ਤਾਜਾ ਖ਼ਬਰਾਂ


ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ...
ਪੁਲਵਾਮਾ 'ਚ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਨੌਕਰੀ ਅਤੇ 12-12 ਲੱਖ ਸਹਾਇਤਾ ਦੇਣ ਦਾ ਐਲਾਨ
. . .  1 day ago
ਚੰਡੀਗੜ੍ਹ, 15 ਫਰਵਰੀ (ਅਜੀਤ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੁਲਵਾਮਾ ਵਿਖੇ ਸੂਬੇ ਨਾਲ ਸਬੰਧਿਤઠਸੀ.ਆਰ.ਪੀ.ਐਫ. ਦੇ ਸ਼ਹੀਦ ਹੋਏ ਜਵਾਨਾਂ ਦੇ ਵਾਰਸਾਂ ਨੂੰ ਸਰਕਾਰੀ ਨੌਕਰੀ ...
ਫ਼ਾਜ਼ਿਲਕਾ 'ਚ ਕਰੰਟ ਲੱਗਣ ਨਾਲ ਇਕ ਦੀ ਮੌਤ,ਇਕ ਗੰਭੀਰ ਜ਼ਖਮੀ
. . .  1 day ago
ਫ਼ਾਜ਼ਿਲਕਾ, 15 ਫ਼ਰਵਰੀ (ਪ੍ਰਦੀਪ ਕੁਮਾਰ)- ਫ਼ਾਜ਼ਿਲਕਾ ਦੇ ਪਿੰਡ ਵਿਸਾਖੇ ਵਾਲਾ ਖੂਹ ਵਿਚ ਬਿਜਲੀ ਦਾ ਕੰਮ ਕਰ ਰਹੇ ਦੋ ਨੌਜਵਾਨਾਂ ਨੂੰ ਕਰੰਟ ਲਗ ਜਾਣ ਦਾ ਸਮਾਚਾਰ ਹੈ। ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂ ਕਿ ਇਕ...
ਲੁਟੇਰੇ ਫਾਈਨਾਂਸਰ ਤੋਂ ਸਾਢੇ 3 ਲੱਖ ਰੁਪਏ ਖੋਹ ਕੇ ਹੋਏ ਫ਼ਰਾਰ
. . .  1 day ago
ਬਾਘਾਪੁਰਾਣਾ,15 ਫ਼ਰਵਰੀ {ਬਲਰਾਜ ਸਿੰਗਲਾ}-ਫਾਈਨਾਂਸਰ ਹਰਬੰਸ ਸਿੰਘ ਕੋਲੋਂ ਮੋਟਰ ਬਾਈਕ ਸਵਾਰ 2 ਲੁਟੇਰੇ 3 ਲੱਖ 54 ਹਜ਼ਾਰ ਰੁਪਏ ਦਾ ਬੈਗ ਖੋਹ ਕੇ ਫ਼ਰਾਰ ਹੋ ਗਏ।
ਦਿੱਲੀ ਦੇ ਪਾਲਮ ਹਵਾਈ ਅੱਡੇ ਪੁੱਜੀਆਂ ਸ਼ਹੀਦਾਂ ਦੀਆਂ ਮ੍ਰਿਤਕ ਦੇਹਾਂ
. . .  1 day ago
ਨਵੀਂ ਦਿੱਲੀ, 15 ਫਰਵਰੀ - ਦਿੱਲੀ ਦੇ ਪਾਲਮ ਹਵਾਈ ਅੱਡੇ 'ਤੇ ਪੁਲਵਾਮਾ ਹਮਲੇ ਦੇ ਸ਼ਹੀਦ ਜਵਾਨਾਂ ਦੀਆਂ ਮ੍ਰਿਤਕ ਦੇਹਾਂ ਪਹੁੰਚੀਆਂ ਹਨ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਦੇਸ਼ ਦੀ ਸੀਨੀਅਰ ਲੀਡਰਸ਼ਿਪ ਮੌਜੂਦ ਰਹੇਗੀ। ਇੱਥੇ...
ਜੰਮੂ ਕਸ਼ਮੀਰ 'ਚ ਫੌਜ ਦੇ ਕਾਫਲੇ ਦੌਰਾਨ ਹੁਣ ਰੋਕੀ ਜਾਵੇਗੀ ਆਮ ਲੋਕਾਂ ਲਈ ਆਵਾਜਾਈ
. . .  1 day ago
ਸ੍ਰੀਨਗਰ, 15 ਫਰਵਰੀ - ਸੀ.ਆਰ.ਪੀ.ਐਫ. ਕਾਫਲੇ 'ਤੇ ਹਮਲੇ ਦੇ ਇਕ ਦਿਨ ਬਾਅਦ ਜੰਮੂ ਕਸ਼ਮੀਰ ਦੌਰੇ 'ਤੇ ਪਹੁੰਚੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਅਧਿਕਾਰੀਆਂ ਨਾਲ ਗੱਲ ਕੀਤੀ। ਬੈਠਕ 'ਚ ਚੀਫ ਸੈਕਟਰੀ ਜੰਮੂ ਕਸ਼ਮੀਰ, ਆਰਮੀ ਕਮਾਂਡਰ...
ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਵਿਦੇਸ਼ ਮੰਤਰਾਲਾ ਪੁੱਜੇ
. . .  1 day ago
ਨਵੀਂ ਦਿੱਲੀ, 15 ਫਰਵਰੀ - ਪੁਲਵਾਮਾ ਫਿਦਾਇਨ ਹਮਲੇ ਨੂੰ ਲੈ ਕੇ ਵੱਖ ਵੱਖ ਦੇਸ਼ਾਂ ਦੇ ਕੂਟਨੀਤਕ ਮਿਸ਼ਨਾਂ ਦੇ ਨੁਮਾਇੰਦੇ ਵਿਦੇਸ਼ੀ ਮਾਮਲਿਆਂ ਬਾਰੇ ਮੰਤਰਾਲਾ ਵਿਖੇ ਪੁੱਜੇ। ਇਨ੍ਹਾਂ ਵਿਚ ਜਰਮਨੀ, ਹੰਗਰੀ, ਇਟਲੀ, ਯੂਰਪੀਅਨ ਯੂਨੀਅਨ, ਕੈਨੇਡਾ, ਬਰਤਾਨੀਆ, ਰੂਸ, ਆਸਟ੍ਰੇਲੀਆ...
ਭਲਕੇ ਹੋਵੇਗੀ ਸਰਬ ਪਾਰਟੀ ਬੈਠਕ
. . .  1 day ago
ਨਵੀਂ ਦਿੱਲੀ, 15 ਫਰਵਰੀ - ਪੁਲਵਾਮਾ ਫਿਦਾਇਨ ਹਮਲੇ ਨੂੰ ਲੈ ਕੇ ਭਲਕੇ 11 ਵਜੇ ਪਾਰਲੀਮੈਂਟਰੀ ਲਾਈਬਰੇਰੀ ਵਿਚ ਸਰਬ ਦਲੀ ਬੈਠਕ ਹੋਣ ਜਾ ਰਹੀ...
ਵਿਜੇ ਮਾਲਿਆ ਨੇ ਹਵਾਲਗੀ ਖਿਲਾਫ ਅਪੀਲ ਕਰਨ ਦੀ ਇਜਾਜ਼ਤ ਦੇਣ ਦੀ ਕੀਤੀ ਅਪੀਲ
. . .  1 day ago
ਲੰਡਨ, 15 ਫਰਵਰੀ - ਭਾਰਤ ਵਿਚ ਧੋਖਾਧੜੀ ਤੇ ਮਨੀ ਲਾਂਡਰਿੰਗ 'ਚ ਕਰੀਬ 9 ਹਜ਼ਾਰ ਕਰੋੜ ਰਕਮ ਦੇ ਮਾਮਲਿਆਂ ਨੂੰ ਲੈ ਕੇ ਲੁੜੀਂਦੇ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਨੇ ਯੂ.ਕੇ. ਹਾਈਕੋਰਟ ਵਿਚ ਅਰਜ਼ੀ ਦਾਖਲ ਕਰਕੇ ਹਵਾਲਗੀ ਸਬੰਧੀ ਬ੍ਰਿਟਿਸ਼ ਗ੍ਰਹਿ ਸਕੱਤਰ ਵਲੋਂ ਜਾਰੀ...
ਹੋਰ ਖ਼ਬਰਾਂ..

ਲੋਕ ਮੰਚ

ਇਕ-ਦੂਜੇ ਉੱਪਰ ਦੂਸ਼ਣਬਾਜ਼ੀ ਦੀ ਬਜਾਏ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਸਿਆਸਤਦਾਨ

ਉਂਜ ਤਾਂ ਸਾਰੇ ਦੇਸ਼ ਦਾ ਰਾਜਨੀਤਕ ਮਾਹੌਲ ਦਿਨ-ਬ-ਦਿਨ ਨੀਵਾਣ ਵੱਲ ਹੀ ਜਾ ਰਿਹਾ ਹੈ ਪਰ ਪੰਜਾਬ ਨੂੰ ਗੁਰੂ ਸਾਹਿਬਾਨ, ਪੀਰਾਂ-ਪੈਗੰਬਰਾਂ, ਰਿਸ਼ੀਆਂ-ਮੁਨੀਆਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੋਣ ਕਾਰਨ ਸਾਨੂੰ ਵੰਡ ਛਕਣ, ਸੰਜਮ, ਸੰਤੋਖ, ਆਪ ਗਵਾ ਕੇ ਸੇਵਾ ਕਰਨ, ਦਸਾਂ ਨਹੁੰਆਂ ਦੀ ਕਿਰਤ ਕਰਕੇ ਦਸਵੰਧ ਕੱਢਣ ਆਦਿ ਦਾ ਉਪਦੇਸ਼ ਮਿਲਦਾ ਹੈ।
ਅਕਾਲੀ ਵਰਕਰਾਂ/ਜਥੇਦਾਰਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਪੰਜਾਬੀ ਸੂਬਾ ਹੋਂਦ ਵਿਚ ਆਇਆ, ਹਜ਼ਾਰਾਂ ਪਰਿਵਾਰ ਇਨ੍ਹਾਂ ਸੰਘਰਸ਼ਾਂ ਕਾਰਨ ਰੁਲ ਗਏ। ਆਸ ਸੀ ਕਿ ਪੰਜਾਬੀ ਖੁਸ਼ਹਾਲ ਅਤੇ ਸੁੱਖ ਦਾ ਜੀਵਨ ਬਤੀਤ ਕਰਨਗੇ। ਹੋਇਆ ਇਹ ਕਿ ਸਿਆਸੀ ਲੋਕਾਂ/ਪਾਰਟੀਆਂ ਦੀ ਖਹਿਬਾਜ਼ੀ ਅਤੇ ਰਾਜਸੀ ਸੱਤਾ ਹਥਿਆਉਣ ਦੀ ਲਾਲਸਾ ਕਾਰਨ 1978 ਤੋਂ ਬਾਅਦ ਪੰਜਾਬ ਦੇ ਹਾਲਾਤ ਵਿਗੜਦੇ ਗਏ। ਖਾੜਕੂਵਾਦ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ, ਲੁੱਟੇ ਗਏ। ਵਿੱਦਿਅਕ ਅਦਾਰੇ, ਸਿਹਤ ਸਹੂਲਤਾਂ ਆਦਿ ਅਤੇ ਆਮ ਜਨਜੀਵਨ ਠੱਪ ਹੋ ਕੇ ਰਹਿ ਗਿਆ। ਚਾਹੀਦਾ ਤਾਂ ਇਹ ਸੀ ਕਿ ਸਮੇਂ ਦੀਆਂ ਸਰਕਾਰਾਂ ਪੰਜਾਬੀਆਂ ਦੇ ਮੁੜ ਵਸੇਬੇ ਵੱਲ ਧਿਆਨ ਦਿੰਦੀਆਂ, ਹੋਇਆ ਇਹ ਕਿ ਅਫਸਰਸ਼ਾਹੀ, ਉੱਚ ਸਿਆਸੀ ਅਧਿਕਾਰੀਆਂ ਨੇ ਸਰਕਾਰੀ ਖਜ਼ਾਨੇ ਦੀ ਆਪਣੀਆਂ ਸੁੱਖ-ਸਹੂਲਤਾਂ ਦੀ ਪੂਰਤੀ ਲਈ ਖੁੱਲ੍ਹ ਕੇ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਆਪਣੀਆਂ ਤਨਖਾਹਾਂ ਭੱਤੇ ਕਈ ਗੁਣਾ ਵਧੇ ਗਏ। ਆਪਣੇ ਚੇਲਿਆਂ ਨੂੰ ਵੱਡੇ-ਵੱਡੇ ਅਹੁਦੇ ਦੇਣ ਲਈ ਕਈ ਨਵੇਂ ਬੋਰਡ/ਕਮਿਸ਼ਨ ਸਥਾਪਤ ਕਰ ਲਏ। ਕੈਬਨਿਟ ਰੈਂਕ ਰੇੜੀਆਂ ਵਾਂਗ ਵੰਡਣੇ ਸ਼ੁਰੂ ਕਰ ਦਿੱਤੇ। ਉੱਪਰਲਾ ਪ੍ਰਸ਼ਾਸਨਿਕ ਢਾਂਚਾ ਕਈ ਗੁਣਾ ਵਧਾ ਦਿੱਤਾ। ਦੂਜੇ ਪਾਸੇ ਹੇਠਲੀਆਂ ਨੌਕਰੀਆਂ ਦੀ ਨਵੀਂ ਭਰਤੀ ਉੱਪਰ ਕਈ ਸਾਲਾਂ ਤੋਂ ਰੋਕ ਲਗਾ ਰੱਖੀ ਹੈ।
ਅਫਸਰਸ਼ਾਹੀ, ਵਜ਼ੀਰ, ਵਿਧਾਇਕ, ਸੰਸਦ ਮੈਂਬਰ ਬੋਰਡਾਂ ਦੇ ਚੇਅਰਮੈਨ ਆਦਿ ਸਰਕਾਰੀ ਖਰਚੇ ਉੱਪਰ ਮਹਿੰਗੀਆਂ ਕਾਰਾਂ ਉੱਪਰ ਝੂਟੇ ਲੈ ਰਹੇ ਹਨ, ਸਰਕਾਰੀ ਸੁਰੱਖਿਆ ਦਾ ਅਨੰਦ ਮਾਣ ਰਹੇ ਹਨ, ਇਸ ਪੱਖੋਂ ਵਿਰੋਧੀ ਧਿਰ ਦੇ ਲੋਕ ਵੀ ਪਿੱਛੇ ਨਹੀਂ। ਫਿਰ ਇਹ ਲੋਕ ਪੰਜਾਬ ਦੀ ਜਨਤਾ ਦੇ ਹਿਤਾਂ ਦਾ ਢੰਡੋਰਾ ਪਿੱਟ ਰਹੇ ਹਨ।
ਜਿਥੇ ਆਮ ਜਨਤਾ ਦੀ ਹਾਲਤ 1980 ਤੋਂ ਬਾਅਦ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਸਿਆਸੀ ਲੋਕ ਦਿਨ-ਬ-ਦਿਨ ਅਮੀਰ ਹੋ ਰਹੇ ਹਨ। ਪਿਛਲੇ ਸਮੇਂ ਦੌਰਾਨ ਕਈ ਛੋਟੀਆਂ ਮਾਲਕੀਆਂ ਵਾਲੇ ਸਿਆਸੀ ਲੋਕ ਵੱਡੇ-ਵੱਡੇ ਜਗੀਰਦਾਰ ਅਤੇ ਕਾਰੋਬਾਰੀ ਬਣ ਗਏ ਹਨ।
ਸੰਨ 1980 ਤੱਕ ਸਰਕਾਰੀ ਖਰਚੇ ਅਤੇ ਅੱਜ ਦੇ ਇਨ੍ਹਾਂ ਲੋਕਾਂ ਉੱਪਰ ਆ ਰਹੇ ਖਰਚਿਆਂ ਦਾ ਜ਼ਮੀਨ-ਅਸਮਾਨ ਦਾ ਫਰਕ ਹੈ। ਦੂਜੇ ਪਾਸੇ ਲੱਖਾਂ ਨੌਜਵਾਨ ਬੇਰੁਜ਼ਗਾਰੀ ਦਾ ਸ਼ਿਕਾਰ ਹੋਣ ਕਾਰਨ ਜਾਂ ਤਾਂ ਲੱਖਾਂ ਰੁਪਏ ਕਰਜ਼ੇ ਚੁੱਕ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਜਾਂ ਫਿਰ ਅਪਰਾਧਿਕ ਗਤੀਵਿਧੀਆਂ ਵੱਲ ਖਿੱਚੇ ਜਾ ਰਹੇ ਹਨ। ਸਿਹਤ ਸਹੂਲਤਾਂ ਅਤੇ ਵਿੱਦਿਅਕ ਅਦਾਰਿਆਂ ਦੀ ਜੋ ਹਾਲਤ ਹੈ, ਉਹ ਸਭ ਲੋਕ ਜਾਣਦੇ ਹਨ। ਬਹੁਤ ਪੁਰਾਣੀ ਗੱਲ ਨਹੀਂ ਜਦੋਂ ਵਿਧਾਇਕ, ਸੰਸਦ ਮੈਂਬਰ ਆਮ ਸਵਾਰੀਆਂ ਵਾਂਗ ਆਮ ਬੱਸਾਂ ਉੱਪਰ ਸਫਰ ਕਰਿਆ ਕਰਦੇ ਸਨ। ਵਜ਼ੀਰਾਂ/ਉੱਚ ਸਰਕਾਰੀ ਅਧਿਕਾਰੀਆਂ ਕੋਲ ਸਸਤੀਆਂ ਅੰਬੈਸਡਰ ਕਾਰਾਂ ਹੋਇਆ ਕਰਦੀਆਂ ਸਨ। ਰੇਤਾ-ਬੱਜਰੀ ਜਾਂ ਦੂਜੇ ਮਾਫੀਆ ਦਾ ਨਾਮੋ-ਨਿਸ਼ਾਨ ਨਹੀਂ ਸੀ। ਕਿਸੇ ਵਿਰਲੇ ਹੀ ਸਿਆਸੀ ਆਗੂ ਜਾਂ ਅਫਸਰ ਉੱਪਰ ਭ੍ਰਿਸ਼ਟਾਚਾਰ ਦੀ ਉਂਗਲ ਉੱਠੀ ਹੋਵੇ।
ਜੇ ਵਿਰੋਧੀ ਅਤੇ ਸੱਤਾਧਾਰੀ ਧਿਰ ਦੇ ਲੋਕ ਪੰਜਾਬ ਦੀ ਜਨਤਾ ਦਾ ਭਲਾ ਕਰਨਾ ਚਾਹੁੰਦੇ ਹਨ ਤਾਂ ਇਕ-ਦੂਜੇ ਖਿਲਾਫ ਬੇਲੋੜੀ ਦੂਸ਼ਣਬਾਜ਼ੀ ਅਤੇ ਗੁਮਰਾਹਕੁੰਨ ਪ੍ਰਚਾਰ ਛੱਡਣ, ਬੇਲੋੜੇ ਮੁੱਦੇ ਨਾ ਖੜ੍ਹੇ ਕਰਨ। ਸਰਕਾਰੀ ਖਰਚਿਆਂ ਉੱਪਰ ਜ਼ਿਆਦਾ ਤੋਂ ਜ਼ਿਆਦਾ ਸੰਜਮ ਅਤੇ ਇਮਾਨਦਾਰੀ ਤੋਂ ਕੰਮ ਲੈ ਕੇ ਜ਼ਿਆਦਾ ਤੋਂ ਜ਼ਿਆਦਾ ਸਰਕਾਰੀ ਖਜ਼ਾਨੇ ਦੀ ਬੱਚਤ ਕੀਤੀ ਜਾਵੇ। ਨੌਜਵਾਨ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ, ਸਿਹਤ ਸਹੂਲਤਾਂ ਵਿਚ ਸੁਧਾਰ ਕਰਕੇ ਹਰ ਮਰੀਜ਼ ਦਾ ਸਰਕਾਰੀ ਹਸਪਤਾਲਾਂ ਵਿਚ ਇਲਾਜ ਹੋਵੇ ਅਤੇ ਹਰ ਬੱਚੇ ਨੂੰ ਮਿਆਰੀ ਵਿੱਦਿਆ ਮਿਲ ਸਕੇ, ਤਾਂ ਹੀ ਸਮਝਿਆ ਜਾਵੇਗਾ ਕਿ ਇਹ ਪਾਰਟੀਆਂ/ਸਰਕਾਰਾਂ ਜਨਤਾ ਦੇ ਹਿਤ ਵਿਚ ਕੰਮ ਕਰ ਰਹੀਆਂ ਹਨ।

-60-61 ਗਰੀਨ ਪਾਰਕ, ਜਲੰਧਰ। ਮੋਬਾ: 98154-01667


ਖ਼ਬਰ ਸ਼ੇਅਰ ਕਰੋ

ਮਾਣ-ਮੱਤੇ ਅਧਿਆਪਕ-11

ਉੱਘਾ ਰੰਗਕਰਮੀ ਕੌਮੀ ਪੁਰਸਕਾਰ ਵਿਜੇਤਾ ਬਲਰਾਮ ਸ਼ਰਮਾ

ਬਲਰਾਮ ਸ਼ਰਮਾ ਇਕ ਉੱਘਾ ਰੰਗਕਰਮੀ, ਕਲਮ ਦਾ ਧਨੀ ਅਤੇ ਵਿਲੱਖਣ ਪ੍ਰਤਿਭਾ ਦਾ ਮਾਲਕ ਹੈ। ਬਲਰਾਮ ਸ਼ਰਮਾ ਦਾ ਜਨਮ ਇਕ ਸਾਧਾਰਨ ਪਰਿਵਾਰ ਵਿਚ ਹੋਇਆ ਪਰ ਜੇਕਰ ਉਸ ਨੂੰ 'ਅਧਿਆਪਕਾਂ ਦੇ ਪਰਿਵਾਰ ਦਾ ਜਾਇਆ' ਆਖ ਦਿੱਤਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਜਨਮ ਤੋਂ ਹੀ ਬਲਰਾਮ ਨੂੰ ਕਰੀਬ ਦੋ ਦਰਜਨ ਅਧਿਆਪਕਾਂ ਦੀ ਸੰਗਤ ਅਤੇ ਕਈਆਂ ਦੀ ਗੋਦੀ ਵਿਚ ਖੇਡ ਕੇ ਵੱਡਾ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ਼ਾਇਦ ਇਸੇ ਰੱਬੀ ਮਿਹਰ ਕਰਕੇ ਬਲਰਾਮ ਵਿਚ ਦਰਜਨਾਂ ਸੰਸਕਾਰ ਭਰੇ ਪਏ ਹਨ। ਮੁੱਢ ਤੋਂ ਹੀ ਆਪਣੇ ਅਧਿਆਪਕਾਂ ਦਾ ਚਹੇਤਾ ਅਤੇ ਹੁਸ਼ਿਆਰ ਵਿਦਿਆਰਥੀ ਰਹੇ ਬਲਰਾਮ ਸ਼ਰਮਾ ਨੇ ਆਪਣੀ ਅਧਿਆਪਨ ਦੀ ਪਹਿਲੀ ਪੌੜੀ ਆਰਟ ਐਂਡ ਕਰਾਫਟ ਦਾ ਡਿਪਲੋਮਾ ਕਰਕੇ ਸ਼ੁਰੂ ਕੀਤੀ। ਫਿਰ ਐਮ.ਏ. ਅੰਗਰੇਜ਼ੀ, ਪੰਜਾਬੀ, ਹਿੰਦੀ, ਭੂਗੋਲ ਅਤੇ ਉਰਦੂ ਪਹਿਲੇ ਦਰਜੇ ਵਿਚ ਪਾਸ ਕੀਤੀਆਂ। ਇਸ ਉਪਰੰਤ ਉਨ੍ਹਾਂ ਨੇ ਆਨਰਜ਼ ਇਨ ਪੰਜਾਬੀ, ਬੀ.ਐੱਡ., ਫਾਊਂਡੇਸ਼ਨ ਕੋਰਸ ਆਫ ਡਿਸਏਬਲ ਚਿਲਡਰਨ, ਐਮ.ਫਿਲ. ਸਮੇਤ ਐਚ.ਆਰ.ਡੀ. ਅਧੀਨ 10 ਮਹੀਨੇ ਦੀ ਉਰਦੂ ਸਿਖਲਾਈ ਪੰਜਾਬੀ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ।
ਬਲਰਾਮ ਸ਼ਰਮਾ ਨੇ 1996 ਵਿਚ ਆਪਣਾ ਸਰਕਾਰੀ ਅਧਿਆਪਨ ਸਫਰ ਬਤੌਰ ਆਰਟ ਟੀਚਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕੀ, ਜ਼ਿਲ੍ਹਾ ਲੁਧਿਆਣਾ ਤੋਂ ਸ਼ੁਰੂ ਕੀਤਾ ਅਤੇ ਫਿਰ 2004 ਵਿਚ ਪਦਉੱਨਤ ਹੋ ਕੇ ਬਤੌਰ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਰਾਮਗੜ੍ਹ, ਜ਼ਿਲ੍ਹਾ ਲੁਧਿਆਣਾ ਵਿਖੇ ਸੇਵਾ ਨਿਭਾਅ ਰਹੇ ਹਨ। ਸਕੂਲ ਵਿਚ ਹਰ ਸਮੇਂ ਵਿਦਿਆਰਥੀਆਂ ਦੀ ਭਲਾਈ ਲਈ ਯਤਨਸ਼ੀਲ ਰਹਿਣ ਵਾਲੇ ਬਲਰਾਮ ਸ਼ਰਮਾ ਨੇ ਸਕੂਲ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨ ਲਈ ਪਸੀਨੇ ਨਾਲ ਭਿਜਦੇ ਕੱਪੜਿਆਂ ਦਾ ਪ੍ਰਵਾਹ ਨਹੀਂ ਕੀਤੀ। ਸਕੂਲ ਵਿਚ 5 ਕਮਰੇ, ਛੱਪੜ ਨੂੰ ਭਰ ਕੇ ਖੇਡ ਮੈਦਾਨ ਬਣਾਉਣਾ, ਖੇਡ ਕਮਰਾ, ਕੰਪਿਊਟਰ ਕਮਰਾ ਬਣਾਉਣਾ ਉਸ ਦੀਆਂ ਥੋੜ੍ਹੇ ਸਮੇਂ ਦੀਆਂ ਪ੍ਰਾਪਤੀਆਂ ਹਨ।
ਬਲਰਾਮ ਅੰਦਰ ਇਕ ਰੰਗਕਰਮੀ ਵੀ ਜਿਉਂਦਾ ਹੈ, ਜੋ ਉਸ ਨੂੰ ਸਮਾਜ ਦੀ ਪਰ ਪੀੜਾ ਹਰ ਦਰਦ ਨੂੰ ਨੇੜਿਓਂ ਤੱਕਣ ਦਾ ਮੌਕਾ ਦਿੰਦਾ ਰਹਿੰਦਾ ਹੈ ਅਤੇ ਆਪਣੇ ਅੰਦਰਲੇ ਵਲਵਲਿਆਂ ਨੂੰ ਉਹ ਵੱਖ-ਵੱਖ ਪਾਤਰਾਂ ਰਾਹੀਂ ਲੋਕਾਂ ਤੱਕ ਪਹੁੰਚਾ ਕੇ ਸਮਾਜਿਕ ਤਬਦੀਲੀ ਲਈ ਤਤਪਰ ਹੈ। ਹੁਣ ਤੱਕ 100 ਤੋਂ ਵੱਧ ਨਾਟਕਾਂ ਰਾਹੀਂ ਰਾਸ਼ਟਰੀ ਤੇੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕੇ ਬਲਰਾਮ ਸ਼ਰਮਾ ਨੇ ਇਸੇ ਕਲਾ ਕਰਕੇ ਸਕੂਲ ਅੰਦਰ ਸ਼ਹੀਦ ਭਗਤ ਸਿੰਘ ਬਾਲ ਸੰਸਕਾਰ ਕੇਂਦਰ, ਟੈਗੋਰ ਕਲਚਰਲ ਕਲੱਬ, ਪੰਡਿਤ ਰਾਮ ਮੂਰਤੀ ਯਾਦਗਾਰੀ ਲਾਇਬ੍ਰੇਰੀ ਦੀ ਸਥਾਪਨਾ ਕਰਕੇ ਨਵੀਂ ਪੀੜ੍ਹੀ ਨੂੰ ਸਾਹਿਤ ਤੇ ਕਲਾ ਨਾਲ ਜੋੜਨ ਦਾ ਹੰਭਲਾ ਮਾਰਿਆ ਹੈ, ਜਿਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਦੇ ਵਿਦਿਆਰਥੀਆਂ ਨੇ ਰਾਜ ਪੱਧਰ ਤੱਕ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ।
ਹਜ਼ਾਰਾਂ ਲਿਖਤਾਂ ਰਾਹੀਂ ਅਤੇ ਇਕ ਕਿਤਾਬ ਲੋਕ ਮਨਾਂ ਦਾ ਰਾਜਾ (ਨਾਟਕ) ਰਾਹੀਂ ਸਾਹਿਤਕ ਦੁਨੀਆ ਅੰਦਰ ਵੱਖਰੀ ਪਹਿਚਾਣ ਬਣਾ ਚੁੱਕੇ ਅਧਿਆਪਕ ਜਗਤ ਲਈ ਇਸ ਮਾਣਮੱਤੀ ਤੇ ਹਮੇਸ਼ਾ ਫਖਰ ਕਰਨ ਵਾਲੀ ਮਹਾਨ ਸ਼ਖ਼ਸੀਅਤ ਨੂੰ ਪੰਜਾਬ ਸਰਕਾਰ ਵਲੋਂ 5 ਸਤੰਬਰ, 2008 ਨੂੰ ਰਾਜ ਪੁਰਸਕਾਰ ਅਤੇ 2013 ਵਿਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਕੌਮੀ ਅਧਿਆਪਕ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਪਿੰਡ ਮਾਨੂੰਪੁਰ ਗੋਸਲਾ ਦੀ ਮਹਿਕਾਂ ਵੰਡਦੀ ਮਿੱਟੀ ਵਿਚ ਜੰਮੇ-ਪਲੇ ਅਤੇ ਹੁਣ ਗੁਰੂ ਤੇਗ ਬਹਾਦਰ ਨਗਰ, ਖੰਨਾ ਵਿਖੇ ਧਰਮਪਤਨੀ ਸ੍ਰੀਮਤੀ ਕਵਿਤਾ ਸ਼ਰਮਾ ਅਤੇ ਦੋ ਬੱਚਿਆਂ ਨਾਲ ਰਹੇ ਹਨ। ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ, ਤਾਂ ਜੋ ਉਹ ਸਿੱਖਿਆ ਜਗਤ ਲਈ ਹੋਰ ਉੱਚੀ ਉਡਾਣ ਭਰ ਸਕਣ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)। ਮੋਬਾ: 93565-52000

ਮਾਪਿਆਂ ਪ੍ਰਤੀ ਬੱਚਿਆਂ ਦਾ ਘਟੀਆ ਰਵੱਈਆ ਇਕ ਦੁੱਖਦਾਈ ਪਹਿਲੂ

ਹਰ ਮਨੁੱਖ ਦੀ ਜ਼ਿੰਦਗੀ ਤਕਰੀਬਨ ਤਿੰਨ ਪੜਾਵਾਂ ਬਚਪਨ, ਜਵਾਨੀ ਅਤੇ ਬੁਢਾਪੇ ਵਿਚੋਂ ਦੀ ਹੋ ਕੇ ਗੁਜ਼ਰਦੀ ਹੈ। ਬੱਚੇ ਦੇ ਜਨਮ ਲੈਣ ਸਾਰ ਹੀ ਮਾਪਿਆਂ ਦੀ ਜਿਥੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ, ਉਥੇ ਉਨ੍ਹਾਂ ਵਲੋਂ ਉਸ ਦੇ ਭਵਿੱਖ ਨੂੰ ਲੈ ਕੇ ਵੀ ਲੱਖਾਂ ਸੁਪਨੇ ਸਜਾ ਲਏ ਜਾਂਦੇ ਹਨ। ਬੱਚਿਆਂ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਸਮੇਂ ਮਾਪਿਆਂ ਵਲੋਂ ਆਪ ਖੁਦ ਔਖੇ ਹੋ ਕੇ ਆਪਣੇ ਬੱਚਿਆਂ ਦੀ ਹਰ ਖੁਸ਼ੀ ਦਾ ਬੇਹੱਦ ਖਿਆਲ ਰੱਖਿਆ ਜਾਂਦਾ ਹੈ। ਛੋਟੀ ਉਮਰ ਸਮੇਂ ਆਪਣੇ ਬੱਚਿਆਂ ਦਾ ਮਾਪਿਆਂ ਵਲੋਂ ਬੜੇ ਚਾਵਾਂ ਨਾਲ ਪਾਲਣ-ਪੋਸ਼ਣ ਕੀਤਾ ਜਾਂਦਾ ਹੈ। ਬੱਚੇ ਨਾਲ ਬੱਚਾ ਬਣ ਕੇ ਖੁਦ ਤੋਤਲੀ ਜ਼ਬਾਨ ਬੋਲ ਕੇ ਉਸ ਨੂੰ ਹਰ ਰਿਸ਼ਤੇ ਤੋਂ ਜਾਣੂ ਕਰਵਾਇਆ ਜਾਂਦਾ ਹੈ। ਉਸ ਤੋਂ ਬਾਅਦ ਆਪਣੀ ਹੈਸੀਅਤ ਮੁਤਾਬਿਕ ਹਰ ਮਾਪੇ ਵਲੋਂ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ-ਕਾਲਜਾਂ ਵਿਚ ਪੜ੍ਹਾਈ ਕਰਵਾ ਕੇ ਉਨ੍ਹਾਂ ਨੂੰ ਸਮਾਜ ਵਿਚ ਚੰਗੇ ਸਲੀਕੇ ਨਾਲ ਵਿਚਰਨ ਦੇ ਯੋਗ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਪੜ੍ਹਾਈ ਪੂਰੀ ਕਰਨ ਪਿੱਛੋਂ ਜਵਾਨ ਅਵਸਥਾ ਵਿਚ ਉਨ੍ਹਾਂ ਲਈ ਚੰਗੇ ਜੀਵਨ ਸਾਥੀ ਲੱਭ ਕੇ ਬੜੇ ਚਾਅ ਨਾਲ ਉਨ੍ਹਾਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਬਿਰਧ ਅਵਸਥਾ ਸ਼ੁਰੂ ਹੁੰਦਿਆਂ ਹੀ ਹਰ ਮਾਪੇ ਦੀ ਸੋਚ ਹੁੰਦੀ ਹੈ ਕਿ ਉਸ ਦੀ ਕਬੀਲਦਾਰੀ ਦੀ ਵਾਗਡੋਰ ਹੁਣ ਉਸ ਦੀ ਔਲਾਦ ਸੰਭਾਲੇ ਅਤੇ ਉਸ ਤੋਂ ਵੀ ਵੱਧ ਤਰੱਕੀ ਅਤੇ ਇੱਜ਼ਤ-ਮਾਣ ਦੀਆਂ ਬੁਲੰਦੀਆਂ ਤੱਕ ਪਹੁੰਚੇ। ਸਾਰੀ ਉਮਰ ਆਪਣੀ ਔਲਾਦ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਮਾਪਿਆਂ ਨੂੰ ਬਿਰਧ ਅਵਸਥਾ ਵਿਚ ਆਪਣੇ ਬੱਚਿਆਂ ਤੋਂ ਹਮਦਰਦੀ, ਪਿਆਰ ਅਤੇ ਸਰੀਰਕ ਸਾਂਭ-ਸੰਭਾਲ ਦੀ ਬੇਹੱਦ ਲੋੜ ਹੁੰਦੀ ਹੈ। ਮਾਪਿਆਂ ਦੀ ਇਸ ਅਵਸਥਾ ਵਿਚ ਬੱਚਿਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਲੋੜ ਅਨੁਸਾਰ ਉਨ੍ਹਾਂ ਦਾ ਹਰ ਤਰ੍ਹਾਂ ਦਾ ਪੂਰਾ ਖਿਆਲ ਰੱਖਿਆ ਜਾਵੇ। ਪਰ ਹੁਣ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਅੱਜ ਥੋੜ੍ਹੇ-ਬਹੁਤੇ ਬੱਚਿਆਂ ਨੂੰ ਛੱਡ ਕੇ ਜ਼ਿਆਦਾਤਰ ਬੱਚੇ ਆਪਣੇ ਮਾਪਿਆਂ ਦੇ ਹੱਥੋਂ ਨਿਕਲ ਕੇ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਹੁੰਦੇ ਜਾ ਰਹੇ ਹਨ। ਬਹੁਤ ਸਾਰੇ ਬੱਚਿਆਂ ਵਲੋਂ ਜਿਥੇ ਗ਼ਲਤ ਰਸਤੇ ਚੁਣ ਕੇ ਨਸ਼ੇ ਅਤੇ ਹੋਰ ਭੈੜੀਆਂ ਅਲਾਮਤਾਂ ਸਹੇੜ ਕੇ ਭਰ ਜਵਾਨੀ ਵਿਚ ਹੀ ਆਪਣਾ ਜੀਵਨ ਖਰਾਬ ਕਰ ਲਿਆ ਜਾਂਦਾ ਹੈ, ਉਥੇ ਆਪਣੇ ਬੁੱਢੇ ਮਾਪਿਆਂ ਨੂੰ ਜਿਊਂਦੇ ਜੀਅ ਝੋਰੇ, ਟੈਨਸ਼ਨਾਂ ਨਾਲ ਤਿਲ-ਤਿਲ ਕਰਕੇ ਮਰਨ ਲਈ ਵੀ ਮਜਬੂਰ ਕਰ ਦਿੱਤਾ ਜਾਂਦਾ ਹੈ। ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜਕਲ੍ਹ ਬਹੁਤ ਸਾਰੇ ਬੱਚੇ ਅਜਿਹੇ ਵੀ ਹਨ, ਜਦੋਂ ਉਨ੍ਹਾਂ ਨੂੰ ਮਾੜੇ ਵਰਤਾਰਿਆਂ ਤੋਂ ਮਾਪਿਆਂ ਵਲੋਂ ਰੋਕਿਆ ਜਾਂਦਾ ਹੈ ਤਾਂ ਉਨ੍ਹਾਂ ਵਲੋਂ ਮਾਪਿਆਂ ਲਈ ਬੇਹੱਦ ਘਟੀਆ ਸ਼ਬਦਾਵਲੀ ਅਤੇ ਗਾਲੀ-ਗਲੋਚ ਤੱਕ ਵੀ ਕਰ ਦਿੱਤਾ ਜਾਂਦਾ ਹੈ। ਪੰਜਾਬ ਵਿਚ ਅੱਜ ਅਨੇਕਾਂ ਅਜਿਹੇ ਅਭਾਗੇ ਬਜ਼ੁਰਗ ਵੀ ਹਨ, ਜਿਨ੍ਹਾਂ ਦੀ ਔਲਾਦ ਵਲੋਂ ਆਪਣੇ ਕੰਮਾਂਕਾਰਾਂ ਦੇ ਬਹਾਨਿਆਂ ਵਿਚ ਸੇਵਾ ਤਾਂ ਦੂਰ ਦੀ ਗੱਲ, ਸਗੋਂ ਉਨ੍ਹਾਂ ਨਾਲ ਆਪਣੀ ਜ਼ਬਾਨ ਵਿਚੋਂ ਇਕ ਸ਼ਬਦ ਤੱਕ ਵੀ ਸਾਂਝਾ ਨਹੀਂ ਕੀਤਾ ਜਾਂਦਾ। ਪੰਜਾਬ ਵਿਚ ਅੱਜ ਥਾਂ-ਥਾਂ ਬਣੇ ਬਿਰਧ ਆਸ਼ਰਮਾਂ ਵਿਚ ਅਨੇਕਾਂ ਇਕਲਾਪੇ ਦੀ ਅੱਗ ਵਿਚ ਸੜ ਰਹੇ ਬਜ਼ੁਰਗਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸੋ, ਸਾਨੂੰ ਸਭ ਨੂੰ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਰੋਜ਼ਾਨਾ ਕੁਝ ਪਲ ਕੱਢ ਕੇ ਜਿਥੇ ਆਪਣੇ ਮਾਪਿਆਂ ਕੋਲ ਜ਼ਰੂਰ ਬੈਠਣਾ ਚਾਹੀਦਾ ਹੈ, ਉਥੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਸਾਂਭ-ਸੰਭਾਲ ਵੀ ਯਕੀਨੀ ਬਣਾਉਣੀ ਚਾਹੀਦੀ ਹੈ, ਕਿਉਂਕਿ ਇਹੀ ਸਾਡੇ ਚੰਗੇਰੇ ਭਵਿੱਖ ਅਤੇ ਬੁਢਾਪੇ ਲਈ ਵਧੀਆ ਹੋਵੇਗਾ।

-ਪਿੰਡ ਤੇ ਡਾਕ: ਚੜਿੱਕ (ਮੋਗਾ)।
ਮੋਬਾ: 94654-11585

ਦੀਵਾਰਾਂ 'ਤੇ ਪੇਂਟਿੰਗਾਂ ਰਾਹੀਂ ਦੇ ਰਹੇ ਸੁੰਦਰਤਾ ਦਾ ਹੋਕਾ

ਸਾਡੇ ਵੇਖਣ ਵਿਚ ਆਉਂਦਾ ਹੈ ਕਿ ਹਰ ਸ਼ਹਿਰ ਵਿਚ ਹੀ ਮਕਾਨਾਂ, ਦੁਕਾਨਾਂ ਅਤੇ ਹੋਰ ਇਮਾਰਤਾਂ ਦੀਆਂ ਦੀਵਾਰਾਂ ਉਪਰ ਕੁਝ ਲੋਕ ਊਲ-ਜਲੂਲ ਲਿਖ ਦਿੰਦੇ ਹਨ ਜਾਂ ਫਿਰ ਕਾਰਟੂਨ ਬਣਾ ਦਿੰਦੇ ਹਨ। ਹੁਣ ਕੁਝ ਸਮਾਜ ਸੇਵੀ ਆਗੂਆਂ ਵਲੋਂ ਆਪਣੇ ਸ਼ਹਿਰ ਨੂੰ ਸੁੰਦਰ ਅਤੇ ਸ਼ਹਿਰ ਦੀਆਂ ਦੀਵਾਰਾਂ ਨੂੰ ਵਿਰਾਸਤੀ ਦਿੱਖ ਦੇਣ ਦਾ ਯਤਨ ਸ਼ੁਰੂ ਕੀਤਾ ਗਿਆ ਹੈ। ਅਜਿਹੀ ਹੀ ਸ਼ੁਰੂਆਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਫੇਜ਼ 3 ਬੀ 2 ਦੀ ਮਾਰਕੀਟ ਵਿਚ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵਲੋਂ ਇਕ ਵਿਸ਼ਾਲ ਇਮਾਰਤ ਦੀ ਦੀਵਾਰ ਉਪਰ ਪੇਂਟਿੰਗ ਕਰਵਾ ਕੇ ਇਸ ਦੀਵਾਰ ਨੂੰ ਵਿਰਾਸਤੀ ਦਿੱਖ ਦਿਤੀ ਗਈ ਹੈ, ਜਿਸ ਕਰਕੇ ਦੀਵਾਰ ਫੇੇਜ਼ 3 ਬੀ 2 ਦੇ ਨਾਲ-ਨਾਲ ਪੂਰੇ ਮੁਹਾਲੀ ਸ਼ਹਿਰ ਦਾ ਮਾਣ ਬਣ ਗਈ ਹੈ।
ਇਸ ਵਿਰਾਸਤੀ ਦੀਵਾਰ ਉਪਰ ਪੇਂਟਿੰਗ ਰਾਹੀਂ ਸ਼ਹੀਦ ਭਗਤ ਸਿੰਘ ਸਮੇਤ ਹੋਰ ਉੱਘੀਆਂ ਹਸਤੀਆਂ ਤਸਵੀਰਾਂ ਬਹੁਤ ਹੀ ਸੋਹਣੇ ਢੰਗ ਨਾਲ ਬਣਾਈਆਂ ਗਈਆਂ ਹਨ। ਇਸ ਦੀਵਾਰ ਉਪਰ ਇਸ ਤਰ੍ਹਾਂ ਦੀਆਂ ਤਸਵੀਰਾਂ ਪੇਂਟ ਕਰਕੇ ਲੋਕਾਂ ਨੂੰ ਆਪਣੇ ਘਰ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਅਤੇ ਆਪਣੇ ਘਰਾਂ ਤੇ ਹੋਰ ਇਮਾਰਤਾਂ ਦੀਆਂ ਦੀਵਾਰਾਂ ਨੂੰ ਵੀ ਸਾਫ਼ ਸੁੰਦਰ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਵਿਰਾਸਤੀ ਦੀਵਾਰ ਨੂੰ ਵੇਖਣ ਲਈ ਦੂਰ-ਦੂਰ ਤੋਂ ਲੋਕ ਆ ਰਹੇ ਹਨ ਅਤੇ ਇਸ ਦੀਵਾਰ ਅੱਗੇ ਖੜ੍ਹ ਕੇ ਤਸਵੀਰਾਂ ਖਿਚਵਾਉਂਦੇ ਹਨ। ਇਸੇ ਤਰ੍ਹਾਂ ਦੀਆਂ ਹੀ ਵਿਰਾਸਤੀ ਦਿੱਖ ਵਾਲੀਆਂ ਦੀਵਾਰਾਂ ਇਸ ਤੋਂ ਪਹਿਲਾਂ ਗੁੜਗਾਓਂ, ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਵੀ ਬਣਾਈਆਂ ਗਈਆਂ ਹਨ। ਪੰਜਾਬ ਦੇ ਬਰਨਾਲਾ ਸ਼ਹਿਰ ਦੀਆਂ ਹੰਡਾਇਆ ਕੈਂਚੀਆਂ ਉਪਰ ਬਣੇ ਫਲਾਈਓਵਰ ਦੀਆਂ ਦੀਵਾਰਾਂ ਉਪਰ ਵੀ ਬਹੁਤ ਸੋੋਹਣੀਆਂ ਤਸਵੀਰਾਂ ਪੇਂਟਿੰਗ ਰਾਹੀਂ ਬਣਾਈਆਂ ਹੋਈਆਂ ਹਨ, ਜੋ ਕਿ ਸਭ ਦਾ ਮਨ ਮੋਹ ਲੈਂਦੀਆਂ ਹਨ।
ਇਸੇ ਤਰ੍ਹਾਂ ਹੀ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਵੀ ਫਲਾਈਓਵਰਾਂ ਦੀਆਂ ਦੀਵਾਰਾਂ ਉਪਰ ਸੁੰਦਰ ਪੇਂਟਿੰਗਾਂ ਕੀਤੀਆਂ ਹੋਈਆਂ ਮਿਲਦੀਆਂ ਹਨ। ਇਸ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵੀਆਂ ਵਲੋਂ ਲੋਕਾਂ ਨੂੰ ਹਰ ਪਾਸੇ ਹੀ ਸਾਫ਼-ਸਫ਼ਾਈ ਰੱਖ ਕੇ ਆਪੋ-ਆਪਣੇ ਸ਼ਹਿਰ ਤੇ ਆਪੋ-ਆਪਣੇ ਮੁਹੱਲੇ ਨੂੰ ਸੁੰਦਰ ਦਿੱਖ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਸਮਾਜ ਸੇਵੀ ਸੰਸਥਾਵਾਂ ਦੇ ਕਰਤਿਆਂ-ਧਰਤਿਆਂ ਵਲੋਂ ਆਪੋ-ਆਪਣੇ ਸ਼ਹਿਰਾਂ ਦੀਆਂ ਦੀਵਾਰਾਂ ਉਪਰ ਸੁੰਦਰ ਪੇਂਟਿੰਗਾਂ ਅਤੇ ਕਲਾਕ੍ਰਿਤੀਆਂ ਬਣਾ ਕੇ ਆਪੋ-ਆਪਣੇ ਸ਼ਹਿਰ ਨੂੰ ਸੁੰਦਰ ਅਤੇ ਸਾਫ਼-ਸੁਥਰਾ ਬਣਾਉਣ ਦਾ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ। ਚਾਹੀਦਾ ਤਾਂ ਇਹ ਹੈ ਕਿ ਹਰ ਸ਼ਹਿਰ ਵਿਚ ਹੀ ਇਸ ਤਰ੍ਹਾਂ ਦੀਆਂ ਦੀਵਾਰਾਂ ਨੂੰ ਪੇਂਟਿੰਗ ਰਾਹੀਂ ਸੁੰਦਰ ਬਣਾ ਕੇ ਸਾਰੇ ਸ਼ਹਿਰਾਂ ਦੇ ਵਸਨੀਕ ਹੀ ਆਪੋ-ਆਪਣੇ ਮੁਹੱਲੇ ਅਤੇ ਆਪੋ-ਆਪਣੇ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਕਰਨ ਅਤੇ ਦੀਵਾਰਾਂ ਉਪਰ ਸੁੰਦਰ ਪੇਂਟਿੰਗਾਂ ਅਤੇ ਕਲਾਕ੍ਰਿਤੀਆਂ ਬਣਾ ਕੇ ਪੂਰੀ ਦੁਨੀਆ ਨੂੰ ਹੀ ਆਪੋ-ਆਪਣੇ ਸ਼ਹਿਰ ਦੇ ਸਾਫ਼-ਸੁਥਰਾ ਹੋਣ ਦਾ ਸੰਦੇਸ਼ ਦੇਣ।

-ਲੱਕੀ ਨਿਵਾਸ, 61-ਏ ਵਿਦਿਆ ਨਗਰ, ਪਟਿਆਲਾ। ਮੋਬਾ: 94638-19174

ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਦੀ ਤਰਸਯੋਗ ਸਥਿਤੀ

ਪੰਜਾਬ ਵਿਚ ਸਰਕਾਰੀ ਨੌਕਰੀਆਂ ਦੀ ਪੈਦਾ ਹੋਈ (ਜਾਂ ਕੀਤੀ ਗਈ) ਘਾਟ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਇਸ ਘਾਟ ਦਾ ਤੋੜਾ ਲੱਭਣ ਲਈ ਪੰਜਾਬੀ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ (ਉੱਚ ਅਹੁਦੇ ਲਈ), ਪ੍ਰਾਈਵੇਟ ਖੇਤਰ ਦੀਆਂ ਨੌਕਰੀਆਂ ਅਤੇ ਵਿਦੇਸ਼ੀ ਨੌਕਰੀਆਂ ਪ੍ਰਾਪਤ ਕਰਨ ਲਈ ਪੂਰੀ ਵਾਹ ਲਗਾਉਂਦੇ ਹਨ ਪਰ ਅਫ਼ਸੋਸ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹੇ ਹੋਏ ਵਿਦਿਆਰਥੀ ਬੁਰੀ ਤਰ੍ਹਾਂ ਪਛੜ ਰਹੇ ਹਨ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਸ ਵਿੱਦਿਅਕ ਪਛੜੇਵੇਂ ਦੇ ਜਿਥੇ ਹੋਰ ਵੀ ਕਈ ਕਾਰਨ ਹਨ, ਉਥੇ ਇਕ ਨਜ਼ਰ ਵਿਚ ਹੀ ਸਾਹਮਣੇ ਆਉਣ ਵਾਲਾ ਸਭ ਤੋਂ ਮੁੱਖ ਕਾਰਨ ਹੈ ਪੰਜਾਬੀ ਵਿਦਿਆਰਥੀਆਂ ਦਾ ਅੰਗਰੇਜ਼ੀ ਵਿਸ਼ੇ ਵਿਚੋਂ ਹੱਥ ਤੰਗ ਹੋਣਾ। ਉੱਚ ਡਿਗਰੀਆਂ ਪ੍ਰਾਪਤ ਪੰਜਾਬੀ ਨੌਜਵਾਨ ਵੀ ਅੰਗਰੇਜ਼ੀ ਵਿਸ਼ੇ ਵਿਚ ਅੱਧ-ਪੜ੍ਹੇ ਹੀ ਸਾਬਤ ਹੁੰਦੇ ਹਨ, ਕਿਉਂਕਿ ਉਨ੍ਹਾਂ ਵਿਚ ਵੀ ਅੰਗਰੇਜ਼ੀ ਵਿਸ਼ੇ ਦੀਆਂ ਬੁਨਿਆਦੀ ਕੁਸ਼ਲਤਾਵਾਂ ਦੀ ਭਾਰੀ ਘਾਟ ਹੁੰਦੀ ਹੈ।
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਧੱਕੇ ਨਾਲ ਅੰਗਰੇਜ਼ੀ ਜਿਹਾ ਕੌਮਾਂਤਰੀ ਮਹੱਤਤਾ ਵਾਲਾ ਵਿਸ਼ਾ ਪੜ੍ਹਾਉਣ ਦਾ ਜ਼ਿੰਮਾ ਸੌਂਪ ਦਿੱਤਾ ਜਾਂਦਾ ਹੈ, ਉਨ੍ਹਾਂ ਦਾ ਮੁੱਖ ਮਕਸਦ ਸਿਰਫ਼ ਸਿਲੇਬਸ ਕਰਵਾ ਕੇ ਪ੍ਰੀਖਿਆ ਲਈ ਬੱਚਿਆਂ ਨੂੰ ਤਿਆਰ ਕਰਨਾ ਹੁੰਦਾ ਹੈ, ਨਾ ਕਿ ਜ਼ਰੂਰੀ ਕੁਸ਼ਲਤਾਵਾਂ ਦਾ ਵਿਕਾਸ ਕਰਨਾ।
ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਅੰਗਰੇਜ਼ੀ ਵਿਸ਼ੇ ਦਾ ਝੰਡਾ ਬਰਦਾਰ ਬਣਾਉਣ ਦਾ ਇਕ ਵੱਡਾ ਨੁਕਸਾਨ ਇਹ ਵੀ ਸਾਹਮਣੇ ਆਇਆ ਹੈ ਕਿ ਸਮਾਜਿਕ ਸਿੱਖਿਆ ਜੋ ਕਿ ਖੁਦ ਬੜਾ ਮਹੱਤਵਪੂਰਨ ਵਿਸ਼ਾ ਹੈ, ਵੱਲ ਅਧਿਆਪਕਾਂ ਦਾ ਪੂਰਾ-ਪੂਰਾ ਧਿਆਨ ਨਹੀਂ ਰਹਿੰਦਾ, ਇਸ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਤੋਂ ਇਹ ਤੱਥ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਚ ਬੱਚੇ ਜ਼ਿਆਦਾ ਪਛੜੇ ਹਨ। ਸੋ, ਪੰਜਾਬ ਨੂੰ ਚੁੱਪ-ਚੁਪੀਤੇ ਲੱਗ ਰਹੇ ਵਿੱਦਿਅਕ ਖੋਰੇ ਤੋਂ ਬਚਾਉਣ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਸਮੇਂ ਦੇ ਹਾਣੀ ਬਣਾਉਣ ਲਈ ਸਮੇਂ ਦੀ ਮੰਗ ਹੈ ਕਿ ਤੁਰੰਤ ਪ੍ਰਭਾਵ ਹਰ ਸਰਕਾਰੀ ਮਿਡਲ, ਹਾਈ ਸਕੂਲ ਵਿਚ ਘੱਟੋ-ਘੱਟ ਇਕ ਅਤੇ ਸੈਕੰਡਰੀ ਸਕੂਲਾਂ ਵਿਚ ਘੱਟੋ-ਘੱਟ ਦੋ ਅੰਗਰੇਜ਼ੀ ਦੇ ਅਧਿਆਪਕ ਭੇਜੇ ਜਾਣ। ਹੁਣ ਤੱਕ ਲਗਪਗ ਕੇਵਲ ਦੋ ਹਜ਼ਾਰ ਅੰਗਰੇਜ਼ੀ ਅਧਿਆਪਕ ਹੀ ਸਿੱਖਿਆ ਵਿਭਾਗ ਕੋਲ ਹਨ। ਅੰਗਰੇਜ਼ੀ ਨੂੰ ਗਣਿਤ ਵਾਂਗ ਅਤਿ ਮਹੱਤਵਪੂਰਨ ਵਿਸ਼ਾ ਐਲਾਨ ਕੇ ਇਸ ਵਿਚ ਨਵੀਆਂ-ਨਵੀਆਂ ਤਕਨੀਕਾਂ, ਗਤੀਵਿਧੀਆਂ, ਕਿਰਿਆਵਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ।

-ਪ੍ਰੀਤ ਨਗਰ, ਗੋਨਿਆਣਾ ਮੰਡੀ (ਬਠਿੰਡਾ)।
ਮੋਬਾ: 94177-55579

ਭੋਗ ਦੀਆਂ ਰਸਮਾਂ 'ਤੇ ਫਜ਼ੂਲ ਖਰਚੀ ਘਟਾਈ ਜਾਵੇ

ਅੱਜ ਕਲਯੁਗ ਦੇ ਸਮੇਂ 'ਚ ਵੀ, ਸਮੇਂ ਦੀ ਮਸਰੂਫ਼ੀਅਤ ਦੇ ਬਾਵਜੂਦ ਜਿੱਥੇ ਅਨੇਕਾਂ ਖੇਤਰਾਂ ਵਿਚ ਸਮਾਜ ਸੇਵੀ ਸੰਸਥਾਵਾਂ ਦਿਨ-ਰਾਤ ਕੰਮ ਕਰ ਰਹੀਆਂ ਹਨ, ਉੱਥੇ ਨਾ ਸਹਿਣਯੋਗ ਮਹਿੰਗਾਈ ਦੇ ਇਸ ਦੌਰ ਵਿਚ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਦਾ ਇਕ ਵੱਡਾ ਨੈਤਿਕ ਫਰਜ਼ ਇਹ ਵੀ ਬਣਦਾ ਹੈ ਕਿ ਸ਼ਾਦੀ-ਵਿਆਹ 'ਤੇ ਮੋਟੀਆਂ ਰਕਮਾਂ ਖ਼ਰਚ ਕਰਨ, ਭੋਗ ਆਦਿ ਦੀ ਰਸਮ 'ਤੇ ਪਹੁੰਚਣ ਵਾਲੇ ਰਿਸ਼ਤੇਦਾਰਾਂ ਤੋਂ ਇਲਾਵਾ ਅਫਸੋਸ ਕਰਨ ਆਏ ਹਰ ਆਮ-ਖਾਸ ਵਿਅਕਤੀ ਨੂੰ ਸਾਦਾ ਖਾਣਾ ਪਰੋਸਣ ਦੀ ਥਾਂ ਫਾਈਵ ਸਟਾਰ ਵਰਗੇ ਖਾਣੇ 'ਤੇ ਹੋਣ ਵਾਲੀਆਂ ਫਜ਼ੂਲ ਖ਼ਰਚੀਆਂ ਤੋਂ ਬਚਣ ਲਈ ਮੁਹੱਲਾ ਪੱਧਰ 'ਤੇ ਛੋਟੇ-ਛੋਟੇ ਸੈਮੀਨਾਰ ਆਦਿ ਕਰਾ ਕੇ ਫਜ਼ੂਲ ਖ਼ਰਚੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਸਾਡੇ ਭਾਰਤੀ ਅਤੇ ਖਾਸ ਤੌਰ 'ਤੇ ਪੰਜਾਬੀ ਸੱਭਿਆਚਾਰ 'ਚ ਮਿੱਠਾ ਜਾਂ ਮਠਿਆਈ ਖੁਸ਼ੀ ਸਮੇਂ ਸ਼ਗਨ ਦੇ ਰੂਪ ਵਿਚ ਖਿਲਾਈ ਜਾਂਦੀ ਹੈ ਪਰ ਕਿੰਨੀ ਗਿਰਾਵਟ ਵਾਲੀ ਗੱਲ ਜਾਪਦੀ ਹੈ ਕਿ ਅੱਜਕਲ੍ਹ ਮੌਤ ਉਪਰੰਤ ਹੋਣ ਵਾਲੀਆਂ ਭੋਗ ਦੀਆਂ ਰਸਮਾਂ ਸਮੇਂ ਸਰਦੇ-ਪੁੱਜਦੇ ਪਰਿਵਾਰਾਂ ਵਲੋਂ ਮਿੱਠੇ ਦੇ ਕਈ-ਕਈ ਤਰ੍ਹਾਂ ਦੇ ਅਤੇ ਆਮ ਪਰਿਵਾਰਾਂ ਵਲੋਂ ਇਕ-ਦੋ ਕਿਸਮ ਦੇ ਪਕਵਾਨ ਜ਼ਰੂਰ ਹੀ ਬਣਾਏ ਜਾਂਦੇ ਹਨ। ਅਫ਼ਸੋਸ ਕਰਨ ਵਾਲੇ ਪਰਿਵਾਰ ਨਾਲ ਹਮਦਰਦੀ ਜਤਾਉਣ ਆਏ ਵਿਅਕਤੀ ਅਕਸਰ ਭੋਗ ਖਤਮ ਹੋਣ ਤੋਂ 10-15 ਮਿੰਟ ਪਹਿਲਾਂ ਹੀ ਪਹੁੰਚਦੇ ਹਨ, ਤਾਂ ਜੋ ਆਪਣਾ ਚਿਹਰਾ ਦਿਖਾ ਸਕਣ।
ਕੋਈ ਸਮਾਂ ਹੁੰਦਾ ਸੀ ਜਦੋਂ ਕਿਸੇ ਪਰਿਵਾਰ ਵਿਚ ਵਾਪਰੀ ਦੁਖਦਾਈ ਘਟਨਾ 'ਤੇ ਹਰ ਕੋਈ ਬਣਦੀ ਜ਼ਿੰਮੇਵਾਰੀ ਨਿਭਾਉਂਦਾ ਦੇਖਿਆ ਜਾਂਦਾ ਸੀ ਪਰ ਅੱਜ ਸਾਡਾ ਸਮਾਜ ਤੇ ਅਸੀਂ ਖੁਦ ਆਪਣੀਆਂ ਪ੍ਰੰਪਰਾਵਾਂ ਨੂੰ ਭੁੱਲ ਅਤੇ ਬਣਦੀਆਂ ਜ਼ਿੰਮੇਵਾਰੀਆਂ ਦਰਕਿਨਾਰ ਕਰਕੇ ਸਿਰਫ਼ ਆਪਣੀ ਪੈਂਠ ਬਣਾਉਣ ਦੀ ਖਾਤਰ ਲੋਕ ਦਿਖਾਵੇ ਦੀ ਭੀੜ ਵਿਚ ਰੁਲ ਕੇ ਰਹਿ ਗਏ ਹਾਂ, ਜੋ ਕਿ ਆਉਣ ਵਾਲੇ ਸਮੇਂ ਵਿਚ ਸਾਡੇ ਸਮਾਜ ਦੀ ਨਵੀਂ ਪੌਦ ਲਈ ਚੰਗੇ ਸਿੱਟੇ ਨਿਕਲਣ ਵਾਲੀ ਗੱਲ ਨਜ਼ਰ ਨਹੀਂ ਆਉਂਦੀ। ਉਂਜ ਤਾਂ ਅਸੀਂ ਆਪਣੇ ਸਮਾਜ ਦੇ ਗਰੀਬ ਵਰਗ ਦੇ ਪਰਿਵਾਰਾਂ ਦਾ ਸਿਰ ਢਕਣ ਲਈ ਮਦਦ ਕਰਨ ਵਿਚ ਆਪਣੀਆਂ ਮਜਬੂਰੀਆਂ ਜ਼ਾਹਿਰ ਕਰਦੇ ਹਾਂ ਪਰ ਫੋਕੀ ਸ਼ੋਹਰਤ ਹਾਸਲ ਕਰਨ ਲਈ ਅਨੇਕਾਂ ਰੁਪਏ ਫਜ਼ੂਲ ਖ਼ਰਚੀ 'ਤੇ ਲੁਟਾਉਣ ਵਿਚ ਜ਼ਰਾ ਵੀ ਗੁਰੇਜ਼ ਨਹੀਂ ਕਰਦੇ।
ਮੇਰਾ ਮੰਨਣਾ ਹੈ ਕਿ ਅੱਜ ਸਾਡੇ ਸਮਾਜ ਵਿਚ ਧਨਾਢ ਲੋਕਾਂ ਵਲੋਂ ਲੋਕ ਦਿਖਾਵੇ ਦਾ ਜੋ ਰਿਵਾਜ ਅਪਣਾਇਆ ਜਾ ਰਿਹਾ ਹੈ, ਉਸ ਨੂੰ ਖਤਮ ਕਰਨ ਲਈ ਨਾ ਸਹੀ ਪਰ ਘਟਾਉਣ ਦੇ ਮੰਤਵ ਨਾਲ ਸਾਰੀਆਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਹੇਠਲੇ ਅਤੇ ਮੱਧ ਵਰਗੀ ਪਰਿਵਾਰ ਵੀ ਸਮਾਜ ਵਿਚ ਆਪਣਾ ਰੁਤਬਾ ਬਰਕਰਾਰ ਰੱਖ ਸਕਣ। ਜੇਕਰ ਅੱਜ ਅਸੀਂ ਸਮਾਜ ਦਾ ਹਿੱਤ ਚਾਹੁੰਦੇ ਹਾਂ ਤਾਂ ਆਓ, ਆਪਾਂ ਸਾਰੇ ਮਿਲ ਕੇ ਆਪਣਾ ਨੈਤਿਕ ਫਰਜ਼ ਅਤੇ ਜ਼ਿੰਮੇਵਾਰੀ ਸਮਝਦਿਆਂ ਮ੍ਰਿਤਕ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਹੋ ਕੇ ਹਮਦਰਦੀ ਜਤਾਈਏ ਅਤੇ ਵਿਆਹ-ਸ਼ਾਦੀਆਂ ਵਿਚ ਹੋਣ ਵਾਲੀ ਫਜ਼ੂਲ ਖ਼ਰਚੀ ਨੂੰ ਖਤਮ ਕਰਨ ਦਾ ਉਪਰਾਲਾ ਕਰਨ ਲਈ ਜਾਗਰੂਕ ਕਰੀਏ। ਉਂਜ ਵੀ ਇਹ ਕਿਸ ਤਰ੍ਹਾਂ ਦੀ ਪਰੰਪਰਾ ਹੈ ਕਿ ਇਕ ਤਾਂ ਪਰਿਵਾਰ ਦਾ ਜੀਅ ਚਲਾ ਗਿਆ ਤੇ ਦੂਜਾ ਉਸ ਦੀਆਂ ਰਸਮਾਂ ਨੂੰ ਪੂਰਾ ਕਰਨ ਲਈ ਕਰਜ਼ਾ ਤੱਕ ਲੈਣਾ ਪਵੇ ਤੇ ਫੋਕੀ ਸ਼ੋਹਰਤ ਲਈ ਇਕ ਹੋਰ ਵਿਅਕਤੀ ਕਰਜ਼ਈ ਹੋ ਕੇ ਖੁਦਕੁਸ਼ੀ ਵੱਲ ਅੱਗੇ ਵਧੇ। ਇਹ ਕਿਸੇ ਵੀ ਤਰ੍ਹਾਂ ਉੱਚਿਤ ਨਹੀਂ।

-ਮਾਲੇਰਕੋਟਲਾ (ਸੰਗਰੂਰ)। ਮੋਬਾ: 94171-58300

ਇੰਟਰਨੈੱਟ ਦੀ ਸੁਚੱਜੀ ਵਰਤੋਂ ਹੈ ਗਿਆਨ ਭਰਪੂਰ

ਇੰਟਰਨੈੱਟ ਨੂੰ ਜੇ ਅੱਜ ਦੇ ਸਮੇਂ ਦਾ 'ਗਿਆਨੀ ਪੰਡਿਤ' ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਇਸ ਦੇ ਨਾਲ ਜੁੜਿਆ ਇਨਸਾਨ ਆਪਣੇ-ਆਪ ਨੂੰ ਹਮੇਸ਼ਾ 'ਅਪਡੇਟ' ਰੱਖਦਾ ਹੈ। ਸੂਚਨਾ ਤਕਨੀਕ ਦੇ ਯੁੱਗ 'ਚ ਜੋ ਇਨਸਾਨ ਇੰਟਰਨੈੱਟ ਤੋਂ ਅਨਜਾਣ ਹੈ, ਉਸ ਨੂੰ ਪਛੜਿਆ ਹੋਇਆ ਮੰਨਿਆ ਜਾਂਦਾ ਹੈ। ਸੀ. ਬੀ. ਐੱਸ. ਈ. ਅਤੇ ਆਈ. ਸੀ. ਐੱਸ. ਈ. ਨਾਮੀ ਬੋਰਡਾਂ ਤੋਂ ਪੜ੍ਹ ਰਹੇ ਵਿਦਿਆਰਥੀ ਇੰਟਰਨੈੱਟ ਦੀ ਮਦਦ ਨਾਲ ਆਪਣੇ ਗਿਆਨ 'ਚ ਵਾਧਾ ਕਰ ਰਹੇ ਹਨ। ਖਾਸਕਰ 9ਵੀਂ ਤੇ 10ਵੀਂ ਦੇ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਦੀ ਸੀ.ਡੀਜ਼ ਦੇ ਜ਼ਰੀਏ ਪੜ੍ਹਾਈ ਕਰਦੇ ਹਨ। ਇੰਟਰਨੈੱਟ 'ਤੇ ਲਾਇਬ੍ਰੇਰੀ ਵੀ ਮੌਜੂਦ ਹੈ, ਜਿੱਥੋਂ ਹਰ ਤਰ੍ਹਾਂ ਦੀਆਂ ਕਿਤਾਬਾਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ, ਗੂਗਲ 'ਤੇ ਕੁਝ ਵੀ ਸਰਚ ਕਰਦਿਆਂ ਹਜ਼ਾਰਾਂ ਆਪਸ਼ਨਜ਼ ਖੁੱਲ੍ਹ ਜਾਂਦੀਆਂ ਹਨ, ਯੂ ਟਿਊਬ 'ਤੇ ਚੰਗੇ ਵਿਦਵਾਨਾਂ ਦੀ ਕੀਤੀ ਖੋਜ ਤੇ ਉਨ੍ਹਾਂ ਦੇ ਲੈਕਚਰ ਦੇਖੇ ਜਾਂ ਸੁਣੇ ਜਾ ਸਕਦੇ ਹਨ, ਇੰਟਰਨੈੱਟ ਬੈਂਕਿੰਗ ਦੀ ਸਹੂਲਤ ਨਾਲ ਕਿਸੇ ਨੂੰ ਪੈਸਾ ਭੇਜਣਾ ਤੇ ਮੰਗਵਾਉਣਾ, ਮੋਬਾਈਲ ਸੇਵਾਵਾਂ, ਟੀ.ਵੀ., ਰੇਡੀਓ ਤੇ ਹੋਰ ਮਨੋਰੰਜਨ ਦੇ ਸਾਧਨ ਵੀ ਇੰਟਰਨੈੱਟ ਦੇ ਸਦਕਾ ਹੀ ਹਾਸਲ ਹੋਏ ਹਨ। ਇੱਥੋਂ ਤੱਕ ਕਿ ਨੌਕਰੀਆਂ, ਪੈਨ ਕਾਰਡ, ਪਾਸਪੋਰਟ ਆਦਿ ਲਈ ਅਪਲਾਈ ਕਰਨਾ ਆਦਿ ਕੰਮ ਵੀ ਘਰ ਬੈਠੇ ਕਰਨ ਦੀ ਸਹੂਲਤ ਇੰਟਰਨੈੱਟ ਦੇ ਕਾਰਨ ਹੀ ਮਿਲੀ ਹੈ। ਇਸ ਗੱਲੋਂ ਵੀ ਮੁੱਕਰਿਆ ਨਹੀਂ ਜਾ ਸਕਦਾ ਕਿ ਇੰਟਰਨੈੱਟ ਦੀ ਦੁਰਵਰਤੋਂ ਨੇ ਪਰਿਵਾਰਕ ਸਾਂਝਾਂ ਨੂੰ ਖਤਮ ਕਰਕੇ ਰੱਖ ਦਿੱਤਾ ਹੈ। ਪਰਿਵਾਰ ਨਾਲ ਗੱਲਬਾਤ ਕਰਨੀ, ਉਨ੍ਹਾਂ ਬਾਰੇ ਜਾਣਨ ਦਾ ਰਿਵਾਜ ਤਾਂ ਲਗਪਗ ਹਵਾ ਹੋ ਚੁੱਕਾ ਹੈ। ਕਈ ਵਾਰ ਕੋਈ ਮਹਿਮਾਨ ਚਿਰਾਂ ਮਗਰੋਂ ਮਿਲਣ ਆਉਂਦਾ ਹੈ, ਉਸ ਦੇ ਸਮੇਤ ਸਾਰੇ ਆਪੋ-ਆਪਣੇ ਮੋਬਾਈਲਾਂ 'ਚ ਵਿਅਸਤ ਹੋਏ ਆਮ ਹੀ ਦੇਖੇ ਜਾ ਸਕਦੇ ਹਨ, ਦੂਜੇ ਪਾਸੇ ਗਲਤ ਅਨਸਰਾਂ ਦੀਆਂ ਭੜਕਾਊ ਪੋਸਟਾਂ ਕਾਰਨ ਅਨੇਕਾਂ ਵਾਰ ਦੇਸ਼ ਅੰਦਰ ਦੰਗੇ-ਫਸਾਦ ਤੇ ਹਿੰਸਕ ਘਟਨਾਵਾਂ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਮਾਂ-ਬਾਪ ਅਤੇ ਅਧਿਆਪਕਾਂ ਦਾ ਵੀ ਇਖਲਾਕੀ ਫਰਜ਼ ਬਣਦਾ ਹੈ ਕਿ ਉਹ ਬੱਚੇ ਦੀ ਇੰਟਰਨੈੱਟ ਵਰਤੋਂ 'ਤੇ ਨਜ਼ਰ ਰੱਖਣ ਕਿ ਉਹ ਕਿਹੜੀਆਂ ਸਾਈਟਸ ਇਸਤੇਮਾਲ ਕਰਦਾ ਹੈ। ਸਕੂਲਾਂ-ਕਾਲਜਾਂ 'ਚ ਅਧਿਆਪਕਾਂ ਤੇ ਲੈਕਚਰਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਵਿੱਦਿਅਕ ਅਦਾਰਿਆਂ 'ਚ ਮੋਬਾਈਲ ਤੇ ਇੰਟਰਨੈੱਟ ਦੀ ਵਰਤੋਂ ਨਾ ਕਰਨ, ਕਿਉਂਕਿ ਇਕ ਕੌੜਾ ਸੱਚ ਹੈ ਕਿ ਬੱਚੇ ਉਹੀ ਕਰਦੇ ਹਨ, ਜੋ ਅਸੀਂ ਕਰਦੇ ਹਾਂ। ਇਸ ਲਈ ਸਾਨੂੰ ਖੁਦ ਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ, ਜੋ ਅਸੀਂ ਆਪਣੇ ਬੱਚਿਆਂ ਤੋਂ ਆਸ ਰੱਖਦੇ ਹਾਂ।

-ਪੀ.ਐੱਚ.ਡੀ. ਵਿਦਿਆਰਥਣ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 97803-26601

ਅਖ਼ਬਾਰਾਂ ਗਿਆਨ ਦਾ ਖ਼ਜ਼ਾਨਾ

ਕਹਿੰਦੇ ਹਨ ਕਿ ਗਿਆਨ ਵਿਚ ਹੀ ਸ਼ਕਤੀ ਹੈ ਅਤੇ ਇਹ ਗਿਆਨ ਹੀ ਹੈ ਜੋ ਸਾਨੂੰ ਫਰਸ਼ ਤੋਂ ਅਰਸ਼ ਤੱਕ ਲੈ ਜਾਂਦਾ ਹੈ। ਗਿਆਨਵਾਨ ਮਨੁੱਖ ਆਪਣੀ ਜ਼ਿੰਦਗੀ ਦੇ ਰਸਤੇ ਖ਼ੁਦ-ਬਖ਼ੁਦ ਲੱਭ ਲੈਂਦਾ ਹੈ। ਜਦੋਂ ਕਿ ਗਿਆਨ-ਵਿਹੂਣਾ ਮਨੁੱਖ ਹਮੇਸ਼ਾ ਦੂਸਰਿਆਂ ਵੱਲ ਲਾਚਾਰ ਭਾਵਨਾ ਨਾਲ ਤੱਕਦਾ ਰਹਿੰਦਾ ਹੈ। ਗਿਆਨ ਇਕ ਅਜਿਹਾ ਧਨ ਹੈ ਜੋ ਨਾ ਤਾਂ ਕਦੇ ਗੁਆਚ ਸਕਦਾ ਹੈ ਅਤੇ ਨਾ ਹੀ ਕਿਸੇ ਵਲੋਂ ਚੋਰੀ ਕੀਤਾ ਜਾ ਸਕਦਾ ਹੈ ਅਤੇ ਹਰ ਥਾਂ, ਹਰ ਸਮੇਂ ਸਾਡੇ ਕੰਮ ਆਉਂਦਾ ਹੈ। ਗਿਆਨ ਦੇ ਕਈ ਸੋਮੇ ਹਨ, ਇਨ੍ਹਾਂ ਵਿਚੋਂ ਗਿਆਨ ਦਾ ਸਭ ਤੋਂ ਵੱਡਾ ਸੋਮਾ ਹਨ ਅਖ਼ਬਾਰਾਂ। ਅਖਬਾਰਾਂ ਸਾਨੂੰ ਨਾ ਕੇਵਲ ਆਪਣੇ ਆਲੇ-ਦੁਆਲੇ, ਰਾਜ, ਦੇਸ਼ ਅਤੇ ਵਿਦੇਸ਼ ਦੀ ਜਾਣਕਾਰੀ ਹੀ ਦਿੰਦੀਆਂ ਹਨ, ਸਗੋਂ ਸਾਨੂੰ ਆਰਥਿਕ, ਸੱਭਿਆਚਾਰਕ, ਖੇਤੀਬਾੜੀ, ਵਿੱਦਿਅਕ, ਖੇਡਾਂ ਸਬੰਧੀ ਅਤੇ ਹੋਰ ਕਈ ਤਰ੍ਹਾਂ ਦੀ ਭਰਪੂਰ ਜਾਣਕਾਰੀ ਵੀ ਦਿੰਦੀਆਂ ਹਨ, ਜੋ ਕਿ ਇਹ ਜਾਣਕਾਰੀ ਹਰ ਇਕ ਮਨੁੱਖ ਦੇ ਲਈ ਬਹੁਤ ਜ਼ਰੂਰੀ ਹੈ। ਅਖ਼ਬਾਰਾਂ ਸਾਨੂੰ ਨਵੇਂ ਸ਼ਬਦਾਂ ਤੋਂ ਜਾਣੂ ਕਰਵਾ ਕੇ ਸਾਨੂੰ ਨਵੀਂ ਸ਼ਬਦਾਵਲੀ ਵੀ ਪ੍ਰਦਾਨ ਕਰਦੀਆਂ ਹਨ। ਇਹ ਅਖਬਾਰਾਂ ਹੀ ਹਨ ਜੋ ਸਾਨੂੰ ਸਮਾਜ ਵਿਚਲੀਆਂ ਬੁਰੀਆਂ ਘਟਨਾਵਾਂ ਤੋਂ ਚੌਕਸ ਕਰਕੇ ਸਾਡਾ ਬਚਾਅ ਕਰਦੀਆਂ ਹਨ। ਇਕ ਪੜ੍ਹਿਆ-ਲਿਖਿਆ, ਸੂਝਵਾਨ ਅਤੇ ਬੁੱਧੀਮਾਨ ਵਿਅਕਤੀ ਉਹੀ ਹੈ, ਜਿਸ ਨੂੰ ਆਪਣੇ ਆਲੇ-ਦੁਆਲੇ, ਸਮਾਜ ਅਤੇ ਦੇਸ਼-ਕਾਲ ਦੀ ਹਰ ਤਰ੍ਹਾਂ ਦੀ ਜਾਣਕਾਰੀ ਹੋਵੇ।
ਅਖ਼ਬਾਰ ਦੀ ਕੀਮਤ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੀ ਕਿ ਕੋਈ ਇਸ ਨੂੰ ਅਦਾ ਨਾ ਕਰ ਸਕੇ। 2-3 ਰੁਪਏ ਦੀ ਅਖ਼ਬਾਰ ਸਾਨੂੰ ਜੋ ਕੁਝ ਦੇ ਕੇ ਜਾਂਦੀ ਹੈ, ਉਸ ਨੂੰ ਸ਼ਬਦਾਂ ਰਾਹੀਂ ਵਿਅਕਤ ਕਰਨਾ ਅਸੰਭਵ ਹੁੰਦਾ ਹੈ। ਇਕ ਚਾਹ ਦੇ ਕੱਪ ਦੀ ਕੀਮਤ ਤੋਂ ਵੀ ਘੱਟ ਕੀਮਤ ਵਾਲੀ ਅਖ਼ਬਾਰ ਸਾਨੂੰ ਏਨਾ ਗਿਆਨ ਦੇ ਜਾਂਦੀ ਹੈ ਕਿ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਗਿਆਨ ਦੇ ਦੀਵੇ ਨੂੰ ਜਗਦਾ ਰੱਖਣ ਲਈ ਗਿਆਨ ਪ੍ਰਾਪਤ ਕਰਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਗਿਆਨ ਸਾਡੇ ਜੀਵਨ ਵਿਚ ਕਦੇ ਵੀ, ਕਿਸੇ ਵੀ ਸਮੇਂ ਸਾਡੇ ਲਈ ਚਾਨਣ ਮੁਨਾਰਾ ਬਣ ਸਕਦਾ ਹੈ। ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਆਪਣਾ ਗਿਆਨ ਇਕ ਸੀਮਤ ਦਾਇਰੇ ਤੱਕ ਹੀ ਵਧਾਈਏ, ਸਗੋਂ ਆਪਣੇ ਗੁਆਂਢੀ ਰਾਜਾਂ, ਆਪਣੇ ਦੇਸ਼, ਦੇਸ਼ਾਂ ਅਤੇ ਵਿਦੇਸ਼ਾਂ ਅਤੇ ਹੋਰ ਚਲੰਤ ਮੁੱਦਿਆਂ ਬਾਰੇ ਵੀ ਜਾਣਕਾਰੀ ਅਖ਼ਬਾਰਾਂ ਰਾਹੀਂ ਰੱਖਦੇ ਰਹਿਣਾ ਚਾਹੀਦਾ ਹੈ। ਇਸ ਸਭ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਵੱਧ ਤੋਂ ਵੱਧ ਅਖ਼ਬਾਰਾਂ ਪੜ੍ਹੀਏ ਅਤੇ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਵੀ ਅਖ਼ਬਾਰਾਂ ਪੜ੍ਹਨ ਦੀ ਚੇਟਕ ਲਗਾਈਏ। ਅਖ਼ਬਾਰਾਂ ਦੇ ਸੰਪਾਦਕੀ ਪੰਨੇ, ਬੁੱਧੀਜੀਵੀ ਵਿਦਵਾਨਾਂ ਦੇ ਲੇਖਾਂ ਅਤੇ ਹੋਰ ਮੁੱਦਿਆਂ ਬਾਰੇ ਲਿਖੇ ਹੋਏ ਵਿਚਾਰਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਅਤੇ ਚੰਗੀ ਗੱਲ ਹੈ।
ਇਹ ਲੇਖ ਅਤੇ ਵਿਦਵਾਨਾਂ ਦੇ ਵਿਚਾਰ ਸਾਨੂੰ ਜ਼ਿੰਦਗੀ ਜਿਊਣ ਲਈ, ਜੀਵਨ ਵਿਚ ਅੱਗੇ ਵਧਣ ਲਈ ਅਤੇ ਜੀਵਨ ਵਿਚ ਮਾੜੇ ਸਮਿਆਂ ਤੋਂ ਬਚਣ ਲਈ ਸਾਡੀ ਬਹੁਤ ਸਹਾਇਤਾ ਕਰ ਜਾਂਦੇ ਹਨ, ਜਿਸ ਬਾਰੇ ਕਿ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ, ਕਿਉਂਕਿ ਮਹਾਂਪੁਰਖ ਕਦੇ ਵੀ ਸਮੇਂ ਦੀ ਘਾਟ ਦੀ ਚਰਚਾ ਨਹੀਂ ਕਰਦੇ, ਇਸ ਲਈ ਜੇਕਰ ਅਸੀਂ ਆਪਣੇ ਜੀਵਨ ਵਿਚ ਮੋਬਾਈਲ ਫੋਨਾਂ, ਟੈਲੀਵਿਜ਼ਨ ਅਤੇ ਹੋਰ ਵਾਧੂ ਦੇ ਰੁਝੇਵਿਆਂ ਤੋਂ ਥੋੜ੍ਹਾ-ਥੋੜ੍ਹਾ ਸਮਾਂ ਕੱਢ ਕੇ ਅਖ਼ਬਾਰਾਂ ਪੜ੍ਹਨ ਲਈ ਸਮਾਂ ਦੇਈਏ ਤਾਂ ਸਾਡੀ ਜ਼ਿੰਦਗੀ ਵਿਚ ਕਾਫ਼ੀ ਸਾਕਾਰਾਤਮਿਕਤਾ ਅਤੇ ਗਿਆਨ ਦਾ ਪ੍ਰਸਾਰ ਹੋ ਸਕਦਾ ਹੈ। ਜੇਕਰ ਅਸੀਂ ਆਪਣੇ ਘਰ-ਪਰਿਵਾਰ ਵਿਚ ਅਖ਼ਬਾਰਾਂ ਨੂੰ ਥਾਂ ਦੇਵਾਂਗੇ ਤਾਂ ਇਸ ਦਾ ਪ੍ਰਭਾਵ ਸਾਡੇ ਬਾਕੀ ਪਰਿਵਾਰਕ ਮੈਂਬਰਾਂ, ਸਾਡੇ ਬੱਚਿਆਂ, ਨੌਜਵਾਨਾਂ ਅਤੇ ਨਵੀਂ ਪੀੜ੍ਹੀ 'ਤੇ ਜ਼ਰੂਰ ਹੀ ਪਵੇਗਾ ਅਤੇ ਉਹ ਵੀ ਗਿਆਨਵਾਨ ਤੇ ਸੂਝਵਾਨ ਬਣਨਗੇ। ਸੋ ਆਓ, ਆਪਣੇ ਗਿਆਨ ਦਾ ਖੇਤਰ ਵਿਸ਼ਾਲ ਕਰਨ ਲਈ ਅਤੇ ਜ਼ਿੰਦਗੀ ਵਿਚ ਤਰੱਕੀ ਪਾਉਣ ਲਈ ਅਖਬਾਰਾਂ ਪੜ੍ਹੀਏ ਅਤੇ ਦੂਸਰਿਆਂ ਨੂੰ ਵੀ ਅਖ਼ਬਾਰਾਂ ਪੜ੍ਹਨ ਲਈ ਪ੍ਰੇਰਿਤ ਕਰੀਏ। 'ਅਖ਼ਬਾਰਾਂ ਪੜ੍ਹੀਏ ਅਤੇ ਪੜ੍ਹਾਈਏ, ਜੀਵਨ ਨੂੰ ਖ਼ੁਸ਼ਹਾਲ ਬਣਾਈਏ।'

-ਸ੍ਰੀ ਅਨੰਦਪੁਰ ਸਾਹਿਬ।
ਮੋਬਾ: 94785-61356


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX