ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  49 minutes ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  about 2 hours ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  about 3 hours ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  about 3 hours ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  about 4 hours ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  about 4 hours ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  about 4 hours ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 5 hours ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 5 hours ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 5 hours ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਹੋਰ ਖ਼ਬਰਾਂ..

ਖੇਡ ਜਗਤ

ਉੱਚਾ ਹੋਇਆ ਭਾਰਤੀ ਬੈਡਮਿੰਟਨ ਦਾ ਮਿਆਰ

ਕਿਸੇ ਵੇਲੇ ਦੱਖਣੀ ਏਸ਼ੀਆਈ ਦੇਸ਼ਾਂ ਦੀ ਖੇਡ ਮੰਨੀ ਜਾਂਦੀ ਬੈਡਮਿੰਟਨ ਦੀ ਖੇਡ ਵਿਚ ਹੁਣ ਭਾਰਤ ਦਾ ਨਾਂਅ ਆਲਮੀ ਪੱਧਰ ਉੱਤੇ ਚਮਕ ਰਿਹਾ ਹੈ। ਉਲੰਪਿਕ, ਰਾਸ਼ਟਰ ਮੰਡਲ ਅਤੇ ਏਸ਼ੀਆਈ ਖੇਡਾਂ ਦੇ ਨਾਲ-ਨਾਲ ਲੰਘੇ ਦਿਨੀਂ ਹੋਏ ਵੱਖ-ਵੱਖ ਮੁਕਾਬਲਿਆਂ ਤੱਕ ਭਾਰਤੀ ਬੈਡਮਿੰਟਨ ਦਾ ਇਹ ਮਿਆਰ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤੀ ਬੈਡਮਿੰਟਨ ਦੇ ਵਧਦੇ ਮਿਆਰ ਦੀ ਤਾਜ਼ਾ ਮਿਸਾਲ ਲੰਘੇ ਦਿਨੀਂ ਉਸ ਵੇਲੇ ਮਿਲੀ, ਜਦੋਂ ਭਾਰਤ ਦੀ ਆਪਣੀ ਪੇਸ਼ੇਵਰ ਬੈਡਮਿੰਟਨ ਲੀਗ ਦੇ ਅਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਬੋਲੀ ਲੱਗੀ ਅਤੇ ਨੀਲਾਮੀ ਦਾ ਇਹ ਕੰਮ ਆਪਣੇ-ਆਪ ਵਿਚ ਕਈ ਰਿਕਾਰਡ ਬਣਾ ਗਿਆ। ਭਾਰਤੀ ਬੈਡਮਿੰਟਨ ਲੀਗ ਦਾ ਆਯੋਜਨ ਭਾਰਤੀ ਬੈਡਮਿੰਟਨ ਸੰਘ ਦੀ ਦੇਖ-ਰੇਖ ਵਿਚ ਹੁੰਦਾ ਹੈ ਅਤੇ ਬੈਡਮਿੰਟਨ ਦੀ ਖੇਡ ਵਿਚ ਇਹ ਦੁਨੀਆ ਦਾ ਆਪਣੀ ਕਿਸਮ ਦਾ ਪਹਿਲਾ ਆਯੋਜਨ ਹੈ, ਜੋ ਦੁਨੀਆ ਦੇ ਤਮਾਮ ਸਟਾਰ ਖਿਡਾਰੀਆਂ ਨੂੰ ਜੋੜਦਾ ਹੈ। ਇਹ ਨੀਲਾਮੀ ਖਾਸ ਇਉਂ ਸਾਬਤ ਹੋਈ ਕਿ ਇਸ ਵਿਚ ਉਲੰਪਿਕ ਚਾਂਦੀ ਤਗਮਾ ਜੇਤੂ ਪੀ. ਵੀ. ਸਿੰਧੂ, ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਸਾਇਨਾ ਨੇਹਵਾਲ, ਚੋਟੀ ਦੇ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਤੇ ਐੱਚ. ਐੱਸ. ਪ੍ਰਣਯ ਨੂੰ 80-80 ਲੱਖ ਰੁਪਏ ਦੀ ਕੀਮਤ ਮਿਲੀ। ਨੀਲਾਮੀ ਦੇ ਪਹਿਲੇ ਦੌਰ ਵਿਚ 9 ਆਈਕਨ ਖਿਡਾਰੀਆਂ ਨੂੰ ਉਤਾਰਿਆ ਗਿਆ ਸੀ, ਜਿਨ੍ਹਾਂ ਵਿਚੋਂ ਸਿਰਫ ਇਕ ਨੂੰ ਛੱਡ ਕੇ ਬਾਕੀ 8 ਆਈਕਨ ਖਿਡਾਰੀਆਂ ਨੂੰ 80-80 ਲੱਖ ਰੁਪਏ ਮਿਲੇ ਅਤੇ ਚੰਗੀ ਗੱਲ ਇਹ ਹੈ ਕਿ ਇਨ੍ਹਾਂ ਖਿਡਾਰੀਆਂ ਵਿਚੋਂ ਬਹੁਤੇ ਭਾਰਤੀ ਹੀ ਹਨ।
ਇਸ ਨੀਲਾਮੀ ਜ਼ਰੀਏ ਪੀ.ਵੀ. ਸਿੰਧੂ, ਸਾਇਨਾ ਨੇਹਵਾਲ, ਸ਼੍ਰੀਕਾਂਤ ਅਤੇ ਪ੍ਰਣਯ ਵਰਗੇ ਚੈਂਪੀਅਨ ਭਾਰਤੀ ਖਿਡਾਰੀ ਉਲੰਪਿਕ ਜੇਤੂ ਸਪੇਨ ਦੀ ਕੈਰੋਲਿਨਾ ਮਾਰਿਨ, ਡੈੱਨਮਾਰਕ ਦੇ ਵਿਸ਼ਵ ਨੰਬਰ ਇਕ ਵਿਕਟਰ ਐਕਸੇਲਸਨ, ਕੋਰੀਆ ਦੇ ਸੁੰਗ ਜੀ ਹਿਊਨ ਅਤੇ ਲੀ ਯੋਂਗ ਦੇਈ ਦੇ ਨਾਲ ਅਤੇ ਖਿਲਾਫ਼ ਖੇਡਦੇ ਵਿਖਣਗੇ। ਦੁਨੀਆ ਦੇ ਇਨ੍ਹਾਂ ਚੋਟੀ ਦੇ ਖਿਡਾਰੀਆਂ ਦਾ ਭਾਰਤ ਦੀ ਇਸ ਲੀਗ ਵਿਚ ਖੇਡਣ ਲਈ ਆਪੋ-ਆਪਣਾ ਨਾਂਅ ਦੇਣਾ ਵੀ ਇਕ ਖਾਸ ਗੱਲ ਹੈ, ਕਿਉਂਕਿ ਇਨ੍ਹਾਂ ਦੀ ਮੌਜੂਦਗੀ ਵੀ ਭਾਰਤੀ ਬੈਡਮਿੰਟਨ ਵਿਚ ਹੋਰ ਨਿਖਾਰ ਲੈ ਕੇ ਆਵੇਗੀ। ਇਸ ਤੋਂ ਵੀ ਜ਼ਿਆਦਾ ਉਤਸ਼ਾਹ ਵਾਲੀ ਗੱਲ ਇਹ ਹੈ ਕਿ ਭਾਰਤੀ ਬੈਡਮਿੰਟਨ ਲੀਗ ਵਿਚ ਸਾਲ 2015 ਤੋਂ ਬਾਅਦ ਪਹਿਲੀ ਵਾਰ ਨੀਲਾਮੀ ਵਿਚ ਸਾਰੇ ਵੱਡੇ ਖਿਡਾਰੀ ਸ਼ਾਮਿਲ ਹੋਏ ਹਨ ਅਤੇ ਇਸ ਸਾਲ ਰਿਟੈਂਸ਼ਨ ਯਾਨੀ ਖਿਡਾਰੀ ਬਰਕਰਾਰ ਰੱਖਣ ਦਾ ਨਿਯਮ ਨਹੀਂ ਰੱਖਿਆ ਗਿਆ। ਸਾਲ 2015 ਵਿਚ ਪਹਿਲੀ ਵਾਰ ਹੋਈ ਨੀਲਾਮੀ ਵਿਚ ਟੀਮਾਂ ਨੇ ਕਈ ਅਹਿਮ ਖਿਡਾਰੀਆਂ ਨੂੰ ਆਪਣੇ ਨਾਲ ਜੋੜਿਆ ਸੀ ਅਤੇ ਅੱਗੇ ਆਉਣ ਵਾਲੇ ਸੈਸ਼ਨਾਂ ਲਈ ਖਿਡਾਰੀਆਂ ਨੂੰ ਬਰਕਰਾਰ ਵੀ ਰੱਖਿਆ ਸੀ ਪਰ ਇਸ ਸਾਲ ਸਾਰੇ ਹੀ ਖਿਡਾਰੀ ਨੀਲਾਮੀ ਵਿਚ ਸ਼ਾਮਿਲ ਕੀਤੇ ਗਏ। ਇਸ ਵਾਰ ਦੀ ਨੀਲਾਮੀ ਵਿਚ ਕੁੱਲ 145 ਖਿਡਾਰੀਆਂ ਦੀ ਬੋਲੀ ਲੱਗੀ ਅਤੇ 23 ਦੇਸ਼ਾਂ ਦੇ ਖਿਡਾਰੀ ਨੀਲਾਮੀ ਵਿਚ ਸ਼ਾਮਿਲ ਹੋਏ। ਇਹੀ ਬਸ ਨਹੀਂ, ਲੀਗ ਦੇ ਆਯੋਜਕਾਂ ਨੇ ਆਗਾਮੀ ਸੈਸ਼ਨ ਲਈ ਭ੍ਰਿਸ਼ਟਾਚਾਰ ਰੋਕੂ ਨੀਤੀ ਬਣਾਉਣ ਲਈ ਆਈ.ਸੀ.ਸੀ. ਦੀ ਐਂਟੀ-ਕੁਰੱਪਸ਼ਨ ਯੂਨਿਟ ਦੇ ਸਾਬਕਾ ਪ੍ਰਮੁੱਖ ਰਵੀ ਸਵਾਨੀ ਨੂੰ ਆਪਣਾ ਚੀਫ ਐਂਟੀ-ਕੁਰੱਪਸ਼ਨ ਐਂਡ ਇੰਟ੍ਰੀਗਿਟੀ ਕਮਿਸ਼ਨਰ ਨਿਯੁਕਤ ਕੀਤਾ ਹੈ, ਤਾਂ ਜੋ ਇਸ ਖੇਡ ਦੀ ਸਾਫ਼ਗੋਈ ਨੂੰ ਬਰਕਰਾਰ ਰੱਖਿਆ ਜਾ ਸਕੇ। ਇਹ ਸਾਰੇ ਵਾਕਿਆਤ ਭਾਰਤੀ ਬੈਡਮਿੰਟਨ ਲਈ ਚੰਗੇ ਸੰਕੇਤ ਕਹੇ ਜਾ ਸਕਦੇ ਹਨ, ਜਿਨ੍ਹਾਂ ਸਦਕਾ ਇਸ ਦਾ ਮਿਆਰ ਦਿਨ-ਬ-ਦਿਨ ਉੱਚਾ ਹੋ ਰਿਹਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023 sudeepsdhillon@ymail.com


ਖ਼ਬਰ ਸ਼ੇਅਰ ਕਰੋ

ਭਾਰਤੀ ਕ੍ਰਿਕਟ ਟੀਮ ਨੇ ਜਿੱਤਿਆ ਏਸ਼ੀਆ ਅੰਡਰ-19 ਕੱਪ

ਨੌਜਵਾਨ ਖਿਡਾਰੀਆਂ ਨੇ ਵੀ ਪ੍ਰਤਿਭਾ ਦਿਖਾਈ

ਕ੍ਰਿਕਟ ਦੇ ਮਾਮਲੇ 'ਚ ਭਾਰਤ ਦੀ ਏਸ਼ਿਆਈ ਖਿੱਤੇ 'ਚ ਬਾਦਸ਼ਾਹਤ ਨਜ਼ਰ ਆ ਰਹੀ ਹੈ। ਭਾਰਤੀ ਕ੍ਰਿਕਟ ਟੀਮ ਨੇ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ 'ਚ ਏਸ਼ੀਆ ਕੱਪ ਜਿੱਤ ਕੇ ਆਪਣਾ ਲੋਹਾ ਮੰਨਵਾਇਆ ਸੀ। ਮਗਰੇ ਹੀ ਭਾਰਤੀ ਕ੍ਰਿਕਟ ਦੇ ਨੌਜਵਾਨਾਂ ਨੇ ਵੀ ਏਸ਼ੀਆ ਅੰਡਰ-19 ਕੱਪ ਆਪਣੇ ਨਾਂਅ ਲਿਖਵਾ ਕੇ ਆਪਣਾ ਦਬਦਬਾ ਦਿਖਾ ਦਿੱਤਾ। ਇਸ ਅੰਡਰ-19 ਟੂਰਨਾਮੈਂਟ 'ਚ ਵੀ ਵੱਡੀਆਂ ਟੀਮਾਂ ਨੂੰ ਚੁਣੌਤੀ ਦਿੰਦੀਆਂ ਨਜ਼ਰ ਆਈਆਂ ਛੋਟੀਆਂ ਟੀਮਾਂ। ਖਾਸ ਕਰਕੇ ਅਫ਼ਗਾਨਿਸਤਾਨ ਦੀ ਸੀਨੀਅਰ ਟੀਮ ਤੋਂ ਬਾਅਦ ਜੂਨੀਅਰ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦੱਸ ਦਿੱਤਾ ਕਿ ਅਫ਼ਗਾਨਿਸਤਾਨ ਕ੍ਰਿਕਟ ਦਾ ਭਵਿੱਖ ਜ਼ਰੂਰ ਸੁਨਹਿਰਾ ਰਹੇਗਾ।
ਭਾਰਤ ਦੀ ਜੂਨੀਅਰ ਟੀਮ ਨੇ ਫਾਈਨਲ 'ਚ ਸ੍ਰੀਲੰਕਾ ਨੂੰ ਇਕਤਰਫਾ ਮੁਕਾਬਲੇ 'ਚ 144 ਦੌੜਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਫਾਈਨਲ ਮੈਚ 'ਚ ਭਾਰਤ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ 85 ਦੌੜਾਂ ਅਤੇ ਮੱਧਕ੍ਰਮ 'ਚ ਸਿਰਫ 28 ਗੇਂਦਾਂ 'ਚ 5 ਛੱਕਿਆਂ ਸਮੇਤ 52 ਦੌੜਾਂ ਬਣਾ ਕੇ ਟੀਮ ਨੇ 50 ਓਵਰਾਂ 'ਚ 3 ਵਿਕਟਾਂ ਪਿੱਛੇ 304 ਦੌੜਾਂ ਦਾ ਪਹਾੜ ਖੜ੍ਹਾ ਕੀਤਾ। ਭਾਰਤੀ ਖੱਬੂ ਲੈਗ ਸਪਿਨਰਾਂ ਦੀ ਜੋੜੀ ਹਰਸ਼ ਤਿਆਗੀ (6/38) ਅਤੇ ਸਿਧਾਰਥ ਦਿਸਾਈ (2/37) ਨੇ ਸ੍ਰੀਲੰਕਾ ਟੀਮ ਨੂੰ 160 ਦੌੜਾਂ 'ਤੇ ਹੀ ਰੋਕਣ 'ਚ ਵੱਡੀ ਭੂਮਿਕਾ ਨਿਭਾਈ। ਜਾਇਸਵਾਲ ਨੇ ਪੂਰੇ ਟੂਰਨਾਮੈਂਟ ਦੌਰਾਨ ਬਿਹਤਰੀਨ ਬੱਲੇਬਾਜ਼ੀ ਦਾ ਨਮੂਨਾ ਪੇਸ਼ ਕੀਤਾ। ਪੂਲ ਦੇ ਪਹਿਲੇ ਮੈਚ 'ਚ ਨਿਪਾਲ ਵਿਰੁੱਧ ਜਾਇਸਵਾਲ ਨੇ ਸੈਂਕੜੇ ਨਾਲ ਸ਼ੁਰੂਆਤ ਕੀਤੀ। ਅਫ਼ਗਾਨਿਸਤਾਨ ਵਿਰੁੱਧ 92 ਦੌੜਾਂ, ਸੈਮੀਫਾਈਨਲ 'ਚ 37 ਦੌੜਾਂ ਅਤੇ ਫਾਈਨਲ 'ਚ ਸ਼ਾਨਦਾਰ ਬੱਲੇਬਾਜ਼ੀ ਕਾਰਨ ਹੀ ਇਸ ਨੂੰ 'ਮੈਨ ਆਫ ਦੀ ਟੂਰਨਾਮੈਂਟ' ਐਲਾਨਿਆ ਗਿਆ। ਦਿਸਾਈ ਨੇ 5 ਮੈਚਾਂ 'ਚ 18, ਜਦ ਕਿ ਤਿਆਗੀ ਨੇ 4 ਮੈਚਾਂ 'ਚ 14 ਵਿਕਟਾਂ ਝਟਕਾਈਆਂ। ਆਯੂਸ਼ ਬਡੋਨੀ ਨੇ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਹਰ ਮੈਚ 'ਚ ਪ੍ਰਭਾਵ ਛੱਡਿਆ। ਖਾਸ ਕਰਕੇ ਉਸ ਦੇ ਛੱਕੇ ਦੇਖਣ ਵਾਲੇ ਸਨ। ਉਸ ਨੇ ਟੂਰਨਾਮੈਂਟ 'ਚ ਸਭ ਤੋਂ ਵੱਧ ਕੁੱਲ 12 ਛੱਕੇ ਲਗਾਏ। ਕੁਝ ਹੋਰ ਖਿਡਾਰੀਆਂ ਨੇ ਵੀ ਆਪਣੀ ਪ੍ਰਤਿਭਾ ਦੇ ਦਰਸ਼ਨ ਕਰਵਾਏ। ਅਨੁਜ ਰਾਵਤ ਤੇ ਪੱਡੀਕਲ ਨੇ ਸੈਂਕੜੇ ਲਗਾਏ। ਮੋਹਿਤ ਜਾਂਗੜਾ ਨੇ ਤੇਜ਼ ਗੇਂਦਬਾਜ਼ੀ 'ਚ ਕੁਝ ਚਮਕ ਦਿਖਾਈ ਪਰ ਸੀਨੀਅਰ ਟੀਮ 'ਚ ਥਾਂ ਬਣਾਉਣ ਲਈ ਲਗਾਤਾਰ ਚੰਗੀ ਖੇਡ ਦਿਖਾਉਣਾ ਜ਼ਰੂਰੀ ਹੈ।
ਪਾਕਿਸਤਾਨ ਦੀ ਸੀਨੀਅਰ ਟੀਮ ਦੇ ਏਸ਼ੀਆ ਕੱਪ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਜੂਨੀਅਰ ਖਿਡਾਰੀਆਂ ਵਲੋਂ ਵੀ ਕੁਝ ਖਾਸ ਨਾ ਕਰਕੇ ਦਿਖਾਉਣ ਨਾਲ ਇਹ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਉਥੇ ਦੀ ਘਰੇਲੂ ਕ੍ਰਿਕਟ 'ਚ ਪ੍ਰਤਿਭਾ ਨੂੰ ਤਰਾਸ਼ਣ ਦਾ ਕੰਮ ਪੂਰੀ ਤਨਦੇਹੀ ਨਾਲ ਨਹੀਂ ਹੋ ਰਿਹਾ। ਇਸ ਟੂਰਨਾਮੈਂਟ 'ਚ ਪਾਕਿ ਟੀਮ ਸਿਰਫ ਹਾਂਗਕਾਂਗ ਨੂੰ ਹੀ ਹਰਾ ਪਾਈ। ਬੰਗਲਾਦੇਸ਼ ਤੇ ਸ੍ਰੀਲੰਕਾ ਕੋਲੋਂ ਹਾਰ ਕੇ ਇਹ ਟੀਮ ਆਖਰੀ ਚਾਰਾਂ 'ਚ ਵੀ ਨਹੀਂ ਪੁੱਜ ਸਕੀ। ਅਫ਼ਗਾਨ ਟੀਮ ਨੇ ਯੂ.ਏ.ਈ. ਨੂੰ 5 ਵਿਕਟਾਂ ਨਾਲ ਹਰਾ ਕੇ ਪ੍ਰਭਾਵਸ਼ਾਲੀ ਜਿੱਤ ਦਰਜ ਕੀਤੀ। ਫਿਰ ਨਿਪਾਲ ਨੂੰ 3 ਵਿਕਟਾਂ ਨਾਲ ਹਰਾਇਆ ਪਰ ਤੀਜੇ ਮੈਚ 'ਚ ਇਹ ਟੀਮ ਭਾਰਤ ਤੋਂ ਹਾਰ ਗਈ, ਕਿਉਂਕਿ ਇਸ ਪੂਲ 'ਚ ਨਿਪਾਲ ਤੇ ਯੂ.ਏ.ਈ. ਦੀਆਂ ਟੀਮਾਂ ਕੋਈ ਵੀ ਮੈਚ ਨਹੀਂ ਜਿੱਤ ਸਕੀਆਂ। ਇਸ ਲਈ ਅਫ਼ਗਾਨ ਦੀ ਟੀਮ ਸੈਮੀਫਾਈਨਲ ਤੱਕ ਪੁੱਜ ਗਈ। ਇਥੇ ਵੀ ਉਸ ਨੇ ਸ੍ਰੀਲੰਕਾ ਨੂੰ ਟੱਕਰ ਦਿੱਤੀ ਪਰ 31 ਦੌੜਾਂ ਨਾਲ ਹਾਰ ਕੇ ਖਿਤਾਬੀ ਦੌੜ ਤੋਂ ਬਾਹਰ ਹੋ ਗਈ। ਬੰਗਲਾਦੇਸ਼ ਦੀ ਟੀਮ ਪਹਿਲਾ ਮੈਚ ਸ੍ਰੀਲੰਕਾ ਤੋਂ ਹਾਰ ਗਈ ਪਰ ਅਗਲੇ ਮੈਚ 'ਚ ਪਾਕਿਸਤਾਨ ਨੂੰ ਤੇ ਫਿਰ ਹਾਂਗਕਾਂਗ ਨੂੰ ਹਰਾ ਕੇ ਸੈਮੀਫਾਈਨਲ 'ਚ ਥਾਂ ਬਣਾਈ। ਇਥੇ ਵੀ ਬਰਾਬਰੀ ਦੀ ਟੱਕਰ 'ਚ ਉਹ ਭਾਰਤੀ ਟੀਮ ਤੋਂ ਸਿਰਫ 2 ਦੌੜਾਂ ਨਾਲ ਹਾਰ ਗਈ।
ਭਾਰਤ ਦੀ ਸੀਨੀਅਰ ਕ੍ਰਿਕਟ ਟੀਮ 'ਚ ਥਾਂ ਹਾਸਲ ਕਰਨ ਲਈ ਇਸ ਵੇਲੇ ਕਈ ਪ੍ਰਤਿਭਾਸ਼ਾਲੀ ਨੌਜਵਾਨ ਖਿਡਾਰੀ ਤਿਆਰ ਬੈਠੇ ਹਨ। ਇਹ ਇਸ ਕਰਕੇ ਹੋ ਰਿਹਾ ਹੈ, ਕਿਉਂਕਿ ਜੂਨੀਅਰ ਪੱਧਰ 'ਤੇ ਤਿਆਰੀ ਭਰਪੂਰ ਹੋ ਰਹੀ ਹੈ ਤੇ ਆਈ.ਪੀ.ਐਲ. ਵਰਗੇ ਟੂਰਨਾਮੈਂਟ ਇਨ੍ਹਾਂ ਨੂੰ ਮੰਚ ਪ੍ਰਦਾਨ ਕਰ ਰਹੇ ਹਨ। ਸ਼ਾਬਾਸ਼ ਤਾਂ ਜੂਨੀਅਰ ਖਿਡਾਰੀਆਂ ਨੂੰ ਮਜ਼ਬੂਤ ਬਣਾਉਣ ਵਾਲੇ ਸਾਬਕਾ ਭਾਰਤੀ ਕ੍ਰਿਕਟਰ ਰਾਹੁਲ ਦ੍ਰਾਵਿੜ ਲਈ ਬਣਦੀ ਹੈ। ਦ੍ਰਾਵਿੜ ਜੂਨੀਅਰ ਖਿਡਾਰੀਆਂ ਨੂੰ ਨਾ ਸਿਰਫ ਤਕਨੀਕੀ ਤੌਰ 'ਤੇ ਮਜ਼ਬੂਤ ਕਰ ਰਹੇ ਹਨ, ਸਗੋਂ ਮਾਨਸਿਕ ਤੌਰ 'ਤੇ ਵੀ ਵੱਡੇ ਮੈਚਾਂ ਲਈ ਤਿਆਰ ਕਰ ਰਹੇ ਹਨ। ਵੱਡੀ ਗਿਣਤੀ 'ਚ ਪ੍ਰਤਿਭਾਸ਼ਾਲੀ ਕ੍ਰਿਕਟਰ ਸਾਹਮਣੇ ਆ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਬੀ. ਸੀ. ਸੀ. ਆਈ. ਇਨ੍ਹਾਂ ਦਾ ਇਸਤੇਮਾਲ ਕਿੰਨੀ ਸਮਝਦਾਰੀ ਨਾਲ ਕਰਦੀ ਹੈ।


-ਮੋਬਾ: 98141-32420

ਭਾਰਤੀ ਹਾਕੀ ਦੀ ਪੰਜਾਬਣ ਗੋਲ ਮਸ਼ੀਨ-ਗੁਰਜੀਤ ਕੌਰ

ਤਰਨ ਤਾਰਨ ਜਿਲ੍ਹੇ ਦੇ ਪਿੰਡ ਮਹਿਦੀਆਂ ਕਲਾਂ 'ਚ ਸ: ਸਤਨਾਮ ਸਿੰਘ ਤੇ ਸ੍ਰੀਮਤੀ ਹਰਜਿੰਦਰ ਕੌਰ ਦੇ ਘਰ ਪੈਦਾ ਹੋਈ ਗੁਰਜੀਤ ਕੌਰ ਨੇ ਅਜਨਾਲਾ ਦੇ ਸਕੂਲ ਤੋਂ ਪੰਜਵੀਂ ਪਾਸ ਕਰਨ ਉਪਰੰਤ ਸਰਕਾਰੀ ਸੈਕੰਡਰੀ ਸਕੂਲ ਕੈਰੋਂ ਵਿਖੇ ਛੇਵੀਂ ਜਮਾਤ 'ਚ ਦਾਖਲਾ ਲਿਆ। ਇਸ ਸਕੂਲ 'ਚ ਖੇਡਾਂ ਵਾਲਾ ਮਾਹੌਲ ਦੇਖ ਕੇ ਗੁਰਜੀਤ ਕੌਰ ਨੇ ਅਥਲੈਟਿਕਸ ਕੋਚ ਬਲਜਿੰਦਰ ਸਿੰਘ ਕੋਲੋਂ ਫਰਾਟਾ ਦੌੜਾਂ 'ਚ ਜ਼ੋਰ-ਅਜ਼ਮਾਇਸ਼ ਸ਼ੁਰੂ ਕੀਤੀ ਪਰ ਕੋਚ ਬਲਜਿੰਦਰ ਸਿੰਘ ਨੇ ਗੁਰਜੀਤ ਨੂੰ ਹਾਕੀ ਖੇਡਣ ਦੇ ਕਾਬਲ ਸਮਝਿਆ ਅਤੇ ਕੋਚ ਸ਼ਰਨਜੀਤ ਸਿੰਘ ਕੋਲ ਹਾਕੀ ਖੇਡਣ ਲਈ ਛੱਡ ਦਿੱਤਾ। ਕੋਚ ਸ਼ਰਨਜੀਤ ਸਿੰਘ ਦੀ ਸੁਚੱਜੀ ਸਿਖਲਾਈ ਸਦਕਾ ਗੁਰਜੀਤ ਕੌਰ ਨੇ ਛੇਵੀਂ ਜਮਾਤ 'ਚ ਪੜ੍ਹਦਿਆ ਬਤੌਰ ਸੈਂਟਰ ਹਾਫ ਪਹਿਲੇ ਸਾਲ ਹੀ ਪੰਜਾਬ ਸਕੂਲ ਖੇਡਾਂ 2006 (ਅੰਡਰ-14) 'ਚ ਹਿੱਸਾ ਲੈਣ ਦਾ ਮਾਣ ਪ੍ਰਾਪਤ ਕੀਤਾ।
ਅਗਲੇ ਵਰ੍ਹੇ ਉਸ ਨੇ ਕੌਮੀ ਸਕੂਲ ਖੇਡਾਂ 'ਚ ਪੰਜਾਬ ਦੀ ਨੁਮਾਇੰਦਗੀ ਕੀਤੀ। ਫਿਰ ਅੰਡਰ-17 ਵਰਗ 'ਚ ਗੁਰਜੀਤ ਕੌਰ ਕੌਮੀ ਸਕੂਲ ਖੇਡਾਂ 2009 ਦੀ ਚੈਂਪੀਅਨ ਬਣੀ ਪੰਜਾਬ ਦੀ ਟੀਮ ਦੀ ਸਿਰਕੱਢ ਖਿਡਾਰਨ ਬਣੀ। ਅਗਲੇ ਵਰ੍ਹੇ ਗੁਰਜੀਤ ਕੌਮੀ ਸਕੂਲ ਖੇਡਾਂ 'ਚੋਂ ਉਪ-ਜੇਤੂ ਰਹੀ। ਅੰਡਰ-17 ਟੀਮ ਦੀ ਮੈਂਬਰ ਬਣੀ। ਫਿਰ 2011 'ਚ ਕੌਮੀ ਸਕੂਲ ਖੇਡਾਂ ਦੇ ਅੰਡਰ-19 ਵਰਗ ਦੀ ਅੱਵਲ ਰਹੀ ਪੰਜਾਬ ਦੀ ਟੀਮ 'ਚ ਵੀ ਗੁਰਜੀਤ ਦੀ ਖੇਡ ਨੇ ਮੋਹਰੀ ਭੂਮਿਕਾ ਨਿਭਾਈ। ਸਕੂਲ ਖੇਡਾਂ ਦੇ ਸਮਾਂਤਰ ਹੀ ਗੁਰਜੀਤ ਕੌਮੀ ਜੂਨੀਅਰ ਚੈਂਪੀਅਨਸ਼ਿਪ 'ਚੋਂ ਵੀ 3 ਤਗਮੇ ਜਿੱਤਣ 'ਚ ਸਫਲ ਰਹੀ। ਸੰਨ 2012 'ਚ ਗੁਰਜੀਤ ਕੌਰ ਪਹਿਲੀ ਵਾਰ ਸੀਨੀਅਰ ਕੌਮੀ ਚੈਂਪੀਅਨਸ਼ਿਪ 'ਚ ਚੌਥੇ ਸਥਾਨ 'ਤੇ ਰਹੀ ਪੰਜਾਬ ਦੀ ਟੀਮ ਦੀ ਮੈਂਬਰ ਬਣੀ। ਫਿਰ ਉਹ ਸੀਨੀਅਰ ਵਰਗ 'ਚ ਕੌਮੀ ਪੱਧਰ 'ਤੇ ਪੰਜਾਬ ਦੀਆਂ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੀਆਂ ਟੀਮਾਂ ਦਾ ਸ਼ਿੰਗਾਰ ਵੀ ਬਣੀ। ਇਨ੍ਹਾਂ ਚੈਂਪੀਅਨਸ਼ਿਪਾਂ 'ਚ ਦਿਖਾਈ ਵਧੀਆ ਕਾਰਗੁਜ਼ਾਰੀ ਸਦਕਾ ਗੁਰਜੀਤ ਕੌਮੀ ਕੈਂਪ 'ਚ ਸ਼ਾਮਿਲ ਹੋ ਗਈ, ਜਿਸ ਦੌਰਾਨ ਉਸ ਨੇ ਜੂਨੀਅਰ ਏਸ਼ੀਆ ਕੱਪ 'ਚ ਦੇਸ਼ ਦੀ ਪਹਿਲੀ ਵਾਰ ਨੁਮਾਇੰਦਗੀ ਕੀਤੀ। ਮਲੇਸ਼ੀਆ 'ਚ ਹੋਏ ਸੀਨੀਅਰ ਏਸ਼ੀਆ ਕੱਪ 'ਚ ਵੀ ਗੁਰਜੀਤ ਕੌਮੀ ਟੀਮ ਦਾ ਹਿੱਸਾ ਬਣੀ। ਕੇਰਲਾ 'ਚ ਹੋਈਆਂ ਕੌਮੀ ਖੇਡਾਂ 2012 'ਚ ਸੋਨ ਤਗਮਾ ਜੇਤੂ ਪੰਜਾਬ ਦੀ ਟੀਮ 'ਚ ਗੁਰਜੀਤ ਕੌਰ ਨੇ ਸ਼ਾਮਿਲ ਹੋਣ ਦਾ ਐਜ਼ਾਜ਼ ਹਾਸਲ ਕੀਤਾ। ਸੈਫ ਖੇਡਾਂ 2016 'ਚ ਸੋਨ ਤਗਮਾ ਜੇਤੂ ਭਾਰਤੀ ਟੀਮ ਦਾ ਵੀ ਗੁਰਜੀਤ ਸ਼ਿੰਗਾਰ ਬਣੀ।
ਵਿਸ਼ਵ ਹਾਕੀ ਲੀਗ ਕੈਨੇਡਾ ਦੇ ਦੂਸਰੇ ਦੌਰ ਦੀ ਚੈਂਪੀਅਨ ਬਣੀ ਭਾਰਤੀ ਟੀਮ ਦੀਆਂ ਜਿੱਤਾਂ 'ਚ ਵੀ ਗੁਰਜੀਤ ਦਾ ਚੋਖਾ ਯੋਗਦਾਨ ਰਿਹਾ। ਵਿਸ਼ਵ ਲੀਗ ਦੇ ਤੀਸਰੇ ਦੌਰ 'ਚ ਛੇਵੇਂ ਸਥਾਨ 'ਤੇ ਰਹੀ ਭਾਰਤੀ ਟੀਮ 'ਚ ਵੀ ਗੁਰਜੀਤ ਨੇ ਖੇਡਣ ਦਾ ਮਾਣ ਪ੍ਰਾਪਤ ਕੀਤਾ। ਏਸ਼ੀਆ ਕੱਪ ਜਾਪਾਨ 2017 ਦੀ ਚੈਂਪੀਅਨ ਬਣੀ ਭਾਰਤੀ ਟੀਮ ਦੀ ਮੈਂਬਰ ਵਜੋਂ ਗੁਰਜੀਤ ਟੂਰਨਾਮੈਂਟ ਦੀ ਸਰਬੋਤਮ ਗੋਲ ਸਕੋਰਰ ਰਹੀ। ਵਿਸ਼ਵ ਕੱਪ 'ਚ ਵੀ ਭਾਰਤੀ ਟੀਮ 'ਚ ਗੁਰਜੀਤ ਕੌਰ ਸ਼ਾਮਿਲ ਸੀ। ਇਸੇ ਵਰ੍ਹੇ ਹੋਈ ਦੱਖਣੀ ਕੋਰੀਆ 'ਚ ਹੋਈ ਏਸ਼ੀਅਨ ਚੈਂਪੀਅਨਸ਼ਿਪ 'ਚ ਦੂਸਰੇ ਸਥਾਨ 'ਤੇ ਰਹੀ ਭਾਰਤੀ ਟੀਮ ਦਾ ਵੀ ਗੁਰਜੀਤ ਧੁਰਾ ਸਾਬਤ ਹੋਈ। ਇਸੇ ਸਾਲ ਗੋਲਡ ਕੋਸਟ (ਆਸਟਰੇਲੀਆ) 'ਚ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਚੌਥੇ ਸਥਾਨ 'ਤੇ ਰਹੀ ਭਾਰਤੀ ਟੀਮ 'ਚ ਵੀ ਗੁਰਜੀਤ ਦੇਸ਼ ਦੀ ਝੰਡਾਬਰਦਾਰ ਬਣੀ। ਹਾਲ ਹੀ ਵਿਚ ਹੋਈਆ ਏਸ਼ੀਅਨ ਖੇਡਾਂ ਜਕਾਰਤਾ 'ਚੋਂ ਚਾਂਦੀ ਦਾ ਤਗਮਾ ਜੇਤੂ ਭਾਰਤੀ ਟੀਮ 'ਚ ਸ਼ਾਮਿਲ ਇਕਲੌਤੀ ਪੰਜਾਬਣ ਖਿਡਾਰਨ ਵਜੋਂ ਗੁਰਜੀਤ ਕੌਰ, ਇਨ੍ਹਾਂ ਖੇਡਾਂ ਦੀ ਸਰਬੋਤਮ ਗੋਲ ਸਕੋਰਰ (8 ਗੋਲ) ਵੀ ਬਣੀ। ਰੇਲਵੇ 'ਚ ਅਹਿਮਦਾਬਾਦ ਵਿਖੇ ਸੇਵਾਵਾਂ ਨਿਭਾਉਣ ਵਾਲੀ ਗੁਰਜੀਤ ਹੁਣ ਤੱਕ ਕੌਮਾਂਤਰੀ ਟੂਰਨਾਮੈਂਟਾਂ ਤੋਂ ਇਲਾਵਾ ਹਾਲੈਂਡ, ਦੱਖਣੀ ਅਫਰੀਕਾ, ਬੇਲਾਰੂਸ, ਸਪੇਨ, ਨਿਊਜ਼ੀਲੈਂਡ ਤੇ ਦੱਖਣੀ ਕੋਰੀਆ ਖਿਲਾਫ਼ ਟੈਸਟ ਲੜੀਆਂ ਵੀ ਖੇਡ ਚੁੱਕੀ ਹੈ। ਏਸ਼ੀਅਨ ਖੇਡਾਂ 'ਚ ਤਗਮਾ ਜਿੱਤਣ ਉਪਰੰਤ ਗੁਰਜੀਤ ਨੂੰ ਸਾਬਕਾ ਕੌਮਾਂਤਰੀ ਹਾਕੀ ਖਿਡਾਰੀਆਂ ਗੁਰਜੀਤ ਸਿੰਘ ਪੱਟੀ, ਸੰਦੀਪ ਸਿੰਘ ਪੱਟੀ (ਦੋਨੋਂ ਆਸਟਰੇਲੀਆ ਵਾਸੀ), ਗਗਨਅਜੀਤ ਸਿੰਘ, ਤੇਜਬੀਰ ਸਿੰਘ, ਜੁਗਰਾਜ ਸਿੰਘ, ਪ੍ਰੋ. ਸੁਰਿੰਦਰ ਸਿੰਘ ਮੰਡ ਤੇ ਕੋਚ ਸਰੂਪ ਸਿੰਘ ਕੈਰੋਂ ਨੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ।
ਗੁਰਜੀਤ ਕੌਰ ਨੇ ਕੋਚ ਸ਼ਰਨਜੀਤ ਸਿੰਘ ਕੋਲੋਂ ਬਤੌਰ ਸੈਂਟਰ ਹਾਫ ਹਾਕੀ ਖੇਡਣ ਦਾ ਸਫ਼ਰ ਸ਼ੁਰੂ ਕੀਤਾ ਅਤੇ ਕੌਮੀ ਟੀਮ 'ਚ ਆਉਣ ਤੋਂ ਬਾਅਦ ਉਸ ਨੇ ਜਲਦੀ ਹੀ ਪੈਨਲਟੀ ਕਾਰਨਰ ਮਾਹਿਰ ਵਜੋਂ ਪਹਿਚਾਣ ਬਣਾਉਣੀ ਸ਼ੁਰੂ ਕੀਤੀ। ਉਸ ਨੇ ਸਖ਼ਤ ਅਭਿਆਸ ਕਰਕੇ ਆਪਣੇ-ਆਪ ਨੂੰ ਡਰੈਗ ਫਲਿੱਕਰ ਵਜੋਂ ਸਥਾਪਤ ਕਰ ਲਿਆ ਹੈ। ਗੁਰਜੀਤ ਕੌਰ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਮਾਪਿਆਂ ਤੇ ਕੋਚ ਸ਼ਰਨਜੀਤ ਸਿੰਘ ਨੂੰ ਦਿੰਦੀ ਹੈ, ਜਿਨ੍ਹਾਂ ਸਦਕਾ ਉਹ ਕੌਮਾਂਤਰੀ ਮੰਚ 'ਤੇ ਪੰਜਾਬ ਦੀ ਝੰਡਾਬਰਦਾਰ ਬਣੀ ਹੋਈ ਹੈ।


-ਪਟਿਆਲਾ। ਮੋਬਾ: 97795-90575

ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ

ਭਾਰਤੀ ਹਾਕੀ ਟੀਮ ਹੁਣ ਤਾਂ ਚੈਂਪੀਅਨ ਬਣ ਕੇ ਦਿਖਾਵੇ

ਓਮਾਨ ਦੇ ਸ਼ਹਿਰ ਮਸਕਟ 'ਚ 18 ਅਕਤੂਬਰ ਤੋਂ ਲੈ ਕੇ 28 ਅਕਤੂਬਰ ਤੱਕ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦਾ ਪੰਜਵਾਂ ਐਡੀਸ਼ਨ ਖੇਡਿਆ ਜਾ ਰਿਹਾ ਹੈ। ਸੁਲਤਾਨ ਕਾਬੂਸ ਸਪੋਰਟਸ ਕੰਪਲੈਕਸ, ਮਸਕਟ 'ਚ ਹੋਣ ਵਾਲੇ ਇਸ ਟੂਰਨਾਮੈਂਟ 'ਚ ਭਾਰਤ, ਮਲੇਸ਼ੀਆ, ਪਾਕਿਸਤਾਨ, ਦੱਖਣੀ ਕੋਰੀਆ, ਓਮਾਨ ਅਤੇ ਜਾਪਾਨ ਦੀਆਂ ਟੀਮਾਂ ਭਾਗ ਲੈਣਗੀਆਂ। ਹੀਰੋ ਏਸ਼ੀਅਨ ਚੈਂਪੀਅਨ ਟਰਾਫੀ 2018 'ਚ ਭਾਰਤੀ ਸੰਭਾਵਨਾਵਾਂ ਦਾ ਲੇਖਾ-ਜੋਖਾ ਕਰਨ ਤੋਂ ਪਹਿਲਾਂ ਇਸ ਟੂਰਨਾਮੈਂਟ ਦੇ ਇਤਿਹਾਸ 'ਤੇ ਨਜ਼ਰ ਮਾਰਨੀ ਜ਼ਰੂਰੀ ਹੈ।
ਇਸ ਏਸ਼ਿਆਈ ਪੱਧਰ ਦੇ ਟੂਰਨਾਮੈਂਟ ਦੀ ਸ਼ੁਰੂਆਤ 2011 ਤੋਂ ਹੋਈ ਸੀ। ਪਹਿਲੇ ਐਡੀਸ਼ਨ ਦਾ ਮੇਜ਼ਬਾਨ ਚੀਨ ਦਾ ਸ਼ਹਿਰ ਓਡਸ ਸੀ, ਜਿਸ ਵਿਚ ਭਾਰਤ ਚੈਂਪੀਅਨ ਬਣਿਆ। ਪਾਕਿਸਤਾਨ ਉਪ-ਜੇਤੂ ਰਿਹਾ। ਮਲੇਸ਼ੀਆ ਨੇ ਜਾਪਾਨ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ ਸੀ। 2012 'ਚ ਦੂਜਾ ਐਡੀਸ਼ਨ ਕਤਰ ਦੇ ਸ਼ਹਿਰ ਦੋਹਾ 'ਚ ਆਯੋਜਿਤ ਹੋਇਆ। ਪਾਕਿਸਤਾਨ ਨੇ ਭਾਰਤ ਨੂੰ ਹਰਾ ਕੇ ਚੈਂਪੀਅਨ ਖਿਤਾਬ ਹਾਸਲ ਕੀਤਾ। ਮਲੇਸ਼ੀਆ ਨੇ ਤੀਜੇ ਸਥਾਨ ਲਈ ਚੀਨ ਨੂੰ ਹਰਾਇਆ। ਇਸ ਟੂਰਨਾਮੈਂਟ ਦਾ ਤੀਜਾ ਐਡੀਸ਼ਨ ਜਾਪਾਨ ਦੇ ਸ਼ਹਿਰ ਕਾਕਾਮੀਗਹਾਰਾ 'ਚ 2013 ਨੂੰ ਖੇਡਿਆ ਗਿਆ, ਜਿਸ ਵਿਚ ਪਾਕਿਸਤਾਨ ਲਗਾਤਾਰ ਦੂਜੀ ਵਾਰ ਜੇਤੂ ਬਣਿਆ। ਜਾਪਾਨ ਦੂਜੇ ਸਥਾਨ 'ਤੇ ਅਤੇ ਮਲੇਸ਼ੀਆ ਤੀਜੇ ਸਥਾਨ 'ਤੇ ਰਿਹਾ। ਚੀਨ ਨੂੰ ਚੌਥਾ ਸਥਾਨ ਮਿਲਿਆ। ਚੌਥਾ ਐਡੀਸ਼ਨ 2016 'ਚ ਆਯੋਜਿਤ ਹੋ ਸਕਿਆ। ਮਲੇਸ਼ੀਆ ਦੇ ਸ਼ਹਿਰ ਕੁਆਰਟਨ 'ਚ, ਜਿਸ ਵਿਚ ਭਾਰਤ ਜੇਤੂ ਬਣਿਆ, ਪਾਕਿਸਤਾਨ ਉਪ-ਜੇਤੂ, ਮਲੇਸ਼ੀਆ ਤੀਜੇ ਸਥਾਨ 'ਤੇ ਅਤੇ ਦੱਖਣੀ ਕੋਰੀਆ ਨੂੰ ਚੌਥਾ ਸਥਾਨ ਮਿਲਿਆ।
ਏਸ਼ੀਅਨ ਖੇਡਾਂ ਜੋ ਕਿ ਕੁਝ ਅਰਸਾ ਪਹਿਲਾਂ ਹੋਈਆਂ, ਭਾਰਤੀ ਟੀਮ ਮਲੇਸ਼ੀਆ ਅਤੇ ਜਾਪਾਨ ਤੋਂ ਵੀ ਪਿੱਛੇ ਰਹੀ। ਉਨ੍ਹਾਂ ਦੋਵਾਂ ਟੀਮਾਂ ਦੀ ਮੌਜੂਦਗੀ 'ਚ ਕੀ ਭਾਰਤੀ ਟੀਮ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਦਾ ਖਿਤਾਬ ਜਿੱਤ ਸਕਦੀ ਹੈ? ਅੱਜ ਸਭ ਤੋਂ ਵੱਡਾ ਸਵਾਲ ਇਹ ਹੈ। ਦੱਸਦੇ ਜਾਈਏ ਕਿ ਰਾਊਂਡ ਰੋਬਿਨ ਫਾਰਮੈਟ ਤਹਿਤ ਸਭ ਟੀਮਾਂ ਇਕ-ਦੂਜੇ ਵਿਰੁੱਧ ਖੇਡਣਗੀਆਂ। ਰਾਊਂਡ ਰੋਬਿਨ ਗੇਮਜ਼ ਤੋਂ ਬਾਅਦ ਆਲ੍ਹਾ ਦਰਜੇ ਦੀ ਪੇਸ਼ਕਾਰੀ ਕਰਨ ਵਾਲੀਆਂ ਚਾਰ ਟੀਮਾਂ ਸੈਮੀਫਾਈਨਲ 'ਚ ਪ੍ਰਵੇਸ਼ ਕਰਨਗੀਆਂ ਅਤੇ ਦੋਵਾਂ ਸੈਮੀਫਾਈਨਲਾਂ ਦੀਆਂ ਜੇਤੂ ਫਾਈਨਲ ਖੇਡਣਗੀਆਂ।
ਜ਼ਿਕਰਯੋਗ ਹੈ ਕਿ ਭਾਰਤ ਵਿਸ਼ਵ ਦਰਜਾਬੰਦੀ ਦੇ ਆਧਾਰ 'ਤੇ ਇਸ ਟੂਰਨਾਮੈਂਟ ਨੂੰ ਜਿੱਤਣ ਦਾ ਪੂਰਾ ਦਾਅਵੇਦਾਰ ਹੈ ਪਰ ਏਸ਼ੀਅਨ ਖੇਡਾਂ 'ਚ ਜੋ ਕੁਝ ਭਾਰਤੀ ਟੀਮ ਨਾਲ ਵਾਪਰਿਆ, ਉਸ ਕਰਕੇ ਮਾਨਸਿਕ ਦਬਾਅ ਰਹੇਗਾ। ਓਮਾਨ ਟੀਮ, ਜਿਸ ਨੂੰ ਘਰੇਲੂ ਮੈਦਾਨ ਹੋਣ ਦਾ ਲਾਭ ਪਹੁੰਚੇਗਾ, ਕੀ ਕੋਈ ਹੈਰਾਨਕੁੰਨ ਪ੍ਰਦਰਸ਼ਨ ਵੀ ਦਿਖਾ ਸਕਦੀ ਹੈ? ਜਾਪਾਨੀ ਟੀਮ ਵੀ ਸਭ ਨਜ਼ਰਾਂ ਦਾ ਕੇਂਦਰ ਰਹੇਗੀ, ਜਿਸ ਨੇ ਏਸ਼ੀਅਨ ਖੇਡਾਂ 'ਚ ਜੇਤੂ ਖਿਤਾਬ ਜਿੱਤਿਆ ਹੈ। ਪਾਕਿਸਤਾਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਸਖ਼ਤ ਚੁਣੌਤੀ ਵਾਲੀਆਂ ਟੀਮਾਂ ਹਨ।
ਏਸ਼ੀਅਨ ਖੇਡਾਂ 'ਚ ਮਲੇਸ਼ੀਆ ਹੱਥੋਂ ਮਿਲੀ ਹਾਰ ਕਰਕੇ ਭਾਰਤੀ ਟੀਮ ਜੋ ਏਸ਼ੀਅਨ ਚੈਂਪੀਅਨ ਨਾ ਬਣ ਸਕੀ, ਅਸੀਂ ਉਮੀਦ ਕਰਦੇ ਹਾਂ ਕਿ ਇਸ ਚੈਂਪੀਅਨਜ਼ ਟਰਾਫੀ ਹਾਕੀ 'ਚ ਸਾਡੇ ਹਾਕੀ ਜੁਝਾਰੂ ਪੂਰੀ ਵਾਹ ਲਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਉਹ ਏਸ਼ੀਆ ਮਹਾਂਦੀਪ ਦੇ ਸਭ ਤੋਂ ਵਧੀਆ ਖਿਡਾਰੀ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਨਵੰਬਰ ਦੇ ਮਹੀਨੇ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਹਾਕੀ, ਜੋ ਭਾਰਤੀ ਟੀਮ ਦੇ ਘਰੇਲੂ ਮੈਦਾਨ ਭੁਵਨੇਸ਼ਵਰ ਵਿਖੇ ਆਯੋਜਿਤ ਹੋ ਰਿਹਾ ਹੈ, ਤੋਂ ਪਹਿਲਾਂ ਭਾਰਤੀ ਟੀਮ ਦੀ ਸਹੀ ਪਰਖ ਦਾ ਵੇਲਾ ਹੀ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਹੈ। ਇਹ ਕੋਚ ਹਰਿੰਦਰ ਸਿੰਘ ਲਈ ਆਪਣੇ-ਆਪ ਨੂੰ ਸਾਬਤ ਕਰਨ ਦਾ ਮੌਕਾ ਹੈ।
18 ਅਕਤੂਬਰ ਨੂੰ ਭਾਰਤੀ ਟੀਮ ਮੇਜ਼ਬਾਨ ਓਮਾਨ ਦੀ ਟੀਮ ਨਾਲ ਭਿੜੇਗੀ, 20 ਅਕਤੂਬਰ ਨੂੰ ਪਾਕਿਸਤਾਨ ਵਿਰੁੱਧ ਟੱਕਰ ਹੋਵੇਗੀ ਭਾਰਤ ਦੀ, 21 ਅਕਤੂਬਰ ਨੂੰ ਜਾਪਾਨ ਵਿਰੁੱਧ ਭਾਰਤੀ ਟੀਮ ਮੈਦਾਨ 'ਚ ਉਤਰੇਗੀ, 23 ਅਕਤੂਬਰ ਨੂੰ ਮਲੇਸ਼ੀਆ ਖਿਲਾਫ ਭਾਰਤ ਆਪਣੇ ਦਮਖਮ ਦਾ ਮੁਜ਼ਾਹਰਾ ਕਰੇਗਾ, 24 ਅਕਤੂਬਰ ਨੂੰ ਭਾਰਤ ਦੱਖਣੀ ਕੋਰੀਆ ਦੀ ਸਖ਼ਤ ਚੁਣੌਤੀ ਦੇ ਰੂਬਰੂ ਹੋਵੇਗਾ। ਦੇਖਦੇ ਹਾਂ ਏਸ਼ੀਅਨ ਖੇਡਾਂ ਦੀ ਠੋਕਰ ਭਾਰਤੀਆਂ ਨੂੰ ਕੀ-ਕੀ ਸਿਖਾਉਂਦੀ ਹੈ?


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਭਾਰਤੀ ਪੈਰਾ ਅਥਲੈਟਿਕ ਦਾ ਉੱਭਰਦਾ ਸਿਤਾਰਾ ਹੈ ਨਗਿੰਦਰ ਸਿੰਘ ਉੱਤਰਾਖੰਡ

'ਆਖੋਂ ਮੇਂ ਰੌਸ਼ਨੀ ਨਹੀਂ, ਪਰ ਦਿਲ ਮੇਂ ਪਲ ਰਹੇ ਹਜ਼ਾਰੋਂ ਖੁਆਬ, ਦੌੜਤੇ ਹੈਂ ਸ਼ਾਨ ਸੇ ਖੇਲ ਕੇ ਮੈਦਾਨ, ਇਸੀ ਲੀਏ ਭਰ ਰਹੇਂ ਹੈਂ ਊਪਰ ਕੀ ਉਡਾਨ।' ਭਾਰਤੀ ਪੈਰਾ ਅਥਲੈਟਿਕ ਦਾ ਉੱਭਰਦਾ ਸਿਤਾਰਾ ਹੈ ਨਗਿੰਦਰ, ਜਿਸ 'ਤੇ ਆਉਣ ਵਾਲੇ ਸਮੇਂ ਵਿਚ ਭਾਰਤ ਦੇਸ਼ ਨੂੰ ਬਹੁਤ ਵੱਡੀਆਂ ਆਸਾਂ ਹਨ ਅਤੇ ਨਗਿੰਦਰ ਬਹੁਤ ਛੋਟੀ ਉਮਰ ਅਤੇ ਨਾ ਵੇਖ ਸਕਣ ਦੇ ਬਾਵਜੂਦ ਵੀ ਹਿੰਮਤ ਅਤੇ ਦਲੇਰੀ ਦੀ ਉਹ ਮਿਸਾਲ ਹੈ ਕਿ ਵਾਕਿਆ ਹੀ ਆਉਣ ਵਾਲੇ ਸਮੇਂ ਵਿਚ ਭਾਰਤ ਉਸ 'ਤੇ ਮਾਣ ਕਰੇਗਾ। ਨਗਿੰਦਰ ਦਾ ਜਨਮ ਉੱਤਰਾਖੰਡ ਪ੍ਰਾਂਤ ਦੇ ਜ਼ਿਲ੍ਹਾ ਦੇਹਰਾਦੂਨ ਦੇ ਇਕ ਛੋਟੇ ਜਿਹੇ ਪਹਾੜੀ ਉਪਰ ਵਸੇ ਪਿੰਡ ਕੈਲਾਸਪੁਰ ਵਿਚ ਪਿਤਾ ਸ਼ਿਵ ਸਿੰਘ ਭੰਡਾਰੀ ਦੇ ਘਰ ਮਾਤਾ ਸੁਰਭੀ ਭੰਡਾਰੀ ਦੀ ਕੁੱਖੋਂ ਹੋਇਆ ਅਤੇ ਨਗਿੰਦਰ ਨੂੰ ਜਨਮ ਜਾਤ ਹੀ ਬਹੁਤ ਘੱਟ ਵਿਖਾਈ ਦਿੰਦਾ ਸੀ ਅਤੇ ਪਰਿਵਾਰ ਨੂੰ ਆਸ ਸੀ ਕਿ ਜਦ ਉਹ ਵੱਡਾ ਹੋਵੇਗਾ ਤਾਂ ਸ਼ਾਇਦ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਧ ਜਾਵੇਗੀ ਪਰ ਪਰਮਾਤਮਾ ਦਾ ਭਾਣਾ ਮੰਨਣ ਤੋਂ ਸਿਵਾਏ ਕੁਝ ਨਹੀਂ ਸੀ ਅਤੇ ਨਗਿੰਦਰ ਬਿਨਾਂ ਰੌਸ਼ਨੀ ਤੋਂ ਹੀ ਜਿਊਣ ਲਈ ਮਜਬੂਰ ਸੀ।
ਸਾਲ 2008 ਵਿਚ ਨਗਿੰਦਰ ਨੂੰ ਦੇਹਰਾਦੂਨ ਦੇ ਨੇਤਰਹੀਣ ਸਕੂਲ ਵਿਚ ਦਾਖਲ ਕਰਵਾ ਦਿੱਤਾ ਗਿਆ, ਜਿੱਥੇ ਉਸ ਨੇ ਪੜ੍ਹਨ ਦੇ ਨਾਲ-ਨਾਲ ਖੇਡ ਸਰਗਰਮੀਆਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸੇ ਸਕੂਲ ਵਿਚ ਹੀ ਉਸ ਨੂੰ ਉੱਘੇ ਅਥਲੈਟਿਕ ਕੋਚ ਨਰੇਸ਼ ਸਿੰਘ ਨਿਯਾਲ ਦਾ ਸਾਥ ਮਿਲਿਆ ਅਤੇ ਉਸ ਨੇ ਦੌੜ ਲਗਾਉਣੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਇਹ ਮਾਣ ਵੀ ਜਾਂਦਾ ਹੈ ਕਿ ਉਸ ਨੇ 5 ਕਿਲੋਮੀਟਰ ਦੀ ਰੇਸ ਵਿਚ ਹਿੱਸਾ ਲੈ ਕੇ ਆਪਣਾ ਲੋਹਾ ਮੰਨਵਾਇਆ ਹੈ ਅਤੇ ਰਾਜ ਪੱਧਰ 'ਤੇ ਸੋਨ ਤਗਮਾ ਵੀ ਆਪਣੇ ਨਾਂਅ ਕੀਤਾ ਹੈ ਪਰ ਛੋਟੀ ਉਮਰ ਦੀ ਉਸ ਦੀ ਸਭ ਤੋਂ ਵੱਡੀ ਉਪਲਬਧੀ ਇਹ ਰਹੀ ਕਿ ਸਾਲ 2018 ਵਿਚ ਲੁਧਿਆਣਾ ਵਿਖੇ ਐਨ. ਐਫ. ਬੀ. ਵਲੋਂ ਕਰਵਾਈਆਂ ਗਈਆਂ ਨੇਤਰਹੀਣ ਖਿਡਾਰੀਆਂ ਦੀਆਂ ਖੇਡਾਂ ਵਿਚ ਉਸ ਨੇ 200 ਅਤੇ 400 ਮੀਟਰ ਦੌੜਦਿਆਂ 3 ਸੋਨ ਤਗਮਿਆਂ 'ਤੇ ਕਬਜ਼ਾ ਕਰਨ ਵਿਚ ਸਫਲਤਾ ਹਾਸਲ ਕਰ ਲਈ। ਨਗਿੰਦਰ ਆਖਦਾ ਹੈ ਕਿ ਉਸ ਦਾ ਨਿਸ਼ਾਨਾ ਹੈ ਕਿ ਉਹ ਆਪਣੇ ਕੋਚ ਨਰੇਸ਼ ਸਿੰਘ ਨਿਯਾਲ ਦੀ ਅਗਵਾਈ ਵਿਚ ਖੇਡਦਾ ਅਤੇ ਸਿੱਖਦਾ ਹੋਇਆ ਇਕ ਦਿਨ ਅੰਤਰਰਾਸ਼ਟਰੀ ਪੱਧਰ 'ਤੇ ਜ਼ਰੂਰ ਖੇਡੇਗਾ, ਜਿਸ ਲਈ ਉਹ ਹੁਣ ਤੋਂ ਹੀ ਆਪਣੇ-ਆਪ ਨੂੰ ਤਿਆਰ ਕਰ ਰਿਹਾ ਹੈ ਅਤੇ ਉਸ ਦੇ ਕੋਚ ਨਰੇਸ਼ ਸਿੰਘ ਨਿਯਾਲ ਦਾ ਆਖਣਾ ਹੈ ਕਿ ਨਗਿੰਦਰ ਅੱਗੇ ਵਧਣ ਅਤੇ ਕੁਝ ਕਰ ਵਿਖਾਉਣ ਦੀ ਪ੍ਰਬਲ ਸਮਰੱਥਾ ਰੱਖਦਾ ਹੈ ਅਤੇ ਬਿਨਾਂ ਸ਼ੱਕ ਉਹ ਆਉਣ ਵਾਲੇ ਦਿਨਾਂ ਦਾ ਭਾਰਤੀ ਪੈਰਾ ਅਥਲੈਟਿਕ ਦਾ ਉੱਭਰਦਾ ਹੋਇਆ ਸਿਤਾਰਾ ਹੈ ਅਤੇ ਉਨ੍ਹਾਂ ਦਾ ਸਕੂਲ ਐਨ. ਆਈ. ਵੀ. ਐਚ. ਉਸ 'ਤੇ ਸਦਾ ਮਾਣ ਕਰਦਾ ਹੈ।


-ਮੋਬਾ: 98551-14484

ਉਲੰਪੀਅਨ ਬਲਬੀਰ ਸਿੰਘ ਨੂੰ ਭਾਰਤ ਰਤਨ ਦੀ ਉਡੀਕ

ਉਲੰਪਿਕ ਰਤਨ ਬਲਬੀਰ ਸਿੰਘ ਦੀ ਜੀਵਨੀ ਦਾ ਨਾਂਅ ਮੈਂ 'ਗੋਲਡਨ ਗੋਲ' ਰੱਖਿਆ ਸੀ। ਉਸ ਦੀਆਂ ਅੰਤਲੀਆਂ ਸਤਰਾਂ ਸਨ : ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੇ ਤਾਂ ਉਸ ਨੂੰ ਉਲੰਪਿਕ ਰਤਨ ਬਣਾ ਦਿੱਤਾ ਹੈ, ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ? ਬਲਬੀਰ ਸਿੰਘ ਦਾ ਕਹਿਣਾ ਹੈ, 'ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉਪਰਲੇ ਨਾਲ ਹੈ। ਜਦੋਂ 'ਗੋਲਡਨ ਗੋਲ' ਹੋ ਗਿਆ ਤਾਂ ਖੇਡ ਮੁੱਕ ਜਾਣੀ ਹੈ।'
ਪੁਸਤਕ ਦੇ ਸਮਾਪਤੀ ਸ਼ਬਦ ਹਨ, 'ਕੀ ਸਰਕਾਰਾਂ ਬਲਬੀਰ ਸਿੰਘ ਦੇ 'ਗੋਲਡਨ ਗੋਲ' ਦੀ ਉਡੀਕ ਵਿਚ ਹਨ? ਕੀ ਭਾਰਤ ਵਿਚ ਮੜ੍ਹੀਆਂ ਦੀ ਪੂਜਾ ਹੀ ਹੁੰਦੀ ਰਹਿਣੀ ਹੈ ਜਾਂ ਜਿਊਂਦਿਆਂ ਦੀ ਕਦਰ ਵੀ ਪੈਣੀ ਹੈ?'
ਅੱਜ ਜਦੋਂ ਮੈਂ ਇਹ ਸਤਰਾਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਬੈਠਾ ਲਿਖ ਰਿਹਾਂ ਤਾਂ ਬਲਬੀਰ ਸਿੰਘ ਪੀ.ਜੀ.ਆਈ. ਚੰਡੀਗੜ੍ਹ ਦੇ ਇੰਟੈਸਿਵ ਕੇਅਰ ਯੂਨਿਟ ਵਿਚ ਮਸਨੂਈ ਸਾਹ ਲੈ ਰਿਹੈ। ਉਸ ਦੀ ਧੀ ਬੀਬੀ ਸੁਸ਼ਬੀਰ ਕੌਰ ਦੇ ਦੱਸਣ ਮੂਜਬ ਉਸ ਦੇ ਪਿਤਾ ਜੀ 1 ਅਕਤੂਬਰ ਤੋਂ ਇੰਟੈਸਿਵ ਕੇਅਰ ਯੂਨਿਟ ਵਿਚ ਹਨ। ਆਕਸੀਜਨ ਤੇ ਦਵਾਈਆਂ ਦੀਆਂ ਨਲਕੀਆਂ ਲੱਗੀਆਂ ਹੋਈਆਂ ਹਨ। ਹਾਲਤ ਸਥਿਰ ਹੈ। ਹਾਲੇ ਉਹ ਬੋਲਣ ਦੀ ਸਥਿਤੀ ਵਿਚ ਨਹੀਂ ਪਰ ਹੋਸ਼ ਵਿਚ ਹਨ। ਚਿਹਰੇ ਤੋਂ ਭਾਵ ਪ੍ਰਗਟ ਕਰਦੇ ਹਨ। ਡਾਕਟਰ ਉਨ੍ਹਾਂ ਦੇ ਰਾਜ਼ੀ ਹੋ ਜਾਣ ਪ੍ਰਤੀ ਆਸਵੰਦ ਹਨ।
ਬਲਬੀਰ ਸਿੰਘ ਦੇ ਪ੍ਰਸੰਸਕ ਤੇ ਖੇਡ ਪ੍ਰੇਮੀ ਉਹਦੀ ਸਿਹਤਯਾਬੀ ਲਈ ਅਰਦਾਸਾਂ ਕਰ ਰਹੇ ਹਨ। ਸੁਸ਼ਬੀਰ ਕੌਰ ਤੇ ਉਸ ਦਾ ਪੁੱਤਰ ਕਬੀਰ ਸਿੰਘ ਤਾਂ ਪਹਿਲਾਂ ਹੀ ਬਲਬੀਰ ਸਿੰਘ ਦੀ ਸੇਵਾ-ਸੰਭਾਲ ਵਿਚ ਹਨ, ਉਸ ਦਾ ਵੱਡਾ ਪੁੱਤਰ ਕੰਵਲਬੀਰ ਸਿੰਘ 'ਗੁੱਲੂ' ਵੀ ਵੈਨਕੂਵਰ ਤੋਂ ਚੰਡੀਗੜ੍ਹ ਪੁੱਜ ਗਿਆ ਹੈ। ਬਲਬੀਰ ਸਿੰਘ ਦੀ ਇਕ ਧੀ ਤੇ 3 ਪੁੱਤਰ ਹਨ। ਉਸ ਦੀ ਪਤਨੀ ਸੁਸ਼ੀਲ ਕੌਰ 1983 ਵਿਚ ਪਰਲੋਕ ਸਿਧਾਰੀ ਤਾਂ ਉਹ ਚੰਡੀਗੜ੍ਹ ਵਾਲੀ 'ਉਲੰਪੀਆ' ਕੋਠੀ ਵੇਚ ਕੇ ਵੈਨਕੂਵਰ ਆਪਣੇ ਪੁੱਤਰਾਂ ਪਾਸ ਚਲਾ ਗਿਆ ਸੀ। ਬਲਬੀਰ ਸਿੰਘ ਹਾਕੀ ਦਾ ਯੁੱਗ ਪੁਰਸ਼ ਹੈ। ਹੁਣ ਉਹ 95ਵੇਂ ਸਾਲ ਦੀ ਉਮਰ ਵਿਚ ਵਿਚਰ ਰਿਹੈ। ਉਸ ਨੇ ਸੈਂਕੜੇ ਮੈਦਾਨਾਂ ਵਿਚ ਹਜ਼ਾਰਾਂ ਗੋਲ ਕੀਤੇ। ਉਸ ਨੂੰ ਹਾਕੀ ਦਾ 'ਗੋਲ ਕਿੰਗ' ਕਿਹਾ ਜਾਂਦਾ ਸੀ। ਉਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਉਲੰਪਿਕ ਰਿਕਾਰਡ 66 ਸਾਲ ਬੀਤ ਜਾਣ 'ਤੇ ਵੀ ਉਹਦੇ ਨਾਂਅ ਖੜ੍ਹਾ ਹੈ! 2012 ਵਿਚ ਲੰਡਨ ਦੀਆਂ ਉਲੰਪਿਕ ਖੇਡਾਂ ਮੌਕੇ ਉਲੰਪਿਕ ਖੇਡਾਂ ਦੇ ਸਫ਼ਰ 'ਚੋਂ ਜਿਹੜੇ 16 'ਆਈਕੌਨਿਕ ਉਲੰਪੀਅਨ' ਚੁਣੇ ਗਏ, ਉਨ੍ਹਾਂ ਵਿਚ ਏਸ਼ੀਆ ਦੇ ਸਿਰਫ਼ ਦੋ ਤੇ ਹਿੰਦ ਮਹਾਂਦੀਪ ਦਾ ਕੇਵਲ ਬਲਬੀਰ ਸਿੰਘ ਹੀ ਚੁਣਿਆ ਗਿਆ ਸੀ। ਉਲੰਪਿਕ ਖੇਡਾਂ ਦੇ 3 ਗੋਲਡ ਮੈਡਲ, ਏਸ਼ਿਆਈ ਖੇਡਾਂ ਦਾ ਇਕ ਅਤੇ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਭਾਰਤ ਨੂੰ 7 ਤਗਮੇ ਤੇ ਵਿਸ਼ਵ ਹਾਕੀ ਕੱਪ ਜਿਤਾਉਣ ਵਾਲੇ ਬਲਬੀਰ ਸਿੰਘ ਨੂੰ ਕਿਸੇ ਸਰਕਾਰ ਨੇ ਉਹਦੇ ਜਿਊਂਦੇ ਜੀਅ ਕੋਈ ਵਿਸ਼ੇਸ਼ ਮਾਣ-ਸਨਮਾਨ ਤਾਂ ਕੀ ਦੇਣਾ ਸੀ, ਸਪੋਟਰਸ ਅਥਾਰਟੀ ਆਫ਼ ਇੰਡੀਆ ਨੇ ਉਹਦੀਆਂ ਅਨਮੋਲ ਖੇਡ ਨਿਸ਼ਾਨੀਆਂ ਵੀ 'ਗੁਆ' ਦਿੱਤੀਆਂ ਹਨ। 1962 ਦੀ ਹਿੰਦ-ਚੀਨ ਜੰਗ ਸਮੇਂ ਬਲਬੀਰ ਸਿੰਘ ਨੇ ਆਪਣੇ ਤਿੰਨੇ ਉਲੰਪਿਕ ਸੋਨ ਤਗਮੇ ਪ੍ਰਧਾਨ ਮੰਤਰੀ ਫੰਡ ਲਈ ਦਾਨ ਕਰ ਦਿੱਤੇ ਸਨ। ਉਹ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਸੀ ਕਿ ਉਨ੍ਹਾਂ ਨੇ ਤਗਮੇ ਸੰਭਾਲ ਰੱਖੇ ਤੇ ਬਲਬੀਰ ਸਿੰਘ ਨੂੰ ਮੋੜ ਦਿੱਤੇ। ਜੇ ਉਹ ਵੀ 'ਸਾਈ' ਨੂੰ ਦੇ ਦਿੱਤੇ ਹੁੰਦੇ ਤਾਂ ਉਹ ਵੀ 'ਜਾਂਦੇ' ਰਹਿਣੇ ਸਨ!
2014 ਵਿਚ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਬਲਬੀਰ ਸਿੰਘ ਨੂੰ ਭਾਰਤ ਰਤਨ ਐਵਾਰਡ ਦਿੱਤਾ ਜਾਵੇ, ਜਿਸ ਦਾ ਉਹ ਸਹੀ ਹੱਕਦਾਰ ਹੈ। ਉਸ ਦੀਆਂ ਖੇਡ ਪ੍ਰਾਪਤੀਆਂ ਹਾਕੀ ਦੇ ਮਰਹੂਮ ਖਿਡਾਰੀ ਧਿਆਨ ਚੰਦ ਤੋਂ ਵੀ ਬਿਹਤਰ ਹਨ। ਇਹ ਤੱਥ ਇੰਟਰਨੈਸ਼ਨਲ ਉਲੰਪਿਕ ਕਮੇਟੀ ਨੇ ਵੀ ਤਸਲੀਮ ਕੀਤਾ ਹੈ। ਧਿਆਨ ਚੰਦ ਨੇ ਬ੍ਰਿਟਿਸ਼ ਇੰਡੀਆ ਲਈ ਐਂਗਲੋ ਇੰਡੀਅਨ ਖਿਡਾਰੀਆਂ ਨਾਲ ਰਲ ਕੇ 3 ਸੋਨ ਤਗਮੇ ਜਿੱਤੇ ਤੇ ਯੂਨੀਅਨ ਜੈਕ ਝੁਲਾਏ, ਜਦ ਕਿ ਬਲਬੀਰ ਸਿੰਘ ਨੇ ਆਜ਼ਾਦ ਭਾਰਤ ਲਈ ਨਿਰੋਲ ਭਾਰਤੀ ਖਿਡਾਰੀਆਂ ਨਾਲ ਰਲ ਕੇ 3 ਸੋਨ ਤਗਮੇ ਜਿੱਤੇ ਤੇ ਤਿਰੰਗੇ ਲਹਿਰਾਏ। ਉਹ ਦੋ ਉਲੰਪਿਕਸ ਵਿਚ ਭਾਰਤੀ ਖੇਡ ਦਲਾਂ ਦਾ ਝੰਡਾਬਰਦਾਰ ਬਣਿਆ। ਹੈਲਸਿੰਕੀ ਦੀਆਂ ਉਲੰਪਿਕ ਖੇਡਾਂ-1952 ਦੇ ਫਾਈਨਲ ਮੈਚ ਵਿਚ ਹਾਲੈਂਡ ਵਿਰੁੱਧ 5 ਗੋਲ ਕਰਨ ਦਾ ਰਿਕਾਰਡ ਅਜੇ ਵੀ ਉਹਦੇ ਨਾਂਅ ਬੋਲਦੈ। ਉਥੇ ਭਾਰਤੀ ਟੀਮ ਨੇ 6-1 ਗੋਲਾਂ ਨਾਲ ਸੋਨ ਤਗਮਾ ਜਿੱਤਿਆ ਸੀ। ਬਲਬੀਰ ਸਿੰਘ ਨੇ ਪੰਜਾਬ ਦਾ ਸਪੋਰਟਸ ਡਾਇਰੈਕਟਰ ਹੋਣ ਤੋਂ ਸਿਵਾ ਦੋ ਪੁਸਤਕਾਂ 'ਗੋਲਡਨ ਹੈਟ ਟ੍ਰਿਕ' ਤੇ 'ਗੋਲਡਨ ਯਾਰਡ ਸਟਿਕ' ਵੀ ਲਿਖੀਆਂ। ਮੇਰਾ ਸੁਭਾਗ ਹੈ ਕਿ ਮੈਨੂੰ ਬਲਬੀਰ ਸਿੰਘ ਨੂੰ ਮਿਲਣ-ਗਿਲਣ ਤੇ ਉਸ ਦੀ ਜੀਵਨੀ 'ਗੋਲਡਨ ਗੋਲ' ਲਿਖਣ ਦਾ ਮੌਕਾ ਮਿਲਿਆ।
ਹਾਕੀ ਦਾ 'ਗੋਲ ਕਿੰਗ' ਕਿਹਾ ਜਾਂਦਾ ਬਲਬੀਰ ਸਿੰਘ ਬਿਧੀ ਚੰਦ ਦਾ ਵਾਰਸ ਹੈ। ਉਸ ਦਾ ਜਨਮ 31 ਦਸੰਬਰ, 1923 ਨੂੰ ਉਸ ਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਵਿਚ ਹੋਇਆ ਸੀ। ਉਸ ਦੇ ਪਿਤਾ ਸ: ਦਲੀਪ ਸਿੰਘ ਸਨ ਤੇ ਮਾਤਾ ਸਰਦਾਰਨੀ ਕਰਮ ਕੌਰ ਸੀ। ਉਸ ਦਾ ਦਾਦਕਾ ਪਿੰਡ ਪੁਆਦੜਾ ਹੈ। ਕ੍ਰਿਕਟ ਦੀ ਖੇਡ ਦੇ ਨੌਜੁਆਨ ਖਿਡਾਰੀ ਸਚਿਨ ਤੇਂਦੁਲਕਰ ਨੂੰ ਤਾਂ ਜਿਊਂਦੇ ਜੀਅ ਭਾਰਤ ਰਤਨ ਐਵਾਰਡ ਦੇ ਦਿੱਤਾ ਗਿਆ ਹੈ। ਵੇਖਦੇ ਹਾਂ ਹਾਕੀ ਦੇ ਯੁੱਗ ਪੁਰਸ਼ ਖਿਡਾਰੀ ਬਲਬੀਰ ਸਿੰਘ ਨੂੰ ਭਾਰਤ ਰਤਨ ਐਵਾਰਡ ਉਹਦੇ ਜਿਊਂਦੇ ਜੀਅ ਮਿਲਦੈ ਜਾਂ ਜੀਵਨ ਉਪਰੰਤ?

ਗਰਮੀ ਰੁੱਤ ਯੂਥ ਉਲੰਪਿਕ ਖੇਡਾਂ ਵਿਚ ਭਾਰਤੀ ਖਿਡਾਰੀ

ਦੁਨੀਆ ਦੇ ਖੇਡਾਂ ਨਾਲ ਪਿਆਰ ਕਰਨ ਵਾਲੇ ਯੂਥ ਉਲੰਪਿਕ ਖੇਡਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਨ੍ਹਾਂ ਖੇਡਾਂ ਵਿਚ ਹਰ ਦੇਸ਼ ਦੀ ਰੀੜ੍ਹ ਦੀ ਹੱਡੀ ਕਹੇ ਜਾਣ ਵਾਲੇ ਨੌਜਵਾਨ ਹਿੱਸਾ ਲੈਂਦੇ ਹਨ। ਅਸੀਂ ਗੱਲ ਕਰ ਰਹੇ ਹਾਂ ਗਰਮੀ ਰੁੱਤ ਯੂਥ ਉਲੰਪਿਕ ਖੇਡਾਂ ਦੀ। 6 ਤੋਂ 18 ਅਕਤੂਬਰ ਤੱਕ ਚੱਲਣ ਵਾਲੀਆਂ ਯੂਥ ਉਲੰਪਿਕ ਖੇਡਾਂ ਅਰਜਨਟੀਨਾ ਦੇ ਸ਼ਹਿਰ ਬੇਸਨ ਵਿਚ ਕਰਵਾਈਆਂ ਜਾ ਰਹੀਆਂ ਹਨ। ਜੇਕਰ ਯੂਥ ਉਲੰਪਿਕ ਖੇਡਾਂ ਦੇ ਇਤਿਹਾਸ ਵੱਲ ਝਾਤੀ ਮਾਰੀਏ ਤਾਂ ਇਨ੍ਹਾਂ ਖੇਡਾਂ ਦੀ ਸ਼ੁਰੂਆਤ 1998 ਵਿਚ ਹੋਈ। ਯੂਥ ਉਲੰਪਿਕ ਖੇਡਾਂ ਦੀ ਨੀਂਹ ਆਸਟਰੀਆ ਦੇ ਉਦਯੋਗਿਕ ਜੌਹਾਨ ਰੋਜੇਜ਼ੋਫ ਨੇ ਰੱਖੀ ਸੀ। ਉਸ ਦੀ ਸੋਚ ਸੀ ਕਿ ਨੌਜਵਾਨ ਬਚਪਨ ਤੋਂ ਹੀ ਮੋਟਾਪੇ ਦੇ ਸ਼ਿਕਾਰ ਹੋ ਜਾਂਦੇ ਹਨ ਅਤੇ ਖੇਡ ਦੀਆਂ ਸਰਗਰਮੀਆਂ ਵਿਚ ਨੌਜਵਾਨ ਘੱਟ ਹੀ ਹਿੱਸਾ ਲੈਂਦੇ ਹਨ। ਆਈ.ਓ.ਸੀ. ਇਨ੍ਹਾਂ ਖੇਡਾਂ ਦਾ ਪ੍ਰਬੰਧ ਕਰਦੀ ਹੈ। ਇਹ ਖੇਡਾਂ ਵੀ 4 ਸਾਲ ਬਾਅਦ ਕਰਵਾਈਆ ਜਾਂਦੀਆਂ ਹਨ। ਪਹਿਲੀ ਵਾਰ ਇਨ੍ਹਾਂ ਖੇਡਾਂ ਨੂੰ 14 ਤੋਂ 26 ਅਗਸਤ, 2010 ਸਿੰਗਾਪੁਰ ਵਿਖੇ ਕਰਵਾਈਆ ਗਈਆਂ। ਇਨ੍ਹਾਂ ਯੂਥ ਉਲੰਪਿਕ ਖੇਡਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਨ੍ਹਾਂ ਖੇਡਾਂ ਵਿਚ ਐਥਲੀਟ ਦੀ ਉਮਰ ਹੱਦ 14 ਤੋਂ 18 ਹੈ। ਭਾਰਤ ਨੇ 2010 ਵਿਚ ਇਨ੍ਹਾਂ ਖੇਡਾਂ 'ਚ ਸ਼ਮੂਲੀਅਤ ਕੀਤੀ ਸੀ। 2010 ਦੀਆਂ ਗਰਮੀ ਰੁੱਤ ਯੂਥ ਉਲੰਪਿਕ ਖੇਡਾਂ ਵਿਚ ਭਾਰਤ ਨੇ 13 ਖੇਡਾਂ ਲਈ 32 ਐਥਲੀਟ ਭੇਜੇ ਸਨ, ਇਨ੍ਹਾਂ ਖੇਡਾਂ ਵਿਚ 6 ਚਾਂਦੀ ਤੇ 2 ਕਾਂਸੇ ਕੁੱਲ 8 ਤਗਮੇ ਭਾਰਤੀ ਖਿਡਾਰੀਆਂ ਨੇ ਜਿੱਤੇ ਸਨ।
ਭਾਰਤ ਨੇ ਮੁੱਕੇਬਾਜ਼ੀ, ਬੈਡਮਿੰਟਨ, ਤੈਰਾਕੀ, ਤੀਰਅੰਦਾਜ਼ੀ, ਐਥਲੈਟਿਕਸ, ਬਾਸਕਟਬਾਲ, ਜੂਡੋ, ਰੋਇੰਗ, ਸ਼ੂਟਿੰਗ, ਟੇਬਲ ਟੈਨਿਸ, ਟੈਨਿਸ, ਵੇਟ ਲਿਫਟਿੰਗ ਅਤੇ ਕੁਸ਼ਤੀ ਖੇਡਾਂ ਦੇ ਖਿਡਾਰੀਆਂ ਨੇ ਹਿੱਸਾ ਲਿਆ। 2014 ਦੀਆਂ ਗਰਮ ਰੁੱਤ ਯੂਥ ਉਲੰਪਿਕ ਖੇਡਾਂ ਦੀ ਗੱਲ ਕਰੀਏ ਤਾਂ ਇਸ ਵਿਚ ਭਾਰਤ ਨੇ ਕੁੱਲ 2 ਤਗਮੇ ਜਿੱਤੇ ਸਨ, ਜਿਸ ਵਿਚ 1 ਚਾਂਦੀ ਅਤੇ 1 ਕਾਂਸੀ ਦਾ ਤਗਮਾ ਸ਼ਾਮਿਲ ਸੀ। ਵੈਂਕਟ ਰਾਹੁਲ ਰੈਗਾਲਾ ਨੇ ਚਾਂਦੀ ਤੇ ਅਤੁਲ ਵਰਮਾ ਤੀਰਅੰਦਾਜ਼ੀ ਨੇ ਕਾਂਸੇ ਦਾ ਤਗਮਾ ਜਿੱਤਿਆ। ਸਾਲ 2018 ਦੀਆਂ ਗਰਮ ਰੁੱਤ ਯੂਥ ਉਲੰਪਿਕ ਖੇਡਾਂ ਵਿਚ ਭਾਰਤ ਦੇ 25 ਪੁਰਸ਼ ਤੇ 21 ਮਹਿਲਾ ਐਥਲੀਟ ਕੁੱਲ 46 ਐਥਲੀਟ ਹਿੱਸਾ ਲੈ ਰਹੇ ਹਨ। ਜੇਕਰ ਗੱਲ ਵੱਖ-ਵੱਖ ਖੇਡਾਂ ਦੀ ਕਰੀਏ ਤਾਂ ਇਨ੍ਹਾਂ ਖੇਡਾਂ ਵਿਚ ਤੀਰਅੰਦਾਜ਼ੀ ਵਿਚ 3 ਖਿਡਾਰੀ, ਅਥਲੈਟਿਕਸ ਵਿਚ 7 ਖਿਡਾਰੀ, ਬੈਡਮਿੰਟਨ ਵਿਚ 2 ਖਿਡਾਰੀ, ਬਾਕਸਿੰਗ ਇਕ ਖਿਡਾਰੀ, ਹਾਕੀ ਪੁਰਸ਼ ਅਤੇ ਔਰਤਾਂ 18 ਖਿਡਾਰੀ, ਜੂਡੋ ਵਿਚ ਇਕ ਖਿਡਾਰੀ, ਕਿਸ਼ਤੀ ਚਾਲਣ ਵਿਚ 2 ਖਿਡਾਰੀ, ਸ਼ੂਟਿੰਗ ਵਿਚ 4 ਖਿਡਾਰੀ, ਤੈਰਾਕੀ ਵਿਚ 2 ਖਿਡਾਰੀ, ਟੇਬਲ ਟੈਨਿਸ ਵਿਚ 2 ਖਿਡਾਰੀ, ਵੇਟ ਲਿਫਟਿੰਗ ਵਿਚੋਂ 2 ਖਿਡਾਰੀ ਅਤੇ ਕੁਸ਼ਤੀ ਵਿਚ ਦੋ ਖਿਡਾਰੀ ਭਾਰਤੀ ਟੀਮ ਦੀ ਪ੍ਰਤੀਨਿਧਤਾ ਕਰਨਗੇ। ਇਨ੍ਹਾਂ ਖੇਡਾਂ ਵਿਚ ਰਾਸ਼ਟਰ ਮੰਡਲ ਖੇਡਾਂ ਦੇ ਤਗਮਾ ਜੇਤੂ ਮੇਹਲੀ ਘੋਸ਼, ਵਿਸ਼ਵ ਯੁਵਾ ਮੁੱਕੇਬਾਜ਼ੀ ਚੈਂਪੀਅਨ ਜਯੋਤੀ ਗੁਲਾ, ਆਈ.ਐਸ.ਐਸ.ਐਫ. ਦੇ ਸੀਨੀਅਰ ਅਤੇ ਜੂਨੀਅਰ ਵਿਸ਼ਵ ਕੱਪ ਜੇਤੂ ਮਨੂ ਬੇਕਰ ਤੋਂ ਭਾਰਤ ਨੂੰ ਉਮੀਦਾਂ ਹਨ। ਆਸ ਕਰਦੇ ਹਾਂ ਕਿ ਗਰਮੀ ਰੁੱਤ ਯੂਥ ਉਲੰਪਿਕ ਖੇਡਾਂ ਵਿਚ ਤਗਮਿਆਂ ਦੀ ਗਿਣਤੀ ਵਿਚ ਵਾਧਾ ਕਰਨਗੇ।


-ਮੋਬਾ: 82888-47042

ਕੌਮਾਂਤਰੀ ਫੁੱਟਬਾਲ ਦਾ ਨਵਾਂ ਮੁਕਾਮ : ਨੇਸ਼ਨਜ਼ ਲੀਗ

ਇਸ ਸਾਲ ਦੁਨੀਆ ਦੇ ਸਭ ਤੋਂ ਵੱਡੇ ਫੁੱਟਬਾਲ ਟੂਰਨਾਮੈਂਟ, ਫ਼ੀਫ਼ਾ ਵਿਸ਼ਵ ਕੱਪ ਦੇ ਮੁਕਾਬਲੇ ਰੂਸ ਵਿਚ ਹੋਏ ਸਨ ਅਤੇ ਇਨ੍ਹਾਂ ਮੁਕਾਬਲਿਆਂ ਨੇ ਪੂਰੇ ਵਿਸ਼ਵ ਵਿਚ ਫੁੱਟਬਾਲ ਦਾ ਜਲਵਾ ਵਿਖਾ ਦਿੱਤਾ ਸੀ। ਵਿਸ਼ਵ ਕੱਪ ਮਗਰੋਂ ਫੁੱਟਬਾਲ ਕਲੱਬਾਂ ਦੇ ਮੁਕਾਬਲੇ ਤਾਂ ਚੱਲਦੇ ਰਹਿੰਦੇ ਹਨ ਪਰ ਕੌਮਾਂਤਰੀ ਫੁੱਟਬਾਲ ਵੇਖਣ ਲਈ 4 ਸਾਲ ਇੰਤਜ਼ਾਰ ਕਰਨਾ ਪੈਂਦਾ ਸੀ। ਹੁਣ ਇਸੇ ਉਡੀਕ ਨੂੰ ਛੋਟਾ ਕੀਤਾ ਹੈ ਬਿਲਕੁਲ ਵਿਸ਼ਵ ਕੱਪ ਵਰਗੇ ਇਕ ਨਵੇਂ ਨਕੋਰ ਕੌਮਾਂਤਰੀ ਆਯੋਜਨ ਨੇ। 'ਯੂਏਫਾ ਨੇਸ਼ਨਜ਼ ਲੀਗ' ਨਾਂਅ ਦੇ ਇਕ ਆਲਮੀ ਫੁੱਟਬਾਲ ਟੂਰਨਾਮੈਂਟ ਦੀ ਸ਼ੁਰੂਆਤ ਹੋਈ ਹੈ, ਜਿਸ ਦੇ ਅਗਲੇਰੇ ਗੇੜ ਦੇ ਪ੍ਰਮੁੱਖ ਮੁਕਾਬਲੇ 11 ਅਕਤੂਬਰ ਤੋਂ ਸ਼ੁਰੂ ਹੋ ਰਹੇ ਹਨ ਅਤੇ ਇਨ੍ਹਾਂ ਦੀ ਖਾਸੀਅਤ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ ਵਿਚ ਯੂਰਪ ਦੇ ਸਾਰੇ ਦੇਸ਼ ਇਕ ਲੀਗ ਵਾਂਗ ਖੇਡ ਰਹੇ ਹਨ, ਯਾਨੀ ਉੱਚਕੋਟੀ ਦੀਆਂ ਟੀਮਾਂ ਸਮੇਤ ਸਾਰੇ ਉੱਚਕੋਟੀ ਦੇ ਖਿਡਾਰੀ ਵੀ ਇਸੇ ਕੌਮਾਂਤਰੀ ਲੀਗ ਵਿਚ ਖੇਡ ਰਹੇ ਹਨ। ਯੂਰਪੀ ਫੁੱਟਬਾਲ ਜਥੇਬੰਦੀ 'ਯੂਏਫਾ' ਵਲੋਂ ਕਰਵਾਈ ਜਾ ਰਹੀ ਯੂਏਫਾ ਨੇਸ਼ਨਜ਼ ਲੀਗ ਵਿਚ ਯੂਰਪ ਦੇ ਕੁੱਲ 55 ਦੇਸ਼ ਖੇਡ ਰਹੇ ਹਨ। ਏਨੀ ਵੱਡੀ ਸੰਖਿਆ ਵਾਲੀਆਂ ਟੀਮਾਂ ਦੀ ਇਹ ਲੀਗ 9 ਜੂਨ, 2019 ਤੱਕ ਚੱਲੇਗੀ। ਇਸ ਲੀਗ ਵਿਚ ਕੌਮਾਂਤਰੀ ਦਰਜਾਬੰਦੀ ਦੇ ਹਿਸਾਬ ਨਾਲ ਯੂਰਪੀ ਦੇਸ਼ਾਂ ਦੀਆਂ ਟੀਮਾਂ ਨੂੰ ਚਾਰ ਪੂਲਾਂ ਵਿਚ ਵੰਡਿਆ ਗਿਆ ਹੈ ਅਤੇ ਅਗਾਂਹ ਹਰ ਪੂਲ ਵਿਚ ਚਾਰ ਗਰੁੱਪ ਬਣੇ ਹਨ ਅਤੇ ਇਸ ਤਰ੍ਹਾਂ ਟੀਮਾਂ ਨੂੰ ਦਰਜਾਬੰਦੀ ਦੇ ਹਿਸਾਬ ਨਾਲ ਅੱਗੇ-ਅੱਗੇ ਵੰਡਿਆ ਗਿਆ ਹੈ। ਯੂਏਫਾ ਨੇਸ਼ਨਜ਼ ਲੀਗ ਦੀ ਇਕ ਹੋਰ ਖਾਸੀਅਤ ਇਹ ਹੈ ਕਿ ਇਨ੍ਹਾਂ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਨੂੰ ਅਗਲੇ ਯੂਰੋ ਕੱਪ ਮੁਕਾਬਲਿਆਂ ਲਈ ਸਿੱਧਾ ਦਾਖਲਾ ਮਿਲੇਗਾ ਅਤੇ ਅੰਤਰਰਾਸ਼ਟਰੀ ਮੈਚਾਂ ਦੀ ਸੰਖਿਆ ਵੀ ਵਧੇਗੀ।
ਇਸ ਲੀਗ ਰਾਹੀਂ ਜਿਥੇ ਪ੍ਰਸੰਸਕ ਵਿਸ਼ਵ ਕੱਪ ਜੇਤੂ ਫਰਾਂਸ, ਉੱਪ-ਜੇਤੂ ਕ੍ਰੋਏਸ਼ੀਆ, ਬੈਲਜ਼ੀਅਮ, ਇੰਗਲੈਂਡ, ਸਪੇਨ, ਪੁਰਤਗਾਲ, ਸਾਬਕਾ ਵਿਸ਼ਵ ਕੱਪ ਜੇਤੂ ਜਰਮਨੀ, ਡੈਨਮਾਰਕ ਵਰਗੀਆਂ ਟੀਮਾਂ ਦੀ ਵਿਸ਼ਵ ਕੱਪ ਤੋਂ ਬਾਅਦ ਦੀ ਖੇਡ ਵੇਖ ਸਕਣਗੇ, ਉਥੇ ਹੀ ਵਿਸ਼ਵ ਕੱਪ ਖੇਡਣ ਤੋਂ ਵਾਂਝਿਆਂ ਰਹਿ ਗਏ ਦੇਸ਼ ਇਟਲੀ ਅਤੇ ਹਾਲੈਂਡ ਦੀ ਵਾਪਸੀ ਵੀ ਵੇਖ ਸਕਣਗੇ। ਇਸ ਦੇ ਨਾਲ ਹੀ ਕੌਮਾਂਤਰੀ ਵਿਸ਼ਵ ਫੁੱਟਬਾਲ ਦੇ ਮੰਚ ਉੱਪਰ ਜਲਵਾ ਵਿਖਾ ਰਹੀਆਂ ਟੀਮਾਂ ਜਿਵੇਂ ਸਵੀਡਨ, ਆਇਰਲੈਂਡ, ਯੂਕ੍ਰੇਨ, ਸਵਿਟਜ਼ਰਲੈਂਡ, ਚੈੱਕ ਰਿਪਬਲਿਕ, ਸਰਬੀਆ, ਪੋਲੈਂਡ ਆਦਿ ਦੇਸ਼ਾਂ ਦੀ ਖੇਡ ਦਾ ਵੀ ਲੁਤਫ ਲਿਆ ਜਾ ਸਕੇਗਾ। ਇਸ ਦਾ ਭਾਵ ਇਹ ਵੀ ਹੈ ਕਿ ਇਸ ਕੌਮਾਂਤਰੀ ਫੁੱਟਬਾਲ ਮੁਕਾਬਲੇ ਰਾਹੀਂ ਫਰਾਂਸ ਦੇ ਕਿਲੀਅਨ ਐਮਬਾਪੇ, ਬੈਲਜ਼ੀਅਮ ਦੇ ਏਡਨ ਹੈਜ਼ਾਰਡ, ਇੰਗਲੈਂਡ ਦੇ ਹੈਰੀ ਕੇਨ ਅਤੇ ਪੁਰਤਗਾਲ ਦੇ ਕ੍ਰਿਸਟਿਆਨੋ ਰੋਨਾਲਡੋ ਵਰਗੇ ਸਟਾਰ ਖਿਡਾਰੀ ਆਪੋ-ਆਪਣੇ ਦੇਸ਼ ਲਈ ਖੇਡਦੇ ਨਜ਼ਰ ਆਉਣਗੇ। ਇੰਜ 55 ਤੋਂ ਸ਼ੁਰੂ ਹੋ ਕੇ 8 ਮਹੀਨੇ ਦੇ ਸਫਰ ਦੇ ਬਾਅਦ ਜੂਨ, 2019 ਵਿਚ ਇਹ ਲੰਮੇਰਾ ਟੂਰਨਾਮੈਂਟ ਮੁਕੰਮਲ ਹੋਵੇਗਾ, ਜਿਸ ਉੱਤੇ ਸਾਰੇ ਵਿਸ਼ਵ ਦੀਆਂ ਨਜ਼ਰਾਂ ਟਿਕੀਆਂ ਹੋਣਗੀਆਂ, ਇਹ ਵੇਖਣ ਲਈ ਕਿ ਆਪਣੀ ਤਰ੍ਹਾਂ ਦੀ ਇਸ ਸਭ ਤੋਂ ਪਹਿਲੀ ਕੌਮਾਂਤਰੀ ਫੁੱਟਬਾਲ ਲੀਗ ਦਾ ਪਲੇਠਾ ਜੇਤੂ ਕੌਣ ਬਣਦਾ ਹੈ। ਖੇਡ ਚੈਨਲ 'ਸੋਨੀ-ਟੈਨ ਨੈੱਟਵਰਕ' ਉੱਤੇ ਇਨ੍ਹਾਂ ਸਾਰੇ ਮੈਚਾਂ ਦਾ ਸਿੱਧਾ ਪ੍ਰਸਾਰਨ ਕੀਤਾ ਜਾਂਦਾ ਹੈ ਅਤੇ ਕਾਫੀ ਹੱਦ ਤੱਕ ਵਿਸ਼ਵ ਕੱਪ ਫੁੱਟਬਾਲ ਦੀ ਕਮੀ ਘਟਾਈ ਜਾ ਰਹੀ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023
E-mail : sudeepsdhillon@ymail.com

ਯੂਨੀਵਰਸਿਟੀ ਖੇਡਾਂ 'ਚੋਂ ਮੋਹਰੀ ਪੰਜਾਬ ਕੌਮੀ ਪੱਧਰ 'ਤੇ ਕਿਉਂ ਪਛੜਿਆ?

ਪਿਛਲੇ ਤਿੰਨ ਦਹਾਕਿਆਂ ਤੋਂ ਖੇਡਾਂ ਦੇ ਖੇਤਰ 'ਚ ਦੇਸ਼ ਦੀ ਸਰਬੋਤਮ ਯੂਨੀਵਰਸਿਟੀ ਨੂੰ ਦਿੱਤੀ ਜਾਣ ਵਾਲੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ) ਟਰਾਫੀ ਪੰਜਾਬ ਦੀਆਂ ਯੂਨੀਵਰਸਿਟੀਆਂ ਜਿੱਤਣ ਦਾ ਮਾਣ ਪ੍ਰਾਪਤ ਕਰ ਰਹੀਆਂ ਹਨ, ਜਿਸ ਨੂੰ ਦੇਖ ਕੇ ਅਚਰਜ ਹੁੰਦਾ ਹੈ ਕਿ ਕੌਮੀ ਪੱਧਰ ਦੇ ਓਪਨ ਮੁਕਾਬਲਿਆਂ 'ਚ ਵੀ ਪੰਜਾਬ ਅੱਵਲ ਕਿਉਂ ਨਹੀਂ ਹੈ? ਪੰਜਾਬ ਦੀਆਂ ਯੂਨੀਵਰਸਿਟੀਆਂ ਵੀ ਨੌਜਵਾਨ ਖਿਡਾਰੀਆਂ ਦੀ ਬਦੌਲਤ ਹੀ ਦੇਸ਼ 'ਚੋਂ ਪਹਿਲੇ ਸਥਾਨ 'ਤੇ ਆਉਂਦੀਆਂ ਹਨ ਪਰ ਇਹੀ ਨੌਜਵਾਨ ਖਿਡਾਰੀ ਪੰਜਾਬ ਨੂੰ ਕੌਮੀ ਪੱਧਰ 'ਤੇ ਮੋਹਰੀ ਕਿਉਂ ਨਹੀਂ ਬਣਾ ਰਹੇ? ਇਹ ਸਵਾਲ ਹਰੇਕ ਖੇਡ ਪ੍ਰੇਮੀ ਦੇ ਮਨ ਵਿਚ ਉੱਭਰਦਾ ਹੈ।
ਪੰਜਾਬ ਦੀਆਂ ਕੁਝ ਯੂਨੀਵਰਸਿਟੀਆਂ ਦੇ ਦੇਸ਼ ਭਰ 'ਚੋਂ ਮੋਹਰੀ ਹੋਣ ਦੇ ਰਹੱਸ ਸਬੰਧੀ ਪੰਜਾਬ ਦੇ ਖੇਡ ਮਾਹਿਰ ਮੁੱਖ ਤੌਰ 'ਤੇ ਦੋ ਸਵਾਲ ਉਠਾਉਂਦੇ ਆ ਰਹੇ ਹਨ। ਪਹਿਲਾ ਸਵਾਲ ਇਹ ਹੈ ਕਿ ਮਾਕਾ ਟਰਾਫੀ ਜਿੱਤਣ ਲਈ ਰਾਜ ਦੀਆਂ ਕੁਝ ਯੂਨੀਵਰਸਿਟੀਆਂ ਬਾਹਰਲੇ ਰਾਜਾਂ ਦੇ ਤਕੜੇ ਖਿਡਾਰੀਆਂ ਨੂੰ ਆਪਣੀਆਂ ਟੀਮਾਂ 'ਚ ਖਿਡਾਉਂਦੀਆਂ ਹਨ। ਦੂਸਰਾ ਮਾਮਲਾ, ਰਾਜ ਦੀਆਂ ਯੂਨੀਵਰਸਿਟੀਆਂ ਬਹੁਤ ਸਾਰੀਆਂ ਨਵੀਆਂ ਤੇ ਘੱਟ ਪ੍ਰਚੱਲਤ ਖੇਡਾਂ ਦੀਆਂ ਕੌਮੀ ਚੈਂਪੀਅਨਸ਼ਿਪਾਂ ਕਰਵਾ ਕੇ ਖੁਦ ਹੀ ਪਹਿਲੇ-ਦੂਜੇ ਸਥਾਨ ਹਾਸਲ ਕਰਕੇ ਮਾਕਾ ਟਰਾਫੀ ਲਈ ਵੱਧ ਤੋਂ ਵੱਧ ਅੰਕ ਬਟੋਰਨ ਲਈ ਯਤਨਸ਼ੀਲ ਰਹਿੰਦੀਆਂ ਹਨ। ਪੰਜਾਬ ਦੀਆਂ ਯੂਨੀਵਰਸਿਟੀਆਂ ਉਪਰੋਕਤ ਦੋ ਸਵਾਲਾਂ ਦੇ ਘੇਰੇ 'ਚ ਲਗਾਤਾਰ ਆ ਰਹੀਆਂ ਹਨ। ਖੇਡ ਮਾਹਿਰ ਤਰਕ ਦਿੰਦੇ ਹਨ ਕਿ ਰਾਜ ਦੀਆਂ ਕੁਝ ਯੂਨੀਵਰਸਿਟੀਆਂ ਸਿਰਫ ਮਾਕਾ ਟਰਾਫੀ ਜਿੱਤਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀਆਂ ਹਨ, ਜਿਨ੍ਹਾਂ ਤਹਿਤ ਇਹ ਬਾਹਰਲੇ ਰਾਜਾਂ ਦੇ ਖਿਡਾਰੀਆਂ ਵੱਲ ਵਧੇਰੇ ਧਿਆਨ ਦਿੰਦੀਆਂ ਹਨ ਅਤੇ ਇਨ੍ਹਾਂ ਦਾ ਰਾਜ ਦੀ ਖੇਡ ਪ੍ਰਤਿਭਾ ਨੂੰ ਨਿਖਾਰਨ ਵੱਲ ਬਹੁਤਾ ਧਿਆਨ ਨਹੀਂ ਹੈ। ਇਨ੍ਹਾਂ ਦੋ ਸਵਾਲਾਂ ਦੇ ਜੁਆਬ ਸਬੰਧੀ ਯੂਨੀਵਰਸਿਟੀਆਂ ਦੇ ਖੇਡ ਸੰਚਾਲਕਾਂ ਦਾ ਕਹਿਣਾ ਹੈ ਕਿ ਦੁਨੀਆ ਭਰ 'ਚ ਖਿਡਾਰੀਆਂ ਨੂੰ ਜਿੱਥੇ ਵਧੇਰੇ ਸਹੂਲਤਾਂ ਤੇ ਇਨਾਮ ਮਿਲਦੇ ਹਨ, ਉਹ ਉਨ੍ਹਾਂ ਸੰਸਥਾਵਾਂ ਲਈ ਖੇਡਣ ਨੂੰ ਪਹਿਲ ਦਿੰਦੇ ਹਨ। ਸਾਡੇ ਦੇਸ਼ 'ਚ ਪੰਜਾਬ ਦੀਆਂ ਯੂਨੀਵਰਸਿਟੀਆਂ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਤੇ ਇਨਾਮ ਦੇਣ 'ਚ ਮੋਹਰੀ ਹਨ। ਇਸ ਕਰਕੇ ਬਾਹਰਲੇ ਰਾਜਾਂ ਦੇ ਖਿਡਾਰੀ ਪੰਜਾਬ ਦੀਆਂ ਯੂਨੀਵਰਸਿਟੀਆਂ ਵਲੋਂ ਖੇਡਣ ਨੂੰ ਤਰਜੀਹ ਦਿੰਦੇ ਹਨ। ਪਰ ਬਾਹਰਲੇ ਰਾਜਾਂ ਦੇ ਖਿਡਾਰੀ ਕੌਮੀ ਪੱਧਰ ਦੇ ਹੋਰਨਾਂ ਮੁਕਾਬਲਿਆਂ 'ਚ ਆਪਣੇ ਰਾਜਾਂ ਵਲੋਂ ਹੀ ਖੇਡਦੇ ਹਨ।
ਇਸ ਮਾਮਲੇ 'ਚ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਪੰਜਾਬ ਦੀਆਂ ਯੂਨੀਵਰਸਿਟੀਆਂ ਬਾਹਰਲੇ ਰਾਜਾਂ ਨੂੰ ਖਿਡਾਰੀ ਤਿਆਰ ਕਰਕੇ ਦੇ ਰਹੀਆਂ ਹਨ। ਨਵੀਆਂ ਤੇ ਘੱਟ ਪ੍ਰਚੱਲਤ ਖੇਡਾਂ ਦੀਆਂ ਲੁਕ-ਛਿਪ ਕੇ ਕੌਮੀ ਚੈਂਪੀਅਨਸ਼ਿਪਾਂ ਕਰਵਾਉਣ ਬਾਰੇ ਪੰਜਾਬ ਦੀਆਂ ਯੂਨੀਵਰਸਿਟੀਆਂ ਕੋਲ ਕੋਈ ਜੁਆਬ ਨਹੀਂ ਹੈ। ਇਸ ਸਬੰਧੀ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.) ਦੇ ਨਵੇਂ ਨਿਯਮ ਹੀ ਪੰਜਾਬ ਦੀਆਂ ਕੁਝ ਯੂਨੀਵਰਸਿਟੀਆਂ ਵਲੋਂ ਕੌਮੀ ਚੈਂਪੀਅਨਸ਼ਿਪਾਂ 'ਚੋਂ ਅੰਕ ਬਟੋਰਨ ਦੀਆਂ ਚੋਰ-ਮੋਰੀਆਂ ਨੂੰ ਬੰਦ ਕਰਨ ਜਾ ਰਹੇ ਹਨ।
ਉਪਰੋਕਤ ਮਾਮਲੇ ਸਬੰਧੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਖੇਡ ਨਿਰਦੇਸ਼ਕ ਡਾ: ਰਾਜ ਕੁਮਾਰ ਸ਼ਰਮਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਖਿਡਾਰੀਆਂ ਨੂੰ ਮਿਲਣ ਵਾਲੀਆਂ ਨਿਗੂਣੀਆਂ ਤੇ ਬੇਵਕਤੀ ਇਨਾਮੀ ਰਾਸ਼ੀਆਂ ਕਾਰਨ ਸਾਡੇ ਚੰਗੇ ਖਿਡਾਰੀ ਜਿਉਂ ਹੀ ਕੌਮੀ ਪੱਧਰ 'ਤੇ ਮੋਹਰੀ ਸਫਾਂ 'ਚ ਜਾਂਦੇ ਹਨ ਤਾਂ ਉਹ ਵੱਖ-ਵੱਖ ਸਰਕਾਰੀ ਤੇ ਗੈਰ-ਸਰਕਾਰੀ ਅਦਾਰਿਆਂ ਵਲੋਂ ਖੇਡਣ ਨੂੰ ਤਰਜੀਹ ਦਿੰਦੇ ਹਨ। ਜੇਕਰ ਸਾਡੇ ਖਿਡਾਰੀਆਂ ਨੂੰ ਆਪਣੇ ਰਾਜ 'ਚ ਬਿਹਤਰ ਸਹੂਲਤਾਂ ਮਿਲਣ ਤਾਂ ਉਹ ਵੀ ਆਪਣੀਆਂ ਯੂਨੀਵਰਸਿਟੀਆਂ ਵਲੋਂ ਖੇਡਣ ਨੂੰ ਤਰਜੀਹ ਦੇਣਗੇ। ਡਾ: ਸ਼ਰਮਾ ਦਾ ਤਰਕ ਹੈ ਕਿ ਰਾਜ ਦੀਆਂ ਵਿੱਦਿਅਕ ਸੰਸਥਾਵਾਂ ਦੇ ਖੇਡ ਢਾਂਚੇ 'ਚ ਤਾਲਮੇਲ ਦੀ ਘਾਟ ਹੈ। ਜੇਕਰ ਸਾਡੀਆਂ ਯੂਨੀਵਰਸਿਟੀਆਂ ਆਪੋ-ਆਪਣੇ ਖਿੱਤੇ ਦੇ ਸਕੂਲਾਂ ਨਾਲ ਤਾਲਮੇਲ ਬਣਾ ਕੇ ਰੱਖਣ ਤਾਂ ਵੀ ਹੋਰ ਬਿਹਤਰ ਨਤੀਜੇ ਆ ਸਕਦੇ ਹਨ। ਉਨ੍ਹਾਂ ਮੁੱਖ ਜ਼ੋਰ ਰਾਜ ਸਰਕਾਰ ਵਲੋਂ ਖਿਡਾਰੀਆਂ ਨੂੰ ਹਰਿਆਣਾ ਸਰਕਾਰ ਦੀ ਤਰਜ਼ 'ਤੇ ਸਕੂਲ ਪੱਧਰ ਤੋਂ ਹੀ ਇਨਾਮੀ ਰਾਸ਼ੀਆਂ ਦਿੱਤੀਆਂ ਜਾਣ ਤਾਂ ਪੰਜਾਬ ਖੇਡਾਂ ਦੇ ਖੇਤਰ 'ਚ ਮੁੜ ਮੋਹਰੀ ਸਥਾਨਾਂ 'ਤੇ ਆ ਸਕਦਾ ਹੈ। ਸਮੁੱਚੀ ਚਰਚਾ 'ਚੋਂ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਰਾਜ ਸਰਕਾਰ ਵਲੋਂ ਆਪਣੇ ਖਿਡਾਰੀਆਂ ਨੂੰ ਬਿਹਤਰ ਸਹੂਲਤਾਂ ਤੇ ਇਨਾਮ ਦਿੱਤੇ ਜਾਣ ਅਤੇ ਯੂਨੀਵਰਸਿਟੀਆਂ ਆਪਣੇ ਹਿੱਤਾਂ ਦੀ ਥਾਂ ਸੂਬੇ ਦੇ ਹਿੱਤਾਂ ਨੂੰ ਤਰਜੀਹ ਦੇਣ।


-ਪਟਿਆਲਾ। ਮੋਬਾ: 97795-90575

ਛੋਟੀ ਉਮਰੇ ਹੀ ਸ਼ਤਰੰਜ ਦੀਆਂ ਚਾਲਾਂ ਦਾ ਮਾਹਿਰ ਨੇਤਰਹੀਣ ਖਿਡਾਰੀ ਦਿਨੇਸ਼ ਚੰਦ

'ਮੰਜ਼ਲੇਂ ਬੜੀ, ਹੌਸਲੇ ਬੀ ਬੇ-ਹਿਸਾਬ, ਇਸੀ ਲੀਏ ਰੁਕੇ ਨਹੀਂ ਬਣੇ ਹਾਂ ਵਕਤ ਕੀ ਪਰਵਾਜ਼।' ਪੈਰਾ ਖਿਡਾਰੀ, ਚਾਹੇ ਉਹ ਕਿਸੇ ਵੀ ਖੇਡ ਵਿਚ ਹੋਵੇ, ਉਹ ਕਿਸੇ ਗੱਲੋਂ ਦੂਸਰੇ ਖਿਡਾਰੀਆਂ ਤੋਂ ਘੱਟ ਨਹੀਂ ਅਤੇ ਉਹ ਵੀ ਆਪਣੇ ਖੇਡ ਖੇਤਰ ਵਿਚ ਲਗਾਤਾਰ ਮੱਲਾਂ ਮਾਰਦੇ ਭਾਰਤ ਮਾਤਾ ਦੀ ਸ਼ਾਨ ਵਿਚ ਲਗਾਤਾਰ ਵਾਧਾ ਕਰਦੇ ਹਨ। ਗੱਲ ਕਰਦੇ ਹਾਂ ਬਹੁਤ ਹੀ ਛੋਟੀ ਉਮਰੇ ਚਿੱਸ ਜਾਣੀ ਸ਼ਤਰੰਜ ਦੀਆਂ ਚਾਲਾਂ ਦੇ ਮਾਹਿਰ ਨੇਤਰਹੀਣ ਖਿਡਾਰੀ ਦਿਨੇਸ਼ ਚੰਦ ਨੇ ਇਸ ਖੇਡ ਵਿਚ ਆਪਣਾ ਲੋਹਾ ਮੰਨਵਾਉਂਦੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਅੱਖਾਂ ਦੀ ਰੌਸ਼ਨੀ ਪਰਮਾਤਮਾ ਨੇ ਨਹੀਂ ਦਿੱਤੀ ਤਾਂ ਮਨ ਦੀਆਂ ਅੱਖਾਂ ਨਾਲ ਵੀ ਇਸ ਰੰਗਲੇ ਸੰਸਾਰ 'ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਦਿਨੇਸ਼ ਚੰਦ ਦਾ ਜਨਮ 30 ਜੁਲਾਈ, 1998 ਨੂੰ ਰਾਜਸਥਾਨ ਪ੍ਰਾਂਤ ਦੇ ਸੇਊਵਾ ਪਿੰਡ ਵਿਚ ਇਕ ਸਾਧਾਰਨ ਪਰਿਵਾਰ ਵਿਚ ਪਿਤਾ ਦੀਪ ਚੰਦ ਦੇ ਘਰ ਮਾਤਾ ਸਰੋਜ ਦੇਵੀ ਦੀ ਕੁੱਖੋਂ ਹੋਇਆ। ਦਿਨੇਸ਼ ਚੰਦ ਨੇ ਜਨਮ ਲਿਆ ਤਾਂ ਮਾਂ-ਬਾਪ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਬੱਚੇ ਨੂੰ ਦਿਸਦਾ ਨਹੀਂ ਅਤੇ ਉਹ ਮਾਸੂਮ ਹੱਥਾਂ ਦੇ ਇਸ਼ਾਰਿਆਂ 'ਤੇ ਹੀ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ ਅਤੇ ਜਦ ਦਿਨੇਸ਼ ਚੰਦ ਨੂੰ ਅੱਖਾਂ ਦੇ ਮਾਹਿਰ ਡਾਕਟਰਾਂ ਦੇ ਕੋਲ ਲਿਜਾਇਆ ਗਿਆ ਤਾਂ ਉਸ ਦੇ ਨਾਮਾਤਰ ਹੀ ਵੇਖ ਲੈਣ ਦੀ ਪੁਸ਼ਟੀ ਡਾਕਟਰਾਂ ਨੇ ਕਰ ਦਿੱਤੀ। ਮਾਂ ਦੀਆਂ ਅੱਖਾਂ ਤ੍ਰਿਪ-ਤ੍ਰਿਪ ਵਹਿਣ ਲੱਗੀਆਂ ਅਤੇ ਬਾਪ ਸਿਰਫ ਉਪਰ ਵੱਲ ਹੀ ਤੱਕਦਾ ਰਿਹਾ। ਸ਼ਾਇਦ ਉਸ ਨੂੰ ਗਿਲਾ ਸੀ ਉਸ ਡਾਹਢੇ ਸਾਹਿਬ ਅੱਗੇ ਕਿ ਪੁੱਤਰ ਦੀ ਦਾਤ ਤਾਂ ਦਿੱਤੀ ਪਰ ਉਸ ਨੂੰ ਸਾਰੀ ਜ਼ਿੰਦਗੀ ਦਾ ਸਰਾਫ਼ ਵੀ ਨਾਲੋ-ਨਾਲ ਦੇ ਦਿੱਤਾ ਕਿ ਉਹ ਸਾਰੀ ਜ਼ਿੰਦਗੀ ਸੰਸਾਰ ਨੂੰ ਵੇਖ ਸਕਣ ਦੀ ਆਪਣੀ ਰੀਝ ਪੂਰੀ ਨਹੀਂ ਕਰ ਸਕੇਗਾ। ਆਖਰ ਕੁਝ ਹੋ ਵੀ ਨਹੀਂ ਸਕਦਾ ਸੀ ਅਤੇ ਬਚਪਨ ਦੇ ਦਿਨੇਸ਼ ਦਾ ਪਾਲਣ-ਪੋਸ਼ਣ ਕਰਨ ਲੱਗੇ।
ਵਕਤ ਬੀਤਦਾ ਗਿਆ, ਵੱਡਾ ਹੋਇਆ ਤਾਂ ਉਸ ਨੂੰ ਮੁਢਲੀ ਵਿੱਦਿਆ ਲਈ ਸੀ੍ਰ ਗੰਗਾਨਗਰ ਦੇ ਨੇਤਰਹੀਣ ਸਕੂਲ ਵਿਚ ਦਾਖ਼ਲ ਕਰਵਾ ਦਿੱਤਾ ਗਿਆ, ਜਿੱਥੇ ਦਿਨੇਸ਼ ਚੰਦ ਨੇ ਆਪਣਾ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ। ਦਿਨੇਸ਼ ਚੰਦ ਜਿੱਥੇ ਪੜ੍ਹਾਈ ਵਿਚ ਹੁਸ਼ਿਆਰ ਸੀ, ਉਥੇ ਉਹ ਦਿਮਾਗੀ ਤੌਰ 'ਤੇ ਐਨਾ ਤੇਜ਼-ਤਰਾਰ ਸੀ ਕਿ ਉਹ ਹੱਥਾਂ ਦੇ ਕਮਾਲ ਨਾਲ ਹੀ ਸਭ ਨੂੰ ਹੈਰਾਨ ਕਰ ਦਿੰਦਾ। ਉਸੇ ਦੌਰਾਨ ਉਸ ਦੀ ਕਮਾਲ ਦੀ ਅੰਤਰ-ਦ੍ਰਿਸ਼ਟੀ ਬਾਰੇ ਜਦ ਉਸ ਦੇ ਅਧਿਆਪਕ ਰਜਿੰਦਰ ਸੇਵਟਾ ਅਤੇ ਨਰਾਇਣ ਬਿਸਟ ਨੇ ਗੰਭੀਰਤਾ ਨਾਲ ਜਾਣਿਆ ਤਾਂ ਉਨ੍ਹਾਂ ਉਸ ਨੂੰ ਸ਼ਤਰੰਜ ਖੇਡਣ ਦੀ ਪ੍ਰੇਰਨਾ ਦਿੱਤੀ ਅਤੇ ਦਿਨੇਸ਼ ਚੰਦ ਨੂੰ ਸ਼ਤਰੰਜ ਦੀ ਖੇਡ ਵਿਚ ਤਰਾਸ਼ਣਾ ਸ਼ੁਰੂ ਕਰ ਦਿੱਤਾ ਅਤੇ ਨਤੀਜਾ ਇਹ ਹੋਇਆ ਕਿ ਉਸ ਨੇ ਰਾਜਸਥਾਨ ਦੀ ਚਿੱਸ ਜਾਣੀ ਸ਼ਤਰੰਜ ਦੀ ਚੈਂਪੀਅਨਸ਼ਿਪ ਆਪਣੇ ਨਾਂਅ ਕਰਕੇ ਆਪਣੇ ਇਸ ਹੁਨਰ ਦਾ ਲੋਹਾ ਮੰਨਵਾ ਦਿੱਤਾ ਅਤੇ ਅੱਜ ਉਹ ਆਲ ਇੰਡੀਆ ਚਿੱਸ ਫੈਡਰੇਸ਼ਨ ਦਾ ਮੰਨਿਆ ਹੋਇਆ ਖਿਡਾਰੀ ਹੈ ਅਤੇ ਉਹ ਆਪਣੇ ਕੋਚ ਸ੍ਰੀ ਨਰੇਸ਼ ਸਿੰਘ ਨਿਯਾਲ ਦੀ ਅਗਵਾਈ ਵਿਚ ਲਗਾਤਾਰ ਪ੍ਰਾਪਤੀਆਂ ਕਰ ਰਿਹਾ ਹੈ ਅਤੇ ਸ਼ਾਇਦ ਇਹ ਸਤਰਾਂ ਦਿਨੇਸ਼ ਚੰਦ 'ਤੇ ਬਿਲਕੁਲ ਸਾਫ ਢੁਕਦੀਆਂ ਹਨ ਕਿ, 'ਮੈਨੇ ਹਿੰਮਤ ਸੇ ਲਿਖੀ ਹੈ ਤਕਦੀਰ ਅਪਨੀ, ਨਾ ਰੁਕੇਂਗੇ ਨਾ ਥਮੇਂਗੇ, ਬੱਸ ਬਨਕੇ ਤੁਫਾਂ ਆਗੇ ਹੀ ਬੜੇਂਗੇ।'


-ਮੋਗਾ। ਮੋਬਾ: 98551-14484

ਖਿਡਾਰੀ ਹਮੇਸ਼ਾ ਆਸ਼ਾਵਾਦੀ ਦ੍ਰਿਸ਼ਟੀਕੋਣ ਅਪਣਾਉਣ

ਸਕੂਲ-ਕਾਲਜ ਦੇ ਖੇਡ ਕੈਰੀਅਰ ਤੋਂ ਲੈ ਕੇ ਰਾਸ਼ਟਰੀ, ਅੰਤਰਰਾਸ਼ਟਰੀ ਮੁਕਾਬਲਿਆਂ ਤੱਕ ਕਦੇ ਉਹ ਟੀਮ 'ਚ ਚੋਣ ਲਈ ਚੋਣ-ਕਰਤਾਵਾਂ ਕੋਲੋਂ ਨਿਰਾਸ਼ ਹੁੰਦਾ ਹੈ, ਕਦੇ ਘਰ ਦੀ ਗੁਰਬਤ ਉਸ ਨੂੰ ਤੰਗ ਕਰਦੀ, ਭੈਣ-ਭਰਾਵਾਂ ਦੀਆਂ ਜ਼ਿੰਮੇਵਾਰੀਆਂ ਦਾ ਬੋਝ, ਬੁੱਢੇ ਮਾਂ-ਬਾਪ ਦੀ ਦੇਖਭਾਲ ਦੀ ਸਮੱਸਿਆ, ਅਚਾਨਕ ਸਰੀਰ ਦੇ ਕਿਸੇ ਹਿੱਸੇ 'ਤੇ ਕਿਸੇ ਗੰਭੀਰ ਚੋਟ ਕਾਰਨ ਖੇਡ ਕੈਰੀਅਰ ਦਾਅ 'ਤੇ ਲੱਗਣ ਦਾ ਖ਼ਤਰਾ, ਖੇਡਾਂ ਦੇ ਨਾਲ ਪੜ੍ਹਾਈ ਕਰਨ ਦਾ ਬੋਝ ਅਤੇ ਲਗਾਤਾਰ ਅਸਫਲਤਾ, ਨੌਕਰੀ ਨਾ ਮਿਲਣ ਦੀ ਮਾਯੂਸੀ, ਖੇਡ ਕੈਰੀਅਰ ਦੀਆਂ ਸਮੁੱਚੀਆਂ ਪ੍ਰਾਪਤੀਆਂ ਦੇ ਆਧਾਰ 'ਤੇ ਇਨਾਮ-ਸਨਮਾਨ ਨਾ ਮਿਲਣ ਦਾ ਅਫਸੋਸ, ਰਿਸ਼ਵਤ ਅਤੇ ਸਿਫਾਰਸ਼ ਕਾਰਨ ਬਣਦਾ ਹੱਕ ਖੁੱਸਣ ਦਾ ਡਰ, ਕਿਸੇ ਮੈਚ 'ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਨਾ ਕਰਨ ਕਰਕੇ ਟੀਮ 'ਚੋਂ ਬਾਹਰ ਕੱਢੇ ਜਾਣ ਦਾ ਡਰ ਜਾਂ ਅਚਾਨਕ ਕਿਸੇ ਬਿਮਾਰੀ ਦੀ ਲਪੇਟ 'ਚ ਆ ਜਾਣ ਦੀ ਚਿੰਤਾ ਆਦਿ ਅਜਿਹੀਆਂ ਉਹ ਸਮੱਸਿਆਵਾਂ, ਰੁਕਾਵਟਾਂ ਹਨ, ਖਿਡਾਰੀ ਵਰਗ ਜਿਨ੍ਹਾਂ ਦਾ ਆਪਣੇ ਸਮੁੱਚੇ ਖੇਡ ਕੈਰੀਅਰ ਦੌਰਾਨ ਸਾਹਮਣਾ ਕਰਦਾ ਹੈ। ਕੋਚਾਂ, ਖੇਡ ਸੰਸਥਾ ਦੇ ਅਹੁਦੇਦਾਰਾਂ ਦੀ ਬੇਰੁਖ਼ੀ, ਮੀਡੀਏ, ਸਪਾਂਸਰਸ਼ਿਪ ਦੀ ਬੇਧਿਆਨੀ ਵੀ ਉਸ ਨੂੰ ਤੰਗ ਕਰਦੀ ਹੈ। ਅਸੀਂ ਸਮਝਦੇ ਹਾਂ ਕਿ ਖਿਡਾਰੀਆਂ ਦੀ ਨਿੱਜੀ ਜ਼ਿੰਦਗੀ ਬਹੁਤ ਹੀ ਕਠਿਨ ਤਪੱਸਿਆ ਦਾ, ਤਿਆਗ ਦਾ, ਮਿਹਨਤ ਦਾ ਪ੍ਰਤੀਕ ਹੁੰਦੀ ਹੈ। ਇਸ ਸਾਰੀ ਜੱਦੋ-ਜਹਿਦ ਲਈ ਉਨ੍ਹਾਂ ਨੂੰ ਆਸ਼ਾਵਾਦੀ ਦ੍ਰਿਸ਼ਟੀਕੋਣ ਅਪਣਾਉਣ ਦੀ ਲੋੜ ਹੁੰਦੀ ਹੈ।
ਇਹ ਆਸ ਹੀ ਉਨ੍ਹਾਂ ਨੂੰ ਖੇਡ ਜਗਤ ਦੇ ਮੁਕਾਬਲਿਆਂ ਦੀ ਦੌੜ ਵਿਚ ਬਣਾ ਕੇ ਰੱਖ ਸਕਦੀ ਹੈ। ਉਸ ਨਾਲ ਜੋ ਕੁਝ ਵੀ ਵਾਪਰਦਾ ਹੈ, ਇਹ ਜ਼ਿੰਦਗੀ ਅਤੇ ਖੇਡ ਦੋਵਾਂ ਦਾ ਹਿੱਸਾ ਹੈ ਪਰ ਇਸ ਵਿਚ ਇਕ ਸੰਤੁਲਨ ਬਣਾ ਕੇ ਰੱਖਣਾ ਹੋਵੇਗਾ। ਔਖੀਆਂ ਤੋਂ ਔਖੀਆਂ ਘੜੀਆਂ 'ਚ ਵੀ ਉਹ ਕੁਦਰਤ ਜਾਂ ਖੇਡ ਪ੍ਰਬੰਧਕ ਵਲੋਂ ਆਪਣੇ ਨਾਲ ਹੋਈਆਂ ਵਧੀਕੀਆਂ ਨੂੰ, ਨਾਇਨਸਾਫੀਆਂ ਨੂੰ ਜਾਂ ਪਰਿਵਾਰਕ ਅਤੇ ਸਰੀਰਕ ਮੁਸ਼ਕਿਲਾਂ ਨੂੰ ਆਪਣੇ ਦਿਲੋ-ਦਿਮਾਗ 'ਤੇ ਹਾਵੀ ਨਾ ਹੋਣ ਦੇਣ, ਕਿਉਂਕਿ ਖੇਡਾਂ ਅਤੇ ਮਨੋਵਿਗਿਆਨ ਦਾ ਗੂੜ੍ਹਾ ਸਬੰਧ ਹੈ। ਕਿਸੇ ਖਿਡਾਰੀ ਦੇ ਅੰਦਰੋਂ ਜਦੋਂ ਆਸ ਦੀ ਚਿਣਗ ਬੁਝਦੀ ਹੈ, ਜਦੋਂ ਖੂਬਸੂਰਤ ਸੁਪਨੇ ਟੁੱਟਦੇ ਹਨ ਤਾਂ ਉਸ ਦਾ ਉਤਸ਼ਾਹ, ਉਸ ਦੀ ਮਿਹਨਤ, ਉਸ ਦੀ ਹਿੰਮਤ, ਉਸ ਦੀ ਵਚਨਬੱਧਤਾ ਵੀ ਪ੍ਰਭਾਵਿਤ ਹੁੰਦੀ ਹੈ ਜੋ ਸਭ ਤੋਂ ਖਤਰਨਾਕ ਹੈ, ਆਤਮਘਾਤੀ ਹੈ। ਜੇ ਕਿਸੇ ਖਿਡਾਰੀ ਦਾ ਅੱਜ ਬੁਰਾ ਹੈ ਤਾਂ ਬੁਰੇ ਦਿਨਾਂ ਤੋਂ ਮਾਯੂਸ ਹੋਣ ਦੀ ਲੋੜ ਨਹੀਂ, ਇਹ ਤਾਂ ਉਸ ਦੀ ਅਜ਼ਮਾਇਸ਼ ਦਾ ਵੇਲਾ ਹੈ, ਪ੍ਰੀਖਿਆ ਦੀ ਘੜੀ ਹੈ। ਖਿਡਾਰੀਆਂ ਨੂੰ ਭਲੀਭਾਂਤ ਪਤਾ ਹੋਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਖੇਡ ਕੈਰੀਅਰ ਦਾ ਵੀ ਇਕ ਵਕਤ ਹੁੰਦਾ ਹੈ, ਇਕ ਸੀਮਾ ਹੁੰਦੀ ਹੈ।
ਅਸੀਂ ਜਦੋਂ ਕੁਝ ਵੈਟਰਨ ਖਿਡਾਰੀਆਂ ਅਤੇ ਖੇਡ ਜਗਤ ਤੋਂ ਸੰਨਿਆਸ ਲੈ ਚੁੱਕੇ ਖਿਡਾਰੀਆਂ ਨਾਲ ਗੱਲਬਾਤ ਕੀਤੀ ਤਾਂ ਬਹੁਤ ਸਾਰਿਆਂ ਨੂੰ ਉਨ੍ਹਾਂ ਪਲਾਂ ਦਾ ਪਛਤਾਵਾ ਅਜੇ ਵੀ ਹੈ, ਜਦੋਂ ਉਹ ਨਿਰਾਸ਼ਾ ਦੇ ਆਲਮ 'ਚ ਘਿਰ ਗਏ, ਆਪਣੇ-ਆਪ ਨੂੰ ਸੰਭਾਲ ਨਹੀਂ ਸਕੇ, ਮਾਨਸਿਕ ਬੋਝ ਥੱਲੇ ਆ ਕੇ ਖੇਡ ਖੇਤਰ 'ਚ ਦਮਦਾਰ ਪ੍ਰਦਰਸ਼ਨ ਨਾ ਕਰ ਸਕੇ, ਜਿਸ ਦੀ ਉਦੋਂ ਜ਼ਰੂਰਤ ਸੀ। ਅੱਜ ਉਨ੍ਹਾਂ ਨੂੰ ਸਮਝ ਤਾਂ ਆ ਗਈ ਪਰ ਉਨ੍ਹਾਂ ਦਾ ਖੇਡ ਕੈਰੀਅਰ ਸੰਘਰਸ਼ ਹੁਣ ਖਤਮ ਹੋ ਚੁੱਕਾ ਹੈ। ਭਾਵੁਕਤਾ 'ਚ ਆ ਕੇ ਨਿਰਾਸ਼ਾਵਾਦੀ ਅਤੇ ਨਿਰਉਤਸ਼ਾਹਿਤ ਹੋਣ ਦਾ ਉਨ੍ਹਾਂ ਨੂੰ ਪਛਤਾਵਾ ਹੈ।


-ਡੀ. ਏ. ਵੀ. ਕਾਲਜ, ਅੰਮ੍ਰਿਤਸਰ। ਮੋਬਾ: 98155-35410

ਫੁੱਟਬਾਲ ਦਾ ਨਵਾਂ ਕ੍ਰਿਸ਼ਮਾ ਲੁਕਾ ਮਾਡਰਿਕ

ਫੁੱਟਬਾਲ ਦੀ ਦੁਨੀਆ ਵਿਚ ਕਦੇ ਪੇਲੇ, ਮਾਰਾਡੋਨਾ, ਫਰਾਜ ਬੈਕਨਬਾਉਰ, ਮਿਸ਼ੇਲ ਪਲਾਤੀਨੀ ਅਤੇ ਯੂਸੇਵੀਉ ਵਰਗੇ ਦਿੱਗਜ਼ ਖਿਡਾਰੀ ਲੋਕ-ਦਿਲਾਂ ਦੇ ਚਹੇਤੇ ਰਹੇ ਅਤੇ ਪਿਛਲੇ ਇਕ ਦਹਾਕੇ ਤੋਂ ਕ੍ਰਿਸਟਿਆਨੋ ਰੋਨਾਲਡੋ, ਲਿਊਨਲ ਮੈਸੀ, ਨੇਮਾਰ, ਲੂਈਸ ਸੁਆਰੇਜ, ਗਾਰੇਥ ਬਾਲੇ ਆਦਿ ਖਿਡਾਰੀਆਂ ਦੇ ਨਾਂਅ ਰੱਜ ਕੇ ਸੁਰਖੀਆਂ ਲਿਖੀਆਂ ਗਈਆਂ ਪਰ ਵਿਸ਼ਵ ਕੱਪ ਫੁੱਟਬਾਲ 2018, ਜਿਸ ਖਿਡਾਰੀ ਨੇ ਆਪਣੇ ਦਮ 'ਤੇ ਕ੍ਰੋਏਸ਼ੀਆ ਨੂੰ ਫਾਈਨਲ ਤੱਕ ਪਹੁੰਚਾ ਕੇ ਨਵਾਂ ਇਤਿਹਾਸ ਸਿਰਜਦਿਆਂ ਖੇਡ ਪ੍ਰੇਮੀਆਂ ਦੇ ਦਿਲਾਂ 'ਤੇ ਰਾਜ ਕੀਤਾ ਹੈ। ਜੀ ਹਾਂ, ਫੁੱਟਬਾਲ ਦੀ ਦੁਨੀਆ ਦੇ ਇਸ ਨਵੇਂ ਕ੍ਰਿਸ਼ਮੇ ਦਾ ਨਾਂਅ ਹੈ ਲੁਕਾ ਮਾਡਰਿਕ, ਜਿਸ ਨੇ ਫੀਫਾ ਦਾ ਵਰ੍ਹੇ ਦਾ ਸਰਬੋਤਮ ਖਿਡਾਰੀ ਦਾ ਪੁਰਸਕਾਰ ਹਾਸਲ ਕਰਕੇ ਕ੍ਰਿਟਿਆਨੋ ਰੋਨਾਲਡੋ ਅਤੇ ਲਿਊਨਲ ਮੈਸੀ ਦੀ ਫੁੱਟਬਾਲ 'ਚ ਵਿਅਕਤੀਗਤ ਖਿਤਾਬਾਂ ਨੂੰ ਹਾਸਲ ਕਰਨ 'ਚ ਪਿਛਲੇ ਇਕ ਦਹਾਕੇ ਤੋਂ ਚੱਲੀ ਆ ਰਹੀ ਬਾਦਸ਼ਾਹਤ ਨੂੰ ਸਮਾਪਤ ਕਰ ਦਿਖਾਇਆ। ਇਹ ਵੱਡੀ ਤਬਦੀਲੀ ਫੁੱਟਬਾਲ ਦੇ ਇਤਿਹਾਸ ਵਿਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਹੀ ਜਾ ਰਹੀ ਹੈ।
ਸਪੈਨਿਸ਼ ਕਲੱਬ ਰੀਅਲ ਮੈਡਰਿਡ ਅਤੇ ਕ੍ਰੋਏਸ਼ੀਆ ਦੇ ਮਿਡਫੀਲਡਰ ਨੇ ਆਪਣੇ ਕਲੱਬ ਅਤੇ ਦੇਸ਼ ਲਈ ਸਫ਼ਲਤਾ ਦੀ ਸ਼ਾਨਦਾਰ ਇਬਾਰਤ ਉਕਰਦਿਆਂ ਸ਼ੋਹਰਤ ਦੇ ਸਿਖਰ ਦਾ ਸਫਰ ਤੈਅ ਕੀਤਾ ਹੈ। ਉਸ ਦੀ ਮੌਜੂਦਗੀ 'ਚ ਰੀਅਲ ਮੈਡਰਿਡ ਨੇ ਲਗਾਤਾਰ ਤੀਸਰੀ ਵਾਰ ਯੂਏਫਾ ਚੈਂਪੀਅਨਜ਼ ਦਾ ਖ਼ਿਤਾਬ ਜਿੱਤਿਆ, ਜਦ ਕਿ ਕ੍ਰੋਏਸ਼ੀਆ ਪਹਿਲੀ ਵਾਰ ਵਿਸ਼ਵ ਕੱਪ ਦੇ ਫਾਈਨਲ 'ਚ ਪਹੁੰਚਣ 'ਚ ਸਫ਼ਲ ਰਿਹਾ।
ਪਿਛਲੇ 10 ਸਾਲ 'ਚ ਇਹ ਪਹਿਲਾ ਮੌਕਾ ਹੈ, ਜਦ ਇਹ ਪੁਰਸਕਾਰ ਅਰਜਨਟੀਨਾ ਦੇ ਮੈਸੀ ਅਤੇ ਪੁਰਤਗਾਲ ਦੇ ਰੋਨਾਲਡੋ ਨੂੰ ਨਹੀਂ ਮਿਲਿਆ। ਸੰਨ 2007 'ਚ ਬ੍ਰਾਜ਼ੀਲ ਦੇ ਕਾਕਾ ਫੀਫਾ ਪਲੇਅਰ ਆਫ ਦੀ ਯੀਅਰ ਚੁਣੇ ਗਏ ਸਨ। ਮੈਸੀ (2009, 2010, 2011, 2012 ਅਤੇ 2015), ਰੋਨਾਲਡੋ (2008, 2013, 2014, 2016 ਅਤੇ 2017) 'ਚ ਪੰਜ-ਪੰਜ ਵਾਰ ਇਹ ਐਵਾਰਡ ਜਿੱਤ ਚੁੱਕੇ ਹਨ। ਇਸ ਵਕਾਰੀ ਮੁਕਾਬਲੇ ਵਿਚ ਮਾਡਰਿਕ ਨੇ ਮਿਸਰ ਦੇ ਸਟਰਾਈਕਰ ਮੁਹੰਮਦ ਸਾਲਾਹ ਅਤੇ ਜੁਵੈੱਟਸ ਦੇ ਰੋਨਾਲਡੋ ਨੂੰ ਪਛਾੜਦਿਆਂ ਸਿਹਰਾ ਆਪਣੇ ਸਿਰ ਸਜਾਇਆ।
33 ਵਰ੍ਹਿਆਂ ਦੇ ਮਾਡਰਿਕ ਨੂੰ ਆਪਣੇ ਕੈਰੀਅਰ ਦੇ ਇਸ ਮੁਕਾਮ 'ਤੇ ਪਹੁੰਚਣ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। 9 ਸਤੰਬਰ, 1985 ਨੂੰ ਜਦੋਂ 10 ਵਰ੍ਹਿਆਂ ਦੇ ਸਨ ਤਾਂ ਕੁਝ ਕੋਚਾਂ ਨੇ ਉਸ ਨੂੰ ਫੁੱਟਬਾਲ 'ਚ ਬੇਹੱਦ ਕਮਜ਼ੋਰ ਤੱਕ ਕਹਿ ਦਿੱਤਾ। ਲਿਹਾਜ਼ਾ ਉਹ ਫੁੱਟਬਾਲ ਨਹੀਂ ਖੇਡ ਸਕਦਾ। ਹਾਲਾਂਕਿ ਇਕ ਉਸ ਨਾਲ ਜੁੜੇ ਪਹਿਲੇ ਕੋਚ ਨੇ ਉਸ ਨੂੰ ਡਾਇਨਮੋ ਜੇਗਰੇਬ ਕਲੱਬ 'ਚ ਟ੍ਰਾਇਲ ਦੇਣ ਲਈ ਉਤਸ਼ਾਹਿਤ ਕੀਤਾ। 16 ਵਰ੍ਹਿਆਂ ਦੀ ਉਮਰ 'ਚ ਮਾਡਰਿਕ ਦਾ ਡਾਇਨਮੋ ਕਲੱਬ ਨਾਲ ਕਰਾਰ ਹੋਇਆ, ਜਿਥੇ ਉਸ ਦੀ ਪ੍ਰਤਿਭਾ 'ਚ ਨਿਖਾਰ ਆਇਆ, ਜਿਸ ਤੋਂ ਬਾਅਦ ਉਸ ਨੇ ਪਿਛਾਂਹ ਮੁੜ ਕੇ ਨਾ ਦੇਖਿਆ।
ਸੰਨ 2006 'ਚ ਮਾਡਰਿਕ ਨੇ ਅਰਜਨਟੀਨਾ ਦੇ ਖ਼ਿਲਾਫ਼ ਆਪਣੇ ਅੰਤਰਰਾਸ਼ਟਰੀ ਕੈਰੀਅਰ ਦੀ ਸ਼ੁਰੂਆਤ ਕੀਤੀ। ਕ੍ਰੋਏਸ਼ੀਆ ਨੇ ਇਹ ਮੈਚ 3-2 ਨਾਲ ਜਿੱਤਿਆ। ਮਾਡਰਿਕ ਨੇ ਆਪਣੇ ਅੰਤਰਰਾਸ਼ਟਰੀ ਕੈਰੀਅਰ ਦਾ ਪਹਿਲਾ ਗੋਲ ਇਟਲੀ ਨਾਲ ਖੇਡੇ ਦੋਸਤਾਨਾ ਮੈਚ 'ਚ ਕੀਤਾ। ਵਿਸ਼ਵ ਕੱਪ ਦੇ ਸੈਮੀਫਾਈਨਲ ਤੱਕ ਮਾਡਰਿਕ ਆਪਣੇ ਦੇਸ਼ ਲਈ 115 ਮੈਚ ਖੇਡ ਚੁੱਕੇ ਸਨ। ਉਹ ਇੰਗਲੈਂਡ ਦੇ ਕਲੱਬ ਟਾਟਨਹੈਮ (2008-12) ਲਈ ਵੀ ਖੇਡ ਚੁੱਕੇ ਹਨ। ਉਹ 2012 ਤੋਂ ਵਰਤਮਾਨ ਸਮੇਂ ਤੱਕ ਸਪੈਨਿਸ਼ ਕਲੱਬ ਰੀਅਡ ਮੈਡਰਿਡ ਦੇ ਸਟਾਰ ਖਿਡਾਰੀ ਵਜੋਂ ਜਾਣਿਆ ਜਾਂਦਾ ਹੈ। ਮਾਡਰਿਕ ਫੁੱਟਬਾਲ ਦੀ ਦੁਨੀਆ ਵਿਚ ਕੀਮਤੀ ਖਿਡਾਰੀਆਂ ਵਿਚੋਂ ਇਕ ਹੈ। ਉਹ 6 ਵਾਰ ਕ੍ਰੋਏਸ਼ੀਆਈ ਫੁੱਟਬਾਲਰ ਆਫ ਦੀ ਯੀਅਰ ਚੁਣੇ ਜਾ ਚੁੱਕੇ ਹਨ। ਉਹ ਕ੍ਰੋਏਸ਼ੀਆ ਦਾ ਇਕੋ-ਇਕ ਖਿਡਾਰੀ ਹੈ, ਜਿਸ ਨੂੰ ਵਿਸ਼ਵ ਇਲੈਵਨ ਟੀਮਾਂ 'ਚ ਸ਼ਾਮਿਲ ਕੀਤਾ ਗਿਆ ਹੈ। ਲੁਕਾ ਮਾਡਰਿਕ ਕ੍ਰੋਏਸ਼ੀਆ ਦੇ ਅੰਡਰ-15, ਅੰਡਰ-18 ਅਤੇ 2003-04 'ਚ ਅੰਡਰ-19 ਅਤੇ ਅੰਡਰ-21 ਟੀਮਾਂ 'ਚ ਖੇਡ ਚੁੱਕੇ ਹਨ। ਮਾਡਰਿਕ ਨੂੰ ਵਿਸ਼ਵ ਕੱਪ 2018 'ਚ ਅਰਜਨਟੀਨਾ, ਆਈਸਲੈਂਡ, ਨਾਈਜੀਰੀਆ ਅਤੇ ਫਿਰ ਡੈਨਮਾਰਕ, ਰੂਸ ਅਤੇ ਫਾਈਨਲ 'ਚ ਫਰਾਂਸ ਵਿਰੁੱਧ ਬੇਜੋੜ ਖੇਡ ਦੀ ਬਦੌਲਤ 'ਗੋਲਡਨ ਬਾਲ, ਬਤੌਰ ਬੈਸਟ ਪਲੇਅਰ ਆਫ ਦਾ ਟੂਰਨਾਮੈਂਟ' ਨਾਲ ਨਿਵਾਜਿਆ ਅਤੇ ਲੰਡਨ 'ਚ ਹੋਏ ਸਮਾਰੋਹ 'ਚ ਬ੍ਰਾਜ਼ੀਲ ਦੀ ਮਾਰਟਾ ਨੂੰ ਛੇਵੀਂ ਵਾਰ ਸਰਬੋਤਮ ਮਹਿਲਾ ਫੁੱਟਬਾਲਰ ਦੇ ਸਨਮਾਨ ਨਾਲ ਨਿਵਾਜਿਆ ਗਿਆ।


-ਅੰਤਰਰਾਸ਼ਟਰੀ ਫੁੱਟਬਾਲਰ, ਪਿੰਡ ਤੇ ਡਾਕ: ਪਲਾਹੀ, ਫਗਵਾੜਾ। ਮੋਬਾ: 94636-12204


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX