ਤਾਜਾ ਖ਼ਬਰਾਂ


ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 40 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 : ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 169 ਦੌੜਾਂ ਦਾ ਟੀਚਾ
. . .  1 day ago
ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  1 day ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  1 day ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  1 day ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  1 day ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  1 day ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  1 day ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਸੁਲਤਾਨਪੁਰ ਲੋਧੀ : ਪੰਜਾਬ ਦਾ ਦੂਜਾ ਨਨਕਾਣਾ ਸਾਹਿਬ

ਸੁਲਤਾਨਪੁਰ ਲੋਧੀ ਪੰਜਾਬ ਦੇ ਕਪੂਰਥਲਾ ਸ਼ਹਿਰ ਤੋਂ 27 ਕਿਲੋਮੀਟਰ ਦੂਰ ਦੱਖਣ ਵੱਲ ਜਲੰਧਰ-ਫਿਰੋਜ਼ਪੁਰ ਰੇਲ ਮਾਰਗ 'ਤੇ ਸਥਿਤ ਹੈ | ਇਹ ਬੁੱਧੂ-ਬਰਕਤ ਤੇ ਟੇਰਕਿਆਣਾ ਤੋਂ ਨਿਕਲਦੀ ਕਾਲੀ ਵੇਈਾ ਦੇ ਕੰਢੇ 'ਤੇ ਵਸਿਆ ਹੋਇਆ ਹੈ | ਦਰਿਆ ਸਤਲੁਜ ਅਤੇ ਬਿਆਸ ਦੇ ਵਿਚਕਾਰ ਜਿਹੇ ਵਸਿਆ 17 ਕੁ ਹਜ਼ਾਰ ਦੀ ਆਬਾਦੀ ਵਾਲਾ ਇਹ ਸ਼ਹਿਰ ਆਪਣੇ ਅੰਦਰ ਸਦੀਆਂ ਦਾ ਇਤਿਹਾਸ ਸਮੋਈ ਬੈਠਾ ਹੈ | ਮੰਨਿਆ ਜਾਂਦਾ ਹੈ ਕਿ ਇਸ ਦੀ ਉਤਪਤੀ ਬੁੱਧ ਦੇ ਜ਼ਮਾਨੇ ਵਿਚ ਹੋਈ | ਵਰਤਮਾਨ ਸੁਲਤਾਨਪੁਰ ਲੋਧੀ ਦੀ ਨੀਂਹ ਮਹਿਮੂਦ ਗਜ਼ਨਵੀ ਦੇ ਇਕ ਫੌਜਦਾਰ ਸੁਲਤਾਨ ਖਾਂ ਨੇ ਰੱਖੀ ਸੀ | ਇਹ ਨਗਰ ਪੁਰਾਣੇ ਸਮਿਆਂ ਵਿਚ ਬੜਾ ਸ਼ਾਨਾਮੱਤਾ ਅਤੇ ਗੌਰਵਸ਼ਾਲੀ ਆਨ-ਬਾਨ ਵਾਲਾ ਸ਼ਹਿਰ ਸੀ | ਇਥੇ ਸਥਿਤ ਸ਼ਾਹੀ ਸਰਾਂ ਵਰਗੀਆਂ ਇਮਾਰਤਾਂ, ਹਾਥੀਆਂ ਅਤੇ ਪਾਲਕੀਆਂ ਲਈ ਉਚੇਚੇ ਤੌਰ 'ਤੇ ਚੌੜੇ ਪੁਲਾਂ ਦੇ ਖੰਡਰ, ਇਸ ਤੱਥ ਦੀ ਸਾਖਿਆਤ ਸ਼ਾਹਦੀ ਭਰਦੇ ਹਨ ਕਿ ਸੁਲਤਾਨਪੁਰ ਲੋਧੀ ਸੱਤਾਧਾਰੀ ਪ੍ਰਵਾਹ ਨਾਲ ਨੇੜਿਓਾ ਵਾਬਸਤਾ ਸੀ | ਇਹ ਲਾਹੌਰ-ਆਗਰਾ ਜਰਨੈਲੀ ਮਾਰਗ 'ਤੇ ਸਥਿਤ ਸੀ ਅਤੇ ਸ਼ਾਹੀ ਅਰਾਮਗਾਹ ਕਰਕੇ ਮਸ਼ਹੂਰ ਸੀ | ਧਾਰਮਿਕ ਮਾਹੌਲ ਕਰਕੇ ਇਸ ਨੂੰ 'ਪੀਰਾਂ-ਪੁਰੀ' ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਰਿਹਾ ਹੈ | ਇਥੇ ਵਿਸ਼ਵ ਵਿਦਿਆਲੇ ਦੇ ਪੱਧਰ ਦਾ ਮੁਸਲਿਮ ਮਦਰੱਸਾ ਸੀ, ਜਿਥੇ ਮੁਸਲਿਮ ਧਰਮ ਦੀ ਵਿੱਦਿਆ ਤੋਂ ਬਿਨਾਂ ਵਿਵਹਾਰਕ ਵਿੱਦਿਆ ਪ੍ਰਦਾਨ ਕੀਤੀ ਜਾਂਦੀ ਸੀ | ਇਸ ਮਦਰੱਸੇ ਦਾ ਮੁਖੀ ਉਸਤਾਦ ਅਬਦੁੱਲ ਲਤੀਫ ਸੀ | ਮੁਗਲ ਸ਼ਹਿਜ਼ਾਦੇ ਦਾਰਾ ਸ਼ਿਕੋਹ ਅਤੇ ਔਰੰਗਜ਼ੇਬ ਤੋਂ ਬਿਨਾਂ ਦਿੱਲੀ ਬਾਦਸ਼ਾਹੀਅਤ ਦੇ ਕਈ ਖਾਨਜ਼ਾਦੇ ਇਥੋਂ ਤਾਲੀਮ ਹਾਸਲ ਕਰਦੇ ਰਹੇ ਹਨ | ਕਿਸੇ ਜ਼ਮਾਨੇ ਵਿਚ ਇਥੇ ਕੱਪੜੇ ਰੰਗਣ ਵਾਲੇ ਕਲਾਕਾਰ ਲੋਕ ਰਹਿੰਦੇ ਸਨ, ਜੋ ਖਾਸ ਤੌਰ 'ਤੇ ਛੀਂਟਾਂ ਰੰਗਣ ਵਿਚ ਨਿਪੁੰਨ ਸਨ, ਜਿਸ ਕਰਕੇ ਇਸ ਨੂੰ ਛੀਂਟਾਂ ਵਾਲਾ ਸ਼ਹਿਰ ਵੀ ਕਿਹਾ ਜਾਂਦਾ ਰਿਹਾ ਹੈ |
ਸਿੱਖ ਧਰਮ ਵਿਚ ਇਸ ਸ਼ਹਿਰ ਦਾ ਵਿਸ਼ੇਸ਼ ਮਹੱਤਵ ਹੈ | ਗੁਰੂ ਨਾਨਕ ਦੇਵ ਜੀ ਇਥੇ 14-15 ਸਾਲ ਆਪਣੀ ਭੈਣ ਨਾਨਕੀ ਕੋਲ ਰਹਿੰਦੇ ਰਹੇ | ਅਸਲ ਵਿਚ ਜਦੋਂ ਪਿਤਾ ਮਹਿਤਾ ਕਲਿਆਣ ਰਾਏ ਵਲੋਂ ਵਪਾਰ ਕਰਨ ਲਈ ਦਿੱਤੀ ਵੱਡੀ ਰਕਮ ਗੁਰੂ ਜੀ ਨੇ ਲੋੜਵੰਦਾਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਖਰਚ ਦਿੱਤੀ ਤਾਂ ਪਿਤਾ ਜੀ ਜ਼ਿਆਦਾ ਖਫ਼ਾ ਰਹਿਣ ਲੱਗੇ | ਬੇਬੇ ਨਾਨਕੀ ਅਤੇ ਭਾਈਏ ਜੈ ਰਾਮ ਦਾ ਗੁਰੂ ਨਾਨਕ ਦੇਵ ਜੀ ਨਾਲ ਖਾਸਾ ਪਿਆਰ ਸੀ | ਉਨ੍ਹਾਂ ਗੁਰੂ ਜੀ ਨੂੰ ਆਪਣੇ ਕੋਲ ਬੁਲਾ ਲੈਣ ਵਿਚ ਸਿਆਣਪ ਸਮਝੀ | ਇਹ 1501 ਦੇ ਕਰੀਬ ਦੀ ਗੱਲ ਹੋ ਸਕਦੀ ਹੈ | ਉਸ ਸਮੇਂ ਤੱਕ ਗੁਰੂ ਜੀ ਦੀ ਸ਼ਾਦੀ ਵੀ ਹੋ ਚੁੱਕੀ ਸੀ ਅਤੇ ਲ਼ਖਮੀ ਦਾਸ ਅਤੇ ਸ੍ਰੀਚੰਦ ਵੀ ਮੁੱਢਲਾ ਬਚਪਨ ਬਤੀਤ ਕਰ ਰਹੇ ਸਨ | ਗੁਰੂ ਜੀ ਦੇ ਵੇਲੇ ਸੁਲਤਾਨਪੁਰ 'ਤੇ ਨਵਾਬ ਦੌਲਤ ਖਾਨ ਦਾ ਰਾਜ ਸੀ | ਭਾਈਆ ਜੈ ਰਾਮ ਦੇ ਨਵਾਬ ਦੌਲਤ ਖਾਨ ਨਾਲ ਅੱਛੇ ਸੰਬੰਧ ਸਨ | ਉਸ ਨੇ ਗੁਰੂ ਜੀ ਨੂੰ ਸਰਕਾਰੀ ਮੋਦੀ ਖਾਨੇ ਵਿਚ ਮੋਦੀ ਰਖਵਾ ਦਿੱਤਾ | ਉਨ੍ਹਾਂ ਜ਼ਮਾਨਿਆਂ ਵਿਚ ਮਾਲੀਆ ਜਿਣਸ ਦੇ ਰੂਪ ਵਿਚ ਇਕੱਠਾ ਹੁੰਦਾ ਸੀ | ਤਨਖਾਹਾਂ ਵਿਚ ਵੀ ਜਿਣਸ ਦਿੱਤੀ ਜਾਂਦੀ ਸੀ | ਬਾਕੀ ਅਨਾਜ ਜਨਤਾ ਨੂੰ ਵੇਚ ਦਿੱਤਾ ਜਾਂਦਾ ਸੀ | ਨਵਾਬ ਨੂੰ ਵੀ ਅਜਿਹੇ ਇਮਾਨਦਾਰ ਵਿਅਕਤੀ ਦੀ ਲੋੜ ਸੀ, ਜੋ ਰੱਬ ਦੇ ਭਉ ਵਿਚ ਰਹਿਣ ਵਾਲਾ ਹੋਵੇ |
ਦੱਸਿਆ ਜਾਂਦਾ ਹੈ ਕਿ ਉਸ ਸਮੇਂ ਵੀ ਇਹ ਸ਼ਹਿਰ ਕਾਫੀ ਵੱਡਾ ਸੀ | ਇਸ ਦੇ 32 ਬਾਜ਼ਾਰ ਸਨ | ਡਡਵਿੰਡੀ ਇਸ ਦੀ ਦੁੱਧ ਮੰਡੀ ਸੀ ਤੇ ਲੋਹੀਆਂ ਲੋਹੇ ਨਾਲ ਸਬੰਧਿਤ ਕਾਰੋਬਾਰਾਂ ਲਈ ਮਸ਼ਹੂਰ ਸੀ ਪਰ ਸਭ ਤੋਂ ਵਧੀਆ ਗੱਲ ਕਿ ਵੇਈਾ ਦੇ ਕੰਢੇ 'ਤੇ ਸਾਈਾ ਖਰਬੂਜੇ ਸ਼ਾਹ ਵਰਗੇ, ਗੈਬ ਗਾਜ਼ੀ ਵਰਗੇ ਕਈ ਪੀਰਾਂ-ਫਕੀਰਾਂ ਅਤੇ ਅਲਮਸਤਾਂ ਦੇ ਡੇਰੇ ਸਨ | ਇਨ੍ਹਾਂ ਨਾਲ ਗੁਰੂ ਜੀ ਦੀ ਉਠਣੀ-ਬੈਠਣੀ ਹੋਣ ਲੱਗੀ | ਉਹ ਸਵੇਰੇ ਵੇਈਾ ਦੇ ਕੰਢੇ 'ਤੇ ਇਸ਼ਨਾਨ ਕਰਦੇ, ਸਮਾਧੀ ਲਗਾਉਂਦੇ, ਸਿਮਰਨ ਕਰਦੇ ਤੇ ਸ਼ਾਮ ਨੂੰ ਪੀਰਾਂ-ਫਕੀਰਾਂ ਦੀ ਸੰਗਤ ਕਰਦੇ | ਆਪਣੇ ਸਾਰੇ ਫਰਜ਼ ਇਮਾਨਦਾਰੀ ਨਾਲ ਨਿਭਾਉਂਦਿਆਂ, ਗ਼ਰੀਬ-ਗੁਰਬੇ ਦੀ ਸਹਾਇਤਾ ਕਰਦਿਆਂ ਛੇਤੀ ਹੀ ਉਨ੍ਹਾਂ ਦਾ ਮਨ ਟਿਕਾਓ ਵਿਚ ਰਹਿਣ ਲੱਗਾ ਤੇ ਉਹ ਆਪਣੇ ਪਰਿਵਾਰ ਨੂੰ ਵੀ ਇਥੇ ਲੈ ਆਏ | ਜਿਗਰੀ ਦੋਸਤ, ਮਰਾਸੀਆਂ ਦਾ ਮੁੰਡਾ ਮਰਦਾਨਾ ਵੀ ਨਾਲ ਆ ਗਿਆ | ਉਧਰੋਂ ਪਿੰਡ ਭਰੋਆਣੇ ਦਾ ਰਬਾਬੀ ਫਰਿੰਦਾ ਇਕ ਰਬਾਬ ਐਸੀ ਬਣਾਈ ਬੈਠਾ ਸੀ, ਜੋ ਉਹ ਕਿਸੇ ਖਾਸ ਪਰਵੀਨ ਗਿਆਤਾ ਅਤੇ ਕਦਰਦਾਨ ਨੂੰ ਹੀ ਵੇਚਣਾ ਚਾਹੁੰਦਾ ਸੀ | ਗੁਰੂ ਨਾਨਕ ਦੇਵ ਜੀ ਦਾ ਨਾਂਅ ਸੁਣ ਕੇ ਉਸ ਨੇ ਝੱਟ ਉਹ ਰਬਾਬ ਮਰਦਾਨੇ ਨੂੰ ਦੇ ਦਿੱਤੀ ਅਤੇ ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ, ਭਾਈ ਮਰਦਾਨਾ ਅਤੇ ਰਬਾਬ ਦਾ ਅਟੁੱਟ ਸਬੰਧ ਸੁਲਤਾਨਪੁਰ ਨਾਲ ਜੁੜ ਗਿਆ |
ਗੁਰੂ ਜੀ ਦੀ ਹਰ ਪਾਸੇ ਹੁੰਦੀ ਸੋਭਾ ਮੋਦੀ ਖਾਨੇ ਵਿਚ ਪਹਿਲਾਂ ਬੇਈਮਾਨੀਆਂ ਕਰਦੇ ਰਹੇ ਲੋਕਾਂ ਨੂੰ ਮਾਫਕ ਨਹੀਂ ਸੀ ਆ ਰਹੀ | ਉਹ ਮੌਕੇ ਦੀ ਭਾਲ ਵਿਚ ਸਨ | ਉਨ੍ਹਾਂ ਦੇਖਿਆ ਕਿ ਗੁਰੂ ਜੀ ਤੱਕੜੀ ਤੋਲਦਿਆਂ 'ਤੇਰਾਂ' ਦੀ ਗਿਣਤੀ 'ਤੇ ਆ ਕੇ ਕਈ ਵਾਰ 'ਤੇਰਾ, ਤੇਰਾ' ਕਹਿਣ ਲੱਗਦੇ | ਇਸ ਤਰ੍ਹਾਂ ਮਗਨਤਾ ਅਤੇ ਲੀਨਤਾ ਦੇ ਆਲਮ ਵਿਚ ਉਹ ਵੱਧ ਤੋਲ ਜਾਂਦੇ | ਦੋਖੀਆਂ ਨੇ ਨਵਾਬ ਕੋਲ ਪਹੁੰਚ ਕੀਤੀ | ਕੰਮ ਤੋਂ ਕੁਤਾਹੀ ਦੇ ਦੋਸ਼ ਲਾਏ | ਕਿਹਾ ਜਾਂਦਾ ਹੈ ਕਿ ਤਿੰਨ ਦਿਨ ਅਨਾਜ ਜੋਖਿਆ ਜਾਂਦਾ ਰਿਹਾ | ਹਿਸਾਬ ਵਿਚ ਘਟਣ ਦੀ ਬਜਾਏ ਅਨਾਜ ਸਗੋਂ ਵੱਧ ਨਿਕਲਿਆ | ਨਵਾਬ ਬੜਾ ਸ਼ਰਮਿੰਦਾ ਹੋਇਆ | ਉਸ ਨੇ ਗੁਰੂ ਜੀ ਨੂੰ ਮੁੜ ਮੋਦੀ ਖਾਨੇ ਦਾ ਕੰਮ ਜਾਰੀ ਰੱਖਣ ਲਈ ਕਿਹਾ, ਪਰ ਗੁਰੂ ਜੀ ਕਿਸੇ ਹੋਰ ਪਰਯੋਜਨ ਵਿਚ ਮਗਨ ਹੋ ਗਏ ਸਨ | ਉਹ ਤਾਂ ਪਹਿਲਾਂ ਹੀ ਸੋਚਦੇ ਰਹਿੰਦੇ ਸਨ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਸਿਰਫ ਮੋਦੀ ਖਾਨੇ ਤੱਕ ਸੀਮਤ ਨਹੀਂ | ਹੁਣ ਉਹ ਬਹੁਤ ਜ਼ਿਆਦਾ ਅੰਤਰ ਧਿਆਨ ਰਹਿਣ ਲੱਗੇ | ਇਕ ਦਿਨ ਵੇਈਾ 'ਤੇ ਇਸ਼ਨਾਨ ਕਰਦਿਆਂ ਐਸੀ ਟੁੱਬੀ ਮਾਰੀ, ਬਾਹਰ ਹੀ ਨਾ ਆਏ | ਟਹਿਲੂਆ ਕੱਪੜੇ ਲੈ ਕੇ ਚਲਾ ਗਿਆ | ਭਾਦਰੋਂ ਦੇ ਬਰਸਾਤੀ ਦਿਨ ਸਨ, ਸਮਝਿਆ ਗਿਆ ਕਿ ਹੜ੍ਹ ਵਿਚ ਰੁੜ੍ਹ ਗਏ ਹਨ | ਪਰ ਤਿੰਨ ਦਿਨ ਬਾਅਦ ਅਜੋਕੇ ਸੰਤ ਘਾਟ ਗੁਰਦੁਆਰੇ ਵਾਲੇ ਸਥਾਨ 'ਤੇ ਸਮਾਧੀ ਮੁਦਰਾ ਵਿਚ ਲੀਨ ਪ੍ਰਗਟ ਹੋਏ |
ਹੁਣ ਉਨ੍ਹਾਂ 'ਤੇ ਅਲੌਕਿਕ ਜਲੌਅ ਸੀ, ਚਿਹਰਾ ਨੂਰੋ-ਨੂਰ ਸੀ | ਮਹਾਤਮਾ ਬੁੱਧ ਵਾਂਗ ਕਿਸੇ ਰੂਹਾਨੀ ਗਿਆਨ ਨਾਲ ਸਰਸ਼ਾਰ | ਸਭ ਤੋਂ ਪਹਿਲਾ ਸੰਦੇਸ਼ ਦਿੱਤਾ : 'ਨਾ ਕੋ ਹਿੰਦੂ ਨਾ ਮੁਸਲਮਾਨ' | ਬਸ ਚੜਿ੍ਹਆ ਸੋਧਣ ਧਰਤ ਲੁਕਾਈ ਦਾ ਫੈਸਲਾ ਹੋ ਚੁੱਕਾ ਸੀ | ਸੁਲਤਾਨਪੁਰ ਰਹਿੰਦਿਆਂ ਸਾਢੇ ਚਾਰ ਸਾਲ ਹੋ ਚੁੱਕੇ ਸਨ, ਜਦੋਂ ਉਹ ਪਹਿਲੀ ਉਦਾਸੀ 'ਤੇ ਚੱਲ ਪਏ | ਹਰ ਉਦਾਸੀ ਤੋਂ ਬਾਅਦ ਉਹ ਮੁੜ ਸੁਲਤਾਨਪੁਰ ਆ ਜਾਂਦੇ | ਜ਼ਿੰਦਗੀ ਦੇ ਅਖੀਰਲੇ ਸਾਲ ਉਨ੍ਹਾਂ ਰਾਵੀ ਦੇ ਕੰਢੇ ਕਰਤਾਰਪੁਰ ਵਿਖੇ ਬਿਤਾਏ | ਅੱਜ ਸ਼ਰਧਾਲੂਆਂ ਨੂੰ ਕਰਤਾਰਪੁਰ ਦੇ ਦਰਸ਼ਨ ਕਰਨ ਲਈ ਲਾਹੌਰ ਤੋਂ ਹੋ ਕੇ ਆਉਣਾ ਪੈਂਦਾ ਹੈ, ਇਸ ਲਈ ਬਾਰਡਰ ਤੋਂ 4 ਕੁ ਕਿਲੋਮੀਟਰ ਦੇ ਲਾਂਘੇ ਦੀ ਵਿਵਸਥਾ ਦੀ ਗੱਲ ਪੰਜਾਬ, ਪਾਕਿਸਤਾਨ ਅਤੇ ਹਿੰਦੁਸਤਾਨ ਦੇ ਸਿਆਸੀ ਗਲਿਆਰਿਆਂ ਵਿਚ ਗੂੰਜਣ ਲੱਗੀ ਹੈ | ਇਹ ਸਭ ਨੂੰ ਪਤਾ ਹੈ ਕਿ ਇਸ ਦਾ ਕੀ ਅੰਜਾਮ ਹੋਣਾ ਹੈ ਪਰ ਹਾਲ ਦੀ ਘੜੀ ਇਸ ਨੇ ਸਿੱਖ ਸੰਗਤਾਂ ਦਾ ਧਿਆਨ ਸੁਲਤਾਨਪੁਰ ਵਲੋਂ ਜ਼ਰੂਰ ਲਾਂਭੇ ਪਾ ਦਿੱਤਾ ਹੈ |
ਗੁਰੂ ਜੀ ਦੇ ਲੰਬੇ ਠਹਿਰਾਅ ਵਾਲੇ ਤਿੰਨ ਹੀ ਸਥਾਨ ਬਣਦੇ ਹਨ : ਨਨਕਾਣਾ ਸਾਹਿਬ, ਸੁਲਤਾਨਪੁਰ ਲੋਧੀ ਅਤੇ ਕਰਤਾਰਪੁਰ | ਦੋ ਅਸਥਾਨਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਸਰਕਾਰ ਤੋਂ ਵੀਜ਼ਾ ਲੈਣਾ ਪੈਂਦਾ ਹੈ | ਉਥੋਂ ਦਾ ਵਿਕਾਸ ਜਾਂ ਪ੍ਰਬੰਧ ਵੀ ਸਾਡੇ ਵੱਸੋਂ ਬਾਹਰਾ ਹੈ | ਦੋਵਾਂ ਦੇਸ਼ਾਂ ਦੇ ਸਬੰਧ ਬਿਹਤਰ ਹੋਣ ਦੀਆਂ ਵੀ ਕੋਈ ਸੰਭਾਵਨਾਵਾਂ ਨਹੀਂ | ਅਸੀਂ ਆਪਣੇ ਆਖਰੀ ਗੁਰੂ ਜੀ ਦੀ ਜਨਮ-ਭੂਮੀ (ਪਟਨਾ ਸਾਹਿਬ), ਕਰਮ-ਭੂਮੀ (ਅਨੰਦਪੁਰ ਸਾਹਿਬ) ਅਤੇ ਪਰਲੋਕ-ਸੁਧਾਰ ਭੂਮੀ (ਨੰਦੇੜ ਸਾਹਿਬ) ਨੂੰ ਕਾਫੀ ਹੱਦ ਤੱਕ ਬਰਾਬਰ ਦਾ ਮਾਣ-ਸਤਿਕਾਰ ਦਿੱਤਾ ਹੈ | ਭਾਵੇਂ ਕਿ ਉਨ੍ਹਾਂ ਵਿਚੋਂ ਦੋ ਅਸਥਾਨ ਪੰਜਾਬੋਂ ਬਾਹਰ ਹਨ | ਪਰ ਪਹਿਲੇ ਗੁਰੂ ਜੀ ਦੇ ਮਾਮਲੇ ਵਿਚ ਅਜਿਹਾ ਨਹੀਂ ਹੋ ਸਕਿਆ | ਸੁਲਤਾਨਪੁਰ ਲੋਧੀ ਨੂੰ ਅਸੀਂ ਉਹ ਮੁਕਾਮ ਨਹੀਂ ਦੇ ਸਕੇ, ਜਿਸ ਦਾ ਉਹ ਹੱਕਦਾਰ ਹੈ | ਸੰਤ ਬਲਬੀਰ ਸਿੰਘ ਸੀਚੇਵਾਲ ਦੇ ਉਪਰਾਲਿਆਂ ਸਦਕਾ ਹੋਏ ਕੁਝ ਫੈਸਲਿਆਂ ਦੀ ਬਦੌਲਤ ਅਤੇ ਰੇਲ ਕੋਚ ਫੈਕਟਰੀ ਸਥਾਪਤ ਹੋਣ ਨਾਲ ਸਥਿਤੀ ਕੁਝ ਬਿਹਤਰ ਜ਼ਰੂਰ ਹੋਈ ਹੈ ਪਰ ਅਜੇ ਬਹੁਤ ਕੁਝ ਕਰਨਾ ਬਾਕੀ ਹੈ |
ਸਾਲ 2019 ਵਿਚ ਗੁਰੂ ਜੀ ਦਾ 550 ਸਾਲਾ ਪ੍ਰਕਾਸ਼ ਉਤਸਵ ਮਨਾਇਆ ਜਾ ਰਿਹਾ ਹੈ | ਕੇਂਦਰ ਅਤੇ ਰਾਜ ਸਰਕਾਰਾਂ ਅਲੱਗ-ਅਲੱਗ ਪਾਰਟੀਆਂ ਦੀਆਂ ਹੋਣ ਕਰਕੇ ਕੇਂਦਰ ਤੋਂ ਵੱਡੀਆਂ ਉਮੀਦਾਂ ਨਹੀਂ ਕੀਤੀਆਂ ਜਾ ਸਕਦੀਆਂ, ਹਾਲਾਂਕਿ ਬੀਬੀ ਹਰਸਿਮਰਤ ਕੌਰ ਨੂੰ ਆਪਣਾ ਅਸਰ-ਰਸੂਖ ਵਰਤਣਾ ਚਾਹੀਦਾ ਹੈ ਅਤੇ ਏਮਜ਼ ਵਰਗੀ ਕੋਈ ਸੰਸਥਾ ਕਪੂਰਥਲਾ ਜ਼ਿਲ੍ਹੇ ਨੂੰ ਦੁਆਉਣੀ ਚਾਹੀਦੀ ਹੈ | ਪੰਜਾਬ ਵਿਚ ਧਾਰਮਿਕ-ਇਤਿਹਾਸਕ-ਸੱਭਿਆਚਾਰਕ ਸੈਰ-ਸਪਾਟਾ ਪ੍ਰਫੁੱਲਿਤ ਕਰਨ ਲਈ ਅੰਮਿ੍ਤਸਰ ਤੋਂ ਸ਼ਰਧਾਲੂਆਂ ਦਾ ਵਾਪਸੀ ਰੂਟ ਤਰਨ ਤਾਰਨ-ਗੋਇੰਦਵਾਲ-ਸੁਲਤਾਨਪੁਰ ਲੋਧੀ-ਆਰ.ਸੀ.ਐੱਫ.-ਸਾਇੰਸ ਸਿਟੀ-ਜਲੰਧਰ ਟੂਰ-ਲੂਪ ਦੇ ਤੌਰ 'ਤੇ ਵਿਕਸਤ ਕਰਨਾ ਚਾਹੀਦਾ ਹੈ, ਜਿਸ ਲਈ ਵਿਸ਼ਾਲ ਮਾਰਗੀਕਰਨ ਅਤੇ ਮਾਰਗ-ਸੁੰਦਰੀਕਰਨ ਕਰਨਾ ਚਾਹੀਦਾ ਹੈ | ਵਿਸ਼ੇਸ਼ ਸਬਸਿਡੀਆਂ ਦੇ ਕੇ ਇਸ ਰਸਤੇ 'ਤੇ ਮਨੋਰੰਜਨ ਅਤੇ ਥੀਮ-ਪਾਰਕ ਸਥਾਪਤ ਕਰਨ ਲਈ ਬਾਹਰਲੇ ਸ਼ਰਧਾਲੂ ਕਾਰੋਬਾਰੀਆਂ ਨੂੰ ਉਤਸ਼ਾਹਤ ਕੀਤਾ ਜਾ ਸਕਦਾ ਹੈ | 'ਨਾਲੇ ਨਾਵਾਂ ਨਾਲੇ ਨਾਮ' ਉਤਸ਼ਾਹਤ ਕਰਨਾ ਚਾਹੀਦਾ ਹੈ |
ਸੁਲਤਾਨਪੁਰ ਲੋਧੀ ਤੋਂ ਗੁਰੂ ਜੀ ਨੇ ਸਾਂਝੀਵਾਲਤਾ ਦਾ ਸੰਦੇਸ਼ ਦਿੱਤਾ | ਇਤਿਹਾਸਕ ਤੌਰ 'ਤੇ ਵੀ ਇਸ ਨਗਰ ਦਾ ਬੁੱਧ, ਜੈਨ, ਹਿੰਦੂ, ਮੁਸਲਿਮ ਅਤੇ ਸਿੱਖ ਧਰਮ ਨਾਲ ਗਹਿਰਾ ਸਬੰਧ ਹੈ | ਗੁਰੂ ਜੀ ਆਪਣੇ ਵੇਲੇ ਦੀਆਂ ਸਭ ਭਾਸ਼ਾਵਾਂ ਦੇ ਪ੍ਰਬੁੱਧ ਗਿਆਤਾ ਸਨ | ਉਹ ਰਾਗ ਵਿੱਦਿਆ ਦੇ ਮਾਹਿਰ ਸਨ | ਉਨ੍ਹਾਂ ਕਈ ਰਾਗਾਂ ਵਿਚ ਗੁਰਬਾਣੀ ਉਚਾਰੀ | ਇਥੇ ਜਾਂ ਆਲੇ-ਦੁਆਲੇ ਉਨ੍ਹਾਂ ਦੇ ਇਨ੍ਹਾਂ ਸੰਕਲਪਾਂ ਨੂੰ ਸਮਰਪਿਤ ਬਹੁਤ ਉੱਚ ਪਾਏ ਦਾ ਅੰਤਰਰਾਸ਼ਟਰੀ ਪੱਧਰ ਦਾ ਵਿਸ਼ਵ-ਵਿਦਿਆਲਾ ਖੁੱਲ੍ਹਣਾ ਚਾਹੀਦਾ ਹੈ, ਜੋ ਤੁਲਨਾਤਮਿਕ ਧਰਮ-ਅਧਿਐਨ, ਗੁਰਮਤਿ ਸੰਗੀਤ ਅਤੇ ਭਾਸ਼ਾਵਾਂ 'ਤੇ ਆਧਾਰਿਤ ਹੋਵੇ | ਇਥੇ ਇਕ ਐਸੀ ਲਾਇਬ੍ਰੇਰੀ ਹੋਣੀ ਚਾਹੀਦੀ ਹੈ, ਜਿੱਥੇ ਦੁਨੀਆ 'ਤੇ ਜੋ ਵੀ ਗੁਰੂ ਜੀ ਬਾਰੇ ਲਿਖਿਆ ਗਿਐ, ਉਪਲਬਧ ਹੋਵੇ |
ਸੁਲਤਾਨਪੁਰ ਲੋਧੀ ਵਿਖੇ ਗੁਰੂ ਜੀ ਦੀ ਯਾਦ ਵਿਚ 7-8 ਗੁਰਦੁਆਰੇ ਹਨ | ਉਂਜ ਇਥੇ ਆਉਂਦੇ ਸ਼ਰਧਾਲੂਆਂ ਦੇ ਮਨਾਂ ਵਿਚ ਬੇਬੇ ਨਾਨਕੀ ਦਾ ਘਰ ਵੇਖਣ ਦੀ, ਮੋਦੀ ਖਾਨਾ ਵੇਖਣ ਦੀ ਜਾਂ ਗੁਰੂ ਜੀ ਦੀਆਂ ਹੋਰ ਯਾਦ-ਪੈੜਾਂ ਲੱਭਣ ਦੀ ਅਭਿਲਾਸ਼ਾ ਹੁੰਦੀ ਹੈ | ਉਨ੍ਹਾਂ ਦੇ ਜੀਵਨ ਦੀਆਂ ਪ੍ਰਮੁੱਖ ਘਟਨਾਵਾਂ ਨੂੰ ਰੌਸ਼ਨ ਕਰਦਾ ਇਕ ਮਿਊਜ਼ੀਅਮ ਹੋਣਾ ਚਾਹੀਦਾ ਹੈ, ਜਿੱਥੇ ਅਤਿ ਆਧੁਨਿਕ ਤਕਨੀਕ ਅਤੇ ਪਰੰਪਰਾਗਤ ਕਲਾਵਾਂ ਦੇ ਸੁਮੇਲ ਰਾਹੀਂ ਉਨ੍ਹਾਂ ਦੇ ਜੀਵਨ-ਆਸ਼ੇ ਨੂੰ ਜੀਵੰਤ ਵਿਖਾਇਆ ਜਾ ਸਕੇ |
ਇਸ ਮੁਕੱਦਸ ਅਤੇ ਇਤਿਹਾਸਕ ਅਵਸਰ 'ਤੇ ਪੰਜਾਬ ਸਰਕਾਰ ਤੋਂ ਬਹੁਤ ਉਮੀਦਾਂ ਕੀਤੀਆਂ ਜਾਂਦੀਆਂ ਹਨ | ਲੋਕਾਂ ਦੇ ਮਨਾਂ ਵਿਚ ਪਟਨਾ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ ਮਨਾਏ ਗਏ 350 ਸਾਲਾ ਪ੍ਰਕਾਸ਼ ਉਤਸਵ ਦੀਆਂ ਯਾਦਾਂ ਅਜੇ ਸਜੀਵ ਹਨ | ਸਥਾਪਤ ਕਰ ਦਿੱਤਾ ਜਾਵੇ ਕਿ ਗੁਰੂਆਂ ਦੇ ਅਦਬ ਵਿਚ ਇਤਿਹਾਸਕ ਮੰਜ਼ਰ ਕਿਵੇਂ ਸਿਰਜੇ ਜਾਂਦੇ ਹਨ | ਇਸ ਦੀ ਕਾਮਯਾਬੀ ਲਈ ਸੰਤਾਂ, ਮਹਾਤਮਾਵਾਂ, ਮਹਾਂਪੁਰਸ਼ਾਂ, ਕਾਰੋਬਾਰੀਆਂ, ਐਨ.ਆਰ.ਆਈ. ਵੀਰਾਂ, ਗੱਲ ਕੀ ਹਰ ਕਿਸੇ ਦਾ ਸਹਿਯੋਗ ਲੈਣਾ ਚਾਹੀਦਾ ਹੈ ਅਤੇ 'ਨਾ ਕੋ ਹਿੰਦੂ ਨਾ ਮੁਸਲਮਾਨ' ਦੇ ਸੰਦੇਸ਼ ਨੂੰ ਧਿਆਨ ਵਿਚ ਰੱਖ ਕੇ, ਸੌੜੀ ਰਾਜਨੀਤੀ ਤੋਂ ਉੱਪਰ ਉੱਠ ਕੇੇ ਗੁਰੂ ਜੀ ਦਾ ਇਹ ਪੁਰਬ ਮਨਾਉਣਾ ਚਾਹੀਦਾ ਹੈ |

-ਨਡਾਲਾ, ਜ਼ਿਲ੍ਹਾ ਕਪੂਰਥਲਾ |
ਮੋਬਾਈਲ : 98152-53245


ਖ਼ਬਰ ਸ਼ੇਅਰ ਕਰੋ

...ਇਕ ਫੁੱਲ ਕੱਢਦਾ ਫੁਲਕਾਰੀ

ਪੰਜਾਬੀ ਸ਼ਿਲਪ ਲੋਕ ਕਲਾਵਾਂ ਨੂੰ ਜਿਊਾਦਾ ਰੱਖਣ ਵਿਚ ਸੁਆਣੀਆਂ, ਮੁਟਿਆਰਾਂ ਦਾ ਭਰਵਾਂ ਯੋਗਦਾਨ ਰਿਹਾ ਹੈ | ਦਰੀਆਂ ਬੁਣਨਾ, ਕਸੀਦੇ ਕੱਢਣਾ, ਕੱਤਣਾ, ਨਾਲੇ ਬੁਣਨਾ ਤੇ ਫੁਲਕਾਰੀ ਕੱਢਣਾ ਹਸਤ-ਕਲਾ ਦਾ ਸੁੰਦਰ ਰੂਪ ਰਿਹਾ ਹੈ | ਇਨ੍ਹਾਂ ਵਿਭਿੰਨ ਵੰਨਗੀਆਂ ਵਿਚ ਫੁਲਕਾਰੀ ਕਲਾ ਦਾ ਅਹਿਮ ਸਥਾਨ ਹੈ | ਫੁਲਕਾਰੀ ਪੰਜਾਬਣ ਦੇ ਸਿਰ ਦਾ ਕੱਜਣ ਹੈ ਜੋ ਉਸ ਦੀਆਂ ਰੀਝਾਂ ਅਤੇ ਸਿਰਜਣਸ਼ਕਤੀ ਦਾ ਪ੍ਰਤੀਕ ਰਹੀ ਹੈ |
ਫੁਲਕਾਰੀ ਸ਼ਬਦ ਫੁੱਲ ਅਤੇ ਕਾਰੀ ਤੋਂ ਬਣਿਆ ਹੈ, ਜਿਸ ਦਾ ਮਤਲਬ ਹੈ ਫੁੱਲਾਂ ਦੀ ਕਾਰੀਗਰੀ | ਪਹਿਲਾਂ- ਪਹਿਲ ਇਹ ਸ਼ਬਦ ਹਰ ਤਰ੍ਹਾਂ ਦੀ ਕਢਾਈ ਲਈ ਵਰਤਿਆ ਜਾਂਦਾ ਸੀ, ਪਰ ਬਾਅਦ ਵਿਚ ਇਹ ਸਿਰ 'ਤੇ ਲੈਣ ਵਾਲੀਆਂ ਚਾਦਰਾਂ ਲਈ ਰਾਖਵਾਂ ਹੋ ਗਿਆ | ਫੁਲਕਾਰੀ ਦਾ ਪ੍ਰਚਲਣ 15ਵੀਂ ਸਦੀ ਵਿਚ ਹੀ ਸ਼ੁਰੂ ਹੋ ਗਿਆ ਸੀ | ਫੁਲਕਾਰੀ ਦੇ ਇਤਿਹਾਸ ਵੱਲ ਨਜ਼ਰ ਮਾਰਿਆਂ ਪਤਾ ਚੱਲਦਾ ਹੈ ਕਿ ਇਸ ਦੀ ਸ਼ੁਰੂਆਤ ਇਰਾਨ ਵਿਚ ਹੋਈ | ਇਰਾਨ ਵਿਚ ਫੁਲਕਾਰੀ ਨੂੰ ਗੁਲਕਾਰੀ ਕਿਹਾ ਜਾਂਦਾ ਹੈ ਜਿਸ ਦਾ ਅਰਥ ਹੈ ਫੁੱਲ ਕੱਢਣਾ | ਇਹ ਵੀ ਕਿਹਾ ਜਾਂਦਾ ਹੈ ਕਿ ਮੱਧ ਏਸ਼ੀਆ ਤੋਂ ਆਉਣ ਵਾਲੇ ਲੋਕ ਫੁਲਕਾਰੀ ਤੇ ਸ਼ਾਲੂ ਦੇ ਨਾਲ ਬਾਗ਼ ਦੀ ਕਲਾ ਵੀ ਆਪਣੇ ਨਾਲ ਹੀ ਪੰਜਾਬ ਲੈ ਕੇ ਆਏ | ਘਰ ਦਾ ਹੱਥੀਂ ਕੱਤਿਆ ਹੋਇਆ ਜਾਂ ਮੁੱਲ ਲਿਆ ਖੱਡੀ ਦਾ ਖੱਦਰ ਕਿੱਕਰ ਦੇ ਸੱਕ ਨਾਲ ਪਾਣੀ ਵਿਚ ਉਬਾਲ ਕੇ ਰੰਗਿਆ ਜਾਂਦਾ ਤੇ ਚੰਗੀ ਤਰ੍ਹਾਂ ਸੁਕਾ ਲਿਆ ਜਾਂਦਾ | ਰੰਗੇ ਹੋਏ ਇਸ ਖੱਦਰ ਦੇ ਕੱਪੜੇ 'ਤੇ ਕੁੜੀਆਂ ਜਦੋਂ ਫੁਲਕਾਰੀ ਕੱਢਣ ਲਈ ਜੁੜਦੀਆਂ ਸਨ ਤਾਂ ਉਹ ਪੀੜ੍ਹੀ 'ਤੇ ਬੈਠ ਕੇ ਸੱਜੇ ਗੋਡੇ 'ਤੇ ਰੰਗੇ ਹੋਏ ਕੱਪੜੇ ਨੂੰ ਰੱਖ ਕੇ 'ਪੱਟ' ਵਜੋਂ ਜਾਣੇ ਜਾਂਦੇ ਅਣਕੱਤੇ ਕੱਚੇ ਰੇਸ਼ਮੀ ਧਾਗੇ ਨਾਲ ਇਸ ਨੂੰ ਕੱਢਣਾ ਸ਼ੁਰੂ ਕਰਦੀਆਂ ਸਨ | ਇਹ ਧਾਗੇ ਚੀਨ ਅਤੇ ਅਫ਼ਗਾਨਿਸਤਾਨ ਦੇ ਬਣੇ ਹੁੰਦੇ ਸਨ |
ਜਾਲੀਦਾਰ ਤੋਪੇ ਭਰਦਿਆਂ ਅਗਲਾ ਤੋਪਾ ਪਹਿਲੇ ਤੋਪੇ ਤੋਂ ਹੀ ਸ਼ੁਰੂ ਹੁੰਦਾ ਸੀ | ਕਢਾਈ ਦੇ ਰੂਪਾਂਤਰ ਅਨੁਸਾਰ ਤੋਪੇ ਖੜੇ੍ਹ, ਲੇਟਵੇਂ ਜਾਂ ਟੇਢੇ ਰੁਖ਼ ਹੁੰਦੇ ਹਨ | ਧਾਗਿਆਂ ਵਿਚ ਆਮ ਤੌਰ 'ਤੇ ਨੀਲਾ, ਆਸਮਾਨੀ, ਪੀਲਾ, ਸਰ੍ਹੋਂ ਫੁੱਲਾ, ਨਾਭੀ, ਚਿੱਟਾ ਜਾਂ ਕੇਸਰੀ ਰੰਗ ਦਾ ਸੁਮੇਲ ਬਣਾ ਕੇ ਫੁੱਲਾਂ ਦਾ ਆਕਾਰ ਸਿਰਜਿਆ ਜਾਂਦਾ ਸੀ | ਇੰਜ ਪ੍ਰਤੀਤ ਹੁੰਦਾ ਸੀ ਜਿਵੇਂ ਸਤਰੰਗੀ ਪੀਂਘ ਦੇ ਸਾਰੇ ਰੰਗ ਉਮੜ ਕੇ ਫੁਲਕਾਰੀ ਵਿਚ ਹੀ ਸਮੋ ਗਏ ਹੋਣ | ਸੁਹਜ ਤੇ ਸੁਹੱਪਣ ਨੂੰ ਮੂਰਤੀਮਾਨ ਕਰਦਿਆਂ ਸੂਈ ਵਿਚ ਪਾਏ ਰੇਸ਼ਮੀ ਧਾਗੇ ਨਾਲ ਜਦੋਂ ਖੱਦਰ ਦੇ ਕੱਪੜੇ 'ਤੇ ਫੁੱਲ ਬਣਦੇ ਹਨ ਤਾਂ ਉਹ ਫੁਲਕਾਰੀ ਦਾ ਰੂਪ ਧਾਰਦੇ ਸਨ | ਇਹ ਪੰਜਾਬੀ ਸ਼ਿਲਪ ਕਲਾ ਦਾ ਅਦਭੁਤ ਨਮੂਨਾ ਹੋ ਕੇ ਮੁਟਿਆਰ ਦੇ ਸਿਰ ਨੂੰ ਢਕਣ 'ਤੇ ਉਸਦੇ ਰੰਗ ਰੂਪ ਤੇ ਸੁਹੱਪਣ ਨੂੰ ਵੀ ਚਾਰ ਚੰਨ ਲਗਾਇਆ ਕਰਦੀ ਸੀ | ਪੰਜਾਬ ਵਿਚ ਪਹਿਲੇ ਸਮਿਆਂ ਵਿਚ ਕੁੜੀਆਂ ਨੂੰ ਪੜ੍ਹਾਈ ਘੱਟ ਹੀ ਕਰਾਈ ਜਾਂਦੀ ਸੀ, ਪਰ ਘਰ ਦੇ ਕੰਮਕਾਰ ਵਿਚ ਸਿਆਣੀਆ ਮਾਵਾਂ ਆਪਣੀਆਂ ਧੀਆਂ ਨੂੰ ਨਿਪੁੰਨਤਾ ਹਾਸਲ ਕਰਵਾ ਦਿੰਦੀਆਂ ਸਨ | ਬਚਪਨ ਵਿਚ ਹੀ ਮਾਵਾਂ ਵਲੋਂ ਧੀਆਂ ਨੂੰ ਸੁਰਤ ਸੰਭਾਲਦੇ ਹੀ ਚੱਜ ਸਲੀਕੇ ਦੀ ਸਿੱਖਿਆ ਦਿੱਤੀ ਜਾਣ ਲੱਗਦੀ ਤੇ ਚੁੱਲ੍ਹੇ ਚੌਾਕੇ ਦੇ ਕੰਮਾਂ ਤੋਂ ਇਲਾਵਾ ਕੱਢਣ, ਬੁਣਨ, ਕੱਤਣ ਤੇ ਹੋਰ ਵੀ ਕਈ ਤਰਾਂ ਦੇ ਕੰਮਾਂ ਵਿਚ ਨਿਪੁੰਨ ਕੀਤਾ ਜਾਂਦਾ ਸੀ ਤਾਂ ਕਿ ਧੀ ਨੂੰ ਸਹੁਰੇ ਘਰ ਜਾ ਕੇ ਕੋਈ ਮੁਸ਼ਕਿਲ ਨਾ ਆਵੇ | ਇਸ ਤਰਾਂ ਕੁੜੀਆਂ ਆਪਣੀਆਂ ਮਾਵਾਂ, ਭੈਣਾਂ ਭਰਜਾਈਆਂ ਤੇ ਸਹੇਲੀਆਂ ਸੰਗ ਬਹਿ ਕੇ ਆਪਣੇ ਦਾਜ ਦਾ ਸਾਮਾਨ ਹੌਲੀ-ਹੌਲੀ ਤਿਆਰ ਕਰਦੀਆਂ ਅਤੇ ਸਹਿਜ-ਸਹਿਜ ਇਨ੍ਹਾਂ ਕਲਾਵਾਂ ਵਿਚ ਮਾਹਿਰ ਹੋ ਜਾਂਦੀਆਂ | ਫੁਲਕਾਰੀ ਕੱਢਣਾ ਕੋਈ ਸੌਖਾ ਕਾਰਜ ਨਹੀਂ ਸੀ ਹੁੰਦਾ | ਕੁੜੀਆਂ ਨੂੰ ਮਾਵਾਂ, ਚਾਚੀਆਂ, ਤਾਈਆਂ, ਭੂਆ, ਮਾਸੀਆਂ ਦੀ ਸਲਾਹ ਤੇ ਅਗਵਾਈ ਸਦਕਾ ਫੁਲਕਾਰੀ ਦਾ ਕਾਰਜ਼ ਨੇਪਰੇ ਚਾੜ੍ਹਨਾ ਪੈਂਦਾ ਸੀ | ਚਾਦਰ-ਨੁਮਾ ਫੁਲਕਾਰੀ ਜਦੋਂ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਤਾਂ ਉਸ ਦੇ ਗੁਣਾਂ ਔਗੁਣਾਂ 'ਤੇ ਚਰਚਾ ਕਰਨ ਲਈ ਕੁੜੀਆਂ ਉਸ ਦੀ ਨੁਮਾਇਸ਼ ਵੀ ਕਰਦੀਆਂ ਸਨ | ਪੰਜਾਬਣ ਮੁਟਿਆਰ ਦਾ ਆਪਣੇ ਦਾਜ ਲਈ ਕੁਝ ਵਸਤਾਂ ਤਿਆਰ ਕਰਨਾ ਉਸ ਦੀ ਕਲਾ-ਕੁਸ਼ਲਤਾ ਦਾ ਪ੍ਰਮਾਣ ਹੁੰਦਾ ਸੀ | ਆਪਣੇ ਮਨ ਦੀਆਂ ਭਾਵਨਾਵਾਂ ਦੇ ਪ੍ਰਗਟਾਵੇ ਲਈ ਕਲਾ-ਕਿ੍ਤਾਂ ਨੂੰ ਰੂਪਮਾਨ ਕਰਨ ਲਈ ਉਸ ਕੋਲ ਸਿਰਫ ਇਕ ਮੋਟੀ ਸੂਈ, ਖੱਦਰ ਦਾ ਕੱਪੜਾ ਜਾਂ ਰੰਗ-ਬਰੰਗੇ ਧਾਗੇ ਸਨ | ਫੁਲਕਾਰੀ 'ਤੇ ਰੰਗ-ਬਿਰੰਗੇ ਧਾਗਿਆਂ ਨਾਲ ਬਣਾਏ ਫੁੱਲ, ਆਕਾਰ, ਕਲੋਲਾਂ ਕਰਦੇ ਪੰਛੀ, ਜਾਨਵਰ, ਦਰੱਖਤ ਮਨ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੇ ਸਨ |

(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
-ਮੋਬਾਈਲ : 94178-31583.

ਕੁਮੈਂਟਰੀ ਦਾ ਬਾਬਾ ਬੋਹੜ ਸੀ ਜਸਦੇਵ ਸਿੰਘ

ਜਸਦੇਵ ਸਿੰਘ ਜਿਹੇ ਬੁਲਾਰੇ ਨਿੱਤ-ਨਿੱਤ ਨਹੀਂ ਜੰਮਦੇ | ਉਹ ਵਿਸ਼ਵ ਦਾ ਮੰਨਿਆ ਦੰਨਿਆ ਕੁਮੈਂਟੇਟਰ ਸੀ | ਉਸ ਨੂੰ ਇੰਟਰਨੈਸ਼ਨਲ ਉਲੰਪਿਕ ਕਮੇਟੀ ਵਲੋਂ ਉਲੰਪਿਕ ਆਰਡਰ ਨਾਲ ਸਨਮਾਨਿਤ ਕੀਤਾ ਗਿਆ | ਭਾਰਤ ਸਰਕਾਰ ਨੇ ਪਦਮਸ੍ਰੀ ਤੇ ਪਦਮ ਭੂਸ਼ਨ ਪੁਰਸਕਾਰਾਂ ਨਾਲ ਸਨਮਾਨਿਆ | ਉਸ ਨੇ ਲਗਾਤਾਰ 49 ਸਾਲ ਭਾਰਤ ਦੇ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ 'ਤੇ ਰੇਡੀਓ/ਟੀਵੀ ਤੋਂ ਕੁਮੈਂਟਰੀ ਕੀਤੀ | ਨਾਲੋ-ਨਾਲ 9 ਉਲੰਪਿਕ ਖੇਡਾਂ, 8 ਵਿਸ਼ਵ ਹਾਕੀ ਕੱਪਾਂ ਤੇ 6 ਏਸ਼ਿਆਈ ਖੇਡਾਂ ਦੀ ਕੁਮੈਂਟਰੀ ਕਰਨ ਲਈ ਦੇਸ ਪਰਦੇਸ ਜਾਂਦਾ ਰਿਹਾ | ਇੰਟਰਨੈਸ਼ਨਲ ਹਾਕੀ ਮੈਚਾਂ ਦੀ ਕੁਮੈਂਟਰੀ ਕਰਨ 'ਚ ਉਹਦਾ ਕੋਈ ਸਾਨੀ ਨਹੀਂ ਸੀ | ਜਦ ਉਹ ਰੇਡੀਓ/ਟੀਵੀ ਤੋਂ ਹਾਕੀ ਮੈਚਾਂ ਦੀ ਲੱਛੇਦਾਰ ਕੁਮੈਂਟਰੀ ਕਰ ਰਿਹਾ ਹੁੰਦਾ ਤਾਂ ਲੱਖਾਂ ਕਰੋੜਾਂ ਕੰਨ ਉਹਦੀ ਰਸੀਲੀ ਆਵਾਜ਼ ਸੁਣ ਰਹੇ ਹੁੰਦੇ | ਉਹਦੀ ਆਵਾਜ਼ ਗੇਂਦ ਦੇ ਨਾਲ-ਨਾਲ ਦੌੜਦੀ ਅਤੇ ਮੈਦਾਨ 'ਚ ਮੁੜ੍ਹਕੋ-ਮੁੜ੍ਹਕੀ ਹੁੰਦੇ ਖਿਡਾਰੀਆਂ ਨਾਲ ਸਾਹੋ-ਸਾਹ ਹੁੰਦੀ | ਉਹਦੇ ਬੋਲਾਂ ਨਾਲ ਸਰੋਤਿਆਂ ਦੀਆਂ ਨਬਜ਼ਾਂ ਤੇਜ਼ ਤੇ ਮੱਠੀਆਂ ਹੁੰਦੀਆਂ ਰਹਿੰਦੀਆਂ | ਕੁਆਲਾਲੰਪੁਰ ਤੋਂ ਹਾਕੀ ਵਿਸ਼ਵ ਕੱਪ ਜਿੱਤ ਕੇ ਮੁੜੀ ਭਾਰਤੀ ਹਾਕੀ ਟੀਮ ਨਾਲ ਜਸਦੇਵ ਸਿੰਘ ਨੂੰ ਵੇਖ ਕੇ ਇੰਦਰਾ ਗਾਂਧੀ ਨੇ ਕਿਹਾ ਸੀ, 'ਸਰਦਾਰ ਸਾਹਿਬ, ਆਪ ਨੇ ਤੋ ਹਮਾਰੇ ਦਿਲੋਂ ਕੀ ਧੜਕਨੇ ਬੜ੍ਹਾਅ ਦੀ ਥੀਂ |'
ਮੇਰੇ ਖੇਡ ਲੇਖਕ ਬਣਨ ਵਿਚ ਜਸਦੇਵ ਸਿੰਘ ਦੀ ਕੁਮੈਂਟਰੀ ਦਾ ਵੀ ਹੱਥ ਹੈ | ਉਹਦੀ ਕੁਮੈਂਟਰੀ ਕਲਾ ਤੋਂ ਮੈਂ ਕਾਫੀ ਕੁਝ ਸਿੱਖਿਆ | ਉਹ ਮੈਥੋਂ ਨੌਾ ਸਾਲ ਵੱਡਾ ਸੀ | ਮੈਂ ਪਹਿਲੀ ਵਾਰ ਉਸ ਨੂੰ 1963 ਵਿਚ ਮਿਲਿਆ ਤੇ ਉਹਦੇ ਮੂੰਹੋਂ ਲਾਲ ਕਿਲ੍ਹੇ ਤੋਂ ਆਜ਼ਾਦੀ ਦਿਵਸ ਦੀ ਕੁਮੈਂਟਰੀ ਸੁਣੀ | ਉਦੋਂ ਮੈਂ ਦਿੱਲੀ ਪੜ੍ਹਦਾ ਸਾਂ ਤੇ ਖੇਡਾਂ ਖਿਡਾਰੀਆਂ ਬਾਰੇ ਲਿਖਣ ਲਈ ਪਰ ਤੋਲ ਰਿਹਾ ਸਾਂ | ਉਸ ਨੇ ਚਾਂਦਨੀ ਚੌਕ ਵੱਲ ਸ਼ੋਭਦੇ ਗੁਰਦਵਾਰਾ ਸੀਸ ਗੰਜ ਸਾਹਿਬ,ਨੇੜਲੇ ਮੰਦਰ ਤੇ ਜਾਮਾ ਮਸਜਿਦ ਸਭਨਾਂ ਦਾ ਜ਼ਿਕਰ ਕੀਤਾ ਸੀ | ਪੰਛੀਆਂ ਦਾ ਉਡਣਾ, ਰੁੱਖਾਂ ਦਾ ਝੂੰਮਣਾ, ਬੱਦਲਾਂ ਦਾ ਤੈਰਨਾ ਤੇ ਤਿਰੰਗੇ ਦਾ ਲਹਿਰਾਉਣਾ ਸਾਰੇ ਦਿ੍ਸ਼ ਕੁਮੈਂਟਰੀ ਕਰਦਿਆਂ ਵਿਖਾਏ ਸਨ | ਉਹਦੀ ਜ਼ਬਾਨ ਉਤੇ ਹਿੰਦੀ ਆਪਣੀ ਮਾਤ ਭਾਸ਼ਾ ਪੰਜਾਬੀ ਵਾਂਗ ਹੀ ਚੜ੍ਹੀ ਹੋਈ ਸੀ | ਸ਼ਬਦ ਆਪ-ਮੁਹਾਰੇ ਫੁੱਟ-ਫੁੱਟ ਨਿਕਲਦੇ ਸਨ |
ਉਹਦਾ ਜਨਮ ਇੰਜੀਨੀਅਰਾਂ ਦੇ ਸਿੱਖ ਪਰਿਵਾਰ ਵਿਚ ਹੋਇਆ ਸੀ | ਉਸ ਦੇ ਪਿਤਾ ਸ: ਭਗਵੰਤ ਸਿੰਘ ਤੇ ਮਾਤਾ ਸ੍ਰੀਮਤੀ ਰਜਵੰਤ ਕੌਰ ਸਨ | ਉਦੋਂ ਉਹ ਰਾਜਸਥਾਨ ਵਿਚ ਜੈਪੁਰ ਨੇੜੇ ਪਿੰਡ ਬੌਲੀ ਵਿਚ ਰਹਿੰਦੇ ਸਨ | 18 ਮਈ 1931 ਨੂੰ ਜਸਦੇਵ ਸਿੰਘ ਦਾ ਜਨਮ ਹੋਇਆ | ਮੁੱਢਲੀ ਸਿੱਖਿਆ ਉਸ ਨੇ ਚਾਕਸੂ ਦੇ ਸਕੂਲ ਵਿਚੋਂ ਹਾਸਲ ਕੀਤੀ ਤੇ ਉਚੇਰੀ ਪੜ੍ਹਾਈ ਲਈ ਮਹਾਰਾਜਾ ਕਾਲਜ ਜੈਪੁਰ ਵਿਚ ਦਾਖਲ ਹੋਇਆ | ਉਹਦੀ ਪੜ੍ਹਾਈ ਦਾ ਵਿਸ਼ਾ ਬੇਸ਼ਕ ਉਰਦੂ ਸੀ ਪਰ ਆਲਾ ਦੁਆਲਾ ਜੈਪੁਰੀ ਹਿੰਦੀ ਨਾਲ ਲਬਰੇਜ਼ ਸੀ | ਉਸ ਨੇ 1948 ਵਿਚ ਮਹਾਤਮਾ ਗਾਂਧੀ ਦੇ ਅੰਤਿਮ ਸਸਕਾਰ ਵੇਲੇ ਮੈਲਵਿਲ ਡੀਮੈਲੋ ਦੀ ਰੇਡੀਓ ਕੁਮੈਂਟਰੀ ਸੁਣੀ ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਇਆ | ਉਦੋਂ ਤੋਂ ਹੀ ਉਹਦੇ ਮਨ ਵਿਚ ਰੇਡੀਓ ਕੁਮੈਂਟੇਟਰ ਬਣਨ ਦੀ ਤਮੰਨਾ ਜਾਗ ਪਈ | ਜਦ ਇਹ ਗੱਲ ਉਸ ਨੇ ਆਪਣੇ ਪਰਿਵਾਰ ਨਾਲ ਸਾਂਝੀ ਕੀਤੀ ਤਾਂ ਇੰਜੀਨੀਅਰ ਬਾਪ ਹੈਰਾਨ ਹੋਇਆ ਕਿ ਕੁਮੈਂਟਰੀ ਕਿਹੜੇ ਕੰਮਾਂ 'ਚੋਂ ਕੰਮ ਹੋਇਆ! ਉਹਦੀ ਮਾਂ ਬੇਸ਼ਕ ਹਿੰਦੀ ਬੋਲ ਲੈਂਦੀ ਸੀ ਪਰ ਉਸ ਨੇ ਕਿਹਾ ਕਿ ਤੈਨੂੰ ਹਿੰਦੀ ਚੰਗੀ ਤਰ੍ਹਾਂ ਨਹੀਂ ਬੋਲਣੀ ਆਉਣੀ |
ਕਾਲਜ ਦੀ ਪੜ੍ਹਾਈ ਕਰ ਕੇ ਜਸਦੇਵ ਸਿੰਘ ਆਲ ਇੰਡੀਆ ਰੇਡੀਓ ਜੈਪੁਰ ਦੀ ਨੌਕਰੀ ਲਈ ਇੰਟਰਵਿਊ ਦੇਣ ਗਿਆ ਤਾਂ ਪਹਿਲੀ ਵਾਰ ਜੁਆਬ ਮਿਲ ਗਿਆ | 1955 ਵਿਚ ਦੂਜੀ ਵਾਰ ਗਿਆ ਤਾਂ ਰੱਖ ਲਿਆ ਗਿਆ ਪਰ ਰੇਡੀਓ ਤੋਂ ਕੁਮੈਂਟਰੀ ਕਰਨ ਦਾ ਕੋਈ ਮੌਕਾ ਨਾ ਮਿਲਿਆ | ਉਹ ਜੈਪੁਰ ਦੇ ਕਾਲਜਾਂ ਤੇ ਹੋਰ ਖੇਡ ਸਮਾਗਮਾਂ ਉਤੇ ਸ਼ੌਕੀਆ ਕੁਮੈਂਟਰੀ ਕਰਨ ਦਾ ਸ਼ੌਕ ਪਾਲਦਾ ਰਿਹਾ | 1960 ਵਿਚ ਉਸ ਨੂੰ ਜੈਪੁਰ ਦੇ ਇਕ ਫੁੱਟਬਾਲ ਮੈਚ ਦੀ ਕੁਮੈਂਟਰੀ ਕਰਨ ਲਈ ਉਚੇਚਾ ਬੁਲਾਇਆ ਗਿਆ ਜਿਸ ਪਿੱਛੋਂ ਚੱਲ ਸੋ ਚੱਲ ਹੋ ਗਈ | ਉਹਦੀ ਆਵਾਜ਼ ਤੱਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਕੰਨੀਂ ਪਈ ਤਾਂ ਉਸ ਨੇ ਜਸਦੇਵ ਸਿੰਘ ਦੀ ਬਦਲੀ ਦਿੱਲੀ ਕਰਵਾ ਲਈ | 1962-63 ਤੋਂ ਉਹ ਆਲ ਇੰਡੀਆ ਰੇਡੀਓ ਤੋਂ ਆਜ਼ਾਦੀ ਤੇ ਗਣਤੰਤਰ ਦਿਵਸ ਦੀ ਕੁਮੈਂਟਰੀ ਕਰਨ ਵਾਲਾ ਪੱਕਾ ਕੁਮੈਂਟੇਟਰ ਬਣ ਗਿਆ | ਜਿਵੇਂ 1948 ਵਿਚ ਮਹਾਤਮਾਂ ਗਾਂਧੀ ਦੇ ਸਸਕਾਰ ਸਮੇਂ ਮੈਲਵਿਲ ਡੀਮੈਲੋ ਨੇ ਕੁਮੈਂਟਰੀ ਕੀਤੀ ਸੀ ਉਵੇਂ 1964 ਵਿਚ ਪੰਡਤ ਨਹਿਰੂ ਦੇ ਸਸਕਾਰ ਸਮੇਂ ਜਸਦੇਵ ਸਿੰਘ ਨੇ ਕੁਮੈਂਟਰੀ ਕੀਤੀ | ਉਸ ਦੀ ਦਰਦ ਭਰੀ ਜਜ਼ਬਾਤੀ ਆਵਾਜ਼ ਨੇ ਲੱਖਾਂ ਕਰੋੜਾਂ ਲੋਕਾਂ ਦੀਆਂ ਅੱਖਾਂ 'ਚ ਹੰਝੂ ਲਿਆ ਦਿੱਤੇ | ਫਿਰ ਉਸ ਨੂੰ 1964 ਦੀਆਂ ਓਲੰਪਿਕ ਖੇਡਾਂ, 1966 ਦੀਆਂ ਏਸ਼ਿਆਈ ਖੇਡਾਂ ਤੇ 1971 ਦੇ ਹਾਕੀ ਵਰਲਡ ਕੱਪ ਤੋਂ ਲੈ ਕੇ ਵਿਸ਼ਵ ਭਰ ਦੇ ਵੱਡੇ ਖੇਡ ਈਵੈਂਟ ਕਵਰ ਕਰਨ ਦੇ ਮੌਕੇ ਮਿਲਣ ਲੱਗ ਪਏ | ਚਾਰ ਚੁਫੇਰੇ ਜਸਦੇਵ-ਜਸਦੇਵ ਹੋਣ ਲੱਗੀ |
ਜਸਦੇਵ ਸਿੰਘ ਕੇਵਲ ਮੈਚ ਹੀ ਨਹੀਂ ਸੀ ਵਿਖਾਉਂਦਾ, ਉਹ ਖੇਡ ਮੈਦਾਨ ਦਾ ਆਲਾ ਦੁਆਲਾ,ਖੇਡ ਦੇ ਨਿਯਮ, ਸਟੇਡੀਅਮ ਦੀਆਂ ਬਾਹੀਆਂ 'ਤੇ ਲਹਿਰਾਉਂਦੇ ਪਰਚਮ, ਖਿੜੀ ਹੋਈ ਧੁੱਪ, ਨੀਲਾ ਅੰਬਰ, ਖੇਡ ਮੈਦਾਨ ਦਾ ਹਰਿਆ-ਭਰਿਆ ਘਾਹ, ਸਭ ਕੁਝ ਵਿਖਾਉਂਦਾ ਸੀ | ਉਹ ਆਪਣੀ ਕੁਮੈਂਟਰੀ ਵਿਚ ਦਰਸ਼ਕਾਂ ਦੀ ਰੌਣਕ, ਪੰਛੀਆਂ ਦੀ ਚਹਿਚਹਾਟ, ਤਾੜੀਆਂ ਦਾ ਸ਼ੋਰ ਤੇ ਟੀਮਾਂ ਦੇ ਹਮਾਇਤੀਆਂ ਦੀ ਹੱਲਾਸ਼ੇਰੀ ਵੀ ਭਰ ਦਿੰਦਾ ਸੀ | ਆਵਾਜ਼ ਦਾ ਉਤਰਾਅ, ਚੜ੍ਹਾਅ ਤੇ ਠਹਿਰਾਅ, ਗੋਲ ਹੋਣ ਉਤੇ ਆਵਾਜ਼ ਦੀ ਬੁਲੰਦੀ, ਮੈਚ ਜਿੱਤਣ ਵੇਲੇ ਦਾ ਜਲੌਅ ਤੇ ਹਾਰਨ ਵੇਲੇ ਦੀ ਨਮੋਸ਼ੀ ਨੂੰ ਬਿਆਨ ਕਰਨ ਅਤੇ 'ਲੇਕਿਨ ਵੋਹ ਚੂਕ ਗਏ' ਕਹਿਣ ਦਾ ਜਸਦੇਵ ਸਿੰਘੀ ਅੰਦਾਜ਼, ਅਜਿਹਾ ਕਲਾਤਮਿਕ ਸੀ ਜੋ ਬਿਆਨੋਂ ਬਾਹਰ ਹੈ | ਕੁਮੈਂਟਰੀ ਦਾ ਉਹ ਬਾਦਸ਼ਾਹ ਹੀ ਨਹੀਂ, ਸ਼ਹਿਨਸ਼ਾਹ ਸੀ |
ਮੈਨੂੰ ਨਵੀਂ ਦਿੱਲੀ-1982 ਦੀਆਂ ਏਸ਼ਿਆਈ ਖੇਡਾਂ ਯਾਦ ਆ ਰਹੀਆਂ ਹਨ | ਜਿੱਦਣ ਭਾਰਤ ਤੇ ਪਾਕਿਸਤਾਨ ਵਿਚਾਲੇ ਹਾਕੀ ਦਾ ਫਾਈਨਲ ਮੈਚ ਹੋਇਆ, ਸਾਰੀ ਦਿੱਲੀ ਥਾਏਾ ਖੜ੍ਹ ਗਈ ਸੀ | ਲੋਕ ਰੇਡੀਓ ਤੇ ਟਰਾਂਜ਼ਿਸਟਰਾਂ ਸਿਰ੍ਹਾਣੇ ਬੈਠੇ | ਭਾਰਤੀ ਟੀਮ ਦਾ ਕੋਚ-ਮੈਨੇਜਰ ਬਲਬੀਰ ਸਿੰਘ ਹਿੱਕ ਥਾਪੜ ਕੇ ਕਹਿ ਚੁੱਕਾ ਸੀ, ਐਤਕੀਂ ਗੋਲਡ ਮੈਡਲ ਸਾਡਾ ਹੈ | ਦੂਜੇ ਪਾਸੇ ਪਾਕਿਸਤਾਨੀ ਵੀ ਉਡਣੇ ਬਾਜ਼ ਸਨ | ਮੈਚ ਸ਼ੁਰੂ ਹੋਣ ਤੋਂ ਘੰਟਾ ਪਹਿਲਾਂ ਹੀ ਨੈਸ਼ਨਲ ਸਟੇਡੀਅਮ ਕੰਢਿਆਂ ਤਕ ਭਰ ਗਿਆ ਸੀ | ਫਿਲਮੀ ਹੀਰੋ ਅਮਿਤਾਭ ਬੱਚਨ ਦਰਸ਼ਕਾਂ ਦਾ ਧਿਆਨ ਬਦੋਬਦੀ ਖਿੱਚ ਰਿਹਾ ਸੀ | ਪ੍ਰੈੱਸ ਬਾਕਸ ਵਿਚ ਮੇਰੀ ਸੀਟ ਕੁਮੈਂਟੇਟਰ ਜਸਦੇਵ ਸਿੰਘ ਦੇ ਪਿੱਛੇ ਸੀ | ਜਸਦੇਵ ਸਿੰਘ ਪਾਣੀ ਦਾ ਗਿਲਾਸ ਮੰਗ ਰਿਹਾ ਸੀ ਪਰ ਏਨੀ ਭੀੜ 'ਚ ਪਾਣੀ ਕਿਤੋਂ ਮਿਲ ਨਹੀਂ ਸੀ ਰਿਹਾ | ਪੌਣੇ ਤਿੰਨ ਵਜੇ ਸਭ ਗੇਟ ਬੰਦ ਹੋ ਗਏ ਸਨ | ਅੰਦਰ ਦੇ ਅੰਦਰ ਤੇ ਬਾਹਰ ਦੇ ਬਾਹਰ ਰੋਕ ਦਿੱਤੇ ਗਏ | ਜਸਦੇਵ ਸਿੰਘ ਨੂੰ ਹਾਲਾਂ ਤਕ ਖਿਡਾਰੀਆਂ ਦੇ ਨਾਵਾਂ ਦੀ ਸੂਚੀ ਨਹੀਂ ਸੀ ਮਿਲੀ ਤੇ ਉਹ ਪ੍ਰਬੰਧਕਾਂ ਨੂੰ ਕੋਸ ਰਿਹਾ ਸੀ | ਫਿਰ ਉਹ ਪਾਕਿਸਤਾਨ ਦੇ ਕੁਮੈਂਟੇਟਰ ਇਸਲਾਹੁਦੀਨ ਕੋਲ ਗਿਆ ਤੇ ਉਹਦੇ ਕੋਲੋਂ ਖਿਡਾਰੀਆਂ ਦੀ ਸੂਚੀ ਲੈ ਕੇ ਆਇਆ | ਇਸਲਾਹੁਦੀਨ ਅੱਡ ਖ਼ਫ਼ਾ ਹੋਇਆ ਬੈਠਾ ਸੀ | ਉਹਦੀ 'ਹੈਲੋ-ਹੈਲੋ' ਦਾ ਰੇਡੀਓ ਪਾਕਿਸਤਾਨ ਵਲੋਂ ਕੋਈ ਜਵਾਬ ਨਹੀਂ ਸੀ ਆ ਰਿਹਾ ਤੇ ਉਹ ਮੱਥੇ 'ਤੇ ਹੱਥ ਮਾਰਦਾ ਭਾਰਤੀ ਤਕਨੀਸ਼ਨਾਂ ਵੱਲ ਲਾਲ-ਪੀਲੀਆਂ ਅੱਖਾਂ ਕੱਢ ਰਿਹਾ ਸੀ | ਉਧਰ ਸਟੈਂਡਾਂ ਉਤੇ ਦਰਸ਼ਕਾਂ ਦੀ ਹਾਤ-ਹੂਤ ਦਾ ਏਨਾ ਸ਼ੋਰ ਸੀ ਜਿਵੇਂ ਸਟੇਡੀਅਮ 'ਚ ਭੁਚਾਲ ਆ ਗਿਆ ਹੋਵੇ | ਜਸਦੇਵ ਸਿੰਘ ਨਾਲ ਦੀ ਨਾਲ ਦਰਸ਼ਕਾਂ ਦੇ ਰਉਂ ਦਾ ਨਜ਼ਾਰਾ ਪੇਸ਼ ਕਰੀ ਜਾ ਰਿਹਾ ਸੀ | ਉਧਰ ਸੰਚਾਲਣ ਕਮੇਟੀ ਦੇ ਪ੍ਰਧਾਨ ਬੂਟਾ ਸਿੰਘ ਨੇ ਦਰਸ਼ਕਾਂ ਨੂੰ ਤਿਰੰਗੀਆਂ ਝੰਡੀਆਂ ਨਾਲ ਲੈਸ ਕਰਵਾ ਦਿੱਤਾ ਸੀ |
ਮੈਚ ਸ਼ੁਰੂ ਹੋਇਆ ਤਾਂ ਸਾਰਾ ਸਟੇਡੀਅਮ ਤਿਰੰਗੇ ਰੰਗ ਵਿਚ ਰੰਗਿਆ ਗਿਆ | ਜਦੋਂ ਭਾਰਤ ਦੇ ਖਿਡਾਰੀ ਗੇਂਦ ਲੈ ਕੇ ਅੱਗੇ ਵਧਦੇ ਤਾਂ ਸ਼ੋਰ ਦੀਆਂ ਲਹਿਰਾਂ ਅਕਾਸ਼ੀਂ ਜਾ ਚੜ੍ਹਦੀਆਂ | ਚੌਥੇ ਮਿੰਟ 'ਚ ਹੀ ਭਾਰਤੀ ਟੀਮ ਦੇ ਕਪਤਾਨ ਜ਼ਫਰ ਇਕਬਾਲ ਨੇ ਗੋਲ ਕੀਤਾ ਤਾਂ ਹਜ਼ਾਰਾਂ ਕਿਲਕਾਰੀਆਂ ਵੱਜੀਆਂ | ਪਰ 17ਵੇਂ ਮਿੰਟ 'ਚ ਜਦੋਂ ਕਲੀਮ-ਉੱਲਾ ਨੇ ਡਾਜ ਮਾਰ ਕੇ ਗੋਲ ਲਾਹਿਆ ਤਾਂ ਪੌੜੀਆਂ ਉਤਲਾ ਸ਼ੋਰਗੁਲ ਵੀ ਸੌਾ ਗਿਆ ਤੇ ਭਾਰਤੀ ਟੀਮ ਦੀ ਵੀ ਜਿਵੇਂ ਫੂਕ ਨਿਕਲ ਗਈ | 19ਵੇਂ ਮਿੰਟ 'ਚ ਪਾਕਿਸਤਾਨੀ ਟੀਮ ਨੇ ਇਕ ਹੋਰ ਗੋਲ ਕੀਤਾ ਤਾਂ ਜਾਣੋ ਦਰਸ਼ਕਾਂ ਦੇ ਮਾਪੇ ਹੀ ਮਰ ਗਏ ਤੇ ਤਿਰੰਗੀਆਂ ਝੰਡੀਆਂ ਬੁੱਕਲਾਂ 'ਚ ਲੁਕੋ ਲਈਆਂ ਗਈਆਂ | ਜਸਦੇਵ ਸਿੰਘ ਨੇ ਧੌਣ ਪਿੱਛੇ ਘੁਮਾ ਕੇ ਸਾਨੂੰ ਕਿਹਾ, 'ਮੈਂ ਸਰਦਾਰ ਬੂਟਾ ਸਿੰਘ ਨੂੰ ਪਹਿਲਾਂ ਈ ਆਖਿਆ ਸੀ ਕਿ ਆਪਾਂ ਹੋਸਟ ਆਂ ਤੇ ਆਪਾਂ ਨੂੰ ਝੰਡੀਆਂ ਵੰਡਣਾ ਸ਼ੋਭਾ ਨਹੀਂ ਦਿੰਦਾ |' ਉਸ ਨੇ ਇਹ ਵੀ ਕਿਹਾ, 'ਆਮ ਵੇਖਿਆ ਗਿਐ ਕਿ ਜਦੋਂ ਭਾਰਤ ਪਾਕਿਸਤਾਨ ਸਿਰ ਪਹਿਲਾ ਗੋਲ ਕਰੇ ਤਾਂ ਅਕਸਰ ਹਾਰਦੈ |'
ਜਿਵੇਂ-ਜਿਵੇਂ ਮੈਚ ਅੱਗੇ ਵਧਿਆ ਪਾਕਿਸਤਾਨੀ ਖਿਡਾਰੀ ਹੋਰ ਚੜ੍ਹਦੇ ਗਏ | ਉਨ੍ਹਾਂ ਨੇ ਉਪਰੋ-ਥਲੀ ਸੱਤ ਗੋਲ ਕੀਤੇ ਤੇ ਭਾਰਤੀ ਟੀਮ ਨੂੰ ਉਹਦੇ ਹੀ ਘਰ ਉਹਦੇ ਹਮਾਇਤੀਆਂ ਸਾਹਮਣੇ ਏਨੀ ਸ਼ਰਮਨਾਕ ਹਾਰ ਦਿੱਤੀ ਜਿਸ ਨੂੰ ਭਾਰਤੀ ਖਿਡਾਰੀ ਡਰਾਉਣੇ ਸੁਫ਼ਨੇ ਵਾਂਗ ਕਦੇ ਵੀ ਨਹੀਂ ਭੁੱਲ ਸਕਣਗੇ | ਉੱਦਣ ਜਸਦੇਵ ਸਿੰਘ ਨੂੰ ਮੈਂ ਡਾਢਾ ਉਦਾਸ ਵੇਖਿਆ | ਮੇਰੀ ਬਦਕਿਸਮਤੀ ਹੈ ਕਿ ਉਸ ਤੋਂ ਬਾਅਦ ਮੈਂ ਜਸਦੇਵ ਸਿੰਘ ਦੇ ਦਰਸ਼ਨ ਨਹੀਂ ਕਰ ਸਕਿਆ | ਉਸ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਭਾਰਤ ਦੇ ਰਾਸ਼ਟਰਪਤੀ ਨੇ 1985 ਵਿਚ ਪਦਮਸ੍ਰੀ ਤੇ 2008 ਵਿਚ ਪਦਮ ਭੂਸ਼ਨ ਦੇ ਪੁਰਸਕਾਰ ਦਿੱਤੇ | 1988 ਵਿਚ ਸਿਓਲ ਉਲੰਪਿਕਸ ਉਤੇ ਇੰਟਰਨੈਸ਼ਨਲ ਉਲੰਪਿਕ ਕਮੇਟੀ ਦੇ ਪ੍ਰਧਾਨ ਜੁਆਨ ਐਨਟੋਨੀਓ ਸਮਾਰੰਚ ਨੇ ਉਲੰਪਿਕ ਆਰਡਰ ਨਾਲ ਜਸਦੇਵ ਸਿੰਘ ਨੂੰ ਸਨਮਾਨਿਤ ਕੀਤਾ |
ਪਿਛਲੇ ਕੁਝ ਸਮੇਂ ਤੋਂ ਉਹ ਭੁੱਲਣਰੋਗ ਦਾ ਸ਼ਿਕਾਰ ਹੋ ਗਿਆ ਸੀ ਤੇ ਪਰਕਿਨਸਨ ਦਾ ਮਰੀਜ਼ ਵੀ | ਉਹਦੇ ਹੱਥ ਕੰਬਣ ਲੱਗ ਪਏ ਸਨ | ਉਸ ਨੇ ਚੁਰਾਸੀ ਕੱਟ ਲਈ ਸੀ ਤੇ 87ਵੇਂ ਸਾਲ ਵਿਚ ਵਿਚਰ ਰਿਹਾ ਸੀ | ਉਹ 'ਲਿਵਿੰਗ ਲੀਜੈਂਡ' ਸੀ | 25 ਸਤੰਬਰ 2018 ਨੂੰ ਦਿੱਲੀ ਵਿਚ ਉਸ ਨੇ ਜੀਵਨ ਦਾ ਆਖ਼ਰੀ ਸਾਹ ਲਿਆ ਅਤੇ ਪਤਨੀ, ਪੁੱਤਰ, ਧੀ ਦੇ ਭਰੇ ਪਰਿਵਾਰ ਅਤੇ ਆਪਣੇ ਲੱਖਾਂ ਕਰੋੜਾਂ ਪਰਸੰਸਕਾਂ ਨੂੰ ਅਲਵਿਦਾ ਕਹਿ ਗਿਆ | ਉਹਦੀਆਂ ਗੱਲਾਂ ਦੇਰ ਤਕ ਹੁੰਦੀਆਂ ਰਹਿਣਗੀਆਂ | ਅਜਿਹੇ ਵਿਅਕਤੀ ਨਿੱਤ-ਨਿੱਤ ਨਹੀਂ ਜੰਮਦੇ |
                                                                                                                                                           -0-

ਸੰਗ-ਏ-ਮਰਮਰ ਨਾਲ ਬਣਿਆ ਵਿਸ਼ਵ ਪੱਧਰੀ ਵਿਰਾਸਤਾਂ ਵਾਲਾ ਇਕ ਮਹਾਨਗਰ ਅਸ਼ਗਾਬਾਤ

ਸੰਗ-ਏ-ਮਰਮਰ! ਮਿਕਨਾਤੀਸੀ ਖਿੱਚ ਅਤੇ ਕੋਮਲ ਛੂਹ ਵਾਲਾ ਖੂਬਸੂਰਤ ਸਫੈਦ ਪੱਥਰ | ਅੰਦਾਜ਼ਾ ਲਾਓ ਕਿ ਜੇਕਰ ਸੰਗਮਰਮਰ ਦੀ ਖੂਬਸੂਰਤੀ ਕਿਸੇ ਤਾਜ ਮਹੱਲ ਵਰਗੀ ਇਕ ਇਮਾਰਤ ਨੂੰ ਵਿਸ਼ਵ ਪੱਧਰ ਦਾ ਦਰਜਾ ਦਿਵਾ ਸਕਦੀ ਹੈ ਤਾਂ ਕਿਸ ਤਰ੍ਹਾਂ ਲੱਗੇਗਾ ਜਦ ਇਕ ਇਮਾਰਤ ਹੀ ਨਹੀਂ ਬਲਕਿ ਅੱਧੇ ਤੋਂ ਜ਼ਿਆਦਾ ਸ਼ਹਿਰ ਦੀ ਤਾਮੀਰ ਹੀ ਇਸ ਪੱਥਰ ਨਾਲ ਹੋਈ ਹੋਵੇ | ਭਾਵ ਸੰਗਮਰਮਰ ਦਾ ਸ਼ਹਿਰ | ਜੀ ਹਾਂ! ਦੁਨੀਆ ਵਿਚ ਇਕ ਐਸਾ ਸ਼ਹਿਰ, ਸ਼ਹਿਰ ਨਹੀਂ ਬਲਕਿ ਮਹਾਨਗਰ ਮੌਜੂਦ ਹੈ ਜਿਸ ਦੀ ਤਾਮੀਰ ਸੰਗਮਰਮਰ ਨਾਲ ਹੋਈ ਹੈ | ਇਸ ਮਹਾਨਗਰ ਦਾ ਨਾਂਅ ਹੈ 'ਅਸ਼ਗਾਬਾਤ' |
ਤੁਰਕਮੇਨਿਸਤਾਨ ਦੀ ਰਾਜਧਾਨੀ ਵਜੋਂ ਜਾਣੇਂ ਜਾਂਦੇ ਇਸ ਸ਼ਹਿਰ ਦੀ ਆਪਣੀ ਇਹ ਮੌਲਿਕ ਖੂਬੀ ਹੈ ਕਿ ਇਸ ਮਹਾਂਨਗਰ ਦੀਆਂ ਇਕ, ਦੋ ਜਾਂ ਚਾਰ ਨਹੀਂ ਬਲਕਿ 60 ਫੀਸਦੀ ਇਮਾਰਤਾਂ ਦੁਨੀਆ ਦੇ ਲਾਜਵਾਬ ਅਤੇ ਮਹਿੰਗੇ ਸਫੈਦ ਪੱਥਰ ਸੰਗ-ਏ-ਮਰਮਰ ਨਾਲ ਤਾਮੀਰ ਕੀਤੀਆਂ ਗਈਆਂ ਹਨ | ਚਾਰੇ ਪਾਸਿਓਾ ਰੇਗਿਸਤਾਨ ਵਿਚ ਘਿਰਿਆ ਸਫੈਦ ਇਮਾਰਤਾਂ ਵਾਲਾ ਇਹ ਸ਼ਹਿਰ ਕਿਸੇ ਪਰੀ ਦੇਸ ਦਾ ਭੁਲੇਖਾ ਪਾਉਂਦਾ ਹੈ | ਸ਼ਹਿਰ ਅੰਦਰ ਆਧੁਨਿਕ ਇਮਾਰਸਾਜ਼ੀ ਦੇ ਨਮੂਨੇ ਵਾਲੀਆਂ ਸੰਗਮਰਮਰ ਨਾਲ ਤਾਮੀਰ ਹੋਈਆਂ ਕਰੀਬ ਪੰਜ ਸੌ ਤੋਂ ਵੱਧ ਵਿਸ਼ਾਲ ਇਮਾਰਤਾਂ ਮੌਜੂਦ ਹਨ ਜਿਨ੍ਹਾਂ ਵਿਚ ਸਰਕਾਰੀ ਅਦਾਰੇ, ਵੱਖ ਵੱਖ ਏਜੰਸੀਆਂ ਦੇ ਦਫਤਰ, ਇਤਿਹਾਸਕ ਨਿਸ਼ਾਨੀਆਂ, ਅਜਾਇਬ ਘਰ, ਮਸਜਿਦਾਂ ਅਤੇ ਯਾਦਗਾਰਾਂ ਮੌਜੂਦ ਹਨ | ਇਹ ਤਾਮੀਰ ਏਨੇ ਵਿਸ਼ਾਲ ਪੱਧਰ 'ਤੇ ਹੋਈ ਹੈ ਕਿ ਸ਼ਹਿਰ ਅੰਦਰ ਸਿਰਫ ਸੰਗਮਰਮਰ ਪੱਥਰ ਨਾਲ ਸਜੇ ਹੋਏ ਖੇਤਰ ਦਾ ਰਕਬਾ 45 ਲੱਖ ਵਰਗ ਮੀਟਰ ਦਾ ਹੈ | ਇਸ ਵਿਲੱਖਣ ਤੱਥ ਕਾਰਨ ਸ਼ਹਿਰ ਦਾ ਨਾਂਅ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਅੰਦਰ ਵੀ ਦਰਜ ਹੈ |
ਤੁਰਕਮੇਨਿਸਤਾਨ ਮੱਧ ਏਸ਼ੀਆਈ ਦੇਸ਼ ਹੈ ਜੋ ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ 1991 ਨੂੰ ਸੁਤੰਤਰ ਹੋਂਦ ਵਿਚ ਆਇਆ | ਇਸ ਦੀਆਂ ਸਰਹੱਦਾਂ ਉਜ਼ਬੇਕਿਸਤਾਨ, ਅਫਗਾਨਿਸਤਾਨ ਅਤੇ ਈਰਾਨ ਨਾਲ ਸਾਂਝੀਆਂ ਹਨ ਅਤੇ ਇਹ ਪੱਛਮ ਵਾਲੇ ਪਾਸੇ ਕੈਸਪੀਅਨ ਸਾਗਰ ਤੱਕ ਫੈਲਿਆ ਹੋਇਆ ਹੈ | ਅਸ਼ਗਾਬਾਤ ਦਾ ਇਤਿਹਾਸ ਕੋਈ ਬਹੁਤ ਜ਼ਿਆਦਾ ਪੁਰਾਣਾਂ ਨਹੀਂ ਹੈ | ਇਸ ਦੀ ਸਥਾਪਤੀ 1881 ਵਿਚ ਕੀਤੀ ਗਈ | ਸ਼ਹਿਰ ਨੂੰ ਆਪਣੇ ਅਤੀਤ ਵਿਚ ਇਕ ਵੱਡੇ ਹਾਦਸੇ ਵਿਚੋਂ ਗੁਜ਼ਰਨਾ ਪਿਆ, ਜਦ 1948 ਵਿਚ ਆਏ ਇਕ ਭਿਆਨਕ ਭੂਚਾਲ ਕਾਰਨ ਲਗਪਗ ਸਾਰਾ ਸ਼ਹਿਰ ਤਬਾਹ ਹੋ ਗਿਆ | ਰਿਕਟਰ ਸਕੇਲ 'ਤੇ ਇਸ ਭੂਚਾਲ ਦੀ ਤੀਬਰਤਾ 9 ਸੀ | ਇਸ ਤੋਂ ਬਾਅਦ ਗੁਜ਼ਰੀ ਸਦੀ ਦੇ ਪਿਛਲੇ ਅੱਧ ਵਿਚ ਇਸ ਸ਼ਹਿਰ ਦਾ ਨਵ-ਨਿਰਮਾਣ ਹੋਇਆ ਜਿਸ ਵਿਚ ਤੁਰਕਮੇਨਿਸਤਾਨ ਸਰਕਾਰ ਨੇ ਦਿਲ ਖੋਲ੍ਹ ਕੇ ਪੈਸਾ ਖਰਚਿਆ | ਏਥੋਂ ਤੱਕ ਕਿ ਸ਼ਹਿਰ ਵਿਚਲੇ ਟੈਲੀਫੂਨ ਬੂਥ ਅਤੇ ਪਾਰਕਾਂ ਵਿਚ ਰੱਖੇ ਗਏ ਬੈਂਚ ਤੱਕ ਵੀ ਸੰਗਮਰਮਰ ਨਾਲ ਬਣਾਏ ਗਏ | ਵੈਸੇ ਗਿੰਨੀਜ਼ ਬੁੱਕ ਵਿਚ ਇਸ ਸ਼ਹਿਰ ਦਾ ਜ਼ਿਕਰ ਸਿਰਫ ਸੰਗਮਰਮਰ ਦੀ ਵਿਸ਼ਾਲ ਇਮਾਰਤਸਾਜ਼ੀ ਕਾਰਨ ਹੀ ਨਹੀਂ ਹੈ ਬਲਕਿ ਕਈ ਹੋਰ ਅੰਤਰਰਾਸ਼ਟਰੀ ਪੱਧਰ ਦੀਆਂ ਇਕ ਤੋਂ ਵੱਧ ਵਿਰਾਸਤੀ ਨਿਸ਼ਾਨੀਆਂ ਨੂੰ ਵੀ ਗਿੰਨੀਜ਼ ਬੁੱਕ ਵਿਚ ਸ਼ਾਮਿਲ ਹੋਣ ਦਾ ਮਾਣ ਹਾਸਲ ਹੈ |
ਗਲੀਚਾ ਅਜਾਇਬ ਘਰ : ਅਸ਼ਗਾਬਾਤ 'ਚ ਸਥਿਤ ਗਲੀਚਿਆਂ ਦਾ ਅਜਾਇਬਘਰ ਆਪਣੇ ਆਪ ਵਿਚ ਵਿਲੱਖਣ ਅਜਾਇਬਘਰ ਹੈ ਜਿੱਥੇ ਤੁਰਕਮੇਨਿਸਤਾਨ ਵਿਚ ਬਣੇ ਮੱਧ ਯੁੱਗ ਤੋਂ ਲੈ ਕੇ ਅੱਜ ਤੱਕ ਦੇ ਖੂਬਸੂਰਤ ਅਤੇ ਮਹਿੰਗੇ ਗਲੀਚੇ ਸਾਂਭੇ ਪਏ ਹਨ | ਇਨ੍ਹਾਂ ਗਲੀਚਿਆਂ ਵਿਚ ਦੁਨੀਆ ਦਾ ਸਭ ਤੋਂ ਵਿਸ਼ਾਲ ਗਲੀਚਾ ਵੀ ਮੌਜੂਦ ਹੈ | 301 ਵਰਗ ਮੀਟਰ ਦੇ ਇਸ ਗਲੀਚੇ ਨੂੰ ਤੁਰਕਮੇਨਿਸਤਾਨ ਦੀ ਸੋਵੀਅਤ ਯੂਨੀਅਨ ਤੋਂ ਆਜ਼ਾਦੀ ਦੀ ਦਸਵੀਂ ਵਰ੍ਹੇਗੰਢ ਮਨਾਉਣ ਸਮੇਂ ਸੈਂਕੜੇ ਕਾਰੀਗਰਾਂ ਨੇ ਮਿਲ ਕੇ ਹੱਥਾਂ ਨਾਲ ਤਿਆਰ ਕੀਤਾ ਸੀ | ਦਸਤਕਾਰੀ ਦੇ ਏਨੇ ਵਿਸ਼ਾਲ ਅਤੇ ਖੂਬਸੂਰਤ ਨਮੂਨੇ ਨੂੰ ਗਿੰਨੀਜ਼ ਬੁੱਕ ਵਿਚ ਦਰਜ ਹੋਣ ਦਾ ਮਾਣ ਹਾਸਲ ਹੈ |
ਆਗੁਜ਼ ਖ਼ਾਨ ਫੁਹਾਰਾ ਪਾਰਕ : 15 ਹੈਕਟੇਅਰ ਵਿਚ ਬਣੇ ਇਸ ਫੁਹਾਰਾ ਪਾਰਕ ਨੂੰ ਵਿਸ਼ਵ ਦਾ ਸਭ ਤੋਂ ਵਿਸ਼ਾਲ ਫੁਹਾਰਾ ਪਾਰਕ ਹੋਣ ਦਾ ਮਾਣ ਹਾਸਲ ਹੈ | ਇਸ ਦਾ ਨਿਰਮਾਣ 2008 ਵਿਚ ਕੀਤਾ ਗਿਆ ਸੀ, 2010 ਵਿਚ ਇਸ ਦਾ ਨਾਂਅ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿਚ ਸ਼ਾਮਿਲ ਹੋਇਆ | ਇਸ ਦਾ ਸਾਰਾ ਬਿਜਲਈ ਪ੍ਰਬੰਧ ਸੂਰਜੀ ਊਰਜਾ ਨਾਲ ਸੰਚਾਲਿਤ ਹੈ | ਬਿਨਾਂ ਸ਼ੱਕ ਇਹ ਸ਼ਹਿਰ ਦੀਆਂ ਮੁੱਖ ਨਿਸ਼ਾਨੀਆਂ ਵਿਚੋਂ ਇਕ ਹੈ |
ਸਿਹਤਯਾਬੀ ਲਈ ਬਣਿਆ ਪੈਦਲ-ਰਾਹ : ਅਸ਼ਗਾਬਾਤ ਸ਼ਹਿਰ ਦੇ ਬਾਹਰਵਾਰ ਨੀਮ ਪਹਾੜੀਆਂ ਵਿਚ ਬਣਾਇਆ ਗਿਆ 37 ਕਿਲੋਮੀਟਰ ਲੰਮਾ ਕੰਕਰੀਟ ਦਾ ਪੈਦਲ-ਰਾਹ ਵੀ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ | ਇਸ ਰਸਤੇ ਨੂੰ ਤੁਰਕਮੇਨਿਸਤਾਨ ਦੇ ਪ੍ਰਸਿੱਧ ਸਿਆਸਤਦਾਨ ਨਿਆਜ਼ੋਵ ਨੇ ਸ਼ਹਿਰੀਆਂ ਦੀ ਸਿਹਤ ਨੂੰ ਠੀਕ ਰੱਖਣ ਲਈ ਤਾਮੀਰ ਕਰਵਾਇਆ ਸੀ | ਇਸ ਪੈਦਲ ਯਾਤਰਾ ਲਈ ਸਰਕਾਰ ਵਲੋਂ ਸਾਲ ਵਿਚ ਇਕ ਦਿਨ ਨਿਯਤ ਕੀਤਾ ਜਾਂਦਾ ਹੈ | ਇਸ ਦਿਨ ਸਰੀਰਕ ਤੌਰ 'ਤੇ ਸਿਹਤਮੰਦ ਨਾਗਰਿਕ ਇਸ ਲੰਮੇਂ ਰਾਹ 'ਤੇ ਪੈਦਲ ਤੁਰਦੇ ਹਨ | ਅਸ਼ਗਾਬਾਤ ਦਾ ਮੌਸਮ ਕਾਫੀ ਗਰਮ ਹੈ ਅਤੇ ਇਹ ਪੈਦਲ ਯਾਤਰਾ ਸ਼ਹਿਰੀਆਂ ਲਈ ਇਕ ਚੁਣੌਤੀ ਵਰਗੀ ਮੰਨੀਂ ਜਾਂਦੀ ਹੈ | ਆਪਣੇ ਜੀਵਨ ਕਾਲ ਵਿਚ ਰਾਸ਼ਟਰਪਤੀ ਨਿਆਜ਼ੋਵ ਖੁਦ ਨਿੱਜੀ ਦਿਲਚਸਪੀ ਲੈ ਕੇ ਸਭ ਸਰਕਾਰੀ ਅਹੁਦੇਦਾਰਾਂ ਅਤੇ ਮੰਤਰੀਆਂ ਦੀ ਪੈਦਲ ਯਾਤਰਾ ਦਾ ਇੰਤਜ਼ਾਮ ਕਰਵਾਉਂਦਾ ਸੀ |
ਰਾਸ਼ਟਰਪਤੀ ਨਿਆਜ਼ੋਵ ਦਾ ਵਿਸ਼ਾਲ ਸੋਨੇ ਦਾ ਬੁੱਤ : ਸ਼ਹਿਰ ਅੰਦਰ ਸਥਿਤ ਤੁਰਕਮੇਨਿਸਤਾਨ ਦੇ ਮਰਹੂਮ ਰਾਸ਼ਟਰਪਤੀ ਨਿਆਜ਼ੋਵ ਦਾ 39 ਫੂੱਟ ਉੱਚਾ ਸੋਨੇ ਦਾ ਬੁੱਤ ਵੀ ਸੈਲਾਨੀਆਂ ਲਈ ਖਾਸ ਖਿੱਚ ਦਾ ਕੇਂਦਰ ਹੈ | ਇਸ ਬੁੱਤ ਦੀ ਇਕ ਹੋਰ ਖਾਸੀਅਤ ਹੈ ਕਿ ਇਹ ਸੂਰਜ ਦੀ ਦਿਸ਼ਾ ਦੇ ਅਨੁਸਾਰ ਘੁੰਮਦਾ ਰਹਿੰਦਾ ਹੈ ਅਤੇ ਇਸ ਦਾ ਚਿਹਰਾ ਸਦਾ ਹੀ ਸੂਰਜ ਵੱਲ ਰਹਿੰਦਾ ਹੈ | ਸ਼ਹਿਰ ਅੰਦਰ ਨਿਆਜ਼ੋਵ ਦੀਆਂ ਹੋਰ ਵੀ ਬਹੁਤ ਸਾਰੀਆਂ ਸੋਨੇ ਅਤੇ ਸੰਗਮਰਮਰ ਦੀਆਂ ਮੂਰਤੀਆਂ ਮੌਜੂਦ ਹਨ |
ਇਸ ਤੋਂ ਇਲਾਵਾ ਤੁਰਕਮੇਨਿਸਤਾਨ ਬਰਾਡਕਾਸਟਿੰਗ ਸੈਂਟਰ ਦੀ ਸਜਾਵਟ ਲਈ ਬਣਿਆ ਆਗੁਜ਼ ਖਾਨ ਨਾਂਅ ਦਾ ਵਿਸ਼ਾਲ ਸਿਤਾਰਾ, ਖੇਡ ਸਟੇਡੀਅਮ ਵਿਚ ਬਣਿਆ ਦੁਨੀਆ ਦਾ ਸਭ ਤੋਂ ਵਿਸ਼ਾਲ ਤਾਰੀ-ਤਲਾਅ, ਵਿਸ਼ਾਲ ਮਸਜਿਦਾਂ, ਬਹਾਵੀ ਫਿਰਕੇ ਦਾ ਸਭ ਤੋਂ ਪਹਿਲਾ ਮੰਦਰ ਅਤੇ ਆਤੇਮ ਸੱਭਿਆਚਾਰਕ ਸੈਂਟਰ 'ਚ ਸਥਿਤ 57 ਮੀਟਰ ਵਿਆਸ ਦਾ ਜ਼ਹਾਜ਼ੀ ਪਹੀਆ ਆਦਿ ਵੀ ਵਿਸ਼ਵ ਪੱਧਰੀ ਨਿਸ਼ਾਨੀਆਂ ਵਿਚ ਜਾਣੇ ਜਾਂਦੇ ਹਨ |
ਏਨਾ ਖੂਬਸੂਰਤ ਅਤੇ ਵਿਲੱਖਣ ਸ਼ਹਿਰ ਹੋਣ ਦੇ ਬਾਵਜੂਦ ਵਿਸ਼ਵ ਪੱਧਰ 'ਤੇ ਇਸ ਦੀ ਪਛਾਣ ਲੁਕੀ ਹੋਈ ਹੈ | ਇਸ ਦਾ ਇਕ ਕਾਰਨ ਇਹ ਵੀ ਹੈ ਕਿ ਤੁਰਕਮੇਨਿਸਤਾਨ ਸਰਕਾਰ ਅਜੇ ਇਸ ਨੂੰ ਸੈਰ ਸਪਾਟੇ ਵਜੋਂ ਵਿਕਸਿਤ ਕਰਨ ਬਾਰੇ ਜ਼ਿਆਦਾ ਹਾਂ-ਪੱਖੀ ਨਹੀਂ ਹੈ | ਸ਼ਹਿਰ ਨੂੰ ਵੇਖਣ ਆਏ ਸੈਲਾਨੀ ਸਰਕਾਰ ਵਲੋਂ ਕੀਤੇ ਗਏ ਬਹੁਤ ਭਾਰੇ ਸੁਰੱਖਿਆ ਪ੍ਰਬੰਧਾਂ ਕਾਰਨ ਅਸਹਿਜ ਮਹਿਸੂਸ ਕਰਦੇ ਹਨ | ਸ਼ਹਿਰ ਵਿਚ ਬਹੁਤ ਸਾਰੀਆਂ ਥਾਵਾਂ 'ਤੇ ਕੈਮਰਾ ਵਰਤਣ ਦੀ ਮਨਾਹੀ ਹੋਣ ਕਾਰਨ ਸੈਲਾਨੀ ਖੂਬਸੂਰਤ ਇਮਾਰਤਾਂ ਦੀਆਂ ਤਸਵੀਰਾਂ ਵੀ ਨਹੀਂ ਲੈ ਸਕਦੇ | ਸ਼ਹਿਰ ਦੀ ਆਬਾਦੀ ਘੱਟ ਹੋਣ ਕਾਰਨ ਇਸ ਦੀਆਂ ਸੜਕਾਂ ਭੀੜ-ਭੜੱਕੇ ਤੋਂ ਤਾਂ ਮੁਕਤ ਹਨ ਪਰ ਸਫੈਦ ਇਮਾਰਤਾਂ ਅਤੇ ਬਹੁਤ ਘੱਟ ਆਵਾਜਾਈ ਵਾਲੀਆਂ ਖੁੱਲ੍ਹੀਆਂ ਸੜਕਾਂ ਕਾਰਨ ਇਹ ਸ਼ਹਿਰ ਭੇਦ ਭਰਿਆ ਜਿਹਾ ਮਹਿਸੂਸ ਹੁੰਦਾ ਹੈ | ਸੰਗਮਰਮਰ ਦੇ ਬੈਂਚਾਂ ਨਾਲ ਸਜੀਆਂ ਖੂਬਸੂਰਤ ਪਾਰਕਾਂ ਖਾਲੀ ਖਾਲੀ ਲਗਦੀਆਂ ਹਨ | ਅਸ਼ਗਾਬਾਤ ਦੇ ਸ਼ਹਿਰੀ ਆਸਵੰਦ ਹਨ ਕਿ ਕਿਸੇ ਨਾ ਕਿਸੇ ਦਿਨ ਇਹ ਖੂਬਸੂਰਤ ਸ਼ਹਿਰ ਵੀ ਪੈਰਿਸ, ਲੰਡਨ ਜਾਂ ਦੁਬਈ ਦੀ ਤਰ੍ਹਾਂ ਵਿਸ਼ਵ ਪੱਧਰੀ ਸੈਰ-ਸਪਾਟਾ ਕੇਂਦਰ ਵਜੋਂ ਵਿਕਸਿਤ ਹੋ ਕੇ ਦੁਨੀਆ ਸਾਹਮਣੇ ਆਵੇਗਾ |

-ਵਾਰਸਾ, ਪੋਲੈਂਡ | ਫੋਨ : 0048-516732105.
yadsatkoha@yahoo.com

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-9 : ਕਿੱ ਥੇ ਚਲੇ ਗਏ ਉਹ ਸੰਗੀਤਕਾਰ?

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਪਰ 'ਭੰਗੜਾ' ਦਾ ਸੰਗੀਤ ਹਿੱਟ ਹੋ ਜਾਣ ਕਰਕੇ ਬਹਿਲ ਲਈ ਇਕ ਨਵੀਂ ਮੁਸ਼ਕਿਲ ਪੈਦਾ ਹੋ ਗਈ | ਲਗਪਗ ਹਰੇਕ ਪੰਜਾਬੀ ਫ਼ਿਲਮਸਾਜ਼ ਆਪਣੀਆਂ ਫ਼ਿਲਮਾਂ ਲਈ ਉਸ ਦੇ ਸੰਗੀਤ ਦੀ ਮੰਗ ਕਰਨ ਲੱਗ ਪਿਆ | ਨਿਰਮਾਤਾਵਾਂ ਵਿਚ ਉਸ ਪ੍ਰਤੀ ਏਨਾ ਕਰੇਜ਼ ਸੀ ਕਿ ਉਹ ਉਸ ਨੂੰ ਮੰੂਹ ਮੰਗਿਆ ਮੁਆਵਜ਼ਾ ਦੇਣ ਦੀ ਪੇਸ਼ਕਸ਼ ਕਰਨ ਲੱਗ ਪਏ ਸਨ | ਉਨ੍ਹਾਂ ਦਿਨਾਂ 'ਚ ਪੰਜਾਬੀ ਫ਼ਿਲਮ ਦਾ ਬਜਟ ਇਕ ਲੱਖ ਰੁਪਏ ਤੱਕ ਹੀ ਸੀਮਤ ਸੀ | ਫ਼ਿਲਮਸਾਜ਼ ਹੰਸ ਰਾਜ ਬਹਿਲ ਨੂੰ ਆਪਣੇ ਬਜਟ ਦਾ ਪੰਜਾਹ ਫੀਸਦੀ ਅਰਥਾਤ ਪੰਜਾਹ ਹਜ਼ਾਰ ਰੁਪਏ ਤੱਕ ਦਾ ਮੁਆਵਜ਼ਾ ਦੇ ਰਹੇ ਸਨ |
ਦੂਜੇ ਪਾਸੇ ਬਹਿਲ ਦੇ ਹਿੰਦੀ ਫ਼ਿਲਮਾਂ 'ਚ ਵੀ ਕਾਫ਼ੀ ਰੁਝੇਵੇਂ ਸਨ | ਉਸ ਦੀ ਆਪਣੀ ਨਿਰਮਾਣ ਸੰਸਥਾ (ਐਨ.ਸੀ. ਫ਼ਿਲਮਜ਼) ਤੋਂ ਇਲਾਵਾ ਕੁਝ ਹੋਰ ਨਿਰਮਾਤਾ-ਨਿਰਦੇਸ਼ਕਾਂ (ਕੇਦਾਰ ਕਪੂਰ, ਜੁਗਲ ਕਿਸ਼ੋਰ) ਦੀਆਂ ਫ਼ਿਲਮਾਂ ਲਈ ਵੀ ਉਹ ਸੰਗੀਤ ਤਿਆਰ ਕਰ ਰਿਹਾ ਸੀ | ਫਿਰ ਵੀ, ਉਸ ਨੇ ਹਿੰਦੀ ਅਤੇ ਪੰਜਾਬੀ ਸਿਨੇਮਾ ਦੇ ਦਰਮਿਆਨ ਇਕ ਸੰਤੁਲਨ ਕਾਇਮ ਕੀਤਾ ਅਤੇ ਕਈ ਪੰਜਾਬੀ ਫ਼ਿਲਮਾਂ 'ਲਾਜੋ', 'ਦੋ ਲੱਛੀਆਂ', 'ਪਿੰਡ ਦੀ ਕੁੜੀ', 'ਗੁੱਡੀ' ਲਈ ਸਦਾਬਹਾਰ ਰਚਨਾਵਾਂ ਦੀ ਸਿਰਜਣਾ ਕੀਤੀ | ਸੱਚਾਈ ਤਾਂ ਇਹ ਹੈ ਕਿ ਜਿੰਨੀ ਵੀ ਸਫ਼ਲਤਾ ਬਹਿਲ ਨੂੰ ਪੰਜਾਬੀ ਸਿਨੇਮਾ 'ਚ ਮਿਲੀ ਹੈ, ਉਸ ਦਾ ਅੱਧਾ ਫ਼ੀਸਦੀ ਵੀ ਅਜੇ ਤੱਕ ਕਿਸੇ ਹੋਰ ਪੰਜਾਬੀ ਫ਼ਿਲਮ ਸੰਗੀਤਕਾਰ ਨੂੰ ਨਸੀਬ ਨਹੀਂ ਹੋਈ ਹੈ |
ਵੈਸੇ ਵੀ ਹੰਸ ਰਾਜ ਬਹਿਲ ਦੀ ਸ਼ਖ਼ਸੀਅਤ 'ਚ ਪੰਜਾਬੀਅਤ ਕੁੱਟ-ਕੁੱਟ ਕੇ ਭਰੀ ਹੋਈ ਸੀ | ਉਸ ਦੇ ਸਬੰਧ ਪੰਜਾਬ ਨਾਲ ਸਦਾ ਹੀ ਭਾਵਪੂਰਤ ਲਹਿਜ਼ੇ ਦੇ ਰਹੇ ਸਨ | ਲਗਪਗ ਹਰ ਸਾਲ ਹੀ ਉਹ ਆਪਣੇ ਰੁਝੇਵੇਂ ਮੁੰਬਈ ਛੱਡ ਕੇ ਪੰਜਾਬ 'ਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜ਼ਰੂਰ ਆਇਆ ਕਰਦਾ ਸੀ | ਬਟਾਲੇ ਦੇ ਨਾਲ ਉਸ ਦਾ ਤਾਂ ਬਹੁਤ ਹੀ ਜਜ਼ਬਾਤੀ ਰਿਸ਼ਤਾ ਸੀ | ਉਸ ਦੀ ਬੇਟੀ ਇਥੋਂ ਦੇ ਇਕ ਵਪਾਰੀ ਨਾਲ ਵਿਆਹੀ ਹੋਈ ਸੀ | ਬਟਾਲੇ ਦਾ ਪ੍ਰੇਮ ਨਗਰ 'ਚ ਹਿਕਮਤ ਦੀ ਦੁਕਾਨ ਚਲਾਉਣ ਵਾਲੇ ਹਕੀਮ ਮੰਗਤ ਰਾਮ ਨਾਲ ਉਹ ਅਕਸਰ ਦਿਲ ਦੀਆਂ ਗੱਲਾਂ ਕਰਿਆ ਕਰਦਾ ਸੀ | ਮੇਰੀ ਉਸ ਨਾਲ ਮੁਲਾਕਾਤ ਇਸੇ ਹੀ ਹਕੀਮ ਦੀ ਦੁਕਾਨ 'ਤੇ ਹੋਈ ਸੀ | ਗੱਲਾਂਬਾਤਾਂ 'ਚ ਉਹ ਮੈਨੂੰ ਇਕ ਬਹੁਤ ਹੀ ਸਾਦਾ ਪਰ ਆਪਣੇ ਖਿੱਤੇ ਦੇ ਨਿਪੰੁਨ ਕਲਾਕਾਰ ਨਜ਼ਰ ਆਏ | ਜਦੋਂ ਮੈਂ ਉਨ੍ਹਾਂ ਨੂੰ ਉਸ ਦੀ ਸੰਗੀਤਕ ਸਫ਼ਲਤਾ ਦਾ ਰਹੱਸ ਪੁੱਛਿਆ ਤਾਂ ਉਨ੍ਹਾਂ ਨੇ ਹੱਸਦਿਆਂ ਜਵਾਬ ਦਿੱਤਾ, 'ਮੇਰੀ ਕਾਮਯਾਬੀ ਦਾ ਆਧਾਰ ਬੜਾ ਹੀ ਸਿੱਧਾ ਹੈ | ਮੈਂ ਲੋਕ ਸੰਗੀਤ ਅਤੇ ਸ਼ਾਸਤਰੀ ਸੰਗੀਤ ਦਾ ਮਿਸ਼ਰਣ ਕਰ ਕੇ ਰਚਨਾ ਰਚਦਾ ਹਾਂ | ਇਸ ਲਈ ਕੋਈ ਉਚੇਚ ਕਰਨ ਦੀ ਲੋੜ ਨਹੀਂ ਹੁੰਦੀ | '
ਬਹਿਲ ਦੀ ਗੱਲ ਬਿਲਕੁਲ ਦਰੁਸਤ ਹੈ | ਉਸਨੇ ਬਹੁਤ ਹੀ ਘੱਟ ਸਾਜ਼ਿੰਦਿਆਂ ਦੇ ਨਾਲ ਮਧੁਰ ਰਚਨਾਵਾਂ ਨੂੰ ਹੋਂਦ 'ਚ ਲਿਆਂਦਾ ਸੀ | ਸਾਰੰਗੀ ਅਤੇ ਢੋਲਕ ਉਸ ਦੇ ਮੁੱਖ ਇੰਸਟਰੂਮੈਂਟਸ ਹੁੰਦੇ ਸਨ |
ਬਟਾਲੇ 'ਚ ਹੀ ਉਨ੍ਹਾਂ ਦਾ ਬਾਜਵਾ ਫੋਟੋਗ੍ਰਾਫਰ ਦੀ ਦੁਕਾਨ 'ਤੇ ਵੀ ਆਉਣਾ-ਜਾਣਾ ਸੀ |
ਇਕ ਹੋਰ ਬਹਿਲ ਦੀ ਪ੍ਰਾਪਤੀ ਇਹ ਹੈ ਕਿ ਉਸ ਨੇ ਪੰਜਾਬੀ ਸੰਗੀਤ ਨੂੰ ਸੁਰਿੰਦਰ ਕੋਹਲੀ ਵਰਗਾ ਹੋਣਹਾਰ ਗਾਇਕ ਅਤੇ ਸੰਗੀਤਕਾਰ ਵੀ ਦਿੱਤਾ ਸੀ |
ਪੰਜਾਬੀ ਫ਼ਿਲਮ ਸੰਗੀਤ ਦੇ ਖੇਤਰ 'ਚ ਸੰਗੀਤਕਾਰ ਐਸ. ਮੋਹਿੰਦਰ ਦਾ ਵੀ ਕਾਫ਼ੀ ਯੋਗਦਾਨ ਹੈ | ਐਸ. ਮੋਹਿੰਦਰ ਵੀ ਹਿੰਦੀ ਫ਼ਿਲਮਾਂ ਦਾ ਮਸ਼ਹੂਰ ਸੰਗੀਤਕਾਰ ਸੀ | ਉਸ ਦੁਆਰਾ ਰਚਿਤ 'ਬਟਵਾਰਾ' ਦਾ ਯੁਗਲ ਗੀਤ 'ਯੇਹ ਰਾਤ ਯੇਹ ਫ਼ਿਜ਼ਾਏਾ, ਫਿਰ ਆਏਾ ਜਾ ਨਾ ਆਏਾ' ਏਤੇ 'ਸ਼ੀਰੀ ਫਰਿਹਾਦ' ਦੀ ਕਲਾਸੀਕਲ ਰਚਨਾ 'ਗੁਜ਼ਰਾ ਹੁਆ ਜ਼ਮਾਨਾ, ਆਤਾ ਨਹੀਂ ਦੁਬਾਰਾ' ਕਿਸੇ ਵੀ ਸੰਗੀਤ ਪ੍ਰੇਮੀ ਨੂੰ ਜਕੜ ਕੇ ਰੱਖ ਦਿੰਦੀਆਂ ਹਨ | ਪਰ ਪਤਾ ਨਹੀਂ ਕਿ ਇਸ ਏਨੇ ਪ੍ਰਤਿਭਾਸ਼ਾਲੀ ਕਲਾਕਾਰ ਨੂੰ ਉਸ ਦਾ ਸਹੀ ਸਨਮਾਨ ਕਦੇ ਵੀ ਨਹੀਂ ਮਿਲਿਆ ਸੀ | ਇਸ ਲਈ ਉਸ ਨੇ 'ਰਿਪੋਰਟਰ ਰਾਜੂ' ਅਤੇ 'ਜਲ ਪਰੀ' ਵਰਗੀਆਂ 'ਸੀ' ਕਲਾਸ ਫ਼ਿਲਮਾਂ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ, ਇਸ ਦੇ ਨਾਲ ਹਿੰਦੀ ਸਿਨੇਮਾ ਦੇ ਸੰਦਰਭ 'ਚ ਉਸ ਦੀ ਸਾਖ ਕੁਝ ਹੋਰ ਥੱਲੇ ਡਿੱਗ ਪਈ ਸੀ |
ਪੰਜਾਬ ਸਿਨੇਮਾ 'ਚ ਉਸ ਨੂੰ ਢੁਕਵਾਂ ਸਨਮਾਨ ਦੁਆਉਣ ਵਾਲਾ ਨਿਰਦੇਸ਼ਕ ਰਾਮ ਮਾਹੇਸ਼ਵਰੀ ਸੀ | ਉਸ ਨੇ ਆਪਣੀ ਕਿਰਤ 'ਨਾਨਕ ਨਾਮ ਜਹਾਜ਼ ਹੈ' ਲਈ ਐਸ. ਮੋਹਿੰਦਰ ਦੀਆਂ ਸੇਵਾਵਾਂ ਲਈਆਂ | ਕਹਿਣ ਦੀ ਲੋੜ ਨਹੀਂ ਕਿ ਇਸ ਕਲਾਕਾਰ ਨੇ 'ਮਿੱਤਰ ਪਿਆਰੇ ਨੂੰ ' ਅਤੇ 'ਮੈਂ ਅੰਧਲੇ ਕੀ ਟੇਕ' ਵਰਗੀਆਂ ਰਚਨਾਵਾਂ ਨੂੰ ਜਨਮ ਦੇ ਕੇ ਪੰਜਾਬੀ ਫ਼ਿਲਮ ਸੰਗੀਤ ਦਾ ਝੰਡਾ ਬੁਲੰਦ ਕੀਤਾ ਸੀ |
ਪਰ ਬਾਵਜੂਦ ਇਸ ਅਸੀਮਿਤ ਸਫ਼ਲਤਾ ਦੇ, ਐਸ. ਮੋਹਿੰਦਰ ਫ਼ਿਲਮ ਜਗਤ ਦੀ ਜੁਗਾੜਬੰਦੀ ਤੋਂ ਬਹੁਤ ਪ੍ਰੇਸ਼ਾਨ ਸੀ | ਇਸ ਲਈ ਉਹ ਇਹ ਦੁਨੀਆ ਛੱਡ ਕੇ ਇੰਗਲੈਂਡ ਜਾ ਕੇ ਵਸ ਗਿਆ ਸੀ |
ਜਿਸ ਉਚਾਈ ਤੱਕ ਇਨ੍ਹਾਂ ਸੰਗੀਤਕਾਰਾਂ ਨੇ ਪੰਜਾਬੀ ਸਿਨੇਮਾ ਨੂੰ ਪਹੁੰਚਾਇਆ, ਉਹ ਆਉਣ ਵਾਲੇ ਸੰਗੀਤਕਾਰਾਂ ਲਈ ਸੰਭਵ ਹੀ ਨਹੀਂ ਸੀ | ਕਹਿਣ ਨੂੰ ਪੰਜਾਬੀ ਫ਼ਿਲਮ ਸੰਗੀਤ ਦੇ ਖਿੱਤੇ 'ਚ ਅਨੇਕਾਂ ਹੀ ਨਾਂਅ ਹੁਣ ਸਾਹਮਣੇ ਉੱਭਰ ਕੇ ਆਉਂਦੇ ਹਨ ਪਰ ਉਨ੍ਹਾਂ ਦੀਆਂ ਰਚਨਾਵਾਂ ਵਿਚ ਸਦੀਵੀਪਨ ਨਹੀਂ ਹੈ | ਇਹ ਤਰਕ ਸਪਨ ਜਗਮੋਹਨ ਤੋਂ ਲੈ ਕੇ ਜੈਦੇਵ, ਬਬਲੂ ਅਤੇ ਅਤੁਲ ਸ਼ਰਮਾ 'ਤੇ ਬਰਾਬਰ ਰੂਪ 'ਚ ਲਾਗੂ ਹੁੰਦਾ ਹੈ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 099154-93043.

ਭੁੱਲੀਆਂ ਵਿਸਰੀਆਂ ਯਾਦਾਂ

ਪੰਜਾਬ ਦੀ ਕੋਇਲ ਸੁਰਿੰਦਰ ਕੌਰ (ਹੁਣ ਸਵਰਗਵਾਸੀ) ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੀ.ਸੀ. ਸ: ਐਸ. ਪੀ. ਸਿੰਘ ਨੇ ਡਾਕਟਰੇਟ ਦੀ ਆਨਰੇਰੀ ਡਿਗਰੀ ਪ੍ਰਦਾਨ ਕੀਤੀ ਸੀ | ਇਸ ਤਰ੍ਹਾਂ ਦਾ ਕੰਮ ਵੀ ਕੋਈ-ਕੋਈ ਵੀ.ਸੀ. ਕਰ ਸਕਦੈ, ਜਿਹੜਾ ਲੋਕ ਗਾਇਕ ਨੂੰ ਡਾਕਟਰੇਟ ਦੀ ਡਿਗਰੀ ਦੇਵੇ | ਸੁਰਿੰਦਰ ਕੌਰ ਦੇ ਗੀਤਾਂ ਨੂੰ ਹਰ ਕੋਈ ਪਸੰਦ ਕਰਦਾ ਸੀ ਤੇ ਅੱਜ ਵੀ ਕਰ ਰਿਹਾ ਹੈ | ਅੰਮਿ੍ਤਸਰ ਦੀ ਰੇਲਵੇ ਕਾਲੋਨੀ ਦੇ ਕਲੱਬ ਨੇ ਕਾਲੋਨੀ ਵਿਚ ਸੁਰਿੰਦਰ ਕੌਰ ਨੂੰ ਸੱਦਿਆ ਸੀ | ਮੈਡਮ ਮਧੂ ਸੁਰਿੰਦਰ ਕੌਰ ਦੀ ਬਹੁਤ ਫੈਨ ਸੀ | ਇਸ ਕਰਕੇ ਸੁਰਿੰਦਰ ਕੌਰ ਨੂੰ ਉਸ ਨੇ ਬੇਨਤੀ ਕਰ ਕੇ ਆਪਣੀ ਕਾਲੋਨੀ ਵਿਚ ਆਉਣ ਦਾ ਸੱਦਾ ਦਿੱਤਾ ਸੀ | ਸੁਰਿੰਦਰ ਕੌਰ ਵੀ ਖ਼ੁਸ਼ ਸਨ ਕਿ ਮੇਰੇ ਗੀਤਾਂ ਨੂੰ ਰੇਲਵੇ ਦੇ ਕਰਮਚਾਰੀ ਚਾਅ ਨਾਲ ਸੁਣਦੇ ਹਨ | ਇਸ ਤਰ੍ਹਾਂ ਦੀ ਖ਼ੁਸ਼ੀ ਕਰਮਚਾਰੀਆਂ ਨੂੰ ਕੋਈ-ਕੋਈ ਗਾਇਕ ਹੀ ਦੇ ਸਕਦਾ ਹੈ |

-ਮੋਬਾਈਲ : 98767-41231

ਇਨਸਾਨੀ ਸ਼ਖ਼ਸੀਅਤ ਦਾ ਅਹਿਮ ਹਿੱਸਾ: ਇਖ਼ਲਾਕ, ਚਰਿੱਤਰ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਜਵਾਨੀ ਜਦ ਵੀ ਪ੍ਰਵਾਨ ਚੜ੍ਹੀ ਹੈ ਇਸ ਨੇ ਭੜਥੂ ਪਾਇਆ ਹੈ ਤੇ ਪਾਉਂਦੀ ਰਹੇਗੀ, ਇਸ ਵਿਚ ਕੁਝ ਨਵਾਂ ਨਹੀਂ | ਇਸ ਨੇ ਸਮਾਜ ਵਿਚ ਆਪਣੀ ਬਣਦੀ ਥਾਂ ਮੰਗਣੀ ਹੀ ਹੈ ਕਿ ਇਹ ਉਸ ਨੂੰ ਦਿੱਤੀ ਜਾਵੇ | ਜਵਾਨੀ ਦਾ ਝੱਖੜ ਆਉਣ ਤੋਂ ਪਹਿਲਾਂ ਹੀ ਜੇਕਰ ਬਚਪਨ ਵਿਚ ਨਵੀਆਂ ਪੀੜ੍ਹੀਆਂ ਨੂੰ ਦੱਸ ਦਿੱਤਾ ਜਾਵੇ ਕਿ ਜਵਾਨੀ ਦੇ ਆਉਣ ਵਾਲੇ ਤੂਫ਼ਾਨ 'ਤੇ ਕਿਵੇਂ ਕਾਬੂ ਰੱਖਣਾ ਹੈ, ਕਿਵੇਂ ਹਥਿਆਉਣਾ ਹੈ, ਸ਼ਾਇਦ ਏਨੀ ਘੜਮਸ ਨਹੀਂ ਮਚੇਗੀ ਜਿਵੇਂ ਅੱਜ ਹੈ | ਅਸੀਂ ਇਕ ਵਿਅਕਤੀ ਹਾਂ, ਸਾਡੀ ਆਪਣੀ ਖਾਸ ਹੋਂਦ ਹੈ | ਪਰ ਇਸ ਅਲੱਗ ਸ਼ੈਅ ਨੇ ਹੋਰਨਾਂ ਨਾਲ ਰਲਣਾ ਹੈ ਤਾਂ ਹੀ ਇਕ ਕੌਮ ਬਣੇਗੀ, ਇਕ ਮੁਲਕ ਬਣੇਗਾ | ਇਸ ਪੂਰੇ ਸਮੂਹ ਵਿਚ ਕਿਵੇਂ ਕਿਸੇ ਨਾਲ ਬਿਨਾਂ ਖਹਿਬੜਿਆਂ ਇਕ ਸੁਰ ਹੋਣਾ ਹੈ | ਜੇਕਰ ਸਮਾਜ ਦਾ ਇਖ਼ਲਾਕ ਉੱਚਾ ਹੈ ਤਾਂ ਕਿਸੇ 'ਤੇ ਵੀ ਭੀੜ ਪੈਣ 'ਤੇ ਲੋਕਾਂ ਦੀ ਜ਼ਮੀਰ ਮਦਦ ਕਰਨ ਲਈ ਕਿਸੇ ਦੇ ਕੰਮ ਆਉਣ ਲਈ, ਕਿਸੇ ਦੀ ਜਾਨ ਬਚਾਉਣ ਲਈ, ਖ਼ੁਦ-ਬਖ਼ੁਦ ਮਜਬੂਰ ਹੋ ਜਾਵੇਗੀ, ਅੰਦਰੋਂ ਧੱਕਾ ਮਾਰੇਗੀ ਕਿ ਉਠ, ਪੰੁਨ ਦਾ ਕੰਮ ਕਰ | ਸਮਾਜ ਦਾ ਕਿਰਦਾਰ ਜਿੰਨਾ ਵੀ ਸੱਚਾ-ਸੁੱਚਾ ਹੋਵੇਗਾ, ਓਨੇ ਹੀ ਘੱਟ ਕਾਨੂੰਨ ਘੜਨ ਦੀ ਲੋੜ ਰਹੇਗੀ, ਕਾਨੂੰਨ ਨੂੰ ਮੰਨਵਾਉਣ ਲਈ ਕੀਤਾ ਜਾਂਦਾ ਖਰਚਾ ਕਿਸੇ ਹੋਰ ਲੋਕ ਭਲਾਈ ਲਈ ਮੁਹੱਈਆ ਰਹੇਗਾ | ਸੱਚੇ ਸਮਾਜ 'ਤੇ ਪੁਲਿਸ ਦੀ ਲੋੜ ਘੱਟ ਜਾਵੇਗੀ, ਮੁਕੱਦਮੇਬਾਜ਼ੀ ਵਿਚ ਗਿਰਾਵਟ ਆ ਜਾਵੇਗੀ |
ਮੈਂ ਇਹ ਵੀ ਨਹੀਂ ਕਹਾਂਗਾ ਕਿ ਵਧੀਆ ਕਿਰਦਾਰ ਰਾਮ ਰਾਜ ਲੈ ਆਵੇਗਾ | ਉਲਟੀਆਂ ਸ਼ਕਤੀਆਂ ਦਾ ਵੀ ਰੋਲ ਹੈ | ਜਿਥੇ ਇਸ਼ਕ ਦੀ ਸੱਟ ਵੱਜੀ ਹੈ, ਉਥੋਂ ਸ਼ਾਇਰੀ ਉਪਜੀ ਹੈ | ਇਨਸਾਨੀ ਜ਼ਿਆਦਾਤਰ ਤਰੱਕੀ ਤਾਹੀਉਂ ਹੈ ਜੋ ਔਕੜਾਂ ਸਨ | ਇਕ ਆਮ ਜਿਹੀ ਚੰਗਿਆਈ ਦਾ ਮਾਹੌਲ ਰਹਿਣਾ ਚਾਹੀਦਾ ਹੈ ਤਾਂ ਜੋ ਆਮ ਜ਼ਿੰਦਗੀ, ਆਮ ਜਿਹੀ ਸੌਖਿਆਈ ਵਿਚ ਆਮ ਜਿਹੀ ਰਫ਼ਤਾਰ ਨਾਲ ਚਲਦੀ ਰਹੇ | ਜੇਕਰ ਸਚਾਈ ਆਮ ਰਹੇਗੀ ਤਾਂ ਝੂਠ ਛੇਤੀ ਕਾਬੂ ਵਿਚ ਆ ਜਾਵੇਗਾ | ਆਮ ਇਨਸਾਨ ਆਪਣੀ ਸਮਰੱਥਾ ਨੂੰ ਨਿਡਰ ਮਾਹੌਲ ਵਿਚ, ਆਖਰੀ ਹੱਦ ਤੱਕ ਸਾਕਾਰ ਕਰ ਸਕੇਗਾ | ਟੈਨਸ਼ਨ ਘਟ ਜਾਵੇਗੀ, ਬਿਮਾਰੀਆਂ ਘਟ ਜਾਣਗੀਆਂ | ਸਭ ਦੇ ਸਾਹਮਣੇ ਮੈਂ ਆਪਣੀ ਫਰਿਆਦ ਜ਼ਰੂਰ ਰੱਖਾਂਗਾ ਕਿ ਹਰ ਜੀਵਤ ਸ਼ੈਅ ਨੂੰ ਇਸ ਨੀਲੀ ਛੱਤਰੀ ਥੱਲੇ ਜਿਊਣ ਦਾ ਹੱਕ ਦਿੱਤਾ ਜਾਵੇ | ਡਰਾਅ ਕੇ, ਕੁੱਟਮਾਰ ਕੇ, ਧਮਕਾ ਕੇ, ਜਿਊਾਦੇ ਜੀਆਂ ਨੂੰ ਆਪਣੀ ਮਰਜ਼ੀ ਮੁਤਾਬਿਕ ਨਾ ਹੀ ਕੀਤਾ ਜਾਵੇ | ਪਿਆਰ, ਇਨਾਮ, ਸੌਦੇਬਾਜ਼ੀ ਤੇ ਹੋਰ ਬਹੁਤ ਸਾਊ ਹੱਥ-ਕੰਡੇ ਹਨ, ਜਿਨ੍ਹਾਂ ਰਾਹੀਂ ਵੱਧ ਕਾਮਯਾਬੀ ਹਾਸਲ ਕੀਤੀ ਜਾ ਸਕਦੀ ਹੈ | ਮਿਸਾਲ ਵਜੋਂ, ਜੇਕਰ ਗ੍ਰਹਿਸਥੀ ਟੁੱਟ ਜਾਂਦੀ ਹੈ ਤਾਂ ਸਮਝ ਇਹ ਰਹਿਣੀ ਚਾਹੀਦੀ ਹੈ ਕਿ ਅਸੀਂ ਇਕ-ਦੂਜੇ ਲਈ ਕੁਦਰਤ ਵਲੋਂ ਬਣੇ ਹੀ ਨਹੀਂ | ਤੁਸੀਂ ਆਪਣਾ ਰਸਤਾ ਫੜੋ ਤੇ ਦੂਸਰਾ ਆਪਣੀ ਡਗਰ ਫੜੇ, ਕਿਉਂ ਕੋਈ ਮਚੇ, ਦੂਸਰੇ ਦਾ ਸਿਰ ਭੰਨੇ, ਤੁਹਾਨੂੰ ਕੋਈ ਹੋਰ ਰੂਹ ਸਾਥੀ ਮਿਲ ਜਾਵੇਗਾ ਤੇ ਦੂਸਰੇ ਨੂੰ ਉਸ ਦਾ | ਕਿਉਂ ਸੋਚਣੈ ਕਿ ਦੂਸਰੀ ਜ਼ਿੰਦਗੀ ਨੂੰ ਮਸਲ ਦਿੱਤਾ ਜਾਵੇ, ਕਿਤੇ ਹੋਰ ਵਸਣ ਦੇ ਲਾਇਕ ਨਾ ਛੱਡਿਆ ਜਾਵੇ | ਅਲੱਗ ਹੋਣਾ ਹੈ ਤਾਂ ਦੋਸਤਾਂ ਵਾਂਗ ਹੋਵੋ ਤਾਂ ਜੋ ਬਾਅਦ ਵਿਚ ਵੀ ਇਕ-ਦੂਜੇ ਦੇ ਮੱਥੇ ਲੱਗਦੇ ਰਹੋ |
ਸਾਨੂੰ ਆਜ਼ਾਦੀ ਹੈ ਪਰ ਇਸ ਦਾ ਸਹੀ ਮਤਲਬ ਦਿਨ-ਬਦਿਨ ਪਤਲਾ ਪੈ ਰਿਹਾ ਹੈ | ਇਸ ਦੀ ਪਰਿਭਾਸ਼ਾ ਨੂੰ , ਇਸ ਦੀਆਂ ਹੱਦਾਂ ਨੂੰ , ਇਸ ਦੀ ਖੁੱਲ੍ਹ ਨੂੰ , ਇਸ ਦੀ ਸਹੀ ਵਰਤੋਂ ਨੂੰ ਦੁਬਾਰਾ ਸਮਝਣ ਦੀ ਲੋੜ ਹੈ ਤੇ ਗੰਭੀਰ ਲੋੜ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਹੀ ਸੰਸਕਾਰਾਂ ਰਾਹੀਂ ਜ਼ਿੰਦਗੀ ਵਿਚਰਨੀ ਸਿਖਾਈ ਜਾਵੇ | ਸਭ ਤੋਂ ਸਹੀ ਵਕਤ ਹੈ ਜਦ ਬੱਚੇ ਪ੍ਰਾਇਮਰੀ ਸਕੂਲਾਂ ਵਿਚ ਹੁੰਦੇ ਹਨ ਤੇ ਲਵੀ ਉਮਰੇ ਉਨ੍ਹਾਂ ਨੂੰ ਚੰਗੇ ਪੇਂਡੂ, ਸ਼ਹਿਰੀ ਬਣਨ ਦੀਆਂ ਆਦਤਾਂ ਪਾਈਆਂ ਜਾਣ ਅਤੇ ਇਨ੍ਹਾਂ ਦੇ ਅਮਲ 'ਤੇ ਜ਼ੋਰ ਰੱਖਿਆ ਜਾਵੇ |
ਉਨ੍ਹਾਂ ਨੂੰ ਦੱਸਿਆ ਜਾਵੇ ਕਿ ਜ਼ਿੰਦਗੀ ਜਿਊਣ ਦਾ ਮਕਸਦ ਕਿਤੇ ਉਚੇਰਾ ਹੈ | ਮੈਂ ਖੁਦ ਕਈ ਥਾਵਾਂ 'ਤੇ, ਕਈ ਕੰਮਾਂ, ਇਮਤਿਹਾਨਾਂ ਵਿਚ ਫੇਲ੍ਹ ਰਿਹਾ ਹਾਂ | ਮੈਂ ਵੀ ਉਦੋਂ ਗੁੱਸੇ ਵਿਚ ਹੁੰਦਾ, ਆਪਣੀ ਨਾਕਾਮਯਾਬੀ ਕਰ ਕੇ ਨਮੋਸ਼ੀ ਵਿਚ ਰਹਿੰਦਾ, ਕਿਸੇ ਨੂੰ ਮੰੂਹ ਦਿਖਾਉਣ ਲਈ ਮੇਰਾ ਜੀਅ ਨਾ ਕਰਦਾ | ਜਿਵੇਂ ਅੱਜ ਮੈਂ ਪਿੱਛੇ ਨੂੰ ਝਾਤ ਮਾਰਦਾ ਹਾਂ ਤਾਂ ਮੈਨੂੰ ਦਿਸਦਾ ਹੈ ਕਿ ਮੇਰੀ ਤਕਦੀਰ ਮੇਰੇ ਲਈ ਕੁਝ ਰਸਤੇ ਮੰੁਦ ਰਹੀ ਸੀ ਤੇ ਕੁਝਨਾ ਨੂੰ ਖੋਲ੍ਹ ਰਹੀ ਸੀ | ਅਖੀਰ ਨੂੰ ਮੈਂ ਉਥੇ ਹੀ ਸਾਂ ਜਿਥੇ ਮੇਰੀ ਤਕਦੀਰ ਮੇਰੇ ਇੰਤਜ਼ਾਰ ਵਿਚ ਸੀ ਤੇ ਅੱਜ ਮੈਂ ਇਕ ਸੰਘਣੇ ਵਿਸਮਾਦ ਦੀ ਟੀਸੀ 'ਤੇ ਹਾਂ | ਮਾੜੀ ਜਿਹੀ ਗੱਲ 'ਤੇ ਇਉਂ ਨਾ ਸਮਝਿਆ ਜਾਵੇ ਕਿ ਇਹੋ ਆਖਰੀ ਦਰਵਾਜ਼ਾ ਸੀ, ਜਿਹੜਾ ਬੰਦ ਮਿਲਿਆ | ਨਹੀਂ, ਪਤਾ ਨਹੀਂ ਜ਼ਿੰਦਗੀ ਕਿੰਨੇ ਕੁ ਦਰਵਾਜ਼ੇ ਖੋਲ੍ਹੀ ਬੈਠੀ ਹੈ | ਚਲੋ, ਤੁਰੋ ਤਾਂ ਸਈ, ਮੰਜ਼ਿਲ ਮਿਲ ਹੀ ਜਾਵੇਗੀ | ਜ਼ਿੰਦਗੀ ਨੂੰ ਇਕ ਤੰਗ ਸੰਦਰਭ ਵਿਚ ਨਾ ਲਿਆ ਜਾਵੇ, ਸਗੋਂ ਇਸ ਨੂੰ ਇਸ ਦੇ ਲੰਮੇ-ਚੌੜੇ ਪਰਿਪੇਖ ਵਿਚ ਸਮਝਾਇਆ ਜਾਵੇ, ਇਸ ਦੀ ਪੇਚੀਦਗੀ, ਅਰਥ-ਭੇਦਾਂ ਨੂੰ , ਇਸ ਦੀਆਂ ਇਨਾਮ ਭਰਪੂਰ ਸੰਭਾਵਨਾਵਾਂ ਨੂੰ , ਸਰਲਤਾ ਵਿਚ ਸਮਝਾਇਆ ਜਾਵੇ | ਆਉਣ ਵਾਲੀਆਂ ਪੀੜ੍ਹੀਆਂ ਨੂੰ ਸੰਭਾਲਣ ਦਾ ਪਾਕ ਫ਼ਰਜ਼ ਸਾਡਾ ਹੈ, ਸਮਾਜ ਦੇ ਇਸ ਵਡਮੁੱਲੇ ਸਰਮਾਏ ਨੂੰ ਤਰਤੀਬ ਦੇਣਾ ਸਾਡੀ ਡਿਊਟੀ ਹੈ | ਬਚਪਨ, ਲੜਕਪਣ, ਜਵਾਨੀ... ਕੁਝ ਬੇਬਾਕ ਤਾਸੀਰ ਦੀਆਂ ਹਾਲਤਾਂ ਹੁੰਦੀਆਂ ਹਨ | ਹੁਨਰਮੰਦੀ ਨਾਲ ਅਸੀਂ ਇਨ੍ਹਾਂ ਗੰੁਝਲਾਂ ਨੂੰ ਸੁਲਝਾਉਣਾ ਹੈ, ਸੇਧ ਦੇਣੀ ਹੈ | ਡਾਕਟਰਾਂ, ਇੰਜੀਨੀਅਰਾਂ, ਸਾਇੰਸਦਾਨਾਂ ਆਦਿ ਦਾ ਅੰਬਾਰ ਉਤਪਾਦ ਜਿਵੇਂ ਅੱਜ ਹੋ ਰਿਹਾ ਹੈ, ਜਾਇਜ਼ ਹੈ, ਕਿਸੇ ਹੱਦ ਤੀਕ... ਪਰ ਇਨ੍ਹਾਂ ਮਾਹਿਰਾਂ ਦੀ ਬੁਨਿਆਦ ਇਖ਼ਲਾਕੀ ਗੁਣਾਂ 'ਤੇ ਖੜ੍ਹੀ ਹੋਣੀ ਜ਼ਰੂਰੀ ਹੈ | ਪਹਿਲਾਂ ਇਖ਼ਲਾਕ... ਬਾਕੀ ਸਭ ਕੁਝ ਬਾਅਦ ਵਿਚ, ਤਰਜੀਹ ਇਉਂ ਰਹਿਣੀ ਚਾਹੀਦੀ ਹੈ | (ਸਮਾਪਤ)

-ਮੋਬਾਈਲ : 97806-66268.

ਲਘੂ ਕਥਾ: ਵੱਡਾ ਮਲੰਗ

ਕਾਕਾ ਰੁਪਿੰਦਰ ਸਿੰਘ ਨੂੰ ਹੁਣ ਮਲੰਗ ਸ਼ਬਦ ਭੂਤ ਵਾਂਗ ਚਿੰਬੜਿਆ ਲੱਗ ਰਿਹਾ ਸੀ | ਸੋਚ-ਸੋਚ ਕੇ ਆਪਣੇ-ਆਪ ਤੋਂ ਨਫ਼ਰਤ ਹੋਣ ਲੱਗ ਪਈ ਸੀ ਜਿਵੇਂ 'ਮਲੰਗ' ਸਾਢੇ ਤਿੰਨ ਅੱਖਰਾਂ ਦਾ ਸ਼ਬਦ ਸੜਿਆਂਦ ਦਾ ਚੋਲਾ ਬਣ ਕੇ ਆਤਮਾ 'ਤੇ ਚੜ੍ਹ ਗਿਆ ਹੋਵੇ |
ਅੱਜ ਤੱਕ ਉਹਨੇ ਆਪਣੇ ਸੀਰੀ ਨੇਕ ਨੂੰ ਗੱਲ ਗੱਲ 'ਤੇ ਮਲੰਗ ਕਿਹਾ ਸੀ ਪਰ ਨੇਕ ਨੇ ਕਦੇ ਵੀ ਗੁੱਸਾ ਨੀ ਮਨਾਇਆ ਸੀ | ਛੇ ਕੁ ਮਹੀਨੇ ਪਹਿਲਾਂ ਨੇਕ ਦਾ ਵਿਆਹ ਹੋਇਆ ਸੀ | ਨੇਕ ਦੇ ਘਰ ਵਾਲੀ ਪਿਆਰੋ ਖੁੱਲ੍ਹੇ-ਡੁੱਲ੍ਹੇ ਸੁਭਾਅ ਦੀ ਤਰੀਮਤ ਸੀ | ਹਰ ਗੱਲ 'ਤੇ ਨੇਕ ਦਾ ਪੱਖ ਪੂਰਦੀ ਸੀ | ਹਮੇਸ਼ਾ ਖੁਸ਼ ਰਹਿੰਦੀ | ਦੁਪਹਿਰ ਵੇਲੇ ਜਦੋਂ ਨੇਕ ਦੀ ਰੋਟੀ ਲੈ ਕੇ ਆਉਂਦੀ ਤਾਂ ਕੋਈ ਨਾ ਕੋਈ ਮਿੱਠੀ ਚੀਜ਼ ਖੀਰ, ਪ੍ਰਸ਼ਾਦ ਜਾਂ ਖੰਡ ਘਿਓ ਜ਼ਰੂਰ ਲੈ ਕੇ ਆਉਂਦੀ | ਵਿਆਹ ਤੋਂ ਮਹੀਨਾ ਕੁ ਬਾਅਦ ਉਹ ਸਰਦਾਰਾਂ ਦੇ ਘਰ ਗੋਹਾ-ਕੂੜਾ ਕਰਨ ਲੱਗ ਪਈ | ਕੰਮ ਕਰਦੀ-ਕਰਦੀ ਉਹ ਰੁਪਿੰਦਰ ਦੀ ਮਾਂ ਨਾਲ ਗੱਲਾਂ ਕਰਦੀ ਰਹਿੰਦੀ |
ਸਰਦਾਰਨੀ ਜੀ ਐਤਕੀਂ ਅਸੀਂ ਇਕ ਕਮਰਾ ਹੋਰ ਛੱਤ ਲੈਣੈ, ਦੋ ਕਮਰਿਆਂ ਵਿਚ ਸਾਰੇ ਟੱਬਰ ਦਾ ਸਰਦਾ ਨੀਂ | ਮੈਂ ਤੇਰੇ ਪੁੱਤ (ਨੇਕ) ਨੂੰ ਕਿਹਾ ਬਈ ਮੈਂ ਤੇਰੇ ਮੋਢੇ ਨਾਲ ਮੋਢਾ ਲਾ ਕੇ ਕੰਮ ਕਰੰੂ, ਘਰਬਾਰ ਵਧੀਆ ਬਣਾਵਾਂਗੇ, ਨਾਲੇ ਸਰਦਾਰਨੀ ਜੀ ਤੁਸੀਂ ਵੀ ਕਾਕੇ ਦਾ ਵਿਆਹ ਕਰ ਲਵੋ, ਕੋਈ ਘਰ ਸਾਂਭਣ ਵਾਲੀ ਆ ਜਾਊ |
ਸਰਦਾਰਨੀ ਪਿਆਰੋ ਦੀਆਂ ਗੱਲਾਂ 'ਤੇ ਮੁਸਕਰਾ ਛੱਡਦੀ | ਕਾਕਾ ਵੀ ਉਸ ਦੀਆਂ ਗੱਲਾਂ ਸੁਣਦਾ ਰਹਿੰਦਾ | ਸੋਚਦਾ ਗਰੀਬੀ ਅਮੀਰੀ ਤਾਂ ਕਿਸਮਤ ਹੈ | ਇਹ ਗਰੀਬ ਹੋ ਕੇ ਵੀ ਕਿੰਨੇ ਖੁਸ਼ ਨੇ | ਮਹੀਨੇ ਕੁ ਪਿਛੋਂ ਕਾਕੇ ਦਾ ਵਿਆਹ ਹੋ ਗਿਆ | ਕਾਕੇ ਦੀ ਘਰ ਵਾਲੀ ਬਿੱਟੀ ਅਮੀਰੀ ਦੇ ਘੁਮੰਡ ਵਿਚ ਗੜੁੱਚ ਪਿਆਰੋ ਤੋਂ ਉਲਟ ਸੁਭਾਅ ਦੀ ਔਰਤ ਸੀ, ਜੋ ਕਾਕੇ ਦਾ ਧਿਆਨ ਘੱਟ ਆਪਣੀਆਂ ਭੈਣਾਂ-ਸਹੇਲੀਆਂ ਨਾਲ ਫੋਨ 'ਤੇ ਗੱਪ-ਸ਼ੱਪ ਵੱਧ ਮਾਰਦੀ ਰਹਿੰਦੀ | ਕਾਕਾ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ |
ਅੱਜ ਬਿੱਟੀ ਦਾ ਭਰਾ ਬਿੱਟੀ ਨੂੰ ਲੈਣ ਆਇਆ | ਜਾਣ ਲੱਗੀ ਬਿੱਟੀ ਨੇ ਕਾਕੇ ਨੂੰ ਸਤਿ ਸ੍ਰੀ ਅਕਾਲ ਬੁਲਾਈ ਤੇ ਕਾਰ ਵਿਚ ਬੈਠ ਗਈ | ਕਾਕਾ ਸੋਚ ਰਿਹਾ ਸੀ ਕਿ ਨਾ ਇਹਨੇ ਮੈਨੂੰ ਸਿਹਤ ਦਾ ਿਖ਼ਆਲ ਰੱਖਣ ਲਈ ਕਿਹਾ, ਨਾ ਹੀ ਇਉਂ ਪੁੱਛਿਆ ਬਈ ਮੇਰੇ ਬਿਨਾਂ ਤੇਰਾ ਜੀਅ ਲੱਗ ਜੂਗਾ | ਕਾਰ ਚਲੀ ਗਈ | ਕਾਕਾ ਮੂਧੇ ਮੂੰਹ ਬੈੱਡ 'ਤੇ ਡਿੱਗ, ਭੁੱਬਾਂ ਮਾਰਨ ਲੱਗ ਪਿਆ |

-ਗੁਰਮੀਤ ਸਿੰਘ ਰਾਮਪੁਰੀ
138, ਵਾਰਡ ਨੰ: 7, ਰਾਮਪੁਰਾ ਮੰਡੀ (ਬਠਿੰਡਾ) |
ਮੋਬਾਈਲ : 98783-25301.

ਖਿਡੌਣਿਆਂ ਦਾ ਕੋਮਲ ਮਾਨਸਿਕਤਾ ਉੱਪਰ ਪ੍ਰਭਾਵ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਚੀਨ ਵਲੋਂ ਨਿਰਮਿਤ ਪਤੰਗ ਵਾਲੀ ਡੋਰ, ਜੋ 'ਚਾਈਨਾ ਡੋਰ' ਨਾਂ ਨਾਲ ਪ੍ਰਸਿੱਧ ਹੈ, ਪਹਿਲਾਂ ਹੀ ਪੰਜਾਬ ਵਿਚ ਕਈ ਜਾਨਾਂ ਲੈ ਚੁੱਕੀ ਹੈ ਅਤੇ ਅਨੇਕ ਲੋਕਾਂ ਨੂੰ ਜ਼ਖ਼ਮੀ ਕਰ ਚੁੱਕੀ ਹੈ | ਚੀਨ ਅਤੇ ਹੋਰ ਮੁਲਕਾਂ ਵਲੋਂ ਕਈ ਅਜਿਹੇ ਖਿਡੌਣੇ ਵੀ ਤੇਜ਼ੀ ਨਾਲ ਬਜ਼ਾਰ ਵਿਚ ਆ ਰਹੇ ਹਨ ਜਿਨ੍ਹਾਂ ਵਿਚ ਬੱਚੇ ਮੂੰਹ ਰਾਹੀਂ ਹਵਾ ਭਰਦੇ ਹਨ | ਹੁਣੇ ਹੁਣੇ ਜਰਮਨੀ ਸਥਿਤ ਗਰਾਨਹੋਫਰ ਇੰਸਟੀਚਿਊਟ ਫਾਰ ਪ੍ਰਾਸੈਸ ਇੰਜੀਨੀਅਰਿੰਗ ਐਾਡ ਪੈਕੇਜਿੰਗ, ਬਾਥਿੰਗ ਰਿੰਗਜ਼ ਨਾਲ ਸੰਬੰਧਤ ਖੋਜਕਾਰਾਂ ਨੇ ਇਹ ਖੋਜ ਸਾਹਮਣੇ ਲਿਆਂਦੀ ਹੈ ਕਿ ਇਹ ਖਿਡੌਣੇ ਪੋਲੀ ਵਿਨਾਇਲ ਕਲੋਰਾਈਡ (ਪੀ.ਵੀ.ਸੀ.) ਨਾਲ ਬਣਾਏ ਜਾਂਦੇ ਹਨ | ਜਦੋਂ ਬੱਚੇ ਘਟੀਆ ਸਮੱਗਰੀ ਨਾਲ ਬਣੇ ਖਿਡੌਣਿਆਂ ਵਿਚ ਮੂੰਹ ਨਾਲ ਹਵਾ ਭਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਲਗਾਤਾਰ ਉਸ ਖਿਡੌਣੇ ਦਾ ਮੂੰਹ ਨਾਲ ਸੰਪਰਕ ਬਣਿਆ ਰਹਿਣ ਕਾਰਨ ਕੈਂਸਰ ਪੈਦਾ ਹੋਣ ਦਾ ਡਰ ਪੈਦਾ ਹੋ ਜਾਂਦਾ ਹੈ | ਹੁਣੇ ਹੁਣੇ ਚੀਨ ਨੇ ਇਕ ਹੋਰ ਖ਼ਤਰਨਾਕ ਖਿਡੌਣਾ 'ਟੂਥਪਿਕ ਕਰਾਸਬੋ' ਵੀ ਮੰਡੀ ਵਿਚ ਭੇਜਿਆ ਹੈ | ਪਲਾਸਟਿਕ ਜਾਂ ਮੈਟਲ ਦਾ ਬਣਿਆ ਇਹ ਖਿਡੌਣਾ ਧਨੁਸ਼ ਦੀ ਆਕਿ੍ਤੀ ਵਾਲਾ ਹੈ ਜਿਸ ਨੂੰ ਗੁਲੇਲ ਵਾਂਗ ਚਲਾਇਆ ਜਾਂਦਾ ਹੈ | ਅਸਲ ਵਿਚ ਇਹ ਖਿਡੌਣਾ ਟੁੱਥਪਿਕ' ਲੋਡ ਕਰਕੇ ਚਲਾਇਆ ਜਾਂਦਾ ਹੈ ਜੋ ਅੱਗੇ ਤਿੱਖਾ ਹੁੰਦਾ ਹੈ ਪਰੰਤੂ ਹੁਣ ਬੱਚਿਆਂ ਨੇ ਇਸ ਖਿਡੌਣੇ ਵਿਚ ਟੁੱਥਪਿਕ ਦੀ ਥਾਂ ਲੰਮੀਆਂ ਤਿੱਖੀਆਂ ਸੂਈਆਂ, ਕਲਮ ਵਾਂਗ ਤਿੱਖੇ ਘੜੇ ਤੀਲ੍ਹੇ ਅਤੇ ਲੰਮੀਆਂ ਤਿੱਖੀਆਂ ਕਿੱਲਾਂ ਵਰਤਣੀਆਂ ਸ਼ੁਰੂ ਕਰ ਦਿੱਤੀਆਂ ਹਨ ਜਿਸ ਨਾਲ ਬੱਚਿਆਂ ਕੋਲੋਂ ਲਾਪਰਵਾਹੀ ਨਾਲ ਇਕ ਦੂਜੇ ਦੀਆਂ ਅੱਖਾਂ ਭੰਨੀਆਂ ਜਾ ਰਹੀਆਂ ਹਨ ਜਾਂ ਚਿਹਰੇ ਜ਼ਖ਼ਮੀ ਹੋ ਰਹੇ ਹਨ | ਅਜਿਹੇ ਖਿਡੌਣਿਆਂ ਦੇ ਖ਼ਤਰਨਾਕ ਨਤੀਜਿਆਂ ਨੂੰ ਵੇਖਦਿਆਂ ਇਨ੍ਹਾਂ ਉਪਰ ਬੰਦਿਸ਼ ਵੀ ਲਗਾਈ ਗਈ ਹੈ ਅਤੇ ਉਲੰਘਣਾ ਕਰਨ ਵਾਲੇ ਨੂੰ 5 ਦਿਨ ਦੀ ਕੈਦ ਅਤੇ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ | ਇਸੇ ਤਰ੍ਹਾਂ ਖਿਡੌਣਿਆਂ ਨੂੰ ਅਪਰਾਧਾਂ ਦੀ ਦੁਨੀਆ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ | ਪਿੱਛੇ ਜਿਹੇ ਇਕ ਔਰਤ ਨੇ ਆਪਣੇ ਬੱਚੇ ਲਈ ਖਿਡੌਣਿਆਂ ਵਾਲੀ ਇਕ ਦੁਕਾਨ ਤੋਂ ਕੁਝ ਗੇਂਦਾਂ ਖਰੀਦੀਆਂ | ਗੇਂਦਾਂ ਨਾਲ ਖੇਡਦਿਆਂ ਖੇਡਦਿਆਂ ਉਨ੍ਹਾਂ ਵਿਚੋਂ ਚਮਕਦਾਰ ਰੰਗਦਾਰ ਪਾਊਡਰ ਨਿਕਲਣਾ ਸ਼ੁਰੂ ਹੋ ਗਿਆ | ਔਰਤ ਨੇ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਡਰੱਗ ਟੈਸਟਿੰਗ ਕਿੱਟ ਨਾਲ ਚੈਕ ਕਰਨ 'ਤੇ ਉਹ ਰੰਗਦਾਰ ਪਾਊਡਰ ਕੋਕੀਨ ਪਾਇਆ ਗਿਆ | ਵਰਤਮਾਨ ਦੌਰ ਵਿਚ ਪੰਜ ਤੋਂ ਦਸ ਸਾਲ ਦੇ ਉਮਰ ਗੁੱਟ ਦੇ ਬੱਚਿਆਂ ਵਲੋਂ ਜਿਨ੍ਹਾਂ ਖਿਡੌਣਿਆਂ ਵਿਚ ਦਿਲਚਸਪੀ ਵਿਖਾਈ ਜਾਂਦੀ ਹੈ, ਉਨ੍ਹਾਂ ਵਿਚ ਪਲਾਸਟਿਕ ਜਾਂ ਲੋਹੇ ਦੇ ਰਿਵਾਲਵਰ, ਰਾਈਫ਼ਲ-ਬੰਦੂਕਾਂ, ਸਟੇਨ ਗੰਨਾਂ, ਤੀਰ ਕਮਾਨ ਅਤੇ ਗਦਾ ਆਦਿ ਹਨ | ਖਿਡੌਣਾ-ਹਥਿਆਰਾਂ ਨਾਲ ਲੁੱਟ ਖਸੁੱਟ ਦਾ ਅਮਲ ਆਮ ਵੇਖਿਆ ਜਾ ਸਕਦਾ ਹੈ | ਹਿੰਸਾ, ਮਾਰਧਾੜ, ਅੱਗਜ਼ਨੀ, ਨਫ਼ਰਤ ਪੈਦਾ ਕਰਨ ਵਾਲੇ ਖਿਡੌਣੇ ਬੱਚਿਆਂ ਨੂੰ ਅਪਰਾਧੀ ਪ੍ਰਵਿਰਤੀਆਂ ਵਾਲੇ ਬਣਾਉਂਦੇ ਹਨ | ਦੂਜਾ, ਖਿਡੌਣੇ ਬਣਾਉਣ ਲਈ ਵਰਤੀ ਜਾਂਦੀ ਘਟੀਆ ਸਮੱਗਰੀ ਵੀ ਬੱਚਿਆਂ ਨੂੰ ਬਿਮਾਰੀਆਂ ਲਗਾਉਂਦੀ ਹੈ ਕਿਉਂਕਿ ਛੋਟੀ ਉਮਰ ਦੇ ਬੱਚਿਆਂ ਨੂੰ ਹਰ ਚੀਜ਼ ਮੂੰਹ ਵਿਚ ਪਾਉਣ ਦੀ ਆਦਤ ਹੁੰਦੀ ਹੈ | ਇਸ ਨਾਲ ਬੱਚੇ ਖਿਡੌਣੇ ਖਾ ਜਾਂਦੇ ਹਨ ਜਾਂ ਚੱਬਦੇ ਰਹਿੰਦੇ ਹਨ | ਇਉਂ ਕਰਨ ਨਾਲ ਖਿਡੌਣਿਆਂ ਨੂੰ ਲੱਗਿਆ ਰਸਾਇਣ ਅਤੇ ਕੱਚਾ ਰੰਗ ਉਨ੍ਹਾਂ ਦੇ ਪੇਟ ਵਿਚ ਚਲਾ ਜਾਂਦਾ ਹੈ | ਕਈ ਵਾਰੀ ਆਪਸ ਵਿਚ ਖੇਡਦੇ ਬੱਚੇ ਇਕ-ਦੂਜੇ ਦੇ ਤਿੱਖੇ ਅਤੇ ਨੁਕੀਲੀ ਕਿਸਮ ਦੇ ਲੋਹੇ ਵਾਲੇ ਖਿਡੌਣੇ ਵੱਜਣ ਨਾਲ ਜ਼ਖ਼ਮੀ ਹੋ ਜਾਂਦੇ ਹਨ | ਫਾਸਫੋਰਸ ਅਤੇ ਰਸਾਇਣਕ ਪਦਾਰਥਾਂ ਵਾਲੇ ਖਿਡੌਣੇ ਵੀ ਬੱਚਿਆਂ ਲਈ ਹਾਨੀਕਾਰਕ ਬਣਦੇ ਹਨ | ਜ਼ਹਿਰੀਲੀ ਸਮੱਗਰੀ ਦੇ ਬਣੇ ਖਿਡੌਣੇ ਬੱਚਿਆਂ ਵਿਚ ਗੰਭੀਰ ਅਲਰਜੀ ਪੈਦਾ ਕਰਦੇ ਹਨ | ਇਸ ਲਈ ਹਰ ਬੱਚੇ ਨੂੰ ਉਹਦੀ ਉਮਰ ਮੁਤਾਬਿਕ ਹੀ ਲੱਕੜੀ, ਰਬੜ, ਪਲਾਸਟਿਕ, ਲੋਹੇ ਜਾਂ ਹੋਰ ਧਾਤਾਂ ਦੇ ਖਿਡੌਣੇ ਲੈ ਕੇ ਦੇਣ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ | ਖਿਡੌਣਿਆਂ ਦੀ ਲੁਭਾਉਣੀ ਅਤੇ ਲਿਸ਼ਕ-ਪੁਸ਼ਕ ਵਾਲੀ ਇਸ਼ਤਿਹਾਰਬਾਜ਼ੀ ਦੇ ਬਹਿਕਾਵੇ ਵਿਚ ਆ ਕੇ ਕਦੇ ਅਜਿਹੇ ਖ਼ਤਰਨਾਕ ਅਤੇ ਡਰਾਉਣੇ ਖਿਡੌਣੇ ਨਹੀਂ ਖਰੀਦਣੇ ਚਾਹੀਦੇ ਜਿਨ੍ਹਾਂ ਨਾਲ ਬੱਚਿਆਂ ਦੇ ਸਰੀਰਕ ਜਾਂ ਮਾਨਸਿਕ ਨੁਕਸਾਨ ਹੋਣ ਦਾ ਖ਼ਦਸ਼ਾ ਬਣਿਆ ਰਹੇ | ਉਸਾਰੂ ਕਿਸਮ ਦੇ ਖਿਡੌਣੇ ਸੋਸ਼ਲ ਮੀਡੀਆ 'ਤੇ ਵਟਸਐਪ ਜ਼ਰੀਏ ਖ਼ਤਰਨਾਕ ਖੇਡ ਬਲੂ ਵੇਲ ਦੀਆਂ ਚੁਣੌਤੀਆਂ ਵਿਚ ਫਸਾ ਕੇ ਖ਼ੁਦਕੁਸ਼ੀ ਲਈ ਉਕਸਾਉਣ ਵਰਗੇ ਰੁਝਾਨ ਨੂੰ ਵੀ ਠੱਲ੍ਹ ਪਾ ਸਕਦੇ ਹਨ |
ਪੰਜਾਬ ਵਿਚ ਵਿਦੇਸ਼ੀ ਖਿਡੌਣਿਆਂ ਦੀ ਦਰਾਮਦ ਨਾਲ ਦੇਸੀ ਅਤੇ ਸਸਤੇ ਖਿਡੌਣੇ ਬਣਾ ਕੇ ਵੇਚਣ ਦੇ ਰੋਜ਼ਗਾਰ ਨੂੰ ਢਾਹ ਲੱਗੀ ਹੈ | ਚੀਨੀ ਖਿਡੌਣਿਆਂ ਦੀ ਚਕਾਚੌਾਧ ਅਤੇ ਪਦਾਰਥਕ ਦੌੜ ਕਾਰਨ ਪੰਜਾਬ ਦੀਆਂ ਪੇਸ਼ਾਵਰ ਕਾਰੀਗਰ ਜਾਤੀਆਂ, ਕੰਪਨੀਆਂ ਅਤੇ ਕਾਰੀਗਰ ਦੇਸੀ ਖਿਡੌਣੇ ਬਣਾਉਣ ਦੀ ਪ੍ਰਵਿਰਤੀ ਨੂੰ ਅਲਵਿਦਾ ਆਖ ਰਹੇ ਹਨ | ਨਵੀਂ ਪੀੜ੍ਹੀ ਆਪਣੇ ਇਸ ਜੱਦੀ-ਪੁਸ਼ਤੀ ਪੇਸ਼ੇ ਤੋਂ ਪਾਸਾ ਵੱਟ ਰਹੀ ਹੈ | ਸੋ, ਖਿਡੌਣਾ-ਨਿਰਮਾਤਾਵਾਂ ਅਤੇ ਕਾਰੀਗਰਾਂ ਨੂੰ ਚਾਹੀਦਾ ਹੈ ਕਿ ਉਹ ਵਿਸ਼ੇਸ਼ ਤੌਰ 'ਤੇ ਚੀਨੀ ਖਿਡੌਣਿਆਂ ਦੇ ਮੁਕਾਬਲੇ ਛੋਟੀ ਉਮਰ ਦੇ ਬੱਚਿਆਂ ਦੇ ਬਹੁਪੱਖੀ ਕਲਿਆਣ ਨੂੰ ਮੁੱਖ ਰੱਖਦੇ ਹੋਏ ਸਿੱਖਿਆਦਾਇਕ (ਖੇਡ ਵਿਧੀ ਰਾਹੀਂ ਸਿਖਾਉਣ ਵਾਲੇ) ਅਤੇ ਨੁਕਸਾਨ ਨਾ ਕਰਨ ਵਾਲੇ ਖਿਡੌਣਿਆਂ ਦਾ ਹੀ ਨਿਰਮਾਣ ਕਰਨ | ਇਸ ਨਾਲ ਬਚਪਨ ਸੁਰੱਖਿਅਤ ਰਹਿ ਸਕੇਗਾ ਅਤੇ ਪੰਜਾਬ ਵਿਚ ਵੀ ਖਿਡੌਣਾ ਸੱਭਿਆਚਾਰ ਵਧਣ-ਫੁਲਣ ਦੇ ਨਾਲ-ਨਾਲ ਰੁਜ਼ਗਾਰ ਦੀਆਂ ਸੰਭਾਵਨਾਵਾਂ ਹੋਰ ਫੈਲ ਸਕਦੀਆਂ ਹਨ | (ਸਮਾਪਤ)

-ਪੰਜਾਬੀ ਯੂਨੀਵਰਸਿਟੀ ਕੈਂਪਸ, ਪਟਿਆਲਾ
ਮੋਬਾਈਲ : 98144-23703.
ਈਮੇਲ : dsaasht@yahoo.co.in


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX