ਤਾਜਾ ਖ਼ਬਰਾਂ


ਅਨੰਤਨਾਗ ਤੋਂ ਲੜਾਂਗੀ ਚੋਣ - ਮਹਿਬੂਬਾ ਮੁਫ਼ਤੀ
. . .  51 minutes ago
ਸ੍ਰੀਨਗਰ, 23 ਮਾਰਚ - ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਦਾ ਕਹਿਣਾ ਹੈ ਕਿ ਉਹ ਅਨੰਤਨਾਗ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ।
ਆਈ.ਪੀ.ਐਲ 2019 : ਰਾਇਲ ਚੈਲੇਂਜਰਜ਼ ਬੈਂਗਲੋਰ ਦੀ ਪੂਰੀ ਟੀਮ 70 ਦੌੜਾਂ ਬਣਾ ਕੇ ਆਊਟ
. . .  about 1 hour ago
ਗੈਂਗਸਟਰ ਗੋਪੀ ਦੇ ਪਰਿਵਾਰਕ ਮੈਂਬਰਾਂ ਸਮੇਤ 5 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ
. . .  about 2 hours ago
ਚੌਕ ਮਹਿਤਾ, 23 ਮਾਰਚ (ਧਰਮਿੰਦਰ ਸਿੰਘ ਸਦਾਰੰਗ)- ਨਜ਼ਦੀਕੀ ਪਿੰਡ ਘਨ ਸ਼ਾਮਪੁਰ ਵਿਖੇ ਗੋਲੀ ਲੱਗਣ ਨਾਲ ਇੱਕ ਨੌਜਵਾਨ ਦੇ ਗੰਭੀਰ ਰੂਪ ਵਿਚ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਜ਼ਖਮੀ ...
ਮੁੱਠਭੇੜ 'ਚ 2 ਅੱਤਵਾਦੀ ਢੇਰ
. . .  about 3 hours ago
ਸ੍ਰੀਨਗਰ, 23 ਮਾਰਚ - ਜੰਮੂ-ਕਸ਼ਮੀਰ ਦੇ ਸੋਪੋਰ ਵਿਖੇ ਸੁਰੱਖਿਆ ਬਲਾਂ ਨੇ ਮੁੱਠਭੇੜ ਦੌਰਾਨ 2 ਅੱਤਵਾਦੀਆਂ ਨੂੰ ਢੇਰ ਕਰ...
ਆਈ.ਪੀ.ਐਲ 2019 : ਟਾਸ ਜਿੱਤ ਕੇ ਚੇਨਈ ਸੁਪਰ ਕਿੰਗਜ਼ ਵੱਲੋਂ ਪਹਿਲਾ ਗੇਂਦਬਾਜ਼ੀ ਦਾ ਫ਼ੈਸਲਾ
. . .  about 3 hours ago
ਲੜਕੇ-ਲੜਕੀ ਵੱਲੋਂ ਫਾਹਾ ਲੈ ਕੇ ਖ਼ੁਦਕੁਸ਼ੀ
. . .  about 3 hours ago
ਭਾਈ ਰੂਪਾ (ਬਠਿੰਡਾ), 23 ਮਾਰਚ (ਵਰਿੰਦਰ ਲੱਕੀ) - ਨੇੜਲੇ ਪਿੰਡ ਦਿਆਲਪੁਰਾ ਭਾਈਕਾ ਵਿਖੇ ਨੌਜਵਾਨ ਲੜਕੇ ਅਤੇ ਲੜਕੀ ਨੇ ਦਰਖਤ ਨਾਲ ਪਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ...
ਸੋਮਾਲੀਆ : 2 ਧਮਾਕਿਆਂ 'ਚ 6 ਮੌਤਾਂ
. . .  about 3 hours ago
ਮੋਗਾਦਿਸ਼ੂ, 23 ਮਾਰਚ - ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਵਿਖੇ ਰੋਜ਼ਗਾਰ ਮੰਤਰਾਲੇ ਤੇ ਜਨਤਕ ਕਾਰਜਾਂ ਦੀਆਂ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ 2 ਧਮਾਕਿਆਂ 'ਚ 6 ਲੋਕਾਂ ਦੀ ਮੌਤ...
ਅੰਡੇਮਾਨ 'ਚ ਭੂਚਾਲ ਦੇ ਝਟਕੇ ਮਹਿਸੂਸ
. . .  about 4 hours ago
ਪੋਰਟ ਬਲੇਅਰ, 23 ਮਾਰਚ - ਅੰਡੇਮਾਨ ਟਾਪੂ ਇਲਾਕੇ 'ਚ ਅੱਜ ਸ਼ਾਮ 5 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੁਸ ਕੀਤੇ ਗਏ। ਰਿਕਟਰ ਪੈਮਾਨੇ 'ਚ ਭੂਚਾਲ ਦੀ ਤੀਬਰਤਾ...
ਟਰੱਕ-ਐਕਟਿਵਾ ਦੀ ਟੱਕਰ 'ਚ ਮਾਂ ਦੀ ਮੌਤ, ਧੀ ਜ਼ਖਮੀ
. . .  about 4 hours ago
ਹੰਬੜਾਂ, 23 ਮਾਰਚ (ਜਗਦੀਸ਼ ਸਿੰਘ ਗਿੱਲ) - ਹੰਬੜਾਂ-ਲੁਧਿਆਣਾ ਸੜਕ 'ਤੇ ਪ੍ਰਤਾਪ ਸਿੰਘ ਵਾਲਾ ਵਿਖੇ ਇੱਕ ਤੇਜ ਰਫ਼ਤਾਰ ਟਰੱਕ ਅਤੇ ਐਕਟਿਵਾ ਵਿਚਕਾਰ ਹੋਈ ਟੱਕਰ ਦੌਰਾਨ ਇਕ ਔਰਤ...
ਪਾਕਿਸਤਾਨ ਵੱਲੋਂ ਜੰਗਬੰਦੀ ਦੀ ਉਲੰਘਣਾ
. . .  about 4 hours ago
ਸ੍ਰੀਨਗਰ, 23 ਮਾਰਚ - ਪਾਕਿਸਤਾਨ ਵੱਲੋਂ ਅੱਜ ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਵਿਖੇ ਸ਼ਾਮ 5.30 ਵਜੇ ਦੇ ਕਰੀਬ ਜੰਗਬੰਦੀ ਦੀ ਉਲੰਘਣਾ ਕੀਤੀ ਗਈ, ਜਿਸ ਦਾ ਭਾਰਤ ਵੱਲੋਂ ਮੂੰਹ-ਤੋੜ ਜਵਾਬ ਦਿੱਤਾ...
ਹੋਰ ਖ਼ਬਰਾਂ..

ਸਾਡੇ ਪਿੰਡ ਸਾਡੇ ਖੇਤ

ਆਲੂਆਂ ਦੀ ਸਫ਼ਲ ਕਾਸ਼ਤ ਸਬੰਧੀ ਨੁਕਤੇ

ਆਲੂ ਦੀਆਂ ਉੱਨਤ ਕਿਸਮਾਂ: ਅਗੇਤੀਆਂ ਕਿਸਮਾਂ: ਕੁਫ਼ਰੀ ਸੂਰੀਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ।
ਦਰਮਿਆਨੇ ਸਮੇਂ ਦੀਆਂ ਕਿਸਮਾਂ: ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ ਅਤੇ ਕੁਫ਼ਰੀ ਬਹਾਰ।
ਪਛੇਤੀਆਂ ਕਿਸਮਾਂ: ਕੁਫ਼ਰੀ ਸੰਧੂਰੀ ਅਤੇ ਕੁਫ਼ਰੀ ਬਾਦਸ਼ਾਹ।
ਪ੍ਰੋਸੈਸਿੰਗ ਵਾਲੀਆਂ ਕਿਸਮਾਂ: ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 ਅਤੇ ਕੁਫ਼ਰੀ ਫਰਾਈਸੋਨਾ।
ਆਲੂ ਦੀ ਕਾਸ਼ਤ ਦੇ ਢੰਗ: ਹਰੀ ਖਾਦ: 20 ਕਿਲੋ ਸਣ ਜਾਂ ਜੰਤਰ ਜੂਨ ਦੇ ਆਖਰੀ ਹਫ਼ਤੇ ਤੋਂ ਜੁਲਾਈ ਦੇ ਪਹਿਲੇ ਹਫ਼ਤੇ ਵਿਚ ਬੀਜੋ। ਜਦੋਂ ਇਹ ਫ਼ਸਲ 40-45 ਦਿਨਾਂ ਦੀ ਹੋ ਜਾਵੇ ਤਾਂ ਉਸ ਨੂੰ ਜ਼ਮੀਨ ਵਿਚ ਵਾਹ ਦਿਓ। ਅਜਿਹਾ ਕਰਨ ਨਾਲ ਆਲੂ ਬੀਜਣ ਤੋਂ ਪਹਿਲਾਂ-ਪਹਿਲਾਂ ਇਹ ਚੰਗੀ ਤਰ੍ਹਾਂ ਗਲ-ਸੜ ਜਾਂਦੀ ਹੈ।
ਬੀਜ ਦੀ ਮਾਤਰਾ: 40-50 ਗ੍ਰਾਮ ਭਾਰ ਦੇ ਆਲੂ 12-18 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਣੇ ਚਾਹੀਦੇ ਹਨ। ਵਧੀਆ ਕੁਆਲਟੀ ਦਾ ਰੋਗ ਰਹਿਤ ਬੀਜ ਹੀ ਵਰਤਣਾ ਚਾਹੀਦਾ ਹੈ।
ਬੀਜ ਆਲੂ ਨੂੰ ਰੋਗ ਰਹਿਤ ਕਰਨਾ ਤੇ ਬਿਜਾਈ ਤੋਂ ਪਹਿਲਾਂ ਤਿਆਰੀ : ਆਲੂਆਂ ਦੇ ਖਰੀਂਢ ਰੋਗ ਦੀ ਰੋਕਥਾਮ ਲਈ ਮੋਨਸਰਨ 2.5 ਮਿਲੀਲਿਟਰ ਪ੍ਰਤੀ ਲਿਟਰ ਪਾਣੀ ਦੇ ਘੋਲ ਵਿਚ ਗੁਦਾਮ ਤੋਂ ਕੱਢਣ ਉਪਰੰਤ 10 ਮਿੰਟਾਂ ਲਈ ਡੁਬੋ ਕੇ ਰੱਖੋ। ਬੀਜ ਨੂੰ ਸਟੋਰ ਵਿਚੋਂ ਕੱਢ ਕੇ ਸਿੱਧਾ ਹੀ ਨਹੀਂ ਬੀਜਿਆ ਜਾਣਾ ਚਾਹੀਦਾ। ਇਨ੍ਹਾਂ ਨੂੰ ਪਹਿਲਾਂ ਪੱਖੇ ਦੀ ਹਵਾ ਨਾਲ ਸੁਕਾ ਲਵੋ ਅਤੇ ਫਿਰ ਕਿਸੇ ਠੰਢੀ ਜਗ੍ਹਾ ਉੱਤੇ ਖਿਲਾਰ ਦਿਓ ਜਿਥੇ ਤੇਜ਼ ਰੌਸ਼ਨੀ ਨਾ ਪੈਂਦੀ ਹੋਵੇ। 8-10 ਦਿਨ ਲਈ ਆਲੂਆਂ ਨੂੰ ਪਿਆ ਰਹਿਣ ਦਿਓ। ਅਜਿਹਾ ਕਰਨ ਨਾਲ ਫੁਟਾਰਾ ਸ਼ੁਰੂ ਹੋ ਜਾਂਦਾ ਹੈ ਤੇ ਫੋਟ ਵੀ ਨਰੋਈ ਹੁੰਦੀ ਹੈ।
ਬਿਜਾਈ ਦਾ ਤਰੀਕਾ : ਜਦੋਂ ਜ਼ਮੀਨ ਪੂਰੀ ਤਰ੍ਹਾਂ ਤਿਆਰ ਹੋ ਜਾਵੇ ਤਾਂ ਵੱਟਾਂ ਦੇ ਨਿਸ਼ਾਨ ਲਗਾਉਣੇ ਚਾਹੀਦੇ ਹਨ। ਬਿਜਾਈ ਹੱਥੀਂ ਕਰਨੀ ਹੋਵੇ ਤਾਂ ਵੱਟਾਂ ਬਣਾਉਣ ਵਾਲੇ ਹਲ ਦੀ ਵਰਤੋਂ ਕਰਨੀ ਚਾਹੀਦੀ ਹੈ। ਟਰੈਕਟਰ ਨਾਲ ਬਿਜਾਈ ਕਰਨੀ ਹੋਵੇ ਤਾਂ ਅਰਧ ਸਵੈ-ਚਾਲਕ ਮਸ਼ੀਨਾਂ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ। ਵੱਟਾਂ ਵਿਚਕਾਰ ਫ਼ਾਸਲਾ 60 ਸੈਂਟੀਮੀਟਰ ਅਤੇ ਆਲੂ ਤੋਂ ਆਲੂ ਵਿਚਕਾਰ ਫ਼ਾਸਲਾ 20 ਸੈਂਟੀਮੀਟਰ ਹੋਣਾ ਚਾਹੀਦਾ ਹੈ। ਦੱਖਣ-ਪੱਛਮੀ ਜ਼ਿਲ੍ਹਿਆਂ ਵਿਚ ਬਿਜਾਈ 50-55 ਸੈਂਟੀਮੀਟਰ ਚੌੜੇ ਬੈੱਡਾਂ ਉਤੇ ਦੋ ਕਤਾਰਾਂ ਵਿਚ ਕਰਨ ਨਾਲ ਵੱਧ ਝਾੜ ਮਿਲਦਾ ਹੈ ਅਤੇ ਅਜਿਹਾ ਕਰਨ ਨਾਲ ਪਾਣੀ ਦੀ ਬੱਚਤ ਵੀ ਹੁੰਦੀ ਹੈ।
ਜੈਵਿਕ ਖਾਦ : ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿਚ ਰਲਾ ਕੇ ਪਾਉਣ ਨਾਲ ਆਲੂ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜ਼ਮੀਨ ਦੀ ਸਿਹਤ ਵਿਚ ਵੀ ਸੁਧਾਰ ਹੁੰਦਾ ਹੈ। ਕਨਸ਼ੋਰਸ਼ੀਅਮ ਦਾ ਟੀਕਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਮਾਈਕ੍ਰੋਬਾਇਆਲੋਜੀ ਵਿਭਾਗ ਤੋਂ ਮਿਲਦਾ ਹੈ।
ਖਾਦ ਪ੍ਰਬੰਧ: 20 ਟਨ ਰੂੜੀ ਦੀ ਖਾਦ ਜਾਂ ਹਰੀ ਖਾਦ ਦੇ ਨਾਲ 75 ਕਿਲੋ ਨਾਈਟ੍ਰੋਜਨ (165 ਕਿਲੋ ਯੂਰੀਆ), 25 ਕਿਲੋ ਫ਼ਾਸਫ਼ੋਰਸ (155 ਕਿਲੋ ਸੁਪਰਫ਼ਾਸਫ਼ੇਟ) ਅਤੇ 25 ਕਿਲੋ ਪੋਟਾਸ਼ ਤੱਤ (40 ਕਿਲੋ ਮਿਊਰੇਟ ਆਫ ਪੋਟਾਸ਼) ਪ੍ਰਤੀ ਏਕੜ ਦੇ ਹਿਸਾਬ ਨਾਲ ਜ਼ਮੀਨ ਨੂੰ ਦੇਣੇ ਚਾਹੀਦੇ ਹਨ। ਖੇਤ ਵਿਚ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਪਰਾਲੀ ਵਿਛਾਉਣ ਤੇ 18 ਕਿਲੋ ਪ੍ਰਤੀ ਏਕੜ ਘੱਟ ਨਾਈਟ੍ਰੋਜਨ ਵਰਤਣੀ ਚਾਹੀਦੀ ਹੈ। ਸਾਰੀ ਫ਼ਾਸਫ਼ੋਰਸ, ਪੋਟਾਸ਼ ਤੇ ਅੱਧੀ ਨਾਈਟ੍ਰੋਜਨ ਬਿਜਾਈ ਵੇਲੇ ਪਾ ਦਿਓ। ਬਾਕੀ ਦੀ ਨਾਈਟ੍ਰੋਜਨ ਮਿੱਟੀ ਚਾੜ੍ਹਣ ਸਮੇਂ ਪਾ ਦਿਓ। ਜੇ ਮਿੱਟੀ ਪਰਖ ਰਿਪੋਰਟ ਵਿਚ ਖੁਰਾਕੀ ਤੱਤਾਂ ਦੀ ਘਾਟ ਦੱਸੀ ਗਈ ਹੋਵੇ ਤਾਂ ਖਾਦਾਂ ਦੀ ਮਾਤਰਾ ਵਧਾਈ ਜਾ ਸਕਦੀ ਹੈ।
ਮਿੱਟੀ ਚਾੜ੍ਹਣਾ: ਦੁਵੱਲੇ ਫਾਲਿਆਂ ਵਾਲਾ ਮਿੱਟੀ ਪਲਟਾਊ ਹਲ ਜਾਂ ਵੱਟਾਂ ਬਣਾਉਣ ਵਾਲੇ ਹਲ ਦੀ ਸਹਾਇਤਾ ਨਾਲ ਬਿਜਾਈ ਤੋਂ 25-30 ਦਿਨਾਂ ਬਾਅਦ ਮਿੱਟੀ ਚਾੜ੍ਹ ਦੇਣੀ ਚਾਹੀਦੀ ਹੈ।
ਸਿੰਚਾਈ ਪ੍ਰਬੰਧ: ਪਹਿਲਾਂ ਪਾਣੀ ਬਿਜਾਈ ਤੋਂ ਤੁਰੰਤ ਬਾਅਦ ਲਾਓ ਜਿਸ ਨਾਲ ਫ਼ਸਲ ਠੀਕ ਉੱਗਦੀ ਹੈ। ਜੇਕਰ ਹਲਕੀ ਸਿੰਚਾਈ ਵਾਰ-ਵਾਰ ਕੀਤੀ ਜਾਵੇ ਤਾਂ ਆਲੂਆਂ ਦੀ ਫ਼ਸਲ ਵਧੀਆ ਹੁੰਦੀ ਹੈ। ਸਿੰਚਾਈ ਸਮੇਂ ਖਿਆਲ ਰੱਖੋ ਕਿ ਪਾਣੀ ਵੱਟਾਂ ਦੇ ਉੱਪਰ ਦੀ ਨਾ ਵਗੇ, ਕਿਉਂਕਿ ਇਸ ਤਰ੍ਹਾਂ ਵੱਟਾਂ ਦੀ ਮਿੱਟੀ ਸੁੱਕ ਕੇ ਸਖ਼ਤ ਹੋ ਜਾਂਦੀ ਹੈ ਅਤੇ ਆਲੂਆਂ ਦੇ ਉੱਗਣ ਅਤੇ ਵਾਧੇ 'ਤੇ ਮਾੜਾ ਅਸਰ ਪੈਂਦਾ ਹੈ। ਆਲੂ ਦੀ ਫ਼ਸਲ ਲਈ ਕੁੱਲ 7 ਤੋਂ 8 ਸਿੰਚਾਈਆਂ ਕਾਫ਼ੀ ਹੁੰਦੀਆਂ ਹਨ। ਰੇਤਲੀਆਂ ਹਲਕੀਆਂ ਜ਼ਮੀਨਾਂ ਵਿਚ ਟਿਊਬਵੈੱਲ ਦੇ ਲੂਣੇ-ਖਾਰੇ ਪਾਣੀ ਨੂੰ ਚੰਗੇ ਨਹਿਰੀ ਪਾਣੀ ਨਾਲ ਅਦਲ-ਬਦਲ ਕੇ ਸਿੰਚਾਈ ਦੇ ਨਾਲ 25 ਕੁਇੰਟਲ ਪ੍ਰਤੀ ਏਕੜ ਝੋਨੇ ਦੀ ਪਰਾਲੀ ਵਿਛਾਓ, ਅਜਿਹਾ ਕਰਨ ਨਾਲ ਦੋ ਪਾਣੀਆਂ ਦੀ ਬੱਚਤ ਹੁੰਦੀ ਹੈ। ਇਸ ਨਾਲ ਵਧੇਰੇ ਝਾੜ ਵੀ ਮਿਲਦਾ ਹੈ ਤੇ ਜ਼ਮੀਨ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ।
ਪੁਟਾਈ: ਆਲੂਆਂ ਦੀ ਪੁਟਾਈ ਟਰੈਕਟਰ ਨਾਲ ਚੱਲਣ ਵਾਲੀ ਮਸ਼ੀਨ ਨਾਲ ਕਰੋ। ਪੁਟਾਈ ਸਮੇਂ ਜ਼ਮੀਨ ਵਿਚ ਠੀਕ ਵੱਤਰ ਹੋਣਾ ਚਾਹੀਦਾ ਹੈ। ਢੀਮਾਂ ਮਸ਼ੀਨਾਂ ਚੱਲਣ ਵਿਚ ਵਿਘਨ ਪਾਉਂਦੀਆਂ ਹਨ। ਆਲੂਆਂ ਨੂੰ ਪੁੱਟਣ ਤੋਂ ਬਾਅਦ 10-15 ਦਿਨ ਖੇਤ ਵਿਚ ਪਏ ਰਹਿਣ ਦਿਓ।
ਆਲੂਆਂ ਨੂੰ ਸਟੋਰ ਕਰਨਾ: ਬੀਜ ਰੱਖਣ ਲਈ, ਆਲੂਆਂ ਨੂੰ ਉਸ ਕੋਲਡ ਸਟੋਰ ਵਿਚ ਰੱਖੋ, ਜਿਸ ਦਾ ਤਾਪਮਾਨ 2-4 ਡਿਗਰੀ ਸੈਂਟੀਗ੍ਰੇਡ ਤੇ ਨਮੀਂ 75-80 ਫ਼ੀਸਦੀ ਹੋਵੇ।


-ਸੀਨੀਅਰ ਰਿਸਰਚ ਫੈਲੋ, ਕ੍ਰਿਸ਼ੀ ਵਿਗਿਆਨ ਕੇਂਦਰ, ਬਠਿੰਡਾ
ਮੋਬਾਈਲ : 94654-20097


ਖ਼ਬਰ ਸ਼ੇਅਰ ਕਰੋ

ਦੁਧਾਰੂ ਪਸ਼ੂਆਂ ਦੀ ਖੁਰਾਕ ਵਿਚ ਵਿਟਾਮਿਨ-ਏ ਦੀ ਮਹੱਤਤਾ

ਵਿਗਿਆਨਕ ਭਾਸ਼ਾ ਵਿਚ ਵਿਟਾਮਿਨ 'ਏ' ਦਾ ਨਾਂਅ ਰੇਟੀਨੋਲ ਹੈ ਅਤੇ ਇਹ ਅਲਕੋਹਲ ਗਰੁੱਪ ਦਾ ਮੈਂਬਰ ਹੈ। ਇਹ ਚਰਬੀ ਵਿਚ ਘੁਲਣਸ਼ੀਲ ਹੁੰਦਾ ਹੈ। ਦੁਧਾਰੂ ਪਸ਼ੂਆਂ ਲਈ ਵਿਟਾਮਿਨ 'ਏ' ਬਹੁਤ ਸਾਰੇ ਕੰਮਾਂ ਲਈ ਜ਼ਰੂਰੀ ਹੁੰਦਾ ਹੈ ਜਿਵੇਂ ਨਜ਼ਰ, ਹੱਡੀਆਂ ਦਾ ਵਿਕਾਸ, ਚਮੜੀ, ਪ੍ਰਤੀਰੋਧਕ ਸਮਰਥਾ ਲਈ ਆਦਿ। ਵਿਟਾਮਿਨ ਏ ਦੀ ਕਮੀ ਨਾਲ ਅੰਧਰਾਤਾ, ਗ਼ਲਤ ਤਰੀਕੇ ਨਾਲ ਬਣੇ ਹੱਡੀਆਂ ਅਤੇ ਜੋੜ੍ਹ, ਪ੍ਰਤੀਰੋਧਕ ਸਮਰੱਥਾ ਦੀ ਘਾਟ, ਛੋਟੇ ਬੱਚਿਆਂ ਦਾ ਨਿਮਨ ਵਿਕਾਸ, ਵਾਲਾਂ ਦਾ ਖੁਰਦਰਾਪਨ, ਗਰਭਪਾਤ, ਭੁੱਖ ਘਟਣੀ ਆਦਿ ਸਮੱਸਿਆਵਾਂ ਹੋ ਸਕਦੀਆਂ ਹਨ। ਵਿਟਾਮਿਨ 'ਏ' ਪਸ਼ੂਆਂ ਦੇ ਸਰੀਰ ਦੇ ਕਈ ਕੋਮਲ ਟਿਸ਼ੂ ਪ੍ਰਣਾਲੀਆਂ ਜਿਵੇਂ ਸਾਹ ਪ੍ਰਣਾਲੀ, ਪਾਚਣ ਪ੍ਰਣਾਲੀ, ਪ੍ਰਜਨਣ ਪ੍ਰਣਾਲੀ ਦੇ ਸਾਰੇ ਅੰਗਾਂ ਦੇ ਵਿਕਾਸ ਲਈ ਜ਼ਰੂਰੀ ਹੁੰਦਾ ਹੈ। ਵਿਟਾਮਿਨ 'ਏ' ਦੀ ਘਾਟ ਨਾਲ ਇਨ੍ਹਾਂ ਟਿਸ਼ੂਆਂ ਦੀ ਕੋਮਲ ਪਰਤ ਸਖਤ ਹੋ ਜਾਵੇਗੀ। ਜੇਕਰ ਇਹ ਪਰਤ ਸਖ਼ਤ ਹੋ ਜਾਵੇ ਤਾਂ ਇਹ ਸਾਰੀਆਂ ਅੰਗ ਪ੍ਰਣਾਲੀਆਂ ਆਪਣਾ ਕੰਮ ਚੰਗੀ ਤਰ੍ਹਾਂ ਨਹੀਂ ਕਰ ਸਕਣਗੀਆਂ, ਜਿਵੇਂ ਸਖਤ ਪਾਚਣ ਪ੍ਰਣਾਲੀ ਦੇ ਹਿੱਸੇ ਖੁਰਾਕ ਵਿਚੋਂ ਪੋਸ਼ਕ ਤੱਤ ਨਹੀਂ ਸੋਖ ਸਕਦੇ। ਇਸ ਤਰ੍ਹਾਂ ਪਸ਼ੂ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਜਾਵੇਗਾ।
ਦੁਧਾਰੂ ਪਸ਼ੂ ਵਿਟਾਮਿਨ 'ਏ' ਆਪਣੀ ਖੁਰਾਕ ਰਾਹੀਂ ਮਨੁੱਖ ਦੁਆਰਾ ਬਣਾਏ ਗਏ ਉਤਪਾਦਾਂ ਜਾਂ ਪੌਦਿਆਂ ਤੋਂ ਪ੍ਰਾਪਤ ਕਰਦੇ ਹਨ। ਪੌਦਿਆਂ ਵਿਚ ਕੁਦਰਤੀ ਤੌਰ 'ਤੇ ਕੈਰੋਟੀਨ ਹੁੰਦਾ ਹੈ, ਜਿਸ ਨੂੰ ਪਸ਼ੂ ਵਿਟਾਮਿਨ 'ਏ' ਵਿਚ ਬਦਲ ਲੈਂਦੇ ਹਨ। ਤਾਜ਼ਾ ਹਰਾ ਚਾਰਾ, ਵਧੇਰੇ ਪੱਤਿਆਂ ਵਾਲਾ ਚਾਰਾ ਅਤੇ ਹਰੀ ਹੇਅ ਵਿਚ ਕੈਰੋਟੀਨ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਪਰ ਅਨਾਜ ਵਿਚ ਕੈਰੋਟੀਨ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ। ਇਸ ਕਰਕੇ ਅਜਿਹੇ ਪਸ਼ੂ ਜਿਨ੍ਹਾਂ ਨੂੰ ਸਿਰਫ਼ ਵੰਡ ਹੀ ਦਿੱਤੀ ਜਾਂਦੀ ਹੈ ਅਤੇ ਹਰੇ ਪੱਠੇ ਨਹੀਂ ਪਾਏ ਜਾਂਦੇ, ਅਕਸਰ ਵਿਟਾਮਿਨ 'ਏ' ਦੀ ਘਾਟ ਦਾ ਸ਼ਿਕਾਰ ਹੋ ਜਾਂਦੇ ਹਨ। ਪਸ਼ੂਆਂ ਦੇ ਸਰੀਰ ਵਿਚ ਵਿਟਾਮਿਨ 'ਏ' ਜਿਗਰ ਵਿਚ ਜਮ੍ਹਾ ਹੁੰਦਾ ਹੈ ਜੋ ਖੁਰਾਕ ਵਿਚ ਇਸ ਦੀ ਘਾਟ ਸਮੇਂ ਕੰਮ ਦਿੰਦਾ ਹੈ। ਇਕ ਧਾਰਨਾ ਮੁਤਾਬਿਕ ਤੰਦਰੁਸਤ ਜਵਾਨ ਪਸ਼ੂ ਦਾ ਜਿਗਰ ਕਈ ਮਹੀਨਿਆਂ ਦੇ ਕੋਟੇ ਜਿੰਨਾਂ ਵਿਟਾਮਿਨ 'ਏ' ਜਮ੍ਹਾਂ ਕਰ ਸਕਦਾ ਹੈ, ਜਦੋਂਕਿ ਛੋਟੇ ਬੱਚਿਆਂ ਦੀ ਜਮ੍ਹਾਂ ਸ਼ਕਤੀ ਘੱਟ ਹੁੰਦੀ ਹੈ। ਵਿਟਾਮਿਨ 'ਏ' ਦੀ ਪ੍ਰਸੂਤੀ ਸਮੇਂ, ਪ੍ਰਜਨਣ ਸਮੇਂ ਅਤੇ ਬੋਝ ਦੇ ਸਮੇਂ ਬਹੁਤ ਜ਼ਿਆਦਾ ਲੋੜ ਹੁੰਦੀ ਹੈ।
ਵਿਟਾਮਿਨ 'ਏ' ਆਪਣੇ ਸਾਰੇ ਕੁਦਰਤੀ ਸੋਮਿਆਂ ਵਿਚ ਅਸਥਿਰ ਹੁੰਦਾ ਹੈ ਅਤੇ ਸਮੇਂ ਨਾਲ ਕੈਰੋਟੀਨ ਦੀ ਮਾਤਰਾ ਘਟਦੀ ਰਹਿੰਦੀ ਹੈ। ਕਿਸੇ ਵੀ ਹਰੇ ਚਾਰੇ ਜਾਂ ਹੇਅ ਆਦਿ ਵਿਚ ਕੈਰੋਟੀਨ ਦੀ ਮਾਤਰਾ ਘਟਣ ਦੀ ਦਰ ਭੰਡਾਰਨ ਦੇ ਤਾਪਮਾਨ, ਹਵਾ ਦਾ ਸੰਪਰਕ ਅਤੇ ਭੰਡਾਰਨ ਸਮੇਂ 'ਤੇ ਨਿਰਭਰ ਕਰਦੀ ਹੈ। ਭੰਡਾਰ ਕੀਤੇ ਗਏ ਚਾਰਿਆਂ ਵਿਚ ਕੈਰੋਟੀਨ ਦੀ ਮਾਤਰਾ ਹਰ ਮਹੀਨੇ 6 ਫ਼ੀਸਦੀ ਅਤੇ 7 ਫ਼ੀਸਦੀ ਘੱਟ ਜਾਂਦੀ ਹੈ। ਫੈਕਟਰੀ ਵਿਚ ਤਿਆਰ ਕੀਤੇ ਉਤਪਾਦਾਂ ਜਿਵੇਂ ਮਿਨਰਲ ਮਿਕਸਚਰ, ਖੁਰਾਕ ਆਦਿ ਵਿਚ ਵੀ ਛੇ ਮਹੀਨਿਆਂ ਦੌਰਾਨ ਇਸਦੀ ਮਾਤਰਾ ਅੱਧੀ ਰਹਿ ਜਾਂਦੀ ਹੈ। ਇਸ ਲਈ ਹਮੇਸ਼ਾ ਸਿਫਾਰਸ਼ ਕੀਤੀ ਜਾਂਦੀ ਹੈ ਕਿ ਛੇ ਮਹੀਨਿਆਂ ਵਿਚ ਖਪਤ ਹੋਣ ਵਾਲੀ ਉਤਪਾਦ ਦੀ ਮਾਤਰਾ ਤੋਂ ਜ਼ਿਆਦਾ ਉਤਪਾਦ ਨਾ ਖਰੀਦੇ ਜਾਣ। ਇਸ ਕਰਕੇ ਜਦੋਂ ਤੱਕ ਹਰੇ ਪੱਠਿਆਂ ਦੀ ਘਾਟ ਹੋਵੇ, ਸਾਨੂੰ ਬਾਹਰੀ ਤੌਰ 'ਤੇ ਵਿਟਾਮਿਨ 'ਏ' ਦੇਣਾ ਚਾਹੀਦਾ ਹੈ ਅਤੇ ਪੱਠਿਆਂ ਦੀ ਬਹੁਤਾਤ ਹੋਣ 'ਤੇ ਬਾਹਰੀ ਵਿਟਾਮਿਨ 'ਏ' ਬੰਦ ਕੀਤਾ ਜਾ ਸਕਦਾ ਹੈ।
ਵਿਟਾਮਿਨ 'ਏ' ਪਸ਼ੂਆਂ ਦੇ ਪ੍ਰਜਨਣ ਵਿਚ ਅਹਿਮ ਯੋਗਦਾਨ ਦਿੰਦਾ ਹੈ, ਇਸ ਦੀ ਘਾਟ ਨਾਲ ਨਰ ਅਤੇ ਮਾਦਾ ਦੋਵਾਂ ਪਸ਼ੂਆਂ ਵਿਚ ਪ੍ਰਜਨਣ ਸ਼ਕਤੀ ਦੀ ਕਮੀ ਹੋ ਜਾਂਦੀ ਹੈ, ਇਸ ਤੋਂ ਇਲਾਵਾ ਮਾਦਾ ਪਸ਼ੂਆਂ ਵਿਚ ਮਰੇ ਬੱਚੇ ਪੈਦਾ ਹੋਣਾ, ਗਰਭਪਾਤ ਹੋਣਾ, ਬੱਚਿਆਂ ਦਾ ਜਮਾਂਦਰੂ ਅੰਨ੍ਹਾਪਨ ਆਦਿ ਸਮੱਸਿਆਵਾਂ ਵੀ ਹੋ ਸਕਦੀਆਂ ਹਨ, ਜਿਸ ਵਿਚ ਪਸ਼ੂ ਨੂੰ ਰਾਤ ਸਮੇਂ ਦਿਖਣਾ ਬੰਦ ਹੋ ਜਾਂਦਾ ਹੈ। ਇਸ ਦਾ ਪਤਾ ਉਦੋਂ ਲਗਦਾ ਹੈ ਜਦੋਂ ਪਸ਼ੂ ਰਾਤ ਸਮੇਂ ਤੁਰਨ-ਫਿਰਨ ਵੇਲੇ ਬਾਕੀ ਚੀਜ਼ਾਂ ਵਿਚ ਵੱਜਣਾ ਸ਼ੁਰੂ ਕਰ ਦਿੰਦਾ ਹੈ। ਕੁਝ ਸਮੇਂ ਬਾਅਦ ਇਸ ਦੇ ਦੂਜੇ ਲੱਛਣ ਜਿਵੇਂ ਸਾਰਾ ਦਿਨ ਅੱਖਾਂ ਵਿਚੋਂ ਹੰਝੂ ਡਿਗਣੇ, ਡੇਲੇ ਦਾ ਧੁੰਦਲਾ ਹੋਣਾ, ਪੁਤਲੀ ਫੈਲ ਜਾਣਾ, ਲੱਤਾਂ ਦੇ ਜੋੜਾਂ ਅਤੇ ਕੰਬਲੀ ਕੋਲ ਸੋਜ ਆਉਣਾ ਆਦਿ ਵੀ ਦਿਖਣੇ ਆਰੰਭ ਹੋ ਜਾਂਦੇ ਹਨ। ਅੰਤੜੀਆਂ ਵਿਚ ਨੁਕਸ ਪੈਣ ਕਾਰਨ ਪਸ਼ੂ ਆਪਣੀ ਖੁਰਾਕ ਘਟਾ ਦਿੰਦਾ ਹੈ, ਜਿਸ ਨਾਲ ਬਾਕੀ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ। ਜਿਸ ਕਰਕੇ ਪਸ਼ੂ ਕਈ ਹੋਰ ਬਿਮਾਰੀਆਂ ਦਾ ਵੀ ਸ਼ਿਕਾਰ ਹੋ ਜਾਂਦਾ ਹੈ। ਇਸ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਸਾਨੂੰ ਆਪਣੇ ਦੁਧਾਰੂ ਪਸ਼ੂਆਂ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਅਜਿਹੀ ਖੁਰਾਕ ਦੇਣੀ ਚਾਹੀਦੀ ਹੈ ਜਿਸ ਨਾਲ ਵਿਟਾਮਿਨ 'ਏ' ਦੀ ਕਮੀ ਨਾ ਹੋਵੇ। ਕਿਸੇ ਵੀ ਤਰ੍ਹਾਂ ਦੇ ਲੱਛਣਾਂ ਦੇ ਸਾਹਮਣੇ ਆਉਣ 'ਤੇ ਤੁਰੰਤ ਹੀ ਵੈਟਰਨੀ ਡਾਕਟਰ ਦੀ ਸਲਾਹ ਅਨੁਸਾਰ ਲੋੜੀਂਦੇ ਟੈਸਟ ਕਰਵਾਉਣੇ ਚਾਹੀਦੇ ਹਨ ਤਾਂ ਜੋ ਕਮੀ ਦਾ ਪਤਾ ਸਮੇਂ ਸਿਰ ਲੱਗ ਸਕੇ ਅਤੇ ਇਲਾਜ ਸ਼ੁਰੂ ਹੋ ਸਕੇ।


-ਵੈਟਰਨਰੀ ਅਫ਼ਸਰ, ਸਿਵਲ ਪਸ਼ੂ ਹਸਪਤਾਲ,
ਦੋਦਾ (ਸ੍ਰੀ ਮੁਕਤਸਰ ਸਾਹਿਬ)।

ਪਿਆਜ਼ ਦੀ ਸਫ਼ਲ ਕਾਸ਼ਤ ਸਬੰਧੀ ਨੁਕਤੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਬੀਜ ਨੂੰ ਕੈਪਟਾਨ ਜਾਂ ਥੀਰਮ 3 ਗ੍ਰਾਮ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ। ਬੀਜ ਨੂੰ 1 ਤੋਂ 2 ਸੈਂਟੀਮੀਟਰ ਡੂੰਘਾ ਅਤੇ 5 ਸੈਂਟੀਮੀਟਰ ਦੇ ਫਾਸਲੇ 'ਤੇ ਕਤਾਰਾਂ ਵਿਚ ਬੀਜੋ। ਕਤਾਰਾਂ ਵਿਚ ਬੀਜ ਇਕਸਾਰ ਬੀਜੋ ਅਤੇ ਚੰਗੀ ਤਰਾਂ ਗਲੀ-ਸੜੀ ਅਤੇ ਛਾਣੀ ਹੋਈ ਦੇਸੀ ਰੂੜੀ ਦੀ ਹਲਕੀ ਜਿਹੀ ਤਹਿ ਨਾਲ ਢਕ ਦਿਉ। ਬਿਜਾਈ ਚੰਗੀ ਵੱਤਰ ਵਿਚ ਕਰੋ। ਪਹਿਲੀ ਸਿੰਚਾਈ ਬਿਜਾਈ ਦੇ ਤੁਰੰਤ ਪਿਛੋਂ ਫੁਆਰੇ ਨਾਲ ਕਰੋ। ਪਨੀਰੀ ਦੀਆਂ ਕਿਆਰੀਆਂ ਨੂੰ ਦਿਨ ਵਿਚ ਸਵੇਰੇ ਅਤੇ ਸ਼ਾਮ ਦੋ ਵਾਰ ਪਾਣੀ ਦਿਉ। ਜਦੋਂ ਪੌਦੇ 2-3 ਪੱਤੇ ਕੱਢ ਲੈਣ ਤਾਂ ਇਸ ਉਪਰੋਂ ਛਾਂ-ਦਾਰ ਢਾਂਚਾ ਹਟਾ ਦੇਣਾ ਚਾਹੀਦਾ ਹੈ ਤਾਂ ਜੋ ਪੌਦੇ ਸਖਤ ਹੋ ਜਾਣ। ਸਾਉਣੀ ਦੇ ਪਿਆਜ਼ ਦੀ ਜੂਨ-ਜੁਲਾਈ ਮਹੀਨੇ ਦੀ ਸਖਤ ਗਰਮੀ ਅਤੇ ਬਰਸਾਤ ਕਰਕੇ ਇਸ ਦੀ ਪਨੀਰੀ ਪੈਦਾ ਕਰਨਾ ਜੋਖਮ ਭਰਿਆ ਕੰਮ ਹੈ ਅਤੇ ਜ਼ਿਆਦਾ ਗਰਮੀ ਕਰਕੇ ਪੌਦੇ ਲਾਉਣ ਸਮੇਂ ਵੀ ਇਨ੍ਹਾਂ ਦੇ ਮਰਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸ ਦੀ ਸਫ਼ਲ ਪੈਦਾਵਾਰ ਵਾਸਤੇ ਅਤੇ ਜੂਨ ਵਿਚ ਬੀਜੀ ਪਨੀਰੀ ਦੀ ਨਾ ਕਾਮਜ਼ਾਬੀ ਤੋਂ ਬਚਣ ਲਈ ਸਾਉਣੀ ਰੁੁੱਤ ਦੀ ਫ਼ਸਲ ਗੰਢੀਆਂ (ਬਲਬ-ਸੈਂਟਸ)ਦੁਆਰਾ ਲੈਣੀ ਲਾਹੇਵੰਦ ਹੈ। ਇਹ ਗੰਢੀਆਂ ਤਿਆਰ ਕਰਨ ਲਈ ਬੀਜ ਉੱਪਰ ਦੱਸੇ ਪਨੀਰੀ ਤਿਆਰ ਕਰਨ ਦੇ ਢੰਗ ਨਾਲ ਮਾਰਚ ਦੇ ਅੱਧ ਵਿਚ ਬੀਜੋ। ਪਨੀਰੀ ਨੂੰ ਹਫਤੇ ਵਿਚ ਦੋ ਵਾਰ ਪਾਣੀ ਲਾਉ ਅਤੇ ਗੰਢੀਆਂ ਨੂੰ ਜੂਨ ਦੇ ਅਖੀਰ ਵਿਚ ਪੁੱਟ ਕੇ ਛਪਰੀਆਂ ਟੋਕਰੀਆਂ ਵਿਚ ਆਮ ਕਮਰੇ ਦੇ ਤਾਪਮਾਨ 'ਤੇ ਰੱਖੋ। ਵਿਕਰੀਯੋਗ ਜ਼ਿਆਦਾ ਝਾੜ ਲੈਣ ਲਈ 1.5 ਤੋਂ 2.5 ਸੈ.ਮੀ. ਘੇਰੇ ਵਾਲੀਆਂ ਗੰਢੀਆਂ ਢੁਕਵੀਆਂ ਹਨ। ਇਕ ਏਕੜ ਪਿਆਜ਼ ਲਾਉਣ ਲਈ 2.5-3.0 ਕੁਇੰਟਲ ਗੰਢੀਆਂ ਚਾਹੀਦੀਆਂ ਹਨ।
ਕਾਸ਼ਤ ਸਬੰਧੀ ਸਿਫ਼ਾਰਸ਼ਾਂ : ਇਨ੍ਹਾਂ ਗੰਢੀਆਂ ਜਾਂ ਪਨੀਰੀ ਨੂੰ ਅਗਸਤ ਦੇ ਅੱਧ ਤੋਂ ਲੈ ਕੇ ਸਤੰਬਰ ਦੇ ਪਹਿਲੇ ਹਫਤੇ ਤੱਕ ਖੇਤ ਵਿਚ ਲਾ ਦਿਓ। ਫ਼ਸਲ ਨਵੰਬਰ ਦੇ ਅਖੀਰ ਵਿਚ ਤਿਆਰ ਹੋ ਜਾਵੇਗੀ। ਸਾਉਣੀ ਦੇ ਪਿਆਜ਼ ਨੂੰ 20 ਟਨ ਗਲੀ ਸੜੀ ਰੂੜੀ, 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 20 ਕਿਲੋ ਫਾਸਫੋਰਸ (125 ਕਿਲੋ ਸੁਪਰਫਾਸਫੇਟ) ਅਤੇ 20 ਕਿਲੋੋ ਪੋਟਾਸ਼ (35 ਕਿਲੋ ਮਿਊਰੇਟ ਆਫ਼ ਪੋਟਸ਼) ਪ੍ਰਤੀ ਏਕੜ ਪਾਓ। ਸਾਰੀ ਰੂੜੀ, ਫਾਸਫੋਰਸ ਤੇ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਪਨੀਰੀ ਲਾਉਣ ਤੋਂ ਪਹਿਲਾਂ ਅਤੇ ਬਾਕੀ ਅੱਧੀ ਨਾਈਟ੍ਰੋਜਨ ਪੌਦੇ ਲਾਉਣ ਤੋਂ ਚਾਰ ਹਫਤੇ ਬਾਅਦ ਛੱਟੇ ਨਾਲ ਪਾਉ। ਚੰਗਾ ਝਾੜ ਲੈਣ ਲਈ ਕਤਾਰਾਂ ਵਿਚ 15 ਸੈਂਟੀਮੀਟਰ ਤੇ ਪੌਦਿਆਂ ਵਿਚਕਾਰ 7.5 ਸੈਂਟੀਮੀਟਰ ਦਾ ਅੰਤਰ ਰੱਖੋ। ਪਨੀਰੀ ਹਮੇਸ਼ਾ ਸ਼ਾਮ ਵੇਲੇ ਖੇਤ ਵਿਚ ਲਾਓ ਅਤੇ ਤੁਰੰਤ ਪਾਣੀ ਲਾ ਦਿਓ। ਬਾਅਦ ਵਿਚ ਪਾਣੀ ਲੋੜ ਅਨੁਸਾਰ ਲਾਓ ਅਤੇ ਖੇਤ ਵਿਚ ਪਾਣੀ ਜ਼ਿਆਦਾ ਸਮੇਂ ਲਈ ਨਹੀਂ ਖੜ੍ਹਨਾਂ ਚਾਹੀਦਾ। ਸਾਉਣੀ ਦੇ ਪਿਆਜ਼ ਨੂੰ ਪੱਟੜਿਆਂ (ਬੈਡਾਂ) ਉੱਪਰ ਲਾਉਣ ਨਾਲ ਆਕਾਰ ਵਿਚ ਸੁਧਾਰ ਹੁੰਦਾ ਹੈ। ਪਟੜਾ 60 ਸੈਂਟੀਮੀਟਰ ਚੌੜਾ ਅਤੇ 10 ਸੈਂਟੀਮੀਟਰ ਉੱਚਾ ਹੋਣਾ ਚਾਹੀਦਾ ਹੈ। ਇਹ ਤਰੀਕਾ ਭਾਰੀਆਂ ਜ਼ਮੀਨਾਂ ਲਈ ਜਿਥੇ ਪਾਣੀ ਖੜ੍ਹਨ ਦੀ ਸਮੱਸਿਆ ਹੋਵੇ, ਬਹੁਤ ਢੁਕਵਾਂ ਹੈ। ਪਟੜੇ ਉਪਰ ਗੰਢੀਆਂ ਦੀਆਂ ਤਿੰਨ ਕਤਾਰਾਂ ਲਾਓ।
ਨਦੀਨਾਂ ਦੀ ਰੋਕਥਾਮ ਲਈ 3-4 ਗੋਡੀਆਂ ਜ਼ਰੂਰੀ ਹਨ। ਪਹਿਲੀ ਗੋਡੀ ਪਨੀਰੀ ਲਾਉਣ ਤੋਂ 3-4 ਹਫਤੇ ਪਿੱਛੋਂ ਕਰੋ। ਬਾਕੀ ਗੋਡੀਆਂ 15 ਦਿਨਾਂ ਦੇ ਵਕਫੇ 'ਤੇ ਕਰਦੇ ਰਹੋ। ਨਦੀਨਾਂ ਦੀ ਰੋਕਥਾਮ ਨਦੀਨ ਨਾਸ਼ਕ ਦਵਾਈਆਂ ਨਾਲ ਵੀ ਕੀਤੀ ਜਾ ਸਕਦੀ ਹੈ। ਸਟੌਂਪ 30 ਈ.ਸੀ. (ਪੈਂਡੀਮੈਥਾਲੀਨ) 750 ਮਿਲੀਲਿਟਰ ਜਾਂ ਗੋਲ 23.5 ਈ.ਸੀ. (ਆਕਸੀਫਲੋਰਫਿਨ) 380 ਮਿਲੀਲਿਟਰ ਪ੍ਰਤੀ ਏਕੜ ਨੂੰ 200 ਲਿਟਰ ਪਾਣੀ ਵਿਚ ਘੋਲ ਕੇ ਗੰਢਿਆਂ ਦੀ ਪਨੀਰੀ ਲਾਉਣ ਤੋਂ ਇਕ ਹਫਤੇ ਦੇ ਅੰਦਰ-ਅੰਦਰ ਛਿੜਕਾਅ ਕਰਨ ਅਤੇ 60-75 ਦਿਨਾਂ ਬਾਅਦ ਇਕ ਗੋਡੀ ਕਰਨ ਨਾਲ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।
ਪੁਟਾਈ ਅਤੇ ਮੰਡੀਕਰਨ : ਸਾਉਣੀ ਦੇ ਪਿਆਜ਼ ਦੀ ਪੁਟਾਈ ਸਮੇਂ ਬਹੁਤ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਇਸ ਰੁੱਤ ਦੇ ਪਿਆਜ਼ ਦੀ ਕਿਸਮ ਅੱਧ ਨਵੰਬਰ ਤੋਂ ਅੱਧ ਦਸੰਬਰ ਤੱਕ ਮੰਡੀਕਰਨਯੋਗ ਹੋ ਜਾਂਦੀ ਹੈ। ਇਨ੍ਹਾਂ ਮਹੀਨਿਆ ਵਿਚ ਠੰਢ ਪੈਣ ਕਾਰਨ ਪਿਆਜ਼ ਦੀਆਂ ਭੂਕਾਂ ਹਰੀਆਂ ਰਹਿੰਦੀਆਂ ਹਨ ਅਤੇ ਧੌਣ ਨਹੀਂ ਸੁੱਟਦੀਆਂ। ਸੋ, ਇਸ ਰੁੱਤ ਦੇ ਪਿਆਜ਼ ਦੀ ਪੁਟਾਈ ਗੰਢੇ ਦੇ ਆਕਾਰ ਦੇ ਹਿਸਾਬ ਨਾਲ ਕਰ ਲੈਣੀ ਚਾਹੀਦੀ ਹੈ। ਇਸ ਦੇ ਹਰੇ ਪਿਆਜ਼ ਵੀ ਸਣੇ ਭੂਕਾਂ ਮੰਡੀ ਵਿਚ ਵੇਚੇ ਜਾ ਸਕਦੇ ਹਨ। ਫ਼ਸਲ ਪੁੱਟਣ ਤੋਂ ਬਾਅਦ ਗੰਢੇ ਸਣੇ ਭੂਕਾਂ 28-30 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਸਟੋਰ ਵਿਚ ਭੰਡਾਰ ਕੀਤੇ ਜਾਣੇ ਚਾਹੀਦੇ ਹਨ ਨਹੀਂ ਤਾਂ ਠੰਢ ਕਾਰਨ ਪਿਆਜ਼ ਨਿਸਰਨੇ ਸ਼ੁਰੂ ਹੋ ਜਾਣਗੇ, ਜਿਸ ਨਾਲ ਮੰਡੀਕਰਨਯੋਗ ਝਾੜ, ਗੁਣਵਤਾ ਅਤੇ ਮੁਨਾਫਾ ਘੱਟ ਜਾਵੇਗਾ। (ਸਮਾਪਤ)


-ਬੂਟਾ ਸਿੰਘ ਰੋਮਾਣਾ ਅਤੇ ਡਾ. ਅਜਮੇਰ ਸਿੰਘ ਢੱਟ

ਸਭ ਦੇ ਹੱਕ ਬਰਾਬਰ

ਇਹ ਧਰਤੀ ਸਿਰਫ ਮਨੁੱਖ ਲਈ ਹੀ ਨਹੀਂ ਹੈ। ਇਸ 'ਤੇ ਵਸਦੇ ਅਰਬਾਂ-ਖਰਬਾਂ ਜੀਵਾਂ ਦਾ ਵੀ ਬਰਾਬਰ ਦਾ ਹੱਕ ਹੈ। ਇਸ ਧਰਤੀ ਦੇ ਪਦਾਰਥ, ਇਸ ਧਰਤੀ ਦੇ ਸੁਆਦ ਤੇ ਇਸ ਧਰਤੀ ਦਾ ਸੁਹਜ, ਸਭ ਲਈ ਬਰਾਬਰ ਦਾ ਹੈ। ਮਨੁੱਖ ਐਵੇਂ ਹੀ ਹਰ ਚੀਜ਼ 'ਤੇ ਕਬਜ਼ਾ ਕਰੀ ਬੈਠਾ ਹੈ। ਜੇ ਕੁਦਰਤ ਨੇ ਭੌਤਿਕ ਸੁਹੱਪਣ ਪੈਦਾ ਕੀਤਾ ਹੈ ਤਾਂ ਸਭ ਲਈ ਹੈ। ਜੇ ਝਰਨੇ ਚਲਾ ਕੇ ਮਿੱਠੀ ਠੰਢ ਪੈਦਾ ਕੀਤੀ ਹੈ ਤਾਂ ਉਹ ਵੀ ਸਭ ਲਈ ਹੈ। ਪਰ ਅਸੀਂ ਬਾਕੀ ਜੀਵ-ਜੰਤੂਆਂ ਦਾ ਹੱਕ ਖੋਹਣ ਦੇ ਆਦੀ ਹੋ ਗਏ ਹਾਂ। ਅਸੀਂ ਇਹੋ ਜਿਹੇ ਸਾਧਨ ਤੇ ਸੰਦ ਬਣਾ ਲਏ ਹਨ ਕਿ ਇਹ ਕੁਦਰਤ ਦੇ ਪ੍ਰਾਣੀ ਸਾਡੇ ਮੁਥਾਜ ਹੋ ਗਏ ਹਨ। ਜੰਗਲੀ ਜੀਵ ਤਾਂ ਸਾਡੀ ਭੁੱਖ ਦੀ ਭੇਟਾ ਚੜ੍ਹ ਚੁੱਕੇ ਹਨ। ਕੀੜੇ-ਮਕੌੜੇ ਆਦਿ ਤਾਂ ਪੱਕੀਆਂ ਸੜਕਾਂ ਥੱਲੇ ਹੀ ਦੱਬ ਗਏ ਹਨ। ਮੇਰਾ-ਮੇਰਾ ਕਰਦਾ, ਕੁਦਰਤ ਨੂੰ ਤਹਿਸ ਨਹਿਸ ਕਰਦਾ, ਇਕ ਉਮਰ ਬਾਅਦ ਸਭ ਕੁਝ ਇੱਥੇ ਹੀ ਹੋਰਨਾਂ ਲਈ ਛੱਡ, ਉਸ ਅਗਿਆਤ ਵਾਸੇ 'ਚ ਚਲਾ ਜਾਂਦਾ ਹੈ, ਜਿਸ ਦਾ ਕੋਈ ਥਹੁ-ਪਤਾ ਨਹੀਂ। ਆਓ, ਇਸ ਕੁਦਰਤ ਤੋਂ ਸਿਰਫ ਓਨਾ ਹੀ ਲਈਏ, ਜਿੰਨਾ ਕੇ ਸਾਡੇ ਹਿੱਸੇ ਆਉਂਦਾ ਹੈ, ਬਾਕੀ ਕਾਇਨਾਤ ਨੂੰ ਵੀ ਬਰਾਬਰ ਦਾ ਮੌਕਾ ਦੇਈਏ।


-ਮੋਬਾ: 98159-45018

ਪੰਜਾਬ ਦੀ ਨੌਜਵਾਨ ਪੀੜ੍ਹੀ ਅਤੇ ਖੇਤੀ ਧੰਦਾ

ਅੱਜਕਲ੍ਹ ਇਹ ਚਰਚਾ ਆਮ ਹੈ ਕਿ ਖੇਤੀ ਦਾ ਧੰਦਾ ਕੋਈ ਲਾਹੇਵੰਦ ਧੰਦਾ ਨਹੀਂ ਰਿਹਾ। ਪੰਜਾਬ ਦੇ ਪੇਂਡੂ ਖਿੱਤੇ ਦੇ ਨੌਜਵਾਨ ਖੇਤੀਬਾੜੀ ਤੋਂ ਕੋਹਾਂ ਦੂਰ ਜਾ ਰਹੇ ਹਨ, ਪਰ ਲੋੜ ਹੈ ਪੇਂਡੂ ਨੌਜਵਾਨਾਂ ਨੂੰ ਆਪਣੇ ਪਿਤਾ-ਪੁਰਖੀ ਧੰਦੇ ਖੇਤੀ ਨਾਲ ਜੁੜਨ ਦੀ। ਇਸ ਵਿਸ਼ੇ ਸਬੰਧੀ ਕੁਝ ਬੁੱਧੀਜੀਵੀ ਵਿਅਕਤੀਆਂ ਨਾਲ ਕੀਤੀ ਗਈ ਵਿਚਾਰ- ਚਰਚਾ ਤਹਾਡੀ ਨਜ਼ਰ:-
ਵਿਦੇਸ਼ਾਂ ਨੂੰ ਭੱਜਣ ਦੀ ਚਾਹ

ਖੇਤੀਬਾੜੀ ਤੋਂ ਪਿੰਡਾਂ ਦੇ ਨੌਜਵਾਨਾਂ ਦੇ ਮੂੰਹ ਮੋੜਨ ਦਾ ਵੱਡਾ ਕਾਰਨ ਦਿਨਾਂ ਵਿੱਚ ਹੀ ਅਮੀਰ ਬਣਨ ਦੀ ਚਾਹਤ ਹੈ, ਜੋ ਖੇਤੀ ਕਿੱਤੇ ਨਾਲੋਂ ਨੌਜਵਾਨੀ ਦੇ ਤੋੜ-ਵਿਛੋੜੇ ਦਾ ਮੁੱਖ ਕਾਰਨ ਹੈ। ਨੌਜਵਾਨਾਂ ਵਿਚ ਬਾਹਰਲੇ ਮੁਲਕਾਂ ਨੂੰ ਭੱਜਣ ਦੀ ਚਾਹ ਹੈ। ਇਹੀ ਦੌੜ ਇਨ੍ਹਾਂ ਨੌਜਵਾਨਾਂ ਦੇ ਆਪਣੀ ਧਰਤੀ 'ਤੇ ਪੈਰ ਨਹੀਂ ਲੱਗਣ ਦੇ ਰਹੀ। ਬਾਹਰਲੇ ਮੁਲਕਾਂ ਵਿਚ ਬੜੀ ਮਿਹਨਤ, ਖੱਜਲ-ਖੁਆਰੀ ਤੇ ਜਿੱਲਤ ਸਹਾਰਨੀ ਪੈਂਦੀ ਹੈ। ਪਰ ਜੇਕਰ ਨੌਜਵਾਨ ਪੀੜ੍ਹੀ ਇਥੇ ਹੀ ਖੇਤੀ ਨੂੰ ਇਕ ਲਾਹੇਵੰਦ ਧੰਦਾ ਸਮਝ ਕੇ ਕਰੇ ਤਾਂ ਇਸ ਵਿਚੋਂ ਵੱਡਾ ਮੁਨਾਫਾ ਕਮਾਇਆ ਜਾ ਸਕਦਾ ਹੈ ਤੇ ਨਾਲੇ ਵਿਦੇਸ਼ਾਂ ਨਾਲੋਂ ਆਪਣੇ ਘਰ ਪਰਿਵਾਰ 'ਚ ਰਹਿ ਕੇ ਕਿਤੇ ਚੰਗਾ ਜੀਵਨ ਬਸ਼ਰ ਕੀਤਾ ਜਾ ਸਕਦਾ ਹੈ।


-ਮੋਹਨ ਸਿੰਘ
ਪਿੰਡ ਧੰਨਾ ਸ਼ਹੀਦ (ਫ਼ਿਰੋਜ਼ਪੁਰ)


ਖੇਤੀ ਸਾਹਿਤ ਦੀ ਲੋੜ

ਨੌਜਵਾਨਾਂ ਨੂੰ ਚਾਹੀਦਾ ਹੈ ਕਿ ਜੇਕਰ ਉਹ ਸਮੇਂ ਦੇ ਨਾਲ-ਨਾਲ ਚੱਲਣ ਤੇ ਆਪਣੇ ਗਿਆਨ ਵਿਚ ਵਾਧਾ ਕਰਦੇ ਰਹਿਣ, ਖੇਤੀਬਾੜੀ ਨੂੰ ਵਪਾਰ ਸਮਝ ਕੇ ਕਰਨ ਤਾਂ ਇਸ ਵਿਚੋਂ ਵੱਡਾ ਫਾਇਦਾ ਹੋਵੇਗਾ। ਪੰਜਾਬ ਦੀ ਨੌਜਵਾਨ ਪੀੜ੍ਹੀ ਜੇ ਖੇਤੀ ਦੇ ਕੰਮ ਨਾਲ ਮੋਹ ਪਾ ਲਵੇ ਤਾਂ ਕਿਤੇ ਹੋਰ ਜਾ ਕੇ ਹੋਣ ਵਾਲੀ ਖੱਜਲ-ਖੁਆਰੀ ਤੋਂ ਬਚਿਆ ਜਾ ਸਕਦਾ ਹੈ। ਪੇਂਡੂ ਨੌਜਵਾਨ ਕਿਸਾਨ ਸਖਲਾਈ ਕੈਂਪਾਂ ਵਿੱਚ ਵੱਧ-ਚੜ੍ਹ ਕੇ ਹਿੱਸਾ ਲੈਣ, ਖੇਤੀਬਾੜੀ ਵਿਗਿਆਨੀਆਂ ਦੇ ਸੰਪਰਕ ਵਿਚ ਰਹਿਣ, ਵੱਧ ਤੋਂ ਵੱਧ ਖੇਤੀ ਸਾਹਿਤ ਖਰੀਦਣ ਅਤੇ ਪੜ੍ਹਨ। ਇਸ ਤੋਂ ਵੱਧ ਆਪਣੇ-ਆਪ 'ਤੇ ਭਰੋਸਾ ਰੱਖਣ ਸਫ਼ਲਤਾ ਜ਼ਰੂਰ ਉਨ੍ਹਾਂ ਦੇ ਪੈਰ ਚੁੰਮੇਗੀ।


-ਕਿੱਕਰ ਸਿੰਘ
ਪਿੰਡ ਬਲੋਚ ਖੇੜਾ (ਮੁਕਤਸਰ)


ਖੇਤੀ ਦਾ ਕੰਮ ਆਪਣੇ ਹੱਥੀਂ ਕੀਤਾ ਜਾਵੇ

ਪੰਜਾਬੀ ਦੀ ਇਕ ਕਹਾਵਤ ਹੈ ਕਿ 'ਹੱਥੀਂ ਵਣਜ ਸੁਨੇਹੀ ਖੇਤੀ ਕਦੇ ਨਾ ਹੁੰਦੇ ਬੱਤੀਓਂ ਤੇਤੀ' ਇਸ ਕਹਾਵਤ ਅਨੁਸਾਰ ਆਪਣਾ ਕੰਮ ਆਪਣੇ ਹੱਥੀਂ ਕੀਤੇ ਵਿੱਚ ਬਹੁਤ ਜ਼ਿਆਦਾ ਬਰਕਤ ਹੁੰਦੀ ਹੈ ਤੇ ਆਪਣੇ-ਆਪ ਨੂੰ ਸੰਤੁਸ਼ਟੀ ਮਿਲਦੀ ਹੈ ਪਰ ਵਰਤਮਾਨ ਸਮੇਂ ਦੌਰਾਨ ਇਕ ਰੁਝਾਨ ਜਿਹਾ ਹੀ ਚੱਲ ਪਿਆ ਹੈ ਕਿ ਪੰਜਾਬ ਦੇ ਕਿਸਾਨ ਖੇਤੀ ਦਾ ਸਾਰਾ ਕੰਮ ਕਿਰਾਏ 'ਤੇ ਮਜ਼ਦੂਰਾਂ ਤੋਂ ਕਰਵਾਉਂਦੇ ਹਨ ਤੇ ਆਪ ਡੱਕਾ ਦੂਹਰਾ ਨਹੀਂ ਕਰਦੇ, ਜਿਸ ਨਾਲ ਕਿਸਾਨ ਆਰਥਿਕ ਤੌਰ 'ਤੇ ਕਮਜ਼ੋਰ ਹੋ ਰਹੇ ਹਨ। ਪੰਜਾਬ ਦੇ ਕਿਸਾਨ ਪਰਿਵਾਰਾਂ ਨਾਲ ਸਬੰਧ ਰੱਖਦੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਖੇਤੀ ਦਾ ਸਾਰਾ ਕੰਮ ਆਪਣੇ ਹੱਥੀਂ ਕਰਨ, ਜਿਸ ਨਾਲ ਫ਼ਸਲ ਦੀ ਪੈਦਾਵਰ ਚੰਗੀ ਹੋਵੇਗੀ, ਝਾੜ ਵੀ ਚੰਗਾ ਨਿਕਲੇਗਾ ਅਤੇ ਕਿਸਾਨ ਆਰਥਿਕ ਪੱਖੋਂ ਮਜ਼ਬੂਤ ਹੋਵੇਗਾ ਤੇ ਖੁਸ਼ੀਆਂ ਭਰੀ ਚੰਗੇਰ ਮਾਣ ਸਕੇਗਾ।


-ਨਰਿੰਦਰ ਸਿੰਘ
ਪਿੰਡ ਫੋਲੜੀਵਾਲ (ਜਲੰਧਰ)

ਮੇਰੇ ਖੇਤੀ ਫਾਰਮ ਦਾ ਸੁੰਦਰ ਤੇ ਸੰਪੂਰਨ ਪਰਿਵਾਰ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਇੱਥੇ ਕਈ ਪੰਛੀਆਂ ਦੇ ਸੁਹੱਪਣ ਨੂੰ ਦੇਖ ਕੇ ਤੇ ਉਨ੍ਹਾਂ ਦੇ ਬੋਲਾਂ ਦਾ ਮਧੁਰ ਸੰਗੀਤ ਸੁਣ ਕੇ ਜਿਵੇਂ ਮਨ ਨਹੀਂ ਭਰਦਾ, ਸਾਵਣ ਭਾਦੋਂ ਦੇ ਦਿਨਾਂ ਵਿਚ ਜਦੋਂ ਖ਼ੁਸ਼ ਹੋ ਕੇ ਮੋਰ ਪੈਲ ਪਾਉਂਦੇ ਹਨ ਤਾਂ ਉਨ੍ਹਾਂ ਦੇ ਖੰਭਾਂ ਦੀ ਟਿੱਕੀ ਵਿਚ ਕੁਦਰਤ ਵਲੋਂ ਦਿੱਤੀ ਗਈ ਹਰੇ, ਨੀਲੇ ਭੂਰੇ ਤੇ ਹੋਰ ਰੰਗਾਂ ਦੀ ਤਰਤੀਬ ਤੇ ਟਿੱਕੀ ਦੀ ਬਣਤਰ ਦਾ ਅਨੂਪਮ ਨਮੂਨਾ ਵੇਖ ਕੇ ਕੁਦਰਤ ਦੀ ਕਲਾ ਨੂੰ ਨਮਸਕਾਰ ਕਰਨ ਨੂੰ ਮਨ ਕਰਦਾ ਹੈ।
ਮੇਰੇ ਫਾਰਮ ਦੇ ਪਰਿਵਾਰ ਵਿਚ ਚਾਰ ਲੱਤਾਂ ਵਾਲੇ ਛੋਟੇ ਜੀਵ ਨੇਲ, ਗੋਹਾਂ ਤੇ ਕਿਰਲੇ ਫਾਰਮ ਦੇ ਮੱਦਦਗਾਰ ਹਨ ਤੇ ਇਹ ਨੌਸਰਬਾਜ਼ ਨਹੀਂ, ਕਾਟੋਆਂ ਨੂੰ ਮੈਂ ਨੁਕਸਾਨ ਕਰਨ ਤੋਂ ਰੋਕਦਾ ਹਾਂ ਪਰ ਮਾਰਦਾ ਨਹੀਂ, ਚੂਹਿਆਂ ਅਤੇ ਸੱਪਾਂ ਲਈ ਢੁਕਵੀਆਂ ਸਜ਼ਾਵਾਂ ਜ਼ਰੂਰ ਰੱਖੀਆਂ ਹੋਈਆਂ ਹਨ।
ਇਸ ਸ਼ਾਨਾਮੱਤੇ ਪਰਿਵਾਰ ਵਿਚ ਨਵੇਂ ਆਏ ਮੈਂਬਰ ਨਿੱਕੇ ਨਿੱਕੇ ਕਟੜੂ ਵਛੜੂ ਆਪਣੀਆਂ ਮਾਵਾਂ ਦੇ ਦੁੱਧ ਚੁੰਘ ਕੇ ਅਕਸਰ ਸੌਂ ਜਾਂਦੇ ਹਨ ਤੇ ਫਿਰ ਮੁੜਕੇ ਭੁੱਖ ਲੱਗਣ 'ਤੇ ਆਪਣੀਆਂ ਨਿੱਕੀਆਂ ਨਾਜ਼ੁਕ ਬੂਥੀਆਂ ਮੇਰੇ ਵੱਲ ਕਰਕੇ ਰੰਭਦੇ ਹਨ ਤੇ ਮੁੜ ਦੁੱਧ ਪੀਣ ਦੀ ਆਪਣੀ ਲੋੜ ਦੱਸਦੇ ਹਨ।
ਬੱਕਰੀ ਦੇ ਨਿੱਕੇ ਮੇਮਣੇ ਆਪਣੀ ਮਾਂ ਦਾ ਦੁੱਧ ਚੁੰਘ ਕੇ ਨਿਹਾਲ ਹੋਣ ਤੋਂ ਬਾਅਦ ਮੈਂ ਜਿੱਧਰ ਜਾਵਾਂ ਮੇਰੇ ਮਗਰ ਮਗਰ ਚੱਲ ਪੈਂਦੇ ਹਨ, ਅਜਿਹਾ ਕਰਕੇ ਸ਼ਾਇਦ ਉਹ ਦੁੱਧ ਚੁੰਘਾਉਣ ਕਰਕੇ ਮੈਨੂੰ ਦਿਲੋਂ ਸਤਿਕਾਰ ਦਿੰਦੇ ਹਨ।
ਮੇਰੇ ਫਾਰਮ ਦੇ ਪਰਿਵਾਰ ਵਿਚ ਵਸਦੇ ਬਹੁਤ ਛੋਟੇ ਛੋਟੇ ਜੀਵ ਫਾਰਮ ਦੇ ਵੱਡੇ ਮੱਦਦਗਾਰ ਹਨ, ਇਨ੍ਹਾਂ ਵਿਚ ਭੌਰੇ, ਤਿਤਲੀਆਂ ਤੇ ਮਧੂਮੱਖੀਆਂ ਸ਼ਾਮਿਲ ਹਨ, ਇਹ ਜੀਵ ਵੰਨ-ਸੁਵੰਨੇ ਰੰਗਾਂ ਵਾਲੇ ਫੁੱਲਾਂ 'ਤੇ ਆਪਣੇ ਨਰਮ ਨਾਜ਼ੁਕ ਬੁੱਲ੍ਹ ਰੱਖ ਕੇ ਚੁੰਮਣ ਦਿੰਦੇ ਬੜੇ ਪਿਆਰੇ ਲਗਦੇ ਹਨ, ਇਨ੍ਹਾਂ ਦੀਆਂ ਮੱਧਮ ਤੇ ਮਧੁਰ ਆਵਾਜ਼ਾਂ ਦਾ ਸੰਗੀਤ ਦਿਲ ਦੀਆਂ ਧੁਰ ਗਹਿਰਾਈਆਂ ਵਿਚ ਲਹਿ ਜਾਂਦਾ ਹੈ।
ਇੱਥੇ ਹੀ ਬੱਸ ਨਹੀਂ ਇਹ ਛੋਟੇ ਉਡਣੇ ਜੀਵ ਫੁੱਲਾਂ ਵਿਚ ਪਏ ਨਰ ਤੇ ਮਾਦਾ ਕਣਾਂ ਨੂੰ ਇਕ-ਦੂਜੇ ਨਾਲ ਮਿਲਾਉਣ ਦਾ ਕਲਿਆਣਕਾਰੀ ਕੰਮ ਵੀ ਕਰਦੇ ਹਨ, ਇਉਂ ਇਨ੍ਹਾਂ ਦੀ ਕਿਰਪਾ ਨਾਲ ਫੁੱਲਾਂ ਵਿਚ 15 ਤੋਂ 20 ਫੀਸਦੀ ਵਧੇਰੇ ਫਲ ਬਣਦੇ ਹਨ ਤੇ ਫ਼ਸਲਾਂ ਦੇ ਫੁੱਲਾਂ ਤੇ ਸਿੱਟਿਆਂ ਦੀਆਂ ਕੁੱਖਾਂ ਵਿਚ ਦਾਣੇ ਨਿਮਦੇ ਹਨ।
ਮੇਰੇ ਖੇਤੀ ਫਾਰਮ ਦੀ ਮਿੱਟੀ ਨਾਲ ਜੁੜੇ ਅਨਗਿਣਤ ਕੀੜਿਆਂ ਦੀ ਕਿਰਪਾ ਨਾਲ ਹੀ ਮਿੱਟੀ ਨੂੰ ਭਰਪੂਰ ਮਾਤਰਾ ਵਿਚ ਖੇਤੀ ਜਿਣਸਾਂ ਦੇ ਉਤਪਾਦਨ ਲਈ ਬਲ ਤੇ ਵਰਦਾਨ ਪ੍ਰਾਪਤ ਹੁੰਦਾ ਹੈ, ਇਹ ਜੀਵ ਇਸ ਫਾਰਮ ਦੇ ਪਰਿਵਾਰ ਦਾ ਗੌਰਵਮਈ ਹਿੱਸਾ ਹਨ।
ਇਨ੍ਹਾਂ ਜੀਵਾਂ ਵਿਚ ਬਰਸਾਤਾਂ ਨੂੰ ਦਰਸ਼ਨ ਦੇਣ ਵਾਲੇ ਪੂੰਗਰੇ, ਗੰਡੋਏ, ਕੁਮਹਾਰ ਤੇ ਹੋਰ ਕਈ ਜੀਵ ਸ਼ਾਮਿਲ ਹਨ, ਪੰਛੀਆਂ ਸਮੇਤ ਕਈ ਛੋਟੇ ਜੀਵਾਂ ਦੀਆਂ ਜਾਤੀਆਂ ਰਸਾਇਣਾਂ ਦੀ ਅੰਧਾ-ਧੁੰਦ ਵਰਤੋਂ ਤੇ ਕੁਦਰਤੀ ਸੋਮਿਆਂ ਵਿਚ ਰਚੇ ਪ੍ਰਦੂਸ਼ਣ ਕਰਕੇ ਹਮੇਸ਼ਾਂ ਲਈ ਖਤਮ ਹੋ ਗਈਆਂ ਹਨ।
ਪੰਛੀਆਂ ਦੀਆਂ ਅਜਿਹੀਆਂ ਜਾਤੀਆਂ ਵਿਚ ਬੜਕੌਂਕ (ਗਰੁੜ) ਦੁੁਸਹਿਰੇ ਵਾਲੇ ਦਿਨ ਜਿਸ ਦੇ ਦਰਸ਼ਨ ਕਰਨ ਨੂੰ ਸ਼ੁੱਭ ਸ਼ਗਨ ਸਮਝਿਆ ਜਾਂਦਾ ਸੀ, ਹੁਣ ਘੱਟ ਹੀ ਦੇਖਣ ਨੂੰ ਮਿਲਦਾ ਹੈ, ਚਿੜੀਆਂ, ਗਿਰਝਾਂ, ਇੱਲ੍ਹਾਂ ਤੇ ਉੱਲੂਆਂ ਦੀ ਹੋਂਦ ਖਤਮ ਹੋਣ ਦੇ ਕਰੀਬ ਹੈ।
ਸਾਵਣ ਦੀ ਪਹਿਲੀ ਝੜੀ ਨਾਲ ਮੇਰੇ ਫਾਰਮ ਦੇ ਖੇਤਾਂ ਵਿਚ ਭਰੇ ਪਾਣੀ 'ਚੋਂ ਸਿਰ ਕੱਢ ਕੇ ਆਪਣੀਆਂ ਆਵਾਜ਼ਾਂ ਦੇ ਜ਼ੋਰਦਾਰ ਸੰਗੀਤ ਨਾਲ ਆਲਾ-ਦੁਆਲਾ ਗੂੰਜਾ ਦੇਣ ਵਾਲੇ ਪੀਲੇ ਰੰਗ ਦੇ ਅਨੇਕਾਂ ਡੱਡੂ ਹੁਣ ਹਮੇਸ਼ਾਂ ਲਈ ਕਿਤੇ ਚਲੇ ਗਏ ਹਨ, ਸਾਵਣ ਭਾਦੋਂ ਤੇ ਅੱਸੂ ਦੇ ਮਹੀਨਿਆਂ ਵਿਚ ਸੱਜਰੇ ਵਾਹੇ ਸਿਆੜਾਂ ਨੂੰ ਰੂਪ ਚਾੜ੍ਹ ਦੇਣ ਵਾਲੇ ਲਾਲ ਰੰਗ ਦੇ ਛੋਟੇ ਮਖ਼ਮਲੀ ਕੀੜੇ, ਜਿਨ੍ਹਾਂ ਨੂੰ ਚੀਚ ਵਹੁਟੀਆਂ ਕਿਹਾ ਜਾਂਦਾ ਸੀ, ਹੁਣ ਨਹੀਂ ਰਹੀਆਂ, ਬਰਸਾਤਾਂ ਦੇ ਮੌਸਮ ਵਿਚ ਰਾਤਾਂ ਦੇ ਹਨ੍ਹੇਰਿਆਂ ਵਿਚ ਫ਼ਸਲਾਂ ਦੇ ਪੱਤਿਆਂ 'ਤੇ ਆਪਣੇ ਖੰਭਾਂ ਵਿਚ ਜਗਦੇ ਬੁਝਦੇ ਚਿਰਾਗ਼ ਲੈ ਕੇ ਘੁੰਮਣ ਵਾਲੇ ਟਟਿਹਣੇਂ (ਜੁਗਨੂੰ) ਵੀ ਕਿਤੇ ਚਲੇ ਗਏ ਹਨ।
ਇਨ੍ਹਾਂ ਦੇ ਮੁੜ ਕੇ ਨਾ ਆਉਣ ਕਰਕੇ ਮੇਰੇ ਮਨ ਵਿਚ ਗਹਿਰਾ ਦੁੱਖ ਤੇ ਵਿਗੋਚਾ ਹਮੇਸ਼ਾ ਜਿਉਂਦਾ ਰਹੇਗਾ ਅਤੇ ਮੈਂ ਆਪਣੇ ਖੇਤੀ ਫਾਰਮ 'ਤੇ ਹਮੇਸ਼ਾਂ ਇਨ੍ਹਾਂ ਦੀਆਂ ਖ਼ੂਬਸੂਰਤ ਸਿਮਰਤੀਆਂ ਨਾਲ ਨਿਰੰਤਰ ਜੁੜਿਆ ਰਹਾਂਗਾ।
ਉਂਝ ਮੇਰੇ ਖੇਤੀ ਫਾਰਮ ਦੇ ਇਸ ਖ਼ੂਬਸੂਰਤ ਪਰਿਵਾਰ ਨੇ ਮੈਨੂੰ ਖੁਸ਼ਹਾਲੀ ਤੇ ਤ੍ਰਿਪਤੀ ਦੇ ਨਾਲ-ਨਾਲ ਭਰਪੂਰ, ਸਿਹਤਮੰਦ ਤੇ ਲੰਮਾ ਜੀਵਨ ਬਖ਼ਸ਼ਿਆ ਹੈ। ਮੈਨੂੰ ਅਜਿਹੇ ਪਰਿਵਾਰ ਤੇ ਹਮੇਸ਼ਾਂ ਮਾਣ ਮਹਿਸੂਸ ਹੁੰਦਾ ਹੈ। (ਸਮਾਪਤ)


-ਸੰਪਰਕ : 94632-33991.

ਗੀਤ

ਸਮਾਂ ਘੱਟ ਲੱਗੇਗਾ

ਸਾਫ਼-ਸੁਥਰੀ ਫ਼ਸਲ ਜੱਟਾ,
ਮੰਡੀ ਜੇ ਲਿਜਾਵੇਂਗਾ।
ਸਮਾਂ ਘੱਟ ਲੱਗੇਗਾ ਤੇ,
ਸਹੀ ਮੁੱਲ ਪਾਵੇਂਗਾ।
ਚੰਗੀ ਤਰ੍ਹਾਂ ਸੁਣ ਪਹਿਲਾਂ,
ਮਾਹਿਰਾਂ ਦੇ ਬਿਆਨ ਤੂੰ।
ਫ਼ਸਲ ਕੱਟਣ ਵੱਲ ਦੇਵੀਂ,
ਫੇਰ ਆਪਣਾ ਧਿਆਨ ਤੂੰ।
ਨਮੀ ਜਿੰਨੀ ਵੀ ਦੱਸਦੇ ਨੇ,
ਓਨੀ ਜੇ ਲਿਜਾਵੇਂਗਾ।
ਸਮਾਂ ਘੱਟ ਲੱਗੇਗਾ ਤੇ.....।
ਦਿਨ-ਰਾਤ ਝਾਕ ਜੱਟਾ,
ਪੈਲੀ ਪੁੱਤਾਂ ਵਾਂਗ ਪਾਲੀ।
ਮੌਕੇ ਉੱਤੇ ਆ ਕੇ ਹੁਣ,
ਕਰੀਂ ਨਾ ਤੂੰ ਕਾਹਲੀ।
ਚੰਗੀ ਤਰ੍ਹਾਂ ਖੇਤ ਵਿਚ,
ਫ਼ਸਲ ਜੇ ਪਕਾਵੇਂਗਾ।
ਸਮਾਂ ਘੱਟ ਲੱਗੇਗਾ ਤੇ.....।
ਢੇਰੀ ਕੋਲ ਖੜ੍ਹ ਮੁੱਲ,
ਚੰਗੀ ਤਰ੍ਹਾਂ ਲਵਾਈਂ ਤੂੰ।
ਕਿੰਨੀ ਹੁੰਦੀ ਫ਼ਸਲ ਸਾਰੀ,
ਚੰਗੀ ਤਰ੍ਹਾਂ ਤੁਲਾਈ ਤੂੰ।
ਉਦੋਂ ਵੀ ਖਿਆਲ ਰੱਖੀਂ,
ਪਰਚੀ ਜਦੋਂ ਕਟਾਵੇਂਗਾ।
ਸਮਾਂ ਘੱਟ ਲੱਗੇਗਾ ਤੇ.....।
'ਤਲਵੰਡੀ' ਤਾਂ ਹਰ ਵੇਲੇ,
ਤੇਰੇ ਬਾਰੇ ਹੀ ਸੋਚਦਾ।
ਤੂੰ ਵੀ ਹੋਵੇਂ ਖੁਸ਼ਹਾਲ,
ਦਿਲੋਂ ਹੈਗਾ ਲੋਚਦਾ।
ਇਹ ਉਦੋਂ ਹੋਊ ਖੁਸ਼,
ਜਦੋਂ ਸ਼ਾਹ ਬਣ ਜਾਵੇਂਗਾ।
ਸਮਾਂ ਘੱਟ ਲੱਗੇਗਾ ਤੇ.....।


-ਅਮਰੀਕ ਸਿੰਘ ਤਲਵੰਡੀ ਕਲਾਂ,
ਗਿੱਲ ਨਗਰ, ਗਲੀ ਨੰ: 13, ਮੁੱਲਾਂਪੁਰ ਦਾਖਾ (ਲੁਧਿਆਣਾ)। ਮੋਬਾ: 94635-42896


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX