ਤਾਜਾ ਖ਼ਬਰਾਂ


ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ...
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 14 ਦੌੜਾਂ ਨਾਲ ਹਰਾਇਆ
. . .  1 day ago
ਆਈ ਪੀ ਐੱਲ 2019 - ਕਿੰਗਜ਼ ਇਲੈਵਨ ਪੰਜਾਬ ਨੇ ਰਾਜਸਥਾਨ ਰਾਇਲਜ਼ ਨੂੰ 185 ਦੌੜਾਂ ਦਾ ਦਿੱਤਾ ਟੀਚਾ
. . .  1 day ago
ਪ੍ਰਿਅੰਕਾ ਦੇ ਆਉਣ ਨਾਲ ਕਾਂਗਰਸ ਦੀ ਡੁੱਬਦੀ ਬੇੜੀ ਨਹੀਂ ਬਚੇਗੀ- ਮਜੀਠੀਆ
. . .  1 day ago
ਫ਼ਾਜ਼ਿਲਕਾ ,25 (ਪ੍ਰਦੀਪ ਕੁਮਾਰ)- ਲੋਕ ਸਭਾ ਚੋਣਾਂ ਨੂੰ ਲੈ ਕੇ ਅੱਜ ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫ਼ਾਜ਼ਿਲਕਾ ਜ਼ਿਲ੍ਹੇ ਦਾ ਦੌਰਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ...
ਆਈ ਪੀ ਐੱਲ 2019 - 15 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 3 ਵਿਕਟ ਗਵਾ ਕੇ ਬਣਾਈਆਂ 144 ਦੌੜਾਂ
. . .  1 day ago
ਆਈ ਪੀ ਐੱਲ 2019 - 8 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ 2 ਵਿਕਟ ਗਵਾ ਕੇ ਬਣਾਈਆਂ 60 ਦੌੜਾਂ
. . .  1 day ago
ਆਈ ਪੀ ਐੱਲ 2019 - 5 ਓਵਰਾਂ ਦੇ ਬਾਅਦ ਕਿੰਗਜ਼ ਇਲੈਵਨ ਪੰਜਾਬ ਨੇ ਇਕ ਵਿਕਟ ਗਵਾ ਕੇ ਬਣਾਈਆਂ 31 ਦੌੜਾਂ
. . .  1 day ago
ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਕੀਤੀ ਜਾਰੀ
. . .  1 day ago
ਨਵੀਂ ਦਿੱਲੀ ,25 ਮਾਰਚ - ਲੋਕ ਸਭਾ ਚੋਣਾਂ ਲਈ ਕਾਂਗਰਸ ਨੇ ਪੱਛਮੀ ਬੰਗਾਲ ਅਤੇ ਮਹਾਰਾਸ਼ਟਰ 'ਚ 26 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ ।ਇਸ ਸੂਚੀ 'ਚ ਸੰਜੇ ਨਿਰੂਪਮ ਦਾ ਨਾਮ ਵੀ ਹੈ , ਜੋ ਮੁੰਬਈ ਉੱਤਰ-ਪੱਛਮੀ ਤੋਂ ਚੋਣ ...
ਐੱਮ ਪੀ ਦੇ ਨਾਂਅ 'ਤੇ ਲਿਆਏ ਜਾ ਰਹੇ ਬੈਂਚਾਂ ਨੂੰ ਚੋਣ ਅਧਿਕਾਰੀਆਂ ਨੇ ਕੀਤਾ ਕਾਬੂ
. . .  1 day ago
ਤਪਾ ਮੰਡੀ,25 ਮਾਰਚ (ਪ੍ਰਵੀਨ ਗਰਗ) -ਸਥਾਨਕ ਸ਼ਹਿਰ ਵਿਖੇ ਚੋਣ ਅਧਿਕਾਰੀਆਂ ਦੀ ਟੀਮ ਵੱਲੋਂ ਇੱਕ ਟਰੈਕਟਰ ਟਰਾਲੀ ਨੂੰ ਕਾਬੂ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਦੇ ...
ਮਾਨਸਾ ਦੀ ਅਦਾਲਤ ਵੱਲੋਂ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ
. . .  1 day ago
ਮਾਨਸਾ, 25 ਮਾਰਚ (ਗੁਰਚੇਤ ਸਿੰਘ ਫੱਤੇਵਾਲੀਆ/ਬਲਵਿੰਦਰ ਸਿੰਘ ਧਾਲੀਵਾਲ)- ਵਧੀਕ ਸੈਸ਼ਨ ਜੱਜ ਦਲਜੀਤ ਸਿੰਘ ਰੱਲਣ ਦੀ ਅਦਾਲਤ ਨੇ ਅੱਜ 3 ਥਾਣੇਦਾਰਾਂ ਨੂੰ 7-7 ਸਾਲ ਦੀ ਕੈਦ ਅਤੇ ਇਕ ਸਿਪਾਹੀ ਨੂੰ ਬਰੀ ਕਰਨ ਦੇ ਹੁਕਮ ਸੁਣਾਏ ਹਨ। ਜਾਣਕਾਰੀ ਅਨੁਸਾਰ .....
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਲਘੂ ਕਥਾ: ਸਮੇਂ ਦੀ ਨਬਜ਼

ਇਕ ਵਾਰੀ ਦੀ ਗੱਲ ਹੈ ਕਿ ਇਕ ਕੁੱਤੇ ਨੂੰ ਬਹੁਤ ਹੀ ਭੁੱਖ ਲੱਗੀ ਸੀ | ਅਧਿਆਪਕ ਜਮਾਤ ਵਿਚ ਕਹਾਣੀ ਸੁਣਾ ਰਹੇ ਸਨ, 'ਭੋਜਨ ਦੀ ਭਾਲ ਵਿਚ ਉਹ ਐਧਰ-ਓਧਰ ਗਿਆ | ਪ੍ਰੰਤੂ ਉਸ ਨੂੰ ਖਾਣ ਲਈ ਕਿਧਰੋਂ ਵੀ ਕੁਝ ਨਾ ਮਿਲਿਆ | ਅਖੀਰ ਨੂੰ ਉਹ ਇਕ ਮੀਟ ਵਾਲੀ ਦੁਕਾਨ 'ਤੇ ਗਿਆ | ਦੁਕਾਨ ਦੇ ਬਾਹਰ ਉਸ ਨੂੰ ਮਾਸ ਦਾ ਟੁਕੜਾ ਮਿਲਿਆ | ਜਲਦੀ ਨਾਲ ਉਸ ਨੇ ਮਾਸ ਦਾ ਟੁਕੜਾ ਚੁੱਕਿਆ ਅਤੇ ਸੋਚਣ ਲੱਗ ਗਿਆ |
'ਸਰ, ਸੋਚਣ ਵਾਲੀ ਕਿਹੜੀ ਗੱਲ ਸੀ | ਉਸ ਨੂੰ ਭੁੱਖ ਲੱਗੀ ਸੀ ਤੇ ਮਾਸ ਵੀ ਉਸ ਨੂੰ ਮਿਲ ਗਿਆ ਸੀ | ਮਾਸ ਦਾ ਟੁਕੜਾ ਖਾ ਕੇ ਉਸ ਨੂੰ ਆਪਣੀ ਭੁੱਖ ਮਿਟਾ ਲੈਣੀ ਚਾਹੀਦੀ ਸੀ', ਇਕ ਵਿਦਿਆਰਥੀ ਨੇ ਖੜ੍ਹਾ ਹੋ ਕੇ ਕਿਹਾ |
'ਨਹੀਂ, ਨਹੀਂ ਇਸ ਤਰ੍ਹਾਂ ਨਹੀਂ | ਭੁੱਖੇ ਨੂੰ ਕੁਛ ਮਿਲੇ ਤਾਂ ਖਾਣ ਲਈ ਵੀ ਬਹੁਤ ਕੁਝ ਸੋਚਣਾ ਪੈਂਦਾ ਹੈ', ਕੋਲੋਂ ਦੂਸਰੇ ਵਿਦਿਆਰਥੀ ਨੇ ਖੜ੍ਹਾ ਹੋ ਕੇ ਕਿਹਾ |
'ਲੈ ਸੋਚਣ ਵਾਲੀ ਕਿਹੜੀ ਗੱਲ ਹੈ |'
'ਸੋਚਣ ਵਾਲੀ ਗੱਲ ਇਹ ਹੈ ਕਿ... ਜੇ ਉਹ ਉਥੇ ਥਾਂ 'ਤੇ ਖੜ੍ਹ ਕੇ ਖਾਣ ਲੱਗ ਪੈਂਦਾ ਤਾਂ ਉਥੇ ਕੋਈ ਹੋਰ ਕੁੱਤਾ ਵੀ ਆ ਸਕਦਾ ਸੀ ਅਤੇ ਇਹ ਦੂਸਰਾ ਕੁੱਤਾ ਉਸ ਤੋਂ ਮਾਸ ਦਾ ਟੁਕੜਾ ਖੋਹਣ ਲਈ ਲੜਾਈ ਕਰ ਸਕਦਾ ਸੀ | ਲੜਾਈ ਵਿਚ ਜੇ ਦੂਸਰਾ ਕੁੱਤਾ ਜਿੱਤ ਜਾਂਦਾ ਤਾਂ ਪਹਿਲੇ ਨੂੰ ਫਿਰ ਭੁੱਖਾ ਹੀ ਰਹਿਣਾ ਪੈ ਸਕਦਾ ਸੀ |
'ਹਾਂ, ਇਹ ਪਤੇ ਦੀ ਗੱਲ ਹੈ', ਕੋਲੋਂ ਅਧਿਆਪਕ ਨੇ ਕਿਹਾ, 'ਇਸ ਲਈ ਉਹ ਮਾਸ ਦਾ ਟੁਕੜਾ ਲੈ ਕੇ ਜੰਗਲ ਵੱਲ ਨੂੰ ਚਲ ਪਿਆ | ਰਸਤੇ ਵਿਚ ਉਹ ਇਕ ਨਦੀ ਵਿਚੋਂ ਦੀ ਲੰਘਣ ਲੱਗਿਆ | ਨਦੀ ਦੇ ਪਾਣੀ ਵਿਚ ਉਸ ਨੂੰ ਆਪਣਾ ਹੀ ਪਰਛਾਵਾਂ ਦਿਸਿਆ | ਉਸ ਨੇ ਸੋਚਿਆ ਇਹ ਦੂਸਰਾ ਕੁੱਤਾ ਹੈ | ਉਸ ਨੇ ਭੌਾਕਣ ਲਈ ਜਿਵੇਂ ਹੀ ਆਪਣਾ ਮੰੂਹ ਖੋਲਿ੍ਹਆ, ਉਸ ਦੇ ਮੰੂਹ ਵਿਚਲਾ ਮਾਸ ਦਾ ਟੁਕੜਾ ਨਦੀ ਵਿਚ ਡਿੱਗ ਪਿਆ |'
'ਸਰ! ਇਹ ਕਹਾਣੀ ਠੀਕ ਨਹੀਂ ਹੈ', ਪਹਿਲੇ ਵਿਦਿਆਰਥੀ ਨੇ ਫਿਰ ਖੜ੍ਹਾ ਹੋ ਕੇ ਕਿਹਾ |
'ਕਿਵੇਂ?' ਅਧਿਆਪਕ ਨੇ ਸਵਾਲ ਕੀਤਾ |
'ਵੇਖੋ ਸਰ, ਜਿਸ ਨੂੰ ਭੁੱਖ ਲੱਗੀ ਹੋਵੇ, ਉਹ ਜ਼ਿਆਦਾ ਸੋਚ ਨਹੀਂ ਸਕਦਾ | ਭੁੱਖ ਮਿਟਾਉਣਾ ਹੀ ਉਸ ਦੀ ਸੋਚ ਦਾ ਵੱਡਾ ਹਿੱਸਾ ਹੁੰਦਾ ਹੈ | ਉਸ ਲਈ ਤਾਂ ਦੋ ਜਮ੍ਹਾਂ ਦੋ ਚਾਰ ਰੋਟੀਆਂ ਹੀ ਹੁੰਦਾ ਹੈ | ਭੁੱਖ ਸੋਚ ਨੂੰ ਖੰੁਢਾ ਕਰ ਦਿੰਦੀ ਹੈ |'
'ਜ਼ਰਾ ਵਿਸਥਾਰ ਨਾਲ ਗੱਲ ਕਰੋ', ਅਧਿਆਪਕ ਨੇ ਵਿਦਿਆਰਥੀ ਨੂੰ ਆਖਿਆ |
'ਵੇਖੋ ਸਰ, ਚੋਣਾਂ ਆਉਂਦੀਆਂ | ਸਾਡੇ ਲੋਕ ਇਹ ਨਹੀਂ ਸੋਚਦੇ ਕਿ ਜੇਕਰ ਉਹ ਪੈਸੇ ਲੈ ਕੇ ਜਾਂ ਨਸ਼ੇ ਵਰਤ ਕੇ ਵੋਟ ਪਾਉਣਗੇ ਤਾਂ ਭਿ੍ਸ਼ਟ ਨੇਤਾ ਦੀ ਚੋਣ ਕਰਨਗੇ | ਉਹ ਤਾਂ ਅਸਲ ਵਿਚ ਭੁੱਖਾਂ-ਦੁੱਖਾਂ ਦੇ ਮਾਰੇ ਹੁੰਦੇ ਹਨ | ਚੋਣਾਂ ਵੇਲੇ ਨੇਤਾ ਲੋਕ ਉਨ੍ਹਾਂ ਨੂੰ ਥੋੜ੍ਹੇ ਜਿਹੇ ਪੈਸੇ ਦਿੰਦੇ ਹਨ ਜਾਂ ਫਿਰ ਨਸ਼ੇ ਦਿੰਦੇ ਹਨ | ਉਹ ਵੋਟਾਂ ਉਨ੍ਹਾਂ ਨੂੰ ਪਾ ਕੇ ਪੰਜਾਂ ਸਾਲਾਂ ਲਈ ਚੁਣ ਲੈਂਦੇ ਹਨ | ਇਹ ਵੱਖਰੀ ਗੱਲ ਹੈ ਕਿ ਫਿਰ ਭਾਵੇਂ ਪੰਜ ਸਾਲ ਉਹ ਕੁੱਟੀ ਅਤੇ ਲੁੱਟੀ ਜਾਣ', ਚੇਤੰਨ ਵਿਦਿਆਰਥੀ ਨੇ ਗੱਲ ਨੂੰ ਸਿਰੇ ਲਾਉਂਦਿਆਂ ਅੱਗੇ ਕਿਹਾ, 'ਉਹ ਪੰਜਾਂ ਸਾਲਾਂ ਦਾ ਸੋਚਣ ਕਿ ਸਮੇਂ ਦੀ ਨਬਜ਼ ਪਛਾਣਨ | ਤੁਰੰਤ ਉਨ੍ਹਾਂ ਨੂੰ ਆਪਣੀ ਵੋਟ ਦਾ ਮੁੱਲ ਮਿਲਦਾ ਹੈ | ਇਸ ਤੋਂ ਅੱਗੇ ਉਨ੍ਹਾਂ ਦੀ ਸੋਚ ਜਾਂਦੀ ਹੀ ਨਹੀਂ', ਵਿਦਿਆਰਥੀ ਨੇ ਅਧਿਆਪਕ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ |

-1439, 6-ਆਰ., ਡੋਗਰ ਬਸਤੀ, ਫ਼ਰੀਦਕੋਟ |
ਮੋਬਾਈਲ : 95010-20731.


ਖ਼ਬਰ ਸ਼ੇਅਰ ਕਰੋ

ਕਹਾਣੀ: ਸਰਾਧ ਨਿਕਲ ਜਾਣ

ਟਿਫਨ ਵਾਲਾ ਲੜਕਾ ਰਮੇਸ਼ ਆਪਣੇ ਗਾਹਕ ਪਰਦੇਸੀ ਨੂੰ ਟਿਫਨ ਫੜਾ ਕੇ ਮੁੜਨ ਲੱਗਾ ਤਾਂ ਪਰਦੇਸੀ ਨੇ ਅੱਗੋਂ ਨਿਮਾਣਾ ਜਿਹਾ ਬਣ ਕੇ ਤਰਲਾ ਜਿਹਾ ਪਾਉਂਦਿਆਂ ਕਿਹਾ, 'ਯਾਰ ਰਮੇਸ਼, ਤੁਹਾਨੂੰ ਬੇਨਤੀ ਕੀਤੀ ਸੀ ਕਿ ਟਿਫਨ ਦਾ ਢੱਕਣ ਟੁੱਟਿਆ ਹੋਇਆ ਨਾ ਪਾਇਆ ਕਰੋ | ਅੱਗੇ ਤਾਂ ਚਲੋ ਤੁਸੀਂ ਢੱਕਣਾਂ ਦੀਆਂ ਮੋਰੀਆਂ ਸੈਲੋ-ਟੇਪ ਲਗਾ ਕੇ ਬੰਦ ਹੀ ਕਰ ਦਿੱਤੀਆਂ ਸਨ : ਬੇਸ਼ੱਕ ਸੈਲੋ-ਟੇਪ ਲੱਗੀ ਜਚਦੀ ਨਹੀ, ਪਰ ਫਿਰ ਵੀ ਮੈਂ ਸੋਚਿਆ ਕਿ ਚਾਰ-ਪੰਜ ਦਿਨਾਂ ਵਿਚ ਟਿਫਨ ਨਵਾਂ ਲੈ ਹੀ ਲਵੋਗੇ, ਤਦ ਮੈ ਚੁੱਪ ਰਿਹਾ | ਤਿੰਨ ਮਹੀਨੇ ਹੋ ਚੱਲੇ ਹਨ ਤੁਹਾਡੇ ਤਿੰਨੋਂ ਹੀ ਟਿਫਨ ਉਹੀ ਟਾਕੀਆਂ ਲੱਗੀਆਂ ਵਾਲੇ ਹੀ ਚੱਲ ਰਹੇ ਹਨ | ਆਹ ਅੱਜ ਤੁਸੀਂ ਹੋਰ ਵੀ ਰਿਕਾਰਡ ਕਾਇਮ ਕਰ ਦਿੱਤਾ | ਪਤਾ ਨਹੀ ਕਿੱਥੋਂ ਕੱਢ ਲਿਆਂਦਾ ਇਹੋ ਜਿਹਾ ਢੱਕਣ | ਦੇਖੋ ਕਿੱਡਾ ਵੱਡਾ ਛੇਕ ਹੈ ਢੱਕਣ ਵਿਚ! ਬੇਸ਼ੱਕ ਕੋਈ ਵੀ ਕਾਢਾ-ਕੀੜੀ ਵੜਦਾ ਰਵੇ੍ਹ ਇਸ ਵਿਚ ! ' 
'ਅੰਕਲ ! ਇਹ ਗੱਲ ਤੁਹਾਡੇ ਕਹਿਣ ਤੋਂ ਪਹਿਲੇ ਹੀ ਮੈਂ ਮੰਮੀ ਨੂੰ ਬੋਲੀ ਸੀ, ਪਰ ਮੰਮੀ ਅੱਗੋਂ ਕਹਿਣ ਲੱਗੇ, ਸਰਾਧ ਚੱਲਦੇ ਹਨ : ਸਰਾਧਾਂ ਵਿਚ ਕੋਈ ਚੀਜ਼ ਖਰੀਦ ਨਹੀਂ ਸਕਦੇ | ਅੱਜ ਤੀਸਰਾ ਸਰਾਧ ਹੈ | ਸਮਝੋ ਗਏ ਸਰਾਧ | ਬਸ ਬਾਰਾਂ ਹੀ ਰਹਿ ਗਏ ਬਾਕੀ | ਦੜ ਵੱਟ ਕੇ ਕੱਟ ਲਓ ਬਾਰਾਂ ਦਿਨ !'
ਰਮੇਸ਼ ਨੇ ਆਪਣਾ ਸਾਰਾ ਹਾਲ ਬਿਆਨ ਕਰ ਦਿੱਤੀ ਤਾਂ ਪਰਦੇਸੀ ਨੇ ਉਸ ਨੂੰ ਬਾਹੋਂ ਫੜ ਕੇ ਬਿਠਾ ਲਿਆ | ਉਹ ਧੀਮੀ ਜਿਹੀ ਆਵਾਜ਼ 'ਚ ਬੋਲਿਆ, 'ਮੈਂ ਕਿਸੇ ਵੀ ਧਰਮ ਪ੍ਰਤੀ ਕੋਈ ਸ਼ਬਦ ਨਹੀਂ ਕਹਿੰਦਾ, ਸਿਰਫ ਤੁਹਾਡੀ ਜਾਣਕਾਰੀ ਲਈ ਦੱਸ ਰਿਹਾ ਹਾਂ ਕਿ ਹਰਮੀਤ ਸਿੰਘ ਨੇ ਹੁਣੇ-ਹੁਣੇ ਮਕਾਨ ਬਦਲਿਆ ਹੈ : ਅੱਜ ਤੀਸਰੇ ਸਰਾਧ ਤੱਕ ਡੇਢ ਲੱਖ ਦਾ ਸਾਮਾਨ ਲੈ ਆਂਦਾ ਹੈ ਉਸ ਨੇ, ਦੋ ਦਿਨਾਂ ਵਿਚ | ਉਸ ਦੇ ਘਰ ਦੀ ਸੈਟਿੰਗ ਲਗਾਤਾਰ ਚੱਲਣੀ ਹੈ ਸਾਰੇ ਸਰਾਧਾਂ ਵਿਚ | ਇਸ ਰਫਤਾਰ ਨਾਲ ਤਿੰਨ ਲੱਖ ਦੇ ਕਰੀਬ ਰੁਪਿਆ ਖਰਚ ਹੋ ਜਾਣਾ ਹੈ ਉਸਦਾ ਸਰਾਧਾਂ-ਸਰਾਧਾਂ ਵਿਚ ਹੀ | ਫਿਰ, ਹੋਰ ਦੇਖ ! ਆਹ ਸਰਦਾਰਾਂ ਦੇ ਮੈਰਿਜ਼ ਹੈ, 8 ਅਕਤੂਬਰ ਦੀ : ਇਨ੍ਹਾਂ ਦੀ ਅੱਡੀ ਨਹੀਂ ਲੱਗ ਰਹੀ ਘਰ ਵਿਚ | ਰੋਜ਼ਾਨਾ ਖਰੀਦੋ-ਫਰੋਖਤ ਚੱਲ ਰਹੀ ਹੈ, ਬੜੇ ਜ਼ੋਰ-ਸ਼ੋਰ ਨਾਲ ਇਨ੍ਹਾਂ ਦੀ | ਸਾਡੀ ਅਗਲੀ ਗਲੀ ਵਿਚ ਮੇਰਾ ਇਕ ਦੋਸਤ ਕਿ੍ਸਚੀਅਨ ਹੈ | ਉਨ੍ਹਾਂ ਦੇ ਮਕਾਨ ਦੀ ਮੁਰੰਮਤ ਚੱਲ ਰਹੀ ਹੈ | ਕੱਲ੍ਹ ਅਸੀਂ ਦੋਵੇਂ ਹੀ 20 ਹਜ਼ਾਰ ਦਾ ਸਮਾਨ ਲੈਕੇ ਆਏ ਹਾਂ ਮਾਰਕੀਟ ਵਿਚੋਂ | ਫਿਰ, ਹੋਰ ਦੇਖੋ : ਸਾਡੀ ਸੰਸਥਾ ਦੇ ਲਗਪਗ ਪੰਜ ਮੈਂਬਰਾਂ ਦੀਆਂ ਕਿਤਾਬਾਂ ਇਨ੍ਹਾਂ ਤਿੰਨ ਸਰਾਧਾਂ ਵਿਚ ਛਪਣ ਲਈ ਦਿੱਤੀਆਂ ਹਨ, ਪ੍ਰੈੱਸ ਵਿਚ | ਦੋ ਸਾਥੀਆਂ ਨੇ ਕੱਲ੍ਹ ਨੂੰ ਅਜੇ ਦੇਣੀਆਂ ਹਨ | ਸਾਡੇ ਸਾਹਮਣੇ ਘਰ ਵਾਲੇ ਕੱਲ੍ਹ ਮੋਟਰਸਾਈਕਲ ਲਿਆਏ ਹਨ, ਨਵਾਂ | ਸਾਰਾ ਸੰਸਾਰ ਚੱਲੀ ਜਾ ਰਿਹਾ ਹੈ ਰਮੇਸ਼ ਜੀ ! ਤੁਸੀਂ ਤਾਂ ਸੌ ਰੁਪਏ ਦਾ ਟਿਫਨ ਲੈਣਾਂ ਹੈ, ਉਸ ਲਈ ਵੀ ਕਹਿ ਰਹੇ ਹੋ ਸਰਾਧ ਨਿਕਲ ਲੈਣ ਦਿਓ | ਸਰਾਧ ਨਿਕਲਦੇ-ਨਿਕਲਦੇ ਜੇਕਰ ਕੋਈ ਜੀਵ-ਜੰਤੂ ਢੱਕਣ ਦੇ ਟੁੱਟੇ ਹੋਏ ਛੇਕਾਂ ਰਾਹ ਤੋਂ ਟਿਫਨ ਵਿਚ ਵੜ ਗਿਆ : ਉਹ ਖਾਣਾ ਖਾ ਕੇ ਮੈਂ ਬੀਮਾਰ ਪੈ ਗਿਆ ਤਾਂ ਫਿਰ ਮੈਨੂੰ ਵੀ ਤਾਂ ਦਵਾਈਆਂ ਲੈਣ ਭੱਜਣਾ ਹੀ ਪਊ ਸਰਾਧਾਂ ਵਿਚ | ' 
ਰਮੇਸ਼ ਤਾਂ ਵਿਚਾਰਾ ਬੇਵੱਸ ਸੀ | ਉਸ ਨੇ ਪਰਦੇਸੀ ਦਾ ਅੱਖਰ-ਅੱਖਰ ਸਾਰੀ ਦੀ ਸਾਰੀ ਗੱਲ ਘਰ ਜਾ ਕੇ ਆਪਣੀ ਮਾਂ ਨੂੰ ਦੱਸ ਦਿੱਤੀ | ਲੋਹੀ-ਲਾਖੀ ਹੋਈ ਮਾਂ ਬੋਲੀ, 'ਰਮੇਸ਼, ਤੈਨੂੰ ਵੀ ਪਤਾ ਨਹੀਂ ਕਦੋਂ ਅਕਲ ਆਉਣੀ ਐਾ! ਇਹ ਜਿੰਨੇ ਤੂੰ ਮੈਨੂੰ ਗਿਣਾਏ ਹਨ, ਇਨ੍ਹਾਂ 'ਚ ਕੋਈ ਸਰਦਾਰ, ਕੋਈ ਕਿ੍ਸਚਨ, ਕੋਈ ਰਾਧਾ ਸਵਾਮੀ, ਕੋਈ ਨਿਰੰਕਾਰੀ ਹੈ ਅਤੇ ਕੋਈ ਬੇ-ਗੁਰਾ ਹੀ ਹੈ |'
'ਕਿਉਂ ਮੰਮੀ, ਕੀ ਫਿਰ ਇਹ ਬੰਦੇ ਨਹੀ ? ਇਨ੍ਹਾਂ ਉਪਰ ਸਰਾਧਾਂ ਦਾ ਕੋਈ ਰੂਲ-ਅਸੂਲ ਨਹੀ ਢੁੱਕਦੈ ? ਫਿਰ ਡੈਡੀ ਨੂੰ ਵੀ ਕਹਿ ਦਿਓ ਦਵਾਈਆਂ ਨਾ ਸਪਲਾਈ ਕਰਿਆ ਕਰਨ ਕੈਮਿਸਟਾਂ ਦੀਆਂ ਦੁਕਾਨਾਂ ਨੂੰ, ਸਰਾਧਾਂ ਵਿਚ ! ਸਰਾਧਾਂ ਵਿਚ ਖਰੀਦੀਆਂ ਦਵਾਈਆਂ ਖੁਆ ਕੇ ਮਾਰਨਾ ਕਿਸੇ ਵਿਚਾਰੇ ਗਰੀਬ ਮਰੀਜ਼ਾਂ ਨੂੰ ਤੁਸੀਂ ! ਮਾਮੇ ਸੋਨੀ ਨੂੰ ਪੁੱਛ ਕੇ ਦੇਖੋ , ਦੁਕਾਨ 'ਚੋਂ ਸਰਾਧਾਂ ਵਿਚ ਕਿੰਨਾ ਖੱਟ-ਵੱਟ ਕੇ ਮੁੜ੍ਹਦਾ ਹੈ, ਸ਼ਾਮ ਨੂੰ ! ਉਸ ਨੂੰ ਵੀ ਕਹਿ ਦਿਓ ਬੰਦ ਕਰ ਕੇ ਰੱਖੇ ਆਪਣੀ ਦੁਕਾਨ, ਸਰਾਧਾਂ ਵਿਚ !'  
'ਰਮੇਸ਼, ਤੂੰ ਚਾਰ ਜਮਾਤਾਂ ਪੜ੍ਹ ਕਾਹਦਾ ਗਿਆ, ਤੂੰ ਵੀ ਪਰਦੇਸੀ ਦੀਆਂ ਗੱਲਾਂ ਵਿਚ ਹੀ ਆ ਗਿਆ | ਇਨ੍ਹਾਂ ਲਿਖਾਰੀਆਂ ਨੇ ਹੀ ਤਾਂ ਬੇੜਾ ਡੋਬਿਆ ਪਿਆ ਹੈ ਸਾਡੇ ਦੇਸ਼ ਦਾ !'
ਮੰਮੀ , ਗ਼ਲਤ ਕਹਿ ਰਹੇ ਹੋ ਤੁਸੀਂ! ਸਰਾਸਰ ਗਲਤ! ਇਨ੍ਹਾਂ ਲਿਖਾਰੀਆਂ ਨੇ ਦੇਸ਼ ਦਾ ਬੇੜਾ ਡੋਬਿਆ ਨਹੀਂ, ਬਲਕਿ ਤੁਹਾਡੇ ਵਰਗਿਆਂ ਦੇ ਡੋਬੇ ਹੋਏ ਬੇੜੇ ਨੂੰ ਤਾਰਨ 'ਤੇ ਲੱਗੇ ਹੋਏ ਹਨ ਲਿਖਾਰੀ ਲੋਕ | ਸ਼ਰਧਾ-ਭਾਵਨਾ ਨੂੰ ਸ਼ਰਧਾ-ਭਾਵਨਾ ਤੱਕ ਹੀ ਸੀਮਤ ਰੱਖੋ, ਨਾ ਕਿ ਫਾਲਤੂ ਦੇ ਵਹਿਮ-ਭਰਮ ਵਧਾਈ ਜਾਵੋ ਮੰਮੀ!' 
'ਰਮੇਸ਼, ਤੂੰ ਇਕ ਵਾਰ ਛੱਡਕੇ ਭਾਵੇਂ ਹਜ਼ਾਰ ਵਾਰ ਕਹਿ : ਮੈਂ ਸਰਾਧਾਂ ਵਿਚ ਟਿਫਨ ਨਹੀਂ ਖਰੀਦਣਾ : ਨਹੀਂ ਖਰੀਦਣਾ : ਨਹੀਓਾ ਖਰੀਦਣਾ | '  
'ਤੁਸੀ ਨਾ ਖਰੀਦੋ ਜੀ, ਮੈਂ ਖਰੀਦ ਲਿਆਇਆ ਹਾਂ ਦੋ ਟਿਫਨ ਢਾਈ ਸੌ ਰੁਪਏ ਦੇ | ਆਹ ਪਏ ਤੁਹਾਡੀ ਰਸੋਈ 'ਚ | ' ਰਮੇਸ਼ ਨੇ ਲਿਫਾਫੇ ਵਿਚੋਂ ਟਿਫਨ ਕੱਢਦਿਆਂ ਆਖਿਆ |

ਰਫੈ ਅਲਅ

ਪੰਜਾਬੀਆਂ ਦੀ ਆਦਤ ਹੈ, ਸੁਭਾਅ 'ਚ ਰਚੀ ਹੈ ਕਿ ਕੋਈ ਵੀ ਲਫ਼ਜ਼ ਬੋਲਣਾ ਹੈ ਤਾਂ ਲਮਕਾਅ ਕੇ ਬੋਲਣਾ ਹੈ ਤੇ ਵਿਗਾੜ ਕੇ ਬੋਲਣਾ ਹੈ | ਜਿਵੇਂ ਪੁਲਥਰੂ ਨੂੰ ਫੁਲਤਰੂ, ਮੋਬਿਆਇਲ ਨੂੰ ਮੁਬਲੈਲ, ਟਾਈਪ ਨੂੰ ਟੈਪ, ਕਾਨੂੰਨ ਨੂੰ ਕਾਨੂਨ, ਸ਼ਰਟ ਨੂੰ ਸ਼ੱਰਟ, ਬਨਿਆਨ ਨੂੰ ਬੁਨੈਨ, ਗਜ਼ ਨੂੰ ਗਜ, ਲੁਧਿਆਣਾ ਨੂੰ ਲੁਧੇਹਾਣਾ ਆਦਿ ਜੁਗਾਦਿ ਤੇ ਰਫੈਲ ਨੂੰ ਰਫਐਲ ਲਾਅ | ਇਨ੍ਹੀਂ ਦਿਨੀਂ ਰਫੈਲ ਦ ਬਹੁਤ ਪੁਆੜਾ ਹੈ, ਹੈ ਤਾਂ ਨਾਂਅ ਫਰਾਂਸ 'ਚ ਫਰਾਂਸ ਦੀ ਇਕ ਕੰਪਨੀ ਵਲੋਂ ਤਿਆਰ ਕੀਤੇ ਜਾਂਦੇ ਲੜਾਕੂ ਹਵਾਈ ਜਹਾਜ਼ ਦਾ ਨਾਂ ਪਰ ਸਿਰਫ਼ ਪੰਜਾਬੀਆਂ ਵਲੋਂ ਹੀ ਨਹੀਂ ਹਿੰਦੀ ਅਤੇ ਦੂਜੀਆਂ ਕਈ ਬੋਲੀਆਂ ਵਾਲੇ ਵੀ ਇਸ ਦਾ ਉਚਾਰਨ ਸਹੀ ਨਹੀਂ ਕਰ ਸਕਦੈ | ਕੋਈ ਰਿਫੈਲ ਕਹਿੰਦਾ ਹੈ, ਕੋਈ ਰੀਫੇਲ ਕੋਈ ਰਿਫਾਇਲ, ਕੋਈ ਰੈਫਲ, ਕੋਈ ਰਾਫੇਲ ਅਤੇ ਪਤਾ ਨਹੀਂ ਕਈ ਹੋਰ, ਇਸ ਤਰ੍ਹਾਂ ਇਸ ਦਾ ਉਚਾਰਨ ਕਰਦੇ ਹਨ ਪਰ ਇਕ ਗੱਲ ਪੱਕੀ ਹੈ ਕਿ ਸਭਨਾਂ ਦੇ ਨਿਵੇਕਲੇ ਆਪਣੇ ਹਿਸਾਬ ਵਾਲੇ ਉਚਾਰਨ 'ਚ ਅੱਖਰ 'ਚ 'ਫੱਫਾ' ਤੇ 'ਲੱਲਾ' ਜ਼ਰੂਰ ਸ਼ਾਮਿਲ ਹਨ |
ਮੈਨੂੰ ਕਈਆਂ ਨੇ ਪੁੱਛਿਆ ਹੈ, 'ਇਹ ਰਿਫੈਲ ਵਾਲਾ ਮਾਮਲਾ ਕੀ ਹੈ?'
ਮੈਂ ਕਿਹਾ, 'ਰਾਹੁਲ ਦਾ ਫੈਲ ਹੈ |'
'ਪਾਣੀ ਵਿਚ ਮਧਾਣੀ, ਕਾਂਗਰਸ ਦਾ ਰੇੜਕਾ ਹੈ, ਰਾਹੁਲ ਜੀ ਦੇ ਕਹਿਣ 'ਤੇ ਕਾਂਗਰਸੀ ਰਿੜਕ ਰਹੇ ਹਨ | ਪਾਣੀ ਵਿਚ ਮਧਾਣੀ ਜਿੰਨਾ ਮਰਜ਼ੀ ਐ ਰਿੜਕੀ ਜਾਓ, ਨਿਕਲਣਾ ਤਾਂ ਕੁਝ ਹੈ ਈ ਨਹੀਂ... |
ਦੁੱਧ ਵਿਚ ਮਧਾਣੀ ਜਾਂ ਦਹੀਂ ਵਿਚ ਮਧਾਣੀ... ਰਿੜਕੋ ਤਾਂ ਮੱਖਣ ਜ਼ਰੂਰ ਨਿਕਲਦਾ ਹੈ |
ਰਾਹੁਲ ਜੀ ਨੇ ਅਮੇਠੀ 'ਚ ਆਪਣੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਉਚਾਰਿਆ, 'ਹੁਣ ਮਜ਼ਾ ਆਏਗਾ... ਦੋ ਮਹੀਨੇ ਹੋਰ ਵੇਖੋ, ਹੋਰ ਮਜ਼ਾ ਆਏਗਾ |'
ਰਾਫੇਲ ਜਹਾਜ਼ ਦੀ ਲੋੜ ਹੈ, ਸਾਡੀ ਏਅਰ ਫੋਰਸ ਨੂੰ , ਦੇਸ਼ਦੀ ਰੱਖਿਆ ਹਿਤ-ਰਾਹੁਲ ਜੀ ਅਨੁਸਾਰ 126 ਰਾਫੇਲ ਜਹਾਜ਼ਾਂ ਦੀ ਮੰਗ ਕੀਤੀ ਸੀ ਏਅਰ ਫੋਰਸ ਨੇ... ਅਜੇ 14 ਸਾਲ ਤੋਂ ਉੱਪਰ ਹੋ ਗਏ ਹਨ, ਕਾਂਗਰਸ ਵਾਲੀ ਯੂ.ਪੀ.ਏ. ਸਰਕਾਰ ਨੇ ਅਜੇ ਤਾੲੀਂ ਇਕ ਰਾਫੇਲ ਜਹਾਜ਼ ਵੀ ਨਹੀਂ ਦਿੱਤਾ, ਰਾਫੇਲ ਜਹਾਜ਼ ਏਅਰ ਫੋਰਸ ਨੂੰ ਦੇਣ 'ਚ ਫੇਲ੍ਹ ਹੋਈ ਹੈ ਕਾਂਗਰਸ ਸਰਕਾਰ... ਪ੍ਰੇਸ਼ਾਨ ਹੈ ਦੇਸ਼ ਦੀ ਰੱਖਿਆ ਕਰਨ ਵਾਲੀ ਏਅਰ ਫੋਰਸ, ਰਾਹੁਲ ਜੀ ਮਜ਼ੇ ਲੈ ਰਹੇ ਹਨ, 'ਫੈਲ' ਆਪਣਾ ਹੈ, ਰੌਲਾ ਪਾ ਰਹੇ ਹਨ...
ਰਾਫੇਲ... ਰਾਫੇਲ... ਰਾਫੇਲ...
ਦੇਸ਼ ਦੇ ਚੌਕੀਦਾਰ ਦਾ ਫੈਲ
ਫੇਲ੍ਹ ਹੋ ਗਿਆ ਚੌਕੀਦਾਰ
ਦੇਸ਼ ਵਾਸੀਓ... ਜਾਗਦੇ ਰਹੋ |
ਰਾਹੁਲ ਜੀ ਮਜ਼ੇ ਲੈਂਦੇ, ਹੱਦ ਹੋ ਗਈ? ਨਾ ਜੀ ਨਾ, ਹੱਦ ਨਾਲੋਂ ਵੱਧ ਹੋ ਗਈ... ਰਾਹੁਲ ਜੀ ਨੇ 'ਚੋਰਾਂ ਦੀ ਚਾਕਰੀ' ਨੂੰ ਚਾਰ ਚੰਨ ਲਾ ਦਿੱਤੇ ਹਨ... ਨੈਸ਼ਨਲ ਹੈਰਾਲਡ ਕੇਸ 'ਚ ਕਰੋੜਾਂ ਦੀ ਹੇਰਾਫੇਰੀ ਕਰਨ ਦੇ ਦੋਸ਼ 'ਚ ਰਾਹੁਲ ਜੀ, ਮਸੀਂ ਸੋਨੀਆ ਸਮੇਤ ਦਿੱਲੀ ਦੀ ਪਟਿਆਲਾ ਕੋਰਟ ਵਲੋਂ 50-50 ਹਜ਼ਾਰ ਦੇ ਮੁਚਲਕੇ 'ਤੇ ਜ਼ਮਾਨਤ 'ਤੇ ਬਾਹਰ ਹਨ |
ਰਾਹੁਲ ਜੀ ਬੇਸ਼ੱਕ ਤਾਜ਼ਾ-ਤਾਜ਼ਾ ਸ਼ਿਵ ਭਗਤ ਬਣੇ ਹਨ, ਪਰ ਪ੍ਰਭੂ ਈਸਾ ਮਸੀਹ ਨੂੰ ਜ਼ਰੂਰ ਜਾਣਦੇ ਹੋਣਗੇ | ਈਸਾ ਮਸੀਹ ਨੇ ਕੀ ਮਤ ਦਿੱਤੀ ਸੀ, ਜਦ ਲੋਕਾਂ ਦੀ ਇਕ ਭੀੜ, ਇਕ ਇਸਤਰੀ ਨੂੰ ਵਿਭਚਾਰਨੀ ਜਾਣ, ਉਸ ਨੂੰ ਪੱਥਰ ਮਾਰ-ਮਾਰ ਕੇ ਮਾਰਨ ਮਾਰਨ ਲਈ ਤਿਆਰ ਖੜ੍ਹੀ ਸੀ, ਪਰ ਈਸਾ ਮਸੀਹ ਨੇ ਆਖਿਆ ਸੀ, ਪਹਿਲਾ ਪੱਥਰ ਉਹ ਮਾਰੇ ਜਿਸ ਨੇ ਖੁਦ ਕਦੇ ਕੋਈ ਪਾਪ ਨਾ ਕੀਤਾ ਹੋਵੇ | ਸਭ ਦੇ ਹੱਥਾਂ 'ਚੋਂ ਪੱਥਰ ਡਿੱਗ ਪਏ ਸਨ ਤੇ ਸ਼ਰਮ ਨਾਲ ਸਿਰ ਨੀਵੇਂ ਹੋ ਗਏ ਸਨ |
ਏਨਾ ਕਹਿਣਾ ਹੀ ਬਹੁਤ ਏ ਰਾਹੁਲ ਜੀ |
ਸਮਝ ਤੁਝ ਕੋ ਮਗਰ ਆਤੀ ਨਹੀਂ |
ਕੋਈ ਸਬੂਤ ਨਹੀਂ, ਕੋਈ ਤੱਥ ਨਹੀਂ, ਬਸ ਗੋੋਇਬਲਜ਼ ਦਾ ਫਾਰਮੂਲਾ ਵਰਤੀ ਜਾਓ, ਕਿ ਵਾਰ-ਵਾਰ ਖਾਹਮੁਖਾਹ ਦਾ ਇਲਜ਼ਾਮ ਦੁਹਰਾਈ ਜਾਓ, 'ਚੌਕੀਦਾਰ ਚੋਰ ਹੈ |'
ਲਟਪਟ ਪੰਛੀ ਚਤੁਰ ਸੁਜਾਨ,
ਸਭ ਕਾ ਦਾਤਾ ਸ੍ਰੀ ਭਗਵਾਨ |
ਐਸ ਸਮੇਂ ਨਰਿੰਦਰ ਭਾਈ ਮੋਦੀ, ਭਾਰਤ ਦੇ ਪ੍ਰਧਾਨ ਮੰਤਰੀ ਹਨ, ਜਿਹੜੇ ਬਚਪਨ 'ਚ ਰੇਲਵੇ ਸਟੇਸ਼ਨ 'ਤੇ ਚਾਹ ਵੇਚਿਆ ਕਰਦੇ ਸਨ, ਸਮੇਂ ਦੇ ਰਾਸ਼ਟਰਪਤੀ ਕੋਵਿੰਦ ਜੀ ਨੀਵੀਂ ਜਾਤ ਦੇ, ਘਾਹ ਪੱਤੀਆਂ ਦੀ ਬਣੀ ਝੁੱਗੀ 'ਚ ਨਿਵਾਸ ਕਰਦੇ ਸਨ, ਜਦ ਮੀਂਹ ਵਰ੍ਹਦਾ ਸੀ ਤਾਂ ਉਹ ਭੈਣ-ਭਰਾਵਾਂ ਨਾਲ ਅੰਦਰ ਕੱਚੀਆਂ ਕੰਧਾਂ ਨਾਲ ਲੱਗ ਕੇ ਖੜ੍ਹੇ ਹੋ ਜਾਂਦੇ ਸਨ, ਕਿਉਂਕਿ ਛੱਤਾਂ 'ਚੋਂ ਪਾਣੀ ਚੋਂਦਾ ਸੀ | ਭਲਾ ਰਾਹੁਲ ਜੀ ਨੇ ਸਾਰੀ ਉਮਰ ਕੰਮ ਕੀ ਕੀਤਾ ਹੈ? ਇਕ ਡੱਕਾ ਤੱਕ ਨਹੀਂ ਤੋੜਿਆ ਚਾਂਦੀ ਸੋਨੇ ਦੀਆਂ ਚਮਚਾ ਨਾਲ ਘੁੱਟੀ ਮਿਲੀ, ਜ਼ਿੰਦਗੀ ਭਰ ਮੌਜਾਂ ਹੀ ਮੌਜਾਂ | ਤੁਹਾਡੇ ਵਾਂਗ ਇਨ੍ਹਾਂ ਦੋਵਾਂ ਹਸਤੀਆਂ ਪਾਸ ਕਾਰਾਂ ਨਹੀਂ ਸਨ |
ਪਾਠਕੋ, ਤੁਸਾਂ ਪ੍ਰਭਾਤ ਹੋਣ ਤੋਂ ਪਹਿਲਾਂ ਹੀ ਮਸੀਤ 'ਚੋਂ ਮੁੱਲਾਂ ਦੀ ਦਿੱਤੀ ਬਾਂਗ ਸ਼ਾਇਦ ਹੀ ਸੁਣੀ ਹੋਵੇਗੀ, ਰਾਹੁਲ ਜੀ ਦੀ ਬਾਂਗ ਵਾਰ-ਵਾਰ ਸੁਣੀ ਹੋਵੇਗੀ 'ਮੋਦੀ ਚੋਰ ਹੈ... ਮੋਦੀ ਚੋਰ ਹੈ... |'
ਇਲਜ਼ਾਮ ਇਹ ਹੈ, 'ਰਾਫੇਲ ਡੀਲ' ਕਿ ਯੂ.ਪੀ.ਏ. ਵਾਲੀ ਕਾਂਗਰਸ ਸਰਕਾਰ ਦੇ ਸਮੇਂ ਇਸੇ ਰਾਫੇਲ ਜਹਾਜ਼ ਨੂੰ 576 ਕਰੋੜ ਰੁਪਿਆਂ 'ਚ ਖਰੀਦਿਆ ਗਿਆ ਸੀ (ਰਾਹੁਲ ਜੀ ਨੇ ਇਹੋ ਦਾਅਵਾ ਕੀਤਾ ਹੈ) ਪਰ ਮੋਦੀ ਜੀ ਦੀ ਮੌਜੂਦਾ ਸਰਕਾਰ ਨੇ ਉਸੇ ਜਹਾਜ਼ ਨੂੰ 17600 ਕਰੋੜ 'ਚ ਕਿਉਂ ਖਰੀਦਿਆ ਹੈ | ਖਰੀਦਿਆ ਕਾਹਨੂੰ? ਰਾਹੁਲ ਜੀ ਦੀ ਪਸੰਦੀਦਾ ਯੂ.ਪੀ.ਏ. ਸਰਕਾਰ ਨੇ ਤਾਂ ਰਾਫੇਲ ਦਾ ਇਕ ਪਰ ਵੀ ਨਹੀਂ ਖਰੀਦਿਆ | ਰਾਫੇਲ ਦਾ ਰੀਫਿਲ ਵੀ ਨਹੀਂ ਖਰੀਦਿਆ | ਪਹਿਲਾ ਰਾਫੇਲ ਜਿਹੜਾ ਅਗਲੇਰੇ ਮਹੀਨੇ ਭਾਰਤ ਵਿਚ ਆਏਗਾ, ਉਹ ਭਾਰਤ ਦੀ ਮੋਦੀ ਸਰਕਾਰ ਨੇ ਹੀ ਖਰੀਦਿਆ ਹੈ, ਬਾਕੀ ਦੇ 25 ਜਹਾਜ਼ ਪਿੱਛੇ-ਪਿੱਛੇ ਆ ਜਾਣਗੇ | ਰਾਹੁਲ ਜੀ 'ਤੇ ਉਨ੍ਹਾਂ ਦੀ ਕਾਂਗਰਸ ਨੇ ਇਹ ਸ਼ੋਰ ਮਚਾਇਆ ਹੈ ਕਿ 126 ਰਾਫੇਲ ਜਹਾਜ਼ਾਂ ਦੀ ਲੋੜ ਹੈ, ਉਹ ਕਿਉਂ ਨਹੀਂ ਆਏ |
ਰਾਹੁਲ ਜੀ, ਰਾਫੇਲ ਜਹਾਜ਼ ਅੰਬਰਸਰ ਦੇ ਪਾਪੜ ਨਹੀਂ ਹਨ ਕਿ 126 ਦੇ 126 ਇਕੋ ਪੈਕਿਟ ਵਿਚ ਬੰਦ ਹੋ ਕੇ ਆ ਜਾਣਗੇ | ਗੱਲਾਂ ਕੀ ਨੇ... ਹਵਾ-ਹਵਾਈ |
ਇਕ ਹੋਰ ਇਲਜ਼ਾਮ ਹੈ, ਰਾਹੁਲ ਜੀ ਦਾ ਕਾਂਗਰਸ ਦਾ ਕਿ ਮੋਦੀ ਜੀ ਇਸ ਮਾਮਲੇ 'ਚ ਚੁੱਪ ਕਿਉਂ ਹਨ? ਜਵਾਬ ਕਿਉਂ ਨਹੀਂ ਦਿੰਦੇ?
ਮੈਨੂੰ ਸਵਰਗੀ ਦਾਰਾ ਸਿੰਘ ਜੀ ਦਾ ਇਕ ਜਵਾਬ ਯਾਦ ਆ ਗਿਆ ਹੈ, ਉਨ੍ਹਾਂ ਭਾਰਤੀ ਫ਼ੌਜਾਂ ਵਲੋਂ ਬੰਗਲਾਦੇਸ਼ ਬਣਾਉਣ ਲਈ, ਪਾਕਿਸਤਾਨੀ ਫ਼ੌਜਾਂ ਨੂੰ ਜਿਹੜੀ ਸ਼ਿਕਸਤ ਦਿੱਤੀ ਗਈ ਸੀ, ਉਸ 'ਤੇ ਇਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ | ਸੀਨ ਇਉਂ ਸੀ ਕਿ ਜਦ ਭਾਰਤੀ ਫ਼ੌਜੀਆਂ ਕੋਲ ਸਭ ਅਸਲ੍ਹਾ ਖਤਮ ਹੋ ਗਿਆ ਸੀ ਤਾਂ ਭਾਰਤੀ ਫ਼ੌਜੀਆਂ ਨੂੰ ਹੱਥਾਂ ਦੀ ਲੜਾਈ ਭਾਵ ਮੁੱਕੋ-ਮੁੱਕੀ ਹੋਣਾ ਪਿਆ ਸੀ ਕਿਉਂਕਿ ਦਾਰਾ ਜੀ ਖੁਦ ਭਲਵਾਨ ਸਨ, ਇਸ ਲਈ ਉਨ੍ਹਾਂ ਦੇ ਜਿੰਨੇ ਸਾਥੀ ਸਨ ਸਭੇ ਪਹਿਲਵਾਨ ਸਨ ਜੋ ਹਿੰਦੁਸਤਾਨੀ ਤੇ ਪਾਕਿਸਤਾਨੀ ਫ਼ੌਜੀ ਬਣੇ ਹੋਏ ਸਨ | ਕਿਉਂਕਿ ਫਿਲਮ 'ਚ ਦਿਖਾਈ ਗਈ ਲੜਾਈ ਨਕਲੀ ਹੁੰਦੀ ਹੈ, ਸਾਰੇ ਪਹਿਲਵਾਨ ਵੀ ਨਕਲੀ, ਮੁੱਕੋ ਮੁੱਕੀ ਹੋਏ, ਨਾਲ ਹੀ ਉੱਚੀ-ਉੱਚੀ ਹਾਏ, ਉਹ ਉਫ ਦਾ ਸ਼ੋਰ ਵੀ ਕਰ ਰਹੇ ਸਨ | ਕੈਮਰਾਮੈਨ ਬਲਦੇਵ ਸਿੰਘ ਸੀ | ਸਾਹਮਣੇ ਫ਼ੌਜਾਂ ਦੀ ਲੜਾਈ ਜਾਰੀ ਸੀ | ਦਾਰਾ ਜੀ ਨੇ ਹੌਲੀ ਜਿਹੀ ਆ ਕੇ ਕੈਮਰਾਮੈਨ ਨੂੰ ਕਿਹਾ, 'ਕੱਟ |' ਕੈਮਰਾਮੈਨ ਨੇ ਕੈਮਰਾ ਬੰਦ ਕਰ ਦਿੱਤਾ | ਪਰ ਸਾਹਮਣੇ ਲੜ ਰਹੇ ਭਲਵਾਨ ਅਜੇ ਵੀ ਆਪਸ 'ਚ ਗੁਥਮ-ਘੁੱਥਾ ਹੋ ਰਹੇ ਸਨ ਤੇ ਜ਼ੋਰ-ਜ਼ੋਰ ਨਾਲ ਊਹ-ਉਫ਼ ਕਰੀ ਜਾ ਰਹੇ ਸਨ | ਕੈਮਰਾਮੈਨ ਬਲਦੇਵ ਸਿੰਘ ਨੇ ਦਾਰਾ ਜੀ ਨੂੰ ਹੌਲੀ ਜਿਹੇ ਕਿਹਾ, ਦਾਰਾ ਜੀ, ਉਨ੍ਹਾਂ ਨੂੰ ਵੀ 'ਕੱਟ' ਆਖੋ ਨਾ | ਦਾਰਾ ਜੀ ਨੇ ਹੱਸ ਕੇ ਕਿਹਾ, 'ਉਹ ਆਪੇ ਲੜ-ਲੜ ਕੇ ਥੱਕ ਜਾਣਗੇ, ਤੂੰ ਕੈਮਰਾ ਚੁੱਕ ਕੇ ਐਧਰ ਆ ਜਾ |'
ਬਸ, ਮੋਦੀ ਸਾਹਿਬ ਨੂੰ ਵੀ ਪਤਾ ਹੈ, ਰਾਹੁਲ ਜੀ ਪਾਣੀ 'ਚ ਮਧਾਣੀ ਮਾਰ ਰਹੇ ਹਨ, ਲੱਗੇ ਰਹਿਣ ਦਿਓ, ਇਨ੍ਹਾਂ ਨੂੰ ਕਾਂਗਰਸੀਆਂ ਸੰਗ ਰੌਲਾ ਪਾਈ ਜਾਣ ਦਿਓ, ਵਿਚੋਂ ਨਿਕਲਣਾ ਹੈ ਕੁਝ ਨਹੀਂ ਆਪੇ ਰੌਲਾ ਪਾ ਪੂ ਕੇ ਥੱਕ ਕੇ ਅੱਕ ਕੇ ਚੁੱਪ ਹੋ ਜਾਣਗੇ |
ਰਾਫੇਲ ਦਾ ਰੌਲਾ,
ਪਾਣੀ ਵਿਚ ਮਧਾਣੀ, ਇਨ੍ਹਾਂ ਰਿੜਕੀ ਜਾਣੀ,
ਰਿੜਕ ਰਿੜਕ ਕੇ ਇਕ ਦਿਨ ਕਾਂਗੋ ਥੱਕ ਜਾਣੀ |
ਰਾਫੇਲ, ਰਫ ਫੈਲ ਇਨ੍ਹਾਂ ਦੀ ਹੋਈ ਖਤਮ ਕਹਾਣੀ |

ਰਿਸ਼ਤੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਜੋ ਜਿਸ ਤਰ੍ਹਾਂ ਦਾ ਹੈ, ਉਸ ਨੂੰ ਉਸੇ ਰੂਪ ਵਿਚ ਅਪਨਾ ਲਓ, ਰਿਸ਼ਤੇ ਨਿਭਾਉਣੇ ਸੌਖੇ ਹੋ ਜਾਣਗੇ |
• ਰਿਸ਼ਤੇ ਦਾ ਸਭ ਤੋਂ ਕੌੜਾ ਰੂਪ ਫਰੇਬ ਹੁੰਦਾ ਹੈ | ਮੇਰੇ ਖਿਆਲ ਵਿਚ ਧੋਖਾ ਕਤਲ ਤੋਂ ਵੀ ਉੱਤੇ ਦਾ ਜੁਰਮ ਹੈ, ਕਿਉਂਕਿ ਪਿੱਠ 'ਤੇ ਵਾਰ, ਭਰੋਸਾ ਜਿੱਤ ਕੇ ਕੀਤਾ ਜਾਂਦਾ ਹੈ |
• ਰਿਸ਼ਤੇ ਜਿਊਾਦੇ ਰੱਖਣ ਲਈ ਮੁਲਾਕਾਤ ਜ਼ਰੂਰੀ ਹੈ | ਜੇਕਰ ਲਾ ਕੇ ਭੁੱਲ ਜਾਈਏ ਤਾਂ ਬੂਟੇ (ਪੌਦੇ) ਵੀ ਸੁੱਕ ਜਾਂਦੇ ਹਨ |
• ਜਦੋਂ ਨਹੰੁ ਵਧਦੇ ਹਨ ਤਾਂ ਨਹੰੁ ਹੀ ਕੱਟੇ ਜਾਂਦੇ ਹਨ, ਨਾ ਕਿ ਉਂਗਲੀਆਂ | ਜਦੋਂ ਰਿਸ਼ਤਿਆਂ ਵਿਚ ਕੁੜੱਤਣ (ਤਰੇੜ) ਆਉਂਦੀ ਹੈ ਤਾਂ ਲੋੜ ਹੈ ਕੁੜੱਤਣ ਕੱਢਣ ਦੀ, ਨਾ ਕਿ ਰਿਸ਼ਤੇ ਛੱਡਣ ਦੀ |
• ਰਿਸ਼ਤੇ ਪੰਛੀਆਂ ਦੇ ਸਮਾਨ ਹੁੰਦੇ ਹਨ | ਜ਼ੋਰ ਨਾਲ ਫੜੋ ਤਾਂ ਮਰ ਸਕਦੇ ਹਨ, ਹੌਲੀ ਫੜੋ ਤਾਂ ਉੱਡ ਸਕਦੇ ਹਨ, ਪਰ ਪਿਆਰ ਨਾਲ ਫੜ ਕੇ ਰੱਖੋਗੇ ਤਾਂ ਜ਼ਿੰਦਗੀ ਭਰ ਕੋਲ ਰਹਿੰਦੇ ਹਨ |
• ਰਿਸ਼ਤਿਆਂ ਵਿਚ ਪਈ ਤਰੇੜ, ਸਮੇਂ ਨਾਲ ਭਰ ਜ਼ਰੂਰ ਜਾਂਦੀ ਹੈ ਪਰ ਇਸ ਦਾ ਨਿਸ਼ਾਨ ਕਦੀ ਨਹੀਂ ਮਿਟਦਾ |
• ਹਰ ਰਿਸ਼ਤੇ ਵਿਚ ਪਿਆਰ ਵਧੇਗਾ, ਬਸ ਸ਼ਰਤ ਇੰਨੀ ਕੁ ਹੈ ਕਿ ਰਿਸ਼ਤਿਆਂ ਵਿਚ ਸ਼ਰਾਰਤਾਂ ਕਰੋ, ਸਾਜਿਸ਼ਾਂ ਨਹੀਂ |
• ਮਿੱਤਰ ਜਾਂ ਸਬੰਧੀ ਨੂੰ ਗ਼ਲਤ ਰਾਹ ਤੋਂ ਹਟਾ ਕੇ ਚੰਗੇ ਰਾਹ 'ਤੇ ਲਿਆਉਣਾ ਉਸ ਦਾ ਬਹੁਤ ਵੱਡਾ ਉਪਕਾਰ ਕਰਨਾ ਹੈ |
• ਰਿਸ਼ਤਾ ਤਾਂ ਹੀ ਕਾਇਮ ਰਹਿ ਸਕਦਾ ਹੈ ਜਦੋਂ ਦੋਵਾਂ ਪਾਸਿਆਂ ਤੋਂ ਭਾਵਨਾਵਾਂ ਦਾ ਪ੍ਰਵਾਹ ਬਰਾਬਰ ਹੋਵੇ |
• ਕਰੀਬ ਏਨਾ ਰਹੋ ਕਿ ਰਿਸ਼ਤਿਆਂ 'ਚ ਪਿਆਰ ਰਹੇ, ਦੂਰ ਵੀ ਏਨਾ ਨਾ ਰਹੋ ਕਿ ਆਉਣ ਦਾ ਇੰਤਜ਼ਾਰ ਰਹੇ | ਰੱਖੋ ਉਮੀਦ ਰਿਸ਼ਤਿਆਂ ਦੇ ਵਿਚਕਾਰ ਇੰਨੀ ਕੁ ਟੁੱਟ ਜਾਏ ਉਮੀਦ ਪਰ ਰਿਸ਼ਤੇ ਬਰਕਰਾਰ ਰਹਿਣ |
• ਰਿਸ਼ਤੇ ਗ਼ਲਤੀਆਂ ਨਾਲ ਨਹੀਂ ਸਗੋਂ ਗ਼ਲਤ ਫਹਿਮੀਆਂ ਨਾਲ ਟੁੱਟਦੇ ਹਨ |
• ਵਟਸਐਪ ਤੇ ਫੇਸਬੁੱਕ ਹੀ ਅੱਜਕਲ੍ਹ ਦੇ ਬੱਚਿਆਂ ਦਾ ਪਰਿਵਾਰ, ਭੈਣ-ਭਰਾ ਅਤੇ ਦੋਸਤ-ਮਿੱਤਰ ਬਣ ਕੇ ਰਹਿ ਗਏ ਹਨ ਅਤੇ ਅਸਲੀ ਪਰਿਵਾਰਕ ਰਿਸ਼ਤੇ ਬੇਮਾਅਨੇ ਹੋ ਰਹੇ ਹਨ |
• ਜੀਵਨ ਵਿਚ ਚਾਰ ਚੀਜ਼ਾਂ ਕਦੇ ਨਾ ਤੋੜੋ-ਵਿਸ਼ਵਾਸ, ਰਿਸ਼ਤਾ, ਦਿਲ ਤੇ ਵਚਨ ਕਿਉਂਕਿ ਇਹ ਜਦੋਂ ਟੁੱਟਦੇ ਹਨ ਤਾਂ ਆਵਾਜ਼ ਨਹੀਂ ਆਉਂਦੀ ਪਰ ਦਰਦ ਬਹੁਤ ਹੁੰਦਾ ਹੈ |
• ਚੁੱਪ ਵਿਅਕਤੀ ਦੁਆਰਾ ਸਿਰਜੇ ਰਿਸ਼ਤੇ ਵੀ ਜ਼ਿਆਦਾ ਹੰਢਣਸਾਰ ਅਤੇ ਮੁਲਾਇਮ ਹੁੰਦੇ ਹਨ |
• ਦਿਲ ਦੀ ਗੱਲ ਸਾਫ਼-ਸਾਫ਼ ਕਹਿ ਦੇਣੀ ਚਾਹੀਦੀ ਹੈ ਕਿਉਂਕਿ ਗੱਲ ਦੱਸਣ ਨਾਲ ਫੈਸਲੇ ਹੁੰਦੇ ਹਨ ਤੇ ਨਾ ਦੱਸਣ ਨਾਲ ਫਾਸਲੇ |
• ਅਕਸਰ ਉਹੀ ਰਿਸ਼ਤੇ ਟੁੱਟਦੇ ਹਨ ਜਿਨ੍ਹਾਂ ਨੂੰ ਸੰਭਾਲਣ ਦੀ ਇਕੱਲਿਆਂ ਕੋਸ਼ਿਸ਼ ਕੀਤੀ ਜਾਂਦੀ ਹੈ |
• ਹਾਸਾ ਤੇ ਪਿਆਰ ਰਿਸ਼ਤਿਆਂ ਨੂੰ ਖੂਬਸੂਰਤੀ ਦਿੰਦਾ ਹੈ | ਸਿਹਤਮੰਦ ਸਬੰਧਾਂ ਵਾਲੇ ਪਰਿਵਾਰ 'ਚ ਹਾਸਾ ਅਹਿਮ ਕਿਰਦਾਰ ਨਿਭਾਉਂਦਾ ਹੈ | ਔਰਤਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਹੱਸਦੀਆਂ ਹਨ |
• ਇਕ ਦਿਨ ਅਸੀਂ ਸਾਰੇ ਇਕ-ਦੂਜੇ ਨੂੰ ਸਿਰਫ਼ ਇਹ ਸੋਚ ਕੇ ਗੁਆ ਬੈਠਾਂਗੇ ਕਿ ਉਹ ਮੈਨੂੰ ਯਾਦ ਨਹੀਂ ਕਰਦਾ ਤੇ ਮੈਂ ਕਿਉਂ ਕਰਾਂ?
• ਸਾਨੂੰ ਹਰ ਰਿਸ਼ਤੇ ਨੂੰ ਸਮਾਂ ਦੇਣਾ ਚਾਹੀਦਾ ਹੈ | ਕੀ ਪਤਾ ਕੱਲ੍ਹ ਸਾਡੇ ਕੋਲ ਸਮਾਂ ਹੋਵੇ ਪਰ ਕੋਈ ਰਿਸ਼ਤਾ ਨਾ ਹੋਵੇ |
• ਰਿਸ਼ਤਿਆਂ ਦੀਆਂ ਗੱਲਾਂ ਬਸ ਦਿਲ ਤੱਕ ਰੱਖੋ ਕਿਉਂਕਿ ਦਿਮਾਗ਼ ਚਲਾਕ ਹੈ, ਹਿਸਾਬ ਲਏਗਾ |
• ਬਹੁਤ ਨਿਮਰਤਾ ਚਾਹੀਦੀ ਹੈ ਰਿਸ਼ਤਿਆਂ ਨੂੰ ਨਿਭਾਉਣ ਲਈ | ਛਲ-ਕਪਟ ਨਾਲ ਤਾਂ ਸਿਰਫ਼ ਮਹਾਂਭਾਰਤ ਰਚੀ ਜਾਂਦੀ ਹੈ |
• ਖਵਾਹਿਸ਼ ਸਭ ਦੀ ਹੁੰਦੀ ਹੈ ਕਿ ਰਿਸ਼ਤੇ ਸੁਧਾਰੀਏ ਪਰ ਚਾਹਤ ਸਭ ਦੀਹੁੰਦੀ ਹੈ ਕਿ ਸ਼ੁਰੂਆਤ ਉਸ ਪਾਸੇ ਭਾਵ ਦੂਸਰੇ ਪਾਸੇ ਤੋਂ ਹੀ ਹੋਵੇ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਮਿੰਨੀ ਕਹਾਣੀਆਂ

ਅਸੀਸ
'ਭੈਣ ਜੀ, ਕੱਲ੍ਹ ਨੂੰ ਸਾਡੇ ਘਰ ਰਾਮਾਇਣ ਦਾ ਪਾਠ ਐ, ਗਿਆਰਾਂ ਤੋਂ ਬਾਰ੍ਹਾਂ ਤੇ ਫਿਰ ਲੰਗਰ, ਝਾਈ ਦੀ ਪਹਿਲੀ ਬਰਸੀ ਐ |'
ਸਾਡੀ ਗੁਆਂਢਣ ਜੋਤੀ ਸਾਨੂੰ ਸੁਨੇਹਾ ਦੇ ਕੇ ਅਗਲੇ ਘਰ ਦੀ ਬੈੱਲ ਵਜਾਉਣ ਲੱਗ ਪਈ |
'ਕਰਮਜੀਤ! ਇਹ ਜੋਤੀ ਹੁਣ ਤਾਂ ਝਾਈ ਦੀ ਬਰਸੀ 'ਤੇ ਸਾਰਿਆਂ ਨੂੰ ਲੰਗਰ 'ਤੇ ਬੁਲਾ ਰਹੀ ਹੈ, ਪਰ ਜਿਊਾਦੇ ਜੀਅ ਝਾਈ ਨੂੰ ਚੱਜ ਨਾਲ ਪੁੱਛਿਆ ਨ੍ਹੀਂ, ਰੋਟੀ ਤਾਂ ਪਤਾ ਨਹੀਂ ਕਿੰਨੀ ਵਾਰ ਘਰੋਂ ਬਣਾ ਕੇ ਤੂੰ ਝਾਈ ਨੂੰ ਦਿੰਦੀ ਹੁੰਦੀ ਸੀ', ਸੱਸ ਨੇ ਆਪਣੀ ਨੂੰ ਹ ਨਾਲ ਗੱਲ ਸਾਂਝੀ ਕੀਤੀ |
'ਤਾਹੀਓਾ ਤਾਂ ਮੰਮੀ, ਮੈਂ ਤੁਹਾਡੇ ਜਿਊਾਦੇ ਜੀਅ ਹੀ ਪੂਰੀ ਤਰ੍ਹਾਂ ਸੇਵਾ ਕਰਨ ਦੀ ਇੱਛਾ ਰੱਖਦੀ ਹਾਂ, ਬਰਸੀਆਂ-ਬੁਰਸੀਆਂ ਤਾਂ ਲੋਕ ਦਿਖਾਵਾ ਹੈ |'
'ਸ਼ਾਬਾਸ਼ ਧੀਏ, ਰੱਬ ਤੈਨੂੰ ਮੇਰੀ ਉਮਰ ਵੀ ਲਾ ਦੇਵੇ |'

-ਰਘਬੀਰ ਸਿੰਘ ਮਹਿਮੀ
220, ਗਰੀਨ ਪਾਰਕ ਕਾਲੋਨੀ, ਸਰਹਿੰਦ ਰੋਡ, ਪਟਿਆਲਾ-147004. ਮੋਬਾਈਲ : 96460-24321.

ਮਾਵਾਂ ਦੇ ਦੁੱਖ
ਇਕ ਨੌਜਵਾਨ ਕਲਾਕਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਵਿੱਚ ਨਸ਼ਿਆਂ ਕਾਰਨ ਹੋ ਰਹੇ ਜਵਾਨੀ ਦੇ ਘਾਣ ਉੱਪਰ ਇਕ ਸਿੱਖਿਆਦਾਇਕ ਵੀਡੀਓ ਬਣਾ ਕੇ ਨੈੱਟ ਉੱਪਰ ਪਾ ਦਿੱਤੀ | ਨਸ਼ੇੜੀ ਦੇ ਤੌਰ 'ਤੇ ਕੀਤੀ ਉਸ ਦੀ ਐਕਟਿੰਗ ਦੀ ਹਰ ਪਾਸਿਉਂ ਬਹੁਤ ਹੀ ਸ਼ਲਾਘਾ ਹੋਈ | ਉਹ ਨੌਜਵਾਨ ਘਰ ਆ ਕੇ ਬੜੇ ਚਾਅ ਨਾਲ ਮੰਜੇ ਉੱਪਰ ਬੈਠੀ ਆਪਣੀ ਬੇਬੇ ਕੋਲ ਮੋਬਾਈਲ ਫੋਨ ਲੈ ਕੇ ਬੈਠ ਗਿਆ | 'ਲੈ ਬੇਬੇ ਤੈਨੂੰ ਦਿਖਾਵਾਂ, ਤੇਰੇ ਪੁੱਤ ਨੇ ਵੀ ਇਕ ਵੀਡੀਓ ਬਣਾਈ ਐ' | 'ਦੇਖਾਂ, ਮੈਨੂੰ ਦਿਖਾ ਤਾਂ' ਬੇਬੇ ਬੜੇ ਚਾਅ ਜਿਹੇ ਨਾਲ ਝੱਟ ਉਸਦੇ ਕੋਲ ਨੂੰ ਹੋ ਗਈ | ''ਵੇ ਵਾਖਰੂ,..ਵੇ ਤੂੰ ਵੀ,.. ਵੇ ਆਹ ਕੀ?' ਵੀਡੀਓ ਦੇਖਦੀ ਹੋਈ ਬੇਬੇ ਤੜਫ਼ ਉੱਠੀ | 'ਨਹੀਂ ਬੇਬੇ ਇਹ ਤਾਂ ਐਕਟਿੰਗ ਐ, ਮੈਂ ਤਾਂ ਓਕਣ ਕਰ ਕੇ ਦਿਖਾਇਐ ਜਿੱਕਣ ਨਸ਼ੇੜੀ ਕਰਦੇ ਹੁੰਦੇ ਆ | ਤੂੰ ਬੈਠ ਤਾਂ ਸਹੀ...,' ਨੌਜਵਾਨ ਨੇ ਬਾਂਹ ਫੜ ਕੇ ਬੇਬੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ | 'ਜਾਹ ਤੂੰ ਦਫਾ ਹੋ ਇਥੋਂ,ਮੈਨੂੰ ਨੀ ਪਤਾ | ਮੈਂ ਨੀ ਦੇਖ ਸਕਦੀ ਤੈਨੂੰ ਐਹੋ ਜਿਹਾ ਕੁਸ ਕਰਦੇ ਨੂੰ ' | ਪੂਰੀ ਭਖੀ ਹੋਈ ਬੇਬੇ ਬਾਂਹ ਛੁਡਾ ਕੇ ਤੁਰ ਚੱਲੀ | ਨੌਜਵਾਨ ਨੇ ਬੇਬੇ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ, 'ਤੂੰ ਸੁਣ ਤਾਂ ਸਈ ਬੇਬੇ..ਇਹ ਤਾਂਸ਼.' | 'ਬੱਸ ਚੁੱਪ ਕਰ ਜਾ | ਮੈਥੋਂ ਨੀ ਦੇਖ ਹੁੰਦਾ ਐਹੋ ਜਿਹਾ ਕੁਸ | ਤੁਸੀਂ ਕੀ ਜਾਣੋਂ ਮਾਵਾਂ ਦੇ ਦੁੱਖ |' ਬੇਬੇ ਅੱਖਾਂ ਪੂੰਝਦੀ ਹੱਥ ਛੁਡਾ ਕੇ ਤੁਰ ਗਈ | ਨੌਜਵਾਨ ਨੇ ਮੱਥੇ 'ਤੇ ਹੱਥ ਮਾਰਿਆ | ਪਰ ਅੱਜ ਉਸ ਨੂੰ ਪੰਜਾਬ ਦੀਆਂ ਭੋਲੀਆਂ ਬੇਬਿਆਂ ਦੇ ਮਨਾਂ 'ਤੇ ਪਈ ਮੌਜੂਦਾ ਮਾਹੌਲ ਦੀ ਦਹਿਸ਼ਤ ਦੀ ਪੂਰੀ ਤਰ੍ਹਾਂ ਸਮਝ ਆ ਗਈ ਸੀ |

-ਜਗਮੀਤ ਸਿੰਘ ਪੰਧੇਰ
ਪਿੰਡ ਤੇ ਡਾਕ : ਕਲਾਹੜ, ਲੁਧਿਆਣਾ-141117
ਸੰਪਰਕ : 9878337222.

ਦੇਸ਼ ਦਾ ਭਵਿੱਖ
'ਬੇਟਾ ਕਿਹੜੀ ਕਲਾਸ ਦਾ ਸਰਟੀਫਿਕੇਟ ਐ ਤੇਰਾ...?' ਸਕੂਲ ਟੀਚਰ ਨੇ ਦਾਖਲਾ ਲੈਣ ਆਏ ਲੜਕੇ ਨੂੰ ਪੁੱਛਿਆ |
'ਜੀ ਦਸਵੀਂ ਜਮਾਤ, ਫੁਲ ਹਾਜ਼ਰੀ, ਪੂਰਾ ਪਾਸ', ਮੰੁਡੇ ਨੇ ਹੁੱਬ ਕੇ ਕਿਹਾ |
'ਆਹ ਦਾਖਲਾ ਅਰਜ਼ੀ ਕਿਸ ਨੇ ਲਿਖੀ ਐ...?' ਟੀਚਰ ਦਾ ਸਵਾਲ ਸੀ |
'ਜੀ ਲਿਖੀ ਤਾਂ ਮੈਂ ਈ ਐ, ਲਿਖਵਾਈ ਮੇਰੀ ਵੱਡੀ ਭੈਣ ਨੇ ਐ |'
'ਬੇਟਾ ਨਾ ਤੇਰਾ ਆਪਣਾ, ਨਾ ਮਾਤਾ-ਪਿਤਾ ਦਾ ਅਤੇ ਨਾ ਹੀ ਸਕੂਲ ਤੇ ਪਿੰਡ ਦਾ ਨਾਂਅ ਸਹੀ ਐ, ਲਿਖ ਕੇ ਪੜ੍ਹਾਈ ਸੀ ਤੂੰ ਆਪਣੀ ਭੈਣ ਨੂੰ ... ਉਹ ਕਿੰਨਾ ਪੜ੍ਹੇ ਐ?'
'ਪੜ੍ਹਾਈ ਸੀ ਜੀ... ਉਨ੍ਹਾਂ ਪਲੱਸ ਟੂ ਪਾਸ ਕੀਤੀ ਐ ਮੇਰੇ ਵਾਂਗੂ ਹੀ ਦਸਵੀਂ ਕਰ ਕੇ...', ਮੰੁਡੇ ਦਾ ਜਵਾਬ ਸੀ |
'ਅੱਗੇ ਤੂੰ ਦਾਖਲਾ ਕਿਹੜੇ ਕੋਰਸ ਵਿਚ ਲੈਣੈ, ਪਲੱਸ-ਟੂ ਕਰ ਕੇ...?'
'ਜੀ ਮੈਂ ਤਾਂ ਇੰਜੀਨੀਅਰ ਬਣਨੈ ਡਿਗਰੀ ਕਰ ਕੇ ਤੇ ਮੇਰੀ ਭੈਣ ਨੇ ਡਾਕਟਰ ਜਾਂ ਨਰਸ...', ਮੰੁਡੇ ਨੇ ਪੱਕੇ ਵਿਸ਼ਵਾਸ ਨਾਲ ਦੱਸਿਆ |
'ਦੇਖ ਕਾਕਾ, ਅੰਗਰੇਜ਼ੀ, ਹਿਸਾਬ ਅਤੇ ਸਾਇੰਸ ਵਿਸ਼ਿਆਂ ਵਿਚ ਵਧੀਆ ਨੰਬਰ ਚਾਹੀਦੇ ਐ, ਇੰਜੀਨੀਅਰ ਅਤੇ ਡਾਕਟਰ ਬਣਨ ਲਈ... ਪਰ?'
'ਸਾਡੇ ਸਕੂਲ ਮਾਸਟਰ ਜੀ ਕਹਿੰਦੇ ਸੀ ਜਿਵੇਂ ਤੁਸੀਂ ਦਸਵੀਂ ਤੇ ਪਲੱਸ ਟੂ ਪਾਸ ਕਰ 'ਲੀ, ਏਵੇਂ ਈ ਡਾਕਟਰ ਤੇ ਇੰਜੀਨੀਅਰ ਵੀ ਬਣਜੋਂਗੇ |'
'ਬੇਟਾ ਠੀਕ ਈ ਕਹਿੰਦੇ ਸੀ, ਤੁਹਾਡੇ ਮਾਸਟਰ ਜੀ... | ਕੁਛ ਤਾਂ ਅੱਜਕਲ੍ਹ ਕੈਂਸਰ ਤੇ ਹੋਰ ਘਾਤਕ ਬਿਮਾਰੀਆਂ ਨਾਲ ਤੇ ਕੁਝ ਸੜਕ ਹਾਦਸਿਆਂ ਨਾਲ ਇਨਸਾਨ ਮਰ ਰਹੇ ਨੇ, ਤੇ ਜਦੋਂ ਤੁਹਾਡੇ ਵਰਗੇ ਡਾਕਟਰ ਤੇ ਇੰਜੀਨੀਅਰ ਬਣ ਕੇ ਆ ਗਏ ਤਾਂ ਵਧ ਰਹੀ ਆਬਾਦੀ ਤੇ ਬਿਮਾਰੀਆਂ ਦੇ ਮਸਲੇ ਦਾ ਤਾਂ ਪੱਕਾ ਹੱਲ ਹੋਇਆ ਹੀ ਸਮਝੋ |' ਮਾਸਟਰ ਜੀ ਵਿੱਦਿਆ ਅਤੇ ਦੇਸ਼ ਦੇ ਭਵਿੱਖ ਦੀ ਸੋਚ 'ਚ ਮੱਥਾ ਫੜ ਕੇ ਬੈਠ ਗਏ |

-ਲਾਲ ਸਿੰਘ ਕਲਸੀ
88 ਆਦਰਸ਼ ਨਗਰ, ਫਰੀਦਕੋਟ | ਮੋਬਾ: 98149-76639.

ਦੁਲਹਾ
ਇਕ ਆਦਮੀ ਨੇ ਬੈਂਕ ਮੈਨੇਜਰ ਨੂੰ ਆਪਣੀ ਲੜਕੀ ਦੇ ਵਿਆਹ ਲਈ ਕਰਜ਼ ਦੀ ਅਰਜ਼ੀ ਦਿੱਤੀ ਤਾਂ ਬੈਂਕ ਮੈਨੇਜਰ ਅਰਜ਼ੀ ਦੇਖ ਕੇ ਬੋਲਿਆ, ਮੁਆਫ਼ ਕਰਨਾ ਭਾਈ ਸਾਹਿਬ, ਬੈਂਕ ਵਿਆਹ ਲਈ ਕਰਜ਼ ਨਹੀਂ ਦਿੰਦਾ | ਕਰਜ਼ਾ ਉਦੋਂ ਮਿਲਦਾ ਹੈ ਜਦੋਂ ਤੁਸੀਂ ਕੁਝ ਖਰੀਦਣਾ ਹੋਵੇ ਜਿਵੇਂ ਕਾਰ, ਸਕੂਟਰ, ਮਕਾਨ, ਫਰਿੱਜ ਵਗੈਰਾ-ਵਗੈਰਾ | ਤਾਂ ਉਹ ਆਦਮੀ ਨਿਰਾਸ਼ ਨਹੀਂ ਹੋਇਆ ਤੇ ਕਹਿਣ ਲੱਗਿਆ ਠੀਕ ਹੈ ਮੈਨੇਜਰ ਸਾਹਿਬ ਮੇਰੇ ਫਾਰਮ 'ਚ ਲਿਖ ਦਿਉ ਕਿ ਮੈਂ ਦੁਲਹਾ ਖਰੀਦਣਾ ਹੈ | ਇਹ ਸੁਣ ਕੇ ਮੈਨੇਜਰ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ |

-ਭੂਪਿੰਦਰ ਸਿੰਘ ਡਿਓਟ
ਪਿੰਡ ਸ੍ਰੀ ਭੈਣੀ ਸਾਹਿਬ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 97796-83225.

ਸ਼ੁਕਰਾਨਾ
ਨਵਨੀਤ ਆਪਣੀ ਈਵਨਿੰਗ ਕਲਾਸ ਤੋਂ ਵਿਹਲੇ ਹੁੰਦੇ ਹੀ ਰੋਜ਼ਾਨਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲੀ ਜਾਂਦੀ, ਪਰ ਪਿਛਲੇ ਕੁਝ ਦਿਨਾਂ ਤੋਂ ਉਹ ਨੋਟ ਕਰ ਰਹੀ ਸੀ ਕਿ ਇਕ ਬਦਮਾਸ਼ ਜਿਹਾ ਲਗ ਦਾ ਮੁੰਡਾ ਉਸ ਦਾ ਪਿੱਛਾ ਕਰ ਰਿਹਾ ਹੈ | ਉਹ ਕਦੇ ਉਸ ਦੇ ਕੋਚਿੰਗ ਸੈਂਟਰ 'ਤੇ ਕਦੇ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹਾ ਹੁੰਦਾ ¢
ਪਰ ਅੱਜ ਤਾਂ ਉਸ ਮੁੰਡੇ ਨੇ ਹੱਦ ਹੀ ਕਰ ਦਿੱਤੀ | ਸੈਂਟਰ ਤੋਂ ਬਾਹਰ ਨਿਕਲਦੇ ਹੀ ਉਸ ਮੁੰਡੇ ਨੇ ਉਸ ਦਾ ਰਾਹ ਰੋਕ ਲਿਆ, 'ਮੈਂ ਤੈਨੂੰ ਬਹੁਤ ਪਿਆਰ ਕਰਦੈਂ, ਬਹੁਤ ਚੰਗੀ ਲੱਗਦੀ ਐਾ ਤੂੰ ਮੈਨੂੰ¢'
'ਬਕਵਾਸ ਬੰਦ ਕਰ | ਮੈਨੂੰ ਤੇਰੇ 'ਚ ਕੋਈ ਦਿਲਚਸਪੀ ਨਹੀਂ', ਨਵਨੀਤ ਨੇ ਗੁੱਸੇ 'ਚ ਚੀਕਦੇ ਉਸ ਨੂੰ ਸਖ਼ਤ ਮਨ੍ਹਾਂ ਕਰ ਦਿੱਤਾ | ਦਿੱਖਣ ਨੂੰ ਬਦਮਾਸ਼ ਲੱਗਦਾ ਮੁੰਡਾ ਉਸ ਨੂੰ ਪੂਰਾ ਬਦਨੀਅਤ ਲੱਗਾ | ਉਸ ਦੇ ਮਨ੍ਹਾ ਕਰਨ ਦੇ ਬਾਵਜੂਦ ਉਸ ਮੁੰਡੇ ਨੇ ਉਸ ਦਾ ਖਹਿੜਾ ਨਾ ਛੱਡਿਆ ਤੇ ਵਾਰ-ਵਾਰ ਉਸ ਦਾ ਰਾਹ ਰੋਕਦਾ ਰਿਹਾ ¢
ਕਈ ਮਹੀਨੇ ਬੀਤਦੇ ਗਏ | ਦੁਖੀ ਹੋ ਕੇ ਨਵਨੀਤ ਨੇ ਉੱਥੋਂ ਕੋਚਿੰਗ ਕਲਾਸ ਵੀ ਬਦਲ ਲਈ ਪਰ ਉਹ ਉਸ ਦੇ ਮਗਰੋਂ ਨਾ ਲੱਥਾ | ਘਰ ਉਹ ਡਰਦੀ ਨਹੀ ਸੀ ਦੱਸਦੀ ਕਿ ਘਰਦੇ ਉਸ ਦੀ ਕਲਾਸ ਬੰਦ ਹੀ ਨਾ ਕਰਵਾ ਦੇਣ | ਉਹ ਪੜ੍ਹਨਾ ਚਾਹੁੰਦੀ ਸੀ | ਦਿਨੇ ਘਰ ਦਾ ਸਾਰਾ ਕੰਮ ਤੇ ਸ਼ਾਮ ਨੂੰ ਹੀ ਕਲਾਸ ਵਿਚ ਜਾ ਸਕਦੀ ਸੀ | ਪਰ ਉਹ ਰੱਬ ਅੱਗੇ ਜ਼ਰੂਰ ਅਰਦਾਸ ਕਰਦੀ ¢
ਅੱਜ ਉਹ ਕਲਾਸ ਤੋਂ ਨਿਕਲੀ ਤਾਂ ਉਹ ਫਿਰ ਉੱਥੇ ਹੀ ਖੜ੍ਹਾ ਸੀ | ਉਸ ਨੂੰ ਗੁੱਸੇ ਵਿਚ ਮੰਦੀ ਨਜ਼ਰ ਨਾਲ ਝਾਕਦਾ ਹੋਇਆ ਵੇਖ ਉਹ ਡਰ ਗਈ | ਅੱਜ ਇਸ ਦੇ ਇਰਾਦੇ ਠੀਕ ਨਹੀਂ ਜਾਪਦੇ | ਇਹੀ ਸੋਚਦੀ ਉਹ ਤੇਜ਼ੀ ਨਾਲ ਆਪਣੀ ਐਕਟਿਵਾ 'ਤੇ ਗੁਰਦੁਆਰਾ ਸਾਹਿਬ ਚਲੀ ਗਈ | ਉਸ ਦਾ ਅੰਦਰ ਜਿਵੇਂ ਵਲੂੰਧਰਿਆ ਪਿਆ ਸੀ ਕਿਉਂ ਇਹ ਮੇਰਾ ਖਹਿੜਾ ਨਹੀਂ ਛੱਡਦਾ? ਕਿਉਂ ਇਹੋ ਜਿਹੇ ਮਰਦ ਔਰਤ ਦੇ ਰਾਹ ਦਾ ਅੜਿਕਾ ਬਣਦੇ ਹਨ | ਉਸ ਦੇ ਹੰਝੂ ਵਗਣ ਲੱਗੇ | ਗੁਰਦੁਆਰੇ ਜਾਂਦਿਆਂ ਹੀ ਰੱਬ ਅੱਗੇ ਨਤਮਸਤਕ ਹੁੰਦਿਆਂ ਫੁੱਟ-ਫੁੱਟ ਰੋ ਪਈ | 'ਰੱਬਾ ਪਲੀਜ਼, ਇਸ ਬਦਮਾਸ਼ ਤੋਂ ਮੇਰੀ ਰੱਖਿਆ ਕਰ |'
ਓਧਰ ਉਹ ਮੁੰਡਾ ਅੱਜ ਬਾਹਰ ਨਾ ਖੜ੍ਹਾ ਹੋ ਕੇ ਗੁਰਦੁਆਰੇ ਦੇ ਅੰਦਰ ਈ ਲੰਘ ਆਇਆ | ਜੁੱਤੀ ਉਤਾਰ ਜਿਵੇਂ ਹੀ ਅੱਗੇ ਵਧਿਆ ਅਚਾਨਕ ਉਸ ਦਾ ਪੈਰ ਮੁੜ ਗਿਆ ਤੇ ਉਹ ਮੁੱਧੇ ਮੂੰਹ ਜ਼ਮੀਨ 'ਤੇ ਜਾ ਡਿੱਗਾ | ਡਿੱਗਦੇ ਹੀ ਜ਼ੋਰ-ਜ਼ੋਰ ਦੀ ਚੀਕਾਂ ਮਾਰਨ ਲੱਗਾ | ਕਿਉਂਕਿ ਉਸ ਦੀ ਪੈਂਟ ਦੀ ਜੇਬ 'ਚ ਪਾਈ ਕੱਚ ਵਾਲੀ ਤੇਜ਼ਾਬ ਦੀ ਬੋਤਲ ਉਸ ਦੇ ਡਿੱਗਦਿਆਂ ਹੀ ਟੁੱਟ ਗਈ ਸੀ | ਉਸ ਦਾ ਪੇਟ ਅਤੇ ਲੱਤ ਪੂਰੀ ਤਰ੍ਹਾਂ ਸੜ ਕੇ ਜ਼ਖ਼ਮੀ ਹੋ ਗਏ¢
ਸੰਗਤ ਉਸ ਮੁੰਡੇ ਨੂੰ ਹਸਪਤਾਲ ਲਿਜਾ ਰਹੀ ਸੀ ਤੇ ਨਵਨੀਤ ਗੁਰੂ ਮਹਾਰਾਜ ਦੇ ਚਰਨਾਂ ਵਿਚ ਬੈਠੀ ਰੱਬ ਅੱਗੇ ਰੱਖਿਆ ਲਈ ਦੁਆ ਕਰ ਰਹੀ ਸੀ¢

-ਮਨਪ੍ਰੀਤ ਕੌਰ ਭਾਟੀਆ,
ਗਲੀ ਨੰਬਰ 5, ਨਜ਼ਦੀਕ ਐੱਚ. ਪੀ. ਗੈਸ ਏਜੰਸੀ, ਜਲੰਧਰ ਕਾਲੋਨੀ, ਫ਼ਿਰੋਜ਼ਪੁਰ |
ਸੰਪਰਕ : 98145-00173.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX