ਤਾਜਾ ਖ਼ਬਰਾਂ


ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ
. . .  53 minutes ago
ਫ਼ਤਿਹਗੜ੍ਹ ਸਾਹਿਬ ,19 ਜਨਵਰੀ { ਜਤਿੰਦਰ ਸਿੰਘ ਰਾਠੌਰ } - ਭਾਖੜਾ ਨਹਿਰ 'ਚ ਬੰਬ ਦੀ ਅਫ਼ਵਾਹ ਦੇ ਚੱਲਦਿਆਂ ਫ਼ੌਜ ਦਾ ਗੁਪਤ ਨਿਰੀਖਣ ਕੀਤਾ ਗਿਆ। ਇਸ ਮੌਕੇ 'ਤੇ ਮੀਡੀਆ ਨੂੰ ਦੂਰ ਰੱਖਿਆ ਗਿਆ।
ਹਿਮਾਚਲ 'ਚ ਬੱਸ ਪਲਟਣ ਕਾਰਨ 17 ਵਿਦਿਆਰਥੀ ਜ਼ਖਮੀ
. . .  about 2 hours ago
ਹਮੀਰਪੁਰ, 19 ਜਨਵਰੀ - ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ 'ਚ ਇਕ ਸਕੂਲ ਬੱਸ ਦੇ ਪਲਟ ਜਾਣ ਕਾਰਨ 17 ਵਿਦਿਆਰਥੀ ਜ਼ਖਮੀ ਹੋ ਗਏ। ਇਕ ਨਿੱਜੀ ਬੱਸ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਰਾਹੁਲ ਦੇ ਸ਼ਕਤੀ ਪ੍ਰਾਜੈਕਟ ਦੀ ਪੰਜਾਬ 'ਚ ਕੈਪਟਨ ਵਲੋਂ ਸ਼ੁਰੂਆਤ
. . .  about 3 hours ago
ਚੰਡੀਗੜ੍ਹ, 19 ਜਨਵਰੀ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਪਾਰਟੀ ਦੇ ਪ੍ਰਧਾਨ ਰਾਹੁਲ ਗਾਂਧੀ ਦੇ ਸ਼ਕਤੀ ਪ੍ਰਾਜੈਕਟ ਨੂੰ ਅੱਜ ਇਥੇ ਲਾਂਚ ਕੀਤਾ ਗਿਆ। ਇਸ ਦਾ ਮਕਸਦ ਮਈ ਵਿਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੇ ਪਾਰਟੀ ਵਰਕਰਾਂ...
ਦਿਸ਼ਾਂਤ ਨੇ ਜੇ.ਈ.ਈ.ਮੇਨਜ਼ ਪ੍ਰੀਖਿਆ ਵਿਚ ਹਾਸਲ ਕੀਤੇ 99.99 ਫ਼ੀਸਦੀ ਅੰਕ
. . .  about 3 hours ago
ਚੰਡੀਗੜ੍ਹ, 19 ਜਨਵਰੀ (ਮਨਜੋਤ) - ਦਿਸ਼ਾਂਤ ਜਿੰਦਲ ਨੇ ਜੇ.ਈ.ਈ. ਮੇਨਜ਼ ਪ੍ਰੀਖਿਆ ਵਿਚ 99.99 ਫ਼ੀਸਦੀ ਅੰਕ ਹਾਸਲ ਕੀਤੇ...
ਪਸ਼ੂ ਪਾਲਣ ਵਿਭਾਗ ਸ਼ੁਰੂ ਕਰੇਗਾ ਮੋਬਾਈਲ ਡਿਸਪੈਂਸਰੀ -ਬਲਵੀਰ ਸਿੰਘ ਸਿੱਧੂ
. . .  about 4 hours ago
ਗੜ੍ਹਸ਼ੰਕਰ, 19 ਜਨਵਰੀ (ਧਾਲੀਵਾਲ)- ਪਸ਼ੂ ਪਾਲਣ ਵਿਭਾਗ ਵਲੋਂ ਪਿੰਡ-ਪਿੰਡ ਜਾ ਕੇ ਪਸ਼ੂਆਂ ਦੇ ਇਲਾਜ ਲਈ ਮੋਬਾਈਲ ਡਿਸਪੈਂਸਰੀ ਦਾ ਪ੍ਰਾਜੈਕਟ ਜਲਦ ਹੀ ਸ਼ੁਰੂ ਕੀਤਾ ਜਾ ਰਿਹਾ ਹੈ। ਡਾਕਟਰ ਤੇ ਹੋਰ ਸਟਾਫ਼ ਤੇ ਸਹੂਲਤਾਂ ਨਾਲ ਲੈਸ ਮੋਬਾਈਲ ਡਿਸਪੈਂਸਰੀ ਵੱਲੋਂ ਪਿੰਡ-ਪਿੰਡ...
ਮੋਟਰਸਾਈਕਲਾਂ ਦੀ ਟੱਕਰ ਵਿਚ ਦੋ ਵਿਅਕਤੀਆਂ ਦੀ ਮੌਤ, ਇਕ ਗੰਭੀਰ ਜ਼ਖ਼ਮੀ
. . .  about 4 hours ago
ਬਰਨਾਲਾ, 19 ਜਨਵਰੀ (ਧਰਮਪਾਲ ਸਿੰਘ)-ਪਿੰਡ ਠੀਕਰੀਵਾਲ ਤੋਂ ਚੁਹਾਣਕੇ ਖ਼ੁਰਦ ਨੂੰ ਜਾਂਦੀ ਸੜਕ 'ਤੇ ਹੋਈ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਵਿਚ ਮੋਟਰਸਾਈਕਲ 'ਤੇ ਸਵਾਰ ਦੋਵੇਂ ਚਾਲਕਾਂ ਦੀ ਮੌਤ ਹੋ ਗਈ। ਜਦਕਿ ਇਕ ਨੌਜਵਾਨ ਗੰਭੀਰ ਜ਼ਖ਼ਮੀ...
ਸੰਗਰੂਰ ਅਦਾਲਤ 'ਚ ਹੋਵੇਗੀ ਬੇਅਦਬੀ ਮਾਮਲੇ ਦੀ ਸੁਣਵਾਈ
. . .  about 5 hours ago
ਸੰਗਰੂਰ, 19 ਜਨਵਰੀ (ਧੀਰਜ ਪਸ਼ੋਰੀਆ)- ਢਾਈ-ਕੁ ਸਾਲ ਪਹਿਲਾਂ ਮਲੇਰਕੋਟਲਾ ਵਿਖੇ ਧਾਰਮਿਕ ਗ੍ਰੰਥ ਕੁਰਾਨ-ਏ-ਸ਼ਰੀਫ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ ਦੇ ਸੰਬੰਧ 'ਚ ਮਲੇਰਕੋਟਲਾ ਥਾਣਾ ਵਿਖੇ ਦਰਜ ਮਾਮਲੇ ਦੀ ਸੁਣਵਾਈ ਹੁਣ ਸੰਗਰੂਰ ਅਦਾਲਤ ਵਿਖੇ ਹੋਵੇਗੀ। ਮਾਮਲੇ...
ਪ੍ਰਧਾਨ ਮੰਤਰੀ ਮੋਦੀ ਨੂੰ ਹਟਾਉਣਾ ਹੈ ਕੋਲਕਾਤਾ 'ਚ ਹੋਈ ਮਹਾਂ ਰੈਲੀ ਦਾ ਏਜੰਡਾ- ਰਵਿ ਸ਼ੰਕਰ ਪ੍ਰਸਾਦ
. . .  about 5 hours ago
ਕੋਲਕਾਤਾ, 19 ਜਨਵਰੀ- ਕੋਲਕਾਤਾ 'ਚ ਵਿਰੋਧੀ ਰੈਲੀ 'ਤੇ ਬੋਲਦਿਆਂ ਕੇਂਦਰੀ ਮੰਤਰੀ ਰਵਿ ਸ਼ੰਕਰ ਪ੍ਰਸਾਦ ਨੇ ਕਿਹਾ ਕਿ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਨਹੀਂ ਦੇਖ ਸਕਦੇ ਅਤੇ ਉਹ ਅੱਜ ਇਕ ਮੰਚ 'ਤੇ ਇਕੱਠੇ ਹੋਏ ਹਨ। ਉਨ੍ਹਾਂ ਕਿਹਾ ਕਿ ਰੈਲੀ 'ਚ ਵੱਖ-ਵੱਖ ਪਾਰਟੀਆਂ ਦੇ ....
ਅਕਾਲੀ ਭਾਜਪਾ ਅਤੇ ਕਾਂਗਰਸ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕੀਤਾ ਕੰਗਾਲ- ਸਿਮਰਨਜੀਤ ਬੈਂਸ
. . .  about 5 hours ago
ਖੇਮਕਰਨ, 19 ਜਨਵਰੀ (ਸੰਦੀਪ ਮਹਿਤਾ) - ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਨਜੀਤ ਸਿੰਘ ਬੈਂਸ ਕਿਸਾਨਾਂ ਦਾ ਦਰਦ ਜਾਣਨ ਲਈ ਸਰਹੱਦੀ ਕਸਬਾ ਖੇਮਕਰਨ ਵਿਖੇ ਪਹੁੰਚੇ। ਇਸ ਮੌਕੇ ਸਿਮਰਨਜੀਤ ਸਿੰਘ ਬੈਂਸ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ......
ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਦੀ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ 5 ਵਿਅਕਤੀਆਂ ਨੂੰ ਕੀਤਾ ਕਾਬੂ
. . .  about 5 hours ago
ਚੰਡੀਗੜ੍ਹ, 19 ਜਨਵਰੀ- ਰੋਪੜ ਪੁਲਿਸ ਨੇ ਪੰਜਾਬ 'ਚ ਫ਼ੌਜ ਭਰਤੀ ਘੋਟਾਲੇ ਦਾ ਖ਼ੁਲਾਸਾ ਕਰਦਿਆਂ ਹੋਇਆਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਰਕਾਰ ਬੁਲਾਰੇ ਨੇ ਦਸਿਆ ਕਿ ਇਨ੍ਹਾਂ ਪਾਸੋਂ ਪੁਲਿਸ ਨੇ 29 ਆਧਾਰ ਕਾਰਡ ਅਤੇ ....
ਹੋਰ ਖ਼ਬਰਾਂ..

ਬਾਲ ਸੰਸਾਰ

ਗਗਨਚੁੰਬੀ ਪਰਬਤਾਂ ਵਿਚ ਛੁਪੀ ਪ੍ਰਸਿੱਧ ਸੈਰਗਾਹ

ਤਪੋਵਨ

ਪਿਆਰੇ ਬੱਚਿਓ, ਹਿਮਾਲਾ ਪਰਬਤ ਦੀ ਗੋਦ ਵਿਚ ਵਸੀਆਂ ਅਜਿਹੀਆਂ ਬਹੁਤ ਸਾਰੀਆਂ ਸੈਰਗਾਹਾਂ ਹਨ, ਜੋ ਸਾਨੂੰ ਹਮੇਸ਼ਾ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਬਰਫ਼ਾਨੀ ਚੋਟੀਆਂ, ਡੂੰਘੀਆਂ ਘਾਟੀਆਂ ਹਨ, ਦੇਵਦਾਰ ਦੇ ਰੁੱਖਾਂ ਨਾਲ ਭਰੀਆਂ ਢਲਾਨਾਂ, ਕਲ-ਕਲ ਕਰਦੇ ਨਦੀ-ਨਾਲੇ ਅਤੇ ਵਲ ਖਾਂਦੀਆਂ ਪਗਡੰਡੀਆਂ ਨੇ ਹਮੇਸ਼ਾ ਮਨੁੱਖ ਦੇ ਅੰਦਰ ਰੋਮਾਂਸ ਪੈਦਾ ਕੀਤਾ ਹੈ। ਤਪੋਵਨ ਸੈਰਗਾਹ ਗਗਨ ਚੁੰਬੀ ਪਰਬਤਾਂ ਵਿਚ ਵਸਦੀ ਇਕ ਅਜਿਹੀ ਸੈਰਗਾਹ ਹੈ, ਜਿਸ ਨੂੰ ਬਹੁਤ ਘੱਟ ਲੋਕ ਜਾਣਦੇ ਹਨ। ਪ੍ਰਸਿੱਧ ਹਿੰਦੂ ਤੀਰਥ ਸਥਾਨ ਗੰਗੋਤਰੀ ਦਾ 25 ਕਿਲੋਮੀਟਰ ਲੰਬਾ ਗਲੇਸ਼ੀਅਰ, ਜਿਥੇ ਚਤੁਰੰਗੀ ਬਾਮਕ, ਕੀਰਤੀ ਬਾਮਕ, ਮੀਰੂ ਬਾਮਕ, ਭਗੀਰਥੀ ਬਾਮਕ ਅਤੇ ਸਵੇਤ ਬਾਮਕ ਆਦਿ ਗਲੇਸ਼ੀਅਰ ਇਕੱਠੇ ਹੁੰਦੇ ਹਨ, ਨੂੰ ਪਾਰ ਕਰਨ ਉਪਰੰਤ ਹੀ 'ਤਪੋਵਨ' ਸੈਰਗਾਹ ਦੇ ਨਜ਼ਾਰਿਆਂ ਨੂੰ ਮਾਣਿਆ ਜਾ ਸਕਦਾ ਹੈ। 6100 ਮੀਟਰ (20,000 ਫੁੱਟ) ਤੋਂ ਲੈ ਕੇ 7500 ਮੀਟਰ ਅਰਥਾਤ 26000 ਫੁੱਟ ਉੱਚੀਆਂ ਚੋਟੀਆਂ ਵਿਚਕਾਰ ਘਿਰੀ ਇਸ ਅਨੋਖੀ ਸੈਰਗਾਹ ਨੂੰ ਤੱਕਦਿਆਂ ਹੀ ਮਨੁੱਖ ਹਕੀਕਤ ਤੋਂ ਕਲਪਨਾ ਦੀ ਦੁਨੀਆ ਵਿਚ ਪਹੁੰਚ ਜਾਂਦਾ ਹੈ। ਇਥੇ ਜਿਥੋਂ ਤੱਕ ਨਜ਼ਰ ਜਾਂਦੀ ਹੈ, ਬਸ ਬਰਫ਼ ਹੀ ਬਰਫ਼ ਦਿਖਾਈ ਦਿੰਦੀ ਹੈ। ਇਸ ਖੂਬਸੂਰਤ ਪਹਾੜੀ ਸਥਾਨ 'ਤੇ ਪਹੁੰਚਣ ਲਈ ਸਾਨੂੰ ਰਿਸ਼ੀਕੇਸ਼ ਤੋਂ ਆਪਣੀ ਯਾਤਰਾ ਦਾ ਆਰੰਭ ਕਰਨਾ ਪੈਂਦਾ ਹੈ। ਰਿਸ਼ੀਕੇਸ਼ ਤੋਂ ਗੰਗੋਤਰੀ ਤੱਕ 248 ਕਿਲੋਮੀਟਰ ਸਫਰ ਵਿਚ ਸਾਨੂੰ ਅਨੋਖੇ ਅਤੇ ਅਤੀ ਰੋਮਾਂਚਕ ਅਨੁਭਵ ਪ੍ਰਾਪਤ ਹੁੰਦੇ ਹਨ।
ਬੱਸ ਰਾਹੀਂ ਇਹ ਸਫਰ ਤੈਅ ਕਰਦੇ ਹੋਏ ਪਹਿਲਾਂ 'ਦੇਵ ਪ੍ਰਯਾਗ' ਨਾਂਅ ਦਾ ਸ਼ਹਿਰ ਆਉਂਦਾ ਹੈ, ਜਿਥੇ ਅਲਕਨੰਦਾ ਤੇ ਭਗੀਰਥੀ ਨਦੀਆਂ ਦਾ ਸੰਗਮ ਹੁੰਦਾ ਹੈ। ਤਪੋਵਨ ਦੀ ਅਗਲੀ ਯਾਤਰਾ ਭਗੀਰਥੀ ਅਰਥਾਤ ਗੰਗਾ ਨਦੀ ਦੇ ਨਾਲ-ਨਾਲ ਹੀ ਚਲਦੀ ਹੈ। 'ਦੇਵ ਪ੍ਰਯਾਗ' ਤੋਂ ਬਾਅਦ 4-5 ਘੰਟੇ ਦਾ ਸਫ਼ਰ ਤੈਅ ਕਰਨ ਉਪੰਰਤ 'ਟੀਹਰੀ' ਡੈਮ ਨੂੰ ਪਾਰ ਕਰਦੇ ਹੋਏ ਉੱਤਰਾਕਾਸ਼ੀ ਪਹੁੰਚਿਆ ਜਾ ਸਕਦਾ ਹੈ। ਉੱਤਰਾਕਾਸ਼ੀ ਤੋਂ ਅਗਲਾ ਪੜਾਅ ਹਰਸਿਲ ਕਸਬਾ ਹੈ, ਜੋ ਸਮੁੰਦਰੀ ਤਲ ਤੋਂ 2620 ਮੀਟਰ ਦੀ ਉਚਾਈ 'ਤੇ ਸਥਿਤ ਹੈ। ਹਰਸਿਲ ਤੋਂ ਅੱਗੇ ਹੀ ਹਿੰਦੂ ਧਰਮ ਦਾ ਮਹੱਤਵਪੂਰਨ ਤੀਰਥ ਸਥਾਨ ਹੈ ਗੰਗੋਤਰੀ, ਜਿਥੋਂ ਗੰਗਾ ਨਦੀ ਦਾ ਆਰੰਭ ਹੁੰਦਾ ਹੈ। ਇਹ ਨਦੀ ਗੰਗੋਤਰੀ ਦੇ ਇਕ ਬਰਫ਼ਾਨੀ ਗਲੇਸ਼ੀਅਰ ਵਿਚੋਂ ਨਿਕਲਦੀ ਹੈ, ਜਿਸ ਦਾ ਆਰੰਭਕ ਸਥਾਨ 'ਗੋ-ਮੁਖ' ਹੈ, ਜੋ ਗੰਗੋਤਰੀ ਤੋਂ 17 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਬੱਸ ਦਾ ਸਫਰ ਸਿਰਫ ਗੰਗੋਤਰੀ ਤੱਕ ਹੀ ਕੀਤਾ ਜਾ ਸਕਦਾ ਹੈ। ਇਸ ਤੋਂ ਅੱਗੇ ਪੈਦਲ ਯਾਤਰਾ ਹੀ ਕਰਨੀ ਪੈਂਦੀ ਹੈ। ਖਤਰਨਾਕ ਬਰਫ਼ਾਨੀ ਚੋਟੀਆਂ ਅਤੇ ਚਟਾਨਾਂ ਦੇ ਇਸ ਰਸਤੇ ਭੋਜਬਾਸਾ, ਗੋਮੁਖ ਪਹਾੜੀ ਕਸਬਿਆਂ ਨੂੰ ਪਾਰ ਕਰਨ ਉਪਰੰਤ ਅਸੀਂ ਤਪੋਵਨ ਵਰਗੀ ਸੁੰਦਰ ਧਰਤੀ ਦੇ ਨਜ਼ਾਰੇ ਦੇਖ ਸਕਦੇ ਹਾਂ। ਬੱਚਿਓ, ਸਾਨੂੰ ਹਿਮਾਲਾ ਪਰਬਤ ਦੇ ਅਜਿਹੇ ਸੁੰਦਰ ਨਜ਼ਾਰਿਆਂ ਦਾ ਹਮੇਸ਼ਾ ਹੀ ਆਨੰਦ ਮਾਣਦੇ ਰਹਿਣਾ ਚਾਹੀਦਾ ਹੈ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94175-87207


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ

ਚਲਾਕੋ ਬਿੱਲੀ ਦਾ ਸਬਕ

ਬੱਚਿਓ, ਇਕ ਜੰਗਲ ਵਿਚ ਬਹੁਤ ਸਾਰੇ ਜਾਨਵਰ ਮਿਲਜੁਲ ਕੇ ਰਹਿੰਦੇ ਸਨ। ਇਕ ਵਾਰ ਰਾਮੂ ਕੁੱਤੇ ਨੂੰ ਕੰਮ ਵਿਚ ਕਾਫੀ ਮੁਨਾਫਾ ਹੋਇਆ। ਉਹ ਆਪਣੇ ਘਰ ਵਿਚ ਬੈਠਾ ਪੈਸੇ ਗਿਣ ਕੇ ਬਹੁਤ ਖੁਸ਼ ਹੋ ਰਿਹਾ ਸੀ। ਇਕ ਚਲਾਕੋ ਬਿੱਲੀ ਇਹ ਸਭ ਦੇਖ ਰਹੀ ਸੀ। ਉਸ ਦੇ ਦਿਲ ਵਿਚ ਬੇਈਮਾਨੀ ਆ ਗਈ। ਉਹ ਰਾਮੂ ਕੁੱਤੇ ਕੋਲ ਗਈ ਤੇ ਰੋਣਹਾਕਾ ਜਿਹਾ ਮੂੰਹ ਬਣਾ ਕੇ ਕਹਿਣ ਲੱਗੀ, 'ਕੁੱਤੇ ਵੀਰ, ਮੈਨੂੰ ਕੁਝ ਪੈਸੇ ਉਧਾਰ ਚਾਹੀਦੇ ਹਨ, ਕੀ ਤੂੰ ਮੇਰੀ ਮਦਦ ਕਰੇਂਗਾ?' ਕੁੱਤਾ ਵਿਚਾਰਾ ਬੜਾ ਭਲਾਮਾਣਸ ਸੀ, ਇਸ ਲਈ ਉਸ ਨੇ ਬਿੱਲੀ ਨੂੰ ਪਿਆਰ ਨਾਲ ਪੁੱਛਿਆ, 'ਕੀ ਗੱਲ! ਸਭ ਸੁਖ ਤਾਂ ਹੈ ਭੈਣੇ?'
'ਹਾਂ ਵੀਰੇ, ਥੋੜ੍ਹੀ ਮੁਸ਼ਕਿਲ ਹੋ ਗਈ ਹੈ। ਮੇਰਾ ਘਰਵਾਲਾ ਬਿਮਾਰ ਹੈ ਤੇ ਬੱਚੇ ਵੀ ਠੀਕ ਨਹੀਂ ਹਨ। ਦਵਾਈ ਲਈ ਪੈਸੇ ਨਹੀਂ ਹਨ ਮੇਰੇ ਕੋਲ। ਜੇ ਤੂੰ ਮਦਦ ਕਰੇਂ ਤਾਂ ਮੈਂ ਤੇਰੇ ਪੈਸੇ ਛੇਤੀ ਮੋੜ ਦੇਵਾਂਗੀ।' ਚਲਾਕੋ ਬਿੱਲੀ ਨੇ ਦੁਖੀ ਹੁੰਦਿਆਂ ਕਿਹਾ।
'ਕੋਈ ਨੀਂ ਭੈਣੇ, ਸਭ ਠੀਕ ਹੋ ਜੂ। ਤੂੰ ਆਹ ਪੰਜ ਸੌ ਰੁਪਏ ਲੈ ਜਾ ਤੇ ਦਵਾਈ ਲਿਆ ਕੇ ਦੇ ਘਰਵਾਲੇ ਤੇ ਬੱਚਿਆਂ ਨੂੰ।' ਰਾਮੂ ਕੁੱਤੇ ਨੇ ਪੰਜ ਸੌ ਰੁਪਏ ਕੱਢ ਕੇ ਚਲਾਕੋ ਬਿੱਲੀ ਨੂੰ ਫੜਾਉਂਦਿਆਂ ਕਿਹਾ।
'ਅੰਨ੍ਹਾ ਕੀ ਚਾਹੇ, ਦੋ ਅੱਖਾਂ' ਅਖਾਣ ਅਨੁਸਾਰ ਚਲਾਕੋ ਬਿੱਲੀ ਤਾਂ ਖੁਸ਼ ਹੋ ਗਈ ਤੇ ਉੱਤੋਂ-ਉੱਤੋਂ ਦੁਖੀਆਂ ਵਾਂਗ ਨਾਟਕ ਕਰਦੀ ਬਾਹਰ ਨਿਕਲ ਗਈ। ਬਸ ਫਿਰ ਕੀ ਸੀ? ਥੋੜ੍ਹੇ ਦਿਨ ਰੱਜ ਕੇ ਐਸ਼ ਕੀਤੀ। ਖਾਧਾ-ਪੀਤਾ ਤੇ ਘੁੰਮੀ-ਫਿਰੀ। ਕੁਝ ਦਿਨ ਬਾਅਦ ਪੈਸੇ ਖ਼ਤਮ ਹੋ ਗਏ ਤੇ ਹੁਣ ਚਲਾਕੋ ਬਿੱਲੀ ਰਾਮੂ ਕੁੱਤੇ ਦੇ ਸਾਹਮਣੇ ਆਉਣ ਤੋਂ ਕਤਰਾਉਣ ਲੱਗੀ। ਆਖਰ ਇਕ ਦਿਨ ਰਾਮੂ ਦਾ ਸਬਰ ਖ਼ਤਮ ਹੋ ਗਿਆ ਤੇ ਉਹ ਚਲਾਕੋ ਦੇ ਘਰ ਪਹੁੰਚ ਗਿਆ ਤੇ ਆਪਣੇ ਪੈਸੇ ਵਾਪਸ ਮੰਗਣ ਲੱਗਾ ਪਰ ਚਲਾਕੋ ਤਾਂ ਸੀ ਚਲਾਕੋ। ਅਖੇ, 'ਕਿਹੜੇ ਪੈਸੇ? ਮੈਂ ਕਦੋਂ ਲਏ ਤੈਥੋਂ? ਐਵੇਂ ਮੈਨੂੰ ਪ੍ਰੇਸ਼ਾਨ ਕਰਦਾ ਪਿਆਂ। ਜੇ ਤੂੰ ਚੁੱਪਚਾਪ ਇਥੋਂ ਨਾ ਗਿਆ ਤਾਂ ਮੈਂ ਸ਼ੇਰ ਰਾਜਾ ਕੋਲ ਤੇਰੀ ਸ਼ਿਕਾਇਤ ਕਰ ਦੇਵਾਂਗੀ।'
ਇਹ ਸੁਣ ਰਾਮੂ ਕੁੱਤਾ ਬਹੁਤ ਦੁਖੀ ਹੋਇਆ ਪਰ ਫਿਰ ਕੁਝ ਸੋਚ ਕੇ ਉਹ ਸ਼ੇਰ ਰਾਜਾ ਕੋਲ ਪਹੁੰਚ ਗਿਆ। ਉਸ ਨੇ ਸ਼ੇਰ ਰਾਜਾ ਨੂੰ ਸਾਰੀ ਸਚਾਈ ਦੱਸੀ। ਸ਼ੇਰ ਰਾਜਾ ਨੇ ਕੁਝ ਦੇਰ ਸੋਚ-ਵਿਚਾਰ ਕੀਤਾ ਤੇ ਫਿਰ ਸਾਰੇ ਜਾਨਵਰਾਂ ਦੀ ਇਕ ਮੀਟਿੰਗ ਸੱਦੀ। ਉਸ ਵਿਚ ਬਿੱਲੀ ਨੂੰ ਵੀ ਬੁਲਾਇਆ ਗਿਆ ਪਰ ਜਦੋਂ ਉਸ ਨੂੰ ਪੈਸਿਆਂ ਲਈ ਪੁੱਛਿਆ ਗਿਆ ਤਾਂ ਉਹ ਹੱਥ ਜੋੜ ਕੇ ਬੋਲੀ, 'ਹਜ਼ੂਰ ਇਹ ਝੂਠ ਹੈ, ਮੈਂ ਇਸ ਤੋਂ ਕੋਈ ਪੈਸੇ ਨਹੀਂ ਲਏ। ਇਹ ਐਵੇਂ ਹੀ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ।' ਦੋਵਾਂ ਪਾਸਿਆਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਸ਼ੇਰ ਰਾਜਾ ਨੇ ਕਿਹਾ, 'ਮੈਨੂੰ ਤਾਂ ਵਿਚਾਰੀ ਚਲਾਕੋ ਸੱਚੀ ਲਗਦੀ ਹੈ, ਇਸ ਲਈ ਮੇਰਾ ਫੈਸਲਾ ਚਲਾਕੋ ਦੇ ਹੱਕ ਵਿਚ ਹੈ। ਰਾਮੂ, ਜੇ ਤੂੰ ਅੱਗੇ ਤੋਂ ਇਸ ਨੂੰ ਪ੍ਰੇਸ਼ਾਨ ਕੀਤਾ ਤਾਂ ਤੈਨੂੰ ਸਖ਼ਤ ਸਜ਼ਾ ਮਿਲੇਗੀ।' ਇਹ ਕਹਿ ਕੇ ਸ਼ੇਰ ਰਾਜਾ ਨੇ ਮੀਟਿੰਗ ਬਰਖਾਸਤ ਕਰ ਦਿੱਤੀ।
ਹੁਣ ਸਾਰੇ ਜਾਨਵਰ ਚਲੇ ਗਏ ਤਾਂ ਚਲਾਕੋ ਬਿੱਲੀ ਉੱਚੀ-ਉੱਚੀ ਹੱਸਣ ਲੱਗੀ, 'ਅਖੇ ਮੇਰੇ ਕੋਲੋਂ ਪੈਸੇ ਵਾਪਸ ਲਵੇਗਾ ਇਹ। ਮੈਂ ਕਿਹਾ ਸੀ ਨਾ ਕਿ ਚੁੱਪਚਾਪ ਚਲਾ ਜਾ ਪਰ ਤੂੰ ਨਹੀਂ ਮੰਨਿਆ ਤੇ ਹੁਣ ਕੀ ਕਰੇਂਗਾ? ਵਿਚਾਰੇ ਰਾਮੂ... ਬਹੁਤ ਬੁਰਾ ਹੋਇਆ... ਹਾ ਹਾ ਹਾ....।'
ਰਾਮੂ ਚੁੱਪਚਾਪ ਨਿਰਾਸ਼ ਖੜ੍ਹਾ ਸੀ ਕਿ ਅਚਾਨਕ ਸ਼ੇਰ ਰਾਜਾ ਦੀ ਗਰਜ ਆਈ ਤੇ ਉਸ ਦੇ ਪਿੱਛੇ-ਪਿੱਛੇ ਬਾਕੀ ਜਾਨਵਰ ਵੀ ਬਾਹਰ ਆ ਗਏ, ਜੋ ਇਧਰ-ਉਧਰ ਛੁਪੇ ਹੋਏ ਸਨ।
'ਚਲਾਕੋ ਬਿੱਲੀ, ਤੇਰੀ ਸੱਚਾਈ ਬਾਹਰ ਲਿਆਉਣ ਲਈ ਹੀ ਅਸੀਂ ਇਹ ਨਾਟਕ ਕੀਤਾ ਸੀ। ਹੁਣ ਚੁੱਪਚਾਪ ਰਾਮੂ ਦੇ ਪੈਸੇ ਵਾਪਸ ਕਰ ਤੇ ਮੁਆਫ਼ੀ ਮੰਗ ਉਸ ਤੋਂ। ਜੇ ਅੱਗੇ ਤੋਂ ਕੋਈ ਅਜਿਹਾ ਕੰਮ ਕੀਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ।' ਸ਼ੇਰ ਦੀ ਗਰਜਵੀਂ ਧਮਕੀ ਸੁਣ ਕੇ ਚਲਾਕੋ ਡਰ ਗਈ ਤੇ ਉਸ ਨੇ ਰਾਮੂ ਦੇ ਪੈਸੇ ਵਾਪਸ ਕਰ ਦਿੱਤੇ ਤੇ ਮੁਆਫ਼ੀ ਵੀ ਮੰਗੀ। ਰਾਮੂ ਕੁੱਤਾ ਸ਼ੇਰ ਦੇ ਇਨਸਾਫ ਤੋਂ ਬਹੁਤ ਖੁਸ਼ ਹੋਇਆ। ਚਲਾਕੋ ਬਿੱਲੀ ਨੂੰ ਆਪਣਾ ਸਬਕ ਮਿਲ ਗਿਆ ਸੀ ਤੇ ਹੁਣ ਸਾਰੇ ਪਾਸੇ ਸ਼ੇਰ ਰਾਜਾ ਦੀ ਸਹੀ ਇਨਸਾਫ ਕਰਕੇ ਜੈ ਜੈਕਾਰ ਹੋ ਰਹੀ ਸੀ।


-ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਮੋਬਾ: 82889-47192

ਐਂਬੂਲੈਂਸ ਉੱਤੇ ਲਿਖੇ ਅੱਖਰ ਪੁੱਠੇ ਕਿਉਂ?

ਪਿਆਰੇ ਬੱਚਿਓ, ਤੁਸੀਂ ਸੜਕਾਂ ਉੱਤੇ ਐਂਬੂਲੈਂਸ ਨੂੰ ਤੇਜ਼ ਗਤੀ ਵਿਚ ਚਲਦੇ ਅਤੇ ਸਾਇਰਨ ਵਜਾਉਂਦੇ ਜ਼ਰੂਰ ਦੇਖਿਆ ਹੋਵੇਗਾ। ਐਂਬੂਲੈਂਸ ਦੀ ਇਨਸਾਨੀ ਜੀਵਨ ਵਿਚ ਬਹੁਤ ਜ਼ਰੂਰਤ ਅਤੇ ਮਹੱਤਤਾ ਹੈ। ਐਂਬੂਲੈਂਸ ਦੀ ਵਰਤੋਂ ਜ਼ਖਮੀ, ਬਿਮਾਰ ਜਾਂ ਗੰਭੀਰ ਰੋਗੀਆਂ ਨੂੰ ਇਕ ਖਾਸ ਜਗ੍ਹਾ ਤੋਂ ਹਸਪਤਾਲ ਤੱਕ ਲੈ ਕੇ ਜਾਣ ਲਈ ਕੀਤੀ ਜਾਂਦੀ ਹੈ। ਇਸ ਸਥਿਤੀ ਵਿਚ ਐਂਬੂਲੈਂਸ ਤੇਜ਼ ਗਤੀ ਵਿਚ ਚਲਦੀ ਹੈ ਤਾਂ ਜੋ ਜਲਦੀ ਤੋਂ ਜਲਦੀ ਮਰੀਜ਼ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਐਂਬੂਲੈਂਸ ਉੱਤੇ ਲਿਖੇ ਅੱਖਰ ਇਸ ਲਈ ਪੁੱਠੇ ਲਿਖੇ ਜਾਂਦੇ ਹਨ ਤਾਂ ਜੋ ਅੱਗੇ ਚੱਲ ਰਿਹਾ ਵਾਹਨ ਚਾਲਕ ਜਦ ਸ਼ੀਸ਼ੇ ਵਿਚ ਦੀ ਦੇਖੇ ਤਾਂ ਉਸ ਨੂੰ ਇਹ ਅੱਖਰ ਸਿੱਧੇ ਦਿਖਾਈ ਦੇਣ, ਕਿਉਂਕਿ ਗੱਡੀ ਦੇ ਸ਼ੀਸ਼ੇ ਵਿਚ ਦੇਖਣ ਉੱਤੇ ਇਹ ਪੁੱਠੇ ਲਿਖੇ ਅੱਖਰ ਸਿੱਧੇ ਪੜ੍ਹੇ ਜਾਂਦੇ ਹਨ ਅਤੇ ਵਾਹਨ ਚਾਲਕ ਬਿਨਾਂ ਕਿਸੇ ਦੇਰੀ ਦੇ ਐਂਬੂਲੈਂਸ ਨੂੰ ਰਸਤਾ ਦੇ ਦਿੰਦੇ ਹਨ। ਐਂਬੂਲੈਂਸ ਉੱਤੇ ਅੱਖਰ ਪੁੱਠੇ ਲਿਖਣ ਦਾ ਮੁੱਖ ਮਕਸਦ ਅੱਗੇ ਚੱਲ ਰਹੇ ਵਾਹਨ ਨੂੰ ਜਲਦੀ ਰਸਤਾ ਦੇਣ ਦਾ ਆਸ਼ਾਰਾ ਅਤੇ ਮਰੀਜ਼ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣਾ ਹੁੰਦਾ ਹੈ।


-ਮਲੌਦ, ਲੁਧਿਆਣਾ।

ਚੁਟਕਲੇ

* ਕੁੱਕੀ (ਰਵੀ ਨੂੰ)-ਅੱਜ ਟੀ. ਵੀ. 'ਤੇ 30 ਫੁੱਟ ਲੰਬਾ ਸੱਪ ਦਿਖਾਇਆ ਜਾਵੇਗਾ। ਵੇਖੀਂ ਜ਼ਰੂਰ।
ਰਵੀ-ਮੈਂ ਨਹੀਂ ਦੇਖ ਸਕਾਂਗਾ।
ਕੁੱਕੀ-ਕਿਉਂ ਕਿਤੇ ਜਾਣਾ?
ਰਵੀ-ਨਹੀਂ ਯਾਰ, ਮੇਰੇ ਟੀ. ਵੀ. ਦੀ ਸਕਰੀਨ ਸਿਰਫ 21 ਇੰਚ ਦੀ ਹੈ।
* ਭੋਲੇ ਦਾ ਸਿਰ ਦੁਖਦਾ ਸੀ। ਉਸ ਨੇ ਗੋਲੀ ਖਾਧੀ ਤੇ ਸਿਰ ਭਰਨੇ ਖੜ੍ਹਾ ਹੋ ਗਿਆ। ਕੋਲ ਦੀ ਲੰਘੇ ਜਾਂਦੇ ਛਿੰਦੇ ਨੇ ਕਿਹਾ, 'ਆਹ ਕੀ! ਯੋਗਾ ਕਰਦੈਂ ਭੋਲਿਆ ਸਵੇਰੇ-ਸਵੇਰੇ?'
'ਕਾਹਨੂੰ ਯਾਰ! ਸਿਰ ਦੁਖਦਾ ਸੀ, ਗੋਲੀ ਖਾਧੀ ਆ। ਮੈਂ ਕਿਹਾ ਜੇ ਬੈਠਾ ਰਿਹਾ ਤਾਂ ਗੋਲੀ ਕਿਤੇ ਢਿੱਡ 'ਚ ਈ ਨਾ ਚਲੀ ਜਾਵੇ।'
* ਪਤਨੀ (ਪਤੀ ਨੂੰ)-ਤੁਸੀਂ ਮੈਨੂੰ ਅਜਿਹੀਆਂ ਦੋ ਗੱਲਾਂ ਦੱਸੋ ਕਿ ਪਹਿਲੀ ਸੁਣ ਕੇ ਮੈਂ ਖੁਸ਼ ਹੋ ਜਾਵਾਂ ਤੇ ਦੂਜੀ ਸੁਣ ਕੇ ਗੁੱਸੇ 'ਚ ਆ ਜਾਵਾਂ।
ਪਤੀ-ਤੂੰ ਮੇਰੀ ਜ਼ਿੰਦਗੀ ਏਂ। ਤੇ ਲਾਹਣਤ ਹੈ ਅਜਿਹੀ ਜ਼ਿੰਦਗੀ ਦੇ ਜਿਹੜੀ ਕੋਈ ਵੀ ਕੰਮ ਸਮੇਂ 'ਤੇ ਨਹੀਂ ਕਰਦੀ।
* ਜੱਸੀ-ਪਾਪਾ, ਹੁਣ ਤੁਹਾਨੂੰ ਆਪਣੀ ਗਾਂ ਲਈ ਤੂੜੀ ਲਿਆਉਣ ਦੀ ਲੋੜ ਨਹੀਂ ਪਵੇਗੀ।
ਪਾਪਾ-ਕਿਉਂ?
ਜੱਸੀ-ਸਾਡੇ ਸਰ ਨੇ ਕਿਹਾ ਕਿ ਤੇਰੇ ਦਿਮਾਗ 'ਚ ਤਾਂ ਤੂੜੀ ਭਰੀ ਹੋਈ ਐ। ਇਸ ਲਈ ਪਾਪਾ ਜਦੋਂ ਲੋੜ ਪਈ, ਕੱਢ ਲਿਆ ਕਰਿਓ।


-ਸਰਬਜੀਤ ਸਿੰਘ ਝੱਮਟ,
ਪਿੰਡ ਝੱਮਟ, ਡਾਕ: ਅਯਾਲੀ ਕਲਾਂ। ਮੋਬਾ: 94636-00252

ਬਾਲ ਨਾਵਲ-85

ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਕੱਪੜੇ ਤਾਂ ਨਵੇਂ ਲੈਣੇ ਹੀ ਪੈਣੇ ਨੇ ਨਾ', ਮੇਘਾ ਨੇ ਫਿਰ ਕਿਹਾ।
'ਕੱਪੜੇ ਤਾਂ ਮੇਰੇ ਕੋਲ ਬਥੇਰੇ ਪਏ ਨੇ', ਹਰੀਸ਼ ਨੇ ਆਪਣੀ ਅਲਮਾਰੀ ਵੱਲ ਹੱਥ ਕਰਦਿਆਂ ਕਿਹਾ।
'ਹਰੀਸ਼, ਮੇਰੀ ਗੱਲ ਧਿਆਨ ਨਾਲ ਸੁਣ। ਅੱਗੇ ਤੂੰ ਮੈਡੀਕਲ ਕਾਲਜ ਦਾ ਵਿਦਿਆਰਥੀ ਸੀ, ਹੁਣ ਤੂੰ ਇਕ ਵੱਡੇ ਹਸਪਤਾਲ ਦਾ ਡਾਕਟਰ ਬਣ ਕੇ ਜਾਣੈ। ਹੁਣ ਉਹ ਕੱਪੜੇ ਨਹੀਂ ਚੱਲਣੇ, ਜਿਹੜੇ ਤੇਰੇ ਕਾਲਜ ਵਿਚ ਚਲਦੇ ਸਨ', ਮੇਘਾ ਨੇ ਪੂਰੀ ਦਲੀਲ ਨਾਲ ਗੱਲ ਕੀਤੀ।
'ਤੁਹਾਡੀ ਗੱਲ ਬਿਲਕੁਲ ਠੀਕ ਐ ਪਰ ਮੇਰੇ ਕੋਲ ਤੁਹਾਡੀਆਂ ਲੈ ਕੇ ਦਿੱਤੀਆਂ ਦੋ-ਤਿੰਨ ਕਮੀਜ਼ਾਂ ਅਜੇ ਨਵੀਆਂ ਹੀ ਪਈਆਂ ਨੇ, ਹੁਣ ਉਹ ਮੇਰੇ ਕੰਮ ਆ ਜਾਣਗੀਆਂ। ਮੇਰੇ ਹਿਸਾਬ ਨਾਲ ਮੈਨੂੰ ਅਜੇ ਕਿਸੇ ਨਵੇਂ ਕੱਪੜੇ ਦੀ ਲੋੜ ਨਹੀਂ। ਹਾਂ, ਇਕ ਗੱਲ ਹੋਰ ਕਿ ਮੈਂ ਕਿਹੜਾ ਕਿਸੇ ਪਛੜੇ ਹੋਏ ਪਿੰਡ ਵਿਚ ਜਾ ਰਿਹਾਂ। ਮੈਨੂੰ ਜੇ ਕਿਸੇ ਚੀਜ਼ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਮੈਂ ਦਿੱਲੀ ਤੋਂ ਲੈ ਲਵਾਂਗਾ।'
ਹਰੀਸ਼ ਨੇ ਪਤਾ ਨਹੀਂ ਝੂਠ ਬੋਲਿਆ ਸੀ ਜਾਂ ਸੱਚ ਪਰ ਮੇਘਾ ਅਤੇ ਬਾਕੀ ਸਾਰਿਆਂ ਨੂੰ ਉਸ ਦੀ ਗੱਲ ਠੀਕ ਲੱਗੀ। ਪਰ ਉਸ ਦੇ ਬਾਵਜੂਦ ਵੀ ਅਗਲੇ ਦਿਨ ਮੇਘਾ, ਹਰੀਸ਼ ਵਾਸਤੇ ਦੋ ਰੈਡੀਮੇਡ ਕਮੀਜ਼ਾਂ ਅਤੇ ਕਮੀਜ਼ਾਂ ਨਾਲ ਮੈਚ ਕਰਦੀਆਂ ਦੋ ਪੈਂਟਾਂ ਖਰੀਦ ਲਿਆਈ। ਮੇਘਾ ਨੇ ਅਛੋਪਲੇ ਹੀ ਕਮੀਜ਼ਾਂ-ਪੈਟਾਂ ਵਾਲਾ ਪੈਕੇਟ ਹਰੀਸ਼ ਦੇ ਕਮਰੇ ਵਿਚ ਜਾ ਕੇ ਉਸ ਦੇ ਸੂਟਕੇਸ ਵਿਚ ਰੱਖ ਦਿੱਤਾ।
ਦੋ ਦਿਨਾਂ ਬਾਅਦ ਹੀ ਦਿੱਲੀ ਤੋਂ ਵੱਡੇ ਡਾਕਟਰ ਸਾਹਿਬ ਦਾ ਫੋਨ ਆ ਗਿਆ ਕਿ 'ਇਕ-ਦੋ ਦਿਨਾਂ ਵਿਚ ਹੀ ਆ ਕੇ ਹਸਪਤਾਲ ਜੁਆਇਨ ਕਰ ਲਵੋ।' ਹਰੀਸ਼ ਨੇ ਤਿਆਰੀ ਤਾਂ ਕੋਈ ਖਾਸ ਕਰਨੀ ਨਹੀਂ ਸੀ। ਜਿਹੜੀਆਂ ਜ਼ਰੂਰੀ ਕਿਤਾਬਾਂ ਉਸ ਨੇ ਨਾਲ ਖੜਨੀਆਂ ਸਨ, ਉਹ ਪਹਿਲਾਂ ਹੀ ਉਸ ਨੇ ਵੱਖਰੀਆਂ ਕਰ ਲਈਆਂ ਸਨ। ਅਲਮਾਰੀ 'ਚੋਂ ਕੁਝ ਕੱਪੜੇ ਕੱਢ ਕੇ ਬਸ ਅਟੈਚੀਕੇਸ ਵਿਚ ਰੱਖਣੇ ਹੀ ਸਨ। ਇਸ ਕਰਕੇ ਉਸ ਨੇ ਅਗਲੇ ਦਿਨ ਹੀ ਦਿੱਲੀ ਜਾਣ ਦਾ ਪ੍ਰੋਗਰਾਮ ਬਣਾ ਲਿਆ।
ਉਸ ਨੇ ਮਾਤਾ ਜੀ ਨੂੰ ਉਸੇ ਵਕਤ ਨੌਕਰੀ ਮਿਲਣ ਬਾਰੇ ਦੱਸ ਦਿੱਤਾ ਅਤੇ ਇਹ ਵੀ ਕਹਿ ਦਿੱਤਾ ਕਿ ਉਸ ਦਾ ਕੱਲ੍ਹ ਦਿੱਲੀ ਜਾਣ ਦਾ ਪ੍ਰੋਗਰਾਮ ਬਣ ਗਿਐ। ਮਾਤਾ ਜੀ, ਇਕ ਪਾਸੇ ਤਾਂ ਹਰੀਸ਼ ਨੂੰ ਨੌਕਰੀ ਮਿਲਣ 'ਤੇ ਬੜੇ ਖੁਸ਼ ਸਨ ਪਰ ਨਾਲ ਹੀ ਉਸ ਦੇ ਦਿੱਲੀ ਜਾਣ ਕਰਕੇ ਉਦਾਸ ਵੀ ਹੋ ਰਹੇ ਸੀ। ਇਹੋ ਹਾਲ ਸਿਧਾਰਥ ਅਤੇ ਮੇਘਾ ਦਾ ਸੀ।
ਅਗਲੇ ਦਿਨ ਸ਼ਾਮ ਨੂੰ ਸਿਧਾਰਥ ਅਤੇ ਮੇਘਾ, ਹਰੀਸ਼ ਨੂੰ ਮਾਤਾ ਜੀ ਵਲੋਂ ਲੈ ਕੇ ਸਟੇਸ਼ਨ 'ਤੇ ਛੱਡਣ ਜਾ ਰਹੇ ਸਨ।
ਅਗਲੀ ਸਵੇਰ ਹਰੀਸ਼ ਠੀਕ-ਠਾਕ ਦਿੱਲੀ ਪਹੁੰਚ ਗਿਆ। ਆਪਣਾ ਸਾਮਾਨ ਡਾਕਟਰਾਂ ਦੇ ਹੋਸਟਲ ਵਿਚ ਰੱਖ ਕੇ ਅਤੇ ਫਰੈਸ਼ ਹੋ ਕੇ ਉਹ ਹਸਪਤਾਲ ਡਾਕਟਰ ਸਾਹਿਬ ਨੂੰ ਮਿਲਣ ਚਲਾ ਗਿਆ। ਡਾਕਟਰ ਸਾਹਿਬ ਨੇ ਉਸ ਨੂੰ ਉਸੇ ਦਿਨ ਹੀ ਜੁਆਇਨ ਕਰਵਾ ਦਿੱਤਾ।
ਉਸੇ ਦਿਨ ਦੁਪਹਿਰ ਬਾਅਦ ਵੱਡੇ ਡਾਕਟਰ ਸਾਹਿਬ ਨੇ ਮੈਡੀਸਨ ਵਾਰਡ ਦੇ ਸਾਰੇ ਡਾਕਟਰਾਂ ਦੀ ਮੀਟਿੰਗ ਬੁਲਾ ਕੇ ਉਸ ਦੀ ਜਾਣ-ਪਛਾਣ ਕਰਵਾ ਦਿੱਤੀ। ਉਨ੍ਹਾਂ ਨੇ ਦੋ ਸੀਨੀਅਰ ਡਾਕਟਰਾਂ ਦੀ ਡਿਊਟੀ ਲਗਾ ਦਿੱਤੀ ਕਿ ਕੁਝ ਦਿਨ ਹਰੀਸ਼ ਨੂੰ ਨਾਲ ਹੀ ਰੱਖਣ ਅਤੇ ਪੂਰੀ ਵਾਰਡ ਦੀ ਵਰਕਿੰਗ ਸਮਝਾ ਦੇਣ। ਉਨ੍ਹਾਂ ਦੋਵਾਂ ਡਾਕਟਰਾਂ ਵਿਚੋਂ ਇਕ ਡਾਕਟਰ ਬੰਬਈ ਤੋਂ ਉਸੇ ਕਾਲਜ ਵਿਚੋਂ ਹੀ ਪੜ੍ਹ ਕੇ ਆਇਆ ਸੀ, ਜਿਥੋਂ ਹਰੀਸ਼ ਆਇਆ ਹੈ।
ਕੁਝ ਦਿਨਾਂ ਵਿਚ ਹੀ ਹਰੀਸ਼ ਨੂੰ ਹਸਪਤਾਲ ਬਾਰੇ, ਆਪਣੀ ਵਾਰਡ ਬਾਰੇ ਅਤੇ ਮਰੀਜ਼ਾਂ ਬਾਰੇ ਕਾਫੀ ਕੁਝ ਪਤਾ ਲੱਗ ਗਿਆ। ਜਿਸ ਵੇਲੇ ਵੱਡੇ ਡਾਕਟਰ ਸਾਹਿਬ ਵਾਰਡ ਵਿਚ ਰਾਊਂਡ ਲਗਾਉਂਦੇ ਅਤੇ ਹਰ ਮਰੀਜ਼ ਦੀ ਬਿਮਾਰੀ ਬਾਰੇ ਦੱਸਦੇ, ਉਸ ਨਾਲ ਹਰੀਸ਼ ਕਾਫੀ ਕੁਝ ਨਵਾਂ ਸਿੱਖ ਰਿਹਾ ਸੀ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬੁਝਾਰਤ-22

ਬੱਚਿਓ ਮੈਂ ਇਕ ਦੇਖਿਆ ਬੋਕ,
ਚੁੱਕੇ ਪੂਛ ਤੇ ਮਾਰੇ ਮੋਕ।
ਪਰ ਇਸ ਦੀ ਹੈ ਇਕੋ ਲੱਤ,
ਨਾ ਹੀ ਪਿੰਡੇ ਉੱਤੇ ਜੱਤ।
ਏਧਰ-ਉਧਰ ਹਿੱਲ ਨ੍ਹੀਂ ਸਕਦਾ,
ਭੈਣ, ਭਾਈ ਨੂੰ ਮਿਲ ਨ੍ਹੀਂ ਸਕਦਾ।
ਬੁੱਝੋ ਬੱਚਿਓ ਹੁਣ ਮੇਰੀ ਬਾਤ,
ਜਿਹੜੀ ਚਾਹੋ ਉਹ ਮਿਲੂ ਸੌਗਾਤ।
ਅੰਕਲ ਜੀ ਕੋਈ ਦਿਉ ਇਸ਼ਾਰਾ,
ਬੁੱਝਣ ਦਾ ਕੋਈ ਕਰੀਏ ਚਾਰਾ।
ਕਦੇ ਉੱਚਾ ਸੀ ਰੁਤਬਾ ਇਸ ਦਾ,
ਹੁਣ ਕਿਤੇ-ਕਿਤੇ ਹੀ ਦਿਸਦਾ।
-f-
'ਹੈਂਡਪੰਪ' ਵੀ ਨਾਂਅ ਨੇ ਲੈਂਦੇ,
ਪੰਜਾਬੀ ਵਿਚ 'ਨਲਕਾ' ਕਹਿੰਦੇ।


-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ)।
ਮੋਬਾ: 99159-95505

ਬਾਲ ਸਾਹਿਤ

ਸਿਰਜਕ ਵਿਦਿਆਰਥਣਾਂ
ਦੀਆਂ ਦੋ ਪੁਸਤਕਾਂ
ਸੰਪਰਕ : 99151-03490


ਵਿਦਿਆਰਥੀ-ਲੇਖਕਾਂ ਵਿਚ ਸਾਹਿਤਕ ਰੁਚੀਆਂ ਨੂੰ ਮਿਲ ਰਹੇ ਹੁਲਾਰੇ ਸਦਕਾ ਬਾਲ ਸਾਹਿਤ ਦਾ ਖੇਤਰ ਸੰਭਾਵਨਾਵਾਂ ਭਰਪੂਰ ਬਣਦਾ ਜਾ ਰਿਹਾ ਹੈ, ਜਿਸ ਕਾਰਨ ਵਿਦਿਆਰਥੀ ਲੇਖਕਾਂ ਦੀਆਂ ਸਚਿਤਰਤ ਪੁਸਤਕਾਂ ਸਾਹਮਣੇ ਆ ਰਹੀਆਂ ਹਨ। ਇਸ ਹਵਾਲੇ ਨਾਲ ਪਹਿਲੀ ਪੁਸਤਕ ਨਵਨੀਤ ਰਾਣੀ (ਅੱਠਵੀਂ ਸ਼੍ਰੇਣੀ) ਰਚਿਤ ਪੁਸਤਕ 'ਚੰਗਾ ਵਿਦਿਆਰਥੀ' ਹੈ, ਜਿਸ ਵਿਚ ਲੇਖਿਕਾ ਨੇ ਬਹੁਪੱਖੀ ਸਮਾਜਿਕ ਵਿਸ਼ਿਆਂ ਬਾਰੇ ਕਹਾਣੀਆਂ ਵਿਚ ਮਨੁੱਖੀ ਸਮਾਜ ਪ੍ਰਤੀ ਆਪਣੀ ਸੋਚ ਅਤੇ ਸੰਭਾਵਨਾ ਦਾ ਪ੍ਰਗਟਾਵਾ ਕੀਤਾ ਹੈ। ਉਸ ਨੇ ਪ੍ਰਦੂਸ਼ਣ ਦੀ ਸਮੱਸਿਆ ਦੇ ਨਾਲ ਪਾਣੀ, ਹਵਾ, ਰੁੱਖਾਂ, ਖੇਡਾਂ, ਪੁਸਤਕਾਂ, ਸਿਹਤ ਅਤੇ ਸਿੱਖਿਆ ਦੇ ਮਹੱਤਵ ਨੂੰ ਵੀ ਚੰਗੇ ਢੰਗ ਨਾਲ ਉਭਾਰਿਆ ਹੈ। ਇਨ੍ਹਾਂ ਕਹਾਣੀਆਂ ਵਿਚੋਂ ਆਤਮਵਿਸ਼ਵਾਸੀ ਬਣਨ ਦਾ ਸੁਨੇਹਾ ਵੀ ਮਿਲਦਾ ਹੈ। ਪੁਸਤਕ ਵਿਚਲੇ ਚਿੱਤਰ ਪੁਨੀਤ ਰਾਣੀ ਅਤੇ ਨਵਨੀਤ ਰਾਣੀ ਨੇ ਬਣਾਏ ਹਨ। 31 ਪੰਨਿਆਂ ਵਾਲੀ ਇਸ ਪੁਸਤਕ ਦੀ ਕੀਮਤ 60 ਰੁਪਏ ਹੈ।
ਦੂਜੀ ਪੁਸਤਕ 'ਕੁਦਰਤ ਦੀ ਗੋਦ ਵਿਚ' ਹੈ। ਚਾਰ ਸਫ਼ਰਨਾਮਿਆਂ 'ਤੇ ਆਧਾਰਿਤ ਇਹ ਪੁਸਤਕ ਨੌਵੀਂ ਜਮਾਤ ਦੀ ਵਿਦਿਆਰਥਣ ਸੀਰਤਪਾਲ ਵਲੋਂ ਲਿਖੀ ਗਈ ਹੈ, ਜਿਸ ਵਿਚ ਉਸ ਨੇ ਵੱਖ-ਵੱਖ ਸਥਾਨਾਂ ਦੇ ਭੂਗੋਲਿਕ, ਇਤਿਹਾਸਕ, ਸੱਭਿਆਚਾਰਕ ਅਤੇ ਪ੍ਰਕ੍ਰਿਤਕ ਮਹੱਤਵ ਨੂੰ ਦਰਸਾਇਆ ਹੈ। ਟੂਰ ਦੌਰਾਨ ਆਪਣੇ ਸਕੇ ਸਬੰਧੀਆਂ ਤੇ ਦੋਸਤਾਂ-ਮਿੱਤਰਾਂ ਨਾਲ ਕੀਤੀਆਂ ਹਲਕੀਆਂ-ਫੁਲਕੀਆਂ ਸ਼ਰਾਰਤਾਂ ਇਨ੍ਹਾਂ ਸਫ਼ਰਨਾਮਿਆਂ ਨੂੰ ਹੋਰ ਰੌਚਿਕਤਾ ਪ੍ਰਦਾਨ ਕਰਦੀਆਂ ਹਨ। ਲੇਖਿਕਾ ਦੀ ਭਾਸ਼ਾ ਸਰਲ ਤੇ ਸੁਖੈਨ ਹੈ। ਮੁੱਖ ਚਿੱਤਰ ਗੁਰਵੀਨ ਸਿੰਘ ਮਾਨ ਨੇ ਬਣਾਇਆ ਹੈ। ਪੁਸਤਕ ਵਿਚਲੀਆਂ ਕੈਮਰੇ ਨਾਲ ਖਿੱਚੀਆਂ ਤਸਵੀਰਾਂ ਧੁੰਦਲੀਆਂ ਹਨ। ਛਪਾਈ ਪੱਖੋਂ ਧਿਆਨ ਦੇਣਾ ਬਣਦਾ ਸੀ। ਖ਼ੈਰ, ਕੁੱਲ ਮਿਲਾ ਕੇ ਦੋਵੇਂ ਪੁਸਤਕਾਂ ਪੜ੍ਹਨਯੋਗ ਹਨ। ਇਸ ਪੁਸਤਕ ਦੀ ਕੀਮਤ 75 ਰੁ. ਅਤੇ ਪੰਨੇ 43 ਹਨ।


-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬਾਲ ਗੀਤ

ਪੜ੍ਹਦੇ ਜਾਈਏ

ਪੜ੍ਹਦੇ ਜਾਈਏ, ਪੜ੍ਹਦੇ ਜਾਈਏ,
ਆਪਾਂ ਵੱਡੀਆਂ ਮੰਜ਼ਿਲਾਂ ਪਾਈਏ।
ਵਿੱਦਿਆ ਮਨੁੱਖ ਦਾ ਤੀਜਾ ਨੇਤਰ,
ਇਹ ਗੱਲ ਦਿਲ ਦੇ ਵਿਚ ਵਸਾਈਏ।
ਮਾੜੀ ਸੰਗਤ ਦਾ ਲੜ ਛੱਡ ਕੇ,
ਦੋਸਤ ਚੰਗੇ ਆਪਾਂ ਬਣਾਈਏ।
ਝੂਠ ਬੋਲਣ ਦੀ ਛੱਡ ਕੇ ਆਦਤ,
ਸੱਚ ਦੀ ਸਦਾ ਜੋਤ ਜਗਾਈਏ।
ਫੁੱਲਾਂ ਵਾਂਗੂ ਆਪਾਂ ਹੱਸਦੇ ਰਹੀਏ,
ਭੇਦ ਭਾਵ ਨੂੰ ਦਿਲੋਂ ਭਲਾਈਏ।
ਮਾਪਿਆਂ ਸੰਗ ਅਧਿਆਪਕ ਹੁੰਦੇ,
ਉਨ੍ਹਾਂ ਦੇ ਸਦਾ ਆਗਿਆਕਾਰ ਕਹਾਈਏ।
ਸੁਬ੍ਹਾ-ਸਵੇਰੇ ਉੱਠਣ ਦੀ ਆਦਤ ਪਾਈਏ,
ਆਲਸ ਨੂੰ ਆਪਾਂ ਦੂਰ ਭਜਾਈਏ।
ਆਓ ਵਾਤਾਵਰਨ ਨੂੰ ਸਾਫ਼ ਬਣਾਈਏ,
ਸਾਰੇ ਇਕ-ਇਕ ਰੁੱਖ ਲਗਾਈਏ।
ਅੰਕਲ 'ਘਲੋਟੀ' ਦੀਆਂ ਇਹ ਗੱਲਾਂ,
ਆਪਾਂ ਦਿਲ ਦੇ ਵਿਚ ਬਿਠਾਈਏ।


-ਸੁਖਦੇਵ ਸਿੰਘ ਕੁੱਕੂ,
ਪਿੰਡ ਤੇ ਡਾਕ: ਘਲੋਟੀ (ਲੁਧਿਆਣਾ)। ਮੋਬਾ: 98143-81972

ਅਨਮੋਲ ਬਚਨ

* ਫੌਜ ਵਿਚ ਹੁਕਮ ਮੰਨਣ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ।
* ਗਿਆਨ ਬੜਾ ਕਠਿਨ ਹੈ, ਗਿਆਨ ਦਾ ਹੰਕਾਰ ਆਸਾਨ ਹੈ।
* ਫਲ, ਕੁਦਰਤ ਦੀਆਂ ਮਠਿਆਈਆਂ ਹਨ।
* ਬਹੁਤ ਘੱਟ ਲੋਕ ਮੀਂਹ ਦਾ ਅਨੰਦ ਮਾਣਦੇ ਹਨ, ਬਹੁਤੇ ਤਾਂ ਭਿੱਜਦੇ ਹਨ।
* ਪ੍ਰਸੰਸਾ ਦੇ ਮੁਕਾਬਲੇ ਨਿੰਦਾ ਵਧੇਰੇ ਜੋਸ਼ ਨਾਲ ਕੀਤੀ ਜਾਂਦੀ ਹੈ।
* ਕਾਹਲ ਨਾ ਕਰੋ, ਜਲਦੀ ਸ਼ੁਰੂ ਕਰੋ।


-ਕਵਲਪ੍ਰੀਤ ਕੌਰ
ਬਟਾਲਾ (ਗੁਰਦਾਸਪੁਰ)। ਮੋਬਾ: 98760-98338

ਬਾਲ ਕਵਿਤਾ

ਕਾਨ੍ਹਿਆਂ ਦੀ ਕਲਮ

ਕਾਨ੍ਹਿਆਂ ਦੀ ਕਲਮ ਤੇ ਸਿਆਹੀ ਦੀ ਦਵਾਤ ਬਈ,
ਬੀਤ ਚੁੱਕੇ ਸਮੇਂ ਦੀ ਹੈ ਹੋ ਗਈ ਬਾਤ ਬਈ।
ਲੱਭਦੀ ਸਲੇਟ ਤੇ ਨਾ ਗਾਚਣੀ ਤੇ ਫੱਟੀ ਬਈ,
ਭੁੱਲਦਾ ਨਾ ਝੂੰਗਾ ਮਿਲਦਾ ਸੀ ਜੋ ਹੱਟੀ ਬਈ।
ਪਿੱਠੂ ਗਰਮ ਖੇਡਦੇ ਸੀ ਤੇ ਕੋਟਲਾ ਸ਼ਪਾਕੀ ਬਈ,
ਸਕੂਲ ਵਿਚ ਲੱਗੀ ਉਦੋਂ ਨਿੱਕਰ ਜਿਹੀ ਖਾਕੀ ਬਈ।
ਬੰਟਿਆਂ ਦੀ ਖੇਡ, ਗੀਟੇ, ਗੁੱਲੀ-ਡੰਡਾ ਮਸ਼ਹੂਰ ਸੀ,
ਚੋਰ ਸਿਪਾਹੀ ਖੇਡ ਚਿਹਰੇ ਚੜ੍ਹ ਜਾਂਦਾ ਨੂਰ ਸੀ।
ਸਖ਼ਤ ਸੀ ਹੁੰਦੀਆਂ ਸਕੂਲਾਂ 'ਚ ਪੜ੍ਹਾਈਆਂ ਬਈ,
ਕਦੇ ਵੀ ਨਾ ਹੁੰਦੀਆਂ ਸਕੂਲਾਂ 'ਚ ਲੜਾਈਆਂ ਬਈ।
ਸਾਈਕਲਾਂ ਦੇ ਟਾਇਰਾਂ ਨਾਲ ਬਹੁਤ ਮੌਜਾਂ ਮਾਣੀਆਂ,
ਸਾਂਝ ਪੱਕੀ ਹੁੰਦੀ ਸੀ ਨਾਲ ਸਾਰੇ ਹਾਣੀਆਂ।
ਚੇਤੇ ਵਿਚ ਬਹੁਤ ਨੇ ਯਾਦਾਂ ਉਹ ਪੁਰਾਣੀਆਂ,
ਨਾਨਕਿਆਂ ਦੇ ਘਰੇ ਜਾ ਪਤੰਗਾਂ ਵੀ ਉਡਾਣੀਆਂ।
ਮੰਗਣੀਆਂ ਲੋਹੜੀਆਂ ਤੇ ਨਾ ਕੋਈ ਸੰਗ ਝਾਕਾ ਸੀ,
ਭੈਣ ਤੇ ਭਰਾਵਾਂ ਵਾਲਾ ਉਦੋਂ ਪੂਰਾ ਇਲਾਕਾ ਸੀ।
ਦੌੜ-ਭੱਜ, ਬੋਝ ਨਾ ਹੀ ਫਿਕਰ ਤੇ ਫਾਕੇ ਸੀ,
ਵੱਡਿਆਂ ਲਈ ਉਦੋਂ ਸਾਰੇ ਗੁੱਡੀਆਂ ਜਾਂ ਕਾਕੇ ਸੀ।


-ਅਵਿਨਾਸ਼ ਜੱਜ,
ਗੁਰਦਾਸਪੁਰ। ਮੋਬਾ: 99140-39666

ਪੈਨਿਸਿਲਿਨ ਦੀ ਖੋਜ ਅਤੇ ਅਲੈਗਜ਼ੈਂਡਰ ਫਲੈਮਿੰਗ

(6 ਅਗਸਤ, 1881 ਤੋਂ 11 ਮਾਰਚ, 1955)
ਪੈਨਿਸਿਲਿਨ ਦੇ ਖੋਜੀ ਅਲੈਗਜ਼ੈਂਡਰ ਫਲੈਮਿੰਗ ਸਕਾਟਲੈਂਡ ਜੀਵ ਵਿਗਿਆਨਕ ਅਤੇ ਔਸ਼ਧੀ ਨਿਰਮਾਤਾ ਸਨ | ਉਨ੍ਹਾਂ ਨੇ ਸੰਨ 1929 ਵਿਚ ਲਿਸੋਜ਼ਾਈਮ ਨਾਮੀ ਐਾਜ਼ਾਈਮ ਦੀ ਖੋਜ ਕੀਤੀ ਸੀ | ਪੈਨਿਸਿਲਿਨ ਦੀ ਖੋਜ ਕਰਨ ਲਈ ਉਨ੍ਹਾਂ ਨੂੰ ਸੰਨ 1945 ਵਿਚ ਸਾਂਝੇ ਰੂਪ ਨਾਲ ਚਿਕਿਤਸਾ ਦਾ ਨੋਬਲ ਪੁਰਸਕਾਰ ਮਿਲਿਆ | ਪਹਿਲੀ ਵਿਸ਼ਵ ਜੰਗ ਸਮੇਂ ਫਲੈਮਿੰਗ, ਬੈਕਟੀਰੀਓਲਾਜਿਸਟ-ਆਲਮਰੱਥ ਰਾਈਟ ਨਾਲ ਸਹਾਇਕ ਵਜੋਂ ਕੰਮ ਕਰ ਰਹੇ ਸਨ | ਉਨ੍ਹਾਂ ਨੇ ਇਹ ਨੋਟ ਕੀਤਾ ਕਿ ਐਾਟੀਸੈਪਟਿਕ ਜ਼ਖ਼ਮ ਦੇ ਬਾਹਰੀ ਹਿੱਸੇ ਲਈ ਤਾਂ ਕਾਰਗਰ ਹੁੰਦੇ ਹਨ ਪਰ ਸਰੀਰ ਦੇ ਅੰਦਰੂਨੀ ਭਾਗਾਂ ਲਈ ਹਾਨੀਕਾਰਕ ਹੁੰਦੇ ਹਨ, ਕਿਉਂਕਿ ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਖਤਮ ਕਰ ਦਿੰਦੇ ਹਨ | ਇਕ ਪ੍ਰਯੋਗ ਦੁਆਰਾ ਫਲੈਮਿੰਗ ਨੇ ਦਿਖਾਇਆ ਕਿ ਐਾਟੀਸੈਪਟਿਕ ਕਿਸ ਤਰ੍ਹਾਂ ਰੋਗ-ਪ੍ਰਤੀਰੋਧਕ ਸਮਰੱਥਾ ਨੂੰ ਖ਼ਤਮ ਕਰ ਦਿੰਦੇ ਹਨ | ਆਲਮਰੱਥ ਰਾਈਟ ਨੇ ਫਲੈਮਿੰਗ ਦੀ ਖੋਜ ਦੀ ਪੁਸ਼ਟੀ ਕੀਤੀ ਪਰ ਇਸ ਦੇ ਬਾਵਜੂਦ ਸੈਨਾ ਦੇ ਚਿਕਿਤਸਕਾਂ ਨੇ ਐਾਟੀਸੈਪਟਿਕ ਦੀ ਵਰਤੋਂ ਜਾਰੀ ਰੱਖੀ, ਜਿਸ ਨਾਲ ਜ਼ਖ਼ਮੀਆਂ ਦੀ ਦਸ਼ਾ ਵਿਗੜਦੀ ਚਲੀ ਗਈ | ਉਸ ਸਮੇਂ ਫਲੈਮਿੰਗ ਸਟੈਫਿਲੋਕੋਕੀ ਨਾਮੀ ਬੈਕਟੀਰੀਆ 'ਤੇ ਵੀ ਖੋਜ ਕਰ ਰਹੇ ਸਨ |
ਇਕ ਸਵੇਰ ਜਦੋਂ ਉਹ ਲੈਬ ਵਿਚ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਬੈਕਟੀਰੀਆ ਕਲਚਰ ਦੀ ਲਪੇਟ 'ਤੇ ਥੋੜ੍ਹੀ ਜਿਹੀ ਫਫੰੂਦ ਲੱਗ ਚੱੁਕੀ ਸੀ ਅਤੇ ਖਾਸ ਗੱਲ ਇਹ ਸੀ ਕਿ ਜਿੰਨੀ ਦੂਰ ਇਹ ਫਫੰੂਦ ਉੱਗੀ ਹੋਈ ਸੀ, ਓਨੀ ਦੂਰ ਬੈਕਟੀਰੀਆ ਦਾ ਕੋਈ ਨਾਮੋ-ਨਿਸ਼ਾਨ ਨਹੀਂ ਸੀ | ਉਨ੍ਹਾਂ ਨੇ ਇਸ ਫਫੰੂਦ 'ਤੇ ਇਕ ਹੋਰ ਖੋਜ ਕੀਤੀ ਅਤੇ ਦੇਖਿਆ ਕਿ ਇਹ ਬੈਕਟੀਰੀਆ ਨੂੰ ਮਾਰਨ ਵਿਚ ਪੂਰੀ ਤਰ੍ਹਾਂ ਕਾਰਗਰ ਸੀ | ਜਾਂਚ-ਪੜਤਾਲ ਦੌਰਾਨ ਉਨ੍ਹਾਂ ਪਾਇਆ ਕਿ ਇਹ ਫਫੰੂਦ ਪੈਨਿਸਿਲੀਅਮ ਨੌਟਾਡਮ ਹੈ | ਸ਼ੁਰੂਆਤ ਵਿਚ ਫਲੈਮਿੰਗ ਨੇ ਇਸ ਨੂੰ ਮੋਲਡ ਜੂਸ ਨਾਂਅ ਦਿੱਤਾ, ਜੋ ਬਾਅਦ ਵਿਚ ਪੈਨਿਸਿਲੀਅਮ ਵਿਚ ਤਬਦੀਲ ਹੋ ਗਿਆ | ਇਹੀ ਸੀ ਵਿਸ਼ਵ ਦੀ ਪਹਿਲੀ ਐਾਟੀਸੈਪਟਿਕ ਯਾਨੀ ਬੈਕਟੀਰੀਆ-ਕਿੱਲਰ | ਉਨ੍ਹਾਂ ਨੇ ਇਸ ਫਫੰੂਦ ਨੂੰ ਦੁਬਾਰਾ ਉਗਾਇਆ ਅਤੇ ਜੀਵਾਣੂਆਂ 'ਤੇ ਪ੍ਰਭਾਵ ਦੇਖਿਆ ਤਾਂ ਉਨ੍ਹਾਂ ਨੇ ਪਾਇਆ ਕਿ ਇਸ ਫਫੰੂਦ ਦੇ ਰਸ ਨਾਲ ਰੋਗ ਦੇ ਜੀਵਾਣੂ ਮਰ ਜਾਂਦੇ ਹਨ | ਦੋ ਹੋਰ ਵਿਗਿਆਨੀਆਂ ਨੇ ਸੰਨ 1938 ਵਿਚ ਇਸ ਨੂੰ ਪੱਕਾ ਕਰ ਦਿੱਤਾ | ਇਸ ਤੋਂ ਬਾਅਦ ਇਸ ਦਵਾਈ ਨੂੰ ਸੰਨ 1941 ਵਿਚ ਦੂਜੀ ਵਿਸ਼ਵ ਜੰਗ ਵਿਚ ਜ਼ਖ਼ਮੀ ਹੋਏ 6 ਰੋਗੀਆਂ 'ਤੇ ਪ੍ਰਯੋਗ ਕੀਤਾ ਗਿਆ, ਜਿਸ ਦੇ ਸਿੱਟੇ ਬਹੁਤ ਵਧੀਆ ਨਿਕਲੇ ਪਰ ਪੈਨਿਸਿਲਿਨ ਦੀ ਘਾਟ ਹੋ ਜਾਣ ਕਾਰਨ ਇਹ 6 ਰੋਗੀ ਮਰ ਗਏ |

-ਫਰੀਦਕੋਟ |

ਬਾਲ ਕਹਾਣੀ: ਅਹਿਸਾਸ

ਪਿਆਰੇ ਬੱਚਿਓ! ਸਾਨੂੰ ਸਭ ਨੂੰ ਆਪਣੇ ਜੀਵਨ ਵਿਚ ਹਮੇਸ਼ਾ ਚੰਗਿਆਈਆਂ ਨੂੰ ਵੱਧ ਤੋਂ ਵੱਧ ਅਪਣਾਉਣਾ ਚਾਹੀਦਾ ਤੇ ਬੁਰਾਈਆਂ ਨੂੰ ਹਮੇਸ਼ਾ ਆਪਣੇ ਤੋਂ ਦੂਰ ਰੱਖਣਾ ਚਾਹੀਦਾ | ਇਹ ਤਾਂ ਹੀ ਸੰਭਵ ਹੋ ਸਕਦਾ ਜੇ ਅਸੀਂ ਆਪਣੇ ਮਾਤਾ-ਪਿਤਾ ਤੇ ਵੱਡੇ ਬਜ਼ੁਰਗਾਂ ਦੀ ਸੰਗਤ ਕਰਾਂਗੇ, ਉਨ੍ਹਾਂ ਦਾ ਸਤਿਕਾਰ ਕਰਾਂਗੇ | ਜਿਸ ਨਾਲ ਸਾਨੂੰ ਉਨ੍ਹਾਂ ਕੋਲੋਂ ਬਹੁਤ ਕੁਝ ਸਿੱਖਣ ਲਈ ਮਿਲੇਗਾ, ਜਿਸ ਨਾਲ ਸਾਡੀ ਜ਼ਿੰਦਗੀ ਬਹੁਤ ਖੁਸ਼ਹਾਲ ਬਣੇਗੀ | ਇਸ ਲਈ ਜ਼ਰੂਰੀ ਹੈ ਕਿ ਅਸੀਂ ਆਪਣੇ ਮਾਪਿਆਂ ਨੂੰ ਆਪਣੇ ਨਾਲ ਰੱਖੀਏ, ਉਨ੍ਹਾਂ ਦੀ ਸੇਵਾ ਕਰੀਏ ਤੇ ਉਨ੍ਹਾਂ ਤੋਂ ਵਡਮੱੁਲੀਆਂ ਅਸੀਸਾਂ ਲੈ ਕੇ ਆਪਣਾ ਜੀਵਨ ਸੱੁਖਾਂ ਭਰਿਆ ਤੇ ਖੁਸ਼ਹਾਲ ਬਣਾਈਏ |
ਹੁਣ ਜਦ ਗੁਰਵਿੰਦਰ ਸਿੰਘ ਨੇ ਆਪਣੇ ਬਜ਼ੁਰਗ ਮਾਪਿਆਂ ਨੂੰ ਪਿੰਡ ਇਕੱਲਿਆਂ ਛੱਡ ਕੇ ਸ਼ਹਿਰ ਬਣਾਈ ਕੋਠੀ ਵਿਚ ਜਾਣ ਦਾ ਫੈਸਲਾ ਲਿਆ, ਜਿਥੇ ਉਹ ਦੋਵੇਂ ਜੀਅ ਨੌਕਰੀ ਕਰਦੇ ਸੀ ਤਾਂ ਉਨ੍ਹਾਂ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਦੇ ਮਾਸੂਮ ਦਿਲਾਂ 'ਤੇ ਸਮਝੋ ਜਿਵੇਂ ਪਹਾੜ ਡਿੱਗ ਪਿਆ ਹੋਵੇ | ਜੋ ਬੱਚੇ ਆਪਣੇ ਦਾਦੇ-ਦਾਦੀ ਦਾ ਪ੍ਰਛਾਵਾਂ ਬਣ ਕੇ ਜੀ ਰਹੇ ਹੋਣ, ਉਹ ਉਨ੍ਹਾਂ ਤੋਂ ਦੂਰ ਰਹਿ ਕੇ ਕਿਵੇਂ ਖੁਸ਼ ਰਹਿ ਸਕਦੇ ਸੀ | ਜੋ ਰੋਜ਼ ਰਾਤ ਨੂੰ ਉਨ੍ਹਾਂ ਕੋਲੋਂ ਰਾਜੇ-ਰਾਣੀਆਂ ਤੇ ਪਰੀਆਂ ਦੀਆਂ ਕਹਾਣੀਆਂ ਸੁਣਿਆ ਕਰਦੇ ਸੀ | ਹੁਣ ਦੋਵੇਂ ਭੈਣ-ਭਰਾ ਬਹੁਤ ਉਦਾਸ ਰਹਿਣ ਲੱਗੇ, ਕਿਉਂਕਿ ਹੁਣ ਉਨ੍ਹਾਂ ਦੇ ਮੰਮੀ-ਡੈਡੀ ਉਨ੍ਹਾਂ ਨੂੰ ਲੈ ਕੇ ਸ਼ਹਿਰ ਆ ਗਏ ਸਨ | ਪਿੰਡ ਦੇ ਖੱੁਲ੍ਹੇ ਵਾਤਾਵਰਨ 'ਚ ਪਲੇ ਬੱਚੇ ਹੁਣ ਸ਼ਹਿਰ ਵਿਚ ਇਕ ਸੀਮਤ ਜਿਹੇ ਮਕਾਨ 'ਚ ਕੈਦ ਹੋ ਕੇ ਰਹਿ ਗਏ ਸਨ | ਉਨ੍ਹਾਂ ਦਾ ਦਿਲ ਕਿਸੇ ਵੀ ਚੀਜ਼ ਵਿਚ ਨਾ ਲਗਦਾ, ਨਾ ਪੜ੍ਹਾਈ ਵਿਚ, ਨਾ ਖਾਣ-ਪੀਣ ਵਿਚ, ਨਾ ਖੇਡਣ ਵਿਚ | ਬਸ ਉਨ੍ਹਾਂ ਦਾ ਦਿਲ ਹਰ ਵੇਲੇ ਪਿੰਡ ਦਾਦੇ-ਦਾਦੀ ਕੋਲ ਉੱਡ ਕੇ ਜਾਣ ਲਈ ਉਤਾਵਲਾ ਰਹਿੰਦਾ | ਇਸੇ ਤਣਾਅ 'ਚ ਜੱਸਾ ਇਕ ਦਿਨ ਗੁੰਮ-ਸੁੰਮ ਹੋ ਗਿਆ | ਡਾਕਟਰ ਨੂੰ ਵੀ ਕੁਝ ਸਮਝ ਨਹੀਂ ਆ ਰਹੀ ਸੀ ਕਿ ਸਭ ਕੁਝ ਨਾਰਮਲ ਹੋਣ ਦੇ ਬਾਵਜੂਦ ਇਹ ਬੱਚਾ ਹੱਸਦਾ-ਖੇਡਦਾ ਕਿਉਂ ਨਹੀਂ? ਤਾਂ ਇਕ ਦਿਨ ਡਾਕਟਰ ਜੱਸੇ ਨੂੰ ਇਕੱਲਾ ਮਿਲਿਆ ਤਾਂ ਉਸ ਨੇ ਦਿਲ ਦੀ ਗੱਲ ਡਾਕਟਰ ਅੰਕਲ ਨੂੰ ਦੱਸੀ ਤਾਂ ਫਿਰ ਡਾਕਟਰ ਸਾਹਿਬ ਸਮਝ ਗਏ ਕਿ ਹੁਣ ਇਸ ਦੀ ਦਵਾਈ ਮੇਰੇ ਕੋਲ ਨਹੀਂ, ਬਲਕਿ ਇਨ੍ਹਾਂ ਦੇ ਪਿੰਡ ਹੈ, ਜੋ ਇਸ ਨੂੰ ਤੰਦਰੁਸਤ ਕਰ ਸਕਦੀ ਹੈ, ਉਹ ਹੈ ਪੋਤੇ ਲਈ ਦਾਦੇ-ਦਾਦੀ ਦਾ ਪਿਆਰ ਤੇ ਸਾਥ ਤੇ ਉਹ ਕਹਾਣੀਆਂ ਜੋ ਉਹ ਰੋਜ਼ ਸੁਣਦੇ ਸੀ ਤੇ ਛੱੁਟੀ ਵਾਲੇ ਦਿਨ ਉਨ੍ਹਾਂ ਨਾਲ ਖੂਹ 'ਤੇ ਜਾ ਕੇ ਖੇਤਾਂ ਵਿਚ ਘੁੰਮਦੇ, ਚੋਗਾ ਚੁਗਦੇ, ਚਿੱਟੇ-ਚਿੱਟੇ ਬਗਲੇ, ਟਟੀਰੀਆਂ ਤੇ ਹੋਰ ਪੰਛੀਆਂ ਨੂੰ ਦੇਖਦੇ ਤੇ ਉਨ੍ਹਾਂ ਦੇ ਮਗਰ ਭੱਜਦੇ ਸੀ |
ਹੁਣ ਡਾਕਟਰ ਸਾਹਿਬ ਨੇ ਉਸ ਦੇ ਮੰਮੀ-ਡੈਡੀ ਨੂੰ ਸਾਰੀ ਗੱਲਬਾਤ ਦੱਸਦਿਆਂ ਬੱਚਿਆਂ ਨੂੰ ਪਿੰਡ ਲੈ ਕੇ ਜਾਣ ਦਾ ਮਸ਼ਵਰਾ ਦਿੱਤਾ, ਜਿਸ ਨੂੰ ਉਨ੍ਹਾਂ ਸਵੀਕਾਰ ਕਰਦਿਆਂ ਪਿੰਡ ਜਾਣ ਦਾ ਪ੍ਰੋਗਰਾਮ ਬਣਾ ਲਿਆ | ਇਹ ਸੁਣਦਿਆਂ ਸਾਰ ਹੀ ਦੋਵਾਂ ਬੱਚਿਆਂ ਦੀਆਂ ਅੱਖਾਂ ਵਿਚ ਚਮਕ ਆ ਗਈ | ਉਨ੍ਹਾਂ ਦੇ ਚਿਹਰੇ ਫੱੁਲਾਂ ਵਾਂਗ ਖਿੜ ਗਏ | ਛੱੁਟੀ ਵਾਲੇ ਦਿਨ ਗੁਰਵਿੰਦਰ ਸਿੰਘ ਪਰਿਵਾਰ ਸਮੇਤ ਪਿੰਡ ਆ ਗਿਆ | ਦੋਵੇਂ ਬੱਚੇ ਆਪਣੇ ਦਾਦੇ-ਦਾਦੀ ਨਾਲ ਇੰਜ ਜਾ ਚਿੰਬੜੇ ਜਿਵੇਂ ਕੋਈ ਕੈਦੀ ਸਜ਼ਾ ਕੱਟ ਕੇ ਵਰਿ੍ਹਆਂ ਬਾਅਦ ਪਰਿਵਾਰ 'ਚ ਆਇਆ ਹੋਵੇ | ਸ: ਫੁੰਮਣ ਸਿੰਘ ਨੇ ਦੋਵਾਂ ਨੰਨ੍ਹੇ-ਮੁੰਨ੍ਹੇ ਬੱਚਿਆਂ ਨੂੰ ਘੱੁਟ ਕੇ ਛਾਤੀ ਨਾਲ ਲਾ ਲਿਆ ਤਾਂ ਜੱਸਾ ਬੋਲਿਆ, 'ਡੈਡੀ ਜੀ, ਮੈਂ ਹੁਣ ਤੁਹਾਡੇ ਨਾਲ ਸ਼ਹਿਰ ਨਹੀਂ ਜਾਣਾ, ਮੈਂ ਵੱਡੇ ਮੰਮੀ-ਡੈਡੀ ਕੋਲ ਹੀ ਰਹਿਣਾ |'
'ਪਰ ਬੇਟੇ, ਅਸੀਂ ਤੇਰੇ ਬਿਨਾਂ ਇਕੱਲੇ ਸ਼ਹਿਰ ਕੀ ਕਰਾਂਗੇ? ਸਾਡੀ ਦੁਨੀਆ ਤਾਂ ਤੇਰੇ ਨਾਲ ਆ, ਅਸੀਂ ਤੇਰੇ ਬਿਨਾਂ ਨਹੀਂ ਰਹਿ ਸਕਦੇ', ਆਖਦਿਆਂ ਗੁਰਵਿੰਦਰ ਜ਼ਰਾ ਭਾਵੁਕ ਜਿਹਾ ਹੋ ਗਿਆ ਤਾਂ ਉਸ ਦੀ ਬੇਟੀ ਸੋਨੀਆ ਬੋਲੀ, 'ਡੈਡੀ ਜੀ, ਹੁਣ ਤੁਸੀਂ ਆਪ ਹੀ ਦੱਸੋ ਵੱਡੇ ਮੰਮੀ-ਡੈਡੀ ਤੁਹਾਡੇ ਬਿਨਾਂ ਕਿਵੇਂ ਰਹਿਣਗੇ? ਤੁਸੀਂ ਵੀ ਤਾਂ ਉਨ੍ਹਾਂ ਦੇ ਇਕਲੌਤੇ ਬੇਟੇ ਹੋ, ਜੋ ਉਨ੍ਹਾਂ ਨੂੰ 'ਕੱਲਿਆਂ ਛੱਡ ਕੇ ਸ਼ਹਿਰ ਤੁਰ ਗਏ ਹੋ |' ਆਪਣੀ ਧੀ ਦੇ ਬੋਲੇ ਸ਼ਬਦ ਸੁਣ ਕੇ ਗੁਰਵਿੰਦਰ ਤੇ ਉਸ ਦੀ ਪਤਨੀ ਨਿਰਉੱਤਰ ਹੋ ਗਏ, ਕਿਉਂਕਿ ਅੱਜ ਉਨ੍ਹਾਂ ਦੀ ਧੀ ਨੇ ਆਪਣਿਆਂ ਤੋਂ ਵੱਖ ਹੋ ਕੇ ਹੋਣ ਵਾਲੇ ਦਰਦ ਦਾ ਅਹਿਸਾਸ ਕਰਵਾ ਕੇ ਉਨ੍ਹਾਂ ਦੀਆਂ ਅੱਖਾਂ ਖੋਲ੍ਹ ਦਿੱਤੀਆਂ ਸਨ | ਹੁਣ ਗੁਰਵਿੰਦਰ ਸਿੰਘ ਆਪਣੇ ਬਾਪ ਦੇ ਗਲ ਲੱਗ ਗਿਆ, ਜਿਸ ਨੂੰ ਦੇਖ ਕੇ ਬਾਪੂ ਫੁੰਮਣ ਸਿੰਘ ਤੇ ਬੇਬੇ ਸਵਰਨ ਕੌਰ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਉਹ ਖੁਸ਼ੀ ਵਿਚ ਬੋਲਿਆ, 'ਸ਼ਾਬਾਸ਼! ਮੇਰੇ ਪੱੁਤਰ ਦੇ ਬੱਚਿਓ, ਜੋ ਕੰਮ ਅੱਜ ਤੁਸਾਂ ਕਰ ਵਿਖਾਇਆ, ਉਹ ਕੋਈ ਟਾਵਾਂ-ਟਾਵਾਂ ਹੀ ਕਰ ਸਕਦਾ, ਜਿਨ੍ਹਾਂ ਨੇ ਮੇਰਾ ਸਭ ਤੋਂ ਕੀਮਤੀ ਖਜ਼ਾਨਾ, ਜੋ ਲੱੁਟਿਆ ਗਿਆ ਸੀ, ਮੈਨੂੰ ਵਾਪਸ ਦਿਵਾਇਆ |' ਤੇ ਫੁੰਮਣ ਸਿੰਘ ਨੇ ਆਪਣੇ ਬੱਚਿਆਂ ਨੂੰ ਬੱੁਕਲ 'ਚ ਲੁਕੋ ਲਿਆ | ਤਾਂ ਉਨ੍ਹਾਂ ਪ੍ਰਣ ਕੀਤਾ ਕਿ ਹੁਣ ਅਸੀਂ ਕਦੇ ਵੀ ਪਿੰਡ ਛੱਡ ਕੇ ਨਹੀਂ ਜਾਵਾਂਗੇ, ਤੁਹਾਡੇ ਨਾਲ ਰਹਾਂਗੇ ਤੇ ਸ਼ਹਿਰ ਵਾਲੀ ਕੋਠੀ ਕਿਰਾਏ 'ਤੇ ਚਾੜ੍ਹ ਦੇਵਾਂਗੇ | ਇਹ ਸੁਣ ਕੇ ਜੱਸਾ ਤੇ ਸੋਨੀਆ ਆਪਣੇ ਮੰਮੀ-ਡੈਡੀ ਨੂੰ ਜਾ ਚਿੰਬੜੇ ਤੇ ਬੋਲੇ, 'ਥੈਂਕ ਯੂ ਮੰਮੀ-ਪਾਪਾ, ਤੁਸੀਂ ਗਰੇਟ ਹੋ |'

-ਪਿੰਡ ਗਿੱਲਾਂ, ਡਾਕ: ਚਮਿਆਰਾ (ਜਲੰਧਰ) | ਮੋਬਾ: 97790-43348

ਹਿਮਾਲਿਆ ਪਰਬਤ ਦੇ ਸੱਤ ਸਰੋਵਰਾਂ ਦੀ ਧਰਤੀ ਸਹਸਰ ਤਾਲ

ਹਿਮਾਲਿਆ ਪਰਬਤ ਹਮੇਸ਼ਾ ਹੀ ਸਾਡੇ ਲਈ ਖਿੱਚ ਦਾ ਕੇਂਦਰ ਰਿਹਾ ਹੈ | ਇਸ ਪਰਬਤ ਦੀਆਂ ਖੂਬਸੂਰਤ ਝੀਲਾਂ, ਨਦੀਆਂ ਤੇ ਬਰਫਾਨੀ ਚੋਟੀਆਂ ਦਾ ਨਜ਼ਾਰਾ ਦਿਲਕਸ਼ ਅੰਦਾਜ਼ ਰੱਖਦਾ ਹੈ | ਇਸ ਵਾਰ ਅਸੀਂ ਤੁਹਾਨੂੰ ਹਿਮਾਲਿਆ ਪਰਬਤ ਦੀਆਂ ਬਰਫਾਨੀ ਚੋਟੀਆਂ ਦੀ ਛਾਂ ਹੇਠ ਵਗਦੇ ਸੱਤ ਸਰੋਵਰਾਂ ਦੀ ਯਾਤਰਾ ਕਰਵਾ ਰਹੇ ਹਾਂ, ਜਿਸ ਨੂੰ 'ਸਹਸਰ ਤਾਲ' ਜਾਂ 'ਸਹਸਤਰ ਤਾਲ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਉਂਜ ਇਨ੍ਹਾਂ ਦੇ ਵੱਖਰੇ-ਵੱਖਰੇ ਨਾਂਅ ਵੀ ਹਨ, ਜਿਵੇਂ ਕਿ ਲਮਤਾਲ, ਕੋਕਲ ਤਾਲ, ਢੁੰਡੀ ਤਾਲ, ਪਰੀ ਤਾਲ, ਦਰਸ਼ਨ ਤਾਲ ਤੇ ਗੋਮੁਖ ਤਾਲ ਆਦਿ | ਸੱਤ ਸਰੋਵਰਾਂ ਦੀ ਇਹ ਧਰਤੀ ਜੋ ਸਵਰਗ ਵਰਗਾ ਨਜ਼ਾਰਾ ਪੇਸ਼ ਕਰਦੀ ਹੈ, ਦੀ ਉਚਾਈ ਸਮੁੰਦਰੀ ਤਲ ਤੋਂ 14000 ਫੱੁਟ ਤੋਂ ਲੈ ਕੇ 15090 ਫੱੁਟ ਤੱਕ ਹੈ | 'ਸਹਸਰ ਤਾਲ' ਦੀ ਚੜ੍ਹਾਈ ਦਾ ਸਫਰ ਤਕਰੀਬਨ 5-6 ਦਿਨ ਦਾ ਹੈ | ਇਸ ਸਫਰ ਲਈ ਸਾਨੂੰ ਰਿਸ਼ੀਕੇਸ਼ ਤੋਂ ਉਤਰ ਕਾਸ਼ੀ ਤੱਕ ਬੱਸ ਦਾ ਸਫਰ ਗੰਗਾ ਨਦੀ ਦੇ ਨਾਲ-ਨਾਲ ਕਰਨਾ ਪੈਂਦਾ ਹੈ, ਫਿਰ ਉਤਰਾ ਕਾਸ਼ੀ ਤੋਂ ਮੱਲਾ ਪਿੰਡ ਬੱਸ ਜਾਂਦੀ ਹੈ | ਇਸ ਤੋਂ ਅੱਗੇ ਪੈਦਲ ਯਾਤਰਾ ਸ਼ੁਰੂ ਹੋ ਜਾਂਦੀ ਹੈ | ਮੱਲਾ ਪਿੰਡ ਤੋਂ ਗੰਗਾ ਨਦੀ ਨੂੰ ਪਾਰ ਕਰਕੇ 'ਸ਼ਿਲਾ' ਨਾਂਅ ਦਾ ਪਿੰਡ ਆਉਂਦਾ ਹੈ ਅਤੇ ਇਸ ਤੋਂ ਅੱਗੇ ਜੰਗਲ ਦਾ ਖੂਬਸੂਰਤ ਪਰਬਤ ਪਾਰ ਕਰਨ ਉਪਰੰਤ 'ਛੰਨੀ ਪਿੰਡ' ਦੇ ਦਰਸ਼ਨ ਹੁੰਦੇ ਹਨ | ਇਸ ਤੋਂ ਅੱਗੇ ਸ਼ਾਂਤ ਅਤੇ ਅਜੀਬ ਜਿਹੇ ਕੁਦਰਤੀ ਰਹੱਸ ਨਾਲ ਭਰੇ 'ਬਾਹਰੀ' ਨਾਂਅ ਦਾ ਸਥਾਨ ਆਉਂਦਾ ਹੈ ਜੋ 11,500 ਫੱੁਟ ਦੀ ਉਚਾਈ 'ਤੇ ਹੈ | ਇਸ ਦਿਲਚਸਪ ਯਾਤਰਾ ਦਾ ਅਗਲਾ ਪੜਾਅ 'ਕਿਆਰਕੀ' ਖਾਲ ਹੈ ਜੋ ਤਕਰੀਬਨ 13,400 ਫੱੁਟ ਦੀ ਉਚਾਈ 'ਤੇ ਹੈ | ਫਿਰ 6 ਘੰਟੇ ਦੀ ਯਾਤਰਾ ਕਰਨ ਉਪਰੰਤ 4330 ਮੀਟਰ ਦੀ ਉਚਾਈ 'ਤੇ ਸਥਿਤ 'ਲੰਬ ਤਾਲ' ਪਹੁੰਚਿਆ ਜਾ ਸਕਦਾ ਹੈ | ਇਸ ਤੋਂ ਬਾਅਦ 4 ਘੰਟੇ ਹੋਰ ਪੈਦਲ ਯਾਤਰਾ ਕਰਨ ਤੋਂ ਬਾਅਦ ਹੀ ਸੱਤ ਸਰੋਵਰਾਂ ਦੀ ਰਮਣੀਕ ਧਰਤੀ 'ਸਹਸਰ ਤਾਲ' ਦੇ ਦਰਸ਼ਨ ਹੁੰਦੇ ਹਨ | ਤਿੰਨ ਪਾਸਿਓਾ ਹਿਮਾਲਿਆ ਦੀਆਂ ਬਰਫਾਨੀ ਚੋਟੀਆਂ ਨਾਲ ਘਿਰਿਆ 'ਸਹਸਰ ਤਾਲ' ਗੋਲ ਆਕਾਰ ਦਾ ਹੈ, ਜਿਥੇ ਅਨੇਕਾਂ ਹੀ ਮੰਤਰ ਮੁਗਧ ਕਰਨ ਵਾਲੇ ਝਰਨੇ ਵਗਦੇ ਹਨ | ਸੋਨ ਰੰਗੀ ਘਾਹ ਦੇ ਮੈਦਾਨ ਤੇ ਹਿਮਾਲਿਆ ਦੀਆਂ ਖੂਬਸੂਰਤ ਬਰਫ਼ਾਨੀ ਚੋਟੀਆਂ ਦਾ ਕਲ-ਕਲ ਕਰਦਾ ਪਾਣੀ ਦੇਖ ਕੇ ਮਨੱੁਖ ਦੀ ਰੂਹ ਨਸ਼ਿਆ ਜਾਂਦੀ ਹੈ | ਬੱਚਿਓ, ਸਾਨੂੰ ਵੱਡੇ ਹੋ ਕੇ ਇਸ ਸਥਾਨ ਦੀ ਯਾਤਰਾ ਕਰਨੀ ਚਾਹੀਦੀ ਹੈ |

-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ) |
ਮੋਬਾ: 94653-69343

ਵਾਯੂਮੰਡਲ

ਧਰਤੀ ਦੁਆਲੇ ਹਵਾ ਦਾ ਘੇਰਾ, ਵਾਯੂਮੰਡਲ ਕਹਾਏ |
ਇਹ ਜੀਵਾਂ ਦਾ ਵਾਧਾ ਕਰਦਾ, ਸਾਹ ਜੀਵਾਂ ਵਿਚ ਪਾਏ |
ਇਸ ਦੀਆਂ ਪਰਤਾਂ ਖੋਲ੍ਹਣ ਲੱਗਿਆਂ, ਮਿਲਦਾ ਬੜਾ ਗਿਆਨ,
ਬੱਚਿਓ! ਲੈਅ ਵਿਚ ਦੱਸਣ ਲੱਗੀ, ਸੁਣਿਓ ਲਾ ਕੇ ਧਿਆਨ |
ਅਸ਼ਾਂਤੀ ਮੰਡਲ ਪਰਤ ਹੇਠਲੀ, ਲਿਆਵੇ ਮੀਂਹ, ਹਨੇਰੀ, ਤੂਫਾਨ,
ਹਵਾ ਦੀ ਮਾਤਰਾ ਮਿਲਦੀ ਜ਼ਿਆਦਾ,
ਘਟਦਾ-ਵਧਦਾ ਤਾਪਮਾਨ |
ਦੂਜੀ ਪਰਤ ਸਮਤਾਪ ਮੰਡਲ, ਤਾਪਮਾਨ ਰਹੇ ਸਮਾਨ,
ਬੱਦਲਾਂ ਦੀ ਅਣਹੋਂਦ ਕਰਕੇ, ਹੁੰਦੀ ਜਹਾਜ਼ਾਂ ਦੀ ਉਡਾਨ |
ਇਸ ਵਿਚਲੀ ਓਜ਼ੋਨ ਪਰਤ, ਸੁਰੱਖਿਆ ਕਵਚ ਬਣਾਏ,
ਸੂਰਜ ਦੀਆਂ ਪੈਰਾਵੈਂਗਣੀ ਕਿਰਨਾਂ ਤੋਂ,
ਸਾਡਾ ਜੀਵਨ ਬਚਾਏ |
ਅਗਲੀ ਮੱਧਵਰਤੀ ਮੰਡਲ, ਉਲਕਾ ਪਿੰਡ ਸਮਾਏ,
ਜਿਉਂ-ਜਿਉਂ ਉੱਪਰ ਵੱਲ ਨੂੰ ਜਾਈਏ, ਤਾਪਮਾਨ ਵਧਦਾ ਜਾਏ |
ਤਾਪਮਾਨ ਦੇ ਕਹਿਣੇ ਕੀ ਨੇ, ਗਰਮੀ ਖੂਬ ਦਿਖਾਏ,
ਇਸ ਵਿਚਲੇ ਬਿਜਲੀ ਅਣੂ,
ਐਕਟਿਵ ਤਰੰਗਾਂ ਵਾਪਸ ਪਹੁੰਚਾਏ |
ਬਾਹਰੀ ਮੰਡਲ ਪਤਾ ਨਾ ਕੋਈ, ਕੁਦਰਤ ਭੇਦ ਲੁਕਾਏ,
ਕਿੰਨੀਆਂ ਗਲੈਕਸੀਆਂ, ਕਿੰਨੇ ਤਾਰੇ, ਸਮਝ ਵਿਚ ਨਾ ਆਏ |
ਇਹ ਹੈ ਤਾਂ ਸਾਡੀ ਹੋਂਦ ਹੈ, ਬੱਚਿਓ ਪਾ ਲਓ ਗਿਆਨ,
ਵਾਯੂਮੰਡਲ ਹੈ ਬੜਾ ਜ਼ਰੂਰੀ, ਰੱਖਿਓ ਇਸ ਦਾ ਧਿਆਨ |

-ਜਸਵੀਰ ਕੌਰ,
ਸ: ਸ: ਅਧਿਆਪਕਾ, ਮਾਨਸਾ |
ਮੋਬਾ: 95015-00309

ਚੁਟਕਲੇ

• ਦੋ ਅਮਲੀ ਛੱਤ 'ਤੇ ਸੱੁਤੇ ਪਏ ਸੀ, ਅਚਾਨਕ ਮੀਂਹ ਆ ਗਿਆ |
ਪਹਿਲਾ-ਮੈਨੂੰ ਇੰਜ ਲਗਦਾ ਏ, ਜਿਵੇਂ ਆਕਾਸ਼ ਵਿਚ ਛੇਕ ਹੋ ਗਿਆ ਏ | ਚੱਲ ਅੰਦਰ ਚੱਲੀਏ?
ਦੂਜਾ (ਬਿਜਲੀ ਕੜਕੀ ਦੇਖ ਕੇ)-ਓ ਰੁਕ ਜਾ, ਲਗਦਾ ਹੈ ਵੈਲਡਿੰਗ ਵਾਲੇ ਵੀ ਆ ਗਏ |
• ਨਾਲ ਦੇ ਘਰ ਬਜ਼ੁਰਗ ਮਰ ਗਿਆ ਤਾਂ ਸੋਨੂੰ ਨੇ ਗੁਆਂਢੀ ਨੂੰ ਪੱੁਛਿਆ, 'ਬਾਡੀ ਆ ਗਈ?'
ਧੰਨਾ-ਨਹੀਂ, (ਐਾਬੂਲੈਂਸ ਦੇਖ ਕੇ) ਲਗਦਾ ਹੈ ਉਹ ਆ ਰਹੀ ਏ |
ਸੋਨੂੰ-ਲਓ, ਹੁਣੇ ਯਾਦ ਕੀਤਾ ਸੀ, ਬਾਡੀ ਆ ਗਈ, ਕਿੰਨੀ ਲੰਬੀ ਉਮਰ ਏ ਇਸ ਦੀ |
• ਅਧਿਆਪਕ (ਬੱਚਿਆਂ ਨੂੰ )-ਅਸਮਾਨੀ ਬਿਜਲੀ ਅਤੇ ਧਰਤੀ ਦੀ ਬਿਜਲੀ ਵਿਚ ਕੀ ਫਰਕ ਹੈ?
ਬਿੱਲੂ-ਅਸਮਾਨੀ ਬਿਜਲੀ ਦਾ ਬਿੱਲ ਨਹੀਂ ਆਉਂਦਾ ਤੇ ਧਰਤੀ ਦੀ ਬਿਜਲੀ ਦਾ ਬਹੁਤ ਬਿੱਲ ਆਉਂਦਾ ਹੈ |
• ਖੇਤੀਬਾੜੀ ਅਧਿਆਪਕ-ਬੱਚਿਓ, ਸੇਬ ਤੋੜਨ ਦਾ ਸਮਾਂ ਕਿਹੜਾ ਹੈ?
ਸਨੀ-ਜਦੋਂ ਮਾਲੀ ਬਾਗ ਵਿਚ ਨਾ ਹੋਵੇ |
• ਅਧਿਆਪਕ-ਜੇ ਕੱਲ੍ਹ ਨੂੰ ਹੋਮਵਰਕ ਨਾ ਕੀਤਾ ਤਾਂ ਮੁਰਗਾ ਬਣਾਵਾਂਗਾ, ਪੱੁਤ ਮੁਰਗਾ |
ਰਾਣਾ-ਸਰ, ਮੁਰਗਾ ਤਾਂ ਮੈਂ ਨ੍ਹੀਂ ਖਾਂਦਾ, ਮੈਨੂੰ ਸ਼ਾਹੀ ਪਨੀਰ ਬਹੁਤ ਪਸੰਦ ਹੈ |

-ਅਮਨਦੀਪ ਮਾਨ ਭੰੂਦੜੀ,
ਲੇਕ ਕੰਟਰੀ ਕੈਲੋਨਾ, ਬਿ੍ਟਿਸ਼ ਕੋਲੰਬੀਆ, ਕੈਨੇਡਾ |
bhundri0002@gmail.com

ਬਾਲ ਨਾਵਲ-84: ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਵਾਹ ਬਈ ਵਾਹ, ਮੁਬਾਰਕਾਂ ਹੋਣ ਮਾਤਾ ਜੀ |'
'ਅਸਲ ਮੁਬਾਰਕਾਂ ਤਾਂ ਤੈਨੂੰ ਹਨ, ਐਹ ਲੈ ਗੱਲ ਕਰ ਉਸ ਨਾਲ', ਮਾਤਾ ਜੀ ਨੇ ਹਰੀਸ਼ ਨੂੰ ਫੋਨ ਫੜਾਉਂਦਿਆਂ ਕਿਹਾ |
'ਪੈਰੀਂ ਪੈਂਦਾਂ, ਵੀਰ ਜੀ |'
'ਜਿਊਾਦਾ ਰਹੋ, ਹੋਰ ਵੱਡੇ-ਵੱਡੇ ਡਾਕਟਰ ਬਣੋ | ਸਾਡੇ ਦੋਵਾਂ ਵਲੋਂ ਬਹੁਤ-ਬਹੁਤ ਮੁਬਾਰਕਾਂ ਹੋਣ |'
ਇਸ ਤੋਂ ਬਾਅਦ ਉਹ ਦੋਵੇਂ ਕਿੰਨਾ ਚਿਰ ਫੋਨ 'ਤੇ ਗੱਲਾਂ ਕਰਦੇ ਰਹੇ | ਸਿਧਾਰਥ ਉਸ ਕੋਲੋਂ ਕਈ ਕੁਝ ਪੱੁਛਦਾ ਰਿਹਾ ਅਤੇ ਹਰੀਸ਼ ਜਵਾਬ ਦਿੰਦਾ ਗਿਆ |
'ਚੰਗਾ ਫੇਰ ਹਰੀਸ਼, ਹੁਣ ਤਿਆਰ ਹੋ ਕੇ ਮੈਂ ਸਕੂਲ ਜਾਣੈ | ਸ਼ਾਮੀਂ ਅਸੀਂ ਦੋਵੇਂ ਆਵਾਂਗੇ |'
'ਚੰਗਾ ਵੀਰ ਜੀ, ਬਾਏ |'
ਸ਼ਾਮ ਨੂੰ ਸਿਧਾਰਥ ਅਤੇ ਮੇਘਾ ਦੋਵੇਂ ਆ ਗਏ | ਉਨ੍ਹਾਂ ਨੇ ਹੱਥ ਵਿਚ ਲੱਡੂਆਂ ਦਾ ਡੱਬਾ ਫੜਿਆ ਹੋਇਆ ਸੀ | ਹਰੀਸ਼ ਉਨ੍ਹਾਂ ਨੂੰ ਦੇਖ ਕੇ ਇਕਦਮ ਬਾਹਰ ਵੱਲ ਗਿਆ | ਸਿਧਾਰਥ ਨੇ ਉਸ ਨੂੰ ਜੱਫੀ ਵਿਚ ਲੈ ਲਿਆ | ਉਸ ਤੋਂ ਬਾਅਦ ਮੇਘਾ ਨੂੰ ਉਹ ਘੱੁਟ ਕੇ ਮਿਲਿਆ | ਸਿਧਾਰਥ ਨੇ ਫਟਾਫਟ ਡੱਬਾ ਖੋਲ੍ਹ ਕੇ, ਹਰੀਸ਼ ਦੇ ਨਾ-ਨਾ ਕਰਦੇ ਉਸ ਦੇ ਮੰੂਹ ਵਿਚ ਪੂਰਾ ਲੱਡੂ ਪਾ ਦਿੱਤਾ |
ਅੰਦਰ ਆ ਕੇ ਦੋਵਾਂ ਨੇ ਮਾਤਾ ਜੀ ਨੂੰ ਮੁਬਾਰਕ ਦਿੰਦਿਆਂ ਮੱਥਾ ਟੇਕਿਆ ਅਤੇ ਲੱਡੂਆਂ ਵਾਲਾ ਡੱਬਾ ਮਾਤਾ ਜੀ ਦੀ ਝੋਲੀ ਵਿਚ ਰੱਖ ਦਿੱਤਾ | ਮਾਤਾ ਜੀ ਨੇ ਦੋਵਾਂ ਨੂੰ ਅਸ਼ੀਰਵਾਦ ਦਿੱਤਾ | ਫਿਰ ਉਨ੍ਹਾਂ ਨੇ ਆਸ਼ਾ ਨੂੰ ਚਾਹ ਬਣਾਉਣ ਅਤੇ ਇਕ ਖਾਲੀ ਪਲੇਟ ਲਿਆਉਣ ਲਈ ਕਿਹਾ |
ਸਾਰਿਆਂ ਨੇ ਪਹਿਲਾਂ ਲੱਡੂਆਂ ਨਾਲ ਮੰੂਹ ਮਿੱਠਾ ਕੀਤਾ ਅਤੇ ਫਿਰ ਗਰਮ-ਗਰਮ ਚਾਹ ਪੀਣੀ ਸ਼ੁਰੂ ਕੀਤੀ | ਚਾਹ ਪੀਂਦਿਆਂ ਹੀ ਸਿਧਾਰਥ ਨੇ ਦਿੱਲੀ ਬਾਰੇ ਅਤੇ ਦਿੱਲੀ ਦੇ ਉਸ ਹਸਪਤਾਲ ਬਾਰੇ ਹਰੀਸ਼ ਨੂੰ ਬਹੁਤ ਸਾਰੀਆਂ ਗੱਲਾਂ ਪੱੁਛੀਆਂ | ਹਰੀਸ਼ ਹਰ ਗੱਲ ਦਾ ਜਵਾਬ, ਜਿੰਨਾ ਕੁ ਉਸ ਨੂੰ ਪਤਾ ਸੀ, ਦਿੰਦਾ ਗਿਆ | ਹਰੀਸ਼ ਨੇ ਉਸ ਹਸਪਤਾਲ ਦੇ ਮੈਡੀਸਨ ਵਿਭਾਗ ਦੇ ਹੈੱਡ ਡਾਕਟਰ ਦੀ ਵੀ ਤਾਰੀਫ ਕੀਤੀ |
ਸਿਧਾਰਥ ਨੂੰ ਹਰੀਸ਼ ਦੀਆਂ ਗੱਲਾਂ ਸੁਣ ਕੇ ਤਸੱਲੀ ਹੋ ਗਈ | ਹੁਣ ਉਹ ਹਰੀਸ਼ ਨੂੰ ਦਿੱਲੀ ਕਦੋਂ ਜਾਣਾ ਹੈ? ਬਾਰੇ ਪੱੁਛਣ ਲੱਗਾ |
'ਜਿਸ ਦਿਨ ਹਸਪਤਾਲੋਂ ਵੱਡੇ ਡਾਕਟਰ ਸਾਹਿਬ ਦਾ ਫੋਨ ਆ ਗਿਆ, ਉਸ ਤੋਂ ਇਕ-ਦੋ ਦਿਨਾਂ ਦੇ ਵਿਚ ਹੀ ਜਾਣਾ ਪਵੇਗਾ |'
'ਬੇਟਾ, ਤੈਨੂੰ ਨਾਲ ਖੜਨ ਲਈ ਕਿਹੜਾ-ਕਿਹੜਾ ਸਾਮਾਨ ਚਾਹੀਦੈ? ਉਹ ਮੈਨੂੰ ਲਿਸਟ ਦੇ ਦੇ ਤਾਂ ਜੋ ਅਸੀਂ ਇਕ-ਦੋ ਦਿਨਾਂ ਵਿਚ ਹੀ ਸਾਰਾ ਸਾਮਾਨ ਲੈ ਆਈਏ', ਮੇਘਾ ਬੜੇ ਮੋਹ ਨਾਲ ਹਰੀਸ਼ ਨੂੰ ਕਹਿਣ ਲੱਗੀ |
'ਵੱਡੇ ਡਾਕਟਰ ਸਾਹਿਬ ਨੇ ਕਿਹਾ ਹੈ ਕਿ ਜ਼ਿਆਦਾ ਸਾਮਾਨ ਦੀ ਲੋੜ ਨਹੀਂ | ਇਥੇ ਡਾਕਟਰਾਂ ਦੇ ਹੋਸਟਲ ਵਿਚ ਹਰ ਚੀਜ਼ ਮਿਲਦੀ ਹੈ | ਬਸ, ਕਿਤਾਬਾਂ ਅਤੇ ਕੱਪੜੇ ਵਗੈਰਾ ਦਾ ਹੀ ਇਕ ਬੈਗ ਪੈਕ ਕਰਨੈ |'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-404, ਗ੍ਰੀਨ ਐਵੇਨਿਊ, ਅੰਮਿ੍ਤਸਰ-143001. ਮੋਬਾ: 98889-24664

ਬੁਝਾਰਤ-21

ਸੈਂਕੜੇ ਮੀਲਾਂ ਬਰ ਤੋਂ ਚੱਲ ਕੇ ਆਵਾਂ
ਸਾਰੀ ਦੁਨੀਆ ਮੈਂ ਚਲਾਵਾਂ |
ਮੇਰੇ ਬਿਨ ਨਾ ਹੋਵੇ ਗੁਜ਼ਾਰਾ
ਕੰਮ ਕਰਾਂ ਭਾਰੇ ਤੋਂ ਭਾਰਾ |
ਹਰ ਘਰ ਦੇ ਵਿਚ ਮੈਂ ਵਸਾਂ,
ਪਰ ਕਿਸੇ ਨੂੰ ਮੂਲ ਨਾ ਦਿਸਾਂ |
ਨਾ ਮੈਂ ਭੂਤ ਨਾ ਮੈਂ ਪ੍ਰੇਤ,
ਪਰ ਮੇਰੇ ਤੋਂ ਰਹੋ ਸੁਚੇਤ |
ਕਦੇ-ਕਦੇ ਕਰਾਂ ਨੁਕਸਾਨ,
ਫਿਰ ਵੀ ਚਾਹਵੇ ਹਰ ਇਨਸਾਨ |
ਭਲੂਰੀਏ ਦੀ ਹੁਣ ਬੱੁਝੋ ਬਾਤ,
ਉੱਤੋਂ ਪੈਂਦੀ ਜਾਂਦੀ ਰਾਤ |
—f—
ਮੈਨੂੰ ਪਤੈ ਝੱਟ ਬੋਲੀ ਬਬਲੀ,
ਕਹਿੰਦੀ ਅੰਕਲ ਇਹ ਹੈ 'ਬਿਜਲੀ |

-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ) | ਮੋਬਾ: 99159-95505

ਬਾਲ ਸਾਹਿਤ

ਬਾਲ ਮੁਲਾਕਾਤਾਂ : 'ਨੰਨ੍ਹੇ ਸੂਰਜਾਂ ਦੇ ਰੂਬਰੂ'
ਸੰਪਰਕ : 99153-24542

ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਕਲਾ ਦੇ ਖੇਤਰਾਂ ਵਿਚ ਬਾਲ ਪ੍ਰਤਿਭਾ ਦੀ ਕੋਈ ਘਾਟ ਨਹੀਂ ਹੈ | ਜਸਪ੍ਰੀਤ ਸਿੰਘ ਜਗਰਾਓਾ ਵਲੋਂ ਪ੍ਰਤਿਭਾਸ਼ੀਲ ਬਾਲ ਲੇਖਕਾਂ ਅਤੇ ਚਿੱਤਰਕਾਰਾਂ ਨਾਲ ਮੁਲਾਕਾਤਾਂ ਕੀਤੀਆਂ ਗਈਆਂ ਹਨ, ਜਿਨ੍ਹਾਂ ਨੂੰ ਵਿਦਿਆਰਥੀ ਲੇਖਕ ਕੁਲਵਿੰਦਰ ਕੰਗ ਨੇ 'ਨੰਨ੍ਹੇ ਸੂਰਜਾਂ ਦੇ ਰੂਬਰੂ' ਨਾਮੀ ਪੁਸਤਕ ਵਿਚ ਸੰਪਾਦਿਤ ਕੀਤਾ ਗਿਆ ਹੈ | 'ਤਾਰੇ ਭਲਕ ਦੇ' ਲੜੀ ਤਹਿਤ ਚੌਥੇ ਭਾਗ ਵਜੋਂ ਛਪੀ ਇਸ ਪੁਸਤਕ ਵਿਚ ਕਈ ਵਿਦਿਆਰਥੀ ਲੇਖਕਾਂ ਦੇ ਨਾਂਅ ਜਾਣ-ਪਛਾਣ ਵਾਲੇ ਬਣ ਚੁੱਕੇ ਹਨ, ਜਿਨ੍ਹਾਂ ਵਿਚ ਰੂਹੀ ਸਿੰਘ, ਸੁਖਚੰਚਲ ਕੌਰ ਅਤੇ ਦਵਿੰਦਰਪਾਲ ਬੋਹੜ ਵਡਾਲਾ ਆਦਿ ਸ਼ਾਮਿਲ ਹਨ | ਇਸ ਪੁਸਤਕ ਵਿਚ ਸਨੋਅ ਸਾਦਗੀ, ਸਾਨਿੱਧਯ ਪ੍ਰਭਾਕਰ, ਸੀਰਤਪਾਲ, ਕਿਰਨਜੀਤ ਕੌਰ, ਕਿਰਨਦੀਪ ਕੌਰ, ਕੁਲਵਿੰਦਰ ਸਿੰਘ ਧਾਲੀਵਾਲ, ਜਗਦੀਪ ਸਿੰਘ ਜਵਾਹਰਕੇ, ਨਵਦੀਪ ਕੌਰ, ਨਵਨੀਤ ਰਾਣੀ, ਪੁਨੀਤ ਰਾਣੀ, ਮਨਪ੍ਰੀਤ ਕੌਰ ਅਲੀਸ਼ੇਰ, ਮੋਨਿਕਾ ਅਤੇ ਰਜਨੀ ਰਾਣੀ ਆਦਿ ਵਿਦਿਆਰਥੀ ਲੇਖਕਾਂ ਅਤੇ ਚਿੱਤਰਕਾਰਾਂ ਨਾਲ ਕੀਤੀਆਂ ਗਈਆਂ ਮੁਲਾਕਾਤਾਂ ਵਿਚੋਂ ਇਨ੍ਹਾਂ ਸਿਰਜਕਾਂ ਦੀਆਂ ਭਾਵਨਾਵਾਂ ਅਤੇ ਸੁਪਨੇ ਰੂਪਮਾਨ ਹੁੰਦੇ ਹਨ | ਇਨ੍ਹਾਂ ਵਿਦਿਆਰਥੀ ਸਿਰਜਕਾਂ ਨੇ ਆਪਣੇ ਸ਼ੌਕ ਦੇ ਪਿਛੋਕੜ ਦੇ ਨਾਲ-ਨਾਲ ਭਵਿੱਖਮੁਖੀ ਯੋਜਨਾਵਾਂ ਬਾਰੇ ਵੀ ਚਰਚਾ ਕੀਤੀ ਹੈ | ਬੱਚਿਆਂ ਦੇ ਉੱਤਰਾਂ ਤੋਂ ਸੰਤੁਸ਼ਟੀ ਹੁੰਦੀ ਹੈ ਕਿ ਬਾਲ ਸਾਹਿਤ ਦਾ ਭਵਿੱਖ ਸੰਭਾਵਨਾਵਾਂ ਭਰਪੂਰ ਹੈ | ਇਸ ਪੁਸਤਕ ਦੇ ਚਿੱਤਰ ਵਿਦਿਆਰਥਣ ਫ਼ਰੀਦਾ ਨੇ ਬਣਾਏ ਹਨ | ਖ਼ੈਰ, ਪੁਸਤਕ ਬਾਲ ਪ੍ਰਤਿਭਾ ਦਾ ਸੁੰਦਰ ਦਰਪਣ ਕਹੀ ਜਾ ਸਕਦੀ ਹੈ | ਜਗਰਾਓਾ ਨੂੰ ਉਸ ਦੇ ਸਾਰਥਕ ਉਪਰਾਲੇ ਲਈ ਵਧਾਈ! ਇਹ ਪੁਸਤਕ ਸੰਗਮ ਪਬਲੀਕੇਸ਼ਨਜ਼, ਸਮਾਣਾ ਵਲੋਂ ਛਾਪੀ ਗਈ ਹੈ | ਇਸ 111 ਪੰਨਿਆਂ ਵਾਲੀ ਪੁਸਤਕ ਦੀ ਕੀਮਤ 125 ਰੁਪਏ ਹੈ |

-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬਾਲ ਗੀਤ: ਇਕ ਬਾਲ ਹੈ ਬੜਾ ਪਿਆਰਾ

ਇਕ ਬਾਲ ਹੈ ਬੜਾ ਪਿਆਰਾ,
ਕੰਨਵ ਜਿਸ ਦਾ ਨਾਂਅ |
ਵੇਖ ਕੇ ਉਸ ਨੂੰ ਖੀਵੀ ਹੁੰਦੀ,
ਫੱੁਲ-ਫੱੁਲ ਪੈਂਦੀ ਮਾਂ |
ਵਾਂਗ ਸਹੇ ਦੇ ਗੋਰਾ-ਚਿੱਟਾ,
ਕੂਲਾ-ਕੂਲਾ ਲੱਗੇ |
ਰਿੜ੍ਹਨ ਵਾਸਤੇ ਤਾਕਤ ਲਾਵੇ,
ਹੋਵੇ ਪਿੱਛੇ-ਅੱਗੇ |
'ਵਾਕਰ' ਨੂੰ ਉਹ ਦੱਬੀ ਫਿਰਦਾ,
ਕਰਦਾ 'ਗਾਂਹ-ਪਿਛਾਂਹ |
ਸਾਰੇ ਉਸ ਨੂੰ ਭੱਜ-ਭੱਜ ਚੱੁਕਦੇ,
ਗੋਦੀ ਚੱੁਕ ਖਿਡਾਉਂਦੇ |
ਇਕਤਰਫਾ ਹੀ ਗੱਲਾਂ ਕਰਕੇ,
ਆਪਣਾ ਮਨ ਪਰਚਾਉਂਦੇ |
ਜੇ ਕੋਈ ਗੱਦੀਓਾ ਥੱਲੇ ਲਾਵ੍ਹੇ,
ਫਿਰ ਚੜ੍ਹ ਜਾਂਦਾ 'ਤਾਂਹ |
ਮਾਪਿਆਂ ਦੀ ਉਹ ਅੱਖ ਦਾ ਤਾਰਾ,
ਚਾਨਣ ਪਿਆ ਖਿੰਡਾਵੇ |
ਚਾਚੂ ਉਸ ਦਾ ਜੇ ਚੱੁਕ ਲੈਂਦਾ,
ਬੜਾ ਹੀ ਸ਼ੋਰ ਮਚਾਵੇ |
ਜਿਸ ਜਗ੍ਹਾ 'ਹਰੀ' ਖੇਡੇ-ਮੱਲੇ,
ਉਹ ਕਰਮਾਂ ਵਾਲੀ ਥਾਂ |

-ਹਰੀ ਕਾਦਿਆਨੀ,
507, ਗੋਲਡਨ ਐਵੀਨਿਊ, ਫੇਸ-2, ਗੜ੍ਹਾ ਰੋਡ, ਜਲੰਧਰ |


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX