਰਿਆ ਤਾਂ ਉਹ ਖੁਦ ਨੂੰ ਰੋਕ ਨਾ ਸਕੀ | ਰੱੁਖ ਤੋਂ ਬਾਹਰ ਆ ਕੇ ਉਸ ਨੇ ਭੰਵਰੇ ਦਾ ਪਿਆਰ ਸਵੀਕਾਰ ਕਰ ਲਿਆ | ਭੰਵਰਾ ਖੁਸ਼ੀ-ਖੁਸ਼ੀ ਉਸ ਨੂੰ ਆਪਣੇ ਮਹਿਲਾਂ ਵਿਚ ਲੈ ਆਇਆ ਅਤੇ ਉਸ ਨਾਲ ਵਿਆਹ ਕਰਾ ਲਿਆ | ਸੋ ਪਿਆਰੇ ਬੱਚਿਓ! ਇਸ ਤਰ੍ਹਾਂ ਸੱਚੇ ਪ੍ਰੇਮ, ਪੱਕੇ ਇਰਾਦੇ, ਬੁਲੰਦ ਹੌਸਲੇ ਅਤੇ ਲਗਨ ਦੀ ਅੰਤ ਵਿਚ ਜਿੱਤ ਹੋਈ |

-ਮੋਬਾ: 98146-81444


ਖ਼ਬਰ ਸ਼ੇਅਰ ਕਰੋ

ਮੈਂ ਕਾਟੋ ਹਾਂ

ਬੱਚਿਓ, ਮੈਂ ਕਾਟੋ ਹਾਂ, ਜਿਸ ਨੂੰ ਤੁਸੀਂ ਕਈ ਥਾਵਾਂ 'ਤੇ ਗਲਹਿਰੀ ਜਾਂ ਗਾਲ੍ਹੜੀ ਕਰਕੇ ਵੀ ਜਾਣਦੇ ਹੋ | ਮੈਂ ਬਹੁਤ ਹੀ ਪਿਆਰਾ, ਛੋਟਾ, ਫੁਰਤੀਲਾ ਅਤੇ ਸੋਹਣਾ ਦਿਸਣ ਵਾਲਾ ਜੀਵ ਹਾਂ, ਜਿਸ ਨੂੰ ਦੇਖ ਕੇ ਤੁਸੀਂ ਖੁਸ਼ ਹੁੰਦੇ ਹੋ | ਦੁਨੀਆ ਭਰ ਵਿਚ ਮੇਰੀਆਂ ਕਈ ਕਿਸਮਾਂ ਹਨ ਪਰ ਭਾਰਤ ਵਿਚ ਮੈਂ ਆਮ ਤੌਰ 'ਤੇ ਤਿੰਨ ਧਾਰੀਆਂ ਵਾਲੀ ਨਸਲ ਹਾਂ | ਮੇਰੀ ਇਹ ਕਿਸਮ ਭਾਰਤ ਦੇ ਦੱਖਣੀ ਹਿੱਸੇ ਵਿੰਦਿਆਚਲ ਅਤੇ ਸ੍ਰੀਲੰਕਾ ਵਿਚ ਦੇਖਣ ਨੂੰ ਮਿਲਦੀ ਹੈ | ਉੱਤਰੀ ਭਾਰਤ ਵਿਚ ਮੇਰੀ ਪੰਜ ਧਾਰੀਆਂ ਵਾਲੀ ਕਿਸਮ ਵੀ ਮੌਜੂਦ ਹੈ | 19ਵੀਂ ਸਦੀ ਦੇ ਆਖਰ ਵਿਚ ਮੇਰੀ ਤਿੰਨ ਧਾਰੀਆਂ ਵਾਲੀ ਕਿਸਮ ਮਡਗਾਸਕਰ, ਰੀਯੂਨੀਅਨ, ਮਿਓਦੇ, ਕੋਮੋਰੋ, ਆਈਲੈਂਡਸ, ਮਾਰੀਸ਼ੀਅਸ, ਸੈਸ਼ਲਸ ਅਤੇ ਆਸਟ੍ਰੇਲੀਆ ਵਿਚ ਵੀ ਪਾਈ ਗਈ ਸੀ | ਹਥੇਲੀ ਆਕਾਰ ਦੀ ਤਿੰਨ ਧਾਰੀਆਂ ਵਾਲੀ ਮੇਰੀ ਝਾੜੀ ਵਰਗੀ ਪੂਛ ਮੇਰੇ ਆਕਾਰ ਤੋਂ ਥੋੜ੍ਹੀ ਜਿਹੀ ਛੋਟੀ ਹੁੰਦੀ ਹੈ | ਮੇਰੀ ਪਿੱਠ 'ਤੇ ਗਰੇਅ, ਭੂਰੇ ਅਤੇ ਤਿੰਨ ਚਿੱਟੀਆਂ ਧਾਰੀਆਂ ਹੁੰਦੀਆਂ ਹਨ, ਜਿਹੜੀਆਂ ਮੇਰੇ ਸਿਰ ਤੋਂ ਪੂਛ ਵਾਲੇ ਪਾਸੇ ਜਾਂਦੀਆਂ ਹਨ | ਦੋ ਬਾਹਰਲੀਆਂ ਧਾਰੀਆਂ ਮੇਰੀਆਂ ਅਗਲੀਆਂ ਲੱਤਾਂ ਤੋਂ ਪਿਛਲੀਆਂ ਲੱਤਾਂ ਵੱਲ ਅੰਦਰ ਨੂੰ ਜਾਂਦੀਆਂ ਹਨ | ਚਿੱਟੇ ਅਤੇ ਕਾਲੇ ਘਣੇ ਵਾਲਾਂ ਵਾਲੀ ਪੂਛ ਮੇਰੀ ਸੁੰਦਰਤਾ ਵਿਚ ਵਾਧਾ ਕਰਦੀ ਹੈ | ਮੇਰੇ ਛੋਟੇ ਕੰਨ ਵੀ ਸੋਹਣੇ ਲਗਦੇ ਹਨ |
ਮੇਰਾ ਭਾਰ ਕਰੀਬ 100 ਗ੍ਰਾਮ ਹੁੰਦਾ ਹੈ ਅਤੇ ਉਮਰ ਲਗਪਗ ਸਾਢੇ 5 ਸਾਲ ਹੀ ਭੋਗਦੀ ਹਾਂ | ਜਦੋਂ ਮੈਂ ਦਰੱਖਤਾਂ 'ਤੇ ਚੜ੍ਹ ਕੇ ਫਲ ਖਾਂਦੀ ਹਾਂ ਤਾਂ ਮੇਰੇ ਮੰੂਹ 'ਚੋਂ ਟੁਕ-ਟੁਕ ਦੀ ਆਵਾਜ਼ ਵੀ ਤੁਹਾਨੂੰ ਸੁਣਾਈ ਦਿੰਦੀ ਹੈ | ਮੈਂ ਸ਼ਾਕਾਹਾਰੀ ਜੀਵ ਹਾਂ ਅਤੇ ਮੈਂ ਅਖਰੋਟ, ਬਦਾਮ ਅਤੇ ਸਖ਼ਤ ਛਿੱਲ ਵਾਲੇ ਫਲਾਂ ਉੱਪਰ ਨਿਰਭਰ ਹਾਂ | ਮੈਨੂੰ ਸ਼ਹਿਰਾਂ ਵਿਚ ਰਹਿਣਾ ਚੰਗਾ ਲਗਦਾ ਹੈ | ਕਈ ਲੋਕ ਮੈਨੂੰ ਘਰਾਂ ਵਿਚ ਰੱਖਣਾ ਵੀ ਪਸੰਦ ਕਰਦੇ ਹਨ | ਮੈਂ ਲੋਕਾਂ ਵਲੋਂ ਦਿੱਤਾ ਭੋਜਨ ਵੀ ਸਵੀਕਾਰ ਕਰਦੀ ਹਾਂ | ਕੁਝ ਹਿੰਦੂ ਧਰਮ ਦੇ ਲੋਕ ਤਾਂ ਮੈਨੂੰ ਭਗਵਾਨ ਰਾਮ ਨਾਲ ਜੁੜਿਆ ਹੋਣ ਕਾਰਨ ਪਵਿੱਤਰ ਸਮਝਦੇ ਹਨ ਅਤੇ ਦੇਖਣ ਵਿਚ ਸ਼ਰਧਾ ਵਸ ਮੈਨੂੰ ਕੁਝ ਖਾਣ ਲਈ ਦੇ ਦਿੰਦੇ ਹਨ | ਦੱਸਿਆ ਜਾਂਦਾ ਹੈ ਕਿ ਭਗਵਾਨ ਰਾਮ ਦੇ ਰਾਵਣ ਨਾਲ ਯੱੁਧ ਦੌਰਾਨ ਲੰਕਾ 'ਤੇ ਹਮਲੇ ਲਈ ਸਮੁੰਦਰ ਉੱਤੇ ਪੁਲ ਬਣਾਉਣ ਦੌਰਾਨ ਵਾਨਰ ਸੈਨਾ ਦੇ ਨਾਲ ਮੇਰੇ ਵਡੇਰਿਆਂ ਨੇ ਵੀ ਯੋਗਦਾਨ ਪਾਇਆ ਸੀ ਅਤੇ ਭਗਵਾਨ ਰਾਮ ਨੇ ਮੇਰੇ ਵਡੇਰਿਆਂ ਨੂੰ ਆਪਣੀ ਹਥੇਲੀ 'ਤੇ ਬਿਠਾ ਕੇ ਪਿੱਠ 'ਤੇ ਪਿਆਰ ਦੇ ਕੇ ਆਪਣਾ ਅਸ਼ੀਰਵਾਦ ਦਿੱਤਾ ਸੀ | ਧਾਰਮਿਕ ਆਸਥਾ ਅਨੁਸਾਰ ਭਗਵਾਨ ਰਾਮ ਦੇ ਇਸ ਦਿੱਤੇ ਪਿਆਰ ਸਦਕਾ ਹੀ ਮੇਰੀ ਪਿੱਠ 'ਤੇ ਇਹ ਚਿੱਟੀਆਂ ਧਾਰੀਆਂ ਦੇ ਨਿਸ਼ਾਨ ਹਨ | ਜਦੋਂ ਕੋਈ ਕਿਸੇ ਦੂਜੇ ਬੰਦੇ ਨੂੰ ਕੋਈ ਹੋਰ ਕਹੇ ਕਿ 'ਇਸ ਦੀ ਕਾਟੋ ਤਾਂ ਫੱੁਲਾਂ 'ਤੇ ਖੇਡਦੀ ਹੈ' ਤਾਂ ਮੈਨੂੰ ਬਹੁਤ ਮਾਣ ਜਿਹਾ ਮਹਿਸੂਸ ਹੁੰਦਾ | ਸੋ ਬੱਚਿਓ, ਤੁਸੀਂ ਮੈਨੂੰ ਐਵੇਂ ਬਿਨਾਂ ਵਜ੍ਹਾ ਪ੍ਰੇਸ਼ਾਨ ਨਾ ਕਰਿਆ ਕਰੋ |

-ਧਰਵਿੰਦਰ ਸਿੰਘ ਔਲਖ,
ਪਿੰਡ ਤੇ ਡਾਕ: ਕੋਹਾਲੀ, ਰਾਮ ਤੀਰਥ ਰੋਡ, ਅੰਮਿ੍ਤਸਰ-143109. ਮੋਬਾ: 98152-82283

ਬੁਝਾਰਤ-19

 

ਦੇਖਿਆ ਮੈਂ ਇਕ ਕਾਰੀਗਰ,
ਕੁਦਰਤ ਕੋਲੋਂ ਮਿਲਿਆ ਵਰ।
ਕਿਸੇ ਸੰਦ ਨੂੰ ਹੱਥ ਨਾ ਲਾਵੇ,
ਆਪਣਾ ਘਰ ਆਪ ਬਣਾਵੇ।
ਕਾਰੀਗਰ ਹੈ ਸਭ ਤੋਂ ਨਿੱਕਾ,
ਬੜਾ ਤੇਜ਼ ਬੜਾ ਹੀ ਤਿੱਖਾ।
ਘਰ ਬਣਾਏ ਵਿਚ ਅਸਮਾਨ,
ਬੱਚਿਓ ਇਹ ਕੰਮ ਨਹੀਂ ਅਸਾਨ।
ਘਰ ਦੀ ਸ਼ਕਲ ਜਿਵੇਂ ਭੁਕਾਨਾ,
ਇਹਦੀ ਕਲਾ ਦਾ ਜੱਗ ਦੀਵਾਨਾ।
ਭਲੂਰੀਏ ਨੇ ਬੁਝਾਰਤ ਪਾਈ,
ਦੱਸੋ ਜੇਕਰ ਸਮਝ ਹੈ ਆਈ। ਂਂਿ
ਘਰ ਜਾ ਕੇ ਸਭ ਨੂੰ ਦੱਸਿਓ,
ਇਹ ਹੈ 'ਬਿਜੜਾ' ਪੰਛੀ ਬੱਚਿਓ।

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ)। ਮੋਬਾ: 99159-95505

 

ਅਨਮੋਲ ਬਚਨ

• ਦੁਨੀਆ ਵਿਚ ਸਿਰਫ ਪਿਓ ਹੀ ਇਕ ਇਸ ਤਰ੍ਹਾਂ ਦਾ ਇਨਸਾਨ ਹੈ ਜੋ ਚਾਹੁੰਦਾ ਹੈ ਕਿ ਮੇਰੇ ਬੱਚੇ ਮੇਰੇ ਤੋਂ ਵੱਧ ਕਾਮਯਾਬ ਹੋਣ |
• ਜ਼ਿੰਦਗੀ ਵਿਚ ਪਛਤਾਉਣਾ ਛੱਡੋ, ਕੁਝ ਅਜਿਹਾ ਕਰੋ ਕਿ ਤੁਹਾਨੂੰ ਛੱਡਣ ਵਾਲਾ ਪਛਤਾਵੇ |
• ਠੰਢੀ ਹੋਣ ਤੋਂ ਬਾਅਦ ਗਰਮ ਕੀਤੀ ਚਾਹ ਅਤੇ ਸੁਲਾਹ ਕੀਤੇ ਹੋਏ ਰਿਸ਼ਤਿਆਂ ਵਿਚ ਪਹਿਲਾਂ ਵਰਗੀ ਮਿਠਾਸ ਕਦੇ ਨਹੀਂ ਰਹਿੰਦੀ |
• ਜੇਕਰ ਦੋ ਲੋਕਾਂ ਵਿਚ ਕਦੇ ਲੜਾਈ ਨਾ ਹੋਵੇ ਤਾਂ ਸਮਝ ਲੈਣਾ ਰਿਸ਼ਤਾ ਦਿਲ ਨਾਲ ਨਹੀਂ, ਦਿਮਾਗ ਨਾਲ ਨਿਭਾਇਆ ਜਾ ਰਿਹਾ ਹੈ |

-ਜਗਜੀਤ ਸਿੰਘ ਭਾਟੀਆ,
ਨੂਰਪੁਰ ਬੇਦੀ (ਰੋਪੜ) | ਮੋਬਾ: 9501810181

ਬਾਲ ਸਾਹਿਤ

ਸੁਨਹਿਰੀ ਸਵੇਰ
ਲੇਖਿਕਾ : ਰੂਹੀ ਸਿੰਘ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ |
ਮੱੁਲ : 75 ਰੁਪਏ, ਸਫੇ : 36
ਸੰਪਰਕ : 94176-92015

ਪੰਜਾਬੀ ਬਾਲ ਸਾਹਿਤ ਲਈ ਇਹ ਚੰਗੀ ਸ਼ੁਰੂਆਤ ਹੈ ਕਿ ਵਿਦਿਆਰਥੀ ਵੀ ਬਾਲ ਸਾਹਿਤ ਲਿਖ ਰਹੇ ਹਨ | ਉਨ੍ਹਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਰਹੀਆਂ ਹਨ | 'ਸੁਨਹਿਰੀ ਸਵੇਰ' ਪੁਸਤਕ ਦੀ ਲੇਖਿਕਾ ਰੂਹੀ ਸਿੰਘ ਕਾਲਜ ਪੜ੍ਹਦੀ ਇਕ ਵਿਦਿਆਰਥਣ ਹੈ | ਪੁਸਤਕ ਵਿਚ 11 ਬਾਲ ਕਹਾਣੀਆਂ ਸ਼ਾਮਿਲ ਕੀਤੀਆਂ ਗਈਆਂ ਹਨ | ਭਾਵੇਂ ਸਾਰੀਆਂ ਕਹਾਣੀਆਂ ਦੇ ਵਿਸ਼ੇ ਵੱਖੋ-ਵੱਖਰੇ ਹਨ ਪਰ ਸਾਰੀਆਂ ਦਾ ਉਦੇਸ਼ ਬਾਲਾਂ ਅੰਦਰ ਸਾਹਿਤ ਲਈ ਮੋਹ ਪੈਦਾ ਕਰਨਾ, ਉਨ੍ਹਾਂ ਦਾ ਮਨੋਰੰਜਨ ਕਰਨਾ ਤੇ ਅਖੀਰ ਕੋਈ ਸਿੱਖਿਆ ਦੇਣਾ ਹੈ |
'ਚਾਂਦੀ ਦਾ ਸਿੱਕਾ' ਕਹਾਣੀ ਭਾਵੇਂ ਗੁਰੂ ਕੁਲ ਦੀ ਗੱਲ ਕਰਦੀ ਹੈ ਪਰ ਆਧੁਨਿਕ ਸਮੇਂ ਦਾ ਸੱਚ ਹੈ | ਅੱਜ ਵਿਦਿਆਰਥੀ ਵਿਚ ਸਬਰ-ਸੰਤੋਖ ਘਟ ਗਿਆ ਹੈ | ਵਧੀਆ ਕਹਾਣੀ ਹੈ | ਪਾਠਕਾਂ ਨੂੰ ਨਾਲ ਜੋੜੀ ਰੱਖਦੀ ਹੈ | 'ਵਪਾਰੀ ਦੀ ਬੱੁਧਮਾਨੀ' ਕਹਾਣੀ ਪੜ੍ਹਦੇ ਸਮੇਂ ਸਮਝ ਨਹੀਂ ਆਉਂਦਾ ਕਿ ਅੱਗੇ ਕੀ ਹੋਵੇਗਾ? ਕਹਾਣੀ ਦਾ ਨਿਭਾ ਵਧੀਆ ਤੇ ਅੰਤ ਸਿੱਖਿਆ ਪ੍ਰਦਾਨ ਕਰਦਾ ਹੈ | 'ਮਾਪਿਆਂ ਦੀ ਅਗਵਾਈ', ਇਹ ਕਹਾਣੀ ਅੱਜ ਦੇ ਸਮੇਂ ਦਾ ਸੱਚ ਹੈ | ਸਾਡੀ ਨਵੀਂ ਪੀੜ੍ਹੀ ਆਪਣੇ ਮਾਪਿਆਂ ਤੋਂ ਟੱੁਟ ਰਹੀ ਹੈ | ਉਨ੍ਹਾਂ ਨੂੰ ਬਜ਼ੁਰਗਾਂ ਦੀ ਸਿੱਖਿਆ ਚੰਗੀ ਨਹੀਂ ਲਗਦੀ | 'ਇਹ ਕੈਸਾ ਸਨਮਾਨ', 'ਕਿਸਾਨ ਦੀ ਅਕਲਮੰਦੀ', 'ਚਿੱਤਰਕਾਰ ਦੀ ਚਤੁਰਾਈ', 'ਸੁਨਹਿਰੀ ਸਵੇਰ', 'ਸੁਹਾਵਣਾ ਅੰਤ' ਆਦਿ ਸਾਰੀਆਂ ਹੀ ਕਹਾਣੀਆਂ ਵਧੀਆ ਹਨ | 'ਸੁਨਹਿਰੀ ਸਵੇਰ' ਕਹਾਣੀ ਇਸ ਪੁਸਤਕ ਦੀ ਪ੍ਰਾਪਤੀ ਹੈ, ਜੋ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਨਾਲ ਸਫਲਤਾ ਪ੍ਰਾਪਤ ਕਰਨ ਲਈ ਪ੍ਰੇਰਦੀ ਹੈ |
ਵਿਦਿਆਰਥੀ ਲੇਖਿਕਾ ਰੂਹੀ ਸਿੰਘ ਨੇ ਬੜਾ ਹੀ ਸਾਰਥਕ ਯਤਨ ਕੀਤਾ ਹੈ ਤੇ ਉਹ ਸਫਲ ਹੋਈ ਹੈ | ਇਸ ਤਰ੍ਹਾਂ ਦੀਆਂ ਪੁਸਤਕਾਂ ਲਾਇਬ੍ਰੇਰੀਆਂ ਵਿਚ ਜ਼ਰੂਰ ਹੋਣੀਆਂ ਚਾਹੀਦੀਆਂ ਹਨ | ਹਰ ਬਾਲ ਪਾਠਕ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ | ਪੰਜਾਬੀ ਬਾਲ ਸਾਹਿਤ ਵਿਚ 'ਸੁਨਹਿਰੀ ਸਵੇਰ' ਪੁਸਤਕ ਦਾ ਸਵਾਗਤ ਹੈ | ਲੇਖਿਕਾ ਰੂਹੀ ਸਿੰਘ ਵਧੀਆ ਪੁਸਤਕ ਲਿਖਣ ਲਈ ਵਧਾਈ ਦੀ ਪਾਤਰ ਹੈ |

-ਅਵਤਾਰ ਸਿੰਘ ਸੰਧੂ
ਮੋਬਾ: 99151-82971

ਚੁਟਕਲੇ

• ਪਿਤਾ (ਪੱੁਤਰ ਨੂੰ )-ਓਏ, ਆਹ ਦੋ ਬਿਸਤਰੇ ਕਿਸ ਵਾਸਤੇ ਲਾਏ ਆ?
ਪੱੁਤਰ-ਪਿਤਾ ਜੀ, ਅੱਜ ਘਰੇ ਦੋ ਮਹਿਮਾਨ ਆਉਣੇ ਹਨ, ਇਕ ਮੰਮੀ ਦਾ ਭਰਾ ਅਤੇ ਦੂਜਾ ਮੇਰਾ ਮਾਮਾ |
ਪਿਤਾ-ਇਕ ਬਿਸਤਰਾ ਹੋਰ ਲਾ ਦੇ, ਮੇਰੇ ਸਾਲੇ ਨੇ ਵੀ ਤਾਂ ਆਉਣਾ ਹੈ |
• ਬੱਸ ਚੈਕਰ (ਸੋਨੂੰ ਨੂੰ )-ਟਿਕਟ ਦਿਖਾਓ |
ਸੋਨੂੰ-ਆਹ ਲਓ |
ਬੱਸ ਚੈਕਰ-ਇਹ ਤਾਂ ਪੁਰਾਣੀ ਟਿਕਟ ਹੈ |
ਸੋਨੂੰ-ਅੰਕਲ ਜੀ, ਬੱਸ ਕਿਹੜਾ ਨਵੀਂ ਹੈ?
• ਅਧਿਆਪਕ (ਗੱੁਸੇ ਵਿਚ)-ਤੰੂ ਮੇਰਾ ਦਿਮਾਗ ਖਰਾਬ ਕਰ ਦਿੱਤਾ ਹੈ, ਕੱਲ੍ਹ ਮੈਂ ਤੇਰੇ ਬਾਸ ਨੂੰ ਮਿਲਾਂਗਾ?
ਲੱਕੀ-ਨਹੀਂ ਸਰ, ਬਾਪੂ ਨੂੰ ਨਹੀਂ ਜੀ, ਮੇਰੇ ਚਾਚਾ ਜੀ ਦਿਮਾਗ ਦੇ ਡਾਕਟਰ ਹਨ |

-ਅਵਤਾਰ ਸਿੰਘ ਕਰੀਰ,
ਮੋਗਾ |

ਆਪਣਾ ਵਾਯੂਮੰਡਲ

ਬੱਚਿਓ, ਵਾਯੂਮੰਡਲ ਤੋਂ ਬਗੈਰ ਆਪਾਂ ਜੀਵਤ ਨਹੀਂ ਰਹਿ ਸਕਦੇ | ਇਹ ਰੰਗ ਅਤੇ ਸਵਾਦ ਤੋਂ ਰਹਿਤ ਹੈ | ਇਹ ਸਾਨੂੰ ਹਵਾ, ਪਾਣੀ ਅਤੇ ਤਪਸ਼ ਪ੍ਰਦਾਨ ਕਰਦਾ ਹੈ | ਇਹ ਧਰਤੀ ਤੋਂ 700 ਕਿਲੋਮੀਟਰ ਉੱਪਰ ਵੱਲ ਫੈਲਿਆ ਹੋਇਆ ਹੈ ਪਰ ਇਸ ਦੀ ਕੋਈ ਸੀਮਾ ਤਹਿ ਨਹੀਂ ਹੈ | ਜਿਵੇਂ-ਜਿਵੇਂ ਇਹ ਉੱਪਰ ਜਾਂਦਾ ਹੈ, ਇਹ ਪਤਲਾ ਹੁੰਦਾ ਜਾਂਦਾ ਹੈ ਅਤੇ ਕਈ ਤਰ੍ਹਾਂ ਦੀਆਂ ਕਹਾਣੀਆਂ ਨੂੰ ਜਨਮ ਦਿੰਦਾ ਹੈ |
ਇਸ ਦੀਆਂ ਪੰਜ ਪਰਤਾਂ ਹਨ | ਜਿਸ ਤਹਿ ਵਿਚ ਆਪਾਂ, ਜੀਵ-ਜੰਤੂ ਅਤੇ ਰੱੁਖ ਕੁਦਰਤੀ ਤੌਰ 'ਤੇ ਰਹਿ ਸਕਦੇ ਹਨ, ਉਸ ਨੂੰ 'ਟਰੋਪੇਸ਼ਪੀਅਰ' ਕਹਿੰਦੇ ਹਨ | ਇਸ ਵਿਚ ਗੈਸਾਂ, ਪਾਣੀ ਅਤੇ ਬੱਦਲ ਮੌਜੂਦ ਹੁੰਦਾ ਹੈ | ਅਗਲੀ ਤਹਿ ਨੂੰ 'ਸਟਰੈਪੋਸ਼ਪੀਅਰ' ਕਹਿੰਦੇ ਹਨ ਜੋ ਹਵਾਈ ਜਹਾਜ਼ਾਂ ਦੇ ਉਡਣ ਲਈ ਉਚਿਤ ਤਹਿ ਹੈ | ਅਗਲੀ ਤਹਿ ਨੂੰ 'ਮੀਜੋਸ਼ਪੀਅਰ' ਅਤੇ ਜਿਹੜੀ ਤਹਿ ਵਿਚ ਓਜ਼ੋਨ ਤਹਿ ਮੌਜੂਦ ਹੈ, ਉਸ ਨੂੰ 'ਥਰਮੋਸ਼ਪੀਅਰ' ਅਤੇ ਆਖਰੀ ਤਹਿ ਨੂੰ 'ਐਕਸੋਸ਼ਪੀਅਰ' ਕਹਿੰਦੇ ਹਨ |
ਬਣਤਰ : ਵਾਯੂਮੰਡਲ ਵਿਚ 78 ਫ਼ੀਸਦੀ ਨਾਈਟ੍ਰੋਜਨ, 21 ਫ਼ੀਸਦੀ ਆਕਸੀਜਨ, 0.93 ਫ਼ੀਸਦੀ ਆਰਗੌਨ, 0.03 ਫ਼ੀਸਦੀ ਕਾਰਬਨ ਡਾਈਆਕਸਾਈਡ ਅਤੇ 0.04 ਫ਼ੀਸਦੀ ਹੋਰ ਗੈਸਾਂ ਹੁੰਦੀਆਂ ਹਨ |
ਓਜ਼ੋਨ ਤਹਿ : ਇਹ ਤਹਿ ਸੂਰਜ ਵਲੋਂ ਆ ਰਹੀਆਂ ਹਾਨੀਕਾਰਕ ਕਿਰਨਾਂ ਨੂੰ ਆਪਣੇ ਵਿਚ ਸਮੋ ਲੈਂਦੀ ਹੈ | ਦਰੱਖਤਾਂ ਦੇ ਕੱਟਣ ਨਾਲ ਅਤੇ ਮਨੱੁਖ ਵਲੋਂ ਗੱਡੀਆਂ ਰਾਹੀਂ ਛੱਡੀ ਜਾ ਰਹੀ ਹਾਨੀਕਾਰਕ ਗੈਸ ਕਲੋਰੋਫਲੋਰੋ ਕਾਰਬਨ ਨਾਲ ਇਹ ਤਹਿ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਸੂਰਜ ਵਲੋਂ ਆ ਰਹੀਆਂ ਹਾਨੀਕਾਰਕ ਕਿਰਨਾਂ ਇਸ ਤਹਿ ਨੂੰ ਚੀਰ ਕੇ ਧਰਤੀ ਉੱਪਰ ਆ ਰਹੀਆਂ ਹਨ | ਇਨ੍ਹਾਂ ਨੂੰ 'ਗ੍ਰੀਨ ਹਾਊਸ ਗੈਸਾਂ' ਕਹਿੰਦੇ ਹਨ |
ਆਕਸੀਜਨ ਚੱਕਰ : ਜੀਵਤ ਪ੍ਰਾਣੀਆਂ ਵਿਚਕਾਰ ਗੈਸਾਂ ਦਾ ਅਦਾਨ-ਪ੍ਰਦਾਨ ਲਗਾਤਾਰ ਚੱਲ ਰਿਹਾ ਹੈ | ਮਨੱੁਖ ਅਤੇ ਜਾਨਵਰ ਸਾਹ ਰਾਹੀਂ ਆਕਸੀਜਨ ਲੈਂਦੇ ਹਨ ਅਤੇ ਕਾਰਬਨ ਡਾਈਆਕਸਾਈਡ ਛੱਡਦੇ ਹਨ, ਜਦੋਂ ਕਿ ਹਰੀ ਬਨਸਪਤੀ ਆਕਸੀਜਨ ਛੱਡਦੀ ਹੈ ਅਤੇ ਕਾਰਬਨ ਡਾਈਆਕਸਾਈਡ ਸਾਹ ਰਾਹੀਂ ਲੈਂਦੀ ਹੈ | ਇਸ ਨੂੰ ਆਕਸੀਜਕ ਚੱਕਰ ਕਹਿੰਦੇ ਹਨ |
ਵਾਯੂਮੰਡਲ ਨੂੰ ਕਿਵੇਂ ਬਚਾਈਏ : ਸਭ ਤੋਂ ਪਹਿਲਾਂ ਸਾਨੂੰ ਪ੍ਰਦੂਸ਼ਣ ਨੂੰ ਨੱਥ ਪਾਉਣੀ ਪਵੇਗੀ | ਚੌਕਾਂ ਵਿਚ ਲਾਲ ਬੱਤੀ ਹੋਣ 'ਤੇ ਵਾਹਨਾਂ ਨੂੰ ਬੰਦ ਕਰ ਦੇਣਾ ਚਾਹੀਦਾ ਹੈ | ਵੱਧ ਤੋਂ ਵੱਧ ਰੱੁਖ ਲਗਾਉਣੇ ਪੈਣਗੇ | ਘਰਾਂ ਵਿਚ ਗਮਲਿਆਂ ਵਿਚ ਵੀ ਪੌਦੇ ਲਗਾਏ ਜਾ ਸਕਦੇ ਹਨ, ਕਿਉਂਕਿ ਕਈ ਅਜਿਹੇ ਪੌਦੇ ਹਨ, ਜੋ ਜ਼ਿਆਦਾ ਮਾਤਰਾ ਵਿਚ ਆਕਸੀਜਨ ਛੱਡਦੇ ਹਨ | ਅੱਜਕਲ੍ਹ ਦੀਵਾਰਾਂ ਉੱਪਰ 'ਵਰਟੀਕਲ ਬਾਗਵਾਨੀ' ਦਾ ਰੁਝਾਨ ਵੀ ਵਧ ਰਿਹਾ ਹੈ ਜੋ ਭਵਿੱਖ ਲਈ ਸ਼ੱੁਭ ਸੰਕੇਤ ਹੈ |

-8/29, ਨਿਊ ਕੁੰਦਨਪੁਰੀ, ਲੁਧਿਆਣਾ |

ਬਾਲ ਗੀਤ: ਭਾਗਾਂ ਵਾਲਾ

ਚੜ੍ਹਦੇ ਸੂਰਜ ਸਮਾਨ ਚਮਕਿਆ ਉਹ ਲਾਲ ਸੀ,
ਤਾਂ ਹੀ ਤੇ ਭਾਗਾਂ ਵਾਲਾ ਕਹਾਇਆ ਉਹ ਜਵਾਨ ਸੀ |
ਜਿਸ ਦੇਸ਼ ਨੂੰ ਕੀਤਾ ਅਥਾਹ ਪਿਆਰ ਸੀ,
ਜਿਸ ਦੇਸ਼ ਦੀ ਖਾਤਰ ਮਰਨ ਦੀ ਰੱਖੀ ਤਾਂਘ ਸੀ |
ਪਿੰਡ ਖਟਕੜ ਕਲਾਂ ਦਾ ਵਸਨੀਕ ਸੀ,
ਮਾਂ-ਬਾਪ ਦੀਆਂ ਅੱਖੀਆਂ ਦਾ ਤਾਰਾ ਸੀ |
ਰਿਸ਼ਤੇਦਾਰਾਂ ਦੇ ਪਿਆਰ ਵਿਚ ਪਲਿਆ ਸੀ,
ਦਾਦੀ ਦਾ ਪਿਆਰਾ ਭਗਤ ਸਿੰਘ ਸੀ |
ਜਿਸ ਲਾਲਾ ਲਾਜਪਤ ਰਾਏ ਦੀ ਸ਼ਹੀਦੀ ਨੂੰ ,
ਅੱਖੀਓਾ ਨਹੀਂ ਵਿਸਾਰਿਆ ਸੀ |
ਅੰਗਰੇਜ਼ ਕੌਮ ਦੇ ਹਰ ਤਸੀਹੇ ਨੂੰ ,
ਖਿੜੇ ਮੱਥੇ ਸਵੀਕਾਰਿਆ ਸੀ |
ਜਾਗੋ ਨੌਜਵਾਨੋ ਦੇਖੋ ਦੇਸ਼ ਦਾ ਇਤਿਹਾਸ,
ਕਿਉਂ ਨਸ਼ਿਆਂ ਦੇ ਹਾਣੀ ਬਣੀ ਜਾਂਦੇ ਹੋ |
ਆਓ ਮਿਲੀ ਆਜ਼ਾਦੀ ਦਾ ਸਨਮਾਨ ਕਰੀਏ,
ਅਸੀਂ ਵੀ ਭਾਗਾਂ ਵਾਲੇ ਕਹਾਈਏ |

-ਜਤਿੰਦਰ ਕੌਰ,
ਸਰਕਾਰੀ ਐਲੀਮੈਂਟਰੀ ਸਕੂਲ, ਅਨਗੜ੍ਹ (ਅੰਮਿ੍ਤਸਰ) | ਮੋਬਾ: 88728-69775

ਬਾਲ ਨਾਵਲ-82: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਡਾਕਟਰ ਸਾਹਿਬ ਕੋਲ ਪਈ ਅਲਮਾਰੀ ਵਿਚੋਂ ਇਕ ਫਾਈਲ ਕੱਢ ਕੇ ਦੇਖਣ ਲੱਗ ਪਏ | ਫਾਈਲ ਦੇਖਦਿਆਂ-ਦੇਖਦਿਆਂ ਉਨ੍ਹਾਂ ਨੇ ਹਰੀਸ਼ ਨੂੰ ਕੁਝ ਸਵਾਲ ਪੱੁਛੇ, ਜਿਨ੍ਹਾਂ ਦਾ ਉਹ ਜਵਾਬ ਦਿੰਦਾ ਗਿਆ |
ਉਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਕਲਰਕ ਨੂੰ ਬੁਲਾ ਕੇ ਕਿਹਾ, 'ਇਹ ਡਾਕਟਰ ਹਰੀਸ਼ ਨੇ, ਇਨ੍ਹਾਂ ਨੂੰ ਆਪਣੇ ਕਮਰੇ ਵਿਚ ਲੈ ਜਾਓ ਅਤੇ ਇਨ੍ਹਾਂ ਕੋਲੋਂ ਹਸਪਤਾਲ ਜੁਆਇਨ ਕਰਨ ਵਾਲੇ ਸਾਰੇ ਫਾਰਮ ਭਰਵਾ ਲਓ |' ਫਿਰ ਉਹ ਹਰੀਸ਼ ਨੂੰ ਕਹਿਣ ਲੱਗੇ ਕਿ 'ਸਾਡੀਆਂ ਕੁਝ ਫਾਰਮੈਲਿਟੀਜ਼ ਹੁੰਦੀਆਂ ਹਨ | ਤੁਸੀਂ ਉਨ੍ਹਾਂ ਨੂੰ ਪੂਰਾ ਕਰ ਦਿਓ | ਅਸੀਂ ਦੋ-ਤਿੰਨ ਦਿਨਾਂ ਵਿਚ ਮੀਟਿੰਗ ਕਰਕੇ ਤੁਹਾਨੂੰ ਇਹ ਸਪਤਾਲ ਜੁਆਇਨ ਕਰਵਾ ਲਵਾਂਗੇ |'
'ਮੈਂ ਕਿੰਨੇ ਦਿਨਾਂ ਪਿੱਛੋਂ ਆਵਾਂ, ਡਾਕਟਰ ਸਾਹਿਬ?'
'ਉਮੀਦ ਹੈ ਤਿੰਨ-ਚਾਰ ਦਿਨਾਂ ਵਿਚ ਤੁਹਾਡਾ ਕੰਮ ਹੋ ਜਾਵੇਗਾ |'
'ਮੈਂ ਫਿਰ ਦੋ ਦਿਨ ਅੰਮਿ੍ਤਸਰ ਜਾ ਕੇ ਆਪਣਾ ਸਾਮਾਨ ਵਗੈਰਾ ਲੈ ਆਵਾਂ?'
'ਹਾਂ, ਹਾਂ, ਜ਼ਰੂਰ | ਬਹੁਤ ਕੁਝ ਲਿਆਉਣ ਦੀ ਲੋੜ ਨਹੀਂ | ਇਥੇ ਹਸਪਤਾਲ ਵਿਚ ਹੀ ਡਾਕਟਰਾਂ ਲਈ ਵੱਖਰਾ ਹੋਸਟਲ ਹੈ | ਤੁਸੀਂ ਉਥੇ ਰਹਿ ਸਕਦੇ ਹੋ |'
ਡਾਕਟਰ ਸਾਹਿਬ ਦੀ ਗੱਲ ਸੁਣ ਕੇ ਉਹ ਖੁਸ਼ ਹੁੰਦਾ ਬੋਲਿਆ, 'ਠੀਕ ਐ ਜੀ |'
'ਤੁਸੀਂ ਆਪਣਾ ਮੋਬਾਈਲ ਨੰਬਰ ਫਾਰਮ ਵਿਚ ਜ਼ਰੂਰ ਲਿਖ ਦੇਣਾ, ਤਾਂ ਜੋ ਤੁਹਾਨੂੰ ਇਤਲਾਹ ਦੇ ਸਕੀਏ |'
'ਠੀਕ ਐ ਜੀ', ਕਹਿੰਦਿਆਂ ਉਸ ਨੇ ਡਾਕਟਰ ਸਾਹਿਬ ਦੇ ਪੈਰੀਂ ਹੱਥ ਲਾਏ | ਡਾਕਟਰ ਸਾਹਿਬ ਨੇ ਉਸ ਦੀ ਪਿੱਠ 'ਤੇ ਥਾਪੀ ਦਿੱਤੀ ਅਤੇ ਉਹ ਕਲਰਕ ਦੇ ਕਮਰੇ ਵੱਲ ਤੁਰ ਪਿਆ | ਕਲਰਕ ਦੇ ਕਮਰੇ ਵਿਚ ਜਾ ਕੇ ਉਸ ਨੇ ਸਾਰੇ ਫਾਰਮ ਭਰ ਦਿੱਤੇ | ਸਾਰੀ ਕਾਰਵਾਈ ਖਤਮ ਕਰਕੇ ਉਹ ਕਮਰੇ 'ਚੋਂ ਬਾਹਰ ਨਿਕਲਿਆ ਤਾਂ ਉਸ ਦਾ ਜੀਅ ਕੀਤਾ ਕਿ ਉਹ ਸਾਰੇ ਹਸਪਤਾਲ ਦਾ ਇਕ ਚੱਕਰ ਮਾਰੇ | ਹਸਪਤਾਲ ਵੱਡਾ ਹੋਣ ਕਰਕੇ ਉਸ ਨੂੰ ਚੱਕਰ ਮਾਰਦਿਆਂ ਕਾਫੀ ਵਕਤ ਲੱਗ ਗਿਆ | ਹਸਪਤਾਲ ਉਸ ਨੂੰ ਕਾਫੀ ਪਸੰਦ ਆਇਆ |
ਹਸਪਤਾਲ 'ਚੋਂ ਉਹ ਜਦੋਂ ਬਾਹਰ ਨਿਕਲਿਆ ਤਾਂ ਸ਼ਾਮ ਪੈ ਗਈ ਸੀ | ਉਸ ਨੇ ਉਥੋਂ ਸਿੱਧਾ ਸਟੇਸ਼ਨ ਦਾ ਆਟੋ ਰਿਕਸ਼ਾ ਫੜਿਆ | ਸਟੇਸ਼ਨ 'ਤੇ ਪਹੁੰਚ ਕੇ ਉਸ ਨੇ ਅੰਮਿ੍ਤਸਰ ਜਾਣ ਲਈ ਗੱਡੀ ਦੀ ਟਿਕਟ ਲੈ ਲਈ |
ਹਰੀਸ਼ ਸਵੇਰੇ ਤੜਕੇ ਅੰਮਿ੍ਤਸਰ ਪਹੁੰਚ ਗਿਆ | ਸਟੇਸ਼ਨ ਤੋਂ ਰਿਕਸ਼ਾ ਲੈ ਕੇ ਉਹ ਸਿੱਧਾ ਮਾਤਾ ਜੀ ਦੇ ਘਰ ਗਿਆ | ਮਾਤਾ ਜੀ ਉਸ ਵੇਲੇ ਗੁਟਕਾ ਲੈ ਕੇ ਪਾਠ ਕਰ ਰਹੇ ਸਨ | ਐਨੀ ਜਲਦੀ ਹਰੀਸ਼ ਨੂੰ ਦਿੱਲੀ ਤੋਂ ਵਾਪਸ ਮੁੜਿਆ ਦੇਖ ਉਹ ਹੈਰਾਨ ਹੋ ਗਏ | ਉਨ੍ਹਾਂ ਨੇ ਹਰੀਸ਼ ਨੂੰ ਕੋਲ ਬਿਠਾਇਆ ਅਤੇ ਪਿੱਠ 'ਤੇ ਪਿਆਰ ਕਰਦਿਆਂ ਕਿਹਾ, 'ਬੜੀ ਜਲਦੀ ਆ ਗਏ ਬੇਟਾ, ਸਭ ਠੀਕ ਹੈ ਨਾ?'

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX