ਤਾਜਾ ਖ਼ਬਰਾਂ


ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 17 ਦੌੜਾਂ ਨਾਲ ਹਰਾਇਆ
. . .  1 day ago
ਲੜਕੀ ਨੂੰ ਅਗਵਾ ਕਰ ਸਾੜ ਕੇ ਮਾਰਿਆ, ਪੁਲਿਸ ਵੱਲੋਂ 2 ਲੜਕੇ ਕਾਬੂ
. . .  1 day ago
ਸ਼ੁਤਰਾਣਾ, 24 ਅਪ੍ਰੈਲ (ਬਲਦੇਵ ਸਿੰਘ ਮਹਿਰੋਕ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਗੁਲਾਹੜ ਵਿਖੇ ਇਕ ਨਾਬਾਲਗ ਲੜਕੀ ਨੂੰ ਪਿੰਡ ਦੇ ਹੀ ਕੁੱਝ ਲੜਕਿਆਂ ਵੱਲੋਂ ਅਗਵਾ ਕਰਕੇ ਉਸ ਨੂੰ ਅੱਗ ਲਗਾ ਕੇ ਸਾੜ ਕੇ ਮਾਰ ਦਿੱਤਾ ਗਿਆ ਹੈ। ਪੁਲਿਸ ...
ਆਈ.ਪੀ.ਐਲ 2019 : ਬੰਗਲੌਰ ਨੇ ਪੰਜਾਬ ਨੂੰ 203 ਦੌੜਾਂ ਦਾ ਦਿੱਤਾ ਟੀਚਾ
. . .  1 day ago
29 ਨੂੰ ਕਰਵਾਉਣਗੇ ਕੈਪਟਨ ਸ਼ੇਰ ਸਿੰਘ ਘੁਬਾਇਆ ਦੇ ਕਾਗ਼ਜ਼ ਦਾਖਲ
. . .  1 day ago
ਜਲਾਲਾਬਾਦ ,24 ਅਪ੍ਰੈਲ (ਹਰਪ੍ਰੀਤ ਸਿੰਘ ਪਰੂਥੀ ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਦੇ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਦਗੀ ਪੱਤਰ ਭਰਵਾਉਣ ਲਈ ਮੁੱਖ ਮੰਤਰੀ ਕੈਪਟਨ ...
ਆਈ.ਪੀ.ਐਲ 2019 : ਟਾਸ ਜਿੱਤ ਕੇ ਪੰਜਾਬ ਵੱਲੋਂ ਬੈਂਗਲੌਰ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ
. . .  1 day ago
ਕਾਰ ਵੱਲੋਂ ਟੱਕਰ ਮਾਰੇ ਜਾਣ ਕਾਰਨ ਐਕਟਿਵਾ ਸਵਾਰ ਲੜਕੀ ਦੀ ਮੌਤ
. . .  1 day ago
ਗੜ੍ਹਸ਼ੰਕਰ, 24 ਅਪ੍ਰੈਲ (ਧਾਲੀਵਾਲ) - ਗੜੰਸ਼ਕਰ-ਹੁਸ਼ਿਆਰਪੁਰ ਰੋਡ 'ਤੇ ਪਿੰਡ ਖਾਬੜਾ ਮੋੜ 'ਤੇ ਇੱਕ ਕਾਰ ਵੱਲੋਂ ਐਕਟਿਵਾ ਤੇ ਬੁਲਟ ਨੂੰ ਟੱਕਰ ਮਾਰੇ ਜਾਣ 'ਤੇ ਐਕਟਿਵਾ ਸਵਾਰ...
ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ 'ਤੇ ਰੋਕ ਹਟਾਈ
. . .  1 day ago
ਚੇਨਈ, 24 ਅਪ੍ਰੈਲ - ਮਦਰਾਸ ਹਾਈਕੋਰਟ ਦੀ ਮਦੁਰਈ ਬੈਂਚ ਨੇ ਟਿਕਟਾਕ ਵੀਡੀਓ ਐਪ 'ਤੇ ਲੱਗੀ ਰੋਕ ਹਟਾ ਦਿੱਤੀ...
ਅੱਗ ਨਾਲ 100 ਤੋਂ 150 ਏਕੜ ਕਣਕ ਸੜ ਕੇ ਸੁਆਹ
. . .  1 day ago
ਗੁਰੂਹਰਸਹਾਏ, ੨੪ ਅਪ੍ਰੈਲ - ਨੇੜਲੇ ਪਿੰਡ ਸਰੂਪੇ ਵਾਲਾ ਵਿਖੇ ਤੇਜ ਹਵਾਵਾਂ ਦੇ ਚੱਲਦਿਆਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਕਾਰਨ ਲੱਗੀ ਅੱਗ ਵਿਚ 100 ਤੋਂ 150 ਏਕੜ ਕਣਕ...
ਜ਼ਬਰਦਸਤ ਹਨੇਰੀ ਤੂਫ਼ਾਨ ਨੇ ਕਿਸਾਨਾਂ ਨੂੰ ਪਾਇਆ ਚਿੰਤਾ 'ਚ
. . .  1 day ago
ਬੰਗਾ, 24 ਅਪ੍ਰੈਲ (ਜਸਬੀਰ ਸਿੰਘ ਨੂਰਪੁਰ) - ਵੱਖ ਵੱਖ ਇਲਾਕਿਆਂ 'ਚ ਚੱਲ ਰਹੀ ਤੇਜ ਹਨੇਰੀ ਅਤੇ ਝਖੜ ਨੇ ਕਿਸਾਨਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ। ਹਨੇਰੀ ਕਾਰਨ ਆਵਾਜ਼ਾਈ...
ਸੁਖਬੀਰ ਬਾਦਲ 26 ਨੂੰ ਦਾਖਲ ਕਰਨਗੇ ਨਾਮਜ਼ਦਗੀ
. . .  1 day ago
ਮਮਦੋਟ 24 ਅਪ੍ਰੈਲ (ਸੁਖਦੇਵ ਸਿੰਘ ਸੰਗਮ) - ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਨੂੰ ਆਪਣੇ ਨਾਮਜ਼ਦਗੀ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਬਰੌਕਲੀ ਦੀ ਕਾਸ਼ਤ: ਪੌਸ਼ਟਿਕ ਤੱਤਾਂ ਨਾਲ ਭਰਪੂਰ ਸਬਜ਼ੀ

ਬਰੌਕਲੀ ਇਕ ਉੱਤਮ ਅਤੇ ਬਹੁਤ ਵਧੀਆ ਹਰੀ ਸਬਜ਼ੀ ਹੈ ਅਤੇ ਇਸ ਨੂੰ ਸਲਾਦ ਦੇ ਤੌਰ 'ਤੇ ਵੀ ਵਰਤਿਆ ਜਾਂਦਾ ਹੈ। ਇਸ ਵਿਚ ਵਿਟਾਮਿਨ, ਆਇਰਨ (ਲੋਹਾ) ਅਤੇ ਕੈਲਸ਼ੀਅਮ ਭਰਪੂਰ ਮਾਤਰਾ ਵਿਚ ਹੁੰਦੇ ਹਨ। ਇਸ ਵਿਚ 3.3 ਫ਼ੀਸਦੀ ਪ੍ਰੋਟੀਨ, ਵਿਟਾਮਿਨ ਏ, ਵਿਟਾਮਿਨ ਸੀ, ਥਾਇਆਮੀਨ, ਨਾਇਸੀਨ ਅਤੇ ਰਿਬੋਫਲਾਵਿਨ ਵੀ ਹੁੰਦੇ ਹਨ। ਜਾਮਨੀ ਰੰਗ ਦੀ ਬਰੌਕਲੀ ਵਿਚ ਗਲੂਕੋਸੀਨੋਲੇਟ 72-212 ਮਿਲੀਗ੍ਰਾਮ ਪ੍ਰਤੀ 100 ਗ੍ਰਾਮ ਪਾਇਆ ਜਾਂਦਾ ਹੈ। ਇਸ ਸਬਜ਼ੀ ਵਿਚ ਕੈਂਸਰ ਨੂੰ ਘਟਾਉਣ ਵਾਲੇ ਤੱਤ ਵੀ ਪਾਏ ਜਾਂਦੇ ਹਨ। ਇਹ ਸਬਜ਼ੀ ਕਲੈਸਟਰੋਲ ਘਟਾਉਣ, ਅੱਖਾਂ ਦੀ ਰੌਸ਼ਨੀ ਵਧਾਉਣ, ਚਮੜੀ ਦੀ ਸੁਰੱਖਿਆ ਲਈ, ਕਬਜ਼ ਰੋਕਣ ਲਈ ਅਤੇ ਐਲਰਜੀ ਘਟਾਉਣ ਵਿਚ ਵੀ ਮਦਦ ਕਰਦੀ ਹੈ। ਠੰਢਾ ਅਤੇ ਸਿਲ੍ਹਾ ਮੌਸਮ ਇਸ ਫ਼ਸਲ ਦੀ ਕਾਸ਼ਤ ਲਈ ਬਹੁਤ ਵਧੀਆ ਹੁੰਦਾ ਹੈ। ਇਹ ਫ਼ਸਲ ਜ਼ਆਦਾ ਤਾਪਮਾਨ ਨਹੀਂ ਸਹਿ ਸਕਦੀ। ਇਸ ਦੀ ਪੈਦਾਵਾਰ ਲਈ 17-23 ਡਿਗਰੀ ਸੈਂਟੀਗ੍ਰੇਡ ਤਾਪਮਾਨ ਉੱਤਮ ਹੈ। ਇਸ ਦੀ ਕਾਸ਼ਤ ਕਈ ਤਰ੍ਹਾਂ ਦੀ ਜ਼ਮੀਨ ਜਿਸ ਵਿਚ ਜੈਵਿਕ ਮਾਦਾ ਭਰਪੂਰ ਮਾਤਰਾ ਵਿਚ ਹੋਵੇ, ਉਸ ਵਿਚ ਸਫਲਤਾ ਪੂਰਵਕ ਤਰੀਕੇ ਨਾਲ ਕਰ ਸਕਦੇ ਹਾਂ।
ਬਰੌਕਲੀ ਦੀਆਂ ਉੱਨਤ ਕਿਸਮਾਂ
ਪਾਲਮ ਸਮਰਿਧੀ : ਇਸ ਦੇ ਪੱਤੇ ਚੌੜੇ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਮੁੱਖ ਅਤੇ ਛੋਟੇ ਗੁੱਟਾਂ ਦਾ ਰੰਗ ਗੂੜ੍ਹਾ ਹਰਾ ਹੁੰਦਾ ਹੈ। ਗੁੱਟ ਗੁੰਦਵੇਂ, ਗੋਲ ਅਤੇ ਨਰਮ ਹੁੰਦੇ ਹਨ। ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਤੋਂ ਤਕਰੀਬਨ 72 ਦਿਨਾਂ ਬਾਅਦ ਮੁੱਖ ਗੁੱਟ ਕਟਾਈ ਲਈ ਤਿਆਰ ਹੋਣ ਲੱਗਦੇ ਹਨ। ਇਹ ਕਿਸਮ ਸਬਜ਼ੀ ਅਤੇ ਸਲਾਦ ਵਾਸਤੇ ਢੁੱਕਵੀਂ ਹੈ।
ਪੰਜਾਬ ਬਰੌਕਲੀ-1 : ਇਸ ਦੇ ਪੱਤੇ ਮਧਰੇ, ਲਹਿਰਦਾਰ ਅਤੇ ਗੂੜ੍ਹੇ ਹਰੇ ਰੰਗ ਦੇ ਹੁੰਦੇ ਹਨ। ਗੁੱਟ ਗੁੰਦਵੇਂ, ਆਕਰਸ਼ਕ ਅਤੇ ਨਰਮ ਹੁੰਦੇ ਹਨ । ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਤੋਂ ਤਕਰੀਬਨ 65 ਦਿਨਾਂ ਬਾਅਦ ਮੁੱਖ ਗੁੱਟ ਕਟਾਈ ਲਈ ਤਿਆਰ ਹੋਣ ਲੱਗਦੇ ਹਨ ਸਬਜ਼ੀ ਅਤੇ ਸਲਾਦ ਦੋਵਾਂ ਵਾਸਤੇ ਇਹ ਕਿਸਮ ਢੁੱਕਵੀਂ ਹੈ।
ਕਾਸ਼ਤ ਦੇ ਢੰਗ : ਪਨੀਰੀ ਬੀਜਣ ਦਾ ਸਮਾਂ ਅਤੇ ਬੀਜ ਦੀ ਮਾਤਰਾ : ਪਨੀਰੀ ਬੀਜਣ ਦਾ ਯੋਗ ਸਮਾਂ ਅਗਸਤ ਤੇ ਸਤੰਬਰ ਹੈ। ਜਦੋਂ ਪਨੀਰੀ ਇਕ ਮਹੀਨੇ ਦੀ ਹੋ ਜਾਵੇ ਤਾਂ ਇਸ ਨੂੰ ਪੁੱਟ ਕੇ ਖੇਤ ਵਿਚ ਲਾ ਦਿਉ। ਇਕ ਏਕੜ ਵਾਸਤੇ 250 ਗ੍ਰਾਮ ਬੀਜ ਕਾਫ਼ੀ ਹੈ। ਫ਼ਸਲ ਵੇਲੇ ਸਿਰ ਲਗਾਉ ਤਾਂ ਕਿ ਫ਼ਸਲ ਨਿਸਾਰੇ ਤੋਂ ਬਚੀ ਰਹੇ। ਪਨੀਰੀ ਨੂੰ ਸ਼ਾਮ ਵੇਲੇ ਠੀਕ ਵੱਤਰ ਵਿਚ ਪੁੱਟ ਕੇ ਖੇਤ ਵਿਚ ਲਾਉ ਅਤੇ ਫਿਰ ਪਾਣੀ ਦੇ ਦਿਉ। ਕਤਾਰਾਂ ਅਤੇ ਬੂਟਿਆਂ ਵਿਚਕਾਰ ਫ਼ਾਸਲਾ 45 ਸੈਂਟੀਮੀਟਰ ਰੱਖੋ।
ਨਦੀਨਾਂ ਦੀ ਰੋਕਥਾਮ : ਇਸ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ 750 ਮਿਲੀਲਿਟਰ ਬਾਸਾਲਿਨ 45 ਈ ਸੀ (ਫ਼ਲੂਕਲੋਰਾਲਿਨ) ਪ੍ਰਤੀ ਏਕੜ ਪੌਦੇ ਲਾਉਣ ਤੋਂ ਪਹਿਲਾਂ ਜ਼ਮੀਨ ਵਿਚ ਮਿਲਾਉ। ਜ਼ਮੀਨ ਦੀ ਤਿਆਰੀ ਪਿੱਛੋਂ ਘੱਟੋ-ਘੱਟ 4 ਦਿਨ ਖੇਤ ਵਿਚ ਪੌਦੇ ਲਾਉਣ ਤੋਂ ਪਹਿਲਾਂ ਨਦੀਨ ਨਾਸ਼ਕ ਨੂੰ ਸਿੰਚਾਈ ਰਾਹੀਂ ਖੇਤ ਵਿਚ ਮਿਲਾਉ। ਹਲਕੀ ਵਾਹੀ ਨਾਲ ਨਦੀਨ ਨਾਸ਼ਕ ਨੂੰ ਖੇਤ ਦੀ ਉਪਰਲੀ ਤਹਿ ਵਿਚ ਮਿਲਾਇਆ ਜਾ ਸਕਦਾ ਹੈ। ਚਾਲੀ ਦਿਨਾਂ ਬਾਅਦ ਇਕ ਗੋਡੀ ਵੀ ਕਰਨੀ ਚਾਹੀਦੀ ਹੈ। ਸਟੌਂਪ 30 ਈ ਸੀ (ਪੈਂਡੀਮੈਥਾਲਿਨ) ਇਕ ਲਿਟਰ ਪ੍ਰਤੀ ਏਕੜ ਜਾਂ ਸਟੌਂਪ 30 ਈ ਸੀ 750 ਮਿਲੀਲਿਟਰ ਦਵਾਈ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਇਕਸਾਰ ਸਪਰੇਅ ਕਰੋ + ਇਕ ਗੋਡੀ ਪੌਦੇ ਲਾਉਣ ਤੋਂ 35 ਦਿਨਾਂ ਬਾਅਦ ਵੀ ਕਰ ਸਕਦੇ ਹਾਂ। ਸਟੌਂਪ ਦੀ ਵਰਤੋਂ ਚੰਗੀ ਸਿੱਲ੍ਹ ਵਾਲੇ ਖੇਤ ਵਿਚ ਪੌਦੇ ਲਾਉਣ ਤੋਂ ਇਕ ਦਿਨ ਪਹਿਲਾਂ ਕਰਨੀ ਚਾਹੀਦੀ ਹੈ।
ਸਿੰਚਾਈ ਪ੍ਰਬੰਧ: ਪਹਿਲਾ ਪਾਣੀ ਖੇਤ ਵਿਚ ਪਨੀਰੀ ਪੁੱਟ ਕੇ ਲਾਉਣ ਤੋਂ ਤੁਰੰਤ ਬਾਅਦ ਲਾਉ। ਬਾਅਦ ਵਾਲੀਆਂ ਸਿੰਚਾਈਆਂ ਗਰਮੀਆਂ ਵਿਚ 7-8 ਦਿਨ ਅਤੇ ਸਰਦੀਆਂ ਵਿਚ 10-15 ਦਿਨ ਦੇ ਵਕਫ਼ੇ 'ਤੇ ਜ਼ਮੀਨ ਦੀ ਕਿਸਮ ਮੁਤਾਬਕ ਕੀਤੀਆਂ ਜਾ ਸਕਦੀਆਂ ਹਨ। ਕੁੱਲ ਮਿਲਾ ਕੇ 8-12 ਪਾਣੀਆਂ ਦੀ ਲੋੜ ਹੈ।
ਕਟਾਈ, ਸਾਂਭ-ਸੰਭਾਲ ਅਤੇ ਮੰਡੀਕਰਨ: ਜਿਉਂ ਹੀ ਗੁੱਟ ਮੰਡੀਕਰਨ ਆਕਾਰ ਦੇ ਹੋਣ, ਕੱਟ ਲੇਣੇ ਚਾਹੀਦੇ ਹਨ। ਇਨ੍ਹਾਂ ਦਾ ਛੇਤੀ ਹੀ ਮੰਡੀਕਰਨ ਕਰ ਦਿਉ ਕਿਉਂਕਿ ਇਹ ਜ਼ਿਆਦਾ ਦੇਰ ਨਹੀਂ ਰੱਖੇ ਜਾ ਸਕਦੇ। ਵਿਚਕਾਰਲਾ ਗੁੱਟ ਕੱਟਣ ਤੋਂ 10-12 ਦਿਨ ਬਾਅਦ ਛੋਟੇ ਗੁੱਟਾਂ ਦੀ ਕਟਾਈ ਸ਼ੁਰੂ ਕਰ ਲਵੋ।


-ਸੀਨੀਅਰ ਰਿਸਰਚ ਫੈਲੋ, ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ। ਫੋਨ : 94654-20097.
balwinderdhillon.pau@gmail.com


ਖ਼ਬਰ ਸ਼ੇਅਰ ਕਰੋ

ਪਤਝੜ ਰੁੱਤ ਦੇ ਕਮਾਦ ਦੀ ਕਾਸ਼ਤ

ਗੰਨਾ ਭਾਰਤ ਦੀ ਮੁੱਖ ਫ਼ਸਲ ਹੈ ਜੋ ਕਿ ਖੰਡ, ਗੁੜ ਅਤੇ ਮਿਸ਼ਰੀ ਬਣਾਉਣ ਦੇ ਕੰਮ ਆਉਂਦੀ ਹੈ। ਗੰਨੇ ਦੀ ਫ਼ਸਲ ਦੇ ਦੋ ਤਿਹਾਈ ਹਿੱਸੇ ਤੋਂ ਗੁੜ, ਖੰਡ ਅਤੇ ਇਕ ਤਿਹਾਈ ਹਿੱਸੇ ਤੋਂ ਮਿਸ਼ਰੀ ਬਣਾਈ ਜਾਂਦੀ ਹੈ। ਇਹ ਫ਼ਸਲ ਸਭ ਤੋਂ ਵੱਧ ਬ੍ਰਾਜ਼ੀਲ ਅਤੇ ਉਸ ਤੋਂ ਬਾਅਦ ਭਾਰਤ, ਚੀਨ, ਥਾਈਲੈਂਡ, ਪਾਕਿਸਤਾਨ ਅਤੇ ਮੈਕਸੀਕੋ ਵਿਚ ਉਗਾਈ ਜਾਂਦੀ ਹੈ। ਇਕ ਸਦਾਬਹਾਰ ਫ਼ਸਲ ਹੋਣ ਕਰਕੇ ਇਸ ਦੀ ਬਿਜਾਈ ਬਹਾਰ ਤੋਂ ਬਿਨਾਂ ਪਤਝੜ ਰੁੁੁੁੁੱਤ ਵਿਚ ਵੀ ਕੀਤੀ ਜਾਂਦੀ ਹੈ।
ਪਤਝੜ ਰੁੁੁੁੁੱਤ ਦੇ ਕਮਾਦ ਦੀ ਬਿਜਾਈ ਦਾ ਢੁਕਵਾਂ ਸਮਾਂ 20 ਸਤੰਬਰ ਤੋਂ 20 ਅਕਤੂਬਰ ਹੈ। ਇਸ ਲਈ ਵਧੀਆ ਝਾੜ ਲੈਣ ਲਈ ਪਛੇਤੀ ਬਿਜਾਈ ਨਹੀਂ ਕਰਨੀ ਚਾਹੀਦੀ।
ਕਿਸਮਾਂ: ਪਲਾਂਟ ਸੀ ੳ ਪੀਬੀ 92, ਸੀ ੳ 118, ਸੀ ੳ ਜੇ 85 ਅਤੇ ਸੀ ੳ ਜੇ 64।
ਬੀਜ ਦੀ ਮਾਤਰਾ: ਪਤਝੜ ਦੀ ਫ਼ਸਲ ਲਈ ਬੀਜ, ਬਹਾਰ ਰੁੱਤ ਦੀ ਜਾਂ ਪਤਝੜ ਰੁਤ ਦੀ ਨਰੋਈ ਫ਼ਸਲ ਤੋਂ ਲਵੋ। ਇਕ ਏਕੜ ਲਈ ਤਿੰਨ ਅੱਖਾਂ ਵਾਲੀਆਂ 20,000 ਜਾਂ ਚਾਰ ਅੱਖਾਂ ਵਾਲੀਆਂ 15,000 ਜਾਂ ਪੰਜ ਅੱਖਾਂ ਵਾਲੀਆਂ 12,000 ਗੁੱਲੀਆਂ ਦੀ ਵਰਤੋ ਕਰੋ।
ਫਾਸਲਾ ਅਤੇ ਬਿਜਾਈ ਦਾ ਢੰਗ: ਪੱਧਰੀ ਬਿਜਾਈ ਲਈ ਕਤਾਰਾਂ ਵਿਚ 90 ਸੈਂਟੀਮੀਟਰ ਦਾ ਫਾਸਲਾ ਰੱਖੋ। ਪਾਣੀ ਦੀ ਬੱਚਤ ਅਤੇ ਗੰਨੇ ਦਾ ਝਾੜ ਵਧਾਉਣ ਲਈ ਖਾਲੀਆਂ ਵਿਚ ਬਿਜਾਈ ਦੀ ਦੋ ਕਤਾਰੀ ਖਾਲੀ ਵਿਧੀ (90:30 ਸੈਂਟੀਮੀਟਰ) ਅਪਣਾੳ। ਇਸ ਲਈ ਦੋ ਖਾਲੀਆਂ ਵਿਚਕਾਰ ਫਾਸਲਾ 90 ਸੈਂਟੀਮੀਟਰ ਹੋਣਾ ਚਾਹੀਦਾ ਹੈ। ਗੰਨੇ ਦੀ ਬਿਜਾਈ 30 ਸੈਂਟੀਮੀਟਰ ਦੀ ਵਿੱਥ ਤੇ ਦੋ ਕਤਾਰਾਂ ਵਿਚ 20-25 ਸੈਂਟੀਮੀਟਰ ਡੂੰਘੀਆਂ ਖਾਲੀਆਂ ਵਿਚ ਕਰੋ। ਗੰਨੇ ਦੀਆਂ ਗੁੱਲੀਆਂ ਖਾਲੀ ਵਿਚ ਰੱਖੋ ਅਤੇ ਦੋ ਕਤਾਰਾਂ ਦੇ ਵਿਚਕਾਰਲੀ ਮਿੱਟੀ ਨਾਲ ਢਕ ਦਿਉ। ਇਹ ਖਾਲੀਆਂ ਯੂਨੀਵਰਸਿਟੀ ਵਲੋਂ ਤਿਆਰ ਕੀਤੀਆਂ ਖਾਲੀਆਂ ਬਣਾਉਣ ਵਾਲੀ ਮਸ਼ੀਨ ਨਾਲ ਬਣਾਈਆਂ ਜਾ ਸਕਦੀਆਂ ਹਨ ਜੋ ਟਰੈਕਟਰ ਨਾਲ ਚਲਦੀ ਹੈ।
ਖਾਦਾਂ: ਪਤਝੜ ਰੁੁੁੁੁੱਤ ਦੇ ਕਮਾਦ ਨੂੰ 90 ਕਿਲੋ ਨਾਈਟ੍ਰੋਜਨ ਪ੍ਰਤੀ ਏਕੜ (195 ਕਿਲੋ ਯੂਰੀਆ) ਤਿੰਨ ਕਿਸ਼ਤਾਂ ਵਿਚ ਪਾਉ। ਪਹਿਲਾ ਹਿੱਸਾ ਨਾਈਟ੍ਰੋਜਨ ਦਾ ਬਿਜਾਈ ਵੇਲੇ, ਦੂਜਾ ਹਿੱਸਾ ਮਾਰਚ ਦੇ ਅਖੀਰ ਵਿਚ ਅਤੇ ਬਾਕੀ ਦਾ ਤੀਜਾ ਹਿੱਸਾ ਅਪ੍ਰੈਲ ਦੇ ਅਖੀਰ ਵਿਚ ਪਾਉ। ਜੇ ਮਿੱਟੀ ਪਰਖ ਅਨੁਸਾਰ ਫਾਸਫੋਰਸ ਦੀ ਘਾਟ ਹੋਵੇ ਤਾਂ 12 ਕਿਲੋ ਫਾਸਫੋਰਸ ਪ੍ਰਤੀ ਏਕੜ (75 ਕਿਲੋ ਸਿੰਗਲ ਸੁਪਰਫਾਸਫੇਟ) ਪਾਉ।
ਨਦੀਨਾਂ ਦੀ ਰੋਕਥਾਮ: ਜੇ ਪਤਝੜ ਰੁੁੁੁੁੱਤ ਦੇ ਕਮਾਦ ਵਿਚ ਕਣਕ ਬੀਜੀ ਗਈ ਹੋਵੇ ਤਾਂ ਕਣਕ ਦੀ ਬਿਜਾਈ ਤੋਂ 30-35 ਦਿਨਾਂ ਪਿਛੋਂ ਜਦੋਂ ਨਦੀਨ ਉੱਗ ਗਏ ਹੋਣ, ਐਕਸੀਅਲ 5 ਈ. ਸੀ. (ਪਿਨੋਕਸਾਡਿਨ) 400 ਮਿਲੀਲਿਟਰ ਪ੍ਰਤੀ ਏਕੜ ਜਾਂ ਲੀਡਰ/ਐਸ. ਐਫ. 10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) 13 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰਨ ਨਾਲ ਨਦੀਨਾਂ ਦਾ ਨਾਸ਼ ਹੋ ਜਾਂਦਾ ਹੈ। ਜਿਨ੍ਹਾਂ ਖੇਤਾਂ ਵਿਚ ਗੁੱਲੀ ਡੰਡੇ ਵਿਚ ਆਈਸੋਪ੍ਰੋਟਯੂਰਾਨ ਪ੍ਰਤੀ ਕੋਈ ਰੋਧਣ ਸ਼ਕਤੀ ਨਹੀਂ, ਉਥੇ ਆਈਸੋਪ੍ਰੋਟਯੂਰਾਨ 75 ਘੁਲਣਸ਼ੀਲ 500 ਗ੍ਰਾਮ ਪ੍ਰਤੀ ਏਕੜ ਛਿੜਕਣ ਨਾਲ ਵੀ ਨਦੀਨਾਂ 'ਤੇ ਕਾਬੂ ਪਾਇਆ ਜਾ ਸਕਦਾ ਹੈ। ਕਣਕ ਦੀ ਬਿਜਾਈ ਤੋਂ 30-35 ਦਿਨਾਂ ਪਿੱਛੋਂ ਚੌੜੇ ਪੱਤਿਆਂ ਵਾਲੇ ਨਦੀਨਾਂ ਲਈ ਐਲਗਰਿਪ/ਐਲਗਰਿਪ ਰਾਇਲ/ਮਾਰਕਗਰਿਪ /ਮਕੋਤੋ 20 ਡਬਲਯੂ ਪੀ (ਮੈਟਸਲਫੂਰਾਨ) 10 ਗ੍ਰਾਮ ਪ੍ਰਤੀ ਏਕੜ 150 ਲਿਟਰ ਪਾਣੀ ਵਿਚ ਘੋਲ ਕੇ ਵਰਤੋ। (ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)


-ਫ਼ਸਲ ਵਿਗਿਆਨ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ।

ਝੋਨੇ ਦੀ ਪਰਾਲੀ ਦੀ ਸੰਭਾਲ ਨਾਲ ਜੁੜਿਆ ਜੈਦੀਪ ਸਿੰਘ ਸੰਘਾ

ਝੋਨੇ ਦੀ ਵਾਢੀ ਤੋਂ ਬਾਅਦ ਬਚੀ ਪਰਾਲੀ ਦਾ ਇਕ ਵੱਡਾ ਹਿੱਸਾ ਆਮ ਤੌਰ 'ਤੇ ਕਿਸਾਨਾਂ ਵਲੋਂ ਖੇਤ ਵਿਚ ਹੀ ਸਾੜ ਦਿੱਤਾ ਜਾਂਦਾ ਹੈ। ਕਾਮਿਆਂ ਦੀ ਕਮੀ, ਕੰਬਾਈਨ ਹਾਰਵੈਸਟਰ ਦੀ ਵੱਧ ਵਰਤੋਂ (ਤਕਰੀਬਨ 90 ਪ੍ਰਤੀਸ਼ਤ ਫਸਲ ਲਈ), ਪਰਾਲੀ ਨੂੰ ਖੇਤ ਵਿਚੋਂ ਕੱਢਣ ਲਈ ਆਉਣ ਵਾਲਾ ਖਰਚ, ਪਰਾਲੀ ਨੂੰ ਸਾੜਨ ਦੇ ਮੁੱਖ ਕਾਰਨ ਹਨ। ਪੰਜਾਬ ਵਿਚ ਝੋਨੇ ਦੇ 30.4 ਲਖ ਹੈਕਟੇਅਰ ਰਕਬੇ ਵਿਚੋਂ ਤਕਰੀਬਨ 20 ਮਿਲੀਅਨ ਟਨ ਪਰਾਲੀ ਪੈਦਾ ਹੁੰਦੀ ਹੈ। ਕਈ ਕਿਸਾਨ ਵੀਰ ਇਸ ਪਰਾਲੀ ਨੂੰ ਅੱਗ ਲਾ ਦਿੰਦੇ ਹਨ ਜਿਸ ਨਾਲ ਵਾਤਾਵਰਨ ਦੂਸ਼ਿਤ ਹੁੰਦਾ ਹੈ, ਕਈ ਜ਼ਰੂਰੀ ਤੱਤ ਨਸ਼ਟ ਹੋ ਜਾਂਦੇ ਹਨ ਅਤੇ ਜ਼ਮੀਨ ਵਿਚਲੇ ਬਹੁਤ ਸਾਰੇ ਸੂਖ਼ਮ ਜੀਵ ਵੀ ਮਾਰੇ ਜਾਂਦੇ ਹਨ ਜਿਸ ਕਰਕੇ ਮਿੱਟੀ ਦੀ ਸਿਹਤ 'ਤੇ ਵੀ ਬੁਰਾ ਅਸਰ ਪੈਂਦਾ ਹੈ। ਇਸ ਲਈ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ। ਅਗਾਂਹਵਧੂ ਕਿਸਾਨ ਵਲੋਂ ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਚੁੱਕੇ ਗਏ ਕਦਮ ਕਿਸਾਨ ਵੀਰਾਂ ਲਈ ਇਕ ਉਦਾਹਰਨ ਬਣ ਸਕਦੇ ਹਨ। ਸ: ਜੈਦੀਪ ਸਿੰਘ ਸੰਘਾ, ਪਿੰਡ ਸਦਾ ਸਿੰਘ ਵਾਲਾ, ਜ਼ਿਲ੍ਹਾ ਮੋਗਾ ਦਾ ਇਕ ਅਗਾਂਹਵਧੂ ਕਿਸਾਨ ਹੈ ਅਤੇ 40 ਕਿੱਲੇ ਰਕਬੇ 'ਤੇ ਖੇਤੀ ਕਰਦਾ ਹੈ। ਉਹ 38 ਕਿੱਲਿਆਂ ਉੱਪਰ ਝੋਨੇ-ਕਣਕ ਦਾ ਫਸਲੀ ਚੱਕਰ ਅਪਣਾਉਂਦਾ ਹੈ ਅਤੇ 2 ਕਿੱਲਿਆਂ ਉੱਪਰ ਸਬਜ਼ੀਆਂ ਦੀ ਖੇਤੀ ਕਰਦਾ ਹੈ। ਜ਼ਮੀਨ ਦੀ ਵਧੇਰੇ ਪੀ.ਐਚ. (ਖਾਰਾਪਣ) ਅਤੇ ਸਖ਼ਤ ਜ਼ਮੀਨ ਨੂੰ ਸੁਧਾਰਨ ਦਾ ਤਹੱਈਆ ਅਤੇ ਜ਼ਮੀਨ ਦੀ ਸਿਹਤ ਸੁਧਾਰਨ ਲਈ ਦੂਜੀਆਂ ਵਸਤਾਂ ਦੀ ਘਾਟ ਨੇ ਸ: ਜੈਦੀਪ ਸਿੰਘ ਨੂੰ ਪਰਾਲੀ ਖੇਤ ਵਿਚ ਰਲਾਉਣ ਵੱਲ ਰੁਚਿਤ ਕੀਤਾ। ਪਿਛਲੇ 11 ਸਾਲਾਂ ਤੋਂ ਇਸ ਕਿਸਾਨ ਨੇ ਆਪਣੇ ਖੇਤਾਂ ਵਿਚ ਪਰਾਲੀ ਨੂੰ ਅੱਗ ਨਹੀਂ ਲਗਾਈ। ਪਰਾਲੀ ਨੂੰ ਸਾਂਭਣ ਲਈ ਖੇਤ ਵਿਚ ਖੇਤੀਬਾੜੀ ਸੰਦਾਂ ਦੀ ਵਰਤੋਂ ਨਾਲ ਇਹ ਪਰਾਲੀ ਨੂੰ ਖੇਤ ਵਿਚ ਹੀ ਰਲਾਉਣ ਦੀ ਤਕਨੀਕ ਦੀ ਵਰਤੋਂ ਕਰਦਾ ਹੈ।
ਤਕਨੀਕਾਂ ਦੀ ਵਰਤੋਂ : ਕੰਬਾਈਨ ਨਾਲ ਝੋਨੇ ਦੀ ਵਾਢੀ ਹੋਣ ਤੋਂ ਬਾਅਦ ਸ: ਜੈਦੀਪ ਸਿੰਘ ਸੰਘਾ ਪਰਾਲੀ ਨੂੰ ਕਾਮਿਆਂ ਦੀ ਮਦਦ ਨਾਲ ਖੇਤ ਵਿਚ ਇਕਸਾਰ ਖਿਲਾਰ ਦਿੰਦਾ ਹੈ ਅਤੇ ਇਸ ਤੋਂ ਬਾਅਦ ਰੋਟਾਵੇਟਰ ਦੀ ਮਦਦ ਨਾਲ ਪਰਾਲੀ ਨੂੰ ਖੇਤ ਵਿਚ ਰਲਾ ਦਿੰਦਾ ਹੈ। ਉਸ ਤੋਂ ਬਾਅਦ ਖੇਤ ਨੂੰ ਪਾਣੀ ਲਗਾ ਦਿੰਦਾ ਹੈ। ਖੇਤ ਵੱਤਰ ਆਉਣ ਉਪਰੰਤ ਦੋ ਵਾਰ ਤਵੀਆਂ ਦੀ ਵਰਤੋਂ ਕਰਦਾ ਹੈ ਅਤੇ ਜੇਕਰ ਜ਼ਰੂਰਤ ਪਵੇ ਤਾਂ ਇਕ ਵਾਰ ਹਲ ਮਾਰ ਕੇ ਬਾਅਦ ਵਿਚ ਦੋ ਵਾਰ ਸੁਹਾਗਾ ਮਾਰ ਕੇ ਖੇਤ ਨੂੰ ਕਣਕ ਦੀ ਬਿਜਾਈ ਲਈ ਤਿਆਰ ਕਰ ਲੈਂਦਾ ਹੈ।
ਜ਼ਮੀਨ ਦੀ ਸਿਹਤ 'ਤੇ ਅਸਰ : ਪਿਛਲੇ 12 ਸਾਲਾਂ (2006 ਤੋਂ 2017) ਤੋਂ ਲਗਾਤਾਰ ਪਰਾਲੀ ਖੇਤ ਵਿਚ ਰਲਾਉਣ ਕਰਕੇ ਜ਼ਮੀਨ ਦੀ ਸਿਹਤ ਵਿਚ ਬਹੁਤ ਸੁਧਾਰ ਹੋਇਆ ਹੈ। ਉਸ ਦੇ ਖੇਤ ਦੀ ਪੀ.ਐਚ. 12 ਸਾਲਾਂ ਵਿਚ 9.9 ਤੋਂ ਘਟ ਕੇ 7.9 ਹੋ ਗਈ ਹੈ। ਪਹਿਲਾਂ ਕਿਸਾਨ ਦੁਆਰਾ ਪੀ.ਐਚ. ਵੱਧ ਹੋਣ ਕਰਕੇ ਜਿਪਸਮ ਦੀ ਵਰਤੋਂ ਕੀਤੀ ਜਾਂਦੀ ਸੀ ਪਰੰਤੂ ਹੁਣ ਪੀ.ਐਚ. ਘਟ ਜਾਣ ਕਰਕੇ ਕਿਸਾਨ ਦੁਆਰਾ ਜਿਪਸਮ ਨਹੀਂ ਪਾਈ ਜਾ ਰਹੀ। ਜ਼ਮੀਨ ਦੀ ਜੈਵਿਕ ਕਾਰਬਨ 0.35 ਫ਼ੀਸਦੀ ਤੋਂ ਵਧ ਕੇ 0.66 ਫ਼ੀਸਦੀ ਹੋ ਗਈ ਹੈ। ਜੈਵਿਕ ਕਾਰਬਨ ਜੋ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਇਕ ਸੂਚਕ ਹੈ ਹੇਠਲੇ ਦਰਜੇ (0.35 ਫ਼ੀਸਦੀ) ਤੋਂ ਵਧ ਕੇ ਦਰਮਿਆਨੇ ਦਰਜੇ (0.66 ਫ਼ੀਸਦੀ) ਵਿਚ ਹੋ ਗਿਆ ਹੈ, ਜਿਸ ਨਾਲ ਨਾਈਟ੍ਰੋਜਨ ਖਾਦ ਦੀ ਵੀ ਬੱਚਤ ਹੋ ਰਹੀ ਹੈ।
ਇਸ ਕਿਸਾਨ ਦੀ ਹਿੰਮਤ ਨੂੰ ਦਾਦ ਦੇਣ ਲਈ ਸਾਲ 2006 ਅਤੇ 2009 ਵਿਚ ਕ੍ਰਮਵਾਰ ਸਿੱਖਿਆ ਮੰਤਰੀ ਅਤੇ ਮੁੱਖ ਖੇਤੀਬਾੜੀ ਅਫਸਰ, ਮੋਗਾ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਹ ਕਿਸਾਨ ਪੀ.ਏ.ਯੂ. ਕਿਸਾਨ ਕਲੱਬ ਦਾ ਮੈਂਬਰ ਵੀ ਹੈ। ਨਵੀਆਂ ਤਕਨੀਕਾਂ ਦੀ ਜਾਣਕਾਰੀ ਲਈ ਇਹ ਕਿਸਾਨ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੁਆਰਾ ਲੱਗਣ ਵਾਲੇ ਕਿਸਾਨ ਮੇਲਿਆਂ ਵਿਚ ਵੀ ਜ਼ਰੂਰ ਸ਼ਮੂਲੀਅਤ ਕਰਦਾ ਹੈ। ਇਸ ਤੋਂ ਇਲਾਵਾ ਕ੍ਰਿਸ਼ੀ ਵਿਗਿਆਨ ਕੇਂਦਰ, ਮੋਗਾ ਅਤੇ ਖੇਤੀਬਾੜੀ ਵਿਭਾਗ ਦੁਆਰਾ ਵੱਖ-ਵੱਖ ਸਮੇਂ ਕਰਵਾਏ ਜਾਂਦੇ ਸਮਾਗਮਾਂ ਅਤੇ ਸਿਖਲਾਈ ਕੈਪਾਂ ਵਿਚ ਵੀ ਸ਼ਾਮਿਲ ਹੁੰਦਾ ਹੈ। ਸਾਲ 2017 ਵਿਚ ਪਮੇਟੀ, ਲੁਧਿਆਣਾ ਵਿਖੇ ਇਨ੍ਹਾਂ ਨੇ ਪਾਣੀ ਦੀ ਬੱਚਤ ਦੀ ਸਿਖਲਾਈ ਵੀ ਲਈ। ਅਕਤੂਬਰ, 2017 ਵਿਚ ਪਰਾਲੀ ਨਾ ਸਾੜਨ ਲਈ ਅਟਾਰੀ, ਲੁਧਿਆਣਾ ਵਿਖੇ ਹੋਈ ਸਟੇਕ ਹੋਲਡਰ ਦੀ ਮੀਟਿੰਗ ਵਿਚ ਵੀ ਹਿੱਸਾ ਲਿਆ। ਪਰਾਲੀ ਦੀ ਸੰਭਾਲ ਲਈ ਸ: ਜੈਦੀਪ ਸਿੰਘ ਸੰਘਾ ਦੀ ਹਿੰਮਤ ਕਿਸਾਨਾਂ ਲਈ ਪਰਾਲੀ ਨੂੰ ਨਾ ਸਾੜਨ ਅਤੇ ਇਸ ਦੇ ਸੰਭਾਲ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵਧਾਉਣ ਲਈ ਇਕ ਵੱਡੀ ਮਿਸਾਲ ਹੈ।


ਮੋਬਾਈਲ : 94171-16570

ਜੇ ਕੰਮ ਕਰਨ ਦੀ ਨੀਅਤ ਹੋਵੇ

ਅੱਜ ਹਜ਼ਾਰਾਂ ਹੀ ਲੋਕ ਨੌਕਰੀ ਲੱਭਦੇ ਫਿਰਦੇ ਹਨ। ਪਰ ਬਹੁਤ ਘੱਟ ਲੋਕ ਸਫਲ ਹੁੰਦੇ ਹਨ। ਕੀ ਤੁਸੀਂ ਕਦੇ ਸੋਚਿਆ ਹੈ ਕਿ ਕਿਉਂ ਨਹੀਂ ਨੌਕਰੀਆਂ ਮਿਲਦੀਆਂ? ਦੂਜੇ ਪਾਸੇ ਹਰ ਦੁਕਾਨ, ਫੈਕਟਰੀ ਜਾਂ ਅਦਾਰਿਆਂ ਨੂੰ ਕੰਮ ਕਰਨ ਵਾਲੇ ਨਹੀਂ ਮਿਲਦੇ। ਧਿਆਨ ਦਿੱਤਿਆਂ ਮਸਲਾ ਸੌਖੇ ਹੀ ਸਮਝ ਆ ਜਾਵੇਗਾ। 1. ਬਹੁਤੇ ਲੋਕ ਆਪਣੀ ਆਸ ਵੱਡੀ ਰੱਖਦੇ ਹਨ, ਪਰ ਆਪਣੀ ਕੰਮ ਕਰਨ ਦੀ ਯੋਗਤਾ ਨਹੀਂ ਵਧਾਉਣ ਦੀ ਕੋਸ਼ਿਸ਼ ਕਰਦੇ। 2. ਹੱਥੀਂ ਕੰਮ ਕਰਨ ਨੂੰ ਪਾਪ ਸਮਝਦੇ ਹਨ, ਹਰ ਕੋਈ ਪੈਂਟ-ਕਮੀਜ਼ ਪਾ ਮੇਜ਼-ਜ਼ਰੂਰੀ 'ਤੇ ਹੀ ਬੈਠਣਾ ਚਾਹੁੰਦਾ। ਛੋਟਾ ਵਪਾਰ ਕਰਨ ਚ ਹੱਤਕ ਸਮਝਦੇ ਹਨ। ਜਦ ਕਿ ਪੰਜਾਬ ਚ ਆਏ ਪ੍ਰਵਾਸੀ ਮਜ਼ਦੂਰ ਰੇਹੜੀ ਲਾ ਕੇ ਹੀ 5000 ਰੁਪਏ ਦਿਹਾੜੀ ਵੀ ਕਮਾਈ ਜਾਂਦੇ ਹਨ। ਦੂਜੇ ਸੂਬਿਆਂ ਵਿਚ ਔਰਤਾਂ ਵੀ 6-7 ਘੰਟੇ ਵਿਚ ਹੀ ਘਰ ਦੀ ਉਗਾਈ ਸਬਜ਼ੀ ਸੜਕਾਂ ਕੰਢੇ ਵੇਚ ਕੇ ਚੋਖਾ ਕਮਾ ਲੈਂਦੀਆਂ ਹਨ। ਗੱਲ ਤਾਂ ਇਹੋ ਰਹਿ ਗਈ ਹੈ ਕਿ ਅਸੀਂ ਕਿਰਤ ਕਰਨ ਨੂੰ ਛੋਟਾ-ਵੱਡਾ ਸਮਝਣ ਲੱਗ ਪਏ ਹਾਂ, ਇਹੋ ਸਾਡੇ ਦੁੱਖਾਂ ਦਾ ਕਾਰਨ ਹੈ। ਆਓ ਕਿਰਤ ਦੀ ਇਜ਼ਤ ਕਰਨਾ ਸਿੱਖੀਏ ਤੇ ਬੇਰੁਜ਼ਗਾਰੀ ਨੂੰ ਠੱਲ੍ਹ ਪਾਈਏ। ਨੌਕਰੀਆਂ ਤੇ ਧਨ ਸਾਡੇ ਅੱਗੇ ਪਿੱਛੇ ਫਿਰੇਗਾ


-ਮੋਬਾ: 98159-45018

ਵਿਰਸੇ ਦੀਆਂ ਬਾਤਾਂ

ਇਹ ਹਾਰ ਨਹੀਂ ਮਿਲਦੇ ਅੱਜਕਲ੍ਹ

ਹਾਰ ਦੇ ਕਈ ਅਰਥ ਹਨ। ਇਕ ਹਾਰ ਜਿੱਤ ਦੇ ਉਲਟ ਮਿਲਦੀ ਹੈ। ਹਾਰ ਉਹ ਵੀ ਹਨ, ਜਿਹੜੇ ਖੁਸ਼ੀ ਜਾਂ ਸ਼ਰਧਾਂਜਲੀ ਮੌਕੇ ਪਾਏ ਜਾਂਦੇ ਹਨ। ਤੀਜੀ ਕਿਸਮ ਦੇ ਹਾਰ ਕਿਸੇ ਸਾਂਭਣਯੋਗ ਚੀਜ਼ ਨੂੰ ਪਰੋਅ ਕੇ ਬਣਾ ਲਏ ਜਾਂਦੇ ਹਨ। ਜਿਵੇਂ ਮੋਤੀਆਂ ਦਾ ਹਾਰ, ਹੀਰਿਆਂ ਦਾ ਹਾਰ। ਤਸਵੀਰ ਵਿਚ ਜਿਹੜਾ ਹਾਰ ਤੁਸੀਂ ਦੇਖ ਰਹੇ ਹੋ, ਇਹ ਬਜ਼ਾਰ ਵਿਚ ਨਹੀਂ ਮਿਲਦਾ। ਇਹ ਨੂੰ ਘਰ ਦੀ ਔਰਤ ਵਲੋਂ ਤਿਆਰ ਕੀਤਾ ਗਿਆ ਹੈ। ਲੰਘੇ ਵੇਲੇ ਇਹ ਹਾਰ ਸਾਨੂੰ ਪਿੰਡਾਂ ਦੀਆਂ ਸਬਾਤਾਂ 'ਚ ਆਮ ਟੰਗੇ ਦਿਸ ਪੈਂਦੇ ਸਨ, ਪਰ ਹੁਣ ਨਹੀਂ। ਇਹ ਚਿੱਬੜਾਂ ਦਾ ਹਾਰ ਹੈ। ਕੋਈ ਵਿਰਲਾ ਘਰ ਹੋਵੇਗਾ, ਜਿੱਥੇ ਹੁਣ ਤੁਹਾਨੂੰ ਇਹ ਦੇਖਣ ਨੂੰ ਮਿਲੇਗਾ।
ਚਿੱਬੜ ਕਿਸੇ ਵੇਲੇ ਨਰਮੇ, ਕਪਾਹ ਦੇ ਖੇਤਾਂ ਵਿਚ ਆਮ ਮਿਲਦੇ ਸਨ। ਬਹੁਤੀ ਵਾਰ ਇਹ ਬਿਨਾਂ ਬੀਜੇ ਹੋ ਜਾਂਦੇ। ਜਦੋਂ ਇਹ ਪੱਕ ਜਾਂਦੇ ਤਾਂ ਵੇਲ ਨਾਲੋਂ ਆਪੇ ਅੱਡ ਹੋ ਜਾਂਦੇ। ਜਿਨ੍ਹਾਂ ਨੇ ਇਨ੍ਹਾਂ ਦੀ ਚਟਣੀ ਖਾਧੀ ਹੈ, ਉਹ ਕਦੇ ਇਸ ਦੇ ਸਵਾਦ ਨੂੰ ਨਹੀਂ ਭੁੱਲਦੇ। ਸਿਆਣੀਆਂ ਔਰਤਾਂ ਚਿੱਬੜਾਂ ਦੇ ਹਾਰ ਬਣਾ ਕੇ ਸੰਭਾਲ ਲੈਂਦੀਆਂ ਸਨ ਤਾਂ ਜੁ ਰੁੱਤ ਜਾਣ ਮਗਰੋਂ ਵੀ ਇਨ੍ਹਾਂ ਦੀ ਚਟਣੀ ਬਣਾਈ ਜਾ ਸਕੇ।
ਤਸਵੀਰ ਵਿਚ ਜਿਹੜਾ ਹਾਰ ਦੇਖ ਰਹੇ ਹੋ, ਇਹੋ ਜਿਹੇ ਚਿੱਬੜਾਂ ਦੇ ਹਾਰ ਸਾਡੇ ਘਰ ਆਮ ਬਣਦੇ ਹੁੰਦੇ ਸਨ। ਕੂੰਡੇ ਵਿਚ ਗੰਢੇ, ਮਿਰਚਾਂ ਤੇ ਚਿੱਬੜ ਕੁੱਟਣੇ ਮੇਰੇ ਕੰਮ ਵਿਚ ਸ਼ਾਮਿਲ ਹੁੰਦਾ। ਜਦੋਂ ਇਸ ਚਟਣੀ ਨੂੰ ਮਖਣੀ ਨਾਲ ਖਾਧਾ ਜਾਂਦਾ ਤਾਂ ਰੂਹ ਖੁਸ਼ ਹੋ ਜਾਂਦੀ।
ਮੈਂ ਜਦੋਂ ਵੀ ਪਿੰਡ ਜਾਂਦਾ ਹਾਂ ਤਾਂ ਫ਼ਰੀਦਕੋਟ ਦੀਆਂ ਸਬਜ਼ੀਆਂ ਵਾਲੀਆਂ ਦੁਕਾਨਾਂ ਤੋਂ ਚਿੱਬੜ ਲੱਭਦਾ ਹਾਂ। ਜੇ ਮਿਲ ਜਾਣ ਤਾਂ ਦੋ ਕਿਲੋ ਲੈ ਕੇ ਜਲੰਧਰ ਪਹੁੰਚਦਾ ਹਾਂ। ਕਈ ਦੋਸਤ ਚਿੱਬੜ ਲੈ ਕੇ ਬੇਹੱਦ ਖੁਸ਼ ਹੁੰਦੇ ਹਨ।
ਨਵੇਂ ਦੌਰ ਦੀਆਂ ਖਾਣ-ਪੀਣ ਵਾਲੀਆਂ ਚੀਜ਼ਾਂ ਦੇ ਦੌਰ ਵਿਚ ਅਸੀਂ ਪੁਰਾਣੇ ਸਵਾਦ ਨੂੰ ਕਿਵੇਂ ਭੁੱਲੀਏ? ਸਾਡੀ ਇਸ ਕਮਜ਼ੋਰੀ ਨੂੰ ਕੋਈ ਵੀ ਦਰਜਾ ਮਿਲੇ, ਪਰ ਮਨ ਤਾਂ ਮਨ ਹੈ, ਮਰਜ਼ੀ ਦਾ ਸਵਾਦ ਚਾਹੁੰਦਾ।


-37, ਪ੍ਰੀਤ ਇਨਕਲੇਵ, ਲੱਧੇਵਾਲੀ, ਜਲੰਧਰ।
ਮੋਬਾਈਲ : 98141-78883.

ਪਸ਼ੂਧਨ ਗਣਨਾ ਦੌਰਾਨ ਪੰਜਾਬ 'ਚ ਗਿਣਨਯੋਗ ਮੁੱਖ ਰਜਿਸਟਰਡ ਨਸਲਾਂ ਤੇ ਇਨ੍ਹਾਂ ਦੇ ਪਛਾਣ ਚਿੰਨ੍ਹ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਘੋੜੇ, ਪੌਨੀ ਤੇ ਗਧੇ ਦੀਆਂ ਵਰਣਿਤ ਨਸਲਾਂ
ਘੋੜੇ ਤੇ ਪੌਨੀ 'ਚ ਨਸਲਵਾਰ ਕੋਈ ਫਰਕ ਨਹੀਂ ਪਰ 4 ਫੁੱਟ ਤੋਂ ਵੱਧ ਕੱਦ ਵਾਲੇ ਘੋੜਿਆਂ 'ਚ ਤੇ ਘੱਟ ਵਾਲੇ ਪੌਨੀਆਂ 'ਚ ਗਿਣੇ ਜਾਣਗੇ।
ਮਾਰਵਾੜੀ : ਇਸ ਨਸਲ ਦਾ ਮੂਲ ਇਲਾਕਾ ਰਾਜਸਥਾਨ ਹੈ। ਸਰੀਰ ਦਾ ਰੰਗ ਜ਼ਿਆਦਾਤਰ ਭੁਰਾ-ਲਾਲ ਹੁੰਦਾ ਹੈ ਪਰ ਇਹ ਚਿਤਕਬਰਾ (Roan), ਬਦਾਮੀ (3hestnut), ਗੇਰੂਆ, ਚਿੱਟਾ ਤੇ ਕਾਲਾ ਚਿੱਟੀਆਂ ਧਾਰੀਆਂ ਸਮੇਤ ਵੀ ਹੁੰਦਾ ਹੈ। ਇਸ ਨਸਲ ਦੇ ਘੋੜੇ ਕਾਠੀਆਵਾੜੀ ਨਸਲ ਨਾਲੋਂ ਲੰਬੇ ਤੇ ਉੱਚੇ ਹੁੰਦੇ ਹਨ। ਔਸਤ ਕੱਦ 150 ਸਮ ਜਾਂ ਇਸ ਤੋਂ ਜ਼ਿਆਦਾ ਹੁੰਦਾ ਹੈ ।
ਕਾਠੀਆਵਾੜੀ : ਇਸ ਨਸਲ ਦਾ ਮੂਲ ਇਲਾਕਾ ਗੁਜਰਾਤ ਹੈ। ਸਰੀਰ ਦਾ ਰੰਗ ਲਾਲ-ਭੂਰਾ (2a਼), ਹਲਕਾ ਜਾਂ ਗੂੜਾ ਬਦਾਮੀ ਜਾਂ ਧੁੰਦਲਾ ਅਸਮਾਨੀ (7r਼ 4un ) ਹੁੰਦਾ ਹੈ। ਮੂੰਹ ਛੋਟਾ, ਮੱਥਾ ਚੌੜਾ ਤੇ ਅੰਦਰ ਨੂੰ ਧੱਸਿਆ, ਪੋਲ ਤੋਂ ਮੱਥੇ ਤੱਕ ਤਿਕੋਨ ਬਣਦੀ, ਅੱਖਾਂ ਵੱਡੀਆਂ,
ਨਾਸਾਂ ਚੌੜੀਆਂ ਤੇ ਸਿਰਿਆਂ ਤੋਂ ਪਤਲੀਆਂ, ਬੁੱਲ੍ਹ ਛੋਟੇ, ਕੰਨ ਛੋਟੇ ਤੇ 90 ਦੇ ਕੋਣ 'ਤੇ ਉਪਰ ਨੂੰ ਮੁੜੇ ਹੋਏ, ਪੂਛ ਲੰਬੀ ਤੇ ਧਰਤੀ ਨੂੰ ਲਗਦੀ, ਬਾਹੂ ਸਿੱਧੇ, ਪੈਰ ਗੋਲ ਤੇ ਚੌੜੇ ਹੁੰਦੇ ਹਨ ਪਰ ਕੱਦ 150 ਸਮ ਤੋਂ ਵੱਧ ਨਹੀਂ ਹੁੰਦਾ।
ਸਪਿਤੀ ਗਧੇ : ਇਸ ਨਸਲ ਦਾ ਮੂਲ ਇਲਾਕਾ ਹਿਮਾਚਲ ਪ੍ਰਦੇਸ਼ ਹੈ। ਰੰਗ ਆਮ ਤੌਰ 'ਤੇ ਭੂਰਾ ਪਰ ਭੂਰਾ ਕਾਲਾ ਜਾਂ ਕਾਲਾ ਵੀ ਹੁੰਦਾ ਹੈ, ਬੁੱਲ੍ਹਾਂ ਦੁਆਲੇ ਚਿੱਟੀਆਂ ਧਾਰੀਆਂ ਜੋ ਕਿ ਕਦੇ-ਕਦੇ ਅੱਖਾਂ ਦੁਆਲੇ ਵੀ ਹੁੰਦੀਆਂ ਹਨ। ਬਾਕੀ ਸਰੀਰ ਵਾਂਗ ਮੂੰਹ 'ਤੇ ਵੀ ਵਾਲ ਹੁੰਦੇ ਹਨ। ਸਿਰ ਚੌੜਾ ਪਰ ਛੋਟਾ ਹੁੰਦਾ ਹੈ। ਪੂਛ ਖੁੱਚਾਂ ਤੱਕ ਪਹੁੰਚਦੀ ਹੈ। ਸਾਰੀ ਪੂਛ 'ਤੇ ਵਾਲਾਂ ਦੀ ਬਹੁਤਾਤ ਹੋਣ ਕਾਰਨ ਦੁੰਬ ਦਾ ਪਤਾ ਨਹੀਂ ਲੱਗਦਾ ।
ਬੀਕਾਨੇਰੀ ਊਠ (ਊਠਾਂ ਦੀ ਵਰਣਿਤ ਨਸਲ)
ਇਸ ਨਸਲ ਦਾ ਮੂਲ ਇਲਾਕਾ ਪੰਜਾਬ, ਹਰਿਆਣਾ ਤੇ ਰਾਜਸਥਾਨ ਹੈ। ਰੰਗ ਭੂਰਾ-ਲਾਲ ਤੋਂ ਗੂੜਾ ਕਾਲਾ-ਭੂਰਾ, ਗੁੰਬਦ ਵਰਗਾ ਸਿਰ, ਮੱਥਾ ਉਭਰਵਾਂ, ਅੱਖਾਂ ਉਪਰ ਡੂੰਘਾ ਟੋਆ ਤੇ ਸੰਘਣੇ ਭਰਵੱਟੇ (ਝੀਂਪਰਾ), ਨੱਕ ਲੰਬਾ, ਕੰਨ ਛੋਟੇ ਤੇ ਖੜ੍ਹੇ ਹੋਏ, ਗਰਦਨ ਦਰਮਿਆਨੀ ਤੋਂ ਲੰਬੀ ਤੇ ਲਗਪਗ ਸਿੱਧੀ, ਅੱਖਾਂ, ਕੰਨ, ਠੋਡੀ ਥੱਲੇ ਤੇ ਗਰਦਨ 'ਤੇ ਸੰਘਣੇ ਵਾਲ, ਲੱਤਾਂ ਲੰਬੀਆਂ ਤੇ ਮਜ਼ਬੂਤ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਸੂਰਾਂ ਦੀਆਂ
ਵਰਣਿਤ ਨਸਲਾਂ
ਲਾਰਜ ਵਾਈਟ ਯਾਰਕਸ਼ਾਇਰ : ਇਸ ਨਸਲ ਦਾ ਮੂਲ ਇਲਾਕਾ ਇੰਗਲੈਂਡ ਹੈ। ਰੰਗ ਚਿੱਟਾ ਤੋਂ ਹਲਕਾ ਗੁਲਾਬੀ ਪਰ ਸਰੀਰ 'ਤੇ ਕੋਈ ਵਾਲ ਨਹੀਂ, ਕੰਨ ਖੜ੍ਹੇ ਤੇ ਤਿੱਖੇ, ਮੂੰਹ ਹਲਕਾ ਧੱਸਿਆ ਤੇ ਦਰਮਿਆਨੀ ਸੁੰਨ (Snout), ਪੂਛ ਨਰਾਂ 'ਚ ਕੁੰਡਲੀਦਾਰ ਪਰ ਮਾਦਾ 'ਚ ਸਿੱਧੀ, ਪਿੱਠ ਲੰਬੀ ਤੇ ਕਮਾਨ ਦੀ ਤਰ੍ਹਾਂ ਡੂੰਘੀ 'ਤੇ 7 ਜੋੜੇ ਥਣ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ ।
ਮਿਡਲ ਵਾਈਟ ਯਾਰਕਸ਼ਾਇਰ : ਇਸ ਨਸਲ ਦਾ ਮੂਲ ਇਲਾਕਾ ਇੰਗਲੈਂਡ ਹੈ। ਰੰਗ ਚਿੱਟਾ ਸਰੀਰ ਤੋਂ ਕੋਈ ਧੱਬਾ, ਖੁੁਰਦਰਾਪਣ ਜਾਂ ਝੁੁਰੜੀਆਂ ਨਹੀਂ ਹੁੰਦੀਆਂ, ਕੰਨ ਖੜ੍ਹੇ, ਲੰਬੇੇ ਤੇ ਤਿੱਖੇ, ਮੂੰਹ ਹਲਕਾ ਧੱਸਿਆ, ਨੱਕ ਫੀਂਡਾ/ਫੀਂਨਾ ਤੇ ਛੋਟੀ ਸੁੰਨ, ਪੂੰਛ ਨਰਾਂ 'ਚ ਕੁੰਡਲੀਦਾਰ ਪਰ ਮਾਦਾ 'ਚ ਸਿੱਧੀ, ਪਿੱਠ ਲੰਬੀ ਤੇ ਸਿੱਧੀ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ ।
ਲੈਂਡਰੇਸ : ਇਸ ਨਸਲ ਦਾ ਮੂਲ ਇਲਾਕਾ ਡੈਨਮਾਰਕ ਹੈ। ਰੰਗ ਚਿੱਟਾ ਪਰ ਸਰੀਰ 'ਤੇ ਵਾਲ ਹੁੰਦੇ ਹਨ, ਕੰਨ ਲੰਬੇ ਤੇ ਲਮਕਵੇਂ, ਮੂੰਹ ਅੰਦਰ ਨੂੰ ਧੱਸਿਆ, ਨੱਕ ਤੇ ਸੁੰਨ ਸਿੱਧੀ, ਪੂਛ ਕੁੰਡਲੀਦਾਰ, ਪਿੱਠ ਲੰਬੀ ਤੇ ਡੂੰਘੀ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ ।
ਹੈਂਪਸ਼ਾਇਰ : ਇਸ ਨਸਲ ਦਾ ਮੂਲ ਇਲਾਕਾ ਇੰਗਲੈਂਡ ਹੈ। ਰੰਗ ਕਾਲਾ ਪਰ ਸਰੀਰ ਤੇ ਬਾਹੂਆਂ ਦੁਆਲੇ ਅਗਲੀਆਂ ਲੱਤਾਂ ਤੇ ਪੈਰਾਂ ਤੱਕ ਚਿੱਟੀ ਧਾਰੀ ਹੁੰਦੀ ਹੈ, ਕੰਨ ਲੰਬੇ ਤੇ ਖੜ੍ਹੇ, ਮੂੰਹ ਲੰਬਾ ਤੇ ਸਿੱਧਾ, ਨੱਕ ਤੇ ਸੁੰਨ ਸਿੱਧੀ, ਪੂਛ ਕੁੰਡਲੀਦਾਰ, ਪਿੱਠ ਲੰਬੀ ਤੇ ਡੂੰਘੀ ਤੇ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਪੋਲਟਰੀ ਦੀਆਂ ਵਰਣਿਤ ਨਸਲਾਂ
ਅਸੀਲ : ਇਸ ਨਸਲ ਦਾ ਮੂਲ ਇਲਾਕਾ ਆਂਧਰਾ ਪ੍ਰਦੇਸ਼, ਉੜੀਸਾ ਤੇ ਛਤੀਸਗੜ੍ਹ ਹੈ। ਖੰਬਾਂ ਦਾ ਲਾਲ (ਜਾਂ ਭੂਰਾ) ਕਾਲਾ ਰੰਗ, ਧਾਰੀਦਾਰ ਜਾਂ ਠੋਸ, ਧਾਰੀਦਾਰ ਜਾਂ ਧੱਬੇਦਾਰ ਪੈਟਰਨ, ਚਮਕੀਲੇ ਲਾਲ ਵਾਟਲਜ਼, ਕੰਨ ਦਾ ਲਾਲ ਲੋਬ, ਅੱਖਾਂ ਦਾ ਲਾਲ ਘੇਰਾ, ਛੋਟੀ, ਲਾਲ ਰੰਗ ਦੀ ਤੇ ਮਟਰ ਵਰਗੀ ਕਲਗੀ, ਮੂੰਹ ਤੇ ਛਾਤੀ 'ਤੇ ਕੋਈ ਖੰਭ ਨਹੀਂ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ।
ਪੰਜਾਬ ਬਰਾਊਨ : ਇਸ ਨਸਲ ਦਾ ਮੂਲ ਇਲਾਕਾ ਪੰਜਾਬ ਤੇ ਹਰਿਆਣਾ ਹੈ। ਖੰਭਾਂ ਦਾ ਭੂਰਾ ਲਾਲ ਰੰਗ (ਨਰ 'ਚ ਧੌਣ, ਖੰਭਾਂ ਤੇ ਪੂਛ 'ਤੇ ਕਾਲੇ ਧੱਬੇ ਜਾਂ ਧਾਰੀਆਂ), ਖੰਭਾਂ 'ਤੇ ਸਾਰਾ ਭੂਰਾ ਪੈਟਰਨ, ਲਾਲ ਨਰ 'ਚ ਵੱਡੇ ਤੇ ਮਾਦਾ 'ਚ ਛੋਟੇ ਵਾਟਲਜ਼, ਕੰਨ ਦਾ ਲਾਲ ਲੋਬ, ਅੱਖਾਂ ਦਾ ਲਾਲ ਘੇਰਾ, ਵੱਡੀ, ਇਕਹਰੀ ਲਾਲ ਕਲਗੀ ਇਸ ਨਸਲ ਦੀਆਂ ਖਾਸ ਨਿਸ਼ਾਨੀਆਂ ਹਨ। (ਸਮਾਪਤ)


-ਮੋਬਾਈਲ : 94173-52195.
ਈਮੇਲ : rkmangal2802@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX