ਤਾਜਾ ਖ਼ਬਰਾਂ


ਅਕਾਲੀ ਅਤੇ ਭਾਜਪਾ ਵਿਧਾਇਕ ਸਦਨ 'ਚੋਂ ਗਏ ਬਾਹਰ
. . .  2 minutes ago
ਹੰਗਾਮੇ ਕਾਰਨ ਸਦਨ ਦੀ ਕਾਰਵਾਈ ਦੁਪਹਿਰ ਇੱਕ ਵਜੇ ਤੱਕ ਲਈ ਮੁਲਤਵੀ
. . .  5 minutes ago
ਸਪੀਕਰ ਨੇ ਅਕਾਲੀ ਅਤੇ ਭਾਜਪਾ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਕੱਢਣ ਲਈ ਬੁਲਾਏ ਗਏ ਮਾਰਸ਼ਲ
. . .  5 minutes ago
ਸਪੀਕਰ ਨੇ ਅਕਾਲੀ ਅਤੇ ਭਾਜਪਾ ਵਿਧਾਇਕਾਂ ਨੂੰ ਸਦਨ 'ਚੋਂ ਬਾਹਰ ਜਾਣ ਲਈ ਕਿਹਾ
. . .  5 minutes ago
ਸਪੀਕਰ ਦੀ ਅਕਾਲੀ ਵਿਧਾਇਕਾਂ ਨੂੰ ਚਿਤਾਵਨੀ- ਜੇਕਰ ਰੌਲਾ-ਰੱਪਾ ਬੰਦ ਨਾ ਕੀਤਾ ਗਿਆ ਤਾਂ ਸਦਨ 'ਚੋਂ ਕੱਢਿਆ ਜਾਵੇਗਾ ਬਾਹਰ
. . .  8 minutes ago
ਸਪੀਕਰ ਵਲੋਂ ਮਾਹੌਲ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼
. . .  10 minutes ago
ਬਜਟ ਦੌਰਾਨ ਸਿੱਧੂ ਅਤੇ ਬਿਕਰਮ ਮਜੀਠੀਆ ਵਿਚਾਲੇ ਵੱਡੀ ''ਤੂੰ-ਤੂੰ ਮੈਂ-ਮੈਂ''
. . .  11 minutes ago
ਭੂਮੀ ਹੀਣ ਖੇਤ ਮਜ਼ਦੂਰ ਕਿਸਾਨਾਂ ਦਾ ਕਰਜ਼ਾ ਹੋਵੇਗਾ ਮੁਆਫ਼- ਮਨਪ੍ਰੀਤ ਬਾਦਲ
. . .  12 minutes ago
ਸਾਲ 2019-20 ਲਈ 1,58,493 ਕਰੋੜ ਰੁਪਏ ਦਾ ਬਜਟ ਪੇਸ਼- ਮਨਪ੍ਰੀਤ ਬਾਦਲ
. . .  13 minutes ago
ਪਿਛਲੀ ਸਰਕਾਰ ਨੇ ਸੂਬੇ ਦੀ ਆਰਥਿਕਤਾ ਨੂੰ ਦਿੱਤੇ ਕਈ ਜ਼ਖ਼ਮ- ਮਨਪ੍ਰੀਤ ਬਾਦਲ
. . .  14 minutes ago
ਹੋਰ ਖ਼ਬਰਾਂ..

ਸਾਡੀ ਸਿਹਤ

ਬਚੋ ਦਿਲ ਦੇ ਰੋਗ ਤੋਂ

ਮਨੁੱਖ ਦਾ ਦਿਲ ਇਕ ਪੰਪ ਵਾਂਗ ਹੈ, ਜਿਸ ਦਾ ਕੰਮ ਹੈ ਪੂਰੇ ਸਰੀਰ ਨੂੰ ਖੂਨ ਸਪਲਾਈ ਕਰਨਾ। ਸਾਡੇ ਸਰੀਰ ਵਿਚ ਖੂਨ ਦੀਆਂ ਨਾੜੀਆਂ ਟਿਊਬ ਵਾਂਗ ਹੁੰਦੀਆਂ ਹਨ। ਦਿਲ ਇਨ੍ਹਾਂ ਵਿਚ ਖੂਨ ਪਹੁੰਚਾਉਂਦਾ ਹੈ। ਇਹ ਟਿਊਬਾਂ ਸਰੀਰ ਦੇ ਸਾਰੇ ਮੁੱਖ ਭਾਗਾਂ ਦਿਮਾਗ, ਗੁਰਦੇ, ਫੇਫੜੇ, ਦਿਲ ਦੀਆਂ ਮਾਸਪੇਸ਼ੀਆਂ ਅਤੇ ਸਰੀਰ ਦੇ ਹੋਰ ਭਾਗਾਂ ਵਿਚ ਖੂਨ ਭੇਜਣ, ਲਿਆਉਣ ਦਾ ਕੰਮ ਕਰਦੀਆਂ ਹਨ।
ਦਿਲ ਦੀਆਂ ਮਾਸਪੇਸ਼ੀਆਂ ਨੂੰ ਵੀ ਦੂਜੀਆਂ ਮਾਸਪੇਸ਼ੀਆਂ ਵਾਂਗ ਲਗਾਤਾਰ ਆਕਸੀਜਨ ਅਤੇ ਪੋਸ਼ਣ ਦੀ ਲੋੜ ਰਹਿੰਦੀ ਹੈ। ਦਿਲ ਦੀਆਂ ਪ੍ਰਮੁੱਖ ਤਿੰਨ ਨਾੜੀਆਂ ਰੁੱਖ ਦੀਆਂ ਟਹਿਣੀਆਂ ਵਾਂਗ ਅੱਗੇ ਜਾ ਕੇ ਕੁਝ ਹਿੱਸਿਆਂ ਵਿਚ ਵੰਡੀਆਂ ਜਾਂਦੀਆਂ ਹਨ। ਇਹ ਸਰੀਰ ਦੇ ਸਾਰੇ ਭਾਗਾਂ ਵਿਚ ਆਕਸੀਜਨ ਯੁਕਤ ਖੂਨ ਪਹੁੰਚਾਉਣ ਵਿਚ ਸਹਾਇਕ ਹੁੰਦੀਆਂ ਹਨ।
ਅੰਜਾਇਨਾ : ਅੰਜਾਇਨਾ ਦੇ ਲੱਛਣਾਂ ਦੀ ਪਛਾਣ ਬਹੁਤ ਜ਼ਰੂਰੀ ਹੈ। ਜੇ ਅੰਜਾਇਨਾ ਦੇ ਪ੍ਰਤੀ ਲਾਪ੍ਰਵਾਹੀ ਵਰਤੀ ਜਾਵੇ ਤਾਂ ਦਿਲ ਦੇ ਦੌਰੇ ਦਾ ਜ਼ਬਰਦਸਤ ਖਤਰਾ ਰਹਿੰਦਾ ਹੈ। ਇਸ ਲਈ ਇਸ ਤੋਂ ਆਰਾਮ ਪਾਉਣ ਲਈ ਅਤੇ ਜੀਵਨ ਨੂੰ ਖਤਰੇ ਤੋਂ ਬਚਾਉਣ ਲਈ ਤੁਰੰਤ ਪਛਾਣ ਅਤੇ ਕਾਰਵਾਈ ਜ਼ਰੂਰੀ ਹੈ।
ਅੰਜਾਇਨਾ ਦਾ ਸ਼ੱਕ ਉਦੋਂ ਹੁੰਦਾ ਹੈ ਜਦੋਂ ਵਿਅਕਤੀ ਨੂੰ ਸਰੀਰਕ ਜਾਂ ਮਾਨਸਿਕ ਕੰਮ ਕਰਨ ਅਤੇ ਠੰਢ ਵਿਚ ਐਕਸਪੋਜ਼ਰ ਨਾਲ ਛਾਤੀ ਵਿਚ ਦਰਦ, ਭਾਰੀਪਨ ਅਤੇ ਜਕੜਨ ਅਤੇ ਸਾਹ ਲੈਣ ਵਿਚ ਮੁਸ਼ਕਿਲ ਹੋਣ ਲੱਗੇ ਅਤੇ ਇਹ ਲੱਛਣ ਆਰਾਮ ਕਰਨ ਜਾਂ 10 ਮਿੰਟ ਦੇ ਅੰਦਰ ਸਾਰਬਿਟ੍ਰੇਟ ਜਾਂ ਇੰਗਾਇਜ਼ਡ ਜੀਭ ਦੇ ਹੇਠ ਰੱਖਣ ਨਾਲ ਗਾਇਬ ਹੋ ਜਾਵੇ।
ਅੰਜਾਇਨਾ ਦੀ ਦਰਦ ਹਲਕੀ ਜਾਂ ਤੇਜ਼ ਦੋਵੇਂ ਤਰ੍ਹਾਂ ਦੀ ਹੋ ਸਕਦੀ ਹੈ ਜਦੋਂ ਕਿ ਦਿਲ ਦੇ ਦੌਰੇ ਵਿਚ ਹੋਣ ਵਾਲੀ ਦਰਦ ਬਹੁਤ ਤੇਜ਼ ਹੁੰਦੀ ਹੈ। ਆਮ ਤੌਰ 'ਤੇ ਇਹ ਦਰਦ ਛਾਤੀ ਦੇ ਵਿਚਕਾਰਲੇ ਹਿੱਸੇ ਵਿਚੋਂ ਹੋ ਕੇ ਖੱਬੇ ਹੱਥ ਤੱਕ ਫੈਲ ਜਾਂਦੀ ਹੈ। ਕਦੇ-ਕਦੇ ਇਹ ਹੇਠਲੇ ਜਬਾੜੇ ਜਾਂ ਸਿੱਧੇ ਹੱਥ ਤੱਕ ਮਹਿਸੂਸ ਹੋ ਸਕਦੀ ਹੈ। ਦਰਦ 5 ਤੋਂ 10 ਮਿੰਟ ਤੱਕ ਰਹਿੰਦੀ ਹੈ। ਅੰਜਾਇਨਾ ਦੇ ਲੱਛਣ ਹਨ-
* ਸਾਹ ਵਿਚ ਰੁਕਾਵਟ ਹੋਣਾ ਜਾਂ ਉਸ ਦੀ ਕਮੀ ਮਹਿਸੂਸ ਹੋਣਾ।
* ਪਸੀਨਾ ਆਉਣਾ।
* ਕਮਜ਼ੋਰੀ ਮਹਿਸੂਸ ਹੋਣਾ।
* ਚੱਕਰ ਆਉਣਾ, ਮੂਰਛਤ ਹੋ ਜਾਣਾ।
* ਉਲਟੀ ਆਉਣੀ ਜਾਂ ਉਲਟੀ ਆਉਣ ਨੂੰ ਕਰਨੀ।
* ਛਾਤੀ ਅਤੇ ਪੇਟ ਦੇ ਉਪਰਲੇ ਹਿੱਸੇ ਵਿਚ ਅਸਾਧਾਰਨ ਭਾਰੀਪਨ।
ਦਿਲ ਦਾ ਦੌਰਾ : ਸਰੀਰ ਵਿਚ ਕੋਲੈਸਟ੍ਰੋਲ ਜੋ ਵੈਕਸ ਦੀ ਤਰ੍ਹਾਂ ਦਾ ਇਕ ਪਦਾਰਥ ਹੁੰਦਾ ਹੈ, ਦੇ ਦਿਲ ਦੀਆਂ ਨਾੜੀਆਂ ਵਿਚ ਜਮ੍ਹਾਂ ਹੋਣ ਨਾਲ ਨਾੜੀਆਂ ਸੁੰਗੜ ਜਾਂਦੀਆਂ ਹਨ। ਨਾੜੀਆਂ ਵਿਚ ਕੋਲੈਸਟ੍ਰੋਲ ਦਾ ਜਮ੍ਹਾਂ ਹੋਣਾ ਬਚਪਨ ਤੋਂ ਸ਼ੁਰੂ ਹੋ ਕੇ ਹੌਲੀ-ਹੌਲੀ ਵਧਦਾ ਹੈ। ਜਦੋਂ ਇਕ ਜਾਂ ਇਕ ਤੋਂ ਜ਼ਿਆਦਾ ਨਾੜੀਆਂ 70 ਫੀਸਦੀ ਤੋਂ ਵੱਧ ਬੰਦ ਹੋ ਜਾਂਦੀਆਂ ਹਨ ਤਾਂ ਖੂਨ ਦਾ ਸੰਚਾਰ ਪ੍ਰਭਾਵਿਤ ਹੋਣ ਨਾਲ ਦਿਲ ਦੀਆਂ ਮਾਸਪੇਸ਼ੀਆਂ ਨੂੰ ਪੰਪਿੰਗ ਲਈ ਘੱਟ ਆਕਸੀਜਨ ਮਿਲਦੀ ਹੈ। ਇਸ ਤਰ੍ਹਾਂ ਦੀ ਹਾਲਤ ਨੂੰ ਅੰਜਾਇਨਾ ਕਹਿੰਦੇ ਹਨ।
ਜਦੋਂ ਇਕ ਕਾਰੋਨਰੀ ਨਾੜੀ ਪੂਰੀ ਤਰ੍ਹਾਂ ਬੰਦ ਹੋ ਜਾਂਦੀ ਹੈ ਤਾਂ ਉਸ ਨਾੜੀ ਦੁਆਰਾ ਦਿਲ ਨੂੰ ਖੂਨ ਦੀ ਪੂਰਤੀ ਰੁਕਣ ਲਗਦੀ ਹੈ ਅਤੇ ਦਿਲ ਦੇ ਇਕ ਹਿੱਸੇ ਨੂੰ ਖੂਨ ਸਪਲਾਈ ਰੁਕਣ ਲਗਦੀ ਹੈ ਅਤੇ ਦਿਲ ਦੇ ਇਕ ਹਿੱਸੇ ਨੂੰ ਆਕਸੀਜਨ ਨਹੀਂ ਮਿਲਦੀ। ਇਸ ਨਾਲ ਉਹ ਹਿੱਸਾ ਮਰ ਜਾਂਦਾ ਹੈ। ਕਾਰੋਨਰੀ ਨਾੜੀ ਦੇ ਬੰਦ ਹੋਣ ਨਾਲ ਦਿਲ ਦੀਆਂ ਮਾਸਪੇਸ਼ੀਆਂ ਦੇ ਮਰਨ ਨੂੰ ਹੀ ਦਿਲ ਦਾ ਦੌਰਾ ਕਹਿੰਦੇ ਹਨ।
ਕਾਰਨ : ਖਾਨਦਾਨੀ ਕਾਰਨ ਇਸ ਬਿਮਾਰੀ ਵਿਚ ਇਕ ਵੱਡਾ ਕਾਰਨ ਹੈ। ਮਾਪਿਆਂ ਜਾਂ ਖੂਨ ਦੇ ਰਿਸ਼ਤੇਦਾਰਾਂ ਵਿਚੋਂ ਕਿਸੇ ਨੂੰ ਇਹ ਬਿਮਾਰੀ ਹੋਵੇ ਤਾਂ ਇਸ ਬਿਮਾਰੀ ਦੀ ਸੰਭਾਵਨਾ ਵਧ ਜਾਂਦੀ ਹੈ।
ਦਿਲ ਦੇ ਰੋਗ ਲਈ ਆਧੁਨਿਕ ਜੀਵਨ ਸ਼ੈਲੀ, ਬਹੁਤ ਜ਼ਿਆਦਾ ਮਾਨਸਿਕ ਦਬਾਅ, ਖਾਣ-ਪੀਣ ਦੀ ਅਨਿਯਮਤਤਾ ਅਤੇ ਬੇਤਰਤੀਬ ਰਹਿਣ-ਸਹਿਣ ਵਾਲੀ ਜੀਵਨ ਸ਼ੈਲੀ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ। ਵਿਆਹ ਪਾਰਟੀਆਂ ਵਿਚ ਉਲਟਾ-ਸਿੱਧਾ, ਵੱਧ ਕੈਲੋਰੀ ਵਾਲਾ ਤੇਲੀ ਭੋਜਨ ਅਤੇ ਸਨੈਕਸ ਖਾਣਾ, ਘਰਾਂ ਵਿਚ ਜੰਕ ਫੂਡ ਦਾ ਵਧਦਾ ਰਿਵਾਜ, ਸ਼ਰਾਬ, ਸਿਗਰਟ, ਨੀਂਦ ਪੂਰੀ ਨਾ ਲੈਣਾ ਅਤੇ ਸਰੀਰਕ ਮਿਹਨਤ ਦੀ ਕਮੀ ਅਜਿਹੀਆਂ ਨੁਕਸਾਨਦੇਹ ਗੱਲਾਂ ਹਨ, ਜੋ ਦਿਲ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ।
* ਸ਼ੂਗਰ ਨਾਲ ਵੀ ਦਿਲ ਦੇ ਰੋਗ ਦਾ ਖਤਰਾ ਵਧਦਾ ਹੈ।
* ਉੱਚ ਖੂਨ ਦਬਾਅ ਦਿਲ ਦੇ ਰੋਗ ਦਾ ਇਕ ਵੱਡਾ ਕਾਰਨ ਹੈ।
* ਮੋਟਾਪਾ ਵੀ ਦਿਲ ਦੇ ਰੋਗਾਂ ਨੂੰ ਸੱਦਾ ਦਿੰਦਾ ਹੈ।
* ਵਧਿਆ ਹੋਇਆ ਕੋਲੈਸਟ੍ਰੋਲ ਦਿਲ ਦੇ ਦੌਰੇ ਦਾ ਕਾਰਨ ਬਣ ਸਕਦਾ ਹੈ।
ਬਚਾਅ ਲਈ : * ਭਾਰ 'ਤੇ ਕਾਬੂ ਰੱਖੋ, ਖਾਣ-ਪੀਣ ਸੰਤੁਲਤ ਰੱਖੋ। ਜੰਕ ਫੂਡ ਅਤੇ ਬੇਵਕਤ ਖਾਣ ਤੋਂ ਬਚੋ। ਭੁੱਖ ਹੋਣ 'ਤੇ ਹੀ ਖਾਓ। ਖਾਣੇ ਵਿਚ ਸਿਕਮੰਡ ਮਿਲਕ ਦਾ ਦਹੀਂ, ਪੁੰਗਰੇ ਅਨਾਜ, ਹਰੀਆਂ ਸਬਜ਼ੀਆਂ, ਸਲਾਦ ਫਲ ਆਦਿ ਲਓ। ਸ਼ਰਾਬ, ਤੰਬਾਕੂ ਤੋਂ ਤੌਬਾ ਕਰੋ। ਸ਼ੂਗਰ ਅਤੇ ਉੱਚ ਖੂਨ ਦਬਾਅ ਵਰਗੀਆਂ ਬਿਮਾਰੀਆਂ ਨੂੰ ਗੰਭੀਰਤਾ ਨਾਲ ਲਓ। ਇਨ੍ਹਾਂ ਦਾ ਸਹੀ ਇਲਾਜ ਕਰਵਾਓ ਅਤੇ ਡਾਕਟਰ ਦੀ ਸਲਾਹ ਮੁਤਾਬਿਕ ਚੱਲੋ।
* ਕਸਰਤ ਓਨੀ ਹੀ ਕਰੋ, ਜਿੰਨੀ ਤੁਸੀਂ ਆਰਾਮ ਨਾਲ ਕਰ ਸਕਦੇ ਹੋ। ਜਿਮ ਉਹੀ ਜੁਆਇਨ ਕਰੋ, ਜਿਥੇ ਮਾਹਿਰ ਉਸਤਾਦ ਹੋਵੇ।
* ਆਪਣੀ ਸੋਚ ਸਾਕਾਰਾਤਮਿਕ ਰੱਖੋ। ਸਿਹਤ ਲਈ ਗੁੱਸਾ ਚੰਗਾ ਨਹੀਂ। ਬੇਲੋੜੇ ਬਹੁਤ ਜ਼ਿਆਦਾ ਗੁੱਸੇ ਤੋਂ ਹਮੇਸ਼ਾ ਬਚੋ। ਗੁੱਸੇ 'ਤੇ ਕਾਬੂ ਪਾਉਣ ਲਈ ਧਿਆਨ ਇਕ ਕਾਰਗਰ ਵਿਧੀ ਹੈ।
* ਕੰਮ ਦੇ ਨਾਲ ਆਰਾਮ ਵੀ ਜ਼ਰੂਰੀ ਹੈ। 7-8 ਘੰਟੇ ਦੀ ਨੀਂਦ ਤਰੋਤਾਜ਼ਾ ਰਹਿਣ ਲਈ ਜ਼ਰੂਰੀ ਹੈ।
ਇਹ ਕਰੋ : * ਦਿਲ ਦਾ ਦੌਰਾ ਪੈਣ 'ਤੇ ਨਵਰਿਤ ਡਾਕਟਰੀ ਸਹਾਇਤਾ ਜਾਨ ਬਚਾਉਣ ਲਈ ਬੇਹੱਦ ਜ਼ਰੂਰੀ ਹੈ। ਉਦੋਂ ਤੱਕ ਮਰੀਜ਼ ਨੂੰ ਮੁੱਢਲੀ ਸਹਾਇਤਾ ਮਿਲਣੀ ਚਾਹੀਦੀ ਹੈ। ਸੀ.ਪੀ.ਆਰ. (ਕਾਰਡਿਓਂ ਪਲਮਨਰੀ ਰਿਸਸਿਟੇਸ਼ਨ) ਨਾਲ ਸਥਿਤੀ ਬਚ ਸਕਦੀ ਹੈ। ਮਰੀਜ਼ ਨੂੰ ਜ਼ਮੀਨ ਜਾਂ ਸਖ਼ਤ ਬੈੱਡ 'ਤੇ ਸਿੱਧਾ ਲਿਟਾਓ।
* ਪੈਰ ਉੱਪਰ ਰੱਖੋ ਜਿਸ ਨਾਲ ਦਿਮਾਗ ਤੱਕ ਖੂਨ ਪਹੁੰਚੇ।
* ਤਾਜ਼ੀ ਹਵਾ ਆਉਣ ਦਿਓ। ਆਲੇ-ਦੁਆਲੇ ਭੀੜ ਇਕੱਠੀ ਨਾ ਹੋਣ ਦਿਓ। ਸਿਰ ਦੇ ਹੇਠੋਂ ਸਿਰਹਾਣਾ ਹਟਾ ਦਿਓ ਅਤੇ ਸੀ.ਪੀ.ਆਰ. ਦੇ ਸੀ.ਬੀ.ਸੀ. (ਏਅਰਵੇ, ਬ੍ਰੀਦਿੰਗ ਅਤੇ ਸਰਕੂਲੇਸ਼ਨ) ਸ਼ੁਰੂ ਕਰੋ, ਇਹ ਆਸਾਨ ਤਕਨੀਕ ਸਾਰਿਆਂ ਨੂੰ ਸਿੱਖ ਲੈਣੀ ਚਾਹੀਦੀ ਹੈ।
ਪਰ ਇਹ ਨਾ ਕਰੋ : * ਮਰੀਜ਼ ਨੂੰ ਖੜ੍ਹਾ ਨਾ ਕਰੋ, ਨਾ ਬਿਠਾਓ।
* ਪਾਣੀ ਆਦਿ ਨਾ ਪਿਲਾਓ।
* ਡਾਕਟਰੀ ਸਹਾਇਤਾ ਦਿਵਾਉਣ ਵਿਚ ਸਮਾਂ ਨਾ ਲਗਾਓ, ਛੇਤੀ ਤੋਂ ਛੇਤੀ ਇਲਾਜ ਕਰਵਾਓ।


ਖ਼ਬਰ ਸ਼ੇਅਰ ਕਰੋ

ਕੁਝ ਘਰੇਲੂ ਨੁਸਖੇ ਅਤੇ ਪ੍ਰਹੇਜ਼ ਆਮ ਬਿਮਾਰੀਆਂ ਲਈ

ਸਰਦੀ ਵਿਚ ਪੀਓ ਗਰਮ ਪਾਣੀ
ਆਪਣੇ-ਆਪ ਨੂੰ ਸਰਦੀ ਵਿਚ ਹਾਈਡ੍ਰੇਟ ਕਰਨ ਲਈ ਗਰਮ ਪਾਣੀ ਪੀਓ। ਸਰੀਰ ਵਿਚੋਂ ਜ਼ਹਿਰੀਲੇ ਤੱਤ ਬਾਹਰ ਨਿਕਲਦੇ ਹਨ ਅਤੇ ਰੱਖਿਆ ਤੰਤਰ ਮਜ਼ਬੂਤ ਬਣਦਾ ਹੈ। ਮਿੱਠੇ ਪੀਣ ਵਾਲੇ ਪਦਾਰਥਾਂ ਤੋਂ ਬਚੋ, ਇਹ ਸਾਡੇ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਕਮਜ਼ੋਰ ਬਣਾਉਂਦੇ ਹਨ। ਗਰਮ ਪਾਣੀ ਨਾਲ ਸਰੀਰ ਵਿਚ ਗਰਮੀ ਦਾ ਸੰਚਾਰ ਬਣਿਆ ਰਹਿੰਦਾ ਹੈ। ਜ਼ੁਕਾਮ, ਖੰਘ ਵਿਚ ਵੀ ਗਰਮ ਪਾਣੀ ਸਹਾਇਕ ਹੁੰਦਾ ਹੈ।
ਪੇਟ ਖਰਾਬ ਹੋਣ 'ਤੇ
ਪੇਟ ਖਰਾਬ ਹੋਣ 'ਤੇ ਵਿਟਾਮਿਨ 'ਸੀ' ਨਾਲ ਭਰਪੂਰ ਫਲਾਂ ਦਾ ਸੇਵਨ ਕਰਨ ਤੋਂ ਬਚੋ। ਇਨ੍ਹਾਂ ਵਿਚ ਅਮਲੀਯ ਮਾਤਰਾ ਦੀ ਬਹੁਤਾਤ ਦੇ ਕਾਰਨ ਪੇਟ ਦੀ ਏਂਠਨ ਵਧ ਸਕਦੀ ਹੈ। ਪੇਟ ਖਰਾਬ ਹੋਣ 'ਤੇ ਟਮਾਟਰ ਅਤੇ ਟਮੈਟੋ ਸਾਸ ਦੀ ਵੀ ਵਰਤੋਂ ਨਾ ਕਰੋ। ਸਾਦੇ, ਹਲਕੇ ਅਤੇ ਗਰਮ ਭੋਜਨ ਦਾ ਸੇਵਨ ਲਾਭਦਾਇਕ ਹੁੰਦਾ ਹੈ। ਤਲੇ ਹੋਏ ਖਾਧ ਪਦਾਰਥ ਨਾ ਖਾਓ। ਭੁੰਨੇ ਖਾਧ ਪਦਾਰਥਾਂ ਦਾ ਸੇਵਨ ਕਰੋ।
ਗਲੇ ਵਿਚ ਦਰਦ ਹੋਣ 'ਤੇ
ਗਲੇ ਦਾ ਦਰਦ ਕਾਫੀ ਮੁਸ਼ਕਿਲ ਖੜ੍ਹੀ ਕਰ ਦਿੰਦਾ ਹੈ। ਕੁਝ ਵੀ ਨਿਗਲਣ ਵਿਚ ਦਰਦ ਹੁੰਦੀ ਹੈ। ਅਜਿਹੇ ਵਿਚ ਤਰਲ ਗਰਮ ਪੀਣ ਵਾਲੇ ਪਦਾਰਥ ਗਲੇ ਨੂੰ ਆਰਾਮ ਪਹੁੰਚਾਉਂਦੇ ਹਨ, ਜਿਵੇਂ ਸਬਜ਼ੀਆਂ ਦਾ ਸੂਪ, ਉਬਲਿਆ ਮੈਸ਼ ਕੀਤਾ ਆਲੂ, ਪੱਕਿਆ ਕੇਲਾ ਲੈ ਸਕਦੇ ਹੋ। ਇਸ ਤੋਂ ਇਲਾਵਾ ਪੁਦੀਨੇ ਦੀ ਚਾਹ ਵਿਚ ਸ਼ਹਿਦ ਮਿਲਾ ਕੇ ਲਓ। ਸ਼ਹਿਦ ਚਾਹ ਵਿਚ ਪਾ ਕੇ ਨਾ ਉਬਾਲੋ। ਉਸ ਨੂੰ ਕੱਪ ਵਿਚ ਪਾ ਕੇ ਉੱਪਰੋਂ ਦੀ ਚਾਹ ਪੁਣ ਕੇ ਪਾਓ। ਸੰਤਰੇ, ਅੰਗੂਰ, ਕੋਸੇ ਪਾਣੀ ਵਿਚ ਨਿੰਬੂ, ਸ਼ਹਿਦ ਦਾ ਸੇਵਨ ਕਰ ਸਕਦੇ ਹੋ। ਇਨ੍ਹਾਂ ਫਲਾਂ ਵਿਚ ਅਮਲ ਦੀ ਭਰਪੂਰ ਮਾਤਰਾ ਹੁੰਦੀ ਹੈ ਜੋ ਗਲੇ ਦੇ ਦਰਦ ਵਿਚ ਆਰਾਮ ਦਿਵਾਉਂਦੀ ਹੈ। ਘੱਟ ਮਸਾਲੇ ਵਾਲੀ ਗ੍ਰੇਵੀ ਵਾਲੀ ਸਬਜ਼ੀ ਦੇ ਨਾਲ ਖਿਚੜੀ, ਉਬਲੇ ਚੌਲ, ਰੋਟੀ ਦਾ ਸੇਵਨ ਕਰੋ। ਖਾਣਾ ਤਾਜ਼ਾ ਗਰਮ ਖਾਓ।
ਰੇਸ਼ਾ ਵਿਚ ਜਾਮਣ ਦਾ ਸੇਵਨ ਲਾਭਦਾਇਕ
ਜੇ ਖੰਘ ਹੋਈ ਹੋਵੇ ਅਤੇ ਰੇਸ਼ਾ ਵੀ ਥੋੜ੍ਹੀ-ਬਹੁਤ ਨਿਕਲ ਰਹੀ ਹੋਵੇ ਤਾਂ ਕੋਸਾ ਪਾਣੀ ਰੇਸ਼ਾ ਨੂੰ ਅਸਾਨੀ ਨਾਲ ਬਾਹਰ ਕੱਢਣ ਵਿਚ ਮਦਦ ਕਰਦਾ ਹੈ। ਇਸ ਨਾਲ ਰੇਸ਼ਾ ਪਤਲੀ ਹੋ ਜਾਂਦੀ ਹੈ। ਜਾਮਣ ਅਤੇ ਵਿਟਾਮਿਨ 'ਸੀ' ਨਾਲ ਭਰਪੂਰ ਖੱਟੇ ਫਲ ਦਾ ਸੇਵਨ ਕਰੋ। ਵਿਟਾਮਿਨ 'ਸੀ' ਅਤੇ ਜਾਮਣ ਵਿਚ ਰੇਸ਼ਾ ਨਾਲ ਲੜਨ ਦੇ ਗੁਣ ਹੁੰਦੇ ਹਨ। ਦੁੱਧ ਦੇ ਸੇਵਨ ਤੋਂ ਬਚੋ। ਜੇ ਦੁੱਧ ਪੀਣ ਵੀ ਹੋਵੇ ਤਾਂ ਗਰਮ ਦੁੱਧ ਵਿਚ ਚੁਟਕੀ ਕੁ ਹਲਦੀ ਪਾ ਕੇ ਪੀਓ। ਕੱਚੀ ਹਲਦੀ ਦਾ ਸੇਵਨ ਜ਼ਿਆਦਾ ਲਾਭਦਾਇਕ ਹੁੰਦਾ ਹੈ।
ਸੁੱਕੇ ਬੇਰ ਫਾਇਦੇਮੰਦ ਹਨ ਕਬਜ਼ ਵਿਚ
ਕਬਜ਼ ਵਿਚ ਵੱਧ ਤੋਂ ਵੱਧ ਰੇਸ਼ੇਦਾਰ ਖਾਧ ਪਦਾਰਥਾਂ ਦਾ ਸੇਵਨ ਕਰੋ ਤਾਂ ਕਿ ਅੰਦਰੋਂ ਮਲ ਅਸਾਨੀ ਨਾਲ ਬਾਹਰ ਨਿਕਲ ਸਕੇ। ਪਾਣੀ ਦਾ ਸੇਵਨ ਜ਼ਿਆਦਾ ਕਰੋ, ਸਬਜ਼ੀਆਂ ਦਾ ਗਰਮ ਸੂਪ ਵੀ ਕਬਜ਼ ਤੋਂ ਰਾਹਤ ਦਿਵਾਉਂਦਾ ਹੈ। ਦਲੀਆ ਅਤੇ ਖਿਚੜੀ ਸਬਜ਼ੀਆਂ ਨਾਲ ਭਰਪੂਰ ਬਣਾ ਕੇ ਲਓ। ਚੋਕਰ ਵਾਲੇ ਆਟੇ ਦੀ ਰੋਟੀ ਦੇ ਨਾਲ ਬੀਨਸ, ਦਾਲਾਂ ਆਦਿ ਦਾ ਸੇਵਨ ਕਰੋ। ਸੁੱਕੇ ਬੇਰ ਦਾ ਕੁਝ ਦਿਨ ਤੱਕ ਨਿਯਮਤ ਸੇਵਨ ਕਰਨ ਨਾਲ ਕਬਜ਼ ਵਿਚ ਲਾਭ ਮਿਲਦਾ ਹੈ। ਜੇ ਸੁੱਕੇ ਬੇਰ ਚਬਾਉਣ ਵਿਚ ਮੁਸ਼ਕਿਲ ਹੋਵੇ ਤਾਂ ਰਾਤ ਨੂੰ ਇਨ੍ਹਾਂ ਨੂੰ ਭਿਉਂ ਕੇ ਸਵੇਰੇ ਸੇਵਨ ਕਰੋ। ਕਬਜ਼ ਵਿਚ ਕੈਫੀਨ ਵਾਲੇ ਪੀਣ ਵਾਲੇ ਪਦਾਰਥ ਅਤੇ ਜ਼ਿਆਦਾ ਮਿੱਠੇ ਦੇ ਸਵਨ ਨਾ ਕਰੋ। ਖਾਸ ਕਰਕੇ ਚਾਕਲੇਟ ਅੰਦਰੂਨੀ ਅੰਤੜੀਆਂ ਦੇ ਨਾਲ ਚਿਪਕ ਜਾਂਦੀ ਹੈ ਅਤੇ ਅੰਤੜੀਆਂ ਖੰਡ ਨੂੰ ਅਸਾਨੀ ਨਾਲ ਬਚਾਅ ਨਹੀਂ ਸਕਦੀਆਂ।
ਨਟਸ ਦਾ ਸੇਵਨ ਮਾਈਗ੍ਰੇਨ ਵਿਚ ਲਾਭਦਾਇਕ
ਨਟਸ ਵਿਚ ਮੈਗਨੀਸ਼ੀਅਮ ਦੀ ਮਾਤਰਾ ਹੋਣ ਦੇ ਕਾਰਨ ਇਹ ਸਾਡੀਆਂ ਖੂਨ ਦੀਆਂ ਨਾੜੀਆਂ ਨੂੰ ਆਰਾਮ ਦਿਵਾਉਂਦੇ ਹਨ। ਇਸ ਲਈ ਬਦਾਮ, ਸੀਤਾਫਲ (ਕੱਦੂ) ਦੇ ਬੀਜਾਂ ਦਾ ਨਿਯਮਤ ਸੇਵਨ ਕਰੋ। ਮਾਈਗ੍ਰੇਨ ਜਾਂ ਸਿਰ ਦਰਦ ਪਾਣੀ ਦੀ ਕਮੀ ਦੇ ਕਾਰਨ ਵੀ ਹੁੰਦਾ ਹੈ। ਪਾਣੀ ਦਾ ਸੇਵਨ ਕਾਫੀ ਕਰੋ।
ਦਸਤ ਹੋਣ 'ਤੇ ਪਾਣੀ ਦਾ
ਜ਼ਿਆਦਾ ਸੇਵਨ ਲਾਭਦਾਇਕ
ਜਦੋਂ ਦਸਤ ਹੁੰਦੇ ਹਨ ਤਾਂ ਸਰੀਰ ਵਿਚ ਕਈ ਨਮਕ, ਖਣਿਜ ਅਤੇ ਪਾਣੀ ਦੀ ਕਮੀ ਹੋ ਜਾਂਦੀ ਹੈ। ਇਸ ਦੀ ਪੂਰਤੀ ਲਈ ਨਮਕ, ਖੰਡ ਮਿਲਿਆ ਪਾਣੀ ਦਾ ਘੋਲ ਪੀਂਦੇ ਰਹੋ। ਦਸਤ ਹੋਣ 'ਤੇ ਪਿਆਜ਼, ਸੇਮ, ਗੋਭੀ ਦਾ ਸੇਵਨ ਨਾ ਕਰੋ। ਪਤਲੀ ਖਿਚੜੀ, ਦਹੀਂ, ਨਮਕੀਨ ਦਲੀਆ ਆਦਿ ਦਾ ਸੇਵਨ ਕਰੋ। ਖਾਣਾ ਸਾਦਾ, ਤਾਜ਼ਾ ਅਤੇ ਗਰਮ ਖਾਓ।
ਇਨ੍ਹਾਂ ਛੋਟੇ-ਛੋਟੇ ਰਹਿਣ-ਖਾਣ ਦੇ ਤਰੀਕਿਆਂ ਵਿਚ ਬਦਲਾਅ ਲਿਆ ਕੇ ਆਪਣੀਆਂ ਕੁਝ ਸਮੱਸਿਆਵਾਂ ਨੂੰ ਕਾਬੂ ਕਰ ਸਕਦੇ ਹੋ।

ਇੰਜ ਰਹੋ ਤਣਾਅਮੁਕਤ

* ਤਣਾਅ ਦੇ ਪੱਧਰ ਨੂੰ ਘੱਟ ਕਰਨ ਲਈ ਆਪਣੇ ਸਮੇਂ ਨੂੰ ਸਹੀ ਕਰੋ। ਕੋਈ ਵੀ ਕੰਮ ਕਰਨ ਤੋਂ ਪਹਿਲਾਂ ਯੋਜਨਾ ਬਣਾਓ। ਆਪਣੇ-ਆਪ 'ਤੇ ਕੰਮ ਦਾ ਜ਼ਿਆਦਾ ਬੋਝ ਨਾ ਲਓ ਅਤੇ ਆਰਾਮ ਲਈ ਸਮਾਂ ਜ਼ਰੂਰ ਰੱਖੋ। ਜਿਸ ਸਮੱਸਿਆ ਕਾਰਨ ਤੁਸੀਂ ਤਣਾਅਗ੍ਰਸਤ ਹੋ, ਉਸ ਨਾਲ ਨਿਪਟਣ ਲਈ ਠੰਢੇ ਦਿਮਾਗ ਨਾਲ ਸੋਚੋ ਅਤੇ ਉਸ ਦਾ ਹੱਲ ਕੱਢੋ।
* ਤਣਾਅਪੂਰਨ ਸਥਿਤੀ ਨਾਲ ਇਕੱਲੇ ਨਿਪਟਣ ਤੋਂ ਚੰਗਾ ਹੈ ਕਿ ਤੁਸੀਂ ਕੋਈ ਅਜਿਹਾ ਸਾਥੀ ਚੁਣੋ, ਜੋ ਇਸ ਤਣਾਅਪੂਰਨ ਸਥਿਤੀ ਵਿਚ ਤੁਹਾਡੇ ਲਈ ਮਦਦਗਾਰ ਸਾਬਤ ਹੋਵੇ। ਉਸ ਦੇ ਸਾਹਮਣੇ ਸਥਿਤੀ ਸਪੱਸ਼ਟ ਕਰੋ। ਹੋ ਸਕਦਾ ਹੈ ਉਹ ਤੁਹਾਨੂੰ ਤਣਾਅ ਵਿਚੋਂ ਬਾਹਰ ਕੱਢਣ ਵਿਚ ਸਫਲ ਹੋ ਜਾਵੇ।
* ਭਵਿੱਖ ਵਿਚ ਕੀ ਹੋਣ ਵਾਲਾ ਹੈ, ਇਸ ਬਾਰੇ ਜ਼ਿਆਦਾ ਚਿੰਤਾ ਨਾ ਕਰੋ, ਕਿਉਂਕਿ ਸਾਡੇ ਹੱਥ ਵਿਚ ਸਾਡਾ ਵਰਤਮਾਨ ਹੁੰਦਾ ਹੈ। ਭਵਿੱਖ ਸਾਡੇ ਕਾਬੂ ਤੋਂ ਬਾਹਰ ਹੁੰਦਾ ਹੈ, ਇਸ ਲਈ ਭਵਿੱਖ ਬਾਰੇ ਸੋਚ-ਸੋਚ ਕੇ ਤਣਾਅਗ੍ਰਸਤ ਨਾ ਰਹੋ।
* ਕੰਮ ਦੇ ਨਾਲ ਵਿਚ-ਵਿਚ ਆਰਾਮ ਕਰੋ। ਲਗਾਤਾਰ ਕੰਮ ਨਾ ਕਰੋ। ਪਰਿਵਾਰ, ਮਿੱਤਰਾਂ ਦੇ ਨਾਲ ਛੁੱਟੀ ਮਨਾਉਣ ਬਾਹਰ ਜਾਓ।
* ਨਿਯਮਤ ਕਸਰਤ ਕਰੋ, ਕਿਉਂਕਿ ਨਿਯਮਤ ਕਸਰਤ ਤਣਾਅ ਘੱਟ ਕਰਦੀ ਹੈ। ਤੁਹਾਨੂੰ ਚੰਗੀ ਨੀਂਦ ਦਿਵਾਉਣ ਵਿਚ ਮਦਦ ਕਰਦੀ ਹੈ ਅਤੇ ਤੁਹਾਨੂੰ ਚਿੰਤਾਵਾਂ ਤੋਂ ਦੂਰ ਰੱਖਦੀ ਹੈ।

ਪੇਟ ਦੀਆਂ ਬਿਮਾਰੀਆਂ

ਕਬਜ਼-ਪੇਟ ਸੋਜ

ਕਬਜ਼ : ਪਖਾਨਾ ਸਮੇਂ ਸਿਰ ਨਾ ਆਉਣਾ ਇਕ ਆਮ ਬਿਮਾਰੀ ਹੈ। ਕਬਜ਼ ਹੋਣ ਕਰਕੇ ਸਾਡੇ ਸਰੀਰ 'ਚ ਕਈ ਤਰ੍ਹਾਂ ਦੇ ਰੋਗ ਜਿਵੇਂ ਸਿਰਦਰਦ, ਪੇਟ ਵਿਚ ਹਲਕਾ ਦਰਦ, ਭੁੱਖ ਨਾ ਲੱਗਣਾ, ਸਰੀਰ ਸੁਸਤ ਤੇ ਪੇਟ ਵਿਚ ਅਫ਼ਾਰਾ ਤੇ ਗੈਸ ਬਣਨਾ ਆਦਿ ਹੋ ਸਕਦੇ ਹਨ। ਜਦੋਂ ਵੀ ਕਿਸੇ ਦੀ ਪਖਾਨਾ ਜਾਣ ਦੀ ਆਦਤ ਵਿਚ ਤਬਦੀਲੀ ਹੋ ਜਾਵੇ ਤਾਂ ਉਸ ਨੂੰ ਕਬਜ਼ ਦੀ ਤਕਲੀਫ਼ ਕਿਹਾ ਜਾਂਦਾ ਹੈ। ਸਾਡੇ ਲੋਕਾਂ ਵਿਚ ਕਬਜ਼ ਬਾਰੇ ਕਈ ਧਾਰਨਾਵਾਂ ਹਨ। ਜੇਕਰ ਕਿਸੇ ਨੂੰ ਆਮ ਕਰਕੇ ਦੋ ਜਾਂ ਤਿੰਨ ਵਾਰ ਪਖਾਨਾ ਆਉਂਦਾ ਹੈ ਜਾਂ ਫਿਰ ਪਖਾਨਾ ਆਉਣ ਵੇਲੇ ਸਮਾਂ ਜ਼ਿਆਦਾ ਲਗਦਾ ਹੈ ਜਾਂ ਸਖ਼ਤ ਪਖਾਨਾ ਆਉਂਦਾ ਹੈ ਤਾਂ ਇਹ ਕੋਈ ਕਬਜ਼ ਦੀ ਨਿਸ਼ਾਨੀ ਨਹੀਂ। ਆਮ ਤੌਰ 'ਤੇ ਜਿਸ ਤਰ੍ਹਾਂ ਦਾ ਭੋਜਨ ਕਰਦੇ ਹਾਂ, ਉਸੇ ਤਰ੍ਹਾਂ ਦਾ ਹੀ ਮਲ ਪਦਾਰਥ ਸਾਡੇ ਸਰੀਰ ਅੰਦਰੋਂ ਬਾਹਰ ਨਿਕਲਦਾ ਹੈ। ਉਦਾਹਰਨ ਦੇ ਤੌਰ 'ਤੇ ਜੇ ਪਿਛਲੇ 8-10 ਸਾਲਾਂ ਤੋਂ 2-3 ਦਿਨ ਬਾਅਦ ਪਖਾਨਾ ਜਾਣ ਦੀ ਆਦਤ ਹੋਵੇ ਤਾਂ ਇਸ ਨੂੰ ਅਸੀਂ ਕਬਜ਼ ਨਹੀਂ ਕਹਿ ਸਕਦੇ। ਜੇਕਰ ਕਿਸੇ ਮਰੀਜ਼ ਦੀ ਪਖਾਨਾ ਜਾਣ ਦੀ ਆਦਤ ਵਿਚ ਇਕਦਮ ਤਬਦੀਲੀ ਆ ਜਾਵੇ ਤਾਂ ਉਸ ਨੂੰ ਅਸੀਂ ਕਬਜ਼ ਦੀ ਤਕਲੀਫ਼ ਕਹਿ ਸਕਦੇ ਹਾਂ।
ਕਾਰਨ : * ਸੁੱਕਾ ਭੋਜਨ ਖਾਣ ਕਰਕੇ ਭੋਜਨ ਪਦਾਰਥਾਂ ਵਿਚ ਤਰਲਤਾ ਦੀ ਕਮੀ। * ਭੋਜਨ ਵਿਚ ਹਰੀਆਂ ਸਬਜ਼ੀਆਂ ਤੇ ਸਲਾਦ ਦੀ ਕਮੀ। * ਅੰਤੜੀਆਂ ਦਾ ਘੱਟ ਕੰਮ ਕਰਨਾ। * ਜ਼ਿਆਦਾ ਚਿਰ ਬੈਠ ਕੇ ਕੰਮ ਕਰਨਾ। * ਚਿੰਤਾ, ਜ਼ਿਆਦਾ ਸੋਚਣਾ, ਨਾਜ਼ਕ ਜਿਹੇ ਸੁਭਾਅ ਦਾ ਹੋਣਾ। * ਅੰਤੜੀਆਂ ਜਾਂ ਪੇਟ ਦੀਆਂ ਮਾਸਪੇਸ਼ੀਆਂ ਦਾ ਕਮਜ਼ੋਰ ਹੋਣਾ। * ਕਈ ਤਰ੍ਹਾਂ ਦੀਆਂ ਦਵਾਈਆਂ ਜਿਵੇਂ ਜ਼ਿਆਦਾ ਦਰਦ ਨਿਵਾਰਕ ਗੋਲੀਆਂ ਦੀ ਵਰਤੋਂ, ਅਫ਼ੀਮ ਜਾਂ ਹੋਰ ਨਸ਼ੇ ਜਾਂ ਜ਼ਿਆਦਾ ਆਇਰਨ ਦੀਆਂ ਗੋਲੀਆਂ ਖਾਣ ਕਰਕੇ। * ਭੋਜਨ ਹਜ਼ਮ ਕਰਨ ਵਾਲੇ ਤੱਤਾਂ ਦੀ ਕਮੀ। * ਜਿਗਰ ਦੀ ਕਮਜ਼ੋਰੀ ਕਰਕੇ। * ਜ਼ਿਆਦਾ ਉਲਟੀਆਂ ਆਉਣ ਕਰਕੇ। * ਸਰੀਰ ਵਿਚੋਂ ਚਮੜੀ ਰਾਹੀਂ ਜਾਂ ਗੁਰਦੇ ਰਾਹੀਂ ਜ਼ਿਆਦਾ ਪਾਣੀ ਦੀ ਮਾਤਰਾ ਨਿਕਲਣ ਕਰਕੇ ਵੀ ਕਬਜ਼ ਹੋ ਜਾਂਦੀ ਹੈ।
ਲੱਛਣ : * ਕਬਜ਼ ਬਾਰੇ ਮਰੀਜ਼ ਨੂੰ ਸਿਰਦਰਦ, ਕਮਜ਼ੋਰੀ, ਸਰੀਰ ਸੁਸਤ, ਚਿੰਤਾ ਆਦਿ ਦੀ ਤਕਲੀਫ਼ ਬਹੁਤ ਹੁੰਦੀ ਹੈ। * ਮਰੀਜ਼ ਇਸ ਤਕਲੀਫ਼ ਬਾਰੇ ਜਿੰਨਾ ਸੋਚਦਾ ਹੈ, ਓਨੀ ਹੀ ਤਕਲੀਫ਼ ਵਧਦੀ ਜਾਂਦੀ ਹੈ। * ਮਰੀਜ਼ ਦੀ ਜੀਭ ਹਰ ਵੇਲੇ ਸੁੱਕੀ ਰਹਿੰਦੀ ਹੈ। * ਕਈ ਵਾਰ ਮਰੀਜ਼ ਨੂੰ ਬਵਾਸੀਰ ਵੀ ਹੋ ਜਾਂਦੀ ਹੈ।
ਅੰਤੜੀਆਂ ਦੀ ਸੋਜ : ਅੰਤੜੀਆਂ ਦਾ ਰੋਗ ਸਾਡੇ ਪੇਟ ਵਿਚ ਇਕ ਤਰ੍ਹਾਂ ਨਾਲ ਅੰਤੜੀਆਂ ਦੀ ਸੋਜ ਦਾ ਸਿੱਟਾ ਹੈ। ਸਾਡੇ ਪੇਟ ਵਿਚ ਕੀਟਾਣੂ ਗੰਦੇ ਪਾਣੀ ਦੁਆਰਾ ਚਲੇ ਜਾਂਦੇ ਹਨ। ਇਹ ਕੀਟਾਣੂ ਪੇਟ ਅੰਦਰ ਜਾ ਕੇ ਅੰਤੜੀਆਂ ਦੇ ਆਸ-ਪਾਸ ਲੱਗੀ ਝਿੱਲੀ ਅਤੇ ਅੰਤੜੀਆਂ 'ਚ ਜਾ ਕੇ ਪਨਪਦੇ ਹਨ, ਜਿਸ ਕਰਕੇ ਅੰਤੜੀਆਂ ਵਿਚ ਸੋਜ ਹੋ ਜਾਂਦੀ ਹੈ। ਵਿਅਕਤੀ ਅੰਤੜੀ ਦਾ ਰੋਗੀ ਹੋ ਜਾਂਦਾ ਹੈ। ਮਰੀਜ਼ ਨੂੰ ਵਾਰ-ਵਾਰ ਪਖਾਨਾ, ਪਖਾਨੇ ਨਾਲ ਲੇਸ ਤੇ ਖੂਨ ਆਉਂਦਾ ਹੈ। ਜੀਭ 'ਤੇ ਚਿੱਟੀ ਪਰਤ ਜੰਮ ਜਾਂਦੀ ਹੈ ਤੇ ਪੇਟ ਦਰਦ ਹੁੰਦਾ ਹੈ।
ਇਲਾਜ : ਇਸ ਬਿਮਾਰੀ ਤੋਂ ਬਚਣ ਲਈ ਸਾਫ਼-ਸੁਥਰਾ ਪਾਣੀ ਉਬਾਲ ਕੇ, ਠੰਢਾ ਕਰਕੇ ਪੀਓ। ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਸਾਫ਼-ਸੁਥਰਾ ਰੱਖੋ। ਪਾਣੀ ਵਿਚ ਕਲੋਰੀਨ ਦੀ ਵਰਤੋਂ ਕਰੋ। ਜਿਨ੍ਹਾਂ ਇਲਾਕਿਆਂ ਵਿਚ ਇਹ ਬਿਮਾਰੀ ਹੋਵੇ, ਕੁਝ ਦੇਰ ਉਸ ਇਲਾਕੇ ਦਾ ਪਾਣੀ ਨਾ ਵਰਤੋ। ਜਦੋਂ ਵੀ ਕਿਸੇ ਨੂੰ ਇਸ ਰੋਗ ਦੇ ਲੱਛਣਾਂ ਬਾਰੇ ਪਤਾ ਲੱਗੇ ਤਾਂ ਉਸ ਤੋਂ ਘਬਰਾਉਣ ਦੀ ਲੋੜ ਨਹੀਂ। ਪੇਟ ਰੋਗਾਂ ਦੇ ਮਾਹਿਰ ਡਾਕਟਰ ਦੀ ਸਲਾਹ ਅਨੁਸਾਰ ਇਲਾਜ ਕਰਵਾਓ।


-ਜਸਵੰਤ ਹਸਪਤਾਲ, ਅੱਡਾ ਬਸਤੀਆਂ, ਨਾਲ ਪੈਟਰੋਲ ਪੰਪ, ਜਲੰਧਰ।

ਗੰਭੀਰਤਾ ਨਾਲ ਲਓ ਜੋੜਾਂ ਦਾ ਦਰਦ

ਸਾਡੇ ਸਰੀਰ ਵਿਚ ਮੌਜੂਦ ਰੋਗਾਂ ਨਾਲ ਲੜਨ ਦੀ ਸ਼ਕਤੀ ਰੱਬ ਵੱਲੋਂ ਬਖਸ਼ਿਆ ਹਥਿਆਰ ਹੈ, ਜੋ ਸਰੀਰ ਵਿਚ ਪ੍ਰਵੇਸ਼ ਕਰਨ ਵਾਲੇ ਕਿਸੇ ਤਰ੍ਹਾਂ ਦੇ ਬਾਹਰੀ ਜ਼ਹਿਰੀਲੇ ਪਦਾਰਥਾਂ ਨੂੰ ਖ਼ਤਮ ਕਰਕੇ ਸਰੀਰ ਦੀ ਰੱਖਿਆ ਕਰਦੀ ਹੈ। ਕਿਸੇ ਬਿਮਾਰੀ ਦੇ ਜੀਵਾਣੂ ਦੇ ਸਰੀਰ ਵਿਚ ਦਾਖ਼ਲ ਹੋਣ ਦੀ ਸਥਿਤੀ ਵਿਚ ਉਸ ਦੇ ਵਿਰੁੱਧ ਪ੍ਰਤੀਰੋਧੀ ਸਮਰੱਥਾ ਵਾਲੇ ਐਂਟੀਬਾਡੀ ਤਿਆਰ ਕਰਕੇ ਜੀਵਾਣੂ ਦੇ ਦੁਰਪ੍ਰਭਾਵ ਤੋਂ ਸਰੀਰ ਨੂੰ ਬਚਾਉਣ ਦਾ ਕੰਮ ਕਰਦੀ ਹੈ।
ਵਰਤਮਾਨ ਸਮੇਂ ਵਿਚ ਟੀਕਾਕਰਨ ਰਾਹੀਂ ਸਰੀਰ ਦੇ ਅੰਦਰ ਅਨੇਕਾਂ ਤਰ੍ਹਾਂ ਦੇ ਐਂਟੀਬਾਡੀ ਤਿਆਰ ਕੀਤੇ ਜਾ ਰਹੇ ਹਨ, ਜੋ ਸਰੀਰ ਦੀ ਪ੍ਰਤੀਰੋਧਕ ਸਮਰਥਾ ਵਧਾ ਕੇ ਅਨੇਕਾਂ ਬਿਮਾਰੀਆਂ ਨਾਲ ਲੜਨ ਵਿਚ ਮਦਦ ਕਰਦੇ ਹਨ, ਹਾਲਾਂਕਿ ਉਨ੍ਹਾਂ ਦਾ ਕੁਝ ਬੁਰਾ ਪ੍ਰਭਾਵ ਵੀ ਦੇਖਣ ਵਿਚ ਮਿਲ ਰਿਹਾ ਹੈ।
ਰੂਮੈਟਾਇਡ ਆਰਥਰਾਇਟਸ ਜੋੜ ਦਰਦ ਦੇ ਸਮੇਂ ਵਿਸ਼ੇਸ਼ ਐਂਟੀਬਾਡੀਜ਼ ਪੈਦਾ ਕਰਦੇ ਹਨ, ਜੋ ਜੋੜਾਂ ਦੀਆਂ ਝਿੱਲੀਆਂ ਨੂੰ ਨਸ਼ਟ ਕਰਦੇ ਹਨ। ਸ਼ੁਰੂਆਤ ਵਿਚ ਝਿੱਲੀਆਂ ਵਿਚ ਸੋਜ਼ ਆ ਜਾਂਦੀ ਹੈ, ਜਿਸ ਦੀ ਵਜ੍ਹਾ ਨਾਲ ਜੋੜਾਂ ਵਿਚ ਸੋਜ਼, ਦਰਦ ਅਤੇ ਕਠੋਰਤਾ ਆ ਜਾਂਦੀ ਹੈ। ਜੇ ਸਮਾਂ ਰਹਿੰਦੇ ਇਸ 'ਤੇ ਧਿਆਨ ਨਾ ਦਿੱਤਾ ਜਾਵੇ ਤਾਂ ਝਿੱਲੀਆਂ ਦੇ ਨਸ਼ਟ ਹੋਣ ਤੋਂ ਬਾਅਦ ਹੱਡੀਆਂ ਵੀ ਨਸ਼ਟ ਹੋਣ ਲਗਦੀਆਂ ਹਨ, ਜਿਸ ਨਾਲ ਜੋੜ ਵਿਸ਼ੇਸ਼ ਦੇ ਨਸ਼ਟ ਹੋਣ ਦਾ ਖ਼ਤਰਾ ਪੈਦਾ ਹੋ ਜਾਂਦਾ ਹੈ।
ਸਰੀਰ ਵਿਚ ਪੈਦਾ ਅਸਾਧਾਰਨ ਪ੍ਰਤੀਰੋਧਕ ਸਮਰਥਾ ਮੁੱਖ ਤੌਰ 'ਤੇ ਔਰਤਾਂ ਵਿਚ 30-40 ਸਾਲ ਦੀ ਉਮਰ ਵਿਚ ਪੈਦਾ ਹੁੰਦੀ ਹੈ। ਬਿਮਾਰੀ ਵਿਚ ਹੱਥਾਂ-ਪੈਰਾਂ ਦੇ ਛੋਟੇ-ਛੋਟੇ ਜੋੜ, ਸਰੀਰ ਦੇ ਦੋਵੇਂ ਪਾਸੇ ਇਕੋ ਵਾਰ ਪੰਜ ਤੋਂ ਜ਼ਿਆਦਾ ਥਾਵਾਂ ਨੂੰ ਪ੍ਰਭਾਵਿਤ ਕਰਦੇ ਹਨ। ਸਮਾਂ ਰਹਿੰਦੇ ਇਲਾਜ ਨਾ ਕੀਤਾ ਗਿਆ ਤਾਂ ਸਰੀਰ ਦੇ ਹੋਰ ਅੰਗ ਜਿਵੇਂ ਅੱਖ, ਫੇਫੜੇ, ਗੁਰਦੇ, ਦਿਲ ਦੇ ਪ੍ਰਭਾਵਿਤ ਹੋਣ ਦੀ ਸੰਭਾਵਨਾ ਪੈਦਾ ਹੋ ਜਾਂਦੀ ਹੈ।
ਰੂਮੈਟਾਈਅਡ ਆਰਥਰਾਈਟਿਸ ਦੇ ਇਲਾਜ ਨਾਲ ਮਰੀਜ਼ ਨੂੰ ਵਿਸ਼ੇਸ਼ ਲਾਭ ਮਿਲਦਾ ਹੈ, ਹਾਲਾਂਕਿ ਇਸ ਦੇ ਇਲਾਜ ਵਿਚ ਲੰਬੇ ਸਮੇਂ ਤੱਕ ਧਿਆਨ ਦੇਣ ਦੀ ਲੋੜ ਹੁੰਦੀ ਹੈ। ਲੋੜ ਅਨੁਸਾਰ ਸਮੇਂ-ਸਮੇਂ 'ਤੇ ਖੂਨ ਜਾਂਚ ਅਤੇ ਦਵਾਈਆਂ ਦਾ ਨਿਯਮਤ ਸੇਵਨ ਨਾ ਕੇਵਲ ਦਰਦ ਤੋਂ ਰਾਹਤ ਦਿਵਾਉਂਦਾ ਹੈ, ਸਗੋਂ ਦਵਾਈ ਦੇ ਕਿਸੇ ਤਰ੍ਹਾਂ ਦੇ ਦੁਸ਼ਪ੍ਰਭਾਵ ਤੋਂ ਵੀ ਬਚਾਉਂਦਾ ਹੈ।
ਅਕਸਰ ਜੋੜਾਂ ਦੇ ਦਰਦ ਵਿਚ ਕੇਂਦਰੀ ਜੋੜ ਕਮਰ, ਛਾਤੀ ਅਤੇ ਧੌਣ ਦੀਆਂ ਹੱਡੀਆਂ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੁੰਦੀਆਂ ਹਨ। ਧੌਣ ਅਤੇ ਕਮਰ ਦਰਦ ਇਕੱਠਾ ਵੀ ਹੋ ਸਕਦਾ ਹੈ ਜਾਂ ਅਲੱਗ-ਅਲੱਗ ਵੀ। ਆਰਥਰਾਈਟਿਸ ਕਮਰ ਦਰਦ ਨਾਲ ਸ਼ੁਰੂ ਹੁੰਦਾ ਹੈ, ਜੋ ਅਕਸਰ ਸਵੇਰੇ ਬਿਸਤਰ ਤੋਂ ਉੱਠਦੇ ਸਮੇਂ ਜਾਂ ਬਾਅਦ ਵਿਚ ਚੱਲਣ ਅਤੇ ਝੁਕਣ ਸਮੇਂ ਹੁੰਦਾ ਹੈ, ਜੋ ਇਕ-ਦੋ ਘੰਟੇ ਬਾਅਦ ਆਪਣੇ-ਆਪ ਘੱਟ ਹੋ ਜਾਂਦਾ ਹੈ।
ਛਾਤੀ ਦਰਦ ਵਿਚ ਫੇਫੜਿਆਂ ਦੀਆਂ ਹੱਡੀਆਂ ਦੇ ਪ੍ਰਭਾਵਿਤ ਹੋਣ 'ਤੇ ਸਾਹ ਲੈਣ ਅਤੇ ਖੰਘਣ ਵਿਚ ਪ੍ਰੇਸ਼ਾਨੀ ਆਉਂਦੀ ਹੈ, ਜਦੋਂ ਕਿ ਗਲੇ ਦੇ ਪ੍ਰਭਾਵਿਤ ਹੋਣ 'ਤੇ ਗਲੇ ਦੀਆਂ ਅਨੇਕਾਂ ਹੱਡੀਆਂ ਅਨੇਕਾਂ ਸਥਿਤੀਆਂ ਵਿਚ ਆਪਸ ਵਿਚ ਕੱਸ ਜਾਂਦੀਆਂ ਹਨ, ਜਿਸ ਦੇ ਕਾਰਨ ਪ੍ਰਭਾਵਿਤ ਵਿਅਕਤੀ ਸਾਧਾਰਨ ਵਿਅਕਤੀ ਦੀ ਤਰ੍ਹਾਂ ਧੌਣ ਘੁੰਮਾਉਣ-ਫਿਰਾਉਣ ਤੋਂ ਅਸਮਰੱਥ ਹੋ ਜਾਂਦਾ ਹੈ ਅਤੇ ਥੋੜ੍ਹਾ ਜਿਹਾ ਘੁਮਾਉਣ ਨਾਲ ਕਾਫੀ ਦਰਦ ਹੁੰਦੀ ਹੈ। ਆਰਥਰਾਈਟਿਸ ਇਕ ਵਿਸ਼ੇਸ਼ ਤਰ੍ਹਾਂ ਦੇ ਅਨੁਵੰਸ਼ਕ ਗੁਣਸੂਤਰ ਵਾਲੇ ਵਿਅਕਤੀਆਂ ਵਿਚ ਹੁੰਦਾ ਹੈ।
ਆਰਥਰਾਈਟਿਸ ਦਾ ਮੂਲਭੂਤ ਇਲਾਜ ਫਿਜ਼ਿਓਥਰੈਪਿਕ ਚਿਕਿਤਸਾ ਪ੍ਰਣਾਲੀ ਦੁਆਰਾ ਕੀਤਾ ਜਾਂਦਾ ਹੈ, ਜਿਸ ਨਾਲ ਵਿਸ਼ੇਸ਼ ਲਾਭ ਮਿਲਦਾ ਹੈ, ਹਾਲਾਂਕਿ ਚਿਕਿਤਸਕ ਦੀ ਸਲਾਹ ਨਾਲ ਹਲਕੀ-ਫੁਲਕੀ ਕਸਰਤ ਵੀ ਵਿਸ਼ੇਸ਼ ਲਾਭਕਾਰੀ ਹੁੰਦੀ ਹੈ।
**

ਸੁਖਦ ਵਾਤਾਵਰਨ ਰੱਖਦਾ ਹੈ ਤੰਦਰੁਸਤ

ਵਾਤਾਵਰਨ ਦਾ ਪ੍ਰਭਾਵ ਸਰੀਰ ਅਤੇ ਤੰਦਰੁਸਤੀ 'ਤੇ ਪੈਂਦਾ ਹੈ। ਇਸ ਨਾਲ ਸਰੀਰਕ ਕਿਰਿਆਵਾਂ ਅਤੇ ਗਤੀਵਿਧੀਆਂ ਪ੍ਰਭਾਵਿਤ ਹੁੰਦੀਆਂ ਹਨ। ਸੁਖਦ ਅਤੇ ਸੁਖਮਈ ਵਾਤਾਵਰਨ ਸਰੀਰ ਨੂੰ ਊਰਜਾ ਨਾਲ ਭਰ ਦਿੰਦਾ ਹੈ ਅਤੇ ਤੰਦਰੁਸਤ ਰੱਖਦਾ ਹੈ ਜਦੋਂ ਕਿ ਉਲਟ ਵਾਤਾਵਰਨ ਦਾ ਪ੍ਰਭਾਵ ਵੀ ਉਲਟਾ ਪੈਂਦਾ ਹੈ। ਸੁਖਦ ਸੁਖਮਈ ਮਾਹੌਲ ਵਿਚ ਸੈਰ ਕਰਨੀ, ਕਸਰਤ ਕਰਨੀ, ਲਿਖਣਾ-ਪੜ੍ਹਨਾ ਸਭ ਕੁਝ ਲਾਭਦਾਇਕ ਹੁੰਦਾ ਹੈ। ਇਹ ਦਿਮਾਗ ਵਿਚ ਖੂਨ ਦਾ ਪ੍ਰਵਾਹ, ਖੂਨ ਦਾ ਦਬਾਅ, ਦਿਲ ਅਤੇ ਸਰਵਾਂਗ ਨੂੰ ਤੰਦਰੁਸਤ ਰੱਖਦਾ ਹੈ। ਸਾਊਥ ਆਸਟ੍ਰੇਲੀਆ ਵਿਸ਼ਵ ਵਿਦਿਆਲਿਆ ਦੀ ਇਕ ਖੋਜ ਮੁਤਾਬਿਕ ਖ਼ੁਸ਼ਨੁਮਾ ਮਾਹੌਲ ਨਾਲ ਸਮਰੱਥਾ ਵਿਚ ਵਾਧਾ ਹੁੰਦਾ ਹੈ। ਸਿਹਤ ਸਬੰਧੀ ਪ੍ਰੇਸ਼ਾਨੀਆਂ ਦੂਰ ਹੁੰਦੀਆਂ ਹਨ ਅਤੇ ਸਿਹਤ ਵੀ ਠੀਕ ਰਹਿੰਦੀ ਹੈ।

ਸਿਹਤ ਖ਼ਬਰਨਾਮਾ

ਪੋਸ਼ਕ ਤੱਤਾਂ ਨਾਲ ਭਰਪੂਰ ਹੈ ਨਾਰੀਅਲ ਪਾਣੀ

ਨਾਰੀਅਲ ਦੇ ਪਾਣੀ ਵਿਚ ਬਹੁਤ ਗੁਣ ਹਨ। ਇਸ ਵਿਚ ਇਲੈਕਟ੍ਰੋਲਾਈਟ ਅਤੇ ਪੋਟਾਸ਼ੀਅਮ ਬਹੁਤ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ। ਇਹ ਖੂਨ ਦੇ ਦਬਾਅ ਅਤੇ ਦਿਲ ਦੇ ਰੋਗਾਂ ਨੂੰ ਠੀਕ ਕਰਦਾ ਹੈ। ਇਸ ਨਾਲ ਖੂਨ ਦੇ ਪ੍ਰਵਾਹ ਵਿਚ ਤੇਜ਼ੀ ਆਉਂਦੀ ਹੈ ਅਤੇ ਪਾਚਣ ਸੁਧਰਦਾ ਹੈ। ਇਹ ਰੋਗਾਂ ਨਾਲ ਲੜਨ ਦੀ ਸਮਰੱਥਾ ਨੂੰ ਵਧਾਉਂਦਾ ਹੈ। ਨਾਲ ਹੀ ਦੁਸ਼ਮਣ ਵਾਇਰਸਾਂ ਦਾ ਸਫਾਇਆ ਕਰਦਾ ਹੈ। ਗੁਰਦੇ ਦੇ ਰੋਗ ਅਤੇ ਪੱਥਰੀ ਦੀ ਸਮੱਸਿਆ ਨੂੰ ਦੂਰ ਕਰਦਾ ਹੈ। ਇਹ ਨਸ਼ੇ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਇਸ ਵਿਚ ਦੁੱਧ ਨਾਲੋਂ ਜ਼ਿਆਦਾ ਪੋਸ਼ਕ ਤੱਤਾਂ ਦੀ ਮਾਤਰਾ ਹੁੰਦੀ ਹੈ।
ਹਲਦੀ ਵਿਚ ਸ਼ੂਗਰ ਰੋਧੀ ਗੁਣ

ਘਰ-ਘਰ ਵਰਤੀ ਜਾਣ ਵਾਲੀ ਹਲਦੀ ਵਿਚ ਅਨੇਕ ਦਵਾਈ ਵਾਲੇ ਗੁਣ ਮੌਜੂਦ ਹੁੰਦੇ ਹਨ। ਇਹ ਕੱਟਣ, ਛਿੱਲਣ ਅਤੇ ਜਲਣ ਦੀ ਸਥਿਤੀ ਵਿਚ ਲਗਾਉਣ 'ਤੇ ਐਂਟੀਸੈਪਟਿਕ ਦੀ ਤਰ੍ਹਾਂ ਰੱਖਿਆ ਕਰਦੀ ਹੈ। ਇਸ ਵਿਚ ਐਂਟੀਬਾਇਓਟਿਕ ਗੁਣ ਵੀ ਹੁੰਦੇ ਹਨ। ਇਹ ਖੂਨ ਨੂੰ ਸ਼ੁੱਧ ਕਰਦੀ ਹੈ। ਕੋਲੰਬੀਆ ਵਿਸ਼ਵ ਵਿਦਿਆਲਿਆ ਨੇ ਇਸ ਵਿਚ ਸ਼ੂਗਰ ਰੋਧੀ ਗੁਣ ਵੀ ਪਾਏ ਹਨ। ਇਥੇ ਕੀਤੀ ਗਈ ਇਕ ਖੋਜ ਮੁਤਾਬਿਕ ਇਸ ਦੀ ਸਹੀ ਵਰਤੋਂ ਨਾਲ ਟਾਈਪ-2 ਸ਼ੂਗਰ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ।
ਸਾਬਤ ਅਨਾਜ ਦਾ ਸੇਵਨ

ਇਕ ਨਵੀਂ ਖੋਜ ਅਨੁਸਾਰ ਜੋ ਵਿਅਕਤੀ ਸਾਬਤ ਅਨਾਜ, ਖਾਸ ਕਰਕੇ ਜਿਸ ਵਿਚ ਫਾਈਬਰ ਦੀ ਮਾਤਰਾ ਜ਼ਿਆਦਾ ਹੋਵੇ, ਦਾ ਸੇਵਨ ਕਰਦੇ ਹਨ, ਉਨ੍ਹਾਂ ਨੂੰ ਸ਼ੂਗਰ ਹੋਣ ਦੀ ਸੰਭਾਵਨਾ ਘੱਟ ਹੁੰਦੀ ਹੈ। ਬੋਸਟਨ ਵਿਚ ਟਫਟਸ ਯੂਨੀਵਰਸਿਟੀ ਦੇ ਡਿਪਾਰਟਮੈਂਟ ਆਫ ਐਗਰੀਕਲਚਰ ਦੇ ਹਿਊਮਨ ਨਿਊਟ੍ਰੀਸ਼ਨ ਮੈਕਿਊਮ ਅਨੁਸਾਰ ਜੋ ਵਿਅਕਤੀ ਸਾਬਤ ਅਨਾਜ ਨੂੰ ਆਪਣੇ ਭੋਜਨ ਵਿਚ ਸ਼ਾਮਿਲ ਕਰਦੇ ਹਨ, ਉਨ੍ਹਾਂ ਨੂੰ ਮੈਟਾਬੋਲਿਕ ਸਿੰਡ੍ਰੋਮ ਜੋ ਟਾਈਪ-2 ਸ਼ੂਗਰ ਅਤੇ ਦਿਲ ਦੇ ਰੋਗਾਂ ਦਾ ਕਾਰਨ ਬਣਦਾ ਹੈ, ਦੀ ਸੰਭਾਵਨਾ ਘੱਟ ਹੁੰਦੀ ਹੈ। ਇਸ ਖੋਜ ਵਿਚ ਸਾਬਤ ਅਨਾਜ ਦਾ ਸੇਵਨ ਕਰਨ ਵਾਲੇ ਵਿਅਕਤੀਆਂ ਨੂੰ ਹੋਣ ਵਾਲੇ ਸਿਹਤ ਦੇ ਲਾਭਾਂ ਨੂੰ ਜਾਣਿਆ ਗਿਆ। ਜਿਨ੍ਹਾਂ ਵਿਅਕਤੀਆਂ ਨੇ ਹਰ ਰੋਜ਼ ਤਿੰਨ ਵਾਰ ਸਾਬਤ ਅਨਾਜ ਖਾਧਾ, ਉਨ੍ਹਾਂ ਦੀ ਇੰਸੁਲਿਨ ਬਿਹਤਰ ਪਾਈ ਗਈ।


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX