ਤਾਜਾ ਖ਼ਬਰਾਂ


ਐਨ.ਆਈ.ਏ ਦੀ ਟੀਮ ਪਹੁੰਚੀ ਨਿਰੰਕਾਰੀ ਭਵਨ
. . .  1 day ago
ਰਾਜਾਸਾਂਸੀ, 18 ਨਵੰਬਰ (ਹੇਰ) - ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਦਿੱਲੀ ਤੋਂ ਐਨ.ਆਈ.ਏ ਦੀ ਟੀਮ ਨਿਰੰਕਾਰੀ ਭਵਨ ਪਹੁੰਚ ਗਈ ਹੈ। ਜਿਸ ਨੇ ਕਿ...
ਗਰਨੇਡ ਹਮਲੇ 'ਚ ਸੀ.ਆਰ.ਪੀ.ਐੱਫ ਦਾ ਜਵਾਨ ਸ਼ਹੀਦ
. . .  1 day ago
ਸ੍ਰੀਨਗਰ, 18 ਨਵੰਬਰ - ਅੱਤਵਾਦੀਆਂ ਵੱਲੋਂ ਪੁਲਵਾਮਾ ਦੀ ਰੇਲਵੇ ਕਲੋਨੀ ਕਾਕਾਪੋਰਾ ਵਿਖੇ ਸੀ.ਆਰ.ਪੀ.ਐੱਫ ਕੈਂਪ 'ਤੇ ਕੀਤੇ ਗਏ ਗਰਨੇਡ ਹਮਲੇ ਵਿਚ ਸੀ.ਆਰ.ਪੀ.ਐੱਫ ਦਾ ਇੱਕ ਜਵਾਨ...
ਕਿਸਾਨਾਂ ਦਾ ਧਰਨਾ ਖ਼ਤਮ
. . .  1 day ago
ਟਾਂਡਾ ਉੜਮੁੜ, 18 ਨਵੰਬਰ (ਦੀਪਕ ਬਹਿਲ) - ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬਣੇ ਨਿਰੰਕਾਰੀ ਭਵਨ ਵਿਖੇ ਹੋਏ ਧਮਾਕੇ ਦੇ ਚੱਲਦਿਆਂ ਸਰਕਾਰ ਝੁਕ ਗਈ ਹੈ। ਪ੍ਰਸ਼ਾਸਨ ਨੇ ਧਰਨੇ 'ਤੇ ਬੈਠੇ ਕਿਸਾਨਾਂ...
ਉੱਤਰਾਖੰਡ ਬੱਸ ਹਾਦਸੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ ਹੋਈ 14
. . .  1 day ago
ਦੇਹਰਾਦੂਨ, 18 ਨਵੰਬਰ- ਉੱਤਰਾਖੰਡ ਦੇ ਉਤਰਕਾਸ਼ੀ ਜ਼ਿਲ੍ਹੇ 'ਚ ਬੱਸ ਦੇ 150 ਮੀਟਰ ਡੂੰਘੀ ਖੱਡ 'ਚ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 14 ਹੋ ਗਈ ਹੈ ਜਦਕਿ 13 ਲੋਕ ਜ਼ਖਮੀ ਹੋਏ....
ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼, ਮਹਾਰਾਸ਼ਟਰ ਸਰਕਾਰ ਨੇ ਬਿਲ ਨੂੰ ਦਿੱਤੀ ਮਨਜ਼ੂਰੀ
. . .  1 day ago
ਮੁੰਬਈ, 18 ਨਵੰਬਰ- ਮਹਾਰਾਸ਼ਟਰ 'ਚ ਮਰਾਠਾ ਰਾਖਵਾਂਕਰਨ ਨੂੰ ਲੈ ਕੇ ਸੂਬੇ ਦੀ ਦਵੇਂਦਰ ਫੜਨਵੀਸ ਸਰਕਾਰ ਨੇ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਸੂਬੇ 'ਚ ਮਰਾਠਾ ਰਾਖਵਾਂਕਰਨ ਦਾ ਰਸਤਾ ਸਾਫ਼ ਹੋ ਗਿਆ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਫੜਨਵੀਸ ਨੇ .....
ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਧਮਾਕੇ 'ਚ ਹੋ ਸਕਦਾ ਹੈ ਹੱਥ - ਕੈਪਟਨ
. . .  1 day ago
ਚੰਡੀਗੜ੍ਹ, 18 ਨਵੰਬਰ- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਈ.ਐੱਸ.ਆਈ. ਸਮਰਥਨ ਪ੍ਰਾਪਤ ਖ਼ਾਲਿਸਤਾਨ ਅਤੇ ਕਸ਼ਮੀਰੀ ਦਹਿਸ਼ਤਗਰਦਾਂ ਦਾ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ ਵਿਖੇ ਹੋਏ ਬੰਬ ਧਮਾਕੇ .....
ਤਿੰਨ ਕਰੋੜ ਦੇ ਸੋਨੇ ਸਮੇਤ ਇਕ ਯਾਤਰੀ ਕਾਬੂ
. . .  1 day ago
ਕੋਲਕਾਤਾ, 18 ਨਵੰਬਰ - ਮਾਲ ਖੂਫੀਆਂ ਡਾਇਰੈਕਟੋਰੇਟ (ਡੀ.ਆਰ.ਆਈ) ਨੇ ਸਿਲੀਗੁੜੀ ਖੇਤਰੀ ਇਕਾਈ ਵੱਲੋਂ ਨਿਊ ਜਲਪਾਈਗੁੜੀ ਰੇਲਵੇ ਸਟੇਸ਼ਨ ਤੋਂ ਇਕ ਯਾਤਰੀ ਨੂੰ 9.296 ਕਿੱਲੋਗਰਾਮ ਸੋਨੇ ਦੇ ਬਿਸਕੁਟ ਨਾਲ ਗ੍ਰਿਫ਼ਤਾਰ ਕੀਤਾ ਹੈ। ਇਸ ਯਾਤਰੀ ਕੋਲੋਂ ਬਰਾਮਦ ....
ਰਾਜਾਸਾਂਸੀ ਬੰਬ ਧਮਾਕੇ ਤੋਂ ਬਾਅਦ ਨਿਰੰਕਾਰੀ ਭਵਨਾਂ ਦੀ ਵਧਾਈ ਗਈ ਸੁਰੱਖਿਆ
. . .  1 day ago
ਪਠਾਨਕੋਟ, 18 ਨਵੰਬਰ(ਚੌਹਾਨ)- ਨਿਰੰਕਾਰੀ ਭਵਨ ਅੰਮ੍ਰਿਤਸਰ ਵਿਖੇ ਹੋਏ ਬੰਬ ਧਮਾਕੇ ਤੋਂ ਬਾਅਦ ਪਠਾਨਕੋਟ ਦੇ ਮੁੱਖ ਨਿਰੰਕਾਰੀ ਭਵਨ ਸਿਆਲ਼ੀ ਕੁਲੀਆਂ ਵਿਖੇ ਸੁਰੱਖਿਆ ਵਧਾ ਦਿੱਤੀ ਗਈ ਹੈ। ਬੰਬ ਧਮਾਕੇ ਦੀ ਖ਼ਬਰ ਮਿਲਦਿਆਂ ਹੀ ਨਿਰੰਕਾਰੀ ਭਵਨ 'ਚ ਚਲ ਰਹੇ ....
ਨਿਰੰਕਾਰੀ ਭਵਨ 'ਚ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹੋਈ ਅਲਰਟ
. . .  1 day ago
ਤਪਾ ਮੰਡੀ,18 ਨਵੰਬਰ (ਪ੍ਰਵੀਨ ਗਰਗ)- ਅੱਜ ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲਾ ਦੇ ਨਿਰੰਕਾਰੀ ਭਵਨ ਵਿਖੇ ਹੋਏ ਹਮਲੇ ਤੋਂ ਬਾਅਦ ਤਪਾ ਪੁਲਿਸ ਹਰਕਤ 'ਚ ਆ ਗਈ ਹੈ, ਜਿਸ ਤਹਿਤ ਸੁਰੱਖਿਆ ਦੇ ਮੱਦੇਨਜ਼ਰ ਆਉਣ ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ...
ਰਾਜਾਸਾਂਸੀ ਬੰਬ ਧਮਾਕੇ 'ਚ ਮਾਰੇ ਗਏ ਲੋਕਾਂ ਦੀ ਹੋਈ ਸ਼ਨਾਖ਼ਤ
. . .  1 day ago
ਰਾਜਾਸਾਂਸੀ, 18 ਨਵੰਬਰ (ਹੇਰ, ਖੀਵਾ) - ਰਾਜਾਸਾਂਸੀ ਨੇੜਲੇ ਪਿੰਡ ਅਦਲੀਵਾਲ ਵਿਖੇ ਸਥਿਤ ਨਿਰੰਕਾਰੀ ਭਵਨ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ 'ਚ ਦੀ ਸ਼ਨਾਖ਼ਤ ਸੁਖਦੇਵ ਸਿੰਘ ਚੌਕ ਮੀਰਾ ਕੋਟ, ਕੁਲਦੀਪ ਸਿੰਘ ਵਾਸੀ ਬੱਗਾ ਕਲਾਂ ਅਤੇ ਸੰਦੀਪ ਸਿੰਘ(13) ਵਾਸੀ .....
ਹੋਰ ਖ਼ਬਰਾਂ..

ਧਰਮ ਤੇ ਵਿਰਸਾ

ਸ੍ਰੀ ਗੁਰੂ ਨਾਨਕ ਦੇਵ ਜੀ ਤੇ ਨੌਜਵਾਨ ਸਿੱਖ ਪੀੜ੍ਹੀ

ਭਵਿੱਖ ਸਦਾ ਹੀ ਨੌਜਵਾਨ ਪੀੜ੍ਹੀ ਦਾ ਹੁੰਦਾ ਹੈ। ਭਵਿੱਖ ਦੀ ਚਿੰਤਾ ਨਾਲ ਵਰਤਮਾਨ ਵੀ ਸੁਧਰ ਜਾਂਦਾ ਹੈ ਤੇ ਭਵਿੱਖ ਵੀ ਬਣ ਜਾਂਦਾ ਹੈ। ਵਰਤਮਾਨ ਸੰਵਾਰਨ ਤੇ ਭਵਿੱਖ ਸੁਰੱਖਿਅਤ ਕਰਨ ਲਈ ਕੋਈ ਆਦਰਸ਼, ਕੋਈ ਸੇਧ ਜ਼ਰੂਰੀ ਹੁੰਦੀ ਹੈ। ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਸੰਸਕਾਰਾਂ ਤੋਂ ਦੂਰ ਹੁੰਦੀਆਂ ਜੀਵਨ ਦੀਆਂ ਮੁਢਲੀਆਂ ਕਦਰਾਂ-ਕੀਮਤਾਂ ਨੂੰ ਵਿਸਾਰਦੀਆਂ ਵੇਖ ਕੇ ਪਰਿਪੱਕ ਪੀੜ੍ਹੀਆਂ ਦਾ ਦੁਖੀ ਹੋਣਾ ਸੁਭਾਵਿਕ ਹੈ। ਪੂਰੇ ਸੰਸਾਰ ਅੰਦਰ ਮਨੁੱਖੀ ਸਨਮਾਨ ਖਿੰਡਰ ਰਿਹਾ ਹੈ ਤੇ ਆਪਸੀ ਵਿਸ਼ਵਾਸ, ਪ੍ਰੇਮ, ਭਾਈਚਾਰਾ, ਸਿਦਕ ਤੇ ਸਬਰ ਦੁਰਲੱਭ ਹੋ ਗਿਆ ਹੈ। ਜੀਵਨ ਅੰਦਰ ਪਦਾਰਥਵਾਦ ਤੇ ਵਪਾਰਕ ਵ੍ਰਿਤੀ ਘਰ ਕਰ ਗਈ ਹੈ। ਧਰਮ, ਅਧਿਆਤਮ ਤੇ ਨੈਤਿਕਤਾ ਲਈ ਕੋਈ ਥਾਂ ਨਹੀਂ ਰਹੀ। ਸਿੱਖ ਕੌਮ ਵੀ ਇਹੋ ਜਿਹੀਆਂ ਚੁਣੌਤੀਆਂ ਨਾਲ ਜੂਝ ਰਹੀ ਹੈ। ਸਿੱਖ ਨੌਜਵਾਨ ਅੱਜ ਗੁਰੂ-ਘਰ ਅੰਦਰ ਨਤਮਸਤਕ ਭਾਵੇਂ ਹੁੰਦੇ ਹੋਣ ਪਰ ਗੁਰੂ ਦੇ ਸਿੱਖ ਬਣੇ ਨਜ਼ਰ ਨਹੀਂ ਆਉਂਦੇ। ਜਿਸ ਕੌਮ ਦਾ ਜਨਮ ਹੀ ਧਰਮ ਨੂੰ ਬਚਾਉਣ ਲਈ ਹੋਇਆ ਸੀ, ਉਸ ਅੰਦਰ ਧਰਮ ਪ੍ਰਤੀ ਸਮਰਪਣ ਦਾ ਨਿਰੰਤਰ ਘਾਣ ਗਹਿਰੀ ਚਿੰਤਾ ਦਾ ਵਿਸ਼ਾ ਹੈ। ਪੰਜ ਕੱਕਾਰ ਤਿਆਗ ਕੇ ਪੰਜ ਵਿਕਾਰ ਵਿਖਾਵਾ, ਨਸ਼ਾ, ਲੋਭ, ਕਾਮ ਤੇ ਧ੍ਰੋਹ ਧਾਰਨ ਕਰ ਲਏ ਗਏ ਹਨ। ਜਿਸ ਸਿੱਖ ਪੰਥ ਦੀ ਨੀਂਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ 'ਨਿਧਿ ਸਿਧਿ ਨਿਰਮਲ ਨਾਮੁ ਬੀਚਾਰੁ, ਪੂਰਨ ਪੂਰਿ ਰਹਿਆ ਬਿਖੁ ਮਾਰਿ' ਦੀ ਭਾਵਨਾ ਨਾਲ ਰੱਖੀ, ਉਸ ਦਾ ਮੁੜ ਬਿਖਾਂ ਦਾ ਸ਼ਿਕਾਰ ਹੋ ਜਾਣਾ, ਸ੍ਰੀ ਗੁਰੂ ਨਾਨਕ ਦੇਵ ਜੀ ਤੇ ਉਨ੍ਹਾਂ ਦੀਆਂ ਸਿੱਖਿਆਵਾਂ ਤੋਂ ਗੁਰਸਿੱਖ ਦੇ ਜੀਵਨ ਦਾ ਸੱਖਣਾ ਹੋ ਜਾਣਾ ਹੈ।
ਪੂਰੀ ਸਿੱਖ ਕੌਮ ਖਾਸ ਕਰ ਨੌਜਵਾਨ ਪੀੜ੍ਹੀ ਦੇ ਜੀਵਨ ਅੰਦਰ ਸ੍ਰੀ ਗੁਰੂ ਨਾਨਕ ਦੇਵ ਜੀ ਇਕ ਚਿੱਤਰ, ਇਕ ਪੂਜਨੀਕ ਨਾਮ ਬਣੇ ਤਾਂ ਵਿਖਾਈ ਦਿੰਦੇ ਹਨ ਪਰ ਉਸ ਦੀ ਭਾਵਨਾ ਤੇ ਕਰਮ ਅੰਦਰ ਕਿਤੇ ਵੀ ਰੂਪਮਾਨ ਹੁੰਦੇ ਨਜ਼ਰ ਨਹੀਂ ਆ ਰਹੇ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਚਨ ਹੀ ਇਸ ਦਸ਼ਾ ਨੂੰ ਸਮਝਣ ਲਈ ਸਹਾਇਕ ਹਨ ਕਿ 'ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ।' ਸਿੱਖ ਨੌਜਵਾਨ ਪੀੜ੍ਹੀ ਦਾ ਗੰਭੀਰ ਸੰਕਟ ਹੈ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਉਸ ਦੇ ਵਿਕਾਰਾਂ ਦੀ ਕਾਲੀ ਅਮਾਵਸ ਦੀ ਰਾਤ ਅੰਦਰ ਕਿਧਰੇ ਛੁਪ ਗਈਆਂ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਗਿਆਨ ਤੇ ਸੁਚੱਜੇ ਆਚਾਰ ਦੇ ਸੂਰਜ ਹਨ। ਵਿਕਾਰਾਂ ਦੇ ਘੋਰ ਹਨੇਰੇ ਗੰਢ ਜੋੜ ਲੈਣ ਵਾਲੇ ਲੋਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਥ ਦੇ ਪਾਂਧੀ ਕਿਵੇਂ ਹੋ ਸਕਦੇ ਹਨ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਮਨੁੱਖ ਦੀ ਕੂੜ ਅਵਸਥਾ 'ਸੈਸਾਰੀ ਆਪਿ ਖੁਆਇਅਨੁ ਜਿਨੀ ਕੂੜੁ ਬੋਲਿ ਬੋਲਿ ਬਿਖੁ ਖਾਇਆ' ਨੂੰ ਸਹਿਜ ਅਵਸਥਾ 'ਭਗਤ ਆਪੇ ਮੇਲਿਅਨੁ ਜਿਨੀ ਸਚੋ ਸਚੁ ਕਮਾਇਆ' ਵਿਚ ਬਦਲਣ ਦਾ ਮਿਸ਼ਨ ਆਰੰਭਿਆ। ਗੁਰੂ ਸਾਹਿਬ ਦੀ ਪ੍ਰੇਰਨਾ ਬਿਖ ਖਾਣਾ ਤਿਆਗ ਕੇ ਸਚ ਕਮਾਉਣ ਦੀ ਸੀ। ਗੁਰੂ ਸਾਹਿਬ ਨੇ ਭਟਕੀ ਹੋਈ ਮਨੁੱਖਤਾ 'ਚਲਣ ਸਾਰ ਨ ਜਾਣਨੀ ਕਾਮੁ ਕ੍ਰੋਧੁ ਵਿਸੁ ਵਧਾਇਆ' ਨੂੰ ਰਾਹ ਵਿਖਾਈ 'ਭਗਤ ਕਰਨ ਹਰਿ ਚਾਕਰੀ ਜਿਨੀ ਅਨਦਿਨੁ ਨਾਮੁ ਧਿਆਇਆ।' ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਿਮਰਤਾ ਨਾਲ ਭਰਪੂਰ, ਪਰਮਾਤਮਾ ਦੇ ਦਾਸ ਦੇ ਵੀ ਦਾਸ ਹੋਣ ਦੀ ਭਾਵਨਾ ਵਾਲੀ ਭਗਤੀ ਦੀ ਰਾਹ ਸੰਸਾਰ ਦੇ ਸਾਹਮਣੇ ਰੱਖੀ 'ਦਾਸਨਿ ਦਾਸ ਹੋਇ ਕੈ ਜਿਨੀ ਵਿਚਹੁ ਆਪੁ ਗਵਾਇਆ।' ਇਹ ਭਾਵ ਭਗਤੀ ਹੀ ਜੀਵਨ ਰੌਸ਼ਨ ਕਰਨ ਵਾਲੀ ਭਗਤੀ ਹੈ 'ਓਨਾ ਖਸਮੈ ਕੈ ਦਰਿ ਮੁਖ ਉਜਲੇ ਸਚੈ ਸਬਦਿ ਸੁਹਾਇਆ।'
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੱਚ ਤੇ ਧਰਮ ਨੂੰ ਜੀਵਨ ਦਾ ਮਨੋਰਥ ਦੱਸਿਆ। ਸਚ ਤੇ ਧਰਮ ਨਾਲ ਹੀ ਜੀਵਨ ਚੱਲਦਾ ਹੈ ਤੇ ਪੰਥ ਸੌਖਾ ਹੋ ਜਾਂਦਾ ਹੈ।
ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ॥
ਨਾ ਸਰਵਰੁ ਨਾ ਉਛਲੈ ਐਸਾ ਪੰਥੁ ਸੁਹੇਲਾ॥ ੧॥
ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ॥ ੧॥ ਰਹਾਉ॥
(ਅੰਗ ੭੨੯ )
ਅੱਜ ਕਿੰਨੇ ਸਿੱਖ ਨੌਜਵਾਨ ਹਨ, ਜੋ ਗੁਰੂ ਸਾਹਿਬ ਦੇ ਉਪਰੋਕਤ ਵਚਨਾਂ 'ਤੇ ਵਿਸ਼ਵਾਸ ਕਰ ਰਹੇ ਹਨ ਤੇ ਜਪ ਤਪ ਦਾ ਬੇੜਾ ਬੰਨ੍ਹਣ 'ਚ ਲੱਗੇ ਹੋਏ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਇਕ ਚਿੱਤਰ, ਇਕ ਪੂਜਨੀਕ ਨਾਮ ਦੀ ਅਵਧਾਰਨਾ ਦੇ ਦਾਇਰੇ ਨੂੰ ਤੋੜ ਕੇ ਬਾਹਰ ਆਉਣਾ ਪਵੇਗਾ। ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਸਾਹਿਬ ਦੇ ਜੀਵਨ ਤੇ ਉਨ੍ਹਾਂ ਦੀ ਬਾਣੀ ਅੰਦਰ ਵੇਖਣ, ਭਰੋਸਾ ਕਰਨ ਤੇ ਵਿਉਹਾਰ ਅੰਦਰ ਧਾਰਨ ਕਰਨ ਦੀ ਜਾਚ ਸਿੱਖਣੀ ਪਵੇਗੀ। ਜੀਵਨ ਧਨ, ਦੌਲਤ ਨਾਲ ਪਾਰ ਨਹੀਂ ਹੁੰਦਾ। ਨਸ਼ਿਆਂ ਨਾਲ ਸੁਖਾਲਾ ਨਹੀਂ ਹੁੰਦਾ। ਘਰ-ਬਾਰ, ਪਰਿਵਾਰ ਛੱਡ ਕੇ ਪਰਦੇਸ ਚਲੇ ਜਾਣ ਨਾਲ ਨਹੀਂ ਸਰਦਾ। ਇਹ ਇਕ ਗੁਰਸਿੱਖ ਦੀ ਜੀਵਨ ਸ਼ੈਲੀ ਨਹੀਂ ਹੋ ਸਕਦੀ। ਸ੍ਰੀ ਗੁਰੂ ਨਾਨਕ ਦੇਵ ਜੀ ਲਈ ਕਿਸੇ ਵੀ ਗੁਰਸਿੱਖ ਦੀ ਸ਼ਰਧਾ 'ਤੇ ਕੋਈ ਸ਼ੱਕ ਨਹੀਂ ਕੀਤਾ ਜਾਣਾ ਚਾਹੀਦਾ ਪਰ ਇਸ ਸ਼ਰਧਾ ਦੇ ਸਵਰੂਪ ਬਾਰੇ ਖੁੱਲ੍ਹ ਕੇ ਚਰਚਾ ਹੋਣੀ ਚਾਹੀਦੀ ਹੈ।
ਸਿੱਖ ਨੌਜਵਾਨਾਂ ਦਾ ਇਕ ਵੱਡਾ ਵਰਗ ਕੇਸ ਰਹਿਤ ਹੋ ਚੁੱਕਾ ਹੈ। ਘੱਟ ਗਿਣਤੀ ਵਰਗ ਕੇਸਧਾਰੀ ਹੈ। ਪਰ ਧਰਮ ਬਾਰੇ ਦੋਹਾਂ ਵਰਗਾਂ ਦੀ ਸੋਚ ਵਿਚ ਕੋਈ ਜ਼ਿਆਦਾ ਫਰਕ ਨਹੀਂ ਵਿਖਾਈ ਦਿੰਦਾ। ਧਰਮ ਬਾਰੇ ਇਨ੍ਹਾਂ ਦੀ ਸਮਝ ਗੁਰੂ ਸ਼ਬਦ ਅਨੁਸਾਰ ਨਹੀਂ, ਆਪਣੀ ਵਿਕਸਿਤ ਕੀਤੀ ਹੋਈ ਹੈ। ਨੌਜਵਾਨ ਪੀੜ੍ਹੀ ਹੀ ਨਹੀਂ, ਪੂਰੀ ਸਿੱਖ ਕੌਮ ਉਸੇ ਚੱਕਰਵਿਊ ਵਿਚ ਘਿਰ ਗਈ ਹੈ, ਜਿਸ ਤੋਂ ਬਾਹਰ ਕੱਢਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਜ਼ਿੰਦਗੀ ਦੇ ਦੋ ਦਹਾਕਿਆਂ ਤੋਂ ਜ਼ਿਆਦਾ ਦਾ ਸਮਾਂ ਲਾ ਪੂਰੇ ਸੰਸਾਰ ਦੀ ਯਾਤਰਾ ਕੀਤੀ। ਗੁਰੂ ਸਾਹਿਬ ਨੇ ਕਠਿਨ ਤੋਂ ਕਠਿਨ ਰਸਤਿਆਂ, ਬੀਹੜ ਜੰਗਲਾਂ ਦੀ ਪ੍ਰਵਾਹ ਨਹੀਂ ਕੀਤੀ। ਉੱਚੀਆਂ ਤੋਂ ਉੱਚੀਆਂ ਪਰਬਤ ਚੋਟੀਆਂ 'ਤੇ ਚੜ੍ਹੇ, ਸਮੁੰਦਰ ਵੀ ਪਾਰ ਕੀਤੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਅੰਦਰ ਭਰਮਾਂ, ਅੰਧ-ਵਿਸ਼ਵਾਸ, ਜਬਰ-ਜ਼ੁਲਮ ਦੀਆਂ ਤਾਕਤਾਂ ਨਾਲ ਟਾਕਰਾ ਲਿਆ। ਗੁਰੂ ਸਾਹਿਬ ਨੇ ਆਪਣੀ ਸੋਚ ਬੜੀ ਨਿਰਭੈਤਾ ਨਾਲ ਸਾਹਮਣੇ ਰੱਖੀ। ਗੁਰੂ ਸਾਹਿਬ ਦੀ ਸੋਚ ਦੀ ਤਾਕਤ ਵੇਖ ਕੇ ਪੂਰਾ ਸੰਸਾਰ ਹੈਰਾਨ ਰਹਿ ਗਿਆ। ਗੁਰੂ ਸਾਹਿਬ ਅਜਿਹੇ ਵਿਰਲੇ ਮਹਾਂਪੁਰਖ ਸਨ, ਜੋ ਆਪਣੇ ਜੀਵਨ ਕਾਲ ਵਿਚ ਹੀ ਕਰੋੜਾਂ ਲੋਕਾਂ ਦੇ ਨਾਇਕ ਤੇ ਆਦਰਸ਼ ਬਣ ਗਏ ਸਨ। ਲੋਕ ਸਦੀਆਂ ਤੋਂ ਕਾਇਮ ਰੀਤੀਆਂ, ਪਰੰਪਰਾਵਾਂ ਤਿਆਗ ਕੇ ਗੁਰੂ ਸਾਹਿਬ ਦੇ ਸਿੱਖ ਬਣ ਗਏ। ਕੀ ਅੱਜ ਦੀ ਨੌਜਵਾਨ ਪੀੜ੍ਹੀ ਨੇ ਕਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਸ ਅਦੁੱਤੀ ਕਰਾਮਾਤ ਬਾਰੇ ਵਿਚਾਰ ਕੇ ਉਸ 'ਚ ਗੁਰੂ ਸਾਹਿਬ ਦੇ ਦਰਸ਼ਨ ਕਰਨ ਦਾ ਯਤਨ ਕੀਤਾ ਹੈ? ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੰਸਾਰ ਨਾਲ ਇਕੋ ਤਰਕ ਕੀਤਾ-
ਨਾਨਕ ਸਾਚੇ ਕਉ ਸਚੁ ਜਾਣੁ॥ (ਅੰਗ ੧੫)
ਗੁਰੂ ਸਾਹਿਬ ਦਾ ਇਹ ਤਰਕ ਕਿਸੇ ਵੀ ਵਿਵਾਦ, ਸ਼ੰਕਾ, ਦੁਬਿਧਾ, ਭਰਮ ਤੋਂ ਰਹਿਤ ਸੀ ਕਿ ਮਨੁੱਖ ਉਸ ਨੂੰ ਜੀਵਨ ਅੰਦਰ ਸਵੀਕਾਰ ਕਰੇ ਜੋ ਸੱਚ ਹੈ। ਸੱਚ ਜੀਵਨ ਅੰਦਰ ਸੁੱਖ ਲਿਆਉਣ ਵਾਲਾ ਹੀ ਨਹੀਂ, ਪਰਮਾਤਮਾ ਦੀ ਸ਼ਰਨ ਪ੍ਰਾਪਤ ਕਰਨ ਜੋਗ ਬਣਾਉਣ ਵਾਲਾ ਵੀ ਹੈ 'ਜਿਤੁ ਸੇਵਿਐ ਸੁਖੁ ਪਾਈਐ ਤੇਰੀ ਦਰਗਹ ਚਲੈ ਮਾਣੁ।' ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦੁਨਿਆਵੀ ਭਰਮਾਂ ਨੂੰ ਤੋੜਦਿਆਂ ਕਿਹਾ ਕਿ ਸੱਚ ਤੇ ਸੁੱਖ ਅੰਦਰ ਸੰਸਾਰਕ ਪਦਾਰਥਾਂ, ਰਸਾਂ ਤੇ ਤਾਕਤਾਂ ਦੀ ਕੋਈ ਭੂਮਿਕਾ ਨਹੀਂ, ਜਿਨ੍ਹਾਂ ਪਿੱਛੇ ਲੋਕ ਭੱਜੀ ਜਾ ਰਹੇ ਨੇ। ਗੁਰੂ ਸਾਹਿਬ ਨੇ ਕਿਹਾ ਕਿ ਸੱਚ ਤਾਂ ਪਰਮਾਤਮਾ ਦੇ ਨਾਮ ਅੰਦਰ ਹੈ 'ਸਚੁ ਸਰਾ ਗੁੜ ਬਾਹਰਾ ਜਿਸੁ ਵਿਚਿ ਸਚਾ ਨਾਉ।' ਨੌਜਵਾਨ ਸਿੱਖ ਪੀੜ੍ਹੀ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸੱਚਾ ਸਿੱਖ ਹੋਣ ਦਾ ਦਾਅਵਾ ਤਾਂ ਕਰ ਸਕਦੀ ਹੈ, ਜੇ ਸੁੱਖਾਂ ਦੀ ਪ੍ਰਾਪਤੀ ਲਈ ਗੁੜ 'ਤੇ ਯਕੀਨ ਕਰਨਾ, ਗੁੜ ਦਾ ਪਿੱਛਾ ਛੱਡ ਦੇਵੇ। ਪਰਮਾਤਮਾ ਦੇ ਆਸਰੇ ਤੋਂ ਬਿਨਾਂ ਸੁੱਖਾਂ ਲਈ ਲਿਆ ਜਾਣ ਵਾਲਾ ਕੋਈ ਵੀ ਆਸਰਾ ਗੁੜ ਹੈ। ਇਸ ਗੁੜ ਨੂੰ ਗੁਰੂ ਸਾਹਿਬ ਨੇ ਹਰ ਤਰ੍ਹਾਂ ਖੁਆਰ ਕਰਨ ਵਾਲਾ ਕਿਹਾ। ਇਹ ਖੁਆਰ ਕਰਨ ਵਾਲਾ ਗੁੜ 'ਹੋਰੁ ਖਾਣਾ', 'ਹੋਰੁ ਪੈਨਣੁ', 'ਹੋਰੁ ਚੜਣਾ', 'ਹੋਰੁ ਸਉਣਾ' ਹੈ, ਜਿਸ ਦੀ ਗੁਰੂ ਸਾਹਿਬ ਨੇ ਸਹਿਲੀ ਵਿਆਖਿਆ ਕੀਤੀ।
ਜੇ ਸੁੱਖ ਚਾਹੀਦੇ ਤਾਂ ਗੁੜ ਦੀਆਂ ਇਨ੍ਹਾਂ ਸਾਰੀਆਂ ਕਿਸਮਾਂ ਤੋਂ ਸੁਚੇਤ ਰਹਿਣਾ ਪਵੇਗਾ। ਇੰਦ੍ਰੀਆਂ ਨੂੰ ਮੋਹ ਲੈਣ ਵਾਲੇ ਸਾਰੇ ਰੰਗ, ਵਾਸ਼ਨਾਵਾਂ ਵਧਾਉਣ ਵਾਲੇ ਸਾਰੇ ਰਸ, ਵਿਕਾਰਾਂ ਨੂੰ ਤ੍ਰਿਪਤ ਕਰਨ ਵਾਲੇ ਸਾਰੇ ਵਿਅੰਜਨ ਅੰਤ ਦੁੱਖਾਂ ਦੇ ਘਰ ਬਣ ਜਾਂਦੇ ਹਨ। ਮਨੁੱਖ ਦੀ ਸਾਰੀ ਸਿਆਣਪ ਨਿਹਫਲ ਚਲੀ ਜਾਂਦੀ ਹੈ ਤੇ ਪਛਤਾਵਾ ਹੀ ਹੱਥ ਲੱਗਦਾ ਹੈ 'ਜਲੀਆ ਸਭਿ ਸਿਆਣਪਾ ਉਠੀ ਚਲਿਆ ਰੋਇ।' ਨਸ਼ਿਆਂ ਦਾ ਪੱਲਾ ਫੜ ਜਵਾਨੀ ਬਰਬਾਦ ਹੋ ਰਹੀ ਹੈ। ਮਾਇਆ ਲਈ ਸ਼ੈਦਾਈ ਹੋਇਆਂ ਨੇ ਪਰਿਵਾਰ ਵੀ ਗੁਆਏ ਤੇ ਜ਼ਿੰਦਗੀ ਵੀ। ਵਾਸ਼ਨਾਵਾਂ ਲਈ ਧਰਮ ਤੋਂ ਦੂਰ ਹੋਣ ਵਾਲੇ ਸੁੱਖਾਂ ਤੋਂ ਦੂਰ ਹੋ ਗਏ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਰੋਕਤ ਵਚਨ ਹਰ ਕਿਸੇ ਦੇ ਆਲੇ-ਦੁਆਲੇ ਸੱਚ ਹੋ ਕੇ ਵਰਤ ਰਹੇ ਹਨ ਪਰ ਚੇਤਨਾ ਨਹੀਂ ਆ ਰਹੀ, ਕਿਉਂਕਿ ਗੁਰੂ ਦੇ ਵਚਨਾਂ 'ਤੇ ਵਿਸ਼ਵਾਸ ਹੀ ਨਹੀਂ ਰਿਹਾ। ਨੌਜਵਾਨ ਪੀੜ੍ਹੀ ਹੀ ਨਹੀਂ, ਹਰ ਸਿੱਖ ਲਈ ਵਾਹਿਗੁਰੂ ਅੱਗੇ ਨਤਮਸਤਕ ਹੋਣਾ ਗੁਰੂ ਦਾ ਹੁਕਮ ਮੰਨਣ ਦਾ ਸੰਕਲਪ ਦ੍ਰਿੜ੍ਹ ਕਰਨਾ ਹੈ। ਗੁਰੂ ਦੀ ਸ਼ਰਨ 'ਚ ਆਉਣ ਦਾ ਮਨੋਰਥ ਗੁੜ ਦੀ ਪ੍ਰਾਪਤੀ ਲਈ ਨਹੀਂ, ਸੱਚ ਦੀ ਦਾਤ ਲਈ ਹੋਣਾ ਚਾਹੀਦਾ। ਸੱਚ ਦੀ ਦਾਤ ਮਿਲ ਜਾਏ, ਪਰਮਾਤਮਾ 'ਤੇ ਭਰੋਸਾ ਟਿਕ ਜਾਏ, ਕਰਮਾਂ ਅੰਦਰ ਪਰਮਾਤਮਾ ਪ੍ਰਤੀ ਪ੍ਰੇਮ ਤੇ ਸਮਰਪਣ ਪ੍ਰਗਟ ਹੋਣ ਲੱਗ ਪਏ ਤਾਂ ਜੀਵਨ ਸੁੱਖ ਨਾਲ ਭਰਪੂਰ ਹੋ ਜਾਂਦਾ ਹੈ 'ਸਭਿ ਰਸ ਮਿਠੇ ਮੰਨਿਐ ਸੁਣਿਐ ਸਾਲੋਣੇ।' ਪਰਮਾਤਮਾ ਦੀ ਨਦਰਿ ਸੁੱਖਾਂ ਦਾ ਖਜ਼ਾਨਾ ਹੈ 'ਛਤੀਹ ਅੰਮ੍ਰਿਤ ਭਾਉ ਏਕੁ ਜਾ ਕਉ ਨਦਰਿ ਕਰੇਇ।' ਨੌਜਵਾਨ ਪੀੜ੍ਹੀ ਨੂੰ ਗੁੜ ਦੀ ਅੰਨ੍ਹੀ ਦੌੜ ਤੋਂ ਬਚਾਉਣ ਲਈ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਖਸ਼ੀ ਸੇਧ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਜੋੜਨ ਦੀ ਲੋੜ ਹੈ।
ਨਵੀਂ ਪੀੜ੍ਹੀ ਸਾਰੇ ਅਸਰ ਆਪਣੇ ਤੋਂ ਪਹਿਲੀਆਂ ਪੀੜ੍ਹੀਆਂ ਤੋਂ ਲੈਂਦੀ ਹੈ। ਉਨ੍ਹਾਂ ਦੇ ਅੱਜ ਦੇ ਹਾਲਾਤ ਲਈ ਨਿਰਾ ਉਹ ਕਸੂਰਵਾਰ ਨਹੀਂ। ਪਰਿਪੱਕ ਪੀੜ੍ਹੀਆਂ ਵੀ ਇਸ ਲਈ ਬਰਾਬਰ ਦੀਆਂ ਜ਼ਿੰਮੇਵਾਰ ਤੇ ਜਵਾਬਦੇਹ ਹਨ। ਗੁਰੂ ਸਾਹਿਬਾਨ ਦੇ ਪ੍ਰੇਰਨਾਦਾਇਕ ਜੀਵਨ ਤੇ ਗੁਰਬਾਣੀ ਦੇ ਸਹਿਜ ਸੁਨੇਹੇ ਨਾਲ ਨਵੀਂ ਪੀੜ੍ਹੀ ਨੂੰ ਰੂਬਰੂ ਕਰਾਉਣ 'ਚ ਵੱਡੀ ਕੋਤਾਹੀ ਹੋਈ ਹੈ। ਅਸੀਂ ਇਹ ਦੱਸਣ 'ਚ ਨਾਕਾਮਯਾਬ ਰਹੇ ਕਿ ਗੁਰੂ ਦਾ ਦਰ ਕਰਾਮਾਤਾਂ ਦਾ ਨਹੀਂ, ਨਾਮ ਦੀ ਬਖਸ਼ਿਸ਼ ਦਾ ਦਰ ਹੈ 'ਬਾਝੋ ਸਚੇ ਨਾਮ ਦੇ ਹੋਰੁ ਕਰਾਮਾਤਿ ਅਸਾਂ ਤੇ ਨਾਹੀ।' ਅਸੀਂ ਨਾਮ ਦੀ ਤਾਕਤ ਨਾਲ ਵੀ ਨਵੀਂ ਪੀੜ੍ਹੀ ਨੂੰ ਜਾਣੂੰ ਨਹੀਂ ਕਰਵਾ ਸਕੇ 'ਸਤਿਨਾਮੁ ਬਿਨੁ ਬਾਦਰਿ ਛਾਈ।' ਭਾਈ ਗੁਰਦਾਸ ਜੀ ਦੇ ਵਚਨ ਹਨ ਕਿ ਸੰਸਾਰ ਅੰਦਰ ਮਨੁੱਖ ਕਿੰਨੀ ਵੀ ਤਾਕਤ ਇਕੱਤਰ ਕਰ ਲਵੇ ਪਰ ਨਾਮ ਬਿਨਾਂ ਸਭ ਬੱਦਲ ਦੀ ਛਾਂ ਵਰਗੀ ਹੈ, ਜੋ ਵੇਖਦਿਆਂ ਹੀ ਵੇਖਦਿਆਂ, ਉੱਡ ਕੇ ਨਜ਼ਰਾਂ ਤੋਂ ਉਹਲੇ ਹੋ ਜਾਂਦੀ ਹੈ। ਲੋੜ ਹੈ ਕਿ ਪਰਿਪੱਕ ਸਿੱਖ ਪੀੜ੍ਹੀ ਆਪ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਚਿਆਰ ਸਿੱਖ ਬਣ ਕੇ ਨਵੀਂ ਪੀੜ੍ਹੀ ਸਾਹਮਣੇ ਮਿਸਾਲ ਪੇਸ਼ ਕਰੇ।
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀਵਨ ਦੇ ਸਿਧਾਂਤਾਂ 'ਤੇ ਆਪ ਚਲ ਕੇ ਵਿਖਾਇਆ। ਗੁਰੂ ਸਾਹਿਬ ਦੀ ਬਾਣੀ ਉਨ੍ਹਾਂ ਦੇ ਸੰਸਾਰਕ ਜੀਵਨ ਅੰਦਰ ਵਾਪਰਣ ਵਾਲੀਆਂ ਘਟਨਾਵਾਂ ਦਾ ਨਿਚੋੜ ਹੈ। ਇਹੋ ਨਿਵੇਕਲਾ ਕਾਰਨ ਹੈ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜੁਗੋ-ਜੁਗ ਵਿਲੱਖਣ ਬਣਾਉਂਦਾ ਹੈ ਤੇ ਗੁਰਮਤਿ ਦੀ ਪ੍ਰਮਾਣਿਕਤਾ ਸਿੱਧ ਕਰਦਾ ਹੈ। ਨੌਜਵਾਨ ਪੀੜ੍ਹੀ ਨੂੰ ਇਸ ਮਹਾਨ ਵਿਰਸੇ ਨਾਲ ਜੋੜਨ ਦੀ ਸਖ਼ਤ ਲੋੜ ਹੈ। ਕਿਸੇ ਵੀ ਕੌਮ, ਸਮਾਜ ਜਾਂ ਦੇਸ਼ ਦੀ ਅਸਲ ਤਾਕਤ ਨੌਜਵਾਨ ਹੁੰਦਾ ਹੈ। ਇਹ ਸਮੂਹਿਕ ਉਪਰਾਲਾ ਹੋਣਾ ਚਾਹੀਦੇ ਕਿ ਪੂਰੀ ਕੌਮ, ਖਾਸ ਤੌਰ 'ਤੇ ਨੌਜਵਾਨ ਸਿੱਖ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਮਾਰਗ 'ਨਾਨਕ ਸਾਚੇ ਕਉ ਸਚੁ ਜਾਣੁ 'ਤੇ ਚੱਲ ਕੇ ਆਪਣਾ ਹੀ ਨਹੀਂ, ਪੂਰੀ ਮਨੁੱਖਤਾ ਦਾ ਭਲਾ ਕਰਨ 'ਚ ਯੋਗਦਾਨ ਪਾਵੇ।


-ਈ-1716, ਰਾਜਾਜੀਪੁਰਮ, ਲਖਨਊ-226017.
ਮੋਬਾ: 94159-60533, 8417852899


ਖ਼ਬਰ ਸ਼ੇਅਰ ਕਰੋ

ਦੁਨੀਆ ਦੀ ਸਭ ਤੋਂ ਵੱਧ ਵਾਤਾਵਰਨ ਪ੍ਰੇਮੀ ਕੌਮ, ਬਿਸ਼ਨੋਈ

ਸਲਮਾਨ ਖਾਨ ਦੀ ਸਜ਼ਾ ਕਾਰਨ ਬਿਸ਼ਨੋਈ ਕੌਮ ਚਰਚਾ ਵਿਚ ਹੈ, ਜੋ ਸੰਸਾਰ ਦੀ ਸਭ ਤੋਂ ਵੱਧ ਵਾਤਾਵਰਨ ਪ੍ਰੇਮੀ ਕੌਮ ਹੈ। ਬਿਸ਼ਨੋਈ ਜਾਂ ਵਿਸ਼ਨੋਈ ਇਕ ਹਿੰਦੂ ਧਾਰਮਿਕ ਸਮੂਹ ਹੈ, ਜੋ ਰਾਜਸਥਾਨ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਵਿਚ ਪਾਏ ਜਾਂਦੇ ਹਨ। ਇਨ੍ਹਾਂ ਦੀ ਕੁੱਲ ਆਬਾਦੀ 7 ਲੱਖ ਦੇ ਕਰੀਬ ਹੈ। ਉਹ ਗੁਰੂ ਜੰਬੇਸ਼ਵਰ ਦੁਆਰਾ ਨਿਸ਼ਚਿਤ ਕੀਤੇ ਗਏ 29 ਸਿਧਾਂਤਾਂ ਦੇ ਅਨੁਸਾਰ ਚਲਦੇ ਹਨ। ਅਸਲ ਵਿਚ ਬਿਸ਼ਨੋਈ ਸ਼ਬਦ ਦਾ ਅਰਥ ਹੈ ਬੀਸ ਨੋਈ (ਮਤਲਬ ਵੀਹ ਅਤੇ ਨੌਂ)। ਗੁਰੂ ਜੰਬੇਸ਼ਵਰ ਨੇ ਹੁਕਮ ਕੀਤਾ ਸੀ ਕਿ ਜਾਨਵਰਾਂ ਅਤੇ ਦਰੱਖਤਾਂ ਵਿਚ ਵੀ ਜਾਨ ਹੈ। ਇਨ੍ਹਾਂ ਦੀ ਹਰ ਹਾਲਤ ਵਿਚ ਸੁਰੱਖਿਆ ਕੀਤੀ ਜਾਣੀ ਚਾਹੀਦੀ ਹੈ। ਵਾਤਾਵਰਨ ਨੂੰ ਕਿਸੇ ਤਰ੍ਹਾਂ ਦੀ ਹਾਨੀ ਪਹੁੰਚਾਉਣ ਦਾ ਮਤਲਬ ਖੁਦ ਨੂੰ ਹਾਨੀ ਪਹੁੰਚਾਉਣ ਦੇ ਬਰਾਬਰ ਹੈ। ਬਿਸ਼ਨੋਈ ਸਮਾਜ ਦੇ ਸੰਸਥਾਪਕ ਗੁਰੂ ਜੰਬੇਸ਼ਵਰ ਦਾ ਜਨਮ 1499 ਈ: ਨੂੰ ਪੀਂਪਾਸਰ ਜ਼ਿਲ੍ਹਾ ਬੀਕਾਨੇਰ ਵਿਚ ਹੋਇਆ ਤੇ ਮੌਤ 1593 ਈ: ਵਿਚ ਹੋਈ। ਉਨ੍ਹਾਂ ਦੀ ਸਮਾਧੀ ਮੁਕਾਮ (ਬੀਕਾਨੇਰ) ਵਿਚ ਬਣੀ ਹੋਈ ਹੈ, ਜੋ ਬਿਸ਼ਨੋਈਆਂ ਲਈ ਇਕ ਬਹੁਤ ਵੱਡਾ ਤੀਰਥ ਸਥਾਨ ਹੈ।
ਗੁਰੂ ਜੰਬੇਸ਼ਵਰ ਜਦੋਂ ਨੌਜਵਾਨ ਸਨ ਤਾਂ ਇਲਾਕੇ ਵਿਚ ਅਕਾਲ ਪੈ ਗਿਆ। ਉਹ ਸਮਝ ਗਏ ਕਿ ਇਸ ਅਕਾਲ ਦਾ ਕਾਰਨ ਲੋਕਾਂ ਵਲੋਂ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਹੈ। ਉਨ੍ਹਾਂ ਨੇ ਕੁਦਰਤੀ ਵਸੀਲਿਆਂ ਦੀ ਸੁਰੱਖਿਆ ਨੂੰ ਆਪਣੇ ਜੀਵਨ ਦਾ ਮਕਸਦ ਬਣਾ ਲਿਆ। ਉਹ ਸੰਨਿਆਸੀ ਬਣ ਗਏ ਤੇ ਸਾਰੇ ਥਾਰ ਰੇਗਿਸਤਾਨ ਵਿਚ ਘੁੰਮ-ਘੁੰਮ ਕੇ ਲੋਕਾਂ ਨੂੰ ਜਾਗ੍ਰਿਤ ਕਰਨ ਲੱਗੇ। ਹਜ਼ਾਰਾਂ ਲੋਕ ਉਨ੍ਹਾਂ ਦੇ ਮੁਰੀਦ ਬਣ ਗਏ। ਉਨ੍ਹਾਂ ਨੇ ਆਪਣੇ ਪੈਰੋਕਾਰਾਂ ਉੱਪਰ ਜਾਨਵਰਾਂ ਨੂੰ ਮਾਰਨ ਅਤੇ ਹਰੇ ਦਰੱਖਤ ਵੱਢਣ 'ਤੇ ਸਖ਼ਤ ਪਾਬੰਦੀ ਲਗਾ ਦਿੱਤੀ। ਇਥੋਂ ਤੱਕ ਕਿ ਸੁੱਕਾ ਬਾਲਣ ਵੀ ਝਾੜ ਕੇ ਬਾਲਣ ਲਈ ਕਿਹਾ ਤਾਂ ਜੋ ਕੋਈ ਕੀੜਾ-ਪਤੰਗਾ ਅੱਗ ਵਿਚ ਨਾ ਸੜ ਜਾਵੇ। ਬਿਸ਼ਨੋਈਆਂ 'ਤੇ ਨੀਲੇ ਕੱਪੜੇ ਪਾਉਣ ਦੀ ਪਾਬੰਦੀ ਹੈ, ਕਿਉਂਕਿ ਨੀਲਾ ਰੰਗ ਹਾਸਲ ਕਰਨ ਲਈ ਇਕ ਵਿਸ਼ੇਸ਼ ਕਿਸਮ ਦੀ ਝਾੜੀ ਨੂੰ ਭਾਰੀ ਮਾਤਰਾ ਵਿਚ ਕੱਟਣਾ ਪੈਂਦਾ ਹੈ। ਗੁਰੂ ਜੰਬੇਸ਼ਵਰ ਹਰਿਆਲੀ ਪ੍ਰਤੀ ਐਨੇ ਸਮਰਪਿਤ ਸਨ ਕਿ ਉਨ੍ਹਾਂ ਹੁਕਮ ਦਿੱਤਾ ਕਿ ਦਰੱਖਤਾਂ ਨੂੰ ਬਚਾਉਣ ਖਾਤਰ ਮ੍ਰਿਤਕ ਵਿਅਕਤੀਆਂ ਨੂੰ ਸਾੜਨ ਦੀ ਬਜਾਏ ਦਫਨਾਇਆ ਜਾਵੇ, ਤਾਂ ਜੋ ਲੱਕੜ ਦੀ ਬਰਬਾਦੀ ਨਾ ਹੋਵੇ। ਇਸ ਲਈ ਜ਼ਿਆਦਾਤਰ ਬਿਸ਼ਨੋਈ ਆਪਣੇ ਮ੍ਰਿਤਕਾਂ ਨੂੰ ਜਲਾਉਣ ਦੀ ਬਜਾਏ ਦਫਨਾਉਂਦੇ ਹਨ।
ਬਿਸ਼ਨੋਈ ਭਾਵੇਂ ਜ਼ਿਆਦਾਤਰ ਜਾਟ ਅਤੇ ਰਾਜਪੂਤ ਹਨ ਪਰ ਉਹ ਆਪਣੇ ਨਾਂਅ ਨਾਲ ਕੋਈ ਗੋਤਰ ਆਦਿ ਲਗਾਉਣ ਦੀ ਬਜਾਏ ਬਿਸ਼ਨੋਈ ਲਿਖਣਾ ਪਸੰਦ ਕਰਦੇ ਹਨ। ਉਹ ਮਾਸ, ਮੱਛੀ, ਸ਼ਰਾਬ, ਤੰਬਾਕੂ ਅਤੇ ਹੋਰ ਕਿਸੇ ਕਿਸਮ ਦੇ ਨਸ਼ੇ ਦੀ ਵਰਤੋਂ ਨਹੀਂ ਕਰਦੇ। ਇਨ੍ਹਾਂ ਅਸੂਲਾਂ ਦੀ ਸਖਤੀ ਨਾਲ ਪਾਲਣਾ ਕਰਨ ਕਾਰਨ ਹਿਰਨਾਂ ਦੇ ਵੱਗ ਆਮ ਹੀ ਬਿਸ਼ਨੋਈਆਂ ਦੇ ਪਿੰਡਾਂ ਵਿਚ ਫਿਰਦੇ ਵੇਖੇ ਜਾ ਸਕਦੇ ਹਨ। ਇਹ ਜਾਨਵਰ ਇਨਸਾਨਾਂ ਨਾਲ ਐਨੇ ਹਿਲੇ-ਮਿਲੇ ਹਨ ਕਿ ਉਨ੍ਹਾਂ ਦੇ ਹੱਥਾਂ ਵਿਚੋਂ ਆਰਾਮ ਨਾਲ ਦਾਣਾ-ਪੱਠਾ ਖਾ ਲੈਂਦੇ ਹਨ। ਜਾਨਵਰਾਂ ਦਾ ਸ਼ਿਕਾਰ ਕਰਨ ਵਾਲੇ ਨਾਲ ਬਿਸ਼ਨੋਈ ਬਹੁਤ ਸਖ਼ਤੀ ਨਾਲ ਨਿਪਟਦੇ ਹਨ। ਉਹ ਆਪਣੇ ਇਲਾਕੇ ਵਿਚ ਮਾਸ-ਮੱਛੀ ਦੀਆਂ ਦੁਕਾਨਾਂ ਵੀ ਨਹੀਂ ਖੁੱਲ੍ਹਣ ਦਿੰਦੇ। ਬਿਸ਼ਨੋਈ ਥਾਰ ਰੇਗਿਸਤਾਨ ਵਿਚ ਸੈਂਕੜੇ ਸਾਲਾਂ ਤੋਂ ਦਰੱਖਤਾਂ ਅਤੇ ਜਾਨਵਰਾਂ ਨਾਲ ਮੁਕੰਮਲ ਸਹਿਚਾਰ ਵਿਚ ਰਹਿ ਰਹੇ ਹਨ ਤੇ ਗੁਰੂ ਜੰਬੇਸ਼ਵਰ ਦੀਆਂ ਸਿੱਖਿਆਵਾਂ ਦੇ ਮੁਤਾਬਕ ਉਨ੍ਹਾਂ ਦੀ ਕਰੜਾਈ ਨਾਲ ਸੁਰੱਖਿਆ ਕਰ ਰਹੇ ਹਨ। ਆਮ ਇਨਸਾਨ ਇਹ ਗੱਲ ਨਹੀਂ ਸਮਝ ਸਕਦਾ। ਇਹ ਉਹੀ ਵਿਅਕਤੀ ਸਮਝ ਸਕਦਾ ਹੈ ਜੋ ਰਾਜਸਥਾਨ ਵਰਗੇ ਕਰੜੇ ਪੌਣ-ਪਾਣੀ ਵਾਲੇ ਇਲਾਕੇ ਵਿਚ ਵਿਚਰਿਆ ਹੋਵੇ, ਜਿੱਥੇ ਕਈ-ਕਈ ਸਾਲ ਮੀਂਹ ਨਹੀਂ ਪੈਂਦਾ। ਅਜਿਹੇ ਮਾਰੂ ਇਲਾਕੇ ਵਿਚ ਅਜਿਹੀਆਂ ਪ੍ਰਥਾਵਾਂ ਦੀ ਪਾਲਣਾ ਕਰਨਾ ਬਹੁਤ ਵੱਡਾ ਮਾਅਰਕਾ ਹੈ। ਜਿਸ ਇਲਾਕੇ ਵਿਚ ਫਸਲ ਘੱਟ ਹੁੰਦੀ ਹੈ, ਉਥੇ ਲੋਕ ਮਾਸ ਖਾ ਕੇ ਢਿੱਡ ਭਰ ਲੈਂਦੇ ਹਨ ਪਰ ਬਿਸ਼ਨੋਈ ਅਕਾਲ ਪੈਣ 'ਤੇ ਵੀ ਨਾ ਮਾਸ ਖਾਂਦੇ ਹਨ ਤੇ ਨਾ ਹੀ ਦਰੱਖਤ ਵੱਢ ਕੇ ਲੱਕੜ ਵੇਚ ਕੇ ਪੈਸੇ ਕਮਾਉਣ ਬਾਰੇ ਸੋਚਦੇ ਹਨ। ਬਿਸ਼ਨੋਈਆਂ ਨੇ ਸਦੀਆਂ ਤੋਂ ਆਪਣੇ ਅਸੂਲਾਂ ਕਾਰਨ ਰਾਜਿਆਂ ਅਤੇ ਸਰਕਾਰਾਂ ਨੂੰ ਆਪਣੇ ਇਲਾਕੇ ਵਿਚ ਦਰੱਖਤ ਕੱਟਣ ਅਤੇ ਸ਼ਿਕਾਰ ਖੇਡਣ 'ਤੇ ਪਾਬੰਦੀ ਲਗਾਉਣ ਦੇ ਕਾਨੂੰਨ ਬਣਾਉਣ ਲਈ ਮਜਬੂਰ ਕੀਤਾ ਹੈ ਤੇ ਸਖ਼ਤੀ ਨਾਲ ਇਹ ਕਾਨੂੰਨ ਲਾਗੂ ਕਰਵਾਏ ਹਨ, ਕਿਉਂਕਿ ਅਜਿਹੇ ਔੜ ਦੇ ਮਾਰੇ ਇਲਾਕੇ ਵਿਚੋਂ ਲਾਲਚੀ ਵਪਾਰੀਆਂ ਅਤੇ ਸ਼ਿਕਾਰੀਆਂ ਤੋਂ ਜਾਨਵਰਾਂ ਅਤੇ ਦਰੱਖਤਾਂ ਨੂੰ ਬਚਾਉਣਾ ਬਹੁਤ ਹੀ ਮੁਸ਼ਕਿਲ ਕੰਮ ਹੈ। ਸਮੇਂ-ਸਮੇਂ 'ਤੇ ਉਨ੍ਹਾਂ ਦੇ ਵਿਸ਼ਵਾਸ ਨੂੰ ਹੁਕਮਰਾਨਾਂ ਨੇ ਪਰਖਿਆ ਹੈ। ਅਨੇਕਾਂ ਕੁਰਬਾਨੀਆਂ ਦੇਣ ਦੇ ਬਾਵਜੂਦ ਬਿਸ਼ਨੋਈ ਵਾਤਾਵਰਨ ਦੀ ਸੁਰੱਖਿਆਂ ਲਈ ਅਡਿੱਗ ਰਹੇ ਹਨ। ਕਿਸੇ ਵੀ ਕੰਮ ਲਈ ਹਰੇ ਦਰੱਖਤ ਦੀ ਇਕ ਟਾਹਣੀ ਛਾਂਗਣਾ ਵੀ ਪਾਪ ਸਮਝਿਆ ਜਾਂਦਾ ਹੈ। ਬਿਸ਼ਨੋਈ ਦਰੱਖਤਾਂ ਦੀ ਸੁਰੱਖਿਆ ਲਈ ਕਿੰਨੇ ਸਮਰਪਿਤ ਹਨ, ਇਸ ਲਈ ਖੇਜੜਲੀ ਕਾਂਡ ਦਾ ਵਰਨਣ ਕਰਨਾ ਬਹੁਤ ਜ਼ਰੂਰੀ ਹੈ।
ਸੰਨ 1730 ਈ: ਵਿਚ ਜੋਧਪੁਰ ਦੇ ਮਹਾਰਾਜੇ ਅਭੈ ਸਿੰਘ ਨੂੰ ਆਪਣੇ ਨਵੇਂ ਮਹਿਲ ਦੀ ਉਸਾਰੀ ਲਈ ਲੱਕੜ ਦੀ ਜ਼ਰੂਰਤ ਪੈ ਗਈ। ਉਸ ਨੇ ਆਪਣੇ ਇਕ ਮੰਤਰੀ ਗਿਰਧਰ ਭੰਡਾਰੀ ਨੂੰ ਸੈਨਿਕਾਂ ਅਤੇ ਮਜ਼ਦੂਰਾਂ ਸਮੇਤ ਲੱਕੜਾਂ ਵੱਢਣ ਲਈ ਭੇਜ ਦਿੱਤਾ। ਇਹ ਕਾਫਲਾ ਦਰੱਖਤ ਲੱਭਦਾ ਹੋਇਆ ਜੋਧਪੁਰ ਤੋਂ ਕੋਈ 25 ਕਿ: ਮੀ: ਦੂਰ ਖੇਜੜਲੀ ਪਿੰਡ ਪਹੁੰਚ ਗਿਆ। ਬਿਸ਼ਨੋਈਆਂ ਦਾ ਪਿੰਡ ਹੋਣ ਕਾਰਨ ਇਥੇ ਬਹੁਤ ਹਰਿਆਲੀ ਸੀ। ਮਜ਼ਦੂਰਾਂ ਨੇ ਖੇਜੜੀ ਦੇ ਦਰੱਖਤਾਂ ਨੂੰ ਕੁਹਾੜਾ ਫੇਰਨਾ ਸ਼ੁਰੂ ਕੀਤਾ ਤਾਂ ਪਿੰਡ ਵਾਲੇ ਵਿਰੋਧ ਕਰਨ ਲਈ ਇਕੱਠੇ ਹੋ ਗਏ, ਕਿਉਂਕਿ ਖੇਜੜੀ ਦਾ ਦਰੱਖਤ ਬਿਸ਼ਨੋਈਆਂ ਵਾਸਤੇ ਬਹੁਤ ਹੀ ਪਵਿੱਤਰ ਮੰਨਿਆ ਜਾਂਦਾ ਹੈ। ਸੈਨਿਕਾਂ ਨੇ ਧਮਕੀ ਦਿੱਤੀ ਕਿ ਜਿਸ ਕਿਸੇ ਨੇ ਵੀ ਇਸ ਕੰਮ ਵਿਚ ਰੁਕਾਵਟ ਪਾਈ, ਉਸ ਦਾ ਕਤਲ ਕਰ ਦਿੱਤਾ ਜਾਵੇਗਾ। ਪਰ ਇਕ ਬਹਾਦਰ ਔਰਤ ਅੰਮ੍ਰਿਤਾ ਦੇਵੀ ਬਿਸ਼ਨੋਈ ਨੇ ਇਕ ਦਰੱਖਤ ਨੂੰ ਬਚਾਉਣ ਖਾਤਰ ਉਸ ਨਾਲ ਗਲਵਕੜੀ ਪਾ ਲਈ। ਸੈਨਿਕਾਂ ਨੇ ਕਿਹਾ ਕਿ ਉਹ ਦਰੱਖਤ ਨੂੰ ਛੱਡ ਦੇਵੇ, ਨਹੀਂ ਤਾਂ ਉਸ ਦਾ ਸਿਰ ਵੱਢ ਦਿੱਤਾ ਜਾਵੇਗਾ। ਪਰ ਦਰੱਖਤ ਨੂੰ ਛੱਡਣ ਦੀ ਬਜਾਏ ਅੰਮ੍ਰਿਤਾ ਦੇਵੀ ਨੇ ਕਿਹਾ ਕਿ, 'ਜੇ ਇਕ ਦਰੱਖਤ ਨੂੰ ਬਚਾਉਣ ਲਈ ਇਕ ਸਿਰ ਵੀ ਦੇ ਦਿੱਤਾ ਜਾਵੇ ਤਾਂ ਸੌਦਾ ਮਹਿੰਗਾ ਨਹੀਂ ਹੈ।' ਬੇਰਹਿਮ ਸੈਨਿਕਾਂ ਨੇ ਅੰਮ੍ਰਿਤਾ ਦੇਵੀ ਦਾ ਸਿਰ ਕਲਮ ਕਰ ਦਿੱਤਾ।
ਪਰ ਇਸ ਜ਼ੁਲਮ ਦਾ ਉਲਟ ਅਸਰ ਹੋਇਆ। ਡਰਨ ਦੀ ਬਜਾਏ ਹੋਰ ਬਿਸ਼ਨੋਈਆਂ ਸਮੇਤ ਅੰਮ੍ਰਿਤਾ ਦੇਵੀ ਦੀਆਂ ਤਿੰਨ ਬੇਟੀਆਂ ਆਸੂ, ਰਤਨਾ ਅਤੇ ਭਾਗੂ ਨੇ ਵੀ ਦਰੱਖਤਾਂ ਨੂੰ ਗਲਵਕੜੀ ਪਾ ਲਈ। ਉਨ੍ਹਾਂ ਦਾ ਹਸ਼ਰ ਵੀ ਅੰਮ੍ਰਿਤਾ ਦੇਵੀ ਵਾਲਾ ਹੋਇਆ। ਇਹ ਖ਼ਬਰ ਸੁਣ ਕੇ ਆਸ-ਪਾਸ ਦੇ ਪਿੰਡਾਂ ਤੋਂ ਬਿਸ਼ਨੋਈ ਖੇਜੜਲੀ ਪਹੁੰਚ ਗਏ। ਬਿਸ਼ਨੋਈ ਵਾਰੀ-ਵਾਰੀ ਦਰੱਖਤਾਂ ਨੂੰ ਬਚਾਉਣ ਦੀ ਖਾਤਰ ਗਲਵਕੜੀ ਪਾਉਂਦੇ ਰਹੇ ਤੇ ਬੇਕਿਰਕ ਸ਼ਾਹੀ ਸੈਨਿਕ ਉਨ੍ਹਾਂ ਦੇ ਸਿਰ ਵੱਢਦੇ ਰਹੇ। ਜਦੋਂ ਇਸ ਗੱਲ ਦਾ ਅਭੈ ਸਿੰਘ ਨੂੰ ਪਤਾ ਲੱਗਾ ਤਾਂ ਉਹ ਫੌਰਨ ਖੇਜੜਲੀ ਪਹੁੰਚਿਆ ਤੇ ਮੰਤਰੀ ਅਤੇ ਸੈਨਿਕਾਂ ਨੂੰ ਲਾਹਣਤਾਂ ਪਾ ਕੇ ਇਹ ਗ਼ੈਰ-ਇਨਸਾਨੀ ਕਤਲੇਆਮ ਬੰਦ ਕਰਵਾਇਆ। ਪਰ ਉਦੋਂ ਤੱਕ 363 ਬਿਸ਼ਨੋਈ ਔਰਤਾਂ-ਮਰਦ ਆਪਣੇ ਵਿਸ਼ਵਾਸ ਦੀ ਖਾਤਰ ਕੁਰਬਾਨ ਹੋ ਚੁੱਕੇ ਸਨ। ਰਾਜੇ ਨੇ ਇਸ ਸਬੰਧੀ ਇਕ ਤਾਮਰ ਪੱਤਰ 'ਤੇ ਲਿਖ ਕੇ ਬਿਸ਼ਨੋਈ ਸਮਾਜ ਤੋਂ ਮੁਆਫ਼ੀ ਮੰਗੀ ਤੇ ਬਿਸ਼ਨੋਈਆਂ ਦੇ ਇਲਾਕੇ ਵਿਚੋਂ ਸ਼ਿਕਾਰ ਕਰਨ ਅਤੇ ਦਰੱਖਤ ਵੱਢਣ 'ਤੇ ਪਾਬੰਦੀ ਲਗਾ ਦਿੱਤੀ। ਖੇਜੜੀ ਇਸ ਵੇਲੇ ਰਾਜਸਥਾਨ ਦਾ ਰਾਜ ਦਰੱਖਤ ਹੈ।
ਵਾਤਾਵਰਨ ਨੂੰ ਬਚਾਉਣ ਲਈ ਅਜਿਹੀ ਕੁਰਬਾਨੀ ਦੀ ਮਿਸਾਲ ਦੁਨੀਆ ਵਿਚ ਹੋਰ ਕਿਤੇ ਨਹੀਂ ਮਿਲਦੀ। ਅੱਜ ਜਦੋਂ 100 ਰੁਪਏ ਲਈ ਭਰਾ ਭਰਾ ਨੂੰ ਮਾਰ ਦਿੰਦਾ ਹੈ, ਬਿਸ਼ਨੋਈ ਦਰੱਖਤਾਂ ਅਤੇ ਜਾਨਵਰਾਂ ਦੀ ਰਾਖੀ ਲਈ ਡਟੇ ਹੋਏ ਹਨ। ਸਲਮਾਨ ਖਾਨ ਨੂੰ ਵੀ ਸਜ਼ਾ ਬਿਸ਼ਨੋਈਆਂ ਦੇ ਇਲਾਕੇ ਵਿਚੋਂ ਸ਼ਿਕਾਰ ਕਰਨ ਕਾਰਨ ਹੋਈ ਹੈ। ਉਸ ਦੀ ਸ਼ਿਕਾਇਤ ਵੀ ਬਿਸ਼ਨੋਈਆਂ ਨੇ ਹੀ ਕੀਤੀ ਸੀ।


-ਪੰਡੋਰੀ ਸਿੱਧਵਾਂ। ਮੋਬਾ: 95011-00062

ਬਰਸੀ 'ਤੇ ਵਿਸ਼ੇਸ਼

ਮਾਲਵੇ ਦੀ ਦਰਵੇਸ਼ ਹਸਤੀ-ਸੰਤ ਅਤਰ ਸਿੰਘ ਘੁੰਨਸ

ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ, ਸੰਤਾਂ-ਮਹਾਤਮਾਂ ਦੀ ਧਰਤੀ ਹੈ, ਜਿਸ ਵਿਚ ਸੰਤ ਅਤਰ ਸਿੰਘ ਮਸਤੂਆਣਾ ਸਾਹਿਬ ਵਾਲੇ, ਸੰਤ ਅਤਰ ਸਿੰਘ ਘੁੰਨਸਾਂ ਵਾਲੇ, ਸੰਤ ਅਤਰ ਸਿੰਘ ਅਤਲੇ ਵਾਲੇ ਅਤੇ ਸੰਤ ਅਤਰ ਸਿੰਘ ਰੇਰੂ ਸਾਹਿਬ ਵਾਲੇ ਹੋਏ ਹਨ। ਸੰਤ ਅਤਰ ਸਿੰਘ ਘੁੰਨਸਾਂ ਵਾਲੇ ਮਾਲਵੇ ਦੇ ਦਰਵੇਸ਼ ਸੰਤ ਹੋਏ ਸਨ।
ਸੰਤ ਅਤਰ ਸਿੰਘ ਘੁੰਨਸ ਗੁਰਦੁਆਰਾ ਤਪ ਅਸਥਾਨ ਭੋਰਾ ਸਾਹਿਬ ਪਿੰਡ ਘੁੰਨਸ, ਜ਼ਿਲ੍ਹਾ ਬਰਨਾਲਾ ਨਿਰਮਲ ਸੰਪਰਦਾਇ ਦੇ ਮੁਖੀ ਸੰਤਾਂ ਵਿਚੋਂ ਸਨ, ਜਿਨ੍ਹਾਂ ਨੇ ਮਾਲਵੇ ਵਿਚ ਸਿੱਖੀ ਪ੍ਰਚਾਰ ਤੇ ਪ੍ਰਸਾਰ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ। ਉਨ੍ਹਾਂ ਦਾ ਜਨਮ ਪਿੰਡ ਸੇਮਾ ਜ਼ਿਲ੍ਹਾ ਬਠਿੰਡਾ ਵਿਖੇ ਸ: ਦਲੇਲ ਸਿੰਘ ਦੇ ਗ੍ਰਹਿ ਵਿਖੇ ਮਾਤਾ ਸ੍ਰੀਮਤੀ ਕਰਮ ਕੌਰ ਦੀ ਸੁਲੱਖਣੀ ਕੁੱਖੋਂ ਹੋਇਆ। ਆਪ ਸੰਤ ਅਤਰ ਸਿੰਘ ਮਸਤੂਆਣਾ, ਸੰਤ ਅਤਰ ਸਿੰਘ ਰੇਰੂ ਸਾਹਿਬ, ਸੰਤ ਅਤਰ ਸਿੰਘ ਅਤਲਾ ਕਲਾਂ ਦੇ ਸਮਕਾਲੀ ਹੋਏ ਹਨ। ਆਪ ਨੂੰ ਮਿਲਣ ਦਾ ਦੋ ਵਾਰ ਮੌਕਾ ਮਿਲਿਆ, ਇਕ ਵਾਰ ਗੁਰਦੁਆਰਾ ਗੁਰੂਸਰ ਮਸਤੂਆਣਾ ਸਾਹਿਬ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ।
ਸੰਤ ਅਤਰ ਸਿੰਘ ਦੇ ਸਿੱਖੀ ਦੇ ਪ੍ਰਚਾਰ ਦਾ ਇਕ ਮਹੱਤਵਪੂਰਨ ਅੰਗ ਇਹ ਵੀ ਸੀ ਕਿ ਸੰਗਤਾਂ ਵਿਚੋਂ ਜਿਹੜੇ ਵਿਅਕਤੀ ਅੰਮ੍ਰਿਤ ਛਕਣ ਦੀ ਇੱਛਾ ਜ਼ਾਹਿਰ ਕਰਦੇ, ਉਨ੍ਹਾਂ ਨੂੰ ਪੰਜ ਬਾਣੀਆਂ ਦਾ ਪਾਠ ਜ਼ਬਾਨੀ ਯਾਦ ਕਰਨ ਲਈ ਕਹਿੰਦੇ। ਇਸ ਤਰ੍ਹਾਂ ਇਕ-ਇਕ ਸਾਲ ਬਾਅਦ ਪ੍ਰਪੱਕ ਹੋਏ ਵਿਅਕਤੀਆਂ ਨੂੰ ਹੀ ਅੰਮ੍ਰਿਤ ਛਕਾ ਕੇ ਗੁਰੂ ਲੜ ਲਾਉਂਦੇ। ਉਨ੍ਹਾਂ ਦੇ ਜੀਵਨ ਦਾ ਇਕ ਪਹਿਲੂ ਇਹ ਸੀ ਕਿ ਆਪ ਘੱਟ ਬੋਲਦੇ ਸਨ, ਨੇਕ ਸੁਭਾਅ, ਉੱਚੀ ਸੋਚ ਦੇ ਮਾਲਕ, ਕਦੇ ਗੁੱਸੇ ਨਾ ਹੋਣ ਵਾਲੇ, ਨਿਮਰਤਾ ਦੇ ਮਾਲਕ, ਮਿੱਠ-ਬੋਲੜੇ ਸਨ, ਜਿਸ ਕਰਕੇ ਉਨ੍ਹਾਂ ਦੀ ਆਭਾ ਦੂਰ-ਦੂਰ ਤੱਕ ਫੈਲੀ ਹੋਈ ਸੀ। ਉਨ੍ਹਾਂ ਪੰਜਾਬ ਤੋਂ ਇਲਾਵਾ ਦਿੱਲੀ, ਕਲਕੱਤਾ ਸਮੇਤ ਅਨੇਕਾਂ ਥਾਵਾਂ 'ਤੇ ਜਾ ਕੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਵਧਾਇਆ। ਇਥੇ ਰਹਿੰਦਿਆਂ ਜਿਥੇ ਉਹ ਨਾਮ-ਬਾਣੀ ਵੰਡਣ ਦੇ ਨਾਲ-ਨਾਲ ਦੁਖੀ ਲੋਕਾਂ ਨੂੰ ਦੇਸੀ ਦਵਾਈਆਂ ਰਾਹੀਂ ਸਰੀਰਕ ਤੌਰ 'ਤੇ ਨਿਰੋਗ ਕਰਦੇ, ਉਥੇ ਨਾਮ-ਬਾਣੀ ਦੇ ਛਿੱਟੇ ਨਾਲ ਅੰਤਰ ਆਤਮਾ ਨੂੰ ਅਕਾਲ ਪੁਰਖ ਨਾਲ ਜੋੜਦੇ ਸਨ।
1927 ਈਸਵੀ ਨੂੰ 29 ਅੱਸੂ ਦੇ ਪਹਿਲੇ ਨਰਾਤੇ ਵਾਲੇ ਦਿਨ ਆਪ ਨੂੰ ਮਾਮੂਲੀ ਬੁਖਾਰ ਹੋਇਆ ਅਤੇ ਆਪ ਆਪਣਾ ਪੰਜ ਭੌਤਿਕ ਸਰੀਰ ਤਿਆਗ ਕੇ ਸੰਗਤਾਂ ਨੂੰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਪਿੱਛੋਂ ਸੰਤ ਈਸ਼ਰ ਸਿੰਘ, ਸੰਤ ਬਚਨ ਸਿੰਘ ਜਟਾਣਾ, ਸੰਤ ਨਾਹਰ ਸਿੰਘ ਨੇ ਗੁਰੂ-ਘਰ ਦੀ ਸੇਵਾ ਸੰਭਾਲ ਕੀਤੀ। ਹੁਣ ਉਨ੍ਹਾਂ ਦੇ ਪੰਜਵੇਂ ਗੱਦੀਨਸ਼ੀਨ ਸੰਤ ਬਲਵੀਰ ਸਿੰਘ ਘੁੰਨਸ ਸਾਬਕਾ ਮੁੱਖ ਸੰਸਦੀ ਸਕੱਤਰ ਅਤੇ ਮੈਂਬਰ ਸ਼੍ਰੋਮਣੀ ਕਮੇਟੀ ਮੁੱਖ ਸੇਵਾਦਾਰ ਦੇ ਤੌਰ 'ਤੇ ਸੇਵਾ ਨਿਭਾਅ ਰਹੇ ਹਨ।
ਹਰੇਕ ਦੁਸਹਿਰੇ ਵਾਲੇ ਦਿਨ ਸੰਤ ਅਤਰ ਸਿੰਘ ਘੁੰਨਸ ਵਾਲਿਆਂ ਦੀ ਬਰਸੀ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾ ਕੇ ਭੋਗ ਪਾਏ ਜਾਂਦੇ ਹਨ। ਐਤਕੀਂ ਵੀ ਹਰ ਸਾਲ ਦੀ ਤਰ੍ਹਾਂ ਸੰਤ ਅਤਰ ਸਿੰਘ ਘੁੰਨਸ ਦੀ ਬਰਸੀ 19 ਅਕਤੂਬਰ, 2018 ਨੂੰ ਗੁਰਦੁਆਰਾ ਤਪ ਅਸਥਾਨ ਭੋਰਾ ਸਾਹਿਬ ਸੰਤ ਅਤਰ ਸਿੰਘ ਘੁੰਨਸ ਪਿੰਡ ਘੁੰਨਸ (ਬਰਨਾਲਾ) ਵਿਖੇ ਮਨਾਈ ਜਾ ਰਹੀ ਹੈ।


-ਹੰਡਿਆਇਆ (ਬਰਨਾਲਾ)। ਮੋਬਾ: 98725-45131

ਨਾਮਧਾਰੀ ਸਿੱਖ ਸਮਾਜ ਵਿਚ ਨਾਮ ਸਿਮਰਨ ਜਪ ਪ੍ਰਯੋਗ ਦੀ ਪਰੰਪਰਾ

ਸਿੱਖ ਧਰਮ ਦਾ ਆਧਾਰ ਹੈ-ਨਾਮ ਜਪਣਾ, ਸੱਚੀ-ਸੁੱਚੀ ਕਿਰਤ ਕਰਨੀ ਅਤੇ ਵੰਡ ਛਕਣਾ। ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਆਪ ਦੇ ਜਾਨਸ਼ੀਨ ਸਤਿਗੁਰੂ ਸਾਹਿਬਾਨ ਨੇ ਜੋ ਵੀ ਉਪਦੇਸ਼ ਦਿੱਤੇ, ਪਹਿਲਾਂ ਆਪ ਉਨ੍ਹਾਂ 'ਤੇ ਚੱਲ ਕੇ ਪੈੜਾਂ ਪਾਈਆਂ, ਗਾਡੀ ਰਾਹ ਤੋਰੇ, ਸਿੱਖ ਸਤਿਗੁਰੂ ਸਾਹਿਬਾਨ ਬਣੇ, ਸੰਵਰੇ ਰਾਹਾਂ 'ਤੇ ਨਹੀਂ ਚੱਲੇ, ਸਗੋਂ ਆਪ ਦਾ ਚੱਲਣਾ ਹੀ ਨਵੇਂ ਰਸਤਿਆਂ ਨੂੰ ਜਨਮ ਦਿੰਦਾ ਹੈ। ਸਿੱਖ ਧਰਮ ਕੇਵਲ ਲਿਖਤੀ ਸਿਧਾਂਤ ਨਹੀਂ, ਕੇਵਲ ਗ੍ਰੰਥਾਂ 'ਚ ਸੀਮਤ ਗਿਆਨ ਨਹੀਂ, ਸਗੋਂ ਜੀਵੰਤ ਫਲਸਫਾ ਹੈ, ਅਮਲੀ ਜੀਵਨ ਹੈ। ਗੁਰਮਤਿ ਅਨੁਸਾਰ ਗਿਆਨ ਕੇਵਲ ਪੜ੍ਹ ਲੈਣ ਜਾਂ ਜਾਣ ਲੈਣ ਦਾ ਵਿਸ਼ਾ ਹੀ ਨਹੀਂ, ਸਗੋਂ ਕਠਿਨ ਘਾਲਣਾ ਹੈ-
ਗਿਆਨੁ ਨ ਗਲੀਈ ਢੂਢੀਐ ਕਥਨਾ ਕਰੜਾ ਸਾਰੁ॥
ਕਰਮਿ ਮਿਲੈ ਤਾ ਪਾਈਐ ਹੋਰ ਹਿਕਮਤਿ ਹੁਕਮੁ ਖੁਆਰੁ॥
(ਅੰਗ : 465)
'ਕਰਮਿ ਮਿਲੈ ਤਾ ਪਾਈਐ'-ਸਤਿਗੁਰੂ ਦੀ ਕਿਰਪਾ ਦੁਆਰਾ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਗਿਆਨ ਤੋਂ ਬਿਨਾਂ ਸਹਸਾ, ਭਰਮ ਨਹੀਂ ਦੂਰ ਹੁੰਦਾ, ਦੁਬਿਧਾ ਨਹੀਂ ਮਿਟਦੀ। ਜੀਵ-ਆਤਮਾ ਅਤੇ ਪਰਮਾਤਮਾ ਦੇ ਮਿਲਣ ਵਿਚ ਦੁਬਿਧਾ ਦੀ ਦੀਵਾਰ ਹੀ ਅਗਿਆਨ ਦਾ ਅੰਧਕਾਰ ਹੈ। ਅਜਿਹਾ ਅੰਧਕਾਰ ਹੈ ਕਿ ਜਿਥੇ ਹੱਥ ਪਸਾਰਿਆ ਨਜ਼ਰ ਨਹੀਂ ਆਉਂਦਾ ਅਤੇ ਆਵਾ ਗਵਨ ਦਾ, ਜੰਮਣ-ਮਰਨ ਦਾ ਗੇੜਾ ਨਹੀਂ ਮੁੱਕਦਾ-
ਬਿਨੁ ਸਬਦੈ ਅੰਤਰਿ ਆਨੇਰਾ॥
ਨ ਵਸਤੁ ਲਹੈ ਨ ਚੂਕੇ ਫੇਰਾ॥
ਸਤਿਗੁਰ ਹਥਿ ਕੁੰਜੀ ਹੋਰਤੁ ਦਰੁ ਖੁਲੈ ਨਾਹੀ
ਗੁਰੁ ਪੂਰੈ ਭਾਗਿ ਮਿਲਾਵਣਿਆ॥ (ਅੰਗ : 124)
ਸਤਿਗੁਰੂ ਤੋਂ ਬਿਨਾਂ ਸ਼ਬਦ (ਨਾਮ) ਨਹੀਂ ਪ੍ਰਾਪਤ ਹੁੰਦਾ। ਸ਼ਬਦ ਦੀ ਸਾਧਨਾ ਤੋਂ ਬਿਨਾਂ ਭਰਮ ਦਾ ਪਰਦਾ ਨਹੀਂ ਦੂਰ ਹੁੰਦਾ। ਸਾਹਿਬ ਗੁਰੂ ਅਮਰਦਾਸ ਜੀ ਅਨੰਦ ਸਾਹਿਬ ਵਿਚ ਸਪੱਸ਼ਟ ਕਰਦੇ ਹਨ-
ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ॥
ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ॥
ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਇ॥ (ਅੰਗ : 919)
ਕੇਵਲ ਕਰਮ ਕਾਂਡ ਦੁਆਰਾ ਗਿਆਨ ਪ੍ਰਾਪਤ ਨਹੀਂ ਹੁੰਦਾ ਅਤੇ ਗਿਆਨ ਤੋਂ ਬਿਨਾਂ ਭਰਮ ਦਾ ਪਰਦਾ ਨਹੀਂ ਪਾਟਦਾ। ਬੜੇ ਸੰਜਮ ਦੁਆਰਾ ਕਰਮ ਕਰਕੇ ਦੁਬਿਧਾ (ਭਰਮ) ਨਹੀਂ ਮਿਟਦੀ, ਭਰਮ ਹੀ ਮਲੀਨਤਾ ਹੈ ਪਰ ਇਹ ਮਿਟੇ ਕਿਵੇਂ? ਗੁਰੂ ਸਾਹਿਬ ਅੱਗੇ ਜਵਾਬ ਲਿਖਦੇ ਹਨ-'ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ॥' ਸ਼ਬਦ (ਨਾਮ) ਦੀ ਪ੍ਰਾਪਤੀ ਵੀ ਸਤਿਗੁਰੂ ਤੋਂ ਹੀ ਹੁੰਦੀ ਹੈ ਅਤੇ ਸਾਧਨਾ ਸਫ਼ਲ ਵੀ ਗੁਰੂ ਕਿਰਪਾ ਦੁਆਰਾ ਹੀ ਹੁੰਦੀ ਹੈ-
ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ
ਇਹੁ ਸਹਸਾ ਇਵ ਜਾਇ॥ (ਅੰਗ : 919)
ਉਸ ਪੂਰੇ ਸਤਿਗੁਰੂ ਤੋਂ 'ਨਾਮ ਰਤਨ' ਪ੍ਰਾਪਤ ਹੁੰਦਾ ਹੈ, ਜਿਸ ਦੇ ਹਿਰਦੇ ਵਿਚ ਨਾਮ ਹੈ-'ਸੋ ਸਤਿਗੁਰੁ ਜਿਸੁ ਰਿਦੈ ਹਰਿ ਨਾਉ॥' ਸਤਿਗੁਰੂ ਦੀ ਦੇਹ ਹੀ ਸ਼ਬਦ ਦੀ, ਅੰਮ੍ਰਿਤ ਨਾਮ ਦੀ ਹੁੰਦੀ ਹੈ-'ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤ ਬੁਰਕੇ ਰਾਮ ਰਾਜੇ॥'
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਆਪ ਤਪ ਕੀਤਾ, ਕਠਿਨ ਸਾਧਨਾ ਕੀਤੀ। ਭਾਈ ਗੁਰਦਾਸ ਜੀ ਲਿਖਦੇ ਹਨ-
ਰੇਤੁ ਅਕੁ ਆਹਾਰੁ ਕਰਿ ਰੋੜਾਂ ਕੀ ਗੁਰ ਕਰੀ ਵਿਛਾਈ॥
ਭਾਰੀ ਕਰੀ ਤਪਸਿਆ ਵਡੇ ਭਾਗੁ ਹਰਿ ਸਿਉ ਬਣਿ ਆਈ॥
ਬਾਬਾ ਪੈਧਾ ਸਚਖੰਡਿ ਨਉ ਨਿਧਿ ਨਾਮੁ ਗਰੀਬੀ ਪਾਈ॥
...ਅਤੇ... ਚੜ੍ਹਿਆ ਸੋਧਣਿ ਧਰਤਿ ਲੁਕਾਈ॥
ਸਾਹਿਬ ਗੁਰੂ ਨਾਨਕ ਦੇਵ ਜੀ ਕਠਿਨ ਤਪ ਕਰਕੇ ਆਪ ਹਰੀ ਨਾਲ ਅਭੇਦ ਹੋ ਗਏ। ਫਿਰ ਸੱਚਖੰਡ 'ਚੋਂ ਸ੍ਰਿਸ਼ਟੀ ਦੇ ਕਲਿਆਣ ਵਾਸਤੇ ਨੌ ਨਿਧਾਂ ਦਾ ਖਜ਼ਾਨਾ ਨਾਮੁ ਅਤੇ ਗਰੀਬੀ ਨਿਮਰਤਾ ਲੈ ਕੇ ਆਏ। ਚਾਰੇ ਦਿਸ਼ਾਵਾਂ ਵਿਚ ਉਦਾਸੀਆਂ ਕੀਤੀਆਂ। ਨਾਮ ਦੀ ਅਮੋਲਕ ਦਾਤ ਲੋਕਾਈ ਨੂੰ ਦਿੱਤੀ। ਗੁਰਬਾਣੀ ਉਚਾਰਨ ਕੀਤੀ ਅਤੇ ਹਰੀ ਦੀ ਕੀਰਤੀ, ਸਿਫਤਿ ਸਲਾਹ ਦੀ ਪਰੰਪਰਾ, ਰਾਗਾਂ ਵਿਚ ਗੁਰਮਤਿ ਕੀਰਤਨ ਦੀ ਰੀਤ ਆਰੰਭ ਕੀਤੀ-'ਘਰਿ ਘਰਿ ਅੰਦਰਿ ਧਰਮਸਾਲ' ਬਣ ਗਈਆਂ, 'ਜਿਨਿ ਮਾਣਸ ਤੇ ਦੇਵਤੇ ਕੀਏ' ਗੁਰਵਾਕ ਸਾਕਾਰ ਹੋਇਆ। ਗੁਰਮਤਿ ਦਾ ਆਧਾਰ ਬਣ ਗਿਆ 'ਗੁਰਮੁਖਿ ਨਾਮੁ ਦਾਨੁ ਇਸਨਾਨੁ'-ਇਸ਼ਨਾਨ ਕਰਨਾ, ਨਾਮ ਜਪਣਾ, ਹੱਥੀਂ ਕਿਰਤ ਕਰਕੇ, ਦਸਾਂ ਨਹੁੰਆਂ ਦੀ ਸੁੱਚੀ ਕਮਾਈ 'ਚੋਂ ਦਾਨ ਕਰਨਾ ਹੀ ਗੁਰਮਤਿ ਜੀਵਨ ਜਾਚ ਦਾ ਆਧਾਰ ਬਣ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਪਿੰਡ ਤੇ ਡਾਕ: ਸ੍ਰੀ ਭੈਣੀ ਸਾਹਿਬ, ਜ਼ਿਲ੍ਹਾ ਲੁਧਿਆਣਾ।
ਮੋਬਾ: 94176-01321

ਪੀਰ ਮੁਰੀਦਾਂ ਪਿਰਹੜੀ-2

ਪੀਰ ਬਹਿਲੋਲ

ਬਗਦਾਦ ਵਿਖੇ ਦਜਲਾ ਦੇ ਕਿਨਾਰੇ ਰੱਬੀ ਰੰਗ ਵਿਚ ਰੰਗਿਆ ਫ਼ਕੀਰ ਬਹਿਲੋਲ ਇਕ ਕੁਟੀਆ ਵਿਚ ਰਹਿੰਦਾ ਸੀ। ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬਗਦਾਦ ਗਏ ਤਾਂ ਇਸ ਪੀਰ ਨਾਲ ਮੇਲ ਹੋਇਆ। ਗਿਆਨ ਦੀਆਂ ਗੱਲਾਂ ਚੱਲੀਆਂ ਅਤੇ ਸਤਿਗੁਰੂ ਜੀ ਦੀ ਪ੍ਰਕਾਸ਼ਮਈ, ਗਿਆਨਮਈ ਸ਼ਖ਼ਸੀਅਤ ਨੇ ਪੀਰ ਨੂੰ ਦੀਵਾਨਾ ਬਣਾ ਦਿੱਤਾ। ਇਹ ਗੁਰੂ ਸਾਹਿਬ ਜੀ ਦੇ ਸਰਬ ਸਾਂਝੇ ਨਿਰਮਲ ਉਪਦੇਸ਼ ਦਾ ਕਾਇਲ ਹੋ ਗਿਆ ਅਤੇ ਉਨ੍ਹਾਂ ਦਾ ਮੁਰੀਦ ਬਣ ਗਿਆ। ਇਸ ਨੇ ਕਈ ਵਾਰ ਬੇਨਤੀ ਕਰਕੇ ਗੁਰੂ ਸਾਹਿਬ ਨੂੰ ਅਟਕਾਈ ਰੱਖਿਆ। ਆਖਰ ਇਸ 'ਤੇ ਮਿਹਰ ਨਦਰਿ ਪਾ ਕੇ ਗੁਰੂ ਜੀ ਹੋਰ ਧਰਤੀਆਂ ਨੂੰ ਤਾਰਨ ਲਈ ਤੁਰ ਪਏ। ਪੀਰ ਬਹਿਲੋਲ ਉਸ ਤੋਂ ਬਾਅਦ 60 ਸਾਲ ਜਿਉਂਦਾ ਰਿਹਾ ਪਰ ਉਸ ਦੀ ਖਾਮੋਸ਼ ਪ੍ਰੀਤ ਇਕ ਮਿਸਾਲ ਬਣ ਗਈ। ਜਿਥੇ ਬੈਠ ਕੇ ਗੁਰੂ ਸਾਹਿਬ ਇਸ ਨਾਲ ਵਾਰਤਾਲਾਪ ਕਰਦੇ ਸਨ, ਇਹ ਉਸ ਪੱਥਰ ਦੇ ਸਾਹਮਣੇ ਸਿਜਦਾ ਕਰਕੇ ਬੈਠ ਗਿਆ ਅਤੇ ਡੂੰਘੀ ਚੁੱਪ ਧਾਰਨ ਕਰ ਲਈ। ਨਾ ਇਹ ਕਿਸੇ ਨਾਲ ਬੋਲਦਾ ਸੀ, ਨਾ ਕਿਸੇ ਨੂੰ ਮਿਲਦਾ ਸੀ ਅਤੇ ਨਾ ਕਿਸੇ ਦੀ ਗੱਲ ਸੁਣਦਾ ਸੀ।
ਇਸ ਦੀ ਅਨੋਖੀ ਦਾਸਤਾਨ ਨੂੰ ਸੁਣ ਕੇ ਅਤੇ ਇਸ ਦੀ ਡੂੰਘੀ ਸਰਸ਼ਾਰਤਾ ਨੂੰ ਦੇਖ ਕੇ ਲੋਕ ਇਸ ਦੀ ਮਾਨਤਾ ਕਰਨ ਲੱਗੇ। ਸ਼ਾਹ ਆਪ ਇਸ ਲਈ ਭੇਟਾਵਾਂ ਲੈ ਕੇ ਨਤਮਸਤਕ ਹੋਇਆ ਪਰ ਪੀਰ ਨੇ ਅੱਖ ਪੁੱਟ ਕੇ ਵੀ ਨਾ ਦੇਖਿਆ। ਜਿਵੇਂ ਚਕਵੀ ਸੂਰਜ ਨੂੰ ਅਤੇ ਚਕੋਰ ਚੰਦ ਨੂੰ ਨਿਹਾਰਦੇ ਹਨ, ਇਉਂ ਹੀ ਬਹਿਲੋਲ ਆਪਣੇ ਮਹਿਬੂਬ ਦੀ ਛੋਹ ਨਾਲ ਸੁਗੰਧਿਤ ਸਥਾਨ 'ਤੇ ਹੀ ਸਮਾਧੀ ਸਥਿਤ ਹੋਇਆ ਰਹਿੰਦਾ। ਇਸ ਦਾ ਸਰੀਰ ਬਿਰਧ ਹੋ ਗਿਆ ਪਰ ਗਰਮੀ-ਸਰਦੀ ਦੀ ਪ੍ਰਵਾਹ ਕੀਤੇ ਬਗੈਰ ਇਹ ਆਪਣੇ ਆਸਣ 'ਤੇ ਸਜਿਆ ਰਿਹਾ। 1920 ਵਿਚ ਸਵੀਡਨ, ਨਾਰਵੇ ਵਿਚ ਵਸਦੇ ਸੰਨਿਆਸੀ ਆਨੰਦਾਚਾਰਯ ਨੇ ਉਸ ਥਾਂ ਦੇ ਦਰਸ਼ਨ ਕਰਕੇ ਦੇਖਿਆ ਕਿ ਉਥੇ ਇਕ ਅਰਬੀ ਭਾਸ਼ਾ ਦੀ ਇਬਾਰਤ ਖੁਣੀ ਹੋਈ ਹੈ, ਜਿਸ ਦਾ ਤਰਜਮਾ ਇਉਂ ਹੈ-'ਇਸ ਥਾਂ 'ਤੇ ਗੁਰੂ ਨਾਨਕ ਜੀ ਨੇ ਫਕੀਰ ਬਹਿਲੋਲ ਨਾਲ ਬਚਨ ਕੀਤੇ। ਜਦੋਂ ਗੁਰੂ ਜੀ ਈਰਾਨ ਤੋਂ ਵਾਪਸ ਚਲੇ ਗਏ, ਬਹਿਲੋਲ ਦੀ ਰੂਹ ਉਨ੍ਹਾਂ ਦੇ ਬਚਨਾਂ 'ਤੇ ਟਿਕੀ ਰਹੀ, ਜਿਵੇਂ ਸ਼ਹਿਦ ਭਰੇ ਸਰਘੀ ਪ੍ਰਕਾਸ਼ ਨਾਲ ਚਮਕੇ ਗੁਲਾਬ ਉੱਤੇ ਸ਼ਹਿਦ ਦੀ ਮੱਖੀ ਟਿਕੀ ਹੁੰਦੀ ਹੈ।'
ਆਨੰਦਾਚਾਰੀਆ ਨੇ ਆਪਣੀ ਕਾਵਿ ਪੁਸਤਕ 'ਸਨੋਬਰਡਜ਼' ਵਿਚ ਇਸ ਬਾਰੇ ਇਕ ਭਾਵਪੂਰਤ ਕਵਿਤਾ ਵੀ ਲਿਖੀ ਹੈ। ਅੱਜ ਵੀ ਇਹ ਯਾਦਗਾਰੀ ਸਥਾਨ ਅਤੇ ਇਸ ਉੱਤੇ ਉੱਕਰਿਆ ਅਰਬੀ ਸ਼ਿਲਾਲੇਖ ਕਾਇਮ ਹਨ। ਇਹ ਪੰਕਤੀਆਂ ਪੀਰ ਦੀ ਸੱਚੀ ਪ੍ਰੀਤ ਦੀ ਕਹਾਣੀ ਕਹਿੰਦੀਆਂ ਜਾਪਦੀਆਂ ਹਨ-
ਉਸ ਤੋਂ ਪਿੱਛੋਂ ਅਸੀਂ ਨਾ ਬੋਲਿਆ ਨਾ ਦੇਖਿਆ
ਇਹ ਜ਼ੁਬਾਂ ਖਾਮੋਸ਼ ਹੋ ਗਈ, ਇਹ ਨਜ਼ਰ ਪਥਰਾ ਗਈ।

ਫ਼ਤਹਿਗੜ੍ਹ ਚੂੜੀਆਂ ਦਾ ਪੰਚ ਮੰਦਰ

ਅੰਮ੍ਰਿਤਸਰ ਤੋਂ ਕੋਈ 26 ਕੁ ਕਿਲੋਮੀਟਰ ਦੀ ਦੂਰੀ 'ਤੇ ਜ਼ਿਲ੍ਹਾ ਗੁਰਦਾਸਪੁਰ 'ਚ ਆਬਾਦ ਇਤਿਹਾਸਕ ਕਸਬੇ ਫ਼ਤਹਿਗੜ੍ਹ ਚੂੜੀਆਂ ਦੇ ਬੱਸ ਅੱਡੇ ਦੇ ਪਾਸ ਹੀ ਮੇਨ ਬਾਜ਼ਾਰ ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਖੜਕ ਸਿੰਘ ਦੀ ਪਤਨੀ ਰਾਣੀ ਚੰਦ ਕੌਰ ਦੁਆਰਾ ਬਣਵਾਇਆ ਲਗਪਗ 170 ਸਾਲ ਪੁਰਾਣਾ ਪੰਚ ਮੰਦਰ ਅੱਜ ਵੀ ਚੰਗੀ ਹਾਲਤ 'ਚ ਕਾਇਮ ਹੈ। ਸਿੱਖ ਰਾਜ ਸਮੇਂ ਬਣਾਇਆ ਗਿਆ ਇਹ ਮੰਦਰ ਗੁਰਦਾਸਪੁਰ ਦੇ ਸਭਨਾਂ ਵਿਰਾਸਤੀ ਸਮਾਰਕਾਂ ਵਿਚ ਆਪਣੀ ਇਕ ਵੱਖਰੀ ਹੀ ਪਛਾਣ ਰੱਖਦਾ ਹੈ, ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਇਸ ਮੰਦਰ ਦੀ ਹੋਂਦ ਅਤੇ ਇਤਿਹਾਸ ਤੋਂ ਬਹੁਤ ਘੱਟ ਲੋਕ ਜਾਣੂ ਹਨ ਅਤੇ ਇਸ ਦੇ ਇਤਿਹਾਸ ਸੰਬੰਧੀ ਕਿਸੇ ਵੀ ਸਰਕਾਰੀ ਜਾਂ ਗ਼ੈਰ-ਸਰਕਾਰੀ ਰਿਕਾਰਡ 'ਚੋਂ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ ਮਿਲਦੀ, ਜਿਸ ਦੇ ਚਲਦਿਆਂ ਕਾਂਗੜਾ ਅਤੇ ਮੁਗਲ ਭਵਨ ਕਲਾ ਦਾ ਸੁਮੇਲ ਇਸ ਪੰਚ ਮੰਦਰ ਦਾ ਇਤਿਹਾਸ ਅਤੇ ਹੋਂਦ ਇਕ ਬੁਝਾਰਤ ਬਣੇ ਹੋਏ ਹਨ।
ਇਹ ਕਸਬਾ (ਫ਼ਤਹਿਗੜ੍ਹ ਚੂੜੀਆਂ) ਕਨ੍ਹੱਈਆ ਮਿਸਲ ਦੇ ਪ੍ਰਮੁੱਖ ਸ: ਜੈ ਸਿੰਘ ਕਨ੍ਹੱਈਆ (ਮਹਾਰਾਜਾ ਰਣਜੀਤ ਸਿੰਘ ਦੀ ਸੱਸ ਰਾਣੀ ਸਦਾ ਕੌਰ ਦਾ ਸਹੁਰਾ) ਦੇ ਸਾਥੀ ਸ: ਹਕੀਕਤ ਸਿੰਘ ਕਨ੍ਹੱਈਆ ਦੁਆਰਾ ਆਬਾਦ ਕੀਤਾ ਗਿਆ। ਸ: ਹਕੀਕਤ ਸਿੰਘ ਪਿੰਡ ਜੁਲਕਾ ਦੇ ਸ: ਬਘੇਲ ਸਿੰਘ ਸੰਧੂ ਦਾ ਸਪੁੱਤਰ ਸੀ। ਕਨ੍ਹੱਈਆ ਮਿਸਲ ਦੇ ਆਗੂ ਸ: ਜੈ ਸਿੰਘ ਨੇ ਜਦੋਂ ਆਪਣਾ ਜਥਾ (ਬਾਅਦ 'ਚ ਇਹ ਜਥਾ ਕਨ੍ਹੱਈਆ ਮਿਸਲ ਵਿਚ ਤਬਦੀਲ ਹੋ ਗਿਆ) ਤਿਆਰ ਕੀਤਾ ਤਾਂ ਸ: ਹਕੀਕਤ ਸਿੰਘ ਅਤੇ ਉਸ ਦੇ ਤਿੰਨੇ ਭਰਾ ਸ : ਮਹਿਤਾਬ ਸਿੰਘ, ਜੀਵਨ ਸਿੰਘ ਤੇ ਭਾਗ ਸਿੰਘ ਸਭ ਤੋਂ ਪਹਿਲਾਂ ਉਸ ਦੇ ਜਥੇ ਵਿਚ ਸ਼ਾਮਲ ਹੋਏ। ਸ: ਸੋਹਣ ਸਿੰਘ ਸੀਤਲ ਨੇ ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਪੁਸਤਕ ਦੇ ਸਫਾ 73 'ਤੇ ਹਕੀਕਤ ਸਿੰਘ ਦੇ ਭਰਾਵਾਂ ਦੇ ਨਾਂਅ ਮਤਾਬ ਸਿੰਘ ਤੇ ਸਦਾ ਸਿੰਘ ਲਿਖੇ ਹਨ। ਸ: ਹਕੀਕਤ ਸਿੰਘ ਨੇ ਸ: ਜੈ ਸਿੰਘ ਕਨ੍ਹੱਈਆ ਦੇ ਨਾਲ ਕਈ ਲਹੂ ਰੋੜ੍ਹਵੀਆਂ ਜੰਗਾਂ ਵਿਚ ਹਿੱਸਾ ਲਿਆ ਅਤੇ ਉਸ ਨੂੰ ਫ਼ਤਹਿ ਦਿਵਾਈ।
ਸ: ਹਕੀਕਤ ਸਿੰਘ ਨੇ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੇ ਪਾਸ ਹੀ ਸੰਗਤਪੁਰਾ ਪਿੰਡ ਵਿਚ ਆਪਣੀ ਰਿਹਾਇਸ਼ ਰੱਖੀ ਅਤੇ ਫਿਰ ਕਲਾਨੌਰ 'ਤੇ ਕਬਜ਼ਾ ਕਰਨ ਤੋਂ ਬਾਅਦ ਆਪਣੀ ਸਰਹੱਦ ਵਧਾ ਕੇ ਮੌਜੂਦਾ ਫ਼ਤਹਿਗੜ੍ਹ ਚੂੜੀਆਂ ਕਸਬੇ ਤੱਕ ਲੈ ਆਂਦੀ। ਇਹ ਕਸਬਾ 17ਵੀਂ ਸਦੀ ਵਿਚ ਬੰਦੇਸ਼ੀ ਜੱਟਾਂ ਦੇ ਕਬਜ਼ੇ ਅਧੀਨ ਸੀ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)


-ਅੰਮ੍ਰਿਤਸਰ। ਫੋਨ : 93561-27771

ਜਦੋਂ ਤੇਜ ਸਿੰਘ ਨੇ ਸਿੱਖ ਫ਼ੌਜ ਦੇ ਮੁਕਾਬਲਾ ਕਰਨ ਦੇ ਸਾਰੇ ਮੌਕੇ ਗਵਾ ਦਿੱਤੇ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਆਲੀਵਾਲ-28 ਜਨਵਰੀ, 1846
ਇਹ ਲੜਾਈ 28 ਜਨਵਰੀ, 1846 ਦੀ ਸਵੇਰ ਨੂੰ ਲੜੀ ਗਈ। ਪੰਜਾਬੀਆਂ ਨੇ ਆਪਣੀ ਸੁਰੱਖਿਆ ਤਿਕੋਣ ਬਣਾ ਲਈ ਤੇ ਹਮੇਸ਼ਾ ਦੀ ਤਰ੍ਹਾਂ ਦੁਸ਼ਮਣ ਦੇ ਰੇਂਜ ਵਿਚ ਆਉਣ ਤੋਂ ਪਹਿਲਾਂ ਹੀ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਅੰਗਰੇਜ਼ਾਂ ਨੇ ਪੰਜਾਬੀਆਂ ਨੂੰ ਆਪਣਾ ਬਾਰੂਦ ਖ਼ਤਮ ਕਰ ਲੈਣ ਦਿੱਤਾ ਤੇ ਫਿਰ ਉਨ੍ਹਾਂ ਦੀਆਂ ਬੰਦੂਕਾਂ ਦੀਆਂ ਸਹੀ ਪੁਜ਼ੀਸ਼ਨਾਂ ਸਮਝ ਕੇ ਜ਼ੋਰਦਾਰ ਹਮਲਾ ਕੀਤਾ। ਇਸ ਫੈਸਲਾਕੁੰਨ ਘੜੀ ਵਿਚ ਪੰਜਾਬੀ ਫੌਜ ਤੇ ਅਫ਼ਸਰ, ਸਮੇਤ ਰਣਜੋਧ ਸਿੰਘ, ਉਥੋਂ ਦੌੜ ਗਏ। ਸਿਪਾਹੀਆਂ ਨੇ ਪਿੱਛੇ ਹਟਣ ਤੋਂ ਇਨਕਾਰ ਕੀਤਾ ਤੇ ਪੂਰੀ ਤਨਦੇਹੀ ਨਾਲ ਲੜਾਈ ਲੜੀ। ਜਦੋਂ ਅੰਗਰੇਜ਼ ਘੋੜਸਵਾਰਾਂ ਨੇ ਸਿੱਖ ਪਿਆਦਾ ਫੌਜ ਉੱਪਰ ਹਮਲਾ ਕੀਤਾ ਤਾਂ ਸਿੱਖ ਫੌਜੀਆਂ ਨੇ ਘੋੜਸਵਾਰਾਂ 'ਤੇ ਨੇਜ਼ਿਆਂ ਨੂੰ ਅੱਗੋਂ ਫੜ ਕੇ ਆਪਣੇ ਵੱਲ ਖਿੱਚਣਾ ਤੇ ਫਿਰ ਸਵਾਰ ਉੱਪਰ ਤਲਵਾਰਾਂ ਨਾਲ ਹਮਲੇ ਸ਼ੁਰੂ ਕੀਤੇ। ਅੰਗਰੇਜ਼ ਫੌਜੀ ਅਫਸਰ ਹੰਬਲੇ ਨੇ ਲਿਖਿਆ ਕਿ 'ਬਾਵਜੂਦ ਇਸ ਦੇ ਕਿ ਉਨ੍ਹਾਂ ਦਾ ਕਮਾਂਡਰ ਮੋਰਚਾ ਛੱਡ ਕੇ ਦੌੜ ਗਿਆ ਸੀ, ਉਸ ਦੇ ਸਿਪਾਹੀਆਂ ਨੇ ਪੂਰੇ ਦਮ ਨਾਲ ਲੜਾਈ ਜਾਰੀ ਰੱਖੀ, ਬਿਨਾਂ ਜਿੱਤ-ਹਾਰ ਦਾ ਫਿਕਰ ਕੀਤਿਆਂ।' ਇਸ ਲੜਾਈ ਵਿਚ ਬਹੁਤ ਸਾਰੇ ਸਿੱਖ ਸਿਪਾਹੀ ਮਾਰੇ ਗਏ ਤੇ ਕਈਆਂ ਨੂੰ ਦਰਿਆ ਵਾਲੇ ਪਾਸੇ ਧੱਕ ਦਿੱਤਾ ਗਿਆ। ਪੰਜਾਬੀਆਂ ਦੀਆਂ 56 ਤੋਪਾਂ ਅੰਗਰੇਜ਼ਾਂ ਦੇ ਹੱਥ ਲੱਗ ਗਈਆਂ।
ਇਤਿਹਾਸਕਾਰ ਅੱਜ ਤੱਕ ਆਲੀਵਾਲ ਦੀ ਲੜਾਈ ਦੇ ਮਹੱਤਵ ਬਾਰੇ ਇਕਮੱਤ ਨਹੀਂ ਹਨ। ਅੰਗਰੇਜ਼ਾਂ ਦਾ ਸਰਕਾਰੀ ਪੱਖ ਜੋ ਸਰ ਹੈਰੀ ਸਮਿੱਥ ਰੱਖਦਾ ਹੈ, ਉਸ ਮੁਤਾਬਿਕ ਇਹ ਇਕ ਵੱਡੀ ਜਿੱਤ ਸੀ। ਹੋਰਨਾਂ ਦੇ ਮੁਤਾਬਿਕ ਇਹ ਸਿਰਫ ਇਕ ਝਪਟ ਸੀ, ਜਿਸ ਨੂੰ ਹੈਰੀ ਸਮਿੱਥ ਆਪਣੀ ਬੱਦੋਵਾਲ ਦੀ ਹਾਰ ਲੁਕਾਉਣ ਵਾਸਤੇ ਵੱਡੀ ਲੜਾਈ ਦਾ ਨਾਂਅ ਦੇ ਰਿਹਾ ਹੈ। ਡਾ: ਆਂਦਰੀਓ ਆਦਮ ਨੇ ਆਪਣੀ ਕਿਤਾਬ 'ਭਾਰਤ ਵਿਚ ਇਕ ਕੁਦਰਤ ਪ੍ਰੇਮੀ ਦੇ ਭ੍ਰਮਣ' ਵਿਚ ਲਿਖਿਆ ਹੈ ਕਿ 'ਆਲੀਵਾਲ ਦੀ ਲੜਾਈ ਇਕ ਫੁਰਤੀ ਨਾਲ ਕੰਮ ਮੁਕਾਉਣ ਵਾਲੀ ਲੜਾਈ ਸੀ, ਜਿਵੇਂ ਕਿ ਸਾਨੂੰ ਪਤਾ ਹੀ ਨਹੀਂ ਲੱਗਾ ਕਿ ਅਸਾਂ ਕੋਈ ਲੜਾਈ ਲੜੀ ਹੈ, ਜਦੋਂ ਤੱਕ ਕਿ ਕਾਗਜ਼ਾਤ ਵਿਚ ਨਹੀਂ ਪੜ੍ਹ ਲਿਆ।'
ਸਭਰਾਵਾਂ-10 ਫਰਵਰੀ, 1846
ਆਲੀਵਾਲ ਭਾਵੇਂ ਵੱਡੀ ਜਿੱਤ ਨਾ ਹੋਵੇ ਜਿਵੇਂ ਕਿ ਹੈਰੀ ਸਮਿੱਥ ਨੇ ਜ਼ਾਹਰ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਇਸ ਨੇ ਪੰਜਾਬੀਆਂ ਦੇ ਵੱਡੀ ਗਿਣਤੀ ਦੇ ਹਥਿਆਰ ਤੇ ਲੜਾਈ ਦੀ ਪੇਸ਼ਕਦਮੀ ਦੁਸ਼ਮਣ ਦੇ ਹਵਾਲੇ ਕਰ ਦਿੱਤੀ ਸੀ। ਹੁਣ ਅੰਗਰੇਜ਼ ਕਮਾਂਡਰ ਖੁੱਲ੍ਹਾ ਵਕਤ ਲੈ ਸਕਦੇ ਸਨ ਤੇ ਪੂਰੀ ਤਾਕਤ ਇਕੱਠੀ ਕਰਨ ਤੋਂ ਬਾਅਦ ਠੀਕ ਟਿਕਾਣੇ 'ਤੇ ਢੁੱਕਵੇਂ ਵਕਤ ਉੱਪਰ ਹਮਲਾ ਕਰ ਸਕਦੇ ਸਨ।
ਅੰਗਰੇਜ਼ ਕਿਹੜੇ ਸ਼ਹਿਰ ਉੱਪਰ ਪਹਿਲਾਂ ਹਮਲਾ ਕਰਨਗੇ? ਲਾਹੌਰ ਜਾਂ ਅੰਮ੍ਰਿਤਸਰ? ਇਹ ਸਵਾਲ ਪੰਜਾਬੀ ਮਿਲਟਰੀ ਕਮਾਂਡਰਾਂ ਦੇ ਦਿਮਾਗਾਂ ਵਿਚ ਘੁੰਮ ਰਿਹਾ ਸੀ। ਇਕ ਵਾਰ ਫਿਰ ਉਨ੍ਹਾਂ ਨੇ ਪਾਗਲਪਣ ਵਾਲਾ ਫੈਸਲਾ ਦੋਵਾਂ ਦੀ ਬਰਾਬਰ ਦੀ ਰੱਖਿਆ ਦਾ ਕੀਤਾ। ਵੱਡੀ ਗਿਣਤੀ ਦੀ ਫੌਜ ਘੋੜੇ ਦੀ ਸੁੰਮ ਵਰਗੀ ਕਤਾਰਬੰਦੀ ਕਰਕੇ ਸਤਲੁਜ ਦੇ ਕੰਢੇ ਸਭਰਾਵਾਂ ਦੇ ਪਿੰਡ ਕੋਲ ਬਣਾਈ, ਤਾਂ ਜੋ ਉਨ੍ਹਾਂ ਦੇ ਲਾਹੌਰ ਵੱਲ ਕੁਚ ਨੂੰ ਰੋਕਿਆ ਜਾਵੇ। ਲਾਲ ਸਿੰਘ ਨੇ ਦਰਿਆ ਦੇ ਥੋੜ੍ਹੀ ਹੀ ਉੱਪਰ ਹਰੀਕੇ ਦੇ ਸਥਾਨ 'ਤੇ ਮੋਰਚਾ ਲਾਇਆ ਕਿ ਕੀ ਪਤਾ ਅੰਗਰੇਜ਼ ਅਚਨਚੇਤ ਅੰਮ੍ਰਿਤਸਰ ਵੱਲ ਨੂੰ ਕੂਚ ਕਰਨ ਦਾ ਇਰਾਦਾ ਕਰਨ। ਸਭਰਾਵਾਂ ਦਾ ਮੋਰਚਾ ਦਰਿਆ ਦੇ ਖੱਬੇ ਕੰਢੇ ਉੱਪਰ ਪੌੜੀਆਂ ਦੇ ਪੁਲ ਦੇ ਬਿਲਕੁਲ ਨਜ਼ਦੀਕ ਲਗਾਇਆ ਗਿਆ ਸੀ, ਜੋ ਬੇਸ ਕੈਂਪ ਨਾਲ ਜੁੜਦਾ ਸੀ। ਤੇਜ ਸਿੰਘ ਨੇ ਇੱਟਾਂ ਦਾ ਇਕ ਚਬੂਤਰਾ ਬਣਵਾਇਆ ਸੀ, ਜਿਥੋਂ ਉਸ ਨੂੰ ਸਾਰਾ ਐਕਸ਼ਨ ਦਿਖਾਈ ਦੇ ਸਕਦਾ ਸੀ ਤੇ ਇਹ ਬੇੜੀਆਂ ਦੇ ਪੁਲ ਦੇ ਬਿਲਕੁਲ ਨਜ਼ਦੀਕ ਬਣਾਇਆ ਗਿਆ ਸੀ, ਜਿਥੋਂ ਜਲਦੀ ਨਾਲ ਦੌੜਿਆ ਵੀ ਜਾ ਸਕੇ। ਪੁਲ ਦੀ ਰਾਖੀ ਤੇਜ ਸਿੰਘ ਦੇ ਜਾਤੀ ਬਾਡੀ ਗਾਰਡ ਕਰ ਰਹੇ ਸਨ। ਇਹ ਉਸ ਦੀ ਬੁਜ਼ਦਿਲੀ ਪ੍ਰਗਟਾਉਂਦਾ ਸੀ। ਜਿਸ ਤਰੀਕੇ ਨਾਲ ਤੇਜ ਸਿੰਘ ਨੇ ਫੌਜ ਦੀ ਕਤਾਰਬੰਦੀ ਕੀਤੀ ਸੀ, ਕੋਈ ਸ਼ੱਕ ਨਹੀਂ ਬਚਦਾ ਸੀ ਕਿ ਉਹ ਖਾਲਸਾ ਫੌਜ ਦੀ ਹਾਰ ਚਾਹੁੰਦਾ ਸੀ। ਵੱਡੀਆਂ ਤੋਪਾਂ ਨੂੰ ਮਿੱਟੀ ਦੇ ਬੰਨ੍ਹਾਂ ਪਿੱਛੇ ਲਗਾਇਆ ਸੀ, ਜਿਥੋਂ ਉਨ੍ਹਾਂ ਦਾ ਇਸਤੇਮਾਲ ਅੱਗੇ ਵਧ ਕੇ ਹਮਲਾ ਕਰਨ ਵਿਚ ਨਹੀਂ ਹੋ ਸਕਦਾ ਸੀ।
ਸਾਰੀ ਪਿਆਦਾ ਫੌਜ ਖੰਦਕਾਂ ਵਿਚ ਸੀ, ਜਿਥੋਂ ਉਹ ਅੱਗੇ ਵਧਦੀ ਫੌਜ ਦੇ ਨਜ਼ਦੀਕ ਜਾ ਕੇ ਉਸ ਉੱਪਰ ਹਮਲਾ ਨਹੀਂ ਕਰ ਸਕਦੀ ਸੀ। ਇਸ ਤਰ੍ਹਾਂ ਦੁਸ਼ਮਣ ਨੂੰ ਪੂਰੀ ਆਜ਼ਾਦੀ ਦੇ ਦਿੱਤੀ ਕਿ ਉਹ ਆਪਣੀ ਮਰਜ਼ੀ ਤੇ ਸਕੀਮ ਦੇ ਹਿਸਾਬ ਨਾਲ ਹਮਲਾ ਕਰੇ। ਤੇਜ ਸਿੰਘ ਦੀ ਸਭ ਤੋਂ ਵੱਡੀ ਗ਼ਲਤੀ ਇਹ ਸੀ ਕਿ ਉਸ ਨੇ ਰਣਜੋਧ ਸਿੰਘ ਮਜੀਠੀਆ ਦੇ ਪੈਂਤੜੇ ਤੋਂ ਕੁਝ ਨਹੀਂ ਸਿੱਖਿਆ ਕਿ ਫੌਜ ਦੀ ਪਿੱਠ ਦਰਿਆ ਨਾਲ ਲਗਾਉਣ ਦਾ ਮਤਲਬ ਉਨ੍ਹਾਂ ਵਾਸਤੇ ਮੌਤ ਦਾ ਸਮਾਨ ਬਣਾਉਣਾ ਹੈ। ਸ਼ਾਇਦ ਉਸ ਕੋਲ ਇਹ ਸਬਕ ਹੋਵੇ ਤੇ ਉਸ ਨੇ ਜਾਣਬੁੱਝ ਕੇ ਆਪਣੇ ਹਿਸਾਬ ਨਾਲ ਵਰਤਿਆ ਹੋਵੇ। ਸਿੱਖਾਂ ਕੋਲ ਆਪਣੇ ਨਾਲੋਂ ਆਦਮੀਆਂ, ਹਥਿਆਰਾਂ ਤੇ ਤਜਰਬੇਕਾਰ ਅਗਵਾਈ ਦੇ ਪੱਖੋਂ ਤਾਕਤਵਰ ਫੌਜ ਨਾਲ ਮੁਕਾਬਲਾ ਕਰਨ ਦੇ ਜੋ ਥੋੜ੍ਹੇ ਜਿਹੇ ਮੌਕੇ ਸਨ, ਉਹ ਵੀ ਗੱਦਾਰ ਨੇ ਗਵਾ ਦਿੱਤੇ ਸਨ। ਫਰਵਰੀ ਦੇ ਪਹਿਲੇ ਹਫਤੇ ਲਾਲ ਸਿੰਘ ਨੇ ਆਪਣੇ ਸੰਦੇਸ਼ ਵਾਹਕ ਦੇ ਹੱਥ ਸਿੱਖ ਫੌਜਾਂ ਦੀ ਸਭਰਾਵਾਂ ਵਿਚ ਹੋਈ ਕਤਾਰਬੰਦੀ ਦਾ ਨਕਸ਼ਾ ਭੇਜ ਦਿੱਤਾ। ਬ੍ਰਿਟਿਸ਼ ਕਮਾਂਡਰ ਇਕ ਗਦਾਰ ਦੇ ਸ਼ਬਦਾਂ ਦਾ ਯਕੀਨ ਕਰਨ ਵਾਲਾ ਨਹੀਂ ਸੀ। ਇਕ ਕਿਸਾਨ ਮੁੰਡੇ ਨੂੰ ਸਿੱਖਾਂ ਦੇ ਕੈਂਪ ਵੱਲ ਭੇਜਿਆ ਤੇ ਉਸ ਨੇ, ਜਿਸ ਨੂੰ ਸਭਰਾਵਾਂ ਬੁਆਏ ਕਹਿ ਕੇ ਯਾਦ ਕੀਤਾ ਗਿਆ, ਜੋ ਦੱਸਿਆ, ਉਸ ਨਾਲ ਲਾਲ ਸਿੰਘ ਦੀ ਭੇਜੀ ਇਤਲਾਹ ਦੀ ਪੁਸ਼ਟੀ ਹੋ ਗਈ।
(ਬਾਕੀ ਅਗਲੇ ਮੰਗਲਵਾਰ ਦੇ ਅੰਕ 'ਚ)

ਮੁਹੰਮਦ ਫਾਜ਼ਿਲਉੱਦੀਨ ਕਾਦਰੀ

ਪੰਜਾਬ ਦੇ ਕਈ ਪਿੰਡ, ਸ਼ਹਿਰ ਅਤੇ ਕਸਬੇ ਆਪੋ-ਆਪਣੀਆਂ ਵਿਲੱਖਣਤਾਵਾਂ ਕਰਕੇ ਪ੍ਰਸਿੱਧ ਰਹੇ ਹਨ। ਕੋਈ ਧਰਮ ਕਰਕੇ, ਕੋਈ ਉਦਯੋਗਾਂ ਕਰਕੇ, ਕੋਈ ਲਿਖਾਰੀਆਂ ਕਰਕੇ ਅਤੇ ਕੋਈ ਦੇਸ਼ ਭਗਤਾਂ ਅਤੇ ਫ਼ੌਜੀ ਜਵਾਨਾਂ ਦੀਆਂ ਕੁਰਬਾਨੀਆਂ ਕਰਕੇ। ਅੱਜ ਅਸੀਂ ਕੇਵਲ ਬਟਾਲਾ (ਜ਼ਿਲ੍ਹਾ ਗੁਰਦਾਸਪੁਰ) ਦੀ ਗੱਲ ਕਰਨੀ ਹੈ ਅਤੇ ਉਹ ਵੀ ਸਿਰਫ ਸੂਫ਼ੀ ਦਰਗਾਹਾਂ ਦੇ ਹਵਾਲੇ ਨਾਲ ਹੀ।
ਮੱਧਕਾਲ ਵਿਚ ਬਟਾਲਾ ਸ਼ਹਿਰ ਕੁਸ਼ਲ ਪ੍ਰਬੰਧਕਾਂ ਦੇ ਸ਼ਹਿਰ ਵਜੋਂ ਜਾਣਿਆ ਜਾਂਦਾ ਸੀ। ਅਨੰਤ ਰਾਮ ਭੰਡਾਰੀ ਤੇ ਨੰਦ ਸਿੰਘ ਭੰਡਾਰੀ ਆਦਿ ਵਿਦਵਾਨਾਂ ਦਾ ਮਹਾਰਾਜਾ ਰਣਜੀਤ ਸਿੰਘ ਬਹੁਤ ਆਦਰ ਕਰਦਾ ਸੀ। ਅਨੰਤ ਸਿੰਘ ਨੂੰ ਮਹਾਰਾਜਾ ਨੇ ਦਿੱਲੀ ਵਿਚ ਆਪਣਾ ਵਕੀਲ ਬਣਾ ਕੇ ਭੇਜਿਆ ਸੀ। ਉਸ ਦੇ ਤਿੰਨ ਪੁੱਤਰ ਵੀ ਕ੍ਰਮਵਾਰ ਦਿੱਲੀ, ਅੰਬਾਲੇ ਅਤੇ ਲੁਧਿਆਣੇ ਵਿਚ ਅੰਗਰੇਜ਼ਾਂ ਪਾਸ ਮਹਾਰਾਜਾ ਦੀ ਵਕਾਲਤ ਕਰਦੇ ਰਹੇ ਸਨ। ਇਸੇ ਤਰ੍ਹਾਂ ਦਾ ਇਕ ਹੋਰ ਵਿਦਵਾਨ ਮੁਹੰਮਦ ਸ਼ਾਹ ਬਟਾਲੀਆ ਸੀ, ਜਿਸ ਦੀ ਮਸ਼ਹੂਰ ਰਚਨਾ 'ਕਿਤਾਬ-ਏ-ਹਿੰਦ' ਮਿਲਦੀ ਹੈ। ਇਸ ਸਾਰੀ ਪੁਸਤਕ ਦਾ ਅਨੁਵਾਦ ਹੋਇਆ ਹੈ ਜਾਂ ਨਹੀ? ਇਹ ਜਾਣਕਾਰੀ ਸਾਨੂੰ ਨਹੀਂ ਮਿਲਦੀ ਪਰ ਪੰਜਾਬ ਦੇ ਇਤਿਹਾਸ ਨਾਲ ਸਬੰਧਤ ਭਾਗ ਦਾ, 'ਤਾਰੀਖ-ਏ-ਪੰਜਾਬ' ਨਾਂਅ ਥੱਲੇ ਪੰਜਾਬੀ ਤਰਜਮਾ ਮਿਲਦਾ ਹੈ ਅਤੇ ਜਿਸ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਪ੍ਰੋਫੈਸਰ ਗੁਰਬਖਸ਼ ਸਿੰਘ ਕੋਲੋਂ ਕਰਵਾ ਕੇ ਪਹਿਲੀ ਵਾਰ 1969 ਵਿਚ ਛਾਪਿਆ ਗਿਆ ਸੀ। ਇਹ ਪੁਸਤਕ 18ਵੀਂ ਸਦੀ ਅਤੇ 19ਵੀਂ ਸਦੀ ਦੇ ਅੱਧ ਪੰਜਾਬ ਦੇ ਇਤਿਹਾਸ ਉੱਪਰ ਚਾਨਣਾ ਪਾਉਂਦੀ ਹੈ। ਇਸੇ ਪੁਸਤਕ ਵਿਚ ਬਟਾਲੇ ਦੀ ਪ੍ਰਸਿੱਧ ਸੂਫ਼ੀ ਦਰਗਾਹ ਮਦਰੱਸਾ-ਏ-ਕਾਦਰੀਆਂ ਦੀ ਚਰਚਾ ਹੈ। ਇਸ ਤੋਂ ਬਿਨਾਂ ਇਸ ਸ਼ਹਿਰ ਵਿਚ ਦੋ ਦਰਗਾਹਾਂ ਹੋਰ ਵੀ ਹਨ, ਬੇਸ਼ੱਕ ਇਨ੍ਹਾਂ ਦੀ ਚਰਚਾ ਇਸ ਪੁਸਤਕ ਵਿਚ ਨਹੀਂ।
ਸੱਯਦ ਅਹਿਮਦ ਸ਼ਾਹ ਬਟਾਲੇ ਦੇ ਵਿੱਦਿਅਕ ਵਾਤਾਵਰਨ ਦੀ ਉਪਜ ਸੀ। ਅਨੰਤ ਭੰਡਾਰੀ ਤੇ ਨੰਦ ਸਿੰਘ ਭੰਡਾਰੀ ਦੀ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਇਸ ਦੀ ਵੀ ਬਹੁਤ ਇੱਜ਼ਤ ਕਰਿਆ ਕਰਦਾ ਸੀ। ਮਹਾਰਾਜੇ ਦੇ ਦਰਬਾਰ ਵਿਚ ਇਸ ਦਾ ਚੰਗਾ ਅਸਰ ਰਸੂਖ ਸੀ। ਬਟਾਲੇ ਦੇ ਮੀਆਂ ਮੁਹੱਲੇ ਵਿਚ ਵਸਦਾ ਅਹਿਮਦ ਸ਼ਾਹ, ਕਾਦਰੀ ਸਿਲਸਿਲੇ ਨਾਲ ਸਬੰਧ ਰੱਖਦਾ ਸੀ, ਜੋ ਵਧੇਰੇ ਕਰਕੇ ਮੀਆਂ ਘਰਾਣਾ ਨਾਲ ਮਸ਼ਹੂਰ ਸੀ। ਇਸ ਘਰਾਣੇ ਨੂੰ ਸ਼ਾਹ ਜਹਾਨ ਦੇ ਸਮੇਂ ਤੋਂ ਹੀ ਪ੍ਰਸਿੱਧੀ ਪ੍ਰਾਪਤ ਸੀ, ਕਿਉਂਕਿ ਬਾਦਸ਼ਾਹ ਨੇ ਇਸ ਘਰਾਣੇ ਦੇ ਪ੍ਰਸਿੱਧ ਵਿਅਕਤੀ ਸੱਯਦ ਇਨਾਇਤ ਸ਼ਾਹ ਨੂੰ ਉੱਤਰ-ਪੱਛਮੀ ਇਲਾਕੇ ਦਾ ਮੁੱਖ ਕਾਜ਼ੀ ਨਿਯੁਕਤ ਕੀਤਾ ਹੋਇਆ ਸੀ। ਮਗਰੋਂ ਸ਼ਾਹ ਜਹਾਨ ਦੇ ਪੁੱਤਰ ਔਰੰਗਜ਼ੇਬ ਦੇ ਸਮੇਂ ਸੱਯਦ ਇਨਾਇਤ ਸ਼ਾਹ ਦੇ ਪੁੱਤਰ ਨੇ ਬਟਾਲੇ ਵਿਚ ਦਰਗਾਹ ਕਾਇਮ ਕੀਤੀ ਅਤੇ ਨਾਲ ਹੀ ਮਦਰੱਸੇ ਦੀ ਨੀਂਹ ਵੀ ਰੱਖੀ, ਜਿਸ ਨੂੰ ਮਦਰੱਸਾ-ਏ-ਕਾਦਰੀ ਕਿਹਾ ਜਾਣ ਲੱਗਾ। ਮਦਰੱਸੇ ਦੇ ਨਾਲ ਲੰਗਰ ਵੀ ਚਾਲੂ ਕੀਤਾ ਗਿਆ। ਇਨ੍ਹਾਂ ਧਾਰਮਿਕ ਤੇ ਵਿੱਦਿਅਕ ਸਰਗਰਮੀਆਂ ਕਰਕੇ ਇਸ ਨੂੰ ਬਹੁਤ ਸ਼ੁਹਰਤ ਮਿਲੀ। ਜਦ ਬੰਦਾ ਬਹਾਦਰ ਨੇ ਮੁਗਲਾਂ ਵਿਰੁੱਧ ਬਗਾਵਤ ਕੀਤੀ ਤਾਂ ਉਸ ਨੇ ਬਟਾਲੇ ਨੂੰ ਵੀ ਨਿਸ਼ਾਨਾ ਬਣਾਇਆ। ਇਸ ਦਰਗਾਹ ਦਾ ਸੰਸਥਾਪਕ ਆਪਣੇ ਸ਼ਰਧਾਲੂਆਂ ਤੇ ਸਕੇ ਸਬੰਧੀਆਂ ਨੂੰ ਨਾਲ ਲੈ ਕੇ ਬਿਸਤ ਦੁਆਬ ਦੇ ਮਸ਼ਹੂਰ ਕਸਬੇ ਸੁਲਤਾਨਪੁਰ ਲੋਧੀ ਵੱਲ ਚਲਾ ਗਿਆ ਅਤੇ ਮਦਰੱਸੇ ਨੂੰ ਖਾਲੀ ਵੇਖ ਕੇ ਬੰਦਾ ਬਹਾਦਰ ਦੇ ਸੈਨਿਕਾਂ ਨੇ ਇਸ ਨੂੰ ਢਹਿ-ਢੇਰੀ ਕਰ ਦਿੱਤਾ। ਬੰਦੇ ਦੀ ਸ਼ਹੀਦੀ ਮਗਰੋਂ ਮੁਗ਼ਲ ਬਾਦਸ਼ਾਹ ਫਰੁੱਖਸੀਅਰ ਨੇ ਇਸ ਦਰਗਾਹ ਦੇ ਨਾਂਅ ਵੱਡੀ ਜਗੀਰ ਲਾ ਕੇ ਨੁਕਸਾਨ ਦੀ ਪੂਰਤੀ ਕਰ ਦਿੱਤੀ ਅਤੇ ਨਾਲ ਹੀ ਇਸ ਜਗੀਰ ਤੇ ਮਦਰੱਸੇ ਦਾ ਪ੍ਰਬੰਧ ਫਾਜ਼ਿਲ-ਉਦੀਨ ਦੇ ਸਪੁਰਦ ਕਰ ਦਿੱਤਾ।
ਪ੍ਰੋ: ਗੁਰਚਰਨ ਸਿੰਘ ਤਲਵਾੜਾ ਨੇ ਭਾਰਤੀ ਪੰਜਾਬ ਦੇ ਪ੍ਰਸਿੱਧ ਸੂਫ਼ੀ ਦਰਬਾਰਾਂ ਦੀ ਖੋਜ ਕਰਦਿਆਂ ਦਰਬਾਰ ਕਾਦਰੀਆਂ ਫਾਜ਼ਲੀਆਂ ਬਟਾਲਾ ਦੀ ਖੋਜ ਕਰਕੇ ਕੁਝ ਗੱਲਾਂ ਨਿਤਾਰੀਆਂ ਹਨ। ਉਸ ਨੇ ਇਸ ਦੇ ਇਤਿਹਾਸ ਬਾਰੇ ਰੌਸ਼ਨੀ ਪਾਉਂਦਿਆਂ ਲਿਖਿਆ ਹੈ, 'ਇਸ ਦਰਬਾਰ ਦੇ ਬਾਨੀ ਦਰਗਾਹ ਦਾ ਸਬੰਧ ਹਜ਼ਰਤ-ਗੌਸ-ਉਲ-ਆਜ਼ਮ-ਸ਼ੇਖ-ਅਬਦੁਲ-ਕਾਦਿਰ-ਜਿਲਾਨੀ ਨਾਲ ਜਾ ਮਿਲਦਾ ਹੈ। ਬਟਾਲਾ ਸ਼ਹਿਰ ਵਿਚ ਆਪ ਨੂੰ ਪੀਰ ਫਾਜ਼ਿਲ ਸ਼ਾਹ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ, ਜਿਨ੍ਹਾਂ ਦੀ ਖਿਲਾਫ਼ਤ ਦਾ ਸਮਾਂ 1684 ਤੋਂ 1739 ਤੱਕ ਦਾ ਹੈ।' ਆਪ ਦੇ ਦਿਹਾਂਤ ਤੋਂ ਬਾਅਦ ਆਪ ਦਾ ਪੁੱਤਰ ਹਜ਼ਰਤ ਗੁਲਾਮ ਕਾਦਰ ਸ਼ਾਹ ਉਸ ਦਾ ਜਾਂਨਸ਼ੀਨ ਬਣਿਆ, ਜਿਸ ਦਾ ਜੀਵਨ ਕਾਲ 1695 ਤੋਂ 1763 ਦਾ ਹੈ ਅਤੇ ਖਿਲਾਫਤ ਦਾ ਸਮਾਂ 1739 ਤੋਂ 1763 ਈ: ਤੱਕ ਦਾ ਹੈ।


-ਮੋਬਾ: 98889-39808

ਸ਼ਬਦ ਵਿਚਾਰ

ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ॥

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਸਿਰੀਰਾਗੁ ਮਹਲਾ ੧
ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ॥
ਸਾ ਧਨ ਆਪੁ ਗਵਾਇਆ
ਗੁਰ ਕੈ ਸਬਦਿ ਸੀਗਾਰੁ॥
ਘਰ ਹੀ ਸੋ ਪਿਰੁ ਪਾਇਆ
ਗੁਰ ਕੈ ਹੇਤਿ ਅਪਾਰੁ॥ ੫॥
ਗੁਰ ਕੀ ਸੇਵਾ ਚਾਕਰੀ
ਮਨੁ ਨਿਰਮਲੁ ਸੁਖੁ ਹੋਇ॥
ਗੁਰ ਕਾ ਸਬਦੁ ਮਨਿ ਵਸਿਆ
ਹਉਮੈ ਵਿਚਹੁ ਖੋਇ॥
ਨਾਮੁ ਪਦਾਰਥੁ ਪਾਇਆ
ਲਾਭੁ ਸਦਾ ਮਨਿ ਹੋਇ॥ ੬॥
ਕਰਮਿ ਮਿਲੈ ਤਾ ਪਾਈਐ
ਆਪਿ ਨ ਲਇਆ ਜਾਇ॥
ਗੁਰ ਕੀ ਚਰਣੀ ਲਗਿ ਰਹੁ
ਵਿਚਹੁ ਆਪੁ ਗਵਾਇ॥
ਸਚੇ ਸੇਤੀ ਰਤਿਆ ਸਚੋ ਪਲੈ ਪਾਇ॥ ੭॥
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥
ਗੁਰਮਤਿ ਮਨੁ ਸਮਝਾਇਆ
ਲਾਗਾ ਤਿਸੈ ਪਿਆਰੁ॥
ਨਾਨਕ ਸਾਚੁ ਨ ਵੀਸਰੈ
ਮੇਲੇ ਸਬਦੁ ਅਪਾਰੁ॥ ੮॥ ੧੨॥ (ਅੰਗ 61)
ਪਦ ਅਰਥ : ਤਤੁ-ਮੂਲ। ਸਾ ਧਨ-ਉਸ ਜੀਵ ਇਸਤਰੀ ਨੇ। ਆਪੁ ਗਵਾਇਆ-ਆਪਾ ਭਾਵ ਦੂਰ ਕਰ ਲਿਆ ਹੈ। ਸਬਦਿ ਸੀਗਾਰੁ-ਸ਼ਬਦ ਦਾ ਸ਼ੰਗਾਰ ਕੀਤਾ ਹੈ। ਸੋ-ਉਸ ਨੇ। ਪਿਰੁ-ਮਾਲਕ ਪ੍ਰਭੂ। ਗੁਰ ਕੈ ਹੇਤਿ-ਗੁਰੂ ਦੇ ਪਿਆਰ ਦੁਆਰਾ। ਅਪਾਰੁ-ਬੇਅੰਤ। ਚਾਕਰੀ-ਨਿਸ਼ਕਾਮ ਸੇਵਾ। ਨਿਰਮਲੁ-ਪਵਿੱਤਰ ਹੋ ਜਾਂਦਾ ਹੈ। ਵਿਚਹੁ-(ਮਨ) ਵਿਚੋਂ। ਵਿਚਹੁ ਖੋਇ-ਵਿਚੋਂ ਜਾਂਦੀ ਰਹਿੰਦੀ ਹੈ। ਲਾਭੁ ਸਦਾ-ਸਦਾ ਲਾਹਾ ਹੁੰਦਾ ਹੈ।
ਕਰਮਿ ਮਿਲੈ-(ਪ੍ਰਭੂ ਦੀ) ਕਿਰਪਾ ਦ੍ਰਿਸ਼ਟੀ ਹੋਵੇ, ਬਖਸ਼ਿਸ਼ ਹੋਵੇ। ਤਾ ਪਾਈਐ-ਤਾਂ (ਨਾਮ ਧਨ ਦੀ) ਪ੍ਰਾਪਤੀ ਹੁੰਦੀ ਹੈ। ਆਪਿ ਨ ਲਇਆ ਜਾਇ-ਆਪਣੇ ਉੱਦਮ ਨਾਲ ਕੁਝ ਵੀ ਨਹੀਂ ਮਿਲਦਾ। ਵਿਚਹੁ ਆਪੁ ਗਵਾਇ-ਆਪਣੇ ਅੰਦਰੋਂ ਆਪਾ ਭਾਵ ਗੁਆ ਕੇ। ਸੇਤੀ ਰਤਿਆ-ਰੰਗੇ ਜਾਣ ਨਾਲ। ਸਚੋ-ਸਦਾ ਥਿਰ ਰਹਿਣ ਵਾਲਾ ਪ੍ਰਭੂ। ਪਲੈ ਪਾਇ-(ਹਿਰਦੇ ਵਿਚ) ਪਾ ਲਈਦਾ ਹੈ।
ਅਭੁਲੁ-ਜੋ ਕਦੇ ਕੋਈ ਭੁੱਲ ਨਹੀਂ ਕਰਦਾ। ਗੁਰਮਤਿ-ਗੁਰੂ ਦੀ ਮੱਤ ਅਨੁਸਾਰ। ਮਨੁ ਸਮਝਾਇਆ-ਮਨ ਨੂੰ ਸਮਝਾ ਲੈਂਦਾ ਹੈ। ਤਿਸੈ-ਉਸ ਦਾ। ਲਾਗਾ ਪਿਆਰੁ-(ਪਰਮਾਤਮਾ ਨਾਲ) ਪਿਆਰ ਬਣਿਆ ਰਹਿੰਦਾ ਹੈ। ਸਾਚੁ-ਸਦਾ ਥਿਰ ਰਹਿਣ ਵਾਲਾ ਪ੍ਰਭੂ। ਮੇਲੇ-ਮਿਲਾ ਦਿੰਦਾ ਹੈ। ਸਬਦੁ-(ਗੁਰੂ ਦਾ) ਸ਼ਬਦ। ਅਪਾਰੁ-ਬੇਅੰਤ।
ਇਸ 12ਵੀਂ ਅਸ਼ਟਪਦੀ ਦੇ ਪਹਿਲੇ 4 ਅੰਕਾਂ 'ਤੇ ਵਿਚਾਰ ਪਿਛਲੇ ਮੰਗਲਵਾਰ ਦੇ ਅੰਕ ਵਿਚ ਹੋ ਚੁੱਕੀ ਹੈ, ਜਿਸ ਵਿਚ ਗੁਰੂ ਬਾਬਾ ਨੇ ਦ੍ਰਿੜ੍ਹ ਕਰਵਾਇਆ ਹੈ ਕਿ ਮਾਇਆ ਮਨੁੱਖ ਨੂੰ ਭਰਮ-ਭੁਲੇਖਿਆਂ ਵਿਚ ਪਾ ਕੇ ਇਸ ਨੂੰ ਜੀਵਨ ਦੇ ਸਹੀ ਮਾਰਗ ਤੋਂ ਕੁਰਾਹੇ ਪਾਈ ਰੱਖਦੀ ਹੈ। ਫਲਸਰੂਪ ਅਜਿਹੀ ਨਿਭਾਗਣ ਜੀਵ-ਇਸਤਰੀ ਪ੍ਰਭੂ ਚਰਨਾਂ ਵਿਚ ਲੀਨ ਨਹੀਂ ਹੋ ਸਕਦੀ, ਜੁੜ ਨਹੀਂ ਸਕਦੀ।
ਗੁਰੂ ਦੇ ਸਨਮੁਖ ਰਹਿਣ ਵਾਲਾ ਪ੍ਰਾਣੀ ਕੇਵਲ ਇਕ ਪ੍ਰਭੂ ਵਿਚ ਹੀ ਲਿਵ ਨੂੰ ਜੋੜੀ ਰੱਖਦਾ ਹੈ ਅਤੇ ਗੁਰੂ ਦੇ ਸ਼ਬਦ ਵਿਚ ਜੁੜ ਕੇ ਮਾਇਆ ਵਾਲੀ ਭਟਕਣਾ ਨੂੰ ਸਾੜ ਸੁੱਟਦਾ ਹੈ ਭਾਵ ਮੁਕਾ ਦਿੰਦਾ ਹੈ। ਰਾਗੁ ਮਾਝ ਵਿਚ ਧੰਨ-ਧੰਨ ਗੁਰੂ ਅਮਰਦਾਸ ਜੀ ਦੇ ਪਾਵਨ ਬਚਨ ਹਨ-
ਗੁਰਮੁਖਿ ਹੋਵੈ ਸੁ ਇਕਸੁ ਸਿਉ ਲਿਵ ਲਾਏ॥
ਦੂਜਾ ਭਰਮੁ ਗੁਰ ਸਬਦਿ ਜਲਾਏ॥ (ਅੰਗ 115)
ਇਕਸੁ ਸਿਉ-ਇਕ (ਪ੍ਰਭੂ) ਨਾਲ ਹੀ। ਦੂਜਾ-ਮਾਇਆ। ਭਰਮੁ-ਭਟਕਣਾ। ਜਲਾਏ-ਸਾੜ ਸੁੱਟਦਾ ਹੈ, ਮੁਕਾ ਦਿੰਦਾ ਹੈ।
ਅਜਿਹਾ ਗੁਰਮੁਖਿ (ਸਦਾ) ਪਰਮਾਤਮਾ ਦੀ ਸਿਫਤ-ਸਾਲਾਹ ਨੂੰ ਹੀ ਆਪਣੇ ਜੀਵਨ ਦਾ ਸ੍ਰੇਸ਼ਟ ਕਰਮ ਸਮਝਦਾ ਹੈ, ਜਿਸ ਨਾਲ ਉਹ ਗੁਰਮੁਖਿ ਮੁਕਤ ਦੁਆਰ ਨੂੰ ਪ੍ਰਾਪਤ ਹੁੰਦਾ ਹੈ-
ਗੁਰਮੁਖਿ ਕਰਣੀ ਹਰਿ ਕੀਰਤਿ ਸਾਰੁ॥
ਗੁਰਮੁਖਿ ਪਾਏ ਮੋਖ ਦੁਆਰੁ॥ (ਅੰਗ 115)
ਕੀਰਤਿ ਸਾਰੁ-ਸ੍ਰੇਸ਼ਟ ਕਰਮ। ਮੋਖ ਦੁਆਰੁ-ਮੁਕਤੀ ਦਾ ਦੁਆਰ।
ਦੂਜੇ ਬੰਨੇ ਮਾਇਆ ਦੇ ਮੋਹ ਵਿਚ ਅੰਨ੍ਹੇ ਹੋਏ ਆਪਣੇ ਮਨ ਦੀ ਮੰਨਣ ਵਾਲੇ ਮਨਮੁਖ ਨੂੰ (ਆਪਣੇ ਜੀਵਨ ਮਾਰਗ ਬਾਰੇ) ਕੁਝ ਨਹੀਂ ਸੁੱਝਦਾ। ਆਪਣੇ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ ਆਤਮਿਕ ਮੌਤ ਦੇ ਸੰਸਕਾਰ ਜੋ ਉਹ ਲਿਖਾ ਕੇ ਆਉਂਦਾ ਹੈ, ਇਥੇ ਆ ਕੇ ਵੀ ਬੇਸਮਝੀ ਵਿਚ ਮਨਮੁਖਾਂ ਭਾਵ ਆਪਣੇ ਮਨ ਦੇ ਪਿੱਛੇ ਤੁਰ ਕੇ ਹੀ ਕਰਮ ਕਰਦਾ ਹੈ। ਇਸ ਪ੍ਰਕਾਰ ਜੀਵਨ ਦੀ ਸਹੀ ਸੂਝ ਨਾ ਹੋਣ ਦੇ ਕਾਰਨ ਪਰਮਾਤਮਾ ਦੇ ਨਾਮ ਤੋਂ ਬਿਨਾਂ ਮਨੁੱਖਾ ਜੀਵਨ ਵਿਅਰਥ ਹੀ ਗੁਆ ਲੈਂਦਾ ਹੈ। ਗੁਰਵਾਕ ਹੈ-
ਮਨਮੁਖ ਅੰਧੇ ਕਿਛੂ ਨ ਸੂਝੈ॥
ਮਰਣੁ ਲਿਖਾਇ ਆਏ ਨਹੀ ਬੂਝੈ॥
ਮਨਮੁਖ ਕਰਮ ਕਰੇ ਨਹੀ ਪਾਏ
ਬਿਨੁ ਨਾਵੈ ਜਨਮੁ ਗਵਾਵਣਿਆ॥ (ਅੰਗ 114)
ਜਨਮੁ ਗਵਾਵਣਿਆ-ਜਨਮ ਵਿਅਰਥ ਹੀ ਗੁਆ ਲੈਂਦਾ ਹੈ।
ਆਪ ਜੀ ਦੇ ਹੋਰ ਬਚਨ ਹਨ ਕਿ ਗੁਰੂ ਦੇ ਸ਼ਬਦ ਦੀ ਸੋਝੀ ਕਿਸੇ ਵਿਰਲੇ ਮਨੁੱਖ ਨੂੰ ਹੀ ਪੈਂਦੀ ਹੈ। ਜੋ ਆਪਾ-ਭਾਵ ਮਾਰ ਲੈਂਦਾ ਹੈ, ਉਸ ਨੂੰ ਫਿਰ ਤਿੰਨਾਂ ਭਵਨਾਂ (ਧਰਤੀ, ਆਕਾਸ਼, ਪਾਤਾਲ) ਦੀ ਸੋਝੀ ਪੈ ਜਾਂਦੀ ਹੈ। ਅਜਿਹਾ ਆਤਮਿਕ ਅਵਸਥਾ 'ਤੇ ਪੁੱਜ ਕੇ ਮੁੜ ਉਹ ਆਤਮਿਕ ਮੌਤ ਨਹੀਂ ਸਹੇੜਦਾ ਭਾਵ ਆਤਮਿਕ ਮੌਤ ਤੋਂ ਉਹ ਬਚਿਆ ਰਹਿੰਦਾ ਹੈ ਅਤੇ ਆਤਮਿਕ ਅਡੋਲਤਾ ਵਿਚ ਟਿਕ ਕੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਵਿਚ ਉਸ ਦੀ ਲਿਵ ਜੁੜੀ ਰਹਿੰਦੀ ਹੈ-
ਗੁਰ ਕਾ ਸਬਦੁ ਕੋ ਵਿਰਲਾ ਬੂਝੈ॥
ਆਪੁ ਮਾਰੇ ਤਾ ਤ੍ਰਿਭਵਣੁ ਸੂਝੈ॥
ਫਿਰਿ ਓਹੁ ਮਰੈ ਨ ਮਰਣਾ ਹੋਵੈ
ਸਹਜੇ ਸਚਿ ਸਮਾਵਣਿਆ॥ (ਅੰਗ 120)
ਤ੍ਰਿਭਵਣੁ-ਤਿੰਨ ਭਵਨ (ਧਰਤੀ, ਆਕਾਸ਼ ਤੇ ਪਾਤਾਲ)
ਅੱਖਰੀਂ ਅਰਥ : ਹੇ ਭਾਈ, ਗੁਰੂ ਦੇ ਚਰਨੀਂ ਲੱਗ ਕੇ ਮੂਲ ਪ੍ਰਭੂ (ਦੇ ਗੁਣਾਂ) ਨੂੰ ਵਿਚਾਰ, ਕਿਉਂਕਿ (ਗੁਰੂ ਦੇ ਚਰਨੀਂ ਲੱਗਣ ਨਾਲ ਹੀ) ਪ੍ਰੇਮ ਪੈਦਾ ਕਰਨ ਵਾਲੇ ਨਾਮ ਧਨ ਦੀ ਪ੍ਰਾਪਤੀ ਹੁੰਦੀ ਹੈ। ਜਿਸ ਨੇ (ਬਾਕੀ ਸਭ ਸ਼ਿੰਗਾਰ ਤਿਆਗ ਕੇ) ਕੇਵਲ ਗੁਰੂ ਦੇ ਸ਼ਬਦ ਦਾ ਸ਼ਿੰਗਾਰ ਕੀਤਾ ਹੈ, ਉਸ ਜੀਵ-ਇਸਤਰੀ ਨੇ ਆਪਾ-ਭਾਵ ਨੂੰ ਗੁਆ ਲਿਆ ਹੈ, ਆਪਾ ਭਾਵ ਨੂੰ ਦੂਰ ਕਰ ਲਿਆ ਹੈ। ਇਸ ਪ੍ਰਕਾਰ ਗੁਰੂ ਵਲੋਂ ਬਖਸ਼ੇ ਹੋਏ ਪ੍ਰੇਮ-ਪਿਆਰ ਦੁਆਰਾ ਹੀ ਆਪਣੇ ਹਿਰਦੇ ਘਰ ਵਿਚ ਬੇਅੰਤ ਪ੍ਰਭੂ ਨੂੰ ਪਾ ਲਿਆ ਹੈ।
ਗੁਰੂ ਦੀ ਦੱਸੀ ਸੇਵਾ ਕਰਨ ਨਾਲ, ਚਾਕਰੀ ਕਰਨ ਨਾਲ ਮਨ ਪਵਿੱਤਰ ਹੋ ਜਾਂਦਾ ਹੈ ਅਤੇ ਹਿਰਦੇ ਘਰ ਵਿਚ ਅਨੰਦ ਪ੍ਰਾਪਤ ਹੋ ਜਾਂਦਾ ਹੈ। ਇਸ ਪ੍ਰਕਾਰ ਨਾਮ ਰੂਪ ਧਨ ਪ੍ਰਾਪਤ ਹੋਣ ਨਾਲ ਮਨ ਅੰਦਰ (ਆਤਮਿਕ ਗੁਣਾਂ ਵਿਚ) ਵਾਧਾ ਹੁੰਦਾ ਹੈ। ਜਦੋਂ ਗੁਰੂ ਦਾ ਸ਼ਬਦ ਮਨ ਵਿਚ ਆ ਵਸਦਾ ਹੈ ਤਾਂ ਜਗਿਆਸੂ ਦੇ ਅੰਦਰਲੀ ਸਾਰੀ ਹੰਗਤਾ ਜਾਂਦੀ ਰਹਿੰਦੀ ਹੈ।
ਪਰਮਾਤਮਾ ਦੀ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਹੀ (ਨਾਮ ਧਨ) ਦੀ ਪ੍ਰਾਪਤੀ ਹੁੰਦੀ ਹੈ। ਆਪਣੇ ਉੱਦਮ ਨਾਲ ਇਸ ਦੀ ਪ੍ਰਾਪਤੀ ਨਹੀਂ ਕੀਤੀ ਜਾ ਸਕਦੀ। ਇਸ ਲਈ ਹੇ ਭਾਈ, ਆਪਾ-ਭਾਵ ਗੁਆ ਕੇ ਗੁਰੂ ਦੀ ਚਰਨੀਂ ਲੱਗਿਆ ਰਹੁ। ਸੱਚੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੇ ਜਾਣ ਨਾਲ ਤਾਂ ਸਦਾ ਥਿਰ ਰਹਿਣ ਵਾਲਾ ਪ੍ਰਭੂ (ਹਿਰਦੇ ਵਿਚ ਹੀ) ਪਾ ਲਈਦਾ ਹੈ।
(ਇਸ ਸੰਸਾਰ ਵਿਚ) ਸਭ ਕੋਈ ਭੁੱਲਾਂ ਕਰਨ ਵਾਲਾ ਹੈ। ਕੇਵਲ ਇਕ ਗੁਰੂ ਕਰਤਾਰ ਹੀ ਅਭੁੱਲ ਭਾਵ ਕਦੇ ਕੋਈ ਭੁੱਲ ਨਹੀਂ ਕਰਦਾ। ਜਿਹੜਾ ਗੁਰੂ ਦੀ ਮੱਤ 'ਤੇ ਚੱਲ ਕੇ ਆਪਣੇ ਮਨ ਨੂੰ (ਸਹੀ ਮਾਰਗ 'ਤੇ ਚੱਲਣ ਲਈ) ਸਮਝਾ ਲੈਂਦਾ ਹੈ, ਉਸ ਦਾ ਪਰਮਾਤਮਾ ਨਾਲ ਪ੍ਰੇਮ ਬਣਿਆ ਰਹਿੰਦਾ ਹੈ। ਜਿਸ ਨੂੰ ਗੁਰੂ ਦਾ ਸ਼ਬਦ ਬੇਅੰਤ ਪ੍ਰਭੂ ਨਾਲ ਮਿਲਾ ਦਿੰਦਾ ਹੈ, ਉਸ ਜਗਿਆਸੂ ਨੂੰ ਫਿਰ ਸਦਾ ਥਿਰ ਰਹਿਣ ਵਾਲਾ ਪ੍ਰਭੂ ਕਦੇ ਵਿਸਰਦਾ ਨਹੀਂ।


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਸਚਾਈ ਦਾ ਰਸਤਾ ਊਬੜ-ਖਾਬੜ ਹੁੰਦਾ ਹੈ

ਆਪਣੇ-ਆਪ ਨੂੰ ਮਨ ਬਚਨ ਅਤੇ ਕਰਮ ਤੋਂ ਨੇਕ ਅਤੇ ਪਵਿੱਤਰ ਬਣਾਉਣਾ ਕੋਈ ਸੌਖਾ ਕੰਮ ਨਹੀਂ, ਕਿਉਂਕਿ ਸੱਚਾਈ ਦਾ ਰਸਤਾ ਕਦੇ ਵੀ ਪੱਧਰਾ ਤੇ ਸੌਖਾ ਨਹੀਂ, ਸਗੋਂ ਊਬੜ-ਖਾਬੜ ਹੁੰਦਾ ਹੈ। ਇਸ ਵਿਚ ਕੋਈ ਹੈਰਾਨੀ ਨਹੀਂ ਕਿ ਇਸ ਰਾਹ 'ਤੇ ਚਲਦੇ ਹੋਏ ਕਈ ਸਫ਼ਲ ਹੋ ਜਾਂਦੇ ਹਨ ਤਾਂ ਕਈ ਲੜਖੜਾ ਜਾਂਦੇ ਹਨ। ਸਵਾਮੀ ਵਿਵੇਕਾਨੰਦ ਨੌਜਵਾਨਾਂ ਨੂੰ ਕਹਿੰਦੇ ਹਨ ਕਿ ਚਰਿੱਤਰ ਨਿਰਮਾਣ ਕੋਈ ਸੌਖਾ ਕਾਰਜ ਨਹੀਂ। ਚਰਿੱਤਰ ਨਿਰਮਾਣ ਲਈ ਸੱਚ ਦੀ ਰਾਹ 'ਤੇ ਤੁਰਦਾ ਵਿਅਕਤੀ ਕਈ ਵਾਰ ਲੜਖੜਾਉਂਦਾ ਹੈ ਪਰ ਹਜ਼ਾਰਾਂ ਪਰਖਾਂ ਤੋਂ ਬਾਅਦ ਹੀ ਚਰਿੱਤਰ ਦਾ ਨਿਰਮਾਣ ਹੁੰਦਾ ਹੈ। ਹਰ ਕਾਰਜ ਨੂੰ ਤਿੰਨ ਹਾਲਤਾਂ ਵਿਚੋਂ ਲੰਘਣਾ ਪੈਂਦਾ ਹੈ। ਇਹ ਹਨ ਮਜ਼ਾਕ, ਵਿਰੋਧ ਅਤੇ ਸਹਿਮਤੀ। ਅਗਾਂਹਵਧੂ ਅਤੇ ਉਸਾਰੂ ਸੋਚ ਰੱਖਣ ਵਾਲੇ ਵਿਅਕਤੀ ਦਾ ਅਕਸਰ ਵਿਰੋਧ ਹੁੰਦਾ ਹੈ। ਇਹ ਲੋਕਾਂ ਦਾ ਸੁਭਾਅ ਹੈ। ਇਹ ਤੁਹਾਡੇ 'ਤੇ ਤਰਸ ਕਰਨਾ ਤਾਂ ਪਸੰਦ ਕਰਨਗੇ ਪਰ ਜੇ ਤੁਸੀਂ ਅਗਾਂਹ ਵਧ ਰਹੇ ਹੋ ਤਾਂ ਤੁਹਾਡੇ ਨਾਲ ਸਹਿਮਤ ਨਹੀਂ ਹੁੰਦੇ ਅਤੇ ਵਿਰੋਧ ਕਰਦੇ ਹਨ। ਲੋਕਾਂ ਦੀ ਸੋਚ ਹੀ ਅਜਿਹੀ ਹੈ। ਇਸ ਲਈ ਉਨ੍ਹਾਂ ਦੇ ਵਿਰੋਧ ਨੂੰ ਖੁਸ਼ੀ-ਖੁਸ਼ੀ ਸਵੀਕਾਰ ਕਰੋ। ਆਪਣੇ ਵਿਚ ਵਿਸ਼ਵਾਸ ਰੱਖ ਕੇ ਨਿਰੰਤਰ ਯਤਨ ਕਰੋ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਕੰਢੀ ਖੇਤਰ ਦੀਆਂ ਵਿਲੱਖਣਤਾਵਾਂ

ਅਗਿਆਤਵਾਸ ਸਮੇਂ ਪਾਂਡਵਾਂ ਦੀ ਪਨਾਹਗਾਹ ਰਿਹਾ ਹੈ ਕੰਢੀ ਖੇਤਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮੁਕਤੇਸ਼ਵਰ (ਸ਼ਾਹਪੁਰ ਕੰਢੀ) ਪਾਂਡਵਾਂ ਦੀਆਂ ਗੁਫ਼ਾਵਾਂ-ਪਠਾਨਕੋਟ ਤੋਂ ਲਗਭਗ ਦਸ ਕਿਲੋਮੀਟਰ ਹੈ ਸ਼ਾਹਪੁਰ ਕੰਢੀ। ਇਥੋਂ ਰਣਜੀਤ ਸਾਗਰ ਡੈਮ ਵੱਲ ਜਾਂਦਿਆਂ ਰਸਤੇ ਵਿਚ ਵਸਿਆ ਪਿੰਡ ਡੂੰਘ ਮਹਾਭਾਰਤ ਕਾਲ ਨਾਲ ਸਬੰਧਿਤ ਹੋਣ ਕਰਕੇ ਮਸ਼ਹੂਰ ਹੈ। ਇਸ ਪਿੰਡ ਲਾਗੇ ਵਗਦੀ ਰਾਵੀ ਨਾਲ ਖਹਿੰਦੀ ਚਟਾਨ 'ਤੇ ਮੌਜੂਦ ਪੰਜ ਗੁਫ਼ਾਵਾਂ, ਪੰਜ ਪਾਂਡਵਾਂ ਦੇ ਨਾਂਅ ਨਾਲ ਪ੍ਰਸਿੱਧ ਹਨ। ਇਹ ਪ੍ਰਾਚੀਨ ਥਾਂ ਹੁਣ ਮੁਕਤੇਸਵਰ ਦੇ ਨਾਂਅ ਨਾਲ ਜਾਣੀ ਜਾਂਦੀ ਹੈ। ਦੰਦ ਕਥਾ ਮੁਤਾਬਕ ਪਾਂਡਵਾਂ ਨੇ ਅਗਿਆਤਵਾਸ ਦਾ ਆਖਰੀ ਸਮਾਂ ਆਪ ਉਸਾਰੀਆਂ ਇਨ੍ਹਾਂ ਗੁਫ਼ਾਵਾਂ ਵਿਚ ਲੁਕ ਕੇ ਗੁਜ਼ਾਰਿਆ ਸੀ। ਇੱਥੇ ਗੁਫ਼ਾ ਨੰਬਰ-ਇਕ ਧਰਮਰਾਜ ਯੁਧਿਸ਼ਟਰ ਦੀ ਗੁਫ਼ਾ ਹੈ। ਅੰਦਰੋਂ ਦੋ ਭਾਗਾਂ ਵਿਚ ਵੰਡੀ ਗਈ ਇਹ ਗੁਫ਼ਾ ਕਾਫੀ ਖੁੱਲ੍ਹੀ ਹੈ। ਇਸ ਗੁਫ਼ਾ ਦੀ ਕੰਧ 'ਤੇ ਸੁੰਦਰ ਮੀਨਾਕਾਰੀ ਕੀਤੀ ਗਈ ਹੈ। ਇਸ ਗੁਫ਼ਾ ਦੇ ਖੱਬੇ ਪਾਸੇ ਦਰੋਪਦੀ ਦੀ ਰਸੋਈ ਹੈ। ਇੱਥੇੇ ਹੀ ਧਰਮਰਾਜ ਦਾ ਧੂਣਾ ਵੀ ਹੈ, ਜਿੱਥੇ ਬੈਠ ਕੇ ਉਹ ਪੂਜਾ-ਪਾਠ ਕਰਿਆ ਕਰਦੇ ਸਨ।
ਦੂਸਰੀ ਗੁਫ਼ਾ ਮਹਾਬਲੀ ਭੀਮ ਦੀ ਹੈ। ਤੀਸਰੀ ਅਰਜਨ ਦੀ। ਥੋੜ੍ਹਾ ਜਿਹਾ ਹਟ ਕੇ ਨਕੁਲ ਤੇ ਸਹਿਦੇਵ ਦੀਆਂ ਗੁਫ਼ਾਵਾਂ ਹਨ। ਇਕ ਗੁਫ਼ਾ ਦਾ ਮੁੱਖ ਬੰਦ ਕਰ ਦਿੱਤਾ ਗਿਆ ਹੈ, ਕਿਉਂਕਿ ਇਹ ਗੁਫ਼ਾ ਅੰਦਰੋਂ ਇੰਨੀ ਲੰਮੀ ਹੈ ਕਿ ਇਸ ਦੇ ਅੰਤ ਦਾ ਕੋਈ ਅੰਦਾਜ਼ਾ ਹੀ ਨਹੀਂ ਲਗਦਾ। ਕਹਿੰਦੇ ਹਨ ਇਕ ਵਾਰ ਦੋ ਸਾਧ ਇਸ ਗੁਫ਼ਾ ਦੀ ਥਾਹ ਲੈਣ ਲਈ ਇਸ ਦੇ ਅੰਦਰ ਵੜੇ ਸਨ, ਜੋ ਅੱਜ ਤੱਕ ਨਹੀਂ ਪਰਤੇ। ਉਨ੍ਹਾਂ ਨਾਲ ਕੀ ਵਾਪਰਿਆ, ਅੱਜ ਤੱਕ ਇਕ ਰਹੱਸ ਬਣਿਆ ਹੋਇਆ ਹੈ। ਇਸ ਖ਼ਤਰੇ ਨੂੰ ਵੇਖਦਿਆਂ ਇਸ ਗੁਫ਼ਾ ਦੇ ਮੂੰਹ 'ਤੇ ਲੋਹੇ ਦਾ ਗੇਟ ਲਗਾ ਕੇ ਉਸ ਨੂੰ ਬੰਦ ਕਰ ਦਿੱਤਾ ਗਿਆ ਹੈ। ਚਟਾਨ 'ਤੇ ਉਸਾਰੀਆਂ ਇਹ ਗੁਫ਼ਾਵਾਂ ਕਾਫੀ ਉਚਾਈ 'ਤੇ ਹਨ ਅਤੇ ਇਕ-ਦੂਸਰੀ ਨਾਲੋਂ ਕੁਝ ਫਾਸਲੇ 'ਤੇ ਹਨ। ਇਸ ਲਈ ਹੇਠੋਂ-ਉੱਪਰ ਜਾਣ ਲਈ ਅਤੇ ਇਕ ਗੁਫ਼ਾ ਤੋਂ ਦੂਸਰੀ ਗੁਫ਼ਾ ਤੱਕ ਪਹੁੰਚਣ ਵਾਸਤੇ ਚੱਟਾਨ ਕੱਟ ਕੇ ਪੌਡੇ ਬਣਾਏ ਗਏ ਹਨ। ਲਗਪਗ ਸਾਰੀਆਂ ਹੀ ਗੁਫ਼ਾਵਾਂ ਅੰਦਰ ਸ਼ਿਵਲਿੰਗ ਸਥਾਪਿਤ ਕੀਤੇ ਗਏ ਹਨ। ਮੁਕਤੇਸ਼ਵਰ ਨੂੰ ਮਿੰਨੀ ਹਰਿਦੁਆਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਕਈ ਲੋਕ ਇੱਥੇ ਵਗਦੀ ਰਾਵੀ ਵਿਚ ਆਪਣੇ ਮ੍ਰਿਤਕ ਰਿਸ਼ਤੇਦਾਰਾਂ ਦੀਆਂ ਅਸਥੀਆਂ ਵਿਸਰਜਤ ਕਰਦੇ ਹਨ।
ਉਪਰੋਕਤ ਥਾਵਾਂ ਤੋਂ ਇਲਾਵਾ ਕੰਢੀ ਦੇ ਪ੍ਰਸਿੱਧ ਮੰਦਰ ਕਾਮਾਕਸ਼ੀ ਦੇਵੀ (ਕਮਾਹੀ ਦੇਵੀ) ਵਿਖੇ ਇਕ ਪ੍ਰਾਚੀਨ ਸ਼ਿਵ ਮੰਦਰ ਦਾ ਸੰਬੰਧ ਵੀ ਧਰਮਰਾਜ ਯੁਧਿਸ਼ਟਰ ਦੇ ਤਪ ਸਥਾਨ ਵਜੋਂ ਦੱਸਿਆ ਜਾਂਦਾ ਹੈ। ਇਸੇ ਤਰ੍ਹਾਂ ਕੰਢੀ ਦੇ ਲੱਬਰ-ਭੁਆਰੀ ਨੇੜੇ ਬਾਣ ਗੰਗਾ ਨਾਲ ਮਸ਼ਹੂਰ ਥਾਂ ਹੈ, ਜਿਸ ਬਾਰੇ ਉੱਥੋਂ ਦੇ ਵਸਨੀਕਾਂ ਦਾ ਕਹਿਣਾ ਹੈ ਕਿ ਆਪਣੇ ਅਗਿਆਤਵਾਸ ਦੌਰਾਨ ਇਸ ਇਲਾਕੇ ਵਿਚ ਘੁੰਮਦਿਆਂ ਧਨੁੱਖਧਾਰੀ ਅਰਜਨ ਨੇ ਜ਼ਮੀਨ ਹੇਠੋਂ ਪਾਣੀ ਦੀ ਧਾਰਾ ਕੱਢੀ ਸੀ। ਇਸ ਨੂੰ ਬਾਣਗੰਗਾ ਦਾ ਨਾਂਅ ਦਿੱਤਾ ਗਿਆ। ਇਸੇ ਹੀ ਰਸਤੇ 'ਤੇ ਕੁਝ ਅੱਗੇ ਵਧਦਿਆਂ 'ਕੋਈ' ਪਿੰਡ ਹੈ, ਜਿਸ ਨੂੰ ਕੁੰਤੀਪੁਰ ਵੀ ਕਿਹਾ ਜਾਂਦਾ ਹੈ। ਇਸ ਥਾਂ 'ਤੇ ਇਕ ਬਹੁਤ ਹੀ ਪੁਰਾਣਾ ਬੋਹੜ ਦਾ ਰੁੱਖ ਹੈ। ਦੱਸਿਆ ਜਾਂਦਾ ਹੈ ਕਿ ਆਪਣੇ ਅਗਿਆਤਵਾਸ ਸਮੇਂ ਪਾਂਡਵਾਂ ਨੇ ਇਸ ਬੋਹੜ ਦੇ ਰੁੱਖ ਦੇ ਤਣਿਆਂ ਵਿਚ ਆਪਣੇ ਹਥਿਆਰ ਲੁਕਾਏ ਸਨ। ਉਹ ਬੋਹੜ ਦਾ ਦਰੱਖਤ ਏਨਾ ਸੰਘਣਾ ਅਤੇ ਫੈਲਿਆ ਹੋਇਆ ਹੈ ਕਿ ਉੱਥੇ ਪਤਾ ਲਾਉਣਾ ਮੁਸ਼ਕਿਲ ਹੋ ਜਾਂਦਾ ਹੈ ਕਿ ਉਸ ਬੋਹੜ ਦਾ ਅਸਲੀ ਤਣਾ ਕਿਹੜਾ ਹੈ। ਇਹ ਸਾਰੀਆਂ ਹੀ ਥਾਵਾਂ ਕੰਢੀ ਵਾਸੀਆਂ ਲਈ ਧਾਰਮਿਕ ਅਤੇ ਇਤਿਹਾਸਕ ਦ੍ਰਿਸ਼ਟੀ ਤੋਂ ਬਹੁਤ ਹੀ ਮਹੱਤਵਪੂਰਨ ਅਤੇ ਸ਼ਰਧਾ ਦਾ ਕੇਂਦਰ ਹਨ। (ਸਮਾਪਤ)


-ਪੰਚਵਟੀ, ਏਕਤਾ ਇਨਕਲੇਵ-2, ਬੂਲਾਂਬਾੜੀ, ਹੁਸ਼ਿਆਰਪੁਰ। ਮੋਬਾ: 98761-56964

ਕੁੱਲੂ ਦਾ ਦੁਸਹਿਰਾ

ਦੇਵ ਭੂਮੀ ਹਿਮਾਚਲ ਦੀ ਕੁੱਲੂ ਘਾਟੀ ਵਿਚ ਬਿਆਸ ਨਦੀ ਕੰਢੇ, ਕੁੱਲੂ ਨਗਰ ਵਿਚ ਦੁਸਹਿਰਾ ਉਤਸਵ 16ਵੀਂ ਸਦੀ ਤੋਂ ਮਨਾਇਆ ਜਾ ਰਿਹਾ ਹੈ। ਇਕ ਸਪਤਾਹ ਤੱਕ ਚਲਣ ਵਾਲੇ ਦੁਸਹਿਰਾ ਉਤਸਵ ਨੂੰ 1974 ਵਿਚ 'ਕੌਮਾਂਤਰੀ ਲੋਕ ਨਾਚ ਉਤਸਵ' ਦਾ ਦਰਜਾ ਪ੍ਰਾਪਤ ਹੋਇਆ ਸੀ। ਕੁੱਲੂ ਦਾ ਦੁਸਹਿਰਾ ਸਾਰੇ ਦੇਸ਼ ਤੋਂ ਵਿਲੱਖਣ ਹੁੰਦਾ ਹੈ। ਇਥੇ ਨਾ ਤਾਂ ਰਾਮਲੀਲ੍ਹਾ ਹੁੰਦੀ ਹੈ, ਨਾ ਹੀ ਕੁਝ ਰਾਜਾਂ ਵਾਂਗ ਰਾਵਣ, ਕੁੰਭਕਰਨ ਤੇ ਮੇਘਨਾਥ ਆਦਿ ਦੇ ਪੁਤਲੇ ਸਾੜੇ ਜਾਂਦੇ ਹਨ। ਸੈਂਕੜੇ ਦੇਵ ਰੱਥਾਂ ਦੇ ਨਾਲ ਹਜ਼ਾਰਾਂ ਸਾਜ਼ਾਂ ਦੀਆਂ ਸਵਰ ਲਹਿਰੀਆਂ ਦੀ ਗੂੰਜ 'ਚ ਕੁੱਲੂ ਦੇ ਇਤਿਹਾਸਕ ਮੈਦਾਨ ਢਾਲਪੁਰ ਵਿਚ ਭਗਵਾਨ ਰਘੂਨਾਥ ਦੀ ਰੱਥ ਯਾਤਰਾ ਦਾ ਸ਼ੁੱਭ ਆਰੰਭ ਹੁੰਦਾ ਹੈ। ਇਸਤਰੀਆਂ ਤੇ ਪੁਰਸ਼ ਸੁੰਦਰ ਕੱਪੜਿਆਂ ਨਾਲ ਸਜੇ, ਜਿਸ ਕੋਲ ਕੋਈ ਵੀ ਸਾਜ਼ ਤੁਰਹੀ, ਬਿਗਲ, ਢੋਲ, ਨਗਾਰੇ, ਬੰਸਰੀ ਤੇ ਨਰਸਿੰਘੇ ਆਦਿ ਉਹ ਲੈ ਕੇ ਚਲਦੇ ਹਨ। ਇਹ ਪਹਾੜੀ ਲੋਕ ਸਵੇਰ ਤੋਂ ਹੀ ਆਪਣੇ ਪੇਂਡੂ ਦੇਵਤਿਆਂ ਦੀਆਂ ਮੂਰਤੀਆਂ ਨੂੰ ਫੁੱਲਾਂ ਨਾਲ ਸ਼ਿੰਗਾਰੀ ਪਾਲਕੀ ਵਿਚ ਬੜੇ ਸੋਹਣੇ ਢੰਗ ਨਾਲ ਸਜਾ ਕੇ ਲਿਆਂਉਂਦੇ ਹਨ, ਇਨ੍ਹਾਂ ਦੀ ਪੂਜਾ ਕਰਦੇ ਹਨ।
ਦੁਪਹਿਰ ਬਾਅਦ ਰੰਗੀਨ ਸੁੰਦਰ ਪਾਲਕੀ 'ਚ ਭਗਵਾਨ ਰਘੂਨਾਥ ਜੀ ਨੂੰ ਬਿਰਾਜਮਾਨ ਕਰਵਾ ਉਨ੍ਹਾਂ ਦੇ ਸੁਲਤਾਨਪੁਰ ਸਥਿਤ ਮੂਲ ਮੰਦਰ ਤੋਂ ਢਾਲਪੁਰ ਦੇ ਮੈਦਾਨ ਤੱਕ ਲਿਜਾਇਆ ਜਾਂਦਾ ਹੈ। ਪੂਰੇ ਵਿਧੀ ਵਿਧਾਨ ਨਾਲ ਉਨ੍ਹਾਂ ਦੀ ਮੂਰਤੀ ਨੂੰ ਮੈਦਾਨ ਦੇ ਇਕ ਪਾਸੇ ਖੜ੍ਹੇ ਸ਼ਿਗਾਰੇ ਰਥ ਵਿਚ ਸਥਾਪਤ ਕੀਤਾ ਜਾਂਦਾ ਹੈ। ਪੂਰੇ ਵਿਧੀ ਵਿਧਾਨ ਨਾਲ ਉਨ੍ਹਾਂ ਦੀ ਮੂਰਤੀ ਨੂੰ ਮੈਦਾਨ ਦੇ ਇਕ ਪਾਸੇ ਖੜ੍ਹੇ ਰੱਥ ਵਿਚ ਸਥਾਪਤ ਕੀਤਾ ਜਾਂਦਾ ਹੈ। ਇਸ ਮੌਕੇ 200 ਦੇ ਕਰੀਬ ਦੇਵੀ-ਦੇਵਤਿਆਂ ਤੇ ਹਜ਼ਾਰਾਂ ਸ਼ਰਧਾਲੂ ਢਾਲਪੁਰ ਦੇ ਮੈਦਾਨ ਵਿਚੋਂ ਦੀ ਰੱਥ ਯਾਤਰਾ (ਭਗਵਾਨ ਦੇ ਰੱਥ ਨੂੰ) ਅਸਥਾਈ ਕੈਂਪ ਤੱਕ ਲਿਆਉਂਦੇ ਹਨ, ਜਿਥੇ ਭਗਵਾਨ ਰਘੂਨਾਥ ਦੀ ਮੂਰਤੀ ਨੂੰ ਸਥਾਪਤ ਕੀਤਾ ਜਾਦਾ ਹੈ। ਰੱਥ ਯਾਤਰਾ ਦੀ ਅਗਵਾਈ ਕੁੱਲੂ ਦਾ ਰਾਜ ਪਰਿਵਾਰ ਕਰਦਾ ਹੈ। ਪਿਛਲੇ ਸਾਲ ਭਗਵਾਨ ਰਘੂਨਾਥ ਦੇ ਛੜੀ ਬਰਦਾਰ ਮਹੇਸ਼ਵਰ ਸਿੰਹ ਅਤੇ ਉਸ ਦੇ ਛੋਟੋ ਭਰਾ ਕਰਣ ਦਾ ਸਮੁੱਚਾ ਪਰਿਵਾਰ ਸੀ। ਇਸ ਦੌਰਾਨ ਮਾਤਾ ਹਿੰਡਿਬਾਂ ਵੀ ਅਸ਼ੀਰਵਾਦ ਲਈ ਪਧਾਰਦੀ ਹੈ। ਸਾਰੇ ਦੇਵੀ-ਦੇਵਤਾ ਇਕ ਸਪਤਾਹ ਤੱਕ ਇਥੇ ਰਹਿੰਦੇ ਹਨ। ਛੇਵੇਂ ਦਿਨ ਸ਼ਕਤੀ ਪੂਜਾ (ਸਥਾਨਕ ਲੋਕ 'ਮੂੱਹਲਾ' ਕਹਿੰਦੇ ਹਨ) ਅਤੇ ਆਖਰੀ ਦਿਨ ਲੰਕਾ ਸਾੜਨ ਦੇ ਪ੍ਰਤੀਕ ਨੁਮਾ ਦ੍ਰਿਸ਼ ਦੇ ਨਾਲ ਹੀ ਸਵਾਹ ਬਿਆਸ ਨਦੀ ਵਿਚ ਪਰਵਾਹ ਕਰ ਦਿੰਦੇ ਹਨ।
ਲੋਕ ਨਿਰਤ ਉਤਸਵ ਕੁੱਲੂ ਦੁਸਹਿਰੇ 'ਚ ਚੱਲਣ ਵਾਲੀ 'ਰਾਜਾ ਕੀ ਜਲੇਬ' ਸੱਭਿਆਚਾਰਕ ਵਿਰਾਸਤ ਹੈ, ਜੋ ਪਾਲਕੀ ਵਿਚ ਰਾਜਾ ਅਤੇ ਮੋਢਿਆਂ 'ਤੇ ਦੇਵਤੇ ਰੱਖੀ ਲੋਕਾਂ ਦੇ ਦੁੱਖਾਂ ਦੇ ਨਿਵਾਰਣ ਲਈ ਨਰਸਿੰਹੇ ਦੀ ਜਲੇਬ ਕੱਢੀ ਜਾਂਦੀ ਹੈ। ਦੁਸਹਿਰੇ ਮੌਕੇ ਢਾਲਪੁਰ ਮੈਦਾਨ ਵਿਚ ਹਿਮਾਚਲ ਦਾ ਲੋਕ-ਨਾਚ 'ਨਾਟੀ' ਪ੍ਰੋਗਰਾਮ ਕਰਵਾਇਆ ਜਾਂਦਾ ਹੈ, ਜਿਸ ਨੂੰ ਦੇਸ਼-ਵਿਦੇਸ਼ ਦੇ ਹਜ਼ਾਰਾਂ ਲੋਕ ਵੇਖਦੇ ਹਨ। ਹਰ ਸ਼ਾਮ ਨੂੰ ਸੂਬੇ ਦਾ ਸੱਭਿਆਚਰਕ ਪ੍ਰੋਗਰਾਮ ਹੁੰਦਾ ਹੈ। ਕੁੱਲੂ ਦੇ ਦੁਸਹਿਰੇ ਮੌਕੇ ਕਰੋੜਾਂ ਦਾ ਵਪਾਰ ਹੁੰਦਾ ਹੈ। ਖਾਸ ਕਰਕੇ ਕੁੱਲੂ ਦੇ ਸ਼ਾਲ ਵਿਆਪਕ ਪੱਧਰ 'ਤੇ ਖ਼ਰੀਦੇ/ਵੇਚੇ ਜਾਂਦੇ ਹਨ।


-ਪ੍ਰੀਤ ਨਗਰ, ਡਾਕ: ਚੋਗਾਵਾਂ (ਅੰਮ੍ਰਿਤਸਰ)-143109. ਮੋਬਾ: 98140-82217

ਦਿੱਲੀ ਫ਼ਤਹਿ ਕਰਨ ਵਾਲੇ ਸਿੱਖ ਜਰਨੈਲ

ਬੀਤੇ ਦਿਨੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੁਆਰਾ ਕੌਮ ਦੇ ਹਿੱਤ ਵਿਚ ਇਕ ਬਹੁਤ ਹੀ ਸ਼ਲਾਘਾਯੋਗ ਫ਼ੈਸਲਾ ਲਿਆ ਗਿਆ ਹੈ। ਸੰਨ 1783 ਵਿਚ ਦੇਸ਼ ਦੀ ਰਾਜਧਾਨੀ ਦਿੱਲੀ ਨੂੰ ਜਿੱਤ ਕੇ ਸਿੱਖਾਂ ਦੀ ਬਹਾਦਰੀ ਦੀ ਨਵੀਂ ਮਿਸਾਲ ਕਾਇਮ ਕਰਨ ਵਾਲੇ ਸਿੱਖ ਜਰਨੈਲਾਂ ਜਥੇਦਾਰ ਬਘੇਲ ਸਿੰਘ, ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਅਤੇ ਜਥੇਦਾਰ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੱਤ ਸਥਾਪਿਤ ਕਰਕੇ ਸਿੱਖਾਂ ਦੀਆਂ ਅਗਲੀਆਂ ਪੀੜ੍ਹੀਆਂ ਨੂੰ ਇਸ ਤੋਂ ਜਾਣੂ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਫ਼ੈਸਲੇ ਦੀ ਸ਼ਲਾਘਾ ਕੀਤੀ ਜਾਣੀ ਬਣਦੀ ਹੈ। ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਤੀਜੀ ਜਨਮ ਸ਼ਤਾਬਦੀ ਮੌਕੇ ਕੀਤੇ ਜਾ ਰਹੇ ਇਨ੍ਹਾਂ ਉਪਰਾਲਿਆਂ ਦੌਰਾਨ ਤਿੰਨੇ ਸਿੱਖ ਜਰਨੈਲਾਂ ਦੇ ਘੋੜੇ 'ਤੇ ਸਵਾਰ ਬੁੱਤ ਤਿਆਰ ਕਰਵਾਏ ਗਏ ਹਨ। ਹਰੇਕ ਬੁੱਤ ਦੀ 12 ਫੁੱਟ ਉੱਚਾਈ, 10 ਫੁੱਟ ਲੰਬਾਈ ਅਤੇ 10 ਫੁੱਟ ਚੌੜਾਈ ਰੱਖੀ ਗਈ ਹੈ। ਬੁੱਤਾਂ ਨੂੰ ਇਸੇ ਮਹੀਨੇ ਪੱਛਮੀ ਦਿੱਲੀ ਵਿਚ ਨਜ਼ੱਫਗੜ੍ਹ ਰੋਡ 'ਤੇ ਰਾਜੌਰੀ ਗਾਰਡਨ ਵਿਖੇ ਸਥਾਪਿਤ ਕੀਤਾ ਜਾਵੇਗਾ। ਅਜਿਹੇ ਯਤਨ ਕਿਸੇ ਵੀ ਕੌਮ ਨੂੰ ਉਸ ਦੇ ਜਰਨੈਲਾਂ ਵਲੋਂ ਸਿਰਜੇ ਨਵੇਂ ਇਤਿਹਾਸ ਤੋਂ ਜਾਣੂ ਕਰਵਾਉਣ ਲਈ ਬੜੇ ਹੀ ਸਾਰਥਿਕ ਹੋ ਨਿੱਬੜਦੇ ਹਨ।
ਇਨ੍ਹਾਂ ਯਾਦਗਾਰਾਂ ਤੋਂ ਪਹਿਲਾਂ ਦਿੱਲੀ ਫ਼ਤਹਿ ਦੇ ਮਾਣਮੱਤੇ ਇਤਿਹਾਸ ਨੂੰ ਜਾਨਣਾ ਬੜਾ ਜ਼ਰੂਰੀ ਹੈ। ਸਿੱਖਾਂ ਦੇ ਤਿੰਨ ਬਹਾਦਰ ਜਰਨੈਲਾਂ ਦੀ ਅਗਵਾਈ ਹੇਠ ਦੇਸ਼ ਦੀ ਰਾਜਧਾਨੀ ਦਿੱਲੀ ਦੀ ਸਰਜ਼ਮੀਨ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਅ ਕੇ ਸਿੱਖਾਂ ਉੱਪਰ ਜ਼ੁਲਮ ਢਾਹੁਣ ਵਾਲੇ ਹਾਕਮਾਂ ਨੂੰ ਵੰਗਾਰਨਾ ਇਕ ਵੱਡੀ ਇਤਿਹਾਸਕ ਘਟਨਾ ਹੈ। ਇਸ ਘਟਨਾ ਨੂੰ ਅੰਜਾਮ ਤੱਕ ਪਹੁੰਚਾਉਣ ਵਾਲੇ ਪ੍ਰਮੁੱਖ ਸਿੱਖ ਜਰਨੈਲ ਜਥੇਦਾਰ ਬਘੇਲ ਸਿੰਘ ਦਾ ਜਨਮ ਸੰਨ 1730 ਨੂੰ ਇਤਿਹਾਸਕ ਕਸਬਾ ਝਬਾਲ (ਅੰਮ੍ਰਿਤਸਰ) ਵਿਚ ਹੋਇਆ। ਉਨ੍ਹਾਂ ਦੇ ਪਰਿਵਾਰ ਦਾ ਸਬੰਧ ਮਾਝੇ ਦੇ 84 ਪਿੰਡਾਂ ਦੇ ਮਾਲਕ ਚੌਧਰੀ ਲੰਗਾਹ ਢਿੱਲੋਂ ਨਾਲ ਜਾ ਜੁੜਦਾ ਹੈ। ਚੌਧਰੀ ਲੰਗਾਹ ਗੁਰੂ ਅਰਜਨ ਦੇਵ ਜੀ ਦੇ ਸ਼ਰਧਾਲੂ ਸੀ ਅਤੇ ਮੁਕਤਸਰ ਦੀ ਜੰਗ ਵਿਚ ਆਪਣੇ ਜੌਹਰ ਦਿਖਾਉਣ ਵਾਲੀ ਸਿੰਘਣੀ ਮਾਈ ਭਾਗੋ ਦੇ ਦਾਦਾ ਭਾਈ ਪੈਰੋ ਸ਼ਾਹ ਢਿੱਲੋਂ ਦੇ ਛੋਟੇ ਭਰਾ ਸਨ। ਪਰ ਇਤਿਹਾਸ ਵਿਚ ਲਿਖਿਆ ਮਿਲਦਾ ਹੈ ਕਿ ਬਘੇਲ ਸਿੰਘ ਧਾਲੀਵਾਲ ਗੋਤ ਨਾਲ ਸਬੰਧਤ ਸਨ, ਉਨ੍ਹਾਂ ਦਾ ਅਸਲ ਪਿੰਡ ਮੋਗਾ ਜ਼ਿਲ੍ਹੇ ਵਿਚ ਰਾਉਕੇ ਕਲਾਂ ਹੈ। ਇਤਿਹਾਸਕ ਕਸਬਾ ਝਬਾਲ ਵਿਚ ਉਨ੍ਹਾਂ ਦੇ ਨਾਨਕੇ ਵੀ ਹੋ ਸਕਦੇ ਹਨ। ਇਸ ਸਬੰਧੀ ਮੁਕੰਮਲ ਜਾਣਕਾਰੀ ਨਹੀਂ ਮਿਲ ਸਕੀ।
ਸੰਨ 1748 ਈ: ਨੂੰ ਜਿਸ ਵਕਤ ਦਲ ਖ਼ਾਲਸਾ ਦਾ ਉਭਾਰ ਹੋ ਰਿਹਾ ਸੀ, ਉਸ ਸਮੇਂ ਲਾਹੌਰ ਜ਼ਿਲ੍ਹੇ ਦੇ ਪਿੰਡ ਬਰਕੀ ਵਿਚ ਵਿਰਕ ਗੋਤ ਨਾਲ ਸਬੰਧਤ ਕਰੋੜਾ ਸਿੰਘ ਪੈਦਾ ਹੋਇਆ, ਜੋ ਪਿੱਛੋਂ ਜਾ ਕੇ ਕਰੋੜ ਸਿੰਘੀਆ ਮਿਸਲ ਦਾ ਸਰਦਾਰ ਬਣਿਆ। ਇਤਿਹਾਸ ਦੱਸਦਾ ਹੈ ਕਿ ਬੇਹੱਦ ਜ਼ਾਲਮ ਮੁਗ਼ਲ ਬਾਦਸ਼ਾਹ ਜ਼ਕਰੀਆ ਖਾਨ ਨੇ 20 ਕੁ ਸਾਲ ਦੀ ਉਮਰ ਵਿਚ ਕਰੋੜਾ ਸਿੰਘ ਨੂੰ ਜਬਰੀ ਮੁਸਲਮਾਨ ਬਣਾ ਦਿੱਤਾ। ਪਰ ਉਹ ਬੜੀ ਜਲਦੀ ਹੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਸਿੰਘ ਸਜ ਗਏ। ਕਰੋੜਾ ਸਿੰਘ ਦੇ ਆਪਣੇ ਕੋਈ ਪੁੱਤਰ ਨਹੀਂ ਸੀ। ਉਸ ਨੇ ਆਪਣੇ ਘਰੇਲੂ ਨੌਕਰ ਬਘੇਲ ਸਿੰਘ ਨੂੰ ਗੋਦ ਲੈ ਰੱਖਿਆ ਸੀ। ਸੰਨ 1761 ਨੂੰ ਹੋਈ ਤਰਾਈ ਦੀ ਲੜਾਈ ਦੌਰਾਨ ਕਰੋੜਾ ਸਿੰਘ ਮਾਰਿਆ ਗਿਆ। ਉਸ ਤੋਂ ਬਾਅਦ ਬਘੇਲ ਸਿੰਘ ਨੇ ਕਰੋੜ ਸਿੰਘੀਆ ਮਿਸਲ ਦੀ ਵਾਗਡੋਰ ਸੰਭਾਲੀ। ਜਥੇਦਾਰ ਬਘੇਲ ਸਿੰਘ ਨੇ ਆਪਣੀ ਸੂਝ-ਬੂਝ ਸਦਕਾ ਸਿੱਖ ਮਿਸਲਾਂ ਨੂੰ ਸੰਗਠਤ ਕਰਕੇ ਹਿੰਦੁਸਤਾਨ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾਉਣ ਵਰਗਾ ਇਤਿਹਾਸ ਰਚਿਆ।
ਜਦ ਬਘੇਲ ਸਿੰਘ ਨੇ ਕਰੋੜ ਸਿੰਘੀਆ ਮਿਸਲ ਦਾ ਕਾਰਜ ਭਾਰ ਸੰਭਾਲਿਆ ਤਾਂ ਉਸ ਵਕਤ ਦਿੱਲੀ ਦੇ ਤਖ਼ਤ 'ਤੇ ਮੁਗ਼ਲ ਹਾਕਮ ਸ਼ਾਹ ਆਲਮ ਦੂਜਾ ਰਾਜ ਕਰ ਰਿਹਾ ਸੀ। ਬਘੇਲ ਸਿੰਘ ਨੇ ਸਭ ਤੋਂ ਪਹਿਲਾਂ ਹੁਸ਼ਿਆਰਪੁਰ 'ਤੇ ਕਬਜ਼ਾ ਕਰਕੇ ਆਪਣੀ ਜੇਤੂ ਮੁਹਿੰਮ ਦੀ ਸ਼ੁਰੂਆਤ ਕੀਤੀ। ਉਸ ਦੀਆਂ ਤਿੰਨ ਪਤਨੀਆਂ ਸਨ। ਆਪਣੀ ਪਹਿਲੀ ਪਤਨੀ ਰੂਪ ਕੰਵਲ ਨੂੰ ਰਾਜ ਦੇ ਅੰਦਰੂਨੀ ਮਾਮਲਿਆਂ ਦਾ ਪ੍ਰਬੰਧ ਸੌਂਪਿਆ। ਹਰਿਆਣਾ ਵਿਚ ਕਰਨਾਲ ਤੋਂ 30 ਕਿਲੋਮੀਟਰ ਅੱਗੇ ਛਲੌਦੀ ਨੂੰ ਆਪਣੇ ਕਬਜ਼ੇ 'ਚ ਕਰਕੇ ਇਸ ਦੀ ਦੇਖ-ਰੇਖ ਦੂਜੀ ਪਤਨੀ ਰਾਜ ਕੰਵਲ ਨੂੰ ਸੰਭਾਲ ਦਿੱਤੀ। ਤੀਜੀ ਪਤਨੀ ਰਤਨ ਕੌਰ ਨੂੰ ਕਲਾਵਰ ਦਾ ਪ੍ਰਬੰਧ ਸੌਂਪ ਦਿੱਤਾ। ਸਰਦਾਰ ਹਰੀ ਸਿੰਘ ਭੰਗੀ ਨੂੰ ਹਰਾ ਕੇ ਉਸ ਦੇ ਕਬਜ਼ੇ ਵਾਲੇ ਤਿੰਨ ਪਰਗਨੇ ਤਰਨ ਤਾਰਨ, ਸਭਰਾਓਂ ਅਤੇ ਸਰਹਾਲੀ ਨੂੰ ਆਪਣੇ ਕਬਜ਼ੇ ਵਿਚ ਕਰਕੇ ਫਿਰ ਸਰਹਿੰਦ ਵੱਲ ਨੂੰ ਰੁਖ਼ ਕੀਤਾ। ਸਰਹਿੰਦ ਜਿੱਤਣ ਤੋਂ ਬਾਅਦ ਨਵਾਬ ਜੱਸਾ ਸਿੰਘ ਆਹਲੂਵਾਲੀਆ ਅਤੇ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਵਾਲੀਆਂ ਸੰਗਠਿਤ ਸਿੱਖ ਫ਼ੌਜਾਂ ਨੇ 20 ਫਰਵਰੀ, 1764 ਨੂੰ ਸਹਾਰਨਪੁਰ, ਮੁਜ਼ੱਫ਼ਰਨਗਰ ਅਤੇ ਮੇਰਠ ਜਿੱਤ ਕੇ ਨਜੀਬਾਵਾਦ, ਮੁਰਾਦਾਬਾਦ ਅਤੇ ਅਨੂਪ ਸ਼ਹਿਰ 'ਤੇ ਜਿੱਤ ਹਾਸਲ ਕੀਤੀ। 22 ਅਪ੍ਰੈਲ, 1775 ਨੂੰ ਕੁੰਜਪੁਰਾ ਨੇੜਿਓਂ ਜਮਨਾ ਨਦੀ ਪਾਰ ਕਰਕੇ 15 ਜੁਲਾਈ, 1775 ਨੂੰ ਦਿੱਲੀ ਦੇ ਹੀ ਪਹਾੜਗੰਜ ਅਤੇ ਜੈ ਸਿੰਘਪੁਰਾ ਨੂੰ ਜਿੱਤਿਆ।
ਇਸ ਤੋਂ ਬਾਅਦ 50,000 ਦੀ ਗਿਣਤੀ ਵਾਲੇ ਦਲ ਖ਼ਾਲਸਾ ਨੇ ਦਿੱਲੀ ਵੱਲ ਕੂਚ ਕੀਤਾ। ਫਰਵਰੀ, 1783 ਨੂੰ ਗਾਜ਼ੀਆਬਾਦ, ਸ਼ਿਕੋਹਾਬਾਦ, ਅਲੀਗੜ੍ਹ ਅਤੇ ਬੁਲੰਦ ਸ਼ਹਿਰ ਨੂੰ ਆਪਣੇ ਕਬਜ਼ੇ 'ਚ ਕੀਤਾ। ਦਿੱਲੀ ਵਿਚ ਦਾਖ਼ਲੇ ਸਮੇਂ ਜੱਸਾ ਸਿੰਘ ਆਹਲੂਵਾਲੀਆ ਅਤੇ ਜਥੇਦਾਰ ਬਘੇਲ ਸਿੰਘ ਨੇ ਆਪਣੀ 50,000 ਦੇ ਕਰੀਬ ਸੈਨਾ ਨੂੰ ਦੋ ਹਿੱਸਿਆਂ ਵਿਚ ਵੰਡ ਲਿਆ। ਬਘੇਲ ਸਿੰਘ ਨੇ ਆਪਣੀ 30,000 ਫ਼ੌਜ ਨੂੰ ਤੀਸ ਹਜ਼ਾਰੀ ਵਾਲੇ ਸਥਾਨ 'ਤੇ ਰੱਖਿਆ। 8 ਮਾਰਚ, 1783 ਨੂੰ ਮਲਕਾ ਗੰਜ, ਸਬਜ਼ੀ ਮੰਡੀ, ਮੁਗ਼ਲਪੁਰਾ ਅਤੇ ਅਜਮੇਰੀ ਦਰਵਾਜ਼ੇ ਨੂੰ ਬੁਰੀ ਤਰ੍ਹਾਂ ਤਹਿਸ-ਨਹਿਸ ਕਰਕੇ ਸਿੱਖ ਫ਼ੌਜਾਂ ਅੱਗੇ ਵਧੀਆਂ। ਦੂਜੇ ਪਾਸਿਓਂ ਸਿੱਖ ਜਰਨੈਲ ਜੱਸਾ ਸਿੰਘ ਰਾਮਗੜ੍ਹੀਆ ਆਪਣੇ 10 ਹਜ਼ਾਰ ਸੈਨਿਕਾਂ ਨਾਲ ਹਿਸਾਰ ਵਾਲੇ ਪਾਸਿਓਂ ਦਿੱਲੀ ਪੁੱਜਾ। 11 ਮਾਰਚ, 1783 ਨੂੰ ਸਮੁੱਚੇ ਸ਼ਹਿਰ ਉੱਪਰ ਜਿੱਤ ਪ੍ਰਾਪਤ ਕਰਨ ਤੋਂ ਬਾਅਦ ਸਿੱਖ ਕੌਮ ਦੇ ਤਿੰਨੇ ਪ੍ਰਸਿੱਧ ਜਰਨੈਲਾਂ ਨੇ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਲ ਕਿਲ੍ਹੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਕੇ ਦੁਨੀਆ ਦੇ ਇਤਿਹਾਸ ਵਿਚ ਇਕ ਹੋਰ ਸੁਨਹਿਰੀ ਪੰਨਾ ਜੜ ਦਿੱਤਾ। ਦਿੱਲੀ ਦੇ ਤਖ਼ਤ 'ਤੇ ਬੈਠਣ ਲਈ ਜੱਸਾ ਸਿੰਘ ਰਾਮਗੜ੍ਹੀਆ ਅਤੇ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੇ ਸੈਨਿਕਾਂ ਨੇ ਆਪੋ ਵਿਚ ਇਕ-ਦੂਜੇ ਖਿਲਾਫ਼ ਤਲਵਾਰਾਂ ਵੀ ਸੂਤ ਲਈਆਂ ਸਨ ਪਰ ਪ੍ਰਮੁੱਖ ਜਰਨੈਲਾਂ ਦੀ ਸਿਆਣਪ ਨਾਲ ਮਾਮਲਾ ਠੰਢਾ ਪੈ ਗਿਆ। ਸਾਰੀ ਸਿੱਖ ਫ਼ੌਜ ਦਾ ਟਿਕਾਣਾ ਸਬਜ਼ੀ ਮੰਡੀ ਵਿਚ ਕੀਤਾ ਗਿਆ।
ਜਥੇਦਾਰ ਬਘੇਲ ਸਿੰਘ ਦੇ ਨਾਲ ਮੁਗ਼ਲ ਬੇਗਮ ਸਮਰੂ ਦੇ ਚੰਗੇ ਸਬੰਧ ਸਨ। ਬੇਗਮ ਸਮਰੂ ਨੇ ਸਿੰਘਾਂ ਦਾ ਮੁਗ਼ਲ ਬਾਦਸ਼ਾਹ ਨਾਲ ਕੁਝ ਸ਼ਰਤਾਂ ਤਹਿਤ ਸਮਝੌਤਾ ਕਰਵਾ ਦਿੱਤਾ। ਸਮਝੌਤੇ ਅਨੁਸਾਰ ਸਿੱਖ ਫ਼ੌਜਾਂ ਵਲੋਂ ਜਥੇਦਾਰ ਬਘੇਲ ਸਿੰਘ ਦੀ ਅਗਵਾਈ ਹੇਠ ਦਿੱਲੀ ਦੇ ਇਤਿਹਾਸਕ ਗੁਰਦੁਆਰਿਆਂ ਦਾ ਨਿਰਮਾਣ ਕਰਨਾ ਹੋਵੇਗਾ ਅਤੇ ਮੁਗ਼ਲ ਸਲਤਨਤ ਆਪਣੇ ਕੁੱਲ ਮਾਲੀਏ ਦਾ ਸਾਢੇ 12 ਫੀਸਦੀ ਸਿੱਖ ਫ਼ੌਜਾਂ ਨੂੰ ਦੇਣ ਲਈ ਪਾਬੰਦ ਹੋਵੇਗੀ। ਕਈ ਇਤਿਹਾਸਕਾਰਾਂ ਵਲੋਂ ਸਾਢੇ 12 ਫੀਸਦੀ ਦੀ ਜਗ੍ਹਾ ਸਾਢੇ 37 ਫੀਸਦੀ ਲਿਖਿਆ ਗਿਆ ਹੈ। ਇਸ ਤੋਂ ਬਿਨਾਂ ਸਿੱਖ ਅੱਗੇ ਤੋਂ ਕਦੇ ਵੀ ਦਿੱਲੀ ਵੱਲ ਨੂੰ ਕੂਚ ਨਹੀਂ ਕਰਨਗੇ। ਕਰੀਬ 9-10 ਮਹੀਨੇ ਵਿਚ ਹੀ ਸਿੱਖ ਫ਼ੌਜਾਂ ਵਲੋਂ ਦਿੱਲੀ ਵਿਚ 7 ਇਤਿਹਾਸਕ ਗੁਰਦੁਆਰਿਆਂ (ਗੁਰਦੁਆਰਾ ਮਾਤਾ ਸੁੰਦਰੀ ਜੀ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ, ਗੁਰਦੁਆਰਾ ਸ੍ਰੀ ਬਾਲਾ ਸਾਹਿਬ, ਗੁਰਦੁਆਰਾ ਰਕਾਬਗੰਜ ਸਾਹਿਬ, ਗੁਰਦੁਆਰਾ ਮੋਤੀ ਬਾਗ ਸਾਹਿਬ, ਗੁਰਦੁਆਰਾ ਮਜਨੂੰ ਕਾ ਟਿੱਲਾ) ਦਾ ਨਿਰਮਾਣ ਕਰਨ ਤੋਂ ਬਾਅਦ ਦਸੰਬਰ, 1783 ਵਿਚ ਹੀ ਜਥੇਦਾਰ ਬਘੇਲ ਸਿੰਘ ਤੇ ਹੋਰ ਸਿੱਖ ਜਰਨੈਲਾਂ ਨੇ ਦਿੱਲੀ ਨੂੰ ਛੱਡ ਦਿੱਤਾ। ਜਥੇਦਾਰ ਬਘੇਲ ਸਿੰਘ ਧਾਲੀਵਾਲ ਸੰਨ 1802 ਨੂੰ ਹਰਿਆਣਾ (ਹੁਸ਼ਿਆਰਪੁਰ) ਵਿਖੇ ਚਲਾਣਾ ਕਰ ਗਏ।
ਇਤਿਹਾਸ ਦੇ ਵਰਕੇ ਫਰੋਲਦਿਆਂ ਇਹ ਵੀ ਪਤਾ ਲੱਗਦਾ ਹੈ ਕਿ ਦਿੱਲੀ ਦੇ ਲਾਲ ਕਿਲ੍ਹੇ ਵਿਚ ਮੁਗ਼ਲ ਹਾਕਮ ਜਿਸ ਸਿੱਲ ਪੱਥਰ ਉੱਪਰ ਬੈਠ ਕੇ ਰਾਜ-ਭਾਗ ਚਲਾਇਆ ਕਰਦੇ ਸਨ, ਉਹ ਸਿੱਲ ਪੱਥਰ ਵੀ ਸਿੰਘ ਆਪਣੇ ਨਾਲ ਲੈ ਆਏ ਸਨ, ਜੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਲੰਗਰ ਹਾਲ ਕੋਲ ਸਥਿਤ ਰਾਮਗੜ੍ਹੀਆ ਬੁੰਗਾ ਵਿਖੇ ਹਾਲੇ ਵੀ ਪਿਆ ਹੈ। ਇਨ੍ਹਾਂ ਜਰਨੈਲਾਂ ਦੀ ਬਹਾਦਰੀ ਅਤੇ ਪਾਏ ਨਵੇਂ ਪੂਰਨਿਆਂ ਤੋਂ ਜਾਣੂ ਕਰਵਾਉਣ ਲਈ ਮੈਂ ਪਿਛਲੇ ਕਈ ਸਾਲਾਂ ਤੋਂ ਇਸ ਸਬੰਧੀ ਖੋਜ ਪੜਤਾਲ ਕਰਕੇ ਹਰ ਵਰ੍ਹੇ ਅਖ਼ਬਾਰਾਂ ਲਈ ਕਾਲਮ ਲਿਖ ਰਿਹਾ ਹਾਂ। ਇਤਿਹਾਸਕ ਕਸਬਾ ਝਬਾਲ ਅਤੇ ਬਘੇਲ ਸਿੰਘ ਦੇ ਜੱਦੀ ਪਿੰਡ ਰਾਉਕੇ ਕਲਾਂ ਵਿਖੇ ਜਾ ਕੇ ਵੀ ਖੋਜ ਕੀਤੀ ਗਈ ਹੈ। ਪਿਛਲੇ ਕੁਝ ਸਾਲਾਂ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦੇ ਲਾਲ ਕਿਲ੍ਹੇ ਵਿਚ ਹਰ ਵਰ੍ਹੇ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ, ਜੋ ਬੇਹੱਦ ਸ਼ਲਾਘਾਯੋਗ ਕਦਮ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੇਤ ਹੋਰ ਵੀ ਸਿੱਖ ਸੰਸਥਾਵਾਂ ਵਲੋਂ ਅਜਿਹੇ ਸਮਾਗਮ ਕਰਵਾਏ ਜਾਣੇ ਚਾਹੀਦੇ ਹਨ।


-ਵਿੰਨੀਪੈੱਗ (ਕੈਨੇਡਾ) ਫੋਨ : 001-431-373-4814

ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਦਰਭ ਵਿਚ

ਕਰਤਾਰਪੁਰ ਲਾਂਘੇ ਲਈ ਸੁਹਿਰਦ ਯਤਨ ਹੋਣ

1969 ਈ: ਵਿਚ ਸਿੱਖ ਧਰਮ ਦੇ ਬਾਨੀ, ਸਤਿਗੁਰੂ ਨਾਨਕ ਸਾਹਿਬ ਦੇ 500ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਸਮੁੱਚੇ ਪੰਥ ਵਿਚ ਆਪਮੁਹਾਰਾ ਉਤਸ਼ਾਹ ਅਤੇ ਸ਼ਰਧਾ ਉਪਜੇ। ਇਉਂ ਜਾਪਦਾ ਸੀ ਜਿਵੇਂ ਜੀਵਨ ਦੇ ਹਰ ਖੇਤਰ/ਅੰਗ ਨੂੰ ਇਕ ਤਰ੍ਹਾਂ ਦੀ ਝਰਨਾਹਟ ਨੇ ਹਲੂਣਾ ਦੇ ਦਿੱਤਾ ਸੀ। ਪੰਜਾਬ ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਲੋਂ ਅੰਤਰਰਾਸ਼ਟਰੀ ਸੈਮੀਨਾਰ ਆਯੋਜਤ ਹੋਇਆ, ਜਿਸ ਵਿਚ ਵਿਸ਼ਵ ਵਿਆਪੀ ਵਿਦਵਾਨਾਂ ਨੇ ਭਾਗ ਲਿਆ। ਗੁਰੂ ਨਾਨਕ ਸਾਹਿਬ ਬਾਰੇ ਉਚੇਚੇ ਖੋਜ ਪ੍ਰਾਜੈਕਟ ਸੰਕਲਪੇ ਗਏ ਅਤੇ ਜਨਮ ਸਾਖੀਆਂ ਉੱਪਰ ਖੋਜ ਲਈ ਮੇਜਰ ਪ੍ਰਾਜੈਕਟ ਲਾਂਚ ਕਰਨ ਦਾ ਉਪਰਾਲਾ ਵੀ ਹੋਇਆ, ਜਿਸ ਦੇ ਸਿੱਟੇ ਵਜੋਂ ਡਾ: ਕਿਰਪਾਲ ਸਿੰਘ ਦੁਆਰਾ ਰਚਿਤ 'ਜਨਮ ਸਾਖੀ ਪਰੰੰਪਰਾ' ਇਕ ਮਾਅਰਕਾ-ਖ਼ੇਜ਼ ਖੋਜ ਰਚਨਾ ਸਾਹਮਣੇ ਆਈ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਲੋਂ ਜੇ.ਐਸ. ਗਰੇਵਾਲ ਦੀ ਪੁਸਤਕ 'ਗੁਰੂ ਨਾਨਕ ਇਨ ਹਿਸਟਰੀ' ਪ੍ਰਕਾਸ਼ਿਤ ਹੋਈ, ਜਿਸ 'ਤੇ ਡਾ: ਗਰੇਵਾਲ ਨੂੰ ਲੰਡਨ ਯੂਨੀਵਰਸਿਟੀ ਨੇ ਡੀ.ਲਿੱਟ. ਦੀ ਡਿਗਰੀ ਪ੍ਰਦਾਨ ਕੀਤੀ। ਇਹ ਪ੍ਰਾਪਤੀਆਂ ਕੋਈ ਨਿਗੂਣੀਆਂ ਨਹੀਂ ਸਨ।
ਹੁਣ 50 ਸਾਲ ਉਪਰੰਤ, 550ਵਾਂ ਪ੍ਰਕਾਸ਼ ਪੁਰਬ ਮਨਾਉਣ ਦੀ ਗੱਲ ਚੱਲੀ ਹੈ। ਇਸ ਪੁਰਬ ਦੀ ਨਿਸ਼ਚਿਤ ਤਾਰੀਖ਼ ਨਵੰਬਰ, 2019 ਵਿਚ ਹੈ, ਪਰ ਹਿਲਜੁਲ ਬੜੀ ਘੱਟ ਹੈ। ਪੰਜਾਬ ਸਰਕਾਰ ਨੇ ਇਕ ਕਮੇਟੀ ਬਣਾਈ ਹੈ। ਨਾ-ਮਾਤਰ ਸਰਗਰਮੀਆਂ ਦੀ ਚਰਚਾ ਸ਼੍ਰੋ: ਗੁ: ਪ੍ਰ: ਕਮੇਟੀ ਵਲੋਂ ਅਖ਼ਬਾਰਾਂ ਵਿਚ ਆਉਂਦੀ ਹੈ। ਕੋਈ ਗੰਭੀਰ ਅਤੇ ਨਿੱਗਰ ਗੱਲ ਚਲਦੀ ਧਿਆਨ ਵਿਚ ਨਹੀਂ ਆਉਂਦੀ। ਇਹੀ ਨਿਰਾਸ਼ਾਜਨਕ ਗੱਲ ਹੈ। ਪਾਕਿਸਤਾਨ ਅਤੇ ਭਾਰਤ ਦੋਵਾਂ ਦੇਸ਼ਾਂ ਨੂੰ ਗੁਰੂ ਨਾਨਕ ਸਾਹਿਬ ਦੀ ਵੱਡੀ ਦੇਣ ਹੈ। ਗੁਰੂ ਨਾਨਕ ਦੇਵ ਜੀ ਵਲੋਂ ਸਥਾਪਤ ਸਿੱਖ ਪੰਥ ਦਾ ਦੋਵਾਂ ਦੇਸ਼ਾਂ ਨਾਲ ਨੇੜਲਾ ਸਬੰਧ ਹੈ। ਗੁਰੂ ਨਾਨਕ ਦੇਵ ਜੀ ਦਾ ਆਪਣੇ ਜੀਵਨ ਕਾਲ ਦੇ ਛੇਕੜਲੇ ਸਮੇਂ ਵਿਚ ਰਾਵੀ ਕਿਨਾਰੇ ਵਸਾਇਆ ਨਗਰ, ਕਰਤਾਰਪੁਰ ਪਕਿਸਤਾਨ ਵਿਚ ਹੈ, ਜੋ ਭਾਰਤ-ਪਾਕਿ ਸੀਮਾ ਤੋਂ 4 ਕਿ: ਮੀ: ਦੀ ਵਿੱਥ 'ਤੇ ਹੈ। ਇਥੇ ਗੁਰੂ ਸਾਹਿਬ ਜੋਤੀ ਜੋਤ ਸਮਾਏ ਅਤੇ ਇਥੇ ਹੀ ਹਿੰਦੂਆਂ-ਮੁਸਲਮਾਨਾਂ ਦੋਵਾਂ ਨੇ ਉਨ੍ਹਾਂ ਨੂੰ ਆਪੋ-ਆਪਣਾ ਰਾਹਬਰ ਦਰਸਾਇਆ। ਗੁਰੂ ਨਾਨਕ ਦੇਵ ਜੀ ਦਾ ਸੰਦੇਸ਼ ਤਾਂ 'ਨਾ ਕੋ ਹਿੰਦੂ ਨ ਮੁਸਲਮਾਨ' ਦੇ ਕਥਨ ਨਾਲ ਉਜਾਗਰ ਹੋਇਆ ਸੀ। ਇਹ ਸ਼ਬਦ ਉਨ੍ਹਾਂ ਸੁਲਤਾਨਪੁਰ ਲੋਧੀ (ਕਪੂਰਥਲਾ) ਦੇ ਨਾਲ ਵਗਦੀ ਵੇਈਂ ਨਦੀ ਦੇ ਕੰਢੇ 'ਤੇ ਉਚਾਰੇ ਸਨ। ਉਹ ਧਰਤੀ ਅਜੇ ਸ਼ਾਂਤ ਹੈ। ਇਥੇ ਹਾਲੇ ਸਥਾਨਕ ਸਰਕਾਰ ਨੇ ਵੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪੁਰਬ ਵੱਲ ਧਿਆਨ ਨਹੀਂ ਦਿੱਤਾ।
ਕਰਤਾਰਪੁਰ ਪਾਕਿਸਤਾਨੀ ਪੰਜਾਬ ਦੇ ਨਾਰੋਵਾਲ ਜ਼ਿਲ੍ਹੇ ਵਿਚ ਸਥਿੱਤ ਹੈ। ਇਥੇ ਪਾਕਿਸਤਾਨ ਬਣਨ ਤੋਂ ਪਹਿਲਾਂ ਸਿੱਖਾਂ ਦੁਆਰਾ ਉਸਾਰਿਆ ਗਿਆ ਗੁਰਦੁਆਰਾ ਕਾਇਮ ਹੈ, ਜੋ ਪਾਕਿਸਤਾਨ ਦੇ ਵਕਫ਼ ਬੋਰਡ ਅਦਾਰੇ ਦੇ ਅਧਿਕਾਰ ਖੇਤਰ ਵਿਚ ਹੈ। ਇਹ ਗੁਰਦੁਆਰਾ ਅਜੇ ਸਿੱਖਾਂ ਲਈ ਬਕਾਇਦਾ ਯਾਤਰਾ ਦੇ ਰੂਟ ਮੈਪ 'ਤੇ ਨਹੀਂ ਹੈ। ਇਸ ਲਈ ਸਿੱਖਾਂ ਨੇ ਮੰਗ ਕੀਤੀ ਹੈ ਕਿ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਤੋਂ ਸਿੱਧਾ ਚਾਰ ਕਿ:ਮੀ: ਦਾ ਲਾਂਘਾ ਦੇ ਕੇ ਸਿੱਖਾਂ ਲਈ ਗੁਰੂ ਸਾਹਿਬ ਦੇ 550ਵੇਂ ਪੁਰਬ 'ਤੇ ਦਰਸ਼ਨਾਂ ਲਈ ਵਿਵਸਥਾ ਬਣਾਈ ਜਾਵੇ।
ਪਾਕਿਸਤਾਨ ਅਤੇ ਭਾਰਤ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਅਜੇ ਤੱਕ ਇਸ ਪਾਸੇ ਧਿਆਨ ਦੇਣ ਦਾ ਕਸ਼ਟ ਨਹੀਂ ਕੀਤਾ। ਪਿਛਲੇ ਸੱਤ ਦਹਾਕਿਆਂ ਵਿਚ ਦੋਵਾਂ ਦੇਸ਼ਾਂ ਦੇ ਰਾਜਸੀ ਆਗੂਆਂ ਨੇ ਆਪੋ-ਆਪਣੇ ਦੇਸ਼ਾਂ ਵਿਚ ਅਜਿਹੇ ਮੁੱਦਿਆਂ ਵੱਲ ਹੀ ਧਿਆਨ ਕੇਂਦ੍ਰਿਤ ਰੱਖਿਆ ਹੈ, ਜਿਨ੍ਹਾਂ ਨਾਲ ਉਨ੍ਹਾਂ ਦੇ ਲੋਕ ਅਜਿਹੇ ਰਾਜਨੀਤਕ ਸਰੋਕਾਰਾਂ ਨਾਲ ਬੱਧੇ ਰਹਿਣ, ਜਿਨ੍ਹਾਂ ਨਾਲ ਦੋਵਾਂ ਦੇਸ਼ਾਂ ਵਿਚਕਾਰ ਦੁਫੇੜ ਬਣੀ ਰਹੇ। ਲੋਕ ਭਾਵਨਾਵਾਂ ਦੀ ਉੱਕਾ ਕੋਈ ਪ੍ਰਵਾਹ ਨਹੀਂ ਕੀਤੀ ਗਈ। ਸਿੱਖਾਂ ਦੀ ਪਾਕਿਸਤਾਨ ਵਿਚਲੇ ਗੁਰਦੁਆਰਿਆਂ ਪ੍ਰਤੀ ਅਥਾਹ ਸ਼ਰਧਾ ਨੂੰ ਪਾਕਿਸਤਾਨ ਯਾਤਰੂ ਸੈਲਾਨੀਆਂ ਵਲੋਂ ਆਮਦਨੀ ਦਾ ਸਾਧਨ ਮੰਨ ਕੇ ਭਾਰਤ ਨਾਲ ਸਬੰਧਾਂ ਵਿਚ ਲੋੜ ਅਨੁਸਾਰ ਵਰਤਣ ਲਈ ਰੁਚਿਤ ਹੈ। ਭਾਰਤ ਵਲੋਂ ਵੀ ਇਹ ਮਸਲਾ ਕਿਸੇ ਪਹਿਲ ਵਿਚ ਨਹੀਂ ਹੈ।
ਜਾਪਦਾ ਹੈ ਕਿ ਇਹ ਅਵਸਰ ਸਿੱਖ ਪੰਥ ਨੂੰ ਨਿਰਾਸ਼ਾ ਦੇ ਆਲਮ ਵਿਚ ਹੀ ਲੰਘਾਉਣਾ ਪਵੇਗਾ। ਮੇਰਾ ਇਸ ਸਮੇਂ ਅਖੌਤੀ ਸਿੱਖ ਹਿਤੈਸ਼ੀਆਂ ਅਤੇ ਆਗੂਆਂ ਨੂੰ ਸਵਾਲ ਹੈ ਕਿ ਪੰਥ ਨੇ ਕਿਧਰੇ ਗੁਰੂ ਨਾਨਕ ਦੇਵ ਜੀ ਨੂੰ ਵਿਸਾਰ ਤਾਂ ਨਹੀਂ ਦਿੱਤਾ? ਕਿਧਰ ਜਾਓਗੇ? ਪੰਥ ਦੀ ਗੁਰੂ ਪ੍ਰਤੀ ਸ਼ਰਧਾ ਕਿਥੇ ਆਲੋਪ ਹੋ ਗਈ ਹੈ? ਮੈਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੌਕਰਸ਼ਾਹੀ ਨੂੰ ਸਰਕਾਰੀ ਨੌਕਰਸ਼ਾਹੀ ਵਾਂਗ ਵਿਚਰਦਿਆਂ ਦੇਖ ਕੇ ਮਾਯੂਸ ਹਾਂ। ਉਨ੍ਹਾਂ ਵਿਚ ਆਪਮੁਹਾਰੀ ਸ਼ਰਧਾ ਦੀ ਕੋਈ ਭਾਵਨਾ ਦ੍ਰਿਸ਼ਟਮਾਨ ਨਹੀਂ ਹੋ ਰਹੀ ਅਤੇ ਨਾ ਹੀ ਉਨ੍ਹਾਂ ਨੂੰ ਇਸ ਸਮੇਂ ਉਤਸ਼ਾਹਤ ਕੀਤਾ ਜਾ ਸਕਦਾ ਹੈ। ਚਲੋ! ਇਕ ਕੇਂਦਰੀ ਵੱਡਾ ਧਾਰਮਿਕ ਸਮਾਗਮ (ਜੋ ਗੁਰੂ ਤਾਈਂ ਸ਼ਰਧਾ ਉਤਪੰਨ ਕਰ ਸਕੇ) ਡੇਰਾ ਬਾਬਾ ਨਾਨਕ ਹੀ ਕਰ ਲਓ। ਸੰਗਤ ਦੂਰੋਂ ਹੀ ਕਰਤਾਰਪੁਰ ਸਥਿਤ ਗੁਰੂ-ਘਰ ਵੱਲ ਝਾਤ ਮਾਰ ਲਵੇਗੀ। ਹਨੇਰ ਦੀ ਗੱਲ ਹੈ ਜੇ ਮਾਨਸਰੋਵਰ ਦੀ ਯਾਤਰਾ ਲਈ ਚੀਨ ਪਾਸੋਂ ਲਾਂਘਾ ਮਿਲ ਸਕਦਾ ਹੈ ਤਾਂ ਕਰਤਾਰਪੁਰ ਲਈ ਲਾਂਘਾ ਕਿਉਂ ਨਹੀਂ ਮਿਲ ਸਕਦਾ? ਸਾਡਾ ਰਸੂਖ ਅਤੇ ਮਹੱਤਵ ਕਿਧਰ ਗਿਆ?

ਸਿਰ ਤੋਂ ਪਰ੍ਹੇ ਇਸ਼ਕ ਦਾ ਡੇਰਾ

ਕਾਜ਼ੀ ਰੁਕਨਦੀਨ

ਇਸ਼ਕ ਪੀਰਾਂ-ਫ਼ਕੀਰਾਂ ਦਾ ਮਰਤਬਾ ਹੈ। ਇਸ਼ਕ ਆਪਣੇ ਪਿਆਰੇ ਤੋਂ ਫਨਾਹ ਹੋ ਜਾਣਾ ਹੈ। ਇਸ ਦੀ ਕੀਮਤ ਜਾਨ ਵਾਰ ਕੇ ਅਦਾ ਕੀਤੀ ਜਾਂਦੀ ਹੈ। ਆਸ਼ਕੀ ਵਿਚ ਮਜ਼੍ਹਬਾਂ ਦੀਆਂ ਦੀਵਾਰਾਂ ਵੀ ਟੁੱਟ ਜਾਂਦੀਆਂ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਰਬ ਫੇਰੀ ਦਾ ਅੱਖੀਂ ਡਿੱਠਾ ਬਿਰਤਾਂਤ ਖਵਾਜਾ ਜ਼ੈਨ-ਉਲ-ਅਬਦੀਨ ਨੇ ਅਰਬੀ ਦੀ ਕਿਤਾਬ 'ਤਾਰੀਖੇ ਅਰਬ' ਵਿਚ ਦਿੱਤਾ ਹੈ। ਉਸ ਨੇ ਲਿਖਿਆ ਹੈ ਕਿ ਮੈਂ ਉਸ ਸਮੇਂ ਹਾਜ਼ਰ ਸਾਂ, ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਭੇਟ ਕਾਜ਼ੀ ਰੁਕਨਦੀਨ ਨਾਲ ਹੋਈ। ਕਾਜ਼ੀ ਨੇ ਗੁਰੂ ਸਾਹਿਬ ਨੂੰ 360 ਸਵਾਲ ਪੁੱਛੇ, ਜਿਨ੍ਹਾਂ ਦੇ ਤਸੱਲੀਬਖ਼ਸ਼ ਜਵਾਬ ਪ੍ਰਾਪਤ ਹੋਣ 'ਤੇ ਕਾਜ਼ੀ ਵਿਸਮਾਦ ਵਿਚ ਆ ਗਿਆ। ਉਹ ਮਹਾਰਾਜ ਜੀ ਦਾ ਮੁਰੀਦ ਬਣ ਗਿਆ। ਉਸ ਨੇ ਜਿਉਂ ਹੀ ਚਰਨ ਪਾਹੁਲ ਪ੍ਰਾਪਤ ਕੀਤੀ, ਉਸ ਦੀ ਸਮਾਧੀ ਲੱਗ ਗਈ। ਪਹਿਲਾਂ ਕਾਜ਼ੀ ਰਾਗ, ਨਾਦ ਦੇ ਵਿਰੁੱਧ ਸੀ ਪਰ ਫਿਰ ਗੁਰੂ ਸਾਹਿਬ ਦਾ ਕੀਰਤਨ ਸੁਣ ਕੇ ਨਿਹਾਲ ਹੁੰਦਾ ਰਿਹਾ। ਮੱਕੇ ਵਿਚ ਇਸ ਗੱਲ ਦੀ ਦੁਹਾਈ ਮਚ ਗਈ ਕਿ ਕਾਜ਼ੀ ਰੁਕਨਦੀਨ ਨੇ ਆਪਣਾ ਦੀਨ ਧਰਮ ਛੱਡ ਕੇ ਨਾਨਕ ਸ਼ਾਹ ਨੂੰ ਗੁਰੂ ਧਾਰ ਲਿਆ ਹੈ। ਮੁਲਾਣਿਆਂ ਨੇ ਉਸ ਨੂੰ ਕਾਫਰ ਦਾ ਫ਼ਤਵਾ ਦੇ ਦਿੱਤਾ। ਗੁਰੂ ਸਾਹਿਬ ਦੇ ਜਾਣ ਉਪਰੰਤ ਕਾਜ਼ੀ ਰੁਕਨਦੀਨ ਰੱਬੀ ਰੰਗ ਵਿਚ ਮਸਤ ਰਹਿ ਕੇ ਸਿਮਰਨ ਕਰਨ ਲੱਗਾ। ਉਹ ਪਹਾੜ ਦੀਆਂ ਕੰਦਰਾਂ ਵਿਚ ਇਕਾਂਤ ਹੋ ਕੇ ਰਸ ਮਾਣਦਾ ਰਿਹਾ।
ਤਪ ਕਰ ਰਹੇ ਕਾਜ਼ੀ ਨੂੰ ਕੰਦਰਾਂ ਵਿਚੋਂ ਧੂਹ ਕੇ ਲਿਆਂਦਾ ਗਿਆ ਅਤੇ ਫ਼ਤਵੇ ਸੁਣਾਏ ਗਏ ਕਿ ਉਹ ਆਪ ਕਾਫ਼ਰ ਹੈ, ਜਿਸ ਨੇ ਇਕ ਹਿੰਦੂ ਕਾਫ਼ਰ ਨੂੰ ਮੁਰਸ਼ਦ ਧਾਰਨ ਕਰ ਲਿਆ ਹੈ। ਇਸ ਲਈ ਉਸ ਨੂੰ 30 ਕੋੜੇ ਮਾਰੇ ਜਾਣ, ਗਿਆਰਾਂ ਦਿਨ ਖਾਣ-ਪੀਣ ਨੂੰ ਕੁਝ ਨਾ ਦਿੱਤਾ ਜਾਵੇ ਅਤੇ ਕੋਠੀ ਬੰਦ ਕੀਤਾ ਜਾਵੇ। ਉਸ ਦੇ ਕਬੀਲੇ ਨੂੰ ਦੇਸ਼ ਨਿਕਾਲਾ ਦਿੱਤਾ ਜਾਵੇ, ਸਾਰੀ ਜਾਇਦਾਦ ਜ਼ਬਤ ਕਰ ਲਈ ਜਾਵੇ। ਉਸ ਨੂੰ ਪੁੱਠਾ ਟੰਗਿਆ ਜਾਵੇ, ਮੂੰਹ ਕਾਲਾ ਕਰਕੇ ਮੱਕੇ ਵਿਚ ਫੇਰਿਆ ਜਾਵੇ ਅਤੇ ਰੇਤ ਵਿਚ ਗਲੇ ਤੱਕ ਦੱਬ ਕੇ ਪੱਥਰ ਮਾਰੇ ਜਾਣ। ਜੇਠ ਦੀ ਗਰਮੀ ਵਿਚ ਰੁਕਨਦੀਨ ਨੇ ਅਡੋਲ ਰਹਿ ਕੇ ਸਾਰੇ ਕਸ਼ਟ ਸਹੇ ਪਰ ਇਲਾਹੀ ਰੰਗ ਵਿਚ ਮਸਤ ਰਿਹਾ। ਬਾਈਵੇਂ ਦਿਨ ਜ਼ਮੀਨ ਵਿਚ ਦੱਬ ਕੇ ਸੰਗਸਾਰ ਕਰਨ ਦਾ ਫ਼ਤਵਾ ਲਾਇਆ ਗਿਆ। ਮੱਕੇ ਦੇ ਸ਼ਾਹ ਨੇ ਆਖਰੀ ਬਿਆਨ ਮੰਗੇ ਤਾਂ ਕਾਜ਼ੀ ਨੇ ਸੁਰਤ ਮੋੜੀ, ਮੱਕੇ ਦੇ ਸਾਰੇ ਲੋਕਾਂ ਸਾਹਮਣੇ ਇਹ ਬਿਆਨ ਦਰਜ ਕਰਵਾਇਆ ਕਿ ਮੇਰਾ ਰੱਬ, ਦੀਨ, ਇਮਾਮ ਨਾਨਕ ਹੀ ਹੈ ਜੋ ਸਭ ਤੋਂ ਵੱਡੀ ਕਲਾਮ ਤੇ ਕਿਤਾਬ ਦਾ ਮਾਲਕ ਹੈ। ਤੁਸੀਂ ਵੀ ਉਸ ਦੀ ਸ਼ਰਨ ਵਿਚ ਆ ਜਾਓ। ਏਨਾ ਕਹਿ ਕੇ ਆਪਣਾ ਸਰੀਰ ਛੱਡ ਦਿੱਤਾ। ਹਾਲੇ ਤੱਕ ਉਸ ਦੇ ਵੰਸ਼ ਦੇ ਲੋਕ ਤੀਰਾਹ ਅਤੇ ਅਫ਼ਗਾਨਿਸਤਾਨ ਦੀਆਂ ਪਹਾੜੀਆਂ ਵਿਚ ਰਹਿ ਰਹੇ ਹਨ। ਇਹ ਸਿਰ 'ਤੇ ਕੇਸ ਰੱਖਦੇ ਹਨ ਅਤੇ ਗੁਰੂ ਨਾਨਕ ਦੇਵ ਜੀ ਨੂੰ ਆਪਣਾ ਮੁਰਸ਼ਦ ਮੰਨਦੇ ਹਨ। ਸ਼ਰ੍ਹਾ ਦੀਆਂ ਤੰਗ ਦੀਵਾਰਾਂ ਨੂੰ ਤੋੜ ਕੇ ਕਾਜ਼ੀ ਰੁਕਨਦੀਨ ਆਸ਼ਕੀ ਦੇ ਖੁੱਲ੍ਹੇ ਅੰਬਰਾਂ ਵਿਚ ਅਭੇਦ ਹੋ ਗਿਆ ਅਤੇ ਇਹ ਸਿੱਧ ਕਰ ਗਿਆ-
ਕੌਣ ਕਹਿੰਦਾ ਹੈ ਕਿ ਆਸ਼ਕ ਮਰ ਗਿਆ
ਤੋੜ ਕੇ ਕੰਧਾਂ ਉਹ ਆਪਣੇ ਘਰ ਗਿਆ।

ਫਿਰੋਜ਼ਸ਼ਾਹ ਦੀ ਲੜਾਈ

ਜੋ ਫ਼ੌਜੀਆਂ ਨੇ ਜਿੱਤੀ ਪਰ ਕਮਾਂਡਰਾਂ ਨੇ ਹਰਾ ਦਿੱਤੀ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਤੇਜ ਸਿੰਘ ਦੀਆਂ ਬੰਦੂਕਾਂ ਨੇ ਗੋਲੀਆਂ ਚਲਾਈਆਂ। ਅੱਗੋਂ ਅੰਗਰੇਜ਼ਾਂ ਨੇ ਕੋਈ ਜਵਾਬ ਨਹੀਂ ਦਿੱਤਾ। ਕੁਝ ਮਿੰਟਾਂ ਬਾਅਦ ਪੰਜਾਬੀ ਬੰਦੂਕਾਂ ਵੀ ਬੰਦ ਹੋ ਗਈਆਂ। ਤੇਜ ਸਿੰਘ ਨੇ ਫ਼ੌਜ ਨੂੰ ਪਿੱਛੇ ਹਟਣ ਦਾ ਹੁਕਮ ਦਿੱਤਾ। ਲੜਾਈ ਵਾਸਤੇ ਤਾਂਘਦੇ ਸਿਪਾਹੀ ਹੈਰਾਨ ਹੋ ਗਏ। ਇਕ ਨਿਹੰਗ ਨੇ ਤਲਵਾਰ ਕੱਢੀ ਤੇ ਤੇਜ ਸਿੰਘ ਵੱਲ ਦੌੜਿਆ ਕਿ ਇਸ ਹੁਕਮ ਦਾ ਮਤਲਬ ਕੀ ਹੈ। ਤੇਜ ਸਿੰਘ ਨੇ ਆਪਣੇ ਹੱਥ ਆਪਸ ਵਿਚ ਰਗੜੇ ਤੇ ਕਿਹਾ ਕਿ ਮੈਂ ਇਹ ਕੰਮ ਖ਼ਾਲਸਾ ਦੇ ਹਿਤ ਵਿਚ ਕਰ ਰਿਹਾ ਹਾਂ, ਮੈਂ ਅੰਗਰੇਜ਼ ਫ਼ੌਜ ਨੂੰ ਪਿਛਲੇ ਪਾਸਿਓਂ ਘੇਰਨਾ ਚਾਹੁੰਦਾ ਹਾਂ। ਸਿਪਾਹੀ ਗੱਲਾਂ ਵਿਚ ਆ ਗਏ ਤੇ ਤੇਜ ਸਿੰਘ ਦੇ ਪਿੱਛੇ ਲੱਗ ਗਏ। ਜਿਹੜੇ ਸਿਪਾਹੀ ਇਕ ਰਾਤ ਪਹਿਲਾਂ ਫਿਰੋਜ਼ਸ਼ਾਹ ਵਿਚ ਪੂਰੀ ਬਹਾਦਰੀ ਨਾਲ ਲੜੇ ਸਨ, ਹੁਣ ਉਹੀ ਜਾਨਣ ਲੱਗੇ ਕਿ ਉਨ੍ਹਾਂ ਦਾ ਕਮਾਂਡਰ ਲਾਲ ਸਿੰਘ ਵੀ ਕੈਂਪ ਛੱਡ ਕੇ ਦੌੜ ਗਿਆ ਹੈ। ਪੰਜਾਬੀ ਕੈਂਪ ਵਿਚ ਬਹਿਸਾਂ ਤੇ ਨਰਾਜ਼ਗੀਆਂ ਸ਼ੁਰੂ ਹੋ ਗਈਆਂ।
ਲਾਰਡ ਗੱਫ ਨੂੰ ਇਹ ਸਮਝਣ ਵਿਚ ਜ਼ਿਆਦਾ ਦੇਰ ਨਹੀਂ ਲੱਗੀ ਕਿ ਲਾਲ ਸਿੰਘ ਤੇ ਤੇਜ ਸਿੰਘ ਨੇ ਆਪਣੇ ਗਦਾਰਾਨਾ ਵਾਅਦੇ ਪੂਰੇ ਕੀਤੇ ਹਨ ਤੇ ਉਸ ਨੇ ਆਪਣੇ ਸਿਪਾਹੀਆਂ ਨੂੰ ਫਿਰੋਜ਼ਸ਼ਾਹ ਵਿਚ ਇਕ ਹੋਰ ਹਮਲਾ ਕਰਨ ਵਾਸਤੇ ਹੁਕਮ ਦਿੱਤਾ। ਸਿੱਖ ਫ਼ੌਜੀ ਦਸਤੇ ਜੋ ਸਮਝਦੇ ਸਨ ਕਿ ਤੇਜ ਸਿੰਘ ਉਨ੍ਹਾਂ ਨੂੰ ਰਾਹਤ ਦੇਵੇਗਾ, ਹੈਰਾਨੀ ਵਿਚ ਆ ਗਏ। ਉਹ ਆਪਣੇ ਮੋਰਚੇ, ਤੋਪਾਂ ਤੇ 80,000 ਪੌਂਡ ਬਾਰੂਦ ਦਾ ਭੰਡਾਰ ਛੱਡ ਕੇ ਦੌੜ ਗਏ।
ਇਸ ਤਰ੍ਹਾਂ ਫਿਰੋਜ਼ਸ਼ਾਹ ਦੀ ਲੜਾਈ ਖ਼ਤਮ ਹੋਈ। ਇਕ ਲੜਾਈ ਜੋ ਫ਼ੌਜੀਆਂ ਨੇ ਜਿੱਤੀ ਸੀ ਤੇ ਉਨ੍ਹਾਂ ਦੇ ਗ਼ਦਾਰ ਕਮਾਂਡਰਾਂ ਨੇ ਹਰਾ ਦਿੱਤੀ।
ਇਸ ਹਾਰ ਤੋਂ ਫੌਰੀ ਬਾਅਦ ਤੇਜ ਸਿੰਘ ਬ੍ਰਿਟਿਸ਼ ਕੈਂਪ ਵਿਚ ਗਿਆ ਤੇ ਲਾਰਡ ਹਾਰਡਿੰਗ ਨੂੰ ਮਿਲਿਆ। ਉਨ੍ਹਾਂ ਵਿਚਕਾਰ ਕੀ ਗੱਲਬਾਤ ਹੋਈ, ਕਿਸੇ ਨੂੰ ਪਤਾ ਨਹੀਂ ਲੱਗਾ ਪਰ ਬਾਅਦ ਦੇ ਦਿਨਾਂ ਵਿਚ ਅੰਗਰੇਜ਼ਾਂ ਨੇ ਇਨ੍ਹਾਂ ਗ਼ਦਾਰਾਂ ਨਾਲ ਕੀ ਵਿਹਾਰ ਕੀਤਾ, ਉਸ ਗੱਲਬਾਤ ਬਾਰੇ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ।
ਬੱਦੋਵਾਲ-21 ਜਨਵਰੀ, 1846
ਅੰਗਰੇਜ਼ ਫ਼ੌਜ ਫਿਰੋਜ਼ਸ਼ਾਹ ਦੀ ਜਿੱਤ ਤੋਂ ਬਾਅਦ ਸਤਲੁਜ ਦੇ ਕੰਢੇ ਵੱਲ ਵਧ ਗਈ, ਜਿਥੇ ਲਾਰਡ ਬੁਸ਼ ਨੇ ਲਾਹੌਰ ਵੱਲ ਵਧਣ ਤੋਂ ਪਹਿਲਾਂ ਹੋਰ ਫ਼ੌਜਾਂ ਦੇ ਪਹੁੰਚਣ ਦਾ ਇੰਤਜ਼ਾਰ ਕਰਨ ਦਾ ਫ਼ੈਸਲਾ ਕੀਤਾ। ਲਾਲ ਸਿੰਘ ਤੇ ਤੇਜ ਸਿੰਘ ਨੇ ਕਮਜ਼ੋਰ ਪੈ ਚੁੱਕੇ ਦੁਸ਼ਮਣ ਨਾਲ ਲੜਨ ਦੇ ਮੌਕੇ ਦਾ ਫਾਇਦਾ ਨਹੀਂ ਉਠਾਇਆ। ਖ਼ਾਲਸਾ ਫ਼ੌਜ ਵੀ ਫੇਰੂ ਸ਼ਹਿਰ ਦੀ ਲੜਾਈ ਤੋਂ ਕਾਫੀ ਥੱਕ ਚੁੱਕੀ ਸੀ ਤੇ ਉਨ੍ਹਾਂ ਆਸਾਨੀ ਨਾਲ ਇਸ ਗੱਲ 'ਤੇ ਯਕੀਨ ਕਰ ਲਿਆ ਕਿ ਅੰਗਰੇਜ਼ ਏਨੀ ਬੁਰੀ ਤਰ੍ਹਾਂ ਹਾਰ ਗਏ ਹਨ ਕਿ ਉਹ ਸਤਲੁਜ ਪਾਰ ਕਰਨ ਦੀ ਸੋਚ ਹੀ ਨਹੀਂ ਸਕਦੇ।
ਖੁਸ਼-ਫਹਿਮੀ ਵਾਲਾ ਇਹ ਮੂਡ ਥੋੜ੍ਹੇ ਦਿਨ ਹੀ ਰਿਹਾ। ਜਲਦੀ ਇਤਲਾਹ ਮਿਲ ਗਈ ਕਿ ਅੰਬਾਲਾ ਤੇ ਦਿੱਲੀ ਤੋਂ ਅੰਗਰੇਜ਼ੀ ਫ਼ੌਜ ਦੀ ਵੱਡੀ ਨਫ਼ਰੀ ਇਸ ਪਾਸੇ ਨੂੰ ਚੱਲ ਪਈ ਹੈ। ਇਹ ਵੀ ਪਤਾ ਲੱਗਾ ਕਿ ਇਹ ਨਫ਼ਰੀ ਪਹਿਲਾਂ ਲੁਧਿਆਣਾ ਜਾਵੇਗੀ ਤੇ ਫਿਰ ਸਤਲੁਜ ਦੇ ਨਾਲ-ਨਾਲ ਹੇਠਾਂ ਫਿਰੋਜ਼ਪੁਰ ਵੱਲ ਜਾਵੇਗੀ।
8,000 ਆਦਮੀ ਤੇ 70 ਤੋਪਾਂ ਦੀ ਇਕ ਸਿੱਖ ਫ਼ੌਜ ਫਿਲੌਰ ਦੇ ਕਿਲ੍ਹੇ ਵਿਚ ਤਾਇਨਾਤ ਸੀ, ਜਿਸ ਨੇ ਲੁਧਿਆਣਾ ਵਿਚ ਦੁਸ਼ਮਣ ਦੀਆਂ ਹਰਕਤਾਂ ਉੱਤੇ ਨਜ਼ਰ ਰੱਖਣੀ ਸੀ। ਇਸ ਦਾ ਕਮਾਂਡਰ ਰਣਜੋਧ ਸਿੰਘ ਮਜੀਠੀਆ ਸੀ। ਉਸ ਦੇ ਨਾਲ ਰਾਜਾ ਅਜੀਤ ਸਿੰਘ ਲਾਡਵਾ ਸੀ, ਜੋ ਮਾਲਵੇ ਦਾ ਇਕ ਹੀ ਸਰਦਾਰ ਸੀ, ਜਿਹੜਾ ਅੰਗਰੇਜ਼ਾਂ ਦਾ ਸਾਥ ਦੇਣ ਦੀ ਬਜਾਏ ਲਾਹੌਰ ਦਰਬਾਰ ਪ੍ਰਤੀ ਵਫ਼ਾਦਾਰੀ ਰੱਖਦਾ ਸੀ। ਇਨ੍ਹਾਂ ਦੋ ਸਰਦਾਰਾਂ ਨੇ ਤੇਜ਼ੀ ਨਾਲ ਮਾਰਚ ਕਰਦਿਆਂ ਸਤਲੁਜ ਪਾਰ ਕੀਤਾ। ਇਨ੍ਹਾਂ ਨੇ ਪਹਿਲਾਂ ਫਤਹਿਗੜ੍ਹ ਦਾ ਕਿਲ੍ਹਾ ਆਜ਼ਾਦ ਕਰਵਾਇਆ, ਫਿਰ ਧਰਮਕੋਟ, ਗੰਗਰਾਨਾ ਅਤੇ ਬੱਦੋਵਾਲ 'ਤੇ ਕਬਜ਼ਾ ਕੀਤਾ ਜੋ ਲਾਡਵਾ ਦਾ ਇਲਾਕਾ ਸੀ ਪਰ ਦੁਸ਼ਮਣਾਂ ਦੇ ਕਬਜ਼ੇ ਵਿਚ ਸੀ। ਇਸ ਤੋਂ ਬਾਅਦ 'ਬਾਰ੍ਹਾਂ ਹੱਥਾ' ਦੇ ਥਾਂ 'ਤੇ ਡੇਰਾ ਜਮਾਇਆ, ਜੋ ਲੁਧਿਆਣਾ ਤੋਂ 7 ਮੀਲ ਰਹਿ ਗਿਆ ਸੀ। ਸਿੱਖਾਂ ਨੇ ਲੁਧਿਆਣਾ ਦੀ ਛਾਉਣੀ ਵਿਚ ਛੁਪ ਕੇ ਹਮਲਾ ਕੀਤਾ ਤੇ ਕਈ ਬੈਰਕਾਂ ਨੂੰ ਅੱਗ ਲਗਾ ਦਿੱਤੀ। ਦੁਸ਼ਮਣ ਦਾ ਬਸੀਆਂ ਦਾ ਡੀਪੋ ਵੀ ਖ਼ਤਰੇ ਵਿਚ ਪੈ ਗਿਆ ਸੀ।
ਲਾਰਡ ਗੱਫ ਨੇ ਸਰ ਹੈਨਰੀ ਸਮਿੱਥ ਨੂੰ ਲੁਧਿਆਣਾ ਦੀ ਮਦਦ ਵਾਸਤੇ ਭੇਜਿਆ। ਸਮਿੱਥ ਦਰਿਆ ਦੇ ਖੱਬੇ ਕੰਢੇ ਦੇ ਇਕ ਮੀਲ ਦੀ ਵਿੱਥ 'ਤੇ ਚਲਦਿਆਂ ਉਪਰਲੇ ਵਹਿਣ ਵੱਲ ਚਲਦਾ ਗਿਆ। ਰਣਜੋਧ ਸਿੰਘ ਦਾ ਜਥਾ ਉਸ ਦੇ ਨਾਲ-ਨਾਲ ਹੀ ਚਲਦਾ ਗਿਆ ਤੇ ਜਿਥੇ ਮੌਕਾ ਮਿਲਦਾ, ਦੁਸ਼ਮਣ ਨਾਲ ਦੋ ਹੱਥ ਕਰ ਲੈਂਦਾ। ਸਮਿੱਥ ਨੇ ਬੱਦੋਵਾਲ ਪਹੁੰਚ ਕੇ ਵਲੇਵਾਂ ਮਾਰਨ ਦੀ ਕੋਸ਼ਿਸ਼ ਕੀਤੀ ਪਰ ਰਣਜੋਧ ਸਿੰਘ ਮਜੀਠੀਆ ਨੇ ਉਸ ਨੂੰ ਕਿਲ੍ਹੇ ਦਾ ਬਾਈਪਾਸ ਨਹੀਂ ਕਰਨ ਦਿੱਤਾ ਤੇ ਪਿਛਲੇ ਪਾਸਿਓਂ ਵੱਡਾ ਹਮਲਾ ਕਰ ਦਿੱਤਾ। ਅੰਗਰੇਜ਼ਾਂ ਦੇ ਸਾਮਾਨ ਦੀ ਗੱਡੀ ਤੇ ਸਟੋਰਾਂ ਉੱਪਰ ਕਬਜ਼ਾ ਕਰ ਲਿਆ।
ਸਰ ਹੈਰੀ ਸਮਿੱਥ ਨੇ ਰਣਜੋਧ ਸਿੰਘ ਮਜੀਠੀਆ ਦੇ ਦਾਅ-ਪੇਚਾਂ ਦੀ ਤਾਰੀਫ ਕਰਦਿਆਂ ਆਪਣੀ ਸਵੈ-ਜੀਵਨੀ ਵਿਚ ਲਿਖਿਆ ਕਿ, 'ਇਹ ਲੜਾਈ ਦੇ ਦੌਰਾਨ ਦਾ ਬਹੁਤ ਹੀ ਵਿਗਿਆਨਕ ਤਰੀਕਾ ਸੀ। ਉਸ ਨੇ ਜੋ ਪੁਜ਼ੀਸ਼ਨ ਬਣਾ ਲਈ ਸੀ, ਜੇ ਉਸ ਨੂੰ ਵਰਤਣੀ ਜਾਣਦਾ ਹੁੰਦਾ ਤਾਂ ਉਹ ਵੱਡੀਆਂ ਪ੍ਰਾਪਤੀਆਂ ਕਰ ਸਕਦਾ ਸੀ। ਉਹ ਮੇਰੇ ਉੱਪਰ ਬਹੁਤ ਤਕੜਾ ਹਮਲਾ ਕਰਕੇ ਖ਼ਤਮ ਕਰ ਸਕਦਾ ਸੀ, ਜਿਸ ਤਰ੍ਹਾਂ ਕਿ ਉਸ ਦੇ ਫਰਾਂਸੀਸੀ ਉਸਤਾਦ ਨੇ ਸਿਖਾਇਆ ਹੋਵੇਗਾ। ਉਸ ਦੀਆਂ ਫ਼ੌਜਾਂ ਮੇਰੀਆਂ ਫ਼ੌਜਾਂ ਨਾਲੋਂ ਵੱਡੀਆਂ ਸਨ।
ਪੰਜਾਬ ਦੇ ਅੰਦਰ ਵੀ ਇਸ ਬਾਰੇ ਇਹੀ ਵਿਚਾਰ ਸੀ। ਕਵੀ ਸ਼ਾਹ ਮੁਹੰਮਦ ਨੇ ਵੀ ਇਹ ਲਿਖਿਆ ਹੈ ਕਿ ਰਣਜੋਧ ਸਿੰਘ ਦੇ ਕੋਲ ਤਾਂ ਦਿੱਲੀ ਤੱਕ ਦਾ ਸਿੱਧਾ ਰਸਤਾ ਖਾਲੀ ਪਿਆ ਸੀ। ਲਗਦਾ ਹੈ ਕਿ ਮਜੀਠੀਆ ਸਮਝਦਾ ਸੀ ਕਿ ਉਸ ਦੇ ਪਿੱਛੇ ਹੋਰ ਤਾਕਤ ਨਹੀਂ ਸੀ। ਉਹ ਆਪਣੇ ਘੇਰੇ ਜਾਣ ਦਾ ਖ਼ਤਰਾ ਵੀ ਮਹਿਸੂਸ ਕਰ ਰਿਹਾ ਸੀ, ਕਿਉਂਕਿ ਦੁਸ਼ਮਣ ਦੀਆਂ ਹੋਰ ਫ਼ੌਜਾਂ ਵੀ ਇਧਰ ਵਧ ਰਹੀਆਂ ਸਨ। ਉਹ ਬੱਦੋਵਾਲ ਤੋਂ ਕੁਝ ਮੀਲ ਪਿੱਛੇ ਹਟ ਗਿਆ ਤੇ ਸਤਲੁਜ ਦੇ ਕੰਢੇ ਦੇ ਇਕ ਪਿੰਡ ਅਲੀਵਾਲ ਵਿਚ ਜਾ ਬੈਠਾ।
ਥੋੜ੍ਹੇ ਹੀ ਦਿਨਾਂ ਬਾਅਦ ਸਰ ਹੈਰੀ ਸਮਿੱਥ ਤੱਕ ਹੋਰ ਫ਼ੌਜੀ ਕੁਮਕ ਪਹੁੰਚ ਗਈ ਤੇ ਉਹ ਮਜੀਠੀਆ ਤੇ ਲਾਡਵਾ ਦੇ ਪਿੱਛੇ ਅਲੀਵਾਲ ਪਹੁੰਚ ਗਿਆ।
(ਬਾਕੀ ਅਗਲੇ ਮੰਗਲਵਾਰ ਦੇ ਧਰਮ ਤੇ ਵਿਰਸਾ ਅੰਕ 'ਚ)

ਬਚ ਗਈ 'ਛੱਜੂ ਭਗਤ ਦੀ ਸਮਾਧ'

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਅੰਕ ਦੇਖੋ)
ਮਹਾਰਾਜਾ ਰਣਜੀਤ ਸਿੰਘ ਇਸ ਅਸਥਾਨ ਦੀ ਬਹੁਤ ਇੱਜ਼ਤ ਕਰਦੇ ਸਨ। ਉਹ ਹਰ ਸੋਮਵਾਰ ਇਥੇ ਆਉਂਦੇ ਅਤੇ ਗ਼ਰੀਬਾਂ ਤੇ ਜ਼ਰੂਰਤਮੰਦਾਂ ਨੂੰ ਦਿਲ ਖੋਲ੍ਹ ਕੇ ਦਾਨ ਦਿੰਦੇ। ਉਸੇ ਦੌਰਾਨ ਇਸ ਸਥਾਨ 'ਤੇ ਬਾਹਰੋਂ ਆਏ ਯਾਤਰੂਆਂ ਅਤੇ ਸਾਧੂ ਫ਼ਕੀਰਾਂ ਦੇ ਰਹਿਣ ਲਈ ਹੋਰ ਨਵੇਂ ਕਮਰੇ ਬਣਾਏ ਗਏ। ਇਸ ਦੇ ਚਾਰੋ ਪਾਸੇ ਸੁੰਦਰ ਬਗ਼ੀਚੀਆਂ ਬਣਵਾਈਆਂ ਗਈਆਂ ਅਤੇ ਪਾਸ ਹੀ ਇਕ ਤਲਾਬ ਦਾ ਵੀ ਨਿਰਮਾਣ ਕਰਵਾਇਆ ਗਿਆ। ਦਰਿਆ ਰਾਵੀ ਦੇ ਪਾਸ ਹੋਣ ਕਰਕੇ ਉਸ ਤਰਫ਼ੋਂ ਆਉਣ ਵਾਲੀ ਠੰਢੀ ਹਵਾ ਦੇ ਝੋਕੇ ਅਤੇ ਅਸਥਾਨ ਦੇ ਆਸ-ਪਾਸ ਦਾ ਨਜ਼ਾਰਾ ਜ਼ਰੂਰ ਇਥੇ ਠਹਿਰਨ ਵਾਲੇ ਰਾਹਗੀਰਾਂ ਨੂੰ ਕੀਲ ਕੇ ਰੱਖ ਦਿੰਦਾ ਹੋਵੇਗਾ।'
ਛੱਜੂ ਭਗਤ ਦੇ ਚੁਬਾਰੇ 'ਚ ਠਹਿਰਨ ਵਾਲੇ ਸਾਧੂਆਂ, ਫ਼ਕੀਰਾਂ ਅਤੇ ਰਾਹਗੀਰਾਂ ਨੂੰ ਮੁਫ਼ਤ ਭੋਜਨ, ਫਲ ਅਤੇ ਪਹਿਨਣ ਲਈ ਕੱਪੜੇ ਦਿੱਤੇ ਜਾਂਦੇ ਸਨ। ਇਸ ਦੇ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਨੇ ਇਸ ਸਥਾਨ 'ਤੇ ਕੁਝ ਸ਼ਾਹੀ ਹਕੀਮ ਵੀ ਰੱਖੇ ਹੋਏ ਸਨ, ਜੋ ਸਭ ਦਾ ਮੁਫ਼ਤ ਇਲਾਜ ਕਰਦੇ ਸਨ। ਸੰਭਵ ਹੈ ਉਸੇ ਦੌਰਾਨ ਇਥੋਂ ਇਸ ਪ੍ਰਕਾਰ ਦੀਆਂ ਮਿਲਣ ਵਾਲੀਆਂ ਸੇਵਾਵਾਂ ਅਤੇ ਇਸ ਦੇ ਆਸ-ਪਾਸ ਦੇ ਸ਼ਾਂਤ ਅਤੇ ਖ਼ੁਸ਼ਗਵਾਰ ਵਾਤਾਵਰਨ ਕਰਕੇ ਇਸ ਸਥਾਨ ਨਾਲ ਸਬੰਧਤ ਇਹ ਅਖਾਣ 'ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ਼, ਨਾ ਬੁਖ਼ਾਰੇ' ਮਸ਼ਹੂਰ ਹੋ ਗਿਆ ਹੋਵੇਗਾ।
ਲਾਹੌਰ ਦੀ ਪੁਰਾਣੀ ਅਨਾਰਕਲੀ ਵਿਚ ਮੌਜੂਦ ਬਲਖ਼-ਬੁਖ਼ਾਰੇ ਤੋਂ ਵੀ ਵੱਧ ਸੁੱਖ ਦੇਣ ਵਾਲੇ ਉਪਰੋਕਤ ਛੱਜੂ ਦੇ ਚੁਬਾਰੇ ਦਾ ਵੱਡਾ ਹਿੱਸਾ ਇਸ ਦੇ ਗੱਦੀਨਸ਼ੀਨ ਮਹੰਤ ਵਲੋਂ ਮੈਆਓ ਹਸਪਤਾਲ ਨੂੰ ਵੇਚ ਦਿੱਤਾ ਗਿਆ ਅਤੇ ਬਾਅਦ ਵਿਚ ਛੱਜੂ ਭਗਤ ਦੀ ਸਮਾਧ 'ਤੇ ਬੇਗਮ ਸ਼ਮਸ ਸ਼ਹਾਬੁਉੱਦੀਨ ਕਾਨਵਲੈਸੱਅੰਟ ਹੋਮ ਨੇ ਆਪਣੇ-ਆਪ ਧੱਕੇ ਨਾਲ ਕਬਜ਼ਾ ਕਾਇਮ ਕਰ ਲਿਆ। ਇਸ ਦੇ ਬਾਅਦ ਕਾਨਵਲੈਸੱਅੰਟ ਹੋਮ ਦੇ ਪ੍ਰਬੰਧਕਾਂ ਵਲੋਂ ਜਦੋਂ ਹਸਪਤਾਲ ਦੀ ਇਮਾਰਤ ਨੂੰ ਹੋਰ ਵਿਸ਼ਾਲ ਬਣਾਉਣ ਦੇ ਇਰਾਦੇ ਨਾਲ 'ਛੱਜੂ ਭਗਤ ਦੀ ਸਮਾਧੀ' ਨੂੰ ਢਾਹੁਣ ਦੀ ਕਾਰਵਾਈ ਅਰੰਭੀ ਗਈ ਤਾਂ ਲੇਖਕ ਨੇ ਆਪਣੇ ਪਾਕਿਸਤਾਨੀ ਮਿੱਤਰਾਂ ਦੇ ਸਹਿਯੋਗ ਨਾਲ ਇਸ ਮਾਮਲੇ ਨੂੰ ਜਨਤਕ ਕਰਦਿਆਂ ਕੌਮਾਂਤਰੀ ਪੱਧਰ 'ਤੇ ਇਸ ਸਮਾਰਕ ਨੂੰ ਬਚਾਏ ਜਾਣ ਦੀ ਗੁਹਾਰ ਲਗਾਈ। ਪੰਜਾਬੀਆਂ ਦੀ ਪ੍ਰਮੁੱਖ ਵਿਰਾਸਤੀ ਧਰੋਹਰ ਨਾਲ ਜੁੜੇ ਇਸ ਮਾਮਲੇ ਦੇ ਚਰਚਾ ਵਿਚ ਆਉਣ ਤੱਕ ਉਪਰੋਕਤ ਹਸਪਤਾਲ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ ਨਾਲ ਮਿਲੀਭੁਗਤ ਕਰਕੇ ਛੱਜੂ ਭਗਤ ਦਾ ਚੁਬਾਰਾ ਅਤੇ ਉਸ ਨਾਲ ਸਬੰਧਤ ਹੋਰ ਸਮਾਰਕ ਜ਼ਮੀਨਦੋਜ਼ ਕਰਨ ਵਿਚ ਕਾਮਯਾਬ ਹੋ ਚੁੱਕਾ ਸੀ, ਜਦੋਂ ਕਿ ਸਮਾਂ ਰਹਿੰਦਿਆਂ ਉਪਰਾਲਾ ਕਰਕੇ ਸਮਾਧ ਨੂੰ ਬਚਾ ਲਿਆ ਗਿਆ ਹੈ।
ਇਸ ਸਮਾਧ ਦੀ ਉਚਾਈ 20 ਫੁੱਟ ਅਤੇ ਇਸ ਦੇ ਅੰਦਰਲੇ ਫਰਸ਼ ਦੀ ਲੰਬਾਈ 16.7 ਫੁੱਟ ਹੈ। ਸਮਾਧ ਦੇ ਫਰਸ਼ 'ਤੇ ਮੁਗ਼ਲ ਸ਼ਾਸਨ ਦੇ ਦੌਰਾਨ ਲਗਾਏ ਗਏ ਲਾਲ ਰੰਗ ਦੇ ਕੀਮਤੀ ਲਾਲ ਪੱਥਰ 'ਤੇ ਹੁਣ ਸੀਮੈਂਟ ਦਾ ਪੱਕਾ ਪਲਸਤਰ ਕਰ ਦਿੱਤਾ ਗਿਆ ਹੈ, ਜਦੋਂਕਿ ਸਮਾਧ ਦੀ ਛੱਤ 'ਤੇ ਰੰਗਦਾਰ ਸ਼ੀਸ਼ਿਆਂ ਦੀ ਕਟਾਈ ਕਰਕੇ ਕੀਤੀ ਗਈ ਮੀਨਾਕਾਰੀ ਅੱਜ ਵੀ ਕਾਇਮ ਹੈ।


-ਅੰਮ੍ਰਿਤਸਰ। ਮੋਬਾ: 93561-27771

ਜੋੜ ਮੇਲੇ 'ਤੇ ਵਿਸ਼ੇਸ਼

ਗੁਰਦੁਆਰਾ ਭੱਠ ਸਾਹਿਬ ਪੱਟੀ

ਦੇਸ਼ ਦੇ ਇਤਿਹਾਸ ਵਿਚ 'ਨੌ ਲੱਖੀ' ਦੇ ਨਾਂਅ ਨਾਲ ਜਾਣੀ ਜਾਂਦੀ ਤਹਿਸੀਲ ਪੱਟੀ ਜੋ ਕਿ ਆਪਣੇ ਸੀਨੇ ਅੰਦਰ ਕਈ ਸੂਰਬੀਰ ਯੋਧੇ ਅਤੇ ਭਗਤਾਂ ਦੀ ਕੁਰਬਾਨੀ ਦੀਆਂ ਯਾਦਾਂ ਸੰਭਾਲੀ ਬੈਠੀ ਹੈ। ਉਸੇ ਹੀ ਇਤਿਹਾਸ ਦੇ ਸੁਨਹਿਰੀ ਅੱਖਰਾਂ ਵਿਚ ਸੰਜੋਇਆ ਇਤਿਹਾਸ ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬਿਧੀ ਚੰਦ ਛੀਨਾ ਦਾ ਇਤਿਹਾਸਕ ਗੁਰਦੁਆਰਾ ਭੱਠ ਸਾਹਿਬ ਹੈ, ਜਿਸ ਦਾ ਇਤਿਹਾਸ ਆਪਣੇ ਪਾਠਕਾਂ ਦੇ ਰੂਬਰੂ ਕਰਨ ਦਾ ਉਪਰਾਲਾ ਕੀਤਾ ਜਾ ਰਿਹਾ ਹੈ।
ਦਲ ਬਾਬਾ ਬਿਧੀ ਚੰਦ ਵਲੋਂ ਬਾਬਾ ਗੁਰਬਚਨ ਸਿੰਘ ਜੀ ਸੁਰ ਸਿੰਘ ਵਾਲਿਆਂ ਦੀ ਅਗਵਾਈ ਹੇਠ ਗੁਰਦੁਆਰਾ ਭੱਠ ਸਾਹਿਬ ਦੇ ਮੁੱਖ ਸੇਵਾਦਾਰ ਬਾਬਾ ਸਰੂਪ ਸਿੰਘ ਸੇਵਾ ਨਿਭਾ ਰਹੇ ਹਨ। ਇਤਿਹਾਸਕਾਰਾਂ ਮੁਤਾਬਿਕ ਇਕ ਵਾਰ ਦੂਰ ਦੇਸ਼ ਦੀ ਸੰਗਤ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਆ ਰਹੀ ਸੀ। ਰਸਤੇ ਵਿਚ ਬਾਰਸ਼ ਹੋਣ ਕਾਰਨ ਸੰਗਤ ਪਾਸ ਜੋ ਭੇਟਾ ਅਤੇ ਕੀਮਤੀ ਦੁਸ਼ਾਲੇ ਸਨ, ਉਹ ਗਿੱਲੇ ਹੋ ਗਏ। ਜਿਸ ਵਕਤ ਸੰਗਤ ਪੱਟੀ ਪਹੁੰਚੀ, ਉਸ ਵੇਲੇ ਬਾਰਿਸ਼ ਬੰਦ ਹੋ ਗਈ। ਪੱਟੀ ਦੇ ਬਦਾਮੀ ਬਾਗ ਵਿਚ ਸੰਗਤ ਨੇ ਆਪਣਾ ਸਾਮਾਨ ਤੇ ਕੀਮਤੀ ਦੁਸ਼ਾਲੇ ਸੁੱਕਣੇ ਪਾ ਦਿੱਤੇ। ਪੱਟੀ ਦੇ ਹੁਕਮਰਾਨ ਮਿਰਜ਼ਾ ਬੇਗ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਸ ਨੇ ਸੰਗਤ ਪਾਸੋਂ ਧੱਕੋ-ਜ਼ੋਰੀ ਸੁੰਦਰ ਵਸਤਾਂ ਤੇ ਦੁਸ਼ਾਲੇ ਖੋਹ ਲਏ। ਇਕ ਦੁਸ਼ਾਲਾ ਸੰਗਤ ਨੇ ਕਿਸੇ ਢੰਗ ਨਾਲ ਛੁਪਾ ਕੇ ਬਚਾ ਲਿਆ। ਸੰਗਤ ਭਾਈ ਕੀ ਡਰੋਲੀ ਪਹੁੰਚੀ। ਆਪਣੇ ਪਾਸ ਬਚੀ ਹੋਈ ਭੇਟਾ ਇਕ ਦੁਸ਼ਾਲਾ ਤੇ ਮਾਇਆ ਅਰਪਨ ਕਰਕੇ ਪੱਟੀ ਵਿਚ ਵਾਪਰਿਆ ਦੁਖਾਂਤ ਉਦਾਸ ਮਨ ਨਾਲ ਸਤਿਗੁਰੂ ਜੀ ਨੂੰ ਸੁਣਾਇਆ। ਸਤਿਗੁਰੂ ਜੀ ਨੇ ਸੰਗਤ ਨੂੰ ਦਿਲਾਸਾ ਦਿੱਤਾ ਅਤੇ ਸਜੇ ਹੋਏ ਦੀਵਾਨ ਵਿਚ ਆਪਣੇ ਅਨਿਨ ਪਿਆਰੇ ਵਿਧੀਆਂ ਨਿਪੁੰਨ ਮੁਖੀ ਗੁਰਸਿੱਖ ਬ੍ਰਹਮ ਅਵਸਥਾ ਨੂੰ ਪ੍ਰਾਪਤ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਦੋਵੇਂ ਦੁਸ਼ਾਲੇ ਗੁਰੂ-ਘਰ ਵਿਚ ਵਾਪਸ ਲਿਆਉਣ ਦਾ ਹੁਕਮ ਦੇ ਦਿੱਤਾ।
ਬਾਬਾ ਜੀ ਇਹ ਦੁਸ਼ਾਲੇ ਪ੍ਰਾਪਤ ਕਰਨ ਲਈ ਕਾਲੇ ਰੰਗ ਦਾ ਤੁਰਕਾਨੀ ਬੁਰਕਾ ਅਤੇ ਜ਼ਨਾਨਾ ਜੁੱਤੀ ਪਹਿਨ ਕੇ ਬੇਗਮ ਦੇ ਲਿਬਾਸ ਵਿਚ ਮਿਰਜ਼ਾ ਬੇਗ ਦੇ ਘਰ ਜਾ ਕੇ ਬੇਗਮਾਂ ਦੇ ਕਮਰੇ ਵਿਚ ਪਹੁੰਚ ਗਏ (ਜਿਥੇ ਯਾਦਗਾਰ ਚੁਬਾਰਾ ਸਾਹਿਬ ਸੁਭਾਇਮਾਨ ਹੈ) ਅਤੇ ਬੇਗਮਾਂ ਨੂੰ ਕੁਝ ਭੈ ਦਿੰਦਿਆਂ ਹੋਇਆਂ ਕਿਹਾ, 'ਜੋ ਦੁਸ਼ਾਲੇ ਸੰਗਤ ਪਾਸੋਂ ਖੋਹੇ ਗਏ ਹਨ, ਉਹ ਦੁਸ਼ਾਲੇ ਅਤੇ ਆਪਣੇ ਗਹਿਣੇ, ਸੋਨਾ, ਚਾਂਦੀ ਸਭ ਮੈਨੂੰ ਦੇ ਦਿਉ।' ਡਰਦੀਆਂ ਹੋਈਆਂ ਬੇਗਮਾਂ ਨੇ ਸੁੰਦਰ ਦੁਸ਼ਾਲੇ ਅਤੇ ਆਪਣੇ ਕੀਮਤੀ ਗਹਿਣੇ ਬਾਬਾ ਜੀ ਨੂੰ ਦੇ ਦਿੱਤੇ ਅਤੇ ਚੱਲਣ ਸਮੇਂ ਬਾਬਾ ਜੀ ਨੇ ਬੇਗਮਾਂ ਨੂੰ ਕੁਝ ਭੈ-ਰੂਪੀ ਬਚਨ ਕਿਹਾ ਤਾਂ ਕਿ ਉਹ ਰੌਲਾ ਨਾ ਪਾਉਣ। ਇਤਨੀ ਗੱਲ ਕਹਿ ਕੇ ਬਾਬਾ ਜੀ ਰਾਤੋ-ਰਾਤ ਭਾਈ ਕੀ ਡਰੋਲੀ ਪਹੁੰਚ ਗਏ ਅਤੇ ਗੁਰੂ ਸਾਹਿਬ ਜੀ ਨੂੰ ਦੁਸ਼ਾਲੇ ਅਰਪਨ ਕੀਤੇ। ਸਤਿਗੁਰੂ ਜੀ ਨੇ ਬਹੁਤ ਪ੍ਰਸੰਨ ਹੋ ਕੇ ਕਿਹਾ, 'ਭਾਈ ਬਿਧੀ ਚੰਦ! ਆਪ ਧੰਨ ਹੋ। ਤੁਹਾਡਾ ਜਨਮ ਗੁਰੂ-ਘਰ ਦੇ ਕਾਰਜਾਂ ਨੂੰ ਸੁਧਾਰਨ ਹਿਤ ਹੋਇਆ ਹੈ।'
ਇਨ੍ਹਾਂ ਪਾਵਨ ਮਹਾਨ ਅਸਥਾਨਾਂ ਦੀ ਸੇਵਾ ਬਾਬਾ ਗੁਰਬਚਨ ਸਿੰਘ ਸੁਰ ਸਿੰਘ ਵਾਲੇ ਕਰਵਾ ਰਹੇ ਹਨ। ਬਾਬਾ ਬਿਧੀ ਚੰਦ ਜੀ ਦੇ ਬਲਦੇ ਭੱਠ ਵਿਚ ਬੈਠਣ ਦਾ ਸਾਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ 12, 13, 14 ਅਕਤੂਬਰ (23, 24, 25 ਅੱਸੂ) ਨੂੰ ਮਨਾਇਆ ਜਾ ਰਿਹਾ ਹੈ, ਜਿਸ ਦੌਰਾਨ ਸਿੱਖ ਪੰਥ ਦੇ ਮਹਾਨ ਕੀਰਤਨੀਏ, ਕਵੀਸ਼ਰ, ਢਾਡੀ ਜਥੇ ਅਤੇ ਸੰਤ-ਮਹਾਂਪੁਰਸ਼ ਅਤੇ ਸਿੰਘ ਸਾਹਿਬਾਨ ਸੰਗਤਾਂ ਦੇ ਰੂਬਰੂ ਹੋਣਗੇ, ਜਿਸ ਦੌਰਾਨ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਹੋਵੇਗਾ।


-ਪੱਟੀ। ਮੋਬਾ: 98155-50432

ਮੈਸੂਰ ਦਾ ਸ਼ਾਹੀ ਦੁਸਹਿਰਾ

ਕਰਨਾਟਕ ਦੀ ਪਛਾਣ ਜਿੰਨੀ ਕਵੇਰੀ ਨਦੀ, ਚੰਦਨ, ਕਰਨਾਟਕ ਸੰਗੀਤ ਤੋਂ ਹੈ, ਉਸ ਤੋਂ ਕਿਤੇ ਜ਼ਿਆਦਾ ਮੈਸੂਰ ਰਾਜ ਘਰਾਣੇ ਅਤੇ ਦੁਸਹਿਰਾ ਉਤਸਵ ਕਰਕੇ ਹੈ। ਕਰਨਾਟਕ ਦੀ ਸੰਸਕ੍ਰਿਤਕ ਰਾਜਧਾਨੀ ਮੈਸੂਰ ਦੁਸਹਿਰਾ ਉਤਸਵ 2017 ਵਾਸਤੇ ਤਿਆਰ ਹੈ। ਮੈਸੂਰ ਰਾਜ ਘਰਾਣੇ ਨੇ 1610 ਵਿਚ ਇਸ ਉਤਸਵ ਦੀ ਸ਼ੁਰੂਆਤ ਕੀਤੀ ਸੀ। ਬਹਰਹਾਲ ਇਸ ਸਾਲ ਮੈਸੂਰ ਦਾ ਸ਼ਾਹੀ ਦੁਸਹਿਰਾ 407ਵੇਂ ਸਾਲ 'ਚ ਹੈ-ਪਹਿਲੇ ਨਰਾਤੇ ਨੂੰ ਮੈਸੂਰ ਦੇ ਵਰਤਮਾਨ ਰਾਜਾ ਰਾਣੀ ਚਾਮੁੰਡੀ ਪਹਾੜੀ ਸਥਿਤ ਦਾ ਮੁੰਡੇਸ਼ਵਰੀ ਦੇਵੀ ਦੀ ਵਿਸ਼ੇਸ ਪੂਜਾ ਕਰਕੇ ਉਤਸਵ ਦੀ ਸ਼ੁਰੂਆਤ ਕਰਦੇ ਹਨ। ਦੁਸਹਿਰੇ ਉਤਸਵ ਦੀ ਮੁੱਖ ਝਾਕੀ 11ਵੇਂ ਦਿਨ ਸ਼ਾਹੀ ਜੰਬੋ ਸਵਾਰੀ ਦੇ ਰੂਪ 'ਚ ਕੱਢੀ ਜਾਂਦੀ ਹੈ। ਸਾਹੀ ਜੰਬੋ ਸਵਾਰੀ ਦਾ ਮੁੱਖ ਹਾਥੀ (ਇਸ ਦਿਨ ਤੋਂ ਪਹਿਲਾਂ ਤਿਆਰੀਆਂ ਦੇ ਤਹਿਤ ਬਗੈਰ ਸਾਜ਼ੋ-ਸਾਮਾਨ ਦੇ ਰੋਜ਼ਾਨਾ ਸ਼ਾਹੀ ਸਵਾਰੀ ਵਿਚ ਹਿੱਸਾ ਲੈਣ ਵਾਲੇ ਹਾਥੀਆਂ ਦਾ ਅਭਿਆਸ ਜਲੂਸ ਵੀ ਕੱਢਿਆ ਜਾਂਦਾ ਹੈ) 750 ਗ੍ਰਾਮ ਸੋਨੇ ਦੇ ਹੌਦੇ ਵਿਚ ਦੇਵੀ ਚਾਮੁੰਡੇਸ਼ਵਰੀ ਦੀ ਮੂਰਤੀ ਲੈ ਕੇ ਜਲੂਸ ਦੀ ਅਗਵਾਈ ਕਰਦਾ ਹੈ। ਦੁਸਹਿਰੇ ਉਤਸਵ ਦੀ ਖਾਸ ਖਿੱਚ ਹਾਥੀਆਂ ਦਾ ਜਲੂਸ ਜਿਸ ਨੂੰ ਸ਼ਾਹੀ ਜੰਬੋ ਸਵਾਰੀ ਕਹਿੰਦੇ ਹਨ, ਨੂੰ ਵੇਖਣ ਵਾਸਤੇ ਦੇਸ਼-ਵਿਦੇਸ਼ ਤੋਂ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਆਉਂਦੇ ਹਨ। ਇਹ ਸ਼ਾਹੀ ਜੰਬੋ ਸਵਾਰੀ ਮੈਸੂਰ ਪੈਲਿਸ ਤੋਂ ਸ਼ੁਰੂ ਹੋ ਕੇ ਚਮੁੰਡਾ ਪਹਾੜੀ ਉਪਰਲੇ ਚਾਮੁੰਡੇਸ਼ਵਰੀ ਦੇਵੀ ਮੰਦਰ ਦੇ ਵਿਹੜੇ ਸਥਿਤ ਬਨੀਮੰਡਪ ਪਹੁੰਚ ਸਮਾਪਤ ਹੁੰਦੀ ਹੈ। ਇਥੇ ਚਾਮੁੰਡੇਸ਼ਵਰੀ ਦੇਵੀ ਦੀ ਪੂਜਾ ਅਰਚਨਾ ਕੀਤੀ ਜਾਂਦੀ ਹੈ। ਮੈਸੂਰ ਦੇ ਸ਼ਾਹੀ ਦੁਸਹਿਰੇ ਉਤਸਵ ਦੀ ਖਿੱਚ ਦਾ ਇਕ ਹੋਰ ਕੇਂਦਰ ਸ਼ਾਹੀ ਦਰਬਾਰ ਹੁੰਦਾ ਹੈ। ਵਰਤਮਾਨ ਰਾਜਾ ਦਰਬਾਰ ਲਗਾਉਂਦਾ ਹੈ। ਜੰਬੋ ਸਵਾਰੀ ਦੇ ਨਾਲ ਸ਼ਾਹੀ ਖਾਨਦਾਨ ਦੇ ਪ੍ਰਮੁੱਖ ਲੋਗ ਵੀ ਚਲਦੇ ਹਨ ਅਤੇ ਰੰਗ-ਬਰੰਗੇ ਕੱਪੜਿਆਂ ਵਿਚ ਸਜੇ ਕਲਾਕਾਰਾਂ ਦੀ ਟੋਲੀ ਰੰਗਾਰੰਗ ਪ੍ਰੋਗਰਾਮ ਪੇਸ਼ ਕਰਦੀ ਹੈ। ਇਸ ਤੋਂ ਇਲਾਵਾ ਲੋਕ ਕਲਾਕਾਰ ਤੇਜ਼ ਸੰਗੀਤ ਦੀ ਧੁਨ 'ਤੇ ਲੋਕ ਨਾਚ ਪੇਸ਼ ਕਰਦੇ ਹਨ। ਦਸ ਦਿਨ ਤੱਕ ਚੱਲਣ ਵਾਲੇ ਇਸ ਮੈਸੂਰ ਦੇ ਸ਼ਾਹੀ ਦੁਸਹਿਰਾ ਉਤਸਵ ਨੂੰ ਵੇਖਣ ਲਈ ਦੇਸ਼-ਵਿਦੇਸ਼ ਤੋਂ ਲੱਖਾਂ ਸੈਲਾਨੀ ਆਉਂਦੇ ਹਨ, ਜਿਨ੍ਹਾਂ ਦੀ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਜਾਂਦੇ ਹਨ।


-ਪਿੰਡ ਪ੍ਰੀਤ ਨਗਰ, ਡਾ: ਚੋਗਾਵਾਂ (ਅੰਮ੍ਰਿਤਸਰ)-143109.
ਮੋਬਾ: 98140-82217

ਸ਼ਬਦ ਵਿਚਾਰ

ਮਨਮੁਖਿ ਭੁਲੈ ਭੁਲਾਈਐ ਭੂਲੀ ਠਉਰ ਨ ਕਾਇ॥

ਸਿਰੀਰਾਗੁ ਮਹਲਾ ੧
ਮਨਮੁਖਿ ਭੁਲੈ ਭੁਲਾਈਐ
ਭੂਲੀ ਠਉਰ ਨ ਕਾਇ॥
ਗੁਰ ਬਿਨੁ ਕੋ ਨ ਦਿਖਾਵਈ
ਅੰਧੀ ਆਵੈ ਜਾਇ॥
ਗਿਆਨ ਪਦਾਰਥੁ ਖੋਇਆ
ਠਗਿਆ ਮੁਠਾ ਜਾਇ॥ ੧॥
ਬਾਬਾ ਮਾਇਆ ਭਰਮਿ ਭੁਲਾਇ॥
ਭਰਮਿ ਭੁਲੀ ਡੋਹਾਗਣੀ
ਨਾ ਪਿਰ ਅੰਕਿ ਸਮਾਇ॥ ੧॥ ਰਹਾਉ॥
ਭੂਲੀ ਫਿਰੈ ਦਿਸੰਤਰੀ ਭੂਲੀ ਗ੍ਰਿਹੁ ਤਜਿ ਜਾਇ॥
ਭੂਲੀ ਡੂੰਗਰਿ ਥਲਿ ਚੜੈ ਭਰਮੈ ਮਨੁ ਡੋਲਾਇ॥
ਧੁਰਹੁ ਵਿਛੁੰਨੀ ਕਿਉ ਮਿਲੈ
ਗਰਬਿ ਮੁਠੀ ਬਿਲਲਾਇ॥ ੨॥
ਵਿਛੁੜਿਆ ਗੁਰੁ ਮੇਲਸੀ
ਹਰਿ ਰਸਿ ਨਾਮ ਪਿਆਰ॥
ਸਾਚਿ ਸਹਜਿ ਸੋਭਾ ਘਣੀ
ਹਰਿ ਗੁਣ ਨਾਮ ਅਧਾਰਿ॥
ਜਿਉ ਭਾਵੈ ਤਿਉ ਰਖੁ ਤੂੰ
ਮੈ ਤੁਝ ਬਿਨੁ ਕਵਨੁ ਭਤਾਰੁ॥ ੩॥
ਅਖਰ ਪੜਿ ਪੜਿ ਭੁਲੀਐ
ਭੇਖੀ ਬਹੁਤੁ ਅਭਿਮਾਨੁ॥
ਤੀਰਥ ਨਾਤਾ ਕਿਆ ਕਰੇ
ਮਨ ਮਹਿ ਮੈਲੁ ਗੁਮਾਨੁ॥
ਗੁਰ ਬਿਨੁ ਕਿਨਿ ਸਮਝਾਈਐ
ਮਨੁ ਰਾਜਾ ਸੁਲਤਾਨੁ॥ ੪॥
ਪ੍ਰੇਮ ਪਦਾਰਥੁ ਪਾਈਐ ਗੁਰਮੁਖਿ ਤਤੁ ਵੀਚਾਰੁ॥
ਸਾ ਧਨ ਆਪੁ ਗਵਾਇਆ
ਗੁਰ ਕੈ ਸਬਦਿ ਸੀਗਾਰੁ॥
ਘਰ ਹੀ ਸੇ ਪਿਰੁ ਪਾਇਆ
ਗੁਰ ਕੈ ਹੇਤਿ ਅਪਾਰੁ॥ ੫॥
ਗੁਰ ਕੀ ਸੇਵਾ ਚਾਕਰੀ
ਮਨੁ ਨਿਰਮਲੁ ਸੁਖੁ ਹੋਇ॥
ਗੁਰ ਕਾ ਸਬਦੁ ਮਨਿ ਵਸਿਆ
ਹਉਮੈ ਵਿਚਹੁ ਖੋਇ॥
ਨਾਮੁ ਪਦਾਰਥੁ ਪਾਇਆ
ਲਾਭੁ ਸਦਾ ਮਨਿ ਹੋਇ॥ ੬॥
ਕਰਮਿ ਮਿਲੈ ਤਾ ਪਾਈਐ
ਆਪਿ ਨ ਲਾਇਆ ਜਾਇ॥
ਗੁਰ ਕੀ ਚਰਣੀ ਲਗਿ ਰਹੁ
ਵਿਚਹੁ ਆਪੁ ਗਵਾਇ॥
ਸਚੇ ਸੇਤੀ ਰਤਿਆ ਸਚੋ ਪਲੈ ਪਾਇ॥ ੭॥
ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥
ਗੁਰਮਤਿ ਮਨੁ ਸਮਝਾਇਆ ਲਾਗਾ ਤਿਸੈ ਪਿਆਰੁ॥
ਨਾਨਕ ਸਾਚੁ ਨ ਵੀਸਰੈ
ਮੇਲੇ ਸਬਦੁ ਅਪਾਰੁ॥ ੮॥ ੧੨॥ (ਅੰਗ 60-61)
ਪਦ ਅਰਥ : ਭੁਲੈ-ਭੁੱਲ ਜਾਂਦੀ ਹੈ, ਖੁੰਝ ਜਾਂਦੀ ਹੈ। ਭੁਲਾਈਐ-ਭੁਲਾਈ ਰੱਖਦੀ ਹੈ, ਕੁਰਾਹੇ ਪਾਈ ਰੱਖਦੀ ਹੈ। ਭੂਲੀ-ਭੁੱਲੀ ਹੋਈ ਨੂੰ। ਠਉਰ-ਥਾਂ, ਟਿਕਾਣਾ। ਨ ਕਾਇ-ਕੋਈ ਨਹੀਂ (ਲੱਭਦਾ)। ਕੋ ਨ ਦਿਖਾਵਈ-ਕੋਈ ਦਿਖਾ ਨਹੀਂ ਸਕਦਾ। ਅੰਧੀ-(ਮਾਇਆ ਦੇ ਮੋਹ ਵਿਚ) ਅੰਨ੍ਹੀ ਹੋਈ। ਗਿਆਨ ਪਦਾਰਥੁ ਖੋਇਆ-ਗਿਆਨ ਪਦਾਰਥ (ਨਾਮ ਧਨ) ਗੁਆ ਲਿਆ। ਮੁਠਾ-ਲੁੱਟਿਆ ਜਾਂਦਾ ਹੈ।
ਭਰਮਿ-ਭਰਮ ਵਿਚ ਪੈ ਕੇ। ਭੁਲਾਇ-(ਜੀਵਨ ਦੇ ਸਹੀ ਮਾਰਗ ਨੂੰ) ਭੁਲਾ ਦਿੰਦੀ ਹੈ। ਡੋਹਾਗਣੀ-ਦੁਹਾਗਣ। ਨਾ ਪਿਰ ਅੰਕਿ ਸਮਾਇ-ਪ੍ਰਭੂ ਪਤੀ ਦੇ ਚਰਨਾਂ ਵਿਚ ਸਮਾਅ ਨਹੀਂ ਸਕਦੀ। ਭੂਲੀ-ਜੀਵਨ ਦੇ ਸਹੀ ਮਾਰਗ ਤੋਂ ਭੁੱਲੀ ਹੋਈ। ਫਿਰੈ-(ਭਟਕਦੀ) ਫਿਰਦੀ ਹੈ। ਦਿਸੰਤਰੀ-ਦੇਸ਼ ਦੇਸ਼ਾਂਤਰਾਂ ਵਿਚ। ਗ੍ਰਿਹੁ ਤਜਿ-ਗ੍ਰਿਹਸਤ ਨੂੰ ਤਿਆਗ ਕੇ। ਡੂੰਗਰਿ-ਪਹਾੜਾਂ 'ਤੇ। ਥਲਿ ਚੜੈ-ਜ਼ਮੀਨ ਦੇ ਟਿੱਲੇ 'ਤੇ ਚੜ੍ਹ ਜਾਂਦੀ ਹੈ। ਭਰਮੈ-ਭਟਕਦੀ ਰਹਿੰਦੀ ਹੈ। ਮਨੁ ਡੋਲਾਇ-ਮਨ ਡੋਲਦਾ ਰਹਿੰਦਾ ਹੈ। ਧੁਰਹੁ ਵਿਛੁੰਨੀ-ਧੁਰੋਂ ਵਿਛੜੀ ਹੋਈ ਹੋਣ ਕਰਕੇ। ਕਿਉ ਮਿਲੈ-ਕਿਵੇਂ ਮਿਲ ਸਕਦੀ ਹੈ। ਸਰਬਿ ਮੁਠੀ-ਅਹੰਕਾਰ ਵਿਚ ਠਗੀ ਹੋਈ, ਲੁੱਟੀ ਹੋਈ। ਬਿਲਲਾਇ-(ਅੰਤ ਨੂੰ) ਰੋਵੇਗੀ।
ਵਿਛੜਿਆ-ਪ੍ਰਭੂ ਨਾਲੋਂ ਵਿਛੜੇ ਹੋਇਆਂ ਨੂੰ। ਮੇਲਸੀ-ਮਿਲਾ ਦਿੰਦਾ ਹੈ। ਸੋਭਾ ਘਣੀ-ਬੜੀ ਸੋਭਾ ਹੁੰਦੀ ਹੈ। ਹਰਿ ਗੁਣ-ਪਰਮਾਤਮਾ ਦੇ ਗੁਣਾਂ ਕਾਰਨ। ਨਾਮ ਅਧਾਰਿ-ਨਾਮ ਦੇ ਆਸਰੇ ਕਾਰਨ। ਸਾਚਿ ਸਹਜਿ-ਸਚ ਅਤੇ ਸਹਿਜ ਅਵਸਥਾ ਵਿਚ ਟਿਕਣ ਨਾਲ। ਜਿਉ ਭਾਵੇ-ਜਿਵੇਂ ਤੈਨੂੰ ਚੰਗਾ ਲਗਦਾ ਹੈ। ਕਵਨੁ-ਕੌਣ। ਭਤਾਰੁ-ਮਾਲਕ, ਖਸਮ। ਅਖਰ ਪੜਿ ਪੜਿ-ਬਹੁਤੀ ਵਿੱਦਿਆ ਪੜ੍ਹਨ ਨਾਲ। ਭੁਲੀਐ-ਜੀਵਨ ਦੇ ਸਹੀ ਮਾਰਗ ਨੂੰ ਭੁੱਲ ਜਾਈਦਾ ਹੈ। ਅਭਿਮਾਨੁ-ਹੰਕਾਰ ਹੀ ਪੈਦਾ ਕਰਦਾ ਹੈ। ਕਿਆ ਕਰੇ-ਕੀ ਲਾਭ? ਮੈਲੁ ਗੁਮਾਨੁ-(ਜੇਕਰ ਮਨ ਵਿਚ) ਹਉਮੈ ਦੀ ਮੈਲ ਹੀ ਟਿਕੀ ਰਹੀ। ਮਨੁ ਰਾਜਾ ਸੁਲਤਾਨੁ-ਮਨ ਜੋ ਰਾਜਾ ਅਤੇ ਸੁਲਤਾਨ ਬਣਿਆ ਰਹਿੰਦਾ ਹੈ।
ਗੁਰਬਾਣੀ ਇਸ ਗੱਲ ਦੀ ਸੂਚਕ ਹੈ ਕਿ ਮਾਇਆ ਦਾ ਮੋਹ ਨਿਰਾ ਪਾਗਲਪਨ ਹੈ, ਜਿਸ ਵਿਚ ਫਸ ਕੇ ਜਗਤ ਖੁਆਰ ਹੁੰਦਾ ਰਹਿੰਦਾ ਹੈ। ਗੁਰਵਾਕ ਹੈ-
ਮਾਇਆ ਮੋਹੁ ਸਭੁ ਬਰਲੁ ਹੈ
ਦੂਜੈ ਭਾਇ ਖੁਆਈ ਰਾਮ॥
(ਰਾਗੁ ਵਡਹੰਸੁ ਮਹਲਾ ੩, ਅੰਗ 571)
ਬਰਲ-ਪਾਗਲਪਨ, ਝੱਲਾਪਨ। ਦੂਜੈ ਭਾਇ-ਦੂਜੀ ਮਾਇਆ ਦਾ ਮੋਹ। ਖੁਆਈ-ਖੁਆਰ ਹੁੰਦਾ ਰਹਿੰਦਾ ਹੈ।
ਆਪ ਜੀ ਰਾਗੁ ਬਸੰਤੁ ਵਿਚ ਦ੍ਰਿੜ੍ਹ ਕਰ ਰਹੇ ਹਨ ਕਿ ਜਿਸ ਜੀਵ ਦਾ ਅੰਤਰ-ਆਤਮਾ ਹੀ ਮੈਲਾ ਹੋਵੇ, ਉਹ ਤੀਰਥਾਂ 'ਤੇ ਜਿੰਨਾ ਮਰਜ਼ੀ ਗਮਨ ਕਰਦਾ ਫਿਰੇ ਅਤੇ ਜਗਤ ਦੇ ਦੇਸ਼-ਦੇਸ਼ਾਤਰਾਂ ਵਿਚ (ਭਾਵੇਂ) ਘੁੰਮਦਾ ਫਿਰੇ ਪਰ ਪਰਮਾਤਮਾ ਨਾਲ ਮਿਲਾਪ ਗੁਰੂ ਦੁਆਰਾ ਹੋਣ ਨਾਲ ਹੀ ਦੁਨਿਆਵੀ ਬੰਧਨ ਟੁੱਟਦੇ ਹਨ-
ਜਿਸੁ ਜੀਉ ਅੰਤਰੁ ਮੈਲਾ ਹੋਇ॥
ਤੀਰਥ ਭਵੈ ਦਿਸੰਤਰ ਲੋਇ॥
ਨਾਨਕ ਮਿਲੀਐ ਸਤਿਗੁਰ ਸੰਗ
ਤਉ ਭਵਜਲੁ ਕੇ ਤੂਟਸਿ ਬੰਧ॥ (ਅੰਗ 1169)
ਜੀਉ-ਜੀਵ ਦਾ। ਭਵੈ-ਭੌਂਦਾ ਫਿਰੇ। ਲੋਇ-ਲੋਕਾਈ, ਜਗਤ। ਬੰਧ-ਬੰਧਨ।
ਅੱਖਰੀਂ ਅਰਥ : ਰਹਾਉ ਵਾਲੀਆਂ ਤੁਕਾਂ ਵਿਚ ਗੁਰੂ ਬਾਬਾ ਦ੍ਰਿੜ੍ਹ ਕਰਵਾ ਰਹੇ ਹਨ ਕਿ ਮਾਇਆ ਜੀਵ ਨੂੰ ਭੁਲੇਖਿਆਂ ਵਿਚ ਪਾ ਕੇ (ਸਹੀ ਜੀਵਨ ਮਾਰਗ ਤੋਂ) ਭੁਲਾਈ ਅਥਵਾ ਖੁੰਝਾਈ ਰੱਖਦੀ ਹੈ ਅਤੇ ਜਿਹੜੀ ਨਾਭਾਗਣ ਜੀਵ-ਇਸਤਰੀ ਭੁਲੇਖੇ ਵਿਚ ਪੈ ਕੇ ਸਹੀ ਜੀਵਨ ਮਾਰਗ ਤੋਂ ਕੁਰਾਹੇ ਪੈ ਜਾਂਦੀ ਹੈ, ਉਹ ਫਿਰ ਜੀਵ-ਇਸਤਰੀ ਕਦੇ ਪ੍ਰਭੂ ਚਰਨਾਂ ਵਿਚ ਸਮਾਅ ਨਹੀਂ ਸਕਦੀ, ਲੀਨ ਨਹੀਂ ਹੋ ਸਕਦੀ।
ਕਿਉਂਕਿ ਮਾਇਆ ਜੀਵ ਨੂੰ ਭੁੱਲ-ਭੁਲਾਈਆਂ ਵਿਚ ਪਾਈ ਰੱਖਦੀ ਹੈ, ਇਸ ਲਈ ਮਨਮੁਖ ਜੀਵ-ਇਸਤਰੀ ਜੀਵਨ ਦੇ ਸਹੀ ਮਾਰਗ ਤੋਂ ਭੁੱਲੀ ਰਹਿੰਦੀ ਹੈ। ਜੀਵਨ ਪੰਧ ਤੋਂ ਖੁੰਝੀ ਹੋਈ ਅਜਿਹੀ ਜੀਵ-ਇਸਤਰੀ ਨੂੰ ਫਿਰ ਕਿਧਰੇ ਕੋਈ ਥਾਂ-ਟਿਕਾਣਾ ਨਹੀਂ ਮਿਲਦਾ। ਗੁਰੂ ਤੋਂ ਬਿਨਾਂ ਉਸ ਨੂੰ ਕੋਈ ਹੋਰ (ਸਹੀ ਜੀਵਨ ਮਾਰਗ) ਨਹੀਂ ਦਿਖਾ ਸਕਦਾ। ਅਜਿਹੀ ਮਾਇਆ ਦੇ ਮੋਹ ਵਿਚ ਅੰਨ੍ਹੀ ਹੋਈ ਜੀਵ ਇਸਤਰੀ ਜੰਮਣ-ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ। ਉਸ ਨੇ ਮਾਨੋ ਆਪਣਾ ਨਾਮ ਧਨ (ਗਿਆਨ ਪਦਾਰਥ) ਗੁਆ ਲਿਆ ਹੈ, ਜਿਸ ਕਾਰਨ ਉਹ ਠੱਗੀ ਜਾਂਦੀ ਹੈ ਅਤੇ ਆਤਮਿਕ ਜੀਵਨ ਵਜੋਂ ਉਹ ਲੁੱਟੀ ਜਾਂਦੀ ਹੈ।
ਅਜਿਹੀ (ਸਹੀ ਜੀਵਨ ਮਾਰਗ ਤੋਂ) ਭੁੱਲੀ ਹੋਈ ਜੀਵ-ਇਸਤਰੀ ਗ੍ਰਿਹਸਤੀ ਜੀਵਨ ਨੂੰ ਤਿਆਗ ਕੇ ਦੇਸ਼-ਦੇਸ਼ਾਂਤਰਾਂ ਵਿਚ (ਭਟਕਦੀ) ਫਿਰਦੀ ਰਹਿੰਦੀ ਹੈ। ਅਜਿਹੀ ਸਹੀ ਜੀਵਨ ਮਾਰਗ ਤੋਂ ਖੁੰਝੀ ਹੋਈ (ਜੀਵ-ਇਸਤਰੀ) ਕਦੇ ਪਹਾੜਾਂ 'ਤੇ ਜਾ ਚੜ੍ਹਦੀ ਹੈ ਅਤੇ ਕਦੇ ਧਰਤੀ (ਦੇ ਟਿੱਬਿਆਂ) 'ਤੇ ਭਾਵ ਉਹ ਭਟਕਦੀ ਫਿਰਦੀ ਹੈ ਅਤੇ ਉਸ ਦਾ ਮਨ ਡੋਲਦਾ ਫਿਰਦਾ ਹੈ। ਜਿਹੜੀ ਜੀਵ-ਇਸਤਰੀ (ਆਪਣੇ ਕਰਮਾਂ ਸਦਕਾ) ਧੁਰ ਤੋਂ ਪ੍ਰਭੂ ਨਾਲੋਂ ਵਿਛੜੀ ਹੋਈ ਹੈ, ਉਹ ਪ੍ਰਭੂ ਚਰਨਾਂ ਵਿਚ ਕਿਵੇਂ ਜੁੜ ਸਕਦੀ ਹੈ? ਉਹ ਤਾਂ ਹੰਕਾਰ ਵਿਚ ਲੁੱਟੀ ਜਾ ਰਹੀ ਹੈ ਅਤੇ ਵਿਛੋੜੇ ਵਿਚ ਕਲਪਦੀ ਰਹਿੰਦੀ ਹੈ।
ਪ੍ਰਭੂ ਨਾਲੋਂ ਵਿਛੜਿਆਂ ਹੋਇਆਂ ਦਾ ਗੁਰੂ ਹੀ ਪ੍ਰਾਣੀ ਨੂੰ ਅਨੰਦਮਈ ਨਾਮ ਅਤੇ ਨਾਮ ਤੇ ਪਿਆਰ ਵਿਚ ਜੋੜ ਕੇ ਪ੍ਰਭੂ ਨਾਲ ਮਿਲਾਪ ਕਰਵਾਉਣ ਵਾਲਾ ਹੈ। ਪ੍ਰਭੂ ਦੇ ਗੁਣਾਂ ਅਤੇ ਆਸਰੇ ਸਦਕਾ, ਸਹਿਜ ਅਵਸਥਾ ਵਿਚ ਟਿਕਣ ਨਾਲ (ਮਨੁੱਖ ਦੀ) ਬੜੀ ਸੋਭਾ ਹੁੰਦੀ ਹੈ। ਇਸ ਲਈ ਹੇ ਪ੍ਰਭੂ, ਜਿਵੇਂ ਤੈਨੂੰ ਚੰਗਾ ਲਗਦਾ ਹੈ, ਉਸੇ ਅਵਸਥਾ ਵਿਚ ਮੈਨੂੰ ਰੱਖ। ਤੇਰੇ ਤੋਂ ਬਿਨਾਂ ਮੇਰਾ ਹੋਰ ਕੋਈ ਮਾਲਕ ਨਹੀਂ।
ਬਹੁਤਾ ਪੜ੍ਹ-ਪੜ੍ਹ ਕੇ ਜੀਵਨ ਦੇ ਅਸਲ ਮਾਰਗ ਤੋਂ ਭੁੱਲੇ ਰਹੀਦਾ ਹੈ (ਕਿਉਂਕਿ ਮਨ ਵਿਚ ਵਿੱਦਿਆ ਦਾ ਗੁਮਾਨ ਪੈਦਾ ਹੋ ਜਾਂਦਾ ਹੈ, ਉਂਜ ਗੁਰਬਾਣੀ ਇਸ ਗੱਲ ਦੀ ਸੂਚਕ ਹੈ ਕਿ 'ਪੜੀਐ ਜੇਤੀ ਆਰਜਾ ਪੜੀਅਹਿ ਜੇਤੇ ਸਾਸ')। ਇਸੇ ਤਰ੍ਹਾਂ ਭੇਖ ਕਰਨ ਨਾਲ ਮਨ ਅੰਦਰ ਹੰਕਾਰ ਹੀ ਪੈਦਾ ਹੁੰਦਾ ਹੈ। ਤੀਰਥਾਂ 'ਤੇ ਇਸ਼ਨਾਨ ਕਰਨ ਦਾ ਵੀ ਕੀ ਫ਼ਾਇਦਾ ਜੇਕਰ ਮਨ ਵਿਚ ਹਉਮੈ ਦੀ ਮੈਲ ਹੀ ਟਿਕੀ ਰਹੀ (ਕਿ ਮੈਂ ਕਿੰਨਾ ਤੀਰਥ ਇਸ਼ਨਾਨੀ ਹਾਂ)। ਇਹ ਮਨ ਜੋ ਰਾਜਾ ਅਤੇ ਸੁਲਤਾਨ ਭਾਵ ਆਕੀ ਖਾਂ ਬਣਿਆ ਬੈਠਾ ਰਹਿੰਦਾ ਹੈ, ਉਸ ਨੂੰ ਗੁਰੂ ਤੋਂ ਬਿਨਾਂ ਹੋਰ ਕੌਣ ਸਮਝਾ ਸਕਦਾ ਹੈ?
(ਬਾਕੀ ਅਗਲੇ ਮੰਗਲਵਾਰ ਦੇ ਅੰਕ ਵਿਚ)


-217-ਆਰ, ਮਾਡਲ ਟਾਊਨ, ਜਲੰਧਰ।

ਪ੍ਰੇਰਨਾ-ਸਰੋਤ

ਪਰਉਪਕਾਰ ਦਾ ਮਹੱਤਵ ਤਾਂ ਕਰਮ ਵਿਚ ਹੈ

ਕਿਸੇ ਵੀ ਲੋੜਵੰਦ ਦੀ ਸਹਾਇਤਾ ਦਾ ਮਾਧਿਅਮ ਬਣਨਾ ਕਰਮ ਦੀ ਢੁਕਵੀਂ ਵਰਤੋਂ ਹੈ। ਸਵਾਮੀ ਵਿਵੇਕਾਨੰਦ ਕਰਮਯੋਗ ਵਿਚ ਲਿਖਦੇ ਹਨ ਪਰਉਪਕਾਰ ਦਾ ਮਹੱਤਵ ਤਾਂ ਕਰਮ ਵਿਚ ਹੈ। ਧਨ, ਸਰੀਰਕ ਮਿਹਨਤ, ਸੰਸਾਧਕ ਨਾਲ ਕਿਸੇ ਲੋੜਵੰਦ ਦੀ ਸਹਾਇਤਾ ਕਰਨਾ ਹੀ ਪਰਉਪਕਾਰ ਹੈ ਅਤੇ ਭਲਾਈ ਦਾ ਆਧਾਰ। ਸੰਸਾਰਿਕ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਅਤੇ ਸੰਜੋਣਾ ਆਮ ਜਾਣਕਾਰੀ ਲਈ ਜ਼ਰੂਰੀ ਹੋ ਸਕਦਾ ਹੈ ਪਰ ਅਧਿਆਤਮ ਦੇ ਪੱਖ ਤੋਂ ਇਹ ਸਭ ਕੁਝ ਇਕ ਫੋਕਟ ਸਮਾਨ ਹੈ। ਇਹ ਭੌਤਿਕ ਦੁਨੀਆ ਤੋਂ ਇਕ ਮਨ ਲੁਭਾਉਣੇ ਸੁਪਨੇ ਤੋਂ ਵੱਧ ਹੋਰ ਕੁਝ ਨਹੀਂ। ਸਨਾਤਨ ਧਰਮ ਇਸੇ ਤੱਥ ਨੂੰ ਮੰਨਦਾ ਹੈ ਅਤੇ ਜੀਵਨ ਦੀ ਮੌਲਿਕ ਅਤੇ ਰਚਨਾਤਮਿਕ ਵਿਆਖਿਆ ਕਰਦਾ ਹੈ। ਅਧਿਆਤਮ ਪੱਖ ਤੋਂ ਪੂਰਨ ਵਿਅਕਤੀ ਇਸੇ ਸਿਧਾਂਤ ਦੇ ਮਹੱਤਵ ਨੂੰ ਸਮਝਦਾ ਹੈ। ਅਜਿਹੇ ਵਿਅਕਤੀ ਨੂੰ ਆਪਣਾ ਜੀਵਨ ਸਫਲ ਹੁੰਦਾ ਲਗਦਾ ਹੈ। ਅਸਲ ਵਿਚ ਕਿਸੇ ਵਿਅਕਤੀ ਦਾ ਜੀਵਨ ਸਫਲ ਤਾਂ ਤਦ ਹੀ ਹੁੰਦਾ ਹੈ ਜਦ ਉਹ ਅਧਿਆਤਮਕ ਉਦੇਸ਼ਾਂ ਦੀ ਪੂਰਤੀ ਬਿਨਾਂ ਸੰਕੋਚ ਕਰਦਾ ਹੈ। ਇਸ ਦਾ ਭਾਵ ਹੈ ਕਿ ਵਿਅਕਤੀ ਆਪਣੇ-ਆਪ ਨੂੰ ਸਮਾਜ ਅਤੇ ਮਨੁੱਖੀ ਭਲਾਈ ਦੇ ਉਨ੍ਹਾਂ ਸਾਰੇ ਕਾਰਜਾਂ ਪ੍ਰਤੀ ਸਮਰਪਿਤ ਕਰੇ, ਜੋ ਉਸ ਦੀ ਅੰਤਰਆਤਮਾ ਉਸ ਨੂੰ ਕਹਿੰਦੀ ਹੈ।


-ਸਵਾਮੀ ਵਿਵੇਕਾਨੰਦ ਸਟੱਡੀ ਸਰਕਲ, ਜਲੰਧਰ। ਮੋਬਾ: 94175-50741

ਅਗਰਸੇਨ ਜੈਅੰਤੀ 'ਤੇ ਵਿਸ਼ੇਸ਼

ਅਹਿੰਸਾ ਅਤੇ ਸ਼ਾਂਤੀ ਦੇ ਪ੍ਰੇਰਕ - ਮਹਾਰਾਜਾ ਅਗਰਸੇਨ

ਮਹਾਰਾਜਾ ਅਗਰਸੇਨ ਤਿਆਗ, ਅਹਿੰਸਾ, ਸ਼ਾਂਤੀ, ਰਾਮ ਰਾਜ ਦੇ ਅਸਲ ਸਮਰੱਥਕ, ਕਰੁਣਾ ਦੇ ਪ੍ਰੇਰਕ, ਸੱਚੇ ਸਮਾਜਸੇਵੀ ਅਤੇ ਇਕ ਅਵਤਾਰ ਸਨ। ਸਮਰਾਟ ਅਗਰਸੇਨ ਦਾ ਜਨਮ ਪ੍ਰਤਾਪਨਗਰ ਦੇ ਰਾਜਾ ਬਲੱਭ ਦੇ ਘਰ ਹੋਇਆ। ਵਰਤਮਾਨ ਕੈਲੰਡਰ ਅਨੁਸਾਰ ਮਹਾਰਾਜਾ ਅਗਰਸੇਨ ਦਾ ਜਨਮ 5185 ਸਾਲ ਪਹਿਲਾਂ ਹੋਇਆ। ਅਗਰਸੇਨ ਨੇ ਬਚਪਨ ਤੋਂ ਹੀ ਵੇਦਾਂ, ਸਾਸ਼ਤਰਾਂ, ਅਸਤਰਾਂ-ਸ਼ਸਤਰਾਂ, ਰਾਜਨੀਤੀ ਅਤੇ ਅਰਥਨੀਤੀ ਆਦਿ ਦਾ ਗਿਆਨ ਪ੍ਰਾਪਤ ਕਰ ਲਿਆ ਸੀ। ਰਾਜ ਬਲੱਭ ਨੇ ਸੰਨਿਆਸ ਲੈ ਕੇ ਅਗਰਸੇਨ ਨੂੰ ਰਾਜ-ਭਾਗ ਦਾ ਕੰਮ ਸੌਂਪ ਦਿੱਤਾ। ਅਗਰਸੇਨ ਨੇ ਨਿਪੁੰਨਤਾ ਨਾਲ ਰਾਜ ਦਾ ਸੰਚਾਲਨ ਕੀਤਾ ਅਤੇ ਰਾਜ ਦਾ ਵਿਸਥਾਰ ਕਰਦੇ ਹੋਏ ਪਰਜਾ ਦੇ ਹਿੱਤਾਂ ਲਈ ਕੰਮ ਕੀਤਾ।
ਮਹਾਰਾਜਾ ਅਗਰਸੇਨ ਧਾਰਮਿਕ ਪ੍ਰਵਿਰਤੀ ਦੇ ਮਾਲਕ ਸਨ। ਧਰਮ ਵਿਚ ਉਨ੍ਹਾਂ ਦੀ ਡੁੂੰਘੀ ਰੁਚੀ ਸੀ। ਉਹ ਰੱਬ ਦੀ ਸਾਧਨਾ ਵਿਚ ਵਿਸ਼ਵਾਸ ਕਰਦੇ ਸਨ। ਇਸ ਲਈ ਉਨ੍ਹਾਂ ਨੇ ਆਪਣੇ ਜੀਵਨ ਵਿਚ ਪਰਜਾ ਦੀ ਭਲਾਈ ਅਤੇ ਖ਼ੁਸ਼ਹਾਲੀ ਲਈ ਸ਼ਿਵਜੀ ਜੀ ਤੋਂ ਵਰਦਾਨ ਦੀ ਪ੍ਰਾਪਤੀ ਲਈ ਘੋਰ ਤੱਪਸਿਆ ਕੀਤੀ।
ਮਹਾਰਾਜਾ ਅਗਰਸੇਨ ਨੇ ਆਪਣੇ ਵਿਚਾਰਾਂ ਦੇ ਜ਼ੋਰ ਨਾਲ ਉਸ ਸਮੇਂ ਦੇ ਸਮਾਜ ਨੂੰ ਇਕ ਨਵੀਂ ਦਿਸ਼ਾ ਦਿੱਤੀ। ਮਹਾਰਾਜਾ ਅਗਰਸੇਨ ਦੇ ਵਿਚਾਰਾਂ, ਉਨ੍ਹਾਂ ਵਲੋਂ ਸਮਾਜ ਨੂੰ ਦਿੱਤੀ ਨਵੀਂ ਦਿਸ਼ਾ, ਸਮਾਜਵਾਦ ਅਤੇ ਵਪਾਰ ਦੇ ਮਹੱਤਵ ਨੂੰ ਸਮਝਦਿਆਂ ਭਾਰਤ ਸਰਕਾਰ ਨੇ 24 ਸਤੰਬਰ 1976 ਨੂੰ ਮਹਾਰਾਜਾ ਅਗਰਸੈਨ ਦੇ ਨਾਂਅ ਇਕ ਡਾਕ ਟਿਕਟ ਜਾਰੀ ਕੀਤਾ। ਅੱਜ ਅਗਰਵਾਲ ਸਮਾਜ ਨੇ ਹੀ ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਭਾਰਤੇਂਦੂ ਹਰੀਸ਼ ਚੰਦਰ, ਪੰਜਾਬ ਕੇਸਰੀ ਲਾਲਾ ਲਾਜਪਤ ਰਾਏ, ਸਰ ਗੰਗਾ ਰਾਮ, ਡਾ: ਭਗਵਾਨ ਦਾਸ, ਸਰ ਸ਼ਾਦੀ ਲਾਲ, ਹਨੂਮਾਨ ਪ੍ਰਸਾਦ ਧੌਧਾਰ, ਡਾ: ਰਾਮ ਮਨੋਹਰ ਲੋਹੀਆ ਜਿਹੇ ਪ੍ਰਸਿੱਧ ਕ੍ਰਾਂਤੀਕਾਰੀ ਅਤੇ ਕਮਲਾਪਤੀ ਸਿੰਧਾਨੀਆਂ ਜਿਹੇ ਪ੍ਰਸਿੱਧ ਉਦਯੋਗਪਤੀ ਭਾਰਤੀ ਸਮਾਜ ਨੂੰ ਪ੍ਰਦਾਨ ਕੀਤੇ ਹਨ।
ਅੱਜ ਭਾਰਤ ਦੇ ਵੱਖ-ਵੱਖ ਸ਼ਹਿਰਾਂ ਵਿਚ ਅਗਰਵਾਲ ਸਮਾਜ ਅਤੇ ਸਭਾਵਾਂ ਸਮਾਜਿਕ, ਧਾਰਮਿਕ, ਰਾਜਨੀਤਕ ਅਤੇ ਸਮਾਜ ਭਲਾਈ ਦੇ ਕੰਮਾਂ 'ਚ ਪੂਰਾ ਯੋਗਦਾਨ ਦੇ ਰਹੀਆਂ ਹਨ। ਕੁਰਾਲੀ ਜ਼ਿਲ੍ਹਾ ਮੁਹਾਲੀ ਵਿਖੇ ਵੀ ਪਿਛਲੇ ਕਾਫ਼ੀ ਸਾਲਾਂ ਤੋਂ ਅਗਰਵਾਲ ਸਭਾ ਵਲੋਂ ਸਮਾਜ ਸੁਧਾਰ ਦੇ ਕੰਮ ਕੀਤੇ ਜਾ ਰਹੇ ਹਨ। ਅਗਰਵਾਲ ਸਭਾ ਕੁਰਾਲੀ ਦੇ ਪ੍ਰਧਾਨ ਰਾਕੇਸ਼ ਅਗਰਵਾਲ ਹਨ। ਵਾਤਾਵਰਨ ਦੀ ਸੁਰੱਖਿਆ ਲਈ ਦਰੱਖਤ ਲਗਾਉਣੇ, ਗ਼ਰੀਬ ਵਿਦਿਆਰਥੀਆਂ ਦੀ ਪੜ੍ਹਾਈ ਵਿਚ ਆਰਥਿਕ ਮਦਦ ਕਰਨੀ, ਧਾਰਮਿਕ ਸ਼ੋਭਾ ਯਾਤਰਾਵਾਂ ਵਿਚ ਖਾਣ-ਪੀਣ ਦਾ ਪ੍ਰਬੰਧ ਕਰਨਾ, ਖੂਨਦਾਨ ਕੈਂਪ ਦਾ ਆਯੋਜਨ ਕਰਨਾ, ਅਗਰਸੈਨ ਮਹਾਰਾਜ ਦੇ ਅਨਮੋਲ ਵਿਚਾਰਾਂ ਨਾਲ ਸਮਾਜ ਵਿਚ ਲੋਕਾਂ ਨੂੰ ਜਾਗ੍ਰਿਤ ਕਰਨਾ, ਅਗਰਸੇਨ ਜੈਅੰਤੀ ਮੌਕੇ ਧਾਰਮਿਕ ਪ੍ਰੋਗਰਾਮ ਦਾ ਆਯੋਜਨ ਕਰਨਾ, ਇਸ ਸਭਾ ਦਾ ਮੁੱਖ ਉਦੇਸ਼ ਰਿਹਾ ਹੈ।


-(ਹਿੰਦੀ ਅਧਿਆਪਕ) ਸਰਕਾਰੀ ਹਾਈ ਸਕੂਲ ਗੋਸਲਾਂ, ਕੁਰਾਲੀ (ਮੁਹਾਲੀ)। ਮੋਬਾਈਲ : 9465596231.

ਕੰਢੀ ਖੇਤਰ ਦੀਆਂ ਵਿਲੱਖਣਤਾਵਾਂ

ਅਗਿਆਤਵਾਸ ਸਮੇਂ ਪਾਂਡਵਾਂ ਦੀ ਪਨਾਹਗਾਹ ਰਿਹਾ ਹੈ ਕੰਢੀ ਖੇਤਰ

(ਲੜੀ ਜੋੜਨ ਲਈ ਪਿਛਲੇ ਮੰਗਲਵਾਰ ਦਾ ਧਰਮ ਤੇ ਵਿਰਸਾ ਅੰਕ ਦੇਖੋ)
ਸ੍ਰੀ ਪੰਡਾਇਣ ਦਾ ਪ੍ਰਾਚੀਨ ਖੂਹ-ਇਨ੍ਹਾਂ ਖੂਬਸੂਰਤ ਪਹਾੜੀਆਂ ਦੇ ਪੈਰਾਂ 'ਚੋਂ ਲੰਘਦੀ ਮੁਕੇਰੀਆਂ-ਤਲਵਾੜਾ ਸੜਕ ਕੰਢੇ ਵਸਿਆ ਪਿੰਡ ਹੈ ਸ੍ਰੀ ਪੰਡਾਇਣ। ਇਹ ਥਾਂ ਮੁਕੇਰੀਆਂ ਤੋਂ ਲਗਪਗ 26 ਕਿਲੋਮੀਟਰ ਦੂਰ ਪੈਂਦੀ ਹੈ। ਇਸ ਪਿੰਡ ਦਾ ਪਿਛੋਕੜ ਵੀ ਮਹਾਂਭਾਰਤ ਕਾਲ ਨਾਲ ਜੁੜਿਆ ਦੱਸਿਆ ਜਾਂਦਾ ਹੈ। ਸਹੋੜਾ ਕੰਢੀ ਅਤੇ ਦਮਵਾਲ ਪਿੰਡਾਂ ਵਾਂਗ ਹੀ ਇਸ ਥਾਂ ਦੀ ਵੀ ਮਾਨਤਾ ਹੈ ਕਿ ਆਪਣੇ ਅਗਿਆਤਵਾਸ ਦੌਰਾਨ ਪਾਂਡਵ ਇਨ੍ਹਾਂ ਰਮਣੀਕ ਪਹਾੜੀਆਂ ਵਿਚ ਵਿਚਰਦੇ ਹੋਏ ਇਸ ਥਾਂ 'ਤੇ ਪੁੱਜੇ ਸਨ। ਇਸ ਜਗ੍ਹਾ 'ਤੇ ਇਕ ਬਹੁਤ ਡੂੰਘਾ ਪੌੜੀਦਾਰ ਖੂਹ ਹੈ। ਇਸ ਖੂਹ ਦੀਆਂ ਕੰਧਾਂ 'ਤੇ ਕਈ ਸ਼ਿਲਾਲੇਖ ਵੀ ਮਿਲੇ ਹਨ, ਜਿਨ੍ਹਾਂ 'ਤੇ ਸੰਸਕ੍ਰਿਤ ਵਰਗੀ ਭਾਸ਼ਾ ਵਿਚ ਕੁਝ ਉਕਰਿਆ ਹੋਇਆ ਹੈ। ਪੁਰਾਤਤਵ ਵਿਗਿਆਨੀਆਂ ਅਤੇ ਭਾਸ਼ਾ ਵਿਗਿਆਨੀਆਂ ਮੁਤਾਬਕ ਇਹ ਸ਼ਿਲਾਲੇਖ ਅਤੇ ਭਾਸ਼ਾ ਹਜ਼ਾਰਾਂ ਸਾਲ ਪੁਰਾਣੀ ਹੈ। ਇਸ ਭਾਸ਼ਾ ਦੇ ਅਰਥ ਅਜੇ ਪੂਰੀ ਤਰ੍ਹਾਂ ਸਪੱਸ਼ਟ ਨਹੀਂ ਹੋ ਸਕੇ ਹਨ। ਇਸ ਪ੍ਰਾਚੀਨ ਖੂਹ ਤੋਂ ਕੁਝ ਮੀਟਰ ਦੀ ਦੂਰੀ 'ਤੇ ਇਕ ਸ਼ਿਵਲਿੰਗ ਦੀ ਸਥਾਪਨਾ ਵੀ ਕੀਤੀ ਗਈ ਹੈ। ਇਸ ਖੂਹ ਅਤੇ ਸ਼ਿਵਲਿੰਗ ਵਿਚਾਲੇ ਇਕ ਸੁਰੰਗ ਵੀ ਦੱਸੀ ਜਾਂਦੀ ਹੈ, ਜਿਸ ਰਾਹੀਂ ਸ਼ਿਵਲਿੰਗ ਦੀ ਪੂਜਾ ਅਰਚਨਾ ਦੌਰਾਨ ਸ਼ਿਵਲਿੰਗ 'ਤੇ ਜਲ ਚੜ੍ਹਉਣ ਦੀ ਵਿਵਸਥਾ ਕੀਤੀ ਗਈ ਹੈ। ਪਾਂਡਵਾਂ ਵਲੋਂ ਤਿਆਰ ਕੀਤੇ ਗਏ ਇਸ ਖੂਹ ਅਤੇ ਸ਼ਿਵ ਮੰਦਰ ਕਰਕੇ ਹੀ ਇਸ ਪਿੰਡ ਦਾ ਨਾਂਅ ਸ੍ਰੀ ਪੰਡਾਇਣ ਪ੍ਰਚਲਿਤ ਹੋਇਆ ਹੈ। ਸਥਾਨਕ ਲੋਕਾਂ ਵਲੋਂ ਇਸ ਪ੍ਰਾਚੀਨ ਖੂਹ ਅਤੇ ਸ਼ਿਵਲਿੰਗ ਦੀ ਸਾਂਭ-ਸੰਭਾਲ ਬਹੁਤ ਚੰਗੇ ਢੰਗ ਨਾਲ ਕੀਤੀ ਗਈ ਹੈ। ਸ੍ਰੀ ਪੰਡਾਇਣ ਵਿਖੇ ਹਰ ਵਰ੍ਹੇ ਮਹਾਸ਼ਿਵਰਾਤਰੀ ਦੇ ਮੌਕੇ 'ਤੇ ਵਿਸ਼ਾਲ ਭੰਡਾਰੇ ਅਤੇ ਧਾਰਮਿਕ ਆਯੋਜਨ ਕੀਤਾ ਜਾਂਦਾ ਹੈ।
ਮਾਤਾ ਹਡਿੰਬਾ ਦੇਵੀ ਮੰਦਰ-ਸ਼ਿਵਾਲਿਕ ਦੀਆਂ ਰਮਣੀਕ ਪਹਾੜੀਆਂ ਦੀ ਗੋਦ ਵਿਚ ਵਸਿਆ ਹੈ ਤਲਵਾੜਾ ਟਾਊਨਸ਼ਿਪ। ਇਸ ਦੇ ਇਕ ਪਾਸੇ ਵਗਦਾ ਹੈ ਕਲ-ਕਲ ਕਰਦਾ ਬਿਆਸ ਦਰਿਆ ਅਤੇ ਦੂਸਰੇ ਪਾਸੇ ਹਨ ਸੱਪ ਵਾਂਗ ਵਲ਼ ਖਾਂਦੀਆਂ ਹਰੀਆਂ-ਭਰੀਆਂ ਪਹਾੜੀਆਂ। ਇੱਥੋਂ ਤਲਵਾੜਾ-ਬੇੜਿੰਗ ਲਿੰਕ ਰੋਡ ਉੱਤੇ 5 ਕਿਲੋਮੀਟਰ ਦੂਰ ਉਚਾਈ 'ਤੇ ਵਸਿਆ ਹੈ ਪਹਾੜੀ ਪਿੰਡ ਵਨਕਰਨਪੁਰ। ਇਸ ਪਹਾੜੀ ਪਿੰਡ ਦੀ ਟੀਸੀ 'ਤੇ ਸਥਾਪਿਤ ਹੈ ਮਾਤਾ ਹਡਿੰਬਾ ਦੇਵੀ ਦਾ ਪ੍ਰਾਚੀਨ ਮੰਦਰ। ਹਜ਼ਾਰਾਂ ਵਰ੍ਹੇ ਪੁਰਾਣੇ ਛਾਂਦਾਰ ਬੋਹੜ ਬਿਰਖ ਦੀਆਂ ਲੰਮੀਆਂ ਬਾਹਾਂ ਦੇ ਕਲਾਵੇ ਵਿਚ ਸਥਿਤ ਇਸ ਮਾਤਾ ਹਡਿੰਬਾ ਦੇਵੀ ਮੰਦਰ ਦਾ ਸਬੰਧ ਮਹਾਭਾਰਤ ਕਾਲ ਦੀ ਇਕ ਪ੍ਰੇਮ ਕਥਾ ਨਾਲ ਜੁੜਿਆ ਹੋਇਆ ਹੈ।
ਦੰਦ ਕਥਾ ਅਨੁਸਾਰ ਆਪਣੇ ਅਗਿਆਤਵਾਸ ਦੌਰਾਨ ਪਾਂਡਵ ਜਦੋਂ ਭੇਖ ਬਦਲ ਕੇ ਪਹਾੜੀਆਂ ਅਤੇ ਜੰਗਲਾਂ ਵਿਚ ਵਿਚਰ ਰਹੇ ਸਨ, ਉਦੋਂ ਰਾਖਸ਼ਸ਼ ਕੁਲ ਦੀ ਕੰਨਿਆ ਹਡਿੰਬਾ ਮਹਾਬਲੀ ਭੀਮ ਵੱਲ ਆਕਰਸ਼ਿਤ ਹੋ ਗਈ ਸੀ। ਇਹ ਗੱਲ ਪਤਾ ਲੱਗਣ 'ਤੇ ਹਡਿੰਬਾ ਦਾ ਭਰਾ ਰਾਖਸ਼ ਹਡਿੰਬ ਉਸ ਨਾਲ ਬਹੁਤ ਨਾਰਾਜ਼ ਹੋ ਗਿਆ ਸੀ। ਉਸ ਨੇ ਆਪਣੀ ਭੈਣ ਨਾਲ ਵਿਆਹ ਕਰਾਉਣ ਤੋਂ ਪਹਿਲਾਂ ਮਹਾਬਲੀ ਭੀਮ ਨੂੰ ਮੱਲ ਯੁੱਧ ਲਈ ਲਲਕਾਰਿਆ। ਕਹਿੰਦੇ ਹਨ ਭੀਮ ਅਤੇ ਹਡਿੰਬ ਵਿਚਾਲੇ ਇਹ ਭਿਆਨਕ ਮੱਲ ਯੁੱਧ ਕਈ ਦਿਨ ਚਲਦਾ ਰਿਹਾ ਸੀ। ਕਦੇ ਭੀਮ ਦਾ ਪਲੜਾ ਭਾਰੀ ਹੋ ਜਾਂਦਾ ਤੇ ਕਦੇ ਰਾਖਸ਼ਸ਼ ਹਡਿੰਬ ਹਾਵੀ ਹੋ ਜਾਂਦਾ। ਆਖਰ ਮਹਾਬਲੀ ਭੀਮ ਨੇ ਆਪਣੇ ਸਰੀਰਕ ਅਤੇ ਬੌਧਿਕ ਬਲ ਨਾਲ ਹਡਿੰਬ ਨੂੰ ਹਰਾ ਦਿੱਤਾ। ਇੰਜ ਭੀਮ ਅਤੇ ਹਡਿੰਬਾ ਦੇ ਵਿਆਹ ਵਿਚਲੀ ਰੁਕਾਵਟ ਦੂਰ ਹੋ ਗਈ ਸੀ। ਫਿਰ ਭੀਮ ਅਤੇ ਹਡਿੰਬਾ ਤੋਂ ਪੁੱਤਰ ਘਟੋਤਕਚ ਪੈਦਾ ਹੋਇਆ, ਜਿਸ ਨੇ ਮਹਾਭਾਰਤ ਯੁੱਧ ਦੌਰਾਨ ਆਪਣੇ ਪਿਤਾ ਵਾਂਗ ਹੀ ਅਨੋਖੀ ਵੀਰਤਾ ਦਾ ਸਬੂਤ ਦਿੱਤਾ। ਕਥਾ ਅਨੁਸਾਰ ਦੇਵੀ ਕੁੱਲ ਵਿਚ ਪ੍ਰਵੇਸ਼ ਮਗਰੋਂ ਹਡਿੰਬਾ ਰਾਖਸ਼ਣੀ ਦੀ ਥਾਂ ਹਡਿੰਬਾ ਦੇਵੀ ਵਜੋਂ ਮਾਨਤਾ ਪ੍ਰਾਪਤ ਕਰ ਗਈ ਸੀ। ਉਸ ਨੇ ਵਨਕਰਨਪੁਰ ਨੂੰ ਹੀ ਆਪਣਾ ਤਪ ਸਥਾਨ ਮੰਨ ਲਿਆ। ਕਹਿੰਦੇ ਹਨ ਕਿ ਮਹਾਭਾਰਤ ਯੁੱਧ ਦੌਰਾਨ ਪੁੱਤਰ ਘਟੋਤਕਚ ਦੇ ਵੀਰਗਤੀ ਨੂੰ ਪ੍ਰਾਪਤ ਹੋਣ ਮਗਰੋਂ ਮਾਤਾ ਹਡਿੰਬਾ ਦੇਵੀ ਲੋਕਾਂ ਦਾ ਕਲਿਆਣ ਕਰਦੀ ਹੋਈ ਇਸੇ ਥਾਂ 'ਤੇ ਜੋਤੀ ਜੋਤ ਸਮਾ ਗਈ ਸੀ। ਵਨਕਰਨਪੁਰ ਵਿਖੇ ਇਸ ਮੰਦਰ ਵਿਚ ਹਰ ਵਰ੍ਹੇ 21 ਜੂਨ ਨੂੰ ਵਿਸ਼ਾਲ ਜਾਗਰਣ ਅਤੇ ਭੰਡਾਰੇ ਦਾ ਆਯੋਜਨ ਕੀਤਾ ਜਾਂਦਾ ਹੈ। (ਚਲਦਾ)


-ਪੰਚਵਟੀ, ਏਕਤਾ ਇਨਕਲੇਵ-2, ਬੂਲਾਂਬਾੜੀ, ਹੁਸ਼ਿਆਰਪੁਰ।
ਮੋਬਾ: 98761-56964

ਬਰਸੀ 'ਤੇ ਵਿਸ਼ੇਸ਼

ਮਹਾਨ ਤਪੱਸਵੀ ਸਨ ਸੰਤ ਬਾਬਾ ਵਰਿਆਮ ਸਿੰਘ

ਪੰਜਾਬ ਦੀ ਧਰਤੀ ਦੇ ਧੰਨ-ਭਾਗ ਹਨ ਕਿ ਇਥੇ ਅਨੇਕਾਂ ਗੁਰੂਆਂ-ਪੀਰਾਂ, ਸੰਤਾਂ-ਮਹਾਂਪੁਰਸ਼ਾਂ ਨੇ ਜਨਮ ਲਿਆ ਹੈ। ਇਨ੍ਹਾਂ ਸੰਤਾਂ-ਮਹਾਂਪੁਰਸ਼ਾਂ ਵਿਚੋਂ ਇਕ ਸਨ ਸੰਤ ਬਾਬਾ ਵਰਿਆਮ ਸਿੰਘ, ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਤਪੱਸਿਆ, ਧਰਮ ਦੀ ਰਾਖੀ ਤੇ ਸੰਗਤਾਂ ਦੀ ਸੇਵਾ ਵਿਚ ਗੁਜ਼ਾਰੀ। ਬਾਬਾ ਵਰਿਆਮ ਸਿੰਘ ਦਾ ਜਨਮ 1902 ਈ: ਵਿਚ ਜ਼ਿਲ੍ਹਾ ਜਲੰਧਰ ਦੇ ਕਸਬਾ ਆਦਮਪੁਰ ਨੇੜਲੇ ਪਿੰਡ ਖੁਰਦਪੁਰ ਵਿਖੇ ਪਿਤਾ ਸ: ਗਹਿਣਾ ਸਿੰਘ ਤੇ ਮਾਤਾ ਪ੍ਰੇਮ ਕੌਰ ਦੇ ਘਰ ਹੋਇਆ। ਛੋਟੀ ਉਮਰ ਵਿਚ ਹੀ ਉਨ੍ਹਾਂ ਦੀ ਲਗਨ ਪਰਮਾਤਮਾ ਨਾਲ ਜੁੜ ਗਈ। ਸਭ ਤੋਂ ਪਹਿਲਾਂ ਉਨ੍ਹਾਂ ਨੇ ਸੰਤ ਗੁਰਬਖਸ਼ ਸਿੰਘ ਟਾਂਗਰੇ ਵਾਲਿਆਂ ਨਾਲ ਸੰਗਤ ਕੀਤੀ, ਜਿਨ੍ਹਾਂ ਨੇ ਆਪ ਨੂੰ ਪ੍ਰਭੂ-ਭਗਤੀ ਤੇ ਲੋਕ-ਸੇਵਾ ਲਈ ਪ੍ਰੇਰਿਆ। ਫਿਰ ਸੰਤ ਵਰਿਆਮ ਸਿੰਘ ਹੁਰਾਂ ਨੇ ਜੈਤੋ ਦੇ ਮੋਰਚੇ ਵਿਚ ਵਧ-ਚੜ੍ਹ ਕੇ ਹਿੱਸਾ ਲੈਂਦਿਆਂ ਕਈ ਵਾਰ ਜੇਲ੍ਹ ਜਾ ਕੇ ਧਰਮ ਦੀ ਰਾਖੀ ਲਈ ਕੀਤੇ ਗਏ ਸੰਘਰਸ਼ ਵਿਚ ਵੀ ਯੋਗਦਾਨ ਪਾਇਆ। ਉਸ ਤੋਂ ਬਾਅਦ ਉਹ ਘਰ-ਬਾਰ ਤਿਆਗ ਕੇ ਗੁਰਦੁਆਰਾ ਸ੍ਰੀ ਤਪਸਰ ਸਾਹਿਬ ਬਖੂਹਾ (ਖੁਰਦਪੁਰ) ਆ ਗਏ, ਜਿਥੇ ਉਨ੍ਹਾਂ ਨੇ ਕਠਿਨ ਤਪੱਸਿਆ ਕੀਤੀ। ਇਸ ਦੌਰਾਨ ਉਹ ਕਈ ਵਾਰ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ (ਨੰਗਲ) ਜਾ ਕੇ ਵੀ ਪ੍ਰਭੂ-ਭਗਤੀ ਵਿਚ ਲੀਨ ਰਹੇ। ਸੰਤ ਵਰਿਆਮ ਸਿੰਘ ਜੀ ਆਪਣੀ ਭਗਤੀ, ਕੁਰਬਾਨੀ, ਤਿਆਗ ਤੇ ਸੇਵਾ ਭਰੀ ਸੋਚ ਸਦਕਾ ਲੋਕਾਂ ਦੇ ਮਨਾਂ ਵਿਚ ਸ਼ਰਧਾ ਤੇ ਸਤਿਕਾਰ ਬਣਾ ਕੇ 10 ਅਕਤੂਬਰ, 1965 ਈ: ਨੂੰ ਪਰਮਾਤਮਾ ਦੀ ਜੋਤ ਵਿਚ ਸਮਾ ਗਏ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਖੁਰਦਪੁਰ ਵਾਸੀਆਂ ਵਲੋਂ 10 ਅਕਤੂਬਰ ਦਿਨ ਬੁੱਧਵਾਰ ਨੂੰ ਸੰਤ ਬਾਬਾ ਵਰਿਆਮ ਸਿੰਘ ਦੀ ਬਰਸੀ 'ਤੇ ਗੁਰਦੁਆਰਾ ਸ੍ਰੀ ਤਪਸਰ ਸਾਹਿਬ ਬਖੂਹਾ (ਖੁਰਦਪੁਰ) ਵਿਖੇ ਜੋੜ-ਮੇਲਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਪ੍ਰਸਿੱਧ ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਨਿਹਾਲ ਕਰਨਗੇ ਅਤੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ।


-ਪਿੰਡ ਤੇ ਡਾਕ: ਖੁਰਦਪੁਰ, ਨੇੜੇ ਆਦਮਪੁਰ (ਜਲੰਧਰ)। ਮੋਬਾ: 94630-61638

ਧਾਰਮਿਕ ਸਾਹਿਤ

ਸਿਮਰਨ ਦੁਆਰਾ ਨਰੋਏ ਸਮਾਜ ਦਾ ਸੰਕਲਪ
ਲੇਖਕ : ਡਾ: ਨਰਿੰਦਰ ਸਿੰਘ ਵਿਰਕ
ਪ੍ਰਕਾਸ਼ਕ : ਸਿੰਘ ਬ੍ਰਦਰਜ਼, ਅੰਮ੍ਰਿਤਸਰ।
ਪੰਨੇ : 216, ਮੁੱਲ : 280 ਰੁਪਏ
ਸੰਪਰਕ : 097290-18022


ਸਵਸਥ ਸੋਚ ਵਿਅਕਤੀ ਤੇ ਸਮਾਜ ਦੋਵਾਂ ਨੂੰ ਤੰਦਰੁਸਤ ਤੇ ਉਸਾਰੂ ਰਾਹਾਂ ਉੱਤੇ ਤੋਰਦੀ ਹੈ। ਬਿਮਾਰ ਸੋਚ ਵਿਅਕਤੀ ਤੇ ਸਮਾਜ ਦੋਵਾਂ ਨੂੰ ਰੋਗੀ ਬਣਾਉਂਦੀ ਹੈ। ਭੌਤਿਕ ਕੂੜ-ਕਬਾੜ ਵਾਂਗ ਮਨਾਂ ਨੂੰ ਮਲੀਨ ਬਣਾਉਣ ਵਾਲੇ ਭਾਂਤ-ਭਾਂਤ ਦੇ ਵਿਕਾਰ ਵਿਅਕਤੀ ਨੂੰ ਮਾਨਸਿਕ ਤੇ ਸਰੀਰਕ ਦੋਵਾਂ ਪੱਖਾਂ ਤੋਂ ਬਿਮਾਰ ਕਰਦੇ ਹਨ। ਵਿਅਕਤੀਆਂ ਨਾਲ ਹੀ ਸਮਾਜ ਬਣਦਾ ਹੈ। ਬਿਮਾਰ ਵਿਅਕਤਿਤਵ ਬਿਮਾਰ ਸਮਾਜਾਂ ਨੂੰ ਜਨਮ ਦਿੰਦਾ ਹੈ। ਦਵਾਈਆਂ ਦੇ ਬਾਵਜੂਦ ਰੋਗ ਨਹੀਂ ਮੁੱਕ ਰਹੇ। ਸਰੀਰਕ ਤੇ ਭੌਤਿਕ ਪੱਧਰ ਦੇ ਨਾਲ-ਨਾਲ ਵਿਅਕਤੀਆਂ ਦੀ ਮਾਨਸਿਕਤਾ ਨੂੰ ਨਿਰਮਲ, ਤਕੜਾ ਤੇ ਸਵਸਥ ਬਣਾਉਣ ਦੀ ਲੋੜ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਨਾਮ ਸਿਮਰਨ ਦੀ ਜੁਗਤ ਇਸ ਕਾਰਜ ਲਈ ਸੁਝਾਈ ਗਈ ਹੈ। ਈਰਖਾ, ਨਿੰਦਾ, ਚਿੰਤਾ, ਸਾੜਾ, ਹੰਕਾਰ, ਹੱਦਾਂ ਤੋੜਦੇ ਕਾਮ, ਕ੍ਰੋਧ, ਲੋਭ, ਮੋਹ ਤੋਂ ਮੁਕਤ ਨਿਰਭਉ ਨਿਰਵੈਰ ਸਰਬੱਤ ਦੇ ਭਲੇ ਵਾਲੀ ਅਰੋਗ ਮਾਨਸਿਕਤਾ ਅਜਿਹੇ ਗੁਣਾਂ ਦੇ ਮਾਲਕ ਪਰਮਾਤਮਾ ਦੇ ਸਿਮਰਨ ਨਾਲ ਹੀ ਹਾਸਲ ਹੋ ਸਕਦੀ ਹੈ। ਡਾ: ਵਿਰਕ ਨੇ ਸਿਮਰਨ ਦੁਆਰਾ ਨਾਮੀ ਦੇ ਗੁਣ ਨਾਮ ਸਿਮਰਨ ਵਾਲੇ ਵਿਚ ਆਉਣ ਵੱਲ ਧਿਆਨ ਦੁਆਇਆ ਹੈ। ਸਰਬ ਰੋਗ ਗਾ ਅਵਖਧ ਨਾਮ ਦੀ ਗੱਲ ਛੋਹੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਉਸ ਦੇ ਹਿੰਦੂ, ਮੁਸਲਿਮ, ਇਸਾਈ, ਬੁੱਧ ਤੇ ਜੈਨ ਧਰਮਾਂ ਵਿਚ ਵੀ ਸਿਮਰਨ ਦੇ ਸੰਕਲਪ/ਮਹੱਤਵ ਦੀ ਚਰਚਾ ਕੀਤੀ ਹੈ। ਨਾਮ ਸਿਮਰਨ ਦੇ ਸੰਕਲਪ, ਵਿਧੀ/ਵਿਹਾਰ ਬਾਰੇ ਵੇਰਵੇ ਸਹਿਤ ਗੱਲ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਆਧਾਰ ਉੱਤੇ ਕੀਤੀ ਹੈ। ਸਿਧਾਂਤਕ/ਅਕਾਦਮਿਕ ਚਰਚਾ ਉਪਰੰਤ ਉਸ ਨੇ ਇਸ ਵਿਧੀ ਦੇ ਵਿਹਾਰਕ ਪ੍ਰਸੰਗਾਂ ਲਈ ਸ: ਹਰਦਿਆਲ ਸਿੰਘ ਦੇ ਸਰਬ ਰੋਗ ਦਾ ਅਉਖਧ ਨਾਮ ਮਿਸ਼ਨ, ਡਾ: ਗੁਰਇਕਬਾਲ ਸਿੰਘ ਤੇ ਬੀਬੀ ਬਲਜੀਤ ਕੌਰ ਦੇ ਇਸ ਖੇਤਰ ਦੇ ਪ੍ਰਯੋਗਾਂ ਦਾ ਉਲੇਖ ਕੀਤਾ ਹੈ। ਉਪਰੋਕਤ ਤਿੰਨਾਂ ਵਲੋਂ ਵੱਡੀ ਗਿਣਤੀ ਵਿਚ ਜਟਿਲ ਲਾਇਲਾਜ ਰੋਗੀਆਂ ਦੇ ਰੋਗ-ਮੁਕਤ ਹੋਣ ਦੇ ਬਿਰਤਾਂਤ ਉਸ ਨੇ ਪੁਸਤਕ ਵਿਚ ਅੰਕਿਤ ਕੀਤੇ ਹਨ।


-ਡਾ: ਕੁਲਦੀਪ ਸਿੰਘ ਧੀਰ

ਸੰਤਾਂ ਦੀ ਤਪੋ ਭੂਮੀ ਡੇਰਾ ਬਾਬਾ ਜੱਸਾ ਸਿੰਘ

(ਲੜੀ ਜੋੜਨ ਲਈ ਪਿਛਲੇ
ਮੰਗਲਵਾਰ ਦਾ ਅੰਕ ਦੇਖੋ)
ਬਾਬਾ ਗੁਰਮੁਖ ਸਿੰਘ ਵਲੋਂ ਖ਼ਾਲਸਾ ਪੰਥ ਦੀ ਚੜ੍ਹਦੀਕਲਾ ਲਈ ਕੀਤੇ ਗਏ ਉਪਰਾਲਿਆਂ ਵਿਚ ਗੁਰਮਤਿ ਕਾਲਜ, ਪਟਿਆਲਾ ਦੀ ਸਥਾਪਨਾ ਦਾ ਅਹਿਮ ਸਥਾਨ ਹੈ। ਭਵਿੱਖ ਮੁਖੀ ਸੋਚ ਦੇ ਮਾਲਕ ਬਾਬਾ ਗੁਰਮੁਖ ਸਿੰਘ ਨੇ ਜਿੱਥੇ ਆਪ ਸਾਰੀ ਉਮਰ ਸਿੱਖੀ ਪ੍ਰਚਾਰ ਨੂੰ ਸਮਰਪਤ ਕਰ ਦਿੱਤੀ, ਉਥੇ ਇਸ ਕਾਰਜ ਨੂੰ ਲਗਾਤਾਰ ਜਾਰੀ ਰੱਖਣ ਲਈ ਇਕ ਅਜਿਹਾ ਬੂਟਾ ਲਾਇਆ ਜੋ ਹਮੇਸ਼ਾ ਪੰਥ ਦੀ ਸੇਵਾ ਵਿਚ ਹਾਜ਼ਰ ਰਹੇਗਾ। ਗੁਰਮਤਿ ਕਾਲਜ ਦੇ ਸੰਕਲਪ ਪਿੱਛੇ ਬਾਬਾ ਗੁਰਮੁਖ ਸਿੰਘ ਦੀ ਭਾਵਨਾ ਅਜਿਹੇ ਸਿੱਖ ਪ੍ਰਚਾਰਕ ਅਤੇ ਵਿਦਵਾਨ ਪੈਦਾ ਕਰਨਾ ਸੀ, ਜੋ ਸਿੱਖੀ ਦੇ ਗਿਆਨ ਦੇ ਨਾਲ-ਨਾਲ ਅਕਾਦਮਿਕ ਪੱਖੋਂ ਵੀ ਪੂਰਨ ਰੂਪ ਵਿਚ ਸਮਰੱਥ ਹੋਣ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਮਾਨਤਾ ਪ੍ਰਾਪਤ ਗੁਰਮਤਿ ਕਾਲਜ ਦੇ ਅੰਤਰਗਤ ਧਰਮ ਅਧਿਐਨ ਵਿਸ਼ੇ ਵਿਚ ਐੱਮ.ਏ. ਦੀ ਡਿਗਰੀ ਕਰਵਾਈ ਜਾਂਦੀ ਹੈ। ਸੰਨ 1964 ਈ: ਵਿਚ ਬਾਬਾ ਗੁਰਮੁਖ ਸਿੰਘ ਨੇ ਸੰਗਤ ਦੀ ਸੰਮਤੀ ਨਾਲ ਡੇਰਾ ਬਾਬਾ ਜੱਸਾ ਸਿੰਘ ਪ੍ਰਬੰਧਕ ਕਮੇਟੀ ਦੀ ਸਥਾਪਨਾ ਕਰਕੇ ਡੇਰੇ ਦਾ ਪ੍ਰਬੰਧ ਇਸ ਕਮੇਟੀ ਨੂੰ ਸੌਂਪ ਦਿੱਤਾ। ਜੂਨ 1984 ਈ: ਦੇ ਦਰਬਾਰ ਸਾਹਿਬ ਵਿਖੇ ਵਾਪਰੇ ਘੱਲੂਘਾਰੇ ਦੀ ਪੀੜ ਨੂੰ ਨਾ ਸਹਾਰਦੇ ਹੋਏ ਬਾਬਾ ਗੁਰਮੁਖ ਸਿੰਘ ਜੋ ਉਸ ਸਮੇਂ ਅਮਰੀਕਾ ਵਿਖੇ ਸਨ, ਗੁਰੂ ਸਾਹਿਬ ਦੇ ਚਰਨਾਂ ਵਿਚ ਜਾ ਬਿਰਾਜੇ। ਡੇਰਾ ਬਾਬਾ ਜੱਸਾ ਸਿੰਘ ਵਿਖੇ ਹਰ ਸਾਲ ਸਤੰਬਰ ਦੇ ਮਹੀਨੇ ਡੇਰਾ ਪ੍ਰਬੰਧਕ ਕਮੇਟੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਉਪਰੋਕਤ ਚਾਰੇ ਮਹਾਂਪੁਰਸ਼ਾਂ ਦੀ ਯਾਦ ਵਿਚ ਜੋੜ ਮੇਲਾ ਮਨਾਇਆ ਜਾਂਦਾ ਹੈ। ਇਸ ਜੋੜ ਮੇਲੇ ਵਿਚ ਜਿੱਥੇ ਦੇਸ਼-ਵਿਦੇਸ਼ ਤੋਂ ਗੁਰਮੁਖ ਸੱਜਣ ਸ਼ਾਮਿਲ ਹੁੰਦੇ ਹਨ, ਉੱਥੇ ਧਨੌਲਾ, ਨਾਭਾ, ਸੰਗਰੂਰ ਅਤੇ ਅਕੋਈ ਸਾਹਿਬ ਤੋਂ ਵਿਸ਼ੇਸ਼ ਤੌਰ 'ਤੇ ਸੰਗਤਾਂ ਹੁੰਮ-ਹੁਮਾ ਕੇ ਪਹੁੰਚਦੀਆਂ ਹਨ। ਇਹ ਜੋੜ ਮੇਲਾ ਇਕ ਪਾਸੇ ਸਾਨੂੰ ਸਾਡੀ ਪਰੰਪਰਾ ਨਾਲ ਜੋੜਦਾ ਹੈ ਅਤੇ ਦੂਜੇ ਪਾਸੇ ਸਿੱਖੀ ਦੇ ਭਵਿੱਖ ਮੁਖੀ ਪ੍ਰਚਾਰ-ਪ੍ਰਸਾਰ ਦਾ ਉਪਰਾਲਾ ਵੀ ਸਾਬਤ ਹੁੰਦਾ ਹੈ। ਇਸ ਵਰ੍ਹੇ ਇਹ ਜੋੜ ਮੇਲਾ 28, 29, 30 ਸਤੰਬਰ ਨੂੰ ਮਨਾਇਆ ਜਾ ਰਿਹਾ ਹੈ। (ਸਮਾਪਤ)


-ਪ੍ਰੋ: ਜਸਬੀਰ ਸਿੰਘ
ਆਨਰੇਰੀ ਜਨਰਲ ਸਕੱਤਰ, ਡੇਰਾ ਬਾਬਾ ਜੱਸਾ ਸਿੰਘ, ਪਟਿਆਲਾ। ਮੋਬਾ: 98158-26808





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX