ਤਾਜਾ ਖ਼ਬਰਾਂ


ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਇੱਕ ਵਜੇ ਤੱਕ ਲਈ ਮੁਲਤਵੀ
. . .  2 minutes ago
ਸਪੀਕਰ ਨੇ ਅਕਾਲੀ ਅਤੇ ਭਾਜਪਾ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢਣ ਲਈ ਬੁਲਾਏ ਗਏ ਮਾਰਸ਼ਲ
. . .  2 minutes ago
ਸਪੀਕਰ ਨੇ ਅਕਾਲੀ ਅਤੇ ਭਾਜਪਾ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਜਾਣ ਲਈ ਕਿਹਾ
. . .  2 minutes ago
ਸਪੀਕਰ ਦੀ ਅਕਾਲੀ ਵਿਧਾਇਕਾਂ ਨੂੰ ਚਿਤਾਵਨੀ- ਜੇਕਰ ਰੌਲਾ-ਰੱਪਾ ਬੰਦ ਨਾ ਕੀਤਾ ਗਿਆ ਤਾਂ ਸਦਨ 'ਚੋਂ ਕੱਢਿਆ ਜਾਵੇਗਾ ਬਾਹਰ
. . .  5 minutes ago
ਸਪੀਕਰ ਵਲੋਂ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼
. . .  7 minutes ago
ਬਜਟ ਦੌਰਾਨ ਸਿੱਧੂ ਅਤੇ ਬਿਕਰਮ ਮਜੀਠੀਆ ਵਿਚਾਲੇ ਵੱਡੀ ''ਤੂੰ-ਤੂੰ ਮੈਂ-ਮੈਂ''
. . .  8 minutes ago
ਭੂਮੀ ਹੀਣ ਖੇਤ ਮਜ਼ਦੂਰ ਕਿਸਾਨਾਂ ਦਾ ਕਰਜ਼ਾ ਹੋਵੇਗਾ ਮੁਆਫ਼- ਮਨਪ੍ਰੀਤ ਬਾਦਲ
. . .  9 minutes ago
ਸਾਲ 2019-20 ਲਈ 1,58,493 ਕਰੋੜ ਰੁਪਏ ਦਾ ਬਜਟ ਪੇਸ਼- ਮਨਪ੍ਰੀਤ ਬਾਦਲ
. . .  10 minutes ago
ਪਿਛਲੀ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਦਿੱਤੇ ਕਈ ਜ਼ਖ਼ਮ- ਮਨਪ੍ਰੀਤ ਬਾਦਲ
. . .  11 minutes ago
ਸਾਲ 2019-20 'ਚ 22.51 ਫ਼ੀਸਦੀ ਹੋਣ ਦੀ ਉਮੀਦ- ਮਨਪ੍ਰੀਤ ਬਾਦਲ
. . .  12 minutes ago
ਹੋਰ ਖ਼ਬਰਾਂ..

ਦਿਲਚਸਪੀਆਂ

ਜੱਟ ਮਚਲਾ ਖ਼ੁਦਾ ਨੂੰ ਲੈ ਗਏ ਚੋਰ

ਮੈਂ ਉਸ ਪੁਰਾਣੇ ਸਮੇਂ ਦੀ ਵਾਰਤਾ ਪੇਸ਼ ਕਰਨ ਜਾ ਰਿਹਾ ਹਾਂ ਜਦੋਂ ਆਮ ਲੋਕ ਪੈਦਲ ਸਫ਼ਰ ਕਰਿਆ ਕਰਦੇ ਸਨ | ਇਕ ਪੇਂਡੂ ਆਦਮੀ ਆਪਣੀ ਮਾਤਾ ਦੀਆਂ ਅਸਥੀਆਂ ਗੰਗਾ ਵਿਚ ਪਾਉਣ ਲਈ ਪੰਜਾਬ ਤੋਂ ਤੁਰਿਆ | ਇਕ ਸਰਾਂ ਵਿਚ ਰਾਤ ਕੱਟੀ | ਉਥੇ ਉਸ ਨੂੰ ਦੋ ਹੋਰ ਸਾਥੀ ਮਿਲ ਗਏ | ਉਨ੍ਹਾਂ ਨੇ ਵੀ ਹਰਿਦੁਆਰ ਹੀ ਜਾਣਾ ਸੀ | ਉਨ੍ਹਾਂ ਵਿਚ ਇਕ ਪੰਡਿਤ ਸੀ ਤੇ ਦੂਜਾ ਵਪਾਰੀ ਸੀ | ਤਿੰਨੇ ਸਾਥੀ ਗੱਲਾਂਬਾਤਾਂ, ਕਥਾ ਕਹਾਣੀਆਂ ਸੁਣਦੇ ਸੁਣਾਉਂਦੇ ਸਫ਼ਰ ਤੈਅ ਕਰੀ ਜਾਂਦੇ ਸਨ | ਇਕ ਦਿਨ ਪੰਡਿਤ ਜੀ ਨੇ ਰਾਏ ਦਿੱਤੀ ਕਿ ਅੱਜ ਖੀਰ ਬਣਾਈ ਜਾਵੇ | ਸਭ ਨੇ ਬਰਾਬਰ ਪੈਸੇ ਪਾ ਕੇ ਸਮੱਗਰੀ ਲਿਆਂਦੀ ਤੇ ਤੌੜੀ ਵਿਚ ਖੀਰ ਧਰ ਦਿੱਤੀ | ਮਤਾ ਇਹ ਬਣਾਇਆ ਗਿਆ ਕਿ ਸਵੇਰੇ ਉਠ ਕੇ ਨਹਾਵਾਂਗੇ, ਅਨੰਦ ਨਾਲ ਖਾਵਾਂਗੇ | ਅਗਲੀ ਮੰਜ਼ਿਲ ਵੱਲ ਫੇਰ ਚਾਲੇ ਪਾਵਾਂਗੇ | ਇਕ ਹੋਰ ਸੁਝਾਅ 'ਤੇ ਸਹਿਮਤੀ ਹੋ ਗਈ ਕਿ ਸਵੇਰੇ ਆਪਣਾ-ਆਪਣਾ ਰਾਤ ਦਾ ਸੁਪਨਾ ਸੁਣਾਉਣਾ ਹੈ | ਜਿਸ ਦਾ ਸੁਪਨਾ ਸੁਹਾਵਣਾ ਹੋਇਆ ਉਸ ਦੀ ਖੀਰ ਖਾਣ ਦੀ ਪਹਿਲੀ ਵਾਰੀ ਹੋਵੇਗੀ ਦੂਜੇ ਬਾਅਦ ਵਿਚ ਖਾਣਗੇ | ਤਿੰਨੇ ਆਰਾਮ ਨਾਲ ਲੇਟ ਗਏ ਪੰ੍ਰਤੂ ਜੱਟ ਨੂੰ ਨੀਂਦ ਨਾ ਆਈ | ਉਹ ਸੋਚਦਾ ਸੀ ਕਿ ਇਹ ਚੁਸਤ ਬੰਦੇ ਹਨ, ਇਨ੍ਹਾਂ ਮੇਰੇ ਪੱਲੇ ਕੁਝ ਨ੍ਹੀਂ ਪੈਣ ਦੇਣਾ | ਉਹ ਹੌਲੀ ਜਿਹੇ ਉਠਿਆ, ਆਪਣਾ ਕੰਮ ਨਬੇੜ ਕੇ ਸੌਾ ਗਿਆ | ਸਰਘੀ ਵੇਲੇ ਪੰਡਿਤ ਜੀ ਹਰੀ ਓਮ ਦਾ ਜਾਪ ਕਰਦੇ ਹੋਏ ਉਠੇ ਤੇ ਦੂਜਿਆਂ ਨੂੰ ਜਗਾਇਆ | ਇਸ਼ਨਾਨ ਪਾਨ ਕਰਕੇ ਤਿੰਨੇ ਬੈਠ ਗਏ ਤੇ ਆਪਣਾ ਸੁਪਨਾ ਸੁਣਾਉਣ ਲੱਗੇ | ਪੰਡਿਤ ਜੀ ਨੇ ਕਿਹਾ ਸੁਪਨੇ ਵਿਚ ਮੈਂ ਹਰਿਦੁਆਰ ਵਿਖੇ ਹਰ ਕੀ ਪਾਉੜੀ ਇਸ਼ਨਾਨ ਕੀਤਾ | ਕਈ ਥਾਵਾਂ ਦੇ ਦਰਸ਼ਨ ਦੀਦਾਰੇ ਕੀਤੇ, ਲੰਗਰ ਵਿਚ ਮਾਲ੍ਹ ਪੂੜੇ ਛਕੇ | ਮਨ ਬੜਾ ਪ੍ਰਸੰਨ ਹੋਇਆ | ਵਪਾਰੀ ਬੋਲਿਆ, ਮੈਂ ਖੁਰਾਸਾਨ ਗਿਆ | ਘੋੜੇ ਖਰੀਦ ਤੇ ਲਾਹੌਰ ਆ ਕੇ ਵੇਚੇ | ਚੋਖਾ ਮੁਨਾਫਾ ਖੱਟਿਆ | ਧਨ ਦੀਆਂ ਥੈਲੀਆਂ ਭਰ ਗਈਆਂ |
ਹੁਣ ਜੱਟ ਦੀ ਵਾਰੀ ਆਈ ਤਾਂ ਉਹ ਕਹਿਣ ਲੱਗਾ, 'ਸੁਪਨੇ ਵਿਚ ਚਾਰ ਡਾਂਗਾਂ ਵਾਲੇ ਮੇਰੇ ਦੁਆਲੇ ਖੜ੍ਹ ਗਏ | ਮੈਂ ਕਿਹਾ ਭਾਈ ਮੈਂ ਤਾਂ ਕੋਈ ਕਸੂਰ ਨ੍ਹੀਂ ਕੀਤਾ | ਉਹ ਕਹਿੰਦੇ ਜੋ ਅਸੀਂ ਕਹਿੰਦੇ ਹਾਂ ਕਰ | ਮੈਂ ਕਿਹਾ ਜੀ ਹੁਕਮ ਕਰੋ | ਇਕ ਨੇ ਪੋਲੀ ਜਿਹੀ ਡਾਂਗ ਮੇਰੇ ਮੌਰਾਂ 'ਤੇ ਜੜ੍ਹਤੀ, ਨਾਲੇ ਕਹਿੰਦਾ ਉਠ ਕੇ ਖੀਰ ਖਾ, ਮੈਂ ਹੱਥ ਜੋੜੇ ਕਿ ਇਹ ਤਾਂ ਸਾਡੇ ਤਿੰਨਾਂ ਦੀ ਹੈ | ਦੂਜੇ ਨੇ ਮੇਰੀ ਵੱਖੀ 'ਚ ਹੁੱਝ ਮਾਰੀ | ਮੈਨੂੰ ਡਰਦੇ ਨੂੰ ਖਾਣੀ ਪਈ |' ਮੇਰੇ ਸਾਥੀ ਬੋਲੇ 'ਤੇਰਾ ਸੁਪਨਾ ਝੂਠਾ ਹੈ |' ਜੱਟ ਕਹਿੰਦਾ 'ਜੇ ਝੂਠਾ ਹੈ ਤਾਂ ਤੌੜੀ ਦੇਖ ਲਵੋ |' ਜਦੋਂ ਢੱਕਣ ਚੁੱਕਿਆ ਤਾਂ ਤੌੜੀ ਡਰਾਈ ਕਲੀਨ ਕੀਤੀ ਪਈ ਸੀ |

-ਸਿੱਧਵਾਂ ਕਲਾਂ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 98720-86101.


ਖ਼ਬਰ ਸ਼ੇਅਰ ਕਰੋ

ਸੁਚੇਤ

ਅੱਜ ਜਦੋਂ ਐਸ.ਡੀ.ਓ. ਸੁਮੇਰ ਸਿੰਘ ਕੰਮ ਤੋਂ ਥੱਕਿਆ-ਹਾਰਿਆ ਵਾਪਸ ਆਇਆ ਤਾਂ ਹਨੇਰਾ ਹੋ ਚੁੱਕਿਆ ਸੀ | ਦਫ਼ਤਰ ਦਾ ਡਰਾਈਵਰ ਉਸ ਨੂੰ ਰੋਜ਼ਾਨਾ ਵਾਂਗ ਘਰ ਛੱਡ ਕੇ ਜੀਪ ਵਾਪਸ ਲੈ ਗਿਆ ਸੀ |
ਸੁਮੇਰ ਸਿੰਘ ਜਲਦੀ ਹੀ ਖਾਣਾ ਖਾ ਕੇ ਬਿਸਤਰ 'ਤੇ ਲੇਟ ਗਿਆ ਸੀ | ਉਸ ਦਾ ਪੁੱਤਰ ਸਰਵਨ ਸਿੰਘ ਵੀ ਉਸ ਦੇ ਨਾਲ ਚੁੱਪ-ਚਾਪ ਆ ਕੇ ਲੇਟ ਗਿਆ ਸੀ | ਲਾਡ-ਪਿਆਰ ਕਰਨ ਤੋਂ ਬਾਅਦ ਸੁਮੇਰ ਸਿੰਘ ਨੇ ਉਸ ਨੂੰ ਸਕੂਲ ਤੇ ਟਿਊਸ਼ਨ 'ਤੇ ਕੀਤੇ ਕੰਮ ਤੇ ਪੜ੍ਹਾਈ ਬਾਰੇ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ | ਸਰਵਨ ਸਿੰਘ ਨੇ ਵੀ ਆਪਣੇ ਨਿੱਕੇ-ਨਿੱਕੇ ਮਖਮਲੀ ਹੱਥਾਂ ਨੂੰ ਆਪਣੇ ਪਿਤਾ ਦੇ ਚਿਹਰੇ 'ਤੇ ਫੇਰਦੇ ਹੋਏ ਆਖਿਆ, 'ਪਾਪਾ ਜੀ! ਜਦੋਂ ਮੈਂ ਵੱਡਾ ਹੋ ਜਾਵਾਂਗਾ ਤਾਂ ਮੇਰੇ ਵੀ ਤੁਹਾਡੇ ਵਾਂਗ ਦਾੜ੍ਹੀ ਤੇ ਮੁੱਛਾਂ ਆ ਜਾਣਗੀਆਂ | ਮੈਂ ਵੀ ਆਪ ਵਾਂਗ ਖੂਬ ਪੜ੍ਹਾਂਗਾ, ਲਿਖਾਂਗਾ ਤੇ ਆਪ ਵਾਂਗ ਹੀ ਇਕ ਵੱਡਾ ਅਫ਼ਸਰ ਬਣਾਂਗਾ | ਦਫਤਰ ਦੀ ਗੱਡੀ ਮੈਨੂੰ ਲੈਣ ਆਇਆ ਕਰੇਗੀ ਤੇ ਤੁਹਾਡੇ ਵਾਂਗ ਹੀ ਮੈਂ ਫਿਰ ਅੰਕਲ ਡਰਾਈਵਰ ਨਾਲ ਗੱਡੀ ਵਿਚ ਬੈਠ ਕੇ ਕੰਮ 'ਤੇ ਜਾਇਆ ਤੇ ਆਇਆ ਕਰਾਂਗਾ | ਮੈਨੂੰ ਵੀ ਤੁਹਾਡੇ ਵਾਂਗ ਹੀ ਤਨਖਾਹ ਮਿਲਿਆ ਕਰੇਗੀ | ਤੁਸੀਂ ਫਿਰ ਦਾਦਾ ਜੀ ਵਾਂਗ ਘਰ ਰਿਹਾ ਕਰੋਗੇ | ਸਵੇਰੇ-ਸ਼ਾਮ ਸੈਰ ਕਰਿਆ ਕਰੋਗੇ | ਸਾਡੇ ਕੱਪੜੇ ਪ੍ਰੈੱਸ ਕਰਿਆ ਕਰੋਗੇ | ਬੂਟ ਪਾਲਿਸ਼ ਕਰਿਆ ਕਰੋਗੇ | ਬਾਜ਼ਾਰੋਂ ਸਾਮਾਨ ਲਿਆਇਆ ਕਰੋਗੇ...' ਤੇ ਫਿਰ ਗੱਲਾਂ ਕਰਦੇ-ਕਰਦੇ ਹੀ ਉਹ ਸੁਮੇਰ ਸਿੰਘ ਦੀ ਛਾਤੀ 'ਤੇ ਪਤਾ ਨਹੀਂ ਕਦੋਂ ਸੌਾ ਗਿਆ | ਥੱਕੇ-ਹਾਰੇ ਸੁਮੇਰ ਸਿੰਘ ਨੂੰ ਉਸ ਦੀਆਂ ਗੱਲਾਂ ਸੁਣ ਕੇ ਇੰਜ ਲੱਗਾ ਜਿਵੇਂ ਕੋਈ ਉਸ ਨੂੰ ਆਉਣ ਵਾਲੇ ਸਮੇਂ ਬਾਰੇ ਪਹਿਲਾਂ ਹੀ ਸੁਚੇਤ ਕਰ ਗਿਆ ਹੋਵੇ |

-ਸ਼ਹੀਦ ਭਗਤ ਸਿੰਘ ਨਗਰ, ਸੁਜਾਨਪੁਰ (ਪਠਾਨਕੋਟ) ਪੰਜਾਬ |
ਮੋਬਾਈਲ : 094644-25912.

ਤਿੰਨ ਗ਼ਜ਼ਲਾਂ

• ਸੁਲੱਖਣ ਸਰਹੱਦੀ •
ਉਹ ਲੋਕੀਂ ਰੋਟੀ ਜਦ ਮੰਗਣ, ਦਵੇ ਦਾਰੂ ਪਿਲਾ, ਛਲੀਆ,
ਬਿਨਾਂ ਕੁਝ ਬਦਲਿਆਂ ਹੀ ਬਦਲ ਜਾਂਦਾ ਹੈ ਵਰ੍ਹਾ, ਛਲੀਆ |
ਮਹਾਂਭਾਰਤ ਕਦੇ ਬਣਦਾ, ਕਦੇ ਇਹ ਸੰਨ ਸੰਤਾਲੀ,
ਭਰਾਵਾਂ ਨੂੰ ਭਰਾਵਾਂ ਤੋਂ ਦਵੇ ਮਰਵਾ ਬੜਾ ਛਲੀਆ |
ਮਰੀਚਕ ਬਣਕੇ ਪਹਿਲਾਂ ਸੋਨੇ ਲਈ ਸੀਤਾ ਨੂੰ ਛਲਦਾ ਹੈ,
ਤੇ ਰਾਵਣ ਬਣ ਕੇ ਫਿਰ ਸੀਤਾ ਨੂੰ ਲੈਂਦਾ ਹੈ ਉਠਾ ਛਲੀਆ |
ਸਿਆਸਤ ਪਹਿਲਾਂ ਜੀਭਾਂ ਤੇ ਜ਼ਖ਼ਮ ਰੱਖ ਕੇ ਖਾਮੋਸ਼ੀ ਦੇ,
ਤੇ ਮੁੜਕੇ ਲੋਕਾਂ ਲਈ ਗੀਤਾਂ ਦੀ ਕਰਦੀ ਹੈ ਦੁਆ, ਛਲੀਆ |
ਮੇਰੇ ਕਮਰੇ ਦਾ ਦੀਵਾ ਵੀ ਇਹ ਕਹਿ ਕੇ ਲੈ ਗਿਆ ਨਾਰਦ,
ਕਿ ਮੇਰੀ ਕਬਰ ਉਤੇ ਦੇਵੇਗਾ ਇਸ ਨੂੰ ਜਗਾ ਛਲੀਆ |
ਗ਼ਰੀਬਾਂ, ਚੇਤਨਾ ਦੇ ਮਾਰਿਆਂ ਲਈ ਸਾਰੇ ਧੋਖੇ ਹਨ,
ਮਹੱਲਾਂ-ਕਲਸ਼ਾਂ ਦਾ ਚਾਕਰ ਹੈ ਕੁਲੀਆਂ ਲਈ ਖ਼ੁਦਾ, ਛਲੀਆ |
ਬਣਾਉਂਦਾ ਜਨਤਾ ਦੇ ਡਰ ਤੋਂ ਕਿਲ੍ਹੇ ਫ਼ੌਜਾਂ ਤੇ ਮਿਜ਼ਾਈਲਾਂ,
ਇਹ ਰਾਜਾ ਬਾਹਰੀ ਦੁਸ਼ਮਣ ਦਾ ਕਰੇ ਹਊਆ ਖੜ੍ਹਾ ਛਲੀਆ |
ਚੜ੍ਹੇ ਇਸ ਸਾਲ ਵੀ ਘੁਮਿਆਰਾਂ ਮੇਰੀ ਮਿੱਟੀ ਨਾ ਰੋਲੀਂ,
ਨਹੀਂ ਜੇ ਦੀਪ ਬਣ ਸਕਦੇ, ਦਵੀਂ ਕੁਝ ਤਾਂ ਬਣਾ ਛਲੀਆ |
ਸਲੀਕਾ ਪਾਲ ਸਰਹੱਦੀ, ਕੈਲੰਡਰ ਬਦਲ ਸੁੱਟ ਤੂੰ ਵੀ,
ਉਹ ਮੋਇਆ ਸਾਲ ਕੱਢ ਕੇ ਬਾਹਰ ਵਿਹੜੇ ਵਿਚ ਜਲਾ ਛਲੀਆ |

-ਮੋਬਾਈਲ : 94174-84337.

• ਜੱਗਾ ਨਿੱਕੂਵਾਲ •
ਹੱਥੀਂ ਦਾਤਿਆ ਵੇ ਰੰਗਲੀ ਬਣਾਈ ਦੁਨੀਆ
ਘੁੱਗ ਵੱਸਦੀ ਐ ਇਥੇ ਚਾੲੀਂ-ਚਾੲੀਂ ਦੁਨੀਆ |
ਖੁਦ ਜੀਉ ਨਾਲੇ ਜੀਣ ਦਿਓ ਬੇਨਤੀ, ਜਿਗਰੇ ਨਿਸੰਗਾਂ ਵਾਲਿਓ,
ਕਿਤੇ ਦਿਓ ਨਾ ਉਜਾੜ ਕਾਇਨਾਤ ਨੂੰ ਪ੍ਰਮਾਣੂ ਬੰਬਾਂ ਵਾਲਿਓ |
ਇਨ੍ਹਾਂ ਪਲਾਂ 'ਚ ਬਣਾਉਣਾ ਲੋਕੋ ਜੱਗ ਸ਼ਮਸ਼ਾਨ,
ਇਨ੍ਹਾਂ ਕੰਮਾਂ ਲਈ ਬਣਿਆ ਨਾ ਲੋਕੋ ਵਿਗਿਆਨ |
ਤੁਸੀਂ ਚੰਨ ਉਤੇ ਪੁੱਜੇ ਪੁੱਜੋ ਮੰਗਲ ਗ੍ਰਹਿ, ਨੌ ਖੰਡਾਂ ਵਾਲਿਓ,
ਕਿਤੇ ਦਿਓ ਨਾ ਉਜਾੜ ਕਾਇਨਾਤ ਨੂੰ ਪ੍ਰਮਾਣੂ ਬੰਬਾਂ ਵਾਲਿਓ |
ਦਿਲ ਜਿੱਤ ਲਓ ਕੀ ਤੁਸੀਂ ਜਿੱਤਣੇ ਐ ਦੇਸ਼
ਤੁਸੀਂ ਕਰ ਦਿਓ ਬੰਬ ਪ੍ਰਮਾਣੂਆਂ ਦੀ ਰੇਸ |
ਆਓ, ਬੈਠ ਸੁਲਝਾਈਏ ਸਭ ਮਸਲੇ ਉਲਝੀਆਂ ਤੰਦਾਂ ਵਾਲਿਓ,
ਕਿਤੇ ਦਿਓ ਨਾ ਉਜਾੜ ਕਾਇਨਾਤ ਨੂੰ ਪ੍ਰਮਾਣੂ ਬੰਬਾਂ ਵਾਲਿਓ |
ਸ਼ਾਲਾ! ਦੁਨੀਆ ਤੇ ਹੋਜੇ 'ਜੱਗੇ' ਅਮਨ ਅਮਾਨ,
ਬੜੀ ਛੋਟੀ ਏ ਹਯਾਤੀ ਰੱਜ ਲੈਣ ਲੋਕ ਮਾਣ |
ਹਿੱਤ ਆਪਣੇ ਲਈ ਕਰੀਏ ਨਾ ਨਿੱਕੂਵਾਲ ਘਾਣ ਕਦੇ ਜੰਗਾਂ ਵਾਲਿਓ,
ਕਿਤੇ ਦਿਓ ਨਾ ਉਜਾੜ ਕਾਇਨਾਤ ਨੂੰ ਪ੍ਰਮਾਣੂ ਬੰਬਾਂ ਵਾਲਿਓ |

-ਮੋਬਾਈਲ : 98154-75019.

ਕਹਾਣੀ: ਫ਼ਰਕ ਰਿਸ਼ਤੇ ਦਾ

ਮੇਰੇ ਘਰ ਦਾ ਮਾਹੌਲ ਬਹੁਤ ਵਧੀਐ | ਮੇਰਾ ਤੇ ਮੇਰੀ ਨਣਾਨ ਦਾ ਆਪਸ 'ਚ ਬਹੁਤ ਪਿਆਰ ਐ | ਜਦੋਂ ਦਾ ਮੇਰੀ ਨਣਾਨ ਦਾ ਵਿਆਹ ਹੋਇਐ ਮੈਨੂੰ ਬਹੁਤ ਇਕੱਲਾਪਣ ਮਹਿਸੂਸ ਹੋ ਰਿਹੈ |
ਅੱਜ ਮੇਰੀ ਨਣਾਨ ਤੇ ਨਣਾਨਵੀਏ ਨੇ ਆਉਣਾ ਸੀ | ਘਰ 'ਚ ਪੂਰਾ ਖ਼ੁਸ਼ੀ ਦਾ ਮਾਹੌਲ ਸੀ |
ਸਰਦੀਆਂ ਦੇ ਦਿਨ ਹੋਣ ਕਰ ਕੇ ਅਸੀਂ ਸਾਰੇ ਧੁੱਪੇ ਬੈਠੇ ਗੱਲਾਂ ਕਰ ਰਹੇ ਸੀ | ਅਚਾਨਕ ਮੰਮੀ (ਮੇਰੇ ਸੱਸ) ਨੂੰ ਪਤਾ ਨੀ ਕੀ ਹੋਇਆ, ਨਣਾਨਵੀਏ ਨੂੰ ਕਹਿਣ ਲੱਗੀ, 'ਵੇਖੋ ਬੇਟੇ ਤੁਹਾਡੇ ਵਿਆਹ ਨੂੰ 2 ਸਾਲ ਹੋ ਗਏ... ਹੁਣ ਤਾਂ ਸੁੱਖ ਨਾਲ ਪੱਪੂ ਵੀ ਸਾਲ ਦਾ ਹੋ ਜਾਏਗਾ | ਅਸੀਂ ਸੋਚਿਐ ਤੁਸੀਂ ਕਿਤੇ ਪਲਾਟ ਬਗੈਰਾ ਲੈ ਲਓ, ਕੋਈ ਜ਼ਰੂਰੀ ਨੀ ਹੁਣੇ ਬਣਾਉਣੈ, ਚਾਹੇ ਹੌਲੀ-ਹੌਲੀ ਬਣਾ ਲਿਓ | ਆਪਣਾ ਮਕਾਨ ਹੋਣਾ ਚਾਹੀਦੈ | ਐਸੀ ਗੱਲ ਨਹੀਂ ਇਸ ਵਿਚ ਅਸੀਂ ਵੀ ਮਦਦ ਕਰਾਂਗੇ |
ਪਰ ਮੰਮੀ ਜੀ ਸਾਡੇ ਕੋਲ ਤਾਂ ਪਹਿਲਾਂ ਈ ਕਨਾਲ ਦੀ ਕੋਠੀ ਐ... ਘਰ 'ਚ ਮੈਂਬਰ ਅਸੀਂ ਟੋਟਲ ਪੰਜ ਆਂ, ਸਾਰੀ ਕੋਠੀ ਖਾਲੀ ਪਈ ਐ | ਇਕ ਹੋਰ ਦਾ ਅਸੀਂ ਕੀ ਕਰਾਂਗੇ | ਨਾਲੇ ਮੰਮੀ-ਡੈਡੀ ਦਾ ਨਵੀਂ ਜਗ੍ਹਾ ਦਿਲ ਨਹੀਂ ਲੱਗਣਾ |
ਹਾਂ ਬੇਟੇ ਮੰਮੀ-ਡੈਡੀ ਇਸੇ ਮਕਾਨ 'ਚ ਰਹਿ ਲੈਣਗੇ ਨਾ | ਜਦੋਂ ਦਿਲ ਕੀਤਾ ਤੁਹਾਡੇ ਕੋਲ ਆ ਚਲੇ ਆਉਣ.... ਤੁਸੀਂ ਉਨ੍ਹਾਂ ਕੋਲ ਚਲੇ ਜਾਇਓ |
ਮੰਮੀ ਦੀ ਇਹ ਦੋਗਲੀ ਨੀਤੀ ਸੁਣ ਕੇ ਮੈਨੂੰ ਬੜੀ ਹੈਰਾਨੀ ਹੋਈ ਕਿਉਂਕਿ ਅਸੀਂ ਤਾਂ ਹੁਣ ਤੱਕ ਮੰਮੀ ਦੇ ਮੰੂਹੋਂ ਇਕੱਠੇ ਰਹਿਣ ਦੇ ਫ਼ਾਇਦੇ ਈ ਸੁਣਦੇ ਆ ਰਹੇ ਸੀ |
ਇਹ ਸੁਣ ਕੇ ਮੇਰੇ ਤੋਂ ਰਹਿ ਨਾ ਹੋਇਆ | ਮੈਂ ਕਿਹਾ ਮੰਮੀ ਗੱਲ ਤਾਂ ਤੁਹਾਡੀ ਬਿਲਕੁਲ ਠੀਕ ਐ | ਅਸੀਂ ਤਾਂ ਆਪ ਸੋਚ ਰਹੇ ਸੀ ਕਿ ਅਸੀਂ ਸ਼ਹਿਰ 'ਚ ਮਕਾਨ ਪਾ ਲਈਏ | ਵੇਖੋ ਨਾ ਤੁਹਾਡਾ ਪੋਤਾ ਸਵੇਰੇ 5 ਵਜੇ ਉਠਦੈ | ਇਕ ਘੰਟਾ ਲੱਗ ਜਾਂਦੈ ਸਕੂਲ ਪਹੰੁਚਣ ਨੂੰ | ਸ਼ਹਿਰ 'ਚ ਹੋਵਾਂਗੇ 10 ਮਿੰਟ 'ਚ ਸਕੂਲ ਪਹੁੰਚ ਜਾਇਆ ਕਰੂ | ਨਾਲੇ ਤੁਹਾਡੇ ਪੁੱਤ ਨੂੰ ਵੀ ਸਰਦੀ-ਗਰਮੀ ਵਿਚ ਪਿੰਡ ਆਉਣਾ ਜਾਣਾ ਔਖਾ ਲਗਦੈ |
'ਨਾ ਭਾਈ ਨਾ ਸਾਡਾ ਨੀ ਸ਼ਹਿਰ 'ਚ ਦਿਲ ਲੱਗਣਾ...', ਮੰਮੀ ਨੇ ਇਕ ਟੁਕ ਜਵਾਬ ਦਿੱਤਾ |
ਮੰਮੀ ਗੱਲ ਤੁਹਾਡੀ ਠੀਕ ਐ | ਕੋਈ ਨੀ ਤੁਸੀਂ ਪਿੰਡ ਈ ਰਹਿ ਲਿਓ | ਨਾਲੇ ਅਸੀਂ ਮਨ੍ਹਾਂ ਥੋੜ੍ਹੀ ਕਰਦੇ ਆਂ | ਜਦੋਂ ਮਰਜ਼ੀ ਸਾਨੂੰ ਮਿਲਣ ਆਇਆ ਕਰਿਓ, ਅਸੀਂ ਵੀ ਆਵਾਂਗੇ ਪਿੰਡ ਤੁਹਾਨੂੰ ਮਿਲਣ |
ਲੈ ਇਹ ਕੀ ਗੱਲ ਹੋਈ, ਪਿੰਡ ਐਡਾ ਵੱਡਾ ਘਰ ਛੱਡ ਕੇ ਸ਼ਹਿਰ ਜਾ ਕੇ ਕਿਉਂ ਰਹਾਂਗੇ |
ਦੀਦੀ ਵਿਚੋਂ ਈ ਟੋਕਦੇ ਹੋਏ ਬੋਲੀ | ਮੰਮੀ ਇਕ ਗੱਲ ਦੱਸੋ | ਸਾਡੇ ਕੋਲ ਸ਼ਹਿਰ ਵਿਚ ਮਕਾਨ ਐ | ਇਨ੍ਹਾਂ ਦਾ ਦਫ਼ਤਰ, ਬੱਚੇ ਦਾ ਸਕੂਲ ਬਿਲਕੁਲ ਨੇੜੇ ਐ | ਫਿਰ ਵੀ ਤੁਸੀਂ ਸਾਨੂੰ ਅਲੱਗ ਮਕਾਨ ਬਣਾਉਣ ਨੂੰ ਕਹਿ ਰਹੇ ਹੋ | ਵੀਰ ਤੇ ਬੱਚਾ ਤਾਂ ਰੋਜ਼ ਪਿੰਡ ਤੋਂ ਸ਼ਹਿਰ ਜਾਂਦੇ ਐ ਇਨ੍ਹਾਂ ਨੂੰ ਸ਼ਹਿਰ 'ਚ ਮਕਾਨ ਲੈਣ ਲਈ ਤੁਸੀਂ ਮਨ੍ਹਾ ਕਰਦੇ ਹੋ |
ਧੀਏ ਗੱਲ ਤੁਹਾਡੀ ਠੀਕ ਐ, ਮੇਰੀ ਗ਼ਲਤੀ ਐ | ਧੀ ਦੇ ਰਿਸ਼ਤੇ ਨੇ ਮੈਨੂੰ ਅੰਨ੍ਹੀ ਕਰ 'ਤਾ ਸੀ | ਬੇਟੇ ਤੁਸੀਂ ਆਪਣੇ ਮਾਂ-ਬਾਪ ਨਾਲ ਈ ਰਹੋ, ਪਰਮਾਤਮਾ ਤੁਹਾਡਾ ਇਸ ਤਰ੍ਹਾਂ ਈ ਪਿਆਰ ਬਣਾਈ ਰੱਖੇ |

-ਐਸ.ਐਸ. ਮਿਸਟ੍ਰੈੱਸ, ਸ. ਸ. ਸ. ਸ. ਸਹੌੜਾਂ, ਐਸ.ਏ.ਐਸ. ਨਗਰ |

ਪ੍ਰਬੰਧ

'ਲਾਡੀ ਦੇ ਬਾਪੂ ਸੁਣਿਐਾ, ਅੱਜ ਮਹਿਕਮੇ ਆਲੇ ਆਏ ਸੀ, ਕਈਆਂ ਨੂੰ ਜੁਰਮਾਨੇ ਪਾ ਗੇ, ਗਿਆਨ ਕੌਰ ਨੇ ਫਿਕਰਮੰਦੀ 'ਚ ਆਪਣੇ ਪਤੀ ਜੱਗਾ ਸਿੰਘ ਨੂੰ ਕਿਹਾ | ਜੱਗਾ ਸਿੰਘ ਨੇ ਬੜੇ ਮਾਣ ਨਾਲ ਜਵਾਬ ਦਿੰਦਿਆਂ ਕਿਹਾ, 'ਹਾਂ ਭਾਗਵਾਨੇ ਆਏ ਸੀ ਅੱਜ ਖੇਤਾਂ 'ਚ, ਕਰਤਾ ਉਨ੍ਹਾਂ ਦਾ 'ਪ੍ਰਬੰਧ' ਪਿੰਡ ਵਾਲਿਆਂ ਨਾਲ ਰਲ ਕੇ |'
'ਪਰ ਲਾਡੀ ਦੇ ਬਾਪੂ ਅਜੇ ਤਾਂ ਝੋਨਾ ਹੁਣੇ ਲਾ ਕੇ ਹਟੇ ਆਂ, ਪੱਕਣ ਤੱਕ ਤਾਂ ਫਿਰ ਬਹੁਤ ਪ੍ਰਬੰਧ ਕਰਨੇ ਪੈਣਗੇ, ਮਹਿੰਗਾ ਡੀਜ਼ਲ, ਮਹਿੰਗੀਆਂ ਰੇਹਾਂ-ਸਪਰੇਆਂ ਤੇ ਹੋਰ ਪਤਾ ਨੀ ਕਿੰਨੇ ਕੁ ਨਿੱਕੇ-ਵੱਡੇ ਖਰਚ, ਇਨ੍ਹਾਂ ਦਾ ਪ੍ਰਬੰਧ ਤਾਂ ਚਲੋ ਔਖੇ-ਸੌਖੇ ਆਪਾਂ ਕਰਜ਼ਾ-ਕੁਰਜ਼ਾ ਚੱਕ ਕੇ ਕਰ ਲਵਾਂਗੇ ਪਰ ਜੇ ਇਕ ਦਿਨ ਆਹ ਧਰਤੀ ਦੇ ਉੱਪਰਲਾ ਤੇ ਹੇਠਲਾ ਸਾਰਾ ਪਾਣੀ ਮੁੱਕ ਗਿਆ ਤਾਂ ਫਿਰ ਉਹਦਾ ਪ੍ਰਬੰਧ ਕੌਣ ਕਰੂ?' ਗਿਆਨ ਕੌਰ ਦੇ ਮੂੰਹੋਂ ਪਾਣੀ ਪ੍ਰਬੰਧ ਵਾਲੇ ਸ਼ਬਦਾਂ ਨੂੰ ਸੁਣ ਕੇ ਜੱਗਾ ਸਿੰਘ ਮੱਥੇ 'ਤੇ ਹੱਥ ਧਰ ਕੇ ਕਿਸੇ ਡੂੰਘੀ ਸੋਚ 'ਚ ਗੁਆਚ ਗਿਆ |

#342 ਫੇਸ 3, ਮਾਡਲ ਟਾਊਨ, ਬਠਿੰਡਾ |
ਮੋਬਾਈਲ : 98780-14240.






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX