ਤਾਜਾ ਖ਼ਬਰਾਂ


ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਇੱਕ ਵਜੇ ਤੱਕ ਲਈ ਮੁਲਤਵੀ
. . .  3 minutes ago
ਸਪੀਕਰ ਨੇ ਅਕਾਲੀ ਅਤੇ ਭਾਜਪਾ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢਣ ਲਈ ਬੁਲਾਏ ਗਏ ਮਾਰਸ਼ਲ
. . .  3 minutes ago
ਸਪੀਕਰ ਨੇ ਅਕਾਲੀ ਅਤੇ ਭਾਜਪਾ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਜਾਣ ਲਈ ਕਿਹਾ
. . .  3 minutes ago
ਸਪੀਕਰ ਦੀ ਅਕਾਲੀ ਵਿਧਾਇਕਾਂ ਨੂੰ ਚਿਤਾਵਨੀ- ਜੇਕਰ ਰੌਲਾ-ਰੱਪਾ ਬੰਦ ਨਾ ਕੀਤਾ ਗਿਆ ਤਾਂ ਸਦਨ 'ਚੋਂ ਕੱਢਿਆ ਜਾਵੇਗਾ ਬਾਹਰ
. . .  6 minutes ago
ਸਪੀਕਰ ਵਲੋਂ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼
. . .  8 minutes ago
ਬਜਟ ਦੌਰਾਨ ਸਿੱਧੂ ਅਤੇ ਬਿਕਰਮ ਮਜੀਠੀਆ ਵਿਚਾਲੇ ਵੱਡੀ ''ਤੂੰ-ਤੂੰ ਮੈਂ-ਮੈਂ''
. . .  9 minutes ago
ਭੂਮੀ ਹੀਣ ਖੇਤ ਮਜ਼ਦੂਰ ਕਿਸਾਨਾਂ ਦਾ ਕਰਜ਼ਾ ਹੋਵੇਗਾ ਮੁਆਫ਼- ਮਨਪ੍ਰੀਤ ਬਾਦਲ
. . .  10 minutes ago
ਸਾਲ 2019-20 ਲਈ 1,58,493 ਕਰੋੜ ਰੁਪਏ ਦਾ ਬਜਟ ਪੇਸ਼- ਮਨਪ੍ਰੀਤ ਬਾਦਲ
. . .  11 minutes ago
ਪਿਛਲੀ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਦਿੱਤੇ ਕਈ ਜ਼ਖ਼ਮ- ਮਨਪ੍ਰੀਤ ਬਾਦਲ
. . .  12 minutes ago
ਸਾਲ 2019-20 'ਚ 22.51 ਫ਼ੀਸਦੀ ਹੋਣ ਦੀ ਉਮੀਦ- ਮਨਪ੍ਰੀਤ ਬਾਦਲ
. . .  13 minutes ago
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਦਿੱਲੀ ਫ਼ਤਹਿ ਕਰਨ ਵਾਲੇ ਸਿੱਖ ਜਰਨੈਲ

ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੌਮ ਦੇ ਹਿੱਤ ਵਿਚ ਇਕ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਲਿਆ ਗਿਆ ਹੈ। ਸੰਨ 1783 ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਜਿੱਤ ਕੇ ਸਿੱਖਾਂ ਦੀ ਬਹਾਦਰੀ ਦੀ ਨਵੀਂ ਮਿਸਾਲ ਕਾਇਮ ਕਰਨ ਵਾਲੇ ਸਿੱਖ ਜਰਨੈਲਾਂ ਜਥੇਦਾਰ ਬਘੇਲ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੱਤ ਸਥਾਪਿਤ ਕਰਕੇ ਸਿੱਖਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਇਸ ਤੋਂ ਜਾਣੂ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਜਾਣੀ ਬਣਦੀ ਹੈ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਮੌਕੇ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਦੌਰਾਨ ਤਿੰਨੇ ਸਿੱਖ ਜਰਨੈਲਾਂ ਦੇ ਘੋੜੇ 'ਤੇ ਸਵਾਰ ਬੁੱਤ ਤਿਆਰ ਕਰਵਾਏ ਗਏ ਹਨ। ਹਰੇਕ ਬੁੱਤ ਦੀ 12 ਫੁੱਟ ਉੱਚਾਈ, 10 ਫੁੱਟ ਲੰਬਾਈ ਅਤੇ 10 ਫੁੱਟ ਚੌੜਾਈ ਰੱਖੀ ਗਈ ਹੈ। ਬੁੱਤਾਂ ਨੂੰ ਇਸੇ ਮਹੀਨੇ ਪੱਛਮੀ ਦਿੱਲੀ ਵਿਚ ਨਜ਼ੱਫਗੜ੍ਹ ਰੋਡ 'ਤੇ ਰਾਜੌਰੀ ਗਾਰਡਨ ਵਿਖੇ ਸਥਾਪਿਤ ਕੀਤਾ ਜਾਵੇਗਾ। ਅਜਿਹੇ ਯਤਨ ਕਿਸੇ ਵੀ ਕੌਮ ਨੂੰ ਉਸ ਦੇ ਜਰਨੈਲਾਂ ਵਲੋਂ ਸਿਰਜੇ ਨਵੇਂ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਬੜੇ ਹੀ ਸਾਰਥਿਕ ਹੋ ਨਿੱਬੜਦੇ ਹਨ।
ਇਨ੍ਹਾਂ ਯਾਦਗਾਰਾਂ ਤੋਂ ਪਹਿਲਾਂ ਦਿੱਲੀ ਫ਼ਤਹਿ ਦੇ ਮਾਣਮੱਤੇ ਇਤਿਹਾਸ ਨੂੰ ਜਾਨਣਾ ਬੜਾ ਜ਼ਰੂਰੀ ਹੈ। ਸਿੱਖਾਂ ਦੇ ਤਿੰਨ ਬਹਾਦਰ ਜਰਨੈਲਾਂ ਦੀ ਅਗਵਾਈ ਹੇਠ ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਰਜ਼ਮੀਨ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਸਿੱਖਾਂ ਉੱਪਰ ਜ਼ੁਲਮ ਢਾਹੁਣ ਵਾਲੇ ਹਾਕਮਾਂ ਨੂੰ ਵੰਗਾਰਨਾ ਇਕ ਵੱਡੀ ਇਤਿਹਾਸਕ ਘਟਨਾ ਹੈ। ਇਸ ਘਟਨਾ ਨੂੰ ਅੰਜਾਮ ਤੱਕ ਪਹੁੰਚਾਉਣ ਵਾਲੇ ਪ੍ਰਮੁੱਖ ਸਿੱਖ ਜਰਨੈਲ ਜਥੇਦਾਰ ਬਘੇਲ ਸਿੰਘ ਦਾ ਜਨਮ ਸੰਨ 1730 ਨੂੰ ਇਤਿਹਾਸਕ ਕਸਬਾ ਝਬਾਲ (ਅੰਮ੍ਰਿਤਸਰ) ਵਿਚ ਹੋਇਆ। ਉਨ੍ਹਾਂ ਦੇ ਪਰਿਵਾਰ ਦਾ ਸਬੰਧ ਮਾਝੇ ਦੇ 84 ਪਿੰਡਾਂ ਦੇ ਮਾਲਕ ਚੌਧਰੀ ਲੰਗਾਹ ਢਿੱਲੋਂ ਨਾਲ ਜਾ ਜੁੜਦਾ ਹੈ। ਚੌਧਰੀ ਲੰਗਾਹ ਗੁਰੂ ਅਰਜਨ ਦੇਵ ਜੀ ਦੇ ਸ਼ਰਧਾਲੂ ਸੀ ਅਤੇ ਮੁਕਤਸਰ ਦੀ ਜੰਗ ਵਿਚ ਆਪਣੇ ਜੌਹਰ ਦਿਖਾਉਣ ਵਾਲੀ ਸਿੰਘਣੀ ਮਾਈ ਭਾਗੋ ਦੇ ਦਾਦਾ ਭਾਈ ਪੈਰੋ ਸ਼ਾਹ ਢਿੱਲੋਂ ਦੇ ਛੋਟੇ ਭਰਾ ਸਨ। ਪਰ ਇਤਿਹਾਸ ਵਿਚ ਲਿਖਿਆ ਮਿਲਦਾ ਹੈ ਕਿ ਬਘੇਲ ਸਿੰਘ ਧਾਲੀਵਾਲ ਗੋਤ ਨਾਲ ਸਬੰਧਤ ਸਨ, ਉਨ੍ਹਾਂ ਦਾ ਅਸਲ ਪਿੰਡ ਮੋਗਾ ਜ਼ਿਲ੍ਹੇ ਵਿਚ ਰਾਉਕੇ ਕਲਾਂ ਹੈ। ਇਤਿਹਾਸਕ ਕਸਬਾ ਝਬਾਲ ਵਿਚ ਉਨ੍ਹਾਂ ਦੇ ਨਾਨਕੇ ਵੀ ਹੋ ਸਕਦੇ ਹਨ। ਇਸ ਸਬੰਧੀ ਮੁਕੰਮਲ ਜਾਣਕਾਰੀ ਨਹੀਂ ਮਿਲ ਸਕੀ।
ਸੰਨ 1748 ਈ: ਨੂੰ ਜਿਸ ਵਕਤ ਦਲ ਖ਼ਾਲਸਾ ਦਾ ਉਭਾਰ ਹੋ ਰਿਹਾ ਸੀ, ਉਸ ਸਮੇਂ ਲਾਹੌਰ ਜ਼ਿਲ੍ਹੇ ਦੇ ਪਿੰਡ ਬਰਕੀ ਵਿਚ ਵਿਰਕ ਗੋਤ ਨਾਲ ਸਬੰਧਤ ਕਰੋੜਾ ਸਿੰਘ ਪੈਦਾ ਹੋਇਆ, ਜੋ ਪਿੱਛੋਂ ਜਾ ਕੇ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ। ਇਤਿਹਾਸ ਦੱਸਦਾ ਹੈ ਕਿ ਬੇਹੱਦ ਜ਼ਾਲਮ ਮੁਗ਼ਲ ਬਾਦਸ਼ਾਹ ਜ਼ਕਰੀਆ ਖਾਨ ਨੇ 20 ਕੁ ਸਾਲ ਦੀ ਉਮਰ ਵਿਚ ਕਰੋੜਾ ਸਿੰਘ ਨੂੰ ਜਬਰੀ ਮੁਸਲਮਾਨ ਬਣਾ ਦਿੱਤਾ। ਪਰ ਉਹ ਬੜੀ ਜਲਦੀ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸਜ ਗਏ। ਕਰੋੜਾ ਸਿੰਘ ਦੇ ਆਪਣੇ ਕੋਈ ਪੁੱਤਰ ਨਹੀਂ ਸੀ। ਉਸ ਨੇ ਆਪਣੇ ਘਰੇਲੂ ਨੌਕਰ ਬਘੇਲ ਸਿੰਘ ਨੂੰ ਗੋਦ ਲੈ ਰੱਖਿਆ ਸੀ। ਸੰਨ 1761 ਨੂੰ ਹੋਈ ਤਰਾਈ ਦੀ ਲੜਾਈ ਦੌਰਾਨ ਕਰੋੜਾ ਸਿੰਘ ਮਾਰਿਆ ਗਿਆ। ਉਸ ਤੋਂ ਬਾਅਦ ਬਘੇਲ ਸਿੰਘ ਨੇ ਕਰੋੜ ਸਿੰਘੀਆ ਮਿਸਲ ਦੀ ਵਾਗਡੋਰ ਸੰਭਾਲੀ। ਜਥੇਦਾਰ ਬਘੇਲ ਸਿੰਘ ਨੇ ਆਪਣੀ ਸੂਝ-ਬੂਝ ਸਦਕਾ ਸਿੱਖ ਮਿਸਲਾਂ ਨੂੰ ਸੰਗਠਤ ਕਰਕੇ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਵਰਗਾ ਇਤਿਹਾਸ ਰਚਿਆ।
ਜਦ ਬਘੇਲ ਸਿੰਘ ਨੇ ਕਰੋੜ ਸਿੰਘੀਆ ਮਿਸਲ ਦਾ ਕਾਰਜ ਭਾਰ ਸੰਭਾਲਿਆ ਤਾਂ ਉਸ ਵਕਤ ਦਿੱਲੀ ਦੇ ਤਖ਼ਤ 'ਤੇ ਮੁਗ਼ਲ ਹਾਕਮ ਸ਼ਾਹ ਆਲਮ ਦੂਜਾ ਰਾਜ ਕਰ ਰਿਹਾ ਸੀ। ਬਘੇਲ ਸਿੰਘ ਨੇ ਸਭ ਤੋਂ ਪਹਿਲਾਂ ਹੁਸ਼ਿਆਰਪੁਰ 'ਤੇ ਕਬਜ਼ਾ ਕਰਕੇ ਆਪਣੀ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ। ਉਸ ਦੀਆਂ ਤਿੰਨ ਪਤਨੀਆਂ ਸਨ। ਆਪਣੀ ਪਹਿਲੀ ਪਤਨੀ ਰੂਪ ਕੰਵਲ ਨੂੰ ਰਾਜ ਦੇ ਅੰਦਰੂਨੀ ਮਾਮਲਿਆਂ ਦਾ ਪ੍ਰਬੰਧ ਸੌਂਪਿਆ। ਹਰਿਆਣਾ ਵਿਚ ਕਰਨਾਲ ਤੋਂ 30 ਕਿਲੋਮੀਟਰ ਅੱਗੇ ਛਲੌਦੀ ਨੂੰ ਆਪਣੇ ਕਬਜ਼ੇ 'ਚ ਕਰਕੇ ਇਸ ਦੀ ਦੇਖ-ਰੇਖ ਦੂਜੀ ਪਤਨੀ ਰਾਜ ਕੰਵਲ ਨੂੰ ਸੰਭਾਲ ਦਿੱਤੀ। ਤੀਜੀ ਪਤਨੀ ਰਤਨ ਕੌਰ ਨੂੰ ਕਲਾਵਰ ਦਾ ਪ੍ਰਬੰਧ ਸੌਂਪ ਦਿੱਤਾ। ਸਰਦਾਰ ਹਰੀ ਸਿੰਘ ਭੰਗੀ ਨੂੰ ਹਰਾ ਕੇ ਉਸ ਦੇ ਕਬਜ਼ੇ ਵਾਲੇ ਤਿੰਨ ਪਰਗਨੇ ਤਰਨ ਤਾਰਨ, ਸਭਰਾਓਂ ਅਤੇ ਸਰਹਾਲੀ ਨੂੰ ਆਪਣੇ ਕਬਜ਼ੇ ਵਿਚ ਕਰਕੇ ਫਿਰ ਸਰਹਿੰਦ ਵੱਲ ਨੂੰ ਰੁਖ਼ ਕੀਤਾ। ਸਰਹਿੰਦ ਜਿੱਤਣ ਤੋਂ ਬਾਅਦ ਨਵਾਬ ਜੱਸਾ ਸਿੰਘ ਆਹਲੂਵਾਲੀਆ ਅਤੇ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਵਾਲੀਆਂ ਸੰਗਠਿਤ ਸਿੱਖ ਫ਼ੌਜਾਂ ਨੇ 20 ਫਰਵਰੀ, 1764 ਨੂੰ ਸਹਾਰਨਪੁਰ, ਮੁਜ਼ੱਫ਼ਰਨਗਰ ਅਤੇ ਮੇਰਠ ਜਿੱਤ ਕੇ ਨਜੀਬਾਵਾਦ, ਮੁਰਾਦਾਬਾਦ ਅਤੇ ਅਨੂਪ ਸ਼ਹਿਰ 'ਤੇ ਜਿੱਤ ਹਾਸਲ ਕੀਤੀ। 22 ਅਪ੍ਰੈਲ, 1775 ਨੂੰ ਕੁੰਜਪੁਰਾ ਨੇੜਿਓਂ ਜਮਨਾ ਨਦੀ ਪਾਰ ਕਰਕੇ 15 ਜੁਲਾਈ, 1775 ਨੂੰ ਦਿੱਲੀ ਦੇ ਹੀ ਪਹਾੜਗੰਜ ਅਤੇ ਜੈ ਸਿੰਘਪੁਰਾ ਨੂੰ ਜਿੱਤਿਆ।
ਇਸ ਤੋਂ ਬਾਅਦ 50,000 ਦੀ ਗਿਣਤੀ ਵਾਲੇ ਦਲ ਖ਼ਾਲਸਾ ਨੇ ਦਿੱਲੀ ਵੱਲ ਕੂਚ ਕੀਤਾ। ਫਰਵਰੀ, 1783 ਨੂੰ ਗਾਜ਼ੀਆਬਾਦ, ਸ਼ਿਕੋਹਾਬਾਦ, ਅਲੀਗੜ੍ਹ ਅਤੇ ਬੁਲੰਦ ਸ਼ਹਿਰ ਨੂੰ ਆਪਣੇ ਕਬਜ਼ੇ 'ਚ ਕੀਤਾ। ਦਿੱਲੀ ਵਿਚ ਦਾਖ਼ਲੇ ਸਮੇਂ ਜੱਸਾ ਸਿੰਘ ਆਹਲੂਵਾਲੀਆ ਅਤੇ ਜਥੇਦਾਰ ਬਘੇਲ ਸਿੰਘ ਨੇ ਆਪਣੀ 50,000 ਦੇ ਕਰੀਬ ਸੈਨਾ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ। ਬਘੇਲ ਸਿੰਘ ਨੇ ਆਪਣੀ 30,000 ਫ਼ੌਜ ਨੂੰ ਤੀਸ ਹਜ਼ਾਰੀ ਵਾਲੇ ਸਥਾਨ 'ਤੇ ਰੱਖਿਆ। 8 ਮਾਰਚ, 1783 ਨੂੰ ਮਲਕਾ ਗੰਜ, ਸਬਜ਼ੀ ਮੰਡੀ, ਮੁਗ਼ਲਪੁਰਾ ਅਤੇ ਅਜਮੇਰੀ ਦਰਵਾਜ਼ੇ ਨੂੰ ਬੁਰੀ ਤਰ੍ਹਾਂ ਤਹਿਸ-ਨਹਿਸ ਕਰਕੇ ਸਿੱਖ ਫ਼ੌਜਾਂ ਅੱਗੇ ਵਧੀਆਂ। ਦੂਜੇ ਪਾਸਿਓਂ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਆਪਣੇ 10 ਹਜ਼ਾਰ ਸੈਨਿਕਾਂ ਨਾਲ ਹਿਸਾਰ ਵਾਲੇ ਪਾਸਿਓਂ ਦਿੱਲੀ ਪੁੱਜਾ। 11 ਮਾਰਚ, 1783 ਨੂੰ ਸਮੁੱਚੇ ਸ਼ਹਿਰ ਉੱਪਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਿੱਖ ਕੌਮ ਦੇ ਤਿੰਨੇ ਪ੍ਰਸਿੱਧ ਜਰਨੈਲਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਦੁਨੀਆ ਦੇ ਇਤਿਹਾਸ ਵਿਚ ਇਕ ਹੋਰ ਸੁਨਹਿਰੀ ਪੰਨਾ ਜੜ ਦਿੱਤਾ। ਦਿੱਲੀ ਦੇ ਤਖ਼ਤ 'ਤੇ ਬੈਠਣ ਲਈ ਜੱਸਾ ਸਿੰਘ ਰਾਮਗੜ੍ਹੀਆ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੇ ਸੈਨਿਕਾਂ ਨੇ ਆਪੋ ਵਿਚ ਇਕ-ਦੂਜੇ ਖਿਲਾਫ਼ ਤਲਵਾਰਾਂ ਵੀ ਸੂਤ ਲਈਆਂ ਸਨ ਪਰ ਪ੍ਰਮੁੱਖ ਜਰਨੈਲਾਂ ਦੀ ਸਿਆਣਪ ਨਾਲ ਮਾਮਲਾ ਠੰਢਾ ਪੈ ਗਿਆ। ਸਾਰੀ ਸਿੱਖ ਫ਼ੌਜ ਦਾ ਟਿਕਾਣਾ ਸਬਜ਼ੀ ਮੰਡੀ ਵਿਚ ਕੀਤਾ ਗਿਆ।
ਜਥੇਦਾਰ ਬਘੇਲ ਸਿੰਘ ਦੇ ਨਾਲ ਮੁਗ਼ਲ ਬੇਗਮ ਸਮਰੂ ਦੇ ਚੰਗੇ ਸਬੰਧ ਸਨ। ਬੇਗਮ ਸਮਰੂ ਨੇ ਸਿੰਘਾਂ ਦਾ ਮੁਗ਼ਲ ਬਾਦਸ਼ਾਹ ਨਾਲ ਕੁਝ ਸ਼ਰਤਾਂ ਤਹਿਤ ਸਮਝੌਤਾ ਕਰਵਾ ਦਿੱਤਾ। ਸਮਝੌਤੇ ਅਨੁਸਾਰ ਸਿੱਖ ਫ਼ੌਜਾਂ ਵਲੋਂ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਕਰਨਾ ਹੋਵੇਗਾ ਅਤੇ ਮੁਗ਼ਲ ਸਲਤਨਤ ਆਪਣੇ ਕੁੱਲ ਮਾਲੀਏ ਦਾ ਸਾਢੇ 12 ਫੀਸਦੀ ਸਿੱਖ ਫ਼ੌਜਾਂ ਨੂੰ ਦੇਣ ਲਈ ਪਾਬੰਦ ਹੋਵੇਗੀ। ਕਈ ਇਤਿਹਾਸਕਾਰਾਂ ਵਲੋਂ ਸਾਢੇ 12 ਫੀਸਦੀ ਦੀ ਜਗ੍ਹਾ ਸਾਢੇ 37 ਫੀਸਦੀ ਲਿਖਿਆ ਗਿਆ ਹੈ। ਇਸ ਤੋਂ ਬਿਨਾਂ ਸਿੱਖ ਅੱਗੇ ਤੋਂ ਕਦੇ ਵੀ ਦਿੱਲੀ ਵੱਲ ਨੂੰ ਕੂਚ ਨਹੀਂ ਕਰਨਗੇ। ਕਰੀਬ 9-10 ਮਹੀਨੇ ਵਿਚ ਹੀ ਸਿੱਖ ਫ਼ੌਜਾਂ ਵਲੋਂ ਦਿੱਲੀ ਵਿਚ 7 ਇਤਿਹਾਸਕ ਗੁਰਦੁਆਰਿਆਂ (ਗੁਰਦੁਆਰਾ ਮਾਤਾ ਸੁੰਦਰੀ ਜੀ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਗੁਰਦੁਆਰਾ ਸ੍ਰੀ ਬਾਲਾ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ, ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰਦੁਆਰਾ ਮਜਨੂੰ ਕਾ ਟਿੱਲਾ) ਦਾ ਨਿਰਮਾਣ ਕਰਨ ਤੋਂ ਬਾਅਦ ਦਸੰਬਰ, 1783 ਵਿਚ ਹੀ ਜਥੇਦਾਰ ਬਘੇਲ ਸਿੰਘ ਤੇ ਹੋਰ ਸਿੱਖ ਜਰਨੈਲਾਂ ਨੇ ਦਿੱਲੀ ਨੂੰ ਛੱਡ ਦਿੱਤਾ। ਜਥੇਦਾਰ ਬਘੇਲ ਸਿੰਘ ਧਾਲੀਵਾਲ ਸੰਨ 1802 ਨੂੰ ਹਰਿਆਣਾ (ਹੁਸ਼ਿਆਰਪੁਰ) ਵਿਖੇ ਚਲਾਣਾ ਕਰ ਗਏ।
ਇਤਿਹਾਸ ਦੇ ਵਰਕੇ ਫਰੋਲਦਿਆਂ ਇਹ ਵੀ ਪਤਾ ਲੱਗਦਾ ਹੈ ਕਿ ਦਿੱਲੀ ਦੇ ਲਾਲ ਕਿਲ੍ਹੇ ਵਿਚ ਮੁਗ਼ਲ ਹਾਕਮ ਜਿਸ ਸਿੱਲ ਪੱਥਰ ਉੱਪਰ ਬੈਠ ਕੇ ਰਾਜ-ਭਾਗ ਚਲਾਇਆ ਕਰਦੇ ਸਨ, ਉਹ ਸਿੱਲ ਪੱਥਰ ਵੀ ਸਿੰਘ ਆਪਣੇ ਨਾਲ ਲੈ ਆਏ ਸਨ, ਜੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਹਾਲ ਕੋਲ ਸਥਿਤ ਰਾਮਗੜ੍ਹੀਆ ਬੁੰਗਾ ਵਿਖੇ ਹਾਲੇ ਵੀ ਪਿਆ ਹੈ। ਇਨ੍ਹਾਂ ਜਰਨੈਲਾਂ ਦੀ ਬਹਾਦਰੀ ਅਤੇ ਪਾਏ ਨਵੇਂ ਪੂਰਨਿਆਂ ਤੋਂ ਜਾਣੂ ਕਰਵਾਉਣ ਲਈ ਮੈਂ ਪਿਛਲੇ ਕਈ ਸਾਲਾਂ ਤੋਂ ਇਸ ਸਬੰਧੀ ਖੋਜ ਪੜਤਾਲ ਕਰਕੇ ਹਰ ਵਰ੍ਹੇ ਅਖ਼ਬਾਰਾਂ ਲਈ ਕਾਲਮ ਲਿਖ ਰਿਹਾ ਹਾਂ। ਇਤਿਹਾਸਕ ਕਸਬਾ ਝਬਾਲ ਅਤੇ ਬਘੇਲ ਸਿੰਘ ਦੇ ਜੱਦੀ ਪਿੰਡ ਰਾਉਕੇ ਕਲਾਂ ਵਿਖੇ ਜਾ ਕੇ ਵੀ ਖੋਜ ਕੀਤੀ ਗਈ ਹੈ। ਪਿਛਲੇ ਕੁਝ ਸਾਲਾਂ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦੇ ਲਾਲ ਕਿਲ੍ਹੇ ਵਿਚ ਹਰ ਵਰ੍ਹੇ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ, ਜੋ ਬੇਹੱਦ ਸ਼ਲਾਘਾਯੋਗ ਕਦਮ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਵੀ ਸਿੱਖ ਸੰਸਥਾਵਾਂ ਵਲੋਂ ਅਜਿਹੇ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ।


-ਵਿੰਨੀਪੈੱਗ (ਕੈਨੇਡਾ) ਫੋਨ : 001-431-373-4814


ਖ਼ਬਰ ਸ਼ੇਅਰ ਕਰੋ

ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਦਰਭ ਵਿਚ

ਕਰਤਾਰਪੁਰ ਲਾਂਘੇ ਲਈ ਸੁਹਿਰਦ ਯਤਨ ਹੋਣ

1969 ਈ: ਵਿਚ ਸਿੱਖ ਧਰਮ ਦੇ ਬਾਨੀ, ਸਤਿਗੁਰੂ ਨਾਨਕ ਸਾਹਿਬ ਦੇ 500ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਸਮੁੱਚੇ ਪੰਥ ਵਿਚ ਆਪਮੁਹਾਰਾ ਉਤਸ਼ਾਹ ਅਤੇ ਸ਼ਰਧਾ ਉਪਜੇ। ਇਉਂ ਜਾਪਦਾ ਸੀ ਜਿਵੇਂ ਜੀਵਨ ਦੇ ਹਰ ਖੇਤਰ/ਅੰਗ ਨੂੰ ਇਕ ਤਰ੍ਹਾਂ ਦੀ ਝਰਨਾਹਟ ਨੇ ਹਲੂਣਾ ਦੇ ਦਿੱਤਾ ਸੀ। ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਅੰਤਰਰਾਸ਼ਟਰੀ ਸੈਮੀਨਾਰ ਆਯੋਜਤ ਹੋਇਆ, ਜਿਸ ਵਿਚ ਵਿਸ਼ਵ ਵਿਆਪੀ ਵਿਦਵਾਨਾਂ ਨੇ ਭਾਗ ਲਿਆ। ਗੁਰੂ ਨਾਨਕ ਸਾਹਿਬ ਬਾਰੇ ਉਚੇਚੇ ਖੋਜ ਪ੍ਰਾਜੈਕਟ ਸੰਕਲਪੇ ਗਏ ਅਤੇ ਜਨਮ ਸਾਖੀਆਂ ਉੱਪਰ ਖੋਜ ਲਈ ਮੇਜਰ ਪ੍ਰਾਜੈਕਟ ਲਾਂਚ ਕਰਨ ਦਾ ਉਪਰਾਲਾ ਵੀ ਹੋਇਆ, ਜਿਸ ਦੇ ਸਿੱਟੇ ਵਜੋਂ ਡਾ: ਕਿਰਪਾਲ ਸਿੰਘ ਦੁਆਰਾ ਰਚਿਤ 'ਜਨਮ ਸਾਖੀ ਪਰੰੰਪਰਾ' ਇਕ ਮਾਅਰਕਾ-ਖ਼ੇਜ਼ ਖੋਜ ਰਚਨਾ ਸਾਹਮਣੇ ਆਈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਜੇ.ਐਸ. ਗਰੇਵਾਲ ਦੀ ਪੁਸਤਕ 'ਗੁਰੂ ਨਾਨਕ ਇਨ ਹਿਸਟਰੀ' ਪ੍ਰਕਾਸ਼ਿਤ ਹੋਈ, ਜਿਸ 'ਤੇ ਡਾ: ਗਰੇਵਾਲ ਨੂੰ ਲੰਡਨ ਯੂਨੀਵਰਸਿਟੀ ਨੇ ਡੀ.ਲਿੱਟ. ਦੀ ਡਿਗਰੀ ਪ੍ਰਦਾਨ ਕੀਤੀ। ਇਹ ਪ੍ਰਾਪਤੀਆਂ ਕੋਈ ਨਿਗੂਣੀਆਂ ਨਹੀਂ ਸਨ।
ਹੁਣ 50 ਸਾਲ ਉਪਰੰਤ, 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੀ ਗੱਲ ਚੱਲੀ ਹੈ। ਇਸ ਪੁਰਬ ਦੀ ਨਿਸ਼ਚਿਤ ਤਾਰੀਖ਼ ਨਵੰਬਰ, 2019 ਵਿਚ ਹੈ, ਪਰ ਹਿਲਜੁਲ ਬੜੀ ਘੱਟ ਹੈ। ਪੰਜਾਬ ਸਰਕਾਰ ਨੇ ਇਕ ਕਮੇਟੀ ਬਣਾਈ ਹੈ। ਨਾ-ਮਾਤਰ ਸਰਗਰਮੀਆਂ ਦੀ ਚਰਚਾ ਸ਼੍ਰੋ: ਗੁ: ਪ੍ਰ: ਕਮੇਟੀ ਵਲੋਂ ਅਖ਼ਬਾਰਾਂ ਵਿਚ ਆਉਂਦੀ ਹੈ। ਕੋਈ ਗੰਭੀਰ ਅਤੇ ਨਿੱਗਰ ਗੱਲ ਚਲਦੀ ਧਿਆਨ ਵਿਚ ਨਹੀਂ ਆਉਂਦੀ। ਇਹੀ ਨਿਰਾਸ਼ਾਜਨਕ ਗੱਲ ਹੈ। ਪਾਕਿਸਤਾਨ ਅਤੇ ਭਾਰਤ ਦੋਵਾਂ ਦੇਸ਼ਾਂ ਨੂੰ ਗੁਰੂ ਨਾਨਕ ਸਾਹਿਬ ਦੀ ਵੱਡੀ ਦੇਣ ਹੈ। ਗੁਰੂ ਨਾਨਕ ਦੇਵ ਜੀ ਵਲੋਂ ਸਥਾਪਤ ਸਿੱਖ ਪੰਥ ਦਾ ਦੋਵਾਂ ਦੇਸ਼ਾਂ ਨਾਲ ਨੇੜਲਾ ਸਬੰਧ ਹੈ। ਗੁਰੂ ਨਾਨਕ ਦੇਵ ਜੀ ਦਾ ਆਪਣੇ ਜੀਵਨ ਕਾਲ ਦੇ ਛੇਕੜਲੇ ਸਮੇਂ ਵਿਚ ਰਾਵੀ ਕਿਨਾਰੇ ਵਸਾਇਆ ਨਗਰ, ਕਰਤਾਰਪੁਰ ਪਕਿਸਤਾਨ ਵਿਚ ਹੈ, ਜੋ ਭਾਰਤ-ਪਾਕਿ ਸੀਮਾ ਤੋਂ 4 ਕਿ: ਮੀ: ਦੀ ਵਿੱਥ 'ਤੇ ਹੈ। ਇਥੇ ਗੁਰੂ ਸਾਹਿਬ ਜੋਤੀ ਜੋਤ ਸਮਾਏ ਅਤੇ ਇਥੇ ਹੀ ਹਿੰਦੂਆਂ-ਮੁਸਲਮਾਨਾਂ ਦੋਵਾਂ ਨੇ ਉਨ੍ਹਾਂ ਨੂੰ ਆਪੋ-ਆਪਣਾ ਰਾਹਬਰ ਦਰਸਾਇਆ। ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਤਾਂ 'ਨਾ ਕੋ ਹਿੰਦੂ ਨ ਮੁਸਲਮਾਨ' ਦੇ ਕਥਨ ਨਾਲ ਉਜਾਗਰ ਹੋਇਆ ਸੀ। ਇਹ ਸ਼ਬਦ ਉਨ੍ਹਾਂ ਸੁਲਤਾਨਪੁਰ ਲੋਧੀ (ਕਪੂਰਥਲਾ) ਦੇ ਨਾਲ ਵਗਦੀ ਵੇਈਂ ਨਦੀ ਦੇ ਕੰਢੇ 'ਤੇ ਉਚਾਰੇ ਸਨ। ਉਹ ਧਰਤੀ ਅਜੇ ਸ਼ਾਂਤ ਹੈ। ਇਥੇ ਹਾਲੇ ਸਥਾਨਕ ਸਰਕਾਰ ਨੇ ਵੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਵੱਲ ਧਿਆਨ ਨਹੀਂ ਦਿੱਤਾ।
ਕਰਤਾਰਪੁਰ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਵਿਚ ਸਥਿੱਤ ਹੈ। ਇਥੇ ਪਾਕਿਸਤਾਨ ਬਣਨ ਤੋਂ ਪਹਿਲਾਂ ਸਿੱਖਾਂ ਦੁਆਰਾ ਉਸਾਰਿਆ ਗਿਆ ਗੁਰਦੁਆਰਾ ਕਾਇਮ ਹੈ, ਜੋ ਪਾਕਿਸਤਾਨ ਦੇ ਵਕਫ਼ ਬੋਰਡ ਅਦਾਰੇ ਦੇ ਅਧਿਕਾਰ ਖੇਤਰ ਵਿਚ ਹੈ। ਇਹ ਗੁਰਦੁਆਰਾ ਅਜੇ ਸਿੱਖਾਂ ਲਈ ਬਕਾਇਦਾ ਯਾਤਰਾ ਦੇ ਰੂਟ ਮੈਪ 'ਤੇ ਨਹੀਂ ਹੈ। ਇਸ ਲਈ ਸਿੱਖਾਂ ਨੇ ਮੰਗ ਕੀਤੀ ਹੈ ਕਿ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਤੋਂ ਸਿੱਧਾ ਚਾਰ ਕਿ:ਮੀ: ਦਾ ਲਾਂਘਾ ਦੇ ਕੇ ਸਿੱਖਾਂ ਲਈ ਗੁਰੂ ਸਾਹਿਬ ਦੇ 550ਵੇਂ ਪੁਰਬ 'ਤੇ ਦਰਸ਼ਨਾਂ ਲਈ ਵਿਵਸਥਾ ਬਣਾਈ ਜਾਵੇ।
ਪਾਕਿਸਤਾਨ ਅਤੇ ਭਾਰਤ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਅਜੇ ਤੱਕ ਇਸ ਪਾਸੇ ਧਿਆਨ ਦੇਣ ਦਾ ਕਸ਼ਟ ਨਹੀਂ ਕੀਤਾ। ਪਿਛਲੇ ਸੱਤ ਦਹਾਕਿਆਂ ਵਿਚ ਦੋਵਾਂ ਦੇਸ਼ਾਂ ਦੇ ਰਾਜਸੀ ਆਗੂਆਂ ਨੇ ਆਪੋ-ਆਪਣੇ ਦੇਸ਼ਾਂ ਵਿਚ ਅਜਿਹੇ ਮੁੱਦਿਆਂ ਵੱਲ ਹੀ ਧਿਆਨ ਕੇਂਦ੍ਰਿਤ ਰੱਖਿਆ ਹੈ, ਜਿਨ੍ਹਾਂ ਨਾਲ ਉਨ੍ਹਾਂ ਦੇ ਲੋਕ ਅਜਿਹੇ ਰਾਜਨੀਤਕ ਸਰੋਕਾਰਾਂ ਨਾਲ ਬੱਧੇ ਰਹਿਣ, ਜਿਨ੍ਹਾਂ ਨਾਲ ਦੋਵਾਂ ਦੇਸ਼ਾਂ ਵਿਚਕਾਰ ਦੁਫੇੜ ਬਣੀ ਰਹੇ। ਲੋਕ ਭਾਵਨਾਵਾਂ ਦੀ ਉੱਕਾ ਕੋਈ ਪ੍ਰਵਾਹ ਨਹੀਂ ਕੀਤੀ ਗਈ। ਸਿੱਖਾਂ ਦੀ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਪ੍ਰਤੀ ਅਥਾਹ ਸ਼ਰਧਾ ਨੂੰ ਪਾਕਿਸਤਾਨ ਯਾਤਰੂ ਸੈਲਾਨੀਆਂ ਵਲੋਂ ਆਮਦਨੀ ਦਾ ਸਾਧਨ ਮੰਨ ਕੇ ਭਾਰਤ ਨਾਲ ਸਬੰਧਾਂ ਵਿਚ ਲੋੜ ਅਨੁਸਾਰ ਵਰਤਣ ਲਈ ਰੁਚਿਤ ਹੈ। ਭਾਰਤ ਵਲੋਂ ਵੀ ਇਹ ਮਸਲਾ ਕਿਸੇ ਪਹਿਲ ਵਿਚ ਨਹੀਂ ਹੈ।
ਜਾਪਦਾ ਹੈ ਕਿ ਇਹ ਅਵਸਰ ਸਿੱਖ ਪੰਥ ਨੂੰ ਨਿਰਾਸ਼ਾ ਦੇ ਆਲਮ ਵਿਚ ਹੀ ਲੰਘਾਉਣਾ ਪਵੇਗਾ। ਮੇਰਾ ਇਸ ਸਮੇਂ ਅਖੌਤੀ ਸਿੱਖ ਹਿਤੈਸ਼ੀਆਂ ਅਤੇ ਆਗੂਆਂ ਨੂੰ ਸਵਾਲ ਹੈ ਕਿ ਪੰਥ ਨੇ ਕਿਧਰੇ ਗੁਰੂ ਨਾਨਕ ਦੇਵ ਜੀ ਨੂੰ ਵਿਸਾਰ ਤਾਂ ਨਹੀਂ ਦਿੱਤਾ? ਕਿਧਰ ਜਾਓਗੇ? ਪੰਥ ਦੀ ਗੁਰੂ ਪ੍ਰਤੀ ਸ਼ਰਧਾ ਕਿਥੇ ਆਲੋਪ ਹੋ ਗਈ ਹੈ? ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰਸ਼ਾਹੀ ਨੂੰ ਸਰਕਾਰੀ ਨੌਕਰਸ਼ਾਹੀ ਵਾਂਗ ਵਿਚਰਦਿਆਂ ਦੇਖ ਕੇ ਮਾਯੂਸ ਹਾਂ। ਉਨ੍ਹਾਂ ਵਿਚ ਆਪਮੁਹਾਰੀ ਸ਼ਰਧਾ ਦੀ ਕੋਈ ਭਾਵਨਾ ਦ੍ਰਿਸ਼ਟਮਾਨ ਨਹੀਂ ਹੋ ਰਹੀ ਅਤੇ ਨਾ ਹੀ ਉਨ੍ਹਾਂ ਨੂੰ ਇਸ ਸਮੇਂ ਉਤਸ਼ਾਹਤ ਕੀਤਾ ਜਾ ਸਕਦਾ ਹੈ। ਚਲੋ! ਇਕ ਕੇਂਦਰੀ ਵੱਡਾ ਧਾਰਮਿਕ ਸਮਾਗਮ (ਜੋ ਗੁਰੂ ਤਾਈਂ ਸ਼ਰਧਾ ਉਤਪੰਨ ਕਰ ਸਕੇ) ਡੇਰਾ ਬਾਬਾ ਨਾਨਕ ਹੀ ਕਰ ਲਓ। ਸੰਗਤ ਦੂਰੋਂ ਹੀ ਕਰਤਾਰਪੁਰ ਸਥਿਤ ਗੁਰੂ-ਘਰ ਵੱਲ ਝਾਤ ਮਾਰ ਲਵੇਗੀ। ਹਨੇਰ ਦੀ ਗੱਲ ਹੈ ਜੇ ਮਾਨਸਰੋਵਰ ਦੀ ਯਾਤਰਾ ਲਈ ਚੀਨ ਪਾਸੋਂ ਲਾਂਘਾ ਮਿਲ ਸਕਦਾ ਹੈ ਤਾਂ ਕਰਤਾਰਪੁਰ ਲਈ ਲਾਂਘਾ ਕਿਉਂ ਨਹੀਂ ਮਿਲ ਸਕਦਾ? ਸਾਡਾ ਰਸੂਖ ਅਤੇ ਮਹੱਤਵ ਕਿਧਰ ਗਿਆ?

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਕਾਜ਼ੀ ਰੁਕਨਦੀਨ

ਇਸ਼ਕ ਪੀਰਾਂ-ਫ਼ਕੀਰਾਂ ਦਾ ਮਰਤਬਾ ਹੈ। ਇਸ਼ਕ ਆਪਣੇ ਪਿਆਰੇ ਤੋਂ ਫਨਾਹ ਹੋ ਜਾਣਾ ਹੈ। ਇਸ ਦੀ ਕੀਮਤ ਜਾਨ ਵਾਰ ਕੇ ਅਦਾ ਕੀਤੀ ਜਾਂਦੀ ਹੈ। ਆਸ਼ਕੀ ਵਿਚ ਮਜ਼੍ਹਬਾਂ ਦੀਆਂ ਦੀਵਾਰਾਂ ਵੀ ਟੁੱਟ ਜਾਂਦੀਆਂ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਰਬ ਫੇਰੀ ਦਾ ਅੱਖੀਂ ਡਿੱਠਾ ਬਿਰਤਾਂਤ ਖਵਾਜਾ ਜ਼ੈਨ-ਉਲ-ਅਬਦੀਨ ਨੇ ਅਰਬੀ ਦੀ ਕਿਤਾਬ 'ਤਾਰੀਖੇ ਅਰਬ' ਵਿਚ ਦਿੱਤਾ ਹੈ। ਉਸ ਨੇ ਲਿਖਿਆ ਹੈ ਕਿ ਮੈਂ ਉਸ ਸਮੇਂ ਹਾਜ਼ਰ ਸਾਂ, ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੇਟ ਕਾਜ਼ੀ ਰੁਕਨਦੀਨ ਨਾਲ ਹੋਈ। ਕਾਜ਼ੀ ਨੇ ਗੁਰੂ ਸਾਹਿਬ ਨੂੰ 360 ਸਵਾਲ ਪੁੱਛੇ, ਜਿਨ੍ਹਾਂ ਦੇ ਤਸੱਲੀਬਖ਼ਸ਼ ਜਵਾਬ ਪ੍ਰਾਪਤ ਹੋਣ 'ਤੇ ਕਾਜ਼ੀ ਵਿਸਮਾਦ ਵਿਚ ਆ ਗਿਆ। ਉਹ ਮਹਾਰਾਜ ਜੀ ਦਾ ਮੁਰੀਦ ਬਣ ਗਿਆ। ਉਸ ਨੇ ਜਿਉਂ ਹੀ ਚਰਨ ਪਾਹੁਲ ਪ੍ਰਾਪਤ ਕੀਤੀ, ਉਸ ਦੀ ਸਮਾਧੀ ਲੱਗ ਗਈ। ਪਹਿਲਾਂ ਕਾਜ਼ੀ ਰਾਗ, ਨਾਦ ਦੇ ਵਿਰੁੱਧ ਸੀ ਪਰ ਫਿਰ ਗੁਰੂ ਸਾਹਿਬ ਦਾ ਕੀਰਤਨ ਸੁਣ ਕੇ ਨਿਹਾਲ ਹੁੰਦਾ ਰਿਹਾ। ਮੱਕੇ ਵਿਚ ਇਸ ਗੱਲ ਦੀ ਦੁਹਾਈ ਮਚ ਗਈ ਕਿ ਕਾਜ਼ੀ ਰੁਕਨਦੀਨ ਨੇ ਆਪਣਾ ਦੀਨ ਧਰਮ ਛੱਡ ਕੇ ਨਾਨਕ ਸ਼ਾਹ ਨੂੰ ਗੁਰੂ ਧਾਰ ਲਿਆ ਹੈ। ਮੁਲਾਣਿਆਂ ਨੇ ਉਸ ਨੂੰ ਕਾਫਰ ਦਾ ਫ਼ਤਵਾ ਦੇ ਦਿੱਤਾ। ਗੁਰੂ ਸਾਹਿਬ ਦੇ ਜਾਣ ਉਪਰੰਤ ਕਾਜ਼ੀ ਰੁਕਨਦੀਨ ਰੱਬੀ ਰੰਗ ਵਿਚ ਮਸਤ ਰਹਿ ਕੇ ਸਿਮਰਨ ਕਰਨ ਲੱਗਾ। ਉਹ ਪਹਾੜ ਦੀਆਂ ਕੰਦਰਾਂ ਵਿਚ ਇਕਾਂਤ ਹੋ ਕੇ ਰਸ ਮਾਣਦਾ ਰਿਹਾ।
ਤਪ ਕਰ ਰਹੇ ਕਾਜ਼ੀ ਨੂੰ ਕੰਦਰਾਂ ਵਿਚੋਂ ਧੂਹ ਕੇ ਲਿਆਂਦਾ ਗਿਆ ਅਤੇ ਫ਼ਤਵੇ ਸੁਣਾਏ ਗਏ ਕਿ ਉਹ ਆਪ ਕਾਫ਼ਰ ਹੈ, ਜਿਸ ਨੇ ਇਕ ਹਿੰਦੂ ਕਾਫ਼ਰ ਨੂੰ ਮੁਰਸ਼ਦ ਧਾਰਨ ਕਰ ਲਿਆ ਹੈ। ਇਸ ਲਈ ਉਸ ਨੂੰ 30 ਕੋੜੇ ਮਾਰੇ ਜਾਣ, ਗਿਆਰਾਂ ਦਿਨ ਖਾਣ-ਪੀਣ ਨੂੰ ਕੁਝ ਨਾ ਦਿੱਤਾ ਜਾਵੇ ਅਤੇ ਕੋਠੀ ਬੰਦ ਕੀਤਾ ਜਾਵੇ। ਉਸ ਦੇ ਕਬੀਲੇ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇ, ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇ। ਉਸ ਨੂੰ ਪੁੱਠਾ ਟੰਗਿਆ ਜਾਵੇ, ਮੂੰਹ ਕਾਲਾ ਕਰਕੇ ਮੱਕੇ ਵਿਚ ਫੇਰਿਆ ਜਾਵੇ ਅਤੇ ਰੇਤ ਵਿਚ ਗਲੇ ਤੱਕ ਦੱਬ ਕੇ ਪੱਥਰ ਮਾਰੇ ਜਾਣ। ਜੇਠ ਦੀ ਗਰਮੀ ਵਿਚ ਰੁਕਨਦੀਨ ਨੇ ਅਡੋਲ ਰਹਿ ਕੇ ਸਾਰੇ ਕਸ਼ਟ ਸਹੇ ਪਰ ਇਲਾਹੀ ਰੰਗ ਵਿਚ ਮਸਤ ਰਿਹਾ। ਬਾਈਵੇਂ ਦਿਨ ਜ਼ਮੀਨ ਵਿਚ ਦੱਬ ਕੇ ਸੰਗਸਾਰ ਕਰਨ ਦਾ ਫ਼ਤਵਾ ਲਾਇਆ ਗਿਆ। ਮੱਕੇ ਦੇ ਸ਼ਾਹ ਨੇ ਆਖਰੀ ਬਿਆਨ ਮੰਗੇ ਤਾਂ ਕਾਜ਼ੀ ਨੇ ਸੁਰਤ ਮੋੜੀ, ਮੱਕੇ ਦੇ ਸਾਰੇ ਲੋਕਾਂ ਸਾਹਮਣੇ ਇਹ ਬਿਆਨ ਦਰਜ ਕਰਵਾਇਆ ਕਿ ਮੇਰਾ ਰੱਬ, ਦੀਨ, ਇਮਾਮ ਨਾਨਕ ਹੀ ਹੈ ਜੋ ਸਭ ਤੋਂ ਵੱਡੀ ਕਲਾਮ ਤੇ ਕਿਤਾਬ ਦਾ ਮਾਲਕ ਹੈ। ਤੁਸੀਂ ਵੀ ਉਸ ਦੀ ਸ਼ਰਨ ਵਿਚ ਆ ਜਾਓ। ਏਨਾ ਕਹਿ ਕੇ ਆਪਣਾ ਸਰੀਰ ਛੱਡ ਦਿੱਤਾ। ਹਾਲੇ ਤੱਕ ਉਸ ਦੇ ਵੰਸ਼ ਦੇ ਲੋਕ ਤੀਰਾਹ ਅਤੇ ਅਫ਼ਗਾਨਿਸਤਾਨ ਦੀਆਂ ਪਹਾੜੀਆਂ ਵਿਚ ਰਹਿ ਰਹੇ ਹਨ। ਇਹ ਸਿਰ 'ਤੇ ਕੇਸ ਰੱਖਦੇ ਹਨ ਅਤੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਮੁਰਸ਼ਦ ਮੰਨਦੇ ਹਨ। ਸ਼ਰ੍ਹਾ ਦੀਆਂ ਤੰਗ ਦੀਵਾਰਾਂ ਨੂੰ ਤੋੜ ਕੇ ਕਾਜ਼ੀ ਰੁਕਨਦੀਨ ਆਸ਼ਕੀ ਦੇ ਖੁੱਲ੍ਹੇ ਅੰਬਰਾਂ ਵਿਚ ਅਭੇਦ ਹੋ ਗਿਆ ਅਤੇ ਇਹ ਸਿੱਧ ਕਰ ਗਿਆ-
ਕੌਣ ਕਹਿੰਦਾ ਹੈ ਕਿ ਆਸ਼ਕ ਮਰ ਗਿਆ
ਤੋੜ ਕੇ ਕੰਧਾਂ ਉਹ ਆਪਣੇ ਘਰ ਗਿਆ।

ਫਿਰੋਜ਼ਸ਼ਾਹ ਦੀ ਲੜਾਈ

ਜੋ ਫ਼ੌਜੀਆਂ ਨੇ ਜਿੱਤੀ ਪਰ ਕਮਾਂਡਰਾਂ ਨੇ ਹਰਾ ਦਿੱਤੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਤੇਜ ਸਿੰਘ ਦੀਆਂ ਬੰਦੂਕਾਂ ਨੇ ਗੋਲੀਆਂ ਚਲਾਈਆਂ। ਅੱਗੋਂ ਅੰਗਰੇਜ਼ਾਂ ਨੇ ਕੋਈ ਜਵਾਬ ਨਹੀਂ ਦਿੱਤਾ। ਕੁਝ ਮਿੰਟਾਂ ਬਾਅਦ ਪੰਜਾਬੀ ਬੰਦੂਕਾਂ ਵੀ ਬੰਦ ਹੋ ਗਈਆਂ। ਤੇਜ ਸਿੰਘ ਨੇ ਫ਼ੌਜ ਨੂੰ ਪਿੱਛੇ ਹਟਣ ਦਾ ਹੁਕਮ ਦਿੱਤਾ। ਲੜਾਈ ਵਾਸਤੇ ਤਾਂਘਦੇ ਸਿਪਾਹੀ ਹੈਰਾਨ ਹੋ ਗਏ। ਇਕ ਨਿਹੰਗ ਨੇ ਤਲਵਾਰ ਕੱਢੀ ਤੇ ਤੇਜ ਸਿੰਘ ਵੱਲ ਦੌੜਿਆ ਕਿ ਇਸ ਹੁਕਮ ਦਾ ਮਤਲਬ ਕੀ ਹੈ। ਤੇਜ ਸਿੰਘ ਨੇ ਆਪਣੇ ਹੱਥ ਆਪਸ ਵਿਚ ਰਗੜੇ ਤੇ ਕਿਹਾ ਕਿ ਮੈਂ ਇਹ ਕੰਮ ਖ਼ਾਲਸਾ ਦੇ ਹਿਤ ਵਿਚ ਕਰ ਰਿਹਾ ਹਾਂ, ਮੈਂ ਅੰਗਰੇਜ਼ ਫ਼ੌਜ ਨੂੰ ਪਿਛਲੇ ਪਾਸਿਓਂ ਘੇਰਨਾ ਚਾਹੁੰਦਾ ਹਾਂ। ਸਿਪਾਹੀ ਗੱਲਾਂ ਵਿਚ ਆ ਗਏ ਤੇ ਤੇਜ ਸਿੰਘ ਦੇ ਪਿੱਛੇ ਲੱਗ ਗਏ। ਜਿਹੜੇ ਸਿਪਾਹੀ ਇਕ ਰਾਤ ਪਹਿਲਾਂ ਫਿਰੋਜ਼ਸ਼ਾਹ ਵਿਚ ਪੂਰੀ ਬਹਾਦਰੀ ਨਾਲ ਲੜੇ ਸਨ, ਹੁਣ ਉਹੀ ਜਾਨਣ ਲੱਗੇ ਕਿ ਉਨ੍ਹਾਂ ਦਾ ਕਮਾਂਡਰ ਲਾਲ ਸਿੰਘ ਵੀ ਕੈਂਪ ਛੱਡ ਕੇ ਦੌੜ ਗਿਆ ਹੈ। ਪੰਜਾਬੀ ਕੈਂਪ ਵਿਚ ਬਹਿਸਾਂ ਤੇ ਨਰਾਜ਼ਗੀਆਂ ਸ਼ੁਰੂ ਹੋ ਗਈਆਂ।
ਲਾਰਡ ਗੱਫ ਨੂੰ ਇਹ ਸਮਝਣ ਵਿਚ ਜ਼ਿਆਦਾ ਦੇਰ ਨਹੀਂ ਲੱਗੀ ਕਿ ਲਾਲ ਸਿੰਘ ਤੇ ਤੇਜ ਸਿੰਘ ਨੇ ਆਪਣੇ ਗਦਾਰਾਨਾ ਵਾਅਦੇ ਪੂਰੇ ਕੀਤੇ ਹਨ ਤੇ ਉਸ ਨੇ ਆਪਣੇ ਸਿਪਾਹੀਆਂ ਨੂੰ ਫਿਰੋਜ਼ਸ਼ਾਹ ਵਿਚ ਇਕ ਹੋਰ ਹਮਲਾ ਕਰਨ ਵਾਸਤੇ ਹੁਕਮ ਦਿੱਤਾ। ਸਿੱਖ ਫ਼ੌਜੀ ਦਸਤੇ ਜੋ ਸਮਝਦੇ ਸਨ ਕਿ ਤੇਜ ਸਿੰਘ ਉਨ੍ਹਾਂ ਨੂੰ ਰਾਹਤ ਦੇਵੇਗਾ, ਹੈਰਾਨੀ ਵਿਚ ਆ ਗਏ। ਉਹ ਆਪਣੇ ਮੋਰਚੇ, ਤੋਪਾਂ ਤੇ 80,000 ਪੌਂਡ ਬਾਰੂਦ ਦਾ ਭੰਡਾਰ ਛੱਡ ਕੇ ਦੌੜ ਗਏ।
ਇਸ ਤਰ੍ਹਾਂ ਫਿਰੋਜ਼ਸ਼ਾਹ ਦੀ ਲੜਾਈ ਖ਼ਤਮ ਹੋਈ। ਇਕ ਲੜਾਈ ਜੋ ਫ਼ੌਜੀਆਂ ਨੇ ਜਿੱਤੀ ਸੀ ਤੇ ਉਨ੍ਹਾਂ ਦੇ ਗ਼ਦਾਰ ਕਮਾਂਡਰਾਂ ਨੇ ਹਰਾ ਦਿੱਤੀ।
ਇਸ ਹਾਰ ਤੋਂ ਫੌਰੀ ਬਾਅਦ ਤੇਜ ਸਿੰਘ ਬ੍ਰਿਟਿਸ਼ ਕੈਂਪ ਵਿਚ ਗਿਆ ਤੇ ਲਾਰਡ ਹਾਰਡਿੰਗ ਨੂੰ ਮਿਲਿਆ। ਉਨ੍ਹਾਂ ਵਿਚਕਾਰ ਕੀ ਗੱਲਬਾਤ ਹੋਈ, ਕਿਸੇ ਨੂੰ ਪਤਾ ਨਹੀਂ ਲੱਗਾ ਪਰ ਬਾਅਦ ਦੇ ਦਿਨਾਂ ਵਿਚ ਅੰਗਰੇਜ਼ਾਂ ਨੇ ਇਨ੍ਹਾਂ ਗ਼ਦਾਰਾਂ ਨਾਲ ਕੀ ਵਿਹਾਰ ਕੀਤਾ, ਉਸ ਗੱਲਬਾਤ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ।
ਬੱਦੋਵਾਲ-21 ਜਨਵਰੀ, 1846
ਅੰਗਰੇਜ਼ ਫ਼ੌਜ ਫਿਰੋਜ਼ਸ਼ਾਹ ਦੀ ਜਿੱਤ ਤੋਂ ਬਾਅਦ ਸਤਲੁਜ ਦੇ ਕੰਢੇ ਵੱਲ ਵਧ ਗਈ, ਜਿਥੇ ਲਾਰਡ ਬੁਸ਼ ਨੇ ਲਾਹੌਰ ਵੱਲ ਵਧਣ ਤੋਂ ਪਹਿਲਾਂ ਹੋਰ ਫ਼ੌਜਾਂ ਦੇ ਪਹੁੰਚਣ ਦਾ ਇੰਤਜ਼ਾਰ ਕਰਨ ਦਾ ਫ਼ੈਸਲਾ ਕੀਤਾ। ਲਾਲ ਸਿੰਘ ਤੇ ਤੇਜ ਸਿੰਘ ਨੇ ਕਮਜ਼ੋਰ ਪੈ ਚੁੱਕੇ ਦੁਸ਼ਮਣ ਨਾਲ ਲੜਨ ਦੇ ਮੌਕੇ ਦਾ ਫਾਇਦਾ ਨਹੀਂ ਉਠਾਇਆ। ਖ਼ਾਲਸਾ ਫ਼ੌਜ ਵੀ ਫੇਰੂ ਸ਼ਹਿਰ ਦੀ ਲੜਾਈ ਤੋਂ ਕਾਫੀ ਥੱਕ ਚੁੱਕੀ ਸੀ ਤੇ ਉਨ੍ਹਾਂ ਆਸਾਨੀ ਨਾਲ ਇਸ ਗੱਲ 'ਤੇ ਯਕੀਨ ਕਰ ਲਿਆ ਕਿ ਅੰਗਰੇਜ਼ ਏਨੀ ਬੁਰੀ ਤਰ੍ਹਾਂ ਹਾਰ ਗਏ ਹਨ ਕਿ ਉਹ ਸਤਲੁਜ ਪਾਰ ਕਰਨ ਦੀ ਸੋਚ ਹੀ ਨਹੀਂ ਸਕਦੇ।
ਖੁਸ਼-ਫਹਿਮੀ ਵਾਲਾ ਇਹ ਮੂਡ ਥੋੜ੍ਹੇ ਦਿਨ ਹੀ ਰਿਹਾ। ਜਲਦੀ ਇਤਲਾਹ ਮਿਲ ਗਈ ਕਿ ਅੰਬਾਲਾ ਤੇ ਦਿੱਲੀ ਤੋਂ ਅੰਗਰੇਜ਼ੀ ਫ਼ੌਜ ਦੀ ਵੱਡੀ ਨਫ਼ਰੀ ਇਸ ਪਾਸੇ ਨੂੰ ਚੱਲ ਪਈ ਹੈ। ਇਹ ਵੀ ਪਤਾ ਲੱਗਾ ਕਿ ਇਹ ਨਫ਼ਰੀ ਪਹਿਲਾਂ ਲੁਧਿਆਣਾ ਜਾਵੇਗੀ ਤੇ ਫਿਰ ਸਤਲੁਜ ਦੇ ਨਾਲ-ਨਾਲ ਹੇਠਾਂ ਫਿਰੋਜ਼ਪੁਰ ਵੱਲ ਜਾਵੇਗੀ।
8,000 ਆਦਮੀ ਤੇ 70 ਤੋਪਾਂ ਦੀ ਇਕ ਸਿੱਖ ਫ਼ੌਜ ਫਿਲੌਰ ਦੇ ਕਿਲ੍ਹੇ ਵਿਚ ਤਾਇਨਾਤ ਸੀ, ਜਿਸ ਨੇ ਲੁਧਿਆਣਾ ਵਿਚ ਦੁਸ਼ਮਣ ਦੀਆਂ ਹਰਕਤਾਂ ਉੱਤੇ ਨਜ਼ਰ ਰੱਖਣੀ ਸੀ। ਇਸ ਦਾ ਕਮਾਂਡਰ ਰਣਜੋਧ ਸਿੰਘ ਮਜੀਠੀਆ ਸੀ। ਉਸ ਦੇ ਨਾਲ ਰਾਜਾ ਅਜੀਤ ਸਿੰਘ ਲਾਡਵਾ ਸੀ, ਜੋ ਮਾਲਵੇ ਦਾ ਇਕ ਹੀ ਸਰਦਾਰ ਸੀ, ਜਿਹੜਾ ਅੰਗਰੇਜ਼ਾਂ ਦਾ ਸਾਥ ਦੇਣ ਦੀ ਬਜਾਏ ਲਾਹੌਰ ਦਰਬਾਰ ਪ੍ਰਤੀ ਵਫ਼ਾਦਾਰੀ ਰੱਖਦਾ ਸੀ। ਇਨ੍ਹਾਂ ਦੋ ਸਰਦਾਰਾਂ ਨੇ ਤੇਜ਼ੀ ਨਾਲ ਮਾਰਚ ਕਰਦਿਆਂ ਸਤਲੁਜ ਪਾਰ ਕੀਤਾ। ਇਨ੍ਹਾਂ ਨੇ ਪਹਿਲਾਂ ਫਤਹਿਗੜ੍ਹ ਦਾ ਕਿਲ੍ਹਾ ਆਜ਼ਾਦ ਕਰਵਾਇਆ, ਫਿਰ ਧਰਮਕੋਟ, ਗੰਗਰਾਨਾ ਅਤੇ ਬੱਦੋਵਾਲ 'ਤੇ ਕਬਜ਼ਾ ਕੀਤਾ ਜੋ ਲਾਡਵਾ ਦਾ ਇਲਾਕਾ ਸੀ ਪਰ ਦੁਸ਼ਮਣਾਂ ਦੇ ਕਬਜ਼ੇ ਵਿਚ ਸੀ। ਇਸ ਤੋਂ ਬਾਅਦ 'ਬਾਰ੍ਹਾਂ ਹੱਥਾ' ਦੇ ਥਾਂ 'ਤੇ ਡੇਰਾ ਜਮਾਇਆ, ਜੋ ਲੁਧਿਆਣਾ ਤੋਂ 7 ਮੀਲ ਰਹਿ ਗਿਆ ਸੀ। ਸਿੱਖਾਂ ਨੇ ਲੁਧਿਆਣਾ ਦੀ ਛਾਉਣੀ ਵਿਚ ਛੁਪ ਕੇ ਹਮਲਾ ਕੀਤਾ ਤੇ ਕਈ ਬੈਰਕਾਂ ਨੂੰ ਅੱਗ ਲਗਾ ਦਿੱਤੀ। ਦੁਸ਼ਮਣ ਦਾ ਬਸੀਆਂ ਦਾ ਡੀਪੋ ਵੀ ਖ਼ਤਰੇ ਵਿਚ ਪੈ ਗਿਆ ਸੀ।
ਲਾਰਡ ਗੱਫ ਨੇ ਸਰ ਹੈਨਰੀ ਸਮਿੱਥ ਨੂੰ ਲੁਧਿਆਣਾ ਦੀ ਮਦਦ ਵਾਸਤੇ ਭੇਜਿਆ। ਸਮਿੱਥ ਦਰਿਆ ਦੇ ਖੱਬੇ ਕੰਢੇ ਦੇ ਇਕ ਮੀਲ ਦੀ ਵਿੱਥ 'ਤੇ ਚਲਦਿਆਂ ਉਪਰਲੇ ਵਹਿਣ ਵੱਲ ਚਲਦਾ ਗਿਆ। ਰਣਜੋਧ ਸਿੰਘ ਦਾ ਜਥਾ ਉਸ ਦੇ ਨਾਲ-ਨਾਲ ਹੀ ਚਲਦਾ ਗਿਆ ਤੇ ਜਿਥੇ ਮੌਕਾ ਮਿਲਦਾ, ਦੁਸ਼ਮਣ ਨਾਲ ਦੋ ਹੱਥ ਕਰ ਲੈਂਦਾ। ਸਮਿੱਥ ਨੇ ਬੱਦੋਵਾਲ ਪਹੁੰਚ ਕੇ ਵਲੇਵਾਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਰਣਜੋਧ ਸਿੰਘ ਮਜੀਠੀਆ ਨੇ ਉਸ ਨੂੰ ਕਿਲ੍ਹੇ ਦਾ ਬਾਈਪਾਸ ਨਹੀਂ ਕਰਨ ਦਿੱਤਾ ਤੇ ਪਿਛਲੇ ਪਾਸਿਓਂ ਵੱਡਾ ਹਮਲਾ ਕਰ ਦਿੱਤਾ। ਅੰਗਰੇਜ਼ਾਂ ਦੇ ਸਾਮਾਨ ਦੀ ਗੱਡੀ ਤੇ ਸਟੋਰਾਂ ਉੱਪਰ ਕਬਜ਼ਾ ਕਰ ਲਿਆ।
ਸਰ ਹੈਰੀ ਸਮਿੱਥ ਨੇ ਰਣਜੋਧ ਸਿੰਘ ਮਜੀਠੀਆ ਦੇ ਦਾਅ-ਪੇਚਾਂ ਦੀ ਤਾਰੀਫ ਕਰਦਿਆਂ ਆਪਣੀ ਸਵੈ-ਜੀਵਨੀ ਵਿਚ ਲਿਖਿਆ ਕਿ, 'ਇਹ ਲੜਾਈ ਦੇ ਦੌਰਾਨ ਦਾ ਬਹੁਤ ਹੀ ਵਿਗਿਆਨਕ ਤਰੀਕਾ ਸੀ। ਉਸ ਨੇ ਜੋ ਪੁਜ਼ੀਸ਼ਨ ਬਣਾ ਲਈ ਸੀ, ਜੇ ਉਸ ਨੂੰ ਵਰਤਣੀ ਜਾਣਦਾ ਹੁੰਦਾ ਤਾਂ ਉਹ ਵੱਡੀਆਂ ਪ੍ਰਾਪਤੀਆਂ ਕਰ ਸਕਦਾ ਸੀ। ਉਹ ਮੇਰੇ ਉੱਪਰ ਬਹੁਤ ਤਕੜਾ ਹਮਲਾ ਕਰਕੇ ਖ਼ਤਮ ਕਰ ਸਕਦਾ ਸੀ, ਜਿਸ ਤਰ੍ਹਾਂ ਕਿ ਉਸ ਦੇ ਫਰਾਂਸੀਸੀ ਉਸਤਾਦ ਨੇ ਸਿਖਾਇਆ ਹੋਵੇਗਾ। ਉਸ ਦੀਆਂ ਫ਼ੌਜਾਂ ਮੇਰੀਆਂ ਫ਼ੌਜਾਂ ਨਾਲੋਂ ਵੱਡੀਆਂ ਸਨ।
ਪੰਜਾਬ ਦੇ ਅੰਦਰ ਵੀ ਇਸ ਬਾਰੇ ਇਹੀ ਵਿਚਾਰ ਸੀ। ਕਵੀ ਸ਼ਾਹ ਮੁਹੰਮਦ ਨੇ ਵੀ ਇਹ ਲਿਖਿਆ ਹੈ ਕਿ ਰਣਜੋਧ ਸਿੰਘ ਦੇ ਕੋਲ ਤਾਂ ਦਿੱਲੀ ਤੱਕ ਦਾ ਸਿੱਧਾ ਰਸਤਾ ਖਾਲੀ ਪਿਆ ਸੀ। ਲਗਦਾ ਹੈ ਕਿ ਮਜੀਠੀਆ ਸਮਝਦਾ ਸੀ ਕਿ ਉਸ ਦੇ ਪਿੱਛੇ ਹੋਰ ਤਾਕਤ ਨਹੀਂ ਸੀ। ਉਹ ਆਪਣੇ ਘੇਰੇ ਜਾਣ ਦਾ ਖ਼ਤਰਾ ਵੀ ਮਹਿਸੂਸ ਕਰ ਰਿਹਾ ਸੀ, ਕਿਉਂਕਿ ਦੁਸ਼ਮਣ ਦੀਆਂ ਹੋਰ ਫ਼ੌਜਾਂ ਵੀ ਇਧਰ ਵਧ ਰਹੀਆਂ ਸਨ। ਉਹ ਬੱਦੋਵਾਲ ਤੋਂ ਕੁਝ ਮੀਲ ਪਿੱਛੇ ਹਟ ਗਿਆ ਤੇ ਸਤਲੁਜ ਦੇ ਕੰਢੇ ਦੇ ਇਕ ਪਿੰਡ ਅਲੀਵਾਲ ਵਿਚ ਜਾ ਬੈਠਾ।
ਥੋੜ੍ਹੇ ਹੀ ਦਿਨਾਂ ਬਾਅਦ ਸਰ ਹੈਰੀ ਸਮਿੱਥ ਤੱਕ ਹੋਰ ਫ਼ੌਜੀ ਕੁਮਕ ਪਹੁੰਚ ਗਈ ਤੇ ਉਹ ਮਜੀਠੀਆ ਤੇ ਲਾਡਵਾ ਦੇ ਪਿੱਛੇ ਅਲੀਵਾਲ ਪਹੁੰਚ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਬਚ ਗਈ 'ਛੱਜੂ ਭਗਤ ਦੀ ਸਮਾਧ'

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮਹਾਰਾਜਾ ਰਣਜੀਤ ਸਿੰਘ ਇਸ ਅਸਥਾਨ ਦੀ ਬਹੁਤ ਇੱਜ਼ਤ ਕਰਦੇ ਸਨ। ਉਹ ਹਰ ਸੋਮਵਾਰ ਇਥੇ ਆਉਂਦੇ ਅਤੇ ਗ਼ਰੀਬਾਂ ਤੇ ਜ਼ਰੂਰਤਮੰਦਾਂ ਨੂੰ ਦਿਲ ਖੋਲ੍ਹ ਕੇ ਦਾਨ ਦਿੰਦੇ। ਉਸੇ ਦੌਰਾਨ ਇਸ ਸਥਾਨ 'ਤੇ ਬਾਹਰੋਂ ਆਏ ਯਾਤਰੂਆਂ ਅਤੇ ਸਾਧੂ ਫ਼ਕੀਰਾਂ ਦੇ ਰਹਿਣ ਲਈ ਹੋਰ ਨਵੇਂ ਕਮਰੇ ਬਣਾਏ ਗਏ। ਇਸ ਦੇ ਚਾਰੋ ਪਾਸੇ ਸੁੰਦਰ ਬਗ਼ੀਚੀਆਂ ਬਣਵਾਈਆਂ ਗਈਆਂ ਅਤੇ ਪਾਸ ਹੀ ਇਕ ਤਲਾਬ ਦਾ ਵੀ ਨਿਰਮਾਣ ਕਰਵਾਇਆ ਗਿਆ। ਦਰਿਆ ਰਾਵੀ ਦੇ ਪਾਸ ਹੋਣ ਕਰਕੇ ਉਸ ਤਰਫ਼ੋਂ ਆਉਣ ਵਾਲੀ ਠੰਢੀ ਹਵਾ ਦੇ ਝੋਕੇ ਅਤੇ ਅਸਥਾਨ ਦੇ ਆਸ-ਪਾਸ ਦਾ ਨਜ਼ਾਰਾ ਜ਼ਰੂਰ ਇਥੇ ਠਹਿਰਨ ਵਾਲੇ ਰਾਹਗੀਰਾਂ ਨੂੰ ਕੀਲ ਕੇ ਰੱਖ ਦਿੰਦਾ ਹੋਵੇਗਾ।'
ਛੱਜੂ ਭਗਤ ਦੇ ਚੁਬਾਰੇ 'ਚ ਠਹਿਰਨ ਵਾਲੇ ਸਾਧੂਆਂ, ਫ਼ਕੀਰਾਂ ਅਤੇ ਰਾਹਗੀਰਾਂ ਨੂੰ ਮੁਫ਼ਤ ਭੋਜਨ, ਫਲ ਅਤੇ ਪਹਿਨਣ ਲਈ ਕੱਪੜੇ ਦਿੱਤੇ ਜਾਂਦੇ ਸਨ। ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਸਥਾਨ 'ਤੇ ਕੁਝ ਸ਼ਾਹੀ ਹਕੀਮ ਵੀ ਰੱਖੇ ਹੋਏ ਸਨ, ਜੋ ਸਭ ਦਾ ਮੁਫ਼ਤ ਇਲਾਜ ਕਰਦੇ ਸਨ। ਸੰਭਵ ਹੈ ਉਸੇ ਦੌਰਾਨ ਇਥੋਂ ਇਸ ਪ੍ਰਕਾਰ ਦੀਆਂ ਮਿਲਣ ਵਾਲੀਆਂ ਸੇਵਾਵਾਂ ਅਤੇ ਇਸ ਦੇ ਆਸ-ਪਾਸ ਦੇ ਸ਼ਾਂਤ ਅਤੇ ਖ਼ੁਸ਼ਗਵਾਰ ਵਾਤਾਵਰਨ ਕਰਕੇ ਇਸ ਸਥਾਨ ਨਾਲ ਸਬੰਧਤ ਇਹ ਅਖਾਣ 'ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ਼, ਨਾ ਬੁਖ਼ਾਰੇ' ਮਸ਼ਹੂਰ ਹੋ ਗਿਆ ਹੋਵੇਗਾ।
ਲਾਹੌਰ ਦੀ ਪੁਰਾਣੀ ਅਨਾਰਕਲੀ ਵਿਚ ਮੌਜੂਦ ਬਲਖ਼-ਬੁਖ਼ਾਰੇ ਤੋਂ ਵੀ ਵੱਧ ਸੁੱਖ ਦੇਣ ਵਾਲੇ ਉਪਰੋਕਤ ਛੱਜੂ ਦੇ ਚੁਬਾਰੇ ਦਾ ਵੱਡਾ ਹਿੱਸਾ ਇਸ ਦੇ ਗੱਦੀਨਸ਼ੀਨ ਮਹੰਤ ਵਲੋਂ ਮੈਆਓ ਹਸਪਤਾਲ ਨੂੰ ਵੇਚ ਦਿੱਤਾ ਗਿਆ ਅਤੇ ਬਾਅਦ ਵਿਚ ਛੱਜੂ ਭਗਤ ਦੀ ਸਮਾਧ 'ਤੇ ਬੇਗਮ ਸ਼ਮਸ ਸ਼ਹਾਬੁਉੱਦੀਨ ਕਾਨਵਲੈਸੱਅੰਟ ਹੋਮ ਨੇ ਆਪਣੇ-ਆਪ ਧੱਕੇ ਨਾਲ ਕਬਜ਼ਾ ਕਾਇਮ ਕਰ ਲਿਆ। ਇਸ ਦੇ ਬਾਅਦ ਕਾਨਵਲੈਸੱਅੰਟ ਹੋਮ ਦੇ ਪ੍ਰਬੰਧਕਾਂ ਵਲੋਂ ਜਦੋਂ ਹਸਪਤਾਲ ਦੀ ਇਮਾਰਤ ਨੂੰ ਹੋਰ ਵਿਸ਼ਾਲ ਬਣਾਉਣ ਦੇ ਇਰਾਦੇ ਨਾਲ 'ਛੱਜੂ ਭਗਤ ਦੀ ਸਮਾਧੀ' ਨੂੰ ਢਾਹੁਣ ਦੀ ਕਾਰਵਾਈ ਅਰੰਭੀ ਗਈ ਤਾਂ ਲੇਖਕ ਨੇ ਆਪਣੇ ਪਾਕਿਸਤਾਨੀ ਮਿੱਤਰਾਂ ਦੇ ਸਹਿਯੋਗ ਨਾਲ ਇਸ ਮਾਮਲੇ ਨੂੰ ਜਨਤਕ ਕਰਦਿਆਂ ਕੌਮਾਂਤਰੀ ਪੱਧਰ 'ਤੇ ਇਸ ਸਮਾਰਕ ਨੂੰ ਬਚਾਏ ਜਾਣ ਦੀ ਗੁਹਾਰ ਲਗਾਈ। ਪੰਜਾਬੀਆਂ ਦੀ ਪ੍ਰਮੁੱਖ ਵਿਰਾਸਤੀ ਧਰੋਹਰ ਨਾਲ ਜੁੜੇ ਇਸ ਮਾਮਲੇ ਦੇ ਚਰਚਾ ਵਿਚ ਆਉਣ ਤੱਕ ਉਪਰੋਕਤ ਹਸਪਤਾਲ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਨਾਲ ਮਿਲੀਭੁਗਤ ਕਰਕੇ ਛੱਜੂ ਭਗਤ ਦਾ ਚੁਬਾਰਾ ਅਤੇ ਉਸ ਨਾਲ ਸਬੰਧਤ ਹੋਰ ਸਮਾਰਕ ਜ਼ਮੀਨਦੋਜ਼ ਕਰਨ ਵਿਚ ਕਾਮਯਾਬ ਹੋ ਚੁੱਕਾ ਸੀ, ਜਦੋਂ ਕਿ ਸਮਾਂ ਰਹਿੰਦਿਆਂ ਉਪਰਾਲਾ ਕਰਕੇ ਸਮਾਧ ਨੂੰ ਬਚਾ ਲਿਆ ਗਿਆ ਹੈ।
ਇਸ ਸਮਾਧ ਦੀ ਉਚਾਈ 20 ਫੁੱਟ ਅਤੇ ਇਸ ਦੇ ਅੰਦਰਲੇ ਫਰਸ਼ ਦੀ ਲੰਬਾਈ 16.7 ਫੁੱਟ ਹੈ। ਸਮਾਧ ਦੇ ਫਰਸ਼ 'ਤੇ ਮੁਗ਼ਲ ਸ਼ਾਸਨ ਦੇ ਦੌਰਾਨ ਲਗਾਏ ਗਏ ਲਾਲ ਰੰਗ ਦੇ ਕੀਮਤੀ ਲਾਲ ਪੱਥਰ 'ਤੇ ਹੁਣ ਸੀਮੈਂਟ ਦਾ ਪੱਕਾ ਪਲਸਤਰ ਕਰ ਦਿੱਤਾ ਗਿਆ ਹੈ, ਜਦੋਂਕਿ ਸਮਾਧ ਦੀ ਛੱਤ 'ਤੇ ਰੰਗਦਾਰ ਸ਼ੀਸ਼ਿਆਂ ਦੀ ਕਟਾਈ ਕਰਕੇ ਕੀਤੀ ਗਈ ਮੀਨਾਕਾਰੀ ਅੱਜ ਵੀ ਕਾਇਮ ਹੈ।


-ਅੰਮ੍ਰਿਤਸਰ। ਮੋਬਾ: 93561-27771

ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਭੱਠ ਸਾਹਿਬ ਪੱਟੀ

ਦੇਸ਼ ਦੇ ਇਤਿਹਾਸ ਵਿਚ 'ਨੌ ਲੱਖੀ' ਦੇ ਨਾਂਅ ਨਾਲ ਜਾਣੀ ਜਾਂਦੀ ਤਹਿਸੀਲ ਪੱਟੀ ਜੋ ਕਿ ਆਪਣੇ ਸੀਨੇ ਅੰਦਰ ਕਈ ਸੂਰਬੀਰ ਯੋਧੇ ਅਤੇ ਭਗਤਾਂ ਦੀ ਕੁਰਬਾਨੀ ਦੀਆਂ ਯਾਦਾਂ ਸੰਭਾਲੀ ਬੈਠੀ ਹੈ। ਉਸੇ ਹੀ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿਚ ਸੰਜੋਇਆ ਇਤਿਹਾਸ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬਿਧੀ ਚੰਦ ਛੀਨਾ ਦਾ ਇਤਿਹਾਸਕ ਗੁਰਦੁਆਰਾ ਭੱਠ ਸਾਹਿਬ ਹੈ, ਜਿਸ ਦਾ ਇਤਿਹਾਸ ਆਪਣੇ ਪਾਠਕਾਂ ਦੇ ਰੂਬਰੂ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਦਲ ਬਾਬਾ ਬਿਧੀ ਚੰਦ ਵਲੋਂ ਬਾਬਾ ਗੁਰਬਚਨ ਸਿੰਘ ਜੀ ਸੁਰ ਸਿੰਘ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਭੱਠ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਰੂਪ ਸਿੰਘ ਸੇਵਾ ਨਿਭਾ ਰਹੇ ਹਨ। ਇਤਿਹਾਸਕਾਰਾਂ ਮੁਤਾਬਿਕ ਇਕ ਵਾਰ ਦੂਰ ਦੇਸ਼ ਦੀ ਸੰਗਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਆ ਰਹੀ ਸੀ। ਰਸਤੇ ਵਿਚ ਬਾਰਸ਼ ਹੋਣ ਕਾਰਨ ਸੰਗਤ ਪਾਸ ਜੋ ਭੇਟਾ ਅਤੇ ਕੀਮਤੀ ਦੁਸ਼ਾਲੇ ਸਨ, ਉਹ ਗਿੱਲੇ ਹੋ ਗਏ। ਜਿਸ ਵਕਤ ਸੰਗਤ ਪੱਟੀ ਪਹੁੰਚੀ, ਉਸ ਵੇਲੇ ਬਾਰਿਸ਼ ਬੰਦ ਹੋ ਗਈ। ਪੱਟੀ ਦੇ ਬਦਾਮੀ ਬਾਗ ਵਿਚ ਸੰਗਤ ਨੇ ਆਪਣਾ ਸਾਮਾਨ ਤੇ ਕੀਮਤੀ ਦੁਸ਼ਾਲੇ ਸੁੱਕਣੇ ਪਾ ਦਿੱਤੇ। ਪੱਟੀ ਦੇ ਹੁਕਮਰਾਨ ਮਿਰਜ਼ਾ ਬੇਗ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਸੰਗਤ ਪਾਸੋਂ ਧੱਕੋ-ਜ਼ੋਰੀ ਸੁੰਦਰ ਵਸਤਾਂ ਤੇ ਦੁਸ਼ਾਲੇ ਖੋਹ ਲਏ। ਇਕ ਦੁਸ਼ਾਲਾ ਸੰਗਤ ਨੇ ਕਿਸੇ ਢੰਗ ਨਾਲ ਛੁਪਾ ਕੇ ਬਚਾ ਲਿਆ। ਸੰਗਤ ਭਾਈ ਕੀ ਡਰੋਲੀ ਪਹੁੰਚੀ। ਆਪਣੇ ਪਾਸ ਬਚੀ ਹੋਈ ਭੇਟਾ ਇਕ ਦੁਸ਼ਾਲਾ ਤੇ ਮਾਇਆ ਅਰਪਨ ਕਰਕੇ ਪੱਟੀ ਵਿਚ ਵਾਪਰਿਆ ਦੁਖਾਂਤ ਉਦਾਸ ਮਨ ਨਾਲ ਸਤਿਗੁਰੂ ਜੀ ਨੂੰ ਸੁਣਾਇਆ। ਸਤਿਗੁਰੂ ਜੀ ਨੇ ਸੰਗਤ ਨੂੰ ਦਿਲਾਸਾ ਦਿੱਤਾ ਅਤੇ ਸਜੇ ਹੋਏ ਦੀਵਾਨ ਵਿਚ ਆਪਣੇ ਅਨਿਨ ਪਿਆਰੇ ਵਿਧੀਆਂ ਨਿਪੁੰਨ ਮੁਖੀ ਗੁਰਸਿੱਖ ਬ੍ਰਹਮ ਅਵਸਥਾ ਨੂੰ ਪ੍ਰਾਪਤ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਦੋਵੇਂ ਦੁਸ਼ਾਲੇ ਗੁਰੂ-ਘਰ ਵਿਚ ਵਾਪਸ ਲਿਆਉਣ ਦਾ ਹੁਕਮ ਦੇ ਦਿੱਤਾ।
ਬਾਬਾ ਜੀ ਇਹ ਦੁਸ਼ਾਲੇ ਪ੍ਰਾਪਤ ਕਰਨ ਲਈ ਕਾਲੇ ਰੰਗ ਦਾ ਤੁਰਕਾਨੀ ਬੁਰਕਾ ਅਤੇ ਜ਼ਨਾਨਾ ਜੁੱਤੀ ਪਹਿਨ ਕੇ ਬੇਗਮ ਦੇ ਲਿਬਾਸ ਵਿਚ ਮਿਰਜ਼ਾ ਬੇਗ ਦੇ ਘਰ ਜਾ ਕੇ ਬੇਗਮਾਂ ਦੇ ਕਮਰੇ ਵਿਚ ਪਹੁੰਚ ਗਏ (ਜਿਥੇ ਯਾਦਗਾਰ ਚੁਬਾਰਾ ਸਾਹਿਬ ਸੁਭਾਇਮਾਨ ਹੈ) ਅਤੇ ਬੇਗਮਾਂ ਨੂੰ ਕੁਝ ਭੈ ਦਿੰਦਿਆਂ ਹੋਇਆਂ ਕਿਹਾ, 'ਜੋ ਦੁਸ਼ਾਲੇ ਸੰਗਤ ਪਾਸੋਂ ਖੋਹੇ ਗਏ ਹਨ, ਉਹ ਦੁਸ਼ਾਲੇ ਅਤੇ ਆਪਣੇ ਗਹਿਣੇ, ਸੋਨਾ, ਚਾਂਦੀ ਸਭ ਮੈਨੂੰ ਦੇ ਦਿਉ।' ਡਰਦੀਆਂ ਹੋਈਆਂ ਬੇਗਮਾਂ ਨੇ ਸੁੰਦਰ ਦੁਸ਼ਾਲੇ ਅਤੇ ਆਪਣੇ ਕੀਮਤੀ ਗਹਿਣੇ ਬਾਬਾ ਜੀ ਨੂੰ ਦੇ ਦਿੱਤੇ ਅਤੇ ਚੱਲਣ ਸਮੇਂ ਬਾਬਾ ਜੀ ਨੇ ਬੇਗਮਾਂ ਨੂੰ ਕੁਝ ਭੈ-ਰੂਪੀ ਬਚਨ ਕਿਹਾ ਤਾਂ ਕਿ ਉਹ ਰੌਲਾ ਨਾ ਪਾਉਣ। ਇਤਨੀ ਗੱਲ ਕਹਿ ਕੇ ਬਾਬਾ ਜੀ ਰਾਤੋ-ਰਾਤ ਭਾਈ ਕੀ ਡਰੋਲੀ ਪਹੁੰਚ ਗਏ ਅਤੇ ਗੁਰੂ ਸਾਹਿਬ ਜੀ ਨੂੰ ਦੁਸ਼ਾਲੇ ਅਰਪਨ ਕੀਤੇ। ਸਤਿਗੁਰੂ ਜੀ ਨੇ ਬਹੁਤ ਪ੍ਰਸੰਨ ਹੋ ਕੇ ਕਿਹਾ, 'ਭਾਈ ਬਿਧੀ ਚੰਦ! ਆਪ ਧੰਨ ਹੋ। ਤੁਹਾਡਾ ਜਨਮ ਗੁਰੂ-ਘਰ ਦੇ ਕਾਰਜਾਂ ਨੂੰ ਸੁਧਾਰਨ ਹਿਤ ਹੋਇਆ ਹੈ।'
ਇਨ੍ਹਾਂ ਪਾਵਨ ਮਹਾਨ ਅਸਥਾਨਾਂ ਦੀ ਸੇਵਾ ਬਾਬਾ ਗੁਰਬਚਨ ਸਿੰਘ ਸੁਰ ਸਿੰਘ ਵਾਲੇ ਕਰਵਾ ਰਹੇ ਹਨ। ਬਾਬਾ ਬਿਧੀ ਚੰਦ ਜੀ ਦੇ ਬਲਦੇ ਭੱਠ ਵਿਚ ਬੈਠਣ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 12, 13, 14 ਅਕਤੂਬਰ (23, 24, 25 ਅੱਸੂ) ਨੂੰ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਸਿੱਖ ਪੰਥ ਦੇ ਮਹਾਨ ਕੀਰਤਨੀਏ, ਕਵੀਸ਼ਰ, ਢਾਡੀ ਜਥੇ ਅਤੇ ਸੰਤ-ਮਹਾਂਪੁਰਸ਼ ਅਤੇ ਸਿੰਘ ਸਾਹਿਬਾਨ ਸੰਗਤਾਂ ਦੇ ਰੂਬਰੂ ਹੋਣਗੇ, ਜਿਸ ਦੌਰਾਨ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ।


-ਪੱਟੀ। ਮੋਬਾ: 98155-50432

ਮੈਸੂਰ ਦਾ ਸ਼ਾਹੀ ਦੁਸਹਿਰਾ

ਕਰਨਾਟਕ ਦੀ ਪਛਾਣ ਜਿੰਨੀ ਕਵੇਰੀ ਨਦੀ, ਚੰਦਨ, ਕਰਨਾਟਕ ਸੰਗੀਤ ਤੋਂ ਹੈ, ਉਸ ਤੋਂ ਕਿਤੇ ਜ਼ਿਆਦਾ ਮੈਸੂਰ ਰਾਜ ਘਰਾਣੇ ਅਤੇ ਦੁਸਹਿਰਾ ਉਤਸਵ ਕਰਕੇ ਹੈ। ਕਰਨਾਟਕ ਦੀ ਸੰਸਕ੍ਰਿਤਕ ਰਾਜਧਾਨੀ ਮੈਸੂਰ ਦੁਸਹਿਰਾ ਉਤਸਵ 2017 ਵਾਸਤੇ ਤਿਆਰ ਹੈ। ਮੈਸੂਰ ਰਾਜ ਘਰਾਣੇ ਨੇ 1610 ਵਿਚ ਇਸ ਉਤਸਵ ਦੀ ਸ਼ੁਰੂਆਤ ਕੀਤੀ ਸੀ। ਬਹਰਹਾਲ ਇਸ ਸਾਲ ਮੈਸੂਰ ਦਾ ਸ਼ਾਹੀ ਦੁਸਹਿਰਾ 407ਵੇਂ ਸਾਲ 'ਚ ਹੈ-ਪਹਿਲੇ ਨਰਾਤੇ ਨੂੰ ਮੈਸੂਰ ਦੇ ਵਰਤਮਾਨ ਰਾਜਾ ਰਾਣੀ ਚਾਮੁੰਡੀ ਪਹਾੜੀ ਸਥਿਤ ਦਾ ਮੁੰਡੇਸ਼ਵਰੀ ਦੇਵੀ ਦੀ ਵਿਸ਼ੇਸ ਪੂਜਾ ਕਰਕੇ ਉਤਸਵ ਦੀ ਸ਼ੁਰੂਆਤ ਕਰਦੇ ਹਨ। ਦੁਸਹਿਰੇ ਉਤਸਵ ਦੀ ਮੁੱਖ ਝਾਕੀ 11ਵੇਂ ਦਿਨ ਸ਼ਾਹੀ ਜੰਬੋ ਸਵਾਰੀ ਦੇ ਰੂਪ 'ਚ ਕੱਢੀ ਜਾਂਦੀ ਹੈ। ਸਾਹੀ ਜੰਬੋ ਸਵਾਰੀ ਦਾ ਮੁੱਖ ਹਾਥੀ (ਇਸ ਦਿਨ ਤੋਂ ਪਹਿਲਾਂ ਤਿਆਰੀਆਂ ਦੇ ਤਹਿਤ ਬਗੈਰ ਸਾਜ਼ੋ-ਸਾਮਾਨ ਦੇ ਰੋਜ਼ਾਨਾ ਸ਼ਾਹੀ ਸਵਾਰੀ ਵਿਚ ਹਿੱਸਾ ਲੈਣ ਵਾਲੇ ਹਾਥੀਆਂ ਦਾ ਅਭਿਆਸ ਜਲੂਸ ਵੀ ਕੱਢਿਆ ਜਾਂਦਾ ਹੈ) 750 ਗ੍ਰਾਮ ਸੋਨੇ ਦੇ ਹੌਦੇ ਵਿਚ ਦੇਵੀ ਚਾਮੁੰਡੇਸ਼ਵਰੀ ਦੀ ਮੂਰਤੀ ਲੈ ਕੇ ਜਲੂਸ ਦੀ ਅਗਵਾਈ ਕਰਦਾ ਹੈ। ਦੁਸਹਿਰੇ ਉਤਸਵ ਦੀ ਖਾਸ ਖਿੱਚ ਹਾਥੀਆਂ ਦਾ ਜਲੂਸ ਜਿਸ ਨੂੰ ਸ਼ਾਹੀ ਜੰਬੋ ਸਵਾਰੀ ਕਹਿੰਦੇ ਹਨ, ਨੂੰ ਵੇਖਣ ਵਾਸਤੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਉਂਦੇ ਹਨ। ਇਹ ਸ਼ਾਹੀ ਜੰਬੋ ਸਵਾਰੀ ਮੈਸੂਰ ਪੈਲਿਸ ਤੋਂ ਸ਼ੁਰੂ ਹੋ ਕੇ ਚਮੁੰਡਾ ਪਹਾੜੀ ਉਪਰਲੇ ਚਾਮੁੰਡੇਸ਼ਵਰੀ ਦੇਵੀ ਮੰਦਰ ਦੇ ਵਿਹੜੇ ਸਥਿਤ ਬਨੀਮੰਡਪ ਪਹੁੰਚ ਸਮਾਪਤ ਹੁੰਦੀ ਹੈ। ਇਥੇ ਚਾਮੁੰਡੇਸ਼ਵਰੀ ਦੇਵੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਮੈਸੂਰ ਦੇ ਸ਼ਾਹੀ ਦੁਸਹਿਰੇ ਉਤਸਵ ਦੀ ਖਿੱਚ ਦਾ ਇਕ ਹੋਰ ਕੇਂਦਰ ਸ਼ਾਹੀ ਦਰਬਾਰ ਹੁੰਦਾ ਹੈ। ਵਰਤਮਾਨ ਰਾਜਾ ਦਰਬਾਰ ਲਗਾਉਂਦਾ ਹੈ। ਜੰਬੋ ਸਵਾਰੀ ਦੇ ਨਾਲ ਸ਼ਾਹੀ ਖਾਨਦਾਨ ਦੇ ਪ੍ਰਮੁੱਖ ਲੋਗ ਵੀ ਚਲਦੇ ਹਨ ਅਤੇ ਰੰਗ-ਬਰੰਗੇ ਕੱਪੜਿਆਂ ਵਿਚ ਸਜੇ ਕਲਾਕਾਰਾਂ ਦੀ ਟੋਲੀ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ ਲੋਕ ਕਲਾਕਾਰ ਤੇਜ਼ ਸੰਗੀਤ ਦੀ ਧੁਨ 'ਤੇ ਲੋਕ ਨਾਚ ਪੇਸ਼ ਕਰਦੇ ਹਨ। ਦਸ ਦਿਨ ਤੱਕ ਚੱਲਣ ਵਾਲੇ ਇਸ ਮੈਸੂਰ ਦੇ ਸ਼ਾਹੀ ਦੁਸਹਿਰਾ ਉਤਸਵ ਨੂੰ ਵੇਖਣ ਲਈ ਦੇਸ਼-ਵਿਦੇਸ਼ ਤੋਂ ਲੱਖਾਂ ਸੈਲਾਨੀ ਆਉਂਦੇ ਹਨ, ਜਿਨ੍ਹਾਂ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਂਦੇ ਹਨ।


-ਪਿੰਡ ਪ੍ਰੀਤ ਨਗਰ, ਡਾ: ਚੋਗਾਵਾਂ (ਅੰਮ੍ਰਿਤਸਰ)-143109.
ਮੋਬਾ: 98140-82217

ਸ਼ਬਦ ਵਿਚਾਰ

ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ॥

ਸਿਰੀਰਾਗੁ ਮਹਲਾ ੧
ਮਨਮੁਖਿ ਭੁਲੈ ਭੁਲਾਈਐ
ਭੂਲੀ ਠਉਰ ਨ ਕਾਇ॥
ਗੁਰ ਬਿਨੁ ਕੋ ਨ ਦਿਖਾਵਈ
ਅੰਧੀ ਆਵੈ ਜਾਇ॥
ਗਿਆਨ ਪਦਾਰਥੁ ਖੋਇਆ
ਠਗਿਆ ਮੁਠਾ ਜਾਇ॥ ੧॥
ਬਾਬਾ ਮਾਇਆ ਭਰਮਿ ਭੁਲਾਇ॥
ਭਰਮਿ ਭੁਲੀ ਡੋਹਾਗਣੀ
ਨਾ ਪਿਰ ਅੰਕਿ ਸਮਾਇ॥ ੧॥ ਰਹਾਉ॥
ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ॥
ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ॥
ਧੁਰਹੁ ਵਿਛੁੰਨੀ ਕਿਉ ਮਿਲੈ
ਗਰਬਿ ਮੁਠੀ ਬਿਲਲਾਇ॥ ੨॥
ਵਿਛੁੜਿਆ ਗੁਰੁ ਮੇਲਸੀ
ਹਰਿ ਰਸਿ ਨਾਮ ਪਿਆਰ॥
ਸਾਚਿ ਸਹਜਿ ਸੋਭਾ ਘਣੀ
ਹਰਿ ਗੁਣ ਨਾਮ ਅਧਾਰਿ॥
ਜਿਉ ਭਾਵੈ ਤਿਉ ਰਖੁ ਤੂੰ
ਮੈ ਤੁਝ ਬਿਨੁ ਕਵਨੁ ਭਤਾਰੁ॥ ੩॥
ਅਖਰ ਪੜਿ ਪੜਿ ਭੁਲੀਐ
ਭੇਖੀ ਬਹੁਤੁ ਅਭਿਮਾਨੁ॥
ਤੀਰਥ ਨਾਤਾ ਕਿਆ ਕਰੇ
ਮਨ ਮਹਿ ਮੈਲੁ ਗੁਮਾਨੁ॥
ਗੁਰ ਬਿਨੁ ਕਿਨਿ ਸਮਝਾਈਐ
ਮਨੁ ਰਾਜਾ ਸੁਲਤਾਨੁ॥ ੪॥
ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ॥
ਸਾ ਧਨ ਆਪੁ ਗਵਾਇਆ
ਗੁਰ ਕੈ ਸਬਦਿ ਸੀਗਾਰੁ॥
ਘਰ ਹੀ ਸੇ ਪਿਰੁ ਪਾਇਆ
ਗੁਰ ਕੈ ਹੇਤਿ ਅਪਾਰੁ॥ ੫॥
ਗੁਰ ਕੀ ਸੇਵਾ ਚਾਕਰੀ
ਮਨੁ ਨਿਰਮਲੁ ਸੁਖੁ ਹੋਇ॥
ਗੁਰ ਕਾ ਸਬਦੁ ਮਨਿ ਵਸਿਆ
ਹਉਮੈ ਵਿਚਹੁ ਖੋਇ॥
ਨਾਮੁ ਪਦਾਰਥੁ ਪਾਇਆ
ਲਾਭੁ ਸਦਾ ਮਨਿ ਹੋਇ॥ ੬॥
ਕਰਮਿ ਮਿਲੈ ਤਾ ਪਾਈਐ
ਆਪਿ ਨ ਲਾਇਆ ਜਾਇ॥
ਗੁਰ ਕੀ ਚਰਣੀ ਲਗਿ ਰਹੁ
ਵਿਚਹੁ ਆਪੁ ਗਵਾਇ॥
ਸਚੇ ਸੇਤੀ ਰਤਿਆ ਸਚੋ ਪਲੈ ਪਾਇ॥ ੭॥
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥
ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ॥
ਨਾਨਕ ਸਾਚੁ ਨ ਵੀਸਰੈ
ਮੇਲੇ ਸਬਦੁ ਅਪਾਰੁ॥ ੮॥ ੧੨॥ (ਅੰਗ 60-61)
ਪਦ ਅਰਥ : ਭੁਲੈ-ਭੁੱਲ ਜਾਂਦੀ ਹੈ, ਖੁੰਝ ਜਾਂਦੀ ਹੈ। ਭੁਲਾਈਐ-ਭੁਲਾਈ ਰੱਖਦੀ ਹੈ, ਕੁਰਾਹੇ ਪਾਈ ਰੱਖਦੀ ਹੈ। ਭੂਲੀ-ਭੁੱਲੀ ਹੋਈ ਨੂੰ। ਠਉਰ-ਥਾਂ, ਟਿਕਾਣਾ। ਨ ਕਾਇ-ਕੋਈ ਨਹੀਂ (ਲੱਭਦਾ)। ਕੋ ਨ ਦਿਖਾਵਈ-ਕੋਈ ਦਿਖਾ ਨਹੀਂ ਸਕਦਾ। ਅੰਧੀ-(ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ। ਗਿਆਨ ਪਦਾਰਥੁ ਖੋਇਆ-ਗਿਆਨ ਪਦਾਰਥ (ਨਾਮ ਧਨ) ਗੁਆ ਲਿਆ। ਮੁਠਾ-ਲੁੱਟਿਆ ਜਾਂਦਾ ਹੈ।
ਭਰਮਿ-ਭਰਮ ਵਿਚ ਪੈ ਕੇ। ਭੁਲਾਇ-(ਜੀਵਨ ਦੇ ਸਹੀ ਮਾਰਗ ਨੂੰ) ਭੁਲਾ ਦਿੰਦੀ ਹੈ। ਡੋਹਾਗਣੀ-ਦੁਹਾਗਣ। ਨਾ ਪਿਰ ਅੰਕਿ ਸਮਾਇ-ਪ੍ਰਭੂ ਪਤੀ ਦੇ ਚਰਨਾਂ ਵਿਚ ਸਮਾਅ ਨਹੀਂ ਸਕਦੀ। ਭੂਲੀ-ਜੀਵਨ ਦੇ ਸਹੀ ਮਾਰਗ ਤੋਂ ਭੁੱਲੀ ਹੋਈ। ਫਿਰੈ-(ਭਟਕਦੀ) ਫਿਰਦੀ ਹੈ। ਦਿਸੰਤਰੀ-ਦੇਸ਼ ਦੇਸ਼ਾਂਤਰਾਂ ਵਿਚ। ਗ੍ਰਿਹੁ ਤਜਿ-ਗ੍ਰਿਹਸਤ ਨੂੰ ਤਿਆਗ ਕੇ। ਡੂੰਗਰਿ-ਪਹਾੜਾਂ 'ਤੇ। ਥਲਿ ਚੜੈ-ਜ਼ਮੀਨ ਦੇ ਟਿੱਲੇ 'ਤੇ ਚੜ੍ਹ ਜਾਂਦੀ ਹੈ। ਭਰਮੈ-ਭਟਕਦੀ ਰਹਿੰਦੀ ਹੈ। ਮਨੁ ਡੋਲਾਇ-ਮਨ ਡੋਲਦਾ ਰਹਿੰਦਾ ਹੈ। ਧੁਰਹੁ ਵਿਛੁੰਨੀ-ਧੁਰੋਂ ਵਿਛੜੀ ਹੋਈ ਹੋਣ ਕਰਕੇ। ਕਿਉ ਮਿਲੈ-ਕਿਵੇਂ ਮਿਲ ਸਕਦੀ ਹੈ। ਸਰਬਿ ਮੁਠੀ-ਅਹੰਕਾਰ ਵਿਚ ਠਗੀ ਹੋਈ, ਲੁੱਟੀ ਹੋਈ। ਬਿਲਲਾਇ-(ਅੰਤ ਨੂੰ) ਰੋਵੇਗੀ।
ਵਿਛੜਿਆ-ਪ੍ਰਭੂ ਨਾਲੋਂ ਵਿਛੜੇ ਹੋਇਆਂ ਨੂੰ। ਮੇਲਸੀ-ਮਿਲਾ ਦਿੰਦਾ ਹੈ। ਸੋਭਾ ਘਣੀ-ਬੜੀ ਸੋਭਾ ਹੁੰਦੀ ਹੈ। ਹਰਿ ਗੁਣ-ਪਰਮਾਤਮਾ ਦੇ ਗੁਣਾਂ ਕਾਰਨ। ਨਾਮ ਅਧਾਰਿ-ਨਾਮ ਦੇ ਆਸਰੇ ਕਾਰਨ। ਸਾਚਿ ਸਹਜਿ-ਸਚ ਅਤੇ ਸਹਿਜ ਅਵਸਥਾ ਵਿਚ ਟਿਕਣ ਨਾਲ। ਜਿਉ ਭਾਵੇ-ਜਿਵੇਂ ਤੈਨੂੰ ਚੰਗਾ ਲਗਦਾ ਹੈ। ਕਵਨੁ-ਕੌਣ। ਭਤਾਰੁ-ਮਾਲਕ, ਖਸਮ। ਅਖਰ ਪੜਿ ਪੜਿ-ਬਹੁਤੀ ਵਿੱਦਿਆ ਪੜ੍ਹਨ ਨਾਲ। ਭੁਲੀਐ-ਜੀਵਨ ਦੇ ਸਹੀ ਮਾਰਗ ਨੂੰ ਭੁੱਲ ਜਾਈਦਾ ਹੈ। ਅਭਿਮਾਨੁ-ਹੰਕਾਰ ਹੀ ਪੈਦਾ ਕਰਦਾ ਹੈ। ਕਿਆ ਕਰੇ-ਕੀ ਲਾਭ? ਮੈਲੁ ਗੁਮਾਨੁ-(ਜੇਕਰ ਮਨ ਵਿਚ) ਹਉਮੈ ਦੀ ਮੈਲ ਹੀ ਟਿਕੀ ਰਹੀ। ਮਨੁ ਰਾਜਾ ਸੁਲਤਾਨੁ-ਮਨ ਜੋ ਰਾਜਾ ਅਤੇ ਸੁਲਤਾਨ ਬਣਿਆ ਰਹਿੰਦਾ ਹੈ।
ਗੁਰਬਾਣੀ ਇਸ ਗੱਲ ਦੀ ਸੂਚਕ ਹੈ ਕਿ ਮਾਇਆ ਦਾ ਮੋਹ ਨਿਰਾ ਪਾਗਲਪਨ ਹੈ, ਜਿਸ ਵਿਚ ਫਸ ਕੇ ਜਗਤ ਖੁਆਰ ਹੁੰਦਾ ਰਹਿੰਦਾ ਹੈ। ਗੁਰਵਾਕ ਹੈ-
ਮਾਇਆ ਮੋਹੁ ਸਭੁ ਬਰਲੁ ਹੈ
ਦੂਜੈ ਭਾਇ ਖੁਆਈ ਰਾਮ॥
(ਰਾਗੁ ਵਡਹੰਸੁ ਮਹਲਾ ੩, ਅੰਗ 571)
ਬਰਲ-ਪਾਗਲਪਨ, ਝੱਲਾਪਨ। ਦੂਜੈ ਭਾਇ-ਦੂਜੀ ਮਾਇਆ ਦਾ ਮੋਹ। ਖੁਆਈ-ਖੁਆਰ ਹੁੰਦਾ ਰਹਿੰਦਾ ਹੈ।
ਆਪ ਜੀ ਰਾਗੁ ਬਸੰਤੁ ਵਿਚ ਦ੍ਰਿੜ੍ਹ ਕਰ ਰਹੇ ਹਨ ਕਿ ਜਿਸ ਜੀਵ ਦਾ ਅੰਤਰ-ਆਤਮਾ ਹੀ ਮੈਲਾ ਹੋਵੇ, ਉਹ ਤੀਰਥਾਂ 'ਤੇ ਜਿੰਨਾ ਮਰਜ਼ੀ ਗਮਨ ਕਰਦਾ ਫਿਰੇ ਅਤੇ ਜਗਤ ਦੇ ਦੇਸ਼-ਦੇਸ਼ਾਤਰਾਂ ਵਿਚ (ਭਾਵੇਂ) ਘੁੰਮਦਾ ਫਿਰੇ ਪਰ ਪਰਮਾਤਮਾ ਨਾਲ ਮਿਲਾਪ ਗੁਰੂ ਦੁਆਰਾ ਹੋਣ ਨਾਲ ਹੀ ਦੁਨਿਆਵੀ ਬੰਧਨ ਟੁੱਟਦੇ ਹਨ-
ਜਿਸੁ ਜੀਉ ਅੰਤਰੁ ਮੈਲਾ ਹੋਇ॥
ਤੀਰਥ ਭਵੈ ਦਿਸੰਤਰ ਲੋਇ॥
ਨਾਨਕ ਮਿਲੀਐ ਸਤਿਗੁਰ ਸੰਗ
ਤਉ ਭਵਜਲੁ ਕੇ ਤੂਟਸਿ ਬੰਧ॥ (ਅੰਗ 1169)
ਜੀਉ-ਜੀਵ ਦਾ। ਭਵੈ-ਭੌਂਦਾ ਫਿਰੇ। ਲੋਇ-ਲੋਕਾਈ, ਜਗਤ। ਬੰਧ-ਬੰਧਨ।
ਅੱਖਰੀਂ ਅਰਥ : ਰਹਾਉ ਵਾਲੀਆਂ ਤੁਕਾਂ ਵਿਚ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਮਾਇਆ ਜੀਵ ਨੂੰ ਭੁਲੇਖਿਆਂ ਵਿਚ ਪਾ ਕੇ (ਸਹੀ ਜੀਵਨ ਮਾਰਗ ਤੋਂ) ਭੁਲਾਈ ਅਥਵਾ ਖੁੰਝਾਈ ਰੱਖਦੀ ਹੈ ਅਤੇ ਜਿਹੜੀ ਨਾਭਾਗਣ ਜੀਵ-ਇਸਤਰੀ ਭੁਲੇਖੇ ਵਿਚ ਪੈ ਕੇ ਸਹੀ ਜੀਵਨ ਮਾਰਗ ਤੋਂ ਕੁਰਾਹੇ ਪੈ ਜਾਂਦੀ ਹੈ, ਉਹ ਫਿਰ ਜੀਵ-ਇਸਤਰੀ ਕਦੇ ਪ੍ਰਭੂ ਚਰਨਾਂ ਵਿਚ ਸਮਾਅ ਨਹੀਂ ਸਕਦੀ, ਲੀਨ ਨਹੀਂ ਹੋ ਸਕਦੀ।
ਕਿਉਂਕਿ ਮਾਇਆ ਜੀਵ ਨੂੰ ਭੁੱਲ-ਭੁਲਾਈਆਂ ਵਿਚ ਪਾਈ ਰੱਖਦੀ ਹੈ, ਇਸ ਲਈ ਮਨਮੁਖ ਜੀਵ-ਇਸਤਰੀ ਜੀਵਨ ਦੇ ਸਹੀ ਮਾਰਗ ਤੋਂ ਭੁੱਲੀ ਰਹਿੰਦੀ ਹੈ। ਜੀਵਨ ਪੰਧ ਤੋਂ ਖੁੰਝੀ ਹੋਈ ਅਜਿਹੀ ਜੀਵ-ਇਸਤਰੀ ਨੂੰ ਫਿਰ ਕਿਧਰੇ ਕੋਈ ਥਾਂ-ਟਿਕਾਣਾ ਨਹੀਂ ਮਿਲਦਾ। ਗੁਰੂ ਤੋਂ ਬਿਨਾਂ ਉਸ ਨੂੰ ਕੋਈ ਹੋਰ (ਸਹੀ ਜੀਵਨ ਮਾਰਗ) ਨਹੀਂ ਦਿਖਾ ਸਕਦਾ। ਅਜਿਹੀ ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਜੀਵ ਇਸਤਰੀ ਜੰਮਣ-ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ। ਉਸ ਨੇ ਮਾਨੋ ਆਪਣਾ ਨਾਮ ਧਨ (ਗਿਆਨ ਪਦਾਰਥ) ਗੁਆ ਲਿਆ ਹੈ, ਜਿਸ ਕਾਰਨ ਉਹ ਠੱਗੀ ਜਾਂਦੀ ਹੈ ਅਤੇ ਆਤਮਿਕ ਜੀਵਨ ਵਜੋਂ ਉਹ ਲੁੱਟੀ ਜਾਂਦੀ ਹੈ।
ਅਜਿਹੀ (ਸਹੀ ਜੀਵਨ ਮਾਰਗ ਤੋਂ) ਭੁੱਲੀ ਹੋਈ ਜੀਵ-ਇਸਤਰੀ ਗ੍ਰਿਹਸਤੀ ਜੀਵਨ ਨੂੰ ਤਿਆਗ ਕੇ ਦੇਸ਼-ਦੇਸ਼ਾਂਤਰਾਂ ਵਿਚ (ਭਟਕਦੀ) ਫਿਰਦੀ ਰਹਿੰਦੀ ਹੈ। ਅਜਿਹੀ ਸਹੀ ਜੀਵਨ ਮਾਰਗ ਤੋਂ ਖੁੰਝੀ ਹੋਈ (ਜੀਵ-ਇਸਤਰੀ) ਕਦੇ ਪਹਾੜਾਂ 'ਤੇ ਜਾ ਚੜ੍ਹਦੀ ਹੈ ਅਤੇ ਕਦੇ ਧਰਤੀ (ਦੇ ਟਿੱਬਿਆਂ) 'ਤੇ ਭਾਵ ਉਹ ਭਟਕਦੀ ਫਿਰਦੀ ਹੈ ਅਤੇ ਉਸ ਦਾ ਮਨ ਡੋਲਦਾ ਫਿਰਦਾ ਹੈ। ਜਿਹੜੀ ਜੀਵ-ਇਸਤਰੀ (ਆਪਣੇ ਕਰਮਾਂ ਸਦਕਾ) ਧੁਰ ਤੋਂ ਪ੍ਰਭੂ ਨਾਲੋਂ ਵਿਛੜੀ ਹੋਈ ਹੈ, ਉਹ ਪ੍ਰਭੂ ਚਰਨਾਂ ਵਿਚ ਕਿਵੇਂ ਜੁੜ ਸਕਦੀ ਹੈ? ਉਹ ਤਾਂ ਹੰਕਾਰ ਵਿਚ ਲੁੱਟੀ ਜਾ ਰਹੀ ਹੈ ਅਤੇ ਵਿਛੋੜੇ ਵਿਚ ਕਲਪਦੀ ਰਹਿੰਦੀ ਹੈ।
ਪ੍ਰਭੂ ਨਾਲੋਂ ਵਿਛੜਿਆਂ ਹੋਇਆਂ ਦਾ ਗੁਰੂ ਹੀ ਪ੍ਰਾਣੀ ਨੂੰ ਅਨੰਦਮਈ ਨਾਮ ਅਤੇ ਨਾਮ ਤੇ ਪਿਆਰ ਵਿਚ ਜੋੜ ਕੇ ਪ੍ਰਭੂ ਨਾਲ ਮਿਲਾਪ ਕਰਵਾਉਣ ਵਾਲਾ ਹੈ। ਪ੍ਰਭੂ ਦੇ ਗੁਣਾਂ ਅਤੇ ਆਸਰੇ ਸਦਕਾ, ਸਹਿਜ ਅਵਸਥਾ ਵਿਚ ਟਿਕਣ ਨਾਲ (ਮਨੁੱਖ ਦੀ) ਬੜੀ ਸੋਭਾ ਹੁੰਦੀ ਹੈ। ਇਸ ਲਈ ਹੇ ਪ੍ਰਭੂ, ਜਿਵੇਂ ਤੈਨੂੰ ਚੰਗਾ ਲਗਦਾ ਹੈ, ਉਸੇ ਅਵਸਥਾ ਵਿਚ ਮੈਨੂੰ ਰੱਖ। ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਮਾਲਕ ਨਹੀਂ।
ਬਹੁਤਾ ਪੜ੍ਹ-ਪੜ੍ਹ ਕੇ ਜੀਵਨ ਦੇ ਅਸਲ ਮਾਰਗ ਤੋਂ ਭੁੱਲੇ ਰਹੀਦਾ ਹੈ (ਕਿਉਂਕਿ ਮਨ ਵਿਚ ਵਿੱਦਿਆ ਦਾ ਗੁਮਾਨ ਪੈਦਾ ਹੋ ਜਾਂਦਾ ਹੈ, ਉਂਜ ਗੁਰਬਾਣੀ ਇਸ ਗੱਲ ਦੀ ਸੂਚਕ ਹੈ ਕਿ 'ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ')। ਇਸੇ ਤਰ੍ਹਾਂ ਭੇਖ ਕਰਨ ਨਾਲ ਮਨ ਅੰਦਰ ਹੰਕਾਰ ਹੀ ਪੈਦਾ ਹੁੰਦਾ ਹੈ। ਤੀਰਥਾਂ 'ਤੇ ਇਸ਼ਨਾਨ ਕਰਨ ਦਾ ਵੀ ਕੀ ਫ਼ਾਇਦਾ ਜੇਕਰ ਮਨ ਵਿਚ ਹਉਮੈ ਦੀ ਮੈਲ ਹੀ ਟਿਕੀ ਰਹੀ (ਕਿ ਮੈਂ ਕਿੰਨਾ ਤੀਰਥ ਇਸ਼ਨਾਨੀ ਹਾਂ)। ਇਹ ਮਨ ਜੋ ਰਾਜਾ ਅਤੇ ਸੁਲਤਾਨ ਭਾਵ ਆਕੀ ਖਾਂ ਬਣਿਆ ਬੈਠਾ ਰਹਿੰਦਾ ਹੈ, ਉਸ ਨੂੰ ਗੁਰੂ ਤੋਂ ਬਿਨਾਂ ਹੋਰ ਕੌਣ ਸਮਝਾ ਸਕਦਾ ਹੈ?
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਪਰਉਪਕਾਰ ਦਾ ਮਹੱਤਵ ਤਾਂ ਕਰਮ ਵਿਚ ਹੈ

ਕਿਸੇ ਵੀ ਲੋੜਵੰਦ ਦੀ ਸਹਾਇਤਾ ਦਾ ਮਾਧਿਅਮ ਬਣਨਾ ਕਰਮ ਦੀ ਢੁਕਵੀਂ ਵਰਤੋਂ ਹੈ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਪਰਉਪਕਾਰ ਦਾ ਮਹੱਤਵ ਤਾਂ ਕਰਮ ਵਿਚ ਹੈ। ਧਨ, ਸਰੀਰਕ ਮਿਹਨਤ, ਸੰਸਾਧਕ ਨਾਲ ਕਿਸੇ ਲੋੜਵੰਦ ਦੀ ਸਹਾਇਤਾ ਕਰਨਾ ਹੀ ਪਰਉਪਕਾਰ ਹੈ ਅਤੇ ਭਲਾਈ ਦਾ ਆਧਾਰ। ਸੰਸਾਰਿਕ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਅਤੇ ਸੰਜੋਣਾ ਆਮ ਜਾਣਕਾਰੀ ਲਈ ਜ਼ਰੂਰੀ ਹੋ ਸਕਦਾ ਹੈ ਪਰ ਅਧਿਆਤਮ ਦੇ ਪੱਖ ਤੋਂ ਇਹ ਸਭ ਕੁਝ ਇਕ ਫੋਕਟ ਸਮਾਨ ਹੈ। ਇਹ ਭੌਤਿਕ ਦੁਨੀਆ ਤੋਂ ਇਕ ਮਨ ਲੁਭਾਉਣੇ ਸੁਪਨੇ ਤੋਂ ਵੱਧ ਹੋਰ ਕੁਝ ਨਹੀਂ। ਸਨਾਤਨ ਧਰਮ ਇਸੇ ਤੱਥ ਨੂੰ ਮੰਨਦਾ ਹੈ ਅਤੇ ਜੀਵਨ ਦੀ ਮੌਲਿਕ ਅਤੇ ਰਚਨਾਤਮਿਕ ਵਿਆਖਿਆ ਕਰਦਾ ਹੈ। ਅਧਿਆਤਮ ਪੱਖ ਤੋਂ ਪੂਰਨ ਵਿਅਕਤੀ ਇਸੇ ਸਿਧਾਂਤ ਦੇ ਮਹੱਤਵ ਨੂੰ ਸਮਝਦਾ ਹੈ। ਅਜਿਹੇ ਵਿਅਕਤੀ ਨੂੰ ਆਪਣਾ ਜੀਵਨ ਸਫਲ ਹੁੰਦਾ ਲਗਦਾ ਹੈ। ਅਸਲ ਵਿਚ ਕਿਸੇ ਵਿਅਕਤੀ ਦਾ ਜੀਵਨ ਸਫਲ ਤਾਂ ਤਦ ਹੀ ਹੁੰਦਾ ਹੈ ਜਦ ਉਹ ਅਧਿਆਤਮਕ ਉਦੇਸ਼ਾਂ ਦੀ ਪੂਰਤੀ ਬਿਨਾਂ ਸੰਕੋਚ ਕਰਦਾ ਹੈ। ਇਸ ਦਾ ਭਾਵ ਹੈ ਕਿ ਵਿਅਕਤੀ ਆਪਣੇ-ਆਪ ਨੂੰ ਸਮਾਜ ਅਤੇ ਮਨੁੱਖੀ ਭਲਾਈ ਦੇ ਉਨ੍ਹਾਂ ਸਾਰੇ ਕਾਰਜਾਂ ਪ੍ਰਤੀ ਸਮਰਪਿਤ ਕਰੇ, ਜੋ ਉਸ ਦੀ ਅੰਤਰਆਤਮਾ ਉਸ ਨੂੰ ਕਹਿੰਦੀ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਅਗਰਸੇਨ ਜੈਅੰਤੀ 'ਤੇ ਵਿਸ਼ੇਸ਼

ਅਹਿੰਸਾ ਅਤੇ ਸ਼ਾਂਤੀ ਦੇ ਪ੍ਰੇਰਕ - ਮਹਾਰਾਜਾ ਅਗਰਸੇਨ

ਮਹਾਰਾਜਾ ਅਗਰਸੇਨ ਤਿਆਗ, ਅਹਿੰਸਾ, ਸ਼ਾਂਤੀ, ਰਾਮ ਰਾਜ ਦੇ ਅਸਲ ਸਮਰੱਥਕ, ਕਰੁਣਾ ਦੇ ਪ੍ਰੇਰਕ, ਸੱਚੇ ਸਮਾਜਸੇਵੀ ਅਤੇ ਇਕ ਅਵਤਾਰ ਸਨ। ਸਮਰਾਟ ਅਗਰਸੇਨ ਦਾ ਜਨਮ ਪ੍ਰਤਾਪਨਗਰ ਦੇ ਰਾਜਾ ਬਲੱਭ ਦੇ ਘਰ ਹੋਇਆ। ਵਰਤਮਾਨ ਕੈਲੰਡਰ ਅਨੁਸਾਰ ਮਹਾਰਾਜਾ ਅਗਰਸੇਨ ਦਾ ਜਨਮ 5185 ਸਾਲ ਪਹਿਲਾਂ ਹੋਇਆ। ਅਗਰਸੇਨ ਨੇ ਬਚਪਨ ਤੋਂ ਹੀ ਵੇਦਾਂ, ਸਾਸ਼ਤਰਾਂ, ਅਸਤਰਾਂ-ਸ਼ਸਤਰਾਂ, ਰਾਜਨੀਤੀ ਅਤੇ ਅਰਥਨੀਤੀ ਆਦਿ ਦਾ ਗਿਆਨ ਪ੍ਰਾਪਤ ਕਰ ਲਿਆ ਸੀ। ਰਾਜ ਬਲੱਭ ਨੇ ਸੰਨਿਆਸ ਲੈ ਕੇ ਅਗਰਸੇਨ ਨੂੰ ਰਾਜ-ਭਾਗ ਦਾ ਕੰਮ ਸੌਂਪ ਦਿੱਤਾ। ਅਗਰਸੇਨ ਨੇ ਨਿਪੁੰਨਤਾ ਨਾਲ ਰਾਜ ਦਾ ਸੰਚਾਲਨ ਕੀਤਾ ਅਤੇ ਰਾਜ ਦਾ ਵਿਸਥਾਰ ਕਰਦੇ ਹੋਏ ਪਰਜਾ ਦੇ ਹਿੱਤਾਂ ਲਈ ਕੰਮ ਕੀਤਾ।
ਮਹਾਰਾਜਾ ਅਗਰਸੇਨ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ। ਧਰਮ ਵਿਚ ਉਨ੍ਹਾਂ ਦੀ ਡੁੂੰਘੀ ਰੁਚੀ ਸੀ। ਉਹ ਰੱਬ ਦੀ ਸਾਧਨਾ ਵਿਚ ਵਿਸ਼ਵਾਸ ਕਰਦੇ ਸਨ। ਇਸ ਲਈ ਉਨ੍ਹਾਂ ਨੇ ਆਪਣੇ ਜੀਵਨ ਵਿਚ ਪਰਜਾ ਦੀ ਭਲਾਈ ਅਤੇ ਖ਼ੁਸ਼ਹਾਲੀ ਲਈ ਸ਼ਿਵਜੀ ਜੀ ਤੋਂ ਵਰਦਾਨ ਦੀ ਪ੍ਰਾਪਤੀ ਲਈ ਘੋਰ ਤੱਪਸਿਆ ਕੀਤੀ।
ਮਹਾਰਾਜਾ ਅਗਰਸੇਨ ਨੇ ਆਪਣੇ ਵਿਚਾਰਾਂ ਦੇ ਜ਼ੋਰ ਨਾਲ ਉਸ ਸਮੇਂ ਦੇ ਸਮਾਜ ਨੂੰ ਇਕ ਨਵੀਂ ਦਿਸ਼ਾ ਦਿੱਤੀ। ਮਹਾਰਾਜਾ ਅਗਰਸੇਨ ਦੇ ਵਿਚਾਰਾਂ, ਉਨ੍ਹਾਂ ਵਲੋਂ ਸਮਾਜ ਨੂੰ ਦਿੱਤੀ ਨਵੀਂ ਦਿਸ਼ਾ, ਸਮਾਜਵਾਦ ਅਤੇ ਵਪਾਰ ਦੇ ਮਹੱਤਵ ਨੂੰ ਸਮਝਦਿਆਂ ਭਾਰਤ ਸਰਕਾਰ ਨੇ 24 ਸਤੰਬਰ 1976 ਨੂੰ ਮਹਾਰਾਜਾ ਅਗਰਸੈਨ ਦੇ ਨਾਂਅ ਇਕ ਡਾਕ ਟਿਕਟ ਜਾਰੀ ਕੀਤਾ। ਅੱਜ ਅਗਰਵਾਲ ਸਮਾਜ ਨੇ ਹੀ ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਭਾਰਤੇਂਦੂ ਹਰੀਸ਼ ਚੰਦਰ, ਪੰਜਾਬ ਕੇਸਰੀ ਲਾਲਾ ਲਾਜਪਤ ਰਾਏ, ਸਰ ਗੰਗਾ ਰਾਮ, ਡਾ: ਭਗਵਾਨ ਦਾਸ, ਸਰ ਸ਼ਾਦੀ ਲਾਲ, ਹਨੂਮਾਨ ਪ੍ਰਸਾਦ ਧੌਧਾਰ, ਡਾ: ਰਾਮ ਮਨੋਹਰ ਲੋਹੀਆ ਜਿਹੇ ਪ੍ਰਸਿੱਧ ਕ੍ਰਾਂਤੀਕਾਰੀ ਅਤੇ ਕਮਲਾਪਤੀ ਸਿੰਧਾਨੀਆਂ ਜਿਹੇ ਪ੍ਰਸਿੱਧ ਉਦਯੋਗਪਤੀ ਭਾਰਤੀ ਸਮਾਜ ਨੂੰ ਪ੍ਰਦਾਨ ਕੀਤੇ ਹਨ।
ਅੱਜ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਅਗਰਵਾਲ ਸਮਾਜ ਅਤੇ ਸਭਾਵਾਂ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸਮਾਜ ਭਲਾਈ ਦੇ ਕੰਮਾਂ 'ਚ ਪੂਰਾ ਯੋਗਦਾਨ ਦੇ ਰਹੀਆਂ ਹਨ। ਕੁਰਾਲੀ ਜ਼ਿਲ੍ਹਾ ਮੁਹਾਲੀ ਵਿਖੇ ਵੀ ਪਿਛਲੇ ਕਾਫ਼ੀ ਸਾਲਾਂ ਤੋਂ ਅਗਰਵਾਲ ਸਭਾ ਵਲੋਂ ਸਮਾਜ ਸੁਧਾਰ ਦੇ ਕੰਮ ਕੀਤੇ ਜਾ ਰਹੇ ਹਨ। ਅਗਰਵਾਲ ਸਭਾ ਕੁਰਾਲੀ ਦੇ ਪ੍ਰਧਾਨ ਰਾਕੇਸ਼ ਅਗਰਵਾਲ ਹਨ। ਵਾਤਾਵਰਨ ਦੀ ਸੁਰੱਖਿਆ ਲਈ ਦਰੱਖਤ ਲਗਾਉਣੇ, ਗ਼ਰੀਬ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਆਰਥਿਕ ਮਦਦ ਕਰਨੀ, ਧਾਰਮਿਕ ਸ਼ੋਭਾ ਯਾਤਰਾਵਾਂ ਵਿਚ ਖਾਣ-ਪੀਣ ਦਾ ਪ੍ਰਬੰਧ ਕਰਨਾ, ਖੂਨਦਾਨ ਕੈਂਪ ਦਾ ਆਯੋਜਨ ਕਰਨਾ, ਅਗਰਸੈਨ ਮਹਾਰਾਜ ਦੇ ਅਨਮੋਲ ਵਿਚਾਰਾਂ ਨਾਲ ਸਮਾਜ ਵਿਚ ਲੋਕਾਂ ਨੂੰ ਜਾਗ੍ਰਿਤ ਕਰਨਾ, ਅਗਰਸੇਨ ਜੈਅੰਤੀ ਮੌਕੇ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕਰਨਾ, ਇਸ ਸਭਾ ਦਾ ਮੁੱਖ ਉਦੇਸ਼ ਰਿਹਾ ਹੈ।


-(ਹਿੰਦੀ ਅਧਿਆਪਕ) ਸਰਕਾਰੀ ਹਾਈ ਸਕੂਲ ਗੋਸਲਾਂ, ਕੁਰਾਲੀ (ਮੁਹਾਲੀ)। ਮੋਬਾਈਲ : 9465596231.

ਕੰਢੀ ਖੇਤਰ ਦੀਆਂ ਵਿਲੱਖਣਤਾਵਾਂ

ਅਗਿਆਤਵਾਸ ਸਮੇਂ ਪਾਂਡਵਾਂ ਦੀ ਪਨਾਹਗਾਹ ਰਿਹਾ ਹੈ ਕੰਢੀ ਖੇਤਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਸ੍ਰੀ ਪੰਡਾਇਣ ਦਾ ਪ੍ਰਾਚੀਨ ਖੂਹ-ਇਨ੍ਹਾਂ ਖੂਬਸੂਰਤ ਪਹਾੜੀਆਂ ਦੇ ਪੈਰਾਂ 'ਚੋਂ ਲੰਘਦੀ ਮੁਕੇਰੀਆਂ-ਤਲਵਾੜਾ ਸੜਕ ਕੰਢੇ ਵਸਿਆ ਪਿੰਡ ਹੈ ਸ੍ਰੀ ਪੰਡਾਇਣ। ਇਹ ਥਾਂ ਮੁਕੇਰੀਆਂ ਤੋਂ ਲਗਪਗ 26 ਕਿਲੋਮੀਟਰ ਦੂਰ ਪੈਂਦੀ ਹੈ। ਇਸ ਪਿੰਡ ਦਾ ਪਿਛੋਕੜ ਵੀ ਮਹਾਂਭਾਰਤ ਕਾਲ ਨਾਲ ਜੁੜਿਆ ਦੱਸਿਆ ਜਾਂਦਾ ਹੈ। ਸਹੋੜਾ ਕੰਢੀ ਅਤੇ ਦਮਵਾਲ ਪਿੰਡਾਂ ਵਾਂਗ ਹੀ ਇਸ ਥਾਂ ਦੀ ਵੀ ਮਾਨਤਾ ਹੈ ਕਿ ਆਪਣੇ ਅਗਿਆਤਵਾਸ ਦੌਰਾਨ ਪਾਂਡਵ ਇਨ੍ਹਾਂ ਰਮਣੀਕ ਪਹਾੜੀਆਂ ਵਿਚ ਵਿਚਰਦੇ ਹੋਏ ਇਸ ਥਾਂ 'ਤੇ ਪੁੱਜੇ ਸਨ। ਇਸ ਜਗ੍ਹਾ 'ਤੇ ਇਕ ਬਹੁਤ ਡੂੰਘਾ ਪੌੜੀਦਾਰ ਖੂਹ ਹੈ। ਇਸ ਖੂਹ ਦੀਆਂ ਕੰਧਾਂ 'ਤੇ ਕਈ ਸ਼ਿਲਾਲੇਖ ਵੀ ਮਿਲੇ ਹਨ, ਜਿਨ੍ਹਾਂ 'ਤੇ ਸੰਸਕ੍ਰਿਤ ਵਰਗੀ ਭਾਸ਼ਾ ਵਿਚ ਕੁਝ ਉਕਰਿਆ ਹੋਇਆ ਹੈ। ਪੁਰਾਤਤਵ ਵਿਗਿਆਨੀਆਂ ਅਤੇ ਭਾਸ਼ਾ ਵਿਗਿਆਨੀਆਂ ਮੁਤਾਬਕ ਇਹ ਸ਼ਿਲਾਲੇਖ ਅਤੇ ਭਾਸ਼ਾ ਹਜ਼ਾਰਾਂ ਸਾਲ ਪੁਰਾਣੀ ਹੈ। ਇਸ ਭਾਸ਼ਾ ਦੇ ਅਰਥ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੇ ਹਨ। ਇਸ ਪ੍ਰਾਚੀਨ ਖੂਹ ਤੋਂ ਕੁਝ ਮੀਟਰ ਦੀ ਦੂਰੀ 'ਤੇ ਇਕ ਸ਼ਿਵਲਿੰਗ ਦੀ ਸਥਾਪਨਾ ਵੀ ਕੀਤੀ ਗਈ ਹੈ। ਇਸ ਖੂਹ ਅਤੇ ਸ਼ਿਵਲਿੰਗ ਵਿਚਾਲੇ ਇਕ ਸੁਰੰਗ ਵੀ ਦੱਸੀ ਜਾਂਦੀ ਹੈ, ਜਿਸ ਰਾਹੀਂ ਸ਼ਿਵਲਿੰਗ ਦੀ ਪੂਜਾ ਅਰਚਨਾ ਦੌਰਾਨ ਸ਼ਿਵਲਿੰਗ 'ਤੇ ਜਲ ਚੜ੍ਹਉਣ ਦੀ ਵਿਵਸਥਾ ਕੀਤੀ ਗਈ ਹੈ। ਪਾਂਡਵਾਂ ਵਲੋਂ ਤਿਆਰ ਕੀਤੇ ਗਏ ਇਸ ਖੂਹ ਅਤੇ ਸ਼ਿਵ ਮੰਦਰ ਕਰਕੇ ਹੀ ਇਸ ਪਿੰਡ ਦਾ ਨਾਂਅ ਸ੍ਰੀ ਪੰਡਾਇਣ ਪ੍ਰਚਲਿਤ ਹੋਇਆ ਹੈ। ਸਥਾਨਕ ਲੋਕਾਂ ਵਲੋਂ ਇਸ ਪ੍ਰਾਚੀਨ ਖੂਹ ਅਤੇ ਸ਼ਿਵਲਿੰਗ ਦੀ ਸਾਂਭ-ਸੰਭਾਲ ਬਹੁਤ ਚੰਗੇ ਢੰਗ ਨਾਲ ਕੀਤੀ ਗਈ ਹੈ। ਸ੍ਰੀ ਪੰਡਾਇਣ ਵਿਖੇ ਹਰ ਵਰ੍ਹੇ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਵਿਸ਼ਾਲ ਭੰਡਾਰੇ ਅਤੇ ਧਾਰਮਿਕ ਆਯੋਜਨ ਕੀਤਾ ਜਾਂਦਾ ਹੈ।
ਮਾਤਾ ਹਡਿੰਬਾ ਦੇਵੀ ਮੰਦਰ-ਸ਼ਿਵਾਲਿਕ ਦੀਆਂ ਰਮਣੀਕ ਪਹਾੜੀਆਂ ਦੀ ਗੋਦ ਵਿਚ ਵਸਿਆ ਹੈ ਤਲਵਾੜਾ ਟਾਊਨਸ਼ਿਪ। ਇਸ ਦੇ ਇਕ ਪਾਸੇ ਵਗਦਾ ਹੈ ਕਲ-ਕਲ ਕਰਦਾ ਬਿਆਸ ਦਰਿਆ ਅਤੇ ਦੂਸਰੇ ਪਾਸੇ ਹਨ ਸੱਪ ਵਾਂਗ ਵਲ਼ ਖਾਂਦੀਆਂ ਹਰੀਆਂ-ਭਰੀਆਂ ਪਹਾੜੀਆਂ। ਇੱਥੋਂ ਤਲਵਾੜਾ-ਬੇੜਿੰਗ ਲਿੰਕ ਰੋਡ ਉੱਤੇ 5 ਕਿਲੋਮੀਟਰ ਦੂਰ ਉਚਾਈ 'ਤੇ ਵਸਿਆ ਹੈ ਪਹਾੜੀ ਪਿੰਡ ਵਨਕਰਨਪੁਰ। ਇਸ ਪਹਾੜੀ ਪਿੰਡ ਦੀ ਟੀਸੀ 'ਤੇ ਸਥਾਪਿਤ ਹੈ ਮਾਤਾ ਹਡਿੰਬਾ ਦੇਵੀ ਦਾ ਪ੍ਰਾਚੀਨ ਮੰਦਰ। ਹਜ਼ਾਰਾਂ ਵਰ੍ਹੇ ਪੁਰਾਣੇ ਛਾਂਦਾਰ ਬੋਹੜ ਬਿਰਖ ਦੀਆਂ ਲੰਮੀਆਂ ਬਾਹਾਂ ਦੇ ਕਲਾਵੇ ਵਿਚ ਸਥਿਤ ਇਸ ਮਾਤਾ ਹਡਿੰਬਾ ਦੇਵੀ ਮੰਦਰ ਦਾ ਸਬੰਧ ਮਹਾਭਾਰਤ ਕਾਲ ਦੀ ਇਕ ਪ੍ਰੇਮ ਕਥਾ ਨਾਲ ਜੁੜਿਆ ਹੋਇਆ ਹੈ।
ਦੰਦ ਕਥਾ ਅਨੁਸਾਰ ਆਪਣੇ ਅਗਿਆਤਵਾਸ ਦੌਰਾਨ ਪਾਂਡਵ ਜਦੋਂ ਭੇਖ ਬਦਲ ਕੇ ਪਹਾੜੀਆਂ ਅਤੇ ਜੰਗਲਾਂ ਵਿਚ ਵਿਚਰ ਰਹੇ ਸਨ, ਉਦੋਂ ਰਾਖਸ਼ਸ਼ ਕੁਲ ਦੀ ਕੰਨਿਆ ਹਡਿੰਬਾ ਮਹਾਬਲੀ ਭੀਮ ਵੱਲ ਆਕਰਸ਼ਿਤ ਹੋ ਗਈ ਸੀ। ਇਹ ਗੱਲ ਪਤਾ ਲੱਗਣ 'ਤੇ ਹਡਿੰਬਾ ਦਾ ਭਰਾ ਰਾਖਸ਼ ਹਡਿੰਬ ਉਸ ਨਾਲ ਬਹੁਤ ਨਾਰਾਜ਼ ਹੋ ਗਿਆ ਸੀ। ਉਸ ਨੇ ਆਪਣੀ ਭੈਣ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਮਹਾਬਲੀ ਭੀਮ ਨੂੰ ਮੱਲ ਯੁੱਧ ਲਈ ਲਲਕਾਰਿਆ। ਕਹਿੰਦੇ ਹਨ ਭੀਮ ਅਤੇ ਹਡਿੰਬ ਵਿਚਾਲੇ ਇਹ ਭਿਆਨਕ ਮੱਲ ਯੁੱਧ ਕਈ ਦਿਨ ਚਲਦਾ ਰਿਹਾ ਸੀ। ਕਦੇ ਭੀਮ ਦਾ ਪਲੜਾ ਭਾਰੀ ਹੋ ਜਾਂਦਾ ਤੇ ਕਦੇ ਰਾਖਸ਼ਸ਼ ਹਡਿੰਬ ਹਾਵੀ ਹੋ ਜਾਂਦਾ। ਆਖਰ ਮਹਾਬਲੀ ਭੀਮ ਨੇ ਆਪਣੇ ਸਰੀਰਕ ਅਤੇ ਬੌਧਿਕ ਬਲ ਨਾਲ ਹਡਿੰਬ ਨੂੰ ਹਰਾ ਦਿੱਤਾ। ਇੰਜ ਭੀਮ ਅਤੇ ਹਡਿੰਬਾ ਦੇ ਵਿਆਹ ਵਿਚਲੀ ਰੁਕਾਵਟ ਦੂਰ ਹੋ ਗਈ ਸੀ। ਫਿਰ ਭੀਮ ਅਤੇ ਹਡਿੰਬਾ ਤੋਂ ਪੁੱਤਰ ਘਟੋਤਕਚ ਪੈਦਾ ਹੋਇਆ, ਜਿਸ ਨੇ ਮਹਾਭਾਰਤ ਯੁੱਧ ਦੌਰਾਨ ਆਪਣੇ ਪਿਤਾ ਵਾਂਗ ਹੀ ਅਨੋਖੀ ਵੀਰਤਾ ਦਾ ਸਬੂਤ ਦਿੱਤਾ। ਕਥਾ ਅਨੁਸਾਰ ਦੇਵੀ ਕੁੱਲ ਵਿਚ ਪ੍ਰਵੇਸ਼ ਮਗਰੋਂ ਹਡਿੰਬਾ ਰਾਖਸ਼ਣੀ ਦੀ ਥਾਂ ਹਡਿੰਬਾ ਦੇਵੀ ਵਜੋਂ ਮਾਨਤਾ ਪ੍ਰਾਪਤ ਕਰ ਗਈ ਸੀ। ਉਸ ਨੇ ਵਨਕਰਨਪੁਰ ਨੂੰ ਹੀ ਆਪਣਾ ਤਪ ਸਥਾਨ ਮੰਨ ਲਿਆ। ਕਹਿੰਦੇ ਹਨ ਕਿ ਮਹਾਭਾਰਤ ਯੁੱਧ ਦੌਰਾਨ ਪੁੱਤਰ ਘਟੋਤਕਚ ਦੇ ਵੀਰਗਤੀ ਨੂੰ ਪ੍ਰਾਪਤ ਹੋਣ ਮਗਰੋਂ ਮਾਤਾ ਹਡਿੰਬਾ ਦੇਵੀ ਲੋਕਾਂ ਦਾ ਕਲਿਆਣ ਕਰਦੀ ਹੋਈ ਇਸੇ ਥਾਂ 'ਤੇ ਜੋਤੀ ਜੋਤ ਸਮਾ ਗਈ ਸੀ। ਵਨਕਰਨਪੁਰ ਵਿਖੇ ਇਸ ਮੰਦਰ ਵਿਚ ਹਰ ਵਰ੍ਹੇ 21 ਜੂਨ ਨੂੰ ਵਿਸ਼ਾਲ ਜਾਗਰਣ ਅਤੇ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ। (ਚਲਦਾ)


-ਪੰਚਵਟੀ, ਏਕਤਾ ਇਨਕਲੇਵ-2, ਬੂਲਾਂਬਾੜੀ, ਹੁਸ਼ਿਆਰਪੁਰ।
ਮੋਬਾ: 98761-56964

ਬਰਸੀ 'ਤੇ ਵਿਸ਼ੇਸ਼

ਮਹਾਨ ਤਪੱਸਵੀ ਸਨ ਸੰਤ ਬਾਬਾ ਵਰਿਆਮ ਸਿੰਘ

ਪੰਜਾਬ ਦੀ ਧਰਤੀ ਦੇ ਧੰਨ-ਭਾਗ ਹਨ ਕਿ ਇਥੇ ਅਨੇਕਾਂ ਗੁਰੂਆਂ-ਪੀਰਾਂ, ਸੰਤਾਂ-ਮਹਾਂਪੁਰਸ਼ਾਂ ਨੇ ਜਨਮ ਲਿਆ ਹੈ। ਇਨ੍ਹਾਂ ਸੰਤਾਂ-ਮਹਾਂਪੁਰਸ਼ਾਂ ਵਿਚੋਂ ਇਕ ਸਨ ਸੰਤ ਬਾਬਾ ਵਰਿਆਮ ਸਿੰਘ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਤਪੱਸਿਆ, ਧਰਮ ਦੀ ਰਾਖੀ ਤੇ ਸੰਗਤਾਂ ਦੀ ਸੇਵਾ ਵਿਚ ਗੁਜ਼ਾਰੀ। ਬਾਬਾ ਵਰਿਆਮ ਸਿੰਘ ਦਾ ਜਨਮ 1902 ਈ: ਵਿਚ ਜ਼ਿਲ੍ਹਾ ਜਲੰਧਰ ਦੇ ਕਸਬਾ ਆਦਮਪੁਰ ਨੇੜਲੇ ਪਿੰਡ ਖੁਰਦਪੁਰ ਵਿਖੇ ਪਿਤਾ ਸ: ਗਹਿਣਾ ਸਿੰਘ ਤੇ ਮਾਤਾ ਪ੍ਰੇਮ ਕੌਰ ਦੇ ਘਰ ਹੋਇਆ। ਛੋਟੀ ਉਮਰ ਵਿਚ ਹੀ ਉਨ੍ਹਾਂ ਦੀ ਲਗਨ ਪਰਮਾਤਮਾ ਨਾਲ ਜੁੜ ਗਈ। ਸਭ ਤੋਂ ਪਹਿਲਾਂ ਉਨ੍ਹਾਂ ਨੇ ਸੰਤ ਗੁਰਬਖਸ਼ ਸਿੰਘ ਟਾਂਗਰੇ ਵਾਲਿਆਂ ਨਾਲ ਸੰਗਤ ਕੀਤੀ, ਜਿਨ੍ਹਾਂ ਨੇ ਆਪ ਨੂੰ ਪ੍ਰਭੂ-ਭਗਤੀ ਤੇ ਲੋਕ-ਸੇਵਾ ਲਈ ਪ੍ਰੇਰਿਆ। ਫਿਰ ਸੰਤ ਵਰਿਆਮ ਸਿੰਘ ਹੁਰਾਂ ਨੇ ਜੈਤੋ ਦੇ ਮੋਰਚੇ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦਿਆਂ ਕਈ ਵਾਰ ਜੇਲ੍ਹ ਜਾ ਕੇ ਧਰਮ ਦੀ ਰਾਖੀ ਲਈ ਕੀਤੇ ਗਏ ਸੰਘਰਸ਼ ਵਿਚ ਵੀ ਯੋਗਦਾਨ ਪਾਇਆ। ਉਸ ਤੋਂ ਬਾਅਦ ਉਹ ਘਰ-ਬਾਰ ਤਿਆਗ ਕੇ ਗੁਰਦੁਆਰਾ ਸ੍ਰੀ ਤਪਸਰ ਸਾਹਿਬ ਬਖੂਹਾ (ਖੁਰਦਪੁਰ) ਆ ਗਏ, ਜਿਥੇ ਉਨ੍ਹਾਂ ਨੇ ਕਠਿਨ ਤਪੱਸਿਆ ਕੀਤੀ। ਇਸ ਦੌਰਾਨ ਉਹ ਕਈ ਵਾਰ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ (ਨੰਗਲ) ਜਾ ਕੇ ਵੀ ਪ੍ਰਭੂ-ਭਗਤੀ ਵਿਚ ਲੀਨ ਰਹੇ। ਸੰਤ ਵਰਿਆਮ ਸਿੰਘ ਜੀ ਆਪਣੀ ਭਗਤੀ, ਕੁਰਬਾਨੀ, ਤਿਆਗ ਤੇ ਸੇਵਾ ਭਰੀ ਸੋਚ ਸਦਕਾ ਲੋਕਾਂ ਦੇ ਮਨਾਂ ਵਿਚ ਸ਼ਰਧਾ ਤੇ ਸਤਿਕਾਰ ਬਣਾ ਕੇ 10 ਅਕਤੂਬਰ, 1965 ਈ: ਨੂੰ ਪਰਮਾਤਮਾ ਦੀ ਜੋਤ ਵਿਚ ਸਮਾ ਗਏ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਖੁਰਦਪੁਰ ਵਾਸੀਆਂ ਵਲੋਂ 10 ਅਕਤੂਬਰ ਦਿਨ ਬੁੱਧਵਾਰ ਨੂੰ ਸੰਤ ਬਾਬਾ ਵਰਿਆਮ ਸਿੰਘ ਦੀ ਬਰਸੀ 'ਤੇ ਗੁਰਦੁਆਰਾ ਸ੍ਰੀ ਤਪਸਰ ਸਾਹਿਬ ਬਖੂਹਾ (ਖੁਰਦਪੁਰ) ਵਿਖੇ ਜੋੜ-ਮੇਲਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ।


-ਪਿੰਡ ਤੇ ਡਾਕ: ਖੁਰਦਪੁਰ, ਨੇੜੇ ਆਦਮਪੁਰ (ਜਲੰਧਰ)। ਮੋਬਾ: 94630-61638

ਧਾਰਮਿਕ ਸਾਹਿਤ

ਸਿਮਰਨ ਦੁਆਰਾ ਨਰੋਏ ਸਮਾਜ ਦਾ ਸੰਕਲਪ
ਲੇਖਕ : ਡਾ: ਨਰਿੰਦਰ ਸਿੰਘ ਵਿਰਕ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ।
ਪੰਨੇ : 216, ਮੁੱਲ : 280 ਰੁਪਏ
ਸੰਪਰਕ : 097290-18022


ਸਵਸਥ ਸੋਚ ਵਿਅਕਤੀ ਤੇ ਸਮਾਜ ਦੋਵਾਂ ਨੂੰ ਤੰਦਰੁਸਤ ਤੇ ਉਸਾਰੂ ਰਾਹਾਂ ਉੱਤੇ ਤੋਰਦੀ ਹੈ। ਬਿਮਾਰ ਸੋਚ ਵਿਅਕਤੀ ਤੇ ਸਮਾਜ ਦੋਵਾਂ ਨੂੰ ਰੋਗੀ ਬਣਾਉਂਦੀ ਹੈ। ਭੌਤਿਕ ਕੂੜ-ਕਬਾੜ ਵਾਂਗ ਮਨਾਂ ਨੂੰ ਮਲੀਨ ਬਣਾਉਣ ਵਾਲੇ ਭਾਂਤ-ਭਾਂਤ ਦੇ ਵਿਕਾਰ ਵਿਅਕਤੀ ਨੂੰ ਮਾਨਸਿਕ ਤੇ ਸਰੀਰਕ ਦੋਵਾਂ ਪੱਖਾਂ ਤੋਂ ਬਿਮਾਰ ਕਰਦੇ ਹਨ। ਵਿਅਕਤੀਆਂ ਨਾਲ ਹੀ ਸਮਾਜ ਬਣਦਾ ਹੈ। ਬਿਮਾਰ ਵਿਅਕਤਿਤਵ ਬਿਮਾਰ ਸਮਾਜਾਂ ਨੂੰ ਜਨਮ ਦਿੰਦਾ ਹੈ। ਦਵਾਈਆਂ ਦੇ ਬਾਵਜੂਦ ਰੋਗ ਨਹੀਂ ਮੁੱਕ ਰਹੇ। ਸਰੀਰਕ ਤੇ ਭੌਤਿਕ ਪੱਧਰ ਦੇ ਨਾਲ-ਨਾਲ ਵਿਅਕਤੀਆਂ ਦੀ ਮਾਨਸਿਕਤਾ ਨੂੰ ਨਿਰਮਲ, ਤਕੜਾ ਤੇ ਸਵਸਥ ਬਣਾਉਣ ਦੀ ਲੋੜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾਮ ਸਿਮਰਨ ਦੀ ਜੁਗਤ ਇਸ ਕਾਰਜ ਲਈ ਸੁਝਾਈ ਗਈ ਹੈ। ਈਰਖਾ, ਨਿੰਦਾ, ਚਿੰਤਾ, ਸਾੜਾ, ਹੰਕਾਰ, ਹੱਦਾਂ ਤੋੜਦੇ ਕਾਮ, ਕ੍ਰੋਧ, ਲੋਭ, ਮੋਹ ਤੋਂ ਮੁਕਤ ਨਿਰਭਉ ਨਿਰਵੈਰ ਸਰਬੱਤ ਦੇ ਭਲੇ ਵਾਲੀ ਅਰੋਗ ਮਾਨਸਿਕਤਾ ਅਜਿਹੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਸਿਮਰਨ ਨਾਲ ਹੀ ਹਾਸਲ ਹੋ ਸਕਦੀ ਹੈ। ਡਾ: ਵਿਰਕ ਨੇ ਸਿਮਰਨ ਦੁਆਰਾ ਨਾਮੀ ਦੇ ਗੁਣ ਨਾਮ ਸਿਮਰਨ ਵਾਲੇ ਵਿਚ ਆਉਣ ਵੱਲ ਧਿਆਨ ਦੁਆਇਆ ਹੈ। ਸਰਬ ਰੋਗ ਗਾ ਅਵਖਧ ਨਾਮ ਦੀ ਗੱਲ ਛੋਹੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਉਸ ਦੇ ਹਿੰਦੂ, ਮੁਸਲਿਮ, ਇਸਾਈ, ਬੁੱਧ ਤੇ ਜੈਨ ਧਰਮਾਂ ਵਿਚ ਵੀ ਸਿਮਰਨ ਦੇ ਸੰਕਲਪ/ਮਹੱਤਵ ਦੀ ਚਰਚਾ ਕੀਤੀ ਹੈ। ਨਾਮ ਸਿਮਰਨ ਦੇ ਸੰਕਲਪ, ਵਿਧੀ/ਵਿਹਾਰ ਬਾਰੇ ਵੇਰਵੇ ਸਹਿਤ ਗੱਲ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਉੱਤੇ ਕੀਤੀ ਹੈ। ਸਿਧਾਂਤਕ/ਅਕਾਦਮਿਕ ਚਰਚਾ ਉਪਰੰਤ ਉਸ ਨੇ ਇਸ ਵਿਧੀ ਦੇ ਵਿਹਾਰਕ ਪ੍ਰਸੰਗਾਂ ਲਈ ਸ: ਹਰਦਿਆਲ ਸਿੰਘ ਦੇ ਸਰਬ ਰੋਗ ਦਾ ਅਉਖਧ ਨਾਮ ਮਿਸ਼ਨ, ਡਾ: ਗੁਰਇਕਬਾਲ ਸਿੰਘ ਤੇ ਬੀਬੀ ਬਲਜੀਤ ਕੌਰ ਦੇ ਇਸ ਖੇਤਰ ਦੇ ਪ੍ਰਯੋਗਾਂ ਦਾ ਉਲੇਖ ਕੀਤਾ ਹੈ। ਉਪਰੋਕਤ ਤਿੰਨਾਂ ਵਲੋਂ ਵੱਡੀ ਗਿਣਤੀ ਵਿਚ ਜਟਿਲ ਲਾਇਲਾਜ ਰੋਗੀਆਂ ਦੇ ਰੋਗ-ਮੁਕਤ ਹੋਣ ਦੇ ਬਿਰਤਾਂਤ ਉਸ ਨੇ ਪੁਸਤਕ ਵਿਚ ਅੰਕਿਤ ਕੀਤੇ ਹਨ।


-ਡਾ: ਕੁਲਦੀਪ ਸਿੰਘ ਧੀਰ

ਸੰਤਾਂ ਦੀ ਤਪੋ ਭੂਮੀ ਡੇਰਾ ਬਾਬਾ ਜੱਸਾ ਸਿੰਘ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਬਾਬਾ ਗੁਰਮੁਖ ਸਿੰਘ ਵਲੋਂ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਲਈ ਕੀਤੇ ਗਏ ਉਪਰਾਲਿਆਂ ਵਿਚ ਗੁਰਮਤਿ ਕਾਲਜ, ਪਟਿਆਲਾ ਦੀ ਸਥਾਪਨਾ ਦਾ ਅਹਿਮ ਸਥਾਨ ਹੈ। ਭਵਿੱਖ ਮੁਖੀ ਸੋਚ ਦੇ ਮਾਲਕ ਬਾਬਾ ਗੁਰਮੁਖ ਸਿੰਘ ਨੇ ਜਿੱਥੇ ਆਪ ਸਾਰੀ ਉਮਰ ਸਿੱਖੀ ਪ੍ਰਚਾਰ ਨੂੰ ਸਮਰਪਤ ਕਰ ਦਿੱਤੀ, ਉਥੇ ਇਸ ਕਾਰਜ ਨੂੰ ਲਗਾਤਾਰ ਜਾਰੀ ਰੱਖਣ ਲਈ ਇਕ ਅਜਿਹਾ ਬੂਟਾ ਲਾਇਆ ਜੋ ਹਮੇਸ਼ਾ ਪੰਥ ਦੀ ਸੇਵਾ ਵਿਚ ਹਾਜ਼ਰ ਰਹੇਗਾ। ਗੁਰਮਤਿ ਕਾਲਜ ਦੇ ਸੰਕਲਪ ਪਿੱਛੇ ਬਾਬਾ ਗੁਰਮੁਖ ਸਿੰਘ ਦੀ ਭਾਵਨਾ ਅਜਿਹੇ ਸਿੱਖ ਪ੍ਰਚਾਰਕ ਅਤੇ ਵਿਦਵਾਨ ਪੈਦਾ ਕਰਨਾ ਸੀ, ਜੋ ਸਿੱਖੀ ਦੇ ਗਿਆਨ ਦੇ ਨਾਲ-ਨਾਲ ਅਕਾਦਮਿਕ ਪੱਖੋਂ ਵੀ ਪੂਰਨ ਰੂਪ ਵਿਚ ਸਮਰੱਥ ਹੋਣ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਗੁਰਮਤਿ ਕਾਲਜ ਦੇ ਅੰਤਰਗਤ ਧਰਮ ਅਧਿਐਨ ਵਿਸ਼ੇ ਵਿਚ ਐੱਮ.ਏ. ਦੀ ਡਿਗਰੀ ਕਰਵਾਈ ਜਾਂਦੀ ਹੈ। ਸੰਨ 1964 ਈ: ਵਿਚ ਬਾਬਾ ਗੁਰਮੁਖ ਸਿੰਘ ਨੇ ਸੰਗਤ ਦੀ ਸੰਮਤੀ ਨਾਲ ਡੇਰਾ ਬਾਬਾ ਜੱਸਾ ਸਿੰਘ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਰਕੇ ਡੇਰੇ ਦਾ ਪ੍ਰਬੰਧ ਇਸ ਕਮੇਟੀ ਨੂੰ ਸੌਂਪ ਦਿੱਤਾ। ਜੂਨ 1984 ਈ: ਦੇ ਦਰਬਾਰ ਸਾਹਿਬ ਵਿਖੇ ਵਾਪਰੇ ਘੱਲੂਘਾਰੇ ਦੀ ਪੀੜ ਨੂੰ ਨਾ ਸਹਾਰਦੇ ਹੋਏ ਬਾਬਾ ਗੁਰਮੁਖ ਸਿੰਘ ਜੋ ਉਸ ਸਮੇਂ ਅਮਰੀਕਾ ਵਿਖੇ ਸਨ, ਗੁਰੂ ਸਾਹਿਬ ਦੇ ਚਰਨਾਂ ਵਿਚ ਜਾ ਬਿਰਾਜੇ। ਡੇਰਾ ਬਾਬਾ ਜੱਸਾ ਸਿੰਘ ਵਿਖੇ ਹਰ ਸਾਲ ਸਤੰਬਰ ਦੇ ਮਹੀਨੇ ਡੇਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਉਪਰੋਕਤ ਚਾਰੇ ਮਹਾਂਪੁਰਸ਼ਾਂ ਦੀ ਯਾਦ ਵਿਚ ਜੋੜ ਮੇਲਾ ਮਨਾਇਆ ਜਾਂਦਾ ਹੈ। ਇਸ ਜੋੜ ਮੇਲੇ ਵਿਚ ਜਿੱਥੇ ਦੇਸ਼-ਵਿਦੇਸ਼ ਤੋਂ ਗੁਰਮੁਖ ਸੱਜਣ ਸ਼ਾਮਿਲ ਹੁੰਦੇ ਹਨ, ਉੱਥੇ ਧਨੌਲਾ, ਨਾਭਾ, ਸੰਗਰੂਰ ਅਤੇ ਅਕੋਈ ਸਾਹਿਬ ਤੋਂ ਵਿਸ਼ੇਸ਼ ਤੌਰ 'ਤੇ ਸੰਗਤਾਂ ਹੁੰਮ-ਹੁਮਾ ਕੇ ਪਹੁੰਚਦੀਆਂ ਹਨ। ਇਹ ਜੋੜ ਮੇਲਾ ਇਕ ਪਾਸੇ ਸਾਨੂੰ ਸਾਡੀ ਪਰੰਪਰਾ ਨਾਲ ਜੋੜਦਾ ਹੈ ਅਤੇ ਦੂਜੇ ਪਾਸੇ ਸਿੱਖੀ ਦੇ ਭਵਿੱਖ ਮੁਖੀ ਪ੍ਰਚਾਰ-ਪ੍ਰਸਾਰ ਦਾ ਉਪਰਾਲਾ ਵੀ ਸਾਬਤ ਹੁੰਦਾ ਹੈ। ਇਸ ਵਰ੍ਹੇ ਇਹ ਜੋੜ ਮੇਲਾ 28, 29, 30 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। (ਸਮਾਪਤ)


-ਪ੍ਰੋ: ਜਸਬੀਰ ਸਿੰਘ
ਆਨਰੇਰੀ ਜਨਰਲ ਸਕੱਤਰ, ਡੇਰਾ ਬਾਬਾ ਜੱਸਾ ਸਿੰਘ, ਪਟਿਆਲਾ। ਮੋਬਾ: 98158-26808


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX