ਤਾਜਾ ਖ਼ਬਰਾਂ


ਇੱਕ ਲੜਕੀ ਤੇ ਦੋ ਨਬਾਲਗ ਲੜਕਿਆਂ ਖਾਧੀ ਜ਼ਹਿਰੀਲੀ ਦਵਾਈ, ਇੱਕ ਲੜਕੇ ਦੀ ਮੌਤ
. . .  1 day ago
ਕਲਾਨੌਰ, 21 ਫਰਵਰੀ (ਪੁਰੇਵਾਲ)-ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਲਾਨੌਰ ਅਧੀਨ ਪੈਂਦੇ ਦੋ ਵੱਖ-ਵੱਖ ਪਿੰਡਾਂ 'ਚ ਬਾਅਦ ਦੁਪਹਿਰ ਦੋ ਨਾਬਾਲਗ ਲੜਕਿਆਂ ਅਤੇ ਇੱਕ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਖਾਣ ਦੀ ਖ਼ਬਰ ...
ਇਰਾਕ ਦੀ ਖ਼ੁਫ਼ੀਆ ਏਜੰਸੀ ਵੱਲੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕ ਗ੍ਰਿਫ਼ਤਾਰ
. . .  1 day ago
ਬਗ਼ਦਾਦ, 21 ਫਰਵਰੀ - ਇਰਾਕ ਦੀ ਖ਼ੁਫ਼ੀਆ ਏਜੰਸੀ ਨੇ ਗੁਆਂਢੀ ਦੇਸ਼ ਸੀਰੀਆ ਤੋਂ ਆਈ.ਐੱਸ ਨਾਲ ਸਬੰਧਿਤ 13 ਫਰਾਂਸੀਸੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਆਰਥਿਕ ਤੰਗੀ ਕਾਰਨ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
. . .  1 day ago
ਵੇਰਕਾ 21 ਫਰਵਰੀ (ਪਰਮਜੀਤ ਸਿੰਘ ਬੱਗਾ)- ਕਸਬਾ ਵੱਲਾ ਤੇ ਮਕਬੂਲਪੁਰਾ ਵਿਚਕਾਰ ਪੈਂਦੇ ਇਲਾਕੇ ਸ਼੍ਰੀ ਗੁਰੂ ਤੇਗ ਬਹਾਦਰ ਨਗਰ ਵਿਚ ਆਰਥਿਕ ਤੰਗੀ ਤੇ ਮਾਨਸਿਕ ਪ੍ਰੇਸ਼ਾਨੀ ਕਾਰਨ 26 ਸਾਲਾਂ ਦੋ ਬੇਟੀਆਂ ਦੇ ਪਿਤਾ ਵੱਲੋਂ ਪਤਨੀ ...
ਡੇਢ ਹਫ਼ਤੇ ਬਾਅਦ ਪੁੰਛ-ਰਾਵਲਕੋਟ ਰਸਤੇ ਪਾਕਿਸਤਾਨ ਨਾਲ ਵਪਾਰ ਮੁੜ ਤੋਂ ਸ਼ੁਰੂ
. . .  1 day ago
ਪੁੰਛ, 21 ਫਰਵਰੀ - ਪਾਕਿਸਤਾਨ ਨਾਲ ਡੇਢ ਹਫ਼ਤੇ ਤੋਂ ਬਾਅਦ ਭਾਰਤ ਦਾ ਵਪਾਰ ਮੁੜ ਤੋਂ ਸ਼ੁਰੂ ਹੋ ਗਿਆ ਹੈ। ਇਸ ਸਬੰਧੀ ਕਰਾਸ ਐੱਲ.ਓ.ਸੀ ਟਰੇਡਰਜ਼ ਐਸੋਸੀਏਸ਼ਨ ਪੁੰਛ ਦੇ ਪ੍ਰਧਾਨ ਪਵਨ ਅਨੰਦ...
ਲੈਫਟੀਨੈਂਟ ਜਨਰਲ ਰਵੀ ਥੋਡਗੇ ਹੋਣਗੇ ਸੀ.ਓ.ਏ ਦੇ ਤੀਸਰੇ ਮੈਂਬਰ
. . .  1 day ago
ਨਵੀਂ ਦਿੱਲੀ, 21 ਫਰਵਰੀ - ਸੁਪਰੀਮ ਕੋਰਟ ਵੱਲੋਂ ਲੈਫਟੀਨੈਂਟ ਜਨਰਲ ਰਵੀ ਥੋਡਗੇ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਦੇ ਪ੍ਰਸ਼ਾਸਕਾਂ ਦੀ ਕਮੇਟੀ ਦਾ ਤੀਸਰਾ ਮੈਂਬਰ ਨਿਯੁਕਤ ਕੀਤਾ...
ਹਿਮਾਚਲ ਦੇ ਲਾਹੌਲ ਤੇ ਸਪਿਤੀ 'ਚ ਹੋਈ ਤਾਜ਼ਾ ਬਰਫ਼ਬਾਰੀ
. . .  1 day ago
ਸ਼ਿਮਲਾ, 21 ਫਰਵਰੀ - ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ 'ਚ ਤਾਜ਼ਾ ਬਰਫ਼ਬਾਰੀ ਹੋਈ...
ਸਾਬਕਾ ਵਿਧਾਇਕ ਸੂੰਢ ਮੁੜ ਕਾਂਗਰਸ 'ਚ ਸ਼ਾਮਲ
. . .  1 day ago
ਬੰਗਾ, 21ਫਰਵਰੀ (ਜਸਵੀਰ ਸਿੰਘ ਨੂਰਪੁਰ) - ਵਿਧਾਨ ਸਭਾ ਹਲਕਾ ਬੰਗਾ ਦੇ ਸਾਬਕਾ ਵਿਧਾਇਕ ਚੌਧਰੀ ਤਰਲੋਚਨ ਸਿੰਘ ਸੂੰਢ ਮੁੜ ਤੋਂ ਕਾਂਗਰਸ ਵਿਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ...
ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਬਣਾਈ ਟਾਸਕ ਫੋਰਸ
. . .  1 day ago
ਨਵੀਂ ਦਿੱਲੀ, 21 ਫਰਵਰੀ - ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਸੁਰੱਖਿਆ ਲਈ ਟਾਸਕ ਫੋਰਸ ਬਣਾਈ ਹੈ। ਰਿਟਾਇਰਡ ਲੈਫ਼ਟੀਨੈਂਟ ਜਨਰਲ ਡੀ.ਐੱਸ ਹੁੱਡਾ ਟਾਸਕ ਫੋਰਸ...
ਅਗਲੇ 15 ਸਾਲਾਂ 'ਚ ਸਾਡਾ ਮਕਸਦ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ ਹੋਣਾ - ਪ੍ਰਧਾਨ ਮੰਤਰੀ
. . .  1 day ago
ਸਿਓਲ, 21 ਫਰਵਰੀ - ਦੱਖਣੀ ਕੋਰੀਆਂ ਪਹੁੰਚੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿਓਲ 'ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦਿਆ ਕਿਹਾ ਕਿ ਅਗਲੇ 15 ਸਾਲਾਂ 'ਚ ਉਨ੍ਹਾਂ ਦਾ ਮਕਸਦ ਦੁਨੀਆ ਦੇ ਚੋਟੀ ਦੇ ਤਿੰਨ ਦੇਸ਼ਾਂ 'ਚ ਸ਼ਾਮਲ...
ਪਾਕਿਸਤਾਨ ਜਾ ਰਿਹਾ ਭਾਰਤ ਦੇ ਅਧਿਕਾਰ ਵਾਲਾ ਪਾਣੀ ਵਾਪਸ ਲਿਆਂਦਾ ਜਾਵੇਗਾ ਯਮੁਨਾ ਨਦੀ 'ਚ - ਗਡਕਰੀ
. . .  1 day ago
ਨਵੀਂ ਦਿੱਲੀ, 21 ਫਰਵਰੀ - ਕੇਂਦਰੀ ਮੰਤਰੀ ਨਿਤਿਨ ਗਡਕਰੀ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਦੇ ਵੱਖ ਵੱਖ ਹੋਣ ਤੋਂ ਬਾਅਦ ਤਿੰਨ ਨਦੀਆਂ ਪਾਕਿਸਤਾਨ ਨੂੰ ਮਿਲੀਆਂ ਸਨ ਤੇ...
ਹੋਰ ਖ਼ਬਰਾਂ..

ਸਾਹਿਤ ਫੁਲਵਾੜੀ

ਮਿੰਨੀ ਕਹਾਣੀ

ਨਸ਼ਾ

ਆਖਰ ਦਰਸ਼ਨ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪੈ ਗਿਆ, ਉਸ ਦੀ ਸਰੀਰਕ ਤੇ ਮਾਨਸਿਕ ਹਾਲਤ ਹੀ ਏਨੀ ਵਿਗੜ ਚੁੱਕੀ ਸੀ।
ਉਹ ਤਿੰਨ ਭੈਣ-ਭਰਾ ਸਨ, ਤਿੰਨੇ ਹੀ ਵਿਆਹੇ ਵਰ੍ਹੇ।
ਪਹਿਲਾਂ ਜ਼ਮੀਨ ਚੰਗੀ ਸੀ, ਪਰ ਹੁਣ ਗੁਜ਼ਾਰੇ ਜੋਗੀ ਵੀ ਨਹੀਂ ਸੀ ਰਹੀ।
ਨਿੱਤ ਦੇ ਘਰੇਲੂ ਕਲਾ-ਕਲੇਸ਼ ਤੋਂ ਤੰਗ ਆ ਕੇ ਵੱਡਾ ਭਰਾ ਆਪਣਾ ਹਿੱਸਾ ਵੇਚ-ਵੱਟ ਕੇ ਬਾਹਰ ਚਲਾ ਗਿਆ। ਦਰਸ਼ਨ ਹੋਰ 'ਆਜ਼ਾਦ' ਹੋ ਗਿਆ।
'ਕੰਮ' ਹੋਰ ਵੀ ਵਧ ਗਿਆ। ਇਕ ਧੀ ਦਾ ਬਾਪ ਬਣ ਗਿਆ, ਫਿਰ ਵੀ ਨਾ ਸੁਧਰਿਆ। ਪਤਨੀ, ਬੱਚੀ ਨੂੰ ਨਾਲ ਲੈ ਕੇ ਪੇਕੀਂ ਜਾ ਬੈਠੀ। ਬੁਢਾਪੇ ਵੱਲ ਤੇਜ਼ੀ ਨਾਲ ਵਧ ਰਹੇ ਮਾਂ-ਬਾਪ ਪ੍ਰੇਸ਼ਾਨ ਅਸਮਰੱਥ।
ਦਰਸ਼ਨ ਨੇ ਬਾਰਾਂ ਜਮਾਤਾਂ ਪਾਸ ਕਰ ਲੈਣ ਉਪਰੰਤ ਪਹਿਲਾਂ ਇਕ ਕਿੱਤਾ-ਮੁਖੀ ਡਿਪਲੋਮਾ ਕਰ ਲਿਆ ਅਤੇ ਫਿਰ ਕਾਲਜ ਵੀ ਪੜ੍ਹਦਾ ਰਿਹਾ, ਪਰ ਕੋਈ ਰੁਜ਼ਗਾਰ ਦਾ ਵਸੀਲਾ ਨਾ ਬਣ ਸਕਿਆ।
ਨੇੜਲੇ ਵੱਡੇ ਪਿੰਡ ਦੇ ਇਕ ਨਸ਼ਾ ਤਸਕਰ ਰਾਜਨੀਤਕ ਕਰਿੰਦੇ ਦੇ ਉਹ ਅਜਿਹਾ ਟੇਟੇ ਚੜ੍ਹਿਆ ਕਿ ਉਸ ਨੂੰ ਫਾਇਦਾ ਘੱਟ ਅਤੇ ਨੁਕਸਾਨ ਵੱਧ ਹੋ ਗਿਆ।
ਪਰ ਹੁਣ ਡਾਕਟਰੀ ਉਪਚਾਰ ਸਦਕਾ ਏਨਾ ਕੁ ਸਾਕਾਰਾਤਮਕ ਫਰਕ ਪੈ ਗਿਆ ਕਿ ਉਸ ਦੀ ਸਿਹਤ ਤੇ ਸੋਚ ਦੋਵਾਂ ਵਿਚ ਮੋੜਾ ਪੈਣਾ ਸ਼ੁਰੂ ਹੋ ਗਿਆ ਪਰ ਉਸ ਨੂੰ ਆਪਣੇ ਅੰਦਰ ਕੋਈ ਘਾਟ ਹਮੇਸ਼ਾ ਮਹਿਸੂਸ ਹੁੰਦੀ ਰਹਿੰਦੀ, ਅੰਤਰ-ਦਵੰਦ ਖਤਮ ਨਹੀਂ ਸੀ ਹੋ ਰਿਹਾ।
ਇਕ ਦਿਨ, ਸਕੂਲ ਸਮੇਂ ਦਾ ਇਕ ਜਮਾਤੀ ਉਸ ਦਾ ਹਾਲਚਾਲ ਪਤਾ ਕਰਨ ਆਇਆ। ਦੋਵੇਂ ਕਾਫ਼ੀ ਦੇਰ ਗੱਲਾਂ ਕਰਦੇ ਰਹੇ। ਦਰਸ਼ਨ ਦਾ ਮਨ ਕੁਝ ਹੌਲਾ ਹੋ ਗਿਆ।
ਜਾਣ ਲੱਗੇ ਜਮਾਤੀ ਦੇ ਹੱਥ ਵਿਚ ਲਟਕ ਰਹੇ ਲਿਫ਼ਾਫ਼ੇ ਵੱਲ ਦੇਖ ਕੇ ਦਰਸ਼ਨ ਨੇ ਪੁੱਛ ਲਿਆ, 'ਆਹ ਕੀ ਚੁੱਕੀ ਫਿਰਦੈਂ?'
'ਕਿਤਾਬਾਂ ਨੇ', ਮਿੱਤਰ ਨੇ ਦੱਸਿਆ, 'ਅੱਜ ਇਥੇ ਪੁਸਤਕ ਮੇਲਾ ਲੱਗਿਆ ਹੋਇਆ ਸੀ, ਉਥੋਂ ਹੀ ਖਰੀਦੀਐਂ।'
ਮਿੱਤਰ ਨੇ ਪੁੱਛ ਲਿਆ, 'ਤੂੰ ਪੜ੍ਹੇਂਗਾ?'
ਦੁਚਿੱਤੀ ਵਿਚ ਹੋਣ ਦੇ ਬਾਵਜੂਦ ਵੀ ਦਰਸ਼ਨ ਨੇ 'ਹਾਂ' ਵਿਚ ਸਿਰ ਹਿਲਾ ਦਿੱਤਾ।
ਇਹ ਇਕ ਸਾਫ਼-ਸੁਥਰਾ ਪਰਿਵਾਰਕ ਨਾਵਲ ਸੀ, ਜਿਸ ਦੇ ਪਹਿਲੇ ਇਕ-ਦੋ ਕਾਂਡ ਪੜ੍ਹਨ ਦੌਰਾਨ ਬੇਸ਼ੱਕ ਦਰਸ਼ਨ ਦੀ ਦਿਲਚਸਪੀ ਨਾ ਬਣੀ, ਪਰ ਫਿਰ ਜਿਵੇਂ-ਜਿਵੇਂ ਉਹ ਅੱਗੇ ਵਧਦਾ ਗਿਆ, ਸ਼ਾਮ ਤੱਕ ਨਾਵਲ ਮੁਕਾ ਕੇ ਹੀ ਉਸ ਨੇ ਸਾਹ ਲਿਆ।
ਉਸ ਰਾਤ ਉਸ ਨੂੰ ਬਹੁਤ ਗੂੜ੍ਹੀ ਨੀਂਦ ਆਈ।
ਅਗਲੇ ਦਿਨ, ਉਸ ਨੇ ਇਕ ਹੋਰ ਕਿਤਾਬ ਮੰਗਵਾ ਲਈ... ਫਿਰ ਹੋਰ, ਫਿਰ ਹੋਰ। ਇਸ ਨਵੇਂ ਸਹੇੜੇ ਨਸ਼ੇ ਦਾ ਅਨੰਦ ਪਹਿਲੇ ਨਾਲੋਂ ਕਿਤੇ ਜ਼ਿਆਦਾ ਸੀ।
ਇਸ ਕਦਰ ਸੁਧਰੀ ਹਾਲਤ ਦੇਖ ਕੇ ਡਾਕਟਰਾਂ ਨੇ ਦਰਸ਼ਨ ਨੂੰ ਸਮੇਂ ਤੋਂ ਪਹਿਲਾਂ ਹੀ ਹਸਪਤਾਲ ਤੋਂ ਫਾਰਗ ਕਰ ਦਿੱਤਾ। ਪਰਿਵਾਰ ਨੂੰ ਉਸ ਦੀ ਲਗਾਤਾਰ ਨਿਗਰਾਨੀ ਰੱਖਣ ਦੀ ਹਦਾਇਤ ਵੀ ਕਰ ਦਿੱਤੀ।
ਘਰ ਵਿਚ ਮਾਂ ਪਰਛਾਵੇਂ ਵਾਂਗ ਉਸ ਦੇ ਨਾਲ ਰਹਿੰਦੀ। ਇਕ ਦਿਨ ਦਰਸ਼ਨ ਨੇ ਕਹਿ ਹੀ ਦਿੱਤਾ, 'ਮੰਮੀ ਹੁਣ ਮੇਰਾ ਕੁਝ ਨਹੀਂ ਵਿਗੜਨ ਲੱਗਿਆ, ਤੁਸੀਂ ਨਿਸਚਿੰਤ ਹੋ ਕੇ ਆਰਾਮ ਕਰਿਆ ਕਰੋ।'
ਉਸ ਨੇ ਅੱਗੇ ਇਹ ਵੀ ਕਿਹਾ, 'ਇਕ ਹੋਰ ਗੱਲ ਮੈ ਕੱਲ੍ਹ ਸਵੇਰੇ ਤੜਕੇ ਤੁਹਾਡੀ ਨੂੰਹ ਤੇ ਪਿਆਰੀ ਪੋਤੀ ਨੂੰ ਲੈਣ ਸਹੁਰੀਂ ਚੱਲਿਐਂ।'
ਸਵੇਰੇ ਕਾਫ਼ੀ ਭਾਰਾ ਨਾਸ਼ਤਾ ਕਰਨ ਉਪਰੰਤ ਉਹ 'ਬਣ-ਠਣ' ਕੇ ਘਰੋਂ ਨਿਕਲਣ ਲੱਗਾ ਤਾਂ ਉਸ ਦੇ ਮੰਮੀ-ਡੈਡੀ ਵੀ ਬੱਸ ਅੱਡੇ ਤੱਕ ਨਾਲ ਹੀ ਤੁਰ ਗਏ।
ਅੱਜ ਦਰਸ਼ਨ ਨੇ ਬੈਗ ਵਿਚ ਕੱਪੜਾ-ਲੀੜਾ ਅਤੇ ਹੋਰ ਸਾਮਾਨ ਪਾਉਂਦਿਆਂ ਯਾਦ ਨਾਲ ਇਕ-ਦੋ ਕਿਤਾਬਾਂ ਵੀ ਪਾ ਲਈਆਂ ਸਨ।


-ਗੁਰੂ ਨਾਨਕ ਨਗਰ, ਗਿੱਦੜਬਾਹਾ-152101.
ਮੋਬਾਈਲ : 94640-76257.


ਖ਼ਬਰ ਸ਼ੇਅਰ ਕਰੋ

ਡੂਢੀਆਂ ਸਵਾਈਆਂ ਦਾ ਚੇਤਾ...

ਖਾੜਕੂਵਾਦ ਦੇ ਦੌਰ ਮੌਕੇ ਪਿੰਡ ਛੱਡ ਕੇ ਪਰਿਵਾਰ ਸਮੇਤ ਸ਼ਹਿਰ ਜਾ ਵਸੇ ਸੋਮੀ ਸੇਠ ਦਾ ਅਚਾਨਕ ਸਵੇਰੇ ਸਾਝਰੇ ਹੀ ਘਰ ਆਉਣਾ ਮੇਰੇ ਲਈ ਹੈਰਾਨੀਜਨਕ ਸੀ। ਪਿੰਡ ਰਹਿੰਦਿਆਂ ਸਰਕਾਰੀ ਨੌਕਰੀ ਦੇ ਨਾਲ-ਨਾਲ ਉਸ ਦੀ ਸੱਥ ਵਿਚਲੀ ਹੱਟੀ ਪਿੰਡ ਵਾਸੀਆਂ ਦੀਆਂ ਸਾਰੀਆਂ ਘਰੇਲੂ ਲੋੜਾਂ ਦੀ ਪੂਰਤੀ ਦਾ ਇਕੋ-ਇਕੋ ਸਰੋਤ ਹੁੰਦਾ ਸੀ। ਸੂਈ ਤੋਂ ਲੈ ਕੇ ਟਰੈਕਟਰ ਦੇ ਇੰਜਣਾਂ ਦੇ ਸਮਾਨ ਤੱਕ ਸਭ ਕੁਛ ਸੋਮੀ ਸੇਠ ਦੀ ਹੱਟੀ ਤੋਂ ਮਿਲ ਜਾਂਦਾ। ਅਸੀਂ ਵਿਹੜੇ ਦੇ ਸਾਰੇ ਜੁਆਕ ਉਸ ਨੂੰ ਸੋਮੀ ਤਾਇਆ ਕਹਿ ਕੇ ਬੁਲਾਉਂਦੇ। ਕਈ ਦਹਾਕਿਆਂ ਬਾਅਦ ਘਰ ਆਇਆ ਤਾਇਆ ਸੋਮੀ ਇਸ ਵੇਲੇ ਸ਼ਹਿਰ ਦਾ ਮੰਨਿਆ-ਪ੍ਰਮੰਨਿਆ ਧਨਾਢ ਸੇਠ ਤਰਸੇਮ ਲਾਲ ਬਣ ਗਿਆ ਸੀ। 'ਦੇਖ ਲਾ ਪੁੱਤਰਾ, ਤੇਰੇ ਬਾਪੂ ਨੇ ਨੀ ਸੀ ਦੇਖਣਾ ਆਹ ਸਭ ਕੁਛ, ਬਹੁਤ ਕਮਾਈਆਂ ਕੀਤੀਆਂ ਸੀ ਉਸ ਨੇ, ਬੱਸ ਪੁੱਤਾਂ ਦੀ ਕਮਾਈ ਨੀ ਸੀ ਦੇਖਣੀ ਵਿਚਾਰੇ ਨੇ', ਤਾਇਆ ਸੋਮੀ ਕੁਰਸੀ 'ਤੇ ਬੈਠਾ ਚਾਹ ਦੀਆਂ ਚੁਸਕੀਆਂ ਭਰਦਾ ਮੇਰੇ ਸਵਰਗੀ ਬਾਪੂ ਨਾਲ ਅਪਣੀ ਪੁਰਾਣੀ ਨੇੜਤਾ ਨੂੰ ਯਾਦ ਕਰਨ ਲੱਗਿਆ। ਅਸਲ ਵਿਚ ਉਹ ਸਸਪੈਂਡ ਹੋ ਗਏ ਆਪਣੇ ਇਕ ਕਰੀਬੀ ਰਿਸ਼ਤੇਦਾਰ ਅਫ਼ਸਰ ਦੇ ਮਾਮਲੇ ਵਿਚ ਮੇਰੇ ਕੋਲੋਂ ਮਦਦ ਲੈਣ ਲਈ ਆਇਆ ਸੀ। ਕਈ ਸਿਆਸੀ ਆਗੂਆਂ ਤੇ ਅਫ਼ਸਰਾਂ ਦੇ ਅਕਸਰ ਮੇਰੇ ਘਰ ਆਉਣ-ਜਾਣ ਬਾਰੇ ਉਸ ਨੂੰ ਕਿਸੇ ਨੇ ਦੱਸਿਆ ਸੀ। ਸਾਡੀ ਗੱਲਾਂ ਕਰਦਿਆਂ ਦੀ ਆਵਾਜ਼ ਸੁਣ ਕੇ ਮੇਰੀ ਬੁੱਢੀ ਮਾਂ ਖੂੰਡੀ ਖੜਕਾਉਂਦੀ ਬਿੜਕਾਂ ਲੈਂਦੀ ਕਈ ਚੱਕਰ ਲਗਾ ਗਈ। ਤਾਏ ਸੋਮੀ ਦੇ ਚਲੇ ਜਾਣ ਪਿੱਛੋਂ ਹਾਲੇ ਮੈਂ ਦਰਵਾਜ਼ਾ ਬੰਦ ਕੀਤਾ ਹੀ ਸੀ ਕਿ ਮਾਂ ਨੇ ਮੋਟੇ ਸ਼ੀਸ਼ਿਆਂ ਵਾਲੀ ਐਨਕ ਉੱਪਰ ਸੱਜੇ ਹੱਥ ਦੀ ਛਾਂ ਜਿਹੀ ਕਰਦਿਆਂ ਪੁੱਛਿਆ, 'ਵੇ ਆਹ ਸੋਮੀ ਬਾਣੀਆਂ ਕੀ ਕਰਨ ਆਇਆ? ਤੈਂ ਇਹਦਾ ਕੀ ਦੇਣੈ?' ਬੁੱਢੀ ਮਾਂ ਦੇ ਸਵਾਲ ਮੈਨੂੰ ਬੇਚੈਨ ਕਰ ਗਏ। ਅੱਖਾਂ ਤੋਂ ਬਹੁਤ ਘੱਟ ਦਿਖਦਾ ਹੋਣ ਦੇ ਬਾਵਜੂਦ ਮਾਂ ਨੇ ਤੀਹ ਪੈਂਤੀ ਵਰ੍ਹੇ ਪਹਿਲਾਂ ਸੁਣੀ ਆਵਾਜ਼ ਤੋਂ ਸੋਮੀ ਸੇਠ ਨੂੰ ਪਛਾਣ ਲਿਆ ਸੀ। ਸੇਠ ਦੇ ਆਉਣ ਦਾ ਮਕਸਦ ਸੁਣ ਕੇ ਮਾਂ ਤਾਂ ਤਸੱਲੀ ਨਾਲ ਮੰਜੀ ਉੱਪਰ ਬਹਿ ਗਈ ਪ੍ਰੰਤੂ ਮੇਰੀਆਂ ਅੱਖਾਂ ਸਾਹਮਣੇ ਦਹਾਕਿਆਂ ਪਹਿਲਾਂ ਸਾਰੇ ਟੱਬਰ ਵਲੋਂ ਦਿਨ-ਰਾਤ ਖ਼ੂਨ ਪਸੀਨਾ ਇਕ ਕਰ ਕੇ ਲਿਆਂਦੀ ਕਣਕ ਦੀ ਹੁੰਦੀ ਰਹੀ ਲੁੱਟ ਦਾ ਮੰਜ਼ਰ ਘੁੰਮਣ ਲੱਗਿਆ। ਉਦੋਂ ਹਰ ਸਾਲ ਹੀ ਜਨਵਰੀ-ਫਰਵਰੀ ਦੇ ਮਹੀਨੇ ਗ਼ਰੀਬ ਘਰਾਂ ਦੇ ਦਾਣੇ ਮੁੱਕ ਜਾਇਆ ਕਰਦੇ ਸਨ। ਟੱਬਰ ਦਾ ਢਿੱਡ ਭਰਨ ਲਈ ਛੋਟੇ ਕਿਸਾਨਾਂ ਤੇ ਮਜ਼ਦੂਰ ਪਰਿਵਾਰਾਂ ਨੂੰ ਡੂਢੀਆਂ ਸਵਾਈਆਂ 'ਤੇ ਧਨਾਢ ਸੇਠਾਂ ਤੋਂ ਕਣਕ ਉਧਾਰ ਲੈਣੀ ਪੈਂਦੀ ਸੀ। ਜਨਵਰੀ ਮਹੀਨੇ ਲਈ ਇਕ ਕੁਇੰਟਲ ਕਣਕ ਤਿੰਨ ਮਹੀਨਿਆਂ ਬਾਅਦ ਮਈ ਦੇ ਮਹੀਨੇ ਡੇਢ ਕੁਇੰਟਲ ਕਰ ਕੇ ਮੋੜਨੀ ਪੈਂਦੀ ਸੀ। ਵਾਢੀ ਤੋਂ ਮਹਿਜ ਮਹੀਨਾ ਪਹਿਲਾਂ ਲਈ ਕਣਕ ਸਵਾਈ ਕਰ ਕੇ ਮੋੜੀ ਜਾਂਦੀ ਸੀ। ਸੋਮੀ ਸੇਠ ਹਰ ਵਰ੍ਹੇ ਸੈਂਕੜੇ ਕੁਇੰਟਲ ਕਣਕ ਲੋਕਾਂ ਨੂੰ ਡੂਢੀ ਸਵਾਈ 'ਤੇ ਦੇ ਕੇ ਕੁਝ ਮਹੀਨਿਆਂ ਬਾਅਦ ਹੀ ਮੋਟਾ ਮੁਨਾਫ਼ਾ ਕਮਾ ਲੈਂਦਾ। ਵਾਢੀ ਦੇ ਦਿਨਾਂ ਵਿਚ ਸਾਡਾ ਸਾਰਾ ਟੱਬਰ ਠੇਕੇ 'ਤੇ ਵਾਢੀ ਕਰਦਾ। ਸਵੇਰੇ ਚਾਰ ਵਜੇ ਹੀ ਘਰ ਦੇ ਸਾਰੇ ਜੀਅ ਔਰਤਾਂ ਬੱਚਿਆਂ ਸਮੇਤ ਕਣਕ ਦੀ ਵਾਢੀ ਨੂੰ ਜੁਟ ਜਾਂਦੇ। ਵੀਹਾਂ ਪੱਚੀਆਂ ਦਿਨਾਂ ਦੀ ਭਾਰੀ ਮੁਸ਼ੱਕਤ ਬਾਅਦ ਘਰ ਲਿਆਂਦੀ ਸਾਲ ਭਰ ਦੇ ਗੁਜ਼ਾਰੇ ਜੋਗੀ ਕਣਕ ਦੀ ਢੇਰੀ ਨੂੰ ਸਾਂਭਣ ਲਈ ਸਾਰਾ ਟੱਬਰ ਪੁਰਾਣੀਆਂ ਬੋਰੀਆਂ ਸੰਵਾਰਨ ਜੁੱਟ ਜਾਂਦਾ। ਹਾਲੇ ਘਰ ਦੀਆਂ ਔਰਤਾਂ ਬੋਰੀਆਂ ਨੂੰ ਟਾਂਕੇ ਟਾਕੀਆਂ ਲਾ ਕੇ ਸੰਵਾਰ ਹੀ ਰਹੀਆਂ ਹੁੰਦੀਆਂ ਕਿ ਸੋਮੀ ਸੇਠ ਬੋਰੀਆਂ, ਤੱਕੜੀ ਤੇ ਵੱਟੇ ਚੁੱਕੀ ਢੇਰੀ ਦੁਆਲੇ ਆ ਬਹਿੰਦਾ। ਮੇਰੀਆਂ ਭੈਣਾਂ ਕਣਕ ਤੋਲਦੇ ਸੇਠ ਨੂੰ ਵੇਖ-ਵੇਖ ਬਹਾਨੇ ਨਾਲ ਖੱਲਾਂ ਖੂੰਜਿਆਂ ਵਿਚ ਖੜ੍ਹ ਕੇ ਹੁੱਬਕੀਂ ਰੋਂਦੀਆਂ ਰਹਿੰਦੀਆਂ। ਕਈ ਵਾਰ ਮਹੀਨੇ ਭਰ ਤਿੱਖੜ ਦੁਪਹਿਰਿਆਂ 'ਚ ਖੂਨ ਪਸੀਨਾ ਇਕ ਕਰਕੇ ਕਮਾਈ ਸਾਰੀ ਕਣਕ ਉਹ ਡੂਢੀ ਦੇ ਹਿਸਾਬ ਚੁੱਕ ਕੇ ਲੈ ਜਾਂਦਾ।
'ਤਾਇਆ ਇਕ ਪੀਹਣੇ ਦੇ ਦਾਣੇ ਤਾਂ ਛੱਡ ਜਾਂਦਾ', ਮੇਰੀਆਂ ਭੈਣਾਂ ਆਖਰੀ ਬੋਰੀ ਭਰਦੇ ਤਾਏ ਸੋਮੀ ਅੱਗੇ ਤਰਲਾ ਜਿਹਾ ਕਰਦੀਆਂ। ਉਹ ਮੁੱਸਕੜੀਏਂ ਹੱਸਦਾ ਕੁੜੀਆਂ ਦੀ ਗੱਲ ਅਣਸੁਣੀ ਕਰ ਕੇ ਬੋਰੀਆਂ ਦੇ ਮੂੰਹ ਬੰਨ੍ਹਣ ਲੱਗ ਜਾਂਦਾ। ਵਾਢੀ ਕਰ ਕੇ ਲਿਆਂਦੀ ਸਾਰੀ ਕਣਕ ਤਾਇਆ ਸੋਮੀ ਚੁੱਕ ਕੇ ਲੈ ਜਾਂਦਾ ਅਤੇ ਟੱਬਰ ਲਈ ਸਾਲ ਭਰ ਦੇ ਗੁਜ਼ਾਰੇ ਲਈ ਖੇਤਾਂ 'ਚੋਂ ਚੁਗੀਆਂ ਕਣਕ ਦੀਆਂ ਬੱਲੀਆਂ ਹੀ ਬਚਦੀਆਂ। ਡੂਢੀਆਂ ਸਵਾਈਆਂ ਦਾ ਭਾਰ ਹਰ ਸਾਲ ਵਧਦਾ ਹੀ ਜਾਂਦਾ। ਸਕੂਲ ਜਾਂਦਿਆ ਨੂੰ ਮਾਂ ਹਰ ਰੋਜ਼ ਇਹੀ ਕਹਿੰਦੀ, 'ਸਾਡੀ ਤਾਂ ਜਿਵੇਂ ਕਿਵੇਂ ਲੰਘ 'ਗੀ, ਵੇ ਤੁਸੀਂ ਤਾਂ ਪੜ੍ਹ ਲਓ, ਨਹੀਂ ਤਾਂ ਸਾਰੀ ਉਮਰ ਡੂਢੀਆਂ ਸਵਾਈਆਂ ਦੇ ਹਿਸਾਬ ਹੀ ਪੂਰੇ ਨ੍ਹੀ ਹੋਣੇ'।
'ਚੱਲ ਪੁੱਤ ਜੇ ਕਰਵਾ ਸਕਦੈਂ ਤਾਂ ਕਰਵਾ ਦੇ ਇਹਦਾ ਕੰਮ, ਭੁੱਖੇ ਟੱਬਰ ਦਾ ਢਿੱਡ ਭਰਨ ਨੂੰ ਕਣਕ ਤਾਂ ਦਿੰਦਾ ਈ ਰਿਹੈ ਵਿਚਾਰਾ, ਚਾਹੇ ਡੂਢੀ ਸਵਾਈ 'ਤੇ ਹੀ ਸਹੀ', ਮੈਨੂੰ ਲੱਗਿਆ ਕਿ ਹਰ ਵਰ੍ਹੇ ਕਣਕ ਦੀ ਢੇੇਰੀ ਚੁੱਕ ਕੇ ਲੈ ਜਾਣ ਵਾਲੇ ਤਾਏ ਸੋਮੀ ਦਾ ਇਕ ਸਵਾਲੀ ਬਣ ਕੇ ਮੇਰੇ ਘਰ ਆਉਣਾ ਬੁੱਢੀ ਮਾਂ ਨੂੰ ਤਸੱਲੀ ਦੇ ਗਿਆ।


-ਪਿੰਡ ਕੁਠਾਲਾ , ਤਹਿਸੀਲ ਮਲੇਰਕੋਟਲਾ , ਜ਼ਿਲ੍ਹਾ ਸੰਗਰੂਰ ( ਪੰਜਾਬ ) ਮੋਬਾਈਲ : 98153-47904.

ਪੈਸਾ, ਸੰਭਾਲੋ ਸੱਜਣੋ

ਪਹਿਲਾਂ ਪੈਸੇ ਵਾਲੇ, ਸਿਰਫ਼ ਅਮੀਰ ਹੁੰਦੇ ਸਨ, ਦੂਜੇ ਗਰੀਬ ਹੁੰਦੇ ਸਨ, ਅਰਥ-ਸ਼ਾਸਤਰੀ ਸ਼ਾਇਦ ਹੀ ਹੁੰਦੇ ਸਨ, ਜਿਹੜੇ ਅੱਜਕਲ੍ਹ ਹਨ। ਪੜ੍ਹਦੇ-ਗੁੜ੍ਹਦੇ ਹੀ, ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ 'ਚ ਇਹੀ ਹਨ ਕਿ ਪੈਸਾ ਕਿਵੇਂ ਕਮਾਉਣਾ ਹੈ। ਪੈਸੇ ਦੀ ਕੀਮਤ ਕੀ ਹੈ? ਵਿਹਾਰ ਪੈਸਾ, ਵਪਾਰ ਪੈਸਾ, ਕਾਰੋਬਾਰ ਪੈਸਾ, ਪੜ੍ਹ-ਪੜ੍ਹ ਕੇ ਹੋਏ ਸ਼ਾਸਤਰੀ, ਲਿਖ-ਲਿਖ ਕੇ ਲਾਲ ਜੀ... ਪੈਸੇ ਲਈ ਜਗ ਲੜ ਮਰੇ, ਪੈਸੇ ਦਾ ਜਲਾਲ ਜੀ। ਪੈਸਾ ਕਮਾਓ, ਹੋਰ ਕਮਾਓ, ਕਿਵੇਂ ਕਮਾਓ, ਜਿਵੇਂ ਕਮਾਓ, ਨਾ ਸੋਚੋ, ਨਾ ਸਮਝੋ, ਅਰਥ-ਸ਼ਾਸਤਰੀਆਂ ਦੀ ਇਕੋ ਮਤ ਯਾਦ ਰੱਖੋ: ਪੈਸਾ ਦਰੱਖਤਾਂ 'ਤੇ ਨਹੀਂ ਲਗਦਾ, ਪੈਸਾ ਪੈਸੇ ਨੂੰ ਕਮਾਉਂਦਾ ਹੈ।
'ਕੌਨ ਬਨੇਗਾ ਕਰੋੜਪਤੀ?'
ਅੱਜਕਲ੍ਹ ਇਕ ਟੀ.ਵੀ. ਚੈਨਲ 'ਤੇ ਇਕ ਪ੍ਰੋਗਰਾਮ ਚਲ ਰਿਹਾ ਹੈ, 'ਕੌਨ ਬਨੇਗਾ ਕਰੋੜਪਤੀ?' ਇਸ ਪ੍ਰੋਗਰਾਮ ਦਾ ਐਂਕਰ ਹੈ ਸਦੀ ਦਾ ਮਹਾਂਨਾਇਕ ਅਮਿਤਾਭ ਬੱਚਨ। ਬੱਚਨ ਸਾਹਿਬ ਬਚਨ ਕਰਦੇ ਹਨ, ਸਾਹਮਣੇ ਬਿਠਾਏ ਕਾਂਟੈਸਟੈਂਟ ਨੂੰ ਇਕ-ਇਕ ਕਰਕੇ ਸਵਾਲ ਪੁੱਛੀ ਜਾਂਦੇ ਹਨ। ਜੇਕਰ ਸਾਹਮਣੇ ਬੈਠਾ/ਬੈਠੀ ਸਹੀ ਜਵਾਬ ਦਈ ਜਾਂਦਾ ਹੈ ਤਾਂ ਐਨੇ 'ਚ ਹੀ ਉਹ ਮਿੱਥੀ ਹੋਈ ਰਕਮ ਜਿੱਤੀ ਜਾਂਦੀ ਹੈ। ਜਿਹੜੀ ਹਰ ਸਹੀ ਜਵਾਬ ਨਾਲ ਵਧਦੀ ਜਾਂਦੀ ਹੈ। ਇਸ ਪ੍ਰੋਗਰਾਮ ਵਿਚ ਵੀ ਸਾਹਮਣੇ ਬੈਠੇ ਸਹੀ ਜਵਾਬ ਦੇਣ ਵਾਲੇ ਨੂੰ ਹਰ ਅਗਲੇ ਸਵਾਲ ਨਾਲ ਲਾਲਚ ਦਿੱਤਾ ਜਾਂਦਾ ਹੈ ਕਿ ਜੇਕਰ ਉਸ ਨੇ ਸਹੀ ਜਵਾਬ ਦਿੱਤਾ ਤਾਂ ਐਨੇ ਲੱਖ ਹੋਰ ਰੁਪਿਆਂ ਦਾ ਉਹ ਹੱਕਦਾਰ ਹੋ ਜਾਏਗਾ, ਤੇ ਜੇਕਰ ਗ਼ਲਤ ਜਵਾਬ ਦਿੱਤਾ ਤਾਂ ਪਿਛਲਾ ਸਾਰਾ ਜਿੱਤਿਆ ਮਾਲ ਵੀ ਗਵਾ ਬਹੇਗਾ/ਬਹੇਗੀ। ਜ਼ਾਹਿਰ ਹੈ, ਸਬਰ, ਸੰਤੋਖ, ਜਿੰਨਾ ਜਿੱਤ ਲਿਆ ਬਹੁਤ ਤੇ ਲਾਲਚ ਹਾਵੀ ਹੀ ਰਹਿੰਦਾ ਹੈ, ਕਈ ਲਾਲਚਵਸ ਜਿਹੜਾ ਜਿੱਤਿਆ ਮਾਲ ਹੈ, ਉਹ ਵੀ ਗਵਾ ਬਹਿੰਦੇ ਹਨ ਤੇ ਦਿਮਾਗ ਨੂੰ ਭੈੜੀ ਕਿਸਮਤ ਹਵਾਲੇ ਕਰ ਖਾਲੀ ਹੱਥ ਆਏ ਸਨ, ਖਾਲੀ ਹੱਥ ਘਰ ਚਲੇ ਜਾਂਦੇ ਹਨ।
ਇਥੇ ਮੈਂ ਸਿਕੰਦਰ ਮਹਾਨ ਦਾ ਜ਼ਿਕਰ ਕਰਾਂਗਾ, ਜਿਹਨੇ ਠਾਣ ਰੱਖਿਆ ਸੀ ਕਿ ਉਹ ਸੰਸਾਰ ਫਤਹਿ ਕਰਕੇ ਕਾਰੂੰ ਦਾ ਖਜ਼ਾਨਾ ਲੁੱਟ ਕੇ ਦੋਵੀਂ-ਦੋਵੀਂ ਹੱਥੀਂ ਪੈਸੇ ਮੁੱਠਾਂ ਵਿਚ ਭਰਦਾ, ਸੰਸਾਰ ਦਾ ਸਭ ਤੋਂ ਮਹਾਨ ਪੈਸੇ ਵਾਲਾ ਅਖਵਾਏਗਾ ਪਰ...
ਜਬ ਗਇਆ ਸਿਕੰਦਰ ਇਸ ਜਹਾਂ ਸੇ,
ਤੋ ਦੋਨੋ ਹਾਥ ਖਾਲੀ ਥੇ।
ਕੋਈ ਅਜਿਹੀ ਹਸਤੀ ਨਹੀਂ ਇਸ ਜਹਾਨ ਵਿਚ ਕਿ ਇਥੇ ਪੈਸੇ ਇਕੱਤਰ ਕਰ-ਕਰ ਕੇ ਇਕ ਪੈਸਾ ਵੀ ਆਪਣੇ ਨਾਲ ਦੂਜੇ ਜਹਾਨ ਵਿਚ ਲੈ ਗਿਆ ਹੋਵੇ। ਇਸੇ ਲਈ ਇਹ ਸੱਚ ਹਰੇਕ ਅਮੀਰ-ਗ਼ਰੀਬ ਨੂੰ ਪਤਾ ਹੈ, 'ਜਿੰਨਾ ਮਰਜ਼ੀ ਹੈ ਪੈਸਾ ਕਮਾ ਲਓ, ਸਭ ਇਥੇ ਹੀ ਰਹਿ ਜਾਣਾ ਹੈ। ਪਰ ਇਹ ਵੀ ਤਾਂ ਸੱਚ ਹੈ ਨਾ ਕਿ ਜਦ ਤਾਈਂ ਇਸ ਧਰਤੀ 'ਤੇ ਰਹਿਣਾ ਹੈ, ਜਿਊਂਦਿਆਂ ਰਹਿਣਾ ਹੈ ਪੈਸੇ ਦੀ ਬਹੁਤ ਲੋੜ ਹੈ। ਪੈਸੇ ਦੀ ਹੀ ਮਹਾਨਤਾ ਹੈ, ਪੈਸੇ ਵਿਚ ਕੁਝ ਵੀ ਖਰੀਦਣ ਦੀ ਸ਼ਕਤੀ ਹੈ, ਹਰੇ ਧਨੀਏ ਤੋਂ ਲੈ ਕੇ ਹਦਵਾਣੇ ਤੱਕ। ਪੈਸੇ ਬਿਨਾਂ ਇਕ ਕਦਮ ਨਹੀਂ ਚਲ ਸਕਦਾ ਇਨਸਾਨ।
ਆਹੋ, ਅੱਜਕਲ੍ਹ ਫੇਸਬੁੱਕ ਤੇ ਜਾਂ ਤੁਹਾਡੇ ਸਮਾਰਟ ਸੈੱਲ ਫੋਨਾਂ 'ਤੇ ਸੁਨੇਹੇ ਆ ਰਹੇ ਹਨ, 'ਕੌਨ ਬਨੇਗਾ ਕਰੋੜਪਤੀ' ਵਾਲਿਆਂ ਵਲੋਂ ਕਿ ਇਸ ਪ੍ਰੋਗਰਾਮ ਦੀ ਖਾਸ ਮਦ ਸਦਕਾ ਤੁਹਾਨੂੰ ਵੀ ਐਨੇ ਲੱਖ ਰੁਪਏ ਦਾ ਇਨਾਮ ਮਿਲਿਆ ਹੈ, ਝਟ ਦਿੱਤੇ ਨੰਬਰ 'ਤੇ ਸੰਪਰਕ ਕਰੋ। ਲਾਲਚ ਤੇ ਸੰਪਰਕ ਕਰਾ ਦਿੱਤਾ। ਅੱਗੋਂ ਇਹ ਛੋਟੀ ਜਿਹੀ ਸ਼ਰਤ ਰੱਖੀ ਗਈ ਕਿ ਐਨੇ ਰੁਪਏ ਝਟਪਟ ਜਮ੍ਹਾ ਕਰਵਾ ਦਿਓ, ਫਲਾਣੇ ਅਕਾਊਂਟ ਵਿਚ ਤਾਂ ਜੋ ਬਾਕੀ ਰਕਮ ਤੁਹਾਨੂੰ ਦਿੱਤੀ ਜਾ ਸਕੇ। ਜੇ ਤੁਸਾਂ ਓਨੇ ਪੈਸੇ ਕਰਵਾ ਦਿੱਤੇ ਉਸ ਅਕਾਊਂਟ ਵਿਚ ਜਮ੍ਹਾਂ ਤਾਂ ਉਹ ਪਲ-ਛਿਨ 'ਚ ਗਵਾ ਬੈਠੇ ਸਮਝੋ। ਬਈ, ਜਿਨ੍ਹਾਂ ਨੇ ਇਹ ਲਾਲਚ ਦਿੱਤਾ ਹੈ, ਉਨ੍ਹਾਂ ਨੇ ਵੀ ਤਾਂ ਕਰੋੜਪਤੀ ਬਣਨਾ ਹੈ। ਬਣ ਗਏ ਮਿੰਟਾਂ 'ਚ, ਤੁਸੀਂ ਲਾਲਚ 'ਚ ਠੱਗੇ ਗਏ।
ਕਿੰਨੀਆਂ ਘਟਨਾਵਾਂ ਵਾਪਰੀਆਂ ਹਨ, ਬੈਂਕਾਂ ਵਿਚ। ਹਜ਼ਾਰਾਂ ਲੱਖਾਂ ਰੁਪਏ ਲੋਕੀਂ ਹਰ ਰੋਜ਼ ਸਵੇਰੇ-ਸਵੇਰੇ ਬੈਂਕਾਂ 'ਚ ਜਮ੍ਹਾਂ ਕਰਵਾਉਣ ਜਾਂਦੇ ਹਨ। ਉਥੇ ਫਾਰਮ ਭਰਨਾ ਪੈਂਦਾ ਹੈ ਕਿ ਕਿੰਨੇ ਨੋਟ, ਕਿੰਨੇ ਮੁੱਲ ਵਾਲੇ ਹਨ। ਉਥੇ ਕੋਲ ਖੜ੍ਹੇ, ਕਈ ਖਾਸ ਬੰਦੇ, ਬੰਦੇ ਤਾੜਨ 'ਚ ਮਾਹਿਰ, ਇਸੇ ਲਈ ਖੜ੍ਹੇ ਹੁੰਦੇ ਹਨ। ਉਹ ਬੜੇ ਮਿੱਠੇ ਬਚਨ ਬੋਲ ਕੇ ਉਸ ਪੈਸਾ ਜਮ੍ਹਾਂ ਕਰਾਉਣ ਵਾਲੇ ਭਲੇ ਆਦਮੀ ਨੂੰ ਕਹਿੰਦੇ ਹਨ ਓ ਜੀ, ਮੈਂ ਤੁਹਾਡੀ ਮਦਦ ਕਰ ਦਿੰਦਾ ਹਾਂ, ਫਾਰਮ ਭਰਨ 'ਚ ਤੇ ਨੋਟ ਗਿਣਨ 'ਚ। ਬਸ ਇਹ ਉਹ ਨੋਟ ਗਿਣਦਾ-ਗਿਣਦਾ ਪਤਾ ਹੀ ਨਹੀਂ ਲੱਗਣ ਦਿੰਦਾ ਕਿ ਕਿੰਨੇ ਨੋਟ ਉਸ ਨੇ ਵਿਚੋਂ ਗ਼ਾਇਬ ਕਰ ਦਿੱਤੇ ਹਨ। ਉਹ ਧੰਨਵਾਦ ਕਬੂਲ ਕਰਦਾ, ਉਥੋਂ ਚਲਦਾ ਬਣਦਾ ਹੈ, ਤੇ ਫਿਰ ਪਤਾ ਲਗਦਾ ਹੈ ਕਿ ਜਦ ਕੈਸ਼ੀਅਰ ਨੋਟਾਂ ਨੂੰ ਗਿਣਦਾ ਹੈ, ਕਿ ਕਿੰਨੀ ਥੁੱਕ ਲਾ ਗਏ ਭਲੇ ਸੱਜਣ ਜੀ, ਲੋਕ ਭਲਾਈ ਕਰਦਿਆਂ ਕਰਦਿਆਂ।
ਥੋੜ੍ਹੇ ਦਿਨ ਪਹਿਲਾਂ ਮੈਨੂੰ ਵੀ, ਮੇਰੇ ਮੋਬਾਈਲ ਫੋਨ 'ਤੇ ਇਕ ਐਸ.ਐਮ.ਐਸ. ਆਇਆ ਸੀ ਕਿ ਤੁਹਾਡੇ ਨਾਂਅ ਨਾਲ ਮਿਲਦੇ ਨਾਂਅ ਵਾਲੇ ਇਕ ਕਰੋੜਾਂਪਤੀ ਦਾ ਸਵਰਗਵਾਸ ਹੋ ਗਿਆ ਹੈ, ਉਹ ਐਨੇ ਲੱਖ ਰੁਪਿਆ ਤੁਹਾਡੇ ਨਾਂਅ ਛੱਡ ਗਿਆ ਹੈ, ਤੁਸੀਂ ਐਸ ਨੰਬਰ 'ਤੇ ਫੌਰਨ ਕਾਂਟੈਕਟ ਕਰੋ। ਮੈਂ ਤਾਂ ਕਾਂਟੈਕਟ ਨਹੀਂ ਕੀਤਾ ਪਰ ਪਤਾ ਲੱਗਾ ਹੈ ਕਿ ਇਸ ਤਰ੍ਹਾਂ ਦੇ ਮੈਸਿਜ਼ ਹਜ਼ਾਰਾਂ ਲੱਖਾਂ ਲੋਕਾਂ ਨੂੰ ਉਨ੍ਹਾਂ ਦੇ ਮੋਬਾਈਲ ਫੋਨਾਂ 'ਤੇ ਜਾਂ ਫੇਸਬੁੱਕ ਆਦਿ 'ਤੇ ਆਉਂਦੇ ਹਨ। ਫਿਰ ਲਾਲਚ ਬੁਰੀ ਬਲਾ ਹੈ। ਬਲਾ ਉਨ੍ਹਾਂ ਨੂੰ ਫਸਾ ਦਿੰਦੀ ਹੈ, ਇਸ ਠਗ-ਜਾਲ ਵਿਚ, ਉਹ ਮੰਗ ਕੀਤੇ ਰੁਪਏ, ਦੱਸੇ ਗਏ ਅਕਾਊਂਟ 'ਚ ਜਮ੍ਹਾਂ ਕਰਾ ਦਿੰਦੇ ਹਨ। ਪੈਸੇ ਜਮ੍ਹਾਂ ਕਰਵਾਏ ਨਹੀਂ ਕਿ ਬੱਤੀ ਗੁੱਲ, ਦੀਵਾ ਗੁੱਲ, ਪੈਸੇ ਗਏ ਉਨ੍ਹਾਂ ਕੋਲ, ਜਿਨ੍ਹਾਂ ਦੇ ਨਸੀਬ 'ਚ ਸਨ। ਏ.ਟੀ.ਐਮ. (ਐਨੀ ਟਾਈਮ ਮਨੀ) ਮਸ਼ੀਨਾਂ ਤਾਂ ਹਰੇਕ ਬੈਂਕਾਂ ਵਲੋਂ ਥਾਂ-ਥਾਂ ਫਿਟ ਹਨ। ਕ੍ਰੈਡਿਟ ਤੇ ਡੈਬਿਟ ਕਾਰਡ, ਅਮੀਰ ਤੇ ਰੀਸ ਕਰਨ ਵਾਲੇ ਆਮ ਲੋਕਾਂ ਪਾਸ ਹਨ। ਏ.ਟੀ.ਐਮ. 'ਚ ਕਈਆਂ ਨੂੰ ਭਸੂੜੀ ਪੈ ਜਾਂਦੀ ਹੈ, ਉਨ੍ਹਾਂ ਨੂੰ ਠੀਕ ਤਰ੍ਹਾਂ ਆਪਣਾ ਕਾਰਡ ਮਸ਼ੀਨ 'ਚ ਫਿਟ ਕਰਨਾ ਨਹੀਂ ਆਉਂਦਾ, ਕੋਈ ਨਾ ਕੋਈ ਫਰਿਸ਼ਤਾ ਉਥੇ ਆ ਹੀ ਬਹੁੜਦਾ ਹੈ, ਇਸ ਸਮੇਂ ਮਦਦਗਾਰ ਬਣ ਕੇ। ਉਹ ਉਸ ਵੇਲੇ ਕ੍ਰੈਡਿਟ ਜਾਂ ਡੈਬਿਟ ਕਾਰਡ ਫਿਟ ਕਰਕੇ ਉਹਨੂੰ ਪੈਸੇ ਕਢਾਉਣ 'ਚ ਮਦਦ ਤਾਂ ਕਰ ਦਿੰਦਾ ਹੈ ਪਰ ਅਕਾਊਂਟ ਹੋਲਡਰ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਸ ਨੇ ਬੜੇ ਸ਼ਾਤਰਾਨਾ ਤਰੀਕੇ ਨਾਲ ਉਸ ਦਾ ਨੰਬਰ ਨੋਟ ਕਰ ਲਿਆ ਹੁੰਦਾ ਹੈ। ਕਾਰਡ ਹੋਲਡਰ ਉਥੋਂ ਗਿਆ ਨਹੀਂ ਕਿ ਸਮਝੋ ਉਹਦੇ ਬੈਂਕ ਅਕਾਊਂਟ 'ਚੋਂ ਉਹਦਾ ਲੱਖਾਂ ਜੋੜਿਆ ਪੈਸਾ ਗਿਆ ਸਮਝੋ। ਬੈਂਕ ਤਾਂ ਝੱਟ ਸੁਨੇਹਾ ਦੇ ਦਿੰਦਾ ਹੈ ਕਿ ਤੁਹਾਡੇ ਅਕਾਊਂਟ 'ਚੋਂ ਐਨੇ ਰੁਪਏ ਡੈਬਿਟ ਹੋ ਗਏ ਹਨ।
ਲੱਗੇ ਰਹੋ, ਪੁਲਿਸ ਕੋਲ ਧੋਖਾਧੜੀ ਦੀਆਂ ਸ਼ਿਕਾਇਤਾਂ ਦਰਜ ਕਰਾਉਣ।
ਆਪਣਾ ਕ੍ਰਿਕਟ ਪਲੇਅਰ ਹੈ ਨਾ ਯੁਵਰਾਜ ਸਿੰਘ, ਜਿਹੜਾ ਇਕੋ ਓਵਰ ਵਿਚ 6 ਬਾਲਾਂ 'ਤੇ 6 ਛੱਕੇ ਮਾਰਨ ਲਈ ਮਸ਼ਹੂਰ ਹੈ, ਉਹਦੀ ਮੰਮੀ, ਸ਼ਬਨਮ ਸਿੰਘ ਨੇ ਇਕ ਪੌਂਜੀ (P®©*9) ਸਕੀਮ 'ਚ 84 ਫ਼ੀਸਦੀ ਪੈਸਾ ਮੁਨਾਫਾ ਕਮਾਉਣ ਦੇ ਲਾਲਚ ਵਿਚ ਇਕ ਕਰੋੜ ਰੁਪਏ ਲਾ ਦਿੱਤੇ ਤੇ ਅੰਤ 50 ਲੱਖ ਰੁਪਏ ਗੁਆ ਦਿੱਤੇ। ਇਸ ਠੱਗ ਕੰਪਨੀ ਨੇ 7000 ਕਰੋੜ ਰੁਪਿਆਂ ਦਾ ਘਾਲਾਮਾਲਾ ਕੀਤਾ ਹੈ। ਸ਼ੁਰੂ 'ਚ ਚੈੱਕ ਦਿੱਤੇ, ਉਹ ਪਾਸ ਹੋ ਗਏ, ਫਿਰ ਉਹੀਓ ਚੱਕਰ ਹੋਇਆ, ਪੈਸਾ ਲੈ ਕੇ ਮੁੱਕਰ ਗਏ। ਖ਼ਬਰ ਅਨੁਸਾਰ ਸ਼ਬਨਮ ਸਿੰਘ ਨੇ ਇਕ ਕਰੋੜ ਦੀ ਰਕਮ ਚੈੱਕ ਰਾਹੀਂ ਦਿੱਤੀ ਸੀ, ਇਸ ਫਰਾਡ ਕੰਪਨੀ ਨੇ ਵਾਅਦਾ ਕੀਤਾ ਸੀ ਕਿ ਉਹ ਉਸ ਨੂੰ ਹਰ ਮਹੀਨੇ 7 ਲੱਖ ਰੁਪਏ ਦਏਗੀ, ਭਾਵ ਕਿ ਇਕ ਕਰੋੜ ਦੀ ਇਨਵੈਸਟਮੈਂਟ 'ਤੇ 84 ਫੀਸਦੀ ਮੁਨਾਫਾ। ਬਾਕੀ 50 ਲੱਖ ਤਾਂ ਲੁੱਟਿਆ ਹੀ ਗਿਆ, ਉਲਟਾ ਈ.ਡੀ. ਦੇ ਚੱਕਰ ਪੈ ਗਏ ਹਨ।
ਇਸ ਤਰ੍ਹਾਂ ਦੀਆਂ ਲੁਭਾਵਣੀਆਂ ਪੌਂਜੀ ਸਕੀਮਾਂ ਅਕਸਰ ਕਿਸੇ ਨਾ ਕਿਸੇ ਕੰਪਨੀ ਵਲੋਂ, ਕਿਸੇ ਨਾ ਕਿਸੇ ਸ਼ਹਿਰ ਤੋਂ ਚਲਦੀਆਂ ਹੀ ਰਹਿੰਦੀਆਂ ਹਨ। ਕੁਝ ਸਾਲ ਪਹਿਲਾਂ ਪੂਨਾ ਤੋਂ ਇਕ ਕੰਪਨੀ ਨੇ ਇਹੋ ਚੱਕਰ ਚਲਾਇਆ ਸੀ ਕਿ ਉਹ ਮਰਸਡੀਜ਼ ਤੇ ਹੋਰ ਲਗਜ਼ਰੀ ਕਾਰਾਂ ਵੱਡੇ-ਵੱਡੇ ਫਾਈਵ ਸਟਾਰ ਹੋਟਲਾਂ ਨੂੰ ਸਪਲਾਈ ਕਰੇਗੀ, ਇਸ ਲਈ ਹਰ ਇਕ ਮੈਂਬਰ ਨੂੰ ਐਨੀ ਰਕਮ ਦੇਣੀ ਪਏਗੀ, ਮਗਰੋਂ ਇਹ ਕਾਰਾਂ ਵੀ ਉਨ੍ਹਾਂ ਦੇ ਨਾਂਅ ਹੋ ਜਾਣਗੀਆਂ। ਉਨ੍ਹਾਂ ਇਨਵੈਸਟਰਾਂ ਨੂੰ ਬਦਲੇ ਵਿਚ ਚੈੱਕ ਵੀ ਦਿੱਤੇ ਜਿਹੜੇ ਕੁਝ ਤਾਂ ਪਾਸ ਹੋ ਗਏ, ਬਾਕੀ ਬੈਂਕਾਂ 'ਚੋਂ ਵਾਪਸ ਹੋ ਗਏ। ਕੰਪਨੀ ਦੇ ਦਫਤਰ ਬੰਦ ਹੋ ਗਏ ਸਨ।
'ਮਿਊਚਅਲ ਫੰਡ' ਸਹੀ ਹੈ, ਅੱਜਕਲ੍ਹ ਚੈਨਲਾਂ 'ਤੇ, ਅਖ਼ਬਾਰਾਂ 'ਚ, ਇਹਦੀ ਖੂਬ ਇਸ਼ਤਿਹਾਰਬਾਜ਼ੀ ਹੈ ਕਿ ਐਕਸਟਰਾ ਮਾਲ ਕਮਾਉਣ ਲਈ ਮਿਊਚਅਲ ਫੰਡ 'ਚ ਪੈਸੇ ਲਾ ਦਿਓ, ਨਾਲੇ ਅੰਤ 'ਚ ਇਹ ਵਾਰਨਿੰਗ ਵੀ ਦਿੱਤੀ ਜਾਂਦੀ ਹੈ ਕਿ ਇਹ ਮਿਊਂਚਅਲ ਫੰਡ ਮਾਰਕੀਟ ਦੇ ਉੱਪਰ ਥੱਲੇ ਹੋਣ 'ਤੇ ਨਿਰਭਰ ਕਰਦੇ ਹਨ, ਪੈਸਾ ਲਾਉਣ ਤੋਂ ਪਹਿਲਾਂ ਇਹਦਾ ਪ੍ਰਾਸਪੈਕਟ ਚੰਗੀ ਤਰ੍ਹਾਂ ਗਹੁ ਨਾਲ ਪੜ੍ਹ ਲਓ।
ਸਟਾਕ ਮਾਰਕੀਟ, ਬਹੁਤ ਵੱਡਾ ਛਲਾਵਾ ਹੈ, ਇਹਨੂੰ ਆਮ ਸਰਲ ਭਾਸ਼ਾ 'ਚ 'ਅੰਕੜੇ' ਦਾ ਧੰਦਾ ਵੀ ਕਹਿੰਦੇ ਹਨ। ਸਾਫ਼ ਹੈ...
ਆਂਕੜੇ ਕਾ ਧੰਦਾ
ਏਕ ਦਿਨ ਗਰਮ,
ਸੌ ਦਿਨ ਮੰਦਾ।
ਸਟਾਕ ਮਾਰਕੀਟ, ਸੈਸੈਂਕਸ ਜਦੋਂ ਡਿਗਦਾ ਹੈ ਤਾਂ ਸਮਝੋ ਸੁਨਾਮੀ ਆਈ, ਸਭ ਕੁਝ ਰੋੜ੍ਹ ਕੇ ਲੈ ਜਾਂਦੀ ਹੈ। ਅਸਲ 'ਚ ਸਟਾਕ ਮਾਰਕੀਟ 'ਚ ਨੌਜਵਾਨਾਂ ਨੂੰ ਬੜਾ ਸੋਚ-ਸਮਝ ਕੇ ਪੈਰ ਰੱਖਣਾ ਚਾਹੀਦਾ ਹੈ ਤੇ ਉਹ ਵਿਅਕਤੀ ਜਿਹੜੇ ਬਜ਼ੁਰਗ ਅਖਵਾਉਣ ਦੀ ਸਟੇਜ 'ਚ ਪੁੱਜ ਗਏ ਹਨ, ਉਨ੍ਹਾਂ ਲਈ ਸਭ ਤੋਂ ਅੱਛਾ ਹੈ, ਸਰਕਾਰੀ ਬੈਂਕਾਂ 'ਚ ਫਿਕਸਡ ਡਿਪਾਜ਼ਿਟ ਕਰਾਉਣਾ। ਵਰਨਾ ਲਾਲਚ ਬੁਰੀ ਬਲਾ ਹੈ, ਸਮਝੋ ਪੈਸਾ ਹਵਾ ਹੈ।

ਰਿਸ਼ਤੇ

(ਲੜੀ ਜੋੜਨ ਲਈ ਪਿਛਲੇ
ਐਤਵਾਰ ਦਾ ਅੰਕ ਦੇਖੋ)
* ਰਿਸ਼ਤੇ ਕੱਚੇ ਕੋਠਿਆਂ ਵਰਗੇ ਹੁੰਦੇ ਹਨ ਜਿਨ੍ਹਾਂ ਨੂੰ ਵਾਰ-ਵਾਰ ਲਿਪਣਾ-ਪੋਚਣਾ ਪੈਂਦਾ ਹੈ।
* ਦਿਮਾਗ ਨਾਲ ਬਣੇ ਰਿਸ਼ਤੇ ਬਾਜ਼ਾਰ ਤੱਕ ਚਲਦੇ ਹਨ ਪਰ ਪਿਆਰ ਨਾਲ ਬਣੇ ਰਿਸ਼ਤੇ ਸ਼ਮਸ਼ਾਨ ਤੱਕ ਚਲਦੇ ਹਨ।
* ਕੁਝ ਝੁਕਣ ਨਾਲ ਜੇਕਰ ਰਿਸ਼ਤਾ ਡੂੰਘਾ ਹੁੰਦਾ ਹੈ ਤਾਂ ਝੁਕ ਜਾਓ ਪਰ ਹਰ ਵਾਰ ਤੁਹਾਨੂੰ ਹੀ ਝੁਕਣਾ ਪਵੇ ਤਾਂ ਰੁਕ ਜਾਓ।
* ਰਿਸ਼ਤਿਆਂ ਦੀ ਉੱਚਤਾ ਨੂੰ ਸਮਝ ਕੇ ਸਾਨੂੰ ਆਪਣੇ ਹਰੇਕ ਰਿਸ਼ਤੇਦਾਰ ਨਾਲ ਵਰਤਣਾ ਚਾਹੀਦਾ ਹੈ। ਕਿਸੇ ਵੀ ਰਿਸ਼ਤੇਦਾਰ ਦੇ ਘਰੇਲੂ ਮਾਮਲੇ ਵਿਚ ਆਪਣੀ ਟੰਗ ਨਾ ਫਸਾਓ ਨਹੀਂ ਤਾਂ ਤੁਹਾਡੇ ਰਿਸ਼ਤੇ ਖਰਾਬ ਹੋ ਸਕਦੇ ਹਨ।
* ਰਿਸ਼ਤੇਦਾਰ ਦੇ ਕਿਸੇ ਵੀ ਗਮਗੀਨ ਮਾਹੌਲ ਵਿਚ ਜ਼ਰੂਰ ਸ਼ਾਮਿਲ ਹੋਵੋ ਤੇ ਉਸ ਦਾ ਦੁੱਖ-ਦਰਦ ਵੰਡਾਵੋ ਜਿਥੇ ਤੁਹਾਡੀ ਘਾਟ ਉਨ੍ਹਾਂ ਨੂੰ ਬਹੁਤ ਰੜਕਦੀ ਹੈ।
* ਰਿਸ਼ਤਿਆਂ ਦਾ ਸਭ ਤੋਂ ਵੱਡਾ ਇਮਤਿਹਾਨ ਉਹ ਹੁੰਦਾ ਹੈ ਕਿ ਅਸਹਿਮਤ ਵੀ ਹੋਵੋ ਅਤੇ ਹੱਥ ਵੀ ਨਾ ਛੱਡੋ।
* ਹਰ ਮਜ਼ਬੂਤ ਰਿਸ਼ਤੇ ਦੀ ਸਫ਼ਲਤਾ ਦਾ ਇਕ ਹੀ ਮੂਲਮੰਤਰ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਦੋਂ ਸਹਾਰਾ ਦੇਣਾ ਹੈ ਅਤੇ ਕਦੋਂ ਦਖਲ ਨਹੀਂ ਦੇਣਾ ਹੈ।
* ਜਿਸ ਤਰ੍ਹਾਂ ਮਾਲਾ ਦੀ ਡੋਰੀ ਟੁੱਟਣ ਕਾਰਨ ਮਣਕੇ ਵੱਖ-ਵੱਖ ਹੋ ਜਾਂਦੇ ਹਨ, ਉਸ ਤਰ੍ਹਾਂ ਹੀ ਰਿਸ਼ਤਿਆਂ ਵਿਚਲਾ ਵਿਸ਼ਵਾਸ ਖਤਮ ਹੋਣ ਕਾਰਨ ਸਾਰੇ ਰਿਸ਼ਤਿਆਂ ਵਿਚ ਕੁੜੱਤਣ ਭਰ ਜਾਂਦੀ ਹੈ। ਰਿਸ਼ਤਿਆਂ ਵਿਚ ਸ਼ਿਕਾਇਤਾਂ, ਇਲਜ਼ਾਮ ਜਿੰਨੇ ਘੱਟ ਤੋਂ ਘੱਟ ਹੋਣ ਰਿਸ਼ਤੇ ਓਨੇ ਚੰਗੇ ਨਿਭਦੇ ਹਨ।
* ਨਾ ਜਾਣੇ ਕਿੰਨੇ ਰਿਸ਼ਤੇ ਖਤਮ ਕਰ ਦਿੱਤੇ ਇਸ ਭੁਲੇਖੇ (ਭਰਮ) ਨੇ ਕਿ ਮੈਂ ਹੀ ਸਹੀ ਹਾਂ ਅਤੇ ਸਿਰਫ਼ ਮੈਂ ਹੀ ਸਹੀ ਹਾਂ।
* ਸਿਲਾਈ ਮਸ਼ੀਨ ਵਿਚ ਧਾਗਾ ਨਾ ਪਾਉਣ 'ਤੇ ਉਹ ਚਲਦੀ ਤਾਂ ਹੈ ਪਰ ਸਿਲਾਈ ਕੁਝ ਵੀ ਨਹੀਂ ਕਰਦੀ। ਉਸੇ ਤਰ੍ਹਾਂ ਜੇਕਰ ਰਿਸ਼ਤਿਆਂ ਵਿਚ ਪਿਆਰ ਨਹੀਂ ਪਾਓਗੇ ਤਾਂ ਜ਼ਿੰਦਗੀ ਚੱਲੇਗੀ ਤਾਂ ਜ਼ਰੂਰ, ਪਰ ਰਿਸ਼ਤਿਆਂ ਨੂੰ ਜੋੜ ਨਹੀਂ ਸਕੇਗੀ।
* ਸ਼ੀਸ਼ਾ ਅਤੇ ਰਿਸ਼ਤਾ ਦੋਵੇਂ ਨਾਜ਼ੁਕ ਹੁੰਦੇ ਹਨ ਪਰ ਦੋਵਾਂ ਵਿਚ ਫਰਕ ਸਿਰਫ਼ ਇਹ ਹੈ ਕਿ ਸ਼ੀਸ਼ਾ ਗ਼ਲਤੀ ਨਾ ਟੁੱਟ ਜਾਂਦਾ ਹੈ ਅਤੇ ਰਿਸ਼ਤਾ ਗ਼ਲਤ ਫਹਿਮੀ ਨਾਲ।
* ਜੇ ਉਹ ਯਾਦ ਨਹੀਂ ਕਰਦੇ ਤਾਂ ਤੁਸੀਂ ਕਰ ਲਓ। ਰਿਸ਼ਤੇ ਨਿਭਾਉਣ ਵੇਲੇ ਮੁਕਾਬਲਾ ਨਹੀਂ ਕੀਤਾ ਜਾਂਦਾ।
* ਰਿਸ਼ਤਿਆਂ ਦੀ ਸਿਲਾਈ ਜੇ ਭਾਵਨਾਵਾਂ ਨਾਲ ਹੋਈ ਹੈ ਤਾਂ ਟੁੱਟਣੇ ਮੁਸ਼ਕਿਲ ਹਨ। ਜੇ ਸਵਾਰਥ ਨਾਲ ਹੋਈ ਹੈ ਤਾਂ ਟਿਕਣੇ ਮੁਸ਼ਕਿਲ ਹਨ।
* ਸਵਾਦ ਤੇ ਵਿਵਾਦ ਦੋਵਾਂ ਨੂੰ ਛੱਡ ਦੇਣਾ ਚਾਹੀਦਾ ਹੈ ਕਿਉਂਕਿ ਸਵਾਦ ਛੱਡੋ ਤਾਂ ਸਰੀਰ ਨੂੰ ਫਾਇਦਾ ਤੇ ਜੇ ਵਿਵਾਦ ਛੱਡੋ ਤਾਂ ਰਿਸ਼ਤਿਆਂ ਨੂੰ ਫਾਇਦਾ ਹੈ।
* ਮਨ ਅਜਿਹਾ ਰੱਖੋ ਕਿ ਕਿਸੇ ਨੂੰ ਮਾੜਾ ਨਾ ਲੱਗੇ। ਦਿਲ ਅਜਿਹਾ ਰੱਖੋ ਕਿ ਕਿਸੇ ਨੂੰ ਦੁਖੀ ਨਾ ਕਰੇ। ਸਪਰਸ਼ (ਛੋਹ) ਅਜਿਹਾ ਕਰੋ ਕਿ ਕਿਸੇ ਨੂੰ ਦਰਦ ਨਾ ਹੋਵੇ। ਰਿਸ਼ਤਾ ਅਜਿਹਾ ਰੱਖੋ ਕਿ ਉਸ ਦਾ ਅੰਤ ਨਾ ਹੋਵੇ।
* ਕਿਸੇ ਵੀ ਰਿਸ਼ਤੇ ਨੂੰ ਨਿਭਾਉਣ ਲਈ ਸਮਾਂ ਜ਼ਰੂਰ ਕੱਢਣਾ ਚਾਹੀਦਾ ਹੈ।
* ਦੂਜਿਆਂ ਦੀਆਂ ਭਾਵਨਾਵਾਂ ਅਤੇ ਜਜ਼ਬੇ ਨੂੰ ਸਮਝਣਾ ਵੀ ਇਕ ਸਲੀਕਾ ਹੈ ਅਤੇ ਜਿਹੜੇ ਲੋਕ ਇਸ ਸਲੀਕੇ ਤੋਂ ਅਨਜਾਣ ਹੁੰਦੇ ਹਨ, ਉਹ ਕਿਸੇ ਨਾਲ ਵੀ ਹੰਢਣਸਾਰ ਰਿਸ਼ਤਾ ਨਹੀਂ ਉਸਾਰ ਸਕਦੇ।
* ਜਿਸ ਰਿਸ਼ਤੇ ਦੇ ਆਧਾਰ ਵਿਚ ਯਕੀਨ ਨਹੀਂ, ਉਸ ਰਿਸ਼ਤੇ ਦਾ ਸੁੱਖ ਅਸੀਂ ਕਦੇ ਵੀ ਮਾਣ ਨਹੀਂ ਸਕਦੇ।
* ਅਵਿਸ਼ਵਾਸ ਪੀਡੇ (ਡੂੰਘੇ, ਨਜ਼ਦੀਕੀ ਤੇ ਖੂਨੀ) ਰਿਸ਼ਤਿਆਂ ਦੀ ਬੁਨਿਆਦ ਵੀ ਹਿਲਾ ਦਿੰਦਾ ਹੈ।
* ਜੋ ਦਿਲ ਵਿਚ ਸ਼ਿਕਵੇ ਤੇ ਜ਼ਬਾਨ 'ਤੇ ਸ਼ਿਕਾਇਤ ਘੱਟ ਰੱਖਦੇ ਹਨ, ਉਹ ਲੋਕ ਹਰ ਰਿਸ਼ਤਾ ਨਿਭਾਉਣ ਦਾ ਦਮ ਰੱਖਦੇ ਹਨ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮੋਬਾਈਲ : 99155-63406.

ਨਹਿਲੇ 'ਤੇ ਦਹਿਲਾ

ਗਿਣਤੀ ਸਾਨੂੰ ਵੀ ਆਉਂਦੀ ਏ

ਇਕ ਵਾਰ ਮੌਲਾਨਾ ਜ਼ਫ਼ਰ ਅਲੀ ਦੇ ਦਿਮਾਗ ਵਿਚ ਇਹ ਖਿਆਲ ਆਇਆ ਕਿ ਜੇਕਰ ਹਿੰਦੁਸਤਾਨ ਦੇ ਸਾਰੇ ਮੁਸਲਮਾਨ ਇਕ-ਇਕ ਰੁਪਿਆ ਚੰਦਾ ਦੇਣ ਤਾਂ ਕਰੋੜਾਂ ਰੁਪਏ ਜਮ੍ਹਾਂ ਹੋ ਸਕਦੇ ਹਨ, ਜਿਸ ਨਾਲ ਇਕ ਬਹੁਤ ਸੁੰਦਰ ਅਤੇ ਦਿਲਕਸ਼ ਮਸਜਿਦ ਬਣਾਈ ਜਾ ਸਕਦੀ ਹੈ। ਉਨ੍ਹਾਂ ਆਪਣੇ ਇਸ ਖਿਆਲ ਦੀ ਸਾਂਝ ਕਈ ਪੜ੍ਹੇ-ਲਿਖੇ ਮੁਸਲਿਮ ਭਰਾਵਾਂ ਨਾਲ ਪਾਈ ਤਾਂ ਪੂਰਾ ਇਕ ਗਰੁੱਪ ਇਸ ਕਾਰਜ ਲਈ ਤਿਆਰ ਹੋ ਗਿਆ। ਉਨ੍ਹਾਂ ਘਰ-ਘਰ ਜਾ ਕੇ ਮਸਜਿਦ ਲਈ ਚੰਦਾ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।
ਇਸ ਸਿਲਸਿਲੇ ਵਿਚ ਉਹ ਇਕ ਭੰਡ ਦੇ ਘਰ ਵੀ ਗਏ ਅਤੇ ਭੰਡ ਅਤੇ ਉਸ ਦੀ ਪਤਨੀ ਨੂੰ ਚੰਦਾ ਦੇਣ ਬਾਰੇ ਕਿਹਾ। ਇਹ ਸੁਣ ਕੇ ਚੰਦਾ ਮਸਜਿਦ ਬਣਾਉਣ ਲਈ ਮੰਗਦੇ ਨੇ, ਭੰਡ ਬੜਾ ਖੁਸ਼ ਹੋਇਆ ਅਤੇ ਕਹਿਣ ਲੱਗਾ, 'ਲਿਖ ਲੌ ਪੰਜ ਰੁਪਏ।' ਮੌਲਾਨਾ ਰਸੀਦ ਬੁੱਕ 'ਤੇ ਲਿਖਣ ਹੀ ਵਾਲੇ ਸਨ ਕਿ ਭੰਡ ਦੀ ਪਤਨੀ ਬੋਲੀ, 'ਵਾਹ ਮੀਯਾਂ, ਖ਼ੁਦਾ ਦੇ ਘਰ ਦੀ ਉਸਾਰੀ ਹੋਣੀ ਏ ਤੇ ਤੁਸੀਂ ਦੇ ਰਹੋ ਹੋ ਪੰਜ ਰੁਪਏ। ਇਹ ਠੀਕ ਨਹੀਂ, ਚੋਖੀ ਰਕਮ ਲਿਖਵਾਓ।'
ਭੰਡ ਨੇ ਮੂੰਹ ਫੈਲਾ ਕੇ ਕਿਹਾ, 'ਦਸ ਰੁਪਏ ਲਿਖ ਲੌ ਮੌਲਾਨਾ।' ਇਹ ਸੁਣ ਕੇ ਪਤਨੀ ਨੇ ਉੱਚੀ ਆਵਾਜ਼ ਵਿਚ ਕਿਹਾ,'ਨਾ ਮੀਆਂ ਦਸ ਰੁਪਏ ਕੋਈ ਚੰਦਾ ਹੁੰਦਾ ਏ।' ਭੰਡ ਨੇ ਝੱਟ ਕਿਹਾ, 'ਪੰਦਰਾਂ ਰੁਪਏ ਲਿਖ ਲੌ।' ਇਹ ਸੁਣ ਕੇ ਭੰਡ ਦੀ ਪਤਨੀ ਬੋਲੀ, 'ਮੀਆਂ ਕਿਉਂ ਸ਼ਰਮਿੰਦਾ ਕਰਦੇ ਪਏ ਹੋ, ਪੰਦਰਾਂ ਰੁਪਏ ਭਲਾ ਕੀ ਹੁੰਦੇ ਨੇ।'
ਭੰਡ ਵੀਹ, ਤੀਹ, ਚਾਲੀ ਅਤੇ ਫਿਰ ਪੰਜਾਹ 'ਤੇ ਪਹੁੰਚ ਗਿਆ। ਮੌਲਾਨਾ ਕਾਫ਼ੀ ਬੋਰ ਹੋ ਚੁੱਕਿਆ ਸੀ, ਉਸ ਨੇ ਕਿਹਾ, 'ਬਈ ਜਿੰਨੀ ਰਕਮ ਦੇਣੀ ਜੇ ਓਨੀ ਲਿਖਵਾ ਦਿਓ।' ਇਹ ਸੁਣ ਕੇ ਉਨ੍ਹਾਂ ਬੜੀ ਸਾਦਗੀ ਨਾਲ ਜਵਾਬ ਦਿੱਤਾ, 'ਮੌਲਾਨਾ, ਅਸੀਂ ਗ਼ਰੀਬ ਹਾਂ ਸਾਡੇ ਕੋਲ ਤਾਂ ਖਾਣ ਲਈ ਰੋਟੀ ਵੀ ਨਹੀਂ, ਅਸੀਂ ਚੰਦਾ ਕੀ ਦੇਣਾ ਹੈ? ਹਾਂ ਅਸਾਂ ਏਨਾ ਤਾਂ ਸਾਬਤ ਕਰ ਦਿੱਤਾ ਹੈ ਕਿ ਗਿਣਤੀ ਸਾਨੂੰ ਵੀ ਆਉਂਦੀ ਹੈ।'


-ਜੇਠੀ ਨਗਰ, ਮਲੇਰਕੋਟਲਾ ਰੋਡ, ਖੰਨਾ-141401. ਮੋਬਾਈਲ : 94170-91668.

ਜ਼ਿੰਦਗੀ ਚੁਣੌਤੀ ਵੀ ਹੈ ਤੇ ਸਮੱਸਿਆ ਵੀ

ਜਦੋਂ ਮੈਂ ਹਾਈ ਸਕੂਲ ਦੀ ਹੈੱਡਮਿਸਟ੍ਰੇਸ ਤੋਂ ਪ੍ਰਮੋਟ ਹੋ ਕੇ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰਿੰਸੀਪਲ ਬਣ ਕੇ ਉਸੇ ਸ਼ਹਿਰ ਵਿਚ ਗਈ ਤਾਂ ਮੇਰੀ ਖ਼ੁਸ਼ੀ ਦਾ ਠਿਕਾਣਾ ਨਹੀਂ ਸੀ। ਇਹ ਇਕ ਬਹੁਤ ਵੱਡੀ ਪ੍ਰਾਪਤੀ ਸੀ। ਨਾਲੇ ਪ੍ਰਮੋਸ਼ਨ ਤੇ ਨਾਲੇ ਉਸੇ ਸ਼ਹਿਰ ਵਿਚ ਹੀ ਐਡਜਸਟ ਹੋ ਜਾਣਾ। ਪੁਰਾਣੇ ਸਕੂਲ ਦੇ ਕਾਫ਼ੀ ਸਾਰੇ ਟੀਚਰ ਤੇ ਕਲਰਕ ਮੈਨੂੰ ਨਵੇਂ ਸਕੂਲ ਦੀ ਕੁਰਸੀ 'ਤੇ ਬਿਠਾਉਣ ਲਈ ਆਏ, ਸਕੂਲ ਘਰ ਦੇ ਨੇੜੇ ਹੀ ਸੀ। ਪਰ ਥੋੜ੍ਹੇ ਦਿਨਾਂ ਬਾਅਦ ਹੀ ਨਵੇਂ ਸਕੂਲ ਦਾ ਸਾਰਾ ਨਸ਼ਾ ਉੱਤਰ ਗਿਆ। ਸਕੂਲ ਦਾ ਤਾਂ ਰੰਗ-ਢੰਗ ਹੀ ਨਿਰਾਲਾ ਸੀ, ਬਿਲਡਿੰਗ ਹੀ ਬਹੁਤ ਵੱਡੀ ਸੀ। ਕਈ ਏਕੜ ਵਿਚ ਫੈਲੀ ਹੋਈ ਸੀ। ਅਸਲ ਵਿਚ ਪਹਿਲਾਂ ਇਹ ਪ੍ਰਾਈਵੇਟ ਸਕੂਲ ਹੁੰਦਾ ਸੀ, ਫਿਰ ਸਰਕਾਰ ਨੇ ਇਸ ਨੂੰ ਟੇਕਓਵਰ ਕਰ ਲਿਆ। ਇਸ ਦਾ ਉਰਲਾ ਵਿੰਗ ਹੀ ਕੰਮ ਵਿਚ ਆਉਂਦਾ ਸੀ, ਪਰਲੇ ਪਾਸੇ ਦੇ ਸਾਰੇ ਕਮਰੇ ਵਿਹਲੇ ਪਏ ਸਨ ਤੇ ਦੇਖਭਾਲ ਨਾ ਕਰਨ ਕਰਕੇ ਡਿਗਣ-ਡਿਗਣ ਨੂੰ ਹੋ ਰਹੇ ਸਨ। ਬੱਚੇ ਉਨ੍ਹਾਂ ਵਿਚ ਜਾ ਕੇ ਛਿਪ ਜਾਂਦੇ ਤੇ ਕਲਾਸਾਂ ਮਿਸ ਕਰਦੇ। ਗੇਟ 'ਤੇ ਕੋਈ ਰੋਕਣ-ਟੋਕਣ ਵਾਲਾ ਨਹੀਂ ਸੀ, ਜਿਸ ਦਾ ਜੀਅ ਕਰਦਾ ਬਾਹਰ ਚਲਾ ਜਾਂਦਾ। ਟੀਚਰਾਂ ਵਿਚ ਬੜਾ ਭਾਈਚਾਰਾ ਸੀ। ਸਭ ਨੇ ਆਪਣੀ ਮਰਜ਼ੀ ਦਾ ਆਪਣਾ ਟਾਈਮ ਟੇਬਲ ਬਣਾਇਆ ਹੋਇਆ ਸੀ। ਹਰ ਇਕ ਨੇ ਆਪਣੇ ਤਿੰਨ-ਤਿੰਨ ਪੀਰੀਅਡ ਖਾਲੀ ਰੱਖੇ ਹੋਏ ਸਨ ਤੇ ਉਨ੍ਹਾਂ ਵਿਚ ਆਪਣੇ ਘਰ ਜਾ ਕੇ ਟਿਊਸ਼ਨਾਂ ਪੜ੍ਹਾ ਆਉਂਦੇ। ਸਕੂਲ ਬਾਜ਼ਾਰ ਵਿਚ ਹੋਣ ਕਰਕੇ ਲੇਡੀਜ਼ ਸ਼ਾਪਿੰਗ ਕਰਨ ਚਲੇ ਜਾਂਦੀਆਂ। ਹੋਰ ਤਾਂ ਹੋਰ ਸਕੂਲ ਦਾ ਮਾਲੀ ਹੀ ਪ੍ਰਧਾਨ ਬਣਿਆ ਹੋਇਆ ਸੀ। ਸਭ ਤੋਂ ਪੁਰਾਣਾ ਕਰਮਚਾਰੀ ਹੋਣ ਕਰਕੇ ਉਹ ਸਭ ਦੀਆਂ ਕਮਜ਼ੋਰੀਆਂ ਜਾਣਦਾ ਸੀ, ਇਸ ਕਰਕੇ ਹਰ ਕੋਈ ਉਸ ਤੋਂ ਡਰਦਾ ਸੀ, ਉਹ ਸਕੂਲ ਦਾ ਕੋਈ ਕੰਮ ਨਹੀਂ ਸੀ ਕਰਦਾ, ਸਿਵਾਏ ਚੌਧਰ ਦੇ। ਬੱਚਿਆਂ ਨੂੰ ਬਾਹਰ ਜਾਣ ਤੋਂ ਕੋਈ ਰੋਕਦਾ ਹੀ ਨਹੀਂ ਸੀ। ਮੈਂ ਜਿਸ ਸਕੂਲ ਤੋਂ ਆਈ ਸਾਂ ਉਹ ਬਹੁਤ ਹੀ ਡਿਸਿਪਲਿੰਡ ਸਕੂਲ ਸੀ, ਉਥੋਂ ਦੇ ਰਿਜ਼ਲਟ ਵੀ ਹਰ ਸਾਲ ਪਲੱਸ ਵਿਚ ਆਉਂਦੇ ਸਨ ਤੇ ਇਥੇ ਹਰ ਸਾਲ ਰਿਜ਼ਲਟ ਨੈਗੇਟਿਵ। ਜਦ ਮੈਂ ਪਹਿਲੀ ਵਾਰ ਡੀ.ਈ.ਓ. ਸਾਹਿਬ ਦੀ ਮਾਸਿਕ ਬੈਠਕ ਅਟੈਂਡ ਕੀਤੀ ਤਾਂ ਉਨ੍ਹਾਂ ਨੇ ਬੜੀ ਹਿਕਾਰਤ ਨਾਲ ਮੇਰੇ ਵੱਲ ਦੇਖਿਆ ਤੇ ਬੋਲੇ, 'ਆਪ ਤੋ ਮੈਡਮ ਬੈਠ ਹੀ ਜਾਓ, ਆਪ ਕਾ ਸਕੂਲ ਤੋ ਪਹਿਲੇ ਹੀ ਮਾਈਨਸ ਪਰ ਟਿਕਾ ਹੂਆ ਹੈ।' ਸੁਣ ਕੇ ਬੜਾ ਦੁੱਖ ਹੋਇਆ, ਸਮਝ ਨਾ ਆਏ ਕੀ ਕਰਾਂ। ਸਕੂਲ ਜਾਣ ਨੂੰ ਵੀ ਜੀ ਨਾ ਕਰੇ।
ਮੈਂ ਆਪਣੇ ਪਿਤਾ ਜੀ ਨਾਲ ਗੱਲ ਕੀਤੀ। ਉਹ ਪੁਰਾਣੇ ਅਨੁਭਵੀ ਅਧਿਆਪਕ ਸਨ। ਉਨ੍ਹਾਂ ਨੇ ਮੈਨੂੰ ਚੰਗੀ ਤਰ੍ਹਾਂ ਸਮਝਾ ਦਿੱਤਾ। ਸਭ ਤੋਂ ਪਹਿਲਾਂ ਸਕੂਲ ਦਾ ਟਾਈਮ ਟੇਬਲ ਬਦਲਿਆ। ਮਾਲੀ ਨੂੰ ਪੱਕੀ ਤੌਰ 'ਤੇ ਹੀ ਰਜਿਸਟਰ ਦੇ ਕੇ ਗੇਟ 'ਤੇ ਬਿਠਾ ਦਿੱਤਾ ਤੇ ਉਹ ਹਰ ਆਉਣ-ਜਾਣ ਵਾਲੇ ਦੇ ਟਾਈਮ ਦੀ ਐਂਟਰੀ ਕਰਦਾ। ਬਿਨਾਂ ਮੇਰੀ ਆਗਿਆ ਦੇ ਕਿਸੇ ਨੂੰ ਬਾਹਰ ਜਾਣ ਨਾ ਦਿੰਦਾ। ਇਕ ਚਪੜਾਸੀ ਨੂੰ ਪੂਰੇ ਦਿਨ ਲਈ ਖਾਲੀ ਕਮਰਿਆਂ ਵੱਲ ਬਿਠਾ ਦਿੱਤਾ, ਮੇਰਾ ਇਕ ਪੁਰਾਣਾ ਸਟੂਡੈਂਟ ਪੁਲਿਸ ਵਿਚ ਸੀ। ਉਹ ਵੀ ਗਾਹੇ-ਬਗਾਹੇ ਸਕੂਲ ਦੇ ਚੱਕਰ ਲਾਉਣ ਲੱਗ ਪਿਆ। ਗੱਲ ਕੀ ਆਉਣ ਵਾਲੇ ਅਗਲੇ ਚਾਰ ਪੰਜ ਮਹੀਨਿਆਂ ਵਿਚ ਸਭ ਕੁਝ ਠੀਕ ਹੋ ਗਿਆ। ਰਿਜ਼ਲਟ ਵੀ ਅਗਲੇ ਸਾਲ ਪਲੱਸ ਵਿਚ ਆ ਗਏ ਤੇ ਸਾਡੇ ਸਕੂਲ ਦਾ ਨਾਂਅ ਚੰਗੇ-ਚੰਗੇ ਸਕੂਲਾਂ ਵਿਚ ਗਿਣਿਆ ਜਾਣ ਲੱਗ ਪਿਆ।
ਸਕੂਲ ਦਾ ਨਾਂਅ ਚਮਕਣ ਕਰਕੇ ਬਹੁਤ ਸਾਰੇ ਬੱਚੇ ਦੂਜੇ ਸਕੂਲਾਂ ਤੋਂ ਆਪਣੇ ਸਰਟੀਫਿਕੇਟ ਲੈ ਕੇ ਸਾਡੇ ਸਕੂਲ ਵਿਚ ਦਾਖ਼ਲ ਹੋ 'ਗੇ। ਇਕ ਦਿਨ ਤਿੰਨ ਚਾਰ ਬਲਾਈਂਡ ਮੁੰਡੇ ਇਕ-ਦੂਜੇ ਦਾ ਹੱਥ ਫੜੀ ਦਾਖ਼ਲ ਹੋਣ ਲਈ ਆ ਗਏ। ਸਟਾਫ਼ ਮੈਂਬਰਾਂ ਨੇ ਦੇਖਿਆ ਤਾਂ ਸਭ ਨੇ ਇਕਮੁੱਠ ਹੋ ਕੇ ਉਨ੍ਹਾਂ ਨੂੰ ਦਾਖ਼ਲ ਕਰਨ ਤੋਂ ਨਾਂਹ ਕਰ ਦਿੱਤੀ। ਜਦ ਮੈਂ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ, 'ਮੈਡਮ ਇਹ ਬਲਾਈਂਡ ਬੱਚੇ ਬਹੁਤ ਤੰਗ ਕਰਦੇ ਨੇ, ਬੜੇ ਜ਼ਿੱਦੀ ਹੁੰਦੇ ਨੇ, ਕਿਸੇ ਦਾ ਕਹਿਣਾ ਨਹੀਂ ਮੰਨਦੇ। ਸਕੂਲ ਦਾ ਕੋਈ ਕਾਇਦਾ-ਕਾਨੂੰਨ ਨਹੀਂ ਨਿਭਾਉਂਦੇ। ਇਨ੍ਹਾਂ ਨੂੰ ਦੇਖ ਕੇ ਸਕੂਲ ਦੇ ਬਾਕੀ ਬੱਚੇ ਵੀ ਵਿਗੜਦੇ ਹਨ। ਅਸੀਂ ਪਹਿਲਾਂ ਹੀ ਇਨ੍ਹਾਂ ਦਾ ਇਹ ਤਜਰਬਾ ਕਰਕੇ ਦੇਖ ਚੁੱਕੇ ਹਾਂ।' ਮੈਂ ਬੜੀ ਹੈਰਾਨ ਹੋਈ। ਮੈਨੂੰ ਤਾਂ ਉਹ ਇਕਦਮ ਚੰਗੇ-ਭਲੇ ਲੱਗੇ। ਇਕ ਅੱਖਾਂ ਦੀ ਕਮੀ ਸੀ। ਬਾਕੀ ਉਹ ਬਿਲਕੁਲ ਨਾਰਮਲ ਸਨ, ਪਰ ਮੈਂ ਉਨ੍ਹਾਂ ਨੂੰ ਦਾਖ਼ਲ ਕਰਕੇ ਆਪਣੇ ਸਟਾਫ਼ ਨੂੰ ਵੀ ਨਾਰਾਜ਼ ਨਹੀਂ ਸੀ ਕਰਨਾ ਚਾਹੁੰਦੀ। ਸੋ, ਮੈਂ ਉਨ੍ਹਾਂ ਬੱਚਿਆਂ ਨੂੰ ਅਗਲੇ ਹਫ਼ਤੇ ਆਉਣ ਲਈ ਕਹਿ ਦਿੱਤਾ।
ਅਗਲੇ 4-5 ਦਿਨਾਂ ਵਿਚ ਮੈਂ ਪੁੱਛ-ਪੜਤਾਲ ਕੀਤੀ ਤੇ ਉਨ੍ਹਾਂ ਅਪੰਗ ਬੱਚਿਆਂ ਦੀ ਬਾਬਤ ਪੂਰੀ ਜਾਣਕਾਰੀ ਹਾਸਲ ਕੀਤੀ। ਪਤਾ ਲੱਗਿਆ ਕਿ ਵੈਸੇ ਤਾਂ ਇਹ ਬੱਚੇ ਠੀਕ-ਠਾਕ ਹੀ ਰਹਿੰਦੇ ਹਨ, ਸ਼ਰਾਰਤਾਂ ਵੀ ਨਹੀਂ ਕਰਦੇ ਪਰ ਵਿਚੋਂ ਕਈ ਵਾਰ ਕੋਈ ਬੱਚਾ ਅਜਿਹਾ ਨਿਕਲ ਆਉਂਦਾ ਹੈ, ਜੋ ਉਹ ਬਾਕੀ ਬੱਚਿਆਂ ਨੂੰ ਵੀ ਆਪਣੇ ਮਗਰ ਲਾ ਲੈਂਦਾ ਹੈ ਤੇ ਆਪਣੇ ਅਪੰਗ ਹੋਣ ਦੀ ਕਮੀ ਦਾ ਵਾਸਤਾ ਦੇ ਕੇ ਉਨ੍ਹਾਂ ਦੀ ਹਮਦਰਦੀ ਜਿੱਤ ਲੈਂਦਾ ਹੈ ਤੇ ਫੇਰ ਸਾਰੇ ਮਿਲ ਕੇ ਟੀਚਰਾਂ ਲਈ ਸਮੱਸਿਆ ਖੜ੍ਹੀ ਕਰ ਦਿੰਦੇ ਹਨ। ਸੋ, ਉਨ੍ਹਾਂ ਨੂੰ ਪੜ੍ਹਾਉਣ ਲਈ ਬੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਮੈਨੂੰ ਹਾਸਾ ਆ ਗਿਆ ਬਈ ਲੀਡਰਸ਼ਿਪ ਦੇ ਜਜ਼ਬੇ ਦਾ ਪੈਦਾ ਹੋਣਾ ਤਾਂ ਇਨਸਾਨੀ ਫਿਤਰਤ ਹੈ, ਫੇਰ ਚਾਹੇ ਉਹ ਇਨਸਾਨ ਬਲਾਈਂਡ ਹੈ ਜਾਂ ਚੰਗਾ ਭਲਾ, ਬਗ਼ਾਵਤ ਤਾਂ ਕੋਈ ਵੀ ਕਰ ਸਕਦਾ ਹੈ।
ਮੈਂ ਅਗਲੇ ਦਿਨ ਟੀਚਰਾਂ ਦੀ ਮੀਟਿੰਗ ਕੀਤੀ ਤੇ ਇਹ ਸਾਰੀਆਂ ਗੱਲਾਂ ਉਨ੍ਹਾਂ ਨੂੰ ਸਮਝਾਈਆਂ ਤੇ ਉਨ੍ਹਾਂ ਸਭ ਦੀ ਸਹਿਮਤੀ ਨਾਲ ਉਨ੍ਹਾਂ ਬਲਾਈਂਡ ਬੱਚਿਆਂ ਨੂੰ ਦਾਖ਼ਲ ਕਰ ਲਿਆ ਤੇ ਉਨ੍ਹਾਂ ਦੀ ਦੇਖਾ-ਦੇਖੀ ਹੋਰ ਵੀ ਕਈ ਬੱਚੇ ਉਨ੍ਹਾਂ ਵਰਗੇ ਸਕੂਲ ਵਿਚ ਦਾਖਲ ਹੋ ਗਏ। ਇਸ ਤੋਂ ਬਾਅਦ ਦੋ ਕੁ ਮਹੀਨੇ ਬੜੇ ਸੋਹਣੇ ਲੰਘ ਗਏ ਤੇ ਸਕੂਲ ਦਾ ਕੰਮਕਾਰ ਵੀ ਵਧੀਆ ਚੱਲ ਰਿਹਾ ਸੀ। ਅਚਾਨਕ ਇਕ ਦਿਨ ਪਤਾ ਲੱਗਿਆ ਕਿ 11ਵੀਂ, 12ਵੀਂ ਦੇ ਬੱਚਿਆਂ ਨੇ ਕਲਾਸਾਂ ਦਾ ਬਾਈਕਾਟ ਕਰ ਦਿੱਤਾ ਹੈ। ਸਾਰੇ ਬਾਹਰ ਗਾਰਡਨ ਵਿਚ ਬੈਠੇ ਹਨ ਤੇ ਟੀਚਰਾਂ ਦੇ ਬੁਲਾਉਣ 'ਤੇ ਵੀ ਆਪਣੀਆਂ ਕਲਾਸਾਂ ਵਿਚ ਨਹੀਂ ਜਾ ਰਹੇ। ਮੈਂ ਹੈਰਾਨ ਹੋ ਗਈ ਤੇ ਟੀਚਰਾਂ ਦੀ ਭਵਿੱਖਬਾਣੀ ਸੱਚੀ ਹੁੰਦੀ ਜਾਪੀ। ਪਰ ਮੈਨੂੰ ਇਕਦਮ ਸਿੱਧਿਆਂ ਜਾ ਕੇ ਉਨ੍ਹਾਂ ਨੂੰ ਡਰਾਉਣ-ਧਮਕਾਉਣ ਜਾਂ ਸਮਝਾਉਣ ਵਿਚ ਆਪਣੀ ਹੇਠੀ ਮਹਿਸੂਸ ਹੋਈ। ਸੋ, ਪਹਿਲਾਂ ਸੈਕਿੰਡ ਮਾ: ਤੇ ਫਿਰ ਡੀ.ਪੀ.ਈ. ਸਾਹਿਬ ਨੂੰ ਉਨ੍ਹਾਂ ਨੂੰ ਮਨਾਉਣ ਲਈ ਭੇਜਿਆ ਪਰ ਉਨ੍ਹਾਂ ਦੀ ਪੂਰੀ ਕੋਸ਼ਿਸ਼ ਦੇ ਬਾਵਜੂਦ ਵੀ ਬੱਚੇ ਆਪਣੀ ਜ਼ਿੱਦ 'ਤੇ ਅੜੇ ਰਹੇ ਤੇ ਸਕੂਲ ਦੀ ਛੁੱਟੀ ਹੋਣ 'ਤੇ ਚੁੱਪ-ਚਾਪ ਆਪਣੇ ਘਰਾਂ ਨੂੰ ਚਲੇ ਗਏ। ਅਗਲਾ ਦਿਨ ਵੀ ਐਵੇਂ ਹੀ ਲੰਘ ਗਿਆ। ਅਖੀਰ ਮੈਂ ਸੋਚ-ਸੋਚ ਕੇ ਬਲਾਈਂਡ ਲੜਕੇ ਜਗਬੀਰ ਨੂੰ ਬੁਲਾਇਆ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮੋਬਾਈਲ : 99881-52523.

ਲਘੂ ਕਥਾ: ਸਮੇਂ ਦੀ ਨਬਜ਼

ਇਕ ਵਾਰੀ ਦੀ ਗੱਲ ਹੈ ਕਿ ਇਕ ਕੁੱਤੇ ਨੂੰ ਬਹੁਤ ਹੀ ਭੁੱਖ ਲੱਗੀ ਸੀ | ਅਧਿਆਪਕ ਜਮਾਤ ਵਿਚ ਕਹਾਣੀ ਸੁਣਾ ਰਹੇ ਸਨ, 'ਭੋਜਨ ਦੀ ਭਾਲ ਵਿਚ ਉਹ ਐਧਰ-ਓਧਰ ਗਿਆ | ਪ੍ਰੰਤੂ ਉਸ ਨੂੰ ਖਾਣ ਲਈ ਕਿਧਰੋਂ ਵੀ ਕੁਝ ਨਾ ਮਿਲਿਆ | ਅਖੀਰ ਨੂੰ ਉਹ ਇਕ ਮੀਟ ਵਾਲੀ ਦੁਕਾਨ 'ਤੇ ਗਿਆ | ਦੁਕਾਨ ਦੇ ਬਾਹਰ ਉਸ ਨੂੰ ਮਾਸ ਦਾ ਟੁਕੜਾ ਮਿਲਿਆ | ਜਲਦੀ ਨਾਲ ਉਸ ਨੇ ਮਾਸ ਦਾ ਟੁਕੜਾ ਚੁੱਕਿਆ ਅਤੇ ਸੋਚਣ ਲੱਗ ਗਿਆ |
'ਸਰ, ਸੋਚਣ ਵਾਲੀ ਕਿਹੜੀ ਗੱਲ ਸੀ | ਉਸ ਨੂੰ ਭੁੱਖ ਲੱਗੀ ਸੀ ਤੇ ਮਾਸ ਵੀ ਉਸ ਨੂੰ ਮਿਲ ਗਿਆ ਸੀ | ਮਾਸ ਦਾ ਟੁਕੜਾ ਖਾ ਕੇ ਉਸ ਨੂੰ ਆਪਣੀ ਭੁੱਖ ਮਿਟਾ ਲੈਣੀ ਚਾਹੀਦੀ ਸੀ', ਇਕ ਵਿਦਿਆਰਥੀ ਨੇ ਖੜ੍ਹਾ ਹੋ ਕੇ ਕਿਹਾ |
'ਨਹੀਂ, ਨਹੀਂ ਇਸ ਤਰ੍ਹਾਂ ਨਹੀਂ | ਭੁੱਖੇ ਨੂੰ ਕੁਛ ਮਿਲੇ ਤਾਂ ਖਾਣ ਲਈ ਵੀ ਬਹੁਤ ਕੁਝ ਸੋਚਣਾ ਪੈਂਦਾ ਹੈ', ਕੋਲੋਂ ਦੂਸਰੇ ਵਿਦਿਆਰਥੀ ਨੇ ਖੜ੍ਹਾ ਹੋ ਕੇ ਕਿਹਾ |
'ਲੈ ਸੋਚਣ ਵਾਲੀ ਕਿਹੜੀ ਗੱਲ ਹੈ |'
'ਸੋਚਣ ਵਾਲੀ ਗੱਲ ਇਹ ਹੈ ਕਿ... ਜੇ ਉਹ ਉਥੇ ਥਾਂ 'ਤੇ ਖੜ੍ਹ ਕੇ ਖਾਣ ਲੱਗ ਪੈਂਦਾ ਤਾਂ ਉਥੇ ਕੋਈ ਹੋਰ ਕੁੱਤਾ ਵੀ ਆ ਸਕਦਾ ਸੀ ਅਤੇ ਇਹ ਦੂਸਰਾ ਕੁੱਤਾ ਉਸ ਤੋਂ ਮਾਸ ਦਾ ਟੁਕੜਾ ਖੋਹਣ ਲਈ ਲੜਾਈ ਕਰ ਸਕਦਾ ਸੀ | ਲੜਾਈ ਵਿਚ ਜੇ ਦੂਸਰਾ ਕੁੱਤਾ ਜਿੱਤ ਜਾਂਦਾ ਤਾਂ ਪਹਿਲੇ ਨੂੰ ਫਿਰ ਭੁੱਖਾ ਹੀ ਰਹਿਣਾ ਪੈ ਸਕਦਾ ਸੀ |
'ਹਾਂ, ਇਹ ਪਤੇ ਦੀ ਗੱਲ ਹੈ', ਕੋਲੋਂ ਅਧਿਆਪਕ ਨੇ ਕਿਹਾ, 'ਇਸ ਲਈ ਉਹ ਮਾਸ ਦਾ ਟੁਕੜਾ ਲੈ ਕੇ ਜੰਗਲ ਵੱਲ ਨੂੰ ਚਲ ਪਿਆ | ਰਸਤੇ ਵਿਚ ਉਹ ਇਕ ਨਦੀ ਵਿਚੋਂ ਦੀ ਲੰਘਣ ਲੱਗਿਆ | ਨਦੀ ਦੇ ਪਾਣੀ ਵਿਚ ਉਸ ਨੂੰ ਆਪਣਾ ਹੀ ਪਰਛਾਵਾਂ ਦਿਸਿਆ | ਉਸ ਨੇ ਸੋਚਿਆ ਇਹ ਦੂਸਰਾ ਕੁੱਤਾ ਹੈ | ਉਸ ਨੇ ਭੌਾਕਣ ਲਈ ਜਿਵੇਂ ਹੀ ਆਪਣਾ ਮੰੂਹ ਖੋਲਿ੍ਹਆ, ਉਸ ਦੇ ਮੰੂਹ ਵਿਚਲਾ ਮਾਸ ਦਾ ਟੁਕੜਾ ਨਦੀ ਵਿਚ ਡਿੱਗ ਪਿਆ |'
'ਸਰ! ਇਹ ਕਹਾਣੀ ਠੀਕ ਨਹੀਂ ਹੈ', ਪਹਿਲੇ ਵਿਦਿਆਰਥੀ ਨੇ ਫਿਰ ਖੜ੍ਹਾ ਹੋ ਕੇ ਕਿਹਾ |
'ਕਿਵੇਂ?' ਅਧਿਆਪਕ ਨੇ ਸਵਾਲ ਕੀਤਾ |
'ਵੇਖੋ ਸਰ, ਜਿਸ ਨੂੰ ਭੁੱਖ ਲੱਗੀ ਹੋਵੇ, ਉਹ ਜ਼ਿਆਦਾ ਸੋਚ ਨਹੀਂ ਸਕਦਾ | ਭੁੱਖ ਮਿਟਾਉਣਾ ਹੀ ਉਸ ਦੀ ਸੋਚ ਦਾ ਵੱਡਾ ਹਿੱਸਾ ਹੁੰਦਾ ਹੈ | ਉਸ ਲਈ ਤਾਂ ਦੋ ਜਮ੍ਹਾਂ ਦੋ ਚਾਰ ਰੋਟੀਆਂ ਹੀ ਹੁੰਦਾ ਹੈ | ਭੁੱਖ ਸੋਚ ਨੂੰ ਖੰੁਢਾ ਕਰ ਦਿੰਦੀ ਹੈ |'
'ਜ਼ਰਾ ਵਿਸਥਾਰ ਨਾਲ ਗੱਲ ਕਰੋ', ਅਧਿਆਪਕ ਨੇ ਵਿਦਿਆਰਥੀ ਨੂੰ ਆਖਿਆ |
'ਵੇਖੋ ਸਰ, ਚੋਣਾਂ ਆਉਂਦੀਆਂ | ਸਾਡੇ ਲੋਕ ਇਹ ਨਹੀਂ ਸੋਚਦੇ ਕਿ ਜੇਕਰ ਉਹ ਪੈਸੇ ਲੈ ਕੇ ਜਾਂ ਨਸ਼ੇ ਵਰਤ ਕੇ ਵੋਟ ਪਾਉਣਗੇ ਤਾਂ ਭਿ੍ਸ਼ਟ ਨੇਤਾ ਦੀ ਚੋਣ ਕਰਨਗੇ | ਉਹ ਤਾਂ ਅਸਲ ਵਿਚ ਭੁੱਖਾਂ-ਦੁੱਖਾਂ ਦੇ ਮਾਰੇ ਹੁੰਦੇ ਹਨ | ਚੋਣਾਂ ਵੇਲੇ ਨੇਤਾ ਲੋਕ ਉਨ੍ਹਾਂ ਨੂੰ ਥੋੜ੍ਹੇ ਜਿਹੇ ਪੈਸੇ ਦਿੰਦੇ ਹਨ ਜਾਂ ਫਿਰ ਨਸ਼ੇ ਦਿੰਦੇ ਹਨ | ਉਹ ਵੋਟਾਂ ਉਨ੍ਹਾਂ ਨੂੰ ਪਾ ਕੇ ਪੰਜਾਂ ਸਾਲਾਂ ਲਈ ਚੁਣ ਲੈਂਦੇ ਹਨ | ਇਹ ਵੱਖਰੀ ਗੱਲ ਹੈ ਕਿ ਫਿਰ ਭਾਵੇਂ ਪੰਜ ਸਾਲ ਉਹ ਕੁੱਟੀ ਅਤੇ ਲੁੱਟੀ ਜਾਣ', ਚੇਤੰਨ ਵਿਦਿਆਰਥੀ ਨੇ ਗੱਲ ਨੂੰ ਸਿਰੇ ਲਾਉਂਦਿਆਂ ਅੱਗੇ ਕਿਹਾ, 'ਉਹ ਪੰਜਾਂ ਸਾਲਾਂ ਦਾ ਸੋਚਣ ਕਿ ਸਮੇਂ ਦੀ ਨਬਜ਼ ਪਛਾਣਨ | ਤੁਰੰਤ ਉਨ੍ਹਾਂ ਨੂੰ ਆਪਣੀ ਵੋਟ ਦਾ ਮੁੱਲ ਮਿਲਦਾ ਹੈ | ਇਸ ਤੋਂ ਅੱਗੇ ਉਨ੍ਹਾਂ ਦੀ ਸੋਚ ਜਾਂਦੀ ਹੀ ਨਹੀਂ', ਵਿਦਿਆਰਥੀ ਨੇ ਅਧਿਆਪਕ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ |

-1439, 6-ਆਰ., ਡੋਗਰ ਬਸਤੀ, ਫ਼ਰੀਦਕੋਟ |
ਮੋਬਾਈਲ : 95010-20731.

ਕਹਾਣੀ: ਸਰਾਧ ਨਿਕਲ ਜਾਣ

ਟਿਫਨ ਵਾਲਾ ਲੜਕਾ ਰਮੇਸ਼ ਆਪਣੇ ਗਾਹਕ ਪਰਦੇਸੀ ਨੂੰ ਟਿਫਨ ਫੜਾ ਕੇ ਮੁੜਨ ਲੱਗਾ ਤਾਂ ਪਰਦੇਸੀ ਨੇ ਅੱਗੋਂ ਨਿਮਾਣਾ ਜਿਹਾ ਬਣ ਕੇ ਤਰਲਾ ਜਿਹਾ ਪਾਉਂਦਿਆਂ ਕਿਹਾ, 'ਯਾਰ ਰਮੇਸ਼, ਤੁਹਾਨੂੰ ਬੇਨਤੀ ਕੀਤੀ ਸੀ ਕਿ ਟਿਫਨ ਦਾ ਢੱਕਣ ਟੁੱਟਿਆ ਹੋਇਆ ਨਾ ਪਾਇਆ ਕਰੋ | ਅੱਗੇ ਤਾਂ ਚਲੋ ਤੁਸੀਂ ਢੱਕਣਾਂ ਦੀਆਂ ਮੋਰੀਆਂ ਸੈਲੋ-ਟੇਪ ਲਗਾ ਕੇ ਬੰਦ ਹੀ ਕਰ ਦਿੱਤੀਆਂ ਸਨ : ਬੇਸ਼ੱਕ ਸੈਲੋ-ਟੇਪ ਲੱਗੀ ਜਚਦੀ ਨਹੀ, ਪਰ ਫਿਰ ਵੀ ਮੈਂ ਸੋਚਿਆ ਕਿ ਚਾਰ-ਪੰਜ ਦਿਨਾਂ ਵਿਚ ਟਿਫਨ ਨਵਾਂ ਲੈ ਹੀ ਲਵੋਗੇ, ਤਦ ਮੈ ਚੁੱਪ ਰਿਹਾ | ਤਿੰਨ ਮਹੀਨੇ ਹੋ ਚੱਲੇ ਹਨ ਤੁਹਾਡੇ ਤਿੰਨੋਂ ਹੀ ਟਿਫਨ ਉਹੀ ਟਾਕੀਆਂ ਲੱਗੀਆਂ ਵਾਲੇ ਹੀ ਚੱਲ ਰਹੇ ਹਨ | ਆਹ ਅੱਜ ਤੁਸੀਂ ਹੋਰ ਵੀ ਰਿਕਾਰਡ ਕਾਇਮ ਕਰ ਦਿੱਤਾ | ਪਤਾ ਨਹੀ ਕਿੱਥੋਂ ਕੱਢ ਲਿਆਂਦਾ ਇਹੋ ਜਿਹਾ ਢੱਕਣ | ਦੇਖੋ ਕਿੱਡਾ ਵੱਡਾ ਛੇਕ ਹੈ ਢੱਕਣ ਵਿਚ! ਬੇਸ਼ੱਕ ਕੋਈ ਵੀ ਕਾਢਾ-ਕੀੜੀ ਵੜਦਾ ਰਵੇ੍ਹ ਇਸ ਵਿਚ ! ' 
'ਅੰਕਲ ! ਇਹ ਗੱਲ ਤੁਹਾਡੇ ਕਹਿਣ ਤੋਂ ਪਹਿਲੇ ਹੀ ਮੈਂ ਮੰਮੀ ਨੂੰ ਬੋਲੀ ਸੀ, ਪਰ ਮੰਮੀ ਅੱਗੋਂ ਕਹਿਣ ਲੱਗੇ, ਸਰਾਧ ਚੱਲਦੇ ਹਨ : ਸਰਾਧਾਂ ਵਿਚ ਕੋਈ ਚੀਜ਼ ਖਰੀਦ ਨਹੀਂ ਸਕਦੇ | ਅੱਜ ਤੀਸਰਾ ਸਰਾਧ ਹੈ | ਸਮਝੋ ਗਏ ਸਰਾਧ | ਬਸ ਬਾਰਾਂ ਹੀ ਰਹਿ ਗਏ ਬਾਕੀ | ਦੜ ਵੱਟ ਕੇ ਕੱਟ ਲਓ ਬਾਰਾਂ ਦਿਨ !'
ਰਮੇਸ਼ ਨੇ ਆਪਣਾ ਸਾਰਾ ਹਾਲ ਬਿਆਨ ਕਰ ਦਿੱਤੀ ਤਾਂ ਪਰਦੇਸੀ ਨੇ ਉਸ ਨੂੰ ਬਾਹੋਂ ਫੜ ਕੇ ਬਿਠਾ ਲਿਆ | ਉਹ ਧੀਮੀ ਜਿਹੀ ਆਵਾਜ਼ 'ਚ ਬੋਲਿਆ, 'ਮੈਂ ਕਿਸੇ ਵੀ ਧਰਮ ਪ੍ਰਤੀ ਕੋਈ ਸ਼ਬਦ ਨਹੀਂ ਕਹਿੰਦਾ, ਸਿਰਫ ਤੁਹਾਡੀ ਜਾਣਕਾਰੀ ਲਈ ਦੱਸ ਰਿਹਾ ਹਾਂ ਕਿ ਹਰਮੀਤ ਸਿੰਘ ਨੇ ਹੁਣੇ-ਹੁਣੇ ਮਕਾਨ ਬਦਲਿਆ ਹੈ : ਅੱਜ ਤੀਸਰੇ ਸਰਾਧ ਤੱਕ ਡੇਢ ਲੱਖ ਦਾ ਸਾਮਾਨ ਲੈ ਆਂਦਾ ਹੈ ਉਸ ਨੇ, ਦੋ ਦਿਨਾਂ ਵਿਚ | ਉਸ ਦੇ ਘਰ ਦੀ ਸੈਟਿੰਗ ਲਗਾਤਾਰ ਚੱਲਣੀ ਹੈ ਸਾਰੇ ਸਰਾਧਾਂ ਵਿਚ | ਇਸ ਰਫਤਾਰ ਨਾਲ ਤਿੰਨ ਲੱਖ ਦੇ ਕਰੀਬ ਰੁਪਿਆ ਖਰਚ ਹੋ ਜਾਣਾ ਹੈ ਉਸਦਾ ਸਰਾਧਾਂ-ਸਰਾਧਾਂ ਵਿਚ ਹੀ | ਫਿਰ, ਹੋਰ ਦੇਖ ! ਆਹ ਸਰਦਾਰਾਂ ਦੇ ਮੈਰਿਜ਼ ਹੈ, 8 ਅਕਤੂਬਰ ਦੀ : ਇਨ੍ਹਾਂ ਦੀ ਅੱਡੀ ਨਹੀਂ ਲੱਗ ਰਹੀ ਘਰ ਵਿਚ | ਰੋਜ਼ਾਨਾ ਖਰੀਦੋ-ਫਰੋਖਤ ਚੱਲ ਰਹੀ ਹੈ, ਬੜੇ ਜ਼ੋਰ-ਸ਼ੋਰ ਨਾਲ ਇਨ੍ਹਾਂ ਦੀ | ਸਾਡੀ ਅਗਲੀ ਗਲੀ ਵਿਚ ਮੇਰਾ ਇਕ ਦੋਸਤ ਕਿ੍ਸਚੀਅਨ ਹੈ | ਉਨ੍ਹਾਂ ਦੇ ਮਕਾਨ ਦੀ ਮੁਰੰਮਤ ਚੱਲ ਰਹੀ ਹੈ | ਕੱਲ੍ਹ ਅਸੀਂ ਦੋਵੇਂ ਹੀ 20 ਹਜ਼ਾਰ ਦਾ ਸਮਾਨ ਲੈਕੇ ਆਏ ਹਾਂ ਮਾਰਕੀਟ ਵਿਚੋਂ | ਫਿਰ, ਹੋਰ ਦੇਖੋ : ਸਾਡੀ ਸੰਸਥਾ ਦੇ ਲਗਪਗ ਪੰਜ ਮੈਂਬਰਾਂ ਦੀਆਂ ਕਿਤਾਬਾਂ ਇਨ੍ਹਾਂ ਤਿੰਨ ਸਰਾਧਾਂ ਵਿਚ ਛਪਣ ਲਈ ਦਿੱਤੀਆਂ ਹਨ, ਪ੍ਰੈੱਸ ਵਿਚ | ਦੋ ਸਾਥੀਆਂ ਨੇ ਕੱਲ੍ਹ ਨੂੰ ਅਜੇ ਦੇਣੀਆਂ ਹਨ | ਸਾਡੇ ਸਾਹਮਣੇ ਘਰ ਵਾਲੇ ਕੱਲ੍ਹ ਮੋਟਰਸਾਈਕਲ ਲਿਆਏ ਹਨ, ਨਵਾਂ | ਸਾਰਾ ਸੰਸਾਰ ਚੱਲੀ ਜਾ ਰਿਹਾ ਹੈ ਰਮੇਸ਼ ਜੀ ! ਤੁਸੀਂ ਤਾਂ ਸੌ ਰੁਪਏ ਦਾ ਟਿਫਨ ਲੈਣਾਂ ਹੈ, ਉਸ ਲਈ ਵੀ ਕਹਿ ਰਹੇ ਹੋ ਸਰਾਧ ਨਿਕਲ ਲੈਣ ਦਿਓ | ਸਰਾਧ ਨਿਕਲਦੇ-ਨਿਕਲਦੇ ਜੇਕਰ ਕੋਈ ਜੀਵ-ਜੰਤੂ ਢੱਕਣ ਦੇ ਟੁੱਟੇ ਹੋਏ ਛੇਕਾਂ ਰਾਹ ਤੋਂ ਟਿਫਨ ਵਿਚ ਵੜ ਗਿਆ : ਉਹ ਖਾਣਾ ਖਾ ਕੇ ਮੈਂ ਬੀਮਾਰ ਪੈ ਗਿਆ ਤਾਂ ਫਿਰ ਮੈਨੂੰ ਵੀ ਤਾਂ ਦਵਾਈਆਂ ਲੈਣ ਭੱਜਣਾ ਹੀ ਪਊ ਸਰਾਧਾਂ ਵਿਚ | ' 
ਰਮੇਸ਼ ਤਾਂ ਵਿਚਾਰਾ ਬੇਵੱਸ ਸੀ | ਉਸ ਨੇ ਪਰਦੇਸੀ ਦਾ ਅੱਖਰ-ਅੱਖਰ ਸਾਰੀ ਦੀ ਸਾਰੀ ਗੱਲ ਘਰ ਜਾ ਕੇ ਆਪਣੀ ਮਾਂ ਨੂੰ ਦੱਸ ਦਿੱਤੀ | ਲੋਹੀ-ਲਾਖੀ ਹੋਈ ਮਾਂ ਬੋਲੀ, 'ਰਮੇਸ਼, ਤੈਨੂੰ ਵੀ ਪਤਾ ਨਹੀਂ ਕਦੋਂ ਅਕਲ ਆਉਣੀ ਐਾ! ਇਹ ਜਿੰਨੇ ਤੂੰ ਮੈਨੂੰ ਗਿਣਾਏ ਹਨ, ਇਨ੍ਹਾਂ 'ਚ ਕੋਈ ਸਰਦਾਰ, ਕੋਈ ਕਿ੍ਸਚਨ, ਕੋਈ ਰਾਧਾ ਸਵਾਮੀ, ਕੋਈ ਨਿਰੰਕਾਰੀ ਹੈ ਅਤੇ ਕੋਈ ਬੇ-ਗੁਰਾ ਹੀ ਹੈ |'
'ਕਿਉਂ ਮੰਮੀ, ਕੀ ਫਿਰ ਇਹ ਬੰਦੇ ਨਹੀ ? ਇਨ੍ਹਾਂ ਉਪਰ ਸਰਾਧਾਂ ਦਾ ਕੋਈ ਰੂਲ-ਅਸੂਲ ਨਹੀ ਢੁੱਕਦੈ ? ਫਿਰ ਡੈਡੀ ਨੂੰ ਵੀ ਕਹਿ ਦਿਓ ਦਵਾਈਆਂ ਨਾ ਸਪਲਾਈ ਕਰਿਆ ਕਰਨ ਕੈਮਿਸਟਾਂ ਦੀਆਂ ਦੁਕਾਨਾਂ ਨੂੰ, ਸਰਾਧਾਂ ਵਿਚ ! ਸਰਾਧਾਂ ਵਿਚ ਖਰੀਦੀਆਂ ਦਵਾਈਆਂ ਖੁਆ ਕੇ ਮਾਰਨਾ ਕਿਸੇ ਵਿਚਾਰੇ ਗਰੀਬ ਮਰੀਜ਼ਾਂ ਨੂੰ ਤੁਸੀਂ ! ਮਾਮੇ ਸੋਨੀ ਨੂੰ ਪੁੱਛ ਕੇ ਦੇਖੋ , ਦੁਕਾਨ 'ਚੋਂ ਸਰਾਧਾਂ ਵਿਚ ਕਿੰਨਾ ਖੱਟ-ਵੱਟ ਕੇ ਮੁੜ੍ਹਦਾ ਹੈ, ਸ਼ਾਮ ਨੂੰ ! ਉਸ ਨੂੰ ਵੀ ਕਹਿ ਦਿਓ ਬੰਦ ਕਰ ਕੇ ਰੱਖੇ ਆਪਣੀ ਦੁਕਾਨ, ਸਰਾਧਾਂ ਵਿਚ !'  
'ਰਮੇਸ਼, ਤੂੰ ਚਾਰ ਜਮਾਤਾਂ ਪੜ੍ਹ ਕਾਹਦਾ ਗਿਆ, ਤੂੰ ਵੀ ਪਰਦੇਸੀ ਦੀਆਂ ਗੱਲਾਂ ਵਿਚ ਹੀ ਆ ਗਿਆ | ਇਨ੍ਹਾਂ ਲਿਖਾਰੀਆਂ ਨੇ ਹੀ ਤਾਂ ਬੇੜਾ ਡੋਬਿਆ ਪਿਆ ਹੈ ਸਾਡੇ ਦੇਸ਼ ਦਾ !'
ਮੰਮੀ , ਗ਼ਲਤ ਕਹਿ ਰਹੇ ਹੋ ਤੁਸੀਂ! ਸਰਾਸਰ ਗਲਤ! ਇਨ੍ਹਾਂ ਲਿਖਾਰੀਆਂ ਨੇ ਦੇਸ਼ ਦਾ ਬੇੜਾ ਡੋਬਿਆ ਨਹੀਂ, ਬਲਕਿ ਤੁਹਾਡੇ ਵਰਗਿਆਂ ਦੇ ਡੋਬੇ ਹੋਏ ਬੇੜੇ ਨੂੰ ਤਾਰਨ 'ਤੇ ਲੱਗੇ ਹੋਏ ਹਨ ਲਿਖਾਰੀ ਲੋਕ | ਸ਼ਰਧਾ-ਭਾਵਨਾ ਨੂੰ ਸ਼ਰਧਾ-ਭਾਵਨਾ ਤੱਕ ਹੀ ਸੀਮਤ ਰੱਖੋ, ਨਾ ਕਿ ਫਾਲਤੂ ਦੇ ਵਹਿਮ-ਭਰਮ ਵਧਾਈ ਜਾਵੋ ਮੰਮੀ!' 
'ਰਮੇਸ਼, ਤੂੰ ਇਕ ਵਾਰ ਛੱਡਕੇ ਭਾਵੇਂ ਹਜ਼ਾਰ ਵਾਰ ਕਹਿ : ਮੈਂ ਸਰਾਧਾਂ ਵਿਚ ਟਿਫਨ ਨਹੀਂ ਖਰੀਦਣਾ : ਨਹੀਂ ਖਰੀਦਣਾ : ਨਹੀਓਾ ਖਰੀਦਣਾ | '  
'ਤੁਸੀ ਨਾ ਖਰੀਦੋ ਜੀ, ਮੈਂ ਖਰੀਦ ਲਿਆਇਆ ਹਾਂ ਦੋ ਟਿਫਨ ਢਾਈ ਸੌ ਰੁਪਏ ਦੇ | ਆਹ ਪਏ ਤੁਹਾਡੀ ਰਸੋਈ 'ਚ | ' ਰਮੇਸ਼ ਨੇ ਲਿਫਾਫੇ ਵਿਚੋਂ ਟਿਫਨ ਕੱਢਦਿਆਂ ਆਖਿਆ |

ਰਫੈ ਅਲਅ

ਪੰਜਾਬੀਆਂ ਦੀ ਆਦਤ ਹੈ, ਸੁਭਾਅ 'ਚ ਰਚੀ ਹੈ ਕਿ ਕੋਈ ਵੀ ਲਫ਼ਜ਼ ਬੋਲਣਾ ਹੈ ਤਾਂ ਲਮਕਾਅ ਕੇ ਬੋਲਣਾ ਹੈ ਤੇ ਵਿਗਾੜ ਕੇ ਬੋਲਣਾ ਹੈ | ਜਿਵੇਂ ਪੁਲਥਰੂ ਨੂੰ ਫੁਲਤਰੂ, ਮੋਬਿਆਇਲ ਨੂੰ ਮੁਬਲੈਲ, ਟਾਈਪ ਨੂੰ ਟੈਪ, ਕਾਨੂੰਨ ਨੂੰ ਕਾਨੂਨ, ਸ਼ਰਟ ਨੂੰ ਸ਼ੱਰਟ, ਬਨਿਆਨ ਨੂੰ ਬੁਨੈਨ, ਗਜ਼ ਨੂੰ ਗਜ, ਲੁਧਿਆਣਾ ਨੂੰ ਲੁਧੇਹਾਣਾ ਆਦਿ ਜੁਗਾਦਿ ਤੇ ਰਫੈਲ ਨੂੰ ਰਫਐਲ ਲਾਅ | ਇਨ੍ਹੀਂ ਦਿਨੀਂ ਰਫੈਲ ਦ ਬਹੁਤ ਪੁਆੜਾ ਹੈ, ਹੈ ਤਾਂ ਨਾਂਅ ਫਰਾਂਸ 'ਚ ਫਰਾਂਸ ਦੀ ਇਕ ਕੰਪਨੀ ਵਲੋਂ ਤਿਆਰ ਕੀਤੇ ਜਾਂਦੇ ਲੜਾਕੂ ਹਵਾਈ ਜਹਾਜ਼ ਦਾ ਨਾਂ ਪਰ ਸਿਰਫ਼ ਪੰਜਾਬੀਆਂ ਵਲੋਂ ਹੀ ਨਹੀਂ ਹਿੰਦੀ ਅਤੇ ਦੂਜੀਆਂ ਕਈ ਬੋਲੀਆਂ ਵਾਲੇ ਵੀ ਇਸ ਦਾ ਉਚਾਰਨ ਸਹੀ ਨਹੀਂ ਕਰ ਸਕਦੈ | ਕੋਈ ਰਿਫੈਲ ਕਹਿੰਦਾ ਹੈ, ਕੋਈ ਰੀਫੇਲ ਕੋਈ ਰਿਫਾਇਲ, ਕੋਈ ਰੈਫਲ, ਕੋਈ ਰਾਫੇਲ ਅਤੇ ਪਤਾ ਨਹੀਂ ਕਈ ਹੋਰ, ਇਸ ਤਰ੍ਹਾਂ ਇਸ ਦਾ ਉਚਾਰਨ ਕਰਦੇ ਹਨ ਪਰ ਇਕ ਗੱਲ ਪੱਕੀ ਹੈ ਕਿ ਸਭਨਾਂ ਦੇ ਨਿਵੇਕਲੇ ਆਪਣੇ ਹਿਸਾਬ ਵਾਲੇ ਉਚਾਰਨ 'ਚ ਅੱਖਰ 'ਚ 'ਫੱਫਾ' ਤੇ 'ਲੱਲਾ' ਜ਼ਰੂਰ ਸ਼ਾਮਿਲ ਹਨ |
ਮੈਨੂੰ ਕਈਆਂ ਨੇ ਪੁੱਛਿਆ ਹੈ, 'ਇਹ ਰਿਫੈਲ ਵਾਲਾ ਮਾਮਲਾ ਕੀ ਹੈ?'
ਮੈਂ ਕਿਹਾ, 'ਰਾਹੁਲ ਦਾ ਫੈਲ ਹੈ |'
'ਪਾਣੀ ਵਿਚ ਮਧਾਣੀ, ਕਾਂਗਰਸ ਦਾ ਰੇੜਕਾ ਹੈ, ਰਾਹੁਲ ਜੀ ਦੇ ਕਹਿਣ 'ਤੇ ਕਾਂਗਰਸੀ ਰਿੜਕ ਰਹੇ ਹਨ | ਪਾਣੀ ਵਿਚ ਮਧਾਣੀ ਜਿੰਨਾ ਮਰਜ਼ੀ ਐ ਰਿੜਕੀ ਜਾਓ, ਨਿਕਲਣਾ ਤਾਂ ਕੁਝ ਹੈ ਈ ਨਹੀਂ... |
ਦੁੱਧ ਵਿਚ ਮਧਾਣੀ ਜਾਂ ਦਹੀਂ ਵਿਚ ਮਧਾਣੀ... ਰਿੜਕੋ ਤਾਂ ਮੱਖਣ ਜ਼ਰੂਰ ਨਿਕਲਦਾ ਹੈ |
ਰਾਹੁਲ ਜੀ ਨੇ ਅਮੇਠੀ 'ਚ ਆਪਣੇ ਵੋਟਰਾਂ ਨੂੰ ਸੰਬੋਧਨ ਕਰਦਿਆਂ ਉਚਾਰਿਆ, 'ਹੁਣ ਮਜ਼ਾ ਆਏਗਾ... ਦੋ ਮਹੀਨੇ ਹੋਰ ਵੇਖੋ, ਹੋਰ ਮਜ਼ਾ ਆਏਗਾ |'
ਰਾਫੇਲ ਜਹਾਜ਼ ਦੀ ਲੋੜ ਹੈ, ਸਾਡੀ ਏਅਰ ਫੋਰਸ ਨੂੰ , ਦੇਸ਼ਦੀ ਰੱਖਿਆ ਹਿਤ-ਰਾਹੁਲ ਜੀ ਅਨੁਸਾਰ 126 ਰਾਫੇਲ ਜਹਾਜ਼ਾਂ ਦੀ ਮੰਗ ਕੀਤੀ ਸੀ ਏਅਰ ਫੋਰਸ ਨੇ... ਅਜੇ 14 ਸਾਲ ਤੋਂ ਉੱਪਰ ਹੋ ਗਏ ਹਨ, ਕਾਂਗਰਸ ਵਾਲੀ ਯੂ.ਪੀ.ਏ. ਸਰਕਾਰ ਨੇ ਅਜੇ ਤਾੲੀਂ ਇਕ ਰਾਫੇਲ ਜਹਾਜ਼ ਵੀ ਨਹੀਂ ਦਿੱਤਾ, ਰਾਫੇਲ ਜਹਾਜ਼ ਏਅਰ ਫੋਰਸ ਨੂੰ ਦੇਣ 'ਚ ਫੇਲ੍ਹ ਹੋਈ ਹੈ ਕਾਂਗਰਸ ਸਰਕਾਰ... ਪ੍ਰੇਸ਼ਾਨ ਹੈ ਦੇਸ਼ ਦੀ ਰੱਖਿਆ ਕਰਨ ਵਾਲੀ ਏਅਰ ਫੋਰਸ, ਰਾਹੁਲ ਜੀ ਮਜ਼ੇ ਲੈ ਰਹੇ ਹਨ, 'ਫੈਲ' ਆਪਣਾ ਹੈ, ਰੌਲਾ ਪਾ ਰਹੇ ਹਨ...
ਰਾਫੇਲ... ਰਾਫੇਲ... ਰਾਫੇਲ...
ਦੇਸ਼ ਦੇ ਚੌਕੀਦਾਰ ਦਾ ਫੈਲ
ਫੇਲ੍ਹ ਹੋ ਗਿਆ ਚੌਕੀਦਾਰ
ਦੇਸ਼ ਵਾਸੀਓ... ਜਾਗਦੇ ਰਹੋ |
ਰਾਹੁਲ ਜੀ ਮਜ਼ੇ ਲੈਂਦੇ, ਹੱਦ ਹੋ ਗਈ? ਨਾ ਜੀ ਨਾ, ਹੱਦ ਨਾਲੋਂ ਵੱਧ ਹੋ ਗਈ... ਰਾਹੁਲ ਜੀ ਨੇ 'ਚੋਰਾਂ ਦੀ ਚਾਕਰੀ' ਨੂੰ ਚਾਰ ਚੰਨ ਲਾ ਦਿੱਤੇ ਹਨ... ਨੈਸ਼ਨਲ ਹੈਰਾਲਡ ਕੇਸ 'ਚ ਕਰੋੜਾਂ ਦੀ ਹੇਰਾਫੇਰੀ ਕਰਨ ਦੇ ਦੋਸ਼ 'ਚ ਰਾਹੁਲ ਜੀ, ਮਸੀਂ ਸੋਨੀਆ ਸਮੇਤ ਦਿੱਲੀ ਦੀ ਪਟਿਆਲਾ ਕੋਰਟ ਵਲੋਂ 50-50 ਹਜ਼ਾਰ ਦੇ ਮੁਚਲਕੇ 'ਤੇ ਜ਼ਮਾਨਤ 'ਤੇ ਬਾਹਰ ਹਨ |
ਰਾਹੁਲ ਜੀ ਬੇਸ਼ੱਕ ਤਾਜ਼ਾ-ਤਾਜ਼ਾ ਸ਼ਿਵ ਭਗਤ ਬਣੇ ਹਨ, ਪਰ ਪ੍ਰਭੂ ਈਸਾ ਮਸੀਹ ਨੂੰ ਜ਼ਰੂਰ ਜਾਣਦੇ ਹੋਣਗੇ | ਈਸਾ ਮਸੀਹ ਨੇ ਕੀ ਮਤ ਦਿੱਤੀ ਸੀ, ਜਦ ਲੋਕਾਂ ਦੀ ਇਕ ਭੀੜ, ਇਕ ਇਸਤਰੀ ਨੂੰ ਵਿਭਚਾਰਨੀ ਜਾਣ, ਉਸ ਨੂੰ ਪੱਥਰ ਮਾਰ-ਮਾਰ ਕੇ ਮਾਰਨ ਮਾਰਨ ਲਈ ਤਿਆਰ ਖੜ੍ਹੀ ਸੀ, ਪਰ ਈਸਾ ਮਸੀਹ ਨੇ ਆਖਿਆ ਸੀ, ਪਹਿਲਾ ਪੱਥਰ ਉਹ ਮਾਰੇ ਜਿਸ ਨੇ ਖੁਦ ਕਦੇ ਕੋਈ ਪਾਪ ਨਾ ਕੀਤਾ ਹੋਵੇ | ਸਭ ਦੇ ਹੱਥਾਂ 'ਚੋਂ ਪੱਥਰ ਡਿੱਗ ਪਏ ਸਨ ਤੇ ਸ਼ਰਮ ਨਾਲ ਸਿਰ ਨੀਵੇਂ ਹੋ ਗਏ ਸਨ |
ਏਨਾ ਕਹਿਣਾ ਹੀ ਬਹੁਤ ਏ ਰਾਹੁਲ ਜੀ |
ਸਮਝ ਤੁਝ ਕੋ ਮਗਰ ਆਤੀ ਨਹੀਂ |
ਕੋਈ ਸਬੂਤ ਨਹੀਂ, ਕੋਈ ਤੱਥ ਨਹੀਂ, ਬਸ ਗੋੋਇਬਲਜ਼ ਦਾ ਫਾਰਮੂਲਾ ਵਰਤੀ ਜਾਓ, ਕਿ ਵਾਰ-ਵਾਰ ਖਾਹਮੁਖਾਹ ਦਾ ਇਲਜ਼ਾਮ ਦੁਹਰਾਈ ਜਾਓ, 'ਚੌਕੀਦਾਰ ਚੋਰ ਹੈ |'
ਲਟਪਟ ਪੰਛੀ ਚਤੁਰ ਸੁਜਾਨ,
ਸਭ ਕਾ ਦਾਤਾ ਸ੍ਰੀ ਭਗਵਾਨ |
ਐਸ ਸਮੇਂ ਨਰਿੰਦਰ ਭਾਈ ਮੋਦੀ, ਭਾਰਤ ਦੇ ਪ੍ਰਧਾਨ ਮੰਤਰੀ ਹਨ, ਜਿਹੜੇ ਬਚਪਨ 'ਚ ਰੇਲਵੇ ਸਟੇਸ਼ਨ 'ਤੇ ਚਾਹ ਵੇਚਿਆ ਕਰਦੇ ਸਨ, ਸਮੇਂ ਦੇ ਰਾਸ਼ਟਰਪਤੀ ਕੋਵਿੰਦ ਜੀ ਨੀਵੀਂ ਜਾਤ ਦੇ, ਘਾਹ ਪੱਤੀਆਂ ਦੀ ਬਣੀ ਝੁੱਗੀ 'ਚ ਨਿਵਾਸ ਕਰਦੇ ਸਨ, ਜਦ ਮੀਂਹ ਵਰ੍ਹਦਾ ਸੀ ਤਾਂ ਉਹ ਭੈਣ-ਭਰਾਵਾਂ ਨਾਲ ਅੰਦਰ ਕੱਚੀਆਂ ਕੰਧਾਂ ਨਾਲ ਲੱਗ ਕੇ ਖੜ੍ਹੇ ਹੋ ਜਾਂਦੇ ਸਨ, ਕਿਉਂਕਿ ਛੱਤਾਂ 'ਚੋਂ ਪਾਣੀ ਚੋਂਦਾ ਸੀ | ਭਲਾ ਰਾਹੁਲ ਜੀ ਨੇ ਸਾਰੀ ਉਮਰ ਕੰਮ ਕੀ ਕੀਤਾ ਹੈ? ਇਕ ਡੱਕਾ ਤੱਕ ਨਹੀਂ ਤੋੜਿਆ ਚਾਂਦੀ ਸੋਨੇ ਦੀਆਂ ਚਮਚਾ ਨਾਲ ਘੁੱਟੀ ਮਿਲੀ, ਜ਼ਿੰਦਗੀ ਭਰ ਮੌਜਾਂ ਹੀ ਮੌਜਾਂ | ਤੁਹਾਡੇ ਵਾਂਗ ਇਨ੍ਹਾਂ ਦੋਵਾਂ ਹਸਤੀਆਂ ਪਾਸ ਕਾਰਾਂ ਨਹੀਂ ਸਨ |
ਪਾਠਕੋ, ਤੁਸਾਂ ਪ੍ਰਭਾਤ ਹੋਣ ਤੋਂ ਪਹਿਲਾਂ ਹੀ ਮਸੀਤ 'ਚੋਂ ਮੁੱਲਾਂ ਦੀ ਦਿੱਤੀ ਬਾਂਗ ਸ਼ਾਇਦ ਹੀ ਸੁਣੀ ਹੋਵੇਗੀ, ਰਾਹੁਲ ਜੀ ਦੀ ਬਾਂਗ ਵਾਰ-ਵਾਰ ਸੁਣੀ ਹੋਵੇਗੀ 'ਮੋਦੀ ਚੋਰ ਹੈ... ਮੋਦੀ ਚੋਰ ਹੈ... |'
ਇਲਜ਼ਾਮ ਇਹ ਹੈ, 'ਰਾਫੇਲ ਡੀਲ' ਕਿ ਯੂ.ਪੀ.ਏ. ਵਾਲੀ ਕਾਂਗਰਸ ਸਰਕਾਰ ਦੇ ਸਮੇਂ ਇਸੇ ਰਾਫੇਲ ਜਹਾਜ਼ ਨੂੰ 576 ਕਰੋੜ ਰੁਪਿਆਂ 'ਚ ਖਰੀਦਿਆ ਗਿਆ ਸੀ (ਰਾਹੁਲ ਜੀ ਨੇ ਇਹੋ ਦਾਅਵਾ ਕੀਤਾ ਹੈ) ਪਰ ਮੋਦੀ ਜੀ ਦੀ ਮੌਜੂਦਾ ਸਰਕਾਰ ਨੇ ਉਸੇ ਜਹਾਜ਼ ਨੂੰ 17600 ਕਰੋੜ 'ਚ ਕਿਉਂ ਖਰੀਦਿਆ ਹੈ | ਖਰੀਦਿਆ ਕਾਹਨੂੰ? ਰਾਹੁਲ ਜੀ ਦੀ ਪਸੰਦੀਦਾ ਯੂ.ਪੀ.ਏ. ਸਰਕਾਰ ਨੇ ਤਾਂ ਰਾਫੇਲ ਦਾ ਇਕ ਪਰ ਵੀ ਨਹੀਂ ਖਰੀਦਿਆ | ਰਾਫੇਲ ਦਾ ਰੀਫਿਲ ਵੀ ਨਹੀਂ ਖਰੀਦਿਆ | ਪਹਿਲਾ ਰਾਫੇਲ ਜਿਹੜਾ ਅਗਲੇਰੇ ਮਹੀਨੇ ਭਾਰਤ ਵਿਚ ਆਏਗਾ, ਉਹ ਭਾਰਤ ਦੀ ਮੋਦੀ ਸਰਕਾਰ ਨੇ ਹੀ ਖਰੀਦਿਆ ਹੈ, ਬਾਕੀ ਦੇ 25 ਜਹਾਜ਼ ਪਿੱਛੇ-ਪਿੱਛੇ ਆ ਜਾਣਗੇ | ਰਾਹੁਲ ਜੀ 'ਤੇ ਉਨ੍ਹਾਂ ਦੀ ਕਾਂਗਰਸ ਨੇ ਇਹ ਸ਼ੋਰ ਮਚਾਇਆ ਹੈ ਕਿ 126 ਰਾਫੇਲ ਜਹਾਜ਼ਾਂ ਦੀ ਲੋੜ ਹੈ, ਉਹ ਕਿਉਂ ਨਹੀਂ ਆਏ |
ਰਾਹੁਲ ਜੀ, ਰਾਫੇਲ ਜਹਾਜ਼ ਅੰਬਰਸਰ ਦੇ ਪਾਪੜ ਨਹੀਂ ਹਨ ਕਿ 126 ਦੇ 126 ਇਕੋ ਪੈਕਿਟ ਵਿਚ ਬੰਦ ਹੋ ਕੇ ਆ ਜਾਣਗੇ | ਗੱਲਾਂ ਕੀ ਨੇ... ਹਵਾ-ਹਵਾਈ |
ਇਕ ਹੋਰ ਇਲਜ਼ਾਮ ਹੈ, ਰਾਹੁਲ ਜੀ ਦਾ ਕਾਂਗਰਸ ਦਾ ਕਿ ਮੋਦੀ ਜੀ ਇਸ ਮਾਮਲੇ 'ਚ ਚੁੱਪ ਕਿਉਂ ਹਨ? ਜਵਾਬ ਕਿਉਂ ਨਹੀਂ ਦਿੰਦੇ?
ਮੈਨੂੰ ਸਵਰਗੀ ਦਾਰਾ ਸਿੰਘ ਜੀ ਦਾ ਇਕ ਜਵਾਬ ਯਾਦ ਆ ਗਿਆ ਹੈ, ਉਨ੍ਹਾਂ ਭਾਰਤੀ ਫ਼ੌਜਾਂ ਵਲੋਂ ਬੰਗਲਾਦੇਸ਼ ਬਣਾਉਣ ਲਈ, ਪਾਕਿਸਤਾਨੀ ਫ਼ੌਜਾਂ ਨੂੰ ਜਿਹੜੀ ਸ਼ਿਕਸਤ ਦਿੱਤੀ ਗਈ ਸੀ, ਉਸ 'ਤੇ ਇਕ ਫਿਲਮ ਦੀ ਸ਼ੂਟਿੰਗ ਕਰ ਰਹੇ ਸਨ | ਸੀਨ ਇਉਂ ਸੀ ਕਿ ਜਦ ਭਾਰਤੀ ਫ਼ੌਜੀਆਂ ਕੋਲ ਸਭ ਅਸਲ੍ਹਾ ਖਤਮ ਹੋ ਗਿਆ ਸੀ ਤਾਂ ਭਾਰਤੀ ਫ਼ੌਜੀਆਂ ਨੂੰ ਹੱਥਾਂ ਦੀ ਲੜਾਈ ਭਾਵ ਮੁੱਕੋ-ਮੁੱਕੀ ਹੋਣਾ ਪਿਆ ਸੀ ਕਿਉਂਕਿ ਦਾਰਾ ਜੀ ਖੁਦ ਭਲਵਾਨ ਸਨ, ਇਸ ਲਈ ਉਨ੍ਹਾਂ ਦੇ ਜਿੰਨੇ ਸਾਥੀ ਸਨ ਸਭੇ ਪਹਿਲਵਾਨ ਸਨ ਜੋ ਹਿੰਦੁਸਤਾਨੀ ਤੇ ਪਾਕਿਸਤਾਨੀ ਫ਼ੌਜੀ ਬਣੇ ਹੋਏ ਸਨ | ਕਿਉਂਕਿ ਫਿਲਮ 'ਚ ਦਿਖਾਈ ਗਈ ਲੜਾਈ ਨਕਲੀ ਹੁੰਦੀ ਹੈ, ਸਾਰੇ ਪਹਿਲਵਾਨ ਵੀ ਨਕਲੀ, ਮੁੱਕੋ ਮੁੱਕੀ ਹੋਏ, ਨਾਲ ਹੀ ਉੱਚੀ-ਉੱਚੀ ਹਾਏ, ਉਹ ਉਫ ਦਾ ਸ਼ੋਰ ਵੀ ਕਰ ਰਹੇ ਸਨ | ਕੈਮਰਾਮੈਨ ਬਲਦੇਵ ਸਿੰਘ ਸੀ | ਸਾਹਮਣੇ ਫ਼ੌਜਾਂ ਦੀ ਲੜਾਈ ਜਾਰੀ ਸੀ | ਦਾਰਾ ਜੀ ਨੇ ਹੌਲੀ ਜਿਹੀ ਆ ਕੇ ਕੈਮਰਾਮੈਨ ਨੂੰ ਕਿਹਾ, 'ਕੱਟ |' ਕੈਮਰਾਮੈਨ ਨੇ ਕੈਮਰਾ ਬੰਦ ਕਰ ਦਿੱਤਾ | ਪਰ ਸਾਹਮਣੇ ਲੜ ਰਹੇ ਭਲਵਾਨ ਅਜੇ ਵੀ ਆਪਸ 'ਚ ਗੁਥਮ-ਘੁੱਥਾ ਹੋ ਰਹੇ ਸਨ ਤੇ ਜ਼ੋਰ-ਜ਼ੋਰ ਨਾਲ ਊਹ-ਉਫ਼ ਕਰੀ ਜਾ ਰਹੇ ਸਨ | ਕੈਮਰਾਮੈਨ ਬਲਦੇਵ ਸਿੰਘ ਨੇ ਦਾਰਾ ਜੀ ਨੂੰ ਹੌਲੀ ਜਿਹੇ ਕਿਹਾ, ਦਾਰਾ ਜੀ, ਉਨ੍ਹਾਂ ਨੂੰ ਵੀ 'ਕੱਟ' ਆਖੋ ਨਾ | ਦਾਰਾ ਜੀ ਨੇ ਹੱਸ ਕੇ ਕਿਹਾ, 'ਉਹ ਆਪੇ ਲੜ-ਲੜ ਕੇ ਥੱਕ ਜਾਣਗੇ, ਤੂੰ ਕੈਮਰਾ ਚੁੱਕ ਕੇ ਐਧਰ ਆ ਜਾ |'
ਬਸ, ਮੋਦੀ ਸਾਹਿਬ ਨੂੰ ਵੀ ਪਤਾ ਹੈ, ਰਾਹੁਲ ਜੀ ਪਾਣੀ 'ਚ ਮਧਾਣੀ ਮਾਰ ਰਹੇ ਹਨ, ਲੱਗੇ ਰਹਿਣ ਦਿਓ, ਇਨ੍ਹਾਂ ਨੂੰ ਕਾਂਗਰਸੀਆਂ ਸੰਗ ਰੌਲਾ ਪਾਈ ਜਾਣ ਦਿਓ, ਵਿਚੋਂ ਨਿਕਲਣਾ ਹੈ ਕੁਝ ਨਹੀਂ ਆਪੇ ਰੌਲਾ ਪਾ ਪੂ ਕੇ ਥੱਕ ਕੇ ਅੱਕ ਕੇ ਚੁੱਪ ਹੋ ਜਾਣਗੇ |
ਰਾਫੇਲ ਦਾ ਰੌਲਾ,
ਪਾਣੀ ਵਿਚ ਮਧਾਣੀ, ਇਨ੍ਹਾਂ ਰਿੜਕੀ ਜਾਣੀ,
ਰਿੜਕ ਰਿੜਕ ਕੇ ਇਕ ਦਿਨ ਕਾਂਗੋ ਥੱਕ ਜਾਣੀ |
ਰਾਫੇਲ, ਰਫ ਫੈਲ ਇਨ੍ਹਾਂ ਦੀ ਹੋਈ ਖਤਮ ਕਹਾਣੀ |

ਰਿਸ਼ਤੇ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
• ਜੋ ਜਿਸ ਤਰ੍ਹਾਂ ਦਾ ਹੈ, ਉਸ ਨੂੰ ਉਸੇ ਰੂਪ ਵਿਚ ਅਪਨਾ ਲਓ, ਰਿਸ਼ਤੇ ਨਿਭਾਉਣੇ ਸੌਖੇ ਹੋ ਜਾਣਗੇ |
• ਰਿਸ਼ਤੇ ਦਾ ਸਭ ਤੋਂ ਕੌੜਾ ਰੂਪ ਫਰੇਬ ਹੁੰਦਾ ਹੈ | ਮੇਰੇ ਖਿਆਲ ਵਿਚ ਧੋਖਾ ਕਤਲ ਤੋਂ ਵੀ ਉੱਤੇ ਦਾ ਜੁਰਮ ਹੈ, ਕਿਉਂਕਿ ਪਿੱਠ 'ਤੇ ਵਾਰ, ਭਰੋਸਾ ਜਿੱਤ ਕੇ ਕੀਤਾ ਜਾਂਦਾ ਹੈ |
• ਰਿਸ਼ਤੇ ਜਿਊਾਦੇ ਰੱਖਣ ਲਈ ਮੁਲਾਕਾਤ ਜ਼ਰੂਰੀ ਹੈ | ਜੇਕਰ ਲਾ ਕੇ ਭੁੱਲ ਜਾਈਏ ਤਾਂ ਬੂਟੇ (ਪੌਦੇ) ਵੀ ਸੁੱਕ ਜਾਂਦੇ ਹਨ |
• ਜਦੋਂ ਨਹੰੁ ਵਧਦੇ ਹਨ ਤਾਂ ਨਹੰੁ ਹੀ ਕੱਟੇ ਜਾਂਦੇ ਹਨ, ਨਾ ਕਿ ਉਂਗਲੀਆਂ | ਜਦੋਂ ਰਿਸ਼ਤਿਆਂ ਵਿਚ ਕੁੜੱਤਣ (ਤਰੇੜ) ਆਉਂਦੀ ਹੈ ਤਾਂ ਲੋੜ ਹੈ ਕੁੜੱਤਣ ਕੱਢਣ ਦੀ, ਨਾ ਕਿ ਰਿਸ਼ਤੇ ਛੱਡਣ ਦੀ |
• ਰਿਸ਼ਤੇ ਪੰਛੀਆਂ ਦੇ ਸਮਾਨ ਹੁੰਦੇ ਹਨ | ਜ਼ੋਰ ਨਾਲ ਫੜੋ ਤਾਂ ਮਰ ਸਕਦੇ ਹਨ, ਹੌਲੀ ਫੜੋ ਤਾਂ ਉੱਡ ਸਕਦੇ ਹਨ, ਪਰ ਪਿਆਰ ਨਾਲ ਫੜ ਕੇ ਰੱਖੋਗੇ ਤਾਂ ਜ਼ਿੰਦਗੀ ਭਰ ਕੋਲ ਰਹਿੰਦੇ ਹਨ |
• ਰਿਸ਼ਤਿਆਂ ਵਿਚ ਪਈ ਤਰੇੜ, ਸਮੇਂ ਨਾਲ ਭਰ ਜ਼ਰੂਰ ਜਾਂਦੀ ਹੈ ਪਰ ਇਸ ਦਾ ਨਿਸ਼ਾਨ ਕਦੀ ਨਹੀਂ ਮਿਟਦਾ |
• ਹਰ ਰਿਸ਼ਤੇ ਵਿਚ ਪਿਆਰ ਵਧੇਗਾ, ਬਸ ਸ਼ਰਤ ਇੰਨੀ ਕੁ ਹੈ ਕਿ ਰਿਸ਼ਤਿਆਂ ਵਿਚ ਸ਼ਰਾਰਤਾਂ ਕਰੋ, ਸਾਜਿਸ਼ਾਂ ਨਹੀਂ |
• ਮਿੱਤਰ ਜਾਂ ਸਬੰਧੀ ਨੂੰ ਗ਼ਲਤ ਰਾਹ ਤੋਂ ਹਟਾ ਕੇ ਚੰਗੇ ਰਾਹ 'ਤੇ ਲਿਆਉਣਾ ਉਸ ਦਾ ਬਹੁਤ ਵੱਡਾ ਉਪਕਾਰ ਕਰਨਾ ਹੈ |
• ਰਿਸ਼ਤਾ ਤਾਂ ਹੀ ਕਾਇਮ ਰਹਿ ਸਕਦਾ ਹੈ ਜਦੋਂ ਦੋਵਾਂ ਪਾਸਿਆਂ ਤੋਂ ਭਾਵਨਾਵਾਂ ਦਾ ਪ੍ਰਵਾਹ ਬਰਾਬਰ ਹੋਵੇ |
• ਕਰੀਬ ਏਨਾ ਰਹੋ ਕਿ ਰਿਸ਼ਤਿਆਂ 'ਚ ਪਿਆਰ ਰਹੇ, ਦੂਰ ਵੀ ਏਨਾ ਨਾ ਰਹੋ ਕਿ ਆਉਣ ਦਾ ਇੰਤਜ਼ਾਰ ਰਹੇ | ਰੱਖੋ ਉਮੀਦ ਰਿਸ਼ਤਿਆਂ ਦੇ ਵਿਚਕਾਰ ਇੰਨੀ ਕੁ ਟੁੱਟ ਜਾਏ ਉਮੀਦ ਪਰ ਰਿਸ਼ਤੇ ਬਰਕਰਾਰ ਰਹਿਣ |
• ਰਿਸ਼ਤੇ ਗ਼ਲਤੀਆਂ ਨਾਲ ਨਹੀਂ ਸਗੋਂ ਗ਼ਲਤ ਫਹਿਮੀਆਂ ਨਾਲ ਟੁੱਟਦੇ ਹਨ |
• ਵਟਸਐਪ ਤੇ ਫੇਸਬੁੱਕ ਹੀ ਅੱਜਕਲ੍ਹ ਦੇ ਬੱਚਿਆਂ ਦਾ ਪਰਿਵਾਰ, ਭੈਣ-ਭਰਾ ਅਤੇ ਦੋਸਤ-ਮਿੱਤਰ ਬਣ ਕੇ ਰਹਿ ਗਏ ਹਨ ਅਤੇ ਅਸਲੀ ਪਰਿਵਾਰਕ ਰਿਸ਼ਤੇ ਬੇਮਾਅਨੇ ਹੋ ਰਹੇ ਹਨ |
• ਜੀਵਨ ਵਿਚ ਚਾਰ ਚੀਜ਼ਾਂ ਕਦੇ ਨਾ ਤੋੜੋ-ਵਿਸ਼ਵਾਸ, ਰਿਸ਼ਤਾ, ਦਿਲ ਤੇ ਵਚਨ ਕਿਉਂਕਿ ਇਹ ਜਦੋਂ ਟੁੱਟਦੇ ਹਨ ਤਾਂ ਆਵਾਜ਼ ਨਹੀਂ ਆਉਂਦੀ ਪਰ ਦਰਦ ਬਹੁਤ ਹੁੰਦਾ ਹੈ |
• ਚੁੱਪ ਵਿਅਕਤੀ ਦੁਆਰਾ ਸਿਰਜੇ ਰਿਸ਼ਤੇ ਵੀ ਜ਼ਿਆਦਾ ਹੰਢਣਸਾਰ ਅਤੇ ਮੁਲਾਇਮ ਹੁੰਦੇ ਹਨ |
• ਦਿਲ ਦੀ ਗੱਲ ਸਾਫ਼-ਸਾਫ਼ ਕਹਿ ਦੇਣੀ ਚਾਹੀਦੀ ਹੈ ਕਿਉਂਕਿ ਗੱਲ ਦੱਸਣ ਨਾਲ ਫੈਸਲੇ ਹੁੰਦੇ ਹਨ ਤੇ ਨਾ ਦੱਸਣ ਨਾਲ ਫਾਸਲੇ |
• ਅਕਸਰ ਉਹੀ ਰਿਸ਼ਤੇ ਟੁੱਟਦੇ ਹਨ ਜਿਨ੍ਹਾਂ ਨੂੰ ਸੰਭਾਲਣ ਦੀ ਇਕੱਲਿਆਂ ਕੋਸ਼ਿਸ਼ ਕੀਤੀ ਜਾਂਦੀ ਹੈ |
• ਹਾਸਾ ਤੇ ਪਿਆਰ ਰਿਸ਼ਤਿਆਂ ਨੂੰ ਖੂਬਸੂਰਤੀ ਦਿੰਦਾ ਹੈ | ਸਿਹਤਮੰਦ ਸਬੰਧਾਂ ਵਾਲੇ ਪਰਿਵਾਰ 'ਚ ਹਾਸਾ ਅਹਿਮ ਕਿਰਦਾਰ ਨਿਭਾਉਂਦਾ ਹੈ | ਔਰਤਾਂ ਮਰਦਾਂ ਦੇ ਮੁਕਾਬਲੇ ਜ਼ਿਆਦਾ ਹੱਸਦੀਆਂ ਹਨ |
• ਇਕ ਦਿਨ ਅਸੀਂ ਸਾਰੇ ਇਕ-ਦੂਜੇ ਨੂੰ ਸਿਰਫ਼ ਇਹ ਸੋਚ ਕੇ ਗੁਆ ਬੈਠਾਂਗੇ ਕਿ ਉਹ ਮੈਨੂੰ ਯਾਦ ਨਹੀਂ ਕਰਦਾ ਤੇ ਮੈਂ ਕਿਉਂ ਕਰਾਂ?
• ਸਾਨੂੰ ਹਰ ਰਿਸ਼ਤੇ ਨੂੰ ਸਮਾਂ ਦੇਣਾ ਚਾਹੀਦਾ ਹੈ | ਕੀ ਪਤਾ ਕੱਲ੍ਹ ਸਾਡੇ ਕੋਲ ਸਮਾਂ ਹੋਵੇ ਪਰ ਕੋਈ ਰਿਸ਼ਤਾ ਨਾ ਹੋਵੇ |
• ਰਿਸ਼ਤਿਆਂ ਦੀਆਂ ਗੱਲਾਂ ਬਸ ਦਿਲ ਤੱਕ ਰੱਖੋ ਕਿਉਂਕਿ ਦਿਮਾਗ਼ ਚਲਾਕ ਹੈ, ਹਿਸਾਬ ਲਏਗਾ |
• ਬਹੁਤ ਨਿਮਰਤਾ ਚਾਹੀਦੀ ਹੈ ਰਿਸ਼ਤਿਆਂ ਨੂੰ ਨਿਭਾਉਣ ਲਈ | ਛਲ-ਕਪਟ ਨਾਲ ਤਾਂ ਸਿਰਫ਼ ਮਹਾਂਭਾਰਤ ਰਚੀ ਜਾਂਦੀ ਹੈ |
• ਖਵਾਹਿਸ਼ ਸਭ ਦੀ ਹੁੰਦੀ ਹੈ ਕਿ ਰਿਸ਼ਤੇ ਸੁਧਾਰੀਏ ਪਰ ਚਾਹਤ ਸਭ ਦੀਹੁੰਦੀ ਹੈ ਕਿ ਸ਼ੁਰੂਆਤ ਉਸ ਪਾਸੇ ਭਾਵ ਦੂਸਰੇ ਪਾਸੇ ਤੋਂ ਹੀ ਹੋਵੇ | (ਬਾਕੀ ਅਗਲੇ ਐਤਵਾਰ ਦੇ ਅੰਕ 'ਚ)

-ਮੋਬਾਈਲ : 99155-63406.

ਮਿੰਨੀ ਕਹਾਣੀਆਂ

ਅਸੀਸ
'ਭੈਣ ਜੀ, ਕੱਲ੍ਹ ਨੂੰ ਸਾਡੇ ਘਰ ਰਾਮਾਇਣ ਦਾ ਪਾਠ ਐ, ਗਿਆਰਾਂ ਤੋਂ ਬਾਰ੍ਹਾਂ ਤੇ ਫਿਰ ਲੰਗਰ, ਝਾਈ ਦੀ ਪਹਿਲੀ ਬਰਸੀ ਐ |'
ਸਾਡੀ ਗੁਆਂਢਣ ਜੋਤੀ ਸਾਨੂੰ ਸੁਨੇਹਾ ਦੇ ਕੇ ਅਗਲੇ ਘਰ ਦੀ ਬੈੱਲ ਵਜਾਉਣ ਲੱਗ ਪਈ |
'ਕਰਮਜੀਤ! ਇਹ ਜੋਤੀ ਹੁਣ ਤਾਂ ਝਾਈ ਦੀ ਬਰਸੀ 'ਤੇ ਸਾਰਿਆਂ ਨੂੰ ਲੰਗਰ 'ਤੇ ਬੁਲਾ ਰਹੀ ਹੈ, ਪਰ ਜਿਊਾਦੇ ਜੀਅ ਝਾਈ ਨੂੰ ਚੱਜ ਨਾਲ ਪੁੱਛਿਆ ਨ੍ਹੀਂ, ਰੋਟੀ ਤਾਂ ਪਤਾ ਨਹੀਂ ਕਿੰਨੀ ਵਾਰ ਘਰੋਂ ਬਣਾ ਕੇ ਤੂੰ ਝਾਈ ਨੂੰ ਦਿੰਦੀ ਹੁੰਦੀ ਸੀ', ਸੱਸ ਨੇ ਆਪਣੀ ਨੂੰ ਹ ਨਾਲ ਗੱਲ ਸਾਂਝੀ ਕੀਤੀ |
'ਤਾਹੀਓਾ ਤਾਂ ਮੰਮੀ, ਮੈਂ ਤੁਹਾਡੇ ਜਿਊਾਦੇ ਜੀਅ ਹੀ ਪੂਰੀ ਤਰ੍ਹਾਂ ਸੇਵਾ ਕਰਨ ਦੀ ਇੱਛਾ ਰੱਖਦੀ ਹਾਂ, ਬਰਸੀਆਂ-ਬੁਰਸੀਆਂ ਤਾਂ ਲੋਕ ਦਿਖਾਵਾ ਹੈ |'
'ਸ਼ਾਬਾਸ਼ ਧੀਏ, ਰੱਬ ਤੈਨੂੰ ਮੇਰੀ ਉਮਰ ਵੀ ਲਾ ਦੇਵੇ |'

-ਰਘਬੀਰ ਸਿੰਘ ਮਹਿਮੀ
220, ਗਰੀਨ ਪਾਰਕ ਕਾਲੋਨੀ, ਸਰਹਿੰਦ ਰੋਡ, ਪਟਿਆਲਾ-147004. ਮੋਬਾਈਲ : 96460-24321.

ਮਾਵਾਂ ਦੇ ਦੁੱਖ
ਇਕ ਨੌਜਵਾਨ ਕਲਾਕਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪੰਜਾਬ ਵਿੱਚ ਨਸ਼ਿਆਂ ਕਾਰਨ ਹੋ ਰਹੇ ਜਵਾਨੀ ਦੇ ਘਾਣ ਉੱਪਰ ਇਕ ਸਿੱਖਿਆਦਾਇਕ ਵੀਡੀਓ ਬਣਾ ਕੇ ਨੈੱਟ ਉੱਪਰ ਪਾ ਦਿੱਤੀ | ਨਸ਼ੇੜੀ ਦੇ ਤੌਰ 'ਤੇ ਕੀਤੀ ਉਸ ਦੀ ਐਕਟਿੰਗ ਦੀ ਹਰ ਪਾਸਿਉਂ ਬਹੁਤ ਹੀ ਸ਼ਲਾਘਾ ਹੋਈ | ਉਹ ਨੌਜਵਾਨ ਘਰ ਆ ਕੇ ਬੜੇ ਚਾਅ ਨਾਲ ਮੰਜੇ ਉੱਪਰ ਬੈਠੀ ਆਪਣੀ ਬੇਬੇ ਕੋਲ ਮੋਬਾਈਲ ਫੋਨ ਲੈ ਕੇ ਬੈਠ ਗਿਆ | 'ਲੈ ਬੇਬੇ ਤੈਨੂੰ ਦਿਖਾਵਾਂ, ਤੇਰੇ ਪੁੱਤ ਨੇ ਵੀ ਇਕ ਵੀਡੀਓ ਬਣਾਈ ਐ' | 'ਦੇਖਾਂ, ਮੈਨੂੰ ਦਿਖਾ ਤਾਂ' ਬੇਬੇ ਬੜੇ ਚਾਅ ਜਿਹੇ ਨਾਲ ਝੱਟ ਉਸਦੇ ਕੋਲ ਨੂੰ ਹੋ ਗਈ | ''ਵੇ ਵਾਖਰੂ,..ਵੇ ਤੂੰ ਵੀ,.. ਵੇ ਆਹ ਕੀ?' ਵੀਡੀਓ ਦੇਖਦੀ ਹੋਈ ਬੇਬੇ ਤੜਫ਼ ਉੱਠੀ | 'ਨਹੀਂ ਬੇਬੇ ਇਹ ਤਾਂ ਐਕਟਿੰਗ ਐ, ਮੈਂ ਤਾਂ ਓਕਣ ਕਰ ਕੇ ਦਿਖਾਇਐ ਜਿੱਕਣ ਨਸ਼ੇੜੀ ਕਰਦੇ ਹੁੰਦੇ ਆ | ਤੂੰ ਬੈਠ ਤਾਂ ਸਹੀ...,' ਨੌਜਵਾਨ ਨੇ ਬਾਂਹ ਫੜ ਕੇ ਬੇਬੇ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ | 'ਜਾਹ ਤੂੰ ਦਫਾ ਹੋ ਇਥੋਂ,ਮੈਨੂੰ ਨੀ ਪਤਾ | ਮੈਂ ਨੀ ਦੇਖ ਸਕਦੀ ਤੈਨੂੰ ਐਹੋ ਜਿਹਾ ਕੁਸ ਕਰਦੇ ਨੂੰ ' | ਪੂਰੀ ਭਖੀ ਹੋਈ ਬੇਬੇ ਬਾਂਹ ਛੁਡਾ ਕੇ ਤੁਰ ਚੱਲੀ | ਨੌਜਵਾਨ ਨੇ ਬੇਬੇ ਦਾ ਹੱਥ ਫੜਨ ਦੀ ਕੋਸ਼ਿਸ਼ ਕੀਤੀ, 'ਤੂੰ ਸੁਣ ਤਾਂ ਸਈ ਬੇਬੇ..ਇਹ ਤਾਂਸ਼.' | 'ਬੱਸ ਚੁੱਪ ਕਰ ਜਾ | ਮੈਥੋਂ ਨੀ ਦੇਖ ਹੁੰਦਾ ਐਹੋ ਜਿਹਾ ਕੁਸ | ਤੁਸੀਂ ਕੀ ਜਾਣੋਂ ਮਾਵਾਂ ਦੇ ਦੁੱਖ |' ਬੇਬੇ ਅੱਖਾਂ ਪੂੰਝਦੀ ਹੱਥ ਛੁਡਾ ਕੇ ਤੁਰ ਗਈ | ਨੌਜਵਾਨ ਨੇ ਮੱਥੇ 'ਤੇ ਹੱਥ ਮਾਰਿਆ | ਪਰ ਅੱਜ ਉਸ ਨੂੰ ਪੰਜਾਬ ਦੀਆਂ ਭੋਲੀਆਂ ਬੇਬਿਆਂ ਦੇ ਮਨਾਂ 'ਤੇ ਪਈ ਮੌਜੂਦਾ ਮਾਹੌਲ ਦੀ ਦਹਿਸ਼ਤ ਦੀ ਪੂਰੀ ਤਰ੍ਹਾਂ ਸਮਝ ਆ ਗਈ ਸੀ |

-ਜਗਮੀਤ ਸਿੰਘ ਪੰਧੇਰ
ਪਿੰਡ ਤੇ ਡਾਕ : ਕਲਾਹੜ, ਲੁਧਿਆਣਾ-141117
ਸੰਪਰਕ : 9878337222.

ਦੇਸ਼ ਦਾ ਭਵਿੱਖ
'ਬੇਟਾ ਕਿਹੜੀ ਕਲਾਸ ਦਾ ਸਰਟੀਫਿਕੇਟ ਐ ਤੇਰਾ...?' ਸਕੂਲ ਟੀਚਰ ਨੇ ਦਾਖਲਾ ਲੈਣ ਆਏ ਲੜਕੇ ਨੂੰ ਪੁੱਛਿਆ |
'ਜੀ ਦਸਵੀਂ ਜਮਾਤ, ਫੁਲ ਹਾਜ਼ਰੀ, ਪੂਰਾ ਪਾਸ', ਮੰੁਡੇ ਨੇ ਹੁੱਬ ਕੇ ਕਿਹਾ |
'ਆਹ ਦਾਖਲਾ ਅਰਜ਼ੀ ਕਿਸ ਨੇ ਲਿਖੀ ਐ...?' ਟੀਚਰ ਦਾ ਸਵਾਲ ਸੀ |
'ਜੀ ਲਿਖੀ ਤਾਂ ਮੈਂ ਈ ਐ, ਲਿਖਵਾਈ ਮੇਰੀ ਵੱਡੀ ਭੈਣ ਨੇ ਐ |'
'ਬੇਟਾ ਨਾ ਤੇਰਾ ਆਪਣਾ, ਨਾ ਮਾਤਾ-ਪਿਤਾ ਦਾ ਅਤੇ ਨਾ ਹੀ ਸਕੂਲ ਤੇ ਪਿੰਡ ਦਾ ਨਾਂਅ ਸਹੀ ਐ, ਲਿਖ ਕੇ ਪੜ੍ਹਾਈ ਸੀ ਤੂੰ ਆਪਣੀ ਭੈਣ ਨੂੰ ... ਉਹ ਕਿੰਨਾ ਪੜ੍ਹੇ ਐ?'
'ਪੜ੍ਹਾਈ ਸੀ ਜੀ... ਉਨ੍ਹਾਂ ਪਲੱਸ ਟੂ ਪਾਸ ਕੀਤੀ ਐ ਮੇਰੇ ਵਾਂਗੂ ਹੀ ਦਸਵੀਂ ਕਰ ਕੇ...', ਮੰੁਡੇ ਦਾ ਜਵਾਬ ਸੀ |
'ਅੱਗੇ ਤੂੰ ਦਾਖਲਾ ਕਿਹੜੇ ਕੋਰਸ ਵਿਚ ਲੈਣੈ, ਪਲੱਸ-ਟੂ ਕਰ ਕੇ...?'
'ਜੀ ਮੈਂ ਤਾਂ ਇੰਜੀਨੀਅਰ ਬਣਨੈ ਡਿਗਰੀ ਕਰ ਕੇ ਤੇ ਮੇਰੀ ਭੈਣ ਨੇ ਡਾਕਟਰ ਜਾਂ ਨਰਸ...', ਮੰੁਡੇ ਨੇ ਪੱਕੇ ਵਿਸ਼ਵਾਸ ਨਾਲ ਦੱਸਿਆ |
'ਦੇਖ ਕਾਕਾ, ਅੰਗਰੇਜ਼ੀ, ਹਿਸਾਬ ਅਤੇ ਸਾਇੰਸ ਵਿਸ਼ਿਆਂ ਵਿਚ ਵਧੀਆ ਨੰਬਰ ਚਾਹੀਦੇ ਐ, ਇੰਜੀਨੀਅਰ ਅਤੇ ਡਾਕਟਰ ਬਣਨ ਲਈ... ਪਰ?'
'ਸਾਡੇ ਸਕੂਲ ਮਾਸਟਰ ਜੀ ਕਹਿੰਦੇ ਸੀ ਜਿਵੇਂ ਤੁਸੀਂ ਦਸਵੀਂ ਤੇ ਪਲੱਸ ਟੂ ਪਾਸ ਕਰ 'ਲੀ, ਏਵੇਂ ਈ ਡਾਕਟਰ ਤੇ ਇੰਜੀਨੀਅਰ ਵੀ ਬਣਜੋਂਗੇ |'
'ਬੇਟਾ ਠੀਕ ਈ ਕਹਿੰਦੇ ਸੀ, ਤੁਹਾਡੇ ਮਾਸਟਰ ਜੀ... | ਕੁਛ ਤਾਂ ਅੱਜਕਲ੍ਹ ਕੈਂਸਰ ਤੇ ਹੋਰ ਘਾਤਕ ਬਿਮਾਰੀਆਂ ਨਾਲ ਤੇ ਕੁਝ ਸੜਕ ਹਾਦਸਿਆਂ ਨਾਲ ਇਨਸਾਨ ਮਰ ਰਹੇ ਨੇ, ਤੇ ਜਦੋਂ ਤੁਹਾਡੇ ਵਰਗੇ ਡਾਕਟਰ ਤੇ ਇੰਜੀਨੀਅਰ ਬਣ ਕੇ ਆ ਗਏ ਤਾਂ ਵਧ ਰਹੀ ਆਬਾਦੀ ਤੇ ਬਿਮਾਰੀਆਂ ਦੇ ਮਸਲੇ ਦਾ ਤਾਂ ਪੱਕਾ ਹੱਲ ਹੋਇਆ ਹੀ ਸਮਝੋ |' ਮਾਸਟਰ ਜੀ ਵਿੱਦਿਆ ਅਤੇ ਦੇਸ਼ ਦੇ ਭਵਿੱਖ ਦੀ ਸੋਚ 'ਚ ਮੱਥਾ ਫੜ ਕੇ ਬੈਠ ਗਏ |

-ਲਾਲ ਸਿੰਘ ਕਲਸੀ
88 ਆਦਰਸ਼ ਨਗਰ, ਫਰੀਦਕੋਟ | ਮੋਬਾ: 98149-76639.

ਦੁਲਹਾ
ਇਕ ਆਦਮੀ ਨੇ ਬੈਂਕ ਮੈਨੇਜਰ ਨੂੰ ਆਪਣੀ ਲੜਕੀ ਦੇ ਵਿਆਹ ਲਈ ਕਰਜ਼ ਦੀ ਅਰਜ਼ੀ ਦਿੱਤੀ ਤਾਂ ਬੈਂਕ ਮੈਨੇਜਰ ਅਰਜ਼ੀ ਦੇਖ ਕੇ ਬੋਲਿਆ, ਮੁਆਫ਼ ਕਰਨਾ ਭਾਈ ਸਾਹਿਬ, ਬੈਂਕ ਵਿਆਹ ਲਈ ਕਰਜ਼ ਨਹੀਂ ਦਿੰਦਾ | ਕਰਜ਼ਾ ਉਦੋਂ ਮਿਲਦਾ ਹੈ ਜਦੋਂ ਤੁਸੀਂ ਕੁਝ ਖਰੀਦਣਾ ਹੋਵੇ ਜਿਵੇਂ ਕਾਰ, ਸਕੂਟਰ, ਮਕਾਨ, ਫਰਿੱਜ ਵਗੈਰਾ-ਵਗੈਰਾ | ਤਾਂ ਉਹ ਆਦਮੀ ਨਿਰਾਸ਼ ਨਹੀਂ ਹੋਇਆ ਤੇ ਕਹਿਣ ਲੱਗਿਆ ਠੀਕ ਹੈ ਮੈਨੇਜਰ ਸਾਹਿਬ ਮੇਰੇ ਫਾਰਮ 'ਚ ਲਿਖ ਦਿਉ ਕਿ ਮੈਂ ਦੁਲਹਾ ਖਰੀਦਣਾ ਹੈ | ਇਹ ਸੁਣ ਕੇ ਮੈਨੇਜਰ ਦਾ ਮੂੰਹ ਖੁੱਲ੍ਹੇ ਦਾ ਖੁੱਲ੍ਹਾ ਰਹਿ ਗਿਆ |

-ਭੂਪਿੰਦਰ ਸਿੰਘ ਡਿਓਟ
ਪਿੰਡ ਸ੍ਰੀ ਭੈਣੀ ਸਾਹਿਬ, ਜ਼ਿਲ੍ਹਾ ਲੁਧਿਆਣਾ |
ਮੋਬਾਈਲ : 97796-83225.

ਸ਼ੁਕਰਾਨਾ
ਨਵਨੀਤ ਆਪਣੀ ਈਵਨਿੰਗ ਕਲਾਸ ਤੋਂ ਵਿਹਲੇ ਹੁੰਦੇ ਹੀ ਰੋਜ਼ਾਨਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਚਲੀ ਜਾਂਦੀ, ਪਰ ਪਿਛਲੇ ਕੁਝ ਦਿਨਾਂ ਤੋਂ ਉਹ ਨੋਟ ਕਰ ਰਹੀ ਸੀ ਕਿ ਇਕ ਬਦਮਾਸ਼ ਜਿਹਾ ਲਗ ਦਾ ਮੁੰਡਾ ਉਸ ਦਾ ਪਿੱਛਾ ਕਰ ਰਿਹਾ ਹੈ | ਉਹ ਕਦੇ ਉਸ ਦੇ ਕੋਚਿੰਗ ਸੈਂਟਰ 'ਤੇ ਕਦੇ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹਾ ਹੁੰਦਾ ¢
ਪਰ ਅੱਜ ਤਾਂ ਉਸ ਮੁੰਡੇ ਨੇ ਹੱਦ ਹੀ ਕਰ ਦਿੱਤੀ | ਸੈਂਟਰ ਤੋਂ ਬਾਹਰ ਨਿਕਲਦੇ ਹੀ ਉਸ ਮੁੰਡੇ ਨੇ ਉਸ ਦਾ ਰਾਹ ਰੋਕ ਲਿਆ, 'ਮੈਂ ਤੈਨੂੰ ਬਹੁਤ ਪਿਆਰ ਕਰਦੈਂ, ਬਹੁਤ ਚੰਗੀ ਲੱਗਦੀ ਐਾ ਤੂੰ ਮੈਨੂੰ¢'
'ਬਕਵਾਸ ਬੰਦ ਕਰ | ਮੈਨੂੰ ਤੇਰੇ 'ਚ ਕੋਈ ਦਿਲਚਸਪੀ ਨਹੀਂ', ਨਵਨੀਤ ਨੇ ਗੁੱਸੇ 'ਚ ਚੀਕਦੇ ਉਸ ਨੂੰ ਸਖ਼ਤ ਮਨ੍ਹਾਂ ਕਰ ਦਿੱਤਾ | ਦਿੱਖਣ ਨੂੰ ਬਦਮਾਸ਼ ਲੱਗਦਾ ਮੁੰਡਾ ਉਸ ਨੂੰ ਪੂਰਾ ਬਦਨੀਅਤ ਲੱਗਾ | ਉਸ ਦੇ ਮਨ੍ਹਾ ਕਰਨ ਦੇ ਬਾਵਜੂਦ ਉਸ ਮੁੰਡੇ ਨੇ ਉਸ ਦਾ ਖਹਿੜਾ ਨਾ ਛੱਡਿਆ ਤੇ ਵਾਰ-ਵਾਰ ਉਸ ਦਾ ਰਾਹ ਰੋਕਦਾ ਰਿਹਾ ¢
ਕਈ ਮਹੀਨੇ ਬੀਤਦੇ ਗਏ | ਦੁਖੀ ਹੋ ਕੇ ਨਵਨੀਤ ਨੇ ਉੱਥੋਂ ਕੋਚਿੰਗ ਕਲਾਸ ਵੀ ਬਦਲ ਲਈ ਪਰ ਉਹ ਉਸ ਦੇ ਮਗਰੋਂ ਨਾ ਲੱਥਾ | ਘਰ ਉਹ ਡਰਦੀ ਨਹੀ ਸੀ ਦੱਸਦੀ ਕਿ ਘਰਦੇ ਉਸ ਦੀ ਕਲਾਸ ਬੰਦ ਹੀ ਨਾ ਕਰਵਾ ਦੇਣ | ਉਹ ਪੜ੍ਹਨਾ ਚਾਹੁੰਦੀ ਸੀ | ਦਿਨੇ ਘਰ ਦਾ ਸਾਰਾ ਕੰਮ ਤੇ ਸ਼ਾਮ ਨੂੰ ਹੀ ਕਲਾਸ ਵਿਚ ਜਾ ਸਕਦੀ ਸੀ | ਪਰ ਉਹ ਰੱਬ ਅੱਗੇ ਜ਼ਰੂਰ ਅਰਦਾਸ ਕਰਦੀ ¢
ਅੱਜ ਉਹ ਕਲਾਸ ਤੋਂ ਨਿਕਲੀ ਤਾਂ ਉਹ ਫਿਰ ਉੱਥੇ ਹੀ ਖੜ੍ਹਾ ਸੀ | ਉਸ ਨੂੰ ਗੁੱਸੇ ਵਿਚ ਮੰਦੀ ਨਜ਼ਰ ਨਾਲ ਝਾਕਦਾ ਹੋਇਆ ਵੇਖ ਉਹ ਡਰ ਗਈ | ਅੱਜ ਇਸ ਦੇ ਇਰਾਦੇ ਠੀਕ ਨਹੀਂ ਜਾਪਦੇ | ਇਹੀ ਸੋਚਦੀ ਉਹ ਤੇਜ਼ੀ ਨਾਲ ਆਪਣੀ ਐਕਟਿਵਾ 'ਤੇ ਗੁਰਦੁਆਰਾ ਸਾਹਿਬ ਚਲੀ ਗਈ | ਉਸ ਦਾ ਅੰਦਰ ਜਿਵੇਂ ਵਲੂੰਧਰਿਆ ਪਿਆ ਸੀ ਕਿਉਂ ਇਹ ਮੇਰਾ ਖਹਿੜਾ ਨਹੀਂ ਛੱਡਦਾ? ਕਿਉਂ ਇਹੋ ਜਿਹੇ ਮਰਦ ਔਰਤ ਦੇ ਰਾਹ ਦਾ ਅੜਿਕਾ ਬਣਦੇ ਹਨ | ਉਸ ਦੇ ਹੰਝੂ ਵਗਣ ਲੱਗੇ | ਗੁਰਦੁਆਰੇ ਜਾਂਦਿਆਂ ਹੀ ਰੱਬ ਅੱਗੇ ਨਤਮਸਤਕ ਹੁੰਦਿਆਂ ਫੁੱਟ-ਫੁੱਟ ਰੋ ਪਈ | 'ਰੱਬਾ ਪਲੀਜ਼, ਇਸ ਬਦਮਾਸ਼ ਤੋਂ ਮੇਰੀ ਰੱਖਿਆ ਕਰ |'
ਓਧਰ ਉਹ ਮੁੰਡਾ ਅੱਜ ਬਾਹਰ ਨਾ ਖੜ੍ਹਾ ਹੋ ਕੇ ਗੁਰਦੁਆਰੇ ਦੇ ਅੰਦਰ ਈ ਲੰਘ ਆਇਆ | ਜੁੱਤੀ ਉਤਾਰ ਜਿਵੇਂ ਹੀ ਅੱਗੇ ਵਧਿਆ ਅਚਾਨਕ ਉਸ ਦਾ ਪੈਰ ਮੁੜ ਗਿਆ ਤੇ ਉਹ ਮੁੱਧੇ ਮੂੰਹ ਜ਼ਮੀਨ 'ਤੇ ਜਾ ਡਿੱਗਾ | ਡਿੱਗਦੇ ਹੀ ਜ਼ੋਰ-ਜ਼ੋਰ ਦੀ ਚੀਕਾਂ ਮਾਰਨ ਲੱਗਾ | ਕਿਉਂਕਿ ਉਸ ਦੀ ਪੈਂਟ ਦੀ ਜੇਬ 'ਚ ਪਾਈ ਕੱਚ ਵਾਲੀ ਤੇਜ਼ਾਬ ਦੀ ਬੋਤਲ ਉਸ ਦੇ ਡਿੱਗਦਿਆਂ ਹੀ ਟੁੱਟ ਗਈ ਸੀ | ਉਸ ਦਾ ਪੇਟ ਅਤੇ ਲੱਤ ਪੂਰੀ ਤਰ੍ਹਾਂ ਸੜ ਕੇ ਜ਼ਖ਼ਮੀ ਹੋ ਗਏ¢
ਸੰਗਤ ਉਸ ਮੁੰਡੇ ਨੂੰ ਹਸਪਤਾਲ ਲਿਜਾ ਰਹੀ ਸੀ ਤੇ ਨਵਨੀਤ ਗੁਰੂ ਮਹਾਰਾਜ ਦੇ ਚਰਨਾਂ ਵਿਚ ਬੈਠੀ ਰੱਬ ਅੱਗੇ ਰੱਖਿਆ ਲਈ ਦੁਆ ਕਰ ਰਹੀ ਸੀ¢

-ਮਨਪ੍ਰੀਤ ਕੌਰ ਭਾਟੀਆ,
ਗਲੀ ਨੰਬਰ 5, ਨਜ਼ਦੀਕ ਐੱਚ. ਪੀ. ਗੈਸ ਏਜੰਸੀ, ਜਲੰਧਰ ਕਾਲੋਨੀ, ਫ਼ਿਰੋਜ਼ਪੁਰ |
ਸੰਪਰਕ : 98145-00173.


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX