ਤਾਜਾ ਖ਼ਬਰਾਂ


ਉੜੀਸ਼ਾ : ਕਟਕ 'ਚ ਬੱਸ ਨਦੀ 'ਚ ਡਿੱਗੀ , 7 ਦੀ ਮੌਤ
. . .  1 day ago
1984 ਦੇ ਸਿੱਖ ਕਤਲੇਆਮ ਸੰਬੰਧੀ ਅਦਾਲਤ ਦੇ ਆਏ ਫ਼ੈਸਲੇ ਦਾ ਕੈਪਟਨ ਵੱਲੋਂ ਸਵਾਗਤ
. . .  1 day ago
ਚੰਡੀਗੜ੍ਹ, 20 ਨਵੰਬਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1984 ਦੇ ਸਿੱਖ ਕਤਲੇਆਮ ਸੰਬੰਧਿਤ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਵੱਲੋਂ ਯਸ਼ਪਾਲ ਸਿੰਘ ਨੂੰ ਫਾਂਸੀ ਦੀ ਸਜਾ ਅਤੇ ਨਰੇਸ਼ ਸ਼ਹਿਰਾਵਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦਾ ਸਵਾਗਤ....
ਫੂਡ ਪ੍ਰੋਸੈਸਿੰਗ ਵਿਭਾਗ ਲਈ ਹੋਈ ਓ.ਪੀ. ਸੋਨੀ ਦੀ ਨਿਯੁਕਤੀ
. . .  1 day ago
ਚੰਡੀਗੜ੍ਹ, 20 ਨਵੰਬਰ (ਹਰਕਵਲ ਜੀਤ ਸਿੰਘ)- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ 'ਚ ਉਦਯੋਗਿਕ ਵਿਕਾਸ ਨੂੰ ਹੋਰ ਸੁਵਿਧਾਜਨਕ ਬਣਾਉਣ ਦੇ ਲਈ ਵਾਤਾਵਰਨ ਦਾ ਵਿਭਾਗ ਸਿੱਖਿਆ ਮੰਤਰੀ ਓ.ਪੀ. ਸੋਨੀ ਕੋਲੋਂ ਲੈ ਕੇ ਆਪਣੇ ਕੋਲ ਰੱਖ...
ਅਣਪਛਾਤੇ ਵਿਅਕਤੀਆਂ ਵੱਲੋਂ ਆਪ ਦੇ ਜ਼ਿਲ੍ਹਾ ਪ੍ਰਧਾਨ 'ਤੇ ਜਾਨਲੇਵਾ ਹਮਲਾ
. . .  1 day ago
ਅੰਮ੍ਰਿਤਸਰ, 20 ਨਵੰਬਰ (ਰੇਸ਼ਮ)- ਅੰਮ੍ਰਿਤਸਰ ਦੇ ਛਹਿਰਟਾ ਇਲਾਕੇ 'ਚ ਅੱਜ ਸ਼ਾਮ ਆਮ ਆਦਮੀ ਪਾਰਟੀ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਸੁਰੇਸ਼ ਸ਼ਰਮਾ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਤਿੰਨ ਗੋਲੀਆਂ ਮਾਰੇ ਜਾਣ ਦੀ ਸੂਚਨਾ ਮਿਲੀ ਹੈ । ਗੋਲੀਆਂ ਲੱਗਣ ਕਾਰਨ ਗੰਭੀਰ ....
ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਦੇ ਰਾਖਵੇਂਕਰਨ ਸੰਬੰਧੀ ਵਿਧਾਨਸਭਾ 'ਚ ਮਤਾ ਪੇਸ਼
. . .  1 day ago
ਭੁਵਨੇਸ਼ਵਰ, 20 ਨਵੰਬਰ- ਉੜੀਸ਼ਾ ਸਰਕਾਰ ਵੱਲੋਂ ਮਹਿਲਾਵਾਂ ਨੂੰ 33 ਫ਼ੀਸਦੀ ਰਾਖਵਾਂਕਰਨ ਦੇਣ ਸੰਬੰਧੀ ਵਿਧਾਨਸਭਾ 'ਚ ਇਕ ਮਤਾ ਪੇਸ਼ ਕੀਤਾ ਗਿਆ....
ਐਸ.ਆਈ. ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਗ੍ਰਿਫ਼ਤਾਰ
. . .  1 day ago
ਨਵੀਂ ਦਿੱਲੀ, 20 ਨਵੰਬਰ- ਕਸ਼ਮੀਰ 'ਚ ਪਿਛਲੇ ਦਿਨੀਂ ਇਕ ਸਬ-ਇੰਸਪੈਕਟਰ ਦੀ ਹੋਈ ਹੱਤਿਆ ਦੇ ਮਾਮਲੇ 'ਚ ਦਿਲੀ ਪੁਲਿਸ ਨੂੰ ਇਕ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਸਬ ਇੰਸਪੈਕਟਰ ਇਮਤਿਆਤ ਅਹਿਮਦ ਦੀ ਹੱਤਿਆ 'ਚ ਸ਼ਾਮਲ ਇਕ ਅੱਤਵਾਦੀ ਨੂੰ ਰਾਜਧਾਨੀ ....
ਦੇਸ਼ ਧ੍ਰੋਹ ਮਾਮਲੇ 'ਚ ਹਾਰਦਿਕ ਪਟੇਲ ਸਮੇਤ ਦੋ ਖ਼ਿਲਾਫ਼ ਦੋਸ਼ ਤੈਅ
. . .  1 day ago
ਅਹਿਮਦਾਬਾਦ, 20 ਨਵੰਬਰ- ਗੁਜਰਾਤ ਦੇ ਅਹਿਮਦਾਬਾਦ ਦੀ ਇਕ ਅਦਾਲਤ 'ਚ ਦੇਸ਼ ਧ੍ਰੋਹ ਦ ਮਾਮਲੇ 'ਚ ਪਾਟੀਦਾਰ ਰਾਖਵਾਂਕਰਨ ਅੰਦੋਲਨ ਕਮੇਟੀ ਦੇ ਨੇਤਾ ਹਾਰਦਿਕ ਪਟੇਲ ਅਤੇ ਉਨ੍ਹਾਂ ਦੇ ਦੋ ਹੋਰ ਸਹਿਯੋਗੀਆਂ ਦਿਨੇਸ਼ ਅਤੇ ਚਿਰਾਗ਼ ਪਟੇਲ ਦੇ ਖ਼ਿਲਾਫ਼ ਅੱਜ ਦੋਸ਼ ਤੈਅ ....
ਲੁਧਿਆਣਾ ਅਗਨੀ ਕਾਂਡ : ਸਿੱਧੂ ਵੱਲੋਂ ਮ੍ਰਿਤਕ ਮੁਲਾਜ਼ਮਾਂ ਦੇ ਪੰਜ ਵਾਰਸਾਂ ਨੂੰ ਦਿੱਤੇ ਗਏ ਨੌਕਰੀ ਦੇ ਨਿਯੁਕਤੀ ਪੱਤਰ
. . .  1 day ago
ਚੰਡੀਗੜ੍ਹ, 20 ਨਵੰਬਰ- ਸਥਾਨਕ ਸੈਕਟਰ 35 ਸਥਿਤ ਪੰਜਾਬ ਮਿਊਸੀਪਲ ਭਵਨ ਵਿਖੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਲੁਧਿਆਣਾ ਅਗਨੀ ਕਾਂਡ 'ਚ ਮਾਰੇ ਗਏ ਪੰਜ ਅਧਿਕਾਰੀਆਂ/ਕਰਮਚਾਰੀਆਂ ਦੇ ਵਾਰਸਾਂ ਨੂੰ ਵਿਭਾਗ ਵਿਚ ਨੌਕਰੀ ਦਾ ....
ਵਰਧਾ ਹਾਦਸਾ : ਸਰਕਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਕੀਤਾ ਐਲਾਨ
. . .  1 day ago
ਮੁੰਬਈ, 20 ਨਵੰਬਰ - ਮਹਾਰਾਸ਼ਟਰ ਦੇ ਵਰਧਾ ਜ਼ਿਲ੍ਹੇ ਦੇ ਫੂਲਗਾਂਵ 'ਚ ਫ਼ੌਜ ਦੇ ਆਰਮਜ਼ ਡੀਪੂ 'ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਮਹਾਰਾਸ਼ਟਰ ਸਰਕਾਰ ਨੇ 5 ਲੱਖ ਰੁਪਏ ਅਤੇ ਜ਼ਖਮੀਆਂ ਨੂੰ 2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ....
ਸਾਹਮਣੇ ਆਈਆਂ ਦੀਪਵੀਰ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰਿਵਾਜ ਨਾਲ ਹੋਏ ਵਿਆਹ ਦੀਆਂ ਤਸਵੀਰਾਂ
. . .  1 day ago
ਮੁੰਬਈ, 20 ਨਵੰਬਰ - ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਦਾਕਾਰਾ ਦੀਪਿਕਾ ਪਾਦੁਕੋਣ ਦੇ ਮਹਿੰਦੀ-ਸੰਗੀਤ ਸਮੇਤ ਕੋਂਕਣੀ ਰੀਤੀ-ਰਿਵਾਜਾਂ ਨਾਲ ਹੋਏ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਗਈਆਂ ਹਨ ਜਿਸ 'ਚ ਦੀਪਵੀਰ ਦੀ ਜੋੜੀ ਕੁੱਝ ਇਹੋ ਜਿਹੇ ਅੰਦਾਜ਼ 'ਚ ......
ਹੋਰ ਖ਼ਬਰਾਂ..

ਅਜੀਤ ਮੈਗਜ਼ੀਨ

ਜ਼ਿੰਦਗੀ ਜਿਊਣ ਦਾ ਹੁਨਰ

ਜਿਨ੍ਹਾਂ ਦੇ ਹਾਲੀਂ ਬਿਰਧ ਅਵਸਥਾ 'ਚ ਪੈਰ ਨਹੀਂ ਪਏ, ਉਹ ਸਮਝ ਹੀ ਨਹੀਂ ਸਕਦੇ ਕਿ ਉਮਰ ਦੇ ਇਸ ਪੱਖ ਨੂੰ ਕਿਹੋ ਜਿਹੀਆਂ ਪ੍ਰੇਸ਼ਾਨੀਆਂ ਘੇਰ ਰਹੀਆਂ ਹਨ। ਸਿਆਣੀ ਉਮਰ ਭੋਗ ਰਹੇ ਬਜ਼ੁਰਗਾਂ ਦਾ ਹੋਰਨਾਂ ਨਾਲ ਤਾਂ ਹੈ ਹੀ, ਰੱਬ ਨਾਲ ਵੀ ਗਿਲਾ ਹੈ। ਰੱਬ ਨਾਲ ਗਿਲਾ ਇਹ ਹੈ ਕਿ ਭੋਗੀ ਜਾ ਰਹੀ ਉਮਰ ਦੀ ਅੰਤਿਕਾ ਜੇਕਰ ਬੁਢੇਪੇ ਦੁਆਰਾ ਲਿਖੀ ਜਾਣੀ ਜ਼ਰੂਰੀ ਸੀ, ਤਦ ਘੱਟੋ-ਘੱਟ ਇਸ ਨੂੰ ਆਪਣੇ-ਆਪ ਆਸਰੇ ਜਿਉਣ ਯੋਗ ਤਾਂ ਬਣਾਇਆ ਹੁੰਦਾ। ਇਸ ਪ੍ਰਸੰਗ 'ਚ ਗ਼ਾਲਿਬ ਦਾ ਸ਼ਿਅਰ ਵੀ ਹੈ :
'ਦੋਨੋਂ ਜਹਾਨ ਦੇ ਕੇ ਵੋਹ ਸਮਝੇ ਯਿਹ ਖੁਸ਼ ਰਹਾ,
ਯਾਂ ਆ ਪੜੀ ਯਿਹ ਸ਼ਰਮ ਕਿ ਤਕਰਾਰ ਕਿਆ ਕਰੇਂ।'
ਕਈ ਬਜ਼ੁਰਗ ਤਾਂ ਆਪਣੀ ਇਸ ਅਵਸਥਾ ਤੋਂ ਹੁਸੜੇ ਸੋਚਣ ਲਗਦੇ ਹਨ ਕਿ ਕਿੰਨਾ ਚੰਗਾ ਹੁੰਦਾ ਜੇਕਰ ਬੁੱਢੇ ਹੋਏ ਸਰੀਰ ਨਾਲ ਅਸਾਡਾ ਜਨਮ ਹੁੰਦਾ ਅਤੇ ਫਿਰ ਉਮਰ ਭੋਗ ਲੈਣ ਉਪਰੰਤ, ਬਚਪਨ ਬਿਤਾਉਂਦਿਆਂ ਸਾਡਾ ਅੰਤ ਹੁੰਦਾ। ਅਜਿਹਾ ਹੋਣਾ ਅਸੰਭਵ ਸੀ, ਫਿਰ ਵੀ ਵਕਤ-ਕਟੀ ਲਈ ਸੁਖਾਵੇਂ ਵਿਚਾਰ ਚਿਤਵਣ 'ਚ ਕੀ ਹਰਜ਼ ?
ਸਿਆਣੀ ਵਿਵਸਥਾ ਵਾਲੀ ਦੁਰਬਲਤਾ ਦੇ ਮਧੋਲੇ ਇਕ ਬਜ਼ੁਰਗ ਨੂੰ ਸੁਪਨਾ ਆਇਆ ਕਿ ਉਹ ਆਪ ਰੱਬ ਦੇ ਦਰਬਾਰ 'ਚ ਹਾਜ਼ਰ ਸੀ ਅਤੇ ਆਪਣੀਆਂ ਪਰੇਸ਼ਾਨੀਆਂ ਲਈ ਉਸ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਸੀ। ਉਸ ਨੂੰ ਠਰੰਮੇ ਨਾਲ ਸੁਣ ਕੇ ਰੱਬ ਨੇ ਜਵਾਬ ਦਿੱਤਾ :
'ਅਜਿਹੀ ਪਰਿਸਥਿਤੀ ਲਈ ਮੈਂ ਨਹੀਂ, ਤੂੰ ਆਪ ਜ਼ਿੰਮੇਵਾਰ ਹੈਂ। ਮੈਂ ਤਾਂ ਤੇਰੀ ਉਮਰ 40 ਵਰ੍ਹੇ ਨਿਰਧਾਰਤ ਕੀਤੀ ਸੀ ਤਾਂ ਜੋ ਤੂੰ ਸਨਮਾਨ ਸਹਿਤ ਜੀਵਨ ਭੋਗ ਕੇ ਸੰਸਾਰੋਂ ਵਿਦਾ ਹੋ ਸਕੇਂ। ਪਰ ਤੂੰ ਇੰਨੇ ਅਲਪ ਜੀਵਨ-ਕਾਲ ਨਾਲ ਸੰਤੁਸ਼ਟ ਨਹੀਂ ਸੀ, ਤੈਨੂੰ ਇਸ ਨਾਲੋਂ ਕਿਧਰੇ ਲੰਬੀ ਉਮਰ ਭੋਗਣ ਦਾ ਅਰਮਾਨ ਸੀ। ਭੰਡਾਰੇ 'ਚ ਬਚੇ ਰਹਿ ਗਏ 160 ਵਰ੍ਹਿਆਂ ਲਈ 4 ਉਮੀਦਵਾਰ ਮੇਰੇ ਸਾਹਮਣੇ ਸਨ, ਉਨ੍ਹਾਂ 'ਚ ਤੂੰ ਸੀ, ਗਧਾ ਸੀ, ਕੁੱਤਾ ਸੀ ਅਤੇ ਉੱਲੂ ਸੀ। ਮੈਂ ਚੌਹਾਂ ਦੀ ਉਮਰ 40, 40 ਵਰ੍ਹੇ ਨਿਰਧਾਰਤ ਕਰਕੇ ਜਦ ਮਹਿਫਲ ਬਰਖ਼ਾਸਤ ਕਰਨ ਲੱਗਾ, ਤਦ ਮੈਂ ਵੇਖਿਆ ਤੂੰ ਨਿਮੋਝੂਣਾ ਹੋਇਆ ਇਕ ਪਾਸੇ ਖਲੋਤਾ ਸੀ ਅਤੇ ਹੋਰ ਤਿੰਨੇ ਪ੍ਰਾਣੀ ਕੁਝ ਕਹਿਣ ਲਈ ਤਤਪਰ ਸਨ। ਜਿਥੇ ਤੂੰ 40 ਵਰ੍ਹਿਆਂ ਨੂੰ ਅਲਪ ਜੀਵਨ-ਕਾਲ ਸਮਝ ਰਿਹਾ ਸੀ, ਉਥੇ ਇਹ ਤਿੰਨੇ ਇਸ ਨੂੰ ਹੱਡ ਭੰਨਵਾਂ ਲੰਬਾ ਸਮਾਂ ਸਮਝ ਰਹੇ ਸਨ। ਉਨ੍ਹਾਂ ਦੀ ਮਾਨਸਿਕ ਅਵਸਥਾ ਦਾ ਮੈਨੂੰ ਅਨੁਭਵ ਹੋ ਗਿਆ ਸੀ। ਇੰਨੇ ਲੰਬੇ ਸਮੇਂ ਲਈ ਗਧੇ ਨੂੰ ਬੋਝ ਲੱਦੀ ਫਿਰਨਾਂ, ਕੁੱਤੇ ਨੂੰ ਭੌਂਕਦੇ ਰਹਿਣਾ ਅਤੇ ਉੱਲੂ ਨੂੰ ਵਿਟ ਵਿਟ ਤੱਕਦੇ ਰਹਿਣਾ ਅਸਹਿ ਹੱਦ ਤਕ ਅਸੁਖਾਵਾਂ ਲੱਗ ਰਿਹਾ ਸੀ। ਉਹ ਆਪੋ-ਆਪਣੀ ਉਮਰ ਘਟਾਉਣ ਲਈ, ਵਾਰੀ ਵਾਰੀ, ਗਿੜਗਿੜਾਏ ਵੀ। ਮੈਂ ਉਨ੍ਹਾਂ ਦੀ ਬੇਨਤੀ ਮੰਨ ਕੇ, ਪਹਿਲਾਂ ਗਧੇ ਦੀ, ਫਿਰ ਕੁੱਤੇ ਦੀ ਅਤੇ ਅਖ਼ੀਰ 'ਚ ਉੱਲੂ ਦੀ ਉਮਰ 20, 20 ਵਰ੍ਹੇ ਘਟਾ ਦਿੱਤੀ ਅਤੇ ਉਨ੍ਹਾਂ ਦੇ ਘਟਾਏ 20, 20 ਵਰ੍ਹੇ, ਤੇਰੀ ਉਮਰ ਨਾਲ ਜੋੜ ਦਿੱਤੇ, ਇਸ ਲਈ ਕਿਉਂਕਿ ਅਲਪ ਉਮਰ ਨਾਲ ਤੂੰ ਖੁਸ਼ ਨਹੀਂ ਸੀ ਅਤੇ ਮੈਂ ਤੈਨੂੰ ਖੁਸ਼ ਹੋਇਆ ਦੇਖਣ ਦਾ ਚਾਹਵਾਨ ਸੀ। 100 ਵਰ੍ਹਿਆਂ ਦੀ ਉਮਰ ਦਾ ਹੱਕਦਾਰ ਬਣ ਕੇ ਤੂੰ ਖੁਸ਼ ਹੋ ਗਿਆ ਸੀ ਅਤੇ ਤੂੰ ਤਦ ਖੁਸ਼ੀ-ਖੁਸ਼ੀ ਘਰ ਪਰਿਤਆ। ਅੱਜ ਗਿਲਾ ਕਿਉਂ ਜੇਕਰ ਤੈਨੂੰ ਆਪਣੇ 40 ਵਰ੍ਹੇ ਭਲੀ ਪ੍ਰਕਾਰ ਜਿਉਂ ਲੈਣ ਉਪਰੰਤ, ਪਹਿਲਾਂ 20 ਵਰ੍ਹੇ ਗਧੇ ਵਾਂਗ ਮਿਹਨਤ ਕਰਦਿਆਂ, ਫਿਰ ਅਗਲੇ 20 ਵਰ੍ਹੇ ਹੋਰਨਾਂ ਦਾ ਧਿਆਨ ਆਪਣੀ ਵੱਲ ਖਿੱਚਣ ਲਈ ਗਲਾ ਫਾੜਦਿਆਂ ਅਤੇ ਫਿਰ 80 ਵਰ੍ਹੇ ਬਿਤਾਅ ਲੈਣ ਉਪਰੰਤ ਰਹਿ ਗਏ ਵਰ੍ਹੇ, ਕੁਰਸੀ 'ਤੇ ਬਿਰਾਜਮਾਨ, ਆਲਾ-ਦੁਆਲਾ ਘੂਰਦੇ ਹੋਏ ਬਿਤਾਉਣੇ ਪੈ ਰਹੇ ਹਨ। ਅਜਿਹਾ ਜੀਵਨ ਆਪਣੇ ਲਈ ਤੂੰ ਆਪ ਸਹੇੜਿਆ ਹੈ।'
ਬਜ਼ੁਰਗ ਨੂੰ ਆਇਆ ਸੁਪਨਾ, ਸੁਪਨਾ ਹੀ ਸੀ, ਹਕੀਕਤ ਨਹੀਂ ਸੀ। ਕਿਸੇ ਦਾ ਵੀ ਇਸ ਹੱਦ ਤਕ ਗਿਆ-ਗੁਜ਼ਰਿਆ ਬੁਢੇਪਾ ਨਹੀਂ ਬੀਤਦਾ, ਜੇਕਰ ਦਿਮਾਗ਼ ਅਤੇ ਸਰੀਰ ਦੀਆਂ ਸਰਗਰਮੀਆਂ ਨੂੰ ਹਰ ਹਾਲ ਜਾਰੀ ਰੱਖਿਆ ਜਾ ਸਕੇ ਅਤੇ ਜਿਊਣ ਦੇ ਉਤਸ਼ਾਹ ਨੂੰ ਫਿੱਕਾ ਨਾ ਪੈਣ ਦਿੱਤਾ ਜਾਵੇ। ਸਾਨੂੰ ਇਹ ਸਮਝ ਆ ਜਾਣਾ ਚਾਹੀਦਾ ਹੈ ਕਿ ਕੁਦਰਤ ਨੇ ਜੋ ਕਰਨਾ ਹੁੰਦਾ ਹੈ ਉਹੋ ਹੀ ਉਹ ਕਰਦੀ ਹੈ ਅਤੇ ਉਹ ਕਿਸੇ ਦੀ ਵੀ ਇੱਛਾ ਅਨੁਕੂਲ ਨਹੀਂ ਭੁਗਤਦੀ। ਬੁਢੇਪੇ ਨੇ ਤਾਂ ਆਉਣਾ ਹੀ ਹੁੰਦਾ ਹੈ ਅਤੇ ਸਾਨੂੰ ਹੀ ਇਸ ਨਾਲ ਨਿਭਣ ਦੀ ਅਦਾ ਅਪਣਾਉਣ ਦੀ ਲੋੜ ਹੈ। ਜਿਵੇਂ-ਜਿਵੇਂ ਉਮਰ ਬੀਤਦੀ ਹੈ, ਸਰੀਰ ਅੰਦਰ ਨਵੇਂ ਸੈੱਲਾਂ ਦੀ ਉਪਜ ਮੱਠੀ ਪੈਣ ਲਗਦੀ ਹੈ, ਹਾਰਮੋਨਾਂ ਦਾ ਰਿਸਣਾ ਘਟਣ ਲਗਦਾ ਹੈ, ਰੋਗ-ਰੋਧਕ ਪ੍ਰਣਾਲੀ ਦੇ ਉਤੇਜਿਤ ਹੋਣ 'ਚ ਵਿਘਨ ਪੈਣ ਲਗਦਾ ਹੈ ਅਤੇ ਦਿਮਾਗ਼ ਦੇ ਸੈੱਲ ਵੀ ਤੇਜ਼ੀ ਨਾਲ ਨਸ਼ਟ ਹੋਣ ਲਗਦੇ ਹਨ। ਦਿਮਾਗ਼ ਦੀ ਲਗਾਤਾਰ ਵਰਤੋਂ ਦੁਆਰਾ, ਦਿਮਾਗ਼ ਦੇ ਸੈੱਲਾਂ ਦੇ ਨਸ਼ਟ ਹੋਣ ਦੀ ਗਤੀ ਘਟਾਈ ਜਾ ਸਕਦੀ ਹੈ ਅਤੇ ਇਸ ਕਾਰਨ ਸਰੀਰ ਦੇ ਬੁੱਢਾ ਹੋਣ ਦੀ ਗਤੀ 'ਚ ਵੀ ਨਿਮਰਤਾ ਆ ਜਾਂਦੀ ਹੈ। ਦਿਮਾਗ਼ ਦੀ ਲਗਾਤਾਰ ਵਰਤੋਂ ਕਰ ਰਹੇ ਵਿਅਕਤੀ, ਸਾਧਾਰਨ, ਲੰਬੀ ਉਮਰ ਭੋਗ ਕੇ ਸੰਸਾਰੋਂ ਵਿਦਾ ਹੁੰਦੇ ਹਨ, ਹਾਲਾਂਕਿ ਇਨ੍ਹਾਂ 'ਚੋਂ ਕੁਝ ਦੇ ਜੀਵਨ ਦਾ ਸੰਜਮ-ਸੰਕੋਚ ਨਾਲ ਸਬੰਧ ਨਹੀਂ ਵੀ ਹੁੰਦਾ।
ਇਸ ਪ੍ਰਸੰਗ 'ਚ ਭਿੰਨ-ਭਿੰਨ ਆਦਤਾਂ ਵਾਲੇ ਤਿੰਨ ਵਿਚਾਰਵਾਨ ਵਿਅਕਤੀਆਂ ਦੀ ਉਦਾਹਰਨ ਪੇਸ਼ ਹੈ। ਇੰਗਲੈਂਡ ਦਾ ਦੂਜੇ ਵਿਸ਼ਵ ਯੁੱਧ ਦੌਰਾਨ ਰਿਹਾ ਪ੍ਰਧਾਨ-ਮੰਤਰੀ ਵਿਨਸਟਨ ਚਰਚਿਲ 90 ਵਰ੍ਹਿਆਂ ਦਾ ਹੋ ਕੇ ਪੂਰਾ ਹੋਇਆ। ਖਾਣ-ਪੀਣ ਪ੍ਰਤੀ ਉਹ ਲਾਪ੍ਰਵਾਹ ਹੀ ਨਹੀਂ, ਅਤੀ ਉਦਾਰ ਸੀ ਅਤੇ ਸਰੀਰ ਵੀ ਉਸ ਦਾ ਬੇਜਾ ਬੋਝਲ ਸੀ। ਅੰਤ ਤਕ ਉਹ ਸਿਗਾਰ ਇੰਜ ਫੂਕਦਾ ਰਿਹਾ ਮਾਨੋਂ ਫੈਕਟਰੀ ਦੀ ਚਿਮਨੀ ਧੂੰਆਂ ਛੱਡ ਰਹੀ ਹੈ ਅਤੇ ਪੀਣ ਦੀ ਉਸ ਦੀ ਆਦਤ ਵੀ ਮੱਛੀ ਸਮਾਨ ਅੰਤ ਤਕ ਜਾਰੀ ਰਹੀ। ਅੰਤ ਤਕ, ਪਰ, ਉਹ ਆਪਣਾ ਦਿਮਾਗ਼ ਵੀ ਵਰਤਦਾ ਰਿਹਾ ਸੀ। ਦੂਜਾ ਸੀ, ਜਾਰਜ ਬਰਨਾਰਡ ਸ਼ਾਅ, ਜਿਸ ਨੇ ਚਰਚਿਲ ਦੇ ਠੀਕ ਉਲਟ ਆਦਤਾਂ ਅਪਣਾ ਰੱਖੀਆਂ ਸਨ। ਛਾਂਟਵੇਂ ਸਰੀਰ ਦਾ ਮਾਲਿਕ ਸ਼ਾਅ ਨਾ ਸ਼ਰਾਬ ਪੀਂਦਾ ਸੀ, ਨਾ ਸਿਗਰਟ ਅਤੇ ਨਿਰੋਲ ਦਾਣਿਆਂ-ਦਾਲਾਂ ਅਤੇ ਫਲਾਂ-ਸਬਜ਼ੀਆਂ ਉਪਰ ਨਿਰਭਰ ਉਸ ਦਾ ਭੋਜਨ ਸੀ। ਉਹ ਵੀ ਅੰਤ ਤੱਕ ਲਿਖਦਾ-ਪੜ੍ਹਦਾ ਰਿਹਾ ਸੀ। 94 ਵਰ੍ਹਿਆ ਦਾ ਹੋ ਕੇ ਉਹ ਪੂਰਾ ਹੋਇਆ। ਆਦਤਾਂ ਪੱਖੋਂ, ਇਨ੍ਹਾਂ ਦੋਵਾਂ ਦੇ ਵਿਚਕਾਰ ਸੀ ਇਕਹਿਰੇ ਸਰੀਰ ਵਾਲਾ ਫਿਲਾਸਫਰ, ਬਰਟਰੰਡ ਰੱਸਲ। ਕੁਝ ਵੀ ਖਾਣ ਤੋਂ ਜਾਂ ਪੀਣ ਤੋਂ ਉਸ ਨੂੰ ਪਰਹੇਜ਼ ਨਹੀਂ ਸੀ ਅਤੇ ਪਾਈਪ ਪੀਣ ਦੀ ਵੀ ਉਸ ਦੀ ਆਦਤ ਸੀ। ਪਰ, ਉਹ ਸਹੀ ਅਰਥਾਂ 'ਚ ਮੱਧ-ਮਾਰਗ ਦਾ ਪੁਜਾਰੀ ਸੀ। ਹਰ ਪ੍ਰਕਾਰ ਦੀ ਜ਼ਿਆਦਤੀ ਤੋਂ ਉਸ ਨੂੰ ਪਰਹੇਜ਼ ਸੀ ਅਤੇ ਜੋ ਕੁਝ ਵੀ ਉਹ ਖਾਂਦਾ ਅਤੇ ਪੀਂਦਾ ਸੀ, ਸੰਜਮ ਸਹਿਤ ਖਾਂਦਾ-ਪੀਂਦਾ ਸੀ। ਉਹ 98 ਵਰ੍ਹਿਆਂ ਦਾ ਸੀ ਜਦ ਪੂਰਾ ਹੋਇਆ ਅਤੇ ਅੰਤ ਸਮੇਂ ਵੀ ਉਹ ਆਪਣੀ ਜੀਵਨੀ ਲਿਖਣ 'ਚ ਰੁੱਝਾ ਹੋਇਆ ਸੀ।
ਇਹ ਤਿੰਨੇ ਵਿਅਕਤੀ ਆਪੋ-ਆਪਣੇ ਕਾਰਜਾਂ 'ਚ ਛੇਕੜ ਤਕ ਰੁੱਝੇ ਰਹੇ ਸਨ ਅਤੇ ਇਨ੍ਹਾਂ ਤਿੰਨਾਂ ਨੇ ਬਹੁਤ ਕੁਝ ਸੂਝ ਅਤੇ ਧਿਆਨ ਦੀ ਮੰਗ ਕਰਦਾ ਵਿਚਾਰਿਆ ਅਤੇ ਲਿਖਿਆ। ਇਨ੍ਹਾਂ ਤਿੰਨਾਂ ਨੂੰ ਵੱਖ ਵੱਖ, ਸਾਹਿਤ ਦੇ ਨੋਬਲ ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਇਨ੍ਹਾਂ ਨੇ ਉਮਰ ਦੇ ਕਿਸੇ ਪੱਖ 'ਤੇ ਵੀ ਗਧੇ, ਕੁੱਤੇ ਜਾਂ ਉੱਲੂ ਵਾਂਗ ਮਹਿਸੂਸ ਨਹੀਂ ਸੀ ਕੀਤਾ। ਇਹੋ ਗੱਲ ਖੁਸ਼ਵੰਤ ਸਿੰਘ ਉਪਰ, ਕ੍ਰਿਸ਼ਨਾਮੂਰਤੀ ਉਪਰ, ਵਿਵਸਈਅਰ ਉਪਰ ਵੀ ਢੁਕਦੀ ਹੈ ਅਤੇ ਜਵਾਨੀ ਦੌਰਾਨ ਹੀ ਅਤਿ ਦੇ ਬੁਢੇਪੇ ਦਾ ਸ਼ਿਕਾਰ ਹੋਏ, ਪ੍ਰਸਿਧ ਵਿਗਿਆਨੀ, ਸਟੀਫਨ ਹਾਕਿੰਗ ਉਪਰ ਤਾਂ ਢੁਕਦੀ ਹੀ ਹੈ, ਜਿਸ ਦਾ ਜੀਵਨ ਜਵਾਨਾਂ ਅਤੇ ਬੁੱਢਿਆਂ, ਸਭਨਾਂ ਲਈ ਪ੍ਰੇਰਣਾ ਦਾ ਸ੍ਰੋਤ ਬਣ ਰਿਹਾ ਹੈ।
ਬੁਢੇਪੇ ਦੌਰਾਨ ਅਕੇਵਾਂ ਅਤੀ ਜਾਨ-ਹੂਲਵਾਂ ਮਹਿਸੂਸ ਹੋਣ ਲਗਦਾ ਹੈ ਅਤੇ ਵਿਅਕਤੀ ਹੋਰਨਾਂ ਦੀ ਬੇਰੁਖੀ ਦਾ ਸਤਾਇਆ ਉਦਾਸੀਆਂ 'ਚ ਘਿਰ ਜਾਂਦਾ ਹੈ। ਜਿਨ੍ਹਾਂ ਦਾ ਪਹਿਲਾਂ ਭਲਾ ਕੀਤਾ ਹੁੰਦਾ ਹੈ, ਉਹ ਵੀ ਹੁਣ ਮਿਜ਼ਾਜਪੁਰਸ਼ੀ ਕਰਨ ਨਾਲੋਂ, ਪੱਲਾ ਬੋਚ ਕੇ ਲਾਗਿਓਂ ਲੰਘ ਜਾਣ ਦੀ ਕਰਦੇ ਹਨ। ਪਰ, ਅਪਣਾਏ ਅਜਿਹੇ ਵਤੀਰੇ ਬਾਰੇ ਸੋਚ-ਸੋਚ ਝੂਰਦੇ ਰਹਿਣਾ ਫਜ਼ੂਲ ਹੈ, ਇਸ ਲਈ ਕਿ ਮਨੁੱਖ ਦਾ ਇਹੋ ਸੁਭਾਅ ਹੈ। ਮਾਰਕ ਟੁਵੇਨ ਨੇ ਵੀ ਕਿਧਰੇ ਕਿਹਾ ਹੈ : 'ਉਸ ਹੱਥ ਨੂੰ ਕੁੱਤਾ ਕਦੀ ਨਹੀਂ ਵੱਢਦਾ, ਜਿਹੜਾ ਉਸ ਅੱਗੇ ਗ੍ਰਾਹੀ ਸੁੱਟਦਾ ਹੈ। ਇਹੋ ਮੁੱਖ ਅੰਤਰ ਹੈ ਕੁੱਤੇ 'ਚ ਅਤੇ ਮਨੁੱਖ 'ਚ।' ਭਲਾ ਕਰ ਕੇ ਭੁੱਲ ਜਾਣ 'ਚ ਹੀ ਸਭ ਦਾ ਭਲਾ ਹੈ। ਅਕੇਵੇਂ ਦਾ ਸਮਾਧਾਨ, ਪਰ, ਰੁਝੇਵੇਂ ਦੁਆਰਾ ਕਰਨਾ ਸੰਭਵ ਹੈ। ਕੁਝ ਨਾ ਕੁਝ ਕਰਨ 'ਚ ਜਾਂ ਫਿਰ ਮਨਚਾਹੇ ਸ਼ੌਕ ਪੂਰੇ ਕਰਨ 'ਚ ਰੁਝਿਆ ਮਨ ਨਾ ਅਕੇਵਾਂ ਮਹਿਸੂਸ ਕਰਦਾ ਹੈ ਅਤੇ ਨਾ ਉਦਾਸੀ। ਮੂਡ ਵੀ ਤਾਂ ਆਉਂਦੇ-ਜਾਂਦੇ ਹੀ ਰਹਿੰਦੇ ਹਨ : ਅੱਜ ਮਾੜਾ ਤਾਂ ਭਲਕੇ ਚੰਗਾ। ਇਸ ਲਈ ਚੰਗੇ ਭਵਿੱਖ ਦੀ ਆਸ ਤਿਆਗ ਛੱਡਣ ਨੂੰ ਹਿਮਾਕਤ ਸਮਝਣਾ ਚਾਹੀਦਾ ਹੈ।
ਲੰਡਨ ਯੂਨੀਵਰਸਿਟੀ 'ਚ ਫਿਲਾਸਫੀ ਪੜ੍ਹਾ ਰਿਹਾ, ਸੀ ਈ. ਐਮ. ਜੋਡ ਆਪਣੀ ਜਵਾਨੀ ਬਾਰੇ ਲਿਖਦਾ ਹੈ, 'ਜਿਸ ਯੁਵਤੀ ਨੂੰ ਮੈਂ ਚਾਹੁੰਦਾ ਸੀ, ਜਦ ਉਸ ਨੂੰ ਕਿਸੇ ਹੋਰ ਦਾ ਸਾਥ ਮਿਲ ਗਿਆ, ਤਦ ਮੈਂ ਬਹੁਤ ਉਦਾਸ ਹੋ ਕੇ, ਸੰਸਾਰ ਤਿਆਗ ਦੇਣ ਬਾਰੇ ਵੀ ਸੋਚਣ ਲੱਗ ਪਿਆ ਸੀ। ਇਸ ਮਾਨਸਿਕ ਦੁਬਿਧਾ 'ਚੋਂ ਮੈਨੂੰ ਬਰਟਰੰਡ ਰੱਸਲ ਨੇ ਬਾਹਰ ਕੱਢਿਆ। ਉਸ ਨੇ ਸਮਝਾਇਆ ਕਿ ਇਹ ਆਰਜ਼ੀ ਮਨ ਦੀ ਅਵਸਥਾ ਹੈ। ਸਮੇਂ ਨਾਲ ਇਸ ਦੀ ਚੁਭਨ ਮੰਦ ਪੈਂਦੀ ਰਹੇਗੀ ਅਤੇ ਛੇਕੜ ਇਸ ਦਾ ਅਹਿਸਾਸ ਵੀ ਜਾਂਦਾ ਰਹੇਗਾ। ਉਸ ਦਾ ਕਿਹਾ ਸਹੀ ਸਿੱਧ ਹੋਇਆ ਅਤੇ ਅੱਜ ਮੈਂ ਤਦ ਵਾਲੀ ਸਥਿਤੀ ਬਾਰੇ ਸੋਚ-ਸੋਚ ਸ਼ਰਮਸਾਰ ਹੋ ਰਿਹਾ ਹਾਂ।' ਉਦਾਸੀ ਅਜਿਹੀ ਵਿਵਸਥਾ ਨਹੀਂ, ਜਿਸ ਦਾ ਸਮਾਧਾਨ ਸੰਭਵ ਨਹੀਂ। ਕਿਸੇ ਨਾ ਕਿਸੇ ਕਾਰਜ 'ਚ ਰੁੱਝ ਜਾਣਾ ਇਸ ਰੋਗ ਦਾ ਅਕਸੀਰ ਇਲਾਜ ਹੈ। ਬਿਰਧ ਅਵਸਥਾ 'ਚੋਂ ਪਾਰ ਹੋ ਰਹੇ ਸ਼ਾਅ ਤੋਂ ਜਦ ਪੁੱਛਿਆ ਗਿਆ ਕਿ ਕੀ ਉਹ ਆਪਣੇ ਜੀਵਨ ਨਾਲ ਖੁਸ਼ ਸੀ। ਉਸ ਦਾ ਉੱਤਰ ਸੀ : 'ਮੈਂ ਇਸ ਹੱਦ ਤਕ ਰੁੱਝਿਆ ਹੋਇਆ ਹਾਂ ਕਿ ਮੈਨੂੰ ਇਹ ਸੋਚਣ ਦੀ ਵੀ ਫੁਰਸਤ ਨਹੀਂ ਕਿ ਮੈਂ ਖੁਸ਼ ਹਾਂ ਜਾਂ ਉਦਾਸ ਹਾਂ?' ਉਧਰ ਐਲਬਰਟ ਆਈਨਸਟਾਈਨ ਨੂੰ ਵੀ ਜਦ ਇਹੋ ਪ੍ਰਸ਼ਨ ਕੀਤਾ ਗਿਆ, ਤਦ ਉਸ ਦਾ ਉੱਤਰ ਸੀ, 'ਹਾਂ ਮੈਂ ਖੁਸ਼ ਹਾਂ ਅਤੇ ਇਸ ਲਈ ਖੁਸ਼ ਹਾਂ, ਕਿਉਂਕਿ ਹੋਰਨਾਂ ਤੋਂ ਮੈਂ ਕੋਈ ਆਸ ਨਹੀਂ ਰੱਖ ਰਿਹਾ। ਨਾ ਮੈਨੂੰ ਸਨਮਾਨ ਦੀ ਲੋੜ ਹੈ ਅਤੇ ਨਾ ਸ਼ਲਾਘਾ ਦੀ ਚਾਹ। ਸੰਗੀਤ ਸੁਣਨ ਦਾ ਮੈਨੂੰ ਸ਼ੌਕ ਹੈ, ਜਿਹੜਾ ਮੈਨੂੰ ਮੁਗਧ ਕਰੀ ਰੱਖਦਾ ਹੈ। ਹੋਰ ਮੇਰੇ ਬਾਰੇ ਕੀ ਸੋਚਦੇ ਹਨ, ਇਸ ਦੀ ਵੀ ਮੈਨੂੰ ਪ੍ਰਵਾਹ ਨਹੀਂ। ਉਦਾਸ ਹੋਣ ਲਈ ਮੈਨੂੰ ਕਾਰਨ ਲੱਭਣੇ ਪੈ ਰਹੇ ਹਨ।'
ਆਈਨਸਟਾਈਨ ਦੇ ਆਪਣੇ ਖੋਜ ਕਾਰਜ 'ਚ ਉਤਸ਼ਾਹ ਪੂਰਵਕ ਉਲਝੇ ਹੋਏ ਹੋਣ ਦਾ ਅਨੁਮਾਨ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਜਦ ਉਸ ਨੂੰ ਇਜ਼ਰਾਈਲ ਦੀ ਪ੍ਰਧਾਨਗੀ ਸਵੀਕਾਰ ਕਰਨ ਲਈ ਸੱਦਾ ਪੱਤਰ ਦਿੱਤਾ ਗਿਆ, ਤਦ ਉਸ ਨੇ ਇਹ ਪੇਸ਼ਕਸ਼ ਇਹ ਕਹਿ ਕੇ ਠੁਕਰਾ ਦਿੱਤੀ ਕਿ ਮਾਨਵੀ ਸਮੱਸਿਆਵਾਂ ਸੁਲਝਾਉਣ ਯੋਗ ਉਸ ਕੋਲ ਦਿਮਾਗ਼ ਨਹੀਂ। ਇਹ ਉਸ ਵਿਚਾਰਵਾਨ ਦੀ ਆਪਣੇ-ਆਪ ਪ੍ਰਤੀ ਟਿੱਪਣੀ ਸੀ, ਜਿਸ ਨੇ ਸਾਧਾਰਨ ਸੂਝ ਨੂੰ ਹੀ ਨਹੀਂ, ਵਿਗਿਆਨਕ ਸੂਝ ਨੂੰ ਵੀ ਵਿਸ਼ਵ ਨੂੰ ਵੱਖਰੇ ਨਜ਼ਰੀਏ ਨਾਲ ਨਿਹਾਰਨਾ ਸਿਖਾਇਆ ਸੀ।
ਵਿਅਕਤੀਗਤ ਪੱਧਰ 'ਤੇ ਰੁਝੇਵੇਂ ਅਤੇ ਸ਼ੌਕ ਪਾਲਦਿਆਂ ਅਤੇ ਗਿਆਨ ਦੀ ਪੈਰਵੀ ਕਰਦਿਆਂ, ਉਮਰ ਦੇ ਪਿਛਲੇ ਪੱਖ 'ਚ ਵੀ ਭਲੀ ਪ੍ਰਕਾਰ ਦਿਨ ਕਟੀ ਕਰ ਸਕਣਾ ਸੰਭਵ ਹੈ। ਉਮਰ ਦੇ ਪਿਛਲੇ ਪੱਖ ਦੇ ਵੀ ਆਪਣੀ ਹੀ ਪ੍ਰਕਾਰ ਦੇ ਮੁਆਵਜ਼ੇ ਹੁੰਦੇ ਹਨ, ਜਿਹੜੇ ਜਵਾਨੀ ਦੌਰਾਨ ਪ੍ਰਾਪਤ ਕਰਨੇ ਸੰਭਵ ਨਹੀਂ।
ਬਿਰਧ ਗ਼ਾਲਿਬ 'ਚ ਠਾਠਾਂ ਮਾਰ ਰਹੇ ਜੀਵਨ ਦੇ ਉਤਸ਼ਾਹ ਦਾ ਪ੍ਰਤੀਕ, ਉਸ ਦਾ ਇਹ ਸ਼ਿਅਰ ਹੈ :
'ਗੋ ਹਾਥ ਕੋ ਜੁੰਬਸ਼ ਨਹੀਂ, ਆਖੋਂ ਮੇਂ ਤੋ ਦੰਮ ਹੈ,
ਰਹਿਨੇ ਦੋ ਅਭੀ ਸਾਗ਼ਰ-ਓ-ਮੀਨਾ ਮੇਰੇ ਆਗੇ।''


-ਫੋਨ : 0175-2214547


ਖ਼ਬਰ ਸ਼ੇਅਰ ਕਰੋ

ਪੰਜਾਬੀ ਸੱਭਿਆਚਾਰ ਦਾ ਦਿਲ

ਚਰਖਾ

ਭਾਰਤ ਵਿਚ ਆਰੀਆ ਲੋਕ ਚਰਖੇ ਦੇ ਛੋਟੇ ਰੂਪ ਤੱਕਲੀ ਨਾਲ ਸੂਤ ਕੱਤਦੇ ਸਨ। ਇਸ ਦਾ ਸੁਧਰਿਆ ਅਤੇ ਵੱਡਾ ਰੂਪ ਚਰਖੇ ਦੇ ਰੂਪ ਵਿਚ ਸਾਡੇ ਸਾਹਮਣੇ ਆਇਆ। ਇਹ ਵੀ ਕਿਹਾ ਜਾਂਦਾ ਹੈ ਕਿ ਚਰਖਾ ਮੱਧ ਏਸ਼ੀਆ ਤੋਂ ਦਸਵੀਂ ਸਦੀ ਵਿਚ ਹਿੰਦੁਸਤਾਨ ਵਿਚ ਆਇਆ।
ਜਿੱਥੋਂ ਤੱਕ ਇਸ ਦੇ ਨਾਮਕਰਨ ਦਾ ਸਬੰਧ ਹੈ, ਚਰਖਾ ਫ਼ਾਰਸੀ ਦੇ ਚਰਖਹ ਸ਼ਬਦ ਦਾ ਤਦਭਵ ਰੂਪ ਹੈ। ਇਹ ਵੀ ਹੋ ਸਕਦਾ ਹੈ, ਚਰਖਾ ਸੰਸਕ੍ਰਿਤ ਸ਼ਬਦ ਚੱਕਰ ਤੋਂ ਪੰਜਾਬੀ ਵਿਚ ਚੱਕਰਾ ਤੇ ਵਿਗੜ ਕੇ ਬਣਿਆ ਚਰਕਾ ਅਤੇ ਉਸ ਤੋਂ ਬਾਅਦ ਚਰਖਾ ਬਣਿਆ ਹੋਵੇ। ਇਹ ਵੀ ਹੋ ਸਕਦਾ ਹੈ ਕਿ ਚਰਖੇ ਦਾ ਚੱਕਰ ਬਣਾਉਣ ਵੇਲੇ ਤਰਖਾਣ ਨੇ ਲੱਕੜ ਦਾ ਸਹਾਰਾ ਕਾਟਾ ਬਣਾਇਆ, ਜਿਸ ਵਿਚ ਚਾਰ ਖਾਨੇ ਸਪੱਸ਼ਟ ਦਿਖਣ ਲੱਗੇ, ਇਨ੍ਹਾਂ ਚਾਰ ਖਾਨਿਆਂ ਤੋਂ ਚਰਖਾ ਬਣਿਆ ਹੋਵੇ।
ਚਰਖੇ ਨੂੰ ਪੰਜਾਬੀ ਸੱਭਿਆਚਾਰ ਦਾ ਦਿਲ ਕਿਹਾ ਜਾ ਸਕਦਾ ਹੈ। ਇਸ ਕਰਕੇ ਪੰਜਾਬੀ ਸਾਹਿਤ ਵਿਚ ਜਿੰਨਾ ਜ਼ਿਕਰ ਚਰਖੇ ਦਾ ਆਉਂਦਾ ਹੈ , ਸ਼ਾਇਦ ਹੀ ਕਿਸੇ ਹੋਰ ਚੀਜ਼ ਦਾ ਆਉਂਦਾ ਹੋਵੇ। ਚਰਖੇ ਦੇ ਸਾਰੇ ਅੰਗ ਅਤੇ ਉਪ ਅੰਗ ਵੀ ਪੰਜਾਬੀ ਸੱਭਿਆਚਾਰ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹਨ। ਜਿਵੇਂ ਮਾਲ੍ਹ, ਬਾਇੜ (ਕਸੱਣ), ਲੱਠ, ਮੁੰਨੇ, ਫੱਟੇ, ਗੁੱਡੇ, ਗੁੱਝ (ਹੱਥੀ), ਮਝੇਰੂ, ਦਮਕੱੜਾ, ਚਰਮੱਖ, ਕੱਥ, ਬੀੜ, ਮਣਕਾ, ਤੱਕਲਾ ਆਦਿ ਦੀ ਆਪਣੀ-ਆਪਣੀ ਹੋਂਦ ਅਤੇ ਪਹਿਚਾਣ ਹੈ। ਚਰਖੇ ਦੀ ਸਹਾਇਕ ਸਮੱਗਰੀ ਦੀ ਵੀ ਆਪਣੀ ਭੂਮਿਕਾ ਹੁੰਦੀ ਹੈ, ਜਿਵੇਂ ਪੂਣੀਆਂ, ਤੰਦ, ਗਲੋਟਾ, ਸੂਤ, ਅਟੇਰਨ, ਪੀਹੜਾ, ਪਟਾਰੀ ਅਤੇ ਕੱਤਣੀ ਆਦਿ।
ਚਰਖਾ ਬਣਾਉਣ ਵਾਲੇ ਕਾਰੀਗਰ ਜਾਂ ਤਰਖਾਣ ਦੀ ਵਿਸ਼ੇਸ਼ ਭੂਮਿਕਾ ਹੁੰਦੀ ਸੀ। ਇਹ ਕਾਰੀਗਰ ਦੀ ਇਕ ਸੁਲਝੀ ਹੋਈ ਅਤੇ ਖ਼ੂਬਸੂਰਤ ਕਲਾ ਦਾ ਇਕ ਅਦਭੁੱਤ ਨਮੂਨਾ ਸੀ। ਇਸ ਨੂੰ ਬਣਾਉਣ ਲਈ ਵਧੀਆ ਕਿਸਮ ਦੀ ਲੱਕੜੀ ਦੀ ਚੋਣ ਕੀਤੀ ਜਾਂਦੀ ਸੀ। ਇਸ ਦੇ ਹਾਰ-ਸ਼ਿੰਗਾਰ ਲਈ ਸੋਨੇ ਅਤੇ ਚਾਂਦੀ ਰੰਗੀਆਂ ਮੇਖਾਂ ਦੀ ਵਰਤੋਂ ਕੀਤੀ ਜਾਂਦੀ ਸੀ। ਚੱਕਰੇ ਵਿਚ ਸ਼ੀਸ਼ੇ ਜੜੇ ਜਾਂਦੇ ਸਨ। ਚੱਕਰੇ ਨੂੰ ਵੱਖ-ਵੱਖ ਰੰਗਾਂ ਦੀਆਂ ਧਾਰੀਆਂ ਨਾਲ ਸਜਾਇਆ ਜਾਂਦਾ ਸੀ। ਇਹ ਗੱਲ ਇਸ ਗੀਤ ਦੇ ਬੋਲਾਂ ਤੋਂ ਪੂਰੀ ਤਰਾਂ ਸਪੱਸ਼ਟ ਹੁੰਦੀ ਹੈ:
ਕਾਰੀਗਰ ਨੂੰ ਦੇ ਵਧਾਈ, ਜੀਹਨੇ,
ਰੰਗਲਾ ਚਰਖਾ ਬਣਾਇਆ।
ਵਿਚ ਸੁਨਹਿਰੀ ਲਾਈਆਂ ਮੇਖਾਂ,
ਹੀਰਿਆਂ ਜੜਤ ਜੜਾਇਆ,
ਬੀੜੀ ਦੇ ਨਾਲ ਖਹੇ ਦਮਕੜਾ
ਤੱਕਲਾ ਫਿਰੇ ਸਵਾਇਆ,
ਕੱਤ ਲੈ ਹਾਣਦੀਏ
ਵਿਆਹ ਭਾਦੋਂ ਦਾ ਆਇਆ।
ਚਰਖਾ ਇਕ ਤਰ੍ਹਾਂ ਨਾਲ ਘਰੇਲੂ ਉਦਯੋਗ ਦੀ ਸ਼ਿਲਪ ਕਲਾ ਵਿਚ ਉਪਜਿਆ ਇਕ ਖ਼ੂਬਸੂਰਤ ਤੋਹਫ਼ਾ ਹੈ। ਪੰਜਾਬੀ ਸੱਭਿਆਚਾਰ ਦਾ ਇਕ ਬਹੁਤ ਵੱਡਾ ਗੁਣ ਹੈ ਕਿ ਇਸ ਨੇ ਆਪਣੀ ਹਰ ਇਕ ਲੋੜ ਦੀ ਨਿਸ਼ਾਨੀ ਨੂੰ ਕਿਰਤ ਅਤੇ ਕਲਾ ਨਾਲ ਜੋੜਿਆ ਹੈ।
ਲਗਪਗ ਪੌਣੀ 20ਵੀਂ ਸਦੀ ਤੱਕ ਚਰਖਾ ਕੱਤਣਾ, ਪੰਜਾਬ ਦੇ ਹਰੇਕ ਪਿੰਡ ਵਿਚ ਰਹਿਣ ਵਾਲੀ ਔਰਤ ਦੀ ਪ੍ਰਮੁੱਖ ਘਰੇਲੂ ਦਸਤਕਾਰੀ ਜਾਂ ਧੰਦਾ ਸੀ। ਉਦੋਂ ਤੱਕ ਚਰਖਾ ਪੰਜਾਬੀ ਸੱਭਿਆਚਾਰ ਦਾ ਹਰਮਨ-ਪਿਆਰਾ ਪ੍ਰਤੀਕ ਬਣਿਆ ਰਿਹਾ। ਇਹ ਪੰਜਾਬੀ ਕੁੜੀ ਦੇ ਮਾਣ-ਸਨਮਾਨ ਦਾ ਚਿੰਨ੍ਹ ਹੁੰਦਾ ਸੀ। ਜਦੋਂ ਕੁੜੀ ਦਸ ਕੁ ਸਾਲਾਂ ਦੀ ਹੋ ਜਾਂਦੀ ਸੀ, ਤਾਂ ਮਾਂ, ਚਾਚੀਆਂ-ਤਾਈਆਂ ਉਸ ਦੇ ਦਾਜ-ਦਹੇਜ ਦੀ ਤਿਆਰੀ ਕਰਨ ਲਗ ਜਾਂਦੀਆਂ ਸਨ। ਫੇਰ ਸਾਰਾ ਦਿਨ ਘਰ ਵਿਚ ਚਰਖੇ ਦੀ ਗੂੰਜ ਪੈਣ ਲੱਗ ਜਾਂਦੀ ਸੀ।
ਤ੍ਰਿੰਝਣ ਦੀ ਗੱਲ ਤੋਂ ਵਗੈਰ ਚਰਖੇ ਦੇ ਕਾਰਜ ਦੀ ਸੱਭਿਆਚਾਰਕ ਮਿਠਾਸ ਹਲਕੀ ਪੈ ਜਾਵੇਗੀ। ਜਦੋਂ ਮੁਟਿਆਰਾਂ, ਇਸਤਰੀਆਂ ਅਤੇ ਬੁੱਢੀਆਂ ਖੁੱਲ੍ਹੀ ਗਲੀ ਵਿਚ ਜਾਂ ਕਿਸੇ ਦੇ ਵੱਡੇ ਵਿਹੜੇ ਵਿਚ ਇਕੱਠੀਆਂ ਹੋ ਕੇ ਆਪਣਾ-ਆਪਣਾ ਚਰਖਾ ਡਾਹ ਲੈਂਦੀਆਂ ਸਨ ਤਾਂ ਉਨ੍ਹਾਂ ਵਿਚ ਮੁਕਾਬਲਾ ਹੋਣਾ ਸੁਭਾਵਿਕ ਸੀ। ਜਿੱਥੇ ਬਹਿ ਕੇ ਚਰਖਾ ਕੱਤਿਆ ਜਾਂਦਾ ਸੀ, ਉਸ ਥਾਂ ਨੂੰ ਤ੍ਰਿੰਝਣ ਕਿਹਾ ਜਾਂਦਾ ਸੀ। ਤ੍ਰਿੰਝਣ ਵਿਚ ਬਹਿ ਕੇ ਕੁੜੀਆਂ ਨਾਲੇ ਚਰਖਾ ਕੱਤਦੀਆਂ ਸਨ ਅਤੇ ਨਾਲ ਹੀ ਹੋਰ ਕੰਮ ਜਿਵੇਂ ਕਢਾਈ-ਬੁਣਾਈ ਦਾ ਕੰਮ ਅਤੇ ਗੀਤ-ਬੋਲੀਆਂ ਆਦਿ ਗਾਇਆ ਕਰਦੀਆਂ ਸਨ।
ਬੇੜੀ ਦਾ ਪੂਰ ਤ੍ਰਿੰਝਣ ਦੀਆਂ ਕੁੜੀਆਂ
ਸਬੱਬ ਨਾਲ ਹੋਣ 'ਕੱਠੀਆਂ।
ਨੀ ਮੈਂ ਕੱਤਾ ਪ੍ਰੀਤਾਂ ਨਾਲ ਚਰਖਾ
ਚੰਨਣ ਦਾ।
ਬਜ਼ਾਰ ਵਿਕੇਂਦੀ ਬਰਫ਼ੀ,
ਮੈਨੂੰ ਲੈਦੇ ਨਿੱਕੀ ਜਿਹੀ ਚਰਖੀ,
ਦੁੱਖਾਂ ਦੀਆਂ ਕੱਤਾਂ ਪੂਣੀਆਂ।
ਸਹੁਰੇ ਘਰ ਆਈਆਂ ਕੁੜੀਆਂ ਜਦ ਤ੍ਰਿੰਝਣ ਵਿਚ ਚਰਖਾ ਕੱਤਦੀਆਂ-ਕੱਤਦੀਆਂ ਭਾਵੁਕ ਹੋ ਜਾਂਦੀਆਂ ਸਨ ਤਾਂ ਇਹ ਬੋਲ ਉਨ੍ਹਾਂ ਦੇ ਮੂੰਹੋਂ ਨਿਕਲਦੇ ਸਨ:
ਮਾਂ ਮੇਰੀ ਨੇ ਚਰਖਾ ਦਿੱਤਾ ਵਿਚ ਸੋਨੇ ਦੀਆਂ ਮੇਖਾਂ,
ਮਾਂ ਤੈਨੂੰ ਯਾਦ ਕਰਾਂ, ਜਦ ਚਰਖੇ ਵੱਲ ਦੇਖਾਂ।
ਜਦ ਉਹੀ ਮੁਟਿਆਰ ਪੇਕੇ ਹੁੰਦੀ ਹੈ ਤਾਂ ਇੰਝ ਕਹਿੰਦੀ ਹੈ,
ਸੁਣ ਚਰਖੇ ਦੀ ਮਿੱਠੀ ਮਿੱਠੀ ਘੂਕ,
ਮਾਹੀਆ ਮੈਨੂੰ ਯਾਦ ਆਂਵਦਾ।
ਚਰਖੇ ਦੇ ਕਾਰਜ ਦਾ ਸੁਨੇਹਾ ਚੜ੍ਹਦੇ ਸੂਰਜ ਵਾਂਗ ਦਿਖਦਾ ਹੈ, ਕਿਰਤ ਹੀ ਪੂਜਾ ਜਾਂ ਸਾਧਨਾ ਹੈ, ਇਹੋ ਸੱਚਾ ਨਾਮ ਹੈ। ਚਰਖੇ ਨਾਲ ਕੱਤੇ ਸੂਤ ਨਾਲ ਔਰਤਾਂ ਦਰੀਆਂ, ਖੇਸ ਅਤੇ ਫੁਲਕਾਰੀਆਂ ਬਣਾਉਂਦੀਆਂ ਸਨ। ਘਰ ਦੇ ਮਰਦਾਂ ਨੂੰ ਤਾਂ ਚਰਖੇ ਦੀ ਕੀਮਤ ਦਾ ਉਦੋਂ ਹੀ ਪਤਾ ਲੱਗਦਾ ਸੀ, ਜਦੋਂ ਘਰ ਵਿਚ ਕੋਈ ਪ੍ਰਾਹੁਣਾ ਆਉਂਦਾ ਸੀ, ਉਦੋਂ ਪੇਟੀ ਵਿਚੋਂ ਨਵੀਆਂ ਦਰੀਆਂ-ਖੇਸ ਕੱਢੇ ਜਾਂਦੇ ਸਨ ਜਾਂ ਜਦੋਂ ਕੁੜੀ ਦੇ ਦਾਜ ਵਾਲੀ ਪੇਟੀ ਭਰਨੀ ਹੁੰਦੀ ਸੀ।
ਪੰਜਾਬ ਵਿਚ ਰਚੇ ਸਾਹਿਤ ਨਾਲ ਚਰਖੇ ਦਾ ਗੂੜ੍ਹਾ ਰਿਸ਼ਤਾ ਰਿਹਾ ਹੈ। ਭਗਤ ਕਬੀਰ ਨੇ ਚਰਖੇ ਨੂੰ ਸਰੀਰ ਦੇ ਰੂਪਕ ਵਿਚ ਵਰਤਿਆ ਹੈ।
ਜੋ ਚਰਖਾ ਜਰਿ ਜਾਯ ਬੜੇਯਾ ਨਾ ਮਰੇ।
ਮੈਂ ਕਾਤੋਂ ਸੂਤ ਹਜ਼ਾਰ ਚਰਸੁਲਾ ਜਨਿ ਜਰੇ।
ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਵਿਚ ਚਰਖਾ ਸ਼ਬਦ ਦੀ ਸਧਾਰਨ ਅਰਥ ਵਿਚ ਵਰਤੋਂ ਹੋਈ ਹੈ
ਕੋਲੂ ਚਰਖਾ ਚੱਕੀ ਚੱਕ,
ਥਲ ਵਾਰੋਲੇ ਬਹੁਤੁ ਅਨੰਤੁ॥
ਸੂਫ਼ੀਆਂ ਨੇ ਤਾਂ ਚਰਖੇ ਅਤੇ ਇਸ ਦੇ ਹਰ ਇਕ ਅੰਗ ਨੂੰ ਆਪਣੀਆਂ ਕਾਫੀਆਂ ਵਿਚ ਪ੍ਰਮੁੱਖ ਥਾਂ ਦਿੱਤੀ ਹੈ, ਸ਼ਾਹ ਹੁਸੈਨ ਲਿਖਦਾ ਹੈ:
ਅਨੀ ਸਹੀਓ ਨੀ, ਮੈਂ ਕੱਤਦੀ ਕੱਤਦੀ ਹੁੱਟੀ,
ਅੱਤਣ ਦੇ ਵਿਚ ਗੋਹੜੇ ਰੁਲਦੇ,
ਹਥਿ ਵਿਚ ਰਹਿ ਗਈ ਜੁੱਟੀ,
ਭਲਾ ਭਇਆ ਮੇਰਾ ਚਰਖਾ ਟੁੱਟਾ,
ਮੇਰੀ ਜਿੰਦ ਅਜਾਬੋਂ, ਛੁੱਟੀ।
ਤੇਰੇ ਅੱਗੇ ਅੱਗੇ ਚਰਖਾ, ਪਿੱਛੇ ਪਿੱਛੇ ਪੀਹੜਾ,
ਕੱਤਣੀ ਹੈ ਹਾਲ ਭਲੇਰੇ ਕਿਉਂ।
ਘੁੰਮ ਵੇ ਚਰਖੜਿਆ ਤੇਰੇ ਕੱਤਣ ਵਾਲੀ ਜੀਵੇ।
ਚਰਖਾ ਬੋਲੇ ਸਾਈਂ ਸਾਈਂ, ਬਾਇੜ ਬੋਲੇ ਤੂੰ।
ਕਹੇ ਹੁਸੈਨ ਫਕੀਰ ਸਾਈਂ ਦਾ, ਮੈਂ ਨਾਹੀ ਸਭ ਤੂੰ।
ਬੁੱਲ੍ਹੇ ਸ਼ਾਹ ਨੇ ਵੀ ਚਰਖੇ ਨੂੰ ਆਪਣੀ ਕਾਵਿ ਰਚਨਾ ਵਿਚ ਮਨਭਾਉਂਦੇ ਰੂਪਕ ਵਜੋਂ ਵਰਤਿਆ ਹੈ ਜਿਵੇ:-
ਤੂੰ ਸੁੱਤਿਆਂ ਉਮਰ ਵੰਜਾਈ ਏ,
ਤੂੰ ਚਰਖੇ ਤੰਦ ਨਾ ਪਾਈ ਏ।
ਕੀ ਕਰਸੇਂ ਦਾਜ ਤਿਆਰ ਨੀ,
ਉੱਠ ਜਾਗ ਘੁਰਾੜੇ ਮਾਰ ਨਹੀਂ।
ਚਰਖਾ ਮੁਫਤ ਤੇਰੇ ਹੱਥ ਆਇਆ,
ਪੱਲਿਓਂ ਨਾਹੀਂ ਕੁਝ ਖੋਲ੍ਹ ਗਵਾਇਆ।
ਚਰਖਾ ਤੇਰਾ ਰੰਗ ਰੰਗੀਲਾ,
ਰੀਸ ਕਰੇਂਦਾ ਸਭ ਕਬੀਲਾ।
ਇਸ ਚਰਖੇ ਦੀ ਕੀਮਤ ਭਾਰੀ,
ਤੂੰ ਕੀ ਜਾਣੇ ਕਦਰ ਗਵਾਰੀ।
ਐਸਾ ਚਰਖਾ ਘੜਨਾ ਨਾਹੀਂ,
ਫੇਰ ਕਿਸੇ ਤਰਖਾਣ ਕੁੜੇ।
ਕਰ ਕੱਤਣ ਵੱਲ ਧਿਆਨ ਕੁੜੇ।
ਗਮਾਂ ਵਾਲਾ ਚਰਖਾ ਤੇ ਦੁੱਖਾਂ ਦੀਆਂ ਪੂਣੀਆਂ
ਮੈਂ ਜਿਉਂ ਜਿਉਂ ਕੱਤੀ ਜਾਵਾਂ ਨੀ ਹੋਣ ਪਈਆਂ ਦੂਣੀਆਂ।
ਕੱਤ ਸੱਖਣੀ ਨਾ ਬੱਲੀਏ ਕੁੜੀਏ।
ਨੀ ਤੇਰੀ ਪੂਣੀਆਂ ਦੀ ਭਰੀ ਕੱਤਣੀ
ਮੱਕੇ ਗਿਆਂ ਗੱਲ ਮੁੱਕਦੀ ਨਾਹੀਂ,
ਭਾਵੇਂ ਸੌ ਸੌ ਜੁੰਮੇ ਪੜ੍ਹ ਆਈਏ।
ਗੰਗਾ ਗਿਆਂ ਗੱਲ ਮੁੱਕਦੀ ਨਾਹੀਂ,
ਭਾਵੇਂ ਸੌ ਸੌ ਗੋਤੇ ਲਾ ਆਈਏ।
ਪਰ ਬੁੱਲ੍ਹੇ ਸ਼ਾਹ ਗੱਲ ਤਾਈਓਂ ਮੁੱਕਦੀ,
ਜਦ ਮੈਂ ਨੂੰ ਦਿਲੋਂ ਭੁਲਾਈਏ।
ਕਿੱਸਾਕਾਰਾਂ ਨੇ ਵੀ ਚਰਖੇ ਨੂੰ ਆਪਣੇ ਕਿੱਸਿਆਂ ਵਿਚ ਪ੍ਰਮੁੱਖ ਥਾਂ ਦਿੱਤੀ ਹੈ, ਸਾਧੂ ਦਯਾ ਸਿੰਘ ਲਿਖਦਾ ਹੈ:-
ਚਰਖਾ ਏਸ ਕਲਬੂਤ ਦਾ ਭੱਜ ਜਾਣਾ,
ਟੁੱਟ ਜਾਵਣੇ ਦਮਾਂ ਦੇ ਤੰਦ ਬੰਦੇ।
ਪੰਜਾਬੀ ਲੋਕ ਗੀਤਾਂ ਵਿਚ ਚਰਖੇ ਦੀ ਵੰਨਗੀ ਦੇਖੋ:-
ਜੋਗੀ ਉੱਤਰ ਪਹਾੜੋਂ ਆਇਆ,
ਚਰਖੇ ਦੀ ਘੂਕ ਸੁਣ ਕੇ।
ਇਕ ਤੇਰਾ ਰੰਗ ਮੁਸ਼ਕੀ,
ਦੂਜਾ ਡਾਹ ਲਿਆ ਗਲੀ ਦੇ ਵਿਚ ਚਰਖਾ।
ਤੰਦ ਤੇਰਿਆਂ ਦੁੱਖਾਂ ਦੀ ਪਾਵਾਂ,
ਚਰਖਾ ਮੈਂ ਆਪਣਾ ਕੱਤਾਂ।
ਅੰਤ ਵਿਚ ਇਹ ਅੱਖਰ ਮੈਂ ਆਪਣੇ ਅੱਥਰੂਆਂ ਦੀ ਸਿਆਹੀ ਨਾਲ ਲਿਖ ਰਹੀ ਹਾਂ। ਭਾਵੇਂ ਅੱਜ ਚਰਖਾ ਸਾਡੇ ਘਰਾਂ ਵਿਚੋਂ ਖ਼ਤਮ ਹੋ ਚੁੱਕਾ ਹੈ, ਪਰ ਚਰਖਾ ਸਾਡੀ ਅਮੀਰ ਵਿਰਾਸਤ ਅਤੇ ਸੱਭਿਆਚਾਰ ਦਾ ਵੱਡਮੁੱਲਾ ਪ੍ਰਤੀਕ ਬਣਿਆ ਰਹੇਗਾ। ਭਾਵੇਂ ਚਰਖਾ ਇਕ ਨਿਰਜੀਵ ਵਸਤੂ ਹੈ, ਪਰ ਪੰਜਾਬੀ ਸਾਹਿਤ, ਸੱਭਿਆਚਾਰ ਵਿਚ ਇਹ ਪੂਰੀ ਤਰ੍ਹਾਂ ਜਿਊਂਦਾ ਅਤੇ ਜਾਗਦਾ ਹੈ। ਚਰਖਾ ਪੰਜਾਬੀ ਔਰਤ ਦੇ ਮਾਣ-ਸਨਮਾਨ ਦਾ ਪ੍ਰਤੀਕ ਹੈ। ਇਸ ਕਰਕੇ ਚਰਖੇ ਨੂੰ ਇਸ ਗੱਲ ਦਾ ਮਾਣ ਹੈ ਕਿ ਇਹ ਮੁਟਿਆਰ ਨਾਲ ਗੱਲਾਂ ਕਰਦਾ ਹੈ ਅਤੇ ਉਸਦੇ ਹਰ ਦੁੱਖ-ਸੁੱਖ ਦਾ ਭਾਈਵਾਲ ਬਣ ਕੇ ਉਨ੍ਹਾਂ ਦੀ ਰਗ-ਰਗ ਦਾ ਭੇਤੀ ਬਣ ਕੇ ਵਿਚਰਦਾ ਰਿਹਾ ਹੈ।


-ਸਰਦਾਰ ਪਟੇਲ ਗਰੀਨ ਵੁੱਡ ਪਬਲਿਕ ਸੀ. ਸੈਕੰ. ਸਕੂਲ ਧੂਰੀ-148024. ਜ਼ਿਲ੍ਹਾ ਸੰਗਰੂਰ।
ਮੋਬਾਈਲ : 98143-41746.
Email.premlatakhanikar@gmail.com

ਮਨ ਮੋਹ ਲੈਂਦੀ ਹੈ : ਯੂਰਪ ਅੰਦਰ ਪਤਝੜ ਦੀ ਰੰਗ-ਬਿਰੰਗੀ ਖ਼ੂਬਸੂਰਤੀ

ਕੁਦਰਤ ਦੇ ਅਤੇ ਮਨੁੱਖੀ ਵਰਤਾਰੇ ਵਿਚ ਇਕ ਵੱਡਾ ਫਰਕ ਹੈ। ਭਾਵੇਂ ਕੁਝ ਮਿਲੇ ਜਾਂ ਹੱਥੋਂ ਨਿਕਲ ਜਾਵੇ ਪਰ ਕੁਦਰਤ ਹਰ ਸਮੇਂ ਅਨੰਦ-ਚਿਤ ਰਹਿੰਦੀ ਹੈ। ਉੱਧਰ ਮਨੁੱਖ ਕੁਝ ਮਨਚਾਹਿਆ ਹਾਸਲ ਹੋ ਜਾਣ 'ਤੇ ਖੁਸ਼ੀਆਂ ਮਨਾਉਂਦਾ ਹੈ ਅਤੇ ਗੁਆਚ ਜਾਣ 'ਤੇ ਝੂਰਦਾ ਹੈ। ਖ਼ੈਰ, ਕੁਝ ਹਾਸਲ ਹੋਣ 'ਤੇ ਖੁਸ਼ੀ ਮਨਾਉਣ ਦਾ ਵਰਤਾਰਾ ਤਾਂ ਸਮਝ ਵਿਚ ਆਉਂਦਾ ਹੈ ਪਰ ਕੁਝ ਗੁਆਚਣ 'ਤੇ ਵੀ ਸੁੰਦਰ ਅਤੇ ਹੱਸਦੇ-ਵੱਸਦੇ ਬਣੇ ਰਹਿਣ ਦੀ ਕੁਦਰਤ ਦੀ ਕਲਾ ਨੂੰ ਵੇਖਣਾਂ ਹੋਵੇ ਤਾਂ 'ਯੂਰਪ ਦੀ ਪਤਝੜ' ਇਸ ਦੀ ਖੂਬਸੂਰਤ ਉਦਾਹਰਨ ਹੈ।
ਯੂਰਪ ਧਰਤੀ ਦਾ ਠੰਢਾ ਮੰਨਿਆਂ ਜਾਣ ਵਾਲਾ ਖਿੱਤਾ ਹੈ। ਸੋ, ਇਥੇ ਕੁਦਰਤ ਦੀ ਹਰਿਆਲੀ, ਫੁੱਲਾਂ ਲੱਦੇ ਪੌਦੇ ਅਤੇ ਸਰਸਬਜ਼ ਖੇਤਾਂ ਦੇ ਦ੍ਰਿਸ਼ ਗਰਮ ਮੌਸਮ ਦੇ ਚਾਰ-ਪੰਜ ਮਹੀਨੇ ਹੀ ਨਜ਼ਰ ਆਉਂਦੇ ਹਨ। ਇਨ੍ਹਾਂ ਕੁਝ ਮਹੀਨਿਆਂ ਦੌਰਾਨ ਇਹ ਖਿੱਤਾ ਹਰਿਆ-ਭਰਿਆ ਅਤੇ ਕੁਦਰਤ ਦੀ ਖੂਬਸੂਰਤੀ ਦੇ ਬੇਮਿਸਾਲ ਨਮੂਨੇ ਵਜੋਂ ਨਜ਼ਰ ਆਉਂਦਾ ਹੈ। ਫਿਰ ਸਮਾਂ ਆਉਂਦਾ ਹੈ ਅਤੇ ਮੌਜੂਦਾ ਬਦਲ ਰਹੇ ਮੌਸਮ ਅਨੁਸਾਰ ਸਰਦ ਰੁੱਤ ਦਾ ਆਗਾਜ਼ ਹੁੰਦਾ ਹੈ। ਬਰਫ਼ੀਲੇ ਮੌਸਮ ਦੀ ਆਮਦ ਤੇ ਕੁਦਰਤ ਦੀ ਹਰਿਆਵਲ ਫਿੱਕੀ ਪੈਣ ਲਗਦੀ ਹੈ। ਫੁੱਲ ਸੁੱਕਣੇ ਅਤੇ ਹਰੇ ਪੱਤੇ ਪੀਲੇ ਪੈਣ ਲੱਗ ਪੈਂਦੇ ਹਨ। ਪਰ ਕਾਦਰ ਹਰੀ ਭਰੀ ਕੁਦਰਤ ਦੇ ਗੁਆਚ ਰਹੇ ਇਸ ਰੰਗ ਨੂੰ ਇਕ ਖੂਬਸੂਰਤ ਰੂਪ ਦੇ ਦਿੰਦਾ ਹੈ ਅਤੇ ਠੰਢਾ ਮੌਸਮ ਸ਼ੁਰੂ ਹੋਣ ਦੇ ਨਾਲ ਹੀ ਬਜ਼ੁਰਗ ਹੋ ਚੁੱਕੇ ਹਰੇ ਪੱਤੇ ਪੀਲੇ ਹੋ ਕੇ ਸੁਨਹਿਰੀ ਰੰਗ ਵਿਚ ਬਦਲ ਕੇ ਬੇਆਵਾਜ਼ ਢੰਗ ਨਾਲ ਰੁੱਖਾਂ ਤੋਂ ਝੜ ਕੇ ਹਵਾ ਨਾਲ ਕਲੋਲਾਂ ਕਰਦੇ ਜ਼ਮੀਨ 'ਤੇ ਡਿੱਗਣੇ ਸ਼ੁਰੂ ਹੋ ਜਾਂਦੇ ਹਨ। ਬਨਸਪਤੀ ਦੇ ਅੰਦਰੋਂ ਹੀ ਪੀਲੇ, ਸੁਨਹਿਰੀ ਅਤੇ ਮੱਧਮ ਲਾਲ ਜਿਹੇ ਰੰਗਾਂ ਦੀ ਚਿੱਤਰਕਾਰੀ ਪ੍ਰਗਟ ਹੋਣ ਲੱਗ ਪੈਂਦੀ ਹੈ ਅਤੇ ਸਾਰੀ ਕਾਇਨਾਤ ਇਨ੍ਹਾਂ ਰੰਗਾਂ ਵਿਚ ਗੁਆਚ ਜਿਹੀ ਜਾਂਦੀ ਹੈ।
ਯੂਰਪ ਦੀ ਧਰਤੀ ਨੂੰ ਕੁਦਰਤ ਨੇ ਅਥਾਹ ਹਰਿਆਲੀ ਨਾਲ ਨਿਵਾਜ਼ਿਆ ਹੈ। ਯੂਰਪ ਦੇ ਦੋ ਦਰਜਨ ਤੋਂ ਵੱਧ ਦੇਸ਼ਾਂ ਵਿਚ ਵਿਸ਼ਾਲ ਜੰਗਲ ਵੀ ਮੌਜੂਦ ਹਨ ਅਤੇ ਪਿੰਡ ਸ਼ਹਿਰ ਵੀ ਰੁੱਖਾਂ ਅਤੇ ਫੁੱਲਦਾਰ ਪੌਦਿਆਂ ਨਾਲ ਭਰੇ ਹੋਏ ਹਨ। ਸੋ, ਹਰ ਮੌਸਮ ਵਿਚ ਕੁਦਰਤ ਆਪਣੇ ਵੱਖਰੇ ਰੂਪ ਵਿਚ ਸਜਣ ਲਈ ਤਿਆਰ ਰਹਿੰਦੀ ਹੈ। ਫਿਰ ਵੀ ਜੇਕਰ ਪਤਝੜ ਦੇ ਅਸਲੀ ਹੁਸਨ ਨੂੰ ਦੇਖਣਾ ਹੋਵੇ ਤਾਂ ਇਹ ਕੁਦਰਤੀ ਜੰਗਲਾਂ ਵਿਚ ਪੂਰੀ ਬੇਬਾਕੀ ਨਾਲ ਰੂਪਮਾਨ ਹੁੰਦਾ ਹੈ। ਰੁੱਖਾਂ ਤੋਂ ਝੜ ਕੇ ਜ਼ਮੀਨ 'ਤੇ ਡਿਗ ਰਹੇ ਪੱਤੇ ਲੰਮੀਆਂ ਸੁਨਹਿਰੀ ਚਾਦਰਾਂ ਦੇ ਰੂਪ ਵਿਚ ਵਿਛਦੇ ਜਾਂਦੇ ਹਨ ਅਤੇ ਕੁਦਰਤ ਦਾ ਹਰਿਆ-ਭਰਿਆ ਹੁਸਨ ਰੰਗ ਵਟਾ ਕੇ ਧਰਤੀ ਨੂੰ ਢਕਣ ਲੱਗ ਪੈਂਦਾ ਹੈ । ਰਕਬੇ ਦੇ ਲਿਹਾਜ਼ ਨਾਲ ਦੁਨੀਆ ਦੇ ਸਭ ਤੋਂ ਵਿਸ਼ਾਲ ਦੇਸ਼ ਰੂਸ ਵਿਚ ਪਤਝੜ ਦਾ ਆਪਣਾ ਵੱਖਰਾ ਹੀ ਹੁਸਨ ਪ੍ਰਗਟ ਹੁੰਦਾ ਹੈ। ਰੂਸੀ ਮੈਦਾਨੀ ਅਤੇ ਪਹਾੜੀ ਇਲਾਕਿਆਂ ਅੰਦਰ ਹਜ਼ਾਰਾਂ ਮੀਲਾਂ ਵਿਚ ਵਿਛੇ ਜੰਗਲ ਸੁਨਹਿਰੀ ਰੂਪ ਵਟਾ ਕੇ ਬਰਫ਼ੀਲੇ ਮੌਸਮ ਨੂੰ ਜੀ ਆਇਆਂ ਨੂੰ ਕਹਿਣ ਦੀ ਤਿਆਰੀ ਵਿਚ ਜੁਟ ਜਾਂਦੇ ਹਨ। ਰੂਸ ਦੇ ਵਿਸ਼ਵ ਪ੍ਰਸਿੱਧ ਸਾਹਿਤਕਾਰਾਂ ਅਤੇ ਚਿੱਤਰਕਾਰਾਂ ਨੇ ਬਦਲਦੇ ਮੌਸਮ ਦੇ ਇਸ ਕੁਦਰਤੀ ਹੁਸਨ ਦਾ ਆਪਣੀਆਂ ਕਿਰਤਾਂ ਵਿਚ ਰੱਜ ਕੇ ਜ਼ਿਕਰ ਕੀਤਾ ਹੈ। ਰੂਸੀ ਚਿੱਤਰਕਾਰਾਂ ਨੇ ਇਸ ਮੌਸਮ ਨੂੰ ਉਦਾਸ ਖੂਬਸੂਰਤੀ ਦੇ ਪ੍ਰਤੀਕ ਵਜੋਂ ਬੜੀ ਸਫਲਤਾ ਨਾਲ ਪੇਸ਼ ਕੀਤਾ ਹੈ।
ਪਿੰਡਾਂ, ਸ਼ਹਿਰਾਂ ਅਤੇ ਮਹਾਨਗਰਾਂ ਦੀਆਂ ਫ਼ਿਜ਼ਾਵਾਂ ਅੰਦਰ ਰੁੱਖਾਂ ਦੀਆਂ ਟਾਹਣੀਆਂ ਤੋਂ ਝੜ ਕੇ ਅਲਹਿਦਾ ਹੋਏ ਪੱਤੇ ਹਵਾ ਦੇ ਵਾ-ਵਰੋਲਿਆਂ ਨਾਲ ਇਧਰ-ਉੱਧਰ ਉੱਡਦੇ ਹੋਏ ਖਿਲਾਰਾ ਜਾਂ ਕੂੜਾ ਮਹਿਸੂਸ ਨਹੀਂ ਹੁੰਦੇ ਸਗੋਂ ਕੁਦਰਤ ਦੀ ਮੂਕ ਅਤੇ ਬੇਆਵਾਜ਼ ਖੂਬਸੂਰਤੀ ਬਣ ਜਾਂਦੇ ਹਨ। ਗਲੀਆਂ, ਸੜਕਾਂ, ਘਰਾਂ ਦੇ ਵਿਹੜੇ, ਪਾਰਕਾਂ ਅਤੇ ਇਮਾਰਤਾਂ ਦੀਆਂ ਛੱਤਾਂ ਇਨ੍ਹਾਂ ਦੀ ਸੈਰਗਾਹ ਬਣ ਜਾਂਦੀਆਂ ਹਨ। ਭਾਵੇਂ ਯੂਰਪ ਨੂੰ ਜ਼ਿਆਦਾਤਾਰ ਸੈਲਾਨੀ ਭਰ ਗਰਮੀ ਦੇ ਮੌਸਮ ਵਿਚ ਘੁੰਮਣ ਲਈ ਪਸੰਦ ਕਰਦੇ ਹਨ ਪਰ ਪਤਝੜ ਦੇ ਮੌਸਮ ਵਿਚ ਇੱਥੇ ਆਉਣਾ ਕਈ ਮਾਮਲਿਆਂ ਵਿਚ ਜ਼ਿਆਦਾ ਫਾਇਦੇਮੰਦ ਅਤੇ ਮਾਣਨਯੋਗ ਸਾਬਤ ਹੁੰਦਾ ਹੈ। ਜਿਵੇਂ ਕਿ ਗਰਮ ਮੌਸਮ ਦੀ ਨਿਸਬਤ ਇਸ ਦੌਰ ਵਿਚ ਸੈਲਾਨੀਆਂ ਦੀ ਆਮਦ ਘਟ ਜਾਂਦੀ ਹੈ ਅਤੇ ਯੂਰਪ ਦੀਆਂ ਮਸ਼ਹੂਰ ਸੈਰਗਾਹਾਂ ਘੁੰਮਣ-ਫਿਰਨ ਲਈ ਘੱਟ ਖਰਚੀਲੀਆਂ ਅਤੇ ਭੀੜ-ਭੜੱਕੇ ਤੋਂ ਮੁਕਤ ਹੋ ਜਾਂਦੀਆਂ ਹਨ। ਕੁਦਰਤ ਵਲੋਂ ਵਟਾਏ ਜਾ ਰਹੇ ਰੰਗਾਂ ਕਾਰਨ ਚਾਰੇ ਪਾਸੇ ਪਤਝੜੀ ਰੰਗਾਂ ਦਾ ਸ਼ੋਖ ਝੁਰਮਟ ਨਜ਼ਰੀਂ ਪੈਂਦਾ ਹੈ ਜਿਸ ਨਾਲ ਸੈਰ ਸਪਾਟੇ ਦਾ ਆਨੰਦ ਹੀ ਕੁਝ ਵੱਖਰਾ ਹੋ ਜਾਂਦਾ ਹੈ। ਗਰਮੀਂ ਦੀ ਰੁਖ਼ਸਤ ਹੋ ਰਹੀ ਤਪਸ਼ ਦੇ ਕਾਰਨ ਮੌਸਮ ਵੀ ਠੰਢਾ-ਮਿੱਠਾ ਜਿਹਾ ਲੱਗਦਾ ਹੈ । ਇਸ ਮੌਸਮ ਵਿਚ ਯੂਰਪੀਨ ਦੇਸ਼ਾਂ ਅੰਦਰ ਵਿਦਾ ਹੋ ਰਹੀ ਗਰਮ ਰੁੱਤ ਅਤੇ ਆਉਣ ਵਾਲੀ ਸਰਦੀ ਦੇ ਸੁਆਗਤ ਦੇ ਸਬੰਧ ਵਿਚ ਬਹੁਤ ਸਾਰੇ ਜਨਤਕ ਤਿਉਹਾਰ ਵੀ ਮਨਾਏ ਜਾਂਦੇ ਹਨ ਜਿਨ੍ਹਾਂ ਵਿਚ ਸੈਲਾਨੀ ਦਿਲ ਖੋਲ੍ਹ ਕੇ ਹਿੱਸਾ ਲੈਂਦੇ ਹੋਏ ਲੁਤਫ਼ ਉਠਾਉਂਦੇ ਹਨ। ਸੈਲਾਨੀ ਇਨ੍ਹਾਂ ਤਿਉਹਾਰਾਂ ਵਿਚ ਸਬੰਧਿਤ ਦੇਸ਼ਾਂ ਦੇ ਲੋਕ ਨਾਚਾਂ ਨੂੰ ਮਾਣਦੇ ਹੋਏ ਰਵਾਇਤੀ ਖਾਣਿਆਂ ਦਾ ਆਨੰਦ ਲੈਂਦੇ ਹਨ। ਵਿਦਾ ਹੋ ਰਹੀ ਗਰਮ ਰੁੱਤ ਦੇ ਆਖਰੀ ਪਲਾਂ ਨੂੰ ਪੂਰੀ ਤਰ੍ਹਾਂ ਮਾਣ ਲੈਣ ਦੀ ਰੀਝ ਕਾਰਨ ਪਤਝੜ ਰੁੱਤ ਦੇ ਤਿਉਹਾਰ ਬਾਕੀ ਮੌਸਮਾਂ ਦੇ ਤਿਉਹਾਰਾਂ ਨਾਲੋਂ ਜ਼ਿਆਦਾ ਜੋਸ਼ੋ-ਖਰੋਸ਼ ਨਾਲ ਮਨਾਏ ਜਾਂਦੇ ਹਨ।
ਜਰਮਨੀ ਦੇ ਬਾਵੇਰੀਅਨ ਐਲਪਾਈਨ ਜੰਗਲ, ਪੁਰਤਗਾਲ ਦੇ ਅੰਗੂਰਾਂ ਲੱਦੇ ਬਾਗ਼, ਸਵਿਟਜ਼ਰਲੈਂਡ ਦੇ ਮਨ ਨੂੰ ਮੋਹ ਲੈਣ ਵਾਲੇ ਭੂ-ਦ੍ਰਿਸ਼ ਅਤੇ ਯਾਕਸ਼ਾਇਰ ਦੀਆਂ ਪੁਰਾਣੀਆਂ ਗਲੀਆਂ ਵਰਗੀਆਂ ਸੈਰਗਾਹਾਂ ਪਤਝੜ ਰੁੱਤੇ ਘੁੰਮਣ ਫਿਰਨ ਵਾਲੇ ਸੈਲਾਨੀਆਂ ਵਿਚ ਖਾਸੀਆਂ ਮਸ਼ਹੂਰ ਹਨ। ਕੁਦਰਤ ਦੀ ਰਹੱਸਮਈ ਕ੍ਰਿਤ ਉੱਤਰੀ ਰੌਸ਼ਨੀਆਂ ਜਾਂ ਅਰੂਰਾ ਨੂੰ ਵੇਖਣ ਲਈ ਵੀ ਇਹ ਮੌਸਮ ਸਭ ਤੋਂ ਢੁੱਕਵਾਂ ਮੰਨਿਆਂ ਜਾਂਦਾ ਹੈ। ਅਸਮਾਨ ਵਿਚ ਤਰਦੀਆਂ ਰੰਗ ਬਿਰੰਗੀਆਂ ਰੌਸ਼ਨੀਆਂ ਨੂੰ ਵੇਖਣਾ ਹਰ ਸੈਲਾਨੀ ਦਾ ਸੁਫ਼ਨਾਂ ਹੁੰਦਾ ਹੈ ਅਤੇ ਇਸ ਲਈ ਉੱਤਰੀ ਨਾਰਵੇ ਦਾ ਇਲਾਕਾ ਸਾਰੀ ਦੁਨੀਆ ਵਿਚ ਮਸ਼ਹੂਰ ਹੈ। ਇਸ ਦ੍ਰਿਸ਼ ਨੂੰ ਵੇਖਣ ਲਈ ਸੈਲਾਨੀਆਂ ਅੰਦਰ ਨਾਰਵੇ ਦੇ ਲੋਫੋਟਨ ਟਾਪੂ ਬੇਹੱਦ ਪਸੰਦੀਦਾ ਹਨ।
ਖਿੜੀ ਧੁੱਪ ਹੋਵੇ ਜਾਂ ਵਰ੍ਹਦਾ ਮੀਂਹ, ਕਪਾਹ ਦੇ ਗੋਹੜਿਆਂ ਵਰਗੀ ਪੈਂਦੀ ਬਰਫ਼ ਹੋਵੇ ਜਾਂ ਪਤਝੜ ਦਾ ਦੌਰ। ਹਰ ਮੌਸਮ ਆਪਣੇ ਆਪ ਨਾਲ ਕੁਦਰਤ ਦਾ ਕੋਈ ਖੁਬਸੂਰਤ ਸੁਨੇਹਾ ਲੈ ਕੇ ਹੀ ਆਉਂਦਾ ਹੈ ਅਤੇ ਹਰ ਮੌਸਮ ਦਾ ਖਿੜੇ ਮੱਥੇ ਸਵਾਗਤ ਕਰਨਾ ਯੂਰਪੀਨ ਸੱਭਿਅਤਾਵਾਂ ਦੇ ਸੁਭਾਅ ਦਾ ਇਕ ਖਾਸ ਖੁਸ਼ਨੁਮਾਂ ਤੱਤ ਹੈ। ਇਸੇ ਸੁੁਭਾਅ ਕਾਰਨ ਯੂਰਪੀਨ ਲੋਕ ਕੁਦਰਤ ਦੇ ਹਰ ਰੰਗ ਨੂੰ ਮਾਣਦੇ ਹੋਏ ਹੱਸਦੇ ਖੇਡਦੇ ਜਿਊਂਦੇ ਹਨ ਅਤੇ ਸਾਰੀ ਦੁਨੀਆ ਦੇ ਮੇਜ਼ਬਾਨ ਹੋਣ ਦਾ ਮਾਣ ਰੱਖਦੇ ਹਨ। ਦੁਆ ਹੈ ਕਿ ਇਹ ਮਾਣ ਸਦਾ ਲਈ ਬਣਿਆ ਰਹੇ।


-ਵਾਰਸਾ, ਪੋਲੈਂਡ। ਫੋਨ : 0048-516732105
yadsatkoha@yahoo.com

ਰਾਜਿਆਂ ਮਹਾਰਾਜਿਆਂ ਦਾ ਸ਼ਹਿਰ ਪਟਿਆਲਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਇਤਿਹਾਸ ਦੀਆਂ ਕਿਤਾਬਾਂ ਅਨੁਸਾਰ ਸਰਦੂਲ ਸਿੰਘ ਦੀ ਸ਼ਾਦੀ ਭੀਖੀ ਦੇ ਸਰਦਾਰ ਦੀ ਲੜਕੀ ਨਾਲ ਹੋਈ ਸੀ ਜੋ ਮਹਾਰਾਜਾ ਅਮਰ ਸਿੰਘ ਦੀ ਮਾਤਾ ਸਨ। ਭੁਮਿਆਨ ਸਿੰਘ ਜਿਨ੍ਹਾਂ ਦੀ ਸਪੁੱਤਰੀ ਬੀਬੀ ਰਾਜਿੰਦਰ ਸੀ, ਜਿਸ ਦੀ ਸ਼ਾਦੀ ਭਗਵਾੜੇ ਦੇ ਚੌਧਰੀ ਤਲੋਕ ਚੰਦ ਨਾਲ ਹੋਈ ਸੀ। ਲਾਲ ਸਿੰਘ ਆਪ ਦਾ ਛੋਟਾ ਸਪੁੱਤਰ ਸੀ, ਜਿਨ੍ਹਾਂ ਦੀਆਂ ਅਣਥੱਕ ਕੋਸ਼ਿਸ਼ਾਂ ਨਾਲ ਇਲਾਕਾ ਮੂਣਕ ਨੂੰ ਨਾਲ ਜੋੜ ਲਿਆ ਗਿਆ। ਸਰਦੂਲ ਸਿੰਘ ਦਾ ਦੂਸਰਾ ਸਪੁੱਤਰ ਜੋ 1747 ਈ: ਵਿਚ ਪੈਦਾ ਹੋਇਆ, ਆਪਣੇ ਦਾਦਾ ਜੀ ਦੇ ਅਕਾਲ ਚਲਾਣਾ ਕਰਨ ਉਪਰੰਤ ਜਦੋਂ ਇਨ੍ਹਾਂ ਦੀ ਉਮਰ 18 ਸਾਲ ਸੀ ਅਤੇ ਰਾਣੀ ਫ਼ੱਤੋ ਜੋ ਅਨਾਹਦਗੜ੍ਹ ਉਰਫ਼ ਬਰਨਾਲਾ ਜੋ ਪਟਿਆਲੇ ਤੋਂ 50 ਮੀਲ 'ਤੇ ਹੈ, ਵਿਚ ਰਹਿੰਦੇ ਸਨ, ਖ਼ਬਰ ਸੁਣਦਿਆਂ ਹੀ ਪਟਿਆਲਾ ਵਿਖੇ ਆਏ ਅਤੇ ਅਮਰ ਸਿੰਘ ਨੂੰ ਗੱਦੀ 'ਤੇ ਬਿਠਾ ਦਿੱਤਾ। ਭਾਵੇਂ ਹਿੰਮਤ ਸਿੰਘ ਨੇ ਕੁਝ ਸਮੇਂ ਲਈ ਪਟਿਆਲੇ 'ਤੇ ਕਬਜ਼ਾ ਕਰ ਲਿਆ ਪਰੰਤੂ ਜੀਂਦ, ਨਾਭਾ ਅਤੇ ਕੈਥਲ ਦੇ ਅਮੀਰਾਂ ਦੀ ਮਦਦ ਨਾਲ ਹਿੰਮਤ ਸਿੰਘ ਨੂੰ ਭਜਾ ਦਿੱਤਾ ਗਿਆ। ਸੰਨ 1760 ਈ: ਵਿਚ ਅਮਰ ਸਿੰਘ ਨੇ ਲੁਧਿਆਣਾ ਨੂੰ ਨੇੜੇ ਦੇ ਕਸਬੇ ਮਲੇਰਕੋਟਲਾ ਦੇ ਅਫ਼ਗ਼ਾਨਾਂ ਅਤੇ ਜੱਸਾ ਸਿੰਘ ਆਹਲੂਵਾਲੀਆ ਦੀ ਸਹਾਇਤਾ ਨਾਲ ਫ਼ਤਹਿ ਕਰ ਲਿਆ। ਅਮਰ ਸਿੰਘ ਨੇ ਨਵਾਬ ਮਲੇਰਕੋਟਲਾ ਅਤੇ ਮਨੀ ਮਾਜਰਾ ਦੇ ਹਾਕਮ ਗ਼ਰੀਬ ਦਾਸ ਨਾਲ ਜਮ ਕੇ ਲੜਾਈ ਲੜੀ ਅਤੇ ਪਿੰਜੌਰ 'ਤੇ ਵੀ ਕਬਜ਼ਾ ਕਰ ਲਿਆ। ਪਾਇਲ, ਈਸੜੂ ਅਤੇ ਕੋਟਕਪੂਰੇ ਨੂੰ ਵੀ ਫ਼ਤਹਿ ਕੀਤਾ। ਨਾਹਨ, ਸਿਰਸਾ ਤੋਂ ਇਲਾਵਾ ਜੀਂਦ ਦੇ ਸਥਾਨ 'ਤੇ ਸ਼ਾਹ-ਏ-ਦਿੱਲੀ ਨੂੰ ਹਰਾ ਦਿੱਤਾ। ਫ਼ਰਵਰੀ 1781 ਈ: ਵਿਚ 35 ਸਾਲ ਦੀ ਉਮਰ ਵਿਚ ਰਾਜਾ ਅਮਰ ਸਿੰਘ ਵੀ ਫ਼ੌਤ ਹੋ ਗਏ। ਰਾਣੀ ਰਾਜਿੰਦਰ ਕੌਰ ਅਤੇ ਸਾਹਿਬ ਕੌਰ ਜੋ ਪਟਿਆਲਾ ਰਿਆਸਤ ਦੀਆਂ ਬਹਾਦੁਰ ਅਤੇ ਸੂਝਵਾਨ ਰਾਣੀਆਂ ਦੇ ਤੌਰ 'ਤੇ ਜਾਣੀਆਂ ਹਨ, ਇਨ੍ਹਾਂ ਨੇ ਵੀ ਪਟਿਆਲਾ ਸ਼ਹਿਰ ਦੇ ਨੈਣ ਨਕਸ਼ ਸੰਵਾਰਨ ਅਤੇ ਸਜਾਉਣ ਵਿਚ ਬਰਾਬਰ ਦਾ ਯੋਗਦਾਨ ਪਾਇਆ। ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹੋ ਸ਼ਾਹੀ ਖ਼ਾਨਦਾਨ ਦੇ ਚਸ਼ਮ-ਓ-ਚਿਰਾਗ਼ ਹਨ ਜਿਨ੍ਹਾਂ ਦਾ ਕੁਰਸੀ ਨਾਮਾ ਇਸ ਰਿਆਸਤੀ ਸ਼ਹਿਰ ਦੇ ਬਾਨੀ ਬਾਬਾ ਆਲਾ ਸਿੰਘ ਜੀ ਨਾਲ ਜਾ ਮਿਲਦਾ ਹੈ।
ਰਾਜਗਾਨ-ਏ-ਪੰਜਾਬ ਦੇ ਪੰਨਾ 240 ਅਨੁਸਾਰ 1857 ਈ: ਵਿਚ ਮਹਾਰਾਜਾ ਪਟਿਆਲਾ ਨੇ ਅੰਗਰੇਜ਼ਾਂ ਦੀ ਸਹਾਇਤਾ ਲਈ ਅੱਠ ਤੋਪਾਂ, 2156 ਸਵਾਰ, 2846 ਸਿਪਾਹੀ, 156 ਅਹੁਦੇਦਾਰ ਤਾਇਨਾਤ ਕੀਤੇ। ਜਿਨ੍ਹਾਂ ਵਿਚ ਸਰਦਾਰ ਪ੍ਰਤਾਪ ਸਿੰਘ ਅਤੇ ਸੱਯਦ ਮੁਹੰਮਦ ਹਸਨ ਆਦਿ ਸ਼ਾਮਲ ਸਨ, ਜਿਨ੍ਹਾਂ ਨੇ ਇਸ ਰਿਆਸਤ ਦੀ ਤਰੱਕੀ ਲਈ ਅਹਿਮ ਭੂਮਿਕਾ ਨਿਭਾਈ, ਨੂੰ ਵੀ ਭੁਲਾਇਆ ਨਹੀਂ ਜਾ ਸਕਦਾ।
ਉਪਰੋਕਤ ਤੱਥਾਂ ਤੋਂ ਇਹ ਜ਼ਾਹਿਰ ਹੁੰਦਾ ਹੈ ਕਿ ਪਟਿਆਲਾ ਸ਼ਹਿਰ ਦੀ ਖ਼ੂਬਸੂਰਤੀ, ਕਾਮਯਾਬੀ ਅਤੇ ਕਾਮਰਾਨੀ ਪਿੱਛੇ ਬਹੁਤ ਜ਼ਿਆਦਾ ਜੱਦੋ-ਜਹਿਦ ਕਰਨੀ ਪਈ। ਤਾਰੀਖ਼ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਸ ਬਾਗ਼ਾਂ ਦੇ ਸ਼ਹਿਰ ਨੂੰ ਇੱਥੇ ਦੇ ਹੁਕਮਰਾਨਾਂ ਨੇ ਖ਼ੂਨ ਨਾਲ ਸਿੰਜ ਕੇ ਆਬਾਦ ਕੀਤਾ ਹੈ। ਸਿਆਣੇ ਕਹਿੰਦੇ ਹਨ ਕੁਝ ਪਾਉਣ ਲਈ ਕੁਝ ਗੁਆਉਣਾ ਪੈਂਦਾ ਹੈ। ਇਸੇ ਕਰਕੇ ਕਿੰਨੇ ਸੂਰਵੀਰਾਂ, ਬਹਾਦਰਾਂ ਅਤੇ ਯੋਧਿਆਂ ਨੇ ਜਾਨ ਦੀ ਬਾਜ਼ੀ ਲਾ ਕੇ ਇਹ ਹੱਸਦਾ-ਵੱਸਦਾ ਸ਼ਹਿਰ ਸਾਨੂੰ ਪ੍ਰਦਾਨ ਕੀਤਾ ਹੈ। ਕਈ ਵਾਰੀ ਤਾਂ ਇਨ੍ਹਾਂ ਨੂੰ ਯਾਦ ਕਰਦਿਆਂ ਸਾਡਾ ਦਿਲ ਦੰਗ ਰਹਿ ਜਾਂਦਾ ਹੈ।
ਦਰਅਸਲ ਰਿਆਸਤ ਪਟਿਆਲਾ ਨੂੰ 1763 ਈ: ਵਿਚ ਬਾਬਾ ਆਲਾ ਸਿੰਘ ਨੇ ਰੂਪ ਰੇਖਾ ਦਿੱਤੀ, ਇਨ੍ਹਾਂ ਨੇ ਹੀ ਕਿਲ੍ਹਾ ਮੁਬਾਰਕ ਪਟਿਆਲਾ ਦੀ ਨੀਂਹ ਰੱਖੀ। ਮੌਜੂਦਾ ਪਟਿਆਲਾ ਸ਼ਹਿਰ ਇਸ ਦੇ ਹੀ ਆਲੇ-ਦੁਆਲੇ ਵਸਦਾ ਹੈ। ਸੰਨ 1761 ਈ: ਵਿਚ ਪਾਣੀਪਤ ਦੀ ਤੀਸਰੀ ਲੜਾਈ ਹੋਈ ਜਿਸ ਵਿਚ ਅਫ਼ਗ਼ਾਨਾਂ ਨੇ ਮਰਾਠਿਆਂ ਨੂੰ ਮਾਰ ਭਜਾਇਆ। ਇਸ ਪਿੱਛੋਂ ਅਫ਼ਗ਼ਾਨ ਪੂਰੇ ਪੰਜਾਬ ਵਿਚ ਛਾ ਗਏ। ਮਰਾਠਿਆਂ ਅਤੇ ਅਫ਼ਗ਼ਾਨਾਂ ਵਿਚਕਾਰ ਪਟਿਆਲਾ ਦੀ ਸਰਜ਼ਮੀਂ 'ਤੇ ਲਗਪਗ ਚਾਲੀ ਸਾਲ ਆਜ਼ਾਦੀ ਦੇ ਨਾਂਅ 'ਤੇ ਸੰਘਰਸ਼ ਜਾਰੀ ਰਿਹਾ। ਸੰਨ 1808 ਈ: ਵਿਚ ਰਿਆਸਤ ਪਟਿਆਲਾ ਨੇ ਮਹਾਰਾਜਾ ਅੰਗਰੇਜ਼ਾਂ ਨਾਲ ਸੰਧੀ ਕਰ ਲਈ।
ਪਟਿਆਲਾ ਸ਼ਹਿਰ ਦੀ ਤਾਰੀਖ਼ ਨੂੰ ਸੁਨਹਿਰੀ ਅੱਖਰਾਂ ਵਿਚ ਲਿਖਣ ਅਤੇ ਖ਼ੂਨ ਪਸੀਨਾ ਵਹਾ ਕੇ ਰਿਆਸਤ ਨੂੰ ਨਵੀਂ ਦਿਸ਼ਾ ਅਤੇ ਦਸ਼ਾ ਬਖ਼ਸ਼ਣ ਵਾਲਿਆਂ ਵਿਚ ਰਾਜਾ ਕਰਮ ਸਿੰਘ, ਰਾਜਾ ਨਰਿੰਦਰ ਸਿੰਘ, ਰਾਜਾ ਸੁਰਿੰਦਰ ਸਿੰਘ, ਰਾਜਾ ਰਾਜਿੰਦਰ ਸਿੰਘ, ਰਾਜਾ ਭੁਪਿੰਦਰ ਸਿੰਘ ਅਤੇ ਰਾਜਾ ਯਾਦਵਿੰਦਰ ਸਿੰਘ ਅਜਿਹੇ ਨਾਂਅ ਹਨ ਜਿਨ੍ਹਾਂ ਦਾ ਜ਼ਿਕਰ ਕੀਤੇ ਬਗ਼ੈਰ ਇਤਿਹਾਸ ਨੂੰ ਮੁਕੰਮਲ ਨਹੀਂ ਕੀਤਾ ਜਾ ਸਕਦਾ। (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਪ੍ਰੋਫ਼ੈਸਰ ਤੇ ਮੁਖੀ,
ਫ਼ਾਰਸੀ ਉਰਦੂ ਅਤੇ ਅਰਬੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਫ਼ੋਨ : 94171-71885.

ਅਲੋਕਾਰੀ ਕਾਰਨਾਮਿਆਂ ਦਾ ਸਿਰਜਕ

ਈਲਾਨ ਮਸਕ

ਅਕਤੂਬਰ 2002 ਵਿਚ ਉਹ ਸਾਢੇ ਸੋਲਾਂ ਕਰੋੜ ਡਾਲਰ ਲੈ ਕੇ ਇਸ ਕੰਪਨੀ ਤੋਂ ਵੀ ਵੱਖ ਹੋ ਗਿਆ। ਦਰਅਸਲ ਉਸ ਦੀ ਇੱਛਾ ਸੂਚਨਾ ਤਕਨਾਲੋਜੀ ਦੀਆਂ ਕੰਪਨੀਆਂ ਨੂੰ ਇਕ ਪੌੜੀ ਵਾਂਗ ਵਰਤਣ ਦੀ ਸੀ। ਇਨ੍ਹਾਂ ਤੋਂ ਪੈਸਾ ਕਮਾ ਕੇ ਉਹ ਪੁਲਾੜ ਵਿਚ ਮਨੁੱਖ ਨੂੰ ਭੇਜਣ ਦੇ ਸੁਪਨੇ ਪੂਰੇ ਕਰਨੇ ਚਾਹੁੰਦਾ ਸੀ। ਇਸ ਸਿਲਸਿਲੇ ਵਿਚ 2001 ਵਿਚ ਉਸ ਨੇ 'ਮਾਰਜ਼ ਓਏਸਿਸ' ਨਾਂਅ ਦਾ ਇਕ ਪ੍ਰਾਜੈਕਟ ਕਲਪਿਤ ਕੀਤਾ। ਇਸ ਵਿਚ ਉਸ ਨੇ ਕਿਹਾ ਕਿ ਅਸੀਂ ਇਕ ਛੋਟਾ ਜਿਹਾ ਪ੍ਰਯੋਗਿਕ ਗਰੀਨ ਹਾਊਸ ਮੰਗਲ ਉਤੇ ਕਿਸੇ ਯੋਗ ਥਾਂ 'ਤੇ ਉਤਾਰ ਕੇ ਉਸ ਉਜਾੜ ਗ੍ਰਹਿ ਨੂੰ ਹਰਿਆ-ਭਰਿਆ ਬਣਾਉਣ ਦਾ ਕਾਰਜ ਸ਼ੁਰੂ ਕਰਾਂਗੇ। ਇਸ ਨਵੇਂ ਤੇ ਅਨੋਖੇ ਪ੍ਰਾਜੈਕਟ ਦਾ ਮਕਸਦ ਆਮ ਲੋਕਾਂ ਦਾ ਧਿਆਨ ਪੁਲਾੜ/ਮੰਗਲ ਵੱਲ ਆਕਰਸ਼ਿਤ ਕਰਨਾ ਸੀ। ਇਸ ਵਿਚ ਉਹ ਸਫ਼ਲ ਰਿਹਾ। ਪੁਲਾੜ ਤਕਨਾਲੋਜੀ ਬਾਰੇ ਉਸ ਨੂੰ ਬਹੁਤੀ ਸਮਝ ਨਹੀਂ ਸੀ। ਬਹੁਤੀ ਕੀ ਅਸਲੋਂ ਨਾ ਮਾਤਰ ਸਮਝ ਹੀ ਸੀ ਉਸ ਨੂੰ, ਪਰ ਸੁਪਨੇ ਵੱਡੇ ਸਨ। ਇਸ ਪੱਖੋਂ ਉਹ ਆਪਣੇ ਦੋ ਦੋਸਤਾਂ ਜਿਮ ਕੈਂਟਰਲ (ਐਰੋ ਸਪੇਸ ਮਸ਼ੀਨਰੀ ਡੀਲਰ) ਤੇ ਐਡੀਓ ਰੈਸੀ (ਕਾਲਜ ਵੇਲੇ ਦਾ ਇਕ ਲੰਗੋਟੀਆ ਮਿੱਤਰ) ਨੂੰ ਲੈ ਕੇ ਪੁਰਾਣੀਆਂ ਇੰਟਰ ਕਾਨਟੀਨੈਂਟਲ ਮਿਜ਼ਾਈਲਾਂ ਦਾ ਸੌਦਾ ਮਾਰਨ ਲਈ ਅਕਤੂਬਰ 2001 ਵਿਚ ਮਾਸਕੋ ਪਹੁੰਚ ਗਿਆ। ਉਥੇ ਉਸ ਨੇ ਮਾਹਿਰਾਂ ਨਾਲ ਗੱਲ ਕੀਤੀ ਕਿ ਮੈਂ ਇਨ੍ਹਾਂ ਮਿਜ਼ਾਈਲਾਂ ਦੀ ਤਕਨਾਲੋਜੀ ਨੂੰ ਵਰਤ ਕੇ ਤੇ ਵਿਕਸਿਤ ਕਰ ਕੇ ਕਿਵੇਂ ਨਾ ਕਿਵੇਂ ਪੁਲਾੜ ਵਿਚ ਉਡਣ ਲਈ ਵਰਤਣ ਦੀ ਸੋਚ ਰਿਹਾ ਹਾਂ। ਉਸ ਦੀਆਂ ਗੱਲਾਂ ਨੂੰ ਕਈਆਂ ਨੇ ਮੂਰਖਤਾ ਭਰਪੂਰ ਸ਼ੇਖ਼ਚਿਲੀ ਦਾ ਸੁਪਨਾ ਕਹਿ ਕੇ ਮਜ਼ਾਕ ਉਡਾਇਆ। ਉਹ ਖਾਲੀ ਹੱਥ ਅਮਰੀਕਾ ਪਰਤ ਆਏ। ਈਲਾਨ ਟਿਕ ਕੇ ਨਾ ਬੈਠਾ। 4-5 ਮਹੀਨੇ ਬਾਅਦ ਫਰਵਰੀ, 2002 ਵਿਚ ਉਹ ਮਾਈਕ ਗਰਿਫਿਨ ਨੂੰ ਲੈ ਕੇ ਫਿਰ ਮਾਸਕੋ ਜਾ ਵੜਿਆ। ਗਰਿਫਿਨ ਪੁਲਾੜ ਤਕਨਾਲੋਜੀ ਦਾ ਮਾਹਿਰ ਸੀ। ਉਹ ਨਾਸਾ ਲਈ ਜੈੱਟ ਪਰੋਪਲਸ਼ਨ ਲੈਬ, ਆਰਬਾਈਟਲ ਸਾਇੰਸ ਤੇ ਇਨ-ਕਿਊ-ਟੈਲ ਆਦਿ ਕਈ ਕੰਪਨੀਆਂ ਵਿਚ ਕੰਮ ਕਰ ਚੁੱਕਾ ਸੀ।
ਉਨ੍ਹਾਂ ਨੇ 'ਕਾਸਮੋਟਰਾਸ' ਨਾਂਅ ਦੀ ਰੂਸੀ ਪੁਲਾੜੀ ਸੰਸਥਾ ਨਾਲ ਗੱਲ ਤੋਰੀ। ਉਨ੍ਹਾਂ ਨੇ ਇਕ ਰਾਕਟ 80 ਲੱਖ ਡਾਲਰ ਵਿਚ ਦੇਣ ਦੀ ਪੇਸ਼ਕਸ਼ ਕੀਤੀ। ਗਰਿਫਿਨ ਨੇ ਇਸ ਰਾਕਟ ਦੀਆਂ ਸੰਭਾਵਨਾਵਾਂ ਤੇ ਡਿਜ਼ਾਈਨ ਆਦਿ ਬਾਰੇ ਈਲਾਨ ਨੂੰ ਦੱਸਿਆ ਅਤੇ ਸਮਝਾਇਆ ਕਿ ਸੌਦਾ ਮਾੜਾ ਨਹੀਂ ਪਰ ਈਲਾਨ ਨੇ ਨਾਂਹ ਕਰ ਦਿੱਤੀ। ਉਸ ਨੇ ਗੱਲਬਾਤ ਤੋੜ ਕੇ ਗਰਿਫਿਨ ਨੂੰ ਬਾਹਰ ਆ ਕੇ ਕਿਹਾ ਕਿ ਜੋ ਰਾਕਟ ਤੁਸੀਂ ਮੈਨੂੰ ਦਿਵਾ ਰਹੇ ਹੋ, ਇਹ ਮੈਂ ਇਸ ਤੋਂ ਕਿਤੇ ਸਸਤਾ ਅਮਰੀਕਾ ਵਿਚ ਆਪ ਬਣਾ ਕੇ ਦਿਖਾਵਾਂਗਾ। ਚਲੋ, ਵਾਪਸ ਤੁਰੋ। ਦਫ਼ਾ ਕਰੋ ਇਨ੍ਹਾਂ ਨੂੰ। ਇਹ ਤਾਂ ਲੁੱਟ ਰਹੇ ਹਨ। ਰਾਕਟ ਲਈ ਕੱਚਾ ਮਾਲ ਮਸਾਂ ਢਾਈ ਲੱਖ ਦਾ ਲੱਗਾ ਹੈ। ਅਸੀਂ ਇਸ ਨੂੰ ਬਣਾਉਣ ਲਈ ਨਵੀਂ ਕੰਪਨੀ ਸਥਾਪਤ ਕਰਾਂਗੇ। 70 ਫ਼ੀਸਦੀ ਪੈਸਾ ਬਚਾਅ ਕੇ ਦਿਖਾਵਾਂਗਾ ਮੈਂ। ਤੁਸੀਂ ਮੇਰੀ ਮਦਦ ਕਰਿਓ ਜਿੰਨੀ ਕਰ ਸਕੋ। ਅਮਰੀਕਾ ਪਰਤ ਕੇ ਮਈ 2002 ਵਿਚ ਮਸਕ ਨੇ 10 ਕਰੋੜ ਡਾਲਰ ਨਾਲ ਸਪੇਸ 'ਐਕਸਪਲੋਰੇਸ਼ਨ' ਕੰਪਨੀ ਸ਼ੁਰੂ ਕਰ ਲਈ। ਇਹੀ ਸਪੇਸ ਐਕਸ ਨਾਂਅ ਨਾਲ ਪ੍ਰਸਿੱਧ ਹੋਈ। ਮਸਕ ਆਪ ਹੀ ਇਸਦਾ ਚੀਫ਼ ਤਕਨਾਲੋਜੀ ਅਫ਼ਸਰ ਬਣਿਆ ਅਤੇ ਆਪੇ ਹੀ ਸੀ.ਈ.ਓ.।
ਸਪੇਸ-ਐਕਸ ਦਾ ਉਦੇਸ਼ ਸੀ ਦੁਬਾਰਾ ਵਰਤਣਯੋਗ ਰਾਕਟ ਡਿਜ਼ਾਈਨ ਕਰਨੇ ਤੇ ਬਣਾਉਣੇ। ਇਹ ਨਹੀਂ ਕਿ ਇਕੋ ਵਾਰ ਵਰਤੋ ਤੇ ਛੁੱਟੀ। ਜਹਾਜ਼ ਵਾਂਗ ਵਾਰ-ਵਾਰ ਵਰਤੋ। ਇਹ ਆਪਣੇ-ਆਪ ਵਿਚ ਕ੍ਰਾਂਤੀਕਾਰੀ ਪਰਿਵਰਤਨ ਸੀ। ਇਸ ਤਰ੍ਹਾਂ ਦੇ ਨਿੱਕੇ ਤੇ ਸਰਲ ਹੀ ਨਹੀਂ ਵੱਡੇ ਰਾਕਟ ਇਸ ਕੰਪਨੀ ਨੇ ਬਣਾਉਣ ਦਾ ਨਿਰਣਾ ਕੀਤਾ। ਅੰਤਿਮ ਨਿਸ਼ਾਨਾ ਇਹ ਕਿ ਦੂਜੇ ਗ੍ਰਹਿਆਂ ਉਤੇ ਮਨੁੱਖ ਨੂੰ ਭੇਜਣ ਦਾ ਹੀਲਾ ਵਸੀਲਾ ਕੀਤਾ ਜਾਵੇ। ਇਸ ਉਦੇਸ਼ ਵਿਚ ਕੰਪਨੀ ਨੂੰ ਅਸਫ਼ਲਤਾ ਤੇ ਨਿਰਾਸ਼ਾ ਦਾ ਸਾਹਮਣਾ ਵੀ ਕਰਨਾ ਪਿਆ ਹੈ ਪਰ ਫਿਰ ਵੀ ਇਸ ਦੀ ਪ੍ਰਾਪਤੀ ਮਾਣਯੋਗ ਰਹੀ ਹੈ। ਨਵੇਂ-ਨਵੇਂ ਤਰੀਕੇ/ਸੁਧਾਰ ਸੋਚ ਕੇ ਕੰਪਨੀ ਨੇ ਪੁਲਾੜ ਯਾਤਰਾ ਦਾ ਪ੍ਰਾਜੈਕਟ ਪਹਿਲਾਂ ਵਰਗਾ ਅਤਿ ਮਹਿੰਗਾ ਨਹੀਂ ਰਹਿਣ ਦਿੱਤਾ। ਇਸ ਲਈ 'ਨਾਸਾ' ਨੇ ਵੀ ਇਸ ਦੀ ਪਿੱਠ ਥਾਪੜੀ ਹੈ। ਅੱਜ 'ਸਪੇਸ ਐਕਸ' ਪਹਿਲੀ ਪ੍ਰਾਈਵੇਟ ਕੰਪਨੀ ਹੈ ਜਿਸ ਨੇ ਤਰਲ ਬਾਲਣ ਵਾਲੇ ਰਾਕਟ ਵਰਤ ਕੇ ਧਰਤੀ ਦੁਆਲੇ ਪੁਲਾੜੀ ਪਰਿਕਰਮਾ ਕੀਤੀ ਹੈ। ਇਹ ਪਹਿਲੀ ਕੰਪਨੀ ਹੈ ਜਿਸ ਨੇ ਦੁਬਾਰਾ ਵਰਤਣਯੋਗ (ਰੀਯੂਜ਼ਏਬਲ) ਰਾਕਟ/ਪੁਲਾੜੀ ਜਹਾਜ਼ ਬਣਾਏ ਹਨ। ਕਈ ਵਾਰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਲਈ ਮਾਲ ਅਸਬਾਬ ਢੋਇਆ ਹੈ। ਪਹਿਲੀ ਕੰਪਨੀ ਹੈ ਜਿਸ ਨੇ ਆਪਣਾ ਪੁਲਾੜੀ ਜਹਾਜ਼ ਜੀਓ ਸਿਨਕਰੋਨਸ ਆਰਬਿਟ ਵਿਚ ਪਾਉਣ ਵਿਚ ਸਫ਼ਲਤਾ ਹਾਸਲ ਕੀਤੀ ਹੈ।
ਸਪੇਸ-ਐਕਸ ਦਾ ਹੈੱਡਕੁਆਰਟਰ ਹਾ ਥਾਰਨ ਕੈਲੇਫੋਰਨੀਆ ਵਿਚ ਹੈ। ਤਰਲ ਬਾਲਣ ਨਾਲ ਚੱਲਣ ਵਾਲਾ ਪਹਿਲਾ ਰਾਕਟ ਇਸ ਕੰਪਨੀ ਨੇ ਸਤੰਬਰ 2008 ਵਿਚ ਬਣਾ ਲਿਆ। ਦਸੰਬਰ 2008 ਵਿਚ ਇਸ ਕੰਪਨੀ ਨੂੰ ਇਕ ਅਰਬ ਸੱਠ ਕਰੋੜ ਡਾਲਰ ਦੀ ਪੁਲਾੜੀ ਕਮਰਸ਼ਲ ਰੀਸਪਲਾਈ ਸਰਵਿਸ ਦਾ ਨਾਸਾ ਦਾ ਠੇਕਾ ਮਿਲ ਗਿਆ। ਜੁਲਾਈ 2009 ਵਿਚ ਫਾਲਕਨ ਨੇ ਪਹਿਲਾ ਵਪਾਰਕ ਉਪ-ਗ੍ਰਹਿ ਧਰਤੀ ਦੁਆਲੇ ਆਰਬਿਟ ਵਿਚ ਸਥਾਪਤ ਕੀਤਾ। ਦਸੰਬਰ, 2010 ਵਿਚ ਸਪੇਸ ਐਕਸ ਦਾ 'ਡਰੈਗਨ' ਨਾਂਅ ਦਾ ਪੁਲਾੜੀ ਜਹਾਜ਼ ਆਰਬਿਟ ਵਿਚ ਜਾ ਕੇ ਸਫ਼ਲਤਾ ਸਹਿਤ ਵਾਪਸ ਪਰਤਿਆ। ਮਈ 2012 ਵਿਚ ਡਰੈਗਨ ਨੇ ਪਹਿਲੀ ਵਾਰ ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੱਕ ਉਡਾਰੀ ਮਾਰ ਕੇ ਉਸ ਨੂੰ ਲੋੜੀਂਦਾ ਸਮਾਨ ਸਪਲਾਈ ਕੀਤਾ। ਕੰਪਨੀ ਨੇ ਅਕਤੂਬਰ, 2013 ਵਿਚ ਸਿੱਧੇ ਉੱਪਰ ਉਠਣ ਤੇ ਲੈਂਡ ਕਰਨ ਵਾਲੇ ਗਰਾਸ ਹਾਪਰ ਟਾਈਪ ਰਾਕਟਾਂ ਉਤੇ ਕੰਮ ਸ਼ੁਰੂ ਕਰ ਦਿੱਤਾ। ਦਸੰਬਰ, 2013 ਵਿਚ ਕੰਪਨੀ ਜੀਓ ਸਿਨਕਰੋਨਸ ਆਰਬਿਟ ਵਿਚ ਪੈਰ ਧਰਨ ਵਿਚ ਸਫਲ ਹੋ ਗਈ। ਸਤੰਬਰ 2014 ਵਿਚ ਨਾਸਾ ਨੇ ਸਪੇਸ ਐਕਸ ਨੂੰ ਪੁਲਾੜ ਯਾਤਰੀਆਂ ਨੂੰ ਪੁਲਾੜ ਵਿਚ ਭੇਜਣ ਦਾ ਕੰਟਰੈਕਟਰ ਦੇ ਦਿੱਤਾ। ਦਸੰਬਰ 2015 ਵਿਚ ਫਾਲਕਨ 11 ਸੰਚਾਰ ਉਪ-ਗ੍ਰਹਿ ਆਰਬਿਟ ਵਿਚ ਪਾ ਕੇ ਆਪਣੀ ਫਸਟ ਸਟੇਜ ਨਾਲ ਸਫ਼ਲਤਾ ਸਹਿਤ ਵਾਪਸ ਪਰਤ ਆਇਆ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


ਮੋਬਾਈਲ : 98722-60550.

ਭੁੱਲੀਆਂ ਵਿਸਰੀਆਂ ਯਾਦਾਂ

ਇਹ ਤਸਵੀਰ 1977 ਵਿਚ ਪੱਟੀ ਵਿਖੇ ਇਕ ਸਾਹਿਤਕ ਪ੍ਰੋਗਰਾਮ ਸਮੇਂ ਖਿੱਚੀ ਗਈ ਸੀ। ਉਸ ਪ੍ਰੋਗਰਾਮ ਵਿਚ ਦਵਿੰਦਰ ਸਤਿਆਰਥੀ ਵੀ ਆਏ ਹੋਏ ਸੀ। ਉਹ ਸਾਰੇ ਸਾਹਿਤਕਾਰਾਂ ਦੀ ਖਿੱਚ ਦਾ ਕੇਂਦਰ ਸੀ। ਉਨ੍ਹਾਂ ਨਾਲ ਸ: ਅਜਾਇਬ ਸਿੰਘ ਹੁੰਦਲ ਵਕੀਲ ਤੇ ਕਵੀ, ਸ: ਹਰਭਜਨ ਸਿੰਘ ਹੁੰਦਲ ਕਵੀ, ਕਹਾਣੀਕਾਰ, ਨਾਵਲਕਾਰ ਤੇ ਹੋਰ ਸਾਥੀ ਗੱਲਾਂ ਕਰ ਰਹੇ ਸਨ ਤੇ ਨਾਲੇ ਸਤਿਆਰਥੀ ਜੀ ਦੀਆਂ ਗੱਲਾਂ ਸੁਣ ਕੇ ਹੱਸ ਰਹੇ ਸਨ। ਹੁਣ ਸਤਿਆਰਥੀ ਰੱਬ ਨੂੰ ਪਿਆਰੇ ਹੋ ਚੁੱਕੇ ਹਨ। ਬਸ ਉਨ੍ਹਾਂ ਦੀਆਂ ਯਾਦਾਂ ਸਾਡੇ ਕੋਲ ਹਨ।


-ਮੋਬਾਈਲ : 98767-41231

ਹੈਚਲੈਂਡਸ ਪਾਰਕ ਦੇ ਨਿਵਾਸੀ : ਅਤੀਤ ਯਾਤਰਾ

(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਰਸੋਈ ਅਤੇ ਸਰਵਿਸ
ਮਿਊਜ਼ਿਕ ਕਮਰੇ ਦੇ ਅੱਗੇ ਇਕ ਰਾਹ ਹੈ ਜੋ ਸੈਲਾਨੀਆਂ ਲਈ ਬਣਾਏ ਆਧੁਨਿਕ ਚਾਹ ਰੇਸਤਰਾਂ ਵੱਲ ਜਾਂਦਾ ਹੈ ਜਿਥੇ ਬੀਤੇ ਯੁੱਗ ਵਿਚ ਰਸੋਈ ਘਰ ਅਤੇ ਸਰਵੈਂਟ ਮੌਜੂਦ ਸੀ। ਜ਼ਿਆਦਾਤਰ ਅੰਗਰੇਜ਼ੀ ਟੈਲੀਵਿਜ਼ਨ ਲੜੀਵਾਰ ਅਤੇ ਫ਼ਿਲਮਾਂ ਦੇ ਕਥਾਨਕ ਦਾ ਇਹ ਖੇਤਰ ਇਕ ਅਹਿਮ ਭਾਗ ਹੁੰਦਾ ਹੈ ਅਤੇ ਉਸ ਨੂੰ ਘਰ ਦੀ ਬੇਸਮੈਂਟ ਵਿਚ ਦਿਖਾਇਆ ਜਾਂਦਾ ਹੈ ਪਰ ਹੈਚਲੈਂਡਸ ਪਾਰਕ ਵਿਚ ਇਸ ਤਰ੍ਹਾਂ ਨਹੀਂ ਹੈ ਅਤੇ ਰਸੋੋਈ ਘਰ ਅਤੇ ਸਰਵੇਂਟ ਏਰੀਏ ਗ੍ਰਾਊਂਡ ਫਲੋਰ 'ਤੇ ਹੀ ਹਨ। ਚਾਹ ਕਮਰੇ ਦੀ ਇਕ ਦੀਵਾਰ 'ਤੇ ਹੈਚਲੈਂਡਸ ਪਾਰਕ ਦੇ ਨਿਯਮ ਟੰਗੇ ਹੋਏ ਸਨ ਜੋ ਬੇਹੱਦ ਰੌਚਕ ਹਨ। ਨਾਲ ਹੀ 'ਬੈੱਲ ਸਿਸਟਮ' (ਘੰਟੀ ਵਜਾਉਣ ਦੀ ਪ੍ਰਕਿਰਿਆ) ਦੀ ਵਿਗਿਆਨਕ ਤਕਨੀਕ ਵੀ ਪ੍ਰਸੰਸਾਯੋਗ ਹੈ ਜਿਸ ਤੋਂ ਏਨੇ ਵੱਡੇ ਭਵਨ ਦੇ ਕਿਸੇ ਵੀ ਕਮਰੇ ਤੋਂ ਘੰਟੀ ਵਜਾ ਕੇ ਸੇਵਕ ਨੂੰ ਬੁਲਾਇਆ ਜਾ ਸਕਦਾ ਸੀ।
ਐਲਕ ਕੋਬ : ਇਕ ਝਲਕ
ਹੈਚਲੈਂਡ ਪਾਰਕ ਭਵਨ ਦੌਰੇ ਦੇ ਅਖੀਰ ਵਿਚ ਅਸੀਂ ਇਕ ਸੰਭ੍ਰਾਂਤ, ਮਹਾਨ ਸ਼ਖ਼ਸੀਅਤ ਨੇ ਸਾਨੂੰ ਸਭ ਸੈਲਾਨੀਆਂ ਨੂੰ ਨਿਕਲਦੇ ਹੋਏ ਪੌੜੀਆਂ ਤੋਂ ਉੱਪਰ ਜਾਂਦੇ ਹੋਏ ਦੇਖਿਆ। ਕੁਝ ਦੇਰ ਪਹਿਲਾਂ ਦੇਖੀ ਵੈਲਕਮ ਮੈਸੇਜ (ਸਵਾਗਤ ਸੰਗੇਸ਼) ਫੋਟੋਗਰਾਫ ਤੋਂ ਅਸੀਂ ਉਸ ਨੂੰ ਪਛਾਣਿਆ ਕਿ ਇਹ ਤਾਂ ਐਲਕ ਕੋਬ ਹੈ ਜੋ ਵਰਤਮਾਨ ਵਿਚ 25 ਸਾਲਾਂ ਤੋਂ ਹੈਚਲੈਂਡਸ ਪਾਰਕ ਵਿਚ ਰਹਿੰਦੇ ਹਨ ਅਤੇ ਸਾਰੇ 42 ਸੰਗੀਤ ਸਾਜ਼ਾਂ, ਜ਼ਿਆਦਾਤਰ ਕੀਮਤੀ ਪੇਂਟਿੰਗਜ਼ ਅਤੇ ਫਰਨੀਚਰ ਉਨ੍ਹਾਂ ਦੀ ਨਿੱਜੀ ਜਾਇਦਾਦ ਹੈ। ਨਾਲ ਹੀ ਯਾਦ ਆਇਆ ਕਿ ਐਲਕ ਕੋਬ ਨੇ ਹੈਚਲੈਂਡਸ ਪਾਰਕ ਨੂੰ ਦੁਬਾਰਾ ਸਜਾਉਂਦੇ ਹੋੇ ਜ਼ਿਆਦਾਤਰ ਧਿਆਨ ਰੱਖਿਆ ਕਿ 18ਵੀਂ ਸਦੀ ਦੇ ਪ੍ਰਸਿੱਧ ਡਿਜਾਈਨਰ ਰੋਬਰਟ ਐਡਮ ਵਲੋਂ ਵਿਸ਼ੇਸ਼ ਛੱਤਾਂ ਅਤੇ ਫਾਇਰ ਪਲੇਸ ਸੰਭਾਲੇ ਹੋਏ ਹਨ।
430 ਏਕੜ ਦੀ ਪਾਰਕ ਜ਼ਮੀਨ ਅਤੇ ਬਗ਼ੀਚਾ
ਹੈਚਲੈਂਡਸ ਪਾਰਕ ਤੋਂ ਬਾਹਰ ਆ ਕੇ ਅਸੀਂ ਉਸ ਵਿਚ ਬਣੇ ਅਨੇਕ ਪੈਦਲ ਸੈਰਗਾਹ ਵਿਚੋਂ ਫੈਨੀ ਬੋਸਕੋਵੇਨ ਰਸਤੇ ਨੂੰ ਚੁਣਿਆ ਕਿਉਂਕਿ ਉਹ ਹੀ ਸਿਰਫ਼ 1.4 ਕਿਲੋਮੀਟਰ ਲੰਬਾ ਹੁੰਦਾ ਹੋਏ ਵੀ ਸਭ ਤੋਂ ਛੱਟਾ ਰਸਤਾ ਹੈ। ਯਾਦਾਂ ਦੀਆਂ ਦੁਨੀਆ ਤੋਂ ਐਡਮਿਰਲ ਬੋਸਕੋਵੇਨ ਦੀ ਪਤਨੀ ਫੈਨੀ ਦੇ ਮੁਸ਼ਕਿਲ ਭਰੇ ਜੀਵਨ ਦਾ ਧਿਆਨ ਆਇਆ ਜੋ 41 ਸਾਲ ਦੀ ਉਮਰ ਵਿਚ ਵਿਧਵਾ ਹੋ ਗਈ ਅਤੇ ਆਪਣੇ ਪਤੀ ਤੋਂ 44 ਸਾਲ ਜ਼ਿਆਦਾ ਜਿਊਂਦੀ ਰਹੀ। ਉਹ ਇਕ ਚੰਗੀ ਲੇਖਿਕਾ ਸੀ ਜੋ ਸਮਾਜਕ ਅਤੇ ਰਾਜਨੀਤਕ, ਦੋਵਾਂ ਵਿਸ਼ਿਆਂ 'ਤੇ ਲਿਖਦੀ ਸੀ ਅਤੇ ਨਾਲ ਹੀ ਬਾਗ਼ਵਾਨੀ ਦਾ ਸ਼ੌਕ ਸੀ। ਉਨ੍ਹਾਂ ਦੇ ਨਾਂਅ ਤੋਂ ਇਹ ਫੈਨੀ ਬੋਸਕੋਵੇਨ ਰਸਤਾ ਬਣਿਆ ਕਿਉਂਕਿ ਇਹ ਉਸ ਦਾ ਪਸੰਦੀਦਾ ਸੈਰਗਾਹ ਰਸਤਾ ਸੀ। ਤਦੇ ਤਾਂ ਫੈਨੀ ਨੇ ਇਥਏ ਚਾਹ ਕਮਰਾ ਅਤੇ ਬੈਠਣ ਲਈ ਬੈਂਚ ਵੀ ਲਗਵਾਏ।
1800 ਈਸਵੀ ਵਿਚ ਉਦੋਂ ਦੇ ਹੈਚਲੈਂਡਸ ਪਾਰਕ ਦੇ ਮਾਲਕ ਵਿਲੀਅਮ ਸਮਨਰ ਨੇ 430 ਏਕੜ ਦੀ ਪਾਰਕ ਜ਼ਮੀਨ ਵਿਚ ਅਨੇਕ ਸੁਧਾਰ ਕੀਤੇ ਪਰ ਫੈਨੀ ਬੋਸਕੋਵੇਨ ਰਸਤੇ ਨੂੰ ਸੁਰੱਖਿਆ ਰੱਖਿਆ। ਇਹ ਖੇਤਰ ਇੰਗਲਡੈਂ ਦੇ ਮਹੱਤਵਪੂਰਨ ਕੁਦਰਤੀ ਥਾਵਾਂ ਵਿਚੋਂ ਇਕ ਹੈ।
ਹੈਚਲੈਂਡਸ ਪਾਰਕ ਤੋਂ ਵਾਪਸ ਆਉਂਦੇ ਹੋਏ ਮੈਂ ਵਿਚਾਰ ਕੀਤਾ ਕਿ ਇੰਗਲੈਂਡ ਦੀ ਸੰਸਥਾ ਨੈਸ਼ਨਲ ਟਰੱਸਟ ਨੇ ਵੀਰਾਨ ਪਏ ਭਵਨ ਨੂੰ ਪਰਿਵਾਰ ਗ੍ਰਹਿ ਦਾ ਦਰਜ਼ਾ ਦਿੱਤਾ ਜੋ ਸੈਲਾਨੀਆਂ, ਸੰਗੀਤ ਪ੍ਰੇਮੀਆਂ, ਬੱਚਿਆਂ, ਖੋਜਕਾਰਾਂ ਆਦਿ ਸਾਰਿਆਂ ਦਾ ਪਸੰਦੀਦਾ ਥਾਂ ਹੈ। ਇਥੇ ਵਾਰ-ਵਾਰ ਜਾਣ ਨੂੰ ਜੀਅ ਚਾਹੁੰਦਾ ਹੈ ਤਾਂ ਕਿ ਭੂਤਕਾਲ ਦੀ ਧੁੰਦਲੀ ਯਾਦਾਂ ਨੂੰ ਦੁਬਾਰਾ ਪ੍ਰਕਾਸ਼ਮਾਨ ਕਰਕੇ ਹੈਚਲੈਂਡਸ ਪਾਰਕ ਦੇ ਸਾਰੇ ਸਾਬਕਾ ਮਾਲਕਾਂ ਦੇ ਵਿਸ਼ੇ ਵਿਚ ਹੋਰ ਜਾਣਿਆ ਜਾਵੇ। (ਸਮਾਪਤ)


-seemaanandchopra@gmail.com

ਪੰਜਾਬੀ ਸਿਨੇਮਾ ਦੇ ਝਰੋਖੇ 'ਚੋਂ-11

ਪੰਜਾਬੀ ਫ਼ਿਲਮਾਂ ਦੇ ਗੀਤਕਾਰ ਦੁਬਿਧਾ ਦੇ ਸ਼ਿਕਾਰ

ਉਂਜ ਕਹਿਣ ਨੂੰ ਤਾਂ ਪੰਜਾਬੀ ਫ਼ਿਲਮਾਂ 'ਚ ਗੀਤਕਾਰ ਨੂੰ ਨਾਇਕ (ਰਾਜ ਕਾਕੜਾ) ਦਾ ਦਰਜਾ ਤੱਕ ਵੀ ਦੇ ਦਿੱਤਾ ਗਿਆ ਹੈ, ਪਰ ਸਚਾਈ ਤਾਂ ਇਹ ਹੈ ਕਿ ਇਸ ਪ੍ਰਾਂਤਿਕ ਸਿਨੇਮਾ ਦੀਆਂ ਫ਼ਿਲਮਾਂ 'ਚ ਕਦੇ ਵੀ ਗੀਤਕਾਰ ਨੂੰ ਢੁਕਵਾਂ ਸਨਮਾਨ ਨਹੀਂ ਮਿਲਿਆ ਹੈ। ਪਾਲੀਵੁੱਡ ਦੀਆਂ ਫ਼ਿਲਮਾਂ ਦਾ ਸਰਵੇਖਣ ਕਰਨ ਤੋਂ ਪਤਾ ਲਗਦਾ ਹੈ ਕਿ ਅਨੇਕਾਂ ਲੋਕਪ੍ਰਿਆ ਗੀਤਾਂ ਦੇ ਰਚਣਹਾਰ ਵੀ ਅੰਤ 'ਚ ਗੁੰਮਨਾਮੀ ਅਤੇ ਗ਼ਰੀਬੀ ਨਾਲ ਸੰਘਰਸ਼ ਕਰਦੇ ਹੋਏ ਦੇਖੇ ਗਏ ਸਨ।
ਪੰਜਾਬੀ ਫ਼ਿਲਮਾਂ ਨੂੰ ਸੰਗੀਤ ਦੇ ਪੱਖ ਤੋਂ ਅਮੀਰ ਬਣਾਉਣ ਵਾਲੇ ਸ਼ਾਇਰ ਨੰਦ ਲਾਲ ਨੂਰਪੁਰੀ ਦੀ ਜੀਵਨ-ਕਥਾ ਹੀ ਦੇਖ ਲਓ। 'ਮੰਗਤੀ' ਫ਼ਿਲਮ ਨੂੰ ਲੋਕਪ੍ਰਿਆ ਬਣਾਉਣ 'ਚ ਨੂਰਪੁਰ ਦੀ ਕਲਮ ਦਾ ਬਹੁਤ ਹੀ ਯੋਗਦਾਨ ਸੀ। ਦੇਸ਼ ਦੀ ਵੰਡ ਤੋਂ ਬਾਅਦ ਵੀ ਉਸ ਨੇ ਕਈ ਫ਼ਿਲਮਾਂ ਲਈ ਸੁਰੀਲੇ ਗੀਤ ਲਿਖੇ ਸਨ। 'ਗੁੱਡੀ' ਫ਼ਿਲਮ ਦੇ ਕਈ ਗੀਤ 'ਦਾਣਾ ਪਾਣੀ ਖਿੱਚ ਕੇ ਲਿਆਉਂਦਾ', 'ਨੀ ਟੁੱਟ ਜਾਏਂ ਰੇਲ ਗੱਡੀਏ' ਇਸ ਰਚਨਹਾਰ ਦੀ ਕਲਮ ਦਾ ਹੀ ਕਮਾਲ ਸਨ।
ਦੇਖਿਆ ਜਾਏ ਤਾਂ ਪੰਜਾਬੀ ਫ਼ਿਲਮਾਂ 'ਚ ਮਿਆਰੀ ਗੀਤ ਲਿਖਣ ਦਾ ਕੰਮ ਨੂਰਪੁਰੀ ਤੋਂ ਹੀ ਸ਼ੁਰੂ ਹੋਇਆ ਸੀ। ਇਸ ਦ੍ਰਿਸ਼ਟੀਕੋਣ ਤੋਂ ਮਨੋਹਰ ਦੀਪਕ ਦੀ ਇਕ ਸੁਣਾਈ ਹੋਈ ਘਟਨਾ ਮੈਨੂੰ ਯਾਦ ਆ ਰਹੀ ਹੈ। ਮਨੋਹਰ ਨੂੰ ਆਪਣੀ ਫ਼ਿਲਮ 'ਗੀਤ ਬਹਾਰਾਂ' ਦੇ ਲਈ ਇਕ ਗੰਭੀਰ ਤਰ੍ਹਾਂ ਦੇ ਗੀਤ ਦੀ ਭਾਲ ਸੀ। ਦਰਅਸਲ ਇਸ ਫ਼ਿਲਮ ਦਾ ਨਾਇਕ ਇਕ ਸੰਦੇਵਨਸ਼ੀਲ ਪ੍ਰਵਿਰਤੀ ਦਾ ਦੱਸਿਆ ਗਿਆ ਸੀ, ਜਿਹੜਾ ਕਿ ਦੁਨੀਆ ਦੀ ਮੌਕਾਪ੍ਰਸਤੀ ਅਤੇ ਪਦਾਰਥਵਾਦ ਦਾ ਸ਼ਿਕਾਰ ਸੀ। ਇਹ ਨਾਇਕ ਸਮਾਜ ਤੋਂ ਬਾਗ਼ੀ ਹੋ ਕੇ ਇਸ ਨੂੰ ਤਿਆਗ ਦੇਣ ਦੀ ਸੋਚ ਤੋਂ ਪੀੜਤ ਦੱਸਿਆ ਗਿਆ ਸੀ। ਜਦੋਂ ਮਨੋਹਰ ਨੇ ਇਹ ਸਥਿਤੀ (ਸਿਚੂਏਸ਼ਨ) ਨੂਰਪੁਰੀ ਨੂੰ ਸੁਣਾਈ ਤਾਂ ਉਸ ਨੇ ਝੱਟ ਜਵਾਬ ਦਿੰਦਿਆਂ ਕਿਹਾ, 'ਦੀਪਕ, ਤੂੰ ਤਾਂ ਮੈਨੂੰ ਮੇਰੀ ਹੀ ਕਹਾਣੀ ਨੂੰ ਗੀਤਬੱਧ ਕਰਨ ਲਈ ਕਹਿ ਰਿਹਾ ਹੈਂ।' ਲਗਪਗ ਉਸੇ ਹੀ ਸਮੇਂ ਨੂਰਪੁਰੀ ਨੇ ਦੀਪਕ ਨੂੰ ਉਸ ਦਾ ਲੋੜੀਂਦਾ ਗੀਤ ਲਿਖ ਦਿੱਤਾ। ਅੱਜ ਵੀ ਇਹ ਗੀਤ ਨੂਰਪੁਰੀ ਦੇ ਦੁਖਾਂਤਕ ਅੰਤ ਨੂੰ ਸਾਹਿਤਕ-ਪ੍ਰਤੀਕਾਤਮਿਕ ਤੌਰ 'ਤੇ ਬਿਆਨ ਕਰਦਾ ਹੈ:
ਜੀਅ ਕਰਦਾ ਏ
ਇਸ ਦੁਨੀਆ ਨੂੰ
ਮੈਂ ਹੱਸ ਕੇ ਠੋਕਰ ਮਾਰ ਦਿਆਂ...
ਮੋਇਆਂ ਨੂੰ ਪੂਜੇ ਇਹ ਦੁਨੀਆ
ਜਿਊਂਦੇ ਦੀ ਕੀਮਤ ਕੁਝ ਵੀ ਨਹੀਂ
ਜੀਅ ਕਰਦਾ ਏ...।
ਗੁਮਨਾਮੀ ਅਤੇ ਤ੍ਰਿਸਕਾਰ ਦੀ ਭਾਵਨਾ ਤਾਂ ਵਰਮਾ ਮਲਿਕ ਨੂੰ ਵੀ ਹੰਢਾਉਣੀ ਪਈ ਸੀ। ਵਰਮਾ ਮਲਿਕ ਤਾਂ ਉਸ ਦਾ ਸ਼ਾਇਰਾਨਾ ਨਾਂਅ ਸੀ। ਉਸ ਦੇ ਅਸਲੀ ਨਾਂਅ ਦਾ ਤਾਂ ਕਿਸੇ ਨੂੰ ਵੀ ਨਹੀਂ ਪਤਾ ਸੀ। ਫਿਰ ਵੀ ਉਸ ਨੇ ਹਿੰਦੀ-ਪੰਜਾਬੀ ਸਿਨੇਮਾ ਲਈ 500 ਦੇ ਕਰੀਬ ਗੀਤ ਲਿਖੇ ਸਨ। ਪੰਜਾਬੀ ਫ਼ਿਲਮਾਂ ਲਈ ਉਸ ਨੇ ਕੁੱਲ 55 ਗੀਤ ਲਿਖੇ ਸਨ। ਉਸ ਦੇ ਲਿਖੇ ਹੋਏ ਗੀਤਾਂ ਨੂੰ ਸਰਦੂਲ ਸਿੰਘ ਕਵਾਤੜਾ, ਐਮ. ਮਦਨ ਅਤੇ ਹੰਸ ਰਾਜ ਬਹਿਲ ਨੇ ਆਪਣੀਆਂ ਸੁਰੀਲੀਆਂ ਧੁਨਾਂ 'ਚ ਢਾਲਿਆ। 'ਜੁਗਨੀ' (1953) ਲਈ ਉਸ ਨੇ ਜਿਹੜੇ 6 ਗੀਤ ਲਿਖੇ ਉਹ ਸਾਰੇ ਦੇ ਸਾਰੇ ਹੀ ਹਿੱਟ ਹੋਏ ਸਨ। ਹੰਸ ਰਾਜ ਬਹਿਲ ਨਾਲ ਰਲ ਕੇ ਉਸ ਨੇ ਅਨੇਕਾਂ ਸਦਾਬਹਾਰ ਪੰਜਾਬੀ ਗੀਤਾਂ ਦੀ ਰਚਨਾ ਕੀਤੀ ਸੀ। 'ਨਾਲੇ ਦੁੱਧ ਰਿੜਕਾਂ ਨਾਲੇ ਤੈਨੂੰ ਯਾਦ ਕਰਾਂ', 'ਹਾਏ ਓਏ ਮਾਰ ਸੁੱਟਿਆ ਈ' (ਲਾਜੋ), 'ਬੱਤੀ ਬਾਲ ਕੇ ਬਨੇਰੇ ਉਤੇ ਰੱਖਨੀਂ ਆਂ', 'ਜੱਟ ਕੁੜੀਆਂ ਤੋਂ ਡਰਦਾ ਮਾਰਾ' (ਭੰਗੜਾ) ਅਤੇ 'ਦੋ ਲੱਛੀਆਂ' ਵਰਗੀਆਂ ਫ਼ਿਲਮਾਂ ਦੇ ਸਫ਼ਲ ਹੋਣ ਦਾ ਕਾਰਨ ਪ੍ਰਮੁੱਖ ਤੌਰ 'ਤੇ ਇਨ੍ਹਾਂ ਦੇ ਗੀਤ ਹੀ ਸਨ।
ਸਿਰਫ਼ ਇਹ ਹੀ ਨਹੀਂ, ਵਰਮਾ ਮਲਿਕ ਨੇ 'ਦੋ ਪੋਸਤੀ', 'ਪੱਗੜੀ ਸੰਭਾਲ ਜੱਟਾ', 'ਮਿਰਜ਼ਾ ਸਾਹਿਬਾਂ', 'ਯਮਲਾ ਜੱਟ' ਅਤੇ 'ਮੋਰਨੀ' ਆਦਿ ਕੁਝ ਹੋਰ ਪੰਜਾਬੀ ਫ਼ਿਲਮਾਂ ਲਈ ਵੀ ਆਪਣਾ ਯੋਗਦਾਨ ਪਾਇਆ ਸੀ। ਪਰ ਮਾਇਕ ਤੌਰ 'ਤੇ ਉਸ ਦਾ ਹੱਥ ਹਮੇਸ਼ਾ ਹੀ ਤੰਗ ਰਿਹਾ ਸੀ। ਇਹ ਤਾਂ ਮੋਹਨ ਸਹਿਗਲ 'ਸਾਵਨ ਭਾਦੋਂ' ਅਤੇ ਮਨੋਜ ਕੁਮਾਰ ਵਰਗਿਆਂ ਫ਼ਿਲਮਸਾਜ਼ਾਂ ਦੀ ਉਸ 'ਤੇ ਕ੍ਰਿਪਾਲਤਾ ਹੀ ਸੀ ਜਿਸ ਕਰਕੇ ਉਹ ਹਿੰਦੀ ਫ਼ਿਲਮਾਂ 'ਚ ਸਥਾਪਤ ਹੋ ਗਿਆ ਅਤੇ ਆਪਣੀ ਰੋਜ਼ੀ-ਰੋਟੀ ਦਾ ਜੁਗਾੜ ਵਧੀਆ ਢੰਗ ਨਾਲ ਕਰਨ ਲੱਗ ਪਿਆ ਸੀ ਪਰ ਇਹ ਪਛਾਣ ਵੀ ਉਸ ਨੂੰ ਆਪਣੀ ਉਮਰ ਦੇ ਆਖਰੀ ਪੜਾਅ 'ਚ ਹੀ ਮਿਲੀ ਸੀ।
ਬਾਵਜੂਦ ਇਸ ਦੇ, ਵਰਖਾ ਮਲਿਕ ਦਾ ਅਸਲੀ ਮਨ ਤਾਂ ਪੰਜਾਬੀਅਤ ਲਈ ਹੀ ਧੜਕਦਾ ਸੀ। ਆਪਣੀ ਮੌਤ ਤੋਂ ਕੁਝ ਚਿਰ ਪਹਿਲਾਂ ਉਸਨੇ ਸੰਗੀਤਕਾਰ ਪਿਆਰੇ ਲਾਲ ਨੂੰ ਪੰਜਾਬੀ ਗੀਤਾਂ ਦੀ ਇਕ ਗ਼ੈਰ-ਫ਼ਿਲਮੀ ਐਲਬਮ ਕੱਢਣ ਲਈ ਮਨਾ ਲਿਆ ਸੀ। ਇਸ ਐਲਬਮ ਵਿਚ ਉਸ ਦੇ ਆਪਣੇ ਗੀਤਾਂ ਤੋਂ ਇਲਾਵਾ ਪੰਜਾਬੀ ਦੇ ਕੁਝ ਹੋਰ ਸ਼ਾਇਰਾਂ ਦੀਆਂ ਰਚਨਾਵਾਂ ਵੀ ਸ਼ਾਮਿਲ ਸਨ। ਵਰਮਾ ਮਲਿਕ ਦੂਜੇ ਪੰਜਾਬੀ ਕਵੀਆਂ ਦੀਆਂ ਰਚਨਾਵਾਂ ਨੂੰ ਉਰਦੂ ਸਕ੍ਰਿਪਟ 'ਚ ਲਿਖ ਕੇ ਪਿਆਰੇ ਲਾਲ ਅੱਗੇ ਪੇਸ਼ ਕਰਦਾ ਹੁੰਦਾ ਸੀ।
ਨਵੇਂ ਨਕਸ਼ ਲਾਇਲਪੁਰੀ ਨੇ ਵੀ ਪੰਜਾਬੀ ਫ਼ਿਲਮ ਸੰਗੀਤ 'ਚ ਆਪਣਾ ਕਾਫ਼ੀ ਯੋਗਦਾਨ ਪਾਇਆ ਸੀ, ਪਰ ਉਸ ਦਾ ਵੀ ਗੁਜ਼ਾਰਾ ਹਿੰਦੀ ਫ਼ਿਲਮਾਂ ਦੇ ਗੀਤ ਲਿਖਣ ਕਰਕੇ ਹੁੰਦਾ ਸੀ। ਇਸ ਸਬੰਧ 'ਚ ਜਦੋਂ ਮੈਂ ਇਕ ਵਾਰ ਉਸ ਦੇ ਜੋਗੇਸ਼ਵਰੀ (ਮੁੰਬਈ) ਵਿਖੇ ਨਿਵਾਸ ਸਥਾਨ 'ਤੇ ਮਿਲਿਆ ਤਾਂ ਉਸ ਨੇ ਸਪੱਸ਼ਟ ਸ਼ਬਦਾਂ 'ਚ ਪੰਜਾਬੀ ਫ਼ਿਲਮਾਂ ਦੇ ਗੀਤਕਾਰ ਹੋਣ ਦੀ ਸਥਿਤੀ ਨੂੰ ਇੰਜ ਸਪੱਸ਼ਟ ਕੀਤਾ, 'ਪੰਜਾਬੀ ਫ਼ਿਲਮਾਂ ਦੇ ਨਿਰਮਾਤਾ ਆਪਣੇ ਗੀਤਕਾਰਾਂ ਨੂੰ ਕੋਈ ਖਾਸ ਮੁਆਵਜ਼ਾ ਨਹੀਂ ਦਿੰਦੇ। ਇਸ ਲਈ ਪੰਜਾਬੀ ਦੇ ਵਧੀਆ ਕਵੀ ਇਸ ਖੇਤਰ ਤੋਂ ਦੂਰ ਰਹਿਣਾ ਹੀ ਚਾਹੁੰਦੇ ਹਨ।'
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-103, ਸਨੀ ਕਾਟੇਜ, ਕ੍ਰਿਸ਼ਨਾ ਨਗਰ, ਬਟਾਲਾ-143505 (ਪੰਜਾਬ)। ਮੋਬਾਈਲ : 099154-93043.

ਜਾਗਦੀ ਰੂਹ-ਬ੍ਰਿਗੇਡੀਅਰ ਪ੍ਰੀਤਮ ਸਿੰਘ

ਇਹ ਕੋਈ ਕਹਾਣੀਂ ਨਹੀਂ, ਸਫ਼ਰਨਾਮਾ ਨਹੀਂ ਤੇ ਬਾਤ ਵੀ ਨਹੀਂ। ਇਹ ਹੈ ਗਾਥਾ । ਗਾਥਾ ਜੋ ਸੂਰਬੀਰਾਂ ਦੀ ਹੁੰਦੀ ਹੈ। ਸਿਰਲੱਥ ਬਹਾਦਰਾਂ ਤੇ ਜਾਂਬਾਜ਼ ਯੋਧਿਆਂ ਦੀ ਹੁੰਦੀ ਹੈ। ਆਓ, ਅੱਜ ਉਨ੍ਹਾਂ ਯੋਧਿਆਂ ਵਿਚੋਂ ਇਕ ਯੋਧੇ ਦੀ ਗਾਥਾ ਨੂੰ ਮੁੜ ਸੁਰਜੀਤ ਕਰੀਏ।
ਇਹ ਗਾਥਾ ਹੈ ਦੂਰਅੰਦੇਸ਼ੀ, ਦਲੇਰ ਤੇ ਦ੍ਰਿੜ ਇਰਾਦੇ ਵਾਲੇ ਦਮਦਾਰ ਬ੍ਰਿਗੇਡੀਅਰ ਪ੍ਰੀਤਮ ਸਿੰਘ ਦੀ। ਪ੍ਰੀਤਮ ਸਿੰਘ ਨੇ ਫ਼ਿਰੋਜ਼ਪੁਰ ਜ਼ਿਲੇ ਦੇ ਪਿੰਡ ਦੀਨਾ ਦੇ ਕਿਰਸਾਨੀ ਪਰਿਵਾਰ ਵਿਚ ਜਨਮ ਲਿਆ। ਦੇਸ਼ ਭਗਤੀ ਦੀ ਚਿਣਗ ਕਾਰਨ ਫ਼ੌਜ ਵਿਚ ਭਰਤੀ ਹੋਣ ਨੂੰ ਤਰਜੀਹ ਦਿੱਤੀ। ਭਾਵੇਂ ਭਾਰਤੀ ਫ਼ੌਜ ਦੇ ਉੱਘੇ ਅਫ਼ਸਰਾਂ ਜਿਨ੍ਹਾਂ ਨੇ 1947-48 ਦੇ ਕਸ਼ਮੀਰ ਓਪਰੇਸ਼ਨ ਨੂੰ ਕਲਮਬੱਧ ਕੀਤਾ, ਉਨ੍ਹਾਂ ਦੇ ਲੇਖਾਂ ਵਿਚ ਇਸ ਮਹਾਨਾਇਕ ਦੀ ਬਹਾਦਰੀ ਅਤੇ ਕੁਰਬਾਨੀ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਇਨ੍ਹਾਂ ਵਿਚੋਂ ਲੈਫ਼. ਜਨਰਲ ਹਰਵੰਤ ਸਿੰਘ, ਲੈਫ਼. ਜਨਰਲ ਐਚ.ਐਸ. ਪਨਾਗ, ਮੇਜਰ ਜਨਰਲ ਰਾਜ ਮਹਿਤਾ (AVSM, VSM) ਅਤੇ ਬ੍ਰਿਗੇਡੀਅਰ ਜਸਬੀਰ ਸਿੰਘ ਦੁਆਰਾ ਲਿਖੇ ਲੇਖ ਵਰਣਨਯੋਗ ਹਨ। ਸ: ਕਰਨਵੀਰ ਸਿੰਘ ਸਿਬੀਆ (ਚੇਅਰਮੈਨ - ਸੰਗਰੂਰ ਹੈਰੀਟੇਜ ਅਤੇ ਪ੍ਰਿਜ਼ਰਵੇਸ਼ਨ ਸੋਸਾਇਟੀ) ਅਤੇ ਸ੍ਰੀ ਜੈਅਸਲ ਚੌਹਾਨ ਵਲੋਂ ਬ੍ਰਿਗੇਡੀਅਰ ਪ੍ਰੀਤਮ ਸਿੰਘ ਅਤੇ ਬਾਬਾ ਮਿਹਰ ਸਿੰਘ ਦੀ ਜ਼ਿੰਦਗੀ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦੀ ਅਗਾਮੀ ਕਿਤਾਬ ਵੀ ਇਸ ਯੋਧੇ ਦੇ ਜੁਝਾਰੂ ਜਜ਼ਬੇ ਦੀ ਗਵਾਹੀ ਭਰਦੀ ਹੈ। ਇਹ ਮਹਾਨ ਯੋਧਾ ਸੰਗਰੂਰ ਜ਼ਿਲ੍ਹੇ ਦੇ ਸੰਗਰੂਰ ਸ਼ਹਿਰ ਤੋਂ 6 ਕਿਲੋਮੀਟਰ ਦੂਰ ਵਸੇ ਪਿੰਡ ਦੇਹ ਕਲਾਂ ਦੇ ਵਸਨੀਕ ਸੀ ਅਤੇ 1948 ਉਪਰੰਤ ਉਨ੍ਹਾਂ ਦੇਹਕਲਾਂ ਰਹਿੰਦਿਆਂ ਆਖਰੀ ਸਾਹਾਂ ਤੱਕ ਆਪਣਾ ਜੀਵਨ ਲੋਕ ਸੇਵਾ ਨੂੰ ਸਮਰਪਿਤ ਕੀਤਾ।
ਪ੍ਰੀਤਮ ਸਿੰਘ ਪੰਜਾਬ ਰੈਜਮੈਂਟ ਦੀ 5/6 ਵੀਂ ਬਟਾਲੀਅਨ ਵਿਚ ਕੈਪਟਨ ਦੇ ਅਹੁਦੇ ਤੇ ਸੇਵਾਵਾਂ ਨਿਭਾਉਂਦਿਆਂ ਸੰਨ 1942 ਦੀ ਦੂਜੀ ਸੰਸਾਰ ਜੰਗ ਦੌਰਾਨ ਸਿੰਗਾਪੁਰ ਵਿਖੇ ਲੜਾਈ ਵਿਚ ਜੂਝਦਿਆਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ 'ਲੜਾਈ ਦੇ ਕੈਦੀ' ਦੇ ਰੂਪ ਵਿਚ 'ਨੀ ਸੂਨ' (Nee Soon) ਜੰਗੀ ਕੈਦੀ (Prisoner of War) ਕੈਂਪ ਵਿਚ ਰੱਖਿਆ ਗਿਆ। ਇਸ ਕੈਂਪ ਵਿਚ ਕੈਂਦੀਆਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਜਾਂਦਾ ਸੀ। ਮਾੜਾ ਖਾਣ-ਪੀਣ ਪ੍ਰਬੰਧ ਹੋਣ ਕਰਕੇ ਬਿਮਾਰੀ ਨਾਲ ਲੜਦਿਆਂ ਸਾਥੀਆਂ ਦੀਆਂ ਬੇਵਕਤੀ ਮੌਤਾਂ ਹੋ ਰਹੀਆਂ ਸਨ ਅਤੇ ਇਲਾਜ ਖੁਣੋਂ ਜਵਾਨ ਮਰ ਰਹੇ ਸਨ। ਇਸੇ ਥਾਂ ਤੇ ਹੀ ਜੇਕਰ ਕੋਈ ਬਚ ਨਿਕਲਣ ਦੀ ਕੋਸ਼ਿਸ਼ ਕਰਦਾ ਤਾਂ ਉਸ ਦਾ ਸਿਰ ਕਲਮ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਜਪਾਨੀ ਫ਼ੌਜੀ ਅੰਤਾਂ ਦੀ ਕਰੂਰਤਾ ਨਾਲ ਜ਼ੁਲਮ ਕਰਦੇ ਅਤੇ ਸਖ਼ਤ ਸਜ਼ਾਵਾਂ ਨਿਰਧਾਰਤ ਕਰਦੇ। ਉਸ ਕੈਂਪ ਵਿਚ ਪੱਥਰ ਤੋੜਨੇ, ਸੜਕਾਂ ਬਣਾਉਣਾ, ਹਵਾਈ ਅੱਡਿਆਂ ਦੀਆਂ ਇਮਾਰਤਾਂ ਬਣਾਉਣਾ ਆਦਿ ਕੰਮ ਵਗਾਰ ਦੇ ਰੂਪ ਵਿਚ ਕਰਵਾਏ ਜਾਂਦੇ ਸਨ। ਹਰ ਰੋਜ਼ ਦੀ ਬੇਪੱਤੀ ਹੌਸਲਿਆਂ ਨੂੰ ਪਸਤ ਕਰ ਰਹੀ ਸੀ ਤੇ ਫੌਜੀ ਬੇ-ਦਿਲ ਹੋ ਰਹੇ ਸਨ। ਅਜਿਹੇ ਹਾਲਾਤ ਵਿਚ ਕੈਪਟਨ ਪ੍ਰੀਤਮ ਸਿੰਘ ਨੇ ਦੋ ਹੋਰ ਕੈਦੀ ਅਫ਼ਸਰਾਂ ਕੈਪਟਨ (ਬਾਅਦ ਵਿਚ ਬ੍ਰਿਗੇਡੀਅਰ) ਬਲਬੀਰ ਸਿੰਘ ਅਤੇ ਕੈਪਟਨ (ਬਾਅਦ ਵਿਚ ਕਰਨਲ) ਜੀ. ਐਸ. ਪਰਬ-4 ਕਮਾਊਂ ਨਾਲ ਕੈਂਪ ਵਿਚੋਂ ਬਚ ਕੇ ਨਿਕਲ ਜਾਣ ਦੀ ਯੋਜਨਾ ਬਣਾਈ ਅਤੇ 4 ਮਈ, 1942 ਨੂੰ ਇਹ ਤਿੰਨੋ ਅਫ਼ਸਰ ਆਪਣੀ ਪਹਿਚਾਣ ਛੁਪਾ ਕੇ ਰਿਫੂਜੀਆਂ ਦੇ ਭੇਸ ਵਿਚ ਕੈਂਪ ਤੋਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ। ਜੰਗਲਾਂ ਵਿਚੋਂ ਹੁੰਦੇ ਹੋਏ, ਭਿਆਨਕ ਰਸਤਿਆਂ ਦੀਆਂ ਦੁਸ਼ਵਾਰੀਆਂ ਸਹਾਰਦੇ, ਮਲਾਇਆ, ਥਾਈਲੈਂਡ ਤੇ ਬਰਮਾ ਦੇ ਦੁਸ਼ਮਣਾਂ ਨਾਲ ਭਰੇ ਇਲਾਕਿਆਂ ਵਿਚੋਂ ਬਚ ਕੇ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਬੇੜੀ, ਰੇਲ ਤੇ ਪੈਦਲ ਤੈਅ ਕੀਤਾ ਅਤੇ ਬਚਦੇ-ਬਚਾਉਂਦੇ ਭਾਰਤ ਪੁਹੰਚ ਗਏ।
ਇਹ ਸਮਾਂ ਲਗਭਗ 6 ਮਹੀਨੇ ਦਾ ਸੀ ਜਿਸ ਵਿਚੋਂ ਕੈਪਟਨ ਪ੍ਰੀਤਮ ਸਿੰਘ ਅੱਗ ਵਿਚੋਂ ਕੁੰਦਨ ਵਾਂਗ ਨਿੱਖਰ ਕੇ ਸਾਹਮਣੇ ਆਏ। ਹੌਸਲੇ ਵੀ ਵਧੇ ਅਤੇ ਮਾਣ ਵੀ ਵਧਿਆ। ਅਜੇਹੀ ਲਾਸਾਨੀ ਦਲੇਰੀ, ਹੱਠ ਅਤੇ ਦ੍ਰਿੜ੍ਹਤਾ ਦੀ ਕਦਰ ਆਪ ਨੂੰ 'ਮਿਲਟਰੀ ਕਰਾਸ' ਪ੍ਰਦਾਨ ਕਰਕੇ ਦਿੱਤੀ ਗਈ। 30 ਅਕਤੂਬਰ 1947 ਨੂੰ ਛੁੱਟੀ ਦੇ ਸਮੇਂ ਦੌਰਾਨ ਸੈਨਾ ਹੈੱਡਕੁਆਟਰ ਜਾਣ ਤੇ ਆਪ ਨੂੰ ਜੰਮੂ ਕਸ਼ਮੀਰ ਦੀ ਗੰਭੀਰ ਸਥਿਤੀ ਦਾ ਪਤਾ ਲੱਗਿਆ ਤਾਂ ਉਨ੍ਹਾਂ ਨੇ ਆਪਣੀ ਯੂਨਿਟ 1 ਕਮਾਊਂਨ ਨੂੰ ਸਵੈ ਇੱਛਾ ਨਾਲ ਸ਼੍ਰੀ ਨਗਰ ਤਾਇਨਾਤ ਹੋਣ ਦੀ ਇੱਛਾ ਰੱਖੀ। 31 ਅਕਤੂਬਰ, 1947 ਨੂੰ ਆਪਣੀ ਯੂਨਿਟ ਸਹਿਤ ਸ਼੍ਰੀ ਨਗਰ ਵਿਖੇ ਜਾ ਪੁਹੰਚੇ। ਇਹ ਸਮਾਂ ਬੇਹੱਦ ਨਾਜ਼ੁਕ ਸੀ ਤੇ ਬਿਨਾਂ ਦੇਰੀ ਲਾਇਆਂ ਉਨ੍ਹਾਂ ਦੀ ਯੂਨਿਟ ਸ਼ਾਲਟੈਂਗ (Shaltang) ਦੀ ਲੜਾਈ ਵਿਚ ਸ਼ਾਮਲ ਹੋ ਗਈ। ਇਹ ਲੜਾਈ ਘਾਟੀ ਵਿਚ ਇਕ ਨਵਾਂ ਮੋੜ ਸਿੱਧ ਹੋਈ ਅਤੇ ਦੁਸ਼ਮਣ ਨੂੰ ਓਗਜ ਤੋਂ ਵੀ ਪਿੱਛੇ ਧੱਕ ਦਿੱਤਾ ਗਿਆ।
ਸ: ਪ੍ਰੀਤਮ ਸਿੰਘ ਦੇ ਦ੍ਰਿੜ੍ਹ ਇਰਾਦਿਆਂ ਨੂੰ ਵੇਖਦਿਆਂ ਉਨ੍ਹਾਂ ਉਪਰ ਹੋਰ ਵੀ ਜ਼ਿੰਮੇਵਾਰੀਆਂ ਆ ਗਈਆਂ ਜਿਨ੍ਹਾਂ ਵਿਚੋਂ ਇਕ ਸੀ ਪੁਣਛ ਨੂੰ ਆਪਣੇ ਅਧਿਕਾਰ ਖੇਤਰ ਵਿਚ ਲੈਂਣਾ ਜੋ ਕਿ ਹਾਜੀ ਪੀਰ ਦਰੇ ਵਲੋਂ ਘੇਰਾ ਬੰਦੀ ਅਧੀਨ ਸੀ। ਪਰ ਇਹ ਕੰਮ ਆਸਾਨ ਨਹੀਂ ਸੀ। ਇਸ ਮੁਸ਼ਕਲ ਕੰਮ ਨੂੰ ਸਰ ਕਰਨ ਲਈ ਲੈਫ਼ਟੀਨੈਂਟ ਕਰਨਲ ਪ੍ਰੀਤਮ ਸਿੰਘ ਨੇ ਆਪਣੀ ਯੂਨਿਟ ਵਿਚ ਨਵੀਂ ਰੂਹ ਫੂਕੀ ਅਤੇ ਉਨ੍ਹਾਂ ਨੂੰ ਮੁਕਾਮ ਹਾਸਿਲ ਕਰਨ ਲਈ ਤਤਪਰ ਕੀਤਾ। ਇਕ ਕਮਾਊਂ ਯੂਨਿਟ ਪੁਣਛ ਵਿਚ ਆਪਣਾ ਰਾਹ ਬਣਾ ਕੇ 21 ਨਵੰਬਰ, 1947 ਵਿਚ 419 ਸੈਨਿਕਾਂ ਨਾਲ ਪੁਹੰਚੀ। ਪੁਣਛ ਦੇ ਆਲੇ-ਦੁਆਲੇ ਦੀਆਂ ਸੱਭ ਉੱਚੀਆਂ ਮਚਾਨਾਂ 'ਤੇ ਦੁਸ਼ਮਣ ਕਾਬਜ਼ ਸੀ। ਫੌਜੀ ਜਵਾਨਾਂ ਅਤੇ ਸ਼ਹਿਰੀਆਂ ਕੋਲ ਖਾਣ-ਪੀਣ ਦਾ ਰਾਸ਼ਨ ਵੀ ਹਫ਼ਤੇ ਭਰ ਦਾ ਹੀ ਸੀ ਅਤੇ ਅਸਲਾ ਵੀ ਘਟ ਰਿਹਾ ਸੀ। ਇਹੀ ਉਹ ਸਮਾਂ ਸੀ ਜਿਸ ਵਿਚ ਸ: ਪ੍ਰੀਤਮ ਸਿੰਘ ਨੇ ਨੈਪੋਲੀਅਨ ਦੀ ਕਹਾਵਤ ਸਹੀ ਸਿੱਧ ਕਰ ਦਿੱਤੀ ਕਿ 'ਜੰਗ ਵਿਚ ਮਰਦਾਂ ਦੀ ਗਿਣਤੀ ਕੰਮ ਨਹੀਂ ਆਉਂਦੀ ਸਗੋਂ ਜੁਝਾਰੂ (ਮਰਦ) ਹੋਣ ਕੰਮ ਆਉਂਦਾ ਹੈ।' (ਬਾਕੀ ਅਗਲੇ ਐਤਵਾਰ ਦੇ ਅੰਕ 'ਚ)


-ਮੋਬਾਈਲ : 98721-00051.





Website & Contents Copyright © Sadhu Singh Hamdard Trust, 2002-2018.
Ajit Newspapers & Broadcasts are Copyright © Sadhu Singh Hamdard Trust.
The Ajit logo is Copyright © Sadhu Singh Hamdard Trust, 1984.
All rights reserved. Copyright materials belonging to the Trust may not in whole or in part be produced, reproduced, published, rebroadcast, modified, translated, converted, performed, adapted,communicated by electromagnetic or optical means or exhibited without the prior written consent of the Trust. Powered by REFLEX