ਤਾਜਾ ਖ਼ਬਰਾਂ


ਸਾਬਕਾ ਵਿਧਾਇਕ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਵਿਚ ਸ਼ਾਮਿਲ
. . .  40 minutes ago
ਸ੍ਰੀ ਮੁਕਤਸਰ ਸਾਹਿਬ, 18 ਅਪ੍ਰੈਲ (ਰਣਜੀਤ ਸਿੰਘ ਢਿੱਲੋਂ)-ਸ੍ਰੀ ਮੁਕਤਸਰ ਸਾਹਿਬ ਦੀ ਰਾਜਨੀਤੀ ਵਿਚ ਉਸ ਸਮੇਂ ਹਿਲਜੁੱਲ ਹੋਈ, ਜਦੋਂ ਸਾਬਕਾ ਵਿਧਾਇਕ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਸੁਖਦਰਸ਼ਨ ਸਿੰਘ ਮਰਾੜ ਕਾਂਗਰਸ ਪਾਰਟੀ ਵਿਚ...
ਸੁਆਂ ਨਦੀ ਵਿਚ ਨਹਾਉਣ ਗਏ ਦੋ ਨੌਜਵਾਨ ਡੁੱਬੇ
. . .  about 1 hour ago
ਨੂਰਪੁਰ ਬੇਦੀ, 18 ਅਪ੍ਰੈਲ (ਹਰਦੀਪ ਸਿੰਘ ਢੀਂਡਸਾ) - ਸ੍ਰੀ ਅਨੰਦਪੁਰ ਸਾਹਿਬ ਤਹਿਸੀਲ ਅਧੀਨ ਪੈਂਦੇ ਕਸਬਾ ਨੂਰਪੁਰ ਬੇਦੀ ਨੇੜਿਓ ਗੁਜ਼ਰਦੀ ਸੁਆਂ ਨਦੀ ਵਿਚ ਦੋ ਨੌਜਵਾਨਾਂ ਦੇ ਡੁੱਬਣ ਦਾ...
ਆਈ.ਪੀ.ਐੱਲ 2019 : ਦਿੱਲੀ ਖ਼ਿਲਾਫ਼ ਟਾਸ ਜਿੱਤ ਕੇ ਮੁੰਬਈ ਵੱਲੋਂ ਪਹਿਲਾ ਬੱਲੇਬਾਜ਼ੀ ਦਾ ਫ਼ੈਸਲਾ
. . .  about 1 hour ago
ਸ਼ਮਸ਼ੇਰ ਸਿੰਘ ਦੂਲੋ ਨੂੰ ਆਪਣੇ ਪ੍ਰਚਾਰ ਦੀ ਕਰਾਂਗੀ ਅਪੀਲ - ਬੀਬੀ ਦੂਲੋ
. . .  about 1 hour ago
ਫ਼ਤਹਿਗੜ੍ਹ ਸਾਹਿਬ, 18 ਅਪ੍ਰੈਲ (ਅਰੁਣ ਅਹੂਜਾ)- ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਪਤਨੀ ਬੀਬੀ ਹਰਬੰਸ ਕੋਰ ਦੂਲੋ ਜੋ ਕਿ ਬੀਤੇ ਦਿਨੀਂ ਆਮ ਆਦਮੀ ਪਾਰਟੀ ਵਿਚ...
ਗੁਰੂ ਹਰਸਹਾਏ : ਪਿੰਡ ਝੋਕ ਮੋਹੜੇ 'ਚ ਚੱਲੀ ਗੋਲੀ
. . .  about 1 hour ago
ਗੁਰੂ ਹਰਸਹਾਏ, 18 ਅਪ੍ਰੈਲ (ਹਰਚਰਨ ਸਿੰਘ ਸੰਧੂ) - ਪਿੰਡ ਝੋਕ ਮੋਹੜੇ ਵਿਖੇ ਪੁਰਾਣੀ ਰੰਜਸ਼ ਦੇ ਚੱਲਦਿਆਂ ਇੱਕ ਪਿੰਡ ਦੇ ਸਰਪੰਚ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਲ ਲੈ ਕੇ ਇੱਕ ਨੌਜਵਾਨ 'ਤੇ ਗੋਲੀ...
ਕੰਟਰੋਲ ਰੇਖਾ ਤੋਂ ਪਾਰ ਵਪਾਰ ਦੋ ਦਿਨਾਂ ਲਈ ਬੰਦ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਗ੍ਰਹਿ ਮੰਤਰਾਲੇ ਨੇ ਐਨ.ਆਈ.ਏ ਦੀ ਜਾਂਚ ਦੌਰਾਨ ਕੁੱਝ ਅੱਤਵਾਦੀ ਸੰਗਠਨਾਂ ਵੱਲੋਂ ਵਪਾਰ ਚਲਾਏ ਜਾਣ ਦਾ ਪਾਏ ਜਾਣ 'ਤੇ ਜੰਮੂ ਕਸ਼ਮੀਰ ਵਿਖੇ ਕੱਲ੍ਹ...
ਆਮਦਨ ਕਰ ਵਿਭਾਗ ਵੱਲੋਂ ਵਪਾਰੀ ਤੋਂ 42 ਲੱਖ ਦੀ ਬੇਹਿਸਾਬੀ ਨਕਦੀ ਜ਼ਬਤ
. . .  about 2 hours ago
ਨਵੀਂ ਦਿੱਲੀ, 18 ਅਪ੍ਰੈਲ - ਆਮਦਨ ਕਰ ਵਿਭਾਗ ਨੇ ਗੁਜਰਾਤ ਦੇ ਗਾਂਧੀ ਨਗਰ ਵਿਖੇ ਇੱਕ ਵਪਾਰੀ ਤੋਂ 42 ਲੱਖ ਰੁਪਏ ਦੀ ਬੇਹਿਸਾਬੀ ਨਕਦੀ ਜ਼ਬਤ ਕੀਤੀ...
ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਹੋਈ 61.12 ਫ਼ੀਸਦੀ ਵੋਟਿੰਗ
. . .  about 1 hour ago
ਨਵੀਂ ਦਿੱਲੀ, 18 ਅਪ੍ਰੈਲ - ਲੋਕ ਸਭਾ ਚੋਣਾਂ ਦੇ ਦੂਸਰੇ ਪੜਾਅ ਤਹਿਤ ਕੁੱਲ 61.12 ਫ਼ੀਸਦੀ ਵੋਟਿੰਗ ਹੋਈ...
ਸੜਕ ਹਾਦਸੇ 'ਚ ਦੋ ਸਕੇ ਭਰਾਵਾਂ ਦੀ ਮੌਤ
. . .  about 2 hours ago
ਗੁਰਦਾਸਪੁਰ, 18 ਅਪ੍ਰੈਲ (ਆਲਮਬੀਰ ਸਿੰਘ) - ਨੇੜਲੇ ਪਿੰਡ ਕੋਠੇ ਘੁਰਾਲਾ ਬਾਈਪਾਸ ਨੇੜੇ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ...
ਉੜੀਸਾ : ਈ.ਵੀ.ਐਮ 'ਚ ਖ਼ਰਾਬੀ ਹੋਣ ਕਾਰਨ 4 ਬੂਥਾਂ 'ਤੇ ਦੁਬਾਰਾ ਹੋਵੇਗੀ ਵੋਟਿੰਗ- ਚੋਣ ਅਧਿਕਾਰੀ
. . .  about 3 hours ago
ਭੁਵਨੇਸ਼ਵਰ, 18 ਅਪ੍ਰੈਲ- ਉੜੀਸਾ ਦੇ ਮੁੱਖ ਚੋਣ ਅਧਿਕਾਰੀ ਸੁਰੇਂਦਰ ਕੁਮਾਰ ਨੇ ਕਿਹਾ ਹੈ ਕਿ ਸੁਰੇਂਦਰਗੜ੍ਹ ਦੇ ਬੂਥ ਨੰਬਰ 213, ਬੁਨਾਈ ਦੇ ਬੂਥ ਨੰਬਰ 129 ਅਤੇ ਦਾਸਪੱਲਾ ਵਿਧਾਨ ਸਭਾ ਖੇਤਰ 'ਚ ਬੂਥ ਨੰਬਰ 210 ਅਤੇ 222 'ਚ ਈ.ਵੀ.ਐਮ 'ਚ ਖ਼ਰਾਬੀ ਦੇ ਚੱਲਦਿਆਂ ...
ਹੋਰ ਖ਼ਬਰਾਂ..

ਲੋਕ ਮੰਚ

ਇਨਸਾਨੀਅਤ 'ਤੇ ਭਾਰੂ ਲਾਲਚ

ਜ਼ਿੰਦਗੀ ਦਾ ਘੋਲ਼ ਭਾਵ ਸੰਘਰਸ਼ ਆਪਣੀ ਹੋਂਦ ਨੂੰ ਬਣਾਈ ਰੱਖਣ ਲਈ ਹਰ ਜਿਉਂਦੇ ਮਨੁੱਖ ਨੂੰ ਕਰਨਾ ਪੈਂਦਾ ਹੈ। ਇਨਸਾਨੀ ਕਦਰਾਂ-ਕੀਮਤਾਂ 'ਤੇ ਆਧਾਰਿਤ ਇਹ ਸੰਘਰਸ਼ ਮੌਕੇ 'ਤੇ ਬੇਸ਼ੱਕ ਕੋਈ ਨਤੀਜਾ ਨਾ ਦੇਵੇ ਪਰ ਜ਼ਿੰਦਗੀ ਦੀ ਲੰਬੀ ਲੜਾਈ ਵਿਚ ਇਸ ਦਾ ਫੈਸਲਾਕੁੰਨ ਸਾਬਤ ਹੋਣਾ ਤੈਅ ਹੈ। ਤਾਕਤ ਦੇ ਨਸ਼ੇ ਵਿਚ ਮਜ਼ਲੂਮ ਦੀ ਹਿੱਕ 'ਤੇ ਬੈਠ ਕੇ ਕੋਈ ਹੱਥ ਖੜ੍ਹਾ ਕਰਕੇ ਆਪਣੀ ਜਿੱਤ ਦੀ ਲਲਕਾਰ ਜ਼ਰੂਰ ਮਾਰ ਸਕਦਾ ਹੈ ਪਰ ਹੱਕ ਅਤੇ ਇਮਾਨ ਦੀ ਲੜਾਈ ਲੜਨ ਵਾਲੇ ਭਲੇ ਅਤੇ ਨੇਕ ਬੰਦਿਆਂ ਦੀ ਜ਼ਿੰਦਗੀ ਵਿਚ ਹਾਰ ਕੇ ਵੀ ਜਿੱਤ ਹੋਈ ਹੈ। ਸ਼ਰੀਫ ਅਤੇ ਨਿਮਰ ਸੁਭਾਅ ਦਿਲ ਵਿਚ ਸਮੋਈ ਤਾਕਤ ਦਾ ਜਿਉਂਦਾ-ਜਾਗਦਾ ਸਬੂਤ ਹੈ। ਸਬਰ ਨਾਲ ਜਬਰ ਦਾ ਕੀਤਾ ਟਾਕਰਾ ਇਨਸਾਨ ਨੂੰ ਅਜਿੱਤ ਬਣਾ ਦਿੰਦਾ ਹੈ। ਜ਼ਿੰਦਗੀ ਰੂਪੀ ਸੰਘਰਸ਼ 'ਚ ਹਰ ਜਿਉਂਦਾ ਇਨਸਾਨ ਇਕ ਖਿਡਾਰੀ ਹੈ ਅਤੇ ਫੈਸਲਾ ਪਰਮਾਤਮਾ ਨੇ ਇਨਸਾਨ ਦੇ ਅਮਲਾਂ ਨੂੰ ਦੇਖ ਕੇ ਢੁਕਵੇਂ ਸਮੇਂ 'ਤੇ ਕਰਨਾ ਹੁੰਦਾ ਹੈ। ਲੁੱਟ-ਖਸੁੱਟ ਕਰਕੇ ਤਿਜੋਰੀਆਂ 'ਚ ਭਰੇ ਪੈਸੇ ਪਲ ਵਿਚ ਕਾਗਜ਼ੀ ਜਹਾਜ਼ ਦੀ ਤਰ੍ਹਾਂ ਉੱਡ ਜਾਂਦੇ ਹਨ। ਜ਼ਿੰਦਗੀ 'ਚ ਮਿਲੇ ਕਿਸੇ ਅਹੁਦੇ ਦੀ ਤਾਕਤ ਦੇ ਨਸ਼ੇ ਵਿਚ ਇਨਸਾਨੀ ਗੁਣਾਂ ਨੂੰ ਭੁੱਲ ਜਾਣਾ ਜਾਂ ਇਨ੍ਹਾਂ ਦੇ ਪਰਖਚੇ ਉੱਡਾ ਦੇਣੇ ਠੀਕ ਨਹੀਂ ਹੁੰਦਾ, ਕਿਉਂਕਿ ਪਤਾ ਨਹੀਂ ਕਿਸ ਵਕਤ ਅੰਬਰਾਂ 'ਚ ਉੱਡਦੇ ਪਤੰਗ ਦੀ ਡੋਰ ਕੱਟੀ ਜਾਵੇ। ਤਾਕਤ ਦੇ ਨਸ਼ੇ ਵਿਚ ਕਮਾਇਆ ਪੈਸਾ ਪੁੱਤ, ਪੋਤਿਆਂ ਤੱਕ ਨੂੰ ਚੰਗੀ ਜ਼ਿੰਦਗੀ ਜਿਉੁਣ ਜੋਗਾ ਨਹੀਂ ਛੱਡਦਾ। ਕਿਸੇ ਸ਼ਰੀਫ ਜਾਂ ਨੇਕ ਇਨਸਾਨ ਨਾਲ ਠੱਗੀ-ਠੋਰੀ ਕਰਕੇ ਆਪਣੇ-ਆਪ ਨੂੰ ਸਿਆਣਾ ਸਮਝਣਾ ਇਕ ਬੁਜ਼ਦਿਲ ਇਨਸਾਨ ਦੀ ਨਿਸ਼ਾਨੀ ਹੈ। ਠੱਗੇ ਜਾਣ ਵਾਲੇ ਦੀ ਤਾਂ ਪਰਮਾਤਮਾ ਕਿਸੇ ਹੋਰ ਪਾਸਿਉਂ ਭਰਪਾਈ ਕਰ ਦਿੰਦਾ ਹੈ, ਪਰ ਠੱਗੀ ਮਾਰਨ ਵਾਲੇ ਦੀ ਜੇਬ ਛੇਤੀ ਹੀ ਖਾਲੀ ਹੋ ਜਾਂਦੀ ਹੈ। ਜ਼ਿੰਦਗੀ ਦੇ ਸੰਘਰਸ਼ ਦੀ ਦਾਸਤਾਨ ਹੈ ਕਿ ਮਾੜਾ ਕਮਾਇਆ ਤਾਂ ਮਾੜਾ ਨਤੀਜਾ ਪਾਇਆ। ਸਮਾਂ ਲੱਗ ਜਾਂਦਾ ਹੈ ਪਰ ਨਤੀਜਾ ਜ਼ਰੂਰ ਆਉਂਦਾ ਹੈ। ਜ਼ਿੰਦਗੀ ਦੇ ਸੰਘਰਸ਼ ਦੇ ਨਤੀਜੇ ਇਨਸਾਨ ਨੂੰ ਸਿਆਣਾ ਅਤੇ ਸਮਝਦਾਰ ਬਣਾਉਣ ਲਈ ਕਾਫੀ ਹੁੰਦੇ ਹਨ। ਸਮੇਂ ਦੀ ਦਿੱਤੀ ਤਾਕਤ ਜ਼ਹਿਰ ਬਣ ਜਾਂਦੀ ਹੈ, ਜੇਕਰ ਉਸ ਦੀ ਦੁਰਵਰਤੋਂ ਹੋ ਜਾਵੇ। ਗੱਲ ਸਿਰਫ ਸਮਝਣ ਦੀ ਹੈ। ਅਕਸਰ ਸੁਣਦੇ ਹਾਂ ਕਿ ਚੰਗਾ ਬਣ ਕੇ ਜਾਂ ਚੰਗਾ ਕਰਕੇ ਕਿਹੜਾ ਕੁਝ ਮਿਲ ਜਾਣੈ, ਪਰ ਕੁਝ ਪਾਉਣ ਲਈ ਸਮਾਂ ਤਾਂ ਜ਼ਰੂਰ ਲਗਦੈ। ਪ੍ਰੀਖਿਆ ਤੋਂ ਬਾਅਦ ਨਤੀਜਾ ਆਉਣ ਨੂੰ ਸਮਾਂ ਤਾਂ ਲਗਦਾ ਹੀ ਹੈ, ਫਰਕ ਸਿਰਫ ਐਨਾ ਹੈ ਕਿ ਲਿਖਤੀ ਪ੍ਰੀਖਿਆ ਵਿਚ ਫੇਲ੍ਹ ਹੋਇਆ ਦੁਬਾਰਾ ਮੌਕਾ ਲੈ ਕੇ ਪਾਸ ਹੋ ਸਕਦਾ ਹੈ, ਪਰ ਜ਼ਿੰਦਗੀ ਦੀ ਪ੍ਰੀਖਿਆ ਵਿਚ ਦੁਬਾਰਾ ਮੌਕਾ ਨਹੀ ਮਿਲਦਾ। ਇਸੇ ਕਰਕੇ ਜ਼ਿੰਦਗੀ ਰੂਪੀ ਸੰਘਰਸ਼ ਦੇ ਅਜੀਬ ਨਤੀਜੇ ਹਨ, ਜਿਸ ਵਿਚ ਹੱਕ ਅਤੇ ਇਮਾਨ ਦੀ ਲੜਾਈ ਪੈਸੇ 'ਤੇ ਅਕਸਰ ਭਾਰੂ ਰਹਿੰਦੀ ਹੈ। ਇਨਸਾਨੀ ਕਦਰਾਂ-ਕੀਮਤਾਂ ਦੀ ਤਾਕਤ ਅੱਗੇ ਪੈਸਾ ਬਹੁਤ ਛੋਟੀ ਚੀਜ਼ ਹੈ। ਇਨਸਾਨੀਅਤ ਨੂੰ ਮਨ 'ਚ ਵਸਾ ਕੇ ਜ਼ਿੰਦਗੀ ਦਾ ਪੈਂਡਾ ਤੈਅ ਕਰਨ ਵਾਲਾ ਅੰਤ 'ਚ ਜੇਤੂ ਬਣ ਜਾਂਦਾ ਹੈ।

-ਜਵਾਹਰ ਲਾਲ ਨਹਿਰੂ ਸਰਕਾਰੀ ਕਾਲਜ, ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ। ਮੋਬਾ: 94784-60084


ਖ਼ਬਰ ਸ਼ੇਅਰ ਕਰੋ

ਮਾਣ-ਮੱਤੇ ਅਧਿਆਪਕ-9

ਬਾਲ ਮਨਾਂ ਦਾ ਰਾਜਾ ਕੌਮੀ ਪੁਰਸਕਾਰ ਪ੍ਰਾਪਤ ਅਧਿਆਪਕ ਅਮਰੀਕ ਸਿੰਘ ਤਲਵੰਡੀ

ਵਿਸ਼ਾਲ ਸ਼ਬਦ ਭੰਡਾਰ ਦੇ ਮਾਲਕ ਅਤੇ ਬਾਲ ਮਨਾਂ ਦੀ ਤਰਜਮਾਨੀ ਕਰਨ ਵਾਲੇ, ਸਿਆਣੀ ਉਮਰ ਦੇ ਬਾਲ ਹਿਰਦੇ ਵਰਗੇ ਸਾਫ਼ ਤੇ ਸੱਚੇ ਸਾਹਿਤਕਾਰ ਅਧਿਆਪਕ ਹਨ ਸ: ਅਮਰੀਕ ਸਿੰਘ ਤਲਵੰਡੀ, ਜਿਨ੍ਹਾਂ ਵਲੋਂ ਲਿਖੇ ਗੀਤਾਂ ਦੀਆਂ ਸਤਰਾਂ ਕਿਸੇ ਸਮੇਂ ਪ੍ਰਸਿੱਧ ਗਾਇਕਾਂ ਰਾਹੀਂ ਪੰਜਾਬ ਦੇ ਹਰ ਛੋਟੇ-ਵੱਡੇ ਵਿਅਕਤੀ ਦੀ ਜ਼ਬਾਨ 'ਤੇ ਆਪਮੁਹਾਰੇ ਗੁਣਗੁਣਾਉਂਦੀਆਂ ਰਹੀਆਂ ਹਨ। ਜਨਾਬ ਤਲਵੰਡੀ ਦੇ ਮਿੱਠੇ ਬੋਲ ਜਿਵੇਂ ਮਨੁੱਖ ਨੂੰ ਕੀਲ ਕੇ ਰੱਖ ਦਿੰਦੇ ਹਨ, ਅੱਜ ਦੇ ਸਵਾਰਥੀ ਅਤੇ ਤੇਜ਼ੀ ਨਾਲ ਬਦਲ ਰਹੇ ਸਮਾਜ ਵਿਚ ਹਰ ਛੋਟੇ-ਵੱਡੇ ਦੇ ਦਿਲ ਵਿਚ ਸਦਾ ਲਈ ਵਸ ਚੁੱਕੇ ਸ: ਤਲਵੰਡੀ ਮੰਨੋ ਇਕ ਤੁਰਦੇ-ਫਿਰਦੇ ਪੁਸਤਕ ਭੰਡਾਰ ਹਨ। ਉਨ੍ਹਾਂ ਕੋਲ ਜੀਵਨ ਦਾ ਤਜਰਬਿਆਂ ਭਰਿਆ ਇਕ ਖਜ਼ਾਨਾ ਹੈ ਜੋ ਬੇਸ਼ਕੀਮਤੀ ਹੈ। ਉਨ੍ਹਾਂ ਦਾ ਸੰਗ ਮੰਨੋ ਪਾਰਸ ਦਾ ਸੰਗ ਹੈ। ਖੁਸ਼ਕਿਸਮਤ ਹਨ ਉਹ ਵਿਦਿਆਰਥੀ, ਜਿਨ੍ਹਾਂ ਨੂੰ ਸ: ਤਲਵੰਡੀ ਵਰਗੇ ਬਹੁਪੱਖੀ ਸ਼ਖ਼ਸੀਅਤ ਵਾਲੇ ਅਧਿਆਪਕਾਂ ਤੋਂ ਅੱਖਰ ਗਿਆਨ ਹਾਸਲ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਤੋਤਲੀਆਂ ਜ਼ਬਾਨਾਂ ਵਾਲੇ ਬਾਲਾਂ ਲਈ ਉਨ੍ਹਾਂ ਵਲੋਂ ਦਰਜਨਾਂ ਹੀ ਬਾਲ ਪੁਸਤਕਾਂ ਲਿਖੀਆਂ ਜਾ ਚੁੱਕੀਆਂ ਹਨ, ਜਿਹੜੀਆਂ ਇਕ ਤੋਂ ਵੱਧ ਇਕ ਪਾਠਕਾਂ ਵਲੋਂ ਅਤਿ ਪਸੰਦ ਕੀਤੀਆਂ ਗਈਆਂ ਹਨ।
ਉਨ੍ਹਾਂ ਨੂੰ ਸੈਂਕੜੇ ਸੰਸਥਾਵਾਂ ਨੇ ਮਾਣ-ਸਨਮਾਨ ਦਿੱਤੇ ਹਨ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਦੇ ਵੱਕਾਰੀ ਸਨਮਾਨ ਨਾਲ ਵੀ ਉਨ੍ਹਾਂ ਨੂੰ ਨਿਵਾਜਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਾਠਕਾਂ ਅਤੇ ਵਿਦਿਆਰਥੀਆਂ ਦਾ ਪਿਆਰ ਹੀ ਹੈ, ਜਿਸ ਨੇ ਉਨ੍ਹਾਂ ਦੀ ਕਲਮ ਨੂੰ ਤਾਕਤ ਅਤੇ ਉਨ੍ਹਾਂ ਦੀ ਰੂਹ ਨੂੰ ਚੜ੍ਹਦੀ ਕਲਾ ਵਿਚ ਰੱਖਿਆ ਹੈ। ਕਲਾ ਤੇ ਨਿਮਰਤਾ ਦੀ ਜਿਉਂਦੀ-ਜਾਗਦੀ ਮਿਸਾਲ ਸ: ਤਲਵੰਡੀ ਜਿਉਂ-ਜਿਉਂ ਬੁਲੰਦੀਆਂ 'ਤੇ ਪਹੁੰਚ ਰਹੇ ਹਨ, ਉਨ੍ਹਾਂ ਵਿਚ ਸਾਦਗੀ ਵਧਦੀ ਜਾ ਰਹੀ ਹੈ। ਉਨ੍ਹਾਂ ਨੂੰ ਮਿਲਣ ਵਾਲੇ ਨੂੰ ਕਦੇ ਵੀ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਭਾਰਤ ਦੀ ਕਿਸੇ ਮਹਾਨ ਸ਼ਖ਼ਸੀਅਤ ਨੂੰ ਮਿਲ ਰਿਹਾ ਹੈ। ਉਸਾਰੂ ਤੇ ਆਸ਼ਾਵਾਦੀ ਸੋਚ ਦੇ ਮਾਲਕ ਸ: ਤਲਵੰਡੀ ਦਾ ਜਨਮ ਪਿਤਾ ਸ: ਪਾਲ ਸਿੰਘ ਅਤੇ ਮਾਤਾ ਸ੍ਰੀਮਤੀ ਬਸੰਤ ਕੌਰ ਦੇ ਘਰ 12 ਦਸੰਬਰ, 1949 ਨੂੰ ਪਿੰਡ ਤਲਵੰਡੀ, ਤਹਿਸੀਲ ਜਗਰਾਉਂ, ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਨ੍ਹਾਂ ਨੇ ਮੁਢਲੀ ਵਿੱਦਿਆ ਪਿੰਡ ਦੇ ਹੀ ਸਕੂਲ ਤੋਂ ਅਤੇ ਦਸਵੀਂ ਸਰਕਾਰੀ ਹਾਈ ਸਕੂਲ ਸਵੱਦੀ ਤੋਂ ਕਰਨ ਉਪਰੰਤ ਜੇ.ਬੀ.ਟੀ. ਅਤੇ ਗਿਆਨੀ ਕਰਕੇ 1972 ਵਿਚ ਪੰਜਾਬੀ ਅਧਿਆਪਨ ਦਾ ਕਾਰਜ ਸ਼ੁਰੂ ਕੀਤਾ। ਉਨ੍ਹਾਂ ਦੀ ਧਰਮਪਤਨੀ ਸ੍ਰੀਮਤੀ ਜਗਦੀਸ਼ ਕੌਰ ਵੀ ਅਧਿਆਪਕਾ ਹਨ। ਉਨ੍ਹਾਂ ਦੀਆਂ ਦੋ ਬੇਟੀਆਂ ਅਤੇ ਇਕ ਪੁੱਤਰ ਹੈ।
ਅਮਰੀਕਾ ਵਰਗੇ ਮੁਲਕ ਜਿੱਥੇ ਲੋਕ ਲੱਖਾਂ ਰੁਪਏ ਖਰਚ ਕੇ ਜਾਇਜ਼-ਨਜਾਇਜ਼ ਤਰੀਕੇ ਨਾਲ ਜਾਣ ਲਈ ਉਤਾਵਲੇ ਹਨ, ਸਿੱਖਿਆ ਵਿਭਾਗ ਅਤੇ ਪੰਜਾਬੀ ਮਾਂ-ਬੋਲੀ ਦੇ ਇਸ ਸੱਚੇ ਸਪੂਤ ਨੇ ਮਾਂ-ਬੋਲੀ ਦੀ ਸੇਵਾ ਲਈ ਉਸ ਮੁਲਕ ਦੇ ਗਰੀਨ ਕਾਰਡ ਨੂੰ ਠੁਕਰਾ ਕੇ ਆਪਣੀ ਮਿੱਟੀ ਨਾਲ ਜੁੜੇ ਰਹਿਣ ਦਾ ਫੈਸਲਾ ਲੈ ਕੇ ਇਤਿਹਾਸਕ ਕਾਰਜ ਕੀਤਾ ਹੈ। ਉਨ੍ਹਾਂ ਨੇ ਬਤੌਰ ਪੰਜਾਬੀ ਅਧਿਆਪਕ ਜਿੱਥੇ ਆਪਣੇ ਵਿਦਿਆਰਥੀਆਂ ਅੰਦਰ ਸਾਹਿਤਕ ਰੁਚੀਆਂ ਪੈਦਾ ਕੀਤੀਆਂ, ਉੱਥੇ ਸਿੱਖਿਆ ਵਿਭਾਗ ਦੀ ਬਿਹਤਰੀ ਲਈ ਸਖ਼ਤ ਮਿਹਨਤ ਕੀਤੀ। ਉਨ੍ਹਾਂ ਵਲੋਂ ਸਾਹਿਤਕ ਅਤੇ ਸਿੱਖਿਆ ਦੇ ਖੇਤਰ ਵਿਚ ਕੀਤੇ ਬੇਮਿਸਾਲ ਕੰਮਾਂ ਬਦਲੇ ਜਿੱੱਥੇ ਪੰਜਾਬ ਸਰਕਾਰ ਵਲੋਂ ਉਨ੍ਹਾਂ ਨੂੰ ਰਾਜ ਪੱਧਰੀ ਪੁਰਸਕਾਰ ਦਿੱਤਾ ਗਿਆ, ਉੱਥੇ ਭਾਰਤ ਸਰਕਾਰ ਵਲੋਂ ਵੀ ਉਨ੍ਹਾਂ ਨੂੰ ਕੌਮੀ ਪੁਰਸਕਾਰ ਨਾਲ ਨਿਵਾਜਿਆ ਗਿਆ। ਨੌਜਵਾਨਾਂ ਨੂੰ ਮਾਤ ਪਾਉਣ ਵਾਲੇ ਸੇਵਾ ਮੁਕਤ ਅਧਿਆਪਕ ਸ: ਅਮਰੀਕ ਸਿੰਘ ਤਲਵੰਡੀ ਅੱਜ ਵੀ ਸਾਹਿਤਕ ਦੁਨੀਆ ਵਿਚ ਅਤਿ ਸਰਗਰਮ ਹਨ। ਉਨ੍ਹਾਂ ਦਾ ਉਡਜੂੰ-ਉਡਜੂੰ ਕਰਦਾ ਜਜ਼ਬਾ ਅਧਿਆਪਕਾਂ ਅਤੇ ਸਾਹਿਤਕਾਰਾਂ ਲਈ ਪ੍ਰੇਰਨਾ ਸਰੋਤ ਹੈ। ਅਰਦਾਸ ਹੈ ਕਿ ਸ: ਤਲਵੰਡੀ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਅਤੇ ਇਸੇ ਤਰ੍ਹਾਂ ਸਿੱਖਿਆ ਤੇ ਸਾਹਿਤ ਦੀ ਸੇਵਾ ਕਰਦੇ ਰਹਿਣ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)। ਮੋਬਾ: 93565-52000

ਵਕਾਰ ਬਹਾਲੀ ਦੀ ਉਡੀਕ ਵਿਚ ਹਨ ਗੱਡੀਆਂ ਵਾਲੇ

ਪਹੀਏ ਤੋਂ ਬਣੀਆਂ ਗੱਡੀਆਂ ਨੇ ਮਨੁੱਖ ਦਾ ਜੀਵਨ ਸੌਖਾ ਕਰ ਦਿੱਤਾ ਪਰ ਗੱਡੀਆਂ ਦੇ ਪਹੀਏ ਬਣਾਉਣ ਵਾਲਿਆਂ ਲਈ ਇਹ ਸਰਾਪ ਬਣ ਗਈਆਂ ਤੇ ਉਹ ਬਣ ਗਏ ਟੱਪਰੀਵਾਸ-ਗੱਡੀਆਂ ਵਾਲੇ। ਸਿਕਲੀਗਰ, ਢੇਹੇ, ਗਗੜੇ, ਚੰਗੜ, ਬੌਰੀਏ, ਗਾਡੀ ਲੁਹਾਰ ਕਬੀਲੇ ਟੱਪਰੀਵਾਸ ਹਨ। ਇਨ੍ਹਾਂ ਵਿਚੋਂ ਬਾਜ਼ੀਗਰ, ਸਾਂਸੀ, ਸਿਰਕੀਬੰਧ, ਬਹੇਲੀਏ ਆਦਿ ਕਬੀਲਿਆਂ ਨੇ ਫਿਰਤੂ ਜੀਵਨ ਤਿਆਗ ਕੇ ਘਰ ਬਣਾ ਕੇ ਵਸੇਬਾ ਕਰ ਲਿਆ ਹੈ, ਪਰ ਗੱਡੀਆਂ ਵਾਲੇ ਅਜੇ ਵੀ ਟੱਪਰੀਵਾਸਾਂ ਵਾਲਾ ਜੀਵਨ ਜੀਅ ਰਹੇ ਹਨ। ਇਨ੍ਹਾਂ ਦਾ ਪਿਛੋਕੜ ਰਾਜਸਥਾਨ ਦੇ ਸ਼ਹਿਰ ਚਿਤੌੜਗੜ੍ਹ ਦਾ ਹੈ। ਇਹ ਲੋਕ ਮੱਧ ਪ੍ਰਦੇਸ਼ ਦੇ ਮਾਲਵਾ ਖੇਤਰ ਵਿਚ ਵੀ ਮਿਲਦੇ ਹਨ। ਲੁਹਾਰਾ ਕੰਮ ਕਰਦੇ ਹੋਣ ਕਰਕੇ ਇਨ੍ਹਾਂ ਨੂੰ ਗਾਡੀ ਲੁਹਾਰ ਵੀ ਕਿਹਾ ਜਾਂਦਾ ਹੈ। ਇਨ੍ਹਾਂ ਰਾਜਪੂਤ ਲੁਹਾਰਾਂ ਦਾ ਕਬੀਲਾ ਜੀਵਨ ਉਦੋਂ ਸ਼ੁਰੂ ਹੋਇਆ ਜਦੋਂ ਅਕਬਰ ਨੇ ਜੈਮਲ ਅਤੇ ਫੱਤੇ ਨੂੰ ਹਰਾ ਕੇ ਚਿਤੌੜ ਫ਼ਤਹਿ ਕੀਤਾ। ਇਹ ਲੋਕ ਆਪਣੀ ਮਾਣ-ਮਰਿਆਦਾ ਤੋਂ ਡਿੱਗ ਕੇ ਕਬੀਲੇ ਵਿਚ ਪਰਿਵਰਤਿਤ ਹੋਏ। ਇਨ੍ਹਾਂ ਮੇਵਾੜ ਤੇ ਮਹਾਰਾਣਾ ਪ੍ਰਤਾਪ ਦੇ ਕਬਜ਼ੇ ਤੱਕ ਟੱਪਰੀਵਾਸ ਬਣੇ ਰਹਿਣ ਦਾ ਪ੍ਰਣ ਕੀਤਾ। ਮਹਾਰਾਣਾ ਪ੍ਰਤਾਪ ਦੇ ਪੁੱਤਰ ਨੇ ਤਾਂ ਅਕਬਰ ਨਾਲ ਸਮਝੌਤਾ ਕਰ ਲਿਆ ਸੀ ਪਰ ਇਨ੍ਹਾਂ ਨੂੰ ਪੁਨਰ ਸਥਾਪਿਤ ਕਰਨ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ।
ਲੰਬੇ ਸਮੇਂ ਤੋਂ ਕਿਸਾਨੀ ਪ੍ਰਧਾਨ ਰਾਜਾਂ ਵਿਚ ਇਹ ਖੇਤੀ ਦੇ ਦਸਤੀ ਸੰਦ, ਘਰੇਲੂ ਵਿਗੋਚੇ ਦੀਆਂ ਵਸਤਾਂ ਤਿਆਰ ਕਰਦੇ ਰਹੇ ਹਨ। ਬਲਦਾਂ ਦਾ ਵਪਾਰ ਕਰਦੇ ਰਹੇ ਹਨ। ਸਦੀਆਂ ਪਹਿਲਾਂ ਇਨ੍ਹਾਂ ਵਿਚੋਂ ਕੁਝ ਰਾਜਸਥਾਨ ਤੋਂ ਪੰਜਾਬ ਆ ਕੇ ਵਸ ਗਏ। ਹੋਰ ਕਿੱਤਿਆਂ ਵਾਂਗ ਸਮਾਂ ਬਦਲਣ ਦੇ ਨਾਲ ਇਨ੍ਹਾਂ ਦੇ ਕਿੱਤੇ ਉੱਪਰ ਵੀ ਮਸ਼ੀਨਰੀ ਨੇ ਡਾਕਾ ਮਾਰਿਆ ਹੈ। ਪਲਾਸਟਿਕ ਦੀਆਂ ਚੀਜ਼ਾਂ ਦੀ ਵਰਤੋਂ ਵਧ ਗਈ ਹੈ। ਹੁਣ ਕੋਈ ਇਨ੍ਹਾਂ ਤੋਂ ਨਾ ਤਾਂ ਬੱਠਲ-ਬਾਲਟੀਆਂ ਨੂੰ ਥੱਲੇ ਲਵਾਉਂਦਾ ਹੈ ਤੇ ਨਾ ਕੋਈ ਖੁਰਪੇ, ਦਾਤੀਆਂ ਤੇ ਤੱਕਲੇ ਖਰੀਦਦਾ ਹੈ। ਉਦਯੋਗੀਕਰਨ ਅਤੇ ਵਧਦੀ ਆਬਾਦੀ ਨੇ ਇਨ੍ਹਾਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬਹੁਤ ਵਧਾ ਦਿੱਤਾ ਹੈ। ਇਨ੍ਹਾਂ ਦੀਆਂ ਔਰਤਾਂ ਸੁਰੱਖਿਅਤ ਨਹੀਂ ਹਨ। ਕਿਉਂਕਿ ਇਨ੍ਹਾਂ ਲੋਕਾਂ ਕੋਲ ਨਾ ਤਾਂ ਨਹਾਉਣ ਲਈ ਗੁਸਲਖਾਨੇ ਹਨ ਤੇ ਨਾ ਹੀ ਪਖਾਨੇ।
ਆਧੁਨਿਕ ਸਹੂਲਤਾਂ ਇਨ੍ਹਾਂ ਲਈ ਨਹੀਂ ਹਨ। ਇਨ੍ਹਾਂ ਲਈ ਨਾ ਬਿਜਲੀ ਦਾ ਪ੍ਰਬੰਧ ਹੈ ਤੇ ਨਾ ਹੀ ਪਾਣੀ ਦਾ। ਗਰਮੀ, ਸਰਦੀ, ਮੀਂਹ, ਹਨੇਰੀ ਸਭ ਇਹ ਆਪਣੇ ਪਿੰਡੇ 'ਤੇ ਹੰਢਾਉਂਦੇ ਹਨ। ਖੁਰਾਕ ਦਾ ਪੱਧਰ ਨੀਵਾਂ ਹੋਣ, ਗਰੀਬੀ ਅਤੇ ਅਨਪੜ੍ਹਤਾ ਕਰਕੇ ਇਨ੍ਹਾਂ ਨੂੰ ਸਿਹਤ ਸਬੰਧੀ ਅਨੇਕਾਂ ਸਮੱਸਿਆਵਾਂ ਨੇ ਘੇਰਿਆ ਹੋਇਆ ਹੈ। ਵਧਦੀ ਮਹਿੰਗਾਈ ਇਨ੍ਹਾਂ 'ਤੇ ਮਾਰੂ ਅਸਰ ਪਾ ਰਹੀ ਹੈ। ਇਨ੍ਹਾਂ ਦੀ ਰਹਿਣਗਾਹ ਭਾਰਤ ਦੇ ਵਿਕਸਿਤ ਸੂਬਿਆਂ ਵਿਚ ਹੈ। ਪਰ ਇਕ ਥਾਂ ਟਿਕਾਣਾ ਨਾ ਹੋਣ ਕਰਕੇ ਇਹ ਪੱਕੇ ਨਾਗਰਿਕ ਹੋਣ ਦੇ ਪ੍ਰਮਾਣ-ਪੱਤਰ ਨਹੀਂ ਬਣਾ ਸਕਦੇ। ਕਾਨੂੰਨ ਅਨੁਸਾਰ ਵੋਟ ਬਣਾਉਣ ਲਈ ਰਿਹਾਇਸ਼ ਦੇ ਸਬੂਤ ਪੇਸ਼ ਕਰਨੇ ਪੈਂਦੇ ਹਨ। ਇਨ੍ਹਾਂ ਲੋਕਾਂ ਦਾ ਮੁੱਢ-ਕਦੀਮੋਂ ਨਿਯਮ ਹੈ ਕਿ ਸਥਾਨਕ ਲੋਕਾਂ ਨਾਲ ਵਾਸਤਾ ਨਹੀਂ ਰੱਖਣਾ। ਇਸ ਕਰਕੇ ਇਨ੍ਹਾਂ ਦੀ ਇਲਾਕੇ ਦੇ ਲੋਕਾਂ ਨਾਲ ਸਾਂਝ ਨਹੀਂ ਬਣਦੀ। ਇਕ ਥਾਂ ਟਿਕਾਣਾ ਨਾ ਹੋਣ ਕਰਕੇ ਇਨ੍ਹਾਂ ਦੇ ਬੱਚੇ ਪੜ੍ਹਾਈ ਤੋਂ ਵਾਂਝੇ ਰਹਿ ਜਾਂਦੇ ਹਨ।
ਸਿੱਖਿਆ ਦੇ ਅਧਿਕਾਰ ਐਕਟ ਅਨੁਸਾਰ 6 ਤੋਂ 14 ਸਾਲ ਦੇ ਹਰ ਬੱਚੇ ਨੂੰ ਮੁਫਤ ਤੇ ਲਾਜ਼ਮੀ ਸਿੱਖਿਆ ਮਿਲਣੀ ਜ਼ਰੂਰੀ ਹੈ। ਪਰ ਇਹ ਇਸ ਅਧਿਕਾਰ ਤੋਂ ਬੇਖਬਰ ਹਨ। ਸਰਕਾਰ ਰਾਜ ਵਿਚ ਸਾਖਰਤਾ ਮੁਹਿੰਮ ਨੂੰ ਸਫਲ ਬਣਾਉਣ ਲਈ ਕਰੋੜਾਂ ਰੁਪਏ ਖਰਚ ਰਹੀ ਹੈ ਪਰ ਇਹ ਅਜੇ ਤੱਕ ਸਰਕਾਰੀ ਨੀਤੀਆਂ ਵਿਚ ਨਹੀਂ ਪਰੋਏ ਗਏ। ਇਹ ਅਣਖੀ ਕੌਮ ਜੋ ਕਿਸੇ ਅੱਗੇ ਹੱਥ ਨਹੀਂ ਸੀ ਅੱਡਦੀ, ਜਿਨ੍ਹਾਂ ਅਣਖ ਖਾਤਰ ਆਪਣਾ ਸਭ ਕੁਝ ਤਿਆਗ ਦਿੱਤਾ ਸੀ, ਹੁਣ ਘਰਾਂ ਵਿਚੋਂ ਰੋਟੀ ਮੰਗ ਕੇ ਖਾਂਦੇ ਵੀ ਦੇਖੇ ਜਾ ਸਕਦੇ ਹਨ। ਭਾਵੇਂ ਅਤਿ ਮੰਦੀ ਦੇ ਦੌਰ ਵਿਚੋਂ ਲੰਘਦਿਆਂ ਵੀ ਇਹ ਆਪਣੇ ਪਿਤਾਪੁਰਖੀ ਕਿੱਤੇ ਨੂੰ ਤਿਆਗਣ ਦਾ ਹੀਆ ਨਹੀਂ ਸਨ ਕਰਦੇ ਪਰ ਇਨ੍ਹਾਂ ਦੀ ਅਜੋਕੀ ਨਵੀਂ ਪੀੜ੍ਹੀ ਦੇ ਮੁੰਡੇ ਹੁਣ ਦਿਹਾੜੀਆਂ ਕਰਨ ਲੱਗ ਪਏ ਹਨ। ਸਮੇਂ ਦੇ ਬਦਲਣ ਨਾਲ ਹੁਣ ਇਹ ਵੀ ਬਦਲਣਾ ਚਾਹੁੰਦੇ ਹਨ ਪਰ ਇਸ ਲਈ ਸਮੇਂ ਦੀਆਂ ਸਰਕਾਰਾਂ ਨੂੰ ਰਾਜਨੀਤੀ ਤੋਂ ਉੱਚਾ ਉੱਠ ਕੇ ਸੋਚਣਾ ਪਵੇਗਾ। ਇਨ੍ਹਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ, ਜਿੱਥੇ ਇਹ ਵੱਸਣਾ ਚਾਹੁੰਦੇ ਹਨ, ਉਨ੍ਹਾਂ ਰਾਜਾਂ ਵਿਚ ਇਨ੍ਹਾਂ ਦੀ ਪੱਕੀ ਰਿਹਾਇਸ਼ ਦਾ ਪ੍ਰਬੰਧ ਕਰਨਾ ਚਾਹੀਦਾ ਹੈ।

-ਕੋਟਕਪੂਰਾ। ਮੋਬਾ: 89688-92929

ਸਮਾਜ 'ਤੇ ਕਲੰਕ ਬੱਚਿਆਂ ਦਾ ਭੀਖ ਮੰਗਣਾ

ਭੀਖ ਮੰਗਣਾ ਕਿਸੇ ਵੀ ਸਮਾਜ ਦੇ ਮੱਥੇ 'ਤੇ ਕਲੰਕ ਵਾਂਗ ਹੈ ਅਤੇ ਜੇਕਰ ਇਹ ਵਿਸ਼ਾ ਬੱਚਿਆਂ ਨਾਲ ਜੁੜਿਆ ਹੋਵੇ ਤਾਂ ਇਹ ਹੋਰ ਵੀ ਸ਼ਰਮਨਾਕ ਤੇ ਮਾਰੂ ਹੈ। ਵਿਹਲੜਪੁਣਾ ਤੇ ਮੰਗਣਾ ਸਮਾਜ ਨੂੰ ਲੱਗਿਆ ਇਕ ਸਰਾਪ ਤੇ ਕੋਹੜ ਹੈ। ਸਮਾਜ ਵਿਚ ਇਹ ਪੀੜ੍ਹੀ-ਦਰ-ਪੀੜ੍ਹੀ ਫੈਲਣ ਵਾਲੀ ਇਕ ਬਿਮਾਰੀ ਹੈ ਅਤੇ ਸਮਾਜ ਨੂੰ ਨਕਾਰਾਤਮਕ ਤਰੀਕੇ ਨਾਲ ਪ੍ਰਭਾਵਿਤ ਕਰਦੀ ਹੈ। ਦਿਨ-ਬ-ਦਿਨ ਵਧ ਰਹੀ ਇਸ ਸਮੱਸਿਆ ਦਾ ਕੋਈ ਹੱਲ ਮਿਲ ਨਹੀਂ ਰਿਹਾ।
ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਦੀ ਸਥਿਤੀ ਬਦਤਰ ਹੈ। ਇਟਲੀ ਦੇ ਉੱਤਰੀ ਭਾਗ ਵਿਚ ਭਿਖਾਰੀਆਂ ਨੂੰ ਭੀਖ ਦੇਣਾ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ। ਇਟਲੀ ਦਾ ਵੀਨਸ ਸ਼ਹਿਰ 2008 ਵਿਚ ਭੀਖ ਮੰਗਣ ਉੱਤੇ ਰੋਕ ਲਗਾਉਣ ਵਾਲਾ ਪਹਿਲਾ ਸ਼ਹਿਰ ਸੀ। ਜ਼ਿਕਰਯੋਗ ਹੈ ਕਿ ਇਟਲੀ ਤੋਂ ਇਲਾਵਾ ਯੂਰਪ ਦੇ ਹੋਰ ਵੀ ਬਹੁਤ ਸਾਰੇ ਦੇਸ਼ਾਂ ਵਿਚ ਭੀਖ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਗਿਆ ਹੈ ਅਤੇ ਇਸ ਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਅਲੱਗ-ਅਲੱਗ ਸਜ਼ਾਵਾਂ ਦੇਸ਼ਾਂ ਵਲੋਂ ਨਿਰਧਾਰਤ ਕੀਤੀਆਂ ਗਈਆਂ ਹਨ। ਨਾਰਵੇ, ਡੈਨਮਾਰਕ, ਇੰਗਲੈਂਡ ਵਿਚ ਵੀ ਭੀਖ ਮੰਗਣਾ ਅਪਰਾਧ ਹੈ। ਭੀਖ ਦੀ ਸਮੱਸਿਆ ਨਾਲ ਨਿਪਟਣ ਲਈ ਭਾਰਤ ਵਿਚ ਕੋਈ ਕੇਂਦਰੀ ਕਾਨੂੰਨ ਨਹੀਂ ਹੈ। ਇਸ ਲਈ ਜ਼ਿਆਦਾਤਰ ਸੂਬਿਆਂ ਨੇ ਬੰਬਈ ਭੀਖ ਐਕਟ 1959 ਨੂੰ ਅਪਣਾਇਆ ਹੈ, ਜਿਸ ਦੇ ਤਹਿਤ ਪੁਲਿਸ ਅਧਿਕਾਰੀ ਨੂੰ ਬਿਨਾਂ ਕਿਸੇ ਵਾਰੰਟ ਦੇ ਭਿਖਾਰੀ ਨੂੰ ਗ੍ਰਿਫਤਾਰ ਕਰਨ ਦਾ ਅਧਿਕਾਰ ਹੈ, ਪਹਿਲੀ ਵਾਰ ਭੀਖ ਮੰਗਦੇ ਫੜੇ ਜਾਣ 'ਤੇ 3 ਸਾਲ ਤੇ ਦੂਸਰੀ ਵਾਰ 10 ਸਾਲ ਦੀ ਕੈਦ ਹੋ ਸਕਦੀ ਹੈ। ਭਾਰਤ ਸਰਕਾਰ ਅਤੇ ਸਮਾਜਿਕ ਜਥੇਬੰਦੀਆਂ ਸਮੇਂ-ਸਮੇਂ 'ਤੇ ਸਹਾਇਤਾ ਕਾਰਜ ਚਲਾ ਕੇ ਮੁੜ ਵਸੇਬੇ ਲਈ ਇਨ੍ਹਾਂ ਦੀ ਜ਼ਿੰਦਗੀ ਸੁਧਾਰਨ ਦਾ ਯਤਨ ਕਰਦੀਆਂ ਹਨ ਪਰ ਭਿਖਾਰੀਆਂ ਦੀ ਗਿਣਤੀ ਘੱਟ ਹੋਣ ਦੀ ਬਜਾਏ ਲਗਾਤਾਰ ਵਧਦੀ ਜਾ ਰਹੀ ਹੈ।
ਚੰਡੀਗੜ੍ਹ ਦੀ ਪੁਲੀਸ ਵਲੋਂ ਉੱਥੇ ਘੁੰਮਣ ਵਾਲੇ ਭਿਖਾਰੀਆਂ ਨੂੰ ਕਾਬੂ ਕਰਕੇ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਅਤੇ ਸ਼ਾਇਦ ਇਹੀ ਕਾਰਨ ਹੈ ਕਿ ਚੰਡੀਗੜ੍ਹ ਵਿਚ ਹੁਣ ਭਿਖਾਰੀ ਘੱਟ ਤੇ ਹੋਰ ਸ਼ਹਿਰਾਂ ਵਿਚ ਸਰਗਰਮ ਦਿਖਦੇ ਹਨ। ਇਸ ਦਿਸ਼ਾ ਵਿਚ ਪੰਜਾਬ ਵਿਚ ਰਾਜ ਬਾਲ ਅਧਿਕਾਰ ਕਮਿਸ਼ਨ ਨੇ ਬੱਚਿਆਂ ਵਲੋਂ ਭੀਖ ਮੰਗੇ ਜਾਣ ਦੀ ਸਮੱਸਿਆ ਨੂੰ ਖਤਮ ਕਰਨ ਲਈ ਇਕ ਵਿਆਪਕ ਯੋਜਨਾ ਉਲੀਕੀ ਹੈ। ਇਸ ਯੋਜਨਾ ਤਹਿਤ ਬੱਚਿਆਂ ਨੂੰ ਭੀਖ ਮੰਗਣ ਤੋਂ ਰੋਕਣ ਅਤੇ ਉਨ੍ਹਾਂ ਦੇ ਬਣਦੇ ਹੱਕ ਦੇਣ ਦੀ ਵਿਵਸਥਾ ਕੀਤੀ ਗਈ ਹੈ। ਕਮਿਸ਼ਨ ਨੇ ਬਾਲ ਜਸਟਿਸ (ਬੱਚਿਆਂ ਦੀ ਦੇਖਭਾਲ ਅਤੇ ਸੰਭਾਲ) ਐਕਟ 2015 ਦੀ ਧਾਰਾ 76 ਤਹਿਤ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵਿਸਥਾਰ ਸਹਿਤ ਨਿਰਦੇਸ਼ ਦਿੱਤੇ ਹਨ ਕਿ ਸੂਬੇ 'ਚ ਬਾਲ ਭਿਖਾਰੀਆਂ ਦੀ ਸਮੱਸਿਆ ਨੂੰ ਹਰ ਹਾਲਤ ਵਿਚ ਰੋਕਿਆ ਜਾਵੇ।
ਸਮਾਜ ਨੂੰ ਚਾਹੀਦਾ ਹੈ ਭੀਖ ਦੇਣੀ ਬੰਦ ਕਰੇ ਤੇ ਇਨ੍ਹਾਂ ਲੋਕਾਂ ਨੂੰ ਕੰਮ ਕਰਨ ਦੀ ਪ੍ਰੇਰਨਾ ਦੇਵੇ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਭਿਖਾਰੀਆਂ ਲਈ ਕੋਈ ਠੋਸ ਯੋਜਨਾ ਬਣਾਈ ਜਾਵੇ ਜਾਂ ਇਨ੍ਹਾਂ ਨੂੰ ਇਕ ਜਗ੍ਹਾ ਉੱਪਰ ਇਕੱਠਾ ਕਰਕੇ ਸਿੱਖਿਆ ਤੇ ਰਹਿਣ ਦਾ ਪ੍ਰਬੰਧ ਕੀਤਾ ਜਾਵੇ, ਸਵੈ-ਰੋਜ਼ਗਾਰ ਦੀ ਕੋਈ ਸਿਖਲਾਈ ਦੇ ਕੇ ਰੋਜ਼ੀ-ਰੋਟੀ ਕਮਾਉਣ ਦੇ ਰਸਤੇ ਖੋਲ੍ਹੇ ਜਾਣ।

-ਮੋਬਾ: 94178-31583

ਅਵਾਰਾ ਪਸ਼ੂਆਂ ਦੀ ਵਧਦੀ ਦਹਿਸ਼ਤ

ਅਵਾਰਾ ਕੁੱਤੇ ਖ਼ਤਰਨਾਕ ਹੁੰਦੇ ਹਨ ਪਰ ਛੋਟਾ ਜਾਨਵਰ ਹੋਣ ਕਾਰਨ ਮਨੁੱਖ ਇਸ ਤੋਂ ਆਪਣੀ ਰੱਖਿਆ ਕਰ ਸਕਦਾ ਹੈ। ਅਵਾਰਾ ਢੱਠੇ ਵੀ ਬਹੁਤ ਖਤਰਨਾਕ ਹਨ, ਕਿਉਂਕਿ ਸਰੀਰਕ ਤੌਰ 'ਤੇ ਅਸੀਂ ਦਸ ਲੋਕ ਵੀ ਇਨ੍ਹਾਂ ਦੀ ਬਰਾਬਰੀ ਨਹੀਂ ਕਰ ਸਕਦੇ ਪਰ ਮੈਨੂੰ ਗੁੱਸਾ ਕਦੇ ਅਵਾਰਾ ਕੁੱਤਿਆਂ ਜਾਂ ਢੱਠਿਆਂ 'ਤੇ ਨਹੀਂ ਆਉਂਦਾ, ਕਿਉਂਕਿ ਇਹ ਤਾਂ ਬੇਸਮਝ ਜਾਨਵਰ ਹਨ। ਜ਼ਿਆਦਾ ਗੁੱਸਾ ਅਵਾਰਾ ਬੰਦਿਆਂ 'ਤੇ ਆਉਂਦਾ ਹੈ, ਜਿਹੜੇ ਪਾਰਟੀਬਾਜ਼ੀ ਅਤੇ ਹੋਰ ਸਿਆਸਤਾਂ ਵਿਚ ਸਭ ਤੋਂ ਅੱਗੇ ਹੁੰਦੇ ਹਨ ਪਰ ਇਨਸਾਨੀਅਤ ਬਚਾਉਣ ਲਈ ਸਭ ਤੋਂ ਪਿੱਛੇ। ਪਿਛਲੇ ਦਿਨੀਂ ਮੇਰੇ ਹੀ ਸ਼ਹਿਰ ਦੇ ਨੌਜਵਾਨ ਜਿਸ ਦਾ ਕੁਝ ਦਿਨਾਂ ਤੱਕ ਵਿਆਹ ਹੋਣ ਵਾਲਾ ਸੀ ਤੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਅਵਾਰਾ ਢੱਠਿਆਂ ਦੀ ਲਪੇਟ ਵਿਚ ਆ ਗਿਆ। ਸਭ ਪਾਰਟੀਆਂ ਅਤੇ ਸੰਸਥਾਵਾਂ ਨੇ ਮੌਨ ਧਾਰ ਲਿਆ, ਕਿਸੇ ਨੇ ਪ੍ਰਸ਼ਾਸਨ ਨੂੰ ਨਹੀਂ ਘੇਰਿਆ ਕਿ ਇਨ੍ਹਾਂ ਲਈ ਬਾਹਰ ਕਿਤੇ ਚਾਰਦੀਵਾਰੀ ਬਣਾਓ। ਹੁਣ ਲੋਕ ਵੋਟਾਂ ਪਾ ਕੇ ਨੇਤਾਵਾਂ ਨੂੰ ਜਿਤਾਉਂਦੇ ਹਨ ਕਿ ਉਹ ਸਾਡੇ ਪਿੰਡਾਂ ਅਤੇ ਸ਼ਹਿਰਾਂ ਨੂੰ ਖੁਸ਼ਹਾਲ ਬਣਾਉਣਗੇ ਪਰ ਅਜਿਹਾ ਨਹੀਂ ਹੁੰਦਾ। ਫਿਰ ਕਿਉਂ ਨਹੀਂ ਅਸੀਂ ਉਹੀ ਫੰਡ ਨੇਤਾ ਲੋਕਾਂ ਨੂੰ ਦੇਣ ਦੀ ਬਜਾਇ ਆਪਣੇ ਪਿੰਡਾਂ ਅਤੇ ਸ਼ਹਿਰਾਂ ਵਿਚ ਚੰਗਾ ਮਾਹੌਲ ਸਿਰਜ ਕੇ ਇਨਸਾਨਾਂ ਅਤੇ ਇਨਸਾਨੀਅਤ ਨੂੰ ਬਚਾ ਲਈਏ। ਕਰੋੜਾਂ ਰੁਪਏ ਦਾ ਸਰਕਾਰ ਨੂੰ ਟੈਕਸ ਭਰਦੇ ਹਾਂ ਪਰ ਆਪਣੀ ਸੁਰੱਖਿਆ ਲਈ ਸਰਕਾਰਾਂ ਤੋਂ ਜਵਾਬ ਨਹੀਂ ਮੰਗਦੇ।
ਸਾਡੇ ਸਭ ਧਰਮਾਂ ਦੇ ਬਹੁਤ ਵੱਡੇ-ਵੱਡੇ ਧੜੇ ਹਨ। ਲੋੜ ਪਵੇ ਤਾਂ ਆਪੋ-ਆਪਣੇ ਧਰਮਾਂ ਨੂੰ ਬਚਾਉਣ ਲਈ ਜਾਨ ਦੇ ਦੇਈਏ ਪਰ ਇਨਸਾਨੀਅਤ ਬਚਾਉਣ ਬਾਰੇ ਕਦੇ ਨਹੀਂ ਸੋਚਦੇ। ਆਹ ਪਿਛਲੇ ਦਿਨੀਂ ਹੀ ਦੇਖਿਆ, ਸ਼ਾਇਦ ਕਿਸੇ ਫਿਲਮੀ ਹੀਰੋ ਦਾ ਪੋਸਟਰ ਸਾੜਿਆ ਜਾ ਰਿਹਾ ਸੀ। ਓਨੇ ਸਾੜਨ ਵਾਲੇ ਨਹੀਂ ਸਨ, ਜਿੰਨੇ ਉਸ ਪ੍ਰੋਗਰਾਮ ਦੀ ਕਵਰੇਜ ਕਰਨ ਵਾਲੇ ਸਨ। ਉਤਸ਼ਾਹ ਦੇਖਣ ਵਾਲਾ ਸੀ, ਜਿਵੇਂ ਰਾਵਣ 'ਤੇ ਜਿੱਤ ਪ੍ਰਾਪਤ ਕਰ ਰਹੇ ਹੋਣ। ਜੇ ਕਿਤੇ ਏਨਾ ਜ਼ੋਰ ਅਸੀਂ ਸਫ਼ਾਈ ਮੁਹਿੰਮ 'ਤੇ ਲਗਾ ਦਿੰਦੇ ਤਾਂ ਲੰਡਨ ਅਤੇ ਪੈਰਿਸ ਵਰਗੇ ਸ਼ਹਿਰਾਂ ਦੀ ਚਮਕ ਵੀ ਫਿੱਕੀ ਪੈ ਜਾਵੇ। ਬਹੁਤ ਸਾਰੀਆਂ ਐਨ. ਜੀ. ਓ. ਬਣੀਆਂ ਹਨ ਪਰ ਪਤਾ ਨਹੀਂ। ਫਿਰ ਵੀ ਗਰੀਬੀ, ਲਾਚਾਰੀ ਤੇ ਬੇਵਸੀ ਸੜਕਾਂ 'ਤੇ ਰੁਲ ਰਹੀ ਹੈ। ਅਸੀਂ ਕਦੇ ਉਨ੍ਹਾਂ ਦੇ ਪੋਸਟਰ ਨਹੀਂ ਸਾੜੇ ਕਿ ਭਲਾਈ ਦੇ ਕੰਮਾਂ ਦੇ ਨਾਂਅ 'ਤੇ ਸਰਕਾਰਾਂ ਤੋਂ ਪੈਸਾ ਲੈ ਕੇ ਕਿਥੇ ਲਗਾਉਂਦੇ ਹੋ? ਖੈਰ, ਸਾਨੂੰ ਆਮ ਲੋਕਾਂ ਨੂੰ ਜਾਗਰੂਕ ਹੋਣ ਦੀ ਜ਼ਰੂਰਤ ਹੈ ਤੇ ਜਾਨਣਾ ਪਵੇਗਾ ਉਨ੍ਹਾਂ ਮਾਪਿਆਂ ਦਾ ਦੁੱਖ, ਜਿਨ੍ਹਾਂ ਦੇ ਬੱਚੇ ਅਵਾਰਾ ਢੱਠਿਆਂ, ਅਵਾਰਾ ਕੁੱਤਿਆਂ ਅਤੇ ਅਵਾਰਾ ਬੰਦਿਆਂ ਹੱਥੋਂ ਮਾਰੇ ਗਏ ਜਾਂ ਨੁਕਸਾਨੇ ਗਏ।

-ਮੋਗਾ। ਮੋਬਾ: 94656-06210

ਸ਼ਲਾਘਾਯੋਗ ਹੈ ਸਿੱਖਿਆ ਸੰਸਥਾਵਾਂ ਰਾਹੀਂ ਨਸ਼ਿਆਂ ਵਿਰੁੱਧ ਉਲੀਕੀ ਯੋਜਨਾ

ਉਂਜ ਤਾਂ ਸਮੁੱਚਾ ਦੇਸ਼ ਨਸ਼ਿਆਂ ਦੀ ਜਕੜ ਵਿਚ ਆ ਚੁੱਕਾ ਹੈ ਪਰ ਦੇਸ਼ ਦਾ ਸਭ ਤੋਂ ਖੁਸ਼ਹਾਲ ਅਤੇ ਹਰ ਖੇਤਰ ਵਿਚ ਮੋਹਰੀ ਕਹਾਉਣ ਵਾਲਾ ਸੂਬਾ ਪੰਜਾਬ ਅੱਜ ਨਸ਼ਿਆਂ ਨੂੰ ਲੈ ਕੇ ਅਨੇਕਾਂ ਸਵਾਲਾਂ ਦੇ ਘੇਰੇ ਵਿਚ ਆ ਚੁੱਕਾ ਹੈ। ਨਸ਼ਿਆਂ ਰਾਹੀਂ ਨੌਜਵਾਨ ਬੱਚਿਆਂ ਦੀਆਂ ਹੋਣ ਵਾਲੀਆਂ ਮੌਤਾਂ ਹਰ ਰੋਜ਼ ਮੀਡੀਏ ਦੀਆਂ ਸੁਰਖੀਆਂ ਹੁੰਦੀਆਂ ਹਨ। ਪੰਜਾਬ ਸਰਕਾਰ ਵਲੋਂ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦਾ ਸੁਨੇਹਾ ਪੰਜਾਬ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਇਕ ਯੋਜਨਾ ਉਲੀਕੀ ਗਈ ਹੈ।
ਪੰਜਾਬ ਸਰਕਾਰ ਦੀ ਸੋਚ ਅਨੁਸਾਰ ਸਿੱਖਿਆ ਸੰਸਥਾਵਾਂ ਰਾਹੀਂ ਹਰ ਸਕੂਲ ਅਤੇ ਕਾਲਜ ਵਿਚ ਪੜ੍ਹਦੇ ਮੁੰਡੇ-ਕੁੜੀਆਂ ਰਾਹੀਂ ਘਰ-ਘਰ ਅਤੇ ਪੰਜਾਬ ਦੇ ਕੋਨੇ-ਕੋਨੇ ਤੱਕ ਇਹ ਸੁਨੇਹਾ ਪਹੁੰਚਾਇਆ ਜਾਵੇ ਕਿ ਨਸ਼ੇ ਪੰਜਾਬ ਦੇ ਦੁਸ਼ਮਣ ਹਨ। ਇਨ੍ਹਾਂ ਤੋਂ ਨਿਜਾਤ ਪਾਉਣ ਵਿਚ ਹੀ ਸਾਡਾ ਸਭ ਦਾ ਭਲਾ ਹੈ। ਇਸ ਤਰਕੀਬ ਅਧੀਨ ਹਰ ਸਿੱਖਿਆ ਸੰਸਥਾ ਨੂੰ ਜ਼ਿਲ੍ਹਾ ਪ੍ਰਸ਼ਾਸਨ ਨਾਲ ਜੋੜਿਆ ਗਿਆ ਹੈ। ਸਕੂਲਾਂ-ਕਾਲਜਾਂ ਦੇ ਅਧਿਆਪਕ, ਅਧਿਆਪਕਾਵਾਂ, ਪ੍ਰਿੰਸੀਪਲ, ਜ਼ਿਲ੍ਹਾ ਸਿੱਖਿਆ ਅਫਸਰ, ਪੁਲਿਸ ਅਧਿਕਾਰੀ ਇਸ ਤਰਕੀਬ ਦਾ ਹਿੱਸਾ ਬਣਾਏ ਗਏ ਹਨ। ਸਕੂਲ, ਕਾਲਜ ਦੇ ਹਰ ਵਿਦਿਆਰਥੀ ਅਤੇ ਵਿਦਿਆਰਥਣ ਨੂੰ ਇਸ ਯੋਜਨਾ ਨਾਲ ਜੋੜ ਕੇ 'ਬੱਡੀ' ਨਾਂਅ ਦਿੱਤਾ ਗਿਆ ਹੈ। ਹਰ ਅਧਿਆਪਕ-ਅਧਿਆਪਕਾ ਜੋ ਜਮਾਤ ਇੰਚਾਰਜ ਹੋਣਗੇ, ਉਨ੍ਹਾਂ ਨੂੰ 'ਸੀਨੀਅਰ ਬੱਡੀ' ਕਿਹਾ ਗਿਆ ਹੈ। ਹਰ ਜਮਾਤ ਵਿਚ ਮੁੰਡੇ-ਕੁੜੀਆਂ ਦੇ ਪੰਜ-ਪੰਜ ਬੱਚਿਆਂ ਦੇ ਗਰੁੱਪ ਬਣਾਏ ਗਏ ਹਨ। ਇਨ੍ਹਾਂ ਗਰੁੱਪਾਂ ਵਿਚ ਪੜ੍ਹਾਈ ਵਿਚ ਹੁਸ਼ਿਆਰ, ਮੱਧਮ ਅਤੇ ਕਮਜ਼ੋਰ ਬੱਚਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਸੀਨੀਅਰ ਬੱਡੀ ਭਾਵ ਜਮਾਤ ਇੰਚਾਰਜ ਦੀ ਦੇਖ-ਰੇਖ ਵਿਚ ਆਪਣੀਆਂ-ਆਪਣੀਆਂ ਸਮੱਸਿਆਵਾਂ ਦੀ ਚਰਚਾ ਕਰਨਗੇ।
ਲੱਖਾਂ ਬੱਚੇ ਜਦੋਂ ਸਰਕਾਰ ਅਤੇ ਆਪਣੇ ਅਧਿਆਪਕਾਂ ਦਾ ਸੁਨੇਹਾ ਜਦੋਂ ਆਪਣੇ ਪਰਿਵਾਰਾਂ, ਮੁਹੱਲਿਆਂ, ਗਲੀਆਂ ਦੇ ਲੋਕਾਂ ਤੱਕ ਪਹੁੰਚਾਉਣਗੇ ਤਾਂ ਨਸ਼ਿਆਂ ਦੇ ਵਿਰੁੱਧ ਇਕ ਲਹਿਰ ਜ਼ਰੂਰ ਬਣੇਗੀ, ਆਵਾਜ਼ ਜ਼ਰੂਰ ਉੱਠੇਗੀ। ਪਰ ਇਹ ਉਦੋਂ ਹੀ ਹੋਵੇਗਾ ਜਦੋਂ ਇਸ ਯੋਜਨਾ ਨਾਲ ਜੁੜੀ ਹਰ ਧਿਰ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਨਿਭਾਏਗੀ। ਇਸ ਨੂੰ ਵਾਧੂ ਦਾ ਕੰਮ ਅਤੇ ਆਪਣੇ ਉੱਤੇ ਬੋਝ ਨਹੀਂ ਸਮਝੇਗੀ। ਅਧਿਆਪਕ ਵਰਗ ਅਤੇ ਸਕੂਲ ਮੁਖੀਆਂ ਦੇ ਮਨਾਂ ਵਿਚ ਇਹ ਭਾਵਨਾ ਆ ਸਕਦੀ ਹੈ ਕਿ ਉਨ੍ਹਾਂ ਉੱਤੇ ਇਕ ਹੋਰ ਕੰਮ ਦਾ ਬੋਝ ਥੋਪ ਦਿੱਤਾ ਗਿਆ ਹੈ। ਉਹ ਬੱਚਿਆਂ ਨੂੰ ਪੜ੍ਹਾਉਣ ਜਾਂ ਨਸ਼ਿਆਂ ਦੇ ਵਿਰੁੱਧ ਪ੍ਰਚਾਰ ਕਰਨ? ਇਹ ਭਾਵਨਾ ਆਉਣਾ ਸੁਭਾਵਿਕ ਵੀ ਹੈ ਪਰ ਜੇਕਰ ਸਕੂਲ ਮੁਖੀਆਂ ਅਤੇ ਅਧਿਆਪਕ ਵਰਗ ਨੂੰ ਥੋੜ੍ਹੀ ਦਿੱਕਤ ਅਤੇ ਔਕੜਾਂ ਸਹਿ ਕੇ ਨੌਜਵਾਨ ਵਰਗ ਅਤੇ ਪੰਜਾਬ ਦਾ ਭਲਾ ਹੋ ਸਕਦਾ ਹੋਵੇ ਤਾਂ ਉਨ੍ਹਾਂ ਨੂੰ ਇਸ ਨੇਕ ਕੰਮ ਲਈ ਤਿਆਰ ਰਹਿਣਾ ਚਾਹੀਦਾ ਹੈ। ਸਕੂਲਾਂ ਅਤੇ ਕਾਲਜਾਂ ਵਿਚ ਨਸ਼ਿਆਂ ਦੇ ਵਿਰੁੱਧ ਜਾਗਰੂਕਤਾ ਨੂੰ ਲੈ ਕੇ ਛੇੜੀ ਇਸ ਮੁਹਿੰਮ ਅਧੀਨ ਬੱਚਿਆਂ ਦੀ ਪੜ੍ਹਾਈ ਪ੍ਰਭਾਵਿਤ ਨਾ ਹੋਵੇ।
ਚੰਗਾ ਰਹੇਗਾ ਜੇਕਰ ਅਧਿਆਪਕ ਵਰਗ ਆਪਣੇ ਵਿਹਲੇ ਸਮੇਂ ਵਿਚ ਇਸ ਨੇਕ ਕੰਮ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ। ਇਥੇ ਇਹ ਗੱਲ ਵੀ ਕਹਿਣੀ ਬਣਦੀ ਹੈ ਕਿ ਨੌਜਵਾਨ ਵਰਗ ਨੂੰ ਨਸ਼ਿਆਂ ਦੀ ਬੁਰਾਈ ਤੋਂ ਮੁਕਤ ਕਰਨ ਲਈ ਉਨ੍ਹਾਂ ਨੂੰ ਘਰੇਲੂ ਧੰਦਿਆਂ ਨਾਲ ਜੋੜਿਆ ਜਾਵੇ। ਇਹ ਧੰਦੇ ਨੂੰ ਬੇਰੁਜ਼ਗਾਰ ਹੋਣ ਤੋਂ ਬਚਾਉਂਦੇ ਹਨ। ਉਨ੍ਹਾਂ ਨੂੰ ਮਾੜੀ ਸੰਗਤ ਤੋਂ ਦੂਰ ਰੱਖਦੇ ਹਨ। ਸਮੇਂ ਦੀ ਮੰਗ ਹੈ ਕਿ ਨਸ਼ਿਆਂ ਦੇ ਖਾਤਮੇ ਲਈ ਇਕ ਮੰਚ 'ਤੇ ਖੜ੍ਹੇ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ। ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਹਰ ਧਿਰ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣ ਲਈ ਅੱਗੇ ਆਉਣਾ ਚਾਹੀਦਾ ਹੈ।

-ਮਾਧਵ ਨਗਰ, ਨੰਗਲ ਟਾਊਨਸ਼ਿਪ। ਮੋਬਾ: 98726-27136

ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਨਹੀਂ ਰੁਕ ਰਹੀ ਪਲਾਸਟਿਕ ਦੀ ਵਰਤੋਂ

ਪਲਾਸਟਿਕ ਮਨੁੱਖ ਦੀਆਂ ਅਦੁੱਭ ਕਾਢਾਂ ਵਿਚੋਂ ਇਕ ਕਾਢ ਹੈ, ਜੋ ਸਸਤਾ ਅਤੇ ਟਿਕਾਊ ਹੋਣ ਕਾਰਨ ਲਗਪਗ ਹਰ ਦੇਸ਼ ਵਿਚ ਅਤੇ ਹਰ ਘਰ ਵਿਚ ਵਰਤਿਆ ਜਾਂਦਾ ਹੈ ਪਰ ਮਨੁੱਖ ਦੀਆਂ ਕੁਝ ਹੋਰਨਾਂ ਕਾਢਾਂ ਵਾਂਗ ਇਹ ਕਾਢ ਵੀ ਹੁਣ ਮਨੁੱਖ ਲਈ ਖਤਰਾ ਬਣਦੀ ਜਾ ਰਹੀ ਹੈ। ਟਿਕਾਊ ਹੋਣ ਕਾਰਨ ਵਰਤੋਂ ਕਰਕੇ ਕੂੜੇ ਵਿਚ ਸੁੱਟਣ ਤੋਂ ਬਾਅਦ ਵੀ ਪਲਾਸਟਿਕ ਟਿਕਾਊ ਹੀ ਰਹਿੰਦਾ ਹੈ ਅਤੇ ਗਲਦਾ ਨਹੀਂ, ਜਿਸ ਕਾਰਨ ਇਸ ਠੋਸ ਕੂੜੇ ਦਾ ਪ੍ਰਬੰਧ ਅੱਜ ਦੀ ਸਭ ਤੋਂ ਵੱਡੀ ਸਮੱਸਿਆ ਬਣ ਗਿਆ ਹੈ।
ਭਾਵੇਂ ਵਿਗਿਆਨੀਆਂ ਵਲੋਂ ਰਸਾਇਣਿਕ ਕਾਰਨਾਂ ਕਰਕੇ ਪਲਾਸਟਿਕ ਦੀ ਵਰਤੋਂ ਨੂੰ ਮਾੜਾ ਦੱਸਿਆ ਜਾਣ ਲੱਗਾ ਹੈ ਪਰ ਵੱਡੀ ਸਮੱਸਿਆ ਇਸ ਦੀ ਵਰਤੋਂ ਤੋਂ ਬਾਅਦ ਸ਼ੁਰੂ ਹੁੰਦੀ ਹੈ। ਸੁੱਟੇ ਜਾਣ ਤੋਂ ਬਾਅਦ ਇਹ ਲਿਫਾਫੇ ਨਾਲੀਆਂ/ਡਰੇਨਾਂ ਰਾਹੀਂ ਸੀਵਰੇਜ ਵਿਚ ਚਲੇ ਜਾਂਦੇ ਹਨ ਅਤੇ ਫਿਰ ਇਕੱਠੇ ਹੋ ਕੇ ਸੀਵਰੇਜ ਬੰਦ ਕਰ ਦਿੰਦੇ ਹਨ, ਜਿਸ ਨਾਲ ਆਏ ਦਿਨ ਨਿਕਾਸੀ ਨਾ ਹੋਣ ਜਾਂ ਓਵਰਫਲੋਅ ਦੀ ਸਮੱਸਿਆ ਬਣੀ ਹੀ ਰਹਿੰਦੀ ਹੈ ਅਤੇ ਕਈ ਵਾਰ ਮੀਂਹਾਂ ਦੇ ਮੌਸਮ ਵਿਚ ਹੜ੍ਹ ਵਰਗੇ ਹਾਲਾਤ ਵੀ ਬਣ ਜਾਂਦੇ ਹਨ। ਨਾ ਗਲਣਯੋਗ ਹੋਣ ਕਾਰਨ ਇਹ ਪਲਾਸਟਿਕ ਦੇ ਲਿਫਾਫੇ ਸ਼ਹਿਰਾਂ ਦੇ ਕੂੜਾ ਡੰਪ 'ਤੇ ਪਏ ਰਹਿੰਦੇ ਹਨ, ਡਿਸਪੋਜ਼ਲ ਨਾ ਹੋਣ ਕਾਰਨ ਕੂੜੇ ਦੇ ਢੇਰ ਲੱਗ ਜਾਂਦੇ ਹਨ।
ਪਲਸਾਟਿਕ ਦੀ ਸਮੱਸਿਆ ਗੰਭੀਰ ਹੈ, ਇਹ ਸਰਕਾਰ ਨੂੰ ਵੀ ਪਤਾ ਹੈ, ਇਸ ਲਈ ਪੰਜਾਬ ਸਰਕਾਰ ਵਲੋਂ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਰੋਕੀ ਹੋਈ ਹੈ ਅਤੇ ਆਏ ਦਿਨ ਛਾਪੇਮਾਰੀ ਕਰਕੇ ਦੁਕਾਨਾਂ ਤੋਂ ਪਲਾਸਟਿਕ ਦੇ ਲਿਫਾਫੇ ਬਰਾਮਦ ਕਰਨ ਅਤੇ ਚਲਾਨ ਕਰਨ ਦੀਆਂ ਖਬਰਾਂ ਵੀ ਆ ਰਹੀਆਂ ਹਨ। ਪਰ ਇਹ ਕਾਰਵਾਈ ਸਿਰਫ਼ ਖਾਨਾਪੂਰਤੀ ਹੀ ਸਾਬਤ ਹੋ ਰਹੀ ਹੈ, ਕਿਉਂਕਿ ਪੰਜਾਬ ਦੀ ਲਗਪਗ ਹਰ ਦੁਕਾਨ 'ਤੇ ਅਸਾਨੀ ਨਾਲ ਪਲਾਸਟਿਕ ਦੇ ਲਿਫਾਫੇ ਮਿਲ ਜਾਂਦੇ ਹਨ, ਜਿਸ ਕਾਰਨ ਛਾਪੇਮਾਰੀ ਸ਼ਬਦ ਵੀ ਹਾਸੋਹੀਣਾ ਜਾਪਦਾ ਹੈ।
ਪਲਾਸਟਿਕ ਦੀ ਨਿਰੰਤਰ ਸਪਲਾਈ ਮਿਲਣ ਅਤੇ ਗਾਹਕ ਵਲੋਂ ਲਿਫਾਫੇ ਦੀ ਮੰਗ ਕਾਰਨ ਦੁਕਾਨਦਾਰਾਂ ਨੂੰ ਵੀ ਲਿਫਾਫੇ ਰੱਖਣ ਦੀ ਮਜਬੂਰੀ ਬਣੀ ਹੋਈ ਹੈ, ਨਹੀਂ ਤਾਂ ਦੁਕਾਨਦਾਰ ਨੂੰ ਡਰ ਰਹਿੰਦਾ ਹੈ ਕਿ ਜੇਕਰ ਉਸ ਨੇ ਗਾਹਕ ਨੂੰ ਇਹ ਲਿਫਾਫੇ ਦੀ ਸੁਵਿਧਾ ਉਪਲਬਧ ਨਾ ਕਰਵਾਈ ਤਾਂ ਗਾਹਕ ਕਿਸੇ ਹੋਰ ਦੁਕਾਨ 'ਤੇ ਪਹੁੰਚ ਜਾਵੇਗਾ। ਪਰ ਜੇਕਰ ਲਿਫਾਫੇ ਦੀ ਸਪਲਾਈ ਹੀ ਮੁਕੰਮਲ ਬੰਦ ਹੋ ਜਾਵੇ ਤਾਂ ਦੁਕਾਨਦਾਰ ਨਾ ਹੀ ਲਿਫਾਫੇ ਰੱਖਣਗੇ ਅਤੇ ਨਾ ਹੀ ਗਾਹਕ ਜ਼ਿਆਦਾ ਸਮਾਂ ਪਲਾਸਟਿਕ ਦੇ ਲਿਫਾਫੇ ਵਿਚ ਹੀ ਸਾਮਾਨ ਲੈਣ ਲਈ ਬਜਿੱਦ ਰਹੇਗਾ ਪਰ ਸ਼ਾਇਦ ਇੰਨੀ ਕੁ ਹੀ ਗੱਲ ਸਰਕਾਰੀ ਅਧਿਕਾਰੀਆਂ ਦੀ ਸਮਝ ਤੋਂ ਪਰ੍ਹੇ ਜਾਪਦੀ ਹੈ। ਆਏ ਦਿਨ ਦੁਕਾਨਦਾਰਾਂ 'ਤੇ ਪ੍ਰਦੂਸ਼ਣ ਵਿਭਾਗ, ਨਗਰ ਕੌਂਸਲ ਜਾਂ ਸਿਹਤ ਵਿਭਾਗ ਦੀ ਟੀਮ ਵਲੋਂ ਛਾਪੇ ਮਰਵਾਉਣ ਦੀ ਜਗ੍ਹਾ ਇਨ੍ਹਾਂ ਲਿਫਾਫਿਆਂ 'ਤੇ ਰੋਕ ਦੇ ਬਾਵਜੂਦ ਉਤਪਾਦਨ ਅਤੇ ਸਪਲਾਈ ਕਰਨ ਵਾਲਿਆਂ 'ਤੇ ਨਕੇਲ ਕੱਸਣੀ ਜ਼ਿਆਦਾ ਕਾਰਗਰ ਸਾਬਤ ਹੋਵੇਗੀ।
ਇਹ ਵੀ ਨਹੀਂ ਕਿ ਸਰਕਾਰ ਜਾਂ ਸਰਕਾਰੀ ਅਧਿਕਾਰੀਆਂ ਨੂੰ ਬੰਦ ਹੋ ਚੁੱਕੇ ਪਲਾਸਟਿਕ ਲਿਫਾਫਿਆਂ ਦੇ ਉਤਪਾਦਕਾਂ ਜਾਂ ਸਪਲਾਇਰਾਂ ਦੀ ਜਾਣਕਾਰੀ ਨਾ ਹੋਵੇ, ਕਿਉਂਕਿ ਜੇਕਰ ਆਮ ਦੁਕਾਨਦਾਰ ਇਨ੍ਹਾਂ ਤੱਕ ਪਹੁੰਚ ਕਰਕੇ ਮਾਲ ਲੈ ਰਿਹਾ ਹੈ ਤਾਂ ਸਰਕਾਰ ਕੋਲ ਤਾਂ ਖੁਫੀਆ ਤੰਤਰ ਵੀ ਹੈ। ਇਸ ਤੋਂ ਇਲਾਵਾ ਪਲਾਸਟਿਕ ਦੇ ਲਿਫਾਫਿਆਂ ਖਿਲਾਫ ਲੋਕ ਲਹਿਰ ਪੈਦਾ ਕਰਨ ਦੀ ਲੋੜ ਹੈ, ਤਾਂ ਜੋ ਆਮ ਲੋਕ ਵੀ ਪਟਸਨ ਜਾਂ ਕੱਪੜੇ ਦੇ ਥੈਲਿਆਂ ਦੀ ਵਰਤੋਂ ਸ਼ੁਰੂ ਕਰਨ।

-ਮਲੌਦ। ਮੋਬਾ: 98882-93829

ਨੌਜਵਾਨਾਂ ਨੂੰ ਬਚਾਉਣ ਲਈ ਸਮਾਜ ਅੱਗੇ ਆਵੇ

ਪਦਾਰਥਵਾਦ ਅਤੇ ਪੂੰਜੀਵਾਦ ਦੇ ਅਜੋਕੇ ਭ੍ਰਿਸ਼ਟਾਚਾਰੀ ਸਮਾਜਿਕ ਢਾਂਚੇ ਦੀਆਂ ਸਮੱਸਿਆਵਾਂ ਨਾਲ ਜੂਝਣ ਦੀ ਅਸਮਰੱਥਾ ਕਾਰਨ ਉਪਜੀ ਨਿਰਾਸ਼ਾ ਅਤੇ ਤਣਾਓ ਤੋਂ ਛੁਟਕਾਰੇ ਲਈ ਪੰਜਾਬੀ ਨੌਜਵਾਨ ਨਸ਼ਿਆਂ ਦਾ ਸ਼ਿਕਾਰ ਹੋ ਕੇ ਦਿਲ, ਜਿਗਰ, ਗੁਰਦੇ ਅਤੇ ਫੇਫੜੇ ਦੀਆਂ ਬਿਮਾਰੀਆਂ ਤੋਂ ਇਲਾਵਾ ਕੈਂਸਰ ਤੇ ਏਡਜ਼ ਵਰਗੀਆਂ ਨਾਮੁਰਾਦ ਬਿਮਾਰੀਆਂ ਦੀ ਵੀ ਲਗਾਤਾਰ ਜਕੜ ਵਿਚ ਆ ਰਿਹਾ ਹੈ। ਨਸ਼ੇੜੀ ਨੌਜਵਾਨਾਂ ਦੁਆਰਾ ਚੋਰੀ, ਲੁੱਟ, ਝਗੜੇ, ਕਤਲ, ਛੇੜਛਾੜ, ਜਬਰ ਜਨਾਹ, ਸੜਕ ਹਾਦਸੇ ਅਤੇ ਆਤਮਹੱਤਿਆ ਕਰਨ ਵਰਗੇ ਸੰਗੀਨ ਅਪਰਾਧਾਂ ਬਾਰੇ ਸਾਨੂੰ ਆਮ ਪੜ੍ਹਨ-ਸੁਣਨ ਨੂੰ ਮਿਲਦਾ ਹੈ।
ਹਾਲਾਤ ਐਨੇ ਮਾੜੇ ਹੋ ਗਏ ਹਨ ਕਿ ਸਾਡੇ ਨੌਜਵਾਨ ਫ਼ੌਜ ਦੀ ਭਰਤੀ ਦੀਆਂ ਮੁੱਢਲੀਆਂ ਸ਼ਰਤਾਂ ਨੂੰ ਹੀ ਪੂਰਾ ਕਰਨ ਵਿਚ ਅਸਮਰੱਥ ਹੋ ਗਏ ਹਨ, ਜਿਸ ਕਾਰਨ ਫ਼ੌਜ ਵਿਚ ਪੰਜਾਬੀ ਨੌਜਵਾਨਾਂ ਦੀ ਗਿਣਤੀ ਨਿਰੰਤਰ ਘਟਦੀ ਜਾ ਰਹੀ ਹੈ। ਹੋਰ ਤਾਂ ਹੋਰ, ਹੁਣ ਪੰਜਾਬ ਦੀਆਂ ਧੀਆਂ ਦਾ ਵੀ ਨਸ਼ੇ ਦੀ ਦਲਦਲ ਵਿਚ ਧਸ ਜਾਣਾ ਹੋਰ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਸੇ ਕਰਕੇ ਪਿਛਲੇ ਦਿਨੀਂ ਪੰਜਾਬ ਵਿਚ ਨਸ਼ਿਆਂ ਦਾ ਵਿਰੋਧ ਸਿਖਰ ਉੱਤੇ ਰਿਹਾ, ਜਿਸ ਤਹਿਤ 1 ਜੁਲਾਈ ਤੋਂ 7 ਜੁਲਾਈ ਤੱਕ ਵਿੱਢੀ ਗਈ ਮੁਹਿੰਮ ਨੂੰ 'ਚਿੱਟੇ ਦੇ ਵਿਰੋਧ ਵਿਚ ਕਾਲਾ ਹਫ਼ਤਾ' ਦਾ ਨਾਂਅ ਦਿੱਤਾ ਗਿਆ ਅਤੇ ਆਮ ਲੋਕਾਂ ਵਲੋਂ ਵੀ ਸੋਸ਼ਲ ਮੀਡੀਆ ਉੱਤੇ ਵੱਡੇ ਪੱਧਰ 'ਤੇ 'ਮਰੋ ਜਾਂ ਵਿਰੋਧ ਕਰੋ' ਦੀ ਆਵਾਜ਼ ਬੁਲੰਦ ਕੀਤੀ ਗਈ।
ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਸਭ ਤੋਂ ਪਹਿਲਾਂ ਮਾਪਿਆਂ ਤੇ ਅਧਿਆਪਕਾਂ ਨੂੰ ਨਸ਼ਾ-ਰਹਿਤ ਜੀਵਨ ਦੀ ਨਿੱਜੀ ਮਿਸਾਲ ਰਾਹੀਂ ਘਰਾਂ ਤੇ ਸਕੂਲਾਂ ਵਿਚ ਉੱਚੀਆਂ-ਸੁੱਚੀਆਂ ਨੈਤਿਕ ਕਦਰਾਂ-ਕੀਮਤਾਂ ਵਾਲੇ ਪਵਿੱਤਰ ਵਾਤਾਵਰਨ ਦੀ ਸਿਰਜਣਾ ਕਰਨੀ ਚਾਹੀਦੀ ਹੈ। ਵਿਦਿਆਰਥੀਆਂ ਦੀ ਸ਼ਕਤੀ ਦੇ ਸਦਉਪਯੋਗ ਲਈ ਜਿੱਥੇ ਪੜ੍ਹਾਈ ਦੇ ਨਾਲ-ਨਾਲ ਖੇਡਾਂ, ਕੋਮਲ-ਕਲਾਵਾਂ ਅਤੇ ਹੋਰ ਸਹਿ-ਕਿਰਿਆਵਾਂ ਦਾ ਪ੍ਰਬੰਧ ਕਰਨਾ ਚਾਹੀਦਾ ਹੈ, ਉੱਥੇ ਨਾਲ ਹੀ ਉਸਾਰੂ ਜੀਵਨ ਜਾਚ ਲਈ ਪ੍ਰੇਰਨਾਦਾਇਕ ਸਾਹਿਤ ਵੀ ਮੁਹੱਈਆ ਕਰਵਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਹੋਸਟਲਾਂ ਵਿਚ ਰਹਿਣ ਵਾਲੇ ਵਿਦਿਆਰਥੀਆਂ ਉੱਤੇ ਪਿਆਰ ਭਰੀ ਦੋਸਤਾਨਾ ਨਿਗਰਾਨੀ ਰੱਖਣੀ ਚਾਹੀਦੀ ਹੈ। ਮੀਡੀਆ ਦੇ ਵੱਖ-ਵੱਖ ਸਾਧਨਾਂ ਨੂੰ ਖਿਡਾਰੀਆਂ ਤੇ ਕਲਾਕਾਰਾਂ ਰਾਹੀਂ ਪਾਨ-ਪਰਾਗ, ਸ਼ਰਾਬ ਤੇ ਸਿਗਰਟ ਦੀ ਇਸ਼ਤਿਹਾਰੀ ਦੀ ਥਾਂ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਪ੍ਰਤੀ ਜਾਗਰੂਕਤਾ ਪੈਦਾ ਕਰਨੀ ਚਾਹੀਦੀ ਹੈ। ਅਖ਼ਬਾਰਾਂ, ਰੇਡੀਓ, ਟੈਲੀਵਿਜ਼ਨ ਅਤੇ ਸੋਸ਼ਲ ਮੀਡੀਆ ਰਾਹੀਂ ਨਸ਼ਿਆਂ ਦੇ ਪ੍ਰਭਾਵ ਅਤੇ ਬਚਾਓ ਸਬੰਧੀ ਬੁੱਧੀਜੀਵੀਆਂ ਦੇ ਉਪਯੋਗੀ ਲੇਖ, ਡਾਕਟਰਾਂ ਅਤੇ ਨਸ਼ਾ ਛੱਡ ਚੁੱਕੇ ਲੋਕਾਂ ਦੇ ਇੰਟਰਵਿਊ ਦਿਖਾਉਣ ਨਾਲ ਸਮਾਜ ਵਿਚ ਕ੍ਰਾਂਤੀ ਲਿਆਈ ਜਾ ਸਕਦੀ ਹੈ। ਜੇਕਰ ਸਮਾਜ ਦਾ ਹਰੇਕ ਵਿਅਕਤੀ ਆਪਣੀ ਸਮਰੱਥਾ ਅਨੁਸਾਰ ਬਣਦਾ ਯੋਗਦਾਨ ਪਾਵੇ ਤਾਂ ਪੰਜਾਬ ਦੀ ਜਵਾਨੀ ਨੂੰ ਜ਼ਰੂਰ ਨਸ਼ਿਆਂ ਤੋਂ ਬਚਾਇਆ ਜਾ ਸਕਦਾ ਹੈ।

-137/2, ਗਲੀ ਨੰ: 5, ਅਰਜਨ ਨਗਰ, ਪਟਿਆਲਾ-147001. ਮੋਬਾ: 94636-19353


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX