ਤਾਜਾ ਖ਼ਬਰਾਂ


ਨਿਰੰਕਾਰੀ ਭਵਨ ਧਮਾਕੇ 'ਚ ਮਾਰੇ ਗਏ ਸੰਦੀਪ ਸਿੰਘ ਮ੍ਰਿਤਕ ਦੇਹ ਪਹੁੰਚੀ ਘਰ
. . .  15 minutes ago
ਰਾਜਾਸਾਂਸੀ, 19 ਨਵੰਬਰ (ਹੇਰ, ਖੀਵਾ) - ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬੀਤੇ ਦਿਨ ਹੋਏ ਗਰਨੇਡ ਧਮਾਕੇ 'ਚ ਮਾਰੇ ਗਏ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਉਸ ਦੇ ਘਰ ਪਹੁੰਚੀ। ਇਸ ਮੌਕੇ...
ਫੂਲਕਾ ਨੇ ਵਿਵਾਦਿਤ ਬਿਆਨ 'ਤੇ ਜਤਾਇਆ ਅਫ਼ਸੋਸ
. . .  20 minutes ago
ਨਵੀਂ ਦਿੱਲੀ, 19 ਨਵੰਬਰ - ਆਪ ਵਿਧਾਇਕ ਐੱਚ.ਐੱਸ.ਫੂਲਕਾ ਨੇ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬਣੇ ਨਿਰੰਕਾਰੀ ਭਵਨ 'ਚ ਹੋਏ ਧਮਾਕੇ ਸਬੰਧੀ ਦਿੱਤੇ ਵਿਵਾਦਿਤ ਬਿਆਨ 'ਤੇ ਅਫ਼ਸੋਸ ਜਤਾਇਆ...
ਸੀ.ਬੀ.ਆਈ ਦੇ ਡੀ.ਆਈ.ਜੀ ਮਨੀਸ਼ ਕੁਮਾਰ ਸਿਨਹਾ ਵੀ ਪਹੁੰਚੇ ਸੁਪਰੀਮ ਕੋਰਟ
. . .  26 minutes ago
ਨਵੀਂ ਦਿੱਲੀ, 19 ਨਵੰਬਰ - ਸੀ.ਬੀ.ਆਈ ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਦੇ ਮਾਮਲੇ ਦੀ ਜਾਂਚ ਕਰ ਰਹੀ ਟੀਮ ਦੇ ਮੁਖੀ ਆਈ.ਪੀ.ਐੱਸ ਮਨੀਸ਼ ਕੁਮਾਰ ਸਿਨਹਾ ਨੇ ਵੀ ਉਨ੍ਹਾਂ...
ਆਈ.ਆਰ.ਸੀ.ਟੀ.ਸੀ ਘੁਟਾਲੇ ਦੀ ਸੁਣਵਾਈ 20 ਦਸੰਬਰ ਤੱਕ ਮੁਲਤਵੀ
. . .  33 minutes ago
ਨਵੀਂ ਦਿੱਲੀ, 19 ਨਵੰਬਰ - ਪਟਿਆਲਾ ਹਾਊਸ ਕੋਰਟ ਨੇ ਆਈ.ਆਰ.ਸੀ.ਟੀ.ਸੀ ਘੁਟਾਲੇ ਦੀ ਸੁਣਵਾਈ 20 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਹੈ। ਕੋਰਟ ਨੇ ਸੀ.ਬੀ.ਆਈ ਨੂੰ ਉਸ ਦਿਨ...
ਵਾਰਾਨਸੀ ਹਵਾਈ ਅੱਡੇ 'ਤੇ ਲੱਗੀ ਅੱਗ
. . .  about 1 hour ago
ਵਾਰਾਨਸੀ, 19 ਨਵੰਬਰ - ਵਾਰਾਨਸੀ ਦੇ ਹਵਾਈ ਅੱਡੇ ਵਿਖੇ ਅੱਜ ਸਵੇਰੇ ਅੱਗ ਲੱਗ ਗਈ, ਜਿਸ ਉੱਪਰ ਕਾਬੂ ਪਾ ਲਿਆ ਗਿਆ ਹੈ। ਅੱਗ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ...
ਕੈਪਟਨ ਅਮਰਿੰਦਰ ਸਿੰਘ ਅੱਜ ਆਉਣਗੇ ਨਿਰੰਕਾਰੀ ਭਵਨ
. . .  about 1 hour ago
ਰਾਜਾਸਾਂਸੀ, 19 ਨਵੰਬਰ (ਹੇਰ, ਖੀਵਾ) - ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਬਣੇ ਨਿਰੰਕਾਰੀ ਭਵਨ ਵਿਚ ਬੀਤੇ ਦਿਨ ਹੋਏ ਧਮਾਕੇ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਨਿਰੰਕਾਰੀ ਭਵਨ...
ਐਨ.ਆਈ.ਏ ਦੀ ਟੀਮ ਮੁੜ ਤੋਂ ਪਹੁੰਚੀ ਨਿਰੰਕਾਰੀ ਭਵਨ
. . .  about 1 hour ago
ਰਾਜਾਸਾਂਸੀ, 19 ਨਵੰਬਰ (ਹੇਰ, ਖੀਵਾ) - ਅੰਮ੍ਰਿਤਸਰ ਦੇ ਰਾਜਾਸਾਂਸੀ 'ਚ ਬਣੇ ਨਿਰੰਕਾਰੀ ਭਵਨ ਵਿਚ ਬੀਤੇ ਦਿਨ ਹੋਏ ਧਮਾਕੇ ਨੂੰ ਲੈ ਕੇ ਦਿੱਲੀ ਤੋਂ ਐਨ.ਆਈ.ਏ ਦੀ ਟੀਮ ਮੁੜ ਤੋਂ ਨਿਰੰਕਾਰੀ ਭਵਨ ਪਹੁੰਚ...
ਕੈਪਟਨ ਵੱਲੋਂ ਅੰਮ੍ਰਿਤਸਰ ਧਮਾਕੇ 'ਚ ਸ਼ਾਮਲ ਸ਼ੱਕੀਆਂ ਦੀ ਸੂਚਨਾ ਦੇਣ ਵਾਲੇ ਵੱਲੋਂ 50 ਲੱਖ ਦੇ ਇਨਾਮ ਦਾ ਐਲਾਨ
. . .  about 2 hours ago
ਚੰਡੀਗੜ੍ਹ, 19 ਨਵੰਬਰ - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੀਤੇ ਦਿਨ ਅੰਮ੍ਰਿਤਸਰ ਦੇ ਰਾਜਾਸਾਂਸੀ ਵਿਖੇ ਬਣੇ ਨਿਰੰਕਾਰੀ ਭਵਨ 'ਚ ਹੋਏ ਧਮਾਕੇ 'ਚ ਸ਼ਾਮਲ ਸ਼ੱਕੀਆਂ...
ਸੀ.ਬੀ.ਆਈ ਵਿਵਾਦ : ਅਲੋਕ ਵਰਮਾ ਅੱਜ ਬੰਦ ਲਿਫ਼ਾਫ਼ੇ ਦਾਖਲ ਕਰਵਾਉਣਗੇ ਰਿਪੋਰਟ
. . .  about 2 hours ago
ਨਵੀਂ ਦਿੱਲੀ, 19 ਨਵੰਬਰ - ਸੀ.ਬੀ.ਆਈ ਬਨਾਮ ਸੀ.ਬੀ.ਆਈ ਮਾਮਲੇ 'ਚ ਅਲੋਕ ਵਰਮਾ ਅੱਜ ਬੰਦ ਲਿਫ਼ਾਫ਼ੇ ਵਿਚ ਸੁਪਰੀਮ ਕੋਰਟ 'ਚ ਰਿਪੋਰਟ ਦਾਖਲ...
ਸੋਨੀਆ ਤੇ ਰਾਹੁਲ ਨੇ ਇੰਦਰਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
. . .  about 2 hours ago
ਨਵੀਂ ਦਿੱਲੀ, 19 ਨਵੰਬਰ - ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸਵ. ਇੰਦਰਾ ਗਾਂਧੀ ਦੇ ਜਨਮ ਦਿਨ 'ਤੇ ਅੱਜ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਨੇ ਸ਼ਕਤੀ ਸਥਲ ਜਾ...
ਹੋਰ ਖ਼ਬਰਾਂ..

ਲੋਕ ਮੰਚ

ਸਮਾਜ ਦੇ ਕਿਸੇ ਵੀ ਮੋੜ 'ਤੇ ਮਹਿਫ਼ੂਜ਼ ਨਹੀਂ ਹੈ ਨਾਰੀ

ਭਾਰਤ ਸਰਕਾਰ ਵਲੋਂ 'ਬੇਟੀ ਬਚਾਓ' ਅਤੇ 'ਨਾਰੀ ਸੁਰੱਖਿਆ' ਦੇ ਲਗਾਏ ਜਾਣ ਵਾਲੇ ਨਾਅਰੇ ਸਿਰਫ਼ ਤਖ਼ਤੀਆਂ ਅਤੇ ਨੇਤਾਵਾਂ ਵਲੋਂ ਦਿੱਤੇ ਜਾਣ ਵਾਲੇ ਲੱਛੇਦਾਰ ਭਾਸ਼ਣਾਂ ਵਿਚ ਹੀ ਸੋਹਣੇ ਲਗਦੇ ਹਨ, ਪਰ ਅਸਲੀਅਤ ਵਿਚ ਇਹ ਨਾਅਰੇ ਅਜੋਕੇ ਤੱਥਾਂ ਤੋਂ ਕੋਹਾਂ ਦੂਰ ਪਏ ਜਾਪਦੇ ਹਨ। ਆਪਣੇ ਦੇਸ਼ ਅੰਦਰ ਕਾਨੂੰਨ ਵਿਵਸਥਾ ਨੂੰ ਲੀਰੋ-ਲੀਰ ਕਰਦਿਆਂ ਦੋਸ਼ੀਆਂ ਨੇ 8 ਸਾਲਾਂ ਦੀ ਮਾਸੂਮ ਬਾਲੜੀ ਆਸਿਫਾ ਬਾਨੋ ਨਾਲ ਮੰਦਰ ਵਿਚ ਜਬਰ ਜਨਾਹ ਅਤੇ ਬੱਚੀ ਅੰਜਲੀ ਨਾਲ ਜਬਰ ਜਨਾਹ ਕਰਕੇ ਸਮੁੱਚੇ ਦੇਸ਼ ਵਿਚ ਨਾਰੀ ਦੀ ਸੁਰੱਖਿਆ ਨੂੰ ਤਾਰ-ਤਾਰ ਕਰਕੇ ਰੱਖ ਦਿੱਤਾ ਹੈ। ਇਸ ਮਾਮਲੇ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਚੁੱਪ ਵੱਟਣੀ ਵੀ ਕਈ ਸਵਾਲਾਂ ਨੂੰ ਜਨਮ ਦੇ ਰਹੀ ਹੈ ਕਿ ਆਪਣੇ ਭਾਸ਼ਣਾਂ ਵਿਚ ਨਾਰੀ ਸੁਰੱਖਿਆ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੇ ਪ੍ਰਧਾਨ ਮੰਤਰੀ ਇਸ ਮਾਮਲੇ ਵਿਚ ਪਾਸਾ ਵਟਦੇ ਨਜ਼ਰ ਆ ਰਹੇ ਹਨ।
ਕਿਤੇ ਇਕਤਰਫ਼ਾ ਪਿਆਰ ਕਰਨ ਵਾਲੇ ਪ੍ਰੇਮੀ ਲੜਕੀਆਂ 'ਤੇ ਰੰਜਿਸ਼ ਵਜੋਂ ਤੇਜ਼ਾਬੀ ਹਮਲੇ ਕਰ ਰਹੇ ਹਨ ਤੇ ਕਿਤੇ ਦਾਜ ਦਾ ਦੈਂਤ ਨਵੀਆਂ ਵਿਆਹੀਆਂ ਲੜਕੀਆਂ ਨੂੰ ਨਿਗਲਣ ਲਈ ਤਿਆਰ-ਬਰ ਤਿਆਰ ਖੜ੍ਹਾ ਵਿਖਾਈ ਦੇ ਰਿਹਾ ਹੈ। ਇਨ੍ਹਾਂ ਵਰਤਾਰਿਆਂ ਦਾ ਦ੍ਰਿਸ਼ ਅੱਜ ਵੀ ਇਹ ਸਾਬਤ ਕਰ ਰਿਹਾ ਹੈ ਕਿ ਮਰਦ ਪ੍ਰਧਾਨ ਸਮਾਜ ਵਿਚ ਅੱਜ ਵੀ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਹੈ ਅਤੇ ਇਸ ਦਾ ਆਉਣ ਵਾਲਾ ਭਵਿੱਖ ਵੀ ਮਹਿਫ਼ੂਜ਼ ਵਿਖਾਈ ਨਹੀਂ ਦੇ ਰਿਹਾ। ਸਮਾਜ ਵਿਰੋਧੀ ਗੁੰਡਾ ਅਨਸਰਾਂ ਨੂੰ ਕਾਨੂੰਨ ਦਾ ਕੋਈ ਵੀ ਖ਼ੌਫ਼ ਨਹੀਂ ਰਿਹਾ। ਕੁਝ ਸਮਾਂ ਪਹਿਲਾਂ ਗੁਆਂਢੀ ਦੇਸ਼ ਪਾਕਿਸਤਾਨ ਵਿਚ ਛੋਟੀ ਬੱਚੀ ਜੈਨਿਬ ਅੰਸਾਰੀ ਨਾਲ ਹੋਏ ਸਮੂਹਿਕ ਜਬਰ ਜਨਾਹ ਸਬੰਧੀ ਕਥਿਤ ਦੋਸ਼ੀਆਂ ਨੂੰ ਸਰਕਾਰ ਵਲੋਂ ਬਹੁਤ ਹੀ ਘੱਟ ਸਮੇਂ ਵਿਚ ਸਜ਼ਾ ਦੇ ਦਿੱਤੀ ਗਈ ਸੀ। ਕੀ ਆਪਣੇ ਦੇਸ਼ ਭਾਰਤ ਵਿਚ ਅਜਿਹੇ ਕਾਨੂੰਨ ਨਹੀਂ ਬਣਾਏ ਜਾ ਸਕਦੇ?
ਸਮਾਜ ਵਿਚ ਔਰਤ ਵਰਗ ਨਾਲ ਹੋ ਰਹੇ ਜਬਰ ਜਨਾਹਾਂ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦੇਸ਼ ਵਿਚ ਇਸਤਰੀ ਵਰਗ ਲਈ ਕਿੰਨੀ ਕੁ ਸੁਰੱਖਿਆ ਹੈ ਅਤੇ ਇਸਤਰੀ ਵਰਗ ਆਪਣੇ-ਆਪ ਨੂੰ ਕਿੰਨਾ ਕੁ ਸੁਰੱਖਿਅਤ ਮਹਿਸੂਸ ਕਰਦਾ ਹੈ। ਜਬਰ ਜਨਾਹ ਪੀੜਤਾਂ ਨੂੰ ਵਾਰ-ਵਾਰ ਅਦਾਲਤਾਂ ਵਿਚ ਬੁਲਾ ਕੇ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ, ਜਦੋਂ ਕਿ ਡਾਕਟਰੀ ਰਿਪੋਰਟਾਂ, ਮੁੱਦਈ ਦੇ ਬਿਆਨ ਤੇ ਹੋਰ ਘਟਨਾ ਸਮੇਂ ਦੇ ਸਬੂਤ ਹੁੰਦੇ ਹੋਏ ਵੀ ਵਾਰ-ਵਾਰ ਇਕੋ ਸਵਾਲ ਪੁੱਛੇ ਜਾਂਦੇ ਹਨ ਕਿ ਉਸ ਨਾਲ ਕੀ ਹੋਇਆ, ਕਿਵੇਂ ਹੋਇਆ, ਕਿਥੇ ਹੋਇਆ, ਕਿਸ ਨੇ ਕੀਤਾ?
ਦੇਸ਼ ਅੰਦਰ ਇਕ ਜਾਨਵਰ ਨੂੰ ਮਾਰਨ 'ਤੇ ਦੇਸ਼ ਦਾ ਕਾਨੂੰਨ ਸਖ਼ਤ ਸਜ਼ਾ ਦਿੰਦਾ ਹੈ ਪਰ ਬੱਚੀਆਂ ਨਾਲ ਜਬਰ ਜਨਾਹ ਕਰਕੇ ਕਤਲ ਕਰਨ ਵਾਲੇ ਅਕਸਰ ਕਾਨੂੰਨ ਦੀ ਗ੍ਰਿਫ਼ਤ ਤੋਂ ਬਾਹਰ ਰਹਿੰਦੇ ਹਨ। ਸਾਡਾ ਸਭ ਦਾ ਇਹ ਇਖ਼ਲਾਕੀ ਫ਼ਰਜ਼ ਬਣਦਾ ਹੈ ਕਿ ਔਰਤਾਂ 'ਤੇ ਹੁੰਦੇ ਅੱਤਿਆਚਾਰ ਖ਼ਿਲਾਫ਼ ਇਕਜੁੱਟ ਹੋ ਕੇ ਆਵਾਜ਼ ਬੁਲੰਦ ਕਰੀਏ। ਸਰਕਾਰ ਨੂੰ ਵੀ ਚਾਹੀਦਾ ਹੈ ਅਜਿਹੇ ਦਰਿੰਦਿਆਂ ਨੂੰ ਜੇਕਰ ਕਾਨੂੰਨ ਫਾਂਸੀ ਨਹੀਂ ਦੇ ਸਕਦਾ ਤਾਂ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਨਾਲ ਸਬੰਧ ਰੱਖਣ ਵਾਲੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਨਾਗਰਿਕਤਾ ਭੰਗ ਕੀਤੀ ਜਾਵੇ ਅਤੇ ਦਰਿੰਦੇ ਨੂੰ ਮਰਨ ਤੱਕ ਦੀ ਉਮਰ ਕੈਦ ਦੀ ਸਜ਼ਾ ਦਿੱਤੀ ਜਾਵੇ ਜਾਂ ਫਿਰ ਅਰਬ ਦੇਸ਼ਾਂ ਦੇ ਕਾਨੂੰਨ ਦੀ ਤਰਜ਼ 'ਤੇ ਕਾਨੂੰਨ ਬਣਾ ਕੇ ਉਸ ਤਹਿਤ ਸਜ਼ਾ ਦਿੱਤੀ ਜਾਵੇ, ਤਾਂ ਜੋ ਭਵਿੱਖ ਵਿਚ ਅਜਿਹੇ ਘਿਨੌਣੇ ਵਰਤਾਰੇ ਦੁਬਾਰਾ ਕਿਸੇ ਵੀ ਕੀਮਤ 'ਤੇ ਨਾ ਵਾਪਰ ਸਕਣ।

-ਪਿੰਡ ਤੇ ਡਾਕ: ਸੇਹ, ਜ਼ਿਲ੍ਹਾ ਲੁਧਿਆਣਾ। ਮੋਬਾ: 98729-00497


ਖ਼ਬਰ ਸ਼ੇਅਰ ਕਰੋ

ਮਾਣ-ਮੱਤੇ ਅਧਿਆਪਕ-12

ਅੱਜ ਵੀ ਬੱਚਿਆਂ ਦੀ ਭਲਾਈ ਲਈ ਤਤਪਰ ਹਨ ਕੌਮੀ ਪੁਰਸਕਾਰ ਜੇਤੂ ਅਧਿਆਪਕ ਸ੍ਰੀ ਸੱਤਦੇਵ ਸ਼ਰਮਾ

ਇਕ ਅਧਿਆਪਕ ਕਿਸੇ ਇਕ ਖੇਤਰ ਨਹੀਂ ਬਲਕਿ ਪੂਰੇ ਵਿਸ਼ਵ ਦੇ ਸੰਦਰਭ ਵਿਚ ਸੋਚਦਾ ਹੈ। ਇਸੇ ਸੋਚ ਸਦਕਾ ਚੰਗਾ ਅਧਿਆਪਕ ਆਪਣੇ ਗਿਆਨ ਦਾ ਸਾਰਾ ਖਜ਼ਾਨਾ ਆਪਣੇ ਵਿਦਿਆਰਥੀਆਂ ਅੰਦਰ ਭਰਨ ਦੀ ਕੋਸ਼ਿਸ਼ ਵਿਚ ਜੀਵਨ ਲਗਾ ਦਿੰਦਾ ਹੈ। ਅਜਿਹੇ ਹੀ ਵਿਦਵਾਨ ਅਧਿਆਪਕ ਹਨ ਸ੍ਰੀ ਸੱਤਦੇਵ ਸ਼ਰਮਾ, ਜਿਹੜੇ ਬੱਚਿਆਂ ਨੂੰ ਉਨ੍ਹਾਂ ਵਰਗੇ ਬਣ ਕੇ ਹੀ ਪੜ੍ਹਾਉਂਦੇ ਰਹੇ ਹਨ।
ਜ਼ਿਲ੍ਹਾ ਸੰਗਰੂਰ ਦੇ ਬਲਾਕ ਲਹਿਰਾਗਾਗਾ ਦੇ ਪਿੰਡ ਰਾਏ ਧਰਾਣਾ ਵਿਚ ਮਾਸਟਰ ਸ੍ਰੀ ਪ੍ਰੀਤਮ ਦੇਵ ਸ਼ਰਮਾ ਤੇ ਮਾਤਾ ਸ੍ਰੀਮਤੀ ਮਾਇਆ ਦੇਵੀ ਦੇ ਘਰ 4 ਅਪ੍ਰੈਲ, 1949 ਨੂੰ ਜਨਮੇ ਸ੍ਰੀ ਸੱਤਦੇਵ ਸ਼ਰਮਾ ਸਮੁੱਚੇ ਅਧਿਆਪਕ ਜਗਤ ਲਈ ਪ੍ਰੇਰਨਾ ਸਰੋਤ ਹਨ । ਮੈਟ੍ਰਿਕ ਸਰਕਾਰੀ ਹਾਈ ਸਕੂਲ ਲੈਹਲ ਕਲਾਂ ਤੋਂ ਕਰਕੇ ਉਨ੍ਹਾਂ ਨੇ 1967 ਵਿਚ ਜੇ.ਬੀ.ਟੀ. ਦਾ ਕੋਰਸ ਪਾਸ ਕੀਤਾ। ਆਪਣੇ ਪਰਿਵਾਰਕ ਸੰਸਕਾਰਾਂ ਅਤੇ ਪਿਤਾ ਜੀ ਦੇ ਮਾਰਗ-ਦਰਸ਼ਨ 'ਤੇ ਉਨ੍ਹਾਂ ਨੇ 1970 ਵਿਚ ਸਰਕਾਰੀ ਪ੍ਰਾਇਮਰੀ ਸਕੂਲ ਹਰੀਗੜ੍ਹ ਤੋਂ ਬਤੌਰ ਅਧਿਆਪਕ ਸਫਰ ਸ਼ੁਰੂ ਕੀਤਾ। ਸ੍ਰੀ ਸੱਤਦੇਵ ਸ਼ਰਮਾ ਨੇ ਉਹ ਸਾਰੀਆਂ ਵਿਧੀਆਂ 1970 ਤੋਂ ਹੀ ਸ਼ੁਰੂ ਕਰ ਦਿੱਤੀਆਂ ਸਨ, ਜਿਨ੍ਹਾਂ ਨੂੰ ਅੱਜ ਪ੍ਰਾਇਮਰੀ ਸਿੱਖਿਆ ਵਿਚ ਗੁਣਾਤਮਿਕ ਸੁਧਾਰ ਲਿਆਉਣ ਲਈ ਪੜ੍ਹੋ ਪੰਜਾਬ ਪ੍ਰੋਜੈਕਟ ਰਾਹੀਂ ਦੱਸਿਆ ਜਾ ਰਿਹਾ ਹੈ। ਉਨ੍ਹਾਂ ਨੇ ਸਕੂਲ ਵਿਚ ਅਖ਼ਬਾਰਾਂ ਦੀਆਂ ਕਟਿੰਗਾਂ ਰਾਹੀਂ ਫਾਈਲ, ਕਹਾਣੀਆਂ, ਕਵਿਤਾਵਾਂ ਕੱਟ ਕੇ ਲਾਇਬ੍ਰੇਰੀ ਅਤੇ ਉਨ੍ਹਾਂ ਸਮਿਆਂ ਵਿਚ ਵੀ ਵਾਧੂ ਟੁੱਟੇ ਹੋਏ ਸਾਮਾਨ ਤੋਂ ਮਟੀਰੀਅਲ ਤਿਆਰ ਕਰਕੇ ਬੱਚਿਆਂ ਨੂੰ ਪੜ੍ਹਾਇਆ।
ਸ੍ਰੀ ਸੱਤਦੇਵ ਸ਼ਰਮਾ ਰਾਜ ਸਾਇੰਸ ਸਿੱਖਿਆ ਸੰਸਥਾ ਵਿਚ ਵੇਸਟ ਮਟੀਰੀਅਲ ਤੋਂ ਟੀ.ਐਲ.ਐਮ. ਤਿਆਰ ਕਰਨ ਵਿਚ ਦੋ ਵਾਰ ਸਟੇਟ ਪੱਧਰ 'ਤੇ ਐਵਾਰਡ ਹਾਸਲ ਕਰ ਚੁੱਕੇ ਹਨ, ਜਿਸ ਕਰਕੇ ਹੀ ਉਨ੍ਹਾਂ ਨੂੰ ਪੰਜਾਬ ਰਾਜ ਵਲੋਂ ਨਵੀਂ ਦਿੱਲੀ ਵਿਖੇ 40 ਦਿਨਾਂ ਕੋਰਸ ਲਈ ਭੇਜਿਆ ਗਿਆ ਸੀ। ਇਸ ਸਮੇਂ ਦੌਰਾਨ ਹੀ ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਉਪਲੀ ਵਿਖੇ ਪੜ੍ਹਾਉਂਦੇ ਹੋਏ ਆਪਣੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਲਈ ਪ੍ਰੇਰਿਤ ਤੇ ਨਿਪੁੰਨ ਕੀਤਾ। ਸ੍ਰੀ ਸੱਤਦੇਵ ਸ਼ਰਮਾ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਰਾਜ ਸਾਇੰਸ ਸਿੱਖਿਆ ਪੰਜਾਬ ਚੰਡੀਗੜ੍ਹ ਦੀ ਪ੍ਰੋਜੈਕਟ ਟੀਮ ਵਿਚ ਲਿਆ ਗਿਆ, ਜਿੱਥੇ ਉਨ੍ਹਾਂ ਨੇ ਸਿੱਖਿਆ ਦੇ ਖੇਤਰ ਲਈ ਬਹੁਤ ਵੱਧ-ਚੜ੍ਹ ਕੇ ਕੰਮ ਕੀਤਾ ਅਤੇ ਇਨ੍ਹਾਂ ਦੀ ਲਿਖੀ ਪੁਸਤਕ 'ਕਲੀਆਂ ਖਿੜਨ ਕਿਰਨਾਂ ਨਾਲ' ਸਕੂਲ ਲਾਇਬ੍ਰੇਰੀਆਂ ਲਈ ਪ੍ਰਮਾਣਿਤ ਹੋਈ। ਸ੍ਰੀ ਸੱਤਦੇਵ ਸ਼ਰਮਾ ਨੇ ਜ਼ਿਲ੍ਹਾ ਸੰਗਰੂਰ ਵਿਚ ਸਾਇੰਸ ਮੇਲਿਆਂ ਦਾ ਆਯੋਜਨ ਕੀਤਾ, ਜਿਨ੍ਹਾਂ ਵਿਚ 3500 ਬੱਚਿਆਂ ਅਤੇ 1137 ਅਧਿਆਪਕਾਂ ਨੇ ਭਾਗ ਲਿਆ।
ਸ੍ਰੀ ਸੱਤਦੇਵ ਸ਼ਰਮਾ ਨੇ ਜਿੱਥੇ ਸਿੱਖਿਆ ਲਈ ਆਪਣਾ ਸਾਰਾ ਜੀਵਨ ਲਗਾ ਦਿੱਤਾ, ਉੱਥੇ ਉਹ ਸਮਾਜ ਲਈ ਵੀ ਮੋਹਰੀ ਹੋ ਕੇ ਵਿਚਰਦੇ ਰਹੇ ਹਨ। 1982 ਤੋਂ ਹੀ ਉਹ ਰੈੱਡ ਕਰਾਸ ਸੁਸਾਇਟੀ ਦੇ ਨਾਲ ਜੁੜ ਕੇ ਕੰਮ ਕਰਦੇ ਰਹੇ ਹਨ। ਉਨ੍ਹਾਂ ਦੇ ਕਾਰਜ ਐਨੇ ਹਨ ਕਿ ਉਨ੍ਹਾਂ ਨੂੰ ਇਕ ਲਿਖਤ ਵਿਚ ਸਮੇਟਣਾ ਕੁੱਜੇ ਵਿਚ ਸਮੁੰਦਰ ਬੰਦ ਕਰਨ ਦੇ ਬਰਾਬਰ ਹੈ। ਉਨ੍ਹਾਂ ਨੇ ਭਾਰਤ ਸਕਾਊਟ ਐਂਡ ਗਾਈਡ ਵਿਚ ਵੀ ਨੈਸ਼ਨਲ ਪੱਧਰ ਤੱਕ ਮੱਲਾਂ ਮਾਰੀਆਂ ਹਨ। ਉਹ ਆਪਣੇ ਬੱਚਿਆਂ ਨੂੰ ਕੱਬ ਅਤੇ ਬੁਲਬੁਲ ਸਕਾਊਟ ਵਿਚ ਨੈਸ਼ਨਲ ਪੱਧਰ ਤੱਕ ਲੈ ਕੇ ਗਏ ਅਤੇ ਰਾਜ ਪੱਧਰ ਤੱਕ ਮਾਣ-ਸਨਮਾਨ ਹਾਸਲ ਕੀਤੇ।
ਜਿਹੜੇ ਅਧਿਆਪਕ ਆਪਣੇ ਪਰਿਵਾਰ ਦਾ ਸਮਾਂ ਵੀ ਬੱਚਿਆਂ ਦੀ ਭਲਾਈ ਲਈ ਲਾਉਂਦੇ ਹਨ, ਅਕਾਲ ਪੁਰਖ ਪਰਮਾਤਮਾ ਉਨ੍ਹਾਂ ਦੇ ਪਰਿਵਾਰ ਦੀ ਭਲਾਈ ਲਈ ਹਮੇਸ਼ਾ ਇਨਸਾਫ ਹੀ ਕਰਦਾ ਹੈ। ਸ੍ਰੀ ਸੱਤਦੇਵ ਸ਼ਰਮਾ ਨੂੰ ਪਰਿਵਾਰ ਦਾ ਹਮੇਸ਼ਾ ਸਾਥ ਮਿਲਿਆ। ਉਹ 6 ਮਹੀਨਿਆਂ ਤੱਕ ਵੀ ਸਿੱਖਿਆ ਦੇ ਖੇਤਰ ਤੇ ਬੱਚਿਆਂ ਦੀ ਬਿਹਤਰੀ ਲਈ ਘਰੋਂ ਬਾਹਰ ਰਹਿੰਦੇ ਰਹੇ ਹਨ ਅਤੇ ਅੱਜ ਸੇਵਾ-ਮੁਕਤ ਹੋਣ ਤੋਂ ਆਪਣੇ ਸੁਖੀ ਪਰਿਵਾਰ ਨਾਲ ਵਧੀਆ ਜੀਵਨ ਬਤੀਤ ਕਰਦੇ ਹੋਏ ਸਮਾਜ ਸੇਵਾ ਵਿਚ ਵੀ ਵਿਚਰ ਰਹੇ ਹਨ। ਇੰਜ ਜੇ.ਬੀ.ਟੀ. ਅਧਿਆਪਕ ਤੋਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੰਗਰੂਰ ਅਤੇ ਕੁਆਟਰ ਮਾਸਟਰ ਤਾਰਾ ਦੇਵੀ ਸ਼ਿਮਲਾ ਵਿਖੇ ਸਕਾਊਟ ਦੀਆਂ ਸੇਵਾਵਾਂ ਨਿਭਾ ਚੁੱਕੇ ਸ੍ਰੀ ਸੱਤਦੇਵ ਸ਼ਰਮਾ ਅੱਜ ਵੀ ਓਨੇ ਹੀ ਜ਼ਿੰਦਾਦਿਲੀ ਤੇ ਜੋਸ਼ ਨਾਲ ਬੱਚਿਆਂ ਦੀ ਭਲਾਈ ਲਈ ਤਤਪਰ ਹਨ। ਪਰਮਾਤਮਾ ਉਨ੍ਹਾਂ ਨੂੰ ਲੰਬੀ ਉਮਰ ਬਖਸ਼ੇ, ਤਾਂ ਜੋ ਉਨ੍ਹਾਂ ਦਾ ਤਜਰਬਾ ਤੇ ਗਿਆਨ ਸਿੱਖਿਆ ਜਗਤ ਦੇ ਕੰਮ ਆਉਂਦਾ ਰਹੇ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)। ਮੋਬਾ: 93565-52000

ਵਾਤਾਵਰਨ ਸ਼ੁੱਧ ਰੱਖਣ ਲਈ ਕੁਝ ਜ਼ਰੂਰੀ ਨੁਕਤੇ

ਮੁਨੱਖ ਇਸ ਧਰਤੀ 'ਤੇ ਕੁਦਰਤ ਵਲੋਂ ਦਿੱਤਾ ਗਿਆ ਇਕ ਅਜ਼ੀਜ਼ ਤੋਹਫ਼ਾ ਹੈ, ਇਸ ਲਈ ਸਾਨੂੰ ਕੁਦਰਤ ਦੀ ਬਣਾਈ ਸ੍ਰਿਸ਼ਟੀ ਮੁਤਾਬਕ ਹੀ ਚੱਲਣਾ ਚਾਹੀਦਾ ਹੈ। ਕੀ ਕੁਦਰਤ ਦੀ ਬਣਾਈ ਸ੍ਰਿਸ਼ਟੀ ਨੂੰ ਬਦਲਣਾ ਠੀਕ ਹੈ? ਬਿਲਕੁਲ ਨਹੀਂ। ਪਰ ਅੱਜ ਦਾ ਮੁਨੱਖ ਕੁਦਰਤ ਦੀ ਸ੍ਰਿਸ਼ਟੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਮੁਨੱਖੀ ਜ਼ਿੰਦਗੀ ਲਈ ਬਹੁਤ ਹੀ ਘਾਤਕ ਸਿੱਧ ਹੋ ਰਿਹਾ ਹੈ, ਜਿਵੇਂ ਕਿ ਆਕਸੀਜਨ ਤੇ ਹਰਿਆਵਲ ਲਈ ਦਰੱਖਤ ਬਹੁਤ ਜ਼ਰੂਰੀ ਹਨ ਪਰ ਅੱਜ ਦਾ ਮਨੁੱਖ ਦਰਖੱਤਾਂ ਨੂੰ ਕੱਟ ਕੇ ਲੱਕੜ ਨੂੰ ਵਰਤੋਂ ਵਿਚ ਤਾਂ ਲੈ ਆਉਂਦਾ ਪਰ ਦਰੱਖਤ ਲਾਉਂਦਾ ਨਹੀਂ। ਆਪਾਂ ਸਭ ਨੂੰ ਚਾਹੀਦਾ ਹੈ ਕਿ ਜਗ੍ਹਾ ਮੁਤਾਬਕ ਘਰਾਂ ਦੇ ਆਲੇ-ਦੁਆਲੇ ਤੇ ਘਰਾਂ ਦੇ ਅੰਦਰ ਰੁੱਖ-ਬੂਟੇ ਲਗਾਈਏ, ਜਿਸ ਨਾਲ ਸਾਨੂੰ ਤਾਜ਼ੀ ਹਵਾ ਤਾਂ ਮਿਲੇਗੀ ਹੀ, ਨਾਲ-ਨਾਲ ਵਾਤਾਵਰਨ ਵੀ ਸ਼ੁੱਧ ਤੇ ਸਾਫ਼ ਹੋਵੇਗਾ, ਇਸ ਲਈ ਹਰ ਮਨੁੱਖ ਦਾ ਫਰਜ਼ ਬਣਦਾ ਹੈ ਕਿ ਹਰ ਸਾਲ ਘੱਟੋ-ਘੱਟ ਆਪਣੇ ਜਨਮ ਦਿਨ ਜਾਂ ਹੋਰ ਖੁਸ਼ੀ ਦੇ ਮੌਕੇ ਛਾਂਦਾਰ ਬੂਟੇ ਜ਼ਰੂਰ ਲਗਾਵੇ, ਤਾਂ ਜੋ ਧਰਤੀ 'ਤੇ ਦਰੱਖਤ ਘੱਟ ਨਾ ਹੋਣ। ਇਸ ਨਾਲ ਸਾਨੂੰ ਰੋਜ਼ਾਨਾ ਜ਼ਿੰਦਗੀ ਲਈ ਵਰਤੀ ਜਾਣ ਵਾਲੀ ਆਕਸੀਜਨ ਦੀ ਕਮੀ ਨਹੀਂ ਆਵੇਗੀ ਅਤੇ ਤਪਸ਼ ਵੀ ਘੱਟ ਹੋਵੇਗੀ। ਅੱਜ ਦਾ ਮਨੁੱਖ ਹਰ ਕੰਮ ਆਪਣੇ ਮੁਤਾਬਿਕ ਕਰਨਾ ਚਾਹੁੰਦਾ ਹੈ, ਜਿਵੇਂ ਕੋਈ ਹੋਰ ਧਰਤੀ 'ਤੇ ਵਸਦਾ ਹੀ ਨਾ ਹੋਵੇ, ਕਿਉਂਕਿ ਜ਼ਿਆਦਾ ਸ਼ੋਰ-ਸ਼ਰਾਬਾ ਵੀ ਵਾਤਾਵਰਨ ਨੂੰ ਅਸ਼ੁੱਧ ਤੇ ਅਸ਼ਾਂਤ ਬਣਾਉਂਦਾ, ਇਸ ਲਈ ਸਾਨੂੰ ਸਭ ਨੂੰ ਚਾਹੀਦਾ ਹੈ ਕਿ ਵਿਆਹ-ਸ਼ਾਦੀ ਸਮੇਂ ਡੀਜੇ ਵਗੈਰਾ ਨਾ ਹੀ ਲਗਾਈਏ ਜਾਂ ਫਿਰ ਥੋੜ੍ਹੀ ਘੱਟ ਅਵਾਜ਼ ਹੋਵੇ, ਜਿਸ ਨਾਲ ਕਿਸੇ ਹੋਰ ਨੂੰ ਕੋਈ ਦਿੱਕਤ ਨਾ ਆਵੇ। ਆਵਾਜਾਈ ਦੇ ਸਾਧਨਾਂ ਤੇ ਉੱਚੀ ਆਵਾਜ਼ ਵਾਲੇ ਹਾਰਨਾਂ 'ਤੇ ਸਰਕਾਰ ਵਲੋਂ ਪਾਬੰਦੀ ਲੱਗੇ। ਇਨ੍ਹਾਂ ਨਾਲ ਵੀ ਦੁਰਘਟਨਾਵਾਂ ਵਧੇਰੇ ਹੁੰਦੀਆਂ ਹਨ। ਹਰ ਮਨੁੱਖ ਨੂੰ ਚਾਹੀਦਾ ਹੈ ਕਿ ਹੋਰਨਾਂ ਦਾ ਖਿਆਲ ਰੱਖ ਕੇ ਮੰਨੋਰੰਜਨ ਕਰੇ, ਖੁਸ਼ੀ ਮੌਕੇ ਖੁਸ਼ੀ ਮਨਾਵੇ। ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਵਾਤਾਵਰਨ ਸ਼ੁੱਧ ਤੇ ਸ਼ਾਂਤ ਬਣਾਉਣ ਲਈ ਕੂੜਾ-ਕਰਕਟ ਕੂੜਦਾਨ ਵਿਚ ਪਾਈਏ, ਆਲੇ-ਦੁਆਲੇ ਦੀ ਸਫਾਈ ਰੱਖੀਏ, ਤਾਂ ਕਿ ਮੱਖੀ, ਮੱਛਰ ਨਾ ਫੈਲਣ। ਐਸਾ ਕਰਨ ਨਾਲ ਸਰੀਰ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕਦਾ ਹੈ ਤੇ ਵਾਤਾਵਰਨ ਨੂੰ ਸ਼ੁੱਧ ਤੇ ਸ਼ਾਂਤ ਵੀ ਬਣਾਇਆ ਜਾ ਸਕਦਾ ਹੈ ਜੀ। ਆਓ, ਸਾਰੇ ਅੱਜ ਤੋਂ ਪ੍ਰਣ ਕਰੀਏ ਤੇ ਵਾਤਾਵਰਨ ਨੂੰ ਅਸ਼ਾਂਤ ਹੋਣ ਤੋਂ ਬਚਾਈਏ ਤੇ ਬਿਮਾਰੀਆਂ ਤੋਂ ਬਚ ਜਾਈਏ।
-ਭਗਤਾ ਭਾਈ ਕਾ।

ਮੋਬਾ: 94786-58384

ਸਮਾਜਿਕ ਨੀਹਾਂ ਨੂੰ ਖੋਖਲਾ ਕਰ ਰਿਹਾ ਹੈ ਅਜੋਕਾ ਰਾਜਨੀਤਕ ਸਰੂਪ

ਸਾਡਾ ਦੇਸ਼ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੀ ਹਾਮੀ ਭਰਦਾ ਹੈ। 'ਮੇਰਾ ਭਾਰਤ ਮਹਾਨ', ਇਹ ਕਹਿੰਦਿਆਂ ਸਾਡੀ ਜ਼ੁਬਾਨ ਨਹੀਂ ਥੱਕਦੀ। ਪਰ ਅਸਲੀਅਤ ਕੁਝ ਹੋਰ ਹੈ। ਅੱਜ ਸਾਡਾ ਦੇਸ਼ ਆਬਾਦੀ, ਬੇਰੁਜ਼ਗਾਰੀ, ਗਰੀਬੀ, ਅਨਪੜ੍ਹਤਾ, ਝੂਠ, ਫਰੇਬ, ਭ੍ਰਿਸ਼ਟਾਚਾਰ, ਤੇ ਅੰਧ-ਵਿਸ਼ਵਾਸ ਵਿਚ ਸੰਸਾਰ ਦਾ ਮੋਹਰੀ ਬਣ ਗਿਆ ਹੈ। ਲੋਕਤੰਤਰ ਦੇ ਤਿੰਨ ਮੋਹਰੇ ਸਿਆਸਤ, ਵੋਟਰ ਅਤੇ ਸਿਆਸੀ ਪਾਰਟੀਆਂ ਇਹ ਤਿਨੋਂ ਹੀ ਆਪਣੇ ਫਰਜ਼ਾਂ ਨੂੰ ਭੁੱਲੀ ਬੈਠੇ ਹਨ। ਦੇਸ਼ ਦੀਆਂ ਸਮੁੱਚੀਆਂ ਸਿਆਸੀ ਪਾਰਟੀਆਂ ਆਪਣੇ ਸੁਹਿਗਰਦੀ ਦੇ ਸੰਕਲਪਾਂ ਤੋਂ ਗੁਆਚ ਰਹੀਆਂ ਹਨ ਅਤੇ ਅਸਲੀਅਤ ਤੱਥ ਮੁੱੱਦੇ ਮਨਫੀ ਹੋ ਰਹੇ ਹਨ। ਹਰ ਸਿਆਸੀ ਪਾਰਟੀ ਇਕ-ਦੂਜੇ ਨੂੰ ਠਿੱਬੀ ਲਾਉਣ ਦੀ ਤਾਂਘ ਵਿਚ ਹੈ ਤੇ ਦੇਸ਼ ਦੇ ਮਾਣ-ਸਨਮਾਨ ਨੂੰ ਛਿੱਕੇ 'ਤੇ ਟੰਗ ਕੇ ਦੇਸ਼ ਨੂੰ ਬੇਫਿਕਰੇ ਬੋਲਾਂ ਵਿਚ ਬਦਨਾਮ ਕਰ ਰਹੇ ਹਨ। ਅਸੀਂ ਆਮ ਲੋਕ ਇਨ੍ਹਾਂ ਸਿਆਸੀ ਲੋਕਾਂ ਦੇ ਦਬਾਅ ਹੇਠ ਆਪਣੀ ਬਣਦੀ ਡਿਊਟੀ ਨਹੀਂ ਨਿਭਾਅ ਰਹੇ। ਪੈਸੇ, ਰੁਤਬੇ ਅਤੇ ਸਿਆਸੀ ਤਾਕਤ ਸਾਨੂੰ ਕਮਜ਼ੋਰ ਬਣਾ ਰਹੀ ਹੈ। ਅਸੀਂ ਆਪਣੀ ਵੋਟ ਦਾ ਸਹੀ ਇਸਤੇਮਾਲ ਨਾ ਕਰਕੇ ਇਨ੍ਹਾਂ ਅਪਰਾਧੀ ਕਿਸਮ ਦੇ ਲੋਕਾਂ ਦੇ ਭਾਈਵਾਲ ਬਣ ਜਾਦੇ ਹਾਂ। ਅੱਜ ਸਾਡਾ ਵੋਟਰ ਇਨ੍ਹਾਂ ਸਿਆਸੀ ਲੋਕਾਂ ਲਈ ਥਾਣਿਆਂ, ਤਹਿਸੀਲਾਂ ਵਿਚ ਦਲਾਲੀ ਦਾ ਕੰਮ ਕਰ ਰਿਹਾ ਹੈ।
ਦੁਨੀਆ ਭਰ ਵਿਚ ਭ੍ਰਿਸ਼ਟਾਚਾਰ ਪੱਖੋਂ ਸਾਡਾ ਦੇਸ਼ ਮੋਹਰੀ ਹੈ। ਸਿਆਸਤਦਾਨ, ਪੁਲਿਸ, ਪ੍ਰਸ਼ਾਸਨ ਅਤੇ ਕਾਨੂੰਨ ਦੇ ਰਖਵਾਲਿਆਂ ਦੀ ਮਿਲੀਭੁਗਤ ਹੋਣ ਕਰਕੇ ਦੇਸ਼ ਵਿਚ ਅਮਨ ਅਤੇ ਕਾਨੂੰਨ ਦੀ ਸਥਿਤੀ ਬਹੁਤ ਵਿਗੜ ਰਹੀ ਹੈ। ਅੱਜ ਦੇਸ਼ ਦੀ ਹਰ ਪਾਰਟੀ ਵਿਚ ਅਪਰਾਧੀ ਕਿਸਮ ਦੇ ਨੇਤਾਵਾਂ ਦੀ ਭਰਮਾਰ ਹੈ। ਇਹ ਲੋਕ ਧਨ ਬਲ ਨਾਲ ਚੋਣਾਂ ਜਿੱਤ ਕੇ ਵਿਧਾਨ ਸਭਾ ਅਤੇ ਲੋਕ ਸਭਾ ਦੇ ਮੈਬਰ ਬਣ ਜਾਂਦੇ ਹਨ ਅਤੇ ਉਦੋਂ ਸਥਿਤੀ ਬੜੀ ਹਾਸੋਹੀਣੀ ਬਣ ਜਾਂਦੀ ਹੈ, ਜਦੋਂ ਇਹ ਅਪਰਾਧੀ ਕਿਸਮ ਦੇ ਮੈਂਬਰ ਬੈਠ ਕੇ ਅਪਰਾਧ ਨੂੰ ਰੋਕਣ ਲਈ ਕਾਨੂੰਨ ਬਣਾਉਂਦੇ ਹਨ। ਇਨ੍ਹਾਂ ਲੋਕਾਂ ਨੇ ਆਪਣੇ ਬਚਾਅ ਲਈ ਕਾਨੂੰਨ ਦੀ ਹਰ ਨਾੜ ਆਪਣੇ ਹੱਥਾਂ ਵਿਚ ਰੱਖੀ ਹੈ। ਅੱਜ ਦੇਸ਼ ਦਾ ਕਾਨੂੰਨ ਇਹ ਕਿਉਂ ਨਹੀਂ ਦੇਖਦਾ ਕਿ ਇਹ ਸਿਆਸੀ ਲੋਕ, ਮੰਤਰੀ ਜਾਂ ਕਿਸੇ ਸਭਾ ਦਾ ਮੈਂਬਰ ਬਣਨ ਤੋਂ ਪਹਿਲਾਂ ਕੀ ਸੀ ਤੇ ਹੁਣ ਉਹ ਮਹਿਲਾਂ ਦਾ ਬਾਦਸ਼ਾਹ ਕਿਵੇਂ ਬਣ ਗਿਆ।
ਦੇਸ਼ ਦੇ ਹਜ਼ਾਰਾਂ ਦੇਸ਼ ਭਗਤਾਂ ਨੇ ਦੇਸ਼ ਦੀ ਤਰੱਕੀ ਤੇ ਸਮਾਜਿਕ ਬਰਾਬਰੀ ਦੀ ਤਸਵੀਰ ਉਲੀਕੀ ਸੀ। ਬੜੇ ਅਫਸੋਸ ਦੀ ਗੱਲ ਹੈ ਕਿ ਇਹ ਲੋਕ ਦੇਸ਼ ਦੇ ਮਾਲਕਾਂ ਦੇ ਰੂਪ ਵਿਚ ਰਾਜਿਆਂ ਦੇ ਮਖੌਟੇ ਪਾਈ ਸਿਆਸਤਦਾਨ, ਰਾਸ਼ਟਰੀਅਤਾ ਅਤੇ ਵਤਨਪ੍ਰਸਤੀ ਤੇ ਤਿਰੰਗੇ ਦੀ ਥਾਂ ਵੋਟਾਂ ਹਥਿਆਉਣ, ਖੰਡਾ, ਖੰਜਰ ਅਤੇ ਤ੍ਰਿਸ਼ੂਲ ਲਹਿਰਾਉਣ 'ਤੇ ਤੁਲੇ ਹੋਏ ਹਨ। ਦੇਸ਼ ਨੂੰ ਭਾਸ਼ਾ, ਜਾਤ, ਧਰਮ ਅਤੇ ਰਾਖਵੇਂਕਰਨ ਵਿਚ ਵੰਡਣ ਦੀਆਂ ਕੁਚਾਲਾਂ ਚੱਲੀਆਂ ਜਾ ਰਹੀਆਂ ਹਨ। ਇਨ੍ਹਾਂ ਸਿਆਸੀ ਲੋਕਾਂ ਦੀ ਸੱਤਾ ਭੁੱਖ ਨੇ ਸਿਰਫ ਖੁਸ਼ਹਾਲ ਦੇਸ਼ ਨੂੰ ਨਹੀਂ ਵੰਡਿਆ, ਸਗੋਂ ਇਕ ਘਰ ਵਿਚ ਭਰਾ-ਭਰਾ ਨੂੰ ਵੰਡਿਆ ਹੈ।
ਅੱਜ ਸਾਡੇ ਆਮ ਸਮਾਜਿਕ ਲੋਕਾਂ ਨੂੰ ਇਨ੍ਹਾਂ ਸਿਆਸਤਦਾਨਾਂ ਦੇ ਨਜ਼ਰੀਏ ਨੂੰ ਸਮਝਣਾ ਹੋਵੇਗਾ। ਇਨ੍ਹਾਂ ਲੋਕਾਂ ਦੇ ਸੇਵਾ ਰੂਪੀ ਮਖੌਟੇ ਨੂੰ ਪਹਿਚਾਨਣਾ ਹੋਵੇਗਾ। ਇਸ ਖਾਨਦਾਨੀ ਸਿਆਸੀ ਵਪਾਰ ਨੂੰ ਬੰਦ ਕਰਾਉਣ ਲਈ ਲਾਮਬੰਦ ਹੋਣ ਦੀ ਲੋੜ ਹੈ। ਦੇਸ਼ ਦੇ ਵਾਰਸਾਂ ਨੂੰ ਦੇਸ਼ ਦੇ ਚੰਗੇ-ਮਾੜੇ ਵਰਤਮਾਨ ਲਈ ਜ਼ਿੰਮੇਵਾਰ ਬਣਨਾ ਚਾਹੀਦਾ ਹੈ ਅਤੇ ਦੇਸ਼ ਦੇ ਫਰਜ਼ਾਂ ਦੀ ਪੂਰਤੀ ਲਈ ਸਭ ਕੁਝ ਤਾਣ ਦੇਣਾ ਚਾਹੀਦਾ ਹੈ। ਇਹ ਵੰਗਾਰ ਹੈ ਹਰ ਆਮ ਲਈ, ਸਾਨੂੰ ਇਸ ਸਿਸਟਮ ਦੇ ਸੁਧਾਰ ਲਈ ਅੱਗੇ ਆਉਣਾ ਚਾਹੀਦਾ ਹੈ, ਨਹੀਂ ਤਾਂ ਇਹ ਸਿਆਸੀ ਅੱਤਵਾਦ ਖਾ ਜਾਵੇਗਾ ਇਸ ਦੇਸ਼ ਨੂੰ ਤੇ ਜਵਾਨੀਆਂ ਨੂੰ।

-ਅੰਮ੍ਰਿਤਸਰ-143203. ਮੋਬਾ: 8427140006

ਗੂੜ੍ਹੀ ਨੀਂਦ ਸੁੱਤੇ ਬਿਜਲੀ ਮਹਿਕਮੇ ਨੂੰ ਜਗਾਉਣ ਦੀ ਲੋੜ

ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ 'ਚ ਆਮ ਦੇਖਿਆ ਜਾ ਸਕਦਾ ਹੈ ਕਿ ਬਿਜਲੀ ਦੀਆਂ ਢਿੱਲੀਆਂ, ਲਮਕ ਰਹੀਆਂ ਨੰਗੀਆਂ ਤਾਰਾਂ ਦਿਖਾਈ ਦਿੰਦੀਆਂ ਹਨ। ਕੁਝ ਥਾਵਾਂ 'ਤੇ ਟੁੱਟੇ ਖੰਭੇ ਲੱਗੇ ਹੋਏ ਹਨ, ਜਿਨ੍ਹਾਂ 'ਤੇ ਹਾਈ ਵੋਲਟ ਦੀ ਸਪਲਾਈ ਗੁਜ਼ਰ ਰਹੀ ਹੁੰਦੀ ਹੈ ਅਤੇ ਬਿਜਲੀ ਦੇ ਟਰਾਂਸਫਾਰਮਰ ਵੀ ਹੇਠਾਂ ਨੀਵੇਂ ਖੰਭਿਆਂ 'ਤੇ ਰੱਖੇ ਹੋਏ ਹਨ ਅਤੇ ਉਨ੍ਹਾਂ ਤੋਂ ਖ਼ਪਤਕਾਰਾਂ ਤੱਕ ਜਾਣ ਵਾਲੀ ਸਪਲਾਈ ਦੇ ਫਿਊਜ਼ ਵੀ ਜਗਾੜੂ ਦਿਖਾਈ ਦਿੰਦੇ ਹਨ। ਉਹ ਕਿਸੇ ਵੇਲੇ ਵੀ ਪਸ਼ੂ-ਪੰਛੀ, ਬੱਚੇ, ਬੁੱਢੇ ਨੂੰ ਭੁਲੇਖੇ ਨਾਲ ਆਪਣੀ ਲਪੇਟ ਵਿਚ ਲੈ ਸਕਦੇ ਹਨ।
ਅੱਜਕਲ੍ਹ ਮਾਹੌਲ ਠੇਕੇਦਾਰੀ ਪ੍ਰਣਾਲੀ ਦਾ ਹੈ। ਜਿਸ ਕੰਮ ਲਈ ਟੈਂਡਰ ਪੈਂਦਾ ਹੈ ਤਾਂ ਇਕ ਠੇਕੇਦਾਰ ਠੇਕਾ ਲੈਂਦਾ ਹੈ। ਫਿਰ ਅੱਗੇ ਉਹੀ ਠੇਕਾ ਕਈ ਹੱਥਾਂ 'ਚ ਚਲਿਆ ਜਾਂਦਾ ਹੈ। ਫਿਰ ਕੰਮ ਕਰਨ ਦੇ ਤੌਰ-ਤਰੀਕੇ ਦੀ ਪਰਖ ਕਰਨੀ ਮੁਸ਼ਕਿਲ ਹੋ ਜਾਂਦੀ ਹੈ। ਜੋ ਕਰੇ ਸੋ ਉਹੀ ਕਰੇ, ਮਾਲ ਦੀ ਗੁਣਵੱਤਾ, ਸਮੇਂ ਦੀ ਬੰਦਿਸ਼ ਪਰ ਕਈ ਵਾਰ ਆਪੋ-ਆਪਣੀਆਂ ਜੇਬਾਂ ਗਰਮ ਕਰਨ ਕਰਕੇ ਸਭ ਕੁਝ ਪਤਾ ਹੋਣ ਦੇ ਬਾਵਜੂਦ ਖਾਮੋਸ਼ ਰਹਿਣ ਦੀ ਆਦਤ ਬਣ ਜਾਂਦੀ ਹੈ ਪਰ ਉਥੇ ਨੁਕਸਾਨ ਸਰਕਾਰੀ ਪੈਸੇ ਦਾ ਅਤੇ ਦੁੱਖ ਭੋਲੀ ਜਨਤਾ, ਪਸ਼ੂ-ਪੰਛੀ ਭੋਗਦੇ ਹਨ। ਜੇਕਰ ਮਹਿਕਮਾ ਬਿਜਲੀ ਮੀਟਰਾਂ ਦੀ ਨਫੇ, ਨੁਕਸਾਨ ਦੀ ਜ਼ਿੰਮੇਵਾਰੀ ਖਪਤ ਸਿਰ ਮੜ੍ਹਦਾ ਹੈ ਤਾਂ ਰਿਹਾਇਸ਼ੀ ਘਰਾਂ ਤੋਂ ਕਈ ਵਾਰ ਦੂਰ-ਦੂਰ ਬਕਸਿਆਂ ਵਿਚ ਮੀਟਰ ਲੱਗੇ ਹੋਏ ਹਨ ਤਾਂ ਉਸ ਦੀ ਰੋਜ਼ਾਨਾ ਦੇਖਭਾਲ ਕੌਣ ਕਰ ਸਕਦਾ ਹੈ? ਕੋਈ ਇਕੱਲੀ ਔਰਤ ਆਪਣੇ ਬਿਜਲੀ ਮੀਟਰ ਦੀ ਨਿਗਰਾਨੀ ਕਿਵੇਂ ਕਰ ਸਕਦੀ ਹੈ? ਪਰ ਸਾਡੀਆਂ ਇਨ੍ਹਾਂ ਮੁਸ਼ਕਿਲਾਂ ਤੋਂ ਮਹਿਕਮਾ ਪੱਲਾ ਝਾੜ ਦਿੰਦਾ ਹੈ। ਬਿਜਲੀ ਬੋਰਡ ਅੰਦਰ ਲੁਕਵਾਂ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ। ਕਈ ਵਾਰ ਖਪਤਕਾਰ ਵੀ ਆਪਣਾ ਸਮਾਂ ਬਰਬਾਦ ਕਰਨ ਮਜਬੂਰੀ ਵੱਸ ਪੈ ਜਾਂਦਾ ਹੈ।
ਕੀ ਸਮੇਂ ਦੀਆਂ ਸਰਕਾਰਾਂ ਗੂੜ੍ਹੀ ਨੀਂਦ ਸੁੱਤੀਆਂ ਹਨ? ਹਰ ਸਾਲ ਮਹਿਕਮੇ ਦੀ ਅਣਗਹਿਲੀ ਕਾਰਨ ਫਸਲਾਂ ਦਾ ਨੁਕਸਾਨ ਹੁੰਦਾ ਹੈ ਜਾਂ ਕੀਮਤੀ ਜ਼ਿੰਦਗੀਆਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ। ਕੀ ਇਹ ਸਭ ਕਾਨੂੰਨ ਦੀਆਂ ਨਜ਼ਰਾਂ ਤੋਂ ਉਹਲੇ ਹੋ ਰਿਹਾ ਹੈ? ਹਰ ਇਕ ਮੁਲਾਜ਼ਮ, ਰਿਸ਼ਵਤਖੋਰ ਜਾਂ ਕੰਮਚੋਰ ਨਹੀਂ ਹੁੰਦਾ। ਦੇਖਿਆ ਜਾਵੇ ਤਾਂ ਇਮਾਨਦਾਰੀ ਜ਼ਿੰਦਾ ਵੀ ਹੈ। ਕਈ ਵਾਰ ਆਪਣੇ ਅਧਿਕਾਰ ਖੇਤਰ ਅੰਦਰ ਸਬੰਧਤ ਅਧਿਕਾਰੀ ਹੋਣ ਵਾਲੇ ਬਿਜਲੀ ਹਾਦਸੇ ਦਾ ਅੰਦਾਜ਼ਾ ਨਹੀਂ ਲਗਾ ਸਕਦੇ, ਮਿਆਦ ਪੁਗਾ ਚੁੱਕੀਆਂ ਤਾਰਾਂ ਜਾਂ ਬੱਚਿਆਂ ਦੀ ਪਹੁੰਚ ਨੇੜੇ ਨੀਵੇਂ ਟਰਾਂਸਫਾਰਮਰ ਜਾਂ ਛੱਤਾਂ ਦੇ ਨੇੜੇ ਗੁਜ਼ਰਦੀਆਂ ਹਾਈ ਵੋਲਟੇਜ ਤਾਰਾਂ ਇਹ ਸਭ ਅਣਗਹਿਲੀ ਦਾ ਸਬੱਬ ਬਣ ਜਾਂਦਾ ਹੈ। ਗੂੜ੍ਹੀ ਨੀਂਦ ਸੁੱਤੀ ਸਰਕਾਰ ਨੂੰ ਇਨ੍ਹਾਂ ਪ੍ਰਤੀ ਜਾਗਣ ਦੀ ਲੋੜ ਹੈ। ਮਹਿਕਮੇ ਪ੍ਰਤੀ ਕੋਈ ਵੀ ਅਧਿਕਾਰੀ ਜਾਂ ਮੁਲਾਜ਼ਮ ਸਬੰਧਤ ਏਰੀਏ ਅੰਦਰ ਕੁਤਾਹੀ ਕਰਦਾ ਹੈ ਤਾਂ ਉਸ ਦੀ ਸਿਫਾਰਸ਼ ਕਰਨ ਦੀ ਬਜਾਏ ਕਾਨੂੰਨ ਨੂੰ ਆਪਣਾ ਕੰਮ ਕਰਨ ਦੇਣਾ ਚਾਹੀਦਾ ਹੈ। ਆਮ ਜਨਤਾ ਦਾ ਵੀ ਮੁਢਲਾ ਫਰਜ਼ ਬਣਦਾ ਹੈ। ਜੇਕਰ ਸਾਨੂੰ ਕੋਈ ਮਹਿਕਮੇ ਪ੍ਰਤੀ ਗਿਲਾ ਹੋਵੇ ਤਾਂ ਸਬੰਧਤ ਅਧਿਕਾਰੀ ਨੂੰ ਸਮੇਂ-ਸਮੇਂ 'ਤੇ ਸੂਚਿਤ ਕਰਨਾ ਚਾਹੀਦਾ ਹੈ, ਜਿਸ ਨਾਲ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਤੋਂ ਬਚਿਆ ਜਾ ਸਕੇ। ਹਰ ਇਕ ਮੁਲਾਜ਼ਮ, ਅਧਿਕਾਰੀ ਨੂੰ ਆਪਣੇ ਡਿਊਟੀ ਦੌਰਾਨ ਜ਼ਿੰਮੇਵਾਰੀ ਨਾਲ ਫਰਜ਼ ਨਿਭਾਉਣੇ ਚਾਹੀਦੇ ਹਨ ਤਾਂ ਕਿ ਆਮ ਜਨਤਾ ਦਾ ਸੁਧਾਰ ਹੋ ਸਕੇ।

-ਵਾਤਾਵਰਨ ਪ੍ਰੇਮੀ, ਪਿੰਡ ਤੇ ਡਾਕ: ਜਲਾਲਦੀਵਾਲ, ਲੁਧਿਆਣਾ।
ਮੋਬਾ: 98141-11305

ਕਿਉਂ ਵਧਦਾ ਜਾ ਰਿਹੈ ਬਾਹਰਲੇ ਦੇਸ਼ਾਂ ਨੂੰ ਜਾਣ ਦਾ ਰੁਝਾਨ?

ਕਰਜ਼ੇ ਨਾਲ ਜਕੜੇ ਪੰਜਾਬ ਦੀ ਹਾਲਤ ਦਿਨੋਂ-ਦਿਨ ਹੋਰ ਮਾੜੀ ਹੁੰਦੀ ਜਾ ਰਹੀ ਹੈ। ਇਨ੍ਹਾਂ ਵਿਚੋਂ ਇਕ ਕਾਰਨ ਵੱਡੇ ਪੱਧਰ 'ਤੇ ਪੰਜਾਬੀਆਂ ਦਾ ਦੇਸ਼-ਪ੍ਰਦੇਸ਼ ਵੱਲ ਨੂੰ ਪ੍ਰਵਾਸ ਹੈ, ਜਿਸ ਨਾਲ ਪੰਜਾਬ ਦੀ ਆਰਥਿਕਤਾ ਨੂੰ ਸਿੱਧੇ ਤੌਰ 'ਤੇ ਘਾਟਾ ਪੈ ਰਿਹਾ ਹੈ। ਸਰਕਾਰ ਪੜ੍ਹੇ-ਲਿਖੇ ਨੌਜਵਾਨਾਂ ਨੂੰ ਉਨ੍ਹਾਂ ਦੀ ਯੋਗਤਾ ਮੁਤਾਬਿਕ ਰੁਜ਼ਗਾਰ ਮੁਹੱਈਆ ਕਰਵਾਉਣ ਵਿਚ ਅਸਫ਼ਲ ਰਹੀ ਹੈ। ਨਿੱਜੀ ਸਿੱਖਿਆ ਸੰਸਥਾਵਾਂ ਅਧਿਆਪਕਾਂ ਨੂੰ ਬਹੁਤ ਘੱਟ ਤਨਖਾਹਾਂ 'ਤੇ ਰੱਖ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀਆਂ ਹਨ। ਇਹ ਗੱਲਾਂ ਸਰਕਾਰਾਂ ਤੋਂ ਲੁਕੀਆਂ ਨਹੀਂ ਹਨ। ਪੰਜਾਬ ਵਿਚ ਪੜ੍ਹਦਿਆਂ ਲੱਖਾਂ ਰੁਪਏ ਖਰਚ ਕੇ ਵੀ ਵਿਦਿਆਰਥੀ ਨੂੰ ਪੰਜਾਬ ਵਿਚ ਪੱਕਾ ਰੁਜ਼ਗਾਰ ਮਿਲ ਜਾਵੇ, ਇਸ ਗੱਲ ਦੀ ਸੁਨਿਸਚਿਤਤਾ ਨਹੀਂ ਹੈ। ਪੰਜਾਬ ਦੇ ਨੌਜਵਾਨ ਪੰਜਾਬ ਤੋਂ ਬਾਹਰ ਬੈਂਗਲੁਰੂ, ਨੋਇਡਾ, ਗੁਰੂਗਰਾਮ ਵਿਚ ਚੰਗੇ ਪੈਕੇਜ 'ਤੇ ਬਾਹਰੋਂ ਆਈਆਂ ਕੰਪਨੀਆਂ ਵਿਚ ਕੰਮ ਕਰ ਰਹੇ ਹਨ। ਇਹ ਵਰਤਾਰਾ ਸਿੱਧੇ ਤੌਰ 'ਤੇ ਉੱਤਰ ਬਸਤੀਵਾਦ ਦਾ ਸੰਕਲਪ ਪੂਰ ਰਿਹਾ ਹੈ, ਜਿਸ ਤੋਂ ਭਾਵ ਹੈ ਕਿ ਬਸਤੀਵਾਦ, ਜਿੱਥੇ ਸਿੱਧੇ ਤੌਰ 'ਤੇ ਬਲ ਰਾਹੀਂ ਸਥਾਪਤ ਵਰਤਾਰਾ ਸੀ, ਉੱਥੇ ਉੱਤਰ ਬਸਤੀਵਾਦ ਬਲ ਦੀ ਵਰਤੋਂ ਨਾ ਕਰਦੇ ਹੋਏ ਸਥਾਪਤ ਦੇਸ਼ ਵਿਕਾਸਸ਼ੀਲ ਦੇਸ਼ਾਂ ਦੇ ਹੁਕਮਰਾਨ ਅਤੇ ਸਰਮਾਏਦਾਰਾਂ ਨੂੰ ਆਪਣੇ ਵੱਸ ਵਿਚ ਕਰਕੇ ਆਪਣਾ ਰਾਜ ਸਥਾਪਤ ਕਰਦੇ ਹਨ।
ਇਹੋ ਕੁਝ ਹੀ ਅੱਜ ਦੇ ਸਮੇਂ ਵਿਚ ਭਾਰਤ ਅਤੇ ਪੰਜਾਬ ਵਿਚ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬੀਆਂ ਨੂੰ ਖ਼ਾਸ ਕਰਕੇ ਨੌਜਵਾਨ ਮੁੰਡੇ-ਕੁੜੀਆਂ ਨੂੰ ਗੀਤਾਂ, ਫਿਲਮਾਂ ਰਾਹੀ ਵਿਦੇਸ਼ਾਂ ਦੇ ਰਹਿਣ-ਸਹਿਣ ਬਾਰੇ, ਉੱਥੋਂ ਦੇ ਸੱਭਿਆਚਾਰ ਬਾਰੇ ਬਹੁਤ ਵਧਾ-ਚੜ੍ਹਾਅ ਕੇ ਦੱਸਿਆ ਜਾ ਰਿਹਾ ਹੈ। ਬਸਤੀਵਾਦ ਦੇ ਖ਼ਾਤਮੇ ਤੋਂ ਬਾਅਦ ਬਸਤੀਕ੍ਰਿਤ ਦੇਸ਼ਾਂ ਨੂੰ ਹੁਣ ਇਕ ਗੱਲ ਸਮਝ ਆ ਗਈ ਹੈ ਕਿ ਜੇਕਰ ਇਨ੍ਹਾਂ ਤੀਜੀ ਦੁਨੀਆ ਕਹੇ ਜਾਣ ਵਾਲੇ ਪਛੜੇ ਅਤੇ ਵਿਕਾਸਸ਼ੀਲ ਦੇਸ਼ਾਂ 'ਤੇ ਮੁੜ ਰਾਜ ਕਰਨਾ ਹੈ ਤਾਂ ਸੈਨਿਕ ਸ਼ਕਤੀ ਨੂੰ ਪਿੱਛੇ ਛੱਡ ਕੇ ਉਨ੍ਹਾਂ ਦੇਸ਼ਾਂ ਦੇ ਸੱਭਿਆਚਾਰ ਨੂੰ ਸਮਝ ਕੇ ਉਸ ਦੇ ਖਾਤਮੇ ਲਈ ਕੰਮ ਕਰਨਾ ਪੈਣਾ ਹੈ। ਬਸਤੀਕ੍ਰਿਤ ਦੇਸ਼ਾਂ ਨੇ ਇਨ੍ਹਾਂ ਦੇਸ਼ਾਂ ਦੇ ਲੋਕਾਂ ਦੇ ਦਿਮਾਗ ਵਿਚ ਇਹ ਗੱਲ ਪਾ ਦਿੱਤੀ ਹੈ ਕਿ ਪੂਰਬੀ ਦੇਸ਼ਾਂ ਦਾ ਸੱਭਿਆਚਾਰ ਪੱਛਮੀ ਦੇਸ਼ਾਂ ਦੇ ਸੱਭਿਆਚਾਰ ਦੇ ਮੁਕਾਬਲੇ ਨਿਮਨ ਪੱਧਰ ਦਾ ਹੈ, ਜਿਸ ਕਰਕੇ ਤੀਜੀ ਦੁਨੀਆ ਕਹੇ ਜਾਂਦੇ ਦੇਸ਼ਾਂ ਦੇ ਲੋਕ ਆਪਣੇ ਸੱਭਿਆਚਾਰ ਨੂੰ ਛੱਡ ਕੇ ਪੱਛਮੀ ਸੱਭਿਆਚਾਰ ਦੇ ਉਪਾਸਕ ਬਣਦੇ ਜਾ ਰਹੇ ਹਨ, ਜਿਨ੍ਹਾਂ ਵਿਚੋਂ ਪੰਜਾਬ ਵੀ ਇਕ ਹੈ। ਪਰਵਾਸ ਨਿਰੰਤਰ ਚੱਲਣ ਵਾਲਾ ਵਰਤਾਰਾ ਹੈ। ਮਨੁੱਖ ਦੇ ਜਨਮ ਤੋਂ ਹੀ ਇਹ ਪ੍ਰਕਿਰਿਆ ਨਿਰੰਤਰ ਚਲਦੀ ਆ ਰਹੀ ਹੈ। ਪੰਜਾਬੀਆਂ ਦੇ ਪ੍ਰਵਾਸ ਦੀ ਗੱਲ ਕਰੀਏ ਤਾਂ ਸਮੇਂ-ਸਮੇਂ 'ਤੇ ਪੰਜਾਬੀ ਇਸ ਪ੍ਰਕਿਰਿਆ ਦਾ ਹਿੱਸਾ ਬਣਦੇ ਰਹੇ ਹਨ। ਉੱਤਰ ਬਸਤੀਵਾਦ ਆਪਣੇ ਨਵੇਂ ਰੂਪ ਬਦਲ ਕੇ ਪੂਰੀ ਚੜ੍ਹਤ ਨਾਲ ਤੀਜੀ ਦੁਨੀਆ ਦੇ ਵਿਕਾਸਸ਼ੀਲ ਦੇਸ਼ਾਂ 'ਤੇ ਆਪਣੀ ਜਕੜ ਮਜ਼ਬੂਤ ਕਰ ਰਿਹਾ ਹੈ। ਬਸਤੀਵਾਦ ਦਾ ਇਕ ਨਵਾਂ ਉੱਘੜਵਾਂ ਰੂਪ ਵਿਸ਼ਵੀਕਰਨ ਹੈ, ਜਿਸ ਨਾਲ ਇਕ ਅੰਤਰਰਾਸ਼ਟਰੀ ਆਰਥਿਕ ਪ੍ਰਬੰਧ ਸਾਹਮਣੇ ਆ ਰਿਹਾ ਹੈ, ਜਿੱਥੇ ਗਰੀਬ ਦੇਸ਼ ਆਪਣੀ ਕੌਮੀ ਖ਼ੁਦਮੁਖਤਿਆਰੀ ਗੁਆ ਰਹੇ ਹਨ। ਪੱਛਮ ਅਤੇ ਪੂਰਬ ਦੇ ਇਸ ਰਿਸ਼ਤੇ ਨੂੰ ਸਮਝਣ ਦੀ ਲੋੜ ਹੈ, ਇਹ ਲੁੱਟ-ਖਸੁੱਟ ਦਾ ਰਿਸ਼ਤਾ ਹੈ। ਜਿੰਨੀ ਜਲਦੀ ਅਸੀਂ ਆਮ ਲੋਕ ਸਮਝ ਲਵਾਂਗੇ, ਓਨਾ ਹੀ ਸਾਡੇ ਲਈ ਠੀਕ ਰਹੇਗਾ, ਨਹੀਂ ਕਿਤੇ ਇਹ ਨਾ ਹੋ ਜਾਵੇ ਕਿ ਆਉਣ ਵਾਲੇ 30 ਸਾਲਾਂ ਨੂੰ ਪੰਜਾਬ ਦੀ ਧਰਤੀ ਹੇਠਲੇ ਪਾਣੀ ਦੇ ਨਾਲ-ਨਾਲ ਪੰਜਾਬ ਵਿਚੋਂ ਪੰਜਾਬ ਦੀ ਨੌਜਵਾਨੀ ਵੀ ਖ਼ਤਮ ਹੋ ਜਾਵੇ।

-ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਸ਼ਿਆਂ ਦੀ ਦਲ-ਦਲ ਵਿਚ ਫਸੀ ਜਵਾਨੀ ਨੂੰ ਬਚਾਇਆ ਜਾਵੇ

ਹਰ ਮੈਦਾਨ ਫਤਹਿ ਹਾਸਲ ਕਰਨ ਦਾ ਜਜ਼ਬਾ ਰੱਖਣ ਵਾਲੇ ਪੰਜਾਬੀ ਅੱਜ ਨਸ਼ਿਆਂ ਦੀ ਦਲ-ਦਲ ਵਿਚ ਫਸ ਚੁੱਕੇ ਹਨ। ਨੌਜਵਾਨਾਂ ਦਾ ਨਸ਼ਿਆਂ ਵਿਚ ਗਲਤਾਨ ਹੋਣਾ ਪੰਜਾਬ ਲਈ ਖ਼ਤਰਨਾਕ ਸੰਕੇਤ ਹੈ। ਅੱਜ ਵਟਸਐਪ, ਫੇਸਬੁੱਕ ਤੇ ਹੋਰ ਸੋਸ਼ਲ ਸਾਈਟਾਂ 'ਤੇ ਲਗਾਤਾਰ ਚਿੱਟਾ ਵਿਕਣ ਤੇ ਨਸ਼ੇ ਕਰਨ ਵਾਲੇ ਨੌਜਵਾਨਾਂ ਦੀਆਂ ਵੀਡੀਓ ਸਾਹਮਣੇ ਆ ਰਹੀਆਂ ਹਨ। ਚਿੱਟੇ ਵਰਗੇ ਭਿਆਨਕ ਨਸ਼ੇ ਨੇ ਕਈ ਭੈਣਾਂ ਤੋਂ ਭਰਾ ਤੇ ਮਾਵਾਂ ਤੋਂ ਪੁੱਤ ਖੋਹ ਲਏ, ਜਿਨ੍ਹਾਂ ਦੀ ਦਾਸਤਾਨ ਅੱਜ ਦਿਲ ਕੰਬਾਊ ਹੈ। ਨਸ਼ੇ ਦੀ ਓਵਰਡੋਜ਼ ਲੈਣ ਨਾਲ ਦਿਨੋਂ-ਦਿਨ ਨੌਜਵਾਨਾਂ ਦੀ ਮੌਤ ਦਰ 'ਚ ਵਾਧਾ ਹੋ ਰਿਹਾ ਹੈ, ਜਿਸ ਨੇ ਪੰਜਾਬ ਦੇ ਲੋਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਜੇਕਰ ਸਮੇਂ ਦੀਆਂ ਸਰਕਾਰਾਂ ਨੇ ਨਸ਼ੇ ਦੀ ਭੈੜੀ ਅਲਾਮਤ ਨੂੰ ਕੰਟਰੋਲ ਕੀਤਾ ਹੁੰਦਾ ਤਾਂ ਅੱਜ ਪੰਜਾਬ ਦੇ ਨੌਜਵਾਨ ਨਸ਼ਿਆਂ ਤੋਂ ਬਚ ਸਕਦੇ ਸਨ ਪਰ ਨਸ਼ਾ ਤਸਕਰੀ ਧੰਦੇ ਵਿਚ ਦਿਨ-ਬ-ਦਿਨ ਵਾਧਾ ਹੁੰਦਾ ਗਿਆ, ਜਿਸ ਦਾ ਬਹੁਤ ਮਾੜਾ ਨਤੀਜਾ ਅੱਜ ਸਾਡੇ ਸਾਹਮਣੇ ਆਇਆ ਹੈ ਤੇ ਪੰਜਾਬ ਦੇ ਨੌਜਵਾਨ ਆਪਣੀਆਂ ਕੀਮਤੀ ਜਾਨਾਂ ਗੁਆ ਰਹੇ ਹਨ। ਨਸ਼ਿਆਂ ਦੀ ਸਪਲਾਈ ਨੂੰ ਰੋਕਣ ਲਈ ਅੱਜ ਸਰਕਾਰ ਅਤੇ ਪੁਲਿਸ ਵਿਭਾਗ ਨੂੰ ਸਖਤ ਰੁਖ਼ ਅਖ਼ਤਿਆਰ ਕਰਨ ਦੀ ਲੋੜ ਹੈ, ਜੇਕਰ ਅਜੇ ਵੀ ਨਸ਼ਾ ਤਸਕਰਾਂ ਨੂੰ ਢਿੱਲ ਦਿੱਤੀ ਤਾਂ ਆਉਣ ਵਾਲੇ ਸਮੇਂ ਵਿਚ ਇਹ ਨਸ਼ਾ ਪੰਜਾਬ ਦੀ ਜਵਾਨੀ ਨੂੰ ਨਿਗਲ ਜਾਵੇਗਾ।
ਅੱਜ ਜ਼ਰੂਰਤ ਹੈ ਕਿ ਜਾਗਰੂਕਤਾ ਲਿਆ ਕੇ ਪੰਜਾਬ ਦੀ ਜਵਾਨੀ ਨੂੰ ਇਸ ਨਸ਼ਿਆਂ ਦੀ ਦਲ-ਦਲ ਵਿਚੋਂ ਕੱਢਿਆ ਜਾਵੇ, ਤਾਂ ਜੋ ਪੰਜਾਬ ਦੀ ਜਵਾਨੀ ਇਸ ਮੌਤ ਦੇ ਮੰਜਰ 'ਚੋਂ ਨਿਕਲ ਸਕੇ। ਪੰਜਾਬ 'ਚ ਲਗਾਤਾਰ ਚਿੱਟੇ ਦੀ ਓਵਰਡੋਜ਼ ਲੈਣ ਕਾਰਨ ਹੋਈਆਂ ਨੌਜਵਾਨਾਂ ਦੀਆਂ ਮੌਤਾਂ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਆਪਣੀ ਆਵਾਜ਼ ਬੁਲੰਦ ਕੀਤੀ ਹੈ, ਜਿਸ ਦਾ ਅਸਰ ਹੁਣ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬੀਆਂ ਵਲੋਂ 'ਮਰੋ ਜਾਂ ਵਿਰੋਧ ਕਰੋ' ਨਾਅਰੇ ਹੇਠ 'ਚਿੱਟੇ ਵਿਰੁੱਧ ਕਾਲਾ ਹਫਤਾ' ਮਨਾਇਆ ਗਿਆ ਸੀ, ਜਿਸ ਦੌਰਾਨ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਤੇ ਲੋਕ ਅੱਗੇ ਆਏ ਹਨ ਅਤੇ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਫੈਲਾਉਣ ਲਈ ਯਤਨ ਕਰ ਰਹੇ ਹਨ। ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ਾ ਸਮੱਗਲਰਾਂ ਦੀਆਂ ਜੜ੍ਹਾਂ ਪੁੱਟਣੀਆਂ ਅੱਜ ਬੇਹੱਦ ਜ਼ਰੂਰੀ ਹਨ ਤੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਖ਼ਤ ਕਦਮ ਚੁੱਕਣ ਦੀ ਲੋੜ ਹੈ ਅਤੇ ਲੋਕਾਂ ਨੂੰ ਵੀ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਲਿਆਉਣ ਲਈ ਇਕ ਲੋਕ ਲਹਿਰ ਬਣਾਉਣ ਦੀ ਲੋੜ ਹੈ। ਜੇਕਰ ਨੌਜਵਾਨਾਂ ਦੇ ਨਸ਼ਿਆਂ ਵੱਲ ਵਧ ਰਹੇ ਰੁਝਾਨ ਦੀ ਗੱਲ ਕਰੀਏ ਤਾਂ ਵੱਡਾ ਕਾਰਨ ਬੇਰੁਜ਼ਗਾਰੀ ਮੰਨਿਆ ਜਾ ਰਿਹਾ ਹੈ। ਨੌਜਵਾਨਾਂ ਨੂੰ ਮਹਿੰਗੀਆਂ ਡਿਗਰੀਆਂ ਪ੍ਰਾਪਤ ਕਰਕੇ ਵੀ ਰੁਜ਼ਗਾਰ ਨਹੀਂ ਮਿਲ ਰਿਹਾ ਅਤੇ ਦਰ-ਦਰ ਠੋਕਰਾਂ ਖਾ ਰਹੇ ਹਨ ਤੇ ਇਸ ਨਿਰਾਸ਼ਤਾ ਕਾਰਨ ਵੀ ਕਈ ਨੌਜਵਾਨ ਨਸ਼ੇ ਦੇ ਆਦੀ ਹੋ ਜਾਂਦੇ ਹਨ। ਅੱਜ ਲੋੜ ਹੈ ਸਿੱਖਿਆ ਦੇ ਵਪਾਰੀਕਰਨ ਨੂੰ ਰੋਕਿਆ ਜਾਵੇ ਅਤੇ ਪੜ੍ਹੇ-ਲਿਖੇ ਨੌਜਵਾਨ ਲਈ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣ।

-ਕੰਪਿਊਟਰ ਆਪ੍ਰੇਟਰ, ਸ੍ਰੀ ਮੁਕਤਸਰ ਸਾਹਿਬ। ਮੋਬਾ: 96466-59720

ਪੈਰ ਛੂਹਣ ਤੋਂ ਮੂੰਹ ਮੋੜਦੀ ਅੱਜ ਦੀ ਪੀੜ੍ਹੀ

ਭਾਰਤੀ ਸੰਸਕ੍ਰਿਤੀ ਵਿਚ ਸੰਸਕਾਰਾਂ ਦਾ ਆਪਣਾ ਇਕ ਵੱਖਰਾ ਮਹੱਤਵ ਹੈ। ਇਸ ਲਈ ਹਿੰਦੂ ਅਤੇ ਹੋਰ ਧਰਮਾਂ ਵਿਚ ਆਪਣੇ ਬਜ਼ੁਰਗਾਂ ਦਾ ਆਦਰ ਕਰਨ ਦੀ ਪ੍ਰੰਪਰਾ ਮੁੱਢ ਤੋਂ ਚਲਦੀ ਆ ਰਹੀ ਹੈ ਅਤੇ ਇਸ ਦਾ ਪਰਿਣਾਮ ਹੈ ਕਿ ਸਾਡੇ ਸਮਾਜ ਵਿਚ ਬਜ਼ੁਰਗਾਂ, ਮਾਤਾ-ਪਿਤਾ, ਵੱਡੇ ਭੈਣ-ਭਰਾ, ਰਿਸ਼ਤੇਦਾਰਾਂ ਦੇ ਪੈਰ ਛੂਹ ਕੇ ਆਸ਼ੀਰਵਾਦ ਪ੍ਰਾਪਤ ਕਰਨਾ ਚੰਗੇ ਸੰਸਕਾਰਾਂ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ।
ਪੈਰ ਛੂਹ ਕੇ ਆਸ਼ੀਰਵਾਦ ਲੈਣ ਨਾਲ ਵੱਡਿਆਂ ਲਈ ਦਿਲ ਤੋਂ ਸਨਮਾਨ, ਆਦਰ ਅਤੇ ਉਨ੍ਹਾਂ ਪ੍ਰਤੀ ਪ੍ਰੇਮ ਦੀ ਭਾਵਨਾ ਉਤਪੰਨ ਹੁੰਦੀ ਹੈ, ਜਿਸ ਦੇ ਕਾਰਨ ਰਿਸ਼ਤਿਆਂ ਵਿਚ ਪਿਆਰ ਤੇ ਵਿਸ਼ਵਾਸ ਵਧਦਾ ਹੈ ਅਤੇ ਨਾਲ ਹੀ ਸਾਨੂੰ ਅਹੰਕਾਰ ਰਹਿਤ ਹੋਣ ਦੀ ਸਿੱਖਿਆ ਮਿਲਦੀ ਹੈ।
ਪੈਰ ਛੂਹਣ ਦੇ ਧਾਰਮਿਕ ਕਾਰਨ ਤਾਂ ਹੈ ਹੀ ਹਨ ਅਤੇ ਨਾਲ ਹੀ ਵਿਗਿਆਨਕ ਪ੍ਰਭਾਵ ਵੀ ਵਿਗਿਆਨੀਆਂ ਨੇ ਪ੍ਰਮਾਣਿਤ ਕੀਤੇ ਹਨ। ਮਨੁੱਖ ਦੇ ਸਰੀਰ ਵਿਚ ਸਿਰ ਤੋਂ ਲੈ ਕੇ ਪੈਰਾਂ ਤੱਕ ਲਗਾਤਾਰ ਊਰਜਾ ਦਾ ਪ੍ਰਚਾਰ ਹੁੰਦਾ ਹੈ ਅਤੇ ਪੈਰ ਛੂਹਣ ਨਾਲ ਉਸ ਵਿਆਕਤੀ ਦੇ ਪੈਰਾਂ ਵਿਚ ਹੁੰਦੀ ਹੋਈ ਊਰਜਾ ਸਾਡੇ ਸਰੀਰ ਭਾਵ ਹੱਥਾਂ ਵਿਚੋਂ ਹੁੰਦੀ ਹੋਈ ਉਸ ਦੇ ਸਰੀਰ ਵਿਚ ਦਾਖਲ ਹੁੰਦੀ ਹੈ। ਇਸ ਦੇ ਨਾਲ ਨਕਾਰਾਤਮਕ ਊਰਜਾ ਨਸ਼ਟ ਹੁੰਦੀ ਹੈ ਅਤੇ ਸਕਾਰਾਤਮਿਕਤਾ ਪੈਦਾ ਹੁੰਦੀ ਹੈ। ਇਹਦੇ ਨਾਲ ਹੀ ਵਿਆਕਤੀ ਵਲੋਂ ਦਿਲੋਂ ਦਿੱਤਾ ਗਿਆ ਆਸ਼ੀਰਵਾਦ ਜਿਵੇਂ ਖੁਸ਼ ਰਹੋ, ਜੁੱਗ-ਜੁੱਗ ਜੀਓ, ਰੱਬ ਤੁਹਾਨੂੰ ਲੰਬੀ ਉਮਰ ਦੇਵੇ, ਦੁੱਧੀਂ ਨਹਾਓ ਪੁੱਤੀਂ ਫਲੋਂ ਵਰਗੇ ਆਸ਼ੀਰਵਾਦ ਸਾਨੂੰ ਸਿਰਫ਼ ਮਾਨਸਿਕ ਸ਼ਕਤੀ ਹੀ ਨਹੀਂ, ਸਗੋਂ ਸਕਾਰਾਤਮਕ ਸ਼ਕਤੀ ਵੀ ਪ੍ਰਦਾਨ ਕਰਦੇ ਹਨ।
ਅੱਜਕਲ੍ਹ ਦੇ ਨਵੇਂ ਜ਼ਮਾਨੇ ਵਿਚ ਬੱਚਿਆਂ ਦੁਆਰਾ ਆਪਣੇ ਮਾਤਾ-ਪਿਤਾ ਨੂੰ ਮਿਲਣ ਸਮੇਂ ਉਨ੍ਹਾਂ ਨੂੰ ਹਾਏੇ ਮੋਮ, ਹਾਏ ਡੈਡ ਕਹਿ ਕੇ ਬੁਲਾਇਆ ਜਾਂਦਾ ਹੈ, ਨਾ ਕਿ ਉਨ੍ਹਾਂ ਨੂੰ ਨਮਸਕਾਰ ਕਰਕੇ, ਪੈਰ ਛੂਹ ਕੇ ਜਾਂ ਗਲੇ ਲੱਗ ਕੇ ਮਿਲਣਾ। ਮੇਰੇ ਕਹਿਣ ਤੋਂ ਭਾਵ ਇਹ ਨਹੀਂ ਕਿ ਸਾਰੇ ਨੌਜਵਾਨ ਹੀ ਅਜਿਹਾ ਕਰਦੇ ਹਨ ਪਰ ਜ਼ਿਆਦਾਤਰ ਅਜਿਹਾ ਹੁੰਦਾ ਦਿਖਾਈ ਦੇ ਰਿਹਾ ਹੈ, ਜੋ ਕਿ ਸਾਡੀ ਭਾਰਤੀ ਸੰਸਕ੍ਰਿਤ ਅਤੇ ਸੰਸਕਾਰਾਂ ਦੇ ਬਿਲਕੁਲ ਉਲਟ ਹੈ।
ਅੱਜ ਦੇ ਦੌਰ ਵਿਚ ਆਮ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਸਾਰੇ ਸਮਾਜ ਵਿਚ ਲੋਕ ਭਾਰਤੀ ਸੰਸਕ੍ਰਿਤੀ ਵਿਚ ਸੰਸਕਾਰਾਂ ਦਾ ਸਨਮਾਨ ਕਰਦੇ ਹਨ ਅਤੇ ਇਸ ਨੂੰ ਅਪਣਾਉਂਦੇ ਨਜ਼ਰ ਆਉਂਦੇ ਹਨ, ਜਿਸ ਵਿਚ ਬਹੁਤ ਸਾਰੇ ਦੇਸ਼ਾਂ ਦੇ ਰਾਸ਼ਟਰਪਤੀ ਆਦਿ ਭਾਰਤ ਆ ਕੇ ਦੋਵੇਂ ਹੱਥ ਜੋੜ ਕੇ ਨਮਸਕਾਰ ਕਰਦੇ ਨਜ਼ਰ ਆਉਂਦੇ ਹਨ। ਹੋਰ ਤਾਂ ਹੋਰ, ਕੁਝ ਸਮੇਂ ਤੋਂ ਹੱਥ ਮਿਲਉਣ ਦੇ ਨਾਲ-ਨਾਲ ਗਲੇ ਮਿਲਦੇ ਵੀ ਦਿਖ ਰਹੇ ਹਨ। ਇਹ ਭਾਰਤੀ ਸੰਸਕ੍ਰਿਤੀ ਵਿਚ ਸੰਸਕਾਰ ਹੀ ਹਨ ਜੋ ਇਸ ਤਰ੍ਹਾਂ ਸਭ ਨੂੰ ਦਿਲ ਤੋਂ ਜੋੜ ਕੇ ਰੱਖਣ ਦੇ ਸਮਰੱਥ ਹਨ। ਉੱਥੇ ਹੀ ਸਾਡੀ ਨੌਜਵਾਨ ਪੀੜ੍ਹੀ ਪੱਛਮੀ ਸੱਭਿਅਤਾ ਵੱਲ ਝੁਕਦੀ ਨਜ਼ਰ ਆ ਰਹੀ ਹੈ ਅਤੇ ਆਪਣੇ ਸੰਸਕਾਰਾਂ ਤੋਂ ਦੂਰ ਹੁੰਦੀ ਨਜ਼ਰ ਆ ਰਹੀ ਹੈ।
ਉੱਥੇ ਹੀ ਵਿਸ਼ਵ ਦੇ ਕੁਝ ਦੇਸ਼ਾਂ ਜਿਵੇਂ ਥਾਈਲੈਂਡ, ਨਿਪਾਲ, ਇੰਡੋਨੇਸ਼ੀਆ ਵਿਚ ਅੱਜ ਵੀ ਇਸ ਪਰੰਪਰਾ ਦਾ ਨਿਵਾਰਨ ਕਰਨ ਦੇ ਉਦਾਹਰਨ ਸਮੇਂ-ਸਮੇਂ 'ਤੇ ਸਮਾਚਾਰਾਂ ਵਿਚ ਪੜ੍ਹਨ ਨੂੰ ਮਿਲਦੇ ਹਨ। ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਕੋਈ ਵਿਦੇਸ਼ੀ ਅਜਿਹਾ ਕਰਦਾ ਹੈ, ਜਦੋਂ ਕਿ ਅਸੀਂ ਆਪਣੀ ਭਾਰਤੀ ਸੰਸਕ੍ਰਿਤੀ ਵਿਚ ਸੰਸਕਾਰਾਂ ਨੂੰ ਭੁੱਲਦੇ ਜਾ ਰਹੇ ਹਾਂ, ਜੋ ਕਦੇ ਭਾਰਤ ਦੀ ਸੰਸਕਾਰਵਾਦੀ ਪ੍ਰੰਪਰਾ ਦਾ ਮੁੱਖ ਹਿੱਸਾ ਹੈ।
ਸੋ, ਸੰਸਕਾਰਾਂ ਨੂੰ ਜਿਉਂਦੇ ਰੱਖਣ ਲਈ ਸਾਨੂੰ ਸਾਰਿਆਂ ਨੂੰ ਆਪਣੇ ਬਜ਼ੁਰਗਾਂ, ਮਾਤਾ-ਪਿਤਾ, ਵੱਡੇ ਭੈਣ-ਭਰਾ, ਰਿਸ਼ਤੇਦਾਰਾਂ ਦੇ ਪੈਰ ਆਪਣੇ ਬੱਚਿਆਂ ਦੇ ਸਾਹਮਣੇ ਸੰਪੂਰਨ ਰੂਪ ਨਾਲ ਛੂਹਣੇ ਚਾਹੀਦੇ ਹਨ। ਕਿਉਂਕਿ ਬੱਚੇ ਜ਼ਿਆਦਾਤਰ ਜਿਵੇਂ ਦੇਖਦੇ ਹਨ, ਉਵੇਂ ਹੀ ਸਿੱਖਦੇ ਹਨ। ਬੱਚਿਆਂ ਨੂੰ ਬਚਪਨ ਤੋਂ ਹੀ ਪੈਰ ਛੂਹਣ ਦੀ ਸਿੱਖਿਆ ਦੇਣੀ ਚਾਹੀਦੀ ਹੈ, ਤਾਂ ਜੋ ਉਹ ਚੰਗੇ ਸੰਸਕਾਰ ਸਿੱਖਣ ਅਤੇ ਚੰਗੇ ਸਮਾਜ ਤੇ ਰਾਸ਼ਟਰ ਦਾ ਨਿਰਮਾਣ ਕਰਨ।

-ਮੋਬਾ: 81469-33733

ਇਕ-ਦੂਜੇ ਉੱਪਰ ਦੂਸ਼ਣਬਾਜ਼ੀ ਦੀ ਬਜਾਏ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰਨ ਸਿਆਸਤਦਾਨ

ਉਂਜ ਤਾਂ ਸਾਰੇ ਦੇਸ਼ ਦਾ ਰਾਜਨੀਤਕ ਮਾਹੌਲ ਦਿਨ-ਬ-ਦਿਨ ਨੀਵਾਣ ਵੱਲ ਹੀ ਜਾ ਰਿਹਾ ਹੈ ਪਰ ਪੰਜਾਬ ਨੂੰ ਗੁਰੂ ਸਾਹਿਬਾਨ, ਪੀਰਾਂ-ਪੈਗੰਬਰਾਂ, ਰਿਸ਼ੀਆਂ-ਮੁਨੀਆਂ ਦੀ ਧਰਤੀ ਹੋਣ ਦਾ ਮਾਣ ਪ੍ਰਾਪਤ ਹੋਣ ਕਾਰਨ ਸਾਨੂੰ ਵੰਡ ਛਕਣ, ਸੰਜਮ, ਸੰਤੋਖ, ਆਪ ਗਵਾ ਕੇ ਸੇਵਾ ਕਰਨ, ਦਸਾਂ ਨਹੁੰਆਂ ਦੀ ਕਿਰਤ ਕਰਕੇ ਦਸਵੰਧ ਕੱਢਣ ਆਦਿ ਦਾ ਉਪਦੇਸ਼ ਮਿਲਦਾ ਹੈ।
ਅਕਾਲੀ ਵਰਕਰਾਂ/ਜਥੇਦਾਰਾਂ ਦੀਆਂ ਮਹਾਨ ਕੁਰਬਾਨੀਆਂ ਸਦਕਾ ਪੰਜਾਬੀ ਸੂਬਾ ਹੋਂਦ ਵਿਚ ਆਇਆ, ਹਜ਼ਾਰਾਂ ਪਰਿਵਾਰ ਇਨ੍ਹਾਂ ਸੰਘਰਸ਼ਾਂ ਕਾਰਨ ਰੁਲ ਗਏ। ਆਸ ਸੀ ਕਿ ਪੰਜਾਬੀ ਖੁਸ਼ਹਾਲ ਅਤੇ ਸੁੱਖ ਦਾ ਜੀਵਨ ਬਤੀਤ ਕਰਨਗੇ। ਹੋਇਆ ਇਹ ਕਿ ਸਿਆਸੀ ਲੋਕਾਂ/ਪਾਰਟੀਆਂ ਦੀ ਖਹਿਬਾਜ਼ੀ ਅਤੇ ਰਾਜਸੀ ਸੱਤਾ ਹਥਿਆਉਣ ਦੀ ਲਾਲਸਾ ਕਾਰਨ 1978 ਤੋਂ ਬਾਅਦ ਪੰਜਾਬ ਦੇ ਹਾਲਾਤ ਵਿਗੜਦੇ ਗਏ। ਖਾੜਕੂਵਾਦ ਦੌਰਾਨ ਹਜ਼ਾਰਾਂ ਲੋਕ ਮਾਰੇ ਗਏ, ਲੁੱਟੇ ਗਏ। ਵਿੱਦਿਅਕ ਅਦਾਰੇ, ਸਿਹਤ ਸਹੂਲਤਾਂ ਆਦਿ ਅਤੇ ਆਮ ਜਨਜੀਵਨ ਠੱਪ ਹੋ ਕੇ ਰਹਿ ਗਿਆ। ਚਾਹੀਦਾ ਤਾਂ ਇਹ ਸੀ ਕਿ ਸਮੇਂ ਦੀਆਂ ਸਰਕਾਰਾਂ ਪੰਜਾਬੀਆਂ ਦੇ ਮੁੜ ਵਸੇਬੇ ਵੱਲ ਧਿਆਨ ਦਿੰਦੀਆਂ, ਹੋਇਆ ਇਹ ਕਿ ਅਫਸਰਸ਼ਾਹੀ, ਉੱਚ ਸਿਆਸੀ ਅਧਿਕਾਰੀਆਂ ਨੇ ਸਰਕਾਰੀ ਖਜ਼ਾਨੇ ਦੀ ਆਪਣੀਆਂ ਸੁੱਖ-ਸਹੂਲਤਾਂ ਦੀ ਪੂਰਤੀ ਲਈ ਖੁੱਲ੍ਹ ਕੇ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਆਪਣੀਆਂ ਤਨਖਾਹਾਂ ਭੱਤੇ ਕਈ ਗੁਣਾ ਵਧੇ ਗਏ। ਆਪਣੇ ਚੇਲਿਆਂ ਨੂੰ ਵੱਡੇ-ਵੱਡੇ ਅਹੁਦੇ ਦੇਣ ਲਈ ਕਈ ਨਵੇਂ ਬੋਰਡ/ਕਮਿਸ਼ਨ ਸਥਾਪਤ ਕਰ ਲਏ। ਕੈਬਨਿਟ ਰੈਂਕ ਰੇੜੀਆਂ ਵਾਂਗ ਵੰਡਣੇ ਸ਼ੁਰੂ ਕਰ ਦਿੱਤੇ। ਉੱਪਰਲਾ ਪ੍ਰਸ਼ਾਸਨਿਕ ਢਾਂਚਾ ਕਈ ਗੁਣਾ ਵਧਾ ਦਿੱਤਾ। ਦੂਜੇ ਪਾਸੇ ਹੇਠਲੀਆਂ ਨੌਕਰੀਆਂ ਦੀ ਨਵੀਂ ਭਰਤੀ ਉੱਪਰ ਕਈ ਸਾਲਾਂ ਤੋਂ ਰੋਕ ਲਗਾ ਰੱਖੀ ਹੈ।
ਅਫਸਰਸ਼ਾਹੀ, ਵਜ਼ੀਰ, ਵਿਧਾਇਕ, ਸੰਸਦ ਮੈਂਬਰ ਬੋਰਡਾਂ ਦੇ ਚੇਅਰਮੈਨ ਆਦਿ ਸਰਕਾਰੀ ਖਰਚੇ ਉੱਪਰ ਮਹਿੰਗੀਆਂ ਕਾਰਾਂ ਉੱਪਰ ਝੂਟੇ ਲੈ ਰਹੇ ਹਨ, ਸਰਕਾਰੀ ਸੁਰੱਖਿਆ ਦਾ ਅਨੰਦ ਮਾਣ ਰਹੇ ਹਨ, ਇਸ ਪੱਖੋਂ ਵਿਰੋਧੀ ਧਿਰ ਦੇ ਲੋਕ ਵੀ ਪਿੱਛੇ ਨਹੀਂ। ਫਿਰ ਇਹ ਲੋਕ ਪੰਜਾਬ ਦੀ ਜਨਤਾ ਦੇ ਹਿਤਾਂ ਦਾ ਢੰਡੋਰਾ ਪਿੱਟ ਰਹੇ ਹਨ।
ਜਿਥੇ ਆਮ ਜਨਤਾ ਦੀ ਹਾਲਤ 1980 ਤੋਂ ਬਾਅਦ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ, ਸਿਆਸੀ ਲੋਕ ਦਿਨ-ਬ-ਦਿਨ ਅਮੀਰ ਹੋ ਰਹੇ ਹਨ। ਪਿਛਲੇ ਸਮੇਂ ਦੌਰਾਨ ਕਈ ਛੋਟੀਆਂ ਮਾਲਕੀਆਂ ਵਾਲੇ ਸਿਆਸੀ ਲੋਕ ਵੱਡੇ-ਵੱਡੇ ਜਗੀਰਦਾਰ ਅਤੇ ਕਾਰੋਬਾਰੀ ਬਣ ਗਏ ਹਨ।
ਸੰਨ 1980 ਤੱਕ ਸਰਕਾਰੀ ਖਰਚੇ ਅਤੇ ਅੱਜ ਦੇ ਇਨ੍ਹਾਂ ਲੋਕਾਂ ਉੱਪਰ ਆ ਰਹੇ ਖਰਚਿਆਂ ਦਾ ਜ਼ਮੀਨ-ਅਸਮਾਨ ਦਾ ਫਰਕ ਹੈ। ਦੂਜੇ ਪਾਸੇ ਲੱਖਾਂ ਨੌਜਵਾਨ ਬੇਰੁਜ਼ਗਾਰੀ ਦਾ ਸ਼ਿਕਾਰ ਹੋਣ ਕਾਰਨ ਜਾਂ ਤਾਂ ਲੱਖਾਂ ਰੁਪਏ ਕਰਜ਼ੇ ਚੁੱਕ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ ਜਾਂ ਫਿਰ ਅਪਰਾਧਿਕ ਗਤੀਵਿਧੀਆਂ ਵੱਲ ਖਿੱਚੇ ਜਾ ਰਹੇ ਹਨ। ਸਿਹਤ ਸਹੂਲਤਾਂ ਅਤੇ ਵਿੱਦਿਅਕ ਅਦਾਰਿਆਂ ਦੀ ਜੋ ਹਾਲਤ ਹੈ, ਉਹ ਸਭ ਲੋਕ ਜਾਣਦੇ ਹਨ। ਬਹੁਤ ਪੁਰਾਣੀ ਗੱਲ ਨਹੀਂ ਜਦੋਂ ਵਿਧਾਇਕ, ਸੰਸਦ ਮੈਂਬਰ ਆਮ ਸਵਾਰੀਆਂ ਵਾਂਗ ਆਮ ਬੱਸਾਂ ਉੱਪਰ ਸਫਰ ਕਰਿਆ ਕਰਦੇ ਸਨ। ਵਜ਼ੀਰਾਂ/ਉੱਚ ਸਰਕਾਰੀ ਅਧਿਕਾਰੀਆਂ ਕੋਲ ਸਸਤੀਆਂ ਅੰਬੈਸਡਰ ਕਾਰਾਂ ਹੋਇਆ ਕਰਦੀਆਂ ਸਨ। ਰੇਤਾ-ਬੱਜਰੀ ਜਾਂ ਦੂਜੇ ਮਾਫੀਆ ਦਾ ਨਾਮੋ-ਨਿਸ਼ਾਨ ਨਹੀਂ ਸੀ। ਕਿਸੇ ਵਿਰਲੇ ਹੀ ਸਿਆਸੀ ਆਗੂ ਜਾਂ ਅਫਸਰ ਉੱਪਰ ਭ੍ਰਿਸ਼ਟਾਚਾਰ ਦੀ ਉਂਗਲ ਉੱਠੀ ਹੋਵੇ।
ਜੇ ਵਿਰੋਧੀ ਅਤੇ ਸੱਤਾਧਾਰੀ ਧਿਰ ਦੇ ਲੋਕ ਪੰਜਾਬ ਦੀ ਜਨਤਾ ਦਾ ਭਲਾ ਕਰਨਾ ਚਾਹੁੰਦੇ ਹਨ ਤਾਂ ਇਕ-ਦੂਜੇ ਖਿਲਾਫ ਬੇਲੋੜੀ ਦੂਸ਼ਣਬਾਜ਼ੀ ਅਤੇ ਗੁਮਰਾਹਕੁੰਨ ਪ੍ਰਚਾਰ ਛੱਡਣ, ਬੇਲੋੜੇ ਮੁੱਦੇ ਨਾ ਖੜ੍ਹੇ ਕਰਨ। ਸਰਕਾਰੀ ਖਰਚਿਆਂ ਉੱਪਰ ਜ਼ਿਆਦਾ ਤੋਂ ਜ਼ਿਆਦਾ ਸੰਜਮ ਅਤੇ ਇਮਾਨਦਾਰੀ ਤੋਂ ਕੰਮ ਲੈ ਕੇ ਜ਼ਿਆਦਾ ਤੋਂ ਜ਼ਿਆਦਾ ਸਰਕਾਰੀ ਖਜ਼ਾਨੇ ਦੀ ਬੱਚਤ ਕੀਤੀ ਜਾਵੇ। ਨੌਜਵਾਨ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਜਾਣ, ਸਿਹਤ ਸਹੂਲਤਾਂ ਵਿਚ ਸੁਧਾਰ ਕਰਕੇ ਹਰ ਮਰੀਜ਼ ਦਾ ਸਰਕਾਰੀ ਹਸਪਤਾਲਾਂ ਵਿਚ ਇਲਾਜ ਹੋਵੇ ਅਤੇ ਹਰ ਬੱਚੇ ਨੂੰ ਮਿਆਰੀ ਵਿੱਦਿਆ ਮਿਲ ਸਕੇ, ਤਾਂ ਹੀ ਸਮਝਿਆ ਜਾਵੇਗਾ ਕਿ ਇਹ ਪਾਰਟੀਆਂ/ਸਰਕਾਰਾਂ ਜਨਤਾ ਦੇ ਹਿਤ ਵਿਚ ਕੰਮ ਕਰ ਰਹੀਆਂ ਹਨ।

-60-61 ਗਰੀਨ ਪਾਰਕ, ਜਲੰਧਰ। ਮੋਬਾ: 98154-01667

ਮਾਣ-ਮੱਤੇ ਅਧਿਆਪਕ-11

ਉੱਘਾ ਰੰਗਕਰਮੀ ਕੌਮੀ ਪੁਰਸਕਾਰ ਵਿਜੇਤਾ ਬਲਰਾਮ ਸ਼ਰਮਾ

ਬਲਰਾਮ ਸ਼ਰਮਾ ਇਕ ਉੱਘਾ ਰੰਗਕਰਮੀ, ਕਲਮ ਦਾ ਧਨੀ ਅਤੇ ਵਿਲੱਖਣ ਪ੍ਰਤਿਭਾ ਦਾ ਮਾਲਕ ਹੈ। ਬਲਰਾਮ ਸ਼ਰਮਾ ਦਾ ਜਨਮ ਇਕ ਸਾਧਾਰਨ ਪਰਿਵਾਰ ਵਿਚ ਹੋਇਆ ਪਰ ਜੇਕਰ ਉਸ ਨੂੰ 'ਅਧਿਆਪਕਾਂ ਦੇ ਪਰਿਵਾਰ ਦਾ ਜਾਇਆ' ਆਖ ਦਿੱਤਾ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਜਨਮ ਤੋਂ ਹੀ ਬਲਰਾਮ ਨੂੰ ਕਰੀਬ ਦੋ ਦਰਜਨ ਅਧਿਆਪਕਾਂ ਦੀ ਸੰਗਤ ਅਤੇ ਕਈਆਂ ਦੀ ਗੋਦੀ ਵਿਚ ਖੇਡ ਕੇ ਵੱਡਾ ਹੋਣ ਦਾ ਸੁਭਾਗ ਪ੍ਰਾਪਤ ਹੋਇਆ ਹੈ। ਸ਼ਾਇਦ ਇਸੇ ਰੱਬੀ ਮਿਹਰ ਕਰਕੇ ਬਲਰਾਮ ਵਿਚ ਦਰਜਨਾਂ ਸੰਸਕਾਰ ਭਰੇ ਪਏ ਹਨ। ਮੁੱਢ ਤੋਂ ਹੀ ਆਪਣੇ ਅਧਿਆਪਕਾਂ ਦਾ ਚਹੇਤਾ ਅਤੇ ਹੁਸ਼ਿਆਰ ਵਿਦਿਆਰਥੀ ਰਹੇ ਬਲਰਾਮ ਸ਼ਰਮਾ ਨੇ ਆਪਣੀ ਅਧਿਆਪਨ ਦੀ ਪਹਿਲੀ ਪੌੜੀ ਆਰਟ ਐਂਡ ਕਰਾਫਟ ਦਾ ਡਿਪਲੋਮਾ ਕਰਕੇ ਸ਼ੁਰੂ ਕੀਤੀ। ਫਿਰ ਐਮ.ਏ. ਅੰਗਰੇਜ਼ੀ, ਪੰਜਾਬੀ, ਹਿੰਦੀ, ਭੂਗੋਲ ਅਤੇ ਉਰਦੂ ਪਹਿਲੇ ਦਰਜੇ ਵਿਚ ਪਾਸ ਕੀਤੀਆਂ। ਇਸ ਉਪਰੰਤ ਉਨ੍ਹਾਂ ਨੇ ਆਨਰਜ਼ ਇਨ ਪੰਜਾਬੀ, ਬੀ.ਐੱਡ., ਫਾਊਂਡੇਸ਼ਨ ਕੋਰਸ ਆਫ ਡਿਸਏਬਲ ਚਿਲਡਰਨ, ਐਮ.ਫਿਲ. ਸਮੇਤ ਐਚ.ਆਰ.ਡੀ. ਅਧੀਨ 10 ਮਹੀਨੇ ਦੀ ਉਰਦੂ ਸਿਖਲਾਈ ਪੰਜਾਬੀ ਯੂਨੀਵਰਸਿਟੀ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ।
ਬਲਰਾਮ ਸ਼ਰਮਾ ਨੇ 1996 ਵਿਚ ਆਪਣਾ ਸਰਕਾਰੀ ਅਧਿਆਪਨ ਸਫਰ ਬਤੌਰ ਆਰਟ ਟੀਚਰ ਅਧਿਆਪਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਣਕੀ, ਜ਼ਿਲ੍ਹਾ ਲੁਧਿਆਣਾ ਤੋਂ ਸ਼ੁਰੂ ਕੀਤਾ ਅਤੇ ਫਿਰ 2004 ਵਿਚ ਪਦਉੱਨਤ ਹੋ ਕੇ ਬਤੌਰ ਪੰਜਾਬੀ ਮਾਸਟਰ ਸਰਕਾਰੀ ਮਿਡਲ ਸਕੂਲ ਰਾਮਗੜ੍ਹ, ਜ਼ਿਲ੍ਹਾ ਲੁਧਿਆਣਾ ਵਿਖੇ ਸੇਵਾ ਨਿਭਾਅ ਰਹੇ ਹਨ। ਸਕੂਲ ਵਿਚ ਹਰ ਸਮੇਂ ਵਿਦਿਆਰਥੀਆਂ ਦੀ ਭਲਾਈ ਲਈ ਯਤਨਸ਼ੀਲ ਰਹਿਣ ਵਾਲੇ ਬਲਰਾਮ ਸ਼ਰਮਾ ਨੇ ਸਕੂਲ ਦੀਆਂ ਬੁਨਿਆਦੀ ਸਹੂਲਤਾਂ ਨੂੰ ਪੂਰਾ ਕਰਨ ਲਈ ਪਸੀਨੇ ਨਾਲ ਭਿਜਦੇ ਕੱਪੜਿਆਂ ਦਾ ਪ੍ਰਵਾਹ ਨਹੀਂ ਕੀਤੀ। ਸਕੂਲ ਵਿਚ 5 ਕਮਰੇ, ਛੱਪੜ ਨੂੰ ਭਰ ਕੇ ਖੇਡ ਮੈਦਾਨ ਬਣਾਉਣਾ, ਖੇਡ ਕਮਰਾ, ਕੰਪਿਊਟਰ ਕਮਰਾ ਬਣਾਉਣਾ ਉਸ ਦੀਆਂ ਥੋੜ੍ਹੇ ਸਮੇਂ ਦੀਆਂ ਪ੍ਰਾਪਤੀਆਂ ਹਨ।
ਬਲਰਾਮ ਅੰਦਰ ਇਕ ਰੰਗਕਰਮੀ ਵੀ ਜਿਉਂਦਾ ਹੈ, ਜੋ ਉਸ ਨੂੰ ਸਮਾਜ ਦੀ ਪਰ ਪੀੜਾ ਹਰ ਦਰਦ ਨੂੰ ਨੇੜਿਓਂ ਤੱਕਣ ਦਾ ਮੌਕਾ ਦਿੰਦਾ ਰਹਿੰਦਾ ਹੈ ਅਤੇ ਆਪਣੇ ਅੰਦਰਲੇ ਵਲਵਲਿਆਂ ਨੂੰ ਉਹ ਵੱਖ-ਵੱਖ ਪਾਤਰਾਂ ਰਾਹੀਂ ਲੋਕਾਂ ਤੱਕ ਪਹੁੰਚਾ ਕੇ ਸਮਾਜਿਕ ਤਬਦੀਲੀ ਲਈ ਤਤਪਰ ਹੈ। ਹੁਣ ਤੱਕ 100 ਤੋਂ ਵੱਧ ਨਾਟਕਾਂ ਰਾਹੀਂ ਰਾਸ਼ਟਰੀ ਤੇੇ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਕਲਾ ਦਾ ਲੋਹਾ ਮੰਨਵਾ ਚੁੱਕੇ ਬਲਰਾਮ ਸ਼ਰਮਾ ਨੇ ਇਸੇ ਕਲਾ ਕਰਕੇ ਸਕੂਲ ਅੰਦਰ ਸ਼ਹੀਦ ਭਗਤ ਸਿੰਘ ਬਾਲ ਸੰਸਕਾਰ ਕੇਂਦਰ, ਟੈਗੋਰ ਕਲਚਰਲ ਕਲੱਬ, ਪੰਡਿਤ ਰਾਮ ਮੂਰਤੀ ਯਾਦਗਾਰੀ ਲਾਇਬ੍ਰੇਰੀ ਦੀ ਸਥਾਪਨਾ ਕਰਕੇ ਨਵੀਂ ਪੀੜ੍ਹੀ ਨੂੰ ਸਾਹਿਤ ਤੇ ਕਲਾ ਨਾਲ ਜੋੜਨ ਦਾ ਹੰਭਲਾ ਮਾਰਿਆ ਹੈ, ਜਿਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਦੇ ਵਿਦਿਆਰਥੀਆਂ ਨੇ ਰਾਜ ਪੱਧਰ ਤੱਕ ਜਿੱਤ ਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ।
ਹਜ਼ਾਰਾਂ ਲਿਖਤਾਂ ਰਾਹੀਂ ਅਤੇ ਇਕ ਕਿਤਾਬ ਲੋਕ ਮਨਾਂ ਦਾ ਰਾਜਾ (ਨਾਟਕ) ਰਾਹੀਂ ਸਾਹਿਤਕ ਦੁਨੀਆ ਅੰਦਰ ਵੱਖਰੀ ਪਹਿਚਾਣ ਬਣਾ ਚੁੱਕੇ ਅਧਿਆਪਕ ਜਗਤ ਲਈ ਇਸ ਮਾਣਮੱਤੀ ਤੇ ਹਮੇਸ਼ਾ ਫਖਰ ਕਰਨ ਵਾਲੀ ਮਹਾਨ ਸ਼ਖ਼ਸੀਅਤ ਨੂੰ ਪੰਜਾਬ ਸਰਕਾਰ ਵਲੋਂ 5 ਸਤੰਬਰ, 2008 ਨੂੰ ਰਾਜ ਪੁਰਸਕਾਰ ਅਤੇ 2013 ਵਿਚ ਭਾਰਤ ਸਰਕਾਰ ਨੇ ਉਨ੍ਹਾਂ ਨੂੰ ਕੌਮੀ ਅਧਿਆਪਕ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ। ਪਿੰਡ ਮਾਨੂੰਪੁਰ ਗੋਸਲਾ ਦੀ ਮਹਿਕਾਂ ਵੰਡਦੀ ਮਿੱਟੀ ਵਿਚ ਜੰਮੇ-ਪਲੇ ਅਤੇ ਹੁਣ ਗੁਰੂ ਤੇਗ ਬਹਾਦਰ ਨਗਰ, ਖੰਨਾ ਵਿਖੇ ਧਰਮਪਤਨੀ ਸ੍ਰੀਮਤੀ ਕਵਿਤਾ ਸ਼ਰਮਾ ਅਤੇ ਦੋ ਬੱਚਿਆਂ ਨਾਲ ਰਹੇ ਹਨ। ਪਰਮਾਤਮਾ ਅੱਗੇ ਇਹੀ ਅਰਦਾਸ ਹੈ ਕਿ ਉਨ੍ਹਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ, ਤਾਂ ਜੋ ਉਹ ਸਿੱਖਿਆ ਜਗਤ ਲਈ ਹੋਰ ਉੱਚੀ ਉਡਾਣ ਭਰ ਸਕਣ।

-ਪਿੰਡ ਤੇ ਡਾਕ: ਪੰਜਗਰਾਈਆਂ (ਸੰਗਰੂਰ)। ਮੋਬਾ: 93565-52000

ਮਾਪਿਆਂ ਪ੍ਰਤੀ ਬੱਚਿਆਂ ਦਾ ਘਟੀਆ ਰਵੱਈਆ ਇਕ ਦੁੱਖਦਾਈ ਪਹਿਲੂ

ਹਰ ਮਨੁੱਖ ਦੀ ਜ਼ਿੰਦਗੀ ਤਕਰੀਬਨ ਤਿੰਨ ਪੜਾਵਾਂ ਬਚਪਨ, ਜਵਾਨੀ ਅਤੇ ਬੁਢਾਪੇ ਵਿਚੋਂ ਦੀ ਹੋ ਕੇ ਗੁਜ਼ਰਦੀ ਹੈ। ਬੱਚੇ ਦੇ ਜਨਮ ਲੈਣ ਸਾਰ ਹੀ ਮਾਪਿਆਂ ਦੀ ਜਿਥੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ, ਉਥੇ ਉਨ੍ਹਾਂ ਵਲੋਂ ਉਸ ਦੇ ਭਵਿੱਖ ਨੂੰ ਲੈ ਕੇ ਵੀ ਲੱਖਾਂ ਸੁਪਨੇ ਸਜਾ ਲਏ ਜਾਂਦੇ ਹਨ। ਬੱਚਿਆਂ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਸਮੇਂ ਮਾਪਿਆਂ ਵਲੋਂ ਆਪ ਖੁਦ ਔਖੇ ਹੋ ਕੇ ਆਪਣੇ ਬੱਚਿਆਂ ਦੀ ਹਰ ਖੁਸ਼ੀ ਦਾ ਬੇਹੱਦ ਖਿਆਲ ਰੱਖਿਆ ਜਾਂਦਾ ਹੈ। ਛੋਟੀ ਉਮਰ ਸਮੇਂ ਆਪਣੇ ਬੱਚਿਆਂ ਦਾ ਮਾਪਿਆਂ ਵਲੋਂ ਬੜੇ ਚਾਵਾਂ ਨਾਲ ਪਾਲਣ-ਪੋਸ਼ਣ ਕੀਤਾ ਜਾਂਦਾ ਹੈ। ਬੱਚੇ ਨਾਲ ਬੱਚਾ ਬਣ ਕੇ ਖੁਦ ਤੋਤਲੀ ਜ਼ਬਾਨ ਬੋਲ ਕੇ ਉਸ ਨੂੰ ਹਰ ਰਿਸ਼ਤੇ ਤੋਂ ਜਾਣੂ ਕਰਵਾਇਆ ਜਾਂਦਾ ਹੈ। ਉਸ ਤੋਂ ਬਾਅਦ ਆਪਣੀ ਹੈਸੀਅਤ ਮੁਤਾਬਿਕ ਹਰ ਮਾਪੇ ਵਲੋਂ ਆਪਣੇ ਬੱਚਿਆਂ ਨੂੰ ਚੰਗੇ ਸਕੂਲਾਂ-ਕਾਲਜਾਂ ਵਿਚ ਪੜ੍ਹਾਈ ਕਰਵਾ ਕੇ ਉਨ੍ਹਾਂ ਨੂੰ ਸਮਾਜ ਵਿਚ ਚੰਗੇ ਸਲੀਕੇ ਨਾਲ ਵਿਚਰਨ ਦੇ ਯੋਗ ਬਣਾਇਆ ਜਾਂਦਾ ਹੈ। ਉਸ ਤੋਂ ਬਾਅਦ ਪੜ੍ਹਾਈ ਪੂਰੀ ਕਰਨ ਪਿੱਛੋਂ ਜਵਾਨ ਅਵਸਥਾ ਵਿਚ ਉਨ੍ਹਾਂ ਲਈ ਚੰਗੇ ਜੀਵਨ ਸਾਥੀ ਲੱਭ ਕੇ ਬੜੇ ਚਾਅ ਨਾਲ ਉਨ੍ਹਾਂ ਦੀਆਂ ਸ਼ਾਦੀਆਂ ਕੀਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਬਿਰਧ ਅਵਸਥਾ ਸ਼ੁਰੂ ਹੁੰਦਿਆਂ ਹੀ ਹਰ ਮਾਪੇ ਦੀ ਸੋਚ ਹੁੰਦੀ ਹੈ ਕਿ ਉਸ ਦੀ ਕਬੀਲਦਾਰੀ ਦੀ ਵਾਗਡੋਰ ਹੁਣ ਉਸ ਦੀ ਔਲਾਦ ਸੰਭਾਲੇ ਅਤੇ ਉਸ ਤੋਂ ਵੀ ਵੱਧ ਤਰੱਕੀ ਅਤੇ ਇੱਜ਼ਤ-ਮਾਣ ਦੀਆਂ ਬੁਲੰਦੀਆਂ ਤੱਕ ਪਹੁੰਚੇ। ਸਾਰੀ ਉਮਰ ਆਪਣੀ ਔਲਾਦ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਮਾਪਿਆਂ ਨੂੰ ਬਿਰਧ ਅਵਸਥਾ ਵਿਚ ਆਪਣੇ ਬੱਚਿਆਂ ਤੋਂ ਹਮਦਰਦੀ, ਪਿਆਰ ਅਤੇ ਸਰੀਰਕ ਸਾਂਭ-ਸੰਭਾਲ ਦੀ ਬੇਹੱਦ ਲੋੜ ਹੁੰਦੀ ਹੈ। ਮਾਪਿਆਂ ਦੀ ਇਸ ਅਵਸਥਾ ਵਿਚ ਬੱਚਿਆਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਲੋੜ ਅਨੁਸਾਰ ਉਨ੍ਹਾਂ ਦਾ ਹਰ ਤਰ੍ਹਾਂ ਦਾ ਪੂਰਾ ਖਿਆਲ ਰੱਖਿਆ ਜਾਵੇ। ਪਰ ਹੁਣ ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਅੱਜ ਥੋੜ੍ਹੇ-ਬਹੁਤੇ ਬੱਚਿਆਂ ਨੂੰ ਛੱਡ ਕੇ ਜ਼ਿਆਦਾਤਰ ਬੱਚੇ ਆਪਣੇ ਮਾਪਿਆਂ ਦੇ ਹੱਥੋਂ ਨਿਕਲ ਕੇ ਉਨ੍ਹਾਂ ਦੇ ਕਹਿਣੇ ਤੋਂ ਬਾਹਰ ਹੁੰਦੇ ਜਾ ਰਹੇ ਹਨ। ਬਹੁਤ ਸਾਰੇ ਬੱਚਿਆਂ ਵਲੋਂ ਜਿਥੇ ਗ਼ਲਤ ਰਸਤੇ ਚੁਣ ਕੇ ਨਸ਼ੇ ਅਤੇ ਹੋਰ ਭੈੜੀਆਂ ਅਲਾਮਤਾਂ ਸਹੇੜ ਕੇ ਭਰ ਜਵਾਨੀ ਵਿਚ ਹੀ ਆਪਣਾ ਜੀਵਨ ਖਰਾਬ ਕਰ ਲਿਆ ਜਾਂਦਾ ਹੈ, ਉਥੇ ਆਪਣੇ ਬੁੱਢੇ ਮਾਪਿਆਂ ਨੂੰ ਜਿਊਂਦੇ ਜੀਅ ਝੋਰੇ, ਟੈਨਸ਼ਨਾਂ ਨਾਲ ਤਿਲ-ਤਿਲ ਕਰਕੇ ਮਰਨ ਲਈ ਵੀ ਮਜਬੂਰ ਕਰ ਦਿੱਤਾ ਜਾਂਦਾ ਹੈ। ਬੜੇ ਦੁੱਖ ਨਾਲ ਲਿਖਣਾ ਪੈ ਰਿਹਾ ਹੈ ਕਿ ਅੱਜਕਲ੍ਹ ਬਹੁਤ ਸਾਰੇ ਬੱਚੇ ਅਜਿਹੇ ਵੀ ਹਨ, ਜਦੋਂ ਉਨ੍ਹਾਂ ਨੂੰ ਮਾੜੇ ਵਰਤਾਰਿਆਂ ਤੋਂ ਮਾਪਿਆਂ ਵਲੋਂ ਰੋਕਿਆ ਜਾਂਦਾ ਹੈ ਤਾਂ ਉਨ੍ਹਾਂ ਵਲੋਂ ਮਾਪਿਆਂ ਲਈ ਬੇਹੱਦ ਘਟੀਆ ਸ਼ਬਦਾਵਲੀ ਅਤੇ ਗਾਲੀ-ਗਲੋਚ ਤੱਕ ਵੀ ਕਰ ਦਿੱਤਾ ਜਾਂਦਾ ਹੈ। ਪੰਜਾਬ ਵਿਚ ਅੱਜ ਅਨੇਕਾਂ ਅਜਿਹੇ ਅਭਾਗੇ ਬਜ਼ੁਰਗ ਵੀ ਹਨ, ਜਿਨ੍ਹਾਂ ਦੀ ਔਲਾਦ ਵਲੋਂ ਆਪਣੇ ਕੰਮਾਂਕਾਰਾਂ ਦੇ ਬਹਾਨਿਆਂ ਵਿਚ ਸੇਵਾ ਤਾਂ ਦੂਰ ਦੀ ਗੱਲ, ਸਗੋਂ ਉਨ੍ਹਾਂ ਨਾਲ ਆਪਣੀ ਜ਼ਬਾਨ ਵਿਚੋਂ ਇਕ ਸ਼ਬਦ ਤੱਕ ਵੀ ਸਾਂਝਾ ਨਹੀਂ ਕੀਤਾ ਜਾਂਦਾ। ਪੰਜਾਬ ਵਿਚ ਅੱਜ ਥਾਂ-ਥਾਂ ਬਣੇ ਬਿਰਧ ਆਸ਼ਰਮਾਂ ਵਿਚ ਅਨੇਕਾਂ ਇਕਲਾਪੇ ਦੀ ਅੱਗ ਵਿਚ ਸੜ ਰਹੇ ਬਜ਼ੁਰਗਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸੋ, ਸਾਨੂੰ ਸਭ ਨੂੰ ਆਪਣੀ ਰੁਝੇਵਿਆਂ ਭਰੀ ਜ਼ਿੰਦਗੀ ਵਿਚੋਂ ਰੋਜ਼ਾਨਾ ਕੁਝ ਪਲ ਕੱਢ ਕੇ ਜਿਥੇ ਆਪਣੇ ਮਾਪਿਆਂ ਕੋਲ ਜ਼ਰੂਰ ਬੈਠਣਾ ਚਾਹੀਦਾ ਹੈ, ਉਥੇ ਉਨ੍ਹਾਂ ਦੀ ਹਰ ਤਰ੍ਹਾਂ ਦੀ ਸਾਂਭ-ਸੰਭਾਲ ਵੀ ਯਕੀਨੀ ਬਣਾਉਣੀ ਚਾਹੀਦੀ ਹੈ, ਕਿਉਂਕਿ ਇਹੀ ਸਾਡੇ ਚੰਗੇਰੇ ਭਵਿੱਖ ਅਤੇ ਬੁਢਾਪੇ ਲਈ ਵਧੀਆ ਹੋਵੇਗਾ।

-ਪਿੰਡ ਤੇ ਡਾਕ: ਚੜਿੱਕ (ਮੋਗਾ)।
ਮੋਬਾ: 94654-11585

ਦੀਵਾਰਾਂ 'ਤੇ ਪੇਂਟਿੰਗਾਂ ਰਾਹੀਂ ਦੇ ਰਹੇ ਸੁੰਦਰਤਾ ਦਾ ਹੋਕਾ

ਸਾਡੇ ਵੇਖਣ ਵਿਚ ਆਉਂਦਾ ਹੈ ਕਿ ਹਰ ਸ਼ਹਿਰ ਵਿਚ ਹੀ ਮਕਾਨਾਂ, ਦੁਕਾਨਾਂ ਅਤੇ ਹੋਰ ਇਮਾਰਤਾਂ ਦੀਆਂ ਦੀਵਾਰਾਂ ਉਪਰ ਕੁਝ ਲੋਕ ਊਲ-ਜਲੂਲ ਲਿਖ ਦਿੰਦੇ ਹਨ ਜਾਂ ਫਿਰ ਕਾਰਟੂਨ ਬਣਾ ਦਿੰਦੇ ਹਨ। ਹੁਣ ਕੁਝ ਸਮਾਜ ਸੇਵੀ ਆਗੂਆਂ ਵਲੋਂ ਆਪਣੇ ਸ਼ਹਿਰ ਨੂੰ ਸੁੰਦਰ ਅਤੇ ਸ਼ਹਿਰ ਦੀਆਂ ਦੀਵਾਰਾਂ ਨੂੰ ਵਿਰਾਸਤੀ ਦਿੱਖ ਦੇਣ ਦਾ ਯਤਨ ਸ਼ੁਰੂ ਕੀਤਾ ਗਿਆ ਹੈ। ਅਜਿਹੀ ਹੀ ਸ਼ੁਰੂਆਤ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਫੇਜ਼ 3 ਬੀ 2 ਦੀ ਮਾਰਕੀਟ ਵਿਚ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਵਲੋਂ ਇਕ ਵਿਸ਼ਾਲ ਇਮਾਰਤ ਦੀ ਦੀਵਾਰ ਉਪਰ ਪੇਂਟਿੰਗ ਕਰਵਾ ਕੇ ਇਸ ਦੀਵਾਰ ਨੂੰ ਵਿਰਾਸਤੀ ਦਿੱਖ ਦਿਤੀ ਗਈ ਹੈ, ਜਿਸ ਕਰਕੇ ਦੀਵਾਰ ਫੇੇਜ਼ 3 ਬੀ 2 ਦੇ ਨਾਲ-ਨਾਲ ਪੂਰੇ ਮੁਹਾਲੀ ਸ਼ਹਿਰ ਦਾ ਮਾਣ ਬਣ ਗਈ ਹੈ।
ਇਸ ਵਿਰਾਸਤੀ ਦੀਵਾਰ ਉਪਰ ਪੇਂਟਿੰਗ ਰਾਹੀਂ ਸ਼ਹੀਦ ਭਗਤ ਸਿੰਘ ਸਮੇਤ ਹੋਰ ਉੱਘੀਆਂ ਹਸਤੀਆਂ ਤਸਵੀਰਾਂ ਬਹੁਤ ਹੀ ਸੋਹਣੇ ਢੰਗ ਨਾਲ ਬਣਾਈਆਂ ਗਈਆਂ ਹਨ। ਇਸ ਦੀਵਾਰ ਉਪਰ ਇਸ ਤਰ੍ਹਾਂ ਦੀਆਂ ਤਸਵੀਰਾਂ ਪੇਂਟ ਕਰਕੇ ਲੋਕਾਂ ਨੂੰ ਆਪਣੇ ਘਰ ਦੇ ਨਾਲ-ਨਾਲ ਆਪਣੇ ਆਲੇ-ਦੁਆਲੇ ਅਤੇ ਆਪਣੇ ਘਰਾਂ ਤੇ ਹੋਰ ਇਮਾਰਤਾਂ ਦੀਆਂ ਦੀਵਾਰਾਂ ਨੂੰ ਵੀ ਸਾਫ਼ ਸੁੰਦਰ ਰੱਖਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਇਸ ਵਿਰਾਸਤੀ ਦੀਵਾਰ ਨੂੰ ਵੇਖਣ ਲਈ ਦੂਰ-ਦੂਰ ਤੋਂ ਲੋਕ ਆ ਰਹੇ ਹਨ ਅਤੇ ਇਸ ਦੀਵਾਰ ਅੱਗੇ ਖੜ੍ਹ ਕੇ ਤਸਵੀਰਾਂ ਖਿਚਵਾਉਂਦੇ ਹਨ। ਇਸੇ ਤਰ੍ਹਾਂ ਦੀਆਂ ਹੀ ਵਿਰਾਸਤੀ ਦਿੱਖ ਵਾਲੀਆਂ ਦੀਵਾਰਾਂ ਇਸ ਤੋਂ ਪਹਿਲਾਂ ਗੁੜਗਾਓਂ, ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਵੀ ਬਣਾਈਆਂ ਗਈਆਂ ਹਨ। ਪੰਜਾਬ ਦੇ ਬਰਨਾਲਾ ਸ਼ਹਿਰ ਦੀਆਂ ਹੰਡਾਇਆ ਕੈਂਚੀਆਂ ਉਪਰ ਬਣੇ ਫਲਾਈਓਵਰ ਦੀਆਂ ਦੀਵਾਰਾਂ ਉਪਰ ਵੀ ਬਹੁਤ ਸੋੋਹਣੀਆਂ ਤਸਵੀਰਾਂ ਪੇਂਟਿੰਗ ਰਾਹੀਂ ਬਣਾਈਆਂ ਹੋਈਆਂ ਹਨ, ਜੋ ਕਿ ਸਭ ਦਾ ਮਨ ਮੋਹ ਲੈਂਦੀਆਂ ਹਨ।
ਇਸੇ ਤਰ੍ਹਾਂ ਹੀ ਪੰਜਾਬ ਦੇ ਹੋਰ ਸ਼ਹਿਰਾਂ ਵਿਚ ਵੀ ਫਲਾਈਓਵਰਾਂ ਦੀਆਂ ਦੀਵਾਰਾਂ ਉਪਰ ਸੁੰਦਰ ਪੇਂਟਿੰਗਾਂ ਕੀਤੀਆਂ ਹੋਈਆਂ ਮਿਲਦੀਆਂ ਹਨ। ਇਸ ਤਰ੍ਹਾਂ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵੀਆਂ ਵਲੋਂ ਲੋਕਾਂ ਨੂੰ ਹਰ ਪਾਸੇ ਹੀ ਸਾਫ਼-ਸਫ਼ਾਈ ਰੱਖ ਕੇ ਆਪੋ-ਆਪਣੇ ਸ਼ਹਿਰ ਤੇ ਆਪੋ-ਆਪਣੇ ਮੁਹੱਲੇ ਨੂੰ ਸੁੰਦਰ ਦਿੱਖ ਦੇਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਸਮਾਜ ਸੇਵੀ ਸੰਸਥਾਵਾਂ ਦੇ ਕਰਤਿਆਂ-ਧਰਤਿਆਂ ਵਲੋਂ ਆਪੋ-ਆਪਣੇ ਸ਼ਹਿਰਾਂ ਦੀਆਂ ਦੀਵਾਰਾਂ ਉਪਰ ਸੁੰਦਰ ਪੇਂਟਿੰਗਾਂ ਅਤੇ ਕਲਾਕ੍ਰਿਤੀਆਂ ਬਣਾ ਕੇ ਆਪੋ-ਆਪਣੇ ਸ਼ਹਿਰ ਨੂੰ ਸੁੰਦਰ ਅਤੇ ਸਾਫ਼-ਸੁਥਰਾ ਬਣਾਉਣ ਦਾ ਕੀਤਾ ਜਾ ਰਿਹਾ ਉਪਰਾਲਾ ਸ਼ਲਾਘਾਯੋਗ ਹੈ। ਚਾਹੀਦਾ ਤਾਂ ਇਹ ਹੈ ਕਿ ਹਰ ਸ਼ਹਿਰ ਵਿਚ ਹੀ ਇਸ ਤਰ੍ਹਾਂ ਦੀਆਂ ਦੀਵਾਰਾਂ ਨੂੰ ਪੇਂਟਿੰਗ ਰਾਹੀਂ ਸੁੰਦਰ ਬਣਾ ਕੇ ਸਾਰੇ ਸ਼ਹਿਰਾਂ ਦੇ ਵਸਨੀਕ ਹੀ ਆਪੋ-ਆਪਣੇ ਮੁਹੱਲੇ ਅਤੇ ਆਪੋ-ਆਪਣੇ ਸ਼ਹਿਰ ਦੀ ਸੁੰਦਰਤਾ ਵਿਚ ਵਾਧਾ ਕਰਨ ਅਤੇ ਦੀਵਾਰਾਂ ਉਪਰ ਸੁੰਦਰ ਪੇਂਟਿੰਗਾਂ ਅਤੇ ਕਲਾਕ੍ਰਿਤੀਆਂ ਬਣਾ ਕੇ ਪੂਰੀ ਦੁਨੀਆ ਨੂੰ ਹੀ ਆਪੋ-ਆਪਣੇ ਸ਼ਹਿਰ ਦੇ ਸਾਫ਼-ਸੁਥਰਾ ਹੋਣ ਦਾ ਸੰਦੇਸ਼ ਦੇਣ।

-ਲੱਕੀ ਨਿਵਾਸ, 61-ਏ ਵਿਦਿਆ ਨਗਰ, ਪਟਿਆਲਾ। ਮੋਬਾ: 94638-19174

ਸਰਕਾਰੀ ਸਕੂਲਾਂ ਵਿਚ ਅੰਗਰੇਜ਼ੀ ਦੀ ਤਰਸਯੋਗ ਸਥਿਤੀ

ਪੰਜਾਬ ਵਿਚ ਸਰਕਾਰੀ ਨੌਕਰੀਆਂ ਦੀ ਪੈਦਾ ਹੋਈ (ਜਾਂ ਕੀਤੀ ਗਈ) ਘਾਟ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਇਸ ਘਾਟ ਦਾ ਤੋੜਾ ਲੱਭਣ ਲਈ ਪੰਜਾਬੀ ਵਿਦਿਆਰਥੀ ਮੁਕਾਬਲੇ ਦੀਆਂ ਪ੍ਰੀਖਿਆਵਾਂ (ਉੱਚ ਅਹੁਦੇ ਲਈ), ਪ੍ਰਾਈਵੇਟ ਖੇਤਰ ਦੀਆਂ ਨੌਕਰੀਆਂ ਅਤੇ ਵਿਦੇਸ਼ੀ ਨੌਕਰੀਆਂ ਪ੍ਰਾਪਤ ਕਰਨ ਲਈ ਪੂਰੀ ਵਾਹ ਲਗਾਉਂਦੇ ਹਨ ਪਰ ਅਫ਼ਸੋਸ ਹੈ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਪੜ੍ਹੇ ਹੋਏ ਵਿਦਿਆਰਥੀ ਬੁਰੀ ਤਰ੍ਹਾਂ ਪਛੜ ਰਹੇ ਹਨ ਜੋ ਕਿ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਸ ਵਿੱਦਿਅਕ ਪਛੜੇਵੇਂ ਦੇ ਜਿਥੇ ਹੋਰ ਵੀ ਕਈ ਕਾਰਨ ਹਨ, ਉਥੇ ਇਕ ਨਜ਼ਰ ਵਿਚ ਹੀ ਸਾਹਮਣੇ ਆਉਣ ਵਾਲਾ ਸਭ ਤੋਂ ਮੁੱਖ ਕਾਰਨ ਹੈ ਪੰਜਾਬੀ ਵਿਦਿਆਰਥੀਆਂ ਦਾ ਅੰਗਰੇਜ਼ੀ ਵਿਸ਼ੇ ਵਿਚੋਂ ਹੱਥ ਤੰਗ ਹੋਣਾ। ਉੱਚ ਡਿਗਰੀਆਂ ਪ੍ਰਾਪਤ ਪੰਜਾਬੀ ਨੌਜਵਾਨ ਵੀ ਅੰਗਰੇਜ਼ੀ ਵਿਸ਼ੇ ਵਿਚ ਅੱਧ-ਪੜ੍ਹੇ ਹੀ ਸਾਬਤ ਹੁੰਦੇ ਹਨ, ਕਿਉਂਕਿ ਉਨ੍ਹਾਂ ਵਿਚ ਵੀ ਅੰਗਰੇਜ਼ੀ ਵਿਸ਼ੇ ਦੀਆਂ ਬੁਨਿਆਦੀ ਕੁਸ਼ਲਤਾਵਾਂ ਦੀ ਭਾਰੀ ਘਾਟ ਹੁੰਦੀ ਹੈ।
ਪੰਜਾਬ ਦੇ ਸਰਕਾਰੀ ਸਕੂਲਾਂ ਵਿਚ ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਧੱਕੇ ਨਾਲ ਅੰਗਰੇਜ਼ੀ ਜਿਹਾ ਕੌਮਾਂਤਰੀ ਮਹੱਤਤਾ ਵਾਲਾ ਵਿਸ਼ਾ ਪੜ੍ਹਾਉਣ ਦਾ ਜ਼ਿੰਮਾ ਸੌਂਪ ਦਿੱਤਾ ਜਾਂਦਾ ਹੈ, ਉਨ੍ਹਾਂ ਦਾ ਮੁੱਖ ਮਕਸਦ ਸਿਰਫ਼ ਸਿਲੇਬਸ ਕਰਵਾ ਕੇ ਪ੍ਰੀਖਿਆ ਲਈ ਬੱਚਿਆਂ ਨੂੰ ਤਿਆਰ ਕਰਨਾ ਹੁੰਦਾ ਹੈ, ਨਾ ਕਿ ਜ਼ਰੂਰੀ ਕੁਸ਼ਲਤਾਵਾਂ ਦਾ ਵਿਕਾਸ ਕਰਨਾ।
ਸਮਾਜਿਕ ਸਿੱਖਿਆ ਅਧਿਆਪਕਾਂ ਨੂੰ ਅੰਗਰੇਜ਼ੀ ਵਿਸ਼ੇ ਦਾ ਝੰਡਾ ਬਰਦਾਰ ਬਣਾਉਣ ਦਾ ਇਕ ਵੱਡਾ ਨੁਕਸਾਨ ਇਹ ਵੀ ਸਾਹਮਣੇ ਆਇਆ ਹੈ ਕਿ ਸਮਾਜਿਕ ਸਿੱਖਿਆ ਜੋ ਕਿ ਖੁਦ ਬੜਾ ਮਹੱਤਵਪੂਰਨ ਵਿਸ਼ਾ ਹੈ, ਵੱਲ ਅਧਿਆਪਕਾਂ ਦਾ ਪੂਰਾ-ਪੂਰਾ ਧਿਆਨ ਨਹੀਂ ਰਹਿੰਦਾ, ਇਸ ਵਾਰ ਬੋਰਡ ਦੀਆਂ ਪ੍ਰੀਖਿਆਵਾਂ ਦੇ ਨਤੀਜਿਆਂ ਤੋਂ ਇਹ ਤੱਥ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ਅੰਗਰੇਜ਼ੀ ਅਤੇ ਸਮਾਜਿਕ ਸਿੱਖਿਆ ਵਿਚ ਬੱਚੇ ਜ਼ਿਆਦਾ ਪਛੜੇ ਹਨ। ਸੋ, ਪੰਜਾਬ ਨੂੰ ਚੁੱਪ-ਚੁਪੀਤੇ ਲੱਗ ਰਹੇ ਵਿੱਦਿਅਕ ਖੋਰੇ ਤੋਂ ਬਚਾਉਣ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵੀ ਸਮੇਂ ਦੇ ਹਾਣੀ ਬਣਾਉਣ ਲਈ ਸਮੇਂ ਦੀ ਮੰਗ ਹੈ ਕਿ ਤੁਰੰਤ ਪ੍ਰਭਾਵ ਹਰ ਸਰਕਾਰੀ ਮਿਡਲ, ਹਾਈ ਸਕੂਲ ਵਿਚ ਘੱਟੋ-ਘੱਟ ਇਕ ਅਤੇ ਸੈਕੰਡਰੀ ਸਕੂਲਾਂ ਵਿਚ ਘੱਟੋ-ਘੱਟ ਦੋ ਅੰਗਰੇਜ਼ੀ ਦੇ ਅਧਿਆਪਕ ਭੇਜੇ ਜਾਣ। ਹੁਣ ਤੱਕ ਲਗਪਗ ਕੇਵਲ ਦੋ ਹਜ਼ਾਰ ਅੰਗਰੇਜ਼ੀ ਅਧਿਆਪਕ ਹੀ ਸਿੱਖਿਆ ਵਿਭਾਗ ਕੋਲ ਹਨ। ਅੰਗਰੇਜ਼ੀ ਨੂੰ ਗਣਿਤ ਵਾਂਗ ਅਤਿ ਮਹੱਤਵਪੂਰਨ ਵਿਸ਼ਾ ਐਲਾਨ ਕੇ ਇਸ ਵਿਚ ਨਵੀਆਂ-ਨਵੀਆਂ ਤਕਨੀਕਾਂ, ਗਤੀਵਿਧੀਆਂ, ਕਿਰਿਆਵਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ।

-ਪ੍ਰੀਤ ਨਗਰ, ਗੋਨਿਆਣਾ ਮੰਡੀ (ਬਠਿੰਡਾ)।
ਮੋਬਾ: 94177-55579

ਭੋਗ ਦੀਆਂ ਰਸਮਾਂ 'ਤੇ ਫਜ਼ੂਲ ਖਰਚੀ ਘਟਾਈ ਜਾਵੇ

ਅੱਜ ਕਲਯੁਗ ਦੇ ਸਮੇਂ 'ਚ ਵੀ, ਸਮੇਂ ਦੀ ਮਸਰੂਫ਼ੀਅਤ ਦੇ ਬਾਵਜੂਦ ਜਿੱਥੇ ਅਨੇਕਾਂ ਖੇਤਰਾਂ ਵਿਚ ਸਮਾਜ ਸੇਵੀ ਸੰਸਥਾਵਾਂ ਦਿਨ-ਰਾਤ ਕੰਮ ਕਰ ਰਹੀਆਂ ਹਨ, ਉੱਥੇ ਨਾ ਸਹਿਣਯੋਗ ਮਹਿੰਗਾਈ ਦੇ ਇਸ ਦੌਰ ਵਿਚ ਇਨ੍ਹਾਂ ਸਮਾਜ ਸੇਵੀ ਸੰਸਥਾਵਾਂ ਦਾ ਇਕ ਵੱਡਾ ਨੈਤਿਕ ਫਰਜ਼ ਇਹ ਵੀ ਬਣਦਾ ਹੈ ਕਿ ਸ਼ਾਦੀ-ਵਿਆਹ 'ਤੇ ਮੋਟੀਆਂ ਰਕਮਾਂ ਖ਼ਰਚ ਕਰਨ, ਭੋਗ ਆਦਿ ਦੀ ਰਸਮ 'ਤੇ ਪਹੁੰਚਣ ਵਾਲੇ ਰਿਸ਼ਤੇਦਾਰਾਂ ਤੋਂ ਇਲਾਵਾ ਅਫਸੋਸ ਕਰਨ ਆਏ ਹਰ ਆਮ-ਖਾਸ ਵਿਅਕਤੀ ਨੂੰ ਸਾਦਾ ਖਾਣਾ ਪਰੋਸਣ ਦੀ ਥਾਂ ਫਾਈਵ ਸਟਾਰ ਵਰਗੇ ਖਾਣੇ 'ਤੇ ਹੋਣ ਵਾਲੀਆਂ ਫਜ਼ੂਲ ਖ਼ਰਚੀਆਂ ਤੋਂ ਬਚਣ ਲਈ ਮੁਹੱਲਾ ਪੱਧਰ 'ਤੇ ਛੋਟੇ-ਛੋਟੇ ਸੈਮੀਨਾਰ ਆਦਿ ਕਰਾ ਕੇ ਫਜ਼ੂਲ ਖ਼ਰਚੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।
ਸਾਡੇ ਭਾਰਤੀ ਅਤੇ ਖਾਸ ਤੌਰ 'ਤੇ ਪੰਜਾਬੀ ਸੱਭਿਆਚਾਰ 'ਚ ਮਿੱਠਾ ਜਾਂ ਮਠਿਆਈ ਖੁਸ਼ੀ ਸਮੇਂ ਸ਼ਗਨ ਦੇ ਰੂਪ ਵਿਚ ਖਿਲਾਈ ਜਾਂਦੀ ਹੈ ਪਰ ਕਿੰਨੀ ਗਿਰਾਵਟ ਵਾਲੀ ਗੱਲ ਜਾਪਦੀ ਹੈ ਕਿ ਅੱਜਕਲ੍ਹ ਮੌਤ ਉਪਰੰਤ ਹੋਣ ਵਾਲੀਆਂ ਭੋਗ ਦੀਆਂ ਰਸਮਾਂ ਸਮੇਂ ਸਰਦੇ-ਪੁੱਜਦੇ ਪਰਿਵਾਰਾਂ ਵਲੋਂ ਮਿੱਠੇ ਦੇ ਕਈ-ਕਈ ਤਰ੍ਹਾਂ ਦੇ ਅਤੇ ਆਮ ਪਰਿਵਾਰਾਂ ਵਲੋਂ ਇਕ-ਦੋ ਕਿਸਮ ਦੇ ਪਕਵਾਨ ਜ਼ਰੂਰ ਹੀ ਬਣਾਏ ਜਾਂਦੇ ਹਨ। ਅਫ਼ਸੋਸ ਕਰਨ ਵਾਲੇ ਪਰਿਵਾਰ ਨਾਲ ਹਮਦਰਦੀ ਜਤਾਉਣ ਆਏ ਵਿਅਕਤੀ ਅਕਸਰ ਭੋਗ ਖਤਮ ਹੋਣ ਤੋਂ 10-15 ਮਿੰਟ ਪਹਿਲਾਂ ਹੀ ਪਹੁੰਚਦੇ ਹਨ, ਤਾਂ ਜੋ ਆਪਣਾ ਚਿਹਰਾ ਦਿਖਾ ਸਕਣ।
ਕੋਈ ਸਮਾਂ ਹੁੰਦਾ ਸੀ ਜਦੋਂ ਕਿਸੇ ਪਰਿਵਾਰ ਵਿਚ ਵਾਪਰੀ ਦੁਖਦਾਈ ਘਟਨਾ 'ਤੇ ਹਰ ਕੋਈ ਬਣਦੀ ਜ਼ਿੰਮੇਵਾਰੀ ਨਿਭਾਉਂਦਾ ਦੇਖਿਆ ਜਾਂਦਾ ਸੀ ਪਰ ਅੱਜ ਸਾਡਾ ਸਮਾਜ ਤੇ ਅਸੀਂ ਖੁਦ ਆਪਣੀਆਂ ਪ੍ਰੰਪਰਾਵਾਂ ਨੂੰ ਭੁੱਲ ਅਤੇ ਬਣਦੀਆਂ ਜ਼ਿੰਮੇਵਾਰੀਆਂ ਦਰਕਿਨਾਰ ਕਰਕੇ ਸਿਰਫ਼ ਆਪਣੀ ਪੈਂਠ ਬਣਾਉਣ ਦੀ ਖਾਤਰ ਲੋਕ ਦਿਖਾਵੇ ਦੀ ਭੀੜ ਵਿਚ ਰੁਲ ਕੇ ਰਹਿ ਗਏ ਹਾਂ, ਜੋ ਕਿ ਆਉਣ ਵਾਲੇ ਸਮੇਂ ਵਿਚ ਸਾਡੇ ਸਮਾਜ ਦੀ ਨਵੀਂ ਪੌਦ ਲਈ ਚੰਗੇ ਸਿੱਟੇ ਨਿਕਲਣ ਵਾਲੀ ਗੱਲ ਨਜ਼ਰ ਨਹੀਂ ਆਉਂਦੀ। ਉਂਜ ਤਾਂ ਅਸੀਂ ਆਪਣੇ ਸਮਾਜ ਦੇ ਗਰੀਬ ਵਰਗ ਦੇ ਪਰਿਵਾਰਾਂ ਦਾ ਸਿਰ ਢਕਣ ਲਈ ਮਦਦ ਕਰਨ ਵਿਚ ਆਪਣੀਆਂ ਮਜਬੂਰੀਆਂ ਜ਼ਾਹਿਰ ਕਰਦੇ ਹਾਂ ਪਰ ਫੋਕੀ ਸ਼ੋਹਰਤ ਹਾਸਲ ਕਰਨ ਲਈ ਅਨੇਕਾਂ ਰੁਪਏ ਫਜ਼ੂਲ ਖ਼ਰਚੀ 'ਤੇ ਲੁਟਾਉਣ ਵਿਚ ਜ਼ਰਾ ਵੀ ਗੁਰੇਜ਼ ਨਹੀਂ ਕਰਦੇ।
ਮੇਰਾ ਮੰਨਣਾ ਹੈ ਕਿ ਅੱਜ ਸਾਡੇ ਸਮਾਜ ਵਿਚ ਧਨਾਢ ਲੋਕਾਂ ਵਲੋਂ ਲੋਕ ਦਿਖਾਵੇ ਦਾ ਜੋ ਰਿਵਾਜ ਅਪਣਾਇਆ ਜਾ ਰਿਹਾ ਹੈ, ਉਸ ਨੂੰ ਖਤਮ ਕਰਨ ਲਈ ਨਾ ਸਹੀ ਪਰ ਘਟਾਉਣ ਦੇ ਮੰਤਵ ਨਾਲ ਸਾਰੀਆਂ ਸਮਾਜ ਸੇਵੀ ਅਤੇ ਧਾਰਮਿਕ ਸੰਸਥਾਵਾਂ ਨੂੰ ਇਕਜੁੱਟ ਹੋ ਕੇ ਹੰਭਲਾ ਮਾਰਨ ਦੀ ਲੋੜ ਹੈ ਤਾਂ ਜੋ ਹੇਠਲੇ ਅਤੇ ਮੱਧ ਵਰਗੀ ਪਰਿਵਾਰ ਵੀ ਸਮਾਜ ਵਿਚ ਆਪਣਾ ਰੁਤਬਾ ਬਰਕਰਾਰ ਰੱਖ ਸਕਣ। ਜੇਕਰ ਅੱਜ ਅਸੀਂ ਸਮਾਜ ਦਾ ਹਿੱਤ ਚਾਹੁੰਦੇ ਹਾਂ ਤਾਂ ਆਓ, ਆਪਾਂ ਸਾਰੇ ਮਿਲ ਕੇ ਆਪਣਾ ਨੈਤਿਕ ਫਰਜ਼ ਅਤੇ ਜ਼ਿੰਮੇਵਾਰੀ ਸਮਝਦਿਆਂ ਮ੍ਰਿਤਕ ਪਰਿਵਾਰਾਂ ਦੇ ਦੁੱਖ 'ਚ ਸ਼ਰੀਕ ਹੋ ਕੇ ਹਮਦਰਦੀ ਜਤਾਈਏ ਅਤੇ ਵਿਆਹ-ਸ਼ਾਦੀਆਂ ਵਿਚ ਹੋਣ ਵਾਲੀ ਫਜ਼ੂਲ ਖ਼ਰਚੀ ਨੂੰ ਖਤਮ ਕਰਨ ਦਾ ਉਪਰਾਲਾ ਕਰਨ ਲਈ ਜਾਗਰੂਕ ਕਰੀਏ। ਉਂਜ ਵੀ ਇਹ ਕਿਸ ਤਰ੍ਹਾਂ ਦੀ ਪਰੰਪਰਾ ਹੈ ਕਿ ਇਕ ਤਾਂ ਪਰਿਵਾਰ ਦਾ ਜੀਅ ਚਲਾ ਗਿਆ ਤੇ ਦੂਜਾ ਉਸ ਦੀਆਂ ਰਸਮਾਂ ਨੂੰ ਪੂਰਾ ਕਰਨ ਲਈ ਕਰਜ਼ਾ ਤੱਕ ਲੈਣਾ ਪਵੇ ਤੇ ਫੋਕੀ ਸ਼ੋਹਰਤ ਲਈ ਇਕ ਹੋਰ ਵਿਅਕਤੀ ਕਰਜ਼ਈ ਹੋ ਕੇ ਖੁਦਕੁਸ਼ੀ ਵੱਲ ਅੱਗੇ ਵਧੇ। ਇਹ ਕਿਸੇ ਵੀ ਤਰ੍ਹਾਂ ਉੱਚਿਤ ਨਹੀਂ।

-ਮਾਲੇਰਕੋਟਲਾ (ਸੰਗਰੂਰ)। ਮੋਬਾ: 94171-58300

ਇੰਟਰਨੈੱਟ ਦੀ ਸੁਚੱਜੀ ਵਰਤੋਂ ਹੈ ਗਿਆਨ ਭਰਪੂਰ

ਇੰਟਰਨੈੱਟ ਨੂੰ ਜੇ ਅੱਜ ਦੇ ਸਮੇਂ ਦਾ 'ਗਿਆਨੀ ਪੰਡਿਤ' ਕਹਿ ਲਿਆ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ, ਕਿਉਂਕਿ ਇਸ ਦੇ ਨਾਲ ਜੁੜਿਆ ਇਨਸਾਨ ਆਪਣੇ-ਆਪ ਨੂੰ ਹਮੇਸ਼ਾ 'ਅਪਡੇਟ' ਰੱਖਦਾ ਹੈ। ਸੂਚਨਾ ਤਕਨੀਕ ਦੇ ਯੁੱਗ 'ਚ ਜੋ ਇਨਸਾਨ ਇੰਟਰਨੈੱਟ ਤੋਂ ਅਨਜਾਣ ਹੈ, ਉਸ ਨੂੰ ਪਛੜਿਆ ਹੋਇਆ ਮੰਨਿਆ ਜਾਂਦਾ ਹੈ। ਸੀ. ਬੀ. ਐੱਸ. ਈ. ਅਤੇ ਆਈ. ਸੀ. ਐੱਸ. ਈ. ਨਾਮੀ ਬੋਰਡਾਂ ਤੋਂ ਪੜ੍ਹ ਰਹੇ ਵਿਦਿਆਰਥੀ ਇੰਟਰਨੈੱਟ ਦੀ ਮਦਦ ਨਾਲ ਆਪਣੇ ਗਿਆਨ 'ਚ ਵਾਧਾ ਕਰ ਰਹੇ ਹਨ। ਖਾਸਕਰ 9ਵੀਂ ਤੇ 10ਵੀਂ ਦੇ ਵਿਦਿਆਰਥੀ ਵੱਖ-ਵੱਖ ਵਿਸ਼ਿਆਂ ਦੀ ਸੀ.ਡੀਜ਼ ਦੇ ਜ਼ਰੀਏ ਪੜ੍ਹਾਈ ਕਰਦੇ ਹਨ। ਇੰਟਰਨੈੱਟ 'ਤੇ ਲਾਇਬ੍ਰੇਰੀ ਵੀ ਮੌਜੂਦ ਹੈ, ਜਿੱਥੋਂ ਹਰ ਤਰ੍ਹਾਂ ਦੀਆਂ ਕਿਤਾਬਾਂ ਡਾਊਨਲੋਡ ਕੀਤੀਆਂ ਜਾ ਸਕਦੀਆਂ ਹਨ, ਗੂਗਲ 'ਤੇ ਕੁਝ ਵੀ ਸਰਚ ਕਰਦਿਆਂ ਹਜ਼ਾਰਾਂ ਆਪਸ਼ਨਜ਼ ਖੁੱਲ੍ਹ ਜਾਂਦੀਆਂ ਹਨ, ਯੂ ਟਿਊਬ 'ਤੇ ਚੰਗੇ ਵਿਦਵਾਨਾਂ ਦੀ ਕੀਤੀ ਖੋਜ ਤੇ ਉਨ੍ਹਾਂ ਦੇ ਲੈਕਚਰ ਦੇਖੇ ਜਾਂ ਸੁਣੇ ਜਾ ਸਕਦੇ ਹਨ, ਇੰਟਰਨੈੱਟ ਬੈਂਕਿੰਗ ਦੀ ਸਹੂਲਤ ਨਾਲ ਕਿਸੇ ਨੂੰ ਪੈਸਾ ਭੇਜਣਾ ਤੇ ਮੰਗਵਾਉਣਾ, ਮੋਬਾਈਲ ਸੇਵਾਵਾਂ, ਟੀ.ਵੀ., ਰੇਡੀਓ ਤੇ ਹੋਰ ਮਨੋਰੰਜਨ ਦੇ ਸਾਧਨ ਵੀ ਇੰਟਰਨੈੱਟ ਦੇ ਸਦਕਾ ਹੀ ਹਾਸਲ ਹੋਏ ਹਨ। ਇੱਥੋਂ ਤੱਕ ਕਿ ਨੌਕਰੀਆਂ, ਪੈਨ ਕਾਰਡ, ਪਾਸਪੋਰਟ ਆਦਿ ਲਈ ਅਪਲਾਈ ਕਰਨਾ ਆਦਿ ਕੰਮ ਵੀ ਘਰ ਬੈਠੇ ਕਰਨ ਦੀ ਸਹੂਲਤ ਇੰਟਰਨੈੱਟ ਦੇ ਕਾਰਨ ਹੀ ਮਿਲੀ ਹੈ। ਇਸ ਗੱਲੋਂ ਵੀ ਮੁੱਕਰਿਆ ਨਹੀਂ ਜਾ ਸਕਦਾ ਕਿ ਇੰਟਰਨੈੱਟ ਦੀ ਦੁਰਵਰਤੋਂ ਨੇ ਪਰਿਵਾਰਕ ਸਾਂਝਾਂ ਨੂੰ ਖਤਮ ਕਰਕੇ ਰੱਖ ਦਿੱਤਾ ਹੈ। ਪਰਿਵਾਰ ਨਾਲ ਗੱਲਬਾਤ ਕਰਨੀ, ਉਨ੍ਹਾਂ ਬਾਰੇ ਜਾਣਨ ਦਾ ਰਿਵਾਜ ਤਾਂ ਲਗਪਗ ਹਵਾ ਹੋ ਚੁੱਕਾ ਹੈ। ਕਈ ਵਾਰ ਕੋਈ ਮਹਿਮਾਨ ਚਿਰਾਂ ਮਗਰੋਂ ਮਿਲਣ ਆਉਂਦਾ ਹੈ, ਉਸ ਦੇ ਸਮੇਤ ਸਾਰੇ ਆਪੋ-ਆਪਣੇ ਮੋਬਾਈਲਾਂ 'ਚ ਵਿਅਸਤ ਹੋਏ ਆਮ ਹੀ ਦੇਖੇ ਜਾ ਸਕਦੇ ਹਨ, ਦੂਜੇ ਪਾਸੇ ਗਲਤ ਅਨਸਰਾਂ ਦੀਆਂ ਭੜਕਾਊ ਪੋਸਟਾਂ ਕਾਰਨ ਅਨੇਕਾਂ ਵਾਰ ਦੇਸ਼ ਅੰਦਰ ਦੰਗੇ-ਫਸਾਦ ਤੇ ਹਿੰਸਕ ਘਟਨਾਵਾਂ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਮਾਂ-ਬਾਪ ਅਤੇ ਅਧਿਆਪਕਾਂ ਦਾ ਵੀ ਇਖਲਾਕੀ ਫਰਜ਼ ਬਣਦਾ ਹੈ ਕਿ ਉਹ ਬੱਚੇ ਦੀ ਇੰਟਰਨੈੱਟ ਵਰਤੋਂ 'ਤੇ ਨਜ਼ਰ ਰੱਖਣ ਕਿ ਉਹ ਕਿਹੜੀਆਂ ਸਾਈਟਸ ਇਸਤੇਮਾਲ ਕਰਦਾ ਹੈ। ਸਕੂਲਾਂ-ਕਾਲਜਾਂ 'ਚ ਅਧਿਆਪਕਾਂ ਤੇ ਲੈਕਚਰਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੇ ਵਿੱਦਿਅਕ ਅਦਾਰਿਆਂ 'ਚ ਮੋਬਾਈਲ ਤੇ ਇੰਟਰਨੈੱਟ ਦੀ ਵਰਤੋਂ ਨਾ ਕਰਨ, ਕਿਉਂਕਿ ਇਕ ਕੌੜਾ ਸੱਚ ਹੈ ਕਿ ਬੱਚੇ ਉਹੀ ਕਰਦੇ ਹਨ, ਜੋ ਅਸੀਂ ਕਰਦੇ ਹਾਂ। ਇਸ ਲਈ ਸਾਨੂੰ ਖੁਦ ਨੂੰ ਅਜਿਹੇ ਕੰਮ ਕਰਨੇ ਚਾਹੀਦੇ ਹਨ, ਜੋ ਅਸੀਂ ਆਪਣੇ ਬੱਚਿਆਂ ਤੋਂ ਆਸ ਰੱਖਦੇ ਹਾਂ।

-ਪੀ.ਐੱਚ.ਡੀ. ਵਿਦਿਆਰਥਣ, ਪੰਜਾਬੀ ਯੂਨੀਵਰਸਿਟੀ, ਪਟਿਆਲਾ। ਮੋਬਾ: 97803-26601

ਅਖ਼ਬਾਰਾਂ ਗਿਆਨ ਦਾ ਖ਼ਜ਼ਾਨਾ

ਕਹਿੰਦੇ ਹਨ ਕਿ ਗਿਆਨ ਵਿਚ ਹੀ ਸ਼ਕਤੀ ਹੈ ਅਤੇ ਇਹ ਗਿਆਨ ਹੀ ਹੈ ਜੋ ਸਾਨੂੰ ਫਰਸ਼ ਤੋਂ ਅਰਸ਼ ਤੱਕ ਲੈ ਜਾਂਦਾ ਹੈ। ਗਿਆਨਵਾਨ ਮਨੁੱਖ ਆਪਣੀ ਜ਼ਿੰਦਗੀ ਦੇ ਰਸਤੇ ਖ਼ੁਦ-ਬਖ਼ੁਦ ਲੱਭ ਲੈਂਦਾ ਹੈ। ਜਦੋਂ ਕਿ ਗਿਆਨ-ਵਿਹੂਣਾ ਮਨੁੱਖ ਹਮੇਸ਼ਾ ਦੂਸਰਿਆਂ ਵੱਲ ਲਾਚਾਰ ਭਾਵਨਾ ਨਾਲ ਤੱਕਦਾ ਰਹਿੰਦਾ ਹੈ। ਗਿਆਨ ਇਕ ਅਜਿਹਾ ਧਨ ਹੈ ਜੋ ਨਾ ਤਾਂ ਕਦੇ ਗੁਆਚ ਸਕਦਾ ਹੈ ਅਤੇ ਨਾ ਹੀ ਕਿਸੇ ਵਲੋਂ ਚੋਰੀ ਕੀਤਾ ਜਾ ਸਕਦਾ ਹੈ ਅਤੇ ਹਰ ਥਾਂ, ਹਰ ਸਮੇਂ ਸਾਡੇ ਕੰਮ ਆਉਂਦਾ ਹੈ। ਗਿਆਨ ਦੇ ਕਈ ਸੋਮੇ ਹਨ, ਇਨ੍ਹਾਂ ਵਿਚੋਂ ਗਿਆਨ ਦਾ ਸਭ ਤੋਂ ਵੱਡਾ ਸੋਮਾ ਹਨ ਅਖ਼ਬਾਰਾਂ। ਅਖਬਾਰਾਂ ਸਾਨੂੰ ਨਾ ਕੇਵਲ ਆਪਣੇ ਆਲੇ-ਦੁਆਲੇ, ਰਾਜ, ਦੇਸ਼ ਅਤੇ ਵਿਦੇਸ਼ ਦੀ ਜਾਣਕਾਰੀ ਹੀ ਦਿੰਦੀਆਂ ਹਨ, ਸਗੋਂ ਸਾਨੂੰ ਆਰਥਿਕ, ਸੱਭਿਆਚਾਰਕ, ਖੇਤੀਬਾੜੀ, ਵਿੱਦਿਅਕ, ਖੇਡਾਂ ਸਬੰਧੀ ਅਤੇ ਹੋਰ ਕਈ ਤਰ੍ਹਾਂ ਦੀ ਭਰਪੂਰ ਜਾਣਕਾਰੀ ਵੀ ਦਿੰਦੀਆਂ ਹਨ, ਜੋ ਕਿ ਇਹ ਜਾਣਕਾਰੀ ਹਰ ਇਕ ਮਨੁੱਖ ਦੇ ਲਈ ਬਹੁਤ ਜ਼ਰੂਰੀ ਹੈ। ਅਖ਼ਬਾਰਾਂ ਸਾਨੂੰ ਨਵੇਂ ਸ਼ਬਦਾਂ ਤੋਂ ਜਾਣੂ ਕਰਵਾ ਕੇ ਸਾਨੂੰ ਨਵੀਂ ਸ਼ਬਦਾਵਲੀ ਵੀ ਪ੍ਰਦਾਨ ਕਰਦੀਆਂ ਹਨ। ਇਹ ਅਖਬਾਰਾਂ ਹੀ ਹਨ ਜੋ ਸਾਨੂੰ ਸਮਾਜ ਵਿਚਲੀਆਂ ਬੁਰੀਆਂ ਘਟਨਾਵਾਂ ਤੋਂ ਚੌਕਸ ਕਰਕੇ ਸਾਡਾ ਬਚਾਅ ਕਰਦੀਆਂ ਹਨ। ਇਕ ਪੜ੍ਹਿਆ-ਲਿਖਿਆ, ਸੂਝਵਾਨ ਅਤੇ ਬੁੱਧੀਮਾਨ ਵਿਅਕਤੀ ਉਹੀ ਹੈ, ਜਿਸ ਨੂੰ ਆਪਣੇ ਆਲੇ-ਦੁਆਲੇ, ਸਮਾਜ ਅਤੇ ਦੇਸ਼-ਕਾਲ ਦੀ ਹਰ ਤਰ੍ਹਾਂ ਦੀ ਜਾਣਕਾਰੀ ਹੋਵੇ।
ਅਖ਼ਬਾਰ ਦੀ ਕੀਮਤ ਵੀ ਕੋਈ ਬਹੁਤ ਜ਼ਿਆਦਾ ਨਹੀਂ ਹੁੰਦੀ ਕਿ ਕੋਈ ਇਸ ਨੂੰ ਅਦਾ ਨਾ ਕਰ ਸਕੇ। 2-3 ਰੁਪਏ ਦੀ ਅਖ਼ਬਾਰ ਸਾਨੂੰ ਜੋ ਕੁਝ ਦੇ ਕੇ ਜਾਂਦੀ ਹੈ, ਉਸ ਨੂੰ ਸ਼ਬਦਾਂ ਰਾਹੀਂ ਵਿਅਕਤ ਕਰਨਾ ਅਸੰਭਵ ਹੁੰਦਾ ਹੈ। ਇਕ ਚਾਹ ਦੇ ਕੱਪ ਦੀ ਕੀਮਤ ਤੋਂ ਵੀ ਘੱਟ ਕੀਮਤ ਵਾਲੀ ਅਖ਼ਬਾਰ ਸਾਨੂੰ ਏਨਾ ਗਿਆਨ ਦੇ ਜਾਂਦੀ ਹੈ ਕਿ ਅਸੀਂ ਕਦੇ ਸੋਚ ਵੀ ਨਹੀਂ ਸਕਦੇ। ਗਿਆਨ ਦੇ ਦੀਵੇ ਨੂੰ ਜਗਦਾ ਰੱਖਣ ਲਈ ਗਿਆਨ ਪ੍ਰਾਪਤ ਕਰਦੇ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਗਿਆਨ ਸਾਡੇ ਜੀਵਨ ਵਿਚ ਕਦੇ ਵੀ, ਕਿਸੇ ਵੀ ਸਮੇਂ ਸਾਡੇ ਲਈ ਚਾਨਣ ਮੁਨਾਰਾ ਬਣ ਸਕਦਾ ਹੈ। ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਆਪਣਾ ਗਿਆਨ ਇਕ ਸੀਮਤ ਦਾਇਰੇ ਤੱਕ ਹੀ ਵਧਾਈਏ, ਸਗੋਂ ਆਪਣੇ ਗੁਆਂਢੀ ਰਾਜਾਂ, ਆਪਣੇ ਦੇਸ਼, ਦੇਸ਼ਾਂ ਅਤੇ ਵਿਦੇਸ਼ਾਂ ਅਤੇ ਹੋਰ ਚਲੰਤ ਮੁੱਦਿਆਂ ਬਾਰੇ ਵੀ ਜਾਣਕਾਰੀ ਅਖ਼ਬਾਰਾਂ ਰਾਹੀਂ ਰੱਖਦੇ ਰਹਿਣਾ ਚਾਹੀਦਾ ਹੈ। ਇਸ ਸਭ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਵੱਧ ਤੋਂ ਵੱਧ ਅਖ਼ਬਾਰਾਂ ਪੜ੍ਹੀਏ ਅਤੇ ਆਪਣੇ ਬੱਚਿਆਂ ਤੇ ਨੌਜਵਾਨਾਂ ਨੂੰ ਵੀ ਅਖ਼ਬਾਰਾਂ ਪੜ੍ਹਨ ਦੀ ਚੇਟਕ ਲਗਾਈਏ। ਅਖ਼ਬਾਰਾਂ ਦੇ ਸੰਪਾਦਕੀ ਪੰਨੇ, ਬੁੱਧੀਜੀਵੀ ਵਿਦਵਾਨਾਂ ਦੇ ਲੇਖਾਂ ਅਤੇ ਹੋਰ ਮੁੱਦਿਆਂ ਬਾਰੇ ਲਿਖੇ ਹੋਏ ਵਿਚਾਰਾਂ ਨੂੰ ਪੜ੍ਹਨਾ ਬਹੁਤ ਜ਼ਰੂਰੀ ਅਤੇ ਚੰਗੀ ਗੱਲ ਹੈ।
ਇਹ ਲੇਖ ਅਤੇ ਵਿਦਵਾਨਾਂ ਦੇ ਵਿਚਾਰ ਸਾਨੂੰ ਜ਼ਿੰਦਗੀ ਜਿਊਣ ਲਈ, ਜੀਵਨ ਵਿਚ ਅੱਗੇ ਵਧਣ ਲਈ ਅਤੇ ਜੀਵਨ ਵਿਚ ਮਾੜੇ ਸਮਿਆਂ ਤੋਂ ਬਚਣ ਲਈ ਸਾਡੀ ਬਹੁਤ ਸਹਾਇਤਾ ਕਰ ਜਾਂਦੇ ਹਨ, ਜਿਸ ਬਾਰੇ ਕਿ ਅਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਦੀ, ਕਿਉਂਕਿ ਮਹਾਂਪੁਰਖ ਕਦੇ ਵੀ ਸਮੇਂ ਦੀ ਘਾਟ ਦੀ ਚਰਚਾ ਨਹੀਂ ਕਰਦੇ, ਇਸ ਲਈ ਜੇਕਰ ਅਸੀਂ ਆਪਣੇ ਜੀਵਨ ਵਿਚ ਮੋਬਾਈਲ ਫੋਨਾਂ, ਟੈਲੀਵਿਜ਼ਨ ਅਤੇ ਹੋਰ ਵਾਧੂ ਦੇ ਰੁਝੇਵਿਆਂ ਤੋਂ ਥੋੜ੍ਹਾ-ਥੋੜ੍ਹਾ ਸਮਾਂ ਕੱਢ ਕੇ ਅਖ਼ਬਾਰਾਂ ਪੜ੍ਹਨ ਲਈ ਸਮਾਂ ਦੇਈਏ ਤਾਂ ਸਾਡੀ ਜ਼ਿੰਦਗੀ ਵਿਚ ਕਾਫ਼ੀ ਸਾਕਾਰਾਤਮਿਕਤਾ ਅਤੇ ਗਿਆਨ ਦਾ ਪ੍ਰਸਾਰ ਹੋ ਸਕਦਾ ਹੈ। ਜੇਕਰ ਅਸੀਂ ਆਪਣੇ ਘਰ-ਪਰਿਵਾਰ ਵਿਚ ਅਖ਼ਬਾਰਾਂ ਨੂੰ ਥਾਂ ਦੇਵਾਂਗੇ ਤਾਂ ਇਸ ਦਾ ਪ੍ਰਭਾਵ ਸਾਡੇ ਬਾਕੀ ਪਰਿਵਾਰਕ ਮੈਂਬਰਾਂ, ਸਾਡੇ ਬੱਚਿਆਂ, ਨੌਜਵਾਨਾਂ ਅਤੇ ਨਵੀਂ ਪੀੜ੍ਹੀ 'ਤੇ ਜ਼ਰੂਰ ਹੀ ਪਵੇਗਾ ਅਤੇ ਉਹ ਵੀ ਗਿਆਨਵਾਨ ਤੇ ਸੂਝਵਾਨ ਬਣਨਗੇ। ਸੋ ਆਓ, ਆਪਣੇ ਗਿਆਨ ਦਾ ਖੇਤਰ ਵਿਸ਼ਾਲ ਕਰਨ ਲਈ ਅਤੇ ਜ਼ਿੰਦਗੀ ਵਿਚ ਤਰੱਕੀ ਪਾਉਣ ਲਈ ਅਖਬਾਰਾਂ ਪੜ੍ਹੀਏ ਅਤੇ ਦੂਸਰਿਆਂ ਨੂੰ ਵੀ ਅਖ਼ਬਾਰਾਂ ਪੜ੍ਹਨ ਲਈ ਪ੍ਰੇਰਿਤ ਕਰੀਏ। 'ਅਖ਼ਬਾਰਾਂ ਪੜ੍ਹੀਏ ਅਤੇ ਪੜ੍ਹਾਈਏ, ਜੀਵਨ ਨੂੰ ਖ਼ੁਸ਼ਹਾਲ ਬਣਾਈਏ।'

-ਸ੍ਰੀ ਅਨੰਦਪੁਰ ਸਾਹਿਬ।
ਮੋਬਾ: 94785-61356





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX