ਤਾਜਾ ਖ਼ਬਰਾਂ


ਅੱਜ ਦਾ ਵਿਚਾਰ
. . .  5 minutes ago
ਵੇਰਕਾ ਵੱਲਾ ਰੋਡ 'ਤੇ ਮੈਰਿਜ ਪੈਲੇਸ ਨੂੰ ਲੱਗੀ ਅੱਗ
. . .  1 day ago
ਵੇਰਕਾ ,20 ਫ਼ਰਵਰੀ{ਪਰਮਜੀਤ ਸਿੰਘ ਬੱਗਾ }- ਵੇਰਕਾ ਵੱਲਾ ਰੋਡ 'ਤੇ ਅਸਲਾ ਡੀਪੂ ਕੋਲ ਇਕ ਮੈਰਿਜ ਪੈਲੇਸ ਦੀ ਰਸੋਈ 'ਚ ਸਲੰਡਰ ਫੱਟਣ ਨਾਲ ਹੋਏ ਹਾਦਸੇ 'ਚ ਪੈਲੇਸ ਦਾ ਅੰਦਰਲ ਹਿੱਸਾ ਸੜ ਕੇ ਰਾਖ
ਹਾਦਸੇ ਦੌਰਾਨ ਇਕ ਦੀ ਮੌਤ ਅਤੇ ਇਕ ਗੰਭੀਰ ਜ਼ਖ਼ਮੀ
. . .  1 day ago
ਤਰਨ ਤਾਰਨ, 20 ਫਰਵਰੀ (ਪਰਮਜੀਤ ਜੋਸ਼ੀ)-ਇੱਥੋਂ ਨਜ਼ਦੀਕ ਸਰਹਾਲੀ ਰੋਡ 'ਤੇ ਇਕ ਬੱਸ ਅਤੇ ਸਵਿਫ਼ਟ ਕਾਰ ਵਿਚ ਹੋਈ ਭਿਆਨਕ ਟੱਕਰ ਦੌਰਾਨ ਕਾਰ ਸਵਾਰ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਇਕ ਦੀ ਹੋਰ ...
ਸਾਉਦੀ ਅਰਬ ਭਾਰਤ 'ਚ ਨਿਵੇਸ਼ ਕਰੇਗਾ 100 ਅਰਬ ਡਾਲਰ ਦਾ ਨਿਵੇਸ਼ - ਵਿਦੇਸ਼ ਮੰਤਰਾਲਾ
. . .  1 day ago
ਨਵੀਂ ਦਿੱਲੀ, 20 ਫਰਵਰੀ - ਸਾਉਦੀ ਅਰਬ ਭਾਰਤ 'ਚ 100 ਅਰਬ ਡਾਲਰ ਦਾ ਨਿਵੇਸ਼ ਕਰੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ...
ਯੇਦੀਯੁਰੱਪਾ ਵੱਲੋਂ ਆਡੀਓ ਟੇਪ ਦੇ ਦੋਸ਼ਾਂ ਦੀ ਐੱਫ.ਆਈ.ਆਰ ਖ਼ਾਰਜ ਕਰਨ ਲਈ ਪਟੀਸ਼ਨ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਅਤੇ ਕਰਨਾਟਕ ਭਾਜਪਾ ਪ੍ਰਮੁੱਖ ਬੀ.ਐੱਸ.ਯੇਦੀਯੁਰੱਪਾ ਨੇ ਉਨ੍ਹਾਂ ਖ਼ਿਲਾਫ਼ ਆਡੀਓ ਟੇਪ ਦੇ ਦੋਸ਼ਾਂ ਦੀ ਦਰਜ ਐੱਫ.ਆਈ.ਆਰ...
ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ, 5 ਫਸੇ
. . .  1 day ago
ਸ਼ਿਮਲਾ, 20 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਕਿੱਨੌਰ ਜ਼ਿਲ੍ਹੇ 'ਚ ਬਰਫ਼ ਦੇ ਤੋਦੇ ਡਿੱਗਣ ਕਾਰਨ ਫੌਜ ਦੇ ਇੱਕ ਜਵਾਨ ਦੀ ਮੌਤ ਹੋ ਗਈ, ਜਦਕਿ 5 ਜਵਾਨ ਫਸੇ ਹੋਏ ਹਨ। ਸਥਾਨਕ...
ਫ਼ਰਾਰ ਕਾਂਗਰਸੀ ਵਿਧਾਇਕ ਗ੍ਰਿਫ਼ਤਾਰ - ਗ੍ਰਹਿ ਮੰਤਰੀ ਕਰਨਾਟਕ
. . .  1 day ago
ਬੈਂਗਲੁਰੂ, 20 ਫਰਵਰੀ - ਕਰਨਾਟਕ ਦੇ ਗ੍ਰਹਿ ਮੰਤਰੀ ਐਮ.ਬੀ ਪਾਟਿਲ ਨੇ ਦੱਸਿਆ ਕਿ ਫ਼ਰਾਰ ਕਾਂਗਰਸੀ ਵਿਧਾਇਕ ਜੇ.ਐਨ ਗਣੇਸ਼ ਨੂੰ ਪੁਲਿਸ ਨੇ ਗੁਜਰਾਤ ਦੇ ਸੋਮਨਾਥ ਤੋਂ ਗ੍ਰਿਫ਼ਤਾਰ...
ਸਮਾਂ ਆ ਗਿਆ ਹੈ ਧਾਰਾ 370 ਨੂੰ ਖ਼ਤਮ ਕਰਨ ਦਾ - ਰਾਜਪਾਲ ਰਾਜਸਥਾਨ
. . .  1 day ago
ਜੈਪੁਰ, 20 ਫਰਵਰੀ - ਰਾਜਸਥਾਨ ਦੇ ਰਾਜਪਾਲ ਕਲਿਆਣ ਸਿੰਘ ਦਾ ਕਹਿਣਾ ਹੈ ਕਿ ਧਾਰਾ 370 ਨੂੰ ਖ਼ਤਮ ਕਰਨ ਦਾ ਸਮਾਂ ਆ ਗਿਆ ਹੈ। ਕਿਉਂਕਿ ਇਹ ਵੱਖਵਾਦੀਆਂ ਨੂੰ ਉਤਸ਼ਾਹਿਤ...
ਰੂਹਾਨੀ ਰੰਗ 'ਚ ਰੰਗੀ 'ਪੰਜ ਤਖਤ ਐਕਸਪ੍ਰੈੱਸ' ਯਾਤਰਾ 'ਚ ਸ਼ਾਮਲ ਸ਼ਰਧਾਲੂ ਪਹੁੰਚੇ ਸ੍ਰੀ ਨਾਂਦੇੜ ਸਾਹਿਬ, ਦੇਖੋ ਤਸਵੀਰਾਂ
. . .  1 day ago
25 ਤੱਕ ਕਲਮ ਛੋੜ ਹੜਤਾਲ ਤੇ ਤਹਿਸੀਲ ਕਰਮਚਾਰੀ
. . .  1 day ago
ਖਮਾਣੋਂ, 20 ਫ਼ਰਵਰੀ (ਪਰਮਵੀਰ ਸਿੰਘ) - ਪੀ. ਐਮ. ਐਸ. ਯੂ ਪੰਜਾਬ ਦੇ ਸੱਦੇ ਤੇ ਤਹਿਸੀਲ ਕਰਮਚਾਰੀ 25 ਫ਼ਰਵਰੀ ਤੱਕ ਕਲਮ ਛੋੜ ਹਡ਼ਤਾਲ ਤੇ ਚਲੇ ਗਏ ਹਨ। ਮੰਗਾ ਨੂੰ ਲੈਕੇ...
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਰਾਜਿਆਂ ਮਹਾਰਾਜਿਆਂ ਦਾ ਸ਼ਹਿਰ ਪਟਿਆਲਾ

ਪਟਿਆਲਾ ਚੜ੍ਹਦੇ ਪੰਜਾਬ ਅਤੇ ਉੱਤਰੀ ਭਾਰਤ ਦਾ ਮੁੱਖ ਸ਼ਹਿਰ ਹੈ | ਇਹ ਸੂਬੇ ਦਾ ਚੌਥਾ ਵੱਡਾ ਸ਼ਹਿਰ ਹੈ ਅਤੇ ਪੰਜਾਬ ਦੀ ਵਾਗਡੋਰ ਸੰਭਾਲਣ ਦਾ ਮਾਣ ਵੀ ਇਸੇ ਸ਼ਹਿਰ ਨੂੰ ਕਈ ਵਾਰ ਪ੍ਰਾਪਤ ਹੋਇਆ ਹੈ | ਬਾਬਾ ਆਲਾ ਸਿੰਘ ਨੇ 1763 ਈ: ਵਿਚ ਇਸ ਸ਼ਹਿਰ ਦੀ ਨੀਂਹ ਰੱਖੀ | ਪਟਿਆਲਾ ਸ਼ਹਿਰ ਨੂੰ ਪਟਿਆਲੇ ਸ਼ਾਹੀ ਪੱਗੜੀ, ਪਟਿਆਲਾ ਦੇ ਪਰਾਂਦੇ, ਪਟਿਆਲਾ ਸ਼ਾਹੀ ਸਲਵਾਰ, ਪਟਿਆਲੇ ਦੀ ਜੁੱਤੀ ਅਤੇ ਪਟਿਆਲਵੀ ਪੈੱਗ ਕਰ ਕੇ ਜਾਣਿਆ ਜਾਂਦਾ ਹੈ | ਪਟਿਆਲਾ 30.32 ਡਿਗਰੀ ਉੱਤਰ ਅਤੇ 76.40 ਡਿਗਰੀ ਪੂਰਬ ਵੱਲ ਹੈ | ਪੈਪਸੂ ਸਮੇਂ ਪਟਿਆਲਾ ਕਈ ਵਾਰੀ ਸੂਬੇ ਦੀ ਰਾਜਧਾਨੀ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਸੀ | ਬਾਬਾ ਆਲਾ ਸਿੰਘ ਪਟਿਆਲਾ ਸ਼ਹਿਰ ਦੇ ਬਾਨੀ ਸਨ, ਜਿਨ੍ਹਾਂ ਨੇ ਕਿਲ੍ਹਾ ਮੁਬਾਰਕ ਮਹਿਲ ਦੀ ਨੀਂਹ ਰੱਖੀ ਅਤੇ 1754 ਈ: ਵਿਚ ਸ਼ਹਿਰ ਦੀ ਉਸਾਰੀ ਦੀ ਵਿਉਂਤਬੰਦੀ ਕੀਤੀ ਸੀ | ਇਸ ਸ਼ਹਿਰ ਦੇ ਐਮ.ਐਲ.ਏ. ਕਾਬਿਲ-ਏ-ਅਹਿਤਰਾਮ ਜਨਾਬ ਕੈਪਟਨ ਅਮਰਿੰਦਰ ਸਿੰਘ ਅੱਜਕਲ੍ਹ ਪੰਜਾਬ ਦੇ ਮੁੱਖ ਮੰਤਰੀ ਹਨ |
ਰਾਜਗਾਨ-ਏ-ਪੰਜਾਬ (ਪੰਜਾਬ ਦੇ ਰਾਜੇ) ਦੇ ਪੰਨਾ ਨੰ: 11 ਜੋ ਵਿਕਟੋਰੀਆ ਪ੍ਰੈਸ ਸਿਆਲਕੋਟ 1887 ਈ: ਵਿਚ ਛਪੀ, ਜਿਸ ਦੇ ਮੂਲ ਲੇਖਕ ਵਿਵੇਲ ਗਿ੍ਫਨ ਸਨ ਅਤੇ ਜਿਸ ਨੂੰ ਉਰਦੂ ਵਿਚ ਸੱਯਦ ਹਸਨ ਮੁਹੰਮਦ ਖ਼ਾਂ ਨੇ ਅਨੁਵਾਦ ਕੀਤਾ ਸੀ, ਜੋ ਉਸ ਸਮੇਂ ਪਟਿਆਲਾ ਰਿਆਸਤ ਦੇ ਵਜ਼ੀਰ ਸਨ, ਅਨੁਸਾਰ 'ਪਟਿਆਲਾ ਖ਼ਾਨਦਾਨ ਜਿਨ੍ਹਾਂ ਦਾ ਗੋਤ ਸਿੱਧੂ ਕੌਮ ਜੱਟ ਸਿੱਖ ਹੈ ਇਨ੍ਹਾਂ ਅਧੀਨ ਪਟਿਆਲਾ ਦੇ ਪਿੰਡਾਂ ਦੀ ਸੰਖਿਆ ਦਸ ਸੀ ਜੋ ਦਰਿਆ ਰਾਵੀ ਅਤੇ ਯਮੁਨਾ ਦੇ ਵਿਚਕਾਰ ਹੈ' |
ਸਤਲੁਜ ਇਲਾਕੇ ਵਿਚ ਸਿੱਧੂਆਂ ਦੇ ਹੋਰ ਖ਼ਾਨਦਾਨ ਅਟਾਰੀ ਵਾਲੇ, ਭੀਲੇਵਾਲ ਵਾਲੇ ਅਤੇ ਸਾਡਰੀਆਂ ਵਾਲੇ ਸਿੱਧੂਆਂ ਦੇ ਨਾਂਅ ਨਾਲ ਮਸ਼ਹੂਰ ਸਨ | ਸਤਲੁਜ ਦੇ ਦੱਖਣ ਵੱਲ ਸਿੱਧੂਆਂ ਦਾ ਬਹੁਤ ਬੋਲਬਾਲਾ (ਚੜ੍ਹਤ) ਰਿਹਾ ਹੈ ਜੋ ਪਟਿਆਲਾ, ਜੀਂਦ, ਫ਼ਰੀਦਕੋਟ, ਭਦੌੜ ਦੇ ਸਰਦਾਰ, ਮਲੌਦ, ਬਡਰੁੱਖਾਂ ਅਤੇ ਕੈਥਲ ਦੇ ਅਮੀਰ ਸਨ |
ਰਾਜਗਾਨ-ਏ-ਪੰਜਾਬ ਅਨੁਸਾਰ ਸਿੱਧੂ ਵੀ ਰਾਜਪੂਤਾਂ 'ਚੋਂ ਨਿਕਲੇ ਹੋਏ ਹਨ ਅਤੇ ਆਪਣੇ ਖ਼ਾਨਦਾਨ ਦਾ ਸਿਲਸਿਲਾ ਜੈਸਲ ਨਾਲ ਮਿਲਾਉਂਦੇ ਹਨ | ਜੈਸਲਮੇਰ ਦੇ ਬਾਨੀ ਨੇ 1180 ਈ: ਵਿਚ ਆਪਣੀ ਰਾਜਗੱਦੀ ਛੱਡ ਕੇ ਹਿਸਾਰ ਦੇ ਨੇੜੇ ਪੱਕਾ ਠਿਕਾਣਾ ਬਣਾ ਲਿਆ ਸੀ | ਜਿੱਥੇ ਉਸ ਦੇ ਸਾਲਵਾਹਣ, ਕਾਲਣ, ਹੀਮ ਲੇਲ ਅਤੇ ਪੀਮ ਆਦਿ ਚਾਰ ਪੁੱਤਰਾਂ ਨੇ ਜਨਮ ਲਿਆ | ਹੀਮਪੇਲ ਨੇ ਵੱਡੇ ਹੋ ਕੇ ਹਿਸਾਰ 'ਤੇ ਕਬਜ਼ਾ ਕਰ ਲਿਆ | ਕੁਝ ਚਿਰ ਬਾਅਦ 1212 ਈ: ਵਿਚ ਸਿਰਸਾ ਅਤੇ ਬਠਿੰਡੇ ਨੂੰ ਆਪਣੇ ਅਧੀਨ ਕੀਤਾ ਅਤੇ ਕਸਬਾ ਹਿਸਾਰ ਨੂੰ ਆਬਾਦ ਕੀਤਾ | ਅੰਤ 1214 ਈ: ਵਿਚ ਉਹ ਇਸ ਦੁਨੀਆ ਨੂੰ ਅਲਵਿਦਾ ਆਖ ਕੇ ਹਮੇਸ਼ਾ ਲਈ ਤੁਰ ਗਏ | ਇਨ੍ਹਾਂ ਦੇ 21 ਪੁੱਤਰ ਅਤੇ 21 ਹੀ ਗੋਤ ਸਨ, ਜਿਨ੍ਹਾਂ ਵਿਚ ਸਿੱਧੂਆਂ ਅਤੇ ਭੱਟੀਆਂ ਨੂੰ ਮੰਢੀਆਂ ਦੇ ਤੌਰ 'ਤੇ ਮੰਨਿਆ ਜਾਂਦਾ ਹੈ | ਜੈਸਲ ਤੋਂ ਫੂਲ ਤੱਕ 29 ਪੁਸ਼ਤਾਂ ਹੋ ਗੁਜ਼ਰੀਆਂ ਹਨ | ਚੌਧਰੀ ਫੂਲ ਦੇ ਪੁੱਤਰਾਂ ਨੇ ਨਾਭਾ ਅਤੇ ਜੀਂਦ, ਦੂਜੇ ਪੁੱਤਰ ਰਾਮਾ ਨੇ ਪਟਿਆਲੇ ਨੂੰ ਸੰਭਾਲਿਆ | ਪਟਿਆਲੇ ਦਾ ਕੁਰਸੀਨਾਮਾ ਰਾਜਗਾਨ-ਏ-ਪਟਿਆਲਾ ਮੁਤਾਬਿਕ ਤਲੌਕਾ, ਰਾਮਾ, ਰੁਖੋ, ਚੰਨੋ, ਝੰਡੋ ਅਤੇ ਤਖ਼ਤ ਮੱਲ ਤੱਕ ਜਾ ਮਿਲਦਾ ਹੈ | ਬਾਬਾ ਆਲਾ ਸਿੰਘ, ਰਾਮਾ (ਜਿਨ੍ਹਾਂ ਨੂੰ ਬਾਅਦ ਵਿਚ ਰਾਮ ਸਿੰਘ ਦੇ ਨਾਂਅ ਨਾਲ ਜਾਣਿਆ ਗਿਆ) ਦੇ ਵੱਡੇ ਪੁੱਤਰ ਸਨ | 1718 ਈ: ਵਿਚ ਬਾਬਾ ਆਲਾ ਸਿੰਘ ਨੇ ਭਦੌੜ ਇਲਾਕਾ ਆਪਣੇ ਵੱਡੇ ਭਰਾ ਦੁੰਨਾ ਨੂੰ ਦੇ ਦਿੱਤਾ ਅਤੇ ਬਰਨਾਲਾ ਨੂੰ ਆਪ ਆਬਾਦ ਕੀਤਾ | ਕੁਝ ਸਮੇਂ ਬਾਅਦ ਬਾਬਾ ਆਲਾ ਸਿੰਘ ਨੇ ਰਾਏਕੋਟ ਨੂੰ ਫ਼ਤਹਿ ਕਰਕੇ ਨਾਮਣਾ ਖੱਟਿਆ | ਸੰਨ 1731 ਈ: ਵਿਚ ਅਫ਼ਗ਼ਾਨਾਂ 'ਤੇ ਫ਼ਤਹਿ ਪਾਉਣ ਉਪਰੰਤ ਭੱਟੀਆਂ 'ਤੇ ਵੀ ਹੱਲਾ ਬੋਲ ਦਿੱਤਾ | ਇਹ ਲੜਾਈ 10 ਸਾਲ ਲਗਾਤਾਰ ਚੱਲਦੀ ਰਹੀ | ਸੰਨ 1741 ਈ: ਸਰਹਿੰਦ ਦੇ ਹਾਕਮ ਅਲੀ ਮੁਹੰਮਦ ਖ਼ਾਂ ਜੋ ਦਿੱਲੀ ਸਰਕਾਰ ਵਲੋਂ ਨਿਯੁਕਤ ਕੀਤਾ ਗਿਆ ਸੀ, ਨਾਲ ਲੜਾਈ ਲੜੀ | ਕੁਝ ਸਮੇਂ ਪਿੱਛੋਂ ਹਾਕਮ ਸਰਹਿੰਦ ਅਲੀ ਮੁਹੰਮਦ ਖ਼ਾਂ ਰੁਹੇਲ ਖੰਡ ਚਲਾ ਗਿਆ | ਸੰਨ 1749 ਈ:, ਬਾਬਾ ਆਲਾ ਸਿੰਘ ਨੇ ਭਵਾਨੀਗੜ੍ਹ ਦਾ ਕਿਲ੍ਹਾ ਤਾਮੀਰ ਕਰਵਾਇਆ | ਇਸ ਦੇ ਤਿੰਨ ਸਾਲਾਂ ਬਾਅਦ ਭਾਵ 1752 ਈ: ਵਿਚ ਬਾਬਾ ਆਲਾ ਸਿੰਘ ਦੇ ਮਾਤਹਿਤ ਜਨਾਬ ਗੁਰਬਖ਼ਸ਼ ਸਿੰਘ ਕਾਲੀਕਾ ਨੇ ਫ਼ਤਹਿ ਪ੍ਰਾਪਤ ਕੀਤੀ ਜੋ 84 ਪਿੰਡਾਂ 'ਤੇ ਆਧਾਰਿਤ ਸੀ | ਇਸ ਵਿਚ ਪਟਿਆਲਾ ਵੀ ਸ਼ਾਮਿਲ ਸੀ | ਇਸ ਪਿੱਛੋਂ ਬਾਬਾ ਆਲਾ ਸਿੰਘ ਨੇ ਬਠਿੰਡਾ ਜਿਸ ਦੇ ਹਾਕਮ ਜੋਧ ਸਿੰਘ ਸਨ 'ਤੇ ਚੜ੍ਹਾਈ ਕਰ ਦਿੱਤੀ | ਇਸ ਸਬੰਧ ਵਿਚ ਭਾਈ ਗੁਰਬਖ਼ਸ਼ ਸਿੰਘ ਜਿਨ੍ਹਾਂ ਨੇ ਕੈਥਲ ਦੀ ਨੀਂਹ ਰੱਖੀ ਸੀ, ਤੋਂ ਮਦਦ ਮੰਗੀ | ਬਾਬਾ ਆਲਾ ਸਿੰਘ ਦੇ ਪੁੱਤਰ ਲਾਲ ਸਿੰਘ ਨੇ ਜ਼ਿਲ੍ਹਾ ਮੂਣਕ ਨੂੰ ਪਟਿਆਲੇ ਵਿਚ ਸ਼ਾਮਿਲ ਕਰ ਲਿਆ | ਇਸ ਤੋਂ ਦਸ ਸਾਲ ਪਹਿਲਾਂ ਅਹਿਮਦ ਸ਼ਾਹ ਦੁੱਰਾਨੀ ਵਾਰ-ਵਾਰ ਭਾਰਤ 'ਤੇ ਹਮਲੇ ਕਰ ਰਿਹਾ ਸੀ | ਸੰਨ 1748 ਈ:, 1756 ਈ: ਅਤੇ 1761 ਈ: ਵਿਚ ਸਰਹਿੰਦ ਆਦਿ ਸਾਰੇ ਇਲਾਕੇ ਨੂੰ ਫ਼ਤਹਿ ਕਰਦਿਆਂ ਦਿੱਲੀ ਤੱਕ ਪਹੁੰਚ ਚੁੱਕਿਆ ਸੀ | ਅਹਿਮਦ ਸ਼ਾਹ ਦੁੱਰਾਨੀ ਨੇ ਹੀ 1762 ਈ: ਵਿਚ ਬਾਬਾ ਆਲਾ ਸਿੰਘ ਨੂੰ 'ਰਾਜਾ' ਅਤੇ ਰਾਜਗਾਨ-ਏ-ਪੰਜਾਬ ਦੇ ਪੰਨਾ 35 ਅਨੁਸਾਰ 'ਮਹਾਰਾਜਾ' ਆਲਾ ਸਿੰਘ ਬਹਾਦੁਰ ਦੇ ਿਖ਼ਤਾਬ ਨਾਲ ਨਵਾਜ਼ਿਆ ਸੀ | ਅੰਤ ਵਿਚ ਸੂਬਾ ਸਰਹਿੰਦ ਜਿੱਤ ਪ੍ਰਾਪਤ ਕਰਨ ਵਾਲਿਆਂ ਵਿਚ ਤਕਸੀਮ ਹੋ ਗਿਆ | ਸਰਦਾਰ ਗੁਰਬਖ਼ਸ਼ ਸਿੰਘ ਅਤੇ ਉਸ ਦੇ ਦੋਸਤ ਕਪੂਰ ਸਿੰਘ ਅਤੇ ਸ: ਨਾਮਦਾਰ ਸਿੰਘ ਪੂਰੀਆਂ ਜੋ ਇਨ੍ਹਾਂ ਦੇ ਭਤੀਜੇ ਜਾਂ ਭਾਣਜੇ ਸਨ, ਦੀ ਸਿਫ਼ਾਰਿਸ਼ ਕਰਨ 'ਤੇ ਸੂਬਾ ਸਰਹਿੰਦ ਮਹਾਰਾਜਾ ਬਾਬਾ ਆਲਾ ਸਿੰਘ ਨੂੰ ਦੇ ਦਿੱਤਾ ਗਿਆ | ਅਖ਼ੀਰ ਨੂੰ ਪਟਿਆਲੇ ਸ਼ਹਿਰ ਦੀ ਸ਼ਾਨ ਅਤੇ ਇਸ ਦੇ ਬਾਨੀ ਮਹਾਰਾਜਾ ਬਾਬਾ ਆਲਾ ਸਿੰਘ 1765 ਈ: ਵਿਚ ਇਸ ਫ਼ਾਨੀ ਦੁਨੀਆ ਨੂੰ ਖ਼ੈਰਬਾਦ ਕਹਿ ਗਏ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਪ੍ਰੋਫ਼ੈਸਰ ਤੇ ਮੁਖੀ ਫ਼ਾਰਸੀ ਉਰਦੂ ਅਤੇ ਅਰਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ |
ਫ਼ੋਨ : 94171-71885.


ਖ਼ਬਰ ਸ਼ੇਅਰ ਕਰੋ

ਮੁਹੱਬਤਾਂ ਦਾ ਦਰਿਆ : ਚਨਾਬ

ਦੇਸ਼ ਪੰਜਾਬ ਦੀ ਸੋਹਣੀ ਧਰਤੀ ਉਪਜਾਊ ਹੈ, ਜਿਥੇ ਰੱਜ ਕੇ ਖਾਣ ਲਈ ਅੰਨ ਅਤੇ ਡੰਗਰਾਂ ਲਈ ਵਾਧੂ ਪੱਠਿਆਂ ਦੀ ਬਹੁਲਤਾ ਨਾਲ ਭਰਪੂਰ ਹੈ | ਪੰਜਾਬ ਦੀ ਉਪਜੀਵਕਾ ਦਾ ਕਾਰਨ ਇਹਦੇ ਨਿਰੰਤਰ ਵਗਦੇ ਪੰਜ ਦਰਿਆ ਹਨ, ਜਿਹੜੇ ਰੱਬ ਸੋਹਣੇ ਵਲੋਂ ਇਸ ਸਰਜ਼ਮੀਨ ਨੂੰ ਵੱਡਾ ਤੋਹਫ਼ਾ ਹਨ | ਪੁਰਾਤਨ ਸਮੇਂ ਵਿਚ ਇਸ ਧਰਤੀ ਨੂੰ ਮਚਰ ਦੇਸ਼, ਸਮਤ ਸਿੰਧੂ ਆਦਿ ਕਿਹਾ ਜਾਂਦਾ ਰਿਹਾ ਹੈ | ਲਗਪਗ ਸਵਾ ਸਦੀ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਪੰਜਾਬ ਦੀ ਧਰਤੀ ਯਮਨਾ ਦਰਿਆ ਤੋਂ ਲੈ ਕੇ ਦਰਿਆ ਸਿੰਧ ਤੋਂ ਅੱਗੇ ਤੱਕ ਮੰਨੀ ਗਈ | ਇਸ ਵੱਡੇ ਪੰਜਾਬ ਦਾ ਕੁੱਲ ਖੇਤਰ 133741 ਵਰਗ ਮੀਲ ਤੇ ਹਿੰਦੁਸਤਾਨ ਦੇ ਖੇਤਰ ਦਾ ਦਸਵਾਂ ਹਿੱਸਾ ਸੀ | ਇਸ ਤਰ੍ਹਾਂ ਅੱਜ ਦਾ ਪੰਜਾਬ ਹਰਿਆਣਾ, ਹਿਮਾਚਲ ਅਤੇ ਪੱਛਮੀ ਪੰਜਾਬ ਤੇ ਸਰਹੱਦੀ ਸੂਬਾ ਵੀ ਇਸ ਵਿਚ ਸ਼ਾਮਿਲ ਸਨ | ਇਨ੍ਹਾਂ ਪੰਜ ਦਰਿਆਵਾਂ ਨੇ ਇਸ ਖੇਤਰ ਦਾ ਮੰੂਹ-ਮੁਹਾਂਦਰਾ ਤੇ ਨੈਣ-ਨਕਸ਼ ਹੀ ਨਹੀਂ ਸਵਾਰੇ ਸਗੋਂ ਇਹ ਖੇਤਰ ਵੱਖ-ਵੱਖ ਬੋਲੀਆਂ ਤੇ ਨਿੱਕੀਆਂ-ਨਿੱਕੀਆਂ ਤਹਿਜ਼ੀਬਾਂ ਦਾ ਪੰਘੂੜਾ ਵੀ ਰਿਹਾ ਹੈ | ਸੋ, ਨਹੀਂ ਰੀਸਾਂ ਚਨਾਬ ਦੀਆਂ | ਜਿਥੋਂ ਵੀ ਚਨਾਬ ਲੰਘਦਾ ਹੈ ਉਹ ਆਪਣੇ-ਆਪ ਵਿਚ ਖ਼ੁਸ਼ਨੁਮਾ ਤਹਿਜ਼ੀਬ ਅਖਵਾਉਂਦੀ ਹੈ |
ਸਿ੍ਸ਼ਟੀ ਤੋਂ ਭਾਵ ਮਨੁੱਖੀ ਚੌਗਿਰਦੇ ਵਿਚ ਮੌਜੂਦ ਅਜਬ ਵਰਤਾਰੇ ਹਨ, ਜਿਨ੍ਹਾਂ ਵਿਚ ਨਾ ਸਿਰਫ਼ ਸਾਡੀ ਧਰਤੀ, ਇਸ ਦੇ ਮੌਸਮ, ਦਰਿਆ, ਨਦੀਆਂ, ਨਾਲੇ, ਪਹਾੜ, ਸਮੰੁਦਰ, ਵਾਯੂਮੰਡਲ, ਪੌਦੇ ਰੁੱਖ ਤੇ ਜੀਵ-ਜੰਤੂ ਹੀ ਸ਼ਾਮਿਲ ਹਨ, ਸਗੋਂ ਇਸ ਵਿਚ ਹੋਰ ਗ੍ਰਹਿ, ਚੰਨ, ਤਾਰੇ, ਸੂਰਜ, ਪਿੰਡ, ਆਕਾਸ਼, ਗੰਗਾਵਾਂ, ਬਲੈਕ ਹੋਲਜ਼, ਸੁਪਰ-ਨੋਵਾ ਤੇ ਧੂਮਕੇਤੂ ਆਦਿ ਦੀ ਹੋਂਦ ਵੀ ਸ਼ਾਮਿਲ ਹੈ | ਇੰਜ ਬ੍ਰਹਿਮੰਡ ਸੰਪੂਰਨ ਸੰਸਾਰਕ ਵਰਤਾਰੇ ਦਾ ਸਮੂਹ ਪਦਾਰਥਕ ਬ੍ਰਹਿਮੰਡ ਦੇ ਪ੍ਰਗਟਾਵੇ ਦਾ ਨਾਂਅ ਹੈ | ਇਹ ਸੰਸਾਰ ਦੁਨੀਆ ਲਈ ਬਣਿਆ ਹੈ ਅਤੇ ਇਸ ਦੀ ਜ਼ਿੰਦਗੀ ਨੂੰ ਹੱਸਦਾ-ਵੱਸਦਾ ਰੱਖਣ ਲਈ ਰੱਬ ਸੋਹਣੇ ਨੇ ਦੋ ਵਸਤਾਂ ਨੀਲਾ ਗਗਨ ਤੇ ਸੋਹਣੀ ਧਰਤੀ ਬਣਾਈਆਂ ਹਨ | ਜੇ ਨੀਲਾ ਗਗਨ ਮਨੁੱਖ ਨੂੰ ਸੂਰਜ ਦੀ ਗਰਮੀ ਅਤੇ ਚਾਨਣ ਅਪੜਾਉਣ ਲਈ ਬਣਾਇਆ ਗਿਆ ਹੈ ਤਾਂ ਧਰਤੀ ਮਾਂ ਉਸ ਨੂੰ ਪਾਲਣ-ਪੋਸਣ ਲਈ ਬਣੀ ਹੈ | ਪੰਜਾਬ ਦੀ ਧਰਤੀ ਨੂੰ ਇਹ ਗੌਰਵ ਹਾਸਲ ਹੈ ਕਿ ਇਸ ਬੀਰ ਭੂਮੀ ਦੇ ਚੌੜੇ ਸੀਨੇ ਤੋਂ ਲੰਘਦੇ ਪੰਜ ਦਰਿਆ ਵਰਿ੍ਹਆਂ ਦੀ ਤਿ੍ਹਾਈ ਲੋਕਾਈ ਦੀ ਤ੍ਰੇਹ ਬੁਝਾਉਂਦੇ ਅਤੇ ਹਰੀਆਂ-ਭਰੀਆਂ ਤੇ ਸੁਨਹਿਰੀ ਫ਼ਸਲਾਂ ਉਗਾਉਂਦੇ ਚਲੇ ਆ ਰਹੇ ਹਨ | ਪਾਣੀ ਧਰਤੀ ਤੇ ਰਹਿੰਦੇ ਜੀਵਾਂ ਦਾ ਜੀਵਨ ਹੈ ਅਤੇ ਪੂਰੀ ਦੁਨੀਆ ਪਾਣੀ ਨਾਲ ਭਰੀ ਪਈ ਹੈ | ਪਾਣੀ ਦੀ ਅਹਿਮੀਅਤ ਇਸ ਤੱਥ ਤੋਂ ਸਿੱਧ ਹੋ ਜਾਂਦੀ ਹੈ ਕਿ ਅੰਨ ਤੋਂ ਬਿਨਾਂ ਤਾਂ ਵਿਅਕਤੀ ਕੁਝ ਸਮਾਂ ਜੀਅ ਸਕਦਾ ਹੈ ਪਰ ਪਾਣੀ ਬਿਨਾਂ ਜੀਵਨ ਮੁਸ਼ਕਿਲ ਹੈ |
ਦਰਿਆ-ਏ-ਚਨਾਬ ਦੀ ਦਰਿਆਵਾਂ ਦੇ ਇਤਿਹਾਸ ਵਿਚ ਵੱਡੀ ਅਹਿਮੀਅਤ ਹੈ | ਦਰਿਆ ਝਨਾਂ ਬਾਰੇ ਪਰਖ ਪੜਚੋਲ ਕਰਨ ਵਾਲਿਆਂ ਦੀਆਂ ਵੱਖ-ਵੱਖ ਰਾਵਾਂ ਹਨ | ਚੜ੍ਹਦੇ ਪੰਜਾਬ ਵਿਚ ਝਨਾਂ ਅਤੇ ਲਹਿੰਦੇ ਪੰਜਾਬ ਵਾਲੇ ਚਨਾਬ ਆਖਦੇ ਹਨ | ਇਸ ਦਰਿਆ ਦੇ ਸੰਸਕ੍ਰਿਤ ਨਾਂਅ ਅਸਿਕਨੀ ਹੈ | ਪੁਰਾਣੇ ਸਮੇਂ ਵਿਚ ਇਸ ਪਵਿੱਤਰ ਦਰਿਆ ਨੂੰ ਸੰਡਾ-ਬਾਲਸ, ਜਾਂਡਾ ਬਾਲਾ ਤੇ ਸ਼ਾਂਤਰੂ ਦੇ ਨਾਵਾਂ ਨਾਲ ਜਾਣਿਆ ਜਾਂਦਾ ਰਿਹਾ ਹੈ | ਪ੍ਰਸਿੱਧ ਲੇਖਕ ਟਾਲਮੀ ਨੇ ਇਸ ਨੂੰ ਸਾਂਡਾ ਬਾਲਸ ਕਿਹਾ ਹੈ | ਕੁਝ ਵਿਦਵਾਨਾਂ ਨੇ ਚਨਾਬ ਜਾਂ ਝਨਾਂ ਨੂੰ ਦੋ ਅੱਖਰਾਂ 'ਚੰਨ' ਅਤੇ 'ਆਬ' ਦਾ ਮੇਲ ਦੱਸਿਆ ਹੈ | ਉਰਦੂ ਵਿਚ ਇਸ ਨੂੰ ਚਨਾਬ ਆਖਿਆ ਗਿਆ ਹੈ ਪਰ ਪੰਜਾਬੀ ਵਿਚ ਇਸ ਨੂੰ ਝਨਾਂ ਆਖਣਾ ਪਸੰਦ ਕਰਦੇ ਹਨ | ਸੱਚ ਤਾਂ ਇਹ ਹੈ ਕਿ ਚੌਧਵੀਂ ਦਾ ਚੰਨ ਜੇ ਪਾਣੀ 'ਤੇ ਤਰਦਾ ਹੋਵੇ ਤਾਂ ਇਸ ਤੋਂ ਵੱਡੀ ਰੁਮਾਂਟਿਕ ਕਲਪਨਾ ਕੀ ਹੋ ਸਕਦੀ ਹੈ? ਮਹਾਂਭਾਰਤ ਅਤੇ ਨੀਲਮਤ ਪੁਰਾਣ ਵਿਚ 'ਚੰਦਰ ਭਾਗਾ' ਕਰਕੇ ਪ੍ਰਸਿੱਧ ਹੈ | ਅਹਿਮਦ ਹੁਸੈਨ ਕੁਰੈਸ਼ੀ ਲਿਖਦਾ ਹੈ, 'ਚੰਦਰ ਭਾਗਾ ਸੇ ਮੁਰਾਦ ਦੋ ਨਦੀਆਂ ਹੈਾ ਜੋ ਚੰਦਰ ਔਰ ਭਾਗਾ ਕੇ ਮੁਖਤਲਿਫ਼ ਨਾਮੋਂ ਸੇ ਪੁਕਾਰੀ ਜਾਤੀ ਹੈਾ | ਯੇ ਦਰਿਆ ਇਨਹੀਂ ਦੋ ਨਦੀਓਾ ਸੇ, ਮਾਅਰਜ਼ੇ ਵਜੂਦ ਮੇਂ ਆਤਾ ਹੈ |'
ਇਹ ਦਰਿਆ ਪੁਰਾਣੇ ਪੰਜਾਬ (ਹੁਣ ਹਿਮਾਚਲ ਪ੍ਰਦੇਸ਼ ਰਾਜ) ਵਿਚ ਦੋ ਨਦੀਆਂ 'ਚੰਦਰਾ' ਅਤੇ 'ਭਾਗਾ' ਦੇ ਸੰਗਮ ਨਾਲ ਹੋਂਦ ਵਿਚ ਆਉਂਦਾ ਹੈ | ਚੰਦਰਾ ਨਦੀ ਲਗਪਗ 4950 ਮੀ. (16,221 ਫੁੱਟ) ਦੀ ਉਚਾਈ ਤੇ ਬਾਰਾ ਲਾਚਾ ਦਰੇ ਦੇ ਦੱਖਣ ਪੂਰਬੀ ਪਾਸੇ ਉਪਰਲੇ ਗਲੇਸ਼ੀਅਰ ਤੋਂ ਨਿਕਲਦੀ ਹੈ | ਦੂਜੀ ਭਾਗਾ ਨਦੀ ਲਾਹੌਲ ਦੀਆਂ ਉੱਤਰ ਪੱਛਮੀ ਢਲਾਣਾਂ ਤੋਂ ਨਿਕਲਦੀ ਹੈ | 90 ਕਿਲੋਮੀਟਰ (55 ਮੀਲ) ਤੱਕ ਵਹਿਣ ਤੋਂ ਪਿਛੋਂ ਇਹ ਨਦੀ ਹਿਮਾਲਾ ਪਰਬਤ ਦੇ ਹੇਠਾਂ ਤੇਜ਼ ਰਫ਼ਤਾਰ ਨਾਲ ਵਹਿੰਦੀ ਹੈ ਅਤੇ 185 ਕਿਲੋਮੀਟਰ (115 ਮੀਲ) ਦਾ ਸਫ਼ਰ ਤੈਅ ਕਰਦੀ ਹੋਈ ਤੰਦੀ ਦੇ ਸਥਾਨ 'ਚੰਦਰ' ਨਾਲ ਸੰਗਮ ਕਰਦੀ ਹੈ | ਇਨ੍ਹਾਂ ਦੋ ਨਦੀਆਂ ਦੇ ਮਿਲਾਪ ਨਾਲ ਬਣੇ ਪਿਆਰ ਦਰਿਆ ਨੂੰ ਚੰਦਰ ਭਾਗਾ ਜਾਂ ਚਨਾਬ ਕਿਹਾ ਜਾਂਦਾ ਹੈ | ਇਹ ਚੰਦਰ ਭਾਗਾ ਜਾਂ ਚਨਾਬ ਜਾਂ ਝਨਾਂ ਪਾਂਗੀ ਘਾਟੀ 'ਚੋਂ ਵਗ ਕੇ ਕਸ਼ਮੀਰ ਵਿਚ 6000 ਫੁੱਟ ਦੀ ਉਚਾਈ 'ਤੇ ਦਾਖਲ ਹੁੰਦੀ ਹੈ |
ਇਸ ਦਰਿਆ ਬਾਰੇ ਭਾਈ ਕਾਨ੍ਹ ਸਿੰਘ ਨਾਭਾ ਲਿਖਦੇ ਹਨ ਕਿ 'ਚੰਦਰ ਭਾਗਾ ਹਿਮਾਲਿਆ ਦੇ ਚੰਦਰ ਭਾਗ ਨਾਮਕ ਅਸਥਾਨ ਤੋਂ ਨਿਕਲੀ ਹੋਈ ਇਕ ਨਦੀ ਚਨਾਬ, ਝਨਾਂ, ਰਿਗਵੇਦ ਵਿਚ ਇਸ ਦਾ ਨਾਂਅ 'ਆਸਿਕੀ' ਹੈ, ਲਾਹੌਲ ਪਾਸੋਂ ਚਨਾਬ ਦੇ ਦੋ ਪ੍ਰਵਾਹ ਨਿਕਲਦੇ ਹਨ, ਮੁੱਢ ਦੇ ਸੋਮੇ ਤੋਂ 994 ਮੀਲ ਪੁਰ ਤੰਦੀ ਪਾਸ ਦੋਵੇਂ ਇਕੱਠੇ ਹੋ ਜਾਂਦੇ ਹਨ, ਇਹ ਨਦੀ ਕਸ਼ਮੀਰ ਦੇ ਇਲਾਕੇ ਅਖਨੂਰ, ਕਿਸ਼ਤਵਾੜ ਤੇ ਚੰਬਾ ਰਾਜ ਵਿਚ ਵਹਿੰਦੀ ਹੋਈ ਸਿਆਲਕੋਟ ਵਜ਼ੀਰਾਬਾਦ ਦੀ ਜ਼ਮੀਨ ਨੂੰ ਸੈਰਾਬ ਕਰਦੀ ਝੰਗ ਦੇ ਜ਼ਿਲ੍ਹੇ ਜੇਹਲਮ ਨਾਲ ਮਿਲ ਕੇ ਸਿੰਧੂ ਪਾਸ ਰਾਵੀ ਨਾਲ ਇਕੱਠੀ ਹੋ ਕੇ ਮਿਰਨਕੋਟ ਦੇ ਮੁਕਾਮ ਤੇ ਸਿੰਧ ਨਦੀ ਵਿਚ ਜਾ ਮਿਲਦੀ ਹੈ |'
ਬੂਟੇ ਸ਼ਾਹ ਲਿਖਦੇ ਹਨ ਕਿ, 'ਚੌਥੇ ਨਾਂਅ ਦਾ ਦਰਿਆ ਇਹ ਵੱਡਾ ਦਰਿਆ ਹੈ | ਇਸ ਵਿਚ ਗਹਿਨ ਬਹੁਤ ਘੱਟ ਹੈ ਅਤੇ ਹਿੰਦੀ ਸ਼ਾਸਤਰਾਂ ਵਿਚ ਇਸ ਨੂੰ 'ਚੰਦਰ ਭਾਗਾ' ਕਰਕੇ ਲਿਖਦੇ ਹਨ | ਕਹਿੰਦੇ ਹਨ ਜੋ ਇਸ ਦਰਿਆ ਦਾ ਨਿਕਾਸ ਬਹੁਤ ਦੂਰ ਹੈ ਅਤੇ ਅਸਲ ਵਿਚ ਦੋ ਦਰਿਆਵਾਂ ਨੇ ਮਿਲ ਕੇ ਇਕ ਨਾਂਅ ਪਾਇਆ ਹੈ | ਇਕ ਤਾਂ ਦਰਿਆ ਚੰਦਰ ਜੋ ਚੀਨ ਦੇ ਪਹਾੜਾਂ ਵਿਚੋਂ ਨਿਕਲਦਾ ਹੈ ਅਤੇ ਦੂਜਾ ਦਰਿਆ ਭਾਗਾ ਜੋ ਤਿੱਬਤ ਦੀਆਂ ਹੱਦਾਂ ਤੋਂ ਆਉਂਦਾ ਹੈ | ਬਾਰਾਂਲਾਚਾ ਪਾਸ ਲਾਹੋਲ ਹਿਮਾਚਲ ਪ੍ਰਦੇਸ਼ ਜਿਥੇ ਦੋ ਨਦੀਆਂ ਚੰਦਰਾ ਅਤੇ ਭਾਗਾ ਆਹਮਣੇ-ਸਾਹਮਣੇ ਧਾਰਾ ਰਾਹੀਂ ਬਾਗਾਲਾਚ ਤੋਂ 200 ਅਤੇ 90 ਕਿਲੋਮੀਟਰ ਵਹਿੰਦੀਆਂ ਹਨ | ਇਸ ਤੋਂ ਪਿਛੋਂ, ਕਸ਼ਟਵਾੜ ਦੇ ਦੁਆਲੇ ਇਹ ਦੋਵੇਂ ਇਕ ਹੋ ਜਾਂਦੇ ਹਨ ਅਤੇ 'ਚੰਦਰ ਭਾਗਾ' ਅਖਵਾਉਂਦੇ ਹਨ | ਉਸ ਥਾਂ ਤੋਂ ਤਲਾ ਭੁਮਾਲ ਦੇ ਰਸਤੇ ਤਿਰਕੁਟੇ ਪਹਾੜ ਦੇ ਨੇੜਿਉਂ ਜੋ ਜੰਮੂ ਦੇ ਤਾਬੇ ਹੈ ਅਤੇ ਸ਼ਹਿਰ ਅਖਨੂਰ ਦੇ ਹੇਠੋਂ ਪਹਾੜੋਂ ਨਿਕਲ ਕੇ ਉਥੋਂ 18 ਟੁਕੜੇ ਹੋ ਜਾਂਦੇ ਹਨ | ਬੇਹਲੋਲ ਪਾਰ ਦੇ ਨੇੜੇ ਫਿਰ ਇਕ ਹੋ ਜਾਂਦੇ ਹਨ | ਉਥੋਂ ਸੋਧਰੇ ਦੀਆਂ ਹੱਦਾਂ ਤੋਂ ਲੰਘ ਕੇ ਵਜ਼ੀਰਾਬਾਦ ਆਉਂਦਾ ਹੈ ਅਤੇ ਰਾਜਘਾਟ ਵਜ਼ੀਰਾਬਾਦ ਹੈ |'
ਚਨਾਬ ਦੀ ਹਰਮਨ-ਪਿਆਰਤਾ ਵਿਸ਼ਵ ਵਿਆਪੀ ਹੈ | ਇਸ ਮਾਣਮੱਤੇ ਦਰਿਆ ਬਾਰੇ ਜਸਟਿਸ ਐਸ. ਏ. ਰਹਿਮਾਨ ਲਿਖਦੇ ਹਨ, 'ਪਾਕਿਸਤਾਨ ਕਾ ਮਸ਼ਹੂਰ ਦਰਿਆ ਪੰਜਾਬ ਕੇ ਪਾਂਚ ਦਰਿਆਓਾ ਸੇ ਨਿਕਲਤਾ ਹੈ, ਜਹਾਂ ਇਸੇ 'ਚੰਦਰ ਭਾਗਾ' ਕਹਿਤੇ ਹੈਾ | ਮਗਰਬੀ ਪਾਕਿਸਤਾਨ ਮੇਂ ਪਹੁੰਚਤੇ ਹੀ ਬੜਾ ਦਰਿਆ ਬੰਨ ਜਾਤਾ ਹੈ | ਤਰੀਮੋਂ ਪਰ ਪਹੁੰਚ ਕਰ ਇਸ ਮੇਂ ਜੇਹਲਮ ਆ ਕਰ ਮਿਲਤਾ ਹੈ, ਫਿਰ ਰਾਵੀ ਇਨ ਦੋਨੋਂ ਮੇਂ ਸ਼ਾਮਿਲ ਹੋ ਜਾਤਾ ਹੈ | ਪੰਜਨਦ ਪਰ ਸਤਲੁਜ ਔਰ ਬਿਆਸ ਭੀ ਮਿਲ ਜਾਤੇ ਹੈਾ | ਆਗੇ ਬੜ ਕਰ ਪਾਚੋਂ ਦਰਿਆ ਸਿੰਧ ਮੇਂ ਸ਼ਾਮਿਲ ਹੋ ਜਾਤੇ ਹੈਾ |'
ਦੇਸ਼ ਵੰਡ ਤੋਂ ਪਿਛੋਂ 'ਇੰਡਸ ਵਾਟਰ ਟਰੀਟੀ' 1960 ਅਨੁਸਾਰ ਤਿੰਨ ਦਰਿਆਵਾਂ ਸਤਲੁਜ, ਬਿਆਸ ਤੇ ਰਾਵੀ ਦਾ ਪਾਣੀ ਭਾਰਤ ਨੇ ਵਰਤਣਾ ਹੈ ਅਤੇ ਚਨਾਬ, ਜੇਹਲਮ ਅਤੇ ਸਿੰਧ ਦਾ ਪਾਕਿਸਤਾਨ ਨੇ | ਪੂਰਬੀ ਪੰਜਾਬ ਵਿਚ ਭਾਖੜਾ, ਨੰਗਲ, ਰਣਜੀਤ ਸਾਗਰ ਤੇ ਤਲਵਾੜਾ ਡੈਮ ਬਣੇ | ਇਨ੍ਹਾਂ ਵਿਚੋਂ ਨਿਕਲੀਆਂ ਨਹਿਰਾਂ ਨੇ ਥੋੜ੍ਹੇ ਸਮੇਂ ਅੰਦਰ ਸਿੰਚਾਈ ਰਹਿਤ ਤੇ ਰੇਗਿਸਥਾਨੀ ਖੇਤਰਾਂ ਨੂੰ ਪਾਣੀ ਦੇ ਕੇ ਸਾਰੇ ਪੰਜਾਬ ਨੂੰ ਹਰਿਆ-ਭਰਿਆ ਕਰ ਦਿੱਤਾ | ਫਲਸਰੂਪ 'ਹਰੀ ਕ੍ਰਾਂਤੀ' ਨੇ ਜਨਮ ਲਿਆ | ਉਧਰ ਪੱਛਮੀ ਪੰਜਾਬ ਵਿਚ ਸਾਰੇ ਦਰਿਆਵਾਂ ਨੂੰ ਜੋੜ ਕੇ ਨਹਿਰੀ ਗਰਿੱਡ ਤਿਆਰ ਹੋਇਆ ਤੇ ਵਾਂਝੇ ਖੇਤਰਾਂ ਨੂੰ ਪਾਣੀ ਮਿਲਿਆ ਅਤੇ ਕਈ ਨਵੀਆਂ ਨਹਿਰਾਂ ਹੋਂਦ ਵਿਚ ਆਈਆਂ ਅਤੇ ਉਹ ਦੇਸ਼ ਦੀ ਅਨਾਜ ਪਖੋਂ ਸਵੈ-ਨਿਰਭਰਤਾ ਵੱਲ ਵਿਕਾਸ ਦੇ ਪੜਾਅ ਸਫ਼ਲਤਾਪੂਰਵਕ ਲੰਘਣ ਲੱਗਾ |
ਪੰਜਾਬ ਦੀ ਇਹ ਉਪਜਾਊ ਧਰਤੀ ਸੀ, ਜਿਸ ਨੂੰ ਪ੍ਰਾਪਤ ਕਰਨ ਲਈ ਹਰ ਕੌਮ ਨੇ ਪਹਿਲਾਂ ਇਸ ਵੱਲ ਮੰੂਹ ਕੀਤਾ ਤੇ ਆਪਣੀ ਸ਼ਾਨੋ-ਸ਼ੌਕਤ ਅਤੇ ਵਡਿਆਈ ਦੇ ਨਿਸ਼ਾਨ ਛੱਡੇ | ਪੰਜਾਬ ਤੱਕ ਅਪੜਨ ਲਈ ਉਨ੍ਹਾਂ ਜਿਹੜੇ ਦਰਿਆਵਾਂ ਨੂੰ ਵਰਤਿਆ ਉਨ੍ਹਾਂ ਵਿਚੋਂ ਇਕ ਝਨਾਂ ਜਾਂ ਚਨਾਬ ਹੈ | ਇਸ ਇਸ਼ਕ ਦੇ ਦਰਿਆ ਕੰਢੇ ਕਈ ਸੱਭਿਆਤਾਵਾਂ ਪੰੁਗਰੀਆਂ ਅਤੇ ਬਾਹਰੋਂ ਆਉਣ ਵਾਲਿਆਂ ਦਾ ਰੰਗ ਵੀ ਚੜਿ੍ਹਆ | ਇਸ ਉਪਜਾਊ ਧਰਤੀ ਤੇ ਯੂਨਾਨੀਆਂ, ਅਰਬਾਂ, ਇਰਾਨੀਆਂ, ਅਫ਼ਗਾਨੀਆਂ ਅਤੇ ਤੁਰਕਾਂ ਨੇ ਚੜ੍ਹਾਈ ਕੀਤੀ ਅਤੇ ਇਨ੍ਹਾਂ ਦਰਿਆਵਾਂ ਨੂੰ ਆਪਣੀ ਵਸੋਂ ਲਈ ਵਰਤਿਆ |
ਚਨਾਬ ਤਕਰੀਬਨ 1086 ਕਿਲੋਮੀਟਰ ਲੰਮਾ ਦਰਿਆ 25 ਲੱਖ ਏਕੜ ਭੋਇੰ ਦੀ ਸਿੰਜਾਈ ਕਰਦਾ ਆ ਰਿਹਾ ਹੈ | ਚਨਾਬ 'ਚਨਾਬ ਵੈਲੀ 'ਚੋਂ ਲੰਘ ਕੇ ਅਖਨੂਰ (ਜੰਮੂ-ਕਸ਼ਮੀਰ) ਅੱਗੇ ਲੰਘ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਵਿਚ ਪ੍ਰਵੇਸ਼ ਕਰਕੇ ਗੁਜਰਾਤ, ਝੰਗ, ਮੁਜ਼ੱਫਰਗੜ੍ਹ, ਸਿਆਲਕੋਟ, ਗੁਜਰਾਂਵਾਲਾ, ਹਾਇਜ਼ਆਬਾਦ, ਚਨਿਊਟ ਤੇ ਮੁਲਤਾਨ ਵਰਗੇ ਵੱਡੇ-ਵੱਡੇ ਸ਼ਹਿਰਾਂ ਨੂੰ ਖੁਸ਼ੀਆਂ ਤੇ ਪਿਆਰ ਵੰਡਦਾ ਹੇਠ ਤਰੀਮ 'ਤੇ ਅੱਪੜ ਕੇ ਅਮਨ ਦੇ ਦਰਿਆ ਜੇਹਲਮ ਨਾਲ ਗੱਲਵਕੜੀ ਪਾਉਂਦਾ ਹੈ |
ਚਨਾਬ ਜਾਂ ਝਨਾਂ ਦੋਵਾਂ ਦੇਸ਼ਾਂ ਦੀ ਹਯਾਤੀ ਨੂੰ ਲੋਰੀਆਂ ਦਿੰਦੀ ਅਤੇ ਗਜਦੀਆਂ ਵਜਦੀਆਂ ਲਹਿਰਾਂ ਨੇ ਬੜਾ ਸੋਹਣਾ ਸਾਹਿਤ ਵੀ ਪੈਦਾ ਕੀਤਾ | ਇਹ ਸੋਹਣੇ ਝਨਾਂ ਦੇ ਨਾਲ ਕਈ ਰੁਮਾਂਟਿਕ ਪ੍ਰੀਤ ਕਹਾਣੀਆਂ ਜੁੜੀਆਂ ਹੋਈਆਂ ਹਨ | ਸਾਹਿਤ ਵਿਚ ਇਸ ਨੂੰ ਪ੍ਰੇਮ ਦੇ ਪ੍ਰਤੀਕ ਦੇ ਤੌਰ 'ਤੇ ਅਕਸਰ ਵਰਤਿਆ ਜਾਂਦਾ ਹੈ | ਸਮੇਂ ਨਾਲ ਝਨਾ ਦੇ ਕੰਢੇ ਲਹੂ ਦੀਆਂ ਦਰਦ ਭਰੀਆਂ ਦਾਸਤਾਨਾਂ ਪੰੁਗਰੀਆਂ ਹਨ ਤੇ ਦੂਜੇ ਪਾਸੇ ਮੁਹੱਬਤ ਦੀਆਂ ਦਾਸਤਾਨਾਂ ਪੰੁਗਰੀਆਂ ਹਨ |
ਚਨਾਬ ਜਾਂ ਝਨਾਂ ਦੇ ਕੰਢੇ ਖੂਬਸੂਰਤੀ ਦਾ ਪੱਟਿਆ ਬਲਖ ਬੁਖਾਰੇ ਦਾ ਸ਼ਹਿਜ਼ਾਦਾ ਇਜ਼ਤ ਬੇਗ ਮੁੜ ਬੁਖਾਰੇ ਜਾਣ ਜੋਗਾ ਨਾ ਰਿਹਾ | ਇਸ ਤਰ੍ਹਾਂ ਇਸ ਦੇ ਪੱਤਣ ਨੂੰ ਪਾਰ ਕਰਕੇ ਤਖ਼ਤ ਹਜ਼ਾਰੇ ਦਾ ਮੁੰਡਾ ਧੀਦੋ ਇਥੋਂ ਦੇ ਪ੍ਰੇਮ ਦਾ ਮਾਰਿਆ ਫਿਰ ਘਰ ਨਾ ਪਰਤਿਆ | ਪੰਜਾਬੀ ਦੁਨੀਆ ਦੀ ਸਭ ਤੋਂ ਸੋਹਣੀ ਕੁੜੀ ਆਪਣੇ ਪ੍ਰੇਮੀ ਮਹੀਵਾਲ, ਜਿਸ ਨੇ ਬੁਖਾਰਾ ਭੁੱਲ ਕੇ ਕੁੱਲੀ ਹੀ ਝਨਾਂ ਦੇ ਕੰਢੇ ਪਾ ਲਈ ਸੀ, ਨੂੰ ਮਿਲਣ ਲਈ ਹਰ ਰਾਤ ਨੂੰ ਘੜੇ ਉੱਪਰ ਠਾਠਾਂ ਮਾਰਦੇ ਝਨਾਂ ਨੂੰ ਪਾਰ ਕਰਿਆ ਕਰਦੀ ਸੀ | ਹੀਰ ਦੀ ਮੁਹੱਬਤ ਵਿਚ ਲੁੱਟਿਆ ਰਾਂਝਾ ਬਾਰਾਂ ਸਾਲ ਇਸ ਦੇ ਕੰਢੇ ਬੇਲਿਆਂ ਵਿਚ ਮੱਝਾਂ ਚਾਰਦਾ ਰਿਹਾ |
ਪੰਜਾਬੀ ਜ਼ਬਾਨ ਜੰਮੂ-ਕਸ਼ਮੀਰ ਸੂਬੇ ਵਿਚ 9 ਲੱਖ ਤੋਂ ਵੱਧ ਹਿੰਦੂ, ਸਿੱਖਾਂ ਤੇ ਮੁਸਲਮਾਨਾਂ ਦੀ ਹਰਮਨ-ਪਿਆਰੀ ਜ਼ਬਾਨ ਹੈ | ਪੰਜਾਬੀ ਬੋਲੀ ਨਾਲ ਮੁਹੱਬਤ ਕਰਨ ਵਾਲੇ ਦੁਨੀਆ ਦੇ ਜਿਹੜੇ ਕੋਨੇ ਵਿਚ ਬੈਠੇ ਹਨ, ਚਨਾਬ ਜਾਂ ਝਨਾਂ ਉਨ੍ਹਾਂ ਦੇ ਦਿਲਾਂ ਵਿਚ ਇਸ ਤਰ੍ਹਾਂ ਸਮੋਇਆ ਹੋਇਆ ਹੈ, ਜਿਵੇਂ ਜਰਮਨੀ ਦੇ ਰਹਿਣ ਵਾਲਿਆਂ ਦੇ ਦਿਲਾਂ ਵਿਚ ਰਾਇਨ ਦਰਿਆ, ਆਸਟਰੀਆ ਤੇ ਹੰਗਰੀ ਦੇ ਰਹਿਣ ਵਾਲਿਆਂ ਵਾਸਤੇ ਡੈਨਿਊਬ ਤੇ ਇੰਗਲੈਂਡ ਦੇ ਵਾਸੀਆਂ ਲਈ ਥੇਮਜ਼ ਅਤੇ ਕਸ਼ਮੀਰ ਦੇ ਵਾਸੀਆਂ ਲਈ ਜੇਹਲਮ ਤੇ ਇਸੇ ਤਰ੍ਹਾਂ ਪੰਜਾਬੀਆਂ ਦੇ ਦਿਲਾਂ ਵਿਚ ਚਨਾਬ ਲਈ ਇੱਜ਼ਤ ਤੇ ਮੁਹੱਬਤ ਠਾਠਾਂ ਮਾਰਦੀ ਹੈ |
ਚਨਾਬ ਹਿਮਾਚਲ 'ਚੋਂ ਸ਼ਾਂਤਮਈ ਵੇਗ ਨਾਲ ਤੁਰਦਾ ਮੰਦਿਰਾਂ ਦੇ ਸ਼ਹਿਰ ਜੰਮੂ ਪਹੁੰਚਦਾ ਹੈ ਤਾਂ ਅਖਨੂਰ ਦੀ ਧਰਤੀ 'ਤੇ ਅੱਲਾਹੀ ਜਲਵੇ ਛੱਡਦਾ ਹੈ | ਚਨਾਬ ਦੇ ਮੱਥੇ ਮਰਦਾਂ ਵਰਗਾ ਜਲਾਲ, ਮਾਵਾਂ ਵਰਗੀ ਸ਼ਫ਼ਕਤ ਤੇ ਭੈਣ-ਭਰਾਵਾਂ ਵਰਗੀਆਂ ਮੁਹੱਬਤਾਂ ਝਲਕਾਰੇ ਮਾਰਦੀਆਂ ਨਜ਼ਰ ਆਉਂਦੀਆਂ ਹਨ | ਸਾਡੇ ਦੋਵਾਂ ਦੇਸ਼ਾਂ ਦੀ ਮੁਹੱਬਤ ਦਾ ਪ੍ਰਤੀਕ ਚਨਾਬ ਦਾ ਪਾਣੀ ਸਾਡੀਆਂ ਰੂਹਾਂ ਨੂੰ ਸਰਸ਼ਾਰ ਕਰਦਾ ਰਿਹਾ ਹੈ | ਚਨਾਬ ਪ੍ਰੇਮ ਦਾ ਦਰਿਆ (ਰੀਵਰ ਆਫ਼ ਲਵ) ਬਣ ਕੇ ਦੋਵਾਂ ਦੇਸ਼ਾਂ ਦੇ ਵਰਤਮਾਨ ਤੇ ਭਵਿੱਖ ਵਿਚ ਨਿਰੰਤਰ ਵਹਿੰਦਾ ਰਹੇ, ਇਹ ਹੀ ਮੇਰੀ ਦੁਆ ਹੈ ਰੱਬ ਸੋਹਣੇ ਅੱਗੇ | -0-

ਅਲੋਕਾਰੀ ਕਾਰਨਾਮਿਆਂ ਦਾ ਸਿਰਜਕ : ਈਲਾਨ ਮਸਕ

ਅਮਰੀਕਾ ਦੀ ਪੁਲਾੜੀ ਖੋਜ ਸੰਸਥਾ 'ਨਾਸਾ', ਯੂਰਪੀ ਪੁਲਾੜ ਏਜੰਸੀ ਜਾਂ ਰੂਸ, ਚੀਨ, ਫਰਾਂਸ ਜਾਪਾਨ ਦੀਆਂ ਪੁਲਾੜੀ ਸੰਸਥਾਵਾਂ ਚੰਨ/ਮੰਗਲ ਵੱਲ ਪੁਲਾੜੀ ਜਹਾਜ਼ ਭੇਜਣ ਦੀ ਗੱਲ ਕਰਨ ਤਾਂ ਕੋਈ ਅਲੋਕਾਰ ਗੱਲ ਨਹੀਂ ਲੱਗਦੀ | ਇਨ੍ਹਾਂ ਮੁਹਿੰਮਾਂ ਲਈ ਲੋੜੀਂਦੀ ਵਿਗਿਆਨਕ/ਤਕਨੀਕੀ ਮੁਹਾਰਤ ਤੇ ਢੇਰਾਂ ਦੇ ਢੇਰ ਪੈਸਾ ਇਨ੍ਹਾਂ ਕੋਲ ਹੈ | ਪਰ ਉਦੋਂ ਤਾਂ ਜ਼ਰੂਰ ਅਲੋਕਾਰ ਗੱਲ ਹੋਵੇਗੀ ਹੀ ਹੋਵੇਗੀ ਜਦੋਂ 40 ਕੁ ਸਾਲ ਦਾ ਕੋਈ ਬੰਦਾ ਆਪਣੇ ਬਲਬੂਤੇ ਹੀ ਚੰਨ ਤੇ ਮੰਗਲ ਨੂੰ ਫ਼ਤਹਿ ਕਰਨ ਦਾ ਐਲਾਨ ਕਰੇ ਅਤੇ 5-7 ਸਾਲਾਂ ਵਿਚ ਹੀ ਬਾਕਾਇਦਾ ਰਾਕਟ ਤੇ ਪੁਲਾੜੀ ਜਹਾਜ਼ ਲਾਂਚ ਕਰ ਕੇ ਪੁਲਾੜ ਵਿਚ ਹਾਜ਼ਰੀ ਲੁਆ ਦੇਵੇ | ਇਹੋ ਅਲੋਕਾਰੀ ਗੱਲ ਈਲਾਨ ਮਸਕ ਨੇ ਕੀਤੀ ਹੈ | 6 ਮਹੀਨੇ ਪਹਿਲਾਂ 6 ਫਰਵਰੀ 2018 ਨੂੰ ਉਸ ਨੇ ਚੈਰੀ ਜਿਹੀ ਲਾਲ ਇਕ ਲੱਖ ਡਾਲਰ ਦੀ ਟੈਸਲਾ ਰੋਡਸਟਰ ਵਿਚ 'ਸਟਾਰਮੈਨ' ਨਾਂਅ ਦਾ ਡੰਮੀ ਡਰਾਈਵਰ ਬਿਠਾ ਕੇ ਮੰਗਲ ਦੁਆਲੇ ਪਰਿਕਰਮਾ ਕਰਨ ਲਾ ਦਿੱਤਾ | ਇਹ ਟੈਸਲਾ ਕਾਰ ਇਸ ਡੰਮੀ ਡਰਾਈਵਰ ਨਾਲ ਪਤਾ ਨਹੀਂ ਕਿੰਨੀਆਂ ਸਦੀਆਂ ਮੰਗਲ ਦੇ ਚੱਕਰ ਕੱਟੀ ਜਾਵੇਗੀ | ਉਦੋਂ ਤੱਕ ਜਦੋਂ ਤੱਕ ਇਹ ਕਿਸੇ ਪ੍ਰਕ੍ਰਿਤਕ, ਗ਼ੈਰ-ਪ੍ਰਕ੍ਰਿਤਕ ਦੁਰਘਟਨਾ ਕਾਰਨ ਤਬਾਹ ਨਹੀਂ ਹੋ ਜਾਂਦੀ | ਈਲਾਨ ਮਸਕ ਨੇ ਇਹ ਕਾਰਨਾਮਾ ਆਪਣੀ ਪੁਲਾੜੀ ਕੰਪਨੀ ਸਪੇਸ ਐਕਸ ਤੇ ਉਸ ਦੇ ਬਣਾਏ ਫਾਲਕਨ ਹੈਵੀ ਰਾਕਟ ਦੀ ਸਮਰੱਥਾ ਦਿਖਾਉਣ ਲਈ ਕੀਤਾ | ਕੇਪ ਕਾਨਾਵੇਰਲ (ਫਲੋਰੀਡਾ) ਦੇ ਕੈਨੇਡੀ 'ਸਪੇਸ ਸੈਂਟਰ' ਦੇ ਲਾਂਚ ਕੰਪਲੈਕਸ ਨੰਬਰ 39-ਏ ਤੋਂ ਲਾਂਚ ਕੀਤੀ ਗਈ ਇਹ ਉਡਾਰੀ | ਮਸਕ ਦੀ ਕੰਪਨੀ ਸਪੇਸ ਐਕਸ ਇਕੋ ਇਕ ਪ੍ਰਾਈਵੇਟ ਪੁਲਾੜੀ ਟਰਾਂਸਪੋਰਟ ਕੰਪਨੀ ਹੈ ਜੋ ਕਈ ਵਾਰ ਅੰਤਰਰਾਸ਼ਟਰੀ ਪੁਲਾੜੀ ਸਟੇਸ਼ਨ ਲਈ ਭਾਂਤ-ਭਾਂਤ ਦੀ ਟਰਾਂਸਪੋਰਟ ਸੇਵਾ ਦੇ ਚੁੱਕੀ ਹੈ | ਆਓ, ਇਸ ਅਨੋਖੀ ਸ਼ਖ਼ਸੀਅਤ ਬਾਰੇ ਰਤਾ ਵਿਸਥਾਰ ਨਾਲ ਗੱਲ ਕਰੀਏ |
ਈਲਾਨ ਮਸਕ ਦਾ ਜਨਮ ਦੱਖਣੀ ਅਫਰੀਕਾ ਵਿਚ ਪਰੀਟੋਰੀਆ ਦੇ ਨਗਰ ਟਰਾਂਸਵਾਲ ਵਿਚ 28 ਜੂਨ, 1971 ਨੂੰ ਹੋਇਆ | ਮਾਤਾ ਮਾਏ ਮਸਕ ਕੈਨੇਡਾ ਦੀ ਇਕ ਮਾਡਲ ਤੇ ਡਾਈਟੀਸ਼ੀਅਨ ਸੀ ਅਤੇ ਪਿਤਾ ਈਗਲ ਮਸਕ ਇਕ ਇੰਜੀਨੀਅਰ ਜੋ ਪਾਇਲਟ ਵਾਂਗ ਹਵਾਈ ਜਹਾਜ਼ ਵੀ ਚਲਾਉਂਦਾ ਤੇ ਸਮੰੁਦਰੀ ਜਹਾਜ਼ ਵੀ | ਈਲਾਨ ਦਾ ਇਕ ਛੋਟਾ ਭਰਾ ਕਿੰਬਲ (ਜਨਮ 1972) ਤੇ ਛੋਟੀ ਭੈਣ ਟੋਸਕਾ (ਜਨਮ 1974) ਵੀ ਸਨ | 1980 ਵਿਚ ਉਸ ਦੇ ਮਾਤਾ-ਪਿਤਾ ਦਾ ਤਲਾਕ ਹੋ ਗਿਆ | ਈਲਾਨ ਪਿਤਾ ਕੋਲ ਪਰੀਟੋਰੀਆ ਦੇ ਆਸ-ਪਾਸ ਹੀ ਰਿਹਾ | ਬਚਪਨ ਤੋਂ ਹੀ ਈਲਾਨ ਦੀ ਰੁਚੀ ਭਾਂਤ-ਭਾਂਤ ਦੀਆਂ ਕਿਤਾਬਾਂ ਵਿਚ ਰਹੀ | 8-10 ਸਾਲ ਦੇ ਨੇ ਹੀ ਕੰਪਿਊਟਰ ਸਿੱਖ ਕੇ ਕੰਪਿਊਟਰ ਪ੍ਰੋਗਰਾਮਿੰਗ ਉਤੇ ਹੱਥ ਅਜਮਾਉਣੇ ਸ਼ੁਰੂ ਕਰ ਦਿੱਤੇ | 12 ਸਾਲ ਦੇ ਨੇ 'ਬਲਾਸਟਰ' ਨਾਂਅ ਦੀ ਇਕ ਵੀਡੀਓ ਗੇਮ ਬਣਾਈ ਅਤੇ ਇਸ ਨੂੰ ਵੇਚ ਕੇ 500 ਡਾਲਰ ਕਮਾਏ | ਬਚਪਨ ਵਿਚ ਉਸ ਨੇ ਆਈਜ਼ਕ ਐਸੀਮੋਵ ਦੀਆਂ ਕਿਤਾਬਾਂ ਵੀ ਖੂਬ ਪੜ੍ਹੀਆਂ | ਦੋ ਸਾਥੀਆਂ ਤੋਂ ਕੁੱਟ ਵੀ ਖੂਬ ਖਾਧੀ | ਵਿਗੜੇ ਹੋਏ ਮੰੁਡਿਆਂ ਨੇ ਇਕ ਵਾਰ ਉਸ ਨੂੰ ਪੌੜੀਆਂ ਤੋਂ ਧੱਕਾ ਦੇ ਕੇ ਸੁੱਟਿਆ ਤੇ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ | ਮਾਂ ਮਤਰੇਈ ਸੀ ਤੇ ਪਿਤਾ ਕੋਲ ਉਸ ਵੱਲ ਧਿਆਨ ਦੇਣ ਦਾ ਸਮਾਂ ਘੱਟ ਹੋਵੇਗਾ | ਵੱਡਾ ਹੋ ਕੇ ਉਸ ਨੂੰ ਇਸ ਦਾ ਪਛਤਾਵਾ ਰਿਹਾ ਕਿ ਮੈਂ ਮਾਂ-ਬਾਪ ਦੇ ਤਲਾਕ ਉਪਰੰਤ ਮਾਂ ਨਾਲ ਕਿਉਂ ਨਾ ਗਿਆ | ਪਿਤਾ ਕੋਲ ਕਿਉਂ ਰਿਹਾ |
ਅਫਰੀਕਾ ਵਿਚ ਰਹਿੰਦੇ ਹੋਏ ਮਸਕ ਨੇ ਵਾਟਰ ਕਲੂਫ ਹਾਊਸ ਪਰੈਪਰੇਟਰੀ ਸਕੂਲ, ਬਰਾਇਨਸਟਨ ਹਾਈ ਸਕੂਲ ਤੇ ਅੰਤ ਪਰੀਟੋਰੀਆ ਬੁਆਏਜ਼ ਹਾਈ ਸਕੂਲ ਵਿਚ ਪੜ੍ਹਾਈ ਕੀਤੀ | ਪਿਤਾ ਦੀ ਇੱਛਾ ਤਾਂ ਇਹ ਸੀ ਕਿ ਉਹ ਸਕੂਲ ਦੀ ਪੜ੍ਹਾਈ ਪਿੱਛੋਂ ਕਾਲਜ ਦੀ ਪੜ੍ਹਾਈ ਵੀ ਪਰੀਟੋਰੀਆ ਵਿਚ ਹੀ ਕਰੇ ਪਰ ਈਲਾਨ ਨੇ ਫੈਸਲਾ ਕੀਤਾ ਕਿ ਉਹ ਹੁਣ ਅਮਰੀਕਾ ਜਾ ਕੇ ਹੀ ਪੜ੍ਹੇਗਾ | ਅਮਰੀਕਾ ਨਾਲੋਂ ਕੈਨੇਡਾ ਜਾਣਾ ਸੌਖਾ ਸੀ | ਇਸ ਲਈ ਉਹ ਪਿਤਾ ਦੇ ਨਾ ਚਾਹੁਣ ਦੇ ਬਾਵਜੂਦ ਜੂਨ 1989 ਵਿਚ ਕੈਨੇਡਾ ਚਲਾ ਗਿਆ | ਉਸ ਦੀ ਮਾਂ ਕੈਨੇਡਾ ਦੀ ਜੰਮਪਲ ਸੀ | ਉਸ ਨੇ ਉਸ ਦੀ ਕੈਨੇਡਾ ਪਹੁੰਚਣ ਵਿਚ ਮਦਦ ਕੀਤੀ | ਇੰਜ ਕਰਕੇ ਉਹ ਅਫਰੀਕਾ ਦੀ ਲਾਜ਼ਮੀ ਫ਼ੌਜੀ ਸੇਵਾ ਤੋਂ ਵੀ ਬਚ ਗਿਆ | ਉਹ ਉਥੋਂ ਕੂਈਨਜ਼ ਯੂਨੀਵਰਸਿਟੀ ਵਿਚ ਦਾਖਲ ਹੋ ਗਿਆ | 1992 ਵਿਚ ਉਹ ਪੈਨਸਲਵਿਨੀਆ ਯੂਨੀਵਰਸਿਟੀ ਚਲਾ ਗਿਆ | ਇਥੇ ਉਸ ਨੇ ਇਕਨਾਮਿਕਸ ਦਾ ਅੰਡਰ ਗ੍ਰੈਜੂਏਟ ਕੋਰਸ ਕੀਤਾ ਅਤੇ ਫਿਰ ਬਿਜ਼ਨੈੱਸ ਤੇ ਫਿਜ਼ਿਕਸ ਦੇ ਗ੍ਰੈਜੂਏਸ਼ਨ ਕੋਰਸ ਕੀਤੇ | ਪੈਨਸਲਵਿਨੀਆ ਤੋਂ ਦੋ ਡਿਗਰੀਆਂ ਲੈ ਕੇ ਉਸ ਨੇ ਸਟੈਂਫਰਡ ਯੂਨੀਵਰਸਿਟੀ ਤੋਂ ਫਿਜ਼ਿਕਸ ਦੀ ਡਾਕਟਰੇਟ ਕਰਨ ਦਾ ਫੈਸਲਾ ਕੀਤਾ | ਡਾਕਟਰੇਟ ਲਈ ਨਾਂਅ ਰਜਿਸਟਰ ਕਰਵਾਉਣ ਤੋਂ ਕੁਝ ਦਿਨ ਪਿੱਛੋਂ ਹੀ ਉਸ ਨੇ ਇਸ ਦਾ ਇਰਾਦਾ ਤਿਆਗ ਦਿੱਤਾ | ਸੂਚਨਾ ਤਕਨਾਲੋਜੀ ਤੇ ਇੰਟਰਨੈੱਟ ਦੀ ਚੜ੍ਹਤ ਦੇਖ ਕੇ ਉਸ ਨੇ ਇਸ ਖੇਤਰ ਵਿਚ ਕਿਸਮਤ ਅਜ਼ਮਾਉਣ ਦੀ ਸੋਚੀ ਅਤੇ ਆਪਣੀ ਕੰਪਨੀ 'ਜ਼ਿਮ-2 ਕਾਰਪੋਰੇਸ਼ਨ' ਬਣਾਈ | 1995 ਦੇ ਦਿਨ ਸਨ ਇਹ ਅਤੇ ਵੈੱਬ ਸਾਫਟਵੇਅਰ ਦੀ ਇਸ ਕੰਪਨੀ ਵਿਚ ਉਸ ਨੇ ਆਪਣੇ ਭਰਾ ਕਿੰਬਲ ਨੂੰ ਆਪਣਾ ਭਾਈਵਾਲ ਬਣਾਇਆ |
ਜ਼ਿਮ-2 ਨੇ ਅਖ਼ਬਾਰ ਉਦਯੋਗ ਲਈ ਇੰਟਰਨੈੱਟ ਸਿਟੀ ਗਾਈਡ ਬਣਾਈ | ਕੰਪਨੀ ਨੂੰ ਨਿਊਯਾਰਕ ਟਾਈਮਜ਼ ਤੇ ਸ਼ਿਕਾਗੋ ਟਿ੍ਬਿਊਨ ਤੋਂ ਕੰਟਰੈਕਟ ਮਿਲੇ | ਕੰਪਨੀ ਦਾ ਕਾਰਜ ਖੇਤਰ ਵਧਿਆ ਤਾਂ ਈਲਾਨ ਨੇ ਯਤਨ ਕੀਤਾ ਕਿ ਉਹ ਇਸ ਦਾ ਸੀ.ਈ.ਓ. ਬਣ ਜਾਵੇ | ਕੰਪਨੀ ਦੇ ਬੋਰਡ ਮੈਂਬਰਾਂ ਨੇ ਉਸ ਦੀ ਦਾਲ ਨਾ ਗਲਣ ਦਿੱਤੀ | ਫਰਵਰੀ, 1999 ਵਿਚ ਉਨ੍ਹਾਂ ਕੰਪਨੀ ਕੰਪੈਕ ਨੂੰ ਵੇਚ ਦਿੱਤੀ | ਆਪਣੇ ਹਿੱਸੇ ਦੇ ਲਗਪਗ ਸਵਾ ਦੋ ਕਰੋੜ ਡਾਲਰ ਲੈ ਕੇ ਈਲਾਨ ਵੱਖ ਹੋ ਗਿਆ | ਅਗਲੇ ਮਹੀਨੇ ਹੀ ਉਸ ਨੇ ਇਕ ਕਰੋੜ ਡਾਲਰ ਪਾ ਕੇ ਇਕ ਹੋਰ ਸਾਂਝੇਦਾਰੀ ਪਾਈ | ਉਸ ਨੇ 'ਐਕਸ ਡਾਟ ਕਾਮ' ਨਾਂਅ ਦੀ ਆਨਲਾਈਨ ਫਾਈਨਾਂਸ ਤੇ ਈਮੇਲ ਪੇਮੈਂਟ ਕੰਪਨੀ ਬਣਾਈ | ਇਕ ਸਾਲ ਬਾਅਦ ਉਸ ਨੂੰ ਇਕ ਹੋਰ ਕੰਪਨੀ ਕਾਨਫਿਨਿਟੀ ਵਿਚ ਰਲਾ ਦਿੱਤਾ | ਇਹ ਕੰਪਨੀ ਪੇ ਪਾਲ ਨਾਂਅ ਦੀ ਸਹੂਲਤ ਦੇ ਰਹੀ ਸੀ | 2001 ਵਿਚ ਉਸ ਨਵੀਂ ਕੰਪਨੀ ਦਾ ਨਾਂਅ ਬਦਲ ਕੇ ਪੇ ਪਾਲ ਕਰ ਦਿੱਤਾ ਗਿਆ | ਅਕਤੂਬਰ 2000 ਤੱਕ ਉਹ ਕਾਨਫਿਨਿਟੀ ਦਾ ਸੀ.ਈ.ਓ. ਵੀ ਰਿਹਾ | ਨਵੀਂ ਕੰਪਨੀ ਵਿਚ ਉਹ ਬੋਰਡ ਉਤੇ ਤਾਂ ਰਿਹਾ ਪਰ ਬਾਕੀ ਮੈਂਬਰਾਂ ਨਾਲ ਕੰਪਨੀ ਨੂੰ ਚਲਾਉਣ ਪੱਖੋਂ ਕੁਝ ਮੁੱਦਿਆਂ 'ਤੇ ਮਤਭੇਦ ਹੋਣ ਕਾਰਨ ਉਹ ਸੀ.ਈ.ਓ. ਦੇ ਅਹੁਦੇ ਤੋਂ ਪਾਸੇ ਹੋ ਗਿਆ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਹਾਊਸ ਨੰਬਰ 2, ਸਟਰੀਟ ਨੰਬਰ 9, ਗੁਰੂ ਨਾਨਕ ਨਗਰ, ਪਟਿਆਲਾ |
ਫੋਨ : 98722-60550.

ਮਿੱਠਾ ਜ਼ਹਿਰ: ਚਾਹ ਅਤੇ ਕੌਫੀ

ਦੁਨੀਆ ਵਿਚ 99 ਫ਼ੀਸਦੀ ਤੋਂ ਵੱਧ ਲੋਕ ਚਾਹ ਜਾਂ ਕੌਫੀ ਦੇ ਆਦੀ ਹੋ ਗਏ ਹਨ | ਕੋਈ ਘਰ ਇਸ ਤਰ੍ਹਾਂ ਦਾ ਨਹੀਂ ਹੈ, ਜਿੱਥੇ ਚਾਹ ਨਹੀਂ ਬਣਦੀ | ਹੁਣ ਤਾਂ ਧਾਰਮਿਕ ਅਸਥਾਨਾਂ ਦੇ ਲੰਗਰਾਂ ਵਿਚ ਵੀ ਚਾਹ ਦੇ ਲੰਗਰ ਚਲਦੇ ਹਨ | ਚਾਹ ਦਾ ਕੱਪ ਪੀ ਲਿਆ, ਥਕਾਵਟ ਦੂਰ, ਸਰੀਰ ਤਰੋਤਾਜ਼ਾ | ਫਿਰ ਕਿਸ ਤਰ੍ਹਾਂ ਚਾਹ ਮਿੱਠਾ ਜ਼ਹਿਰ ਅਤੇ ਸਰੀਰ ਲਈ ਹਾਨੀਕਾਰਕ ਹੋ ਸਕਦੀ ਹੈ? ਆਓ, ਵੇਖਦੇ ਹਾਂ | ਚਾਹ ਦੇ ਆਦੀ ਨੂੰ ਸਮੇਂ ਸਿਰ ਚਾਹ ਨਾ ਮਿਲੇ, ਸਿਰ ਪੀੜ ਹੁੰਦੀ ਹੈ, ਸੁਸਤੀ ਪੈ ਜਾਂਦੀ ਹੈ ਅਤੇ ਕੋਈ ਕੰਮ ਕਰਨ ਨੂੰ ਦਿਲ ਨਹੀਂ ਕਰਦਾ | ਚਾਹ ਦਾ ਕੱਪ ਮਿਲ ਗਿਆ, ਸਰੀਰ ਫਿਰ ਤਰੋਤਾਜ਼ਾ | ਕੀ ਫਿਰ ਚਾਹ ਨਸ਼ਾ ਨਹੀਂ ਹੈ?
ਚਾਹ ਪੱਤੀ ਦੇ ਰਸਾਇਣਕ ਤੱਤ ਹੇਠ ਲਿਖਤ ਹਨ : ਪਾਣੀ 6 ਫ਼ੀਸਦੀ, ਕਾਫਿਨ 2 ਫ਼ੀਸਦੀ, ਹੋਰ ਜ਼ਹਿਰੀਲੇ ਤੱਤ 8 ਫ਼ੀਸਦੀ, ਅਲਬੂਮਿਨ 17 ਫ਼ੀਸਦੀ, ਟੈਨਿਕ ਏਸਿਡ 17 ਫ਼ੀਸਦੀ, ਪੈਕਟਿਨ 2 ਫ਼ੀਸਦੀ, ਡਿਕਟਾਈਨ 2 ਫ਼ੀਸਦੀ, ਸੈਲੂਲੋਸ 26 ਫ਼ੀਸਦੀ, ਪੈਪਟਿਕ ਏਸਡ 3 ਫ਼ੀਸਦੀ, ਕਲੋਰੋਫਿਲ ਅਤੇ ਰੇਸ਼ਾ 4 ਫ਼ੀਸਦੀ ਅਤੇ ਲੂਣ 7 ਫ਼ੀਸਦੀ |
ਚਾਹ ਨਾਲ ਕਾਫਿਨ ਅਤੇ ਹੋਰ ਜ਼ਹਿਰੀਲੇ ਤੱਤ ਖ਼ੂਨ ਵਿਚ ਰਲ ਕੇ ਸਰੀਰ ਦੇ ਸਾਰੇ ਅੰਗ, ਦਿਲ, ਗੁਰਦੇ, ਤਿੱਲੀ, ਲਿਵਰ ਅਤੇ ਦਿਮਾਗ ਵਿਚ ਚਲੇ ਜਾਂਦੇ ਹਨ | ਸਮਾਂ ਪਾ ਕੇ ਇਨ੍ਹਾਂ ਅੰਗਾਂ ਵਿਚ ਕਾਫਿਨ ਅਤੇ ਹੋਰ ਜ਼ਹਿਰਾਂ ਦੀ ਮਾਤਰਾ ਵੱਧਦੀ ਹੀ ਜਾਂਦੀ ਹੈ, ਖ਼ੂਨ ਦੂਸ਼ਿਤ ਅਤੇ ਗਾੜ੍ਹਾ ਹੋ ਜਾਂਦਾ ਹੈ ਅਤੇ ਖ਼ੂਨ ਦੀਆਂ ਨਾੜਾਂ ਵਿਚ ਵੀ ਕਾਫਿਨ ਅਤੇ ਜ਼ਹਿਰ ਜੰਮ ਜਾਂਦੇ ਹਨ, ਜਿਸ ਕਾਰਨ ਖ਼ੂਨ ਦੀਆਂ ਨਾੜਾਂ ਸਖ਼ਤ ਅਤੇ ਤੰਗ ਹੋ ਜਾਂਦੀਆਂ ਹਨ | ਸਖ਼ਤ ਅਤੇ ਤੰਗ ਨਾੜਾਂ ਵਿਚ ਗਾੜ੍ਹੇ ਖ਼ੂਨ ਦਾ ਸੰਚਾਰ ਕਰਨ ਨਾਲ ਦਿਲ ਦਾ ਵੱਧ ਜ਼ੋਰ ਲਗਦਾ ਹੈ, ਵੱਧ ਜ਼ੋਰ ਲਗਣ ਦੇ ਕਾਰਨ ਦਿਲ ਦੀਆਂ ਮਾਸਪੇਸ਼ੀਆਂ ਸਖ਼ਤ ਹੋ ਜਾਂਦੀਆਂ ਹਨ | ਦਿਲ ਦੀਆਂ ਮਾਸਪੇਸ਼ੀਆਂ ਨੂੰ ਖ਼ੂਨ ਦਾ ਸੰਚਾਰ ਕਰਨ ਵਾਲੀਆਂ ਨਾੜਾਂ, ਦਿਲ ਦੀਆਂ ਸਖ਼ਤ ਮਾਸ-ਪੇਸ਼ੀਆਂ ਵਿਚ ਘੁੱਟੀਆਂ ਜਾਂਦੀਆਂ ਹਨ, ਜਿਸ ਕਾਰਨ ਦਿਲ ਨੂੰ ਖ਼ੂਨ ਅਤੇ ਆਕਸੀਜਨ ਦਾ ਸੰਚਾਰ ਘੱਟ ਜਾਂਦਾ ਹੈ | ਦਿਲ ਦੇ ਕੁਝ ਸੈੱਲ ਵੀ ਮਰ ਜਾਂਦੇ ਹਨ ਅਤੇ ਦਿਲ ਕਮਜ਼ੋਰ ਹੋ ਜਾਂਦਾ ਹੈ |
ਦੂਸ਼ਿਤ ਖ਼ੂਨ ਦੇ ਕਾਰਨ ਤਿਲੀ ਅਤੇ ਗੁਰਦੇ ਵੀ ਖਰਾਬ ਹੋ ਜਾਂਦੇ ਹਨ | ਨਜ਼ਰ ਕਮਜ਼ੋਰ ਹੋ ਜਾਂਦੀ ਹੈ, ਨੀਂਦ ਘੱਟ ਜਾਂਦੀ ਹੈ, ਗੋਡੇ ਪੀੜ ਕਰਦੇ ਹਨ, ਸ਼ੂਗਰ ਅਤੇ ਦਿਲ ਦੇ ਭਿਆਨਕ ਅਤੇ ਲਾ-ਇਲਾਜ ਰੋਗ ਲੱਗ ਜਾਂਦੇ ਹਨ, ਸਰੀਰ ਵੀ ਕਮਜ਼ੋਰ ਹੋ ਜਾਂਦਾ ਹੈ | ਏਨੇ ਰੋਗ ਲੱਗਣ ਦੇ ਕਾਰਨ ਡਾਕਟਰਾਂ ਦੀਆਂ ਫੀਸਾਂ ਅਤੇ ਦਵਾਈਆਂ ਉੱਤੇ ਵਾਧੂ ਖਰਚ ਹੁੰਦਾ ਹੈ | ਡਾਕਟਰਾਂ ਕੋਲ ਚੱਕਰ ਲਾਉਣ ਨਾਲ ਸਮਾਂ ਵੀ ਬਰਬਾਦ ਹੁੰਦਾ ਹੈ | ਕੰਮ ਕੋਈ ਹੁੰਦਾ ਨਹੀਂ ਆਮਦਨ ਘਟ ਜਾਂਦੀ ਹੈ ਅਤੇ ਖਰਚਾ ਵਧ ਜਾਂਦਾ ਹੈ |
ਕਈ ਤਾਂ ਕਹਿ ਦਿੰਦੇ ਹਨ, ਸਾਡੀ ਚਾਹ ਕਾਹਦੀ ਚਾਹ ਹੈ, ਦੁੱਧ ਵਿਚ ਹੀ ਪੱਤੀ ਪਾਈ ਹੈ | ਖੰਡ ਅਤੇ ਦੁੱਧ ਵਿਚ ਜ਼ਹਿਰੀਲੇ ਤੱਤ ਨਹੀਂ ਹਨ | ਜ਼ਹਿਰੀਲੇ ਤੱਤ ਚਾਹ ਪੱਤੀ ਵਿਚ ਹਨ | ਹੋ ਸਕਦਾ ਹੈ ਚਾਹ ਪੱਤੀ ਵਿਚ ਤੰਬਾਕੂ ਦੀ ਮਿਲਾਵਟ ਹੋਏ | ਬਿਨਾਂ ਮਿਲਾਵਟ ਵਾਲੀ ਚਾਹ ਪੱਤੀ ਵੀ ਸਰੀਰ ਲਈ ਹਾਨੀਕਾਰਕ ਹੈ | ਚਾਹ ਇਕ ਮਿੱਠਾ ਜ਼ਹਿਰ ਹੈ ਅਤੇ ਹੌਲੀ-ਹੌਲੀ ਸਰੀਰ ਨੂੰ ਰੋਗੀ ਕਰ ਦਿੰਦੀ ਹੈ | ਨਿੱਕੇ-ਨਿੱਕੇ ਬੱਚਿਆਂ ਨੂੰ ਵੀ ਮਾਵਾਂ ਚਾਹ ਪਿਲਾਉਂਦੀਆਂ ਹਨ ਜਾਂ ਫਿਰ ਬੱਚੇ ਦੇ ਦੁੱਧ ਵਿਚ ਚਾਹ ਪੱਤੀ ਪਾ ਦਿੰਦੀਆਂ ਹਨ | ਬੱਚੇ ਬੜੇ ਹੀ ਕੋਮਲ ਹੁੰਦੇ ਹਨ, ਚਾਹ ਪੱਤੀ ਵਿਚ ਬੜੇ ਹੀ ਭਿਆਨਕ ਜ਼ਹਿਰ ਹਨ | ਡਬਲਯੂ. ਐਚ. ਓ. ਦੇ ਸਰਵੇਖਣ ਤੋਂ ਪਤਾ ਲਗਦਾ ਹੈ ਕਿ ਸਾਡੇ ਦੇਸ਼ ਭਾਰਤ ਵਿਚ 5,00,000 ਤੋਂ ਵੱਧ ਬੱਚੇ (8 ਤੋਂ 14 ਸਾਲ ਉਮਰ) ਸ਼ੂਗਰ ਰੋਗ ਤੋਂ ਪੀੜਤ ਹਨ ਅਤੇ ਕਈ ਬੱਚੇ ਜੰਮਦੇ ਹੀ ਦਿਲ ਦੇ ਰੋਗੀ ਹਨ | ਮਾਂ ਦੇ ਪੇਟ ਵਿਚ ਪਲ ਰਿਹਾ ਬੱਚਾ ਬੜਾ ਹੀ ਕੋਮਲ ਹੁੰਦਾ ਹੈ | ਜੇ ਮਾਂ ਚਾਹ ਪੀਵੇਗੀ ਜਾਂ ਹੋਰ ਨਸ਼ੇ ਕਰੇਗੀ ਤਾਂ ਦੂਸ਼ਿਤ ਹੋਏ ਖ਼ੂਨ ਦਾ ਮਾਂ ਦੇ ਪੇਟ ਵਿਚ ਪਲ ਰਹੇ ਬੱਚੇ ਉੱਤੇ ਜ਼ਰੂਰ ਹੀ ਮਾੜਾ ਅਸਰ ਪਵੇਗਾ |
ਕਈ ਲੋਕ ਤਾਂ ਇਕ ਦਿਨ ਵਿਚ 10 ਤੋਂ 15 ਕੱਪ ਚਾਹ ਪੀ ਜਾਂਦੇ ਹਨ | ਜੇ ਇਕ ਕੱਪ ਵਿਚ 15 ਗ੍ਰਾਮ ਖੰਡ ਹੈ, ਤਾਂ ਇਕ ਦਿਨ ਵਿਚ 150 ਤੋਂ 225 ਗ੍ਰਾਮ ਤੱਕ ਖੰਡ ਖਾ ਜਾਂਦੇ ਹਨ | ਕੀ ਹਰ ਰੋਜ਼ ਏਨੀ ਖੰਡ ਖਾਣ ਨਾਲ ਦੰਦ ਪੀੜ ਨਹੀਂ ਕਰਨਗੇ? ਕੀ ਸ਼ੂਗਰ ਜਿਹੇ ਭਿਆਨਕ ਰੋਗ ਨਹੀਂ ਲੱਗਣਗੇ? ਇਕ ਦਿਨ ਵਿਚ 40-50 ਗਰਾਮ ਤੋਂ ਵੱਧ ਖੰਡ ਨਹੀਂ ਖਾਣੀ ਚਾਹੀਦੀ |
ਸ਼ੂਗਰ ਦੇ ਰੋਗੀ ਮਿੱਠੀ ਕਰਨ ਲਈ ਚਾਹ ਵਿਚ ਸ਼ੂਗਰ ਫ੍ਰੀ ਗੋਲੀ ਪਾਉਂਦੇ ਹਨ | ਕਈ ਤਾਂ ਬਿਲਕੁਲ ਹੀ ਫਿੱਕੀ ਚਾਹ ਪੀਂਦੇ ਹਨ | ਹੈਰਾਨੀ ਵਾਲੀ ਗੱਲ ਹੈ ਕਿ ਚਾਹ ਪੀਣ ਦੇ ਕਾਰਨ ਸ਼ੂਗਰ ਦਾ ਰੋਗ ਲੱਗਾ ਹੈ, ਚਾਹ ਪੀਣੀ ਨਹੀਂ ਛੱਡੀ, ਮਿੱਠੀ ਨਹੀਂ ਤੇ ਫਿੱਕੀ ਹੀ ਸਹੀ | ਚਾਹ ਪੀਣ ਦੀ ਆਦਤ ਛੱਡਣੀ ਬੜੀ ਹੀ ਕਠਿਨ ਹੈ | ਰੋਗ ਲੱਗ ਜਾਏ ਤਾਂ ਵੀ ਚਾਹ ਪੀਣੀ ਨਹੀਂ ਛੱਡਦੇ |
ਸਾਡੇ ਦੇੇਸ਼ ਦੇ ਲੋਕਾਂ ਨੂੰ ਅਰੋਗ ਅਤੇ ਤੰਦਰੁਸਤ ਰੱਖਣ ਲਈ ਕੁਦਰਤ ਨੇ ਸਾਡੇ ਦੇਸ਼ ਵਿਚ ਚਾਹ ਅਤੇ ਤੰਬਾਕੂ ਦੇ ਬੂਟੇ ਪੈਦਾ ਨਹੀਂ ਸਨ ਕੀਤੇ | ਯੂਰਪ ਦੇ ਲੋਕ ਜਿਸ ਦੇਸ਼ ਵਿਚ ਗਏ, ਤੰਬਾਕੂ ਅਤੇ ਚਾਹ ਨਾਲ ਲੈ ਗਏ | ਇਹ ਹੀ ਰੋਗਾਂ ਦਾ ਕਾਰਨ ਹਨ | ਸਾਡੇ ਦੇਸ਼ ਦੀ ਰਿਸ਼ੀਆਂ, ਮੁਨੀਆਂ, ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਨੂੰ ਸ਼ਰਾਬ, ਤੰਬਾਕੂ ਅਤੇ ਚਾਹ ਨੇ ਦੂਸ਼ਿਤ ਕਰਕੇ ਲੋਕਾਂ ਨੂੰ ਰੋਗੀ ਕਰ ਦਿੱਤਾ ਹੈ | ਰੋਗੀ ਵਿਅਕਤੀ ਲੰਮੀ ਉਮਰ ਨਹੀਂ ਭੋਗ ਸਕਦਾ |
ਜਿਥੇ ਵੀ ਕੁਝ ਵਿਅਕਤੀ ਇਕਠੇ ਹੁੰਦੇ ਹਨ, ਇਕੋ ਹੀ ਗੱਲ ਚਲਦੀ ਹੈ | ਕੋਈ ਕਹਿੰਦਾ ਹੈ, ਮੈਂ ਬੀ. ਪੀ. ਦਾ ਰੋਗੀ ਹਾਂ, ਕੋਈ ਕਹਿੰਦਾ ਹੈ ਮੈਨੂੰ ਸ਼ੂਗਰ ਹੋ ਗਈ ਹੈ, ਕੋਈ ਗੋਡਿਆਂ ਦੀ ਪੀੜ ਦੱਸਦਾ ਹੈ | ਕਿਸੇ ਵੀ ਹਸਪਤਾਲ ਜਾਂ ਡਾਕਟਰ ਦੀ ਦੁਕਾਨ ਵਿਚ ਜਾਓ, ਰੋਗੀਆਂ ਦੀ ਭਰਮਾਰ ਹੈ | ਕਈ ਵਿਅਕਤੀ ਖਾਣ-ਪੀਣ ਦਾ ਬੜੀ ਸਖ਼ਤੀ ਨਾਲ ਪ੍ਰਹੇਜ਼ ਕਰਦੇ ਹਨ, ਮਾਸ ਨਹੀਂ ਖਾਂਦੇ, ਸ਼ਰਾਬ ਨਹੀਂ ਪੀਂਦੇ ਅਤੇ ਕਿਸੇ ਕਿਸਮ ਦਾ ਨਸ਼ਾ ਵੀ ਨਹੀਂ ਕਰਦੇ, ਉਹ ਵੀ ਸ਼ੂਗਰ, ਬੀ. ਪੀ. ਅਤੇ ਗੋਡਿਆਂ ਦੀਆਂ ਦਰਦਾਂ ਤੋਂ ਪੀੜਤ ਹਨ | ਕੀ ਕਾਰਨ ਹੈ? ਇਹ ਲੋਕ ਚਾਹ ਪੀਣ ਦੇ ਆਦੀ ਹਨ ਅਤੇ ਚਾਹ ਹੀ ਇਨ੍ਹਾਂ ਰੋਗਾਂ ਦਾ ਕਾਰਨ ਹੈ |
ਕੌਫੀ : ਕੌਫੀ ਪੀਣਾ ਵੱਡਾਪਣ ਮੰਨਿਆ ਗਿਆ ਹੈ | ਕੌਫੀ ਵਿਚ ਕੋਈ ਵੀ ਖੁਰਾਕੀ ਤੱਤ ਨਹੀਂ ਹੈ, ਪਰ ਇਸ ਵਿਚ ਚਾਹ ਪੱਤੀ ਨਾਲੋਂ ਵੀ ਦੋ ਗੁਣਾਂ ਵੱਧ ਜ਼ਹਿਰੀਲੇ ਤੱਤ ਹਨ |
ਜੀਵਨ ਤਾਂ ਪਹਿਲਾਂ ਹੀ ਬੜਾ ਛੋਟਾ ਹੈ, ਨਸ਼ੇ ਅਤੇ ਬਦਪ੍ਰਹੇਜ਼ੀ ਕਰਕੇ ਜੀਵਨ ਨੂੰ ਹੋਰ ਛੋਟਾ ਕਰਨ ਦਾ ਕੀ ਫਾਇਦਾ ਹੈ? ਧਰਤੀ ਉੱਤੇ ਮੁੜ ਮਾਨਸ ਜਾਮੇ ਵਿਚ ਜਨਮ ਲੈਣ ਦੀ ਕੋਈ ਸੰਭਾਵਨਾ ਨਹੀਂ ਹੈ | ਆਪਣੇ ਪਹਿਲੇ ਜਨਮ ਦਾ ਕੋਈ ਪਤਾ ਨਹੀਂ ਕਿਸ ਤਰ੍ਹਾਂ ਦਾ ਸੀ, ਅਗਲਾ ਜਨਮ ਕਿਸ ਤਰ੍ਹਾਂ ਦਾ ਮਿਲੇਗਾ, ਕੋਈ ਪਤਾ ਨਹੀਂ | ਇਹ ਜਨਮ ਬੜਾ ਹੀ ਦੁਰਲੱਭ ਹੈ, ਮੁੱਲ ਨਹੀਂ ਮਿਲਦਾ, ਚਾਹ ਅਤੇ ਹੋਰ ਨਸ਼ੇ ਕਰਕੇ ਜੀਵਨ ਵਿਅਰਥ ਨਹੀਂ ਗਵਾਉਣਾ ਚਾਹੀਦਾ | ਇਸ ਨੂੰ ਸੁਚੱਜੇ ਤਰੀਕੇ ਨਾਲ ਬਤੀਤ ਕਰਨਾ ਹੀ ਅਕਲਮੰਦੀ ਹੈ | ਚੰਗੀ ਸਲਾਹ ਦਾ ਕੀ ਫਾਇਦਾ ਜੇ ਉਸ ਉੱਤੇ ਅਮਲ ਨਾ ਕੀਤਾ ਜਾਏ?
ਸ਼ਾਹ ਵੇਲਾ ਅਤੇ ਬ੍ਰੇਕ ਫਾਸਟ : ਪੁਰਾਣੇ ਸਮੇਂ ਵਿਚ ਲੋਕ ਸਵੇਰੇ ਸ਼ਾਹ ਵੇਲਾ ਕਰਦੇ ਸਨ | ਸ਼ਾਹ ਵੇਲੇ ਵਿਚ ਦਹੀਂ, ਲੱਸੀ, ਮੱਖਣ, ਰੋਟੀ ਅਤੇ ਅੰਬ ਦਾ ਅਚਾਰ ਹੁੰਦਾ ਸੀ | ਅੱਜਕਲ੍ਹ ਸ਼ਾਹ ਵੇਲੇ ਦੀ ਥਾਂ ਚਾਹ ਅਤੇ ਬਿਸਕੁਟ ਦੀ ਬ੍ਰੇਕ ਫਾਸਟ ਆ ਗਈ ਹੈ |
ਸੰਨ 1965 ਤੋਂ ਪਹਿਲਾਂ ਸਾਡੇ ਦੇਸ਼ ਵਿਚ ਬੜੇ ਘੱਟ ਲੋਕ ਚਾਹ ਪੀਂਦੇ ਸਨ ਅਤੇ ਸ਼ਾਹਵੇਲਾ ਕਰਦੇ ਸਨ | ਸ਼ੂਗਰ ਅਤੇ ਦਿਲ ਦੇ ਰੋਗਾਂ ਦਾ ਤਾਂ ਕਿਸੇ ਨੂੰ ਪਤਾ ਹੀ ਨਹੀਂ ਸੀ ਅਤੇ ਨਾ ਕਿਸੇ ਦੇ ਗੋਡੇ ਪੀੜ ਕਰਦੇ ਸਨ | ਸਰਕਾਰੀ ਹਸਪਤਾਲ ਵਿਚ ਸਿਰਫ ਇਕ ਡਾਕਟਰ (ਸਿਵਲ ਸਰਜਨ) ਹੁੰਦਾ ਸੀ ਅਤੇ ਡਾਕਟਰਾਂ ਦੀਆਂ ਦੁਕਾਨਾਂ ਉੱਤੇ ਰੋਗੀਆਂ ਦੀ ਭੀੜ ਵੀ ਨਹੀਂ ਸੀ ਹੁੰਦੀ | ਇਸ ਸਮੇਂ ਕਿਸੇ ਹਸਪਤਾਲ ਵਿਚ ਜਾਓ, ਰੋਗੀਆਂ ਦੀ ਭੀੜ ਲੱਗੀ ਹੁੰਦੀ ਹੈ | ਰੋਗੀਆਂ ਦੀ ਗਿਣਤੀ ਕਿਉਂ ਇੰਨੀ ਵਧ ਗਈ ਹੈ?
ਚਾਹ ਭਾਵੇਂ ਸਿਹਤ ਲਈ ਹਾਨੀਕਾਰਕ ਹੈ, ਫਿਰ ਵੀ ਇਸ ਨੇ ਬੜੇ ਥੋੜ੍ਹੇ ਜਿਹੇ ਸਮੇਂ ਵਿਚ ਸਾਰੀ ਹੀ ਦੁਨੀਆ ਨੂੰ ਆਪਣੀ ਪਕੜ ਵਿਚ ਲੈ ਲਿਆ ਹੈ | ਕੌਫੀ ਇਕ ਨਵੀਂ ਖੋਜ ਹੈ, ਅੱਗੇ ਵੇਖੋ ਸਿਹਤ ਲਈ ਹਾਨੀਕਾਰਕ ਹੋਰ ਨਵੀਂ ਖੋਜ ਕੀ ਹੁੰਦੀ ਹੈ?
ਚਾਹ ਪੀਣੀ ਛੱਡਣੀ : ਚਾਹ ਨੂੰ ਨਸ਼ਾ ਤਾਂ ਨਹੀਂ ਮੰਨਿਆ ਗਿਆ, ਪਰ ਇਕਦਮ ਚਾਹ ਪੀਣੀ ਛੱਡਣ ਨਾਲ 6–7 ਦਿਨ ਸਰੀਰ ਨੂੰ ਤਕਲੀਫ਼ ਹੁੰਦੀ ਹੈ | ਬਿਨਾਂ ਤਕਲੀਫ਼ ਚਾਹ ਪੀਣੀ ਛੱਡਣੀ ਹੈ, ਤਾਂ ਵਿਧੀ ਹੇਠ ਲਿਖਤ ਹੈ :–
ਦੇਸੀ ਚਾਹ (ਗਰਮ ਜਲ) ਜਾਂ ਸੌਾਫ ਦੇ 5 ਚਮਚ ਵਿਚ ਚਾਹ ਪੱਤੀ ਦੇ 5 ਚਮਚ ਰਲਾ ਕੇ ਸਮੇਂ ਸਿਰ ਸੇਵਣ ਕਰੋ | ਇਸ ਦੇ ਖ਼ਤਮ ਹੋਣ ਦੇ ਬਾਅਦ ਚਾਹ ਪੱਤੀ ਦੀ ਮਾਤਰਾ ਘੱਟ ਕਰਦੇ ਜਾਓ ਅਤੇ ਦੇਸੀ ਚਾਹ/ਸੌਾਫ ਦੀ ਮਾਤਰਾ ਵਧਾਈ ਜਾਓ | ਕੁਝ ਹੀ ਦਿਨਾਂ ਵਿਚ ਚਾਹ ਪੀਣ ਦੀ ਆਦਤ ਬਿਨਾਂ ਤਕਲੀਫ਼ ਖ਼ਤਮ ਹੋ ਜਾਏਗੀ | ਫਿਰ ਚਾਹ ਨੂੰ ਘਰ ਵਿਚੋਂ ਹੀ ਕੱਢ ਦਿਓ | ਦੇਸੀ ਚਾਹ ਸਾਰੀ ਉਮਰ ਪੀ ਸਕਦੇ ਹੋ, ਗੁਣਕਾਰੀ ਹੈ | ਇਕ ਵਾਰੀ ਚਾਹ ਪੀਣ ਦੀ ਆਦਤ ਛੱਡ ਕੇ ਤਾਂ ਵੇਖੋ, ਜੀਵਨ ਹੀ ਬਦਲ ਜਾਏਗਾ ਅਤੇ ਕਈ ਭਿਆਨਕ ਅਤੇ ਲਾਇਲਾਜ ਰੋਗ ਲੱਗਣ ਦਾ ਖ਼ਤਰਾ ਵੀ ਘੱਟ ਜਾਏਗਾ |

-ਸਿਡਨੀ | ਮੋਬਾਈਲ : 0468395922
nirmalskahlon37@gmail.com

ਹੈਚਲੈਂਡਸ ਪਾਰਕ ਦੇ ਨਿਵਾਸੀ “: ਅਤੀਤ ਯਾਤਰਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਲਾਈਬ੍ਰੇਰੀ-ਡਰਾਇੰਗ ਰੂਮ ਤੋਂ ਲਾਇਬ੍ਰੇਰੀ ਤਕ
ਫਿਰ ਅਸੀਂ ਲਾਇਬ੍ਰੇਰੀ ਗਏ ਜਿਸ ਦੀ ਵਿਸ਼ੇਸ਼ਤਾ ਉਸ ਦਾ ਅਤਿ ਸੁੰਦਰ ਝੂਮਰ ਅਤੇ ਸਜੀ ਹੋਈ ਛੱਤ ਹੈ | ਛੱਤ ਵਿਚ ਸਮੁੰਦਰ ਨਾਲ ਸਬੰਧਤ ਵਿਸ਼ੇਸ਼ ਡਿਜ਼ਾਈਨ ਬਣੇ ਹੋਏ ਸਨ ਕਿਉਂਕਿ ਇਹ 1700 ਈਸਵੀ ਦੇ ਡਿਜ਼ਾਈਨਰ ਰਾਬਰਟ ਐਡਮ ਨੇ ਐਡਮਿਰਲ ਬੋਸਕੋਵੇਨ ਦੇ ਕਿੱਤੇ—ਜਲ ਸੈਨਾ ਪ੍ਰਧਾਨ ਅਨੁਸਾਰ ਡਿਜ਼ਾਈਨ ਕੀਤਾ ਸੀ ਅਤੇ ਇਹ ਉਨ੍ਹਾਂ ਦੇ ਡਰਾਇੰਗ ਰੂਮ ਦਾ ਹਿੱਸਾ ਸੀ | ਬਾਅਦ ਵਿਚ 18ਵੀਂ ਸਦੀ ਦੇ ਅਖੀਰ ਵਿਚ ਲਾਰਡ ਰੈਂਡਲ ਨੇ ਵੀ ਛੱਤ ਵਿਚ ਐਾਟੀਕ ਗੋਲਡ (ਸੁਨਹਿਰੀ ਰੰਗ) ਨਾਲ ਉਸ ਦੀ ਸੁੰਦਰਤਾ ਨੂੰ ਵਧਾਇਆ ਅਤੇ ਲਾਇਬ੍ਰੇਰੀ ਦੇ ਰੂਪ ਵਿਚ ਇਥੇ ਅਨੇਕਾਂ ਕਿਤਾਬਾਂ ਦੀਆਂ ਅਲਮਾਰੀਆਂ ਸਜਾਈਆਂ | ਵਿਸ਼ੇਸ਼ ਗਿਲਡ ਵੁੱਡ ਦੇ ਪੇਲਗੇਟ ਅਤੇ ਪਰਦੇ, 1800 ਈਸਵੀ ਦੇ ਹਨ |
ਸੌਣ ਵਾਲੇ ਕਮਰੇ ਤੋਂ ਭੋਜਨ ਕਮਰੇ ਤਕ
ਅਸੀਂ ਲਾਰਡ ਰੈਂਡਲ ਦੇ ਸਮੇਂ ਦੇ ਡਾਈਨਿੰਗ ਕਮਰੇ ਵਿਚ ਦਾਖਲਾ ਲਿਆ ਜੋ 1890 ਤੋਂ ਪਹਿਲਾਂ ਐਡਮਿਰਲ ਬੋਸਕੋਵੇਨ ਦਾ ਸੌਣ ਦਾ ਕਮਰਾ ਸੀ ਅਤੇ ਉਸ ਦੇ ਨੇੜੇ ਹੀ ਤਿਆਰ ਹੋਣ ਵਾਲਾ ਕਮਰਾ ਵੀ ਸੀ | ਫਾਇਰਲ ਪਲੇਸ 'ਤੇ ਐਡਮਿਰਲ ਦੇ ਪਿਆਰੇ ਪਾਲਤੂ ਕੁੱਤੇ ਦੀ ਨਕਾਸ਼ੀ ਕੀਤੀ ਗਈ ਸੀ | ਵਲੰਟੀਅਰ ਨੇ ਸਾਨੂੰ ਦੱਸਿਆ ਕਿ ਉਸ ਸਮੇਂ ਦੀ ਰਾਬਰਟ ਐਡਮ ਡਿਜ਼ਾਈਨਰ ਨੇ ਜੋ ਅਧੂਰੀ ਛੱਤ ਬਣਾਈ ਸੀ, ਉਸ ਦੀ ਵਰਤੋਂ ਕਰਕੇ ਇਥੇ ਨਵੀਂ ਸੀਲਿੰਗ ਬਣਾਈ ਗਈ ਹੈ | ਸਾਨੂੰ ਇਹ ਵੀ ਦੱਸਿਆ ਗਿਆ ਕਿ ਹੈਚਲੈਂਡਸ ਪਾਰਕ ਘਰ ਵਿਚ ਅਨੇਕ ਅਧੂਰੇ ਇੰਟੀਰੀਅਰਜ਼ ਸਨ ਜਿਨ੍ਹਾਂ ਨੂੰ 1980 ਤੋਂ ਬਾਅਦ ਇਥੇ ਰਹਿਣ ਵਾਲੇ ਐਲਕ ਕੋਬ ਨੇ ਪੂਰਾ ਕੀਤਾ | ਉਨ੍ਹਾਂ ਨੇ 18ਵੀਂ ਸਦੀ ਦੇ ਖਾਸ ਭਵਨਾਂ ਅਤੇ ਮਹੱਲਾਂ ਦੇ ਡਿਜ਼ਾਈਨ ਨੂੰ ਦੁਬਾਰਾ ਬਣਾਇਆ | ਇਥੇ 1664 ਏ. ਡੀ. ਦੇ ਮਹਾਰਾਜਾ ਚਾਲਰਸ ਦੂਜਾ ਦਾ ਵਰਜੀਨਲ (ਪਿਆਨੋ ਵਰਗਾ ਸੰਗੀਤ ਸਾਜ਼) ਵੀ ਸਜਿਆ ਹੋਇਆ ਸੀ ਜੋ ਵਿਸ਼ਵ ਵਿਚ ਸਿਰਫ਼ 24 ਹੀ ਬਚੇ ਹਨ ਅਤੇ ਇਹ ਉਨ੍ਹਾਂ ਵਿਚੋਂ ਇਕ ਹੈ | ਹੈਚਲੈਂਡਸ ਪਾਰਕ ਵਿਚ ਅਨੇਕਾਂ ਥਾਵਾਂ 'ਤੇ ਪਿਆਨੋ ਸਜੇ ਸਨ ਜੋ ਉਸ ਵਿਚ ਰਹਿਣ ਵਾਲੇ ਖਾਸ ਕੋਬ ਪਰਿਵਾਰ ਦੇ ਨਿੱਜੀ ਸੰਗ੍ਰਹਿ ਦਾ ਹਿੱਸਾ ਹਨ |
ਸੁੰਦਰ ਸਟੇਅਰ ਕੇਸ ਹਾਲ
ਹੁਣ ਅਸੀਂ ਸੁੰਦਰ, ਉੱਚੀ ਛੱਤ ਵਾਲੇ ਸਟੇਅਰ ਕੇਸ ਹਾਲ ਵਿਚੋਂ ਨਿਕਲ ਰਹੇ ਸੀ ਜਿਸ ਵਿਚ ਮਹਾਰਾਜਾ ਜਾਰਜ ਸ਼ੈਲੀ ਦੀਆਂ ਸ਼ਾਨਦਾਰ ਪੌੜੀਆਂ ਹਨ ਜੋ ਉੱਪਰ ਕੋਬ ਗ੍ਰਹਿ ਨੂੰ ਜਾਂਦੀਆਂ ਹਨ ਅਤੇ ਸੈਲਾਨੀਆਂ ਲਈ ਬੰਦ ਹਨ | ਕੰਧਾਂ ਅਤੇ ਛੱਤ 'ਤੇ 18ਵੀਂ ਸਦੀ ਦਾ ਸੁੰਦਰ ਪਲਾਸਟਰ ਕੰਮ ਹੋਇਆ ਹੈ ਜੋ ਪ੍ਰਸਿੱਧ ਡਿਜ਼ਾਈਨਰ ਰਾਬਰਟ ਐਡਮ ਦੇ ਸਮੇਂ ਦਾ ਹੈ | ਹਰ ਫੁੱਲਦਾਰ ਪਲਾਸਟਰ ਪੈਨਲ ਦੇ ਅੰਦਰ 18ਵੀਂ ਸਦੀ ਦੇ ਲਾਰਡ ਰੈਂਡਲ ਵਲੋਂ ਪੇਂਟਿੰਗਜ਼ ਲਗਵਾਈ ਗਈ ਸੀ ਜਿਨ੍ਹਾਂ ਨੂੰ ਅਸੀਂ ਦੇਖਣਯੋਗ ਪਾਇਆ | ਸਟੇਅਰ ਕੇਸ ਹਾਲ ਦਾ ਮੁੱਖ ਆਕਰਸ਼ਣ ਪੋਲੈਂਡ ਦੇਸ਼ ਦੇ ਸੰਗੀਤਕਾਰ ਅਤੇ ਪਿਆਨਿਸਟ ਸ਼ੋਪਿਨ ਦਾ ਬ੍ਰੋਡਵੁੱਡ ਗ੍ਰੈਂਡ ਪਿਆਨੋ ਹੈ |
ਸੰਗੀਤਮਈ ਮਿਊਜ਼ਿਕ ਕਮਰਾ
ਹਾਲ ਤੋਂ ਅਸੀਂ ਸ਼ੁਰੂਆਤੀ 20ਵੀਂ ਸਦੀ ਦੇ ਸੁੰਦਰ ਮਿਊਜ਼ਿਕ ਕਮਰੇ ਵਿਚ ਦਾਖਲਾ ਲਿਆ ਜਿਸ ਦੀ ਛੱਤ ਵਿਸ਼ਾਲ ਡੋਮ ਦੇ ਆਕਾਰ ਵਿਚ ਬਣੀ ਹੋਈ ਸੀ ਅਤੇ ਉਸ ਦੀਆਂ ਖਿੜਕੀਆਂ ਤੋਂ ਸੂਰਜ ਦੀ ਰੌਸ਼ਨੀ ਕਮਰੇ ਵਿਚ ਫੈਲੀ ਹੋਈ ਸੀ | ਵਲੰਟੀਅਰ ਨੇ ਸਾਨੂੰ ਦੱਸਿਆ ਕਿ ਸੰਗੀਤ ਕਮਰੇ ਨੂੰ ਲਾਰਡ ਰੈਂਡਲ ਨੇ 1903 ਵਿਚ 17ਵੀਂ ਸਦੀ ਦੀ ਸ਼ੈਲੀ ਵਿਚ ਬਣਵਾਇਆ ਸੀ | ਅੱਜ ਉਸ ਦੀਆਂ ਦੀਵਾਰਾਂ 'ਤੇ ਵਿਸ਼ਵ ਪ੍ਰਸਿੱਧ ਸੰਗੀਤਕਾਰਾਂ ਦੇ ਪੋਰਟ੍ਰੇਟ ਸਜੇ ਹੋਏ ਸਨ | ਅਸੀਂ ਇਹ ਵੀ ਜਾਣਿਆ ਕਿ ਹਰ ਬੁੱਧਵਾਰ ਨੂੰ ਜਾਂ ਕਦੀ ਸ਼ਾਮ ਨੂੰ ਇਥੇ ਕੋਬ ਸੰਗ੍ਰਹਿ ਦੇ ਪਿਆਨੋਜ਼ ਆਦਿ ਸੰਗੀਤ ਸਾਜ਼ਾਂ 'ਤੇ ਸੰਗੀਤ ਸਮਾਰੋਹ ਆਯੋਜਿਤ ਕੀਤੇ ਜਾਂਦੇ ਸਨ ਤਾਂ ਕਿ ਹੈਚਲੈਂਡਸ ਪਾਰਕ ਸੈਲਾਨੀਆਂ ਤੋਂ ਇਲਾਵਾ ਸੰਗੀਤ ਪ੍ਰੇਮੀਆਂ ਦਾ ਵੀ ਆਕਰਸ਼ਣ ਕੇਂਦਰ ਬਣਿਆ ਰਹੇ |
ਕੋਬ ਸੰਗ੍ਰਹਿ ਟਰੱਸਟ
ਉਥੇ ਰੱਖੀਆਂ ਪੁਸਤਕਾਂ ਤੋਂ ਅਸੀਂ ਜਾਣਿਆ ਕਿ ਹੈਚਲੈਂਡਸ ਪਾਰਕ ਆਪਣੇ ਸੰਗੀਤ ਸਮਾਰੋਹਾਂ ਲਈ ਵੀ ਜਾਣਿਆ ਜਾਂਦਾ ਹੈ ਕਿਉਂਕਿ ਪ੍ਰਸਿੱਧ ਅਤੇ ਇਤਿਹਾਸਕ ਕੋਬ ਸੰਗ੍ਰਹਿ ਦੇ ਸੰਗੀਤ ਸਾਜ਼ ਪ੍ਰਯੋਗ ਕੀਤੇ ਜਾਂਦੇ ਹਨ | 18 ਸੰਗੀਤ ਸਾਜ਼ ਤਾਂ ਉਹ ਹਨ ਜੋ ਕਿਸੇ ਨਾ ਕਿਸੇ ਸਦੀ ਵਿਚ ਖ਼ੁਦ, ਵਿਸ਼ਵ ਪ੍ਰਸਿੱਧ ਪਿਆਨੋਵਾਦਕ ਸ਼ੋਪਿਨ, ਮੋਜਾਰਟ, ਬੀਥੋਵੇਨ, ਬਾਕ ਅਤੇ ਐਲਗਰ ਨੇ ਵਰਤੇ ਸਨ | ਹੈਚਲੈਂਡਸ ਪਾਰਕ ਵਿਚ ਜੋ ਸਾਜ਼ ਅਸੀਂ ਦੇਖ ਰਹੇ ਸੀ, ਉਨ੍ਹਾਂ ਸਭ ਦੀ ਵਧੀਆ ਦੇਖਭਾਲ ਕੀਤੀ ਜਾਂਦੀ ਹੈ ਜੋ ਸਲਾਹੁਣਯੋਗ ਹੈ |
ਉਦੋਂ ਅਸੀਂ ਪੁਸਤਕ ਵਿਚ ਇਕ ਅੰਗਰੇਜ਼ੀ ਪਿਆਨੋ ਸਾਮਾਨ ਦਾ ਵੇਰਵਾ ਪੜਿ੍ਹਆ ਜੋ ਅਸੀਂ ਪਹਿਲਾਂ ਵੀ ਦੇਖਿਆ ਸੀ | ਉਸ ਦੀਆਂ ਦੋ ਅਨੋਖੀਆਂ ਗੱਲਾਂ ਸਨ—ਪਹਿਲੀ ਨਿਰਮਾਣ ਦੀਆਂ ਤਰੀਕਾਂ—1623 ਅਤੇ 1720 ਅਤੇ ਦੂਜੇ ਉਸ 'ਤੇ ਰੰਗ ਕੀਤੇ ਭਾਰਤੀ ਦਿਖ ਵਾਲੇ ਰੰਗਦਾਰ ਵੇਲ ਬੁੱਟਿਆਂ ਦਾ ਡਿਜ਼ਾਈਨ |
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

ਭੁੱਲੀਆਂ ਵਿਸਰੀਆਂ ਯਾਦਾਂ

ਉਹ ਵੀ ਸਮਾਂ ਹੁੰਦਾ ਸੀ ਜਦੋਂ ਹਰ ਛੋਟਾ ਤੇ ਵੱਡਾ ਅਕਾਲੀ ਤੇ ਆਮ ਮਨੁੱਖ ਵੀ ਸੰਤ ਹਰਚੰਦ ਸਿੰਘ ਲੌਾਗੋਵਾਲ ਦਾ ਸਤਿਕਾਰ ਕਰਦਾ ਸੀ | ਸੰਤ ਲੌਾਗੋਵਾਲ ਜੀ ਰਾਮਦਾਸ ਬਾਬਾ ਬੁੱਢਾ ਸਾਹਿਬ ਦੇ ਤਪ ਅਸਥਾਨ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਏ ਸੀ, ਤਾਂ ਜ: ਉਜਾਗਰ ਸਿੰਘ ਰੰਘਰੇਟਾ, ਜ: ਸਵਰਨ ਸਿੰਘ ਡੁਲਟ, ਸ: ਬੁਆ ਸਿੰਘ, ਸ: ਅਮਰਜੀਤ ਸਿੰਘ ਵਕੀਲ ਤੇ ਜ: ਉਜਾਗਰ ਸਿੰਘ ਘਣੀਏਕੇ ਬਾਂਗਰ ਨੇ ਸੰਤਾਂ ਨੂੰ ਜੀ ਆਇਆਂ ਆਖਿਆ ਸੀ | ਇਸ ਤਸਵੀਰ ਵਿਚ ਨਜ਼ਰ ਆਉਂਦੇ ਸਾਰੇ ਲੀਡਰ ਤਕਰੀਬਨ ਰੱਬ ਨੂੰ ਪਿਆਰੇ ਹੋ ਗਏ ਹਨ | ਹੁਣ ਸਿਰਫ਼ ਯਾਦਾਂ ਹੀ ਬਾਕੀ ਹਨ |

-ਮੋਬਾਈਲ : 98767-41231

ਨਹਿਲੇ 'ਤੇ ਦਹਿਲਾ: ਤੁਸੀਂ ਸਾਡੀ ਅਗਵਾਈ ਕਰੋ

ਅਲੀਗੜ੍ਹ ਸ਼ਹਿਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਕਾਰਨ ਪੂਰੇ ਭਾਰਤ ਵਿਚ ਜਾਣਿਆ ਜਾਂਦਾ ਹੈ | ਅਲੀਗੜ੍ਹ ਰੇਲਵੇ ਸਟੇਸ਼ਨ ਵੀ ਵੱਡੇ ਸਟੇਸ਼ਨਾਂ ਵਿਚ ਗਿਣਿਆ ਜਾਂਦਾ ਹੈ | ਇਸ ਲਈ ਹਰ ਛੋਟੀ-ਵੱਡੀ ਰੇਲ ਗੱਡੀ ਇਸ ਸਟੇਸ਼ਨ 'ਤੇ ਰੁਕਦੀ ਹੈ |
ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਪੜ੍ਹਦੇ ਜ਼ਿਆਦਾਤਰ ਵਿਦਿਆਰਥੀ ਗਰਮ ਖਿਆਲੀਏ ਹੁੰਦੇ ਸਨ | ਉਨ੍ਹਾਂ ਨੂੰ ਮੌਲਾਨਾ ਆਜ਼ਾਦ ਦਾ ਧਰਮ-ਨਿਰਪੱਖ ਹੋਣਾ ਪਸੰਦ ਨਹੀਂ ਸੀ | ਜਦੋਂ ਵੀ ਮੌਲਾਨਾ ਆਜ਼ਾਦ ਬਾਰੇ ਪਤਾ ਲਗਦਾ ਕਿ ਉਹ ਫਲਾਣੀ ਰੇਲ ਗੱਡੀ 'ਤੇ ਸਵਾਰ ਹਨ ਅਤੇ ਉਹ ਰੇਲ ਗੱਡੀ ਏਨੇ ਵਜੇ ਅਲੀਗੜ੍ਹ ਸਟੇਸ਼ਨ 'ਤੇ ਪਹੁੰਚੇਗੀ ਤਾਂ ਵਿਦਿਆਰਥੀਆਂ ਦਾ ਗਰੁੱਪ ਉਨ੍ਹਾਂ ਨੂੰ ਨੀਵਾਂ ਵਿਖਾਉਣ ਲਈ ਉਨ੍ਹਾਂ ਦੇ ਡੱਬੇ ਵਿਚ ਵੜ ਕੇ ਉਨ੍ਹਾਂ 'ਤੇ ਸ਼ਬਦੀ ਹਮਲੇ ਕਰਦਾ ਸੀ | ਇਹ ਵੇਖਦਿਆਂ ਹੁਣ ਜਦੋਂ ਅਲੀਗੜ੍ਹ ਸਟੇਸ਼ਨ ਆਉਂਦਾ ਤਾਂ ਮੌਲਾਨਾ ਆਜ਼ਾਦ ਆਪਣੇ ਡੱਬੇ ਦੇ ਗੇਟ ਬੰਦ ਕਰਵਾ ਦਿੰਦੇ ਤਾਂ ਕਿ ਮੰੁਡੇ ਕੋਈ ਸ਼ਰਾਰਤ ਨਾ ਕਰ ਸਕਣ |
ਇਕ ਵਾਰੀ ਮੰੁਡਿਆਂ ਨੂੰ ਪਤਾ ਲੱਗਾ ਕਿ ਮੌਲਾਨਾ ਆਜ਼ਾਦ ਆ ਰਹੇ ਹਨ | ਮੰੁਡਿਆਂ ਦਾ ਝੰੁਡ ਰੇਲਵੇ ਸਟੇਸ਼ਨ ਪਹੁੰਚ ਗਿਆ | ਗੱਡੀ ਆਈ ਤਾਂ ਸਾਰੇ ਉਨ੍ਹਾਂ ਦੇ ਰਿਜ਼ਰਵ ਡੱਬੇ ਅੱਗੇ ਇਕੱਠੇ ਹੋ ਗਏ | ਡੱਬੇ ਦੇ ਦਰਵਾਜ਼ੇ ਬੰਦ ਸਨ | ਇਕ ਮੰੁਡੇ ਨੇ ਬੜੀ ਹੁਸ਼ਿਆਰੀ ਨਾਲ ਡੱਬੇ ਦੀ ਖਿੜਕੀ ਦਾ ਸ਼ਟਰ ਚੁੱਕ ਦਿੱਤਾ | ਮੌਲਾਨਾ ਸੀਟ 'ਤੇ ਬੈਠੇ ਸਨ | ਸਾਰੇ ਵਿਦਿਆਰਥੀਆਂ ਨੇ ਉੱਚੀ ਆਵਾਜ਼ ਵਿਚ ਆਖਿਆ, 'ਮੌਲਾਨਾ ਅਸੀਂ ਤੁਹਾਡੇ ਦਰਸ਼ਨਾਂ ਨੂੰ ਆਏ ਹਾਂ |' ਇਹ ਸੁਣ ਕੇ ਮੌਲਾਨਾ ਨੇ ਕਿਹਾ, 'ਜਾਓ ਨਰਕ ਨੂੰ ਜਾਓ', ਇਕ ਮੰੁਡੇ ਨੇ ਉੱਚੀ ਆਵਾਜ਼ ਵਿਚ ਜਵਾਬ ਦਿੱਤਾ, 'ਅਸੀਂ ਨਰਕਾਂ ਵਿਚ ਜਾਣ ਲਈ ਤਿਆਰ ਹਾਂ, ਬਸ ਤੁਸੀਂ ਸਾਡੀ ਅਗਵਾਈ ਕਰੋ |

-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401.
ਮੋਬਾਈਲ : 94170-91668.

...ਇਕ ਫੁੱਲ ਕੱਢਦਾ ਫੁਲਕਾਰੀ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਜਦੋਂ ਕਿਸੇ ਮੁਟਿਆਰ ਦਾ ਮਾਹੀ ਉਸ ਦੇ ਪਿਆਰ ਦੀ ਕਦਰ ਨਹੀਂ ਕਰਦਾ ਤਾਂ ਉਸ ਵਿਚਾਰੀ ਨੂੰ ਉਹ ਦਿਨ ਯਾਦ ਆ ਜਾਂਦੇ ਹਨ ਜਦੋਂ ਉਸ ਦੇ ਮਾਪਿਆਂ ਨੇ ਫੁਲਕਾਰੀ ਦੇ ਕੇ ਆਪਣੀ ਲਾਡਾਂ ਨਾਲ ਪਾਲੀ ਧੀ ਨੂੰ ਕਿਸੇ ਓਪਰੇ ਦੇ ਲੜ ਲਾ ਕੇ ਤੋਰ ਦਿੱਤਾ-
ਉੱਤੇ ਦੇ ਕੇ ਫੁਲਕਾਰੀ, ਤੂੰ ਤੋਰ ਤੀ ਵਿਚਾਰੀ,
ਬੇਕਦਰੇ ਨਾਲੋਂ ਚੰਗਾ ਸੀ, ਜੇ ਮੈਂ ਰਹਿੰਦੀ ਕੁਆਰੀ |
ਫੁਲਕਾਰੀ ਦਾ ਭਾਰ ਵੀ ਕਾਫੀ ਹੁੰਦਾ ਹੈ ਅਤੇ ਕੋਈ ਮੁਟਿਆਰ ਆਪਣੀ ਭਾਰੀ ਫੁਲਕਾਰੀ ਦੇ ਭਾਰ ਤੋਂ ਅੱਕ ਜਾਂਦੀ ਹੈ ਤਾਂ ਆਪਣੇ ਮਾਹੀ ਨੂੰ ਵਾਸਤਾ ਪਾਉਂਦੀ ਹੈ ਕਿ ਮੇਰੀ ਬਾਂਹ ਫੁਲਕਾਰੀ ਦੇ ਭਾਰ ਨੂੰ ਝੱਲਣ ਤੋਂ ਆਕੀ ਹੈ:
ਉਤਾਰ ਦਿਆਂ ਫੁਲਕਾਰੀ ਮਾਹੀ ਵੇ, ਪਏ ਬਾਂਹ ਨੂੰ ਖੱਲੀ ਢੋਲਾ,
ਫੁਲਕਾਰੀ ਭਾਰੀ ਮਾਹੀ ਵੇ, ਹੁਣ ਮੈਂਥੋਂ ਜਾਏ ਨਾ ਝੱਲੀ ਢੋਲਾ |
ਆਪਣੇ ਖੇਤਾਂ ਵਲ ਗੇੜਾ ਮਾਰਨ ਵੇਲੇ ਇਕ ਮੁਟਿਆਰ ਆਪਣੀ ਤਿੱਤਰਾਂ ਵਾਲੀ ਫੁਲਕਾਰੀ ਦਾ ਜ਼ਿਕਰ ਇਸ ਤਰਾਂ ਕਰਦੀ ਹੈ-
ਅੱਗੇ ਅੱਗੇ ਮੈਂ ਤੁਰਦੀ, ਮੇਰੇ ਤੁਰਦੇ ਨੇ ਮਗਰ ਸ਼ਿਕਾਰੀ,
ਹਵਾ ਵਿਚ ਉੱਡਦੀ ਫਿਰੇ, ਮੇਰੀ ਤਿੱਤਰਾਂ ਵਾਲੀ ਫੁਲਕਾਰੀ |
ਦੂਰ ਗਏ ਮਾਹੀ ਦੀ ਗੈਰਹਾਜ਼ਰੀ 'ਚ ਉਸਨੂੰ ਯਾਦ ਕਰਦੇ ਹੋਏ ਕੋਈ ਮੁਟਿਆਰ ਫੁਲਕਾਰੀ ਕੱਢਦੀ ਹੈ-
ਸੂਹੇ ਰੰਗ ਦੀ ਫੁਲਕਾਰੀ ਮੇਰੀ, ਉੱਤੇ ਫੁੱਲ ਬੂਟੇ ਮੈਂ ਪਾਂਦੀ ਆਂ,
ਸੱਜਣਾਂ ਦੀ ਉਡੀਕ ਵਿਚ, ਰੋਜ਼ ਮੈਂ ਇਕ ਤੰਦ ਪਾਂਦੀ ਆਂ |
ਫੁਲਕਾਰੀ ਮੇਰੀ ਰੇਸ਼ਮੀ ਰੰਗ ਢੁਕਾਏ ਠੀਕ
ਛੇਤੀ ਦਰਸ਼ਨ ਦੇਵਣੇ, ਮੈਂ ਰਸਤੇ ਰਹੀ ਉਡੀਕ |
ਪੰਜਾਬੀ ਸੱਭਿਆਚਾਰ 'ਚ ਕਦੇ ਸਮਾਂ ਸੀ ਜਦੋਂ ਸ਼ਗਨਾਂ ਦੇ ਸਾਰੇ ਕਾਰਜ ਫੁੱਲਕਾਰੀ ਨਾਲ ਹੀ ਨਿਭਾਏ ਜਾਂਦੇ ਸਨ |
ਕਈ ਵਾਰ ਪਿੰਡਾਂ ਤੇ ਸ਼ਹਿਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਲਈ ਚੰਦੋਆ ਫੁਲਕਾਰੀ ਦਾ ਹੀ ਹੁੰਦਾ ਸੀ | ਕਦੇ-ਕਦਾਈਾ ਸ਼ੋਭਾ ਯਾਤਰਾਵਾਂ ਸਮੇਂ ਊਠਾਂ ਤੇ ਘੋੜਿਆਂ ਨੂੰ ਫੁਲਕਾਰੀਆਂ ਨਾਲ ਸ਼ਿੰਗਾਰਿਆ ਜਾਂਦਾ ਸੀ, ਜਿਸ ਸਦਕਾ ਊਠ ਤੇ ਘੋੜੇ ਫਬ-ਫਬ ਪੈਂਦੇ ਸਨ ਤੇ ਦੇਖਣ ਵਾਲਿਆਂ ਦੀਆਂ ਅੱਖਾਂ ਚੁੰਧਿਆ ਜਾਂਦੀਆਂ ਸਨ |
ਕੁੜੀਆਂ-ਮੁੰਡਿਆਂ ਦੇ ਵਿਆਹਾਂ ਸਮੇਂ, ਅਨੰਦ ਕਾਰਜਾਂ ਤੇ ਫੇਰਿਆਂ ਵੇਲੇ ਫੁਲਕਾਰੀ ਦੁਆਰਾ ਹੀ ਸਾਰੀਆਂ ਰਸਮਾਂ ਵਿਚ ਪ੍ਰਵੇਸ਼ ਕਰਾਇਆ ਜਾਂਦਾ ਸੀ | ਵਟਣਾ ਮਲਣ ਸਮੇਂ ਕੁੜੀ ਤੇ ਮੁੰਡੇ ਵਾਲਿਆਂ ਵਲੋਂ ਵਿਆਹ ਤੋਂ ਪਹਿਲਾਂ ਫੁਲਕਾਰੀ ਨਾਲ ਹੀ ਇਹ ਰਸਮ ਪੂਰੀ ਕੀਤੀ ਜਾਂਦੀ ਸੀ | ਲਾਵਾਂ ਤੋਂ ਪਿਛੋਂ ਨਵੀਂ ਵਿਆਹੀ ਜੋੜੀ ਨੂੰ ਵਿਦਾਇਗੀ ਸਮੇਂ ਜਿਸ ਰੱਥ ਵਿਚ ਬਿਠਾਇਆ ਜਾਂਦਾ ਸੀ, ਉਹ ਰੱਥ ਵੀ ਫੁਲਕਾਰੀ ਨਾਲ ਹੀ ਸਜਾਇਆ ਜਾਂਦਾ ਸੀ | ਨਵੇਂ ਵਿਆਹੇ ਜੋੜੇ ਨੂੰ ਘਰ ਪੁੱਜਣ 'ਤੇ ਫੁਲਕਾਰੀ ਲੈਣ ਮਗਰੋਂ ਹੀ ਪਾਣੀ ਵਾਰ ਕੇ ਪੀਣ ਦੀ ਰਸਮ ਨਿਭਾਈ ਜਾਂਦੀ ਸੀ | ਇਥੋਂ ਤੱਕ ਕਿ ਜਦੋਂ ਨਵੀਂ ਵਿਆਹੀ ਜੋੜੀ ਨੂੰ ਛਟੀਆਂ ਖੇਡਣ ਲਈ ਬਾਹਰ ਲਿਜਾਇਆ ਜਾਂਦਾ ਸੀ ਤਾਂ ਉਥੇ ਵੀ ਨਵੀਂ ਦੁਲਹਨ ਨੂੰ ਫੁਲਕਾਰੀ ਉੱਤੇ ਕੇ ਲੈ ਜਾਣ ਵਿਚ ਸ਼ਾਨ ਸਮਝੀ ਜਾਂਦੀ ਸੀ |
ਸਪੱਸ਼ਟ ਹੈ ਕਿ ਫੁਲਕਾਰੀ ਧਾਰਮਿਕ ਤੇ ਸਮਾਜਿਕ ਖੇਤਰ ਵਿਚ, ਆਪਣੀ ਪੂਰੀ ਸ਼ਾਨ ਨਾਲ ਵਿਚਰਦੀ ਰਹੀ ਹੈ | ਨਵੇਂ-ਨਵੇਂ ਫੈਸ਼ਨਾਂ ਨੇ ਫੁਲਕਾਰੀ ਦੀ ਦਿੱਖ ਤੇ ਹੋਂਦ ਨੂੰ ਭਾਰੀ ਢਾਅ ਲਾਈ ਹੈ ਤੇ ਫੁਲਕਾਰੀ ਅੱਜਕਲ੍ਹ ਗੀਤਾਂ ਆਦਿ ਵਿਚ ਹੀ ਸਮੋ ਕੇ ਰਹਿ ਗਈ ਹੈ | ਜਾਪਦਾ ਹੈ ਕਦਰਦਾਨ ਜਿਵੇਂ ਕਿਤੇ ਦੂਰ ਚਲੇ ਗਏ ਹੋਣ | ਫੁਲਕਾਰੀਆਂ ਕੱਢਣੀਆਂ ਤੇ ਉਨ੍ਹਾਂ ਨਾਲ ਸ਼ਗਨਾਂ ਦੀਆਂ ਰਸਮਾਂ ਨਿਭਾਉਣੀਆਂ ਜਿਵੇਂ ਬੀਤੇ ਦੀ ਗੱਲ ਬਣ ਕੇ ਰਹਿ ਗਈ ਹੋਵੇ | ਪੰਜਾਬ ਵਿਚ ਹੱਥਾਂ ਨਾਲ ਕੱਢੀ ਹੋਈ ਫੁਲਕਾਰੀ ਲਗਪਗ ਆਲੋਪ ਹੋ ਚੁੱਕੀ ਹੈ ਤੇ ਬਾਜ਼ਾਰਾਂ ਵਿਚ ਵਪਾਰਕ ਤੌਰ 'ਤੇ ਬਣਾਈ ਗਈ ਫੁਲਕਾਰੀ ਹੀ ਵੇਖੀ ਜਾ ਸਕਦੀ ਹੈ | ਫੁਲਕਾਰੀ ਦੇ ਨਾਲ-ਨਾਲ ਹੁਣ ਬਾਜ਼ਾਰ ਵਿਚ ਫੁਲਕਾਰੀ ਸੂਟ, ਫੁਲਕਾਰੀ ਕੁਸ਼ਨ ਅਤੇ ਫੁਲਕਾਰੀ ਬਿਸਤਰੇ ਵੀ ਮਿਲਦੇ ਨੇ | ਹੱਥ ਨਾਲ ਕੱਢੀ ਹੋਈ ਫੁਲਕਾਰੀ ਵਿਚ ਫੁਲਕਾਰੀ ਕੱਢਣ ਵਾਲੇ ਦੀ ਮਿਹਨਤ, ਮੁਹੱਬਤ ਤੇ ਰੀਝ ਨਜ਼ਰ ਆਉਂਦੀ ਸੀ | ਪਰ ਤਕਨੀਕ ਦੇ ਨਾਲ ਕੱਢੀ ਹੋਈ ਫੁਲਕਾਰੀ ਦੇ ਵਿਚ ਉਹ ਗੱਲ ਕਿੱਥੇ?  
ਅੱਜ ਕਿਸੇ ਮੁਟਿਆਰ ਕੋਲ ਫੁਲਕਾਰੀ ਕੱਢਣ ਦਾ ਸਮਾਂ ਨਹੀਂ ਹੈ | ਸਭ ਕੁਝ ਬਣਿਆ ਬਣਾਇਆ ਬਾਜ਼ਾਰਾਂ ਵਿਚੋਂ ਮਿਲ ਜਾਂਦਾ ਹੈ | ਇਸੇ ਕਰਕੇ ਇਨ੍ਹਾਂ ਕਾਰਜਾਂ ਨੂੰ ਵਾਧੂ ਤੇ ਸਿਰ ਖਪਾਈ ਗਿਣਿਆ ਜਾਣ ਲੱਗਾ ਹੈ | ਅੱਜ ਤਾਂ ਟੀ. ਵੀ. ਦੇ ਵੰਨ-ਸੁਵੰਨੇ ਚੈਨਲਾਂ, ਉਨ੍ਹਾਂ ਤੋਂ ਟੈਲੀਕਾਸਟ ਹੋ ਰਹੇ ਲੜੀਵਾਰਾਂ, ਮੋਬਾਈਲਾਂ, ਇੰਟਰਨੈੱਟਾਂ, ਫੇਸਬੁੱਕਾਂ, ਲੈਪਟੋਪਾਂ ਵਿਚ ਹੀ ਸਭ ਕੁਝ ਗੁਆਚ ਗਿਆ ਹੈ | ਪਰ ਫੁਲਕਾਰੀ ਦਾ ਵਿਰਸਾ ਏਡਾ ਮਹਾਨ ਤੇ ਨਰੋਆ ਹੈ ਕਿ ਉਹਦਾ ਵਜੂਦ ਖਤਮ ਕਰ ਸਕਣਾ ਸੰਭਵ ਨਹੀਂ | ਸਮੇਂ ਦੇ ਬਦਲਾਅ ਤੇ ਮਸ਼ੀਨੀ ਯੁੱਗ ਦੀ ਆਮਦ ਦੇ ਬਾਵਜੂਦ ਸਾਡੇ ਸੱਭਿਆਚਾਰ ਦਾ ਇਹ ਅਜੇ ਵੀ ਅਨਿੱਖੜਵਾਂ ਅੰਗ ਬਣ ਕੇ ਵਿਚਰ ਰਹੀ ਹੈ | ਪੰਜਾਬ ਵਿਚ ਹਾਲੇ ਵੀ ਪੁਰਾਤਨ ਵਿਰਸੇ ਨੂੰ ਪਿਆਰ ਕਰਨ ਵਾਲੇ ਲੋਕ ਹਨ ਜੋ ਪੁਰਾਤਨ ਵਸਤਾਂ ਵੀ ਸਾਂਭ ਕੇ ਰੱਖਦੇ ਹਨ | ਪੁਰਾਣੀਆਂ ਮਾਤਾਵਾਂ ਹਾਲੇ ਵੀ ਕਿਤੇ-ਕਿਤੇ ਇਸ ਆਲੋਪ ਹੋ ਰਹੇ ਵਿਰਸੇ ਨੂੰ , ਪੁਰਖਿਆਂ ਦੀ ਇਸ ਨਿਸ਼ਾਨੀ ਨੂੰ ਸਾਂਭੀ ਬੈਠੀਆਂ ਹਨ | ਬੇਸ਼ੱਕ ਕੁਝ ਵੀ ਹੋਵੇ ਫੁਲਕਾਰੀ ਸਾਡੇ ਸ਼ਗਨਾਂ ਦੀ ਨਿਸ਼ਾਨੀ ਸਦਾ ਹੀ ਰਹੇਗੀ |
ਅੱਜਕਲ੍ਹ ਅਜਾਇਬ ਘਰਾਂ ਵਿਚ ਜਾਂ ਵਿਆਹ ਸ਼ਾਦੀਆਂ ਮੌਕੇ ਮੈਰਿਜ ਪੈਲੇਸਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਕਰਨ ਵਾਲਿਆਂ ਦੀਆਂ ਸਟੇਜਾਂ 'ਤੇ ਫੁਲਕਾਰੀ ਦੀ ਝਲਕ ਮਿਲ ਸਕਦੀ ਹੈ | ਬਾਗ਼ ਦਹੇਜ ਵਿਚ ਦਿੱਤੀਆਂ ਜਾਣ ਵਾਲੀਆਂ ਗੱਡੀਆਂ ਦੀ ਸ਼ੋਭਾ ਵਧਾਉਂਦਾ ਹੈ ਜਾਂ ਫਿਰ ਸ਼ੋਅ ਰੂਮਾਂ ਦੀ ਸਜਾਵਟ ਨੂੰ ਵਧਾਉਂਦਾ ਹੈ | ਹੁਣ ਫਿਰ ਮੁਟਿਆਰਾਂ ਵਿਚ ਫੁਲਕਾਰੀ ਲੈਣ ਦਾ ਰਿਵਾਜ ਵਧ ਰਿਹਾ ਹੈ | ਅਜੋਕੀਆਂ ਮੁਟਿਆਰਾਂ ਇਸ ਨੂੰ ਫੈਸ਼ਨ ਵਜੋਂ ਲਈ ਜਾਣ ਵਾਲੀ ਚੀਜ਼ ਵਜੋਂ ਵਰਤਦੀਆਂ ਹਨ | ਇੱਥੋਂ ਤੱਕ ਕਿ ਕਈ ਨਾਮੀਂ ਡਿਜ਼ਾਈਨਰ ਵੀ ਫੁਲਕਾਰੀ ਹਾਊਸ, ਫੁਲਕਾਰੀ ਨੁਮਾਇਸ਼ਾਂ ਰਾਹੀਂ ਆਪਣੇ ਫੈਸ਼ਨ ਸ਼ੋਅਜ਼ ਦੌਰਾਨ ਫੁਲਕਾਰੀ ਦੀ ਕਢਾਈ ਨਾਲ ਵੱਖੋ-ਵੱਖਰੇ ਤਜਰਬੇ ਕਰ ਰਹੇ ਹਨ | ਇਹ ਵਿਸ਼ੇਸ਼ ਵੰਨਗੀ ਬਾਰੀਕੀ ਅਤੇ ਕੋਮਲਤਾ ਦੀ ਮੰਗ ਕਰਦੀ ਹੈ ਅਤੇ ਇਸੇ ਵਿਲੱਖਣਤਾ ਕਾਰਨ ਪੰਜਾਬ ਦੀ ਕਢਾਈ ਸਭ ਤੋਂ ਜ਼ਿਆਦਾ ਮੰਗ ਵਾਲੇ ਕਢਾਈ ਰੂਪਾਂ ਵਿਚੋਂ ਇਕ ਬਣ ਚੁੱਕੀ ਹੈ |
ਆਓ, ਅਸੀਂ ਆਪਣੇ ਪੁਰਾਣੇ ਅਮੀਰ ਤੇ ਖੁਬਸੂਰਤ ਵਿਰਸੇ ਨੂੰ ਘੋਖ ਕੇ ਉਸ ਦਾ ਨਿੱਠ ਕੇ ਅਧਿਐਨ ਕਰੀਏ ਤੇ ਉਸ ਨੂੰ ਮੁੜ ਜਿਊਾਦਾ ਕਰਨ ਲਈ ਹੰਭਲਾ ਮਾਰੀਏ | ਫੁਲਕਾਰੀ ਨਿਸ਼ਚੇ ਹੀ ਸਹਿਯੋਗ, ਮੁਹੱਬਤ, ਸਾਂਝ, ਸਹਿਜ, ਸਿਰਜਣਾਤਮਿਕਤਾ ਤੇ ਸਿਦਕਦਿਲੀ ਦਾ ਇਕ ਅਨੂਠਾ ਸੁਮੇਲ ਹੈ, ਜਿਸ ਨੂੰ ਸੰਭਾਲਣਾ ਸਾਡਾ ਸਭ ਦਾ ਪਹਿਲਾ ਫ਼ਰਜ਼ ਹੀ ਨਹੀਂ ਜ਼ਿੰਮੇਵਾਰੀ ਵੀ ਹੈ |
(ਸਮਾਪਤ)

ਮੋਬਾਈਲ : 94178-31583.

ਵਾਤਾਵਰਨ ਦੀਆਂ ਪਰਤਾਂ ਵਿਚ ਲਿਪਟਿਆ ਹੋਇਆ ਹੈ, ਸਾਡਾ ਧਰਤ ਗੋਲਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਧਰਤੀ ਮਾਂ ਦੇ ਇਹ ਵਸਤਰ ਲੀਰੋ ਲੀਰ ਨਾ ਕਰੋ: ਮਨੁੱਖ ਦਾ ਇਹ ਫਰਜ਼ ਬਣਦਾ ਹੈ ਕਿ ਉਹ ਧਰਤ ਮਾਂ ਦੇ ਇਹ ਬਸਤਰ ਲੀਰੋ ਲੀਰ ਨਾ ਕਰੇ | ਸਾਡੇ ਬ੍ਰਹਿਮੰਡ ਵਿਚ ਹੁਣ ਤੱਕ ਦੀ ਜਾਣਕਾਰੀ ਅਨੁਸਾਰ, ਧਰਤੀ ਹੀ ਇਕ ਅਜਿਹਾ ਗ੍ਰਹਿ ਹੈ, ਜਿਸ ਕੋਲ ਏਨਾ ਖੂਬਸੂਰਤ ਵਾਤਾਵਰਨ ਹੈ ਤੇ ਜੀਵਨ ਹੈ | ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ | ਸੂਰਜ ਮੰਡਲ ਦੇ ਦੂਸਰੇ ਗ੍ਰਹਿਆਂ ਕੋਲ ਤਾਂ ਪਾਣੀ ਦੀ ਇਕ ਬੂੰਦ, ਹਵਾਵਾਂ ਦੀ ਦਾਤ, ਬਨਸਪਤੀ, ਪਸ਼ੂ ਪੰਛੀ, ਮੌਸਮਾਂ ਦੀ ਰੰਗੀਨੀ ਵਗੈਰਾ, ਕੁਝ ਵੀ ਨਹੀਂ ਹੈ | ਇਹ ਅਮੀਰੀ ਸਿਰਫ ਸਾਡੀ ਧਰਤੀ ਮਾਂ ਕੋਲ ਹੀ ਹੈ |
ਇਸ ਪੜਾਅ ਤੱਕ ਪਹੁੰਚਣ ਲਈ ਮਨੁੱਖ ਨੂੰ ਕਰੋੜਾਂ ਸਾਲ ਲੱਗੇ ਹਨ | ਜਿਵੇਂ ਅਸੀਂ ਜਾਣਦੇ ਹਾਂ, ਕਿ ਕਦੇ ਸਾਡੀ ਧਰਤੀ ਵੀ ਗੈਸਾਂ ਦਾ ਅਤੇ ਅੱਗ ਦਾ ਇਕ ਗੋਲਾ ਸੀ | ਹੌਲੀ ਹੌਲੀ ਇਹ ਠੰਢੀ ਹੋਈ | ਗੈਸਾਂ ਦੇ ਮਿਸ਼ਰਣ ਹੁੰਦੇ ਰਹੇ, ਕੁਝ ਗੈਸਾਂ ਘਟੀਆਂ, ਕੁਝ ਵਧੀਆਂ ਤੇ ਕੁਝ ਬਿਲਕੁੱਲ ਹੀ ਖ਼ਤਮ ਹੋ ਗਈਆਂ | ਹਾਈਡਰੋਜਨ, ਨਾਈਟ੍ਰੋਜਨ, ਆਕਸੀਜਨ, ਕਾਰਬਨਡਾਇਆਕਸਾਈਡ ਹੁਣ ਵੀ ਹਨ, ਜਦ ਕਿ ਹੀਲੀਅਮ, ਨਿਆਨ, ਮੀਥਾਨ, ਰੇਡਾਨ ਵਰਗੀਆਂ ਗੈਸਾਂ ਨਹੀਂ ਰਹੀਆਂ | ਹਾਈਡਰੋਜਨ ਅਤੇ ਆਕਸੀਜਨ ਨੇ ਮਿਲ ਕੇ ਪਾਣੀ ਨੂੰ ਜਨਮ ਦਿੱਤਾ ਅਤੇ ਪਾਣੀ ਨੇ ਅੱਗੋਂ ਜੀਵਨ ਨੂੰ ਤੋਰਿਆ | ਇਸੇ ਕਰਕੇ ਤਾਂ ਪਵਣ ਗੁਰੂ, ਪਾਣੀ ਪਿਤਾ ਤੇ ਧਰਤੀ ਮਾਤਾ ਹੈ |
ਇਹ ਜੋ ਨਦੀਆਂ, ਜੰਗਲ, ਪਹਾੜ, ਝਰਨੇ, ਬਾਰਿਸ਼ਾਂ ਅਤੇ ਖ਼ੂਬਸੂਰਤ ਸੰਸਾਰ ਹੈ, ਇਹ ਸਭ ਇਸੇ ਵਾਤਾਵਰਨ ਦੀ ਦੇਣ ਹਨ | ਅੱਜ ਦਾ ਮਨੁੱਖ ਅਰਬਾਂ-ਖਰਬਾਂ ਸਾਲਾਂ ਦੇ ਇਸ ਸਫਰ ਨੂੰ ਸਮਝਣ ਦੀ ਬਜਾਏ, ਖਤਮ ਕਰਨ ਦੇ ਰਾਹ ਪਿਆ ਹੋਇਆ ਹੈ | ਅੱਜ ਅਸੀਂ ਨਿੱਜੀ ਸਹੂਲਤਾਂ ਲਈ ਗਰੀਨ ਹਾਊਸ ਗੈਸਾਂ ਪੈਦਾ ਕਰ ਰਹੇ ਹਾਂ | ਧੂੰਆਂ ਛੱਡਦੀਆਂ ਗੱਡੀਆਂ, ਫਰੀਜ਼ਰਾਂ ਵਿਚ ਵਰਤੀਆਂ ਜਾਣ ਵਾਲੀਆਂ ਗੈਸਾਂ ਜਾਂ ਕੀਟਨਾਸ਼ਕ ਦਵਾਈਆਂ, ਸਭ ਸਾਡੇ ਵਾਤਾਵਰਨ ਅਤੇ ਓਜ਼ੋਨ ਪੱਟੀ ਦੇ ਦੁਸ਼ਮਣ ਹਨ | ਜੇ ਓਜ਼ੋਨ ਵਿਚ ਮਘੋਰੇ ਪੈ ਗਏ ਤੇ ਅਲਟਰਾ ਵਾਇਲਟ ਕਿਰਨਾਂ ਜਾਂ ਰੇਡੀਏਸ਼ਨ ਧਰਤੀ 'ਤੇ ਪਹੁੰਚਣ ਲੱਗ ਪਈ ਤਾਂ ਜੀਵਨ ਵਿਚ ਕੋਹਰਾਮ ਮਚ ਜਾਏਗਾ | ਸੂਰਜ 'ਤੇ ਚਲਦੇ ਅਗਨੀ ਦੇ ਤੂਫਾਨ ਧਰਤੀ ਨੂੰ ਲੂਹ ਸੁੱਟਣਗੇ | ਸੰਚਾਰ ਸਾਧਨ ਖਤਮ ਹੋ ਜਾਣਗੇ | ਉੱਚਤਮ ਤਾਪ ਪਾਣੀ ਨੂੰ ਤੇ ਹਵਾ ਨੂੰ ਸੋਖ ਲਵੇਗਾ | ਅਗਰ ਨਾ-ਸਮਝ ਮਨੁੱਖ ਇਸ ਪਾਗਲਪਣ ਤੋਂ ਨਾ ਹਟਿਆ ਤੇ ਆਪਣੀ ਹੀ ਮਾਂ ਦੇ ਇਹ ਪਰਤਾਂ ਰੂਪੀ ਕੱਪੜੇ ਆਪਣੀ ਸੁੱਖ ਸਹੂਲਤ ਲਈ ਲੀਰੋ ਲੀਰ ਕਰਦਾ ਰਿਹਾ, ਤਾਂ ਕੁਦਰਤ ਦੀ ਅਜਿਹੀ ਮਾਰ ਵੱਗੇਗੀ ਕਿ ਕੁਝ ਵੀ ਨਹੀਂ ਬਚੇਗਾ | ਆਪਣੀ ਮਾਂ ਦੇ ਕੱਜਣ ਉਤਾਰਨ ਦੀ ਸਜ਼ਾ ਮਨੁੱਖ ਨੂੰ ਜ਼ਰੂਰ ਮਿਲੇਗੀ, ਇਹ ਗੱਲ ਸਾਨੂੰ ਸਮਝ ਲੈਣੀ ਚਾਹੀਦੀ ਹੈ |
ਸਾਡੀ ਲਾਪ੍ਰਵਾਹੀ ਕਾਰਨ ਧਰਤੀ ਦਾ ਤਾਪ ਵਧ ਰਿਹਾ ਹੈ, ਜਿਸ ਨੂੰ ਅਸੀਂ ਗਲੋਬਲ ਵਾਰਮਿੰਗ ਵੀ ਆਖਦੇ ਹਾਂ | ਗਲੇਸ਼ੀਅਰ ਅਤੇ ਧਰੁਵਾਂ 'ਤੇ ਜੰਮੀ ਬਰਫ ਦੇ ਪਿਘਲਣ ਕਾਰਨ, ਸਮੁੰਦਰੀ ਸਤਹ ਉੱਚੀ ਹੋ ਰਹੀ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿਚ ਅਨੇਕਾਂ ਸ਼ਹਿਰ ਸਮੁੰਦਰਾਂ ਵਿਚ ਗਰਕ ਹੋ ਜਾਣਗੇ | ਪ੍ਰਦੂਸ਼ਣ ਦਿਨੋ-ਦਿਨ ਵਧ ਰਿਹਾ ਹੈ, ਜੀਵ ਪ੍ਰਜਾਤੀਆਂ ਮਰ ਰਹੀਆਂ ਹਨ | ਅਸੀਂ ਪੀਣ ਵਾਲੇ ਪਾਣੀ ਅਤੇ ਉਪਜਾਊ ਮਿੱਟੀ ਵਿਚ ਜ਼ਹਿਰਾਂ ਬੀਜ ਦਿੱਤੀਆਂ ਹਨ | ਜਿਵੇਂ ਪੰਜਾਬੀ ਦੀ ਕਹਾਵਤ ਹੈ ਕਿ ਆਪਣੇ ਪੈਰ ਆਪ ਕੁਹਾੜਾ ਮਾਰਨਾ, ਅਸੀਂ ਉਹੋ ਕੁਝ ਕਰ ਰਹੇ ਹਾਂ |
ਜੇਕਰ ਅਸੀਂ ਨਾ ਰੁਕੇ, ਤਾਂ ਆਉਣ ਵਾਲੇ ਸਮੇਂ ਵਿਚ ਬਹੁਤ ਸਾਰੀਆਂ ਮੌਸਮੀਂ ਤਬਦੀਲੀਆਂ ਦੇ ਨਾਲ ਨਾਲ, ਕੁਦਰਤੀ ਆਫਤਾਂ ਦਾ ਵੀ ਸਾਹਮਣਾ ਕਰਨਾ ਪਵੇਗਾ ਜਿਸ ਵਿਚ ਹੜ੍ਹ, ਭੁਚਾਲ, ਸੋਕੇ, ਜ਼ਮੀਨ ਖਿਸਕਣਾ, ਭਿਆਨਕ ਕੈਂਸਰ ਅਤੇ ਚਮੜੀ ਰੋਗ ਹੋਣਗੇ | ਦੁਨੀਆਂ ਤ੍ਰਾਹ-ਤ੍ਰਾਹ ਕਰ ਉੱਠੇਗੀ | ਸਾਡੀ ਧਰਤੀ ਦਾ ਇਹ ਵਾਤਾਵਰਨ ਨਸ਼ਟ ਵੀ ਹੋ ਸਕਦਾ ਹੈ ਜਿਸ ਦਾ ਸਿੱਧਾ ਮਤਲਬ ਹੈ ਕਿ ਧਰਤੀ ਤੋਂ ਜੀਵਨ ਦੀ ਸਮਾਪਤੀ ਹੋ ਜਾਵੇਗੀ | ਤੇ ਇਹ ਵੀ ਮੰਗਲ, ਚੰਦਰਮਾ ਜਾਂ ਹੋਰ ਗ੍ਰਹਿਆਂ ਵਰਗਾ ਹੀ ਬਾਂਝ ਗ੍ਰਹਿ ਹੋ ਜਾਵੇਗਾ | ਮੁੜ ਜੀਵਨ ਸ਼ੁਰੂ ਹੋਣ ਨੂੰ ਅਰਬਾਂ ਸਾਲ ਲੱਗ ਸਕਦੇ ਹਨ, ਪਰ ਉਹ ਵੀ ਕੋਈ ਜ਼ਰੂਰੀ ਨਹੀਂ | ਮਨੁੱਖ ਨੂੰ ਆਪਣੀਆਂ ਬੇਵਕੂਫ਼ੀਆਂ ਹਰ ਹਾਲਤ ਵਿਚ ਰੋਕਣੀਆਂ ਪੈਣਗੀਆਂ |
ਆਉ! ਸਭ ਮਿਲ ਕੇ ਲੋਕਾਂ ਨੂੰ ਜਾਗਿ੍ਤ ਕਰੀਏ, ਕਿ ਉਹ ਧਰਤੀ ਦੇ ਇਨ੍ਹਾਂ ਫਿਲਟਰਾਂ ਨੂੰ ਭਾਵ ਵਾਤਾਵਰਨੀ ਪਰਤਾਂ ਨੂੰ ਬਚਾ ਕੇ ਰੱਖਣ, ਨਹੀਂ ਤਾਂ ਸਾਨੂੰ ਮਹਾਂ ਵਿਨਾਸ਼ ਤੋਂ ਕੋਈ ਵੀ ਨਹੀਂ ਬਚਾ ਸਕੇਗਾ | ਸਾਡੀ ਧਰਤੀ ਮਾਂ ਇਨ੍ਹਾਂ ਬਸਤਰਾਂ ਵਿਚ ਹੀ ਸੋਂਹਦੀ ਹੈ | ਜੇ ਅਸੀਂ ਹਾਂ ਤਾਂ ਹੀ ਬੋਲੀ, ਇਖਲਾਕ, ਧਰਮ, ਲੋਕ ਕਲਾਵਾਂ, ਨਾਚ ਸੰਗੀਤ ਅਤੇ ਸਾਹਿਤ ਸਭ ਕੁਝ ਹੈ, ਜੇ ਅਸੀਂ ਹੀ ਨਾ ਰਹੇ ਤਾਂ ਫੇਰ ਕੁਝ ਵੀ ਨਹੀਂ ਰਹੇਗਾ |
ਵਾਤਾਵਰਨ ਦੀ ਹਰ ਤਹਿ ਦਾ ਆਪਣਾ ਮਹੱਤਵ ਹੈ ਤੇ ਇਹ ਸਾਰੀਆਂ ਤਹਿਆਂ, ਸਾਡੀ ਸੁਰੱਖਿਆ ਲਈ ਹੀ ਬਣੀਆਂ ਹਨ | ਉਲਕਾ ਪਿੰਡਾਂ ਦੇ ਧਰਤ 'ਤੇ ਹਮਲੇ, ਰੇਡੀਏਸ਼ਨ ਅਤੇ ਅਲਟਰਾਵਾਇਲਟ ਕਿਰਨਾਂ ਦੀ ਬਰਬਾਦੀ, ਸੰਚਾਰ ਸਾਧਨਾਂ ਦਾ ਖਾਤਮਾ, ਹਵਾਈ ਉਡਾਣਾਂ ਦਾ ਖਾਤਮਾ, ਮੌਸਮਾਂ ਦੀ ਮਾਰ ਤੇ ਅਨੇਕਾਂ ਕੁਦਰਤੀ ਆਫਤਾਂ ਸਾਡੀਆਂ ਬਰੂਹਾਂ 'ਤੇ ਖੜ੍ਹੀਆਂ ਇੰਤਜ਼ਾਰ ਕਰ ਰਹੀਆਂ ਹਨ | ਹੁਣ ਅਸੀਂ ਦੇਖਣਾ ਹੈ ਕਿ ਮਨੁੱਖਤਾ ਨੂੰ ਇਨ੍ਹਾਂ ਤੋਂ ਕਿਵੇਂ ਬਚਾਉਣਾ ਹੈ ਅਤੇ ਸਾਡੀ ਧਰਤੀ ਮਾਂ ਨੂੰ ਜੀਣਯੋਗ ਹਾਲਤਾਂ ਵਿਚ, ਅਗਲੀਆਂ ਪੀੜ੍ਹੀਆਂ ਦੇ ਕਿਵੇਂ ਸਪੁਰਦ ਕਰਨਾ ਹੈ | ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਅਸੀਂ ਆਪਣੇ ਵਾਤਾਵਰਨ ਦੀਆਂ ਸਾਰੀਆਂ ਪਰਤਾਂ ਨੂੰ ਬਚਾ ਸਕੇ | ਇਹ ਅਹਿਦ ਸਾਨੂੰ ਕਰਨਾ ਹੀ ਪਵੇਗਾ | (ਸਮਾਪਤ)

-ਫੋਨ : 001-416-727-2071
major.mangat@gmail.com


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX