ਤਾਜਾ ਖ਼ਬਰਾਂ


ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਦੇ ਸਹਾਇਕ ਸਬ ਇੰਸਪੈਕਟਰ ਨੂੰ ਮਾਰੀ ਗੋਲੀ
. . .  1 day ago
ਡੇਰਾਬਸੀ , 16 ਜਨਵਰੀ ( ਸ਼ਾਮ ਸਿੰਘ ਸੰਧੂ)-ਡੇਰਾਬਸੀ ਪੁਲਿਸ ਸਟੇਸ਼ਨ ਵਿਖੇ ਇੱਕ ਹੈੱਡ ਕਾਂਸਟੇਬਲ ਨੇ ਟ੍ਰੈਫਿਕ ਪੁਲਿਸ ਡੇਰਾਬਸੀ ਦੇ ਇੰਚਾਰਜ ਸਹਾਇਕ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਹੈ
ਸੀਰੀਆ ਧਮਾਕੇ 'ਚ 30 ਨਾਗਰਿਕਾਂ ਦੀ ਮੌਤ
. . .  1 day ago
ਅਮਿੱਤ ਸ਼ਾਹ ਨੂੰ ਹੋਇਆ ਸਵਾਈਨ ਫਲੂ , ਏਮਜ਼ 'ਚ ਭਰਤੀ
. . .  1 day ago
ਨਵੀਂ ਦਿੱਲੀ ,16 ਜਨਵਰੀ - ਭਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿੱਤ ਸ਼ਾਹ ਨੂੰ ਸਵਾਈਨ ਫਲੂ ਹੋਣ ਕਰਕੇ ਏਮਜ਼ 'ਚ ਭਰਤੀ ਕੀਤਾ ਗਿਆ ਹੈ।
'ਖੇਲੋ ਇੰਡੀਆ' 'ਚ ਬੁਢਲਾਡਾ ਤਹਿਸੀਲ ਦੀ ਪ੍ਰਦੀਪ ਕੌਰ ਨੇ ਜਿੱਤਿਆ ਕਾਂਸੇ ਦਾ ਮੈਡਲ
. . .  1 day ago
ਬੁਢਲਾਡਾ, 16 ਜਨਵਰੀ (ਸਵਰਨ ਸਿੰਘ ਰਾਹੀ) - ਮਹਾਰਾਸ਼ਟਰ ਦੇ ਪੁਣੇ 'ਚ ਚੱਲ ਰਹੀਆਂ 'ਖੇਲੋ ਇੰਡੀਆ' ਖੇਡਾਂ 'ਚ ਬੁਢਲਾਡਾ ਤਹਿਸੀਲ ਦੇ ਪਿੰਡ ਦੋਦੜਾ ਦੀ ਨਿਸ਼ਾਨੇਬਾਜ਼ ਪ੍ਰਦੀਪ ਕੌਰ ਸਿੱਧੂ ਨੇ 10 ਮੀਟਰ ਏਅਰ ਪਿਸਟਲ (ਮਿਕਸ) ਜੂਨੀਅਰ ਵਰਗ 'ਚ ਕਾਂਸੇ ਦਾ ਮੈਡਲ ਜਿੱਤ ਕੇ ਪਿੰਡ ਅਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ ਹੈ।
ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਸੁਪਰੀਮ ਕੋਰਟ ਦੇ ਜੱਜ ਨਿਯੁਕਤ
. . .  1 day ago
ਨਵੀਂ ਦਿੱਲੀ, 16 ਜਨਵਰੀ - ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਦਿੱਲੀ ਹਾਈਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਕਰਨਾਟਕ ਹਾਈਕੋਰਟ ਦੇ ਜੱਜ ਦਿਨੇਸ਼ ਮਹੇਸ਼ਵਰੀ ਨੂੰ ਸੁਪਰੀਮ ਕੋਰਟ ਦਾ...
ਤਾਮਿਲਨਾਡੂ ਦਾ ਡੀ ਗੁਕੇਸ਼ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡਮਾਸਟਰ
. . .  1 day ago
ਚੇਨਈ, 16 ਜਨਵਰੀ - ਤਾਮਿਲਨਾਡੂ ਦਾ ਡੀ ਗੁਕੇਸ਼ ਦੁਨੀਆ ਦਾ ਦੂਜਾ ਸਭ ਤੋਂ ਛੋਟੀ ਉਮਰ ਦਾ ਸ਼ਤਰੰਜ ਗ੍ਰੈਂਡ ਮਾਸਟਰ ਬਣਿਆ ਹੈ। ਇਸ ਮੌਕੇ ਡੀ ਗੁਕੇਸ਼ ਨੇ ਆਪਣੇ ਮਾਤਾ ਪਿਤਾ, ਕੋਚ, ਦੋਸਤਾਂ...
ਜਸਟਿਸ ਸੰਜੀਵ ਖੰਨਾ ਦੀ ਤਰੱਕੀ ਦੀ ਸਿਫ਼ਾਰਸ਼ ਤੋਂ ਬਾਰ ਕੌਂਸਲ ਨਾਰਾਜ਼
. . .  1 day ago
ਨਵੀਂ ਦਿੱਲੀ, 16 ਜਨਵਰੀ - ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਮਹੇਸ਼ਵਰੀ ਦੇ ਤਰੱਕੀ ਦੀ ਸਿਫ਼ਾਰਿਸ਼ 'ਤੇ ਬਾਰ ਕੌਂਸਲ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਬਾਰ ਕੌਂਸਲ ਦੇ ਪ੍ਰਧਾਨ ਆਫ਼ ਇੰਡੀਆ...
ਵੀਜ਼ਾ ਖ਼ਤਮ ਹੋਣ ਦੇ ਬਾਵਜੂਦ ਭਾਰਤ ਰਹਿਣ ਵਾਲਾ ਵਿਦੇਸ਼ੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 16 ਜਨਵਰੀ - ਸੀ.ਆਈ.ਐੱਸ.ਐੱਫ ਨੇ 8 ਸਾਲ ਦਾ ਵੀਜ਼ਾ ਖ਼ਤਮ ਹੋਣ ਤੋਂ ਬਾਅਦ ਵੀ ਭਾਰਤ ਰਹਿਣ ਵਾਲੇ ਇਮਾਨੁਅਲ ਚਿਨਵੇਨਵਾ ਅਜੂਨੁਮਾ ਨਾਂਅ ਦੇ ਵਿਦੇਸ਼ੀ ਨੂੰ ਦਿੱਲੀ ਦੇ...
ਸਿੱਖਿਆ ਬੋਰਡ ਵਲੋਂ 12ਵੀਂ ਸ੍ਰੇਣੀ ਦੀ ਡੇਟਸ਼ੀਟ 'ਚ ਤਬਦੀਲੀ
. . .  1 day ago
ਐੱਸ. ਏ. ਐੱਸ. ਨਗਰ, 16 ਜਨਵਰੀ (ਤਰਵਿੰਦਰ ਸਿੰਘ ਬੈਨੀਪਾਲ)- ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 12ਵੀਂ ਸ਼੍ਰੇਣੀ ਦੀ ਜਾਰੀ ਡੇਟਸ਼ੀਟ ਵਿਚ ਗਣਿਤ ਵਿਸ਼ੇ ਦੀ ਪ੍ਰੀਖਿਆ ਦੀ ਮਿਤੀ 'ਚ...
ਸੁਖਪਾਲ ਖਹਿਰਾ ਵੱਲੋਂ ਬ੍ਰਹਮਪੁਰਾ ਤੇ ਸੇਖਵਾਂ ਨਾਲ ਮੁੜ ਕੀਤੀ ਜਾ ਰਹੀ ਹੈ ਬੰਦ ਕਮਰਾ ਮੀਟਿੰਗ
. . .  1 day ago
ਅੰਮ੍ਰਿਤਸਰ, 16 ਜਨਵਰੀ (ਜਸਵੰਤ ਸਿੰਘ ਜੱਸ) - ਬੀਤੇ ਦਿਨੀਂ ਨਵੀਂ ਰਾਜਨੀਤਕ ਪਾਰਟੀ ਪੰਜਾਬੀ ਏਕਤਾ ਪਾਰਟੀ ਦਾ ਗਠਨ ਕਰਨ ਵਾਲੇ ਕਾਂਗਰਸ ਤੇ 'ਆਪ' ਦੇ ਸਾਬਕਾ ਆਗੂ ਸੁਖਪਾਲ ਸਿੰਘ ਖਹਿਰਾ...
ਹੋਰ ਖ਼ਬਰਾਂ..

ਬਾਲ ਸੰਸਾਰ

ਗਗਨਚੁੰਬੀ ਪਰਬਤਾਂ ਵਿਚ ਛੁਪੀ ਪ੍ਰਸਿੱਧ ਸੈਰਗਾਹ

ਤਪੋਵਨ

ਪਿਆਰੇ ਬੱਚਿਓ, ਹਿਮਾਲਾ ਪਰਬਤ ਦੀ ਗੋਦ ਵਿਚ ਵਸੀਆਂ ਅਜਿਹੀਆਂ ਬਹੁਤ ਸਾਰੀਆਂ ਸੈਰਗਾਹਾਂ ਹਨ, ਜੋ ਸਾਨੂੰ ਹਮੇਸ਼ਾ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ। ਬਰਫ਼ਾਨੀ ਚੋਟੀਆਂ, ਡੂੰਘੀਆਂ ਘਾਟੀਆਂ ਹਨ, ਦੇਵਦਾਰ ਦੇ ਰੁੱਖਾਂ ਨਾਲ ਭਰੀਆਂ ਢਲਾਨਾਂ, ਕਲ-ਕਲ ਕਰਦੇ ਨਦੀ-ਨਾਲੇ ਅਤੇ ਵਲ ਖਾਂਦੀਆਂ ਪਗਡੰਡੀਆਂ ਨੇ ਹਮੇਸ਼ਾ ਮਨੁੱਖ ਦੇ ਅੰਦਰ ਰੋਮਾਂਸ ਪੈਦਾ ਕੀਤਾ ਹੈ। ਤਪੋਵਨ ਸੈਰਗਾਹ ਗਗਨ ਚੁੰਬੀ ਪਰਬਤਾਂ ਵਿਚ ਵਸਦੀ ਇਕ ਅਜਿਹੀ ਸੈਰਗਾਹ ਹੈ, ਜਿਸ ਨੂੰ ਬਹੁਤ ਘੱਟ ਲੋਕ ਜਾਣਦੇ ਹਨ। ਪ੍ਰਸਿੱਧ ਹਿੰਦੂ ਤੀਰਥ ਸਥਾਨ ਗੰਗੋਤਰੀ ਦਾ 25 ਕਿਲੋਮੀਟਰ ਲੰਬਾ ਗਲੇਸ਼ੀਅਰ, ਜਿਥੇ ਚਤੁਰੰਗੀ ਬਾਮਕ, ਕੀਰਤੀ ਬਾਮਕ, ਮੀਰੂ ਬਾਮਕ, ਭਗੀਰਥੀ ਬਾਮਕ ਅਤੇ ਸਵੇਤ ਬਾਮਕ ਆਦਿ ਗਲੇਸ਼ੀਅਰ ਇਕੱਠੇ ਹੁੰਦੇ ਹਨ, ਨੂੰ ਪਾਰ ਕਰਨ ਉਪਰੰਤ ਹੀ 'ਤਪੋਵਨ' ਸੈਰਗਾਹ ਦੇ ਨਜ਼ਾਰਿਆਂ ਨੂੰ ਮਾਣਿਆ ਜਾ ਸਕਦਾ ਹੈ। 6100 ਮੀਟਰ (20,000 ਫੁੱਟ) ਤੋਂ ਲੈ ਕੇ 7500 ਮੀਟਰ ਅਰਥਾਤ 26000 ਫੁੱਟ ਉੱਚੀਆਂ ਚੋਟੀਆਂ ਵਿਚਕਾਰ ਘਿਰੀ ਇਸ ਅਨੋਖੀ ਸੈਰਗਾਹ ਨੂੰ ਤੱਕਦਿਆਂ ਹੀ ਮਨੁੱਖ ਹਕੀਕਤ ਤੋਂ ਕਲਪਨਾ ਦੀ ਦੁਨੀਆ ਵਿਚ ਪਹੁੰਚ ਜਾਂਦਾ ਹੈ। ਇਥੇ ਜਿਥੋਂ ਤੱਕ ਨਜ਼ਰ ਜਾਂਦੀ ਹੈ, ਬਸ ਬਰਫ਼ ਹੀ ਬਰਫ਼ ਦਿਖਾਈ ਦਿੰਦੀ ਹੈ। ਇਸ ਖੂਬਸੂਰਤ ਪਹਾੜੀ ਸਥਾਨ 'ਤੇ ਪਹੁੰਚਣ ਲਈ ਸਾਨੂੰ ਰਿਸ਼ੀਕੇਸ਼ ਤੋਂ ਆਪਣੀ ਯਾਤਰਾ ਦਾ ਆਰੰਭ ਕਰਨਾ ਪੈਂਦਾ ਹੈ। ਰਿਸ਼ੀਕੇਸ਼ ਤੋਂ ਗੰਗੋਤਰੀ ਤੱਕ 248 ਕਿਲੋਮੀਟਰ ਸਫਰ ਵਿਚ ਸਾਨੂੰ ਅਨੋਖੇ ਅਤੇ ਅਤੀ ਰੋਮਾਂਚਕ ਅਨੁਭਵ ਪ੍ਰਾਪਤ ਹੁੰਦੇ ਹਨ।
ਬੱਸ ਰਾਹੀਂ ਇਹ ਸਫਰ ਤੈਅ ਕਰਦੇ ਹੋਏ ਪਹਿਲਾਂ 'ਦੇਵ ਪ੍ਰਯਾਗ' ਨਾਂਅ ਦਾ ਸ਼ਹਿਰ ਆਉਂਦਾ ਹੈ, ਜਿਥੇ ਅਲਕਨੰਦਾ ਤੇ ਭਗੀਰਥੀ ਨਦੀਆਂ ਦਾ ਸੰਗਮ ਹੁੰਦਾ ਹੈ। ਤਪੋਵਨ ਦੀ ਅਗਲੀ ਯਾਤਰਾ ਭਗੀਰਥੀ ਅਰਥਾਤ ਗੰਗਾ ਨਦੀ ਦੇ ਨਾਲ-ਨਾਲ ਹੀ ਚਲਦੀ ਹੈ। 'ਦੇਵ ਪ੍ਰਯਾਗ' ਤੋਂ ਬਾਅਦ 4-5 ਘੰਟੇ ਦਾ ਸਫ਼ਰ ਤੈਅ ਕਰਨ ਉਪੰਰਤ 'ਟੀਹਰੀ' ਡੈਮ ਨੂੰ ਪਾਰ ਕਰਦੇ ਹੋਏ ਉੱਤਰਾਕਾਸ਼ੀ ਪਹੁੰਚਿਆ ਜਾ ਸਕਦਾ ਹੈ। ਉੱਤਰਾਕਾਸ਼ੀ ਤੋਂ ਅਗਲਾ ਪੜਾਅ ਹਰਸਿਲ ਕਸਬਾ ਹੈ, ਜੋ ਸਮੁੰਦਰੀ ਤਲ ਤੋਂ 2620 ਮੀਟਰ ਦੀ ਉਚਾਈ 'ਤੇ ਸਥਿਤ ਹੈ। ਹਰਸਿਲ ਤੋਂ ਅੱਗੇ ਹੀ ਹਿੰਦੂ ਧਰਮ ਦਾ ਮਹੱਤਵਪੂਰਨ ਤੀਰਥ ਸਥਾਨ ਹੈ ਗੰਗੋਤਰੀ, ਜਿਥੋਂ ਗੰਗਾ ਨਦੀ ਦਾ ਆਰੰਭ ਹੁੰਦਾ ਹੈ। ਇਹ ਨਦੀ ਗੰਗੋਤਰੀ ਦੇ ਇਕ ਬਰਫ਼ਾਨੀ ਗਲੇਸ਼ੀਅਰ ਵਿਚੋਂ ਨਿਕਲਦੀ ਹੈ, ਜਿਸ ਦਾ ਆਰੰਭਕ ਸਥਾਨ 'ਗੋ-ਮੁਖ' ਹੈ, ਜੋ ਗੰਗੋਤਰੀ ਤੋਂ 17 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ। ਬੱਸ ਦਾ ਸਫਰ ਸਿਰਫ ਗੰਗੋਤਰੀ ਤੱਕ ਹੀ ਕੀਤਾ ਜਾ ਸਕਦਾ ਹੈ। ਇਸ ਤੋਂ ਅੱਗੇ ਪੈਦਲ ਯਾਤਰਾ ਹੀ ਕਰਨੀ ਪੈਂਦੀ ਹੈ। ਖਤਰਨਾਕ ਬਰਫ਼ਾਨੀ ਚੋਟੀਆਂ ਅਤੇ ਚਟਾਨਾਂ ਦੇ ਇਸ ਰਸਤੇ ਭੋਜਬਾਸਾ, ਗੋਮੁਖ ਪਹਾੜੀ ਕਸਬਿਆਂ ਨੂੰ ਪਾਰ ਕਰਨ ਉਪਰੰਤ ਅਸੀਂ ਤਪੋਵਨ ਵਰਗੀ ਸੁੰਦਰ ਧਰਤੀ ਦੇ ਨਜ਼ਾਰੇ ਦੇਖ ਸਕਦੇ ਹਾਂ। ਬੱਚਿਓ, ਸਾਨੂੰ ਹਿਮਾਲਾ ਪਰਬਤ ਦੇ ਅਜਿਹੇ ਸੁੰਦਰ ਨਜ਼ਾਰਿਆਂ ਦਾ ਹਮੇਸ਼ਾ ਹੀ ਆਨੰਦ ਮਾਣਦੇ ਰਹਿਣਾ ਚਾਹੀਦਾ ਹੈ।


-ਪਿੰਡ ਤੇ ਡਾਕ: ਕੋਟਲੀ ਖਾਸ, ਤਹਿ: ਮੁਕੇਰੀਆਂ (ਹੁਸ਼ਿਆਰਪੁਰ)। ਮੋਬਾ: 94175-87207


ਖ਼ਬਰ ਸ਼ੇਅਰ ਕਰੋ

ਬਾਲ ਕਹਾਣੀ

ਚਲਾਕੋ ਬਿੱਲੀ ਦਾ ਸਬਕ

ਬੱਚਿਓ, ਇਕ ਜੰਗਲ ਵਿਚ ਬਹੁਤ ਸਾਰੇ ਜਾਨਵਰ ਮਿਲਜੁਲ ਕੇ ਰਹਿੰਦੇ ਸਨ। ਇਕ ਵਾਰ ਰਾਮੂ ਕੁੱਤੇ ਨੂੰ ਕੰਮ ਵਿਚ ਕਾਫੀ ਮੁਨਾਫਾ ਹੋਇਆ। ਉਹ ਆਪਣੇ ਘਰ ਵਿਚ ਬੈਠਾ ਪੈਸੇ ਗਿਣ ਕੇ ਬਹੁਤ ਖੁਸ਼ ਹੋ ਰਿਹਾ ਸੀ। ਇਕ ਚਲਾਕੋ ਬਿੱਲੀ ਇਹ ਸਭ ਦੇਖ ਰਹੀ ਸੀ। ਉਸ ਦੇ ਦਿਲ ਵਿਚ ਬੇਈਮਾਨੀ ਆ ਗਈ। ਉਹ ਰਾਮੂ ਕੁੱਤੇ ਕੋਲ ਗਈ ਤੇ ਰੋਣਹਾਕਾ ਜਿਹਾ ਮੂੰਹ ਬਣਾ ਕੇ ਕਹਿਣ ਲੱਗੀ, 'ਕੁੱਤੇ ਵੀਰ, ਮੈਨੂੰ ਕੁਝ ਪੈਸੇ ਉਧਾਰ ਚਾਹੀਦੇ ਹਨ, ਕੀ ਤੂੰ ਮੇਰੀ ਮਦਦ ਕਰੇਂਗਾ?' ਕੁੱਤਾ ਵਿਚਾਰਾ ਬੜਾ ਭਲਾਮਾਣਸ ਸੀ, ਇਸ ਲਈ ਉਸ ਨੇ ਬਿੱਲੀ ਨੂੰ ਪਿਆਰ ਨਾਲ ਪੁੱਛਿਆ, 'ਕੀ ਗੱਲ! ਸਭ ਸੁਖ ਤਾਂ ਹੈ ਭੈਣੇ?'
'ਹਾਂ ਵੀਰੇ, ਥੋੜ੍ਹੀ ਮੁਸ਼ਕਿਲ ਹੋ ਗਈ ਹੈ। ਮੇਰਾ ਘਰਵਾਲਾ ਬਿਮਾਰ ਹੈ ਤੇ ਬੱਚੇ ਵੀ ਠੀਕ ਨਹੀਂ ਹਨ। ਦਵਾਈ ਲਈ ਪੈਸੇ ਨਹੀਂ ਹਨ ਮੇਰੇ ਕੋਲ। ਜੇ ਤੂੰ ਮਦਦ ਕਰੇਂ ਤਾਂ ਮੈਂ ਤੇਰੇ ਪੈਸੇ ਛੇਤੀ ਮੋੜ ਦੇਵਾਂਗੀ।' ਚਲਾਕੋ ਬਿੱਲੀ ਨੇ ਦੁਖੀ ਹੁੰਦਿਆਂ ਕਿਹਾ।
'ਕੋਈ ਨੀਂ ਭੈਣੇ, ਸਭ ਠੀਕ ਹੋ ਜੂ। ਤੂੰ ਆਹ ਪੰਜ ਸੌ ਰੁਪਏ ਲੈ ਜਾ ਤੇ ਦਵਾਈ ਲਿਆ ਕੇ ਦੇ ਘਰਵਾਲੇ ਤੇ ਬੱਚਿਆਂ ਨੂੰ।' ਰਾਮੂ ਕੁੱਤੇ ਨੇ ਪੰਜ ਸੌ ਰੁਪਏ ਕੱਢ ਕੇ ਚਲਾਕੋ ਬਿੱਲੀ ਨੂੰ ਫੜਾਉਂਦਿਆਂ ਕਿਹਾ।
'ਅੰਨ੍ਹਾ ਕੀ ਚਾਹੇ, ਦੋ ਅੱਖਾਂ' ਅਖਾਣ ਅਨੁਸਾਰ ਚਲਾਕੋ ਬਿੱਲੀ ਤਾਂ ਖੁਸ਼ ਹੋ ਗਈ ਤੇ ਉੱਤੋਂ-ਉੱਤੋਂ ਦੁਖੀਆਂ ਵਾਂਗ ਨਾਟਕ ਕਰਦੀ ਬਾਹਰ ਨਿਕਲ ਗਈ। ਬਸ ਫਿਰ ਕੀ ਸੀ? ਥੋੜ੍ਹੇ ਦਿਨ ਰੱਜ ਕੇ ਐਸ਼ ਕੀਤੀ। ਖਾਧਾ-ਪੀਤਾ ਤੇ ਘੁੰਮੀ-ਫਿਰੀ। ਕੁਝ ਦਿਨ ਬਾਅਦ ਪੈਸੇ ਖ਼ਤਮ ਹੋ ਗਏ ਤੇ ਹੁਣ ਚਲਾਕੋ ਬਿੱਲੀ ਰਾਮੂ ਕੁੱਤੇ ਦੇ ਸਾਹਮਣੇ ਆਉਣ ਤੋਂ ਕਤਰਾਉਣ ਲੱਗੀ। ਆਖਰ ਇਕ ਦਿਨ ਰਾਮੂ ਦਾ ਸਬਰ ਖ਼ਤਮ ਹੋ ਗਿਆ ਤੇ ਉਹ ਚਲਾਕੋ ਦੇ ਘਰ ਪਹੁੰਚ ਗਿਆ ਤੇ ਆਪਣੇ ਪੈਸੇ ਵਾਪਸ ਮੰਗਣ ਲੱਗਾ ਪਰ ਚਲਾਕੋ ਤਾਂ ਸੀ ਚਲਾਕੋ। ਅਖੇ, 'ਕਿਹੜੇ ਪੈਸੇ? ਮੈਂ ਕਦੋਂ ਲਏ ਤੈਥੋਂ? ਐਵੇਂ ਮੈਨੂੰ ਪ੍ਰੇਸ਼ਾਨ ਕਰਦਾ ਪਿਆਂ। ਜੇ ਤੂੰ ਚੁੱਪਚਾਪ ਇਥੋਂ ਨਾ ਗਿਆ ਤਾਂ ਮੈਂ ਸ਼ੇਰ ਰਾਜਾ ਕੋਲ ਤੇਰੀ ਸ਼ਿਕਾਇਤ ਕਰ ਦੇਵਾਂਗੀ।'
ਇਹ ਸੁਣ ਰਾਮੂ ਕੁੱਤਾ ਬਹੁਤ ਦੁਖੀ ਹੋਇਆ ਪਰ ਫਿਰ ਕੁਝ ਸੋਚ ਕੇ ਉਹ ਸ਼ੇਰ ਰਾਜਾ ਕੋਲ ਪਹੁੰਚ ਗਿਆ। ਉਸ ਨੇ ਸ਼ੇਰ ਰਾਜਾ ਨੂੰ ਸਾਰੀ ਸਚਾਈ ਦੱਸੀ। ਸ਼ੇਰ ਰਾਜਾ ਨੇ ਕੁਝ ਦੇਰ ਸੋਚ-ਵਿਚਾਰ ਕੀਤਾ ਤੇ ਫਿਰ ਸਾਰੇ ਜਾਨਵਰਾਂ ਦੀ ਇਕ ਮੀਟਿੰਗ ਸੱਦੀ। ਉਸ ਵਿਚ ਬਿੱਲੀ ਨੂੰ ਵੀ ਬੁਲਾਇਆ ਗਿਆ ਪਰ ਜਦੋਂ ਉਸ ਨੂੰ ਪੈਸਿਆਂ ਲਈ ਪੁੱਛਿਆ ਗਿਆ ਤਾਂ ਉਹ ਹੱਥ ਜੋੜ ਕੇ ਬੋਲੀ, 'ਹਜ਼ੂਰ ਇਹ ਝੂਠ ਹੈ, ਮੈਂ ਇਸ ਤੋਂ ਕੋਈ ਪੈਸੇ ਨਹੀਂ ਲਏ। ਇਹ ਐਵੇਂ ਹੀ ਮੈਨੂੰ ਪ੍ਰੇਸ਼ਾਨ ਕਰ ਰਿਹਾ ਹੈ।' ਦੋਵਾਂ ਪਾਸਿਆਂ ਦੀਆਂ ਗੱਲਾਂ ਸੁਣਨ ਤੋਂ ਬਾਅਦ ਸ਼ੇਰ ਰਾਜਾ ਨੇ ਕਿਹਾ, 'ਮੈਨੂੰ ਤਾਂ ਵਿਚਾਰੀ ਚਲਾਕੋ ਸੱਚੀ ਲਗਦੀ ਹੈ, ਇਸ ਲਈ ਮੇਰਾ ਫੈਸਲਾ ਚਲਾਕੋ ਦੇ ਹੱਕ ਵਿਚ ਹੈ। ਰਾਮੂ, ਜੇ ਤੂੰ ਅੱਗੇ ਤੋਂ ਇਸ ਨੂੰ ਪ੍ਰੇਸ਼ਾਨ ਕੀਤਾ ਤਾਂ ਤੈਨੂੰ ਸਖ਼ਤ ਸਜ਼ਾ ਮਿਲੇਗੀ।' ਇਹ ਕਹਿ ਕੇ ਸ਼ੇਰ ਰਾਜਾ ਨੇ ਮੀਟਿੰਗ ਬਰਖਾਸਤ ਕਰ ਦਿੱਤੀ।
ਹੁਣ ਸਾਰੇ ਜਾਨਵਰ ਚਲੇ ਗਏ ਤਾਂ ਚਲਾਕੋ ਬਿੱਲੀ ਉੱਚੀ-ਉੱਚੀ ਹੱਸਣ ਲੱਗੀ, 'ਅਖੇ ਮੇਰੇ ਕੋਲੋਂ ਪੈਸੇ ਵਾਪਸ ਲਵੇਗਾ ਇਹ। ਮੈਂ ਕਿਹਾ ਸੀ ਨਾ ਕਿ ਚੁੱਪਚਾਪ ਚਲਾ ਜਾ ਪਰ ਤੂੰ ਨਹੀਂ ਮੰਨਿਆ ਤੇ ਹੁਣ ਕੀ ਕਰੇਂਗਾ? ਵਿਚਾਰੇ ਰਾਮੂ... ਬਹੁਤ ਬੁਰਾ ਹੋਇਆ... ਹਾ ਹਾ ਹਾ....।'
ਰਾਮੂ ਚੁੱਪਚਾਪ ਨਿਰਾਸ਼ ਖੜ੍ਹਾ ਸੀ ਕਿ ਅਚਾਨਕ ਸ਼ੇਰ ਰਾਜਾ ਦੀ ਗਰਜ ਆਈ ਤੇ ਉਸ ਦੇ ਪਿੱਛੇ-ਪਿੱਛੇ ਬਾਕੀ ਜਾਨਵਰ ਵੀ ਬਾਹਰ ਆ ਗਏ, ਜੋ ਇਧਰ-ਉਧਰ ਛੁਪੇ ਹੋਏ ਸਨ।
'ਚਲਾਕੋ ਬਿੱਲੀ, ਤੇਰੀ ਸੱਚਾਈ ਬਾਹਰ ਲਿਆਉਣ ਲਈ ਹੀ ਅਸੀਂ ਇਹ ਨਾਟਕ ਕੀਤਾ ਸੀ। ਹੁਣ ਚੁੱਪਚਾਪ ਰਾਮੂ ਦੇ ਪੈਸੇ ਵਾਪਸ ਕਰ ਤੇ ਮੁਆਫ਼ੀ ਮੰਗ ਉਸ ਤੋਂ। ਜੇ ਅੱਗੇ ਤੋਂ ਕੋਈ ਅਜਿਹਾ ਕੰਮ ਕੀਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਵੇਗਾ।' ਸ਼ੇਰ ਦੀ ਗਰਜਵੀਂ ਧਮਕੀ ਸੁਣ ਕੇ ਚਲਾਕੋ ਡਰ ਗਈ ਤੇ ਉਸ ਨੇ ਰਾਮੂ ਦੇ ਪੈਸੇ ਵਾਪਸ ਕਰ ਦਿੱਤੇ ਤੇ ਮੁਆਫ਼ੀ ਵੀ ਮੰਗੀ। ਰਾਮੂ ਕੁੱਤਾ ਸ਼ੇਰ ਦੇ ਇਨਸਾਫ ਤੋਂ ਬਹੁਤ ਖੁਸ਼ ਹੋਇਆ। ਚਲਾਕੋ ਬਿੱਲੀ ਨੂੰ ਆਪਣਾ ਸਬਕ ਮਿਲ ਗਿਆ ਸੀ ਤੇ ਹੁਣ ਸਾਰੇ ਪਾਸੇ ਸ਼ੇਰ ਰਾਜਾ ਦੀ ਸਹੀ ਇਨਸਾਫ ਕਰਕੇ ਜੈ ਜੈਕਾਰ ਹੋ ਰਹੀ ਸੀ।


-ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਮੋਬਾ: 82889-47192

ਐਂਬੂਲੈਂਸ ਉੱਤੇ ਲਿਖੇ ਅੱਖਰ ਪੁੱਠੇ ਕਿਉਂ?

ਪਿਆਰੇ ਬੱਚਿਓ, ਤੁਸੀਂ ਸੜਕਾਂ ਉੱਤੇ ਐਂਬੂਲੈਂਸ ਨੂੰ ਤੇਜ਼ ਗਤੀ ਵਿਚ ਚਲਦੇ ਅਤੇ ਸਾਇਰਨ ਵਜਾਉਂਦੇ ਜ਼ਰੂਰ ਦੇਖਿਆ ਹੋਵੇਗਾ। ਐਂਬੂਲੈਂਸ ਦੀ ਇਨਸਾਨੀ ਜੀਵਨ ਵਿਚ ਬਹੁਤ ਜ਼ਰੂਰਤ ਅਤੇ ਮਹੱਤਤਾ ਹੈ। ਐਂਬੂਲੈਂਸ ਦੀ ਵਰਤੋਂ ਜ਼ਖਮੀ, ਬਿਮਾਰ ਜਾਂ ਗੰਭੀਰ ਰੋਗੀਆਂ ਨੂੰ ਇਕ ਖਾਸ ਜਗ੍ਹਾ ਤੋਂ ਹਸਪਤਾਲ ਤੱਕ ਲੈ ਕੇ ਜਾਣ ਲਈ ਕੀਤੀ ਜਾਂਦੀ ਹੈ। ਇਸ ਸਥਿਤੀ ਵਿਚ ਐਂਬੂਲੈਂਸ ਤੇਜ਼ ਗਤੀ ਵਿਚ ਚਲਦੀ ਹੈ ਤਾਂ ਜੋ ਜਲਦੀ ਤੋਂ ਜਲਦੀ ਮਰੀਜ਼ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਐਂਬੂਲੈਂਸ ਉੱਤੇ ਲਿਖੇ ਅੱਖਰ ਇਸ ਲਈ ਪੁੱਠੇ ਲਿਖੇ ਜਾਂਦੇ ਹਨ ਤਾਂ ਜੋ ਅੱਗੇ ਚੱਲ ਰਿਹਾ ਵਾਹਨ ਚਾਲਕ ਜਦ ਸ਼ੀਸ਼ੇ ਵਿਚ ਦੀ ਦੇਖੇ ਤਾਂ ਉਸ ਨੂੰ ਇਹ ਅੱਖਰ ਸਿੱਧੇ ਦਿਖਾਈ ਦੇਣ, ਕਿਉਂਕਿ ਗੱਡੀ ਦੇ ਸ਼ੀਸ਼ੇ ਵਿਚ ਦੇਖਣ ਉੱਤੇ ਇਹ ਪੁੱਠੇ ਲਿਖੇ ਅੱਖਰ ਸਿੱਧੇ ਪੜ੍ਹੇ ਜਾਂਦੇ ਹਨ ਅਤੇ ਵਾਹਨ ਚਾਲਕ ਬਿਨਾਂ ਕਿਸੇ ਦੇਰੀ ਦੇ ਐਂਬੂਲੈਂਸ ਨੂੰ ਰਸਤਾ ਦੇ ਦਿੰਦੇ ਹਨ। ਐਂਬੂਲੈਂਸ ਉੱਤੇ ਅੱਖਰ ਪੁੱਠੇ ਲਿਖਣ ਦਾ ਮੁੱਖ ਮਕਸਦ ਅੱਗੇ ਚੱਲ ਰਹੇ ਵਾਹਨ ਨੂੰ ਜਲਦੀ ਰਸਤਾ ਦੇਣ ਦਾ ਆਸ਼ਾਰਾ ਅਤੇ ਮਰੀਜ਼ ਨੂੰ ਜਲਦੀ ਤੋਂ ਜਲਦੀ ਹਸਪਤਾਲ ਪਹੁੰਚਾਉਣਾ ਹੁੰਦਾ ਹੈ।


-ਮਲੌਦ, ਲੁਧਿਆਣਾ।

ਚੁਟਕਲੇ

* ਕੁੱਕੀ (ਰਵੀ ਨੂੰ)-ਅੱਜ ਟੀ. ਵੀ. 'ਤੇ 30 ਫੁੱਟ ਲੰਬਾ ਸੱਪ ਦਿਖਾਇਆ ਜਾਵੇਗਾ। ਵੇਖੀਂ ਜ਼ਰੂਰ।
ਰਵੀ-ਮੈਂ ਨਹੀਂ ਦੇਖ ਸਕਾਂਗਾ।
ਕੁੱਕੀ-ਕਿਉਂ ਕਿਤੇ ਜਾਣਾ?
ਰਵੀ-ਨਹੀਂ ਯਾਰ, ਮੇਰੇ ਟੀ. ਵੀ. ਦੀ ਸਕਰੀਨ ਸਿਰਫ 21 ਇੰਚ ਦੀ ਹੈ।
* ਭੋਲੇ ਦਾ ਸਿਰ ਦੁਖਦਾ ਸੀ। ਉਸ ਨੇ ਗੋਲੀ ਖਾਧੀ ਤੇ ਸਿਰ ਭਰਨੇ ਖੜ੍ਹਾ ਹੋ ਗਿਆ। ਕੋਲ ਦੀ ਲੰਘੇ ਜਾਂਦੇ ਛਿੰਦੇ ਨੇ ਕਿਹਾ, 'ਆਹ ਕੀ! ਯੋਗਾ ਕਰਦੈਂ ਭੋਲਿਆ ਸਵੇਰੇ-ਸਵੇਰੇ?'
'ਕਾਹਨੂੰ ਯਾਰ! ਸਿਰ ਦੁਖਦਾ ਸੀ, ਗੋਲੀ ਖਾਧੀ ਆ। ਮੈਂ ਕਿਹਾ ਜੇ ਬੈਠਾ ਰਿਹਾ ਤਾਂ ਗੋਲੀ ਕਿਤੇ ਢਿੱਡ 'ਚ ਈ ਨਾ ਚਲੀ ਜਾਵੇ।'
* ਪਤਨੀ (ਪਤੀ ਨੂੰ)-ਤੁਸੀਂ ਮੈਨੂੰ ਅਜਿਹੀਆਂ ਦੋ ਗੱਲਾਂ ਦੱਸੋ ਕਿ ਪਹਿਲੀ ਸੁਣ ਕੇ ਮੈਂ ਖੁਸ਼ ਹੋ ਜਾਵਾਂ ਤੇ ਦੂਜੀ ਸੁਣ ਕੇ ਗੁੱਸੇ 'ਚ ਆ ਜਾਵਾਂ।
ਪਤੀ-ਤੂੰ ਮੇਰੀ ਜ਼ਿੰਦਗੀ ਏਂ। ਤੇ ਲਾਹਣਤ ਹੈ ਅਜਿਹੀ ਜ਼ਿੰਦਗੀ ਦੇ ਜਿਹੜੀ ਕੋਈ ਵੀ ਕੰਮ ਸਮੇਂ 'ਤੇ ਨਹੀਂ ਕਰਦੀ।
* ਜੱਸੀ-ਪਾਪਾ, ਹੁਣ ਤੁਹਾਨੂੰ ਆਪਣੀ ਗਾਂ ਲਈ ਤੂੜੀ ਲਿਆਉਣ ਦੀ ਲੋੜ ਨਹੀਂ ਪਵੇਗੀ।
ਪਾਪਾ-ਕਿਉਂ?
ਜੱਸੀ-ਸਾਡੇ ਸਰ ਨੇ ਕਿਹਾ ਕਿ ਤੇਰੇ ਦਿਮਾਗ 'ਚ ਤਾਂ ਤੂੜੀ ਭਰੀ ਹੋਈ ਐ। ਇਸ ਲਈ ਪਾਪਾ ਜਦੋਂ ਲੋੜ ਪਈ, ਕੱਢ ਲਿਆ ਕਰਿਓ।


-ਸਰਬਜੀਤ ਸਿੰਘ ਝੱਮਟ,
ਪਿੰਡ ਝੱਮਟ, ਡਾਕ: ਅਯਾਲੀ ਕਲਾਂ। ਮੋਬਾ: 94636-00252

ਬਾਲ ਨਾਵਲ-85

ਖੱਟੀਆਂ-ਮਿੱਠੀਆਂ ਗੋਲੀਆਂ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
'ਕੱਪੜੇ ਤਾਂ ਨਵੇਂ ਲੈਣੇ ਹੀ ਪੈਣੇ ਨੇ ਨਾ', ਮੇਘਾ ਨੇ ਫਿਰ ਕਿਹਾ।
'ਕੱਪੜੇ ਤਾਂ ਮੇਰੇ ਕੋਲ ਬਥੇਰੇ ਪਏ ਨੇ', ਹਰੀਸ਼ ਨੇ ਆਪਣੀ ਅਲਮਾਰੀ ਵੱਲ ਹੱਥ ਕਰਦਿਆਂ ਕਿਹਾ।
'ਹਰੀਸ਼, ਮੇਰੀ ਗੱਲ ਧਿਆਨ ਨਾਲ ਸੁਣ। ਅੱਗੇ ਤੂੰ ਮੈਡੀਕਲ ਕਾਲਜ ਦਾ ਵਿਦਿਆਰਥੀ ਸੀ, ਹੁਣ ਤੂੰ ਇਕ ਵੱਡੇ ਹਸਪਤਾਲ ਦਾ ਡਾਕਟਰ ਬਣ ਕੇ ਜਾਣੈ। ਹੁਣ ਉਹ ਕੱਪੜੇ ਨਹੀਂ ਚੱਲਣੇ, ਜਿਹੜੇ ਤੇਰੇ ਕਾਲਜ ਵਿਚ ਚਲਦੇ ਸਨ', ਮੇਘਾ ਨੇ ਪੂਰੀ ਦਲੀਲ ਨਾਲ ਗੱਲ ਕੀਤੀ।
'ਤੁਹਾਡੀ ਗੱਲ ਬਿਲਕੁਲ ਠੀਕ ਐ ਪਰ ਮੇਰੇ ਕੋਲ ਤੁਹਾਡੀਆਂ ਲੈ ਕੇ ਦਿੱਤੀਆਂ ਦੋ-ਤਿੰਨ ਕਮੀਜ਼ਾਂ ਅਜੇ ਨਵੀਆਂ ਹੀ ਪਈਆਂ ਨੇ, ਹੁਣ ਉਹ ਮੇਰੇ ਕੰਮ ਆ ਜਾਣਗੀਆਂ। ਮੇਰੇ ਹਿਸਾਬ ਨਾਲ ਮੈਨੂੰ ਅਜੇ ਕਿਸੇ ਨਵੇਂ ਕੱਪੜੇ ਦੀ ਲੋੜ ਨਹੀਂ। ਹਾਂ, ਇਕ ਗੱਲ ਹੋਰ ਕਿ ਮੈਂ ਕਿਹੜਾ ਕਿਸੇ ਪਛੜੇ ਹੋਏ ਪਿੰਡ ਵਿਚ ਜਾ ਰਿਹਾਂ। ਮੈਨੂੰ ਜੇ ਕਿਸੇ ਚੀਜ਼ ਦੀ ਜ਼ਰੂਰਤ ਮਹਿਸੂਸ ਹੋਈ ਤਾਂ ਮੈਂ ਦਿੱਲੀ ਤੋਂ ਲੈ ਲਵਾਂਗਾ।'
ਹਰੀਸ਼ ਨੇ ਪਤਾ ਨਹੀਂ ਝੂਠ ਬੋਲਿਆ ਸੀ ਜਾਂ ਸੱਚ ਪਰ ਮੇਘਾ ਅਤੇ ਬਾਕੀ ਸਾਰਿਆਂ ਨੂੰ ਉਸ ਦੀ ਗੱਲ ਠੀਕ ਲੱਗੀ। ਪਰ ਉਸ ਦੇ ਬਾਵਜੂਦ ਵੀ ਅਗਲੇ ਦਿਨ ਮੇਘਾ, ਹਰੀਸ਼ ਵਾਸਤੇ ਦੋ ਰੈਡੀਮੇਡ ਕਮੀਜ਼ਾਂ ਅਤੇ ਕਮੀਜ਼ਾਂ ਨਾਲ ਮੈਚ ਕਰਦੀਆਂ ਦੋ ਪੈਂਟਾਂ ਖਰੀਦ ਲਿਆਈ। ਮੇਘਾ ਨੇ ਅਛੋਪਲੇ ਹੀ ਕਮੀਜ਼ਾਂ-ਪੈਟਾਂ ਵਾਲਾ ਪੈਕੇਟ ਹਰੀਸ਼ ਦੇ ਕਮਰੇ ਵਿਚ ਜਾ ਕੇ ਉਸ ਦੇ ਸੂਟਕੇਸ ਵਿਚ ਰੱਖ ਦਿੱਤਾ।
ਦੋ ਦਿਨਾਂ ਬਾਅਦ ਹੀ ਦਿੱਲੀ ਤੋਂ ਵੱਡੇ ਡਾਕਟਰ ਸਾਹਿਬ ਦਾ ਫੋਨ ਆ ਗਿਆ ਕਿ 'ਇਕ-ਦੋ ਦਿਨਾਂ ਵਿਚ ਹੀ ਆ ਕੇ ਹਸਪਤਾਲ ਜੁਆਇਨ ਕਰ ਲਵੋ।' ਹਰੀਸ਼ ਨੇ ਤਿਆਰੀ ਤਾਂ ਕੋਈ ਖਾਸ ਕਰਨੀ ਨਹੀਂ ਸੀ। ਜਿਹੜੀਆਂ ਜ਼ਰੂਰੀ ਕਿਤਾਬਾਂ ਉਸ ਨੇ ਨਾਲ ਖੜਨੀਆਂ ਸਨ, ਉਹ ਪਹਿਲਾਂ ਹੀ ਉਸ ਨੇ ਵੱਖਰੀਆਂ ਕਰ ਲਈਆਂ ਸਨ। ਅਲਮਾਰੀ 'ਚੋਂ ਕੁਝ ਕੱਪੜੇ ਕੱਢ ਕੇ ਬਸ ਅਟੈਚੀਕੇਸ ਵਿਚ ਰੱਖਣੇ ਹੀ ਸਨ। ਇਸ ਕਰਕੇ ਉਸ ਨੇ ਅਗਲੇ ਦਿਨ ਹੀ ਦਿੱਲੀ ਜਾਣ ਦਾ ਪ੍ਰੋਗਰਾਮ ਬਣਾ ਲਿਆ।
ਉਸ ਨੇ ਮਾਤਾ ਜੀ ਨੂੰ ਉਸੇ ਵਕਤ ਨੌਕਰੀ ਮਿਲਣ ਬਾਰੇ ਦੱਸ ਦਿੱਤਾ ਅਤੇ ਇਹ ਵੀ ਕਹਿ ਦਿੱਤਾ ਕਿ ਉਸ ਦਾ ਕੱਲ੍ਹ ਦਿੱਲੀ ਜਾਣ ਦਾ ਪ੍ਰੋਗਰਾਮ ਬਣ ਗਿਐ। ਮਾਤਾ ਜੀ, ਇਕ ਪਾਸੇ ਤਾਂ ਹਰੀਸ਼ ਨੂੰ ਨੌਕਰੀ ਮਿਲਣ 'ਤੇ ਬੜੇ ਖੁਸ਼ ਸਨ ਪਰ ਨਾਲ ਹੀ ਉਸ ਦੇ ਦਿੱਲੀ ਜਾਣ ਕਰਕੇ ਉਦਾਸ ਵੀ ਹੋ ਰਹੇ ਸੀ। ਇਹੋ ਹਾਲ ਸਿਧਾਰਥ ਅਤੇ ਮੇਘਾ ਦਾ ਸੀ।
ਅਗਲੇ ਦਿਨ ਸ਼ਾਮ ਨੂੰ ਸਿਧਾਰਥ ਅਤੇ ਮੇਘਾ, ਹਰੀਸ਼ ਨੂੰ ਮਾਤਾ ਜੀ ਵਲੋਂ ਲੈ ਕੇ ਸਟੇਸ਼ਨ 'ਤੇ ਛੱਡਣ ਜਾ ਰਹੇ ਸਨ।
ਅਗਲੀ ਸਵੇਰ ਹਰੀਸ਼ ਠੀਕ-ਠਾਕ ਦਿੱਲੀ ਪਹੁੰਚ ਗਿਆ। ਆਪਣਾ ਸਾਮਾਨ ਡਾਕਟਰਾਂ ਦੇ ਹੋਸਟਲ ਵਿਚ ਰੱਖ ਕੇ ਅਤੇ ਫਰੈਸ਼ ਹੋ ਕੇ ਉਹ ਹਸਪਤਾਲ ਡਾਕਟਰ ਸਾਹਿਬ ਨੂੰ ਮਿਲਣ ਚਲਾ ਗਿਆ। ਡਾਕਟਰ ਸਾਹਿਬ ਨੇ ਉਸ ਨੂੰ ਉਸੇ ਦਿਨ ਹੀ ਜੁਆਇਨ ਕਰਵਾ ਦਿੱਤਾ।
ਉਸੇ ਦਿਨ ਦੁਪਹਿਰ ਬਾਅਦ ਵੱਡੇ ਡਾਕਟਰ ਸਾਹਿਬ ਨੇ ਮੈਡੀਸਨ ਵਾਰਡ ਦੇ ਸਾਰੇ ਡਾਕਟਰਾਂ ਦੀ ਮੀਟਿੰਗ ਬੁਲਾ ਕੇ ਉਸ ਦੀ ਜਾਣ-ਪਛਾਣ ਕਰਵਾ ਦਿੱਤੀ। ਉਨ੍ਹਾਂ ਨੇ ਦੋ ਸੀਨੀਅਰ ਡਾਕਟਰਾਂ ਦੀ ਡਿਊਟੀ ਲਗਾ ਦਿੱਤੀ ਕਿ ਕੁਝ ਦਿਨ ਹਰੀਸ਼ ਨੂੰ ਨਾਲ ਹੀ ਰੱਖਣ ਅਤੇ ਪੂਰੀ ਵਾਰਡ ਦੀ ਵਰਕਿੰਗ ਸਮਝਾ ਦੇਣ। ਉਨ੍ਹਾਂ ਦੋਵਾਂ ਡਾਕਟਰਾਂ ਵਿਚੋਂ ਇਕ ਡਾਕਟਰ ਬੰਬਈ ਤੋਂ ਉਸੇ ਕਾਲਜ ਵਿਚੋਂ ਹੀ ਪੜ੍ਹ ਕੇ ਆਇਆ ਸੀ, ਜਿਥੋਂ ਹਰੀਸ਼ ਆਇਆ ਹੈ।
ਕੁਝ ਦਿਨਾਂ ਵਿਚ ਹੀ ਹਰੀਸ਼ ਨੂੰ ਹਸਪਤਾਲ ਬਾਰੇ, ਆਪਣੀ ਵਾਰਡ ਬਾਰੇ ਅਤੇ ਮਰੀਜ਼ਾਂ ਬਾਰੇ ਕਾਫੀ ਕੁਝ ਪਤਾ ਲੱਗ ਗਿਆ। ਜਿਸ ਵੇਲੇ ਵੱਡੇ ਡਾਕਟਰ ਸਾਹਿਬ ਵਾਰਡ ਵਿਚ ਰਾਊਂਡ ਲਗਾਉਂਦੇ ਅਤੇ ਹਰ ਮਰੀਜ਼ ਦੀ ਬਿਮਾਰੀ ਬਾਰੇ ਦੱਸਦੇ, ਉਸ ਨਾਲ ਹਰੀਸ਼ ਕਾਫੀ ਕੁਝ ਨਵਾਂ ਸਿੱਖ ਰਿਹਾ ਸੀ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-404, ਗ੍ਰੀਨ ਐਵੇਨਿਊ, ਅੰਮ੍ਰਿਤਸਰ-143001. ਮੋਬਾ: 98889-24664

ਬੁਝਾਰਤ-22

ਬੱਚਿਓ ਮੈਂ ਇਕ ਦੇਖਿਆ ਬੋਕ,
ਚੁੱਕੇ ਪੂਛ ਤੇ ਮਾਰੇ ਮੋਕ।
ਪਰ ਇਸ ਦੀ ਹੈ ਇਕੋ ਲੱਤ,
ਨਾ ਹੀ ਪਿੰਡੇ ਉੱਤੇ ਜੱਤ।
ਏਧਰ-ਉਧਰ ਹਿੱਲ ਨ੍ਹੀਂ ਸਕਦਾ,
ਭੈਣ, ਭਾਈ ਨੂੰ ਮਿਲ ਨ੍ਹੀਂ ਸਕਦਾ।
ਬੁੱਝੋ ਬੱਚਿਓ ਹੁਣ ਮੇਰੀ ਬਾਤ,
ਜਿਹੜੀ ਚਾਹੋ ਉਹ ਮਿਲੂ ਸੌਗਾਤ।
ਅੰਕਲ ਜੀ ਕੋਈ ਦਿਉ ਇਸ਼ਾਰਾ,
ਬੁੱਝਣ ਦਾ ਕੋਈ ਕਰੀਏ ਚਾਰਾ।
ਕਦੇ ਉੱਚਾ ਸੀ ਰੁਤਬਾ ਇਸ ਦਾ,
ਹੁਣ ਕਿਤੇ-ਕਿਤੇ ਹੀ ਦਿਸਦਾ।
-f-
'ਹੈਂਡਪੰਪ' ਵੀ ਨਾਂਅ ਨੇ ਲੈਂਦੇ,
ਪੰਜਾਬੀ ਵਿਚ 'ਨਲਕਾ' ਕਹਿੰਦੇ।


-ਜਸਵੀਰ ਸਿੰਘ ਭਲੂਰੀਆ,
ਪਿੰਡ ਤੇ ਡਾਕ: ਭਲੂਰ (ਮੋਗਾ)।
ਮੋਬਾ: 99159-95505

ਬਾਲ ਸਾਹਿਤ

ਸਿਰਜਕ ਵਿਦਿਆਰਥਣਾਂ
ਦੀਆਂ ਦੋ ਪੁਸਤਕਾਂ
ਸੰਪਰਕ : 99151-03490


ਵਿਦਿਆਰਥੀ-ਲੇਖਕਾਂ ਵਿਚ ਸਾਹਿਤਕ ਰੁਚੀਆਂ ਨੂੰ ਮਿਲ ਰਹੇ ਹੁਲਾਰੇ ਸਦਕਾ ਬਾਲ ਸਾਹਿਤ ਦਾ ਖੇਤਰ ਸੰਭਾਵਨਾਵਾਂ ਭਰਪੂਰ ਬਣਦਾ ਜਾ ਰਿਹਾ ਹੈ, ਜਿਸ ਕਾਰਨ ਵਿਦਿਆਰਥੀ ਲੇਖਕਾਂ ਦੀਆਂ ਸਚਿਤਰਤ ਪੁਸਤਕਾਂ ਸਾਹਮਣੇ ਆ ਰਹੀਆਂ ਹਨ। ਇਸ ਹਵਾਲੇ ਨਾਲ ਪਹਿਲੀ ਪੁਸਤਕ ਨਵਨੀਤ ਰਾਣੀ (ਅੱਠਵੀਂ ਸ਼੍ਰੇਣੀ) ਰਚਿਤ ਪੁਸਤਕ 'ਚੰਗਾ ਵਿਦਿਆਰਥੀ' ਹੈ, ਜਿਸ ਵਿਚ ਲੇਖਿਕਾ ਨੇ ਬਹੁਪੱਖੀ ਸਮਾਜਿਕ ਵਿਸ਼ਿਆਂ ਬਾਰੇ ਕਹਾਣੀਆਂ ਵਿਚ ਮਨੁੱਖੀ ਸਮਾਜ ਪ੍ਰਤੀ ਆਪਣੀ ਸੋਚ ਅਤੇ ਸੰਭਾਵਨਾ ਦਾ ਪ੍ਰਗਟਾਵਾ ਕੀਤਾ ਹੈ। ਉਸ ਨੇ ਪ੍ਰਦੂਸ਼ਣ ਦੀ ਸਮੱਸਿਆ ਦੇ ਨਾਲ ਪਾਣੀ, ਹਵਾ, ਰੁੱਖਾਂ, ਖੇਡਾਂ, ਪੁਸਤਕਾਂ, ਸਿਹਤ ਅਤੇ ਸਿੱਖਿਆ ਦੇ ਮਹੱਤਵ ਨੂੰ ਵੀ ਚੰਗੇ ਢੰਗ ਨਾਲ ਉਭਾਰਿਆ ਹੈ। ਇਨ੍ਹਾਂ ਕਹਾਣੀਆਂ ਵਿਚੋਂ ਆਤਮਵਿਸ਼ਵਾਸੀ ਬਣਨ ਦਾ ਸੁਨੇਹਾ ਵੀ ਮਿਲਦਾ ਹੈ। ਪੁਸਤਕ ਵਿਚਲੇ ਚਿੱਤਰ ਪੁਨੀਤ ਰਾਣੀ ਅਤੇ ਨਵਨੀਤ ਰਾਣੀ ਨੇ ਬਣਾਏ ਹਨ। 31 ਪੰਨਿਆਂ ਵਾਲੀ ਇਸ ਪੁਸਤਕ ਦੀ ਕੀਮਤ 60 ਰੁਪਏ ਹੈ।
ਦੂਜੀ ਪੁਸਤਕ 'ਕੁਦਰਤ ਦੀ ਗੋਦ ਵਿਚ' ਹੈ। ਚਾਰ ਸਫ਼ਰਨਾਮਿਆਂ 'ਤੇ ਆਧਾਰਿਤ ਇਹ ਪੁਸਤਕ ਨੌਵੀਂ ਜਮਾਤ ਦੀ ਵਿਦਿਆਰਥਣ ਸੀਰਤਪਾਲ ਵਲੋਂ ਲਿਖੀ ਗਈ ਹੈ, ਜਿਸ ਵਿਚ ਉਸ ਨੇ ਵੱਖ-ਵੱਖ ਸਥਾਨਾਂ ਦੇ ਭੂਗੋਲਿਕ, ਇਤਿਹਾਸਕ, ਸੱਭਿਆਚਾਰਕ ਅਤੇ ਪ੍ਰਕ੍ਰਿਤਕ ਮਹੱਤਵ ਨੂੰ ਦਰਸਾਇਆ ਹੈ। ਟੂਰ ਦੌਰਾਨ ਆਪਣੇ ਸਕੇ ਸਬੰਧੀਆਂ ਤੇ ਦੋਸਤਾਂ-ਮਿੱਤਰਾਂ ਨਾਲ ਕੀਤੀਆਂ ਹਲਕੀਆਂ-ਫੁਲਕੀਆਂ ਸ਼ਰਾਰਤਾਂ ਇਨ੍ਹਾਂ ਸਫ਼ਰਨਾਮਿਆਂ ਨੂੰ ਹੋਰ ਰੌਚਿਕਤਾ ਪ੍ਰਦਾਨ ਕਰਦੀਆਂ ਹਨ। ਲੇਖਿਕਾ ਦੀ ਭਾਸ਼ਾ ਸਰਲ ਤੇ ਸੁਖੈਨ ਹੈ। ਮੁੱਖ ਚਿੱਤਰ ਗੁਰਵੀਨ ਸਿੰਘ ਮਾਨ ਨੇ ਬਣਾਇਆ ਹੈ। ਪੁਸਤਕ ਵਿਚਲੀਆਂ ਕੈਮਰੇ ਨਾਲ ਖਿੱਚੀਆਂ ਤਸਵੀਰਾਂ ਧੁੰਦਲੀਆਂ ਹਨ। ਛਪਾਈ ਪੱਖੋਂ ਧਿਆਨ ਦੇਣਾ ਬਣਦਾ ਸੀ। ਖ਼ੈਰ, ਕੁੱਲ ਮਿਲਾ ਕੇ ਦੋਵੇਂ ਪੁਸਤਕਾਂ ਪੜ੍ਹਨਯੋਗ ਹਨ। ਇਸ ਪੁਸਤਕ ਦੀ ਕੀਮਤ 75 ਰੁ. ਅਤੇ ਪੰਨੇ 43 ਹਨ।


-ਦਰਸ਼ਨ ਸਿੰਘ 'ਆਸ਼ਟ' (ਡਾ:)
ਮੋਬਾ: 98144-23703

ਬਾਲ ਗੀਤ

ਪੜ੍ਹਦੇ ਜਾਈਏ

ਪੜ੍ਹਦੇ ਜਾਈਏ, ਪੜ੍ਹਦੇ ਜਾਈਏ,
ਆਪਾਂ ਵੱਡੀਆਂ ਮੰਜ਼ਿਲਾਂ ਪਾਈਏ।
ਵਿੱਦਿਆ ਮਨੁੱਖ ਦਾ ਤੀਜਾ ਨੇਤਰ,
ਇਹ ਗੱਲ ਦਿਲ ਦੇ ਵਿਚ ਵਸਾਈਏ।
ਮਾੜੀ ਸੰਗਤ ਦਾ ਲੜ ਛੱਡ ਕੇ,
ਦੋਸਤ ਚੰਗੇ ਆਪਾਂ ਬਣਾਈਏ।
ਝੂਠ ਬੋਲਣ ਦੀ ਛੱਡ ਕੇ ਆਦਤ,
ਸੱਚ ਦੀ ਸਦਾ ਜੋਤ ਜਗਾਈਏ।
ਫੁੱਲਾਂ ਵਾਂਗੂ ਆਪਾਂ ਹੱਸਦੇ ਰਹੀਏ,
ਭੇਦ ਭਾਵ ਨੂੰ ਦਿਲੋਂ ਭਲਾਈਏ।
ਮਾਪਿਆਂ ਸੰਗ ਅਧਿਆਪਕ ਹੁੰਦੇ,
ਉਨ੍ਹਾਂ ਦੇ ਸਦਾ ਆਗਿਆਕਾਰ ਕਹਾਈਏ।
ਸੁਬ੍ਹਾ-ਸਵੇਰੇ ਉੱਠਣ ਦੀ ਆਦਤ ਪਾਈਏ,
ਆਲਸ ਨੂੰ ਆਪਾਂ ਦੂਰ ਭਜਾਈਏ।
ਆਓ ਵਾਤਾਵਰਨ ਨੂੰ ਸਾਫ਼ ਬਣਾਈਏ,
ਸਾਰੇ ਇਕ-ਇਕ ਰੁੱਖ ਲਗਾਈਏ।
ਅੰਕਲ 'ਘਲੋਟੀ' ਦੀਆਂ ਇਹ ਗੱਲਾਂ,
ਆਪਾਂ ਦਿਲ ਦੇ ਵਿਚ ਬਿਠਾਈਏ।


-ਸੁਖਦੇਵ ਸਿੰਘ ਕੁੱਕੂ,
ਪਿੰਡ ਤੇ ਡਾਕ: ਘਲੋਟੀ (ਲੁਧਿਆਣਾ)। ਮੋਬਾ: 98143-81972

ਅਨਮੋਲ ਬਚਨ

* ਫੌਜ ਵਿਚ ਹੁਕਮ ਮੰਨਣ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ।
* ਗਿਆਨ ਬੜਾ ਕਠਿਨ ਹੈ, ਗਿਆਨ ਦਾ ਹੰਕਾਰ ਆਸਾਨ ਹੈ।
* ਫਲ, ਕੁਦਰਤ ਦੀਆਂ ਮਠਿਆਈਆਂ ਹਨ।
* ਬਹੁਤ ਘੱਟ ਲੋਕ ਮੀਂਹ ਦਾ ਅਨੰਦ ਮਾਣਦੇ ਹਨ, ਬਹੁਤੇ ਤਾਂ ਭਿੱਜਦੇ ਹਨ।
* ਪ੍ਰਸੰਸਾ ਦੇ ਮੁਕਾਬਲੇ ਨਿੰਦਾ ਵਧੇਰੇ ਜੋਸ਼ ਨਾਲ ਕੀਤੀ ਜਾਂਦੀ ਹੈ।
* ਕਾਹਲ ਨਾ ਕਰੋ, ਜਲਦੀ ਸ਼ੁਰੂ ਕਰੋ।


-ਕਵਲਪ੍ਰੀਤ ਕੌਰ
ਬਟਾਲਾ (ਗੁਰਦਾਸਪੁਰ)। ਮੋਬਾ: 98760-98338

ਬਾਲ ਕਵਿਤਾ

ਕਾਨ੍ਹਿਆਂ ਦੀ ਕਲਮ

ਕਾਨ੍ਹਿਆਂ ਦੀ ਕਲਮ ਤੇ ਸਿਆਹੀ ਦੀ ਦਵਾਤ ਬਈ,
ਬੀਤ ਚੁੱਕੇ ਸਮੇਂ ਦੀ ਹੈ ਹੋ ਗਈ ਬਾਤ ਬਈ।
ਲੱਭਦੀ ਸਲੇਟ ਤੇ ਨਾ ਗਾਚਣੀ ਤੇ ਫੱਟੀ ਬਈ,
ਭੁੱਲਦਾ ਨਾ ਝੂੰਗਾ ਮਿਲਦਾ ਸੀ ਜੋ ਹੱਟੀ ਬਈ।
ਪਿੱਠੂ ਗਰਮ ਖੇਡਦੇ ਸੀ ਤੇ ਕੋਟਲਾ ਸ਼ਪਾਕੀ ਬਈ,
ਸਕੂਲ ਵਿਚ ਲੱਗੀ ਉਦੋਂ ਨਿੱਕਰ ਜਿਹੀ ਖਾਕੀ ਬਈ।
ਬੰਟਿਆਂ ਦੀ ਖੇਡ, ਗੀਟੇ, ਗੁੱਲੀ-ਡੰਡਾ ਮਸ਼ਹੂਰ ਸੀ,
ਚੋਰ ਸਿਪਾਹੀ ਖੇਡ ਚਿਹਰੇ ਚੜ੍ਹ ਜਾਂਦਾ ਨੂਰ ਸੀ।
ਸਖ਼ਤ ਸੀ ਹੁੰਦੀਆਂ ਸਕੂਲਾਂ 'ਚ ਪੜ੍ਹਾਈਆਂ ਬਈ,
ਕਦੇ ਵੀ ਨਾ ਹੁੰਦੀਆਂ ਸਕੂਲਾਂ 'ਚ ਲੜਾਈਆਂ ਬਈ।
ਸਾਈਕਲਾਂ ਦੇ ਟਾਇਰਾਂ ਨਾਲ ਬਹੁਤ ਮੌਜਾਂ ਮਾਣੀਆਂ,
ਸਾਂਝ ਪੱਕੀ ਹੁੰਦੀ ਸੀ ਨਾਲ ਸਾਰੇ ਹਾਣੀਆਂ।
ਚੇਤੇ ਵਿਚ ਬਹੁਤ ਨੇ ਯਾਦਾਂ ਉਹ ਪੁਰਾਣੀਆਂ,
ਨਾਨਕਿਆਂ ਦੇ ਘਰੇ ਜਾ ਪਤੰਗਾਂ ਵੀ ਉਡਾਣੀਆਂ।
ਮੰਗਣੀਆਂ ਲੋਹੜੀਆਂ ਤੇ ਨਾ ਕੋਈ ਸੰਗ ਝਾਕਾ ਸੀ,
ਭੈਣ ਤੇ ਭਰਾਵਾਂ ਵਾਲਾ ਉਦੋਂ ਪੂਰਾ ਇਲਾਕਾ ਸੀ।
ਦੌੜ-ਭੱਜ, ਬੋਝ ਨਾ ਹੀ ਫਿਕਰ ਤੇ ਫਾਕੇ ਸੀ,
ਵੱਡਿਆਂ ਲਈ ਉਦੋਂ ਸਾਰੇ ਗੁੱਡੀਆਂ ਜਾਂ ਕਾਕੇ ਸੀ।


-ਅਵਿਨਾਸ਼ ਜੱਜ,
ਗੁਰਦਾਸਪੁਰ। ਮੋਬਾ: 99140-39666






Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX