ਤਾਜਾ ਖ਼ਬਰਾਂ


ਇਸਲਾਮਾਬਾਦ ਹਾਈਕੋਰਟ ਦਾ ਹੁਕਮ- ਅਗਵਾ ਹਿੰਦੂ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਵੇ ਸਰਕਾਰ
. . .  14 minutes ago
ਇਸਲਾਮਾਬਾਦ, 26 ਮਾਰਚ- ਇਸਲਾਮਾਬਾਦ ਹਾਈਕੋਰਟ ਨੇ ਪਾਕਿਸਤਾਨ ਦੇ ਸਿੰਧ ਸੂਬੇ ਦੀ ਸਰਕਾਰ ਨੂੰ ਇਹ ਹੁਕਮ ਦਿੱਤੇ ਹਨ ਕਿ ਉਹ ਅਗਵਾ ਹਿੰਦੂ ਲੜਕੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਵੇ। ਨਾਲ ਹੀ ਅਦਾਲਤ ਨੇ ਸਰਕਾਰ ਨੂੰ ਇਹ ਵੀ ਕਿਹਾ ਹੈ ਕਿ ਦੋਹਾਂ ਕੁੜੀਆਂ...
ਕਾਰ ਦੇ ਦਰਖ਼ਤ ਨਾਲ ਟਰਕਾਉਣ ਕਾਰਨ ਚਾਰ ਲੋਕਾਂ ਦੀ ਮੌਤ
. . .  33 minutes ago
ਹੈਦਰਾਬਾਦ, 26 ਮਾਰਚ- ਤੇਲੰਗਾਨਾ ਦੇ ਜਗਤੀਅਲ ਜ਼ਿਲ੍ਹੇ 'ਚ ਇੱਕ ਕਾਰ ਦੇ ਸੜਕ ਕਿਨਾਰੇ ਲੱਗੇ ਦਰਖ਼ਤ ਨਾਲ ਟਕਰਾਉਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੀਤੀ ਰਾਤ ਇਹ ਹਾਦਸਾ ਜ਼ਿਲ੍ਹੇ ਦੇ ਧਰਮਾਰਾਮ ਪਿੰਡ ਦੇ ਨਜ਼ਦੀਕ...
ਭਾਜਪਾ ਨੇ ਮੁਰਲੀ ਮਨੋਹਰ ਜੋਸ਼ੀ ਨੂੰ ਟਿਕਟ ਦੇਣ ਤੋਂ ਕੀਤਾ ਇਨਕਾਰ
. . .  1 minute ago
ਲਖਨਊ, 26 ਮਾਰਚ- ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਨੇਤਾ ਮੁਰਲੀ ਮਨੋਹਰ ਜੋਸ਼ੀ 2019 ਦੀਆਂ ਲੋਕ ਸਭਾ ਚੋਣਾਂ ਕਿਤਿਓਂ ਵੀ ਨਹੀਂ ਲੜਨਗੇ। ਪਾਰਟੀ ਨੇ ਉਨ੍ਹਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉੱਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰ ਦੇ ਲੋਕਾਂ ਨੂੰ...
ਕਰੰਟ ਲੱਗਣ ਕਾਰਨ ਕਿਸਾਨ ਦੇ ਇਕਲੌਤੇ ਪੁੱਤਰ ਦੀ ਮੌਤ
. . .  about 1 hour ago
ਸ਼ਹਿਣਾ, 26 ਮਾਰਚ (ਸੁਰੇਸ਼ ਗੋਗੀ)- ਬਰਨਾਲਾ ਦੇ ਥਾਣਾ ਸ਼ਹਿਣਾ ਅਧੀਨ ਪੈਂਦੇ ਪਿੰਡ ਉਗੋਕੇ ਵਿਖੇ ਖੇਤਾਂ 'ਚ ਕਰੰਟ ਲੱਗਣ ਕਾਰਨ ਕਿਸਾਨ ਦੇ ਇਕਲੌਤੇ ਪੁੱਤਰ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 19 ਸਾਲਾ ਕੁਲਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ ਦੇ ਰੂਪ 'ਚ ਹੋਈ ਹੈ...
ਝੌਂਪੜੀ 'ਚ ਲੱਗੀ ਅੱਗ, ਜਿੰਦਾ ਝੁਲਸਣ ਕਾਰਨ ਦੋ ਬੱਚਿਆਂ ਦੀ ਮੌਤ
. . .  about 1 hour ago
ਲਖਨਊ, 26 ਮਾਰਚ- ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਮਝਨਪੁਰ ਇਲਾਕੇ 'ਚ ਅੱਜ ਸਵੇਰੇ ਇੱਟਾਂ ਦੇ ਇੱਕ ਭੱਠੇ 'ਤੇ ਬਣੀ ਝੌਂਪੜੀ 'ਚ ਅੱਗ ਲੱਗਣ ਕਾਰਨ ਦੋ ਬੱਚਿਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਝੁਲਸ ਗਏ। ਇਸ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ...
ਇਜ਼ਰਾਈਲ ਨੇ ਗਾਜਾ 'ਚ ਹਮਾਸ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ
. . .  about 1 hour ago
ਗਾਜਾ, 26 ਮਾਰਚ- ਇਜ਼ਰਾਈਲ ਨੇ ਮੱਧ ਇਜ਼ਰਾਈਲ 'ਚ ਰਾਕੇਟ ਨਾਲ ਇੱਕ ਘਰ ਨੂੰ ਨਸ਼ਟ ਕਰਨ ਦੇ ਜਵਾਬ 'ਚ ਗਾਜਾ ਪੱਟੀ 'ਚ ਹਮਾਸ (ਇੱਕ ਫ਼ਲਸਤੀਨੀ ਸੁੰਨੀ-ਇਸਲਾਮਵਾਦੀ ਕੱਟੜਪੰਥੀ ਸੰਗਠਨ) ਦੇ ਟਿਕਾਣਿਆਂ 'ਤੇ ਹਮਲਾ ਕੀਤਾ। ਇਜ਼ਰਾਈਲ ਰੱਖਿਆ ਬਲ...
ਛੱਤੀਸਗੜ੍ਹ 'ਚ ਮੁਠਭੇੜ ਦੌਰਾਨ ਚਾਰ ਨਕਸਲੀ ਢੇਰ, ਹਥਿਆਰ ਵੀ ਬਰਾਮਦ
. . .  about 2 hours ago
ਰਾਏਪੁਰ, 26 ਮਾਰਚ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ 'ਚ ਅੱਜ ਸੁਰੱਖਿਆ ਬਲਾਂ ਨੇ ਮੁਠਭੇੜ ਦੌਰਾਨ ਚਾਰ ਨਕਸਲੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸੁਕਮਾ ਜ਼ਿਲ੍ਹੇ ਦੇ ਚਿੰਤਲਾਨਾਰ ਥਾਣਾ ਖੇਤਰ ਅਧੀਨ ਪੈਂਦੇ ਕਰਕਨਗੁੜਾ ਪਿੰਡ ਦੇ ਨਜ਼ਦੀਕ ਅੱਜ...
ਅਗਸਤਾ ਵੈਸਟਲੈਂਡ ਮਾਮਲੇ 'ਚ ਈ.ਡੀ. ਨੇ ਇਕ ਗ੍ਰਿਫਤਾਰੀ ਕੀਤੀ
. . .  about 3 hours ago
ਨਵੀਂ ਦਿੱਲੀ, 26 ਮਾਰਚ - ਅਗਸਤਾ ਵੈਸਟਲੈਂਡ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕਥਿਤ ਵਿਚੋਲੀਏ ਸੁਸ਼ੇਨ ਮੋਹਨ ਗੁਪਤਾ ਨੂੰ ਬੀਤੀ ਲੰਘੀ ਰਾਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਸ ਨੂੰ ਅੱਜ ਦਿੱਲੀ ਦੇ ਪਟਿਆਲਾ ਹਾਊਸ ਕੋਰਟ 'ਚ ਪੇਸ਼ ਕੀਤਾ...
ਉਤਰ ਪ੍ਰਦੇਸ਼ ਲਈ ਭਾਜਪਾ ਨੇ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਕੀਤੀ ਜਾਰੀ, ਅਡਵਾਨੀ ਦਾ ਨਾਂ ਸ਼ਾਮਲ ਨਹੀਂ
. . .  about 3 hours ago
ਨਵੀਂ ਦਿੱਲੀ, 26 ਮਾਰਚ - ਭਾਜਪਾ ਨੇ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਉਤਰ ਪ੍ਰਦੇਸ਼ ਲਈ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਸੂਚੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਅਰੁਣ ਜੇਤਲੀ, ਨਿਤਿਨ ਗਡਕਰੀ, ਸੁਸ਼ਮਾ ਸਵਰਾਜ ਤੇ ਊਮਾ ਭਾਰਤੀ ਜ਼ਿਕਰਯੋਗ...
ਮੇਰੇ ਤੋਂ ਪੁੱਛੇ ਬਗੈਰ ਭਾਜਪਾ ਨੇ ਮੇਰੀ ਸੀਟ ਬਦਲੀ - ਗਿਰੀਰਾਜ ਸਿੰਘ
. . .  about 3 hours ago
ਨਵੀਂ ਦਿੱਲੀ, 26 ਮਾਰਚ - ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਨੇਤਾ ਗਿਰੀਰਾਜ ਸਿੰਘ ਨੂੰ ਭਾਜਪਾ ਨੇ ਇਸ ਵਾਰ ਬੈਗੁਸਰਾਏ (ਬਿਹਾਰ) ਸੀਟ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਪਰੰਤੂ ਗਿਰੀਰਾਜ ਸਿੰਘ ਬੈਗੁਸਰਾਏ ਤੋਂ ਨਹੀਂ ਬਲਕਿ ਨਵਾਦਾ (ਬਿਹਾਰ) ਤੋਂ ਹੀ ਚੋਣ ਲੜਨਾ ਚਾਹੁੰਦੇ ਹਨ। ਗਿਰੀਰਾਜ ਸਿੰਘ ਪਹਿਲਾ...
ਹੋਰ ਖ਼ਬਰਾਂ..

ਖੇਡ ਜਗਤ

ਉੱਚਾ ਹੋਇਆ ਭਾਰਤੀ ਬੈਡਮਿੰਟਨ ਦਾ ਮਿਆਰ

ਕਿਸੇ ਵੇਲੇ ਦੱਖਣੀ ਏਸ਼ੀਆਈ ਦੇਸ਼ਾਂ ਦੀ ਖੇਡ ਮੰਨੀ ਜਾਂਦੀ ਬੈਡਮਿੰਟਨ ਦੀ ਖੇਡ ਵਿਚ ਹੁਣ ਭਾਰਤ ਦਾ ਨਾਂਅ ਆਲਮੀ ਪੱਧਰ ਉੱਤੇ ਚਮਕ ਰਿਹਾ ਹੈ। ਉਲੰਪਿਕ, ਰਾਸ਼ਟਰ ਮੰਡਲ ਅਤੇ ਏਸ਼ੀਆਈ ਖੇਡਾਂ ਦੇ ਨਾਲ-ਨਾਲ ਲੰਘੇ ਦਿਨੀਂ ਹੋਏ ਵੱਖ-ਵੱਖ ਮੁਕਾਬਲਿਆਂ ਤੱਕ ਭਾਰਤੀ ਬੈਡਮਿੰਟਨ ਦਾ ਇਹ ਮਿਆਰ ਲਗਾਤਾਰ ਵਧਦਾ ਜਾ ਰਿਹਾ ਹੈ। ਭਾਰਤੀ ਬੈਡਮਿੰਟਨ ਦੇ ਵਧਦੇ ਮਿਆਰ ਦੀ ਤਾਜ਼ਾ ਮਿਸਾਲ ਲੰਘੇ ਦਿਨੀਂ ਉਸ ਵੇਲੇ ਮਿਲੀ, ਜਦੋਂ ਭਾਰਤ ਦੀ ਆਪਣੀ ਪੇਸ਼ੇਵਰ ਬੈਡਮਿੰਟਨ ਲੀਗ ਦੇ ਅਗਾਮੀ ਸੀਜ਼ਨ ਲਈ ਖਿਡਾਰੀਆਂ ਦੀ ਬੋਲੀ ਲੱਗੀ ਅਤੇ ਨੀਲਾਮੀ ਦਾ ਇਹ ਕੰਮ ਆਪਣੇ-ਆਪ ਵਿਚ ਕਈ ਰਿਕਾਰਡ ਬਣਾ ਗਿਆ। ਭਾਰਤੀ ਬੈਡਮਿੰਟਨ ਲੀਗ ਦਾ ਆਯੋਜਨ ਭਾਰਤੀ ਬੈਡਮਿੰਟਨ ਸੰਘ ਦੀ ਦੇਖ-ਰੇਖ ਵਿਚ ਹੁੰਦਾ ਹੈ ਅਤੇ ਬੈਡਮਿੰਟਨ ਦੀ ਖੇਡ ਵਿਚ ਇਹ ਦੁਨੀਆ ਦਾ ਆਪਣੀ ਕਿਸਮ ਦਾ ਪਹਿਲਾ ਆਯੋਜਨ ਹੈ, ਜੋ ਦੁਨੀਆ ਦੇ ਤਮਾਮ ਸਟਾਰ ਖਿਡਾਰੀਆਂ ਨੂੰ ਜੋੜਦਾ ਹੈ। ਇਹ ਨੀਲਾਮੀ ਖਾਸ ਇਉਂ ਸਾਬਤ ਹੋਈ ਕਿ ਇਸ ਵਿਚ ਉਲੰਪਿਕ ਚਾਂਦੀ ਤਗਮਾ ਜੇਤੂ ਪੀ. ਵੀ. ਸਿੰਧੂ, ਰਾਸ਼ਟਰਮੰਡਲ ਖੇਡਾਂ ਦੀ ਸੋਨ ਤਗਮਾ ਜੇਤੂ ਸਾਇਨਾ ਨੇਹਵਾਲ, ਚੋਟੀ ਦੇ ਪੁਰਸ਼ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਤੇ ਐੱਚ. ਐੱਸ. ਪ੍ਰਣਯ ਨੂੰ 80-80 ਲੱਖ ਰੁਪਏ ਦੀ ਕੀਮਤ ਮਿਲੀ। ਨੀਲਾਮੀ ਦੇ ਪਹਿਲੇ ਦੌਰ ਵਿਚ 9 ਆਈਕਨ ਖਿਡਾਰੀਆਂ ਨੂੰ ਉਤਾਰਿਆ ਗਿਆ ਸੀ, ਜਿਨ੍ਹਾਂ ਵਿਚੋਂ ਸਿਰਫ ਇਕ ਨੂੰ ਛੱਡ ਕੇ ਬਾਕੀ 8 ਆਈਕਨ ਖਿਡਾਰੀਆਂ ਨੂੰ 80-80 ਲੱਖ ਰੁਪਏ ਮਿਲੇ ਅਤੇ ਚੰਗੀ ਗੱਲ ਇਹ ਹੈ ਕਿ ਇਨ੍ਹਾਂ ਖਿਡਾਰੀਆਂ ਵਿਚੋਂ ਬਹੁਤੇ ਭਾਰਤੀ ਹੀ ਹਨ।
ਇਸ ਨੀਲਾਮੀ ਜ਼ਰੀਏ ਪੀ.ਵੀ. ਸਿੰਧੂ, ਸਾਇਨਾ ਨੇਹਵਾਲ, ਸ਼੍ਰੀਕਾਂਤ ਅਤੇ ਪ੍ਰਣਯ ਵਰਗੇ ਚੈਂਪੀਅਨ ਭਾਰਤੀ ਖਿਡਾਰੀ ਉਲੰਪਿਕ ਜੇਤੂ ਸਪੇਨ ਦੀ ਕੈਰੋਲਿਨਾ ਮਾਰਿਨ, ਡੈੱਨਮਾਰਕ ਦੇ ਵਿਸ਼ਵ ਨੰਬਰ ਇਕ ਵਿਕਟਰ ਐਕਸੇਲਸਨ, ਕੋਰੀਆ ਦੇ ਸੁੰਗ ਜੀ ਹਿਊਨ ਅਤੇ ਲੀ ਯੋਂਗ ਦੇਈ ਦੇ ਨਾਲ ਅਤੇ ਖਿਲਾਫ਼ ਖੇਡਦੇ ਵਿਖਣਗੇ। ਦੁਨੀਆ ਦੇ ਇਨ੍ਹਾਂ ਚੋਟੀ ਦੇ ਖਿਡਾਰੀਆਂ ਦਾ ਭਾਰਤ ਦੀ ਇਸ ਲੀਗ ਵਿਚ ਖੇਡਣ ਲਈ ਆਪੋ-ਆਪਣਾ ਨਾਂਅ ਦੇਣਾ ਵੀ ਇਕ ਖਾਸ ਗੱਲ ਹੈ, ਕਿਉਂਕਿ ਇਨ੍ਹਾਂ ਦੀ ਮੌਜੂਦਗੀ ਵੀ ਭਾਰਤੀ ਬੈਡਮਿੰਟਨ ਵਿਚ ਹੋਰ ਨਿਖਾਰ ਲੈ ਕੇ ਆਵੇਗੀ। ਇਸ ਤੋਂ ਵੀ ਜ਼ਿਆਦਾ ਉਤਸ਼ਾਹ ਵਾਲੀ ਗੱਲ ਇਹ ਹੈ ਕਿ ਭਾਰਤੀ ਬੈਡਮਿੰਟਨ ਲੀਗ ਵਿਚ ਸਾਲ 2015 ਤੋਂ ਬਾਅਦ ਪਹਿਲੀ ਵਾਰ ਨੀਲਾਮੀ ਵਿਚ ਸਾਰੇ ਵੱਡੇ ਖਿਡਾਰੀ ਸ਼ਾਮਿਲ ਹੋਏ ਹਨ ਅਤੇ ਇਸ ਸਾਲ ਰਿਟੈਂਸ਼ਨ ਯਾਨੀ ਖਿਡਾਰੀ ਬਰਕਰਾਰ ਰੱਖਣ ਦਾ ਨਿਯਮ ਨਹੀਂ ਰੱਖਿਆ ਗਿਆ। ਸਾਲ 2015 ਵਿਚ ਪਹਿਲੀ ਵਾਰ ਹੋਈ ਨੀਲਾਮੀ ਵਿਚ ਟੀਮਾਂ ਨੇ ਕਈ ਅਹਿਮ ਖਿਡਾਰੀਆਂ ਨੂੰ ਆਪਣੇ ਨਾਲ ਜੋੜਿਆ ਸੀ ਅਤੇ ਅੱਗੇ ਆਉਣ ਵਾਲੇ ਸੈਸ਼ਨਾਂ ਲਈ ਖਿਡਾਰੀਆਂ ਨੂੰ ਬਰਕਰਾਰ ਵੀ ਰੱਖਿਆ ਸੀ ਪਰ ਇਸ ਸਾਲ ਸਾਰੇ ਹੀ ਖਿਡਾਰੀ ਨੀਲਾਮੀ ਵਿਚ ਸ਼ਾਮਿਲ ਕੀਤੇ ਗਏ। ਇਸ ਵਾਰ ਦੀ ਨੀਲਾਮੀ ਵਿਚ ਕੁੱਲ 145 ਖਿਡਾਰੀਆਂ ਦੀ ਬੋਲੀ ਲੱਗੀ ਅਤੇ 23 ਦੇਸ਼ਾਂ ਦੇ ਖਿਡਾਰੀ ਨੀਲਾਮੀ ਵਿਚ ਸ਼ਾਮਿਲ ਹੋਏ। ਇਹੀ ਬਸ ਨਹੀਂ, ਲੀਗ ਦੇ ਆਯੋਜਕਾਂ ਨੇ ਆਗਾਮੀ ਸੈਸ਼ਨ ਲਈ ਭ੍ਰਿਸ਼ਟਾਚਾਰ ਰੋਕੂ ਨੀਤੀ ਬਣਾਉਣ ਲਈ ਆਈ.ਸੀ.ਸੀ. ਦੀ ਐਂਟੀ-ਕੁਰੱਪਸ਼ਨ ਯੂਨਿਟ ਦੇ ਸਾਬਕਾ ਪ੍ਰਮੁੱਖ ਰਵੀ ਸਵਾਨੀ ਨੂੰ ਆਪਣਾ ਚੀਫ ਐਂਟੀ-ਕੁਰੱਪਸ਼ਨ ਐਂਡ ਇੰਟ੍ਰੀਗਿਟੀ ਕਮਿਸ਼ਨਰ ਨਿਯੁਕਤ ਕੀਤਾ ਹੈ, ਤਾਂ ਜੋ ਇਸ ਖੇਡ ਦੀ ਸਾਫ਼ਗੋਈ ਨੂੰ ਬਰਕਰਾਰ ਰੱਖਿਆ ਜਾ ਸਕੇ। ਇਹ ਸਾਰੇ ਵਾਕਿਆਤ ਭਾਰਤੀ ਬੈਡਮਿੰਟਨ ਲਈ ਚੰਗੇ ਸੰਕੇਤ ਕਹੇ ਜਾ ਸਕਦੇ ਹਨ, ਜਿਨ੍ਹਾਂ ਸਦਕਾ ਇਸ ਦਾ ਮਿਆਰ ਦਿਨ-ਬ-ਦਿਨ ਉੱਚਾ ਹੋ ਰਿਹਾ ਹੈ।


-ਪਿੰਡ ਢਿੱਲਵਾਂ, ਡਾਕ: ਦਕੋਹਾ, ਜ਼ਿਲ੍ਹਾ ਜਲੰਧਰ-144023 sudeepsdhillon@ymail.com


ਖ਼ਬਰ ਸ਼ੇਅਰ ਕਰੋ

ਭਾਰਤੀ ਕ੍ਰਿਕਟ ਟੀਮ ਨੇ ਜਿੱਤਿਆ ਏਸ਼ੀਆ ਅੰਡਰ-19 ਕੱਪ

ਨੌਜਵਾਨ ਖਿਡਾਰੀਆਂ ਨੇ ਵੀ ਪ੍ਰਤਿਭਾ ਦਿਖਾਈ

ਕ੍ਰਿਕਟ ਦੇ ਮਾਮਲੇ 'ਚ ਭਾਰਤ ਦੀ ਏਸ਼ਿਆਈ ਖਿੱਤੇ 'ਚ ਬਾਦਸ਼ਾਹਤ ਨਜ਼ਰ ਆ ਰਹੀ ਹੈ। ਭਾਰਤੀ ਕ੍ਰਿਕਟ ਟੀਮ ਨੇ ਕਪਤਾਨ ਰੋਹਿਤ ਸ਼ਰਮਾ ਦੀ ਅਗਵਾਈ 'ਚ ਏਸ਼ੀਆ ਕੱਪ ਜਿੱਤ ਕੇ ਆਪਣਾ ਲੋਹਾ ਮੰਨਵਾਇਆ ਸੀ। ਮਗਰੇ ਹੀ ਭਾਰਤੀ ਕ੍ਰਿਕਟ ਦੇ ਨੌਜਵਾਨਾਂ ਨੇ ਵੀ ਏਸ਼ੀਆ ਅੰਡਰ-19 ਕੱਪ ਆਪਣੇ ਨਾਂਅ ਲਿਖਵਾ ਕੇ ਆਪਣਾ ਦਬਦਬਾ ਦਿਖਾ ਦਿੱਤਾ। ਇਸ ਅੰਡਰ-19 ਟੂਰਨਾਮੈਂਟ 'ਚ ਵੀ ਵੱਡੀਆਂ ਟੀਮਾਂ ਨੂੰ ਚੁਣੌਤੀ ਦਿੰਦੀਆਂ ਨਜ਼ਰ ਆਈਆਂ ਛੋਟੀਆਂ ਟੀਮਾਂ। ਖਾਸ ਕਰਕੇ ਅਫ਼ਗਾਨਿਸਤਾਨ ਦੀ ਸੀਨੀਅਰ ਟੀਮ ਤੋਂ ਬਾਅਦ ਜੂਨੀਅਰ ਟੀਮ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਦੱਸ ਦਿੱਤਾ ਕਿ ਅਫ਼ਗਾਨਿਸਤਾਨ ਕ੍ਰਿਕਟ ਦਾ ਭਵਿੱਖ ਜ਼ਰੂਰ ਸੁਨਹਿਰਾ ਰਹੇਗਾ।
ਭਾਰਤ ਦੀ ਜੂਨੀਅਰ ਟੀਮ ਨੇ ਫਾਈਨਲ 'ਚ ਸ੍ਰੀਲੰਕਾ ਨੂੰ ਇਕਤਰਫਾ ਮੁਕਾਬਲੇ 'ਚ 144 ਦੌੜਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਫਾਈਨਲ ਮੈਚ 'ਚ ਭਾਰਤ ਦੇ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ 85 ਦੌੜਾਂ ਅਤੇ ਮੱਧਕ੍ਰਮ 'ਚ ਸਿਰਫ 28 ਗੇਂਦਾਂ 'ਚ 5 ਛੱਕਿਆਂ ਸਮੇਤ 52 ਦੌੜਾਂ ਬਣਾ ਕੇ ਟੀਮ ਨੇ 50 ਓਵਰਾਂ 'ਚ 3 ਵਿਕਟਾਂ ਪਿੱਛੇ 304 ਦੌੜਾਂ ਦਾ ਪਹਾੜ ਖੜ੍ਹਾ ਕੀਤਾ। ਭਾਰਤੀ ਖੱਬੂ ਲੈਗ ਸਪਿਨਰਾਂ ਦੀ ਜੋੜੀ ਹਰਸ਼ ਤਿਆਗੀ (6/38) ਅਤੇ ਸਿਧਾਰਥ ਦਿਸਾਈ (2/37) ਨੇ ਸ੍ਰੀਲੰਕਾ ਟੀਮ ਨੂੰ 160 ਦੌੜਾਂ 'ਤੇ ਹੀ ਰੋਕਣ 'ਚ ਵੱਡੀ ਭੂਮਿਕਾ ਨਿਭਾਈ। ਜਾਇਸਵਾਲ ਨੇ ਪੂਰੇ ਟੂਰਨਾਮੈਂਟ ਦੌਰਾਨ ਬਿਹਤਰੀਨ ਬੱਲੇਬਾਜ਼ੀ ਦਾ ਨਮੂਨਾ ਪੇਸ਼ ਕੀਤਾ। ਪੂਲ ਦੇ ਪਹਿਲੇ ਮੈਚ 'ਚ ਨਿਪਾਲ ਵਿਰੁੱਧ ਜਾਇਸਵਾਲ ਨੇ ਸੈਂਕੜੇ ਨਾਲ ਸ਼ੁਰੂਆਤ ਕੀਤੀ। ਅਫ਼ਗਾਨਿਸਤਾਨ ਵਿਰੁੱਧ 92 ਦੌੜਾਂ, ਸੈਮੀਫਾਈਨਲ 'ਚ 37 ਦੌੜਾਂ ਅਤੇ ਫਾਈਨਲ 'ਚ ਸ਼ਾਨਦਾਰ ਬੱਲੇਬਾਜ਼ੀ ਕਾਰਨ ਹੀ ਇਸ ਨੂੰ 'ਮੈਨ ਆਫ ਦੀ ਟੂਰਨਾਮੈਂਟ' ਐਲਾਨਿਆ ਗਿਆ। ਦਿਸਾਈ ਨੇ 5 ਮੈਚਾਂ 'ਚ 18, ਜਦ ਕਿ ਤਿਆਗੀ ਨੇ 4 ਮੈਚਾਂ 'ਚ 14 ਵਿਕਟਾਂ ਝਟਕਾਈਆਂ। ਆਯੂਸ਼ ਬਡੋਨੀ ਨੇ ਛੇਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਹਰ ਮੈਚ 'ਚ ਪ੍ਰਭਾਵ ਛੱਡਿਆ। ਖਾਸ ਕਰਕੇ ਉਸ ਦੇ ਛੱਕੇ ਦੇਖਣ ਵਾਲੇ ਸਨ। ਉਸ ਨੇ ਟੂਰਨਾਮੈਂਟ 'ਚ ਸਭ ਤੋਂ ਵੱਧ ਕੁੱਲ 12 ਛੱਕੇ ਲਗਾਏ। ਕੁਝ ਹੋਰ ਖਿਡਾਰੀਆਂ ਨੇ ਵੀ ਆਪਣੀ ਪ੍ਰਤਿਭਾ ਦੇ ਦਰਸ਼ਨ ਕਰਵਾਏ। ਅਨੁਜ ਰਾਵਤ ਤੇ ਪੱਡੀਕਲ ਨੇ ਸੈਂਕੜੇ ਲਗਾਏ। ਮੋਹਿਤ ਜਾਂਗੜਾ ਨੇ ਤੇਜ਼ ਗੇਂਦਬਾਜ਼ੀ 'ਚ ਕੁਝ ਚਮਕ ਦਿਖਾਈ ਪਰ ਸੀਨੀਅਰ ਟੀਮ 'ਚ ਥਾਂ ਬਣਾਉਣ ਲਈ ਲਗਾਤਾਰ ਚੰਗੀ ਖੇਡ ਦਿਖਾਉਣਾ ਜ਼ਰੂਰੀ ਹੈ।
ਪਾਕਿਸਤਾਨ ਦੀ ਸੀਨੀਅਰ ਟੀਮ ਦੇ ਏਸ਼ੀਆ ਕੱਪ 'ਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਜੂਨੀਅਰ ਖਿਡਾਰੀਆਂ ਵਲੋਂ ਵੀ ਕੁਝ ਖਾਸ ਨਾ ਕਰਕੇ ਦਿਖਾਉਣ ਨਾਲ ਇਹ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਉਥੇ ਦੀ ਘਰੇਲੂ ਕ੍ਰਿਕਟ 'ਚ ਪ੍ਰਤਿਭਾ ਨੂੰ ਤਰਾਸ਼ਣ ਦਾ ਕੰਮ ਪੂਰੀ ਤਨਦੇਹੀ ਨਾਲ ਨਹੀਂ ਹੋ ਰਿਹਾ। ਇਸ ਟੂਰਨਾਮੈਂਟ 'ਚ ਪਾਕਿ ਟੀਮ ਸਿਰਫ ਹਾਂਗਕਾਂਗ ਨੂੰ ਹੀ ਹਰਾ ਪਾਈ। ਬੰਗਲਾਦੇਸ਼ ਤੇ ਸ੍ਰੀਲੰਕਾ ਕੋਲੋਂ ਹਾਰ ਕੇ ਇਹ ਟੀਮ ਆਖਰੀ ਚਾਰਾਂ 'ਚ ਵੀ ਨਹੀਂ ਪੁੱਜ ਸਕੀ। ਅਫ਼ਗਾਨ ਟੀਮ ਨੇ ਯੂ.ਏ.ਈ. ਨੂੰ 5 ਵਿਕਟਾਂ ਨਾਲ ਹਰਾ ਕੇ ਪ੍ਰਭਾਵਸ਼ਾਲੀ ਜਿੱਤ ਦਰਜ ਕੀਤੀ। ਫਿਰ ਨਿਪਾਲ ਨੂੰ 3 ਵਿਕਟਾਂ ਨਾਲ ਹਰਾਇਆ ਪਰ ਤੀਜੇ ਮੈਚ 'ਚ ਇਹ ਟੀਮ ਭਾਰਤ ਤੋਂ ਹਾਰ ਗਈ, ਕਿਉਂਕਿ ਇਸ ਪੂਲ 'ਚ ਨਿਪਾਲ ਤੇ ਯੂ.ਏ.ਈ. ਦੀਆਂ ਟੀਮਾਂ ਕੋਈ ਵੀ ਮੈਚ ਨਹੀਂ ਜਿੱਤ ਸਕੀਆਂ। ਇਸ ਲਈ ਅਫ਼ਗਾਨ ਦੀ ਟੀਮ ਸੈਮੀਫਾਈਨਲ ਤੱਕ ਪੁੱਜ ਗਈ। ਇਥੇ ਵੀ ਉਸ ਨੇ ਸ੍ਰੀਲੰਕਾ ਨੂੰ ਟੱਕਰ ਦਿੱਤੀ ਪਰ 31 ਦੌੜਾਂ ਨਾਲ ਹਾਰ ਕੇ ਖਿਤਾਬੀ ਦੌੜ ਤੋਂ ਬਾਹਰ ਹੋ ਗਈ। ਬੰਗਲਾਦੇਸ਼ ਦੀ ਟੀਮ ਪਹਿਲਾ ਮੈਚ ਸ੍ਰੀਲੰਕਾ ਤੋਂ ਹਾਰ ਗਈ ਪਰ ਅਗਲੇ ਮੈਚ 'ਚ ਪਾਕਿਸਤਾਨ ਨੂੰ ਤੇ ਫਿਰ ਹਾਂਗਕਾਂਗ ਨੂੰ ਹਰਾ ਕੇ ਸੈਮੀਫਾਈਨਲ 'ਚ ਥਾਂ ਬਣਾਈ। ਇਥੇ ਵੀ ਬਰਾਬਰੀ ਦੀ ਟੱਕਰ 'ਚ ਉਹ ਭਾਰਤੀ ਟੀਮ ਤੋਂ ਸਿਰਫ 2 ਦੌੜਾਂ ਨਾਲ ਹਾਰ ਗਈ।
ਭਾਰਤ ਦੀ ਸੀਨੀਅਰ ਕ੍ਰਿਕਟ ਟੀਮ 'ਚ ਥਾਂ ਹਾਸਲ ਕਰਨ ਲਈ ਇਸ ਵੇਲੇ ਕਈ ਪ੍ਰਤਿਭਾਸ਼ਾਲੀ ਨੌਜਵਾਨ ਖਿਡਾਰੀ ਤਿਆਰ ਬੈਠੇ ਹਨ। ਇਹ ਇਸ ਕਰਕੇ ਹੋ ਰਿਹਾ ਹੈ, ਕਿਉਂਕਿ ਜੂਨੀਅਰ ਪੱਧਰ 'ਤੇ ਤਿਆਰੀ ਭਰਪੂਰ ਹੋ ਰਹੀ ਹੈ ਤੇ ਆਈ.ਪੀ.ਐਲ. ਵਰਗੇ ਟੂਰਨਾਮੈਂਟ ਇਨ੍ਹਾਂ ਨੂੰ ਮੰਚ ਪ੍ਰਦਾਨ ਕਰ ਰਹੇ ਹਨ। ਸ਼ਾਬਾਸ਼ ਤਾਂ ਜੂਨੀਅਰ ਖਿਡਾਰੀਆਂ ਨੂੰ ਮਜ਼ਬੂਤ ਬਣਾਉਣ ਵਾਲੇ ਸਾਬਕਾ ਭਾਰਤੀ ਕ੍ਰਿਕਟਰ ਰਾਹੁਲ ਦ੍ਰਾਵਿੜ ਲਈ ਬਣਦੀ ਹੈ। ਦ੍ਰਾਵਿੜ ਜੂਨੀਅਰ ਖਿਡਾਰੀਆਂ ਨੂੰ ਨਾ ਸਿਰਫ ਤਕਨੀਕੀ ਤੌਰ 'ਤੇ ਮਜ਼ਬੂਤ ਕਰ ਰਹੇ ਹਨ, ਸਗੋਂ ਮਾਨਸਿਕ ਤੌਰ 'ਤੇ ਵੀ ਵੱਡੇ ਮੈਚਾਂ ਲਈ ਤਿਆਰ ਕਰ ਰਹੇ ਹਨ। ਵੱਡੀ ਗਿਣਤੀ 'ਚ ਪ੍ਰਤਿਭਾਸ਼ਾਲੀ ਕ੍ਰਿਕਟਰ ਸਾਹਮਣੇ ਆ ਰਹੇ ਹਨ। ਹੁਣ ਦੇਖਣਾ ਇਹ ਹੈ ਕਿ ਬੀ. ਸੀ. ਸੀ. ਆਈ. ਇਨ੍ਹਾਂ ਦਾ ਇਸਤੇਮਾਲ ਕਿੰਨੀ ਸਮਝਦਾਰੀ ਨਾਲ ਕਰਦੀ ਹੈ।


-ਮੋਬਾ: 98141-32420

ਭਾਰਤੀ ਹਾਕੀ ਦੀ ਪੰਜਾਬਣ ਗੋਲ ਮਸ਼ੀਨ-ਗੁਰਜੀਤ ਕੌਰ

ਤਰਨ ਤਾਰਨ ਜਿਲ੍ਹੇ ਦੇ ਪਿੰਡ ਮਹਿਦੀਆਂ ਕਲਾਂ 'ਚ ਸ: ਸਤਨਾਮ ਸਿੰਘ ਤੇ ਸ੍ਰੀਮਤੀ ਹਰਜਿੰਦਰ ਕੌਰ ਦੇ ਘਰ ਪੈਦਾ ਹੋਈ ਗੁਰਜੀਤ ਕੌਰ ਨੇ ਅਜਨਾਲਾ ਦੇ ਸਕੂਲ ਤੋਂ ਪੰਜਵੀਂ ਪਾਸ ਕਰਨ ਉਪਰੰਤ ਸਰਕਾਰੀ ਸੈਕੰਡਰੀ ਸਕੂਲ ਕੈਰੋਂ ਵਿਖੇ ਛੇਵੀਂ ਜਮਾਤ 'ਚ ਦਾਖਲਾ ਲਿਆ। ਇਸ ਸਕੂਲ 'ਚ ਖੇਡਾਂ ਵਾਲਾ ਮਾਹੌਲ ਦੇਖ ਕੇ ਗੁਰਜੀਤ ਕੌਰ ਨੇ ਅਥਲੈਟਿਕਸ ਕੋਚ ਬਲਜਿੰਦਰ ਸਿੰਘ ਕੋਲੋਂ ਫਰਾਟਾ ਦੌੜਾਂ 'ਚ ਜ਼ੋਰ-ਅਜ਼ਮਾਇਸ਼ ਸ਼ੁਰੂ ਕੀਤੀ ਪਰ ਕੋਚ ਬਲਜਿੰਦਰ ਸਿੰਘ ਨੇ ਗੁਰਜੀਤ ਨੂੰ ਹਾਕੀ ਖੇਡਣ ਦੇ ਕਾਬਲ ਸਮਝਿਆ ਅਤੇ ਕੋਚ ਸ਼ਰਨਜੀਤ ਸਿੰਘ ਕੋਲ ਹਾਕੀ ਖੇਡਣ ਲਈ ਛੱਡ ਦਿੱਤਾ। ਕੋਚ ਸ਼ਰਨਜੀਤ ਸਿੰਘ ਦੀ ਸੁਚੱਜੀ ਸਿਖਲਾਈ ਸਦਕਾ ਗੁਰਜੀਤ ਕੌਰ ਨੇ ਛੇਵੀਂ ਜਮਾਤ 'ਚ ਪੜ੍ਹਦਿਆ ਬਤੌਰ ਸੈਂਟਰ ਹਾਫ ਪਹਿਲੇ ਸਾਲ ਹੀ ਪੰਜਾਬ ਸਕੂਲ ਖੇਡਾਂ 2006 (ਅੰਡਰ-14) 'ਚ ਹਿੱਸਾ ਲੈਣ ਦਾ ਮਾਣ ਪ੍ਰਾਪਤ ਕੀਤਾ।
ਅਗਲੇ ਵਰ੍ਹੇ ਉਸ ਨੇ ਕੌਮੀ ਸਕੂਲ ਖੇਡਾਂ 'ਚ ਪੰਜਾਬ ਦੀ ਨੁਮਾਇੰਦਗੀ ਕੀਤੀ। ਫਿਰ ਅੰਡਰ-17 ਵਰਗ 'ਚ ਗੁਰਜੀਤ ਕੌਰ ਕੌਮੀ ਸਕੂਲ ਖੇਡਾਂ 2009 ਦੀ ਚੈਂਪੀਅਨ ਬਣੀ ਪੰਜਾਬ ਦੀ ਟੀਮ ਦੀ ਸਿਰਕੱਢ ਖਿਡਾਰਨ ਬਣੀ। ਅਗਲੇ ਵਰ੍ਹੇ ਗੁਰਜੀਤ ਕੌਮੀ ਸਕੂਲ ਖੇਡਾਂ 'ਚੋਂ ਉਪ-ਜੇਤੂ ਰਹੀ। ਅੰਡਰ-17 ਟੀਮ ਦੀ ਮੈਂਬਰ ਬਣੀ। ਫਿਰ 2011 'ਚ ਕੌਮੀ ਸਕੂਲ ਖੇਡਾਂ ਦੇ ਅੰਡਰ-19 ਵਰਗ ਦੀ ਅੱਵਲ ਰਹੀ ਪੰਜਾਬ ਦੀ ਟੀਮ 'ਚ ਵੀ ਗੁਰਜੀਤ ਦੀ ਖੇਡ ਨੇ ਮੋਹਰੀ ਭੂਮਿਕਾ ਨਿਭਾਈ। ਸਕੂਲ ਖੇਡਾਂ ਦੇ ਸਮਾਂਤਰ ਹੀ ਗੁਰਜੀਤ ਕੌਮੀ ਜੂਨੀਅਰ ਚੈਂਪੀਅਨਸ਼ਿਪ 'ਚੋਂ ਵੀ 3 ਤਗਮੇ ਜਿੱਤਣ 'ਚ ਸਫਲ ਰਹੀ। ਸੰਨ 2012 'ਚ ਗੁਰਜੀਤ ਕੌਰ ਪਹਿਲੀ ਵਾਰ ਸੀਨੀਅਰ ਕੌਮੀ ਚੈਂਪੀਅਨਸ਼ਿਪ 'ਚ ਚੌਥੇ ਸਥਾਨ 'ਤੇ ਰਹੀ ਪੰਜਾਬ ਦੀ ਟੀਮ ਦੀ ਮੈਂਬਰ ਬਣੀ। ਫਿਰ ਉਹ ਸੀਨੀਅਰ ਵਰਗ 'ਚ ਕੌਮੀ ਪੱਧਰ 'ਤੇ ਪੰਜਾਬ ਦੀਆਂ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲੀਆਂ ਟੀਮਾਂ ਦਾ ਸ਼ਿੰਗਾਰ ਵੀ ਬਣੀ। ਇਨ੍ਹਾਂ ਚੈਂਪੀਅਨਸ਼ਿਪਾਂ 'ਚ ਦਿਖਾਈ ਵਧੀਆ ਕਾਰਗੁਜ਼ਾਰੀ ਸਦਕਾ ਗੁਰਜੀਤ ਕੌਮੀ ਕੈਂਪ 'ਚ ਸ਼ਾਮਿਲ ਹੋ ਗਈ, ਜਿਸ ਦੌਰਾਨ ਉਸ ਨੇ ਜੂਨੀਅਰ ਏਸ਼ੀਆ ਕੱਪ 'ਚ ਦੇਸ਼ ਦੀ ਪਹਿਲੀ ਵਾਰ ਨੁਮਾਇੰਦਗੀ ਕੀਤੀ। ਮਲੇਸ਼ੀਆ 'ਚ ਹੋਏ ਸੀਨੀਅਰ ਏਸ਼ੀਆ ਕੱਪ 'ਚ ਵੀ ਗੁਰਜੀਤ ਕੌਮੀ ਟੀਮ ਦਾ ਹਿੱਸਾ ਬਣੀ। ਕੇਰਲਾ 'ਚ ਹੋਈਆਂ ਕੌਮੀ ਖੇਡਾਂ 2012 'ਚ ਸੋਨ ਤਗਮਾ ਜੇਤੂ ਪੰਜਾਬ ਦੀ ਟੀਮ 'ਚ ਗੁਰਜੀਤ ਕੌਰ ਨੇ ਸ਼ਾਮਿਲ ਹੋਣ ਦਾ ਐਜ਼ਾਜ਼ ਹਾਸਲ ਕੀਤਾ। ਸੈਫ ਖੇਡਾਂ 2016 'ਚ ਸੋਨ ਤਗਮਾ ਜੇਤੂ ਭਾਰਤੀ ਟੀਮ ਦਾ ਵੀ ਗੁਰਜੀਤ ਸ਼ਿੰਗਾਰ ਬਣੀ।
ਵਿਸ਼ਵ ਹਾਕੀ ਲੀਗ ਕੈਨੇਡਾ ਦੇ ਦੂਸਰੇ ਦੌਰ ਦੀ ਚੈਂਪੀਅਨ ਬਣੀ ਭਾਰਤੀ ਟੀਮ ਦੀਆਂ ਜਿੱਤਾਂ 'ਚ ਵੀ ਗੁਰਜੀਤ ਦਾ ਚੋਖਾ ਯੋਗਦਾਨ ਰਿਹਾ। ਵਿਸ਼ਵ ਲੀਗ ਦੇ ਤੀਸਰੇ ਦੌਰ 'ਚ ਛੇਵੇਂ ਸਥਾਨ 'ਤੇ ਰਹੀ ਭਾਰਤੀ ਟੀਮ 'ਚ ਵੀ ਗੁਰਜੀਤ ਨੇ ਖੇਡਣ ਦਾ ਮਾਣ ਪ੍ਰਾਪਤ ਕੀਤਾ। ਏਸ਼ੀਆ ਕੱਪ ਜਾਪਾਨ 2017 ਦੀ ਚੈਂਪੀਅਨ ਬਣੀ ਭਾਰਤੀ ਟੀਮ ਦੀ ਮੈਂਬਰ ਵਜੋਂ ਗੁਰਜੀਤ ਟੂਰਨਾਮੈਂਟ ਦੀ ਸਰਬੋਤਮ ਗੋਲ ਸਕੋਰਰ ਰਹੀ। ਵਿਸ਼ਵ ਕੱਪ 'ਚ ਵੀ ਭਾਰਤੀ ਟੀਮ 'ਚ ਗੁਰਜੀਤ ਕੌਰ ਸ਼ਾਮਿਲ ਸੀ। ਇਸੇ ਵਰ੍ਹੇ ਹੋਈ ਦੱਖਣੀ ਕੋਰੀਆ 'ਚ ਹੋਈ ਏਸ਼ੀਅਨ ਚੈਂਪੀਅਨਸ਼ਿਪ 'ਚ ਦੂਸਰੇ ਸਥਾਨ 'ਤੇ ਰਹੀ ਭਾਰਤੀ ਟੀਮ ਦਾ ਵੀ ਗੁਰਜੀਤ ਧੁਰਾ ਸਾਬਤ ਹੋਈ। ਇਸੇ ਸਾਲ ਗੋਲਡ ਕੋਸਟ (ਆਸਟਰੇਲੀਆ) 'ਚ ਹੋਈਆਂ ਰਾਸ਼ਟਰਮੰਡਲ ਖੇਡਾਂ 'ਚ ਚੌਥੇ ਸਥਾਨ 'ਤੇ ਰਹੀ ਭਾਰਤੀ ਟੀਮ 'ਚ ਵੀ ਗੁਰਜੀਤ ਦੇਸ਼ ਦੀ ਝੰਡਾਬਰਦਾਰ ਬਣੀ। ਹਾਲ ਹੀ ਵਿਚ ਹੋਈਆ ਏਸ਼ੀਅਨ ਖੇਡਾਂ ਜਕਾਰਤਾ 'ਚੋਂ ਚਾਂਦੀ ਦਾ ਤਗਮਾ ਜੇਤੂ ਭਾਰਤੀ ਟੀਮ 'ਚ ਸ਼ਾਮਿਲ ਇਕਲੌਤੀ ਪੰਜਾਬਣ ਖਿਡਾਰਨ ਵਜੋਂ ਗੁਰਜੀਤ ਕੌਰ, ਇਨ੍ਹਾਂ ਖੇਡਾਂ ਦੀ ਸਰਬੋਤਮ ਗੋਲ ਸਕੋਰਰ (8 ਗੋਲ) ਵੀ ਬਣੀ। ਰੇਲਵੇ 'ਚ ਅਹਿਮਦਾਬਾਦ ਵਿਖੇ ਸੇਵਾਵਾਂ ਨਿਭਾਉਣ ਵਾਲੀ ਗੁਰਜੀਤ ਹੁਣ ਤੱਕ ਕੌਮਾਂਤਰੀ ਟੂਰਨਾਮੈਂਟਾਂ ਤੋਂ ਇਲਾਵਾ ਹਾਲੈਂਡ, ਦੱਖਣੀ ਅਫਰੀਕਾ, ਬੇਲਾਰੂਸ, ਸਪੇਨ, ਨਿਊਜ਼ੀਲੈਂਡ ਤੇ ਦੱਖਣੀ ਕੋਰੀਆ ਖਿਲਾਫ਼ ਟੈਸਟ ਲੜੀਆਂ ਵੀ ਖੇਡ ਚੁੱਕੀ ਹੈ। ਏਸ਼ੀਅਨ ਖੇਡਾਂ 'ਚ ਤਗਮਾ ਜਿੱਤਣ ਉਪਰੰਤ ਗੁਰਜੀਤ ਨੂੰ ਸਾਬਕਾ ਕੌਮਾਂਤਰੀ ਹਾਕੀ ਖਿਡਾਰੀਆਂ ਗੁਰਜੀਤ ਸਿੰਘ ਪੱਟੀ, ਸੰਦੀਪ ਸਿੰਘ ਪੱਟੀ (ਦੋਨੋਂ ਆਸਟਰੇਲੀਆ ਵਾਸੀ), ਗਗਨਅਜੀਤ ਸਿੰਘ, ਤੇਜਬੀਰ ਸਿੰਘ, ਜੁਗਰਾਜ ਸਿੰਘ, ਪ੍ਰੋ. ਸੁਰਿੰਦਰ ਸਿੰਘ ਮੰਡ ਤੇ ਕੋਚ ਸਰੂਪ ਸਿੰਘ ਕੈਰੋਂ ਨੇ ਨਕਦ ਰਾਸ਼ੀ ਨਾਲ ਸਨਮਾਨਿਤ ਕੀਤਾ।
ਗੁਰਜੀਤ ਕੌਰ ਨੇ ਕੋਚ ਸ਼ਰਨਜੀਤ ਸਿੰਘ ਕੋਲੋਂ ਬਤੌਰ ਸੈਂਟਰ ਹਾਫ ਹਾਕੀ ਖੇਡਣ ਦਾ ਸਫ਼ਰ ਸ਼ੁਰੂ ਕੀਤਾ ਅਤੇ ਕੌਮੀ ਟੀਮ 'ਚ ਆਉਣ ਤੋਂ ਬਾਅਦ ਉਸ ਨੇ ਜਲਦੀ ਹੀ ਪੈਨਲਟੀ ਕਾਰਨਰ ਮਾਹਿਰ ਵਜੋਂ ਪਹਿਚਾਣ ਬਣਾਉਣੀ ਸ਼ੁਰੂ ਕੀਤੀ। ਉਸ ਨੇ ਸਖ਼ਤ ਅਭਿਆਸ ਕਰਕੇ ਆਪਣੇ-ਆਪ ਨੂੰ ਡਰੈਗ ਫਲਿੱਕਰ ਵਜੋਂ ਸਥਾਪਤ ਕਰ ਲਿਆ ਹੈ। ਗੁਰਜੀਤ ਕੌਰ ਆਪਣੀਆਂ ਪ੍ਰਾਪਤੀਆਂ ਦਾ ਸਿਹਰਾ ਮਾਪਿਆਂ ਤੇ ਕੋਚ ਸ਼ਰਨਜੀਤ ਸਿੰਘ ਨੂੰ ਦਿੰਦੀ ਹੈ, ਜਿਨ੍ਹਾਂ ਸਦਕਾ ਉਹ ਕੌਮਾਂਤਰੀ ਮੰਚ 'ਤੇ ਪੰਜਾਬ ਦੀ ਝੰਡਾਬਰਦਾਰ ਬਣੀ ਹੋਈ ਹੈ।


-ਪਟਿਆਲਾ। ਮੋਬਾ: 97795-90575

ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ

ਭਾਰਤੀ ਹਾਕੀ ਟੀਮ ਹੁਣ ਤਾਂ ਚੈਂਪੀਅਨ ਬਣ ਕੇ ਦਿਖਾਵੇ

ਓਮਾਨ ਦੇ ਸ਼ਹਿਰ ਮਸਕਟ 'ਚ 18 ਅਕਤੂਬਰ ਤੋਂ ਲੈ ਕੇ 28 ਅਕਤੂਬਰ ਤੱਕ ਏਸ਼ੀਅਨ ਹਾਕੀ ਚੈਂਪੀਅਨਜ਼ ਟਰਾਫੀ ਦਾ ਪੰਜਵਾਂ ਐਡੀਸ਼ਨ ਖੇਡਿਆ ਜਾ ਰਿਹਾ ਹੈ। ਸੁਲਤਾਨ ਕਾਬੂਸ ਸਪੋਰਟਸ ਕੰਪਲੈਕਸ, ਮਸਕਟ 'ਚ ਹੋਣ ਵਾਲੇ ਇਸ ਟੂਰਨਾਮੈਂਟ 'ਚ ਭਾਰਤ, ਮਲੇਸ਼ੀਆ, ਪਾਕਿਸਤਾਨ, ਦੱਖਣੀ ਕੋਰੀਆ, ਓਮਾਨ ਅਤੇ ਜਾਪਾਨ ਦੀਆਂ ਟੀਮਾਂ ਭਾਗ ਲੈਣਗੀਆਂ। ਹੀਰੋ ਏਸ਼ੀਅਨ ਚੈਂਪੀਅਨ ਟਰਾਫੀ 2018 'ਚ ਭਾਰਤੀ ਸੰਭਾਵਨਾਵਾਂ ਦਾ ਲੇਖਾ-ਜੋਖਾ ਕਰਨ ਤੋਂ ਪਹਿਲਾਂ ਇਸ ਟੂਰਨਾਮੈਂਟ ਦੇ ਇਤਿਹਾਸ 'ਤੇ ਨਜ਼ਰ ਮਾਰਨੀ ਜ਼ਰੂਰੀ ਹੈ।
ਇਸ ਏਸ਼ਿਆਈ ਪੱਧਰ ਦੇ ਟੂਰਨਾਮੈਂਟ ਦੀ ਸ਼ੁਰੂਆਤ 2011 ਤੋਂ ਹੋਈ ਸੀ। ਪਹਿਲੇ ਐਡੀਸ਼ਨ ਦਾ ਮੇਜ਼ਬਾਨ ਚੀਨ ਦਾ ਸ਼ਹਿਰ ਓਡਸ ਸੀ, ਜਿਸ ਵਿਚ ਭਾਰਤ ਚੈਂਪੀਅਨ ਬਣਿਆ। ਪਾਕਿਸਤਾਨ ਉਪ-ਜੇਤੂ ਰਿਹਾ। ਮਲੇਸ਼ੀਆ ਨੇ ਜਾਪਾਨ ਨੂੰ ਹਰਾ ਕੇ ਤੀਜਾ ਸਥਾਨ ਹਾਸਲ ਕੀਤਾ ਸੀ। 2012 'ਚ ਦੂਜਾ ਐਡੀਸ਼ਨ ਕਤਰ ਦੇ ਸ਼ਹਿਰ ਦੋਹਾ 'ਚ ਆਯੋਜਿਤ ਹੋਇਆ। ਪਾਕਿਸਤਾਨ ਨੇ ਭਾਰਤ ਨੂੰ ਹਰਾ ਕੇ ਚੈਂਪੀਅਨ ਖਿਤਾਬ ਹਾਸਲ ਕੀਤਾ। ਮਲੇਸ਼ੀਆ ਨੇ ਤੀਜੇ ਸਥਾਨ ਲਈ ਚੀਨ ਨੂੰ ਹਰਾਇਆ। ਇਸ ਟੂਰਨਾਮੈਂਟ ਦਾ ਤੀਜਾ ਐਡੀਸ਼ਨ ਜਾਪਾਨ ਦੇ ਸ਼ਹਿਰ ਕਾਕਾਮੀਗਹਾਰਾ 'ਚ 2013 ਨੂੰ ਖੇਡਿਆ ਗਿਆ, ਜਿਸ ਵਿਚ ਪਾਕਿਸਤਾਨ ਲਗਾਤਾਰ ਦੂਜੀ ਵਾਰ ਜੇਤੂ ਬਣਿਆ। ਜਾਪਾਨ ਦੂਜੇ ਸਥਾਨ 'ਤੇ ਅਤੇ ਮਲੇਸ਼ੀਆ ਤੀਜੇ ਸਥਾਨ 'ਤੇ ਰਿਹਾ। ਚੀਨ ਨੂੰ ਚੌਥਾ ਸਥਾਨ ਮਿਲਿਆ। ਚੌਥਾ ਐਡੀਸ਼ਨ 2016 'ਚ ਆਯੋਜਿਤ ਹੋ ਸਕਿਆ। ਮਲੇਸ਼ੀਆ ਦੇ ਸ਼ਹਿਰ ਕੁਆਰਟਨ 'ਚ, ਜਿਸ ਵਿਚ ਭਾਰਤ ਜੇਤੂ ਬਣਿਆ, ਪਾਕਿਸਤਾਨ ਉਪ-ਜੇਤੂ, ਮਲੇਸ਼ੀਆ ਤੀਜੇ ਸਥਾਨ 'ਤੇ ਅਤੇ ਦੱਖਣੀ ਕੋਰੀਆ ਨੂੰ ਚੌਥਾ ਸਥਾਨ ਮਿਲਿਆ।
ਏਸ਼ੀਅਨ ਖੇਡਾਂ ਜੋ ਕਿ ਕੁਝ ਅਰਸਾ ਪਹਿਲਾਂ ਹੋਈਆਂ, ਭਾਰਤੀ ਟੀਮ ਮਲੇਸ਼ੀਆ ਅਤੇ ਜਾਪਾਨ ਤੋਂ ਵੀ ਪਿੱਛੇ ਰਹੀ। ਉਨ੍ਹਾਂ ਦੋਵਾਂ ਟੀਮਾਂ ਦੀ ਮੌਜੂਦਗੀ 'ਚ ਕੀ ਭਾਰਤੀ ਟੀਮ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਦਾ ਖਿਤਾਬ ਜਿੱਤ ਸਕਦੀ ਹੈ? ਅੱਜ ਸਭ ਤੋਂ ਵੱਡਾ ਸਵਾਲ ਇਹ ਹੈ। ਦੱਸਦੇ ਜਾਈਏ ਕਿ ਰਾਊਂਡ ਰੋਬਿਨ ਫਾਰਮੈਟ ਤਹਿਤ ਸਭ ਟੀਮਾਂ ਇਕ-ਦੂਜੇ ਵਿਰੁੱਧ ਖੇਡਣਗੀਆਂ। ਰਾਊਂਡ ਰੋਬਿਨ ਗੇਮਜ਼ ਤੋਂ ਬਾਅਦ ਆਲ੍ਹਾ ਦਰਜੇ ਦੀ ਪੇਸ਼ਕਾਰੀ ਕਰਨ ਵਾਲੀਆਂ ਚਾਰ ਟੀਮਾਂ ਸੈਮੀਫਾਈਨਲ 'ਚ ਪ੍ਰਵੇਸ਼ ਕਰਨਗੀਆਂ ਅਤੇ ਦੋਵਾਂ ਸੈਮੀਫਾਈਨਲਾਂ ਦੀਆਂ ਜੇਤੂ ਫਾਈਨਲ ਖੇਡਣਗੀਆਂ।
ਜ਼ਿਕਰਯੋਗ ਹੈ ਕਿ ਭਾਰਤ ਵਿਸ਼ਵ ਦਰਜਾਬੰਦੀ ਦੇ ਆਧਾਰ 'ਤੇ ਇਸ ਟੂਰਨਾਮੈਂਟ ਨੂੰ ਜਿੱਤਣ ਦਾ ਪੂਰਾ ਦਾਅਵੇਦਾਰ ਹੈ ਪਰ ਏਸ਼ੀਅਨ ਖੇਡਾਂ 'ਚ ਜੋ ਕੁਝ ਭਾਰਤੀ ਟੀਮ ਨਾਲ ਵਾਪਰਿਆ, ਉਸ ਕਰਕੇ ਮਾਨਸਿਕ ਦਬਾਅ ਰਹੇਗਾ। ਓਮਾਨ ਟੀਮ, ਜਿਸ ਨੂੰ ਘਰੇਲੂ ਮੈਦਾਨ ਹੋਣ ਦਾ ਲਾਭ ਪਹੁੰਚੇਗਾ, ਕੀ ਕੋਈ ਹੈਰਾਨਕੁੰਨ ਪ੍ਰਦਰਸ਼ਨ ਵੀ ਦਿਖਾ ਸਕਦੀ ਹੈ? ਜਾਪਾਨੀ ਟੀਮ ਵੀ ਸਭ ਨਜ਼ਰਾਂ ਦਾ ਕੇਂਦਰ ਰਹੇਗੀ, ਜਿਸ ਨੇ ਏਸ਼ੀਅਨ ਖੇਡਾਂ 'ਚ ਜੇਤੂ ਖਿਤਾਬ ਜਿੱਤਿਆ ਹੈ। ਪਾਕਿਸਤਾਨ, ਮਲੇਸ਼ੀਆ ਅਤੇ ਦੱਖਣੀ ਕੋਰੀਆ ਸਖ਼ਤ ਚੁਣੌਤੀ ਵਾਲੀਆਂ ਟੀਮਾਂ ਹਨ।
ਏਸ਼ੀਅਨ ਖੇਡਾਂ 'ਚ ਮਲੇਸ਼ੀਆ ਹੱਥੋਂ ਮਿਲੀ ਹਾਰ ਕਰਕੇ ਭਾਰਤੀ ਟੀਮ ਜੋ ਏਸ਼ੀਅਨ ਚੈਂਪੀਅਨ ਨਾ ਬਣ ਸਕੀ, ਅਸੀਂ ਉਮੀਦ ਕਰਦੇ ਹਾਂ ਕਿ ਇਸ ਚੈਂਪੀਅਨਜ਼ ਟਰਾਫੀ ਹਾਕੀ 'ਚ ਸਾਡੇ ਹਾਕੀ ਜੁਝਾਰੂ ਪੂਰੀ ਵਾਹ ਲਾ ਕੇ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ ਕਿ ਉਹ ਏਸ਼ੀਆ ਮਹਾਂਦੀਪ ਦੇ ਸਭ ਤੋਂ ਵਧੀਆ ਖਿਡਾਰੀ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਨਵੰਬਰ ਦੇ ਮਹੀਨੇ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਹਾਕੀ, ਜੋ ਭਾਰਤੀ ਟੀਮ ਦੇ ਘਰੇਲੂ ਮੈਦਾਨ ਭੁਵਨੇਸ਼ਵਰ ਵਿਖੇ ਆਯੋਜਿਤ ਹੋ ਰਿਹਾ ਹੈ, ਤੋਂ ਪਹਿਲਾਂ ਭਾਰਤੀ ਟੀਮ ਦੀ ਸਹੀ ਪਰਖ ਦਾ ਵੇਲਾ ਹੀ ਏਸ਼ੀਅਨ ਚੈਂਪੀਅਨਜ਼ ਟਰਾਫੀ ਹਾਕੀ ਹੈ। ਇਹ ਕੋਚ ਹਰਿੰਦਰ ਸਿੰਘ ਲਈ ਆਪਣੇ-ਆਪ ਨੂੰ ਸਾਬਤ ਕਰਨ ਦਾ ਮੌਕਾ ਹੈ।
18 ਅਕਤੂਬਰ ਨੂੰ ਭਾਰਤੀ ਟੀਮ ਮੇਜ਼ਬਾਨ ਓਮਾਨ ਦੀ ਟੀਮ ਨਾਲ ਭਿੜੇਗੀ, 20 ਅਕਤੂਬਰ ਨੂੰ ਪਾਕਿਸਤਾਨ ਵਿਰੁੱਧ ਟੱਕਰ ਹੋਵੇਗੀ ਭਾਰਤ ਦੀ, 21 ਅਕਤੂਬਰ ਨੂੰ ਜਾਪਾਨ ਵਿਰੁੱਧ ਭਾਰਤੀ ਟੀਮ ਮੈਦਾਨ 'ਚ ਉਤਰੇਗੀ, 23 ਅਕਤੂਬਰ ਨੂੰ ਮਲੇਸ਼ੀਆ ਖਿਲਾਫ ਭਾਰਤ ਆਪਣੇ ਦਮਖਮ ਦਾ ਮੁਜ਼ਾਹਰਾ ਕਰੇਗਾ, 24 ਅਕਤੂਬਰ ਨੂੰ ਭਾਰਤ ਦੱਖਣੀ ਕੋਰੀਆ ਦੀ ਸਖ਼ਤ ਚੁਣੌਤੀ ਦੇ ਰੂਬਰੂ ਹੋਵੇਗਾ। ਦੇਖਦੇ ਹਾਂ ਏਸ਼ੀਅਨ ਖੇਡਾਂ ਦੀ ਠੋਕਰ ਭਾਰਤੀਆਂ ਨੂੰ ਕੀ-ਕੀ ਸਿਖਾਉਂਦੀ ਹੈ?


-ਡੀ. ਏ. ਵੀ. ਕਾਲਜ, ਅੰਮ੍ਰਿਤਸਰ।
ਮੋਬਾ: 98155-35410

ਭਾਰਤੀ ਪੈਰਾ ਅਥਲੈਟਿਕ ਦਾ ਉੱਭਰਦਾ ਸਿਤਾਰਾ ਹੈ ਨਗਿੰਦਰ ਸਿੰਘ ਉੱਤਰਾਖੰਡ

'ਆਖੋਂ ਮੇਂ ਰੌਸ਼ਨੀ ਨਹੀਂ, ਪਰ ਦਿਲ ਮੇਂ ਪਲ ਰਹੇ ਹਜ਼ਾਰੋਂ ਖੁਆਬ, ਦੌੜਤੇ ਹੈਂ ਸ਼ਾਨ ਸੇ ਖੇਲ ਕੇ ਮੈਦਾਨ, ਇਸੀ ਲੀਏ ਭਰ ਰਹੇਂ ਹੈਂ ਊਪਰ ਕੀ ਉਡਾਨ।' ਭਾਰਤੀ ਪੈਰਾ ਅਥਲੈਟਿਕ ਦਾ ਉੱਭਰਦਾ ਸਿਤਾਰਾ ਹੈ ਨਗਿੰਦਰ, ਜਿਸ 'ਤੇ ਆਉਣ ਵਾਲੇ ਸਮੇਂ ਵਿਚ ਭਾਰਤ ਦੇਸ਼ ਨੂੰ ਬਹੁਤ ਵੱਡੀਆਂ ਆਸਾਂ ਹਨ ਅਤੇ ਨਗਿੰਦਰ ਬਹੁਤ ਛੋਟੀ ਉਮਰ ਅਤੇ ਨਾ ਵੇਖ ਸਕਣ ਦੇ ਬਾਵਜੂਦ ਵੀ ਹਿੰਮਤ ਅਤੇ ਦਲੇਰੀ ਦੀ ਉਹ ਮਿਸਾਲ ਹੈ ਕਿ ਵਾਕਿਆ ਹੀ ਆਉਣ ਵਾਲੇ ਸਮੇਂ ਵਿਚ ਭਾਰਤ ਉਸ 'ਤੇ ਮਾਣ ਕਰੇਗਾ। ਨਗਿੰਦਰ ਦਾ ਜਨਮ ਉੱਤਰਾਖੰਡ ਪ੍ਰਾਂਤ ਦੇ ਜ਼ਿਲ੍ਹਾ ਦੇਹਰਾਦੂਨ ਦੇ ਇਕ ਛੋਟੇ ਜਿਹੇ ਪਹਾੜੀ ਉਪਰ ਵਸੇ ਪਿੰਡ ਕੈਲਾਸਪੁਰ ਵਿਚ ਪਿਤਾ ਸ਼ਿਵ ਸਿੰਘ ਭੰਡਾਰੀ ਦੇ ਘਰ ਮਾਤਾ ਸੁਰਭੀ ਭੰਡਾਰੀ ਦੀ ਕੁੱਖੋਂ ਹੋਇਆ ਅਤੇ ਨਗਿੰਦਰ ਨੂੰ ਜਨਮ ਜਾਤ ਹੀ ਬਹੁਤ ਘੱਟ ਵਿਖਾਈ ਦਿੰਦਾ ਸੀ ਅਤੇ ਪਰਿਵਾਰ ਨੂੰ ਆਸ ਸੀ ਕਿ ਜਦ ਉਹ ਵੱਡਾ ਹੋਵੇਗਾ ਤਾਂ ਸ਼ਾਇਦ ਉਸ ਦੀਆਂ ਅੱਖਾਂ ਦੀ ਰੌਸ਼ਨੀ ਵਧ ਜਾਵੇਗੀ ਪਰ ਪਰਮਾਤਮਾ ਦਾ ਭਾਣਾ ਮੰਨਣ ਤੋਂ ਸਿਵਾਏ ਕੁਝ ਨਹੀਂ ਸੀ ਅਤੇ ਨਗਿੰਦਰ ਬਿਨਾਂ ਰੌਸ਼ਨੀ ਤੋਂ ਹੀ ਜਿਊਣ ਲਈ ਮਜਬੂਰ ਸੀ।
ਸਾਲ 2008 ਵਿਚ ਨਗਿੰਦਰ ਨੂੰ ਦੇਹਰਾਦੂਨ ਦੇ ਨੇਤਰਹੀਣ ਸਕੂਲ ਵਿਚ ਦਾਖਲ ਕਰਵਾ ਦਿੱਤਾ ਗਿਆ, ਜਿੱਥੇ ਉਸ ਨੇ ਪੜ੍ਹਨ ਦੇ ਨਾਲ-ਨਾਲ ਖੇਡ ਸਰਗਰਮੀਆਂ ਵੀ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸੇ ਸਕੂਲ ਵਿਚ ਹੀ ਉਸ ਨੂੰ ਉੱਘੇ ਅਥਲੈਟਿਕ ਕੋਚ ਨਰੇਸ਼ ਸਿੰਘ ਨਿਯਾਲ ਦਾ ਸਾਥ ਮਿਲਿਆ ਅਤੇ ਉਸ ਨੇ ਦੌੜ ਲਗਾਉਣੀ ਸ਼ੁਰੂ ਕਰ ਦਿੱਤੀ ਅਤੇ ਉਸ ਨੂੰ ਇਹ ਮਾਣ ਵੀ ਜਾਂਦਾ ਹੈ ਕਿ ਉਸ ਨੇ 5 ਕਿਲੋਮੀਟਰ ਦੀ ਰੇਸ ਵਿਚ ਹਿੱਸਾ ਲੈ ਕੇ ਆਪਣਾ ਲੋਹਾ ਮੰਨਵਾਇਆ ਹੈ ਅਤੇ ਰਾਜ ਪੱਧਰ 'ਤੇ ਸੋਨ ਤਗਮਾ ਵੀ ਆਪਣੇ ਨਾਂਅ ਕੀਤਾ ਹੈ ਪਰ ਛੋਟੀ ਉਮਰ ਦੀ ਉਸ ਦੀ ਸਭ ਤੋਂ ਵੱਡੀ ਉਪਲਬਧੀ ਇਹ ਰਹੀ ਕਿ ਸਾਲ 2018 ਵਿਚ ਲੁਧਿਆਣਾ ਵਿਖੇ ਐਨ. ਐਫ. ਬੀ. ਵਲੋਂ ਕਰਵਾਈਆਂ ਗਈਆਂ ਨੇਤਰਹੀਣ ਖਿਡਾਰੀਆਂ ਦੀਆਂ ਖੇਡਾਂ ਵਿਚ ਉਸ ਨੇ 200 ਅਤੇ 400 ਮੀਟਰ ਦੌੜਦਿਆਂ 3 ਸੋਨ ਤਗਮਿਆਂ 'ਤੇ ਕਬਜ਼ਾ ਕਰਨ ਵਿਚ ਸਫਲਤਾ ਹਾਸਲ ਕਰ ਲਈ। ਨਗਿੰਦਰ ਆਖਦਾ ਹੈ ਕਿ ਉਸ ਦਾ ਨਿਸ਼ਾਨਾ ਹੈ ਕਿ ਉਹ ਆਪਣੇ ਕੋਚ ਨਰੇਸ਼ ਸਿੰਘ ਨਿਯਾਲ ਦੀ ਅਗਵਾਈ ਵਿਚ ਖੇਡਦਾ ਅਤੇ ਸਿੱਖਦਾ ਹੋਇਆ ਇਕ ਦਿਨ ਅੰਤਰਰਾਸ਼ਟਰੀ ਪੱਧਰ 'ਤੇ ਜ਼ਰੂਰ ਖੇਡੇਗਾ, ਜਿਸ ਲਈ ਉਹ ਹੁਣ ਤੋਂ ਹੀ ਆਪਣੇ-ਆਪ ਨੂੰ ਤਿਆਰ ਕਰ ਰਿਹਾ ਹੈ ਅਤੇ ਉਸ ਦੇ ਕੋਚ ਨਰੇਸ਼ ਸਿੰਘ ਨਿਯਾਲ ਦਾ ਆਖਣਾ ਹੈ ਕਿ ਨਗਿੰਦਰ ਅੱਗੇ ਵਧਣ ਅਤੇ ਕੁਝ ਕਰ ਵਿਖਾਉਣ ਦੀ ਪ੍ਰਬਲ ਸਮਰੱਥਾ ਰੱਖਦਾ ਹੈ ਅਤੇ ਬਿਨਾਂ ਸ਼ੱਕ ਉਹ ਆਉਣ ਵਾਲੇ ਦਿਨਾਂ ਦਾ ਭਾਰਤੀ ਪੈਰਾ ਅਥਲੈਟਿਕ ਦਾ ਉੱਭਰਦਾ ਹੋਇਆ ਸਿਤਾਰਾ ਹੈ ਅਤੇ ਉਨ੍ਹਾਂ ਦਾ ਸਕੂਲ ਐਨ. ਆਈ. ਵੀ. ਐਚ. ਉਸ 'ਤੇ ਸਦਾ ਮਾਣ ਕਰਦਾ ਹੈ।


-ਮੋਬਾ: 98551-14484

ਉਲੰਪੀਅਨ ਬਲਬੀਰ ਸਿੰਘ ਨੂੰ ਭਾਰਤ ਰਤਨ ਦੀ ਉਡੀਕ

ਉਲੰਪਿਕ ਰਤਨ ਬਲਬੀਰ ਸਿੰਘ ਦੀ ਜੀਵਨੀ ਦਾ ਨਾਂਅ ਮੈਂ 'ਗੋਲਡਨ ਗੋਲ' ਰੱਖਿਆ ਸੀ। ਉਸ ਦੀਆਂ ਅੰਤਲੀਆਂ ਸਤਰਾਂ ਸਨ : ਅੰਤਰਰਾਸ਼ਟਰੀ ਉਲੰਪਿਕ ਕਮੇਟੀ ਨੇ ਤਾਂ ਉਸ ਨੂੰ ਉਲੰਪਿਕ ਰਤਨ ਬਣਾ ਦਿੱਤਾ ਹੈ, ਭਾਰਤ ਸਰਕਾਰ ਪਤਾ ਨਹੀਂ ਕਦੋਂ ਭਾਰਤ ਰਤਨ ਬਣਾਵੇ? ਬਲਬੀਰ ਸਿੰਘ ਦਾ ਕਹਿਣਾ ਹੈ, 'ਜਿਵੇਂ ਮੈਚ ਬਰਾਬਰ ਰਹਿ ਜਾਣ ਪਿੱਛੋਂ ਐਕਸਟਰਾ ਟਾਈਮ ਦਿੱਤਾ ਜਾਂਦੈ, ਐਕਸਟਰਾ ਟਾਈਮ ਵਿਚ ਮੈਚ ਬਰਾਬਰ ਰਹੇ ਤਾਂ ਗੋਲਡਨ ਗੋਲ ਦਾ ਸਮਾਂ ਹੁੰਦੈ, ਉਵੇਂ ਮੈਂ ਵੀ ਹੁਣ ਗੋਲਡਨ ਗੋਲ ਦੀ ਉਡੀਕ ਵਿਚ ਹਾਂ। ਖੇਡ ਹੁਣ ਉਪਰਲੇ ਨਾਲ ਹੈ। ਜਦੋਂ 'ਗੋਲਡਨ ਗੋਲ' ਹੋ ਗਿਆ ਤਾਂ ਖੇਡ ਮੁੱਕ ਜਾਣੀ ਹੈ।'
ਪੁਸਤਕ ਦੇ ਸਮਾਪਤੀ ਸ਼ਬਦ ਹਨ, 'ਕੀ ਸਰਕਾਰਾਂ ਬਲਬੀਰ ਸਿੰਘ ਦੇ 'ਗੋਲਡਨ ਗੋਲ' ਦੀ ਉਡੀਕ ਵਿਚ ਹਨ? ਕੀ ਭਾਰਤ ਵਿਚ ਮੜ੍ਹੀਆਂ ਦੀ ਪੂਜਾ ਹੀ ਹੁੰਦੀ ਰਹਿਣੀ ਹੈ ਜਾਂ ਜਿਊਂਦਿਆਂ ਦੀ ਕਦਰ ਵੀ ਪੈਣੀ ਹੈ?'
ਅੱਜ ਜਦੋਂ ਮੈਂ ਇਹ ਸਤਰਾਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਬੈਠਾ ਲਿਖ ਰਿਹਾਂ ਤਾਂ ਬਲਬੀਰ ਸਿੰਘ ਪੀ.ਜੀ.ਆਈ. ਚੰਡੀਗੜ੍ਹ ਦੇ ਇੰਟੈਸਿਵ ਕੇਅਰ ਯੂਨਿਟ ਵਿਚ ਮਸਨੂਈ ਸਾਹ ਲੈ ਰਿਹੈ। ਉਸ ਦੀ ਧੀ ਬੀਬੀ ਸੁਸ਼ਬੀਰ ਕੌਰ ਦੇ ਦੱਸਣ ਮੂਜਬ ਉਸ ਦੇ ਪਿਤਾ ਜੀ 1 ਅਕਤੂਬਰ ਤੋਂ ਇੰਟੈਸਿਵ ਕੇਅਰ ਯੂਨਿਟ ਵਿਚ ਹਨ। ਆਕਸੀਜਨ ਤੇ ਦਵਾਈਆਂ ਦੀਆਂ ਨਲਕੀਆਂ ਲੱਗੀਆਂ ਹੋਈਆਂ ਹਨ। ਹਾਲਤ ਸਥਿਰ ਹੈ। ਹਾਲੇ ਉਹ ਬੋਲਣ ਦੀ ਸਥਿਤੀ ਵਿਚ ਨਹੀਂ ਪਰ ਹੋਸ਼ ਵਿਚ ਹਨ। ਚਿਹਰੇ ਤੋਂ ਭਾਵ ਪ੍ਰਗਟ ਕਰਦੇ ਹਨ। ਡਾਕਟਰ ਉਨ੍ਹਾਂ ਦੇ ਰਾਜ਼ੀ ਹੋ ਜਾਣ ਪ੍ਰਤੀ ਆਸਵੰਦ ਹਨ।
ਬਲਬੀਰ ਸਿੰਘ ਦੇ ਪ੍ਰਸੰਸਕ ਤੇ ਖੇਡ ਪ੍ਰੇਮੀ ਉਹਦੀ ਸਿਹਤਯਾਬੀ ਲਈ ਅਰਦਾਸਾਂ ਕਰ ਰਹੇ ਹਨ। ਸੁਸ਼ਬੀਰ ਕੌਰ ਤੇ ਉਸ ਦਾ ਪੁੱਤਰ ਕਬੀਰ ਸਿੰਘ ਤਾਂ ਪਹਿਲਾਂ ਹੀ ਬਲਬੀਰ ਸਿੰਘ ਦੀ ਸੇਵਾ-ਸੰਭਾਲ ਵਿਚ ਹਨ, ਉਸ ਦਾ ਵੱਡਾ ਪੁੱਤਰ ਕੰਵਲਬੀਰ ਸਿੰਘ 'ਗੁੱਲੂ' ਵੀ ਵੈਨਕੂਵਰ ਤੋਂ ਚੰਡੀਗੜ੍ਹ ਪੁੱਜ ਗਿਆ ਹੈ। ਬਲਬੀਰ ਸਿੰਘ ਦੀ ਇਕ ਧੀ ਤੇ 3 ਪੁੱਤਰ ਹਨ। ਉਸ ਦੀ ਪਤਨੀ ਸੁਸ਼ੀਲ ਕੌਰ 1983 ਵਿਚ ਪਰਲੋਕ ਸਿਧਾਰੀ ਤਾਂ ਉਹ ਚੰਡੀਗੜ੍ਹ ਵਾਲੀ 'ਉਲੰਪੀਆ' ਕੋਠੀ ਵੇਚ ਕੇ ਵੈਨਕੂਵਰ ਆਪਣੇ ਪੁੱਤਰਾਂ ਪਾਸ ਚਲਾ ਗਿਆ ਸੀ। ਬਲਬੀਰ ਸਿੰਘ ਹਾਕੀ ਦਾ ਯੁੱਗ ਪੁਰਸ਼ ਹੈ। ਹੁਣ ਉਹ 95ਵੇਂ ਸਾਲ ਦੀ ਉਮਰ ਵਿਚ ਵਿਚਰ ਰਿਹੈ। ਉਸ ਨੇ ਸੈਂਕੜੇ ਮੈਦਾਨਾਂ ਵਿਚ ਹਜ਼ਾਰਾਂ ਗੋਲ ਕੀਤੇ। ਉਸ ਨੂੰ ਹਾਕੀ ਦਾ 'ਗੋਲ ਕਿੰਗ' ਕਿਹਾ ਜਾਂਦਾ ਸੀ। ਉਲੰਪਿਕ ਖੇਡਾਂ ਦੇ ਫਾਈਨਲ ਮੈਚ ਵਿਚ ਸਭ ਤੋਂ ਵੱਧ ਗੋਲ ਕਰਨ ਦਾ ਉਲੰਪਿਕ ਰਿਕਾਰਡ 66 ਸਾਲ ਬੀਤ ਜਾਣ 'ਤੇ ਵੀ ਉਹਦੇ ਨਾਂਅ ਖੜ੍ਹਾ ਹੈ! 2012 ਵਿਚ ਲੰਡਨ ਦੀਆਂ ਉਲੰਪਿਕ ਖੇਡਾਂ ਮੌਕੇ ਉਲੰਪਿਕ ਖੇਡਾਂ ਦੇ ਸਫ਼ਰ 'ਚੋਂ ਜਿਹੜੇ 16 'ਆਈਕੌਨਿਕ ਉਲੰਪੀਅਨ' ਚੁਣੇ ਗਏ, ਉਨ੍ਹਾਂ ਵਿਚ ਏਸ਼ੀਆ ਦੇ ਸਿਰਫ਼ ਦੋ ਤੇ ਹਿੰਦ ਮਹਾਂਦੀਪ ਦਾ ਕੇਵਲ ਬਲਬੀਰ ਸਿੰਘ ਹੀ ਚੁਣਿਆ ਗਿਆ ਸੀ। ਉਲੰਪਿਕ ਖੇਡਾਂ ਦੇ 3 ਗੋਲਡ ਮੈਡਲ, ਏਸ਼ਿਆਈ ਖੇਡਾਂ ਦਾ ਇਕ ਅਤੇ ਭਾਰਤੀ ਟੀਮਾਂ ਦਾ ਕੋਚ/ਮੈਨੇਜਰ ਬਣ ਕੇ ਭਾਰਤ ਨੂੰ 7 ਤਗਮੇ ਤੇ ਵਿਸ਼ਵ ਹਾਕੀ ਕੱਪ ਜਿਤਾਉਣ ਵਾਲੇ ਬਲਬੀਰ ਸਿੰਘ ਨੂੰ ਕਿਸੇ ਸਰਕਾਰ ਨੇ ਉਹਦੇ ਜਿਊਂਦੇ ਜੀਅ ਕੋਈ ਵਿਸ਼ੇਸ਼ ਮਾਣ-ਸਨਮਾਨ ਤਾਂ ਕੀ ਦੇਣਾ ਸੀ, ਸਪੋਟਰਸ ਅਥਾਰਟੀ ਆਫ਼ ਇੰਡੀਆ ਨੇ ਉਹਦੀਆਂ ਅਨਮੋਲ ਖੇਡ ਨਿਸ਼ਾਨੀਆਂ ਵੀ 'ਗੁਆ' ਦਿੱਤੀਆਂ ਹਨ। 1962 ਦੀ ਹਿੰਦ-ਚੀਨ ਜੰਗ ਸਮੇਂ ਬਲਬੀਰ ਸਿੰਘ ਨੇ ਆਪਣੇ ਤਿੰਨੇ ਉਲੰਪਿਕ ਸੋਨ ਤਗਮੇ ਪ੍ਰਧਾਨ ਮੰਤਰੀ ਫੰਡ ਲਈ ਦਾਨ ਕਰ ਦਿੱਤੇ ਸਨ। ਉਹ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ: ਪ੍ਰਤਾਪ ਸਿੰਘ ਕੈਰੋਂ ਦੀ ਦੂਰਅੰਦੇਸ਼ੀ ਸੀ ਕਿ ਉਨ੍ਹਾਂ ਨੇ ਤਗਮੇ ਸੰਭਾਲ ਰੱਖੇ ਤੇ ਬਲਬੀਰ ਸਿੰਘ ਨੂੰ ਮੋੜ ਦਿੱਤੇ। ਜੇ ਉਹ ਵੀ 'ਸਾਈ' ਨੂੰ ਦੇ ਦਿੱਤੇ ਹੁੰਦੇ ਤਾਂ ਉਹ ਵੀ 'ਜਾਂਦੇ' ਰਹਿਣੇ ਸਨ!
2014 ਵਿਚ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਸੀ ਕਿ ਬਲਬੀਰ ਸਿੰਘ ਨੂੰ ਭਾਰਤ ਰਤਨ ਐਵਾਰਡ ਦਿੱਤਾ ਜਾਵੇ, ਜਿਸ ਦਾ ਉਹ ਸਹੀ ਹੱਕਦਾਰ ਹੈ। ਉਸ ਦੀਆਂ ਖੇਡ ਪ੍ਰਾਪਤੀਆਂ ਹਾਕੀ ਦੇ ਮਰਹੂਮ ਖਿਡਾਰੀ ਧਿਆਨ ਚੰਦ ਤੋਂ ਵੀ ਬਿਹਤਰ ਹਨ। ਇਹ ਤੱਥ ਇੰਟਰਨੈਸ਼ਨਲ ਉਲੰਪਿਕ ਕਮੇਟੀ ਨੇ ਵੀ ਤਸਲੀਮ ਕੀਤਾ ਹੈ। ਧਿਆਨ ਚੰਦ ਨੇ ਬ੍ਰਿਟਿਸ਼ ਇੰਡੀਆ ਲਈ ਐਂਗਲੋ ਇੰਡੀਅਨ ਖਿਡਾਰੀਆਂ ਨਾਲ ਰਲ ਕੇ 3 ਸੋਨ ਤਗਮੇ ਜਿੱਤੇ ਤੇ ਯੂਨੀਅਨ ਜੈਕ ਝੁਲਾਏ, ਜਦ ਕਿ ਬਲਬੀਰ ਸਿੰਘ ਨੇ ਆਜ਼ਾਦ ਭਾਰਤ ਲਈ ਨਿਰੋਲ ਭਾਰਤੀ ਖਿਡਾਰੀਆਂ ਨਾਲ ਰਲ ਕੇ 3 ਸੋਨ ਤਗਮੇ ਜਿੱਤੇ ਤੇ ਤਿਰੰਗੇ ਲਹਿਰਾਏ। ਉਹ ਦੋ ਉਲੰਪਿਕਸ ਵਿਚ ਭਾਰਤੀ ਖੇਡ ਦਲਾਂ ਦਾ ਝੰਡਾਬਰਦਾਰ ਬਣਿਆ। ਹੈਲਸਿੰਕੀ ਦੀਆਂ ਉਲੰਪਿਕ ਖੇਡਾਂ-1952 ਦੇ ਫਾਈਨਲ ਮੈਚ ਵਿਚ ਹਾਲੈਂਡ ਵਿਰੁੱਧ 5 ਗੋਲ ਕਰਨ ਦਾ ਰਿਕਾਰਡ ਅਜੇ ਵੀ ਉਹਦੇ ਨਾਂਅ ਬੋਲਦੈ। ਉਥੇ ਭਾਰਤੀ ਟੀਮ ਨੇ 6-1 ਗੋਲਾਂ ਨਾਲ ਸੋਨ ਤਗਮਾ ਜਿੱਤਿਆ ਸੀ। ਬਲਬੀਰ ਸਿੰਘ ਨੇ ਪੰਜਾਬ ਦਾ ਸਪੋਰਟਸ ਡਾਇਰੈਕਟਰ ਹੋਣ ਤੋਂ ਸਿਵਾ ਦੋ ਪੁਸਤਕਾਂ 'ਗੋਲਡਨ ਹੈਟ ਟ੍ਰਿਕ' ਤੇ 'ਗੋਲਡਨ ਯਾਰਡ ਸਟਿਕ' ਵੀ ਲਿਖੀਆਂ। ਮੇਰਾ ਸੁਭਾਗ ਹੈ ਕਿ ਮੈਨੂੰ ਬਲਬੀਰ ਸਿੰਘ ਨੂੰ ਮਿਲਣ-ਗਿਲਣ ਤੇ ਉਸ ਦੀ ਜੀਵਨੀ 'ਗੋਲਡਨ ਗੋਲ' ਲਿਖਣ ਦਾ ਮੌਕਾ ਮਿਲਿਆ।
ਹਾਕੀ ਦਾ 'ਗੋਲ ਕਿੰਗ' ਕਿਹਾ ਜਾਂਦਾ ਬਲਬੀਰ ਸਿੰਘ ਬਿਧੀ ਚੰਦ ਦਾ ਵਾਰਸ ਹੈ। ਉਸ ਦਾ ਜਨਮ 31 ਦਸੰਬਰ, 1923 ਨੂੰ ਉਸ ਦੇ ਨਾਨਕੇ ਪਿੰਡ ਹਰੀਪੁਰ ਖ਼ਾਲਸਾ ਵਿਚ ਹੋਇਆ ਸੀ। ਉਸ ਦੇ ਪਿਤਾ ਸ: ਦਲੀਪ ਸਿੰਘ ਸਨ ਤੇ ਮਾਤਾ ਸਰਦਾਰਨੀ ਕਰਮ ਕੌਰ ਸੀ। ਉਸ ਦਾ ਦਾਦਕਾ ਪਿੰਡ ਪੁਆਦੜਾ ਹੈ। ਕ੍ਰਿਕਟ ਦੀ ਖੇਡ ਦੇ ਨੌਜੁਆਨ ਖਿਡਾਰੀ ਸਚਿਨ ਤੇਂਦੁਲਕਰ ਨੂੰ ਤਾਂ ਜਿਊਂਦੇ ਜੀਅ ਭਾਰਤ ਰਤਨ ਐਵਾਰਡ ਦੇ ਦਿੱਤਾ ਗਿਆ ਹੈ। ਵੇਖਦੇ ਹਾਂ ਹਾਕੀ ਦੇ ਯੁੱਗ ਪੁਰਸ਼ ਖਿਡਾਰੀ ਬਲਬੀਰ ਸਿੰਘ ਨੂੰ ਭਾਰਤ ਰਤਨ ਐਵਾਰਡ ਉਹਦੇ ਜਿਊਂਦੇ ਜੀਅ ਮਿਲਦੈ ਜਾਂ ਜੀਵਨ ਉਪਰੰਤ?


Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX